ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਮਿਆਰ ਰੱਖਿਆ ਜਾਵੇ ਬਰਕਰਾਰ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜਕਲ੍ਹ ਪਰਵਰ-ਦਿਗਾਰ-ਏ-ਆਲਮ ਮੋਤੀਆਂ ਦੀ ਵਰਖਾ ਕਰ ਰਹੇ ਹਨ। ਅੱਜ ਤੋਂ ਤੇਤੀ ਸਾਲ ਪਹਿਲਾਂ ਜਦੋਂ ਇਥੇ ਕਹਿਰ ਵਰਤਾਇਆ ਗਿਆ ਸੀ, ਉਥੇ ਹੀ ਹੁਣ ਬਰਕਤਾਂ ਹੀ ਬਰਕਤਾਂ ਹਨ। ਈਸ਼ਵਰ ਚਾਹੇ ਤਾਂ ਵੀਰਾਨ ਵਿਚ ਵੀ ਜੱਨਤ ਦਾ ਮੰਜ਼ਰ ਪੇਸ਼ ਕਰ ਸਕਦਾ ਹੈ। ਉਂਜ ਭਾਵੇਂ ਅੰਮ੍ਰਿਤਸਰ ਦੇ ਬਹੁਤੇ ਉਦਯੋਗ ਖ਼ਾਕ ਵਿਚ ਮਿਲ ਚੁੱਕੇ ਹਨ, ਪਰ ਫਿਰ ਵੀ ਸ੍ਰੀ ਦਰਬਾਰ ਸਾਹਿਬ ਦੇ ਆਸਰੇ ਇਹ ਸ਼ਹਿਰ ਸੈਰ-ਸਪਾਟੇ ਦੀਆਂ ਬੁਲੰਦੀਆਂ ਸਰ ਕਰ ਰਿਹਾ ਹੈ। ਸਾਰੇ ਸ਼ਹਿਰ ਅੰਦਰ ਨਵਾਂ ਜੀਵਨ ਅੰਗੜਾਈਆਂ ਲੈ ਰਿਹਾ ਹੈ। ਇਸ ਸ਼ਹਿਰ ਦੇ ਦਰਸ਼ਨ ਦੀਦਾਰ ਕਰਕੇ ਸਕੂਨ ਮਿਲਦਾ ਹੈ।
ਸ੍ਰੀ ਦਰਬਾਰ ਸਾਹਿਬ ਦਾ ਇੰਤਜ਼ਾਮ ਬੜੇ ਸਨਿਮਰ ਅਤੇ ਸੁੱਘੜ ਹੱਥਾਂ ਵਿਚ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਬੜੇ ਹਲੀਮ ਅਤੇ ਗੁਰੂਪ੍ਰਸਤ ਇਨਸਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੀ ਬੜੇ ਮਾਹਿਰ ਵਿਦਵਾਨ ਹਨ। ਸਾਰੇ ਪਾਸੇ ਕਾਬਿਲ-ਏ-ਮਿਸਾਲ ਸਫ਼ਾਈ ਹੈ। ਪਰ ਇਹ ਇਲਾਹੀ ਮੁਕੱਦਸ ਮੁਕਾਮ ਵੀ ਕੁਝ ਤਰੁੱਟੀਆਂ ਨਾਲ ਦੋ-ਚਾਰ ਹੈ।
ਇਹ ਬੜੀ ਫ਼ਖਰ ਵਾਲੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਮੁੱਖ ਦਰਬਾਰ ਹਾਲ ਵਿਚ ਕਥਾ ਕਰਨ ਦੀ ਮਨਾਹੀ ਹੈ। ਮੈਂ ਕਥਾਕਾਰਾਂ ਦੀ ਕਾਬਲੀਅਤ ਉੱਪਰ ਕਿੰਤੂ-ਪ੍ਰੰਤੂ ਨਹੀਂ ਕਰਦਾ, ਸਾਰੇ ਆਪਣੇ-ਆਪਣੇ ਹਿਸਾਬ ਨਾਲ ਵਿਦਵਾਨ ਹਨ, ਅਲਬੱਤਾ ਜਦੋਂ ਗੁਰਬਾਣੀ ਦੀ ਕਥਾ ਕੀਤੀ ਜਾਂਦੀ ਹੈ ਤਾਂ ਹਰ ਇਕ ਦਾ ਨਜ਼ਰੀਆ ਹਰ ਦੂਜੇ ਕਥਾਕਾਰ ਤੋਂ ਭਿੰਨ ਹੁੰਦਾ ਹੈ। ਇਸੇ ਕਾਰਨ ਨਿਰੋਲ ਬਾਣੀ ਪੜ੍ਹਨ ਦਾ ਨਿਰਦੇਸ਼ ਹੈ। ਬਾਣੀ ਦੀ ਕੋਈ ਲਗ-ਮਾਤਰ ਤਬਦੀਲ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਵੀ ਨਹੀਂ ਹੈ। ਇਸੇ ਹੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ। ਬਾਣੀ ਦੇ ਗਾਇਨ ਵਾਸਤੇ ਵੀ ਗੁਰੂ ਸਾਹਿਬ ਨੇ ਰਾਗ ਤਰਤੀਬ ਨਿਰਧਾਰਤ ਕਰ ਛੱਡੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪ੍ਰਿਥਮ ਕੀਰਤਨੀਏ ਭਾਈ ਮਰਦਾਨਾ ਰਬਾਬੀ ਸਨ। ਭਾਈ ਮਰਦਾਨਾ ਐਨੇ ਸ਼ਰਧਾਵਾਨ ਸਨ ਕਿ ਉਹ ਗਾਇਨ ਦੇ ਰਾਗ ਨੂੰ ਹੂ-ਬਹੂ ਉਸੇ ਹੀ ਤਰ੍ਹਾਂ ਗਾਇਨ ਕਰਦੇ ਸਨ। ਉਨ੍ਹਾਂ ਤੋਂ ਬਾਅਦ ਹੋਰ ਵੀ ਰਾਗੀ ਸਿੰਘ ਆਏ ਜੋ ਰਬਾਬੀ ਪ੍ਰੰਪਰਾ ਤੋਂ ਸਨ।
ਭਾਈ ਸੱਤਾ ਅਤੇ ਭਾਈ ਬਲਵੰਡ ਚੌਥੀ ਅਤੇ ਪੰਜਵੀਂ ਪਾਤਸ਼ਾਹੀ ਦੇ ਸਮੇਂ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਗੁਰੂ ਸਾਹਿਬਾਨ ਉਨ੍ਹਾਂ ਦਾ ਸਤਿਕਾਰ ਵੀ ਕਰਿਆ ਕਰਦੇ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅੰਮ੍ਰਿਤਸਰ ਅਤੇ ਲਾਹੌਰ ਵਿਚ ਭਾਰੀ ਉਥਲ-ਪੁਥਲ ਸੀ। ਉਸ ਸਮੇਂ ਗੁਰਮਤਿ ਸੰਗੀਤ ਦਾ ਕੇਂਦਰ ਗੁਰੂ ਸਾਹਿਬ ਦੀ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਬਣ ਗਿਆ ਸੀ। ਤਰਾਨਾ ਗਾਇਨ ਗੁਰੂ ਸਾਹਿਬ ਨੂੰ ਬੜਾ ਪਸੰਦ ਸੀ। ਖ਼ਿਆਲ ਗਾਇਕੀ ਉਨ੍ਹਾਂ ਦੇ ਸਮੇਂ ਪੁੰਗਰ ਰਹੀ ਸੀ ਪਰ ਰਾਗ ਦੇ ਬੋਲਬਾਲੇ ਤੋਂ ਕੋਈ ਮੁਨਕਰ ਨਹੀਂ ਸੀ।
ਦਸਵੇਂ ਪਾਤਸ਼ਾਹ ਦੇ ਦੱਖਣੀ ਭਾਰਤ ਵੱਲ ਰਵਾਨਾ ਹੋਣ ਅਤੇ ਉਥੇ ਜੋਤੀ-ਜੋਤਿ ਸਮਾਉਣ ਅਤੇ ਅੱਠ ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਪੰਜਾਬ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਗੁਰਮਤਿ ਸੰਗੀਤ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਸੀ। ਰਬਾਬੀ ਕੀਰਤਨੀਏ ਵੀ ਲੁਕ-ਛਿਪ ਕੇ ਰਹਿ ਰਹੇ ਸਨ। ਉਹ ਆਪਣੇ ਬੱਚਿਆਂ ਨੂੰ ਕੀਰਤਨ ਕਲਾ ਵੀ ਵੀਰਾਨ ਥਾਵਾਂ 'ਤੇ ਸਿਖਾਇਆ ਕਰਦੇ ਸਨ। ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨੇ ਸਾਰੇ ਉੱਤਰੀ ਭਾਰਤ ਵਿਚ ਦਹਿਸ਼ਤ ਫੈਲਾਅ ਦਿੱਤੀ ਸੀ। ਔਰਤਾਂ ਘਰਾਂ ਤੋਂ ਬਾਹਰ ਨਹੀਂ ਸਨ ਨਿਕਲਦੀਆਂ। ਇਸ 1716 ਤੋਂ 1766 ਦੇ ਦੌਰ ਵਿਚ ਸਿੱਖ ਮਿਸਲਾਂ ਮੈਦਾਨ ਵਿਚ ਨਿੱਤਰੀਆਂ। ਨਵਾਬ ਜੱਸਾ ਸਿੰਘ ਆਹਲੂਵਾਲੀਆ ਵਰਗਿਆਂ ਯੋਧਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਦੰਦ ਖੱਟੇ ਕੀਤੇ ਤੇ ਬਹੁਤਾ ਪੰਜਾਬ ਅਫ਼ਗਾਨੀਆਂ ਤੋਂ ਆਜ਼ਾਦ ਕਰਵਾ ਲਿਆ।
ਸ਼ੁਕਰਚੱਕੀਆ ਮਿਸਲ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਵਿਚ 1793 ਤੋਂ ਪੂਰਬ ਵੱਲ ਵਧਣੀ ਸ਼ੁਰੂ ਹੋਈ। ਉਸ ਸਮੇਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਨਵਾਂ ਗੁਰਮਤਿ ਸੰਗੀਤ ਦਾ ਸੋਮਾ ਉਸਰਨ ਲੱਗਾ। ਵੱਡੇ-ਵੱਡੇ ਨਾਮੀ-ਗਰਾਮੀ ਰਬਾਬੀਏ ਕੀਰਤਨੀਏ ਸ੍ਰੀ ਨਨਕਾਣਾ ਸਾਹਿਬ ਇਕੱਤਰ ਹੋਣੇ ਸ਼ੁਰੂ ਹੋ ਗਏ। ਸਿੱਖ ਕੌਮ ਉਨ੍ਹਾਂ ਦੀ ਸੇਵਾ ਵੀ ਦਿਲ ਖੋਲ੍ਹ ਕੇ ਕਰਦੀ ਸੀ। ਦੂਜੇ ਪਾਸੇ ਭੰਗੀ ਮਿਸਲ ਦੇ ਸਮੇਂ ਤਕਰੀਬਨ 1770 ਤੋਂ ਸ੍ਰੀ ਦਰਬਾਰ ਸਾਹਿਬ ਵਿਚ ਵੀ ਰੌਣਕਾਂ ਮੁੜ ਪਰਤ ਆਈਆਂ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਫ਼ਤਹਿ ਕੀਤਾ, ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਗੁਰਮਤਿ ਸੰਗੀਤ ਦਾ ਸਭ ਤੋਂ ਅਹਿਮ ਸੋਮਾ ਬਣ ਕੇ ਉਭਰਿਆ।
ਬਾਦਸ਼ਾਹ ਰਣਜੀਤ ਸਿੰਘ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਚ ਸ਼ਬਦ ਕੀਰਤਨ ਦਾ ਪ੍ਰਵਾਹ ਤੜਕੇ ਚਾਰ ਵਜੇ ਤੋਂ ਰਾਤੀਂ ਦਸ ਵਜੇ ਤਾਈਂ ਨਿਰਵਿਘਨ ਸ਼ੁਰੂ ਕੀਤਾ ਗਿਆ। ਹਰ ਇਕ ਚੌਕੀ ਸਮੇਂ ਦੇ ਰਾਗ ਅਨੁਸਾਰ ਰੱਖੀ ਜਾਂਦੀ ਸੀ, ਇਸ ਸਮੇਂ ਵਿਚ ਕਪੂਰਥਲਾ, ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ (ਵੈਰੋਵਾਲ), ਜਲਾਲਾਬਾਦ, ਸ੍ਰੀ ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਰਬਾਬੀ ਕੀਰਤਨੀਏ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਬਹੁਤਿਆਂ ਨੇ ਮਕਾਨ ਵੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਖਰੀਦ ਲਏ। ਤਾਊਸ, ਸਾਰੰਦੇ ਅਤੇ ਰਬਾਬ ਬਣਾਉਣ ਦੀ ਸਨਅਤ ਵੀ ਅੰਮ੍ਰਿਤਸਰ ਵਿਚ ਵਧਣ ਲੱਗੀ। ਇਸ ਦੌਰ ਵਿਚ ਰਬਾਬੀ ਇਕ-ਦੂਜੇ ਨਾਲ ਮੁਕਾਬਲਾ ਕਰਿਆ ਕਰਦੇ ਸਨ। ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨ ਅਤੇ ਰਾਗ ਵਿੱਦਿਆ ਦੀ ਮੁਕਾਬਲੇਬਾਜ਼ੀ ਚਲਦੀ ਸੀ।
1849 ਵਿਚ ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ। ਪਰ ਅੰਗਰੇਜ਼ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਵਾਂਗੂੰ ਕੋਮਲ ਹੁਨਰਾਂ ਦੇ ਵੈਰੀ ਨਹੀਂ ਸਨ। ਉਨ੍ਹਾਂ ਨੇ ਅੰਮ੍ਰਿਤਸਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਚ ਰਾਗ ਕਲਾ ਨੂੰ ਪੂਰੀ ਖੁੱਲ੍ਹ ਦਿੱਤੀ, ਜਿਸ ਦੇ ਫਲਸਰੂਪ ਅੰਮ੍ਰਿਤਸਰ ਰਾਗ ਵਿੱਦਿਆ ਦਾ ਸੋਮਾ ਬਣ ਗਿਆ। ਅੰਗਰੇਜ਼ ਦੇ ਵਕਤ ਵਿਚ ਪਖਾਵਜ ਅਤੇ ਮਰਦੰਗ ਦਾ ਰਿਵਾਜ ਘਟ ਗਿਆ ਅਤੇ ਤਬਲਾ ਵਧਣ-ਫੁੱਲਣ ਲੱਗਾ। ਪਿੰਡਾਂ ਵਿਚ ਢੋਲਕੀਆਂ ਅਤੇ ਛੈਣਿਆਂ ਨਾਲ ਕੀਰਤਨ ਦੀ ਪ੍ਰਥਾ ਵਧਣ ਲੱਗੀ।
ਮੈਂ 19ਵੀਂ ਸਦੀ ਦੇ ਆਖਰੀ ਸਾਲਾਂ ਵਿਚ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਅੰਮ੍ਰਿਤਸਰ ਦੇ ਚੰਦ ਸਿਰਮੌਰ ਰਬਾਬੀ ਕੀਰਤਨੀਆਂ ਸਬੰਧੀ ਕੁਝ ਖੋਜ ਕਰਨ ਵਿਚ ਸਫਲ ਹੋਇਆ ਹਾਂ। ਇਸ ਦੌਰ ਦਾ ਸਿਰਮੌਰ ਕੀਰਤਨੀਆ ਭਾਈ ਆਗ਼ਾ ਫ਼ੈਜ਼ ਅੰਮ੍ਰਿਤਸਰੀ ਸੀ। ਉਸ ਦੇ ਸਮਕਾਲੀਆਂ ਵਿਚੋਂ ਇਕ ਭਾਈ ਛੈਲਾ ਪਟਿਆਲੇ ਵਾਲਾ ਸੀ। ਉਹ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਕੀਰਤਨ ਕਰਦਾ ਸੀ। ਕਦੀ-ਕਦੀ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵੀ ਕੀਰਤਨ ਕਰਦਾ ਸੀ। ਇਨ੍ਹਾਂ ਦੇ ਸਮਕਾਲੀ ਭਾਈ ਰੂੜਾ ਅਤੇ ਭਾਈ ਬੂੜਾ ਵੀ ਸਨ, ਜਿਨ੍ਹਾਂ ਦੇ ਅਲੱਗ-ਅਲੱਗ ਜਥੇ ਸਨ, ਉਹ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਦੇ ਸਨ। ਭਾਈ ਲਾਲ ਪਹਿਲਾਂ ਵੀ 19ਵੀਂ ਸਦੀ ਦੇ ਅਖੀਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਦਾ ਸੀ। ਉਹ ਕੀਰਤਨ ਕਲਾ ਦੀ ਇਕ ਜਾਣੀ-ਪਹਿਚਾਣੀ ਸ਼ਖ਼ਸੀਅਤ ਸੀ। ਭਾਈ ਚਾਂਦ ਵੀ ਉਨ੍ਹਾਂ ਦੀ ਸਕੀਰੀ ਵਿਚੋਂ ਹੀ ਸਨ। ਭਾਈ ਮਿਹਰ ਵੀ ਸ੍ਰੀ ਦਰਬਾਰ ਸਾਹਿਬ ਦੇ ਹਰਮਨ-ਪਿਆਰੇ ਕੀਰਤਨੀਏ ਸਨ। ਉਨ੍ਹਾਂ ਦੇ ਫਰਜੰਦ ਭਾਈ ਗੁਲਾਮ ਵੀ ਉਨ੍ਹਾਂ ਦੇ ਨਾਲ ਹੀ ਕੀਰਤਨ ਕਰਿਆ ਕਰਦੇ ਸਨ। ਬਾਅਦ ਵਿਚ ਭਾਈ ਗੁਲਾਮ ਸੰਗੀਤ ਨਿਰਦੇਸ਼ਕ ਬਣ ਗਿਆ ਅਤੇ ਮਾਸਟਰ ਗੁਲਾਮ ਹੈਦਰ ਦੇ ਨਾਂਅ ਨਾਲ ਫ਼ਿਲਮੀ ਦੁਨੀਆ ਵਿਚ ਮਕਬੂਲ ਹੋ ਗਿਆ। ਪਾਕਿਸਤਾਨ ਦੇ ਇਕ ਮਸ਼ਹੂਰ ਸੰਗੀਤ ਨਿਰਦੇਸ਼ਕ ਰਸ਼ੀਦ ਅਤਰੇ ਵੀ ਇਕ ਗੁਰੂ ਘਰ ਦੇ ਕੀਰਤਨੀਏ ਦੇ ਫਰਜੰਦ ਸਨ। ਭਾਈ ਦੇਸਾ ਅਤੇ ਭਾਈ ਤਾਬਾ ਵੀ ਗੁਰੂ ਘਰ ਦੇ ਕੀਰਤਨੀਏ ਸਨ। ਭਾਈ ਗੁਲਾਮ ਹਸਨ ਸਗਨ ਵੀ ਕੀਰਤਨੀਏ ਸਨ ਜੋ ਬਾਅਦ ਵਿਚ ਰੇਡੀਓ, ਪਾਕਿਸਤਾਨ ਲਾਹੌਰ ਦੇ ਸੰਗੀਤ ਦੇ ਵਿਭਾਗ ਦੇ ਇੰਚਾਰਜ ਬਣੇ। ਸ੍ਰੀ ਨਨਕਾਣਾ ਸਾਹਿਬ ਦੇ ਕੀਰਤਨੀਆਂ ਵਿਚੋਂ ਭਾਈ ਪਾਲ ਸਿੰਘ, ਭਾਈ ਜਸਵੰਤ ਸਿੰਘ ਰਬਾਬੀ ਅਤੇ ਭਾਈ ਸਰਮੁਖ ਸਿੰਘ ਤੇ ਗੁਰਮੁਖ ਸਿੰਘ ਰਬਾਬੀ ਬੜੇ ਮਕਬੂਲ ਸਨ। ਭਾਈ ਹਜ਼ੂਰਾ ਸਿੰਘ, ਤਾਨਾ ਸਿੰਘ ਵੀ ਬੜੇ ਸਿਰ-ਕੱਢਵੇਂ ਕੀਰਤਨੀਏ ਸਨ। ਤੁਫੈਲ ਨਿਆਜ਼ੀ ਦੇ ਵਡੇੇਰੇ ਕਪੂਰਥਲੇ ਕੀਰਤਨ ਕਰਦੇ ਸਨ।
1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਗੁਰਸਿੱਖ ਕੀਰਤਨੀਆਂ ਦਾ ਪ੍ਰਭਾਵ ਵਧਦਾ ਗਿਆ ਅਤੇ ਰਬਾਬੀ ਕੀਰਤਨੀਆਂ ਦੀ ਵੁਕਤ ਘਟਦੀ ਗਈ। ਗੁਰਸਿੱਖ ਕੀਰਤਨੀਆਂ ਵਿਚੋਂ ਭਾਈ ਸ਼ਾਮ ਸਿੰਘ, ਭਾਈ ਹੀਰਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਸੰਤਾ ਸਿੰਘ ਅਤੇ ਭਾਈ ਸਮੁੰਦ ਸਿੰਘ ਬਹੁਤ ਮਕਬੂਲ ਹੋਏ ਹਨ। ਭਾਈ ਆਗ਼ਾ ਫ਼ੈਜ਼, ਭਾਈ ਛੈਲਾ, ਮਾਸਟਰ ਮਦਨ, ਭਾਈ ਸੰਤਾ ਸਿੰਘ, ਭਾਈ ਸਮੁੰਦ ਸਿੰਘ, ਭਾਈ ਬਲਬੀਰ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਮੋਹਨ ਪਾਲ ਸਿੰਘ, ਭਾਈ ਧਰਮ ਸਿੰਘ ਜਖ਼ਮੀ, ਭਾਈ ਜੁਗਿੰਦਰ ਸਿੰਘ ਅਤੇ ਮਹਿੰਦਰ ਸਿੰਘ ਦੀਆਂ ਚੰਦ ਰਿਕਾਰਡਿੰਗਜ਼ ਤਾਈਂ ਮੇਰੀ ਪਹੁੰਚ ਹੋਈ ਹੈ।
1960 ਤੋਂ ਬਾਅਦ ਮੈਂ ਅਨੁਭਵ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੁਰਮਤਿ ਸੰਗੀਤ ਦਾ ਮਿਆਰ ਬੜੀ ਤੇਜ਼ੀ ਨਾਲ ਡਿਗਿਆ ਹੈ। ਜਦੋਂ ਗੁਰੂ ਦੀ ਬੇਅੰਤ ਕਿਰਪਾ ਹੋਵੇ, ਉਸ ਸਮੇਂ ਗੁਰਮਤਿ ਸੰਗੀਤ ਦਾ ਮਿਆਰ ਘਟਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਸਾਨੂੰ ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਘ ਛੱਤੀਸਗੜ੍ਹ, ਹਰਜੀਤ ਸਿੰਘ, ਗੁਰਦੀਪ ਸਿੰਘ ਨਵੀਂ ਦਿੱਲੀ, ਦਵਿੰਦਰ ਸਿੰਘ ਬੋਦਲ ਅਤੇ ਕਰਮਜੀਤ ਸ਼ਾਂਤ ਸਿੰਘ ਨਿਊਯਾਰਕ ਵਰਗੇ ਕੀਰਤਨੀਆਂ ਦੀ ਲੋੜ ਹੈ। ਜ਼ਰੂਰਤ ਹੋਵੇ ਤਾਂ ਮੈਂ ਮਹਾਨ ਪੁਰਾਤਨ ਕੀਰਤਨੀਆਂ ਦਾ ਸੰਗੀਤ ਲੱਭ ਕੇ ਨਵੇਂ ਰਾਗੀ ਸਿੰਘਾਂ ਨੂੰ ਸੁਣਾ ਸਕਦਾ ਹਾਂ।


-harjapaujla@gmail.com


ਖ਼ਬਰ ਸ਼ੇਅਰ ਕਰੋ

ਇਤਿਹਾਸਕ ਯਾਦਾਂ ਨਾਲ ਭਰਪੂਰ ਰੁੱਖ

ਗੁਰੂ ਪਾਤਸ਼ਾਹ ਜੀ ਮਿਹਰਾਂ ਦੇ ਬੱਦਲ ਬਣ ਕੇ ਪਿਆਸੀਆਂ ਧਰਤੀਆਂ, ਸੁੱਕੇ ਹਿਰਦਿਆਂ ਅਤੇ ਮੁਰਝਾਏ ਬਿਰਖਾਂ-ਬਗੀਚਿਆਂ ਨੂੰ ਭਾਗ ਲਾਉਂਦੇ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਸੁੱਕੇ ਬਾਗਾਂ ਨੂੰ ਹਰਿਆਵਲਾਂ ਬਖਸ਼ੀਆਂ, ਕੌੜੇ ਰੀਠਿਆਂ ਨੂੰ ਮਿਠਾਸ ਬਖਸ਼ੀ, ਜੰਗਲਾਂ ਨੂੰ ਸਰਸ਼ਾਰ ਕੀਤਾ। ਜਿਨ੍ਹਾਂ ਰੁੱਖਾਂ ਥੱਲੇ ਬੈਠ ਕੇ ਆਪ ਜੀ ਇਲਾਹੀ ਕੀਰਤਨ ਕਰਦੇ ਸਨ, ਉਨ੍ਹਾਂ ਦੇ ਪੱਤਿਆਂ ਵਿਚੋਂ ਰਸ ਚੋਣ ਲੱਗ ਜਾਂਦਾ ਸੀ। ਸ੍ਰੀ ਦਸਮੇਸ਼ ਜੀ ਨੇ ਮਾਲਵੇ ਦੇ ਜੰਗਲਾਂ ਨੂੰ ਭਾਗ ਲਾਏ ਅਤੇ ਆਪਣਾ ਮਾਲਵਾ ਕਹਿ ਕੇ ਨਿਵਾਜਿਆ। ਕੱਲਰਾਂ ਨੂੰ ਵਰ ਬਖਸ਼ ਕੇ ਅੰਨ, ਧਾਨ ਅਤੇ ਫਲਾਂ-ਫੁੱਲਾਂ ਵਾਲੀਆਂ ਧਰਤੀਆਂ ਬਣਾ ਦਿੱਤਾ। ਅੱਜ 68 ਇਹੋ ਜਿਹੇ ਗੁਰੂ ਅਸਥਾਨ ਹਨ, ਜਿਨ੍ਹਾਂ ਦੇ ਨਾਂਅ ਬਿਰਖਾਂ ਦੇ ਨਾਂਅ 'ਤੇ ਰੱਖੇ ਗਏ ਹਨ। ਏਨੀ ਵਡਿਆਈ ਮਿਲਣ 'ਤੇ ਇਹ ਬਿਰਖ ਕਿਉਂ ਨਾ ਗਾਉਣ ਤੇ ਝੂਮਣ? ਅੱਜ ਵੀ ਪਾਵਨ ਯਾਦਾਂ ਦੀਆਂ ਥਰਕੰਬਣੀਆਂ ਸਮੇਟੀ ਕੁਝ ਰੁੱਖ ਆਬਾਦ ਹਨ। ਆਪਾਂ ਵੀ ਇਨ੍ਹਾਂ ਨੂੰ ਮਿਲ ਕੇ ਇਨ੍ਹਾਂ ਦੇ ਸਰੂਰ ਵਿਚ ਸ਼ਾਮਿਲ ਹੁੰਦੇ ਹਾਂ।
ਗੁਰਦੁਆਰਾ ਨਿੰਮ ਸਾਹਿਬ, ਕੈਥਲ : ਗਰਮੀਆਂ ਦੀ ਰੁੱਤੇ ਬਾਂਗਰ ਦੇ ਖੁਸ਼ਕ ਤਪਦੇ ਇਲਾਕੇ ਨੂੰ ਸੀਤਲਤਾ ਬਖਸ਼ਣ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇਥੇ ਆਏ। ਜਿਸ ਨਿੰਮ ਥੱਲੇ ਆਪ ਜੀ ਨੇ ਆਸਣ ਕੀਤਾ, ਉਸ ਦੇ ਚਾਰ ਟਹਿਣੇ ਸਨ। ਮਹਾਰਾਜ ਜੀ ਉੱਤਰ ਵਾਲੇ ਟਹਿਣੇ ਹੇਠ ਬਿਰਾਜੇ ਤਾਂ ਟਹਿਣੇ ਦੇ ਕੌੜੇ ਪੱਤੇ ਮਿੱਠੇ ਹੋ ਗਏ। ਇਕ ਤਾਪ ਦੇ ਭੰਨੇ ਰੋਗੀ ਨੂੰ ਨਿੰਮ ਦੇ ਪੱਤੇ ਛਕਾ ਕੇ ਆਪ ਜੀ ਨੇ ਉਸ ਦਾ ਰੋਗ ਦੂਰ ਕੀਤਾ।
ਗੁਰਦੁਆਰਾ ਦਾਤਣ ਸਾਹਿਬ ਪਾਤਸ਼ਾਹੀ ਪਹਿਲੀ ਕਟਕ : ਪਹਿਲੇ ਪਾਤਸ਼ਾਹ ਜੀ ਉੜੀਸਾ ਗਏ ਤਾਂ ਇਸ ਅਸਥਾਨ 'ਤੇ ਦਾਤਣ ਕਰਕੇ ਗੱਡ ਦਿੱਤੀ ਸੀ। ਕਿਹੋ ਜਿਹੀ ਇਲਾਹੀ ਮਹਿਕ ਦਾ ਮਾਲਕ ਹੋਵੇਗਾ ਉਹ ਸੁਭਾਗਾ ਬਿਰਖ, ਜੋ ਇਸ ਦਾਤਣ ਤੋਂ ਪ੍ਰਫੁੱਲਤ ਹੋਇਆ।
ਗੁਰਦੁਆਰਾ ਕੰਵਲਸਰ ਸਾਹਿਬ : ਅਹੀਰ ਲੋਕਾਂ ਦੇ ਪਿੰਡ ਹੀਰੋ ਕਲਾਂ ਵਿਚ ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾਏ। ਕਾਇਮਾਂ ਦੇ ਦੋ ਦਰੱਖਤਾਂ ਨਾਲ ਆਪ ਜੀ ਦੇ ਘੋੜੇ ਬੰਨ੍ਹੇ ਗਏ। ਇਨ੍ਹਾਂ ਰੁੱਖਾਂ ਦੀਆਂ ਜੜ੍ਹਾਂ ਦੇ ਨਿਸ਼ਾਨ ਹੁਣ ਤੱਕ ਕਾਇਮ ਹਨ।
ਬੀੜ ਬਾਬਾ ਬੁੱਢਾ ਜੀ : ਇਥੇ ਬਾਬਾ ਬੁੱਢਾ ਜੀ ਨੇ ਲੰਮਾ ਸਮਾਂ ਨਿਵਾਸ, ਤਪ ਅਤੇ ਸੇਵਾ ਕੀਤੀ। ਗੁਰੂ ਪਾਤਸ਼ਾਹ ਜੀ ਵੀ ਇਥੇ ਕਈ ਵਾਰ ਆਏ। ਬਾਲਕ ਅਵਸਥਾ ਵਿਚ ਬਾਬਾ ਬੁੱਢਾ ਜੀ ਨੇ ਇਥੇ ਹੀ ਪਹਿਲੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ। ਨਾਮ ਬਾਣੀ ਦੇ ਨਿਰੰਤਰ ਪ੍ਰਵਾਹ ਨਾਲ ਨਸ਼ਿਆਏ ਇਹ ਬੂਟੇ ਅੱਜ ਵੀ ਟਹਿਕ ਰਹੇ ਹਨ।
ਟਹਿਲਪੁਰਾ ਦਾ ਪਿੱਪਲ : ਪਟਿਆਲੇ ਨੇੜੇ ਇਸ ਅਸਥਾਨ 'ਤੇ ਨੌਵੇਂ ਪਾਤਸ਼ਾਹ ਜੀ ਨੇ ਪਿੱਪਲਾਂ ਦੇ ਝੁੰਡ ਹੇਠ ਡੇਰਾ ਕੀਤਾ। ਜਿਸ ਪਿੱਪਲ ਹੇਠ ਆਪ ਬਿਰਾਜੇ ਸਨ, ਉਹ ਹੁਣ ਵੀ ਹਰਾ-ਭਰਾ ਹੈ। ਜਿਸ ਪਿੱਪਲ ਨਾਲ ਆਪ ਜੀ ਦਾ ਘੋੜਾ ਬੱਧਾ ਸੀ, ਉਹ ਵੀ ਝੂਮ ਰਿਹਾ ਹੈ।
ਸਿਆਮੋ ਵਾਲਾ ਅੰਬ : ਪਿੰਡ ਹਰਪਾਲਪੁਰ ਵਿਖੇ ਨੌਵੇਂ ਪਾਤਸ਼ਾਹ ਜੀ ਨੇ ਆ ਕੇ ਇਕ ਬਰੋਟੇ ਹੇਠ ਆਸਣ ਲਾਇਆ। ਨਾਲ ਹੀ ਇਕ ਅੰਬ ਦਾ ਦਰੱਖਤ ਸੀ, ਜਿਸ ਦੀ ਰਾਖੀ ਮਾਈ ਸਿਆਮੋ ਕਰਦੀ ਹੁੰਦੀ ਸੀ। ਮਾਈ ਦੀ ਬੇਨਤੀ 'ਤੇ ਮਹਾਰਾਜ ਜੀ ਨੇ ਇਕ ਸੁੱਕੇ ਖੂਹ ਨੂੰ ਨਿਰਮਲ ਜਲ ਨਾਲ ਭਰਪੂਰ ਕੀਤਾ ਸੀ। ਇਹ ਅੰਬ ਦਾ ਦਰੱਖਤ ਅੱਜ ਵੀ ਕਾਇਮ ਹੈ ਅਤੇ ਮਹਾਰਾਜ ਜੀ ਦੀ ਨਦਰਿ ਮਿਹਰ ਦੀ ਗਵਾਹੀ ਭਰ ਰਿਹਾ ਹੈ।
ਗੁਣੀਕੇ : ਇਥੇ ਨੌਵੇਂ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਅਤੇ ਸਾਧੂਆਂ ਸਮੇਤ ਇਕ ਢਾਬ ਦੇ ਕਿਨਾਰੇ ਡੇਰਾ ਕੀਤਾ ਸੀ, ਜਿਸ ਨੂੰ ਸਿੱਧਾਂ ਵਾਲੀ ਢਾਬ ਕਿਹਾ ਜਾਂਦਾ ਹੈ। ਮਹਾਰਾਜ ਜੀ ਦਾ ਘੋੜਾ ਇਕ ਟਾਹਲੀ ਨਾਲ ਬੰਨ੍ਹਿਆ ਗਿਆ ਸੀ। ਇਥੇ ਮਾਤਾ ਗੁਜਰੀ ਜੀ ਨੇ ਕਰੀਰ ਦੀ ਲੱਕੜੀ ਗੱਡ ਕੇ ਦੁੱਧ ਰਿੜਕਿਆ ਸੀ। ਹੁਣ ਇਹ ਕਿੱਲਾ ਹਰਾ ਹੋ ਕੇ ਕਰੀਰ ਬਣ ਗਿਆ ਹੈ।
ਟੱਲ ਘਨੌੜ ਜੱਟਾਂ : ਇਥੇ ਛੇਵੇਂ ਪਾਤਸ਼ਾਹ ਜੀ ਨੇ ਦਾਤਣ ਕਰਕੇ ਇਸ਼ਨਾਨ ਕੀਤਾ ਸੀ। ਜਿਨ੍ਹਾਂ ਕਿੱਲਿਆਂ ਨਾਲ ਆਪ ਜੀ ਦੇ ਘੋੜੇ ਬੱਝੇ ਸਨ, ਉਹ ਹਰੇ ਹੋ ਕੇ ਕਰੀਰ ਬਣ ਗਏ ਸਨ, ਜੋ ਹੁਣ ਵੀ ਮੌਜੂਦ ਹਨ।
ਆਲੋਹਰਖ : ਇਥੇ ਨੌਵੇਂ ਪਾਤਸ਼ਾਹ ਜੀ ਨੇ ਇਕ ਸਾਧੂ ਦੀ ਕੁਟੀਆ ਕੋਲ ਡੇਰਾ ਕੀਤਾ ਸੀ। ਜਿਸ ਬੋਹੜ ਨਾਲ ਆਪ ਜੀ ਦਾ ਘੋੜਾ ਬੱਧਾ ਸੀ, ਉਹ ਹਾਲੇ ਵੀ ਕਾਇਮ ਹੈ।
ਗੁਰਦੁਆਰਾ ਹਰਿਗੋਬਿੰਦਸਰ ਬਾਘਾ ਪੁਰਾਣਾ : ਮਿਹਰਾਂ ਅਤੇ ਮੁਹੱਬਤਾਂ ਵੰਡਣ ਵਾਲੇ ਛੇਵੇਂ ਪਾਤਸ਼ਾਹ ਜੀ ਨੇ ਇਥੇ ਆ ਕੇ ਬਰਾੜਾਂ ਅਤੇ ਭੁੱਲਰਾਂ ਦਾ ਝਗੜਾ ਮਿਟਾਇਆ ਸੀ। ਆਪ ਜੀ ਨੇ ਜਿਸ ਪਿੱਪਲ ਨਾਲ ਆਪਣਾ ਘੋੜਾ ਬੰਨ੍ਹਿਆ ਸੀ, ਉਸ ਦਾ ਅਨੁਭਵ ਕਰਕੇ ਸੰਤ ਗੁਰਮੇਲ ਸਿੰਘ ਨੇ ਇਕ ਸਰੋਵਰ ਦੀ ਖੁਦਾਈ ਕਰਵਾਈ ਤਾਂ ਪਿੱਪਲ ਦੀਆਂ ਜੜ੍ਹਾਂ ਨਿਕਲੀਆਂ।
ਕਿੱਲਾ ਸਾਹਿਬ : ਗੁਰਦੁਆਰਾ ਬੜੀ ਸੰਗਤ ਪਟਨਾ ਸਾਹਿਬ ਵਿਖੇ ਜਿਸ ਕਿੱਲੇ ਨਾਲ ਨੌਵੇਂ ਪਾਤਸ਼ਾਹ ਜੀ ਦਾ ਘੋੜਾ ਬੱਧਾ ਸੀ, ਉਹ ਫੁੱਟ ਕੇ ਹਰਸੰਘਾਰ ਦਾ ਦਰੱਖਤ ਬਣ ਗਿਆ ਹੈ।
ਜੇ ਰੁੱਖ-ਬੂਟੇ ਇਲਾਹੀ ਮਹਿਕ ਨਾਲ ਸਦੀਆਂ ਤੱਕ ਝੂਮ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਰੁੱਖਾਂ ਦੇ ਖੇੜੇ ਵਿਚ ਸ਼ਰੀਕ ਹੋ ਕੇ ਸਾਨੂੰ ਵੀ ਸਦਾ ਹੀ ਵਿਗਾਸ ਵਿਚ ਰਹਿਣਾ ਚਾਹੀਦਾ ਹੈ।
ਜੰਡ ਸਾਹਿਬ, ਠੁੱਲ੍ਹੀਵਾਲ : ਜਿਸ ਜੰਡ ਥੱਲੇ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ, ਉਹ ਜੰਡ ਸਾਹਿਬ ਗੁਰਦੁਆਰੇ ਵਿਖੇ ਹਾਲੇ ਵੀ ਸੁਸ਼ੋਭਿਤ ਹੈ।

ਜਨਮ ਦਿਨ 'ਤੇ ਵਿਸ਼ੇਸ਼

ਧੜੱਲੇਦਾਰ ਸਿੱਖ ਆਗੂ ਸਨ ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ 'ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਮਾਸਟਰ ਜੀ ਨੇ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਥੋਂ ਗਰੈਜੂਏਸ਼ਨ ਕਰਨ ਤੋਂ ਪਿੱਛੋਂ ਉਨ੍ਹਾਂ ਲਾਹੌਰ ਤੋਂ ਬੀ. ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਲਈ ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋਏ।
ਗੁਰਦੁਆਰਾ ਸੁਧਾਰ ਲਹਿਰ ਲਈ ਚਲੇ ਸੰਘਰਸ਼ ਵਿਚ ਅੰਗਰੇਜ਼ ਸਰਕਾਰ ਨੇ ਬਾਕੀ ਅਕਾਲੀ ਲੀਡਰਾਂ ਸਮੇਤ ਮਾਸਟਰ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਰਿਹਾਈ ਹੋਈ, ਉਸ ਸਮੇਂ ਅੰਗਰੇਜ਼ ਸਰਕਾਰ ਵਲੋਂ ਗੁਰਦੁਆਰਾ ਐਕਟ-1925 ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਾਂ ਲਈ ਲਾਗੂ ਕੀਤਾ। ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਧੜਿਆਂ ਵਿਚ ਵੰਡ ਦਿੱਤਾ। ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ। ਜਦੋਂ 1926 ਵਿਚ ਜੇਲ੍ਹੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ।
ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿਚ ਜਦੋਂ ਦਿੱਲੀ ਵਿਚ ਹੋ ਰਹੀ ਅਕਾਲੀ ਕਾਨਫ਼ਰੰਸ ਵਿਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ 'ਚ ਦਾਖ਼ਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ 'ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। 1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਾਸਟਰ ਜੀ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਵਿਚ ਕੁੱਦ ਪਏ।
ਅੰਮ੍ਰਿਤਸਰ ਵਿਚ 'ਪੰਜਾਬੀ ਸੂਬਾ ਕਨਵੈਨਸ਼ਨ' ਵਿਚ 'ਪੰਜਾਬੀ ਸੂਬਾ' ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ ਗਿਆ। 4 ਜੁਲਾਈ, 1961 ਨੂੰ ਰਿਹਾਅ ਹੋ ਕੇ ਸੰਤ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁਲ੍ਹਵਾਇਆ। ਆਪ ਜੀ ਵੱਲੋਂ 'ਸੱਚਾ ਢੰਡੋਰਾ' ਅਤੇ 'ਪਰਦੇਸੀ ਖਾਲਸਾ' ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਜੋ ਪਿੱਛੋਂ 'ਅਕਾਲੀ' ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ 'ਜਥੇਦਾਰ' ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ ਪੰਥਕ ਹਿੱਤਾਂ ਲਈ 'ਪ੍ਰਭਾਤ' ਅਖ਼ਬਾਰ ਵੀ ਕੱਢਿਆ। 1946 ਈ: ਵਿਚ ਆਪ ਜੀ ਵੱਲੋਂ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਪੂਰਾ ਜੀਵਨ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬੀਤਿਆ। ਇਹ ਮਹਾਨ ਸ਼ਖ਼ਸੀਅਤ 22 ਨਵੰਬਰ, 1967 ਈ: ਨੂੰ ਹਮੇਸ਼ਾ ਲਈ ਸਾਡੇ ਪਾਸੋਂ ਵਿਦਾ ਹੋ ਗਈ।


-ਮੋਬਾ: 98143-24040

ਮੀਆਂ ਹਦਾਇਤ ਉੱਲਾ

ਉਰਦੂ ਮੁਸ਼ਾਇਰਿਆਂ ਦੀ ਵੇਖਾ-ਵੇਖੀ ਪੰਜਾਬੀ ਵਿਚ ਕਵੀ ਦਰਬਾਰਾਂ ਦੀ ਪ੍ਰਥਾ ਸ਼ੁਰੂ ਹੋਈ, ਜਿਸ ਨੇ ਪੰਜਾਬੀ ਨੂੰ ਕਈ ਬਿਹਤਰੀਨ ਕਵੀ ਦਿੱਤੇ। ਇਨ੍ਹਾਂ ਕਵੀਆਂ ਵਿਚ ਇਕ ਮੀਆਂ ਹਦਾਇਤ ਉੱਲਾ ਵੀ ਸੀ। ਮੀਆਂ ਹਦਾਇਤ ਉੱਲਾ ਦਾ ਜਨਮ 1838 ਈ: ਵਿਚ ਗਲੀ ਚਾਬਕ ਸਵਾਰਾਂ, ਲਾਹੌਰ ਵਿਚ ਹੋਇਆ ਅਤੇ ਦਿਹਾਂਤ ਵੀ ਇਥੇ ਹੀ 1929 ਈ: ਨੂੰ ਹੋਇਆ। ਰੋਜ਼ੀ-ਰੋਟੀ ਲਈ ਦਰਜੀ ਦਾ ਕੰਮ ਕਰਦਾ ਸੀ ਪਰ ਵਧੇਰੇ ਦਿਲਚਸਪੀ ਕਵਿਤਾ ਲਿਖਣ ਅਤੇ ਸ਼ਾਗਿਰਦਾਂ ਦੀ ਰਚਨਾ ਸੋਧਣ ਵਿਚ ਸੀ। ਇਸ ਦੀ ਆਪਣੇ ਸਮੇਂ ਦੇ ਉਸਤਾਦ ਕਵੀਆਂ ਵਿਚ ਗਿਣਤੀ ਹੁੰਦੀ ਸੀ ਅਤੇ ਜਦੋਂ ਕਦੇ ਕਵੀਆਂ ਵਿਚ ਕਿਸੇ ਸ਼ਿਅਰ ਦੇ ਵਜ਼ਨ, ਬਹਿਰ ਬਾਰੇ ਝਗੜਾ ਹੋ ਜਾਂਦਾ ਤਾਂ ਮੀਆਂ ਹਦਾਇਤ ਉੱਲਾ ਦਾ ਫੈਸਲਾ ਆਖਰੀ ਮੰਨਿਆ ਜਾਂਦਾ ਸੀ। ਇਹ ਆਪ ਉਸ ਵੇਲੇ ਦੇ ਪ੍ਰਸਿੱਧ ਸ਼ਾਇਰ ਹਾਫਿਜ਼ ਵਲੀ ਉੱਲਾ ਸੱਜਣ ਦੇ ਪੁੱਤਰ ਪਿਆਰੇ ਸਾਹਿਬ ਦਾ ਸ਼ਾਗਿਰਦ ਸੀ:
ਅੰਦਰ ਸ਼ਹਿਰ ਲਾਹੌਰ ਉਸਤਾਦ ਮੇਰੇ,
ਰਹਿੰਦੇ ਗਲੀ ਕਲਾਲਾਂ ਦੀ ਗਲੀ ਆਹੈ।
ਸੱਜਣ ਨਾਮ ਧਰਿਆ ਉਨਾਂ ਸ਼ਿਅਰ ਅੰਦਰ
ਇਸਮ ਵਲੀ ਉੱਲਾ ਕਾਮਲ ਵਲੀ ਆਹੈ।
ਮੀਆਂ ਹਦਾਇਤ ਉੱਲਾ ਦੇ ਅੱਗੇ ਆਪਣੇ ਵੀ ਕਈ ਸ਼ਾਗਿਰਦ ਸਨ, ਜਿਨ੍ਹਾਂ ਵਿਚੋਂ ਭਾਈ ਲਾਹੌਰਾ ਸਿੰਘ ਅਤੇ ਮੀਆਂ ਰਹੀਮ ਬਖਸ਼ ਦੇ ਨਾਂਅ ਵਧੇਰੇ ਉੱਘੜਵੇਂ ਹਨ। ਇਹ ਪੰਜਾਬੀ ਤੋਂ ਇਲਾਵਾ ਉਰਦੂ ਅਤੇ ਫ਼ਾਰਸੀ ਵਿਚ ਵੀ ਕਵਿਤਾ ਰਚਦਾ ਸੀ। ਇਸ ਦੀਆਂ ਗਿਆਰਾਂ ਸੀਹਰਫੀਆਂ, ਇਕ ਬਾਰਾਂਮਾਹ ਅਤੇ ਕੁਝ ਦੋਹੜੇ ਮਿਲਦੇ ਹਨ, ਜੋ ਇਕ ਹੀ ਸੈਂਚੀ ਮਜਮੂਆ ਸੀਹਰਫੀ ਹਦਾਇਤ ਉੱਲਾ ਨਾਂਅ ਥੱਲੇ ਛਪੇ ਹੋਏ ਹਨ, ਜਿਸ ਦਾ ਰਚਨਾਕਾਲ ਕਵੀ ਦੇ ਆਪਣੇ ਕਥਨ ਅਨੁਸਾਰ 1284 ਹਿ: (1867 ਈ:) ਹੈ।
ਸੀਹਰਫੀਆਂ ਦੀ ਵਸਤੂ-ਸਮੱਗਰੀ ਤਸੱਵੁਫ਼ ਜਾਂ ਸੂਫ਼ੀਵਾਦ ਦੀਆਂ ਰਮਜ਼ਾਂ ਹਨ। ਪਹਿਲੀ ਸੀਹਰਫੀ ਵਿਚ ਰੱਬ ਦੀ ਸ਼ਾਨ ਵਿਚ ਕੁਝ ਮਿਸਰੇ ਲਿਖ ਕੇ ਉਹ ਉਸ ਨੂੰ ਆਪਣੇ ਔਗੁਣ ਬਖਸ਼ਣ ਦੀ ਜੋਦੜੀ ਕਰਦਾ ਹੈ। ਫਿਰ ਸੰਸਾਰ ਦੀ ਨਾਸ਼ਮਾਨਤਾ ਅਤੇ ਪਾਪਾਂ ਦੇ ਫਲ ਵਜੋਂ ਦੋਜ਼ਖ ਦੀ ਅੱਗ ਦਾ ਡਰ ਦੇ ਕੇ ਰੱਬ ਦੀ ਦਿਆਲਤਾ ਅਤੇ ਉਦਾਰਤਾ ਦਾ ਜ਼ਿਕਰ ਕਰਦਾ ਹੈ। ਦੂਜੀ, ਤੀਜੀ ਅਤੇ ਚੌਥੀ ਸੀਹਰਫੀ ਵਿਚ ਇਸ਼ਕ ਦੇ ਦੁੱਖਾਂ-ਦਰਦਾਂ, ਤੜਪਾਂ ਅਤੇ ਮੁਸ਼ਕਿਲਾਂ ਦਾ ਵੇਰਵਾ ਦਿੰਦਾ ਹੈ। ਪੰਜਵੀਂ ਸੀਹਰਫੀ ਵਿਚ ਕੱਤਣ ਤੁੰਮਣ ਤੇ ਦਾਜ-ਦਹੇਜ ਵਾਲਾ ਸ਼ਾਹ ਹੁਸੈਨੀ ਸੰਸਾਰ ਸਿਰਜ ਕੇ ਗਹਿਲੇ ਰੂਹ ਨੂੰ ਉਸ ਦਾ ਫਰਜ਼ ਚੇਤੇ ਕਰਵਾਇਆ ਗਿਆ ਹੈ। ਛੇਵੀਂ ਵਿਚ ਪ੍ਰੀਤਮ ਨਾਲ ਮੇਲ ਲਈ ਤਰਲੇ ਅਤੇ ਬਿਰਹਾ ਦੀ ਤੀਬਰਤਾ, ਸਤਵੀਂ ਵਿਚ ਸਾਧਕਾਂ ਵੱਲੋਂ ਜਰੀਆਂ ਔਕੜਾਂ ਦਾ ਜ਼ਿਕਰ ਹੈ:
ਸੇ-ਸਾਬਤੀ ਦੇਖ ਤੂੰ ਆਸ਼ਕਾਂ ਦੀ,
ਜਿਨਾਂ ਜਾਨ ਪਿਆਰੇ ਤੋਂ ਵਾਰ ਦਿੱਤੀ।
ਮਨਸੂਰ ਨੈ ਯਾਰ ਦੀ ਦੀਦ ਕਾਰਨ,
ਮਿੱਠੀ ਜਾਨ ਸੂਲੀ ਉੱਤੇ ਚਾੜ੍ਹ ਦਿੱਤੀ।
ਸ਼ੱਕਰਗੰਜ ਨੇ ਦੇਖ ਹਦਾਇਤ ਉੱਲਾ,
ਵਿਚ ਜ਼ੁਹਦ ਦੇ ਉਮਰ ਗੁਜ਼ਾਰ ਦਿੱਤੀ।
ਨੌਵੀਂ ਵਿਚ ਇਸ਼ਕ ਮਿਜਾਜ਼ੀ ਅਤੇ ਇਸ਼ਕ ਹਕੀਕੀ ਨੂੰ ਇਕੋ ਪੱਧਰ 'ਤੇ ਰੱਖਣ ਦਾ ਯਤਨ ਕੀਤਾ ਹੈ। ਦਸਵੀਂ ਸੀਹਰਫੀ ਵਿਚ ਪਰਮਾਰਥ ਦੀਆਂ ਗੱਲਾਂ ਅਤੇ ਨਸੀਹਤਾਂ ਹਨ, ਜਿਨ੍ਹਾਂ ਵਿਚ ਵਧੇਰੇ ਕਰਕੇ ਸੂਫ਼ੀ ਅਤੇ ਇਸਲਾਮੀ ਵਿਚਾਰਾਂ ਦੀ ਵਿਆਖਿਆ ਹੈ। ਆਖਰੀ ਸੀਹਰਫੀ ਅੱਲਾ ਤਾਅਲਾ ਦੀ ਸ਼ੁਕਰਗੁਜ਼ਾਰੀ ਵਿਚ ਹੈ, ਜਿਸ ਨੇ ਲੇਖਕ ਨੂੰ ਇਸ ਰਾਹ ਤੋਰਿਆ। ਇੰਜ ਹਦਾਇਤ ਉੱਲਾ ਦੀਆਂ ਸਾਰੀਆਂ ਸੀਹਰਫੀਆਂ ਸੂਫ਼ੀਵਾਦ ਦੀਆਂ ਰਮਜ਼ਾਂ ਨੂੰ ਖੋਲ੍ਹਣ ਦਾ ਇਕ ਤਰਦੱਦ ਹਨ। ਇਕ ਆਤਮ ਕਥਨ ਵਿਚ ਉਹ ਆਪਣੀ ਕਾਵਿ ਰਚਨਾ ਦਾ ਤੱਤ ਸਾਰ ਇਨ੍ਹਾਂ ਸ਼ਬਦਾਂ ਵਿਚ ਪੇਸ਼ ਕਰਦਾ ਹੈ:
ਕਹਿਣਾ ਸੁਖਨ ਦਾ ਜਾਨ ਦਾ ਵੀਟਣਾ ਜੇ,
ਕਦਰਦਾਨ ਸੁਣ ਕੇ ਕਦਰ ਪਾਣ ਮੇਰਾ।
ਕੁਝ ਸ਼ਿਅਰ ਫਰਾਕ ਦੇ ਆਸ਼ਕਾਨੀ,
ਕੁਝ ਤਰਜਮਾ ਸ਼ਿਅਰ ਕੁਰਆਨ ਮੇਰਾ।
ਬੇਦਰਦ ਨੂੰ ਹੋਵੇ ਕੀ ਦਰਦ ਪੈਦਾ,
ਸ਼ਿਅਰ ਸੁਣੇ ਜੇ ਨਾਲ ਧਿਆਨ ਮੇਰਾ।
ਮੈਂ ਭੀ ਇਸ਼ਕ ਦੀ ਅੱਗ ਦੇ ਵਿਚ ਬਲਿਆਂ,
ਖਾਲੀ ਨਹੀਂ ਇਹ ਆਹੋ ਫ਼ਗਾਨ ਮੇਰਾ।
ਬਾਰਾਂਮਾਹ ਕਾਵਿ ਰੂਪ ਵਿਚ ਪ੍ਰਕਿਰਤੀ ਨੂੰ ਪਿਛੋਕੜ ਵਿਚ ਰੱਖ ਕੇ ਜੀਵਾਤਮਾ ਦੀ ਮਨੋਸਥਿਤੀ ਬਿਆਨ ਕੀਤੀ ਜਾਂਦੀ ਹੈ ਅਤੇ ਬਿਰਹਾ ਵਰਣਨ ਇਸ ਦੀ ਪ੍ਰਧਾਨ ਸੁਰ ਹੈ। ਹਦਾਇਤ ਉੱਲਾ ਦਾ ਬਾਰਾਂਮਾਹ ਵੀ ਏਸੇ ਰੀਤ ਦੀ ਪੈਰਵੀ ਕਰਦਾ ਹੈ। ਅੱਸੂ ਦਾ ਮਹੀਨਾ ਬੜਾ ਸੁਖਾਵਾਂ, ਨਾ ਗਰਮੀ ਨਾ ਸਰਦੀ ਦਾ ਮਹੀਨਾ ਹੈ ਪਰ ਸਾਧਕ ਵਾਸਤੇ ਅਜਿਹਾ ਨਹੀਂ, ਸਗੋਂ ਇਸ ਵਿਚ ਉਹ ਅਜਿਹੀ ਕੈਫੀਅਤ ਵਿਚ ਪਹੁੰਚ ਜਾਂਦਾ ਹੈ, ਜਿਥੇ ਤੜਪ, ਬੇਆਰਾਮੀ ਅਤੇ ਦੁੱਖ ਹੀ ਦੁੱਖ ਹਨ:
ਅੱਸੂ ਆਣ ਸਤਾਇਆ ਮੈਨੂੰ,
ਤਰਫ ਜੰਗਲ ਉੱਠ ਵਹਿਨੀ ਹਾਂ।
ਕਰ ਕਰ ਯਾਦ ਪੀਆ ਨੂੰ ਰੋਵਾਂ,
ਕੱਲੀ ਹੋ ਹੋ ਬਹਿਨੀ ਹਾਂ।
ਜ਼ਾਲਮ ਬਿੰਦ ਪੈਣ ਨ ਦੇਂਦਾ,
ਜੇ ਮੈ ਲੰਮੀ ਪੈਨੀ ਹਾਂ।
ਜਾਨੀ ਬਾਝ ਹਦਾਇਤ ਰਾਤੀਂ,
ਤਾਰੇ ਗਿਣਦੀ ਰਹਿੰਨੀ ਹਾਂ।
ਦੋਹੜਿਆਂ ਵਿਚ ਕਮਲੀਪੋਸ਼ ਭਾਵ ਹਜ਼ਰਤ ਮੁਹੰਮਦ ਸਾਹਿਬ ਬਾਰੇ ਨਾਅਤੀਆ ਅੰਦਾਜ਼ ਵਿਚ ਕੀਤੀ ਉਪਮਾ ਹੈ। ਮੁਹੰਮਦ ਸਾਹਿਬ ਪ੍ਰਤੀ ਕਵੀ ਨੂੰ ਬੇਪਨਾਹ ਮੁਹੱਬਤ ਹੈ ਅਤੇ ਇਹ ਸਾਂਝੇ ਸੂਤਰ ਵੱਲੋਂ ਸਾਰੇ ਦੋਹੜਿਆਂ ਵਿਚ ਹੈ। ਕੁਝ ਸੁਖਨ ਵੀ ਇਸੇ ਰੰਗ ਦੇ ਹਨ। ਦੀਵਾਨਿ ਹਦਾਇਤ ਉੱਲਾ ਦੇ ਅਖੀਰ ਵਿਚ ਉਸ ਦਾ ਫ਼ਾਰਸੀ ਕਲਾਮ ਹੈ, ਜਿਸ ਵਿਚ ਦੋ ਮਸਨਵੀਆਂ ਅਤੇ ਮੁਨਾਜਾਤ ਹਨ, ਜਦ ਕਿ ਉਰਦੂ ਕਲਾਮ ਵਿਚ ਕੁਝ ਕਤਾਅ ਅਤੇ ਰੁਬਾਈਆਂ ਹਨ।
ਪੰਜਾਬੀ ਸੂਫ਼ੀ ਕਾਵਿ ਪਰੰਪਰਾ ਵਿਚ ਮੀਆਂ ਹਦਾਇਤ ਉੱਲਾ ਭਾਵੇਂ ਬਹੁਤਾ ਕੁਝ ਪੂਰਬਲੇ ਸੂਫ਼ੀ ਕਵੀਆਂ ਕੋਲੋਂ ਹੀ ਗ੍ਰਹਿਣ ਕਰਦਾ ਹੈ ਪਰ ਪੰਜਾਬੀ ਕਿੱਸਾ ਕਾਵਿ ਵਿਚ ਉਸ ਦੀ ਯਾਦਗਾਰੀ ਦੇਣ ਉਹ ਬੈਂਤ ਹਨ, ਜੋ ਲਾਲਚੀ ਪ੍ਰਕਾਸ਼ਕਾਂ ਨੇ ਵਾਰਿਸ ਦੀ ਹੀਰ ਨੂੰ ਅਸਲੀ ਤੇ ਵੱਡੀ ਬਣਾਉਣ ਲਈ ਉਸ ਕੋਲੋਂ ਲਿਖਵਾ ਕੇ ਇਸ ਵਿਚ ਛਾਪ ਦਿੱਤੇ। ਹਦਾਇਤ ਉੱਲਾ ਦਾ ਸਮਾਂ ਉਹ ਹੈ ਜਦ ਪੰਜਾਬ ਵਿਚ ਪ੍ਰੈੱਸ ਨਵੀਂ-ਨਵੀਂ ਆਈ ਸੀ ਅਤੇ ਧਾਰਮਿਕ ਅਤੇ ਲੋਕ ਰੁਚੀ ਵਾਲੀਆਂ ਪੁਸਤਕਾਂ ਧੜਾ-ਧੜ ਛਪ ਰਹੀਆਂ ਸਨ। ਹੀਰ ਵਾਰਿਸ ਪੰਜਾਬੀਆਂ ਦੀ ਹਰ ਦਿਲ ਅਜ਼ੀਜ਼ ਰਚਨਾ ਸੀ, ਇਸ ਲਈ ਲਾਲਚੀ ਪ੍ਰਕਾਸ਼ਕਾਂ ਨੇ ਮੀਆਂ ਹਦਾਇਤ ਉੱਲਾ ਕੋਲੋਂ, ਮੌਲਾ ਬਖਸ਼ ਕੁਸ਼ਤਾ ਅਨੁਸਾਰ, 1637 ਮਿਸਰੇ ਲਿਖਵਾ ਕੇ ਵਾਰਿਸ ਸ਼ਾਹ ਦੇ ਨਾਲ ਮਨਸੂਬ ਕਰਕੇ ਉਸ ਦੀ ਹੀਰ ਵਿਚ ਪਾ ਦਿੱਤੇ। ਇੰਜ 650 ਬੰਦਾਂ ਦੀ ਹੀਰ 977 ਬੰਦਾਂ ਤੱਕ ਜਾ ਪਹੁੰਚੀ। ਇਹ ਰਲਾਅ ਕਿਸੇ ਵੀ ਪੱਖੋਂ ਯੋਗ ਨਹੀਂ, ਸਗੋਂ ਨਿੰਦਣਯੋਗ ਹੈ ਪਰ ਹਦਾਇਤ ਉੱਲਾ ਦੀ ਕਾਵਿ ਪ੍ਰਬੀਨਤਾ ਇਨ੍ਹਾਂ ਵਿਚ ਵਾਰਿਸ ਸ਼ਾਹ ਨਾਲੋਂ ਘੱਟ ਨਹੀਂ।
ਸ਼ੁਰੂ-ਸ਼ੁਰੂ ਵਿਚ ਰਲੇ ਵਾਲੇ ਬੰਦਾਂ ਦੇ ਨੰਬਰ ਲਗਾ ਦਿੱਤੇ ਗਏ ਸਨ ਪਰ ਮਗਰੋਂ ਇਹ ਨੰਬਰ ਅਲੋਪ ਹੋ ਗਏ ਅਤੇ ਸਭ ਕੁਝ ਵਾਰਿਸ ਸ਼ਾਹ ਦਾ ਬਣ ਕੇ ਰਹਿ ਗਿਆ। ਅੱਜ ਵਾਰਿਸ ਅਤੇ ਹਦਾਇਤ ਉੱਲਾ ਦੇ ਸ਼ਿਅਰਾਂ ਨੂੰ ਨਿਖੇੜਨਾ ਮੁਸ਼ਕਿਲ ਹੈ, ਬੇਸ਼ੱਕ ਕੁਝ ਖੋਜਕਾਰਾਂ ਨੇ ਨਿਖੇੜਨ ਦਾ ਉਪਰਾਲਾ ਜ਼ਰੂਰ ਕੀਤਾ ਹੈ। ਅਜੋਕੇ ਸਮੇਂ ਵਿਚ ਹੀਰ ਵਾਰਿਸ ਦੇ ਕਈ ਬੰਦ ਬਹੁਤ ਮਕਬੂਲ ਹੋਏ ਪਰ ਪੜਤਾਲ ਕਰਨ 'ਤੇ ਪਤਾ ਲਗਦਾ ਹੈ ਕਿ ਇਹ ਬੰਦ ਅਸਲ ਵਿਚ ਹਦਾਇਤ ਉੱਲਾ ਦੀ ਕਲਮ ਦਾ ਚਮਤਕਾਰ ਹਨ। 'ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ' ਅਜਿਹੀ ਹੀ ਇਕ ਮਿਸਾਲ ਹੈ। ਹਦਾਇਤ ਉੱਲਾ ਦੀ ਕਾਵਿ ਭਾਸ਼ਾ ਠੇਠ ਪੰਜਾਬੀ ਪਰ ਉਰਦੂ ਫ਼ਾਰਸੀ ਦੀ ਮਿੱਸ ਵਾਲੀ ਹੈ। ਦਵੱਈਆ ਅਤੇ ਬੈਂਤ ਉਸ ਦੇ ਪਸੰਦੀਦਾ ਛੰਦ ਹਨ। ਰਚਨਾ ਸਾਦਾ ਪਰ ਪੁਖਤਾ ਹੈ। ਬੇਸ਼ੱਕ ਹਦਾਇਤ ਉੱਲਾ ਕਾਫੀ ਕੁਝ ਰਵਾਇਤੀ ਕਵਿਤਾ ਵਿਚੋਂ ਲੈਂਦਾ ਹੈ, ਪਰ ਫਿਰ ਵੀ ਉਸ ਦੀ ਕਵਿਤਾ ਵਿਚ ਕਿਧਰੇ-ਕਿਧਰੇ ਨਵੀਨਤਾ ਅਤੇ ਤਾਜ਼ਗੀ ਵੀ ਹੈ।


-ਮੋਬਾ: 98889-39808

ਸਿੱਖ ਇਤਿਹਾਸ ਗਾਉਣ ਵਾਲਾ ਕਵੀਸ਼ਰ ਗਿਆਨੀ ਰਘਵੀਰ ਸਿੰਘ ਖੀਵਾ

ਵੱਖ-ਵੱਖ ਤਰ੍ਹਾਂ ਦੇ ਇਤਿਹਾਸ 'ਤੇ ਚਾਨਣਾ ਪਾਉਣ ਤੇ ਉਨ੍ਹਾਂ ਵਿਚ ਰਸ ਭਰਨ ਦੀ ਕਲਾ ਨੂੰ ਕਵੀਸ਼ਰੀ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਕਵੀਸ਼ਰੀ ਜਥੇ ਮਿਹਨਤ ਕਰ ਰਹੇ ਹਨ, ਜਿਨ੍ਹਾਂ ਵਿਚੋਂ ਇਕ ਨਾਂਅ ਹੈ ਕਵੀਸ਼ਰ ਗਿਆਨੀ ਰਘਵੀਰ ਸਿੰਘ ਖੀਵਾ। ਰਘਵੀਰ ਸਿੰਘ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਖੁਰਦ ਵਿਖੇ ਪਿਤਾ ਗੁਰਦੇਵ ਸਿੰਘ ਤੇ ਮਾਤਾ ਨਛੱਤਰ ਕੌਰ ਦੀ ਕੁੱਖੋਂ 1974 ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗੀਤ ਅਤੇ ਧਾਰਮਿਕ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ। ਉਸ ਨੇ ਬਹੁਚਰਚਿਤ ਮਰਹੂਮ ਗੀਤਕਾਰ ਗੁਰਮੁਖ ਸਿੰਘ ਗਿੱਲ (ਗਿੱਲ ਜੱਬੋਮਾਜਰੇ ਵਾਲਾ) ਨੂੰ ਉਸਤਾਦ ਧਾਰਿਆ ਤੇ ਉਸ ਦੇ ਲਿਖੇ ਗੀਤ ਪੰਜਾਬ ਦੇ ਕਈ ਨਾਮਵਰ ਕਲਾਕਾਰਾਂ ਨੇ ਗਾਏ। ਸੰਨ 2004 ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਲਿਖਣ ਤੇ ਗਾਉਣ ਦੀ ਰੁਚੀ ਬਰਕਰਾਰ ਰੱਖੀ। ਉਸ ਨੇ ਕਵੀਸ਼ਰੀ ਦੀਆਂ ਬਾਰੀਕੀਆਂ ਉਸਤਾਦ ਯੋਧਾ ਸਿੰਘ ਕੋਟੜਾ ਤੋਂ ਸਿੱਖੀਆਂ। ਅੱਜਕਲ੍ਹ ਉਹ ਪੰਜਾਬ ਹੀ ਨਹੀਂ, ਬਲਕਿ ਭਾਰਤ ਦੇ ਹੋਰ ਰਾਜਾਂ ਵਿਚ ਵੀ ਆਪਣੇ ਲਿਖੇ ਇਤਿਹਾਸ ਨੂੰ ਗਾ ਰਹੇ ਹਨ। ਉਸ ਨਾਲ ਭਾਈ ਜੁਗਰਾਜ ਸਿੰਘ ਜੋ ਕਿ ਮੁੱਖ ਬੁਲਾਰੇ ਹਨ ਤੇ ਦਰਸ਼ਨ ਸਿੰਘ ਛਾਜਲੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੇ ਕਵੀਸ਼ਰੀ ਜਥੇ ਦੀ ਆਵਾਜ਼ ਵਿਚ 'ਆਜ਼ਾਦੀ ਦੇ ਹੀਰੇ' ( ਸ਼ਹੀਦ ਭਗਤ ਸਿੰਘ) 'ਪਰਖਾਂ ਦੀ ਘੜੀ' (ਸ਼ਹੀਦ ਭਾਈ ਤਾਰੂ ਸਿੰਘ) ਦਾ ਇਤਿਹਾਸ ਰਿਕਾਰਡ ਹੋ ਚੁੱਕਾ ਹੈ ਤੇ ਉਹ ਜਲੰਧਰ ਦੂਰਦਰਸ਼ਨ ਤੋਂ 'ਚਾਲ਼ੀ ਮੁਕਤਿਆਂ' ਦਾ ਇਤਿਹਾਸ ਗਾ ਕੇ ਹਾਜ਼ਰੀ ਲਗਵਾ ਚੁੱਕੇ ਹਨ। ਉਨ੍ਹਾਂ ਦੇ ਕਵੀਸ਼ਰੀ ਜਥੇ ਦਾ ਕਾਫੀ ਧਾਰਮਿਕ ਅਸਥਾਨਾਂ 'ਤੇ ਵਿਸ਼ੇਸ਼ ਸਨਮਾਨ ਵੀ ਹੋ ਚੁੱਕਾ ਹੈ। ਪਰਮਾਤਮਾ ਉਨ੍ਹਾਂ ਦੀ ਆਵਾਜ਼ ਤੇ ਕਲਮ ਨੂੰ ਹਮੇਸ਼ਾ ਬਰਕਰਾਰ ਰੱਖੇ।


-ਪਿੰਡ ਹੀਰੋਂ ਖੁਰਦ (ਮਾਨਸਾ)। ਮੋਬਾ: 92561-00049

ਇਤਿਹਾਸ ਵਿਚੋਂ ਆਪਣਾ ਅਤੀਤ ਘੋਖ ਰਿਹਾ ਕਿਲ੍ਹਾ ਦਲੀਪਗੜ੍ਹ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖ਼ਵਾਹ ਦੇ ਸ਼ਹਿਰ ਬੰਨੂੰ ਵਿਚ ਮੌਜੂਦ ਕਿਲ੍ਹਾ ਦਲੀਪਗੜ੍ਹ ਦੀ ਅਜਾਇਬ-ਘਰ ਵਿਚ ਤਬਦੀਲ ਹੋ ਚੁੱਕੀ ਇਮਾਰਤ ਅੱਜ ਇਤਿਹਾਸ ਵਿਚੋਂ ਆਪਣਾ ਅਤੀਤ ਘੋਖ ਰਹੀ ਪ੍ਰਤੀਤ ਹੋ ਰਹੀ ਹੈ। ਦੁੱਖ ਇਸ ਗੱਲ ਦਾ ਹੈ ਕਿ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋ ਚੁੱਕੀ ਇਤਿਹਾਸ ਦੀ ਕਿਸੇ ਵੀ ਪੁਸਤਕ ਵਿਚ ਇਸ ਕਿਲ੍ਹੇ ਦੇ ਇਤਿਹਾਸ ਦੇ ਸਬੰਧ ਵਿਚ ਜਾਣਕਾਰੀ ਤਾਂ ਦੂਰ, ਕਿਲ੍ਹੇ ਦਾ ਨਾਂਅ ਤਕ ਦਰਜ ਨਹੀਂ ਹੈ। ਬੰਨੂੰ ਸ਼ਹਿਰ ਦੇ ਮਿਊਂਸਪਲ ਕਮੇਟੀ ਦੇ ਰਿਕਾਰਡ ਵਿਚੋਂ ਕਿਲ੍ਹਾ ਦਲੀਪਗੜ੍ਹ ਦਾ ਨਾਂਅ ਤੱਕ ਗਾਇਬ ਕਰ ਦਿੱਤਾ ਗਿਆ ਹੈ। ਇਹ ਕਿਲ੍ਹਾ ਅੱਜ ਵੀ ਮੌਜੂਦ ਹੈ, ਪਰ ਹੁਣ ਇਹ ਕਿਲ੍ਹਾ ਬੰਨੂੰ ਜਾਂ ਕਿਲ੍ਹਾ ਐਡਵਰਡ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ।
ਬੰਨੂੰ ਪਾਕਿਸਤਾਨ ਦੇ ਸੂਬਾ ਨਾਰਥ ਵੈਸਟ ਫ੍ਰੰਟੀਅਰ ਪੋਸਟ (ਨਵਾਂ ਨਾਂਅ ਖ਼ੈਬਰ ਪਖ਼ਤੂਨਖ਼ਵਾਹ) ਦਾ ਇਕ ਪ੍ਰਾਚੀਨ ਸ਼ਹਿਰ ਹੈ। ਨਵੰਬਰ, 1823 ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸੰਘ ਨੇ ਇਸ ਸ਼ਹਿਰ 'ਤੇ ਚੜ੍ਹਾਈ ਕੀਤੀ, ਜਿਸ 'ਤੇ ਇਥੋਂ ਦੇ ਬਲੋਚੀਆਂ ਤੇ ਵਜ਼ੀਰੀਆਂ ਨੇ ਸਾਂਝੇ ਲਸ਼ਕਰ ਦੇ ਰੂਪ ਵਿਚ ਖ਼ਾਲਸਾ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ, ਪਰ ਉਹ ਜ਼ਿਆਦਾ ਦੇਰ ਤੱਕ ਸ਼ੇਰੇ-ਪੰਜਾਬ ਦੀ ਫ਼ੌਜ ਦੇ ਅੱਗੇ ਟਿਕੇ ਨਹੀਂ ਰਹਿ ਸਕੇ ਅਤੇ ਅੰਤ ਉਨ੍ਹਾਂ ਨੇ ਆਪਣੀ ਹਾਰ ਸਵੀਕਾਰ ਕਰਕੇ ਸਿੱਖ ਫ਼ੌਜ ਦੇ ਸਾਹਮਣੇ ਗੋਡੇ ਟੇਕ ਦਿੱਤੇ। ਖ਼ਾਲਸਾ ਦਰਬਾਰ ਦਾ ਮੁਲਾਜ਼ਮ ਮੁਹੰਮਦ ਹਯਾਤ ਖ਼ਾਂ 'ਹਯਾਤੇ ਅਫ਼ਗਾਨੀ' ਦੇ ਸਫ਼ਾ 632 'ਤੇ ਲਿਖਦਾ ਹੈ ਕਿ ਸ਼ੇਰੇ-ਪੰਜਾਬ ਅਤੇ ਸ: ਫਤਹਿ ਸਿੰਘ ਮਾਨ ਨੇ ਬੰਨੂੰ ਦੀ ਮੁਹਿੰਮ ਦੇ ਦੌਰਾਨ ਜਿਨ੍ਹਾਂ ਦਰੱਖਤਾਂ ਹੇਠ ਡੇਰਾ ਰੱਖਿਆ ਸੀ, ਉਹ ਪਿੱਪਲਾਂ ਦੇ ਦਰੱਖਤ ਅਜੇ ਤੱਕ ਮੌਜੂਦ ਹਨ। ਜਿਨ੍ਹਾਂ ਨੂੰ ਪਸ਼ਤੋ ਵਿਚ ਇਥੋਂ ਦੇ ਲੋਕ 'ਹਾਜੀਵਾਨੇ' ਭਾਵ ਹਾਜੀ ਦੇ ਦਰੱਖਤ ਕਹਿੰਦੇ ਹਨ।
ਖ਼ਾਲਸਾ ਦਰਬਾਰ ਦੇ ਹਮਲਿਆਂ ਤੋਂ ਪਹਿਲਾਂ ਤੱਕ ਸੁਤੰਤਰ ਰਹਿਣ ਵਾਲੇ ਬੰਨੂੰ ਅਤੇ ਆਸ-ਪਾਸ ਦੇ ਲੋਕਾਂ ਨੇ ਕਦੇ ਕਿਸੇ ਹਕੂਮਤ ਨੂੰ ਜੁਰਮਾਨਾ ਜਾਂ ਟੈਕਸ ਨਹੀਂ ਦਿੱਤਾ ਸੀ। ਇਸ ਦੇ ਬਾਵਜੂਦ ਸ: ਫਤਹਿ ਸਿੰਘ ਨੇ ਬਿਨਾਂ ਕਿਸੇ ਖ਼ੂਨ-ਖ਼ਰਾਬੇ ਜਾਂ ਜ਼ੋਰ-ਜ਼ਬਰਦਸਤੀ ਕੀਤੇ ਇਸ ਇਲਾਕੇ ਤੋਂ ਟੈਕਸ ਅਤੇ ਚੱਟੀ ਦੇ ਰੂਪ ਵਿਚ ਇਕ ਲੱਖ ਰੁਪਏ ਦੀ ਵਸੂਲੀ ਕਰਕੇ ਖ਼ਾਲਸਾ ਦਰਬਾਰ ਵਿਚ ਜਮ੍ਹਾਂ ਕਰਵਾਏ। ਉਸ ਦੀ ਇਸ ਉਪਲਬਧੀ ਤੋਂ ਮਹਾਰਾਜਾ ਬਹੁਤ ਖੁਸ਼ ਹੋਏ ਅਤੇ ਉਪਰੋਕਤ ਮੁਹਿੰਮ ਦੇ ਬਾਅਦ ਬੰਨੂੰ ਦੀ ਨਿਗਰਾਨੀ ਲਈ ਆਪਣੀ ਥੋੜ੍ਹੀ ਜਿਹੀ ਫ਼ੌਜ ਛੱਡ ਕੇ ਜਰਨੈਲਾਂ ਅਤੇ ਬਾਕੀ ਫ਼ੌਜ ਨਾਲ ਲਾਹੌਰ ਪਰਤ ਆਏ।
ਇਸ ਦੇ ਪੂਰੇ ਦੋ ਵਰ੍ਹੇ ਬਾਅਦ ਬੰਨੂੰ ਦੇ ਖ਼ੁਦ ਬਣੇ ਹਾਕਮ ਦਿਲਾਸਾ ਖ਼ਾਂ (ਇਹ ਖਟਕ ਖ਼ਾਂ ਦਾ ਪੁੱਤਰ, ਆਲਮ ਖ਼ਾਂ ਦਾ ਪੋਤਰਾ ਅਤੇ ਗ਼ਾਜ਼ੀ ਖ਼ਾਂ ਦਾ ਪੜਪੋਤਾ ਸੀ), ਜੋ ਕਿ ਬਲੋਚੀਆਂ ਅਤੇ ਵਜ਼ੀਰੀਆਂ ਦਾ ਆਗੂ ਸੀ, ਨੇ ਭਾਰੀ ਲਸ਼ਕਰ ਇਕੱਠਾ ਕਰਕੇ ਸਿੱਖ ਰਾਜ ਦੇ ਵਿਰੁਧ ਬਗ਼ਾਵਤ ਕਰ ਦਿੱਤੀ। ਖ਼ਬਰ ਮਿਲਦਿਆਂ ਹੀ ਇਸ ਬਗਾਵਤ ਨੂੰ ਕੁਚਲਣ ਲਈ ਸ: ਫਤਹਿ ਸਿੰਘ ਅਤੇ ਕੰਵਰ ਖੜਕ ਸਿੰਘ ਨੂੰ 8 ਹਜ਼ਾਰ ਫ਼ੌਜ ਸਹਿਤ ਬੰਨੂੰ ਦੇ ਲਈ ਰਵਾਨਾ ਕੀਤਾ ਗਿਆ।
ਨਵੰਬਰ, 1825 ਦੇ ਪਹਿਲੇ ਹਫ਼ਤੇ ਸਿੱਖ ਫ਼ੌਜ ਬੰਨੂੰ ਪਹੁੰਚ ਗਈ। ਸ਼ਹਿਰ ਵਿਚ ਜਿਸ ਖਾਲੀ ਮੈਦਾਨ ਵਿਚ ਸਿੱਖ ਫ਼ੌਜ ਨੇ ਆਪਣਾ ਡੇਰਾ ਰੱਖਿਆ, ਉਥੇ ਅੱਜ ਕਿਲ੍ਹਾ ਦਲੀਪਗੜ੍ਹ ਬਨਾਮ ਕਿਲ੍ਹਾ ਐਡਵਰਡ ਬਨਾਮ ਕਿਲ੍ਹਾ ਬੰਨੂੰ ਮੌਜੂਦ ਹੈ।
ਦਿਲਾਸਾ ਖ਼ਾਂ ਦੇ ਲੜਾਕਿਆਂ ਅਤੇ ਸਿੱਖ ਫ਼ੌਜ ਵਿਚ ਭਾਰੀ ਯੁੱਧ ਹੋਇਆ ਅਤੇ ਅੰਤ ਦਿਲਾਸਾ ਖ਼ਾਂ ਸ: ਫਤਹਿ ਸਿੰਘ ਦੇ ਹੱਥੋਂ ਤਲਵਾਰ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਲੜਾਕੇ ਆਪਣੇ ਜਰਨੈਲ ਨੂੰ ਸ਼ਹੀਦ ਹੋਇਆ ਸਮਝ ਕੇ ਯੁੱਧ ਵਿਚੇ ਛੱਡ ਕੇ ਭੱਜ ਗਏ। ਦਿਲਾਸਾ ਖ਼ਾਂ ਵੀ ਮੌਕਾ ਮਿਲਦਿਆਂ ਹੀ ਉਥੋਂ ਭੱਜ ਨਿਕਲਿਆ ਅਤੇ ਪਹਾੜਾਂ ਵਿਚ ਲੁਕ ਕੇ ਆਪਣੀ ਜਾਨ ਬਚਾਈ।
ਅੰਤ ਉਪਰੋਕਤ ਯੁੱਧ ਦੇ ਬਾਅਦ ਬੰਨੂੰ ਨੂੰ ਪੱਕੇ ਤੌਰ 'ਤੇ ਸਿੱਖ ਰਾਜ ਦਾ ਹਿੱਸਾ ਬਣਾ ਲਿਆ ਗਿਆ। ਮੁਹੰਮਦ ਹਯਾਤ ਖ਼ਾਂ ਲਿਖਦਾ ਹੈ ਕਿ ਸਿੱਖ ਰਾਜ ਦਾ ਹਿੱਸਾ ਬਣਨ ਦੇ ਬਾਅਦ ਸੰਨ 1836 ਵਿਚ ਰਾਜਾ ਸੁਚੇਤ ਸਿੰਘ ਡੋਗਰਾ ਨੂੰ ਮਹਾਰਾਜਾ ਦੁਆਰਾ ਉਪਰੋਕਤ ਇਲਾਕੇ ਦਾ ਹਾਕਮ ਨਿਯੁਕਤ ਕੀਤਾ ਗਿਆ। ਇਕ ਦਿਨ ਜਦੋਂ ਰਾਜਾ ਸੁਚੇਤ ਸਿੰਘ ਇਸੇ ਇਲਾਕੇ ਦੇ ਮੌਜ਼ਾ ਅੱਲ੍ਹ੍ਹਾ ਢੇਰੀ ਦੇ ਪਿੰਡ ਤਪਾ ਮੰਡਾ ਖੇਲ 'ਚੋਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਨੌਜਵਾਨ ਨੂੰ ਗਾਂ ਕੱਟਦਿਆਂ ਵੇਖਿਆ ਤਾਂ ਉਸ ਨੇ ਤੁਰੰਤ ਆਪਣੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਉਸ ਨੌਜਵਾਨ ਸਮੇਤ ਪਿੰਡ ਦੇ ਹਰ ਨੌਜਵਾਨ ਦਾ ਸਿਰ ਅਤੇ ਬਜ਼ੁਰਗਾਂ ਦੇ ਹੱਥ ਅਤੇ ਨੱਕ ਕੱਟ ਦਿੱਤੇ ਜਾਣ ਤਾਂ ਕਿ ਅਗਾਂਹ ਕੋਈ ਅਜਿਹੀ ਭੁੱਲ ਨਾ ਕਰ ਸਕੇ।
ਸਿੱਖ ਰਾਜ ਦੇ ਅੰਤਲੇ ਦੌਰ ਵਿਚ ਮਹਾਰਾਜਾ ਦਲੀਪ ਸਿੰਘ ਦੇ ਸ਼ਾਸਨ ਦੇ ਦੌਰਾਨ ਲਾਹੌਰ ਦਰਬਾਰ ਵੱਲੋਂ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਮੇਜਰ ਜਨਰਲ ਸਰ ਹਰਬਟ ਬੇਂਜਾਮਿਨ ਐਡਵਰਡ ਕੇ.ਸੀ.ਬੀ., ਕੇ.ਸੀ.ਐਸ.ਆਈ., ਡੀ.ਸੀ.ਐਲ. (ਸੰਨ 1819-1868) ਨੂੰ ਸੰਨ 1847 ਵਿਚ ਬੰਨੂੰ ਦਾ ਗਵਰਨਰ ਨਿਯੁਕਤ ਕੀਤਾ ਗਿਆ। (ਚਲਦਾ)


-ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
'ਪੈਗ਼ੰਬਰ' ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਜਿਬਰਾਨ ਨੇ ਇਸ ਦਾ ਖਰੜਾ ਮੈਨੂੰ ਪੜ੍ਹਨ ਲਈ ਭੇਜਿਆ। ਉਸ ਦੀ ਇੱਛਾ ਸੀ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਮੈਂ ਉਸ 'ਤੇ ਇਕ ਵਿਸਥਾਰਪੂਰਬਕ ਲੇਖ ਲਿਖਾਂ। ਇਸ ਪੁਸਤਕ ਦੀ ਇਕ ਟਾਈਪਸ਼ੁਦਾ ਕਾਪੀ ਉਸ ਨੇ ਮੈਰੀ ਹੈਸਕਲ ਨੂੰ ਵੀ ਭੇਜੀ, ਜੋ ਉਸ ਦੀਆਂ ਅੰਗਰੇਜ਼ੀ ਪੁਸਤਕਾਂ ਦੀ ਸੰਪਾਦਕ ਸੀ। ਉਹ ਪੁਸਤਕ ਵਿਚ ਆਪਣੇ ਵੱਲੋਂ ਕੋਈ ਕਾਂਟ-ਛਾਂਟ ਨਹੀਂ ਸੀ ਕਰਦੀ ਪਰ ਕਿਸੇ ਨਾ ਕਿਸੇ ਸ਼ਬਦ ਨੂੰ ਬਦਲਣ ਲਈ ਜ਼ਰੂਰ ਆਪਣਾ ਸੁਝਾਅ ਦਿੰਦੀ ਸੀ।
ਮੈਂ ਇਹ ਜਾਣਦਾ ਸੀ ਕਿ ਜਿਬਰਾਨ ਜੋ ਕੁਝ ਵੀ ਲਿਖਦਾ ਹੈ, ਉਹ ਉਸ ਦੇ 'ਨਿਜ' ਦਾ ਹੀ ਪ੍ਰਗਟਾਵਾ ਹੁੰਦਾ ਹੈ। ਪਰ ਮੈਂ ਇਹ ਨਹੀਂ ਸੀ ਜਾਣਦਾ ਕਿ 'ਪੈਗ਼ੰਬਰ' ਉਸ ਦੀ ਅਧਿਆਤਮਕ ਪਿਆਸ 'ਚੋਂ ਪੈਦਾ ਹੋਇਆ ਹੈ। ਇਸ ਨੂੰ ਪੜ੍ਹ ਕੇ ਲਗਦਾ ਹੈ ਕਿ ਜਿਬਰਾਨ ਖੁਦ ਹੀ ਪੈਗ਼ੰਬਰ ਹੈ-ਆਪਣੀ ਕਰਨੀ ਤੇ ਕਥਨੀ ਵਿਚ। ਇਹ ਉਸ 'ਪੈਗ਼ੰਬਰ' ਦੀ ਮਹਾਨ ਰਚਨਾ ਸੀ, ਜੋ ਆਪਣੇ-ਆਪ ਨੂੰ 'ਫਾਲਸ ਅਲਾਰਮ' ਕਹਿੰਦਾ ਸੀ।
ਜਿਬਰਾਨ ਦੀ ਕਬਰ 'ਤੇ ਇਹ ਅੱਖਰ ਉੱਕਰੇ ਹੋਏ ਹਨ-
8ere *}es our Prophet 7}bran.
(ਇਥੇ ਸੁੱਤਾ ਹੈ ਸਾਡਾ ਪੈਗ਼ੰਬਰ ਜਿਬਰਾਨ)
ਮੈਂ ਪੜ੍ਹ ਕੇ ਸੋਚਣ ਲੱਗਾ ਕਿ 'ਸਾਡਾ' ਸਰਵਨਾਮ ਦਾ ਕੀ ਅਰਥ ਹੈ? 1932 ਵਿਚ ਮੈਂ ਜਦੋਂ ਫਿਰ ਜਿਬਰਾਨ ਦੀ ਕਬਰ 'ਤੇ ਫੁੱਲ ਚੜ੍ਹਾਉਣ ਗਿਆ ਤਾਂ ਉਸ ਦੀ ਕਬਰ 'ਤੇ ਇਹ ਅੱਖਰ ਉੱਕਰੇ ਹੋਏ ਸਨ-
8ere *}es amon{ us-7}bran
(ਸਾਡੇ ਵਿਚਕਾਰ ਪਿਆ ਹੈ-ਜਿਬਰਾਨ)
ਧਰਤੀ ਤੇ ਸੁਰਗ ਵਿਚ ਹਿੱਸੇਦਾਰੀ
ਨਿਊਯਾਰਕ ਵਿਖੇ 1923 ਦੇ ਅੰਤ ਵਿਚ ਇਕ ਬੇਹੱਦ ਖੂਬਸੂਰਤ ਪੁਸਤਕ 'ਪੈਗ਼ੰਬਰ' ਬਾਜ਼ਾਰ ਵਿਚ ਆਈ। ਹਰ ਨਵੀਂ ਛਪੀ ਪੁਸਤਕ ਵਾਂਗ ਇਸ ਨੂੰ ਵੀ ਆਪਣੀ ਥਾਂ ਬਣਾਉਣ ਲਈ ਕੁਝ ਸਮਾਂ ਜ਼ਰੂਰ ਲੱਗਾ ਪਰ ਇਹ ਪੁਸਤਕ ਕਿਸੇ ਪ੍ਰਚਾਰ ਦੀ ਮੁਹਤਾਜ ਨਹੀਂ ਸੀ। ਇਸ ਵਿਚ ਇਸ ਦੇ ਲੇਖਕ ਜਿਬਰਾਨ ਦੇ ਸੱਚੇ-ਸੁੱਚੇ ਵਿਚਾਰ ਤੇ ਅਹਿਸਾਸ ਦਰਜ ਸਨ। ਇਸ ਵਿਚ ਆਤਮਾ ਦਾ ਸੰਗੀਤ ਸੀ ਤੇ ਕਲਪਨਾ ਦੀਆਂ ਖੂਬਸੂਰਤ ਉਡਾਰੀਆਂ ਸਨ। ਇਸ ਪੁਸਤਕ ਨੂੰ ਸ਼ਾਹਕਾਰ ਬਣਾਉਣ ਲਈ ਇਹੋ ਕੁਝ ਬਹੁਤ ਸੀ। ਜਿਬਰਾਨ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬੂਟੇ ਨੂੰ ਧਰਤੀ ਵਿਚ ਕਿਸ ਤਰ੍ਹਾਂ ਰੋਪਿਆ ਜਾਵੇ ਕਿ ਉਹ 'ਸਦਾਬਹਾਰ ਬੂਟਾ' ਬਣ ਜਾਵੇ। ਜਦੋਂ ਤੱਕ ਆਦਮੀ ਜਨਮ-ਮਰਨ, ਲੋਕ-ਪਰਲੋਕ, ਪਦਾਰਥਕ-ਅਧਿਆਤਮਕ ਤੇ ਮਨੁੱਖੀ ਸਬੰਧਾਂ ਬਾਰੇ ਸੋਚਦਾ ਰਹੇਗਾ, ਉਦੋਂ ਤੱਕ ਇਸ ਪੁਸਤਕ ਦੀ ਸਾਰਥਕਤਾ ਬਣੀ ਰਹੇਗੀ। ਜਿਬਰਾਨ ਦੀ ਸ਼ੈਲੀ ਪੁਰਾਣੀ ਪੈ ਸਕਦੀ ਹੈ, ਕਿਉਂਕਿ ਸਾਹਿਤ 'ਚ ਕਲਾ-ਜੁਗਤਾਂ 'ਚ ਬਦਲਾਓ ਆਉਣਾ ਲਾਜ਼ਮੀ ਹੈ ਪਰ ਉਸ ਦੀ ਪੁਸਤਕ ਦਾ ਸੁਨੇਹਾ ਕਦੇ ਪੁਰਾਣਾ ਨਹੀਂ ਪੈ ਸਕਦਾ।
ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ 'ਪੈਗ਼ੰਬਰ' ਲਿਖਣ ਤੋਂ ਬਾਅਦ ਜਿਬਰਾਨ ਨੇ ਬੇਹੱਦ ਸਕੂਨ ਹਾਸਲ ਕੀਤਾ ਹੋਵੇਗਾ ਤੇ ਸੋਚਿਆ ਹੋਵੇਗਾ ਕਿ ਜੋ ਉਹ ਗੱਲ ਕਹਿਣਾ ਚਾਹੁੰਦਾ ਸੀ, ਹੁਣ ਕਹਿ ਚੁੱਕਾ ਹੈ। ਇਸ ਨਾਯਾਬ ਪੁਸਤਕ ਵਿਚ ਆਪਣੇ ਅਹਿਸਾਸ ਦਰਜ ਕਰਨ ਤੋਂ ਪਹਿਲਾਂ ਪਤਾ ਨਹੀਂ ਉਹ ਕਿੰਨੀ ਵਾਰ ਇਹ ਗੱਲ ਕਹਿ ਚੁੱਕਾ ਸੀ-
'ਜਦੋਂ ਰੱਬ ਨੇ ਮੈਨੂੰ ਇਕ ਪੱਥਰ ਵਾਂਗ ਇਸ ਝੀਲ ਵਿਚ ਸੁੱਟਿਆ ਹੋਵੇਗਾ ਤਾਂ ਸ਼ਾਂਤ ਵਗਦੀ ਝੀਲ ਦੇ ਪਾਣੀਆਂ 'ਚ ਜ਼ਰੂਰ ਹਲਚਲ ਪੈਦਾ ਹੋਈ ਹੋਵੇਗੀ। ਪਰ ਜਦੋਂ ਮੈਂ ਝੀਲ ਦੀ ਗਹਿਰਾਈ ਤੱਕ ਅੱਪੜਿਆ ਤਾਂ ਝੀਲ ਵੀ ਸ਼ਾਂਤ ਹੋ ਗਈ ਤੇ ਮੈਂ ਵੀ।'
ਗਹਿਰਾਈ ਵਿਚ ਪਹੁੰਚਣ ਉਪਰੰਤ ਜਿਬਰਾਨ ਨੂੰ ਸ਼ਾਂਤ ਹੋ ਜਾਣਾ ਚਾਹੀਦਾ ਸੀ ਪਰ ਉਹ ਆਪਣੇ ਆਲੇ-ਦੁਆਲੇ ਕਿੰਨੇ ਹੀ ਘੇਰੇ ਬਣਾਉਂਦਾ ਰਿਹਾ। ਪੈਗ਼ੰਬਰ ਦਾ ਖਰੜਾ ਜਦੋਂ ਤਿਆਰੀ ਵਿਚ ਸੀ ਤਾਂ ਅਮਰੀਕਾ 'ਚ ਜ਼ਮੀਨ-ਜਾਇਦਾਦ ਦੀਆਂ ਕੀਮਤਾਂ ਵਿਚ ਭਾਰੀ ਉਛਾਲਾ ਆ ਰਿਹਾ ਸੀ। ਕਿਸੇ ਇਮਾਰਤ ਦਾ ਭਾਅ ਸਵੇਰ ਵੇਲੇ ਕੁਝ ਹੋਰ ਹੁੰਦਾ ਤੇ ਸ਼ਾਮ ਵੇਲੇ ਕੁਝ ਹੋਰ। ਜਿਬਰਾਨ ਵੀ ਇਸ ਹੜ੍ਹ ਵਿਚ ਵਹਿ ਤੁਰਿਆ। ਉਸ ਨੇ ਆਪਣੇ ਇਕ ਦੋਸਤ ਨਾਲ ਰਲ ਕੇ ਇਕ ਇਮਾਰਤ ਦਾ ਸੌਦਾ ਕਰ ਲਿਆ। ਉਸ ਨੇ 10,000 ਡਾਲਰ ਨਕਦ ਦਿੱਤੇ ਤੇ 40,000 ਡਾਲਰ ਉਧਾਰ ਲਏ। ਸੌਦਾ ਹੋਣ ਤੋਂ ਬਾਅਦ ਇਕ ਔਰਤ ਨੇ ਇਸ ਇਮਾਰਤ ਨੂੰ ਕਿਰਾਏ 'ਤੇ ਲੈਣ ਲਈ ਉਨ੍ਹਾਂ ਕੋਲ ਪਹੁੰਚ ਕੀਤੀ। ਲਿਖਤੀ ਰੂਪ ਵਿਚ ਇਕਰਾਰਨਾਮਾ ਹੋ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਸਾਬਕਾ ਕਮਿਸ਼ਨਰ, ਜਲੰਧਰ ਮੋਬਾਈਲ : 98551-23499

ਸ਼ੇਰਦਿਲ ਔਰਤ ਰਾਣੀ ਸਦਾ ਕੌਰ

ਪੰਜਾਬ ਵਿਚ ਸਿੱਖ ਮਿਸਲਾਂ ਦੇ ਸਮੇਂ 12 ਮਿਸਲਾਂ ਵਿਚ ਘਨੱਈਆ ਮਿਸਲ ਇਕ ਵਿਸ਼ੇਸ਼ ਅਸਥਾਨ ਰੱਖਦੀ ਸੀ, ਜਿਸ ਦਾ ਬਾਨੀ ਸ: ਜੈ ਸਿੰਘ ਸੀ। ਸ: ਜੈ ਸਿੰਘ ਲਾਹੌਰ ਤੋਂ 24 ਕਿਲੋਮੀਟਰ ਦੂਰ ਕਾਨਾਕਾਛਾ ਪਿੰਡ ਦਾ ਵਸਨੀਕ ਸੀ। ਇਸ ਲਈ ਉਸ ਨੇ ਆਪਣੀ ਮਿਸਲ ਦਾ ਨਾਂਅ ਆਪਣੇ ਜੱਦੀ ਪਿੰਡ ਕਾਨਾ ਤੋਂ ਕਨਈਆ ਮਿਸਲ ਰੱਖ ਲਿਆ। ਸਰਦਾਰ ਜੈ ਸਿੰਘ ਦੀ ਮਿਸਲ ਵਿਚ ਪਠਾਨਕੋਟ, ਹਾਜੀਪੁਰ, ਦੋਰਾਹਾ, ਸੁਜਾਨਪੁਰ, ਦੀਨਾਨਗਰ, ਗੜ੍ਹਸ਼ੰਕਰ, ਹੁਸ਼ਿਆਰਪੁਰ ਤੇ ਕਾਂਗੜੇ ਤੱਕ ਪਹਾੜੀ ਇਲਾਕੇ ਵੀ ਆਉਂਦੇ ਸਨ। 1760 ਵਿਚ ਸਰਦਾਰ ਜੈ ਸਿੰਘ ਦੇ ਘਰ ਇਕ ਪੁੱਤਰ (ਗੁਰਬਖਸ਼ ਸਿੰਘ) ਪੈਦਾ ਹੋਇਆ, ਜਿਸ ਦਾ ਵਿਆਹ ਸਦਾ ਕੌਰ ਨਾਲ ਹੋਇਆ, ਜਿਹੜੀ ਬਹੁਤ ਬਹਾਦਰ ਔਰਤ ਸੀ। ਸਰਦਾਰ ਜੈ ਸਿੰਘ ਦੇ ਦੋ ਪੁੱਤਰ ਹੋਰ ਵੀ ਸਨ। ਸਦਾ ਕੌਰ ਘੋੜਸਵਾਰੀ, ਸ਼ਾਸਤਰ ਵਿੱਦਿਆ ਵਿਚ ਨਿਪੁੰਨ ਸੀ। ਉਹ ਸਰੀਰਕ ਤੌਰ 'ਤੇ ਮਰਦਾਂ ਦੇ ਮੁਕਾਬਲੇ ਵਿਚ ਸੀ। ਉਹ ਫੌਜ ਦੀ ਕਮਾਨ ਖੁਦ ਕਰਦੀ ਸੀ ਤੇ ਰਾਜਨੀਤੀ ਦੀ ਵੀ ਮਾਹਿਰ ਸੀ। ਉਹ ਰਾਜ ਪ੍ਰਬੰਧ ਦੇ ਮਾਮਲਿਆਂ ਵਿਚ ਵੀ ਬੜੀ ਸੂਝਵਾਨ ਸੀ। ਸਰਦਾਰ ਜੈ ਸਿੰਘ ਦੇ ਤਿੰਨਾਂ ਪੁੱਤਰਾਂ ਵਿਚੋਂ ਵੱਡਾ ਗੁਰਬਖਸ਼ ਸਿੰਘ ਹੀ ਰਾਜਸੀ ਕੰਮਾਂ ਵਿਚ ਸਿਆਣਾ ਸੀ। ਉਸ ਦੀ ਅਚਾਨਕ ਮੌਤ ਹੋ ਗਈ ਤਾਂ ਮਜਬੂਰਨ ਸ: ਜੈ ਸਿੰਘ ਨੂੰ ਬਜ਼ੁਰਗ ਹੋਣ ਕਰਕੇ ਗੁਰਬਖਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ ਨੂੰ ਮਿਸਲ ਦੀ ਕਾਫੀ ਜ਼ਿੰਮੇਵਾਰੀ ਸੌਂਪਣੀ ਪਈ। ਸ: ਜੈ ਸਿੰਘ ਨੇ ਆਪਣੇ ਕਰੀਬੀ ਮਿੱਤਰ ਸ: ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਆਪਣੀ ਪੋਤੀ ਦਇਆ ਕੌਰ ਦੀ 1796 ਈ: ਵਿਚ ਸ਼ਾਦੀ ਕਰ ਦਿੱਤੀ ਤੇ ਦੋ ਸਾਲ ਬਾਅਦ 1798 ਵਿਚ ਕਨਈਆ ਮਿਸਲ ਦਾ ਮੋਢੀ ਸ: ਜੈ ਸਿੰਘ ਇਸ ਦੁਨੀਆ ਤੋਂ ਚੱਲ ਵਸਿਆ।
ਜੈ ਸਿੰਘ ਦੇ ਸਵਰਗਵਾਸ ਪਿੱਛੋਂ ਗੁਰਬਖਸ਼ ਸਿੰਘ ਦੀ ਵਿਧਵਾ ਪਤਨੀ ਸਦਾ ਕੌਰ ਕਨਈਆ ਮਿਸਲ ਦੀ ਮਾਲਕ ਬਣੀ। ਉਹ ਇਕ ਬਹੁਤ ਹੀ ਯੋਗ, ਚਤੁਰ ਤੇ ਤੀਬਰ ਇੱਛਾ ਰੱਖਣ ਵਾਲੀ ਇਸਤਰੀ ਸੀ। ਉਸ ਨੇ ਆਪਣੇ ਜਵਾਈ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਕਰਨ ਵਿਚ ਉਸ ਦੀ ਬੇਹੱਦ ਸਹਾਇਤਾ ਕੀਤੀ। ਸਦਾ ਕੌਰ ਦੀ ਸਲਾਹ ਨਾਲ ਹੀ 1796 ਵਿਚ ਰਣਜੀਤ ਸਿੰਘ ਨੇ ਆਪਣੀ ਮਿਸਲ ਦਾ ਪ੍ਰਬੰਧ ਦੀਵਾਨ ਲਖਪਤ ਰਾਏ ਕੋਲੋਂ ਲੈ ਕੇ ਆਪਣੇ ਹੱਥਾਂ ਵਿਚ ਕਰ ਲਿਆ। ਸੰਨ 1799 ਵਿਚ ਲਾਹੌਰ ਦੀ ਜਿੱਤ ਵੇਲੇ ਸਦਾ ਕੌਰ ਆਪਣੇ ਦਸ ਹਜ਼ਾਰ ਸੈਨਿਕਾਂ ਨਾਲ ਰਣਜੀਤ ਸਿੰਘ ਦੀ ਪੂਰੀ ਮਦਦ 'ਤੇ ਸੀ। ਇਸ ਤੋਂ ਮਗਰੋਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤਕ ਤੇ ਹੋਰ ਸਰਗਰਮੀਆਂ ਵਿਚ ਬਹੁਪੱਖੀ ਸਲਾਹ ਦਿੰਦੀ ਰਹੀ। ਸੰਨ 1821 ਈਸਵੀ ਵਿਚ ਜਦੋਂ ਸਰਹੱਦੀ ਖੇਤਰ ਵਿਚ ਭਾਰੀ ਬਗਾਵਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਅਤੇ ਆਪਣੇ ਪੁੱਤਰ ਕੰਵਲ ਸ਼ੇਰ ਸਿੰਘ ਦੀ ਕਮਾਨ ਹੇਠ ਬਹੁਤ ਸਾਰੀ ਸੈਨਾ ਭੇਜੀ। ਸਦਾ ਕੌਰ ਨੇ ਕਈ ਝੜਪਾਂ ਵਿਚ ਪਠਾਣਾਂ ਨੂੰ ਮਾਤ ਦਿੱਤੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਫੜ ਲਿਆ। ਇਹ ਜਿੱਤ ਸਦਾ ਕੌਰ ਨੂੰ ਬਹੁਤ ਮਹਿੰਗੀ ਪਈ। ਰਾਣੀ ਸਦਾ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਨੇੜਤਾ ਨੂੰ ਧਿਆਨ ਸਿੰਘ ਡੋਗਰਾ ਸਹਾਰ ਨਾ ਸਕਿਆ। ਦੋਵਾਂ ਵਿਚ ਤਕਰਾਰ ਪੈਦਾ ਕਰਨ ਲਈ ਉਸ ਨੇ ਇਕ ਨਵੀਂ ਚਾਲ ਚੱਲੀ। ਰਾਜਾ ਧਿਆਨ ਸਿੰਘ ਨੇ ਰਣਜੀਤ ਸਿੰਘ ਕੋਲ ਸਿਫਾਰਸ਼ ਕੀਤੀ ਕੀ ਇਸ ਜਿੱਤ ਵਜੋਂ ਕੰਵਲ ਸ਼ੇਰ ਸਿੰਘ ਨੂੰ ਵੱਡੀ ਜਗੀਰ ਮਿਲਣੀ ਚਾਹੀਦੀ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਕਿਹਾ ਕਿ ਜਿੰਨੀ ਜਗੀਰ ਉਹ ਆਪਣੇ ਦੋਹਤੇ ਸ਼ੇਰ ਸਿੰਘ ਨੂੰ ਦੇਵੇਗੀ, ਓਨਾ ਹੀ ਇਲਾਕਾ ਮਹਾਰਾਜਾ ਵੀ ਖੁਸ਼ੀ-ਖੁਸ਼ੀ ਦੇਵੇਗਾ। ਸਦਾ ਕੌਰ ਆਪਣੇ ਜਿਊਂਦੇ ਜੀਅ ਕੋਈ ਇਲਾਕਾ ਦੇਣਾ ਨਾ ਮੰਨੀ। ਇਸ ਗੱਲ ਤੋਂ ਦੋਵਾਂ ਵਿਚ ਅਣਬਣ ਹੋ ਗਈ। ਇਹੋ ਚੀਜ਼ ਧਿਆਨ ਸਿੰਘ ਡੋਗਰਾ ਚਾਹੁੰਦਾ ਸੀ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਭਰੇ ਕਿ ਸਦਾ ਕੌਰ ਕਿਸੇ ਵੇਲੇ ਵੀ ਆਪਣੇ ਲਈ ਖਤਰਾ ਬਣ ਸਕਦੀ ਹੈ, ਇਸ ਲਈ ਸਦਾ ਕੌਰ ਨੂੰ ਜਲਦ ਤੋਂ ਜਲਦ ਕੈਦ ਕਰਨਾ ਸਾਡੇ ਭਲੇ ਵਿਚ ਹੋਵੇਗਾ। ਇਸੇ ਚਾਲ ਮੁਤਾਬਿਕ 1821 ਈ: ਵਿਚ ਸਦਾ ਕੌਰ ਨੂੰ ਲਾਹੌਰ ਬੁਲਵਾ ਕੇ ਕੈਦ ਕਰ ਲਿਆ ਅਤੇ ਉਸ ਕੋਲੋਂ ਖਜ਼ਾਨੇ ਦੀ ਮੰਗ ਕੀਤੀ। ਸਦਾ ਕੌਰ ਦੇ ਸਾਫ਼ ਇਨਕਾਰ ਕਰਨ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਕਨਈਆ ਮਿਸਲ ਦੇ ਬਹੁਤੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰ ਲਿਆ। ਮਿਸਰ ਦੀਵਾਨ ਚੰਦ ਸਦਾ ਕੌਰ ਨੂੰ ਜੰਜੀਰਾਂ ਵਿਚ ਜਕੜ ਕੇ ਮੁਕੇਰੀਆਂ ਲੈ ਗਿਆ ਤੇ ਉਸ ਨੇ ਉਸ ਨੂੰ ਤਿੰਨ ਦਿਨ ਤੇ ਤਿੰਨ ਰਾਤਾਂ ਭੁੱਖੀ ਰੱਖਿਆ। ਅਖੀਰ ਭੁੱਖੀ-ਪਿਆਸੀ ਸਦਾ ਕੌਰ ਨੇ ਸ਼ਰਤ ਮੰਨ ਲਈ, ਜਿਸ ਨਾਲ ਮੁਕੇਰੀਆਂ ਦਾ ਮਜ਼ਬੂਤ ਕਿਲ੍ਹਾ ਵੀ ਉਨ੍ਹਾਂ ਨੇ ਫਤਹਿ ਕਰ ਲਿਆ। ਇਸ ਤਰ੍ਹਾਂ ਕਨਈਆ ਮਿਸਲ ਦਾ ਐਨਾ ਮਾਲ ਤੇ ਬੇਹਿਸਾਬਾ ਧਨ ਮਹਾਰਾਜੇ ਦੇ ਹੱਥਾਂ ਵਿਚ ਆ ਗਿਆ। ਸਦਾ ਕੌਰ ਕੁਝ ਮਹੀਨੇ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਵਿਚ ਰਹਿ ਕੇ ਦੁੱਖਾਂ ਤੇ ਗਮਾਂ ਨਾਲ ਇਕੱਲੀ ਜੂਝਦੀ ਹੋਈ 1832 ਈ: ਵਿਚ ਮਰ ਗਈ। ਉਸ ਦੀ ਦੁੱਖ ਭਰੀ ਮੌਤ ਦੇ ਨਾਲ ਹੀ ਕਨਈਆ ਮਿਸਲ ਦਾ ਪਤਨ ਤੇ ਅੰਤ ਹੋ ਗਿਆ।


ਮੋਬਾ: 95010-26652

ਸ਼ਬਦ ਵਿਚਾਰ

ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ॥

ਸਿਰੀਰਾਗੁ ਮਹਲਾ ੩
ਬਿਨੁ ਗੁਰ ਰੋਗੁ ਨ ਤੁਟਈ
ਹਉਮੈ ਪੀੜ ਨ ਜਾਇ॥
ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ॥
ਗੁਰ ਸਬਦੀ ਹਰਿ ਪਾਈਐ
ਬਿਨੁ ਸਬਦੈ ਭਰਮਿ ਭੁਲਾਇ॥ ੧॥
ਮਨ ਰੇ ਨਿਜ ਘਰਿ ਵਾਸਾ ਹੋਇ॥
ਰਾਮ ਨਾਮੁ ਸਾਲਾਹਿ ਤੂ
ਫਿਰਿ ਆਵਣ ਜਾਣੁ ਨ ਹੋਇ॥ ੧॥ ਰਹਾਉ॥
ਹਰਿ ਇਕੋ ਦਾਤਾ ਵਰਤਦਾ
ਦੂਜਾ ਅਵਰੁ ਨ ਕੋਇ॥
ਸਬਦਿ ਸਾਲਾਹੀ ਮਨਿ ਵਸੈ
ਸਹਜੇ ਹੀ ਸੁਖੁ ਹੋਇ॥
ਸਭ ਨਦਰੀ ਅੰਦਰਿ ਵੇਖਦਾ
ਜੈ ਭਾਵੈ ਤੈ ਦੇਇ॥ ੨॥
ਹਉਮੈ ਸਭਾ ਗਣਤ ਹੈ
ਗਣਤੈ ਨਉ ਸੁਖੁ ਨਾਹਿ॥
ਬਿਖੁ ਕੀ ਕਾਰ ਕਮਾਵਣੀ
ਬਿਖੁ ਹੀ ਮਾਹਿ ਸਮਾਹਿ॥
ਬਿਨੁ ਨਾਵੈ ਠਉਰੁ ਨ ਪਾਇਨੀ
ਜਮਪੁਰਿ ਦੂਖ ਸਹਾਹਿ॥ ੩॥
ਜੀਉ ਪਿੰਡੁ ਸਭੁ ਤਿਸ ਦਾ
ਤਿਸੈ ਦਾ ਆਧਾਰੁ॥
ਗੁਰ ਪਰਸਾਦੀ ਬੁਝੀਐ
ਤਾ ਪਾਏ ਮੋਖ ਦੁਆਰੁ॥
ਨਾਨਕ ਨਾਮੁ ਸਲਾਹਿ ਤੂੰ
ਅੰਤੁ ਨ ਪਾਰਾਵਾਰੁ॥ ੪॥ ੨੪॥ ੫੭॥
(ਅੰਗ 36)
ਪਦ ਅਰਥ : ਨ ਤੁਟਈ-ਦੂਰ ਨਹੀਂ ਹੁੰਦਾ, ਖ਼ਤਮ ਨਹੀਂ ਹੁੰਦਾ। ਪੀੜ-ਦਰਦ। ਸਮਾਇ-ਟਿਕਿਆ ਰਹਿੰਦਾ ਹੈ। ਪਰਸਾਦੀ-ਕਿਰਪਾ ਨਾਲ। ਭਰਮਿ-ਭਟਕਣਾ ਵਿਚ ਪੈ ਕੇ। ਭੁਲਾਇ-ਖੁੰਝ ਜਾਂਦਾ ਹੈ। ਨਿਜ ਘਰਿ-ਪ੍ਰਭੂ ਦੇ ਚਰਨਾਂ ਵਿਚ। ਆਵਣ ਜਾਣੁ-ਜੰਮਣ ਮਰਨ। ਅਵਰੁ-ਦੂਜਾ, ਵਰਗਾ। ਨਦਰੀ-ਮਿਹਰ ਦੀ ਨਜ਼ਰ, ਭਾਵੈ-ਚੰਗਾ ਲਗਦਾ ਹੈ। ਤੈ-ਉਸ ਨੂੰ।
ਗਣਤ-ਹਿਸਾਬ ਕਿਤਾਬ। ਗਣਤੈ-ਗਿਣਤੀ ਮਿਣਤੀ ਵਿਚ ਪੈਣ ਨਾਲ। ਸਭਾ-ਸਭ, ਪੂਰਨ ਤੌਰ 'ਤੇ। ਬਿਖੁ-ਜ਼ਹਿਰ, ਵਿਹੁ। ਕਾਰ ਕਮਾਵਣੀ-ਕੰਮ ਕਰਨ ਨਾਲ। ਮਾਹਿ-ਵਿਚ। ਸਮਾਹਿ-ਸਮਾਏ ਰਹਿੰਦੇ ਹਨ, ਮਗਨ ਰਹਿੰਦੇ ਹਨ। ਠਉਰੁ ਨ ਪਾਇਨੀ-ਥਾਂ ਨਹੀਂ ਮਿਲਦੀ। ਜਮਪੁਰਿ-ਨਰਕਾਂ ਵਿਚ। ਦੂਖ ਸਹਾਹਿ-ਦੁੱਖ ਝਲਦੇ ਰਹਿੰਦੇ ਹਨ।
ਜੀਉ ਪਿੰਡੁ-ਜਿੰਦ ਤੇ ਸਰੀਰ। ਤਿਸ ਦਾ-ਉਸ ਪ੍ਰਭੂ ਦੀ ਹੈ। ਤਿਸੈ ਦਾ-ਉਸੇ ਦਾ ਹੀ। ਆਧਾਰੁ-ਆਸਰਾ ਹੈ। ਗੁਰਪਰਸਾਦੀ-ਗੁਰੂ ਦੀ ਕਿਰਪਾ ਨਾਲ। ਬੁਝੀਐ-ਸੋਝੀ ਪੈ ਜਾਂਦੀ ਹੈ। ਮੋਖ ਦੁਆਰੁ-ਮੁਕਤੀ ਦਾ ਦਰਵਾਜ਼ਾ। ਸਲਾਹਿ-ਸਾਲਾਹੁੰਦਾ ਰਹਿ। ਪਾਰਾਵਾਰੁ-ਉਰਲਾ ਪਾਰਲਾ ਬੰਨਾ।
ਜਿਥੇ ਹਉਮੈ ਹੈ ਉਥੇ ਨਾਮ ਦਾ ਵਾਸਾ ਨਹੀਂ ਹੋ ਸਕਦਾ ਭਾਵ ਹਉਮੈ ਅਤੇ ਨਾਮ ਦੋ ਵਿਰੋਧੀ ਸ਼ਕਤੀਆਂ ਹਨ। ਹਉਮੈ ਸਦਾ ਨਾਮ ਦੇ ਵਿਰੁੱਧ ਕੰਮ ਕਰਦੀ ਹੈ, ਜਿਸ ਕਾਰਨ ਇਹ ਦੋਵੇਂ ਇਕੱਠੇ ਇਕ ਥਾਂ ਨਹੀਂ ਰਹਿ ਸਕਦੇ। ਰਾਗੁ ਵਡਹੰਸੁ ਵਿਚ ਤੀਜੇ ਗੁਰਦੇਵ ਦੇ ਪਾਵਨ ਬਚਨ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥ (ਅੰਗ 560)
ਇਕ ਠਾਇ-ਇਕ ਥਾਂ, ਹਿਰਦੇ ਵਿਚ।
ਜਿੰਨੀ ਦੇਰ ਮਨ ਵਿਚ ਹਉਮੈ ਹੈ, ਪਰਮਾਤਮਾ ਦੀ ਭਗਤੀ ਕੀਤੀ ਨਹੀਂ ਜਾ ਸਕਦੀ ਅਤੇ ਪਰਮਾਤਮਾ ਦੇ ਹੁਕਮ ਭਾਵ ਉਸ ਦੀ ਰਜ਼ਾ ਦੀ ਜੀਵ ਨੂੰ ਸੋਝੀ ਨਹੀਂ ਪੈਂਦੀ-
ਹਉਮੈ ਵਿਚਿ ਭਗਤਿ ਨ ਹੋਵਈ
ਹੁਕਮੁ ਨ ਬੁਝਿਆ ਜਾਇ॥ (ਅੰਗ 560)
ਜਦੋਂ ਤਾਈਂ ਪਰਮਾਤਮਾ ਅਤੇ ਜੀਵਾਤਮਾ ਵਿਚਕਾਰ ਹਉਮੈ ਦਾ ਇਹ ਬੰਨਾ (ਕੰਧ) ਬਣਿਆ ਰਹਿੰਦਾ ਹੈ, ਉਦੋਂ ਤਾਈਂ ਮਨ ਵਿਚ ਆ ਕੇ ਨਾਮ ਨਹੀਂ ਵਸ ਸਕਦਾ-
ਹਉਮੈ ਵਿਚਿ ਜੀਉ ਬੰਧੁ ਹੈ
ਨਾਮੁ ਨ ਵਸੈ ਮਨਿ ਆਇ॥ (ਅੰਗ 560)
ਪਰ ਜਦੋਂ ਪੂਰੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਮਨ ਦੀ ਹਉਮੈ ਜਾਂਦੀ ਰਹਿੰਦੀ ਹੈ ਅਤੇ ਮਨ ਅੰਦਰ ਸਦਾ ਥਿਰ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ-
ਨਾਨਕ ਸਤਗੁਰਿ ਮਿਲਿਐ ਹਉਮੈ ਗਈ
ਤਾ ਸਚੁ ਵਸਿਆ ਮਨ ਆਇ॥ (ਅੰਗ 560)
ਰਾਗੁ ਆਸਾ ਦੀ ਵਾਰ ਮਹਲਾ ੧ ਵਿਚ ਗੁਰੂ ਅੰਗਦ ਦੇਵ ਜੀ ਦਾ 7ਵੀਂ ਪਉੜੀ ਨਾਲ ਸਲੋਕ ਅੰਕਤ ਹੈ, ਜਿਸ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਭਾਵੇਂ ਹਉਮੈ ਇਕ ਵੱਡਾ ਰੋਗ ਹੈ ਪਰ ਇਸ ਨੂੰ ਮਾਰਨ ਦਾ ਇਲਾਜ ਵੀ ਹੈ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪ੍ਰਭੂ ਦੇ ਨਾਮ ਨਾਲ ਜੁੜਿਆਂ ਹਉਮੈ ਰੂਪੀ ਦੀਰਘ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ-
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ
ਤਾ ਗੁਰ ਕਾ ਸਬਦੁ ਕਮਾਹਿ॥
ਨਾਨਕ ਕਹੈ ਸੁਣਹ ਜਨਹੁ
ਇਤੁ ਸੰਜਮਿ ਦੁਖ ਜਾਹਿ॥ (ਅੰਗ 466)
ਅਥਵਾ
ਜਿਨੀ ਸਚੁ ਪਛਾਣਿਆ
ਸੇ ਸੁਖੀਏ ਜੁਗ ਚਾਰਿ॥
ਹਉਮੈ ਤ੍ਰਿਸਨਾ ਮਾਰਿ ਕੈ
ਸਚੁ ਰਖਿਆ ਉਰ ਧਾਰਿ॥
(ਸਿਰੀਰਾਗੁ ਮਹਲਾ ੧, ਅੰਗ 55)
ਭਾਵ ਜਿਨ੍ਹਾਂ-ਜਿਨ੍ਹਾਂ ਨੇ ਸੱਚੇ ਪ੍ਰਭੂ ਨਾਲ ਸਾਂਝ ਪਾਈ ਹੈ, ਉਹ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਪ੍ਰਭੂ ਨੂੰ ਆਪਣੇ ਹਿਰਦੇ ਰੂਪੀ ਘਰ ਵਿਚ ਵਸਾਈ ਰੱਖਦੇ ਹਨ। ਉਨ੍ਹਾਂ ਦੀ ਲਿਵ ਫਿਰ ਸਦਾ ਨਾਮ ਵਿਚ ਜੁੜੀ ਰਹਿੰਦੀ ਹੈ।
ਗੁਰੂ ਤੋਂ ਬਿਨਾਂ ਮਨੁੱਖ ਦਾ ਜਨਮ-ਮਰਨ ਦਾ ਗੇੜ ਖ਼ਤਮ ਨਹੀਂ ਹੁੰਦਾ ਅਤੇ ਨਾ ਹੀ ਹਉਮੈ ਦਾ ਦਰਦ ਦੂਰ ਹੁੰਦਾ ਹੈ। ਗੁਰੂ ਦੀ ਕਿਰਪਾ ਸਦਕਾ ਜਿਸ ਮਨੁੱਖ ਦੇ ਮਨ ਅੰਦਰ ਪਰਮਾਤਮਾ ਆ ਵਸਦਾ ਹੈ, ਉਸ ਦੀ ਸੁਰਤ ਫਿਰ ਸਦਾ ਨਾਮ ਵਿਚ ਟਿਕੀ ਰਹਿੰਦੀ ਹੈ। ਪਰਮਾਤਮਾ ਨੂੰ ਗੁਰੂ ਦੇ ਸ਼ਬਦ (ਉਪਦੇਸ਼) ਦੁਆਰਾ ਹੀ ਪਾਈਦਾ ਹੈ। ਸ਼ਬਦ ਤੋਂ ਬਿਨਾਂ ਮਨੁੱਖ ਭਟਕਣਾ ਅਤੇ ਭੁੱਲ-ਭੁਲੱਈਆਂ ਵਿਚ ਹੀ ਪਿਆ ਰਹਿੰਦਾ ਹੈ।
ਹੇ ਮੇਰੇ ਮਨ, ਪਰਮਾਤਮਾ ਦੇ ਨਾਮ ਨੂੰ ਸਾਲਾਹੁਣਾ ਕਰ, ਪਰਮਾਤਮਾ ਦੀ ਸਿਫਤ ਸਾਲਾਹ ਕਰਦਾ ਰਹਿ, ਫਿਰ ਤੇਰਾ ਆਉਣਾ-ਜਾਣਾ ਨਹੀਂ ਹੋਵੇਗਾ ਭਾਵ ਚੌਰਾਸੀ ਦੇ ਗੇੜ ਤੋਂ ਬਚਿਆ ਰਹੇਂਗਾ ਅਤੇ ਪ੍ਰਭੂ ਦੇ ਚਰਨਾਂ ਵਿਚ ਤੇਰਾ ਵਾਸਾ ਬਣਿਆ ਰਹੇਗਾ।
ਸਭਨਾਂ ਜੀਵਾਂ ਅੰਦਰ ਕੇਵਲ ਇਕ ਪਰਮਾਤਮਾ ਹੀ ਵਰਤ ਰਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਗੁਰੂ ਦੇ ਸ਼ਬਦ ਦੀ ਸਿਫਤ ਸਾਲਾਹ ਕਰਨ ਨਾਲ ਉਹ ਮਨ ਵਿਚ ਆ ਵਸਦਾ ਹੈ ਅਤੇ ਮਨ ਅੰਦਰ ਸਹਿਜੇ ਹੀ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ। ਜਿਸ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸ ਨੂੰ ਹੀ ਨਾਮ ਦੀ ਦਾਤ ਬਖਸ਼ਦਾ ਹੈ।
ਹਉਮੈ ਕਾਰਨ ਮਨੁੱਖ ਗਿਣਤੀਆਂ-ਮਿਣਤੀਆਂ ਵਿਚ ਪਿਆ ਰਹਿੰਦਾ ਹੈ ਅਤੇ ਇਨ੍ਹਾਂ ਗਿਣਤੀਆਂ-ਮਿਣਤੀਆਂ ਵਿਚ ਫਸਣ ਕਾਰਨ ਮਨੁੱਖ ਨੂੰ ਕਦੇ ਸੁੱਖ ਨਹੀਂ ਮਿਲਦਾ। ਜੋ ਵਿਕਾਰਾਂ ਵਾਲੇ ਕਰਮ ਕਮਾਉਂਦੇ ਹਨ, ਉਹ ਜ਼ਹਿਰ ਰੂਪੀ ਵਿਕਾਰਾਂ ਵਿਚ ਹੀ ਡੁੱਬੇ ਰਹਿੰਦੇ ਹਨ। ਅਜਿਹੇ ਮਨੁੱਖ ਨੂੰ ਪ੍ਰਭੂ ਦੇ ਨਾਮ ਤੋਂ ਬਿਨਾਂ ਆਤਮਿਕ ਸ਼ਾਂਤੀ ਦੀ ਥਾਂ ਪ੍ਰਾਪਤ ਨਹੀਂ ਹੁੰਦੀ ਅਤੇ ਉਹ ਜਮਪੁਰੀ ਭਾਵ ਨਰਕਾਂ ਵਿਚ ਦੁੱਖਾਂ ਨੂੰ ਭੋਗਦੇ ਹਨ।
ਇਹ ਜਿੰਦ ਤੇ ਸਰੀਰ ਉਸ ਪਰਮਾਤਮਾ ਦੇ ਹੀ ਦਿੱਤੇ ਹੋਏ ਹਨ, ਜਿਸ ਦਾ ਸਭਨਾਂ ਨੂੰ ਆਸਰਾ ਹੈ। ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ, ਉਸ ਨੂੰ ਮੁਕਤੀ ਦੇ ਦਰ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਜੀਵ ਨੂੰ ਜੀਵਨ ਦੇ ਸਹੀ ਮਾਰਗ ਦੀ ਸੋਝੀ ਪੈ ਜਾਂਦੀ ਹੈ।
ਇਸ ਲਈ ਤੀਜੀ ਨਾਨਕ ਜੋਤਿ ਸ਼ਬਦ ਦੀ ਅੰਤਲੀ ਤੁਕ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਜਿਸ ਪਰਮਾਤਮਾ ਦਾ ਕੋਈ ਆਰਲਾ-ਪਾਰਲਾ ਬੰਨਾ ਨਹੀਂ, ਉਸ ਦੇ ਨਾਮ ਨੂੰ ਧਿਆਉਣਾ ਕਰ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਕਰਮ ਹੀ ਸਾਡੀ ਸਫ਼ਲਤਾ ਜਾਂ ਅਸਫ਼ਲਤਾ ਦਾ ਨਿਰਧਾਰਨ ਕਰਦੇ ਹਨ

ਸਾਡਾ ਵਰਤਮਾਨ ਸਾਡੇ ਭੂਤਕਾਲ ਵਿਚ ਕੀਤੇ ਗਏ ਕਰਮਾਂ ਅਤੇ ਕੋਸ਼ਿਸ਼ਾਂ ਦਾ ਹੀ ਪ੍ਰਗਟਾਵਾ ਹੈ। ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ ਕਿ ਆਪਣੀ ਸਫਲਤਾ ਜਾਂ ਅਸਫਲਤਾ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਸਾਡੀ ਮਨਚਾਹੀ ਵਸਤੂ ਜਾਂ ਮੰਜ਼ਿਲ ਜਿੰਨੀ ਮਹੱਤਵਪੂਰਨ ਹੋਵੇਗੀ, ਉਸ ਲਈ ਯਤਨ ਵੀ ਓਨੇ ਹੀ ਵੱਧ ਕਰਨੇ ਪੈਣਗੇ। ਉਸ ਲਈ ਓਨੀ ਹੀ ਵੱਧ ਮਿਹਨਤ, ਹੌਸਲਾ ਅਤੇ ਸੰਤੋਖ ਦੀ ਲੋੜ ਹੁੰਦੀ ਹੈ। ਸਾਡੇ ਜੀਵਨ ਵਿਚ ਮਨ ਦੀ ਸਚਾਈ ਕਰਮ ਅਤੇ ਸੋਚ ਦੀ ਪਵਿੱਤਰਤਾ ਸਾਨੂੰ ਮੰਜ਼ਿਲ ਜਾਂ ਸਫਲਤਾ ਵੱਲ ਲਿਜਾਂਦੀ ਹੈ, ਜਦਕਿ ਚਲਾਕੀ, ਮਨ ਦੀ ਅਪਵਿੱਤਰਤਾ ਅਤੇ ਦੂਜਿਆਂ ਦੇ ਵਿਛਾਏ ਜਾਲ ਸਾਨੂੰ ਸਫਲਤਾਵਾਂ ਤੋਂ ਦੂਰ ਰੱਖਦੇ ਹਨ। ਜੇ ਮਿਹਨਤ ਕਰਨ ਦੇ ਬਾਵਜੂਦ ਸਾਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਯਤਨ ਜਾਂ ਕਰਮ ਵਿਚ ਅਪਵਿੱਤਰਤਾ ਰਹਿ ਗਈ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ। ਜੇ ਅਸੀਂ ਦੂਜਿਆਂ ਦੀ ਅਸਫਲਤਾ ਬਾਰੇ ਸੋਚਦੇ ਹਾਂ ਜਾਂ ਦੂਜਿਆਂ ਨੂੰ ਅਸਫਲ ਕਰਨ ਦਾ ਯਤਨ ਕਰਦੇ ਹਾਂ ਤਾਂ ਸਾਥੋਂ ਵੀ ਸਫਲਤਾ ਦੂਰ ਜਾਂਦੀ ਹੈ। ਇਸ ਲਈ ਆਪਣੀ ਸਫਲਤਾ ਲਈ ਨਿਰੰਤਰ ਮਿਹਨਤ ਅਤੇ ਮਨ ਦੀ ਪਵਿੱਤਰਤਾ ਵੀ ਬਹੁਤ ਹੀ ਜ਼ਰੂਰੀ ਹੈ। ਜੇ ਸਾਡਾ ਵਰਤਮਾਨ ਸਾਡੇ ਭੂਤਕਾਲ ਦੇ ਕਰਮ ਦਾ ਸਿੱਟਾ ਹੈ ਤਾਂ ਸਾਡਾ ਭਵਿੱਖ ਵੀ ਸਾਡੇ ਵਰਤਮਾਨ ਦੇ ਕਰਮਾਂ 'ਤੇ ਨਿਰਭਰ ਕਰਦਾ ਹੈ। ਸਾਡੇ ਕਰਮਾਂ ਦਾ ਮਿਹਨਤਾਨਾ ਹੀ ਸਾਨੂੰ ਪ੍ਰਾਪਤ ਹੋਵੇਗਾ। ਇਸ ਲਈ ਸਾਨੂੰ ਆਪਣੇ ਕਰਮ ਰੂਪੀ ਅਜਿਹੇ ਬੀਜ ਬੀਜਣ ਦੀ ਲੋੜ ਹੈ, ਜਿਨ੍ਹਾਂ ਦੀ ਫਸਲ ਜਾਂ ਪੌਦਾ ਸਾਨੂੰ ਖੁਸ਼ੀ, ਮਾਣ ਅਤੇ ਅਸਲ ਸੁਖ ਦਾ ਅਹਿਸਾਸ ਕਰਾਵੇ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਅੰਮ੍ਰਿਤ ਫਲ

ਅਸ਼ਵਨੀ ਗੁਪਤਾ ਦੀ ਇਹ ਪੁਸਤਕ ਪੌਰਾਣਿਕ, ਇਤਿਹਾਸਕ, ਮਿਥਿਹਾਸਕ ਅਤੇ ਲੋਕ ਕਥਾਵਾਂ ਉੱਤੇ ਆਧਾਰਿਤ ਹੈ। 'ਅੰਮ੍ਰਿਤ ਫਲ' ਅਧਿਆਤਮ ਨਾਲ ਜੁੜੀਆਂ ਰਸ ਤੇ ਗਿਆਨ ਭਰਪੂਰ 16 ਕਥਾਵਾਂ ਉੱਤੇ ਆਧਾਰਿਤ ਵਧੀਆ ਪੁਸਤਕ ਹੈ। ਕਥਾਵਾਚਕ/ਵਕਤਾ ਇਨ੍ਹਾਂ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਅਸਲ ਵਿਚ ਲੇਖਕ ਬਹੁਵਿਧਾਈ ਵਿਦਵਾਨ ਕਲਮਕਾਰ ਹੈ। ਉਸ ਨੇ ਕਈ ਪੰਜਾਬੀ ਨਾਵਲ, ਇਕ ਅੰਗਰੇਜ਼ੀ ਪੁਸਤਕ, ਇਕ ਹਿੰਦੀ ਨਾਵਲ, ਅਨੁਵਾਦ ਦੀਆਂ ਚਾਰ ਪੁਸਤਕਾਂ, ਕਾਵਿ-ਸੰਗ੍ਰਹਿ, ਗ਼ਜ਼ਲ ਸੰਗ੍ਰਹਿ ਤੇ ਕਾਵਿ-ਨਾਟਕ ਲਿਖੇ ਹਨ। ਪੁਸਤਕ ਦਾ ਆਰੰਭ ਲੇਖ ਹੈ-'ਨਰ ਸੇਵਾ ਨਾਰਾਇਣ ਸੇਵਾ।'
ਇਹ ਲੇਖ ਮਾਨਵ ਸੇਵਾ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਅੰਤਿਮ ਸਤਰ ਵਿਚ ਸੰਦੇਸ਼ ਹੈ, 'ਇਕੋ ਗੁਰ-ਮੰਤਰ ਐ, ਸਿਰਫ ਤੇਰੇ ਲਈ ਹੀ ਨਹੀਂ, ਇਸ ਯੁੱਗ ਦੇ ਹਰ ਨੌਜਵਾਨ ਲਈ, 'ਨਰ ਸੇਵਾ ਨਾਰਾਇਣ ਸੇਵਾ।' 'ਨਾ ਡਾਕਾ-ਨਾ ਹਿੰਸਾ-ਨਾ ਜੰਗ-ਬਸ ਸਤਿਸੰਗ।'
ਜੋ ਕੰਮ ਚੱਕਰਵਰਤੀ ਰਾਜਾ, ਉਸ ਦੇ ਸੈਨਾਪਤੀ, ਮੰਤਰੀ, ਸੈਨਾਪਤੀ ਨਹੀਂ ਕਰ ਸਕੇ, ਇਕ ਸੰਤ ਦੇ ਅਧੂਰੇ ਵਾਕ ਨੇ ਕਰ ਦਿਖਾਇਆ। ਕਾਕੂ ਨੇ ਆਪਣੇ ਪੂਰੇ ਗਰੋਹ ਨਾਲ ਭਗਵਾਨ ਮਹਾਂਬੀਰ ਦੇ ਚਰਨਾਂ ਵਿਚ ਜਾ ਪਨਾਹ ਲਈ, ਗੁਨਾਹਾਂ ਤੋਂ ਤੌਬਾ ਕੀਤੀ, ਹਥਿਆਰ ਤਿਆਗ ਦਿੱਤੇ ਤੇ ਭਿਕਸ਼ੂਆਂ ਵਾਲਾ ਬਾਣਾ ਪਾ ਲਿਆ (ਪੰਨਾ 20)। 'ਬਾਪੂ ਤੇ ਬਾਈ ਦੀ ਧਰਮਰਾਜ ਮੂਹਰੇ ਪੇਸ਼ੀ', 'ਕਰਮਾਂ ਦਾ ਬਹੀਖਾਤਾ', 'ਲੱਭੂ ਲੁਹਾਰ ਇਕ ਸੱਚਾ ਕਲਾਕਾਰ', 'ਵੰਡ ਖਾ ਖੰਡ ਖਾ, ਅੱਡ ਖਾ ਹੱਡ ਖਾ', 'ਦੇਖ ਪਰਾਈਆਂ ਓਪਰੀਆਂ', 'ਗੁਰੂ ਗੱਦੀ ਦਾ ਅਸਲੀ ਵਾਰਿਸ', 'ਸਿਕੰਦਰ ਦੀ ਆਖਰੀ ਹਾਰ', 'ਸਾਧ ਦਾ ਗੁਰੂ ਚੋਰ', 'ਸਿੱਕੇ ਦੇ ਦੋ ਪਹਿਲੂ' ਤੇ 'ਦੋ ਪੈਸੇ ਦੀ ਸਿੱਧੀ' ਸਮੇਤ ਸਾਰੀਆਂ ਗਾਥਾਵਾਂ ਜੀਵਨ ਨੂੰ ਸਾਰਥਿਕ, ਚੰਗੇਰਾ ਤੇ ਰੂਹਾਨੀ ਮਾਰਗ 'ਤੇ ਤੋਰਨ ਦੇ ਸਮਰੱਥ ਬਣਾਉਣ ਵਾਲੀਆਂ ਹਨ। 'ਸਾਧ ਦਾ ਗੁਰੂ ਚੋਰ' ਗਾਥਾ ਸੂਫ਼ੀ ਸੰਤ, ਜੁਨੈਦ ਬਾਰ ਹੈ, ਜਿਸ ਨੇ ਇਕ ਚੋਰ ਤੋਂ ਰੱਬੀ ਰਮਜ਼ ਪਾ ਲਈ। 'ਹੋ ਸਕਦੈ ਖੁਦ ਅੱਲਾਹ ਨੇ ਮੈਨੂੰ ਤਕੜਾ ਕਰਨ ਲਈ ਉਸ ਚੋਰ ਦੇ ਰੂਪ ਵਿਚ ਦਰਸ਼ਨ ਦਿੱਤੇ ਹੋਣ। ਬਸ ਜੇ ਮਨ 'ਚ ਲਗਨ ਐ, ਤੜਪ ਐ ਉਸ ਨੂੰ ਮਿਲਣ ਦੀ, ਫਿਰ ਉਹ ਆਪੇ ਰਾਹ ਵੀ ਦਿਖਾ ਦਿੰਦੈ।' (ਪੰਨਾ 63)
ਲੇਖਕ ਦੀ ਰਚਨਾ ਪਾਠਕ ਨੂੰ ਨਾਲ-ਨਾਲ ਤੋਰਦੀ ਹੈ, ਬਿਆਨੀਆ ਢੰਗ ਸਰਲ, ਠੇਠ ਤੇ ਰੌਚਕ-'ਘਣਾ ਜੰਗਲ ਤੇ ਬਿਲਕੁਲ ਸ਼ਾਂਤ ਵਾਤਾਵਰਨ। ਇਕ ਛੋਟੀ ਜਿਹੀ ਗੁਫ਼ਾ ਤੇ ਗੁਫ਼ਾ ਵਿਚ ਬੈਠਾ ਕੋਈ ਮਹਾਤਮਾ ਤਪ ਕਰ ਰਿਹਾ ਹੈ। ...ਆਪਸ ਵਿਚ ਲੜਦੇ ਦੋ ਪੰਛੀਆਂ ਦੀ ਕੁਰੱਖਤ ਜਿਹੀ ਆਵਾਜ਼ ਸੁਣ ਕੇ ਮਹਾਤਮਾ ਦਾ ਧਿਆਨ ਭੰਗ ਹੁੰਦਾ ਹੈ।' (ਪੰਨਾ 47) ਸਮੁੱਚੇ ਤੌਰ 'ਤੇ ਇਹ ਬੋਧ-ਕਥਾ ਸੰਗ੍ਰਹਿ ਗਿਆਨ ਦਾ ਭੰਡਾਰ ਹੈ।

ਲੇਖਕ : ਅਸ਼ਵਨੀ ਗੁਪਤਾ
ਪ੍ਰਕਾਸ਼ਕ : ਪਰੱਗਿਆ ਸਾਹਿਤ ਪ੍ਰਕਾਸ਼ਨ (ਮੋਗਾ)।
ਪੰਨੇ : 80, ਕੀਮਤ : 100 ਰੁਪਏ
ਸੰਪਰਕ : 94642-93764
-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਵਿਜੈਨਗਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਤੁੰਗਭਦਰਾ ਦਰਿਆ ਕਿਨਾਰੇ ਵਸੀ ਰਿਆਸਤ ਵਿਜੈਨਗਰ ਵੀ ਆਪਣੇ-ਆਪ ਵਿਚ ਵਡਮੁੱਲਾ ਇਤਿਹਾਸ ਸਾਂਭੀ ਬੈਠੀ ਹੈ। ਰਿਆਸਤ ਵਿਜੈਨਗਰ ਨੂੰ ਵਿਜੈਨਗਰ ਇੰਮਪਾਇਰ ਅਤੇ ਵਿਜੈਨਗਰ ਸਾਮਰਾਜ ਵੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ 1336 ਈ: ਵਿਚ ਦੋ ਭਰਾਵਾਂ ਦੇ ਯਤਨਾਂ ਨਾਲ ਰਿਆਸਤ ਵਿਜੈਨਗਰ ਹੋਂਦ ਵਿਚ ਆਈ ਸੀ। ਇਨ੍ਹਾਂ ਦੋਵਾਂ ਭਰਾਵਾਂ ਦੇ ਨਾਂਅ ਹਰੀਹਰ ਅਤੇ ਬੁੱਕਾਰਾਏ ਸਨ। ਇਨ੍ਹਾਂ ਭਰਾਵਾਂ ਦੇ ਪਿਤਾ ਦਾ ਨਾਂਅ ਸੰਗਮ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੋਵੇਂ ਭਰਾ ਪਹਿਲਾਂ ਵਾਰੰਗਲ ਰਾਜ ਦੇ ਸੇਵਾਦਾਰ ਸਨ ਜਾਂ ਅਹੁਦੇਦਾਰ ਸਨ। ਜਦੋਂ ਵਾਰੰਗਲ ਰਿਆਸਤ ਉੱਪਰ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ ਤਾਂ ਇਹ ਦੋਵੇਂ ਭਰਾ ਰਿਆਸਤ ਕੰਪਿਲੀ ਵਿਚ ਚਲੇ ਗਏ। ਰਿਆਸਤ ਕੰਪਿਲੀ ਦਾ ਰਾਜਾ ਹਿੰਦੂ ਸੀ ਅਤੇ ਇਹ ਦੋਵੇਂ ਭਰਾ ਉਸ ਹਿੰਦੂ ਰਾਜੇ ਦੀ ਸੇਵਾ ਕਰਨ ਲੱਗੇ। ਜਦੋਂ 1327 ਦਾ ਸਮਾਂ ਸੀ ਤਾਂ ਮੁਹੰਮਦ ਤੁਗਲਕ ਨੇ ਕੰਪਿਲੀ ਉੱਪਰ ਕਬਜ਼ਾ ਕਰ ਲਿਆ ਤੇ ਦੋਵੇਂ ਭਰਾਵਾਂ ਨੂੰ ਕੈਦ ਕਰਕੇ ਹੋਰਨਾਂ ਕੈਦੀਆਂ ਵਾਂਗ ਮੁਸਲਮਾਨ ਬਣਾ ਦਿੱਤਾ ਗਿਆ। ਜਦੋਂ ਮੁਹੰਮਦ ਤੁਗਲਕ ਵਿਰੁੱਧ ਬਗਾਵਤਾਂ ਹੋਣ ਲੱਗ ਪਈਆਂ ਤਾਂ ਉਸ ਨੇ ਇਨ੍ਹਾਂ ਦੋਵਾਂ ਭਰਾਵਾਂ ਦੀ ਬਹਾਦਰੀ ਤੋਂ ਲਾਭ ਲੈਣ ਦਾ ਯਤਨ ਕੀਤਾ ਅਤੇ ਦੋਵਾਂ ਭਰਾਵਾਂ ਨੂੰ ਬਗਾਵਤਾਂ ਦਬਾਉਣ ਲਈ ਭੇਜਿਆ। ਇਸੇ ਦੌਰਾਨ ਹੀ ਇਨ੍ਹਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਇਕ ਵਿਦਵਾਨ ਪੰਡਿਤ ਨਾਲ ਹੋਈ ਤੇ ਦੋਵੇਂ ਭਰਾ ਫਿਰ ਹਿੰਦੂ ਬਣ ਗਏ ਅਤੇ ਹਿੰਦੂ ਰਾਜ ਵਿਜੈਨਗਰ ਦੀ ਨੀਂਹ ਰੱਖੀ। ਇਸ ਰਿਆਸਤ ਉੱਪਰ ਸੰਗਮ ਵੰਸ਼ ਦਾ ਕਰੀਬ 150 ਸਾਲਾਂ ਤੱਕ ਸ਼ਾਸਨ ਰਿਹਾ।
ਵਿਜੈਨਗਰ ਰਿਆਸਤ ਆਪਣੇ ਰਾਜਕਾਲ ਦੌਰਾਨ ਕਾਫੀ ਪ੍ਰਸਿੱਧ ਸੀ। ਇਸ ਦੀਆਂ ਕਈ ਬੰਦਰਗਾਹਾਂ ਸਨ ਅਤੇ ਦੂਸਰੇ ਦੇਸ਼ਾਂ ਨਾਲ ਇਸ ਰਿਆਸਤ ਦਾ ਵਪਾਰ ਚਲਦਾ ਸੀ। ਇਸ ਰਿਆਸਤ ਵਿਚ ਸਮੁੰਦਰੀ ਜਹਾਜ਼ ਵੀ ਤਿਆਰ ਕੀਤੇ ਜਾਂਦੇ ਸਨ, ਜਿਨ੍ਹਾਂ ਦੀ ਵਰਤੋਂ ਵਪਾਰ ਲਈ ਕੀਤੀ ਜਾਂਦੀ ਸੀ।
ਵਿਜੈਨਗਰ ਵਿਚ ਅੱਜ ਵੀ ਪੁਰਾਤਨ ਰਿਆਸਤ ਦੇ ਚਿੰਨ੍ਹ ਮਿਲਦੇ ਹਨ, ਜਿਸ ਤੋਂ ਇਸ ਰਿਆਸਤ ਦੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਇਹ ਰਿਆਸਤ ਅੱਜ ਵੀ ਇਤਿਹਾਸ ਦੇ ਵਿਦਿਆਰਥੀਆਂ ਲਈ ਕਾਫੀ ਮਹੱਤਤਾ ਰੱਖਦੀ ਹੈ। ਇਸ ਰਿਆਸਤ ਵਿਚ ਅੱਜ ਵੀ ਵੱਡੀ ਗਿਣਤੀ ਸੈਲਾਨੀ ਆਉਂਦੇ ਹਨ ਅਤੇ ਪੁਰਾਤਨ ਰਿਆਸਤ ਦੀਆਂ ਨਿਸ਼ਾਨੀਆਂ ਵੇਖ ਕੇ ਖੁਸ਼ ਹੁੰਦੇ ਹਨ ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਖਿਚਵਾਉਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 94638-19174

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਦੁਆਰਾ ਸਾਹਿਬ ਸਾਨ ਜੋਸ, ਕੈਲੀਫੋਰਨੀਆ : ਇਹ ਗੁਰੂ-ਘਰ ਅਮਰੀਕਾ ਦਾ ਸਭ ਤੋਂ ਵੱਡਾ ਗੁਰੂ-ਘਰ ਹੈ। ਇਸ ਦੀ ਸਥਾਪਨਾ ਸਾਂਤਾ ਕਲਾਰਾ ਵਾਦੀ ਦੀ ਸੰਗਤ ਦੀਆਂ ਧਾਰਮਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਸਥਾਨਕ ਸਿੱਖ ਸੰਗਤ ਦੇ ਸਹਿਯੋਗ ਨਾਲ 1985 ਵਿਚ ਕੀਤੀ ਗਈ ਸੀ। ਇਸ ਵਿਚ ਮੋਹਰੀ ਭੂਮਿਕਾ ਸਵਰਗੀ ਸ: ਜੀਤ ਸਿੰਘ ਬੈਹਨੀਵਾਲ, ਸ: ਤੇਜਾ ਸਿੰਘ ਅਤੇ ਸ: ਪਿਆਰਾ ਸਿੰਘ ਉੱਭੀ ਨੇ ਨਿਭਾਈ ਸੀ। ਸਭ ਤੋਂ ਪਹਿਲਾਂ ਇਕ ਕਿਰਾਏ ਦੇ ਮਕਾਨ ਵਿਚ ਕਥਾ ਕੀਰਤਨ ਸ਼ੁਰੂ ਕੀਤਾ ਗਿਆ। ਪਰ ਜਲਦੀ ਹੀ ਪੂਰਬੀ ਸਾਨ ਜੋਸ ਦੀ ਵਾਈਟ ਰੋਡ 'ਤੇ ਇਕ ਛੋਟੀ ਜਿਹੀ ਇਮਾਰਤ ਖ਼ਰੀਦ ਕੇ ਗੁਰਮਰਿਆਦਾ ਆਰੰਭ ਕਰ ਦਿੱਤੀ। ਹੌਲੀ-ਹੌਲੀ ਆਸ-ਪਾਸ ਦੀ ਹੋਰ 5 ਏਕੜ ਜ਼ਮੀਨ ਵੀ ਖ਼ਰੀਦ ਲਈ ਗਈ। 1995 ਵਿਚ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਅੰਦਰੂਨੀ ਸ਼ਹਿਰ ਵਿਚ ਗੁਰੂ-ਘਰ ਉਸਾਰਨਾ ਬਹੁਤ ਮਹਿੰਗਾ ਪੈਣਾ ਹੈ। ਇਹ ਪ੍ਰਕਿਰਿਆ ਬਹੁਤ ਲੰਬੀ ਸੀ ਤੇ ਕਈ ਪ੍ਰਕਾਰ ਦੀਆਂ ਕਾਨੂੰਨੀ ਅੜਚਣਾਂ ਵੀ ਸਾਹਮਣੇ ਆਉਣੀਆਂ ਸਨ। ਇਸ ਲਈ ਉਨ੍ਹਾਂ ਨੇ ਉਹ ਜਾਇਦਾਦ ਵੇਚ ਕੇ ਸ਼ਹਿਰ ਤੋਂ ਬਾਹਰਵਾਰ ਕਰੀਬ 40 ਏਕੜ ਜਗ੍ਹਾ ਖ਼ਰੀਦ ਕੇ ਇਮਾਰਤ ਉਸਾਰੀ ਦਾ ਸ਼ੁਭ ਆਰੰਭ ਕਰ ਦਿੱਤਾ, ਜੋ 2004 ਵਿਚ ਮੁਕੰਮਲ ਹੋਈ। ਇਸ 'ਤੇ ਕਰੀਬ 1.25 ਕਰੋੜ ਡਾਲਰ (ਕਰੀਬ 80 ਕਰੋੜ ਰੁ:) ਲਾਗਤ ਆਈ। 2011 ਵਿਚ 2 ਕਰੋੜ ਡਾਲਰ (130 ਕਰੋੜ ਰੁ:) ਖਰਚ ਕੇ ਇਸ 'ਚ ਹੋਰ ਵਾਧਾ ਕੀਤਾ ਗਿਆ। ਹੁਣ ਇਹ ਅਮਰੀਕਾ ਦਾ ਸਭ ਤੋਂ ਵੱਡੀ ਇਮਾਰਤ ਵਾਲਾ ਗੁਰੂ-ਘਰ ਹੈ। ਇਸ ਗੁਰੂ-ਘਰ ਦਾ ਮੁੱਖ ਡਿਜ਼ਾਈਨਰ ਅਤੇ ਆਰਕੀਟੈਕਟ ਮਲਕੀਅਤ ਸਿੰਘ ਸਿੱਧੂ ਹੈ। ਇਸ ਦੇ ਉਦਘਾਟਨ ਵੇਲੇ 25000 ਤੋਂ ਵੱਧ ਸੰਗਤਾਂ ਨੇ ਹਿੱਸਾ ਲਿਆ ਸੀ। ਗੁਰੂ-ਘਰ ਦੀ ਇਮਾਰਤ ਵਿਚ ਸ਼ਾਨਦਾਰ ਦੀਵਾਨ ਹਾਲ, ਲੰਗਰ ਹਾਲ, ਪਾਰਕਿੰਗ, ਸੁੱਖ ਆਸਨ ਦੇ ਕਮਰੇ ਅਤੇ ਗ੍ਰੰਥੀ ਸਿੰਘਾਂ ਦੇ ਕਮਰੇ ਬਣੇ ਹੋਏ ਹਨ। ਗੁਰੂ-ਘਰ ਦਾ ਪਤਾ 3636 ਮੁਰੀਲੋ ਐਵੀਨਿਊ, ਸੈਨ ਜੋਸ, ਕੈਲੀਫੋਰਨੀਆ, ਪਿੰਨ ਕੋਡ 95148 ਹੈ। (ਚਲਦਾ)


-ਪੰਡੋਰੀ ਸਿੱਧਵਾਂ। ਮੋਬਾ: 98151-24449

ਇਟਲੀ 'ਚ ਸਿੱਖਾਂ 'ਤੇ ਕਿਰਪਾਨ ਪਹਿਨਣ 'ਤੇ ਪਾਬੰਦੀ ਦਾ ਮਾਮਲਾ

ਆਪਣੇ ਵਿਸ਼ਵ ਸਰੋਕਾਰ ਤੈਅ ਕਰੇ ਸਿੱਖ ਪੰਥ

ਪਿਛਲੇ ਦਿਨੀਂ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਉਥੋਂ ਦੇ ਸਿੱਖ ਭਾਈਚਾਰੇ ਲਈ ਜਨਤਕ ਥਾਵਾਂ 'ਤੇ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਆਪਣੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਵਿਸ਼ਵ-ਵਿਆਪੀ ਸਿੱਖ ਪੰਥ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਿਕ ਹਨ। ਇਟਲੀ ਦੀ ਸੁਪਰੀਮ ਕੋਰਟ ਦੀ ਤਲਖ਼ ਟਿੱਪਣੀ ਅਨੁਸਾਰ, 'ਪ੍ਰਵਾਸੀਆਂ ਲਈ ਸਾਡੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ, ਜਿਨ੍ਹਾਂ ਨੇ ਸਾਡੀ ਧਰਤੀ 'ਤੇ ਰਹਿਣਾ ਹੈ, ਨਹੀਂ ਤਾਂ ਉਹ ਆਪਣੇ ਮੂਲ ਦੇਸ਼ਾਂ ਨੂੰ ਬੜੀ ਖ਼ੁਸ਼ੀ ਨਾਲ ਵਾਪਸ ਜਾ ਸਕਦੇ ਹਨ।'
ਪਿਛਲੀ ਇਕ-ਡੇਢ ਸਦੀ ਦੌਰਾਨ ਸਿੱਖ ਭਾਈਚਾਰਾ ਪੰਜਾਬ ਅਤੇ ਭਾਰਤ ਤੋਂ ਬਾਹਰ ਜਾ ਕੇ ਆਪਣੇ ਵਪਾਰਕ ਸਰੋਕਾਰਾਂ ਕਾਰਨ ਦੁਨੀਆ ਦੇ 161 ਮੁਲਕਾਂ ਵਿਚ ਵਸ ਚੁੱਕਾ ਹੈ। ਪੰਜਾਬ ਤੋਂ ਬਾਹਰ ਦੁਨੀਆ ਭਰ 'ਚ ਜਾ ਕੇ ਵਸੇ ਸਿੱਖਾਂ ਨੇ ਉਥੋਂ ਦੀ ਰਾਜਨੀਤਕ ਅਤੇ ਕਾਨੂੰਨੀ ਵਿਵਸਥਾ ਵਿਚ ਰਹਿ ਕੇ ਆਪਣੀ ਮਿਹਨਤ, ਦ੍ਰਿੜ੍ਹਤਾ, ਬਹਾਦਰੀ ਅਤੇ ਇਖ਼ਲਾਕ ਕਾਰਨ ਸਫ਼ਲਤਾ ਦੇ ਝੰਡੇ ਗੱਡੇ ਹਨ। ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਸਿੱਖ ਭਾਈਚਾਰੇ ਨੇ ਆਪਣੀ ਕਾਬਲੀਅਤ ਦੇ ਬਲਬੂਤੇ ਹੀ ਰਾਜਨੀਤੀ, ਵਪਾਰ, ਸਮਾਜਿਕ, ਨਿਆਂਇਕ ਅਤੇ ਸਿਵਲ ਸਰਵਿਸਜ਼ 'ਚ ਅਹਿਮ ਰੁਤਬੇ ਹਾਸਲ ਕੀਤੇ ਹਨ। ਕੈਨੇਡਾ ਵਰਗੇ ਬਹੁ-ਸੱਭਿਆਚਾਰੀ ਮੁਲਕ ਅੰਦਰ 17 ਪੰਜਾਬੀ, ਖ਼ਾਸ ਕਰਕੇ ਸਿੱਖ ਸੰਸਦ ਮੈਂਬਰ ਅਤੇ ਚਾਰ ਸਿੱਖ ਕੈਬਨਿਟ ਮੰਤਰੀ (ਤਿੰਨ ਦਸਤਾਰਧਾਰੀ) ਹੋਣਾ ਆਪਣੇ-ਆਪ 'ਚ ਸਿੱਖ ਭਾਈਚਾਰੇ ਦੀ ਕਾਬਲੀਅਤ ਦਾ ਹੀ ਪ੍ਰਮਾਣ ਹੈ।
ਇਸੇ ਦੇ ਸਮਾਨਾਂਤਰ ਕੌਮਾਂਤਰੀ ਪੱਧਰ 'ਤੇ ਸਿੱਖ ਆਪਣੀ ਵੱਖਰੀ ਹੋਂਦ, ਸੱਭਿਆਚਾਰ ਅਤੇ ਪਛਾਣ ਨੂੰ ਸਥਾਪਿਤ ਕਰਨ ਦਾ ਸੰਘਰਸ਼ ਵੀ ਕਰ ਰਹੇ ਹਨ। ਦੁਨੀਆ ਦੇ ਹਰ ਖੇਤਰ 'ਚ ਆਪਣਾ ਜ਼ਿਕਰਯੋਗ ਸਥਾਨ ਹਾਸਲ ਕਰਨ ਦੇ ਬਾਵਜੂਦ ਸਿੱਖ ਭਾਈਚਾਰਾ ਵਿਸ਼ਵ ਭਾਈਚਾਰੇ ਨੂੰ ਆਪਣੇ ਸਰਬ-ਕਲਿਆਣਕਾਰੀ ਫ਼ਲਸਫ਼ੇ, ਵੱਖਰੀ ਪਛਾਣ ਅਤੇ ਨਿਰਾਲੀ ਹੋਂਦ ਬਾਰੇ ਜਾਣੂ ਕਰਵਾਉਣ 'ਚ ਸਫ਼ਲ ਨਹੀਂ ਹੋ ਸਕਿਆ। ਦੁਨੀਆ ਦੇ ਬਹੁਗਿਣਤੀ ਲੋਕ ਹਾਲੇ ਤੱਕ ਸਿੱਖਾਂ ਨੂੰ ਸਹੀ ਰੂਪ ਵਿਚ ਪਛਾਣ ਨਹੀਂ ਸਕੇ। ਅਮਰੀਕਾ ਦੀ 'ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ' (ਸੈਲਡਫ) ਸੰਸਥਾ ਅਤੇ 'ਸਟੈਨਫੋਰਡ ਯੂਨੀਵਰਸਿਟੀ' ਵੱਲੋਂ ਸਾਂਝੇ ਤੌਰ 'ਤੇ 'ਟਰਬਨ ਮਾਈਥਸ' ਨਾਂਅ ਦੇ ਕੀਤੇ ਗਏ ਅਧਿਐਨ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਬਹੁਤੇ ਅਮਰੀਕੀ ਲੋਕ ਸਿੱਖਾਂ ਨੂੰ ਅਲਕਾਇਦਾ ਦੇ ਮਾਰੇ ਗਏ ਮੁਖੀ ਓਸਾਮਾ ਬਿਨ ਲਾਦੇਨ ਨਾਲ ਜੋੜ ਕੇ ਦੇਖਦੇ ਹਨ। 49 ਫ਼ੀਸਦੀ ਅਮਰੀਕੀ ਲੋਕ ਸਿੱਖਾਂ ਨੂੰ ਮੁਸਲਮਾਨ ਧਰਮ ਦਾ ਹਿੱਸਾ ਸਮਝਦੇ ਹਨ, ਜਦੋਂਕਿ 70 ਫ਼ੀਸਦੀ ਗੋਰੇ ਕਿਸੇ ਸਿੱਖ ਦੀ ਸਹੀ ਪਛਾਣ ਨਹੀਂ ਕਰ ਸਕਦੇ। ਇਕ ਹੋਰ ਸਰਵੇਖਣ ਅਨੁਸਾਰ ਅਮਰੀਕੀ ਸਕੂਲਾਂ ਵਿਚ ਪੜ੍ਹਨ ਵਾਲੇ 50 ਫ਼ੀਸਦੀ ਸਿੱਖ-ਅਮਰੀਕੀ ਬੱਚਿਆਂ ਅਤੇ 67 ਫ਼ੀਸਦੀ ਦਸਤਾਰ ਬੰਨ੍ਹਣ ਵਾਲੇ ਸਿੱਖ ਬੱਚਿਆਂ ਨੂੰ ਅਕਸਰ ਬੁਲਿੰਗ ਯਾਨੀ ਤਾਅਨੇਬਾਜ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਮਾਮਲਿਆਂ ਵਿਚ ਤਾਂ ਉਨ੍ਹਾਂ ਨੂੰ ਆਪਣੀ ਪੂਰੀ ਪੜ੍ਹਾਈ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। 'ਨੈਸ਼ਨਲ ਸਿੱਖ ਕੰਪੇਨ' ਵੱਲੋਂ 'ਹਾਰਟ ਰਿਸਰਚ ਐਸੋਸੀਏਟਸ' ਕੋਲੋਂ ਕਰਵਾਏ ਇਕ ਹੋਰ ਸਰਵੇਖਣ ਅਨੁਸਾਰ ਇਕ ਦਸਤਾਰਧਾਰੀ ਸਿੱਖ ਨੂੰ ਸਿਰਫ਼ 11 ਫ਼ੀਸਦੀ ਅਮਰੀਕਨ ਹੀ ਸਹੀ ਰੂਪ ਵਿਚ ਪਛਾਣ ਸਕੇ ਹਨ। 20 ਫ਼ੀਸਦੀ ਅਮਰੀਕੀ ਗੋਰਿਆਂ ਨੇ ਦਸਤਾਰਧਾਰੀ ਸਿੱਖ ਨੂੰ ਮੁਸਲਮਾਨ, 13 ਫ਼ੀਸਦੀ ਨੇ ਹਿੰਦੂ ਅਤੇ 28 ਫ਼ੀਸਦੀ ਨੇ ਪੱਛਮੀ ਏਸ਼ੀਆਈ ਮੰਨਿਆ ਹੈ।
ਹਰ ਸਾਲ ਵਿਦੇਸ਼ਾਂ 'ਚ ਸਿੱਖਾਂ 'ਤੇ 200 ਤੋਂ ਵੱਧ ਨਸਲੀ ਵਿਤਕਰੇ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਹਮਲਿਆਂ ਪਿੱਛੇ ਵੀ ਵੱਡਾ ਕਾਰਨ ਸਿੱਖਾਂ ਦੀ ਪਛਾਣ ਬਾਰੇ ਭੁਲੇਖਾ ਹੋਣਾ ਹੀ ਸਮਝਿਆ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਵਿਦੇਸ਼ਾਂ ਦੇ ਗੁਰਦੁਆਰਿਆਂ ਅੰਦਰ ਸਿੱਖਾਂ ਵੱਲੋਂ ਆਪਸ 'ਚ ਲੜਦਿਆਂ ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ ਅਤੇ ਕਿਰਪਾਨਾਂ ਚਲਾਉਣ ਦੀਆਂ ਘਟਨਾਵਾਂ ਕਾਰਨ ਵਿਦੇਸ਼ੀ ਲੋਕਾਂ 'ਚ ਸਿੱਖਾਂ ਬਾਰੇ ਬਣਦਾ ਫ਼ਸਾਦੀਆਂ ਵਾਲਾ ਅਕਸ ਵੀ ਨਸਲੀ ਹਮਲਿਆਂ ਪਿੱਛੇ ਇਕ ਕਾਰਨ ਹੈ।
ਜਿੱਥੋਂ ਤੱਕ ਵਿਦੇਸ਼ਾਂ 'ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਦਾ ਮਾਮਲਾ ਹੈ, ਸਿੱਖਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਅਤੇ ਪਰੰਪਰਾਵਾਂ ਦੀ ਪਾਲਣਾ ਕਰਨ ਵਿਚ ਮੂਲ ਸਮੱਸਿਆ ਉਥੋਂ ਦੀਆਂ ਕਾਨੂੰਨੀ ਪੇਸ਼ਬੰਦੀਆਂ ਕਰਕੇ ਆਉਂਦੀ ਹੈ। ਖ਼ਾਸ ਕਰਕੇ ਪੱਛਮੀ ਦੇਸ਼ਾਂ ਦੇ ਕਾਨੂੰਨ ਉਥੋਂ ਦੇ ਲੋਕਾਂ ਲਈ ਵਧੇਰੇ ਸਮਾਨਤਾ ਵਾਲੇ, ਨਿਆਂਪੂਰਕ, ਤਰਕਸੰਗਤ ਅਤੇ ਠੋਸ ਹਨ। ਇਨ੍ਹਾਂ ਕਾਨੂੰਨਾਂ 'ਚ ਕਿਸੇ ਨੂੰ ਛੋਟ ਜਾਂ ਬਦਲਾਓ ਦੇ ਆਸਾਰ ਨਹੀਂ ਰਹਿਣ ਦਿੱਤੇ ਗਏ। ਪਰ ਪਿਛਲੇ ਸਮੇਂ ਦੌਰਾਨ ਸਿੱਖਾਂ ਨੇ ਵਿਦੇਸ਼ੀ ਜਨਤਕ ਅਤੇ ਫ਼ੌਜੀ ਖੇਤਰਾਂ 'ਚ ਆਪਣੇ ਸਿੱਖੀ ਸਰੂਪ ਸਹਿਤ ਸੇਵਾ ਕਰਨ ਦੀਆਂ ਵੱਡੀਆਂ ਕਾਨੂੰਨੀ ਲੜਾਈਆਂ ਜਿੱਤੀਆਂ ਹਨ। ਸਾਲ 1969 ਵਿਚ ਇੰਗਲੈਂਡ ਦੇ ਵੁਲਵਰਹੈਂਪਟਨ ਦੇ ਸਿੱਖ ਬੱਸ ਮੁਲਾਜ਼ਮਾਂ ਨੇ ਦਸਤਾਰਧਾਰੀ ਹੋ ਕੇ ਡਿਊਟੀ ਦੇਣ ਦਾ ਮੁਕੱਦਮਾ ਜਿੱਤਿਆ ਸੀ। ਮਲੇਸ਼ੀਆ, ਸਿੰਗਾਪੁਰ, ਆਸਟਰੇਲੀਆ, ਕੈਨੇਡਾ ਤੇ ਬਰਤਾਨੀਆ ਦੇ ਟ੍ਰੈਫ਼ਿਕ ਸਬੰਧੀ ਕਾਨੂੰਨਾਂ ਵਿਚ ਪਗੜੀਧਾਰੀ ਸਿੱਖਾਂ ਨੂੰ ਦੋ-ਪਹੀਆ ਵਾਹਨ ਚਲਾਉਣ ਲਈ ਹੈਲਮਟ ਤੋਂ ਛੋਟ ਹੈ। ਸਾਲ 1990 ਵਿਚ ਸਿੱਖਾਂ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਮਿਲ ਗਈ। 2009 'ਚ ਸਿੱਖਾਂ ਨੂੰ ਅਮਰੀਕੀ ਸੁਰੱਖਿਆ ਏਜੰਸੀਆਂ ਵਿਚ ਵੀ ਦਸਤਾਰ ਅਤੇ ਦਾੜ੍ਹੀ ਸਮੇਤ ਸੇਵਾਵਾਂ ਕਰਨ ਦੀ ਕਾਨੂੰਨੀ ਜਿੱਤ ਪ੍ਰਾਪਤ ਹੋਈ। ਪਿਛਲੇ ਸਾਲਾਂ ਦੌਰਾਨ ਆਸਟਰੇਲੀਆ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੀਆਂ ਹਥਿਆਰਬੰਦ ਫ਼ੌਜਾਂ ਅੰਦਰ ਅਨੇਕਾਂ ਸਾਬਤ-ਸੂਰਤ ਸਿੱਖ ਆਪਣੇ ਧਾਰਮਿਕ ਕਕਾਰਾਂ ਨੂੰ ਪਹਿਨਣ ਦੀ ਖੁੱਲ੍ਹ ਹਾਸਲ ਕਰਕੇ ਨਿਯੁਕਤ ਹੋਏ। ਸਿੱਖਾਂ ਨੇ ਇਹ ਸਫ਼ਲਤਾਵਾਂ ਸਬੰਧਤ ਦੇਸ਼ਾਂ ਦੀ ਰਾਜਨੀਤਕ ਅਤੇ ਕਾਨੂੰਨੀ ਵਿਵਸਥਾ ਵਿਚ ਰਹਿੰਦਿਆਂ, ਆਪਣੀ ਆਦਰਸ਼ਕ ਜੀਵਨ-ਜਾਚ ਦਾ ਪ੍ਰਗਟਾਵਾ ਕਰਦਿਆਂ ਕਾਨੂੰਨੀ ਪ੍ਰਕਿਰਿਆ ਰਾਹੀਂ ਨਿਆਂਪੂਰਨ ਅਤੇ ਤਰਕਸੰਗਤ ਤਰੀਕੇ ਨਾਲ, ਆਪਣੇ ਸਿੱਖੀ ਸਰੂਪ ਦੀ ਮਹੱਤਤਾ, ਆਸਥਾ ਅਤੇ ਉਦੇਸ਼ ਤੋਂ ਉਥੋਂ ਦੀਆਂ ਸਰਕਾਰਾਂ ਨੂੰ ਜਾਣੂ ਅਤੇ ਸੰਤੁਸ਼ਟ ਕਰਵਾ ਕੇ ਹੀ ਪ੍ਰਾਪਤ ਕੀਤੀਆਂ ਹਨ।
ਜਿਹੜੇ ਸਿੱਖ ਕਿਰਪਾਨ ਅਤੇ ਦਸਤਾਰ ਪਹਿਨ ਕੇ ਵਿਦੇਸ਼ਾਂ ਵਿਚ ਜਨਤਕ ਤੌਰ 'ਤੇ ਵਿਚਰਨ ਦੀ ਆਜ਼ਾਦੀ ਹਾਸਲ ਕਰਨ ਲਈ, ਆਪਣੇ ਧਰਮ ਨੂੰ 'ਸਰਬੱਤ ਦਾ ਭਲਾ' ਮੰਗਣ ਵਾਲਾ ਦੁਨੀਆ ਦਾ ਇਕੋ-ਇਕ ਬ੍ਰਹਿਮੰਡੀ ਧਰਮ ਦੱਸ ਰਹੇ ਹਨ, ਉਸੇ ਧਰਮ ਦੇ ਪੈਰੋਕਾਰ ਜਦੋਂ ਆਪਸ ਵਿਚ ਹੀ ਆਪਣੇ ਸ਼ਬਦ-ਗੁਰੂ ਦੀ ਹਜ਼ੂਰੀ ਅੰਦਰ ਇਕ-ਦੂਜੇ ਦੀਆਂ ਦਸਤਾਰਾਂ ਉਛਾਲ ਰਹੇ ਹੋਣ, ਤਾਂ ਦੁਨੀਆ ਸਾਹਮਣੇ ਦਸਤਾਰ ਦੀ ਕਿਹੋ ਜਿਹੀ ਅਜ਼ਮਤ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ? ਆਪਸ ਵਿਚ ਕਿਰਪਾਨਾਂ ਤਾਣ ਲੈਣ ਨਾਲ ਸਿੱਖਾਂ ਦੇ ਕੌਮਾਂਤਰੀ ਸਰੋਕਾਰਾਂ 'ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੋਵੇਗਾ?
ਪਿਛਲੇ ਦਿਨੀਂ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ 'ਤੇ ਲਗਾਈ ਪਾਬੰਦੀ ਦਾ ਭਾਵੇਂ ਇਨ੍ਹੀਂ ਹੀ ਦਿਨੀਂ ਜਰਮਨੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ ਸਿੱਖਾਂ ਦੇ ਦੋ ਧੜਿਆਂ ਵਿਚਾਲੇ ਹੋਏ ਹਿੰਸਕ ਟਕਰਾਅ ਦੀ ਦੁਖਦਾਈ ਘਟਨਾ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਇਟਲੀ ਦੀ ਸੁਪਰੀਮ ਕੋਰਟ ਵਿਚ ਸਰਕਾਰੀ ਵਕੀਲ ਨੇ ਕਿਰਪਾਨ 'ਤੇ ਪਾਬੰਦੀ ਨੂੰ ਲਾਗੂ ਰੱਖਣ ਲਈ, ਪਿਛਲੇ ਸਮੇਂ ਦੌਰਾਨ ਇਟਲੀ ਵਿਚ ਸਿੱਖਾਂ ਵਿਚਾਲੇ ਆਪਸੀ ਝੜਪਾਂ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੌਰਾਨ ਪੁਲਿਸ ਵੱਲੋਂ ਵੱਡੀ ਪੱਧਰ 'ਤੇ ਜ਼ਬਤ ਕੀਤੀਆਂ ਕਿਰਪਾਨਾਂ ਨੂੰ ਆਧਾਰ ਬਣਾਇਆ ਹੈ। ਅਦਾਲਤ ਨੇ ਇਸੇ ਆਧਾਰ 'ਤੇ ਫ਼ੈਸਲਾ ਸੁਣਾਉਂਦਿਆਂ ਆਖਿਆ ਕਿ ਸਾਡੇ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਤਹਿਤ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਹਿਫ਼ਾਜ਼ਤ ਵਾਸਤੇ ਉਨ੍ਹਾਂ ਦੇ ਰੱਖਿਆ ਕਾਨੂੰਨਾਂ ਦੀ ਪਾਲਣਾ ਕਰਵਾਈਏ।
ਇਸ ਤੋਂ ਪਹਿਲਾਂ ਪਿਛਲੇ ਡੇਢ ਦਹਾਕੇ ਤੋਂ ਸਿੱਖ ਫ਼ਰਾਂਸ ਵਿਚ ਦਸਤਾਰ 'ਤੇ ਪਾਬੰਦੀ ਕਾਰਨ ਆਪਣੀ ਧਾਰਮਿਕ ਆਜ਼ਾਦੀ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਫ਼ਰਾਂਸ ਸਰਕਾਰ ਵੱਲੋਂ ਧਰਮ-ਨਿਰਪੱਖਤਾ ਲਾਗੂ ਕਰਨ ਵਾਲੇ 'ਤਿੱਤਨੂਈ' ਕਾਨੂੰਨ ਤਹਿਤ ਸਕੂਲਾਂ, ਕਾਲਜਾਂ ਵਿਚ ਪਹਿਰਾਵੇ ਦੇ ਵਖਰੇਵੇਂ ਨੂੰ ਰੋਕਣ ਲਈ, ਸਿੱਖ ਬੱਚਿਆਂ ਦੇ ਦਸਤਾਰ ਜਾਂ ਪਟਕਾ ਬੰਨ੍ਹ ਕੇ ਆਉਣ 'ਤੇ ਪਾਬੰਦੀ ਲਗਾਈ ਹੋਈ ਹੈ। ਸਿੱਖਾਂ ਵੱਲੋਂ ਦਸਤਾਰ ਨੂੰ ਆਪਣੇ ਧਰਮ ਦਾ ਜ਼ਰੂਰੀ ਤੇ ਪਵਿੱਤਰ ਪਹਿਰਾਵਾ ਦੱਸ ਕੇ ਇਸ ਨੂੰ ਪਹਿਨਣ ਦੀ ਆਜ਼ਾਦੀ ਦੀ ਮੰਗ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਵਿਚ 'ਪੀਸ ਮਿਸ਼ਨ' ਦੌਰਾਨ ਸੇਵਾ ਕਰ ਚੁੱਕੇ ਕੈਪਟਨ ਬਲਕਾਰ ਸਿੰਘ ਅਨੁਸਾਰ, 'ਪਿਛਲੇ ਸਮੇਂ ਦੌਰਾਨ ਯੂਰਪੀਨ ਦੇਸ਼ਾਂ ਅਤੇ ਫ਼ਰਾਂਸ ਵੱਲੋਂ ਕੁਝ ਸਰਵੇਖਣ ਕਰਵਾਏ ਗਏ, ਜਿਨ੍ਹਾਂ ਵਿਚ ਹਵਾਈ ਅੱਡਿਆਂ 'ਤੇ ਪਾਸਪੋਰਟਾਂ ਵਿਚੋਂ ਸਿੱਖ ਨਾਵਾਂ ਵਾਲੇ ਲੋਕਾਂ ਕੋਲੋਂ ਦਸਤਾਰ ਸਬੰਧੀ ਸਵਾਲ ਪੁੱਛੇ ਗਏ, ਇਸ ਦੌਰਾਨ ਸਿੱਖ ਨਾਵਾਂ ਵਾਲੇ ਮੋਨੇ ਲੋਕਾਂ ਵੱਲੋਂ ਆਪਣੀ ਕਮਜ਼ੋਰੀ ਨੂੰ ਲੁਕਾਉਣ ਲਈ ਜ਼ਿਆਦਾਤਰ ਇਹ ਜਵਾਬ ਦਿੱਤਾ ਗਿਆ ਕਿ, ਦਸਤਾਰ ਪੰਜਾਬ ਦਾ ਫ਼ੈਸ਼ਨ ਹੈ, ਜਿਸ ਨੂੰ ਬੰਨ੍ਹਣਾ ਮਰਜ਼ੀ 'ਤੇ ਨਿਰਭਰ ਹੈ। ਲਿਹਾਜ਼ਾ ਅਜਿਹੇ ਕਾਰਨ ਵੀ ਕੌਮਾਂਤਰੀ ਪੱਧਰ 'ਤੇ ਸਿੱਖ ਮਾਨਤਾਵਾਂ ਨੂੰ ਲੈ ਕੇ ਦੁਬਿਧਾਵਾਂ ਪੈਦਾ ਕਰ ਰਹੇ ਹਨ, ਜਿਸ ਸਬੰਧੀ ਸਿੱਖ ਸੰਸਥਾਵਾਂ ਤੇ ਬੁੱਧੀਜੀਵੀ ਵਰਗ ਨੂੰ ਸੋਚਣ ਦੀ ਲੋੜ ਹੈ।'
ਪਿਛਲੇ ਮਹੀਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਇਕ ਸਰਕਾਰੀ ਸਮਾਗਮ ਦੌਰਾਨ ਬਰਤਾਨੀਆ ਦੀ ਪ੍ਰਧਾਨ ਮੰਤਰੀ 'ਥੈਰੇਸਾ ਮੇਅ' ਨੇ ਬਰਤਾਨੀਆ ਨੂੰ ਯੂਰਪੀਅਨ ਸੰਘ ਤੋਂ ਵੱਖ ਹੋਣ ਤੋਂ ਬਾਅਦ ਆਪਣੀ ਉਤਸ਼ਾਹੀ ਅਤੇ ਸਰਗਰਮ ਭੂਮਿਕਾ ਵਿਚ ਆਉਣ ਲਈ ਸਿੱਖ ਧਰਮ ਦੀਆਂ ਬਰਾਬਰਤਾ ਅਤੇ ਦੂਜਿਆਂ ਨੂੰ ਆਦਰ ਦੇਣ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਬਰਤਾਨੀਆ ਵਿਚ ਰਹਿੰਦੇ ਸਿੱਖਾਂ ਦੀ, ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿ ਕੇ ਉਥੋਂ ਦੀ ਤਰੱਕੀ 'ਚ ਵੱਡਾ ਯੋਗਦਾਨ ਪਾਉਣ ਲਈ ਸ਼ਲਾਘਾ ਵੀ ਕੀਤੀ। 'ਸਿੱਖਇਜ਼ਮ ਇਨ ਯੂਨਾਈਟਿਡ ਸਟੇਟ-ਵਟ ਅਮੈਰੀਕਨਜ਼ ਨੋਅ ਐਂਡ ਨੀਡ ਟੂ ਨੋਅ' ਨਾਂਅ ਦੀ ਇਕ ਰਿਪੋਰਟ ਅਨੁਸਾਰ, 'ਜੇਕਰ ਸਿੱਖ ਆਪਣੀਆਂ ਕਦਰਾਂ-ਕੀਮਤਾਂ ਨੂੰ ਅਮਰੀਕੀ ਸੱਭਿਅਤਾ ਨਾਲ ਜੋੜ ਕੇ ਪੇਸ਼ ਕਰਨ ਤਾਂ ਇਸ ਨਾਲ ਅਮਰੀਕੀ ਲੋਕ ਸਿੱਖ ਵਿਰਸੇ ਦੇ ਹੋਰ ਨੇੜੇ ਆ ਸਕਦੇ ਹਨ। ਅਮਰੀਕੀ ਲੋਕ ਜਾਤ, ਧਰਮ, ਨਸਲ ਆਦਿ ਵਿਤਕਰਿਆਂ ਤੋਂ ਉਪਰ ਉਠ ਕੇ ਸਿੱਖੀ ਦੇ 'ਬ੍ਰਹਿਮੰਡੀ ਸੰਦੇਸ਼' ਨੂੰ ਸਮਝਣ ਲਈ ਤਿਆਰ ਹਨ, ਪਰ ਇਹ ਸਿੱਖ ਪ੍ਰਚਾਰਕਾਂ ਦੀ ਯੋਗਤਾ 'ਤੇ ਨਿਰਭਰ ਹੈ ਕਿ ਉਹ ਕਿਸ ਤਰ੍ਹਾਂ ਅਮਰੀਕੀਆਂ ਨੂੰ ਆਪਣੇ ਧਰਮ ਤੋਂ ਜਾਣੂ ਕਰਾ ਕੇ ਪ੍ਰਭਾਵਿਤ ਕਰਦੇ ਹਨ।'
ਵਿਦੇਸ਼ਾਂ 'ਚ ਸਿੱਖਾਂ 'ਤੇ ਨਸਲੀ ਭੁਲੇਖੇ ਕਾਰਨ ਹੁੰਦੇ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਸਰਬ-ਕਲਿਆਣਕਾਰੀ ਵਿਸ਼ਵ ਸਿੱਖ ਦਰਸ਼ਨ, ਸਿੱਖ ਮਾਨਤਾਵਾਂ, ਸਿੱਖੀ ਸਰੂਪ ਅਤੇ ਰਹਿਤ-ਮਰਯਾਦਾ ਸਬੰਧੀ ਵਿਸ਼ਵ ਪੱਧਰ 'ਤੇ ਚੇਤਨਾ ਦੇ ਠੋਸ ਉਪਰਾਲੇ ਕਰਨ ਦੀ ਲੋੜ ਮਹਿਸੂਸ ਕਰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ੀ ਭਾਸ਼ਾਵਾਂ 'ਚ ਸਿੱਖ ਇਤਿਹਾਸ ਅਤੇ ਸਿੱਖੀ ਸਰੂਪ ਸਬੰਧੀ ਸਾਹਿਤ ਛਾਪ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਸਿੱਖ ਧਰਮ ਸਬੰਧੀ ਵਿਸ਼ਵ ਭਾਈਚਾਰੇ ਨੂੰ ਜਾਣੂ ਕਰਵਾਉਣ ਲਈ ਕੇਵਲ ਕਿਤਾਬੀ ਪ੍ਰਚਾਰ ਦੀ ਹੀ ਲੋੜ ਨਹੀਂ ਹੈ, ਸਗੋਂ ਗੁਰੂ ਨਾਨਕ ਸਾਹਿਬ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ ਨੂੰ ਆਪਣੀ ਜੀਵਨ-ਜਾਚ ਵਿਚ ਢਾਲ ਕੇ ਅਮਲੀ ਰੂਪ 'ਚ ਦੁਨੀਆ ਦੇ ਸਾਹਮਣੇ ਰੱਖਣ ਦੀ ਚੁਣੌਤੀ ਵੀ ਸਿੱਖ ਧਰਮ ਦੇ ਪੈਰੋਕਾਰਾਂ ਅੱਗੇ ਦਰਕਾਰ ਹੈ।
ਵਿਦੇਸ਼ਾਂ 'ਚ ਆਪਣੇ ਧਾਰਮਿਕ ਅਧਿਕਾਰਾਂ ਲਈ ਮਜ਼ਬੂਤ ਕਾਨੂੰਨੀ ਸੰਘਰਸ਼ ਦੇ ਨਾਲ-ਨਾਲ ਅਜੋਕੇ ਵਿਸ਼ਵ ਸਰੋਕਾਰਾਂ ਦੇ ਪ੍ਰਸੰਗ ਵਿਚ ਸਿੱਖ ਫ਼ਲਸਫ਼ੇ ਦੇ ਪੈਰੋਕਾਰਾਂ ਅੱਗੇ ਦਰਕਾਰ ਜ਼ਿੰਮੇਵਾਰੀਆਂ ਦੀ ਵਿਆਖਿਆ ਕਰਨ ਲਈ ਪ੍ਰੋ: ਪੂਰਨ ਸਿੰਘ ਦੇ ਅਗਲੇ ਸ਼ਬਦ ਸਾਨੂੰ ਅੰਤਰ-ਦ੍ਰਿਸ਼ਟੀਆਂ ਖੋਲ੍ਹਣ ਲਈ ਪ੍ਰੇਰਨਾ ਦੇ ਰਹੇ ਹਨ, 'ਇਸ ਵੇਲੇ ਕੋਝੇ ਲਾਲਚ ਨੂੰ ਛੱਡਣਾ ਪਏਗਾ। ਸਿੱਖੀ ਦਾ ਉਹ ਪੈਗ਼ਾਮ ਜਿਸ ਦੇ ਵਾਸਤੇ ਸੰਸਾਰ ਤੜਪ ਰਿਹਾ ਹੈ ਤੇ ਪੁਕਾਰ ਕੇ ਕਹਿ ਰਿਹਾ ਹੈ ਕਿ ਖ਼ਾਲਸਾ ਜੀ! ਗੁਰੂ ਬਾਬੇ ਦੇ ਦਰਸ਼ਨ ਕਦ ਕਰਾਓਗੇ? ਗੁਰੂ ਅਰਜਨ ਦੇਵ ਜੀ ਦੇ ਖ਼ਾਲਸਾ ਜੀ! ਕਲਗੀਆਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਰਚੇ ਆਦਰਸ਼ਕ ਖ਼ਾਲਸਾ ਜੀ! ਦੁਨੀਆ ਵਿਲਕ ਰਹੀ ਹੈ। ਇਸ ਨੂੰ ਨਾਮ ਦੇ ਰੰਗ ਵਿਚ ਕਦ ਰੰਗੋਗੇ? ਮੈਨੂੰ ਕੋਈ ਝੱਲਾ ਕਹੇ, ਭਾਵੇਂ ਮੂਰਖ, ਪਰ ਮੇਰਾ ਪੂਰਨ ਵਿਸ਼ਵਾਸ ਹੈ ਕਿ ਪਦਾਰਥ ਵਿੱਦਿਆ, ਮਾਨਸਿਕ ਤੇ ਵਿਗਿਆਨ ਆਦਿਕ ਵਿਚ ਹੋਈਆਂ ਤਬਦੀਲੀਆਂ ਜਿਨ੍ਹਾਂ ਨਾਲ ਮਨੁੱਖ ਉਚ ਕੋਟੀ ਵੱਲ ਜਾ ਰਹੇ ਹਨ; ਦੇ ਫ਼ਾਊਂਡਰ (ਸਿਰਜਣਹਾਰੇ) ਗੁਰੂ ਨਾਨਕ ਸਾਹਿਬ ਸਨ। ਗੁਰੂ ਨਾਨਕ ਸਾਹਿਬ ਨੇ ਕਿਹਾ, ਉਠ! ਓ ਇਨਸਾਨ ਦੇ ਬੱਚੇ ਉਠ!! ਤੇ ਸੱਚੇ ਦਾ ਅਵਤਾਰ ਹੋ, ਕਾਰੀਗਿਰੀ ਵਿਚ ਜਾਨ ਪਾ ਦੇ ਤੇ ਦਸਤਕਾਰੀ ਆਦਿਕ ਕੋਮਲ ਹੁਨਰਾਂ ਦਾ ਸੰਸਾਰ ਵਿਚ ਹੜ੍ਹ ਵਗਾ ਦੇ।'


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਉਦਮੁ ਕਰੇਦਿਆ...

ਗੁਰਮਤਿ ਦਾ ਸਿਧਾਂਤ ਹੈ : ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਧਰਤੀ ਦੇ ਸਾਰੇ ਜੀਵ-ਜੰਤੂ ਆਪਣੇ ਅਤੇ ਆਪਣੇ ਬੱਚਿਆਂ ਦੇ ਪੇਟ ਪਾਲਣ ਜਾਂ ਭੁੱਖ ਮਿਟਾਉਣ ਲਈ ਉਪਰਾਲਾ ਕਰਦੇ ਹਨ। ਮਨੁੱਖ ਅਗਰ ਇਨ੍ਹਾਂ ਜੀਵ-ਜੰਤੂਆਂ ਤੋਂ ਹੀ ਕਿਰਤ ਕਰਨਾ ਸਿੱਖ ਲਵੇ ਤਾਂ ਸਾਰਾ ਸੰਸਾਰ ਸੁਖੀ ਹੋ ਸਕਦਾ ਹੈ। ਮਨੁੱਖਾਂ ਤੋਂ ਬਗ਼ੈਰ ਕੋਈ ਵੀ ਜੀਵ-ਜੰਤੂ ਆਪਣੇ ਆਉਣ ਵਾਲੇ ਬੱਚਿਆਂ ਲਈ ਖਾਣ ਵਾਲੇ ਪਦਾਰਥ ਅਤੇ ਧਨ ਇਕੱਠਾ ਨਹੀਂ ਕਰਦਾ। ਮਨੁੱਖ ਦੀ ਇਸ ਧਨ ਇਕੱਠਾ ਕਰਨ ਦੀ ਤ੍ਰਿਸ਼ਨਾ ਕਰਕੇ ਹੀ ਸੰਸਾਰ ਵਿਚ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਸਿੱਖ ਗੁਰੂਆਂ ਨੇ ਕਿਰਤ ਦੀ ਮਹਾਨਤਾ 'ਤੇ ਜ਼ੋਰ ਦਿੱਤਾ ਹੈ, ਗੁਰਬਾਣੀ ਦਾ ਫੁਰਮਾਨ ਹੈ :
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਜਿਹੜਾ ਮਨੁੱਖ ਆਪਣੀ ਮਿਹਨਤ ਨਾਲ ਆਪਣੇ ਖ਼ਰਚੇ ਚਲਾਏਗਾ, ਉਹ ਕਿਸੇ ਦਾ ਹੱਕ ਨਹੀਂ ਮਾਰ ਸਕਦਾ, ਕਿਉਂਕਿ ਉਸ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਕਿਸੇ ਦੀ ਮਿਹਨਤ ਦੀ ਕਮਾਈ 'ਤੇ ਕਬਜ਼ਾ ਨਹੀਂ ਕਰਨਾ, ਏਹੀ 'ਵੰਡ ਛਕਣਾ' ਹੈ। ਇਸ ਦਾ ਸਮਾਜਕ ਸ਼ਾਂਤੀ ਵਾਲਾ ਫਲ਼ ਹੀ 'ਨਾਮ ਜਪਣਾ' ਹੈ। ਮਨੁੱਖ ਨੂੰ ਪਤਾ ਨਹੀਂ ਕਿਉਂ ਸੋਝੀ ਨਹੀਂ ਆ ਰਹੀ ਕਿ ਉਹ ਆਉਣ ਵਾਲੀਆਂ ਨਸਲਾਂ ਨੂੰ ਨਕਾਰਾ ਕਿਉਂ ਕਰ ਰਹੇ ਹਨ? ਉਨ੍ਹਾਂ ਲਈ ਧਨ ਪਦਾਰਥ ਆਦਿ ਇਸ ਲਈ ਇਕੱਠਾ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਆਉਣ ਵਾਲੇ ਬੱਚੇ ਅਰਾਮ ਨਾਲ ਵਿਹਲੇ ਬਹਿ ਕੇ ਜੀਵਨ ਗੁਜ਼ਾਰ ਸਕਣ। ਇਹ ਵਿਹਲੜ ਤੇ ਨਿਕੰਮਾ ਬਣਾਉਣ ਦੀ ਕਿਰਿਆ ਹੈ। ਆਪਣੀ ਕਿਰਤ ਕਮਾਈ ਦਾ ਖਾਣ ਵਾਲੇ ਪਦਾਰਥ ਖਾਣ ਵਿਚ ਇਕ ਵੱਖਰੀ ਹੀ ਕਿਸਮ ਦਾ ਸੁਆਦ ਆਉਂਦਾ ਹੈ ਜਾਂ ਕਹਿ ਲਵੋ ਉਸ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਕਈ ਮਨੁੱਖ ਇਹ ਸਮਝਣ ਦੀ ਗ਼ਲਤੀ ਕਰ ਬੈਠਦੇ ਹਨ ਕਿ ਕਿਰਤ ਕੇਵਲ ਮਜ਼ਦੂਰੀ ਕਰਨਾ ਹੀ ਹੈ। ਬਿਨਾਂ ਸ਼ੱਕ ਇਹ ਕੰਮ ਕਿਰਤ ਦੀ ਸ਼੍ਰੇਣੀ ਵਿਚ ਆਉਂਦੇ ਹਨ ਪਰ ਕਿਰਤ ਦੇ ਹੋਰ ਵੀ ਕਈ ਤਰੀਕੇ ਹਨ। ਜਿਵੇਂ ਕਿ ਦਿਮਾਗ ਦੀ ਵਰਤੋਂ ਕਰਕੇ ਮਨੁੱਖਤਾ ਦੀ ਸੇਵਾ ਕਰਨਾ, ਕਲਮ ਰਾਹੀਂ ਲੋਕਾਂ ਵਿਚ ਵਧੀਆ ਗਿਆਨ ਵੰਡਣਾ, ਜਿਸ ਤੋਂ ਮਨੁੱਖ ਲਾਭ ਉਠਾਅ ਸਕੇ, ਪੜ੍ਹਨਾ-ਪੜ੍ਹਾਉਣਾ ਅਤੇ ਬੱਚਿਆਂ ਦਾ ਆਪਣੇ ਮਾਤਾ-ਪਿਤਾ ਦੇ ਘਰੇਲੂ ਕੰਮਾਂ ਵਿਚ ਹੱਥ ਵਟਾਉਣਾ ਸਭ ਕਿਰਤ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਿਰਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਅਤੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ।
ਅਲੋਪ ਹੋ ਰਿਹੈ ਕਿਰਤ ਸੱਭਿਆਚਾਰ
ਅਫਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਵਿਚੋਂ ਕਿਰਤ ਸੱਭਿਆਚਾਰ ਅਲੋਪ ਹੋ ਰਿਹਾ ਹੈ। ਖੇਤੀ ਕਰਨ ਵਾਲਾ ਕਿਸਾਨ ਪ੍ਰਵਾਸੀ ਮਜ਼ਦੂਰਾਂ ਦੇ ਸਿਰ 'ਤੇ ਕਿਰਤ ਨੂੰ ਤਿਲਾਂਜਲੀ ਦੇ ਕੇ ਨਸ਼ਿਆਂ ਦੇ ਰਾਹ ਪੈ ਗਿਆ ਹੈ। ਵਿਹਲੜ ਬਾਬੇ ਲੋਕਾਂ ਦੀ ਸੋਚ ਨੂੰ ਪੁੱਠਾ ਗੇੜਾ ਦੇ ਰਹੇ ਹਨ। ਹਰ ਕੋਈ ਬੜੀ ਜਲਦੀ ਅਮੀਰ ਹੋਣਾ ਲੋਚਦਾ ਹੈ ਪਰ ਕਿਰਤ ਨਹੀਂ ਕਰਨੀ ਚਾਹੁੰਦਾ। ਠੱਗੀ-ਠੋਰੀ ਕਰਕੇ ਗ਼ਰੀਬਾਂ ਦਾ ਖ਼ੂਨ ਚੂਸ ਕੇ ਹਰ ਕੋਈ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਦੇਖ ਰਿਹਾ ਹੈ। ਸੁਪਨੇ ਵੇਚਣ ਵਾਲਾ ਵੀ ਵਿਹਲਾ ਰਹਿ ਕੇ ਜਲਦੀ ਅਮੀਰ ਹੋਣਾ ਲੋਚਦਾ ਹੈ ਅਤੇ ਸੁਪਨੇ ਖ਼ਰੀਦਣ ਵਾਲਾ ਵੀ ਜਲਦੀ ਅਮੀਰ ਹੋਣਾ ਲੋਚਦਾ ਹੈ। ਮੈਂ ਇਸ ਸਬੰਧੀ ਆਪ ਬੀਤੀ ਦੱਸਣ ਲੱਗਾ ਹਾਂ। ਮੈਂ ਕਿਸ਼ਤਾਂ 'ਤੇ ਇਕ ਵਧੀਆ ਕਾਰ ਖ਼ਰੀਦੀ। ਮੇਰੇ ਕੋਲ ਇਕ ਸੱਜਣ ਇਕ ਦਿਨ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਕਾਰ ਦੇ ਦੋਵੇਂ ਪਾਸੇ ਸਾਡੇ ਸਮਾਨ ਦੀ ਮਸ਼ਹੂਰੀ ਦੇ ਸਟਿੱਕਰ ਲਗਵਾ ਲਵੋ, ਅਸੀਂ ਤੁਹਾਨੂੰ ਦਸ ਹਜ਼ਾਰ ਰੁਪਏ ਮਹੀਨਾ ਦੇਵਾਂਗੇ। ਮੈਂ ਸੋਚਿਆ ਕਿ ਚਲੋ ਬਾਹਰੋ-ਬਾਹਰ ਕਿਸ਼ਤ ਨਿਕਲਦੀ ਹੈ, ਕੀ ਮਾੜਾ? ਇਹ ਸੋਚ ਮੈਂ ਉਸ ਨੂੰ ਹਾਂ ਕਰ ਦਿੱਤੀ। ਉਹ ਸਕੀਮ ਲਿਆਇਆ ਕਿ ਤੁਹਾਨੂੰ ਪਹਿਲਾਂ 52 ਹਜ਼ਾਰ ਰੁਪਏ ਦੇਣੇ ਪੈਣਗੇ, ਤੁਹਾਡੇ ਨਾਂਅ ਪੱਕਾ ਐਗਰੀਮੈਂਟ ਬਣਵਾ ਕੇ ਦੇਵਾਂਗੇ। ਪੰਜ ਸਾਲ 10 ਹਜ਼ਾਰ ਰੁਪਏ ਮਿਲੀ ਜਾਣਗੇ। ਮੈਂ 52 ਹਜ਼ਾਰ ਦੇ ਦਿੱਤੇ ਉਨ੍ਹਾਂ ਦਾ ਐਗਰੀਮੈਂਟ ਮਿਲ ਗਿਆ। ਸੱਚ ਜਾਣਿਓ, ਦੋ ਕਿਸ਼ਤਾਂ ਦਿੱਤੀਆਂ, ਉਹ ਵੀ 8-8 ਹਜ਼ਾਰ ਦੀਆਂ, 10 ਹਜ਼ਾਰ ਕਿਹੜੇ ਭੜੂਏ ਨੇ ਦੇਣਾ ਸੀ, ਆਪਣੇ ਪੈਸੇ ਵੀ ਗੁਆ ਕੇ ਬੈਠ ਗਿਆ। ਹੁਣ ਜੇ ਕੇਸ ਕਰਦਾ ਹਾਂ ਤਾਂ ਵਕੀਲ ਅੱਡ ਪੈਸੇ ਖਾਣਗੇ, ਨਾਲੇੇ ਕੋਰਟ ਕਚਹਿਰੀ ਧੱਕੇ ਖਾਣੇ ਪੈਣਗੇ। ਸੁਣਿਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਨਾਲ ਇਸੇ ਤਰ੍ਹਾਂ ਧੋਖਾ ਕੀਤਾ ਅਤੇ ਅਜੇ ਵੀ ਕਈ ਸ਼ਹਿਰਾਂ ਵਿਚ ਇਸ ਤਰ੍ਹਾਂ ਦਾ ਧੋਖਾ ਜਾਰੀ ਹੈ, ਕੋਈ ਰੋਕਣ ਵਾਲਾ ਨਹੀਂ।
ਪੰਜਾਬ ਦਾ ਹਰ ਨਿਵਾਸੀ ਬਾਹਰ ਜਾਣ ਲਈ ਉਤਾਵਲਾ ਹੈ। ਉਹ ਸੋਚਦੇ ਨੇ ਕਿ ਬਾਹਰ ਪੈਸੇ ਬਸ ਝਾੜੂ ਨਾਲ ਹੂੰਝਣੇ ਹੀ ਪੈਂਦੇ ਨੇ, ਕੰਮ ਕਰਨ ਦੀ ਲੋੜ ਨਹੀਂ। ਪੰਜਾਬ ਵਿਚ ਹਜ਼ਾਰਾਂ ਏਜੰਟ ਲੱਖਾਂ ਲੋਕਾਂ ਨਾਲ ਹਰ ਰੋਜ਼ ਠੱਗੀ ਮਾਰ ਰਹੇ ਹਨ। ਲੱਖਾਂ ਲੋਕਾਂ ਦੇ ਸੁਪਨੇ ਕਤਲ ਹੋ ਰਹੇ ਹਨ। ਇਸ ਅੱਤਵਾਦ ਨੂੰ ਰੋਕਣ ਦੀ ਬਜਾਏ ਸਰਕਾਰਾਂ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀਆਂ ਹਨ। ਜਿਹੜਾ ਨੌਜਵਾਨ ਇਥੇ ਪੰਜਾਬ ਵਿਚ ਆਪ ਹੱਥੀਂ ਚੁੱਕ ਕੇ ਪਾਣੀ ਦਾ ਗਿਲਾਸ ਨਹੀਂ ਪੀ ਸਕਦਾ, ਉਹੀ ਜਦੋਂ ਵਿਕਸਿਤ ਮੁਲਕ ਪਹੁੰਚ ਜਾਂਦਾ ਹੈ ਤਾਂ ਉਹ ਉਥੇ ਜਾ ਕੇ ਭੈੜੇ ਤੋਂ ਭੈੜਾ ਕੰਮ ਚਾਈਂ-ਚਾਈਂ ਕਰਦਾ ਹੈ। ਇਥੇ ਪੰਜਾਬ ਦੀ ਧਰਤੀ 'ਤੇ ਨੌਜੁਆਨਾਂ ਨੇ ਪਤਾ ਨਹੀਂ ਕਿਉਂ ਕਿਰਤ ਸੱਭਿਆਚਾਰ ਨੂੰ ਤਿਲਾਂਜਲੀ ਦਿੱਤੀ ਹੋਈ ਹੈ? ਸਰਕਾਰੀ ਨੌਕਰੀ ਲਈ ਕਮਲਿਆਂ ਵਾਂਗੂੰ ਭੱਜਣਾ ਕਿਰਤ ਸੱਭਿਆਚਾਰ ਤੋਂ ਡਰਨਾ ਹੀ ਹੈ। ਪ੍ਰਾਈਵੇਟ ਨੌਕਰੀਆਂ ਵਿਚ ਪੈਸੇ ਦੀ ਕਮੀ ਨਹੀਂ, ਪਰ ਉਹ ਕੰਮ ਠੋਕ ਕੇ ਲੈਂਦੇ ਨੇ, ਇਸੇ ਲਈ ਨੌਜੁਆਨ ਉਧਰ ਨੂੰ ਮੂੰਹ ਨਹੀਂ ਕਰਦੇ, ਜਦੋਂ ਕਿ ਸਰਕਾਰੀ ਬਾਬੂਆਂ ਨੂੰ ਕੰਮ ਦੀ ਪ੍ਰਵਾਹ ਹੀ ਨਹੀਂ ਹੁੰਦੀ।
ਪੁਰਾਣੇ ਸਮਿਆਂ ਵਿਚ ਵਧੀਆ ਸੁਆਦ ਮਿਠਾਸ ਨੂੰ ਹੀ ਮੰਨਿਆ ਜਾਂਦਾ ਸੀ। ਬੱਚਿਆਂ ਦਾ ਮਨਪਸੰਦ ਭੋਜਨ 'ਚੂਰੀ' ਹੁੰਦਾ ਸੀ। ਮਿਹਨਤ ਮਜ਼ਦੂਰੀ ਕਰਨ ਵਾਲਾ ਹੀ ਮਿੱਠਾ ਖਾ ਸਕਦਾ ਹੈ ਪਰ ਵਿਹਲੜ ਨਹੀਂ। ਉਸ ਲਈ ਮਿੱਠਾ 'ਸ਼ੂਗਰ' ਹੈ। ਚੂਰੀ ਛੇਤੀ ਨਾਲ ਬਣਨ ਵਾਲੀ ਸਭ ਤੋਂ ਵੱਧ ਸੁਆਦੀ ਚੀਜ਼ ਹੈ। ਇਕ ਤਾਜ਼ੀ ਰੋਟੀ ਨੂੰ ਜਦੋਂ ਮਾਂ ਤੋੜ ਕੇ ਕੌਲ ਵਿਚ ਪਾਉਂਦੀ ਹੈ ਅਤੇ ਉੱਪਰ ਇਕ ਦੇਸੀ ਘਿਓ ਦਾ ਚਮਚ ਤੇ ਸ਼ੱਕਰ ਮਿਲਾ ਕੇ ਆਪਣੇ ਹੱਥਾਂ ਨਾਲ ਕੁੱਟ ਕੇ ਖੁਆਉਂਦੀ ਹੈ, ਉਸ ਦਾ ਸੁਆਦ ਅਲੱਗ ਹੀ ਹੁੰਦਾ ਸੀ। ਜਦੋਂ ਕੋਈ ਮਨੁੱਖ ਆਪਣੀ ਮਿਹਨਤ ਦੀ ਕਮਾਈ ਦਾ ਭੋਜਨ ਛਕਦਾ ਹੈ, ਉਸ ਦੇ ਸੁਆਦ ਨੂੰ ਵੀ ਚੂਰੀ ਨਾਲ ਵਡਿਆਇਆ ਗਿਆ ਹੈ। ਸਿਆਣਿਆਂ ਨੇ ਕਿਰਤ ਦੀ ਮਹਾਨਤਾ ਨੂੰ ਚੂਰੀ ਦੇ ਪ੍ਰਤੀਕ ਨਾਲ ਸ਼ਿੰਗਾਰਿਆ ਹੈ। ਇਸ ਲਈ ਕਹਾਵਤ ਬਣ ਗਈ 'ਕਰ ਮਜੂਰੀ ਖਾ ਚੂਰੀ'। ਆਓ! ਆਪਾਂ ਸਾਰੇ ਕਿਰਤ ਸੱਭਿਆਚਾਰ ਨੂੰ ਪ੍ਰਫੁੱਲਤ ਕਰਕੇ ਬਾਬੇ ਨਾਨਕ ਦੇ ਸਿਧਾਂਤ 'ਤੇ ਪਹਿਰਾ ਦੇਈਏ।


ਮੋਬਾ: 98720-99100

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਨਾਂਦੇੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਨਾਂਦੇੜ ਸ਼ਹਿਰ ਵਿਚ ਵਹਿੰਦੀ ਨਦੀ ਵੀ ਇਸ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਦੀ ਹੈ। ਇਸ ਨਦੀ ਕਿਨਾਰੇ ਖਾਸ ਕਰਕੇ ਇਤਿਹਾਸਕ ਗੁਰਧਾਮਾਂ ਨੇੜੇ ਪੱਕੇ ਘਾਟ ਬਣੇ ਹੋਏ ਹਨ, ਜਿਥੇ ਕਿ ਸ਼ਰਧਾਲੂ ਇਸ਼ਨਾਨ ਵੀ ਕਰਦੇ ਹਨ। ਇਸ ਤੋਂ ਇਲਾਵਾ ਗੋਦਾਵਰੀ ਨਦੀ ਦੇ ਘਾਟਾਂ ਉੱਪਰ ਵੀ ਕਈ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਗੋਦਾਵਰੀ ਨਦੀ ਵਿਚ ਕਿਸ਼ਤੀਆਂ ਵੀ ਚਲਦੀਆਂ ਹਨ ਤੇ ਸ਼ਰਧਾਲੂ ਕਿਸ਼ਤੀਆਂ ਵਿਚ ਬੈਠ ਕੇ ਨਦੀ ਦੀ ਸੈਰ ਵੀ ਕਰਦੇ ਹਨ। ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਸ ਪਵਿੱਤਰ ਸ਼ਹਿਰ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ਹੈ, ਹਰ ਵਾਰ ਇਸ ਸ਼ਹਿਰ ਵਿਚ ਜਾ ਕੇ ਇਸ ਸ਼ਹਿਰ ਦੀ ਜਿਥੇ ਤਰੱਕੀ ਹੋਈ ਦਿਖਾਈ ਦਿੰਦੀ ਹੈ, ਉਥੇ ਪਹਿਲਾਂ ਤੋਂ ਪ੍ਰਾਪਤ ਗਿਆਨ ਵਿਚ ਵੀ ਹੋਰ ਵਾਧਾ ਹੁੰਦਾ ਹੈ। ਅੱਜ ਤੋਂ 15 ਸਾਲ ਪਹਿਲਾਂ ਦਾ ਨਾਂਦੇੜ ਸ਼ਹਿਰ ਵੀ ਮੈਂ ਅੱਖੀਂ ਵੇਖਿਆ ਸੀ ਤੇ ਹੁਣ ਕੁਝ ਦਿਨ ਪਹਿਲਾਂ ਵੀ ਨਾਂਦੇੜ ਸ਼ਹਿਰ ਦੀ ਹੋਈ ਤਰੱਕੀ ਅੱਖੀਂ ਵੇਖੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਵਾਰੀ ਵੱਖ-ਵੱਖ ਸਮੇਂ ਇਸ ਸ਼ਹਿਰ ਵਿਚ ਜਾਣ ਦਾ ਮੌਕਾ ਮੈਨੂੰ ਮਿਲਿਆ ਹੈ।
ਨਾਂਦੇੜ ਸ਼ਹਿਰ ਦੇ ਵਿਚ ਵਹਿੰਦੀ ਗੋਦਾਵਰੀ ਨਦੀ ਦਾ ਕਲ-ਕਲ ਕਰਦਾ ਪਾਣੀ ਜਿਥੇ ਪਰਮਾਤਮਾ ਦੀ ਭਗਤੀ ਕਰਦਾ ਮਹਿਸੂਸ ਹੁੰਦਾ ਹੈ, ਉਥੇ ਹੀ ਨਾਂਦੇੜ ਸ਼ਹਿਰ ਤੋਂ ਦੂਰ ਨੇੜੇ ਸਥਿਤ ਉੱਚੇ-ਨੀਵੇਂ ਪਹਾੜਾਂ ਨਾਲ ਖਹਿ ਕੇ ਆਉਂਦੀ ਤਾਜ਼ੀ ਹਵਾ ਵੀ ਪਰਮਾਤਮਾ ਦਾ ਸਿਮਰਨ ਕਰਦੀ ਲੱਗਦੀ ਹੈ ਤੇ ਸ਼ੁੱਧ ਤੇ ਖੁਸ਼ਬੂ ਨਾਲ ਭਰੀ ਇਹ ਹਵਾ ਇਸ ਸ਼ਹਿਰ ਦਾ ਵਾਤਾਵਰਨ ਕਾਫੀ ਰਮਣੀਕ ਕਰਦੀ ਹੈ। ਜਦੋਂ ਰੁੱਖਾਂ ਦੀਆਂ ਟਾਹਣੀਆਂ ਨਾਲ ਹਵਾ ਖਹਿ-ਖਹਿ ਕੇ ਲੰਘਦੀ ਹੈ ਤਾਂ ਰੁੱਖਾਂ ਦੇ ਪੱਤਿਆਂ ਦੇ ਆਪਸ ਵਿਚ ਟਕਰਾਉਣ ਅਤੇ ਹਵਾ ਦੇ ਬੁੱਲ੍ਹੇ ਨਾਲ ਪੱਤਿਆਂ ਦੇ ਹਿੱਲਣ ਕਾਰਨ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਜਿਵੇਂ ਪੱਤੇ ਕੋਈ ਸਾਜ ਬਣ ਕੇ ਇਲਾਹੀ ਧੁੰਨ ਪੈਦਾ ਕਰ ਰਹੇ ਹੋਣ ਅਤੇ ਵਾਹਿਗੁਰੂ-ਵਾਹਿਗੁਰੂ ਦਾ ਹੀ ਸਿਮਰਨ ਕਰ ਰਹੇ ਹੋਣ। ਧੁਰ ਦੱਖਣ ਵਿਚ ਵਹਿੰਦੇ ਇਸ ਗੁਰਮਤਿ ਦੇ ਦਰਿਆ ਦੀ ਪ੍ਰਸਿੱਧੀ ਪੂੁਰੇ ਜਗਤ ਵਿਚ ਹੈ ਅਤੇ ਪੁੂਰਾ ਆਲਮ ਹੀ ਇਸ ਥਾਂ ਆ ਕੇ ਨਤਮਸਤਕ ਹੋਣਾ ਲੋਚਦਾ ਹੈ। ਸ੍ਰੀ ਹਜ਼ੂਰ ਸਾਹਿਬ ਨਾਂਦੇੜ ਉਹ ਚਾਨਣ ਮੁਨਾਰਾ ਹੈ, ਜਿਸ ਦੀਆਂ ਰਿਸ਼ਮਾਂ ਸਾਰੇ ਆਲਮ ਨੂੰ ਹੀ ਰੁਸ਼ਨਾਅ ਰਹੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 94638-19174

ਕਲਗੀਧਰ ਉਪਦੇਸ਼

ਸੁਭ ਕਰਮਨ ਤੇ ਕਬਹੂੰ ਨ ਟਰੋਂ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਆ ਇਹ ਸ਼ਬਦ ਸਕੂਲਾਂ ਵਿਚ ਸਵੇਰ ਦੀ ਸਭਾ ਸਮੇਂ, ਕਾਲਜਾਂ-ਯੂਨੀਵਰਸਿਟੀਆਂ ਵਿਚ ਸੈਮੀਨਾਰਾਂ ਦੀ ਆਰੰਭਤਾ ਸਮੇਂ ਅਤੇ ਹਮੇਸ਼ਾ ਗੁਰਮਤਿ ਸਮਾਗਮਾਂ ਵਿਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਹੈ। ਸਰਲ ਤੇ ਸੰਖੇਪ ਸ਼ਬਦਾਂ ਵਿਚ ਇਹ ਅਰਦਾਸ-ਬੇਨਤੀ ਦਾ ਸਪੱਸ਼ਟ ਤੇ ਭਾਵਪੂਰਕ ਸ਼ਬਦ ਹੈ। ਇਹ ਸ੍ਰੀ ਦਸਮ ਗ੍ਰੰਥ ਦੇ ਪੰਨਾ 99 ਉਪਰ ਦਰਜ ਹੈ ਤੇ ਇਸ ਦਾ ਸ਼ੁੱਧ ਸਰੂਪ ਇਸ ਪ੍ਰਕਾਰ ਹੈ :
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥
ਅਰੁ ਸਿਖ ਹੋਂ ਆਪਨੇ ਹੀ ਮਨ ਕੇ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥
ਇਸ ਸਮੁੱਚੇ ਸ਼ਬਦ ਵਿਚ ਪਹਿਲਾਂ 'ਸਿਵਾ' ਦੇ ਅਰਥਾਂ ਦੀ ਸਪੱਸ਼ਟਤਾ ਜ਼ਰੂਰੀ ਹੈ, ਜਿਸ ਪਾਸੋਂ ਵਰ ਮੰਗਿਆ ਗਿਆ ਹੈ। ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਦੇ ਪੰਨਾ 201 ਉਪਰ ਸ਼ਿਵ ਦੇ 16 ਭਿੰਨ-ਭਿੰਨ ਅਰਥਾਂ ਵਿਚੋਂ ਇਕ ਅਰਥ 'ਪਾਰਬ੍ਰਹਮ ਕਰਤਾਰ' ਹੈ ਅਤੇ ਪਾਰਬ੍ਰਹਮ ਦੀ ਸ਼ਕਤੀ ਵੀ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਕੋਸ਼ (ਕ੍ਰਿਤ ਗਿ: ਹਜ਼ਾਰਾ ਸਿੰਘ) ਪੰਨਾ 121 ਉਪਰ 'ਸ਼ਿਵ' ਦੇ ਵਿਸਤਾਰਤ ਅਰਥਾਂ ਵਿਚ ਅਰਥ 'ਪਰਮਾਤਮਾ' ਹੈ। ਸਮ ਅਰਥ ਕੋਸ਼ (ਕ੍ਰਿਤ ਗਿ: ਕਿਰਪਾਲ ਸਿੰਘ) ਦੇ ਪੰਨਾ 270 ਉਪਰ ਵਾਹਿਗੁਰੂ ਸ਼ਬਦ ਦੇ ਸਮਾਨ ਅਰਥੀ 172 ਸ਼ਬਦਾਂ ਵਿਚ 'ਸ਼ਿਵ' ਸ਼ਬਦ ਵਾਹਿਗੁਰੂ ਜਾਂ ਅਕਾਲ ਲਈ ਹੈ।
ਹੁਣ ਸਮੁੱਚੇ ਸ਼ਬਦ ਦੇ ਅਰਥ ਕਰੀਏ ਤਾਂ ਸਪੱਸ਼ਟ ਹੈ ਕਿ ਹੇ ਕਲਿਆਣਕਾਰੀ ਪ੍ਰਭੂ! (ਸਿਵਾ) ਮੈਨੂੰ ਇਹੋ ਜਿਹਾ ਵਰਦਾਨ (ਵਰ) ਬਖਸ਼ੋ ਕਿ ਮੈਂ ਸ਼ੁਭ ਕਰਮ ਕਰਨ ਤੋਂ ਕਦੇ ਵੀ ਪਿੱਛੇ ਨਾ ਹਟਾਂ (ਨ ਟਰੋਂ)। ਮੈਂ ਸ਼ੁਭ ਕਰਮ ਕਰਦਿਆਂ ਡਰਾਂਗਾ ਨਹੀਂ ਤੇ ਜਦ ਵੈਰੀ ਨਾਲ (ਅਰਿ ਸੌ) ਯੁੱਧ ਕਰਾਂ ਤਾਂ ਨਿਸਚੇ ਪੂਰਵਕ ਆਪਣੀ ਜਿੱਤ ਪ੍ਰਾਪਤ ਕਰਾਂ। ਅਰ (ਔਰ ਜਾਂ ਅਤੇ) ਮੈਂ ਆਪਣੇ ਹੀ ਮਨ ਨੂੰ ਇਹ ਸ਼ੁਭ ਸਿੱਖਿਆ ਦੇਵਾਂ ਤੇ ਮੈਨੂੰ ਇਹੋ ਲਾਲਚ ਹੋਵੇ ਕਿ ਮੈਂ ਤੇਰੇ ਗੁਣਾਂ ਦਾ ਗੁਣਗਾਨ ਕਰਦਾ ਰਹਾਂ ਭਾਵ ਚਿੰਤਨ ਤੇ ਸਿਮਰਨ ਕਰਦਾ ਰਹਾਂ। ਜਦ (ਜਬ) ਮੇਰੀ ਉਮਰ (ਅਉਧ) ਦਾ ਆਖਰੀ ਸਮਾਂ (ਨਿਦਾਨ) ਆਵੇ ਤਾਂ ਤਦ ਮੈਂ ਰਣਭੂਮੀ ਵਿਚ ਜੂਝਦਾ ਹੋਇਆ ਭਾਵੇਂ ਸ਼ਹੀਦ ਹੋ ਜਾਵਾਂ ਪਰ ਸ਼ੁਭ ਕਰਮ ਕਰਨ ਤੋਂ ਕਦੇ ਵੀ ਪਿੱਛੇ ਨਾ ਰਹਾਂ। ਇਹ ਦਸਮ ਪਿਤਾ ਦਾ ਸਮੁੱਚੀ ਮਾਨਵਤਾ ਨੂੰ ਮਾਨਵਤਾ ਲਈ ਸਦਾ ਸ਼ੁਭ ਕਰਮ ਕਰਨ ਦਾ ਉਪਦੇਸ਼ ਹੈ, ਜੋ ਹਰ ਯੁੱਗ ਵਿਚ ਪ੍ਰੇਰਕ ਸ਼ਕਤੀ ਰਹੇਗਾ।


-ਖ਼ਾਲਸਾ ਕਾਲਜ, ਅੰਮ੍ਰਿਤਸਰ। ਮੋਬਾ: 98159-85559

ਗੁਰਬਾਣੀ ਨਾਲ ਅਥਾਹ ਪਿਆਰ ਕਰਨ ਵਾਲੀ ਬੀਬੀ ਅਮਰੋ ਜੀ

ਸਿੱਖ ਧਰਮ ਵਿਚ ਇਸਤਰੀ ਦਾ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ 19ਵੀਂ ਪਾਉੜੀ ਦੇ ਸਲੋਕ ਵਿਚ ਮਨੁੱਖੀ ਸਮਾਜ ਵਿਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ-
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥
ਜਿਹੜੀ ਔਰਤ ਰਾਜਿਆਂ, ਭਗਤਾਂ ਅਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ, ਭਲਾ ਉਸ ਔਰਤ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈ? ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਅਤੇ ਸਦੀਵੀ ਸੰਬੰਧ ਰਿਹਾ ਹੈ। ਇਹ ਸੰਬੰਧ ਗੁਰਬਾਣੀ ਅਤੇ ਕੁਰਬਾਨੀ ਦੋਵਾਂ ਯੁੱਗਾਂ ਵਿਚ ਹੀ ਬਣਿਆ ਰਿਹਾ ਹੈ। ਗੁਰਬਾਣੀ ਯੁੱਗ ਵਿਚ ਗੁਰੂ ਨਾਨਕ ਦੇ ਘਰ/ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਇਸਤਰੀਆਂ ਵਿਚ ਹੀ ਸ਼ਾਮਿਲ ਹੈ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦਾ ਨਾਂਅ।
ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਸਿੱਖੀ ਵਿਚ ਉਭਾਰਨ ਵਾਲੀ ਬੀਬੀ ਅਮਰੋ ਦਾ ਜਨਮ 1532 ਈ: ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ ਘਰ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਹੋਇਆ। ਘਰੇਲੂ ਮਾਹੌਲ ਧਾਰਮਿਕ ਹੋਣ ਕਰਕੇ ਬੀਬੀ ਜੀ ਦਾ ਬਚਪਨ ਵੀ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ।
ਗੁਰੂ ਅੰਗਦ ਦੇਵ ਜੀ ਜਿਥੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾਇਆ ਕਰਦੇ ਸਨ, ਉਥੇ ਉਨ੍ਹਾਂ ਨੂੰ ਗੁਰਬਾਣੀ ਵੀ ਕੰਠ ਕਰਵਾਇਆ ਕਰਦੇ ਸਨ। ਬੀਬੀ ਅਮਰੋ ਜੀ ਨੇ ਆਪਣੀ ਮੁਢਲੀ ਤਲੀਮ ਵੀ ਗੁਰੂ ਪਿਤਾ ਕੋਲੋਂ ਹੀ ਹਾਸਲ ਕੀਤੀ। ਮਾਤਾ ਖੀਵੀ ਜੀ ਵੀ ਆਪਣੀ ਸੁਘੜ-ਸਿਆਣੀ ਧੀ ਨੂੰ ਜਿਥੇ ਗੁਰੂ ਨਾਨਕ ਪਾਤਸ਼ਾਹ ਦੇ ਉਦੇਸ਼ ਅਤੇ ਉਪਦੇਸ਼ ਤੋਂ ਗਿਆਤ ਕਰਵਾਉਂਦੇ ਸਨ, ਉਥੇ ਗੁਰੂ ਸਾਹਿਬ ਦੇ ਸਿੱਖਾਂ ਦੇ ਪਰਉਪਕਾਰੀ ਜੀਵਨ ਤੋਂ ਵੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਕਰਦੇ ਸਨ। ਮਾਤਾ ਜੀ ਵੱਲੋਂ ਮਿਲੀ ਸੁਚੱਜੀ ਅਗਵਾਈ ਸਦਕਾ ਬੀਬੀ ਜੀ ਨੂੰ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ ਸੀ। 'ਸਿਧ ਗੋਸਟਿ' ਦੀ ਬਾਣੀ ਦਾ ਪਾਠ ਉਹ ਜ਼ੁਬਾਨੀ ਹੀ ਕਰਿਆ ਕਰਦੇ ਸਨ।
ਉਮਰ ਦੇ ਵਧਣ ਦੇ ਨਾਲ ਬੀਬੀ ਅਮਰੋ ਜੀ ਉੱਪਰ ਗੁਰਮਤਿ ਦਾ ਰੰਗ ਹੋਰ ਵੀ ਗੂੜ੍ਹਾ ਚੜ੍ਹਨ ਲੱਗਾ। ਚੁੱਲ੍ਹਾ-ਚੌਂਕਾ ਕਰਦਿਆਂ ਵੀ ਉਹ ਆਪਣੀ ਸੁਰਤ ਪਰਮਾਤਮਾ ਨਾਲ ਜੋੜੀ ਰੱਖਦੇ ਸਨ। ਇਸ ਜੁੜਾਵ/ਲਗਾਵ ਕਾਰਨ ਹੀ 'ਸੂਰਜ ਪ੍ਰਕਾਸ਼' ਦੇ ਲਿਖਾਰੀ ਭਾਈ ਸੰਤੋਖ ਸਿੰਘ ਨੇ ਬੀਬੀ ਜੀ ਨੂੰ 'ਭਗਤੀ ਦਾ ਜਿਊਂਦਾ-ਜਾਗਦਾ ਸਰੂਪ' ਕਿਹਾ ਹੈ। ਉਨ੍ਹਾਂ ਨੇ ਲਿਖਿਆ ਹੈ ਇੰਜ ਲੱਗਦਾ ਹੈ ਜਿਵੇਂ ਭਗਤੀ ਨੇ ਸਰੀਰਕ ਰੂਪ ਧਾਰਨ ਕਰਕੇ ਗੁਰੂ ਅੰਗਦ ਦੇਵ ਜੀ ਦੇ ਘਰ ਜਨਮ ਲੈ ਲਿਆ ਹੋਵੇ-
ਭਗਤਿ ਧਾਰ ਬਪੁ ਅਪਨੋ, ਉਪਜੀ ਸਤਿਗੁਰ ਧਾਮ॥
ਬੀਬੀ ਅਮਰੋ ਜੀ ਦਾ ਆਨੰਦ ਕਾਰਜ ਪਿੰਡ ਬਾਸਰਕੇ ਗਿੱਲਾਂ ਦੇ ਵਸਨੀਕ ਭਾਈ ਮਾਣਕ ਚੰਦ (ਗੁਰੂ ਅਮਰਦਾਸ ਜੀ ਦੇ ਛੋਟੇ ਭਰਾਤਾ) ਦੇ ਸਪੁੱਤਰ ਭਾਈ ਜੱਸੂ ਜੀ ਨਾਲ ਹੋਇਆ। ਇਹ ਪਿੰਡ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਵੀ ਹੈ।
ਬੀਬੀ ਅਮਰੋ ਜੀ ਨੂੰ ਹੁਣ ਤੱਕ ਬਹੁਤ ਸਾਰੀ ਗੁਰਬਾਣੀ ਕੰਠ ਹੋ ਚੁੱਕੀ ਸੀ ਅਤੇ ਉਨ੍ਹਾਂ ਦਾ ਗਲਾ ਵੀ ਬਹੁਤ ਸੁਰੀਲਾ ਸੀ। ਜਦੋਂ ਉਹ ਮਧੁਰ ਆਵਾਜ਼ ਵਿਚ ਬਾਣੀ ਪੜ੍ਹਦੇ ਤਾਂ ਸੁਣਨ ਵਾਲਿਆਂ ਦੇ ਹਿਰਦੇ ਆਤਮਿਕ ਅਨੰਦ ਨਾਲ ਭਰ ਜਾਂਦੇ ਸਨ। ਇਸ ਤਰ੍ਹਾਂ ਦਾ ਹੀ ਆਤਮਿਕ ਅਨੰਦ ਇਕ ਦਿਨ ਬਾਬਾ ਅਮਰਦਾਸ ਜੀ ਨੂੰ ਵੀ ਆਇਆ ਸੀ, ਜਦੋਂ ਉਨ੍ਹਾਂ ਨੇ ਬੀਬੀ ਜੀ ਦੇ ਮੁਖ਼ਾਰਬਿੰਦ 'ਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਰੂ ਰਾਗ ਵਿਚ ਉਚਾਰਨ ਕੀਤਾ ਹੋਇਆ ਸ਼ਬਦ 'ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ' ਸੁਣਿਆ। ਇਨ੍ਹਾਂ ਦਿਨਾਂ ਵਿਚ ਬਾਬਾ ਜੀ ਨੂੰ ਇਕ ਬ੍ਰਹਮਚਾਰੀ ਸਾਧੂ ਨੇ ਨਿਗੁਰੇ ਹੋਣ ਦਾ ਮੇਹਣਾ ਮਾਰਿਆ ਸੀ ਅਤੇ ਉਹ ਇਕ ਸੱਚੇ ਗੁਰੂ ਦੀ ਭਾਲ ਵਿਚ ਸਨ। ਇਹ ਸ਼ਬਦ ਸੁਣ ਕੇ ਬਾਬਾ ਜੀ ਨੂੰ ਗੁਰੂ ਦੀ ਮਹੱਤਤਾ ਬਾਰੇ ਸਮਝ ਆ ਗਈ ਅਤੇ ਉਨ੍ਹਾਂ ਨੇ ਬੀਬੀ ਅਮਰੋ ਜੀ ਕੋਲੋਂ ਉਸ ਸ਼ਬਦ ਦੇ ਸਿਰਜਣਹਾਰ ਬਾਰੇ ਜਾਣਕਾਰੀ ਹਾਸਲ ਕੀਤੀ। ਬੀਬੀ ਜੀ ਨੇ ਦੱਸਿਆ ਕਿ 'ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਹੋਇਆ ਹੈ, ਜਿਨ੍ਹਾਂ ਦੀ ਗੱਦੀ ਉਪਰ ਹੁਣ ਗੁਰੂ ਪਿਤਾ (ਗੁਰੂ ਅੰਗਦ ਦੇਵ) ਜੀ ਬਿਰਾਜਮਾਨ ਹਨ।'
ਇਹ ਸੁਣ ਕੇ ਉਨ੍ਹਾਂ ਨੇ ਬੀਬੀ ਅਮਰੋ ਜੀ ਨੂੰ ਨਾਲ ਲਿਆ ਅਤੇ ਪਿੰਡ ਬਾਸਰਕੇ ਗਿੱਲਾਂ ਤੋਂ ਗੁਰੂ ਕੀ ਨਗਰੀ ਖਡੂਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇੱਥੇ ਪਹੁੰਚ ਕੇ ਜਦੋਂ ਬਾਬਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੀ ਭਟਕਣ ਖ਼ਤਮ ਹੋ ਗਈ। ਉਨ੍ਹਾਂ ਦੀ ਉਮਰ ਉਸ ਵਕਤ ਛੇ ਦਹਾਕੇ ਪਾਰ ਕਰ ਚੁੱਕੀ ਸੀ ਅਤੇ ਗੁਰੂ ਅੰਗਦ ਦੇਵ ਜੀ ਅਜੇ 37 ਸਾਲ ਦੇ ਹੀ ਸਨ। ਗੁਰੂ ਸਾਹਿਬ ਦੇ ਚਰਨਾਂ ਵਿਚ ਰਹਿ ਕੇ ਬਾਬਾ ਜੀ ਨੇ ਸੇਵਾ ਅਤੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅਤੇ 11-12 ਸਾਲ ਦੀ ਸਖ਼ਤ ਘਾਲਣਾ ਤੋਂ ਬਾਅਦ ਪਰਮਪਦ (ਗੁਰਿਅਈ) ਪਦਵੀ ਤੱਕ ਪਹੁੰਚ ਗਏ। ਇਸ ਪਦਵੀ ਦੀ ਪ੍ਰਾਪਤੀ ਨਾਲ ਜਿਥੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇ ਦਰਬਾਰ ਵਿਚੋਂ ਰੱਜਵਾਂ ਸਤਿਕਾਰ ਮਿਲਿਆ, ਉੱਥੇ ਸਿੱਖ ਇਤਿਹਾਸ ਵਿਚ ਬੀਬੀ ਅਮਰੋ ਜੀ ਨੂੰ ਵੀ ਇਕ ਵਿਸ਼ੇਸ਼ ਅਤੇ ਵੱਖਰੀ ਪਹਿਚਾਣ ਮਿਲ ਗਈ।
ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਬੀਬੀ ਅਮਰੋ ਜੀ ਨੇ ਆਪਣਾ ਅੰਤਿਮ ਸਵਾਸ ਆਪਣੇ ਸਹੁਰੇ ਪਿੰਡ ਬਾਸਰਕੇ ਗਿੱਲਾਂ ਵਿਖੇ ਲਿਆ, ਜਿਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਨੂੰ ਬੀਬੀ ਅਮਰੋ ਜੀ ਦਾ ਦੇਹਰਾ ਵੀ ਕਿਹਾ ਜਾਂਦਾ ਹੈ।


-1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਂਸ਼ਨ, ਲੁਧਿਆਣਾ)। ਮੋਬਾ: 94631-32719

ਹਜ਼ਰੋ ਦਾ ਹਰੀ ਮੰਦਿਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ਼ਹਿਰ ਦੇ ਅੱਧ ਵਿਚਕਾਰ ਦੋ ਹਵੇਲੀਆਂ ਲਾਲਾ ਮੱਖਣ ਸ਼ਾਹ ਅਤੇ ਲਾਲਾ ਗੋਕਲ ਸ਼ਾਹ ਹਿੰਦੂ ਵਪਾਰੀਆਂ ਦੀਆਂ ਹਨ। ਮੱਖਣ ਸ਼ਾਹ ਦੀ ਮਹਿਲਾਂ ਵਰਗੀ ਬਣੀ ਹਵੇਲੀ ਵਿਚ ਮੌਜੂਦਾ ਸਮੇਂ ਇਥੋਂ ਦੇ ਸਥਾਨਕ ਨਿਵਾਸੀ ਬਾਲਮ ਖੰਡਾ ਦੀ ਰਿਹਾਇਸ਼ ਹੈ, ਜਦੋਂ ਕਿ ਗੋਕਲ ਸ਼ਾਹ ਦੀ ਹਵੇਲੀ ਅਤੇ ਉਸ ਦੇ ਖੂਬਸੂਰਤ ਪਾਰਕ ਨੂੰ ਸਬਜ਼ੀ ਮੰਡੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਹਵੇਲੀਆਂ ਅੱਜ ਵੀ ਕਾਇਮ ਹਨ ਅਤੇ ਚੰਗੀ ਹਾਲਤ ਵਿਚ ਹਨ। ਇਨ੍ਹਾਂ ਦਾ ਨਵਨਿਰਮਾਣ ਕਰਵਾ ਕੇ ਇਨ੍ਹਾਂ ਨੂੰ ਵਿਰਾਸਤੀ ਸਮਾਰਕਾਂ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਦੀਆਂ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਵੀ ਕੋਈ ਕਾਮਯਾਬੀ ਮਿਲਦੀ ਵਿਖਾਈ ਨਹੀਂ ਦੇ ਰਹੀ। ਦੱਸਿਆ ਜਾਂਦਾ ਹੈ ਕਿ ਗੋਕਲ ਸ਼ਾਹ ਦੇਸ਼ ਦੀ ਵੰਡ ਸਮੇਂ ਹਜ਼ਰੋ ਦੇ ਮੈਜਿਸਟ੍ਰੇਟ ਸਨ ਅਤੇ ਆਸ-ਪਾਸ ਦੀ ਸਾਰੀ ਭੂਮੀ ਸਹਿਤ ਹਜ਼ਰੋ ਸ਼ਹਿਰ ਦੀ ਅੱਧੀ ਤੋਂ ਵਧੇਰੇ ਭੂਮੀ 'ਤੇ ਉਨ੍ਹਾਂ ਦੀ ਮਾਲਕੀ ਕਾਇਮ ਸੀ।
ਇਕ ਖੂਬਸੂਰਤ ਸ਼ਿਵਾਲਾ ਸ਼ਹਿਰ ਦੇ ਸ਼ਾਹਬਾਜ਼ ਮੁਹੱਲੇ ਵਿਚ ਹੈ ਅਤੇ ਦੂਸਰਾ ਭਗਵਾਨ ਵਿਸ਼ਨੂੰ ਨਾਲ ਸਬੰਧਤ 'ਹਰੀ ਮੰਦਰ' ਹਰੀ ਮੁਹੱਲੇ ਵਿਚ ਹੈ। ਜਨਰਲ ਜ਼ਿਆ-ਉਲ-ਹੱਕ ਦੀ ਹਕੂਮਤ ਸਮੇਂ ਇਸ ਮੁਹੱਲੇ ਦਾ ਨਾਂਅ 'ਮੁਹੱਲਾ ਜਾਮੀਆ ਮਸਜਿਦ' ਰੱਖ ਦਿੱਤਾ ਗਿਆ, ਪਰ ਆਸ-ਪਾਸ ਦੇ ਲੋਕ ਇਸ ਨੂੰ ਅੱਜ ਵੀ ਹਰੀ ਮੁਹੱਲਾ ਕਹਿ ਕੇ ਹੀ ਸੰਬੋਧਿਤ ਕਰਦੇ ਹਨ। ਇਹ ਮੰਦਰ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ 100 ਦੇ ਕਰੀਬ ਕਮਰੇ ਬਣੇ ਹੋਏ ਹਨ। ਹਰ ਕਮਰੇ ਵਿਚ ਨਿਰਮਾਣ ਕਰਾਉਣ ਵਾਲੇ ਦਾਨੀ ਦੀ ਬਲੈਕ ਐਂਡ ਵਾਈਟ ਕੈਮਰਾ ਤਸਵੀਰ ਜਾਂ ਪੇਂਟਿੰਗ ਲੱਗੀ ਹੋਈ ਹੈ ਅਤੇ ਇਹ ਕਰੀਬ-ਕਰੀਬ ਸਾਰੀਆਂ ਦੀਆਂ ਸਾਰੀਆਂ ਤਸਵੀਰਾਂ ਅੱਜ ਵੀ ਮੌਜੂਦ ਹਨ ਅਤੇ ਚੰਗੀ ਹਾਲਤ ਵਿਚ ਹਨ। ਹਰੀ ਮੰਦਰ ਦੇ ਬੁਰਜ ਵਾਲੇ ਕਮਰੇ ਵਿਚੋਂ ਇਕ ਪੁਲ ਦੇ ਰਸਤੇ ਇਸ ਮੰਦਰ ਨੂੰ ਇਸ ਦੇ ਸਾਹਮਣੇ ਮੌਜੂਦ ਧਰਮਸ਼ਾਲਾ ਨਾਲ ਜੋੜਿਆ ਗਿਆ ਹੈ। ਮੰਦਰ ਦੇ ਬਾਹਰ ਦੇਵਨਾਗਰੀ (ਹਿੰਦੀ) ਵਿਚ ਲੱਗੀ ਪੱਥਰ ਦੀ ਸਿਲ 'ਤੇ ਇਹ ਇਬਾਰਤ ਦਰ- ਹੈ-'ਯਹ ਮੰਦਰ ਭਗਤ ਬਿਸ਼ਨ ਦਾਸ ਵੈਕਾਂਥ ਕੀ ਯਾਦ ਮੇਂ ਸਵਾਮੀ ਦਯਾਨੰਦ ਸਰਸਵਤੀ ਨੇ ਸਰਸਵਤੀ ਸਭਾਪਤੀ ਹਰੀ ਮੰਦਰ ਕਮੇਟੀ ਹਜ਼ਰੋ ਦੁਆਰਾ ਬਿਕਰਮੀ ਸੰਮਤ 1989 (ਸੰਨ 1932) ਮੇਂ ਬਣਾਇਆ।'


-ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਹ ਹੈ ਜਿਬਰਾਨ ਦੀ ਅਦਭੁਤ ਕਰਾਮਾਤ, ਜਿਸ ਰਾਹੀਂ ਉਹ ਮਨੁੱਖੀ ਜ਼ਿੰਦਗੀ ਸਬੰਧੀ ਆਪਣੇ ਵਿਚਾਰਾਂ ਅਤੇ ਅਨੁਭਵਾਂ ਦਾ ਸਾਰ-ਤੱਤ ਲੋਕਾਂ ਤੱਕ ਪਹੁੰਚਾਉਂਦਾ ਹੈ। ਉਸ ਦੀ ਬਿਰਤਾਂਤਕ ਸ਼ੈਲੀ ਉਸ ਦੀ ਭਾਵਨਾਤਮਕ ਸਾਮਰਾਹੀ ਨਾਲ ਇਕ ਰੂਪ ਹੋਈ ਪ੍ਰਤੀਤ ਹੁੰਦੀ ਹੈ।
ਭਾਵੇਂ ਜਿਬਰਾਨ ਜਰਮਨੀ ਦੇ ਫਿਲਾਸਫਰ ਨੀਤਸ਼ੇ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ ਪਰ ਉਸ ਦੀ ਸ਼ਾਹਕਾਰ ਰਚਨਾ 'ਦ ਪਰੋਫੇਟ' ਦਾ ਅਲਮੁਸਤਫ਼ਾ ਨੀਤਸ਼ੇ ਦੇ 'ਜਗਥੂਸਤਰਾ' ਦੇ ਸਾਂਚੇ ਵਿਚ ਹੀ ਢਾਲਿਆ ਪ੍ਰਤੀਤ ਹੁੰਦਾ ਹੈ। ਨੀਤਸ਼ੇ ਨੇ ਆਪਣੇ ਫਲਸਫੇ ਨੂੰ 'ਜਗਥੂਸਤਰਾ' ਦੇ ਰਾਹੀਂ ਪ੍ਰਗਟ ਕੀਤਾ ਤੇ ਜਿਬਰਾਨ ਨੇ ਅਲਮੁਸਤਫਾ ਰਾਹੀਂ। ਜਿਵੇਂ 'ਜਗਥੂਸਤਰਾ' ਹੀ ਨੀਤਸ਼ੇ ਹੈ, ਓਦਾਂ ਹੀ ਜਿਬਰਾਨ 'ਅਲਮੁਸਤਫ਼ਾ' ਹੈ।
ਜਿਬਰਾਨ ਦਾ ਪੈਗ਼ੰਬਰ 'ਪਿਆਰ' ਨੂੰ ਇਕ ਅਜਿਹਾ ਤੱਤ ਮੰਨਦਾ ਹੈ, ਜੋ ਆਦਮੀ ਨੂੰ ਆਦਮੀ ਨਾਲ ਤੇ ਆਦਮੀ ਨੂੰ ਕਾਇਨਾਤ ਨਾਲ ਜੋੜ ਕੇ ਰੱਖਦਾ ਹੈ। ਪਿਆਰ ਹੀ ਰੱਬ ਹੈ। ਪਿਆਰ ਹੀ ਸਚਾਈ ਹੈ। ਪਿਆਰ ਕੋਈ ਭੇਦ-ਭਾਵ ਨਹੀਂ ਜਾਣਦਾ। ਅਲਮੁਸਤਫਾ ਦੇ ਵਚਨ ਹਨ-
-'ਜਦੋਂ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ ਤਾਂ ਇਹ ਨਾ ਕਹੋ, 'ਰੱਬ ਮੇਰੇ ਦਿਲ ਵਿਚ ਹੈ', ਸਗੋਂ ਇਹ ਕਹੋ, 'ਮੈਂ ਰੱਬ ਦੇ ਦਿਲ ਵਿਚ ਹਾਂ।'
-'ਜੇ ਆਦਮੀ ਰੱਬ ਦੇ ਹਿਰਦੇ 'ਚ ਵਾਸ ਕਰਦਾ ਹੈ ਤਾਂ ਫਿਰ ਉਹ ਕਿਸ ਨਾਲ ਵੈਰ-ਵਿਰੋਧ ਕਰੇਗਾ। ਬ੍ਰਹਿਮੰਡ ਨਾਲ ਜੁੜਿਆ ਆਦਮੀ 'ਮੇਰੇ' 'ਤੇਰੇ' ਦੇ ਹੇਰ-ਫੇਰ 'ਚ ਕਿਵੇਂ ਗਲਤਾਨ ਹੋ ਸਕਦਾ ਹੈ?
-'ਕਿਸੇ ਪਾਪੀ ਨੂੰ ਉਸ ਦੇ ਪਾਪ ਲਈ ਗੁਨਾਹਗਾਰ ਮੰਨਣਾ ਰੱਬ ਨੂੰ ਗੁਨਾਹਗਾਰ ਮੰਨਣਾ ਹੈ।'
-'ਬ੍ਰਿਛ ਦੀ ਇਕ ਵੀ ਪੱਤੀ ਬ੍ਰਿਛ ਦੀ ਜਾਣਕਾਰੀ ਤੋਂ ਬਿਨਾਂ ਪੀਲੀ ਨਹੀਂ ਪੈ ਸਕਦੀ। ਉਸੇ ਤਰ੍ਹਾਂ ਲੋਕਾਂ ਦੀ ਅਦਿੱਖ ਮਰਜ਼ੀ ਤੋਂ ਬਿਨਾਂ ਕੋਈ ਗੁਨਾਹ ਨਹੀਂ ਹੋ ਸਕਦਾ।'
ਇਸ ਉਪਰੰਤ ਅਲਮਿਤਰਾ ਵਿਆਹ ਸਬੰਧੀ ਪ੍ਰਸ਼ਨ ਕਰਦੀ ਹੈ। ਅਲਮੁਸਤਫਾ ਦਾ ਜਵਾਬ ਹੈ-
-'ਇਹ ਪਤੀ-ਪਤਨੀ ਵਿਚਕਾਰ ਯੁੱਗ-ਯੁਗਾਂਤਰ ਦਾ ਸਬੰਧ ਹੈ।'
-ਨਾਲ-ਨਾਲ ਰਹਿੰਦਿਆਂ ਕੁਝ ਫਾਸਲਾ ਵੀ ਲਾਜ਼ਮੀ ਹੈ, ਤਾਂ ਜੋ ਸੁਰਗ ਦੀ ਹਵਾ ਦੋਵਾਂ ਵਿਚਕਾਰ ਖੁੱਲ੍ਹ ਕੇ ਨੱਚ ਸਕੇ।
-ਖਾਵੋ, ਪੀਵੋ, ਖੁਸ਼ੀਆਂ ਮਾਣੋ ਨਾਲ-ਨਾਲ, ਪਰ ਆਪਣੀ ਨਿੱਜਤਾ ਨਾ ਭੁੱਲੋ।
-ਦਿਲ ਦੇਵੋ ਪਰ ਦਿਲ ਨੂੰ ਇਕ-ਦੂਜੇ ਦਾ ਗੁਲਾਮ ਨਾ ਬਣਾਓ।
ਫਿਰ ਅਲਮਿਤਰਾ ਨੇ ਪੁੱਛਿਆ, 'ਮਾਂ-ਬਾਪ ਦਾ ਬੱਚਿਆਂ ਨਾਲ ਕਿਹੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ।' ਅਲਮੁਸਤਫ਼ਾ ਦਾ ਜਵਾਬ ਹੈ-
ਤੁਹਾਡੇ ਬੱਚੇ ਤੁਹਾਡੇ ਨਹੀਂ,
ਉਹ ਜ਼ਿੰਦਗੀ ਦੇ ਜਾਏ ਹਨ।
ਉਹ ਤੁਹਾਡੇ ਰਾਹੀਂ ਆਏ ਹਨ
ਪਰ ਉਹ ਤੁਹਾਡੇ ਵਿਚੋਂ ਨਹੀਂ।
ਤੁਸੀਂ ਉਨ੍ਹਾਂ ਨਾਲ ਪਿਆਰ ਕਰੋ,
ਪਰ ਆਪਣੇ ਵਿਚਾਰ ਉਨ੍ਹਾਂ ਨੂੰ ਨਾ ਦਿਓ।
ਤੁਸੀਂ ਉਨ੍ਹਾਂ ਨੂੰ ਘਰ ਦੇਵੋ,
ਪਰ ਉਨ੍ਹਾਂ ਦੀ ਆਤਮਾ ਕੈਦ ਨਾ ਕਰੋ।
ਤੁਸੀਂ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰੋ
ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣ
ਦੀ ਜ਼ਿਦ ਨਾ ਕਰੋ।
ਤੁਹਾਡੇ ਬੱਚੇ ਤੁਹਾਡੀ ਕਮਾਨ 'ਚੋਂ
ਨਿਕਲੇ ਤੀਰ ਹਨ।
ਉਨ੍ਹਾਂ ਨੂੰ ਆਪਣੀ ਦਿਸ਼ਾ
ਵੱਲ ਜਾਣ ਦਿਓ।
ਅਲਮੁਸਤਫ਼ਾ ਦੇ ਅਨੁਭਵਾਂ, ਅਹਿਸਾਸਾਂ ਅਤੇ ਵਿਚਾਰਾਂ ਨੂੰ ਪੜ੍ਹਨ ਤੋਂ ਬਾਅਦ ਹਰ ਪਾਠਕ ਆਪਣੇ ਅੰਦਰ ਇਕ ਤਬਦੀਲੀ ਮਹਿਸੂਸ ਕਰਦਾ ਹੈ। ਉਸ ਦੀ ਆਤਮਾ ਜਾਗ੍ਰਿਤ ਹੋ ਜਾਂਦੀ ਹੈ ਤੇ ਉਹ ਆਪਣੇ-ਆਪ ਨੂੰ ਪਰਮਾਤਮਾ, ਸਚਾਈ ਅਤੇ ਸੁੰਦਰਤਾ ਦੇ ਰੂਬਰੂ ਪਾਉਂਦਾ ਹੈ ਤੇ ਹਰ ਪਾਸੇ ਇਲਾਹੀ ਨੂਰ ਦਾ ਝਲਕਾਰਾ ਦੇਖਦਾ ਹੈ।
'ਪੈਗ਼ੰਬਰ' ਪੁਸਤਕ ਲਈ ਜਿਬਰਾਨ ਨੇ 12 ਚਿੱਤਰ ਬਣਾਏ, ਜਿਨ੍ਹਾਂ ਵਿਚੋਂ 10 ਚਿੱਤਰ ਵਾਟਰ-ਕਲਰ 'ਚ ਹਨ ਤੇ ਦੋ ਚਿੱਤਰ ਬਲੈਕ ਐਂਡ ਵ੍ਹਾਈਟ' ਵਿਚ। ਇਨ੍ਹਾਂ ਚਿੱਤਰਾਂ ਵਿਚੋਂ 'ਅਲਮੁਸਤਫ਼ਾ' ਅਤੇ 'ਸਿਰਜਣਾ ਦਾ ਹੱਥ' ਨਾਯਾਬ ਕਲਾਕ੍ਰਿਤੀਆਂ ਹਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸਾਬਕਾ ਕਮਿਸ਼ਨਰ, ਜਲੰਧਰ, ਮੋਬਾ : 98551-23499

ਅਮਰੀਕਾ ਦੇ ਗੁਰੂ-ਘਰ

ਅਮਰੀਕਾ ਵਿਚ ਇਸ ਵੇਲੇ ਸਿੱਖਾਂ ਦੀ ਵਸੋਂ ਪੰਜ ਲੱਖ ਦੇ ਕਰੀਬ ਹੈ। ਸਿੱਖ ਸਭ ਤੋਂ ਜ਼ਿਆਦਾ ਕੈਲੀਫੋਰਨੀਆ, ਨਿਊਯਾਰਕ, ਡੈਟਰਾਇਟ, ਵਾਸ਼ਿੰਗਟਨ ਅਤੇ ਸ਼ਿਕਾਗੋ ਆਦਿ ਇਲਾਕਿਆਂ ਵਿਚ ਵਸੇ ਹੋਏ ਹਨ। ਸਿੱਖ ਲਗਪਗ 130 ਸਾਲ ਪਹਿਲਾਂ ਅਮਰੀਕਾ ਵਿਚ ਵਸਣੇ ਸ਼ੁਰੂ ਹੋਏ ਸਨ। ਉਹ ਭਾਰਤ ਤੋਂ ਚੰਗੇ ਭਵਿੱਖ ਦੀ ਭਾਲ ਵਿਚ ਹਾਂਗਕਾਂਗ ਅਤੇ ਏਂਜਲ ਟਾਪੂਆਂ ਰਾਹੀਂ ਸਮੁੰਦਰੀ ਸਫਰ ਕਰਕੇ ਸਭ ਤੋਂ ਪਹਿਲਾਂ ਖੇਤਾਂ ਵਿਚ ਮਜ਼ਦੂਰੀ ਕਰਨ ਲਈ ਕੈਲੀਫੋਰਨੀਆ ਪਹੁੰਚੇ ਸਨ। ਸ਼ੁਰੂਆਤੀ ਦੌਰ ਵਿਚ ਸਿੱਖ ਫਾਰਮਾਂ, ਲੱਕੜਾਂ, ਮਿੱਲਾਂ ਅਤੇ ਰੇਲ ਰੋਡ ਬਣਾਉਣ ਵਾਲੀਆਂ ਕੰਪਨੀਆਂ ਵਿਚ ਮਜ਼ਦੂਰੀ ਕਰਦੇ ਸਨ। ਪਹਿਲੇ ਅਤੇ ਦੂਸਰੇ ਸੰਸਾਰ ਯੁੱਧ ਨੇ ਬ੍ਰਿਟਿਸ਼ ਸਿੱਖ ਫੌਜੀਆਂ ਨੂੰ ਅਮਰੀਕਾ ਵਸਣ ਲਈ ਹੋਰ ਜ਼ਿਆਦਾ ਪ੍ਰੇਰਿਤ ਕੀਤਾ। ਅਮਰੀਕੀ ਫੌਜ ਵਿਚ ਭਰਤੀ ਹੋਣ ਵਾਲਾ ਪਹਿਲਾ ਸਿੱਖ ਭਗਤ ਸਿੰਘ ਥਿੰਦ ਅਤੇ ਸਭ ਤੋਂ ਪਹਿਲਾ ਅਮਰੀਕਨ ਮੈਂਬਰ ਪਾਰਲੀਮੈਂਟ ਬਣਨ ਵਾਲਾ ਸਿੱਖ ਦਲੀਪ ਸਿੰਘ ਸੌਂਦ (1956) ਸੀ। ਅਮਰੀਕਾ ਵਿਚ ਕੁਝ ਪ੍ਰਮੁੱਖ ਗੁਰੂ-ਘਰ ਹੇਠ ਲਿਖੇ ਪ੍ਰਕਾਰ ਹਨ-
1. ਸਿੱਖ ਗੁਰਦੁਆਰਾ ਸਾਹਿਬ ਸਟਾਕਟਨ, ਕੈਲੀਫੋਰਨੀਆ : ਇਹ ਗੁਰੂ-ਘਰ ਅਮਰੀਕਾ ਵਿਚ ਸਥਾਪਿਤ ਕੀਤਾ ਗਿਆ ਸਭ ਤੋਂ ਪਹਿਲਾ ਗੁਰੂ-ਘਰ ਸੀ, ਜੋ ਠੱਠੀਆਂ (ਅੰਮ੍ਰਿਤਸਰ) ਦੇ ਰਹਿਣ ਵਾਲੇ ਬਾਬਾ ਵਿਸਾਖਾ ਸਿੰਘ ਅਤੇ ਬਾਬਾ ਜਵਾਲਾ ਸਿੰਘ ਦੇ ਯਤਨਾਂ ਸਦਕਾ ਹੋਂਦ ਵਿਚ ਆਇਆ ਸੀ। ਇਸ ਦੇ ਮੋਢੀਆਂ ਦੇ ਗ਼ਦਰ ਲਹਿਰ ਨਾਲ ਜੁੜੇ ਹੋਣ ਕਾਰਨ ਇਸ ਨੂੰ ਗ਼ਦਰੀ ਬਾਬਿਆਂ ਦਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ। ਆਜ਼ਾਦੀ ਲਹਿਰ ਦੌਰਾਨ ਇਥੇ ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ ਤੇ ਖਾਲਸਾ ਦੀਵਾਨ ਸੁਸਾਇਟੀ ਅਤੇ ਹੋਰ ਦੇਸ਼ ਭਗਤ ਸੰਸਥਾਵਾਂ ਵੱਲੋਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਕ੍ਰਾਂਤੀਕਾਰੀ ਸਾਹਿਤ ਛਾਪ ਕੇ ਵੰਡਿਆ ਜਾਂਦਾ ਸੀ।
ਜਦੋਂ ਇਸ ਦੀ ਉਸਾਰੀ ਦਾ ਖਿਆਲ ਸੰਗਤ ਦੇ ਮਨ ਵਿਚ ਆਇਆ ਤਾਂ ਸਾਰੀ ਰੂਪ-ਰੇਖਾ ਤਿਆਰ ਕਰਨ ਲਈ ਸਟਾਕਟਨ ਦੇ ਨਜ਼ਦੀਕ ਹੋਲਟ ਸ਼ਹਿਰ ਵਿਚ ਮੀਟਿੰਗ ਕਰਕੇ ਇਕ ਪ੍ਰਬੰਧਕੀ ਕਮੇਟੀ ਬਣਾਈ ਗਈ। ਸੰਗਤਾਂ ਨੇ ਇਸ ਪਵਿੱਤਰ ਕਾਰਜ ਲਈ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ, ਜਿਸ ਨਾਲ ਸਤੰਬਰ, 1912 ਵਿਚ ਸਟਾਕਟਨ ਦੀ ਸਾਊਥ ਗ੍ਰਾਂਟ ਸਟਰੀਟ 'ਤੇ ਜਗ੍ਹਾ ਖ਼ਰੀਦ ਕੀਤੀ ਗਈ। ਉਸ ਵਿਚ ਪਹਿਲਾਂ ਤੋਂ ਹੀ ਮੌਜੂਦ ਇਕ ਲੱਕੜ ਦੇ ਹਾਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਤੌਰ ਗੁਰੂ-ਘਰ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਇਹ ਇਮਾਰਤ ਅਜੇ ਵੀ ਲਾਇਬ੍ਰੇਰੀ ਦੇ ਨਜ਼ਦੀਕ ਮੌਜੂਦ ਹੈ। ਬਾਬਾ ਵਿਸਾਖਾ ਸਿੰਘ ਅਤੇ ਬਾਬਾ ਜਵਾਲਾ ਸਿੰਘ ਪਹਿਲੇ ਗ੍ਰੰਥੀ ਥਾਪੇ ਗਏ। ਨਵੇਂ-ਨਵੇਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਹਿੰਦੂ ਸਿੱਖਾਂ ਨੂੰ ਇਸ ਗੁਰੂ-ਘਰ ਵਿਚ ਬਹੁਤ ਆਸਰਾ ਮਿਲਦਾ ਸੀ। ਉਨ੍ਹਾਂ ਨੂੰ ਆਉਣ ਸਾਰ ਰਹਿਣ ਲਈ ਟਿਕਾਣੇ ਅਤੇ ਲੰਗਰ ਪਾਣੀ ਦੀ ਦਿੱਕਤ ਨਹੀਂ ਸੀ ਆਉਂਦੀ। ਭਾਵੇਂ ਹੁਣ ਬਹੁਤ ਵੱਡੇ-ਵੱਡੇ ਗੁਰੂ-ਘਰ ਉਸਰ ਗਏ ਹਨ, ਪਰ ਇਸ ਗੁਰੂ-ਘਰ ਦੀ ਇਤਿਹਾਸਕ ਮਹੱਤਤਾ ਹਮੇਸ਼ਾ ਕਾਇਮ ਰਹੇਗੀ। ਜਦੋਂ ਵੀ ਅਮਰੀਕਾ ਵਿਚ ਸਿੱਖ ਇਮੀਗਰੇਸ਼ਨ ਦੀ ਗੱਲ ਚੱਲਦੀ ਹੈ, ਇਸ ਗੁਰੂ-ਘਰ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਇਸ ਗੁਰੂ-ਘਰ ਦੀ ਉਸਾਰੀ ਤੋਂ ਬਾਅਦ 50 ਸਾਲ ਤੱਕ ਪੱਛਮੀ ਅਮਰੀਕਾ ਵਿਚ ਹੋਰ ਕੋਈ ਗੁਰੂ-ਘਰ ਹੋਂਦ ਵਿਚ ਨਹੀਂ ਸੀ ਆਇਆ। ਹੌਲੀ-ਹੌਲੀ ਸੰਗਤ ਦੀ ਜ਼ਰੂਰਤ ਅਨੁਸਾਰ ਇਸ ਗੁਰੂ-ਘਰ ਦੀ ਇਮਾਰਤ ਵਿਚ ਵਾਧਾ ਹੁੰਦਾ ਗਿਆ ਤੇ ਇਹ ਮੌਜੂਦਾ ਵਿਸ਼ਾਲ ਆਕਾਰ ਧਾਰਨ ਕਰ ਗਿਆ। ਇਸ ਦਾ ਪਤਾ 1930, ਸਿੱਖ ਟੈਂਪਲ ਸਟਾਕਟਨ, ਕੈਲੀਫੋਰਨੀਆ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪੰਡੋਰੀ ਸਿੱਧਵਾਂ।
ਮੋਬਾ: 98151-24449

ਸ਼ਬਦ ਵਿਚਾਰ

ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ॥

ਸਿਰੀਰਾਗੁ ਮਹਲਾ ੩
ਆਪਣਾ ਭਉ ਤਿਨ ਪਾਇਓਨੁ
ਜਿਨ ਗੁਰ ਕਾ ਸਬਦੁ ਬੀਚਾਰਿ॥
ਸਤਸੰਗਤੀ ਸਦਾ ਮਿਲਿ ਰਹੇ
ਸਚੇ ਕੇ ਗੁਣ ਸਾਰਿ॥
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ॥
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ॥ ੧॥
ਮਨ ਮੇਰੇ ਹਉਮੈ ਮੈਲੁ ਭਰ ਨਾਲਿ॥
ਹਰਿ ਨਿਰਮਲੁ ਸਦਾ ਸੋਹਣਾ
ਸਬਦਿ ਸਵਾਰਣਹਾਰੁ॥ ੧॥ ਰਹਾਉ॥
ਸਚੈ ਸਬਦਿ ਮਨੁ ਮੋਹਿਆ
ਪ੍ਰਭਿ ਆਪੇ ਲਏ ਮਿਲਾਇ॥
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ॥
ਜੋਤੀ ਹੂ ਪ੍ਰਭੁ ਜਾਪਦਾ
ਬਿਨੁ ਸਤਗੁਰ ਬੂਝ ਨ ਪਾਇ॥
ਜਿਨ ਕਉ ਪੂਰਬਿ ਲਿਖਿਆ
ਸਤਗੁਰੁ ਭੇਟਿਆ ਤਿਨ ਆਇ॥ ੨॥
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ॥
ਤਿਸੁ ਬਿਨੁ ਘੜੀ ਨ ਜੀਵਦੀ
ਦੁਖੀ ਰੈਣਿ ਵਿਹਾਇ॥
ਭਰਮਿ ਭੁਲਾਣਾ ਅੰਧੁਲਾ
ਫਿਰਿ ਫਿਰਿ ਆਵੈ ਜਾਇ॥
ਨਦਰਿ ਕਰੇ ਪ੍ਰਭੁ ਆਪਣੀ
ਆਪੇ ਲਏ ਮਿਲਾਏ॥ ੩॥
ਸਭੁ ਕਿਛੁ ਸੁਣਦਾ ਵੇਖਦਾ
ਕਿਉ ਮੁਕਰਿ ਪਇਆ ਜਾਇ॥
ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ॥
ਸੋ ਪ੍ਰਭੁ ਨਦਰਿ ਨ ਆਵਈ
ਮਨਮੁਖਿ ਬੂਝ ਨ ਪਾਇ॥
ਜਿਸੁ ਵੇਖਾਲੇ ਸੋਈ ਵੇਖੈ
ਨਾਨਕ ਗੁਰਮੁਖਿ ਪਾਇ॥ ੪॥ ੨੩॥ ੫੬॥ (ਅੰਗ 35-36)
ਪਦ ਅਰਥ : ਭਉ-ਡਰ। ਪਾਇਓਨ-ਪਾਇਆ ਹੈ। ਤਿਨ-ਉਨ੍ਹਾਂ (ਮਨੁੱਖਾਂ ਦੇ ਹਿਰਦੇ ਵਿਚ)। ਸਾਰਿ-ਸੰਭਾਲ ਕੇ। ਦੁਬਿਧਾ-ਦੁਚਿੱਤਾਪਨ। ਚੁਕਾਈਅਨੁ-ਦੂਰ ਕਰ ਦਿੱਤੀ ਹੈ। ਉਰ ਧਾਰਿ-ਹਿਰਦੇ ਵਿਚ ਧਾਰ ਕੇ।
ਭਰਨਾਲਿ-ਸੰਸਾਰ ਰੂਪੀ ਭਵਸਾਗਰ ਵਿਚ। ਹਰਿ-ਪਰਮਾਤਮਾ। ਨਿਰਮਲੁ-ਪਵਿੱਤਰ, ਮੈਲ ਤੋਂ ਰਹਿਤ। ਸਬਦਿ-ਸ਼ਬਦ ਨਾਲ ਮਿਲਾ ਕੇ। ਸਵਾਰਣਹਾਰੁ-ਸਵਾਰਨ ਵਾਲਾ, ਸੁੰਦਰ ਬਣਾਉਣ ਵਾਲਾ। ਅਨਦਿਨੁ-ਦਿਨ ਰਾਤ, ਹਰ ਵੇਲੇ। ਨਾਮੇ ਰਤਿਆ-ਨਾਮ ਵਿਚ ਰੰਗੇ ਰਹਿਣ ਕਰਕੇ। ਜੋਤੀ ਜੋਤਿ ਸਮਾਇ-ਉਨ੍ਹਾਂ ਦੀ ਜੋਤਿ ਪ੍ਰਭੂ ਦੀ ਜੋਤੀ ਵਿਚ ਲੀਨ ਹੋ ਜਾਂਦੀ ਹੈ। ਜੋਤੀ ਹੂ ਪ੍ਰਭੁ ਜਾਪਦਾ-ਅੰਦਰਲੀ ਜੋਤਿ ਦੁਆਰਾ ਹੀ ਪ੍ਰਭੂ ਦਾ ਅਨੁਭਵ ਹੁੰਦਾ (ਪ੍ਰਭੂ ਦਿਸਦਾ) ਹੈ। ਬੂਝ ਨ ਪਾਇ-ਸੋਝੀ ਨਹੀਂ ਪੈਂਦੀ। ਭੇਟਿਆ-ਮਿਲਦਾ ਹੈ। ਪੂਰਬ-ਪਹਿਲਾਂ ਤੋਂ ਹੀ। ਜਿਨ ਕਉ-ਜਿਨ੍ਹਾਂ ਦੇ ਭਾਗਾਂ ਵਿਚ।
ਡੁਮਣੀ-ਦੁਚਿੱਤੀ ਵਿਚ। ਦੂਜੈ ਭਾਇ-ਦੂਜੀ ਮਾਇਆ ਦੇ ਪਿਆਰ ਵਿਚ ਫਸ ਕੇ। ਖੁਆਇ-ਕੁਰਾਹੇ ਪਈ ਰਹਿੰਦੀ ਹੈ। ਤਿਸੁ ਬਿਨੁ-ਉਸ ਪ੍ਰਭੂ ਤੋਂ ਬਿਨਾਂ। ਰੈਣਿ-ਜੀਵਨ ਰੂਪੀ ਰਾਤ। ਦੁਖੀ ਵਿਹਾਇ-ਦੁੱਖਾਂ ਵਿਚ ਹੀ ਬੀਤਦੀ ਹੈ। ਅੰਧੁਲਾ-ਮਾਇਆ ਦੇ ਮੋਹ ਵਿਚ ਅੰਨ੍ਹਾ, ਅਗਿਆਨੀ। ਫਿਰਿ ਫਿਰਿ-ਮੁੜ ਮੁੜ। ਆਵੈ ਜਾਇ-ਜੰਮਦਾ ਤੇ ਮਰਦਾ ਰਹਿੰਦਾ ਹੈ। ਨਦਰਿ-ਨਜ਼ਰ, ਕਿਰਪਾ ਦ੍ਰਿਸ਼ਟੀ। ਲਏ ਮਿਲਾਇ-ਮਿਲਾ ਲੈਂਦਾ ਹੈ।
ਪਾਪੇ ਪਚਹਿ ਪਚਾਇ-ਪਾਪਾਂ ਵਿਚ ਸੜਦੇ ਸੜਾਉਂਦੇ ਰਹਿੰਦੇ ਹਨ। ਨਦਰਿ ਨ ਆਵਈ-ਨਜ਼ਰ ਨਹੀਂ ਆਉਂਦਾ। ਬੂਝ ਨ ਪਾਇ-ਸੋਝੀ ਹੀ ਨਹੀਂ ਪੈਂਦੀ। ਜਿਸੁ ਵੇਖਾਲੇ-ਜਿਸ ਨੂੰ ਆਪਣੇ ਮਿਲਣ ਦਾ ਮਾਰਗ ਦਿਖਾ ਦਿੰਦਾ ਹੈ। ਸੋਈ ਵੇਖੈ-ਉਸ ਨੂੰ ਹੀ ਸੋਝੀ ਪੈਂਦੀ ਹੈ।
ਜਿਸ ਵਡਭਾਗੀ ਦੇ ਮਨ ਵਿਚ ਪ੍ਰਭੂ ਦੇ ਨਾਮ ਦਾ ਗੂੜ੍ਹਾ ਰੰਗ ਚੜ੍ਹਦਾ ਹੈ, ਉਹ ਕਦੇ ਫਿਰ ਮੈਲਾ ਨਹੀਂ ਹੁੰਦਾ, ਕਿਉਂਕਿ ਉਸ ਨੂੰ ਫਿਰ ਵਿਕਾਰਾਂ ਦਾ ਦਾਗ ਨਹੀਂ ਲਗਦਾ। ਗੁਰਵਾਕ ਹੈ-
ਲਾਲ ਰੰਗੁ ਤਿਸ ਕਉ ਲਗਾ
ਜਿਸ ਕੇ ਵਡਭਾਗਾ॥
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ॥
(ਰਾਗੁ ਬਿਲਾਵਲੁ ਮਹਲਾ ੫, ਅੰਗ 808)
ਮਾਇਆ ਅੰਦਰ ਉਪਜੀ ਹਉਮੈ ਮਾਨੋ ਜ਼ਹਿਰ ਹੈ ਜਿਸ ਪਿੱਛੇ ਲੱਗਣ ਨਾਲ ਜਗਤ ਵਿਚ ਘਾਟਾ ਹੀ ਹੈ। ਪਰਮਾਤਮਾ ਦੇ ਨਾਮ ਧਨ ਦੀ ਖੱਟੀ ਤਾਂ ਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵਿਚਾਰ ਕਰਨ ਨਾਲ ਹੀ ਹੋ ਸਕਦੀ ਹੈ। ਅੰਮ੍ਰਿਤ ਰੂਪੀ ਨਾਮ ਨੂੰ ਹਿਰਦੇ ਵਿਚ ਵਸਾਉਣ ਨਾਲ (ਮਨ ਅੰਦਰੋਂ) ਹਉਮੈ ਮੈਲ ਰੂਪੀ ਜ਼ਹਿਰ ਉਤਰ ਜਾਂਦੀ ਹੈ-
ਹਉਮੈ ਮਾਇਆ ਸਭ ਬਿਖੁ ਹੈ
ਨਿਤ ਜਗਿ ਤੋਟਾ ਸੰਸਾਰਿ॥
ਲਾਹਾ ਹਰਿ ਧਨੁ ਖਟਿਆ
ਗੁਰਮੁਖਿ ਸਬਦੁ ਵੀਚਾਰਿ॥
ਹਉਮੈ ਮੈਲੁ ਬਿਖੁ ਉਤਰੈ
ਹਰਿ ਅੰਮ੍ਰਿਤੁ ਹਰਿ ਉਰ ਧਾਰਿ॥
(ਰਾਗੁ ਗਉੜੀ ਕੀ ਵਾਰ ਮਹਲਾ ੪, ਅੰਗ 300)
ਬਿਖੁ-ਜ਼ਹਿਰ। ਤੋਟਾ-ਘਾਟ। ਲਾਹਾ-ਲਾਭ, ਖੱਟੀ।
ਸ਼ਬਦ ਦੇ ਅੱਖਰੀਂ ਅਰਥ : ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਪਰਮਾਤਮਾ ਨੇ ਆਪਣਾ ਡਰ ਭਉ ਉਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪਾਇਆ ਹੈ। ਅਜਿਹੇ ਸਾਧਕ ਪਰਮਾਤਮਾ ਦੇ ਗੁਣਾਂ ਨੂੰ ਸਦਾ ਆਪਣੇ ਮਨ ਵਿਚ ਸੰਭਾਲ ਕੇ, ਸਤਿ ਸੰਗਤ ਵਿਚ ਮਿਲ ਬੈਠਦੇ ਹਨ। ਅਜਿਹੇ ਜਗਿਆਸੂ ਜੋ ਪਰਮਾਤਮਾ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਮਨ ਅੰਦਰਲੀ ਦੁਚਿੱਤਾਪਨ ਦੀ ਮੈਲ ਨੂੰ ਧੋਈ ਰੱਖਦੇ ਹਨ, ਆਪਣੇ ਪਵਿੱਤਰ ਮਨ 'ਚੋਂ ਸਦਾ ਸੱਚੇ ਬੋਲ ਹੀ ਬੋਲਦੇ ਹਨ ਅਤੇ ਉਨ੍ਹਾਂ ਦਾ ਪਿਆਰ ਸਦਾ ਥਿਰ ਪਰਮਾਤਮਾ ਨਾਲ ਹੀ ਹੁੰਦਾ ਹੈ।
ਹੇ ਮੇਰੇ ਮਨ, ਸੰਸਾਰ ਰੂਪੀ ਸਮੁੰਦਰ ਹਉਮੈ ਦੀ ਮੈਲ ਨਾਲ ਭਰਿਆ ਹੋਇਆ ਹੈ ਪਰ ਮੈਲ ਤੋਂ ਰਹਿਤ ਪਰਮਾਤਮਾ ਸਦਾ ਸੁਹਾਵਣਾ (ਸੋਹਣਾ) ਹੈ, ਜੋ ਸ਼ਬਦ ਦੁਆਰਾ ਜੀਵਾਂ ਨੂੰ ਸਵਾਰਨ ਵਾਲਾ ਹੈ ਭਾਵ ਸੋਹਣਾ ਬਣਾਉਣ ਵਾਲਾ ਹੈ। ਜਿਨ੍ਹਾਂ ਦੇ ਮਨ ਸੱਚੇ ਪ੍ਰਭੂ ਦੇ ਸ਼ਬਦ ਨਾਲ ਮੋਹੇ ਜਾਂਦੇ ਹਨ, ਉਨ੍ਹਾਂ ਨੂੰ ਪ੍ਰਭੂ ਆਪੇ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਤਰ੍ਹਾਂ ਹਰ ਵੇਲੇ ਨਾਮ ਰੰਗ ਵਿਚ ਰੰਗਣ ਨਾਲ ਉਨ੍ਹਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ। ਇਸ ਅੰਦਰਲੀ ਜੋਤਿ ਰਾਹੀਂ ਹੀ ਪਰਮਾਤਮਾ ਦੀ ਸੋਝੀ ਪੈਂਦੀ ਹੈ ਪਰ ਇਹ ਸੋਝੀ ਗੁਰੂ ਤੋਂ ਬਿਨਾਂ ਨਹੀਂ ਪੈਂਦੀ। ਜਿਨ੍ਹਾਂ ਦੇ ਭਾਗਾਂ ਵਿਚ ਪਹਿਲਾਂ ਹੀ ਧੁਰੋਂ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਹੀ ਸਤਿਗੁਰੂ ਆ ਕੇ ਮਿਲਦਾ ਹੈ।
ਨਾਮ ਤੋਂ ਬਿਨਾਂ ਸਾਰਾ ਸੰਸਾਰ ਦੁਬਿਧਾ ਵਿਚ ਪਿਆ ਹੋਇਆ ਹੈ ਅਤੇ ਦੂਜੀ ਮਾਇਆ ਦੇ ਮੋਹ ਵਿਚ ਪੈ ਕੇ ਜੀਵਨ ਦੇ ਸਹੀ ਮਾਰਗ ਤੋਂ ਖੁੰਝਿਆ ਹੋਇਆ ਹੈ। ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਇਕ ਘੜੀ ਭਰ ਵੀ ਆਤਮਿਕ ਜੀਵਨ ਨਹੀਂ ਮਾਣ ਸਕਦਾ। ਇਸ ਦੀ ਸਾਰੀ ਰਾਤ (ਜੀਵਨ) ਦੁੱਖਾਂ ਵਿਚ ਹੀ ਬੀਤ ਜਾਂਦੀ ਹੈ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ ਮਾਰਗ ਤੋਂ ਖੁੰਝ ਜਾਂਦਾ ਹੈ, ਜੀਵਨ ਮਾਰਗ ਤੋਂ ਕੁਰਾਹੇ ਪੈ ਜਾਂਦਾ ਹੈ। ਫਲਸਰੂਪ ਉਹ ਮੁੜ-ਮੁੜ ਜੰਮਦਾ ਤੇ ਮਰਦਾ ਰਹਿੰਦਾ ਹੈ ਪਰ ਜੇਕਰ ਪ੍ਰਭੂ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਉਹ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਜੋ ਕੁਝ ਸੰਸਾਰ ਵਿਚ ਵਾਪਰ ਰਿਹਾ ਹੈ, ਪਰਮਾਤਮਾ ਸਭ ਕੁਝ ਸੁਣਦਾ ਤੇ ਦੇਖਦਾ ਹੈ। ਇਸ ਲਈ ਆਪਣੇ ਕੀਤੇ ਕਰਮਾਂ ਤੋਂ ਜੀਵ ਉਸ ਪਾਸ ਜਾ ਕੇ ਮੁੱਕਰ ਨਹੀਂ ਸਕਦਾ। ਜੀਵ ਪਾਪ 'ਤੇ ਪਾਪ ਕਮਾਈ ਜਾਂਦਾ ਹੈ ਅਤੇ ਪਾਪਾਂ ਵਿਚ ਹੀ ਜੀਵ ਸੜਦੇ ਤੇ ਸੜਾਂਦੇ ਰਹਿੰਦੇ ਹਨ। ਪਾਪ ਕਮਾਉਣ ਕਾਰਨ ਜੀਵ ਨੂੰ ਉਹ ਪ੍ਰਭੂ ਨਜ਼ਰ ਨਹੀਂ ਆਉਂਦਾ, ਮਨਮੁਖਾਂ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਪੈਂਦੀ।
ਤੀਜੀ ਨਾਨਕ ਜੋਤਿ ਦੇ ਪਾਵਨ ਬਚਨ ਹਨ ਕਿ ਜਿਸ ਮਨੁੱਖ ਨੂੰ ਪ੍ਰਭੂ ਆਪਾ ਦਿਖਾ ਦਿੰਦਾ ਹੈ, ਉਹੀ ਜੀਵ ਉਸ ਨੂੰ ਦੇਖ ਸਕਦਾ ਹੈ। ਅਜਿਹੇ ਸਾਧਕ ਨੂੰ ਗੁਰੂ ਦੀ ਚਰਨੀਂ ਪੈ ਕੇ ਹੀ ਇਸ ਗੱਲ ਦੀ ਸੋਝੀ ਪੈਂਦੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੱਚ ਨੂੰ ਜਾਣਨਾ ਹੈ ਤਾਂ ਆਤਮ ਤੱਤ ਨੂੰ ਪਛਾਣੋ

ਪੂਜਾ, ਪਾਠ, ਤੀਰਥ ਸਥਾਨ ਜਾਂ ਧਾਰਮਿਕ ਥਾਵਾਂ ਦੀ ਯਾਤਰਾ ਸਾਡੇ ਅੰਦਰ ਉੱਚ ਵਿਚਾਰ ਪੈਦਾ ਕਰਨ ਦੇ ਯਤਨ ਤਾਂ ਹੋ ਸਕਦੇ ਹਨ ਪਰ ਈਸ਼ਵਰ ਪ੍ਰਾਪਤੀ ਦੇ ਰਾਹ ਨਹੀਂ ਹੋ ਸਕਦੇ। ਜਦੋਂ ਵੀ ਅਸੀਂ ਅਧਿਆਤਮਕ ਪੱਖ ਤੋਂ ਸੋਚਦੇ ਹਾਂ ਤਾਂ ਸਾਡਾ ਇਕ ਹੀ ਉਦੇਸ਼ ਹੁੰਦਾ ਹੈ-ਪਰਮਾਤਮਾ ਦੀ ਪ੍ਰਾਪਤੀ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ, 'ਇਹ ਵੀ ਕੀ ਵਿਡੰਵਨਾ ਹੈ ਕਿ ਅਸੀਂ ਆਪਣੇ ਬਾਰੇ ਤਾਂ ਭਾਵੇਂ ਨਾ ਜਾਣਦੇ ਹੋਈਏ ਪਰ ਪਰਮਾਤਮਾ ਨੂੰ ਪਾਉਣ ਦੀ ਸਾਡੀ ਇੱਛਾ ਜ਼ਰੂਰ ਹੁੰਦੀ ਹੈ। ਜੋ ਆਪਣੇ ਆਤਮ ਤੱਤ ਨੂੰ ਪਛਾਣ ਜਾਂਦੇ ਹਨ, ਉਹ ਪਰਮਾਤਮਾ ਨੂੰ ਪਾ ਲੈਂਦੇ ਹਨ।' ਇਸ ਬਾਰੇ ਸਵਾਮੀ ਜੀ ਇਕ ਮਹਾਤਮਾ ਦੀ ਉਦਾਹਰਨ ਦਿੰਦੇ ਹਨ ਜੋ ਮੰਦਿਰ ਨਾ ਜਾ ਕੇ ਮੰਦਿਰ ਦੇ ਬਾਹਰ ਹੀ ਬੈਠਾ ਸੀ। ਉਨ੍ਹਾਂ ਦੇ ਸ਼ਿਸ਼ ਨੇ ਪੁੱਛਿਆ ਕਿ 'ਤੁਹਾਨੂੰ ਤਾਂ ਬਾਹਰੋਂ ਪਰਮਾਤਮਾ ਦੀ ਮੂਰਤੀ ਵੀ ਦਿਖਾਈ ਨਹੀਂ ਦਿੰਦੀ। ਕੀ ਤੁਸੀਂ ਪਰਮਾਤਮਾ ਦੇ ਦਰਸ਼ਨ ਕਰਨ ਮੰਦਿਰ ਦੇ ਅੰਦਰ ਨਹੀਂ ਜਾਓਗੇ?' ਤਾਂ ਮਹਾਤਮਾ ਨੇ ਕਿਹਾ, 'ਮੈਂ ਇਥੋਂ ਹੀ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ।' ਉਨ੍ਹਾਂ ਦੇ ਸ਼ਿਸ਼ ਨੇ ਕਿਹਾ, 'ਇਥੋਂ ਤਾਂ ਮੰਦਿਰ ਦੇ ਅੰਦਰ ਰੱਖੀ ਮੂਰਤੀ ਦਿਖਾਈ ਨਹੀਂ ਦੇ ਰਹੀ, ਫਿਰ ਤੁਸੀਂ ਪਰਮਾਤਮਾ ਦੇ ਦਰਸ਼ਨ ਕਿਵੇਂ ਕਰ ਲਏ?' ਤਾਂ ਮਹਾਤਮਾ ਨੇ ਕਿਹਾ, 'ਪਰਮਾਤਮਾ ਨੂੰ ਦੇਖਣ ਲਈ ਮੰਦਿਰ ਦੇ ਅੰਦਰ ਜਾਣ ਦੀ ਲੋੜ ਨਹੀਂ, ਸਗੋਂ ਆਪਣੇ ਮਨ ਦੇ ਬੰਦ ਦਰਵਾਜ਼ੇ ਨੂੰ ਖੋਲ੍ਹਣ ਦੀ ਲੋੜ ਹੈ। ਜੇ ਤੁਸੀਂ ਸਚਾਈ ਜਾਣਦੇ ਹੋ ਤਾਂ ਤੁਸੀਂ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ। ਸਵਾਮੀ ਵਿਵੇਕਾਨੰਦ ਦਾ ਵਿਚਾਰ ਹੈ ਕਿ ਜਦ ਤੱਕ ਤੁਸੀਂ ਇਹ ਅਨੁਭਵ ਨਹੀਂ ਕਰਦੇ ਕਿ ਤੁਸੀਂ ਹੀ ਦੇਵਤਿਆਂ ਦੇ ਦੇਵਤਾ ਹੋ, ਤੁਸੀਂ ਮੁਕਤੀ ਨਹੀਂ ਪਾ ਸਕਦੇ। ਇਸ ਲਈ ਪਰਮਾਤਮਾ ਨੂੰ ਪਛਾਣਨ ਤੋਂ ਪਹਿਲਾਂ ਆਪਣੇ ਆਤਮ ਤੱਤ ਨੂੰ ਪਛਾਣੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ੍ਰੀ ਸ਼ਿਵ ਮਹਾਂਕਾਲੀ ਸ਼ਨੀ ਦੇਵ ਮੰਦਿਰ, ਗੁਰਦਾਸਪੁਰ

ਗੁਰਦਾਸਪੁਰ (ਪੰਜਾਬ) ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੀ ਹੈ ਇਹ ਸ੍ਰੀ ਸ਼ਿਵ ਮਹਾਂਕਾਲੀ ਸ਼ਨੀ ਦੇਵ ਮੰਦਿਰ। ਇਸ ਮੰਦਿਰ ਦਾ ਬਾਹਰੀ ਦ੍ਰਿਸ਼ ਮਨਮੋਹਣਾ ਹੈ। ਮੰਦਿਰ ਦਾ ਮੁੱਖ ਦੁਆਰ ਸੀਮੈਂਟ ਰੰਗ ਦਾ ਅਤੇ ਹੇਠਲਾ ਰੰਗ ਕਾਲੇ ਪ੍ਰਤੀਕ ਵਿਚ ਹੈ। ਸ਼ੀਸ਼ੇ ਦੇ ਮੁੱਖ ਦੁਆਰ ਦੇ ਉੱਪਰ ਸੁੰਦਰ ਭਗਵਨ ਮੂਰਤੀ ਅਤੇ ਇਸ ਉੱਪਰ ਛੱਤ ਦੇ ਮੱਥੇ ਉੱਪਰ ਵੀ ਪੱਥਰ ਦੇ ਫਰੇਮ ਵਿਚ ਮੂਰਤੀ ਹੈ। ਗੇਟ ਦੇ ਸੱਜੇ-ਖੱਬੇ ਸਟੀਲ ਦੇ ਛੋਟੇ-ਛੋਟੇ ਗਲਿਆਰੇ ਹਨ, ਜਿਨ੍ਹਾਂ ਵਿਚ ਵੱਡੇ ਆਕਾਰ ਦੀਆਂ ਮੂਰਤੀਆਂ ਸੁਸ਼ੋਭਿਤ ਹਨ। ਇਸ ਮੰਦਿਰ ਦੇ ਦੋ ਰਸਤੇ ਹਨ। ਇਕ ਸੜਕ ਰੇਲਵੇ ਸਟੇਸ਼ਨ ਨੂੰ ਨਿਕਲਦੀ ਹੈ ਅਤੇ ਦੂਜੀ ਸੜਕ ਨੰਗਲੀ ਸਕੂਲ ਨੂੰ। ਇਹ ਮੰਦਿਰ ਤ੍ਰਿਕੋਣੇ ਚੌਕ ਦੇ ਵਿਚ ਹੈ। ਇਸ ਦੇ ਨਾਲ ਹੀ ਲਘੂ ਬਾਜ਼ਾਰ ਵੀ ਹੈ। ਅਨੇਕ ਮੂਰਤੀਆਂ ਇਸ ਮੰਦਿਰ ਦੀ ਸ਼ੋਭਾ ਵਧਾਉਂਦੀਆਂ ਹਨ, ਜੋ ਸ਼ਕਤੀ ਤੇ ਭਗਤੀ ਦਾ ਸੰਦੇਸ਼ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਜਿਸ ਤਰ੍ਹਾਂ ਮੂਰਤੀਆਂ ਸ਼ਿਵ ਪਰਿਵਾਰ, ਹਨੂੰਮਾਨ ਜੀ, ਮਹਾਂਕਾਲੀ, ਮਹਾਂਦੁਰਗਾ, ਰਾਧਾ ਕ੍ਰਿਸ਼ਨ, ਲਕਸ਼ਮੀ ਨਾਰਾਇਣ, ਸਾਈਂ ਬਾਬਾ ਅਤੇ ਸ਼ਨੀਦੇਵ ਦੀਆਂ ਮੂਰਤੀਆਂ ਸੁਸ਼ੋਭਿਤ ਹਨ।
ਵਿਸ਼ੇਸ਼ ਤੌਰ 'ਤੇ ਸ਼ਨੀ ਦੇਵ ਦੇ ਮੰਦਿਰ ਵਿਚ ਚਾਰੇ ਪਾਸੇ ਕਾਲੇ ਰੰਗ ਦੇ ਸੁੰਦਰ 12 ਪਿੱਲਰ ਹਨ, ਜੋ ਮੰਦਿਰ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੇ ਹਨ। ਕਿਉਂਕਿ ਇਹ ਬਾਰਾਂ ਰਾਸ਼ੀਆਂ ਦੇ ਸਮਾਰਕ ਹਨ, ਕਿਉਂਕਿ ਸ਼ਨੀ ਦੇਵ ਬਾਰਾਂ ਰਾਸ਼ੀਆਂ ਵਿਚ ਵਿਚਰਦੇ ਹਨ। ਸੂਰਜ ਪੁੱਤਰ ਅਤੇ ਸ਼ਿਵ ਜੀ ਦੇ ਸ਼ਾਗਿਰਦ ਸ਼ਨੀ ਦੇਵ ਦੀ ਪੂਜਾ ਅਰਾਧਨਾ ਪਵਿੱਤਰ ਸਮਝੀ ਜਾਂਦੀ ਹੈ।
ਇਸ ਮੰਦਿਰ ਵਿਖੇ ਰਾਮਨੌਮੀ ਦੇ ਦਿਨ ਹਵਨ-ਯੱਗ ਅਤੇ ਭੰਡਾਰਾ ਧੂਮਧਾਮ ਤੇ ਸ਼ਰਧਾਪੂਰਵਕ ਢੰਗ ਨਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਭਗਤ ਜਨ, ਸ਼ਰਧਾਲੂ ਸਨਿਚਰਵਾਰ ਨੂੰ ਲੰਗਰ ਲਗਾਉਂਦੇ ਹਨ। ਮੰਦਿਰ ਵਿਚ ਇਕ ਸੁੰਦਰ ਸਤਿਸੰਗ ਭਵਨ ਵੀ ਹੈ, ਜਿਥੇ ਹਰ ਸਾਲ ਨਰਾਤਰਿਆਂ ਵਿਚ ਦੁਰਗਾ ਦੀ ਸ਼ੋਭਾ ਦਾ ਪਾਠ ਅਤੇ ਓਮ ਨਮੋ ਸ਼ਿਵਾਏ ਦਾ ਪਾਠ ਵੀ ਕੀਤਾ ਜਾਂਦਾ ਹੈ। ਇਥੇ ਦੂਰ-ਦੂਰ ਤੋਂ ਸ਼ਰਧਾਲੂ ਪੂਜਾ ਅਰਚਨਾ ਲਈ ਆਉਂਦੇ ਹਨ। ਸਨਿਚਰਵਾਰ ਵਾਲੇ ਦਿਨ ਭਗਤਾਂ ਦਾ ਤਾਂਤਾ ਲੱਗ ਜਾਂਦਾ ਹੈ।
ਇਥੋਂ ਦੇ ਪੁਜਾਰੀ ਸ੍ਰੀ ਰਿਸ਼ੀ ਨੇ ਦੱਸਿਆ ਕਿ ਇਸ ਮੰਦਿਰ ਵਿਖੇ ਹਿੰਦੂ ਧਰਮ ਦੇ ਸਾਰੇ ਦਿਨ-ਤਿਉਹਾਰ ਮਨਾਏ ਜਾਂਦੇ ਹਨ ਅਤੇ ਸਮੇਂ-ਸਮੇਂ ਮੁਤਾਬਿਕ ਕਥਾ ਪ੍ਰਵਚਨ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਨੀ ਦੇਵ ਕਰੂਰ ਨਹੀਂ, ਸਰਬ ਸ਼ਕਤੀਮਾਨ ਅਤੇ ਨਿਆਂ ਦੇ ਪੁੰਜ ਹਨ, ਜੋ ਦੁਸ਼ਟਾਂ ਨੂੰ ਦੰਡ ਦਿੰਦੇ ਹਨ। ਸ਼ਨੀ ਦੀ ਭਗਤੀ ਸਭ ਦੇ ਦੁੱਖ ਦੂਰ ਕਰਦੀ ਹੈ। ਦਿਨੋ-ਦਿਨ ਇਸ ਮੰਦਿਰ ਦੀ ਪ੍ਰਤਿਸ਼ਠਤਾ ਵਧ ਰਹੀ ਹੈ।


-ਬਲਵਿੰਦਰ ਬਾਲਮ,
ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409

ਯਾਦਗਾਰੀ ਰੁੱਖ

ਗੁਰੂ ਪਾਤਸ਼ਾਹਾਂ ਨੇ ਜਿਨ੍ਹਾਂ ਧਰਤੀਆਂ 'ਤੇ ਆਪਣੇ ਮੁਬਾਰਕ ਚਰਨ ਰੱਖੇ, ਉਹ ਹਰੀਆਂ-ਭਰੀਆਂ ਅਤੇ ਸੁਹਾਵੀਆਂ ਹੋ ਗਈਆਂ। ਅੱਜ ਵੀ ਉਹ ਰਾਹ, ਜਲ, ਥਲ, ਵਣ ਅਤੇ ਰੁੱਖ-ਬੂਟੇ ਕਿਸੇ ਅਰਸ਼ੀ ਆਨੰਦ ਵਿਚ ਲਰਜ਼ ਰਹੇ ਹਨ। ਨਿਮਾਣੇ ਜਿਹੇ ਰੁੱਖ ਇਲਾਹੀ ਸਪਰਸ਼ ਨਾਲ ਸੁਗੰਧਿਤ ਹੋ ਕੇ ਅੱਜ ਵੀ ਲਹਿਰਾਅ ਰਹੇ ਹਨ ਅਤੇ ਅਰਸ਼ਾਂ ਵੱਲ ਸਿਰ ਚੁੱਕ ਕੇ ਰੱਬੀ ਸ਼ਾਨ ਦੇ ਨਿਸ਼ਾਨ ਬਣ ਗਏ ਹਨ। ਇਹੋ ਜਿਹੇ ਕੁਝ ਯਾਦਗਾਰੀ ਰੁੱਖਾਂ ਦੀ ਨੁਹਾਰ ਦੇਖਦੇ ਹਾਂ।
ਖਰਕ ਭੂਰਾ ਵਿਖੇ ਇਮਲੀ ਦਾ ਰੁੱਖ : ਨੌਵੇਂ ਪਾਤਸ਼ਾਹ ਜੀ ਧਮਧਾਨ ਸਾਹਿਬ ਤੋਂ 15 ਕੁ ਮੀਲ ਦੂਰ ਪਿੰਡ ਦੇ ਪੂਰਬ ਵੱਲ ਇਕ ਬੋਹੜ ਥੱਲੇ ਬਿਰਾਜੇ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਘਾਬਰੇ ਹੋਏ ਲੋਕਾਂ ਨੂੰ ਹੌਸਲਾ ਦਿੱਤਾ। ਇਸ ਜਗ੍ਹਾ ਇਕ ਇਮਲੀ ਦੇ ਦਰੱਖਤ ਨਾਲ ਮਹਾਰਾਜ ਜੀ ਦਾ ਘੋੜਾ ਬੰਨ੍ਹਿਆ ਗਿਆ ਸੀ। ਇਹ ਇਮਲੀ ਦਾ ਦਰੱਖਤ ਅੱਜ ਵੀ ਮੌਜੂਦ ਹੈ। ਇਸ ਬਿਰਖ ਦੀਆਂ ਜੜ੍ਹਾਂ ਤੋਂ ਥੋੜ੍ਹਾ ਉੱਪਰ ਆਪ ਜੀ ਦੇ ਘੋੜੇ ਦੇ ਪੌੜ ਦਾ ਨਿਸ਼ਾਨ ਵੀ ਲੱਗਿਆ ਹੋਇਆ ਹੈ।
ਗੁਰੂਸਰ ਸਰਾਵਾਂ ਵਿਖੇ ਕਰੀਰ ਦਾ ਰੁੱਖ : ਸ੍ਰੀ ਦਸਮੇਸ਼ ਜੀ ਨੇ ਮੁਕਤਸਰ ਸਾਹਿਬ ਵੱਲ ਜਾਂਦੇ ਹੋਏ ਇਸ ਅਸਥਾਨ ਉੱਤੇ ਇਕ ਕਰੀਰ ਦੇ ਰੁੱਖ ਹੇਠਾਂ ਵਿਸ਼ਰਾਮ ਕੀਤਾ ਸੀ। ਇਹ ਕਰੀਰ ਦਾ ਵਡਭਾਗਾ ਰੁੱਖ ਅੱਜ ਵੀ ਮੌਜੂਦ ਹੈ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਵਿਚ ਲਿਖਿਆ ਹੋਇਆ ਹੈ ਕਿ ਇਥੇ ਨੇੜੇ ਹੀ ਇਕ ਸ਼ਰੀਂਹ ਦੇ ਦਰੱਖਤ ਵਿਚ ਇਕ ਸੱਯਦ ਗੁਪਤ ਤੌਰ 'ਤੇ ਰਹਿੰਦਾ ਸੀ। ਉਸ ਨੇ ਬਾਹਰ ਆ ਕੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਅੱਜ ਮੈਂ ਖੁਦਾ ਦਾ ਦੀਦਾਰ ਪਾ ਕੇ ਰਾਜ਼ੀ ਹੋਇਆ ਹਾਂ।
ਪਿੰਡ ਅਗੌਲ ਵਿਖੇ ਪਿੱਪਲ ਦਾ ਰੁੱਖ : ਨਾਭੇ ਦੇ ਨੇੜੇ ਇਸ ਅਸਥਾਨ 'ਤੇ ਨੌਵੇਂ ਪਾਤਸ਼ਾਹ ਜੀ ਕੁਝ ਦੇਰ ਲਈ ਇਕ ਪਿੱਪਲ ਦੇ ਰੁੱਖ ਹੇਠ ਬਿਰਾਜੇ ਸਨ, ਜੋ ਹੁਣ ਤੱਕ ਕਾਇਮ ਹੈ।
ਪਿੰਡ ਗੁਮਟੀ ਵਿਖੇ ਜੰਡ ਸਾਹਿਬ : ਛੇਵੇਂ ਪਾਤਸ਼ਾਹ ਜੀ ਦੇ ਅਨਿਨ ਸਿੱਖ ਗਰਮੀ ਦੇ ਮੌਸਮ ਵਿਚ ਇਕ ਜੰਡ ਨਾਲ ਜਲ ਦੀ ਇਕ ਕੂਲ੍ਹ ਲਟਕਾ ਕੇ ਲੱਕੜੀ ਕੱਟ ਰਹੇ ਸਨ। ਪਿਆਸ ਲੱਗਣ 'ਤੇ ਜਦੋਂ ਭਾਈ ਸੱਧੂ ਜੀ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਰੂਪ ਚੰਦ ਨੇ ਜਲ ਪੀਣਾ ਚਾਹਿਆ ਤਾਂ ਅਤਿ ਠੰਢਾ ਜਾਣ ਕੇ ਪ੍ਰਣ ਕੀਤਾ ਕਿ ਇਹ ਜਲ ਤਾਂ ਛੇਵੇਂ ਪਾਤਸ਼ਾਹ ਜੀ ਦੇ ਛਕਣ ਲਾਇਕ ਹੈ, ਉਨ੍ਹਾਂ ਨੂੰ ਛਕਾ ਕੇ ਹੀ ਜਲ ਛਕਾਂਗੇ। ਉਹ ਗਰਮੀ ਅਤੇ ਪਿਆਸ ਕਾਰਨ ਬੇਹੋਸ਼ ਹੋ ਗਏ। ਛੇਵੇਂ ਪਾਤਸ਼ਾਹ ਜੀ ਡਰੋਲੀ ਤੋਂ ਘੋੜਾ ਦੌੜਾਅ ਕੇ ਇਥੇ ਆਏ, ਆਪ ਜਲ ਛਕਿਆ ਅਤੇ ਪਿਓ-ਪੁੱਤਰ ਨੂੰ ਜਲ ਛਕਾ ਕੇ ਅਨੇਕਾਂ ਵਰ ਦਿੱਤੇ। ਇਹ ਜੰਡ ਸਾਹਿਬ ਅੱਜ ਵੀ ਗੁਰੂ ਅਤੇ ਸਿੱਖ ਦੇ ਪਿਆਰ ਦੀ ਕਹਾਣੀ ਸੁਣਾ ਰਿਹਾ ਜਾਪਦਾ ਹੈ।
ਭੰਗਾਣੀ ਸਾਹਿਬ ਦੇ ਜਾਮਣਾਂ ਦੇ ਬਿਰਖ : ਇਥੇ ਸ੍ਰੀ ਦਸਮੇਸ਼ ਜੀ ਨੇ ਪਹਾੜੀ ਰਾਜਿਆਂ ਨਾਲ ਪਹਿਲਾ ਯੁੱਧ ਕੀਤਾ ਸੀ। ਜਿਨ੍ਹਾਂ ਕਿੱਲ੍ਹਿਆਂ ਨਾਲ ਮਹਾਰਾਜ ਜੀ ਨੇ ਘੋੜੇ ਬੰਨ੍ਹੇ ਸਨ, ਉਹ ਹੁਣ ਹਰੇ ਹੋ ਕੇ ਜਾਮਣਾਂ ਦੇ ਬਿਰਖ ਬਣੇ ਹੋਏ ਹਨ।
ਪਿੰਡ ਲਾਹੜਪੁਰ ਵਿਖੇ ਬੇਰੀ ਦਾ ਬਿਰਖ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਣ ਤੋਂ ਆਉਂਦੇ ਹੋਏ ਇਥੇ ਬੇਰੀ ਦੇ ਬਿਰਖ ਥੱਲੇ ਬਿਰਾਜੇ ਸਨ, ਜੋ ਹੁਣ ਵੀ ਮੌਜੂਦ ਹੈ।
ਝੀਵਰਹੇੜੀ ਵਿਖੇ ਪਿੱਪਲ ਦਾ ਰੁੱਖ : ਇਹ ਪਿੰਡ ਅੰਬਾਲਾ-ਸਹਾਰਨਪੁਰ ਸੜਕ 'ਤੇ ਹੈ। ਇਥੇ ਨੌਵੇਂ ਪਾਤਸ਼ਾਹ ਜੀ ਸਾਧੂ ਭਿਖਾਰੀ ਦਾਸ ਨੂੰ ਉਪਦੇਸ਼ ਦੇਣ ਆਏ ਸਨ। ਆਪ ਜੀ ਇਕ ਸੁੱਕੇ ਪਿੱਪਲ ਥੱਲੇ ਆ ਕੇ ਬਿਰਾਜ ਗਏ ਅਤੇ ਧੁੱਪ ਵਿਚ ਹੀ ਬੈਠ ਗਏ। ਭਿਖਾਰੀ ਦਾਸ ਨੇ ਕਿਹਾ ਕਿ ਛਾਵੇਂ ਆ ਜਾਓ ਤਾਂ ਮਹਾਰਾਜ ਜੀ ਨੇ ਕਿਹਾ ਕਿ ਜੇ ਪ੍ਰਮੇਸ਼ਰ ਨੇ ਚਾਹਿਆ ਤਾਂ ਇਥੇ ਹੀ ਛਾਂ ਹੋ ਜਾਵੇਗੀ। ਉਸੇ ਸਮੇਂ ਸੁੱਕੇ ਪਿੱਪਲ ਦੀਆਂ ਕਰੂੰਬਲਾਂ ਫੁੱਟ ਆਈਆਂ, ਕਿਉਂਕਿ ਪਾਤਸ਼ਾਹ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਇਸ 'ਤੇ ਪਈ ਸੀ। ਅੱਜ ਵੀ ਇਹ ਪਿੱਪਲ ਮੰਜੀ ਸਾਹਿਬ ਦੇ ਕੋਲ ਖੜ੍ਹਾ ਲਹਿਲਹਾ ਰਿਹਾ ਹੈ।

ਧਾਰਮਿਕ ਸਾਹਿਤ

ਕੂਕਾ ਲਹਿਰ ਦੇ ਅਮਰ ਨਾਇਕ
ਲੇਖਕ : ਸੁਵਰਨ ਸਿੰਘ ਵਿਰਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼, ਚੰਡੀਗੜ੍ਹ।
ਪੰਨੇ : 704, ਮੁੱਲ : 650 ਰੁਪਏ
ਸੰਪਰਕ : 99963-71716


ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ ਕੂਕਾ ਲਹਿਰ ਹੀ ਸੀ। ਬਰਤਾਨਵੀ ਹਕੂਮਤ ਹੱਥੋਂ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਕੂਕਾ ਲਹਿਰ ਅਤੇ ਇਸ ਵੱਲੋਂ ਚਲਾਏ ਜਾਂਦੇ ਰਹੇ ਅੰਦੋਲਨਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਪੁਸਤਕ ਦਾ ਲੇਖਕ ਲੋਕ ਲਹਿਰਾਂ ਨਾਲ ਨਿਰੰਤਰ ਜੁੜਿਆ ਰਹਿਣ ਵਾਲਾ ਇਕ ਪ੍ਰਗਤੀਸ਼ੀਲ ਵਿਦਵਾਨ ਹੈ। ਨਾਮਧਾਰੀ ਲਹਿਰ ਨਾਲ ਸਬੰਧਤ ਉਸ ਦੀਆਂ ਹੋਰ ਵੀ ਖੋਜ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਨਾਮਧਾਰੀ ਪਿਛੋਕੜ ਹੋਣ ਕਰਕੇ ਉਸ ਨੂੰ ਇਸ ਲਹਿਰ ਦਾ ਡੂੰਘਾ ਗਿਆਨ ਤੇ ਅਨੁਭਵ ਹੈ। ਕੂਕਾ ਲਹਿਰ ਦੇ ਨਾਇਕਾਂ ਦੇ ਜੀਵਨ ਬਿਰਤਾਂਤ, ਬਸਤੀਵਾਦੀ ਅੰਗਰੇਜ਼ੀ ਸਰਕਾਰ ਦੇ ਦਮਨ ਚੱਕਰ ਅਤੇ ਇਸ ਦੇ ਵਿਰੋਧ ਵਿਚ ਚੱਲੇ ਸੁਤੰਤਰਤਾ ਸੰਗਰਾਮ ਦੇ ਵੱਖ-ਵੱਖ ਪਹਿਲੂਆਂ ਬਾਰੇ ਇਹ ਪੁਸਤਕ ਗਿਆਨ ਭਰਪੂਰ ਰੌਸ਼ਨੀ ਪਾਉਂਦੀ ਹੈ।
ਕੂਕਾ ਲਹਿਰ ਦੇ ਮਹਾਨ ਨਾਇਕ ਬਾਬਾ ਰਾਮ ਸਿੰਘ ਅਤੇ ਆਜ਼ਾਦੀ ਦੇ ਪੰਜਾਹ ਹੋਰ ਪ੍ਰਵਾਨਿਆਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਲੇਖਕ ਨੇ ਪਹਿਲੀ ਵਾਰੀ ਕਿਤਾਬ ਦੇ ਰੂਪ ਵਿਚ ਰੂਪਮਾਨ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਇਨ੍ਹਾਂ ਮਹਾਨ ਆਗੂਆਂ ਵਿਚੋਂ ਕਈਆਂ ਨੂੰ ਵਿਦੇਸ਼ਾਂ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਜਿਨ੍ਹਾਂ ਵਿਚੋਂ ਕੁਝ ਕੈਦ ਦੌਰਾਨ ਹੀ ਸ਼ਹੀਦ ਹੋ ਗਏ ਅਤੇ ਬਾਕੀ ਜੋ ਕੈਦ ਕੱਟ ਕੇ ਵਾਪਸ ਪੰਜਾਬ ਪਰਤੇ, ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ।
ਇਹ ਪੁਸਤਕ ਜਿਥੇ ਰਾਜਸੀ ਖੇਤਰ ਵਿਚ ਕੂਕਾ ਲਹਿਰ ਦੇ ਮਹੱਤਵ ਨੂੰ ਦਰਸਾਉਂਦੀ ਹੈ, ਉਥੇ ਅਧਿਆਤਮਕ, ਸਮਾਜਿਕ, ਇਤਿਹਾਸਕ ਤੇ ਕਲਾ ਖੇਤਰ ਵਿਚ ਵੀ ਪਾਏ ਯੋਗਦਾਨ ਬਾਰੇ ਪ੍ਰਕਾਸ਼ ਪਾਉਂਦੀ ਹੈ, ਜਿਵੇਂ ਕਿ ਨਾਮ ਬਾਣੀ ਦਾ ਸਿਮਰਨ, ਸਿੱਖ ਪੁਨਰ ਜਾਗਰਣ, ਸਮੂਹਿਕ ਵਿਆਹ ਪ੍ਰਥਾ, ਸਾਂਝੇ ਲੰਗਰ, ਔਰਤ ਦੀ ਬਰਾਬਰੀ, ਸੰਗੀਤ ਕਲਾ, ਆਪਣੀ ਸਿੱਖਿਆ ਤੇ ਡਾਕ ਪ੍ਰਬੰਧ ਆਦਿ। ਆਜ਼ਾਦੀ ਅੰਦੋਲਨ ਦੇ ਇਤਿਹਾਸ ਅਤੇ ਇਸ ਵਿਚ ਕੂਕਾ ਲਹਿਰ ਦੀ ਦੇਣ ਬਾਰੇ ਪਾਠਕਾਂ ਅਤੇ ਕੂਕਾ ਲਹਿਰ ਦੇ ਖੋਜੀਆਂ ਲਈ ਇਹ ਇਕ ਪ੍ਰੇਰਨਾਦਾਇਕ ਤੇ ਸਾਂਭਣਯੋਗ ਪੁਸਤਕ ਹੈ, ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।


-ਕੰਵਲਜੀਤ ਸਿੰਘ ਸੂਰੀ,
ਮੋਬਾ: 93573-24241


ਸਾਹਿਬੇ ਕਲਾਮ

(ਬਾਣੀ ਸ੍ਰੀ ਦਸਮ ਗ੍ਰੰਥ : ਜਾਣ-ਪਛਾਣ)
ਲੇਖਿਕਾ : ਡਾ: ਮਹਿੰਦਰ ਕੌਰ ਗਿੱਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ।
ਪੰਨੇ : 202, ਮੁੱਲ : 395 ਰੁ: ਤੇ 350 ਰੁ:
ਸੰਪਰਕ : 098731-41263


ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਉਤਸਵ ਸਮੇਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਵਿਚ ਸਾਹਿਬੇ ਕਲਾਮ ਦਾ ਪ੍ਰਕਾਸ਼ਨ ਧਿਆਨ ਦੇਣ ਯੋਗ ਹੈ। ਇਸ ਦੀ ਲੇਖਿਕਾ ਗੁਰਮਤਿ ਸਾਹਿਤ ਦੀ ਜਾਣੀ-ਪਛਾਣੀ ਵਿਦਵਾਨ ਹੈ, ਜੋ ਇਸ ਵਿਸ਼ੇ ਉੱਤੇ ਲਗਪਗ ਇਕ ਸੌ ਪੁਸਤਕਾਂ ਲਿਖ/ਸੰਪਾਦਿਤ ਕਰ ਚੁੱਕੀ ਹੈ। ਲੇਖਿਕਾ ਹੀ ਨਹੀਂ, ਪੁਸਤਕ ਦਾ ਵਿਸ਼ਾ ਵਸਤੂ ਵੀ ਮਹੱਤਵਪੂਰਨ ਹੈ। ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨਾਲ ਜੁੜੇ ਦਸਮ ਗ੍ਰੰਥ, ਉਸ ਦੇ ਸੰਪਾਦਨ ਨਾਲ ਸਬੰਧਤ ਵਿਵਾਦ ਅਤੇ ਉਸ ਵਿਚ ਅੰਕਿਤ ਬਾਣੀਆਂ ਦੀ ਸੰਖੇਪ ਜਾਣ-ਪਛਾਣ ਕਰਵਾਉਂਦੀ ਹੈ। ਡਾ: ਮਹਿੰਦਰ ਕੌਰ ਗਿੱਲ ਦਾ ਨਿਰਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਦੀ ਪਰਖ, ਲੰਬੀ ਸਿੱਖ ਪਰੰਪਰਾ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉਦੇਸ਼ ਅਤੇ ਇਸ ਗ੍ਰੰਥ ਵਿਚ ਅੰਕਿਤ ਬਾਣੀ ਦੀ ਸਮੁੱਚੀ ਦ੍ਰਿਸ਼ਟੀ ਦੇ ਆਧਾਰ ਉੱਤੇ ਇਹ ਰਚਨਾ ਦਸਮ ਪਾਤਸ਼ਾਹ ਦੇ ਨਾਂਅ ਨਾਲ ਹੀ ਜੁੜਦੀ ਪ੍ਰਤੀਤ ਹੁੰਦੀ ਹੈ। ਉਸ ਨੇ ਬਾਣੀ ਤੇ ਕਾਵਿ ਦੇ ਨਿਖੇੜ/ਹੋਂਦ ਵਿਧੀ ਨੂੰ ਦਰਸ਼ਨ/ਉਦੇਸ਼ ਦੇ ਆਧਾਰ 'ਤੇ ਨਿਖੇੜਿਆ ਹੈ। ਕਵੀ ਬਿੰਬਾਂ ਵਿਚ ਗੱਲ ਕਰਦਾ ਹੈ, ਦਰਸ਼ਨ ਵੇਤਾ ਸੰਕਲਪਾਂ ਵਿਚ। ਕਵੀ ਪਾਸ ਨੀਝ ਤੇ ਅਭਿਵਿਅੰਜਨਾ ਹੈ, ਦਾਰਸ਼ਨਿਕ ਕੋਲ ਗੰਭੀਰ ਚਿੰਤਨ। ਕਾਵਿ ਲੌਕਿਕ ਅਨੁਭਵ/ਭਾਵਾਂ ਨਾਲ ਸਬੰਧਤ ਹੈ। ਬਾਣੀ ਪਰਾਭੌਤਕ/ ਪਾਰਲੌਕਕ/ ਅਧਿਆਤਮਕ ਅਨੁਭਵ/ਚਿੰਤਨ/ ਦਰਸ਼ਨ ਨਾਲ ਜੁੜੀ ਹੋਈ ਹੈ। ਇਸ ਦਾ ਕੇਂਦਰਬਿੰਦੂ ਬ੍ਰਹਮ ਤੇ ਰਹੱਸਵਾਦ ਹਨ। ਲੇਖਿਕਾ ਨੇ ਦਸਮ ਗ੍ਰੰਥ ਦੀ ਹੋਂਦ, ਚਾਰ ਬੀੜਾਂ ਤੇ ਇਨ੍ਹਾਂ ਨਾਲ ਸਬੰਧਤ ਵਿਵਾਦ ਨੂੰ ਅੰਕਿਤ ਕਰਨ ਉਪਰੰਤ ਇਸ ਵਿਚ ਅੰਕਿਤ ਸਾਰੀਆਂ (15) ਰਚਨਾਵਾਂ ਦੀ ਸੂਚੀ ਦਿੰਦੇ ਹੋਏ ਵੱਖ-ਵੱਖ ਰਚਨਾਵਾਂ ਉੱਤੇ ਵੱਖ-ਵੱਖ ਅਧਿਆਵਾਂ ਵਿਚ ਵਿਚਾਰ ਕੀਤੀ ਹੈ। ਇਸ ਗ੍ਰੰਥ ਵਿਚ ਪ੍ਰਾਪਤ ਪ੍ਰਗੀਤਾਂ ਦੀ ਸ਼ਾਬਦਿਕ ਲੈਅ, ਬਿੰਬ ਮੁਖਤਾ, ਨਿੱਜ-ਤੱਤ, ਭਾਵ-ਬਹੁਲਤਾ, ਹਿਰਦੇ ਨੂੰ ਛੂਹ ਜਾਣ ਦੀ ਸਮਰੱਥਾ ਤੇ ਅਕਾਲ ਪੁਰਖ/ਰਚਨਾਕਾਰ ਦਾ ਸਿੱਧਾ ਸਬੰਧ ਜਿਹੇ ਲੱਛਣਾਂ ਵੱਲ ਧਿਆਨ ਦਿਵਾਇਆ ਹੈ। ਵਾਰ ਕਾਵਿ ਯੁੱਧ ਤੇ ਵੀਰਤਾ ਨੂੰ ਕੇਂਦਰ ਵਿਚ ਰੱਖਣ ਦੀ ਗੁਰੂ ਸਾਹਿਬ ਦੀ ਦ੍ਰਿਸ਼ਟੀ ਉਜਾਗਰ ਕੀਤੀ ਹੈ। ਚਰਿਤ-ਕਾਵਿ ਰਾਹੀਂ ਖਾਲਸੇ ਨੂੰ ਆਚਾਰਣਕ ਸੇਧ ਦੇਣ ਦਾ ਉਦੇਸ਼ ਸਪੱਸ਼ਟ ਕੀਤਾ ਹੈ। ਭਾਰਤੀ ਪੌਰਾਣਕ/ਮਿਥਿਹਾਸਕ ਪਰੰਪਰਾ ਤੋਂ ਪਰੀਚਿਤ ਕਰਵਾਉਣ ਲਈ ਅਵਤਾਰ ਕਥਾਵਾਂ ਲਿਖੀਆਂ/ਲਿਖਵਾਈਆਂ ਹਨ ਪਰ ਉਹ ਇਕ ਅਕਾਲ ਪੁਰਖ/ਨਿਰੰਕਾਰ ਤੋਂ ਇਲਾਵਾ ਕਿਸੇ ਵੀ ਇਸ਼ਟ ਨੂੰ ਨਹੀਂ ਸਵੀਕਾਰਦੇ।


-ਡਾ: ਕੁਲਦੀਪ ਸਿੰਘ ਧੀਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX