ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  53 minutes ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 5 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 5 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 5 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 5 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਲੋਕ ਮੰਚ

ਆਓ ਸਫ਼ਾਈ ਰੱਖ ਕੇ ਦੇਸ਼ ਦੀ ਸੁੰਦਰਤਾ 'ਚ ਯੋਗਦਾਨ ਪਾਈਏ

ਸਾਡਾ ਆਲਾ-ਦੁਆਲਾ ਹੀ ਸਾਡੀ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਸਾਡੇ ਵਾਤਾਵਰਨ ਦਾ ਆਲਾ-ਦੁਆਲਾ ਸਾਫ਼ ਹੋਵੇਗਾ ਤਾਂ ਵੇਖਣ ਵਾਲੇ ਨੂੰ ਵੀ ਚੰਗਾ ਲੱਗੇਗਾ, ਕਿਉਂਕਿ ਵਾਤਾਵਰਨ ਦੀ ਸਫ਼ਾਈ ਨਾਲ ਜਿੱਥੇ ਮਾਹੌਲ ਖੁਸ਼ਗਵਾਰ ਬਣਿਆ ਰਹਿੰਦਾ ਹੈ, ਉੱਥੇ ਮਨੁੱਖੀ ਸਰੀਰ ਵੀ ਅਨੇਕਾਂ ਬਿਮਾਰੀਆਂ ਤੋਂ ਰੋਗ ਮੁਕਤ ਰਹਿੰਦਾ ਹੈ। ਇਸ ਤੋਂ ਇਲਾਵਾ ਵਾਤਾਵਰਨ ਦੀ ਸਫ਼ਾਈ ਸਬੰਧੀ ਪਿੰਡਾਂ ਦੀਆਂ ਕਲੱਬਾਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆ ਵੱਲੋਂ ਸਫ਼ਾਈ ਮੁਹਿੰਮਾਂ ਚਲਾਈਆਂ ਜਾਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਪਿਛਲੇ ਸਮੇਂ 'ਚ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ 'ਤੇ ਪ੍ਰਸ਼ਾਸਨਿਕ ਪ੍ਰੋਗਰਾਮ ਉਲੀਕ ਕੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਉਚੇਚੇ ਤੌਰ 'ਤੇ ਸਫ਼ਾਈ ਮੁਹਿੰਮਾਂ ਚਲਾਈਆਂ ਗਈਆ, ਜਿਸ ਨੂੰ ਪ੍ਰਸ਼ਸਾਨਿਕ ਪੱਧਰ ਤੋਂ ਲੈ ਕੇ ਪਿੰਡਾਂ ਤੱਕ ਪਹੁੰਚਾਇਆ ਗਿਆ, ਪਰ ਕਿਸੇ ਜਥੇਬੰਦੀ, ਕਲੱਬ ਜਾਂ ਫਿਰ ਸਰਕਾਰ ਵੱਲੋਂ ਸਫ਼ਾਈ ਮੁਹਿੰਮ ਚਲਾਉਣ ਤੋਂ ਇਲਾਵਾ ਸਾਨੂੰ ਖੁਦ ਵੀ ਦੇਸ਼ ਦੀ ਸੁੰਦਰਤਾ ਅਤੇ ਇਨਸਾਨੀਅਤ ਦੀ ਭਲਾਈ ਲਈ ਆਪਣੇ ਆਲੇ-ਦੁਆਲੇ ਅਤੇ ਖ਼ਾਸਕਰ ਜਨਤਕ ਥਾਵਾਂ ਦੀ ਸਫ਼ਾਈ ਰੱਖਣ ਸਬੰਧੀ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ।
ਰੋਜ਼ਮਰਾ ਦੀ ਜ਼ਿੰਦਗੀ 'ਚ ਵੇਖਦੇ ਹਾਂ ਕਿ ਅਸੀਂ ਆਪਣੇ ਘਰਾਂ, ਦੁਕਾਨਾਂ ਜਾਂ ਫਿਰ ਆਪਣੇ ਕੰਮ-ਕਾਜ ਵਾਲੇ ਦਫ਼ਤਰਾਂ ਨੂੰ ਤਾਂ ਸਾਫ਼ ਰੱਖਣ 'ਤੇ ਪੂਰਾ ਜ਼ੋਰ ਦਿੰਦੇ ਹਾਂ, ਪਰ ਜਿਥੇ ਰੋਜ਼ਾਨਾ ਸੈਂਕੜਿਆਂ ਜਾਂ ਫਿਰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਉਣਾ-ਜਾਣਾ ਹੋਵੇ, ਉੱਥੇ ਖਿੱਲਰੇ ਕੂੜੇ-ਕਰਕਟ ਵੱਲ ਕੋਈ ਧਿਆਨ ਨਹੀਂ ਦਿੰਦੇ, ਉਲਟਾ ਉੱਥੇ ਰੱਖੇ ਸਫ਼ਾਈ ਸੇਵਕਾਂ ਅਤੇ ਸਰਕਾਰਾਂ ਨੂੰ ਬੁਰਾ-ਭਲਾ ਆਖਣ 'ਤੇ ਵਧੇਰੇ ਜ਼ੋਰ ਦਿੰਦੇ ਹਾਂ। ਇਸ ਵਰਤਾਰੇ ਲਈ ਅਸੀਂ ਖੁਦ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਾਂ, ਕਿਉਂਕਿ ਜਨਤਕ ਥਾਵਾਂ 'ਤੇ ਪਏ ਕੂੜੇਦਾਨ 'ਚ ਖਾਣ-ਪੀਣ ਦੀਆਂ ਵਸਤਾਂ ਸੁੱਟਣ ਦੀ ਬਜਾਏ ਅਸੀਂ ਬਗੈਰ ਕਿਸੇ ਝਿਜਕ ਦੇ ਬਾਹਰ ਸੁੱਟਣਾ ਆਪਣੀ ਇੱਜ਼ਤ ਸਮਝਦੇ ਹਾਂ, ਕਿਉਂਕਿ ਇਹ ਜਨਤਕ ਥਾਂ ਸਾਡੇ ਕਿਸੇ ਨਿੱਜੀ ਅਧਿਕਾਰ ਖੇਤਰ 'ਚ ਜੁ ਨਹੀਂ ਆਉਂਦੀ। ਭਾਵੇਂ ਕਿ ਇਸ ਕੂੜਾ ਕਰਕਟ ਨੂੰ ਸੁੱਟਣ ਲਈ ਇਨ੍ਹਾਂ ਜਨਤਕ ਥਾਵਾਂ 'ਤੇ ਵਿਸ਼ੇਸ਼ ਸਫ਼ਾਈ ਸੇਵਕ ਵੀ ਰੱਖੇ ਜਾਂਦੇ ਹਨ, ਪਰ ਫਿਰ ਵੀ ਹਜ਼ਾਰਾਂ ਨਾਲ ਨਜਿੱਠਣ ਲਈ ਸਾਡੀ ਖੁਦ ਦੀ ਲਿਆਕਤ ਵਧੇਰੇ ਤਾਕਤਵਰ ਹੈ। ਇਸ ਦੇ ਨਾਲ ਹੀ ਸਰਕਾਰਾਂ ਵੱਲੋਂ ਜੋ ਜ਼ੋਰਾ-ਸ਼ੋਰਾਂ 'ਤੇ ਦੇਸ਼ ਅੰਦਰ ਸਫ਼ਾਈ ਲਿਆਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਸਾਨੂੰ ਵੀ ਇਸ ਪ੍ਰਚਾਰ 'ਚ ਹਿੱਸਾ ਬਣਦੇ ਹੋਏ ਇਸ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਸੁੰਦਰਤਾ 'ਚ ਅਸੀਂ ਬਣਦਾ ਯੋਗਦਾਨ ਪਾ ਸਕੀਏ।

-ਮੋਬਾ: 98884-35333


ਖ਼ਬਰ ਸ਼ੇਅਰ ਕਰੋ

ਵਾਤਾਵਰਨ ਵਿਚ ਆ ਰਿਹਾ ਬਦਲਾਅ ਇਕ ਚਿੰਤਾ ਦਾ ਵਿਸ਼ਾ

ਇਕ ਸਮਾਂ ਸੀ ਜਦੋਂ ਸਮੇਂ ਸਿਰ ਸਰਦੀ, ਸਮੇਂ ਸਿਰ ਗਰਮੀ ਅਤੇ ਸਮੇਂ ਸਿਰ ਬਰਸਾਤ ਹੁੰਦੀ ਸੀ। ਕਿਸਾਨ ਅਤੇ ਹੋਰ ਜਨਜੀਵਨ ਪੂਰੀ ਤਰ੍ਹਾਂ ਕੁਦਰਤ 'ਤੇ ਨਿਰਭਰ ਸੀ ਅਤੇ ਕੁਦਰਤ ਵੀ ਪੂਰਾ ਸਾਥ ਦਿੰਦੀ ਸੀ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਅਤੇ ਕੁਦਰਤ ਦਾ ਸਬੰਧ ਬੜਾ ਹੀ ਪੱਕਾ ਅਤੇ ਪਿਆਰ ਭਰਿਆ ਸੀ। ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ ਹੈ ਤੇ ਉਹ ਪੁਰਾਤਨ ਤੋਂ ਆਧੁਨਿਕ ਅਤੇ ਆਧੁਨਿਕ ਤੋਂ ਅਤਿ-ਆਧੁਨਿਕ ਯੁੱਗ ਵੱਲ ਵਧਿਆ ਹੈ, ਉਵੇਂ-ਉਵੇਂ ਹੀ ਉਸ ਦਾ ਰਿਸ਼ਤਾ ਕੁਦਰਤ ਨਾਲ ਕਮਜ਼ੋਰ ਹੁੰਦਾ ਗਿਆ ਜਾਂ ਕਹਿ ਲਵੋ ਕਿ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਗਿਆ। ਜਿਵੇਂ-ਜਿਵੇਂ ਮਨੁੱਖ ਦੀ ਸੋਚ ਲਾਲਚ ਭਰੀ ਹੁੰਦੀ ਗਈ, ਤਿਵੇਂ-ਤਿਵੇਂ ਹੀ ਉਸ ਨੇ ਕੁਦਰਤ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਮਨੁੱਖ ਦਾ ਲਾਲਚ ਵਧਦਾ ਹੀ ਗਿਆ ਤੇ ਉਸ ਦੁਆਰਾ ਕੁਦਰਤ ਨਾਲ ਕੀਤੀਆਂ ਜਾ ਰਹੀਆਂ ਛੇੜਖਾਨੀਆਂ ਵੀ ਵਧਦੀਆਂ ਗਈਆਂ।
ਲਗਾਤਾਰ ਵਧਦਾ ਜਾ ਰਿਹਾ ਮਨੁੱਖ ਦਾ ਲਾਲਚ ਉਸ ਦੇ ਸਾਹਮਣੇ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਮਨੁੱਖ ਨੇ ਲਗਾਤਾਰ ਜੰਗਲਾਂ ਦੀ ਕਟਾਈ ਕਰਕੇ ਕੁਦਰਤ ਨਾਲ ਸਭ ਤੋਂ ਵੱਡਾ ਖਿਲਵਾੜ ਕੀਤਾ ਹੈ। ਉਸ ਤੋਂ ਬਾਅਦ ਅੰਧਾ-ਧੁੰਦ ਪਥਰਾਟੀ ਬਾਲਣਾਂ ਦੀ ਵਰਤੋਂ ਕਰਕੇ ਉਸ ਨੇ ਇਸ ਜ਼ਖ਼ਮ ਨੂੰ ਹੋਰ ਗਹਿਰਾ ਕੀਤਾ ਹੈ। ਰਹਿੰਦੀ-ਖੂੰਹਦੀ ਕਸਰ ਵਧਦੀਆਂ ਹੋਈਆਂ ਫੈਕਟਰੀਆਂ ਅਤੇ ਕਾਰਖਾਨਿਆਂ ਨੇ ਪੂਰੀ ਕਰ ਦਿੱਤੀ ਹੈ। ਇਨ੍ਹਾਂ ਵਿਚੋਂ ਪੈਦਾ ਹੋਈ ਕਾਰਬਨ ਡਾਈਆਕਸਾਈਡ ਅਤੇ ਹੋਰ ਗਰੀਨ ਹਾਊਸ ਪ੍ਰਭਾਵ ਪੈਦਾ ਕਰਨ ਵਾਲੀਆਂ ਗੈਸਾਂ ਜੋ ਕਿ ਸੂਰਜ ਦੀ ਗਰਮੀ ਨੂੰ ਧਰਤੀ 'ਤੇ ਰੋਕਣ ਵਿਚ ਸਹਾਈ ਹੁੰਦੀਆਂ ਹਨ, ਦੀ ਮਾਤਰਾ ਘਟ ਜਾਣ ਕਰਕੇ ਸੂਰਜ ਦੀ ਗਰਮੀ ਦੀ ਮਾਤਰਾ ਵੀ ਧਰਤੀ 'ਤੇ ਵਧਦੀ ਜਾ ਰਹੀ ਹੈ।
ਵਧਦਾ ਹੋਇਆ ਤਾਪਮਾਨ ਧਰਤੀ 'ਤੇ ਰਹਿੰਦੇ ਹਰੇਕ ਤਬਕੇ ਨੂੰ ਪ੍ਰਭਾਵਿਤ ਕਰਦਾ ਹੈ। ਭਾਵੇਂ ਉਹ ਮਨੁੱਖ ਜਾਤੀ ਹੋਵੇ ਜਾਂ ਫਿਰ ਪਸ਼ੂ, ਪੰਛੀ, ਜਾਨਵਰ ਹੋਣ ਜਾਂ ਫਿਰ ਪੌਦੇ। ਇਹ ਹਰੇਕ ਤਰ੍ਹਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਹ ਗੰਭੀਰ ਸਮੱਸਿਆ ਮਨੁੱਖ ਦੁਆਰਾ ਹੀ ਪੈਦਾ ਕੀਤੀ ਗਈ ਹੈ ਤੇ ਅੱਜ ਇਸ ਨੇ ਏਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਅੱਜ ਇਸ ਕਰਕੇ ਸਾਰੀ ਧਰਤੀ 'ਤੇ ਹੀ ਖ਼ਤਰਾ ਮੰਡਰਾ ਰਿਹਾ ਹੈ। ਦੁਨੀਆ ਭਰ ਦੀਆਂ ਸੰਸਥਾਵਾਂ ਅਤੇ ਵਿਗਿਆਨੀ ਇਸ ਉੱਤੇ ਕੰਮ ਕਰ ਰਹੇ ਹਨ, ਤਾਂ ਜੋ ਇਸ ਤੋਂ ਨਿਕਲ ਰਹੇ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਨਾਲ ਨਿਪਟਿਆ ਜਾ ਸਕੇ।
ਵਿਸ਼ਵ ਦੇ ਵਧਦੇ ਹੋਏ ਤਾਪਮਾਨ ਕਾਰਨ ਗਲੇਸ਼ੀਅਰਾਂ 'ਤੇ ਪਈ ਲੱਖਾਂ ਟਨ ਬਰਫ ਪਿਘਲ ਕੇ ਪਾਣੀ-ਪਾਣੀ ਹੋ ਰਹੀ ਹੈ, ਜਿਸ ਨਾਲ ਬਹੁਤ ਹੀ ਭਿਆਨਕ ਨਤੀਜੇ ਨਿਕਲ ਰਹੇ ਹਨ।
ਆਈ.ਪੀ.ਸੀ.ਸੀ. (ਇੰਟਰਗੌਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ) ਦੀ ਇਕ ਰਿਪੋਰਟ ਜੋ ਕਿ ਅਪ੍ਰੈਲ, 2007 ਵਿਚ ਆਈ ਸੀ, ਦੇ ਮੁਤਾਬਿਕ ਵਿਸ਼ਵ ਦੇ ਵਧਦੇ ਹੋਏ ਤਾਪਮਾਨ ਕਾਰਨ ਵੱਡੇ ਪੱਧਰ 'ਤੇ ਹੜ੍ਹ ਆਉਣਗੇ, ਜਿਸ ਨਾਲ ਵੱਡੇ ਪੱਧਰ 'ਤੇ ਜਾਨ-ਮਾਲ ਦਾ ਨੁਕਸਾਨ ਹੋਵੇਗਾ। ਆਈ.ਪੀ.ਸੀ.ਸੀ. ਦੀ ਇਕ ਹੋਰ ਰਿਪੋਰਟ ਮੁਤਾਬਿਕ ਵਿਸ਼ਵ ਦਾ ਤਾਪਮਾਨ ਵਧਣ ਦੇ ਕਾਰਨ ਇਸ ਸਦੀ ਦੇ ਅੰਤ ਤੱਕ ਸਮੁੰਦਰਾਂ ਦੇ ਪਾਣੀ ਦਾ ਪੱਧਰ 7 ਤੋਂ 23 ਇੰਚ ਵਧ ਜਾਵੇਗਾ, ਜੋ ਕਿ ਸਮੁੱਚੀ ਮਾਨਵ ਜਾਤੀ ਲਈ ਖ਼ਤਰੇ ਦੀ ਘੰਟੀ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਥਵੀ ਦਾ ਤਾਪਮਾਨ 1.5 ਤੋਂ 2.5 ਡਿਗਰੀ ਸੈਲਸੀਅਸ ਤੱਕ ਵਧਣ ਨਾਲ ਪ੍ਰਿਥਵੀ 'ਤੇ ਰਹਿੰਦੀਆਂ ਲਗਪਗ 30 ਫੀਸਦੀ ਜਾਨਵਰਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਜਾਣਗੀਆਂ। ਆਈ.ਪੀ.ਸੀ.ਸੀ. ਦਾ ਪੂਰਵ ਅਨੁਮਾਨ ਹੈ ਕਿ ਇਸ ਸਦੀ ਦੇ ਅੰਤ ਤੱਕ ਪ੍ਰਿਥਵੀ ਦਾ ਤਾਪਮਾਨ 1.8 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ।
ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ 2030 ਅਤੇ 2050 ਦੇ ਵਿਚਕਾਰ ਹਰ ਸਾਲ ਆਮ ਹੋਣ ਵਾਲੀਆਂ ਮੌਤਾਂ ਨਾਲੋਂ 2,50,000 ਜ਼ਿਆਦਾ ਮੌਤਾਂ ਕੁਪੋਸ਼ਣ, ਮਲੇਰੀਆ, ਡਾਇਰੀਆ ਅਤੇ ਹੀਟ ਸਟਰੈੱਸ ਆਦਿ ਕਾਰਨਾਂ ਕਰਕੇ ਹੋਣਗੀਆਂ, ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਹੋਵੇਗਾ।
ਜੇਕਰ ਅੱਜ ਵੀ ਸਾਵਧਾਨ ਨਾ ਹੋਏ ਤਾਂ ਸਾਨੂੰ ਸੰਭਲਣ ਦਾ ਮੌਕਾ ਸ਼ਾਇਦ ਨਹੀਂ ਮਿਲੇਗਾ, ਕਿਉਂਕਿ ਇਹ ਬਹੁਤ ਹੀ ਧੀਮਾ ਪਰਿਵਰਤਨ ਹੈ, ਇਹੀ ਕਾਰਨ ਹੈ ਕਿ ਇਸ ਦਾ ਬਹੁਤਾ ਪ੍ਰਭਾਵ ਸਾਡੇ ਰੋਜ਼ਾਨਾ ਜੀਵਨ ਵਿਚ ਦੇਖਣ ਨੂੰ ਨਹੀਂ ਮਿਲਦਾ। ਪਰ ਇਸ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ ਅਤੇ ਹੋਰ ਭਿਆਨਕ ਨਤੀਜੇ ਭਵਿੱਖ ਵਿਚ ਦੇਖਣ ਨੂੰ ਮਿਲ ਸਕਦੇ ਹਨ। ਜਲਵਾਯੂ ਪਰਿਵਰਤਨ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਮੁਹਿੰਮਾਂ ਚੱਲ ਰਹੀਆਂ ਹਨ। ਸਭ ਤੋਂ ਜ਼ਰੂਰੀ ਹੈ ਕਿ ਕਾਰਬਨ ਡਾਈਆਕਸਾਈਡ ਅਤੇ ਗਰੀਨ ਹਾਊਸ ਗੈਸਾਂ ਦੇ ਮੁੱਖ ਸਰੋਤਾਂ ਦੀ ਪਛਾਣ ਕਰੀਏ ਤੇ ਉਨ੍ਹਾਂ ਨੂੰ ਠੱਲ੍ਹ ਪਾਉਣ ਦੇ ਤਰੀਕੇ ਲੱਭੀਏ। ਜਿਵੇਂ ਕਿ ਫੈਕਟਰੀਆਂ ਅਤੇ ਕਾਰਖਾਨਿਆਂ ਵਿਚੋਂ ਨਿਕਲਣ ਵਾਲੇ ਧੂੰਏਂ ਨੂੰ ਫਿਲਟਰ ਕਰਕੇ ਛੱਡੀਏ। ਸਵੈ-ਚਲਿਤ ਵਾਹਨਾਂ ਦੀ ਘੱਟੋ-ਘੱਟ ਵਰਤੋਂ ਕਰੀਏ। ਪਥਰਾਟੀ ਬਾਲਣਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾਈਏ। ਊਰਜਾ ਦੇ ਨਵੇਂ ਸਰੋਤਾਂ ਦੀ ਖੋਜ ਕਰੀਏ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਵਧਾਈਏ। ਇਸ ਮੁੱਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਲਿਆਉਣੀ ਬਹੁਤ ਹੀ ਜ਼ਰੂਰੀ ਹੈ।

-ਜ਼ਿਲ੍ਹਾ ਰੋਪੜ। ਮੋਬਾ: 99149-65937

ਬਾਲਾਂ ਨੂੰ ਸਾਹਿਤਕ ਜਾਗ ਕਿਵੇਂ ਲਾਈਏ?

ਬਾਲਾਂ ਵਿਚ ਅਨੇਕਾਂ ਗੁਣ ਛਿਪੇ ਹੁੰਦੇ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਬਣਦੀ ਹੈ। ਪਹਿਲੀ ਜ਼ਿੰਮੇਵਾਰੀ ਮਾਂ-ਪਿਉ ਅਤੇ ਪਰਿਵਾਰ ਦੀ ਬਣਦੀ ਹੈ। ਪੁਰਾਣੇ ਸਮੇਂ ਵਿਚ ਬੱਚੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਦੁਆਲੇ ਬਹਿ ਕੇ ਉਨ੍ਹਾਂ ਤੋਂ ਕਹਾਣੀਆਂ ਅਤੇ ਬਾਤਾਂ ਬੜੇ ਪਿਆਰ ਨਾਲ ਸੁਣਦੇ ਸਨ। ਛੋਟੇ ਬੱਚਿਆਂ ਨੂੰ ਸੁਆਉਣ ਲਈ ਸੁਣਾਈਆਂ ਜਾਂਦੀਆਂ ਲੋਰੀਆਂ ਵੀ ਇਸ ਦਾ ਹੀ ਹਿੱਸਾ ਸਨ। ਉਨ੍ਹਾਂ ਨੂੰ ਘਰਾਂ ਵਿਚ ਆਉਂਦੇ ਅਖ਼ਬਾਰਾਂ ਵਿਚੋਂ ਬਾਲ ਰਚਨਾਵਾਂ ਪੜ੍ਹ ਕੇ ਸੁਣਾਈਆਂ ਜਾਣ। ਉਹੋ ਜਿਹੀਆਂ ਲਿਖਤਾਂ ਲਿਖਣ ਦੀ ਪ੍ਰੇਰਨਾ ਦਿੱਤੀ ਜਾਵੇ। ਜਦੋਂ ਬੱਚਾ ਸਕੂਲ ਆ ਜਾਵੇ, ਉਦੋਂ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਵਿਚਲੀਆਂ ਕਲਾਤਮਕ ਰੁਚੀਆਂ ਅਤੇ ਗੁਣਾਂ ਨੂੰ ਸਹਿਜੇ-ਸਹਿਜੇ ਬਾਹਰ ਕੱਢਿਆ ਜਾਵੇ। ਪਹਿਲੀ ਜਮਾਤ ਦੇ ਕਾਇਦੇ ਵਿਚਲੀਆਂ ਕਵਿਤਾਵਾਂ, ਗੀਤ ਜ਼ਬਾਨੀ ਯਾਦ ਕਰਨ ਨੂੰ ਕਿਹਾ ਜਾਵੇ।
ਸਕੂਲ ਵਿਚ ਬਾਲ ਰਸਾਲੇ ਲਗਵਾਏ ਜਾਣੇ ਚਾਹੀਦੇ ਹਨ। ਹਰ ਰੋਜ਼ ਕੁਝ ਸਮੇਂ ਲਈ ਬੱਚਿਆਂ ਨੂੰ ਲਾਇਬ੍ਰੇਰੀ ਵਿਚ ਜ਼ਰੂਰ ਲਿਜਾਇਆ ਜਾਵੇ, ਉੱਥੇ ਬਾਲਾਂ ਦੀਆਂ ਰੁਚੀਆਂ ਵੱਲ ਅਧਿਆਪਕ ਧਿਆਨ ਦੇਣ। ਕਿਤਾਬਾਂ ਅਤੇ ਰਸਾਲਿਆਂ ਵਿਚਲੀਆਂ ਮਨਪਸੰਦ ਰਚਨਾਵਾਂ ਉਨ੍ਹਾਂ ਨੂੰ ਬੋਲ ਕੇ ਜਾਂ ਗਾ ਕੇ ਸੁਣਾਉਣ ਲਈ ਕਿਹਾ ਜਾਵੇ। ਉਸ ਤੋਂ ਬਾਅਦ ਬੱਚਿਆਂ ਨੂੰ ਕਿਹਾ ਜਾਵੇ, 'ਹੁਣ ਇਹੋ ਜਿਹੀਆਂ ਰਚਨਾਵਾਂ ਆਪ ਲਿਖਣ ਦੀ ਕੋਸ਼ਿਸ਼ ਕਰੋ।' ਜੇ ਅਧਿਆਪਕ ਆਪ ਕੁਝ ਲਿਖ ਸਕਦਾ ਹੋਵੇ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋਵੇਗਾ। ਜਿਹੋ ਜਿਹਾ ਵੀ ਬੱਚੇ ਲਿਖਦੇ ਹੋਣ, ਪ੍ਰਵਾਨ ਕਰੋ ਅਤੇ ਹੋਰ ਚੰਗਾ ਲਿਖਣ ਦੀ ਪ੍ਰੇਰਨਾ ਦਿਉ। ਬਾਲਾਂ ਨੂੰ ਹੱਲਾਸ਼ੇਰੀ ਦੇਣੀ ਨਾ ਭੁੱਲੋ। ਇਲਾਕੇ ਦੇ ਚੰਗੇ ਵੱਡੇ ਬਾਲ ਸਾਹਿਤਕਾਰਾਂ ਨਾਲ ਗਾਹੇ-ਬਗਾਹੇ ਰੂਬਰੂ ਪ੍ਰੋਗਰਾਮ ਕਰਵਾਉਂਦੇ ਰਹੋ। ਉਨ੍ਹਾਂ ਦੇ ਅਨੁਭਵ ਅਤੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਵਾਉਂਦੇ ਰਹੋ, ਉਨ੍ਹਾਂ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਬੱਚਿਆਂ ਨਾਲ ਸਾਂਝੀ ਕਰੋ, ਤਾਂ ਕਿ ਬੱਚੇ ਇਸ ਪਾਸੇ ਵੱਲ ਉਤਸ਼ਾਹਿਤ ਹੋਣ।
ਅਖ਼ਬਾਰਾਂ ਵਿਚੋਂ ਕੱਟ ਕੇ ਚੰਗੀਆਂ ਬਾਲ ਰਚਨਾਵਾਂ ਨੋਟਿਸ ਬੋਰਡ ਉੱਪਰ ਚਿਪਕਾਈਆਂ ਜਾਣ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਬਾਹਰੋਂ ਜਿੱਤ ਕੇ ਆਏ ਬੱਚਿਆਂ ਨੂੰ ਸਕੂਲ ਵੱਲੋਂ ਪ੍ਰਾਰਥਨਾ ਸਮੇਂ ਸਨਮਾਨ ਦਿੱਤਾ ਜਾਵੇ। ਰੇਡੀਉ ਅਤੇ ਟੀ.ਵੀ. 'ਤੇ ਚੱਲ ਰਹੇ ਬਾਲ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਬੱਚੇ ਲਿਜਾਏ ਜਾਣ। ਵੱਡੇ-ਵੱਡੇ ਸਾਹਿਤਕਾਰਾਂ ਦੀਆਂ ਜੀਵਨੀਆਂ ਬੱਚਿਆਂ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਜਾਣ। ਇਸ ਗੱਲ 'ਤੇ ਸਾਰੇ ਵਿਦਵਾਨ ਇਕ ਮੱਤ ਹਨ ਕਿ ਚੰਗੀਆਂ ਪੁਸਤਕਾਂ ਹੀ ਦੇਸ਼ ਨੂੰ ਚੰਗੇ, ਸੁਲਝੇ, ਸਿਆਣੇ ਨਾਗਰਿਕ ਦੇ ਸਕਦੀਆਂ ਹਨ। ਕਲਾ ਰੂਪੀ ਬੀਜ ਫਿਰ ਹੀ ਪੁੰਗਰੇਗਾ, ਜੇ ਅਧਿਆਪਕ ਉਸ ਨੂੰ ਲੋੜੀਂਦਾ ਮਾਹੌਲ ਦੇਣਗੇ, ਨਹੀਂ ਤਾਂ ਅਣਜੰਮੇ ਬੀਜ ਵਾਂਗ ਬੱਚੇ ਵਿਚਲੀ ਕਲਾ ਮਿੱਟੀ ਵਿਚ ਮਿਲ ਜਾਵੇਗੀ। ਸੋ, ਇਨ੍ਹਾਂ ਛੋਟੇ-ਛੋਟੇ ਉਪਰਾਲਿਆਂ ਨਾਲ ਅਸੀਂ ਬੱਚਿਆਂ ਅੰਦਰ ਛੁਪੀ ਕਲਾ ਬੜੇ ਆਰਾਮ ਨਾਲ ਬਾਹਰ ਕੱਢ ਸਕਦੇ ਹਾਂ। ਆਓ ਆਪਾਂ ਸਾਰੇ ਰਲ ਕੇ ਬੱਚਿਆਂ ਪ੍ਰਤੀ ਆਪਣੇ ਬਣਦੇ ਫ਼ਰਜ਼ ਪਛਾਣੀਏ ਅਤੇ ਨਿਭਾਈਏ।

-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ: 94635-42896

ਬੱਸ ਸਵਾਰੀਆਂ ਨੂੰ ਹੁੰਦੀਆਂ ਪ੍ਰੇਸ਼ਾਨੀਆਂ ਵੱਲ ਧਿਆਨ ਦੇਣ ਦੀ ਲੋੜ

ਚੰਗਿਆਈ ਵਾਸਤੇ ਆਵਾਜ਼ ਉਠਾਉਣਾ ਮਾੜੀ ਗੱਲ ਨਹੀਂ ਹੈ। ਮੈਂ ਗੱਲ ਕਰਨੀ ਚਾਹੁੰਦਾ ਹਾਂ ਬੱਸਾਂ ਵਿਚ ਸਫਰ ਕਰਨ ਸਮੇਂ ਹੁੰਦੀਆਂ ਪ੍ਰੇਸ਼ਾਨੀਆਂ ਦੀ। ਦੇਖਿਆ ਗਿਆ ਹੈ ਕਿ ਕੰਡਕਟਰ ਬੱਸਾਂ ਵਿਚ ਲੋੜ ਤੋਂ ਵੱਧ ਸਵਾਰੀਆਂ ਚੜ੍ਹਾ ਲੈਂਦੇ ਹਨ ਅਤੇ ਫਿਰ ਬਹੁਤ ਸਾਰੇ ਲੋਕਾਂ ਨੂੰ ਖੜ੍ਹੇ ਹੋ ਕੇ ਹੀ ਸਫ਼ਰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮਰਦ ਸਵਾਰੀਆਂ ਨੂੰ ਛੱਤ ਉੱਪਰ ਬਿਠਾ ਦਿੱਤਾ ਜਾਂਦਾ ਹੈ ਅਤੇ ਕੁਝ ਨੌਜਵਾਨ ਮਜਬੂਰੀ ਜਾਂ ਸ਼ੌਕ ਨਾਲ ਹੀ ਬਾਰੀਆਂ ਨਾਲ ਲਮਕ ਕੇ ਸਫਰ ਕਰਦੇ ਹਨ, ਜੋ ਖਤਰਨਾਕ ਵਰਤਾਰਾ ਹੈ ਅਤੇ ਉਹ ਖੁਦ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਅਜਿਹਾ ਕੁਝ ਤਿਉਹਾਰਾਂ ਦੇ ਦਿਨਾਂ ਵਿਚ ਆਮ ਹੁੰਦਾ ਹੈ।
ਔਰਤਾਂ ਅਤੇ ਬਜ਼ੁਰਗਾਂ ਨੂੰ ਸੀਟ ਜ਼ਰੂਰ ਮਿਲਣੀ ਚਾਹੀਦੀ ਹੈ। ਬੱਸ ਜ਼ਿਆਦਾ ਭਰੀ ਹੋਵੇ ਤਾਂ ਔਰਤਾਂ ਤੇ ਬਜ਼ੁਰਗਾਂ ਨੂੰ ਖੜ੍ਹਾ ਹੋਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਡਰਾਈਵਰ ਇਕਦਮ ਬਰੇਕ ਮਾਰੇ ਤਾਂ ਸਵਾਰੀਆਂ ਇਕ-ਦੂਜੇ ਦੇ ਉੱਪਰ ਡਿਗ ਪੈਂਦੀਆਂ ਹਨ, ਜੋ ਕਈ ਵਾਰ ਬੇਵਜ੍ਹਾ ਝਗੜੇ ਦਾ ਕਾਰਨ ਵੀ ਬਣ ਜਾਂਦਾ ਹੈ। ਔਰਤਾਂ ਜਾਂ ਲੜਕੀਆਂ ਨਾਲ ਕਈ ਮਨਚਲੇ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਵੀ ਆਮ ਗੱਲ ਹੈ। ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਜ਼ਰੂਰ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਬੱਸਾਂ ਵਿਚ ਲੱਗੇ ਟੀ.ਵੀ. ਅਤੇ ਡੈੱਕ 'ਤੇ ਭੱਦੇ ਗੀਤ ਅਕਸਰ ਚਲਦੇ ਹਨ, ਜੋ ਸਿਆਣਾ ਮਨੁੱਖ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਜਾਂ ਸੁਣ ਸਕਦਾ। ਉਨ੍ਹਾਂ ਦੀ ਆਵਾਜ਼ ਵੀ ਲੋੜੋਂ ਵੱਧ ਉੱਚੀ ਕੀਤੀ ਹੁੰਦੀ ਹੈ। ਸੋ, ਸਰਕਾਰ ਨੂੰ ਕੁਝ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ, ਜਿਵੇਂ ਬੱਸ ਵਿਚ ਓਨੀਆਂ ਹੀ ਸਵਾਰੀਆਂ ਚੜ੍ਹਾਈਆਂ ਜਾਣ, ਜਿੰਨੀਆਂ ਸੀਟਾਂ ਹੋਣ। ਇਸ ਨਾਲ ਔਰਤਾਂ ਨਾਲ ਵਾਪਰਦੀਆਂ ਸਰੀਰਕ ਛੇੜਛਾੜ ਦੀਆਂ ਘਟਨਾਵਾਂ ਵੀ ਘਟਣਗੀਆਂ। ਹੋ ਸਕੇ ਤਾਂ ਹਰ ਬੱਸ ਵਿਚ ਦੋ ਮੁਲਾਜ਼ਮ (ਇਕ ਮਰਦ, ਇਕ ਔਰਤ) ਤਾਇਨਾਤ ਕੀਤੇ ਜਾਣ। ਪ੍ਰੈਸ਼ਰ ਹਾਰਨਾਂ, ਟੀ. ਵੀ. ਜਾਂ ਗੀਤ ਵਜਾਉਣ 'ਤੇ ਸਖਤ ਪਾਬੰਦੀ ਲਗਾਈ ਜਾਵੇ। ਜੇ ਜ਼ਰੂਰੀ ਹੋਵੇ ਤਾਂ ਹੌਲੀ ਆਵਾਜ਼ ਵਿਚ ਧਾਰਮਿਕ ਜਾਂ ਸਮਾਜਿਕ ਸਰੋਕਾਰਾਂ ਵਾਲੇ ਗੀਤ ਜਾਂ ਫਿਲਮਾਂ ਹੀ ਦਿਖਾਈਆਂ ਜਾਣ, ਤਾਂ ਕਿ ਬੱਸ ਵਿਚ ਸਫਰ ਕਰਨਾ ਹਰੇਕ ਲਈ ਸੁਖਦਾਈ ਹੋ ਸਕੇ।

-ਤਰਨਤਾਰਨ ਰੋਡ, ਅੰਮ੍ਰਿਤਸਰ।
ਮੋਬਾ: 75081-59398

ਕਿਸਾਨ, ਜਿਸ ਨੇ ਪਿਛਲੇ ਸਾਲ ਵੀ ਨਾੜ ਨਹੀਂ ਸਾੜਿਆ

ਮੇਰਾ ਦੋਸਤ ਅਮਰਜੀਤ ਸਿੰਘ ਮੇਰੇ ਨਾਲ ਹੀ ਅਧਿਆਪਕ ਹੈ। ਅਧਿਆਪਨ ਦੇ ਨਾਲ ਉਹ ਇਕ ਅਗਾਂਹਵਧੂ ਕਿਸਾਨ ਵੀ ਹੈ। ਜਦ ਇਹ ਖ਼ਬਰ ਸੁਣੀ ਕਿ ਇਸ ਵਾਰੀ ਵਾਤਾਵਰਨ ਨੂੰ ਬਚਾਉਣ ਲਈ ਨਾੜ ਨਹੀਂ ਸਾੜਿਆ ਜਾਵੇਗਾ, ਜੋ ਨਾੜ ਸਾੜੇਗਾ, ਉਸ ਨੂੰ 2000 ਤੋਂ ਲੈ ਕੇ 5000 ਰੁਪਏ ਤੱਕ ਜੁਰਮਾਨਾ ਹੋਵੇਗਾ, ਫਿਰ ਵਾਰ-ਵਾਰ ਗ਼ਲਤੀ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਤਾਂ ਸਭ ਹੈਰਾਨ ਹੋਏ। ਕੋਈ ਕਹੇ ਬੜਾ ਔਖਾ ਕੰਮ ਹੈ, ਕੋਈ ਕਹੇ ਖਰਚਾ ਵਧੇਗਾ, ਕੋਈ ਕਹੇ ਕਿਸਾਨ ਦੀ ਮਜਬੂਰੀ ਹੈ। ਉਸ ਵਕਤ ਮੇਰਾ ਦੋਸਤ ਬੋਲਿਆ, 'ਭਰਾਵੋ, ਭਾਵੇਂ ਇਸ ਵਾਰੀ ਨਾੜ ਨਾ ਸਾੜਨ ਦੀ ਸਖ਼ਤ ਹਦਾਇਤ ਹੋਈ ਹੈ ਪਰ ਮੈਂ ਤਾਂ ਵਾਤਾਵਰਨ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਪਿਛਲੇ ਸਾਲ ਵੀ ਨਾੜ ਨਹੀਂ ਸੀ ਸਾੜਿਆ। ਤੂੜੀ ਬਣਾਉਣ ਤੋਂ ਬਾਅਦ ਜੋ ਨਾੜ ਬਚਿਆ ਸੀ, ਉਸ ਨੂੰ ਦੋ ਵਾਰੀ ਜ਼ਮੀਨ ਵਿਚ ਵਾਹ ਦਿੱਤਾ।
ਹਫਤਾ-ਦਸ ਦਿਨ ਦੀ ਧੁੱਪ ਤੋਂ ਬਾਅਦ ਖੇਤ ਨੂੰ ਭਰਵਾਂ ਪਾਣੀ ਲਗਾ ਦਿੱਤਾ, ਜਦ ਹਫਤੇ ਬਾਅਦ ਖੇਤ ਦੀ ਵਹਾਈ ਕੀਤੀ ਤਾਂ ਨਾੜ ਵਿਚ ਹੀ ਗਲ ਕੇ ਰੂੜੀ ਬਣ ਗਿਆ। ਵਾਧੂ ਨਦੀਨ ਵੀ ਉੱਗ ਪਏ। ਝੋਨੇ ਦੀ ਫ਼ਸਲ ਦਾ ਝਾੜ ਆਮ ਨਾਲੋਂ ਜ਼ਿਆਦਾ ਨਿਕਲਿਆ। ਨਦੀਨ-ਨਾਸ਼ਕ ਦਵਾਈਆਂ ਦੀ ਵਰਤੋਂ ਆਮ ਨਾਲੋਂ ਘੱਟ ਕਰਨੀ ਪਈ। ਬਹੁਤ ਸਾਰੇ ਮਿੱਤਰ ਕੀੜਿਆਂ ਦੀ ਜਾਨ ਬਚ ਗਈ, ਜਿਸ ਨਾਲ ਕੀੜੇਮਾਰ ਦਵਾਈਆਂ ਦੀ ਵਰਤੋਂ ਵੀ ਘੱਟ ਕਰਨੀ ਪਈ। ਜੋ ਦੋ ਵਾਰੀ ਵਾਧੂ ਖੇਤ ਵਾਹੁਣਾ ਪਿਆ, ਉਸ ਦਾ ਖਰਚਾ ਵਿਚ ਹੀ ਪੂਰਾ ਹੋ ਗਿਆ। ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਨਾੜ ਨੂੰ ਨਾ ਸਾੜੋ, ਸਗੋਂ ਮੇਰੇ ਵਾਂਗ ਇਸ ਨੂੰ ਰੂੜੀ ਲਈ ਵਰਤੋ। ਤੁਹਾਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਅਸੀਂ ਅਪ੍ਰੈਲ ਵਿਚ ਝੋਨਾ ਲਗਾ ਦਿੰਦੇ ਸੀ, ਬਾਅਦ ਵਿਚ ਸਰਕਾਰੀ ਹਦਾਇਤਾਂ ਅਨੁਸਾਰ ਜਦ ਅਸੀਂ 15 ਜੂਨ ਨੂੰ ਝੋਨਾ ਲਗਾਇਆ ਤਾਂ ਝਾੜ ਵੀ ਵੱਧ ਮਿਲਿਆ ਤੇ ਪਾਣੀ ਦਾ ਖਰਚ ਵੀ ਘੱਟ ਹੋਇਆ। ਇਸ ਵਾਰੀ ਬਹੁਤ ਸਾਰੇ ਕਿਸਾਨ ਸੁਚੇਤ ਹੋ ਗਏ ਤੇ ਵਾਤਾਵਰਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਕੀਆਂ ਨੂੰ ਬੇਨਤੀ ਹੈ ਕਿ ਉਹ ਵੀ ਨਾੜ ਸਾੜਨ ਤੋਂ ਗੁਰੇਜ਼ ਕਰਨ।

-ਅੱਕੂ ਮਸਤੇ ਕੇ (ਫ਼ਿਰੋਜ਼ਪੁਰ)।
ਮੋਬਾ: 99143-80202

ਕਿਸਾਨ ਕਰਜ਼ੇ ਤੋਂ ਮੁਕਤ ਕਿਵੇਂ ਹੋਣ?

ਅਜੋਕੇ ਸਮੇਂ ਵਿਚ ਕਿਸਾਨ ਦੁਆਰਾ ਕਰਜ਼ੇ ਤੋਂ ਤੰਗ ਹੋ ਕੇ ਮੌਤ ਨੂੰ ਗਲ ਲਾਉਣ ਦੀ ਖ਼ਬਰ ਆਮ ਹੀ ਜਾਪਣ ਲੱਗੀ ਹੈ। ਲੋਕਾਂ ਦੁਆਰਾ ਇਸ 'ਤੇ ਅਫ਼ਸੋਸ ਤਾਂ ਜ਼ਾਹਰ ਕੀਤਾ ਜਾਂਦਾ ਹੈ ਪਰ ਇਹ ਅਖ਼ਬਾਰ ਦੇ ਪੰਨੇ ਪਲਟਣ ਨਾਲ ਹੀ ਖ਼ਤਮ ਹੋ ਜਾਂਦਾ ਹੈ। ਇਸ ਪ੍ਰਤੀ ਹਰ ਕੋਈ ਆਪਣੇ ਵਿਚਾਰ ਦਿੰਦਾ ਹੋਇਆ ਕਿਸਾਨਾਂ ਨੂੰ ਲੋੜ ਤੋਂ ਵੱਧ ਖਰਚੇ ਦੇ ਲਈ ਕਸੂਰਵਾਰ ਠਹਿਰਾਅ ਰਿਹਾ ਹੈ। ਸਿਰਫ ਕਿਸਾਨੀ ਨਾਲ ਸਬੰਧਤ ਧੰਦਿਆਂ ਵਿਚ ਨਿਘਾਰ ਕਿਉਂ ਆ ਰਿਹਾ ਹੈ? ਖੇਤੀਬਾੜੀ ਤੋਂ ਹੋਣ ਵਾਲੀ ਆਮਦਨੀ ਬਾਰੇ ਤੱਥ ਕਿਉਂ ਨਹੀਂ ਸਾਹਮਣੇ ਲਿਆਂਦੇ ਜਾ ਰਹੇ? ਪੱਕੀ ਫ਼ਸਲ 'ਤੇ ਵਰ੍ਹਦੇ ਗੜਿਆਂ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਕਿਸਾਨ ਨੂੰ ਹੁੰਦੇ ਨੁਕਸਾਨ ਦੀ ਪੂਰਤੀ ਕਿਵੇਂ ਹੋਵੇਗੀ?
ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨੇ ਕੇਂਦਰ ਸਰਕਾਰ ਦੀ ਹਰੀ ਕ੍ਰਾਂਤੀ ਦੀ ਯੋਜਨਾ ਨੂੰ ਅਪਣਾ ਕੇ ਦੇਸ਼ ਦੀ ਭੁੱਖਮਰੀ ਦੂਰ ਕੀਤੀ। ਇਥੋਂ ਦੇ ਵਸਨੀਕ ਕਿਸੇ ਨਾ ਕਿਸੇ ਤਰੀਕੇ ਨਾਲ ਖੇਤੀਬਾੜੀ ਧੰਦਿਆਂ ਨਾਲ ਜੁੜੇ ਹੋਏ ਹਨ। ਲਗਪਗ 2-3 ਦਹਾਕੇ ਪਹਿਲਾਂ ਖੇਤੀ ਨਾਲ ਸਬੰਧਤ ਹਾਲਾਤ ਸੁਖਾਵੇਂ ਸਨ। ਇਹ ਸਮਾਂ ਸੀ ਜਦੋਂ ਕਿਸਾਨ ਅਤੇ ਬਾਣੀਏ ਦੀ ਯਾਰੀ ਤੇ ਦੁਸ਼ਮਣੀ ਦੀ ਚਰਚਾ ਲੋਕ-ਗੀਤਾਂ, ਬੋਲੀਆਂ 'ਚ ਹੁੰਦੀ ਸੀ। ਕਿਸਾਨ ਦੀ ਫ਼ਸਲ ਦਾ ਮੁੱਲ ਜਾਂ ਖ਼ਰੀਦ ਬਾਣੀਏ ਦੁਆਰਾ ਹੀ ਕੀਤੀ ਜਾਂਦੀ ਸੀ। ਆੜ੍ਹਤ ਦਾ ਕੰਮ ਉਸ ਸਮੇਂ ਬਾਣੀਆ ਕਰਦਾ ਸੀ। ਸੁਣੀ ਗੱਲ ਏ ਕਿ ਬਾਣੀਏ ਨੂੰ ਪੈਸੇ ਨਾਲ ਪਿਆਰ ਸਭ ਤੋਂ ਵੱਧ ਹੁੰਦਾ ਏ। ਕਿਸਾਨ ਵੱਲੋਂ ਘਰੇਲੂ ਲੋੜਾਂ ਲਈ ਜਾਂ ਕਿਸੇ ਕਾਰਜ ਲਈ ਪੈਸੇ ਲਏ ਜਾਂਦੇ ਸਨ। ਵਪਾਰ ਵਿਚ ਕੋਈ ਵੀ ਘਾਟੇ ਦਾ ਸੌਦਾ ਨਹੀਂ ਕਰਦਾ, ਇਸ ਲਈ ਬਾਣੀਏ ਦੁਆਰਾ ਵਿਆਜ ਵੀ ਲਿਆ ਜਾਂਦਾ ਸੀ। ਫ਼ਸਲ ਦੇ ਮੁੱਲ ਦੀ ਪੂਰੀ ਜਾਣਕਾਰੀ ਹੋਣ ਕਰਕੇ ਆੜ੍ਹਤੀਏ ਦੁਆਰਾ ਪੈਸੇ ਸੀਮਤ ਹੀ ਦਿੱਤੇ ਜਾਂਦੇ ਸਨ, ਇਸ ਨਾਲ ਕਿਸਾਨ ਦੇ ਖਰਚੇ ਦੀ ਇਕ ਹੱਦ ਵੀ ਮਿਥੀ ਜਾਂਦੀ ਸੀ।
ਸਮੇਂ ਦਾ ਅਜਿਹਾ ਬਦਲਾਅ, ਕੁਝ ਹੋਰ ਲੋਕਾਂ ਦੁਆਰਾ ਆੜ੍ਹਤ ਦੇ ਕੰਮ ਨੂੰ ਅਪਣਾਇਆ ਗਿਆ, ਜਿਨ੍ਹਾਂ ਵਿਚ ਸ਼ਾਹੂਕਾਰ, ਜਗੀਰਦਾਰ, ਕਿਸਾਨ ਵੀ ਸ਼ਾਮਿਲ ਹੋਏ। ਫਿਰ ਕਰਜ਼ੇ ਨੂੰ ਕਿਸਾਨ ਦੀ ਜ਼ਮੀਨ ਨਾਲ ਜੋੜਿਆ ਜਾਣ ਲੱਗਾ ਅਤੇ ਕੁਝ ਦੀ ਲਾਲਸਾ ਨੇ ਜ਼ਮੀਨਾਂ ਦੀ ਕੁਰਕੀ ਦਾ ਦੌਰ ਸ਼ੁਰੂ ਕਰ ਦਿੱਤਾ। ਖੇਤੀ ਦਾ ਲਾਹੇਵੰਦ ਧੰਦਾ, ਜਿਸ ਨਾਲ ਕਈ ਪਰਿਵਾਰ ਸਬੰਧਤ ਸਨ, ਹੁਣ ਆਤਮਦਾਹ ਦੀ ਵਜ੍ਹਾ ਬਣ ਗਿਆ। ਬੈਂਕਾਂ ਦਾ ਆਧੁਨਿਕੀਕਰਨ ਹੋੋਣ ਉਪਰੰਤ ਇਹ ਆਮ ਲੋਕਾਂ ਦੇ ਨਜ਼ਦੀਕ ਆ ਗਏ। ਆੜ੍ਹਤ ਤੋਂ ਬਚਣ ਲਈ ਅਤੇ ਸਰਕਾਰ ਦੀਆਂ ਯੋਜਨਾਵਾਂ ਕਰਕੇ ਲੋਕਾਂ ਵੱਲੋਂ ਬੈਂਕਾਂ ਦਾ ਸਹਾਰਾ ਲਿਆ ਗਿਆ। ਕੁਝ ਦਿਨਾਂ ਦੀ ਰਾਹਤ ਮਿਲੀ, ਫਿਰ ਆਫ਼ਤ ਨੇ ਰੂਪ ਬਦਲ ਕੇ ਆ ਘੇਰਿਆ। ਕਰਜ਼ੇ ਦਾ ਬੋਝ ਦਿਨੋ-ਦਿਨ ਵਧਦਾ ਹੀ ਜਾ ਰਿਹਾ, ਪਰ ਸਰਕਾਰਾਂ ਵੱਲੋਂ ਕੋਈ ਠੋਸ ਯੋਜਨਾ ਨਹੀਂ ਹੈ। ਸਾਧਾਰਨ ਜਿਹੀ ਗੱਲ ਹੈ ਕਿ ਕਿਵੇਂ ਕਰਜ਼ਾ ਮਾਫ਼ ਹੋਣ ਤੋਂ ਬਾਅਦ ਕਿਸਾਨੀ 'ਚ ਸੁਧਾਰ ਹੋ ਜਾਵੇਗਾ, ਜੇਕਰ ਕਿਸਾਨ ਦੀ ਫ਼ਸਲ ਦੀ ਰਕਮ ਸਾਲ-ਸਾਲ ਬਾਅਦ ਮਿਲੇਗੀ। ਕਿਸਾਨ ਆਪਣੇ ਖਰਚੇ ਲਈ ਵਿਆਜ 'ਤੇ ਪੈਸੇ ਲੈਂਦਾ ਹੈ ਅਤੇ ਉਸ ਦੀ ਫ਼ਸਲ ਦਾ ਮੁੱਲ ਸਾਲ ਬਾਅਦ ਵੀ ਓਨਾ ਹੀ ਰਹੇਗਾ ਤਾਂ ਕਿਵੇਂ ਹੋ ਸਕਦਾ ਕਿ ਕਰਜ਼ਾ ਨਹੀਂ ਹੋਵੇਗਾ? ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਫ਼ਸਲ ਦੇ ਮੁੱਲ ਤੱਕ ਦਾ ਕਰਜ਼ਾ ਬਿਨਾਂ ਵਿਆਜ ਤੋਂ ਹੀ ਮਿਲੇ ਜਾਂ ਫ਼ਸਲ ਦੀ ਰਕਮ ਦਾ ਵਿਆਜ ਮੁਆਫ਼ ਕਰ ਦੇਣਾ ਚਾਹੀਦਾ ਹੈ।

-ਮੋਬਾਈਲ : 96532-96535

ਪੰਜਾਬੀ ਅਤੇ ਅੰਗਰੇਜ਼ੀ ਦਾ ਸੰਤੁਲਨ ਕਾਇਮ ਕਰਨਾ ਜ਼ਰੂਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਅਤੇ ਦਸਵੀਂ ਤੋਂ ਹੋਰ ਵਿਦੇਸ਼ੀ ਭਾਸ਼ਾ ਦੀ ਸਿਖਲਾਈ ਦੀ ਗੱਲ ਆਖੀ ਗਈ ਹੈ। ਵਿਸ਼ਵੀਕਰਨ ਦੀ ਨਜ਼ਰ ਤੋਂ ਇਹ ਠੀਕ ਹੈ, ਪਰ ਮਾਂ-ਬੋਲੀ ਨੂੰ ਪਿਛਾਂਹ ਧੱਕਣਾ ਵੱਡੀ ਗ਼ਲਤੀ ਹੈ। ਭਾਸ਼ਾ ਵਿਗਿਆਨੀ ਸਾਬਤ ਕਰ ਚੁੱਕੇ ਹਨ ਕਿ ਬੱਚੇ ਦੀ ਕਾਰਗੁਜ਼ਾਰੀ ਮਾਂ-ਬੋਲੀ ਵਿਚ ਬਿਹਤਰ ਹੁੰਦੀ ਹੈ, ਇਸ ਲਈ ਵਿਦੇਸ਼ੀ ਭਾਸ਼ਾ ਜਿਹੜੀ ਮਰਜ਼ੀ ਸਿਖਾਉਣ, ਨਾਲ ਮਾਂ-ਬੋਲੀ ਦਾ ਸੰਤੁਲਨ ਜ਼ਰੂਰ ਬਣਾ ਕੇ ਚੱਲਣ। ਲੋਕਾਂ ਅਤੇ ਨਿੱਜੀ ਸਕੂਲਾਂ ਨੂੰ ਵੀ ਇਹ ਸਮਝ ਕੇ ਬੱਚੇ ਨੂੰ ਮਾਂ-ਬੋਲੀ ਵਿਚ ਗੱਲਬਾਤ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ।
ਇਕ ਬਹੁਤ ਵੱਡੀ ਸਚਾਈ ਹੈ, ਜੇਕਰ ਬੱਚਾ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਮੁਹਾਰਤ ਰੱਖਦਾ ਹੋਏ ਤਾਂ ਉਸ ਦਾ ਆਤਮ-ਵਿਸ਼ਵਾਸ ਵਧੇਰੇ ਹੁੰਦਾ ਹੈ। ਉਹ ਆਪਣੀ ਗੱਲ ਵੱਧ ਪ੍ਰਭਾਵਸ਼ਾਲੀ ਢੰਗ ਵਿਚ ਰੱਖਦਾ ਹੈ। ਆਪਣੀ ਪਸੰਦ ਦੇ ਉਲਟ ਮਾਹੌਲ ਵਿਚ ਵੀ ਉਹ ਡੋਲਦਾ ਨਹੀਂ। ਇਸ ਤੋਂ ਇਲਾਵਾ ਅੰਗਰੇਜ਼ੀ ਸਿਖਾਉਣ ਲਈ ਕਾਬਲ ਅਧਿਆਪਕਾਂ ਦੀ ਫੌਜ ਦੀ ਲੋੜ ਹੈ। ਵਾਧੂ ਭਾਰ ਦੇ ਤੌਰ 'ਤੇ ਜੇ ਮੌਜੂਦਾ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਨਾਲ ਜੋੜਨ ਦੀ ਕੁਤਾਹੀ ਪੰਜਾਬ ਸਰਕਾਰ ਕਰੇਗੀ ਤਾਂ ਇਹ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਹੀ ਹੋ ਸਕਦੇ ਹਨ। ਅਧਿਆਪਕ ਨਵੇਂ ਚਾਹੀਦੇ ਹੋਣਗੇ, ਜੋ ਘੱਟੋ-ਘੱਟ ਅੰਗਰੇਜ਼ੀ ਵਿਸ਼ੇ ਵਿਚ ਪੋਸਟ-ਗ੍ਰੈਜੂਏਟ ਹੋਣ। ਕੀ ਕਰਜ਼ਿਆਂ ਨਾਲ ਲੱਦੀ ਪੰਜਾਬ ਸਰਕਾਰ ਦੀਆਂ ਲੱਤਾਂ ਇਹ ਬੋਝ ਝੱਲਣ ਦੇ ਕਾਬਲ ਹਨ? ਹੋਰ ਵਿਦੇਸ਼ੀ ਭਾਸ਼ਾਵਾਂ ਸਿਖਾਉਣ ਲਈ ਤਾਂ ਪੂਰੀ ਨਵੀਂ ਰਣਨੀਤੀ ਘੜਨੀ ਪਵੇਗੀ। ਖਰਚਾ ਵੀ ਵੱਖਰਾ ਚਾਹੀਦਾ ਹੈ ਅਤੇ ਕਿਤਾਬਾਂ ਸਮੇਤ ਪ੍ਰਬੰਧ ਵੀ। ਕੀ ਮੌਜੂਦਾ ਸਰਕਾਰ ਲਈ ਸੰਭਵ ਹੋ ਸਕੇਗਾ ਇਹ ਸਭ?ਵਿਦੇਸ਼ੀ ਭਾਸ਼ਾਵਾਂ ਸਿਖਾਉਣ ਦਾ ਨਿਰਣਾ ਕੈਪਟਨ ਸਾਹਿਬ ਦਾ ਜਾਇਜ਼ ਹੈ ਪਰ ਉਹ ਮਾਂ ਬੋਲੀ ਦੀ ਕੀਮਤ 'ਤੇ ਨਹੀਂ ਹੋਣਾ ਚਾਹੀਦਾ।

-ਬਠਿੰਡਾ। ਮੋਬਾ: 99886-46091

ਅੰਧ-ਵਿਸ਼ਵਾਸ ਦੀ ਭੇਟ ਚੜ੍ਹਦੇ ਰੁੱਖ

ਮੁੱਢ ਤੋਂ ਹੀ ਮਨੁੱਖੀ ਵਸੋਂ ਅਤੇ ਰੁੱਖਾਂ ਦਾ ਗੂੜ੍ਹਾ ਸਬੰਧ ਰਿਹਾ ਹੈ। ਮਨੁੱਖੀ ਜੀਵਨ ਦੇ ਮੁਢਲੇ ਸਾਲਾਂ ਵਿਚ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਆਦਮੀ ਦੀ ਪੂਰੀ ਨਿਰਭਰਤਾ ਰੁੱਖਾਂ ਉੱਪਰ ਰਹੀ ਹੈ। ਅੱਜ ਵੀ ਰੁੱਖਾਂ ਦੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਕ ਪਾਸੇ ਜਿੱਥੇ ਮਨੁੱਖ ਆਪਣੇ ਸਵਾਰਥ ਦੀ ਖਾਤਰ ਰੁੱਖਾਂ ਨੂੰ ਧੜਾਧੜ ਵੱਢੀ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਆਪਣੀ ਅੰਧ-ਵਿਸ਼ਵਾਸੀ ਸੋਚ ਅਧੀਨ ਵੀ ਰੁੱਖਾਂ 'ਤੇ ਕਹਿਰ ਢਾਹਿਆ ਜਾ ਰਿਹਾ ਹੈ। ਕੁਦਰਤ ਵਿਚ ਮਨੁੱਖ ਦੇ ਇਸ ਦਖ਼ਲ ਨੇ ਕੁਦਰਤ ਦੇ ਵਰਤਾਰੇ ਨੂੰ ਵੀ ਬਦਲ ਦਿੱਤਾ ਹੈ।
ਕੋਈ ਇਮਾਰਤ ਬਣਾਉਣੀ ਹੋਵੇ, ਬਿਜਲੀ ਦੀ ਲਾਈਨ ਕੱਢਣੀ ਹੋਵੇ ਜਾਂ ਫਿਰ ਸੜਕ ਚੌੜੀ ਕਰਨੀ ਹੋਵੇ, ਸਭ ਤੋਂ ਪਹਿਲਾਂ ਰੁੱਖਾਂ ਦੀ ਬਲੀ ਲਈ ਜਾਂਦੀ ਹੈ। ਲੱਖਾਂ ਦੀ ਗਿਣਤੀ ਵਿਚ ਆਏ ਸਾਲ ਛੋਟੇ-ਵੱਡੇ, ਹਰੇ-ਭਰੇ ਰੁੱਖ ਦਿਨਾਂ ਵਿਚ ਹੀ ਸਰਕਾਰੀ ਸਰਪ੍ਰਸਤੀ ਹੇਠ ਵਿਕਾਸ ਦੇ ਨਾਂਅ 'ਤੇ ਸਾਫ਼ ਕਰ ਦਿੱਤੇ ਜਾਂਦੇ ਹਨ। ਪਰ ਇਨ੍ਹਾਂ ਵੱਢੇ ਗਏ ਰੁੱਖਾਂ ਦੀ ਜਗ੍ਹਾ ਹੋਰ ਰੁੱਖ ਲਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਸਮਝਦਾ। ਜੋ ਥੋੜ੍ਹੇ-ਬਹੁਤ ਸੜਕ ਕਿਨਾਰਿਆਂ 'ਤੇ ਬਚ ਰਹਿੰਦੇ ਹਨ, ਉਨ੍ਹਾਂ ਦੇ ਵੀ ਅੰਨ੍ਹੀ ਤੇ ਅੰਧ-ਵਿਸ਼ਵਾਸੀ ਸ਼ਰਧਾ ਅਧੀਨ ਜੜ੍ਹੀਂ ਤੇਲ ਦਿੱਤਾ ਜਾ ਰਿਹਾ ਹੈ। ਜੜ੍ਹੀਂ ਤੇਲ ਦੇਣ ਦਾ ਮਤਲਬ ਹੈ ਰੁੱਖਾਂ ਦੀ ਬਰਬਾਦੀ। ਸਿੱਟੇ ਵਜੋਂ ਕੁਝ ਸਮੇਂ ਬਾਅਦ ਰੁੱਖ ਸੁੱਕ ਕੇ ਡਿਗ ਪੈਂਦੇ ਹਨ। ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ਕਿਹੋ ਜਿਹੀ ਪੂਜਾ ਹੈ, ਜੋ ਰੁੱਖਾਂ ਦਾ ਵਿਨਾਸ਼ ਕਰਦੀ ਹੈ? ਇਸ ਤੋਂ ਇਲਾਵਾ ਕਿੱਲ ਠੋਕ ਕੇ ਭਗਵਾਨ ਦੀਆਂ ਮੂਰਤੀਆਂ ਟੰਗਣੀਆਂ, ਯਾਤਰਾ ਸਮੇਂ ਆਪਣੇ ਨਾਂਅ ਦੀਆਂ ਪਲੇਟਾਂ ਲਾਉਣੀਆਂ, ਰੁੱਖਾਂ ਦੁਆਲੇ ਧਾਗੇ ਲਪੇਟਣੇ ਜਾਂ ਚੁੰਨੀਆਂ ਬੰਨ੍ਹਣੀਆਂ ਆਦਿ ਸ਼ਰਧਾ-ਭਾਵਨਾ ਰੁੱਖਾਂ ਦਾ ਅਸਿੱਧੇ ਤੌਰ 'ਤੇ ਨਾਸ਼ ਕਰਦੀ ਹੈ। ਜੰਡ, ਨਿੰਮ, ਕਿੱਕਰ, ਪਿੱਪਲ ਜਿਹੇ ਰੁੱਖ ਅਜਿਹੀ ਪੂਜਾ ਦੀ ਬਲੀ ਚੜ੍ਹ ਚੁੱਕੇ ਹਨ ਜਾਂ ਚੜ੍ਹ ਰਹੇ ਹਨ। ਇਸ ਪੂਰੇ ਵਰਤਾਰੇ ਪਿੱਛੇ ਸਮਾਜ ਵਿਚ ਫੈਲੀ ਅਗਿਆਨਤਾ ਤੇ ਚਮਤਕਾਰੀ ਸ਼ਕਤੀਆਂ ਨਾਲ ਸਭ ਕੁਝ ਹਾਸਲ ਕਰਨ ਦੀ ਕਮਜ਼ੋਰ ਮਾਨਸਿਕਤਾ ਹੈ। ਰੁੱਖਾਂ ਦੁਆਲੇ ਬਣਾਏ ਗਏ ਪੱਕੇ ਤੇ ਪੱਥਰਨੁਮਾ ਚਬੂਤਰੇ ਵੀ ਰੁੱਖਾਂ ਦੇ ਵਿਕਾਸ ਵਿਚ ਰੁਕਾਵਟ ਬਣਦੇ ਹਨ।
ਅੱਜ ਧਰਤੀ ਦੀ ਤਪਸ਼ ਵਧ ਰਹੀ ਹੈ, ਸਮੁੱਚਾ ਵਾਤਾਵਰਨ ਪਲੀਤ ਹੋ ਗਿਆ ਹੈ, ਪਰ ਮਨੁੱਖ ਅਜੇ ਵੀ ਸੁਚੇਤ ਹੋਇਆ ਨਹੀਂ ਜਾਪਦਾ। ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਇਹ ਸਮੱਸਿਆ ਏਨੀ ਗੰਭੀਰ ਹੋ ਚੁੱਕੀ ਹੈ ਕਿ ਕਿਸੇ ਇਕ ਦੀ ਕੋਸ਼ਿਸ਼ ਨਾਲ ਸਹਿਜੇ ਨਹੀਂ ਨਜਿੱਠੀ ਜਾ ਸਕਦੀ। ਜ਼ਰੂਰਤ ਹੈ ਅੰਧ-ਵਿਸ਼ਵਾਸਾਂ ਤੋਂ ਬਾਹਰ ਨਿਕਲਣ ਦੀ। ਰੁੱਖਾਂ ਦੇ ਜੜ੍ਹੀਂ ਤੇਲ ਨਹੀਂ, ਪਾਣੀ ਦੇਣ ਦੀ ਲੋੜ ਹੈ। ਰੁੱਖਾਂ ਦੇ ਵਧਣ-ਫੁੱਲਣ ਲਈ ਸਾਂਭ-ਸੰਭਾਲ ਹੀ ਰੁੱਖਾਂ ਦੀ ਅਸਲੀ ਪੂਜਾ ਹੈ, ਅਜਿਹੀ ਪੂਜਾ ਕਰਨੀ ਹਰ ਮਨੁੱਖ ਦਾ ਫ਼ਰਜ਼ ਹੈ।

-ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ)। ਮੋਬਾ: 94630-90470

ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਿਵੇਂ ਕਰੀਏ?

ਕਿਉਂਕਿ ਅਧਿਆਪਕ ਕਿੱਤਾ ਬਹੁਤ ਹੀ ਮਿਹਨਤ ਵਾਲਾ ਅਤੇ ਜ਼ਿੰਮੇਵਾਰੀ ਵਾਲਾ ਕਿੱਤਾ ਹੈ। ਇਸ ਲਈ ਸਰਕਾਰ ਵੱਲੋਂ ਅਧਿਆਪਕ ਬਣਨ ਤੋਂ ਪਹਿਲਾਂ ਅਧਿਆਪਕ ਯੋਗਤਾ ਪ੍ਰੀਖਿਆ (ਪੀ. ਐੱਸ. ਟੀ. ਈ. ਟੀ.) ਅਤੇ ਵਿਸ਼ਾ ਟੈਸਟ ਵਰਗੇ ਔਖੇ-ਔਖੇ ਚੁਣੌਤੀਪੂਰਨ ਟੈਸਟ ਲਏ ਜਾਂਦੇ ਹਨ, ਜਿਨ੍ਹਾਂ ਵਿਚੋਂ ਸਾਨੂੰ ਲੰਘਣ ਲਈ ਸੋਨੇ ਵਾਂਗ ਅਗਨੀ ਪ੍ਰੀਖਿਆ ਦੇਣੀ ਪੈਂਦੀ ਹੈ। ਇਕ ਚੰਗਾ ਅਧਿਆਪਕ ਬਣਨ ਲਈ ਕਿਸੇ ਵੀ ਵਿਸ਼ੇ ਨੂੰ ਤਿਆਰੀ ਤੋਂ ਵਾਂਝਾ ਨਾ ਛੱਡੋ।
ਅਸੀਂ ਅਕਸਰ ਸੁਣਦੇ ਹਾਂ ਕਿ ਪੰਜਾਬੀ ਅਤੇ ਅੰਗਰੇਜ਼ੀ ਦੇ ਭਾਗ ਦੀ ਤਿਆਰੀ ਦੀ ਕੀ ਲੋੜ ਹੈ? ਜੋ ਕਿ ਸਾਡਾ ਕਮਜ਼ੋਰ ਪਹਿਲੂ ਹੈ। ਇਨ੍ਹਾਂ ਗੱਲਾਂ ਨੂੰ ਛੱਡ ਕੇ ਚੰਗੇ ਅਧਿਆਪਕ ਦੀ ਤਰ੍ਹਾਂ ਤਿਆਰੀ ਕਰੋ। ਇਸ ਲਈ ਸਭ ਤੋਂ ਪਹਿਲਾਂ ਸਿਲੇਬਸ ਨੂੰ ਧਿਆਨ ਨਾਲ ਪੜ੍ਹੋ, ਉਸ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰੋ। ਪ੍ਰੀਖਿਆ ਦਾ ਸਭ ਤੋਂ ਪਹਿਲਾ ਭਾਗ ਸਿੱਖਿਆ ਮਨੋਵਿਗਿਆਨ ਨਾਲ ਸਬੰਧਤ ਹੁੰਦਾ ਹੈ, ਜੋ ਸਭ ਤੋਂ ਔਖਾ ਮੰਨਿਆ ਜਾਣ ਵਾਲਾ ਵਿਸ਼ਾ ਹੈ, ਜੋ ਅਕਸਰ ਸੁਣਿਆ ਜਾਂਦਾ ਹੈ ਕਿ ਇਹ ਸਾਡੇ ਸਿਲੇਬਸ ਤੋਂ ਬਾਹਰ ਹੈ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਸ ਲਈ ਇਸ ਵਿਸ਼ੇ ਦੀ ਤਿਆਰੀ ਲਈ 'ਸਿੱਖਿਆ ਮਨੋਵਿਗਿਆਨ' ਪੜ੍ਹ ਸਕਦੇ ਹੋ ਜੋ ਕਿ 90 ਫੀਸਦੀ ਸਿਲੇਬਸ ਕਵਰ ਕਰਦੀ ਹੈ। ਪੰਜਾਬੀ ਭਾਗ ਲਈ 'ਪੰਜਾਬੀ ਭਾਸ਼ਾ ਦਾ ਅਧਿਆਪਨ' ਕਿਤਾਬ ਧਿਆਨ ਨਾਲ ਪੜ੍ਹੋ। ਅੰਗਰੇਜ਼ੀ ਭਾਗ ਲਈ ਦੀਪਿਕਾ ਲਾਬਾ ਦੀ 'ਟੀਚਿੰਗ ਆਫ ਇੰਗਲਿਸ਼' ਕਿਤਾਬ ਨੂੰ ਧਿਆਨ ਨਾਲ ਪੜ੍ਹੋ।
ਇਸ ਤੋਂ ਇਲਾਵਾ ਪ੍ਰੀਖਿਆ ਵਿਚ ਸਭ ਤੋਂ ਮਹੱਤਵਪੂਰਨ ਭਾਗ ਤੁਹਾਡਾ ਆਪਣਾ ਵਿਸ਼ਾ ਹੁੰਦਾ ਹੈ। ਪਰ ਅਸੀਂ ਇਸ ਲੇਖ ਰਾਹੀਂ ਸਮਾਜਿਕ ਵਿਗਿਆਨ ਦੇ ਵਿਸ਼ੇ ਦੀ ਹੀ ਜਾਣਕਾਰੀ ਦੇ ਰਹੇ ਹਾਂ। ਇਸ ਵਿਸ਼ੇ ਲਈ ਐੱਨ. ਸੀ. ਈ. ਆਰ. ਟੀ. ਦੀਆਂ ਸਮਾਜਿਕ ਵਿਗਿਆਨ ਦੀਆਂ ਛੇਵੀਂ ਤੋਂ ਦਸਵੀਂ ਤੱਕ ਦੀਆਂ ਕਿਤਾਬਾਂ ਜ਼ਰੂਰ ਧਿਆਨ ਨਾਲ ਪੜ੍ਹੋ। ਇਸ ਤੋਂ ਇਲਾਵਾ ਪੀ. ਐੱਸ. ਈ. ਬੀ. ਦੀਆਂ ਛੇਵੀਂ ਤੋਂ ਦਸਵੀਂ ਤੱਕ ਸਮਾਜਿਕ ਸਿੱਖਿਆ ਦੀਆਂ ਕਿਤਾਬਾਂ, ਗਿਆਰ੍ਹਵੀਂ ਦੀ ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਭੂਗੋਲ, ਬਾਰ੍ਹਵੀਂ ਸ਼੍ਰੇਣੀ ਦੀ ਭੂਗੋਲ ਦੀਆਂ ਕਿਤਾਬਾਂ ਲਾਹੇਵੰਦ ਸਿੱਧ ਹੁੰਦੀਆਂ ਹਨ। ਬਾਕੀ ਤੁਹਾਡਾ ਟੈਸਟ ਕਿਹੜੀ ਸੰਸਥਾ ਲੈ ਰਹੀ ਹੈ, ਉਸ ਦੇ ਮੁਤਾਬਿਕ ਕਿਤਾਬਾਂ ਦੀ ਚੋਣ ਕੀਤੀ ਜਾ ਸਕਦੀ ਹੈ। ਉਪਰੋਕਤ ਕਿਤਾਬਾਂ 60 ਅੰਕਾਂ ਵਿਚੋਂ 50 ਅੰਕਾਂ ਦਾ ਸਿਲੇਬਸ ਹੀ ਕਵਰ ਕਰਦੀਆਂ ਹਨ, ਕਿਉਂਕਿ ਬਾਕੀ 10 ਅੰਕ ਪੇਡਾਗੋਗੀਕਲ ਵਿਸ਼ਿਆਂ ਨਾਲ ਸਬੰਧਤ ਹੁੰਦੇ ਹਨ, ਜਿਸ ਦੀ ਅਸੀਂ ਤਿਆਰੀ ਨਹੀਂ ਕਰਦੇ ਹਾਂ। ਇਸ ਲਈ 'ਟੀਚਿੰਗ ਆਫ ਸੋਸ਼ਲ ਸਟੱਡੀ' ਦੀ ਕਿਤਾਬ ਤੋਂ ਤਿਆਰੀ ਕਰ ਸਕਦੇ ਹਾਂ। ਅੰਤ ਵਿਚ ਅਸੀਂ ਸਲਾਹ ਦੇਵਾਂਗੇ ਕਿ ਜ਼ਿਆਦਾ ਮੈਟੀਰੀਅਲ ਇਕੱਠਾ ਨਾ ਕਰੋ, ਉਪਰੋਕਤ ਕਿਤਾਬਾਂ ਦੀ ਚੰਗੀ ਤਰ੍ਹਾਂ ਦੁਹਰਾਈ ਕਰੋ। ਇਸ ਦੇ ਨਾਲ ਹੀ ਐੱਨ. ਸੀ. ਐੱਫ.-2005 ਵੀ ਪੜ੍ਹੋ। ਇਹ ਤਿਆਰੀ ਕਰਨ ਤੋਂ ਬਾਅਦ ਤੁਹਾਡਾ ਟੈਸਟ ਵਾਲੇ ਦਿਨ ਦੇ 2 ਘੰਟੇ 30 ਮਿੰਟ ਤੁਹਾਡੀ ਸਫ਼ਲਤਾ ਦੇ ਅਹਿਮ ਪਲ ਹੁੰਦੇ ਹਨ, ਜਿਸ ਵਿਚ ਟਾਈਮ ਮੈਨੇਜਮੈਂਟ, ਆਤਮਵਿਸ਼ਵਾਸ, ਆਪਣੀ ਸੂਝਬੂਝ ਆਦਿ ਦਾ ਧਿਆਨ ਰੱਖੋ। ਇਸ ਦੇ ਨਾਲ ਹੀ ਇਹ ਕਹਾਂਗੇ ਕਿ ਦਿਲ ਲਾ ਕੇ ਤਿਆਰੀ ਕਰੋ।

-ਪਿੰਡ ਕਲਿਆਣ ਸੁੱਖੀ। ਮੋਬਾ: 94786-73215


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX