ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  42 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  43 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  48 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਸਾਡੀ ਸਿਹਤ

ਕਿਉਂ ਜ਼ਰੂਰੀ ਹੈ ਪ੍ਰੋਟੀਨ ਮਨੁੱਖੀ ਸਿਹਤ ਲਈ?

ਪ੍ਰੋਟੀਨ ਪਾਚਣ ਰਸਾਂ, ਹਾਰਮੋਨਸ ਅਤੇ ਅੰਜਾਈਮ ਦਾ ਨਿਰਮਾਣ ਕਰਦਾ ਹੈ। ਇਹ ਸਰੀਰ ਦੇ ਅਨੇਕਾਂ ਤੰਤੂਆਂ, ਪੇਸ਼ੀਆਂ ਅਤੇ ਹੋਰ ਅੰਤਰਿਕ ਅੰਗਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਟੁੱਟ-ਭੱਜ ਦੀ ਸਥਿਤੀ ਵਿਚ ਮੁਰੰਮਤ ਦਾ ਕੰਮ ਵੀ ਕਰਦਾ ਹੈ। ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਦੀ ਵਰਤੋਂ ਕਰਨ 'ਤੇ ਇਹ ਚਰਬੀ ਦੇ ਰੂਪ ਵਿਚ ਸਰੀਰ ਵਿਚ ਇਕੱਠਾ ਹੁੰਦਾ ਹੈ। ਮਨੁੱਖੀ ਸਰੀਰ ਵਿਚ ਜਦੋਂ ਕਦੇ ਚਰਬੀ ਜਾਂ ਕਾਰਬੋਜ਼ ਦੀ ਕਮੀ ਹੁੰਦੀ ਹੈ ਤਾਂ ਚਰਬੀ ਦੇ ਰੂਪ ਵਿਚ ਸੰਚਿਤ ਇਹੀ ਪ੍ਰੋਟੀਨ ਊਰਜਾ ਅਤੇ ਗਰਮੀ ਉਤਪਾਦਨ ਵਿਚ ਸਹਾਇਤਾ ਕਰਦਾ ਹੈ।
ਪ੍ਰੋਟੀਨ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾਲ ਨੁਕਸਾਨ ਵੀ ਹੁੰਦਾ ਹੈ। ਊਸ਼ਣ ਪ੍ਰਧਾਨ ਦੇਸ਼ਾਂ ਵਿਚ ਇਸ ਦੇ ਪਾਚਣ ਵਿਚ ਮੁਸ਼ਕਿਲ ਪੈਦਾ ਹੁੰਦੀ ਹੈ। ਸਰੀਰ ਵਿਚ ਗਰਮੀ ਵੀ ਜ਼ਿਆਦਾ ਪੈਦਾ ਹੁੰਦੀ ਹੈ। ਪ੍ਰੋਟੀਨ ਦੀ ਬਹੁਤਾਤ ਦਾ ਸਭ ਤੋਂ ਘਾਤਕ ਅਸਰ ਜਿਗਰ ਅਤੇ ਗੁਰਦਿਆਂ 'ਤੇ ਪੈਂਦਾ ਹੈ, ਕਿਉਂਕਿ ਪ੍ਰੋਟੀਨ ਦੇ ਪਾਚਣ ਤੋਂ ਬਾਅਦ ਪੈਦਾ ਹੋਏ ਪਦਾਰਥਾਂ ਨੂੰ ਉਤਸਰਜਨ ਕਰਨ ਵਿਚ ਇਨ੍ਹਾਂ ਨੂੰ ਆਪਣੀ ਸਮਰੱਥਾ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਇਨ੍ਹਾਂ ਦੇ ਨੁਕਸਾਨੇ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਪ੍ਰੋਟੀਨ ਦੀ ਕਮੀ ਨਾਲ ਵੀ ਨੁਕਸਾਨ ਹੁੰਦਾ ਹੈ। ਇਸ ਦੀ ਕਮੀ ਨਾਲ ਸਰੀਰ ਦਾ ਲੋੜੀਂਦਾ ਵਿਕਾਸ ਨਹੀਂ ਹੁੰਦਾ ਅਤੇ ਸਰੀਰ ਦੁਰਬਲ ਹੋ ਜਾਂਦਾ ਹੈ, ਜਿਸ ਨਾਲ ਮਨੁੱਖ ਸ਼ਕਤੀਹੀਣਤਾ ਦਾ ਅਹਿਸਾਸ ਕਰਨ ਲਗਦਾ ਹੈ। ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਕਮੀ ਆ ਜਾਂਦੀ ਹੈ, ਜਿਸ ਨਾਲ ਮਨੁੱਖ ਸੰਕ੍ਰਾਮਕ ਰੋਗਾਂ ਦਾ ਆਸਾਨੀ ਨਾਲ ਸ਼ਿਕਾਰ ਹੋ ਸਕਦਾ ਹੈ। ਵਾਲ ਭੂਰੇ ਹੋ ਕੇ ਝੜਨ ਲਗਦੇ ਹਨ ਅਤੇ ਖੂਨ ਵਿਚ ਵੀ ਕਮੀ ਆ ਜਾਂਦੀ ਹੈ। ਇਸ ਦੀ ਕਮੀ ਨਾਲ ਖੂਨ ਦਾ ਦਬਾਅ ਘੱਟ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਚਮੜੀ 'ਤੇ ਚਿੱਤੀਆਂ ਪੈ ਜਾਂਦੀਆਂ ਹਨ। ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੀ ਹੋਰ ਬਿਮਾਰੀ ਹੈ ਕਵੈਸ਼ੀਆਕਾਰ। ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਕਮੀ ਨਾਲ ਇਹ ਪੈਦਾ ਹੁੰਦੀ ਹੈ। ਭਾਰ ਵਿਚ ਕਮੀ, ਪੇਟ ਅਤੇ ਪੈਰਾਂ ਵਿਚ ਸੋਜ਼ ਅਤੇ ਮਾਨਸਿਕ ਦੁਰਬਲਤਾ ਇਸ ਬਿਮਾਰੀ ਦੇ ਵਿਸ਼ੇਸ਼ ਲੱਛਣ ਹਨ। ਸਰੀਰ ਖੁਸ਼ਕ, ਸੁਭਾਅ ਚਿੜਚਿੜਾ ਅਤੇ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ। ਇਸ ਰੋਗ ਦੇ ਸ਼ਿਕਾਰ ਬੱਚਿਆਂ ਵਿਚ ਕਦੇ-ਕਦੇ ਪੇਟ ਵਿਚ ਖਰਾਬੀ ਵੀ ਪੈਦਾ ਹੋ ਜਾਂਦੀ ਹੈ।
ਮੇਰਾਸਮਸ : ਇਹ ਬਿਮਾਰੀ ਉਨ੍ਹਾਂ ਬੱਚਿਆਂ ਨੂੰ ਹੁੰਦੀ ਹੈ, ਜਿਨ੍ਹਾਂ ਨੂੰ ਆਪਣੀ ਮਾਂ ਦੇ ਦੁੱਧ ਦੀ ਬਜਾਏ ਜੋ ਆਹਾਰ ਦਿੱਤਾ ਜਾਂਦਾ ਹੈ, ਉਸ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਚਰਬੀ ਦੀ ਕਮੀ ਹੁੰਦੀ ਹੈ। ਸਰੀਰ ਦੁਬਲਾ-ਪਤਲਾ, ਦਸਤ ਜ਼ਿਆਦਾ, ਚਮੜੀ ਝੁਰੜੀਦਾਰ ਅਤੇ ਚਿਹਰੇ ਦਾ ਪੀਲਾ ਪੈ ਜਾਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ।
ਪ੍ਰੋਟੀਨ ਪ੍ਰਾਪਤੀ ਦੇ ਸਰੋਤ : ਮੱਛੀ, ਆਂਡਾ, ਗੋਸ਼ਤ, ਹਰੀਆਂ ਸਬਜ਼ੀਆਂ, ਬਦਾਮ, ਮੂੰਗਫਲੀ, ਕਾਜੂ, ਛੋਲੇ, ਮਟਰ, ਹਰਹਰ, ਸੋਇਆਬੀਨ, ਦੁੱਧ, ਪਨੀਰ ਆਦਿ ਪ੍ਰੋਟੀਨ ਦੇ ਚੰਗੇ ਸਰੋਤ ਹਨ।
ਪ੍ਰੋਟੀਨ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ। ਪਸ਼ੂਆਂ ਤੋਂ ਪ੍ਰਾਪਤ ਪ੍ਰੋਟੀਨ ਨੂੰ 'ਏ' ਵਰਗ ਦਾ ਪ੍ਰੋਟੀਨ ਕਿਹਾ ਜਾਂਦਾ ਹੈ ਅਤੇ ਬਨਸਪਤੀ ਤੋਂ ਪ੍ਰਾਪਤ ਪ੍ਰੋਟੀਨ ਨੂੰ 'ਬੀ' ਵਰਗ ਦਾ ਪ੍ਰੋਟੀਨ ਕਿਹਾ ਜਾਂਦਾ ਹੈ।
ਇਨ੍ਹਾਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਪ੍ਰੋਟੀਨ ਦੇ ਨਾਂਅ ਵੀ ਵੱਖ-ਵੱਖ ਹੁੰਦੇ ਹਨ, ਜਿਵੇਂ ਆਂਡੇ ਵਿਚ ਇਲਬਿਊਮਿਨ, ਗੋਸ਼ਤ ਵਿਚ ਮਾਓਸਿਨ, ਮੁਰਗੀਆਂ ਦੀਆਂ ਹੱਡੀਆਂ ਵਿਚ ਕੋਲਾਜੇਨ, ਦੁੱਧ ਵਿਚ ਕੇਸੀਨ, ਮਨੁੱਖ ਦੀ ਲਾਰ ਵਿਚ ਐੱਮ.ਯੂ.ਸੀ.-7, ਭੇਡ ਦੇ ਦੁੱਧ ਵਿਚ ਅਲਫਾ-1 ਇੰਟੀਟ੍ਰੀਪਿਸਨ (ਏ.ਏ.ਟੀ.), ਮਟਰ ਅਤੇ ਹੋਰ ਦਾਲਾਂ ਵਿਚ ਲੇਗਿਊਮਿਨ, ਕਣਕ ਵਿਚ ਗਲੂਟਿਨ, ਪਾਲਕ ਦੇ ਪੱਤਿਆਂ ਵਿਚ ਫੋਟੋ ਸਿਸਟਮ-1 ਆਦਿ। ਇਨ੍ਹਾਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਪ੍ਰੋਟੀਨ ਨਾਲ ਵੀ ਵੱਖ-ਵੱਖ ਲਾਭ ਮਿਲਦਾ ਹੈ, ਜਿਵੇਂ ਮੁਰਗੀਆਂ ਦੀਆਂ ਹੱਡੀਆਂ ਤੋਂ ਪ੍ਰਾਪਤ ਕੋਲੋਜਨ ਨਾਲ ਇਹ ਨਵਾਂ ਤੱਥ ਪ੍ਰਕਾਸ਼ ਵਿਚ ਆਇਆ ਹੈ ਕਿ ਇਹ ਗਠੀਆ ਰੋਗ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਲਾਭ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਭੇਡ ਦੇ ਦੁੱਧ ਤੋਂ ਪ੍ਰਾਪਤ ਪ੍ਰੋਟੀਨ ਅਲਫਾ-ਇੰਟੀਟ੍ਰੀਪਿਸਨ ਨਾਲ ਮਨੁੱਖ ਵਿਚ ਹੋਣ ਵਾਲੀ ਇੰਫੀਸੇਮਾ ਨਾਮਕ ਫੇਫੜੇ ਦੀ ਬਿਮਾਰੀ ਦਾ ਖ਼ਤਰਾ ਪੂਰੀ ਤਰ੍ਹਾਂ ਟਲ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਲਾਰ ਵਿਚ ਪਾਈ ਜਾਣ ਵਾਲੀ ਪ੍ਰੋਟੀਨ ਨਾਲ ਭੋਜਨ ਦੇ ਪਾਚਣ ਅਤੇ ਰੋਗ ਨਿਵਾਰਕ ਸਮਰੱਥਾ ਵਿਚ ਵਾਧਾ ਹੁੰਦਾ ਹੈ।
ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਪਦਾਰਥਾਂ ਵਿਚ ਪ੍ਰੋਟੀਨ ਦੀ ਫੀਸਦੀ ਮਾਤਰਾ ਕ੍ਰਮਵਾਰ ਘਟਦੇ ਕ੍ਰਮ ਵਿਚ ਇਸ ਤਰ੍ਹਾਂ ਹੈ-ਸੋਇਆਬੀਨ (42 ਫੀਸਦੀ), ਮੂੰਗਫਲੀ (25 ਫੀਸਦੀ), ਮਟਰ (22 ਫੀਸਦੀ), ਛੋਲੇ (21 ਫੀਸਦੀ), ਆਂਡਾ (21 ਫੀਸਦੀ)।


-ਵਿਨੋਦ ਕੁਮਾਰ ਸਿੰਘ ਤੋਮਰ


ਖ਼ਬਰ ਸ਼ੇਅਰ ਕਰੋ

ਜੇ ਹਾਰਮੋਨਲ ਅਸੰਤੁਲਨ ਹੋਵੇ ਤਾਂ

ਜੀਵਨ ਦੇ ਕਿਸੇ ਵੀ ਪੜਾਅ ਵਿਚ ਅਕਸਰ ਸਾਰਿਆਂ ਨੂੰ ਹਾਰਮੋਨਲ ਅਸੰਤੁਲਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਲ ਅਸੰਤੁਲਨ ਅਕਸਰ ਕਿਸ਼ੋਰ ਹਾਲਤ, ਅਧੇੜ ਅਵਸਥਾ ਵਿਚ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਸ ਦੀ ਠੀਕ ਜਾਣਕਾਰੀ ਨਾ ਹੋਵੇ ਤਾਂ ਚਿੜਚਿੜਾਪਨ ਏਨਾ ਹੋ ਜਾਂਦਾ ਹੈ ਕਿ ਇਨਸਾਨ ਸਮਝ ਵੀ ਨਹੀਂ ਪਾਉਂਦਾ ਕਿ ਮੇਰੇ ਨਾਲ ਇਹ ਸਭ ਕੀ ਹੋ ਰਿਹਾ ਹੈ।
ਹਾਰਮੋਨਲ ਅਸੰਤੁਲਨ ਕੀ ਹੈ
ਹਾਰਮੋਨਲ ਅਸੰਤੁਲਨ ਸਾਡੀ ਰੋਜ਼ਮਰਾ ਅਤੇ ਸਿਹਤ 'ਤੇ ਪ੍ਰਭਾਵ ਪਾਉਂਦੇ ਹਨ, ਜਿਸ ਦੇ ਕਾਰਨ ਸਾਡਾ ਮੂਡ ਸਹੀ ਨਹੀਂ ਰਹਿੰਦਾ। ਔਰਤਾਂ ਵਿਚ ਅਨਿਯਮਤ ਮਾਸਿਕ ਚੱਕਰ, ਗਰਭ ਅਵਸਥਾ, ਮੋਨੋਪਾਜ਼, ਥਾਇਰਾਇਡ, ਗਰਭ ਨਿਰੋਧਕ ਉਪਾਅ, ਸ਼ੂਗਰ, ਤਣਾਅ, ਭੋਜਨ ਕਰਨ ਨੂੰ ਮਨ ਨਾ ਕਰਨਾ, ਸਮੇਂ ਤੋਂ ਅੱਗੇ-ਪਿੱਛੇ ਭੋਜਨ ਕਰਨਾ, ਸੁਸਤੀ, ਕੰਮ ਕਰਨ ਦੀ ਇੱਛਾ ਨਾ ਹੋਣਾ, ਇਹ ਸਭ ਹਾਰਮੋਨਸ ਵਿਚ ਵਿਗਾੜ ਪੈਦਾ ਕਰਕੇ, ਉਨ੍ਹਾਂ ਨੂੰ ਅਸੰਤੁਲਤ ਕਰਦੇ ਹਨ।
ਲੱਛਣ
* ਨੀਂਦ ਨਾ ਆਉਣਾ ਵੀ ਹਾਰਮੋਨਲ ਅਸੰਤੁਲਨ ਦਾ ਲੱਛਣ ਹੈ। ਫ੍ਰੋਜੇਸਟੇਰਾਨ ਹਾਰਮੋਨ ਦੀ ਸਰੀਰ ਵਿਚ ਕਮੀ ਸਾਨੂੰ ਤਣਾਅਗ੍ਰਸਤ ਬਣਾ ਦਿੰਦੀ ਹੈ, ਜਿਸ ਨਾਲ ਨੀਂਦ ਸਮੇਂ ਸਿਰ ਨਹੀਂ ਆਉਂਦੀ ਅਤੇ ਪੂਰੀ ਨੀਂਦ ਵੀ ਨਹੀਂ ਆਉਂਦੀ।
* ਔਰਤਾਂ ਦੇ ਮੂਡ ਵਿਚ ਬਦਲਾਅ ਕਾਫੀ ਤੇਜ਼ੀ ਨਾਲ ਆਉਂਦਾ ਹੈ, ਕਦੇ ਉਤਸ਼ਾਹਿਤ ਹੁੰਦਾ ਹੈ ਤੇ ਕਦੇ ਦੁਖੀ। ਇਹ ਸਭ ਵੀ ਹਾਰਮੋਨਲ ਅਸੰਤੁਲਨ ਵੱਲ ਇਸ਼ਾਰਾ ਕਰਦਾ ਹੈ।
* ਅਕਸਰ ਥਕਾਨ ਮਹਿਸੂਸ ਹੋਣਾ, ਸਿਰਦਰਦ ਹੋਣਾ, ਭਾਰ ਵਧਣਾ ਜਾਂ ਘੱਟ ਹੋਣਾ ਵੀ ਹਾਰਮੋਨਲ ਅਸੰਤੁਲਨ ਨੂੰ ਦਰਸਾਉਂਦਾ ਹੈ।
* ਕਿਸ਼ੋਰ ਅਵਸਥਾ ਵਿਚ ਆਏ ਮੁਹਾਸੇ ਵੀ ਇਸ ਦਾ ਇਕ ਲੱਛਣ ਹਨ। ਅਕਸਰ ਹਾਰਮੋਨਸ ਦੇ ਅਸੰਤੁਲਨ ਨਾਲ ਅਜਿਹਾ ਹੁੰਦਾ ਹੈ।
ਕੀ ਕਰਨਾ ਚਾਹੀਦਾ
ਉੱਪਰ ਦਿੱਤੇ ਲੱਛਣ ਵਾਰ-ਵਾਰ ਪੈਦਾ ਹੋ ਰਹੇ ਹੋਣ ਤਾਂ ਆਪਣੇ ਡਾਕਟਰ ਨਾਲ ਤੁਰੰਤ ਮਿਲੋ। ਉਸ ਦੀ ਸਲਾਹ ਅਨੁਸਾਰ ਚੱਲੋ। ਹਾਰਮੋਨਸ ਦੀ ਕਮੀ ਸਾਡੇ ਸਰੀਰ ਵਿਚ ਪੈਦਾ ਕਿਸੇ ਬਿਮਾਰੀ ਦਾ ਸੰਕੇਤ ਦਿੰਦੀ ਹੈ, ਇਸ ਲਈ ਬਦਲਾਅ ਲੰਬੇ ਸਮੇਂ ਤੱਕ ਹੋਣ 'ਤੇ ਡਾਕਟਰ ਦੀ ਸਲਾਹ ਲਓ। ਵੈਸੇ ਵੀ 40 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਲਗਾਤਾਰ ਚੈੱਕਅਪ ਕਰਵਾਉਣਾ ਚਾਹੀਦਾ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਹਾਰਮੋਨਸ ਵਿਚ ਆਈ ਕਮੀ ਸਮਾਂ ਰਹਿੰਦੇ ਪਤਾ ਲੱਗ ਸਕੇ ਅਤੇ ਉਸ ਦਾ ਠੀਕ ਇਲਾਜ ਹੋ ਸਕੇ। ਕਿਉਂਕਿ ਸਾਡੀ ਉਚਿਤ ਜੀਵਨ ਸ਼ੈਲੀ ਵਿਚ ਹਾਰਮੋਨਸ ਦੀ ਭੂਮਿਕਾ ਅਹਿਮ ਹੁੰਦੀ ਹੈ।


-ਮੇਘਾ

ਲੂ ਤੋਂ ਬਚ ਕੇ ਰਹੋ

ਮਈ-ਜੂਨ ਦੀ ਭਿਆਨਕ ਅਤੇ ਜਾਨਲੇਵਾ ਗਰਮੀ ਅਨੇਕ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ, ਜਿਵੇਂ ਡਾਇਰੀਆ, ਵਾਇਰਲ ਬੁਖਾਰ, ਡੀਹਾਈਡ੍ਰੇਸ਼ਨ ਆਦਿ। ਅਨੇਕ ਰੋਗ ਲੂ ਲੱਗਣ ਨਾਲ ਵੀ ਹੋ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋਣ ਦੇ ਕਾਰਨ ਚੱਕਰ ਆਉਣਾ, ਬੇਹੋਸ਼ ਹੋ ਜਾਣਾ, ਝੁਲਸ ਜਾਣਾ ਆਦਿ ਮੁੱਖ ਹਨ। ਇਸ ਤੇਜ਼ ਗਰਮੀ ਵਿਚ ਲੂ ਤੋਂ ਬਚਾਅ ਬੇਹੱਦ ਜ਼ਰੂਰੀ ਹੈ।
ਲੂ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਤਾਂ ਇਹੀ ਹੈ ਕਿ ਦੁਪਹਿਰ ਦੇ ਸਮੇਂ ਬਾਹਰ ਜਾਣ ਅਤੇ ਯਾਤਰਾ ਕਰਨ ਤੋਂ ਬਚਿਆ ਜਾਵੇ। ਖ਼ਾਸ ਕਰਕੇ ਪੈਦਲ ਜਾਂ ਦੋਪਹੀਆ ਵਾਹਨ 'ਤੇ ਤਾਂ ਕਦੇ ਯਾਤਰਾ ਨਾ ਕਰੋ। ਜੇ ਮਜਬੂਰੀ ਹੋਵੇ ਤਾਂ ਘਰੋਂ ਲੋੜੀਂਦੀ ਮਾਤਰਾ ਵਿਚ ਪਾਣੀ, ਗੁਲੂਕੋਜ਼ ਪਾਣੀ, ਇਲੈਕਟ੍ਰਾਲ ਪਾਣੀ, ਓ. ਆਰ. ਐੱਸ. ਦਾ ਘੋਲ ਜਾਂ ਨਿੰਬੂ-ਨਮਕ ਅਤੇ ਚੀਨੀ (ਜਾਂ ਸ਼ਹਿਦ) ਦੀ ਸ਼ਿਕੰਜਵੀ ਪੀ ਕੇ ਘਰੋਂ ਚੱਲੋ। ਬਾਹਰ ਦੇ ਗੰਨੇ ਦਾ ਰਸ ਜਾਂ ਠੰਢੇ ਪੀਣ ਵਾਲੇ ਪਦਾਰਥਾਂ ਤੋਂ ਬਚਣਾ ਹੀ ਠੀਕ ਹੈ। ਹਾਂ, ਜ਼ਰੂਰਤ ਹੋਣ 'ਤੇ ਤਾਜ਼ੇ ਦਹੀਂ ਦੀ ਲੱਸੀ ਲਈ ਜਾ ਸਕਦੀ ਹੈ।
ਘਰ ਵਿਚ ਬਣਿਆ ਅੰਬ ਦਾ ਪੱਨਾ, ਲੁੰਜੀ ਆਦਿ ਲੂ ਤੋਂ ਬਚਾਉਣ ਦੇ ਸਸਤੇ ਅਤੇ ਵਧੀਆ ਸਾਧਨ ਹਨ। ਖਾਣੇ ਦੇ ਨਾਲ ਲੋੜੀਂਦੀ ਮਾਤਰਾ ਵਿਚ ਪਿਆਜ਼, ਨਿੰਬੂ, ਟਮਾਟਰ, ਖਰਬੂਜ਼ੇ, ਤਰਬੂਜ ਆਦਿ ਦੇ ਸੇਵਨ ਨਾਲ ਸਾਡੇ ਸਰੀਰ ਨੂੰ ਮਦਦ ਮਿਲਦੀ ਹੈ।
ਫਿਰ ਤੈਅ ਕਰ ਲਓ ਕਿ ਇਸ ਵਾਰ ਗਰਮੀ ਵਿਚ ਤੁਸੀਂ ਲੂ ਦੇ ਸ਼ਿਕਾਰ ਨਹੀਂ ਬਣੋਗੇ।


-ਘਣਸ਼ਿਆਮ ਬਾਦਲ

ਪੁਦੀਨੇ ਨਾਲ ਘਰੇਲੂ ਇਲਾਜ

ਪੁਦੀਨਾ ਇਕ ਦਵਾਈ ਵਰਗਾ ਪੌਦਾ ਹੈ। ਇਹ ਮਨੁੱਖ ਜਾਤੀ ਲਈ ਅਨੇਕਾਂ ਬਿਮਾਰੀਆਂ ਵਿਚ ਦਵਾਈ ਅਤੇ ਹੋਰ ਰੂਪ ਵਿਚ ਵਰਤਿਆ ਜਾਂਦਾ ਹੈ। ਹਰੇਕ ਘਰ ਵਿਚ ਇਸ ਦੀ ਚਟਣੀ ਬਣਾ ਕੇ ਅਤੇ ਹੋਰ ਕਈ ਤਰ੍ਹਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
* ਪੇਟ ਦੀ ਖਰਾਬੀ, ਪੇਟ ਫੁੱਲਣਾ, ਜੀਅ ਕੱਚਾ ਹੋਣਾ, ਬੇਚੈਨੀ ਹੋਣ 'ਤੇ ਪੁਦੀਨੇ ਦੇ ਰਸ ਦਾ ਅੱਧਾ ਚਮਚ ਇਕ ਕੱਪ ਪਾਣੀ ਨਾਲ ਦੇਣ 'ਤੇ ਤੁਰੰਤ ਲਾਭ ਹੁੰਦਾ ਹੈ।
* ਕਫ ਜਮ੍ਹਾਂ ਹੋਵੇ ਜਾਂ ਹਿਚਕੀ ਆਉਂਦੀ ਹੋਵੇ ਤਾਂ ਅੰਜੀਰ ਦੇ ਨਾਲ ਪੁਦੀਨੇ ਦੇ ਪੱਤਿਆਂ ਨੂੰ ਗਰਮ ਪਾਣੀ ਵਿਚ ਗਾਲ ਕੇ ਖਾਣ ਨਾਲ ਲਾਭ ਹੁੰਦਾ ਹੈ।
* ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ੁਰੂਆਤੀ ਸਥਿਤੀ ਵਿਚ ਪੁਦੀਨੇ ਦੇ ਪੱਤਿਆਂ ਨੂੰ ਸ਼ਹਿਦ ਦੇ ਨਾਲ ਸੇਵਨ ਕਰਨ ਨਾਲ ਲਾਭ ਹੁੰਦਾ ਹੈ।
* ਇਸ ਦੇ ਤੱਤ ਮੈਂਥੋਲ (ਪਿਪਰਮੈਂਟ) ਦੀ ਵਰਤੋਂ ਮਠਿਆਈਆਂ, ਅਨੇਕਾਂ ਤਰ੍ਹਾਂ ਦੀਆਂ ਦਵਾਈਆਂ, ਮੰਜਨ (ਪੇਸਟ), ਕੈਂਡੀ, ਆਈਸਕ੍ਰੀਮ, ਚਾਕਲੇਟ, ਚਿਉਂਗਮ ਅਤੇ ਕਫ ਨਾਸ਼ਕ ਅਤੇ ਪਾਚਣ ਸਬੰਧੀ ਦਵਾਈਆਂ ਦੇ ਰੂਪ ਵਿਚ ਫਾਇਦੇਮੰਦ ਹੁੰਦੀ ਹੈ।
* ਪੁਦੀਨੇ ਦੇ ਪੱਤਿਆਂ ਦੀ ਲੁਗਦੀ ਲਗਾਉਣ ਨਾਲ ਬਿੱਛੂ ਜਾਂ ਕੀੜੇ ਦੇ ਜ਼ਖਮ ਆਦਿ ਠੀਕ ਹੋ ਜਾਂਦੇ ਹਨ।
* ਔਰਤਾਂ ਦੇ ਮਾਸਿਕ ਧਰਮ ਦੀ ਖਰਾਬੀ ਵਿਚ ਪੁਦੀਨੇ ਦੇ ਪੱਤਿਆਂ ਦੀ ਚਾਹ ਬਣਾ ਕੇ ਦੇਣ ਨਾਲ ਲਾਭ ਹੁੰਦਾ ਹੈ।
* ਦਿਲ ਦੇ ਦਰਦ ਜਾਂ ਦਿਮਾਗ ਦੀ ਕਮਜ਼ੋਰੀ ਵਿਚ ਪੁਦੀਨੇ ਦੇ ਪੱਤਿਆਂ ਨੂੰ ਸ਼ਹਿਦ ਦੇ ਨਾਲ ਦਿਨ ਵਿਚ 2-4 ਵਾਰ ਦੇਣ ਨਾਲ ਲਾਭ ਹੁੰਦਾ ਹੈ।
* ਪੁਦੀਨੇ ਵਿਚ ਅਨੇਕਾਂ ਤਰ੍ਹਾਂ ਦੇ ਟਰਪਿੰਸ ਜਿਵੇਂ ਮੈਂਥੋਲ, ਮੈਂਥਾਨ ਆਦਿ ਨੂੰ ਕੱਢ ਕੇ ਪਿਪਰਮੈਂਟ ਅਤੇ ਹੋਰ ਉਪਯੋਗੀ ਰਸਾਇਣਾਂ (ਤੇਲ) ਦਾ ਨਿਰਮਾਣ ਕਰਕੇ ਅਨੇਕਾਂ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ।
* ਸ਼ਿਕੰਜਵੀ ਅਤੇ ਚਟਣੀਆਂ ਵਿਚ ਇਸ ਦੀ ਵਰਤੋਂ ਕਰਕੇ ਲਾਭ ਪ੍ਰਾਪਤ ਕਰ ਸਕਦੇ ਹਾਂ।
* ਹੈਜ਼ੇ ਵਿਚ ਪੁਦੀਨਾ, ਪਿਆਜ਼ ਅਤੇ ਨਿੰਬੂ ਦੇ ਰਸ ਦੇ ਨਾਲ ਕਈ ਵਾਰ ਪੀਣ ਨਾਲ ਲਾਭ ਹੁੰਦਾ ਹੈ।


-ਰਮੇਸ਼ ਕੁਮਾਰ ਜੈਨ

ਬਜ਼ੁਰਗਾਂ ਵਿਚ ਚੁਸਤੀ ਵਧਾਉਂਦਾ ਹੈ ਚੁਕੰਦਰ

ਚੁਕੰਦਰ ਵੀ ਗਾਜਰ ਦੀ ਤਰ੍ਹਾਂ ਇਕ ਪੌਸ਼ਟਿਕ ਜੜ੍ਹ ਹੈ। ਇਹ ਸੇਵਨ ਕਰਨ ਵਾਲੇ ਨੂੰ ਨਵ ਊਰਜਾ ਨਾਲ ਭਰ ਦਿੰਦਾ ਹੈ। ਇਸ ਦਾ ਰਸ ਬੁੱਢੇ ਨੂੰ ਵੀ ਜਵਾਨ ਕਰ ਦਿੰਦਾ ਹੈ। ਉਸ ਨੂੰ ਊਰਜਾਵਾਨ ਬਣਾ ਕੇ ਉਨ੍ਹਾਂ ਦੀ ਚੁਸਤੀ ਨੂੰ ਵਧਾ ਦਿੰਦਾ ਹੈ। ਉਹ ਅਸਾਨੀ ਨਾਲ ਪੈਦਲ ਚੱਲਣ ਅਤੇ ਕਸਰਤ ਕਰਨ ਦੇ ਯੋਗ ਹੋ ਜਾਂਦੇ ਹਨ। ਖੋਜ ਅਨੁਸਾਰ ਇਸ ਦੇ ਸੇਵਨ ਤੋਂ ਬਾਅਦ ਬਜ਼ੁਰਗ ਪਹਿਲਾਂ ਵਾਂਗ ਸ਼ਕਤੀਸ਼ਾਲੀ ਅਤੇ ਜਵਾਨ ਮਹਿਸੂਸ ਕਰਦੇ ਹਨ। ਇਹ ਖੂਨ ਵਹਿਣੀਆਂ ਨੂੰ ਫੈਲਾਅ ਕੇ ਖੂਨ ਦੇ ਦਬਾਅ ਅਤੇ ਦਿਲ ਨੂੰ ਸਹੀ ਰੱਖਦਾ ਹੈ। ਚੁਕੰਦਰ ਨੂੰ ਬਜ਼ੁਰਗ ਚਬਾ ਕੇ ਖਾ ਨਹੀਂ ਸਕਦੇ, ਇਸ ਲਈ ਉਨ੍ਹਾਂ ਨੂੰ ਚੁਕੰਦਰ ਘਿਸ ਕੇ ਜਾਂ ਰਸ ਕੱਢ ਕੇ ਸੇਵਨ ਕਰਨਾ ਚਾਹੀਦਾ ਹੈ। ਚੁਕੰਦਰ ਦਾ ਰਸ ਖੂਨ ਵਾਂਗ ਲਾਲ ਹੁੰਦਾ ਹੈ। ਇਹ ਰਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਲਾਦ ਅਤੇ ਸਬਜ਼ੀ ਵਿਚ ਵੀ ਵਰਤਿਆ ਜਾ ਸਕਦਾ ਹੈ।

ਪਿੱਠ ਦਰਦ ਤੋਂ ਜ਼ਰੂਰੀ ਹੈ ਬਚਾਅ

ਪਿੱਠ ਦਰਦ ਸਿਰਫ ਬੁਢਾਪੇ ਦਾ ਦਰਦ ਹੀ ਨਹੀਂ ਹੈ, ਇਹ ਕਿਸੇ ਵੀ ਉਮਰ ਵਿਚ ਹੋਣ ਵਾਲੀ ਤਕਲੀਫਦੇਹ ਬਿਮਾਰੀ ਹੈ। ਅੱਜ ਦੀ ਬਦਲਦੀ ਜੀਵਨਸ਼ੈਲੀ ਦੇ ਕਾਰਨ ਪਿੱਠ ਜਾਂ ਕਮਰ ਦਰਦ ਦੀ ਸਮੱਸਿਆ ਆਮ ਬਣਦੀ ਜਾ ਰਹੀ ਹੈ। ਕੈਲਸ਼ੀਅਮ, ਵਿਟਾਮਿਨ ਦੀ ਕਮੀ, ਰੂਮੇਟਾਇਡ ਆਰਥਰਾਈਟਿਸ, ਕਸ਼ੇਰੂਕਾਓਂ ਦੀ ਬਿਮਾਰੀ, ਮਾਸਪੇਸ਼ੀਆਂ ਅਤੇ ਤੰਤੂਆਂ ਵਿਚ ਖਿਚਾਅ, ਗਰਭਸ਼ਯ ਵਿਚ ਸੋਜ, ਗ਼ਲਤ ਆਸਣ ਕਰਨ ਆਦਿ ਅਨੇਕ ਕਾਰਨਾਂ ਨਾਲ ਪਿੱਠ ਜਾਂ ਕਮਰ ਵਿਚ ਦਰਦ ਹੋ ਜਾਂਦੀ ਹੈ।
ਮਾਨਸਿਕ ਤਣਾਅ ਕਮਰ ਦੇ ਦਰਦ ਨੂੰ ਵਧਾ ਦਿੰਦਾ ਹੈ। ਕਦੇ-ਕਦੇ ਮਾਨਸਿਕ ਤਣਾਅ ਦੇ ਕਾਰਨ ਵੀ ਕਮਰ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਦਰਦ ਸਿਰਫ ਕਮਰ ਵਿਚ ਹੀ ਨਹੀਂ ਹੁੰਦਾ, ਬਲਕਿ ਹੋਰ ਅਨੇਕਾਂ ਸਥਾਨਾਂ 'ਤੇ ਵੀ ਸ਼ੁਰੂ ਹੋ ਸਕਦਾ ਹੈ।
ਮੋਢਿਆਂ ਦੇ ਨੇੜੇ-ਤੇੜੇ ਹੋਣ ਵਾਲੇ ਦਰਦ ਨੂੰ 'ਸ਼ੋਲਡਰ ਪੇਨ' ਕਿਹਾ ਜਾਂਦਾ ਹੈ। ਇਹ ਦਰਦ ਅਕਸਰ ਝੁਕ ਕੇ ਜਾਂ ਗ਼ਲਤ ਤਰੀਕੇ ਨਾਲ ਕੰਮ ਕਰਨ, ਮੋਢੇ ਦੀਆਂ ਮਾਸਪੇਸ਼ੀਆਂ ਦੇ ਕਮਜ਼ੋਰ ਪੈ ਜਾਣ, ਮੋਢੇ ਦੀਆਂ ਮਾਸਪੇਸ਼ੀਆਂ ਵਿਚ ਭਾਰ ਚੁੱਕਣ ਨਾਲ ਖਿਚਾਅ, ਮੋਢਿਆਂ 'ਤੇ ਜ਼ਿਆਦਾ ਜ਼ੋਰ ਪੈਣ ਆਦਿ ਕਾਰਨਾਂ ਨਾਲ ਹੋ ਜਾਂਦਾ ਹੈ।
ਧੌਣ ਦੀਆਂ ਮਾਸਪੇਸ਼ੀਆਂ ਦੀ ਅਕੜਨ ਜਾਂ ਕਮਜ਼ੋਰ ਪੈ ਜਾਣ ਦੇ ਕਾਰਨ ਧੌਣ ਵਿਚ ਵੀ ਦਰਦ ਹੋ ਸਕਦਾ ਹੈ, ਜਿਸ ਨੂੰ 'ਸਰਵਾਈਕਲ ਪੇਨ' ਵੀ ਕਿਹਾ ਜਾਂਦਾ ਹੈ। ਗਰਦਨ ਝੁਕਾ ਕੇ ਜਾਂ ਇਕ ਪਾਸੇ ਮੋੜ ਕੇ ਲੰਬੇ ਸਮੇਂ ਤੱਕ ਕੰਮ ਕਰਨ, ਝਟਕਾ ਲੱਗਣ ਆਦਿ ਦੇ ਕਾਰਨ ਇਹ ਦਰਦ ਉੱਠ ਸਕਦਾ ਹੈ। ਉੱਚੇ ਸਿਰਹਾਣੇ 'ਤੇ ਸੌਣਾ ਜਾਂ ਲੰਮੇ ਪੈ ਕੇ ਜ਼ਿਆਦਾ ਦੇਰ ਤੱਕ ਪੜ੍ਹਦੇ ਰਹਿਣ 'ਤੇ ਵੀ ਧੌਣ ਦਾ ਦਰਦ ਸ਼ੁਰੂ ਹੋ ਸਕਦਾ ਹੈ।
ਕਮਰ ਦੇ ਉੱਪਰਲੇ ਹਿੱਸੇ ਵਿਚ ਦਰਦ ਦਾ ਹੋਣਾ ਇਕ ਆਮ ਸਮੱਸਿਆ ਹੁੰਦੀ ਹੈ। ਦਰਦ ਮੋਢੇ ਜਾਂ ਕਮਰ ਨੂੰ ਝੁਕਾ ਕੇ ਲਗਾਤਾਰ ਇਕ ਸਥਿਤੀ ਵਿਚ ਲੰਬੇ ਸਮੇਂ ਤੱਕ ਕੰਮ ਕਰਨ ਨਾਲ, ਰੀੜ੍ਹ ਦੀ ਹੱਡੀ ਨਾਲ ਸਬੰਧਤ ਮਾਸਪੇਸ਼ੀਆਂ ਜਾਂ ਲਿਗਾਮੇਂਟ ਵਿਚ ਖਿਚਾਅ ਆਉਣ ਜਾਂ ਕਮਜ਼ੋਰ ਪੈਣ ਦੇ ਕਾਰਨ ਹੁੰਦਾ ਹੈ।
ਪਿੱਠ ਦੇ ਵਿਚਕਾਰਲੇ ਹਿੱਸੇ ਵਿਚ ਵੀ ਦਰਦ ਹੋਣ ਦੀ ਸਮੱਸਿਆ ਦੇਖਣ ਵਿਚ ਆਉਂਦੀ ਹੈ। ਇਹ ਦਰਦ ਹੱਡੀਆਂ ਦੇ ਨੁਕਸਾਨੇ ਜਾਣ ਜਾਂ ਸਨਾਯੂਆਂ ਵਿਚ ਦਬਾਅ ਪੈਣ ਨਾਲ ਵੀ ਹੋ ਸਕਦਾ ਹੈ। ਇਸ ਦਰਦ ਨੂੰ 'ਸਪਾਈਨਲ ਪੇਨ' ਵੀ ਕਿਹਾ ਜਾਂਦਾ ਹੈ। ਇਹ ਦਰਦ ਅਤਿਅੰਤ ਕਸ਼ਟਕਾਰੀ ਹੁੰਦਾ ਹੈ।
ਕਮਰ ਦੇ ਹੇਠਲੇ ਹਿੱਸੇ ਵਿਚ ਦਰਦ ਦਾ ਹੋਣਾ ਆਮ ਸਮੱਸਿਆ ਬਣ ਚੁੱਕੀ ਹੈ। ਕਮਰ ਝੁਕਾ ਕੇ ਲੰਬੇ ਸਮੇਂ ਤੱਕ ਬੈਠਣਾ, ਪਾਲਥੀ ਮਾਰ ਕੇ ਬੈਠਣਾ, ਭਾਰੀ ਬੋਝ ਚੁੱਕਣਾ, ਝਟਕਾ ਲੱਗ ਜਾਣਾ, ਮਾਸਪੇਸ਼ੀਆਂ ਵਿਚ ਖਿਚਾਅ ਆਉਣਾ ਜਾਂ ਉਨ੍ਹਾਂ ਦੇ ਨੁਕਸਾਨੇ ਜਾਣ ਕਾਰਨ ਸ਼ੁਰੂ ਹੁੰਦਾ ਹੈ। ਆਸਟਿਓਮੇਲਾਇਟਸ ਅਤੇ ਆਸਟਿਓਪੋਰੋਸਿਸ ਰੋਗਾਂ ਦੇ ਕਾਰਨ ਵੀ ਕਮਰ ਦੇ ਹੇਠਲੇ ਹਿੱਸੇ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ।
ਸੌਣ ਸਮੇਂ ਪਤਲੇ ਸਿਰਹਾਣੇ ਦੀ ਵਰਤੋਂ ਕਰਨਾ, ਗੋਡਿਆਂ ਦੇ ਹੇਠਾਂ ਸਿਰਹਾਣਾ ਲਗਾਉਣਾ, ਸਖਤ ਬਿਸਤਰ 'ਤੇ ਸੌਣਾ, ਮਾਲਿਸ਼, ਸਿੰਕਾਈ, ਟ੍ਰੇਕਸ਼ਨ, ਕਸਰਤ, ਯੋਗ ਆਸਣਾਂ ਅਤੇ ਦਰਦ ਨਿਵਾਰਕ ਗੋਲੀਆਂ ਨਾਲ ਕਮਰ ਦੇ ਦਰਦ ਵਿਚ ਆਰਾਮ ਹੋ ਸਕਦਾ ਹੈ। ਦਰਦ ਨਿਵਾਰਕ ਗੋਲੀਆਂ ਦੀ ਵਰਤੋਂ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ।
ਸੌਣ ਜਾਂ ਲੰਮੇ ਪੈਣ ਲਈ ਸਖਤ ਅਤੇ ਸਮਤਲ ਪਲੰਘ ਜਾਂ ਜ਼ਮੀਨ 'ਤੇ ਸੌਣਾ ਬਿਹਤਰ ਮੰਨਿਆ ਜਾਂਦਾ ਹੈ। ਗੱਦਾ ਨਾ ਤਾਂ ਬਹੁਤ ਸਖਤ ਅਤੇ ਨਾ ਹੀ ਬਹੁਤ ਮੁਲਾਇਮ ਹੋਣਾ ਚਾਹੀਦਾ ਹੈ। ਜੇਕਰ ਚਾਰਪਾਈ 'ਤੇ ਸੌਂਦੇ ਹੋ ਤਾਂ ਚੰਗੀ ਤਰ੍ਹਾਂ ਕੱਸੀ ਹੋਣੀ ਚਾਹੀਦੀ ਹੈ। ਜੇਕਰ ਕਮਰ ਦਰਦ ਦੀ ਸਮੱਸਿਆ ਹੈ ਤਾਂ ਸਿੱਧੇ ਸੌਂਦੇ ਸਮੇਂ ਗੋਡਿਆਂ ਦੇ ਹੇਠਾਂ ਸਿਰਹਾਣਾ ਲਗਾ ਲਓ। ਪਾਸਾ ਬਦਲਦੇ ਸਮੇਂ ਹੇਠਾਂ ਵਾਲਾ ਪੈਰ ਸਿੱਧਾ ਅਤੇ ਉੱਪਰ ਵਾਲਾ ਪੈਰ ਗੋਡੇ ਅਤੇ ਕੁੱਲ੍ਹੇ ਸਹੂਲਤ ਅਨੁਸਾਰ ਮੋੜੋ। ਗੋਡਾ ਕੁੱਲ੍ਹੇ ਤੋਂ ਉੱਪਰ ਹੋਣਾ ਚਾਹੀਦਾ ਹੈ।
ਬੈਠਦੇ ਸਮੇਂ ਹਮੇਸ਼ਾ ਕਮਰ ਸਿੱਧੀ ਰੱਖੋ ਅਤੇ ਧੌਣ ਵੀ ਸਿੱਧੀ ਰੱਖੋ। ਪਿੱਠ ਨੂੰ ਕੁਰਸੀ ਦੀ ਪਿੱਠ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਜੇਕਰ ਕੁਰਸੀ ਦੀ ਪਿੱਠ ਦਸ ਇੰਚ (ਅੰਸ਼) ਪਿੱਛੇ ਵੱਲ ਝੁਕੀ ਹੋਈ ਹੋਵੇ ਤਾਂ ਜ਼ਿਆਦਾ ਬਿਹਤਰ ਹੈ। ਕੁਰਸੀ ਏਨੀ ਉੱਚੀ ਹੋਣੀ ਚਾਹੀਦੀ ਹੈ ਕਿ ਪੰਜੇ ਪੂਰੀ ਤਰ੍ਹਾਂ ਜ਼ਮੀਨ 'ਤੇ ਅਤੇ ਗੋਡੇ ਕੁੱਲ੍ਹੇ ਦੇ ਜੋੜ ਤੋਂ ਉੱਚੇ ਰਹਿਣ। ਕੁਰਸੀ ਤੋਂ ਉੱਠਣ ਲਈ ਕੁਰਸੀ 'ਤੇ ਪਹਿਲਾਂ ਅੱਗੇ ਨੂੰ ਖਿਸਕੋ, ਦੋਵੇਂ ਹੱਥਾਂ ਨੂੰ ਹੱਥੇ 'ਤੇ ਰੱਖੋ ਅਤੇ ਬਿਨਾਂ ਕਮਰ ਝੁਕਾਏ ਅਤੇ ਹੱਥਾਂ ਦਾ ਸਹਾਰਾ ਲਏ ਹੀ ਸਿੱਧੇ ਖੜ੍ਹੇ ਹੋਵੋ।

ਖੰਘ ਦੇ ਨਾਲ ਖੂਨ ਆਵੇ ਤਾਂ ਸੁਚੇਤ ਹੋ ਜਾਓ

ਖੰਘ ਦੇ ਨਾਲ ਖੂਨ ਆਉਣ ਦੇ ਕਈ ਕਾਰਨ ਹਨ। ਭਾਰਤ ਵਿਚ ਸਭ ਤੋਂ ਵੱਡਾ ਕਾਰਨ ਫੇਫੜੇ ਦੀ ਟੀ. ਬੀ. ਹੈ। ਟੀ. ਬੀ. ਦੀ ਇਨਫੈਕਸ਼ਨ ਜਦੋਂ ਸਹੀ ਇਲਾਜ ਨਾ ਹੋਣ ਕਾਰਨ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤਾਂ ਖੰਘ ਦੇ ਨਾਲ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਕਦੇ-ਕਦੇ ਖੂਨ ਦਾ ਵਹਾਉ ਏਨਾ ਭਿਆਨਕ ਹੁੰਦਾ ਹੈ ਕਿ ਟੀ. ਬੀ. ਦੀ ਇਨਫੈਕਸ਼ਨ ਤੋਂ ਪੀੜਤ ਮਰੀਜ਼ ਕੁਝ ਹੀ ਘੰਟਿਆਂ ਵਿਚ ਦਮ ਤੋੜ ਦਿੰਦਾ ਹੈ।
ਇਹ ਦੇਖਿਆ ਗਿਆ ਹੈ ਕਿ ਟੀ. ਬੀ. ਦਾ ਇਲਾਜ ਕਰਨ ਤੋਂ ਬਾਅਦ ਉਸ ਦੀ ਇਨਫੈਕਸ਼ਨ 'ਤੇ ਕਾਬੂ ਤਾਂ ਪਾ ਲਿਆ ਜਾਂਦਾ ਹੈ ਪਰ ਖੰਘ ਦੇ ਨਾਲ ਖੂਨ ਦਾ ਆਉਣਾ ਜਾਰੀ ਰਹਿੰਦਾ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਟੀ. ਬੀ. ਦੀ ਇਨਫੈਕਸ਼ਨ ਸਮਾਪਤ ਤਾਂ ਹੋ ਜਾਂਦੀ ਹੈ ਪਰ ਇਹ ਆਪਣੇ ਪਿੱਛੇ ਫੇਫੜੇ 'ਤੇ ਵੱਡੇ-ਵੱਡੇ ਖੋਖਲੇ ਜ਼ਖਮ ਛੱਡ ਜਾਂਦੀ ਹੈ, ਜਿਸ ਵਿਚ ਦੂਜੇ ਕੀਟਾਣੂ ਖਾਸ ਕਰਕੇ ਫੰਗਸ ਆਪਣਾ ਡੇਰਾ ਜਮਾ ਲੈਂਦੇ ਹਨ। ਇਸ ਹਾਲਤ ਨੂੰ ਡਾਕਟਰੀ ਭਾਸ਼ਾ ਵਿਚ 'ਇਸਪਰਜੀਲੋਮਾ' ਜਾਂ 'ਇਸਪਰਜੀਲੋਸਿਸ' ਕਹਿੰਦੇ ਹਨ, ਜਿਸ ਦੀ ਵਜ੍ਹਾ ਨਾਲ ਮਰੀਜ਼ ਨੂੰ ਖੰਘ ਦੇ ਨਾਲ ਖੂਨ ਆਉਣ ਲਗਦਾ ਹੈ।
ਭਾਰਤ ਵਿਚ ਇਸਪਰਜੀਲੋਮਾ ਰੋਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਲੱਖਾਂ ਵਿਚ ਹੈ, ਜੋ ਅਗਿਆਨਤਾ ਕਾਰਨ ਗ਼ਲਤ ਇਲਾਜ ਕਰਾਉਂਦੇ ਰਹਿੰਦੇ ਹਨ ਅਤੇ ਜਿਸ ਦੀ ਵਜ੍ਹਾ ਨਾਲ ਬਚਿਆ ਹੋਇਆ ਠੀਕ ਫੇਫੜਾ ਵੀ ਰੋਗਗ੍ਰਸਤ ਹੋ ਜਾਂਦਾ ਹੈ ਅਤੇ ਜਾਨ ਜਾਣ ਤੋਂ ਇਲਾਵਾ ਕੋਈ ਦੂਜਾ ਰਾਹ ਨਹੀਂ ਬਚਦਾ।
ਫੇਫੜੇ ਦੀ ਇਨਫੈਕਸ਼ਨ ਵਾਰ-ਵਾਰ ਨਾ ਹੋਣ ਦਿਉ : ਖੰਘ ਦੇ ਨਾਲ ਖੂਨ ਆਉਣ ਦਾ ਦੂਜਾ ਕਾਰਨ 'ਬ੍ਰੋਨਿਕਯਕਟੇਸਿਸ' ਨਾਮੀ ਰੋਗ ਹੈ। ਇਸ ਬਿਮਾਰੀ ਵਿਚ ਸਾਹ ਨਲੀ ਵਿਚ ਇਨਫੈਕਸ਼ਨ ਹੋਣ ਨਾਲ, ਫੇਫੜੇ ਵਿਚ ਸਥਿਤ ਸਾਹ ਨਲੀ ਵਿਚ ਲਗਾਤਾਰ ਸੋਜ ਰਹਿਣ ਨਾਲ ਉਸ ਦੀਆਂ ਦੀਵਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਜਾਂਦੀਆਂ ਹਨ। ਨਤੀਜੇ ਵਜੋਂ ਫੇਫੜੇ ਦੇ ਅੰਦਰ ਸਥਿਤ ਸਾਹ ਨਲੀ ਦੀਆਂ ਸ਼ਾਖਾਵਾਂ ਜਾਂ ਤਾਂ ਸੁੰਗੜ ਜਾਂਦੀਆਂ ਹਨ ਜਾਂ ਬੇਲੋੜੇ ਰੂਪ ਨਾਲ ਗੁਬਾਰੇ ਵਾਂਗ ਫੁੱਲ ਜਾਂਦੀਆਂ ਹਨ।
ਫੇਫੜੇ ਦਾ ਕੈਂਸਰ : ਖੰਘ ਦੇ ਨਾਲ ਖੂਨ ਆਉਣ ਦਾ ਤੀਜਾ ਕਾਰਨ ਫੇਫੜੇ ਦਾ ਕੈਂਸਰ ਹੈ। ਸਿਗਰਟਨੋਸ਼ੀ ਦੀ ਆਦਤ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਿਗਰਟਨੋਸ਼ੀ ਨਾ ਕੇਵਲ ਫੇਫੜੇ ਦੇ ਕੈਂਸਰ ਨੂੰ ਜਨਮ ਦਿੰਦੀ ਹੈ, ਸਗੋਂ ਸਰੀਰ ਵਿਚ ਅਨੇਕਾਂ ਅੰਗਾਂ ਨੂੰ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਲੀਆਂ ਵਿਚ ਸੁੰਗੜਨ ਪੈਦਾ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਲੋਕ ਫੇਫੜੇ ਦੇ ਨਾਲ-ਨਾਲ ਹੱਥ-ਪੈਰ ਵੀ ਗੁਆ ਬੈਠਦੇ ਹਨ। ਜੇਕਰ ਕਿਸੇ ਸਿਗਰਟਨੋਸ਼ੀ ਦੇ ਆਦੀ ਨੌਜਵਾਨ ਦੇ ਖੰਘਣ 'ਤੇ ਖੂਨ ਆਵੇ ਤਾਂ ਫੇਫੜੇ ਦਾ ਕੈਂਸਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਖੰਘ ਦੇ ਨਾਲ ਖੂਨ ਦੀ ਸ਼ਿਕਾਇਤ ਹੋਵੇ ਤਾਂ ਕਿੱਥੇ ਜਾਈਏ : ਜੇਕਰ ਖੰਘ ਦੇ ਨਾਲ ਖੂਨ ਆਉਂਦਾ ਹੈ ਤਾਂ ਤੁਰੰਤ ਕਿਸੇ ਛਾਤੀ ਦੇ ਸਰਜਨ ਨਾਲ ਸੰਪਰਕ ਕਰੋ। ਖੰਘ ਅਤੇ ਉਸ ਦੇ ਨਾਲ ਆਉਣ ਵਾਲੇ ਖੂਨ ਦੇ ਕਾਰਨਾਂ ਦੀ ਜਾਂਚ ਜ਼ਰੂਰੀ ਹੈ, ਕਿਉਂਕਿ ਖੂਨ ਆਉਣ ਦੇ ਕਾਰਨਾਂ ਦਾ ਇਲਾਜ ਕਰਨ ਨਾਲ ਹੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਸਮੱਸਿਆ ਤੋਂ ਪੀੜਤ ਮਰੀਜ਼ ਹਮੇਸ਼ਾ ਕਿਸੇ ਅਜਿਹੇ ਹਸਪਤਾਲ ਵਿਚ ਜਾਵੇ, ਜਿਥੇ ਕਿਸੇ ਥੋਰੇਸਿਕ ਸਰਜਨ ਦੀ 24 ਘੰਟੇ ਉਪਲਬਧਤਾ ਹੋਵੇ ਅਤੇ ਫੇਫੜੇ ਅਤੇ ਦਿਲ ਦੇ ਆਪ੍ਰੇਸ਼ਨ ਨਿਯਮਤ ਹੁੰਦੇ ਹੋਣ।
ਖੰਘ ਦੇ ਨਾਲ ਖੂਨ ਆਉਣ 'ਤੇ ਕੁਝ ਅਤਿ ਆਧੁਨਿਕ ਜਾਂਚਾਂ ਦੀ ਲੋੜ ਪੈ ਸਕਦੀ ਹੈ ਜਿਵੇਂ ਬ੍ਰਾਂਕੋਸਕੋਪੀ, ਥੋਰੇਕੋਸਕੋਪੀ ਆਦਿ। ਹਸਪਤਾਲ ਵਿਚ ਆਉਣ ਤੋਂ ਪਹਿਲਾਂ ਇਹ ਜ਼ਰੂਰ ਸੁਨਿਸਚਤ ਕਰ ਲਵੋ ਕਿ ਉਥੇ ਅਤਿ ਆਧੁਨਿਕ ਬਲੱਡ ਬੈਂਕ ਦੀ 24 ਘੰਟੇ ਸਹੂਲਤ ਹੈ ਜਾਂ ਨਹੀਂ, ਅਤਿ ਆਧੁਨਿਕ ਆਈ.ਸੀ.ਯੂ. ਅਤੇ ਕ੍ਰਿਟੀਕਲ ਕੇਅਰ ਯੂਨਿਟ ਦੀ ਉਪਲਬਧਤਾ ਹੈ ਜਾਂ ਨਹੀਂ ਅਤੇ ਵੈਂਟੀਲੇਟਰ ਲੋੜੀਂਦੀ ਮਾਤਰਾ ਵਿਚ ਹਨ ਜਾਂ ਨਹੀਂ।

ਸਿਹਤ ਖ਼ਬਰਨਾਮਾ

ਫੁੱਲ ਗੋਭੀ ਦਿਲ ਲਈ ਫਾਇਦੇਮੰਦ

ਫੁੱਲ ਗੋਭੀ ਹੁਣ ਬਾਰਾਂ ਮਹੀਨੇ ਮਿਲਣ ਵਾਲੀ ਸਬਜ਼ੀ ਬਣ ਗਈ ਹੈ। ਗੋਭੀ ਦੀਆਂ ਤਿੰਨ ਕਿਸਮਾਂ ਵਿਚੋਂ ਫੁੱਲ ਗੋਭੀ ਸਭ ਦੀ ਪਸੰਦੀਦਾ ਹੈ। ਹਾਲ ਹੀ ਵਿਚ ਹੋਈ ਇਕ ਖੋਜ ਵਿਚ ਫੁੱਲ ਗੋਭੀ ਨੂੰ ਦਿਲ ਲਈ ਲਾਭਦਾਇਕ ਪਾਇਆ ਗਿਆ ਹੈ। ਇਹ ਦਿਲ ਦੇ ਦੌਰੇ ਨੂੰ ਦੂਰ ਕਰਦੀ ਹੈ। ਇਸ ਵਿਚ ਮੌਜੂਦ ਗੰਧਕ ਖੂਨ ਨੂੰ ਸਾਫ਼ ਕਰਦਾ ਹੈ ਅਤੇ ਇਹ ਖੁਜਲੀ, ਕੋਹੜ ਅਤੇ ਚਮੜੀ ਰੋਗਾਂ ਨੂੰ ਦੂਰ ਕਰਦਾ ਹੈ।
ਇਹ ਹੱਡੀ ਵਿਚ ਦਰਦ, ਬਦਹਜ਼ਮੀ, ਪੀਲੀਆ, ਅੱਖਾਂ ਦੀ ਕਮਜ਼ੋਰੀ ਦੂਰ ਕਰਦੀ ਹੈ। ਇਹ ਗੈਸ ਵਧਾਉਂਦੀ ਹੈ ਜੋ ਗਾਜਰ ਦੇ ਨਾਲ ਵਰਤੋਂ ਕਰਨ ਨਾਲ ਦੂਰ ਹੋ ਜਾਂਦੀ ਹੈ। ਇਹ ਨਹੁੰਆਂ ਅਤੇ ਵਾਲਾਂ ਦੇ ਰੋਗਾਂ ਵਿਚ ਲਾਭ ਪਹੁੰਚਾਉਂਦੀ ਹੈ। ਇਹ ਕੈਂਸਰ ਤੋਂ ਵੀ ਬਚਾਅ ਕਰਦੀ ਹੈ। ਇਹ ਲਾਭ ਘੱਟ ਤੇਲ ਵਿਚ ਪਕਾਉਣ ਨਾਲ ਮਿਲਦਾ ਹੈ। ਇਸ ਨੂੰ ਹਮੇਸ਼ਾ ਚੰਗੀ ਤਰ੍ਹਾਂ ਸਾਫ਼ ਕਰਕੇ ਬਣਾਉਣਾ ਚਾਹੀਦਾ ਹੈ, ਫੁੱਲ ਗੋਭੀ ਵਿਚ ਕੀੜੇ ਹੁੰਦੇ ਹਨ।
ਕੰਮ ਦੇ ਵਿਚ ਆਰਾਮ ਵੀ ਜ਼ਰੂਰੀ ਹੈ

ਦਫ਼ਤਰ ਵਿਚ ਕੰਮ ਕਰਨਾ ਬੈਠਣ ਵਾਲਾ ਕੰਮ ਹੈ। ਕੁਰਸੀ 'ਤੇ ਟਿਕ ਕੇ ਬੈਠ ਕੇ ਕੰਮ ਕਰਨਾ ਚੰਗੇ ਕਰਮਚਾਰੀ ਦੀ ਨਿਸ਼ਾਨੀ ਹੈ। ਬੌਸ ਵੀ ਉਸ ਤੋਂ ਖੁਸ਼ ਰਹਿੰਦੇ ਹਨ ਪਰ ਬਿਨਾਂ ਰੁਕੇ ਲਗਾਤਾਰ ਕੰਮ ਕਰਨ ਨਾਲ ਸਰੀਰ ਮੁਸੀਬਤਾਂ ਵਿਚ ਘਿਰ ਜਾਂਦਾ ਹੈ, ਇਸ ਲਈ ਕੁਰਸੀ 'ਤੇ ਬੈਠ ਕੇ ਲਗਾਤਾਰ ਕੰਮ ਕਰਨ ਦੀ ਬਜਾਏ ਵਿਚ-ਵਿਚ ਹਲਕੀ ਹਲਚਲ ਕਰੋ। ਇਹ ਬੀ.ਪੀ., ਸ਼ੂਗਰ, ਮੋਟਾਪਾ, ਭਾਰ ਦਾ ਵਧਣਾ, ਬਵਾਸੀਰ, ਪੈਰ ਭਾਰੀ ਹੋਣ ਅਤੇ ਤਣਾਅ ਆਦਿ ਤੋਂ ਬਚਾਉਂਦਾ ਹੈ। ਸੀਟ ਛੱਡ ਕੇ ਜ਼ਿਆਦਾ ਦੂਰ ਨਾ ਜਾਓ। ਆਪਣੀ ਜਗ੍ਹਾ ਖੜ੍ਹੇ ਹੋਵੋ ਅਤੇ ਕੁਝ ਕਦਮ ਚੱਲੋ। ਮੂੰਹ ਧੋਵੋ, ਪਾਣੀ ਘੁੱਟ-ਘੁੱਟ ਪੀਓ ਅਤੇ ਫਿਰ ਤੋਂ ਕੰਮ ਕਰਨ ਲਈ ਤਰੋਤਾਜ਼ਾ ਹੋ ਜਾਓ। ਦਫਤਰ ਵਿਚ ਕੰਮ ਦੌਰਾਨ ਰੁਕੋਗੇ ਤਾਂ ਸਰੀਰ ਸੁਡੌਲ ਰਹੇਗਾ ਅਤੇ ਤੁਸੀਂ ਤੰਦਰੁਸਤ ਰਹੋਗੇ।
ਸਿਹਤ ਲਈ ਮੱਖਣ ਨਾਲੋਂ ਪਨੀਰ ਬਿਹਤਰ ਹੈ

ਦੁੱਧ ਤੋਂ ਹੀ ਮੱਖਣ ਅਤੇ ਪਨੀਰ ਬਣਦਾ ਹੈ। ਇਸ ਵਿਚੋਂ ਪਨੀਰ ਸਿਹਤ ਲਈ ਚੰਗਾ ਹੁੰਦਾ ਹੈ। ਬਾਜ਼ਾਰ ਵਿਚ ਘੱਟ ਫੈਟ ਵਾਲਾ ਪਨੀਰ ਵੀ ਮਿਲਦਾ ਹੈ। ਮੱਖਣ ਊਰਜਾ ਦਾ ਭੰਡਾਰ ਹੈ, ਇਹ ਫੈਟ ਦੀ ਬਹੁਤਾਤ ਦੇ ਕਾਰਨ ਸਰੀਰ ਵਿਚ ਬੁਰੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜੋ ਦਿਲ ਦੇ ਰੋਗਾਂ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ। ਉਸ ਦੀ ਊਰਜਾ ਸਰੀਰ ਦਾ ਭਾਰ ਅਤੇ ਮੋਟਾਪਾ ਵਧਾਉਂਦੀ ਹੈ, ਜਦੋਂ ਕਿ ਪਨੀਰ ਦੇ ਨਾਲ ਅਜਿਹਾ ਨਹੀਂ ਹੈ।
ਪਨੀਰ ਕੈਲਸ਼ੀਅਮ ਦਾ ਚੰਗਾ ਸਰੋਤ ਹੈ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕੰਮ ਆਉਂਦਾ ਹੈ, ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਪਨੀਰ ਨਾਲ ਅਨੇਕ ਤਰ੍ਹਾਂ ਦਾ ਨਾਸ਼ਤਾ, ਮਿੱਠੇ ਅਤੇ ਨਮਕੀਨ ਪਕਵਾਨ ਬਣਾਏ ਜਾਂਦੇ ਹਨ। ਇਸ ਨਾਲ ਨਮਕੀਨ ਵਿਚ ਪਨੀਰ ਬਾਲਸ, ਪਨੀਰ ਸੁਫਲੇ, ਮੈਕ੍ਰੋਨੀ ਪਨੀਰ ਬਣਾਇਆ ਜਾਂਦਾ ਹੈ, ਜਦੋਂ ਕਿ ਮਿੱਠੇ ਵਿਚ ਚਿਲਡ ਪਨੀਰ ਕੇਕ, ਚਿਲਡ ਪਾਈਨਐਪਲ ਪਨੀਰ ਬਣਾਇਆ ਜਾਂਦਾ ਹੈ। ਇਸ ਦੇ ਪਕੌੜੇ ਅਤੇ ਸਬਜ਼ੀ ਵੀ ਬਣਾਈ ਜਾਂਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX