ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਦਿਲਚਸਪੀਆਂ

ਮਾਂ ਦੀ ਨਸੀਹਤ


2016 ਦੇ ਚੜ੍ਹਦੇ ਸਤੰਬਰ ਦੀ ਭਿਆਨਕ ਸ਼ਾਮ | ਮੈਂ ਹਸਪਤਾਲੋਂ ਘਰ ਨੂੰ ਗੱਡੀ ਹੌਲੀ-ਹੌਲੀ ਸਪੀਡ 'ਚ ਲੈ ਕੇ ਆ ਰਿਹਾ ਸੀ | ਉਸ ਸ਼ਾਮ ਤੋਂ ਪਹਿਲਾਂ ਕਈ ਦਫ਼ਾ ਮੈਂ ਬਿਮਾਰ ਮਾਂ ਨੂੰ ਤੇਜ਼ ਸਪੀਡ 'ਚ ਗੱਡੀ ਚਲਾ ਐਮਰਜੈਂਸੀ ਪਹੁੰਚਾ ਚੁੱਕਾ ਸੀ | ਉਹ ਬਿਮਾਰ ਹੀ ਕਈ ਦਫ਼ਾ ਧੀਮੀ ਜਿਹੀ ਆਵਾਜ਼ 'ਚ ਕਹਿ ਦਿੰਦੀ, 'ਪੁੱਤ ਗੱਡੀ ਹੌਲੀ ਚਲਾ | ਮੈਨੂੰ ਕੁਸ਼ ਨੀ ਹੋਣ ਲੱਗਿਆ | ਤੂੰ ਹੋਰ ਨਾ ਕਿਤੇ... | ਉਸ ਸ਼ਾਮ ਮਾਂ ਦੀ ਨਸੀਹਤ 'ਤੇ ਅਮਲ ਹੋ ਰਿਹਾ ਸੀ | ਮਾਂ ਪਿਛਲੀ ਸੀਟ 'ਤੇ ਲੱਤਾਂ ਪਸਾਰੀ ਬੇਜਾਨ ਪਈ ਸੀ | ਹੁਣ ਵੀ ਜੇਕਰ ਕਦੇ ਗੱਡੀ ਤੇਜ਼ ਸਪੀਡ 'ਤੇ ਹੋ ਜਾਂਦੀ ਹੈ ਤਾਂ ਮਾਂ ਦੀ ਨਸੀਹਤ ਸੱਜੇ ਪੈਰ ਨੂੰ ਤੁਰੰਤ ਬਰੈਕਾਂ 'ਤੇ ਲੈ ਜਾਂਦੀ ਹੈ |

-ਕੁਲਵਿੰਦਰ ਸਿੰਘ ਬਿੱਟੂ
ਮੋਬਾਈਲ : 84370-00103.


ਖ਼ਬਰ ਸ਼ੇਅਰ ਕਰੋ

ਕਾਵਿ-ਰੰਗ

• ਭੁਪਿੰਦਰ ਸਿੰਘ ਬੋਪਾਰਾਏ •
ਜਿੱਤ ਕੇ ਹਾਰੇ ਦੁੱਖ ਹੋਇਆ
ਮਿਲਗੇ ਲਾਰੇ ਦੁੱਖ ਹੋਇਆ |
ਵੇਖੇ ਚਕਨਾ ਚੂਰ ਜਦੋਂ,
ਕੀਤੇ ਚਾਰੇ ਦੁੱਖ ਹੋਇਆ |
ਮਹਿਲਾਂ ਵਰਗੇ ਸਾਨੂੰ ਜੋ
ਢਹਿਗੇ ਢਾਰੇ ਦੁੱਖ ਹੋਇਆ |
ਤਿਪ-ਤਿਪ ਚੋਏ ਅੱਖੀਓਾ ਜਦ
ਹੰਝੂ ਖਾਰੇ ਦੁੱਖ ਹੋਇਆ |
ਦੁਸ਼ਮਣ ਨਿਕਲੇ ਅਪਣੇ ਹੀ
ਯਾਰ ਪਿਆਰੇ ਦੁੱਖ ਹੋਇਆ |
ਪਾਣੀ ਮੈਲਾ ਕਰਿਆ ਜਦ,
ਅਕਲ ਗਵਾਰੇ ਦੁੱਖ ਹੋਇਆ |
'ਬੋਪਾਰਾਏ' ਫ਼ਸਲ ਪੱਕੀ
ਕੁਦਰਤ ਮਾਰੇ ਦੁੱਖ ਹੋਇਆ |

-ਸੋਹੀਆਂ ਕਲਾਂ, ਸੰਗਰੂਰ | ਮੋਬਾਈਲ : 98550-91442.

• ਮਨਿੰਦਰ ਕੌਰ 'ਬੱਸੀ'*
ਨਿੱਤ ਸ਼ਿਕਾਇਤ ਕਰਦਾ ਹੈਾ,
ਹਿੰਮਤ ਕਰਨੋਂ ਡਰਦਾ ਹੈਾ |
ਕਰਦਾ ਨਿੱਤ ਮੁਜ਼ਾਹਰੇ ਤੂੰ,
ਅੱਗ ਵਾਂਗਰਾਂ ਵਰ੍ਹਦਾ ਹੈਾ |
ਝੂਠੇ ਦੀ ਭਰਦੈਂ ਹਾਮੀ,
ਸੱਚ ਨੂੰ ਫਾਂਸੀ ਕਰਦਾ ਹੈਾ |
ਜਿਸਤੇ ਵਾਰੇਂ ਜਿੰਦੜੀ ਤੂੰ,
ਉਸ ਦੀ ਖਾਤਿਰ ਮਰਦਾ ਹੈਾ |
ਮਿਹਨਤ ਵਿਚ ਕਮੀ ਰੱਖਦੈਂ,
ਤਾਂ ਹੀ ਬਾਜ਼ੀ ਹਰਦਾ ਹੈਾ |
ਖ਼ਬਰਾਂ ਦੀ ਸੁਰਖੀ ਬਣਕੇ,
ਸੁਪਨ ਅਕਾਸ਼ੀ ਤਰਦਾ ਹੈਾ |

ਮੋਬਾਈਲ : 98784-38722. maninderkaur206@gmail.com


• ਡਾ: ਜਗਦੀਪ ਸਿੰਘ ਢੋਲੇਵਾਲੀਆ •
ਬੱਦਲਾਂ ਵਾਂਗੂ ਵਰ੍ਹ ਜਾਵਾਂਗਾ,
ਹੜੂ ਦੇ ਵਾਂਗੂ ਹੜ੍ਹ ਜਾਵਾਂਗਾ |
ਇਸ਼ਕ ਹਕੀਕੀ ਮੇਰਾ ਯਾਰਾ,
ਇਹ ਮੈਂ ਸਾਬਤ ਕਰ ਜਾਵਾਂਗਾ |
ਤੇਰੇ ਦਰ ਤੋਂ ਖੈਰ ਮਿਲੇ ਜੇ,
ਬਹਿਸ਼ਤ ਵਾਲੇ ਘਰ ਜਾਵਾਂਗਾ |
ਮੁੱਦਤਾਂ ਪਿੱਛੋਂ ਅੱਜ ਮਿਲੇ ਹਾਂ,
ਇਹ ਖ਼ੁਸ਼ੀ ਵੀ ਜਰ ਜਾਵਾਂਗਾ |
ਡੁੱਬਦੇ ਡੁੱਬਦੇ ਬਚ ਜਾਂਦਾ ਹਾਂ,
ਇਕ ਦਿਨ ਸਾਗਰ ਤਰ ਜਾਵਾਂਗਾ |
ਔੜਾਂ ਵਾਲੀ ਰੁੱਤ ਵਿਚ ਸੱਜਣਾ,
ਮੋਹਲੇਧਾਰ ਹੋ ਵਰ੍ਹ ਜਾਵਾਂਗਾ |
ਹਾਸੇ ਭਾਣੇ ਮੰਗ ਕੇ ਵੇਖੀਂ,
ਜਾਨ ਤਲੀ 'ਤੇ ਧਰ ਜਾਵਾਂਗਾ |

-ਪਿੰਡ ਤੇ ਡਾਕ: ਢੋਲੇਵਾਲ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ-142042.
ਮੋਬਾਈਲ : 95925-94788.


• ਨਿਸ਼ਾਨ ਸਿੰਘ 'ਚਾਹਲ' •
ਡਾਢੇ ਤੇਰੇ ਰੰਗ ਵੇ ਮੌਲਾ |
ਬੰਦੇ ਮਾਰਨ ਡੰਗ ਵੇ ਮੌਲਾ |
ਸੱਜਣ ਠੱਗ ਬੜੇ ਨੇ ਫਿਰਦੇ,
ਐਪਰ ਵੱਖਰੇ ਢੰਗ ਵੇ ਮੌਲਾ |
ਖ਼ੂਨ ਬੰਦੇ ਦਾ ਬੰਦਾ ਪੀਵੇ,
ਦੇਖ ਕੇ ਕੌਡਾ ਦੰਗ ਵੇ ਮੌਲਾ |
ਵਿਹਲੜ ਖਾਣ ਬਦਾਮੀ ਖੀਰਾਂ,
ਲੋਕੀਂ ਫਿਰਦੇ ਨੰਗ ਵੇ ਮੌਲਾ |
ਨਿੱਤ ਦਿਹਾੜੇ ਟੁੱਟਦੇ ਜਾਂਦੇ,
ਰਿਸ਼ਤੇ ਭਾੜੇ, ਭੰਗ ਵੇ ਮੌਲਾ |
ਪਿਆਰ-ਮੁਹੱਬਤ ਉੱਡ ਗਿਆ ਈ,
ਨਫ਼ਰਤ ਸਾਡੇ ਸੰਗ ਵੇ ਮੌਲਾ |
ਸ਼ਰਮ-ਹਯਾ ਦੀ ਲਾਹ ਕੇ ਲੋਈ,
ਦਿੱਤੀ ਕਿੱਲੀ ਟੰਗ ਵੇ ਮੌਲਾ |
ਰਿਸ਼ਵਤਖੋਰੀ-ਚੋਰ ਬਾਜ਼ਾਰੀ,
ਕਿਰਤੀ ਬੜਾ ਹੀ ਤੰਗ ਵੇ ਮੌਲਾ |
'ਚਾਹਲ' ਦੀ ਤੂੰ ਸੁਣ ਅਰਜੋਈ,
ਥੱਲੇ ਆ ਨਿਸੰਗ ਵੇ ਮੌਲਾ |

-ਪਿੰਡ ਤੇ ਡਾਕ: ਸੇਖਵਾਂ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ-143518.
ਮੋਬਾਈਲ : 88724-88861.

ਕਿੱਸੇ ਕੋਰਟ ਕਚਹਿਰੀਆਂ ਦੇ

ਵੰਡ ਤੋਂ ਪਹਿਲਾਂ ਲਾਹੌਰ ਪੰਜਾਬ ਦੀ ਰਾਜਧਾਨੀ ਸੀ। ਇਸ ਇਤਿਹਾਸਕ ਤੇ ਖ਼ੂਬਸੂਰਤ ਸ਼ਹਿਰ ਨੂੰ ਵੇਖਣਾ ਕਿਸੇ ਕਿਸੇ ਦੇ ਨਸੀਬ ਵਿਚ ਹੁੰਦਾ ਸੀ। ਕਿਸੇ ਨੇ ਇਕ ਮਝੈਲ ਨੂੰ ਪੁੱਛਿਆ, 'ਭਾਊ, ਤੂੰ ਕਦੇ ਲਾਹੌਰ ਵੇਖਿਆ ਹੈ?'
'ਹਾਂ, ਵੇਖਿਆ ਹੈ ਪਰ ਬੱਝੇ ਬਝਾਏ'
'ਉਹ ਕਿਵੇਂ?'
'ਲਾਹੌਰ ਦੀ ਹਾਈ ਕੋਰਟ ਵਿਚ ਇਕ ਮੁਕੱਦਮਾ ਪੈ ਗਿਆ ਸੀ, ਸੋ, ਤਾਰੀਖ ਭੁਗਤਣ ਗਿਆ ਸੀ'।
ਬੜੀ ਪੁਰਾਣੀ ਗੱਲ ਹੈ। ਮੈਨੂੰ ਵੀ ਇਸੇ ਤਰ੍ਹਾਂ ਇਕ ਕੇਸ ਵਿਚ ਗਵਾਹੀ ਦੇਣ ਲਈ ਪਟਿਆਲੇ ਦੀ ਕਚਹਿਰੀ ਜਾਣਾ ਪੈ ਗਿਆ। ਕੋਰਟ ਦੇ ਹੁਕਮ ਮੁਤਾਬਿਕ ਮੈਂ ਜੱਜ ਦੇ ਉਠਣ ਤੱਕ ਜਾਂ ਆਪਣੀ ਗਵਾਹੀ ਦਿੱਤੇ ਬਗੈਰ ਕੋਰਟ ਰੂਮ ਛੱਡ ਕੇ ਨਹੀਂ ਜਾ ਸਕਦੀ ਸੀ। ਅਖ਼ਬਾਰ ਜਾਂ ਕਿਤਾਬ ਪੜ੍ਹਨਾ ਕੋਰਟ ਰੂਮ ਦੀ ਮਰਿਆਦਾ ਭੰਗ ਕਰਨਾ ਸੀ। ਸੋ, ਮੈਨੂੰ ਲੋਕਾਂ ਤੇ ਵਕੀਲਾਂ ਦੇ ਵਿਹਾਰ ਤੇ ਕਚਹਿਰੀ ਦੀ ਕਾਰਵਾਈ ਵੇਖਣ ਤੇ ਸਮਝਣ ਦਾ ਅੱਛਾ ਅਵਸਰ ਤੇ ਸਮਾਂ ਮਿਲ ਗਿਆ।
ਫਿਲਮਾਂ ਵਿਚ ਕੋਰਟਾਂ ਦੇ ਸੀਨ ਬਹੁਤ ਵਾਰੀ ਵੇਖੇ ਸਨ। ਦਰਸ਼ਕਾਂ ਨੂੰ ਸੰਨੀ ਦਿਓਲ ਦੀ ਫਿਲਮ 'ਦਾਮਿਨੀ' ਦੇ ਡਾਇਲਾਗ 'ਅਦਾਲਤ ਸੇ ਮਿਲਤੀ ਹੈ ਤਾਰੀਖ ਪੇ ਤਾਰੀਖ..', 'ਤੇ ਤਾੜੀਆਂ ਮਾਰਦੇ ਵੇਖਿਆ ਸੀ। ਪਰ ਪਟਿਆਲੇ ਦੇ ਇਕ ਕੋਰਟ ਰੂਮ ਵਿਚ ਉਸ ਦਿਨ ਦੇ ਸੁਣਵਾਈ ਲਈ ਮੇਜ਼ 'ਤੇ ਪਈ ਲੱਗੇ ਕੇਸਾਂ ਦੀ ਲਿਸਟ ਪੜ੍ਹ ਕੇ ਅਸਲੀਅਤ ਸਾਹਮਣੇ ਆਈ। ਇਸ ਵਿਚ 100 ਤੋਂ ਵੱਧ ਕੇਸਾਂ ਦੇ ਨਾਂਅ ਦਰਜ ਸਨ। ਫੈਸਲੇ ਤਾਂ ਇਕ ਪਾਸੇ ਰਹੇ ਇਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ ਹੋਣੀ ਵੀ ਨਾ ਮੁਮਕਿਨ ਸੀ। ਤਾਰੀਖ ਹੀ ਮਿਲਣੀ ਸੀ। ਸੋ, ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਲੋਕਾਂ ਦੇ ਟੋਲੇ ਦੇ ਟੋਲੇ, ਕਾਲੇ ਕੋਟ ਪਾਏ ਵਕੀਲ ਤੇ ਸਰਕਾਰੀ ਵਰਦੀ ਵਿਚ ਪੁਲਿਸ ਵਾਲੇ ਤਾਰੀਖ ਲੈਣ ਲਈ ਆ-ਜਾ ਰਹੇ ਸਨ। ਸੋਚਣ ਵਾਲੀ ਗੱਲ ਇਹ ਸੀ ਕਿ ਤਰੀਖ ਭੁਗਤਣ ਵਾਲੇ ਜ਼ਿਆਦਾਤਰ ਪੇਂਡੂ ਤੇ ਘੱਟ ਪੜ੍ਹੇ-ਲਿਖੇ ਆਮ ਲੋਕ ਲਗਦੇ ਸਨ। ਪੈਸੇ ਦੀ ਕਮੀ ਉਨ੍ਹਾਂ ਦੇ ਚਿਹਰੇ ਤੇ ਪਹਿਰਾਵੇ ਤੋਂ ਸਾਫ ਜ਼ਾਹਿਰ ਸੀ।
ਇਕ ਕੇਸ ਵਿਚ ਮੈਂ ਵਕੀਲ ਨੂੰ ਗਵਾਹ ਨਾਲ ਜਿਰ੍ਹਾ (ਸਵਾਲ-ਜਵਾਬ) ਕਰਦੇ ਵੇਖਿਆ। ਮੈਨੂੰ ਲੱਗਿਆ ਕਿ ਪੇਂਡੂ ਬਜ਼ੁਰਗ ਤਾਂ ਆਪਣੀ ਦੁੱਖ ਭਰੀ ਕਹਾਣੀ ਸੁਣਾਉਣਾ ਚਾਹੁੰਦਾ ਸੀ ਪਰ ਵਕੀਲ ਵਾਰ ਵਾਰ ਕਹਿ ਰਿਹਾ ਸੀ 'ਬਾਬਾ ਜਵਾਬ ਸਿਰਫ 'ਹਾਂ' ਜਾਂ 'ਨਾ' ਵਿਚ ਦੇ।' ਲਗਦਾ ਸੀ ਜਿਵੇਂ ਵਕੀਲ ਤੋਂ ਬਜ਼ੁਰਗ ਨੂੰ ਡਰ ਜਿਹਾ ਲੱਗ ਰਿਹਾ ਸੀ। ਸ਼ਾਇਦ ਇਸ ਤਰ੍ਹਾਂ ਕਰਨਾ ਵਕੀਲਾਂ ਦੇ ਕਿੱਤੇ ਦੀ ਮਜਬੂਰੀ ਹੈ। ਆਖਿਰ ਤਗੜੀ ਫੀਸ ਕੇਸ ਜਿੱਤਣ ਦੀ ਲਈ ਸੀ ਤੇ ਕੋਲ ਖੜ੍ਹੇ ਸਾਇਲ ਨੂੰ ਵੀ ਤਾਂ ਦਿਖਾਣਾ ਸੀ ਕਿ ਉਹ ਇਕ ਨਿਡਰ ਤੇ ਤਗੜਾ ਵਕੀਲ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰਟਾਂ ਵਿਚ ਫੈਸਲਿਆਂ ਲਈ ਪਏ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਨ੍ਹਾਂ ਨੂੰ ਸੁਣਨ ਤੇ ਫੈਸਲਾ ਕਰਨ ਲਈ ਜੱਜਾਂ ਦੀ ਗਿਣਤੀ ਬਹੁਤ ਘੱਟ ਹੈ। ਜੱਜਾਂ ਦਾ ਤੇ ਮੁਕੱਦਮੇਬਾਜ਼ਾਂ ਦਾ ਅਨੁਪਾਤ ਹੀ ਠੀਕ ਨਹੀਂ। ਸੋ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੁਕੱਦਮੇ ਸਾਲੋ-ਸਾਲ ਲਟਕਦੇ ਰਹਿੰਦੇ ਹਨ, ਤਾਰੀਖ 'ਤੇ ਤਾਰੀਖ ਪਈ ਜਾਂਦੀ ਹੈ ਤੇ ਕਈ ਵਾਰੀ ਇਨਸਾਨ ਮੁੱਕ ਜਾਂਦਾ ਹੈ ਪਰ ਮੁਕੱਦਮਾ ਨਹੀਂ ਮੁੱਕਦਾ, ਫਿਰ ਕਿਉਂ ਲੋਕ ਕਚਹਿਰੀਆਂ ਵੱਲ ਤੁਰ ਪੈਂਦੇ ਹਨ? ਸਭ ਤੋਂ ਵੱਡੀ ਮੁਕੱਦਮੇਬਾਜ਼ ਤਾਂ ਸਰਕਾਰ ਹੀ ਹੈ ਜੋ ਲੋਕਾਂ ਨੂੰ ਕਚਹਿਰੀਆਂ ਵਿਚ ਖਿੱਚੀ ਫਿਰਦੀ ਹੈ। ਕਈ ਅਜਿਹੇ ਛੋਟੇ-ਛੋਟੇ ਮਸਲੇ ਹਨ ਜਿਨ੍ਹਾਂ ਦਾ ਨਿਪਟਾਰਾ ਅਫਸਰ ਕਰ ਸਕਦੇ ਹਨ ਪਰ ਧਿਆਨ ਨਹੀਂ ਦਿੰਦੇ ਜਾਂ ਫਿਰ ਆਪਣੇ ਸਿਰ 'ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ। ਕਈ ਫੈਸਲੇ ਰਾਜਨੀਤਕ ਕਾਰਨਾਂ ਦੀ ਵਜ੍ਹਾ ਕਰਕੇ ਕਚਹਿਰੀ 'ਤੇ ਛੱਡ ਦਿੱਤੇ ਜਾਂਦੇ ਹਨ।
ਅਮੀਰ ਤੇ ਸੁਆਰਥੀ ਲੋਕਾਂ ਦਾ ਵੀ ਵਧ ਰਹੀ ਮੁਕੱਦਮੇਬਾਜ਼ੀ ਵਿਚ ਕਾਫੀ ਯੋਗਦਾਨ ਹੈ। ਉਹ ਆਪਣੇ ਧੰਦਿਆਂ ਨੂੰ ਚਲਾਉਣ ਜਾਂ ਉਨ੍ਹਾਂ 'ਤੇ ਪਰਦਾ ਪਾਉਣ ਲਈ ਕਚਹਿਰੀਆਂ, ਵਕੀਲਾਂ ਤੇ ਕਾਨੂੰਨ ਤੇ ਕੋਰਟਾਂ ਦਾ ਗ਼ਲਤ ਇਸਤੇਮਾਲ ਕਰਦੇ ਹਨ। ਆਮ ਲੋਕ ਵੀ ਇਸ ਤੋਂ ਆਪਣਾ ਪੱਲਾ ਨਹੀਂ ਝਾੜ ਸਕਦੇ। ਉਹ ਕਈ ਛੋਟੇ-ਛੋਟੇ ਮਸਲੇ ਜੋ ਆਪਸ ਵਿਚ ਬੈਠ ਕੇ ਜਾਂ ਭਾਈਚਾਰੇ ਦੀ ਮਦਦ ਨਾਲ ਜਾਂ ਫਿਰ ਪੰਚਾਇਤ ਵਿਚ ਸੁਲਝਾਏ ਜਾ ਸਕਦੇ ਹਨ, ਆਪਣੀ ਹਉਮੈ ਦੇ ਕਾਰਨ ਕੋਰਟਾਂ ਵਿਚ ਲੈ ਜਾਂਦੇ ਹਨ ਤੇ ਕਰਜ਼ਾ ਚੁੱਕ ਕੇ ਵੀ ਮੁਕੱਦਮੇ ਲੜਦੇ ਹਨ।
ਪਰ ਸਭ ਤੋਂ ਅਹਿਮ ਪਰ ਚਿੰਤਾਜਨਕ ਕਾਰਨ ਹੈ ਲੋਕਾਂ ਦਾ ਇਨਸਾਫ਼ ਲਈ ਕਾਰਜਕਾਰਨੀ ਪ੍ਰਣਾਲੀ ਵਿਚ ਘਟ ਰਿਹਾ ਵਿਸ਼ਵਾਸ। ਕੋਰਟ ਕਚਹਿਰੀਆਂ ਵਿਚ ਵੱਧ ਖਰਚਾ ਤੇ ਖੱਜਲ-ਖੁਆਰੀ ਦੇ ਬਾਵਜੂਦ ਆਮ ਲੋਕਾਂ ਨੂੂੰ ਉਮੀਦ ਹੈ ਕਿ ਇਨਸਾਫ਼ ਰੱਬ ਦੇ 'ਘਰ' ਤੋਂ ਪਹਿਲਾਂ ਧਰਤੀ 'ਤੇ ਜੱਜ ਦੀ ਕਚਿਹਰੀ ਵਿਚ ਹੀ ਮਿਲਦਾ ਹੈ। ਇਹ ਅੱਜ ਦੇ ਗੰਧਲੇ ਹੋਏ ਮਾਹੌਲ ਵਿਚ ਇਕ ਸੁਨਹਿਰੀ ਕਿਰਨ ਵੀ ਹੈ। ਇਸ ਸਮੱਸਿਆ ਤੇ ਵਿਸ਼ਵਾਸ ਬਾਰੇ ਮੈਂ ਤੁਹਾਡੇ ਨਾਲ ਬਹੁਤ ਦੇਰ ਪਹਿਲਾਂ ਵਾਪਰਿਆ ਇਕ ਕਿੱਸਾ ਸਾਂਝਾ ਕਰਨਾ ਚਾਹਾਂਗੀ।
ਉਹ ਅਨਪੜ੍ਹ ਕਿਸਾਨ ਸੀ ਜੋ ਕਈ ਸਾਲਾਂ ਤੋਂ ਆਪਣੀ ਜੱਦੀ ਜ਼ਮੀਨ ਬਚਾਉਣ ਲਈ ਸ਼ਰੀਕਾਂ ਨਾਲ ਮੁਕੱਦਮੇ ਲੜ ਰਿਹਾ ਸੀ। ਮੁਕੱਦਮਾ ਲੜਨ ਦੀ ਫੀਸ ਤੇ ਮੁਕੱਦਮਿਆਂ ਨਾਲ ਜੁੜੇ ਹੋਰ ਖਰਚਿਆਂ ਕਾਰਨ ਉਹ ਕਰਜ਼ੇ ਥੱਲੇ ਵੀ ਆ ਗਿਆ ਸੀ। ਪਰ ਖੁਸ਼ ਸੀ ਕਿ ਜ਼ਿਲ੍ਹੇ ਦੀਆਂ ਅਦਾਲਤਾਂ ਨੇ ਫੈਸਲੇ ਉਸ ਦੇ ਹੱਕ ਵਿਚ ਦਿੱਤੇ ਸਨ। ਉਸ ਦੀ ਇਹ ਖੁਸ਼ੀ ਚਿੰਤਾ ਵਿਚ ਬਦਲ ਗਈ ਜਦੋਂ ਉਸ ਨੂੰ ਉੱਚ ਅਦਾਲਤ ਤੋਂ ਸ਼ਰੀਕਾਂ ਵੱਲੋਂ ਕੀਤੀ ਅਪੀਲ ਦਾ ਨੋਟਿਸ ਮਿਲਿਆ। ਹੁਣ ਉਸ ਨੂੰ ਚੰਡੀਗੜ੍ਹ ਜਾਣਾ ਪੈਣਾ ਸੀ ਤੇ ਵਕੀਲ ਵੀ ਕਰਨਾ ਪੈਣਾ ਸੀ? ਉਹ ਕਿੱਥੇ ਰਹੇਗਾ? ਕਿਸ ਨੂੰ ਵਕੀਲ ਕਰੇਗਾ, ਉਹ ਕਿੰਨੀ ਫੀਸ ਲਵੇਗਾ? ਕਿੰਨੇ ਹੋਰ ਸਾਲ ਲੱਗਣਗੇ ਇਨਸਾਫ਼ ਮਿਲਣ ਲਈ? ਇਹੋ ਜਿਹੇ ਕਈ ਸਵਾਲ ਉਸ ਦੇ ਸਾਹਮਣੇ ਜਿਵੇਂ ਪਹਾੜ ਬਣ ਕੇ ਖੜ੍ਹੇ ਸਨ। ਪਿੰਡ ਵਿਚ ਜਾਣਕਾਰਾਂ ਦਾ ਮਸ਼ਵਰਾ ਸੀ ਕਿ ਉੱਚ ਅਦਾਲਤ ਦੇ ਵਕੀਲਾਂ ਦੀ ਫੀਸ ਜ਼ਿਲ੍ਹੇ ਦੇ ਵਕੀਲਾਂ ਤੋਂ ਕਾਫੀ ਜ਼ਿਆਦਾ ਹੁੰਦੀ ਹੈ। ਆੜ੍ਹਤੀਏ ਤੋਂ 30,000 ਰੁਪਏ, ਜੋ ਉਸ ਦੇੇ ਲਈ ਵੱਡੀ ਰਕਮ ਸੀ, ਕਰਜ਼ਾ ਲੈ ਕੇ ਉਹ ਚੰਡੀਗੜ੍ਹ ਪਹੁੰਚ ਗਿਆ। ਉਸ ਨੇ ਸਾਰਾ ਦਿਨ ਕਈ ਵਕੀਲਾਂ ਦੇ ਘਰਾਂ ਤੇ ਦਫਤਰਾਂ ਦੇ ਚੱਕਰ ਮਾਰੇ। ਜਿਡਾ ਵੱਡਾ ਤੇ ਆਲੀਸ਼ਾਨ ਘਰ ਤੇ ਦਫਤਰ ਓਨੀ ਹੀ ਵੱਡੀ ਨਕਦ ਫੀਸ ਤੇ ਓਨਾ ਹੀ ਘੱਟ ਗੱਲ ਕਰਨ ਦਾ ਸਮਾਂ। ਇਕ ਵਕੀਲ ਨੂੰ ਘੱਟ ਫੀਸ ਲੈ ਕੇ ਕੇਸ ਫੜਨ ਦੀ ਬੇਨਤੀ ਕੀਤੀ ਤਾਂ ਉਸ ਨੇ ਹੱਸਦੇ-ਹੱਸਦੇ ਕਿਹਾ, 'ਬਾਬਾ, ਘੱਟ ਫੀਸ ਜਾਂ ਫਰੀ ਵਿਚ ਕੇਸ ਕਰਨ ਵਾਲੇ ਵਕੀਲ ਜੱਜ ਬਣ ਗਏ ਹਨ।'
ਰਾਤ ਗੁਰਦਆਰਾ ਸਾਹਿਬ ਵਿਚ ਕੱਟ ਕੇ ਉਹ ਦੂਸਰੇ ਦਿਨ ਬਗੈਰ ਵਕੀਲ ਕੀਤੇ ਹਾਈ ਕੋਰਟ ਪਹੁੰਚ ਗਿਆ। ਤਾਰੀਖ 'ਤੇ ਤਾਂ ਜਾਣਾ ਹੀ ਸੀ -ਇਕ ਤਰਫੇ ਫੈਸਲਾ ਦਾ ਡਰ ਜੋ ਸੀ। ਜਦ ਉਸ ਦੇ ਕੇਸ ਦੀ ਆਵਾਜ਼ ਪਈ ਤਾਂ ਉਹ ਹੱਥ ਜੋੜ ਕੇ ਖੜ੍ਹਾ ਹੋ ਗਿਆ। ਮਾਨਯੋਗ ਸੀਨੀਅਰ ਜੱਜ ਜੋ ਉਸ ਸਮੇਂ ਦੇ ਚੀਫ ਜਸਟਿਸ ਵੀ ਸਨ, ਬੋਲੇ, 'ਬਾਬਾ ਤੁਹਾਡਾ ਵਕੀਲ ਕਿੱਥੇ ਹੈ?' ਉਸ ਨੇ ਕਿਹਾ, 'ਹਜ਼ੂਰ ਮੈਂ ਬਹੁਤ ਗ਼ਰੀਬ ਤੇ ਅਨਪੜ੍ਹ ਹਾਂ, ਕੋਈ ਵਕੀਲ ਨਹੀਂ ਕਰ ਸਕਿਆ, ਹੇਠਲੀਆਂ ਅਦਾਲਤਾਂ ਦੇ ਫੈਸਲੇ ਮੇਰੇ ਹੱਕ ਵਿਚ ਹਨ, ਮੈਂ ਤਾਂ ਇਨਸਾਫ਼ ਮੰਗਦਾ ਹਾਂ, ਤੁਸੀਂ ਮੇਰੇੇ ਲਈ ਰੱਬ ਹੋ, ਮੇਰੇ ਨਾਲ ਇਨਸਾਫ਼ ਹੀ ਕਰੋਗੇ, ਮੈਨੂੰ ਵਕੀਲ ਦੀ ਕੀ ਲੋੜ ਹੈ।'
ਮਾਨ ਯੋਗ ਜੱਜ ਸਾਹਿਬ ਨੇ ਆਪਣੀ ਐਨਕ ਲਾਹੀ ਤੇ ਬਜ਼ੁਰਗ ਕਿਸਾਨ ਵੱਲ ਗੌਰ ਨਾਲ ਵੇਖਿਆ ਤੇ ਬੜੀ ਸੰਜੀਦਾ ਆਵਾਜ਼ ਵਿਚ ਬੋਲੇ, 'ਬਾਬਾ ਇਹ ਕੋਰਟ ਹੈ, ਰੱਬ ਦਾ ਘਰ ਨਹੀਂ, ਇਥੇ ਦਸਤਾਵੇਜ਼ਾਂ, ਗਵਾਹੀਆਂ ਤੇ ਵਕੀਲਾਂ ਦੀਆਂ ਦਲੀਲਾਂ, ਬਹਿਸ ਤੇ ਕਾਨੂੰਨ ਦੇ ਅਧਾਰ 'ਤੇ 'ਫੈਸਲੇ' ਸੁਣਾਏ ਜਾਂਦੇ ਹਨ। 'ਇਨਸਾਫ਼' ਤਾਂ ਰੱਬ ਦੇ ਘਰ ਮਿਲਦਾ ਹੈ। ਜੋ 'ਘਰ' ਸੁਣਿਆ ਹੈ ਪਰ ਕਿਸੇ ਨੇ ਵੇਖਿਆ ਨਹੀਂ। ਅਗਲੀ ਤਾਰੀਖ 'ਤੇ ਵਕੀਲ ਨਾਲ ਹਾਜ਼ਰ ਹੋਵੀਂ।'
ਇਹ ਕਹਿ ਕੇ ਮਾਨਯੋਗ ਜੱਜ ਨੇ ਦੋ ਮਹੀਨੇ ਦੀ ਤਾਰੀਖ ਦੇ ਕੇ ਅਗਲੇ ਕੇਸ ਦੀ ਸੁਣਵਾਈ ਸ਼ੁਰੂ ਕਰ ਦਿੱਤੀ।

-46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕਖਾਨਾ ਸੂਲਰ , ਪਟਿਆਲਾ।
ਫੋਨ : 95015-31277.

 

ਮਿੰਨੀ ਕਹਾਣੀ: ਚਿੱਟਾ ਹੋ ਗਿਆ ਲਹੂ

'ਵੇ ਪੁੱਤ ਮੈਂ ਸੁਣਿਆ ਆਪਣੇ ਪਿੰਡ ਗੁਰਦੁਆਰੇ ਐਤਵਾਰ ਨੂੰ ਅੱਖਾਂ ਦਾ ਮੁਫ਼ਤ ਕੈਂਪ ਲੱਗ ਰਿਹਾ ਹੈ, ਮੈਨੂੰ ਵੀ ਦਿਖਾ ਲਿਆੲੀਂ ਉਥੇ, ਮੈਨੂੰ ਹੁਣ ਝੌਲਾ-ਝੌਲਾ ਜਿਹਾ ਦਿਸਦੇ, ਕਿਤੇ ਮੈਂ ਅੰਨ੍ਹੀਂ ਹੀ ਨਾ ਹੋ ਜਾਵਾਂ |' ਮਾਈ ਨਸੀਬ ਕੌਰ ਨੇ ਆਪਣੇ ਪੁੱਤ ਨੂੰ ਆਪਣੀ ਤਕਲੀਫ਼ ਜ਼ਾਹਰ ਕਰਦਿਆਂ ਕਿਹਾ | 'ਉਹ ਬੈਠੀ ਰਹਿ ਮਾਂ, ਤੂੰ ਹੁਣ ਕਿਹੜਾ ਇਸ ਉਮਰੇ ਕਸੀਦਾ ਕੱਢਣਾ, ਨਾਲੇ ਮੇਰੇ ਕੋਲ ਆਲਤੂ-ਫਾਲਤੂ ਕੰਮਾਂ ਲਈ ਵਿਹਲ ਨਹੀਂ ਹੈਗਾ, ਤੈਨੂੰ ਤਾਂ ਪਤਾ ਫਸਲਾਂ ਦਾ ਕਿੰਨਾ ਕੰਮ ਹੁੰਦਾ, ਕਦੇ ਖਾਦਾਂ, ਕਦੇ ਸਪਰੇਆਂ ਤੇ ਪਸ਼ੂਆਂ ਦਾ, ਤੇ ਘਰ ਦੇ ਹੋਰ ਨਿੱਕੇ-ਮੋਟੇ ਕੰਮ ਵੀ ਮੈਨੂੰ ਹੀ ਕਰਨੇ ਪੈਂਦੇ ਆ, ਫਿਰ ਤੈਨੂੰ ਕਿਥੇ ਲਈ ਫਿਰੰੂ, ਐਵੇਂ ਸਾਰਾ ਦਿਨ ਲੱਗ ਜਾਣਾ ਉਥੇ |' ਪੰਮੇ ਨੇ ਇਕ ਟੁੱਕ ਗੱਲ ਮੁਕਾਉਂਦਿਆਂ ਕਿਹਾ ਤੇ ਮੋਟਰ ਸਾਈਕਲ ਚੁੱਕ ਕੇ ਖੂਹ ਦੇ ਰਾਹੇ ਪੈ ਗਿਆ | ਤੇ ਫਿਰ ਜਦ ਉਹ ਦੁਪਹਿਰੇ ਘਰ ਵਾਪਸ ਆਇਆ ਤਾਂ ਉਹਦੀ ਘਰਵਾਲੀ ਬੀਰੋ ਉਸ ਨੂੰ ਆਖ ਰਹੀ ਸੀ, 'ਅਰਸ਼ੀ ਦੇ ਡੈਡੀ ਮੰਮੀ ਦਾ ਫੋਨ ਆਇਆ ਸੀ |' 'ਕੀ ਕਹਿੰਦੇ ਸੀ ਸਭ ਠੀਕ-ਠਾਕ ਆ |' ਪੰਮੇ ਨੇ ਫਟਾਫਟ ਪੁੱਛਿਆ | 'ਹਾਂ ਉਦ੍ਹਾਂ ਤਾਂ ਸਭ ਠੀਕ ਆ, ਪਰ ਮੰਮੀ ਕਹਿ ਰਹੀ ਸੀ ਕਿ ਮੇਰੀ ਸੱਜੀ ਅੱਖ ਤੋਂ ਕੁਝ ਝੌਲਾ-ਝੌਲਾ ਦਿਸਦਾ ਹੈ, ਕਿਸੇ ਦਿਨ ਸ਼ਹਿਰ ਜਾ ਕੇ ਚੈੱਕ ਕਰਾਉਂਦੀ ਆਂ, ਕਿਤੇ ਮੋਤੀਆ ਨਾ ਉੱਤਰ ਆਇਆ ਹੋਵੇ, ਤਾਂ ਮੈਂ ਮੰਮੀ ਨੂੰ ਆਖ 'ਤਾ ਕਿ ਸਾਡੇ ਪਿੰਡ ਅੱਖਾਂ ਦਾ ਮੁਫਤ ਕੈਂਪ ਲੱਗਣਾ ਤੁਹਾਨੂੰ ਉਥੇ ਚੈੱਕ ਕਰਵਾ ਦੇਵਾਂਗੇ, ਕਿਥੇ ਸ਼ਹਿਰ ਖੱਜਲ-ਖੁਆਰ ਹੁੰਦੀ ਰਹੇਂਗੀ |' 'ਤੂੰ ਬਿਲਕੁਲ ਠੀਕ ਕੀਤਾ, ਮੈਂ ਕੱਲ੍ਹ ਹੀ ਤੇਰੀ ਮੰਮੀ ਨੂੰ ਜਾਕੇ ਲੈ ਆਊਾਗਾ ਤੇ ਫਿਰ ਨਾਲ ਲਿਜਾ ਕੇ ਕੈਂਪ 'ਚ ਵੀ ਚੈੱਕ ਕਰਵਾ ਦੇਵਾਂਗਾ, ਕੰਮ ਤਾਂ ਸਾਲੇ ਇੰਜ ਹੀ ਚੱਲਦੇ ਰਹਿਣੇ ਆ, ਵੱਡਿਆਂ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਬਣਦਾ, ਤੂੰ ਬਿਲਕੁਲ ਫਿਕਰ ਨਾ ਕਰ | ਪੰਮੇ ਨੇ ਚਿਹਰੇ 'ਤੇ ਖੁਸ਼ੀ ਲਿਆਉਂਦਿਆਂ ਕਿਹਾ |
ਪੁੱਤ ਦੇ ਮੰੂਹੋਂ ਇਹ ਬੋਲ ਸੁਣ ਕੇ ਉਸ ਦੀ ਜਨਮਦਾਤੀ ਦਾ ਦਿਲ ਭਰ ਆਇਆ ਤੇ ਉਹ ਆਪਣੇ ਅੱਥਰੂ ਚੰੁਨੀ 'ਚ ਲਕੋਦਿਆਂ, ਖੰੂਡੀ ਫੜ ਕੇ ਡਿਗਦੀ-ਢਹਿੰਦੀ ਪੈਰ ਘਸੀਟਦਿਆਂ ਅੰਦਰ ਜਾ ਵੜੀ ਤੇ ਪੁੱਤ ਦੇ ਬਚਪਨਾ 'ਚ ਗੁਆਚ ਗਈ ਕਿ ਉਹਨੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕਿਵੇਂ ਪਾਲਿਆ ਸੀ ਤੇ ਉਸ ਤੋਂ ਬੁਢਾਪੇ ਵਿਚ ਸਹਾਰੇ ਦੀ ਉਮੀਦ ਰੱਖੀ ਸੀ | ਪਰ ਜਦ ਸਹਾਰਾ ਦੇਣ ਵਾਲੇ ਪੁੱਤ ਹੀ ਮਾਪਿਆਂ ਨੂੰ ਬੇਸਹਾਰਾ ਕਰ ਦੇਣ ਤਾਂ ਫਿਰ ਦੱਸੋ ਸਹਾਰਾ ਕੌਣ ਦੇਵੇਗਾ? ਹੁਣ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਢਿੱਡ ਦਾ ਜਾਇਆ ਕਿਸ ਫਰਜ਼ ਦੀ ਗੱਲ ਕਰ ਰਿਹਾ | ਜਿਸ ਮਾਂ ਨੇ ਉਹਨੂੰ ਜਨਮ ਦੇ ਕੇ ਇਹ ਦੁਨੀਆ ਦਿਖਾਈ ਸੀ, ਅੱਜ ਉਸ ਨਿਰਮੋਹੇ ਨੂੰ ਉਹ ਮਾਂ ਤਾਂ ਨਜ਼ਰ ਹੀ ਨਹੀਂ ਆ ਰਹੀ ਤੇ ਜੋ ਕੱਲ੍ਹ ਆਈ... ਨਸੀਬ ਕੌਰ ਨੇ ਦਿਲ ਦੀ ਗੱਲ ਦਿਲ ਹੀ 'ਚ ਦਬਾਉਂਦਿਆਂ ਹਓਕਾ ਭਰਿਆ ਤੇ 'ਅੱਛਾ ਤੇਰੀ ਮੌਜ' ਆਖ ਕੇ ਮੰਜੀ 'ਤੇ ਲੇਟ ਗਈ |

-ਮਨਪ੍ਰੀਤ ਕੌਰ ਬਸਰਾ
ਮੋਬਾਈਲ : 81461-87521.


ਅੱਜ ਵੀ ਬੰਨ੍ਹਦੇ ਹਨ ਲੋਕ ਗੱਡੇ ਨਾਲ ਕੱਟਾ

ਸਾਡੀ ਮਾਂ ਬੋਲੀ ਬਹੁਤ ਅਮੀਰ ਬੋਲੀ ਹੈ | ਇਸ ਦੀਆਂ ਕਈ ਵੰਨਗੀਆਂ ਹਨ | ਇਨ੍ਹਾਂ ਵੰਨਗੀਆਂ ਵਿਚ ਕਹਾਵਤਾਂ ਦਾ ਵਿਸ਼ੇਸ਼ ਸਥਾਨ ਹੈ ਤੇ ਇਹ ਕਹਾਵਤਾਂ ਸ਼ਤ ਪ੍ਰਤੀਸ਼ਤ ਸੱਚੀਆਂ ਹੁੰਦੀਆਂ ਸਨ | ਇਨ੍ਹਾਂ ਦਾ ਕੋਈ ਆਧਾਰ ਹੁੰਦਾ ਸੀ | ਅੱਜਕਲ੍ਹ ਦੀ ਪੀੜ੍ਹੀ ਇਨ੍ਹਾਂ ਕਹਾਵਤਾਂ ਦਾ ਪ੍ਰਯੋਗ ਨਹੀਂ ਕਰਦੀ | ਪਰ ਸਾਡੀਆਂ ਦਾਦੀਆਂ-ਨਾਨੀਆਂ ਆਪਣੀ ਬੋਲੀ ਵਿਚ ਇਨ੍ਹਾਂ ਦੀ ਖੂਬ ਵਰਤੋਂ ਕਰਦੀਆਂ ਸਨ | ਇਸ ਬਹਾਨੇ ਉਹ, ਉਹ ਗੱਲ ਕਹਿ ਦਿੰਦੀਆਂ ਸਨ ਜੋ ਆਮ ਭਾਸ਼ਾ ਵਿਚ ਅਤੇ ਸ਼ਿਸ਼ਟਾਚਾਰ ਦੇ ਨਾਤੇ ਕਹਿਣੀ ਔਖੀ ਲਗਦੀ ਹੈ |
ਪੁਰਾਣੇ ਜ਼ਮਾਨੇ ਵਿਚ ਲੋਕ ਬਹੁਤ ਭੋਲੇ ਸਨ ਤੇ ਆਪਸੀ ਸਹਿਚਾਰ ਤੇ ਪਿਆਰ ਬਹੁਤ ਸੀ | ਇਕ-ਦੂਜੇ ਤੋਂ ਕੋਈ ਵੀ ਵਸਤ ਮੰਗਣ ਲੱਗਿਆਂ ਸੰਗਦੇ ਜਾਂ ਸ਼ਰਮਾਉਂਦੇ ਨਹੀਂ ਸਨ | ਤੇ ਨਾ ਹੀ ਵਸਤ ਦੇਣ ਵਾਲਾ ਇਸ ਮੰਗਣ ਦਾ ਬੁਰਾ ਮਨਾਉਂਦਾ ਸੀ | ਸਗੋਂ ਕਿਸੇ ਦੇ ਕੰਮ ਆ ਕੇ ਜਾਂ ਕਿਸੇ ਦਾ ਬੁੱਤਾ ਸਾਰ ਕੇ ਅਗਲੇ ਨੂੰ ਵੀ ਅਥਾਹ ਖੁਸ਼ੀ ਹੁੰਦੀ ਸੀ | ਲੋਕ ਇਕ -ਦੂਜੇ ਘਰ ਤੋਂ ਦਾਲ ਦੀ ਕੌਲੀ ਤੋਂ ਲੈ ਕੇ ਅਗਲੇ ਦਾ ਹਲ ਪੰਜਾਲੀ, ਊਠ, ਬਲਦ ਤੱਕ ਮੰਗ ਲੈਂਦੇ ਸਨ | ਇੱਥੋਂ ਤੱਕ ਕੇ ਕਈ ਵਾਰੀ ਆਪਣਾ ਕੰਮ ਕਰਾਉਣ ਲਈ ਆਦਮੀ ਵੀ ਵਗਾਰ 'ਤੇ ਲੈਂਦੇ ਸੀ | ਪੰਜਾਬ ਦੇ ਪਿੰਡਾਂ ਵਿਚ ਇਹ ਆਮ ਹੁੰਦਾ ਸੀ | ਪਰ ਕਈ ਵਾਰੀ ਗੱਲ ਇਤਿਹਾਸਕ ਬਣ ਜਾਂਦੀ ਹੈ | ਕਹਿੰਦੇ ਇਕ ਵਾਰੀ ਕਿਸੇ ਆਦਮੀ ਨੂੰ ਗੱਡੇ ਦੀ ਜ਼ਰੂਰਤ ਸੀ | ਉਸ ਨੇ ਆਪਣੇ ਗੁਆਂਢੀ ਕੋਲੋਂ ਗੱਡਾ ਮੰਗਿਆ | ਦੇਣ ਵਾਲੇ ਦੀ ਨੀਅਤ ਸਾਫ਼ ਨਹੀਂ ਸੀ ਤੇ ਉਹ ਆਪਣਾ ਗੱਡਾ ਮੰਗਵਾਂ ਨਹੀਂ ਸੀ ਦੇਣਾ ਚਾਹੁੰਦਾ | ਸਾਡਾ ਗੱਡਾ ਤਾਂ ਅੱਜ ਵਿਹਲਾ ਨਹੀਂ | ਕਿਉਂਕਿ ਅਸੀਂ ਗੱਡੇ ਨਾਲ ਆਪਣਾ ਕੱਟਾ ਬੰਨਿ੍ਹਆ ਹੋਇਆ ਹੈ | ਹੋਰ ਕੋਈ ਬਹਾਨਾ ਨਾ ਮਿਲਣ 'ਤੇ ਗੱਡੇ ਦੇ ਮਾਲਕ ਨੇ ਕਿਹਾ | ਹੁਣ ਮੰਗਣ ਵਾਲਾ ਵੀ ਸਮਝ ਗਿਆ ਕਿ ਇਸ ਦਾ ਗੱਡਾ ਮੰਗਵਾਂ ਦੇਣ ਦਾ ਇਰਾਦਾ ਨਹੀਂ | ਸੋ ਕੀ ਜ਼ੋਰ ਸੀ, ਅਗਲਾ ਚੁੱਪ ਕਰ ਗਿਆ | ਉਸ ਦਿਨ ਤੋਂ ਬਾਅਦ ਗੱਡੇ ਨਾਲ ਕੱਟਾ ਬੰਨਣ ਵਾਲੀ ਕਹਾਵਤ ਮਸ਼ਹੂਰ ਹੋ ਗਈ | ਜਦੋਂ ਕਿ ਕੱਟਾ ਤਾਂ ਕਿਸੇ ਕਿੱਲੇ ਨਾਲ ਵੀ ਬੰਨਿ੍ਹਆ ਜਾ ਸਕਦਾ ਸੀ | ਪਰ ਨਾ ਦੇਣ ਦਾ ਬਹਾਨਾ ਜੋ ਸੀ |
ਹੁਣ ਨਾ ਗੱਡੇ ਰਹੇ ਹਨ ਤੇ ਨਾ ਹੀ ਕੱਟੇ | ਪਰ ਆਦਮੀ ਤਾਂ ਓਹੀ ਹਨ | ਨੀਅਤ ਵੀ ਓਹੀ ਹੈ | ਪਹਿਲੀ ਗੱਲ ਤਾਂ ਕਿਸੇ ਤੋਂ ਕੋਈ ਚੀਜ਼ ਮੰਗਣ ਵਿਚ ਹੀ ਸ਼ਰਮ ਮਹਿਸੂਸ ਕਰਦਾ ਹੈ | ਹਰ ਬੰਦਾ ਚਾਹੁੰਦਾ ਹੈ ਕਿ ਸਾਰਾ ਸਮਾਨ ਉਸ ਦਾ ਆਪਦਾ ਹੀ ਹੋਵੇ | ਪਰ ਫਿਰ ਵੀ ਕਈ ਲੋਕ ਗੱਡੇ ਨਾਲ ਕੱਟਾ ਅਜੇ ਵੀ ਬੰਨ੍ਹਦੇ ਹਨ | ਕਹਿੰਦੇ ਹਨ, ਕਿਸੇ ਪਿੰਡ ਵਿਚ ਇਕ ਬਿਰਾਦਰੀ ਨੇ ਇੱਕੱਠੇ ਹੋ ਕੇ ਆਪਣੇ ਭਾਂਡੇ, ਪਤੀਲੇ, ਟੋਪ ਤੇ ਕੜਾਹੇ ਸਾਂਝੇ ਬਣਾ ਲਏ | ਕੋਈ ਆਦਮੀ ਆਪਣੇ ਕਿਸੇ ਕੰਮ ਲਈ ਸਾਂਝਾ ਕੜਾਹਾ ਮੰਗ ਕੇ ਲੈ ਗਿਆ ਤੇ ਕਈ ਦਿਨ ਵਾਪਸ ਨਾ ਕੀਤਾ | ਨਾ ਹੀ ਲੋੜ ਪਈ ਤੇ ਕੋਈ ਲੈਣ ਵੀ ਨਹੀਂ ਗਿਆ | ਜਦੋਂ ਲੋੜ ਪਈ ਤਾਂ ਲੋਕ ਕੜਾਹਾ ਵਾਪਸ ਲੈਣ ਲਈ ਗਏ | ਪਰ ਉਸ ਨੇ ਬਹਾਨਾ ਬਣਾਇਆ ਕਿ ਕੜਾਹਾ ਸਾਨੂੰ ਅਜੇ ਚਾਹੀਦਾ ਹੈ ਕਿੳਾੁਕਿ ਸਾਡੀ ਮੱਝ ਨੂੰ ਪੱਠੇ ਅਸੀਂ ਕੜਾਹੇ ਵਿਚ ਹੀ ਪਾਉਂਦੇ ਹਾਂ |
ਘਰੇ ਲਾਬੀ ਦੀ ਨੁੱਕਰੇ ਕਸਰਤ ਕਰਨ ਵਾਲਾ ਸਾਈਕਲ ਰੱਖਿਆ ਹੋਇਆ ਹੈ | ਪਰ ਆਲਸੀ ਹਾਂ ਕਦੇ ਕਸਰਤ ਨਹੀਂ ਕੀਤੀ | ਅਖੇ ਸਮਾਂ ਨਹੀਂ | ਹਾਂ ਜਦੋਂ ਨਾਲ ਲਗਦੇ ਗੁਸਲਖਾਨੇ ਤੋਂ ਨਹਾ ਕੇ ਨਿਕਲਦੇ ਹਾਂ ਤਾਂ ਗਿੱਲਾ ਤੋਲੀਆ ਜ਼ਰੂਰ ਉਸ ਸਾਈਕਲ ਦੇ ਹੈਂਡਲ 'ਤੇ ਸੁੱਕਣਾ ਪਾ ਦਿੰਦੇ ਹਾਂ | ਹੁਣ ਕਿਹੜਾ ਬਾਹਰ ਜਾਵੇ ਠੰਢ ਵਿਚ, ਤੋਲੀਆ ਸੱੁਕਣਾ ਪਾਉਣ | ਅੰਕਲ ਜੀ ਤੁਹਾਡਾ ਆਹ ਸਾਈਕਲ ਵਿਹਲਾ ਹੀ ਹੁੰਦਾ ਹੈ | ਤੁਸੀਂ ਤਾਂ ਚਲਾਉਂਦੇ ਨਹੀਂ | ਮੈਨੂੰ ਦੇ ਦਿਉ ਦਸ-ਪੰਦਰਾਂ ਦਿਨਾਂ ਲਈ | ਮੇਰੇ ਗੋਡੇ 'ਚ ਦਰਦ ਹੈ | ਡਾਕਟਰ ਨੇ ਕਸਰਤ ਕਰਨ ਲਈ ਕਿਹਾ ਹੈ | ਰਿਸ਼ਤੇਦਾਰੀ ਤੋਂ ਆਈ ਲੜਕੀ ਨੇ ਕਿਹਾ | ਨਹੀਂ ਬੇਟਾ ਮੈਂ ਤਾਂ ਸਾਈਕਲ 'ਤੇ ਤੌਲੀਆ ਸੁੱਕਣਾ ਪਾਉਂਦਾ ਹਾਂ | ਇਕਦਮ ਮੇਰੇ ਮੂੰਹ 'ਚੋਂ ਨਿਕਲਿਆ | ਉਹ ਲੜਕੀ ਮੇਰੇ ਵੱਲ ਝਾਕੇ |
ਚਾਹੇ ਦੁਨੀਆ ਅੱਗੇ ਨਿਕਲ ਗਈ ਹੈ | ਜਿੰਨੀ ਮਰਜ਼ੀ ਤਰੱਕੀ ਕਰ ਗਈ ਹੈ | ਪਰ ਗੱਡੇ ਨਾਲ ਕੱਟਾ ਬੰਨ੍ਹਣ ਵਾਲੇ ਅੱਜ ਵੀ ਹਨ | ਜਿਵੇਂ ਕਮਲੇ ਕੁੱਤੇ ਹਿਰਨਾਂ ਮਗਰ | ਦੱਸੋ ਕੁੱਤਿਆਂ ਦਾ ਹਿਰਨਾਂ ਨਾਲ ਕੀ ਮੁਕਾਬਲਾ | ਹਿਰਨਾਂ ਦੀ ਰਫ਼ਤਾਰ ਕੁੱਤਿਆਂ ਨਾਲੋਂ ਕਿਤੇ ਤੇਜ਼ ਹੁੰਦੀ ਹੈ | ਹਿਰਨ ਰਹੇ ਨਹੀਂ ਹੁਣ | ਪਰ ਕੁੱਤੇ ਹਨ | ਹੁਣ ਕਮਲੇ ਕੁੱਤੇ ਹਿਰਨਾਂ ਦਾ ਖਹਿੜਾ ਛੱਡ ਕੇ ਮਾਰੂਤੀਆਂ ਤੇ ਹੀਰੋ ਹਾਂਡਿਆਂ ਮਗਰ ਭੱਜਣ ਲੱਗ ਪਏ ਹਨ | ਗੱਲ ਉਥੇ ਹੀ ਹੈ |

-ਮੋਬਾਈਲ : 98766-27233.

ਮਿੰਨੀ ਕਹਾਣੀਆਂ

ਬੁੱਧੂ
ਪ੍ਰਮੁੱਖ ਸਿਆਸੀ ਪਾਰਟੀਆਂ ਦੇ ਯੂਥ ਵਰਕਰਾਂ ਦੀ ਕੰਧ 'ਤੇ ਪੋਸਟਰ ਲਗਾਉਣ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਗਾਲੀ-ਗਲੋਚ ਤੋਂ ਬਾਅਦ ਇੱਟਾਂ-ਰੋੜੇ ਚੱਲ ਪਏ। ਕਈਆਂ ਦੇ ਸਿਰ ਪਾਟੇ। ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਕਈ ਜਣਿਆਂ ਨੂੰ ਫੜ ਕੇ ਥਾਣੇ ਡੱਕ ਦਿੱਤਾ, ਪਰਚੇ ਦਰਜ ਹੋ ਗਏ।
ਉਧਰ ਇਕ ਵਿਆਹ ਸਮਾਗਮ ਦੌਰਾਨ ਹੋਟਲ ਦੇ ਵੀ.ਆਈ.ਪੀ. ਕਮਰੇ 'ਚ ਦੋਵੇਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਇਕੋ ਟੇਬਲ 'ਤੇ ਬੈਠੇ ਜਾਮ ਟਕਰਾ ਰਹੇ ਸਨ।

-ਗੁਰਦੀਪ 'ਮਣਕੂ' (ਪੋਨਾਂ)
ਐਚ.ਐਸ.ਐਮ. ਐਗਰੀਕਲਚਰ ਜਗਰਾਉਂ।
ਮੋਬਾਈਲ : 94639-88918.

ਰਾਹਦਾਰੀ
ਪੁੱਤਰ ਤਾਂ ਸ਼ਹਿਰ ਦੇ ਵੀ.ਆਈ.ਪੀ. ਇਲਾਕੇ ਵਿਚ ਕੋਠੀ ਬਣਾ ਕੇ ਆਪਣੇ ਪਰਿਵਾਰ ਨਾਲ ਵਸ ਰਿਹਾ ਸੀ ਤੇ ਬਿਰਧ ਮਾਂ ਪਿੰਡ ਵਾਲੇ ਕੱਚੇ ਮਕਾਨ ਵਿਚ ਆਂਢ-ਗੁਆਂਢ ਦੇ ਆਸਰੇ ਨਾਲ ਦਿਨ ਕਟ ਰਹੀ ਸੀ | ਇਕ ਦਿਨ ਮਾਂ ਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ | ਪੁੱਤਰ ਨਾਲ ਉਸ ਦੇ ਦੋਸਤ ਵੀ ਸਸਕਾਰ ਲਈ ਪਹੁੰਚ ਗਏ | ਚਿਖਾ ਚਿਣਦੇ ਸਮੇਂ ਪੁੱਤਰ ਨੇ ਮਾਂ ਦੇ ਹੱਥ ਵਿਚ ਇਕ ਰੁਪਏ ਦਾ ਸਿੱਕਾ ਰੱਖਿਆ ਤੇ ਕਹਿਣ ਲੱਗਾ, 'ਮਾਂ ਪੁੱਤਰ ਹੱਥੋਂ ਜਾਂਦੀ ਵਾਰ ਦੀ ਇਹ ਰਾਹਦਾਰੀ ਤਾਂ ਲੈ ਜਾਹ |'
ਏਨਾ ਕਹਿੰਦੇ ਹੋਏ ਪੁੱਤਰ ਨੇ ਜੇਬ ਵਿਚੋਂ ਰੁਮਾਲ ਕੱਢਿਆ ਤੇ ਆਪਣੇ ਨਕਲੀ ਹੰਝੂ ਪੂੰਝਦਾ ਹੋਇਆ ਮਨ ਹੀ ਮਨ ਪਿੰਡ ਵਾਲੇ ਮਕਾਨ ਲਈ ਖਰੀਦਦਾਰ ਲੱਭਣ ਲੱਗਾ, ਜੋ ਬੜੇ ਚਿਰਾਂ ਦੀ ਉਡੀਕ ਦੇ ਬਾਅਦ ਖ਼ਾਲੀ ਹੋਇਆ ਸੀ |

-ਦਵਿੰਦਰਜੀਤ ਬੁਜਰਗ
ਪਿੰਡ ਬੁਜਰਗ, ਸਾਹਿਤ ਸਭਾ, ਜਗਰਾਉਂ |
ਮੋਬਾਈਲ : 98551-27254.

ਫ਼ਰਜ਼

ਰਾਮ ਸਿੰਘ ਇਕ ਗ਼ਰੀਬ ਅਤੇ ਖੇਤ ਮਜ਼ਦੂਰ ਸੀ | ਉਸ ਦੇ ਦੋ ਪੁੱਤਰ ਸਨ | ਇਕ ਦਾ ਨਾਂਅ ਸੀ ਕਰਮ ਸਿੰਘ ਅਤੇ ਦੂਜੇ ਦਾ ਧਰਮ ਸਿੰਘ | ਰਾਮ ਸਿੰਘ ਦੀ ਬਹੁਤ ਇੱਛਾ ਸੀ ਕਿ ਉਸ ਦੇ ਪੁੱਤਰ ਪੜ੍ਹ ਜਾਣ ਅਤੇ ਗ਼ਰੀਬੀ ਦੀ ਜ਼ਿੰਦਗੀ ਤੋਂ ਬਚ ਜਾਣ | ਵੱਡਾ ਪੁੱਤਰ ਕਰਮ ਸਿੰਘ ਤਾਂ ਅੱਠਵੀਂ ਜਮਾਤ ਪਾਸ ਕਰਕੇ ਹੱਥ ਖੜ੍ਹੇ ਕਰ ਗਿਆ | ਉਸ ਨੇ ਪਿੰਡ ਦੇ ਗ੍ਰੰਥੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿਖ ਲਿਆ ਅਤੇ ਕਿਸੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਲੱਗ ਗਿਆ | ਛੋਟਾ ਧਰਮ ਸਿੰਘ ਪੜ੍ਹਨ ਨੂੰ ਚੰਗਾ ਸੀ ਅਤੇ ਮੈਟਿ੍ਕ ਚੰਗੇ ਨੰਬਰਾਂ ਨਾਲ ਪਾਸ ਕਰ ਲਈ | ਰਾਮ ਸਿੰਘ ਦੀ ਆਪਣੀ ਕੋਈ ਜਾਇਦਾਦ ਨਹੀਂ ਸੀ | ਉਹ ਤਾਂ ਪਿੰਡ ਦੇ ਇਕ ਵੱਡੇ ਜ਼ਿਮੀਂਦਾਰ ਦੇ ਖੇਤਾਂ ਵਿਚ ਕੰਮ ਕਰਦਾ ਸੀ ਅਤੇ ਬੜੀ ਮੁਸ਼ਕਿਲ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ | ਇਕ ਦਿਨ ਉਸ ਨੇ ਜ਼ਿਮੀਂਦਾਰ ਸ: ਕਰਤਾਰ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਆਪਣੇ ਛੋਟੇ ਲੜਕੇ ਨੂੰ ਅੱਗੇ ਪੜ੍ਹਾਉਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਸਾਧਨ ਨਹੀਂ ਹਨ, ਮੇਰੀ ਮਦਦ ਕਰੋ | ਜ਼ਿਮੀਂਦਾਰ ਨੇ ਉਸ ਨੂੰ ਨੇੜੇ ਦੇ ਸ਼ਹਿਰ ਵਿਚ ਤਿੰਨ ਸਾਲਾ ਸਿਵਲ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਵਿਚ ਦਾਖ਼ਲਾ ਦੁਆ ਦਿੱਤਾ ਅਤੇ ਉਹ ਜੂਨੀਅਰ ਇੰਜੀਨੀਅਰ ਬਣ ਗਿਆ | ਸਰਕਾਰੀ ਨੌਕਰੀ ਮਿਲ ਗਈ |
ਜਦੋਂ ਕਰਮ ਸਿੰਘ ਅਤੇ ਉਸ ਦੀ ਪਤਨੀ ਪ੍ਰੇਮ ਕੌਰ ਬੁੱਢੇ ਹੋ ਗਏ ਅਤੇ ਆਪਣੇ ਛੋਟੇ ਪੁੱਤਰ ਧਰਮ ਸਿੰਘ ਕੋਲ ਰਹਿਣ ਲਈ ਆ ਗਏ | ਧਰਮ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਬੜਾ ਠਾਠ ਦਾ ਜੀਵਨ ਬਤੀਤ ਕਰ ਰਹੇ ਸਨ | ਪਰ ਮਾਪਿਆਂ ਦੇ ਆਉਣ ਨਾਲ ਉਹ ਆਪਣੀ ਆਜ਼ਾਦੀ ਵਿਚ ਫਰਕ ਪੈਂਦਾ ਮਹਿਸੂਸ ਕਰਦੇ ਸਨ | ਉਨ੍ਹਾਂ ਕੋਲ ਆਪਣੇ ਮਹਿਕਮੇ ਦੇ ਸਾਥੀ ਕਰਮਚਾਰੀ ਆਉਂਦੇ ਸਨ ਤਾਂ ਧਰਮ ਸਿੰਘ ਦੀ ਪਤਨੀ ਨੂੰ ਬਜ਼ੁਰਗਾਂ ਦੀ ਹਾਜ਼ਰੀ ਰੜਕਦੀ ਸੀ | ਉਨ੍ਹਾਂ ਨੇ ਬਜ਼ੁਰਗਾਂ ਲਈ ਆਪਣੇ ਸਰਕਾਰੀ ਮਕਾਨ ਦੇ ਇਕ ਕੋਨੇ ਵਿਚ ਟੀਨਾਂ ਦਾ ਇਕ ਸ਼ੈੱਡ ਬਣਾ ਦਿੱਤਾ ਅਤੇ ਉਨ੍ਹਾਂ ਦਾ ਡੇਰਾ ਉਥੇ ਟਿਕਾ ਦਿੱਤਾ | ਗਰਮੀ ਅਤੇ ਵਧੇਰੇ ਸਰਦੀ ਦੇ ਮੌਸਮ ਵਿਚ ਉਥੇ ਰਹਿਣਾ ਕਠਿਨ ਹੋ ਗਿਆ, ਪਰ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ | ਵੱਡੇ ਪੁੱਤਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਧਰਮ ਸਿੰਘ ਕੋਲ ਰਹਿਣਾ ਹੀ ਠੀਕ ਸਮਝਦੇ ਸਨ | ਕੁਝ ਦੇਰ ਮਗਰੋਂ ਪ੍ਰੇਮ ਕੌਰ ਰੱਬ ਨੂੰ ਪਿਆਰੀ ਹੋ ਗਈ | ਰਾਮ ਸਿੰਘ ਇਕੱਲਾ ਰਹਿ ਗਿਆ | ਧਰਮ ਸਿੰਘ ਆਪਣੇ ਸਰਕਾਰੀ ਕੰਮ ਅਤੇ ਸਾਥੀ ਕਰਮਚਾਰੀਆਂ ਨਾਲ ਰੱੁਝਿਆ ਰਹਿੰਦਾ ਸੀ ਅਤੇ ਸੁਰਿੰਦਰ ਤਾਂ ਓਦਾਂ ਹੀ ਬਜ਼ੁਰਗਾਂ ਨਾਲ ਗੱਲ ਕਰਨਾ ਪਸੰਦ ਨਹੀਂ ਸੀ ਕਰਦੀ | ਧਰਮ ਸਿੰਘ ਹਰ ਮਹੀਨੇ ਰਾਮ ਸਿੰਘ ਨੂੰ 50 ਰੁਪਏ ਜੇਬ੍ਹ ਖਰਚ ਦਿੰਦਾ ਸੀ | ਇਕ ਦਿਨ ਰਾਮ ਸਿੰਘ ਦੀ ਜੁੱਤੀ ਟੁੱਟ ਗਈ ਅਤੇ ਧਰਮ ਸਿੰਘ ਨੇ 100 ਰੁਪਏ ਵਿਚ ਇਕ ਹਲਕੀ ਜਿਹੀ ਜੁੱਤੀ ਬਜ਼ਾਰੋਂ ਖ਼ਰੀਦ ਕੇ ਲੈ ਆਂਦੀ | ਰਾਮ ਸਿੰਘ ਨੇ ਕੁਝ ਪੈਸੇ ਮੰਗੇ ਤਾਂ ਸੁਰਿੰਦਰ ਕੌਰ ਕਹਿਣ ਲੱਗੀ, 'ਇਸ ਮਹੀਨੇ ਤੁਹਾਨੂੰ ਪੈਸੇ ਨਹੀਂ ਮਿਲਣੇ, ਤੁਹਾਨੂੰ ਨਵੀਂ ਜੁੱਤੀ ਜੋ ਦਿੱਤੀ ਹੈ | ਰਾਮ ਸਿੰਘ ਹਰ ਰੋਜ਼ ਗੁਰਦੁਆਰੇ ਜਾਂਦਾ ਸੀ ਅਤੇ ਉਥੇ ਉਸ ਦੀ ਕੁਝ ਵਾਕਫ਼ੀਅਤ ਹੋ ਗਈ | ਉਹ ਗੱਲਾਂਬਾਤਾਂ ਕਰਕੇ ਆਪਣਾ ਸਮਾਂ ਲੰਘਾਉਂਦਾ ਰਿਹਾ |
ਇਕ ਦਿਨ ਰਾਮ ਸਿੰਘ ਨੇ ਧਰਮ ਸਿੰਘ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, 'ਤੈਨੂੰ ਪਤਾ ਹੈ ਮੈਂ ਤੇਰਾ ਪਾਲਣ-ਪੋਸ਼ਣ ਕਿਵੇਂ ਕੀਤਾ | ਤੇਰੀ ਪੜ੍ਹਾਈ ਕਿਵੇਂ ਕਰਵਾਈ | ਮੈਂ ਤੇਰੇ ਲਈ ਕੀ ਨਹੀਂ ਕੀਤਾ? ਖੇਤਾਂ 'ਚ ਹੱਡ-ਭੰਨਵੀਂ ਮਿਹਨਤ ਕਰਕੇ ਅਧੀਨਗੀ 'ਚ ਰਹਿ ਕੇ ਮੈਂ ਤੇਰੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕੀਤੀ | ਤੇਰਾ ਵਤੀਰਾ ਮੇਰੇ ਪ੍ਰਤੀ ਠੀਕ ਨਹੀਂ | ਮੈਨੂੰ ਇਕੱਲੀ ਰੋਟੀ ਨਹੀਂ ਚਾਹੀਦੀ, ਥੋੜ੍ਹਾ-ਬਹੁਤ ਸਤਿਕਾਰ ਵੀ ਚਾਹੀਦਾ ਹੈ | ਕਦੇ ਮੇਰਾ ਦੁੱਖ ਸੁਖ ਵੀ ਪੁੱਛ ਲਿਆ ਕਰ |' ਧਰਮ ਸਿੰਘ ਕਹਿਣ ਲੱਗਾ, 'ਬਾਪੂ ਤੂੰ ਕੋਈ ਵੱਖਰਾ ਕੰਮ ਨਹੀਂ ਕੀਤਾ | ਮੈਨੂੰ ਪੜ੍ਹਾਇਆ ਇਹ ਤੇਰਾ ਫ਼ਰਜ਼ ਸੀ | ਸਾਰੇ ਮਾਂ-ਬਾਪ ਬੱਚਿਆਂ ਵਾਸਤੇ ਕਰਦੇ ਹੀ ਹਨ | ਇਹ ਉਨ੍ਹਾਂ ਦਾ ਫ਼ਰਜ਼ ਹੈ |'
ਰਾਮ ਸਿੰਘ ਹੁਣ ਚੁੱਪ ਸੀ, ਮਨ ਉਦਾਸ ਅਤੇ ਸੋਚ ਰਿਹਾ ਸੀ ਕਿ, 'ਫ਼ਰਜ਼ ਸਿਰਫ਼ ਮਾਂ-ਪਿਉ ਦਾ ਹੀ ਹੈ, ਪੁੱਤਰਾਂ ਦਾ ਕੋਈ ਫ਼ਰਜ਼ ਨਹੀਂ |'

-ਪਿੰ੍ਰ: ਹਰਚੰਦ ਸਿੰਘ ਬੈਂਸ
117, ਪ੍ਰੀਤ ਨਗਰ, ਨੰਗਲ ਟਾਊਨਸ਼ਿਪ (ਰੋਪੜ) |

ਤੀਜਾ ਦਰਜਾ

ਜਦੋੋਂ ਬੈਂਕ, ਬਿਜਲੀ ਘਰ ਜਾਂ ਕਿਸੇ ਹੋਰ ਜਨਤਕ ਅਦਾਰੇ ਵਿਚ ਕੰਮ ਲਈ ਆਏ ਵਿਅਕਤੀਆਂ ਦੀ ਲਾਈਨ ਲੱਗੀ ਹੋਵੇ ਤਾਂ ਆਪਣੀ ਵਾਕਫ਼ੀ ਦਾ ਫਾਇਦਾ ਲੈਂਦਾ ਹੋਇਆ ਕੋਈ ਇਕ ਉਸ ਲਾਈਨ ਨੂੰ ਅਣਡਿੱਠ ਕਰਕੇ ਆਪਣਾ ਕੰਮ ਕਰਵਾਉਣ ਲਈ ਸਭ ਤੋਂ ਅੱਗੇ ਲੱਗ ਜਾਏ ਤਾਂ ਲਾਈਨ ਵਿਚ ਵਾਰੀ ਦੀ ਉਡੀਕ ਕਰਦੇ ਲੋਕਾਂ ਵਿਚ ਉਸ ਦਾ ਵਿਰੋਧ ਹੋਣਾ ਕੁਦਰਤੀ ਗੱਲ ਹੈ | ਪਰ ਜੇ ਸੱਚੀ-ਮੁੱਚੀਂ ਪਹਿਲੇ ਸਥਾਨ 'ਤੇ ਆਏ ਕਿਸੇ ਵਿਅਕਤੀ ਨੂੰ ਤੀਜੇ ਨੰਬਰ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਜਾਵੇ ਤਾਂ ਉਸ ਨੂੰ ਆਪੇ ਤੋਂ ਬਾਹਰ ਹੋਣ ਤੋਂ ਕੋਈ ਰੋਕ ਥੋੜ੍ਹੀ ਸਕਦੈ |
ਬੱਸ ਇਸ ਛੋਟੀ ਜਿਹੀ ਗੱਲ ਨੂੰ ਲੈ ਕੇ ਨੇਤਾ ਜੀ ਨਰਾਜ਼ ਹੋ ਗਏ ਕਿ ਉਨ੍ਹਾਂ ਨੂੰ ਲੋਕਾਂ ਨੇ ਜਿਤਾ ਕੇ ਪਹਿਲੇ ਨੰਬਰ 'ਤੇ ਲਿਆਂਦਾ ਪਰ ਉਦਘਾਟਨੀ ਪੱਥਰ 'ਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਨਾਂਅ ਤੀਜੇ ਨੰਬਰ 'ਤੇ ਕਿਉਂ ਉਕਰਵਾਇਆ? ਨੇਤਾ ਜੀ ਨੇ ਆਪਣੇ ਨਾਂਅ ਨੂੰ ਇਸ ਕਦਰ ਉਕਰੇ ਜਾਣ 'ਤੇ ਲੋਹੇ-ਲਾਖੇ ਹੁੰਦਿਆਂ ਵੀ.ਆਈ.ਪੀ. ਸੱਭਿਆਚਾਰ ਤੋਂ ਦੂਰ ਰਹਿਣ ਦੇ ਐਲਾਨਨਾਮੇ ਨੂੰ ਅਮਲੀ ਰੂਪ ਦੇਣ ਦਾ ਬਾਨਣੂੰ ਬੰਨ੍ਹ ਦਿੱਤਾ | ਖ਼ੈਰ! ਗੱਲ ਤਾਂ ਮਾੜੀ ਹੀ ਹੋਈ | ਇਸ ਤੋਂ ਹੋਰ ਮਾੜੀ ਕੀ ਹੋ ਸਕਦੀ ਹੈ ਜਿਵੇਂ ਪਹਿਲੇ ਦਰਜੇ ਵਿਚ ਪਾਸ ਹੋਏ ਵਿਦਿਆਰਥੀ ਦੇ ਹੱਥ ਸਪਲੀ ਫੜਾ ਦਿੱਤੀ ਗਈ ਹੋਵੇ |
ਜੇ ਪਹਿਲੇ ਨੰਬਰ 'ਤੇ ਆਇਆਂ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਤੀਜੇ ਨੰਬਰ 'ਤੇ ਆਉਣ ਵਾਲਿਆਂ ਦਾ ਕੀ ਹਾਲ ਹੋਵੇਗਾ? ਉੱਪਰ ਵਾਲਾ ਹੀ ਜਾਣਦਾ ਹੈ | ਹੁਣ ਤਾਂ ਪਿੰਡਾਂ ਵਿਚ ਖੇਡਾਂ ਕਰਵਾਉਣ ਵਾਲੇ ਵੀ ਏਨੇ ਸਿਆਣੇ ਹੋ ਗਏ ਕਿ ਮੁਕਾਬਲੇ ਵਿਚ ਤੀਜੇ ਥਾਂ 'ਤੇ ਰਹਿਣ ਵਾਲੇ ਖਿਡਾਰੀਆਂ ਦਾ ਦਿਲ ਰੱਖਣ ਲਈ ਉਹ ਪਹਿਲੇ ਚਾਰ ਸਥਾਨਾਂ 'ਤੇ ਆਉਣ ਵਾਲਿਆਂ ਨੂੰ ਇਨਾਮ ਦੇਣ ਲੱਗ ਪਏ ਤੇ ਇੱਥੇ ਪੜ੍ਹੇ-ਲਿਖਿਆਂ ਨੇ ਪਹਿਲੇ ਨੰਬਰ 'ਤੇ ਆਏ ਨੇਤਾ ਜੀ ਨੂੰ ਫਾਡੀ ਬਣਾ ਕੇ ਜੱਗੋਂ ਤੇਰ੍ਹਵੀ ਨਹੀਂ ਕੀਤੀ ਤਾਂ ਹੋਰ ਕੀ ਕੀਤਾ ਹੈ?
ਆਮ ਤੌਰ 'ਤੇ ਪੁਲਿਸ ਵੱਲੋਂ ਕੀਤੇ ਜਾਂਦੇ ਤਸ਼ੱਦਦ ਨੂੰ ਬਹੁਤ ਮਾੜਾ ਤੇ ਬੁਰਾ ਗਿਣਿਆ ਜਾਂਦਾ ਹੈ | ਪਰ ਕਦੇ ਕਿਸੇ ਨੇ ਪੁਲਿਸ ਦਾ ਦਿਲ ਫਰੋਲ ਕੇ ਨਹੀਂ ਵੇਖਿਆ ਕਿ ਜੁਰਮ ਦਾ ਪਤਾ ਲਾਉਣ ਲਈ ਫਿਰ ਉਹ ਕਿੱਥੇ ਤੇ ਕਿਵੇਂ ਟੱਕਰਾਂ ਮਾਰੇ? ਲੁਟੇਰੇ ਤੇ ਚੋਰ ਨੂੰ ਚੋਰ ਜੀ ਕਹਿ ਕੇ ਕਿਵੇਂ ਸਤਿਕਾਰੇ | ਜੇ ਐਦਾਂ ਹੀ ਹੁੰਦਾ ਰਿਹਾ ਤਾਂ ਅਪਰਾਧੀ ਕਰਦੇ ਹੀ ਰਹਿਣਗੇ ਕਾਰੇ | ਲੋਕ ਫਿਰਦੇ ਰਹਿਣਗੇ ਮਾਰੇ-ਮਾਰੇ | ਗੁੰਡੇ ਭਾਵੇਂ ਮਾਰੀ ਜਾਣ ਲਲਕਾਰੇ | ਖੈਰ! ਤੀਜਾ ਦਰਜਾ ਕੋਈ ਮਾੜਾ ਨਹੀਂ ਹੁੰਦਾ | ਪਰ ਤਸ਼ੱਦਦ ਭਾਵੇਂ ਤੀਜੇ ਦਰਜੇ ਦਾ ਹੋਵੇ ਜਾਂ ਬਿਨਾਂ ਦਰਜੇ ਤੋਂ, ਹੁੰਦਾ ਹੀ ਮਾੜਾ ਹੈ, ਚੰਗਾ ਨਹੀਂ |
ਤੁਸੀਂ ਆਮ ਵੇਖਿਆ ਹੋਵੇਗਾ ਕਿ ਅੱਜਕਲ੍ਹ ਪੜ੍ਹਾਈ ਤੇ ਹੋਰ ਖੇਤਰਾਂ ਵਿਚ ਕੁੜੀਆਂ ਹੀ ਪਹਿਲੇ ਨੰਬਰ 'ਤੇ ਆ ਰਹੀਆਂ ਹਨ | ਤੀਜੇ ਨੰਬਰ 'ਤੇ ਕੌਣ ਆ ਰਿਹਾ ਹੈ? ਤੁਸੀਂ ਸਾਰੇ ਜਾਣਦੇ ਹੀ ਹੋ | ਜੇ ਗੱਲ ਥੋੜ੍ਹੀ ਜਿਹੀ ਹੋਰ ਅੱਗੇ ਤੋਰੀ ਜਾਵੇ ਤਾਂ ਵੱਡੀਆਂ-ਵੱਡੀਆਂ ਡਿਗਰੀਆਂ ਹੱਥਾਂ ਵਿਚ ਚੁੱਕੀ ਫਿਰਦੇ ਮੁੰਡੇ-ਕੁੜੀਆਂ ਤੀਜੇ ਦਰਜੇ ਦੀਆਂ ਨੌਕਰੀਆਂ ਲੈਣ ਲਈ ਹਾੜੇ ਕੱਢਦੇ ਫਿਰਦੇ ਹਨ | ਪਰ ਨੌਕਰੀਆਂ ਹਨ ਕਿ ਉਨ੍ਹਾਂ ਵੱਲ ਮੂੂੰਹ ਕਰਨ ਦੀ ਥਾਂ ਪਿੱਠ ਕਰਕੇ ਖੜ੍ਹੀਆਂ ਹਨ | ਤੀਜੇ ਦਰਜੇ ਦੇ ਚੰਗੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਇਹ ਤੀਜੇ ਦਰਜੇ ਵਾਲੇ ਕਰਮਚਾਰੀ ਹੀ ਬਣੇ ਹੋਏ ਹਨ | ਜਿਨ੍ਹਾਂ ਦੀ ਦੇਸ਼ ਦੇ ਕਰਮਚਾਰੀਆਂ ਵਿਚ ਸਭ ਤੋਂ ਵੱਡੀ ਗਿਣਤੀ ਹੈ | ਭਾਵੇ ਹਿਸਾਬ ਲਾ ਕੇ ਵੇਖ ਲਓ |
ਇਕ ਹੋਰ ਨੇਤਾ ਨੇ ਆਪਣੇ ਵਿਰੋਧੀਆਂ ਨਾਲ ਦੋ-ਦੋ ਹੱਥ ਕਰਨ ਅਤੇ ਆਪਣੇ ਵਰਕਰਾਂ ਦੀ ਸੁਣਵਾਈ ਨਾ ਕਰਨ ਸਬੰਧੀ ਤੀਜੇ ਦਰਜੇ ਦਾ ਤਸ਼ੱਦਦ ਕਰਨ ਲਈ ਲੰਮਾ ਪਾਉਣ ਲਈ ਜਾਣੇ ਜਾਂਦੇ ਮੁਲਾਜ਼ਮਾਂ ਨੂੰ ਆਪਣਾ ਹੀ ਨੰਬਰ ਨਾ ਲਵਾ ਲੈਣ ਦੀ ਧਮਕੀ ਭਰੀ ਨਸੀਹਤ ਦਿੰਦਿਆਂ ਤੀਜੇ ਨੰਬਰ ਨੂੰ ਪਹਿਲੇ ਨੰਬਰ 'ਤੇ ਲੈ ਆਂਦਾ ਹੈ | ਪਤਾ ਨਹੀਂ ਸੱਤਾ ਵਿਚ ਆ ਕੇ ਕੀ ਹੋ ਜਾਂਦਾ ਹੈ ਇਨ੍ਹਾਂ ਨੇਤਾਵਾਂ ਨੂੰ ? ਉਂਝ ਸੁਣਨ ਵਿਚ ਆਇਆ ਹੈ ਕਿ ਦੋਵੇਂ ਨੇਤਾ ਹੈ ਬੜੇ ਸਬਰ, ਠਰੰ੍ਹਮੇ, ਸ਼ਾਂਤੀ ਅਤੇ ਨਰਮ ਸੁਭਾਅ ਵਾਲੇ | ਬੀਬੇ ਰਾਣੇ | ਬੜੇ ਸਿਆਣੇ | ਪਰ ਜਿਸ ਸੰਵਿਧਾਨ ਦੀ ਸਹੁੰ ਖਾ ਕੇ ਇਨ੍ਹਾਂ ਅਹੁਦੇ ਸੰਭਾਲੇ ਨੇ, ਉਸੇ ਸੰਵਿਧਾਨ ਦੀ ਵਿਰੋਧਤਾ ਕਰਨ ਤੱਕ ਚਲੇ ਜਾਣ ਕਾਰਨ ਲੋਕ ਇਨ੍ਹਾਂ ਤੋਂ ਹੈਰਾਨ ਹਨ | ਚਲੋ ਆਪਾਂ ਕੀ ਲੈਣਾ ਯਾਰ | ਜਦੋਂ ਵੀ.ਆਈ.ਪੀ. ਸੱਭਿਆਚਾਰ ਨੂੰ ਦਫ਼ਨਾਉਣ ਦੀ ਗੱਲ ਚਲਦੀ ਹੋਵੇ ਤਾਂ ਸਿਰ ਚੜੇ੍ਹ ਸੱਤਾ ਦੇ ਨਸ਼ੇ ਕਾਰਨ ਵੱਧ-ਘੱਟ ਤਾਂ ਬੋਲ ਹੀ ਹੋ ਸਕਦਾ ਹੈ | ਜੇ ਵਿਰੋਧੀ ਗੱਲਾਂ ਚੁੱਕਦੇ ਨੇ ਤੇ ਚੁੱਕੀ ਜਾਣ ਫਿਰ | ਅਸੀਂ ਤਾਂ ਹੁਣ ਐਦਾਂ ਈ ਕਰਨੈ | ਮਸੀਂ-ਮਸੀਂ ਤਾਂ ਵਾਰੀ ਆਈ ਹੈ ਸਾਡੀ | ਪਰ ਜੇ ਸੱਤਾ ਦੇ ਗਰੂਰ ਕਾਰਨ ਚੜ੍ਹੇ ਸਰੂਰ ਨੂੰ ਲੋਕ ਸੇਵਾ ਦੇ ਲੇਖੇ ਲਾਉਣ ਦੀ ਥਾਂ ਹੋਰ ਪਾਸੇ ਨੂੰ ਮੋੜ ਲਿਆ ਜਾਵੇ ਤਾਂ ਯਾਦ ਰੱਖਿਓ ਫਿਰ ਪਹਿਲੇ ਤੋਂ ਤੀਜੇ ਦਰਜੇ 'ਤੇ ਪੁੱਜਣ ਲੱਗਿਆਂ ਦੇਰ ਨਹੀਂ ਲੱਗਣੀ |

-ਪਿੰਡ: ਠਠਿਆਲਾ ਢਾਹਾ, ਤਹਿ: ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)
ਮੋਬਾਈਲ : 98142-80838.

ਕਾਵਿ-ਵਿਅੰਗ

ਮਾਹੌਲ
• ਨਵਰਾਹੀ ਘੁਗਿਆਣਵੀ r
ਮਾਇਆਧਾਰੀਆਂ ਧਰਮ ਦੀ ਆੜ ਲੈ ਕੇ,
ਜ਼ਹਿਰੀ ਜਿਹਾ ਮਾਹੌਲ ਉਸਾਰ ਦਿੱਤਾ |
ਆਮ ਲੋਕਾਂ ਨੂੰ ਖ਼ੂਬ ਜ਼ਲੀਲ ਕੀਤਾ,
ਖ਼ਰੀ ਸੋਚ ਨੂੰ ਜੰਦਰਾ ਮਾਰ ਦਿੱਤਾ |
ਰੀਝਾਂ ਅਤੇ ਉਮੰਗਾਂ ਦਾ ਘਾਣ ਹੋਇਆ,
ਭਲੇ ਲੋਕਾਂ ਦਾ ਨਸ਼ਾ ਉਤਾਰ ਦਿੱਤਾ |
ਕਿਸੇ ਨਾਲ ਨਾ ਦਿਲੋਂ ਸਹਾਨੁਭੂਤੀ,
ਗੱਲਾਂ ਗੱਲਾਂ ਅੰਦਰ ਡੰਗ ਸਾਰ ਦਿੱਤਾ |

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਬੂਹੇ ਕੁਰਸੀਆਂ ਦੇ
• ਹਰਦੀਪ ਢਿੱਲੋਂ *
ਜਾ ਜਾ ਵੇਖਿਆ ਬੂਹੇ ਕੁਰਸੀਆਂ ਦੇ,
ਫਿਰਦੇ ਮੱਛਰੇ ਭਿ੍ਸ਼ਟ ਦਰਬਾਨ ਬਹੁਤੇ |
ਖੇਮੇ ਛੱਡ ਛੱਡ ਹਾਰੇ ਘੁਲਾਟੀਆਂ ਦੇ,
ਚਮਚੇ ਲੱਭਦੇ ਸਿਆਸੀ ਦਲਾਨ ਬਹੁਤੇ |
ਸੋਮੇ ਰਿਜ਼ਕ ਦੇ ਠੇਕੇ ਚੜ੍ਹੀ ਜਾਂਦੇ,
ਨੌਕਰੀ ਠੇਕੇ ਦੀ ਲੱਭਣ ਜਵਾਨ ਬਹੁਤੇ |
'ਮੁਰਾਦਵਾਲਿਆ' ਸਾਜ਼ਾਂ ਨੇ ਸੁਰ ਬਦਲੇ,
ਨਵੇਂ ਸ਼ਾਹਾਂ ਦੀ ਕਰਨ ਕਲਾਨ ਬਹੁਤੇ |

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX