ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  1 day ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  1 day ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  1 day ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  1 day ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  1 day ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  1 day ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  1 day ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  1 day ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  1 day ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਬਾਲ ਸੰਸਾਰ

ਬਾਲ ਕਹਾਣੀ: ਸਬਰ ਦਾ ਫ਼ਲ

ਇਕ ਵਾਰ ਦੀ ਗੱਲ ਹੈ, ਇਕ ਪਿੰਡ ਵਿਚ ਇਕ ਬਹੁਤ ਹੀ ਸਿਆਣਾ ਤੇ ਤਜਰਬੇਕਾਰ ਮਾਲੀ ਰਹਿੰਦਾ ਸੀ। ਆਪਣੀ ਸਾਰੀ ਜ਼ਿੰਦਗੀ 'ਚ ਉਸ ਨੇ ਬਹੁਤ ਸਾਰੇ ਫਲਦਾਰ ਬਾਗ ਲਗਾਏ ਸਨ ਤੇ ਆਪਣੇ ਬਾਗਾਂ ਦੇ ਫਲਾਂ ਦੇ ਰਸੀਲੇ ਸੁਆਦ ਕਾਰਨ ਉਹ ਬਹੁਤ ਸਾਰੇ ਰਾਜੇ-ਮਹਾਰਾਜਿਆਂ ਤੋਂ ਇਨਾਮ ਪ੍ਰਾਪਤ ਕਰ ਚੁੱਕਾ ਸੀ। ਕਾਫੀ ਬਿਰਧ ਹੋ ਜਾਣ ਕਾਰਨ ਹੁਣ ਉਸ ਨੇ ਇਹ ਕੰਮ ਛੱਡ ਦਿੱਤਾ ਸੀ ਤੇ ਆਪਣੇ ਪਰਿਵਾਰ 'ਚ ਬੜੇ ਆਰਾਮ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਉਸ ਦੀ ਦੂਰ ਦੀ ਰਿਸ਼ਤੇਦਾਰੀ 'ਚੋਂ ਲਗਦੇ ਦੋ ਭਤੀਜੇ, ਸੱਜਣ ਅਤੇ ਗੱਜਣ ਵੀ ਇਹੋ ਕੰਮ ਕਰਦੇ ਸਨ ਪਰ ਉਹ ਬਹੁਤੇ ਤਜਰਬੇਕਾਰ ਨਹੀਂ ਸਨ। ਇਕ ਦਿਨ ਉਹ ਦੋਵੇਂ ਬਜ਼ੁਰਗ ਮਾਲੀ ਨੂੰ ਮਿਲਣ ਆਏ ਤੇ ਉਸ ਕੋਲੋਂ ਉਸ ਦੇ ਬਾਗਾਂ ਦੇ ਫਲਾਂ ਦੀ ਮਿਠਾਸ ਦਾ ਭੇਤ ਪੁੱਛਣ ਲੱਗੇ। ਕੁਝ ਮੁਸਕਰਾਉਂਦਿਆਂ ਬਜ਼ੁਰਗ ਕਮਰੇ ਅੰਦਰ ਗਿਆ ਤੇ ਦੋਵਾਂ ਨੂੰ ਕਿਸੇ ਅਦਭੁਤ ਫਲ ਦੀ ਇਕ-ਇਕ ਗੁਠਲੀ ਦਿੰਦਿਆਂ ਕਹਿਣ ਲੱਗਾ, 'ਇਹ ਗੁਠਲੀ ਕਿਸੇ ਢੁਕਵੀਂ ਥਾਂ ਬੀਜ ਇਸ ਦੇ ਰੁੱਖ ਬਣਨ ਤੱਕ ਪੂਰੀ ਸੰਭਾਲ ਕਰਨੀ। ਜਦੋਂ ਇਹ ਪੂਰਾ ਰੁੱਖ ਬਣ ਗਈ ਤਾਂ ਇਸ ਨੂੰ ਬਹੁਤ ਹੀ ਸਵਾਦਿਸ਼ਟ ਫਲ ਲੱਗਣਗੇ। ਪਰ ਖਿਆਲ ਰੱਖਣਾ ਕੋਈ ਵੀ ਫਲ ਉਦੋਂ ਤੱਕ ਨਾ ਤੋੜਨਾ, ਜਦ ਤੱਕ ਇਹ ਪੱਕ ਕੇ ਆਪ ਨਾ ਡਿਗਣਾ ਸ਼ੁਰੂ ਕਰ ਦੇਣ, ਫਲਾਂ ਦੀ ਮਿਠਾਸ ਦਾ ਭੇਤ ਫਿਰ ਤੁਸੀਂ ਆਪੇ ਜਾਣ ਜਾਵੋਗੇ।'
ਇਹ ਸੁਣ ਉਹ ਦੋਵੇਂ ਬਹੁਤ ਖੁਸ਼ ਹੋਏ। ਆਪਣੇ ਪਿੰਡ ਵਾਪਸ ਆ ਦੋਵਾਂ ਨੇ ਆਪੋ-ਆਪਣੀ ਗੁਠਲੀ ਆਪਣੇ-ਆਪਣੇ ਵਿਹੜੇ 'ਚ ਲਗਾ ਦਿੱਤੀ। ਥੋੜ੍ਹੇ ਦਿਨਾਂ ਬਾਅਦ ਕਰੂੰਬਲਾਂ ਫੁੱਟੀਆਂ ਤਾਂ ਦੋਵੇਂ ਖਾਦ-ਪਾਣੀ ਅਤੇ ਗੋਡੀ ਰਾਹੀਂ ਆਪਣੇ-ਆਪਣੇ ਬੂਟੇ ਦੀ ਪਰਵਰਿਸ਼ ਕਰਨ ਲੱਗੇ। ਸਮਾਂ ਪਾ ਕੇ ਦੋਵਾਂ ਦੇ ਪੌਦੇ ਛੋਟੇ-ਛੋਟੇ ਰੁੱਖਾਂ 'ਚ ਬਦਲ ਗਏ ਪਰ ਹਾਲੇ ਤੱਕ ਉਨ੍ਹਾਂ ਦੋਵਾਂ ਨੂੰ ਕੋਈ ਫਲ ਨਹੀਂ ਲੱਗਿਆ ਸੀ। ਫਲ ਨਾ ਲੱਗਣ ਕਾਰਨ ਗੱਜਣ ਨਿਰਾਸ਼ ਰਹਿਣ ਲੱਗਾ ਪਰ ਸੱਜਣ ਆਪਣੇ ਵਾਲੇ ਬੂਟੇ ਦੀ ਸਾਂਭ-ਸੰਭਾਲ ਪਹਿਲਾਂ ਵਾਂਗ ਹੀ ਕਰਦਾ ਰਿਹਾ।
ਅਗਲੇ ਵਰ੍ਹੇ ਜਦੋਂ ਬਹਾਰ ਰੁੱਤ ਆਈ ਤਾਂ ਦੋਵਾਂ ਦੇ ਚਿਹਰੇ ਖਿੜ ਉੱਠੇ। ਦੋਵਾਂ ਦੇ ਬੂਟਿਆਂ ਨੂੰ ਬੂਰ ਪੈ ਗਿਆ ਸੀ। ਹੁਣ ਗੱਜਣ ਫਿਰ ਤੋਂ ਪਹਿਲਾਂ ਵਾਂਗ ਹੀ ਆਪਣੇ ਬੂਟੇ ਨੂੰ ਪਾਣੀ-ਧਾਣੀ ਦੇਣ ਲੱਗਾ। ਇਨ੍ਹਾਂ 'ਚ ਹੀ ਬੂਰ ਨਿੱਕੇ-ਨਿੱਕੇ ਫਲਾਂ 'ਚ ਬਦਲ ਗਿਆ। ਰੋਜ਼ ਦੀ ਰੋਜ਼ ਉਹ ਨਿੱਕੇ ਫਲ ਮੋਟੇ ਹੋਣ ਲੱਗੇ ਤੇ ਉਨ੍ਹਾਂ ਦਾ ਰੰਗ ਵੀ ਗੁਲਾਬੀ ਭਾਅ ਮਾਰਨ ਲੱਗਾ। ਫਲਾਂ ਦੀ ਭਿੰਨੀ-ਭਿੰਨੀ ਸੁਗੰਧ ਨਾਲ ਦੋਵਾਂ ਦੇ ਵਿਹੜੇ ਮਹਿਕਣ ਲੱਗੇ। ਪੰਛੀਆਂ ਤੋਂ ਫਲਾਂ ਦੀ ਰਾਖੀ ਕਰਦਿਆਂ ਕਈ ਵਾਰ ਉਨ੍ਹਾਂ ਦਾ ਮਨ ਫਲਾਂ ਦਾ ਸੁਆਦ ਚੱਖਣ ਲਈ ਕਾਹਲਾ ਪੈਣ ਲਗਦਾ ਪਰ ਫਿਰ ਉਨ੍ਹਾਂ ਨੂੰ ਬਜ਼ੁਰਗ ਮਾਲੀ ਦੇ ਕਹੇ ਉਹ ਬੋਲ ਚੇਤੇ ਆ ਜਾਂਦੇ, '...ਕੋਈ ਵੀ ਫਲ ਉਦੋਂ ਤੱਕ ਨਾ ਤੋੜਨਾ, ਜਦ ਤੱਕ ਇਹ ਪੱਕ ਕੇ ਆਪ ਨਾ ਡਿਗਣਾ ਸ਼ੁਰੂ ਕਰ ਦੇਣ।'
ਉਹ ਦੋਵੇਂ ਫਲਾਂ ਦੇ ਪੱਕਣ ਦੀ ਉਡੀਕ ਕਰਦੇ ਰਹਿੰਦੇ ਪਰ ਫਲ ਸਨ ਕਿ ਪੱਕ ਕੇ ਡਿਗਣ ਦੀ ਥਾਂ ਦਿਨੋ-ਦਿਨ ਹੋਰ ਮੋਟੇ, ਰੰਗੀਨ ਤੇ ਮਹਿਕਦਾਰ ਹੋਈ ਜਾ ਰਹੇ ਸਨ। ਆਖਰ ਇਕ ਦਿਨ ਗੱਜਣ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਸ ਨੇ ਆਪਣੇ ਬੂਟੇ ਨਾਲੋਂ ਇਕ ਸੋਹਣਾ ਜਿਹਾ ਫਲ ਤੋੜ ਹੀ ਲਿਆ। ਜਦੋਂ ਉਸ ਨੇ ਫਲ ਚੱਖਿਆ ਤਾਂ ਉਸ ਨੂੰ ਇਕ ਵੱਖਰਾ ਹੀ ਸੁਆਦ ਆਇਆ, ਨਾ ਖੱਟਾ, ਨਾ ਮਿੱਠਾ। ਫਲਾਂ ਦਾ ਮਹਿੰਗਾ ਮੁੱਲ ਵੱਟਣ ਦੇ ਲਾਲਚ 'ਚ ਉਸ ਨੇ ਬਾਕੀ ਫਲ ਵੀ ਤੋੜ ਟੋਕਰੀ 'ਚ ਸਜਾ ਲਏ। ਹਾਲੇ ਉਹ ਚਾਅ 'ਚ ਹੀ ਸੀ ਕਿ ਉਸ ਦੇ ਮੂੰਹ ਦਾ ਸੁਆਦ ਕੁਸੈਲਾ ਹੋਣ ਲੱਗਾ। ਜਦੋਂ ਉਸ ਨੇ ਅੰਦਰ ਜਾ ਟੋਕਰੀ 'ਚ ਸਜਾਏ ਬਾਕੀ ਫਲ ਦੇਖੇ ਤਾਂ ਉਹ ਵੀ ਬਦਰੰਗ ਹੋ ਬਦਬੂ ਮਾਰਨ ਲੱਗੇ ਸਨ। ਉਹ ਮਨੋਮਨੀ ਆਪਣੀ ਗ਼ਲਤੀ 'ਤੇ ਬਹੁਤ ਪਛਤਾਇਆ।
ਕੁਝ ਦਿਨਾਂ ਬਾਅਦ ਵੀ ਉਸ ਦੇ ਮੂੰਹ ਦਾ ਸੁਆਦ ਠੀਕ ਨਾ ਹੋਇਆ। ਅਚਾਨਕ ਇਕ ਦਿਨ ਉਹ ਸੱਜਣ ਦੇ ਵਿਹੜੇ ਅੱਗਿਓਂ ਲੰਘਿਆ ਤਾਂ ਸੱਜਣ ਵਾਲਾ ਰੁੱਖ ਹਾਲੇ ਵੀ ਮਹਿਕਾਂ ਖਿਲਾਰ ਰਿਹਾ ਸੀ। ਅੱਜ ਸਵੇਰੇ ਹੀ ਉਨ੍ਹਾਂ ਦੇ ਰੁੱਖ ਹੇਠ ਪਹਿਲਾ ਫਲ ਪੱਕ ਕੇ ਡਿਗਿਆ ਸੀ ਤੇ ਸਾਰਾ ਪਰਿਵਾਰ ਉਸ ਰਸੀਲੇ ਫਲ ਦਾ ਸੁਆਦ ਚੱਖ ਖੁਸ਼ੀ 'ਚ ਖੀਵਾ ਹੋ ਰਿਹਾ ਸੀ। ਗੱਜਣ ਨੂੰ ਦੇਖ ਸੱਜਣ ਨੇ ਇਕ ਫਲ ਉਸ ਨੂੰ ਵੀ ਖਾਣ ਲਈ ਦਿੱਤਾ। ਫਲ ਦੀ ਏਨੀ ਮਿਠਾਸ ਸੀ ਕਿ ਖਾਂਦਿਆਂ ਸੱਜਣ ਦੇ ਮੂੰਹ ਦਾ ਕੁਸੈਲਾਪਣ ਦੂਰ ਹੋ ਗਿਆ। ਆਪਣੀ ਕੀਤੀ ਕਾਹਲੀ 'ਤੇ ਉਹ ਫਿਰ ਪਛਤਾਉਣ ਲੱਗਾ। ਉਸ ਦੀਆਂ ਅੱਖਾਂ ਅੱਗੇ ਬਜ਼ੁਰਗ ਮਾਲੀ ਦਾ ਚਿਹਰਾ ਘੁੰਮਣ ਲੱਗਾ ਤੇ ਉਹ ਆਪਮੁਹਾਰੇ ਹੀ ਬੋਲ ਉੱਠਿਆ, 'ਫਲ ਤਾਂ ਹਮੇਸ਼ਾ ਸਬਰ ਦਾ ਮਿੱਠਾ ਹੁੰਦਾ, ਮੈਨੂੰ ਤਾਂ ਅੱਜ ਪਤਾ ਲੱਗਿਆ।'

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ)। ਮੋਬਾ: 98550-24495


ਖ਼ਬਰ ਸ਼ੇਅਰ ਕਰੋ

ਅੱਜ ਪਿਤਾ ਦਿਵਸ 'ਤੇ ਵਿਸ਼ੇਸ਼

ਖਾਹਿਸ਼ਾਂ ਬੱਚਿਆਂ ਦੀਆਂ...

ਖਾਹਿਸ਼ਾਂ ਬੱਚਿਆਂ ਦੀਆਂ ਹੋਣ ਨਜਾਇਜ਼ ਭਾਵੇਂ,
ਔਖਾ-ਸੌਖਾ ਹੋ ਕੇ ਵੀ ਪੂਰੀਆਂ ਕਰੇ ਬਾਪੂ।
ਕਿਸੇ ਚੀਜ਼ ਦੀ ਰਹੇ ਨਾ ਘਾਟ ਬਾਕੀ,
ਓਵਰ ਟਾਈਮ ਦੀ ਥਕਾਵਟ ਵੀ ਜ਼ਰੇ ਬਾਪੂ।
ਔਲਾਦ ਕਰੇ ਜੇ ਮਾੜਾ ਕੰਮ ਕਿਧਰੇ,
ਹਾਜ਼ਰੀ ਠਾਣੇ ਕਚਹਿਰੀਆਂ 'ਚੋਂ ਭਰੇ ਬਾਪੂ।
ਪੁੱਤਰ ਬਚ ਜਾਏ ਭੈੜੀਆਂ ਸੰਗਤਾਂ ਤੋਂ,
ਪਾਖੰਡੀ ਸਾਧਾਂ ਦੇ ਡੇਰੇ ਵੀ ਸਿਰ ਧਰੇ ਬਾਪੂ।
ਦੁੱਖ ਨਿਆਣਿਆਂ ਦੇ ਸਹਿਣੇ ਬੜੇ ਔਖੇ,
ਠੰਢੇ ਪਾਣੀਆਂ ਦੇ ਵਿਚ ਵੀ ਫਿਰ ਤਰੇ ਬਾਪੂ।
ਮਾਂ ਇਕੱਲੀ ਤੋਂ ਕਾਬੂ ਨਾ ਜੁਆਕ ਆਉਂਦੇ,
ਝਿੜਕ ਦੇਣ ਲਈ ਹੋਵੇ ਨਾ ਜੇ ਘਰੇ ਬਾਪੂ।
ਬਿਨਾਂ ਪਿਓ ਦੇ ਜਿਊਣਾ ਵੀ ਕੀ ਜੀਣਾ,
ਬੇ-ਵਕਤ ਨਾ ਕਦੀ ਕਿਸੇ ਦਾ ਮਰੇ ਬਾਪੂ।
ਬਿੱਲ ਹੀਟ ਦਾ ਬਲਵਿੰਦਰ ਘੱਟ ਕਰਨਾ,
ਵਿਚ ਬੇਸਮੈਂਟ ਦੇ ਠੰਢ ਨਾਲ ਠਰੇ ਬਾਪੂ।

-ਗਿੱਲ ਬਲਵਿੰਦਰ, ਕੈਨੇਡਾ
Email : gillbs1@hotmail.com

ਮਨੁੱਖ ਦਾ ਮਿੱਤਰ ਜਾਨਵਰ ਸੱਲੇਹ

ਪੈਂਗੋਲਿਨ ਜਿਸ ਨੂੰ ਅਸੀਂ ਆਮ ਤੌਰ 'ਤੇ ਸੱਲੇਹ ਵੀ ਕਹਿੰਦੇ ਹਾਂ, ਇਕ ਕੀੜੇ ਖਾਣ ਵਾਲਾ ਜੰਗਲੀ ਜਾਨਵਰ ਹੈ, ਜੋ ਕਿ ਪੰਜਾਬ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਮਿਲਦਾ ਹੈ। ਇਹ ਜਾਨਵਰ ਅੱਜ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਚੁੱਕਾ ਹੈ। ਬੇਸ਼ੱਕ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ੈਡਿਊਲ ਇਕ ਵਿਚ ਰੱਖਿਆ ਹੈ, ਫਿਰ ਵੀ ਇਸ ਦੀ ਗਿਣਤੀ ਵਧਦੀ ਜਾ ਰਹੀ ਹੈ। ਪੈਂਗੋਲਿਨ (ਸੱਲੇਹ) ਦੇ ਮੂੰਹ ਵਿਚ ਕੋਈ ਦੰਦ ਨਹੀਂ ਹੁੰਦਾ। ਇਹ ਜੰਗਲੀ ਜਾਨਵਰ ਰਾਤ ਵੇਲੇ ਜਾਗਣ ਵਾਲੇ ਜਾਨਵਰਾਂ ਵਿਚੋਂ ਹੈ ਤੇ ਕੀੜੇ-ਮਕੌੜੇ, ਸਿਉਂਕ ਆਦਿ ਖਾਂਦਾ ਹੈ ਤੇ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਸੰਸਾਰ ਭਰ ਵਿਚ ਸੱਲੇਹ ਦੀਆਂ ਅੱਠ ਕਿਸਮਾਂ ਹਨ ਤੇ ਸਾਰੀਆਂ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਂਦੀਆਂ ਹਨ। ਸੱਲੇਹ ਜ਼ਿਆਦਾਤਰ ਕੀੜਿਆਂ, ਸਿਉਂਕ ਦੀਆਂ ਢੇਰੀਆਂ ਪੁੱਟਣ, ਸੁੱਕੇ ਹੋਏ ਦਰੱਖਤਾਂ ਦੇ ਛਿੱਲੜ ਲਾਹ ਕੇ ਸਿਉਂਕ ਵਰਗੇ ਨੁਕਸਾਨ ਦੇਣ ਵਾਲੇ ਕੀੜੇ ਕੱਢਦਾ ਤੇ ਖਾਂਦਾ ਹੈ। ਸੱਲੇਹ ਦਾ ਸਾਰਾ ਜਿਸਮ ਛਿੱਲੜਾਂ (ਸਕਲੇਜ਼) ਨਾਲ ਭਰਿਆ ਹੁੰਦਾ ਹੈ। ਇਹ ਛਿੱਲੜ ਬਹੁਤ ਸਖ਼ਤ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਹ ਛਿੱਲੜ ਸਾਡੇ ਨਹੁੰ ਵਾਂਗ ਕ੍ਰੇਟਿਨ ਤੱਤ ਦੇ ਬਣੇ ਹੁੰਦੇ ਹਨ। ਸੱਲੇਹ ਦੇ ਜਿਸਮ 'ਤੇ ਇਹ ਛਿੱਲੜ ਉਸ ਦੇ ਭਾਰ ਦਾ 20 ਫੀਸਦੀ ਹਿੱਸਾ ਹੁੰਦੇ ਹਨ। ਜਦ ਇਸ ਜਾਨਵਰ ਨੂੰ ਕਿਸੇ ਤੋਂ ਕੋਈ ਖ਼ਤਰਾ ਨਜ਼ਰ ਆਵੇ ਤੇ ਇਹ ਆਪਣਾ ਸਾਰਾ ਸਰੀਰ ਇਕ ਗੇਂਦ ਦੀ ਤਰ੍ਹਾਂ ਇਕੱਠਾ ਕਰ ਲੈਂਦਾ ਹੈ ਤੇ ਆਪਣੇ ਜਿਸਮ ਦੇ ਛਿੱਲੜ ਖੜ੍ਹੇ ਤੇ ਉਭਾਰ ਕੇ ਤਿੱਖੇ ਕਰ ਲੈਂਦਾ ਹੈ।
ਸੱਲੇਹ ਦੀ ਜੀਭ 15 ਤੋਂ 16 ਇੰਚ ਦੇ ਲਗਪਗ ਲੰਮੀ ਹੁੰਦੀ ਹੈ ਤੇ ਬਹੁਤ ਚਿਪਚਿਪੀ ਹੁੰਦੀ ਹੈ। ਜਿਸ ਵੀ ਕੀੜੇ ਨੂੰ ਸੱਲੇਹ ਆਪਣੀ ਜੀਭ ਲਾਉਂਦਾ ਜਾਂਦਾ ਹੈ, ਉਹ ਜੀਭ ਨਾਲ ਚਿੰਬੜਦਾ ਜਾਂਦਾ ਹੈ ਤੇ ਭੱਜ ਨਹੀਂ ਸਕਦਾ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਕੁਦਰਤ ਨੇ ਨੁਕਸਾਨ ਕਰਨ ਵਾਲੇ ਕੀੜੇ-ਮਕੌੜੇ ਲੱਖਾਂ ਦੀ ਗਿਣਤੀ ਵਿਚ ਬਣਾਏ ਹਨ ਤੇ ਸੱਲੇਹ ਵਰਗੇ ਜਾਨਵਰ ਵੀ ਸਾਡੇ ਵਿਚ ਮੌਜੂਦ ਹਨ, ਜੋ ਕਿ ਕੁਦਰਤ ਦਾ ਸੰਤੁਲਨ ਕਾਇਮ ਰੱਖਣ ਵਿਚ ਸਾਡੀ ਮਦਦ ਕਰਦੇ ਹਨ। ਸਾਡੇ ਵਿਚੋਂ ਬਹੁਤ ਸਾਰੇ ਜਦ ਵੀ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਜਾਣ ਜਾਂ ਫਿਰ ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ ਜਿਹੇ ਇਲਾਕਿਆਂ ਵਿਚ ਜਾਣ ਤਾਂ ਸੱਲੇਹ ਵਰਗੇ ਜਾਨਵਰ ਨੂੰ ਦੇਖ ਸਕਦੇ ਹਨ। ਬਹੁਤ ਸਾਰੇ ਲੋਕ ਤਾਂ ਡਰ ਵਜੋਂ ਬਿਨਾਂ ਜਾਣੇ-ਬੁੱਝੇ ਲਾਠੀਆਂ, ਬਰਛੀਆਂ ਜਾਂ ਫਿਰ ਤੇਜ਼ ਹਥਿਆਰਾਂ ਨਾਲ ਇਸ ਨਿਰਦੋਸ਼ ਜਾਨਵਰ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਮਾਸ ਤੇ ਖੂਨ ਤੋਂ ਤਾਕਤ ਦੇ ਕੈਪਸੂਲ ਬਣਾਏ ਜਾਂਦੇ ਹਨ।
ਅੱਜ ਤੇਜ਼ੀ ਨਾਲ ਹੋ ਰਹੇ ਵਿਕਾਸ ਕਰਕੇ ਸੱਲੇਹ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵੀ ਸੁਰੱਖਿਅਤ ਨਹੀਂ ਹੈ। ਆਓ ਪ੍ਰਣ ਕਰੀਏ ਕਿ ਇਸ ਨੂੰ ਅਸੀਂ ਕਦੇ ਮਾਰਾਂਗੇ ਨਹੀਂ, ਇਹ ਸਦਾ ਹੀ ਜ਼ਿਮੀਂਦਾਰਾਂ ਦਾ ਅਤੇ ਸਾਡਾ ਸਭਨਾਂ ਦਾ ਵੱਡਾ ਦੋਸਤ ਹੈ।

-ਨੇਚਰ ਕੰਜਰਵੇਸ਼ਨ ਸੁਸਾਇਟੀ, ਪੰਜਾਬ।
ਮੋਬਾ: 98884-56910

ਬੁਝਾਰਤਾਂ

1. ਡਿੰਗ-ਪੜਿੰਗੀਆਂ ਲੱਕੜੀਆਂ, ਡਿੰਗ ਪੜਿੰਗਾ ਰਸ,
ਜਿਹੜਾ ਮੇਰੀ ਬਾਤ ਨਾ ਬੁੱਝੇ, ਰੁਪਏ ਦੇਵੇ ਦਸ।
2. ਇਕ ਮਾਂ, ਧੀਆਂ-ਪੁੱਤਰ ਬੇਸ਼ੁਮਾਰ,
ਬਚਦੇ ਜੋ ਹੋ ਜਾਂਦੇ ਨੇ ਕੁੰਡਲੋਂ ਬਾਹਰ।
3. ਅਮਰ ਵੇਲ, ਅਮਰ ਵੇਲ, ਕਈਆਂ ਦੇ ਕੁਹਾੜੇ ਟੁੱਟੇ,
ਪਰ ਅਮਰ ਵੇਲ ਨਹੀਂ ਟੁੱਟਦੀ।
4. ਐਡੇ ਜ਼ੋਰ ਦੀ ਵਰਖਾ ਹੋਈ, ਹਾਥੀ ਖੜ੍ਹਾ ਨਹਾਵੇ,
ਸਾਰਾ ਸ਼ਹਿਰ ਵਿਚ ਡੁੱਬ ਜਾਵੇ, ਪਰ ਕੌਲ ਨਾ ਭਰਿਆ ਜਾਵੇ।
5. ਕੌਣ ਤਪੱਸਿਆ ਨਿੱਤ ਕਰੇ, ਕੌਣ ਜੋ ਨਿੱਤ ਨਹਾਵੇ,
ਕੌਣ ਜੋ ਸਭ ਰਸ ਉਗਲਦਾ, ਕੌਣ ਜੋ ਸਭ ਰਸ ਖਾਵੇ।
6. ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,
ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹੈ।
7. ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ।
8. ਐਡੀ ਦਿੱਲੀ ਦੇ ਵਣਜਾਰੇ, ਚਿੱਟੀ ਚਾਦਰ ਪਏ ਚੰਗਿਆੜੇ।
9. ਸਾਉਣ-ਭਾਦੋਂ ਇਕ ਰੁੱਤ, ਦੋ ਬੁੱਢੀਆਂ ਦੀ ਇਕ ਗੁੱਤ।
10. ਅੰਤ ਕਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾਂ।
ਵਿਚਾਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸ ਦਾ ਨਾਂਅ।
ਉੱਤਰ : (1) ਜਲੇਬੀ, (2) ਸੱਪ, (3) ਛਾਂ, (4) ਤਰੇਲ, (5) ਸੂਰਜ, ਮੱਛੀ, ਬੱਦਲ, ਧਰਤੀ, (6) ਬਿਜਲੀ, (7) ਮੁੜ੍ਹਕਾ, (8) ਸੂਰਜ, ਚੰਦ, ਤਾਰੇ, (9) ਪੀਂਘ, (10) ਕਾਗਜ਼।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿਸੀਲ ਸਮਰਾਲਾ (ਲੁਧਿਆਣਾ)।
ਮੋਬਾ: 98763-22677

ਬਾਲ ਨਾਵਲ-16: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਧਾਰਥ ਤਾਂ ਵਿਦਿਆਰਥੀ ਜੀਵਨ ਤੋਂ ਹੀ ਰਣਬੀਰ ਵੀਰ ਜੀ ਦਾ ਪੂਰਾ ਭਗਤ ਸੀ ਅਤੇ ਹੁਣ ਉਹ ਉਨ੍ਹਾਂ ਦੇ ਸਕੂਲ ਵਿਚ ਹੀ ਟੀਚਰ ਲੱਗ ਗਿਆ ਸੀ। ਉਸ ਨੇ ਆਪਣੇ ਵੀਰ ਜੀ ਨੂੰ ਕਹਿ ਦਿੱਤਾ ਸੀ ਕਿ ਜਦੋਂ ਤੁਸੀਂ ਸਕੂਲ ਖੋਲ੍ਹੋਗੇ, ਮੈਂ ਸ਼ਾਮ ਨੂੰ ਜਿੰਨੀ ਦੇਰ ਕਹੋਗੇ, ਆ ਕੇ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਕਰਿਆ ਕਰਾਂਗਾ।
ਪ੍ਰਿੰਸੀਪਲ ਰਣਬੀਰ ਸਿੰਘ ਨੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲੇ ਸਕੂਲ ਦੀ ਸ਼ੁਰੂਆਤ ਕਰ ਦਿੱਤੀ। ਬਹੁਤ ਮਿਹਨਤ ਕਰਨ ਦੇ ਬਾਅਦ ਉਨ੍ਹਾਂ ਦੇ ਸਕੂਲ ਰੂਪੀ ਬੂਟੇ ਨੇ ਜੜ੍ਹਾਂ ਫੜਨੀਆਂ ਸ਼ੁਰੂ ਕਰ ਦਿੱਤੀਆਂ। ਜੜ੍ਹਾਂ ਫੜਨ ਤੋਂ ਬਾਅਦ ਛੋਟੇ ਬੂਟੇ ਦੀਆਂ ਅਜੇ ਨਵੀਆਂ ਕਰੂੰਬਲਾਂ ਨਿਕਲਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਉਸ ਉੱਪਰ ਬਿਜਲੀ ਡਿਗ ਪਈ।
ਪ੍ਰਿੰਸੀਪਲ ਰਣਬੀਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਡਾਕਟਰਾਂ ਦੇ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਉਹ ਤਿੰਨ ਦਿਨ ਤੋਂ ਜ਼ਿਆਦਾ ਨਾ ਰਹਿ ਸਕੇ। ਚੌਥੇ ਦਿਨ ਉਹ ਹਮੇਸ਼ਾ ਲਈ ਅੱਖਾਂ ਮੀਟ ਗਏ। ਉਸ ਵਕਤ ਉਨ੍ਹਾਂ ਦੀ ਪਤਨੀ ਸੁਰਜੀਤ ਅਤੇ ਸਿਧਾਰਥ ਹੀ ਉਨ੍ਹਾਂ ਦੇ ਕੋਲ ਸਨ। ਉਹ ਸਾਰੀ ਉਮਰ ਲੋਕਾਂ ਦੀ ਸੇਵਾ ਕਰਦੇ ਰਹੇ ਪਰ ਆਪ ਉਨ੍ਹਾਂ ਨੇ ਕਿਸੇ ਕੋਲੋਂ ਵੀ ਸੇਵਾ ਨਹੀਂ ਕਰਵਾਈ।
ਸਕੂਲ ਰੂਪੀ ਬੂਟਾ ਜਿਹੜਾ ਅਜੇ ਪੁੰਗਰਨ ਹੀ ਲੱਗਾ ਸੀ, ਮੁਰਝਾਉਣਾ ਸ਼ੁਰੂ ਹੋ ਗਿਆ। ਰਣਬੀਰ ਸਿੰਘ ਦੀ ਪਤਨੀ ਸੁਰਜੀਤ, ਜਿਸ ਨੂੰ ਹੁਣ ਸਾਰੇ ਮਾਤਾ ਜੀ ਕਹਿੰਦੇ ਸਨ ਅਤੇ ਸਿਧਾਰਥ ਨੇ ਉਸ ਨੂੰ ਨਵੇਂ ਸਿਰਿਓਂ ਸਿੰਜਣਾ, ਗੋਡਣਾ ਸ਼ੁਰੂ ਕੀਤਾ, ਜਿਸ ਨਾਲ ਉਹ ਮੁੜ ਪਲਰਨਾ ਸ਼ੁਰੂ ਹੋ ਗਿਆ।
ਇਕ ਛੋਟਾ ਬੱਚਾ ਗਲੀ 'ਚੋਂ ਦੌੜਦਾ-ਦੌੜਦਾ ਆਇਆ ਅਤੇ ਅੰਦਰ ਆਉਂਦਿਆਂ ਹੀ ਮੰਮੀ ਨੂੰ ਕਹਿਣ ਲੱਗਾ, 'ਮੰਮੀ-ਮੰਮੀ, ਮੈਨੂੰ ਦੋ ਰੁਪਏ ਦਿਓ।'
'ਹੁਣ ਤੂੰ ਦੋ ਰੁਪਏ ਕੀ ਕਰਨੇ ਨੇ?' ਮੰਮੀ ਨੇ ਪੁੱਛਿਆ।
'ਖੱਟੀਆਂ-ਮਿੱਠੀਆਂ ਗੋਲੀਆਂ ਵੇਚਣ ਵਾਲਾ ਲੜਕਾ ਆਇਐ, ਮੈਂ ਗੋਲੀਆਂ ਅਤੇ ਟਾਫੀਆਂ ਲੈਣੀਆਂ ਨੇ', ਬੱਚੇ ਨੇ ਜਵਾਬ ਦਿੱਤਾ।
'ਅੱਛਾ ਦੇਨੀ ਆਂ ਹੁਣੇ', ਕਹਿ ਕੇ ਉਸ ਦੀ ਮੰਮੀ ਆਏ ਮਹਿਮਾਨ ਸਿਧਾਰਥ ਨੂੰ ਕਹਿਣ ਲੱਗ ਪਈ, 'ਕਈ ਸਾਲਾਂ ਤੋਂ ਰੋਜ਼ ਸ਼ਾਮ ਨੂੰ ਇਕ ਲੜਕਾ ਗੋਲੀਆਂ-ਟਾਫੀਆਂ ਵੇਚਣ ਆਉਂਦੈ। ਕਹਿੰਦੈ ਸਵੇਰੇ ਮੈਂ ਪੜ੍ਹਨ ਜਾਂਦਾਂ ਅਤੇ ਸ਼ਾਮ ਨੂੰ ਗੋਲੀਆਂ-ਟਾਫੀਆਂ ਵੇਚ ਕੇ ਆਪਣੀ ਫੀਸ ਜੋਗੇ ਪੈਸੇ 'ਕੱਠੇ ਕਰਦਾਂ। ਐਤਵਾਰ ਵਾਲੇ ਦਿਨ ਸਵੇਰੇ-ਸ਼ਾਮ ਦੋਵੇਂ ਵੇਲੇ ਆਉਂਦਾ ਵਿਚਾਰਾ...।'
'ਮੰਮੀ, ਜਲਦੀ ਦਿਓ ਪੈਸੇ, ਉਹ ਚਲਾ ਜਾਏਗਾ', ਬੱਚੇ ਨੇ ਕਾਹਲੇ ਪੈਂਦਿਆਂ ਕਿਹਾ।
'ਚੱਲ, ਮੈਂ ਚਲਦਾਂ ਤੇਰੇ ਨਾਲ, ਨਾਲੇ ਮੈਂ ਤੈਨੂੰ ਗੋਲੀਆਂ ਲੈ ਦੇਨਾਂ ਅਤੇ ਨਾਲੇ ਮੈਂ ਵੀ ਉਸ ਮੁੰਡੇ ਨੂੰ ਮਿਲ ਲੈਂਦਾ ਵਾਂ', ਸਿਧਾਰਥ ਬੱਚੇ ਦਾ ਹੱਥ ਫੜ ਕੇ ਬਾਹਰ ਗਲੀ ਵੱਲ ਤੁਰ ਪਿਆ।
'ਸੰਤਰੇ ਵਾਲੀਆਂ ਖੱਟੀਆਂ-ਮਿੱਠੀਆਂ ਗੋਲੀਆਂ, ਚਾਕਲੇਟ ਵਾਲੀਆਂ ਟਾਫੀਆਂ ਲੈ ਲਓ' ਦੀ ਆਵਾਜ਼ ਦਿੰਦਾ ਹੋਇਆ ਲੜਕਾ ਵੱਡੀ ਗਲੀ ਦੇ ਮੋੜ ਕੋਲ ਪਹੁੰਚ ਗਿਆ ਸੀ। ਸਿਧਾਰਥ ਨੇ ਬੱਚੇ ਨੂੰ ਕਿਹਾ ਕਿ 'ਤੂੰ ਦੌੜ ਕੇ ਗੋਲੀਆਂ ਵਾਲੇ ਨੂੰ ਬੁਲਾ ਲਿਆ।'
ਬੱਚਾ ਦੌੜ ਕੇ ਗਿਆ ਅਤੇ ਖੱਟੀਆਂ-ਮਿੱਠੀਆਂ ਗੋਲੀਆਂ ਵਾਲੇ ਨੂੰ ਲੈ ਆਇਆ।
ਸਿਧਾਰਥ ਨੇ ਲੜਕੇ ਨੂੰ ਬੜੇ ਪਿਆਰ ਨਾਲ ਪੁੱਛਿਆ, 'ਬੇਟਾ, ਤੇਰਾ ਨਾਂਅ ਕੀ ਏ?'
'ਮੇਰਾ ਨਾਂਅ ਹਰੀਸ਼ ਐ ਜੀ।''ਤੂੰ ਪੜ੍ਹਾਈ ਵੀ ਕਰਦੈਂ?' ਸਿਧਾਰਥ ਨੇ ਉਸ ਦਾ ਪਿਆਰਾ ਜਿਹਾ ਚਿਹਰਾ ਨਿਹਾਰਦਿਆਂ ਪੁੱਛਿਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

* ਦਾਦਾ (ਪੋਤੇ ਨੂੰ)-ਲੁਕ ਜਾ ਗੁਰਜੋਤ, ਤੇਰੀ ਮੈਡਮ ਆਉਂਦੀ ਏ।
ਪੋਤਾ-ਦਾਦਾ ਜੀ, ਤੁਸੀਂ ਲੁਕ ਜਾਓ।
ਦਾਦਾ-ਕੰਜਰਾ, ਮੈਂ ਕਿਉਂ ਲੁਕਾਂ?
ਪੋਤਾ-ਤੁਹਾਡੇ ਮਰਨ ਦੇ ਬਹਾਨੇ ਮੈਂ ਦੋ ਹਫਤਿਆਂ ਦੀ ਛੁੱਟੀ ਲਈ ਸੀ।
* ਪਤੀ-ਪਤਨੀ ਦਾ ਆਪਸ ਵਿਚ ਝਗੜਾ ਹੋ ਗਿਆ। 10 ਦਿਨਾਂ ਤੱਕ ਇਕ-ਦੂਜੇ ਨਾਲ ਨਾ ਬੋਲੇ।
ਪਤਨੀ-ਜੀ, ਤੁਸੀਂ ਮੇਰੀ ਗੱਲ ਮੰਨ ਲਓ, ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਤੇ ਆਪਣਾ ਅੱਜ ਤੋਂ ਸਮਝੌਤਾ।
ਪਤੀ-ਮੈਂ ਕੀ ਕਰਾਂ?
ਪਤਨੀ-ਤੁਸੀਂ ਗ਼ਲਤੀ ਮੰਨ ਲਓ, ਮੈਂ ਮੁਆਫ਼ ਕਰ ਦੇਵਾਂਗੀ।
* ਅਧਿਆਪਕ ਨੇ ਦੂਸ਼ਿਤ ਹੋ ਰਹੇ ਵਾਤਾਵਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਇਕ ਦਿਨ ਐਸਾ ਆਵੇਗਾ, ਜਦੋਂ ਸਭ ਜੀਵ-ਜੰਤੂ ਖ਼ਤਮ ਹੋ ਜਾਣਗੇ।
ਰਵੀ-ਕੀ ਸਕੂਲ ਵਿਚ ਵੀ ਛੁੱਟੀ ਹੋਵੇਗੀ?
* ਪਤਨੀ-ਪਤਾ ਨਹੀਂ ਅੱਜ ਸਵੇਰੇ ਕਿਸ ਦਾ ਮੂੰਹ ਦੇਖਿਆ, ਰੋਟੀ ਵੀ ਨਸੀਬ ਨਹੀਂ ਹੋਈ।
ਪਤੀ-ਪਹਿਲਾਂ ਬੈੱਡਰੂਮ 'ਚ ਲੱਗਾ ਸ਼ੀਸ਼ਾ ਹਟਾ ਦੇ, ਨਹੀਂ ਤਾਂ ਰੋਜ਼ ਇਹੀ ਸ਼ਿਕਾਇਤ ਰਹੇਗੀ।

-ਅਮਨਦੀਪ ਕੌਰ ਮਾਨ ਭੂੰਦੜੀ,
ਹੈਮਿਲਟਨ, ਟੋਰਾਂਟੋ, ਕੈਨੇਡਾ।
ਫੋਨ : +1(647)9675565
bhundri0002@gmail.com

ਬਾਲ ਸਾਹਿਤ

ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਨਵੀਆਂ ਬਾਲ ਪੁਸਤਕਾਂ ਬਾਲ ਹੱਥਾਂ ਤੱਕ ਅੱਪੜੀਆਂ ਹਨ। ਪਹਿਲੀ ਪੁਸਤਕ 'ਤੋਤਿਆਂ ਦੀ ਡਾਰ' ਵਿਚ ਵਿਸ਼ੇਸ਼ ਤੌਰ 'ਤੇ ਪ੍ਰਕਿਰਤੀ ਦੀ ਸੁੰਦਰਤਾ ਨੂੰ ਦਰਸਾਉਂਦੀਆਂ ਵੰਨ-ਸੁਵੰਨੀਆਂ ਕਵਿਤਾਵਾਂ ਅੰਕਿਤ ਹਨ। ਕਵੀ 'ਤੋਤਿਆਂ ਦੀ ਡਾਰ', 'ਬੱਚੇ ਦਾ ਫੁੱਲ ਨੂੰ ਸੁਆਲ', 'ਤੋਰੀਆਂ ਦੀ ਵੇਲ' ਅਤੇ 'ਚੰਦ ਦੀ ਸੈਰ' ਆਦਿ ਕਵਿਤਾਵਾਂ ਰਾਹੀਂ ਮਨੁੱਖੀ ਜੀਵਨ ਨੂੰ ਬਚਾਉਣ ਲਈ ਪ੍ਰਕਿਰਤੀ ਅਤੇ ਚੌਗਿਰਦੇ ਦੀ ਸਾਂਭ-ਸੰਭਾਲ ਕਰਨ ਦਾ ਸੁਨੇਹਾ ਦਿੰਦਾ ਹੈ।
ਦੂਜੇ ਪਾਸੇ ਕਵੀ ਵਰਤਮਾਨ ਵਿਗਿਆਨਕ ਯੁੱਗ ਬਾਰੇ ਵੀ ਆਪਣੀਆਂ ਭਾਵਨਾਵਾਂ ਬੱਚਿਆਂ ਨਾਲ ਸਾਂਝੀਆਂ ਕਰਦਾ ਹੈ। ਇਸ ਹਵਾਲੇ ਨਾਲ 'ਬਿਜਲੀ ਇਨਵਰਟਰ', 'ਉਲੰਪਿਕ ਖੇਡਾਂ', 'ਕੰਪਿਊਟਰ ਦਾ ਯੁੱਗ', 'ਪੱਖੇ ਪੱਖੀ ਦੀ ਲੜਾਈ', 'ਰੰਗਦਾਰ ਚਾਕ' ਅਤੇ 'ਨੰਨ੍ਹਾ ਇੰਜੀਨੀਅਰ' ਆਦਿ ਕਵਿਤਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਪ੍ਰਿੰ. ਗੋਸਲ ਰਚਿਤ ਦੂਜੀ ਪੁਸਤਕ 'ਸ਼ੇਰ-ਏ-ਪੰਜਾਬ ਦੀਆਂ ਅਮਰ ਕਹਾਣੀਆਂ' ਹੈ ਜੋ ਲੋਕ ਕਹਾਣੀ ਦੀ ਤਰਜ਼ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਕਾਰਜਾਂ ਉਪਰ ਚਾਨਣਾ ਪਾਉਂਦੀ ਹੈ। ਸਕੂਲੀ ਵਿਦਿਆਰਥੀ ਆਪਣੇ ਅਧਿਆਪਕ ਮਨਦੀਪ ਸਿੰਘ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਹੋਰ ਕਾਰਜਾਂ ਬਾਰੇ ਵੰਨ-ਸੁਵੰਨੇ ਸੁਆਲ ਪੁੱਛਦੇ ਹਨ। ਅਧਿਆਪਕ ਉਨ੍ਹਾਂ ਨੂੰ 'ਅਟਕਾਅ ਨਾ ਸਕਿਆ ਅਟਕ, 'ਲੋਰੀ ਤੋਂ ਰਾਜੇ ਦੀ ਪਹਿਚਾਣ', 'ਭਾਰੀ ਪੰਡ ਦਾ ਪਾਂਡੀ ਪਾਤਸ਼ਾਹ', 'ਖੂਹ ਲਈ ਇਨਸਾਫ਼', 'ਨਿਡਰ ਬਚਪਨ ਦੀ ਅਦੁੱਤੀ ਮਿਸਾਲ', 'ਪਾਰਸ ਰਾਜਾ' ਅਤੇ 'ਮਿੱਠੇ ਬੇਰਾਂ ਨਾਲ ਲੱਦੀ ਬੇਰੀ' ਆਦਿ ਘਟਨਾਵਾਂ ਬਾਰੇ ਵੇਰਵੇ ਸੁਣਾ ਕੇ ਉਨ੍ਹਾਂ ਦੀ ਉਤਸੁਕਤਾ ਨੂੰ ਵਧਾਉਂਦਾ ਰਹਿੰਦਾ ਹੈ। ਇਸ ਕਹਾਣੀ ਵਿਚਲੇ ਏਕਮ, ਜੈਸਮੀਨ, ਗੁਰਮੀਤ, ਇੰਦਰਪ੍ਰੀਤ ਆਦਿ ਬਾਲ ਪਾਤਰ ਆਪੋ ਆਪਣੀਆਂ ਸ਼ੰਕਾਵਾਂ ਪ੍ਰਗਟਾਉਂਦੇ ਹਨ ਜਿਨ੍ਹਾਂ ਦਾ ਅਧਿਆਪਕ ਵੱਲੋਂ ਬੜੇ ਤਰਕਮਈ ਢੰਗ ਨਾਲ ਸਮਾਧਾਨ ਕੀਤਾ ਜਾਂਦਾ ਹੈ।
ਦੋਵੇਂ ਪੁਸਤਕਾਂ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਛਾਪੀਆਂ ਗਈਆਂ ਹਨ। ਦੋਵਾਂ ਦੇ 32-32 ਪੰਨੇ ਹਨ ਅਤੇ ਕੀਮਤ 50-50 ਰੁਪਏ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾ. 9814423703

ਬਾਲ ਗੀਤ: ਖ਼ੁਦ ਸੋਚੀਂ ਤੂੰ ਖ਼ੁਦ ਸੋਚੀਂ

ਮਾਂ ਬਾਪ ਦੇ ਸੋਹਣੇ ਬੱਚਿਆ,
ਗੱਲ ਸੁਣ ਲੈ ਦਿਲ ਦੇ ਸੱਚਿਆ।
ਰਾਹ ਜੀਵਨ ਵਿਚ ਬੜੇ ਆਉਣਗੇ,
ਕੁਝ ਲੋਕ ਉਤਸ਼ਾਹ ਵਧਾਉਣਗੇ।
ਤੈਨੂੰ ਕੁਝ ਲੋਕ ਡਰਾਉਣਗੇ,
ਤੂੰ ਕਦਮ ਨਾ ਆਪਣੇ ਰੋਕੀਂ।
ਕੀ ਚੰਗਾ ਹੈ ਕੀ ਮਾੜਾ ਹੈ?
ਖ਼ੁਦ ਸੋਚੀਂ ਤੂੰ ਖ਼ੁਦ ਸੋਚੀਂ।
ਕਈ ਐਸੇ ਜਾਲ ਵਿਛਾਉਣਗੇ,
ਦੇ ਕੇ ਲਾਲਚ ਵਿਚ ਫਸਾਉਣਗੇ।
ਕਈ ਝੂਠੇ ਖੁਆਬ ਦਿਖਾਉਣਗੇ,
ਤੂੰ ਕਦਮ ਨਾ ਆਪਣੇ... ...
ਕਈ ਪੁੱਠੇ ਰਸਤੇ ਪਾਉਣਗੇ,
ਕਈ ਰੋੜੇ ਵੀ ਅਟਕਾਉਣਗੇ।
ਤੈਨੂੰ ਮੰਜ਼ਿਲ ਤੋਂ ਭਟਕਾਉਣਗੇ,
ਤੂੰ ਕਦਮ ਨਾ ਆਪਣੇ ਰੋਕੀਂ।
ਕੀ ਚੰਗਾ ਹੈ ਕੀ ਮਾੜਾ ਹੈ?
ਖ਼ੁਦ ਸੋਚੀਂ ਤੂੰ ਖ਼ੁਦ ਸੋਚੀਂ।

-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ। ਮੋਬਾ : 98728-68913.

ਕੀ ਤੁਸੀਂ ਜਾਣਦੇ ਹੋ?

  ਸਾਥੀਓ! ਆਓ ਅੱਜ ਆਪਣੇ ਜੀਵਨ ਨੂੰ ਸੁਖਾਲਾ ਕਰਨ ਵਾਲੀਆਂ ਵਿਗਿਆਨਕ ਖੋਜਾਂ, ਕਾਢਾਂ ਬਾਰੇ ਜਾਣੀਏ, ਜਿਹੜੀਆਂ ਨਾ ਖੋਜੀਆਂ ਜਾਂਦੀਆਂ ਤਾਂ ਸ਼ਾਇਦ ਪੂਰੀ ਦੁਨੀਆ ਵਿਚ ਐਨੀ ਤਰੱਕੀ ਨਾ ਹੁੰਦੀ, ਵਿਕਾਸ ਨਾ ਹੁੰਦਾ।
* ਟੈਲੀਫੋਨ ਦੀ ਖੋਜ ਗਰਾਹਮਬੈੱਲ ਨੇ ਕੀਤੀ ਸੀ।
* ਸਾਈਕਲ ਦੀ ਖੋਜ ਮੈਕਮਿਲਨ ਨੇ ਕੀਤੀ ਸੀ।
* ਰੇਡੀਅਮ ਦੀ ਖੋਜ ਮੇਰੀ ਕਿਉਰੀ ਨੇ ਕੀਤੀ ਸੀ।
* ਟੈਲੀਸਕੋਪ ਦੀ ਖੋਜ ਗਲੀਲਿਓ ਨੇ ਕੀਤੀ ਸੀ।
* ਧਰਤੀ ਦੀ ਖਿੱਚ ਸਬੰਧੀ ਨਿਊਟਨ ਨੇ ਖੋਜ ਕੀਤੀ ਸੀ।
* ਗਰਾਮੋਫੋਨ ਦੀ ਖੋਜ ਟੀ.ਈ. ਐਡੀਸਨ ਨੇ ਕੀਤੀ ਸੀ।
* ਹਵਾਈ ਜਹਾਜ਼ ਦੀ ਖੋਜ ਰਾਈਟ ਬ੍ਰਦਰਜ਼ ਵੱਲੋਂ ਕੀਤੀ ਗਈ ਸੀ।
* ਰੇਡੀਓ ਦੀ ਖੋਜ ਮਾਰਕੋਨੀ ਨੇ ਕੀਤੀ ਸੀ।
* ਰੇਲ ਗੱਡੀ ਦੀ ਖੋਜ ਜਾਰਜ ਸਟੀਫਨਸਨ ਨੇ ਕੀਤੀ ਸੀ।
* ਚੇਚਕ ਦੇ ਟੀਕੇ ਦੀ ਖੋਜ ਐਡਵਾਰਡ ਜੇਨਰ ਨੇ ਕੀਤੀ ਸੀ।
* ਬਿਜਲੀ ਬਲਬ ਦੀ ਖੋਜ ਥਾਮਸ ਐਲਵਾ ਅਡੀਸ਼ਨ ਨੇ ਕੀਤੀ ਸੀ।
* ਪੈਨਸਲੀਨ ਦੇ ਟੀਕੇ ਦੀ ਖੋਜ ਅਲੈਗਜੈਂਡਰ ਫਲੈਮਿੰਗ ਨੇ ਕੀਤੀ ਸੀ।

-ਮਦਨ ਬੰਗੜ,
ਪਿੰਡ ਸਿਕੰਦਰਪੁਰ, ਰਾਹੀਂ ਅਲਾਵਲਪੁਰ (ਜਲੰਧਰ)-144301. ਮੋਬਾ: 95015-75511


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX