ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਗੁਰਭਜਨ ਗਿੱਲ ਦੀਆਂ ਚਾਰ ਗ਼ਜ਼ਲਾਂ

ਤੁਰ ਰਿਹੈ, ਵੇਖੋ ਸਦਾ, ਮੇਰੇ ਬਰਾਬਰ ਦੋਸਤੋ |
ਜ਼ਖ਼ਮ ਦਿਲ ਦਾ ਬਣ ਗਿਆ, ਮੇਰਾ ਤਾਂ ਰਾਹਬਰ ਦੋਸਤੋ |
ਮੈਂ ਨਹੀਂ ਡਰਦਾ ਕਦੇ ਵੀ ਤੇਜ਼ ਤਿੱਖੇ ਤੀਰ ਤੋਂ,
ਜਿਸਮ ਦੇ ਹਰ ਰੋਮ ਵਿਚ, ਪਹਿਲਾਂ ਹੀ ਨਸ਼ਤਰ ਦੋਸਤੋ |
ਏਸ ਦਾ ਨਾ ਜੋੜਿਓ, ਰਿਸ਼ਤਾ ਕਿਸੇ ਵੀ ਪੀੜ ਨਾਲ,
ਅੱਥਰੂ ਤਾਂ ਅੱਖ 'ਚੋਂ ਵਹਿੰਦੇ ਨਿਰੰਤਰ ਦੋਸਤੋ |
ਦੋਸਤਾਂ ਦੀ ਦੋਸਤੀ ਦੇ ਜ਼ਖ਼ਮ ਵੀ ਮੈਨੂੰ ਅਜ਼ੀਜ਼,
ਜਾਣਦੇ ਮੈਨੂੰ ਤਾਂ ਇਹ ਮੇਰੇ ਤੋਂ ਬਿਹਤਰ ਦੋਸਤੋ |
ਜ਼ਿੰਦਗੀ ਪੱਤਝੜ 'ਚ ਸੰੁਨੀ ਟਾਹਣ ਜਿਉਂ ਖ਼ਾਮੋਸ਼ ਹੈ,
ਫੁੱਲ, ਫਲ, ਪੱਤਹਾਰ ਮਗਰੋਂ ਹੁੰਦੈ ਅਕਸਰ ਦੋਸਤੋ |
ਟੁੱਟ ਜਾਵੇ ਤੰਦ, ਉਹ ਜੁੜ ਜਾਏ ਕਿਧਰੇ ਹੋਰ ਹੀ,
ਸੁਪਨਿਆਂ ਵਿਚ ਇਸ ਤਰ੍ਹਾਂ ਹੁੰਦਾ ਏ ਅਕਸਰ ਦੋਸਤੋ |
ਮਿਹਰਬਾਨੋ, ਕਦਰਦਾਨੋ, ਇਹ ਮੁਹੱਬਤ ਦਾ ਕਮਾਲ,
ਬਣ ਗਿਆ ਹਾਂ ਮੈਂ ਕਿਵੇਂ ਕਤਰੇ ਤੋਂ ਸਾਗਰ ਦੋਸਤੋ |
                      -0--0-

ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ,
ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ |
ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਗਰਕ ਗਏ,
ਹੋਰ 'ਧਰਤ' ਤੋਂ 'ਗੋਬਿੰਦ' ਆਵੇ, ਏਹੋ ਹੀ ਦਿਲ ਚਾਹੁੰਦਾ ਹੈ |
ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ ਕਿਹੜੇ ਰਾਹ,
ਮਨ ਦਾ ਪੰਛੀ ਭਟਕ ਰਿਹਾ ਏ, ਭਾਵੇਂ ਅੰਬਰ ਚਾਹੁੰਦਾ ਹੈ |
ਧਰਮ ਕਰਮ ਦਾ ਗੂੜ੍ਹਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਨ ਮੁਹਾਲ,
ਜੇ ਜੁੜ ਜਾਵੇ, ਕਰਜ਼ ਧਰਤ ਦਾ,ਓਹੀ ਸਿਰ ਤੋਂ ਲਾਹੁੰਦਾ ਹੈ |
ਪਵਨ ਗੁਰੂ, ਪਾਣੀ ਹੈ ਬਾਬਲ, ਧਰਤੀ ਨੂੰ ਜੋ ਮਾਂ ਸਮਝਣ,
ਉਨ੍ਹਾਂ ਦਾ ਟੱਬਰ ਹੀ ਰਲ ਕੇ, ਛਾਵੇਂ ਮੰਜੇ ਡਾਹੁੰਦਾ ਹੈ |
ਸਭ ਨੂੰ , ਖ਼ੁਦ ਨੂੰ ਕਿੰਨੀ ਵਾਰੀ ਪੁੱਛਿਆ ਹੈ ਮੈਂ ਘੜੀ ਮੁੜੀ,
ਸਾਡੇ ਅੰਦਰ ਬੈਠਾ ਕਿਹੜਾ, ਸੁਪਨ-ਮਹਿਲ ਜੋ ਢਾਹੁੰਦਾ ਹੈ |
ਸਾਡੇ ਘਰ ਤੋਂ ਅਮਰੀਕਾ ਤੱਕ, ਜਾਲ ਵਿਛਾਇਆ ਅਣਦਿਸਦਾ,
ਕਿਹੜਾ ਚਤੁਰ ਸ਼ਿਕਾਰੀ ਹੈ ਜੋ ਉਡਣੇ ਪੰਛੀ ਫਾਹੁੰਦਾ ਹੈ |
                     -0--0-

ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ 'ਤੇ ਸਵਾਰ |
ਜਿੰਦੇ, ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ |
ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ,
ਕਦੇ ਭੁੱਲ ਕੇ ਵੀ ਕਰੀਏ ਨਾ ਦਿਲ ਦਾ ਵਪਾਰ |
ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ,
ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿਚ ਨਾ ਉਧਾਰ |
ਤੇਰੀ ਯਾਦ ਕਾਹਦੀ ਆਈ, ਗੰੁਮੇ ਹੋਸ਼ ਤੇ ਹਵਾਸ,
ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ |
ਅੱਜ ਵਰਿ੍ਹਆਂ ਤੋਂ ਬਾਅਦ ਫਿਰ ਆਈ ਤੇਰੀ ਯਾਦ,
ਜਿਵੇਂ ਸ਼ਾਮੀਂ ਘਰ ਪਰਤੇ ਪਰਿੰਦਿਆਂ ਦੀ ਡਾਰ |
ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ,
ਕਦੇ ਛੱਡ ਦੇ ਨਾ ਪਿੱਛਾ, ਕੀਤੇ ਕੌਲ ਤੇ ਕਰਾਰ |
ਘੜੀ ਸਾਹਾਂ ਵਾਲੀ ਟਿਕ-ਟਿਕ ਯਾਦ ਤੈਨੂੰ ਕਰੇ,
ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ |
                        -0-
ਹਨੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ |
ਇਹਦਾ ਇਹ ਅਰਥ ਤਾਂ ਨਹੀਂ, ਉਸ ਦਾ ਚਿਹਰਾ ਨਹੀਂ ਹੁੰਦਾ |
ਇਹ ਕੈਸੀ ਤਿਸ਼ਨਗੀ ਲੈ ਕੇ, ਥਲਾਂ ਵਿਚ ਪੌਣ ਹੈ ਫਿਰਦੀ,
ਕਿਸੇ ਡਾਚੀ ਦਾ ਇਕੋ ਥਾਂ ਕਦੇ ਠਹਿਰਾਅ ਨਹੀਂ ਹੁੰਦਾ |
ਮੁਸੀਬਤ ਧਰਮ ਤੇ ਇਖ਼ਲਾਕ ਦੀ ਹੀ ਪਰਖ ਹੈ ਕਰਦੀ,
ਸਦਾ ਇਕਸਾਰ ਪਾਣੀ ਤੁਰ ਰਿਹਾ, ਦਰਿਆ ਨਹੀਂ ਹੁੰਦਾ |
ਮੈਂ ਆਪਣੇ ਆਪ ਨੂੰ ਜਦ ਫਾਸਲੇ ਤੋਂ ਵੇਖਣਾ ਚਾਹੁੰਦਾਂ,
ਕਿਸੇ ਸ਼ੀਸ਼ੇ 'ਚ ਮੇਰਾ ਅਕਸ ਵੀ 'ਮੇਰਾ' ਨਹੀਂ ਹੁੰਦਾ |
ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾ ਬਾਲਦਾਂ ਰਹਿੰਨਾਂ,
ਮੇਰੇ ਰਾਹਾਂ 'ਚ ਨੇਰ੍ਹੇ ਦਾ ਤਦੇ ਪਹਿਰਾ ਨਹੀਂ ਹੁੰਦਾ |
ਹਕੂਮਤ ਜਬਰ ਕਰਕੇ 'ਸਾਬਰਾਂ' ਦੀ ਸਿਰਜਣਾ ਕਰਦੀ,
ਕਦੇ ਵੀ ਸੂਰਮੇ ਸਿਰ 'ਮੁੱਲ' ਦਾ ਸਿਹਰਾ ਨਹੀਂ ਹੁੰਦਾ |
ਮੈਂ ਬੀਤੇ ਵਕਤ ਨੂੰ ਫੜਨਾ ਵੀ ਚਾਹਵਾਂ, ਫੜ ਨਹੀਂ ਸਕਦਾ,
ਹਵਾ ਦਾ, ਮਹਿਕ ਦਾ ਜਿਸਮਾਂ ਜਿਹਾ ਪਰਦਾ ਨਹੀਂ ਹੁੰਦਾ |
                         -0--0-


ਖ਼ਬਰ ਸ਼ੇਅਰ ਕਰੋ

ਅਦੁੱਤੇ ਸ਼ਹੀਦ ਡਾ: ਦੀਵਾਨ ਸਿੰਘ ਕਾਲੇਪਾਣੀ

ਡਾ: ਦੀਵਾਨ ਸਿੰਘ ਕਾਲੇਪਾਣੀ ਆਪਣੀ ਮਿਹਨਤ, ਨੇਕੀ, ਗ਼ਰੀਬਾਂ ਦੀ ਮਦਦ ਅਤੇ ਆਪਣੇ ਅਸੂਲਾਂ 'ਤੇ ਦਿ੍ੜ੍ਹ ਰਹਿੰਦਾ ਹੋਇਆ ਜਾਪਾਨੀਆਂ ਦੇ ਜ਼ੁਲਮ-ਤਸ਼ੱਦਦ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਇਆ | ਸਭ ਤੋਂ ਪਹਿਲਾਂ ਮੈਨੂੰ ਉਸ ਦੀ ਸ਼ਹਾਦਤ ਦਾ ਪਤਾ ਉਸ ਦੇ ਸਪੁੱਤਰ ਸ: ਮਹਿੰਦਰ ਸਿੰਘ ਢਿੱਲੋਂ ਤੋਂ ਲੱਗਾ | ਉਹ ਮੇਰੇ ਨਾਲ ਗੁਰੂ ਨਾਨਕ ਖਾਲਸਾ ਕਾਲਜ, ਗੁੱਜਰਾਂਵਾਲਾ ਵਿਚ ਕਾਲਜਮੇਟ ਸੀ | ਉਸ ਦੇ ਅੱਖ਼ਰ ਸਨ- ਮੇਰੇ ਪਿਤਾ ਜੀ ਨੂੰ ਬਹੁਤ ਦੁੱਖ ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ | ਉਨ੍ਹਾਂ ਨੇ ਅੰਡੇਮਾਨ ਨਿਕੋਬਾਰ ਵਿਚ ਗੁਰਦੁਆਰਾ ਬਣਾਇਆ, ਜਿਸ ਦਾ ਨਾਂਅ ਹੁਣ ਵੀ ਡਾ: ਦੀਵਾਨ ਸਿੰਘ ਕਾਲੇਪਾਣੀ ਦਾ ਗੁਰਦੁਆਰਾ ਹੈ | ਉਹ ਕੈਦੀ ਸਿੱਖਾਂ ਦੇ ਬਹੁਤ ਹੀ ਹਮਦਰਦ ਲੀਡਰ ਸਨ |
ਡਾ: ਦੀਵਾਨ ਸਿੰਘ ਦਾ ਜਨਮ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ)) ਵਿਚ ਹੋਇਆ | ਮੁੱਢਲੀ ਵਿੱਦਿਆ ਉਨ੍ਹਾਂ ਨੇ ਅਪਣੇ ਪਿੰਡ ਤੋਂ ਪ੍ਰਾਪਤ ਕੀਤੀ | ਉਹ ਦੋ ਕੁ ਸਾਲ ਦੇ ਸਨ ਕਿ ਬਦਕਿਸਮਤੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਗੁਜ਼ਰ ਗਏ | ਫਿਰ ਉਨ੍ਹਾਂ ਨੂੰ ਦਾਦੀ ਨੇ ਪਾਲਿਆ | ਉਹ ਉੱਚ ਵਿੱਦਿਆ ਪ੍ਰਾਪਤ ਕਰ ਕੇ ਮਿਲਟਰੀ ਮੈਡੀਕਲ ਸਕੂਲ ਆਗਰਾ ਵਿਚ ਦਾਖ਼ਲ ਹੋ ਗਏ ਅਤੇ ਮਿਲਟਰੀ ਵਿਚ ਡਾਕਟਰ ਨਿਯੁਕਤ ਹੋ ਗਏ | ਨੌਕਰੀ ਦੇ ਸਮੇਂ ਰਾਵਲਪਿੰਡੀ ਅਤੇ ਬਹੁਤ ਸਾਰੇ ਸਰਹੱਦੀ ਇਲਾਕਿਆਂ ਵਿਚ ਕੰਮ ਕਰਦੇ ਰਹੇ | ਬਹੁਤ ਸਮਾਂ ਉਨ੍ਹਾਂ ਨੇ ਅੰਬਾਲਾ ਅਤੇ ਡਿਕਸਈ ਵਿਚ ਕੰਮ ਕੀਤਾ | ਫਿਰ ਉਨ੍ਹਾਂ ਦੀ ਰੰਗੂਨ ਬਦਲੀ ਹੋ ਗਈ | ਰੰਗੂਨ ਉਸ ਵੇਲੇ ਭਾਰਤ ਦਾ ਹਿੱਸਾ ਸੀ | ਜਦ ਉਨ੍ਹਾਂ ਦੀ ਰੈਜਮੈਂਟ ਟੁੱਟ ਗਈ ਤਦ ਉਨ੍ਹਾਂ ਨੂੰ ਅੰਡੇਮਾਨ ਨਿਕੋਬਾਰ ਵਿਖੇ ਸਿਵਲ ਡਾਕਟਰ ਵਜੋਂ ਭੇਜ ਦਿੱਤਾ | ਉਹ ਥੋੜ੍ਹੀ ਤਨਖ਼ਾਹ ਵਿਚ ਗੁਜ਼ਾਰਾ ਕਰਦੇ ਰਹੇ, ਉਨ੍ਹਾਂ ਉੱਥੇ ਗ਼ਰੀਬਾਂ ਦੀ ਮੁਫ਼ਤ ਸੇਵਾ ਕੀਤੀ | ਇਸ ਤਰ੍ਹਾਂ ਉਸ ਥਾਂ ਦੇ ਸਾਰੇ ਲੋਕ ਉਨ੍ਹਾਂ ਦੀ ਇੱਜ਼ਤ ਕਰਦੇ ਸਨ | ਉਨ੍ਹਾਂ ਦੀਆਂ ਨਜ਼ਰਾਂ ਵਿਚ ਹਰ ਗ਼ਰੀਬ ਦੀ ਸਹਾਇਤਾ ਕਰਨੀ ਪੁੰਨ ਦਾ ਕਾਰਜ ਸੀ, ਚਾਹੇ ਲੋੜਵੰਦ ਕਿਸੇ ਵੀ ਜਾਤੀ ਅਤੇ ਧਰਮ ਦਾ ਹੋਵੇ | ਗੁਰਦੁਆਰੇ ਵਿਚ ਉਨ੍ਹਾਂ ਨੂੰ ਹਰ ਧਰਮ ਦੇ ਲੋਕ ਮਿਲਦੇ |
ਸੰਨ 1939 ਈ: ਵਿਚ ਜਦੋਂ ਦੂਜਾ ਸੰਸਾਰ ਯੁੱਧ ਆਰੰਭ ਹੋਇਆ, ਉਸ ਵੇਲੇ ਵੀ ਉਹ ਲਗਾਤਾਰ ਡਾਕਟਰੀ ਸੇਵਾ ਵਿਚ ਰੁੱਝੇ ਰਹੇ | ਕੁਝ ਲੋਕ ਭਲੇ ਹਿੰਦੂ ਸਨ, ਉਹ ਉਨ੍ਹਾਂ ਦੀ ਪ੍ਰਸਿੱਧਤਾ ਕਰ ਕੇ ਖਾਰ ਖਾਂਦੇ | ਜਦ ਜਾਪਾਨੀਆਂ ਨੇ ਸੰਨ 1941 ਈਸਵੀ ਵਿਚ ਸਿੰਘਾਪੁਰ, ਮਲੇਸ਼ੀਆ ਤੇ ਬ੍ਰਹਮਾ ਆਦਿ ਇਲਾਕੇ ਜਿੱਤੇ ਅਤੇ ਅੰਡੇਮਾਨ ਨਿਕੋਬਾਰ ਵੀ ਜਿੱਤ ਲਿਆ ਤਾਂ ਉਨ੍ਹਾਂ ਦੀ ਹਕੂਮਤ ਆਉਣ ਨਾਲ, ਖ਼ਾਰ ਖਾਣ ਵਾਲੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਇਹ ਅੰਗਰੇਜ਼ਾਂ ਦਾ ਜਾਸੂਸ ਹੈ | ਉਸ ਨੂੰ ਜਾਸੂਸੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਪਾਨੀਆਂ ਨੇ ਡਾ: ਦੀਵਾਨ ਸਿੰਘ ਕਾਲੇਪਾਣੀ ਸਮੇਤ ਹੋਰਨਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ | ਸਭ ਤੋਂ ਵੱਡਾ ਜਾਸੂਸੀ ਦਾ ਇਲਜ਼ਾਮ ਦੀਵਾਨ ਸਿੰਘ 'ਤੇ ਲਾਇਆ ਗਿਆ | ਇਸ ਕਰਕੇ ਉਨ੍ਹਾਂ ਨੂੰ ਤਕਰੀਬਨ ਤਿੰਨ ਮਹੀਨੇ ਆਪਣੇ ਕਬਜ਼ੇ ਵਿਚ ਰੱਖਿਆ ਤੇ ਉਨ੍ਹਾਂ ਉੱਤੇ ਅਕਹਿ ਤੇ ਅਸਹਿ ਜ਼ੁਲਮ ਢਾਹੁੰਦੇ ਰਹੇ | ਇਕ ਦਿਨ ਜਾਪਾਨੀ ਜੇਲ੍ਹ ਅਫ਼ਸਰ ਨੇ ਕੈਂਚੀ ਮੰਗਵਾ ਕੇ ਇਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ | ਫਿਰ ਇਕ ਦਿਨ ਇਨ੍ਹਾਂ ਨੂੰ ਲੋਹੇ ਦੀ ਕੁਰਸੀ 'ਤੇ ਬਿਠਾਇਆ ਅਤੇ ਹੇਠ ਅੱਗ ਬਾਲ ਦਿੱਤੀ, ਜਿਸ ਨਾਲ ਉਨ੍ਹਾਂ ਦਾ ਸਰੀਰ ਝੁਲਸ ਗਿਆ |
ਜਾਪਾਨੀ ਘੜੀ ਮੁੜੀ ਜ਼ੋਰ ਪਾਉਂਦੇ- ਤੂੰ ਮੰਨ ਜਾ ਕਿ ਮੈਂ ਜਾਸੂਸੀ ਕੀਤੀ ਹੈ, ਤੈਨੂੰ ਛੱਡ ਦੇਵਾਂਗੇ | ਪਰ ਉਹ ਸੱਚੇ ਦੇਸ਼ ਭਗਤ ਸਨ ਅਤੇ ਆਪਣੇ ਇਰਾਦੇ 'ਤੇ ਦਿ੍ੜ੍ਹ ਰਹੇ | ਫਿਰ 13 ਜਨਵਰੀ 1944 ਨੂੰ ਉਨ੍ਹਾਂ ਦੀ ਮੌਤ ਹੋ ਗਈ | ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਸਮੁੰਦਰ ਦੇ ਕਿਨਾਰੇ 'ਤੇ ਕੰਬਲ ਵਿਚ ਲਪੇਟ ਕੇ, ਉਸ ਉੱਪਰ ਪੈਟਰੋਲ ਪਾ ਕੇ ਅੱਗ ਲਾ ਦਿੱਤੀ | 
ਡਾ: ਦੀਵਾਨ ਸਿੰਘ ਕਾਲੇਪਾਣੀ ਇਕ ਚੰਗੇ ਡਾਕਟਰ, ਗ਼ਰੀਬਾਂ ਦੇ ਮਸੀਹਾ ਹੀ ਸਨ, ਉਹ ਚੰਗੇੇ ਲੇਖਕ ਵੀ ਸਨ | ਉਨ੍ਹਾਂ ਦੀ ਪੰਜਾਬ ਦੇ ਕਵੀਆਂ ਅਤੇ ਉੱਚ-ਕੋਟੀ ਦੇ ਕਵੀਆਂ ਨਾਲ ਸਾਂਝ ਸੀ | ਦੇਸ਼ ਦੀ ਆਜ਼ਾਦੀ ਖ਼ਾਤਰ ਉਨ੍ਹਾਂ ਦੀ ਕੁਰਬਾਨੀ ਅਦੁੱਤੀ ਹੈ | ਸ਼ਹੀਦਾਂ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂਅ ਸਦਾ ਅਮਰ ਰਹੇਗਾ ਅਤੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ |
ਉਨ੍ਹਾਂ ਦੇ ਸਪੁੱਤਰ ਸ: ਮਹਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਦੀ ਯਾਦ ਵਿਚ ਚੰਡੀਗੜ੍ਹ ਤੋਂ 11 ਕਿਲੋਮੀਟਰ ਦੂਰ, ਟੀ-ਪੁਆਇੰਟ ਮਾਜਰਾ ਤੋਂ ਇਕ ਕਿਲੋਮੀਟਰ ਸਿੱਸਵਾਂ ਵੱਲ ਬੱਦੀ ਸੜਕ 'ਤੇ ਇਕ ਬਹੁਤ ਹੀ ਸ਼ਾਨਦਾਰ ਮਿਊਜ਼ੀਅਮ ਬਣਾਇਆ ਹੈ | ਜਿਸ 'ਤੇ ਉਨ੍ਹਾਂ ਦੇ ਸਪੁੱਤਰ ਨੇ ਬਹੁਤ ਸਾਰਾ ਪੈਸਾ ਖ਼ਰਚਿਆ ਹੈ | ਉਨ੍ਹਾਂ ਇਕ ਕਵਿਤਾ ਯਸੂ ਮਸੀਹ ਉੱਤੇ ਲਿਖੀ ਹੈ | ਉਸ ਦਾ ਪਹਿਲਾ ਹਿੱਸਾ ਜਿਸਮਾਨੀ ਸ਼ਕਲੋਂ ਸੂਰਤ ਦਾ ਵਿਸਤਾਰ ਕਰਦਾ ਹੈ ਅਤੇ ਪਿਛਲਾ ਹਿੱਸਾ ਉਨ੍ਹਾਂ ਦੇ ਮਨ ਦੇ ਿਖ਼ਆਲਾਂ ਨੂੰ ਉਲੀਕਣ ਦਾ ਯਤਨ ਕਰਦਾ ਹੈ, ਜੋ ਇਸ ਤਰ੍ਹਾਂ ਹੈ:-
ਛਾਤੀ ਅੰਦਰ ਇਕ ਤੜਫ਼ਦਾ ਫ਼ੜਕਦਾ ਦਿਲ,
ਰਹਿਮਤ ਦਾ ਸਮੁੰਦਰ ਬੰਦ ਜਿਸ ਅੰਦਰ,
ਚੁੱਪ ਚਾਪ ਸੈਂ ਤੂੰ, ਲਿੱਸਾ ਜਿਹਾ ਮੂੰਹ ਤੇਰਾ,
ਦਿਲਗ਼ੀਰ, ਥੱਲੇ ਲੱਥੀਆਂ ਸੁੰਦਰ ਅੱਖਾਂ,
ਟੁਰਦਾ ਜਾਂਦਾ, ਲੰਮੀਆਂ ਲੰਮੀਆਂ ਪੁਲਾਂਘਾਂ ਭਰਦਾ,
ਬੜੇ-ਬੜੇ ਕਾਹਲੀ ਦੇ ਕੰਮ ਜਿਵੇਂ ਪਏ ਹੁੰਦੇ ਕਿਸੇ ਨੂੰ
ਸਾਰੇ ਜਹਾਨ ਦੀ ਪੀੜ ਤੇਰੇ ਸੀਨੇ,
ਸਾਰੇ ਜਹਾਨ ਦੇ ਫ਼ਿਕਰ ਤੇਰੇ ਸਿਰ... |

-1288, ਸੈਕਟਰ 15/ਬੀ,
ਚੰਡੀਗੜ੍ਹ-160015.

ਅਨੁਸ਼ਾਸਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਭਾਰਤੀ ਫ਼ੌਜ ਜਿਵੇਂ ਜਲ, ਥਲ ਅਤੇ ਹਵਾਈ ਸੈਨਾ ਵਿਚ ਅਤੇ ਹੋਰ ਅਰਧ ਸੈਨਿਕ ਬਲਾਂ ਵਿਚ ਹਰ ਕੰਮ, ਹਰ ਫਰਜ਼ ਅਨੁਸ਼ਾਸਨ ਨੂੰ ਮੁੱਖ ਰੱਖ ਕੇ ਹੀ ਕੀਤਾ ਜਾਂਦਾ ਹੈ, ਅਨੁਸ਼ਾਸਨ ਦੁਨੀਆ ਦੇ ਹਰ ਕੰਮ ਲਈ ਜ਼ਰੂਰੀ ਹੈ, ਜਿਵੇਂ ਮਿ੍ਤਕ ਵਿਅਕਤੀ ਦੇ ਸੰਸਕਾਰ ਦਾ ਅਨੁਸ਼ਾਸਨ, ਖਾਣ-ਪੀਣ ਦਾ ਅਨੁਸ਼ਾਸਨ, ਉਠਣ-ਬੈਠਣ ਦਾ ਅਨੁਸ਼ਾਸਨ, ਸੌਣ-ਜਾਗਣ ਦਾ ਅਨੁਸ਼ਾਸਨ, ਹੱਸਣ-ਰੋਣ ਦਾ ਅਨੁਸ਼ਾਸਨ, ਗੱਡੀਆਂ ਚਲਾਉਣ ਦਾ ਅਨੁਸ਼ਾਸਨ, ਪੂਜਾ-ਪਾਠ ਦਾ ਅਨੁਸ਼ਾਸਨ ਆਦਿ |
• ਜੇ ਮਨੁੱਖੀ ਸਮਾਜ ਇਨਸਾਫ਼ 'ਤੇ ਆਧਾਰਿਤ ਨਾ ਹੋਵੇ ਤਾਂ ਇਹ ਸਿਰਫ਼ ਜਾਨਵਰਾਂ ਦੇ ਝੰੁਡ ਵਾਂਗ ਹੀ ਹੁੰਦਾ ਹੈ | ਇਸੇ ਤਰ੍ਹਾਂ ਮਨੁੱਖੀ ਸਮਾਜ ਵਿਚ ਅਨੁਸ਼ਾਸਨ ਵੀ ਜ਼ਰੂਰੀ ਹੈ |
• ਜੋ ਬੱਚਾ, ਜਵਾਨ, ਬਜ਼ੁਰਗ ਅਨੁਸ਼ਾਸਨ ਨੂੰ ਅਪਣਾ ਲੈਂਦਾ ਹੈ, ਉਹ ਜ਼ਿੰਦਗੀ ਵਿਚ ਕਦੇ ਅਸਫ਼ਲ ਜਾਂ ਫਾਡੀ ਨਹੀਂ ਹੁੰਦਾ |
• ਅਨੁਸ਼ਾਸਨ ਦੀਆਂ ਦੋ ਕਿਸਮਾਂ ਹਨ 1. ਸਵੈ-ਅਨੁਸ਼ਾਸਨ, 2. ਸਖ਼ਤੀ ਨਾਲ ਜਬਰੀ ਅਨੁਸ਼ਾਸਨ ਵਿਚ ਬੰਨ੍ਹ ਕੇ ਅਨੁਸ਼ਾਸਨਕਾਰੀ ਬਣਾਉਣਾ, ਜਿਵੇਂ ਟ੍ਰੈਫਿਕ ਪੁਲਿਸ ਦੀਆਂ ਹਦਾਇਤਾਂ ਅਨੁਸਾਰ ਹੀ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ | ਅਨੁਸ਼ਾਸਨ ਵਿਚ ਰਹਿਣਾ ਜਾਂ ਅਨੁਸ਼ਾਸਨ ਦਾ ਪਾਲਣ ਕਰਨਾ ਥੋੜ੍ਹਾ ਔਖਾ ਲਗਦਾ ਹੈ | ਪਰ ਇਸ ਦੇ ਪਾਲਣ ਨਾਲ ਜ਼ਿੰਦਗੀ ਵਿਚ ਸਫ਼ਲਤਾ ਮਿਲਦੀ ਹੈ | ਅਸਲ ਵਿਚ ਅਨੁਸ਼ਾਸਨ ਹੀ ਸਫ਼ਲਤਾ ਦਾ ਭੇਦ ਹੈ |
• ਮਨੁੱਖ ਨੂੰ ਅਨੁਸ਼ਾਸਨ ਵਿਚ ਰਹਿਣ ਨਾਲ ਨਵੀਂ ਦਿਸ਼ਾ ਮਿਲਦੀ ਹੈ ਅਤੇ ਜ਼ਿੰਦਗੀ ਨੂੰ ਇਕ ਮੁਕਾਮ ਮਿਲਦਾ ਹੈ |
• ਅਨੁਸ਼ਾਸਨ ਦੀ ਭੱਠੀ 'ਚ ਤਪ ਕੇ ਕਾਬਲੀਅਤ ਯੋਗਤਾ ਬਣ ਜਾਂਦੀ ਹੈ |
• ਜੋ ਆਪਣੇ 'ਤੇ ਸ਼ਾਸਨ ਕਰ ਸਕਦੇ ਹਨ, ਉਹੀ ਦੂਜਿਆਂ 'ਤੇ ਵੀ ਕਰਦੇ ਹਨ |
• ਅਨੁਸ਼ਾਸਨ ਵਿਚ ਰਹਿਣ ਵਾਲਾ ਬੰਦਾ ਹਮੇਸ਼ਾ ਦੂਜਿਆਂ ਦਾ ਸਤਿਕਾਰ ਕਰਦਾ ਹੈ ਅਤੇ ਅਜਿਹੇ ਬੱਚੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਦੇ ਹਨ | ਉਹ ਗ਼ਲਤ ਰਸਤੇ 'ਤੇ ਨਹੀਂ ਚਲਦੇ ਅਤੇ ਨਸ਼ਿਆਂ ਆਦਿ ਤੋਂ ਵੀ ਬਚੇ ਰਹਿੰਦੇ ਹਨ |
• ਅਨੁਸ਼ਾਸਨ ਨਾਲ ਬੰਦਾ ਕੰਮ ਨੂੰ ਸਮੇਂ 'ਤੇ ਅਤੇ ਸਹੀ ਢੰਗ ਨਾਲ ਕਰਨਾ ਸਿਖਦਾ ਹੈ | ਬਚਪਨ ਤੋਂ ਹੀ ਜੋ ਅਨੁਸ਼ਾਸਨ ਵਿਚ ਰਹਿਣਾ ਸਿਖ ਜਾਂਦਾ ਹੈ, ਉਸ ਨੂੰ ਜ਼ਿੰਦਗੀ ਵਿਚ ਹਮੇਸ਼ਾ ਸਫ਼ਲਤਾ ਮਿਲਦੀ ਹੈ |
• ਆਦਰਸ਼, ਅਨੁਸ਼ਾਸਨ, ਮਰਿਆਦਾ, ਮਿਹਨਤ, ਇਮਾਨਦਾਰੀ, ਉੱਚ ਮਨੁੱਖੀ ਕਦਰਾਂ-ਕੀਮਤਾਂ ਤੋਂ ਬਿਨਾਂ ਕਿਸੇ ਦਾ ਜੀਵਨ ਮਹਾਨ ਨਹੀਂ ਬਣ ਸਕਦਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਚੂਹੇ ਸ਼ਰਾਬੀ ਹੋ ਗਏ


ਬਿਹਾਰ 'ਚ ਸ਼ਰਾਬਬੰਦੀ ਹੈ | ਪਰ ਸ਼ਰਾਬੀਆਂ ਨੂੰ ਸ਼ਰਾਬ ਚਾਹੀਦੀ ਹੈ | ਨੋਟਬੰਦੀ ਕੀਤੀ ਸੀ ਮੋਦੀ ਨੇ, ਇਹ ਆਖ ਕੇ ਇਸ ਨਾਲ ਬਲੈਕ ਮਨੀ ਯਾਨਿ ਨੋਟਾਂ ਦਾ ਕਾਲਾ ਧੰਦਾ ਬੰਦ ਹੋ ਜਾਏਗਾ | ਨੋਟ ਕਾਲੇ-ਚਿੱਟੇ ਨਹੀਂ ਹੁੰਦੇ, ਇਨ੍ਹਾਂ ਦਾ ਰੰਗ ਕੋਈ ਵੀ ਕਿਉਂ ਨਾ ਹੋਏ, ਇਨ੍ਹਾਂ ਦਾ ਸਿਰਫ਼ ਨਾਂਅ ਬਦਲ ਜਾਂਦਾ ਹੈ, ਜਿਵੇਂ ਕਈ ਗੋਰੇ-ਚਿੱਟੇ ਬੰਦਿਆਂ ਦਾ ਨਾਂਅ ਕਾਲੂ ਰਾਮ ਹੁੰਦਾ ਹੈ | ਇਸੇ ਤਰ੍ਹਾਂ ਜਿਹੜਾ ਧਨ ਇਮਾਨਦਾਰੀ ਨਾਲ ਖਰਚਿਆ-ਵਰਤਿਆ ਜਾਂਦਾ ਹੈ, ਉਹਨੂੰ ਵਾਈਟ ਮਨੀ ਯਾਨਿ ਸਫੈਦ ਧਨ ਆਖਿਆ ਜਾਂਦਾ ਹੈ ਪਰ ਜਿਹੜਾ ਗ਼ੈਰ-ਕਾਨੂੰਨੀ ਤਰੀਕੇ ਨਾਲ, ਬੇਈਮਾਨੀ ਨਾਲ ਕਮਾ ਕੇ ਲੁਕਾਇਆ ਜਾਂਦਾ ਹੈ, ਤੇ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਕਰਾਇਆ ਜਾਂਦਾ ਹੈ, ਉਹ ਬਲੈਕ ਮਨੀ ਜਾਂ ਕਾਲਾ ਧਨ ਹੋ ਜਾਂਦਾ ਹੈ | ਗੋਰਾ-ਚਿੱਟਾ ਕਾਲੂ ਰਾਮ ਹੋ ਜਾਂਦਾ ਹੈ | ਜਿਹੜੀ ਚੀਜ਼ ਸਰਕਾਰੀ ਤੌਰ 'ਤੇ, ਕਾਨੂੰਨੀ ਤੌਰ 'ਤੇ ਬੰਦ ਹੋਵੇ, ਉਹਦੀ ਕਾਲਾ ਬਾਜ਼ਾਰੀ ਹੁੰਦੀ ਹੈ | ਮਿਲਦੀ ਹੈ ਜਿੰਨੀ ਮਰਜ਼ੀ ਐ ਚਾਹੀਦੀ ਹੈ, ਮਿਲਦੀ ਹੈ | ਪਰ ਚੁੱਪ-ਚਾਪ, ਕਾਲਾ ਬਾਜ਼ਾਰੀ ਰਾਹੀਂ, ਸਿਰਫ਼ ਕੀਮਤ ਕਈ ਗੁਣਾ ਵਧੇਰੇ ਦੇਣੀ ਪੈਂਦੀ ਹੈ |
ਕਾਨੂੰਨ ਦੇ ਹੱਥ ਲੰਮੇ ਹੁੰਦੇ ਹਨ, ਇਹ ਕਾਲਾ ਬਾਜ਼ਾਰੀ ਕਰਨ ਵਾਲਿਆਂ ਤੱਕ ਪਹੁੰਚ ਹੀ ਜਾਂਦੇ ਹਨ | ਇਹ ਵੀ ਸੱਚ ਹੈ ਕਿ ਕਾਲਾ ਬਾਜ਼ਾਰੀ ਕਾਨੂੰਨ ਦੇ ਲੰਮੇ ਹੱਥਾਂ ਨਾਲ ਮਿਲ ਕੇ ਵੀ ਹੁੰਦੀ ਹੈ | ਕਾਨੂੰਨ ਦੇ ਲੰਮੇ ਹੱਥ ਕਾਲਾ ਬਾਜ਼ਾਰੀਆਂ ਨੂੰ ਫੜ ਕੇ ਲੰਮਿਆਂ ਪਾ ਲੈਂਦੇ ਹਨ ਪਰ ਲੰਮੇ ਹੱਥ ਜਦ ਕਾਲੇ ਧਨ ਭਰੇ ਬੁੱਕ ਬਣ ਜਾਂਦੇ ਹਨ ਤਾਂ ਦੋਵੇਂ ਧਿਰਾਂ ਖੁਸ਼-ਹੱਥਾਂ ਦੀ ਕਮਾਈ ਦੀ ਖੇਡ ਹੀ ਤਾਂ ਹੈ, ਸਾਰੀ ਦੁਨੀਆ 'ਚ |
ਕਾਨੂੰਨ ਦੇ ਲੰਮੇ ਹੱਥ ਇਹ ਸਿੱਧ ਕਰਨ ਲਈ ਕਿ ਕਾਨੂੰਨ ਦਾ ਰਾਜ ਹੈ, ਬੰਦੀ ਵਾਲਾ, ਕਾਲਾ ਬਾਜ਼ਾਰੀ 'ਚ ਵਿਕਣ ਆਇਆ ਨਾਜਾਇਜ਼ ਮਾਲ, ਪੁਲਿਸ ਛਾਪੇਮਾਰੀ 'ਚ ਫੜ ਕੇ, ਜ਼ਬਤ ਕਰ ਲੈਂਦੀ ਹੈ ਤੇ ਇਹ ਪੁਲਿਸ ਥਾਣਿਆਂ ਵਿਚ ਸੁਰੱਖਿਅਤ ਰੱਖ ਦਿੱਤਾ ਜਾਂਦਾ ਹੈ | ਬਿਹਾਰ ਦੀ ਪੁਲਿਸ | ਇਹਨੇ ਪੂਰੀ ਤਨਦੇਹੀ ਨਾਲ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਦੇ ਹਜ਼ਾਰਾਂ ਕਰੇਟ ਜ਼ਬਤ ਕਰਕੇ ਥਾਣਿਆਂ 'ਚ ਸੁਰੱਖਿਅਤ ਰੱਖ ਦਿੱਤੇ | ਪਰ... ਥਾਣਿਆਂ 'ਚ ਰੱਖੀਆਂ ਬੋਤਲਾਂ ਖਾਲੀ ਹੋ ਗਈਆਂ |
'ਕੌਣ ਪੀ ਗਿਆ, ਨਸ਼ੇ ਦੀਆਂ ਬੰਦ ਬੋਤਲਾਂ?'
ਨਸ਼ੇ ਦੀਏ ਬੰਦ ਬੋਤਲੇ,
ਤੈਨੂੰ ਪੀਣਗੇ ਨਸੀਬਾਂ ਵਾਲੇ |
ਕੀਹਦੇ ਨਸੀਬ ਜਾਗੇ ਕਿ ਪੁਲਿਸ ਥਾਣਿਆਂ 'ਚ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਉਹ ਚੁੱਪ-ਚੁਪੀਤੇ ਖਾਲੀ ਕਰ ਗਏ?
ਇਉਂ ਨਹੀਂ ਕਿ ਪੁਲਿਸ ਵਾਲੇ ਫੜੇ ਮਾਲ ਨੂੰ ਪੀਂਦੇ ਨਹੀਂ | ਉਨ੍ਹਾਂ ਜਿੰਨਾ ਮਾਲ ਪੀਣਾ ਹੁੰਦਾ ਹੈ, ਉਹਨੂੰ ਪਹਿਲਾਂ ਹੀ ਸੁਰੱਖਿਅਤ ਕਰ ਲੈਂਦੇ ਹਨ, ਰਜਿਸਟਰ 'ਚ ਬਾਕੀ ਦਾ ਮਾਲ ਦਰਜ ਕਰਕੇ ਕਾਨੂੰਨ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਪੂਰੀ ਕਰ ਦਿੰਦੇ ਹਨ | ਮਾਲਖ਼ਾਨੇ 'ਚ ਜਿੰਨਾ ਮਾਲ ਦਰਜ ਕੀਤਾ ਜਾਂਦਾ ਹੈ, ਉਹਦਾ ਹਿਸਾਬ ਤਾਂ ਰੱਖਣਾ ਹੀ ਪੈਂਦਾ ਹੈ |
ਹਿਸਾਬ ਕੀ ਦੇਣ? ਸੁਆਹ?? ਭਰੀਆਂ ਬੋਤਲਾਂ ਤਾਂ ਖਾਲੀ ਹੋ ਗਈਆਂ | ਕੌਣ ਪੀ ਗਏ ਐਨੀਆਂ ਅੰਗਰੇਜ਼ੀ ਦਾਰੂ ਦੀਆਂ ਬੋਤਲਾਂ?
'ਚੂਹੇ ਪੀ ਗਏ ਨੇ |'
ਇਹ ਬਿਆਨ ਹੈ ਬਿਹਾਰ ਪੁਲਿਸ ਦਾ | ਬਿਹਾਰ ਦੇ ਬੰਦੇ ਸ਼ਰਾਬ ਨੂੰ ਤਰਸਦੇ ਰਹੇ, ਬਿਹਾਰ ਦੇ ਚੂਹੇ ਸ਼ਰਾਬੀ ਹੋ ਗਏ | ਕੀ ਬਿਹਾਰ ਦੀ ਪੁਲਿਸ ਕੋਈ ਅਜਿਹਾ ਚੂਹਾ ਅਦਾਲਤ 'ਚ ਪੇਸ਼ ਕਰ ਸਕਦੀ ਹੈ, ਜਿਹੜਾ ਸ਼ਰਾਬ ਦੇ ਨਸ਼ੇ 'ਚ ਟੰੁਨ ਹੋਵੇ? ਕੀ ਸ਼ਰਾਬੀ ਚੂਹਿਆਂ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ?
ਜੇ ਸੱਚਮੁੱਚ ਚੂਹੇ ਸ਼ਰਾਬੀ ਹੋ ਗਏ ਹਨ ਤਾਂ ਥਾਣੇਦਾਰ ਤੇ ਸਿਪਾਹੀਆਂ ਦੀਆਂ ਮੌਜਾਂ | ਚੂਹਿਆਂ ਨਾਲ ਮਿਲ ਬਹਿ ਕੇ ਪੈੱਗ ਨਾਲ ਪੈੱਗ ਖੜਕਾ ਕੇ ਚੀਅਰਜ਼ ਕਰਕੇ, ਘੁੱਟ ਲਾ ਸਕਦੇ ਹਨ | ਸ਼ਰਾਬੀ ਨੂੰ ਇਕ ਸਾਥੀ ਤਾਂ ਚਾਹੀਦਾ ਹੀ ਹੈ | ਫਿਰ ਚੂਹਾ ਕੋਈ ਮਾਮੂਲੀ ਚੀਜ਼ ਥੋੜ੍ਹਾ ਹੈ? ਇਕ ਦੇਵਤਾ ਇਸ ਦੀ ਸਵਾਰੀ ਕਰਦੇ ਹਨ |
ਪਤੈ, ਹਿੰਦੁਸਤਾਨ 'ਚ ਹਰ ਸਾਲ ਹਜ਼ਾਰਾਂ ਟਨ ਅਨਾਜ ਚੂਹੇ ਬਰਬਾਦ ਕਰ ਦਿੰਦੇ ਹਨ ਕਿਉਂਕਿ ਚੂਹਾ ਬੋਰੇ, ਬੋਰੀਆਂ ਕੁਤਰਨ ਵਿਚ ਬੜਾ ਮਾਹਿਰ ਹੈ | ਐਥੋਂ ਤੱਕ ਚੂਹੇ ਦੀ ਬਹਾਦਰੀ ਮੰਨਣ 'ਚ ਕੋਈ ਇਤਰਾਜ਼ ਨਹੀਂ, ਬੇਸ਼ੱਕ ਚੂਹਾ ਅਨਾਜ ਦੀਆਂ ਬੋਰੀਆਂ ਕੁਤਰ ਕੇ ਹਜ਼ਾਰਾਂ ਟਨ ਅਨਾਜ ਦਾ ਨੁਕਸਾਨ ਕਰਦਾ ਹੈ, ਪਰ ਇਹ ਕੌਣ ਮੰਨੇਗਾ ਕਿ ਚੂਹਿਆਂ ਨੇ ਸ਼ਰਾਬ ਦੀਆਂ ਬੋਤਲਾਂ ਖੋਲ੍ਹ ਦਿੱਤੀਆਂ | ਕੱਚ ਦੀਆਂ ਬੋਤਲਾਂ, ਉੱਪਰੋਂ ਲੋਹੇ ਦੇ ਟਾਈਟ ਢੱਕਣ, ਚੂਹਿਆਂ ਦੀ ਕੀ ਮਜਾਲ ਕਿ ਖੋਲ੍ਹ ਸਕਣ | ਸੱਚ, ਇਹ ਤਾਂ ਨਹੀਂ ਕਿ ਪੁਲਸੀਆਂ ਨੇ ਆਪ ਬੋਤਲਾਂ ਖੋਲ੍ਹ ਕੇ ਸ਼ਰਾਬ ਛਕ ਲਈ ਹੋਵੇ ਤੇ ਨਾਂਅ ਚੂਹਿਆਂ ਦਾ ਲਾ ਦਿੱਤਾ ਹੋਵੇ |
ਏਦਾਂ ਤਾਂ ਬਿਹਾਰ ਦੀ ਪੁਲਿਸ ਆਪਣੇ ਆਪ 'ਚੂਹਾ' ਬਣ ਜਾਏਗੀ | ਪੁਲਿਸ ਜਿਵੇਂ ਲੋਕਾਂ ਦੀਆਂ ਜੇਬ੍ਹਾਂ ਕੁਤਰਨ ਲਈ ਮਸ਼ਹੂਰ ਹੈ, ਚੂਹਾ ਬੇਸ਼ੱਕ ਪੁਲਿਸ ਵਾਲਿਆਂ ਦੀਆਂ ਜੇਬ੍ਹਾਂ ਕੁਤਰ ਦਏ, ਪਰ ਇਹ ਕੋਈ ਵੀ ਨਹੀਂ ਮੰਨ ਸਕਦਾ ਕਿ ਚੂਹੇ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੋਲ੍ਹ ਕੇ ਸ਼ਰਾਬ ਦੀਆਂ ਕਈ ਬੋਤਲਾਂ ਪੀ ਗਏ ਹੋਣ |
ਜੇ ਸੱਚਮੁੱਚ ਬਿਹਾਰ 'ਚ ਚੂਹਿਆਂ ਨੇ ਐਨੀ ਸ਼ਰਾਬ ਛਕੀ ਹੁੰਦੀ ਤਾਂ ਉਨ੍ਹਾਂ ਤਾਂ ਪੁਲਿਸ ਦੇ ਮਾਲਖਾਨਿਆਂ 'ਚ ਨੱਚ-ਨੱਚ ਭੰਗੜਾ ਪਾਇਆ ਹੁੰਦਾ |
ਛੁੱਟਤੀ ਨਹੀਂ ਹੈ, ਯੇ ਕਾਫ਼ਿਰ,
ਮੰੂਹ ਸੇ ਲਗੀ ਹੂਈ |
ਚਲੋ ਮੰਨ ਲਿਆ ਬਿਹਾਰ 'ਚ ਚੂਹਿਆਂ ਦੇ ਮੰੂਹ ਲੱਗ ਗਈ ਸ਼ਰਾਬ ਤੇ ਬਿਹਾਰ 'ਚ ਸ਼ਰਾਬਬੰਦੀ 'ਤੇ ਨਿਤਿਸ਼ ਸਰਕਾਰ ਦੀ ਸਖ਼ਤ ਨਿਗਾਹ ਹੈ | ਇਕ ਚੂਹਾ ਜਿਹਦੇ ਮੰੂਹ ਨੂੰ ਲੱਗ ਗਈ ਸੀ, ਤਿਆਰ ਹੋਕੇ ਕਿਤੇ ਹੋਰ ਹਿਜਰਤ ਕਰਨ ਲਈ ਰਵਾਨਾ ਹੋਣ ਲੱਗਾ ਤਾਂ ਇਕ ਸਾਥੀ ਚੂਹੇ ਨੇ ਪੁੱਛਿਆ, 'ਭਰਾਵਾ ਕਿੱਥੇ ਚੱਲਿਐਾ?'
'ਪੰਜਾਬ', ਓਸ ਚੂਹੇ ਨੇ ਕਿਹਾ | 'ਉਥੇ ਸੁਣਿਐ ਸ਼ਰਾਬ 'ਤੇ ਪਾਬੰਦੀ ਬਿਲਕੁਲ ਨਹੀਂ | ਵਲੈਤੀ, ਦੇਸੀ ਤੋਂ ਲੈ ਕੇ ਰੂੜੀ ਬ੍ਰਾਂਡ, ਜਿਹੜੀ ਮਰਜ਼ੀ, ਜਿੰਨੀ ਮਰਜ਼ੀ ਐ ਪੀਓ | ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ 'ਚ ਬੜੇ ਖੁੱਲ੍ਹੇ-ਦਿਲੇ ਨੇ | ਸੁਣਿਐ ਹੁਣ ਉਨ੍ਹਾਂ ਮੈਰਿਜ ਪੈਲੇਸਾਂ 'ਚ ਵਿਆਹ-ਸ਼ਾਦੀਆਂ 'ਚ ਪੀਣ ਵਾਲਿਆਂ ਲਈ ਪੰਜ ਹਜ਼ਾਰ ਰੁਪਏ ਦੀ ਫੀਸ ਲਾ ਦਿੱਤੀ ਹੈ | ਉਥੇ ਚਲ ਕੇ ਮਜ਼ੇ ਨਾਲ ਪੀਆਂਗੇ, ਤੈਨੂੰ ਤੇ ਪਤੈ ਅਸੀਂ ਚੂਹੇ ਹਾਂ, ਜਿਥੇ ਮਰਜ਼ੀ ਐ ਵੜ ਸਕਦੇ ਹਾਂ | ਪੰਜਾਬ 'ਚ ਮਸ਼ਹੂਰ ਹੈ ਨਾ ਮਜ਼ਾਕ 'ਵੜ ਭਾਂਡੇ 'ਚ', ਉਹ ਸਾਡੇ ਕਾਰਨ ਹੀ ਮਸ਼ਹੂਰ ਹੈ, ਅਸੀਂ ਕਿਸੇ ਵੀ ਭਾਂਡੇ 'ਚ ਵੜ ਸਕਦੇ ਹਾਂ |
ਪਹਿਲੇ ਚੂਹੇ ਨੇ ਕਿਹਾ, ਤੇ ਐਥੇ ਹੀ ਵੜਿਆ ਰਹੁ, ਮਾਲਖਾਨੇ 'ਚ ਬੜਾ ਮਾਲ ਆਉਂਦਾ ਹੈ, ਜੇਕਰ ਥਾਣੇਦਾਰ ਨੇ ਰੋਕਿਆ, ਟੋਕਿਆ ਤਾਂ ਡਟ ਕੇ ਆਖਾਂਗੇ 'ਵੜ ਭਾਂਡੇ 'ਚ, ਅਸਾਂ ਤਾਂ ਪੀਣੀ ਐ |'
ਐਨਾ ਵੇਰਵਾ ਲਿਖ ਦਿੱਤੈ, ਪਰ ਅਜੇ ਤਾੲੀਂ ਇਹ ਨਹੀਂ ਦੱਸਿਆ ਕਿ ਬਿਹਾਰ ਦੇ ਚੂਹੇ ਵਿਦੇਸ਼ੀ ਸ਼ਰਾਬ ਕਿੰਨੀ ਪੀ ਗਏ ਨੇ? ਹੱਸਿਓ ਨਾ ਭਈ ਇਹ ਸਰਕਾਰੀ ਰਿਪੋਰਟ ਹੈ, ਬਿਹਾਰ ਪੁਲਿਸ ਦੀ ਦਸਤਾਵੇਜ਼ ਹੈ... ਚੂਹੇ ਨੌਾ ਲੱਖ ਲੀਟਰ ਸ਼ਰਾਬ ਪੀ ਗਏ ਹਨ |
ਕੱਲ੍ਹ, ਟੀ. ਵੀ. 'ਤੇ ਵੇਖਿਆ, ਤਾਮਿਲਨਾਡੂ ਦੇ ਇਕ ਸ਼ਹਿਰ 'ਚ ਉਥੋਂ ਦੀਆਂ ਬੀਬੀਆਂ ਸ਼ਰਾਬ ਦੀ ਦੁਕਾਨ 'ਤੇ ਟੁੱਟ ਕੇ ਪੈ ਗਈਆਂ | ਉਨ੍ਹਾਂ ਸ਼ਰਾਬ ਦੀਆਂ ਬੋਤਲਾਂ ਦੀਆਂ ਬੋਤਲਾਂ ਡੰਡੇ ਮਾਰ-ਮਾਰ ਕੇ ਭੰਨ ਸੁੱਟੀਆਂ | ਚੂਹੇ ਤਾਂ ਤਾਮਿਲਨਾਡੂ 'ਚ ਵੀ ਹੈਨ, ਉਨ੍ਹਾਂ ਨੇ ਮਨ ਹੀ ਮਨ ਬੀਬੀਆਂ ਨੂੰ ਕੋਸਿਆ ਹੋਣਾ ਹੈ ਕਿ ਐਵੇਂ ਬੋਤਲਾਂ ਭੰਨ ਛੱਡੀਆਂ, ਸਾਨੂੰ ਇਸ਼ਾਰਾ ਕਰਦੀਆਂ, ਅਸਾਂ ਆਪੇ ਛਕ ਜਾਣੀਆਂ ਸਨ, ਅਸੀਂ ਕੋਈ ਬਿਹਾਰ ਦੇ ਚੂਹਿਆਂ ਨਾਲੋਂ ਘੱਟ ਹਾਂ?
ਵੇਖੋ, ਬਿਹਾਰ ਦੀ ਪੁਲਿਸ ਨੇ ਚੂਹਿਆਂ ਦੁਆਰਾ ਸ਼ਰਾਬ ਦੀ ਮੁਫ਼ਤ ਪਾਰਟੀ ਦਾ ਕਾਰਨ ਇਹ ਦੱਸਿਆ ਕਿਉਂਕਿ ਸਰਕਾਰੀ ਤੌਰ 'ਤੇ ਸ਼ਰਾਬ ਬੰਦੀ ਹੈ ਪਰ ਬਲੈਕ 'ਚ ਵਿਕਣ ਵਾਲੀ ਵਿਦੇਸ਼ੀ ਸ਼ਰਾਬ ਐਨੀ ਮਾਤਰਾ ਵਿਚ ਫੜੀ ਜਾਂਦੀ ਹੈ ਕਿ ਉਹਨੂੰ ਰੱਖਣ ਲਈ ਗੁਦਾਮਾਂ 'ਚ ਥਾਂ ਨਹੀਂ | ਕਾਨੂੰਨ ਬਣਦੇ ਹਨ, ਸਮਾਜਿਕ ਬੁਰਾਈ ਰੋਕਣ ਲਈ, ਕਾਨੂੰਨ ਤੋੜਨ ਵਾਲੇ ਰਾਹ ਲੱਭ ਲੈਂਦੇ ਹਨ, ਕਾਨੂੰਨ ਦੀਆਂ ਧੱਜੀਆਂ ਉਡਾਉਣ ਲਈ | ਪਰ ਬਿਹਾਰ 'ਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਚੂਹਿਆਂ ਨੇ |
ਚੂਹਿਆਂ ਦਾ ਨਿਤਿਸ਼ ਕੁਮਾਰ ਨੂੰ ਸਲਾਮ |
••

ਉਰਦੂ ਕਹਾਣੀ: ਮਹਾਰਾਜਾ ਅਸ਼ੋਕ

ਜਦ ਮਹਾਰਾਜਾ ਅਸ਼ੋਕ ਤਖ਼ਤ 'ਤੇ ਬੈਠਾ ਤਾਂ ਉਹ ਬੜਾ ਪੱਥਰ ਦਿਲ ਅਤੇ ਜ਼ਾਲਮ ਸੀ | ਉਹ ਆਪਣੇ ਰਾਜਾ ਹੋਣ ਦਾ ਰੋਹਬ ਪਾਉਣ ਲਈ ਲੋਕਾਂ ਨੂੰ ਅਜਿਹੀਆਂ ਸਜ਼ਾਵਾਂ ਦਿੰਦਾ ਸੀ ਕਿ ਜਿਨ੍ਹਾਂ ਬਾਰੇ ਸੁਣ ਕੇ ਮਨੁੱਖ ਦੇ ਰੌਾਗਟੇ ਖੜ੍ਹੇ ਹੋ ਜਾਂਦੇ ਸਨ |
ਉਸ ਦੀ ਰਾਜਧਾਨੀ ਦੇ ਨੇੜੇ ਹੀ ਇਕ ਇਮਾਰਤ ਬਣਾਈ ਗਈ ਸੀ ਜਿਸ ਦਾ ਨਾਂਅ ਉਸ ਨੇ 'ਨਰਕ' ਰੱਖਿਆ ਹੋਇਆ ਸੀ | ਇਸ ਭਵਨ ਵਿਚ ਮੁਜਰਿਮ ਨੂੰ ਸਜ਼ਾਵਾਂ ਦੇਣ ਦੇ ਬਹੁਤ ਹੀ ਖ਼ਤਰਨਾਕ ਤਰੀਕਿਆਂ ਦੇ ਵਸੀਲੇ ਬਣਾਏ ਗਏ ਸਨ ਕਿ ਜੋ ਇਕ ਵਾਰੀ ਇਸ ਭਵਨ ਵਿਚ ਲਿਆਂਦਾ ਜਾਏ ਉਹ ਮੁੜ ਕੇ ਬਾਹਰ ਜਾਣ ਜੋਗਾ ਨਾ ਰਹੇ | ਇਸ ਲਈ ਮੁਜਰਿਮ ਨੂੰ ਆਰੇ ਨਾਲ ਚੀਰਿਆ ਜਾਂਦਾ, ਉਬਲਦੇ ਤੇਲ ਵਿਚ ਸੁੱਟਿਆ ਜਾਂਦਾ, ਕਦੇ ਜਿਊਾਦੇ ਨੂੰ ਮਿੱਟੀ ਵਿਚ ਦੱਬਿਆ ਜਾਂਦਾ, ਕੁੱਤਿਆਂ ਤੋਂ ਨੁਚਵਾਇਆ ਜਾਂਦਾ | ਲੋਕ ਇਸ ਤਰ੍ਹਾਂ ਦੇ ਜ਼ੁਲਮ ਸਹਿ ਤਾਂ ਰਹੇ ਸਨ ਪਰ ਬੋਲਦੇ ਨਹੀਂ ਸਨ ਕਿਉਂਕਿ ਅਸ਼ੋਕ ਮਹਾਰਾਜਾ ਸੀ ਅਤੇ ਉਹਦੇ ਕੋਲ ਫ਼ੌਜ ਦੀ ਅਥਾਹ ਸ਼ਕਤੀ ਸੀ |
ਤਖ਼ਤ 'ਤੇ ਬੈਠਣ ਤੋਂ ਬਾਅਦ ਅਸ਼ੋਕ ਨੇ ਨਾਲ ਦੇ ਰਾਜ ਕਾਲਿੰਗਾ ਦੇ ਰਾਜੇ 'ਤੇ ਹਮਲਾ ਕਰ ਦਿੱਤਾ | ਵਿਚਾਰੇ ਰਾਜੇ ਕੋਲ ਅਸ਼ੋਕ ਵਰਗੀ ਫ਼ੌਜ ਨਹੀਂ ਸੀ, ਇਸ ਲਈ ਉਹ ਹਾਰ ਗਿਆ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਭੱਜ ਗਿਆ | ਇਹ ਜਾਣ ਕੇ ਮਹਾਰਾਜਾ ਅਸ਼ੋਕ ਦੇ ਪੈਰ ਜ਼ਮੀਨ 'ਤੇ ਨਹੀਂ ਸਨ ਟਿਕ ਰਹੇ | ਉਸ ਨੇ ਕਾਲਿੰਗਾ ਰਾਜ 'ਤੇ ਕਬਜ਼ਾ ਕਰ ਲਿਆ | ਆਪਣੀ ਫ਼ੌਜ ਨੂੰ ਛੱਡ ਕੇ ਉਹ ਇਕੱਲਾ ਹੀ ਪਾਟਲੀਪੁੱਤਰ ਵੱਲ ਤੁਰ ਪਿਆ | ਰਾਤ ਦਾ ਸਮਾਂ ਸੀ, ਮਹਾਰਾਜਾ ਅਸ਼ੋਕ ਘੋੜੇ 'ਤੇ ਸਵਾਰ ਹੋ ਕੇ ਹੌਲੀ-ਹੌਲੀ ਜੰਗਲ ਵਿਚੋਂ ਲੰਘ ਰਿਹਾ ਸੀ | ਉਹਦਾ ਵਿਚਾਰ ਸੀ ਕਿ ਕੋਈ ਬਸਤੀ ਨਜ਼ਰ ਆ ਜਾਏ ਤਾਂ ਥੋੜ੍ਹੀ ਦੇਰ ਲਈ ਉਹ ਆਰਾਮ ਕਰ ਲਏ ਪਰ ਕੋਈ ਆਬਾਦੀ ਦੂਰ-ਦੂਰ ਤੱਕ ਨਜ਼ਰ ਨਹੀਂ ਆਈ |
ਫਿਰ ਕੀ ਹੋਇਆ, ਇਕਦਮ ਇਕ ਸ਼ੇਰ ਝਾੜੀਆਂ ਵਿਚੋਂ ਨਿਕਲ ਆਇਆ ਅਤੇ ਉਸ ਨੇ ਅਸ਼ੋਕ 'ਤੇ ਹਮਲਾ ਕਰ ਦਿੱਤਾ | ਉਸ ਨੇ ਅਸ਼ੋਕ ਨੂੰ ਜ਼ਮੀਨ 'ਤੇ ਸੁੱਟ ਲਿਆ | ਇਹ ਸਮਾਂ ਬੜਾ ਨਾਜ਼ੁਕ ਸੀ | ਜੇਕਰ ਇਕ ਪਲ ਦੀ ਦੇਰ ਹੋ ਜਾਂਦੀ ਤਾਂ ਮਹਾਰਾਜੇ ਅਸ਼ੋਕ ਦਾ ਜੀਵਨ ਖ਼ਤਮ ਸੀ ਪਰ ਏਨੇ ਨੂੰ ਇਕ ਨੌਜਵਾਨ ਹੱਥ ਵਿਚ ਤਿਖੀ ਤਲਵਾਰ ਲਈ ਝੱਟ ਸਾਹਮਣੇ ਆ ਗਿਆ ਅਤੇ ਉਸ ਨੇ ਸ਼ੇਰ 'ਤੇ ਜ਼ੋਰਦਾਰ ਵਾਰ ਕਰ ਕੇ ਉਸ ਦਾ ਸਿਰ ਲਾਹ ਦਿੱਤਾ ਅਤੇ ਅਸ਼ੋਕ ਨੂੰ ਬਚਾ ਲਿਆ |
ਇਹ ਨੌਜਵਾਨ ਕਾਲਿੰਗਾ ਦੇ ਰਾਜਾ ਮਰਗੇਂਦਰ ਸੈਨ ਦਾ ਬੇਟਾ ਜੇਤਿੰਦਰ ਸੀ ਜੋ ਅਸ਼ੋਕ ਦੇ ਹਮਲੇ ਤੋਂ ਬਾਅਦ ਆਪਣੇ ਮਾਤਾ-ਪਿਤਾ ਨਾਲ ਭੱਜਿਆ ਸੀ ਅਤੇ ਫਿਰ ਜੰਗਲ ਵਿਚ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ | ਉਸ ਨੇ ਮਹਾਰਾਜੇ ਅਸ਼ੋਕ ਨੂੰ ਪਹਿਚਾਣ ਲਿਆ ਪਰ ਇਹ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਉਹ ਵੀ ਰਾਜੇ ਦੀ ਔਲਾਦ ਹੈ | ਆਪਣੀ ਜਾਨ ਬਚਾਉਣ ਵਾਲੇ ਨੌਜਵਾਨ 'ਤੇ ਅਸ਼ੋਕ ਬਹੁਤ ਖੁਸ਼ ਸੀ, ਉਸ ਨੇ ਉਸ ਨੂੰ ਆਖਿਆ, 'ਨੌਜਵਾਨਾ, ਤੂੰ ਮੇਰੀ ਜਾਨ ਬਚਾਈ ਹੈ, ਮੈਂ ਤੇਰਾ ਅਹਿਸਾਨ ਮੰਨਦਾ ਹਾਂ ਤੂੰ ਆਪਣੀ ਕੋਈ ਇੱਛਾ ਦੱਸ | ਮੈਂ ਤੇਰੀ ਹਰ ਖਾਹਸ਼ ਪੂਰੀ ਕਰਾਂਗਾ |' ਜਤਿੰਦਰ ਨੇ ਉੱਤਰ ਦਿੱਤਾ, 'ਮੈਂ ਜਾਣਦਾ ਹਾਂ ਕਿ ਤੁਸੀਂ ਮਹਾਰਾਜਾ ਅਸ਼ੋਕ ਹੋ ਜੋ ਚਾਹੋ ਕਰ ਸਕਦੇ ਹੋ ਪਰ ਮੈਂ ਤੁਹਾਡੀ ਜਾਨ ਬਚਾ ਕੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਮੈਂ ਆਪਣਾ ਇਨਸਾਨੀ ਫ਼ਰਜ਼ ਪੂਰਾ ਕੀਤਾ ਹੈ | ਮੈਂ ਇਨਸਾਨ ਹਾਂ ਤੇ ਹਰ ਇਨਸਾਨ ਦਾ ਫ਼ਰਜ਼ ਹੈ ਕਿ ਉਹ ਦੂਜੇ ਇਨਸਾਨ ਦੀ ਮਦਦ ਕਰੇ |'
ਇਕ ਤਾਂ ਇਹ ਮੰੁਡਾ ਸੋਹਣਾ ਸੁਨੱਖਾ ਸੀ | ਉਸ ਦੀ ਆਵਾਜ਼ ਮਿੱਠੀ ਸੀ | ਉਸ ਨੇ ਮਹਾਰਾਜਾ ਅਸ਼ੋਕ ਦੀ ਜਾਨ ਬਚਾਈ ਸੀ | ਇਸ ਲਈ ਮਹਾਰਾਜੇ ਅਸ਼ੋਕ ਜੀ ਦੇ ਦਿਲ ਵਿਚ ਉਸ ਲਈ ਡੰੂਘਾ ਪਿਆਰ ਪੈਦਾ ਹੋ ਗਿਆ ਸੀ | ਮਹਾਰਾਜਾ ਅਸ਼ੋਕ ਉਸ ਨੂੰ ਆਪਣੇ ਨਾਲ ਪਾਟਲੀਪੁੱਤਰ ਲੈ ਗਿਆ ਅਤੇ ਉਸ ਨੇ ਆਪਣੇ ਮਹਿਲ ਵਿਚ ਰਹਿਣ ਲਈ ਕਮਰਾ ਦੇ ਦਿੱਤਾ | ਜਤਿੰਦਰ ਵਿਚ ਸਿਰਫ਼ ਬਹਾਦਰੀ ਦਾ ਗੁਣ ਹੀ ਨਹੀਂ ਸੀ ਉਸ ਦੀ ਸ਼ਖ਼ਸੀਅਤ ਵਿਚ ਹੋਰ ਵੀ ਬਹੁਤ ਸਾਰੇ ਗੁਣ ਸਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋਇਆ ਮਹਾਰਾਜਾ ਅਸ਼ੋਕ ਉਸ ਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਦਿਲੋਂ ਉਸ ਨੂੰ ਆਪਣਾ ਪੁੱਤਰ ਮੰਨਣ ਲੱਗ ਪਿਆ ਤੇ ਫਿਰ ਉਹਦੇ ਪਿਆਰ ਦੀ ਹਾਲਤ ਇਹ ਹੋ ਗਈ ਕਿ ਜਦੋਂ ਤੱਕ ਉਹ ਜਤਿੰਦਰ ਨੂੰ ਵੇਖ ਨਾ ਲੈਂਦਾ ਉਸ ਦੇ ਦਿਲ ਨੂੰ ਚੈਨ ਨਾ ਮਿਲਦਾ |
ਦੂਜੇ ਪਾਸੇ ਮਹਾਰਾਜਾ ਅਸ਼ੋਕ ਨੇ ਐਲਾਨ ਕਰ ਦਿੱਤਾ ਕਿ ਕਾਲਿੰਗਾ ਦੇ ਰਾਜੇ ਦਾ ਪੁੱਤਰ ਜਤਿੰਦਰ ਸਾਥੋਂ ਹਾਰੀ ਹੋਈ ਫ਼ੌਜ ਦਾ ਆਗੂ ਸੀ | ਉਸ ਨੂੰ ਗਿ੍ਫ਼ਤਾਰ ਕਰਾਉਣ ਜਾਂ ਕਰਨ ਵਾਲੇ ਨੂੰ ਇਕ ਹਜ਼ਾਰ ਅਸ਼ਰਫ਼ੀ (ਸੋਨੇ ਦਾ ਸਿੱਕਾ) ਇਨਾਮ ਦਿੱਤਾ ਜਾਏਗਾ | ਉਸ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਨੌਜਵਾਨ ਨੂੰ ਮੈਂ ਗਿ੍ਫ਼ਤਾਰ ਕਰਨਾ ਚਾਹੁੰਦਾ ਹਾਂ ਉਹ ਉਹੀ ਹੈ ਜਿਸ ਨੇ ਮੇਰੀ ਜਾਨ ਬਚਾਈ ਹੈ ਤੇ ਮੇਰੇ ਦਿਲ ਦੀ ਧੜਕਣ ਬਣ ਚੁੱਕਿਆ ਹੈ |
ਇਕ ਦਿਨ ਮਹਾਰਾਜਾ ਅਸ਼ੋਕ ਨੇ ਇਕ ਮੁਜਰਿਮ ਨੂੰ ਸਜ਼ਾ ਦਿੱਤੀ ਅਤੇ ਉਸ ਨੂੰ ਇਕ ਲਿਖਤ ਆਰਡਰ ਦੇ ਕੇ ਆਪਣੇ ਸਿਪਾਹੀਆਂ ਦੇ ਪਹਿਰੇ ਹੇਠ ਨਰਕ ਭਵਨ ਵੱਲ ਭੇਜ ਦਿੱਤਾ | ਉਸ ਆਰਡਰ ਵਿਚ ਲਿਖਿਆ ਸੀ ਕਿ ਇਹ ਆਰਡਰ ਲੈ ਕੇ ਆਉਣ ਵਾਲੇ ਨੂੰ ਉਬਲਦੇ ਹੋਏ ਤੇਲ ਦੇ ਕੜਾਹੇ ਵਿਚ ਪਾ ਕੇ ਮਾਰ ਦਿੱਤਾ ਜਾਏ | ਪਰ ਇਸ ਗੱਲ ਦਾ ਪਤਾ ਲਿਖੇ ਆਰਡਰ ਨੂੰ ਲੈ ਕੇ ਆਉਣ ਵਾਲੇ ਨੂੰ ਪਤਾ ਨਹੀਂ ਸੀ |
ਜਦੋਂ ਸਿਪਾਹੀ ਅਤੇ ਮੁਜਰਿਮ ਅੱਧਾ ਕੁ ਰਸਤਾ ਪਾਰ ਕਰ ਚੁੱਕੇ ਤਾਂ ਉਹ ਕਾਫੀ ਥੱਕ ਚੁੱਕੇ ਸਨ | ਸਾਰੇ ਰੁੱਖਾਂ ਦੇ ਸਾਏ ਹੇਠ ਲੰਮੇ ਪੈ ਗਏ, ਦੁਪਹਿਰ ਦਾ ਸਮਾਂ ਸੀ, ਠੰਢੀ-ਠੰਢੀ ਹਵਾ ਚੱਲ ਰਹੀ ਸੀ | ਥੱਕੇ ਹੋਣ ਕਰਕੇ ਝੱਟ ਸੌਾ ਗਏ |
ਇਹ ਇਤਫਾਕ ਦੀ ਗੱਲ ਹੈ ਕਿ ਜਤਿੰਦਰ ਵੀ ਉਸੇ ਜੰਗਲ ਵਿਚ ਘੰੁਮ ਰਿਹਾ ਸੀ, ਘੰੁਮਦਾ ਹੋਇਆ ਉਹ ਵੀ ਸੁੱਤੇ ਹੋਏ ਸਿਪਾਹੀਆਂ ਅਤੇ ਮੁਜਰਿਮ ਕੋਲ ਪਹੁੰਚ ਗਿਆ | ਉਸ ਨੇ ਤੁਰੰਤ ਪਹਿਚਾਣਲਿਆ ਕਿ ਵਿਚਾਲੇ ਸੁੱਤਾ ਪਿਆ ਬੰਦਾ ਹੀ ਮੁਜਰਿਮ ਹੈ ਅਤੇ ਅਗਲ ਬਗਲ ਸੁੱਤੇ ਪਏ ਸਰਕਾਰੀ ਬੰਦੇ ਹਨ | ਉਸ ਨੇ ਹੌਲੀ ਜਿਹੀ ਮੁਜਰਿਮ ਨੂੰ ਜਗਾਇਆ ਅਤੇ ਉਸ ਤੋਂ ਸਰਕਾਰੀ ਆਰਡਰ ਲੈ ਕੇ ਪੜਿ੍ਹਆ | ਉਸੇ ਸਮੇਂ ਉਸ ਨੂੰ ਖਿਆਲ ਆਇਆ ਕਿ ਮਰਗੇਂਦਰ ਸੈਨ ਦਾ ਪੁੱਤਰ ਹਾਂ ਮੇਰੀ ਗਿ੍ਫਤਾਰੀ ਲਈ ਵੱਡਾ ਇਨਾਮ ਐਲਾਨਿਆ ਗਿਆ ਹੈ | ਪਤਾ ਨਹੀਂ ਮੈਂ ਕਿਸ ਵੇਲੇ ਫੜਿਆ ਜਾਵਾਂ, ਫਿਰ ਮੇਰੀ ਮੌਤ ਤਾਂ ਪੱਕੀ ਹੈ | ਜੇਕਰ ਮੈਂ ਇਸ ਸਮੇਂ ਇਸ ਬੰਦੇ ਨੂੰ ਬਚਾ ਲਵਾਂ ਤਾਂ ਇਹ ਬਚ ਜਾਏਗਾ | ਇਸ ਦੇ ਬਾਲ ਬੱਚੇ ਭੁੱਖੇ ਨਹੀਂ ਮਰਨਗੇ |
ਇਹ ਸੋਚ ਕੇ ਜਤਿੰਦਰ ਨੇ ਉਸ ਮੁਜਰਿਮ ਨੂੰ ਭਜਾ ਦਿੱਤਾ ਅਤੇ ਉਹ ਸਰਕਾਰੀ ਆਰਡਰ ਵਾਲਾ ਕਾਗਜ਼ ਆਪਣੀ ਜੇਬ ਵਿਚ ਕੇ ਸਿਪਾਹੀਆਂ ਦੇ ਵਿਚਾਲੇ ਲੇਟ ਗਿਆ ਅਤੇ ਜਦੋਂ ਸਿਪਾਹੀ ਜਾਗੇ ਤਾਂ ਬੜੇ ਹੈਰਾਨ ਹੋਏ ਪਰ ਆਪਣੀ ਜਾਨ ਅਤੇ ਨੌਕਰੀ ਬਚਾਉਣ ਦੀ ਖਾਤਿਰ ਚੁੱਪ ਰਹੇ ਅਤੇ ਨਵੇਂ ਬੰਦੇ ਨੂੰ ਲੈ ਕੇ ਨਰਕ ਦੇ ਅਫ਼ਸਰ ਦੇ ਹਵਾਲੇ ਕਰ ਦਿੱਤਾ |
ਉਸ ਅਫ਼ਸਰ ਨੂੰ ਕੀ ਪਤਾ ਸੀ ਕਿ ਇਹ ਉਹ ਮੁਜਰਿਮ ਨਹੀਂ ਹੈ ਜਿਸ ਨੂੰ ਮਹਾਰਾਜੇ ਅਸ਼ੋਕ ਨੇ ਭੇਜਿਆ ਸੀ | ਉਸ ਨੇ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਤੇਲ ਦਾ ਕੜਾਹਾ ਅੱਗ 'ਤੇ ਚੜ੍ਹਾ ਦਿੱਤਾ ਜਾਏ |
ਦੂਜੇ ਪਾਸੇ ਮਹਾਰਾਜਾ ਅਸ਼ੋਕ ਨੂੰ ਖਿਆਲ ਆਇਆ ਕਿ ਚਲੋ ਚੱਲ ਕੇ ਵੇਖੀਏ ਕਿ ਗੁਨਾਹਗਾਰ ਕਿਸ ਤਰ੍ਹਾਂ ਮਰਦਾ ਹੈ ਅਤੇ ਮੇਰੇ ਆਦਮੀ ਉਸ ਨੂੰ ਕਿਸ ਤਰ੍ਹਾਂ ਮਾਰਦੇ ਹਨ ਪਰ ਜਦੋਂ ਉਹ ਜੰਗਲ ਵਿਚ ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਮੁਜਰਿਮ ਤੁਰਿਆ ਆ ਰਿਹਾ ਹੈ | ਅਸ਼ੋਕ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ | ਉਸ ਨੇ ਉਸ ਨੂੰ ਪੁੱਛਿਆ, 'ਮੈਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਸੀ ਤੂੰ ਬਚ ਕੇ ਕਿਧਰ ਜਾ ਰਿਹਾ ਏਾ?'
ਮੁਜਰਿਮ ਕੰਬ ਗਿਆ ਪਰ ਥੋੜ੍ਹਾ ਹੌਸਲਾ ਰੱਖ ਕੇ ਆਖਣ ਲੱਗਾ, 'ਮੈਨੂੰ ਇਕ ਨੌਜਵਾਨ ਨੇ ਭਜਾਇਆ ਅਤੇ ਸਰਕਾਰੀ ਆਰਡਰ ਲੈ ਕੇ ਆਪ ਸਿਪਾਹੀਆਂ ਨਾਲ ਚਲਾ ਗਿਆ |'
'ਕੀ ਉਸ ਨੌਜਵਾਨ ਨੇ ਸਰਕਾਰੀ ਆਰਡਰ ਪੜਿ੍ਹਆ ਸੀ?'
'ਜੀ, ਜਨਾਬ ਉਸ ਨੇ ਪੜ੍ਹ ਲਿਆ ਸੀ |' ਮਹਾਰਾਜਾ ਅਸ਼ੋਕ ਦਾ ਗੁੱਸਾ ਹੈਰਾਨੀ ਵਿਚ ਬਦਲ ਗਿਆ | ਉਸ ਨੇ ਹੌਲੀ ਜਿਹੀ ਪੁੱਛਿਆ, 'ਉਸ ਨੌਜਵਾਨ ਦੀ ਸ਼ਕਲ ਸੂਰਤ ਕੇਹੋ ਜਿਹੀ ਸੀ?'
'ਗੋਰਾ ਰੰਗ, ਚੌੜਾ ਮੱਥਾ, ਮੋਟੀਆਂ-ਮੋਟੀਆਂ ਅੱਖਾਂ'... 'ਤੇ ਆਵਾਜ਼?'
'ਬੜੀ ਮਿੱਠੀ, ਬੜੇ ਸੋਹਣੇ ਢੰਗ ਨਾਲ ਬੋਲਦਾ ਹੈ', ਮਹਾਰਾਜਾ ਅਸ਼ੋਕ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਨੌਜਵਾਨ ਉਹੀ ਹੈ ਜਿਸ ਨੇ ਮੇਰੀ ਜਾਨ ਬਚਾਈ ਸੀ | ਉਸ ਨੂੰ ਤਰੇਲੀਆਂ ਆਉਣ ਲੱਗ ਪਈਆਂ | ਉਹ ਬੜੀ ਤੇਜ਼ੀ ਨਾਲ ਨਰਕ ਭਵਨ ਵੱਲ ਭੱਜਿਆ | ਉਸ ਦੇ ਮਨ ਵਿਚ ਬਸ ਇਹੋ ਖਿਆਲ ਸੀ ਕਿ ਕਿਸੇ ਵੀ ਤਰ੍ਹਾਂ ਮੈਨੂੰ ਬਚਾਉਣ ਵਾਲਾ ਬਚ ਜਾਏ | ਉਹ ਛੇਤੀ ਹੀ ਨਰਕ ਭਵਨ ਪਹੁੰਚਿਆ ਅਤੇ ਵੇਖਿਆ ਕਿ ਜੱਲਾਦ ਉਸ ਨੂੰ ਉੱਬਲ ਰਹੇ ਤੇਲ ਵਿਚ ਪਾ ਰਿਹਾ ਹੈ | ਉਸ ਦੇ ਹੱਥ-ਪੈਰ ਜੰਜ਼ੀਰਾਂ ਨਾਲ ਜਕੜੇ ਹੋਏ ਸਨ | ਉਸ ਨੇ ਉਸ ਨੌਜਵਾਨ ਨੂੰ ਤੇਲ ਵਾਲੇ ਕੜਾਹੇ ਵਿਚ ਪਾਇਆ ਹੀ ਸੀ ਕਿ ਅਸ਼ੋਕ ਨੇ ਉਸ ਨੂੰ ਪਹਿਚਾਣ ਲਿਆ ਅਤੇ ਜ਼ੋਰ ਨਾਲ ਹੁਕਮ ਦਿੱਤਾ ਕਿ ਇਸ ਨੂੰ ਤੁਰੰਤ ਕੜਾਹੇ ਵਿਚੋਂ ਬਾਹਰ ਕੱਢੋ | ਅਸ਼ੋਕ ਦਾ ਹੁਕਮ ਸੁਣ ਕੇ ਉਸ ਨੂੰ ਕੜਾਹੇ ਵਿਚੋਂ ਬਾਹਰ ਕੱਢ ਲਿਆ ਗਿਆ, ਅਸ਼ੋਕ ਨੇ ਹਕੀਮਾਂ ਨੂੰ ਉਸ ਨੌਜਵਾਨ ਦੇ ਇਲਾਜ ਲਈ ਦਿਨ-ਰਾਤ ਇਕ ਕਰਨ ਦਾ ਆਦੇਸ਼ ਦਿੱਤਾ | ਹਕੀਮਾਂ ਦੀ ਮਿਹਨਤ ਅਤੇ ਲਗਨ ਕੰਮ ਆਈ ਅਤੇ ਜਤਿੰਦਰ ਛੇਤੀ ਹੀ ਤੰਦਰੁਸਤ ਹੋ ਗਿਆ |
ਤੇ ਫਿਰ ਮਹਾਰਾਜਾ ਅਸ਼ੋਕ ਨੇ ਨਰਕ ਭਵਨ ਵਾਲੀ ਬਿਲਡਿੰਗ ਢਾਹ ਦਿੱਤੀ | ਮੁਜਰਿਮ ਨੂੰ ਸਜ਼ਾ ਦੇਣ ਵਾਲੇ ਜ਼ਾਲਮਾਨਾਂ ਤਰੀਕੇ ਛੱਡ ਦਿੱਤੇ ਗਏ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਮਰਗੇਂਦਰ ਸੈਨ ਦਾ ਪੁੱਤਰ ਜਤਿੰਦਰ ਹੈ ਤਾਂ ਉਸ ਦੀ ਗਿ੍ਫਤਾਰੀ ਦਾ ਹੁਕਮ ਰੱਦ ਕਰ ਦਿੱਤਾ | ਉਸ ਨੂੰ ਮੌਤ ਦੀ ਸਜ਼ਾ ਦੇਣੀ ਰੱਦ ਕਰ ਦਿੱਤੀ ਅਤੇ ਉਸ ਦੀ ਜਾਨ ਬਖ਼ਸ਼ੀ ਕਰ ਦਿੱਤੀ | ਅਸ਼ੋਕ ਨੇ ਜਤਿੰਦਰ ਦੇ ਪਿਤਾ ਦਾ ਜਿੱਤਿਆ ਹੋਇਆ ਰਾਜ ਉਸ ਨੂੰ ਵਾਪਸ ਕਰ ਦਿੱਤਾ ਅਤੇ ਉਸ ਤੋਂ ਬਾਅਦ ਪੂਰਾ ਜੀਵਨ ਕਿਸੇ ਰਾਜੇ 'ਤੇ ਹਮਲਾ ਨਹੀਂ ਕੀਤਾ |

-259, ਫੇਸ-3, ਅਰਬਨ ਅਸਟੇਟ, ਡੁਗਰੀ, ਲੁਧਿਆਣਾ-141013.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX