ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਸੋਨਮ ਕਪੂਰ

ਗ਼ਰੀਬੋਂ ਕੀ ਸੁਨੋ...

ਸੋਨਮ ਲੰਦਨ ਗਈ, ਕੀ ਲੈਣ? ਸਿਰਫ਼ ਆਪਣੀ ਪਿਆਰੀ ਮਾਂ ਦਾ ਜਨਮ ਦਿਨ ਮਨਾਉਣ। ਇਹ ਸੋਨਮ ਦੀ ਮਾਂ ਦਾ 60ਵਾਂ ਜਨਮ ਦਿਨ ਸੀ। ਲੰਦਨ 'ਚ ਜੋ ਪਾਰਟੀ ਸੋਨਮ ਨੇ ਇਸ ਮੌਕੇ ਦਿੱਤੀ, ਉਹ ਯਾਦਗਾਰੀ ਬਣ ਗਈ। ਸੋਨਮ ਦੀ ਇਕ ਖੂਬੀ ਇਹ ਹੈ ਕਿ ਲੰਦਨ ਤੋਂ ਉਹ ਸਿੱਧੀ ਘਰ ਨਹੀਂ ਇੰਦੌਰ ਗਈ ਜਿਥੇ ਉਸ ਨੇ ਆਪਣੀ ਫ਼ਿਲਮ 'ਪੈਡਮੈਨ' ਦੀ ਸ਼ੂਟਿੰਗ ਕਰਨੀ ਸੀ। ਇਸ ਤੋਂ ਉਸ ਦਾ ਵਪਾਰਕਪੁਣਾ ਝਲਕਦਾ ਹੈ। ਆਰ. ਬਾਲਕੀ ਦੀ ਫ਼ਿਲਮ 'ਪੈਡਮੈਨ' ਵਿਚ ਸੋਨਮ ਦੇ ਨਾਲ ਅਕਸ਼ੈ ਕੁਮਾਰ ਹੈ। ਇਹ ਫ਼ਿਲਮ ਦੱਖਣ ਦੇ ਇਕ ਵਪਾਰੀ ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ। ਸਸਤੇ ਤੌਲੀਏ ਬਣਾ ਕੇ ਆਪਣਾ ਵਪਾਰ ਚਮਕਾਉਣ ਵਾਲੇ ਤੇ ਜਨਤਾ ਨੂੰ ਸਸਤੀ ਚੀਜ਼ ਮੁਹੱਈਆ ਕਰਾਉਣ ਵਾਲੇ ਅਰੁਨਚਾਲਮ ਨਾਂਅ ਦੇ ਵਪਾਰੀ 'ਤੇ ਆਧਾਰਿਤ 'ਪੈਡਮੈਨ' ਸੋਨਮ ਲਈ ਇਕ ਅਲੱਗ ਤਜਰਬੇਵਾਲੀ ਫ਼ਿਲਮ ਹੈ। 'ਪੈਡਮੈਨ' 'ਚ ਰਾਧਿਕਾ ਆਪਟੇ ਵੀ ਹੈ। ਸੋਨਮ ਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਕਿ 'ਪੈਡਮੈਨ' 'ਚ ਟਵਿੰਕਲ ਖੰਨਾ ਖਾਸ ਦਿਲਚਸਪੀ ਲੈ ਰਹੀ ਹੈ, ਜੋ ਅਕਸ਼ੈ ਕੁਮਾਰ ਦੀ ਧਰਮਪਤਨੀ ਹੈ। ਮੁਕਾਬਲੇ 'ਚ ਯਕੀਨ ਰੱਖ ਅਗਾਂਹ ਵਧ ਰਹੀ ਸੋਨਮ ਸਮਾਜ ਸੇਵਾ ਵੀ ਕਰਦੀ ਹੈ। ਰੋਟੀ ਲਈ ਤਰਸਦੇ ਲੋਕਾਂ ਲਈ ਉਸ ਨੇ ਮੁੰਬਈ ਦੀ ਸੰਸਥਾ 'ਫਾਈਟ ਹੰਗਰ ਫਾਊਂਡੇਸ਼ਨ' ਨੂੰ ਕਾਫੀ ਦਾਨ ਦਿੱਤਾ ਹੈ। ਆਖਿਰ ਇਸ ਸੰਸਥਾ ਨੇ ਉਸ ਨੂੰ ਆਪਣੀ 'ਪ੍ਰਚਾਰਕ' ਤੇ 'ਖਾਸ ਹਸਤੀ' ਵੀ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਕੈਂਸਰ ਪੀੜਤ ਬੱਚਿਆਂ ਦੀ ਸੰਸਥਾ ਲਈ ਵੀ ਸੋਨਮ ਆਰਥਿਕ ਮਦਦ ਕਰ ਰਹੀ ਹੈ। ਸੋਨਮ ਨੇ ਆਪਣੇ ਕੱਪੜੇ, ਬੈਗ ਤੇ ਹੋਰ ਸਮਾਨ ਨਿਲਾਮ ਕਰਕੇ ਪੈਸੇ ਇਕੱਠੇ ਕਰਕੇ ਦੋਵਾਂ ਸੰਸਥਾਵਾਂ ਨੂੰ ਦਿੱਤੇ ਹਨ। ਇਕ ਤਰ੍ਹਾਂ ਨਾਲ ਉਹ ਬਿਮਾਰਾਂ ਦੀ ਮਸੀਹਾ ਬਣ ਕੇ ਉਭਰੀ ਹੈ। ਗ਼ਰੀਬਾਂ ਦੀ ਸੱਚੀ ਹਮਦਰਦ ਬਣੀ ਹੈ। ਦਇਆਵਾਨ ਸੋਨਮ ਕਪੂਰ ਸਮਾਜ ਲਈ ਯੋਗਦਾਨ ਦੇ ਰਹੀ ਹੈ ਤਾਂ ਉੱਚੀਆਂ ਛਾਲਾਂ ਲਈ ਸਮਾਜ ਵੀ ਤਾਂ ਉਸ ਨੂੰ ਦੁਆਵਾਂ ਹੀ ਦੇਵੇਗਾ।


ਖ਼ਬਰ ਸ਼ੇਅਰ ਕਰੋ

ਸੋਨਾਕਸ਼ੀ ਸਿਨਹਾ : ਤੁਮਸਾ ਨਹੀਂ ਦੇਖਾ

ਇਹ ਸੁਨਹਿਲ ਸਿੱਪੀ ਦੇ ਚੰਗੇ ਭਾਗ ਹਨ ਜਾਂ ਫਿਰ ਸ਼ਤਰੂਘਨ ਸਿਨਹਾ ਦੀ ਲਾਡਾਂ ਪਲੀ ਬੇਟੀ ਸੋਨਾਕਸ਼ੀ ਸਿਨਹਾ ਲਈ ਇਕ ਖਾਸ ਪ੍ਰਾਪਤੀ ਕਿ ਕਮਲੀ ਦਾ ਵਿਚਾਰ ਸੁਣਦਿਆਂ ਹੀ ਉਸ ਨੇ 'ਇਤਫ਼ਾਕ' ਫ਼ਿਲਮ ਲਈ ਗਰਦਨ ਹਾਂ ਵਿਚ ਹਿਲਾ ਦਿੱਤੀ। ਸਬਾ ਇਮਤਿਆਜ਼ ਦਾ ਨਾਵਲ 'ਕਰਾਚੀ ਯੂ ਆਰ ਕਿਲਿੰਗ' ਕਈ ਵਾਰ ਪੜ੍ਹ ਚੁੱਕੀ ਸੋਨਾ ਨੂੰ ਲੱਗਿਆ ਕਿ ਇਸ ਨਾਵਲ ਦਾ ਕਿਰਦਾਰ ਮੁੰਬਈ ਦੀ ਕੁੜੀ ਨਾਲ ਵੀ ਕਿਤੇ ਨਾ ਕਿਤੇ ਮੇਲ ਜ਼ਰੂਰ ਖਾਂਦਾ ਹੈ। ਇਥੋਂ ਹੀ ਪਤਾ ਚਲਦਾ ਹੈ ਕਿ 2010 'ਚ 'ਦਬੰਗ' ਨਾਲ ਪਰਦੇ 'ਤੇ ਪਹਿਲੀ ਵਾਰ ਮੂੰਹ ਦਿਖਾਉਣ ਵਾਲੀ ਸੋਨਾ ਸਿਆਣੀ, ਪੜ੍ਹੀ-ਲਿਖੀ ਤੇ ਸਾਹਿਤਕ ਵਿਚਾਰਧਾਰਾ ਵਾਲੀ ਨਵੀਂ ਪੀੜ੍ਹੀ ਦੀਆਂ ਹੀਰੋਇਨਾਂ 'ਚੋਂ ਚੋਟੀ 'ਤੇ ਪਹੁੰਚੀ ਸ਼ਾਇਦ ਪਹਿਲੀ ਅਭਿਨੇਤਰੀ ਹੈ। ਪੱਛਮੀ ਮੁੰਬਈ, ਵਡਾਲਾ ਇਹ ਥਾਂ ਪਹਿਲੀ ਵਾਰ 'ਇਤਫ਼ਾਕ' ਕਾਰਨ ਉਸ ਨੇ ਦੇਖੀ ਹੈ। ਇਥੋਂ ਤੱਕ ਕਿ ਸੋਨਾ ਨੇ ਪਹਿਲੀ ਵਾਰ ਸੀਮੈਂਟ ਫੈਕਟਰੀ ਦੇਖੀ ਤੇ ਹੈਰਾਨ ਹੋ ਗਈ ਕਿ ਸਾਡੀ ਕੁੱਲੀ ਪੱਕੀ ਕਰਨ ਵਾਲਾ ਸੀਮੈਂਟ ਕਿੰਨੀ ਮਿਹਨਤ ਨਾਲ ਤਿਆਰ ਹੁੰਦਾ ਹੈ? ਖੋਜ, ਲੱਭਤ ਤੇ ਕਾਢ ਇਨ੍ਹਾਂ ਚੀਜ਼ਾਂ ਨਾਲ ਉਸ ਨੂੰ ਪਹਿਲਾਂ ਹੀ ਬਹੁਤ ਪਿਆਰ ਹੈ। ਸੋਨਾ ਨੇ ਸਾਫ਼ ਕਿਹਾ ਹੈ ਕਿ ਉਸ ਦੀ ਪਸੰਦ ਦੇ ਦੋ ਹੀ ਡਾਇਰੈਕਟਰ ਹਨ, ਇਕ ਹੈ ਵਿਕਰਮ। ਦਿੱਤਿਆ ਮੋਟਵਾਨੀ ਤੇ ਦੂਸਰਾ ਸੁਨਹਿਲ ਸਿੱਪੀ। ਜ਼ਾਹਿਰ ਹੈ ਕਿ ਆਪਣੇ ਪਿਤਾ ਦੀ ਤਰ੍ਹਾਂ ਸਿੱਧੀ ਗੱਲ ਮੂੰਹ 'ਤੇ ਕਰਕੇ ਸੋਨਾ ਕਈ ਨਰਾਜ਼ਗੀਆਂ ਮੁੱਲ ਲੈ ਬੈਠਦੀ ਹੈ। 'ਅਕੀਰਾ' ਜਾਂ 'ਨੂਰ' 'ਚ ਉਹ ਆਪਣੇ ਦਮ 'ਤੇ ਹੀ ਫ਼ਿਲਮ ਦਾ ਭਾਰ ਚੁੱਕਣ ਦੇ ਸਮਰੱਥ ਦਿਖਾਈ ਦਿੰਦੀ ਹੈ। ਹਰ ਫ਼ਿਲਮ ਇਕ ਖ਼ਤਰਾ ਹੁੰਦੀ ਹੈ। ਟਿਕਟ ਖਿੜਕੀ ਦੇ ਅੰਕੜਿਆਂ ਦੀ ਉਹ ਪ੍ਰਵਾਹ ਨਹੀਂ ਕਰਦੀ। 'ਅਕੀਰਾ', 'ਫੋਰਸ-2' ਤੇ ਹੁਣ 'ਇਤਫ਼ਾਕ' ਹਰ ਵਾਰ ਅਲੱਗ ਹੀ ਕਰ ਰਹੀ ਹੈ ਸੋਨਾਕਸ਼ੀ ਸਿਨਹਾ। ਕੱਲ੍ਹ ਦੀ ਸਧਾਰਨ 'ਰੱਜੋ' ਨੱਚਦੀ-ਟਪਦੀ, ਰੁਮਾਂਟਿਕ ਕਿਰਦਾਰ ਕਰਦੀ, ਚੋਟੀ ਦੇ ਸਿਤਾਰਿਆਂ ਨਾਲ ਕੰਮ ਕਰਨ ਤੋਂ ਬਾਅਦ ਮਾਰਧਾੜ ਵਾਲੀ ਨਾਇਕਾ ਵਜੋਂ ਵੀ ਕਾਮਯਾਬ ਰਹੀ ਤੇ ਹੁਣ 'ਇਤਫ਼ਾਕ' 'ਚ ਅਲੱਗ ਹੀ ਭੂਮਿਕਾ ਨਿਭਾਅ ਰਹੀ ਸੋਨਾਕਸ਼ੀ ਸਿਨਹਾ 'ਤੁਮਸਾ ਨਹੀਂ ਦੇਖਾ' ਵਾਲੇ ਗੀਤ ਦੀ ਹਕੀਕਤ ਬਣ ਵਿਚਰ ਰਹੀ ਹੈ ਤੇ ਹਾਂ ਨਵੀਂ ਫ਼ਿਲਮ 'ਸਰਕਸ' ਵੀ ਉਸ ਨੂੰ ਹੀ ਮਿਲੀ ਹੈ।

ਤਮੰਨਾ ਭਾਟੀਆ : ਰੋਂਦੇ ਚਿਹਰੇ ਨਹੀਂ ਵਿਕਦੇ

ਪੰਜਾਬਣ ਕੁੜੀ ਤਮੰਨਾ ਭਾਟੀਆ ਜਾਣਦੀ ਹੈ ਕਿ ਇਹ ਦੁਨੀਆ ਮੰਡੀ ਪੈਸੇ ਦੀ ਪਰ ਦੱਖਣ ਦੀ ਇਹ ਸਟਾਰ ਹੀਰੋਇਨ ਇਹ ਨਹੀਂ ਮੰਨਦੀ ਕਿ ਇਥੇ ਹਰ ਸ਼ੈਅ ਵਿਕਦੀ ਹੈ ਤੇ ਇਸ ਦਾ ਬਾਕਾਇਦਾ ਭਾਅ ਲੱਗਦਾ ਹੈ। ਦਲੀਲ ਦਿੰਦੀ ਹੈ ਤਮੰਨਾ ਕਿ ਕਦੇ ਰੋਂਦੇ ਚਿਹਰੇ ਵਿਕਦੇ ਦੇਖੇ ਹਨ, ਇਸ ਲਈ ਹੱਸੋ ਤੇ ਵੱਸੋ। ਤਮੰਨਾ ਨੇ ਅਜੈ ਦੇਵਗਨ ਨਾਲ ਬਾਲੀਵੁੱਡ 'ਚ ਪਹਿਲੀ ਫ਼ਿਲਮ ਕੀਤੀ ਸੀ ਪਰ ਉਸ ਦੇ ਚਿੱਟੇ ਦੰਦਾਂ ਦਾ ਹਾਸਾ ਸ਼ਾਇਦ 'ਹਿੰਮਤਵਾਲਾ' ਨਾਲ ਲੋਕਾਂ ਨੂੰ ਪਸੰਦ ਨਹੀਂ ਸੀ ਆਇਆ। ਫਿਰ ਵੀ ਉਸ ਉਮਰਾਂ ਦਾ ਰੋਣਾ ਝੋਲੀ ਪਾਉਣ ਦੀ ਥਾਂ ਦੱਖਣ 'ਚ ਕੰਮ ਕਰਨਾ ਜਾਰੀ ਰੱਖਿਆ। ਗੁਰਬਾਣੀ 'ਚ ਅਥਾਹ ਵਿਸ਼ਵਾਸ ਰੱਖਣ ਵਾਲੀ ਤਮੰਨਾ ਨੇ ਤਦ ਹੀ ਕਿਹਾ ਸੀ ਕਿ ਸਾਡੇ ਗੁਰੂ ਰਹਿਬਰਾਂ ਨੇ ਵੀ ਜਦ ਕਿਹਾ ਹੈ ਕਿ ਇਥੇ ਹਰ ਕੋਈ ਦੁਖੀ ਹੈ ਤਾਂ ਬਾਲੀਵੁੱਡ ਵੱਲੋਂ ਨਕਾਰਨ ਦਾ ਉਸ ਨੂੰ ਕੋਈ ਦੁੱਖ ਨਹੀਂ ਹੈ। ਤਮੰਨਾ ਦੱਖਣ ਵਿਚ ਮਹਿਫੂਜ਼ ਹੈ, ਕੋਈ ਦਿੱਕਤ ਨਹੀਂ, ਇਸ ਲਈ ਸ਼ਾਇਦ ਅਗਲੇ ਸਾਲ ਫਿਰ ਉਹ ਬੀ-ਟਾਊਨ 'ਚ ਸੰਘਰਸ਼ ਕਰੇ। ਬੀਤੇ ਸਮੇਂ ਤੋਂ ਉਸ ਨੇ ਬਹੁਤ ਕੁਝ ਸਿੱਖਿਆ ਹੈ। 'ਬਾਹੂਬਲੀ' ਜਿਹੀ ਕਿਸੇ ਫ਼ਿਲਮ ਦੀ ਉਸ ਨੂੰ ਭਾਲ ਹੈ। ਉਸ ਨੇ ਆਪਣੇ-ਆਪ ਨੂੰ ਮੇਚਿਆ ਹੈ ਤਾਪਸੀ ਪੰਨੂੰ ਨਾਲ ਕਿ ਜੇ ਉਹ ਡਿਗਦੀ ਹੋਈ ਬਾਲੀਵੁੱਡ 'ਚ ਖੜ੍ਹੀ ਹੋ ਸਕਦੀ ਹੈ ਤਾਂ ਮੇਰੇ 'ਚ ਕੀ ਘਾਟ ਹੈ? ਨਵਾਂ ਸਵੇਰਾ ਚੜ੍ਹੇਗਾ, ਇਸ ਸੋਚ ਨਾਲ ਤਮੰਨਾ ਨੇ ਹੁਣ ਵੱਧ ਤੋਂ ਵੱਧ ਹਿੰਦੀ ਵਿਗਿਆਪਨ ਕਰਨ ਦਾ ਫੈਸਲਾ ਲਿਆ ਹੈ। ਉਸ ਨੂੰ ਮੰਜ਼ਿਲ ਅਜੇ ਵੀ ਹਿੰਦੀ ਸਿਨੇਮਾ ਹੀ ਲੱਗਦਾ ਹੈ, ਚਾਹੇ ਇਹ ਮੰਜ਼ਿਲ ਉਸ ਤੋਂ ਦੂਰ ਹੀ ਹੈ। ਬੇਰੋਕ ਹੋ ਕੇ ਉਹ ਵਿਗਿਆਪਨਾਂ ਦੇ ਨਾਲ-ਨਾਲ ਹਿੰਦੀ ਸਿਤਾਰਿਆਂ ਨਾਲ ਸਟੇਜ ਸ਼ੋਅ ਕਰਨ ਦੀ ਵੀ ਸੋਚ 'ਤੇ ਅਮਲ ਕਰ ਰਹੀ ਹੈ। ਤਮੰਨਾ ਨੇ ਮੁੰਬਈ 'ਚ ਆਪਣਾ ਨਵਾਂ ਮੈਨੇਜਰ ਲਭ ਲਿਆ ਹੈ। ਮੁੰਬਈ 'ਚ ਨਵਾਂ ਘਰ ਵੀ ਲਿਆ ਹੈ। ਮੁੰਬਈ 'ਚ ਫਿਰ ਪੈਰ ਜਮਾਉਣ ਲਈ ਉਸ ਨੇ ਹੀਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਦਲੀਲ ਨਾਲ ਹਰ ਗੱਲ ਦਾ ਜਵਾਬ ਦੇਣ ਵਾਲੀ ਤਮੰਨਾ ਭਾਟੀਆ ਨੂੰ ਯਕੀਨ ਹੋ ਗਿਆ ਹੈ ਕਿ ਉਹ ਬਾਲੀਵੁੱਡ ਤੋਂ ਦੂਰ ਗਈ ਸੀ ਨਾ ਕਿ ਬਾਲੀਵੁੱਡ ਉਸ ਤੋਂ ਦੂਰ ਹੋਈ ਸੀ। ਗਜ਼ਬ ਦਾ ਆਤਮ-ਵਿਸ਼ਵਾਸ ਹੈ, ਵਾਹ ਤਮੰਨਾ ਵਾਹ!

ਸੈਫ਼ ਅਲੀ ਖ਼ਾਨ : ਤੁਰਨਾ ਮੜਕ ਦੇ ਨਾਲ

ਸੈਫ ਅਲੀ ਖਾਨ ਨਾਲ ਫ਼ਿਲਮ ਬਾਹੂਬਲੀ-2 ਦੀ ਅਪਾਰ ਸਫ਼ਲਤਾ ਦੀ ਹੋਈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਦਰਸ਼ਕਾਂ ਨੇ ਸੱਭਿਆਚਾਰ ਤੇ ਪੌਰਾਣਿਕ ਪੁਰਾਤਨ ਕਾਲਪਨਿਕ ਪਰ ਇਤਿਹਾਸਕ ਵਿਚਾਰਧਾਰਾ ਦੇ ਹੱਕ 'ਚ ਆਪਣਾ ਫਤਵਾ ਦਿੱਤਾ ਹੈ। ਇਸ ਕਾਰਨ ਹੀ 'ਬਾਹੂਬਲੀ-2' ਚੱਲੀ ਹੈ। ਚਲੋ ਗੱਲ ਹੋਰ ਪਾਸੇ ਲਿਜਾ ਰਹੇ ਹਾਂ। ਸੈਫ਼ ਅਲੀ ਖ਼ਾਨ ਇਸ ਸਮੇਂ ਨਿਖਿਲ ਚੱਕਰਵਰਤੀ ਦੀ ਫ਼ਿਲਮ 'ਬਾਜ਼ਾਰ' ਲਈ ਸਰਗਰਮ ਹਨ, ਜਿਸ ਨੂੰ ਗੌਰਵ ਚਾਵਲਾ ਨਿਰਦੇਸ਼ਨ ਦੇ ਰਿਹਾ ਹੈ। ਸੈਫ਼ ਦੇ ਨਾਲ 'ਬਾਜ਼ਾਰ' ਰਾਧਿਕਾ ਆਪਟੇ ਆਉਣ ਵਾਲੀ ਹੈ। 'ਬਾਜ਼ਾਰ' ਦੇ ਨਾਲ ਹੀ ਸੈਫ਼ ਪ੍ਰਸਿੱਧ ਫ਼ਿਲਮ ਨਿਰਮਾਤਾ ਵਿਪੁਲ ਸ਼ਾਹ ਲਈ ਵੀ ਕੰਮ ਕਰ ਰਿਹਾ ਹੈ। ਵਿਪੁਲ ਹੁਣ ਨਿਰਦੇਸ਼ਕ ਬਣ ਗਿਆ ਹੈ। ਸੈਫ਼ ਅਲੀ ਨੂੰ ਵਿਪੁਲ ਨੇ ਆਪਣੇ ਪਹਿਲੇ ਨਿਰਦੇਸ਼ਨ ਵਾਲੀ ਫ਼ਿਲਮ 'ਚ ਲਿਆ ਹੈ। ਮਨੁੱਖ 'ਚ ਨਸ਼ੇ ਦੀ ਆਦਤ ਤੇ ਇਸ ਦੇ ਟੈਸਟ ਇਸ ਵਿਸ਼ੇ 'ਤੇ ਸੈਫ਼ ਦੀ ਇਹ ਨਵੀਂ ਫ਼ਿਲਮ ਆਧਾਰਿਤ ਹੈ। ਸੈਫ਼ ਇਸ ਫ਼ਿਲਮ 'ਚ ਡਾਕਟਰ ਬਣ ਰਿਹਾ ਹੈ। ਇਹ ਫ਼ਿਲਮ ਵੀ ਇਕ 2009 'ਚ ਬੀਤੀ ਸੱਚੀ ਘਟਨਾ 'ਤੇ ਆਧਾਰਿਤ ਹੈ। ਸੱਤ ਸਾਲ ਬਾਅਦ ਨਿਰਦੇਸ਼ਨ 'ਚ ਪਰਤਣ ਵਾਲੇ ਵਿਪੁਲ ਸ਼ਾਹ ਦੀ ਇਕ ਤਰ੍ਹਾਂ ਨਾਲ ਸੈਫ਼ ਅਲੀ ਮਦਦ ਕਰ ਰਿਹਾ ਹੈ। ਘਰ ਪਰਿਵਾਰ 'ਚ ਖੁਸ਼ੀ ਮਿਲ ਰਹੀ ਹੈ। ਕਰੀਨਾ ਫਿਰ ਚਮਕ ਪਈ ਹੈ ਫ਼ਿਲਮਾਂ 'ਚ ਅਤੇ ਦੀਦੀ ਸੋਹਾ ਦਾ ਘਰ ਵੀ ਖੁਸ਼ਹਾਲ ਹੈ। ਫਿਕਰਾਂ ਤੋਂ ਮੁਕਤ ਸੈਫ਼ ਅਲੀ ਖ਼ਾਨ ਇਕ ਵਾਰ ਫਿਰ ਆਪਣੇ ਮੱਧਮ ਪਏ ਕੈਰੀਅਰ ਨੂੰ ਤੇਜ਼ ਗਤੀ ਦੇਣ ਲੱਗਾ ਹੈ। ਕੁਦਰਤੀ ਹੀ ਫ਼ਿਲਮਾਂ ਵੀ ਉਸ ਨੂੰ ਵਿਪੁਲ ਤੇ ਨਿਖਿਲ ਜਿਹੇ ਪ੍ਰਸਿੱਧ ਲੋਕਾਂ ਦੀਆਂ ਮਿਲੀਆਂ ਹਨ। ਰਾਸ਼ਟਰੀ ਸਨਮਾਨ ਜਿੱਤ ਚੁੱਕੇ ਸੈਫ਼ ਅਲੀ ਖ਼ਾਨ 'ਚ ਖੂਬ ਦਮਖਮ ਹੈ ਜੋ ਅੱਜ ਵੀ ਨਜ਼ਰ ਆ ਰਿਹਾ ਹੈ। ਬਾਕੀ ਘੱਟ ਬੋਲਣਾ, ਤੋਲ ਕੇ ਬੋਲਣਾ, ਮੜਕ ਨਾਲ ਤੁਰਨਾ, ਇਹ ਖੂਬੀਆਂ ਵੀ ਤਾਂ ਉਸ ਕੋਲ ਹਨ।


-ਸੁਖਜੀਤ ਕੌਰ

'ਮਸਤ ਮਸਤ ਕੁੜੀ ਦੀ ਦਿੱਖ ਨੇ ਨੁਕਸਾਨ ਪਹੁੰਚਾਇਆ'-ਰਵੀਨਾ ਟੰਡਨ

ਵਿਆਹ ਤੋਂ ਬਾਅਦ ਅਭਿਨੈ ਤੋਂ ਦੂਰੀ ਬਣਾਉਣ ਵਾਲੀ ਰਵੀਨਾ ਟੰਡਨ ਹੁਣ ਦੁਬਾਰਾ ਫ਼ਿਲਮਾਂ ਵਿਚ ਰੁੱਝ ਗਈ ਹੈ। ਦੋ ਮਹੀਨੇ ਪਹਿਲਾਂ ਉਹ 'ਮਾਤ੍ਰਿਤਵ' ਵਿਚ ਮਾਂ ਦੀ ਭੂਮਿਕਾ ਵਿਚ ਦਿਸੀ ਸੀ ਤੇ ਹੁਣ ਜਲਦੀ ਹੀ ਨਿਰਦੇਸ਼ਕ ਓਨਿਰ ਦੀ ਫ਼ਿਲਮ 'ਸ਼ਬ' ਵਿਚ ਉਹ ਗਲੈਮਰਸ ਅੰਦਾਜ਼ ਵਿਚ ਦਿਸੇਗੀ। ਆਪਣੀ ਇਸ ਨਵੀਂ ਫ਼ਿਲਮ ਤੇ ਹੋਰ ਮੁੱਦਿਆਂ ਬਾਰੇ ਰਵੀਨਾ ਇਥੇ ਗੱਲ ਕਰ ਰਹੀ ਹੈ।
* ਕੀ ਇਹ ਸਹੀ ਹੈ ਕਿ ਨਿਰਦੇਸ਼ਕ ਓਨਿਰ ਨੇ 'ਸ਼ਬ' ਵਿਚ ਤੁਹਾਨੂੰ ਵੱਖਰੇ ਰੰਗ ਵਿਚ ਪੇਸ਼ ਕੀਤਾ ਹੈ?
-ਜੀ, ਸਹੀ ਸੁਣਿਆ ਹੈ ਤੁਸੀਂ। ਇਸ ਵਿਚ ਮੈਂ ਜੋ ਭੂਮਿਕਾ ਨਿਭਾਈ ਹੈ ਉਸ ਤਰ੍ਹਾਂ ਦੀ ਪਹਿਲਾਂ ਕਦੀ ਨਹੀਂ ਨਿਭਾਈ। ਇਥੇ ਮੈਂ ਇਕ ਇਸ ਤਰ੍ਹਾਂ ਦੀ ਫੈਸ਼ਨ ਡਿਜ਼ਾਈਨਰ ਦੀ ਭੂਮਿਕਾ ਵਿਚ ਹਾਂ, ਜਿਸ ਦੀ ਉਮਰ ਪੈਂਤੀ ਸਾਲ ਹੈ ਅਤੇ ਉਸ ਨੂੰ ਗਲੈਮਰਜ਼ ਜ਼ਿੰਦਗੀ ਪਸੰਦ ਹੈ। ਇਥੇ ਮੇਰੇ ਕਿਰਦਾਰ ਦਾ ਨਾਂਅ ਸੋਨਲ ਮੋਦੀ ਹੈ। ਇਸ ਸੋਨਲ ਨੂੰ ਜ਼ਿੰਦਗੀ ਵਿਚ ਕਦੀ ਸੱਚਾ ਪਿਆਰ ਨਹੀਂ ਮਿਲਿਆ। ਸੋ, ਉਸ ਦੇ ਅੰਦਰ ਦੇ ਜਜ਼ਬਾਤ ਮਰ ਗਏ ਹਨ। ਉਹ ਬਿਲਕੁਲ ਜਜ਼ਬਾਤੀ ਨਹੀਂ ਹੈ ਅਤੇ ਉਸ ਨੇ ਜੋ ਵੀ ਰਿਸ਼ਤੇ ਬਣਾਏ ਹਨ ਉਹ ਆਪਣੇ ਸਵਾਰਥ ਲਈ ਬਣਾਏ ਹਨ। ਸੋਨਲ ਨੂੰ ਚੌਵੀ ਸਾਲ ਦੇ ਮੁੰਡੇ ਵੱਲ ਲਗਾਓ ਪੈਦਾ ਹੋ ਜਾਂਦਾ ਹੈ ਅਤੇ ਇਹ ਆਕਰਸ਼ਣ ਉਸ ਦੀ ਜ਼ਿੰਦਗੀ ਵਿਚ ਕੀ ਉੱਥਲ-ਪੁਥਲ ਮਚਾ ਦਿੰਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਇਹ ਨਾਂਹ-ਪੱਖੀ ਭੂਮਿਕਾ ਹੈ ਅਤੇ ਇਸ ਤਰ੍ਹਾਂ ਦੀ ਨਾਂਹ-ਪੱਖੀ ਭੂਮਿਕਾ ਨਿਭਾਉਣਾ ਚੁਣੌਤੀਪੂਰਨ ਰਿਹਾ ਸੀ।
* ਓਨਿਰ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
-ਮੈਂ ਇਕ ਰਾਜ਼ ਦੀ ਗੱਲ ਦੱਸਦੀ ਹਾਂ। ਓਨਿਰ ਆਪਣੇ ਕੈਰੀਅਰ ਦੀ ਸ਼ੁਰੂਆਤ ਇਸ ਫ਼ਿਲਮ ਤੋਂ ਕਰਨ ਵਾਲੇ ਸਨ। ਤਕਰੀਬਨ 12 ਸਾਲ ਪਹਿਲਾਂ ਉਹ ਇਸ ਫ਼ਿਲਮ ਦੀ ਪੇਸ਼ਕਸ਼ ਲੈ ਕੇ ਆਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫ਼ਿਲਮ ਮੇਰੇ ਨਾਲ ਹੀ ਬਣਾਉਣਗੇ ਨਹੀਂ ਤਾਂ ਨਹੀਂ। ਕਿਉਂਕਿ ਉਦੋਂ ਮੈਂ ਗਰਭਵਤੀ ਸੀ, ਸੋ, ਓਨਿਰ ਨੂੰ ਇਸ ਫ਼ਿਲਮ ਦਾ ਪ੍ਰੋਜੈਕਟ ਠੰਢੇ ਬਸਤੇ ਵਿਚ ਪਾ ਦੇਣਾ ਪਿਆ ਅਤੇ 'ਬਸ ਏਕ ਪਲ', 'ਮਾਈ ਬ੍ਰਦਰ ਨਿਖਿਲ', 'ਆਈ ਐਮ' ਵਗੈਰਾ ਫ਼ਿਲਮਾਂ ਬਣਾਈਆਂ। ਹੁਣ ਜਦੋਂ ਮੈਂ ਦੁਬਾਰਾ ਫ਼ਿਲਮਾਂ ਵਿਚ ਆ ਗਈ ਹਾਂ ਤਾਂ ਉਹ ਇਹ ਪ੍ਰੋਜੈਕਟ ਲੈ ਕੇ ਫਿਰ ਮੇਰੇ ਕੋਲ ਆਏ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਸਾਲਾਂ ਪੁਰਾਣਾ ਸੁਪਨਾ ਹੁਣ ਪੂਰਾ ਹੋਇਆ। ਮੈਂ ਸੋਚ ਰੱਖਿਆ ਸੀ ਕਿ ਹੁਣ ਮੈਂ ਯਥਾਰਥਪੂਰਨ ਭੂਮਿਕਾਵਾਂ ਜ਼ਿਆਦਾ ਕਰਾਂਗੀ ਅਤੇ ਓਨਿਰ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕਰਕੇ ਮੇਰੇ ਅੰਦਰ ਦੀ ਅਭਿਨੇਤਰੀ ਨੂੰ ਸੰਤੁਸ਼ਟ ਕਰ ਦਿੱਤਾ।
* ਅੱਜ ਹਿੰਦੀ ਸਿਨੇਮਾ ਬਦਲਾਅ ਦੇ ਦੌਰ ਵਿਚੀਂ ਲੰਘ ਰਿਹਾ ਹੈ। ਦਰਸ਼ਕ ਨਵਾਂਪਨ ਦੇਖਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਬਾਰ੍ਹਾਂ ਸਾਲ ਪੁਰਾਣੀ ਕਹਾਣੀ ਵਾਲੀ ਇਹ ਫ਼ਿਲਮ ਕਿਤੇ 'ਆਊਟਡੇਟਡ' ਤਾਂ ਨਹੀਂ ਲੱਗੇਗੀ?
-ਇਸ ਦੀ ਕਹਾਣੀ ਤਾਂ 12 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਹੈ ਪਰ ਓਨਿਰ ਨੇ ਸਮੇਂ-ਸਮੇਂ 'ਤੇ ਇਸ ਵਿਚ ਬਦਲਾਅ ਕੀਤੇ ਹਨ। ਇਸ ਵਜ੍ਹਾ ਕਰਕੇ ਕਹਾਣੀ ਅੱਜ ਦੇ ਸਮੇਂ ਅਨੁਸਾਰ ਬਣ ਗਈ ਹੈ। ਪਹਿਲਾਂ ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਮੈਨੂੰ ਸੋਨਲ ਮੋਦੀ ਦੀ ਭੂਮਿਕਾ ਨਹੀਂ ਪੇਸ਼ਕਸ਼ ਕੀਤੀ ਗਈ ਸੀ। ਹੁਣ ਬਦਲਦੇ ਸਮੇਂ ਨੂੰ ਪਛਾਣਦੇ ਹੋਏ ਓਨਿਰ ਨੇ ਮੈਨੂੰ ਸੋਨਲ ਮੋਦੀ ਦਾ ਕਿਰਦਾਰ ਸੌਂਪਿਆ ਅਤੇ ਪਹਿਲਾਂ ਮੈਂ ਇਸ ਵਿਚ ਜੋ ਭੂਮਿਕਾ ਨਿਭਾਉਣ ਵਾਲੀ ਸੀ, ਉਹ ਹੁਣ ਇਸ ਵਿਚ ਅਰਪਿਤਾ ਚੈਟਰਜੀ ਕਰ ਰਹੀ ਹੈ।
* ਬਾਲੀਵੁੱਡ ਵਿਚ ਅੱਜ ਨਵੇਂ-ਨਵੇਂ ਵਿਸ਼ਿਆਂ 'ਤੇ ਫ਼ਿਲਮਾਂ ਬਣ ਰਹੀਆਂ ਹਨ। ਨਵੇਂ-ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਸਹੀ ਸਮੇਂ 'ਤੇ ਰੀ-ਐਂਟਰੀ ਲਈ ਹੈ?
-ਹਾਂ, ਜਿਸ ਤਰ੍ਹਾਂ ਦੀਆਂ ਫ਼ਿਲਮਾਂ ਮੈਂ ਕਰਨਾ ਚਾਹੁੰਦੀ ਸੀ, ਉਸ ਤਰ੍ਹਾਂ ਦੀਆਂ ਫ਼ਿਲਮਾਂ ਹੁਣ ਬਣ ਰਹੀਆਂ ਹਨ ਅਤੇ ਸਫ਼ਲ ਵੀ ਹੋ ਰਹੀਆਂ ਹਨ। 'ਦੰਗਲ' ਕਿਸੇ ਵੀ ਪੱਖ ਤੋਂ ਫਾਰਮੂਲਾ ਫ਼ਿਲਮ ਨਹੀਂ ਹੈ ਪਰ ਇਹ ਤਿੰਨ ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਗਈ। ਇਸ ਤਰ੍ਹਾਂ ਦੀਆਂ ਕਈ ਹੋਰ ਫ਼ਿਲਮਾਂ ਹਨ। ਅੱਜ ਹਰ ਦੂਜੇ ਮਹੀਨੇ ਹੀਰੋਇਨ ਪ੍ਰਧਾਨ ਫ਼ਿਲਮਾਂ ਆ ਰਹੀਆਂ ਹਨ। ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਹੁਣ ਫਾਰਮੂਲਾ ਫ਼ਿਲਮਾਂ ਹੀ ਚਲਦੀਆਂ ਹਨ ਅਤੇ ਅਸੀਂ ਹੀਰੋਇਨਾਂ ਨੂੰ ਉਨ੍ਹਾਂ ਫ਼ਿਲਮਾਂ ਵਿਚ ਗਲੈਮਰਜ਼ ਭੂਮਿਕਾਵਾਂ ਹੀ ਪੇਸ਼ਕਸ਼ ਕੀਤੀਆਂ ਜਾਂਦੀਆਂ ਹਨ।


-ਇੰਦਰਮੋਹਨ ਪੰਨੂੰ

ਰਿਚਾ

ਜੋਸ਼ੀਲੀ ਮੁਟਿਆਰ

'ਜੈ ਮਾਤਾ ਦੀ' ਕਹਿ ਕੇ ਰਿਚਾ ਚੱਢਾ ਆਪਣੇ ਨਵੇਂ ਕਾਰਜ ਨੂੰ ਆਰੰਭ ਕਰਨ 'ਚ ਵਿਸ਼ਵਾਸ ਰੱਖਦੀ ਹੈ। ਬੇਸ਼ੱਕ ਜਿੰਨੀ ਪਿਆਰੀ ਸੂਰਤ-ਸੀਰਤ ਤੇ ਪ੍ਰਤਿਭਾ ਉਸ 'ਚ ਹੈ, ਉਸ ਦਾ ਮੁੱਲ ਫ਼ਿਲਮਾਂ ਦੀ ਮਤਲਬੀ ਦੁਨੀਆ ਨੇ ਨਹੀਂ ਪਾਇਆ ਪਰ ਇਹ ਸਹੀ ਹੈ ਕਿ ਚਾਰ ਲੋਕ ਉਸ ਦਾ ਨਾਂਅ ਜਾਣਦੇ ਹਨ। ਐਸ਼ਵਰਿਆ ਰਾਏ ਬੱਚਨ ਜਿਹੀ ਸੁੰਦਰੀ ਤੇ ਹੀਰੋਇਨ ਵੀ ਉਸ ਨੂੰ ਸ਼ਾਬਾਸ਼ ਦੇ ਚੁੱਕੀ ਹੈ। ਰਿਚਾ ਹਮੇਸ਼ਾ ਹੌਲੀ-ਹੌਲੀ ਚਲ ਕੇ ਪਰ ਗਿਣਤੀ ਦੀ ਥਾਂ ਗੁਣਵੱਤਾ ਨੂੰ ਪਹਿਲ ਦੇ ਕੇ ਵੀ ਕਾਮਯਾਬ ਰਹੀ ਹੈ। ਉਹ ਜੋਸ਼ੀਲੇ ਸੁਭਾਅ ਵਾਲੀ ਹੈ ਤੇ ਇਸ ਸਬੰਧੀ ਉਸ ਦਾ ਤਰਕ ਹੁੰਦਾ ਹੈ ਕਿ ਪੰਜਾਬੀਆਂ ਦਾ ਲਹੂ ਹੀ ਜੋਸ਼ੀਲਾ ਹੁੰਦਾ ਹੈ। ਇਸ ਵਾਰ ਹੋਏ ਕ੍ਰਿਕਟ ਦੀ ਵਿਸ਼ਵ ਪੱਧਰੀ ਚੈਂਪੀਅਨਜ਼ ਟਰਾਫ਼ੀ 'ਚ ਰਿਚਾ ਨੇ ਚੈਨਲਾਂ 'ਤੇ ਖਾਸ ਪ੍ਰੋਗਰਾਮ ਦਿੱਤੇ ਹਨ। 'ਅਮੇਜਨ ਪ੍ਰਾਈਮ' ਨੇ ਤਾਂ ਰਿਚਾ ਦੇ ਸਿਰ 'ਤੇ ਹੀ ਆਪਣਾ ਸ਼ੋਅ 'ਇਨਸਾਈਡ ਐੱਜ' ਤਿਆਰ ਕੀਤਾ। ਇਵੇਂ ਲੱਗਿਆ ਜਿਵੇਂ ਰਿਚਾ ਸੱਚੀਂ ਸੌਰਭ ਗਾਂਗੁਲੀ, ਸਬਾ ਕਰੀਮ, ਵਰਿੰਦਰ ਸਹਿਵਾਗ ਦੀ ਤਰ੍ਹਾਂ ਪੇਸ਼ੇਵਰ ਕ੍ਰਿਕਟਰ ਹੋਵੇ ਜਾਂ ਫਿਰ ਕ੍ਰਿਕਟ 'ਚ ਉਸ ਦੀ ਪੀ.ਐਚ.ਡੀ. ਹੋਵੇ। ਰਿਚਾ ਦਾ ਜਵਾਬ ਕਿ ਕ੍ਰਿਕਟ ਹੀ ਕੀ, ਉਹ ਜਿਸ ਕੰਮ ਨੂੰ ਵੀ ਹੱਥ ਪਾਵੇ, ਵਾਹਿਗੁਰੂ ਦੀ ਮਿਹਰ ਨਾਲ ਉਸੇ 'ਚ ਸਫ਼ਲਤਾ ਮਿਲਦੀ ਹੈ। ਅੱਜਕਲ੍ਹ ਰਿਚਾ ਦਾ ਜ਼ੋਰ ਲਘੂ ਫ਼ਿਲਮਾਂ ਵੱਲ ਹੈ। ਚਾਹੇ ਸੱਜਣ ਕਿਸੇ ਦੀ ਲਘੂ ਫ਼ਿਲਮ ਹੋਵੇ ਜਾਂ ਖੁਦ ਦੀ ਆਪਣੀ, ਉਹ ਵੱਡੀ ਫ਼ਿਲਮ ਦੀ ਤਰ੍ਹਾਂ ਮਿਹਨਤ ਕਰਦੀ ਹੈ। ਨਵੀਂ ਗੱਲ ਕਿ ਰਿਚਾ ਨੂੰ ਸੰਸਾਰ ਦੀ ਪ੍ਰਸਿੱਧ ਪੁਸਤਕ ਪ੍ਰਕਾਸ਼ਨ ਕੰਪਨੀ ਨੇ ਕਿਤਾਬ ਲਿਖਣ ਲਾ ਦਿੱਤਾ। ਰਿਚਾ ਜਾਣਦੀ ਹੈ ਕਿ ਕਿਤਾਬ ਦਾ ਹਰ ਅੱਖਰ ਅਰਥ ਰੱਖੇਗਾ। ਚੋਰ-ਬਾਜ਼ਾਰੀ ਦਾ ਦੌਰ ਹੈ। ਇਸ ਨੂੰ ਲੈ ਕੇ ਵੀ ਉਹ ਚੇਤੰਨ ਹੈ। ਰਿਚਾ ਨੇ ਇੰਟਰਨੈੱਟ 'ਤੇ ਧਾਂਦਲੀ ਤੇ ਚੋਰੀ ਤੋਂ ਬਚਣ ਲਈ ਆਪਣੀ ਕਿਤਾਬ ਲਈ ਅਸ਼ਟਾਮ ਲਿਖਵਾ ਲਏ ਹਨ। ਮੂਲ ਕਥਾ ਰਜਿਸਟਰਡ ਕਰਵਾਈ ਹੈ। 'ਖ਼ੂਨ ਭਰੀ ਚਿੱਠੀ' ਲਘੂ ਫ਼ਿਲਮ ਬਣਾ ਚੁੱਕੀ ਰਿਚਾ ਚੱਢਾ ਅਸਲ 'ਚ ਆਪਣੀ ਜੀਵਨੀ ਹੀ ਲਿਖ ਰਹੀ ਹੈ। ਇਸ ਤੋਂ ਬਾਅਦ ਉਹ ਕ੍ਰਿਕਟ 'ਤੇ ਕਿਤਾਬ ਲਿਖੇਗੀ। ਜੋਸ਼ੀਲਾਪਨ ਤੇ ਸਾਵਧਾਨੀ ਦੋਵੇਂ ਨਿਯਮ ਉਸ ਨਾਲ ਬੱਝੇ ਹੋਏ ਹਨ। ਰਿਚਾ ਚੱਢਾ ਦੁਨੀਆ 'ਚ ਕੁਝ ਅਲੱਗ ਕਰੋ ਦੀ ਵਿਚਾਰਧਾਰਾ 'ਤੇ ਚਲ ਰਹੀ ਹੈ। ਫੁਰਤੀਲੀ, ਜੋਸ਼ੀਲੀ ਤੇ ਹੁਸ਼ਿਆਰ ਰਿਚਾ ਲਈ ਹਰ ਕਦਮ ਕਾਮਯਾਬੀ ਦੀ ਧਰਾਤਲ ਵੱਲ ਵਧਦਾ ਨਜ਼ਰ ਆ ਰਿਹਾ ਹੈ।

ਕਪਿਲ ਦੀ ਟੀਮ ਹੁਣ ਕ੍ਰਿਸ਼ਨਾ ਦੇ ਨਾਲ

ਜਦੋਂ ਤੋਂ ਕਪਿਲ ਸ਼ਰਮਾ ਨੇ ਹਵਾਈ ਸਫ਼ਰ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਸੁਨੀਲ ਗਰੋਵਰ ਤੇ ਹੋਰ ਲੋਕਾਂ ਦੇ ਨਾਲ ਬਦਸਲੂਕੀ ਕੀਤੀ ਹੈ, ਉਦੋਂ ਤੋਂ ਉਨ੍ਹਾਂ 'ਤੇ ਪਨੌਤੀ ਬੈਠ ਗਈ ਲਗਦੀ ਹੈ। ਕਪਿਲ ਦੇ ਬੇਹੂਦਾ ਵਿਹਾਰ ਦੀ ਵਜ੍ਹਾ ਕਰਕੇ ਸੁਨੀਲ ਗਰੋਵਰ, ਅਲੀ ਅਸਗਰ ਤੇ ਚੰਦਨ ਪ੍ਰਭਾਕਰ ਸ਼ੋਅ ਛੱਡ ਕੇ ਚਲੇ ਗਏ ਤੇ ਇਸ ਦੀ ਬਦੌਲਤ ਕਪਿਲ ਦੇ ਕਾਮੇਡੀ ਸ਼ੋਅ ਦੀ ਲੋਕਪ੍ਰਿਅਤਾ ਦਾ ਗ੍ਰਾਫ ਵੀ ਹੇਠਾਂ ਡਿੱਗਣ ਲੱਗਿਆ। ਹੁਣ ਕਪਿਲ ਨੂੰ ਟੈਂਸ਼ਨ ਦੇਣ ਵਾਲੀ ਇਕ ਖ਼ਬਰ ਇਹ ਹੈ ਕਿ ਉਸ ਦੇ ਸ਼ੋਅ ਨੂੰ ਟੱਕਰ ਦੇਣ ਲਈ ਸੋਨੀ ਚੈਨਲ 'ਤੇ ਇਕ ਨਵਾਂ ਕਾਮੇਡੀ ਸ਼ੋਅ ਲਿਆਂਦਾ ਜਾ ਰਿਹਾ ਹੈ ਅਤੇ ਇਸ ਦਾ ਨਾਂਅ ਹੈ 'ਕਾਮੇਡੀ ਕੰਪਨੀ'। ਇਸ ਸ਼ੋਅ ਦੇ ਮੁੱਖ ਥਾਂ 'ਤੇ ਕ੍ਰਿਸ਼ਨਾ ਅਭਿਸ਼ੇਕ ਹੋਣਗੇ ਅਤੇ ਅਲੀ ਅਸਗਰ ਵੀ ਇਸ ਸ਼ੋਅ ਵਿਚ ਹੋਣਗੇ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸੁਨੀਲ ਗਰੋਵਰ ਵੀ ਇਸ ਸ਼ੋਅ ਦਾ ਇਸ ਹਿੱਸਾ ਬਣਨਗੇ। ਇਸ ਸ਼ੋਅ ਨੂੰ ਬਣਾਉਣ ਦਾ ਸਿਹਰਾ ਪ੍ਰੀਤੀ ਸਿਮੋਸ ਤੇ ਉਸ ਦੀ ਭੈਣ ਨੀਤੀ ਨੂੰ ਜਾਂਦਾ ਹੈ ਅਤੇ ਇਹ ਦੋਵੇਂ ਭੈਣਾਂ ਪਹਿਲਾਂ ਕਪਿਲ ਦੇ ਸ਼ੋਅ ਵਿਚ ਕ੍ਰਇਏਟਿਵ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਦੀਆਂ ਸਨ। ਕ੍ਰਿਸ਼ਨਾ ਦੇ ਇਸ ਨਵੇਂ ਸ਼ੋਅ ਵਿਚ ਵੀ ਕਪਿਲ ਦੇ ਸ਼ੋਅ ਦੀ ਤਰਜ਼ 'ਤੇ ਫ਼ਿਲਮੀ ਹਸਤੀਆਂ ਨੂੰ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਜਾਵੇਗਾ। ਕਿਉਂਕਿ 'ਕਾਮੇਡੀ ਕੰਪਨੀ' ਦੀ ਟੀਮ ਦੇ ਕਈ ਮੈਂਬਰ ਪਹਿਲਾਂ ਕਪਿਲ ਦੇ ਸ਼ੋਅ ਨਾਲ ਜੁੜੇ ਹੋਏ ਸਨ। ਇਸ ਲਈ ਉਹ ਕਪਿਲ ਦੇ ਸ਼ੋਅ ਦੀਆਂ ਬਾਰੀਕੀਆਂ ਤੋਂ ਜਾਣੂ ਹਨ। ਇਸ ਤਰ੍ਹਾਂ ਇਹ ਨਵਾਂ ਸ਼ੋਅ ਕਪਿਲ ਦੇ ਸ਼ੋਅ ਨੂੰ ਕਿਵੇਂ ਟੱਕਰ ਦਿੰਦਾ ਹੈ, ਇਹ ਜਾਣਨਾ ਰੋਚਕ ਹੋਵੇਗਾ।

-ਮੁੰਬਈ ਪ੍ਰਤੀਨਿਧ

ਗੁਰਚੇਤ ਚਿੱਤਰਕਾਰ ਨੇ ਤਰਾਸ਼ਿਆ ਇਕ ਹੋਰ ਹੀਰਾ 'ਗੁਰੂ ਵਿਰਕ'

ਲੁਧਿਆਣਾ ਜ਼ਿਲ੍ਹਾ ਦੇ ਪਿੰਡ ਰੁੜਕਾ ਵਿਖੇ ਪਿਤਾ ਬਲਵਿੰਦਰ ਸਿੰਘ ਵਿਰਕ ਤੇ ਮਾਤਾ ਜਸਵਿੰਦਰ ਕੌਰ ਵਿਰਕ ਦੇ ਘਰ 4 ਅਪ੍ਰੈਲ, 1993 ਨੂੰ ਜਨਮੇ ਗੁਰਬੀਰ ਸਿੰਘ ਵਿਰਕ ਨੂੰ ਅਦਾਕਾਰੀ ਦਾ ਸ਼ੌਕ ਸਕੂਲ ਸਮੇਂ ਤੋਂ ਹੀ ਸੀ। ਕਾਲਜ ਪੜ੍ਹਦਿਆਂ ਉਸ ਨੇ ਤਿੰਨ ਸਾਲ ਥੀਏਟਰ ਵੀ ਕੀਤਾ ਪਰ ਉਸ ਦੀ ਸੋਚ ਆਮ ਕਲਾਕਾਰਾਂ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਸੀ। ਗੁਰਚੇਤ ਚਿੱਤਰਕਾਰ ਨਾਲ ਪਰਿਵਾਰਕ ਸਾਂਝ ਤੇ ਰਿਸ਼ਤੇਦਾਰੀ ਹੋਣ ਕਰਕੇ ਉਹ ਗੁਰਚੇਤ ਦੀ 'ਫ਼ੈਮਿਲੀ ਟੀਮ' ਦਾ ਹਿੱਸਾ ਬਣ ਗਿਆ। ਇੱਥੇ ਆ ਕੇ ਉਸ ਦੀ ਕਲਾ 'ਚ ਵੀ ਨਿਖਾਰ ਆਇਆ ਤੇ ਅੱਗੇ ਵਧਣ ਦਾ ਮੌਕਾ ਵੀ ਮਿਲਿਆ। ਉਸ ਦੀ ਸ਼ੁਰੂਆਤ ਗੁਰਚੇਤ ਚਿੱਤਰਕਾਰ ਤੇ ਬਲਤੇਜ ਪੰਨੂ ਦੇ 'ਜ਼ਿੰਦਗੀ ਜ਼ਿੰਦਾਬਾਦ' ਕਾਫ਼ਲੇ ਤੋਂ ਹੋਈ, ਜਿਸ ਤਹਿਤ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਿੰਡ-ਪਿੰਡ ਖੇਡੇ ਗਏ ਨਾਟਕ 'ਸਾਡਾ ਬਾਪੂ ਵਿਕਾਊ ਹੈ' ਵਿਚ ਉਸ ਨੇ ਕਿਸਾਨ ਦੇ ਪੁੱਤਰ ਦਾ ਕਿਰਦਾਰ ਖੇਡਿਆ। ਇਸ ਤੋਂ ਬਾਅਦ ਉਸ ਨੇ 'ਅਸੀਂ ਬੋਲਾਂਗੇ ਸੱਚ' ਅਤੇ 'ਸਾਨੂੰ ਸੂਰਜਾਂ ਨੇ ਦਿੱਤਾ ਹੈ ਦਗਾ' ਲਗਾਤਾਰ ਇਕ ਮਹੀਨਾ ਪੰਜਾਬ ਦੇ ਹਰ ਪਿੰਡ-ਸ਼ਹਿਰ ਜਾ ਕੇ ਖੇਡਿਆ। ਇਨ੍ਹਾਂ ਕਾਮੇਡੀ ਨਾਟਕਾਂ ਜ਼ਰੀਏ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਭ੍ਰਿਸ਼ਟ ਹੋਏ ਸਰਕਾਰੀ ਸਿਸਟਮ ਬਾਰੇ ਗੱਲ ਕਹਿਣ ਦੇ ਅੰਦਾਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਗਲੋਬਲ ਪੰਜਾਬ ਚੈਨਲ 'ਤੇ ਚੱਲਦੇ ਗੁਰਚੇਤ ਚਿੱਤਰਕਾਰ ਦੇ ਲੜੀਵਾਰ 'ਥਾਣਾ ਟੂਲੈਟ' ਵਿਚ ਗੁਰੂ ਵਿਰਕ ਪਾਤਰ 'ਪਾਲਾ ਅਣਖੀ' ਦਾ ਅਹਿਮ ਕਿਰਦਾਰ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਦੂਰਦਰਸ਼ਨ ਚੰਡੀਗੜ੍ਹ ਲਈ 'ਸੱਚ ਦੀ ਅਦਾਲਤ' ਯੂ ਟਿਊਬ ਸਕਿੱਟਾਂ 'ਫ਼ੈਮਿਲੀ ਫੱਟੇਚੱਕ' ਦੇ 20 ਐਪੀਸੋਡ, ਕਾਮੇਡੀ ਫ਼ਿਲਮ 'ਢੀਠ ਜਵਾਈ-3', 'ਫੈਮਲੀ 432', ਵਿਚ ਕੰਮ ਕਰ ਚੁੱਕਿਆ ਹੈ।


-ਸੁਰਜੀਤ ਜੱਸਲ

ਮੈਨੂੰ ਲੱਗਿਆ ਜਿਵੇਂ ਮੈਂ ਲੰਡਨ ਵਿਚ ਨਹੀਂ, ਲੁਧਿਆਣਾ ਵਿਚ ਹਾਂ-ਕਾਰਤਿਕ ਆਰੀਅਨ

ਸਾਲ 2011 ਵਿਚ ਆਈ 'ਪਿਆਰ ਕਾ ਪੰਚਨਾਮਾ' ਤੋਂ ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਕਾਰਤਿਕ ਆਰੀਅਨ ਨੇ 'ਕਾਂਚੀ', 'ਆਕਾਸ਼ਵਾਣੀ' ਤੇ 'ਪਿਆਰ ਕਾ ਪੰਚਨਾਮਾ-2' ਵਿਚ ਕੰਮ ਕੀਤਾ ਅਤੇ ਹੁਣ ਉਸ ਦੀ 'ਗੈਸਟ ਇਨ ਲੰਡਨ' ਸਿਨੇਮਾਘਰਾਂ ਵਿਚ ਆ ਰਹੀ ਹੈ। ਜ਼ਿਆਦਾਤਰ ਲੰਡਨ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਸ਼ੂਟਿੰਗ ਰਾਹੀਂ ਕਾਰਤਿਕ ਨੂੰ ਪਹਿਲੀ ਵਾਰ ਲੰਡਨ ਜਾਣ ਦਾ ਮੌਕਾ ਮਿਲਿਆ। ਉਹ ਦੱਸਦੇ ਹਨ ਕਿ ਜਿਸ ਲੰਡਨ ਦੀ ਮੈਂ ਕਲਪਨਾ ਕੀਤੀ ਸੀ, ਉਹ ਲੰਡਨ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ। ਮੈਨੂੰ ਲੱਗਿਆ ਸੀ ਕਿ ਹਰ ਪਾਸੇ ਗੋਰੀਆਂ ਮੇਮਾਂ ਨਜ਼ਰ ਆਉਣਗੀਆਂ ਪਰ ਇਥੇ ਤਾਂ ਹਰ ਪਾਸੇ ਭਾਰਤੀ ਹੀ ਦਿਸ ਰਹੇ ਸਨ। ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਮੈਨੂੰ ਹਰ ਪਾਸੇ ਭਾਰਤੀ ਹੀ ਨਜ਼ਰ ਆਏ। ਅਗਲੇ ਦਿਨ ਜਦੋਂ ਸ਼ੂਟਿੰਗ ਲਈ ਗਿਆ ਤਾਂ ਸ਼ੂਟਿੰਗ ਗੁਰਦੁਆਰਾ ਸਾਹਿਬ ਵਿਚ ਕੀਤੀ ਜਾ ਰਹੀ ਸੀ ਅਤੇ ਉਥੇ ਭਾਰੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੇਖ ਕੇ ਮੈਂ ਲੰਡਨ ਵਿਚ ਨਹੀਂ ਲੁਧਿਆਣਾ ਵਿਚ ਹਾਂ ਮਹਿਸੂਸ ਕਰ ਰਿਹਾ ਸੀ। ਲੰਡਨ ਬਾਰੇ ਮੈਂ ਜੋ ਦਿਖ ਦਿਮਾਗ ਵਿਚ ਬਣਾਈ ਸੀ ਉਸ ਤੋਂ ਉਲਟ ਨਜ਼ਾਰਾ ਇਥੇ ਦੇਖਣ ਨੂੰ ਮਿਲਿਆ। ਇਹ ਤਾਂ ਸ਼ੁਕਰ ਸੀ ਕਿ ਪਰੇਸ਼ ਰਾਵਲ ਵੀ ਸ਼ੂਟਿੰਗ ਵਿਚ ਹਿੱਸਾ ਲੈ ਰਹੇ ਸਨ ਅਤੇ ਉਹ ਇਸ ਸ਼ਹਿਰ ਤੋਂ ਜਾਣੂ ਸਨ। ਤੀਜੇ ਦਿਨ ਉਹ ਜਦੋਂ ਮੈਨੂੰ ਘੁਮਾਉਣ ਲੈ ਕੇ ਗਏ ਤਾਂ ਉਦੋਂ ਅਸਲੀ ਲੰਡਨ ਦੇਖਣ ਨੂੰ ਮਿਲਿਆ।


-ਇੰਦਰਮੋਹਨ ਪੰਨੂੰ

ਨਿਰਮਾਤਰੀ ਬਣ ਕੇ ਸ਼ੀਜੂ ਕਟਾਰੀਆ ਨੇ ਬਣਾਈ 'ਐਨੀ ਮਾਨੇ'

ਫ਼ਿਲਮ 'ਦਸ ਤੋਲਾ' ਵਿਚ ਮਨੋਜ ਵਾਜਪਈ ਦੀ ਭੈਣ ਦੀ ਭੂਮਿਕਾ ਨਿਭਾਉਣ ਵਾਲੀ ਸ਼ੀਜੂ ਕਟਾਰੀਆ ਇਨ੍ਹੀਂ ਦਿਨੀਂ ਲੜੀਵਾਰਾਂ ਵਿਚ ਰੁੱਝੀ ਹੋਈ ਹੈ। ਹੁਣ ਆਪਣੇ ਰੁਝੇਵਿਆਂ ਨੂੰ ਹੋਰ ਵਧਾਉਂਦੇ ਹੋਏ ਸ਼ੀਜੂ ਫ਼ਿਲਮ ਨਿਰਮਾਤਰੀ ਬਣ ਗਈ ਹੈ ਅਤੇ ਉਸ ਵੱਲੋਂ ਬਣਾਈ ਗਈ ਫ਼ਿਲਮ ਦਾ ਨਾਂਅ ਹੈ 'ਐਨੀ ਮਾਨੇ'। ਹੈ ਤਾਂ ਇਹ ਗੁਜਰਾਤੀ ਸ਼ਬਦ ਪਰ ਸ਼ੀਜੂ ਦੀ ਇਹ ਫ਼ਿਲਮ ਹਿੰਦੀ ਵਿਚ ਬਣੀ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਜੈ ਪਟੇਲ ਅਤੇ ਜੈ ਨੇ ਹੀ ਇਸ ਫ਼ਿਲਮ ਵਿਚ ਨਾਇਕ ਦੀ ਭੂਮਿਕਾ ਨਿਭਾਈ ਹੈ।
ਆਪਣੀ ਇਸ ਪਹਿਲੀ ਫ਼ਿਲਮ ਦੇ ਨਿਰਮਾਣ ਬਾਰੇ ਸ਼ੀਜੂ ਕਹਿੰਦੀ ਹੈ, 'ਮੈਂ ਕੁਝ ਠੋਸ ਕਰਨ ਦੇ ਇਰਾਦੇ ਨਾਲ ਫ਼ਿਲਮਾਂ ਵਿਚ ਆਈ ਸੀ। ਇਥੇ ਮੈਨੂੰ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਸਨ, ਉਸ ਨੂੰ ਨਿਭਾ ਕੇ ਆਤਮ ਸੰਤੁਸ਼ਟੀ ਨਹੀਂ ਮਿਲ ਰਹੀ ਸੀ। ਮੈਂ ਕੁਝ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਚਾਹੁੰਦੀ ਸੀ ਜੋ ਸਾਡੇ ਸਮਾਜ ਦੇ ਸ਼ੀਸ਼ੇ ਬਰਾਬਰ ਹੋਣ। ਮੈਂ ਸ਼ਸ਼ੋਪੰਜ ਵਿਚ ਸੀ ਕਿ ਅੱਗੇ ਕੀ ਕੀਤਾ ਜਾਵੇ। ਉਸ ਦੌਰਾਨ ਜੈ ਨੇ ਆਪਣੇ ਵੱਲੋਂ ਲਿਖੀ ਕਹਾਣੀ ਕਰਕੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਲੱਗਿਆ ਕਿ ਇਸ ਕਹਾਣੀ 'ਚ ਉਹ ਸਭ ਗੱਲਾਂ ਹਨ ਜੋ ਮੈਂ ਕਰਨਾ ਚਾਹੁੰਦੀ ਹਾਂ। ਇਹ ਦੇਖ ਕੇ ਮੈਂ ਫ਼ਿਲਮ ਨਿਰਮਾਣ ਵਿਚ ਉਤਰਨ ਦਾ ਨਿਰਣਾ ਲਿਆ ਅਤੇ ਇਹ ਫ਼ਿਲਮ ਬਣਾ ਲਈ।' ਨਿਰਮਾਤਰੀ ਬਣਨ ਦੇ ਅਨੁਭਵ ਬਾਰੇ ਸ਼ੀਜੂ ਕਹਿੰਦੀ ਹੈ, 'ਫ਼ਿਲਮ ਦੀ ਕਹਾਣੀ ਅਸਲੀਅਤ ਦੇ ਨੇੜੇ ਹੈ। ਅੱਜ ਦੋ ਪੀੜ੍ਹੀਆਂ ਵਿਚਾਲੇ ਪੀੜ੍ਹੀ ਫਾਸਲਾ ਹੈ। ਇਸ ਫਾਸਲੇ ਦੀ ਗੱਲ ਇਸ ਵਿਚ ਪੇਸ਼ ਕੀਤੀ ਗਈ ਹੈ। ਜੈ ਸੂਰਤ ਸ਼ਹਿਰ ਤੋਂ ਹੈ। ਸੋ, ਫ਼ਿਲਮ ਦੀ ਪੂਰੀ ਸ਼ੂਟਿੰਗ ਸੂਰਤ ਵਿਚ ਕੀਤੀ ਗਈ ਹੈ। ਫ਼ਿਲਮ ਦੀ ਕਹਾਣੀ ਭਟਕ ਨਾ ਜਾਵੇ, ਇਸ ਲਈ ਇਥੇ ਨਵੇਂ ਕਲਾਕਾਰਾਂ ਨੂੰ ਲਿਆ ਗਿਆ ਹੈ ਅਤੇ ਮੈਂ ਇਸ ਵਿਚ ਮੁੱਖ ਭੂਮਿਕਾ ਨਿਭਾ ਰਹੀ ਹਾਂ। ਸਾਡੀ ਇਹ ਪੂਰੀ ਫ਼ਿਲਮ ਅਸਲ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ। ਇਸ ਵਜ੍ਹਾ ਕਰਕੇ ਫ਼ਿਲਮ ਦਾ ਬਜਟ ਵੀ ਕੰਟਰੋਲ ਵਿਚ ਰਿਹਾ ਹੈ।' ਆਪਣੀ ਇਸ ਹਿੰਦੀ ਫ਼ਿਲਮ ਦਾ ਟਾਈਟਲ ਗੁਜਰਾਤੀ ਵਿਚ ਰੱਖਣ ਬਾਰੇ ਸ਼ੀਜੂ ਦਾ ਕਹਿਣਾ ਹੈ ਕਿ 'ਐਨੀ ਮਾਨੇ' ਗੁਜਰਾਤੀ ਭਾਸ਼ਾ ਦਾ ਤਕੀਆ ਕਲਾਮ ਹੈ। ਇਹ ਗੁਜਰਾਤੀਆਂ ਦੇ ਮੂੰਹ 'ਤੇ ਰਹਿੰਦਾ ਹੀ ਹੈ। ਜਦੋਂ ਗੁਜਰਾਤੀ ਟਾਈਟਲ ਵਾਲੀ 'ਕਾਈਪੋ ਛੇ' ਆਈ ਸੀ, ਉਦੋਂ ਵੀ ਗ਼ੈਰ-ਗੁਜਰਾਤੀ ਲੋਕਾਂ ਦੀ ਸਮਝ ਵਿਚ ਇਹ ਟਾਈਟਲ ਨਹੀਂ ਆਇਆ ਸੀ ਪਰ ਫ਼ਿਲਮ ਦੇਖ ਕੇ ਲੋਕ ਇਸ ਦਾ ਟਾਈਟਲ ਸਮਝ ਗਏ ਸਨ। ਉਸੇ ਤਰਜ 'ਤੇ 'ਐਨੀ ਮਾਨੇ' ਦੇਖ ਕੇ ਲੋਕ ਸਮਝ ਜਾਣਗੇ ਕਿ ਇਹ ਟਾਈਟਲ ਕਿਉਂ ਰੱਖਿਆ ਗਿਆ ਹੈ। ਉਂਝ ਗੁਜਰਾਤੀ ਲੋਕ ਐਨੀ ਮਾਨੇ ਉਦੋਂ ਬੋਲਦੇ ਹਨ ਜਦੋਂ ਕਿਸੇ ਪ੍ਰਤੀ ਗੁੱਸਾ ਪ੍ਰਗਟ ਕਰਨਾ ਹੁੰਦਾ ਹੈ।


-ਮੁੰਬਈ ਪ੍ਰਤੀਨਿਧ

ਸੱਭਿਆਚਾਰਕ ਗਾਇਕੀ ਦਾ ਮਾਣ : ਸਰਬਜੀਤ ਮੱਲਪੁਰੀ

ਅਜੋਕੇ ਮਾਰੂ ਸਮੇਂ ਵਿਚ ਅਜਿਹੇ ਗਾਇਕ ਤੇ ਕਲਮਕਾਰ ਵੀ ਹਨ, ਜਿਹੜੇ ਪੰਜਾਬੀ ਸੱਭਿਆਚਾਰ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਹਿੱਤ ਆਪਣਾ ਫਰਜ਼ ਬਾਖੂਬੀ ਨਿਭਾਅ ਰਹੇ ਹਨ। ਅਜਿਹੇ ਗਿਣੇ-ਚੁਣੇ ਗਾਇਕਾਂ 'ਚ ਸ਼ੁਮਾਰ ਹੁੰਦਾ ਹੈ ਕੈਨੇਡਾ ਦੇ ਸ਼ਹਿਰ ਸਰੀ (ਬੀ.ਸੀ.) ਵਿਚ ਪਿਛਲੇ ਦਸ ਵਰ੍ਹਿਆਂ ਤੋਂ ਵਸਦੇ ਆ ਰਹੇ ਪੰਜਾਬੀ ਗਾਇਕ ਸਰਬਜੀਤ ਮੱਲਪੁਰੀ ਦਾ। ਉਸ ਦੇ ਗਾਏ ਸੱਭਿਆਚਾਰਕ ਰੰਗਤ ਵਾਲੇ ਗੀਤ 'ਛੱਲੀਆਂ' ਅਤੇ 'ਚਿੱਟਕਾਰੀ' ਇਸ ਸਚਾਈ ਦੀ ਜਿਊਂਦੀ-ਜਾਗਦੀ ਮਿਸਾਲ ਹਨ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੱਲਪੁਰ ਅੜਕਾਂ ਦਾ ਜੰਮਪਲ ਗਾਇਕ ਸਰਬਜੀਤ ਮੱਲਪੁਰੀ ਦਾ ਜਨਮ ਪਿਤਾ ਗੁਰਦਾਸ ਰਾਮ ਦੇ ਘਰ ਮਾਤਾ ਹਰਕੇਸ਼ ਕੌਰ ਦੀ ਕੁੱਖੋਂ ਹੋਇਆ। ਪਿੰਡ ਅਤੇ ਨਵਾਂਸ਼ਹਿਰ ਦੇ ਸਕੂਲਾਂ ਤੋਂ ਪੜ੍ਹਾਈ ਕਰਨ ਵਾਲੇ ਸਰਬਜੀਤ ਨੇ ਆਪਣੀ ਰੂਹ 'ਚ ਵਸਦੇ ਗੀਤ-ਸੰਗੀਤ ਦੇ ਸ਼ੌਕ ਸਦਕਾ ਨਵਾਂਸ਼ਹਿਰ ਦੇ ਪ੍ਰਸਿੱਧ ਸੰਗੀਤ-ਉਸਤਾਦ ਰਾਮ ਲਾਲ ਜੀ ਤੋਂ ਕਲਾਸੀਕਲ ਸੰਗੀਤ ਦੀ ਸਿੱਖਿਆ ਲੈ ਕੇ ਆਪਣੀ ਸੰਗੀਤ ਸੂਝ ਨੂੰ ਪੱਕਿਆਂ ਕੀਤਾ। ਇਸ ਤੋਂ ਇਲਾਵਾ ਪੰਜਾਬੀ ਲੋਕ-ਗਾਇਕਾ ਪੂਨਮ ਬਾਲਾ ਤੋਂ ਵੀ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ, ਜਿਸ ਕਰਕੇ ਸ਼ੇਮਾਰੂ ਅਤੇ ਟੀ. ਸੀਰੀਜ਼ ਵਰਗੀਆਂ ਪ੍ਰਸਿੱਧ ਸੰਗੀਤ ਅਤੇ ਵੀਡੀਓ ਕੰਪਨੀਆਂ ਵਿਚ ਆਏ ਉਸ ਦੇ ਵੱਖ-ਵੱਖ ਗੀਤਾਂ ਦੀਆਂ ਆਡੀਓ ਅਤੇ ਵੀਡੀਓ ਐਲਬਮਾਂ ਨੂੰ ਪੰਜਾਬ ਅਤੇ ਕੈਨੇਡਾ ਵਿਚ ਵਸਦੇ ਪੰਜਾਬੀਆਂ ਨੇ ਦਿਲੋਂ ਪਿਆਰ ਦਿੱਤਾ। ਇਸੇ ਤਰ੍ਹਾਂ ਪੰਜਾਬ ਵਿਚ ਵੀ ਅਤੇ ਕੈਨੇਡਾ ਵਿਚ ਵੀ ਉਥੋਂ ਦੇ ਬਲਜਿੰਦਰ ਅਟਵਾਲ ਦੀ ਸੰਚਾਲਨਾਂ ਹੇਠ ਚਲ ਰਹੇ 'ਰੈੱਡ ਐਫ. ਐਮ.' ਰੇਡੀਓ ਅਤੇ ਉਥੋਂ ਦੇ 'ਲਿਸ਼ਕਾਰਾ' ਟੀ. ਵੀ. ਚੈਨਲ 'ਤੇ ਉਸ ਦੇ ਸੱਭਿਆਚਾਰਕ ਗੀਤਾਂ ਨੇ ਕੈਨੇਡਾ ਦੇ ਪੰਜਾਬੀਆਂ ਨੂੰ ਖੂਬ ਮੋਹਿਆ ਹੈ।
ਕੈਨੇਡਾ ਪਹੁੰਚ ਕੇ ਵੀ ਉਸ ਅੰਦਰ ਬੈਠਾ ਸੱਚਾ-ਸੁੱਚਾ ਪੰਜਾਬੀ ਗਾਇਕ-ਸੰਗੀਤਕਾਰ ਚੁੱਪ ਨਹੀਂ ਬੈਠਾ। ਉਥੋਂ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਪੰਜਾਬੀ ਲੋਕ-ਸੰਗੀਤ ਨਾਲ ਜੋੜਨ ਲਈ ਉਸ ਨੇ ਸਰੀ ਵਿਚ ਸੰਗੀਤ ਅਕੈਡਮੀ ਖੋਲ੍ਹ ਰੱਖੀ ਹੈ, ਜਿਥੇ ਨਵੀਂ ਪੀੜ੍ਹੀ ਦੇ ਪੰਜਾਬੀ ਬੱਚੇ ਪੰਜਾਬੀ ਗੀਤ-ਸੰਗੀਤ ਦੀ ਸਿੱਖਿਆ ਲੈ ਕੇ ਵਿਦੇਸ਼ੀ ਧਰਤੀ 'ਤੇ ਵੀ ਆਪਣੀਆਂ ਜੜ੍ਹਾਂ ਨਾਲ ਜੁੜ ਰਹੇ ਹਨ। ਬਤੌਰ ਗਾਇਕ ਪ੍ਰਾਪਤੀਆਂ ਦਾ ਅੰਬਾਰ ਲਗਾਈ ਬੈਠਾ ਸਰਬਜੀਤ ਮੱਲਪੁਰੀ ਬਤੌਰ ਸੰਗੀਤਕਾਰ ਅਨੇਕਾਂ ਪ੍ਰਸਿੱਧ ਗਾਇਕ-ਗਾਇਕਾਵਾਂ ਦੇ ਗੀਤਾਂ ਨੂੰ ਆਪਣੇ ਸੰਗੀਤ 'ਚ ਸਜਾ ਕੇ ਸਰੋਤਿਆਂ ਦੇ ਦਿਲ ਜਿੱਤ ਚੁੱਕਾ ਹੈ। ਇਨ੍ਹਾਂ ਗਾਇਕ-ਗਾਇਕਾਵਾਂ ਵਿਚ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ, ਰਣਜੀਤ ਮਣੀ ਵਰਗੇ ਫਨਕਾਰ ਸ਼ਾਮਿਲ ਹਨ।


-ਸੁਰਿੰਦਰ ਸਿੰਘ ਕਰਮ ਲਧਾਣਾ

ਰਣਬੀਰ ਨੇ ਦੱਸਿਆ ਸ਼ਾਹਰੁਖ ਨੂੰ ਫ਼ਿਲਮ ਦਾ ਟਾਈਟਲ

ਕਿਸੇ ਵੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਜੋ ਸਭ ਤੋਂ ਪਹਿਲੀ ਚੀਜ਼ ਦਰਸ਼ਕਾਂ ਤੱਕ ਪਹੁੰਚਦੀ ਹੈ ਉਹ ਹੈ ਫ਼ਿਲਮ ਦਾ ਟਾਈਟਲ। ਕਈ ਵਾਰ ਤਾਂ ਫ਼ਿਲਮ ਦਾ ਨਾਂਅ ਸੁਣ ਕੇ ਹੀ ਦਰਸ਼ਕ ਇਹ ਨਿਰਣਾ ਲੈ ਲੈਂਦਾ ਹੈ ਕਿ ਉਸ ਨੇ ਇਹ ਫ਼ਿਲਮ ਦੇਖਣੀ ਹੈ ਜਾਂ ਨਹੀਂ। ਇਸ ਤਰ੍ਹਾਂ ਫ਼ਿਲਮ ਦੀ ਸਫ਼ਲਤਾ ਲਈ ਇਕ ਚੰਗੇ ਟਾਈਟਲ ਦਾ ਹੋਣਾ ਜ਼ਰੂਰੀ ਬਣ ਜਾਂਦਾ ਹੈ ਅਤੇ ਇਹੀ ਵਜ੍ਹਾ ਹੈ ਕਿ ਚੰਗਾ ਟਾਈਟਲ ਲੱਭਣ ਵਿਚ ਨਿਰਮਾਤਾ, ਨਿਰਦੇਸ਼ਕ, ਲੇਖਕ ਕਾਫੀ ਮੱਥਾਪੱਚੀ ਵੀ ਕਰਦੇ ਹਨ। ਚੰਗਾ ਟਾਈਟਲ ਮਿਲ ਜਾਣ 'ਤੇ ਜੈਕਪੋਟ ਲੱਗਣ ਵਰਗੀ ਖੁਸ਼ੀ ਮਨਾਈ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀਆਂ ਖੁਸ਼ੀਆਂ ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਤੇ ਨਿਰਦੇਸ਼ਕ ਇਮਤਿਆਜ਼ ਅਲੀ ਮਨਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਚੰਗਾ ਨਾਂਅ ਮਿਲ ਗਿਆ ਹੈ ਅਤੇ ਇਸ ਦਾ ਸਿਹਰਾ ਰਣਬੀਰ ਕਪੂਰ ਨੂੰ ਜਾਂਦਾ ਹੈ। ਜਦੋਂ ਇਮਤਿਆਜ਼ ਅਲੀ ਨੇ ਸ਼ਾਹਰੁਖ ਨੂੰ ਲੈ ਕੇ ਆਪਣੀ ਨਵੀਂ ਫ਼ਿਲਮ ਸ਼ੁਰੂ ਕੀਤੀ ਤਾਂ ਉਦੋਂ ਇਸ ਦਾ ਨਾਂਅ 'ਦ ਰਿੰਗ' ਰੱਖਿਆ ਗਿਆ ਪਰ ਇਹ ਟਾਈਟਲ ਜ਼ਿਆਦਾ ਅਪੀਲ ਨਹੀਂ ਕਰ ਸਕਿਆ ਅਤੇ ਪੂਰੀ ਯੂਨਿਟ ਨੂੰ ਇਹ ਨਾਂਅ ਬਹੁਤ ਹੀ ਸਧਾਰਨ ਲੱਗਿਆ ਸੀ। ਫਿਰ ਇਸ ਦਾ ਨਾਂਅ ਬਦਲ ਕੇ 'ਰਹਿਨੁਮਾ' ਰੱਖਿਆ ਗਿਆ ਪਰ ਯੂਨਿਟ ਦੇ ਕਈ ਲੋਕਾਂ ਨੂੰ ਲੱਗਿਆ ਕਿ ਇਹ ਟਾਈਟਲ ਕਿਸੇ ਪਾਕਿਸਤਾਨੀ ਫ਼ਿਲਮ ਤੋਂ ਲਿਆ ਜ਼ਿਆਦਾ ਲੱਗਦਾ ਹੈ। ਖ਼ੈਰ, ਇਸੇ ਟਾਈਟਲ ਦੇ ਨਾਲ ਸ਼ੂਟਿੰਗ ਜਾਰੀ ਰੱਖੀ ਗਈ ਅਤੇ ਇਕ ਦਿਨ ਜਦੋਂ ਮਹਿਬੂਬ ਸਟੂਡੀਓ ਵਿਚ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਉਥੇ ਨਿਰਦੇਸ਼ਕ ਨੂੰ ਮਿਲਣ ਰਣਬੀਰ ਕਪੂਰ ਆ ਪਹੁੰਚੇ। ਰਣਬੀਰ ਨੇ ਇਮਤਿਆਜ਼ ਅਲੀ ਦੇ ਨਾਲ 'ਰਾਕਸਟਾਰ' ਤੇ 'ਤਮਾਸ਼ਾ' ਵਿਚ ਕੰਮ ਕੀਤਾ ਸੀ। ਸੋ, ਰਣਬੀਰ ਨੇ ਗੱਲਾਂ-ਗੱਲਾਂ ਵਿਚ ਉਨ੍ਹਾਂ ਦੀ ਨਿਰਮਾਣ ਅਧੀਨ ਫ਼ਿਲਮ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਉਦੋਂ ਸ਼ਾਹਰੁਖ ਖਾਨ ਵੀ ਉਥੇ ਆ ਗਏ ਅਤੇ ਸ਼ਾਹਰੁਖ ਨੇ ਦੱਸਿਆ ਕਿ ਫ਼ਿਲਮ ਦਾ ਟਾਈਟਲ 'ਰਹਿਨੁਮਾ' ਹੈ ਤੇ ਰਣਬੀਰ ਦੀ ਪਹਿਲੀ ਪ੍ਰਤੀਕਿਰਿਆ ਇਹ ਸੀ ਕਿ ਇਹ ਠੰਢਾ ਟਾਈਟਲ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਪੱਲੇ ਨਹੀਂ ਪਵੇਗਾ। ਫਿਰ ਜਦੋਂ ਉਨ੍ਹਾਂ ਨੇ ਕਹਾਣੀ ਬਾਰੇ ਪੁੱਛਿਆ ਤਾਂ ਦੱਸਿਆ ਗਿਆ ਇਸ ਵਿਚ ਹੈਰੀ ਅਤੇ ਸੇਜਲ ਦੀ ਪ੍ਰੇਮ ਕਹਾਣੀ ਪੇਸ਼ ਕੀਤੀ ਗਈ ਹੈ ਤਾਂ ਤੁਰੰਤ ਰਣਬੀਰ ਨੇ ਸੁਝਾਅ ਦਿੱਤਾ ਕਿ ਫ਼ਿਲਮ ਦਾ ਨਾਂਅ 'ਜਬ ਹੈਰੀ ਮੈਟ ਸੇਜਲ' ਹੋਣਾ ਚਾਹੀਦਾ ਹੈ। ਇਮਤਿਆਜ਼ ਤੇ ਸ਼ਾਹਰੁਖ ਦੋਵਾਂ ਨੂੰ ਰਣਬੀਰ ਵੱਲੋਂ ਸੁਝਾਇਆ ਟਾਈਟਲ ਪਸੰਦ ਆ ਗਿਆ ਅਤੇ ਇਸ ਨੂੰ ਝੱਟ ਰਜਿਸਟਰਡ ਵੀ ਕਰਵਾ ਲਿਆ।


-ਮੁੰਬਈ ਪ੍ਰਤੀਨਿਧ

'ਦਾ ਸਲੱਮ ਸਟਾਰਜ਼' ਫ਼ਿਲਮ ਨਾਲ ਚਰਚਾ 'ਚ ਹੈ : ਚਿਰਾਗਦੀਪ ਗਿੱਲ

ਬਹੁਤ ਘੱਟ ਖ਼ੁਸ਼ਕਿਸਮਤ ਕਲਾਕਾਰ ਹੁੰਦੇ ਹਨ ਜਿਨ੍ਹਾਂ ਦਾ ਕਰੀਅਰ ਤਜਰਬੇਕਾਰ ਨਿਰਦੇਸ਼ਕਾਂ ਨਾਲ ਕੰਮ ਕਰਕੇ ਸ਼ੁਰੂ ਹੁੰਦਾ ਹੈ। ਰੰਗ ਮੰਚ ਦੇ ਵਿਹੜੇ ਤੋਂ ਨਾਟਕ ਮਿੱਟੀ ਰੁਦਨ ਕਰੇ, ਬੁੱਕਲ ਦੀ ਅੱਗ, ਟੋਆ, ਦਸਤਾਰ ਆਦਿ ਨਾਟਕਾਂ ਦੇ ਦਰਜ਼ਨਾਂ ਸਟੇਜ ਸ਼ੋਅ ਕਰਦੇ ਹੋਏ, ਪੰਜਾਬੀ ਟੈਲੀ ਫ਼ਿਲਮਾਂ ਅਤੇ ਸੰਗੀਤਕ ਵੀਡੀਓਜ਼ ਰਾਹੀਂ ਫ਼ਿਲਮ ਖੇਤਰ ਵਿਚ ਆਏ ਚਿਰਾਗਦੀਪ ਗਿੱਲ। ਪੰਜਾਬੀ ਫ਼ਿਲਮ ਸਰਦਾਰ ਜੀ, ਸਰਦਾਰ ਜੀ-2 ਅਤੇ ਬੰਬੂਕਾਟ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਚਿਰਾਗਦੀਪ ਕਿਸਮਤ ਦਾ ਧਨੀ ਹੈ। ਚਿਰਾਗਦੀਪ ਗਿੱਲ ਸ਼ਾਰਧਾ ਮਾਡਲ ਸਕੂਲ ਸੈਕਟਰ 40 ਡੀ ਵਿਚ 6ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੂੰ ਕਲਾ ਦੀ ਇਹ ਗੁੜ੍ਹਤੀ ਆਪਣੇ ਪਿਤਾ ਨਾਮਵਰ ਅਦਾਕਾਰ ਜਸਬੀਰ ਗਿੱਲ ਤੋਂ ਮਿਲੀ ਹੈ। ਜਸਵੀਰ ਗਿੱਲ ਰੰਗਮੰਚ ਤੇ ਫ਼ਿਲਮੀ ਪਰਦੇ ਦਾ ਮਕਬੂਲ ਅਦਾਕਾਰ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਚਿਰਾਗਦੀਪ ਦੀ ਸਖ਼ਤ ਮਿਹਨਤ ਸਾਰਥਕ ਸਿੱਧ ਹੋਈ ਹੈ। ਚਿਰਾਗਦੀਪ ਸਕੂਲ ਵਿਚ ਖੇਡਾਂ ਦੇ ਖੇਤਰ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਸ ਦੇ ਦਿਲ ਦੀ ਤਮੰਨਾ ਫੁੱਟਬਾਲ ਦੇ ਖਿਡਾਰੀ ਵਜੋਂ ਆਪਣੀ ਪਛਾਣ ਬਣਾਉਣ ਦੀ ਹੈ। ਪਰ ਕਲਾ ਦੀ ਗਲਵਕੜੀ ਦਾ ਨਿੱਘ ਮਾਣਦਾ ਹੋਇਆ ਬਾਲ ਕਲਾਕਾਰ ਚਿਰਾਗਦੀਪ ਗਿੱਲ ਕਲਾ ਦੇ ਖੇਤਰ ਵਿਚ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ।
ਅਦਾਕਾਰ ਚਿਰਾਗਦੀਪ ਗਿੱਲ ਦੀਆਂ ਹੋਰ ਆਉਣ ਵਾਲੀਆਂ ਫ਼ਿਲਮਾਂ ਵਿਚ 'ਦਾ ਸਲੱਮ ਸਟਾਰਜ਼' ਹਿੰਦੀ, ਤੁਫਾਨ ਸਿੰਘ, ਸਨ ਆਫ ਮਨਜੀਤ ਸਿੰਘ ਅਤੇ ਬੋਧ ਅਜਿਹੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਹਿੰਦੀ ਫ਼ਿਲਮ 'ਦਾ ਸਲੱਮ ਸਟਾਰਜ਼' ਬਾਰੇ ਗੱਲਬਾਤ ਕਰਦੇ ਹੋਏ ਬਾਲ ਕਲਾਕਾਰ ਚਿਰਾਗਦੀਪ ਗਿੱਲ ਦਾ ਕਹਿਣਾ ਹੈ ਕਿ ਡਾਇਰੈਕਟਰ ਸੰਦੀਪ ਸਿੰਘ ਬਾਵਾ ਦੀ ਨਿਰਦੇਸ਼ਨਾਂ ਹੇਠ ਪੂਰੇ ਦੇਸ਼ ਭਰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿਚ ਉਹ ਮੁੱਖ ਹੀਰੋ ਦੇ ਕਿਰਦਾਰ ਵਿਚ ਨਜ਼ਰ ਆਏਗਾ। ਫ਼ਿਲਮ ਦੇ ਨਿਰਮਾਤਾ ਬਲਕਾਰ ਸਿੰਘ ਹਨ। ਪਰਮਾਤਮਾ ਕਰੇ, ਉਹ ਹਮੇਸ਼ਾ ਹੀ ਬੁਲੰਦੀਆਂ ਨੂੰ ਛੂੰਹਦਾ ਰਹੇ ਤੇ ਲੋਕੀਂ ਉਸ ਨੂੰ ਹੱਥੀਂ ਛਾਵਾਂ ਕਰਦੇ ਰਹਿਣ।


-ਗੁਰਮੁੱਖ ਸਿੰਘ ਮਾਨ
ਨਿੱਜੀ ਪੱਤਰ ਪ੍ਰੇਰਕ ਖਰੜ mann1ajit@gmail.com

ਜੈਕਲਿਨ ਫਰਨਾਂਡਿਜ਼

ਰਾਜ ਭਾਗ ਕਾਇਮ

ਜੈਕਲਿਨ 'ਏ ਜੈਂਟਲਮੈਨ' ਤੋਂ ਇਲਾਵਾ 'ਜੁੜਵਾਂ-2' ਵਿਚ ਵੀ ਹੈ। ਦੋ ਵੱਡੀਆਂ ਫ਼ਿਲਮਾਂ ਤੇ ਤੀਸਰੀ ਸਲਮਾਨ ਦੀ ਮਿਲ ਗਈ ਤਾਂ ਜੈਕਲਿਨ ਫਿਰ ਅਗਲੇ ਦੋ ਸਾਲ ਤੱਕ ਇਥੇ ਆਪਣਾ ਰਾਜ ਕਾਇਮ ਰੱਖੇਗੀ। ਜੈਕੀ ਯੋਗਾ ਨੂੰ ਖਾਸ ਅਹਿਮੀਅਤ ਦਿੰਦੀ ਹੈ। ਨਾ ਸਿਰਫ਼ ਤਾਪਸੀ ਪੰਨੂੰ ਸਗੋਂ ਉਸ ਨੇ ਤਾਂ ਸੈਫ਼ ਅਲੀ ਖ਼ਾਨ ਦੀ ਪਹਿਲੇ ਵਿਆਹ ਤੋਂ ਧੀ ਸਾਰਾ ਨੂੰ ਵੀ ਯੋਗਾ ਸਿਖਾਉਣ ਵੱਲ ਤੋਰਿਆ ਹੈ। ਜੋ ਵੀ ਕਰਨਾ ਹੈ, ਕਰਕੇ ਛੱਡੋ, ਇਹ ਉਸ ਦਾ ਸਿਧਾਂਤ ਹੈ।
ਕਈ ਸੱਭਿਆਚਾਰਕ ਅੰਸ਼ਾਂ ਦਾ ਮਿਸ਼ਰਣ ਹੈ ਜੈਕਲਿਨ ਫਰਨਾਂਡਿਜ਼ ਪਰ ਭਾਰਤੀ ਦਰਸ਼ਕਾਂ ਦੀ ਉਹ ਚਹੇਤੀ ਅਭਿਨੇਤਰੀ ਹੈ ਜਿਵੇਂ ਜੈਕੀ ਸ੍ਰੀਲੰਕਨ ਨਾ ਹੋ ਕੇ ਭਾਰਤੀ ਹੋਵੇ। 'ਏ ਜੈਂਟਲਮੈਨ' ਉਹ ਨਵੀਂ ਫ਼ਿਲਮ ਹੈ ਜਿਸ ਵਿਚ ਨਿਰਮਾਤਾਵਾਂ ਨੂੰ ਹਰ ਸਲਾਹ ਉਹ ਦੇ ਰਹੀ ਹੈ ਤੇ ਉਸ ਦੀ ਸਲਾਹ 'ਤੇ ਹੀ ਫ਼ਿਲਮ 'ਰੀਲੋਡ' ਦਾ ਨਾਂਅ ਬਦਲ ਕੇ 'ਏ ਜੈਂਟਲਮੈਨ' ਰੱਖਿਆ ਗਿਆ ਹੈ। ਸਲਮਾਨ ਦਾ ਦਰਵਾਜ਼ਾ ਹਮੇਸ਼ਾ ਉਸ ਲਈ ਖੁਸ਼ਆਮਦੀਦ ਦਾ ਬੋਰਡ ਲਾ ਕੇ ਸਵਾਗਤ ਲਈ ਤਿਆਰ ਰਹਿੰਦਾ ਹੈ। ਇਹੀ ਹੈ ਕਿ 'ਅਲਾਦੀਨ' ਵਾਲੀ ਕੱਲ੍ਹ ਦੀ ਗੁੰਮਨਾਮ ਜੈਕੀ ਅੱਜ ਸਟਾਰ ਹੀਰੋਇਨ ਹੈ। ਸੁਣਨ ਵਾਲੇ, ਦੇਖਣ ਵਾਲੇ ਤੇ ਫ਼ਿਲਮੀ ਸਰਗਰਮੀਆਂ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਸਲਮਾਨ ਦੀ ਨਵੀਂ ਫ਼ਿਲਮ 'ਚ ਜੈਕਲਿਨ ਹੈ ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਹੋਇਆ ਹੈ। ਦੀਨ ਦੁਖੀਆਂ ਦੀ ਮਦਦ ਜੈਕੀ ਦਾ ਮੰਤਵ ਹੈ। ਜੈਕਲਿਨ 'ਏ ਜੈਂਟਲਮੈਨ' ਤੋਂ ਇਲਾਵਾ 'ਜੁੜਵਾਂ-2' ਵਿਚ ਵੀ ਹੈ। ਦੋ ਵੱਡੀਆਂ ਫ਼ਿਲਮਾਂ ਤੇ ਤੀਸਰੀ ਸਲਮਾਨ ਦੀ ਮਿਲ ਗਈ ਤਾਂ ਜੈਕਲਿਨ ਫਿਰ ਅਗਲੇ ਦੋ ਸਾਲ ਤੱਕ ਇਥੇ ਆਪਣਾ ਰਾਜਭਾਗ ਕਾਇਮ ਰੱਖੇਗੀ। ਜੈਕੀ ਯੋਗਾ ਨੂੰ ਖਾਸ ਸ਼ਕਤੀ ਮੰਨਦੀ ਹੈ। ਨਾ ਸਿਰਫ਼ ਤਾਪਸੀ ਪੰਨੂੰ ਸਗੋਂ ਉਸ ਨੇ ਤਾਂ ਸੈਫ਼ ਅਲੀ ਖ਼ਾਨ ਦੀ ਪਹਿਲੇ ਵਿਆਹ ਤੋਂ ਧੀ ਸਾਰਾ ਨੂੰ ਵੀ ਯੋਗਾ ਸਿਖਾਉਣ ਵੱਲ ਤੋਰਿਆ ਹੈ। ਜੋ ਵੀ ਕਰਨਾ ਹੈ, ਕਰਕੇ ਛੱਡੋ, ਇਹ ਉਸ ਦਾ ਸਿਧਾਂਤ ਹੈ। ਪਾਰਟੀਆਂ ਵਿਚ ਜਾਣ ਦੀ ਥਾਂ ਜੈਕੀ ਸਮਾਜਿਕ ਸਰੋਕਾਰਾਂ ਨਾਲ ਵਧੇਰੇ ਜੁੜੀ ਹੈ। ਹਾਲਾਂਕਿ ਗ਼ਰੀਬਾਂ ਦੀ ਸੂਚੀ 'ਚ ਉਸ ਦਾ ਨਾਂਅ ਦੇਖ ਕੇ ਦੁਨੀਆ ਹੈਰਾਨ ਸੀ ਤੇ ਕਿਹਾ ਗਿਆ ਕਿ ਪੂਰੀ ਅਮੀਰ ਇਹ ਹੀਰੋਇਨ ਬੀ.ਪੀ.ਐਲ. ਕਾਰਡ ਧਾਰਕ ਹੋ ਕਿ ਗ਼ਰੀਬੀ ਦਾ ਮਖੌਲ ਉਡਾ ਰਹੀ ਹੈ। ਜੈਕਲਿਨ ਫਰਨਾਂਡਿਜ਼ ਇਸ ਨੂੰ ਸਰਕਾਰੀ ਭੁੱਲ ਦੱਸਦੀ ਹੈ ਤੇ ਉਹ ਮਨੁੱਖਾਂ, ਜਾਨਵਰਾਂ ਦੀ ਭਲਾਈ ਦੇ ਨਾਲ-ਨਾਲ ਆਪਣੇ ਕੈਰੀਅਰ ਨੂੰ ਵੀ ਪੂਰਾ ਸਮਾਂ ਦੇ ਕੇ ਫੁਰਤੀਲੀ ਕੁੜੀ ਬਣ ਕੇ ਇਥੇ ਚਲ ਫਿਰ ਰਹੀ ਹੈ।

ਫਰਹਾਨ ਅਖ਼ਤਰ

ਨਵੇਂ ਵਿਆਹਿਆਂ ਲਈ ਬਣੂੰ ਫ਼ਿਲਮ

ਜੇਕਰ ਸਲਮਾਨ ਖ਼ਾਨ ਆਪਣੇ ਪਿਤਾ ਦਾ ਨਾਂਅ ਉੱਚਾ ਕਰ ਸਕਦਾ ਹੈ ਤਾਂ ਸਲਮਾਨ ਦੇ ਪਿਤਾ ਦੇ ਭਰਾਵਾਂ ਜਿਹੇ ਭਾਈਵਾਲ ਜਾਵੇਦ ਦਾ ਮੁੰਡਾ ਫਰਹਾਨ ਅਖ਼ਤਰ ਵੀ ਦੋ ਕਦਮ ਅਗਾਂਹ ਹੀ ਜਾਂਦਾ ਹੈ, ਪਿਛਾਂਹ ਨਹੀਂ। ਫਰਹਾਨ ਤਾਂ ਰਾਤ ਸੁੱਤਾ ਪਿਆ ਵੀ ਕੁਝ ਨਵਾਂ ਫ਼ਿਲਮੀ ਦੁਨੀਆ 'ਚ ਕਰਨ ਲਈ ਸੋਚਦਾ ਰਹਿੰਦਾ ਹੈ। ਨਾਲ ਹੀ ਫਰਹਾਨ ਫ਼ੈਸਲਾ ਕਰਦਾ ਹੈ ਅਗਲੇ ਦਿਨ ਦਿਲ ਨਾਲ ਕਿ ਆਪਣੇ ਕਿਰਦਾਰ ਨੂੰ ਉਸ ਨੇ ਨਵੀਂ ਰੂਪ-ਰੇਖਾ ਜਾਂ ਸ਼ਕਲ ਕਿਵੇਂ ਦੇਣੀ ਹੈ? ਵਾਹ ਕੀ ਸਮਰਪਣ ਹੈ? ਕੀ ਜਜ਼ਬਾਤ ਹੈ? ਫਿਰ ਇਕ ਗੱਲ ਹੋਰ ਫਰਹਾਨ ਚੁੱਪ-ਚੁਪੀਤੇ ਹੀ ਧਮਾਕਾ ਕਰਦਾ ਹੈ। ਸੈੱਟ 'ਤੇ ਜਾ ਕੇ ਹੀ ਪਤਾ ਚਲਦਾ ਹੈ ਕਿ ਫਰਹਾਨ ਦਾ ਫ਼ਿਲਮ 'ਚ ਕੰਮ ਕੀ ਹੈ? ਪਹਿਰਾਵਾ ਕੀ ਹੈ ਤੇ ਕੀ ਉਹ ਫ਼ਿਲਮ ਲਈ ਗਾ ਵੀ ਰਿਹਾ ਹੈ ਜਾਂ ਫਿਰ ਫ਼ਿਲਮ ਦੀ ਕਥਾ-ਪਟਕਥਾ 'ਚ ਵੀ ਉਸ ਦਾ ਕੋਈ ਯੋਗਦਾਨ ਹੈ। ਫਰਹਾਨ ਪਿਛਲੇ ਕਾਫ਼ੀ ਦਿਨਾਂ ਤੋਂ ਫ਼ਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨਾਲ ਮੀਟਿੰਗ ਕਰ ਰਿਹਾ ਸੀ। ਆਸ਼ੂਤੋਸ਼ ਵੀ ਚੁੱਪ ਸੀ ਤੇ ਉਹ ਸੋਚ ਰਿਹਾ ਸੀ ਕਿ ਕਲਾਤਮਿਕ ਰੁਚੀ ਵਾਲੇ ਫਰਹਾਨ ਨਾਲ ਮਿਲ ਕੇ ਉਹ ਕੁਝ ਨਵੀਂ ਚੀਜ਼ ਬੀ-ਟਾਊਨ ਨੂੰ ਦੇਵੇ। ਫਰਹਾਨ ਤੇ ਆਸ਼ੂਤੋਸ਼ ਦੀ ਮਿਲਣੀ 'ਚੋਂ ਕੀ ਨਿਕਲਿਆ? ਇਸ ਸਬੰਧੀ ਖਾਸ ਸੂਤਰਾਂ ਤੋਂ ਪਤਾ ਚੱਲਿਆ ਕਿ ਫਰਹਾਨ ਖਾਸ ਕਰ ਨਵੇਂ ਵਿਆਹੇ ਜੋੜਿਆਂ ਲਈ ਫ਼ਿਲਮ ਬਣਾ ਰਿਹਾ ਹੈ। ਕਿਰਦਾਰ 'ਚ ਨਵ-ਵਿਆਹੀ ਜੋੜੀ ਉਸ ਦੇ ਸੁਪਨੇ, ਤਮੰਨਾ, ਚਾਹਤ ਹੋਵੇਗੀ ਤੇ ਇਹ ਇਕ ਅਲੱਗ ਤਰ੍ਹਾਂ ਦੀ ਰੁਮਾਂਟਿਕ ਫ਼ਿਲਮ ਫਰਹਾਨ ਵੱਲੋਂ ਹੋਵੇਗੀ। 'ਹਨੀਮੂਨ' ਨਾਲ ਸਬੰਧਤ ਹੀ ਫ਼ਿਲਮ ਦਾ ਸਿਰਲੇਖ ਹੋਵੇਗਾ ਤੇ ਇਸ ਦੇ ਇਰਦ-ਗਿਰਦ ਇਕ ਚੰਗੀ ਕਹਾਣੀ ਜੋ ਕਾਮੁਕਤਾ ਤੋਂ ਪਰੇ ਹੋਵੇਗੀ, ਘੁੰਮੇਗੀ। ਫਰਹਾਨ ਅਖਤਰ ਨੇ ਇਸ ਨਵੀਂ ਫ਼ਿਲਮ ਲਈ ਦਿਸ਼ਾ ਪਟਾਨੀ ਨਾਲ ਸੰਪਰਕ ਕੀਤਾ ਹੈ। ਫਰਹਾਨ ਤੇ ਦਿਸ਼ਾ ਦੀ ਜੋੜੀ ਪਹਿਲੀ ਵਾਰ ਪਰਦੇ 'ਤੇ ਨਵੇਂ ਵਿਆਹਿਆਂ ਲਈ ਖਾਸ ਫ਼ਿਲਮ ਲੈ ਕੇ ਆਵੇਗੀ। ਮਜ਼ੇਦਾਰ ਸੋਚ ਹੈ ਫਰਹਾਨ ਦੀ...।

ਗੌਹਰ ਖ਼ਾਨ

ਕੰਡਿਆਂ ਨਾਲ ਦੋਸਤੀ

ਸਾਧਾਰਨ ਪਰਿਵਾਰ ਦੀ ਬੇਟੀ ਹੋ ਕੇ ਗੌਹਰ ਖ਼ਾਨ ਨੇ ਜਿਸ ਥਾਂ ਨੂੰ ਹੱਥ ਪਾਇਆ ਜਨੂੰਨ, ਲਗਨ ਤੇ ਮਿਹਨਤ ਸਦਕਾ ਉਸ ਥਾਂ ਦੀ ਇਕ ਤਰ੍ਹਾਂ ਨਾਲ ਉਹ ਮਾਲਕਣ ਬਣੀ ਹੈ। ਆਪਣੇ-ਆਪ ਨੂੰ ਸਮਰਪਿਤ ਕੀਤਾ ਨਾਚ ਪ੍ਰਤੀ ਤੇ ਇਸ ਨਾਚ ਨੇ ਵੀ ਉਸ ਨੂੰ ਪਾਰ ਲਾਇਆ ਹੈ। ਗੌਹਰ ਨੂੰ 'ਬਿਗ ਬੌਸ' ਜਿਹੇ ਤਕੜੇ ਮੁਕਾਬਲਿਆਂ 'ਚ ਜਿੱਤ ਦਾ ਸਵਾਦ ਚਖਾਇਆ ਹੈ। ਸਧਾਰਨ ਹੋਣਾ ਅਲੱਗ ਗੱਲ ਹੈ ਪਰ ਲੋਕ ਕਹਿਣ ਕਿ ਇਹ ਤਾਂ ਦੱਬੇ-ਕੁਚਲੇ ਘਰ ਤੋਂ ਹੈ ਕਿਵੇਂ ਟੱਕਰ ਲਵੇਗੀ, ਇਹ ਗੌਹਰ ਨੂੰ ਪਸੰਦ ਨਹੀਂ। ਗੌਹਰ ਨੇ ਗ਼ਲਤੀਆਂ ਜ਼ਿਆਦਾ ਕੀਤੀਆਂ ਹਨ। ਇਸ ਗੱਲ 'ਤੇ ਗ਼ਲਤੀਆਂ ਨੇ ਉਸ ਦੀ ਤੈਰਦੀ ਹੋਈ ਬੇੜੀ 'ਚ ਸੁਰਾਖ ਕਰਕੇ ਬੇੜੀ ਡੋਬਣ ਵੱਲ ਲਿਆਂਦੀ ਹੈ। ਅਭਿਨੈ ਤੇ ਜਨੂੰਨ ਅੰਗ-ਅੰਗ ਵਿਚ ਵਾਸ ਕਰਦਾ ਹੈ ਤਾਂ ਹੀ ਬੇੜੀ 'ਚ ਪੈਂਦੇ ਸੁਰਾਖ ਬੰਦ ਕਰਨ 'ਚ ਉਹ ਕਾਮਯਾਬ ਹੋ ਜਾਂਦੀ ਹੈ। ਬਾਲੀਵੁੱਡ ਨੂੰ ਆਪਣੀ ਜ਼ਿੰਦਜਾਨ ਉਹ ਸਮਝਦੀ ਹੈ ਪਰ ਬਾਲੀਵੁੱਡ ਉਸ ਨੂੰ 'ਨ੍ਰਤਕੀ', 'ਆਈਟਮ ਸ਼ੈਅ', 'ਟੀ.ਵੀ. ਦੀ ਖਿਡਾਰਨ' ਤੋਂ ਵੱਧ ਨਹੀਂ ਸਮਝਦੀ। ਗੌਹਰ ਦਾ ਦੀਨ-ਈਮਾਨ ਉਸ ਦੀ ਮੰਨੀਏ ਤਾਂ ਆਪਣੇ ਵਤਨ ਭਾਰਤ ਪ੍ਰਤੀ ਉਸ ਦਾ ਪਰੇਮ ਹੈ ਪਰ ਜਦ ਸੋਸ਼ਲ ਮੰਚ 'ਤੇ ਮੀਡੀਆ 'ਚ ਉਸ ਨੂੰ 'ਟਰੋਲ' ਕੀਤਾ ਜਾਂਦਾ ਹੈ, ਟਰੋਲਿੰਗ ਦਾ ਸ਼ਿਕਾਰ ਅਰਥਾਤ ਆਪਣੇ ਬਿਆਨਾਂ ਲਈ ਪ੍ਰਤੀਕਿਰਿਆਵਾਂ, ਪਸੰਦ-ਨਾ ਪਸੰਦ ਤੇ ਵਿਰੋਧ ਦਾ ਸ਼ਿਕਾਰ ਹੁੰਦੀ ਹੈ ਤਾਂ ਗੌਹਰ ਪ੍ਰਤੀ ਦਰਸ਼ਕਾਂ 'ਚ ਪਿਆਰ ਦੀ ਥਾਂ ਨਫ਼ਰਤ ਜਾਗਦੀ ਹੈ। ਕੁਸ਼ਲ ਟੰਡਨ ਨਾਲ ਪਿਆਰ ਇਹ 'ਲਵ ਜੇਹਾਦ', ਫਿਰ ਕੁਸ਼ਲ ਵੱਲੋਂ ਗੌਹਰ ਦੇ ਕਾਮੁਕ ਚਿੱਤਰ ਪ੍ਰਕਾਸ਼ਿਤ ਹੋਣੇ ਤੇ ਹੁਣ 'ਸਾਰੇ ਦੇਸ਼ ਹੀ ਪਿਆਰੇ ਹੁੰਦੇ ਹਨ' ਦੀ ਟਿੱਪਣੀ ਨੇ ਗੌਹਰ ਖ਼ਾਨ ਦੇ ਪ੍ਰਸੰਸਕ ਨਾਰਾਜ਼ ਕੀਤੇ ਹਨ। ਕਦੇ ਚਪੇੜ ਵੀ ਉਸ ਆਪਣੀਆਂ ਹਰਕਤਾਂ ਕਾਰਨ ਖਾਧੀ ਸੀ ਤੇ ਹੁਣ ਭਾਰਤੀ ਹਾਂ ਪਰ ਦੂਸਰੇ ਦੇਸ਼ ਵੀ ਪਿਆਰੇ, ਆਖ ਕੇ ਗੌਹਰ ਨੇ ਰਾਹ ਜਾਂਦੀ ਮੁਸੀਬਤ ਗਲ ਪਾ ਲਈ ਹੈ। ਗੌਹਰ ਪ੍ਰਤੀ ਖੂਬ ਨਰਾਜ਼ਗੀ ਇਥੇ ਵਧ ਰਹੀ ਹੈ। ਆਪਣੇ-ਆਪ ਨੂੰ ਸੁਧਾਰ ਕੇ ਚੱਲੇਗੀ ਤਾਂ ਠੀਕ ਵਰਨਾ ਫ਼ਿਲਮਾਂ ਤੋਂ ਸੱਖਣੀ ਗੌਹਰ ਫੁੱਲ ਘੱਟ ਤੇ ਕੰਡੇ ਜ਼ਿਆਦਾ ਚੁਗੇਗੀ। ਕੰਡਿਆਂ ਦਾ ਦਰਦ ਤਾਂ ਲੈ ਹੀ ਬੈਠਦਾ ਹੈ।

ਨਿਮਰਤ ਕੌਰ

ਬਹਾਦਰ ਫ਼ੌਜਣ

ਪਤਾ ਨਹੀਂ ਕਿਸ ਖਤਾ ਦੀ ਸਜ਼ਾ ਰੱਬ ਨੇ ਦਿੱਤੀ ਕਿ ਮਾਸੂਮ ਅੱਖਾਂ ਵਿਚ ਜਦ ਕੁਆਰੇ ਸੁਪਨੇ ਤੈਰਨ ਦਾ ਸਮਾਂ ਸੀ ਤਦ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਤੇ ਮਾਸੂਮ ਨਿਮਰਤ ਕੌਰ ਪੱਥਰ ਦਿਲ ਹੋ ਗਈ। ਦੇਸ਼ ਹਿਤ ਸ਼ਹਾਦਤ ਦੇਣ ਵਾਲੇ ਆਪਣੇ ਸਵਰਗੀ ਪਿਤਾ ਨੂੰ ਹੀ ਅੱਜ ਨਿਮਰਤ ਹਰ ਸਫ਼ਲਤਾ ਸਮਰਪਿਤ ਕਰਦੀ ਹੈ। ਦਰਦਾਂ ਦੀ ਜੂਨ ਨਿਮਰਤ ਅਨੁਸਾਰ ਉਸ ਦੀ ਅੰਮੜੀ ਅਵਿਨਾਸ਼ ਕੌਰ ਹੰਢਾਅ ਰਹੀ ਹੈ ਪਰ ਇਸ ਜੂਨ 'ਚ ਉਸ ਦੇ ਹਮਸਫ਼ਰ ਤੇ ਨਿਮਰਤ ਦੇ ਪਿਤਾ ਦਾ ਬਲੀਦਾਨ ਜੂਨ ਸੰਵਾਰਨ ਦੇ ਬਰਾਬਰ ਹੈ। ਬੀਤੇ ਸਮਿਆਂ ਨੂੰ ਯਾਦ ਕਰਦੀ ਨਿਮੀ ਨੂੰ ਯਾਦ ਆਂਵਦੇ ਨੇ ਥੀਏਟਰ ਦੇ ਦਿਨ ਤੇ ਇਸ ਥੀਏਟਰ ਨੂੰ ਹੀ ਘਰ ਦੇ ਗ਼ਮ ਭੁਲਾਏ ਤੇ ਪ੍ਰਿੰਟ ਮਾਡਲ ਬਣਨ ਲਈ ਉਸ ਦਾ ਸਾਥ ਦਿੱਤਾ। ਹੱਦੋਂ ਵੱਧ ਪ੍ਰਤਿਭਾ ਤੇ ਹੱਦੋਂ ਵੱਧ ਸੁਹੱਪਣ ਨਿਮਰਤ ਨੂੰ ਹੁਸਨ ਪਰੀ ਬਣਾਉਣ ਲਈ ਕਾਫੀ ਹਨ। ਅਨੁਰਾਗ ਕਸ਼ਯਪ ਦੀ ਤਰਾਸ਼ੀ ਕਲਾ ਦੀ ਇਹ ਮੂਰਤ ਟਾਲੀਵੁੱਡ, ਬਾਲੀਵੁੱਡ ਤੇ ਟੈਲੀਵੁੱਡ ਦੇ ਹਰ ਸਾਂਚੇ 'ਚ ਜਚਦੀ ਹੈ, ਫਿਟ ਹੈ। 'ਪੈਰਲਰਜ਼' ਤੋਂ 'ਲੰਚ ਬਾਕਸ' ਤੱਕ ਤੇ ਫਿਰ ਹਾਲੀਵੁੱਡ ਲਈ ਕੰਮ ਕਰਨਾ ਨਿਮੀ ਦੀਆਂ ਸਫ਼ਲਤਾਵਾਂ ਦੀ ਕਹਾਣੀ ਹੈ। ਹਾਲੀਵੁੱਡ ਦੇ ਟੀ.ਵੀ. ਸ਼ੋਅ ਨੇ ਤਾਂ ਉਸ ਨੂੰ ਦੌਲਤ-ਸ਼ੋਹਰਤ ਨਾਲ ਭਰ ਹੀ ਦਿੱਤਾ। ਨਿਮਰਤ ਨੇ ਅਕਸ਼ੈ ਕੁਮਾਰ ਨਾਲ 'ਏਅਰ ਲਿਫਟ' ਜਿਹੀ ਚੱਜ ਦੀ ਫ਼ਿਲਮ ਕਰਕੇ ਵੱਡੀਆਂ ਹੀਰੋਇਨਾਂ ਦੇ ਪਸੀਨੇ ਛੁਡਾ ਦਿੱਤੇ। ਅੱਜ ਸਮਾਂ ਇੰਟਰਨੈੱਟ, ਐਪਸ ਤੇ ਸਮਾਜਿਕ ਸੰਚਾਰ ਦਾ ਹੈ ਤੇ ਨਿਮਰਤ ਦੀ ਵੈਬ ਲੜੀ 'ਦਾ ਟੈਸਟ' ਗਜ਼ਬ ਦੀ ਹੈ। ਕੁੜੀਆਂ ਚਿੜੀਆਂ ਨਹੀਂ ਉਹ ਦੇਸ਼ ਦੀ ਖਾਤਰ ਆਰਮੀ 'ਚ ਆ ਕੇ ਫ਼ੌਜਣਾਂ ਬਣ ਕੇ ਬਹੁਤ ਕਰ ਸਕਦੀਆਂ ਹਨ। ਨਿਮੀ ਨੇ 'ਦਾ ਟੈਸਟ' 'ਚ ਅਜਿਹੀ ਹੀ ਭੂਮਿਕਾ ਨਿਭਾਈ ਹੈ। ਨਿਮਰਤ ਦੇ ਨੈਣਾਂ 'ਚੋਂ ਫਿਰ ਨੀਰ ਵਹਿ ਤੁਰਿਆ ਜਦ ਉਹ 'ਦਾ ਟੈਸਟ' ਕਰ ਰਹੀ ਸੀ। ਫ਼ੌਜ, ਸਰਹੱਦ, ਸ਼ਹਾਦਤ ਤੇ ਪਿਤਾ ਦੀ ਯਾਦ 'ਦਾ ਟੈਸਟ' ਉਸ ਲਈ ਜ਼ਿੰਦਗੀ ਦਾ ਟੈਸਟ ਹੈ। ਨਿਮਰਤ ਕੌਰ ਜੇਕਰ ਬਿਕਨੀ ਦ੍ਰਿਸ਼ਾਂ ਲਈ ਕਦੇ ਨਫ਼ਰਤ ਦੀ ਅੱਖ ਨਾਲ ਦੇਖੀ ਗਈ ਸੀ, ਤਾਂ ਅੱਜ 'ਦਾ ਟੈਸਟ' ਵੈਬ ਲੜੀ ਨਾਲ ਬਹਾਦਰ ਫ਼ੌਜਣ ਬਣ ਕੇ ਵਿਚਰੀ ਹੈ।

'ਕੈਨੇਡਾ ਦੇ ਰੱਖਿਆ ਮੰਤਰੀ ਮੇਰੇ ਸੁਪਰ ਹੀਰੋ ਹਨ'-ਦਿਲਜੀਤ ਦੋਸਾਂਝ

ਗਾਇਕ ਤੇ ਨਾਇਕ ਬਣੇ ਦਿਲਜੀਤ ਦੋਸਾਂਝ ਅੱਜ ਜਿੱਥੇ ਹਿੰਦੀ ਫ਼ਿਲਮਾਂ ਵਿਚ ਰੁੱਝੇ ਹੋਏ ਹਨ, ਉਥੇ ਪੰਜਾਬੀ ਫ਼ਿਲਮਾਂ ਨਾਲ ਵੀ ਉਨ੍ਹਾਂ ਨੇ ਆਪਣਾ ਸਬੰਧ ਕਾਇਮ ਰੱਖਿਆ ਹੋਇਆ ਹੈ। ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵਾਂ ਰੁਤਬਾ ਦੇਣ ਵਾਲੇ ਦਿਲਜੀਤ ਦੀ ਅਗਾਮੀ ਪੰਜਾਬੀ ਫ਼ਿਲਮ ਹੈ 'ਸੁਪਰ ਸਿੰਘ' ਅਤੇ ਇਹ ਉਨ੍ਹਾਂ ਦੇ ਚਹੇਤੇ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਹ ਪਹਿਲੀ ਇਸ ਤਰ੍ਹਾਂ ਦੀ ਪੰਜਾਬੀ ਫ਼ਿਲਮ ਹੈ ਜਿਸ ਵਿਚ ਨਾਇਕ ਨੂੰ ਸੁਪਰ ਹੀਰੋ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਤੇ ਹੋਰ ਵਿਸ਼ਿਆਂ 'ਤੇ ਦਿਲਜੀਤ ਦੋਸਾਂਝ ਨਾਲ ਹੋਈ ਗੱਲਬਾਤ ਇੱਥੇ ਪੇਸ਼ ਹੈ :
* ਸੁਪਰ ਹੀਰੋ ਦੇ ਕੋਲ ਵਿਸ਼ੇਸ਼ ਸ਼ਕਤੀ ਹੁੰਦੀ ਹੈ। ਇਥੇ ਤੁਹਾਡੇ ਕੋਲ ਕਿਹੜੀ ਸੁਪਰ ਪਾਵਰ ਹੈ?
-ਇਸ ਸੁਪਰ ਹੀਰੋ ਦੇ ਕੋਲ ਜੋ ਵਿਸ਼ੇਸ਼ ਸ਼ਕਤੀ ਹੈ, ਉਸ ਬਾਰੇ ਮੈਂ ਦੱਸ ਨਹੀਂ ਸਕਦਾ। ਇਸ ਲਈ ਫ਼ਿਲਮ ਦੇਖਣੀ ਹੋਵੇਗੀ। ਹਾਂ, ਏਨਾ ਜ਼ਰੂਰ ਮੈਂ ਕਹਿ ਸਕਦਾ ਹਾਂ ਕਿ ਇਥੇ ਹੀਰੋ ਦੇ ਕੋਲ ਜੋ ਸ਼ਕਤੀ ਹੈ, ਉਹ ਆਪਣੇ ਆਪ ਵਿਚ ਵੱਖਰੀ ਹੈ। ਇਸ ਤਰ੍ਹਾਂ ਦੀ ਅਨੋਖੀ ਸ਼ਕਤੀ 'ਤੇ ਹੁਣ ਤੱਕ ਕੋਈ ਫ਼ਿਲਮ ਨਹੀਂ ਬਣੀ ਹੈ।
* ਕਿਹਾ ਜਾਂਦਾ ਹੈ ਕਿ ਇਕ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਹੈ। ਇਹ ਸੁਪਰ ਹੀਰੋ ਕਿੰਨੇ ਲੱਖ ਦੇ ਬਰਾਬਰ ਹੈ?
-ਇਸ ਫ਼ਿਲਮ ਵਿਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜੋ ਸਿੰਘ ਹੁੰਦਾ ਹੈ ਅਤੇ ਪੱਗ ਬੰਨ੍ਹਦਾ ਹੈ, ਉਹ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹੁੰਦਾ।
* ਹਾਲੀਵੁੱਡ ਵਿਚ ਜਦੋਂ ਬੈਟਮੈਨ, ਸੁਪਰਮੈਨ ਸਪਾਈਡਰਮੈਨ, ਹੀਮੈਨ 'ਤੇ ਫ਼ਿਲਮਾਂ ਬਣਦੀਆਂ ਹਨ ਤਾਂ ਉਹ ਐਕਸ਼ਨ ਨਾਲ ਵੀ ਭਰਪੂਰ ਹੁੰਦੀਆਂ ਹਨ। ਕੀ ਇਹ ਫ਼ਿਲਮ ਵੀ ਐਕਸ਼ਨ ਨਾਲ ਭਰਪੂਰ ਹੈ?
-ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪੰਜਾਬੀ ਫ਼ਿਲਮ ਹੈ। ਇਸ ਦੀ ਤੁਲਨਾ ਹਾਲੀਵੁੱਡ ਦੀਆਂ ਫ਼ਿਲਮਾਂ ਨਾਲ ਕਰਨਾ ਜ਼ਿਆਦਤੀ ਹੋਵੇਗੀ। ਉਥੇ ਸੁਪਰ ਹੀਰੋ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਬਜਟ ਬਹੁਤ ਵੱਡਾ ਹੁੰਦਾ ਹੈ ਅਤੇ ਇਸ ਵਜ੍ਹਾ ਕਰਕੇ ਖਰਚੀਲਾ ਐਕਸ਼ਨ ਦ੍ਰਿਸ਼ ਸ਼ੂਟ ਕਰਨ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਸਾਨੂੰ ਪਤਾ ਹੈ ਕਿ ਪੰਜਾਬੀ ਫ਼ਿਲਮਾਂ ਦਾ ਬੱਜਟ ਕਿੰਨਾ ਹੋਣਾ ਚਾਹੀਦਾ ਹੈ, ਇਸ ਲਈ ਇਥੇ ਅਸੀਂ ਐਕਸ਼ਨ 'ਤੇ ਜ਼ੋਰ ਨਾ ਦੇ ਕੇ ਕਹਾਣੀ ਤੇ ਮਨੋਰੰਜਨ 'ਤੇ ਜ਼ਿਆਦਾ ਧਿਆਨ ਦਿੱਤਾ ਹੈ। ਹੋਰ ਪੰਜਾਬੀ ਫ਼ਿਲਮਾਂ ਦੇ ਮੁਕਾਬਲੇ ਇਸ ਦਾ ਬਜਟ ਫਿਰ ਵੀ ਜ਼ਿਆਦਾ ਹੈ। ਇਸ ਲਈ ਇਸ ਦੇ ਨਿਰਮਾਣ ਵਿਚ ਡੇਢ ਸਾਲ ਦਾ ਸਮਾਂ ਲੱਗ ਗਿਆ।
* ਆਮ ਤੌਰ 'ਤੇ ਸੁਪਰ ਹੀਰੋ ਵਾਲੀਆਂ ਫ਼ਿਲਮਾਂ ਵਿਚ ਨਾਇਕ ਦੇ ਦੋ ਰੂਪ ਦਿਖਾਏ ਜਾਂਦੇ ਹਨ। ਇਕ ਵਿਚ ਉਹ ਆਮ ਆਦਮੀ ਹੁੰਦਾ ਹੈ ਅਤੇ ਦੂਜੇ ਰੂਪ ਵਿਚ ਸੁਪਰ ਹੀਰੋ ਹੁੰਦਾ ਹੈ। ਕੀ ਇਥੇ ਵੀ ਉਂਝ ਹੀ ਹੈ?
-ਜੀ ਨਹੀਂ। ਇਥੇ ਸ਼ਕਤੀਮਾਨ ਅਤੇ ਗੰਗਾਧਰ ਵਾਲਾ ਮਾਮਲਾ ਨਹੀਂ ਹੈ। ਇਥੇ ਪੂਰੀ ਫ਼ਿਲਮ ਵਿਚ ਨਾਇਕ ਨੂੰ ਸੁਪਰ ਹੀਰੋ ਦੀ ਤਰ੍ਹਾਂ ਹੀ ਪੇਸ਼ ਕੀਤਾ ਗਿਆ ਹੈ।
* ਸੁਪਰ ਹੀਰੋ 'ਤੇ ਬਣੀ ਕੋਈ ਫ਼ਿਲਮ ਜਦੋਂ ਹਿੱਟ ਹੋ ਜਾਂਦੀ ਹੈ ਤਾਂ ਫਿਰ ਉਸ ਦੀ ਲੜੀ ਬਣਨੀ ਸ਼ੁਰੂ ਹੋ ਜਾਂਦੀ ਹੈ। ਕੀ ਇਥੇ ਵੀ ਤੁਸੀਂ ਲੜੀ ਬਣਾਉਣ ਦਾ ਇਰਾਦਾ ਰੱਖਦੇ ਹੋ?
-ਜੀ ਹਾਂ। ਅਸੀਂ ਇਹ ਫ਼ਿਲਮ ਹੀ ਕੁਝ ਇਸ ਢੰਗ ਨਾਲ ਬਣਾਈ ਹੈ ਕਿ ਅੱਗੇ ਲੜੀ ਦਾ ਹਿੱਸਾ ਬਣਿਆ ਰਹੇ।
* ਬੱਚਿਆਂ ਨੂੰ ਸੁਪਰ ਹੀਰੋ ਵਾਲੀਆਂ ਫ਼ਿਲਮਾਂ ਜ਼ਿਆਦਾ ਪਸੰਦ ਆਉਂਦੀਆਂ ਹਨ। ਕੀ ਇਥੇ ਵੀ ਬਾਲ ਦਰਸ਼ਕਾਂ ਲਈ ਕੁਝ ਮਸਾਲਾ ਰੱਖਿਆ ਗਿਆ ਹੈ?
-ਸੁਪਰ ਹੀਰੋ ਵਾਲੀ ਫ਼ਿਲਮ ਵਿਚ ਬਾਲ ਦਰਸ਼ਕਾਂ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਇਸ ਵਿਚ ਬੱਚਿਆਂ ਲਈ ਵੀ ਭਰਪੂਰ ਮਨੋਰੰਜਨ ਪੇਸ਼ ਕੀਤਾ ਗਿਆ ਹੈ। ਇਹੀ ਨਹੀਂ, ਫ਼ਿਲਮ ਵਿਚ ਬਾਲ ਕਲਾਕਾਰ ਦੀ ਵੀ ਮੁੱਖ ਭੂਮਿਕਾ ਹੈ। ਉਹ ਸੁਪਰ ਹੀਰੋ ਦਾ ਦੋਸਤ ਹੈ ਅਤੇ ਉਹ ਹੀਰੋ ਦੇ ਸੁਪਰ ਹੀਰੋ ਬਣਨ ਵਿਚ ਕਾਫੀ ਮਦਦ ਵੀ ਕਰਦਾ ਹੈ।
* ਤੁਹਾਡਾ ਪਸੰਦੀਦਾ ਸੁਪਰ ਹੀਰੋ ਕਿਹੜਾ ਹੈ?
-ਮੇਰਾ ਪਸੰਦੀਦਾ ਸੁਪਰ ਹੀਰੋ ਤਾਂ ਸੁਪਰ ਸਿੰਘ ਹੈ ਉਹ ਹੱਸਦੇ ਹੋਏ ਕਹਿੰਦੇ ਹਨ।
* ਇਹ ਤਾਂ ਹੋਈ ਫ਼ਿਲਮ ਦੀ ਗੱਲ। ਇਸ ਫ਼ਿਲਮ ਦੇ ਬਣਨ ਤੋਂ ਪਹਿਲਾਂ ਤੁਹਾਡਾ ਪਸੰਦੀਦਾ ਸੁਪਰ ਹੀਰੋ ਕਿਹੜਾ ਸੀ?'
-ਇਹ ਸੁਣ ਕੇ ਉਹ ਜ਼ਰਾ ਗੰਭੀਰ ਹੋ ਕੇ ਕਹਿੰਦੇ ਹਨ, 'ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮੇਰੇ ਸੁਪਰ ਹੀਰੋ ਹਨ। ਅੱਜ ਉਹ ਉਸ ਦੇਸ਼ ਦੇ ਰੱਖਿਆ ਮੰਤਰੀ ਹਨ ਜਿਥੇ ਸਾਡੇ ਦੇਸ਼ ਦੇ ਕਈ ਲੋਕ ਜਦੋਂ 'ਕਾਮਾਗਾਟਾਮਾਰੂ' ਜਹਾਜ਼ 'ਤੇ ਸਵਾਰ ਹੋ ਕੇ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਅੱਜ ਉਸੇ ਦੇਸ਼ ਨੇ ਆਪਣੀ ਸੁਰੱਖਿਆ ਦਾ ਜ਼ਿੰਮਾ ਉਨ੍ਹਾਂ ਨੂੰ ਸੌਂਪਿਆ ਹੈ। ਇਸ ਤਰ੍ਹਾਂ ਦੇਸ਼ ਦੇ ਰੱਖਿਆ ਮੰਤਰੀ ਦੇ ਅਹੁਦੇ 'ਤੇ ਪਹੁੰਚਣਾ ਬਹੁਤ ਵੱਡੀ ਉਪਲਬਧੀ ਹੈ। ਉਹ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹਨ।'
* ਨਿਰਦੇਸ਼ਕ ਅਨੁਰਾਗ ਸਿੰਘ ਦੇ ਨਾਲ ਤੁਹਾਡੀ ਚੰਗੀ ਗੱਲਬਾਤ ਹੈ। ਇਸ ਗੱਲਬਾਤ ਦਾ ਫਾਇਦਾ ਇਸ ਫ਼ਿਲਮ ਨੂੰ ਕਿੰਨਾ ਕੁ ਮਿਲਿਆ ਹੈ?
-'ਜੱਟ ਐਂਡ ਜੂਲੀਅਟ' ਰਾਹੀਂ ਅਸੀਂ ਦੋਵਾਂ ਨੇ ਪਹਿਲੀ ਵਾਰ ਇਕੱਠਿਆਂ ਕੰਮ ਕੀਤਾ ਅਤੇ ਫਿਰ ਤਿੰਨ ਹੋਰ ਫ਼ਿਲਮਾਂ ਇਕੱਠਿਆਂ ਕੀਤੀਆਂ। ਇਹ ਸਾਡੇ ਦੋਵਾਂ ਦੀ ਪੰਜਵੀਂ ਫ਼ਿਲਮ ਹੈ। ਮੈਨੂੰ ਅਨੁਰਾਗ 'ਤੇ ਭਰੋਸਾ ਹੈ ਕਿ ਜਦੋਂ ਕਦੀ ਉਹ ਮੇਰੇ ਲਈ ਕਿਸੇ ਫ਼ਿਲਮ ਦਾ ਪ੍ਰੋਜੈਕਟ ਲਿਆਉਣਗੇ ਤਾਂ ਉਸ ਵਿਚ ਕੁਝ ਖ਼ਾਸ ਗੱਲ ਜ਼ਰੂਰ ਹੋਵੇਗੀ। ਅਨੁਰਾਗ ਦੇ ਨਾਲ ਕੰਮ ਕਰਦੇ ਸਮੇਂ ਮੈਨੂੰ ਇਸ ਗੱਲ ਦਾ ਤਣਾਅ ਬਿਲਕੁਲ ਨਹੀਂ ਹੁੰਦਾ ਕਿ ਇਹ ਫ਼ਿਲਮ ਤਾਂ ਠੀਕ-ਠਾਕ ਬਣਾ ਲਵੇਗਾ ਨਾ। ਮੈਂ ਉਸ ਦੀ ਕਾਬਲੀਅਤ ਤੋਂ ਵਾਕਿਫ਼ ਹਾਂ।

ਤਾਪਸੀ ਪੰਨੂੰ ਖਾ ਲਈ ਨਜ਼ਰਾਂ ਨੇ

ਸੱਤ ਸਾਲ ਪਹਿਲਾਂ ਚਾਂਦੀ ਰੰਗੇ ਪਰਦੇ 'ਤੇ ਨਾਇਕਾ ਬਣ ਆਈ ਪੰਜਾਬਣ ਮੁਟਿਆਰ ਤਾਪਸੀ ਪੰਨੂੰ ਅੱਜ ਕਿਸੇ ਜਾਣ-ਪਛਾਣ ਲਈ ਆਪਣੀ ਪ੍ਰੋਫਾਈਲ ਤੇ ਜੀਵਨ ਵੇਰਵਾ ਦਿਖਾਉਣ ਦੇ ਰਾਹ ਨਹੀਂ ਬਲਕਿ ਫ਼ਿਲਮੀ ਪਿਆਰੇ ਉਸ ਦੇ ਨਾਂਅ ਤੋਂ ਬਾਖੂਬੀ ਜਾਣਕਾਰ ਹਨ। ਤੇਲਗੂ ਫ਼ਿਲਮਾਂ ਨੇ ਉਸ ਦਾ ਫ਼ਿਲਮੀ ਜੀਵਨ ਸਫ਼ਰ ਸ਼ੁਰੂ ਕੀਤਾ ਤੇ ਅੱਜ ਵੀ ਉਹ ਆਪਣੀ ਹੱਦ ਤੋਂ ਜਾਣੂ ਹੈ, ਆਪਣੀ ਔਕਾਤ 'ਚ ਰਹਿਣ ਦੀ ਗੱਲ ਕਰਦੀ ਹੈ। ਤਾਪਸੀ ਨੇ ਪ੍ਰਭਾਵਿਤ ਕੀਤਾ ਬਾਲੀਵੁੱਡ ਨੂੰ ਰੀਮੇਕ ਫ਼ਿਲਮ 'ਚਸ਼ਮ-ਏ-ਬਦੂਰ' ਨਾਲ ਤੇ ਡੇਵਿਡ ਧਵਨ ਵੱਲੋਂ ਹਿੰਦੀ ਫ਼ਿਲਮਾਂ ਨਾਲ ਵਾਕਿਫ਼ ਕਰਵਾਈ ਗਈ ਮਿਸ ਪੰਨੂੰ ਨੇ 'ਬੇਬੀ' ਫ਼ਿਲਮ ਨਾਲ ਕਸਰਾਂ ਹੀ ਕੱਢ ਦਿੱਤੀਆਂ। ਤਾਪਸੀ-ਤਾਪਸੀ ਜਿਸ ਫ਼ਿਲਮ ਤੋਂ ਹੋਈ ਉਹ ਸੀ 'ਪਿੰਕ' ਤੇ ਪਿਛਲੇ ਸਾਲ ਆਈ 'ਪਿੰਕ' ਨੇ ਤਾਪਸੀ ਦੀਆਂ ਗੱਲ੍ਹਾਂ 'ਪਿੰਕ' ਕਰ ਦਿੱਤੀਆਂ, ਚਿਹਰਾ ਪਿੰਕ ਤੇ ਬਾਲੀਵੁੱਡ ਉਸ ਦੇ 'ਪਿੰਕ' ਰੰਗ 'ਚ ਰੰਗੀ ਗਈ। ਅਮਿਤਾਬ ਬੱਚਨ ਨਾਲ ਇਹ ਫ਼ਿਲਮ ਕਰਕੇ ਤਾਪਸੀ ਪੰਨੂੰ ਰਾਤੋ-ਰਾਤ ਸੱਤ ਅਸਮਾਨਾਂ ਨੂੰ ਛੂਹਣ ਵਾਲੀ ਪਰੀ ਬਣ ਗਈ। 'ਪਿੰਕ' ਸਬੰਧੀ ਫ਼ਿਲਮ ਵਿਤਰਣ ਸੰਸਥਾ ਨਿਊ ਆਈ.ਐਮ.ਸੀ. ਨੇ ਪ੍ਰਤੀਕਿਰਿਆ ਦਿੱਤੀ ਸੀ ਕਿ 'ਆਸਕਰ' ਅਸਾਨੀ ਨਾਲ ਜੇ ਕੋਈ ਅੱਜ ਦੀ ਨਾਇਕਾ ਹਾਸਲ ਕਰ ਸਕਦੀ ਹੈ ਤਾਂ ਉਹ ਹੈ ਤਾਪਸੀ। ਨਜ਼ਰ ਲੱਗਣ ਵਾਲੀ ਗੱਲ ਕਿ ਤਾਪਸੀ ਦਾ 'ਪਿੰਕ' ਰੰਗ ਫਿੱਕਾ ਪੈਣ ਲੱਗਾ। 'ਰਨਿੰਗ ਸ਼ਾਦੀ ਡਾਟ ਕਾਮ' ਦੀ ਅਸਫ਼ਲਤਾ ਤੋਂ ਉਭਰੀ ਤਾਂ 'ਗਾਜੀ ਅਟੈਕ' ਨੇ ਟਿਕਟ ਖਿੜਕੀ 'ਤੇ 'ਹਾਰਟ ਅਟੈਕ' ਵਾਲੀ ਗੱਲ ਬਣਾ ਦਿੱਤੀ। 'ਨਾਮ ਸ਼ਬਾਨਾ' ਵੀ ਅਜਿਹੀ ਹੀ ਰਹੀ। ਗੁਲਾਬੀ ਰੰਗ ਕਾਲਾ ਪੈਣ ਵਾਲੀ ਗੱਲ, ਬੁਰੀ ਨਜ਼ਰ ਨੇ ਖਾ ਲਿਆ ਤਾਪਸੀ ਨੂੰ ਮਹਿਸੂਸ ਹੋਇਆ। ਤਾਪਸੀ ਨੇ ਐਕਸ਼ਨ ਵੀ ਕੀਤਾ ਪਰ ਬੇਕਾਰ, ਹੁਣ 'ਜੁੜਵਾਂ-2' ਪੂਰੀ ਵਪਾਰਕ ਫ਼ਿਲਮ ਹੈ। ਜਿਸ ਡੇਵਿਟ ਧਵਨ ਨੇ ਉਸ ਨੂੰ ਇਥੇ ਲਿਆਂਦਾ, ਉਸ ਦੀ ਹੀ 'ਜੁੜਵਾਂ-2' ਨਾਲ ਫਿਰ ਤਾਪਸੀ ਗੁਆਚੇ ਸੁਨਹਿਰੀ ਪਲ ਭਾਲ ਲਏਗੀ। ਤਾਪਸੀ ਪੰਨੂੰ ਦੱਖਣ 'ਚ ਸਥਾਪਤ ਹੈ ਪਰ ਤਿੰਨ ਫ਼ਿਲਮਾਂ ਦੀ ਅਸਫ਼ਲਤਾ ਦੇ ਦਾਗ਼ 'ਜੁੜਵਾਂ-2' ਧੋ ਗਈ ਤਾਂ ਫਿਰ ਚਰਚੇ ਇਸੇ ਤਾਪਸੀ ਦੇ ਹੀ ਹੋਣੇ ਹਨ।

-ਸੁਖਜੀਤ ਕੌਰ

ਲੇਖਕ ਦਾ ਬੇਟਾ ਹਾਂ, ਸੋ ਕਹਾਣੀ ਦੀ ਅਹਿਮੀਅਤ ਨੂੰ ਜਾਣਦਾ ਹਾਂ-ਸਲਮਾਨ ਖਾਨ

ਈਦ ਦੇ ਮੌਕੇ ਸਲਮਾਨ ਦੀ ਫ਼ਿਲਮ 'ਟਿਊਬਲਾਈਟ' ਸਿਨੇਮਾਘਰਾਂ ਵਿਚ ਆ ਰਹੀ ਹੈ। ਸਲਮਾਨ ਤੇ ਨਿਰਦੇਸ਼ਕ ਕਬੀਰ ਖਾਨ ਦੀ ਜੋੜੀ ਦੀ ਇਹ ਤੀਜੀ ਫ਼ਿਲਮ ਹੈ ਅਤੇ ਇਸ ਜੋੜੀ ਦੀ ਸਫਲਤਾ ਦੇ ਟ੍ਰੈਕ ਰਿਕਾਰਡ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਸ ਜੋੜੀ ਦੀ ਸਫਲਤਾ ਦੀ ਹੈਟ੍ਰਿਕ ਪੂਰੀ ਕਰੇਗੀ। ਇਸ ਦਾ ਨਿਰਮਾਣ ਵੀ ਸਲਮਾਨ ਵੱਲੋਂ ਕੀਤਾ ਗਿਆ ਹੈ। ਸੋ, ਉਹ ਆਪਣੀ ਇਸ ਫ਼ਿਲਮ ਦੇ ਪ੍ਰਚਾਰ ਵਲ ਵਿਸ਼ੇਸ਼ ਧਿਆਨ ਦੇ ਰਹੇ ਹਨ।
ਇਸ ਮੁਲਾਕਾਤ ਦੇ ਸਿਲਸਿਲੇ ਵਿਚ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ਵਿਚ ਜਦੋਂ ਸਲਮਾਨ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਗੁਜਾਰਿਸ਼ ਕੀਤੀ ਕਿ ਉਹ ਖੜ੍ਹੇ ਰਹਿ ਕੇ ਗੱਲ ਕਰਨਾ ਪਸੰਦ ਕਰਨਗੇ ਕਿਉਂਕਿ ਗੋਡੇ 'ਤੇ ਸੱਟ ਲੱਗਣ ਦੀ ਵਜ੍ਹਾ ਕਰਕੇ ਜ਼ਿਆਦਾ ਦੇਰ ਤੱਕ ਬੈਠ ਸਕਣਾ ਸੰਭਵ ਨਹੀਂ ਹੈ। ਭਾਵ ਸੱਟ ਲੱਗਣ ਦੇ ਬਾਵਜੂਦ ਉਹ ਫ਼ਿਲਮ ਨੂੰ ਪ੍ਰਚਾਰਿਤ ਕਰਨ ਵਿਚ ਆਪਣਾ ਪੂਰਾ ਸਹਿਯੋਗ ਦੇ ਰਹੇ ਸਨ।
* ਪਹਿਲਾਂ ਵੀ ਤੁਹਾਡੀਆਂ ਫ਼ਿਲਮਾਂ ਈਦ ਮੌਕੇ ਰਿਲੀਜ਼ ਹੋਈਆਂ ਹਨ ਅਤੇ ਹੁਣ ਇਹ ਫ਼ਿਲਮ ਵੀ ਈਦ 'ਤੇ ਆ ਰਹੀ ਹੈ। ਕੀ ਈਦ 'ਤੇ ਫ਼ਿਲਮ ਦਾ ਰਿਲੀਜ਼ ਹੋਣਾ ਸਫਲਤਾ ਦੀ ਗਾਰੰਟੀ ਮੰਨਿਆ ਜਾਂਦਾ ਹੈ?
-ਗਾਰੰਟੀ-ਵਾਰੰਟੀ ਕੁਝ ਨਹੀਂ। ਈਦ ਖੁਸ਼ੀਆਂ ਦਾ ਤਿਉਹਾਰ ਹੈ। ਇਸ ਲਈ ਲੋਕ ਰਿਸ਼ਤੇਦਾਰਾਂ ਨੂੰ ਮਿਲਣਾ ਤੇ ਪਰਿਵਾਰ ਨਾਲ ਫ਼ਿਲਮ ਦੇਖਣਾ ਪਸੰਦ ਕਰਦੇ ਹਨ। ਇਸ ਵਜ੍ਹਾ ਕਰਕੇ ਫ਼ਿਲਮ ਨੂੰ ਓਪਨਿੰਗ ਚੰਗੀ ਮਿਲ ਜਾਂਦੀ ਹੈ। ਅੱਜ ਜਦੋਂ ਫ਼ਿਲਮ ਨਿਰਮਾਣ ਦੀ ਲਾਗਤ ਬਹੁਤ ਵਧ ਗਈ ਹੈ ਅਤੇ ਸਿਨੇਮਾਘਰਾਂ ਵਿਚ ਫ਼ਿਲਮ ਦੇ ਚੱਲਣ ਦਾ ਸਮਾਂ ਵੀ ਬਹੁਤ ਘੱਟ ਹੋ ਗਿਆ ਹੈ, ਇਸ ਵਜ੍ਹਾ ਕਰਕੇ ਵੱਡੇ ਬਜਟ ਦੀਆਂ ਫ਼ਿਲਮਾਂ ਨੂੰ ਤਿਉਹਾਰਾਂ ਮੌਕੇ ਰਿਲੀਜ਼ ਕੀਤਾ ਜਾਂਦਾ ਹੈ ਤਾਂ ਕਿ ਘੱਟ ਸਮੇਂ ਵਿਚ ਜ਼ਬਰਦਸਤ ਕਾਰੋਬਾਰ ਕਰਕੇ ਆਪਣੀ ਲਾਗਤ ਵਸੂਲ ਕਰ ਲੈਣ। ਮੇਰੀ ਇਕ ਫ਼ਿਲਮ 'ਤੁਮਕੋ ਨਾ ਭੂਲ ਪਾਏਂਗੇ' ਈਦ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਸ ਵਿਚ ਈਦ ਦਾ ਗੀਤ ਵੀ ਸੀ ਪਰ ਫਿਰ ਵੀ ਉਹ ਫ਼ਿਲਮ ਚੱਲੀ ਨਹੀਂ ਸੀ। ਚਲਦੀ ਉਹੀ ਫ਼ਿਲਮ ਹੈ ਜਿਸ ਦੀ ਕਹਾਣੀ ਵਿਚ ਦਮ ਹੋਵੇ।
* ਤੁਸੀਂ ਇਸ ਫ਼ਿਲਮ ਦੇ ਨਿਰਮਾਤਾ ਵੀ ਹੋ। ਤੁਹਾਨੂੰ ਇਸ ਦੀ ਕਹਾਣੀ ਵਿਚ ਕੀ ਖ਼ਾਸ ਗੱਲ ਨਜ਼ਰ ਆਈ ਸੀ?
-ਲੇਖਕ ਦਾ ਬੇਟਾ ਹਾਂ। ਸੋ, ਕਹਾਣੀ ਦੀ ਅਹਿਮੀਅਤ ਜਾਣਦਾ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਕਹਾਣੀ ਚੰਗੀ ਹੋਵੇਗੀ ਅਤੇ ਨਿਰਦੇਸ਼ਨ ਕਮਜ਼ੋਰ ਹੋਵੇਗਾ ਤਾਂ ਵੀ ਫ਼ਿਲਮ ਚੱਲ ਜਾਂਦੀ ਹੈ ਅਤੇ ਜੇਕਰ ਕਹਾਣੀ ਕਮਜ਼ੋਰ ਹੋਵੇ ਉਦੋਂ ਨਿਰਦੇਸ਼ਨ ਦੀ ਪੂਰੀ ਟ੍ਰੀਟਮੈਂਟ ਦੇ ਬਾਵਜੂਦ ਵੀ ਫ਼ਿਲਮ ਢੇਰ ਹੋ ਜਾਂਦੀ ਹੈ। ਇਥੇ 'ਟਿਊਬਲਾਈਟ' ਵਿਚ ਦੋ ਭਰਾਵਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਜਦੋਂ ਮੈਨੂੰ ਇਹ ਕਹਾਣੀ ਸੁਣਾਈ ਗਈ ਸੀ, ਉਦੋਂ ਮੈਨੂੰ ਇਸ ਦੀਆਂ ਭਾਵੁਕ ਗੱਲਾਂ ਮਨ ਨੂੰ ਚੰਗੀਆਂ ਲੱਗੀਆਂ। ਹਿੰਦੀ ਫ਼ਿਲਮਾਂ ਭਾਵੁਕ ਗੱਲਾਂ ਦੇ ਦਮ 'ਤੇ ਦਰਸ਼ਕਾਂ ਨੂੰ ਖ਼ੁਦ ਨਾਲ ਜੋੜ ਸਕਣ ਵਿਚ ਕਾਮਯਾਬ ਰਹਿੰਦੀਆਂ ਹਨ। ਸਾਡੀ ਇਹ ਫ਼ਿਲਮ ਵੀ ਆਪਣੀ ਭਾਵੁਕਤਾ ਕਾਰਨ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਸਕੇਗੀ, ਇਹ ਮੇਰਾ ਵਿਸ਼ਵਾਸ ਹੈ।
* ਫ਼ਿਲਮ ਵਿਚ ਤੁਹਾਡੇ ਭਰਾ ਸੁਹੇਲ ਵੱਲੋਂ ਤੁਹਾਡੇ ਭਰਾ ਦੀ ਭੂਮਿਕਾ ਨਿਭਾਈ ਗਈ ਹੈ। ਇਥੇ ਸੁਹੇਲ ਦੇ ਨਾਲ ਕੰਮ ਕਰਨਾ ਕਿਵੇਂ ਲੱਗਿਆ?
-ਸੁਹੇਲ ਦੇ ਨਾਲ ਮੈਂ 'ਵੀਰ', 'ਮੈਨੇ ਪਿਆਰ ਕਿਉਂ ਕੀਆ' ਵਿਚ ਕੰਮ ਕੀਤਾ ਸੀ ਪਰ ਇਥੇ ਕੰਮ ਕਰਨ ਦਾ ਵੱਖਰਾ ਅਨੁਭਵ ਰਿਹਾ। ਫ਼ਿਲਮ ਵਿਚ ਉਹ ਮੇਰਾ ਛੋਟਾ ਭਰਾ ਬਣਿਆ ਹੈ। ਕਹਾਣੀ ਅਨੁਸਾਰ ਵੱਡੇ ਭਰਾ ਦਾ ਬੌਧਿਕ ਵਿਕਾਸ ਜ਼ਿਆਦਾ ਨਹੀਂ ਹੋਇਆ ਹੈ। ਇਸ ਲਈ ਛੋਟੇ ਭਰਾ ਨੂੰ ਵੱਡੇ ਭਰਾ ਦਾ ਖਿਆਲ ਰੱਖਣਾ ਪੈਂਦਾ ਹੈ। ਭਾਵ ਉਹ ਵੱਡਾ ਭਰਾ ਬਣ ਜਾਂਦਾ ਹੈ। ਮੈਂ ਜਦੋਂ ਪੰਜ ਸਾਲ ਦਾ ਸੀ, ਉਦੋਂ ਸੁਹੇਲ ਦਾ ਜਨਮ ਹੋਇਆ ਸੀ। ਮੈਂ ਉਸ ਨੂੰ ਚੱਲਣਾ ਸਿਖਾਇਆ ਸੀ। ਉਹ ਮੇਰੇ ਸਾਹਮਣੇ ਹੀ ਵੱਡਾ ਹੋਇਆ ਹੈ ਅਤੇ ਉਸ ਦੇ ਬਚਪਨ ਦੀ ਇਕ-ਇਕ ਗੱਲ ਮੈਨੂੰ ਯਾਦ ਹੈ। ਫ਼ਿਲਮ ਵਿਚ ਜਦੋਂ ਭਾਵੁਕ ਦ੍ਰਿਸ਼ ਹੁੰਦੇ ਸਨ ਤਾਂ ਸਾਹਮਣੇ ਸੁਹੇਲ ਨੂੰ ਦੇਖ ਕੇ ਮੈਂ ਖ਼ੁਦ-ਬ-ਖ਼ੁਦ ਭਾਵਕ ਹੋ ਜਾਂਦਾ ਸੀ ਅਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਸਨ। ਇਸ ਫ਼ਿਲਮ ਦੇ ਭਾਵੁਕ ਦ੍ਰਿਸ਼ਾਂ ਦੀ ਸ਼ੂਟਿੰਗ ਵਿਚ ਗਲਿਸਰੀਨ ਦੀ ਵਰਤੋਂ ਨਹੀਂ ਕਰਨੀ ਪਈ ਸੀ। ਇਸੇ ਗੱਲ ਤੋਂ ਅੰਦਾਜ਼ਾ ਆ ਗਿਆ ਹੋਵੇਗਾ ਕਿ ਫ਼ਿਲਮ ਦੀ ਭਾਵੁਕਤਾ ਕਿੰਨੀ ਮਜ਼ਬੂਤ ਹੈ।
* 'ਬਜਰੰਗੀ ਭਾਈਜਾਨ' ਤੇ 'ਸੁਲਤਾਨ' ਤੋਂ ਬਾਅਦ ਤੁਸੀਂ ਇਥੇ ਵੀ ਭੋਲੇ-ਭਾਲੇ ਨੌਜਵਾਨ ਦੀ ਭੂਮਿਕਾ ਨਿਭਾਅ ਰਹੇ ਹੋ। ਕੀ ਹੁਣ ਮਾਰਧਾੜ ਵਾਲੀਆਂ ਫ਼ਿਲਮਾਂ ਤੋਂ ਦੂਰੀ ਬਣਾਉਂਦੇ ਜਾ ਰਹੇ ਹੋ?
-ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਨ੍ਹੀਂ ਦਿਨੀਂ ਮੈਂ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਕਰ ਰਿਹਾ ਹਾਂ ਅਤੇ ਇਸ ਵਿਚ ਬਹੁਤ ਮਾਰਧਾੜ ਹੈ। ਫਿਰ 'ਦਬੰਗ-3' ਸ਼ੁਰੂ ਹੋਵੇਗੀ। ਉਸ ਵਿਚ ਵੀ ਮਾਰਧਾੜ ਹੈ। 'ਸ਼ੇਰਦਿਲ' ਵੀ ਲਾਂਚ ਹੋਵੇਗੀ। ਉਹ ਵੀ ਮਾਰਧਾੜ ਵਾਲੀ ਫ਼ਿਲਮ ਹੈ। ਸੰਜੈ ਲੀਲਾ ਭੰਸਾਲੀ ਦੇ ਨਾਲ ਵੀ ਫ਼ਿਲਮ ਕਰਨ ਜਾ ਰਿਹਾ ਹਾਂ ਪਰ ਉਹ ਇਤਿਹਾਸਕ ਫ਼ਿਲਮ ਨਹੀਂ ਹੈ।
* ਕਿਹਾ ਇਹ ਜਾ ਰਿਹਾ ਹੈ ਕਿ ਫ਼ਿਲਮ ਵਿਚ ਸ਼ਾਹਰੁਖ ਖਾਨ ਵੀ ਹਨ। ਕੀ ਇਹ ਸਹੀ ਹੈ?
-ਜੀ ਹਾਂ, ਸਹੀ ਹੈ। ਉਨ੍ਹਾਂ 'ਤੇ ਕਹਾਣੀ ਦਾ ਮਹੱਤਵਪੂਰਨ ਮੋਡ ਫ਼ਿਲਮਾਇਆ ਗਿਆ ਹੈ। ਮੇਰੇ ਘਰ ਦੀ ਫ਼ਿਲਮ ਦਾ ਹਿੱਸਾ ਬਣਨ ਲਈ ਮੈਂ ਉਨ੍ਹਾਂ ਦਾ ਤਹਿਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।


-ਮੁੰਬਈ ਪ੍ਰਤੀਨਿਧ

ਗਾਇਕੀ ਵਿਚ ਚੰਗਾ ਨਾਮਣਾ ਖੱਟਣ ਵਾਲਾ ਗਾਇਕ ਅਹਨ ਵਾਨੀ ਵਾਤਿਸ਼

ਅੱਜ ਦੇ ਦੌਰ ਵਿਚ ਹਰ ਰੋਜ਼ ਅਨੇਕਾਂ ਗਾਇਕ ਪੈਦਾ ਹੋ ਰਹੇ ਹਨ, ਜਿਨ੍ਹਾਂ ਨੂੰ ਗਾਇਕੀ ਦਾ ਕੋਈ ਗਿਆਨ ਨਹੀਂ ਹੁੰਦਾ। ਸੁਰਾਂ ਤੋਂ ਵਿਹੂਣੇ ਇਹ ਗਾਇਕ ਹਵਾ ਦੇ ਬੁੱਲ੍ਹੇ ਵਾਂਗ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਪਰ ਜਿਹੜੇ ਗਾਇਕਾਂ ਦੀ ਕਲਾ ਅੰਦਰ ਛੁਪੀ ਹੁੰਦੀ ਹੈ, ਉਹ ਆਪਣੀ ਉਸ ਕਲਾ ਨੂੰ ਜਦੋਂ ਬਾਹਰ ਕੱਢਦੇ ਹਨ ਤਾਂ ਲੋਕਾਂ ਦੇ ਦਿਲਾਂ 'ਤੇ ਛਾ ਜਾਂਦੇ ਹਨ। ਅਜਿਹੇ ਗਾਇਕ ਨਾ ਤਾਂ ਹਵਾ ਦੇ ਬੁੱਲ੍ਹੇ ਵਾਂਗੂੰ ਆਉਂਦੇ ਹਨ ਅਤੇ ਨਾ ਜਾਂਦੇ ਹਨ। ਇਨ੍ਹਾਂ ਦੀ ਗਾਇਕੀ ਸਦਾਬਹਾਰ ਚੱਲਦੀ ਰਹਿੰਦੀ ਹੈ। ਅਜਿਹਾ ਇਕ ਗਾਇਕ ਹੈ ਅਹਨ ਵਾਨੀ ਵਾਤਿਸ਼ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਉਸ ਦੇ ਹੁਣ ਤੱਕ ਚਾਰ ਗੀਤ ਮਾਰਕੀਟ ਵਿਚ ਆ ਚੁੱਕੇ ਹਨ। ਉਸ ਨੂੰ ਸੁਰਾਂ ਦੇ ਬਾਦਸ਼ਾਹ ਕਿਹਾ ਜਾਂਦਾ ਹੈ ਕਿਉਂਕਿ ਸੂਫੀਆਨਾ ਗਾਇਕੀ ਦੀ ਕਲਾ ਵੀ ਪਰਮਾਤਮਾ ਨੇ ਵਾਤਿਸ਼ ਨੂੰ ਬਖ਼ਸ਼ੀ ਹੋਈ ਹੈ।
ਅਹਨ ਵਾਨੀ ਵਾਤਿਸ਼ ਦਾ ਜਨਮ 22 ਜੁਲਾਈ 1985 ਨੂੰ ਪਿਤਾ ਸਰਜੀਵਨ ਲਾਲ ਤੇ ਮਾਤਾ ਪ੍ਰੇਮ ਲਤਾ ਦੇ ਘਰ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਵਿਖੇ ਹੋਇਆ। ਗਾਇਕੀ ਦੀ ਗੁੜ੍ਹਤੀ ਖਾਨਦਾਨ ਵਿਚੋਂ ਹੀ ਮਿਲੀ। ਪਹਿਲਾਂ ਉਨ੍ਹਾਂ ਦੇ ਦਾਦਾ ਜੀ, ਫਿਰ ਪਿਤਾ ਜੀ ਵੀ ਗਾਇਕੀ ਨਾਲ ਸਬੰਧ ਰੱਖਦੇ ਸਨ। ਉਸ ਤੋਂ ਬਾਅਦ ਹੁਣ ਵਾਤਿਸ਼ ਨੇ ਇਸ ਰੀਤ ਨੂੰ ਅੱਗੇ ਤੋਰਿਆ। ਵਾਤਿਸ਼ ਨੇ ਤਾਂ ਪਰਿਵਾਰ ਵਿਚੋਂ ਮਿਲੀ ਗੁੜਤੀ ਨੂੰ ਸਵੀਕਾਰ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਦੁਨੀਆ ਭਰ 'ਚ ਪ੍ਰਸਿੱਧ ਕਰ ਦਿੱਤਾ। ਉਸ ਨੇ ਗਾਇਕੀ ਦੀਆਂ ਬਾਰੀਕੀਆਂ ਆਪਣੇ ਉਸਤਾਦ ਪਰਵਿੰਦਰ ਸਿੰਘ ਦਰਦੀ (ਪਟਿਆਲਾ) ਤੋਂ ਸਿੱਖੀਆਂ ਹਨ। ਪੰਜਾਬੀ ਫਿਲਮ 'ਲੈਦਰ ਲਾਇਫ਼' ਵਿਚ ਪ੍ਰਸਿੱਧ ਐਕਟਰ ਅਮਨ ਧਾਲੀਵਾਲ ਨੇ ਮੁੱਖ ਅਦਾਕਾਰ ਵਜੋਂ ਰੋਲ ਨਿਭਾਇਆ ਹੈ। ਉਸ ਵਿਚ ਅਹਨ ਵਾਨੀ ਵਾਤਿਸ਼ ਨੇ ਗੀਤ 'ਮੁਹੱਬਤਾਂ ਦੇ ਰੰਗ' ਗਾਇਆ। ਦੋ ਸਿੰਗਲ ਟਰੈਕ 'ਰੋਜ਼ ਸ਼ਾਮ ਅਤੇ ਲਲਾਰ ਵੇ' ਮਾਰਕੀਟ ਵਿਚ ਉਤਾਰੇ ਹਨ। 'ਲਲਾਰ ਵੇ' ਗੀਤ ਗਾਇਕੀ ਦੇ ਖੇਤਰ ਵਿਚ ਪ੍ਰਸਿੱਧ ਭੈਣਾਂ ਜੋਤੀ ਨੂਰਾਂ ਨਾਲ ਗਾਇਆ ਹੈ। ਇਸ ਗੀਤ ਵਿਚ ਮੁੱਖ ਅਦਾਕਾਰੀ ਵਾਲਾ ਰੋਲ ਵੀ ਵਾਤਿਸ਼ ਨੇ ਖੁਦ ਹੀ ਨਿਭਾਇਆ ਹੈ। ਗੀਤ ਨੂੰ ਮਣਾਂ ਮੂੰਹੀਂ ਪਿਆਰ ਮਿਲਿਆ ਹੈ। ਵਾਤਿਸ਼ ਅਨੁਸਾਰ ਹੁਣ ਉਨ੍ਹਾਂ ਦਾ ਇਕ ਹੋਰ ਗੀਤ 'ਰੱਬ ਦਾ ਬੰਦਾ' ਵੀ ਤਿਆਰ ਹੈ ਜੋ ਕੁਝ ਦਿਨਾਂ 'ਚ ਸਰੋਤਿਆਂ ਅੱਗੇ ਪੇਸ਼ ਕੀਤਾ ਜਾਵੇਗਾ। ਉਸ ਦੀ ਇਹ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਲੋਕਾਂ ਦੀ ਕਚਹਿਰੀ ਵਿਚ ਚੰਗੀ ਸਾਫ਼-ਸੁਥਰੀ ਗਾਇਕੀ ਪੇਸ਼ ਕਰਦੇ ਰਹਿਣਗੇ।


-ਸੁਖਰਾਜ ਚਹਿਲ ਧਨੌਲਾ
ਧਨੌਲਾ-148105 (ਬਰਨਾਲਾ)

ਬੋਲਾਂ ਰਾਹੀਂ ਦਿਲਾਂ 'ਤੇ ਜਾਦੂ ਬਿਖੇਰਨ ਵਾਲੀ : ਨਵਪ੍ਰੀਤ ਕੌਰ

ਜਦੋਂ ਇਨਸਾਨ ਆਪਣੇ ਅੰਦਰ ਛੁਪੀ ਕਲਾ ਨੂੰ ਇਨਸਾਨੀਅਤ ਸਾਹਮਣੇ ਲੈ ਆਉਂਦਾ ਹੈ ਤਾਂ ਉਸਦੀ ਚਰਚਾ ਸੰਸਾਰ ਦੇ ਕੋਨੇ-ਕੋਨੇ 'ਚ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਪਿੰਡ ਨਟਕਾ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਦੀ ਜੰਮਪਲ ਅਤੇ ਪਿਤਾ ਸਵਰਗੀ ਕੁਲਵੰਤ ਸਿੰਘ ਤੇ ਮਾਤਾ ਲਖਵਿੰਦਰ ਕੌਰ ਦੀ ਲਾਡਲੀ ਧੀ ਨਵਪ੍ਰੀਤ ਕੌਰ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਹੈ। ਨਵਪ੍ਰੀਤ ਕੌਰ ਵੱਖ-ਵੱਖ ਟੀ.ਵੀ. ਚੈਨਲਾਂ ਅਤੇ ਸਟੇਜਾਂ 'ਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾ ਚੁੱਕੀ ਹੈ। ਨਵਪ੍ਰੀਤ ਕੌਰ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਲਾਈਵ ਪ੍ਰੋਗਰਾਮ 'ਦੂਰਦਰਸ਼ਨ ਸੱਥ' ਜੋ ਕਿ ਕਿਸੇ ਨਾ ਕਿਸੇ ਪੰਜਾਬ ਦੇ ਪਿੰਡ ਜਾਂ ਕਸਬੇ ਵਿਚ ਜਾ ਕੇ ਖ਼ਾਸ ਵਿਸ਼ੇ 'ਤੇ ਆਧਾਰਿਤ ਹੁੰਦਾ ਹੈ ਅਤੇ ਦੂਜਾ 'ਮਹਾਂ ਰਾਬਤਾ' ਜੋ ਕਿ ਜਲੰਧਰ ਦੂਰਦਰਸ਼ਨ ਦੇ ਸਟੂਡੀਓ ਵਿਚ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਹਰ ਸ਼ੁੱਕਰਵਾਰ ਸ਼ਾਮੀਂ ਚਾਰ ਵਜੇ ਬਹੁਤ ਹੀ ਚਰਚਿਤ ਕਾਮੇਡੀਅਨ ਅਸ਼ਵਨੀ ਭਾਰਦਵਾਜ ਨਾਲ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਉਹ ਪ੍ਰੋਗਰਾਮ 'ਖ਼ੂਬਸੂਰਤ', 'ਸਭ ਰੰਗ' 'ਹੁੱਲੇ ਹੁਲਾਰੇ' ਲਿਸ਼ਕਾਰਾ ਚੈਨਲ ਅਤੇ ਗਲੋਬਲ ਸਾਂਝ ਚੈਨਲ 'ਤੇ ਪ੍ਰੋਗਰਾਮ ਨੂੰ ਹੋਸਟ ਕਰ ਚੁੱਕੀ ਹੈ। ਨਵਪ੍ਰੀਤ ਦੂਰਦਰਸ਼ਨ ਦੇ ਪ੍ਰੋਗਰਾਮ 'ਸ਼ਾਨ ਪੰਜਾਬ ਦੀ' ਵਿਚ ਸਾਹਿਲ ਕੁਮਾਰ ਹੈਪੀ ਨਾਲ ਵੀ ਪ੍ਰੋਗਰਾਮ ਹੋਸਟ ਕਰ ਚੁੱਕੀ ਹੈ। ਉਸਦੇ ਅਨੁਸਾਰ ਐਕਟਿੰਗ ਤੇ ਮਾਡਲਿੰਗ ਦਾ ਆਕਰਸ਼ਣ ਉਸ ਨੂੰ ਬਚਪਨ ਤੋਂ ਹੀ ਆਪਣੇ ਵੱਲ ਖਿੱਚਦਾ ਰਿਹਾ। ਜਦ ਤੋਂ ਹੋਸ਼ ਸੰਭਾਲੀ ਹੈ ਸਿਵਾਏ ਐਕਟਿੰਗ ਤੇ ਮਾਡਲਿੰਗ ਤੋਂ ਹੋਰ ਕੁਝ ਸੁੱਝਿਆ ਹੀ ਨਹੀਂ ਹੈ। ਨਵਪ੍ਰੀਤ ਚੰਗੇ ਸੀਰੀਅਲ, ਫ਼ਿਲਮਾਂ ਵਿਚ ਜਾਣ ਦੀ ਇੱਛੁਕ ਵੀ ਹੈ। ਨਵਪ੍ਰੀਤ ਕੌਰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੀ ਮਾਤਾ ਲਖਵਿੰਦਰ ਕੌਰ ਤੇ ਛੋਟੇ ਭਰਾ ਮਨਜੋਤ ਸਿੰਘ ਸਿਰ ਬੰਨ੍ਹਦੀ ਹੈ। ਅੱਜਕਲ੍ਹ ਉਹ ਸਟੇਜ 'ਤੇ ਸੁਰਿੰਦਰ ਲਾਡੀ, ਰਾਣੀ ਰਣਦੀਪ, ਜੈਲੀ, ਪੁਸ਼ਪਿੰਦਰ ਕੋਮਲ, ਕੁਲਵਿੰਦਰ ਕਿੰਦਾ ਨਾਲ ਵੀ ਨਜ਼ਰ ਆਉਂਦੀ ਹੈ। ਨਵਪ੍ਰੀਤ ਬਲਦੇਵ ਰਾਹੀ ਤੇ ਕੁਲਦੀਪ ਚੁੰਬਰ ਤੋਂ ਸਟੇਜ ਦੀਆਂ ਬਾਰੀਕੀਆਂ ਸਿੱਖ ਰਹੀ ਹੈ। ਨਰਸਰੀ ਤੋਂ ਦਸਵੀਂ ਦੀ ਪੜ੍ਹਾਈ ਨਵਪ੍ਰੀਤ ਨੇ ਜੀਨੀਅਸ ਪਬਲਿਕ ਸਕੂਲ ਮਾਨਸਾ ਨੇੜੇ ਸਰਦੂਲਗੜ੍ਹ ਤੋਂ ਕੀਤੀ ਅਤੇ ਬੀ.ਐੱਸ.ਸੀ. ਮਲਟੀਮੀਡੀਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਕੀਤੀ। ਸੋ, ਰੱਬ ਅੱਗੇ ਦੁਆ ਕਰਦੇ ਹਾਂ ਕਿ ਨਵਪ੍ਰੀਤ ਕੌਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।


-ਮੁਹੰਮਦ ਹਨੀਫ਼ ਥਿੰਦ
ਪੱਤਰਕਾਰ 'ਅਜੀਤ', ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।

ਨਵੀਆਂ ਪਿਰਤਾਂ ਪਾ ਰਿਹਾ ਗੀਤਕਾਰ ਮੀਤ ਭਿੰਡਰ

ਗੀਤਕਾਰ ਮੀਤ ਭਿੰਡਰ ਦਾ ਜਨਮ 36 ਕੁ ਵਰ੍ਹੇ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਪਿਤਾ ਕੈਪਟਨ ਪ੍ਰਤਾਪ ਸਿੰਘ ਦੇ ਘਰ ਮਾਤਾ ਸ੍ਰੀਮਤੀ ਹਰਜਿੰਦਰ ਕੌਰ ਦੀ ਕੁੱਖੋਂ ਹੋਇਆ। ਗੀਤ ਲਿਖਣ ਦਾ ਸ਼ੌਂਕ ਇਸ ਨੂੰ ਬਚਪਨ ਤੋਂ ਹੀ ਸੀ ਅਤੇ ਗੀਤਕਾਰੀ ਦੀਆਂ ਬਾਰੀਕੀਆਂ ਜਾਣਨ ਲਈ ਉਸ ਨੇ ਮਾਸਟਰ ਪੂਰਨ ਸਿੰਘ ਕਾਉਂਕੇ ਨੂੰ ਉਸਤਾਦ ਧਾਰਿਆ। ਹੁਣ ਤੱਕ ਭਿੰਡਰ ਦੇ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ ਜਿਨ੍ਹਾਂ 'ਚ ਸੁਮਨ ਕਲੇਰ, ਗਿੱਲ ਕਮਲ, ਪਰਮਿੰਦਰ ਗਿੱਲ, ਹੁਸਨਦੀਪ, ਰਾਜੀ ਤੂਰ ਕੈਨੇਡਾ, ਹਰਪ੍ਰੀਤ ਦੀਨਾ, ਮੁਮਤਾਜ ਗਿੱਲ ਆਦਿ ਕਲਾਕਾਰ ਸ਼ਾਮਿਲ ਹਨ। ਕਾਮੇਡੀ ਫ਼ਿਲਮਾਂ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕਈ ਕਾਮੇਡੀ ਗੀਤ ਵੀ ਮਾਰਕੀਟ ਵਿਚ ਚੱਲ ਰਹੇ ਹਨ। ਭਿੰਡਰ ਨੇ ਨਵੇਂ ਗੀਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖ ਕੇ ਗੀਤ ਲਿਖਣ ਤੇ ਸਰੋਤੇ ਵੀ ਉਹੀ ਗੀਤ ਸੁਣਨ ਤੇ ਦੇਖਣ ਜਿਹੜੇ ਸਾਡੇ ਸੱਭਿਆਚਾਰ ਦੇ ਦਾਇਰੇ ਵਿਚ ਰਹਿ ਕੇ ਲਿਖੇ, ਗਾਏ ਤੇ ਫ਼ਿਲਮਾਏ ਹੋਣ। ਮਿਲਣਸਾਰ ਤੇ ਸੰਜੀਦਾ ਸੁਭਾਅ ਵਾਲੇ ਇਸ ਗੀਤਕਾਰ ਤੋਂ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਆਸਾਂ ਹਨ ਕਿ ਉਹ ਗੁਰੂਆਂ-ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਵਰੋਸਾਈ ਪੰਜਾਬੀ ਮਾਂ-ਬੋਲੀ ਦੇ ਪਵਿੱਤਰ ਬੋਲਾਂ ਨੂੰ ਆਪਣੀ ਕਲਮ ਨਾਲ ਹੋਰ ਵੀ ਪ੍ਰਫੁੱਲਤ ਕਰੇ।


-ਕੁਲਦੀਪ ਸਿੰਘ ਮਾਨ ਭੂੰਦੜੀ
mann348@gmail.com

ਰਿਤਿਕ ਹੁਣ ਗਣਿਤਿਗਿਆ ਦੀ ਭੂਮਿਕਾ ਵਿਚ

ਨਿਰਦੇਸ਼ਕ ਵਿਕਾਸ ਬਹਿਲ ਨੇ ਆਪਣੀ ਅਗਲੀ ਫ਼ਿਲਮ ਲਈ ਰਿਤਿਕ ਰੌਸ਼ਨ ਨੂੰ ਕਰਾਰਬੱਧ ਕੀਤਾ ਹੈ। ਇਹ ਬਾਇਓਪਿਕ ਹੈ ਅਤੇ ਇਸ ਵਿਚ ਰਿਤਿਕ ਵੱਲੋਂ ਮਸ਼ਹੂਰ ਗਣਿਤਿਗਿਆ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਜਾਵੇਗੀ। ਪਟਨਾ ਵਿਚ ਰਹਿੰਦੇ ਆਨੰਦ ਕੁਮਾਰ ਨੇ ਕਈ ਆਈ. ਆਈ. ਟੀ. ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਹੈ ਅਤੇ ਇਸ ਦੀ ਵਜ੍ਹਾ ਕਰਕੇ ਆਈ. ਆਈ. ਟੀ. ਦੇ ਖੇਤਰ ਵਿਚ ਉਨ੍ਹਾਂ ਦਾ ਵੱਡਾ ਨਾਂਅ ਹੈ। ਇਸ ਫ਼ਿਲਮ ਦਾ ਨਾਂਅ 'ਸੁਪਰ 30' ਰੱਖਿਆ ਜਾਵੇਗਾ ਕਿਉਂਕਿ ਇਸੇ ਨਾਂਅ ਦੇ ਪ੍ਰੋਗਰਾਮ ਰਾਹੀਂ ਆਨੰਦ ਕੁਮਾਰ ਉਨ੍ਹਾਂ ਗ਼ਰੀਬ ਬੱਚਿਆਂ ਨੂੰ ਸਿਖਲਾਈ ਦਿੰਦੇ ਹਨ ਜੋ ਆਈ. ਆਈ. ਟੀ. ਵਿਚ ਜਾਣਾ ਚਾਹੁੰਦੇ ਹਨ। ਆਪਣੀ ਇਸ ਪਹਿਲੀ ਬਾਇਓਪਿਕ ਨੂੰ ਲੈ ਕੇ ਰਿਤਿਕ ਬਹੁਤ ਉਤਸ਼ਾਹੀ ਹਨ।


-ਪੰਨੂੰ

ਜਾਨ ਦੀ ਪੋਖਰਨ ਧਮਾਕੇ 'ਤੇ ਫ਼ਿਲਮ

ਨਿਰਮਾਤਾ ਦੇ ਤੌਰ 'ਤੇ ਪਹਿਲਾਂ ਸ੍ਰੀਲੰਕਾ ਸੈਨਾ ਤੇ ਐਲ. ਟੀ. ਟੀ. ਈ ਦੇ ਸੰਘਰਸ਼ 'ਤੇ 'ਮਦਰਾਸ ਕੈਫੇ' ਬਣਾ ਚੁੱਕੇ ਜਾਨ ਅਬ੍ਰਾਹਮ ਹੁਣ ਪੋਖਰਨ ਧਮਾਕੇ 'ਤੇ ਫ਼ਿਲਮ ਬਣਾ ਰਹੇ ਹਨ ਅਤੇ ਇਸ ਦਾ ਨਾਂਅ 'ਪਰਮਾਣੂ-ਦ ਸਟੋਰੀ ਆਫ ਪੋਖਰਨ' ਰੱਖਿਆ ਗਿਆ ਹੈ। ਇਸ ਵਿਚ ਜਾਨ ਅਬ੍ਰਾਹਮ, ਡਾਇਨਾ ਪੇਂਟੀ ਤੇ ਬੋਮਨ ਇਰਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX