ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  1 day ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  1 day ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  1 day ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  1 day ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  1 day ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  1 day ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  1 day ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  1 day ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  1 day ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਅਜੀਤ ਮੈਗਜ਼ੀਨ

ਮਿੱਠਾ ਜ਼ਹਿਰ ਬਣਦਾ ਜਾ ਰਿਹੈ ਸੋਸ਼ਲ ਮੀਡੀਆ

ਮੋਬਾਈਲ ਫੋਨ ਦੀ ਵਰਤੋਂ ਸਮਾਜ ਦੇ ਕਰੋੜਾਂ ਲੋਕਾਂ ਦੀ ਜ਼ਰੂਰਤ ਬਣ ਗਈ ਹੈ ਜੋ ਆਰਥਿਕ ਪੱਖ ਤੋਂ ਨਾ ਚਾਹੁੰਦੇ ਹੋਏ ਵੀ ਹੁਣ ਮੋਬਾਇਲ ਫੋਨ ਦੀ ਸਹੂਲਤ ਨੂੰ ਤਵੱਜੋਂ ਦੇਣ ਲਗ ਪਏ ਹਨ। ਹੁਣ ਚੰਗੇ ਨੌਕਰੀ ਪੇਸ਼ੇ ਵਾਲੇ ਜਾਂ ਕਾਰੋਬਾਰੀ ਲੋਕ ਹੀ ਮੋਬਾਈਲ ਤੱਕ ਸੀਮਤ ਨਹੀਂ, ਹੁਣ ਤਾਂ ਦਿਹਾੜੀਦਾਰ, ਰਿਕਸ਼ਾ ਚਾਲਕ ਤੋਂ ਲੈ ਕੇ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਵੀ ਮੋਬਾਈਲ ਫੋਨ ਵੇਖਿਆ ਜਾ ਸਕਦਾ, ਜਿਨ੍ਹਾਂ ਬਾਰੇ ਇਹ ਸਮਝ ਹੀ ਨਹੀਂ ਆਉਂਦੀ ਕਿ ਉਨ੍ਹਾਂ ਦਾ ਆਮਦਨ ਦਾ ਸਰੋਤ ਕੀ ਹੈ? ਸੋਸ਼ਲ ਮੀਡੀਏ ਦੇ ਰੁਝਾਨ ਸਦਕਾ ਮੋਬਾਈਲ ਫੋਨ ਦੀ ਵਰਤੋਂ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਮੱਧਵਰਗੀ ਪਰਿਵਾਰਾਂ 'ਚ ਮੋਬਾਈਲ ਫੋਨਾਂ ਦੀ ਗਿਣਤੀ ਰਾਸ਼ਨ ਕਾਰਡ ਵਿਚ ਦਰਜ ਨਾਵਾਂ ਤੋਂ ਵੀ ਕਿਧਰੇ ਜ਼ਿਆਦਾ ਹੈ। ਮਨੁੱਖ ਪਿਛਲੇ ਕੁਝ ਇਕ ਸਾਲਾਂ ਵਿਚ ਮੋਬਾਈਲ ਫੋਨ ਜ਼ਰੀਏ 'ਸੋਸ਼ਲ ਮੀਡੀਏ' ਦੀ ਵਰਤੋਂ 'ਚ ਐਨਾ ਕੁ ਲਿਪਤ ਹੋ ਗਿਆ ਹੈ ਕਿ ਇਸ ਦੀ ਵਰਤੋਂ ਨੇ ਕੁਵਰਤੋਂ ਦਾ ਰੂਪ ਧਾਰਦੇ ਹੋਏ ਸਮਾਜ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕੀਤਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਸਮੇਂ ਦੇ ਹਾਣੀ ਬਣਨ ਦੇ ਇਛੁੱਕ ਮਨੁੱਖ ਨੂੰ ਅੱਜ 'ਸੋਸ਼ਲ ਮੀਡੀਆ' ਮਿੱਠਾ ਜ਼ਹਿਰ ਬਣ ਨਿਗਲ ਰਿਹਾ ਹੈ। ਸੋਸ਼ਲ ਮੀਡੀਏ ਦੇ ਚਰਚਿਤ ਸਾਧਨਾਂ 'ਫੇਸਬੱਕ' ਤੇ 'ਵੱਟਸਐਪ' ਆਦਿ ਨੂੰ ਤਿਆਰ ਕਰਨ ਅਤੇ ਇਸ ਨਾਲ ਜਨਤਾ ਨੂੰ ਜੋੜਨ ਦੀ ਮਨਸ਼ਾ ਨੂੰ ਭਾਵੇਂ ਵਿਰਲਾ ਹੀ ਜਾਣਦਾ ਹੋਵੇ ਪਰ ਇਸ ਦੀ ਵਰਤੋਂ ਕਰਨ ਵਾਲਿਆਂ ਚੋਂ ਬਹੁਤਿਆਂ ਨੇ ਐਨਾ ਕੁ ਪੈਂਡਾ ਸਰ ਕਰ ਲਿਆ ਹੈ ਕਿ ਉਨ੍ਹਾਂ ਦਾ ਪਿਛੇ ਮੁੜਨਾ ਮੁਸ਼ਕਿਲ ਜਾਪ ਰਿਹੈ। 'ਸੋਸ਼ਲ ਮੀਡੀਆ' ਦੀ ਵਰਤੋਂ ਨੇ ਇਸ ਨੂੰ ਕੁਵਰਤੋਂ 'ਚ ਬਦਲ ਕੇ ਪੰਜਾਬ 'ਚ ਜੋ ਹਾਲਾਤ ਪੈਦਾ ਕੀਤੇ ਹਨ ਉਹ ਹੈਰਾਨੀਜਨਕ ਹੀ ਨਹੀਂ ਸਗੋਂ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰਨ ਵਾਲੇ ਹਨ।
ਸੱਚ ਦਾ ਸਾਧਨ ਵਿਵਾਦਾਂ 'ਚ : ਜੋ ਸੱਚ ਕਿਸੇ ਕਾਰਨਵਸ ਲੋਕਾਂ ਤੱਕ ਪਹੁੰਚਣੋਂ ਰਹਿ ਜਾਵੇ, ਉਹ 'ਫੇਸਬੱਕ' ਤੇ 'ਵਟਸਐੱਪ' ਜ਼ਰੀਏ ਲੋਕਾਂ ਤੱਕ ਆਰਾਮ ਨਾਲ ਪਹੁੰਚ ਰਿਹਾ ਹੈ। ਕਈਆਂ ਲਈ ਇਹ ਇਨਸਾਫ਼ ਦਾ ਸਾਧਨ ਵੀ ਹੈ, ਪਰ ਸੋਸ਼ਲ ਮੀਡੀਏ 'ਤੇ ਪਾਈ ਜਾਣ ਵਾਲੀ ਸਮੱਗਰੀ ਦਾ ਸੱਚ ਹੁਣ ਸ਼ੱਕ ਦੇ ਘੇਰੇ ਵਿਚ ਆਉਂਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਏ 'ਤੇ ਪਾਈ ਜਾਣ ਵਾਲੀ ਸਮੱਗਰੀ ਸੱਚੀ ਹੈ ਜਾਂ ਝੂਠੀ, ਇਹ ਇਕ ਵੱਡਾ ਸਵਾਲ ਬਣ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਏ ਦੀ ਸੱਚਾਈ ਦਾ ਮਿਆਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ ਤੇ ਝੂਠ ਤੇ ਮਨਪ੍ਰਚਾਵੇ ਦਾ ਦਬਦਬਾ ਲਗਾਤਾਰ ਵਾਧੇ ਵਿਚ ਹੈ। ਸੱਚ ਕੇਵਲ ਕੁਝ ਫ਼ੀਸਦੀ ਹੀ ਹੈ ਤੇ ਝੂਠ ਤੇ ਅਫ਼ਵਾਹਾਂ ਨੂੰ ਪ੍ਰਚਾਰਨ ਤੇ ਮਨਪ੍ਰਚਾਵੇ ਦਾ ਮਿਆਰ ਕਈ ਗੁਣਾ ਜ਼ਿਆਦਾ ਹੈ ਜਿਸ ਵਿਚ ਦਿਨੋਂ-ਦਿਨ ਹੋਰ ਵਾਧਾ ਹੋ ਰਿਹਾ ਹੈ।
ਨੌਜਵਾਨਾਂ 'ਤੇ ਪ੍ਰਭਾਵ : ਪੰਜਾਬ ਦੀ ਜਵਾਨੀ ਦਾ ਲਗਪਗ ਬਹੁਤਾ ਹਿੱਸਾ ਸੋਸ਼ਲ ਮੀਡੀਏ ਨਾਲ ਜੁੜ ਚੁੱਕਾ ਹੈ। ਸੋਸ਼ਲ ਮੀਡੀਏ ਦੀ ਵਰਤੋਂ ਸਮੇਂ ਨੌਜਵਾਨਾਂ ਦਾ ਵੱਡਾ ਹਿੱਸਾ ਚੰਗੇ-ਮਾੜੇ ਦੀ ਪਛਾਣ ਕਰਦਿਆਂ ਹੀ ਵੱਖ-ਵੱਖ ਧਿਰਾਂ ਵਿਚ ਵੰਡਿਆ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਰਹੇ ਹਨ ਕਿ ਨੌਜਵਾਨਾਂ ਨੂੰ ਸਾਜਿਸ਼ ਤਹਿਤ ਇਕ-ਦੂਜੇ ਖ਼ਿਲਾਫ਼ ਭੜਕਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੇ ਕਈ ਹੋਰ ਥਾਵਾਂ 'ਤੇ ਹੋਏ ਖੂਨੀ ਟਕਰਾਅ ਦੀ ਉਪਜ 'ਫੇਸਬੁੱਕ' ਤੋਂ ਹੀ ਹੋਈ ਸੀ। ਇਥੇ ਹੀ ਬੱਸ ਨਹੀਂ ਸੋਸ਼ਲ ਮੀਡੀਏ 'ਤੇ ਇਕ ਨਵੇਂ ਗਾਇਕ ਵਜੋਂ ਪੇਸ਼ ਕੀਤੇ ਜਾ ਰਹੇ ਨੌਜਵਾਨ ਤੇ ਉਸ ਦੀ ਗਾਇਕੀ ਨੂੰ ਲੈ ਕੇ ਸਵਾਲ ਉਠਾਉਣ ਦੇ ਮਾਮਲੇ 'ਚ ਬਣੇ ਦੋ ਗਰੁੱਪਾਂ ਦਾ ਵਿਦੇਸ਼ ਤੋਂ ਗਰਮਾਇਆ ਵਿਵਾਦ ਅਜੇ ਵੀ ਠੰਢਾ ਨਹੀਂ ਹੋਇਆ। ਵੱਖ-ਵੱਖ ਮੁੱਦਿਆਂ ਨੂੰ ਸੋਸ਼ਲ ਮੀਡੀਏ 'ਤੇ ਤੂਲ ਦੇਣ ਨਾਲ ਅਪਰਾਧਿਕ ਘਟਨਾਵਾਂ 'ਚ ਵਾਧਾ ਹੀ ਨਹੀਂ ਹੋਇਆ ਸਗੋਂ ਨੌਜਵਾਨਾਂ 'ਚ ਸ਼ੁਰੂ ਹੋਈ ਬਹਿਸ ਕਈ ਵਾਰ 'ਸੋਸ਼ਲ ਮੀਡੀਏ' ਨੂੰ ਜੰਗ ਦਾ ਮੈਦਾਨ ਵੀ ਬਣਾ ਚੁੱਕੀ ਹੈ।
ਸਮੇਂ ਦੀ ਬਰਬਾਦੀ ਦਾ ਸਾਧਨ : ਧਾਰਮਿਕ ਤੇ ਸਮਾਜਿਕ ਖੇਤਰ 'ਚ ਸਮਾਂ ਬਿਤਾਉਣ ਦੀ ਬਜਾਏ ਅੱਜ ਦਾ ਮੋਬਾਈਲ ਦਾਤਾ (ਮਨੁੱਖ) ਸੋਸ਼ਲ ਮੀਡੀਏ 'ਤੇ ਰੱਜ ਕੇ ਸਮਾਂ ਬਰਬਾਦ ਕਰ ਰਿਹੈ। ਸਵੇਰੇ ਉੱਠਣ ਤੋਂ ਲੈ ਕੇ ਦੇਰ ਰਾਤ ਸੌਣ ਤੱਕ ਹੱਥ 'ਚ ਮੋਬਾਈਲ ਰੱਖ, ਉਸ ਨੂੰ ਵਾਰ-ਵਾਰ ਦੇਖਣ ਦਾ ਰੁਝਾਨ ਜਿਥੇ ਲਗਾਤਾਰ ਵਧ ਗਿਆ ਹੈ, ਉਥੇ ਫੋਕੀ ਸ਼ੋਹਰਤ ਹਾਸਲ ਕਰਨ ਵਾਲਿਆਂ ਨੇ ਸੋਸ਼ਲ ਮੀਡੀਏ 'ਤੇ ਆਪਣੇ ਐਸੇ ਡੇਰੇ ਜਮਾਏ ਹਨ ਕਿ ਉਹ ਆਪਣਾ ਦਿਨ ਭਰ ਦਾ ਇਤਿਹਾਸ ਸੋਸ਼ਲ ਮੀਡੀਏ 'ਤੇ ਪੇਸ਼ ਕਰਨ ਨੂੰ ਆਪਣੀ ਸ਼ੋਭਾ ਸਮਝ ਰਹੇ ਹਨ।
ਇੱਜ਼ਤਦਾਰ ਦੂਰ ਤੇ ਮਾੜੇ ਹੋਏ ਨੇੜੇ : ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਇਨਸਾਨ ਵੱਲੋਂ ਹੀ ਸਿਰਜੇ ਹਾਲਾਤ ਨੇ ਇੱਜ਼ਤਦਾਰ ਲੋਕਾਂ ਨੂੰ ਇਸ ਤੋਂ ਦੂਰ ਤੇ ਮਾੜੇ ਅਨਸਰਾਂ ਨੂੰ ਇਸ ਦੇ ਨੇੜੇ ਲੈ ਆਂਦਾ ਹੈ। ਸੱਚਾਈ ਇਹ ਹੈ ਕਿ ਚੰਗੇ ਤੇ ਮਾੜੇ ਇਨਸਾਨ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਗਈ ਹੈ। ਬੇਹੱਦ ਘੱਟ ਪੜ੍ਹਿਆ ਵੀ ਹੁਣ 'ਫੇਸਬੁੱਕ' ਆਦਿ ਦੀ ਵਰਤੋਂ ਕਰਨ ਲੱਗ ਪਿਆ ਹੈ। ਸੋਸ਼ਲ ਮੀਡੀਏ 'ਤੇ ਲੋਕ ਕੁਝ ਲਿਖਣ, ਫੋਟੋ ਆਦਿ ਸਮੱਗਰੀ ਪਾਉਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਨਹੀਂ ਸਮਝ ਰਹੇ ਕਿ ਉਹ ਕਰ ਕੀ ਰਹੇ ਹਨ? ਇਥੇ ਇਕ ਵੱਡੀ ਸਾਜਿਸ਼ ਤਹਿਤ ਝੂਠੇ ਅਕਾਉਂਟ ਬਣਾ ਕੇ ਕਈ ਤਰ੍ਹਾਂ ਦੇ ਚਰਚਿਆਂ ਤੇ ਅਫ਼ਵਾਹਾਂ ਨੂੰ ਜਨਮ ਦੇ ਕੇ ਰਸੂਖਵਾਨ ਲੋਕਾਂ ਨੂੰ ਨੀਵਾਂ ਦਿਖਾਉਣ ਦੇ ਵੀ ਯਤਨ ਹੋ ਰਹੇ ਹਨ।
ਵੱਖ-ਵੱਖ ਖੇਤਰ ਹੋਏ ਪ੍ਰਭਾਵਿਤ : ਸੋਸ਼ਲ ਮੀਡੀਏ ਦੀ ਵਰਤੋਂ ਕਿਤੇ ਨਾ ਕਿਤੇ ਧਾਰਮਿਕ, ਵਿੱਦਿਅਕ, ਸਮਾਜਿਕ, ਸੱਭਿਆਚਾਰਕ ਤੇ ਪਰਿਵਾਰਕ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ। ਜਿਥੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਵੱਡੀ ਸਾਜਿਸ਼ ਰਚੀ ਜਾ ਰਹੀ ਹੈ, ਉਥੇ ਹੀ ਸਮਾਜਿਕ ਤੌਰ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਬਗੈਰ ਸੋਸ਼ਲ ਮੀਡੀਏ 'ਤੇ ਸ਼ਰਮਸਾਰ ਕਰਨ ਵਾਲੀ ਸਮੱਗਰੀ ਪਰੋਸੀ ਜਾ ਰਹੀ ਹੈ। ਲੱਚਰਤਾ ਤੇ ਅਸ਼ਲੀਲਤਾ ਐਨੀ ਕੁ ਹੱਦਾਂ ਟੱਪ ਚੁੱਕੀ ਹੈ ਕਿ ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ਹੋ ਰਹੇ ਯਤਨ ਫਿੱਕੇ ਨਜ਼ਰ ਆ ਰਹੇ ਹਨ। ਕੁਝ ਹੋਰ ਕਾਰਨਾਂ ਸਮੇਤ ਸੋਸ਼ਲ ਮੀਡੀਏ ਨੂੰ ਵਧੇਰੇ ਸਮਾਂ ਦੇਣ ਦਾ ਕਾਰਨ ਵੀ ਪਰਿਵਾਰਕ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਰੁਝਾਨ ਤੋਂ ਸਮਾਜਿਕ ਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਵੱਡੀ ਪੱਧਰ 'ਤੇ ਖੋਰਾ ਲੱਗ ਰਿਹਾ ਹੈ। ਇਸ ਦਾ ਮਾੜਾ ਅਸਰ ਛੋਟੀ ਉਮਰੇ ਸੋਸ਼ਲ ਮੀਡੀਆ ਨਾਲ ਜੁੜੇ ਬੱਚਿਆਂ 'ਤੇ ਪੈਣਾ ਸੁਭਾਵਿਕ ਹੈ। ਸੋਸ਼ਲ ਮੀਡੀਏ ਦੀ ਵਰਤੋਂ 'ਚ ਬਹੁ-ਗਿਣਤੀ 'ਚ ਵਿਦਿਆਰਥੀ ਵਰਗ ਵੀ ਸ਼ਾਮਿਲ ਹੈ। ਛੋਟੀਆਂ ਕਲਾਸਾਂ ਦੇ ਬੱਚਿਆਂ ਤੋਂ ਲੈ ਕੇ ਉੱਚ ਸਿੱਖਿਆ ਲੈ ਰਹੇ ਸਿਖਿਆਰਥੀ ਸੋਸ਼ਲ ਮੀਡੀਏ ਨਾਲ ਜੁੜੇ ਹੋਏ ਹਨ। ਪਿਛਲੇ ਦਿਨਾਂ ਦੌਰਾਨ ਕੁਝ ਬੋਰਡਾਂ ਦੇ ਮਾੜੇ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਏ (ਮੋਬਾਈਲ) ਦੀ ਵਰਤੋਂ ਨੂੰ ਵੀ ਇਸ ਵਾਸਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਸੋਸ਼ਲ ਮੀਡੀਆ ਦਾ ਇਕ ਪੱਖ ਇਹ ਵੀ ਹੈ ਕਿ ਇਸ ਦੀ ਵਰਤੋਂ ਜਿਥੇ ਸਾਡੀ ਜੇਬ ਨੂੰ ਖਾਲੀ ਕਰ ਰਹੀ ਹੈ, ਉਥੇ ਸਾਡੇ ਦਿਮਾਗ ਭਾਵ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਵੇਖਣ ਤੋਂ ਇਹ ਸਬੂਤ ਆਮ ਮਿਲਦੇ ਹਨ ਕਿ ਬਹੁਤੇ ਲੋਕ ਮੋਬਾਈਲ 'ਤੇ ਟਿਕ-ਟਿਕੀ ਲਗਾਈ ਦਿਨ ਵਿਚ ਕਈ-ਕਈ ਘੰਟੇ ਸੋਸ਼ਲ ਮੀਡੀਏ ਦੇ ਮਿੱਠੇ ਜ਼ਹਿਰ ਦਾ ਆਨੰਦ ਮਾਣਦੇ ਹਨ ਜੋ ਮੁੱਖ ਤੌਰ 'ਤੇ ਮਨੁੱਖ ਦੇ ਦਿਮਾਗ ਤੇ ਨਜ਼ਰ ਨੂੰ ਅਸਾਨੀ ਨਾਲ ਪ੍ਰਭਾਵਿਤ ਕਰਦੇ ਹੋਏ ਸਰੀਰਿਕ ਤੌਰ 'ਤੇ ਉਸ ਨੂੰ ਕਮਜ਼ੋਰ ਕਰ ਰਿਹਾ ਹੈ। ਸੋਸ਼ਲ ਮੀਡੀਏ 'ਤੇ ਚਰਚਿਤ ਹੋਣ ਦੀ ਖਾਹਿਸ਼ ਰੱਖਦੇ ਕਈ ਲੋਕ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਕੇ ਅਜਿਹੇ ਕਰਤੱਬ ਪੇਸ਼ ਕਰਨ ਦਾ ਯਤਨ ਕਰਦੇ ਹਨ ਜਿਸ ਨਾਲ ਕਈ ਵਾਰ ਗੰਭੀਰ ਤੇ ਮੌਤ ਦੇ ਮੂੰਹ ਵਿਚ ਜਾਣ ਵਾਲੇ ਹਾਲਾਤ ਵੀ ਬਣ ਜਾਂਦੇ ਹਨ। ਸੈਲਫ਼ੀ ਲੈਂਦਿਆਂ ਹੋਇਆਂ ਹੋਈਆਂ ਅਨੇਕਾਂ ਮੌਤਾਂ ਇਸ ਦੀ ਮਿਸਾਲ ਹਨ। ਆਰਥਿਕ ਪੱਖੋਂ ਕਮਜ਼ੋਰ ਸਮਾਜ ਦਾ ਇਕ ਵੱਡਾ ਹਿੱਸਾ ਨਾ ਚਾਹੁੰਦੇ ਹੋਏ ਵੀ ਮੋਬਾਈਲ ਫੋਨ ਦੀ ਵਰਤੋਂ (ਇੰਟਰਨੈੱਟ) ਲਈ ਮਜਬੂਰਨ ਆਪਣੀ ਤੁਛ ਕਮਾਈ 'ਚੋਂ ਖਰਚ ਕਰ ਰਿਹਾ ਹੈ। ਹਾਲਾਤ ਦਾ ਸੱਚ ਇਹ ਵੀ ਹੈ ਕਿ ਪੰਜਾਬ ਦੀ ਜਵਾਨੀ 'ਚ ਅਜਿਹੇ ਨੌਜਵਾਨ, ਵਿਦਿਆਰਥੀ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਮੋਬਾਈਲ ਦੀ ਵਰਤੋਂ ਲਈ ਪੈਸੇ ਦਾ ਸਿੱਧੇ/ਅਸਿੱਧੇ ਢੰਗ ਨਾਲ ਜੁਗਾੜ ਲਗਾਉਣਾ ਪੈ ਰਿਹਾ ਹੈ।
ਸਿਆਸੀ ਲੋਕਾਂ ਦੇ ਗਲੇ ਦੀ ਹੱਡੀ : ਮੀਡੀਏ 'ਤੇ ਚੋਣਾਂ ਤੇ ਹੋਰ ਸਰਗਰਮੀਆਂ ਰਾਹੀਂ ਚਰਚਿਤ ਹੋਣ ਵਾਲੇ ਨੇਤਾਵਾਂ ਲਈ 'ਸੋਸ਼ਲ ਮੀਡੀਏ' ਦੀ ਵਰਤੋਂ ਗਲੇ ਦੀ ਹੱਡੀ ਬਣ ਗਈ ਹੈ। ਅਪਰਾਧਿਕ ਪਿਛੋਕੜ ਵਾਲੇ ਕੁਝ ਲੋਕਾਂ ਦੀਆਂ ਰਾਜਸੀ ਨੇਤਾਵਾਂ ਨਾਲ ਤਸਵੀਰਾਂ ਸੋਸ਼ਲ ਮੀਡੀਏ 'ਤੇ ਨਸ਼ਰ ਹੋਣ ਨਾਲ ਕਈ ਸਿਆਸੀ ਲੋਕ ਨੁਕਸਾਨ ਉਠਾ ਚੁੱਕੇ ਹਨ। ਸਿਆਸੀ ਲੋਕਾਂ ਨੂੰ ਜਿਥੇ ਸੋਸ਼ਲ ਮੀਡੀਏ ਜ਼ਰੀਏ ਲੋਕਾਂ ਦੀ ਤਿੱਖੀ ਨੁਕਤਾਚੀਨੀ ਤੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ ਫੂਕ-ਫੂਕ ਕੇ ਕਦਮ ਪੁੱਟਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਕਈ ਉੱਚ ਕੋਟੀ ਦੇ ਗਾਇਕਾਂ ਨੇ ਵੀ ਫੇਸਬੁੱਕ ਆਦਿ ਸੋਸ਼ਲ ਮੀਡੀਏ ਦੇ ਸਾਧਨਾਂ ਤੋਂ ਦੂਰੀ ਬਣਾਉਂਦੇ ਹੋਏ ਆਪਣੀਆਂ ਸੋਸ਼ਲ ਮੀਡੀਏ ਦੀਆਂ ਸਰਗਰਮੀਆਂ ਨੂੰ ਘਟਾਇਆ ਹੈ।
ਸੁਰੱਖਿਆ ਪੱਖ : ਸੋਸ਼ਲ ਮੀਡੀਏ ਦੀ ਵਰਤੋਂ 'ਚ ਸੁਰੱਖਿਆ ਪੱਖ ਤੋਂ ਵੱਡੀ ਅਣਗਹਿਲੀ ਇਹ ਨਸ਼ਰ ਹੋ ਰਹੀ ਹੈ ਕਿ ਇਸ ਦੀ ਵਰਤੋਂ ਲਈ ਹਰ ਕੋਈ (ਚੰਗਾ-ਮਾੜਾ) ਵਿਅਕਤੀ ਚਾਹੇ ਉਹ ਬੱਚਾ ਹੀ ਕਿਉਂ ਨਾ ਹੋਵੇ, ਅਸਾਨੀ ਨਾਲ ਸੱਚਾ/ਝੂਠਾ ਖਾਤਾ ਤਿਆਰ ਕਰ ਕੇ ਸੋਸ਼ਲ ਮੀਡੀਏ 'ਤੇ ਆਪਣੀ ਚੰਗੀ/ਮਾੜੀ ਸੋਚ ਦਾ ਪ੍ਰਗਟਾਵਾ ਕਰ ਸਕਦਾ ਹੈ। ਕਈ ਲੋਕਾਂ ਵੱਲੋਂ ਆਪਣੀ ਹਰ ਸਰਗਰਮੀ ਸੋਸ਼ਲ ਮੀਡੀਏ 'ਤੇ ਪਾਉਣ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਵੀ ਖ਼ਤਰੇ ਪੈਦਾ ਹੋ ਜਾਂਦੇ ਹਨ। ਇਸ ਕਾਰਨ ਘਰਾਂ ਵਿਚ ਚੋਰੀਆਂ ਹੁੰਦੀਆਂ ਹਨ, ਕਿਉਂਕਿ ਮਾੜੇ ਅਨਸਰਾਂ ਨੂੰ ਵੀ ਤੁਹਾਡੇ ਘਰ ਹੋਣ ਜਾਂ ਨਾ ਹੋਣ ਦਾ ਪਤਾ ਲੱਗ ਜਾਂਦਾ ਹੈ। ਧਾਰਮਿਕ, ਸਮਾਜਿਕ ਤੇ ਹੋਰ ਕਿਸੇ ਪੱਖ ਤੋਂ ਸੋਸ਼ਲ ਮੀਡੀਏ ਜ਼ਰੀਏ ਕੀਤੇ ਗੁਨਾਹ ਨੂੰ ਅਸਾਨੀ ਨਾਲ ਨੱਥ ਪਾਉਣੀ ਵੱਸੋਂ ਬਾਹਰ ਦੀ ਗੱਲ ਹੈ। ਇਸ ਗੱਲ ਦਾ ਫ਼ਾਇਦਾ ਉਠਾਉਂਦੇ ਹੋਏ ਸਮਾਜ ਵਿਰੋਧੀ ਅਨਸਰ ਸਮਾਜ ਨੂੰ ਕਿਸੇ ਵੀ ਪੱਖ ਤੋਂ ਨੁਕਸਾਨ ਪਹੁੰਚਾਉਣ ਲਈ ਸਹਿਜੇ ਹੀ ਸਫ਼ਲ ਹੋ ਜਾਂਦੇ ਹਨ। ਸੁਰੱਖਿਆ ਪੱਖ ਨੂੰ ਮੁੱਖ ਰੱਖਦੇ ਹੋਏ ਜੇਕਰ ਸੋਸ਼ਲ ਮੀਡੀਏ ਦੇ ਸਾਧਨਾਂ 'ਚ ਪਾਰਦਰਸ਼ਤਾ ਦਾ ਪੱਖ ਮਜ਼ਬੂਤ ਹੋ ਜਾਵੇ ਤਾਂ ਸੋਸ਼ਲ ਮੀਡੀਏ ਦੇ ਇਸ ਮਿੱਠੇ ਜ਼ਹਿਰ ਦੇ ਅਸਰ ਨੂੰ ਘਟਾਇਆ ਜਾ ਸਕੇਗਾ। ਸੋਸ਼ਲ ਮੀਡੀਏ ਦੀ ਚੰਗਿਆਈ ਦੇ ਕਈ (ਗ਼ੈਰ-ਜ਼ਿਕਰ) ਪੱਖਾਂ 'ਤੇ ਉਕਤ ਮੁੱਦੇ ਬੇਹੱਦ ਭਾਰੂ ਬਣੇ ਹੋਏ ਹਨ ਜਿਸ ਬਾਰੇ ਸੋਚਣ-ਸਮਝਣ ਤੇ ਧਿਆਨ ਦੇਣ ਦੀ ਲੋੜ ਹੈ।

-ਮੋਬਾਈਲ : 94176-76755.


ਖ਼ਬਰ ਸ਼ੇਅਰ ਕਰੋ

ਅੱਜ ਪਿਤਾ ਦਿਵਸ 'ਤੇ ਵਿਸ਼ੇਸ਼

...ਬੁਢਾਪੇ ਲਈ ਥੋੜ੍ਹਾ ਜਿਹਾ ਸਹਾਰਾ ਬਣੀਏ

ਅਜੋਕੇ ਆਸ਼ਰਮਨੁਮਾ ਸਮਿਆਂ 'ਚ ਬੁਢਾਪਾ ਬਹੁਤ ਅਵਾਜ਼ਾਰ ਤੇ ਇਕੱਲਾ ਰਹਿ ਗਿਆ ਹੈ। ਡੰਗੋਰੀਆਂ, ਵਹਿੰਗੀਆਂ ਤੇ ਖੂੰਡੀਆਂ ਬਣਨ ਦਾ ਯੁੱਗ ਕਦੋਂ ਦਾ ਸਮਾਪਤ ਹੋ ਗਿਆ ਹੈ। ਬੰਦਾ ਜਿਨ੍ਹਾਂ ਲਈ ਉਮਰ ਭਰ ਜੋੜਦਾ, ਬਣਾਉਂਦਾ ਤੇ ਉਸਾਰਦਾ ਰਹਿੰਦਾ ਹੈ, ਉਹੀ ਪੁੱਤ-ਧੀਆਂ ਬਹੁਤ ਔਖੇ ਹੋ ਕੇ ਅੰਤਿਮ ਰਸਮਾਂ ਲਈ ਪਹੁੰਚਦੇ ਹਨ ਤੇ ਕਾਹਲੀ-ਕਾਹਲੀ ਦੁਨਿਆਵੀ ਰਸਮਾਂ ਨਿਭਾਅ ਕੇ ਆਪਣੇ-ਆਪਣੇ ਦੇਸ਼-ਵਿਦੇਸ਼ ਵਿਚਲੇ ਘੁਰਨਿਆਂ 'ਚ ਜਾ ਵੜਦੇ ਹਨ। ਤੁਰ ਗਿਆਂ ਬਾਰੇ ਮੋਹ ਖੋਰੀਆਂ, ਮਾਨਵੀ ਤੇ ਮੁਹੱਬਤੀ ਗੱਲਾਂ ਕਰਨ ਦੀ ਕਿਸੇ ਕੋਲ ਫੁਰਸਤ ਨਹੀਂ। ਸ਼ਮਸ਼ਾਨਾਂ ਤੇ ਸ਼ਰਧਾਂਜਲੀਆਂ ਮੌਕੇ ਰਸਮੀ ਹਾਜ਼ਰੀਆਂ ਭਰਨ ਵਾਲੇ ਲੋਕਾਂ ਨੇ ਮੌਤ ਦੀਆਂ ਮਹੀਨ ਤੇ ਮਹਾਤਮੀ ਗੱਲਾਂ ਤਿਆਗ ਕੇ ਸਿਰਫ਼ ਤੇ ਸਿਰਫ਼ ਦੁਨਿਆਵੀ ਮੂੰਹ ਮੁਲਾਹਜ਼ੇ ਦੀਆਂ ਅਦਾਕਾਰੀਆਂ ਦਾ ਕਿੱਤਾ ਅਪਨਾ ਲਿਆ ਹੈ। ਜ਼ਮਾਨਾ ਜਦੋਂ ਮੌਤ ਨੂੰ ਦਿਲ 'ਤੇ ਲਾਉਣਾ ਭੁੱਲ ਜਾਵੇ ਤਾਂ ਸਮਝ ਲਵੋ ਮੌਤ ਬਾਰੇ ਕਾਵਿਕ ਤੇ ਕਰਤਾਰੀ ਬਾਤਾਂ ਕਰਨ ਦਾ ਜੇਰਾ ਤੇ ਜੁਗਤ ਉਸ ਦੀਆਂ ਰਚਨਾਤਮਿਕ ਆਂਦਰਾਂ 'ਚੋਂ ਸੁੱਕ ਜਾਂਦੀ ਹੈ। ਅਜਿਹੇ ਨਾਸ਼ੁਕਰੇ ਵਕਤਾਂ 'ਚ ਬੰਦਾ ਅਭਿਮਾਨੀ, ਆਤੰਕੀ ਤੇ ਅਲਹਿਦਾ ਹੋ ਜਾਂਦਾ ਹੈ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਮੌਤ ਨਾਲ ਨਿਹੁੰ ਤੇ ਨੇੜਤਾ ਇਨਸਾਨ ਨੂੰ ਨਿਮਰ, ਨਿਰਮਾਣ ਤੇ ਨੀਵਾਂ ਹੋਣ ਦਾ ਇਨਸਾਨੀ ਪਾਠ ਪੜ੍ਹਾਉਂਦੀ ਹੈ। ਮੌਤ ਦਾ ਫਲਸਫਾਨਾ ਸਿਮਰਨ ਇਨਸਾਨ ਨੂੰ ਇਨਸਾਨ ਬਣਨ ਲਈ ਊਰਜਿਤ ਕਰਦਾ।
ਬੁਢਾਪੇ ਕੋਲ ਬੈਠ ਕੇ ਬੱਚਿਆਂ ਨੂੰ ਮਾਨਵੀ ਮੋਹ ਦੇ ਆਂਤਰਿਕ ਗਿਆਨ ਦਾ ਸੁਭਾਵਿਕੀ ਇਲਮ ਹੁੰਦਾ। ਅਜੋਕੇ ਬੱਚੇ ਇੰਟਰਨੈੱਟ, ਮੋਬਾਈਲ ਤੇ ਟੈਲੀਵਿਜ਼ਨ ਦੇ ਨਸ਼ਈ ਹੋ ਗਏ ਹਨ। ਬਾਹਰੀ ਗਿਆਨ ਸਮੱਗਰੀ ਤੇ ਸਹੂਲਤਾਂ ਨਾੜਾਂ 'ਚ ਧੜਕਦੇ ਇਨਸਾਨੀ ਮੋਹ ਨੂੰ ਪੰਘਰਨ ਤੇ ਪਾਕ ਨਹੀਂ ਹੋਣ ਦਿੰਦੀਆਂ। ਅਹਿਸਾਸ ਤੇ ਆਂਦਰਾਂ ਨੂੰ ਪ੍ਰਾਣਵੰਤ ਤੇ ਪੁਨੀਤ ਕਰਨ ਲਈ ਵੱਡਿਆਂ ਦਾ ਸਨੇਹ ਤੇ ਸੇਵਾ ਪ੍ਰਮਾਰਥ ਦਾ ਕਾਰਜ ਕਰਦੀ ਹੈ। ਮੇਰੀ ਮਾਂ ਨਹੀਂ ਰਹੀ ਪਰ ਮੈਂ ਆਪਣੀ ਬਿਰਧ ਮਾਸੀ ਨੂੰ ਜਦੋਂ ਵੀ ਮਾਂ ਵਾਂਗੂੰ ਮਿਲਦਾ ਹਾਂ ਤਾਂ ਜੋ ਨਿੱਘ, ਨਿਹੁੰ ਤੇ ਨੇੜਤਾ ਮੇਰੇ ਅੰਦਰ ਪੰਘਰਦੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਵੱਡਿਆਂ ਦੀ ਸੰਵੇਦਨਾ ਤੇ ਸਤਿਕਾਰ ਨਾਲ ਦੁਨਿਆਵੀ ਪਦਵੀਆਂ, ਪਹੁੰਚਾਂ ਤੇ ਪਾਤਸ਼ਾਹੀਆਂ ਮਾਣਯੋਗ ਤੇ ਮਾਨਵੀ ਹੋ ਜਾਂਦੀਆਂ। ਵੱਡੇ ਸਾਨੂੰ ਮੂਲ ਮਕਸਦ ਦੇ ਮਾਅਨੇ ਸਮਝਾਉਂਦੇ। ਸਾਡੇ ਇਕ ਅਦਬੀ ਮਿੱਤਰ ਦੇ ਪੋਤਾ-ਪੋਤੀ ਵਿਦੇਸ਼ ਤੋਂ ਆਏ। ਬਾਬਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੈ ਗਿਆ। ਪੀਜ਼ੇ ਬਰਗਰਾਂ ਦੀ ਰਹਿਤਲ 'ਚ ਪਲੇ ਬੱਚਿਆਂ ਦੀ ਸੁਰਤ ਗੁਰੂ ਰਾਮਦਾਸ ਸਰੋਵਰ ਤੇ ਸੰਵੇਦਨਾ ਤੋਂ ਅਭਿੱਜ ਤੇ ਅਲਹਿਦਾ ਤੁਰੀ ਫਿਰੇ। ਬੱਚੇ ਜਲਦੀ ਹੀ ਚਲੋ ਚਲੀਏ, ਚਲੋ ਚੱਲੀਏ ਕਰਨ ਲੱਗ ਪਏ। ਲਿਵ ਅਤੇ ਲੈਅ ਦੇ ਅਸਤ ਤੇ ਅਵਾਜ਼ਾਰ ਹੋਣ ਨਾਲ ਵਿਰਾਸਤਾਂ, ਰਿਆਸਤਾਂ ਤੇ ਯਾਦਾਸ਼ਤਾਂ ਦੇ ਸੂਰਜ ਪੱਕੇ ਤੌਰ 'ਤੇ ਡੁੱਬ ਜਾਂਦੇ ਹਨ।
ਪਦਾਰਥਕ ਤਰੱਕੀਆਂ ਤੇ ਵਿਗਿਆਨਕ ਲੱਭਤਾਂ ਨਾਲ ਡੁੱਬੇ ਹੋਏ ਸੂਰਜਾਂ ਨੂੰ ਪੁਨਰ-ਸੁਰਜੀਤ ਨਹੀਂ ਕੀਤਾ ਜਾ ਸਕਦਾ। ਲਿਵ ਤੇ ਲੈਅ ਨੂੰ ਜੀਵੰਤ ਤੇ ਜਾਗਦੇ ਰੱਖਣਾ ਬੜਾ ਔਖਾ। ਮੇਰੇ ਬਾਪ ਦੀ ਕੁਝ ਮਹੀਨੇ ਪਹਿਲਾਂ ਮੌਤ ਹੋਈ। 90 ਸਾਲ ਤੋਂ ਵਧੇਰੇ ਉਮਰ ਵਿਚ ਸੁਰਤ ਤੇ ਸਿਹਤ ਠੀਕ ਰਹੀ। ਜਾਣ ਵੇਲੇ ਇਕ ਮਹੀਨਾ ਥੋੜ੍ਹਾ ਢਿੱਲੇ-ਮੱਠੇ ਹੋਏ। ਮੇਰੇ ਭਰਾ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ। ਭਰਾ ਨੇ ਜਦੋਂ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਤਾਂ ਉਨ੍ਹਾਂ ਕਹਿਣਾ, 'ਮੈਂ ਤੁਹਾਨੂੰ ਬਹੁਤ ਤੰਗ ਕਰਦਾਂ।' ਭਰਾ ਨੇ ਕਹਿਣਾ ਤੁਹਾਡੀ ਕੁਰਬਾਨੀ ਸਾਡੀ ਤੁੱਛ ਜਿਹੀ ਸੇਵਾ ਸੰਭਾਲ ਤੋਂ ਵੱਡੀ ਹੈ। ਬਿਰਧ ਮਾਂ-ਬਾਪ ਨੂੰ ਸਾਂਭਣ ਤੇ ਸਨੇਹ ਕਰਨ ਤੋਂ ਵੱਡਾ ਹੋਰ ਕੋਈ ਰਿਜ਼ਕ ਤੇ ਰੱਬ ਨਹੀਂ। ਮੈਂ ਆਪਣੇ ਬਾਪ ਬਾਰੇ ਕਵਿਤਾ ਲਿਖਾਂ:
ਅਨੁਭਵਸ਼ੀਲ ਗ੍ਰੰਥਾਂ ਵਰਗੇ ਅਤੇ ਅੰਗੂਠਾ ਛਾਪ ਜੇਹੇ
ਅੱਜਕਲ੍ਹ ਜੰਮਣੋਂ ਹਟ ਗਏ ਬੰਦੇ ਮੇਰੇ ਕਿਰਤੀ ਬਾਪ ਜੇਹੇ।
ਮੇਰੀ ਕਵਿਤਾ ਦਾ ਸਰੋਤ ਤੇ ਸੰਵੇਦਨਾ ਮੇਰੇ ਮਾਂ-ਬਾਪ ਹਨ। ਕਈ ਵਾਰ ਲਗਦਾ ਜਿਵੇਂ ਮੈਂ ਉਨ੍ਹਾਂ ਤੋਂ ਸਿੱਖਿਆ ਕਮਾਇਆ ਹੀ ਦੁਬਾਰਾ-ਦੁਬਾਰਾ ਰਿਪੀਟ ਕਰੀ ਜਾ ਰਿਹਾ ਹਾਂ। ਬਾਹਰੀ ਪ੍ਰਾਪਤੀਆਂ, ਪਦਵੀਆਂ ਤੇ ਪਦਾਰਥ ਵਿਚ ਲੀਨ ਹੋ ਕੇ ਅਜੋਕੀ ਪੀੜ੍ਹੀ ਰੂਹ, ਰਵਾਇਤ, ਰਿਦਮ, ਰਿਸ਼ਤੇ ਤੇ ਰਾਗਦਾਈਆਂ ਤੋਂ ਕੋਰੀ ਹੋ ਗਈ ਹੈ। ਧਰਤੀਆਂ, ਪਵਨਾਂ, ਪਾਣੀਆਂ ਤੇ ਅੰਬਰਾਂ ਵਰਗੇ ਦਾਦੇ-ਦਾਦੀਆਂ ਤੇ ਨਾਨੇ-ਨਾਨੀਆਂ ਆਊਟਡੇਟਿਡ (ਪੁਰਾਣੇ) ਹੋ ਗਏ ਹਨ। ਕਾਰਪੋਰੇਟ ਯੁੱਗ ਵਿਚ ਹਰ ਵਸਤ ਦੇ ਡੇਟਿਡ ਹੋਣ ਦੀ ਅਵਧੀ ਬਹੁਤ ਥੋੜ੍ਹੀ ਹੈ। ਜੀਵਨ ਨੂੰ ਸਰਾਂ, ਬੁਲਬੁਲਾ, ਪਰਛਾਵਾਂ ਤੇ ਚਾਰ ਦਿਨ ਦੀ ਚਾਂਦਨੀ ਕਹਿਣ ਵਾਲੇ ਲੋਕ ਹੀ ਪਕਿਆਈ, ਪਾਕੀਜ਼ਗੀ ਤੇ ਪਾਹੁਲ ਦੀਆਂ ਪਾਠਸ਼ਾਲਾਵਾਂ ਹੁੰਦੇ ਹਨ। ਅਜੋਕੇ ਤਥਾਅਸਤੂ ਤੇ ਤਟਫਟ ਜ਼ਮਾਨੇ 'ਚ ਬੁਢਾਪੇ ਨੂੰ ਸਾਂਭਣ ਤੇ ਸਨੇਹ ਕਰਨ ਵਾਲੇ ਥੋੜ੍ਹੇ ਰਹਿ ਗਏ ਹਨ। ਇਨਸਾਨੀ ਇਬਾਰਤਾਂ ਨੂੰ ਦਿਲ 'ਚ ਵਸਾਉਣ ਲਈ ਜੇਰਾ, ਜਾਨ ਤੇ ਜ਼ਿੰਦਗੀ ਚਾਹੀਦੀ ਹੈ:
ਚਲੋ ਏਹਨਾਂ ਨੂੰ ਕਿਸੇ
ਬਿਰਧ ਆਸ਼ਰਮ 'ਚ ਛੱਡ ਆਈਏ
ਕਿੰਨਾ ਕੁ ਚਿਰ
ਸਾਂਭੀ ਜਾਵਾਂਗੇ ਆਊਟਡੇਟਿਡ ਪੁਸਤਕਾਂ ਨੂੰ।
ਇਸ ਆਊਟਡੇਟਿਡ ਵਿਸਫੋਟ ਨੂੰ ਸਮਝਣ ਸਮਝਾਉਣ ਲੱਗਿਆਂ ਸਭ ਧਾਰਨਾਵਾਂ, ਧਰਾਤਲ ਤੇ ਧਰਮ ਅਸਫ਼ਲ ਹੋ ਗਏ ਹਨ। ਮੇਰੇ ਇਕ ਸ਼ਾਇਰ ਮਿੱਤਰ ਦਾ ਵੱਡਆਕਾਰੀ ਪਰਿਵਾਰ ਅਮਰੀਕਾ ਰਹਿੰਦਾ। ਸਭ ਨੂੰ ਰੋਟੀ, ਰੱਬ ਤੇ ਰਿਸ਼ਤੇ ਦੇਣ ਵਾਲੇ ਮਾਂ-ਬਾਪ ਅਮਰੀਕਾ ਦੇ ਸਹੂਲਤੀ ਹਸਪਤਾਲ 'ਚ ਰਹਿੰਦੇ ਹਨ। ਬੁਢਾਪੇ ਲਈ ਕੰਮਾਂ ਤੇ ਕਮਾਈਆਂ ਨੂੰ ਛੱਡਣਾ ਅਤਿਅੰਤ ਔਖਾ ਹੈ। ਵਿਦੇਸ਼ਾਂ ਵਿਚ ਰਹਿ ਰਹੇ ਬਹੁਤੇ ਲੋਕਾਂ ਦੇ ਬਿਰਧ ਮਾਂ-ਬਾਪ ਦੇਸ਼ ਵਿਚਲੇ ਵੱਡੇ ਘਰਾਂ ਵਿਚ ਨੌਕਰਾਂ ਸਹਾਰੇ ਰਹਿ ਰਹੇ ਹਨ। ਕਿਸੇ ਦਾ ਜੀਅ ਨਹੀਂ ਲਗਦਾ, ਕਿਸੇ ਕੋਲ ਜੀਅ ਲਵਾਉਣ ਵਾਲਾ ਕੋਈ ਨਹੀਂ। ਪੰਜਾਬੀਆਂ ਕੋਲ ਤਾਂ ਜੀਅ ਲਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਬਹੁਤ ਸੀ ਪਰ ਅਸੀਂ ਅਨਪੜ੍ਹਾਂ ਨੇ ਇਨ੍ਹਾਂ ਪਾਕ ਤੇ ਪ੍ਰਾਣਵੰਤ ਅੱਖਰਾਂ ਨੂੰ ਤੇਰਾ-ਤੇਰਾ ਦੀ ਥਾਂ ਮੇਰਾ-ਮੇਰਾ ਦੀਆਂ ਸੌਦਾਗਰੀਆਂ ਤੇ ਸਿਆਸਤਾਂ ਦਾ ਅਖਾੜਾ ਬਣਾ ਦਿੱਤਾ ਹੈ। ਭੀੜਾਂ ਦੀ ਭਰਮਾਰ ਨੇ ਸਭ ਕੁਝ ਸਹਿਜ, ਸੁਰੀਲਾ ਤੇ ਸਾਦਾ ਨਹੀਂ ਰਹਿਣ ਦਿੱਤਾ। ਸੀਵੇਦਨਾ, ਸਿਆਣਪ ਤੇ ਸਬਰ ਸੰਤੋਖ ਨਾਲੋਂ ਸਹੂਲਤਾਂ, ਸੁੱਖ ਤੇ ਨਿੱਜਤਾ ਜ਼ਿਆਦਾ ਭਾਰੂ ਤੇ ਭਾਗਸ਼ੀਲ ਹੋ ਗਏ ਹਨ। ਸ਼ਬਦ ਨੂੰ ਅੰਦਰ ਵਸਾਉਣ ਦੀ ਸੁਰਤ ਤੇ ਸ਼ਕਤੀ ਨੂੰ ਦਿਖ ਤੇ ਦੇਹ ਦਾ ਆਡੰਬਰੀ ਮੋਹ ਹੌਲੀ-ਹੌਲੀ ਨਿਗਲ ਲੈਂਦਾ ਹੈ।
ਅੱਡ-ਅੱਡ ਤੇ ਇਕੱਲੇ ਰਹਿਣ ਦੀ ਬਿਰਤੀ ਨੇ ਸਾਂਝੇ ਪੰਜਾਬ, ਚੁੱਲ੍ਹਿਆਂ, ਘਰਾਂ, ਖੇਤੀਆਂ, ਪਾਣੀਆਂ ਤੇ ਸਾਂਝਾਂ ਨੂੰ ਜੀਰ ਲਿਆ ਹੈ। ਪਹਿਲਾਂ ਅੱਡ ਤੇ ਅਲਹਿਦਾ ਹੋਏ, ਹੁਣ ਅੱਧੇ ਤੇ ਅਧੂਰੇ ਹੋ ਗਏ ਹਾਂ। ਅੱਧੇ-ਅਧੂਰੇ ਹੋਣ ਦੇ ਸਦਮਿਆਂ ਤੇ ਸੱਟਾਂ ਨੂੰ ਲੁਕੋ-ਲੁਕੋ ਕੇ ਅੱਧਾ ਪੰਜਾਬ ਨਿਰਾਸ਼ਾ ਦਾ ਸ਼ਿਕਾਰ ਹੋ ਗਿਆ ਹੈ।
ਪੁੱਤਰ ਤਾਂ ਪਰਦੇਸੀਂ ਜਾ ਕੇ
ਪੌਂਡ ਡਾਲਰ ਬਣ ਜਾਵਣਗੇ
ਮਾਵਾਂ ਆਪਣੇ ਦਿਲ ਦੇ ਸਦਮੇ
ਢਿੱਡਾਂ ਵਿਚ ਲੁਕੋਣਗੀਆਂ।
ਨਾ ਹਿੰਮਤ, ਨਾ ਹੰਭਲੇ, ਨਾ ਸੁਪਨੇ, ਨਾ ਉਡਾਣ। ਧੀਆਂ-ਪੁੱਤਰ ਪਿੱਤਰਾਂ ਨੂੰ ਨਹੀਂ, ਜਾਇਦਾਦਾਂ ਦਾ ਹਾਲ-ਚਾਲ ਪੁੱਛਣ ਆਉਂਦੇ ਹਨ। ਮੇਰੇ ਮਿੱਤਰ ਦੀ ਪਤਨੀ ਐਤਕੀਂ ਜਦੋਂ ਪ੍ਰਦੇਸ਼ ਜਾਣ ਲੱਗੀ ਤਾਂ ਰੋ ਪਈ। ਕਹਿੰਦੀ ਜਾਣ ਨੂੰ ਜੀਅ ਨਹੀਂ ਕਰਦਾ। ਪੁੱਤਰਾਂ-ਧੀਆਂ ਨੂੰ ਮਾਂ ਨਹੀਂ ਕੰਮ ਵਾਲੀ ਔਰਤ ਚਾਹੀਦੀ ਹੈ। ਲੋੜਾਂ ਤੇ ਲਾਲਚ ਪੁਰਾਣੇ ਲੋਕਾਂ ਕੋਲ ਵੀ ਸੀ ਪਰ ਮਾਨਵੀ ਆਂਦਰਾਂ ਉਨ੍ਹਾਂ ਦਾ ਸੁਪਨਸ਼ੀਲ ਸਰਮਾਇਆ ਸੀ। ਅਜੋਕਾ ਯੁੱਗ ਸਿਰਫ਼ ਲੋੜਵੰਦ ਤੇ ਲਾਲਚੀ ਹੋ ਗਿਆ ਹੈ। ਨੌਕਰ ਚਾਕਰ ਥੋੜ੍ਹ-ਚਿਰੇ ਤੇ ਧਾੜਵੀ ਹੋ ਗਏ ਹਨ। ਮੇਰੇ ਕਿਰਸਾਨ ਬਾਪ ਦਾ ਇਕ ਕਾਮਾ ਹੁੰਦਾ ਸੀ, ਜੋ ਲੰਬਾ ਸਮਾਂ ਸਾਡਾ ਸਾਥੀ ਰਿਹਾ। ਅਸੀਂ ਬੱਚੇ ਵੀ ਉਸ ਨੂੰ 'ਆਪਣਾ' ਸਮਝਦੇ। ਪੱਕੇ, ਪ੍ਰਾਣਵੰਤ ਤੇ ਪਾਕ ਰਿਸ਼ਤੇ ਹੁਣ ਕਿੱਥੇ ਗਏ। ਬਿਰਧ ਮਾਂ-ਬਾਪ ਵਿਦੇਸ਼ਾਂ ਵਿਚ ਬੇਰੀਆਂ ਤੋੜਦੇ ਹਨ ਤਾਂ ਬੱਚੇ ਆਪਣੀ ਡਾਲਰੀ ਸੋਚ ਅਨੁਕੂਲ ਸਭ ਕੁਝ ਨੂੰ ਤਥਾਅਸਤੂ ਮੰਨੀ ਜਾਂਦੇ ਹਨ। ਲੋਕ ਪੈਸਿਆਂ ਨਾਲ ਢਿੱਡ ਭਰਨ ਦੇ ਆਹਰ ਲੱਗੇ ਹੋਏ ਹਨ। ਐਸੇ ਯੁੱਗ ਵਿਚ ਬੁਢਾਪਾ ਕਿੱਥੇ ਦਿਲ ਫਰੋਲੇ?
ਬੁਢਾਪੇ ਦੇ ਉਠਣ-ਬੈਠਣ ਲਈ ਥਾਵਾਂ ਨਹੀਂ, ਬੋਹੜਾਂ-ਪਿੱਪਲਾਂ, ਟਾਹਲੀਆਂ ਵਰਗੀਆਂ ਛਾਵਾਂ ਨਹੀਂ। ਪੰਜਾਬ ਕੋਲ ਇਕੱਠੇ ਹੋਣ ਲਈ ਵਿਆਹ ਤੇ ਭੋਗ ਬਚੇ ਹਨ। ਆਡੰਬਰੀ ਆਤੰਕਾਂ ਨਾਲ ਕਿੰਨਾ ਕੁ ਚਿਰ ਚਿੱਤ ਨੂੰ ਢਾਰਸ ਦੇਵਾਂਗੇ। ਦੇਹ ਤੇ ਦਿੱਖ ਨੇ ਕਮਲੇ ਕਰ ਦਿੱਤਾ ਹੈ। ਅਜਿਹੇ ਮੋਹ-ਹੀਣ ਤੇ ਮਾਤਮੀ ਮਾਹੌਲ ਵਿਚ ਕੀ-ਕੀ ਸਾਂਭ-ਸੰਭਾਲ ਲਵਾਂਗੇ। ਬੁਢਾਪੇ ਨੂੰ ਬਿਰਧ ਘਰਾਂ ਤੇ ਸੀਨੀਅਰ ਸਿਟੀਜ਼ਨਜ਼ ਹੋਮਜ਼ ਦੀ ਥਾਂ ਸਤਿਕਾਰ, ਸਨੇਹ, ਸਹਿਯੋਗ ਤੇ ਸਾਥ ਦੀ ਲੋੜ ਹੈ। ਕਿਤੇ-ਕਿਤੇ ਧੀਆਂ-ਪੁੱਤਰ ਸਰਵਣ ਪੁੱਤਰ ਬਣ ਕੇ ਦਿਖਾਉਂਦੇ ਹਨ ਪਰ ਅਜਿਹੇ ਵਿਰਲੇ ਹਨ। ਇਹ ਸੱਚ ਹੈ ਕਿ ਜੇ ਗੁੜ੍ਹਤੀਆਂ, ਅਸੀਸਾਂ, ਅਰਜੋਈਆਂ, ਗਲਵਕੜੀਆਂ ਤੇ ਸਿਆਣਪਾਂ ਗੁਆ ਬੈਠੇ ਤਾਂ ਨਵੀਆਂ ਨਸਲਾਂ ਨੇ ਪੂਰਨ ਤੌਰ 'ਤੇ ਬੇਮੁੱਖ ਬੇਬਹਿਰੇ ਹੋ ਜਾਣਾ ਹੈ। ਬੁਢਾਪੇ ਦੀ ਉਂਗਲ ਫੜ ਕੇ ਹੀ ਰਹਿਬਰਾਂ, ਸ਼ਹੀਦਾਂ, ਫਕੀਰਾਂ ਤੇ ਯੋਧਿਆਂ ਦੇ ਰੂਹਾਨੀ ਰਸਤਿਆਂ ਨੂੰ ਜਾਣਿਆ ਤੇ ਪਾਇਆ ਜਾ ਸਕਦੈ।
ਕਿਸੇ ਲਈ ਡੰਗੋਰੀ, ਕਿਸੇ ਲਈ ਵਹਿੰਗੀ,
ਕਿਸੇ ਲਈ ਹੁੰਗਾਰਾ ਬਣੀਏ,
ਚਲੋ ਯਾਰੋ ਸੜਕ ਪਾਰ ਕਰਦੇ
ਬੁਢਾਪੇ ਲਈ ਥੋੜ੍ਹਾ ਜੇਹਾ ਸਹਾਰਾ ਬਣੀਏ।

-97, ਮਾਡਲ ਟਾਊਨ, ਕਪੂਰਥਲਾ।
ਫੋਨ : 01822-235343, 502556.

ਤੁਰ ਗਿਆ ਭਾਈ ਲਾਲੋਆਂ ਦਾ ਨਾਟਕਕਾਰ ਪ੍ਰੋ: ਅਜਮੇਰ ਔਲਖ

ਨਾਟਕਾਂ ਵਿਚ ਵੀ ਸਾਦਗੀ, ਪੇਸ਼ਕਾਰੀ ਵਿਚ ਵੀ ਸਾਦਗੀ ਤੇ ਜ਼ਿੰਦਗੀ ਵਿਚ ਵੀ ਸਾਦਗੀ, ਇਹ ਸਿਰਫ਼ ਅਜਮੇਰ ਔਲਖ ਦੇ ਹਿੱਸੇ ਹੀ ਆਇਆ ਸੀ। ਮਾਲਵੇ ਦਾ ਪਹਿਲਾ ਸਿਰਕੱਢ ਨਾਟਕਕਾਰ ਮਲਵਈ ਜ਼ੁਬਾਨ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਆਪਣੇ ਨਾਟਕਾਂ ਰਾਹੀਂ ਇੱਜ਼ਤ ਦਿਵਾਉਣ ਵਾਲਾ ਨਾਟਕਕਾਰ ਪ੍ਰੋ: ਅਜਮੇਰ ਔਲਖ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਉਸ ਨੇ ਲੰਮਾ ਸਮਾਂ ਬਿਮਾਰੀ ਨਾਲ ਦਸਤਪੰਜਾ ਵੀ ਲਿਆ, ਲੰਮਾ ਸਮਾਂ ਬਿਸਤਰੇ 'ਤੇ ਰਹਿ ਕੇ ਕਸ਼ਟ ਵੀ ਸਹਿਆ, ਪਰ ਉਸ ਦੀ ਨਾਟਕੀ ਪ੍ਰਤੀਬੱਧਤਾ ਕਦੀ ਵੀ ਨਾ ਰੁਕੀ। ਉਹ ਇਕੋ-ਇਕ ਅਜਿਹੀ ਹਸਤੀ ਸੀ ਜਿਸ ਨੇ ਦੁਨੀਆ ਭਰ ਦੇ ਵਿਚ ਸਭ ਤੋਂ ਵੱਧ ਕਿਸਾਨੀ ਸਮੱਸਿਆਵਾਂ ਅਤੇ ਥੁੜ੍ਹਾਂ ਮਾਰੇ ਸਮਾਜ ਬਾਰੇ ਨਾਟਕ ਲਿਖੇ। ਪ੍ਰੋ: ਅਜਮੇਰ ਔਲਖ ਪੰਜਾਬੀ ਦਾ ਉੱਚ ਦੁਮਾਲੜਾ, ਸ਼ਾਹਕਾਰ ਅਜਿਹਾ ਨਾਟਕਕਾਰ ਸੀ, ਜਿਸ ਨੇ ਸਾਧਾਰਨ ਭਾਸ਼ਾ ਤੇ ਸਾਧਾਰਨ ਪਾਤਰਾਂ ਰਾਹੀਂ ਅਸਾਧਾਰਨ ਅੰਤਰਰਾਸ਼ਟਰੀ ਪੱਧਰ ਦਾ ਸੰਵਾਦ ਰਚਾਇਆ।
ਸਾਲ 1942 ਵਿਚ ਜਨਮੇ ਪ੍ਰੋ: ਅਜਮੇਰ ਔਲਖ ਨੇ ਪੰਜਾਬੀ ਨਾਟਕ ਦੀ ਤੀਜੀ ਪੀੜ੍ਹੀ ਦੇ ਰੰਗਮੰਚ ਸਫ਼ਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਹ ਸਿਰਫ਼ ਨਾਟਕ ਲਿਖਦਾ ਹੀ ਨਹੀਂ ਸੀ, ਨਾਟਕ ਖੇਡਦਾ ਵੀ ਸੀ। ਉਸ ਨੇ 1976 ਵਿਚ ਆਪਣੀ ਨਾਟਕ ਮੰਡਲੀ 'ਲੋਕ ਕਲਾ ਮੰਚ ਮਾਨਸਾ' ਦੀ ਸਥਾਪਨਾ ਕੀਤੀ ਤੇ ਫੇਰ ਦੱਬੇ ਕੁਚਲੇ, ਥੁੜਾਂ ਮਾਰੇ ਤੇ ਨਿਮਨ ਕਿਸਾਨੀ ਦੀ ਬਾਤ ਪਾਉਂਦੇ ਨਾਟਕਾਂ ਦੀ ਪੇਸ਼ਕਾਰੀ ਦਾ ਸਿਲਸਿਲਾ ਸ਼ੁਰੂ ਕੀਤਾ। ਅਜਮੇਰ ਔਲਖ ਨੇ ਗੁਰਸ਼ਰਨ ਸਿੰਘ ਵੱਲੋਂ ਪਾਈਆਂ ਪੇਂਡੂ ਰੰਗਮੰਚ ਦੀਆਂ ਲੀਹਾਂ ਦੇ ਨਿਸ਼ਾਨ ਹੋਰ ਪ੍ਰਪੱਕਤਾ ਦੇ ਨਾਲ ਗੂੜ੍ਹੇ ਕੀਤੇ। ਇਸੇ ਲਈ ਉਸ ਨੂੰ ਅੱਜ ਵੀ ਭਾਈ ਲਾਲੋਆਂ ਦਾ ਨਾਟਕਕਾਰ ਕਿਹਾ ਜਾਂਦਾ ਹੈ। ਉਸ ਨੇ ਕਾਲਜ ਵਿਚ ਅਧਿਆਪਨ ਵੀ ਕੀਤਾ ਤੇ ਆਪਣੇ ਰੰਗਮੰਚ ਸਫ਼ਰ ਦੀ ਸ਼ੁਰੂਆਤ ਯੂਥ ਫੈਸਟੀਵਲ ਲਈ ਤਿਆਰ ਕਰਵਾਏ ਪਹਿਲੇ ਨਾਟਕ 'ਈਦਰਾ ਕਦੀਬਾਰਾ' ਨਾਲ ਕੀਤੀ। ਇਹ ਨਾਟਕ 'ਬੈਕੇਟ' ਦੇ ਪ੍ਰਸਿੱਧ ਨਾਟਕ 'ਵੇਟਿੰਗ ਫਾਰ ਗੋਦੇ' ਦਾ ਹੀ ਰੂਪਾਂਤਰਨ ਸੀ, ਪਰ ਅਜਮੇਰ ਔਲਖ ਨੇ ਇਸ ਪੇਸ਼ਕਾਰੀ ਦੀ ਸਫ਼ਲਤਾ ਤੋਂ ਪਿੱਛੋਂ ਫੇਰ ਪਿੱਛੇ ਮੁੜ ਕੇ ਨਾ ਵੇਖਿਆ। ਉਸ ਨੂੰ ਪੰਜਾਬ ਦੀ ਨਿਮਨ ਕਿਸਾਨੀ, ਕਰਜ਼ਿਆਂ ਹੇਠ ਦੱਬੀ ਤੜਪਦੀ ਜ਼ਿੰਦਗੀ ਤੇ ਆਰਥਿਕਤਾ ਦੇ ਕਾਰਨ ਰਿਸ਼ਤਿਆਂ ਦੀ ਹੁੰਦੀ ਟੁੱਟ ਭੱਜ ਦੀ ਨਬਜ਼ ਸਮਝ ਆ ਗਈ ਸੀ ਤੇ ਇਸੇ ਲਈ ਉਸ ਨੇ ਪੂਰੀ ਸਫ਼ਲਤਾ ਨਾਲ ਸਾਧਾਰਨ ਤਰੀਕੇ ਨਾਲ, ਘੱਟ ਖਰਚੇ ਵਿਚ, ਬਿਨਾਂ ਕਿਸੇ ਲਾਗ-ਲਪੇਟ ਦੇ ਆਪਣੀ ਗੱਲ ਕਹਿਣ ਲਈ ਆਪਣੇ ਨਾਟਕਾਂ ਦੀ ਪੇਸ਼ਕਾਰੀ ਪਿੰਡਾਂ ਵਿਚ ਕਰਨੀ ਸ਼ੁਰੂ ਕੀਤੀ। ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਵਿਚ ਪ੍ਰੋ: ਅਜਮੇਰ ਔਲਖ ਦੇ ਸਮੁੱਚੇ ਪਰਿਵਾਰ ਨੇ ਵੀ ਉਸ ਦਾ ਸਾਥ ਦਿੱਤਾ। ਅਜਮੇਰ ਔਲਖ ਤੇ ਉਸ ਦੀਆਂ ਤਿੰਨੇ ਧੀਆਂ ਤੇ ਜਵਾਈ ਵੀ ਉਸ ਦੇ ਰੰਗਮੰਚ ਸਫ਼ਰ ਦਾ ਹਿੱਸਾ ਬਣੇ। ਅਜਮੇਰ ਔਲਖ ਦੀ ਪਤਨੀ ਸ੍ਰੀਮਤੀ ਮਨਜੀਤ ਔਲਖ ਨੇ ਵੀ ਅਜਮੇਰ ਔਲਖ ਦੇ ਹਰ ਨਾਟਕ ਵਿਚ ਸਸ਼ਕਤ ਭੂਮਿਕਾ ਨਿਭਾਈ।
ਪ੍ਰੋ: ਅਜਮੇਰ ਔਲਖ ਦੇ ਨਾਟਕਾਂ ਦੀ ਵਿਸ਼ੇਸ਼ਤਾ ਸੀ, ਉਸ ਦੀ ਮਲਵਈ ਬੋਲੀ, ਸਿੱਧੇ ਸਾਧੇ ਪਾਤਰ ਅਤੇ ਉਸ ਦੀ ਪੇਸ਼ਕਾਰੀ ਵਿਚ ਨਾਟਕੀ ਯਥਾਰਥ ਸੀ। ਇਸ ਲਈ ਉਹ ਪੰਜਾਬੀ ਨਾਟਕਾਂ ਦਾ ਬੁਲੰਦ ਸਿਤਾਰਾ ਵੀ ਸੀ ਤੇ ਥੁੜਾਂ ਮਾਰੇ ਲੋਕਾਂ ਦਾ ਮਕਬੂਲ ਨਾਟਕਕਾਰ ਵੀ। ਉਸ ਨੂੰ ਵਿਸ਼ੇਸ਼ ਕਰਕੇ ਗ਼ਰੀਬ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ ਤੇ ਮਜ਼ਲੂਮਾਂ ਜਾਤਾਂ ਦਾ ਨਾਟਕਕਾਰ ਕਿਹਾ ਜਾਂਦਾ ਸੀ। ਉਹ ਆਪਣੀ ਨਾਟਕੀ ਕਲਾ ਨਾਲ ਪਿਛਾਂਹ-ਖਿੱਚੂ ਸੋਚਾਂ ਨੂੰ ਵੰਗਾਰਦਾ ਸੀ ਤੇ ਸਮਾਜਿਕ ਤਬਦੀਲੀ ਦਾ ਹੋਕਾ ਵੀ ਦਿੰਦਾ ਸੀ। ਅਜਮੇਰ ਔਲਖ ਦੀ ਪੇਂਡੂ ਮੁਹਾਵਰੇ 'ਤੇ ਪਕੜ ਸੀ। ਮਲਵਈ ਬੋਲੀ ਤੇ ਪੇਂਡੂ ਮੁਹਾਵਰਾ ਉਸ ਦੇ ਨਾਟਕਾਂ ਦੀ ਵੱਡੀ ਪ੍ਰਾਪਤੀ ਸੀ। ਅਜਮੇਰ ਔਲਖ ਆਪਣੇ ਨਾਟਕਾਂ ਰਾਹੀਂ ਆਮ ਆਦਮੀ ਨੂੰ ਰਾਜਨੀਤਕ ਤੌਰ 'ਤੇ ਚੇਤੰਨ ਕਰਦਾ ਸੀ। ਅਜਮੇਰ ਔਲਖ ਨੇ ਲਘੂ ਨਾਟਕ ਵੀ ਲਿਖੇ, ਇਕਾਂਗੀ ਵੀ ਤੇ ਪੂਰੇ ਨਾਟਕ ਵੀ। ਉਸ ਦੇ ਲਿਖੇ ਨਾਟਕਾਂ ਦੀ ਗਿਣਤੀ 50 ਦੇ ਕਰੀਬ ਹੈ। ਉਸ ਦੇ ਨਾਟਕਾਂ ਦੀ ਪੇਸ਼ਕਾਰੀ ਦੀ ਗਿਣਤੀ ਹਜ਼ਾਰਾਂ ਵਿਚ ਹੈ। ਉਸ ਦੇ ਨਾਟਕਾਂ ਵਿਚ ਹੱਕ-ਸੱਚ ਤੇ ਸੁੱਚਤਾ ਦੀ ਗੱਲ ਹੁੰਦੀ ਸੀ, ਜੋ ਕੁਝ ਵੀ ਅਜਮੇਰ ਔਲਖ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਵਿਚੋਂ ਮਿਲਿਆ, ਉਨ੍ਹਾਂ ਦੁੱਖਾਂ ਸੁਖਾਂ, ਵਿਚਾਰਧਾਰਾ ਅਤੇ ਸੰਵੇਦਨਸ਼ੀਲਤਾ ਨੂੰ ਹੀ ਆਪਣੇ ਨਾਟਕਾਂ ਰਾਹੀਂ ਉਸ ਨੇ ਮੰਚ ਉੱਤੇ ਪੇਸ਼ ਕੀਤਾ। ਇਸੇ ਕਰਕੇ ਅਨਪੜ੍ਹ ਦਰਸ਼ਕ ਵੀ ਉਸ ਦੇ ਨਾਟਕਾਂ ਨੂੰ ਵਰ੍ਹਿਆਂ ਤੱਕ ਚੇਤੇ ਰੱਖਦੇ ਨੇ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹੁੰਮ-ਹੁਮਾ ਕੇ ਉਸ ਦੇ ਨਾਟਕਾਂ ਨੂੰ ਵੇਖਣ ਪਹੁੰਚਦੇ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੇ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਰਚੀ। ਪਹਿਲਾਂ 8-10 ਸਾਲ ਦੀ ਉਮਰ 'ਚ ਉਹ ਗਾਉਣ ਲੱਗ ਪਿਆ। ਫੇਰ ਉਸ ਨੇ ਗੀਤ-ਕਵਿਤਾ ਵੀ ਲਿਖਣੀ ਸ਼ੁਰੂ ਕਰ ਦਿੱਤੀ।
ਉਹ ਆਪਣੇ ਗੀਤ-ਕਵਿਤਾਵਾਂ ਬਚਪਨ ਵਿਚ ਹੀ ਕਮਿਊਨਿਸਟ ਸਟੇਜਾਂ 'ਤੇ ਬੋਲਦਾ ਤੇ ਗਾਉਂਦਾ ਸੀ। ਉਸ ਦੀ ਰਚਨਾ ਦੀ ਪ੍ਰੇਰਣਾ ਸਰੋਤ ਉਸ ਵੱਲੋਂ ਵੇਖੀ ਤੇ ਹੰਢਾਈ ਹੋਈ ਜ਼ਿੰਦਗੀ ਹੀ ਸੀ। ਉਸ ਨੇ ਹਮੇਸ਼ਾ ਯਥਾਰਥ ਨੂੰ ਹੀ ਸਾਹਿਤਕ ਪੁੱਠ ਦੇਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਸੀ ਕਿ 'ਜਦੋਂ ਵੀ ਕਿਸੇ ਸਮਾਜਕ ਵਰਤਾਰੇ ਨੂੰ ਲੈ ਕੇ ਮੇਰੇ ਅੰਦਰ ਸਿਰਜਣਾਤਮਿਕ ਹਿੱਲ-ਜੁਲ ਹੁੰਦੀ ਹੈ, ਤਾਂ ਉਸ ਸਮੇਂ ਤੋਂ ਹੀ ਮੈਂ ਆਪਣੀ ਵਿਗਿਆਨਕ, ਮਾਰਕਸੀ ਦ੍ਰਿਸ਼ਟੀ ਨਾਲ ਸਿਰਜਣ-ਅਮਲ ਨਾਲ ਜੁੜੀਆਂ ਘਟਨਾਵਾਂ ਜਾਂ ਪਾਤਰਾਂ ਪਿੱਛੇ ਕਾਰਜਸ਼ੀਲ, ਆਰਥਿਕ, ਸਮਾਜਿਕ, ਰਾਜਨੀਤਕ, ਮਨੋਵਿਗਿਆਨਕ ਕਾਰਨਾਂ ਨੂੰ ਲੱਭਣਾ ਸ਼ੁਰੂ ਕਰ ਦੇਂਦਾ ਹਾਂ ਤੇ ਇਨ੍ਹਾਂ ਘਟਨਾਵਾਂ ਤੇ ਪਾਤਰਾਂ ਦੇ ਯਥਾਰਥ ਨੂੰ ਪ੍ਰਗਟਾਉਣ ਦਾ ਯਤਨ ਕਰਦਾ ਹਾਂ ਤੇ ਇਨ੍ਹਾਂ ਦੇ ਪਰਿਪੇਖ ਵਿਚ ਹੀ ਪਾਤਰਾਂ ਦੀ ਯਥਾਰਥ ਪਾਤਰ ਉਸਾਰੀ ਕਰਦਾ ਹਾਂ'। ਪ੍ਰੋ: ਅਜਮੇਰ ਔਲਖ ਨੇ 1976 ਤੋਂ ਪਿੰਡਾਂ ਵਿਚ ਇਕਾ-ਦੁਕਾ ਨਾਟਕ ਖੇਡੇ, ਪਰ 1980 ਤੋਂ ਬਾਅਦ ਉਸ ਨੇ ਇਸ ਕਾਰਜ ਨੂੰ ਇਕ ਮਿਸ਼ਨ ਤੇ ਕਮਿਟਮੈਂਟ ਦੇ ਤੌਰ 'ਤੇ ਕੀਤਾ।
ਅਜਮੇਰ ਔਲਖ ਅਜਿਹਾ ਸਿਰੜੀ, ਯੋਧਾ ਨਾਟਕਕਾਰ, ਨਿਰਦੇਸ਼ਕ, ਅਦਾਕਾਰ ਤੇ ਕੁਸ਼ਲ ਪ੍ਰਬੰਧਕ ਸੀ, ਜਿਸ ਨੇ ਆਪਣੇ ਨਾਟਕਾਂ ਰਾਹੀਂ ਨਿਮਨ ਕਿਸਾਨੀ ਦੇ ਉਨ੍ਹਾਂ ਥੁੜਾਂ ਮਾਰੇ ਲੋਕਾਂ ਦੀ ਗੱਲ ਕੀਤੀ, ਜਿਨ੍ਹਾਂ ਕੋਲ ਜ਼ੁਬਾਨ ਨਹੀਂ ਸੀ, ਜੇ ਜ਼ੁਬਾਨ ਸੀ ਤਾਂ ਆਵਾਜ਼ ਨਹੀਂ ਸੀ, ਜੇ ਆਵਾਜ਼ ਸੀ ਤਾਂ ਬੋਲ ਨਹੀਂ ਸਨ। ਮਲਵਈ ਜ਼ਿੰਦਗੀ ਦੇ ਉਨ੍ਹਾਂ ਅਣਗੌਲੇ ਪਾਤਰਾਂ ਨੂੰ ਜ਼ਿੰਦਗੀ ਦੇ ਕੇ ਨਾਟਕੀ ਸਾਹਿਤ ਦਾ ਹਿੱਸਾ ਬਣਾਇਆ ਉਸ ਦੇ ਨਾਟਕਾਂ ਦੇ ਪਾਤਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਦੇ ਹੋਏ ਵੀ ਜੀਂਦੇ ਨੇ ਤੇ ਸੰਘਰਸ਼ ਕਰਦੇ ਨੇ।
ਸਾਡੇ ਸਮਿਆਂ ਦਾ ਪ੍ਰਮੁੱਖ ਨਾਟਕਕਾਰ ਜਿਸ ਨੂੰ ਪੜ੍ਹ ਕੇ, ਜਿਸ ਦੇ ਨਾਟਕ ਵੇਖ ਕੇ ਮੈਂ ਵੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ ਹੈ। ਕਿਉਂਕਿ ਅਜਮੇਰ ਔਲਖ ਨੇ ਪੰਜਾਬੀ ਨਾਟਕ ਨੂੰ ਇਕ ਨਵਾਂ ਮੁਹਾਂਦਰਾ ਦੇ ਕੇ, ਪੰਜਾਬੀ ਨਾਟਕ ਦਾ ਮਾਣ ਵਧਾਇਆ। ਔਲਖ ਦੇ ਨਾਟਕਾਂ ਦੀ ਪੇਸ਼ਕਾਰੀ ਵੀ ਉਸ ਦੀ ਆਪਣੀ ਬਣਾਈ ਸਾਦਗੀ ਦੀ ਯਥਾਰਥਵਾਦੀ ਰੰਗਮੰਚ ਸ਼ੈਲੀ ਸੀ। ਇਸ ਸ਼ੈਲੀ ਵਿਚ ਸੰਜੀਦਗੀ ਵੀ ਹੈ, ਭਾਵੁਕਤਾ ਵੀ ਤੇ ਰੋਹ ਵੀ। ਉਸ ਦੇ ਨਾਟਕ ਯੂਨੀਵਰਸਟੀਆਂ ਦੇ ਸਿਲੇਬਸ ਦਾ ਹਿੱਸਾ ਵੀ ਬਣੇ ਅਤੇ ਯੂਥ ਫੈਸਟੀਵਲ ਦੀ ਰੌਣਕ ਵੀ ਬਣੇ। ਅਜਮੇਰ ਔਲਖ ਦੇ ਨਾਟਕਾਂ ਨੂੰ ਹਰ ਤਰ੍ਹਾਂ ਦਾ ਨਿਰਦੇਸ਼ਕ ਖੇਡਣ ਵਿਚ ਮਾਣ ਮਹਿਸੂਸ ਕਰਦਾ ਹੈ। ਭਾਵੇਂ ਉਹ ਕੋਈ ਪ੍ਰੋਫੈਸ਼ਨਲ ਟਰੇਂਡ ਡਾਇਰੈਕਟਰ ਹੋਵੇ ਜਾਂ ਸਿਖਾਂਦਰੂ।
ਉਸ ਨੂੰ ਅਨੇਕਾਂ ਮਾਣ-ਸਨਮਾਨ ਮਿਲੇ, ਪਰ ਉਹ ਹਮੇਸ਼ਾ ਸਾਦਗੀ ਦੀ ਮੂਰਤ ਬਣ ਕੇ ਨਿਮਾਣੇ ਤੇ ਨਿਤਾਣੇ ਲੋਕਾਂ ਨਾਲ ਖੜ੍ਹਦਾ ਰਿਹਾ। ਉਸ ਨੂੰ ਸ਼੍ਰੋਮਣੀ ਨਾਟਕਕਾਰ ਦਾ ਐਵਾਰਡ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲਿਆ ਤੇ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਵੱਲੋਂ ਨੈਸ਼ਨਲ ਐਵਾਰਡ ਵੀ ਮਿਲਿਆ। ਪਰ ਸਭ ਤੋਂ ਵੱਡਾ ਸਨਮਾਨ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਪਿੰਡ ਰੱਲਾ (ਮਾਨਸਾ) ਵਿਚ ਪੰਜਾਹ ਹਜ਼ਾਰ ਤੋਂ ਵੱਧ ਇਕੱਠ 'ਇਨਕਲਾਬੀ ਜਨਤਕ ਸਲਾਮ ਸਮਾਰੋਹ' ਵਿਚ ਪ੍ਰੋ: ਅਜਮੇਰ ਔਲਖ ਨੂੰ 'ਭਾਈ ਲਾਲੋ ਕਲਾ ਸਨਮਾਨ' ਨਾਲ ਨਿਵਾਜਿਆ ਗਿਆ। ਇਹ ਸਨਮਾਨ ਸਮੁੱਚੀ ਪੰਜਾਬੀ ਰੰਗਮੰਚ ਲਹਿਰ ਦਾ ਸਨਮਾਨ ਸੀ। ਪ੍ਰੋ: ਅਜਮੇਰ ਔਲਖ ਦੇ ਆਖਰੀ ਸਫ਼ਰ ਵੇਲੇ ਹਜ਼ਾਰਾਂ-ਹਜ਼ਾਰਾਂ ਲੋਕ ਕਾਫਲਿਆਂ ਦੇ ਰੂਪ ਵਿਚ 'ਮਾਨਸਾ' ਦੀਆਂ ਸੜਕਾਂ ਉਤੇ 'ਅਜਮੇਰ ਔਲਖ, ਅਮਰ ਰਹੇ' ਦੇ ਨਾਅਰੇ ਲਾ ਰਹੇ ਸਨ। ਹੰਝੂਆਂ ਨਾਲ ਤੇ ਰੋਹ ਭਰੇ ਬੋਲਾਂ ਨਾਲ ਆਪਣੇ ਪਿਆਰੇ ਨਾਟਕਕਾਰ ਨੂੰ ਆਖਰੀ ਅਲਵਿਦਾ ਕਹਿ ਰਹੇ ਸਨ, ਇਸ ਤੋਂ ਵੱਡਾ ਸਨਮਾਨ ਕਿਸੇ ਨਾਟਕਕਾਰ ਦਾ ਹੋਰ ਕੀ ਹੋ ਸਕਦਾ ਏ, ਕਿ ਜਿਨ੍ਹਾਂ ਦੇ ਲੇਖੇ ਤੁਸੀਂ ਜੀਵਨ ਲਾਇਆ, ਉਹ ਆਖਰੀ ਸਫ਼ਰ ਵਿਚ ਤੁਹਾਡੇ ਨਾਲ-ਨਾਲ ਤੁਰੇ ਤੇ ਆਪਣੇ ਮਹਿਬੂਬ ਨਾਟਕਕਾਰ ਨੂੰ ਸਲਾਮ ਕਹਿ ਰਹੇ ਸਨ। ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ, ਸਾਨੂੰ ਉਸ ਤੋਂ ਬਗੈਰ ਪੂਰਾ ਮਾਲਵਾ ਸੁੰਨਾ-ਸੁੰਨਾ ਲਗਦਾ ਹੈ, ਪੰਜਾਬ ਦੇ ਪਿੰਡਾਂ ਦੀਆਂ ਸਟੇਜਾਂ ਖਾਲੀ-ਖਾਲੀ ਨਜ਼ਰ ਆੳਂਦੀਆਂ ਨੇ ਪਰ ਉਹ ਆਪਣੇ ਨਾਟਕਾਂ ਰਾਹੀਂ ਜ਼ਿੰਦਾ ਹੈ, ਉਹ ਕਿਤੇ ਨਹੀਂ ਗਿਆ ਉਹ ਫੇਰ ਤੋਂ 'ਸੱਤ ਬੇਗਾਨੇ' ਨੂੰ ਪਛਾਣਦਾ ਹੋਇਆ, 'ਬੇਗਾਨੇ ਬੋਹੜ ਦੀ ਛਾਂ' ਦੀ ਨਿਸ਼ਾਨਦੇਹੀ ਕਰੇਗਾ, 'ਇਕ ਰਮਾਇਣ ਹੋਰ' ਵੀ ਲਿਖੇਗਾ ਤੇ 'ਤੂੜੀ ਵਾਲੇ ਕੋਠੇ' ਦੀ ਹੁੰਮਸ ਤੇ ਰਿਸ਼ਤਿਆਂ ਦੀਆਂ 'ਤ੍ਰੇੜਾਂ' ਨੂੰ ਪਹਿਚਾਣਦਾ ਹੋਇਆ 'ਕਲਖ ਹਨੇਰੇ' ਨੂੰ ਵੰਗਾਰੇਗਾ। ਉਹ ਕਦ ਮਰਦੇ ਨੇ 'ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ' ਹੋਵੇ। ਉਹ ਸਿਰਫ਼ ਪ੍ਰੋ: ਅਜਮੇਰ ਔਲਖ ਨਹੀਂ ਸੀ, ਸਿਰਫ ਨਾਟਕਕਾਰ ਅਜਮੇਰ ਔਲਖ ਨਹੀਂ ਸੀ, ਉਹ ਤਾਂ 'ਇਕ ਸੀ ਦਰਿਆ' ਜੋ ਸਮਿਆਂ ਨੂੰ ਵੰਗਾਰਦਾ ਸੀ, ਹਾਕਮਾਂ ਨੂੰ ਲਲਕਾਰਦਾ ਸੀ ਤੇ ਉਸ ਦਰਿਆ ਦੀ ਹਰ ਛੱਲ ਦੇ ਨਾਲ ਇਕ ਨਵਾਂ ਨਾਟਕ ਜਨਮ ਲੈਂਦਾ ਸੀ। ਅਜਮੇਰ ਔਲਖ ਵੱਲੋਂ ਪਾਈਆਂ ਰੰਗਮੰਚ ਦੀਆਂ ਪੈੜਾਂ ਨੂੰ ਸਲਾਮ। ਰੰਗਮੰਚ ਜ਼ਿੰਦਾਬਾਦ।

ਮੋਬਾਈਲ : 98142-99422

21 ਜੂਨ ਨੂੰ ਵਿਸ਼ਵ ਯੋਗ ਦਿਵਸ 'ਤੇ ਵਿਸ਼ੇਸ਼

ਮਨੁੱਖਤਾ ਲਈ ਬਹੁਤ ਵੱਡਾ ਵਰਦਾਨ ਹੈ ਯੋਗ

ਹਰ ਖੇਤਰ 'ਚ ਵਧ ਰਹੀ ਮੁਕਾਬਲੇਬਾਜ਼ੀ ਵਾਲੇ ਆਧੁਨਿਕ ਯੁੱਗ 'ਚ ਮਨੁੱਖ ਆਪਣੀ ਸਿਹਤ ਪ੍ਰਤੀ ਅਵੇਸਲਾ ਹੁੰਦਾ ਜਾ ਰਿਹਾ ਹੈ ਅਤੇ ਬਹੁਤੇ ਲੋਕਾਂ ਕੋਲ ਆਪਣੀ ਸਿਹਤ ਵਾਸਤੇ ਸਮਾਂ ਨਹੀਂ ਹੈ। ਅਸੀਂ ਭਾਰਤ ਵਾਸੀ ਕਿਸਮਤ ਵਾਲੇ ਹਾਂ, ਜਿਸ ਧਰਤੀ 'ਤੇ ਪੈਦਾ ਹੋਏ ਮਹਾਨ ਰਿਸ਼ੀਆਂ-ਮੁਨੀਆਂ ਨੇ ਜੋ ਮਹਾਨ ਪ੍ਰੰਪਰਾਵਾਂ ਅਤੇ ਕਲਾਵਾਂ ਸਾਨੂੰ ਦਿੱਤੀਆਂ ਹਨ, ਉਹ ਮਨੁੱਖੀ ਸਿਹਤ ਲਈ ਬਹੁਤ ਹੀ ਲਾਭਕਾਰੀ ਅਤੇ ਮਾਰਗ ਦਰਸ਼ਕ ਹਨ। ਇਨ੍ਹਾਂ 'ਚੋਂ ਇਕ ਹੈ ਯੋਗ (ਅੰਗਰੇਜ਼ੀ 'ਚ ਯੋਗਾ)। ਯੋਗ ਸਰੀਰ ਨੂੰ ਹਰ ਪੱਖੋਂ ਸਾਧਣ ਦੀ ਸਦੀਆਂ ਪੁਰਾਣੀ ਇਕ ਅਜਿਹੀ ਕਲਾ ਹੈ, ਜਿਸ ਨੂੰ ਜੀਵਨ ਜਿਉਣ ਦੀ ਕਲਾ ਵੀ ਕਿਹਾ ਜਾਂਦਾ ਹੈ। ਹਿੰਦੂ ਮੱਤ ਅਨੁਸਾਰ ਯੋਗ ਭਗਵਾਨ ਸ਼ੰਕਰ ਦੇ ਯੁੱਗ ਤੋਂ ਚੱਲੀ ਆ ਰਹੀ ਪ੍ਰੰਪਰਾ ਹੈ, ਜਿਸ ਨੂੰ ਮਹਾਂਰਿਸ਼ੀ ਪਤੰਜਲੀ ਨੇ ਸੰਪੂਰਨ ਰੂਪ ਦਿੱਤਾ। ਆਧੁਨਿਕ ਯੁੱਗ 'ਚ ਸਵਾਮੀ ਰਾਮਦੇਵ ਨੇ ਜਿਸ ਤਰੀਕੇ ਨਾਲ ਦੇਸ਼-ਵਿਦੇਸ਼ ਦੀ ਜਨਤਾ ਨੂੰ ਯੋਗ ਦੀ ਅਹਿਮੀਅਤ ਪ੍ਰਤੀ ਜਾਗਰੂਕ ਕੀਤਾ, ਉਹ ਇਕ ਸਿਹਤ ਕ੍ਰਾਂਤੀ ਵਜੋਂ ਜਾਣਿਆ ਜਾਵੇਗਾ। ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਉਣ ਲਈ ਅਜਿਹੇ ਵੱਡਮੁੱਲੇ ਯਤਨ ਕੀਤੇ, ਜਿਨ੍ਹਾਂ ਸਦਕਾ ਯੋਗ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਦੇ ਹਰੇਕ ਛੋਟੇ-ਵੱਡੇ ਦੇਸ਼ 'ਚ ਪਹੁੰਚ ਗਿਆ। ਸ੍ਰੀ ਮੋਦੀ ਦੇ ਯਤਨਾਂ ਸਦਕਾ ਸੰਸਾਰ ਭਰ 'ਚ ਸ਼ੁਰੂ ਹੋਇਆ ਯੋਗ ਦਿਵਸ ਇਸ ਵਾਰ ਵੀ 21 ਜੂਨ ਨੂੰ 'ਵਿਸ਼ਵ ਯੋਗ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ।
ਮਸ਼ੀਨਾਂ ਅਤੇ ਕੰਪਿਊਟਰ ਦੀ ਆਮਦ ਸਦਕਾ ਹੱਥੀਂ ਕੰਮ ਕਰਨ ਦੀ ਦਿਨੋਂ-ਦਿਨ ਘੱਟ ਰਹੀ ਪ੍ਰਵਿਰਤੀ ਵਾਲੇ ਅਜੋਕੇ ਦੌਰ 'ਚ ਯੋਗ ਦੀ ਅਹਿਮੀਅਤ ਬਹੁਤ ਵੱਧ ਗਈ ਹੈ। ਅਜਿਹੇ ਦੌਰ 'ਚ ਜ਼ਿਆਦਾਤਰ ਮਨੁੱਖਾਂ ਕੋਲ ਆਪਣੇ ਸਰੀਰ ਦਾ ਧਿਆਨ ਰੱਖਣ ਲਈ ਸਮਾਂ ਨਹੀਂ ਹੈ। ਪਰ ਅਜਿਹੇ ਦੌਰ 'ਚ ਯੋਗ ਸਰੀਰ ਨੂੰ ਤੰਦਰੁਸਤ ਅਤੇ ਚੁਸਤ-ਦਰੁਸਤ ਰੱਖਣ ਲਈ ਬਹੁਤ ਸੌਖਾ, ਘੱਟ ਸਮਾਂ ਅਤੇ ਸਥਾਨ ਦੀ ਲੋੜ ਵਾਲੇ ਸਾਧਨ ਵਜੋਂ ਉਭਰਿਆ ਹੈ। ਸਾਡੇ ਦੇਸ਼ ਵਿਚ ਯੋਗ ਸਬੰਧੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਕੋਰਸ ਸ਼ੁਰੂ ਕਰਵਾਏ ਜਾ ਚੁੱਕੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਯੋਗ ਨੂੰ ਇਕ ਖੇਡ ਵਜੋਂ ਮਾਨਤਾ ਦੇਣ ਕਰਕੇ ਇਸ ਦੇ ਸਕੂਲ ਅਤੇ ਕਾਲਜਾਂ ਦੇ ਕੌਮੀ ਪੱਧਰ ਤੱਕ ਦੇ ਮੁਕਾਬਲੇ ਹੋਣੇ ਸ਼ੁਰੂ ਹੋ ਗਏ ਹਨ। ਸਾਡੇ ਪਿੰਡਾਂ-ਸ਼ਹਿਰਾਂ 'ਚ ਯੋਗ ਸਿਖਲਾਈ ਕੇਂਦਰ ਅਤੇ ਮੁਫ਼ਤ ਯੋਗ ਅਭਿਆਸ ਸੰਸਥਾਵਾਂ ਸਥਾਪਤ ਹੋ ਗਈਆਂ ਹਨ।
ਯੋਗ ਮਾਹਿਰਾਂ ਅਨੁਸਾਰ ਇਸ ਨੂੰ ਕਰਨ ਲਈ ਕਈ ਪੜਾਅ ਅਤੇ ਬਹੁਤ ਸਾਰੇ ਨਿਯਮ ਹਨ। ਜਿਨ੍ਹਾਂ ਅਨੁਸਾਰ ਕੀਤਾ ਗਿਆ ਯੋਗ ਸਾਡੇ ਤਨ-ਮਨ ਲਈ ਲਾਹੇਵੰਦ ਸਾਬਤ ਹੁੰਦਾ ਹੈ। ਯੋਗ ਲਈ ਸਭ ਤੋਂ ਵੱਡਾ ਨਿਯਮ ਇਸ ਨੂੰ ਸਵੇਰ ਵੇਲੇ ਖਾਲੀ ਪੇਟ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸ਼ਾਮ ਨੂੰ ਕਰਨਾ ਹੈ ਤਾਂ ਵੀ ਪੇਟ ਖਾਲੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਯੋਗ ਦੀਆਂ ਸਾਰੀਆਂ ਕਿਰਿਆਵਾਂ ਹਰ ਮੌਸਮ ਅਤੇ ਹਰ ਇਨਸਾਨ ਲਈ ਢੁਕਵੀਆਂ ਨਹੀਂ ਹੁੰਦੀਆਂ। ਮਿਸਾਲ ਵਜੋਂ ਖੂਨ ਦੇ ਦਬਾਅ ਨਾਲ ਸਬੰਧਤ ਰੋਗੀਆਂ ਲਈ ਕੁਝ ਖਾਸ ਕਿਰਿਆਵਾਂ ਹਨ ਅਤੇ ਤੰਦਰੁਸਤ ਇਨਸਾਨ ਲਈ ਹਰ ਤਰ੍ਹਾਂ ਦੀਆਂ ਕਿਰਿਆਵਾਂ ਹਨ। ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਹੀ ਸਾਨੂੰ ਯੋਗ ਕਰਨਾ ਚਾਹੀਦਾ ਹੈ। ਆਮ ਤੌਰ 'ਤੇ ਯੋਗ ਨੂੰ ਅਸੀਂ ਆਸਣਾਂ ਨਾਲ ਜੋੜ ਕੇ ਹੀ ਦੇਖਦੇ ਹਾਂ ਪਰ ਆਸਣ, ਯੋਗ ਦਾ ਇਕ ਹਿੱਸਾ ਹਨ। ਯੋਗ ਬਹੁਤ ਸਾਰੀਆਂ ਅਜਿਹੀਆਂ ਕਿਰਿਆਵਾਂ ਦਾ ਮਿਸ਼ਰਨ ਹੈ, ਜੋ ਸਰੀਰ ਨੂੰ ਸ਼ੁੱਧੀ ਅਤੇ ਨੈਤਿਕਤਾ ਪ੍ਰਦਾਨ ਕਰਨ ਵਾਲੀਆਂ ਕਿਰਿਆਵਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਯੋਗ ਦਾ ਪਹਿਲਾ ਪੜਾਅ ਸ਼ੁੱਧੀ ਕਿਰਿਆਵਾਂ ਹਨ, ਜਿਨ੍ਹਾਂ 'ਚ ਜਲ ਨੇਤੀ, ਸੂਤਰ ਨੇਤੀ, ਕੁੰਜਲ ਅਤੇ ਗਟਕ ਆਦਿ ਸ਼ਾਮਿਲ ਹਨ। ਯੋਗ ਦੇ ਦੂਸਰੇ ਪੜਾਅ 'ਚ ਲੜੀਵਾਰ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ 'ਚ ਸਭ ਤੋਂ ਪਹਿਲਾ ਯਮ, ਦੂਸਰਾ ਨਿਯਮ, ਤੀਸਰਾ ਆਸਣ, ਚੌਥਾ ਪ੍ਰਾਣਯਮ, ਪੰਜਵਾਂ ਪ੍ਰਤਿਹਾਰ, ਛੇਵਾਂ ਧਾਰਨਾ, ਸੱਤਵਾਂ ਧਿਆਨ ਅਤੇ ਅੱਠਵਾਂ ਸਮਾਧੀ ਸ਼ਾਮਿਲ ਹਨ। ਇਨ੍ਹਾਂ 'ਚੋਂ ਯਮ ਦਾ ਮਕਸਦ ਮਨੁੱਖ ਨੂੰ ਨੈਤਿਕਤਾ ਪ੍ਰਦਾਨ ਕਰਨਾ ਹੈ। ਨਿਯਮ ਤੋਂ ਭਾਵ ਮਨੁੱਖ ਨੂੰ ਵਿਕਾਰਾਂ ਤੋਂ ਬਚਾਅ ਕੇ ਨਿਯਮਬੱਧ ਜੀਵਨ ਕਲਾ ਸਿਖਾਉਣੀ ਹੈ। ਆਸਣ ਦਾ ਮਕਸਦ ਸਰੀਰਕ ਤੰਦਰੁਸਤੀ ਹੈ, ਜਿਸ ਸਦਕਾ ਮਨੁੱਖ ਸੁੱਖ ਪੂਰਵਕ ਸਥਿਤੀ 'ਚ ਰਹਿ ਸਕਦਾ ਹੈ। ਪ੍ਰਾਣਯਾਮ ਮਨੁੱਖ ਦੀਆਂ ਸਾਹ ਕਿਰਿਆਵਾਂ ਨਾਲ ਸਬੰਧਤ ਹੈ। ਪ੍ਰਤੀਹਾਰ ਦਾ ਅਰਥ ਮਨੁੱਖ ਦੀਆਂ ਇੰਦਰੀਆਂ ਨੂੰ ਕਾਬੂ 'ਚ ਕਰਨਾ ਹੈ। ਧਾਰਨਾ ਦਾ ਮਨੋਰਥ ਮਨ 'ਤੇ ਕਾਬੂ ਪਾਉਣ ਲਈ ਯਤਨ ਕਰਨਾ ਹੈ ਅਤੇ ਧਿਆਨ ਦਾ ਮਕਸਦ ਮਨ 'ਤੇ ਲਗਾਤਾਰ ਕਾਬੂ ਰੱਖਣਾ ਹੈ। ਅਖੀਰਲੇ ਪੜਾਅ ਸਮਾਧੀ ਤੋਂ ਭਾਵ ਸਾਰੇ ਦੁਨਿਆਵੀ ਵਿਕਾਰ ਤਿਆਗ ਕੇ ਸ਼ਾਂਤ ਚਿੱਤ ਹੋਣਾ ਹੈ। ਇਸ ਤਰ੍ਹਾਂ ਯੋਗ ਨਾਲ ਜੁੜਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਲਾਜ਼ਮੀ ਹੈ ਤਾਂ ਜੋ ਇਸ ਦਾ ਸਹੀ ਲਾਭ ਲਿਆ ਜਾ ਸਕੇ।
ਅਜੋਕੇ ਭੱਜ-ਦੌੜ ਵਾਲੇ ਮਨੁੱਖੀ ਜੀਵਨ ਵਿਚ ਤਬਦੀਲੀ ਲਿਆਉਣ ਲਈ ਯੋਗ ਨੂੰ ਜੀਵਨ ਸ਼ੈਲੀ ਦਾ ਅਟੁੱਟ ਅੰਗ ਬਣਾਉਣ ਦੀ ਬੇਹੱਦ ਜ਼ਰੂਰਤ ਹੈ। ਯੋਗ ਜਿੱਥੇ ਮਨੁੱਖ ਨੂੰ ਸਰੀਰਿਕ ਤੰਦਰਸੁਤੀ ਪ੍ਰਦਾਨ ਕਰਦਾ ਹੈ, ਉੱਥੇ ਇਨਸਾਨ ਦੀਆਂ ਮਾਨਸਿਕ, ਇਖਲਾਕੀ ਅਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਵੀ ਕਰਦਾ ਹੈ। ਯੋਗ ਇਕ ਕਲਾ, ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਹੈ। ਇਸ ਨਾਲ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਯੋਗ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਨੂੰ ਆਪਸ 'ਚ ਜੋੜਨ ਵਿਚ ਪੂਰੀ ਮਦਦ ਕਰਦਾ ਹੈ। ਯੋਗ ਰਾਹੀਂ ਮਨੁੱਖ ਨੂੰ ਸਰੀਰਕ ਤੰਦਰੁਸਤੀ, ਮਾਨਸਿਕ ਖੁਸ਼ਹਾਲੀ ਅਤੇ ਆਤਮਿਕ ਤੌਰ 'ਤੇ ਬਲ ਮਿਲਦਾ ਹੈ। ਅੱਜ ਦੇ ਭਟਕਣ ਵਾਲੇ ਦੌਰ 'ਚੋਂ ਗੁਜ਼ਰ ਰਹੀ ਪੀੜ੍ਹੀ ਲਈ ਯੋਗ ਦੀ ਬਹੁਤ ਅਹਿਮੀਅਤ ਹੈ। ਇਸ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਦਾ ਅਹਿਮ ਅੰਗ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਹਰ ਪੱਖੋਂ ਰਿਸ਼ਟ-ਪੁਸ਼ਟ ਬਣ ਸਕੇ। ਸਮੁੱਚੇ ਰੂਪ 'ਚ ਜੇਕਰ ਦੇਖਿਆ ਜਾਵੇ ਤਾਂ ਯੋਗ ਇਕ ਅਜਿਹੀ ਪੱਦਤੀ ਹੈ, ਜੋ ਭਾਰਤ ਦੀ ਅਮੀਰ ਸੰਸਕ੍ਰਿਤੀ ਦੀ ਉਪਜ ਹੈ, ਜਿਸ ਨੂੰ ਹਰੇਕ ਅਮੀਰ-ਗ਼ਰੀਬ ਅਸਾਨੀ ਨਾਲ ਅਪਣਾ ਸਕਦਾ ਹੈ, ਕਿਉਂਕਿ ਇਸ ਲਈ ਸਿਰਫ ਢੁਕਵੇਂ ਸਮੇਂ ਅਤੇ ਖੁਸ਼ਗਵਾਰ ਮਾਹੌਲ ਦੀ ਜ਼ਰੂਰਤ ਹੈ। ਇਸ ਕਰਕੇ ਆਧੁਨਿਕ ਸੁੱਖ-ਸਹੂਲਤਾਂ ਵਾਲੇ ਦੌਰ 'ਚ ਯੋਗ ਤੰਦਰੁਸਤੀ ਲਈ ਬਹੁਤ ਸਸਤਾ ਤੇ ਸੁਖਾਲਾ ਢੰਗ ਹੈ। ਇਸ ਕਰਕੇ ਆਲਸ, ਅਣਗਹਿਲੀ ਤੇ ਬੇਧਿਆਨੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਹਰੇਕ ਮਨੁੱਖ ਨੂੰ ਯੋਗ ਨਾਲ ਜੁੜਨਾ ਚਾਹੀਦਾ ਹੈ।

-2221, ਫੇਜ਼-2 ਅਰਬਨ ਅਸਟੇਟ, ਪਟਿਆਲਾ।
ਮੋਬਾਈਲ : 9478470575

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-122

ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈਂ ਜੋ ਮੁਕਾਮ ਵੋ ਫਿਰ ਨਹੀਂ ਆਤੇ... ਆਰ. ਡੀ. ਬਰਮਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ੰਮੀ ਤਾਂ ਕੀ 'ਤੀਸਰੀ ਮੰਜ਼ਲ' ਨੇ ਸਾਰੇ ਹੀ ਦਰਸ਼ਕਾਂ ਨੂੰ ਸਿਨੇਮਾ ਹਾਲ 'ਚ ਹੀ ਨਚਾ ਦਿੱਤਾ ਸੀ। 'ਆਜਾ ਆਜਾ, ਮੈਂ ਹੂੰ ਪਿਆਰ ਤੇਰਾ', 'ਸੋਨਾ ਰੇ, ਸੋਨਾ ਰੇ, ਦੇ ਦੂੰਗੀ ਜਾਨ ਜੁਦਾ ਮਤ ਹੋਨਾ ਰੇ', 'ਓ ਹੁਸੀਨਾ ਜ਼ੁਲਫੋਂ ਵਾਲੀ, ਜਾਨੇ ਜਹਾਂ' ਅਤੇ 'ਤੁਮ ਨੇ ਦੇਖਾ ਹੋਕਰ ਮਹਰਬਾਂ' ਵਰਗਿਆਂ ਗੀਤਾਂ ਨੇ ਸੰਗੀਤ ਪ੍ਰੇਮੀਆਂ ਨੂੰ ਤਾਂ ਮਦਹੋਸ਼ ਹੀ ਕਰ ਦਿੱਤਾ ਸੀ।
'ਤੀਸਰੀ ਮੰਜ਼ਲ' ਤੋਂ ਬਾਅਦ ਵੀ ਆਰ. ਡੀ. ਬਰਮਨ ਨੇ ਨਾਸਿਰ ਹੁਸੈਨ ਦੀ ਫ਼ਿਲਮ 'ਯਾਦੋਂ ਕੀ ਬਾਰਾਤ' ਲਈ ਵੀ ਧਮਾਕੇਦਾਰ ਸੰਗੀਤ ਦਿੱਤਾ ਸੀ। ਇਸ ਦਾ ਟਾਈਟਲ ਗੀਤ 'ਯਾਦੋਂ ਕੀ ਬਾਰਾਤ ਆਈ ਹੈ, ਦਿਲ ਕੇ ਦੁਆਰੇ' ਹੀ ਸੁਪਰਹਿੱਟ ਗੀਤ ਸਿੱਧ ਹੋਇਆ ਸੀ। ਇਸ ਫ਼ਿਲਮ ਦਿਆਂ ਬਹੁਤਿਆਂ ਗੀਤਾਂ 'ਚ ਪੰਚਮ ਨੇ ਰਾਕ-ਐਨ-ਰੋਲ ਅਤੇ ਜਾਜ਼ ਦਾ ਮਿਸ਼ਰਣ ਪੇਸ਼ ਕੀਤਾ ਸੀ। ਇਹ ਪੂਰੀ ਤਰ੍ਹਾਂ ਨਾਲ ਪੱਛਮੀ ਸੰਗੀਤ ਤੋਂ ਪ੍ਰਭਾਵਿਤ ਹੋ ਕੇ ਤਿਆਰ ਕੀਤਾ ਗਿਆ ਸੰਗੀਤ ਸੀ।
ਵੈਸੇ ਪੱਛਮੀ ਸੰਗੀਤ ਵੱਲ ਪੰਚਮ ਦਾ ਝੁਕਾਅ ਤਾਂ 'ਹਰੇ ਰਾਮਾ ਹਰੇ ਕ੍ਰਿਸ਼ਨਾ' (1971) ਤੋਂ ਹੀ ਨਜ਼ਰ ਆ ਰਿਹਾ ਸੀ। ਇਸ ਫ਼ਿਲਮ ਦੇ ਟਾਈਟਲ ਗੀਤ 'ਦਮ ਮਾਰੋ ਦਮ' ਨੇ ਵੀ ਇਕ ਆਧੁਨਿਕ ਸ਼ੈਲੀ ਦੀ ਗੀਤ ਰਚਨਾ ਨੂੰ ਹੋਂਦ 'ਚ ਲਿਆਂਦਾ ਸੀ।
ਇਕ ਲਿਹਾਜ਼ ਨਾਲ ਨਿਰਮਾਤਾ-ਨਿਰਦੇਸ਼ਕ ਸ਼ਕਤੀ ਸਾਮੰਤ ਨੇ ਵੀ ਪੰਚਮ ਨੂੰ ਕਾਫੀ ਪ੍ਰੋਮੋਟ ਕੀਤਾ ਸੀ। 'ਕਟੀ ਪਤੰਗ' (1971) ਦੇ ਗੀਤ ਵੀ ਸਾਰੇ ਹੀ ਕਿਸਮ ਦਿਆਂ ਸਿਨੇਮਾ ਪ੍ਰੇਮੀਆਂ ਲਈ ਲੁਭਾਵਣੇ ਸਨ। 'ਮੇਰਾ ਨਾਮ ਹੈ ਸ਼ਬਨਮ' ਵਰਗਾ ਕੈਬਰੇ ਗੀਤ ਸੀ, 'ਯੇਹ ਸ਼ਾਮ ਮਸਤਾਨੀ' ਜਿਹੀ ਰੁਮਾਂਟਿਕ ਧੁਨ ਮੌਜੂਦ ਸੀ ਅਤੇ ਮਨ ਟੁੰਬਵਾਂ 'ਨਾ ਕੋਈ ਉਮੰਗ ਹੈ' ਵਰਗਾ ਉਦਾਸੀ ਵਾਲਾ ਗੀਤ ਇਸ ਫ਼ਿਲਮ 'ਚ ਸ਼ਾਮਿਲ ਸੀ।
ਵੈਸੇ ਪੰਚਮ ਦੀ ਸੰਗੀਤ ਸ਼ੈਲੀ ਦਾ ਨਮੂਨਾ ਸ਼ਕਤੀ ਦੀ ਇਕ ਹੋਰ ਫ਼ਿਲਮ 'ਅਮਰ ਪ੍ਰੇਮ' ਤੋਂ ਵੀ ਸਹਿਜੇ ਹੀ ਹੋ ਜਾਂਦਾ ਹੈ, ਇਸ ਵਿਚ 'ਕਿਆ ਕਰੇ ਯਸ਼ੋਦਾ ਮਈਆ' ਵਰਗਾ ਕਲਾਸੀਕਲ ਸ਼ੈਲੀ ਦਾ ਗੀਤ ਸੀ ਅਤੇ 'ਚਿੰਗਾਰੀ ਜੋ ਭੜਕੇ' ਵਰਗੀ ਗ਼ਜ਼ਲ ਵੀ 'ਅਮਰ ਪ੍ਰੇਮ' ਦੇ ਸੰਗੀਤ ਵੀ ਵਿਵਿਧਤਾ ਦੀ ਪ੍ਰਤੀਕ ਸੀ।
1970 ਤੋਂ 1972 ਦੇ ਦਰਮਿਆਨ ਪ੍ਰਦਰਸ਼ਿਤ ਫ਼ਿਲਮਾਂ 'ਚੋਂ 75 ਫ਼ੀਸਦੀ ਫ਼ਿਲਮਾਂ ਅਜਿਹੀਆਂ ਸਨ, ਜਿਹੜੀਆਂ ਸਿਰਫ਼ ਸੰਗੀਤ ਦੇ ਸਹਾਰੇ ਸਫਲ ਹੋਈਆਂ ਸਨ। ਇਨ੍ਹਾਂ 'ਚੋਂ ਕਾਫੀ ਫ਼ਿਲਮਾਂ ਦਾ ਸੰਗੀਤ ਪੰਚਮ ਨੇ ਹੀ ਤਿਆਰ ਕੀਤਾ ਸੀ। 'ਰਾਮਪੁਰ ਕਾ ਲਕਸ਼ਮਨ', 'ਸੀਤਾ ਔਰ ਗੀਤਾ', 'ਪ੍ਰੀਚੈ', 'ਆਪ ਕੀ ਕਸਮ' ਅਤੇ 'ਅਪਨਾ ਦੇਸ਼' ਦਾ ਫ਼ਿਲਮ ਸੰਗੀਤ ਹੱਥੋ-ਹੱਥ ਵਿਕ ਗਿਆ ਸੀ। 'ਸ਼ੋਅਲੇ' ਨੇ ਤਾਂ ਆਰ.ਡੀ. ਬਰਮਨ ਦਾ ਨਾਂਅ ਭਾਰਤ ਦੇ ਹਰ ਗਲੀ-ਕੂਚੇ ਵਿਚ ਚਰਚਿਤ ਕਰ ਦਿੱਤਾ ਸੀ।
ਪਰ ਇਸ ਤੋਂ ਬਾਅਦ ਅਚਾਨਕ ਪੰਚਮ ਦੇ ਸੰਗੀਤ ਦਾ ਰਸ ਘਟਣ ਲੱਗ ਪਿਆ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੂੰ ਇਕਦਮ ਹੀ ਕਈ ਘਰੇਲੂ ਮਸਲਿਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦਾ ਗ਼ਲਤ ਪ੍ਰਭਾਵ ਉਸ ਦੀ ਸਿਰਜਣਾਤਮਕ ਸ਼ਕਤੀ 'ਤੇ ਪੈਣਾ ਸੁਭਾਵਿਕ ਹੀ ਸੀ। ਉਸ ਨੇ ਰੀਟਾ ਪਟੇਲ ਨਾਂਅ ਦੀ ਲੜਕੀ ਨਾਲ ਦਾਰਜੀਲਿੰਗ 'ਚ ਪ੍ਰੇਮ ਵਿਆਹ ਕੀਤਾ ਸੀ। ਇਹ ਸ਼ਾਦੀ ਜ਼ਿਆਦਾ ਦੇਰ ਤੱਕ ਨਹੀਂ ਸੀ ਚੱਲ ਸਕੀ ਅਤੇ ਦੋਵਾਂ ਦਾ ਤਲਾਕ ਹੋ ਗਿਆ ਸੀ। ਬਾਅਦ 'ਚ 1980 ਵਿਚ ਉਸ ਨੇ ਆਸ਼ਾ ਭੌਸਲੇ ਨਾਲ ਵੀ ਕਥਿਤ ਤੌਰ 'ਤੇ ਵਿਆਹ ਕੀਤਾ ਸੀ, ਪਰ ਦੋਵੇਂ ਕਦੇ ਵੀ ਪੰਚਮ ਦੇ ਫਲੈਟ (ਸ਼ਾਂਤਾਕਰੂਜ) ਵਿਚ ਇਕੱਠੇ ਜ਼ਿਆਦਾ ਦਿਨ ਨਹੀਂ ਸਨ ਰਹੇ।
ਇਸ ਮਾਨਸਿਕ ਸੰਤਾਪ ਤੋਂ ਇਲਾਵਾ ਸਚਿਨ ਦੇਵ ਬਰਮਨ ਦੀ ਮੌਤ ਨੇ ਵੀ ਪੰਚਮ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ ਸੀ। ਪੰਚਮ ਦੀ ਮਾਂ (ਮੀਰਾ) ਤਾਂ ਮਾਨਸਿਕ ਸੰਤੁਲਨ ਵੀ ਲਗਪਗ ਗੁਆ ਬੈਠੀ ਸੀ, ਇਸ ਲਈ ਉਸ ਨੂੰ ਇਕ ਬਿਰਧ ਆਸ਼ਰਮ 'ਚ ਭੇਜਣਾ ਪਿਆ ਸੀ। ਪਰ ਬਾਲੀਵੁੱਡ ਨੇ ਇਸ ਲਈ ਵੀ ਪੰਚਮ ਨੂੰ ਦੋਸ਼ੀ ਠਹਿਰਾਉਣ ਦਾ ਅਜੀਬ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਮਾਨਸਿਕ ਦਵੰਦਾਂ ਦਾ ਸਿੱਟਾ ਇਹ ਨਿਕਲਿਆ ਕਿ ਪੰਚਮ ਨੂੰ ਦਿਲ ਦੀ ਬਿਮਾਰੀ ਹੋ ਗਈ ਸੀ। ਇਸ ਲਈ ਲੰਦਨ ਜਾ ਕੇ ਉਸ ਨੇ 'ਪ੍ਰਿੰਸਸ ਗ੍ਰੇਸ ਹਸਪਤਾਲ' (૿ਗਜਅਫਕਤਤ 7ਗ਼ਫਕ 8ਰਤਬਜਵ਼;) ਤੋਂ ਆਪ੍ਰੇਸ਼ਨ ਵੀ ਕਰਵਾਇਆ ਸੀ।
ਪਰ ਆਰ. ਡੀ. ਨੂੰ ਸਭ ਤੋਂ ਜ਼ਿਆਦਾ ਸਦਮਾ ਉਸ ਵੇਲੇ ਹੋਇਆ ਜਦੋਂ ਉਸ ਦੇ ਆਪਣੇ ਨਿੱਜੀ ਮਿੱਤਰਾਂ ਨੇ ਹੀ ਉਸ ਤੋਂ ਇਸ ਸੰਕਟ ਦੀ ਘੜੀ 'ਚ ਮੂੰਹ ਫੇਰ ਲਏ ਸਨ। ਨਾਸਿਰ ਹੁਸੈਨ ਨੇ 'ਕਿਆਮਤ ਸੇ ਕਿਆਮਤ ਤੱਕ' ਲਈ ਉਸ ਨੂੰ ਨਹੀਂ ਸੀ ਲਿਆ। ਸੁਭਾਸ਼ ਗਈ ਨੇ 'ਰਾਮ ਲਖਨ' ਲਈ ਉਸ ਨੂੰ ਸੰਗੀਤ ਤਿਆਰ ਕਰਨ ਦਾ ਪ੍ਰਸਤਾਵ ਤਾਂ ਦਿੱਤਾ ਸੀ ਪਰ ਉਸ ਨੇ ਸਾਈਨ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਹੀ ਕੀਤਾ ਸੀ। ਅਜਿਹੇ ਸਮੇਂ 'ਚ ਉਹ ਸਿਰਫ਼ ਸ਼ਕਤੀ ਸਾਮੰਤ ਦੇ ਨਾਲ ਆਪਣਾ ਦੁੱਖ ਫੋਲਿਆ ਕਰਦਾ ਸੀ। 4 ਜਨਵਰੀ, 1994 ਦੀ ਇਕ ਰਾਤ ਨੂੰ ਉਹ ਸ਼ਕਤੀ ਦੇ ਘਰ ਹੀ ਬੈਠਾ ਸੀ ਕਿ ਉਸ ਨੂੰ ਦਿਲ ਦਾ ਇਕ ਅਜਿਹਾ ਘਾਤਕ ਦੌਰਾ ਪਿਆ ਕਿ ਉਹ ਸਦਾ ਲਈ ਆਪਣੇ ਸਾਹਾਂ ਦੀ ਧੜਕਣ ਗੁਆ ਬੈਠਾ।
ਪੰਚਮ ਦੀ ਮੌਤ ਤੋਂ ਬਾਅਦ ਵਿਦੂ ਵਿਨੋਦ ਚੋਪੜਾ ਦੀ '1942 : ਏ ਲਵ ਸਟੋਰੀ' ਜਦੋਂ ਪ੍ਰਦਰਸ਼ਿਤ ਹੋਈ ਤਾਂ ਇਸ ਦਾ ਸੰਗੀਤ ਹਰ ਥਾਂ 'ਤੇ ਗੂੰਜਣ ਲੱਗ ਪਿਆ। ਸਿਰਫ਼ ਇਕ ਸੁਰੀਲੇ ਗੀਤ 'ਏਕ ਲੜਕੀ ਕੋ ਦੇਖਾ' ਨੇ ਹੀ ਵਿਦੂ ਦੀ ਸਾਰੀ ਫ਼ਿਲਮ ਦੀ ਕੀਮਤ ਵਸੂਲ ਕਰ ਦਿੱਤੀ ਸੀ। ਨਿਰਮਾਤਾਵਾਂ ਦੀ ਜ਼ਬਾਨ 'ਤੇ ਪੰਚਮ ਦਾ ਹੀ ਨਾਂਅ ਸੀ। ਪਰ ਅਫ਼ਸੋਸ, ਪੰਚਮ ਉਨ੍ਹਾਂ ਦੀ ਪਕੜ ਤੋਂ ਹੁਣ ਬਹੁਤ ਬਾਹਰ ਸੀ ਕਿਉਂਕਿ:
ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈਂ ਜੋ ਮੁਕਾਮ
ਵੋ ਫਿਰ ਨਹੀਂ ਆਤੇ...। (ਆਪ ਕੀ ਕਸਮ)

ਧੰਨਵਾਦ
R.D. Burman : Balaji Vittal
Indian Cinema : Naresh Kumar
A Guide to Popular
Hindi Cinema : Tejaswani Ganti
-ਮੋਬਾਈਲ : 099154-93043.

ਘਾਤਕ ਹੈ ਸਮਾਜ ਵਿਚ ਵਧ ਰਹੀ ਉਦਾਸੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੁਰਾਣੇ ਸਮਿਆਂ ਵਿਚ ਮਨੋਰੋਗ ਦੇ ਮੁੱਖ ਕਾਰਨ ਸਨ ਸਮਾਜਿਕ ਬੰਦਸ਼ਾਂ, ਸਮਾਜਿਕ ਦਬਾਅ, ਅੰਤਰ ਸਮੂਹ ਜਾਂ ਅੰਤਰ ਕਬੀਲਾ ਸੰਘਰਸ਼, ਯੁੱਧ ਅਤੇ ਦਮਨਕਾਰੀ ਰਾਜਨੀਤਕ ਸੰਸਥਾਵਾਂ ਆਦਿ। ਅਜੋਕੇ ਸਮੇਂ ਵਿਚ ਡਿਪਰੈਸ਼ਨ ਦੇ ਮੁੱਖ ਕਾਰਨ ਹਨ ਤਕਨਾਲੋਜੀ ਦੇ ਪ੍ਰਭਾਵ ਸਦਕਾ ਟੁੱਟ ਰਹੇ ਪਰਿਵਾਰਕ, ਸਮਾਜਿਕ ਰਿਸ਼ਤੇ ਅਤੇ ਖੰਡਿਤ ਮਨ, ਜੀਵਨ ਦਾ ਕੁਦਰਤ ਨਾਲੋਂ ਟੁੱਟਣਾ, ਸੁਕੜ ਰਹੇ ਆਰਥਿਕ ਸਰੋਤ, ਵਧ ਰਹੀਆਂ ਇੱਛਾਵਾਂ, ਵਿਖਾਵਾਕਾਰੀ, ਆਬਾਦੀ ਵਿਚ ਅਥਾਹ ਵਾਧਾ, ਸੋਚਾਂ ਵਿਚ ਟਕਰਾਓ, ਸੰਚਾਰ ਸਾਧਨ ਕਰਕੇ ਸਾਂਝ ਵਾਲੇ ਜੀਵਨ ਦਾ ਲੁਪਤ ਹੋਣਾ, ਪਦਾਰਥਕ ਦੌੜ, ਵਾਤਾਵਰਨ ਦੀ ਖ਼ਰਾਬੀ, ਸ਼ਹਿਰੀਕਰਨ, ਵਿਸ਼ਵੀਕਰਨ, ਵਧ ਰਹੀ ਆਰਥਿਕ ਨਾਬਰਾਬਰੀ ਅਤੇ ਧਨ ਸ਼ਕਤੀ ਦਾ ਕੁਝ ਹੱਥਾਂ ਵਿਚ ਇਕੱਠੇ ਹੋਣਾ।
ਸਮਾਜ ਵਿਚ ਆ ਰਹੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀ ਅਤੇ ਇਨ੍ਹਾਂ ਤਬਦੀਲ ਹਾਲਾਤ ਮੁਤਾਬਿਕ ਜੀਵਨ ਮੌਕੇ ਨਾ ਮਿਲਣਾ ਉਦਾਸੀ ਦਾ ਵੱਡਾ ਕਾਰਨ ਹੈ। ਅੱਜ ਤੋਂ 60 ਸਾਲ ਪਹਿਲਾਂ ਆਮ ਕਰਕੇ ਸਮਾਜ ਖੇਤੀ ਅਧਾਰਿਤ ਸਮਾਜ ਸੀ ਅਤੇ ਜੀਵਨ ਸਾਂਝੀ ਰਹਿਣੀ-ਬਹਿਣੀ ਵਿਚ ਸਥਾਨਕ ਪੱਧਰ 'ਤੇ ਵਿਚਰਦਾ ਸੀ। ਭਾਵ ਖੇਤੀਬਾੜੀ ਇਕ ਜੀਵਨ ਜਾਚ ਸੀ। ਪਰੰਤੂ ਹੁਣ ਹਾਲਾਤ ਬਿਲਕੁਲ ਬਦਲ ਗਏ ਹਨ। ਲੇਖਕ ਦੇ ਇਕ ਵਿਦਿਆਰਥੀ ਵੱਲੋਂ ਪੰਜਾਬੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਵਿਚ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਸਬੰਧੀ ਇਕ ਪ੍ਰਸ਼ਨ ਦੇ ਉੱਤਰ ਵਿਚ ਲਗਪਗ 100 ਫੀਸਦੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਖੇਤੀ ਤੋਂ ਬਾਹਰ ਨੌਕਰੀ ਜਾਂ ਕਿਸੇ ਬਿਜ਼ਨੈਸ ਵਿਚ ਲਗਾਉਣਾ ਦੱਸਿਆ। ਅੰਗਰੇਜ਼ੀਨੁਮਾ ਸਕੂਲਾਂ ਦੀ ਲੁੱਟ ਅਤੇ ਮਾਪਿਆਂ ਦੀਆਂ ਬੱਚਿਆਂ ਕੋਲੋਂ ਹੱਦੋਂ ਵੱਧ ਇੱਛਾਵਾਂ ਉਦਾਸੀ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਸੱਭਿਆਚਾਰ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ- ਪਦਾਰਥਕ ਤੇ ਗ਼ੈਰ ਪਦਾਰਥਕ (ਸੋਚ ਅਤੇ ਰੀਤਾਂ ਆਦਿ)। ਪਦਾਰਥਕ ਤਬਦੀਲੀ ਬਹੁਤ ਜਲਦੀ ਵਾਪਰਦੀ ਹੈ ਪਰੰਤੂ ਗ਼ੈਰ ਪਦਾਰਥਕ ਤਬਦੀਲੀ ਬਹੁਤ ਘੱਟ ਅਤੇ ਇਸ ਅਣਮੇਚ ਤਬਦੀਲੀ ਕਾਰਨ ਮਾਨਸਿਕ ਪੀੜਾ ਉਪਜਦੀ ਹੈ ਅਤੇ ਸਮਾਜ ਵਿਚ ਵਿਕਾਰਾਂ ਵਿਚ ਵਾਧਾ ਹੁੰਦਾ ਹੈ। ਅੱਜ ਮੋਬਾਈਲਾਂ ਤੇ ਇੰਟਰਨੈੱਟ ਰਾਹੀਂ ਪਰੋਸੇ ਜਾ ਰਹੇ ਦਿਮਾਗੀ ਭੋਜਨ ਨੇ ਸਮਾਜ ਵਿਚ ਤਿਲਿਸਮ ਪੈਦਾ ਕਰ ਦਿੱਤਾ ਹੈ। ਅਜੋਕੀ ਨੌਜੁਆਨ ਪੀੜ੍ਹੀ ਇਸ ਤਕਨੋਲੋਜੀ ਨਾਲ ਗ੍ਰਸੀ ਗਈ ਹੈ। ਇਸ ਨਾਲ ਜਿੱਥੇ ਜੀਵਨ-ਜਾਚ ਅਤੇ ਜੀਵਨ ਢੰਗ ਹੀ ਬਦਲ ਗਏ ਹਨ, ਉੱਥੇ ਤਲਿਸਮ ਦੀ ਨਾ-ਪ੍ਰਾਪਤੀ ਉਦਾਸੀ ਅਤੇ ਡਿਪਰੈਸ਼ਨ ਨੂੰ ਵਧਾਉਂਦੀ ਹੈ। ਕਈ ਸ਼ਹਿਰਾਂ ਵਿਚ ਤਾਂ ਮੋਬਾਈਲ ਛੁਡਾਊ ਸੈਂਟਰ ਵੀ ਖੁੱਲ੍ਹ ਗਏ ਹਨ।
ਮਨੋਰੋਗ, ਉਦਾਸੀ ਜਾਂ ਡਿਪਰੈਸ਼ਨ ਦੇ ਕਾਰਨ ਕੁਝ ਵੀ ਹੋਣ ਇਸ ਦੇ ਪਰਿਵਾਰ, ਸਮੂਹ ਅਤੇ ਸਮਾਜ ਲਈ ਮਾੜੇ ਨਤੀਜੇ ਪੈਦਾ ਹੁੰਦੇ ਹਨ। ਜਿੱਥੇ ਮਨੋਰੋਗੀ ਖੁਦ ਨੂੰ ਨਿਗੁਣਾ ਜਾਂ ਤੁੱਛ ਸਮਝ ਕੇ ਆਪਣੇ ਜੀਵਨ ਨਾਲੋਂ ਟੁੱਟਦਾ ਹੈ, ਉੱਥੇ ਉਹ ਪਰਿਵਾਰ ਲਈ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਪੱਧਰ ਤੋਂ ਘਾਤਕ ਹੋ ਨਿੱਬੜਦਾ ਹੈ। ਇਹੀ ਹਾਲਾਤ ਸਮਾਜ ਲਈ ਵੱਡੇ ਪੱਧਰ 'ਤੇ ਹੋ ਸਕਦੇ ਹਨ। ਸਿਆਣੇ ਕਹਿੰਦੇ ਹਨ ਕਿ ਬਿਮਾਰੀ ਅਤੇ ਝਗੜਾ ਬਹੁਤ ਪਰਿਵਾਰਾਂ ਦੀ ਦੁਰਦਸ਼ਾ ਕਰ ਦਿੰਦੇ ਹਨ ਅਤੇ ਉਪਜ ਰਹੇ ਮਨੋਰੋਗ ਇਸ ਨੂੰ ਹੋਰ ਪੀਡਾ ਕਰ ਸਕਦੇ ਹਨ। ਜਿੱਥੇ ਸਮਾਜ ਵਿਚ ਨਵੇਂ ਮਨੋਰੋਗਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉੱਥੇ ਇਸ ਪੱਖੋਂ ਮੈਡੀਕਲ ਸਹੂਲਤਾਂ ਦੀ ਘਾਟ ਤੇ 'ਸਮਾਜਿਕ ਧੱਬਾ' ਰੋਗਾਂ ਨੂੰ ਕਾਬੂ ਨਹੀਂ ਕਰਨ ਦਿੰਦਾ ਭਾਵੇਂ ਕਿ ਭਾਰਤ ਸਰਕਾਰ ਨੇ ਮੈਂਟਲ ਹੈਲਥ ਕੇਅਰ ਬਿੱਲ 2016 ਲੋਕ ਸਭਾ ਵਿਚ ਪਾਸ ਕਰ ਦਿੱਤਾ ਹੈ। ਗਲੋਬਲ ਬਰਡਨ ਆਫ ਡਿਸੀਜ਼ ਦੇ 2013 ਦੇ ਸਰਵੇਖਣ ਮੁਤਾਬਿਕ ਹੁਣ 50% ਤੋਂ ਵਧੇਰੇ ਬਿਮਾਰੀਆਂ ਗ਼ੈਰ ਛੂਤ ਵਾਲੀਆਂ ਹਨ ਅਤੇ ਡਿਪਰੈਸ਼ਨ ਇਨ੍ਹਾਂ ਵਿਚੋਂ ਇਕ ਵੱਡੀ ਬਿਮਾਰੀ ਹੈ। ਭਾਰਤ ਵਿਚ 70 ਮਿਲੀਅਨ ਦਿਮਾਗੀ ਵਿਕਾਰਾਂ ਨਾਲ ਸਬੰਧਤ ਮਰੀਜ਼ਾਂ ਲਈ ਕੇਵਲ 43 ਸਰਕਾਰੀ ਹਸਪਤਾਲ ਹਨ। ਅੰਕੜਿਆਂ ਮੁਤਾਬਿਕ 1 ਲੱਖ ਦਿਮਾਗੀ ਮਰੀਜ਼ਾਂ ਪਿੱਛੇ 0.30 ਮਨੋਚਿਕਿਤਸਕ, 0.17 ਨਰਸਾਂ ਅਤੇ 0.05 ਮਨੋਵਿਗਿਆਨੀ ਹਨ। ਰਾਜ ਪੱਧਰਾਂ 'ਤੇ ਹਾਲਤ ਵੀ ਬਹੁਤੀ ਉਤਸ਼ਾਹਜਨਕ ਨਹੀਂ। ਯੋਗ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਇਸ ਰੋਗ ਸਬੰਧੀ ਉਪਜੀਆਂ ਸਵੈ-ਸੇਵੀ ਸੰਸਥਾਵਾਂ ਜਿੱਥੇ ਮਰੀਜ਼ਾਂ ਦੇ ਪਰਿਵਾਰਾਂ ਦੀ ਲੁੱਟ-ਖਸੁੱਟ ਕਰਦੀਆਂ ਹਨ, ਉੱਥੇ ਕਈ ਮਰੀਜ਼ਾਂ ਲਈ ਜੀਵਨ ਬਦ ਤੋਂ ਬਦਤਰ ਹੋ ਜਾਂਦਾ ਹੈ।
ਤਕਨਾਲੋਜੀ ਗ੍ਰਸੇ ਅਜੋਕੇ ਸਮਾਜ ਵਿਚ ਉਦਾਸੀ ਦੀ ਪਕੜ ਹੋਰ ਵਧਣ ਦਾ ਖਦਸ਼ਾ ਹੈ ਅਤੇ ਇਸ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ਤੇ ਉਪਰਾਲਿਆਂ ਦੀ ਜ਼ਰੂਰਤ ਹੈ। ਪਰਿਵਾਰ, ਸਮਾਜਿਕ ਤਾਣਾ-ਬਾਣਾ, ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਬਦਲਦੇ ਹਾਲਾਤ ਮੁਤਾਬਿਕ ਆਪਣੇ ਰੋਲ ਮੁੜ ਸੋਧਣ ਦੀ ਜ਼ਰੂਰਤ ਹੈ। ਨਵੀਂ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਨੂੰ ਧਿਆਨ ਵਿਚ ਰੱਖਦਿਆਂ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਅਨੁਸਾਰ ਸਮਰੱਥਾ ਮੁਤਾਬਿਕ ਲੋਕਾਂ ਨੂੰ ਕੰਮ ਮਿਲ ਸਕੇ। ਵਿਗਿਆਨ ਅਤੇ ਨਵੀਆਂ ਤਕਨੀਕਾਂ ਨੇ ਖੇਤੀ ਸਮੇਤ ਬਹੁਤ ਸਾਰੇ ਧੰਦਿਆਂ ਵਿਚ ਵਿਹਲਪਣ ਨੂੰ ਵਧਾਇਆ ਹੈ ਅਤੇ ਇਹ ਵਿਹਲਾਪਣ ਡਿਪਰੈਸ਼ਨ ਦਾ ਇਕ ਵੱਡਾ ਕਾਰਨ ਹੈ। ਇਸ ਪੱਖੋਂ ਪਰਿਵਾਰ ਆਪਣੀ ਸਕਾਰਤਮਕ ਭੂਮਿਕਾ ਨਿਭਾ ਸਕਦਾ ਹੈ। ਡਿਪਰੈਸ਼ਨ ਜਾਂ ਉਦਾਸੀ ਦੇ ਇਲਾਜ ਲਈ ਇਲਾਜ ਵੀ ਉਪਲਬਧ ਹਨ। 'ਲੋਕ ਕੀ ਸੋਚਣਗੇ' ਵਾਲੀ ਭਾਵਨਾ ਨੂੰ ਛੱਡ ਕੇ ਬਿਮਾਰੀ ਦੀ ਹਾਲਤ ਵਿਚ ਕਿਸੇ ਮਾਹਰ ਮਨੋਚਿਕਿਤਸਕ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਛੁੱਟ ਭਲਾਈ ਦੇ ਕੰਮ, ਸੈਰ, ਖੇਡਾਂ ਅਤੇ ਮਨਭਾਉਂਦੀਆਂ ਰੁਚੀਆਂ ਵਿਚ ਆਪਣੇ ਆਪ ਨੂੰ ਮਸਰੂਫ ਰੱਖਣਾ ਡਿਪਰੈਸ਼ਨ ਤੋਂ ਨਿਜਾਤ ਪਾਉਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਯੋਗ ਕਿਰਿਆਵਾਂ ਆਦਿ ਦੇ ਨਾਲ ਦੇਹੀ ਤੇ ਦਿਮਾਗ ਦਾ ਸੰਤੁਲਨ ਬਣਾਇਆ ਜਾ ਸਕਦਾ ਹੈ। ਵੱਖ-ਵੱਖ ਧਾਰਮਿਕ ਗ੍ਰੰਥ ਵੀ ਇਨਸਾਨ ਨੂੰ ਉਤਸ਼ਾਹ ਤੇ ਹੁੱਲਾਸ ਭਰਪੂਰ ਜੀਵਨ ਜੀਣ ਲਈ ਪ੍ਰੇਰਦੇ ਹਨ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ :
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆਂ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੁ ਮਿਲ ਨਾਨਕ ਉਤਰੀ ਚਿੰਤ॥
(ਸਮਾਪਤ)

-ਪ੍ਰੋਫੈਸਰ ਆਫ ਸੋਸ਼ੋਆਲੋਜੀ, ਪੀ.ਏ.ਯੂ., ਲੁਧਿਆਣਾ।
ਮੋਬਾਈਲ : 94177-15730.

ਝੋਲੀ ਪਿਆ ਵਰਦਾਨ

ਪਿਛਲੇ ਦਿਨੀਂ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਸ੍ਰੀਮਤੀ ਕੈਲਾਸ਼ਪੁਰੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਆਪਣੇ ਜੀਵਨ ਵਿਚ 37 ਤੋਂ ਵੱਧ ਪੁਸਤਕਾਂ ਲਿਖੀਆਂ। ਇਨ੍ਹਾਂ ਵਿਚ ਨਾਵਲ, ਕਹਾਣੀ ਸੰਗ੍ਰਹਿ ਅਤੇ ਵਾਰਤਕ ਲੇਖ ਸ਼ਾਮਿਲ ਹਨ। ਉਨ੍ਹਾਂ ਦੀ ਯਾਦ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਲਈ ਉਨ੍ਹਾਂ ਦਾ 2010 ਵਿਚ ਲਿਖਿਆ ਲੇਖ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ। -ਸੰਪਾਦਕ
ਸੋਚਦੀ ਹਾਂ, ਅਗਰ ਮੈਂ ਪੰਜਾਬੀ ਵਿਚ ਨਾ ਲਿਖਦੀ ਹੁੰਦੀ ਤਾਂ ਕੀ ਹੁੰਦੀ? ਅੰਤਰ ਆਤਮਾ 'ਚੋਂ ਆਵਾਜ਼ ਆਉਂਦੀ, 'ਸ਼ਾਇਦ ਕੁਝ ਵੀ ਨਹੀਂ।' ਸਿਰਫ਼ ਪਤਨੀ ਤੇ ਮਾਂ ਜਿਵੇਂ ਹੋਰ ਸਾਰੀਆਂ, ਸਾਡੇ ਘਰਾਂ ਦੀਆਂ ਤ੍ਰੀਮਤਾਂ ਨੇ ਯਾਨਿ ਭੈਣਾਂ, ਭਰਜਾਈਆਂ-ਸਿਰਫ਼ ਮਾਵਾਂ, ਪਤਨੀਆਂ ਤੇ ਹਾਊਸ ਵਾਈਫ ਬਸ। ਇਸ ਉੱਤਰ ਦੇ ਬਾਅਦ ਖਿਆਲ ਆਉਂਦਾ ਏ, ਪੰਜਾਬੀ ਵਿਚ ਹੀ ਕਿਉਂ? ਤੇ ਉੱਤਰ ਵਿਚ ਵੀ ਉਪਰ ਦੇ ਉੱਤਰ ਨਾਲ ਮੇਲ ਖਾਂਦਾ ਏ, 'ਹੋਰ ਕੁਝ ਆਉਂਦਾ ਹੁੰਦਾ ਤਾਂ ਅਪਣਾਂਦੀ', ਪੰਜਾਬੀ ਵੀ ਕਿਤਨੀ ਕੁ ਆਉਂਦੀ ਸੀ? ਬਸ ਸਿਰਫ਼ ਪੜ੍ਹਨ ਜੋਗੀ। ਨਾ ਅੰਗਰੇਜ਼ੀ ਪੜ੍ਹੀ ਤੇ ਨਾ ਪੰਜਾਬੀ ਵਿਚ ਮੁਹਾਰਤ ਸਿੱਖੀ। ਨਿੱਕੀ ਉਮਰੇ ਡੋਲੀ ਤੇ ਫਿਰ ਪੰਜਾਬੀ ਵਿਚ ਲਿਖਣ ਲੱਗ ਪਈ। ਨਾ ਕੁਝ ਪੜ੍ਹਿਆ, ਨਾ ਸਮਝਿਆ ਤੇ ਫੇਰ ਆਪ ਲਿਖਣਾ?
ਆਪਣੀਆਂ ਪੁਸਤਕਾਂ ਤਕਦੀ, ਹੈਰਾਨ ਹੁੰਦੀ ਹਾਂ 'ਇਹ ਤੂੰ ਲਿਖਿਆ ਏ?' ਕਿੰਝ ਲਿਖਿਐ? ਰਚਨਾ ਤਾਂ ਹੈਰਾਨ ਕਰਦੀ ਈ ਏ? ਖਾਸ ਉਦੋਂ ਜਦੋਂ ਕੋਈ ਰਚਨਾ ਨੂੰ ਚੰਗਾ ਆਖੇ, ਲਿਖੇ, ਤੁਹਾਡੀ ਹਾਜ਼ਰੀ ਵਿਚ ਤੁਹਾਡੇ ਨਾਂਅ ਨਾਲ ਵਿਸ਼ੇਸ਼ਣ ਜੋੜੇ ਜਾਣ। ਜਿਥੇ ਵੀ ਜਾਂਦੀ ਹਾਂ, ਲੋਕ ਮਿਲਦੇ ਨੇ, ਉਨ੍ਹਾਂ ਦੀਆਂ ਅੱਖਾਂ ਦਾ ਨੂਰ, ਚਿਹਰੇ 'ਤੇ ਗੁਲਾਬੀ ਭਾਅ ਕਹਿੰਦੇ ਨੇ, ਤੁਹਾਨੂੰ ਅਸਾਂ ਕੇਡਾ ਐਨਜੁਆਏ ਕੀਤਾ, ਪੜ੍ਹਿਆ ਏ... ਤੇ ਏਡੀ ਸਿੱਖਿਆ ਹਾਸਲ ਕੀਤੀ ਏ ਤੇ ਮੈਂ ਸਾਰੀ ਦੀ ਸਾਰੀ ਭਿੱਜੀ ਉਨ੍ਹਾਂ ਦੇ ਸੋਹਣੇ ਚਿਹਰਿਆਂ ਨੂੰ ਦੇਖਦੀ ਸੋਚਦੀ ਹਾਂ, ਇਹ ਮੇਰੀ ਗੱਲ ਕਰ ਰਹੇ ਨੇ?
ਰਚਨਾ ਦੀ ਕਾਮਨਾ ਹਮੇਸ਼ਾ ਹੀ ਖਿੱਚ ਪਾਂਦੀ ਰਹੀ। ਕਿਉਂ? ਇਹ ਵੀ ਇਕ ਦਿਲਚਸਪ ਗੱਲ ਹੈ। ਜਿਤਨਾ ਚਿਰ ਸਤਵੀਂ ਜਮਾਤ ਤੀਕ ਸਕੂਲ ਵਿਚ ਸਾਂ, ਕਦੀ ਲਿਖਣ ਦਾ ਚਿਤ-ਚੇਤਾ ਵੀ ਨਹੀਂ ਸੀ। ਨਾ ਕਿਸੇ ਕਿਤਾਬ ਨੂੰ ਪੜ੍ਹਿਆ, ਨਾ ਲੇਖਕਾਂ ਦੇ ਨਾਵਾਂ ਦਾ ਪਤਾ, ਨਾ ਇਹ ਗਿਆਨ ਕਿ ਪੁਸਤਕਾਂ ਲਿਖਣ ਵਾਲੇ ਵੀ ਸਾਡੇ ਵਰਗੇ ਹੀ ਹੁੰਦੇ ਨੇ, ਕਦੀ ਧਿਆਨ ਨਾ ਆਇਆ ਕਿ ਕੋਈ ਪੁਸਤਕ ਪੜ੍ਹ ਕੇ ਵੇਖਾਂ ਤਾਂ ਸਹੀ।
ਰਚਨਾ ਦਾ ਸਰੋਤ ਕੀ ਹੈ? ਕਿਉਂ ਕੋਈ ਲਿਖਦਾ ਹੈ? ਬੁੱਤ ਤਰਾਸ਼ੀ, ਚਿੱਤਰਕਲਾ, ਸੰਗੀਤ ਅਨੇਕਾਂ ਹੋਰ ਵਿਸ਼ਿਆਂ ਨਾਲ ਸਰੋਕਾਰ ਜਾਂ ਸਿਰਜਣਾ। ਲੇਕਿਨ ਪੰਜਾਬੀ ਵਿਚ ਲਿਖਣਾ ਆਪਣੇ-ਆਪ ਵਿਚ ਚੁਣੌਤੀ ਸੀ। ਮੈਨੂੰ ਇਹੋ ਜਿਹੀ ਕਿਸੇ ਮੁਸ਼ਕਿਲ ਦਾ ਗਿਆਨ ਨਹੀਂ ਸੀ। ਮੈਂ ਤਾਂ ਪੰਜਾਬੀ ਵਿਚ ਇੰਝ ਲਿਖਣਾ ਆਰੰਭਿਆ ਜਿਵੇਂ ਨਵੀਂ ਵਿਆਹੀ ਔਰਤ ਚੁੱਲ੍ਹੇ ਚੌਕੇ ਦੇ ਆਹਰ ਲਗਦੀ ਏ। ਉਹ ਇਤਨਾ ਵੀ ਨਹੀਂ ਸੋਚਦੀ ਪਤੀਲੇ ਵਿਚ ਪਈ ਸਬਜ਼ੀ ਜਾਂ ਗੋਸ਼ਤ ਸੜੇਗਾ ਜਾਂ ਉਹਦੇ ਹੱਥ ਸੜ ਕੇ ਛਾਲੇ-ਛਾਲੇ ਹੋ ਜਾਣਗੇ? ਰਚਨਾ ਦੀ ਪ੍ਰਾਪਤੀ ਪੀੜਾ ਬਿਨਾਂ ਸੰਭਵ ਨਹੀਂ ਹੁੰਦੀ। ਗੰਭੀਰ ਰਚਨਾ ਲਈ ਸ਼ਰਧਾ ਤੇ ਇਕਾਗਰਤਾ ਦੀ ਲੋੜ ਹੁੰਦੀ ਹੈ। ਡੂੰਘੀ ਘੋਖ ਪ੍ਰਤਿਭਾ ਸ਼ਕਤੀ ਲਈ ਅਕਸਰ ਨਿੱਜੀ ਹਿਤਾਂ ਦੀ ਬਲੀ ਦੇਣੀ ਪੈਂਦੀ ਹੈ।
ਹਰ ਕਦਮ ਤੇ ਬੇਇਨਸਾਫੀਆਂ ਨੇ ਮੇਰਾ ਮਨ, ਤਨ ਅਤੇ ਆਤਮਾ ਦੀ ਤ੍ਰਿਵੈਣੀ ਨੂੰ ਡੋਲ੍ਹ ਦਿੱਤਾ। ਇਹੋ ਜਿਹੀਆਂ ਬੇਇਨਸਾਫੀਆਂ ਨੇ ਕਲਮ ਨਾਲੋਂ ਮੈਨੂੰ ਨਾਤਾ ਤੋੜਨ ਲਈ ਕਈ ਰਾਤਾਂ ਜਗਰਾਤੇ ਕਟਾਏ ਤੇ ਰੁੰਨੀ, ਹੈਰਾਨ, ਪ੍ਰੇਸ਼ਾਨ ਸੋਚ ਵੀ ਨਾ ਸਕਦੀ ਕਿ ਮੈਂ ਕੀ ਕਰ ਰਹੀ ਹਾਂ ਤੇ ਮੇਰਾ ਭਵਿੱਖ ਕਿਹੋ ਜਿਹਾ ਹੋਵੇਗਾ? ਉਨ੍ਹਾਂ ਹੀ ਦਿਨਾਂ ਵਿਚ ਇਕ ਮਾਯੂਸੀ ਦੀ ਖ਼ਬਰ ਮਿਲੀ। ਸ: ਸਰਨ ਸਿੰਘ, ਸਿੰਘ ਰੀਵਿਊ ਕਲਕੱਤਾ ਦੇ ਸੰਪਾਦਕ ਨੇ। ਉਨ੍ਹਾਂ ਦਾ ਬਹੁਤ ਹੀ ਪਿਆਰਾ ਖ਼ਤ ਆਇਆ। ਮੇਰੀਆਂ ਕਈ ਪੁਸਤਕਾਂ ਉਨ੍ਹਾਂ ਨੇ ਪੜ੍ਹੀਆਂ ਅਤੇ ਬੜੇ ਮੁਤਾਸਿਰ ਹੋਏ ਅਤੇ ਇਸ ਬਾਰੇ ਉਨ੍ਹਾਂ ਸਿੱਖ 'ਰੀਵਿਊ' ਵਿਚ ਵੀ ਬੜਾ ਸ਼ਲਾਘਾਯੋਗ ਜ਼ਿਕਰ ਕੀਤਾ। ਮੈਂ ਪੜ੍ਹਿਆ ਹੈਰਾਨੀ ਹੋਈ ਤੇ ਬੜੀ ਪ੍ਰਸੰਨਤਾ ਵੀ ਕਿ ਪੰਜਾਬੀ ਅਤੇ ਅੰਗਰੇਜ਼ੀ ਦੇ ਇਹੋ ਜਿਹੇ ਵਿਦਵਾਨ ਦੀ ਇਹ ਰਾਇ ਹੈ ਤਾਂ ਸੱਚੋਂ ਹੀ ਮੇਰੀ ਪਰੰਗਤ ਲੇਖਕਾ ਦੇ ਤੌਰ 'ਤੇ ਪਈ ਹੈ। ਉਨ੍ਹਾਂ ਨੇ ਮੇਰੀ ਸਵੈ-ਜੀਵਨੀ ਪੜ੍ਹੀ ਤੇ ਫਿਰ ਖ਼ਤ ਪਾਇਆ ਤੇ ਲਿਖਿਆ ਕਿ, 'ਕੈਲਾਸ਼ ਪੁਰੀ ਸਿਰਫ਼ ਪੰਜਾਬੀ ਦੀ ਸਿਰਮੌਰ ਲੇਖਿਕਾ ਹੀ ਨਹੀਂ ਇਹ ਆਪਣੇ-ਆਪ ਵਿਚ ਇਕ 'ਇਨਸਟੀਟਿਊਸ਼ਨ' ਹੈ ਅਤੇ ਪੰਜਾਬੀਆਂ ਨੂੰ ਇਸ ਲੇਖਿਕਾ ਦੀਆਂ ਸਿੱਖਿਆਦਾਇਕ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।'
'ਬਾਰਿ ਜਾਉ ਲਖ ਬਰੀਆ' ਮੇਰੀ ਸਵੈ-ਜੀਵਨੀ ਤੋਂ ਸ: ਸਰਨ ਸਿੰਘ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ 'ਕਬੀਰ' ਇਨਾਮ ਲਈ ਮੇਰਾ ਨਾਂਅ ਉਨ੍ਹਾਂ ਦੇ ਦਫ਼ਤਰ ਘੱਲ ਦਿੱਤਾ ਤੇ ਨਾਲ ਲਿਖਿਆ ਕਿ ਚਾਲੀ ਵਰ੍ਹਿਆਂ ਤੋਂ ਵਿਦੇਸ਼ ਵਿਚ ਪੰਜਾਬੀ ਮਾਂ-ਬੋਲੀ ਦਾ ਝੰਡਾ ਬੁਲੰਦ ਕਰਨ ਵਾਲੀ ਇਸ ਲੇਖਿਕਾ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਨਾ ਬਹੁਤ ਜ਼ਰੂਰੀ ਹੈ। ਸਵੈ-ਜੀਵਨੀ ਲੇਖਿਕਾ ਦਾ 'ਮਾਸਟਰ ਪੀਸ' ਹੈ ਕੋਈ ਭਾਸ਼ਾ ਵੀ ਇਸ ਨੂੰ ਇਵੇਂ ਹੀ ਸਨਮਾਨਿਤ ਕਰੇਗੀ, 'ਮੇਰੀ ਬਿਨੈ ਹੈ ਕਿ ਇਸ ਉੱਤਮ ਪੁਸਤਕ ਨੂੰ ਅਤੇ ਇਹ ਦੀ ਚਰਮ ਲੇਖਿਕਾ ਕੈਲਾਸ਼ ਪੁਰੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਏ।'
ਸ: ਸਰਨ ਸਿੰਘ ਜਵਾਬ ਉਡੀਕਦੇ ਰਹੇ, ਯਾਦ ਕਰਾਇਆ ਤਦ ਉਨ੍ਹਾਂ ਨੇ ਜਵਾਬ ਦਿੱਤਾ। ਇਹ ਸਭ ਕੁਝ ਮੇਰੀ ਜਾਣਕਾਰੀ ਵਿਚ ਨਹੀਂ ਸੀ। ਮੈਨੂੰ ਸਰਦਾਰ ਸਾਹਿਬ ਨੇ ਉਦੋਂ ਹੀ ਲਿਖਿਆ ਜਦ ਉਨ੍ਹਾਂ ਨੂੰ ਉੱਤਰ ਮਿਲਿਆ। ਉਹ ਇਤਨੇ ਹੈਰਾਨ ਅਤੇ ਦੁਖੀ ਹੋਏ ਕਿ ਉਨ੍ਹਾਂ ਦੀ ਨੀਂਦ ਵੀ ਇਸ ਚਿੰਤਾ ਨੇ ਮਲ ਲਈ। ਦੁਖੀ ਆਤਮਾ, ਪੀੜਤ ਹਿਰਦੇ ਨਾਲ ਉਨ੍ਹਾਂ ਮੈਨੂੰ ਇਸ਼ਾਰਾ ਮਾਤਰ ਹੀ ਕੀਤਾ, '9,ਕਿ;ਵ ਤ੍ਰਚਕ਼ਠਜਤੀਕਦ ਼ਅਦ ਦਜਦ ਅਰਵ ਤ;ਕਕਬ ਰਿਗ ਦ਼ਖਤ. ਰੁੀ਼ਵ ਾਜਅਦ ਰ਀ਿ ਼ਅਤਮਕਗ ਜਤ ਜਵ?'
'ਕਬੀਰ ਐਵਾਰਡ' ਦੇ ਕਰਤਾ-ਧਰਤਾ ਦਾ ਜਵਾਬ ਸੀ, 'ਕੈਲਾਸ਼ ਪੁਰੀ ਵਿਦੇਸ਼ ਰਹਿੰਦੀ ਹੈ, ਇਸ ਲਈ ਇਹ ਐਵਾਰਡ ਉਨ੍ਹਾਂ ਨੂੰ ਨਹੀਂ ਮਿਲ ਸਕਦਾ।'
ਮੈਂ ਪੜ੍ਹਿਆ-ਦੁਖੀ ਹੋਈ, ਪ੍ਰੇਸ਼ਾਨ, ਹੈਰਾਨ, ਇਹ ਕੀ ਤੁਕ ਏ? ਮੇਰਾ ਸਲਿਆ ਹਿਰਦਾ ਤੜਪਿਆ ਅਰੂੰਧਤੀ ਰਾਏ ਭਾਰਤ ਵਿਚ ਰਹਿੰਦੀ ਹੈ, ਭਾਰਤੀ ਹੈ। ਉਹਨੇ ਅੰਗਰੇਜ਼ੀ ਵਿਚ ਇਕ ਕਿਤਾਬ ਲਿਖੀ ਹੈ, ਜਿਸ ਨੂੰ ਅੰਗਰੇਜ਼ਾਂ ਨੇ ਅਝੱਕ ਬਿਨਾਂ ਕਿਸੇ ਵਿਤਕਰੇ ਤੋਂ ਲੇਖਕਾਂ ਦਾ ਸਭ ਤੋਂ ਵੱਡਾ 'ਬੁਕਰ ਐਵਾਰਡ' ਦਿੱਤਾ ਹੈ, ਇਹ ਭਾਰਤ ਰਹਿੰਦੀ ਹੈ, ਉਹਦਾ ਇੰਗਲੈਂਡ ਨਾਲ ਕੋਈ ਨਾਤਾ ਨਹੀਂ। ਤੇ ਮੈਂ ਪੰਜਾਬਣ ਹਾਂ, ਪਿਛਲੇ ਚਾਲੀ ਵਰ੍ਹਿਆਂ ਤੋਂ ਘਾਨਾ, ਨਾਈਜ਼ੀਰੀਆ ਅਤੇ ਇੰਗਲੈਂਡ ਰਹਿੰਦਿਆਂ ਮਾਂ-ਬੋਲੀ ਪੰਜਾਬੀ ਵਿਚ ਲਿਖਦੀ ਰਹੀ ਹਾਂ, ਸੈਂਤੀ ਪੁਸਤਕਾਂ ਦੀ ਲੇਖਿਕਾ, ਭਾਰਤ ਦੀ ਧੀ, ਭੈਣ, ਮਾਂ, ਦਾਦੀ, ਨਾਨੀ ਦਾ ਹਾਲ? ਮੈਂ ਹੈਰਾਨ ਮਗਰ ਮੇਰੇ ਕਰਮਾਂ ਵਿਚ ਵਿਦੇਸ਼ ਨਿਵਾਸ ਹੈ ਤਦ ਮੈਂ ਚਾਲੀ ਵਾਰੀ ਭਾਰਤ ਗਈ। ਸਾਰੀਆਂ ਪੁਸਤਕਾਂ ਨਾਮਵਰ ਭਾਰਤੀ ਪਬਲਿਸ਼ਰਾਂ ਨੇ ਛਾਪੀਆਂ। ਇਕ ਵੀ ਪੁਸਤਕ ਕਿਤੇ ਹੋਰ ਨਹੀਂ ਛਪੀ। ਮੇਰੀ ਪੁਸ਼ਾਕ ਉਹੀ ਹੈ, ਖੁਰਾਕ ਵੀ, ਬੋਲੀ ਵੀ, ਪਲ-ਪਲ, ਸੁਆਸ ਸੁਆਸ, ਭਾਰਤੀ ਹਾਂ ਅਤੇ ਅਖੀਰ ਸਵਾਸ ਤੀਕ, ਮਾਂ-ਬੋਲੀ ਵਿਚ ਲਿਖਦੀ-ਲਿਖਦੀ ਮਰਾਂਗੀ। ਕੀ ਮੈਂ ਅਜੇ ਵੀ ਕਿਸੇ ਨੂੰ ਵਿਦੇਸ਼ਣ ਜਾਪਦੀ ਹਾਂ?
ਜ਼ਿੰਦਗੀ ਦੀ ਬੁਨਿਆਦੀ ਚੰਗਿਆਈ ਵਿਚ ਵੀ ਮੇਰਾ ਹਿਰਦਾ ਡੋਲ ਗਿਆ। ਜ਼ਿੰਦਗੀ ਦੇ ਅਰਥ ਧੁੰਦਲੇ ਹੋ ਗਏ। ਜਾਪਦਾ ਹੈ ਇਹ ਮੇਰੀ ਪ੍ਰੀਖਿਆ ਸੀ। ਹਰ ਮਨੁੱਖ ਜ਼ਿੰਦਗੀ ਦੇ ਇਤਿਹਾਸ ਦਾ ਇਕ ਜ਼ਰੂਰੀ ਅੰਗ ਹੁੰਦਾ ਹੈ।
ਭਾਰਤ ਵਿਚ ਸ਼ੁਰੂ ਹੋਇਆ ਕੰਮ, ਜਿਸ ਨੂੰ ਅਸਾਂ ਉਦੋਂ 'ਐਗਨੀ ਆਂਟ' ਯਾਨਿ 'ਸਮੱਸਿਆ ਦੀ ਸਮਝ' ਅਜੇ ਨਹੀਂ ਸੀ ਕਿਹਾ, ਕਿਉਂਕਿ 'ਸੁਭਾਗਵਤੀ' ਮਾਸਿਕ ਪੱਤ੍ਰਿਕਾ ਵਿਚ ਇਹ ਕਾਲਮ ਬਹੁਤ ਪ੍ਰਿਆ ਸੀ ਅਤੇ ਹਰ ਰੋਜ਼ ਡਾਕ ਵਿਚ ਅਨੇਕਾਂ ਖ਼ਤ ਆਉਂਦੇ ਤੇ ਇਹੋ ਕੰਮ ਇਥੇ ਇੰਗਲੈਂਡ ਵਿਚ ਜਾਰੀ ਰਿਹਾ, ਜਿਸ ਦੀ ਸਖ਼ਤ ਜ਼ਰੂਰਤ ਸੀ। ਪੰਜਾਬੀ ਪਰਿਵਾਰਾਂ ਵਿਚ ਬਹੁਤ ਕੁਝ ਕਰੂਪ, ਅਨਿਆਇ ਅਤੇ ਜ਼ਿਆਦਤੀਆਂ ਵਾਪਰ ਰਹੀਆਂ ਸਨ। ਧੀਆਂ ਦਾ ਅਣਚਾਹੇ ਲੋਕਾਂ ਨਾਲ ਸੇਜ-ਸਬੰਧ, ਗਰਭ ਅਤੇ ਨੱਸ ਜਾਣਾ ਰੋਜ਼ ਦੀ ਵਾਰਦਾਤ ਸੀ। ਇਹੋ ਜਿਹੇ ਸਮੇਂ ਮਾਪੇ ਕੀ ਕਰਦੇ? 'ਐਗਨੀ ਆਂਟ' ਤੇ ਉਹ ਵੀ ਆਪਣੀ 'ਪੰਜਾਬੀ' ਤੇ ਇਹ ਕੰਮ ਵਧਦਾ ਹੀ ਗਿਆ? ਹਰ ਖਤ ਦੀ ਇਬਾਰਤ ਸਾਂਭਣ ਯੋਗ ਹੁੰਦੀ ਹੈ। ਜਿਥੇ ਵੀ ਜਾਂਦੀ ਹਾਂ-ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ, ਪਟਿਆਲੇ, ਯੂਨੀਵਰਸਿਟੀਆਂ ਵਿਚ, ਉਥੋਂ ਦੇ ਪੰਜਾਬੀ ਵਿਭਾਗ ਵਿਚ ਹਰ ਵਾਰ, ਮੈਂ ਬੁਲਾਰਾ ਹੁੰਦੀ ਹਾਂ। ਲੜਕੀਆਂ, ਲੜਕੇ ਅਤੇ ਪ੍ਰੋਫੈਸਰ ਬੜੇ ਮਾਣ ਨਾਲ ਮਿਲਦੇ ਅਤੇ ਫਿਰ 'ਸ਼ੁਕਰਾਨਾ' ਕਰਨ ਲਈ ਗੈਸਟ ਹਾਊਸ ਆਉਂਦੇ ਨੇ, ਉਦੋਂ ਮੈਂ ਆਪੇ ਵਿਚ ਮਿਉਂਦੀ ਨਹੀਂ ਖੀਵੀ ਖੁਸ਼, ਹੈਰਾਨ, ਅੱਖਾਂ ਸਿੱਲ੍ਹੀਆਂ ਤੇ ਆਪੇ ਤੋਂ ਪੁੱਛਦੀ ਹਾਂ, 'ਕੀ ਇਹ ਮੈਂ ਹਾਂ?'
ਇਹ ਸਭ ਕਿਵੇਂ ਹਾਸਿਲ ਹੋਇਐ? ਬਰਤਾਨੀਆ ਵਿਚ ਹਰ ਥਾਂ ਇੰਜ ਹੀ ਪਤੀ ਅਤੇ ਪਤਨੀ ਆ ਕੇ ਵਿਛੜੇ, ਵੈਰਾਗੇ ਹੋਏ ਆ ਕੇ ਮਿਲਦੇ, ਅੱਖਾਂ ਵਿਚ ਖੁਸ਼ੀ ਦੇ ਹੰਝੂ ਅਤੇ ਚਿਹਰਾ ਖਿੜਿਆ, ਅਨੰਤ ਵਿਸਮਾਦ, 'ਤੁਹਾਡੀਆਂ ਕਈ ਪੁਸਤਕਾਂ ਪੜ੍ਹੀਆਂ, ਲਗਾਤਾਰ ਹਰ ਹਫ਼ਤੇ ਹਫ਼ਤਾਵਾਰ ਪੇਪਰ ਵਿਚ ਵੀ ਪੜ੍ਹਦੇ ਹਾਂ... ਸਾਡੇ ਆਪਣੇ ਆਂਟੀ ਜੀ, ਇਤਬਾਰ ਨਹੀਂ ਆਉਂਦਾ ਕਿ ਅੱਜ ਮੇਲ ਕਿੰਝ ਹੋ ਗਿਆ ਹੈ?' ਭਿੱਜੀਆਂ ਅੱਖਾਂ, ਵਿਸਮਾਦੀ ਚਿਹਰੇ...
ਮੈਂ ਆਭਾਰੀ ਹਾਂਂਪੰਜਾਬੀ ਮਾਂ-ਬੋਲੀ ਦੀ। ਜਿਸ ਨੇ ਇਹ ਵਰਦਾਨ ਮੇਰੀ ਝੋਲੀ ਪਾਇਐ। ਔਕਸਫੋਰਡ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਯੂਨੀਅਨ ਦਾ ਸੱਦਾ ਪੱਤਰ ਆਇਆ, ਲੈਕਚਰ ਦੇਣ ਲਈ, ਤੇ ਮੈਂ ਨਾਂਹ ਨੁਕਰ ਪਈ ਕਰਾਂ। 'ਔਕਸਬ੍ਰਿਜ਼ ਦੇ ਏਡੇ ਚੜ੍ਹੇ ਖੜ੍ਹੇ ਵਿਦਿਆਰਥੀ ਤੇ ਮੈਂ?' ਮੈਂ ਕੀ ਕਰਾਂਗੀ? ਮੈਂ ਨਾ ਜਾਂਦੀ ਆਪਣੀ ਬੇਭੋਭੀ ਕਰਾਨ ਤੇ ਸਾਹਿਬ (ਮੇਰੇ ਪਤੀ) ਮੁੜ-ਮੁੜ ਕੇ ਆਖਣ 'ਪੇਪਰ ਲਿਖਣਾ ਸ਼ੁਰੂ ਕਰ ਦਿਓ। ਮਹਾਰਾਜ ਦੀ ਬਖਸ਼ਿਸ਼ ਹੈ। ਤੁਸੀਂ ਜ਼ਰੂਰ ਸਫ਼ਲਤਾ ਹਾਸਲ ਕਰੋਗੇ।' ਤੇ ਇਹੋ ਹੀ ਹੋਇਆ। ਉਹ ਬੜੇ ਖੁਸ਼। ਬਹੁਤ ਸਵਾਲ ਹੋਏ। ਉਹ ਹੈਰਾਨ ਕਿ ਇਸ ਹਿੰਦੁਸਤਾਨੀ ਔਰਤ ਕੋਲ ਕਿਤਨਾ ਇਲਮ ਹੈ? ਉਨ੍ਹਾਂ ਨੇ ਛਰਫਜ਼; ਛਕਘਚ਼; ਼ਅਦ $਼ਗਜਵ਼; ૿ਗਰਲ;ਕਠਤ ਰ਀ਿ 9ਅਦਜ਼ਅਤ :ਜਡਜਅਪ ਜਅ "ਾਂ ਟਾਈਟਲ ਦਿੱਤਾ।
ਕਹਿੰਦੇ ਨੇ, ਲਿਖਣਾ ਇਕ ਕਲਾ ਹੈ ਅਤੇ ਪੜ੍ਹਨਾ ਅੰਤਰ ਵੇਦਨਾ। ਮੈਂ ਸਕੂਲ ਵਿਚ ਹੀ ਥੋੜ੍ਹੀ ਕੁ ਪੰਜਾਬੀ ਪੜ੍ਹੀ। ਕੋਈ ਨਾਵਲ, ਕਹਾਣੀ ਜਾਂ ਕਵਿਤਾ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਨਾ ਘਰ ਵਿਚ ਕੋਈ ਕਿਤਾਬ ਹੁੰਦੀ। ਪਹਿਲੀ ਪੁਸਤਕ, ਜਿਸ ਨੇ ਮੈਨੂੰ ਟੁੰਬਿਆ ਉਹ ਈਰਾਨੀ ਚਿੰਤਕ ਖਲੀਲ ਜ਼ਿਬਰਾਨ ਦਾ ਮਾਸਟਰ ਪੀਸ 'ਦਾ ਪ੍ਰੋਫੈਟ' ਅਤੇ 'ਟੀਅਰ ਐਂਡ ਸਮਾਇਲ' ਸੀ। ਇਹਦੇ ਬਾਅਦ ਖੌਰੇ ਦੋ ਕੁ ਨਾਵਲ ਪੰਜਾਬੀ ਦੇ ਪੜ੍ਹੇ ਤੇ ਬਸ ਮੈਂ ਆਪ ਨਾਵਲ ਬਹੁਤ ਪਿਛੋਂ ਆ ਕੇ ਲਿਖਿਆ। ਉਹ ਵੀ ਪਾਠਕਾਂ ਦੀ ਮੰਗ 'ਤੇ ਲਿਖਣ ਲੱਗ ਪਈ।
ਮੈਂ ਦੇਣਦਾਰ ਹਾਂ ਪੰਜਾਬੀ ਮਾਂ ਬੋਲੀ ਦੀ, ਜਿਸ ਨੇ ਮੈਨੂੰ ਅਪਣਾਇਆ ਹੈ। ਮੈਂ ਬੇਬਹਾ ਸ਼ੁਕਰਗੁਜ਼ਾਰ ਹਾਂ। ਕਿਉਂਕਿ ਨਾ ਮੈਂ ਪੰਜਾਬੀ ਪੜ੍ਹੀ ਅਤੇ ਨਾ ਕੋਈ ਲੇਖਿਕਾ ਬਣਨ ਦਾ ਖਿਆਲ ਕਦੀ ਚਿਤ ਵਿਚ ਆਇਆ ਤੇ ਮਲਕੜੇ ਜਿਹੇ ਮੇਰੀ ਝੋਲੀ ਭਰ ਗਈ। ਮੈਂ ਤਾਂ ਇਸ ਖ਼ੂਬਸੂਰਤ ਅਤੇ ਅਮੀਰ ਭਾਸ਼ਾ ਦਾ ਇਕ ਕਾਮਾ ਹਾਂ। ਇਕ ਉਹ ਮਾਂ, ਪ੍ਰੇਮ ਕੌਰ ਜਿਸ ਨੇ ਜਨਮ ਦਿੱਤਾ ਤੇ ਇਕ ਉਹ ਮਾਂ (ਪੰਜਾਬੀ ਭਾਸ਼ਾ) ਜਿਸ ਨੇ ਮੈਨੂੰ ਪਹਿਚਾਣ ਬਖ਼ਸ਼ੀ। ਇਕ ਉਹ ਖਾਸ ਇਨਸਾਨ ਜੋ ਮੇਰਾ ਰਾਂਝਾ, ਮੇਰਾ ਇਸ਼ਕ, ਮੇਰਾ ਗੁਰੂ ਅਤੇ ਮੇਰੀ ਮੁਹੱਬਤ ਦਾ ਮਾਨ ਸਰੋਵਰ, ਮੇਰੇ ਸਾਹਿਬ, ਮੇਰੇ ਪਤੀ ਡਾ: ਗੋਪਾਲ ਸਿੰਘ ਜੀ ਪੁਰੀ, ਜਿਨ੍ਹਾਂ ਸਾਹਿਤ ਰਚਨ ਦੀ ਅਪਰੰਪਰ ਬਖਸ਼ਿਸ਼ ਕੀਤੀ। ਮੈਂ ਆਪਣਾ ਸਭ ਕੁਝ ਇਨ੍ਹਾਂ ਤੋਂ ਨਿਛਾਵਰ ਕਰਦੀ ਹਾਂ। ਚਾਲੀ ਵਰ੍ਹਿਆਂ ਤੋਂ ਮੈਂ ਆਪਣੀ ਮਾਂ-ਬੋਲੀ ਪੰਜਾਬੀ ਵਿਚ ਵਿਦੇਸ਼ ਰਹਿੰਦਿਆਂ 37 (ਸੈਂਤੀ) ਪੁਸਤਕਾਂ ਪੰਜਾਬੀ ਸਾਹਿਤ ਦੀ ਭੇਟਾ ਕੀਤੀਆਂ ਹਨ। ਇਹ ਸਾਰੀਆਂ ਪੁਸਤਕਾਂ ਦਿੱਲੀ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚ ਛਪੀਆਂ ਨੇ। ਜਿਥੇ ਵੀ ਪੰਜਾਬੀ ਪਾਠਕ ਹਨ, ਉਥੇ ਦੇਸ਼-ਵਿਦੇਸ਼ ਵਿਚ ਇਹ ਕਿਤਾਬਾਂ ਘਲਦੇ ਹਨ।
ਇਹ ਮੇਰੇ ਸਜਰੇ ਲਹੂ ਦਾ ਦੀਵਾ ਹੈ। ਮੇਰੀ ਕਲਮ ਨੂੰ ਏਸੇ ਲੋਅ ਤੋਂ ਰਵਾਨਗੀ ਮਿਲਦੀ ਹੈ। ਮੇਰੀ ਝੋਲੀ ਪਈ ਇਹ ਅਮੀਰੀ, ਜਿਸ ਨੇ ਕੌਮਾਂਤਰੀ ਪ੍ਰਸਿੱਧੀ ਬਖ਼ਸ਼ੀ ਹੈ। ਇਹ ਸਾਰਾ ਪਰਤਾਪ ਅਤੇ ਇਕਬਾਲ ਪੰਜਾਬੀ ਮਾਂ-ਬੋਲੀ ਦਾ ਹੈ।


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX