ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਬੱਚਿਆਂ ਨੂੰ ਛੁੱਟੀਆਂ ਵਿਚ ਕੰਮ ਦੀ ਆਦਤ ਪਾਈਏ

ਇਨ੍ਹੀਂ ਦਿਨੀਂ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹਨ। ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਕਰਨ ਲਈ ਦਿੱਤਾ ਹੋਇਆ ਹੈ। ਇਹ ਕੰਮ ਕਰਨ ਲਈ ਬੱਚਿਆਂ ਨੂੰ ਇਕ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ ਤੇ ਉਸੇ ਅਨੁਸਾਰ ਸਕੂਲ ਦਾ ਕੰਮ ਕਰਨਾ ਚਾਹੀਦਾ ਹੈ। ਇਸ ਸਾਰਣੀ ਵਿਚ ਸਕੂਲ ਦੇ ਪੀਰੀਅਡਾਂ ਵਾਂਗ ਵੱਖ-ਵੱਖ ਵਿਸ਼ਿਆਂ ਨੂੰ ਵੱਖ-ਵੱਖ ਸਮਾਂ ਦੇਣਾ ਚਾਹੀਦਾ ਹੈ ਤੇ ਵਿਚ-ਵਿਚਾਲੇ ਕੁਝ ਸਮਾਂ ਖੇਡਣ, ਆਰਾਮ ਕਰਨ ਜਾਂ ਮਨੋਰੰਜਨ ਦਾ ਵੀ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਵਿਦਿਆਰਥੀ ਮੁਢਲੇ ਜਾਂ ਅਖੀਰਲੇ 1-2 ਦਿਨਾਂ 'ਚ ਬਹੁਤ ਛੇਤੀ-ਛੇਤੀ ਇਹ ਕੰਮ ਮੁਕਾਉਂਦੇ ਹਨ ਤੇ ਬਾਕੀ ਦਿਨ ਮੌਜ-ਮਸਤੀ ਕਰਦੇ ਹਨ। ਇਹ ਤਰੀਕਾ ਸਹੀ ਨਹੀਂ ਹੈ।
ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੁਕਵੀਂ ਅਗਵਾਈ ਛੁੱਟੀਆਂ ਦੇ ਦਿਨਾਂ ਵਿਚ ਹੀ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ, ਬੈੱਡ ਆਦਿ ਨੂੰ ਸਾਫ਼ ਕਰਨਾ ਕੋਈ ਮੁਸ਼ਕਿਲ ਨਹੀਂ ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ-ਘੱਟ ਐਤਵਾਰ/ਛੁੱਟੀ ਵਾਲੇ ਦਿਨ ਇਨ੍ਹਾਂ ਚੀਜ਼ਾਂ ਦੀ ਸਫ਼ਾਈ ਜ਼ਰੂਰ ਕਰਨ। ਉਹ ਆਪਣਾ ਮੰਜਾ-ਬਿਸਤਰਾ ਆਪ ਵਿਛਾਉਣ ਅਤੇ ਸਵੇਰੇ ਉੱਠਣ 'ਤੇ ਉਹਨੂੰ ਆਪ ਹੀ ਇਕੱਠਾ ਕਰਨ, ਠੀਕ ਕਰਨ। ਚਾਦਰਾਂ ਨੂੰ ਸਲੀਕੇ ਨਾਲ ਵਿਛਾਉਣ ਜਾਂ ਉਨ੍ਹਾਂ ਨੂੰ ਤਹਿ ਕਰੇ ਠੀਕ ਥਾਂ 'ਤੇ ਰੱਖਣ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਣ। ਧੋਤੇ ਹੋਏ ਕੱਪੜਿਆਂ ਦੀ ਤਹਿ ਕਰਨ ਅਤੇ ਠੀਕ ਥਾਂ 'ਤੇ ਰੱਖਣ ਵਿਚ ਮਾਪਿਆਂ ਦੀ ਮਦਦ ਕਰਨ।
ਘਰ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ, ਜੋ ਜਾਂ ਤਾਂ ਇਕੱਲੀ ਮਾਂ ਹੀ ਕਰਦੀ ਹੈ ਜਾਂ ਕਦੇ-ਕਦੇ ਪਿਤਾ ਹੱਥ ਵਟਾਉਂਦਾ ਹੈ। ਘਰ ਦੇ ਕੰਮਾਂ ਵਿਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ, ਚਾਹੇ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ਵਿਚ ਮੁੰਡਾ-ਕੁੜੀ ਹਰੇਕ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ਵਿਚ ਦੋਵੇਂ ਜਾਂ ਕੋਈ ਇਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ਉੱਤੇ ਹੀ ਪੈਂਦਾ ਹੈ। ਮਾਂ ਤੇ ਪਿਤਾ ਦੋਵਾਂ ਨੂੰ ਹੀ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ-ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿਚ ਇਸ ਪ੍ਰਤੀ ਸ਼ੌਕ ਅਤੇ ਲਗਨ ਵੀ ਪੈਦਾ ਹੋਵੇਗੀ।
ਕਈ ਘਰਾਂ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਕੁਝ ਕੰਮ ਕੁੜੀਆਂ ਦੇ ਕਰਨ ਵਾਲੇ ਹਨ ਅਤੇ ਕੁਝ ਮੁੰਡਿਆਂ ਦੇ। ਜਿਥੇ ਅੱਜ ਕੁੜੀਆਂ ਸਕੂਟਰ, ਮੋਟਰਸਾਈਕਲ, ਕਾਰਾਂ ਚਲਾਉਂਦੀਆਂ ਹਨ, ਤਾਂ ਕੀ ਮੁੰਡਿਆਂ ਨੂੰ ਰਸੋਈ ਦੇ ਕੰਮ ਨਹੀਂ ਸਿੱਖਣੇ ਚਾਹੀਦੇ? ਕਿਸੇ-ਕਿਸੇ ਪਰਿਵਾਰ ਵਿਚ ਇਕਲੌਤੇ ਮੁੰਡੇ-ਕੁੜੀ ਨੂੰ ਘਰ ਦੇ ਕੰਮਾਂ ਤੋਂ ਦੂਰ ਰੱਖਿਆ ਜਾਂਦਾ ਹੈ, ਮਾਪੇ ਵੀ ਕੰਮ ਨਹੀਂ ਕਰਦੇ, ਨੌਕਰ ਜਾਂ ਨੌਕਰਾਣੀ ਵੱਲੋਂ ਇਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਹ ਸਥਿਤੀ ਵੀ ਬਹੁਤ ਹਾਨੀਕਾਰਕ ਹੈ, ਕਿਉਂਕਿ ਬਿਨਾਂ ਹੱਥ-ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਹਨ। ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ ਦੇ, ਸਾਫ਼-ਸਫ਼ਾਈ ਦੇ, ਭਾਂਡੇ ਧੋਣ/ਮਾਂਜਣ ਦੇ ਜਾਂ ਨਿੱਕੇ-ਮੋਟੇ ਕੱਪੜੇ ਧੋਣ ਦੇ ਕੰਮਾਂ ਵਿਚ ਨਹੀਂ ਲਾਇਆ ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਦੱਸਣੀ ਚਾਹੀਦੀ ਹੈ, ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।
ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਿਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ਼/ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ-ਕਾਪੀਆਂ ਨੂੰ ਕੱਢ ਕੇ-ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ-ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜਿਉਮੈਟਰੀ ਬਾਕਸ ਵਿਚਲਾ ਸਮਾਨ ਸਾਫ਼ ਕਰਕੇ ਰੱਖਣਾ, ਕਿਤਾਬਾਂ, ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਮਾਨ ਰੱਖਣਾ, ਜੁੱਤੀਆਂ ਨੂੰ ਥਾਂ ਸਿਰ/ਸ਼ੂਜ਼ ਰੈਕ ਵਿਚ ਰੱਖਣਾ ਆਦਿ ਕਿੰਨੇ ਹੀ ਨਿੱਕੇ-ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖ-ਰੇਖ ਹੇਠ ਸਿਖਾ ਸਕਦੇ ਹਨ।
ਬੱਚਿਆਂ ਨੂੰ ਸਾਈਕਲ ਚਲਾਉਣਾ ਸਿਖਾਇਆ ਜਾ ਸਕਦਾ ਹੈ। ਜੇ ਉਹ ਸਾਈਕਲ ਜਾਣਦੇ ਹਨ ਤਾਂ ਸਕੂਟਰ ਸਿਖਾਇਆ ਜਾ ਸਕਦਾ ਹੈ ਪਰ ਇਨ੍ਹਾਂ ਗੱਲਾਂ ਲਈ ਮਾਪਿਆਂ ਨੂੰ ਖਾਸ ਤਵੱਜੋ ਦੇਣੀ ਪਵੇਗੀ ਤੇ ਵਧੀਆ ਟਰੇਨਰ ਕੋਲੋਂ ਸਿਖਲਾਈ ਦੇਣੀ ਪਵੇਗੀ।
ਬਾਜ਼ਾਰ ਜਾਂਦੇ ਸਮੇਂ ਮਾਪੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਦੱਸਣ ਕਿ ਕਿਵੇਂ ਖਰੀਦੋ-ਫਰੋਖਤ ਕਰਨੀ ਹੈ। ਸਬਜ਼ੀਆਂ, ਫਲ, ਸਟੇਸ਼ਨਰੀ ਜਾਂ ਹੋਰ ਚੀਜ਼ਾਂ ਖਰੀਦਣ ਸਮੇਂ ਕੀਮਤ, ਨਾਪ-ਤੋਲ ਆਦਿ ਬਾਰੇ ਸਿਖਾਉਣਾ ਚਾਹੀਦਾ ਹੈ। ਦੁਕਾਨਦਾਰ ਨੇ ਆਪਣੀ ਚੀਜ਼ ਤੁਹਾਨੂੰ ਮੜ੍ਹ ਦੇਣੀ ਹੁੰਦੀ ਹੈ, ਜਦਕਿ ਗਾਹਕ ਨੇ ਆਪਣੀ ਪਸੰਦ/ਨਾਪਸੰਦ, ਚੰਗੀ-ਮਾੜੀ ਦੀ ਪਰਖ ਕਰਨੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਇਕੋ ਦੁਕਾਨਦਾਰ ਤੋਂ ਹਰ ਚੀਜ਼ ਖਰੀਦੋ, ਕਦੇ-ਕਦੇ ਬਦਲ ਕੇ ਵੀ ਕਿਸੇ ਹੋਰ ਥਾਂ ਤੋਂ ਚੀਜ਼ ਲੈਣੀ ਚਾਹੀਦੀ ਹੈ। ਇਸ ਨਾਲ ਕੀਮਤ ਅਤੇ ਚੀਜ਼ ਦੀ ਗੁਣਵੱਤਾ ਦਾ ਪਤਾ ਲਗਦਾ ਹੈ। ਅਜਿਹੀਆਂ ਗੱਲਾਂ ਬਾਰੇ ਬੱਚਿਆਂ ਨੂੰ ਨਾਲ ਲਿਜਾ ਕੇ ਅਤੇ ਘਰ ਵਿਚ ਵੀ ਸਮੇਂ-ਸਮੇਂ ਜਾਣਕਾਰੀ ਦਿਓ। ਕੰਮ ਕਰਨ ਦੀ ਸਿੱਖਿਆ ਅਸੀਂ ਕੇਵਲ ਕੁੜੀਆਂ ਨੂੰ ਹੀ ਨਹੀਂ ਦੇਣੀ, ਸਗੋਂ ਇਹ ਮੁੰਡਿਆਂ ਲਈ ਵੀ ਓਨੀ ਹੀ ਜ਼ਰੂਰੀ ਹੈ। ਬੱਚਿਆਂ ਨੂੰ ਕੰਮ ਕਰਨ ਲਈ ਕਦੇ ਵੀ ਖਿਝ ਕੇ, ਝਿੜਕ ਕੇ, ਗੁੱਸੇ ਨਾਲ ਨਾ ਕਹੋ, ਸਗੋਂ ਪਿਆਰ-ਦੁਲਾਰ ਨਾਲ ਬੋਲੋ। ਜੇ ਉਹ ਕੋਈ ਵੀ ਨਿੱਕਾ-ਮੋਟਾ ਕੰਮ ਕਰਦੇ ਹਨ ਤਾਂ ਹਮੇਸ਼ਾ ਸ਼ਾਬਾਸ਼ ਦਿਓ, ਉਤਸ਼ਾਹ ਵਧਾਓ। ਇਸ ਨਾਲ ਉਨ੍ਹਾਂ ਅੰਦਰ ਕੰਮ ਦਾ ਸ਼ੌਕ ਪੈਦਾ ਹੋਵੇਗਾ। ਇਹ ਅਤੇ ਇਹੋ ਜਿਹੇ ਹੋਰ ਕੰਮਾਂ ਦੀ ਸਿੱਖਿਆ ਪ੍ਰਾਪਤ ਕਰਨ ਨਾਲ ਬੱਚੇ ਅਗਾਮੀ ਜੀਵਨ ਵਿਚ ਸਫਲ ਤੇ ਮਿਹਨਤੀ ਯੁਕਤ/ਯੁਵਤੀਆਂ ਹੋ ਨਿਬੜਨਗੇ, ਅਜਿਹਾ ਸਾਡਾ ਵਿਸ਼ਵਾਸ ਹੈ।


-ਮੁਖੀ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ (ਬਠਿੰਡਾ)-151302. ਮੋਬਾ: 94176-92015


ਖ਼ਬਰ ਸ਼ੇਅਰ ਕਰੋ

ਆਤਮਿਕ ਸ਼ਕਤੀ ਨਾਲ ਔਰਤ ਰਿਸ਼ਤਿਆਂ 'ਚ ਮਿਠਾਸ ਭਰੇ

ਔਰਤ ਸ਼ਬਦ ਅਜਿਹੀ ਸ਼ਕਤੀ ਦਾ ਨਾਂਅ ਹੈ, ਜੇਕਰ ਪੜਚੋਲ ਕਰਕੇ ਇਸ ਨੂੰ ਘੋਖਿਆ ਜਾਵੇ ਤਾਂ ਇਸ ਦੀ ਸ਼ਕਤੀ ਦਾ ਅੰਦਾਜ਼ਾ ਇਸ ਦੇ ਵੱਖ-ਵੱਖ ਰੂਪਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਨਮ ਤੋਂ ਹੀ ਔਰਤ ਕਿੰਨੇ ਹੀ ਰੂਪ ਲੈ ਕੇ ਇਸ ਸੰਸਾਰ ਵਿਚ ਵਿਚਰਦੀ ਹੈ। ਉਹ ਬੇਟੀ, ਭੈਣ, ਪਤਨੀ, ਮਾਂ, ਦਾਦੀ ਜਾਂ ਨਾਨੀ ਆਦਿ ਹਰੇਕ ਰਿਸ਼ਤਿਆਂ ਦੇ ਰੂਪ ਵਿਚ ਆਪਣਾ ਕਰਤੱਬ ਨਿਭਾਉਂਦੀ ਹੈ। ਜੇਕਰ ਇਨ੍ਹਾਂ ਸਾਰੇ ਰਿਸ਼ਤਿਆਂ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ ਸਾਰੇ ਰਿਸ਼ਤਿਆਂ ਵਿਚ ਅਲੱਗ-ਅਲੱਗ ਤਰ੍ਹਾਂ ਦਾ ਪਿਆਰ, ਸਤਿਕਾਰ, ਦੁਲਾਰ ਤੇ ਮਮਤਾ ਛੁਪੀ ਹੋਈ ਹੈ। ਇਨ੍ਹਾਂ ਰਿਸ਼ਤਿਆਂ ਵਿਚ ਇੰਨੀ ਮਿਠਾਸ ਹੋਣ ਦੇ ਬਾਵਜੂਦ ਔਰਤ ਇਸ ਸਮਾਜ ਵਿਚ ਅੱਜ ਵੀ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਖੁਦ ਔਰਤ ਲੇਖਿਕਾਵਾਂ ਵੱਲੋਂ ਔਰਤਾਂ ਪ੍ਰਤੀ ਛਪਦੇ ਅਖ਼ਬਾਰਾਂ, ਰਸਾਲਿਆਂ ਆਦਿ ਦੇ ਲੇਖ ਔਰਤ ਲਈ ਆਮ ਕਰਕੇ ਵਿਚਾਰੀ, ਅਬਲਾ, ਕਮਜ਼ੋਰ, ਵਕਤ ਦੀ ਮਾਰੀ ਆਦਿ ਉਪਨਾਵਾਂ ਨਾਲ ਸੰਬੋਧਿਤ ਕਰਕੇ ਲਿਖੇ ਹੁੰਦੇ ਹਨ। ਪਰ ਇਹ ਬਹੁਤ ਘੱਟ ਲਿਖਿਆ ਜਾਂਦਾ ਹੈ ਕਿ ਇਨ੍ਹਾਂ ਨਾਵਾਂ ਨੂੰ ਆਪਣੇ ਨਾਂਅ ਨਾਲ ਅਜਿਹੇ ਸ਼ਬਦ ਲਿਖਵਾਉਣ ਲਈ ਖੁਦ ਔਰਤ ਹੀ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਔਰਤ ਦੀ ਜ਼ਿੰਦਗੀ ਦਾ ਪਹਿਲਾ ਪੜਾਅ ਹੁੰਦਾ ਹੈ, ਜਦੋਂ ਉਹ ਘਰ ਵਿਚ ਬੇਟੀ ਦੇ ਰੂਪ ਵਿਚ ਜਨਮ ਲੈਂਦੀ ਹੈ। ਔਰਤ ਦੀ ਜ਼ਿੰਦਗੀ ਦਾ ਦੂਜਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਲੜਕੀ ਦੇ ਮਾਂ-ਬਾਪ ਉਸ ਲਈ ਵਰ ਲੱਭਣ ਲੱਗ ਜਾਂਦੇ ਹਨ। ਸਹੁਰੇ ਘਰ ਪਹੁੰਚ ਕੇ ਲੜਕੀ ਆਪਣੀ ਜ਼ਿੰਦਗੀ ਦਾ ਨਵਾਂ ਪੰਨਾ ਖੋਲ੍ਹ ਕੇ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ, ਜਿੱਥੇ ਉਸ ਲਈ ਸਭ ਕੁਝ ਨਵਾਂ ਹੁੰਦਾ ਹੈ। ਇੱਥੇ ਲੜਕੀ ਦੇ ਦਰਿਆ ਦਿਲ ਅਤੇ ਆਤਮਵਿਸ਼ਵਾਸ ਨੂੰ ਸਲਾਮ ਕਰਨੀ ਬਣਦੀ ਹੈ, ਕਿਉਂਕਿ ਲੜਕੀ ਆਪਣੇ ਪਿੱਛੇ ਆਪਣੇ ਮਾਂ-ਬਾਪ, ਭੈਣ-ਭਰਾ, ਪੂਰਾ ਭਰਿਆ-ਭਰਾਇਆ ਪਰਿਵਾਰ ਛੱਡ ਕੇ, ਇਕ ਅਣਜਾਣ ਪਰਿਵਾਰ ਵਿਚ ਆ ਕੇ ਪੱਕੇ ਤੌਰ 'ਤੇ ਵਸ ਜਾਂਦੀ ਹੈ। ਸਹੁਰੇ ਘਰ ਵੀ ਉਸ ਦਾ ਜ਼ਿਆਦਾ ਵਾਹ ਔਰਤਾਂ ਨਾਲ ਹੀ ਪੈਂਦਾ ਹੈ, ਉਹ ਸੱਸ, ਨਣਾਨ, ਦਰਾਣੀ ਜਾਂ ਜਠਾਣੀ ਆਦਿ ਦੇ ਰੂਪ ਵਿਚ ਮਿਲਦੀਆਂ ਹਨ।
ਸੱਸ ਜੋ ਖੁਦ ਔਰਤ ਹੁੰਦੀ ਹੈ ਅਤੇ ਕਦੇ ਆਪ ਵੀ ਨੂੰਹ ਦਾ ਕਿਰਦਾਰ ਨਿਭਾਅ ਚੁੱਕੀ ਹੁੰਦੀ ਹੈ, ਨਹੀਂ ਸਮਝਦੀ ਕਿ ਉਸ ਦੀ ਨੂੰਹ ਦੀਆਂ ਵੀ ਕੁਝ ਸੱਧਰਾਂ ਜਾਂ ਰੀਝਾਂ ਹਨ। ਪਰ ਉਹ ਆਪਣੀ ਨੂੰਹ ਨਾਲ ਵੀ ਉਹੀ ਵਿਵਹਾਰ ਕਰਦੀ ਹੈ, ਜੋ ਪਿੱਛੇ ਉਸ ਦੀ ਸੱਸ ਨੇ ਉਸ ਨਾਲ ਕੀਤਾ ਹੁੰਦਾ ਹੈ। ਬਹੁਤ ਘੱਟ ਔਰਤਾਂ ਹੁੰਦੀਆਂ ਹਨ, ਜੋ ਨੂੰਹਾਂ ਨੂੰ ਆਪਣੀ ਧੀ ਅਤੇ ਸੱਸ ਨੂੰ ਆਪਣੀ ਮਾਂ ਸਮਝਦੀਆਂ ਹਨ। ਜ਼ਿਆਦਾਤਰ ਔਰਤਾਂ ਆਪਣਾ ਕਿਰਦਾਰ ਪੂਰੀ ਤਰ੍ਹਾਂ ਸੱਸ, ਸੱਸ ਦੇ ਰੂਪ ਵਿਚ ਅਤੇ ਨੂੰਹ, ਨੂੰਹ ਦੇ ਰੂਪ ਵਿਚ ਹੀ ਪੇਸ਼ ਕਰਦੀਆਂ ਹਨ। ਇੱਥੇ ਵੀ ਗੱਲ ਦੋ ਔਰਤਾਂ ਦੇ ਰਿਸ਼ਤੇ ਦੀ ਹੀ ਹੈ, ਜਿਹੜੀਆਂ ਸਦੀਆਂ ਤੋਂ ਇਕ-ਦੂਜੇ ਦੀ ਮਾਨਸਿਕਤਾ ਨੂੰ ਕਦੇ ਨਹੀਂ ਸਮਝ ਸਕੀਆਂ।
ਅੱਜ ਦੇ ਸਮੇਂ ਵਿਚ ਜੇਕਰ ਔਰਤ 'ਤੇ ਕਿਸੇ ਕਿਸਮ ਦਾ ਕੋਈ ਅੱਤਿਆਚਾਰ ਹੁੰਦਾ ਹੈ, ਉਸ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਦੂਜੀ ਔਰਤ ਦੀ ਸ਼ਮੂਲੀਅਤ ਜ਼ਰੂਰ ਹੁੰਦੀ ਹੈ। ਜੇਕਰ ਕੋਈ ਔਰਤ ਆਪਣੇ-ਆਪ ਨੂੰ ਅੱਗ ਲਾ ਕੇ ਮਰਦੀ ਹੈ ਜਾਂ ਦਾਜ ਦੀ ਬਲੀ ਚੜ੍ਹਦੀ ਹੈ, ਜ਼ਿਆਦਾਤਰ ਉਸ ਦਾ ਕਾਰਨ ਵੀ ਔਰਤ ਹੀ ਬਣਦੀ ਹੈ। ਚਾਹੇ ਉਹ ਸੱਸ, ਨਣਾਨ, ਦਰਾਣੀ, ਜਠਾਣੀ ਜਾਂ ਪ੍ਰੇਮਿਕਾ ਆਦਿ ਕਿਸੇ ਵੀ ਰੂਪ ਵਿਚ ਵੀ ਹੋਵੇ। ਗੱਲ ਕੀ, ਔਰਤ 'ਤੇ ਹੁੰਦੇ ਹਰੇਕ ਜ਼ੁਲਮ ਪਿੱਛੇ ਕੋਈ ਨਾ ਕੋਈ ਔਰਤ ਜ਼ਰੂਰ ਹੁੰਦੀ ਹੈ, ਕਾਰਨ ਚਾਹੇ ਕੋਈ ਵੀ ਹੋਵੇ।
ਉਪਰੋਕਤ ਸਾਰੀਆਂ ਘਟਨਾਵਾਂ ਹਰ ਰੋਜ਼ ਸਾਡੇ ਆਪਣੇ ਸਾਰੇ ਘਰਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਵਾਪਰਦੀਆਂ ਹਨ, ਕਿਸੇ ਦੇ ਘਰ ਘੱਟ, ਕਿਸੇ ਦੇ ਘਰ ਵੱਧ। ਹੈਰਾਨੀ ਤਾਂ ਇਸ ਗੱਲ 'ਤੇ ਹੁੰਦੀ ਹੈ ਕਿ ਅੱਜ ਦੀ ਔਰਤ, ਜੋ ਕਾਫੀ ਪੜ੍ਹ-ਲਿਖ ਕੇ ਉੱਚ ਅਹੁਦਿਆਂ 'ਤੇ ਵੀ ਬਿਰਾਜਮਾਨ ਹੋ ਗਈ ਹੈ ਅਤੇ ਘਰ ਦੀ ਚਾਰ-ਦੀਵਾਰੀ ਵਿਚੋਂ ਨਿਕਲ ਕੇ ਨੌਕਰੀ ਪੇਸ਼ਾ ਵੀ ਕਰਨ ਲੱਗ ਪਈ ਹੈ, ਪਰ ਕਈ ਨਵੀਂ ਪੀੜ੍ਹੀ ਦੀਆਂ ਔਰਤਾਂ ਵੀ ਇਕ-ਦੂਜੀ ਪ੍ਰਤੀ ਆਪਣੀ ਮਾਨਸਿਕਤਾ ਨਹੀਂ ਬਦਲ ਸਕੀਆਂ। ਜਦੋਂ ਤੱਕ ਇਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ਅਸੀਂ ਭਾਵੇਂ ਕਿੰਨੇ ਵੱਡੇ-ਵੱਡੇ ਲੇਖ ਲਿਖ ਕੇ ਅਖ਼ਬਾਰਾਂ ਜਾਂ ਰਸਾਲਿਆਂ ਦੇ ਕਾਗਜ਼ ਕਾਲੇ ਕਰੀ ਜਾਈਏ, ਬਣਨਾ ਕੁਝ ਵੀ ਨਹੀਂ।


-ਇੰਦਰਜੀਤ ਸਿੰਘ ਕੰਗ,
ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ, ਤਹਿ: ਸਮਰਾਲਾ (ਲੁਧਿਆਣਾ)। ਮੋਬਾ: 98558-82722

ਗਰਮੀ ਵਿਚ ਪੀਓ ਫਲਾਂ ਦਾ ਸ਼ਰਬਤ

ਅੰਬ ਦਾ ਸ਼ਰਬਤ
ਸਮੱਗਰੀ : ਪੱਕੇ ਅੰਬ ਦਾ ਗੁੱਦਾ 2 ਕੱਪ, ਸਾਦਾ ਪਾਣੀ ਇਕ ਕੱਪ, ਖੰਡ 3/4 ਕੱਪ, ਬਰੀਕ ਬਰਫ ਇਕ ਕੱਪ, ਮੈਂਗੋ ਇਸੈਂਸ ਅਤੇ ਰੰਗ ਲਈ ਕੁਝ ਬੂੰਦਾਂ ਪੀਲਾ ਖਾਣ ਵਾਲਾ ਰੰਗ। (ਰੇਸ਼ਾ-ਰਹਿਤ ਅੰਬ ਜਿਵੇਂ ਦੁਸਹਿਰੀ, ਲੰਗੜਾ ਜਾਂ ਚੌਸਾ ਦੀ ਵਰਤੋਂ ਕਰੋ)।
ਵਿਧੀ : ਪੱਕੇ ਅੰਬ ਦਾ ਗੁੱਦਾ ਅਤੇ ਖੰਡ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫਿਰ ਉਸ ਵਿਚ ਪਾਣੀ, ਬਰਫ ਅਤੇ ਇਸੈਂਸ ਪਾ ਕੇ ਅਤੇ ਇੱਛਾ ਅਨੁਸਾਰ ਰੰਗ ਪਾ ਕੇ ਕੁਝ ਦੇਰ ਮਿਕਸੀ ਵਿਚ ਚਲਾਓ ਅਤੇ ਗਿਲਾਸ ਵਿਚ ਪਾ ਕੇ ਪੇਸ਼ ਕਰੋ।
ਟਮਾਟਰ ਦਾ ਸ਼ਰਬਤ
ਸਮੱਗਰੀ : ਪੱਕੇ ਲਾਲ ਟਮਾਟਰ 250 ਗ੍ਰਾਮ, ਗੁਲਾਬ ਦੀਆਂ ਪੰਖੜੀਆਂ 50 ਗ੍ਰਾਮ, ਕਾਲਾ ਨਮਕ, ਭੁੰਨਿਆ ਜੀਰਾ ਪਾਊਡਰ ਅਤੇ ਨਮਕ ਸਵਾਦ ਅਨੁਸਾਰ, ਪਾਣੀ ਦੋ ਗਿਲਾਸ।
ਵਿਧੀ : ਟਮਾਟਰ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਦਾ ਰਸ ਕੱਢ ਲਓ। ਉਸ ਵਿਚ ਗੁਲਾਬ ਦੀਆਂ ਪੰਖੜੀਆਂ ਨੂੰ ਪੀਸ ਕੇ ਮਿਲਾ ਦਿਓ। ਹੁਣ ਜੀਰਾ ਪਾਊਡਰ ਅਤੇ ਨਮਕ ਪਾ ਕੇ ਪਾਣੀ ਮਿਲਾ ਦਿਓ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਸ ਨੂੰ ਪੁਣਨੀ ਜਾਂ ਪਤਲੇ ਕੱਪੜੇ ਨਾਲ ਪੁਣ ਲਓ। ਹੁਣ ਇਸ ਵਿਚ ਬਰਫ ਦਾ ਟੁਕੜਾ ਪਾ ਕੇ ਜਾਂ ਫਰਿੱਜ ਵਿਚ ਰੱਖ ਕੇ ਠੰਢਾ ਕਰ ਲਓ। ਇਸ ਨੂੰ ਗਿਲਾਸ ਵਿਚ ਰੱਖ ਕੇ ਪਰੋਸੋ। ਇਹ ਲਾਜਵਾਬ ਸ਼ਰਬਤ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ।


-ਪੂਨਮ ਦਿਨਕਰ

ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਨੇ ਗੁਲਾਬੀ ਬੁੱਲ੍ਹ

ਅੱਜ ਹਰ ਮੁਟਿਆਰ ਆਪਣੇ ਬੁੱਲ੍ਹਾਂ ਨੂੰ ਗੁਲਾਬੀ ਰੰਗੇ ਹੋਏ ਵੇਖਣਾ ਚਾਹੁੰਦੀ ਹੈ, ਇਸ ਲਈ ਉਹ ਜਿਥੇ ਘਰੇਲੂ ਉਹੜ-ਪੋਹੜ ਕਰਦੀ ਹੈ, ਉਥੇ ਹੀ ਕਈ ਵਾਰ ਉਹ ਬਾਜ਼ਾਰ ਵਿਚ ਵਿਕਦੀਆਂ ਬੁੱਲ੍ਹ ਗੁਲਾਬੀ ਕਰਨ ਵਾਲੀਆਂ ਕਰੀਮਾਂ ਅਤੇ ਹੋਰ ਨਿੱਕ-ਸੁੱਕ ਵੀ ਖਰੀਦ ਲਿਆਉਂਦੀ ਹੈ। ਇਸ ਤਰ੍ਹਾਂ ਗੁਲਾਬੀ ਬੁੱਲ੍ਹਾਂ ਦੀ ਚਾਹਤ ਰੱਖਣ ਵਾਲੀਆਂ ਔਰਤਾਂ ਦੇ ਬੁੱਲ੍ਹ ਕੈਮੀਕਲ ਵਾਲੀਆਂ ਕਰੀਮਾਂ ਤੇ ਹੋਰ ਸਮਾਨ ਲਾਉਣ ਨਾਲ ਜਾਂ ਤਾਂ ਫਟ ਜਾਂਦੇ ਹਨ ਜਾਂ ਫਿਰ ਬੇਰੰਗ ਜਿਹੇ ਹੋ ਜਾਂਦੇ ਹਨ।
ਘਰੇਲੂ ਉਪਾਅ : * ਬੁੱਲ੍ਹਾਂ ਨੂੰ ਗੁਲਾਬੀ ਕਰਨ ਕਈ ਘਰੇਲੂ ਉਪਾਅ ਵੀ ਹਨ। ਸਭ ਤੋਂ ਸਸਤਾ ਅਤੇ ਸਭ ਤੋਂ ਵਧੀਆ ਉਪਾਅ ਤਾਂ ਰਾਤ ਸਮੇਂ ਬੁੱਲ੍ਹਾਂ ਉੱਪਰ ਤਾਜ਼ੇ ਦੁੱਧ ਦੀ ਮਲਾਈ ਲਾਉਣਾ ਹੈ। ਰਾਤ ਨੂੰ ਸੌਣ ਸਮੇਂ ਬੁੱਲ੍ਹਾਂ ਉੱਪਰ ਥੋੜ੍ਹੀ ਜਿਹੀ ਮਲਾਈ ਲਗਾ ਲਈ ਜਾਵੇ ਅਤੇ ਸਵੇਰੇ ਉੱਠ ਕੇ ਉਸ ਨੂੰ ਧੋ ਦਿੱਤਾ ਜਾਵੇ ਤਾਂ ਕਾਲੇ ਬੁੱਲ੍ਹਾਂ ਦੀ ਕਾਲੀ ਰੰਗਤ ਹਲਕੀ ਪੈਣ ਲਗਦੀ ਹੈ ਅਤੇ ਸਮਾਂ ਪਾ ਕੇ ਬੁੱਲ੍ਹ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
* ਇਸੇ ਤਰ੍ਹਾਂ ਨਿੰਬੂ ਦੇ ਰਸ ਨੂੰ ਵੀ ਰਾਤ ਨੂੰ ਸੌਣ ਸਮੇਂ ਬੁੱਲ੍ਹਾਂ ਉੱਪਰ ਲਗਾ ਕੇ ਪੈਣ ਨਾਲ ਬੁੱਲ੍ਹਾਂ ਦੀ ਰੰਗਤ ਗੁਲਾਬੀ ਜਿਹੀ ਹੋ ਜਾਂਦੀ ਹੈ। ਇਹ ਰਸ ਦੋ ਮਹੀਨੇ ਲਗਾਤਾਰ ਬੁੱਲ੍ਹਾਂ ਉੱਪਰ ਲਗਾਉਣਾ ਚਾਹੀਦਾ ਹੈ।
* ਇਸੇ ਤਰ੍ਹਾਂ ਨਾਰੀਅਲ ਦਾ ਪਾਣੀ, ਨਿੰਬੂ ਦਾ ਰਸ ਅਤੇ ਖੀਰੇ ਦਾ ਰਸ ਆਪਸ ਵਿਚ ਇਕੋ ਜਿੰਨਾ ਮਿਲਾ ਕੇ ਬੁੱਲ੍ਹਾਂ ਉੱਪਰ ਲਗਾਉਣ ਨਾਲ ਬੁੱਲ੍ਹਾਂ ਦੀ ਰੰਗਤ ਵਿਚ ਫਰਕ ਪੈ ਜਾਂਦਾ ਹੈ।
* ਮਲਾਈ ਦੇ ਨਾਲ ਪੀਸੀ ਹੋਈ ਹਲਦੀ ਮਿਲਾ ਕੇ ਬੁੱਲ੍ਹਾਂ ਉੱਪਰ ਲਗਾਉਣ ਨਾਲ ਬੁੱਲ੍ਹਾਂ ਦਾ ਕਾਲਾਪਨ ਘੱਟ ਹੋ ਜਾਂਦਾ ਹੈ।
* ਬੁੱਲ੍ਹਾਂ ਉੱਪਰ ਚੀਨੀ ਦੇ ਨਾਲ ਨਾਰੀਅਲ ਤੇਲ ਮਿਲਾ ਕੇ ਲਗਾਉਣ ਨਾਲ ਵੀ ਬੁੱਲ੍ਹਾਂ ਦਾ ਕਾਲਾਪਣ ਦੂਰ ਹੁੰਦਾ ਹੈ ਅਤੇ ਲਗਾਤਾਰ ਕਈ ਦਿਨ ਕਰਨ ਨਾਲ ਬੁੱਲ੍ਹਾਂ ਵਿਚ ਕੁਦਰਤੀ ਸੁੰਦਰਤਾ ਆ ਜਾਂਦੀ ਹੈ।
* ਚੁਕੰਦਰ ਦਾ ਰਸ ਬੁੱਲ੍ਹਾਂ ਉੱਪਰ ਲਗਾਤਾਰ ਕਈ ਦਿਨ ਲਗਾਉਣਾ ਚਾਹੀਦਾ ਹੈ ਜਾਂ ਫਿਰ ਚੁਕੰਦਰ ਦੇ ਟੁਕੜੇ ਨੂੰ ਬੁੱਲ੍ਹਾਂ ਉੱਪਰ ਮਲ ਕੇ ਇਕ ਘੰਟਾ ਰੱਖਣਾ ਚਾਹੀਦਾ ਹੈ, ਇਸ ਸਮੇਂ ਦੌਰਾਨ ਕੁਝ ਵੀ ਖਾਣਾ-ਪੀਣਾ ਨਹੀਂ ਚਾਹੀਦਾ। ਇਕ ਘੰਟੇ ਬਾਅਦ ਚੁਕੰਦਰ ਦੇ ਰਸ ਨੂੰ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ।
* ਗੁਲਾਬ ਜਲ ਨੂੰ ਰੂੰ ਵਿਚ ਭਿਉਂ ਕੇ ਰਾਤ ਨੂੰ ਸੌਣ ਵੇਲੇ ਬੁੱਲ੍ਹਾਂ ਉੱਪਰ ਲਗਾਓ ਅਤੇ ਸਵੇਰੇ ਉਠ ਕੇ ਮੂੰਹ ਪਾਣੀ ਨਾਲ ਧੋ ਲਵੋ। ਗੁਲਾਬ ਜਲ ਅਸਲ ਵਿਚ ਬੁੱਲ੍ਹਾਂ ਦੇ ਨਾਲ-ਨਾਲ ਸਾਡੀ ਚਮੜੀ ਨੂੰ ਵੀ ਤਾਜ਼ਗੀ ਦਿੰਦਾ ਹੈ।
* ਜੇ ਬੁੱਲ੍ਹਾਂ ਉੱਪਰ ਰਾਤ ਨੂੰ ਸੌਣ ਲੱਗੇ ਸ਼ਹਿਦ ਵੀ ਲਗਾ ਲਿਆ ਜਾਵੇ ਤਾਂ ਬੁੱਲ੍ਹਾਂ ਦੀ ਕੁਦਰਤੀ ਸੁੰਦਰਤਾ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਬਦਾਮ ਰੋਗਨ ਜਾਂ ਬਦਾਮ ਦਾ ਤੇਲ ਵੀ ਰਾਤ ਨੂੰ ਸੌਣ ਸਮੇਂ ਬੁੱਲ੍ਹਾਂ ਉੱਪਰ ਲਗਾਉਣ ਨਾਲ ਬੁੱਲ੍ਹਾਂ ਦਾ ਕਾਲਾਪਣ ਦੂਰ ਹੁੰਦਾ ਹੈ ਅਤੇ ਬੁੱਲ੍ਹ ਕੁਦਰਤੀ ਸੁੰਦਰਤਾ ਨਾਲ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
* ਗਰਮੀਆਂ ਦੇ ਮੌਸਮ ਵਿਚ ਵੀ ਕਾਫੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਪਾਣੀ ਦੀ ਘਾਟ ਨਾਲ ਵੀ ਬੁੱਲ੍ਹ ਬੇਜਾਨ ਅਤੇ ਸੁੱਕੇ ਜਿਹੇ ਹੋ ਜਾਂਦੇ ਹਨ।
* ਟਮਾਟਰ ਦਾ ਰਸ ਵੀ ਬੁੱਲ੍ਹਾਂ ਉੱਪਰ ਲਗਾਇਆ ਜਾ ਸਕਦਾ ਹੈ, ਜੋ ਕਿ ਬੁੱਲ੍ਹਾਂ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ।
* ਸਵੇਰੇ ਅੰਮ੍ਰਿਤ ਵੇਲੇ ਪੌਦਿਆਂ ਦੇ ਪੱਤਿਆਂ ਉੱਪਰ ਪਈਆਂ ਤ੍ਰੇਲ ਦੀਆਂ ਬੂੰਦਾਂ ਵੀ ਬੁੱਲ੍ਹਾਂ ਉੱਪਰ ਲਗਾਉਣ ਨਾਲ ਬੁੱਲ੍ਹ ਗੁਲਾਬੀ ਜਿਹੇ ਹੋ ਜਾਂਦੇ ਹਨ। ਇਸੇ ਤਰ੍ਹਾਂ ਮੱਖਣ ਵਿਚ ਕੇਸਰ ਮਿਲਾ ਕੇ ਬੁੱਲ੍ਹਾਂ ਉੱਪਰ ਲਗਾਉਣ ਨਾਲ ਵੀ ਬੁੱਲ੍ਹਾਂ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ।
* ਦੁੱਧ, ਮਲਾਈ, ਕੇਸਰ ਨੂੰ ਮਿਲਾ ਕੇ ਫਰਿੱਜ ਵਿਚ ਰੱਖ ਕੇ ਠੰਢਾ ਕਰ ਲਓ। ਫਿਰ ਇਸ ਲੇਪ ਨੂੰ ਬੁੱਲ੍ਹਾਂ ਉੱਪਰ ਲਗਾਓ ਅਤੇ ਕੁਝ ਮਿੰਟਾਂ ਬਾਅਦ ਪਾਣੀ ਨਾਲ ਧੋ ਲਵੋ। ਇਸ ਤਰ੍ਹਾਂ ਕਰਨ ਨਾਲ ਵੀ ਬੁੱਲ੍ਹਾਂ ਦੀ ਰੰਗਤ ਗੁਲਾਬੀ ਹੋ ਜਾਂਦੀ ਹੈ।
ਬੁੱਲ੍ਹਾਂ ਨੂੰ ਸ਼ਾਇਰ ਲੋਕ ਗੁਲਾਬ ਦੀਆਂ ਪੱਤੀਆਂ ਅਤੇ ਮੋਗਰੇ ਦੇ ਫੁੱਲ ਵੀ ਕਹਿੰਦੇ ਹਨ। ਇਸ ਲਈ ਬੁੱਲ੍ਹਾਂ ਵੱਲ ਹਰ ਮੁਟਿਆਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਇਸਤੇਮਾਲ ਨਾ ਹੋਣ ਵਾਲੇ ਆਪਣੇ ਬੈਂਕ ਖਾਤਿਆਂ ਪ੍ਰਤੀ ਕਿੰਨੇ ਸੁਚੇਤ ਹੋ ਤੁਸੀਂ?

ਤੁਸੀਂ ਲੋੜ ਪੈਣ 'ਤੇ ਕਿਸੇ ਬੈਂਕ ਵਿਚ ਆਪਣਾ ਖਾਤਾ ਖੁਲ੍ਹਵਾਉਂਦੇ ਹੋ। ਪਰ ਕੁਝ ਸਮੇਂ ਤੋਂ ਬਾਅਦ ਤੁਸੀਂ ਦੂਜੇ ਬੈਂਕ ਵਿਚ ਇਕ ਹੋਰ ਖਾਤਾ ਖੋਲ੍ਹ ਲੈਂਦੇ ਹੋ। ਆਪਣੇ ਡਾਰਮੇਟ ਅਕਾਊਂਟ ਦੀ ਦੇਖ-ਰੇਖ ਦੇ ਪ੍ਰਤੀ ਤੁਸੀਂ ਕਿੰਨੇ ਸੁਚੇਤ ਰਹਿੰਦੇ ਹੋ, ਇਸ ਦੇ ਵਿਸ਼ੇ ਵਿਚ ਅਸੀਂ ਤੁਹਾਡੇ ਕੋਲੋਂ ਕੁਝ ਸਵਾਲ ਪੁੱਛ ਰਹੇ ਹਾਂ। ਉਨ੍ਹਾਂ ਸਵਾਲਾਂ ਦੀ ਰੌਸ਼ਨੀ ਵਿਚ ਆਪਣੇ-ਆਪ ਨੂੰ ਪਰਖੋ-
1. ਤੁਸੀਂ ਕਈ ਬੈਂਕਾਂ ਵਿਚ ਖਾਤੇ ਖੁਲ੍ਹਵਾਏ ਹੋਏ ਹਨ, ਜਿਨ੍ਹਾਂ ਵਿਚ- (ਕ) ਸਾਰੇ ਖਾਤਿਆਂ ਵਿਚੋਂ ਨਿਯਮਤ ਲੈਣ-ਦੇਣ ਕਰਦੇ ਹੋ। (ਖ) ਜਦੋਂ ਲੋੜ ਹੋਵੇ, ਨਵਾਂ ਖਾਤਾ ਖੋਲ੍ਹ ਲੈਂਦੇ ਹੋ ਅਤੇ ਪੁਰਾਣੇ ਦੇ ਬਾਰੇ ਵਿਚ ਕੁਝ ਨਹੀਂ ਸੋਚਦੇ। (ਗ) ਨਵਾਂ ਖਾਤਾ ਖੋਲ੍ਹਣ ਤੋਂ ਪਹਿਲਾਂ ਪੁਰਾਣੇ ਖਾਤੇ ਨੂੰ ਬੰਦ ਕਰਾ ਦਿੰਦੇ ਹੋ।
2. ਤੁਸੀਂ ਇਕ ਨਵੇਂ ਬੈਂਕ ਵਿਚ ਖਾਤਾ ਖੋਲ੍ਹਦੇ ਹੋ, ਜਦੋਂ ਕਿ ਤੁਹਾਡਾ ਦੂਜੇ ਬੈਂਕ ਵਿਚ ਇਕ ਹੋਰ ਖਾਤਾ ਹੈ। ਤੁਸੀਂ ਅਜਿਹੇ ਵਿਚ ਕੀ ਸੋਚਦੇ ਹੋ?-(ਕ) ਪੁਰਾਣੇ ਖਾਤੇ ਨੂੰ ਚੱਲਣ ਦਿੰਦੇ ਹੋ ਅਤੇ ਸੋਚਦੇ ਹੋ ਕਿ ਭਵਿੱਖ ਵਿਚ ਤੁਸੀਂ ਇਸ ਵਿਚ ਵੀ ਲੈਣ-ਦੇਣ ਕਰਦੇ ਰਹੋਗੇ। (ਖ) ਤੁਰੰਤ ਪਹਿਲਾ ਖਾਤਾ ਬੰਦ ਕਰਾ ਕੇ ਉਸ ਦੀ ਸਕਿਉਰਿਟੀ ਰਕਮ ਲੈ ਲੈਂਦੇ ਹੋ। (ਗ) ਪੁਰਾਣਾ ਖਾਤਾ ਬੰਦ ਕਰਨਾ ਹੈ, ਅੱਜ ਦੀ ਗੱਲ ਕੱਲ੍ਹ 'ਤੇ ਟਾਲ ਕੇ ਲੰਬੇ ਸਮੇਂ ਤੱਕ ਉਸ ਨੂੰ ਉਂਜ ਹੀ ਰਹਿਣ ਦਿੰਦੇ ਹੋ।
3. ਤੁਹਾਡੇ ਚਾਰ ਬੈਂਕਾਂ ਵਿਚ ਖਾਤੇ ਹਨ, ਜਿਨ੍ਹਾਂ ਵਿਚ ਘੱਟੋ-ਘੱਟ ਬਕਾਇਆ 5000 ਰੁਪਏ ਹੈ। ਅਜਿਹੇ ਵਿਚ ਤੁਸੀਂ ਕੀ ਕਰਦੇ ਹੋ?-(ਕ) ਆਪਣੇ ਗ਼ੈਰ-ਜ਼ਰੂਰੀ ਖਾਤੇ ਬੰਦ ਕਰਾ ਕੇ ਬੈਂਕ ਕੋਲੋਂ ਸਕਿਉਰਿਟੀ ਰਕਮ ਲੈ ਲੈਂਦੇ ਹੋ ਅਤੇ ਉਸ ਨੂੰ ਚਾਲੂ ਖਾਤੇ ਵਿਚ ਜਮ੍ਹਾਂ ਕਰਾ ਦਿੰਦੇ ਹੋ। (ਖ) ਖਾਤਿਆਂ ਨੂੰ ਚਲਦੇ ਰੱਖਦੇ ਹੋ। ਪਰ ਬੈਂਕ ਖਾਤਿਆਂ ਦਾ ਮੇਂਟਨੇਂਸ ਕੱਟਦਾ ਰਹਿੰਦਾ ਹੈ, ਤੁਹਾਨੂੰ ਪਤਾ ਨਹੀਂ ਲਗਦਾ। (ਗ) ਜਾਣਕਾਰੀ ਦੀ ਕਮੀ ਕਾਰਨ ਜਦੋਂ ਘੱਟੋ-ਘੱਟ ਬਕਾਏ ਦੀ ਰਕਮ ਖ਼ਤਮ ਹੋ ਜਾਂਦੀ ਹੈ ਅਤੇ ਬੈਂਕ ਦਾ ਨੋਟਿਸ ਘਰ ਆਉਂਦਾ ਹੈ ਤਾਂ ਬੈਂਕ ਜਾ ਕੇ ਇਸ ਦੀ ਪੁੱਛਗਿੱਛ ਕਰਦੇ ਹੋ।
4. ਆਪਣੇ ਵੱਖ-ਵੱਖ ਖਾਤਿਆਂ 'ਤੇ ਤੁਸੀਂ ਆਪਣੇ ਡੈਬਿਟ/ਏ.ਟੀ.ਐੱਮ. ਕਾਰਡ ਵੀ ਜਾਰੀ ਕਰਾਉਂਦੇ ਹੋ, ਜਿਸ 'ਤੇ ਬੈਂਕ ਹਰ ਸਾਲ ਆਪਣੀ ਫੀਸ ਵਸੂਲਦੀ ਹੈ। ਖਾਤੇ ਵਿਚ ਪੈਸੇ ਖ਼ਤਮ ਹੋਣ ਤੋਂ ਬਾਅਦ ਜਦੋਂ ਬੈਂਕ ਰਕਮ ਨੂੰ ਵਿਆਜ ਸਮੇਤ ਵਸੂਲਣ ਲਈ ਨੋਟਿਸ ਭੇਜਦੀ ਹੈ ਤਾਂ ਅਜਿਹੇ ਵਿਚ ਤੁਸੀਂ ਕੀ ਕਰਦੇ ਹੋ?-(ਕ) ਜਾਣਕਾਰੀ ਦੀ ਕਮੀ ਵਿਚ ਆਰਥਿਕ ਨੁਕਸਾਨ ਲਈ ਸਿਰਫ ਸਬਰ ਕਰਕੇ ਬੈਠ ਜਾਂਦੇ ਹੋ। (ਖ) ਬੈਂਕ ਦੇ ਵਾਰ-ਵਾਰ ਚੱਕਰ ਲਗਾਉਂਦੇ ਹੋ। (ਗ) ਨੋਟਿਸ ਦਾ ਕੋਈ ਜਵਾਬ ਨਹੀਂ ਦਿੰਦੇ।
5. ਤੁਸੀਂ ਆਮਦਨ ਕਰ ਰਿਟਰਨ ਭਰਦੇ ਹੋ, ਕੀ ਤੁਹਾਨੂੰ ਪਤਾ ਹੈ ਕਿ-(ਕ) ਇਕ ਤੋਂ ਵੱਧ ਖਾਤੇ ਹੋਣ ਤਾਂ ਉਨ੍ਹਾਂ ਨੂੰ ਬੰਦ ਕਰਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਖਾਤਿਆਂ ਦੇ ਲੈਣ-ਦੇਣ ਦੀ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ। (ਖ) ਤੁਹਾਨੂੰ ਪਤਾ ਹੈ, ਇਸ ਲਈ ਤੁਸੀਂ ਆਪਣੇ ਖਾਤੇ ਪਹਿਲਾਂ ਹੀ ਬੰਦ ਕਰਾ ਦਿੰਦੇ ਹੋ। (ਗ) ਇਸ ਬਾਰੇ ਤੁਸੀਂ ਕਦੇ ਸੋਚਦੇ ਹੀ ਨਹੀਂ।
ਨਤੀਜਾ : ਕ-ਜੇ ਤੁਸੀਂ 20 ਤੋਂ 25 ਦੇ ਵਿਚਕਾਰ ਅੰਕ ਪ੍ਰਾਪਤ ਕੀਤੇ ਹਨ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਤੁਸੀਂ ਬੈਂਕਿੰਗ ਦੇ ਬਾਰੇ ਵਿਚ ਕਾਫੀ ਜਾਣਕਾਰੀ ਰੱਖਦੇ ਹੋ। ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਬੈਂਕਾਂ ਵਿਚ ਇਕ ਤੋਂ ਜ਼ਿਆਦਾ ਖਾਤਿਆਂ ਵਿਚ ਉਨ੍ਹਾਂ ਦੇ ਰੱਖ-ਰਖਾਅ ਦਾ ਖਰਚਾ ਵਿਆਜ ਸਮੇਤ ਵਸੂਲਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਬੈਂਕ ਨਾਲ ਲੈਣ-ਦੇਣ ਨਾ ਕਰਨਾ ਹੋਵੇ ਤਾਂ ਹਰ ਸਾਲ ਖਾਤੇ ਵਿਚੋਂ ਕਾਫੀ ਵੱਡੀ ਰਕਮ ਬੈਂਕ ਦੁਆਰਾ ਖਰਚੇ ਦੇ ਰੂਪ ਵਿਚ ਕੱਟ ਲਈ ਜਾਂਦੀ ਹੈ, ਜਿਸ ਦਾ ਤੁਹਾਨੂੰ ਕਾਫੀ ਨੁਕਸਾਨ ਹੁੰਦਾ ਹੈ। ਤੁਸੀਂ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਸਿਰਫ ਉਸੇ ਖਾਤੇ ਨੂੰ ਚਾਲੂ ਰੱਖਦੇ ਹੋ, ਜਿਸ ਵਿਚੋਂ ਤੁਸੀਂ ਲੈਣ-ਦੇਣ ਕਰਨਾ ਹੋਵੇ।
ਖ-ਜੇਕਰ ਪ੍ਰਾਪਤ ਅੰਕ 10 ਤੋਂ ਉੱਪਰ ਅਤੇ 20 ਤੋਂ ਹੇਠਾਂ ਹਨ ਤਾਂ ਤੁਸੀਂ ਭਾਵੇਂ ਹੀ ਉਤਸ਼ਾਹ ਵਿਚ ਇਕ ਤੋਂ ਬਾਅਦ ਇਕ ਬੈਂਕ ਵਿਚ ਖਾਤੇ ਖੋਲ੍ਹਦੇ ਹੋ ਪਰ ਉਨ੍ਹਾਂ ਖਾਤਿਆਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਨਹੀਂ ਸਮਝ ਪਾਉਂਦੇ ਜਾਂ ਇਸ ਨੂੰ ਸਮਝਣ ਦੀ ਲੋੜ ਨਹੀਂ ਸਮਝਦੇ, ਕਿਉਂਕਿ ਇਸ ਨਾਲ ਤੁਹਾਨੂੰ ਖਾਤਿਆਂ ਦੇ ਰੱਖ-ਰਖਾਅ ਲਈ ਹਰ ਸਾਲ ਕਾਫੀ ਰਕਮ ਖਰਚ ਕਰਨੀ ਪੈਂਦੀ ਹੈ, ਜਿਸ ਨੂੰ ਤੁਸੀਂ ਚਾਹੋ, ਨਾ ਚਾਹੋ, ਤੁਹਾਡੇ ਘੱਟੋ-ਘੱਟ ਬਕਾਏ ਵਿਚੋਂ ਬੈਂਕ ਕੱਟਦਾ ਰਹਿੰਦਾ ਹੈ।
ਗ-ਜੇਕਰ ਤੁਹਾਡੇ ਅੰਕ 0 ਤੋਂ 10 ਦੇ ਵਿਚਕਾਰ ਹਨ ਤਾਂ ਤੁਹਾਡੇ ਬਾਰੇ ਵਿਚ ਦੱਸਣ ਦੀ ਕੀ ਲੋੜ ਹੈ? ਤੁਸੀਂ ਆਰਥਿਕ ਵਿਸ਼ਿਆਂ ਦੀ ਜਾਣਕਾਰੀ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਸਿਫਰ ਹੋ। ਤੁਸੀਂ ਇਕ ਤੋਂ ਬਾਅਦ ਇਕ ਖਾਤੇ ਤਾਂ ਖੋਲ੍ਹਦੇ ਹੋ ਪਰ ਇਸ ਗੱਲ ਦੀ ਲੋੜ ਨਹੀਂ ਸਮਝਦੇ ਕਿ ਹਰ ਵਾਰ ਨਵਾਂ ਖਾਤਾ ਖੋਲ੍ਹਣ ਦਾ ਨੁਕਸਾਨ ਤੁਹਾਨੂੰ ਹੀ ਹੋਣਾ ਹੈ। ਨਵਾਂ ਖਾਤਾ ਖੋਲ੍ਹਣ ਤੋਂ ਪਹਿਲਾਂ ਪੁਰਾਣੇ ਖਾਤੇ ਨੂੰ ਬੰਦ ਕਰਨਾ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਤੁਹਾਨੂੰ ਇਸ ਦਾ ਕਾਫੀ ਭੁਗਤਾਨ ਕਰਨਾ ਪੈਂਦਾ ਹੈ, ਜਿਸ ਨੂੰ ਬੈਂਕ ਤੁਹਾਡੇ ਖਾਤੇ ਵਿਚੋਂ ਹੀ ਕੱਟਦਾ ਰਹਿੰਦਾ ਹੈ। ਘੱਟੋ-ਘੱਟ ਬਕਾਇਆ ਖ਼ਤਮ ਹੋਣ 'ਤੇ ਬੈਂਕ ਖਾਤੇ ਦੇ ਰੱਖ-ਰਖਾਅ ਦਾ ਖਰਚਾ ਵਿਆਜ ਸਮੇਤ ਵਸੂਲਣ ਲਈ ਖਾਤਾਧਾਰਕ ਨੂੰ ਨੋਟਿਸ ਭੇਜਦਾ ਹੈ। ਇਨ੍ਹਾਂ ਸਭ ਗੱਲਾਂ ਦੇ ਬਾਰੇ ਵਿਚ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਜਾਂ ਤੁਸੀਂ ਜਾਣਬੁੱਝ ਕੇ ਇਸ ਨੂੰ ਸਮਝਣਾ ਨਹੀਂ ਚਾਹੁੰਦੇ। ਇਸ ਲਈ ਤੁਹਾਡੇ ਲਈ ਤਾਂ ਖਾਸ ਤੌਰ 'ਤੇ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਜੁਟਾ ਕੇ ਆਰਥਿਕ ਨੁਕਸਾਨ ਤੋਂ ਬਚ ਸਕਦੇ ਹੋ।


-ਪਿੰਕੀ ਅਰੋੜਾ

ਤਾਂ ਕਿ ਬਚਾਅ ਸਕੀਏ ਗੈਸ

* ਖਾਣਾ ਪਕਾਉਂਦੇ ਸਮੇਂ ਸਬਜ਼ੀ, ਦਾਲ ਆਦਿ ਵਿਚ ਪਾਣੀ ਸਹੀ ਮਾਤਰਾ ਵਿਚ ਪਾਓ ਤਾਂ ਕਿ ਉਸ ਨੂੰ ਸੁਕਾਉਣ ਲਈ ਜ਼ਿਆਦਾ ਦੇਰ ਤੱਕ ਗੈਸ 'ਤੇ ਨਾ ਰੱਖਣਾ ਪਵੇ। ਅਜਿਹਾ ਕਰਨ ਨਾਲ ਗੈਸ ਦੀ ਬੱਚਤ ਕਰਨ ਦੇ ਨਾਲ-ਨਾਲ ਵਿਟਾਮਿਨਾਂ ਨੂੰ ਵੀ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ।
* ਗੈਸ 'ਤੇ ਦਾਲ, ਸਬਜ਼ੀ ਬਣਾਉਂਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਸ਼ਰ ਕੂਕਰ ਦੀ ਵਰਤੋਂ ਕਰੋ।
* ਕੁਝ ਦਾਲਾਂ, ਰਾਜਮਾਂਹ, ਛੋਲੇ, ਮਟਰ, ਚੌਲ ਆਦਿ ਨੂੰ ਬਣਾਉਣ ਤੋਂ ਪਹਿਲਾਂ ਲੋੜੀਂਦੇ ਸਮੇਂ ਤੱਕ ਪਾਣੀ ਵਿਚ ਭਿਉਂ ਕੇ ਰੱਖੋ।
* ਗੈਸ ਜਲਾਉਣ ਤੋਂ ਪਹਿਲਾਂ ਇਹ ਸੋਚ-ਵਿਚਾਰ ਕਰ ਲਓ ਕਿ ਤੁਸੀਂ ਗੈਸ 'ਤੇ ਜੋ ਬਣਾਉਣ ਜਾ ਰਹੇ ਹੋ, ਉਸ ਨਾਲ ਸਬੰਧਤ ਸਾਰੀ ਸਮੱਗਰੀ ਪਹਿਲਾਂ ਹੀ ਇਕੱਠੀ ਕਰ ਲਓ, ਜਿਵੇਂ ਚਾਹ ਦੀ ਪੱਤੀ, ਖੰਡ, ਨਮਕ, ਮਿਰਚ-ਮਸਾਲਾ, ਕੜਾਹੀ, ਚਮਚ, ਕੜਛੀ ਆਦਿ। ਜੇ ਗੈਸ ਜਲਾ ਕੇ ਉਸ ਨੂੰ ਲੱਭੋਗੇ ਤਾਂ ਇਸ ਨਾਲ ਗੈਸ ਦੀ ਬਰਬਾਦੀ ਹੋਵੇਗੀ।
* ਧਿਆਨ ਰੱਖੋ ਕਿ ਜੇ ਤੁਸੀਂ ਥੋੜ੍ਹੀ ਮਾਤਰਾ ਪਕਾ ਰਹੇ ਹੋ ਤਾਂ ਉਸ ਨੂੰ ਛੋਟੇ ਭਾਂਡੇ ਵਿਚ ਗੈਸ ਦੀ ਲੋ ਘੱਟ ਕਰਕੇ ਪਕਾਓ। ਜਿਸ ਭਾਂਡੇ ਵਿਚ ਖਾਣਾ ਪੱਕ ਰਿਹਾ ਹੋਵੇ, ਉਸ ਨੂੰ ਸਦਾ ਢਕ ਕੇ ਰੱਖੋ ਤਾਂ ਕਿ ਭਾਂਡੇ ਦੀ ਗਰਮੀ ਬਾਹਰ ਨਾ ਨਿਕਲ ਸਕੇ।
* ਜ਼ਿਆਦਾ ਖਾਣਾ ਬਣਾਉਂਦੇ ਸਮੇਂ ਚੌੜੇ ਥੱਲੇ ਵਾਲਾ ਭਾਂਡਾ ਵਰਤੋ ਤਾਂ ਕਿ ਗੈਸ ਬਰਬਾਦ ਨਾ ਹੋਵੇ, ਕਿਉਂਕਿ ਚੌੜਾ ਭਾਂਡਾ ਗੈਸ ਦੀ ਲੋ ਨੂੰ ਢਕ ਲੈਂਦਾ ਹੈ।
* ਪਕਾਉਣ ਵਾਲੇ ਭਾਂਡੇ ਵਿਚ ਪਾਏ ਪਾਣੀ ਵਿਚ ਉਬਾਲ ਆਉਂਦੇ ਹੀ ਜਾਂ ਕੂਕਰ ਵਿਚ ਸੀਟੀ ਵੱਜਦੇ ਹੀ ਗੈਸ 'ਸਿਮ' 'ਤੇ ਕਰ ਦਿਓ, ਕਿਉਂਕਿ ਉਹੀ ਊਰਜਾ ਸਬਜ਼ੀ ਨੂੰ ਉਬਾਲਣ ਲਈ ਕਾਫੀ ਹੁੰਦੀ ਹੈ।
* ਗੈਸ ਸਟੋਵ ਦੀ ਸਫ਼ਾਈ ਨਿਯਮਤ ਕਰਦੇ ਰਹੋ, ਕਿਉਂਕਿ ਬਰਨਰ ਵਿਚ ਕਾਰਬਨ ਜੰਮ ਜਾਂਦਾ ਹੈ ਅਤੇ ਉਹ ਜ਼ਿਆਦਾ ਗੈਸ ਖਿੱਚਦਾ ਹੈ।
* ਫਰਿੱਜ ਵਿਚੋਂ ਕੱਢੇ ਹੋਏ ਖਾਧ ਪਦਾਰਥਾਂ ਨੂੰ ਇਕਦਮ ਗੈਸ 'ਤੇ ਨਾ ਚੜ੍ਹਾਓ। ਉਨ੍ਹਾਂ ਨੂੰ ਬਾਹਰ ਕੱਢ ਕੇ ਆਮ ਤਾਪਮਾਨ ਤੱਕ ਆਉਣ 'ਤੇ ਹੀ ਗੈਸ ਸਟੋਵ 'ਤੇ ਰੱਖੋ।
* ਫ੍ਰੋਜਨ ਖਾਧ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ, ਕਿਉਂਕਿ ਉਨ੍ਹਾਂ ਨੂੰ ਗਰਮ ਕਰਨ ਵਿਚ ਗੈਸ ਜ਼ਿਆਦਾ ਬਰਬਾਦ ਹੁੰਦੀ ਹੈ।
* ਖਾਣਾ ਬਣਾ ਲੈਣ ਤੋਂ ਇਕਦਮ ਬਾਅਦ ਗੈਸ ਸਿਲੰਡਰ ਨੂੰ ਹੇਠੋਂ ਬੰਦ ਕਰਨਾ ਨਾ ਭੁੱਲੋ। ਇਹ ਸੁਰੱਖਿਆ ਪੱਖੋਂ ਅਤੀ ਜ਼ਰੂਰੀ ਹੈ।
* ਗੈਸ ਪਾਈਪ ਨੂੰ ਵੀ ਸਮੇਂ-ਸਮੇਂ 'ਤੇ ਜਾਂਚ ਕਰਵਾ ਕੇ ਬਦਲਵਾਉਂਦੇ ਰਹੋ ਤਾਂ ਕਿ ਗੈਸ ਲੀਕ ਨਾ ਹੋਵੇ ਅਤੇ ਤੁਸੀਂ ਵੀ ਸੁਰੱਖਿਅਤ ਰਸੋਈ ਵਿਚ ਕੰਮ ਕਰ ਸਕੋ।


-ਸੁਨੀਤਾ ਗਾਬਾ

ਜ਼ਿੰਮੇਵਾਰੀਆਂ ਦਾ ਨਾਂਅ ਹੈ ਪਿਤਾ

ਜਦੋਂ ਬੱਚੇ ਦੇ ਮੋਢੇ 'ਤੇ ਪਿਤਾ ਦਾ ਹੱਥ ਹੁੰਦਾ ਹੈ ਤਾਂ ਉਹ ਆਪਣੇ-ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਸਮਝਦਾ ਹੈ, ਕਿਉਂਕਿ ਪਿਤਾ ਆਪਣੇ-ਆਪ ਵਿਚ ਇਕ ਸੰਸਥਾ ਹੈ। ਜਿਹੜਾ ਬੱਚਿਆਂ ਦੇ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ। ਉਸ ਦਾ ਪਿਆਰ ਮਾਂ ਦੀ ਮਮਤਾ ਵਾਂਗ ਦਿਖਾਈ ਨਹੀਂ ਦਿੰਦਾ ਪਰ ਚਟਾਨ ਦੀ ਤਰ੍ਹਾਂ ਮਜ਼ਬੂਤ ਹੁੰਦਾ ਹੈ। ਜੇ ਮਾਂ ਧਰਤੀ ਹੈ ਤਾਂ ਪਿਤਾ ਆਕਾਸ਼ ਹੈ। ਪਿਤਾ ਜ਼ਿੰਮੇਵਾਰੀਆਂ ਦਾ ਨਾਂਅ ਹੈ, ਜਿਹੜਾ ਆਪਣੇ ਬੱਚਿਆਂ ਵਿਚ ਹਿੰਮਤ ਅਤੇ ਵਿਸ਼ਵਾਸ ਪੈਦਾ ਕਰਕੇ ਉਨ੍ਹਾਂ ਨੂੰ ਚੰਗੇ-ਮਾੜੇ ਦੀ ਪਰਖ ਕਰਵਾਉਂਦਾ ਹੈ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਬੱਚਿਆਂ ਦਾ ਕੈਰੀਅਰ ਬਣਾਉਣ ਲਈ ਉਹ ਆਪਣੇ ਹੱਥਾਂ ਦੀਆਂ ਲਕੀਰਾਂ ਦੀ ਪ੍ਰਵਾਹ ਨਹੀਂ ਕਰਦਾ। ਇਸ ਲਈ ਕਹਿੰਦੇ ਹਨ ਕਿ ਪਿਤਾ ਜ਼ਮੀਰ ਹੈ, ਜਗੀਰ ਹੈ, ਮਿੱਤਰ ਅਤੇ ਸਲਾਹਕਾਰ ਹੈ, ਇਸ ਦੀ ਤੁਲਨਾ ਕਿਸੇ ਵੀ ਰਿਸ਼ਤੇ ਨਾਲ ਨਹੀਂ ਕੀਤੀ ਜਾ ਸਕਦੀ। ਇਹ ਮਾਂ ਅਤੇ ਉਸ ਦੇ ਬੱਚਿਆਂ ਦੀ ਪਛਾਣ ਹੈ।
ਪਿਤਾ ਇਕ ਇਸ ਤਰ੍ਹਾਂ ਦਾ ਰਿਸ਼ਤਾ ਹੈ ਜੋ ਹਰ ਦੇਸ਼, ਭਾਸ਼ਾ, ਜਾਤੀ, ਧਰਮ ਅਤੇ ਸਮਾਜ ਵਿਚ ਬਰਾਬਰ ਦਾ ਦਰਜਾ ਰੱਖਦਾ ਹੈ, ਜਿਸ ਦਾ ਉਦੇਸ਼ ਬੱਚਿਆਂ ਦੇ ਜੀਵਨ ਦਾ ਨਿਰਮਾਣ, ਸੁਰੱਖਿਆ ਅਤੇ ਚੰਗੇ ਨਾਗਰਿਕ ਬਣਾਉਣਾ ਹੈ। ਹਰ ਪਿਤਾ ਆਪਣੇ ਬੱਚਿਆਂ ਨੂੰ ਆਕਾਰ ਅਤੇ ਆਧਾਰ ਦੇਣ ਲਈ ਜੀਵਨ ਭਰ ਸੰਘਰਸ਼ ਕਰਦਾ ਹੈ। ਜਿਸ ਤਰ੍ਹਾਂ ਸੂਰਜ ਹਰ ਰੋਜ਼ ਆਪਣੇ ਪ੍ਰਕਾਸ਼ ਨਾਲ ਲੋਕਾਂ ਦੇ ਜੀਵਨ ਵਿਚੋਂ ਹਨੇਰਾ ਦੂਰ ਕਰਕੇ ਨਵੀਂ ਊਰਜਾ ਅਤੇ ਜੋਸ਼ ਭਰਦਾ ਹੈ, ਉਸੇ ਤਰ੍ਹਾਂ ਪਿਤਾ ਬੱਚਿਆਂ ਦੇ ਜੀਵਨ ਵਿਚ ਸੂਰਜ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਦੇ ਹੁੰਦਿਆਂ ਉਨ੍ਹਾਂ ਦੇ ਜੀਵਨ ਵਿਚ ਹਨੇਰੇ ਲਈ ਕੋਈ ਜਗ੍ਹਾ ਨਹੀਂ ਹੁੰਦੀ ਅਤੇ ਸੂਰਜ ਦੀ ਇਕ-ਇਕ ਕਿਰਨ ਵਾਂਗ ਹਰ ਰੋਜ਼ ਆਪਣੀ ਕੋਸ਼ਿਸ਼ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰਦਾ ਹੈ। ਪਿਤਾ ਹੋਣ ਦੇ ਨਾਤੇ ਉਸ ਦੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਨ੍ਹਾਂ ਵਿਚ ਹਰ ਗੁਣ ਪੈਦਾ ਕਰਕੇ ਸਮਾਜ ਨੂੰ ਨੇਕ, ਸੰਸਕਾਰੀ ਅਤੇ ਸੂਝਵਾਨ ਸੰਤਾਨ ਦੇਵੇ, ਜੋ ਉਸ ਦਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਦੇਸ਼ ਅਤੇ ਮਾਨਵਤਾ ਦੀ ਵੀ ਸੇਵਾ ਕਰੇ। ਉਹ ਆਪਣੇ ਬੱਚਿਆਂ ਵਿਚ ਆਪਣੀ ਪਰਛਾਈਂ ਦੇਖਣਾ ਚਾਹੁੰਦਾ ਹੈ ਪਰ ਆਪਣੇ ਤੋਂ ਚੰਗੀ।
ਅੱਜ ਪਿਤਾ ਦੀ ਪਰਿਭਾਸ਼ਾ ਪਹਿਲਾਂ ਨਾਲੋਂ ਸਰਲ ਹੋ ਗਈ ਹੈ। ਪਹਿਲਾਂ ਅਨੁਸ਼ਾਸਨ ਅਤੇ ਡਰ ਦਾ ਨਾਂਅ ਪਿਤਾ ਹੁੰਦਾ ਸੀ ਪਰ ਵਿੱਦਿਆ ਨਾਲ ਆਈ ਜਾਗਰੂਕਤਾ ਕਾਰਨ ਪਿਤਾ ਬੱਚਿਆਂ ਦੇ ਮਿੱਤਰ, ਮਾਰਗ ਦਰਸ਼ਕ ਅਤੇ ਅਧਿਆਪਕ ਬਣ ਗਏ ਹਨ। ਬੱਚੇ ਖੁੱਲ੍ਹ ਕੇ ਆਪਣੇ ਪਿਤਾ ਨਾਲ ਹਰ ਗੱਲ ਸਾਂਝੀ ਕਰਦੇ ਹਨ। ਬਹੁਤ ਵਾਰੀ ਧੀਆਂ ਪੁੱਤਾਂ ਨਾਲੋਂ ਵੀ ਜ਼ਿਆਦਾ ਪਿਤਾ ਦਾ ਖਿਆਲ ਰੱਖਦੀਆਂ ਹਨ। ਅੱਜ ਹਰ ਖੇਤਰ ਵਿਚ ਪੁੱਤਾਂ ਦੇ ਨਾਲ-ਨਾਲ ਧੀਆਂ ਨੂੰ ਪਿਤਾ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਪਿਤਾ ਬੱਚਿਆਂ ਦੀ ਕਾਮਯਾਬੀ 'ਤੇ ਫੁੱਲਿਆ ਨਹੀਂ ਸਮਾਉਂਦਾ।
ਬੱਚਿਆਂ ਦਾ ਸੰਪੂਰਨ ਵਿਕਾਸ ਮਾਂ-ਬਾਪ ਦੀ ਛਾਂ ਹੇਠਾਂ ਹੀ ਸੰਭਵ ਹੈ, ਉਨ੍ਹਾਂ ਨੂੰ ਦੋਵਾਂ ਦੀ ਬਰਾਬਰ ਜ਼ਰੂਰਤ ਹੈ। ਜਿਨ੍ਹਾਂ ਬੱਚਿਆਂ ਨੂੰ ਪਿਤਾ ਦਾ ਪਿਆਰ ਨਹੀਂ ਮਿਲਦਾ, ਕਈ ਵਾਰ ਉਹ ਬਹੁਤ ਸਾਰੇ ਗੁਣਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਵਿਚ ਆਤਮਵਿਸ਼ਵਾਸ ਦੀ ਘਾਟ ਵੀ ਨਜ਼ਰ ਆਉਂਦੀ ਹੈ, ਇਸ ਲਈ ਬੱਚਿਆਂ ਦੇ ਭਵਿੱਖ ਨੂੰ ਸਾਹਮਣੇ ਰੱਖਦਿਆਂ ਹੋਇਆਂ ਮਾਤਾ-ਪਿਤਾ ਨੂੰ ਸਹਿਣਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਧੀਆਂ-ਪੁੱਤਾਂ ਨੂੰ ਵੀ ਪਿਤਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦੀ ਪੂਜਾ, ਰੱਬ ਦੀ ਪੂਜਾ ਹੈ। ਧਰਤੀ ਉੱਤੇ ਉਹ ਰੱਬ ਦੀ ਤਰ੍ਹਾਂ ਬੱਚਿਆਂ ਦਾ ਖਿਆਲ ਰੱਖਦਾ ਹੈ। ਇਸ ਲਈ ਉਨ੍ਹਾਂ ਦੀ ਜਗ੍ਹਾ ਘਰ ਵਿਚ ਹੈ, ਨਾ ਕਿ ਬਿਰਧ ਆਸ਼ਰਮ ਵਿਚ। ਪਿਤਾ ਦਾ ਕਰਜ਼ ਬੁਢਾਪੇ ਵਿਚ ਉਸ ਦੀ ਸੇਵਾ ਕਰਕੇ ਹੀ ਉਤਾਰਿਆ ਜਾ ਸਕਦਾ ਹੈ। ਸਾਨੂੰ ਅੱਜ ਪਿਤਾ ਦਿਵਸ 'ਤੇ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਸਾਨੂੰ ਪਿਤਾ ਰੂਪੀ ਵਿਸ਼ਾਲ ਬੋਹੜ ਵਰਗੇ ਰੁੱਖ ਦੀ ਛਾਂ ਹੇਠਾਂ ਬੈਠਣ ਦਾ ਮੌਕਾ ਮਿਲਦਾ ਰਹੇ ਅਤੇ ਸਾਡਾ ਵਿਹੜਾ ਉਸ ਦੀਆਂ ਅਸੀਸਾਂ ਨਾਲ ਭਰਿਆ ਰਹੇ। ਹੈਪੀ ਫਾਦਰ ਡੇ...।


-ਮੋਬਾ: 98782-49944

ਛੁੱਟੀਆਂ ਵਿਚ ਬੱਚੇ ਇਨ੍ਹਾਂ 'ਤੇ ਕਰਦੇ ਹਨ ਹਮਲਾ

ਗਰਮੀ ਵਿਚ ਪੂਰਾ ਦਿਨ ਘਰ ਵਿਚ ਰਹਿਣ ਦੇ ਕਾਰਨ ਛੁੱਟੀਆਂ ਵਿਚ ਉਨ੍ਹਾਂ ਦਾ ਸਨੈਕ ਅਟੈਕ ਸ਼ੁਰੂ ਹੋ ਜਾਂਦਾ ਹੈ। ਉਹ ਆਪਣੀ ਮਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਦੀ ਫਰਮਾਇਸ਼ ਤਾਂ ਕਰਦੇ ਹੀ ਹਨ, ਇਸ ਤੋਂ ਇਲਾਵਾ ਕਦੇ ਚਿਪਸ ਤੇ ਕਦੇ ਮੈਗੀ, ਬਰਗਰ, ਪੀਜ਼ਾ ਖਾਣ ਦੀ ਫਰਮਾਇਸ਼ ਕਰਦੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਵੀ ਇਹ ਸੋਚ ਕੇ ਉਨ੍ਹਾਂ ਦੀ ਹਰ ਮੰਗ ਪੂਰੀ ਕਰ ਦਿੰਦੇ ਹਨ ਕਿ ਛੁੱਟੀਆਂ ਦੇ ਦਿਨਾਂ ਵਿਚ ਹੀ ਤਾਂ ਬੱਚੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਨ। ਇਨ੍ਹਾਂ ਦਿਨਾਂ ਵਿਚ ਉਹ ਢੰਗ ਨਾਲ ਖਾਂਦੇ ਹਨ ਅਤੇ ਸਕੂਲ ਦੀ ਦੌੜ-ਭੱਜ ਵਾਲੀ ਰੋਜ਼ਮਰ੍ਹਾ ਤੋਂ ਹਟ ਕੇ ਉਨ੍ਹਾਂ ਲਈ ਇਹ ਮਸਤੀ ਭਰੇ ਦਿਨ ਹੁੰਦੇ ਹਨ।
ਇਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਸਨੈਕ ਅਟੈਕ ਤੋਂ ਬਚਾਉਣ ਲਈ ਮਾਤਾ-ਪਿਤਾ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਗਰਮੀ ਦੀਆਂ ਇਨ੍ਹਾਂ ਛੁੱਟੀਆਂ ਵਿਚ ਜਦੋਂ ਬੱਚੇ ਧੁੱਪ ਅਤੇ ਲੂ ਦੇ ਚਲਦੇ ਘਰੋਂ ਬਾਹਰ ਘੱਟ ਨਿਕਲਦੇ ਹਨ ਤਾਂ ਇਸ ਦੌਰਾਨ ਉਹ ਖਾਣੇ ਵਿਚ ਕੀ ਖਾ ਰਹੇ ਹਨ, ਇਸ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਉਦੋਂ ਪਤਾ ਲਗਦਾ ਹੈ ਜਦੋਂ ਬੱਚਿਆਂ ਨੂੰ ਮੋਟਾਪਾ ਆਪਣੀ ਗ੍ਰਿਫ਼ਤ ਵਿਚ ਲੈ ਲੈਂਦਾ ਹੈ। ਫਿਰ ਉਹ ਉਨ੍ਹਾਂ ਨੂੰ ਘਰੋਂ ਬਾਹਰ ਜਾ ਕੇ ਘੁੰਮਣ ਜਾਂ ਕਸਰਤ ਕਰਨ ਜਾਂ ਫਿਰ ਡਾਈਟਿੰਗ ਕਰਨ ਦੀ ਸਲਾਹ ਦਿੰਦੇ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਛੁੱਟੀਆਂ ਵਿਚ ਬੱਚਿਆਂ ਦੇ ਖਾਣ-ਪੀਣ 'ਤੇ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਦੇ ਭੋਜਨ ਵਿਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ, ਵਿਟਾਮਿਨ 'ਏ', 'ਬੀ', 'ਸੀ' ਅਤੇ 'ਈ' ਲੋੜੀਂਦੀ ਮਾਤਰਾ ਵਿਚ ਹੋਣਾ ਚਾਹੀਦਾ ਹੈ।
ਛੁੱਟੀਆਂ ਵਿਚ ਕਿਹੋ ਜਿਹਾ ਹੋਵੇ ਉਨ੍ਹਾਂ ਦਾ ਭੋਜਨ
* ਬੱਚਿਆਂ ਨੂੰ ਚਿਪਸ ਅਤੇ ਜੰਕ ਫੂਡ ਘੱਟ ਤੋਂ ਘੱਟ ਖਾਣ ਲਈ ਦਿਓ।
* ਬੱਚੇ ਅਕਸਰ ਜੰਕ ਫੂਡ ਦੇ ਨਾਲ ਕੋਲਡ ਡ੍ਰਿੰਕਸ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਕੋਲਡ ਡ੍ਰਿੰਕ ਦੀ ਬਜਾਏ ਗਰਮੀ ਵਿਚ ਮਿਲਣ ਵਾਲੇ ਤਾਜ਼ਾ ਫਲਾਂ ਦੇ ਰਸ, ਲੱਸੀ, ਸ਼ਿਕੰਜਵੀ ਅਤੇ ਦੂਜੇ ਘਰ ਵਿਚ ਬਣੇ ਪੀਣ ਵਾਲੇ ਪਦਾਰਥ ਪੀਣ ਲਈ ਦਿਓ।
* ਉਨ੍ਹਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਦਿਨ ਭਰ ਘਰ ਵਿਚ ਰਹਿਣ ਦੀ ਬਜਾਏ ਸਵੇਰੇ ਅਤੇ ਸ਼ਾਮ ਦੇ ਸਮੇਂ ਪਾਰਕ ਵਿਚ ਜਾ ਕੇ ਖੇਡਣ ਅਤੇ ਸੈਰ ਕਰਨ ਦੀ ਆਦਤ ਪਾਓ। ਕਿਉਂਕਿ ਬੱਚਿਆਂ ਵਿਚ ਮੋਟਾਪੇ ਦੀ ਇਕ ਵੱਡੀ ਵਜ੍ਹਾ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਹੈ, ਜਿਸ ਵਿਚ ਉਹ ਦਿਨ ਭਰ ਘਰ ਵਿਚ ਕੰਪਿਊਟਰ ਜਾਂ ਟੀ. ਵੀ. ਦੀ ਸਕਰੀਨ ਦੇ ਅੱਗੇ ਰਹਿੰਦੇ ਹਨ।
* ਬੱਚਿਆਂ ਦੀਆਂ ਛੁੱਟੀਆਂ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਖਾਣ ਵਾਸਤੇ ਫਰਿੱਜ ਵਿਚ ਢੇਰ ਸਾਰੀ ਚਾਕਲੇਟ, ਕੇਕ, ਕੁਕੀਜ਼, ਪੇਸਟਰੀ ਅਤੇ ਆਈਸਕ੍ਰੀਮ ਰੱਖੀ ਜਾਵੇ। ਇਸ ਦੀ ਬਜਾਏ ਬੱਚਿਆਂ ਲਈ ਖਰਬੂਜ਼ਾ, ਤਰਬੂਜ਼, ਅੰਬ ਅਤੇ ਗਰਮੀ ਦੇ ਦੂਜੇ ਰਸੇਦਾਰ ਫਲ ਲਿਆ ਕੇ ਫਰਿੱਜ ਵਿਚ ਰੱਖੋ।
* ਜੇਕਰ ਤੁਹਾਨੂੰ ਲਗਦਾ ਹੈ ਕਿ ਬੱਚਾ ਵਿਹਲਾ ਰਹਿਣ ਜਾਂ ਬੋਰੀਅਤ ਤੋਂ ਬਚਣ ਲਈ ਦਿਨ ਭਰ ਖਾਂਦਾ ਹੈ ਤਾਂ ਉਸ ਦੀ ਇਸ ਆਦਤ 'ਤੇ ਲਗਾਅ ਲਗਾਉਣ ਲਈ ਉਸ ਨੂੰ ਘਰ ਦੇ ਛੋਟੇ-ਛੋਟੇ ਕੰਮਾਂ ਵਿਚ ਲਗਾਈ ਰੱਖੋ।
* ਬੱਚੇ ਲਈ ਅਗਲੇ ਦਿਨ ਖਾਧੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੀ ਇਕ ਸੂਚੀ ਬਣਾ ਲਓ, ਜਿਸ ਵਿਚ ਪੌਸ਼ਟਿਕਤਾ ਨਾਲ ਭਰਪੂਰ ਅਜਿਹੇ ਖਾਧ ਪਦਾਰਥਾਂ ਨੂੰ ਸ਼ਾਮਿਲ ਕਰੋ, ਜਿਨ੍ਹਾਂ ਵਿਚ ਜ਼ਿਆਦਾ ਕੈਲੋਰੀਜ਼ ਨਾ ਹੋਵੇ। ਇਹ ਸਾਰੇ ਘਰ ਵਿਚ ਹੀ ਬਣੇ ਹੋਣ ਤਾਂ ਹੋਰ ਵੀ ਚੰਗਾ ਹੈ।
* ਬੱਚੇ ਨੂੰ ਨਾਸ਼ਤੇ ਵਿਚ ਜੰਕ ਫੂਡ ਦੇਣ ਦੀ ਬਜਾਏ ਦੁੱਧ, ਮੌਸਮੀ ਫਲ, ਦਲੀਆ ਜਾਂ ਪੌਸ਼ਟਿਕਤਾ ਨਾਲ ਭਰਪੂਰ ਕੁਝ ਅਜਿਹੀਆਂ ਚੀਜ਼ਾਂ ਬਣਾ ਕੇ ਦਿਓ, ਜੋ ਉਸ ਦੀ ਸਿਹਤ ਲਈ ਫਾਇਦੇਮੰਦ ਹੋਣ।

-ਇਮੇਜ ਰਿਫਲੈਕਸ਼ਨ ਸੈਂਟਰ।

ਗਰਮੀਆਂ ਵਿਚ ਪਹਾੜਾਂ 'ਤੇ ਚਮੜੀ ਦਾ ਰੱਖੋ ਖਾਸ ਖਿਆਲ

ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢੇ ਪਹਾੜਾਂ ਅਤੇ ਸਮੁੰਦਰੀ ਤੱਟਾਂ 'ਤੇ ਘੁੰਮਣ-ਫਿਰਨ ਦਾ ਅਨੰਦ ਜ਼ਰੂਰ ਲਓ ਪਰ ਅਜਿਹੇ ਮੌਕਿਆਂ 'ਤੇ ਸੁੰਦਰਤਾ ਪੱਖੋਂ ਜਾਗਰੂਕ ਰਹਿਣਾ ਵੀ ਜ਼ਰੂਰੀ ਹੈ, ਕਿਉਂਕਿ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀ ਬਰਫ ਦੇ ਪਾਰਦਰਸ਼ੀ ਸਤਹਾ 'ਤੇ ਸੂਰਜ ਦੀਆਂ ਕਿਰਨਾਂ ਮੈਦਾਨੀ ਇਲਾਕਿਆਂ ਦੀ ਬਜਾਏ ਜ਼ਿਆਦਾ ਤੇਜ਼ ਹੁੰਦੀਆਂ ਹਨ, ਜਿਸ ਨਾਲ ਚਮੜੀ ਵਿਚ ਜਲਣ, ਕਾਲਾਪਨ, ਸਨਬਰਨ ਅਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਹੀ ਸੂਰਜ ਦੀਆਂ ਤੇਜ਼ ਪੈਰਾਬੈਂਗਣੀ ਕਿਰਨਾਂ ਨਾਲ ਚਮੜੀ ਨੂੰ ਹੋਣ ਵਾਲੇ ਨੁਕਸਾਨ ਦੀ ਪ੍ਰਭਾਵੀ ਰੋਕਥਾਮ ਦੇ ਉਪਾਅ ਕਰਨੇ ਚਾਹੀਦੇ ਹਨ, ਤਾਂ ਕਿ ਸੁੰਦਰਤਾ ਦੇ ਹਿਸਾਬ ਨਾਲ ਛੁੱਟੀਆਂ ਦੁਖਦਾਈ ਅਨੁਭਵ ਦੀ ਯਾਦਗਾਰ ਨਾ ਬਣਨ।
ਸਮੁੰਦਰੀ ਪਾਣੀ ਨਾਲ ਨਹਾਉਣ ਨਾਲ ਤੁਹਾਡੇ ਵਾਲ ਨਿਰਜੀਵ ਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਂਦੇ ਸਮੇਂ ਸਿਰ ਨੂੰ ਟੋਪੀ ਨਾਲ ਢਕਣ ਨਾਲ ਵਾਲਾਂ ਨੂੰ ਸੂਰਜ ਦੀ ਗਰਮੀ ਅਤੇ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ।
ਸਮੁੰਦਰ ਵਿਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਆਮ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਵਾਲਾਂ ਦੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਵਾਲਾਂ ਨੂੰ ਧੋਣ ਤੋਂ ਬਾਅਦ ਸਮੁੰਦਰ ਵਿਚ ਨਹਾਉਣ ਨਾਲ ਵਾਲਾਂ ਦਾ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਵਾਲ ਸਮੁੰਦਰੀ ਪਾਣੀ ਨੂੰ ਕਦੇ ਨਹੀਂ ਸੋਖਣਗੇ। ਉਹ ਪਹਿਲਾਂ ਹੀ ਤਾਜ਼ੇ ਪਾਣੀ ਨੂੰ ਸੋਖ ਚੁੱਕੇ ਹੁੰਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋ ਦਿਓ ਅਤੇ ਸ਼ੈਂਪੂ ਤੋਂ ਬਾਅਦ ਵਾਲਾਂ ਵਿਚ ਕੰਡੀਸ਼ਨਰ ਜਾਂ ਹੇਅਰ ਸੀਰਮ ਦੀ ਵਰਤੋਂ ਕਰੋ।
ਇਹ ਉਪਾਅ ਅਪਣਾਓ-* ਧੁੱਪ ਵਿਚ ਜਾਣ ਤੋਂ 20 ਮਿੰਟ ਪਹਿਲਾਂ ਚਿਹਰੇ ਅਤੇ ਸਰੀਰ ਦੇ ਸਾਰੇ ਖੁੱਲ੍ਹੇ ਅੰਗਾਂ 'ਤੇ ਸਨਸਕਰੀਨ ਦਾ ਲੇਪ ਜ਼ਰੂਰ ਕਰ ਲਓ। * ਸੰਵੇਦਨਸ਼ੀਲ ਅਤੇ ਸਨਬਰਨ ਤੋਂ ਪ੍ਰਭਾਵਿਤ ਚਮੜੀ ਵਿਚ 30 ਜਾਂ ਜ਼ਿਆਦਾ ਐੱਸ.ਪੀ.ਐੱਫ. ਸਨਸਕਰੀਨ ਦੀ ਵਰਤੋਂ ਕਰੋ। * ਗਰਮੀਆਂ ਵਿਚ ਛੁੱਟੀਆਂ ਦੌਰਾਨ ਮਾਇਸਚਰਾਈਜ਼ਰ, ਰਿਹਾਈਡਰੈਂਟ, ਕਲੀਂਜ਼ਰ ਹੇਡ ਕ੍ਰੀਮ ਅਤੇ ਬੁੱਲ੍ਹਾਂ ਦਾ ਬਾਮ ਨਾਲ ਰੱਖਣਾ ਕਦੇ ਨਾ ਭੁੱਲੋ। * ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤੇਲੀ ਚਮੜੀ ਨੂੰ ਚਮਕਾਉਣ ਅਤੇ ਮੁਸਾਮਾਂ ਨੂੰ ਸਾਫ਼ ਕਰਨ ਲਈ ਸਕਰੱਬ ਦੀ ਵੱਧ ਤੋਂ ਵੱਧ ਵਰਤੋਂ ਕਰੋ। * ਸਮੁੰਦਰੀ ਤੱਟ 'ਤੇ ਖਾਰੇ ਪਾਣੀ ਵਿਚ ਨਹਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋਵੋ। * ਸਨਬਰਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚਿਹਰੇ 'ਤੇ ਠੰਢੇ ਦੁੱਧ ਦੀ ਮਾਲਿਸ਼ ਕਰਕੇ ਇਸ ਨੂੰ ਕੁਝ ਸਮੇਂ ਤੱਕ ਛੱਡ ਦਿਓ। * ਵਾਲਾਂ ਨੂੰ ਸੂਰਜ ਦੀਆਂ ਕਿਰਨਾਂ, ਹਵੇ ਦੇ ਝੋਂਕਿਆਂ ਅਤੇ ਧੂੜ-ਮਿੱਟੀ ਤੋਂ ਬਚਾਅ ਲਈ ਸਕਾਰਫ ਦੀ ਵਰਤੋਂ ਕਰੋ। * ਤੇਲੀ ਵਾਲਾਂ ਲਈ ਗਰਮ ਪਾਣੀ ਵਿਚ ਟੀ ਬੈਗ ਡੁਬੋਵੋ। ਟੀ ਬੈਗ ਨੂੰ ਹਟਾ ਕੇ ਬਾਕੀ ਬਚੇ ਪਾਣੀ ਨੂੰ ਠੰਢਾ ਹੋਣ ਦਿਓ ਅਤੇ ਬਾਅਦ ਵਿਚ ਇਸ ਵਿਚ ਨਿੰਬੂ ਜੂਸ ਮਿਲਾ ਕੇ ਵਾਲਾਂ ਨੂੰ ਸਾਫ਼ ਕਰੋ। ਇਸ ਨਾਲ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚ ਮਦਦ ਮਿਲਦੀ ਹੈ।


-ਆਈ. ਏ. ਐੱਨ. ਐੱਸ., ਨਵੀਂ ਦਿੱਲੀ।

ਸਹਿਣਸ਼ੀਲਤਾ ਨਿਖਾਰਦੀ ਹੈ ਤੁਹਾਡੀ ਸ਼ਖ਼ਸੀਅਤ

ਸਹਿਣਸ਼ੀਲਤਾ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਦੀ ਪ੍ਰੇਰਨਾ ਰਹੀ ਹੈ। ਸਹਿਣਸ਼ੀਲਤਾ ਦੀ ਕਮੀ ਨਾਲ ਮਨੁੱਖ ਕ੍ਰੋਧੀ, ਚਿੜਚਿੜਾ ਅਤੇ ਤਣਾਅਗ੍ਰਸਤ ਹੋ ਜਾਂਦਾ ਹੈ। ਉਸ ਦੀ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਉਹ ਸਾਰਿਆਂ ਨੂੰ ਆਪਣਾ ਦੁਸ਼ਮਣ ਸਮਝਣ ਲਗਦਾ ਹੈ। ਇਸ ਕਾਰਨ ਉਸ ਦੇ ਮਿੱਤਰ ਵੀ ਉਸ ਦੇ ਦੁਸ਼ਮਣ ਹੋ ਜਾਂਦੇ ਹਨ। ਸਹਿਣਸ਼ੀਲ ਹੋਣ ਲਈ ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੇ ਵਿਚ ਇਹ ਹੇਠ ਲਿਖੇ ਗੁਣ ਹਨ ਜਾਂ ਨਹੀਂ-
* ਵੱਡਿਆਂ ਦੀਆਂ ਗੱਲਾਂ ਦਾ ਬੁਰਾ ਨਾ ਮੰਨੋ। * ਗੁੱਸੇ 'ਤੇ ਕਾਬੂ ਰੱਖੋ। * ਨਿਰਾਸ਼ਾ ਮਿਲਣ 'ਤੇ ਨਿਰਉਤਸ਼ਾਹਿਤ ਨਾ ਹੋਵੋ।
* ਦੂਜਿਆਂ ਦੀਆਂ ਕੌੜੀਆਂ ਗੱਲਾਂ 'ਤੇ ਧਿਆਨ ਨਾ ਦਿਓ। * ਧੀਰਜ ਨਾਲ ਗੱਲ ਕਰੋ। * ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। * ਆਪਣੀਆਂ ਬੁਰਾਈਆਂ ਨੂੰ ਛੱਡਣ ਦੀ ਕੋਸ਼ਿਸ਼ ਕਰੋ। * ਵੱਡਿਆਂ ਨੂੰ ਹਮੇਸ਼ਾ ਸਨਮਾਨ ਦਿਓ।
* ਆਪਣੀ ਗੱਲ ਮੰਨਵਾਉਣ ਲਈ ਕਿਸੇ 'ਤੇ ਦਬਾਅ ਨਾ ਪਾਓ।
* ਦੂਜਿਆਂ ਨੂੰ ਉਹੀ ਸਨਮਾਨ ਦਿਓ, ਜੋ ਤੁਸੀਂ ਖੁਦ ਆਪਣੇ ਲਈ ਚਾਹੁੰਦੇ ਹੋ।
* ਕਠੋਰ ਵਿਅਕਤੀ ਦੇ ਨਾਲ ਵੀ ਉਦਾਰਤਾ ਵਾਲਾ ਵਿਵਹਾਰ ਕਰੋ।
* ਆਪਣੇ ਮਿੱਤਰ ਜਾਂ ਕਿਸੇ ਦੇ ਨਾਲ ਵੀ ਅਜਿਹਾ ਵਿਵਹਾਰ ਨਾ ਕਰੋ, ਜਿਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਸੱਟ ਲੱਗੇ।
ਸਹਿਣਸ਼ੀਲਤਾ ਦੀ ਭਾਵਨਾ ਕਿਸੇ ਵਿਅਕਤੀ ਵਿਚ ਆ ਜਾਂਦੀ ਹੈ ਤਾਂ ਜਿਥੇ ਆਪਣੇ ਨਾਲੋਂ ਵੱਡਿਆਂ ਦੀ ਨਜ਼ਰ ਵਿਚ ਉੱਚਾ ਉੱਠ ਜਾਂਦਾ ਹੈ, ਉਥੇ ਕੁਝ ਲੋਕ ਉਸ ਤੋਂ ਪ੍ਰੇਰਨਾ ਵੀ ਲੈਣਗੇ।


-ਨੀਲਮ ਗੁਪਤਾ

ਗਰਭਵਤੀ ਔਰਤਾਂ ਦੀ ਦੇਖਭਾਲ

1. ਗਰਭਵਤੀ ਔਰਤ ਨੂੰ ਹਰ ਮਹੀਨੇ ਘੱਟੋ-ਘੱਟ ਇਕ ਵਾਰੀ ਆਪਣੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
2. ਆਸ਼ਾ ਵਰਕਰਾਂ ਤੇ ਏ. ਐਨ. ਐਮ. ਨੂੰ ਹਦਾਇਤਾਂ ਹਨ ਕਿ ਉਹ ਗਰਭਵਤੀ ਔਰਤਾਂ ਨੂੰ ਇਨ੍ਹਾਂ ਸੁਰੱਖਿਅਤ ਕੈਪਾਂ ਵਿਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਜਣੇਪੇ ਵੇਲੇ ਕੋਈ ਮੁਸ਼ਕਿਲ ਪੇਸ਼ ਨਾ ਆਵੇ।
3. ਜੇਕਰ ਮਹਿਲਾ ਡਾਕਟਰ (ਗਾਈਨੀਕੋਲੋਜਿਸਟ) ਔਰਤ ਦੇ ਚੈਕਅੱਪ ਤੋਂ ਬਾਅਦ ਬੈੱਡ-ਰੈਸਟ ਦੀ ਹਦਾਇਤ ਕਰਦੀ ਹੈ ਤਾਂ ਉਸ ਦੀ ਪਾਲਣਾ ਕਰਨੀ ਜ਼ਰੂਰੀ ਹੈ, ਨਹੀਂ ਤਾਂ ਗਰਭਵਤੀ ਮਹਿਲਾ ਦਾ ਗਰਭਪਾਤ ਹੋ ਸਕਦਾ ਹੈ।
4. ਇਸ ਸਮੇਂ ਦੌਰਾਨ ਔਰਤ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ, ਉਸ ਨਾਲ ਡਰਾਉਣੀਆਂ ਤੇ ਵਹਿਮ ਵਿਚ ਪਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ।
5. ਮੁੰਡੇ ਹੋਣ ਲਈ ਕੋਈ ਵੀ ਦਵਾਈ ਨਹੀਂ ਹੈ। ਅਜਿਹੀਆਂ ਫਰਜ਼ੀ ਦਵਾਈਆਂ ਭਰੂਣ 'ਤੇ ਮਾੜਾ ਅਸਰ ਪਾਉਦੀਆਂ ਹਨ।
6. ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਹੀ ਹੈਪੇਟਾਈਟਿਸ-ਬੀ, ਸਰਵਾਈਕਲ ਕੈਂਸਰ, ਰੂਬੇਲਾ ਤੇ ਟੈਟਨਸ ਦੇ ਬਚਾਓ ਟੀਕੇ ਲਗਵਾਉਣੇ ਚਾਹੀਦੇ ਹਨ।
7. ਗਰਭਵਤੀ ਔਰਤ ਨੂੰ ਸਹੀ ਮਾਤਰਾ ਵਿਚ ਪੌਸ਼ਟਿਕ ਭੋਜਨ ਗ੍ਰਹਿਣ ਕਰਨ ਦੀ ਲੋੜ ਹੁੰਦੀ ਹੈ। ਬੇਲੋੜੇ ਖਾਣੇ ਤੋਂ ਬਚਣਾ ਚਾਹੀਦਾ ਹੈ।
8. ਪਹਿਲੇ ਤਿੰਨ ਮਹੀਨੇ ਹਮੇਸ਼ਾ ਉਲਟੀ ਆਉਣ ਵਾਲਾ ਮਨ ਬਣਿਆ ਰਹਿੰਦਾ ਹੈ, ਜਿਸ ਕਰਕੇ ਭੁੱਖ ਮਰ ਜਾਂਦੀ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ, ਡਰਨ ਵਾਲੀ ਕੋਈ ਗੱਲ ਨਹੀਂ ਹੈ।
9. ਪ੍ਰੈਗਨੈਂਸੀ ਦੌਰਾਨ ਕੋਈ ਵੀ ਬੇਲੋੜਾ ਐਕਸਰੇ, ਦਰਦ ਨਿਵਾਰਕ ਦਵਾਈਆਂ, ਦੇਸੀ ਦਵਾਈਆਂ ਦੀ ਵਰਤੋ ਨਹੀਂ ਕਰਨੀ ਚਾਹੀਦੀ।
10. ਇਸ ਦੌਰਾਨ ਸਹੀ ਕੱਪੜਿਆਂ ਦੀ ਚੋਣ ਤੁਹਾਨੂੰ ਘੁਟਣ ਮਹਿਸੂਸ ਨਹੀਂ ਹੋਣ ਦਿੰਦੀ। ਚਮਕੀਲੇ ਅਤੇ ਚੁੱਭਣ ਵਾਲੇ ਕੱਪੜਿਆਂ ਦੀ ਥਾਂ ਸੂਤੀ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ।
ਗਰਭਵਤੀ ਔਰਤਾਂ ਦੀਆਂ ਆਮ ਤਕਲੀਫਾਂ : ਸਿਰਦਰਦ, ਜੀਅ ਮਚਲਾਉਣਾ, ਛਾਤੀ ਵਿਚ ਜਲਣ, ਪੇਟ ਦਰਦ, ਪਿੱਠ ਦਰਦ, ਬਵਾਸੀਰ, ਲੱਤਾਂ ਵਿਚ ਦਰਦ, ਕਮਜ਼ੋਰੀ, ਕਬਜ਼, ਖੂਨ ਦੀ ਕਮੀ, ਪਿਸ਼ਾਬ ਸਬੰਧੀ ਤਕਲੀਫਾਂ ਆਦਿ ਹਨ। ਇਹ ਸਾਰੀਆਂ ਤਕਲੀਫਾਂ ਬੱਚੇਦਾਨੀ ਦੇ ਆਕਾਰ ਵਿਚ ਵਾਧਾ ਹੋਣ ਕਰਕੇ ਹੁੰਦੀਆਂ ਹਨ ਜਾਂ ਫਿਰ ਇਸ ਦਾ ਕਾਰਨ ਹੋਰ ਵੀ ਹੋ ਸਕਦਾ ਹੈ।
ਕੁਝ ਗੰਭੀਰ ਤਕਲੀਫਾਂ : 1. ਮਲੇਰੀਆ ਜਾਂ ਵਾਇਰਲ ਬੁਖਾਰ, 2. ਅਚਾਨਕ ਯੋਨੀ ਰਸਤੇ ਖੂਨ ਜਾਂ ਪਾਣੀ ਪੈਣਾ, 3. ਬੱਚੇ ਦੀ ਹਿਲਜੁਲ ਮਹਿਸੂਸ ਨਾ ਹੋਣਾ, 4. ਪ੍ਰੈਗਨੈਂਸੀ ਫੈਲੋਪਿਅਨ ਟਿਊਬ ਵਿਚ ਹੋਣਾ, ਚਿਹਰੇ ਤੇ ਪੈਰਾਂ 'ਤੇ ਜ਼ਿਆਦਾ ਸੋਜਸ਼ ਹੋ ਜਾਣਾ, 5. ਚੱਕਰ ਆਉਣੇ, ਖੂਨ ਦੇ ਦਬਾਅ ਦਾ ਵਧਣਾ, 6. ਪੇਟ ਦਾ ਲੋੜ ਤੋਂ ਜ਼ਿਆਦਾ ਤੇ ਘੱਟ ਦਿਖਾਈ ਦੇਣਾ, 7. ਪੇਟ ਦਰਦ ਤੇ ਪੇਟ ਗੈਸ ਦਾ ਹੋਣਾ।
ਗਰਭਵਤੀ ਔਰਤਾਂ ਦਾ ਖਾਣ-ਪੀਣ : 1. ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ, ਜਿਸ ਵਿਚ ਛੋਲੇ, ਪਾਲਕ, ਦਾਲਾਂ, ਗੁੜ ਚਨਾ, ਮੇਥੀ, ਬਾਥੂ, ਸ਼ਲਗਮ, ਗਾਜਰ, ਮੂਲੀ, ਟਮਾਟਰ ਤੇ ਸਬਜ਼ੀਆਂ ਤੇ ਆਂਡਾ ਵੀ ਲੈ ਸਕਦੀਆਂ ਹਨ। 2. ਗਰਭਵਤੀ ਔਰਤਾਂ ਨੂੰ ਆਇਰਨ, ਫੋਲਿਕ ਐਸਿਡ, ਕੈਲਸ਼ੀਅਮ ਲੈਣਾ ਚਾਹੀਦਾ ਹੈ। ਇਹ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਤੋਂ ਮੁਫ਼ਤ ਮਿਲਦੀਆਂ ਹਨ। 3. ਸ਼ਰਾਬ, ਸਿਗਰਟ ਤੇ ਕੈਫੀਨ ਦੀ ਵਰਤੋਂ ਘਾਤਕ ਹੋ ਸਕਦੀ ਹੈ।
ਜ਼ਰੂਰੀ ਸੁਝਾਅ : 1. ਹਰ ਮਹੀਨੇ ਗਰਭਵਤੀ ਔਰਤ ਦਾ 2 ਕਿਲੋ ਭਾਰ ਵਧਣਾ ਜ਼ਰੂਰੀ ਹੈ। 2. ਇਸ ਦੌਰਾਨ ਇਨਫੈਕਸ਼ਨ ਤੋਂ ਬਚਣਾ ਚਾਹੀਦਾ ਹੈ। 3. ਪੰਜਵੇਂ ਮਹੀਨੇ ਗਰਭਵਤੀ ਔਰਤ ਨੂੰ ਅਲਟਰਾਸਾਊਂਡ ਦੀ ਵਿਸ਼ੇਸ਼ ਲੋੜ ਹੈ, ਕਿਉਂਕਿ ਇਸ ਦੌਰਾਨ ਗਰਭਵਤੀ ਔਰਤ ਦੇ ਪੇਟ ਵਿਚ ਬੱਚੇ ਦੇ ਜਮਾਂਦਰੂ ਵਿਕਾਰ ਹੋਣ ਦਾ ਪਤਾ ਲਗਾਇਆ ਜਾ ਸਕਦਾ ਹੈ। 4. ਇਸ ਦੌਰਾਨ ਸੱਟ-ਫੇਟ ਤੋਂ ਬਚਣਾ ਚਾਹੀਦਾ ਹੈ। ਉੱਚੀ ਅੱਡੀ ਵਾਲੀ ਸੈਂਡਲ, ਹਵਾਈ ਸਫਰ ਤੇ ਕਾਰ ਦਾ ਸਫਰ ਨਹੀਂ ਕਰਨਾ ਚਾਹੀਦਾ। 5. ਡਿਲੀਵਰੀ ਜਾਂ ਸਜੇਰੀਅਨ ਆਪ੍ਰੇਸ਼ਨ ਸਰਕਾਰੀ ਹਸਪਤਾਲ ਜਾਂ ਫਿਰ ਉਥੇ ਕਰਵਾਉਣੇ ਚਾਹੀਦੇ ਹਨ, ਜਿੱਥੇ ਜਣੇਪੇ ਦੀਆਂ ਪੂਰੀਆਂ ਸਹੂਲਤਾਂ ਹੋਣ। ਡਿਲੀਵਰੀ ਹੋਣ ਤੋਂ ਬਾਅਦ ਮਾਂ ਦੀ ਬੱਚੇ ਪ੍ਰਤੀ ਹੋਰ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ। ਇਸ ਲਈ ਗੁੜ੍ਹਤੀ, ਨਜ਼ਰ ਦਾ ਟਿੱਕਾ ਲਗਵਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਨਵਜੰਮੇ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ, ਮਾਂ ਦਾ ਦੁੱਧ ਦੇਣਾ ਤੇ ਬੱਚੇ ਦੇ ਲੱਗਣ ਵਾਲੇ ਮਹੱਤਵਪੂਰਨ ਟੀਕੇ ਲਗਵਾਉਣਾ। ਇਹੀ ਅਸਲੀ ਮਾਤਰੀਤਵ ਹੈ, ਜਿਸ ਦੀ ਲੋੜ ਹਰ ਗਰਭਵਤੀ ਔਰਤ ਨੂੰ ਹੈ, ਤਾਂ ਕਿ ਉਸ ਦਾ ਬੱਚਾ ਤੰਦਰੁਸਤ ਰਹੇ।


-ਕੁਮਾਰ ਕਲੀਨਿਕ, ਪ੍ਰੇਮ ਨਗਰ, ਕੋਟਕਪੂਰਾ।
ਮੋਬਾ: 97798-84393,dranilbagga@gmail.com

ਮਹੱਤਵਪੂਰਨ ਹੈ ਰਸੋਈ ਦੀ ਸਾਫ਼-ਸਫ਼ਾਈ

* ਰਸੋਈ ਵਿਚ ਕੂੜੇਦਾਨ ਹਮੇਸ਼ਾ ਢੱਕਣ ਵਾਲਾ ਰੱਖੋ ਤਾਂ ਕਿ ਕੂੜੇ 'ਤੇ ਮੱਖੀਆਂ ਨਾ ਆਉਣ।
* ਕੂੜੇਦਾਨ ਨੂੰ ਹਫਤੇ ਵਿਚ ਇਕ ਵਾਰ ਸਰਫ ਜਾਂ ਫਿਨਾਇਲ ਵਾਲੇ ਪਾਣੀ ਨਾਲ ਜ਼ਰੂਰ ਸਾਫ਼ ਕਰੋ, ਤਾਂ ਕਿ ਕੂੜੇਦਾਨ ਵਿਚ ਬਚਿਆ ਹੋਇਆ ਕੂੜਾ ਸੜ ਨਾ ਜਾਵੇ ਅਤੇ ਨਾ ਹੀ ਉਸ 'ਤੇ ਦਾਗ-ਧੱਬੇ ਬਣਨ।
* ਕੂੜੇਦਾਨ ਦਾ ਹਰ ਰੋਜ਼ ਗਾਰਬੇਜ ਬੈਗ ਬਦਲੋ। ਇਸ ਨਾਲ ਕੂੜੇ ਵਿਚੋਂ ਬਦਬੂ ਨਹੀਂ ਆਵੇਗੀ ਅਤੇ ਕੂੜਾ ਸੁੱਟਣ ਵਿਚ ਆਸਾਨੀ ਵੀ ਹੋਵੇਗੀ।
* ਰਸੋਈ ਦੇ ਖੂੰਜਿਆਂ ਵਿਚ ਕੁਝ ਵੀ ਨਾ ਸੁੱਟੋ, ਹਰ ਛਿੱਲ ਜਾਂ ਖਾਧ ਪਦਾਰਥ ਕੂੜੇਦਾਨ ਵਿਚ ਹੀ ਸੁੱਟੋ। ਅਜਿਹਾ ਕਰਨ ਨਾਲ ਰਸੋਈ ਵਿਚ ਸਫ਼ਾਈ ਰਹੇਗੀ।
* ਰਸੋਈ ਦੇ ਫਰਸ਼ ਨੂੰ ਹਰ ਰੋਜ਼ ਧੋ ਕੇ ਸੁੱਕਾ ਪੋਚਾ ਜ਼ਰੂਰ ਲਗਾਓ। ਕੱਪੜੇ ਧੋਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਵੀ ਰਸੋਈ ਦੇ ਫਰਸ਼ ਨੂੰ ਧੋਤਾ ਜਾ ਸਕਦਾ ਹੈ।
* ਰਸੋਈ ਵਿਚ ਕਈ ਵਾਰ ਹਲਕੀ ਬਦਬੂ ਆਉਂਦੀ ਹੋਵੇ ਤਾਂ ਬਾਲਟੀ ਵਿਚ ਕੁਝ ਕਪੂਰ ਪਾ ਕੇ ਰਸੋਈ ਸਾਫ਼ ਕਰੋ। ਬਦਬੂ ਵੀ ਖਤਮ ਹੋ ਜਾਵੇਗੀ ਅਤੇ ਫਰਸ਼ ਵੀ ਸਾਫ਼ ਹੋ ਜਾਵੇਗੀ।
* ਰਸੋਈ ਦੇ ਸਿੰਕ ਨੂੰ ਸਾਫ਼ ਕਰਨ ਲਈ ਭਾਂਡੇ ਧੋਣ ਤੋਂ ਬਾਅਦ ਸਿੰਕ ਵਿਚ ਡਿਟਰਜੈਂਟ ਪਾਊਡਰ ਪਾ ਕੇ ਥੋੜ੍ਹੀ ਦੇਰ ਛੱਡ ਦਿਓ, ਫਿਰ ਉਸ ਨੂੰ ਜੁਰਾਬ ਜਾਂ ਪੁਰਾਣੀ ਬੁਨੈਣ ਨਾਲ ਸਾਫ਼ ਕਰ ਲਓ। ਸਿੰਕ ਸਾਫ਼ ਹੋ ਜਾਵੇਗਾ।
* ਬੰਦ ਸਿੰਕ ਨੂੰ ਖੋਲ੍ਹਣ ਲਈ ਦੋ ਲਿਟਰ ਪਾਣੀ ਵਿਚ ਇਕ ਚਮਚ ਕੱਪੜੇ ਧੋਣ ਵਾਲਾ ਸੋਢਾ ਪਾ ਕੇ ਪਾਣੀ ਉਬਾਲ ਲਓ। ਫਿਰ ਬੰਦ ਸਿੰਕ 'ਤੇ ਪਾਣੀ ਪਾ ਦਿਓ। ਥੋੜ੍ਹੀ ਦੇਰ ਵਿਚ ਸਿੰਕ ਖੁੱਲ੍ਹ ਜਾਵੇਗਾ।
* ਭਾਂਡਿਆਂ ਵਿਚੋਂ ਜੂਠ ਕੱਢ ਕੇ ਸਿੰਕ ਵਿਚ ਭਾਂਡੇ ਰੱਖੋ ਤਾਂ ਕਿ ਸਿੰਕ ਦੀ ਨਾਲੀ ਵਿਚ ਕੂੜਾ ਫਸ ਨਾ ਜਾਵੇ।
* ਭਾਂਡੇ ਸਾਫ਼ ਕਰਨ ਤੋਂ ਬਾਅਦ ਦੋ ਮਿੰਟ ਤੱਕ ਟੂਟੀ ਖੁੱਲ੍ਹੀ ਰੱਖੋ ਤਾਂ ਕਿ ਸਿੰਕ ਦੀ ਨਾਲੀ ਸਾਫ਼ ਰਹੇ। ਹੋ ਸਕੇ ਤਾਂ ਹਫਤੇ ਵਿਚ ਇਕ ਵਾਰ ਗਰਮ ਪਾਣੀ ਪ੍ਰੈਸ਼ਰ ਨਾਲ ਸਿੰਕ ਵਿਚ ਪਾਓ ਤਾਂ ਕਿ ਨਾਲੀ ਸਾਫ਼ ਰਹਿ ਸਕੇ ਅਤੇ ਉਸ ਵਿਚ ਕੀੜੇ ਜਾਂ ਕਾਕਰੋਚ ਆਪਣਾ ਘਰ ਨਾ ਬਣਾ ਸਕਣ।


-ਸਵਾਸਥ ਦਰਪਣ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX