ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਪਨੀਰੀ ਦੀ ਬਿਜਾਈ ਸਬੰਧੀ ਕਿਸਾਨ ਦੁਚਿੱਤੀ ਵਿਚ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਦੀ 65 ਫੀਸਦੀ ਅਬਾਦੀ ਖੇਤੀ ਕਰਦੀ ਹੈ ਤੇ 80 ਫੀਸਦੀ ਕਾਰੋਬਾਰ ਖੇਤੀ ਉਤੇ ਨਿਰਭਰ ਕਰਦਾ ਹੈ। ਇਕ ਤਾਂ ਫ਼ਸਲਾਂ ਦੇ ਰੇਟ ਲਾਹੇਵੰਦ ਨਾ ਹੋਣ ਕਾਰਨ ਤੇ ਸਾਰੀਆਂ ਫ਼ਸਲਾਂ ਦਾ ਮੰਡੀਕਰਨ ਸਹੀ ਨਾ ਹੋਣ ਕਾਰਨ ਇਹ ਕਿੱੱਤਾ ਕਰ ਰਹੇ ਕਿਸਾਨ ਪਹਿਲਾਂ ਹੀ ਬਹੁਤ ਮੰਦਹਾਲੀ ਦਾ ਜੀਵਨ ਬਸਰ ਕਰ ਰਹੇ ਹਨ, ਦੂਜਾ ਜਦੋਂ ਕਿਸਾਨ ਫ਼ਸਲ ਤਿਆਰ ਕਰਕੇ ਮੰਡੀ ਲੈ ਕੇ ਜਾਂਦਾ ਹੈ ਤਾਂ ਉਥੇ ਫ਼ਸਲ ਦਾ ਗੈਰਵਾਜਬ ਭਾਅ ਮਿਲਦਾ ਹੈ ਜਾਂ ਫਿਰ ਸਰਕਾਰੀ ਰੇਟ 'ਤੇ ਵਿਕਣ ਵਾਲੀਆਂ ਫ਼ਸਲਾਂ 'ਤੇ 200 ਰੁਪਏ ਤੋਂ ਜ਼ਿਆਦਾ ਦਾ ਕੱਟ ਲਗਦਾ ਹੈ ਤਾਂ ਕਿਸਾਨਾਂ ਦਾ ਕਾਲਜਾ ਮੂੰਹ ਨੂੰ ਆਉਂਦਾ ਹੈ।
ਪਰਮਲ ਦੀ ਫ਼ਸਲ ਖਰੀਦਣ ਦਾ ਕੇਂਦਰ ਸਰਕਾਰ ਹਰ ਸਾਲ ਘੱਟੋ-ਘੱਟ ਸਮੱਰਥਨ ਮੁੱਲ ਤੈਅ ਕਰਦੀ ਹੈ। ਸਰਕਾਰੀ ਏਜੰਸੀਆਂ ਨੇ ਫ਼ਸਲ ਪੂਰੇ ਭਾਅ ਖਰੀਦਣੀ ਹੁੁੰਦੀ ਹੈ 'ਤੇ ਵਪਾਰੀ ਨੇ ਸਰਕਾਰੀ ਭਾਅ ਤੋਂ ਵੱਧ ਭਾਅ ਦੇ ਕੇ ਖਰੀਦ ਕਰਨੀ ਹੁੁੰਦੀ ਹੈ। ਸਰਕਾਰੀ ਖਰੀਦਿਆ ਹੋਇਆ ਮਾਲ ਵੱਖ-ਵੱਖ ਸ਼ੈਲਰਾਂ ਤੇ ਛੜਾਈ ਲਈ ਭੇਜਿਆ ਜਾਂਦਾ ਹੈ। ਪਰ ਅਸਲ ਵਿਚ ਹੁੰਦਾ ਕੀ ਹੈ। ਕਈ ਥਾਵਾਂ ਤੇ ਜਿਨਾਂ ਢੇਰੀਆਂ ਨੂੰ ਸ਼ੈਲਰ ਮਾਲਕ ਪਾਸ ਕਰਨਗੇ ਉਹੀ ਢੇਰੀਆਂ ਸਰਕਾਰੀ ਏਜੰਸੀਆਂ ਖਰੀਦਦੀਆਂ ਹਨ। ਜਿਥੇ ਅਜਿਹਾ ਨਹੀਂ ਹੁੰਦਾ ਉਥੇ ਵੱਧ ਨਮੀ, ਡੈਮੇਜ, ਡਿਸਕਰ ਦਾ ਬਹਾਨਾ ਬਣਾ ਕੇ ਚੰਗੀਆਂ ਢੇਰੀਆਂ ਨੂੰ ਵੀ 50 ਰੁਪਏ ਤੋਂ 250 ਰੁਪਏ ਤੱਕ ਦਾ ਕੱਟ ਲਗਾਇਆ ਜਾਂਦਾ ਹੈ। ਪਿਛਲੇ ਦੋ ਸਾਲਾਂ ਤੋਂ ਇਕ ਸਿੱਤਮ ਜ਼ਰੀਫੀ ਹੋਰ ਹੋ ਰਹੀ ਹੈ ਕਿ ਉਪਰੋਕਤ ਕੱਟ ਤੋਂ ਇਲਾਵਾ ਆੜ੍ਹਤੀ ਪਰਮਲ ਦੀ ਢੁਆਈ ਦਾ ਖਰਚਾ ਪ੍ਰਤੀ ਕੁਵਿੰਟਲ 60 ਰੁਪਏ ਕਿਸਾਨਾਂ ਤੋ ਵਸੂਲ ਰਹੇ ਹਨ, ਜੋ ਮਜਬੂਰੀ ਵੱਸ ਕਿਸਾਨ ਸਹਿ ਰਹੇ ਹਨ।
ਹੁਣ ਗੱਲ ਕਰਦੇ ਹਾਂ ਪੂਸਾ ਬਾਸਮਤੀ 1121 ਦੀ। ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਾਹੀਂ ਬਹੁਤ ਜ਼ੋਰ ਨਾਲ ਕਿਸਾਨਾਂ ਨੂ ਇਸ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਸੀ ਕਿ ਇਸ ਦੀ ਬਿਜਾਈ ਨਾਲ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਰੋਕਿਆ ਜਾ ਸਕੇਗਾ ਤੇ ਇਸ ਕਿਸਮ ਦਾ ਮੁੱਲ ਵੀ ਚੰਗਾ ਮਿਲੇਗਾ। ਲੇਕਿਨ ਚੰਗਾ ਮੁੱਲ ਨਹੀਂ ਮਿਲਿਆ। ਸਿਰਫ਼ ਸਾਲ 2013 'ਚ 4800 ਰੁਪਏ, ਸਾਲ 2014 ਚ 2400 ਰੁਪਏ, ਸਾਲ 2015 'ਚ 1200-1300 ਰੁਪਏ ਦਾ ਬੇਹੱਦ ਘੱਟ ਭਾਅ ਮਿਲਿਆ ਤੇ ਕਿਸਾਨ ਜੜ੍ਹੋਂ ਹਿਲ ਗਏ ਜੋ ਕਦੇ ਵੀ ਪੈਰਾਂ 'ਤੇ ਖੜ੍ਹੇ ਨਹੀਂ ਹੋ ਸੱਕਣਗੇ। ਹਾਂ ਇਸ ਸਾਲ ਕਰੀਬ 2000 ਰੁਪਏ ਪ੍ਰਤੀ ਕੁਵਿੰਟਲ ਰੇਟ ਮਿਲਿਆ, ਵਪਾਰੀਆਂ ਦੇ ਘਰ 1121 ਜਾਂਦਿਆਂ ਸਾਰ ਹੀ ਇਸ ਦਾ ਭਾਅ ਦੁੱਗਣਾ ਹੋ ਗਿਆ। ਇਸ ਤਰ੍ਹਾਂ 1121 ਵੇਚ ਕੇ ਵੀ ਕਿਸਾਨਾਂ ਦੇ ਹੱਥ ਖਾਲੀ ਹੀ ਰਹੇ।
ਝੋਨੇ ਦੀ ਦੀ ਪਨੀਰੀ ਬੀਜਣ ਦਾ ਸਮਾਂ ਨਿਕਲ ਰਿਹਾ ਹੈ ਪਰ ਸਾਉਣੀ ਦੀ ਫ਼ਸਲ ਦਾ ਮੰਡੀਕਰਨ ਤੇ ਭਾਅ ਸਹੀ ਨਾ ਹੋਣ ਕਾਰਨ ਕਿਸਾਨ ਅਜੇ ਵੀ ਦੋਚਿੱਤੀ ਵਿਚ ਹਨ ਕਿ ਕਿਹੜੀ ਕਿਸਮ ਬੀਜੀ ਜਾਵੇ ਜਿਸ ਦਾ ਵਾਜਿਬ ਮੁੱਲ ਮਿਲੇ। ਪੰਜਾਬ ਸਰਕਾਰ ਇਹ ਯਕੀਨੀ ਬਣਾਏ ਕਿ ਕਿਸਾਨ ਵੀਰੋ ਤੁਸੀਂ ਪਰਮਲ ਲਗਾਓ ਜੋ ਪੂਰੇ ਸਰਕਾਰੀ ਭਾਅ ਵਿਕੇਗੀ, ਕੋਈ ਵੀ ਏਜੰਸੀ ਰੇਟ 'ਤੇ ਕੱਟ ਨਹੀਂ ਲਾਏਗੀ ਅਤੇ ਬਾਸਮਤੀ ਪੂਸਾ 1121 ਨੂੰ 5 ਹਜ਼ਾਰ ਰੁਪਏ ਪ੍ਰ੍ਰਤੀ ਕੁਵਿੰਟਲ ਦੀ ਸਰਕਾਰ ਜ਼ਿੰਮੇਵਾਰੀ ਲਵੇ ਤਾਂ ਕਿਸਾਨਾਂ ਦਾ ਭਲਾ ਹੋਵੇਗਾ ਨਹੀਂ ਤਾ ਹਰ ਸਾਲ ਘਾਟੇ ਖਾ-ਖਾ ਕੇ ਕਿਸਾਨ ਆਖਰ ਖੁਦਕੁਸ਼ੀ ਹੀ ਕਰੇਗਾ। ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਤਮ-ਹੱਤਿਆ ਨਾ ਕਰੋ। ਇਕ ਜੁੱਟ ਹੋ ਕੇ ਸਾਡਾ ਹੱਕ ਮਾਰਨ ਵਾਲਿਆਂ ਦਾ ਮੁਕਾਬਲਾ ਕਰਦੇ ਹੋਏ ਆਪਣਾ ਹੱਕ ਲਈਏ।


-ਧਾਲੀਵਾਲ ਨਿਵਾਸ ਭੋਜਰਾਜ, ਗੁਰਦਾਸਪੁਰ-143519.
ਮੋਬਾ: 84379-09999.


ਖ਼ਬਰ ਸ਼ੇਅਰ ਕਰੋ

ਖੇਤੀ ਦੇ ਅਹਿਮ ਅੰਗ ਮਣ੍ਹਾ, ਡੱਲ, ਮਸ਼ਕ ਅਤੇ ਡਰਨਾ

ਸਮੇਂ ਦੇ ਬਦਲਣ ਨਾਲ ਤੇ ਵਿਗਿਆਨ ਦੇ ਤੇਜੀ ਨਾਲ ਵਿਕਾਸ ਕਰਨ ਕਰਕੇ ਖੇਤੀ ਧੰਦੇ ਵਿਚ ਫ਼ਸਲਾਂ ਬੀਜਣ, ਕੱਟਣ, ਪਾਣੀ ਲਾਉਣ ਤੇ ਰਾਖੀ ਕਰਨ ਲਈ ਨਵੇਂ ਉਪਯੋਗੀ ਸਾਧਨ ਆ ਗਏ ਹਨ। ਪਰ ਜੇ ਅਸੀਂ ਆਪਣੇ ਪੁਰਾਣੇ ਵਿਰਸੇ ਵੱਲ ਨਜ਼ਰ ਮਾਰੀਏ ਤਾਂ ਫ਼ਸਲਾਂ ਦੀ ਸਾਂਭ-ਸੰਭਾਲ, ਪਾਣੀ ਲਾਉਣ ਤੇ ਰਾਖੀ ਕਰਨ ਲਈ ਬਹੁਤ ਛੋਟੇ-ਛੋਟੇ ਅਜਿਹੇ ਸਾਧਨ ਜਾਂ ਔਜ਼ਾਰ ਸਨ ਜੋ ਅੱਜ ਲੱਗਪਗ ਅਲੋਪ ਹੀ ਹੋ ਗਏ ਹਨ। ਪਹਿਲੇ ਸਮਿਆਂ ਵਿਚ ਫ਼ਸਲਾਂ ਦੀ ਗੁਲੇਲਾਂ, ਗੋਪੀਆ ਤੇ ਮਣ੍ਹੇ, ਡਰਨੇ ਬਣਾ ਕੇ ਰਾਖੀ ਕਰਨਾ ਤੇ ਫਿਰ ਪੱਕੀ ਕਣਕ ਨੂੰ ਮੰਡੀ ਤੱਕ ਲੈ ਜਾਣ ਤੱਕ ਮਿਹਨਤ ਮੁਸ਼ੱਕਤ ਵਾਲਾ ਕੰਮ ਮਸ਼ੀਨੀ ਯੁੱਗ ਦੇ ਆਉਣ ਨਾਲ ਕੁਝ ਹੀ ਸਮੇਂ ਵਿਚ ਪੂਰਾ ਹੋ ਜਾਂਦਾ ਹੈ। ਇਨ੍ਹਾਂ ਸਭ ਚੀਜ਼ਾਂ ਨੂੰ ਅੱਜ ਦੀ ਪੀੜ੍ਹੀ ਭੁੱਲਦੀ ਜਾ ਰਹੀ ਹੈ।
ਮਣ੍ਹਾ : ਜੰਗਲੀ ਜਾਨਵਰਾਂ ਤੇ ਪੰਛੀਆਂ ਤੋਂ ਪੱਕੀ ਫ਼ਸਲ ਨੂੰ ਬਚਾਉਣ ਲਈ ਵੱਡੀਆਂ ਬੱਲੀਆਂ ਦੀ ਮਦਦ ਨਾਲ 7-8 ਕੁ ਫੁੱਟ ਉੱਚੀ ਇਕ ਬੈਠਣ ਵਾਲੀ ਜਗ੍ਹਾ ਬਣਾਈ ਜਾਂਦੀ ਸੀ, ਜਿਸ ਨੂੰ 'ਮਣ੍ਹਾ' ਕਹਿੰਦੇ ਸਨ। ਕਈ ਜੁਗਾੜੀ ਬੰਦੇ ਚਾਰ ਬੱਲੀਆਂ ਨੂੰ ਮੋਟੀਆਂ ਰੱਸੀਆਂ ਨਾਲ ਬੰਨ੍ਹ ਕੇ ਉੱਪਰ ਮੰਜਾ ਬੰਨ੍ਹ ਕੇ ਮਣ੍ਹਾ ਬਣਾ ਲੈਂਦੇ ਸਨ ਤੇ ਮੀਂਹ ਤੋਂ ਬਚਣ ਲਈ ਉੱਪਰ ਛੱਤ ਵੀ ਬਣਾ ਲੈਂਦੇ ਸਨ। ਅੱਜਕਲ੍ਹ ਖੇਤ ਵਿਚ ਮਣ੍ਹਾ ਬਣਿਆ ਬਹੁਤ ਘੱਟ ਨਜ਼ਰੀਂ ਪੈਂਦਾ ਹੈ।
ਡੱਲ ਮਾਰਨਾ : ਪੁਰਾਣੇ ਸਮੇਂ ਵਿਚ ਜਦੋਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਟਿਊਬਵੈੱਲ ਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਨਹੀਂ ਸਨ, ਉਦੋਂ ਖੇਤਾਂ ਵਿਚ ਖੂਹ ਦੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਸੀ ਜਾਂ ਬਹੁਤੀ ਖੇਤੀ ਮੀਂਹ 'ਤੇ ਨਿਰਭਰ ਕਰਦੀ ਸੀ। ਕਈ ਮਿਹਨਤੀ ਕਿਸਾਨ ਉਸ ਸਮੇਂ ਡੱਲ ਮਾਰਨ ਦਾ ਤਰੀਕਾ ਅਪਨਾਉਂਦੇ ਸਨ। ਖੇਤਾਂ ਤੋਂ ਛੱਪੜ ਜਾਂ ਟੋਭੇ ਨੀਵੇਂ ਹੋਣ ਕਰਕੇ ਕਿਸਾਨ ਬੜੀ ਮਿਹਨਤ ਨਾਲ ਲੰਮੇ ਖਾਲ ਬਣਾ ਕੇ ਛੱਪੜ ਤੋਂ ਪਾਣੀ ਆਪਣੇ ਖੇਤ ਤੱਕ ਪਹੁੰਚਾਉਂਦੇ ਸਨ। ਇਸ ਕੰਮ ਨੂੰ ਕਰਨ ਲਈ ਇਕ ਤੋਂ ਜ਼ਿਆਦਾ ਬੰਦਿਆਂ ਦੀ ਜ਼ਰੂਰਤ ਪੈਂਦੀ ਸੀ। ਅੱਜ ਦੇ ਸਮੇਂ ਸਬਮਰਸੀਬਲ ਪੰਪ ਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਆਉਣ ਕਰਕੇ ਡੱਲ ਮਾਰਦੇ ਕਿਸਾਨ ਹੁਣ ਕਿਤੇ ਨਜ਼ਰੀਂ ਨਹੀਂ ਪੈਂਦੇ।
ਮਸ਼ਕ : ਉਨ੍ਹਾਂ ਸਮਿਆਂ ਵਿਚ ਵਿਸਾਖ ਦੇ ਮਹੀਨੇ ਜਦੋਂ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਸੀ ਤਾਂ ਗਰਮੀ ਤੋਂ ਬਚਣ ਲਈ ਤੇ ਪਿਆਸ ਬੁਝਾਉਣ ਲਈ ਲੋਕ ਮਸ਼ਕਾਂ ਵਾਲੇ, ਠੰਢੇ ਪਾਣੀ ਦੀਆਂ ਮਸ਼ਕਾਂ ਭਰ ਕੇ ਇਕ ਖੇਤ ਤੋਂ ਦੂਜੇ ਖੇਤ ਚੱਲਦੇ ਰਹਿੰਦੇ ਸਨ। ਚਮੜੇ ਦੀ ਬਣੀ ਮਸ਼ਕ ਵਿਚ ਖੂਹ ਦਾ ਭਰਿਆ ਠੰਢਾ ਪਾਣੀ ਕਾਫੀ ਦੇਰ ਤੱਕ ਠੰਢਾ ਰਹਿੰਦਾ ਸੀ। ਕਿਰਤੀ ਕਿਸਾਨ ਵੀ ਮਸ਼ਕ ਦੀ ਸੇਵਾ ਨਿਭਾਅ ਰਹੇ ਬੰਦੇ ਦਾ ਪੂਰਾ ਸਤਿਕਾਰ ਕਰਦੇ ਸਨ ਤੇ ਉਸ ਨੂੰ ਕਣਕ ਦੀਆਂ ਭਰੀਆਂ ਜਾਂ ਦਾਣੇ ਦੇ ਦਿਆ ਕਰਦੇ ਸਨ।
ਡਰਨਾ : ਜਦੋਂ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਪੱਕ ਜਾਂਦੀ ਸੀ ਤਾਂ ਇਸ ਨੂੰ ਪਸ਼ੂ-ਪੰਛੀਆਂ ਤੋਂ ਬਚਾਉਣ ਲਈ ਖੇਤ ਵਿਚ ਆਦਮੀ ਦਾ ਭੁਲੇਖਾ ਪਾਉਣ ਵਾਲਾ ਇਕ ਪੁਤਲਾ ਬਣਾ ਦਿੱਤਾ ਜਾਂਦਾ ਸੀ, ਜਿਸ ਨੂੰ 'ਡਰਨਾ' ਕਹਿੰਦੇ ਸਨ। ਪੁਰਾਣਾ ਝੱਗਾ ਤੇ ਸੋਟੀਆਂ ਨਾਲ ਤਿਆਰ ਕੀਤਾ ਡਰਨਾ ਪਸ਼ੂ-ਪੰਛੀਆਂ ਨੂੰ ਆਦਮੀ ਦਾ ਭੁਲੇਖਾ ਪਾਉਂਦਾ ਸੀ ਤੇ ਇਸ ਤਰ੍ਹਾਂ ਤਾਜ਼ਾ ਬੀਜੀ ਜਾਂ ਪੱਕੀ ਫ਼ਸਲ ਬਚ ਜਾਂਦੀ ਸੀ।


-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 9876474671.

ਫ਼ਸਲੀ ਵਿਭਿੰਨਤਾ ਲਈ ਯੋਗ ਯੋਜਨਾਬੰਦੀ ਦੀ ਲੋੜ

ਝੋਨੇ ਦੀ ਲੁਆਈ ਜ਼ੋਰਾਂ 'ਤੇ ਹੈ। ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ -ਸੁਆਇਲ ਵਾਟਰ ਐਕਟ, 2009 ਅਧੀਨ ਝੋਨੇ ਦੀ ਲੁਆਈ 15 ਜੂਨ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ। ਇਹ ਮਿਤੀ ਲੰਘ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਟਿਊਬਵੈੱਲਾਂ ਲਈ ਦਿਨ 'ਚ 8 ਘੰਟੇ ਬਿਜਲੀ ਉਪਲੱਬਧ ਹੋਣ ਉਪਰੰਤ ਕਿਸਾਨਾਂ ਨੇ ਦਬਾਦਬ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। ਖੇਤੀਬਾੜੀ ਵਿਭਾਗ ਅਨੁਸਾਰ 28.75 ਲੱਖ ਹੈਕਟੇਅਰ 'ਤੇ ਝੋਨਾ ਲੱਗਣਾ ਹੈ। ਇਸ ਵਿਚ ਬਾਸਮਤੀ ਦੀ ਕਾਸ਼ਤ ਵੀ ਸ਼ਾਮਿਲ ਹੈ। ਝੋਨੇ ਦੀ ਕਾਸ਼ਤ ਥੱਲੇ ਰਕਬਾ ਪਿਛਲੇ 10 ਸਾਲਾਂ ਤੋਂ 28-29 ਲੱਖ ਹੈਕਟੇਅਰ ਦੇ ਦਰਮਿਆਨ ਘੁੰਮ ਰਿਹਾ ਹੈ। ਪਿਛਲੀ ਸ਼ਤਾਬਦੀ ਦੇ 6ਵੇਂ ਦਹਾਕੇ ਦੇ ਮੱਧ 'ਚ ਸਬਜ਼ ਇਨਕਲਾਬ ਦੇ ਆਗਾਜ਼ ਵੇਲੇ ਇਹ ਰਕਬਾ 2.5 ਤੋਂ 3 ਲੱਖ ਹੈਕਟੇਅਰ ਦੇ ਦਰਮਿਆਨ ਹੁੰਦਾ ਸੀ ਜੋ ਹਰ ਸਾਲ ਵਧਦਾ ਗਿਆ। ਜ਼ਮੀਨ ਥੱਲੇ ਪਾਣੀ ਦੀ ਸਤਿਹ ਘਟਣ ਕਾਰਨ ਸਰਕਾਰ ਵੱਲੋਂ ਇਸ ਫ਼ਸਲ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੇ ਮਤਵਾਤਰ ਯਤਨ ਕੀਤੇ ਜਾਂਦੇ ਰਹੇ ਪਰ ਅਸਫ਼ਲ ਰਹੇ। ਹੁਣ ਬਾਸਮਤੀ ਦੀਆਂ ਪੂਸਾ ਬਾਸਮਤੀ -1509, ਬਾਸਮਤੀ -370, ਬਾਸਮਤੀ -386, ਸੀ ਐਸ ਆਰ- 30 ਕਿਸਮਾਂ ਦੀਆਂ ਪਨੀਰੀਆਂ ਲਾਈਆਂ ਜਾ ਰਹੀਆਂ ਹਨ। ਭਾਵੇਂ ਪੂਸਾ ਬਾਸਮਤੀ -1121 ਅਤੇ ਪੂਸਾ ਬਾਸਮਤੀ -6 (ਪੀ ਬੀ-1401) ਦੀਆਂ ਪਨੀਰੀਆਂ ਲੱਗ ਚੁੱਕੀਆਂ ਹਨ। ਪਾਣੀ ਦੀ ਸਮੱਸਿਆ ਨੂੰ ਮੁੱਖ ਰਖੱਦਿਆਂ ਕਿਸਾਨਾਂ ਨੂੰ ਝੋਨੇ ਲਈ ਰਾਖਵੇਂ ਰੱਖੇ ਰਕਬੇ 'ਚੋਂ ਕੁਝ ਨਾ ਕੁਝ ਰਕਬੇ 'ਤੇ ਜ਼ਰੂਰ ਬਾਸਮਤੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਕਿਉਂਕਿ ਬਾਸਮਤੀ ਦੀ ਘੱਟੋ ਘੱਟ ਸਹਾਇਕ ਕੀਮਤ (ਐਮ ਐਸ ਪੀ) ਮੁਕੱਰਰ ਨਹੀਂ, ਸਰਕਾਰ ਨੂੰ ਚਾਹੀਦਾ ਹੈ ਕਿ ਬਾਸਮਤੀ ਦੀ ਕੀਮਤ ਕਿਸਾਨਾਂ ਨੂੰ ਯਕੀਨੀ ਬਣਾਵੇ ਅਤੇ ਵਪਾਰੀਆਂ, ਬਰਾਮਦਕਾਰਾਂ ਨੂੰ ਵਿਸ਼ਵਾਸ 'ਚ ਲੈ ਕੇ ਇਸ ਦੇ ਭਾਅ ਵਿਚ ਆ ਰਹੇ ਉਤਰਾਅ- ਚੜ੍ਹਾਅ ਨੂੰ ਠੱਲ੍ਹ ਪਾਵੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਚਾਹੀਦਾ ਹੈ ਕਿ ਘੱਟੋ -ਘੱਟ 8 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਲਿਆਉਣ ਦੇ ਉਪਰਾਲੇ ਕਰੇ। ਇਸ ਨਾਲ ਕੁਝ ਹੱਦ ਤੱਕ ਪਾਣੀ ਦੀ ਸਮੱਸਿਆ ਹੱਲ ਹੋਵੇਗੀ। ਪੰਜਾਬ 'ਚ 9 ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਲਾਏ ਜਾਣ ਦਾ ਅੰਦਾਜਨ ਹੈ। ਇਸ ਰਕਬੇ ਦੀ ਫ਼ਸਲ ਦੀ ਖਪਤ ਘਰੇਲੂ ਤੇ ਵਿਦੇਸ਼ੀ ਮੰਡੀਆਂ 'ਚ ਯੋਗ ਯੋਜਨਾਬੰਦੀ ਨਾਲ ਲਾਹੇਵੰਦ ਕੀਮਤ 'ਤੇ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਬਾਸਮਤੀ ਕਿਸਮਾਂ ਦਾ ਬੀਜ ਬਾਵਿਸਟਨ 50 ਡਬਲਿਊ ਪੀ - 0.2 ਪ੍ਰਤੀਸ਼ਤ (20 ਗ੍ਰਾਮ) + ਸਟ੍ਰੇਪਟੋਸਾਇਕਲੀਨ 0.01 ਪ੍ਰਤੀਸ਼ਤ (1 ਗ੍ਰਾਮ) ਨੂੰ 10 ਲਿਟਰ ਪਾਣੀ 'ਚ 12 ਘੰਟੇ ਭਿਉਂ ਕੇ ਸੋਧ ਲੈਣਾ ਚਾਹੀਦਾ ਹੈ ਅਤੇ ਪਨੀਰੀ ਦੀਆਂ ਜੜ੍ਹਾਂ ਬਾਵਿਸਟਨ ਦੇ ਪਾਣੀ 'ਚ 6 ਘੰਟੇ ਭਿਉਂ ਕੇ ਹੀ ਲੁਆਈ ਕਰਨੀ ਚਾਹੀਦੀ ਹੈ। ਇਸ ਨਾਲ ਪੈਰ ਗਲਣ (ਝੰਡਾ ਰੋਗ) ਦੀ ਬਿਮਾਰੀ ਆਉਣ ਦੀ ਸੰਭਾਵਨਾ ਘਟ ਜਾਵੇਗੀ। ਬਾਸਮਤੀ ਕਿਸਮਾਂ ਦੀ ਪਨੀਰੀ ਦੀ ਉਮਰ ਲਾਉਣ ਸਮੇਂ 30 ਦਿਨ ਦੀ ਹੋਣੀ ਚਾਹੀਦੀ ਹੈ ਪਰ ਪੂਸਾ ਬਾਸਮਤੀ-1509 ਕਿਸਮ ਦੀ ਪਨੀਰੀ ਦੀ ਉਮਰ 25 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਧੇਰੇ ਝਾੜ ਲਈ 2-2 ਬੂਟੇ 20×15 ਸੈਂਟੀਮੀਟਰ ਦੇ ਫ਼ਾਸਲੇ 'ਤੇ 33 ਬੂਟੇ ਪ੍ਰਤੀ ਵਰਗ ਮੀਟਰ, ਸਿੱਧੇ ਉਪਰ ਨੂੰ 2-3 ਸੈਂਟੀਮੀਟਰ ਡੂੰਘੇ ਲਾਉਣੇ ਚਾਹੀਦੇ ਹਨ।
ਵਿਭਿੰਨਤਾ 'ਚ ਪ੍ਰਾਪਤੀ ਨਾ ਹੋਣ ਕਾਰਨ ਇਸ ਸਾਲ ਸਰਕਾਰ ਵੱਲੋਂ ਕਪਾਹ, ਨਰਮੇ ਦੀ ਕਾਸ਼ਤ ਵਧਾਉਣ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਦੇ 2.56 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ ਇਸ ਸਾਲ ਨਰਮੇ ਦੀ ਕਾਸ਼ਤ 3.86 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਨਰਮੇ ਦੀ ਉਤਪਾਦਕਤਾ ਵਧਾਉਣ ਅਤੇ ਇਸ ਨੂੰ ਲਾਹੇਵੰਦ ਬਣਾਉਣ ਲਈ ਪਿਛਲੇ ਹਫ਼ਤੇ ਨਿੱਜੀ ਖੇਤਰ 'ਚ ਪੀ. ਏ. ਯੂ. ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਅਬੋਹਰ ਵਿਖੇ ਚਿੱਟੀ ਮੱਖੀ ਦੇ ਹਮਲੇ 'ਤੇ ਕਾਬੂ ਪਾਉਣ ਸਬੰਧੀ ਇਕ ਰਾਜ ਪੱਧਰੀ ਸੈਮੀਨਾਰ ਕੀਤਾ ਗਿਆ। ਜਿਸ ਵਿਚ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਜਾਣਕਾਰੀ ਦਿੱਤੀ ਗਈ ਅਤੇ ਪੀ. ਏ. ਯੂ. ਵੱਲੋਂ ਸਿਫਾਰਸ਼ ਕੀਤੀ ਗਈ 'ਉਲਾਲਾ' ਦਵਾਈ ਦੇ ਪ੍ਰਭਾਵਸ਼ਾਲੀ ਪ੍ਰਯੋਗ ਸਬੰਧੀ ਦੱਸਿਆ ਗਿਆ। ਯੂ ਪੀ ਐਲ ਵੱਲੋਂ ਆਦਰਸ਼ ਫਾਰਮ ਸੇਵਾ ਸਕੀਮ ਥੱਲੇ ਮਸ਼ੀਨੀ ਛਿੜਕਾਅ ਦੇ ਦਿਖਾਵੇ ਅਤੇ ਕਿਸਾਨਾਂ ਨੂੰ ਕਸਟਮ ਸਰਵਿਸ ਰਾਹੀਂ ਰਿਆਇਤ ਦੇ ਕੇ ਛਿੜਕਾਅ ਕਰਨ ਦੀ ਪੇਸ਼ਕਸ਼ ਕੀਤੀ ਗਈ। ਅਜੇ ਵੀ ਕਪਾਹ ਪੱਟੀ 'ਚ ਕੁਝ ਰਕਬਾ ਅਜਿਹਾ ਹੈ ਜੋ ਸੰਨ 2015 'ਚ ਚਿੱਟੀ ਮੱਖੀ ਵੱਲੋਂ ਕੀਤੇ ਗਏ ਕਿਸਾਨਾਂ ਦੇ ਨੁਕਸਾਨ ਵਜੋਂ ਪਿਛਲੇ ਸਾਲ ਝੋਨੇ ਦੀ ਕਾਸ਼ਤ ਥੱਲੇ ਚਲਾ ਗਿਆ। ਅਜਿਹਾ ਕੁਝ ਰਕਬਾ ਤਾਂ ਇਸ ਸਾਲ ਮੁੜ ਨਰਮੇ ਦੀ ਕਾਸ਼ਤ ਥੱਲੇ ਆ ਗਿਆ। ਬਾਕੀ ਦਾ ਰਕਬਾ ਇਸ ਸਾਲ ਉਤਪਾਦਤਾ ਦੇ ਟੀਚੇ ਨੂੰ ਪ੍ਰਾਪਤ ਕਰ ਕੇ ਅਗਲੇ ਸਾਲ ਝੋਨੇ ਦੀ ਕਾਸ਼ਤ ਥੱਲਿਉਂਂ ਕੱਢ ਕੇ ਕਪਾਹ, ਨਰਮੇ ਦੀ ਕਾਸ਼ਤ ਥੱਲੇ ਲਿਆਉਣ ਦੇ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਯੋਜਨਾਬੰਦੀ ਕਰਨ ਦੀ ਲੋੜ ਹੈ।
ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾ ਕੇ ਫ਼ਸਲੀ ਵਿਭਿੰਨਤਾ ਲਿਆਉਣ ਲਈ ਮੁੱਖ ਮੰਤਰੀ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਵਿਚਾਰ 'ਤੇ ਉਪਰਾਲੇ ਕਰ ਰਹੇ ਹਨ। ਇਸ ਲਈ ਉਹ ਬਾਗ਼ਬਾਨੀ ਦੇ ਇਨਫਰਾਸਟਰਕਚਰ ਨੂੰ ਮਜ਼ਬੂਤ ਕਰਨਾ ਜ਼ਰੂਰੀ ਸਮਝਦੇ ਹਨ। ਇਸ ਵੇਲੇ ਫ਼ਲਾਂ ਦੀ ਕਾਸ਼ਤ ਲਗਪਗ 75000 ਹੈਕਟੇਅਰ ਰਕਬੇ 'ਤੇ ਕੀਤੀ ਜਾ ਰਹੀ ਹੈ। ਜਿਸ ਵਿਚੋਂ ਅੰਬਾਂ ਥੱਲੇ ਕੇਵਲ 6800 ਹੈਕਟੇਅਰ ਰਕਬਾ ਹੈ। ਬਹੁਤਾ ਰਕਬਾ ਕਿੰਨੂਆਂ ਦੀ ਕਾਸ਼ਤ ਥੱਲੇ ਹੈ ਜਿਸ ਦਾ ਉਤਪਾਦਨ 10.5 ਲੱਖ ਟਨ ਹੈ। ਮੁੱਖ ਮੰਤਰੀ ਵੱਲੋਂ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਵਧਾਉਣ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾ ਰਹੀ ਹੈ। ਬਾਗ਼ਬਾਨੀ ਵਿਭਾਗ ਮਾਲਟਾ ਅਤੇ ਕਿੰਨੂ ਦੀਆਂ ਨਵੀਂਆਂ ਸਫ਼ਲ ਕਿਸਮਾਂ ਵਿਦੇਸ਼ਾਂ ਤੋਂ ਮੰਗਵਾ ਕੇ ਇੱਥੇ ਕਾਸ਼ਤ ਕਰਵਾਏਗਾ ਅਤੇ ਇਨ੍ਹਾਂ ਫ਼ਲਾਂ ਥੱਲੇ ਰਕਬੇ 'ਚ ਵਾਧਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਵੇਲੇ ਖਨੌੜਾ ਵਿਖੇ ਇੰਡੋ -ਇਜ਼ਰਾਈਲ ਸਹਿਯੋਗ ਨਾਲ ਜੋ 'ਸੈਂਟਰ ਫਾਰ ਐਕਸਾਲੈਂਸ' ਸਥਾਪਤ ਕੀਤਾ ਗਿਆ ਹੈ, ਉਸ ਤੋਂ ਸੁਧਰੇ ਫ਼ਲਾਂ ਦੇ ਬੂਟੇ ਕਿਸਾਨਾਂ ਨੁੂੰ ਉਪਲੱਬਧ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਹੈ। ਸਬਜ਼ੀਆਂ ਦੀ ਕਾਸ਼ਤ ਥੱਲੇ 2.36 ਲੱਖ ਹੈਕਟੇਅਰ ਰਕਬਾ ਹੈ ਪਰ 93 ਹਜ਼ਾਰ ਹੈਕਟੇਅਰ ਰਕਬੇ 'ਤੇ ਇਕੱਲੇ ਆਲੂਆਂ ਦੀ ਕਾਸ਼ਤ ਹੈ। ਭਾਰਤ 'ਚ 1250 ਲੱਖ ਟਨ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ। ਭਾਵੇਂ ਇਸ ਪੱਖੋਂ ਭਾਰਤ ਦਾ ਵਿਸ਼ਵ 'ਚ ਦੂਜਾ ਸਥਾਨ ਹੈ ਪਰ ਸਬਜ਼ੀਆਂ ਦੀ ਮੰਗ ਸੰਨ 2020 ਤੱਕ 2250 ਲੱਖ ਟਨ ਹੋ ਜਾਣ ਦਾ ਅਨੁਮਾਨ ਹੈ। ਪੰਜਾਬ ਦਾ ਯੋਗਦਾਨ ਸਬਜ਼ੀਆਂ ਤੇ ਫ਼ਲਾਂ ਵਿਚ ਕਾਫੀ ਵਧਾਇਆ ਜਾ ਸਕਦਾ ਹੈ। ਇੱਥੇ ਫ਼ਸਲ ਦੀ ਕਟਾਈ ਤੋਂ ਬਾਅਦ ਸਹੂਲਤਾਂ ਦੀ ਬੜੀ ਘਾਟ ਹੈ। ਇਕ-ਤਿਹਾਈ ਉਤਪਾਦਨ ਸਹੂਲਤਾਂ 'ਤੇ ਠੰਢੀ ਚੇਨ ਨਾ ਹੋਣ ਕਾਰਨ ਜ਼ਾਇਆ ਹੋ ਜਾਂਦਾ ਹੈ। ਕੇਂਦਰ ਦੇ ਬਾਗ਼ਬਾਨੀ ਮਿਸ਼ਨ ਥੱਲੇ ਲੁਧਿਆਣਾ ਵਿਖੇ ਪੋਲੀ ਹਾਊਸ, ਆਦਿ ਸਥਾਪਤ ਕਰ ਕੇ ਕੌਮੀ ਸਬਜ਼ੀ ਸਕੀਮ ਚਾਲੂ ਕੀਤੀ ਗਈ ਸੀ ਜਿਸ ਵਿਚ ਇਕ ਰਿਪੋਰਟ ਅਨੁਸਾਰ ਬਹੁਤੀ ਸਫ਼ਲਤਾ ਨਹੀਂ ਮਿਲੀ।
ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਧਾਉਣ ਨੂੰ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਵਿਚ ਮੁੱਖ ਮੰਤਰੀ ਵਿਸ਼ੇਸ਼ ਅਹਿਮੀਅਤ ਦਿੰਦੇ ਹਨ। ਕੁਝ ਹਲਕਿਆਂ ਵਿਚ ਚਰਚਾ ਹੈ ਕਿ ਪੰਜਾਬ ਖੇਤੀ ਯੂਨੀਵਰਸਿਟੀ ਵਿਚੋਂ ਇਕ ਬਾਗ਼ਬਾਨੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪੈਟਰਨ 'ਤੇ ਬਣਾਏ ਜਾਣ ਦੀ ਵਿਚਾਰਧਾਰਾ ਚਲ ਰਹੀ ਹੈ। ਅਜਿਹਾ ਕਰਨ ਨਾਲ ਪੰਜਾਬ ਖੇਤੀ ਯੂਨੀਵਰਸਿਟੀ ਜੋ ਭਾਰਤ 'ਚ ਪ੍ਰਮੁੱਖ ਮੰਨੀ ਜਾਂਦੀ ਹੈ, ਦੀ ਅਹਿਮੀਅਤ ਘਟੇਗੀ। ਬਾਗ਼ਬਾਨੀ ਦੇ ਫੈਲਾਅ 'ਤੇ ਵਿਕਾਸ ਲਈ ਵੀ ਖੇਤੀ ਯੂਨੀਵਰਸਿਟੀ ਦੇ ਕਈ ਵਿਭਾਗਾਂ ਜਿਵੇਂ - ਸੁਆਇਲ ਸਾਇੰਸ, ਐਗਰੋਨੋਮੀ, ਐਨਟੋਮੋਲੋਜੀ, ਪਲਾਂਟ ਪੈਥੋਲੋਜੀ, ਫਾਰਮ ਮਸ਼ੀਨਰੀ, ਖੇਤੀ ਪ੍ਰਸਾਰ ਸੇਵਾ, ਆਦਿ ਸਬੰਧੀ ਇਨ੍ਹਾਂ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਖੋਜ ਦੀ ਲੋੜ ਪਵੇਗੀ। ਪੀ. ਏ. ਯੂ. ਦੀ ਪ੍ਰਣਾਲੀ ਸਵਰਗੀ ਡਾ: ਐਮ. ਐਸ. ਰੰਧਾਵਾ , ਸਵਰਗੀ ਡਾ: ਅਮਰੀਕ ਸਿੰਘ ਚੀਮਾ, ਡਾ: ਗੁਰਚਰਨ ਸਿੰਘ ਕਾਲਕੱਟ ਅਤੇ ਡਾ: ਸਰਦਾਰਾ ਸਿੰਘ ਜੌਹਲ ਜਿਹੇ ਪ੍ਰਸਿੱਧ ਵਿਗਿਆਨੀਆਂ ਨੇ ਸਹੀ ਲੀਹਾਂ 'ਤੇ ਉਸਾਰੀ ਤੇ ਸਥਾਪਤ ਕੀਤੀ ਸੀ। ਹੁਣ ਪੀ. ਏ. ਯੂ. ਵਿਚ ਇਸ ਵੇਲੇ ਕੀਤੀ ਜਾ ਰਹੀ ਖੋਜ ਵਿਚ ਆਈ ਗਿਰਾਵਟ 'ਚ ਸੋਧ ਲਿਆਂਦੀ ਜਾ ਸਕਦੀ ਹੈ। ਕੇਂਦਰ ਤੋਂ ਬਾਗ਼ਬਾਨੀ ਮਿਸ਼ਨ ਥੱਲੇ ਵਧੇਰੇ ਸਹਾਇਤਾ ਲੈ ਕੇ ਬਾਗ਼ਬਾਨੀ ਵਿਭਾਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਪੀ. ਏ. ਯੂ. ਵਿਚੋਂ ਚੋਣ ਕਰਕੇ ਡਾ: ਪੁਸ਼ਪਿੰਦਰ ਸਿੰਘ ਔਲਖ ਨੂੰ ਡਾਇਰੈਕਟਰ ਬਾਗ਼ਬਾਨੀ ਇਸੇ ਪੱਖੋਂ ਲਾਇਆ ਹੈ। ਆਈ. ਸੀ. ਏ. ਆਰ. ਵੱਲੋਂ ਅੰਮਿੰਤਸਰ ਵਿਖੇ ਸਥਾਪਤ ਕੀਤੀ ਜਾਣ ਵਾਲੀ ਪੋਸਟਗ੍ਰੈਜੁਏਟ ਇੰਸਟੀਚਿਊਟ ਆਫ ਹੋਰਟੀਕਲਚਰਲ ਰਿਸਰਚ ਐਂਡ ਐਜੁਕੇਸ਼ਨ ਰਾਹੀਂ ਬਾਗ਼ਬਾਨੀ ਦਾ ਵਿਕਾਸ ਕਰਨ ਲਈ ਲੋੜੀਂਦੀ ਅਗਵਾਈ ਤੇ ਸਹਾਇਤਾ ਲਈ ਜਾ ਸਕਦੀ ਹੈ। ਪੰਜਾਬ ਖੇਤੀ ਯੂਨੀਵਰਸਿਟੀ ਨੂੰ ਹੋਰ ਦੋ ਟੁਕੜਿਆਂ 'ਚ ਵੰਡਣਾ ਪੰਜਾਬ ਦੇ ਖੇਤੀ ਖੇਤਰ 'ਚ ਮੰਨੇ ਜਾਂਦੇ ਗੌਰਵ ਨੂੰ ਸੱਟ ਮਾਰਨਾ ਹੋਵੇਗਾ?


ਮੋਬਾ: 98152-36307

ਕਣੀਆਂ ਵਸੀਆਂ, ਜਾਮਣਾਂ ਰਸੀਆਂ

ਛੁੱਟੀਆਂ ਦੇ ਦਿਨ ਹੋਣ, ਖੇਤਾਂ, ਬਾਗਾਂ, ਨਹਿਰਾਂ ਕੰਢੇ ਜਾਮਣਾਂ ਪੱਕੀਆਂ ਹੋਣ ਤੇ ਫੇਰ ਨਿਆਣੇ ਝੱਗੇ ਲਿਬੇੜ ਕੇ ਘਰੇ ਨਾ ਲਿਆਉਣ ਤਾਂ ਸਮਝੋ, ਕੋਈ ਗੱੜਬੜ ਹੈ। ਬਰਸਾਤ ਤੋਂ ਪਹਿਲੇ ਮੀਂਹ ਨਾਲ ਹੀ ਜਾਮਣਾਂ ਦਾ ਆਕਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਮੌਨਸੂਨ ਤੇ ਪਹਿਲੇ ਛਰਾਟੇ ਨਾਲ ਖਾਣ ਜੋਗੀਆਂ ਹੋ ਜਾਂਦੀਆਂ ਹਨ। ਇਹ ਕੁਦਰਤ ਦਾ ਤੋਹਫਾ ਮਨੁੱਖ ਲਈ ਬੇਹੱਦ ਗੁਣਕਾਰੀ ਹੈ। ਇਹ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਰਾਖੀ ਕਰਦਾ ਹੈ। ਭਾਵੇਂ ਇਹ ਖੁਦ ਦੁਆਈ ਨਹੀਂ ਹੈ, ਪਰ ਸਰੀਰ ਵਿਚ ਪਹਿਰੇਦਾਰ ਵਾਂਗ ਕੰਮ ਕਰਦਾ ਹੈ। ਇਸ ਦੀਆਂ ਬਹੁਤ ਕਿਸਮਾਂ ਹਨ। ਦੇਖਣ ਨੂੰ ਭਾਵੇਂ ਵੱਡੇ ਜਾਮਣੂ ਚੰਗੇ ਲੱਗਦੇ ਹਨ, ਪਰ ਨਿੱਕੇ ਫਲਾਂ ਦੀਆਂ ਕਿਸਮਾਂ ਵੱਧ ਗੁਣਕਾਰੀ ਹੁੰਦੀਆਂ ਹਨ। ਦਰਖੱਤਾਂ 'ਤੇ ਲੱਗੇ ਜਾਮਣੂ ਦੂਜੇ ਮੀਂਹ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ, ਮਤਲਬ ਕਿ ਉਨ੍ਹਾਂ ਵਿਚ ਜੀਅ (ਕੀੜੇ) ਪੈਦਾ ਹੋ ਜਾਂਦੇ ਹਨ। ਇਸ ਲਈ ਧਿਆਨ ਰੱਖਣ ਦੀ ਲੋੜ ਹੈ। ਇਸ ਦੀਆਂ ਗਿੱਟਕਾਂ ਸਾਂਭ ਕਿ ਰੱਖੋ ਤੇ ਜਿੰਨੇ ਵੀ ਪੌਦੇ ਪੈਦਾ ਕਰ ਸਕਦੇ ਹੋ ਆਪਣੇ ਆਲੇ-ਦੁਆਲੇ ਲਾਓ। ਇਸ ਦੇ ਪੱਤੇ ਹਵਾ ਵਿਚਲੇ ਪ੍ਰਦੂਸ਼ਣ ਨੂੰ ਚੂਸ ਲੈਂਦੇ ਹਨ। ਬਸ ਇਕ ਗੱਲ ਨਹੀਂ ਸਮਝ ਲੱਗੀ ਕਿ ਇਸ ਗੁਣਕਾਰੀ ਰੁੱਖ ਨੂੰ ਅਮਰੀਕਾ ਵਿਚ ਉਗਾਣ ਦੀ ਮਨਾਹੀ ਕਿਓਂ ਹੈ।


-ਮੋਬਾ: 98159-45018

ਸਫ਼ਲ ਪਸ਼ੂ ਪਾਲਕ ਪ੍ਰਿਤਪਾਲ ਸਿੰਘ

ਸ੍ਰੀ ਪ੍ਰਿਤਪਾਲ ਸਿੰਘ ਇਕ ਮੱਧ ਵਰਗੀ ਕਿਸਾਨ ਪਰਿਵਾਰ ਵਿਚ ਜਨਮੇ, ਜੋ ਕਿ 8 ਏਕੜ ਜ਼ਮੀਨ 'ਤੇ ਖੇਤੀ ਕਰਕੇ 25 ਮੈਂਬਰਾਂ ਦੇ ਸਮੂਹਿਕ ਪਰਿਵਾਰ ਸਮੇਤ ਆਪਣਾ ਨਿਰਬਾਹ ਕਰ ਰਹੇ ਸਨ। ਆਪ ਦਾ ਜਨਮ 3 ਦਸੰਬਰ, 1988 ਨੂੰ ਪਿੰਡ ਭਾਨ ਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ ਅਤੇ ਆਪ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬਚਪਨ ਤੋਂ ਹੀ ਆਪ ਸਕੂਲੀ ਸਿੱਖਿਆ ਦੇ ਨਾਲ-ਨਾਲ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਵਿਚ ਆਪਣੇ ਪਿਤਾ ਦਾ ਹੱਥ ਵਟਾਉਂਦੇ ਰਹੇ। ਆਪ ਸ਼ੁਰੂ ਤੋਂ ਹੀ ਆਪਣਾ ਕੰਮ ਬਹੁਤ ਲਗਨ ਅਤੇ ਮਿਹਨਤ ਨਾਲ ਕਰਨ ਦੇ ਆਦੀ ਸਨ। ਘਰ ਦੀ ਮਾਇਕ ਹਾਲਤ ਠੀਕ ਨਾ ਹੋਣ ਕਾਰਨ ਅਤੇ ਖੇਤੀ ਵਿਚੋਂ ਵੀ ਤਸਲੀਬਖ਼ਸ਼ ਆਮਦਨ ਨਾ ਹੋਣ ਕਾਰਨ ਮਨ ਵਿਚ ਇੱਛਾ ਸੀ ਕਿ ਕੁਝ ਨਵਾਂ ਸਿੱਖ ਕੇ ਅੱਗੇ ਵਧਿਆ ਜਾਵੇ। ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਆਯੋਜਿਤ ਕੀਤੇ ਜਾਂਦੇ ਕਿਸਾਨ ਮੇਲਿਆਂ ਵਿਚ ਸ਼ਿਰਕਤ ਕਰਨੀ ਸ਼ੁਰੂ ਕੀਤੀ ਅਤੇ ਇਨ੍ਹਾਂ ਮੇਲਿਆਂ ਵਿਚ ਆਏ ਸਫ਼ਲ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਦੇਖ ਕੇ ਇਨ੍ਹਾਂ ਦੇ ਮਨ 'ਤੇ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਕੁਝ ਵਖਰਾ ਕਰਨ ਦੀ ਚਿਣਗ ਜਾਗੀ।
ਸੰਨ 2008 ਵਿਚ ਆਪ ਜੀ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਜੁੜੇ ਅਤੇ ਕੇ.ਵੀ.ਕੇ. ਵਲੋਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਵੱਖ-ਵੱਖ ਖੇਤੀ ਤਕਨੀਕਾਂ ਦੀਆਂ ਨੁਮਾਇਸ਼ਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲੱਗੇ ਅਤੇ ਕੇ.ਵੀ.ਕੇ. ਤੋਂ ਪ੍ਰਾਪਤ ਗਿਆਨ ਨੂੰ ਆਪਣੇ ਖੇਤਾਂ ਵਿਚ ਲਾਗੂ ਕਰਨ ਲੱਗੇ। ਇਸੇ ਦੌਰਾਨ ਆਪ ਜੀ ਨੂੰ ਮਹਿਸੂਸ ਹੋਇਆ ਕਿ ਖੇਤੀਬਾੜੀ ਦੇ ਨਾਲ-ਨਾਲ ਜੇਕਰ ਕੋਈ ਸਹਾਇਕ ਧੰਦਾ ਅਪਣਾਇਆ ਜਾਵੇ ਤਾਂ ਉਹ ਵੀ ਇਕ ਸਫ਼ਲ ਕਿਸਾਨ ਬਣ ਸਕਦੇ ਹਨ ਅਤੇ ਆਪਣੇ ਆਰਥਿਕ ਪੱਧਰ ਨੂੰ ਉੱਚਾ ਚੁੱਕ ਸਕਦੇ ਹਨ। ਇਸ ਲੜੀ ਤਹਿਤ ਉਨ੍ਹਾਂ ਨੇ ਸੰਨ 2009 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 15 ਦਿਨਾਂ ਡੇਅਰੀ ਫਾਰਮਿੰਗ ਦੀ ਕਿੱਤਾ ਮੁਖੀ ਸਿਖਲਾਈ ਲਈ, ਜਿਸ ਦੌਰਾਨ ਕੇ.ਵੀ.ਕੇ. ਵਲੋਂ ਪਸ਼ੂ ਪਾਲਣ ਧੰਦੇ ਨੂੰ ਇਕ ਲਾਹੇਵੰਦਾ ਧੰਦਾ ਬਣਾਉਣ ਲਈ ਉਪਯੋਗੀ ਉੱਤਮ ਤਕਨੀਕਾਂ, ਨਸਲ ਸੁਧਾਰ, ਪਸ਼ੂ ਖੁਰਾਕ, ਡੇਅਰੀ ਪ੍ਰਬੰਧ ਅਤੇ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ।
ਸ੍ਰੀ ਪ੍ਰਿਤਪਾਲ ਸਿੰਘ ਨੇ ਇਸ ਨਿਸ਼ਚੇ ਨੂੰ ਨੇਪਰੇ ਚਾੜ੍ਹਨ ਲਈ ਸੰਨ 2010 ਵਿਚ ਇਸ ਧੰਦੇ ਦੀ ਸ਼ੁਰੂਆਤ 2 ਪਸ਼ੂਆਂ ਨਾਲ ਕੀਤੀ, ਜਿਸ ਨਾਲ ਉਨ੍ਹਾਂ ਨੇ 20 ਲਿਟਰ ਦੁੱਧ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਦਾਵਾਰ ਕੀਤੀ।
ਮੌਜੂਦਾ ਸਮੇਂ ਪ੍ਰਿਤਪਾਲ ਸਿੰਘ ਕੋਲ ਕੁੱਲ 40 ਪਸ਼ੂ ਹਨ ਜਿਨ੍ਹਾਂ ਵਿਚ ਦੁੱਧ ਦਿੰਦੀਆਂ ਗਾਵਾਂ 17, ਗੱਭਣ ਪਸ਼ੂ 10, ਵਹਿੜੀਆਂ 10, ਛੋਟੀਆਂ ਵੱਛੀਆਂ 3 ਹਨ। ਇਸ ਸਮੇਂ ਉਨ੍ਹਾਂ ਦੇ ਫਾਰਮ 'ਤੇ ਕੁੱਲ ਦੁੱਧ ਉਤਪਾਦਨ 550 ਲਿਟਰ ਪ੍ਰਤੀ ਦਿਨ ਹੈ, ਜਿਸ ਦੀ ਔਸਤ 32 ਲਿਟਰ ਪ੍ਰਤੀ ਪਸ਼ੂ ਦੇ ਲਗਭਗ ਬਣਦੀ ਹੈ, ਜੋ ਕਿ ਕੇ.ਵੀ.ਕੇ. ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਪਾਇਆ ਹੈ।
ਇਸ ਸਫ਼ਲ ਪ੍ਰਬੰਧ ਅਤੇ ਪਸ਼ੂਆਂ ਦੇ ਵਧੀਆ ਰੱਖ-ਰਖਾਵ ਕਾਰਨ ਹੀ ਉਨ੍ਹਾਂ ਦੇ ਪਸ਼ੂਆਂ ਨੇ ਕਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਇਨਾਮ ਵੀ ਹਾਸਿਲ ਕੀਤੇ ਹਨ। ਜਿਨ੍ਹਾਂ ਵਿਚ ਸਾਲ 2011 ਵਿਚ ਦੋਗਲੀਆਂ ਗਾਵਾਂ ਦੇ ਦੁੱਧ ਉਤਪਾਦਨ ਵਿਚ ਜ਼ਿਲ੍ਹਾ ਪੱਧਰੀ ਦੂਜਾ ਇਨਾਮ (38 ਲਿਟਰ), 2014 ਵਿਚ ਪਹਿਲਾ ਇਨਾਮ (46 ਲਿਟਰ), 2015 ਅਤੇ 2016 ਵਿਚ ਪਹਿਲਾ ਇਨਾਮ (50 ਲਿਟਰ) ਦੇ ਨਾਲ-ਨਾਲ ਸਾਲ 2013 ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਤ ਰਾਸ਼ਟਰੀ ਪਸ਼ੂ ਧਨ ਮੁਕਾਬਲੇ ਵਿਚ ਜਰਸੀ ਨਸਲ ਦੀ ਦੋਗਲੀ ਗਾਂ ਲਈ ਚੈਂਪੀਅਨ ਦਾ ਦਰਜਾ ਵੀ ਹਾਸਿਲ ਕੀਤਾ ਹੈ।
ਦੁੱਧ ਦੇ ਮੰਡੀਕਰਨ ਲਈ ਸ੍ਰੀ ਪ੍ਰਿਤਪਾਲ ਸਿੰਘ ਵਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਅਤੇ ਮੌਜੂਦਾ ਸਮੇਂ ਦੀ ਲੋੜ ਹੈ। 300 ਲਿਟਰ ਸਮਰਥਾ ਵਾਲੀ ਇਕ ਏ.ਟੀ.ਐਮ. ਵਰਗੀ ਮਸ਼ੀਨ ਨਵਾਂਸ਼ਹਿਰ ਵਿਖੇ ਸਵੇਰ ਅਤੇ ਸ਼ਾਮ ਘਰ-ਘਰ ਦੁੱਧ ਸਪਲਾਈ ਦਾ ਕੰਮ ਕਰ ਰਹੀ ਹੈ। ਉਸ ਨੇ ਦੁੱਧ ਤੋਂ ਵੱਖ-ਵੱਖ ਤਰ੍ਹਾਂ ਦੇ ਪਦਾਰਥ ਜਿਵੇਂ ਕਿ ਪਨੀਰ, ਦਹੀਂ, ਲਸੀ, ਖੋਆ ਆਦਿ ਬਣਾ ਕੇ ਮੰਡੀਕਰਨ ਲਈ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਦੇ ਸਾਹਮਣੇੇ ਇਕ ਦੁਕਾਨ ਵੀ ਸਥਾਪਿਤ ਕੀਤੀ ਹੋਈ ਹੈ। ਪ੍ਰਿਤਪਾਲ ਸਿੰਘ 25 ਮੈਂਬਰਾਂ ਦੇ ਸਮੂਹਿਕ ਪਰਿਵਾਰ ਵਿਚ ਖੇਤੀ ਦੇ ਸੀਮਤ ਸਾਧਨਾਂ ਦੀ ਵਰਤੋਂ ਕਰਕੇ ਕੇਵਲ ਵਿਗਿਆਨਕ ਤਰੀਕੇ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਜਿਨ੍ਹਾਂ ਉਚਾਈਆਂ 'ਤੇ ਲੈ ਗਿਆ ਹੈ ਅੱਜ ਦੇ ਹਰ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਲਈ ਇਕ ਮਾਰਗ ਦਰਸ਼ਨ ਦੀ ਅਦੁੱਤੀ ਮਿਸਾਲ ਹੈ।


-ਡਾ: ਤੇਜਬੀਰ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਵਿਰਸੇ ਦੀਆਂ ਬਾਤਾਂ

ਗੱਡੀਆਂ ਵਾਲਿਆਂ ਦਾ ਸੱਭਿਆਚਾਰ

ਇਸ ਤਸਵੀਰ ਨੂੰ ਦੇਖ ਕੇ ਮੈਂ ਜਿੱਥੇ ਕੈਮਰਾਮੈਨ ਦੀ ਅੱਖ ਤੋਂ ਬਲਿਹਾਰੇ ਜਾਂਦਾ ਹਾਂ, ਉਥੇ ਗੱਡੀਆਂ ਵਾਲਿਆਂ ਦੀ ਜ਼ਿੰਦਗੀ, ਪਹਿਰਾਵੇ, ਸ਼ੌਕ ਅਤੇ ਸੱਭਿਆਚਾਰ ਤੋਂ ਵੀ ਬੜਾ ਕੁਝ ਸਿੱਖਦਾ ਹਾਂ। ਇਨ੍ਹਾਂ ਬਾਰੇ ਮਸ਼ਹੂਰ ਹੈ ਕਿ ਇਨ੍ਹਾਂ ਦਾ ਕੋਈ ਟਿਕਾਣਾ ਨਹੀਂ ਤੇ ਸਭ ਟਿਕਾਣੇ ਇਨ੍ਹਾਂ ਦੇ ਨੇ। ਅੱਜ ਇਨ੍ਹਾਂ ਦਾ ਕਾਫ਼ਲਾ ਕਿਤੇ ਹੈ ਤੇ ਕੱਲ੍ਹ ਕਿਤੇ। ਤੁਰ ਫਿਰ ਜ਼ਿੰਦਗੀ ਕੱਟਣੀ ਇਨ੍ਹਾਂ ਦਾ ਸੁਭਾਅ, ਸ਼ੌਕ ਤੇ ਮਜਬੂਰੀ ਹੈ। ਗੱਡੀਆਂ ਵਾਲਿਆਂ ਦੀ ਜ਼ਿੰਦਗੀ ਦਾ ਸਬਰ ਬੜਾ ਕੁਝ ਸਿਖਾਉਂਦਾ ਹੈ। ਕਿਰਤ ਨਾਲ ਜੁੜੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੀ ਚਾਲ ਕਮਾਲ ਹੈ। ਪੀੜ੍ਹੀ ਦਰ ਪੀੜ੍ਹੀ ਲਗਪਗ ਇਕੋ ਜਹੇ ਕੰਮ ਨਾਲ ਜੁੜੇ ਹੋਏ ਲੋਕ। ਮਿੱਠ ਬੋਲੜੇ, ਸਾਊ, ਪਰ ਥੋੜ੍ਹੇ ਨਖਰੀਲੇ।
ਪਹਿਲਾਂ ਪਿੰਡਾਂ ਵਿਚ ਇਨ੍ਹਾਂ ਲੋਕਾਂ ਨੂੰ ਆਮ ਦੇਖਿਆ ਜਾ ਸਕਦਾ ਸੀ। ਪਿੰਡ ਦੀ ਨਿਆਈਂ ਜਾਂ ਹੋਰ ਕਿਸੇ ਖੁੱਲ੍ਹੀ ਥਾਂ 'ਤੇ ਇਹ ਆਪਣਾ ਡੇਰਾ ਜਮਾ ਲੈਂਦੇ। ਦਿਨ ਚੜ੍ਹਦੇ ਨਾਲ ਔਰਤਾਂ ਤੱਕੜੇ, ਬੱਠਲ, ਬਾਲਟੀਆਂ, ਖੁਰਚਣੇ, ਤਵੇ, ਫੂਕਣੀਆਂ ਜਾ ਹੋਰ ਸਮਾਨ ਲੈ ਕੇ ਨਿਕਲ ਪੈਂਦੀਆਂ ਤੇ ਮਰਦ ਆਪਣੇ ਕੰਮੀਂ। ਬਹੁਤੀ ਵਾਰ ਮਰਦ ਕਿਸਾਨਾਂ ਨਾਲ ਖੇਤਾਂ 'ਚ ਕੰਮ ਕਰਾਉਂਦੇ ਤੇ ਬਦਲੇ 'ਚ ਥੋੜ੍ਹੇ ਪੈਸੇ ਤੇ ਪਸ਼ੂਆਂ ਜੋਗੇ ਪੱਠੇ, ਤੂੜੀ ਆਦਿ ਲੈ ਆਉਂਦੇ। ਕਿਸਾਨਾਂ ਦਾ ਵੀ ਮਸਲਾ ਹੱਲ ਹੋ ਜਾਂਦਾ ਤੇ ਗੱਡੀਆਂ ਵਾਲਿਆਂ ਦਾ ਵੀ।
ਕਈ ਵਾਰ ਗੱਡੀਆਂ ਵਾਲਿਆਂ ਦੀ ਸਬੰਧਤ ਪਿੰਡ ਦੇ ਲੋਕਾਂ ਨਾਲ ਮੋਹਭਿੱਜੀ ਸਾਂਝ ਪੈ ਜਾਂਦੀ। ਉਹ ਹਰ ਵਰ੍ਹੇ ਉਸੇ ਮਹੀਨੇ ਆਉਂਦੇ। ਔਰਤਾਂ ਔਰਤਾਂ ਦੀਆਂ ਦੋਸਤ ਬਣ ਜਾਂਦੀਆਂ, ਮਰਦ ਮਰਦਾਂ ਦੇ। ਦੁੱਖ-ਸੁੱਖ ਕਰਦੇ। ਕੰਮ ਕਾਜ ਦਾ ਹਾਲ ਚਾਲ ਪੁੱਛਦੇ। ਹੁਣ ਇਹ ਦ੍ਰਿਸ਼ ਪਹਿਲਾਂ ਨਾਲੋਂ ਬੇਹੱਦ ਘਟ ਗਏ ਹਨ। ਸ਼ਾਇਦ ਇਸ ਦਾ ਇਕ ਕਾਰਨ ਪਿੰਡਾਂ ਦੀਆਂ ਸੁੰਗੜਦੀਆਂ ਜ਼ਮੀਨਾਂ ਹੈ ਤੇ ਦੂਜੇ ਹੋ ਸਕਦਾ ਗੱਡੀਆਂ ਵਾਲਿਆਂ ਦੀ ਨਵੀਂ ਪੀੜ੍ਹੀ ਵੀ ਹੋਰ ਕੰਮਾਂ ਨਾਲ ਜੁੜਨ ਲੱਗੀ ਹੋਵੇ।
ਮੈਂ ਨਿੱਕੇ ਹੁੰਦੇ ਤੋਂ ਗੱਡੀਆਂ ਵਾਲਿਆਂ ਦੇ ਸੱਭਿਆਚਾਰ ਤੋਂ ਬੇੇਹੱਦ ਪ੍ਰਭਾਵ ਰਿਹਾ ਹਾਂ। ਇਨ੍ਹਾਂ ਦੇ ਪਹਿਰਾਵੇ, ਮੱਥੇ 'ਤੇ ਖੁਣਵਾਏ ਚੰਨ, ਪੈਰਾਂ ਦੇ ਗਹਿਣਿਆਂ, ਬਾਹਾਂ 'ਚ ਪਾਈਆਂ ਰੰਗ-ਬਰੰਗੀਆਂ ਵੰਗਾਂ, ਚਾਂਦੀ ਦੇ ਦੰਦ, ਖੁੱਲ੍ਹੇ ਘੱਗਰੇ ਤੇ ਹੋਰ ਬੜਾ ਕੁਝ। ਬਣ ਠਣ ਕੇ ਰਹਿਣ ਦੀ ਜੁਗਤ ਕੋਈ ਇਨ੍ਹਾਂ ਕੋਲੋਂ ਸਿੱਖੇ। ਮੈਂ ਸੋਚਦਾ ਹਾਂ ਕਿ ਅਸੀਂ ਪੰਜਾਬੀ ਤਾਂ ਆਪਣੇ ਸੱਭਿਆਚਾਰਕ ਵਿਰਸੇ ਤੋਂ ਦੂਰ ਤੋਂ ਗਏ ਹਾਂ, ਪਰ ਇਨ੍ਹਾਂ ਲੋਕਾਂ ਨੇ ਆਪਣਾ ਸੱਭਿਆਚਾਰ ਨਹੀਂ ਗੁਆਇਆ।
ਸਮਾਂ ਇਨ੍ਹਾਂ 'ਤੇ ਵੀ ਹੌਲੀ-ਹੌਲੀ ਅਸਰ ਪਾ ਰਿਹਾ ਹੋਵੇਗਾ ਤੇ ਇਹ ਅਸਰ ਪੈਣਾ ਕੁਦਰਤੀ ਵੀ ਹੈ, ਪਰ ਇਹ ਲੋਕ ਹੌਲੀ-ਹੌਲੀ ਬਦਲ ਰਹੇ ਹਨ। ਇਹੀ ਇਨ੍ਹਾਂ ਦੀ ਸਿਆਣਪ ਹੈ, ਇਹੀ ਸਾਦਗੀ ਤੇ ਇਹੀ ਅਸਲ ਸੁਹੱਪਣ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਉੁੱਤਮ ਖੇਤੀ ਲਈ ਚੰਗੀਆਂ ਖੇਤੀ ਤਕਨੀਕਾਂ ਅਪਣਾਉਣ ਦੀ ਲੋੜ

ਉੱਤਮ ਖੇਤੀ ਲਈ ਚੰਗੀਆਂ ਖੇਤੀ ਤਕਨੀਕਾਂ ਦਾ ਮਤਲਬ ਹੈ ਕਿ ਕਿਸਾਨ ਵੀਰ ਫ਼ਸਲਾਂ ਤੋਂ ਵੱਧ ਝਾੜ ਅਤੇ ਮੁਨਾਫਾ ਲੈਣ ਦੇ ਨਾਲ-ਨਾਲ ਆਪਣੇ ਵੱਡਮੁੱਲੇ ਕੁਦਰਤੀ ਸਾਧਨਾਂ ਹਵਾ, ਮਿੱਟੀ, ਪਾਣੀ ਦੀ ਸਾਂਭ-ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ।
ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨ ਵੀਰ ਖੇਤੀਬਾੜੀ ਵਿਚ ਕਿਸੇ ਵੀ ਫ਼ਸਲ ਨੂੰ ਬੀਜਣ ਤੋਂ ਲੈ ਕਿ ਕੱਟਣ ਤੱਕ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਲੋੜ ਅਨੁਸਾਰ ਅਤੇ ਸਹੀ ਢੰਗ ਨਾਲ ਵਰਤੋਂ ਕਰਨ, ਕਿਉਂਕਿ ਹਰੇ ਇਨਕਲਾਬ ਤੋਂ ਬਾਅਦ ਕਿਸਾਨਾਂ ਵੀਰਾਂ ਨੇ ਬੇਸ਼ਕ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾ ਦਿੱਤਾ, ਪਰੰਤੂ ਵੱਧ ਤੋਂ ਵੱਧ ਝਾੜ ਲੈਣ ਦੇ ਲਾਲਚ ਕਾਰਨ ਅਤੇ ਸਾਡੇ ਕੁਦਰਤੀ ਖੇਤੀ ਢੰਗਾਂ ਨੂੰ ਵਿਸਾਰ ਕੇ ਹੌਲੀ-ਹੌਲੀ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਧ ਰਹੀ ਵਰਤੋਂ ਨੇ ਸਾਡੇ ਹਵਾ, ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਖਰਾਬ ਕੀਤਾ ਹੈ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਸਾਨੂੰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਬਲਕਿ ਲੋੜ ਅਨੁਸਾਰ ਅਤੇ ਸਹੀ ਮਾਤਰਾ ਅਨੁਸਾਰ ਕਰਨੀ ਚਾਹੀਦੀ ਹੈ, ਕਿਉਂਕਿ ਕਿਸਾਨ ਵੀਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਫ਼ਸਲਾਂ ਦਾ ਝਾੜ ਵਧਦਾ ਹੈ ਤਾਂ ਇਸ ਦੀ ਮਾਤਰਾ ਲਗਾਤਾਰ ਵਧਾਉਂਦੇ ਜਾਣ ਨਾਲ ਝਾੜ ਵੀ ਵਧਦਾ ਜਾਵੇਗਾ, ਬਲਕਿ ਵਧ ਖਾਦਾਂ ਖਾਸਕਰ ਯੂਰੀਆਂ ਦੀ ਵਰਤੋਂ ਨਾਲ ਫ਼ਸਲ ਉੱਪਰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਵਧ ਹੁੰਦਾ ਹੈ, ਜਿਸ ਦਾ ਝਾੜ ਉੱਪਰ ਉਲਟ ਅਸਰ ਹੁੰਦਾ ਹੈ ਅਤੇ ਨਾਲ-ਨਾਲ ਹੀ ਯੂਰੀਆ ਵਿਚ ਪਾਇਆ ਜਾਣ ਵਾਲਾ ਨਾਈਟਰੇਟ ਤੱਤ ਜੋ ਕੇ ਕਾਰਸੀਨੋਜੈਨਿਕ ਹੈ ਅਤੇ ਧਰਤੀ ਹੇਠਲੇ ਪਾਣੀ ਵਿਚ ਰਲ ਕੇ ਬਹੁਤ ਗੰਭੀਰ ਮਨੁੱਖੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਜਿਸ ਦੀ ਇਕ ਉਦਾਹਰਨ ਹੈ ਨਵਜੰਮੇ ਬੱਚਿਆਂ ਵਿਚ ਪਾਈ ਜਾਣ ਵਾਲੀ ਬਲਿਊ ਬੇਬੀ ਸਿੰਡਰੋਮ ਨਾਂਅ ਦੀ ਖ਼ਤਰਨਾਕ ਬਿਮਾਰੀ। ਸੋ, ਕਿਸਾਨ ਵੀਰਾਂ ਨੂੰ ਖਾਦਾਂ ਦੀ ਵਰਤੋਂ ਆਪਣੀ ਮਿੱਟੀ ਦੀ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ।
ਅੱਜਕਲ੍ਹ ਖੇਤੀ ਵਿਚ ਕਿਸਾਨ ਦੀ ਚਿੰਤਾ ਸਿਰਫ ਕੀੜੇ-ਮਕੌੜਿਆਂ ਤੱਕ ਹੀ ਸੀਮਿਤ ਹੋ ਚੁੱਕੀ ਹੈ, ਕਿਉਂਕਿ ਇਹ ਨੰਗੀ ਅੱਖ ਨਾਲ ਦਿਖਾਈ ਦਿੰਦੇ ਹਨ ਅਤੇ ਜ਼ਿਆਦਾਤਰ ਕਿਸਾਨ ਵੀਰ ਇਹੀ ਸੋਚਦੇ ਹਨ ਕਿ ਫ਼ਸਲ ਦਾ ਝਾੜ ਘਟਣ ਦਾ ਕਾਰਨ ਸਿਰਫ ਕੀੜੇ-ਮਕੌੜੇ ਹੀ ਹਨ, ਪਰੰਤੂ ਉਹ ਜ਼ਮੀਨ ਦੀ ਸਿਹਤ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ, ਜਿਸ ਦੀ ਕਿ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਵੀ ਗਰਮੀਆਂ ਵਿਚ ਪਹਿਲਾ ਮੀਂਹ ਪੈਂਦਾ ਸੀ ਤਾਂ ਮਿੱਟੀ ਵਿਚੋਂ ਇਕ ਬਹੁਤ ਵਧੀਆਂ ਮਹਿਕ ਆਉਂਦੀ ਹੁੰਦੀ ਸੀ। ਇਸ ਮਹਿਕ ਦਾ ਕਾਰਨ ਸਨ ਜ਼ਮੀਨ ਵਿਚ ਮੌਜੂਦ ਲੱਖਾਂ ਸੂਖਮ ਜੀਵ ਜੋ ਕਿ ਜ਼ਮੀਨ ਨੂੰ ਉਪਜਾਊ ਅਤੇ ਹਵਾਦਾਰ ਬਣਾਈ ਰੱਖਦੇ ਸਨ। ਅੱਜਕਲ੍ਹ ਇਹ ਮਹਿਕ ਬਿਲਕੁਲ ਨਹੀਂ ਆਉਂਦੀ ਜਾਂ ਬਹੁਤ ਘੱਟ ਆਉਂਦੀ ਹੈ, ਕਿਉਂਕਿ ਜ਼ਮੀਨ ਵਿਚ ਦਾਣੇਦਾਰ ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਫ਼ਸਲ ਦੀ ਕਟਾਈ ਤੋਂ ਬਾਅਦ ਇਸ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਵਾਹੁਣ ਦੀ ਬਿਜਾਏ ਖੇਤ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਅੱਗ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਬਹੁਤ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ ਜੋ ਫ਼ਸਲ ਨੇ ਜ਼ਮੀਨ ਵਿਚੋਂ ਲਏ ਹੁੰਦੇ ਹਨ। ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਫ਼ਸਲਾਂ ਦੇ ਨਾੜ, ਪਰਾਲੀ ਜਾਂ ਹੋਰ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਵਾਹ ਦੇਣਾ ਚਾਹੀਦਾ ਹੈ ਅਤੇ ਸਾਉਣੀ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ (ਜੰਤਰ) ਦੀ ਫ਼ਸਲ ਬੀਜ ਕੇ 40-45 ਦਿਨ ਦੀ ਫ਼ਸਲ ਨੂੰ ਖੇਤ ਵਿਚ ਵਾਹ ਦੇਣਾ ਚਾਹੀਦਾ ਹੈ, ਜਿਸ ਨਾਲ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ (ਲਗਪਗ 25%) ਅਤੇ ਝਾੜ ਵੀ ਵਧੇਗਾ। ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਅਤੇ ਅਗਲੀ ਫ਼ਸਲ ਬੀਜਣ ਲਈ ਸਰਕਾਰ ਵੱਲੋਂ ਰੋਟਾਵੇਟਰ, ਜ਼ੀਰੋ ਡਰਿੱਲ, ਹੈਪੀ ਸੀਡਰ, ਸਰਟਾ ਚੌਪਰ ਕਮ ਸ਼ਰੈਡਰ, ਬੇਲਰ ਅਤੇ ਹੋਰ ਮਸ਼ੀਨਾਂ ਖਰੀਦਣ ਲਈ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਕਿਸਾਨ ਵੀਰ ਖੇਤੀਬਾੜੀ ਵਿਭਾਗ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਆਪਣੇ ਤੌਰ 'ਤੇ ਬਣਾਏ ਜ਼ਹਿਰਾਂ ਦੇ ਮਿਸ਼ਰਣ (ਦੋ-ਦੋ ਕੀਟਨਾਸ਼ਕ, ਵਿਚ ਦੋ-ਦੋ ਉਲੀਨਾਸ਼ਕ) ਬਹੁਤ ਜ਼ਿਆਦਾ ਵਰਤਦੇ ਹਨ ਅਤੇ ਤਰਕ ਦਿੰਦੇ ਹਨ ਕਿ ਦੁਬਾਰਾ ਸਪਰੇਅ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ, ਜਿਸ ਨਾਲ ਪੈਸੇ ਦਾ ਬਹੁਤ ਨੁਕਸਾਨ ਹੁੰਦਾ ਹੈ, ਕਿਉਂਕਿ ਆਪਣੇ ਤੌਰ 'ਤੇ ਬਣਾਏ ਮਿਸ਼ਰਣ ਨਾਲ ਜਾਂ ਤਾਂ ਜ਼ਹਿਰਾਂ ਦਾ ਅਸਰ ਘੱਟ ਹੁੰਦਾ ਹੈ ਅਤੇ ਸਾਨੂੰ ਦੁਬਾਰਾ ਫਿਰ ਸਪਰੇਅ ਕਰਨੀ ਪੈਂਦੀ ਹੈ ਜਾਂ ਫਿਰ ਫ਼ਸਲ ਉੱਪਰ ਸਾੜ ਪੈ ਸਕਦਾ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸੋ, ਸਮੇਂ ਦੀ ਮੰਗ ਹੈ ਕਿਸਾਨ ਵੀਰ ਇਸ ਲਈ ਗੰਭੀਰ ਹੋਣ।


-ਖੇਤੀਬਾੜੀ ਵਿਕਾਸ ਅਫ਼ਸਰ ਬਾਘਾ ਪੁਰਾਣਾ, ਮੋਬਾਈਲ : 94653-53756.

ਮੱਕੀ ਦੇ ਵੱਧ ਝਾੜ ਲਈ ਨਦੀਨਾਂ ਦਾ ਸੁਚੱਜਾ ਪ੍ਰਬੰਧ

ਮੱਕੀ ਦੀ ਫ਼ਸਲ ਵਿਚ ਨਦੀਨਾਂ ਦਾ ਹੱਲਾ ਇਕ ਅਹਿਮ ਸਮੱਸਿਆ ਹੈ। ਪੰਜਾਬ ਦੇ ਮੱਕੀ ਪੈਦਾ ਕਰਨ ਵਾਲੇ ਇਲਾਕਿਆਂ ਵਿਚ ਨਦੀਨਾਂ ਦੀ ਘਣਤਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਇਸ ਫ਼ਸਲ ਦਾ ਕਤਾਰ ਤੋਂ ਕਤਾਰ ਦਾ ਫ਼ਾਸਲਾ ਜ਼ਿਆਦਾ ਹੋਣ ਕਰਕੇ ਅਤੇ ਇਸ ਦੇ ਬੀਜਾਈ ਮੌਸਮ ਦੌਰਾਨ ਬਰਸਾਤਾਂ ਹੋਣ ਕਰਕੇ ਫ਼ਸਲ ਵਿਚ ਨਦੀਨਾਂ ਦਾ ਵਾਧਾ ਫ਼ਸਲ ਨਾਲੋਂ ਵੱਧ ਤੇਜ਼ੀ ਨਾਲ ਹੁੰਦਾ ਹੈ। ਨਦੀਨ ਬੂਟਿਆਂ ਨਾਲ ਜਗ੍ਹਾ, ਖੁਰਾਕੀ ਤੱਤ, ਪਾਣੀ ਅਤੇ ਰੌਸ਼ਨੀ ਲਈ ਮੁਕਾਬਲਾ ਕਰਦੇ ਹਨ, ਜਿਸ ਕਰਕੇ ਫ਼ਸਲ ਦੇ ਝਾੜ 'ਤੇ ਅਸਰ ਹੁੰਦਾ ਹੈ। ਨਦੀਨ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਨੂੰ ਵੀ ਸਹਾਰਾ ਦਿੰਦੇ ਹਨ ਅਤੇ ਉਨ੍ਹਾਂ ਦਾ ਵਾਧਾ ਕਰਨ ਵਿਚ ਵੀ ਸਹਾਈ ਹੁੰਦੇ ਹਨ। ਮੱਕੀ ਦੀ ਫ਼ਸਲ ਵਿਚ ਨਦੀਨਾਂ ਨੂੰ ਹੇਠ ਲਿਖੇ ਢੰਗਾਂ ਨਾਲ ਕਾਬੂ ਕੀਤਾ ਜਾ ਸਕਦਾ ਹੈ:
ਗੋਡੀ: ਮੱਕੀ ਵਿਚ ਦੋ ਗੋਡੀਆਂ ਕਰਕੇ ਫ਼ਸਲ ਵਿਚੋਂ ਘਾਹ-ਫੂਸ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਬਿਜਾਈ ਤੋਂ 15 ਦਿਨਾਂ ਬਾਅਦ ਖੁਰਪੇ ਜਾਂ ਕਸੌਲੇ ਨਾਲ ਕਰੋ। ਲਾਈਨਾਂ ਵਿਚ ਬੀਜੀ ਫ਼ਸਲ ਦੀ ਗੋਡੀ ਬਲਦਾਂ ਨਾਲ ਚੱਲਣ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰਾਂ ਨਾਲ ਕੀਤੀ ਜਾ ਸਕਦੀ ਹੈ। ਜੇਕਰ ਬਿਜਾਈ ਮੱਕੀ ਬੀਜਣ ਵਾਲੇ ਪਲਾਂਟਰ ਨਾਲ ਕੀਤੀ ਗਈ ਹੋਵੇ ਤਾਂ ਪਹਿਲੀ ਗੋਡੀ ਸਮੇਂ ਬੂਟੇ ਵਿਰਲੇ ਕਰ ਦਿਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ। ਬਿਜਾਈ ਤੋਂ 30 ਦਿਨਾਂ ਬਾਅਦ ਇਕ ਪਹੀਏ ਵਾਲੀ ਤ੍ਰਿਫਾਲੀ ਨਾਲ ਦੂਜੀ ਗੋਡੀ ਕਰੋ।
ਕਾਸ਼ਤਕਾਰੀ ਢੰਗ: ਮੱਕੀ ਅਤੇ ਰਵਾਂਹ ਦੀ ਰਲਵੀਂ ਫ਼ਸਲ ਬੀਜ ਕੇ ਵੀ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਮੱਕੀ ਦੀਆਂ ਕਤਾਰਾਂ ਵਿਚ ਇਕ ਜਾਂ ਦੋ ਕਤਾਰਾਂ ਰਵਾਂਹਾਂ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ 35-45 ਦਿਨਾਂ ਬਾਅਦ ਮੱਕੀ ਦੇ ਬੂਟਿਆਂ ਨਾਲ ਲਿਪਟਣ ਤੋਂ ਪਹਿਲਾਂ-ਪਹਿਲਾਂ ਚਾਰੇ ਵਾਸਤੇ ਕੱਟ ਲਓ। ਇਸ ਪਿਛੋਂ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਵਾਧੂ ਖਾਦ ਪਾਉਣ ਦੀ ਲੋੜ ਹੈ। ਰਵਾਂਹ ਦਾ ਬੀਜ ਸਿਫ਼ਾਰਸ਼ ਕੀਤੇ ਨਾਲੋਂ ਲਗਪਗ ਦੋ ਤਿਹਾਈ ਵਰਤੋ (ਰਵਾਂਹ 88 ਦਾ 16 ਕਿਲੋ ਅਤੇ ਰਵਾਂਹ 367 ਦਾ 8 ਕਿਲੋ ਪ੍ਰਤੀ ਏਕੜ), ਰਵਾਂਹ ਦੀ ਬੀਜਾਈ ਮੱਕੀ ਦੀ ਬੀਜਾਈ ਦੇ ਨਾਲ ਹੀ ਕਰੋ।
ਰਸਾਇਣਕ ਢੰਗ : ਨਦੀਨ ਨਾਸ਼ਕ ਦੀ ਵਰਤੋਂ ਰਾਹੀਂ ਨਦੀਨਾਂ ਦੀ ਰੋਕਥਾਮ ਕਰਨਾ ਬਹੁਤ ਸੌਖਾ ਹੈ, ਕਿਉਂਕਿ ਨਦੀਨ ਨਾਸ਼ਕ ਦਵਾਈਆਂ ਨਾ ਸਿਰਫ਼ ਵੇਲੇ ਸਿਰ ਹੀ ਨਦੀਨਾਂ 'ਤੇ ਕਾਬੂ ਪਾਉਂਦੀਆਂ ਹਨ, ਸਗੋਂ ਸਸਤੀਆਂ ਅਤੇ ਅਸਰਦਾਇਕ ਵੀ ਸਾਬਤ ਹੁੰਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੱਕੀ ਦੀ ਫ਼ਸਲ ਵਿਚ ਐਟਰਾਟਾਫ਼/ ਐਟਰਾਗੋਲਡ/ ਮਾਸਟਾਫ਼/ ਅਟਾਰੀ/ ਟਰੈਸਰ 50 ਡਬਲਯੂ. ਪੀ. (ਐਟਰਾਜ਼ੀਨ) ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਅਤੇ ਹਲਕੀਆਂ ਜ਼ਮੀਨਾਂ ਵਿਚ 500 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ ਦੋ ਦਿਨਾ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਬਿਜਾਈ ਸਮੇਂ ਇਹ ਨਦੀਨ ਨਾਸ਼ਕ ਦਵਾਈਆਂ ਨਾ ਵਰਤੀਆਂ ਜਾਂ ਸਕੀਆਂ ਹੋਣ ਤਾਂ ਐਟਰਾਜ਼ੀਨ ਦਵਾਈ ਦਾ ਛਿੜਕਾਅ, 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 20 ਸੈਂਟੀਮੀਟਰ ਚੌੜੀ ਪੱਟੀ ਵਿਚ ਫ਼ਸਲ ਦੀਆਂ ਕਤਾਰਾਂ 'ਤੇ ਬਿਜਾਈ ਤੋਂ 10 ਦਿਨਾਂ ਬਾਅਦ ਤੱਕ ਵੀ ਕੀਤਾ ਜਾ ਸਕਦਾ ਹੈ ਅਤੇ ਕਤਾਰਾਂ ਵਿਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦੇਣੀ ਚਾਹੀਦੀ ਹੈ। ਇਹ ਨਦੀਨ ਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨਾਂ ਅਤੇ ਘਾਹ ਦੀ ਵੀ ਰੋਕਥਾਮ ਕਰ ਦਿੰਦੀ ਹੈ ਪਰ ਇਟਸਿਟ ਦੀ ਰੋਕਥਾਮ ਲਈ ਖਾਸ ਕਰਕੇ ਅਸਰਦਾਇਕ ਹੈ। ਇਹ ਦਵਾਈ ਸਿਫ਼ਾਰਸ਼ ਕੀਤੀ ਮਾਤਰਾ ਵਿਚ ਇਕਸਾਰ ਵਰਤਣੀ ਚਾਹੀਦੀ ਹੈ ਤਾਂ ਕਿ ਮੱਕੀ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ 'ਤੇ ਇਸ ਦਾ ਮਾੜਾ ਅਸਰ ਨਾ ਹੋਵੇ । ਇਸ ਤੋਂ ਇਲਾਵਾ ਲਾਸੋ 50 ਈ ਸੀ (ਐਲਾਕਲੋਰ) ਦੋ ਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਪਰੰਤੂ ਕੁਝ ਸਖ਼ਤ ਜਾਨ ਨਦੀਨ ਜਿਵੇਂ ਕਿ ਅਰੈਕਨੀ ਘਾਹ, ਬਾਂਸ ਪੱਤਾ, ਕਾਂ ਮੱਕੀ ਆਦਿ ਦੀ ਰੋਕਥਾਮ ਲਈ ਉਪਰੋਕਤ ਦਵਾਈਆਂ ਕਾਰਗਰ ਸਿੱਧ ਨਹੀਂ ਹੁੰਦੀਆਂ ਤਾਂ ਇਸ ਦਾ ਕਾਰਨ ਇਨ੍ਹਾਂ ਨਦੀਨਾਂ ਵਿਚ ਐਟਰਾਜੀਨ ਜਾਂ ਲਾਸੋ ਪ੍ਰਤੀ ਸਹਿਣਸ਼ੀਲਤਾ ਹੋ ਸਕਦੀ ਹੈ। ਇਹ ਸਖ਼ਤਜਾਨ ਨਦੀਨਾਂ 'ਤੇ ਕਾਬੂ ਪਾਉਣ ਲਈ ਪ੍ਰਤੀ ਏਕੜ 600 ਗ੍ਰਾਮ ਐਟਰਾਜ਼ੀਨ ਨੂੰ ਇਕ ਲਿਟਰ ਸਟੌਂਪ 30 ਈ. ਸੀ. (ਪੈਂਡੀਮੈਥਾਲਿਨ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਛਿੜਕਾਅ ਕਰੋ ਜਾਂ 105 ਮਿਲੀਲਿਟਰ ਲੌਡਿਸ 420 ਐਸ ਸੀ (ਟੈਂਬੋਟਰਾਇਨ) ਦਾ ਛਿੜਕਾਅ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਜੇਕਰ ਖੇਤ ਵਿਚ ਡੀਲੇ/ਮੋਥੇ ਦੀ ਸਮੱਸਿਆ ਹੋਵੇ ਤਾਂ ਬਿਜਾਈ ਤੋਂ 20-25 ਦਿਨ ਬਾਅਦ 2,4-ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲਿ. ਪ੍ਰਤੀ ਏਕੜ ਦੇ ਹਿਸਾਬ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।


-ਕਿਰਨਦੀਪ ਕੌਰ,
ਰਮਿੰਦਰ ਕੌਰ ਅਤੇ
ਭੁਪਿੰਦਰ ਸਿੰਘ ਢਿੱਲੋਂ
ਖੋਜ ਕੇਂਦਰ, ਡਿਆਲ ਭਰੰਗ, ਅੰਮ੍ਰਿਤਸਰ

ਸਵਾਮੀਨਾਥਨ ਕਮਿਸ਼ਨ ਰਿਪੋਰਟ ਨੂੰ ਅਮਲ 'ਚ ਲਿਆਂਦਾ ਜਾਏ

ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਬੇਚੈਨੀ ਨੇ ਪੰਜਾਬ ਦੀ ਕਿਸਾਨੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਕਿਸਾਨ 14 ਜੂਨ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਇਸ ਸਬੰਧੀ ਕੀਤੇ ਜਾਣ ਵਾਲੇ ਸਰਕਾਰੀ ਐਲਾਨ ਨੂੰ ਵਿਆਕੁਲਤਾ ਨਾਲ ਉਡੀਕ ਰਹੇ ਹਨ। ਰਾਜ ਦੇ ਖਜ਼ਾਨੇ ਦੀ ਹਾਲਤ ਗੰਭੀਰ ਅਤੇ ਬਜਟ ਖਸਾਰੇ 'ਚ ਹੋਣ ਕਾਰਨ ਮੁੱਖ ਮੰਤਰੀ ਅਜੀਬ ਸਥਿਤੀ 'ਚ ਫਸ ਗਏ ਜਾਪਦੇ ਹਨ। ਚੋਣਾਂ ਵੇਲੇ ਸਿਆਸੀ ਪਾਰਟੀਆਂ ਵੋਟਾਂ ਲੈਣ ਲਈ ਅਜਿਹੇ ਵਾਅਦੇ ਕਰ ਲੈਂਦੀਆਂ ਹਨ ਜਿਨ੍ਹਾਂ ਨੂੰ ਫੇਰ ਸਿਰੇ ਚੜ੍ਹਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਨਿੱਤ ਦਿਨ ਵਾਅਦਾ ਪੂਰਾ ਕਰਨ ਦੀ ਮੰਗ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਨੇ ਵਿਸ਼ਵਾਸ਼ ਦਵਾਇਆ ਹੈ ਕਿ ਇਸ ਸਬੰਧੀ ਥਾਪੇ ਗਏ ਮਾਹਿਰ ਗਰੁੱਪ ਦੇ ਮੁੱਖੀ ਡਾ: ਟੀ. ਹੱਕ ਦੀ ਰਿਪੋਰਟ ਆਉਣ 'ਤੇ (ਜੋ ਵਿਧਾਨ ਸਭਾ ਦੇ ਸੇੈਸ਼ਨ ਤੋਂ ਪਹਿਲਾਂ ਆ ਜਾਣੀ ਯਕੀਨੀ ਹੈ) ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਸਬੰਧੀ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਕਿਸਾਨਾਂ ਵੱਲ 72-74 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਵਿਚੋਂ 21000 ਕਰੋੜ ਰੁਪਏ ਦੇ ਕਰਜ਼ੇ ਸਹਿਕਾਰੀ ਤੇ ਸਰਕਾਰੀ ਬੈਂਕਾਂ ਵੱਲੋਂ ਦਿੱਤੇ ਗਏ ਹਨ। ਬਾਕੀ ਦਾ ਕਰਜ਼ਾ ਨਿੱਜੀ ਖੇਤਰ ਦੇ ਬੈਂਕਾਂ ਜਾਂ ਆੜ੍ਹਤੀਆਂ, ਸ਼ਾਹੂਕਾਰਾਂ ਵੱਲੋਂ ਦਿੱਤਾ ਗਿਆ ਹੈ। ਵੱਧ ਤੋਂ ਵੱਧ ਸਰਕਾਰ ਛੋਟੇ 5 ਏਕੜ ਤੋਂ ਥੱਲੇ ਵਾਲੇ ਸੀਮਿਤ ਕਿਸਾਨਾਂ ਨੂੰ ਸਹਿਕਾਰੀ ਤੇ ਸਰਕਾਰੀ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ਿਆਂ ਦੀ 2 ਹਜ਼ਾਰ ਕਰੋੜ ਤੱਕ ਮੁਆਫ਼ੀ ਸਬੰਧੀ ਵਿਚਾਰ ਕਰ ਸਕਦੀ ਹੈ। ਕਰਜ਼ਾਈ 11 ਲੱਖ ਕਿਸਾਨਾਂ ਦੀ ਗਿਣਤੀ 'ਚੋਂ 9 ਲੱਖ ਛੋਟੇ ਤੇ ਸੀਮਿਤ ਕਿਸਾਨ ਹਨ। ਪਰ ਇਨ੍ਹਾਂ ਨੂੰ ਬੈਂਕਾਂ ਨੇ ਇਨ੍ਹਾਂ ਦੀ ਜ਼ਮੀਨ ਦੇ ਆਧਾਰ ਨੂੰ ਅਣਗੌਲਿਆ ਕਰਦੇ ਹੋਏ ਲੋੜ ਤੋਂ ਵੱਧ ਫ਼ਸਲੀ ਕਰਜ਼ੇ ਦਿੱਤੇ ਹੋਏ ਹਨ, ਜੋ ਉਨ੍ਹਾਂ ਨੇ ਘਰੇਲੂ ਜਾਂ ਸਮਾਜਿਕ ਲੋੜਾਂ 'ਤੇ ਖਰਚ ਕੀਤੇ ਹਨ। ਇਨ੍ਹਾਂ ਛੋਟੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਕੋਲ ਪੈਸਾ ਨਹੀਂ। ਮੁੱਖ ਮੰਤਰੀ ਦਾ ਆਧਾਰ ਕੇਂਦਰ ਤੋਂ ਮਿਲਣ ਵਾਲੀ ਕਰਾਂ ਸਬੰਧੀ ਰਕਮ ਅਤੇ ਕੁਝ ਹੋਰ ਬੱਚਤਾਂ ਜਿਵੇਂ ਕਿ ਵੱਡੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਸਹੂਲਤ ਉਨ੍ਹਾਂ ਵੱਲੋਂ ਸਵੈ-ਇੱਛਾ ਅਨੁਸਾਰ ਛੱਡਣ ਉਪਰੰਤ ਹੋਈਆਂ ਬੱਚਤਾਂ ਆਦਿ 'ਤੇ ਦੱਸਿਆ ਜਾਂਦਾ ਹੈ। ਪ੍ਰਤੱਖ ਹੈ ਕਿ ਕਿਸਾਨੀ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਣਾ ਅਸੰਭਵ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਕਿਸਾਨੀ ਕਰਜ਼ਿਆਂ ਦੇ ਮੁਆਫੀ ਦੇ ਐਲਾਨ ਨੂੰ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੇ ਅਮਲੀ ਜਾਮਾ ਤਾਂ ਪਹਿਨਾਇਆ, ਪ੍ਰੰਤੂ ਬਹੁਤ ਸੀਮਿਤ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਏ।
ਖੇਤੀ ਖੇਤਰ ਦੀਆਂ ਸਮੱਸਿਆਵਾਂ ਦਾ ਹੱਲ ਕਰਜ਼ੇ ਮੁਆਫ਼ ਕਰਨ 'ਚ ਨਹੀਂ, ਬਲਕਿ ਕਿਸਾਨਾਂ ਦੀ ਆਮਦਨ ਵਧਾਉਣ 'ਚ ਹੈ। ਉਨ੍ਹਾਂ ਦੀ ਆਮਦਨ ਤਾਂ ਹੀ ਵੱਧ ਸਕਦੀ ਹੈ ਜੇ ਉਨ੍ਹਾਂ ਨੂੰ ਫ਼ਸਲਾਂ ਦੀ ਯੋਗ ਕੀਮਤ ਮਿਲੇ। ਖੇਤੀ ਖਰਚੇ ਵਧਣ ਅਤੇ ਫ਼ਸਲਾਂ ਦੀ ਯੋਗ ਕੀਮਤ ਨਾ ਮਿਲਣ ਕਾਰਨ ਉਹ ਘਾਟੇ ਵਿਚ ਜਾ ਰਹੇ ਹਨ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਸਿੱਧ ਅਰਥ ਸ਼ਾਸਤਰੀ ਤੇ ਖੇਤੀ ਵਿਗਿਆਨੀ ਪ੍ਰੋ: ਐਮ. ਐਸ. ਸਵਾਮੀਨਾਥਨ ਦੀ ਅਗਵਾਈ ਵਾਲੇ ਕਮਿਸ਼ਨ ਵੱਲੋਂ ਦਿੱਤੀ ਰਿਪੋਰਟ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਨੁੂੰ ਫ਼ਸਲਾਂ ਦੀ ਲਾਗਤ 'ਤੇ 50 ਪ੍ਰਤੀਸ਼ਤ ਮੁਨਾਫਾ ਦੇ ਕੇ ਐਮ. ਐਸ. ਪੀ. (ਘੱਟੋ-ਘੱਟ ਸਹਾਇਕ ਕੀਮਤ) ਮੁਕਰਰ ਕੀਤੀ ਜਾਣੀ ਚਾਹੀਦੀ ਹੈ। ਇਸ ਕਮਿਸ਼ਨ ਦੀ ਰਿਪੋਰਟ ਨੂੰ ਡਾ: ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਇਕ ਪਾਸੇ ਰੱਖੀ ਰੱਖਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਵੇਲੇ ਇਹ ਐਲਾਨ ਕਰ ਕੇ ਕਿ ਇਸ ਕਮਿਸ਼ਨ ਦੀ ਰਿਪੋਰਟ ਨੂੰ ਭਾਜਪਾ ਸੱਤਾ 'ਚ ਆਉਣ ਤੋਂ ਬਾਅਦ ਲਾਗੂ ਕਰੇਗੀ, ਹੁਣ ਇਸ ਨੁੂੰ ਅਮਲ 'ਚ ਲਿਆਉਣਾ ਅਸੰਭਵ ਦੱਸਿਆ ਹੈ। ਕੇਂਦਰ ਸਰਕਾਰ ਨੇ ਉੱਚ ਅਦਾਲਤਾਂ ਨੂੰ ਵੀ ਆਪਣਾ ਅਜਿਹਾ ਦ੍ਰਿਸ਼ਟੀਕੋਣ ਸਪੱਸ਼ਟ ਕਰ ਦਿੱਤਾ ਹੈ। ਇਸ ਸਬੰਧੀ ਦਲੀਲ ਇਹ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੀਆਂ ਕੀਮਤਾਂ ਵਧਾ ਕੇ ਹੋਰ ਚੀਜ਼ਾਂ ਜੋ ਮੱਧ ਸ਼੍ਰੇਣੀ ਅਤੇ ਗ਼ਰੀਬ ਸ਼੍ਰੇਣੀਆਂ ਦੇ ਲੋਕਾਂ ਲਈ ਜ਼ਰੂਰੀ ਹਨ, ਮਹਿੰਗੀਆਂ ਹੋ ਜਾਣਗੀਆਂ। ਜਿਸ ਨਾਲ ਇਸ ਸ਼੍ਰੇਣੀ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਪ੍ਰੰਤੂ ਖੇਤੀ ਇਕ ਅਹਿਮ ਖੇਤਰ ਹੈ, ਜੋ 60 ਪ੍ਰਤੀਸ਼ਤ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਦਾ ਹੈ। ਕੋਈ ਵੀ ਕਿਸਾਨ ਘਰਾਣਿਆਂ ਦਾ ਨੌਜਵਾਨ ਹੁਣ ਖੇਤੀ ਕਰਨ ਲਈ ਤਿਆਰ ਨਹੀਂ, ਕਿਉਂਕਿ ਇਹ ਘਾਟੇ ਦਾ ਧੰਦਾ ਹੈ ਤੇ ਸਖ਼ਤ ਜਿਸਮਾਨੀ ਮਿਹਨਤ ਮੰਗਦਾ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪਹਿਲੇ ਆਗੂ ਹਨ, ਜਿਨ੍ਹਾਂ ਨੇ ਇਹ ਕਿਹਾ ਹੈ ਕਿ ਇਸ ਕਿੱਤੇ ਨੂੰ ਜੀਵਤ ਤੇ ਹੰਡਣਸਾਰ ਰੱਖਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਅਮਲ 'ਚ ਲਿਆਉਣਾ ਜ਼ਰੂਰੀ ਹੈ। ਕਰਜ਼ਿਆਂ ਦੀ ਮੁਆਫੀ ਸਮੱਸਿਆ ਦਾ ਹੱਲ ਨਹੀਂ। ਮੱਧ ਅਤੇ ਗ਼ਰੀਬ ਸ਼੍ਰੇਣੀਆਂ ਨੂੰ ਕੁਝ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਵਸਤੂਆਂ ਸਬਸਿਡੀ ਦੇ ਕੇ ਮੁਹੱਈਆ ਕਰਾਈਆਂ ਜਾਣ ਨਾਲ ਇਹ ਮਸਲਾ ਹੱਲ ਹੋ ਸਕਦਾ ਹੈ। ਇਸ 'ਤੇ ਕੇਂਦਰ ਸਰਕਾਰ ਨੁੂੰ ਵਿਚਾਰ ਕਰ ਲੈਣਾ ਚਾਹੀਦਾ ਹੈ। ਫੇਰ ਫ਼ਸਲਾਂ ਦੀ ਐਮ. ਐਸ. ਪੀ. 'ਚ ਵਾਧਾ ਤਾਂ ਹੋਰ ਚੀਜ਼ਾਂ ਦੀਆਂ ਅਤੇ ਖੇਤੀ ਸਮੱਗਰੀ 'ਚ ਹੋਏ ਵਾਧੇ ਨਾਲੋਂ ਵੀ ਘੱਟ ਕੀਤਾ ਜਾਂਦਾ ਰਿਹਾ ਹੈ।
ਖੇਤੀ ਕਰਜ਼ੇ ਮੁਆਫ਼ ਕਰਨ ਨਾਲ ਬੈਂਕਾਂ ਦਾ ਢਾਂਚਾ ਤੇ ਕਰਜ਼ਿਆ ਸਬੰਧੀ ਅਨੁਸ਼ਾਸਨ ਹਿੱਲ ਗਿਆ ਹੈ ਅਤੇ ਬੈਂਕ ਹੁਣ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਗੁਰੇਜ਼ ਕਰਦੇ ਹਨ। ਕਿਸਾਨ ਕਰਜ਼ੇ ਦੀ ਵਾਪਸੀ ਨਾ ਸਹਿਕਾਰੀ ਬੈਂਕਾਂ ਨੂੰ ਕਰ ਰਹੇ ਹਨ ਅਤੇ ਨਾ ਹੀ ਦੂਜੇ ਸਰਕਾਰੀ ਜਾਂ ਤਜਾਰਤੀ ਬੈਂਕਾਂ ਨੁੂੰ। ਇਸ ਨਾਲ ਬੈਂਕਾਂ ਦੇ ਐਨ. ਪੀ. ਏਜ਼ ਵੱਧ ਰਹੇ ਹਨ। ਸਹਿਕਾਰੀ ਬੈਂਕ ਵੀ ਕਿਸਾਨਾਂ ਨੂੰ ਕਰਜ਼ਾ ਨਹੀਂ ਦੇ ਰਹੇ ਕਿਉਂਕਿ ਮੁਕਰਰ ਕਿਸ਼ਤਾਂ ਦੀ ਅਦਾਇਗੀ ਨਾ ਕਰਨ ਕਾਰਨ ਕਰਜ਼ਾਈ ਕਿਸਾਨ 'ਡਿਫਾਲਟਰ' ਦੀ ਸੂਚੀ 'ਚ ਦਰਜ ਹੋ ਗਏ ਹਨ। ਸਹਿਕਾਰੀ ਬੈਂਕਾਂ ਦੀ ਨਿਯਮਾਂਵਲੀ ਅਨੁਸਾਰ ਡਿਫਾਲਟਰ ਕਿਸਾਨਾਂ ਨੂੰ ਕਰਜ਼ੇ ਦੀ ਸਹੂਲੀਅਤ ਨਹੀਂ ਦਿੱਤੀ ਜਾਂਦੀ।
ਹੁਣ ਸਹਿਕਾਰੀ ਬੈਂਕਾਂ ਨੂੰ ਵੱਡਾ ਕਰ ਕੇ ਇਕ ਬਣਾਉਣ ਦੀ ਤਜਵੀਜ਼ ਹੈ, ਜਿਸ ਅਨੁਸਾਰ ਜ਼ਿਲ੍ਹਾ ਸੈਂਟਰਲ ਕੋਆਪਰੇਟਿਵ ਬੈਂਕ ਅਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਮਿਲਾ ਕੇ ਇਕ ਕਰ ਦਿੱਤੇ ਜਾਣਗੇ। ਸਹਿਕਾਰੀ ਲਹਿਰ ਦੀ ਨੀਂਹ ਪਿੰਡਾਂ 'ਚ ਕ੍ਰੈਡਿਟ ਤੇ ਥਰਿਫਟ ਸੁਸਾਇਟੀਆਂ ਬਣਾ ਕੇ ਰੱਖੀ ਗਈ ਸੀ। ਇਸ ਦਾ ਆਧਾਰ ਮੈਂਬਰਾਂ ਦਾ ਆਪੋ ਵਿਚੀ ਵਿਸ਼ਵਾਸ ਅਤੇ ਇਕ-ਦੂਜੇ ਦੀ ਸਹਾਇਤਾ ਨਾਲ ਕੰਮ ਚਲਾਉਣਾ ਸੀ। ਇਨ੍ਹਾਂ ਸੰਸਥਾਵਾਂ ਵਿਚ ਕਰਜ਼ਿਆਂ ਦੀ ਵਸੂਲੀ ਵੀ ਇਕ-ਦੂਜੇ ਦੇ ਪ੍ਰਭਾਵ ਨਾਲ ਆਸਾਨੀ ਨਾਲ ਹੋ ਜਾਂਦੀ ਸੀ। ਉਹ ਪ੍ਰਣਾਲੀ ਖ਼ਤਮ ਕਰ ਕੇ ਕਰਜ਼ਿਆਂ ਨੂੰ ਸੈਂਟਰਲ ਕੋਆਪਰੇਟਿਵ ਬੈਂਕਾਂ ਦੀਆਂ ਬਰਾਂਚਾਂ 'ਤੇ ਕੇਂਦਰਿਤ ਕਰ ਦਿੱਤਾ ਗਿਆ, ਜਿਸ ਵਿਚ ਹੁਣ ਹੋਰ ਸੋਧ ਕਰ ਕੇ ਵੱਡਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੀ ਸ਼ਤਾਬਦੀ 'ਚ ਸਬਜ਼ ਇਨਕਲਾਬ ਤੋਂ ਪਹਿਲਾਂ ਤੇ ਇਸ ਦੀ ਸ਼ੁਰੂਆਤ ਦੌਰਾਨ ਸਮੂਹਿਕ ਵਿਕਾਸ ਲਹਿਰ ਪ੍ਰਣਾਲੀ (ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ) ਥੱਲੇ ਕਿਸਾਨਾਂ ਦੇ ਸਾਰੇ ਕੰਮ ਇਕੋ ਹੀ ਖਿੜਕੀ 'ਚ ਹੋ ਜਾਂਦੇ ਸਨ ਅਤੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਇਕੋ ਕਰਮਚਾਰੀ ਪਿੰਡਾਂ 'ਚ ਜਾ ਕੇ ਦੇ ਦਿੰਦਾ ਸੀ। ਪਿੰਡਾਂ 'ਤੇ ਆਧਾਰਤ ਇਹ ਕਰਮਚਾਰੀ (ਗ੍ਰਾਮ ਸੇਵਕ) ਉਨ੍ਹਾਂ ਦੇ ਖੇਤੀ ਤੇ ਵਿਕਾਸ ਸਬੰਧੀ ਸਾਰੇ ਕੰਮਾਂ ਲਈ ਅਗਵਾਈ ਦਿੰਦਾ ਸੀ। ਉਨ੍ਹਾਂ ਦੇ ਹਰ ਕੰਮ ਕਰਵਾਉਣ ਵਿਚ ਵੀ ਸਹਾਈ ਹੁੰਦਾ ਸੀ। ਲੋੜੀਂਦੀ ਮਦਦ ਬਲਾਕ ਤੇ ਜ਼ਿਲ੍ਹਾ ਪੱਧਰ ਤੋਂ ਹਾਸਲ ਕਰ ਲਈ ਜਾਂਦੀ ਸੀ। ਉਹ ਢਾਂਚਾ ਵੀ ਖ਼ਤਮ ਕਰਕੇ ਹੁਣ ਕਿਸਾਨਾਂ ਦੀ ਖੱਜਲ-ਖੁਆਰੀ ਹਰ ਵਿਭਾਗ ਦੇ ਦਫ਼ਤਰ 'ਚ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਹੋ ਰਹੀ ਹੈ। ਖੇਤੀ ਪ੍ਰਸਾਰ ਸੇਵਾ ਦਾ ਕੰਮ ਵੀ ਢਿੱਲਾ ਪੈ ਗਿਆ। ਹੁਣ ਜੋ ਖੇਤੀ ਕਰਜ਼ੇ ਮੁਆਫ਼ ਕਰ ਕੇ ਬੈਂਕਾਂ ਦੇ ਢਾਂਚੇ ਦੀ ਨਵੀਂ ਉਸਾਰੀ 'ਤੇ ਨਵੀਂ ਨਿਯਮਾਂਵਲੀ ਵਜੂਦ 'ਚ ਆਵੇਗੀ, ਉਸ ਦੇ ਫਾਇਦੇ ਤੇ ਨੁਕਸਾਨਾਂ 'ਤੇ ਵਿਚਾਰ ਕਰਨ ਦੀ ਲੋੜ ਹੈ। ਕੌਮੀਕਰਨ ਬੈਂਕਾਂ ਰਾਹੀਂ ਕਰਜ਼ੇ ਦੇਣ ਦੀ ਪ੍ਰਣਾਲੀ ਨੂੰ ਵੀ ਮੁੜ ਬੈਂਕਿੰਗ ਤੇ ਵਪਾਰਕ ਲੀਹਾਂ 'ਤੇ ਲਿਆਂਦਾ ਜਾਏ। ਅਜਿਹੇ ਵਿਚਾਰ ਲਈ ਇਹ ਸਹੀ ਸਮਾਂ ਹੈ। ਸੂਝਵਾਨ ਯੋਜਨਾਬੰਦੀ ਕਰ ਕੇ ਇਸ ਢਾਂਚੇ ਨੂੰ ਸੇਧ ਦੇ ਕੇ ਉਸਾਰੂ ਲੀਹਾਂ 'ਤੇ ਲਿਆਏ ਜਾਣ ਦੀ ਲੋੜ ਹੈ।


-ਮੋਬਾ: 98152-36307

ਦਾਣੇ ਮੋਹਰਾਂ ਵਾਲੇ

ਪੁਰਾਣੀ ਕਹਾਵਤ ਹੈ ਕਿ ਦਾਣੇ-ਦਾਣੇ 'ਤੇ ਖਾਣੇ ਵਾਲੇ ਦੀ ਮੋਹਰ ਲੱਗੀ ਹੁੰਦੀ ਹੈ। ਚਲੋ ਜੇ ਮੰਨ ਵੀ ਲਈਏ ਤਾਂ ਫਿਰ ਸੁਆਲ ਪੈਦਾ ਹੁੰਦਾ ਹੈ ਕਿ ਦਾਣੇ ਖਰੀਦਣੇ ਕਿਉਂ ਪੈਂਦੇ ਹਨ? ਮਿਹਨਤ ਮਜ਼ਦੂਰੀ ਕਰਨ ਵਾਲੇ ਲਈ ਮੋਹਰਾਂ ਕਿਉਂ ਘੱਟ ਜਾਂਦੀਆਂ ਹਨ? ਵੇਹਲੜਾਂ ਵੱਲ ਦਾਣੇ ਆਪੇ ਕਿਉਂ ਤੁਰੇ ਆਉਂਦੇ ਹਨ? ਜਿਹੜੇ ਗੁਦਾਮਾਂ ਵਿਚ ਸੜ ਜਾਂਦੇ ਹਨ, ਕੀ ਉਨ੍ਹਾਂ 'ਤੇ ਲੱਗੀਆਂ ਮੋਹਰਾਂ ਦੀ ਲਿਖਾਈ ਪੜ੍ਹੀ ਨਹੀਂ ਜਾਂਦੀ ਹੈ? ਇਹੋ ਜਿਹੇ ਹਜ਼ਾਰਾਂ ਸੁਆਲ ਪੁੱਛੇ ਜਾ ਸਕਦੇ ਹਨ? ਪਰ ਕੀ ਸਾਡੇ ਕੋਲ ਕੋਈ ਜੁਆਬ ਹੈ? ਸੱਚ ਜਾਣਿਓ ਇਹ ਸਿਰਫ ਤੁਹਾਡਾ ਹਿੱਸਾ ਮਾਰਨ ਦੀ ਚਾਲ ਹੀ ਹੋ ਸਕਦੀ ਹੈ, ਸਖਾਈ ਨਹੀਂ ਹੈ। ਦੁਨੀਆ ਅਜਿਹੀ ਮੰਡੀ ਬਣ ਚੁੱਕੀ ਹੈ ਕਿ ਦਾਣੇ ਪੈਦਾ ਕਰਨ ਵਾਲਾ ਵੀ ਦਾਣਿਆਂ ਤੋਂ ਮੁਥਾਜ ਹੋ ਜਾਂਦਾ ਹੈ। ਕਿਰਤ ਦਾ ਪੱਲਾ ਛੱਡ ਕੇ ਵਪਾਰ ਹੀ ਮੂਲ ਸਰੋਤ ਹੋ ਗਿਆ ਹੈ, ਮੋਹਰਾਂ ਲਾਉਣ ਦਾ। ਕਦੇ-ਕਦੇ ਤਾਂ ਲੱਗਦਾ ਹੈ ਕਿ, ਦਾਣੇ ਵੀ ਉਨ੍ਹਾਂ ਦੇ ਤੇ ਮੋਹਰਾਂ ਵੀ ਉਨ੍ਹਾਂ ਦੀਆਂ।


ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਉਦੋਂ ਬਰਾਤੀਆਂ ਦੀ ਸੇਵਾ ਦਾ ਇਕ ਵੱਖਰਾ ਹੀ ਚਾਅ ਹੁੰਦਾ ਸੀ...

ਅੱਜ ਤੋਂ ਕਰੀਬ ਦੋ ਦਹਾਕੇ ਪਹਿਲਾਂ ਦੇ ਸਮੇਂ 'ਚ ਸ਼ਾਇਦ ਹੀ ਕੋਈ ਔਰਤ ਜਾਂ ਮਰਦ ਹੋਊ ਜਿਸ ਨੇ ਆਪਣੇ ਸ਼ਰੀਕੇ ਕਬੀਲੇ 'ਚ ਕੋਈ ਵਿਆਹ ਨਾ ਭੁਗਤਾਇਆ ਹੋਵੇ। ਉਨ੍ਹਾਂ ਸਮਿਆਂ 'ਚ ਬਰਾਤਾਂ ਘਰ ਦੀ ਦਹਿਲੀਜ਼ 'ਤੇ ਢੁੱਕਦੀਆਂ ਸਨ ਅਤੇ ਪਿੰਡਾਂ ਦੀਆਂ ਧਰਮਸ਼ਾਲਾ ਹੀ ਬਰਾਤਾਂ ਦਾ ਰੈਣਿ ਬਸੇਰਾ ਹੋਇਆ ਕਰਦਾ ਸੀ। ਬਰਾਤ ਦੇ ਆਉਣ 'ਤੇ ਜਿੰਨਾ ਚਾਅ ਹੁੁੰਦਾ, ਉਸ ਤੋਂ ਵੱਧ ਉਨ੍ਹਾਂ ਨੂੰ ਸੰਭਾਲਣ ਅਤੇ ਸੇਵਾ ਕਰਨ ਦਾ ਉਤਸ਼ਾਹ ਹੁੰਦਾ ਸੀ। ਢੋਲ ਦੇ ਢੱਗੇ ਦੀ ਆਵਾਜ਼ ਬਰਾਤੀਆਂ ਦੇ ਆਉਣ ਦਾ ਸੰਕੇਤ ਹੋਇਆ ਕਰਦੀ ਸੀ ਤੇ ਢੋਲ ਦੀ ਆਵਾਜ਼ ਸੁਣਦਿਆਂ ਹੀ ਕੁੜੀ ਦਾ ਪਰਿਵਾਰ ਅਤੇ ਉਨ੍ਹਾਂ ਦਾ ਸਾਕ ਸਬੰਧੀ ਪੱਬਾ ਭਾਰ ਹੋ ਜਾਂਦੇ ਸੀ। ਇਨ੍ਹਾਂ ਵਿਆਹਾਂ 'ਚ ਇਕ ਖਾਸ ਗੱਲ ਕਿ ਜਿਹੜੀ ਕਨਾਤ ਹੇਠਾਂ ਬਰਾਤੀਆਂ ਦੇ ਖਾਣ-ਪੀਣ ਦਾ ਸਮਾਨ ਰੱਖਿਆ ਹੁੰਦਾ ਸੀ, ਮਜਾਲ ਆ ਕਿ ਬਰਾਤੀਆਂ ਤੋਂ ਬਿਨ੍ਹਾਂ ਹੋਰ ਕੋਈ ਉਨ੍ਹਾਂ ਖਾਣ ਦੀਆਂ ਵਸਤਾਂ ਨੂੰ ਉਨ੍ਹਾਂ ਤੋਂ ਪਹਿਲਾਂ ਹੱਥ ਵੀ ਲਾ ਸਕੇ। ਇਸ ਤੋਂ ਇਲਾਵਾ ਜੰਞ ਘਰਾਂ ਜਾਂ ਧਰਮਸ਼ਾਲਾ ਵਿਚ ਬਰਾਤੀਆਂ ਦੇ ਬੈਠਣ ਲਈ ਵਿਸ਼ੇਸ਼ ਤੌਰ 'ਤੇ ਮੰਜੇ, ਬਿਸਤਰੇ ਅਤੇ ਮੇਜ ਲਗਾ ਕੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਸਨ। ਖਾਣ ਦੀਆਂ ਵਸਤਾਂ ਦੀ ਸਖਤਾਈ ਵਾਂਗ ਇਸ ਸਥਾਨ 'ਤੇ ਵੀ ਬਰਾਤੀਆਂ ਤੋਂ ਬਿਨ੍ਹਾਂ ਕੋਈ ਵੀ ਨਹੀਂ ਜਾ ਸਕਦਾ ਸੀ। ਬਰਾਤੀਆਂ ਨੂੰ ਤਹਿਜੀਬ ਸਹਿਤ ਹਰ ਸਹੂਲਤ ਮੁਹੱਈਆ ਕਰਵਾਉਣਾ ਲੜਕੀ ਪਰਿਵਾਰ ਦਾ ਸਭ ਤੋਂ ਅਹਿਮ ਕਾਰਜ ਮੰਨਿਆ ਜਾਂਦਾ ਸੀ। ਭਾਈਚਾਰਕ ਸਾਂਝ ਦੀ ਸਭ ਤੋਂ ਵੱਡੀ ਉਦਾਹਰਨ ਘਰਾਂ ਦੇ ਨੌਜਵਾਨ ਹਰ ਇਕ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਭਾਉਣਾ ਆਪਣਾ ਫਰਜ਼ ਸਮਝਦੇ ਸਨ। ਪਰ ਇਸ ਦੇ ਉਲਟ ਅੱਜ ਦੇ ਵਿਆਹਾਂ 'ਚ ਬਦਲਦੇ ਯੁੱਗ ਨਾਲ ਇਸ ਕਦਰ ਤੇਜ਼ੀ ਆ ਚੁੱਕੀ ਹੈ ਕਿ ਬਰਾਤ ਲੜਕੀ ਪਰਿਵਾਰ ਦੀ ਦਹਿਲੀਜ਼ 'ਤੇ ਢੁਕਣ ਦੀ ਬਜਾਏ ਸਿੱਧੇ ਹੀ ਮੈਰਿਜ ਪੈਲੇਸਾਂ 'ਚ ਜਾਂਦੀ ਹੈ। ਇਸ ਦੇ ਨਾਲ ਹੀ ਮੈਰਿਜ ਪੈਲੇਸਾਂ ਦੇ ਪਦਾਰਥਵਾਦੀ ਯੁੱਗ ਨੇ ਜਿੱਥੇ ਭਾਈਚਾਰਕ ਸਾਂਝ ਨੂੰ ਖਤਮ ਕੀਤਾ ਹੈ, ਉੱਥੇ ਬਰਾਤੀਆਂ ਦੀ ਪਹਿਲਾਂ ਵਾਲੀ ਉਡੀਕ ਜਾਂ ਸਤਿਕਾਰ ਨੂੰ ਵੱਡੀ ਢਾਹ ਲਗਾਈ ਹੈ, ਜੋ ਸ਼ਾਇਦ ਅਸੀਂ ਲੱਖਾਂ ਰੁਪਏ ਖਰਚ ਕੇ ਵੀ ਖਰੀਦ ਨਹੀਂ ਸਕਦੇ।


-ਅਜੀਤ ਸਿੰਘ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
ਮੋਬਾਈਲ : 95925-51348

ਇਸ ਮਹੀਨੇ ਦੇ ਖੇਤੀ ਰੁਝੇਵੇਂ

ਬੈਂਗਣ

300-400 ਗਰਾਮ ਬੀਜ 10-15 ਸੈ. ਮੀ. ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਬੈਂਗਣਾਂ ਵਿਚ ਫਲ ਅਤੇ ਸ਼ਾਖਾ ਦੇ ਗੜੂੰਏ ਦੀ ਰੋਕਥਾਮ ਲਈ 800 ਗ੍ਰਾਮ ਸੇਵਿਨ 50 ਘੁਲਣਸ਼ੀਲ ਜਾਂ 100 ਮਿ. ਲਿ. ਸੁਮੀਸੀਡੀਨ 20 ਈ.ਸੀ. ਜਾਂ 200 ਮਿਲੀਲਿਟਰ ਰਿਪਕਾਰਡ 10 ਈ.ਸੀ. ਜਾਂ 160 ਮਿਲੀਲਿਟਰ ਡੈਸਿਸ 2.8 ਈ.ਸੀ. ਜਾਂ 800 ਮਿਲੀਲਿਟਰ ਏਕਾਲਕਸ 25 ਈ.ਸੀ. 500 ਮਿਲੀਲਿਟਰ ਟਰਾਈਜੋਫਾਸ 40 ਈ.ਸੀ. ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਾਅ ਕਰੋ।
ਮੂਲੀ

ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿਚ ਬਿਜਾਈ ਲਈ ਢੁਕਵੀਂ ਹੈ। ਪੂਸਾ ਚੇਤਕੀ ਕਿਸਮ ਦੀ ਮੂਲੀ ਛੋਟੀ ਤੇ ਦਰਮਿਆਨੀ ਮੋਟੀ ਚਿੱਟੇ ਰੰਗ ਦੀ ਅਤੇ ਅੱਗੋਂ ਖੁੰਡੀ ਹੁੰਦੀ ਹੈ। ਇਸ ਦੇ ਪੱਤੇ ਛੋਟੇ ਅਤੇ ਪੂਰੇ ਹੁੰਦੇ ਹਨ। 4-5 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਵਰਤੋ ਅਤੇ ਕਤਾਰਾਂ ਵਿਚ 40 ਸੈ. ਮੀ. ਅਤੇ ਬੂਟਿਆਂ ਵਿਚਕਾਰ 7.5 ਸੈ. ਮੀ. ਫਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ।
ਭਿੰਡੀ

4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਓ। ਪੰਜਾਬ-8 ਜਾਂ ਪੰਜਾਬ-7 ਜਾਂ ਪੰਜਾਬ ਪਦਮਨੀ ਕਿਸਮਾਂ ਹੀ ਬੀਜੋ। 15-20 ਟਨ ਗਲੀ ਸੜੀ ਰੂੜੀ ਅਤੇ 40 ਕਿਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿਚ ਬਿਜਾਈ ਵੇਲੇ ਪਾਓ। ਯੂਰੀਆ ਦੀ ਦੂਜੀ ਕਿਸ਼ਤ (40 ਕਿਲੋ ਪ੍ਰਤੀ ਏਕੜ) ਪਹਿਲੀ ਤੁੜਈ ਉਪਰੰਤ ਪਾਓ। ਸਟੌਂਪ 30 ਤਾਕਤ ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ ਵਿਚ ਇਕ ਗੋਡੀ ਪ੍ਰਤੀ ਏਕੜ ਬਿਜਾਈ ਤੋਂ ਇਕ ਦਿਨ ਪਿੱਛੋਂ ਜਾਂ 800 ਮਿਲੀਲਿਟਰ ਤੋਂ ਇਕ ਲਿਟਰ ਬਾਸਾਲਿਨ 45 ਤਾਕਤ ਬਿਜਾਈ ਤੋਂ 4 ਦਿਨ ਪਹਿਲਾਂ 200-225 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ ਤੇ ਨਦੀਨਾਂ 'ਤੇ ਕਾਬੂ ਪਾਓ।
ਰਵਾਂਹ
ਰਵਾਂਹ 263 ਕਿਸਮ ਦਾ 8-10 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈ. ਮੀ. ਅਤੇ ਪੌਦਿਆਂ ਵਿਚਕਾਰ 15 ਸੈ. ਮੀ. ਦੇ ਫਾਸਲੇ 'ਤੇ ਬੀਜੋ। 45 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਓ।
ਕੱਦੂ ਜਾਤੀ ਦੀਆਂ ਸਬਜ਼ੀਆਂ

ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦਾ 2 ਕਿਲੋ ਬੀਜ ਪ੍ਰਤੀ ਏਕੜ ਅਤੇ ਵੰਗੇ ਦਾ। ਕਿਲੋ ਪ੍ਰਤੀ ਏਕੜ ਸਿਫਾਰਸ਼ ਮੁਤਾਬਿਕ ਬੀਜੋ।
ਫੁੱਲ ਗੋਭੀ

ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45×30 ਸੈ.ਮੀ. ਦੇ ਫਾਸੇਲ ਤੇ ਖੇਤ ਵਿਚ ਲਾਓ। 40 ਟਨ ਗਲੀ ਸੜੀ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫ਼ਤੇ ਬਾਅਦ ਪਾਓ। ਬਾਸਾਲਿਨ 45 ਤਾਕਤ 750 ਮਿਲੀਲਿਟਰ ਪ੍ਰਥੀ ਏਕੜ ਪਨੀਰੀ ਲਾਉਣ ਤੋਂ 4 ਦਿਨ ਪਹਿਲਾਂ ਜਾਂ ਸਟੌਂਪ 30 ਤਾਕਤ ਇਕ ਲਿਟਰ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਸ਼ਕਰਕੰਦੀ

ਸ਼ਕਰਕੰਦੀ ਦੀ ਕਿਸਮ ਪੀ.ਐਸ.ਪੀ. 21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25000-30000 ਕਟਿੰਗ ਵੱਟਾਂ 'ਤੇ 60 ਸੈ. ਮੀ. ਅਤੇ ਪੌਦਿਆਂ ਵਿਚਕਾਰ 30 ਸੈ. ਮੀ. ਦੇ ਫਾਸਲੇ 'ਤੇ ਲਾਓ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਧੀਆ ਫਸਲ ਲੈਣ ਲਈ ਪਾਓ।


-ਅਮਨਦੀਪ ਸਿੰਘ ਬਰਾੜ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX