ਤਾਜਾ ਖ਼ਬਰਾਂ


ਗੁਰਦਾਸਪੁਰ ਵਿਚ ਗੜੇਮਾਰੀ- ਕਣਕ ਨੂੰ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ
. . .  1 day ago
ਗੁਰਦਾਸਪੁਰ 19 ਅਪ੍ਰੈਲ (ਆਰਿਫ਼) ਗੁਰਦਾਸਪੁਰ ਅੱਜ ਰਾਤ ਕਰੀਬ ਸਾਢੇ 10 ਵਜੇ ਜੋਰਦਾਰ ਮੀਹ ਪੈਣ ਕਾਰਨ ਜਿੱਥੇ ਫੱਸ਼ਲਾ ਨੂੰ ਭਾਰੀ ਨੁਕਸਾਨ ਪਹੁੰਚਿਆ ਉੱਥੇ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਦਾ ...
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਕੇਨ ਵਿਲਿਅਮਸਨ 54 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 72/2
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 52/2
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਯੂਸਫ਼ ਪਠਾਣ 19 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ ,ਰਿਧੀਮਾਨ ਸਾਹਾ ਆਊਟ
. . .  1 day ago
ਆਈ ਪੀ ਐੱਲ 2018 : ਸ਼ਿਖਰ ਧਵਨ ਹੋਏ ਰਿਟਾਇਰਡ ਹਾਰਟ
. . .  1 day ago
ਕਿੰਗਜ਼ ਇਲੈਵਨ ਪੰਜਾਬ ਨੇ ਦਿੱਤਾ ਸਨਰਾਈਜ਼ਰਸ ਹੈਦਰਾਬਾਦ ਨੂੰ 194 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਕ੍ਰਿਸ ਗੇਲ ਦਾ ਸੈਂਕੜਾ ਪੂਰਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ ,ਕਰੁਨ ਨਾਇਰ 31 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
  •     Confirm Target Language  

ਖੇਡ ਜਗਤ

ਨਡਾਲ ਦਾ ਰਿਕਾਰਡ ਅਤੇ ਜੇਲੈਨਾ ਦੀ ਸੰਘਰਸ਼ ਗਾਥਾ

ਸਪੇਨ ਦੇ ਰਾਫੈਲ ਨਡਾਲ ਨੇ ਜਦੋਂ ਦੋ ਸਾਲ ਤੱਕ ਸੱਟਾਂ ਅਤੇ ਖਰਾਬ ਪ੍ਰਦਰਸ਼ਨ ਦੇ ਚਲਦਿਆਂ ਟੈਨਿਸ ਦੀ ਕੋਈ ਮੁੱਖ ਪ੍ਰਤੀਯੋਗਿਤਾ ਨਹੀਂ ਜਿੱਤੀ ਤਾਂ ਉਸ ਸਮੇਂ ਖੇਡ ਮਾਹਿਰਾਂ ਨੇ ਰੋਜਰ ਫੈਡਰਰ, ਜੋ ਨਡਾਲ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਦੇ ਨਾਲ ਨਡਾਲ ਦੇ ਸੰਦਰਭ ਵਿਚ ਵੀ ਭਵਿੱਖਬਾਣੀ ਕੀਤੀ ਸੀ ਕਿ ਉਹ ਆਪਣੇ ਹਿੱਸੇ ਦਾ ਟੈਨਿਸ ਖੇਡ ਚੁੱਕਿਆ ਹੈ ਅਤੇ ਹੁਣ ਕਦੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੇਗਾ। ਪਰ ਇਸ ਸਾਲ ਇਨ੍ਹਾਂ ਦੋਵਾਂ ਹੀ ਮਹਾਨ ਖਿਡਾਰੀਆਂ ਨੇ ਮਾਹਿਰ ਦੀ ਭਵਿੱਖਬਾਣੀ ਨੂੰ ਗ਼ਲਤ ਸਾਬਿਤ ਕਰ ਦਿੱਤਾ ਕਿ ਇਸ ਕੱਲਾਸ ਦਾ ਕੋਈ ਬਦਲ ਨਹੀਂ ਹੈ, ਵਧਦੀ ਉਮਰ, ਅਸਥਾਈ ਖਰਾਬ ਪ੍ਰਦਰਸ਼ਨ ਤੇ ਸਰੀਰ ਦੀਆਂ ਸੱਟਾਂ ਉਨ੍ਹਾਂ ਦੀ ਖੇਡ ਨੂੰ ਹੌਲੀ ਤਾਂ ਕਰ ਸਕਦੀਆਂ ਹਨ ਪਰ ਉਨ੍ਹਾਂ ਦੀ ਪ੍ਰਤਿਭਾ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾ ਸਕਦੀਆਂ ਅਤੇ ਇਹ ਸਭ ਉਨ੍ਹਾਂ ਨੇ ਆਪਣੇ ਰੈਕੇਟ ਜ਼ਰੀਏ ਕੀਤਾ। ਫੈਡਰਰ ਨੇ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਜਿੱਤ ਕੇ ਆਪਣੇ ਏਕਲ ਗ੍ਰੈਂਡ ਸਲੈਮ ਖ਼ਿਤਾਬਾਂ ਦੀ ਗਿਣਤੀ ਰਿਕਾਰਡ 18 ਕੀਤੀ ਅਤੇ ਹੁਣ ਸਾਲ ਦਾ ਦੂਜਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਨਡਾਲ ਨੇ ਜਿੱਤਿਆ ਹੈ। ਪੈਰਿਸ ਦੇ ਰੋਲੈਂਡ ਗਾਰੋ 'ਤੇ ਨਡਾਲ ਦਾ ਇਹ ਰਿਕਾਰਡ ਦਸਵਾਂ ਖ਼ਿਤਾਬ ਹੈ ਅਤੇ ਇਸ ਨੂੰ ਮਿਲਾ ਕੇ ਉਹ ਹੁਣ ਤੱਕ 15 ਗ੍ਰੈਂਡ ਸਲੈਮ ਜਿੱਤ ਚੁੱਕਿਆ ਹੈ। 11 ਜੂਨ ਨੂੰ ਉਨ੍ਹਾਂ ਨੇ ਫ੍ਰੈਂਚ ਓਪਨ ਦੇ ਫਾਈਨਲ ਵਿਚ ਸਵਿਟਜ਼ਰਲੈਂਡ ਦੇ ਸਟੈਨ ਵਾਵਰਿੰਕਾ ਨੂੰ ਸਿੱਧੇ ਸੈੱਟਾਂ ਵਿਚ 6-2, 6-3 ਤੇ 6-1 ਨਾਲ ਹਰਾ ਦਿੱਤਾ।
'ਸੁਲਤਾਨ ਆਫ ਕਲੈ' ਨਡਾਲ ਨੇ ਫ੍ਰੈਂਚ ਓਪਨ ਵਿਚ ਆਪਣੀ ਖੇਡ ਨੂੰ ਵਰਣਨਯੋਗ ਬੁਲੰਦੀਆਂ 'ਤੇ ਪਹੁੰਚਾਇਆ ਹੈ। 2005 ਵਿਚ ਪਹਿਲੀ ਵਾਰ ਪੈਰਿਸ ਦੇ ਕੋਰਟ 'ਤੇ ਉਤਰਨ ਦੇ ਬਾਅਦ ਤੋਂ ਉਨ੍ਹਾਂ ਨੇ 81 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 79 ਵਿਚ ਜਿੱਤ ਹਾਸਿਲ ਕੀਤੀ ਹੈ। ਉਹ ਫ੍ਰੈਂਚ ਓਪਨ ਦੇ ਫਾਈਨਲ ਵਿਚ ਅੱਜ ਤੱਕ ਨਹੀਂ ਹਾਰੇ ਹਨ ਪਰ ਜਿਸ ਤਰ੍ਹਾਂ ਨਾਲ ਉਹ ਆਪਣੇ 10ਵੇਂ ਫਾਈਨਲ ਵਿਚ ਪਹੁੰਚੇ ਉਹ ਹੈਰਾਨੀਜਨਕ ਸੀ। 31 ਸਾਲ ਦੇ ਮੱਲੋਕੋਰਨ ਨੇ 6 ਚੱਕਰਾਂ ਵਿਚ ਇਕ ਵੀ ਸੈੱਟ ਨਹੀਂ ਗਵਾਇਆ ਅਤੇ ਸਿਰਫ਼ 29 ਗੇਮਜ਼ ਡ੍ਰਾਪ ਕੀਤੇ, ਜੋ ਜੋਰਨ ਬੋਰਗ ਦੇ 1978 ਦੇ ਰਿਕਾਰਡ ਤੋਂ ਦੋ ਜ਼ਿਆਦਾ ਹਨ ਜਦੋਂ ਉਨ੍ਹਾਂ ਨੇ ਫਾਈਨਲ ਵਿਚ ਗੁਈਲੇਰਮੋ ਵਿਲਾਸ ਨੂੰ ਹਰਾਇਆ ਸੀ। ਕੁਝ ਇਹੀ ਹਾਲ ਨਡਾਲ ਨੇ ਫਾਈਨਲ ਵਿਚ ਵਾਵਰਿੰਕਾ ਦਾ ਕੀਤਾ ਕਿ ਸਿਰਫ਼ 6 ਗੇਮਜ਼ ਡ੍ਰਾਪ ਕਰਕੇ ਖ਼ਿਤਾਬ ਹਾਸਿਲ ਕਰ ਲਿਆ। ਦੂਜੇ ਸ਼ਬਦਾਂ ਵਿਚ ਨਡਾਲ ਨੇ 10ਵੇਂ ਫ੍ਰੈਂਚ ਓਪਨ ਨੂੰ ਜਿੱਤਣ ਵਿਚ ਇਕ ਵੀ ਸੈੱਟ ਨਹੀਂ ਗਵਾਇਆ।
ਪਰ ਇਸ ਵਾਰ ਫ੍ਰੈਂਚ ਓਪਨ ਵਿਚ ਪਰੀ ਕਥਾ ਲਿਖੀ ਗਈ ਮਹਿਲਾ ਏਕਲ ਵਰਗ ਵਿਚ। ਸੇਰੈਨਾ ਵਿਲੀਅਮਜ਼ (ਗਰਭਵਤੀ), ਮਾਰੀਆ ਸ਼ਾਰਪੋਵਾ (ਡੋਪਿੰਗ ਵਿਵਾਦ ਦੇ ਕਾਰਨ ਵਾਈਲਡ ਕਾਰਡ ਨਾ ਮਿਲਣ) ਵਰਗੀ ਸਥਾਪਿਤ ਖਿਡਾਰੀਆਂ ਦੀ ਮੌਜੂਦਗੀ ਵਿਚ ਮੈਦਾਨ ਇਕਦਮ ਖੁੱਲ੍ਹਾ ਰੱਖਿਆ ਹੋਇਆ ਸੀ ਅਤੇ ਇਸ ਕਾਰਨ ਪਹਿਲੀ ਵਾਰ ਸੈਮੀ ਫਾਈਨਲ ਵਿਚ ਇਸ ਤਰ੍ਹਾਂ ਦੀਆਂ ਚਾਰ ਖਿਡਾਰਨਾਂ ਪਹੁੰਚੀਆਂ, ਜਿਨ੍ਹਾਂ ਵਿਚੋਂ ਪਹਿਲਾਂ ਕਿਸੇ ਨੇ ਵੀ ਫ੍ਰੈਂਚ ਓਪਨ ਨਹੀਂ ਜਿੱਤਿਆ ਸੀ ਅਤੇ ਸਿਰਫ ਇਕ (ਸਿਮੋਨਾ ਹਲੈਪ) ਨੇ ਫਾਈਨਲ ਤੱਕ ਦਾਖ਼ਲ ਕੀਤਾ ਸੀ। ਸਿਮੋਨਾ ਇਸ ਵਾਰ ਵੀ ਫਾਈਨਲ ਵਿਚ ਪਹੁੰਚ ਕੇ ਰਨਰਜ਼-ਅਪ ਹੀ ਰਹੀ, ਕਿਉਂਕਿ ਖ਼ਿਤਾਬ 'ਤੇ ਆਪਣੀ ਨਿਡਰ ਖੇਡ ਨਾਲ ਕਬਜ਼ਾ ਕੀਤਾ ਲਾਟਵੀਆ ਦੀ ਜੇਲੈਨਾ ਓਸਤਾਪੇਨਕੋ ਨੇ। ਜੇਲੈਨਾ ਨੇ ਸਿਮੋਨਾ ਨੂੰ 4-6, 6-4, 6-3 ਨਾਲ ਹਰਾ ਕੇ ਸੁਜੈਨ ਲੈਂਗਲੇਨ ਟ੍ਰਾਫੀ ਆਪਣੇ ਨਾਂਅ ਕੀਤੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਯਾਦਗਾਰੀ ਹੋ ਨਿਬੜੇ ਸੀਜ਼ਨ ਦੇ ਅਹਿਮ ਮੁਕਾਬਲੇ

ਫੁੱਟਬਾਲ ਦਾ ਕਲੱਬ ਸੀਜ਼ਨ ਹੁਣ ਲਗਪਗ ਮੁਕੰਮਲ ਹੋ ਚੁੱਕਾ ਹੈ। ਅਕਸਰ ਇਹ ਮੁਕਾਬਲੇ ਦੀ ਸ਼ੁਰੂਆਤ ਅਗਸਤ ਮਹੀਨੇ 'ਚ ਹੁੰਦੀ ਹੈ ਤੇ ਇਨ੍ਹਾਂ ਦਾ ਆਖਰੀ ਪੜਾਅ ਮਈ-ਜੂਨ ਤੱਕ ਚਲਦਾ ਹੈ। ਆਪਣੇ 8 ਮਹੀਨਿਆਂ ਦੇ ਸਫ਼ਰ 'ਚ ਜਿਥੇ ਟੀਮਾਂ ਖਿਤਾਬੀ ਜ਼ੋਰ-ਅਜ਼ਮਾਈ ਲਈ ਕਰੋ ਜਾਂ ਮਰੋ ਦੀ ਹੱਦ ਤੱਕ ਜਾ ਕੇ ਸਭ ਕੁਝ ਦਾਅ 'ਤੇ ਲਗਾ ਦਿੰਦੀਆਂ ਹਨ, ਉਥੇ ਸਟਾਰ ਖਿਡਾਰੀਆਂ ਦੇ ਪੈਰਾਂ 'ਚੋਂ ਨਿਕਲੇ ਗੋਲਾਂ ਦੀ ਕੀਮਤ ਅਗਲੇ ਸੀਜ਼ਨ 'ਚ ਕਰੋੜਾਂ ਡਾਲਰਾਂ ਤੱਕ ਜਾ ਪਹੁੰਚਦੀ ਹੈ। ਆਓ ਜਾਣੀਏ ਕਿਹੋ ਜਿਹੇ ਉਤਰਾਅ-ਚੜ੍ਹਾਅ ਭਰੇ ਰਹੇ ਇਸ ਸੀਜ਼ਨ ਦੇ ਮੁਕਾਬਲੇ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਪੁਰਾਣੇ ਐੱਫ. ਏ. ਕੱਪ ਟੂਰਨਾਮੈਂਟ ਦੀ, ਜਿਸ ਦੀ ਸ਼ੁਰੂਆਤ 1871-72 'ਚ ਹੋਈ ਸੀ ਤੇ ਇਸ ਸੀਜ਼ਨ ਦਾ ਇਹ ਚਰਚਿਤ ਖਿਤਾਬ ਆਰਸਨਲ ਕਲੱਬ ਨੇ ਜਿੱਤਿਆ। ਇੰਗਲੈਂਡ ਦੇ ਬੇਬਲੇ ਸਟੇਡੀਅਮ 'ਚ ਬੇਹੱਦ ਰੁਮਾਂਚਕ ਮੁਕਾਬਲੇ 'ਚ ਆਰਸਨਲ ਚੈਲਸੀ ਕਲੱਬ ਨੂੰ 2-1 ਨਾਲ ਹਰਾ ਕੇ ਰਿਕਾਰਡ 13ਵੀਂ ਵਾਰ ਖਿਤਾਬ ਆਪਣੇ ਨਾਂਅ ਕੀਤਾ। ਆਰਸਨ ਫੁੱਟਬਾਲ ਕਲੱਬ ਦੀ ਸਥਾਪਨਾ 1886 'ਚ ਹੋਈ ਸੀ। ਇਸ ਜਿੱਤ ਦੇ ਨਾਲ ਹੀ ਇਸ ਕਲੱਬ ਨਾਲ ਜੁੜੇ ਕੋਚ ਆਰਸਨੇ ਵੈਗਰ ਅਜਿਹੇ ਪਹਿਲੇ ਕੋਚ ਹਨ, ਜਿਸ ਦੀ ਅਗਵਾਈ 'ਚ ਇਹ ਟੀਮ 7 ਵਾਰ ਖਿਤਾਬ ਜਿੱਤਣ 'ਚ ਸਫਲ ਰਹੀ। ਇਹ ਟੂਰਨਾਮੈਂਟ ਨਾਕ ਆਊਟ ਆਧਾਰ 'ਤੇ ਖੇਡਿਆ ਜਾਂਦਾ ਹੈ। ਇਸ ਵਾਰ ਇਸ ਚੈਂਪੀਅਨਸ਼ਿਪ 'ਚ 736 ਟੀਮਾਂ ਨੇ ਹਿੱਸਾ ਲਿਆ ਸੀ।
ਹੁਣ ਜ਼ਿਕਰ ਕਰਦੇ ਹਾਂ ਦੁਨੀਆ ਦੀ ਬਹੁਚਰਚਿਤ ਚੈਂਪੀਅਨਜ਼ ਲੀਗ ਦਾ, ਜਿਸ ਦਾ ਖਿਤਾਬ ਇਟਲੀ ਦੀ ਮਸ਼ਹੂਰ ਟੀਮ ਜੁਵੈਂਟਸ ਨੂੰ ਹਰਾ ਕੇ ਸਪੇਨ ਦੀ ਕਲੱਬ ਰੀਅਲ ਮੈਡਰਿਡ ਨੇ ਲਗਾਤਾਰ ਦੂਜੀ ਵਾਰ ਜਿੱਤਿਆ। ਇਸ ਜਿੱਤ ਨਾਲ ਰੀਅਲ ਮੈਡਰਿਡ ਨੇ 12ਵੀਂ ਵਾਰ ਚੈਂਪੀਅਨ ਦਾ ਤਾਜ ਆਪਣੇ ਸਿਰ ਸਜਾਇਆ। ਦੋਵੇਂ ਟੀਮਾਂ ਦੀ ਟੱਕਰ 19 ਸਾਲ ਬਾਅਦ ਫਾਈਨਲ 'ਚ ਹੋਈ। ਇਸ ਤੋਂ ਪਹਿਲਾਂ 1998 'ਚ ਖੇਡੇ ਗਏ ਫਾਈਨਲ 'ਚ ਰੀਅਲ ਮੈਡਰਿਡ ਹੱਥੋਂ ਹੀ ਜੁਵੈਂਟਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਨਾਲਡੋ ਇਸ ਸੈਸ਼ਨ ਦੇ ਇਕ ਵਾਰ ਇਸ ਚੈਂਪੀਅਨਸ਼ਿਪ 'ਚ 12 ਗੋਲ ਦਾਗ ਕੇ ਲਗਾਤਾਰ ਪੰਜਵੀਂ ਵਾਰ ਟਾਪ ਸਕੋਰਰ ਦਾ ਰੁਤਬਾ ਹਾਸਲ ਕਰਨ 'ਚ ਸਫ਼ਲ ਰਿਹਾ।
ਫੁੱਟਬਾਲ ਦੀ ਦੁਨੀਆ 'ਚ ਸਭ ਤੋਂ ਸਰਬੋਤਮ ਮੰਨੀ ਜਾਂਦੀ ਇੰਗਲਿਸ਼ ਪ੍ਰੀਮੀਅਰ ਲੀਗ ਦੇ ਉਤਰਾਅ-ਚੜ੍ਹਾਅ ਭਰੇ ਮੁਕਾਬਲੇ 'ਚ ਖਿਤਾਬੀ ਸਿਹਰਾ ਇਸ ਵਾਰ ਚੈਲਸੀ ਕਲੱਬ ਦੇ ਸਿਰ ਬੱਝਿਆ। ਫਾਈਨਲ ਭੇੜ ਵਿਚ ਉਸ ਨੇ ਬਰੌਮਵਿਚ ਕਲੱਬ ਨੂੰ 1-0 ਨਾਲ ਪਟਖਣੀ ਦੇ ਕੇ ਪੰਜਵੀਂ ਵਾਰ ਇਸ ਵੱਕਾਰੀ ਲੀਗ ਦਾ ਖਿਤਾਬ ਜਿੱਤਿਆ। ਇਸ ਲੀਗ ਵਿਚ ਕੁੱਲ ਖੇਡੇ ਗਏ 380 ਮੈਚਾਂ ਦਾ ਖੇਡ ਪ੍ਰੇਮੀਆਂ ਨੇ ਭਰਪੂਰ ਲੁਤਫ ਲਿਆ। ਇਸ ਵਾਰ ਦੇ ਸੈਸ਼ਨ ਨੇ ਸਟਾਰ ਖਿਡਾਰੀ ਨੇ ਇਨ੍ਹਾਂ ਮੈਚਾਂ 'ਚ ਕੁੱਲ 1064 ਗੋਲ ਦਾਗੇ ਤੇ ਦਨਾਦੱਨ 29 ਗੋਲ ਕਰਕੇ ਹੈਰੀ ਕੈਨ ਟਾਪ ਸਕੋਰਰ ਬਣੇ।
ਜਰਮਨ ਲੀਗ ਬੂੰਦੀਸਲੀਗਾ ਦੇ 54ਵੇਂ ਪੜਾਅ 'ਚ ਚਰਚਿਤ ਕਲੱਬ ਬਾਇਰਨ ਮਿਊਨਖ ਬਾਜੀ ਮਾਰਨ 'ਚ ਸਫਲ ਰਿਹਾ, ਜਦਕਿ ਆਰ.ਬੀ. ਲੈਪਜਿੰਗ ਉਪ-ਵਿਜੇਤਾ ਰਿਹਾ। ਬਾਇਰਨ ਨੇ ਇਸ ਜਿੱਤ ਨਾਲ 20ਵੀਂ ਵਾਰ ਖਿਤਾਬ 'ਤੇ ਕਬਜ਼ਾ ਕੀਤਾ।
ਇਟਾਲੀਅਨ ਲੀਗ ਜਿਸ ਨੂੰ ਸੀਰੀਜ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਸ ਦੇ ਮੁਕਾਬਲੇ 20 ਅਗਸਤ ਤੋਂ 20 ਮਈ ਤੱਕ ਖੇਡੇ ਗਏ। ਇਟਲੀ ਦੀ ਮਸ਼ਹੂਰ ਟੀਮ ਜੁਵੈਟੱਸ ਨੇ ਖਿਤਾਬ ਇਸ ਵਾਰ ਲਗਾਤਾਰ ਛੇਵੀਂ ਵਾਰ ਅਤੇ ਕੁੱਲ ਮਿਲਾ ਕਾ 33ਵੀਂ ਵਾਰ ਜਿੱਤਿਆ। ਇਸ ਟੀਮ ਦੀ ਮਜ਼ਬੂਤ ਪਕੜ ਇਸੇ ਤੋਂ ਹੀ ਦੇਖੀ ਜਾ ਸਕਦੀ ਹੈ, ਅਜੇ ਤਿੰਨ ਮੈਚ ਇਸ ਨੇ ਖੇਡਣੇ ਪਰ ਅੰਕ ਸੂਚੀ 'ਚ ਹੁਣ ਵੀ ਜੇਤੂ ਬੜ੍ਹਤ ਬਣਾ ਚੁੱਕੀ ਹੈ। ਇਸ ਸੀਜ਼ਨ 'ਚ 380 ਮੈਚਾਂ 'ਚ ਕੁੱਲ 1123 ਗੋਲ ਸਟਾਰ ਖਿਡਾਰੀਆਂ ਨੇ ਦਾਗੇ ਤੇ ਏਡਿਨ ਡਜੇਕੋ 29 ਗੋਲ ਕਰਕੇ ਅੱਵਲ ਰਹੇ। ਇਸ ਤੋਂ ਇਲਾਵਾ ਇੰਗਲੈਂਡ ਦੀ ਇੰਗਲਿਸ਼ ਪ੍ਰੀਮੀਅਰ ਲੀਗ 'ਚ ਖੇਡਣ ਵਾਲੀ ਮਾਨਚੈਸਟਰ ਯੂਨਾਈਟਿਡ ਨੇ ਕੋਚ ਜੋਂਸ ਮੋਰਿਨਹੋ ਦੀ ਅਗਵਾਈ 'ਚ ਕਲੱਬ ਨੇ ਇਤਿਹਾਸ ਵਿਚ ਪਹਿਲੀ ਵਾਰ ਯੂਰਪ ਲੀਗ ਖਿਤਾਬ ਜਿੱਤਿਆ। 2008 ਤੋਂ ਬਾਅਦ ਇਸ ਕਲੱਬ ਨੇ ਅਜਾਕਸ ਨੂੰ ਹਰਾ ਕੇ ਟਰਾਫੀ ਆਪਣੇ ਨਾਂਅ ਕੀਤੀ। ਮਾਨਚੈਸਟਰ ਹੁਣ ਅਜਿਹੇ ਪੰਜ ਕਲੱਬਾਂ-ਜੁਵੈਟਸ, ਅਜਾਕਸ, ਬਾਇਰਨ ਅਤੇ ਚੈਲਸੀ ਤੋਂ ਬਾਅਦ ਚੈਂਪੀਅਨਜ਼ ਲੀਗ, ਯੂਰੋਪਾ ਲੀਗ ਤੇ ਯੂਰੋਪੀਅਨ ਕੱਪ ਵਿਨਰਸ ਕੱਪ ਜਿੱਤਿਆ ਹੈ। ਇਹ ਮੁਕਾਬਲਾ ਸਟਾਕਹੋਮ ਦੇ ਫ੍ਰੈਡਜ ਏਰੀਨਾ 'ਚ ਖੇਡਿਆ ਗਿਆ। ਜੇਤੂ ਟੀਮ ਨੇ ਅਹਿਮ ਮੁਕਾਬਲਾ ਜਿੱਤਣ ਦੇ ਬਾਵਜੂਦ ਜਸ਼ਨ ਨਹੀਂ ਮਨਾਇਆ, ਸਗੋਂ ਆਪਣੀ ਜਿੱਤ ਮਾਨਚੈਸਟਰ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸਮਰਪਿਤ ਕੀਤੀ। ਪਿਛਲੇ ਦਿਨੀਂ ਕਾਰਡਿਵ ਸਿਟੀ ਸਟੇਡੀਅਮ 'ਚ ਖੇਡੇ ਗਏ ਯੁਏਫਾ ਵੂਮੈਨਜ਼ ਚੈਂਪੀਅਨਜ਼ ਲੀਗ ਮੁਕਾਬਲੇ ਦਾ ਖਿਤਾਬ ਲਿਯੋਨ ਕਲੱਬ ਨੇ ਪੈਨਲਿਟੀ ਸ਼ੂਟ ਰਾਹੀਂ ਪੈਰਿਸ ਸੇਂਟ ਜਰਮਨ ਨੂੰ 7-6 ਨਾਲ ਹਰਾ ਕੇ ਜਿੱਤ ਲਿਆ। ਲਿਯੋਨ ਦੀ ਖਿਤਾਬੀ ਜਿੱਤ ਦੀ ਨਾਇਕਾ ਬੌਹਾਡੀ ਬਣੀ, ਜਿਸ ਸਦਕਾ ਇਹ ਟੀਮ ਲਗਾਤਾਰ ਦੋ ਵਾਰ ਚੈਂਪੀਅਨ ਲੀਗ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।


-ਚੀਫ ਫੁੱਟਬਾਲ ਕੋਚ (ਸਾਈ), ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਦੇਸ਼ ਲਈ ਵੱਡੇ ਰਿਕਾਰਡ ਬਣਾਉਣ ਵਾਲਾ ਪਦਮਸ੍ਰੀ ਦਵਿੰਦਰਾ ਜਾਹਜਰੀਆ

'ਜਿਨ੍ਹਾਂ ਹਿੰਮਤ ਯਾਰ ਬਣਾਈ' ਸਤਰਾਂ ਦਾ ਉਹ ਲਖਾਇਕ ਦੇਸ਼ ਦਾ ਸਰਬੋਤਮ ਜੈਵਲਿਨ ਥਰੋਅ ਖਿਡਾਰੀ ਹੈ, ਜਿਸ ਨੂੰ ਦੇਸ਼ ਲਈ ਸਭ ਤੋਂ ਵੱਡੇ ਰਿਕਾਰਡ ਬਣਾਉਣ ਦਾ ਮਾਣ ਹਾਸਲ ਹੈ, ਇਸੇ ਲਈ ਤਾਂ ਦੇਸ਼ ਨੇ ਵੀ ਦਵਿੰਦਰਾ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਉਸ ਨੂੰ ਸਭ ਤੋਂ ਵੱਡੇ ਅਤੇ ਦੇਸ਼ ਦੇ ਵਕਾਰੀ ਸਨਮਾਨਾਂ ਨਾਲ ਨਿਵਾਜਿਆ ਹੈ। ਦਵਿੰਦਰ ਜਾਹਜਰੀਆ ਦਾ ਜਨਮ 10 ਜੂਨ, 1981 ਨੂੰ ਰਾਜਸਥਾਨ ਪ੍ਰਾਂਤ ਦੇ ਪਿੰਡ ਜੈਪੁਰੀਆ ਖਾਲਸਾ ਜ਼ਿਲ੍ਹਾ ਚੂਰੂ ਵਿਚ ਪਿਤਾ ਰਾਮ ਸਿੰਘ ਦੇ ਘਰ ਮਾਤਾ ਜੀਵਨੀ ਦੇਵੀ ਦੀ ਕੁੱਖੋਂ ਹੋਇਆ। ਦਵਿੰਦਰਾ 8 ਸਾਲ ਦਾ ਸੀ ਕਿ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਹ ਖੱਬੇ ਹੱਥ ਤੋਂ ਸਦਾ ਲਈ ਨਕਾਰਾ ਹੋ ਗਿਆ, ਪਰ ਦਵਿਦਰਾ ਬੁਲੰਦ ਹੌਸਲੇ ਦੀ ਮਿਸਾਲ ਸੀ ਕਿ ਉਹ ਖੱਬੇ ਹੱਥ ਤੋਂ ਨਕਾਰਾ ਹੁੰਦਿਆਂ ਹੋਇਆਂ ਵੀ ਖੇਡਾਂ ਦੇ ਖੇਤਰ ਵਿਚ ਆਇਆ ਅਤੇ ਖੇਡਾਂ ਦੇ ਖੇਤਰ ਵਿਚ ਲਗਾਤਾਰ ਪ੍ਰਾਪਤੀਆਂ ਕਰਨ ਲੱਗਿਆ ਅਤੇ ਬੀ. ਏ. ਪੜ੍ਹਦਿਆਂ ਹੀ ਉਸ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਇਕ ਵਾਰ ਉਹ ਰਾਜਸਥਾਨ ਦੀਆਂ ਉੱਚਕੋਟੀ ਦੀਆਂ ਅਖ਼ਬਾਰਾਂ ਅਤੇ ਖਿਡਾਰੀਆਂ ਦੀ ਸ਼ਾਨ ਬਣਨ ਲੱਗਾ।
ਸੰਨ 2002 ਵਿਚ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਜੈਵਲਿਨ ਥਰੋਅ ਵਿਚ ਸੋਨ ਤਗਮਾ ਹੀ ਨਹੀਂ ਜਿੱਤਿਆ, ਸਗੋਂ ਜੈਵਲਿਨ ਥਰੋਅ ਵਿਚ ਇਕ ਨਵਾਂ ਇਤਿਹਾਸ ਸਿਰਜ ਕੇ ਭਾਰਤ ਦਾ ਨਾਂਅ ਵੀ ਉੱਚਾ ਕੀਤਾ। ਸੰਨ 2003 ਵਿਚ ਬ੍ਰਿਟਿਸ਼ ਓਪਨ ਅਥਲੈਟਿਕ ਚੈਂਪੀਅਨ ਵਿਚ ਹਿੱਸਾ ਲਿਆ ਅਤੇ ਜੈਵਲਿਨ ਥਰੋਅ ਵਿਚ ਫਿਰ ਤੋਂ ਸੋਨ ਤਗਮਾ ਹੀ ਨਹੀਂ ਫੁੰਡਿਆ, ਸਗੋਂ ਇਸੇ ਮੁਕਾਬਲੇ ਵਿਚ ਜੰਪ ਅਤੇ ਸ਼ਾਟਫੁੱਟ ਵਿਚੋਂ ਵੀ ਸੋਨ ਤਗਮਾ ਜਿੱਤ ਕੇ ਇਕ ਵਰਲਡ ਰਿਕਾਰਡ ਬਣਾ ਕੇ ਵਿਸ਼ਵ ਦੇ ਉੱਚ ਕੋਟੀ ਦੇ ਖਿਡਾਰੀਆਂ ਵਿਚ ਸ਼ਾਮਲ ਹੋਇਆ। ਸੰਨ 2004 ਵਿਚ ਐਥਨੀ ਵਿਚ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ ਜੈਵਲਿਨ ਥਰੋਅ ਵਿਸ਼ਵ ਦੇ ਸਾਰੇ ਖਿਡਾਰੀਆਂ ਨੂੰ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂਅ ਕਰਕੇ ਫਿਰ ਤੋਂ ਵਿਸ਼ਵ ਰਿਕਾਰਡ ਬਣਾ ਕੇ ਉਹ ਭਾਰਤ ਦਾ ਇਕੋ-ਇਕ ਖਿਡਾਰੀ ਸੀ, ਜਿਸ ਨੇ ਉਲੰਪਿਕ ਵਿਚ ਪਹਿਲੀ ਜਿੱਤ ਭਾਰਤ ਦੇ ਨਾਂਅ ਕਰਕੇ ਇਹ ਸਾਬਤ ਕਰ ਵਿਖਾਇਆ ਕਿ ਭਾਰਤੀ ਖਿਡਾਰੀ ਵੀ ਸੰਸਾਰ ਦੇ ਉੱਚ-ਕੋਟੀ ਦੇ ਖਿਡਾਰੀਆਂ ਤੋਂ ਘੱਟ ਨਹੀਂ। ਸੰਨ 2006 ਵਿਚ ਕੁਆਲਾਲੰਪੁਰ ਪੈਰਾ ਏਸ਼ੀਅਨ ਖੇਡਾਂ ਵਿਚ ਵੀ ਉਸ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤ ਕੇ ਰਿਕਾਰਡ ਕਾਇਮ ਕੀਤਾ। ਸੰਨ 2007 ਵਿਚ ਆਈ. ਡਬਲਯੂ. ਏ. ਐਸ. ਵਰਲਡ ਖੇਡਾਂ ਜੋ ਤਾਈਵਾਨ ਵਿਚ ਹੋਈਆਂ, ਵਿਚ ਵੀ ਜਿੱਤ ਹਾਸਲ ਕੀਤੀ। ਸੰਨ 2009 ਵਿਚ ਵਿਸ਼ਵ ਖੇਡਾਂ ਜੋ ਬੈਂਗਲੌਰ ਵਿਚ ਹੋਈਆਂ, ਵਿਚ ਵੀ ਜੈਵਲਿਨ ਥਰੋਅ ਵਿਚ ਸੋਨ ਤਗਮਾ ਅਤੇ ਡਿਸਕਸ ਥਰੋਅ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸੰਨ 2013 ਵਿਚ ਫਰਾਂਸ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਸੋਨ ਤਗਮਾ ਹੀ ਨਹੀਂ ਪ੍ਰਾਪਤ ਕੀਤਾ, ਸਗੋਂ ਉਸੇ ਚੈਂਪੀਅਨਸ਼ਿਪ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ ਅਤੇ ਇਹ ਗੱਲ ਬੜੇ ਮਾਣ ਨਾਲ ਆਖੀ ਜਾਵੇਗੀ ਕਿ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਜਿੱਤ ਹਾਸਲ ਨਹੀਂ ਸੀ ਕੀਤੀ।
ਸੰਨ 2014 ਵਿਚ ਦੇਸ਼ ਕੋਰੀਆ ਵਿਚ ਹੋਈਆਂ ਪੈਰਾ ਖੇਡਾਂ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ। ਸੰਨ 2015 ਵਿਚ ਦੋਹਾ ਵਿਚ ਹੋਈ ਆਈ. ਪੀ. ਸੀ. ਵਰਲਡ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2016 ਵਿਚ ਰੀਓ-ਡੇ-ਜਨੇਰੀਓ ਵਿਚ ਹੋਈ ਪੈਰਾ ਉਲੰਪਿਕ ਵਿਚ ਜੈਵਲਿਨ ਥਰੋਅ ਵਿਚ ਦਵਿੰਦਰਾ ਜਾਹਜਰੀਆ ਨੇ ਸੋਨ ਤਗਮਾ ਜਿੱਤ ਕੇ ਇਕ ਵਾਰ ਫਿਰ ਵਿਸ਼ਵ ਰਿਕਾਰਡ ਬਣਾ ਕੇ ਭਾਰਤ ਦਾ ਨਾਂਅ ਪੂਰੇ ਵਿਸ਼ਵ ਵਿਚ ਉੱਚਾ ਕੀਤਾ ਅਤੇ ਹੁਣੇ-ਹੁਣੇ ਦਵਿੰਦਰਾ ਪੈਰਿਸ ਵਿਚ ਭਾਰਤ ਦੀ ਇਕ ਖਿਡਾਰੀ ਵਜੋਂ ਪ੍ਰਤੀਨਿਧਤਾ ਕਰਦਾ ਹੋਇਆ ਜੈਵਲਿਨ ਥਰੋਅ ਵਿਚ ਹੀ ਸੋਨ ਤਗਮਾ ਲੈ ਕੇ ਆਇਆ ਹੈ। ਦੇਸ਼ ਇਸ ਮਾਣਮੱਤੇ ਖਿਡਾਰੀ 'ਤੇ ਫਖ਼ਰ ਨਾਲ ਮਾਣ ਮਹਿਸੂਸ ਕਰਦਾ ਹੈ ਅਤੇ ਸੰਨ 2004 ਵਿਚ ਦੇਸ਼ ਦੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਆਚੀਵਮੈਂਟ ਐਵਾਰਡ ਨਾਲ ਸਨਮਾਨਿਆ ਅਤੇ ਰਾਸ਼ਟਰਪਤੀ ਅਬਦੁਲ ਕਲਾਮ ਨੇ 29 ਅਗਸਤ, 2005 ਵਿਚ ਦੇਸ਼ ਦੇ ਸਭ ਤੋਂ ਵੱਡੇ ਵੱਕਾਰੀ ਸਨਮਾਨ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ, 2005 ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਲ ਨੇ ਪਦਮ ਸ੍ਰੀ ਐਵਾਰਡ ਅਤੇ ਰਾਜਸਥਾਨ ਸਰਕਾਰ ਉਸ ਨੂੰ ਮਹਾਰਾਣਾ ਪ੍ਰਤਾਪ ਐਵਾਰਡ ਨਾਲ ਵੀ ਸਨਮਾਨਿਤ ਕਰ ਚੁੱਕੀ ਹੈ। ਸੰਨ 2014 ਵਿਚ ਐਫ. ਆਈ. ਸੀ. ਸੀ. ਸਾਲ 2014 ਦੇ ਸਰਬੋਤਮ ਖਿਡਾਰੀ ਵਜੋਂ ਅਤੇ ਜੀ. ਕਿਊ. ਮੈਗਜ਼ੀਨ ਸਾਲ 2016 ਦੇ ਬੈਸਟ ਐਥਲੀਟ ਵਜੋਂ ਸਨਮਾਨਿਤ ਕਰ ਚੁੱਕੀ ਹੈ। ਖਿਡਾਰੀ ਦਵਿੰਦਰਾ ਜਾਹਜਰੀਆ 'ਤੇ ਦੇਸ਼ ਹੀ ਨਹੀਂ, ਸਗੋਂ ਪੂਰਾ ਸੰਸਾਰ ਮਾਣ ਕਰਦਾ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਖੇਡ ਭਾਵਨਾ ਘੱਟ ਪਰ ਜੰਗ ਦਾ ਮਾਹੌਲ ਜ਼ਿਆਦਾ ਬਣ ਚੁੱਕਾ ਹੈ ਭਾਰਤ-ਪਾਕਿ ਕ੍ਰਿਕਟ ਮੁਕਾਬਲਾ

ਖੇਡਾਂ ਮੁੱਢ ਤੋਂ ਹੀ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੀਆਂ ਆਈਆਂ ਹਨ। ਪਰ ਸਮੇਂ ਦੇ ਨਾਲ-ਨਾਲ ਖੇਡਾਂ ਦੇ ਅਸਲੀ ਅਰਥ ਸਾਡੇ ਆਮ ਲੋਕਾਂ ਵੱਲੋਂ ਬਦਲੇ ਜਾ ਚੁੱਕੇ ਹਨ। ਪਹਿਲਾਂ ਖੇਡਾਂ ਦਾ ਮਤਲਬ ਹੋਇਆ ਕਰਦਾ ਸੀ ਕਿ ਖੇਡਾਂ ਦੋ ਮੁਲਕਾਂ ਜਾਂ ਇਨਸਾਨਾਂ ਵਿਚ ਪਿਆਰ ਨੂੰ ਵਧਾਉਂਦੀਆਂ ਹਨ, ਪਰ ਅੱਜ ਦੇ ਸਮੇਂ ਅਨੁਸਾਰ ਖੇਡਾਂ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਹੀ ਬਦਲੀ ਜਾ ਚੁੱਕੀ ਹੈ। ਬਾਹਰਲੇ ਮੁਲਕਾਂ ਵਿਚ ਤਾਂ ਸ਼ਾਇਦ ਖੇਡ ਦੀ ਪਰਿਭਾਸ਼ਾ ਉਹੀ ਚੱਲੀ ਆ ਰਹੀ ਹੋਵੇਗੀ, ਪਰ ਸਾਡੇ ਭਾਰਤ ਵਿਚ ਇਸ ਦੀ ਪਰਿਭਾਸ਼ਾ ਨੂੰ ਬਦਲ ਕੇ ਇਕ ਜੰਗ ਦਾ ਰੂਪ ਦੇ ਦਿੱਤਾ ਗਿਆ ਹੈ, ਜਿਸ ਵਿਚ ਸਭ ਤੋਂ ਵੱਧ ਹੱਥ ਭਾਰਤੀ ਮੀਡੀਆ ਦਾ ਮੰਨਿਆ ਜਾ ਸਕਦਾ ਹੈ। ਲੰਦਨ ਦੇ ਬਰਮਿੰਘਮ ਸ਼ਹਿਰ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਦਾ ਮੁਕਾਬਲਾ ਹੋਇਆ ਹੈ, ਜਿਸ ਦਾ ਰੌਲਾ-ਰੱਪਾ ਤਕਰੀਬਨ ਹਰ ਇਕ ਭਾਰਤੀ ਅਤੇ ਪਾਕਿਸਤਾਨੀ ਨੌਜਵਾਨ ਬਜ਼ੁਰਗ ਨੇ ਸੋਸ਼ਲ ਮੀਡੀਆ ਉੱਪਰ ਪਾਇਆ ਹੋਇਆ ਹੈ। ਬੇਸ਼ੱਕ ਸਾਡੀ ਨੌਜਵਾਨ ਪੀੜ੍ਹੀ ਕ੍ਰਿਕਟ ਦੀ ਫੈਨ ਜ਼ਿਆਦਾ ਹੈ ਅਤੇ ਮਸ਼ਹੂਰ ਕ੍ਰਿਕਟਰਾਂ ਨੂੰ ਭਰਪੂਰ ਪਿਆਰ ਕਰਦੀ ਹੈ, ਪਰ ਜਦੋਂ ਪਾਕਿਸਤਾਨ ਨਾਲ ਕਿਸੇ ਮੁਕਾਬਲੇ ਦਾ ਜ਼ਿਕਰ ਆਉਂਦਾ ਹੈ ਅਤੇ ਉਨ੍ਹਾਂ ਦੇ ਕਿਸੇ ਇਕ ਚਹੇਤੇ ਕ੍ਰਿਕਟਰ ਵੱਲੋਂ ਵਧੀਆ ਖੇਡ ਦਾ ਮੁਜ਼ਾਹਰਾ ਨਹੀਂ ਕੀਤਾ ਜਾਂਦਾ ਤਾਂ ਇਹ ਨੌਜਵਾਨ ਪੀੜ੍ਹੀ ਕਿਸੇ ਨੂੰ ਨਹੀਂ ਬਖ਼ਸ਼ਦੀ। ਭਾਵ ਕਿ ਪਾਕਿਸਤਾਨ ਨਾਲ ਮੁਕਾਬਲਾ ਹਾਰਨ 'ਤੇ ਇਹ ਕ੍ਰਿਕਟ ਦੇ ਚਾਹੁਣ ਵਾਲੇ ਆਪਣੇ ਚਹੇਤੇ ਖਿਡਾਰੀਆਂ ਦੀ ਸੋਸ਼ਲ ਮੀਡੀਆ ਉੱਪਰ ਉਹ ਮਿੱਟੀ ਪਲੀਤ ਕਰਦੇ ਹਨ ਕਿ ਪੁੱਛੋ ਨਾ!
ਪਾਕਿਸਤਾਨ ਨਾਲ ਖੇਡ ਮੁਕਾਬਲੇ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਇਕ ਨਵੇਂ ਢੰਗ ਨਾਲ ਦੇਖਦੀ ਹੈ। ਬਹੁਤੇ ਕ੍ਰਿਕਟ ਪ੍ਰੇਮੀ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਦੇ ਮੁਕਾਬਲੇ ਨੂੰ ਲੈ ਕੇ ਕੁਝ ਜ਼ਿਆਦਾ ਹੀ ਗੰਭੀਰ ਹਨ। ਇਸ ਦੇ ਨਾਲ ਹੀ ਭਾਰਤੀ ਮੀਡੀਆ ਦੋਵਾਂ ਦੇਸ਼ਾਂ ਵਿਚਕਾਰ ਸਿਰਫ਼ ਖੇਡ ਭਾਵਨਾ ਨੂੰ ਵਿਖਾਉਣ ਦੀ ਬਜਾਏ ਇਕ ਜੰਗ ਵਾਲਾ ਮਾਹੌਲ ਵਿਖਾ ਰਿਹਾ ਹੈ, ਜਿਸ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਸੋਸ਼ਲ ਮੀਡੀਆ ਅਤੇ ਮਸ਼ਹੂਰ ਟੈਲੀਵੀਜ਼ਨ ਚੈਨਲ ਸਟਾਰ ਸਪੋਰਟਸ ਵੱਲੋਂ ਜਾਰੀ ਕੀਤਾ ਇਕ ਕ੍ਰਿਕਟ ਵਿਗਿਆਪਨ ਆਮ ਲੋਕਾਂ ਵਿਚ ਬੜੀ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ। ਇਹ ਵਿਗਿਆਪਨ ਦੇਸ਼-ਵਿਦੇਸ਼ ਵਿਚ ਬੈਠੇ ਹਰ ਇਕ ਬੱਚੇ, ਨੌਜਵਾਨ ਅਤੇ ਬਜ਼ੁਰਗ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਉੱਪਰ ਸ਼ੇਅਰ ਜ਼ਰੂਰ ਕੀਤਾ। ਇਸ ਵਿਗਿਆਪਨ ਰਾਹੀਂ ਸ਼ਰੇਆਮ ਪਾਕਿਸਤਾਨ ਨੂੰ ਨੀਚਾ ਵਿਖਾਉਣ ਵਾਲੀ ਗੱਲ ਆਖੀ ਗਈ। ਭਾਰਤੀ ਮੀਡੀਆ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਇਸ ਨੂੰ ਆਪਣੇ ਦੇਸ਼ ਦੇ ਰਾਸ਼ਟਰ ਗਾਇਨ ਦੇ ਇਕ-ਇਕ ਹਰਫ਼ ਦੀ ਸਮਝ ਤੱਕ ਵੀ ਨਾ ਰਹੀ। ਮਹਿਜ਼ ਪੈਸਾ ਕਮਾਉਣ ਅਤੇ ਪਾਕਿਸਤਾਨ ਨੂੰ ਨੀਚਾ ਵਿਖਾਉਣ ਖ਼ਾਤਰ ਇਹ ਸਾਰੇ ਢੋਲ ਖੜਕਾਏ ਜਾ ਰਹੇ ਹਨ।
ਇਕ ਪਾਸੇ ਦੇਸ਼ ਦੀ ਆਮ ਜਨਤਾ ਅਤੇ ਕੁਝ ਸੂਝਵਾਨ ਨੌਜਵਾਨ ਲੀਡਰ ਭਾਰਤ-ਪਾਕਿਸਤਾਨ ਵਿਚਕਾਰ ਮਾਹੌਲ ਸੁਧਾਰਨ ਲਈ ਜੁਟੇ ਹੋਏ ਹਨ, ਉਥੇ ਹੀ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰ ਜੋ ਮੀਡੀਆ ਉੱਪਰ ਆਪਣਾ ਦਬਦਬਾ ਕਾਇਮ ਕਰੀ ਬੈਠੇ ਹਨ, ਉਹ ਇਨ੍ਹਾਂ ਚੰਗੇ ਬਣਦੇ ਹਾਲਾਤ ਨੂੰ ਲਗਾਤਾਰ ਵਿਗਾੜਨ ਦੀ ਕੋਸ਼ਿਸ਼ ਕਰਦੇ ਜਾਂਦੇ ਹਨ। ਸਿਆਸੀ ਰੰਗਤਾਂ ਨੂੰ ਛੱਡ ਜੇਕਰ ਖੇਡਾਂ ਦੇ ਵਿਸ਼ੇ ਸਬੰਧੀ ਵੀ ਗੱਲ ਕੀਤੀ ਜਾਵੇ ਤਾਂ ਹਰ ਇਕ ਉਹ ਖੇਡ, ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋ ਰਹੀ ਹੈ, ਸਾਡਾ ਮੀਡੀਆ ਉਸ ਨੂੰ ਖੇਡ ਨਾ ਮੰਨ ਕੇ ਇਕ ਜੰਗ ਦਾ ਮੈਦਾਨ ਬਣਾ ਦਿੰਦਾ ਹੈ, ਜੋ ਆਮ ਭਾਰਤੀ ਨੌਜਵਾਨਾਂ ਵਿਚ ਪਾਕਿਸਤਾਨ ਪ੍ਰਤੀ ਬਦਲੇ ਦੀ ਭਾਵਨਾ ਪੈਦਾ ਕਰਦੀ ਹੈ।
ਜੇਕਰ ਪਾਕਿਸਤਾਨ ਭਾਰਤ ਉੱਪਰ ਲਗਾਤਾਰ ਕੋਈ ਨਾ ਕੋਈ ਜ਼ਮੀਨੀ ਹਮਲੇ ਕਰਦਾ ਆ ਰਿਹਾ ਹੈ ਤਾਂ ਸਾਡੀ ਆਵਾਮ ਉਸ ਨੂੰ ਖੇਡਾਂ ਵਿਚ ਜੰਗ ਦਾ ਰੂਪ ਦੇ ਕੇ ਪਾਕਿਸਤਾਨ ਤੋਂ ਜਿੱਤਣ ਦੀ ਕੋਸ਼ਿਸ਼ ਕਰਦੇ ਹਨ, ਜੋ ਬਿਲਕੁਲ ਹੀ ਹਾਸੋਹੀਣੀ ਗੱਲ ਹੈ। ਸਗੋਂ ਭਾਰਤੀ ਨੌਜਵਾਨਾਂ ਨੂੰ ਇਹ ਚਾਹੀਦਾ ਹੈ ਕਿ ਜੇਕਰ ਪਾਕਿਸਤਾਨੀ ਅੱਤਵਾਦ ਭਾਰਤ-ਪਾਕਿ ਵਿਚਕਾਰ ਦਰਾੜਾਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਖੇਡਾਂ ਰਾਹੀਂ ਸਾਨੂੰ ਉਸ ਅੱਤਵਾਦ ਨਾਲ ਰਲ ਕੇ ਲੜਨਾ ਚਾਹੀਦਾ ਹੈ, ਬਜਾਏ ਕਿ ਸਾਡਾ ਮੀਡੀਆ ਅਤੇ ਲੋਕ ਖੇਡਾਂ ਨੂੰ ਹੀ ਜੰਗ ਦਾ ਮੈਦਾਨ ਬਣਾ ਦੇਣ। ਅਸਲ ਵਿਚ ਜੋ ਲੋਕ ਪਾਕਿਸਤਾਨ ਦੀਆਂ ਹਵਾਵਾਂ ਨਾਲ ਬਾਵਸਤਾ ਹਨ, ਉਹ ਲੋਕ ਭਾਰਤੀ ਮੀਡੀਏ ਦੀ ਇਸ ਘਟੀਆ ਸ਼ਰਾਰਤ ਤੋਂ ਕਾਫ਼ੀ ਖਫ਼ਾ ਹਨ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਿੱਥੇ ਦੋਵਾਂ ਦੇਸ਼ਾਂ ਵਿਚਕਾਰ ਖੇਡ ਰਾਹੀਂ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਉਂਦੀ ਹੈ, ਉਥੇ ਇਨ੍ਹਾਂ ਰਿਸ਼ਤਿਆਂ ਨੂੰ ਵੱਖ-ਵੱਖ ਕਿਉਂ ਕੀਤਾ ਜਾ ਰਿਹਾ ਹੈ? ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਪਰ ਕ੍ਰਿਕਟ ਦੇ ਇਕ ਕੱਟੜ ਫੈਨ ਦਾ ਬਿਆਨ ਆਇਆ ਕਿ 'ਭਾਵੇਂ ਭਾਰਤੀ ਟੀਮ ਇਸ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਵਿਚੋਂ ਨਾ ਜਿੱਤ ਸਕੇ, ਪਰ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਤੋਂ ਜਿੱਤ ਜਾਵੇ।' ਇਹ ਬਿਆਨ ਭਾਰਤੀ ਲੋਕਾਂ ਦੀ ਅਨਪੜ੍ਹ ਮਾਨਸਿਕਤਾ ਨੂੰ ਸ਼ਰੇਆਮ ਜੱਗ ਜ਼ਾਹਿਰ ਕਰਦਾ ਹੈ।
ਇਥੇ ਹੀ ਭਾਰਤੀ ਸਰਕਾਰਾਂ ਜਾਣ-ਬੁੱਝ ਕੇ ਨੌਜਵਾਨਾਂ ਦੇ ਇਨ੍ਹਾਂ ਭੜਕਾਊ ਬਿਆਨਾਂ ਨੂੰ ਅਣਦੇਖਿਆ ਕਰ ਰਹੀਆਂ ਹਨ, ਜੋ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਰੀ ਜ਼ਿੰਮੇਵਾਰੀ ਮੀਡੀਏ ਦੀ ਹੁੰਦੀ ਹੈ ਕਿ ਉਹ ਦੇਸ਼ ਦੀ ਜਵਾਨੀ ਨੂੰ ਕੀ ਵਿਖਾ ਜਾਂ ਪੜ੍ਹਾ ਰਿਹਾ ਹੈ। ਪਰ ਜਿੱਥੇ ਦੇਸ਼ ਦਾ ਮੀਡੀਆ ਹੀ ਸਰਕਾਰਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਾ ਹੋਵੇ, ਉਥੇ ਨੌਜਵਾਨਾਂ ਨੂੰ ਚੰਗੇ ਸੰਦੇਸ਼ ਦੇਣ ਦੀਆਂ ਗੱਲਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਮੀਡੀਆ ਦੇ ਨਾਲ-ਨਾਲ ਆਵਾਮ ਨੂੰ ਸੁਮੱਤ ਬਖ਼ਸ਼ੇ, ਤਾਂ ਜੋ ਕਿਸੇ ਵੀ ਦੇਸ਼ ਨਾਲ ਖੇਡੀ ਜਾਣ ਵਾਲੀ ਕਿਸੇ ਵੀ ਖੇਡ ਨੂੰ ਖੇਡ ਹੀ ਮੰਨਿਆ ਜਾਵੇ ਅਤੇ ਇਸ ਖੇਡ ਦੁਆਰਾ ਆਪਸੀ ਸਾਂਝ ਨੂੰ ਵਧਾਇਆ ਜਾਵੇ, ਨਾ ਕਿ ਕਿਸੇ ਧਰਮ ਜਾਂ ਜਾਤੀ ਨੂੰ ਮੁੱਖ ਰੱਖਦਿਆਂ ਸਮੁੱਚੇ ਦੇਸ਼ ਨੂੰ ਇਕ-ਦੂਜੇ ਪ੍ਰਤੀ ਈਰਖਾ ਭਾਵਨਾ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।


-ਮੋਬਾ: 95015-82626

ਕਬੱਡੀ ਜਗਤ ਦੀ ਸਭ ਤੋਂ ਮਹਿੰਗੀ ਰੇਡ ਦਾ ਸਿਰਜਕ-ਜੀਵਨ ਮਾਣੂੰਕੇ ਗਿੱਲ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਨੂੰ ਆਮ ਤੌਰ 'ਤੇ ਤਾਕਤ ਤੇ ਕਮਾਏ ਹੋਏ ਜੁੱਸਿਆਂ ਵਾਲੇ ਧੁਰੰਤਰਾਂ ਦੀ ਖੇਡ ਵਜੋਂ ਜਾਣਿਆ ਜਾਂਦਾ ਹੈ, ਪਰ ਇਸ ਖੇਡ 'ਚ ਕੁਝ ਖਿਡਾਰੀ ਅਜਿਹੇ ਵੀ ਹੋਏ ਹਨ, ਜੋ ਆਪਣੀ ਚੁਸਤੀ-ਫੁਰਤੀ ਦੇ ਦਮ 'ਤੇ ਹੀ ਕਬੱਡੀ ਜਗਤ 'ਚ ਨਾਂਅ ਕਮਾਉਣ 'ਚ ਸਫਲ ਰਹੇ ਹਨ। ਅਜਿਹਾ ਹੀ ਇਕ ਸਿਤਾਰਾ ਅੱਜਕਲ੍ਹ ਕਬੱਡੀ ਜਗਤ 'ਚ ਤੇਜ਼ੀ ਨਾਲ ਉੱਭਰਿਆ ਹੈ, ਜਿਸ ਦਾ ਨਾਂਅ ਹੈ ਧਾਵੀ ਜੀਵਨ ਮਾਣੂੰਕੇ ਗਿੱਲ। ਕਬੱਡੀ ਲਈ ਲੋੜੀਂਦੇ ਸਰੀਰ ਦੇ ਮੁਕਾਬਲੇ, ਹਲਕੇ ਜੁੱਸੇ ਦਾ ਮਾਲਕ ਜੀਵਨ ਸਿੰਘ ਸਿਰਫ ਚੁਸਤੀ-ਫੁਰਤੀ ਦੇ ਦਮ 'ਤੇ ਅੱਜਕਲ੍ਹ ਕਬੱਡੀ ਜਗਤ ਦੇ ਚੋਟੀ ਦੇ ਧਾਵੀਆਂ ਨੂੰ ਧੂੜ ਚਟਾ ਰਿਹਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਵਿਖੇ ਸ: ਨਿਰਮਲ ਸਿੰਘ ਤੇ ਸ੍ਰੀਮਤੀ ਪਰਮਜੀਤ ਕੌਰ ਦੇ ਘਰ 7 ਨਵੰਬਰ, 1992 ਨੂੰ ਜਨਮਿਆ ਜੀਵਨ ਸਿੰਘ ਪੰਜਵੀਂ ਜਮਾਤ 'ਚ ਪੜ੍ਹਦਿਆਂ ਨੈਸ਼ਨਲ ਸਟਾਈਲ ਕਬੱਡੀ ਖੇਡਣ ਲੱਗਾ। ਫਿਰ ਆਪਣੇ ਪਿੰਡ ਦੇ ਨਾਮਵਰ ਖਿਡਾਰੀ ਭੀਮਾ ਅਤੇ ਸੱਤਾ ਮਾਣੂੰਕੇ ਹੁਰਾਂ ਨੂੰ ਦੇਖ ਕੇ ਬਚਪਨ 'ਚ ਦਾਇਰੇ ਵਾਲੀ ਕਬੱਡੀ 'ਚ ਜ਼ੋਰ-ਅਜ਼ਮਾਈ ਕਰਨ ਲੱਗਾ। ਉਸ ਨੇ 35 ਕਿਲੋ ਭਾਰ ਵਰਗ ਤੋਂ ਕਬੱਡੀ ਮੇਲਿਆਂ 'ਚ ਖੇਡਣਾ ਸ਼ੁਰੂ ਕੀਤਾ ਅਤੇ ਲੰਬਾ ਸਮਾਂ ਭਾਰ ਵਾਲੇ ਮੁਕਾਬਲਿਆਂ 'ਚ ਤਰਥੱਲੀ ਮਚਾਉਣ ਤੋਂ ਬਾਅਦ ਜਲਦੀ ਹੀ ਓਪਨ ਵਰਗ 'ਚ ਖੇਡਣ ਲੱਗਾ। ਜੀਵਨ ਨੇ ਪਹਿਲੀ ਵਾਰ 2012 ਰੁੜਕਾ ਕਲੱਬ ਵੱਲੋਂ ਪੇਸ਼ੇਵਰ ਕਬੱਡੀ ਦੀ ਸ਼ੁਰੂਆਤ ਕੀਤੀ। ਛੀਟਕੇ ਸਰੀਰ ਦੇ ਇਸ ਧਾਵੀ ਨੇ ਝਕਾਨੀ ਦੇ ਕੇ ਦੌੜਨ ਵਾਲੇ ਆਪਣੇ ਅੰਦਾਜ਼ ਨਾਲ ਜਲਦੀ ਹੀ ਪ੍ਰਵਾਸੀ ਖੇਡ ਪ੍ਰਮੋਟਰਾਂ ਦੇ ਵੀ ਦਿਲ ਜਿੱਤ ਲਏ। ਉਸ ਨੇ ਪੰਜ ਕੁ ਸਾਲ ਦੇ ਵਕਫ਼ੇ 'ਚ ਹੀ ਦੋ ਵਾਰ ਕੈਨੇਡਾ, ਇਕ ਵਾਰ ਇੰਗਲੈਂਡ ਅਤੇ 2 ਵਾਰ ਅਮਰੀਕਾ 'ਚ ਵੱਖ-ਵੱਖ ਕਲੱਬਾਂ ਵੱਲੋਂ ਖੇਡਣ ਦਾ ਮਾਣ ਹਾਸਲ ਕਰ ਲਿਆ ਹੈ। ਪਹਿਲੀ ਵਿਸ਼ਵ ਕਬੱਡੀ ਲੀਗ 'ਚ ਵੀ ਉਸ ਨੇ ਲੰਦਨ ਅਤੇ ਬਰਮਿੰਘਮ ਵਿਖੇ ਵੀ ਕੈਲੇਫੋਰਨੀਆ ਈਗਲਜ਼ ਵੱਲੋਂ ਖੇਡਣ ਦਾ ਮਾਣ ਪ੍ਰਾਪਤ ਕੀਤਾ। ਅੱਜਕਲ੍ਹ ਆਜ਼ਾਦ ਕਲੱਬ ਘੱਲ ਕਲਾਂ (ਫਰਿਜ਼ਨੋ) ਵੱਲੋਂ ਖੇਡਣ ਵਾਲੇ ਧਾਵੀ ਜੀਵਨ ਦਾ ਖੇਡ ਜੀਵਨ ਉਸ ਵੇਲੇ ਸਿਖ਼ਰਾਂ ਨੂੰ ਛੂਹ ਗਿਆ, ਜਦੋਂ ਇਸ ਵਰ੍ਹੇੇ ਕਬੱਡੀ ਕੱਪ ਢੰਡੇ 'ਤੇ ਉਸ ਨੇ 5.5 ਲੱਖ ਰੁਪਏ ਦੀ ਅਜੇਤੂ ਰੇਡ ਪਾ ਕੇ ਕਬੱਡੀ ਜਗਤ 'ਚ ਤਹਿਲਕਾ ਮਚਾ ਦਿੱਤਾ। ਅੱਜ ਹਰੇਕ ਕਬੱਡੀ ਕੱਪ 'ਤੇ ਜੀਵਨ ਗਿੱਲ ਮਾਣੂੰਕੇ ਦੇ ਧਾਵੀਆਂ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਵੱਡੀਆਂ ਭੀੜਾਂ ਜੁੜਦੀਆਂ ਹਨ ਅਤੇ ਰੇਡ ਪਾਉਣ ਉਪਰੰਤ ਮੁਸਕਰਾਹਟ ਬਿਖੇਰਨ ਵਾਲੇ ਅੰਦਾਜ਼ ਨੇ ਜੀਵਨ ਦੀ ਮਕਬੂਲੀਅਤ ਹੋਰ ਵੀ ਵਧਾ ਦਿੱਤੀ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ

ਖੇਡ ਸਾਹਿਤ

ਫੀਫਾ ਦੇ ਸਿਤਾਰੇ

ਇਸ ਕਿਤਾਬ ਵਿਚ ਮਨੌਲੀ ਨੇ ਅਨੇਕਾਂ ਕੌਮੀ ਤੇ ਕੌਮਾਂਤਰੀ ਫੁੱਟਬਾਲ ਦੇ ਚੋਟੀ ਦੇ ਖੇਡ ਸਿਤਾਰਿਆਂ ਵੱਲੋਂ ਉਨ੍ਹਾਂ ਦੇ ਖੇਡ ਖੇਤਰ ਵਿਚ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਤੇ ਉਨ੍ਹਾਂ ਦੀ ਪੇਸ਼ੇਵਰ ਖੇਡ ਦਾ ਬੜੇ ਹੀ ਸੁਚੱਜੇ ਤਰੀਕੇ ਨਾਲ ਵਰਨਣ ਕੀਤਾ ਹੈ। ਇਸ ਕਿਤਾਬ ਵਿਚ ਲੇਖਕ ਨੇ ਪੰਜਾਬ, ਭਾਰਤ ਤੇ ਵਿਸ਼ਵ ਦੇ ਚੋਟੀ ਦੇ ਫੁੱਟਬਾਲ ਖਿਡਾਰੀਆਂ ਦਾ ਬਹੁਤ ਹੀ ਬਰੀਕੀ ਨਾਲ ਅਧਿਆਨ ਕਰਕੇ ਇਕ ਮੋਤੀਆਂ ਦੀ ਮਾਲਾ (ਫੀਫਾ ਦੇ ਸਿਤਾਰੇ) ਵਿਚ ਪਰੋਇਆ ਹੈ। ਬ੍ਰਾਜ਼ੀਲ ਦੀ ਧਰਤੀ ਦੇ ਮਹਾਨ ਸਿਤਾਰੇ ਬ੍ਰਾਜ਼ੀਲ ਦਾ ਕਾਲਾ ਮੋਤੀ ਪੇਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਤੇ ਇਸ ਦੇ ਨਾਲ ਬ੍ਰਾਜ਼ੀਲ ਦੇ ਚਿੱਟੇ ਮੋਤੀ ਰੋਨਾਲਡੋ, ਨੇਮਾਰ ਜੂਨੀਅਰ ਤੇ ਰੋਨਾਲਡੋ ਦੀ ਪਤਨੀ ਜੂਨੀਅਰ ਖਿਡਾਰਨ ਮਿਲਾਨੀ ਡੋਮੀਗੁਸਾ ਦਾ ਉਚੇਚੇ ਤੌਰ 'ਤੇ ਵਰਨਣ ਕੀਤਾ ਗਿਆ ਹੈ। ਇਸ ਵਿਚ ਜਰਮਨੀ ਦੇ ਦੋ ਖਿਡਾਰੀ ਮਿਰੋਸਲਾਵ ਕਲੋਜੇ ਤੇ ਗਾਰਡ ਮੂਲਰ ਨੂੰ ਵੀ ਸਨਮਾਨਯੋਗ ਥਾਂ ਦਿੱਤੀ ਗਈ ਹੈ। ਅਰਜਨਟੀਨਾ ਦੇ ਡਿਆਗੋ ਮੈਰਾਡੋਨਾ ਤੇ ਲਾਇਨਲ ਮੇਸੀ। ਪੁਰਤਗਾਲ ਦੇ ਕਰਿਸਟਿਆਨੋ ਰੋਨਾਲਡ, ਫਰਾਂਸ ਦੇ ਜ਼ਿਨੇਡਿਨ ਜ਼ਿਡਾਨ, ਡੇਵਿਡ ਸਰਜਿਓ, ਲੂਈਸ ਲੌਰੈਂਟ ਦੇ ਵੀ ਫੁੱਟਬਾਲ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ। ਉਰੂਗਾਏ ਦਾ ਲੂਇਸ ਸੁਆਰੇਜ, ਇੰਗਲੈਡ ਦੇ ਡੇਵਿਡ ਬੈਹਕਮ ਤੇ ਵਾਇਨੀ ਰੂਨੀ ਤੇ ਇਟਲੀ ਦੇ ਪਾਓਲੋ ਮਾਲਦਿਨੀ ਦੇ ਸਾਰੇ ਖੇਡ ਜੀਵਨ 'ਤੇ ਵੀ ਪੰਛੀ ਝਾਤ ਵੇਖਣ ਨੂੰ ਮਿਲਦੀ ਹੈ। ਇਸ ਕਿਤਾਬ 'ਚ ਅਮਰੀਕਾ ਦੀ ਸਾਬਕਾ ਕਪਤਾਨ ਹੈਮ ਮਿਆ, ਜਾਪਾਨ ਦੇ ਸਟਰਾਈਕਰ ਹੋਮੇਰ ਸਾਵਾ ਦੇ ਸਾਰੇ ਖੇਡ ਜੀਵਨ ਦਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ ਹੈ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਬਾਈਚਿੰਗ ਭੂਟੀਆ, ਅਰਜਨ ਐਵਾਰਡੀ ਇੰਦਰ ਸਿੰਘ, ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ, ਭਾਰਤੀ ਫੁੱਟਬਾਲ ਦੇ ਮਹਾਨ ਸਿਤਾਰੇ ਮਰਹੂਮ ਅਰਜਨ ਐਵਰਾਡੀ ਜਰਨੈਲ ਸਿੰਘ , ਮੌਜੂਦਾ ਕਪਤਾਨ ਸੁਨੀਲ ਛੇਤਰੀ, ਕੌਮਾਂਤਰੀ ਖਿਡਾਰੀ ਮਹਰੂਮ ਗੁਰਚਰਨ ਸਿੰਘ ਪਰਮਾਰ ਨੂੰ ਵੀ ਵਿਸ਼ੇਸ਼ ਥਾਂ ਇਸ ਕਿਤਾਬ 'ਚ ਦਿੱਤੀ ਗਈ ਹੈ। ਇਸ ਦੇ ਨਾਲ ਕੋਚ ਹਰਜਿੰਦਰ ਸਿੰਘ, ਖਿਡਾਰੀ ਪਰਮਿੰਦਰ ਸਿੰਘ ਕੰਗ, ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ, ਕਰਨਜੀਤ ਸਿੰਘ, ਹਰਮਨਜੋਤ ਸਿੰਘ ਖਾਬੜਾ, ਗੋਲਕੀਪਰ ਅਮਰਿੰਦਰ ਸਿੰਘ, ਦੀਪਕ ਸਾਮੰਥ, ਬਿਕਰਮਜੀਤ ਸਿੰਘ, ਮੰਨਨਦੀਪ ਸਿੰਘ, ਰਮਨਜੀਤ ਸਿੰਘ, ਹਰਮੀਤ ਸਿੰਘ ਨਾਰਵੇ, ਗੁਰਵਿੰਦਰ ਸਿੰਘ, ਬਲਦੀਪ ਸਿੰਘ, ਗੋਲਕੀਪਰ ਜਗਰੂਪ ਸਿੰਘ, ਬਲਵੰਤ ਸਿੰਘ ਰੈਲੀ, ਬਲਜੀਤ ਸਿੰਘ ਸਾਹਨੀ, ਬਿਕਰਮਜੀਤ ਸਿੰਘ ਬੀਕਾ, ਮਨੀਸ਼ ਭਾਰਗਵ ਵੀ ਇਸ ਕਿਤਾਬ ਦੀ ਸ਼ੋਭਾ ਵਧਾ ਰਹੇ ਹਨ। ਇਸ ਵਿਚ ਫੀਫਾ ਫੁੱਟਬਾਲ ਕੱਪ, ਪੇਸ਼ੇਵਰ ਫੁੱਟਬਾਲ ਕਲੱਬਾਂ, ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ 'ਚ ਖਿਡਾਰੀਆਂ ਨੂੰ ਮਿਲੇ ਇਨਾਮ ਤੇ ਮਾਣ-ਸਨਮਾਨ ਦਾ ਵੀ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਜੋ ਖਿਡਾਰੀਆਂ ਦੀਆਂ ਫੋਟੋਆਂ ਇਸ ਵਿਚ ਲਗਾਈਆਂ ਗਈਆਂ ਹਨ, ਉਹ ਇਸ ਕਿਤਾਬ ਦੀ ਸ਼ੋਭਾ ਹੋਰ ਵਧਾ ਰਹੀਆਂ ਹਨ ਤੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਨੂੰ ਦਿੱਤੇ ਗਏ ਖੇਡ ਰੁਤਬੇ ਇਸ ਕਿਤਾਬ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਹਨ ਤੇ ਇਸ ਤੋਂ ਲੇਖਕ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਵੀ ਫੁੱਟਬਾਲ ਖੇਡ ਵਿਸ਼ਵ ਦੀ ਸਭ ਤੋਂ ਹਰਮਨਪਿਆਰੀ ਖੇਡ ਹੈ ਤੇ ਦੇਸ਼ ਤੇ ਵਿਦੇਸ਼ ਦੇ ਸਾਰੇ ਲੋਕ ਇਸ ਖੇਡ ਨੂੰ ਪਿਆਰ ਤੇ ਸਤਿਕਾਰ ਦਿੰਦੇ ਹਨ। 'ਫੀਫਾ ਦੇ ਸਿਤਾਰੇ' ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਦਾ ਕੰਮ ਕਰੇਗੀ ਤੇ ਉਹ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨਗੇ।


ਲੇਖਕ : ਸੁਖਵਿੰਦਰ ਸਿੰਘ ਮਨੌਲੀ
ਪ੍ਰਕਾਸ਼ਕ : ਸੈਣੀ ਪਬਲੀਕੇਸ਼ਨ, ਮੋਹਾਲੀ।
ਮੁੱਲ : 520 ਰੁਪਏ, ਸਫੇ : 193
ਸੰਪਰਕ : 99171-82993
-ਜਤਿੰਦਰ ਸਾਬੀ
ਮੋਬਾ: 98729-78781

ਰੈਸਲਿੰਗ ਦਾ ਪੰਜਾਬੀ ਵਿਸ਼ਵ ਚੈਂਪੀਅਨ ਜਿੰਦਰ ਮਾਹਲ

ਕੁੱਲ 10 ਸਾਲ ਬਾਅਦ ਇਕ ਵਾਰ ਫਿਰ ਸਨਸਨੀ ਫੈਲਾਉਂਦਿਆਂ ਇਕ ਭਾਰਤੀ ਅਤੇ ਪੰਜਾਬੀ ਪਹਿਲਵਾਨ ਨੇ ਡਬਲਿਊ. ਡਬਲਿਊ. ਈ. ਰੈਸਲਿੰਗ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਹੈ। ਸਾਡੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਹ ਵਿਸ਼ਵ ਖ਼ਿਤਾਬ ਜੇਤੂ ਭਲਵਾਨ ਖ਼ਾਲਸ ਪੰਜਾਬੀ ਹੈ। ਪੰਜਾਬੀ ਮੂਲ ਦੇ ਪਹਿਲਵਾਨ ਜਿੰਦਰ ਮਾਹਲ ਨੇ ਬੀਤੇ ਦਿਨੀਂ ਰੈਸਲਿੰਗ ਦੇ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਨੂੰ ਹਰਾ ਕੇ ਡਬਲਿਊ. ਡਬਲਿਊ. ਈ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ। 30 ਸਾਲਾਂ ਦੇ ਜਿੰਦਰ ਮਾਹਲ ਪੰਜਾਬੀ ਮੂਲ ਦੇ ਪਹਿਲੇ ਅਤੇ ਅਜਿਹੇ ਦੂਜੇ ਭਾਰਤੀ ਪਹਿਲਵਾਨ ਬਣ ਗਏ ਹਨ, ਜਿਨ੍ਹਾਂ ਨੇ ਡਬਲਿਊ. ਡਬਲਿਊ. ਈ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਉੱਤੇ ਕਬਜ਼ਾ ਜਮਾਇਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਗ੍ਰੇਟ ਖਲੀ ਨੇ 2007 ਵਿਚ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਸੀ। ਜਿੰਦਰ ਇਸ ਖ਼ਿਤਾਬ ਦੀ ਦੌੜ ਵਿਚ ਪਸੰਦੀਦਾ ਨਹੀਂ ਸਨ, ਭਾਵ ਲੋਕਾਂ ਨੂੰ ਬਾਹਲੀ ਉਮੀਦ ਨਹੀਂ ਸੀ ਕਿ ਉਹ ਜੇਤੂ ਹੋਵੇਗਾ। ਇਸ ਕਰਕੇ ਜਿਵੇਂ ਹੀ ਜਿੰਦਰ ਨੇ ਓਰਟਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਤਾਂ ਸਾਰੇ ਹੈਰਾਨ ਰਹਿ ਗਏ ਸਨ। ਜਿੰਦਰ ਮਾਹਲ ਜਨਮ ਤੋਂ ਭਾਵੇਂ ਕੈਨੇਡੀਅਨ ਹਨ ਪਰ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਪੰਜਾਬੀ ਪਹਿਚਾਣ ਨੂੰ ਖੁੱਲ੍ਹ ਕੇ ਪ੍ਰਗਟ ਕੀਤਾ ਹੈ।
ਡਬਲਿਊ. ਡਬਲਿਊ. ਈ. ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਸ਼ੇਰ ਜਿੰਦਰ ਮਾਹਲ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮੂਲ ਦੇ ਇਸ ਕੈਨੇਡੀਅਨ ਪਹਿਲਵਾਨ ਨੇ 13 ਵਾਰ ਦੇ ਜੇਤੂ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਨੂੰ ਹਰਾ ਕੇ ਡਬਲਿਊ. ਡਬਲਿਊ. ਈ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ। ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮਾਹਲ ਰਿੰਗ ਦੀ ਇਸ ਖੇਡ ਦਾ ਬੇਤਾਜ ਬਾਦਸ਼ਾਹ ਬਣ ਗਿਆ ਅਤੇ ਗਿੱਧੇ-ਭੰਗੜੇ ਨਾਲ ਉਸ ਨੇ ਆਪਣੀ ਜਿੱਤ ਦੇ ਜਸ਼ਨ ਮਨਾਏ। ਓਹਾਏਓ ਸ਼ਹਿਰ ਦੇ ਟੋਲੇਡੋ ਵਿਖੇ ਸਥਿਤ ਹੰਗਟਿੰਗਨ ਸੈਂਟਰ ਵਿਖੇ ਮਾਹਲ ਦੀ ਐਂਟਰੀ ਤੋਂ ਪਹਿਲਾਂ ਨੌਜਵਾਨ ਮੁੰਡੇ-ਕੁੜੀਆਂ ਨੇ ਭੰਗੜਾ ਪਾਇਆ, ਜਿਨ੍ਹਾਂ ਦਾ ਸਾਥ ਉਸ ਦੇ ਨਜ਼ਦੀਕੀ ਦੋਸਤਾਂ ਸੁਨੀਲ ਅਤੇ ਸਮੀਰ ਨੇ ਦਿੱਤਾ। ਉਸ ਦੇ ਰਿੰਗ ਤੱਕ ਆਉਣ ਤੱਕ ਪੰਜਾਬੀ ਸੰਗੀਤ ਵਜਾਇਆ ਗਿਆ ਅਤੇ ਰਿੰਗ ਵਿਚ ਪਹੁੰਚਦੇ ਹੀ ਇਹ ਪੰਜਾਬੀ ਸ਼ੇਰ ਜਦੋਂ ਪੰਜਾਬੀ ਵਿਚ ਗਰਜਿਆ ਤਾਂ ਦੁਨੀਆ ਦੇ ਹਰ ਕੋਨੇ ਵਿਚ ਵਸਦੇ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ।
19 ਜੁਲਾਈ, 1986 ਵਿਚ ਜੰਮੇ ਜਿੰਦਰ ਮਾਹਲ ਨੇ ਰਿੰਗ ਦੀ ਦੁਨੀਆ ਵਿਚ ਦਸਤਕ ਦੇਣ ਤੋਂ ਪਹਿਲਾਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਸੀ। ਵੈਸੇ ਜਿੰਦਰ ਮਾਹਲ ਉਸ ਦਾ ਰਿੰਗ ਦਾ ਨਾਂਅ ਹੈ, ਜਦਕਿ ਉਸ ਦਾ ਅਸਲੀ ਨਾਂਅ ਯੁਵਰਾਜ ਸਿੰਘ ਢੇਸੀ ਹੈ। ਯੁਵਰਾਜ ਨੂੰ ਨਵਾਂ ਨਾਂਅ ਡਬਲਿਊ. ਡਬਲਿਊ. ਈ. ਨੇ ਦਿੱਤਾ ਹੈ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪੂਰਨ ਗਿਆਨ ਵਾਲੇ ਜਿੰਦਰ ਮਾਹਲ ਰਿੰਗ ਵਿਚ ਦਸਤਾਰ ਸਜਾ ਕੇ ਆਉਣ ਲਈ ਮਸ਼ਹੂਰ ਹਨ। ਰਿੰਗ ਵਿਚ ਆਉਣ ਉੱਤੇ ਜਿੱਥੇ ਉਹ ਆਪਣੇ ਵਿਰੋਧੀ ਪਹਿਲਵਾਨ ਵਿਰੁੱਧ ਅੰਗਰੇਜ਼ੀ ਵਿਚ ਭੜਾਸ ਕੱਢਦਾ ਹੈ, ਉੱਥੇ ਪੰਜਾਬੀ ਭਾਸ਼ਾ ਰਾਹੀਂ ਵੀ ਆਪਣੇ ਇਰਾਦੇ ਸਮਝਾ ਦਿੰਦਾ ਹੈ। ਇਸ ਸਮੇਂ ਉਹ ਡਬਲਿਊ.ਡਬਲਿਊ.ਈ. ਵਿਚ 'ਸਮੈਕ ਡਾਊਨ' ਦੇ ਮੁਕਾਬਲਿਆਂ ਹੇਠ ਆਪਣਾ ਪ੍ਰਦਰਸ਼ਨ ਕਰ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਪ੍ਰੋ ਕਬੱਡੀ ਲੀਗ ਸੀਜ਼ਨ-5

ਕਬੱਡੀ ਦੇ ਸਿਤਾਰੇ ਹੋਏ ਮਾਲੋਮਾਲ, ਵਪਾਰਕ ਘਰਾਣਿਆਂ ਨੇ ਲਾਏ ਦਿਲ ਖੋਲ੍ਹ ਕੇ ਦਾਮ

ਨੈਸ਼ਨਲ ਸਟਾਈਲ ਕਬੱਡੀ ਦੀ 2014 ਵਿਚ ਸ਼ੁਰੂ ਹੋਈ ਪ੍ਰੋ ਕਬੱਡੀ ਲੀਗ ਨੇ ਜਿੱਥੇ ਇਸ ਖੇਡ ਦਾਇਰੇ ਨੂੰ ਵਧਾਇਆ ਹੈ, ਉੱਥੇ ਹੀ ਇਸ ਦੇ ਖਿਡਾਰੀਆਂ ਦੀ ਕਿਸਮਤ ਵੀ ਬਦਲ ਦਿੱਤੀ ਹੈ। ਕਿਸੇ ਸਮੇਂ ਸਕੂਲਾਂ-ਕਾਲਜਾ ਜਾਂ 2-4 ਸਰਕਾਰੀ ਵਿਭਾਗਾਂ ਤੱਕ ਸੀਮਤ ਹੋ ਚੁੱਕੀ ਨੈਸ਼ਨਲ ਸਟਾਈਲ ਕਬੱਡੀ ਦਾ ਦਾਇਰਾ ਤੇ ਬਿਜਨੈਸ ਅੱਜ ਪੂਰੀ ਤਰ੍ਹਾਂ ਵਿਸ਼ਾਲ ਹੋ ਚੁੱਕਾ ਹੈ। ਪੰਜਾਬ ਦੀ ਕਬੱਡੀ ਦੇ ਦੋ ਅਰਜਨ ਐਵਾਰਡੀ ਖਿਡਾਰੀ ਹਰਦੀਪ ਸਿੰਘ ਭੁੱਲਰ ਤੇ ਬਲਵਿੰਦਰ ਸਿੰਘ ਫਿੱਡਾ ਨੂੰ ਇਸ ਖੇਡ ਦੇ ਹੀਰੋ ਮੰਨਿਆ ਜਾਂਦਾ ਹੈ। ਅੱਜ ਮਨਪ੍ਰੀਤ ਮਾਨਾ, ਗੁਰਪ੍ਰੀਤ ਸਿੰਘ ਕਾਜੀ (ਦੋਵੇਂ ਏਸ਼ੀਆ ਗੋਲਡ), ਮਨਿੰਦਰ ਮਨੀ, ਰਣ ਸਿੰਘ ਰਣੀਆਂ, ਚਤਰ ਸਿੰਘ, ਹਰਵਿੰਦਰ ਕਾਲਾ ਵਰਗੇ ਸਿਤਾਰੇ ਪ੍ਰੋ ਕਬੱਡੀ ਲੀਗ ਵਿਚ ਪੰਜਾਬ ਦਾ ਨਾਂਅ ਚਮਕਾ ਰਹੇ ਹਨ। ਐਮਚਿਉਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਰਧਨ ਸਿੰਘ ਗਹਿਲੋਤ ਦੀ ਅਗਵਾਈ ਵਿਚ ਖੇਡੇ ਜਾ ਰਹੇ ਪੰਜਵੇਂ ਸੀਜ਼ਨ ਨੂੰ ਭਾਰਤ ਵਿਚ ਮੋਬਾਈਲ ਕੰਪਨੀ ਵੀਵੋ ਮੁੱਖ ਸਪਾਂਸਰ ਕਰ ਰਹੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਤੇ ਹਿੰਦੁਸਤਾਨ ਦੇ ਪ੍ਰਸਿੱਧ ਬਿਜਨਸਮੈਨ ਇਸ ਟੂਰਨਾਮੈਂਟ ਦੇ ਅੰਗ-ਸੰਗ ਰਹਿਣਗੇ।
ਇਸ ਵਾਰ ਪੰਜਵੀਂ ਵੀਵੋ ਪ੍ਰ੍ਰੋ ਕਬੱਡੀ ਲੀਗ ਨੂੰ ਜਿੱਤਣ ਲਈ ਟੀਮ ਮਾਲਕ ਤੇ ਕੰਪਨੀਆ ਵੱਲੋਂ ਖੁੱਲ੍ਹਦਿਲੀ ਨਾਲ ਧਨ ਵਰਖਾ ਕੀਤੀ ਜਾ ਰਹੀ ਹੈ। ਹੁਣ ਤੱਕ ਹੋਈ ਖਿਡਾਰੀਆਂ ਦੀ ਬੋਲੀ ਵਿਚ ਨਿਤਿਨ ਤੋਮਰ ਦਾ ਭਾਅ ਸਭ ਤੋਂ ਵੱਧ ਰਿਹਾ ਹੈ, ਜਿਸ ਨੂੰ ਯੂ.ਪੀ. ਦੀ ਟੀਮ ਨੇ 93 ਲੱਖ 'ਚ ਖ਼ਰੀਦਿਆ ਹੈ। ਇਸ ਤਰ੍ਹਾਂ ਰੋਹਿਤ ਕੁਮਾਰ ਨੂੰ ਬੈਂਗਲੁਰੂ ਬੁੱਲਜ ਨੇ 81 ਲੱਖ 'ਚ ਤੇ ਮਨਜੀਤ ਛਿੱਲਰ ਨੂੰ ਪਿੰਕ ਪੈਂਥਰਜ਼ ਜੈਪੁਰ ਨੇ 75.50 ਲੱਖ 'ਚ ਖ਼ਰੀਦਿਆ ਹੈ। ਫਿਲਹਾਲ ਇਨ੍ਹਾਂ ਤਿੰਨਾਂ ਖਿਡਾਰੀਆਂ ਦਾ ਰੇਟ ਟੌਪ 'ਤੇ ਹੈ। 2014 'ਚ ਹੋਈ ਪਹਿਲੀ ਪ੍ਰੋ ਕਬੱਡੀ ਲੀਗ ਨੂੰ ਜਿੱਤਣ ਵਾਲੀ ਪਿੰਕ ਪੈਂਥਰਜ (ਅਭਿਸ਼ੇਕ ਬਚਨ) ਦੁਬਾਰਾ ਵਾਪਸੀ ਦੇ ਮੂਡ ਵਿਚ ਹੈ। ਇਸ ਦੇ ਨਾਲ ਹੀ ਦੂਜੀ ਵਾਰੀ ਦੀ ਚੈਂਪੀਅਨ ਯੂ ਮੂੰਬਾਂ ਤੇ ਪਿਛਲੇ 2016 ਵਿਚ ਹੋਏ ਦੋਵੇਂ ਸੀਜ਼ਨਾਂ ਦੀ ਚੈਂਪੀਅਨ ਪਟਨਾ ਪਾਰੇਟਸ ਚੈਂਪੀਅਨ ਰਹੀ ਹੈ। 130 ਦਿਨ ਚੱਲਣ ਵਾਲੇ ਇਸ ਕਬੱਡੀ ਮਹਾਂਕੁੰਭ ਵਿਚ ਜਿੱਥੇ ਇਸ ਵਾਰ ਸਰਵਿਸਿਜ਼ ਦੇ ਖਿਡਾਰੀ ਹਿੱਸਾ ਲੈ ਰਹੇ ਹਨ, ਉੱਥੇ ਕਬੱਡੀ ਨੈਸ਼ਨਲ ਸਟਾਈਲ ਨਾਲ ਸਬੰਧਤ ਪਾਕਿ ਖਿਡਾਰੀਆਂ ਨੂੰ ਛੱਡ ਕੇ ਬਾਕੀ ਦੇਸ਼ਾਂ ਤੋਂ ਵੀ ਖਿਡਾਰੀ ਭਾਗ ਲੈਣਗੇ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਰਣ ਸਿੰਘ ਰਣੀਆਂ ਨੂੰ ਬੈਂਗਲੁਰੂ ਬੁੱਲਜ਼ ਨੇ 47.50 ਲੱਖ 'ਚ ਖ਼ਰੀਦਿਆ ਹੈ, ਜੋ ਪਹਿਲਾਂ ਪਿੰਕ ਪੈਂਥਰਜ਼ ਜੈਪੁਰ ਲਈ ਚਾਰ ਸੀਜ਼ਨ ਖੇਡਿਆ ਹੈ।
ਇਸ ਦੇ ਨਾਲ ਹੀ ਸਭ ਤੋਂ ਘੱਟ ਭਾਅ ਤਾਕਾਮਿਸਟੂ ਕੋਨੋ ਦਾ ਰਿਹਾ, ਜਿਸ ਨੂੰ ਪੁਨੇਰੀ ਪਲਟਨ ਨੇ 8 ਲੱਖ 'ਚ ਖ਼ਰੀਦਿਆ ਹੈ। ਮਨਿੰਦਰ ਮਨੀ ਵੀ ਇਸ ਵਾਰ ਜ਼ਬਰਦਸਤ ਵਾਪਸੀ ਕਰ ਰਿਹਾ ਹੈ। 12 ਟੀਮਾਂ ਦੇ ਵਿਚਕਾਰ ਹੋਣ ਵਾਲੇ ਇਸ ਮਹਾਂ ਮੁਕਾਬਲੇ ਲਈ ਵਿਨਰ ਟੀਮ ਨੂੰ ਜਿੱਥੇ ਕਰੋੜਾਂ ਦੇ ਨਕਦ ਇਨਾਮ ਨਾਲ ਨਿਵਾਜਿਆ ਜਾਵੇਗਾ, ਉੱਥੇ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਸਫਲਤਾ ਦੇ ਹੋਰ ਦੁਆਰ ਵੀ ਖੁੱਲ੍ਹਣਗੇ। ਐਮਚਿਉਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਰਧਨ ਸਿੰਘ ਗਹਿਲੋਤ, ਚੇਅਰਮੈਨ ਗੁਰਮੇਲ ਸਿੰਘ ਪਹਿਲਵਾਨ, ਮੈਡਮ ਮਿਰਦੁਲ ਭਦੁਰੀਆ, ਕੋਚ ਨਰਿੰਦਰ ਰਾਣਾ, ਗੁਰਦੀਪ ਬਿੱਟੀ ਘੱਗਾ ਜੋ ਕਬੱਡੀ ਦਾ ਦਾਇਰਾ ਦੁਨੀਆ ਭਰ ਵਿਚ ਵਧਾਉਣ ਲਈ ਯਤਨਸ਼ੀਲ ਹਨ, ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਹ ਸੀਜ਼ਨ ਵੀ ਬੜਾ ਸ਼ਾਨਦਾਰ ਰਹੇਗਾ। ਸਾਰੇ ਕਬੱਡੀ ਪ੍ਰੇਮੀ ਅਗਲੇ ਦਿਨਾਂ 'ਚ ਇਸ ਟੂਰਨਾਮੈਂਟ ਦੀ ਬੇਸਬਰੀ ਨਾਲ ਉਡੀਕ 'ਚ ਹਨ।


-ਕਬੱਡੀ ਕੁਮੈਂਟੇਟਰ। ਮੋਬਾ: 98724-59691

ਵੱਖ-ਵੱਖ ਕ੍ਰਿਕਟ ਖਿਡਾਰੀਆਂ ਦੇ ਮਹਿਲਨੁਮਾ ਘਰ

ਮਨੋਕਾਮਨਾ ਨਾ ਵੀ ਕਹੀਏ ਤਾਂ ਵੀ ਅਸੀਂ ਸਭ ਆਪਣੀਆਂ ਭਾਵਨਾਵਾਂ ਦੀ ਬਦੌਲਤ ਜਾਣਦੇ ਹਾਂ ਕਿ ਜੀਵਨ ਵਿਚ ਮਨਪਸੰਦ ਜੀਵਨ-ਸਾਥੀ ਤੋਂ ਬਾਅਦ ਦੂਜਾ ਸਭ ਤੋਂ ਰੋਮਾਂਚਕ ਸੁਪਨਾ ਇਕ ਆਲੀਸ਼ਾਨ ਘਰ ਦਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਦੁਨੀਆ ਵਿਚ 95 ਫ਼ੀਸਦੀ ਲੋਕ ਜਿਸ ਘਰ ਵਿਚ ਰਹਿੰਦੇ ਹਨ ਉਹ ਉਨ੍ਹਾਂ ਦੇ ਸੁਪਨਿਆਂ ਦਾ ਘਰ ਨਹੀਂ ਹੁੰਦਾ। ਪਰ ਸਿਤਾਰਾ ਕ੍ਰਿਕਟ ਖਿਡਾਰੀਆਂ ਦੀ ਤਾਂ ਗੱਲ ਹੀ ਕੁਝ ਹੋਰ ਹੈ। ਉਨ੍ਹਾਂ ਦੇ ਘਰ ਤਾਂ ਪੂਰੀ ਦੁਨੀਆ ਦੇ ਸੁਪਨਾ ਘਰ ਹਨ। ਆਓ ਇਸ ਤਰ੍ਹਾਂ ਦੇ ਹੀ ਕੁਝ ਆਲੀਸ਼ਾਨ ਘਰਾਂ ਬਾਰੇ ਜਾਣੀਏ।
ਕ੍ਰਿਕਟ ਦੇ ਭਗਵਾਨ ਦਾ ਘਰ : ਸਚਿਨ ਦੀ ਹੈਸੀਅਤ ਦੇਸ਼ ਵਿਚ ਕ੍ਰਿਕਟ ਦੇ ਭਗਵਾਨ ਵਰਗੀ ਹੈ। ਇਸ ਤਰ੍ਹਾਂ ਉਨ੍ਹਾਂ ਦਾ ਘਰ ਤਾਂ ਸਵਰਗ ਵਰਗਾ ਹੋਣਾ ਹੀ ਸੀ। ਇਹ ਇਸ ਤਰ੍ਹਾਂ ਦਾ ਹੀ ਹੈ। ਬਚਪਨ ਵਿਚ ਸਾਹਿਤਕ ਪ੍ਰਵਾਸ ਦੇ ਜਿਸ ਫਲੈਟ ਵਿਚ ਸਚਿਨ ਰਹਿੰਦੇ ਸਨ। ਉਸ ਪੂਰੀ ਕਾਲੋਨੀ ਦੀ ਕੀਮਤ ਦੇ ਬਰਾਬਰ ਅੱਜ ਉਨ੍ਹਾਂ ਦੇ ਇਕੱਲੇ ਆਪਣੇ ਮਕਾਨ ਦੀ ਕੀਮਤ ਹੈ। ਜੀ ਹਾਂ, ਮਾਸਟਰ ਬਲਾਸਟਰ ਮੁੰਬਈ ਦੇ ਗੋਰ ਗਾਂਵ ਇਲਾਕੇ ਵਿਚ ਆਪਣੇ ਜਿਸ ਮਹਿਲਨੁਮਾ ਘਰ ਵਿਚ ਰਹਿੰਦੇ ਹਨ, ਉਸ ਦੀ ਕੀਮਤ 80 ਕਰੋੜ ਰੁਪਏ ਹੈ। ਉਨ੍ਹਾਂ ਦਾ ਘਰ 1 ਮੰਜ਼ਿਲ ਜ਼ਮੀਨ ਦੇ ਹੇਠਾਂ ਭਾਵ ਅੰਡਰਗਰਾਊਂਡ ਅਤੇ 3 ਮੰਜ਼ਿਲਾਂ ਜ਼ਮੀਨ ਦੇ ਉੱਪਰ ਹੈ। ਇਸ ਘਰ ਦੀਆਂ ਦੋਵੇਂ ਅੰਡਰ ਗਰਾਊਂਡ ਮੰਜ਼ਿਲਾਂ ਭਾਵ ਬੇਸਮੈਂਟ ਸਚਿਨ ਦੀਆਂ ਕਾਰਾਂ ਦੀ ਪਾਰਕਿੰਗ ਲਈ ਸੁਰੱਖਿਅਤ ਹੈ। ਗਰਾਊਂਡ ਫਲੋਰ 'ਤੇ ਸਚਿਨ ਦੇ ਐਵਾਰਡ ਰੱਖੇ ਗਏ ਹਨ, ਜਦੋਂ ਕਿ ਛੱਤ 'ਤੇ ਸਵੀਮਿੰਗ ਪੂਲ ਬਣਿਆ ਹੈ।
ਮਾਹੀ ਦਾ ਮਹੱਲ : ਹਾਲ ਦੇ ਦਹਾਕਿਆਂ ਵਿਚ ਜਿਸ ਖਿਡਾਰੀ ਨੇ ਇਕ ਦੇ ਬਾਅਦ ਇਕ ਕਮਾਲ ਕੀਤਾ ਹੈ ਅਤੇ ਆਪਣੇ-ਆਪ ਨੂੰ ਮੌਜੂਦਾ ਦੌਰ ਦਾ ਸਭ ਤੋਂ ਆਈਕੋਨਿਕ ਖਿਡਾਰੀ ਬਣਾਇਆ ਹੈ, ਉਹ ਮਹਿੰਦਰ ਸਿੰਘ ਧੋਨੀ ਉਰਫ਼ ਮਾਹੀ ਹੀ ਹੈ। ਇਸ ਲਈ ਭਾਰਤ ਦੇ ਕੈਪਟਨ ਕੂਲ ਦੇ ਨਾਂਅ ਨਾਲ ਵੀ ਮਸ਼ਹੂਰ ਰਹੇ ਰਾਂਚੀ ਦੇ ਇਸ ਰਾਜ ਕੁਮਾਰ ਦਾ ਘਰ ਵੀ ਉਨ੍ਹਾਂ ਦੀ ਤਰ੍ਹਾਂ ਖਾਸ ਹੋਣਾ ਸੀ, ਸੋ ਉਹ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਹੀ ਦੇ ਮਕਾਨ ਨੂੰ ਕਿਸੇ ਆਰਕੀਟੈਕਟ ਨੇ ਨਹੀਂ ਬਲਕਿ ਖ਼ੁਦ ਉਨ੍ਹਾਂ ਨੇ ਹੀ ਡਿਜ਼ਾਈਨ ਕੀਤਾ ਹੈ, ਜੋ ਕਹਿਦੇ ਹਨ ਉਨ੍ਹਾਂ ਦੀ ਪਤਨੀ ਸਾਕਸ਼ੀ ਨੂੰ ਬਹੁਤ ਪਸੰਦ ਹੈ।
ਪ੍ਰਿੰਸ ਆਫ ਕੋਲਕਾਤਾ ਦਾ ਮਹੱਲ : ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਸੌਰਵ ਗਾਂਗੁਲੀ ਉਰਫ਼ ਪ੍ਰਿੰਸ ਆਫ਼ ਕੋਲਕਾਤਾ। ਜੀ, ਹਾਂ! ਉਨ੍ਹਾਂ ਨੂੰ ਕੋਲਕਾਤਾ ਦੇ ਰਾਜ ਕੁਮਾਰ ਦੀ ਉਪਾਧੀ ਅੱਜ ਨਹੀਂ ਮਿਲੀ ਜਦੋਂ ਉਹ ਭਾਰਤੀ ਕ੍ਰਿਕਟ ਟੀਮ ਵਿਚ ਚੁਣੇ ਵੀ ਨਹੀਂ ਗਏ ਸਨ ਉਦੋਂ ਵੀ ਉਨ੍ਹਾਂ ਨੂੰ ਇਸੇ ਨਾਂਅ ਨਾਲ ਬੁਲਾਇਆ ਜਾਂਦਾ ਸੀ। ਕਿਉਂਕਿ ਉਨ੍ਹਾਂ ਦੀ ਆਰਥਿਕ ਪਿੱਠਭੂਮੀ ਰਾਜਿਆਂ-ਮਹਾਰਾਜਿਆਂ ਵਾਲੀ ਹੈ। ਜ਼ਿਆਦਾ ਕ੍ਰਿਕਟ ਖਿਡਾਰੀ ਤਾਂ ਆਪਣੀ ਸਫਲਤਾ ਦੇ ਬਾਅਦ ਸੁਪਨਿਆਂ ਦਾ ਘਰ ਹਾਸਲ ਕਰ ਸਕੇ ਹਨ, ਪਰ ਸੌਰਵ ਗਾਂਗੁਲੀ ਨੇ ਤਾਂ ਮਹਿਲ ਵਰਗੇ ਮਕਾਨ ਵਿਚ ਹੀ ਅੱਖਾਂ ਖੋਲ੍ਹੀਆਂ ਸਨ। ਕਹਿਣ ਦਾ ਮਤਲਬ ਉਹ ਪੈਦਾਇਸ਼ੀ ਮਹਾਰਾਜਾ ਹਨ। ਇਹ ਗੱਲ ਉਨ੍ਹਾਂ ਦੇ ਜੱਦੀ ਮਕਾਨ ਨੂੰ ਦੇਖ ਕੇ ਵੀ ਕਹੀ ਜਾ ਸਕਦੀ ਹੈ। ਸੌਰਵ ਗਾਂਗੁਲੀ ਦੇ ਕੋਲਕਾਤਾ ਸਥਿਤ ਜੱਦੀ ਘਰ ਵਿਚ ਕੁੱਲ 48 ਕਮਰੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਇਸ ਮਹੱਲ ਵਰਗੇ ਬੰਗਲੇ ਵਿਚ ਇਕ ਕ੍ਰਿਕਟ ਪਿਚ ਵੀ ਹੈ ਜਿਥੇ ਉਹ ਅਭਿਆਸ ਕਰਦੇ ਹਨ।
ਵਿਰਾਟ ਦਾ ਵਿਰਾਟ ਮਹੱਲ : ਕ੍ਰਿਕਟ ਦੇ ਸਾਰੇ ਦੂਜੇ ਵੱਡੇ ਸਿਤਾਰਿਆਂ ਦੀ ਤਰ੍ਹਾਂ ਵਿਰਾਟ ਨੇ ਵੀ ਆਪਣੇ ਲਈ ਵਿਰਾਟ ਮਹੱਲ ਖਰੀਦਿਆ ਹੈ। ਵਿਰਾਟ ਕੋਹਲੀ ਨੇ ਉਂਝ ਤਾਂ ਦਿੱਲੀ ਨਾਲ ਲਗਦੇ ਗੁਰੂਗ੍ਰਾਮ ਭਾਵ ਗੁੜਗਾਂਵ ਵਿਚ ਇਕ ਵਿਲਾ ਖਰੀਦ ਰੱਖਿਆ ਹੈ, ਪਰ ਸੁਪਨਿਆਂ ਦਾ ਇਕ ਹੋਰ ਘਰ ਮੁੰਬਈ ਦੇ ਵਰਲੀ ਇਲਾਕੇ ਵਿਚ ਖਰੀਦਿਆ ਹੈ, ਜੋ ਸ਼ਾਇਦ ਅਨੁਸ਼ਕਾ ਸ਼ਰਮਾ ਦੀ ਸਲਾਹ 'ਤੇ ਖਰੀਦਿਆ ਹੈ। ਕੋਹਲੀ ਦਾ ਇਹ ਨਵਾਂ ਘਰ ਹਾਲੇ ਬਣ ਹੀ ਰਿਹਾ ਹੈ। ਪਰ ਇਸ ਦੀਆਂ ਕੁਝ ਤਸਵੀਰਾਂ ਵਿਰਾਟ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਹੋਣ ਵਾਲਾ ਮਕਾਨ ਕਿੰਨਾ ਵਿਸ਼ਾਲ ਹੈ।
ਵਿਰਾਟ ਕੋਹਲੀ ਨੇ ਮੁੰਬਈ ਦੇ ਵਰਲੀ ਵਿਚ ਬਣ ਰਹੇ ਜਿਸ ਕੀਮਤੀ ਕੰਪਲੈਕਸ ਵਿਚ ਆਪਣੇ ਲਈ ਘਰ ਬੁੱਕ ਕਰਵਾਇਆ ਹੈ, ਸੁਣਿਆ ਹੈ ਉਥੇ ਹੋਰ ਵੀ ਸਾਰੇ ਸੈਲੀਬ੍ਰਿਟੀ ਦੇ ਘਰ ਵੀ ਹਨ, ਭਾਵੇਂ ਉਹ ਤੀਜੇ-ਚੌਥੇ ਹੋਣ। ਵਿਰਾਟ ਕੋਹਲੀ ਨੇ ਇਸ ਕੰਪਲੈਕਸ ਵਿਚ 35ਵੇਂ ਫਲੋਰ 'ਤੇ ਘਰ ਪਸੰਦ ਕੀਤਾ ਹੈ। ਇਸ ਘਰ ਵਿਚ ਪੰਜ ਕਮਰੇ ਹਨ। ਨਾਲ ਹੀ ਇਸ ਘਰ ਵਿਚ ਉਹ ਸਾਰੀਆਂ ਸੁਵਿਧਾਵਾਂ ਦਾ ਖਿਆਲ ਰੱਖਿਆ ਗਿਆ ਹੈ, ਜੋ ਵਿਰਾਟ ਆਪਣੇ ਅਸਲ ਜੀਵਨ ਵਿਚ ਪਸੰਦ ਕਰਦੇ ਹਨ। ਜਿਵੇਂ ਕੋਹਲੀ ਦੀ ਪਸੰਦ ਨੂੰ ਦੇਖਦੇ ਹੋਏ ਇਸ ਘਰ ਵਿਚ ਇਕ ਜਿੰਮ ਦੀ ਸੁਵਿਧਾ ਵੀ ਹੈ। ਕੋਹਲੀ ਨੇ ਇਹ ਘਰ 34 ਕਰੋੜ ਰੁਪਏ ਵਿਚ ਖਰੀਦਿਆ ਹੈ।
ਯੂਵੀ ਦਾ ਸੁਪਨੇ ਵਾਲਾ ਮਹੱਲ : ਕੈਂਸਰ ਨੂੰ ਮਾਤ ਦੇ ਕੇ ਫਿਰ ਤੋਂ ਭਾਰਤੀ ਟੀਮ ਵਿਚ ਥਾਂ ਬਣਾਉਣ ਵਾਲੇ ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਯੁਵਰਾਜ ਸਿੰਘ ਪੰਜਾਬ ਦੇ ਚੰਡੀਗੜ੍ਹ ਵਿਚ ਰਹਿੰਦੇ ਹਨ। ਯੁਵਰਾਜ ਸਿੰਘ ਦਾ ਵਿਆਹ ਪਿਛਲੇ ਹੀ ਸਾਲ ਦਸੰਬਰ ਵਿਚ ਹੋਇਆ ਹੈ। ਯੁਵਰਾਜ ਸਿੰਘ ਨੇ ਆਪਣੇ ਵਿਆਹ ਤੋਂ ਬਾਅਦ ਆਪਣਾ ਘਰ ਨਵੇਂ ਘਰ ਵਿਚ ਤਬਦੀਲ ਕੀਤਾ। ਯੂਵੀ ਦਾ ਇਹ ਘਰ ਚੰਡੀਗੜ੍ਹ ਦੇ ਐਮ. ਸੀ. ਡੀ. ਸੈਕਟਰ ਫੋਰਮੀ ਵਿਚ ਹੈ। ਯੂਵੀ ਵੀ ਉਨ੍ਹਾਂ ਗਿਣੇ-ਚੁਣੇ ਕਿਸਮਤ ਵਾਲੇ ਖਿਡਾਰੀਆਂ ਵਿਚੋਂ ਹਨ ਜੋ ਸਾਰੀਆਂ ਸੁੱਖ-ਸਹੂਲਤਾਂ ਦੇ ਵਿਚਾਲੇ ਪੈਦਾ ਹੋਏ ਹਨ। ਪਰ ਉਨ੍ਹਾਂ ਨੇ ਸਿਰਫ ਆਪਣੀ ਵਿਰਾਸਤ ਦੀ ਦੌਲਤ ਤੋਂ ਨਵਾਂ ਆਲੀਸ਼ਾਨ ਘਰ ਨਹੀਂ ਲਿਆ ਬਲਕਿ ਆਪਣੀ ਕਮਾਈ ਨਾਲ ਉਨ੍ਹਾਂ ਨੇ ਆਪਣੇ ਸੁਪਨਿਆਂ ਦਾ ਮਹੱਲ ਖੜ੍ਹਾ ਕੀਤਾ ਹੈ।


-ਫਿਊਚਰ ਮੀਡੀਆ ਨੈੱਟਵਰਕ

ਅੰਤਰਰਾਸ਼ਟਰੀ ਖਿਡਾਰੀ ਸੰਦੀਪ ਸਿੰਘ ਮਾਨ

ਸੰਦੀਪ ਸਿੰਘ ਮਾਨ ਇਕੱਲਾ ਰਾਜਸਥਾਨ ਦਾ ਖਿਡਾਰੀ ਨਹੀਂ, ਸਗੋਂ ਪੂਰੇ ਭਾਰਤ ਨੂੰ ਉਸ 'ਤੇ ਮਾਣ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਸਮੁੱਚੇ ਭਾਰਤ ਦੇ ਗੌਰਵ ਨੂੰ ਚਾਰ ਚੰਨ ਲਾਏ ਹਨ। ਸੰਦੀਪ ਸਿੰਘ ਦਾ ਜਨਮ 16 ਜੁਲਾਈ, 1993 ਨੂੰ ਰਾਜਸਥਾਨ ਪ੍ਰਾਂਤ ਦੇ ਮੰਨੇ ਹੋਏ ਸ਼ਹਿਰ ਹਨੂਮਾਨਗੜ੍ਹ ਵਿਖੇ ਪਿਤਾ ਸੁਰਿੰਦਰਪਾਲ ਸਿੰਘ ਮਾਨ ਦੇ ਘਰ ਮਾਤਾ ਲਖਵੀਰ ਕੌਰ ਦੀ ਕੁੱਖੋਂ ਹੋਇਆ। ਸੰਦੀਪ ਨੇ ਜਨਮ ਲਿਆ ਤਾਂ ਉਹ ਜਨਮ ਜਾਤ ਤੋਂ ਹੀ ਖੱਬੀ ਬਾਂਹ ਤੋਂ ਅਪਾਹਜ ਸੀ। ਮਾਂ-ਬਾਪ ਨੂੰ ਇਕ ਵਾਰ ਤਾਂ ਝਟਕਾ ਲੱਗਿਆ ਕਿ ਸੁੱਖਾਂ ਸੁਖ ਕੇ ਲਿਆ ਬੱਚਾ ਜਨਮ ਤੋਂ ਹੀ ਖੱਬੀ ਬਾਂਹ ਤੋਂ ਅਪਾਹਜ ਹੈ ਪਰ ਕੀ ਪਤਾ ਸੀ ਕਿ ਉਨ੍ਹਾ ਦਾ ਲਾਡਲਾ ਆਉਣ ਵਾਲੇ ਸਮੇਂ ਦਾ ਅਜਿਹਾ ਖਿਡਾਰੀ ਬਣੇਗਾ ਕਿ ਪੂਰਾ ਭਾਰਤ ਦੇਸ਼ ਹੀ ਉਸ 'ਤੇ ਮਾਣ ਕਰੇਗਾ। ਸੰਦੀਪ ਸਿੰਘ ਮਾਨ ਮੁਢਲੀ ਵਿੱਦਿਆ ਦੇ ਨਾਲ-ਨਾਲ ਹਨੂਮਾਨਗੜ੍ਹ ਦੇ ਹੀ ਐਮ. ਕੇ. ਐਮ. ਕਾਲਜ ਤੋਂ ਬੀ. ਏ. ਕਰਦਿਆਂ ਹੀ ਖੇਡਾਂ ਵੱਲ ਪ੍ਰੇਰਿਤ ਹੋਇਆ। ਉਹ ਇਕ ਚੰਗੇ ਦੌੜਾਕ ਵਜੋਂ ਉੱਭਰਿਆ ਅਤੇ ਇੰਟਰ ਯੂਨੀਵਰਸਿਟੀ ਖੇਡਣ ਦੇ ਨਾਲ-ਨਾਲ ਉਹ ਨੈਸ਼ਨਲ ਪੱਧਰ ਦਾ ਵੱਡਾ ਖਿਡਾਰੀ ਸਾਬਤ ਹੋਇਆ। ਸੰਦੀਪ ਸਿੰਘ ਨੇ ਨੈਸ਼ਨਲ ਪੱਧਰ 'ਤੇ ਹੁਣ ਤੱਕ ਕੋਈ 40 ਦੇ ਕਰੀਬ ਤਗਮੇ, ਜਿਨ੍ਹਾਂ ਵਿਚ ਸੋਨ ਤਗਮੇ, ਚਾਂਦੀ ਅਤੇ ਕਾਂਸੀ ਦੇ ਤਗਮੇ ਸ਼ਾਮਲ ਹਨ, ਜਿੱਤ ਕੇ ਰਾਜਸਥਾਨ ਦਾ ਮਾਣ ਨਾਲ ਕੱਦ ਉੱਚਾ ਕੀਤਾ। ਇਥੇ ਹੀ ਬਸ ਨਹੀਂ, ਸੰਦੀਪ ਸਿੰਘ ਮਾਨ ਨੇ ਹੁਣ ਤੱਕ ਅੰਤਰਰਾਸ਼ਟਰੀ ਖੇਡ ਟੂਰਨਾਮੈਂਟਾਂ ਵਿਚ ਆਪਣੀ ਖੇਡ ਕਲਾ ਦਾ ਲੋਹਾ ਮੰਨਵਾ ਕੇ 30 ਸੋਨ ਤਗਮੇ ਜਿੱਤ ਕੇ ਪੂਰੇ ਸੰਸਾਰ ਵਿਚ ਭਾਰਤ ਲਈ ਜਿੱਤ ਦੇ ਡੰਕੇ ਨੂੰ ਕਾਇਮ ਰੱਖਿਆ ਹੈ।
ਸੰਨ 2011 ਵਿਚ ਅਥਲੈਟਿਕ ਵਰਲਡ ਚੈਂਪੀਅਨਸ਼ਿਪ ਜੋ ਕਿ ਨਿਊਜ਼ੀਲੈਂਡ ਵਿਚ ਹੋਈ, ਵਿਚ ਉਹ 400 ਮੀਟਰ ਦੌੜ ਵਿਚ ਫਾਈਨਲ ਦੇ ਮੁਕਾਬਲੇ ਤੱਕ ਵਿਰੋਧੀ ਖਿਡਾਰੀਆਂ ਨਾਲ ਲੜਿਆ। ਸੰਨ 2011 ਵਿਚ ਦੁਬਈ ਦੇ ਸ਼ਾਰਜਾ ਸ਼ਹਿਰ ਵਿਖੇ ਹੋਈਆਂ ਵਿਸ਼ਵ ਖੇਡਾਂ ਵਿਚ ਉਸ ਨੇ ਪੈਰਾ ਅਥਲੀਟ ਦੌੜਾਕ ਵਜੋਂ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਅਤੇ 200 ਮੀਟਰ ਦੌੜ ਵਿਚ ਚਾਂਦੀ ਦੇ ਤਗਮੇ 'ਤੇ ਫਿਰ ਜਾ ਕਾਬਜ਼ ਹੋਇਆ। ਸੰਨ 2013 ਵਿਚ ਦੇਸ਼ ਜਰਮਨ ਵਿਖੇ ਹੋਈਆਂ ਇੰਟਰਨੈਸ਼ਨਲ ਜਰਮਨ ਚੈਂਪੀਅਨਸ਼ਿਪ ਅਥਲੈਟਿਕ ਫਾਰ ਡਿਸਏਬਲ ਖਿਡਾਰੀਆਂ ਵਿਚ ਉਸ ਨੇ 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ ਲੰਬੀ ਛਾਲ ਵਿਚ ਵੀ ਉਸ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। 2014 ਵਿਚ ਡੁਬਈ ਵਿਖੇ ਹੋਈਆਂ ਇੰਟਰਨੈਸ਼ਨਲ ਅਥਲੈਟਿਕ ਖੇਡਾਂ ਵਿਚ ਉਸ ਨੇ 400 ਮੀਟਰ ਦੌੜ ਵਿਚ ਫਾਈਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਲੈਣ ਦੇ ਨਾਲ ਭਾਰਤ ਦੇ ਤਿਰੰਗੇ ਦਾ ਪਰਚਮ ਫਿਰ ਲਹਿਰਾਇਆ। ਇੰਟਰਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ 2014 ਜੋ ਡੁਬਈ ਵਿਖੇ ਹੋਈ, ਵਿਚ ਉਸ ਨੇ ਪੈਰਾ ਅਥਲੀਟ ਵਜੋਂ ਲੰਮੀ ਛਾਲ ਵਿਚ ਹਿੱਸਾ ਲੈ ਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।
ਇਸ ਦੇ ਨਾਲ ਹੀ ਉਸ ਨੇ ਲੰਮੀ ਛਾਲ ਲਾ ਕੇ ਟੀ-46 ਵਿਚ ਫਿਰ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸੰਨ 2014 ਵਿਚ ਹੀ ਏਸ਼ੀਅਨ ਪੈਰਾ ਖੇਡਾਂ ਵਿਚ ਉਸ ਨੇ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ, 200 ਮੀਟਰ ਦੌੜ ਵਿਚ ਵੀ ਚਾਂਦੀ ਦਾ ਤਗਮਾ ਅਤੇ ਲੰਮੀ ਛਾਲ ਵਿਚ ਵੀ ਉਸ ਨੇ ਟੀ-46 ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਸੰਦੀਪ ਸਿੰਘ ਮਾਨ ਹੁਣੇ-ਹੁਣੇ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਹੋਈਆਂ ਪੈਰਿਸ ਓਪਨ ਅਥਲੈਟਿਕ ਟੂਰਨਾਮੈਂਟ ਜੂਨ 2017 ਵਿਚ ਵੀ ਉਹ 400 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਇਕ ਹੋਰ ਮਾਣ ਹਾਸਲ ਕਰਕੇ ਆਇਆ ਹੈ। ਸੰਦੀਪ ਸਿੰਘ ਮਾਨ ਨੂੰ ਰਾਜਸਥਾਨ ਸਰਕਾਰ ਵੱਲੋਂ ਭਾਵੇਂ ਸਮੇਂ-ਸਮੇਂ ਅਨੁਸਾਰ ਬਹੁਤ ਹੀ ਵੱਡੇ ਮਾਣ-ਸਨਮਾਨਾਂ ਨਾਲ ਸਨਮਾਨਿਆ ਗਿਆ ਪਰ ਰਾਜਸਥਾਨ ਵੱਲੋਂ ਦਿੱਤਾ ਗਿਆ 15 ਮਈ, 2015 ਨੂੰ ਮਹਾਰਾਣਾ ਪ੍ਰਤਾਪ ਸਿੰਘ ਐਵਾਰਡ ਉਸ ਦੀ ਝੋਲੀ ਵਿਚ ਪਿਆ ਰਾਜਸਥਾਨ ਸਰਕਾਰ ਦਾ ਸਭ ਤੋਂ ਵੱਡਾ ਮਾਣ ਹੈ ਅਤੇ 29 ਅਗਸਤ, 2016 ਨੂੰ ਉਸ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਉਸ ਨੂੰ ਦੇਸ਼ ਦੇ ਸਭ ਤੋਂ ਵੱਡੇ ਵੱਕਾਰੀ ਐਵਾਰਡ ਅਰਜਨ ਐਵਾਰਡ ਨਾਲ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ ਸਨਮਾਨਿਤ ਕੀਤਾ।
ਅੱਜਕਲ੍ਹ ਸੰਦੀਪ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਆਪਣੇ ਸਨਮਾਨਯੋਗ ਕੋਚ ਦਰੋਣਾਚਾਰੀਆ ਐਵਾਰਡ ਵਿਜੇਤਾ ਡਾ: ਸਤਿਆਪਾਲ ਸਿੰਘ ਦਿੱਲੀ ਕੋਲ ਤਿਆਰੀ ਕਰਕੇ 2020 ਵਿਚ ਹੋਣ ਵਾਲੀ ਵਰਲਡ ਉਲੰਪਿਕ ਲਈ ਆਪਣੇ-ਆਪ ਨੂੰ ਤਿਆਰ ਕਰ ਰਿਹਾ ਹੈ।


-ਪਿੰਡ ਤੇ ਡਾਕ: ਬੁੱਕਣਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਝੂਲਨ ਗੋਸਵਾਮੀ ਕ੍ਰਿਕਟ ਵਿਚ ਇਤਿਹਾਸ ਸਿਰਜਕ ਖਿਡਾਰਨ

ਭਾਰਤ ਦੀ ਸਾਬਕਾ ਕ੍ਰਿਕਟ ਮਹਿਲਾ ਕਪਤਾਨ ਝੂਲਨ ਗੋਸਵਾਮੀ ਨੇ ਮਹਿਲਾ ਕ੍ਰਿਕਟ ਵਿਚ ਪਿਛਲਾ ਰਿਕਾਰਡ ਮਾਤ ਪਾਉਂਦੇ ਹੋਏ 181 ਵਿਕਟਾਂ ਦਾ ਇਕ ਦਿਨਾ ਮੈਚਾਂ ਵਿਚ ਲੈ ਕੇ ਤੇ ਸਾਉੂਥ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਨਵਾਂ ਰਿਕਾਰਡ ਅੰਤਰਰਾਸ਼ਟਰੀ ਰਿਕਾਰਡ ਰੱਖ ਦਿੱਤਾ ਹੈ। ਝੂਲਨ ਨੇ ਆਪਣਾ ਪਹਿਲਾ ਟੈਸਟ 14 ਜਨਵਰੀ, 2002 ਵਿਚ ਇੰਗਲੈਂਡ ਵਿਚ ਖੇਡਿਆ। ਭਾਰਤ ਨੇ ਝੂਲਨ ਦੀ ਖੇਡ ਕਰਕੇ ਹੀ ਮੁੱਖ ਰੂਪ ਵਿਚ ਇੰਗਲੈਂਡ ਵਿਰੁੱਧ 2006-07 ਵਿਚ ਦੁਨੀਆ ਵਿਚ ਜਾਣੀ ਜਾਂਦੀ ਸਭ ਤੋਂ ਵਧ ਤਾਕਤਵਰ ਟੀਮ ਨੂੰ ਹਰਾ ਕੇ ਟੈਸਟ ਸੀਰੀਜ਼ ਜਿੱਤੀ ਤੇ ਇਸ ਸਫਲਤਾ ਕਰਕੇ ਹੀ ਆਈ.ਸੀ.ਸੀ. ਨੇ 2007 ਵਿਚ ਝੂਲਨ ਨੂੰ ਉਸ ਸਾਲ ਦੀ ਵਿਸ਼ਵ ਦੀ ਉੱਤਮ ਖਿਡਾਰੀ ਘੋਸ਼ਿਤ ਕੀਤਾ। ਆਪਣੀ ਖੇਡ ਕੁਸ਼ਲਤਾ ਨਾਲ ਜਾਣੀ ਜਾਂਦੀ ਝੂਲਨ ਜੋ ਪ੍ਰਤਿਸ਼ਠਤ ਅਰਜਨ ਐਵਾਰਡ 2010 ਵਿਚ ਅਤੇ ਪਦਮਸ੍ਰੀ 2012 ਨਾਲ ਨਿਵਾਜੀ ਜਾ ਚੁੱਕੀ ਝੂਲਨ ਨੇ ਆਸਟ੍ਰੇਲੀਆ ਦੀ ਕੈਥਰੀਨ ਦਾ 180 ਵਿਕਟਾਂ ਦਾ 109 ਮੈਚਾਂ ਦਾ ਬਣਾਇਆ ਰਿਕਾਰਡ ਕੇਵਲ 100 ਮੈਚਾਂ ਵਿਚ ਤੋੜ ਕੇ ਇਕ ਕਮਾਲ ਕਰਕੇ ਰੱਖ ਦਿੱਤੀ ਹੈ।
ਮੀਡੀਆ ਅਨੁਸਾਰ ਜੇ ਕ੍ਰਿਕਟ ਦੇ ਤਿੰਨੇ ਫਾਰਮੈਂਟ ਇਕ ਦਿਨਾ ਮੈਚ, ਟੈਸਟ ਮੈਚ, ਟਵੈਂਟੀ-ਟਵੈਂਟੀ ਇਕੱਠੇ ਕੀਤੇ ਜਾਣ ਤਾਂ ਦੁਨੀਆ ਵਿਚ ਸਭ ਤੋਂ ਵੱਧ 271 ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦਾ ਹੀ ਬਣ ਗਿਆ ਹੈ। ਭਾਰਤ ਦੇ ਪੁਰਸ਼ ਕਪਤਾਨ ਮਹਿੰਦਰ ਸਿੰਘ ਧੋਨੀ ਵਾਂਗ ਝੂਲਨ ਦਾ ਵੀ ਪਹਿਲਾਂ ਲਗਾਵ ਫੁੱਟਬਾਲ ਨਾਲ ਸੀ। ਧੋਨੀ ਗੋਲਕੀਪਰ ਤੋਂ ਵਿਕਟਕੀਪਰ ਬਣ ਗਿਆ ਤੇ ਝੂਲਨ ਕ੍ਰਿਕਟ ਵਿਚ ਮੀਡੀਅਮ ਪੇਸ ਗੇਂਦਬਾਜ਼ ਬਣ ਗਈ।
ਸਹਿਜੇ ਹੀ ਇਸ ਖੁਸ਼ੀ ਭਰੇ ਸਮੇਂ ਵਿਚ ਬੰਗਾਲ ਦੇ ਇਕ ਹੋਰ ਖਿਡਾਰੀ ਚੂਨੀ ਗੋਸਵਾਮੀ ਦੀ ਯਾਦ ਆਉਂਦੀ ਹੈ, ਜੋ ਫੁੱਟਬਾਲ ਤੇ ਕ੍ਰਿਕਟ ਵਿਚ ਦੋਵਾਂ ਵਿਚ ਮਾਹਿਰ ਸੀ।
ਫੁੱਟਬਾਲ ਵਿਚ ਉਸ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਕ੍ਰਿਕਟ ਰਾਂਜੀ ਟਰਾਫੀ ਕ੍ਰਿਕਟ ਤੱਕ ਖੇਡਿਆ। ਚੂਨੀ ਗੋਸਵਾਮੀ ਤੇ ਝੂਲਨ ਗੋਸਵਾਮੀ ਦੋਵੇਂ ਕੋਲਕਾਤਾ ਦੇ ਬੰਗਾਲ ਦੇ ਹੀ ਖਿਡਾਰੀ ਹਨ।
ਖੇਡ ਪ੍ਰੇਮੀਆਂ ਨੂੰ ਝੂਲਨ ਦੀ ਆਰਾਮ ਨਾਲ ਕੀਤੀ ਗਈ ਗੇਂਦਬਾਜ਼ੀ ਨੂੰ ਦੇਖਦੇ ਹੋਏ ਇਕ ਹੋਰ ਪ੍ਰਸਿੱਧ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦੀ ਯਾਦ ਆਉਂਦੀ ਹੈ, ਜੋ ਆਰਾਮ ਨਾਲ ਘੱਟ ਦੌੜ ਕੇ ਬਾਲ ਕਰਦੇ ਰਹੇ। ਖੇਡ ਪ੍ਰੇਮੀਆਂ ਨੂੰ ਦੋਵਾਂ ਦੀ ਗੇਂਦਬਾਜ਼ੀ ਵਿਚ ਸਮਾਨਤਾ ਨਜ਼ਰ ਆਉਂਦੀ ਹੈ, ਜਿਵੇਂ ਬਿਸ਼ਨ ਸਿੰਘ ਬੇਦੀ ਦੇ ਓਵਰ ਦੇ ਸਾਰੇ ਬਾਲ ਵੱਖ-ਵੱਖ ਅੰਦਾਜ਼ ਵਾਲੇ ਹੁੰਦੇ ਸਨ, ਇਹ ਸਮਰੱਥਾ ਝੂਲਨ ਵਿਚ ਵੀ ਦੇਖੀ ਜਾ ਸਕਦੀ ਹੈ।
ਇਸ ਤੋਂ ਬਿਨਾਂ ਝੂੁਲਨ ਕਪਿਲ ਦੇਵ ਦੀ ਤਰ੍ਹਾਂ ਹਰਫਨ ਮੌਲਾ ਖਿਡਾਰਨ ਹੈ। ਉਹ ਬਾਲ ਤੇ ਬੈਟ ਦੋਵਾਂ ਖੇਤਰਾਂ ਵਿਚ ਮਾਹਿਰ ਹੈ। ਪੁਰਸ਼ ਖਿਡਾਰੀ ਕਿਵੇਂ ਨਾਰੀ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ, ਇਹ ਤੱਥ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਤੇ ਖੇਡ ਪ੍ਰੇਮੀਆਂ ਦੀਆਂ ਗੱਲਾਂ ਕਰਨੀਆਂ ਸਾਧਾਰਨ ਸਮਝੀਆਂ ਜਾਂਦੀਆਂ ਹਨ।
25 ਨਵੰਬਰ, 1982 ਵਿਚ ਕਲਕੱਤਾ ਦੇ ਨਾਡੀਆ ਵੈਸਟ ਬੰਗਾਲ ਵਿਚ ਜਨਮੀ ਝੂਲਨ ਸਰੀਰਕ ਤੌਰ 'ਤੇ ਬਹੁਤੀ ਤਕੜੀ ਨਾ ਦਿਸਣ ਵਾਲੀ 5 ਫੁੱਟ 11 ਇੰਚ ਦੀ ਝੂਲਨ ਵਿਚ ਜਿਥੇ ਉਸ ਦੀ ਸ਼ਖ਼ਸੀਅਤ ਵਿਚ ਇਕ ਠਹਿਰਾਓ ਹੈ, ਉਥੇ ਖੇਡ ਵਿਚ ਵੀ ਇਕ ਟਿਕਾਊਪਨ ਦੇਖਣ ਨੂੰ ਮਿਲਦਾ ਹੈ। ਇਹ ਸਹਿਜਤਾ ਉਸ ਖਿਡਾਰੀ ਵਿਚ ਹੀ ਆਉਂਦੀ ਹੈ, ਜਿਸ ਨੇ ਖੇਡ ਲਈ ਲੰਮਾ ਅਭਿਆਸ ਕੀਤਾ ਹੋਵੇ।
ਝੂਲਨ ਦੀ ਖੇਡ ਵਿਚ ਸੰਜਮ ਨਾਲ ਖੇਡਣ ਦਾ ਇਕ ਖਾਸ ਰੰਗ ਨਜ਼ਰ ਆਉਂਦਾ ਹੈ, ਜਦੋਂ ਇਸ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ ਤਾਂ ਉਸ ਸਮੇਂ ਉਹ ਟੀਮ ਦੀ ਕਪਤਾਨੀ ਨਹੀਂ ਸੀ ਕਰ ਰਹੀ, ਸਗੋਂ ਇਹ ਰਿਕਾਰਡ ਉਸ ਨੇ ਮੈਤਾਲੀ ਰਾਜ ਦੀ ਕਪਤਾਨੀ ਥੱਲੇ ਬਣਾਇਆ ਹੈ, ਇਸ ਲਈ ਉਸ ਲਈ ਖੇਡ ਮਹਾਨ ਹੈ, ਕਪਤਾਨ ਕੋਈ ਵੀ ਹੋਵੇ। ਇਸ ਸਮੇਂ ਖੇਡ ਪ੍ਰੇਮੀਆਂ ਦੇ ਦਿਲ ਵਿਚ ਕਈ ਤਰ੍ਹਾਂ ਦੇ ਅਹਿਮ ਪ੍ਰਸ਼ਨ ਉੱਠਣੇ ਵੀ ਸੁਭਾਵਿਕ ਹਨ। ਮਹਿਲਾ ਸਸ਼ਕਤੀਕਰਨ ਦੇ ਦੌਰ ਵਿਚ ਝੂਲਨ ਦੀ ਇਹ ਪ੍ਰਾਪਤੀ ਜਦੋਂ ਉਹ ਸਾਰੇ ਸੰਸਾਰ ਵਿਚ ਟੋਟਲ ਕ੍ਰਿਕਟ ਵਿਚ ਦੁਨੀਆ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ, ਤਾਂ ਉਸ ਨੂੰ ਸਾਰੇ ਅਦਾਰਿਆਂ ਨੇ ਜਿਨ੍ਹਾਂ ਵਿਚ ਬਿਜਲਈ, ਪ੍ਰਇੰਟ, ਸਰਕਾਰੀ, ਗੈਰ-ਸਰਕਾਰੀ, ਕ੍ਰਿਕਟ ਸੰਸਥਾਵਾਂ ਤੇ ਆਈ.ਸੀ.ਸੀ. ਨੇ ਕਿਉਂ ਨਹੀਂ ਖੁੱਲ੍ਹੇ ਮਨ ਨਾਲ ਅਪਣਾਇਆ? ਇਹ ਵਿਤਕਰਾ ਕਰਨਾ ਸਮਝ ਤੋਂ ਬਾਹਰ ਹੈ। ਅਸੀਂ ਨਾਰੀ ਪ੍ਰਤੀ ਕਿਉਂ ਦੋਹਰੇ ਮਾਪਦੰਡ ਅਪਣਾਉਂਦੇ ਹਾਂ, ਖਾਸ ਤੌਰ 'ਤੇ ਤਾਂ ਖੇਡਾਂ ਵਿਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਹੈ, ਇਸ ਨਾਲ ਭਾਰਤ ਦਾ ਨਾਂਅ ਵੀ ਰੌਸ਼ਨ ਹੁੰਦਾ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX