ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
  •     Confirm Target Language  

ਸਾਡੀ ਸਿਹਤ

ਗਰਦਨ ਦਰਦ : ਪਾਓ ਰਾਹਤ

ਕੀ ਕਰੀਏ
* ਧੌਣ ਨੂੰ ਮਜ਼ਬੂਤ ਬਣਾਉਣ ਲਈ ਧੌਣ ਦੀਆਂ ਸੂਖਮ ਕਿਰਿਆਵਾਂ ਕਰੋ। ਸਿਰ ਨੂੰ ਹੌਲੀ-ਹੌਲੀ ਸੱਜੇ ਵੱਲ ਲੈ ਜਾਓ। ਫਿਰ ਖੱਬੇ ਪਾਸੇ 4 ਤੋਂ 5 ਵਾਰ ਕਰਨ ਤੋਂ ਬਾਅਦ ਹੌਲੀ-ਹੌਲੀ ਧੌਣ ਨੂੰ ਗੋਲ ਘੁਮਾਓ ਸੱਜੇ ਤੋਂ ਖੱਬੇ, ਫਿਰ ਖੱਬੇ ਤੋਂ ਸੱਜੇ। 4 ਤੋਂ 5 ਵਾਰ ਰੁਕ-ਰੁਕ ਕੇ ਕਰੋ।
* ਜ਼ਿਆਦਾ ਦਰਦ ਹੋਣ 'ਤੇ 3-4 ਦਿਨ ਲਈ ਕਾਲਰ ਲਗਾਓ। ਅਜਿਹਾ ਕਰਨ ਨਾਲ ਧੌਣ ਦੀਆਂ ਕਮਜ਼ੋਰ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਦੀ ਆਦਤ ਨਾ ਬਣਾਓ।
* ਧੌਣ ਦਰਦ ਵਿਚ ਭੁਝੰਗ ਆਸਣ, ਤਾੜ ਆਸਣ, ਮਕਰ ਆਸਣ, ਗੋਮੁਖ ਆਸਣ, ਕਟਿੱਚਕਰ ਆਸਣ ਕਰੋ।
* ਰੀੜ੍ਹ ਨੂੰ ਪਿੱਛੇ ਵੱਲ ਲੈ ਜਾਣ ਵਾਲੀਆਂ ਕਸਰਤਾਂ ਕਰੋ।
* ਹਲਕੇ ਹੱਥਾਂ ਨਾਲ ਕਿਸੇ ਵੀ ਤੇਲ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਮਾਸਪੇਸ਼ੀਆਂ ਨਰਮ ਹੁੰਦੀਆਂ ਹਨ। ਧਿਆਨ ਦਿਓ, ਹੱਡੀ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਪਵੇ।
* ਆਪਣਾ ਪੋਜ਼ ਸਹੀ ਰੱਖੋ। ਉੱਠਦੇ-ਬੈਠਦੇ ਸਮੇਂ ਜਾਂ ਸੌਂ ਕੇ ਉੱਠਦੇ ਸਮੇਂ ਝਟਕਾ ਨਾ ਲੱਗੇ।
* ਫਿਜ਼ਿਓਥਰੈਪੀ ਕਰਵਾਓ ਜੇਕਰ ਦਰਦ 3-4 ਦਿਨ ਤੋਂ ਜ਼ਿਆਦਾ ਸਮੇਂ ਤੱਕ ਬਣਿਆ ਰਹੇ।
* ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਅਤੇ ਪ੍ਰੋਟੀਨ ਵਾਲਾ ਭੋਜਨ ਲਓ।
* ਮੌਸਮੀ ਫਲ ਅਤੇ ਪੰਜ ਬਦਾਮਾਂ ਦਾ ਨਿਯਮਤ ਸੇਵਨ ਕਰੋ।
* ਇਕ ਗਿਲਾਸ ਦੁੱਧ ਵਿਚ ਕੱਚੀ ਹਲਦੀ ਕੱਦੂਕਸ਼ ਕਰਕੇ ਉਬਾਲੋ ਅਤੇ ਹਲਦੀ ਵਾਲਾ ਦੁੱਧ ਪੀਓ। ਜੇਕਰ ਕੱਚੀ ਹਲਦੀ ਉਪਲਬਧ ਨਾ ਹੋਵੇ ਤਾਂ ਇਕ-ਤਿਹਾਈ ਛੋਟਾ ਚਮਚ ਹਲਦੀ ਦਾ ਗਰਮ ਦੁੱਧ ਵਿਚ ਮਿਲਾ ਕੇ ਪੀਓ।
ਕੀ ਨਾ ਕਰੀਏ
* ਉੱਚਾ, ਮੋਟਾ ਸਿਰਹਾਣਾ ਨਾ ਲਓ।
* ਦਰਦ ਨਿਵਾਰਕ ਲੈਣ ਦੀ ਆਦਤ ਨਾ ਪਾਓ।
* ਲਗਾਤਾਰ ਝੁਕ ਕੇ ਕੰਮ ਨਾ ਕਰੋ, ਨਾ ਹੀ ਬੈਠੋ। ਜੇਕਰ ਕੁਰਸੀ-ਮੇਜ਼ 'ਤੇ ਬੈਠ ਕੇ ਕੰਮ ਕਰਨਾ ਹੋਵੇ ਤਾਂ ਥੋੜ੍ਹੀ ਦੇਰ ਬਾਅਦ ਉੱਠੋ, ਸਰੀਰ ਸਟ੍ਰੇਚ ਕਰੋ, ਧੌਣ ਨੂੰ ਸੱਜੇ-ਖੱਬੇ, ਖੱਬੇ-ਸੱਜੇ ਹੌਲੀ-ਹੌਲੀ ਘੁਮਾਓ।
* ਕੋਈ ਵੀ ਆਸਣ ਅੱਗੇ ਝੁਕਣ ਵਾਲਾ ਨਾ ਕਰੋ।
* ਫੋਨ ਨੂੰ ਕੰਨ ਅਤੇ ਮੋਢੇ ਦੇ ਵਿਚਾਲੇ ਲਗਾ ਕੇ ਲੰਮੀ ਗੱਲ ਨਾ ਕਰੋ।


-ਮੇਘਾ


ਖ਼ਬਰ ਸ਼ੇਅਰ ਕਰੋ

ਚੁਸਤ-ਦਰੁਸਤ ਰਹਿਣ ਲਈ ਬਾਰ੍ਹਾਂ ਕਦਮ!

ਸੁੰਦਰ ਅਤੇ ਆਕਰਸ਼ਕ ਦਿਸਣਾ ਸਭ ਦੀ ਖਾਹਸ਼ ਹੁੰਦੀ ਹੈ। ਪਰ ਇਸ ਖਾਹਸ਼ ਨੂੰ ਸਾਕਾਰ ਰੂਪ ਦੇਣਾ ਸਭ ਲਈ ਸੰਭਵ ਨਹੀਂ ਹੁੰਦਾ। ਆਓ ਚੱਲੀਏ 12 ਕਦਮ ਇਕ ਆਕਰਸ਼ਕ ਅਤੇ ਚੁਸਤ ਦਿੱਖ ਵੱਲ-
* ਆਕਰਸ਼ਕ ਸਰੀਰ ਬਣਾਉਣਾ ਇਕ ਦਿਨ ਦਾ ਕੰਮ ਨਹੀਂ ਹੈ। ਇਸ ਲਈ ਲਗਾਤਾਰ ਨਿਯਮਤ ਕੋਸ਼ਿਸ਼ ਜ਼ਰੂਰੀ ਹੈ। ਵੈਸੇ ਤਾਂ ਤੁਹਾਡਾ ਡਾਕਟਰ ਅਤੇ ਪੋਸ਼ਣ ਮਾਹਿਰ ਤੁਹਾਡੇ ਲਈ ਸਹੀ ਭੋਜਨ ਸਾਰਣੀ ਬਣਾ ਕੇ ਦੇ ਸਕਦਾ ਹੈ, ਜਿਸ ਵਿਚ ਤੁਹਾਨੂੰ ਜ਼ਿਆਦਾ ਕੈਲੋਰੀ ਨਾ ਮਿਲੇ ਪਰ ਪੋਸ਼ਣ ਪੂਰਾ ਮਿਲੇ। ਜੇ ਤੁਸੀਂ ਖੁਦ ਹੀ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ ਦਿਨ ਭਰ ਵਿਚ 1600-1700 ਕੈਲੋਰੀ ਤੋਂ ਜ਼ਿਆਦਾ ਨਾ ਲਓ। ਖਾਧ ਪਦਾਰਥਾਂ ਵਿਚ ਕੈਲੋਰੀਆਂ ਦੀ ਮਾਤਰਾ ਕਈ ਕਿਤਾਬਾਂ ਅਤੇ ਅਖ਼ਬਾਰਾਂ ਵਿਚ ਛਪਦੀ ਰਹਿੰਦੀ ਹੈ।
* ਹਲਕੀ ਨਿਯਮਤ ਕਸਰਤ ਵੀ ਬਹੁਤ ਜ਼ਰੂਰੀ ਹੈ। ਦਿਨ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਤੇਜ਼ ਚਾਲ ਨਾਲ ਚੱਲੋ ਜਾਂ ਹਲਕੀ ਕਸਰਤ ਕਰੋ। ਜੇ ਤੁਸੀਂ ਇਕ ਵਾਰ ਵਿਚ ਇਸ ਨੂੰ ਪੂਰਾ ਨਾ ਕਰ ਸਕੋ ਤਾਂ ਦੋ ਵਾਰ ਵਿਚ ਪੂਰਾ ਕਰ ਲਓ।
* ਆਕਰਸ਼ਕ ਸਰੀਰ ਦੇ ਸਭ ਤੋਂ ਵੱਡੇ ਦੁਸ਼ਮਣ ਚਰਬੀ ਅਤੇ ਖੰਡ ਹਨ। ਤਲੇ ਹੋਏ ਖਾਧ ਪਦਾਰਥ ਅਤੇ ਮਠਿਆਈਆਂ ਵਿਚ ਏਨੀ ਜ਼ਿਆਦਾ ਕੈਲੋਰੀ ਹੁੰਦੀ ਹੈ ਕਿ ਤੁਸੀਂ ਇਕ ਵਾਰ ਵਿਚ ਹੀ ਆਪਣੀ ਦਿਨ ਭਰ ਦੀ ਲੋੜ ਨਾਲੋਂ ਜ਼ਿਆਦਾ ਕੈਲੋਰੀ ਗ੍ਰਹਿਣ ਕਰ ਲੈਂਦੇ ਹੋ ਜਦੋਂ ਕਿ ਇਨ੍ਹਾਂ ਤੋਂ ਸਰੀਰ ਨੂੰ ਕੋਈ ਪੋਸ਼ਣ ਪ੍ਰਾਪਤ ਨਹੀਂ ਹੁੰਦਾ।
* ਕੈਲੋਰੀ ਦੀ ਮਾਤਰਾ ਘੱਟ ਕਰਨ ਲਈ ਫਲ ਅਤੇ ਸਬਜ਼ੀਆਂ ਜ਼ਿਆਦਾ ਖਾਓ। ਸ਼ਰਾਬ ਜਾਂ ਤਾਂ ਪੀਓ ਹੀ ਨਾ ਜਾਂ ਬਹੁਤ ਘੱਟ ਪੀਓ। ਸਿੱਕਮ ਮਿਲਕ ਅਤੇ ਉਸ ਤੋਂ ਬਣੇ ਦਹੀਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਚੀਜ਼, ਛੈਨਾ, ਪਨੀਰ, ਮਿੱਠੀ ਲੱਸੀ ਮੋਟਾਪਾ ਵਧਾਉਣ ਵਿਚ ਸਹਾਇਕ ਹੁੰਦੇ ਹਨ।
* ਜੇ ਤੁਸੀਂ ਮਾਸਾਹਾਰੀ ਹੋ ਤਾਂ ਸਿਰਫ ਮੁਰਗਾ ਜਾਂ ਮੱਛੀ ਹੀ ਖਾਓ। ਇਨ੍ਹਾਂ ਨੂੰ ਬਿਨਾਂ ਤੇਲ ਦੇ ਜਾਂ ਬਹੁਤ ਘੱਟ ਤੇਲ ਵਿਚ ਬਣਾਓ।
* ਸ਼ਾਕਾਹਾਰੀ ਭੋਜਨ ਵੀ ਘੱਟ ਤੇਲ ਵਿਚ ਜਾਂ ਬਿਨਾਂ ਤੇਲ ਦੇ ਬਣਾਇਆ ਜਾਣਾ ਚਾਹੀਦਾ ਹੈ। ਕਈ ਘਰਾਂ ਅਤੇ ਤਕਰੀਬਨ ਸਾਰੇ ਹੋਟਲਾਂ ਵਿਚ ਸਬਜ਼ੀ ਘਿਓ ਵਿਚ ਤੈਰ ਰਹੀ ਹੁੰਦੀ ਹੈ, ਜੋ ਸਰੀਰ ਵਿਚ ਜਾ ਕੇ ਸਿੱਧੇ ਚਰਬੀ ਵਧਾਉਂਦੀ ਹੈ। ਇਸ ਲਈ ਇਸ ਪੱਖੋਂ ਵੀ ਸਾਵਧਾਨ ਰਹੋ।
* ਬਿਹਤਰ ਹੈ ਕਿ ਇਕ ਵਾਰ ਵਿਚ ਜ਼ਿਆਦਾ ਨਾ ਖਾਓ। ਆਪਣਾ ਭੋਜਨ 5-6 ਵਾਰ ਦੇ ਛੋਟੇ ਭੋਜਨਾਂ ਵਿਚ ਵੰਡ ਲਓ ਤਾਂ ਮੋਟਾਪਾ ਨਹੀਂ ਵਧਦਾ।
* ਰੇਸ਼ੇਦਾਰ ਭੋਜਨ ਭਾਰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਇਸ ਨਾਲ ਪੇਟ ਛੇਤੀ ਭਰ ਜਾਂਦਾ ਹੈ ਅਤੇ ਕੈਲੋਰੀ ਘੱਟ ਮਿਲਦੀ ਹੈ। ਅਣਛਾਣੇ (ਚੋਕਰ ਯੁਕਤ) ਆਟੇ ਦੀ ਰੋਟੀ ਹੀ ਖਾਓ। ਨਮਕੀਨ ਖਾਣ ਦੇ ਸ਼ੌਕ ਨੂੰ ਪੂਰਾ ਕਰਨ ਲਈ ਬਾਜ਼ਾਰ ਵਿਚੋਂ ਭੁੰਨਿਆ ਨਮਕੀਨ ਹੀ ਖਰੀਦੋ।
* ਜੇ ਤੁਸੀਂ ਕਿਸੇ ਭਾਰੀ ਖਾਧ ਪਦਾਰਥ ਦੇ ਸ਼ੌਕੀਨ ਹੋ ਤਾਂ ਆਪਣੀ ਇੱਛਾ ਪੂਰੀ ਕਰਨ ਲਈ ਮਹੀਨੇ ਵਿਚ ਇਕ ਜਾਂ ਦੋ ਵਾਰ ਘੱਟ ਮਾਤਰਾ ਵਿਚ ਖਾ ਸਕਦੇ ਹੋ ਪਰ ਦਿਨ ਭਰ ਵਿਚ ਲਈ ਗਈ ਕੁਲ ਕੈਲੋਰੀ ਦਾ ਧਿਆਨ ਰੱਖੋ।
* ਆਪਣੇ ਭੋਜਨ ਵਿਚ ਵਿਭਿੰਨਤਾ ਬਣਾਈ ਰੱਖੋ ਤਾਂ ਕਿ ਸਰੀਰ ਨੂੰ ਹਰ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਰਹਿ ਸਕਣ।
* ਭਾਰ ਘੱਟ ਕਰਨ ਲਈ ਕੋਈ ਦਵਾਈਆਂ ਜਾਂ ਨੁਸਖਿਆਂ ਦਾ ਇਸਤੇਮਾਲ ਨਾ ਕਰੋ। ਇਨ੍ਹਾਂ ਨਾਲ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
* ਜੇ ਤੁਸੀਂ ਭਾਰ ਘੱਟ ਕਰਨ ਲਈ ਕਿਸੇ ਜਿਮ ਜਾਂ ਹੈਲਥ ਕਲੱਬ ਦੇ ਮੈਂਬਰ ਬਣ ਰਹੇ ਹੋ ਤਾਂ ਅਜਿਹਾ ਹੀ ਕਾਰਜਕ੍ਰਮ ਚੁਣੋ, ਜਿਸ 'ਤੇ ਤੁਸੀਂ ਲੰਬੇ ਸਮੇਂ ਤੱਕ ਚੱਲ ਸਕਦੇ ਹੋ। ਜੇ ਤੁਸੀਂ 35 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਹੋ ਜਾਂ ਤੁਹਾਨੂੰ ਕੋਈ ਸਰੀਰਕ ਸਮੱਸਿਆ ਹੈ ਤਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ।


-ਮੇਘਾ

ਹੋਮਿਓਪੈਥਿਕ ਝਰੋਖੇ 'ਚੋਂ

ਨਸ਼ੇ, ਕਾਰਨ ਅਤੇ ਇਲਾਜ

ਜਿਸ ਤਰ੍ਹਾਂ ਨਸ਼ੇ ਦੀ ਪ੍ਰਵਿਰਤੀ ਵਧਦੀ ਜਾ ਰਹੀ ਹੈ, ਉਸੇ ਤਰ੍ਹਾਂ ਕਈ ਸਮਾਜ ਭਲਾਈ, ਮੈਡੀਕਲ ਸੰਸਥਾਵਾਂ ਵੱਲੋਂ ਇਸ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਨਸ਼ੇ ਦੀ ਲਤ ਨੂੰ ਛੁਡਾਉਣ ਲਈ, ਛੱਡਣ ਲਈ ਹੋਮਿਓਪੈਥਿਕ ਦਵਾਈਆਂ ਲਾਭਦਾਇਕ ਸਾਬਤ ਹੋ ਰਹੀਆਂ ਹਨ। ਹੋਮਿਓਪੈਥਿਕ ਇਲਾਜ ਰਾਹੀਂ ਨਸ਼ਾ ਛੁਡਾਉਣ-ਛੱਡਣ ਦੇ ਹੇਠ ਲਿਖੇ ਮੁੱਖ ਫਾਇਦੇ ਹਨ-* ਇਲਾਜ ਦੌਰਾਨ ਮਰੀਜ਼ ਨੂੰ ਦਾਖਲ ਹੋਣ ਦੀ ਲੋੜ ਨਹੀਂ ਪੈਂਦੀ। * ਮਰੀਜ਼ ਨੂੰ ਇਲਾਜ ਤੋਂ ਬਾਅਦ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ। * ਇਲਾਜ ਦੌਰਾਨ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਤੋੜ ਜਾਂ ਪ੍ਰੇਸ਼ਾਨੀ ਨਹੀਂ ਉਠਾਉਣੀ ਪੈਂਦੀ। * ਮਰੀਜ਼ ਨੂੰ ਇਲਾਜ ਦੇ ਦੌਰਾਨ ਇਲਾਜ ਦੇ ਬਾਅਦ ਕੋਈ ਦਿਮਾਗੀ ਜਾਂ ਸਰੀਰਕ ਕਮਜ਼ੋਰੀ ਨਹੀਂ ਹੁੰਦੀ। * ਹੋਰਨਾਂ ਇਲਾਜਾਂ ਦੇ ਮੁਕਾਬਲੇ ਇਹ ਇਲਾਜ ਕਾਮਯਾਬ, ਸਸਤਾ ਅਤੇ ਟਿਕਾਊ ਹੁੰਦਾ ਹੈ। * ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਕਿ ਇਸ ਇਲਾਜ ਦਾ ਸਰੀਰ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਹੁੰਦਾ।
ਆਮ ਤੌਰ 'ਤੇ ਨਸ਼ਾ ਛੱਡਣ ਵਾਲੇ ਜਾਂ ਉਨ੍ਹਾਂ ਦਾ ਪਰਿਵਾਰ ਇਸ ਗੱਲ ਤੋਂ ਡਰਦੇ ਹਨ ਕਿ ਕਿਤੇ ਨਸ਼ਾ ਛੁਡਾਉਣ ਦਾ ਇਲਾਜ ਕਰਵਾਉਂਦੇ-ਕਰਵਾਉਂਦੇ ਇਸ ਦੀ ਦਵਾਈ ਰੋਗੀ ਨੂੰ ਕਿਤੇ ਪੱਕੀ ਹੀ ਨਾ ਲੱਗ ਜਾਵੇ, ਜਿਵੇਂ ਕਿ ਆਮ ਤੌਰ 'ਤੇ ਲੋਕਾਂ ਦੀ ਧਾਰਨਾ ਹੈ ਪਰ ਅਸੀਂ ਇਹ ਲਿਖਣ ਵਿਚ ਫ਼ਖਰ ਮਹਿਸੂਸ ਕਰਦੇ ਹਾਂ ਕਿ ਹੋਮਿਓਪੈਥਿਕ ਦਵਾਈਆਂ ਮਰੀਜ਼ ਨੂੰ ਪੱਕੇ ਤੌਰ 'ਤੇ ਨਹੀਂ ਲਗਦੀਆਂ।
ਹੋਮਿਓਪੈਥਿਕ ਇਲਾਜ ਰਾਹੀਂ ਮਰੀਜ਼ ਨਸ਼ਾ, ਕਿਸੇ ਤੋੜ, ਮਹਿੰਗੇ ਟੈਸਟਾਂ ਜਾਂ ਦਵਾਈ ਪੱਕੇ ਤੌਰ 'ਤੇ ਲੱਗਣ ਦੇ ਡਰ ਤੋਂ ਬਗੈਰ ਨਸ਼ਾ ਛੱਡ ਦਿੰਦਾ ਹੈ, ਜੋ ਕਿ ਰੋਗੀ ਅਤੇ ਰੋਗੀ ਦੇ ਪਰਿਵਾਰ ਲਈ ਖੁਸ਼ੀਆਂ ਭਰੀ ਸੌਗਾਤ ਹੈ। ਬਸ ਗੱਲ ਮਨ ਬਣਾਉਣ ਦੀ ਹੈ। ਜੇਕਰ ਨਸ਼ਾ ਕਰਨ ਵਾਲਾ ਵਿਅਕਤੀ ਇਲਾਜ ਕਰਵਾਉਣ ਲਈ ਆਪ ਮੰਨ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਤਾਂ ਉਸ ਦੇ ਸਾਕ-ਸੰਬੰਧੀ ਪਿਆਰ, ਸੂਝ-ਬੂਝ ਨਾਲ ਨਸ਼ਿਆਂ ਦੇ ਮਾੜੇ ਅਸਰ ਸਮਝਾ ਕੇ ਇਲਾਜ ਕਰਵਾਉਣ ਲਈ ਪਰੇਰ ਸਕਦੇ ਹਨ। ਜੇਕਰ ਕਿਸੇ ਹਾਲਤ ਵਿਚ ਰੋਗੀ ਨਹੀਂ ਮੰਨਦਾ ਤਾਂ ਵੀ ਉਸ ਦੇ ਪਰਿਵਾਰਕ ਮੈਂਬਰ ਡਾਕਟਰ ਨਾਲ ਸਲਾਹ ਕਰਕੇ ਨਸ਼ੇ ਦੇ ਆਦੀ ਨੂੰ ਦਵਾਈ ਉਸ ਦੀ ਮਰਜ਼ੀ ਨਾਲ ਜਾਂ ਬਿਨਾਂ ਮਰਜ਼ੀ ਦੇ ਇਲਾਜ ਸ਼ੁਰੂ ਕਰ ਸਕਦੇ ਹਨ, ਤਾਂ ਕਿ ਮਰੀਜ਼ ਪੂਰਾ ਇਲਾਜ ਕਰਵਾਉਣ ਲਈ ਰਾਜ਼ੀ ਹੋ ਸਕੇ।


-ਡਾ: ਦਿਲਬਾਗ ਨਸ਼ਾ ਛੁਡਾਊ ਕੇਂਦਰ, ਰਾਮਬਾਗ, ਅੰਮ੍ਰਿਤਸਰ।

ਤਣਾਅ-ਮੁਕਤ ਰਹਿਣ ਲਈ

ਲੰਬੇ-ਡੂੰਘੇ ਸਾਹਾਂ ਦਾ ਅਭਿਆਸ ਨਿਯਮਤ ਕਰੋ : ਲੰਬੇ-ਡੂੰਘੇ ਸਾਹਾਂ ਦੀ ਕੋਸ਼ਿਸ਼ ਨਿਯਮਤ ਕਰੋ। ਲੰਬੇ-ਡੂੰਘੇ ਸਾਹ ਲੈਣ ਨਾਲ ਖੂਨ ਦਾ ਦਬਾਅ ਠੀਕ ਰਹਿੰਦਾ ਹੈ ਅਤੇ ਵਧੀ ਹੋਈ ਧੜਕਨ ਠੀਕ ਹੁੰਦੀ ਹੈ। ਜਦੋਂ ਵੀ ਤਣਾਅ ਵਿਚ ਹੋਵੋ ਤਾਂ ਇਸ ਦਾ ਅਭਿਆਸ ਕਰੋ। ਵਿਚਾਲੇ ਥੋੜ੍ਹਾ ਗੈਪ ਦੇ ਕੇ ਥੋੜ੍ਹਾ ਪਾਣੀ ਪੀਓ। ਮੁੜ ਆਵਰਤੀ ਦੁਹਰਾਓ। ਨਿਯਮਤ ਅਭਿਆਸ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ।
ਕਸਰਤ ਨਿਯਮਤ ਕਰੋ : ਨਿਯਮਤ ਕਸਰਤ ਨਾਲ ਤਣਾਅ ਵਧਾਉਣ ਵਾਲੇ ਹਾਰਮੋਨਜ਼ ਘੱਟ ਬਣਦੇ ਹਨ। ਇਸ ਲਈ ਤਣਾਅ ਤੋਂ ਦੂਰੀ ਰੱਖਣ ਅਤੇ ਸ਼ਾਂਤ ਰਹਿਣ ਲਈ ਨਿਯਮਤ ਕਸਰਤ ਜ਼ਰੂਰੀ ਹੈ। ਕਸਰਤ ਸਰੀਰ ਅਤੇ ਮਨ ਦੋਵਾਂ ਨੂੰ ਦਰੁਸਤ ਰੱਖਦੀ ਹੈ। ਕਸਰਤ ਵਿਚ ਤੁਸੀਂ ਸੈਰ, ਧਿਆਨ, ਯੋਗਾ, ਐਰੋਬਿਕਸ ਕੁਝ ਵੀ ਅਪਣਾ ਕੇ ਨਿਯਮਤ ਕਰੋ।
ਮਾਲਿਸ਼ ਵੀ ਤਣਾਅ ਨੂੰ ਘੱਟ ਕਰਦੀ ਹੈ : ਸਿਰਦਰਦ ਅਤੇ ਨੀਂਦ ਨਾ ਆਉਣਾ ਤਣਾਅ ਦੇ ਮੁੱਖ ਲੱਛਣ ਹਨ। ਜਦੋਂ ਕਦੇ ਅਜਿਹਾ ਮਹਿਸੂਸ ਹੋਵੇ, ਸਿਰ ਦੀ ਮਾਲਿਸ਼ ਹਲਕੇ ਹੱਥਾਂ ਨਾਲ ਕਰੋ ਜਾਂ ਕਰਵਾਓ। ਇਸੇ ਤਰ੍ਹਾਂ ਪੂਰੇ ਸਰੀਰ ਦੀ ਮਾਲਿਸ਼ ਵੀ ਤੁਹਾਡੀਆਂ ਮਾਸਪੇਸ਼ੀਆਂ ਨੂੰ ਰਾਹਤ ਦਿੰਦੀ ਹੈ। ਸਿਰ ਵਿਚ ਮਾਲਿਸ਼ ਕਰਵਾਉਣ ਨਾਲ ਖੂਨ ਸੰਚਾਰ ਵਧਦਾ ਹੈ, ਜਿਸ ਨਾਲ ਸਿਰਦਰਦ ਵਿਚ ਰਾਹਤ ਮਿਲਦੀ ਹੈ। ਫਿਰ ਨੀਂਦ ਵੀ ਚੰਗੀ ਆਉਂਦੀ ਹੈ।
ਸਕਾਰਾਤਮਕ ਬਣੋ : ਅਸੀਂ ਕੀ ਸੋਚਦੇ ਹਾਂ, ਇਸ ਦਾ ਪ੍ਰਭਾਵ ਸਾਡੇ ਕੰਮ ਅਤੇ ਮੂਡ 'ਤੇ ਪੈਂਦਾ ਹੈ। ਜੇਕਰ ਤੁਸੀਂ ਨਕਾਰਾਤਮਕ ਸੋਚ ਰੱਖਦੇ ਹੋ ਤਾਂ ਤਣਾਅਗ੍ਰਸਤ ਰਹੋਗੇ ਅਤੇ ਤਣਾਅਗ੍ਰਸਤ ਰਹਿਣ 'ਤੇ ਕੋਈ ਵੀ ਕੰਮ ਸਹੀ ਨਹੀਂ ਹੋਵੇਗਾ। ਮੂਡ ਵੀ ਖਰਾਬ ਰਹੇਗਾ। ਇਸ ਲਈ ਨਕਾਰਾਤਮਕ ਸੋਚ ਨੂੰ ਭਾਰੂ ਨਾ ਹੋਣ ਦਿਓ। ਖੁਸ਼ਹਾਲ ਜ਼ਿੰਦਗੀ ਲਈ ਸਕਾਰਾਤਮਕ ਸੋਚ ਦਾ ਹੋਣਾ ਜ਼ਰੂਰੀ ਹੈ। ਆਲੇ-ਦੁਆਲੇ ਦਾ ਮਾਹੌਲ ਵੀ ਸਕਾਰਾਤਮਕ ਬਣਾਈ ਰੱਖੋ ਅਤੇ ਮਿੱਤਰ ਵੀ ਸਕਾਰਾਤਮਕ ਸੋਚ ਵਾਲੇ ਬਣਾਓ।
ਇਕ ਹੀ ਸਮੇਂ ਜ਼ਿਆਦਾ ਕੰਮ ਨਾ ਕਰੋ : ਦਿਮਾਗ 'ਤੇ ਇਕ ਹੀ ਸਮੇਂ ਵਿਚ ਬਹੁਤ ਸਾਰੇ ਕੰਮ ਕਰਨ ਦਾ ਬੋਝ ਨਾ ਪਾਓ। ਇਸ ਨਾਲ ਤੁਸੀਂ ਛੇਤੀ ਤਣਾਗ੍ਰਸਤ ਹੋ ਜਾਓਗੇ। ਹੁਨਰਮੰਦ ਕਹਾਉਣ ਦੇ ਚੱਕਰ ਵਿਚ ਬਹੁਤ ਸਾਰੇ ਕੰਮ ਹੱਥ ਵਿਚ ਨਾ ਲਓ। ਇਸ ਨਾਲ ਤਣਾਅਗ੍ਰਸਤ ਹੋ ਕੇ ਕੰਮ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਜਿੰਨਾ ਵੀ ਕਰੋ, ਤਣਾਅਰਹਿਤ ਹੋ ਕੇ ਕਰੋ।
ਦਿਲਚਸਪ ਕੰਮਾਂ ਲਈ ਸਮਾਂ ਕੱਢੋ : ਦਿਨ ਭਰ ਦੀ ਭੱਜ-ਦੌੜ ਵਿਚ ਜਾਂ ਅੱਗੇ ਨਿਕਲਣ ਦੇ ਚੱਕਰ ਵਿਚ ਅਸੀਂ ਆਪਣੀ ਰੁਚੀ ਵਾਲੇ ਕੰਮਾਂ ਲਈ ਸਮਾਂ ਨਹੀਂ ਕੱਢ ਪਾਉਂਦੇ, ਜਿਸ ਕਾਰਨ ਕੁਝ ਸਮੇਂ ਬਾਅਦ ਸਾਨੂੰ ਚਿੜਚਿੜਾਪਨ ਹੋਣ ਲਗਦਾ ਹੈ ਅਤੇ ਤਣਾਅ ਸਾਡੇ ਅੰਦਰ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਚਣ ਲਈ ਆਪਣੇ ਸ਼ੌਕਾਂ ਲਈ ਸਮਾਂ ਕੱਢੋ ਅਤੇ ਖੁਦ ਨੂੰ ਤਣਾਅਮੁਕਤ ਰੱਖੋ।
ਜੀਵਨ ਵਿਚ ਕੁਝ ਮੌਜ-ਮਸਤੀ ਕਰੋ : ਨਿੱਜੀ ਨੌਕਰੀ ਕਰਨ ਵਾਲਿਆਂ ਨੂੰ ਦਿਨ ਵਿਚ 6 ਤੋਂ 10 ਘੰਟੇ ਕੰਮ ਅਤੇ ਆਉਣ-ਜਾਣ ਵਿਚ 2 ਤੋਂ 3 ਘੰਟੇ ਲੱਗ ਜਾਂਦੇ ਹਨ, ਜਿਸ ਨਾਲ ਕੁਝ ਸਮੇਂ ਬਾਅਦ ਉਨ੍ਹਾਂ ਦੀ ਰੋਜ਼ਮਰਾ ਉਕਾਊ ਹੋਣ ਲਗਦੀ ਹੈ। ਉਨ੍ਹਾਂ ਨੂੰ ਨਾ ਕੰਮ ਦਾ ਮਜ਼ਾ ਆਉਂਦਾ ਹੈ, ਨਾ ਜ਼ਿੰਦਗੀ ਵਿਚ। ਅਜਿਹੇ ਹਾਲਾਤ ਉਨ੍ਹਾਂ ਨੂੰ ਤਣਾਅਗ੍ਰਸਤ ਬਣਾ ਦਿੰਦੇ ਹਨ। ਇਸ ਤੋਂ ਬਚਣ ਲਈ ਆਪਣੀ ਰੋਜ਼ਮਰਾ ਵਿਚ ਕੁਝ ਸਮੇਂ ਬਾਅਦ ਬਦਲਾਓ ਲਿਆਓ ਤਾਂ ਕਿ ਤਣਾਅ ਜਾਂ ਉਕਾਊਪਨ ਤੁਹਾਡੇ 'ਤੇ ਭਾਰੂ ਨਾ ਹੋਵੇ। ਹਫਤੇ ਬਾਅਦ ਪਰਿਵਾਰ ਜਾਂ ਦੋਸਤਾਂ ਦੇ ਨਾਲ ਘੁੰਮਣ ਜਾਓ, ਫਿਲਮ ਦੇਖੋ। ਕੁਝ ਨਵਾਂ ਕਰਨ ਜਾਂ ਪਾਉਣ ਦੀ ਕੋਸ਼ਿਸ਼ ਕਰੋ।
ਖੂਬ ਹੱਸੋ : ਹੱਸਣ ਨਾਲ ਸਾਡੇ ਸਰੀਰ ਵਿਚ ਅਜਿਹੇ ਹਾਰਮੋਨਜ਼ ਪੈਦਾ ਹੁੰਦੇ ਹਨ ਜੋ ਸਾਨੂੰ ਤਣਾਅ ਤੋਂ ਮੁਕਤ ਕਰਦੇ ਹਨ। ਇਸ ਲਈ ਕਾਮੇਡੀ ਸ਼ੋਅ, ਕਾਮੇਡੀ ਮੂਵੀ ਦੇਖੋ। ਚੁਟਕਲੇ ਪੜ੍ਹੋ ਅਤੇ ਕੁਦਰਤ ਦਾ ਪੂਰਾ ਅਨੰਦ ਲਓ। ਕੁਦਰਤ ਨੂੰ ਸਰਾਹੋ ਕਿ ਕੁਦਰਤ ਨੇ ਕਿੰਨਾ ਕੁਝ ਤੁਹਾਨੂੰ ਦਿੱਤਾ ਹੈ। ਮਾਹਿਰਾਂ ਅਨੁਸਾਰ ਖੁੱਲ੍ਹ ਕੇ ਹੱਸਣਾ 15 ਮਿੰਟ ਦੀ ਕਸਰਤ ਦੇ ਬਰਾਬਰ ਹੁੰਦਾ ਹੈ।
ਦਬਾਅ ਤੋਂ ਮੁਕਤ ਰਹਿਣ ਦੇ ਕੁਝ ਹੋਰ ਉਪਾਅ : * ਕੁਝ ਮਿੱਠਾ ਖਾਓ।
* ਰਿਲੈਕਸ ਹੋਣ ਲਈ ਸਮਾਂ ਕੱਢੋ। * ਪੌਸ਼ਟਿਕ ਭੋਜਨ ਨਿਯਮਤ ਲਓ। * ਆਪਣੀ ਸਮਰੱਥਾ ਅਨੁਸਾਰ ਕੰਮ ਕਰੋ। * ਆਪਣੇ ਪਿਆਰੇ ਦੋਸਤ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ ਤਾਂ ਕਿ ਮਨ ਹਲਕਾ ਰਹੇ। * ਆਪਣੇ ਪਿਆਰੇ ਮਿੱਤਰਾਂ ਅਤੇ ਸਬੰਧੀਆਂ ਦੇ ਨਾਲ ਕੁਝ ਸਮਾਂ ਬਿਤਾਓ।


-ਸੁਨੀਤਾ ਗਾਬਾ

ਦਵਾਈ ਦਾ ਕੰਮ ਵੀ ਕਰਦੀ ਹੈ ਚਾਹ

ਪਾਣੀ ਤੋਂ ਬਾਅਦ ਜੇ ਕੋਈ ਚੀਜ਼ ਸਭ ਤੋਂ ਵੱਧ ਪੀਤੀ ਜਾਂਦੀ ਹੈ ਤਾਂ ਉਹ ਹੈ ਚਾਹ। ਚਾਹ ਸਰੀਰ ਲਈ ਲਾਭਦਾਇਕ ਮੰਨੀ ਜਾਂਦੀ ਹੈ। ਚਾਹ ਦੇ ਬਾਰੇ ਵਿਚ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਸੁੰਦਰਤਾ ਵੀ ਵਧਾਉਂਦੀ ਹੈ। ਚਾਹ ਦੇ ਉਤਪਾਦਨ ਵਿਚ ਭਾਰਤ ਦਾ ਮੋਹਰੀ ਸਥਾਨ ਹੈ।
ਵੈਸੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਚਾਹ ਹਮੇਸ਼ਾ ਤੋਂ ਹੀ ਚੁਸਤੀ ਪ੍ਰਦਾਨ ਕਰਨ ਵਾਲਾ ਅਤੇ ਆਰਾਮ ਪਹੁੰਚਾਉਣ ਵਾਲਾ ਇਕ ਕੁਦਰਤੀ ਅਤੇ ਸਵਾਸਥਵਰਧਕ ਪੀਣ ਵਾਲਾ ਪਦਾਰਥ ਰਿਹਾ ਹੈ। ਅੱਜ ਦੇ ਸਮੇਂ ਵਿਚ ਸੰਤੁਲਿਤ ਭੋਜਨ ਅਤੇ ਨਿਯਮਤ ਕਸਰਤ ਦੀ ਤਰ੍ਹਾਂ ਚਾਹ ਤੰਦਰੁਸਤ ਅਤੇ ਆਧੁਨਿਕ ਜੀਵਨ ਸ਼ੈਲੀ ਦਾ ਇਕ ਅਭਿੰਨ ਅੰਗ ਹੈ।
ਆਸਾਮ ਟੀ ਟ੍ਰੇਡਰਸ ਦੁਆਰਾ ਜਾਰੀ ਇਕ ਰਿਪੋਰਟ ਅਨੁਸਾਰ ਚਾਹ ਵਿਚ ਪਾਏ ਜਾਣ ਵਾਲੇ ਫੇਨਾਲਿਕ ਐਂਟੀ-ਆਕਸੀਡੈਂਟਸ ਅਨੇਕਾਂ ਤਰ੍ਹਾਂ ਦੇ ਕੈਂਸਰਾਂ (ਫੇਫੜੇ, ਪੇਟ, ਗ੍ਰਾਸਨਲੀ, ਛੋਟੀ ਅੰਤੜੀ, ਪਾਚਕ ਗ੍ਰੰਥੀ, ਯਕ੍ਰਤ, ਸਤਨ ਅਤੇ ਮਲਾਸ਼ਯ ਕੈਂਸਰ) ਦੀਆਂ ਸੰਭਾਵਨਾਵਾਂ ਨੂੰ ਕਾਫੀ ਹੱਦ ਤੱਕ ਘੱਟ ਕਰਦੇ ਹਨ। ਰੋਜ਼ਾਨਾ ਦੇ ਚਾਹ ਦੇ ਪਿਆਲੇ ਵਿਚ ਮੌਜੂਦ ਕੈਲਸ਼ੀਅਮ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ, ਨਾਲ ਹੀ ਚਾਹ ਵਿਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ, ਗੈਸਟ੍ਰਿਕ ਅਲਸਰ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਟਿਊਮਰਾਂ ਅਤੇ ਅੰਤੜੀਆਂ ਸਬੰਧੀ ਪੁਰਾਣੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਰੱਖਦਾ ਹੈ। ਚਾਹ ਨੂੰ ਦੰਦਾਂ ਲਈ ਵੀ ਬੇਹੱਦ ਫਾਇਦੇਮੰਦ ਦੱਸਿਆ ਗਿਆ ਹੈ। ਇਹ ਦੰਦਾਂ ਦੀ ਸੜਨ ਰੋਕਦੀ ਹੈ।
ਚਾਹ ਵਿਚ ਮੌਜੂਦ ਥੀਆਫਲੋਵਿੰਸ ਦੰਦਾਂ 'ਤੇ ਪੇਪੜੀ ਜੰਮਣ ਤੋਂ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਚਾਹ ਵਿਚ ਪਾਏ ਜਾਣ ਵਾਲੇ ਜਵੈਲੋਨਾਇਡਸ ਐੱਲ.ਡੀ.ਐੱਲ. ਕੋਲੈਸਟ੍ਰੋਲ ਦੇ ਆਕਸੀਡੇਸ਼ਨ ਨੂੰ ਰੋਕਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਘੱਟ ਕਰਦਾ ਹੈ।
ਚਾਹ ਮੁੱਖ ਰੂਪ ਨਾਲ ਕੈਮੋਲਿਆ ਸਿਨੋਸਿਸ ਪੌਦਿਆਂ ਨਾਲ ਤਿਆਰ ਕੀਤੀ ਜਾਂਦੀ ਹੈ ਪਰ ਅਨੇਕਾਂ ਤਰੀਕਿਆਂ ਦੀ ਪ੍ਰਕਿਰਿਆ ਦੀ ਵਜ੍ਹਾ ਨਾਲ ਚਾਹ ਦਾ ਰੰਗ ਵੱਖ-ਵੱਖ ਹੁੰਦਾ ਹੈ, ਜਿਵੇਂ ਕਾਲਾ ਅਤੇ ਹਰਾ। ਖੋਜ ਤੋਂ ਇਹ ਵੀ ਪਤਾ ਲੱਗਾ ਹੈ ਕਿ ਚਾਹ ਦੀਆਂ ਇਹ ਦੋਵੇਂ ਕਿਸਮਾਂ ਸਿਹਤ ਲਈ ਫਾਇਦੇਮੰਦ ਹਨ।
ਦੁਨੀਆ ਭਰ ਵਿਚ ਤਿੰਨ ਹਜ਼ਾਰ ਤਰ੍ਹਾਂ ਦੀ ਚਾਹ ਪੀਤੀ ਜਾਂਦੀ ਹੈ। ਇਨ੍ਹਾਂ ਵਿਚ ਬਲੈਕ ਟੀ, ਗ੍ਰੀਨ ਟੀ, ਊਲਾਂਗ ਟੀ, ਫਲੇਵਰਡ ਟੀ, ਟਿਸੇਨ ਆਦਿ ਪ੍ਰਮੁੱਖ ਹਨ।


-ਵਿਕਾਸ ਸ਼ਰਮਾ

ਤੰਦਰੁਸਤ ਸਰੀਰ ਲਈ ਲਿਵਰ ਠੀਕ ਹੋਵੇ

ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚ ਸ਼ਾਮਿਲ ਹੁੰਦਾ ਹੈ ਲਿਵਰ। ਇਹ ਸਰੀਰ ਦਾ ਸਭ ਤੋਂ ਵੱਡਾ ਅੰਦਰੂਨੀ ਅੰਗ ਹੈ ਜੋ ਤੰਦਰੁਸਤ ਸਰੀਰ ਲਈ ਜ਼ਰੂਰੀ ਕਈ ਰਸਾਇਣਕ ਕਿਰਿਆਵਾਂ ਲਈ ਜ਼ਿੰਮੇਵਾਰ ਹੈ।
ਲਿਵਰ ਇਕ ਗ੍ਰੰਥੀ ਵੀ ਹੈ, ਕਿਉਂਕਿ ਇਹ ਅਜਿਹੇ ਰਸਾਇਣਾਂ ਦਾ ਸ੍ਰਾਵ ਵੀ ਕਰਦਾ ਹੈ ਜਿਸ ਦੀ ਵਰਤੋਂ ਸਰੀਰ ਦੇ ਹੋਰ ਅੰਗ ਕਰਦੇ ਹਨ। ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਕੰਮਾਂ ਦੇ ਕਾਰਨ ਇਹ ਇਕ ਅੰਗ ਅਤੇ ਗ੍ਰੰਥੀ ਦੋਵਾਂ ਵਿਚ ਸ਼ਾਮਿਲ ਹੁੰਦਾ ਹੈ। ਇਹ ਸਰੀਰ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਰਸਾਇਣਾਂ ਦਾ ਨਿਰਮਾਣ ਕਰਦਾ ਹੈ। ਇਹ ਸਰੀਰ ਵਿਚ ਬਣਨ ਵਾਲੇ ਤੱਤਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਤੋੜਦਾ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਖਤਮ ਕਰਦਾ ਹੈ। ਨਾਲ ਹੀ ਇਹ ਸਟੋਰੇਜ ਯੂਨਿਟ ਦੀ ਤਰ੍ਹਾਂ ਵੀ ਕੰਮ ਕਰਦਾ ਹੈ।
ਲਿਵਰ ਕੋਲੈਸਟ੍ਰੋਲ ਅਤੇ ਟ੍ਰਿਗਲਿਸਰਾਈਡਿਸ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਕਾਰਬੋਹਾਈਡ੍ਰੇਟਸ ਦਾ ਨਿਰਮਾਣ ਵੀ ਲਿਵਰ ਵਿਚ ਹੁੰਦਾ ਹੈ ਅਤੇ ਇਹ ਅੰਗ ਗੁਲੂਕੋਜ਼ ਨੂੰ ਗਲੂਕੋਜ਼ੋਨ ਵਿਚ ਬਦਲਣ ਲਈ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਲਿਵਰ ਵਿਚ ਅਤੇ ਮਾਸਪੇਸ਼ੀਆਂ ਦੀਆਂ ਕੋਸ਼ਿਕਾਵਾਂ ਵਿਚ ਸਟੋਰ ਕੀਤਾ ਜਾ ਸਕਦਾ ਹੈ।
ਲਿਵਰ ਬਾਈਲ ਵੀ ਬਣਾਉਂਦਾ ਹੈ ਜੋ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ। ਲਿਵਰ ਸਰੀਰ ਵਿਚ ਉਪਾਪਚੀ ਪ੍ਰਕਿਰਿਆ ਦੇ ਸਹਿ-ਉਤਪਾਦ ਅਮੋਨੀਆ ਨੂੰ ਯੂਰੀਆ ਵਿਚ ਬਦਲ ਕੇ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਨ੍ਹਾਂ ਨੂੰ ਗੁਰਦਿਆਂ ਦੁਆਰਾ ਪਿਸ਼ਾਬ ਰਾਹੀਂ ਸਰੀਰ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਹ ਅਲਕੋਹਲ ਸਮੇਤ ਦਵਾਈਆਂ ਨੂੰ ਵੀ ਤੋੜਦਾ ਹੈ ਅਤੇ ਇਹ ਸਰੀਰ ਵਿਚ ਇੰਸੁਲਿਨ ਅਤੇ ਦੂਜੇ ਹਾਰਮੋਨਜ਼ ਨੂੰ ਤੋੜਨ ਲਈ ਵੀ ਜ਼ਿੰਮੇਵਾਰ ਹੁੰਦਾ ਹੈ।
ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵਿਚ ਹੋਣ ਵਾਲੇ ਬਦਲਾਵਾਂ ਦੇ ਕਾਰਨ ਅੱਜ ਜਿਸ ਅੰਗ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ, ਉਹ ਹੈ ਲਿਵਰ। ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕਾਂ ਵਿਚ ਵਿਸ਼ਾਣੂ, ਨੁਕਸਾਨਦਾਇਕ ਭੋਜਨ ਅਤੇ ਅਲਕੋਹਲ ਦੀ ਵਰਤੋਂ ਵੀ ਹੋ ਸਕਦੀ ਹੈ। ਹੈਪੇਟਾਈਟਿਸ ਏ, ਬੀ ਅਤੇ ਸੀ ਵਰਗੇ ਵਿਸ਼ਾਣੂ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਕ ਹੋਰ ਕਾਰਕ ਮੋਟਾਪਾ ਹੈ। ਮੋਟਾਪਾ ਅੱਜ ਦੇ ਸਮੇਂ ਵਿਚ ਦੁਨੀਆ ਭਰ ਦੀ ਸਮੱਸਿਆ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਵਿਚ ਮੋਟਾਪੇ ਦੀ ਸਮੱਸਿਆ ਦੀ ਵਜ੍ਹਾ ਕਰਕੇ ਇਹ ਇਕ ਵੱਡੀ ਸਰਵਜਨਕ ਸਮੱਸਿਆ ਬਣ ਗਿਆ ਹੈ। ਉਪਲਬਧ ਅਧਿਐਨਾਂ ਤੋਂ ਮੋਟਾਪੇ ਨਾਲ ਅਨੇਕਾਂ ਤਰ੍ਹਾਂ ਦੇ ਕੈਂਸਰ ਪੈਦਾ ਹੋਣ ਦੀ ਜਾਣਕਾਰੀ ਮਿਲੀ ਹੈ। ਖਾਸ ਤੌਰ 'ਤੇ ਮੋਟਾਪੇ ਅਤੇ ਲਿਵਰ ਕੈਂਸਰ ਦੇ ਵਿਚ ਮਜ਼ਬੂਤ ਸਬੰਧ ਹੈ।
ਇਸ ਤੋਂ ਇਲਾਵਾ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ (ਐੱਨ. ਏ. ਐੱਲ. ਐੱਫ. ਡੀ.) ਅਤੇ ਜ਼ਿਆਦਾ ਗੰਭੀਰ ਨਾਨ ਅਲਕੋਹਲਿਕ ਸਿਟਿਓਹੈਪੇਟਾਈਟਿਸ (ਐੱਨ. ਏ. ਐੱਸ. ਐੱਚ.) ਵਰਗੀਆਂ ਹੋਰ ਬਿਮਾਰੀਆਂ ਦਾ ਵੀ ਖਤਰਾ ਹੈ। ਐੱਨ. ਏ. ਐੱਸ. ਐੱਚ. ਨੂੰ ਲਿਵਰ ਦੇ ਚਰਬੀਦਾਰ ਹੋਣ ਅਤੇ ਜਲਣ ਹੋਣ ਤੋਂ ਪਹਿਚਾਣਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਫਾਈਬ੍ਰੋਸਿਸ ਅਤੇ ਸਿਰੌਸਿਸ ਵੀ ਹੋ ਸਕਦਾ ਹੈ। ਸਿਰੌਸਿਸ ਨੂੰ ਲਿਵਰ ਕੈਂਸਰ ਦੇ ਜ਼ੋਖਮ ਦੇ ਕਾਰਨ ਦੇ ਤੌਰ 'ਤੇ ਜਾਣਿਆ ਜਾ ਸਕਦਾ ਹੈ। ਦਰਅਸਲ ਜ਼ਿਆਦਾ ਲੋਕਾਂ ਦੇ ਮੋਟਾਪੇ ਤੋਂ ਪੀੜਤ ਹੋਣ ਦੀ ਵਜ੍ਹਾ ਨਾਲ ਇਹ ਹੈਪੇਟਾਈਟਿਸ ਵਿਸ਼ਾਣੂ ਦੀ ਵਜ੍ਹਾ ਨਾਲ ਹੋਣ ਵਾਲੇ ਸੰਕ੍ਰਮਣ ਦੇ ਮੁਕਾਬਲੇ ਹੈਪਟੋਸੈਲਿਊਲਰ ਕਾਰਸੀਨੋਮਾ ਦੀ ਅਹਿਮ ਵਜ੍ਹਾ ਹੋ ਸਕਦਾ ਹੈ।
ਬਹੁਤ ਜ਼ਿਆਦਾ ਮਾਤਰਾ ਵਿਚ ਅਲਕੋਹਲ ਦੀ ਵਰਤੋਂ ਕਰਨ ਕਰਕੇ ਲਿਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਮਾਤਰਾ ਵਿਚ ਅਲਕੋਹਲ ਦੀ ਵਰਤੋਂ ਕਰਦਾ ਹੈ ਤਾਂ ਲਿਵਰ ਦੇ ਠੀਕ ਕੰਮ ਕਰਨ ਵਿਚ ਰੁਕਾਵਟ ਪੈਦਾ ਹੁੰਦੀ ਹੈ। ਲਿਵਰ ਦੀਆਂ ਕੋਸ਼ਿਕਾਵਾਂ ਬਰਬਾਦ ਹੋ ਸਕਦੀਆਂ ਹਨ।


-ਨਰੇਂਦਰ ਦੇਵਾਂਗਨ

ਸਕਾਰਾਤਮਿਕ ਦ੍ਰਿਸ਼ਟੀਕੋਣ ਜ਼ਰੂਰੀ ਹੈ

ਜਿਥੇ ਚੰਗਾ ਪੋਸ਼ਟਿਕ ਭੋਜਨ, ਸਰੀਰਕ ਮਿਹਨਤ ਅਤੇ ਤਣਾਅ ਰਹਿਤ ਜੀਵਨ ਲੰਬੀ ਉਮਰ ਪਾਉਣ ਲਈ ਮਹੱਤਵਪੂਰਨ ਹੈ, ਉਥੇ ਸਾਕਾਰਾਤਮਿਕ ਚਿੰਤਨ ਵੀ ਲੰਮੀ ਉਮਰ ਲਈ ਇਕ ਮਹੱਤਵਪੂਰਨ ਕਾਰਕ ਹੈ। ਯੇਲ ਵਿਸ਼ਵ ਵਿਦਿਆਲਿਆ ਦੇ ਡਾਕਟਰ ਬੇਕਕਾ ਆਰ. ਲੇਵੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕੀਤੇ ਗਏ ਅਧਿਐਨ ਵਿਚ ਇਹ ਤੱਥ ਪਾਇਆ ਗਿਆ ਕਿ ਜਿਨ੍ਹਾਂ ਬਜ਼ੁਰਗ ਲੋਕਾਂ ਵਿਚ ਜੀਵਨ ਪ੍ਰਤੀ ਸਾਕਾਰਾਤਮਿਕ ਦ੍ਰਿਸ਼ਟੀਕੋਣ ਸੀ, ਉਨ੍ਹਾਂ ਦੀ ਲੰਮੀ ਉਮਰ ਹੋਣ ਦੀ ਸੰਭਾਵਨਾ ਜ਼ਿਆਦਾ ਪਾਈ ਗਈ। ਖੋਜ ਕਰਤਾਵਾਂ ਨੇ 50 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਓਹੀਯੋਂ ਵਿਚ ਰਹਿਣ ਵਾਲੇ 338 ਮਰਦਾਂ ਅਤੇ 322 ਔਰਤਾਂ 'ਤੇ ਇਹ ਪ੍ਰਯੋਗ ਕੀਤਾ। ਅਜਿਹੇ ਲੋਕਾਂ ਦੀ ਔਸਤ ਉਮਰ ਨਿਰਾਸ਼ ਲੋਕਾਂ ਦੇ ਮੁਕਾਬਲੇ 1/2 ਫੀਸਦੀ ਜ਼ਿਆਦਾ ਪਾਈ ਗਈ।

ਸਿਹਤ ਖ਼ਬਰਨਾਮਾ

ਔਰਤਾਂ ਦੀ ਲੰਮੀ ਉਮਰ ਕਿਉਂ ਹੁੰਦੀ ਹੈ?

ਅਮਰੀਕੀ ਖੋਜ ਕਰਤਾਵਾਂ ਦੇ ਅਨੁਸਾਰ ਔਰਤਾਂ ਅਕਸਰ ਮਰਦਾਂ ਨਾਲੋਂ 6-7 ਸਾਲ ਜ਼ਿਆਦਾ ਉਮਰ ਜਿਉਂਦੀਆਂ ਹਨ। ਉਨ੍ਹਾਂ ਅਨੁਸਾਰ ਇਸ ਦਾ ਕਾਰਨ ਔਰਤਾਂ ਦਾ ਡੂੰਘੀ ਨੀਂਦ ਲੈਣਾ ਹੈ। ਜੋ ਮਰਦ ਅਕਸਰ ਦੇਰ ਰਾਤ ਤੱਕ ਜਾਗਦੇ ਹਨ ਜਾਂ ਨੀਂਦ ਸਬੰਧੀ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਸ਼ੂਗਰ, ਦਿਲ ਦੇ ਰੋਗ ਆਦਿ ਬਿਮਾਰੀਆਂ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਸੋ, ਗੂੜ੍ਹੀ ਨੀਂਦ ਔਰਤਾਂ ਦੀ ਲੰਬੀ ਉਮਰ ਦਾ ਰਾਜ਼ ਹੈ।
ਦਿਲ ਦੀ ਜਾਂਚ ਕਰਵਾਓ 20 ਸਾਲ ਦੀ ਉਮਰ ਤੋਂ

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਦੇ ਰੋਗ ਦੀ ਜਾਂਚ 20 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਤਾਂ ਕਿ ਬਿਮਾਰੀ ਦੀ ਸ਼ੁਰੂ ਤੋਂ ਹੀ ਰੋਕਥਾਮ ਕੀਤੀ ਜਾ ਸਕੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਸਿਗਰਟਨੋਸ਼ੀ, ਖੂਨ ਦਾ ਦਬਾਅ ਅਤੇ ਵਧਦੇ ਕੋਲੈਸਟ੍ਰੋਲ ਦੇ ਪੱਧਰ ਨਾਲ ਦਿਲ ਦੇ ਰੋਗ ਛੇਤੀ ਹੋਣ ਦੀ ਸੰਭਾਵਨਾ ਵਧ ਗਈ ਹੈ। ਯੂਨੀਵਰਸਿਟੀ ਆਫ ਨਾਰਥ ਕੇਰੋਲਿਨਾ ਦੇ ਪ੍ਰੋਫੈਸਰ ਸਿਡਨੀ ਸਿਮਥ ਅਨੁਸਾਰ ਦਿਲ ਦੇ ਰੋਗ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇ ਜਵਾਨੀ ਤੋਂ ਹੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਦੇ ਪੈਨਲ ਨੇ ਹੇਠ ਲਿਖੀਆਂ ਸਿਫਾਰਸ਼ਾਂ ਕੀਤੀਆਂ ਹਨ-
* ਜਿਨ੍ਹਾਂ ਲੋਕਾਂ ਦਾ ਬਾਡੀ ਮਾਸ ਇੰਡੈਕਸ 25 ਤੋਂ ਜ਼ਿਆਦਾ ਹੋਵੇ ਜਾਂ ਮਰਦਾਂ ਵਿਚ ਕਮਰ ਦਾ ਨਾਪ 40 ਇੰਚ ਅਤੇ ਔਰਤਾਂ ਵਿਚ 35 ਇੰਚ ਤੋਂ ਜ਼ਿਆਦਾ ਹੋਵੇ, ਉਨ੍ਹਾਂ ਨੂੰ ਆਪਣਾ ਭਾਰ ਘੱਟ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। * ਹਰ ਰੋਜ਼ 30 ਮਿੰਟ ਦੀ ਸਰੀਰਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। * ਜਿਨ੍ਹਾਂ ਮਰੀਜ਼ਾਂ ਨੂੰ ਅਗਲੇ ਦਸ ਸਾਲ ਵਿਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵੀ ਹੈ, ਉਨ੍ਹਾਂ ਨੂੰ ਲੋ ਡੋਜ਼ ਐਸਪ੍ਰਿਨ ਨਿਯਮਤ ਲੈਣੀ ਚਾਹੀਦੀ ਹੈ। * ਨਾ ਕੇਵਲ ਸਿਗਰਟਨੋਸ਼ੀ, ਸਗੋਂ ਤੰਬਾਕੂ ਦੇ ਧੂੰਏਂ ਤੋਂ ਵੀ ਦੂਰ ਰਹੋ। * ਨਿਯਮਤ ਰੂਪ ਨਾਲ ਨਾੜੀ ਅਤੇ ਦਿਲ ਦੀ ਗਤੀ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਟ੍ਰੋਕ ਦਾ ਖ਼ਤਰਾ ਨਾ ਰਹੇ।
ਕੌਫੀ ਰੋਕਦੀ ਹੈ ਪਿੱਤੇ ਦੀ ਪੱਥਰੀ ਹੋਣ ਤੋਂ

ਹਾਲ ਹੀ ਵਿਚ ਕੀਤੀ ਗਈ ਇਕ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਹਰ ਰੋਜ਼ ਤਿੰਨ ਜਾਂ ਚਾਰ ਕੱਪ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਇਕ ਆਮ ਆਦਮੀ ਦੇ ਮੁਕਾਬਲੇ ਪਿੱਤੇ ਦੀ ਪੱਥਰੀ ਹੋਣ ਦੀ ਸੰਭਾਵਨਾ 45 ਫੀਸਦੀ ਘੱਟ ਹੁੰਦੀ ਹੈ। ਬੋਸਟਨ ਵਿਚ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਦੁਆਰਾ 46 ਹਜ਼ਾਰ ਵਿਅਕਤੀਆਂ 'ਤੇ ਇਹ ਖੋਜ ਕੀਤੀ ਗਈ। ਜੋ ਵਿਅਕਤੀ ਕੌਫੀ ਨਹੀਂ ਪੀਂਦੇ ਸੀ, ਉਨ੍ਹਾਂ ਵਿਚ ਪਿੱਤੇ ਦੀ ਪੱਥਰੀ ਦੀ ਸੰਭਾਵਨਾ ਜ਼ਿਆਦਾ ਪਾਈ ਗਈ। ਇਸ ਲਈ ਕੌਫੀ ਪੀਓ ਅਤੇ ਪਿੱਤੇ ਦੀ ਪੱਥਰੀ ਤੋਂ ਬਚੋ।

ਖਾਣਾ ਕਿਵੇਂ ਖਾਈਏ?

ਲੋਕ ਅਕਸਰ ਹੀ ਕੰਮ ਕਰਦੇ ਸਮੇਂ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਚਾਹੇ ਦਫਤਰ ਵਿਚ ਕੰਮ ਕਰ ਰਹੇ ਹੋਣ ਜਾਂ ਘਰ ਵਿਚ ਟੀ. ਵੀ. ਦੇਖ ਰਹੇ ਹੋਣ, ਲੋਕ ਆਦਤ ਮੁਤਾਬਿਕ ਖਾਂਦੇ ਰਹਿੰਦੇ ਹਨ।
ਬੈਠ ਕੇ ਖਾਓ : ਤੁਹਾਨੂੰ ਹਮੇਸ਼ਾ ਬੈਠ ਕੇ ਖਾਣਾ ਚਾਹੀਦਾ ਹੈ। ਜਦੋਂ ਤੁਸੀਂ ਬੈਠੇ ਹੋ ਤਾਂ ਤੁਸੀਂ ਬਿਹਤਰ ਤਰੀਕੇ ਨਾਲ ਇਹ ਚੋਣ ਕਰ ਸਕਦੇ ਹੋ ਕਿ ਤੁਸੀਂ ਕੀ ਖਾਣਾ ਹੈ। ਨਾਲ ਹੀ ਅਜਿਹਾ ਕਰਦੇ ਸਮੇਂ ਤੁਹਾਨੂੰ ਧਿਆਨ ਰਹਿੰਦਾ ਹੈ ਕਿ ਤੁਸੀਂ ਕਿੰਨੀ ਮਾਤਰਾ ਵਿਚ ਖਾ ਰਹੇ ਹੋ। ਇਸ ਲਈ ਜੇਕਰ ਤੁਸੀਂ ਸਹੀ ਤਰੀਕੇ ਨਾਲ ਖਾਣਾ ਚਾਹੁੰਦੇ ਹੋ ਤਾਂ ਹਮੇਸ਼ਾ ਬੈਠ ਕੇ ਹੀ ਖਾਓ।
ਹੌਲੀ-ਹੌਲੀ ਖਾਓ : ਅਕਸਰ ਤੁਸੀਂ ਜੋ ਕੰਮ ਕਰ ਰਹੇ ਹੁੰਦੇ ਹੋ, ਜਿਵੇਂ ਟੀ. ਵੀ. ਦੇਖਣਾ, ਤੁਰਨਾ, ਗੱਲਾਂ ਕਰਨਾ ਆਦਿ ਤਾਂ ਤੁਸੀਂ ਉਸੇ ਗਤੀ ਵਿਚ ਖਾਣਾ ਵੀ ਖਾਂਦੇ ਹੋ। ਇਹ ਬਿਲਕੁਲ ਸਹੀ ਨਹੀਂ ਹੈ। ਤੁਹਾਨੂੰ ਹਮੇਸ਼ਾ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਪਾਚਣ ਕਿਰਿਆ ਦੌਰਾਨ ਆਸਾਨੀ ਹੁੰਦੀ ਹੈ। ਤੁਸੀਂ ਖਾਣੇ ਲਈ ਆਪਣਾ ਵਿਹਲਾ ਹੱਥ ਵਰਤ ਸਕਦੇ ਹੋ, ਇਸ ਨਾਲ ਤੁਹਾਡੇ ਖਾਣੇ ਦੀ ਗਤੀ ਕਰੀਬ 30 ਫੀਸਦੀ ਤੱਕ ਘੱਟ ਹੋ ਜਾਂਦੀ ਹੈ।
ਸਵਾਦ ਲੈ ਕੇ ਖਾਓ : ਤੁਹਾਨੂੰ ਚਾਹੀਦਾ ਹੈ ਕਿ ਖਾਣੇ ਨੂੰ ਹਮੇਸ਼ਾ ਸਵਾਦ ਲੈ ਕੇ ਖਾਓ। ਜਦੋਂ ਵੀ ਤੁਸੀਂ ਖਾਣਾ ਖਾਓ, ਹਮੇਸ਼ਾ ਖਾਣੇ 'ਤੇ ਹੀ ਧਿਆਨ ਕੇਂਦ੍ਰਿਤ ਰੱਖੋ ਅਤੇ ਕੋਸ਼ਿਸ਼ ਕਰੋ ਕਿ ਉਸ ਸਮੇਂ ਤੁਸੀਂ ਦੂਜਾ ਕੋਈ ਕੰਮ ਨਾ ਕਰੋ। ਇਸ ਨਾਲ ਤੁਸੀਂ ਆਪਣੇ ਖਾਣੇ ਦੇ ਅਸਲ ਸਵਾਦ ਦਾ ਮਜ਼ਾ ਲੈ ਸਕੋਗੇ। ਅਜਿਹਾ ਕਰਦੇ ਸਮੇਂ ਯਾਦ ਰੱਖੋ ਕਿ ਸਵਾਦ ਦੇ ਚੱਕਰ ਵਿਚ ਜ਼ਿਆਦਾ ਨਾ ਖਾਓ।
ਮਨ ਨਾ ਭਟਕੇ : ਹਮੇਸ਼ਾ ਖਾਣਾ ਖਾਣ ਸਮੇਂ ਟੀ. ਵੀ., ਲੈਪਟਾਪ, ਮੋਬਾਈਲ ਫੋਨ ਆਦਿ ਤੋਂ ਦੂਰ ਬੈਠੋ। ਅਜਿਹਾ ਕਰਨ ਨਾਲ ਤੁਸੀਂ ਖਾਣੇ 'ਤੇ ਧਿਆਨ ਦੇ ਸਕੋਗੇ। ਤੁਸੀਂ ਖਾਣਾ ਖਾਂਦੇ ਸਮੇਂ ਆਪਣਾ ਫੋਨ ਸਾਈਲੈਂਟ ਮੋਡ 'ਤੇ ਰੱਖੋ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਅਤੇ ਖਾਂਦੇ ਸਮੇਂ ਫੋਨ ਵੱਜਿਆ ਤਾਂ ਤੁਹਾਡਾ ਧਿਆਨ ਭਟਕੇਗਾ। ਇਸ ਤੋਂ ਇਲਾਵਾ ਹੈਲਦੀ ਖਾਣੇ ਨੂੰ ਨੇੜੇ ਹੀ ਰੱਖੋ, ਤਾਂ ਕਿ ਭੁੱਖ ਲੱਗਣ 'ਤੇ ਤੁਸੀਂ ਜੰਕ ਫੂਡ ਖਾਣ ਤੋਂ ਬਚ ਸਕੋ।
ਖਾਂਦੇ ਸਮੇਂ ਖੁਸ਼ ਰਹੋ : ਹਰ ਇਨਸਾਨ ਇਸ ਚਾਹਤ ਵਿਚ ਕਮਾਉਂਦਾ ਹੈ ਕਿ ਉਸ ਨੂੰ ਪੇਟ ਭਰ ਖਾਣਾ ਮਿਲ ਸਕੇ। ਇਸ ਲਈ ਜਦੋਂ ਵੀ ਤੁਸੀਂ ਖਾਣਾ ਖਾਓ ਤਾਂ ਖੁਦ ਨੂੰ ਖੁਸ਼ ਰੱਖੋ। ਮੁਸਕੁਰਾਉਂਦੇ ਹੋਏ ਖਾਣ ਨਾਲ ਤੁਹਾਡੇ ਸਰੀਰ ਵਿਚ ਫੀਲਗੁਡ ਕੈਮੀਕਲਸ ਨਿਕਲਦੇ ਹਨ, ਜੋ ਤੁਹਾਡਾ ਸਟ੍ਰੈਸ ਅਤੇ ਪ੍ਰੇਸ਼ਾਨੀ ਦੂਰ ਕਰਨ ਵਿਚ ਮਦਦ ਕਰਦੇ ਹਨ। ਜਦੋਂ ਤੁਹਾਡੀ ਚਿੰਤਾ ਦੂਰ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ-ਆਪ ਹੀ ਖੁਸ਼ ਰਹਿਣ ਲਗਦੇ ਹੋ।

21 ਜੂਨ ਨੂੰ ਯੋਗ ਦਿਵਸ 'ਤੇ ਵਿਸ਼ੇਸ਼

ਹਰ ਤਰ੍ਹਾਂ ਦੀ ਸਰੀਰਕ ਤੰਦਰੁਸਤੀ ਲਈ ਯੋਗ

ਯੋਗਾ ਦਾ ਮਾਨਸਿਕ, ਸਰੀਰਕ, ਭਾਵਨਾਤਮਕ ਅਤੇ ਮਨੋਭਾਵ 'ਤੇ ਸਾਕਾਰਮਤਕ ਅਸਰ ਪੈਂਦਾ ਹੈ ਜਿਸ ਨਾਲ ਆਤਮ-ਵਿਸ਼ਵਾਸ ਵਧਦਾ ਹੈ। ਯੋਗਾ ਨਾਲ ਤੁਸੀਂ ਆਤਮਿਕ ਤੌਰ 'ਤੇ ਸ਼ਾਂਤ ਮਹਿਸੂਸ ਕਰਦੇ ਹੋ। ਜਿਸ ਨਾਲ ਤੁਹਾਡੇ ਬਾਹਰੀ ਸੁੰਦਰਤਾ ਵਿਚ ਵੀ ਨਿਖਾਰ ਆਉਂਦਾ ਹੈ। ਆਮ ਤੌਰ 'ਤੇ ਅਨੀਂਦਰਾ, ਤਣਾਓ ਆਦਿ ਵਿਚ ਪੈਦਾ ਹੋਣ ਵਾਲੇ ਕਿੱਲ ਮੁਹਾਂਸੇ, ਕਾਲੇ ਧੱਬੇ ਆਦਿ ਦੀ ਸਮੱਸਿਆਵਾਂ ਦੇ ਸਥਾਈ ਹੱਲ ਵਿਚ ਯੋਗ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉੱਥਾਨ ਆਸਣ ਦੇ ਲਗਾਤਾਰ ਕਰਨ ਨਾਲ ਤੁਸੀਂ ਕਿੱਲ, ਮੁਹਾਂਸੇ, ਕਾਲੇ ਧੱਬੇ ਆਦਿ ਦੀ ਸਮੱਸਿਆ ਤੋਂ ਸਥਾਈ ਹੱਲ ਪਾ ਸਕਦੇ ਹੋ। ਕਪਾਲਭਾਤੀ ਨਾਲ ਸਸੀਰ ਵਿਚ ਕਾਰਬਨ ਡਾਈਆਕਸਾਈਡ ਨੂੰ ਹਟਾ ਕੇ ਖੂਨ ਨੂੰ ਸਾਫ ਕਰਨ ਵਿਚ ਮਦਦ ਮਿਲਦੀ ਹੈ। ਉਸ ਨਾਲ ਸਰੀਰ ਵਿਚ ਹਲਕਾਪਨ ਮਹਿਸੂਸ ਹੁੰਦਾ ਹੈ। ਧਨੁਰ ਆਸਣ ਨਾਲ ਸਰੀਰ ਵਿਚ ਖੂਨ ਦਾ ਪ੍ਰਭਾਵ ਵਧਦਾ ਹੈ ਅਤੇ ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ਦੀ ਚਮੜੀ ਵਿਚ ਕੁਦਰਤੀ ਚਮਕ ਆਉਂਦੀ ਹੈ ਅਤੇ ਚਮੜੀ ਦੀ ਰੰਗਤ ਵਿਚ ਨਿਖਾਰ ਵੀ ਆਉਂਦਾ ਹੈ।
ਯੋਗ ਦੇ ਲਗਾਤਾਰ ਅਭਿਆਸ ਨਾਲ ਚਮੜੀ ਅਤੇ ਸਰੀਰ ਵਿਚ ਜਵਾਨੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਯੋਗਾ ਆਸਣ ਨਾਲ ਰੀੜ੍ਹ ਦੀ ਹੱਡੀ ਅਤੇ ਜੋੜਾਂ ਨੂੰ ਲਚਕਦਾਰ ਬਣਾਈ ਰੱਖਿਆ ਜਾ ਸਕਦਾ ਹੈ। ਜਿਸ ਨਾਲ ਸਰੀਰ ਲੰਬੇ ਸਮੇਂ ਤੱਕ ਲਚੀਲਾ ਅਤੇ ਆਕਰਸ਼ਕ ਬਣਿਆ ਰਹਿੰਦਾ ਹੈ, ਯੋਗ ਨਾਲ ਸਰੀਰ ਦੇ ਭਾਰ ਨੂੰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਨਰਮ ਅਤੇ ਮੁਲਾਇਮ ਹੋ ਜਾਂਦੀਆਂ ਹਨ। ਯੋਗ ਨਾਲ ਥਕਾਨ ਤੋਂ ਮੁਕਤੀ ਮਿਲਦੀ ਹੈ ਅਤੇ ਸਰੀਰ ਵਿਚ ਊਰਜਾ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ। ਸੂਰਜ ਨਮਸਕਾਰ ਆਸਣ ਨਾਲ ਪੂਰੇ ਸਰੀਰ ਵਿਚ ਨਵਯੋਵਨ ਦਾ ਸੰਚਾਰ ਹੁੰਦਾ ਹੈ। ਸੂਰਜ ਨਮਸਕਾਰ ਨਾਲ ਸਰੀਰ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਚਿਹਰੇ ਅਤੇ ਸਰੀਰ 'ਤੇ ਬੁਢਾਪੇ ਦੇ ਭਾਵਾਂ ਨੂੰ ਪ੍ਰਗਟ ਹੋਣ ਤੋਂ ਰੋਕਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ। ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਉਣ ਲਈ ਸੂਰਜ ਨਮਸਕਾਰ ਅਤੇ ਪ੍ਰਾਣਾਯਾਮ ਦੋਵੇਂ ਪ੍ਰਭਾਵੀ ਆਸਣ ਹਨ।
ਯੋਗਾ ਨਾਲ ਖੂਨ ਸੰਚਾਰ ਦੇ ਪ੍ਰਵਾਹ ਵਿਚ ਸੁਧਾਰ ਹੁੰਦਾ ਹੈ ਜਿਸ ਨਾਲ ਚਮੜੀ ਦੇ ਪੱਧਰ ਤੱਕ ਸਹੀ ਮਾਤਰਾ ਵਿਚ ਖੂਨ ਸੰਚਾਰ ਹੁੰਦਾ ਹੈ ਅਤੇ ਇਹ ਖੂਨ ਸੰਚਾਰ ਸੁੰਦਰ ਚਮੜੀ ਲਈ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਨਾਲ ਚਮੜੀ ਨੂੰ ਜ਼ਰੂਰੀ ਪੋਸ਼ਕ ਤੱਤ ਉਪਲਬਧ ਹੁੰਦੇ ਹਨ ਜਿਸ ਨਾਲ ਚਮੜੀ ਸੁੰਦਰ ਅਤੇ ਨਿੱਖਰੀ ਦਿਖਾਈ ਦਿੰਦੀ ਹੈ। ਯੋਗ ਰਾਹੀਂ ਸਰੀਰ ਦੇ ਜ਼ਹਿਰੀਲੇ ਤੱਤ ਚਮੜੀ ਰਾਹੀਂ ਬਾਹਰ ਆਉਂਦੇ ਹਨ ਅਤੇ ਖੂਨ ਸੰਚਿਤ ਚਮੜੀ ਦੇ ਮਾਮਲੇ ਵਿਚ ਯੋਗ ਸਭ ਤੋਂ ਜ਼ਿਆਦਾ ਲਾਭਕਾਰੀ ਸਿੱਧ ਹੁੰਦਾ ਹੈ। ਇਸ ਨਾਲ ਚਮੜੀ ਵਿਚ ਰੰਗਤ ਅਤੇ ਤਾਜ਼ਗੀ ਆ ਜਾਂਦੀ ਹੈ। ਯੋਗ ਨਾਲ ਸੁੰਦਰਤਾ ਵਿਚ ਵਿਆਪਕ ਨਿਖਾਰ ਆਉਂਦਾ ਹੈ ਅਤੇ ਇਹ ਚਮੜੀ ਨੂੰ ਤਾਜ਼ਾ ਅਤੇ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਰੱਖਦਾ ਹੈ। ਇਹ ਧਾਰਣਾ ਵਾਲਾਂ 'ਤੇ ਵੀ ਲਾਗੂ ਹੁੰਦੀ ਹੈ। ਯੋਗ ਨਾਲ ਸਿਰ ਦੀ ਚਮੜੀ ਅਤੇ ਵਾਲਾਂ ਦੇ ਕੋਸ਼ ਵਿਚ ਖੂਨ ਸੰਚਾਰ ਅਤੇ ਆਕਸੀਜਨ ਦਾ ਵੱਡਾ ਲਗਾਤਾਰ ਪ੍ਰਵਾਹ ਹੁੰਦਾ ਹੈ। ਇਸ ਨਾਲ ਵਾਲਾਂ ਦੇ ਖੂਨ ਸੰਚਾਰ ਨੂੰ ਪੋਸ਼ਟਿਕ ਤੱਤ ਪਹੁੰਚਾਉਣ ਵਿਚ ਕਾਫੀ ਮਦਦ ਮਿਲਦੀ ਹੈ ਜਿਸ ਨਾਲ ਵਾਲਾਂ ਵਿਚ ਵਾਧਾ ਅਤੇ ਸਿਰ ਦੀ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਮਦਦ ਮਿਲਦੀ ਹੈ।
ਯੋਗ ਨਾਲ ਸਰੀਰ ਦੇ ਹਰ ਤੰਤੂ ਨੂੰ ਆਕਸੀਜਨ ਹਾਸਲ ਹੁੰਦੀ ਹੈ ਜਿਸ ਨਾਲ ਸਰੀਰ ਸੁੰਦਰ ਅਤੇ ਸਿਹਤਮੰਦ ਰਹਿੰਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਦੀ ਜੀਵਨਸ਼ੈਲੀ ਗੁਜ਼ਾਰ ਰਹੇ ਹੋ ਜਿਸ ਵਿਚ ਸਰੀਰਕ ਸਰਗਰਮੀਆਂ ਨਾ ਦੇ ਬਰਾਬਰ ਹਨ ਤਾਂ ਤੁਸੀਂ ਅਸਲ ਵਿਚ ਬੁਢਾਪੇ ਨੂੰ ਸੱਦਾ ਦੇ ਰਹੇ ਹੋ। ਯੋਗ ਅਤੇ ਸਰੀਰਿਕ ਮਿਹਨਤ ਨਾਲ ਆਦਮੀ ਨੂੰ ਜਵਾਨੀ ਦੀ ਸਥਿਤੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਨਾਲ ਸਰੀਰ ਮਜ਼ਬੂਤ ਹੁੰਦਾ ਹੈ।
(ਲੇਖਿਕਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਹੈ)

ਸਭ ਨੂੰ ਸਤਾਏ ਸਿਰ ਦਰਦ

ਸਿਰ ਵਿਚ ਦਰਦ ਦੀ ਜਗ੍ਹਾ ਅਤੇ ਇਸ ਦੇ ਲੱਛਣ ਆਦਿ ਡਾਕਟਰ ਨੂੰ ਦੱਸਣ 'ਤੇ ਉਹ ਕਾਰਨ ਦਾ ਪਤਾ ਲਗਾ ਲੈਂਦੇ ਹਨ ਪਰ ਕਦੇ-ਕਦੇ ਇਸ ਦਾ ਪਤਾ ਲਗਾਉਣ ਲਈ ਕਿਸੇ ਜਾਂਚ ਦਾ ਸਹਾਰਾ ਲੈਣਾ ਪੈਂਦਾ ਹੈ। ਕਾਰਨ ਦਾ ਪਤਾ ਲੱਗ ਜਾਣ 'ਤੇ ਬਿਮਾਰੀ ਵੀ ਦੂਰ ਹੋ ਜਾਂਦੀ ਹੈ ਅਤੇ ਦਰਦ ਵੀ ਹਟ ਜਾਂਦੀ ਹੈ। ਸਿਰਦਰਦ ਦੇ ਅਨੇਕ ਕਾਰਨ ਹਨ, ਫਿਰ ਵੀ ਅਸੀਂ ਉਨ੍ਹਾਂ ਵਿਚੋਂ ਕੁਝ ਪ੍ਰਮੁੱਖ ਕਾਰਨ ਅਤੇ ਬਚਾਅ ਲਈ ਉਪਾਅ ਇਥੇ ਦੱਸ ਰਹੇ ਹਾਂ।
ਤਣਾਅ : ਇਥੋਂ ਦੇ 90 ਫੀਸਦੀ ਲੋਕਾਂ ਦੇ ਸਿਰ ਦਰਦ ਦਾ ਕਾਰਨ ਇਹ ਤਣਾਅ ਹੀ ਹੁੰਦਾ ਹੈ। ਇਹ ਤਣਾਅ ਘਰ, ਬਾਹਰ, ਦਫਤਰ ਜਾਂ ਰਸਤੇ ਵਿਚ ਕਿਤੇ ਵੀ ਹੋ ਸਕਦਾ ਹੈ। ਅਜਿਹਾ ਤਣਾਅ ਹੋਣ 'ਤੇ ਖੋਪੜੀ ਨੂੰ ਢਕਣ ਵਾਲੀਆਂ ਮਾਸਪੇਸ਼ੀਆਂ ਸੁੰਗੜਨ ਲਗਦੀਆਂ ਹਨ, ਜਿਸ ਕਾਰਨ ਦਿਮਾਗ ਵੱਲ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ, ਜਿਸ ਦੇ ਚਲਦੇ ਸਿਰ ਦੇ ਚਾਰੋ ਪਾਸੇ ਅਸੀਂ ਦਰਦ ਮਹਿਸੂਸ ਕਰਦੇ ਹਾਂ। ਆਪਣਾ ਧਿਆਨ ਦੂਜੇ ਕੰਮ ਵਿਚ ਲਗਾਉਣ ਜਾਂ ਤਣਾਅ ਦਾ ਕਾਰਨ ਦੂਰ ਹੋਣ 'ਤੇ ਇਹ ਸਿਰਦਰਦ ਆਪਣੇ-ਆਪ ਠੀਕ ਹੋ ਸਕਦੀ ਹੈ। ਜੀਵਨ ਸ਼ੈਲੀ ਵਿਚ ਬਦਲਾਅ ਨਾਲ ਵੀ ਲਾਭ ਮਿਲਦਾ ਹੈ।
ਅੱਖਾਂ : ਨਜ਼ਰ ਦੇ ਕਮਜ਼ੋਰ ਹੋਣ ਜਾਂ ਅੱਖਾਂ ਦੇ ਕਿਸੇ ਹੋਰ ਰੋਗ ਨਾਲ ਸਿਰਦਰਦ ਹੁੰਦਾ ਹੈ। ਅੱਖਾਂ ਦੀ ਜਾਂਚ ਕਰਾ ਕੇ ਇਲਾਜ ਕਰਾਉਣ 'ਤੇ ਇਹ ਠੀਕ ਹੋ ਜਾਂਦਾ ਹੈ।
ਕਬਜ਼ : ਇਹ ਵੀ ਆਮ ਸਮੱਸਿਆ ਹੈ। ਪੇਟ ਦੇ ਨਰਮ ਨਾ ਰਹਿਣ 'ਤੇ ਇਸ ਦਾ ਦਬਾਅ ਨਸ-ਨਾੜੀਆਂ ਵੱਲ ਹੁੰਦਾ ਹੈ ਅਤੇ ਸਿਰਦਰਦ ਕਰਨ ਲਗਦਾ ਹੈ। ਕਬਜ਼ ਦੂਰ ਰਹੇ, ਅਜਿਹਾ ਉਪਾਅ ਕਰੋ। ਇਸ ਨਾਲ ਸਿਰਦਰਦ ਹੋ ਜਾਂਦਾ ਹੈ।
ਨੀਂਦ : ਸਾਰਿਆਂ ਨੂੰ ਆਮ ਤੌਰ 'ਤੇ ਰੋਜ਼ਾਨਾ 6 ਤੋਂ 7 ਘੰਟੇ ਨੀਂਦ ਦੀ ਲੋੜ ਹੁੰਦੀ ਹੈ। ਇਸ ਦੀ ਕਮੀ ਹੋਣ, ਨੀਂਦ ਪੂਰੀ ਨਾ ਹੋਣ ਜਾਂ ਨੀਂਦ ਉਥਲੀ ਹੋਣ 'ਤੇ ਵੀ ਸਿਰਦਰਦ ਹੁੰਦੀ ਹੈ। ਬਿਨਾਂ ਕਿਸੇ ਬਾਹਰੀ ਦਬਾਅ ਦੇ ਡੂੰਘੀ ਨੀਂਦ ਆਵੇ, ਇਹ ਕੋਸ਼ਿਸ਼ ਕਰੋ। ਸੌਣ ਤੋਂ 2-3 ਘੰਟੇ ਪਹਿਲਾਂ ਹਲਕਾ ਭੋਜਨ ਕਰੋ ਅਤੇ ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ਪੀਓ। ਆਪਣੇ ਪੈਰਾਂ ਦੀ ਮਾਲਿਸ਼ ਕਰਕੇ ਆਰਾਮ ਦਿਓ।
ਬੀ. ਪੀ. : ਖੂਨ ਦਾ ਦਬਾਅ ਵਧਣ 'ਤੇ ਸਿਰਦਰਦ ਹੁੰਦੀ ਹੈ। ਅਜਿਹੀ ਸਥਿਤੀ ਵਿਚ ਡਾਕਟਰ ਕੋਲੋਂ ਖੂਨ ਦੇ ਦਬਾਅ ਦੀ ਜਾਂਚ ਕਰਾ ਕੇ ਉਸ ਦੇ ਸੁਝਾਅ, ਉਪਾਅ ਨੂੰ ਅਪਣਾ ਕੇ ਬੀ. ਪੀ. ਨੂੰ ਕਾਬੂ ਵਿਚ ਰੱਖੋ ਅਤੇ ਸਿਰਦਰਦ ਤੋਂ ਰਾਹਤ ਪਾਓ।
ਮਾਈਗ੍ਰੇਨ : ਮਾਈਗ੍ਰੇਨ ਹੋਣ 'ਤੇ ਸਿਰਦਰਦ ਹੁੰਦੀ ਹੈ। ਇਹ ਲੱਛਣਾਂ ਜਾਂ ਜਾਂਚ ਦੇ ਆਧਾਰ 'ਤੇ ਪਤਾ ਲਗਾਇਆ ਜਾਂਦਾ ਹੈ। ਇਹ ਲੱਛਣਾਂ ਜਾਂ ਜਾਂਚ ਦੇ ਆਧਾਰ 'ਤੇ ਪਤਾ ਲਗਾਇਆ ਜਾਂਦਾ ਹੈ। ਇਹ ਅਨੁਵੰਸ਼ਕ ਅਤੇ ਹੋਰ ਅਨੇਕਾਂ ਕਾਰਨਾਂ ਨਾਲ ਹੁੰਦਾ ਹੈ। ਹਰ ਤਰ੍ਹਾਂ ਦੇ ਮਾਈਗ੍ਰੇਨ ਦਾ ਇਲਾਜ ਅੱਜਕਲ੍ਹ ਸੰਭਵ ਹੈ।
ਸਾਈਨਸ : ਸਾਈਨਸ ਹੋਣ ਦੀ ਸਥਿਤੀ ਵਿਚ ਸਿਰਦਰਦ ਹੋ ਸਕਦੀ ਹੈ। ਇਸ ਦੇ ਦੂਰ ਹੋਣ 'ਤੇ ਸਿਰਦਰਦ ਵੀ ਠੀਕ ਹੋ ਜਾਂਦੀ ਹੈ। ਮਾਈਗ੍ਰੇਨ ਅਤੇ ਸਾਈਨਸ ਦੇ ਕਾਰਨ ਹੋਣ ਵਾਲੀ ਸਿਰਦਰਦ ਵਿਚ ਕੁਝ ਸਮਾਨਤਾ ਹੈ। ਸਮਾਨਤਾ ਦੇ ਕਾਰਨ ਇਸ ਨੂੰ ਸਮਝਣਾ ਔਖਾ ਹੁੰਦਾ ਹੈ।
ਕਲਸਟਰ : ਨਰਵਸ ਸਿਸਟਮ ਦੇ ਕਾਰਨ ਅਜਿਹਾ ਸਿਰਦਰਦ ਹੁੰਦਾ ਹੈ, ਜੋ ਘੱਟ ਦੇਖਣ ਨੂੰ ਮਿਲਦਾ ਹੈ। ਇਹ ਜ਼ਿਆਦਾਤਰ ਮਰਦਾਂ ਨੂੰ ਹੀ ਹੁੰਦਾ ਹੈ। ਜਾਂਚ ਤੋਂ ਬਾਅਦ ਹੀ ਇਸ ਨੂੰ ਦੂਰ ਕਰਨ ਦੇ ਉਪਾਅ ਸੰਭਵ ਹੁੰਦੇ ਹਨ।
ਗੈਸ : ਪੇਟ ਵਿਚ ਗੈਸ ਦੀ ਬਹੁਤਾਤ ਨਾਲ ਸਿਰਦਰਦ ਹੁੰਦੀ ਹੈ। ਤੇਜ਼ ਮਿਰਚ-ਮਸਾਲੇ ਵਾਲਾ ਖਾਣ-ਪੀਣ, ਭੁੱਖੇ ਰਹਿਣ, ਜ਼ਿਆਦਾ ਖਾਣ, ਜੰਕ ਫੂਡ ਨਾਲ ਪੇਟ ਵਿਚ ਗੈਸ ਬਣਦੀ ਹੈ ਅਤੇ ਸਿਰਦਰਦ ਹੁੰਦੀ ਹੈ। ਅਜਿਹੀਆਂ ਸਥਿਤੀਆਂ ਤੋਂ ਬਚੋ। ਰਾਤ ਨੂੰ ਖਾਣੇ ਤੋਂ ਦੋ ਘੰਟੇ ਬਾਅਦ ਸੌਵੋਂ ਅਤੇ ਪਾਣੀ ਖੂਬ ਪੀਓ। ਗੈਸ ਤੋਂ ਰਾਹਤ ਮਿਲੇਗੀ ਅਤੇ ਸਿਰਦਰਦ ਵੀ ਦੂਰ ਹੋ ਜਾਵੇਗੀ।
ਕੈਫੀਨ : ਕੈਫੀਨ ਵਾਲੀਆਂ ਚੀਜ਼ਾਂ ਚਾਹ, ਕੌਫੀ, ਕੋਕ, ਕੇਕ, ਪੁਡਿੰਗ, ਸ਼ਰਾਬ ਆਦਿ ਦੇ ਜ਼ਿਆਦਾ ਸੇਵਨ ਨਾਲ ਸਿਰਦਰਦ ਹੁੰਦੀ ਹੈ। ਇਨ੍ਹਾਂ ਦੀ ਬਹੁਤਾਤ ਤੋਂ ਬਚੋ। ਲੈਣਾ ਜ਼ਰੂਰੀ ਹੋਵੇ ਤਾਂ ਸੀਮਤ ਅਤੇ ਸੰਤੁਲਿਤ ਮਾਤਰਾ ਵਿਚ ਲਓ, ਸਿਰਦਰਦ ਤੋਂ ਮੁਕਤੀ ਪਾਓ।
ਖੁਸ਼ਬੂ : ਕਈ ਲੋਕਾਂ ਨੂੰ ਡਿਓ, ਸਪਰੇਅ, ਸੈਂਟ, ਇਤਰ ਆਦਿ ਦੀ ਖੁਸ਼ਬੂ ਨਾਲ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ। ਅਜਿਹੇ ਵਾਤਾਵਰਨ ਵਿਚ ਰਹਿਣ 'ਤੇ ਤੇਜ਼ ਖੁਸ਼ਬੂ ਅਤੇ ਅਲਰਜੀ ਦੇ ਕਾਰਨ ਅਜਿਹਾ ਸਿਰਦਰਦ ਹੁੰਦਾ ਹੈ। ਇਨ੍ਹਾਂ ਤੋਂ ਬਚਣਾ ਵੀ ਅਜਿਹੀ ਸਿਰਦਰਦ ਵਿਚ ਬਚਾਅ ਦਾ ਉਪਾਅ ਹੁੰਦਾ ਹੈ।
ਵਾਤਾਵਰਨ : ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਵਿਚ ਅਨੇਕ ਅਜਿਹੇ ਕਾਰਨ ਹਨ ਜੋ ਸਿਰਦਰਦ ਪੈਦਾ ਕਰਦੇ ਹਨ। ਗੈਸ, ਪ੍ਰਦੂਸ਼ਣ, ਧੂੜ, ਧੂੰਆਂ, ਬਦਬੂ, ਤੇਜ਼ ਸ਼ੋਰ, ਤੇਜ਼ ਰੌਸ਼ਨੀ, ਤਾਪਮਾਨ ਜਾਂ ਵਾਤਾਵਰਨ ਵਿਚ ਅਚਾਨਕ ਬਦਲਾਅ, ਆਕਸੀਜਨ ਦੀ ਕਮੀ, ਕਾਰਬਨ ਮੋਨੋਆਕਸਾਈਡ ਦੀ ਬਹੁਤਾਤ, ਜ਼ਹਿਰੀਲੀ ਗੈਸ, ਤੇਜ਼ ਧੁੱਪ, ਤੇਜ਼ ਠੰਢ, ਹਵਾ ਦਾ ਨਾ ਚੱਲਣਾ ਜਾਂ ਤੇਜ਼ ਹਵਾ ਦਾ ਚੱਲਣਾ, ਟੀ. ਵੀ., ਕੰਪਿਊਟਰ ਆਦਿ ਅਨੇਕਾਂ ਕਾਰਨ ਆਸ-ਪਾਸ ਮੌਜੂਦ ਹੁੰਦੇ ਹਨ। ਇਨ੍ਹਾਂ ਤੋਂ ਬਚ ਕੇ ਸਿਰਦਰਦ ਤੋਂ ਬਚਿਆ ਜਾ ਸਕਦਾ ਹੈ।
ਇਲਾਜ : ਸਿਰਦਰਦ ਤੋਂ ਪੀੜਤ ਵਿਅਕਤੀ ਕਾਰਨਾਂ ਨੂੰ ਜਾਣ ਕੇ ਖੁਦ ਹੀ ਬਿਹਤਰ ਇਲਾਜ ਕਰ ਸਕਦਾ ਹੈ ਅਤੇ ਕਾਰਨ ਨੂੰ ਟਾਲ ਸਕਦਾ ਹੈ। ਦਰਦ ਦਾ ਲਗਾਤਾਰ ਬਣੇ ਰਹਿਣ ਜਾਂ ਕੁਝ ਸਮੇਂ ਬਾਅਦ ਹੁੰਦੇ ਰਹਿਣ 'ਤੇ ਡਾਕਟਰੀ ਇਲਾਜ ਜ਼ਰੂਰੀ ਹੋ ਜਾਂਦਾ ਹੈ।

ਦੁੱਧ ਨਾਲ ਸੰਭਵ ਹਨ ਕੁਝ ਇਲਾਜ

ਦੁੱਧ ਇਕ ਚੰਗਾ ਆਹਾਰ ਹੈ। ਬੱਚਾ ਤਾਂ ਪਹਿਲਾਂ-ਪਹਿਲ ਸਿਰਫ ਦੁੱਧ 'ਤੇ ਨਿਰਭਰ ਰਹਿੰਦਾ ਹੈ। ਹੌਲੀ-ਹੌਲੀ ਉਹ ਫਲਾਂ, ਫਲਾਂ ਦੇ ਰਸ ਅਤੇ ਤਰਲ ਖਾਧ ਪਦਾਰਥਾਂ 'ਤੇ ਲਾਇਆ ਜਾਂਦਾ ਹੈ। ਸਾਨੂੰ ਜ਼ਿੰਦਗੀ ਭਰ ਦੁੱਧ ਦੀ ਲੋੜ ਰਹਿੰਦੀ ਹੈ। ਕੇਵਲ ਪੌਸ਼ਟਿਕਤਾ ਅਤੇ ਚੰਗੇ ਵਾਧੇ ਲਈ ਹੀ ਨਹੀਂ, ਅਨੇਕ ਰੋਗਾਂ ਨੂੰ ਦੂਰ ਕਰਨ ਵਿਚ ਵੀ ਅਸੀਂ ਦੁੱਧ ਦਾ ਸਹਾਰਾ ਲੈਂਦੇ ਹਾਂ।
* ਜੇ ਮੂੰਹ ਵਿਚ ਕਿਸੇ ਵੀ ਕਾਰਨ ਕਰਕੇ, ਗਰਮੀ ਕਰਕੇ ਛਾਲੇ ਪੈ ਜਾਣ ਤਾਂ ਕੱਚੇ ਦੁੱਧ ਨਾਲ ਦਿਨ ਵਿਚ 3 ਵਾਰ ਚੰਗੀ ਤਰ੍ਹਾਂ ਗਰਾਰੇ ਕਰੋ।
* ਗਾਂ ਦਾ ਦੁੱਧ ਉਬਾਲ ਲਓ। ਜਦੋਂ ਉਹ ਕੋਸਾ ਹੋਵੇ ਤਾਂ ਹਿਚਕੀ ਵਿਚ ਇਕ-ਇਕ ਚਮਚ ਕਰਕੇ ਪਿਲਾਓ। ਹਿਚਕੀ ਠੀਕ ਹੋਵੇਗੀ।
* ਗਰਮੀ ਹੋਣ 'ਤੇ ਖੰਘ ਆਵੇ ਤਾਂ ਬੱਕਰੀ ਦਾ ਤਾਜ਼ਾ ਦੁੱਧ ਪੀਓ, ਆਰਾਮ ਮਿਲੇਗਾ।
* ਗਰਮ ਦੁੱਧ ਪੀਣ ਨਾਲ ਕਬਜ਼ ਨਹੀਂ ਰਹਿੰਦੀ। ਜੇ ਕਬਜ਼ ਬਹੁਤ ਪੁਰਾਣੀ ਅਤੇ ਕਠੋਰ ਹੋਵੇ ਤਾਂ ਬਦਾਮ ਰੋਗਨ ਦਾ ਇਕ ਚਮਚ ਪੀ ਕੇ ਦੁੱਧ ਪੀ ਲਓ।
* ਦਮੇ ਦੇ ਦੌਰਿਆਂ ਤੋਂ ਛੁਟਕਾਰਾ ਪਾਉਣ ਲਈ ਦੁੱਧ ਦਾ ਸਹਾਰਾ ਲਓ। ਮੁਨੱਕੇ ਦੇ ਦਸ ਦਾਣੇ ਲਓ, ਇਨ੍ਹਾਂ ਨੂੰ ਕੁੱਟ ਲਓ। ਕੁਚਲ ਲਓ। ਇਕ ਪਾਈਆ ਦੁੱਧ ਲਓ। ਇਸ ਵਿਚ ਏਨਾ ਹੀ ਪਾਣੀ ਪਾਓ। ਇਸ ਵਿਚ ਕੁਚਲੇ ਹੋਏ ਮੁਨੱਕੇ ਪਾਓ ਅਤੇ ਉਬਾਲੋ। ਜਦੋਂ ਪਾਣੀ-ਦੁੱਧ ਦੀ ਮਾਤਰਾ ਅੱਧੀ ਰਹਿ ਜਾਵੇ ਤਾਂ ਲਾਹ ਕੇ ਪੁਣ ਲਓ। ਅੱਧਾ ਤੋਲਾ ਬਦਾਮ ਰੋਗਨ, ਇਕ ਤੋਲਾ ਮਿਸ਼ਰੀ ਅਤੇ ਛੇ ਦਾਣੇ ਕਾਲੀ ਮਿਰਚ ਪੀਸੋ ਅਤੇ ਦੁੱਧ ਵਿਚ ਮਿਲਾਓ। ਇਸ ਨੂੰ ਪੀਣ ਨਾਲ ਰੋਗ ਸ਼ਾਂਤ ਹੋਵੇਗਾ। ਸਾਹ ਠੀਕ ਤਰ੍ਹਾਂ ਲੈ ਸਕੋਗੇ।
* ਅੱਖਾਂ ਦੇ ਅਨੇਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਕੱਚੇ ਦੁੱਧ ਨੂੰ ਰਿੜਕੋ। ਮੱਖਣ ਕੱਢੋ। ਹੁਣ ਇਸ ਨੂੰ ਅੱਖਾਂ ਵਿਚ ਪਾਉਣ ਨਾਲ ਬੜਾ ਸੁਖ ਮਿਲੇਗਾ। ਡ੍ਰਾਪਰ ਨਾਲ ਦੁੱਧ ਪਾ ਸਕਦੇ ਹੋ।
* ਯਾਦ ਸ਼ਕਤੀ ਵਧਾਉਣ ਲਈ ਗਾਂ ਦਾ ਦੁੱਧ ਪਿਲਾਓ, ਨਾਲ ਹੀ ਛੋਟੀ ਇਲਾਇਚੀ ਵੀ ਖਾਣ ਨੂੰ ਦਿਓ। ਬੱਚਿਆਂ ਦੀ ਯਾਦ ਸ਼ਕਤੀ ਤੇਜ਼ ਹੋ ਜਾਵੇਗੀ।
* ਕੰਨ ਵਿਚ ਫਿਨਸੀ ਹੋਣ 'ਤੇ ਗਾਂ ਦੇ ਦੁੱਧ ਦੀਆਂ ਬੂੰਦਾਂ ਪਾਓ। ਆਰਾਮ ਪਾਓਗੇ।
* ਜੇ ਕਿਸੇ ਨੂੰ ਮਿਹਦੇ ਦੀ ਤਕਲੀਫ ਹੋਵੇ, ਸੋਜ ਆ ਜਾਵੇ ਤਾਂ ਉਸ ਨੂੰ ਦੁੱਧ ਦੇ ਨਾਲ ਮਿਹਦੇ 'ਤੇ ਟਕੋਰ ਕਰਨੀ ਚਾਹੀਦੀ ਹੈ। ਉਸ ਨੂੰ ਦੋ ਦਿਨਾਂ ਲਈ ਕੋਈ ਵੀ ਖਾਧ ਪਦਾਰਥ ਨਾ ਖਾ ਕੇ ਸਿਰਫ ਤੇ ਸਿਰਫ ਦੁੱਧ ਪੀਣਾ ਚਾਹੀਦਾ ਹੈ।
* ਪੇਚਿਸ਼ ਦੇ ਰੋਗੀ ਨੂੰ ਦੋ-ਤਿੰਨ ਦਿਨ ਦੁੱਧ 'ਤੇ ਰੱਖੋ। ਜੇ ਭੇਡ ਦਾ ਦੁੱਧ ਮਿਲ ਜਾਵੇ ਤਾਂ ਇਕ ਦਿਨ ਵਿਚ ਹੀ ਆਰਾਮ ਆ ਜਾਵੇਗਾ।
* ਜੇ ਕੋਈ ਵਿਅਕਤੀ ਦਸਤਾਂ ਤੋਂ ਪ੍ਰੇਸ਼ਾਨ ਹੋਵੇ, ਆਰਾਮ ਨਾ ਆ ਰਿਹਾ ਹੋਵੇ ਤਾਂ ਉਸ ਲਈ ਇਕ ਲਿਟਰ ਦੁੱਧ ਉਬਾਲੋ, ਠੰਢਾ ਕਰੋ। ਹੁਣ ਲੋਹੇ ਦੀ ਇਕ ਛੜ ਜਿਹੀ ਲਓ। ਇਸ ਨੂੰ ਅੱਗ 'ਤੇ ਗਰਮ ਕਰਕੇ ਲਾਲ ਕਰੋ। ਚਿਮਟੇ ਆਦਿ ਦੀ ਮਦਦ ਨਾਲ ਇਸ ਨੂੰ ਦੁੱਧ ਵਿਚ ਪਾ ਕੇ ਠੰਢਾ ਕਰੋ। ਇਹ ਸੱਤ ਵਾਰ ਦੁਹਰਾਓ। ਹੁਣ ਮਿਸ਼ਰੀ-ਸ਼ੱਕਰ ਪਾ ਕੇ ਰੋਗੀ ਨੂੰ ਪਿਲਾਓ। ਪੂਰਾ ਆਰਾਮ ਮਿਲੇਗਾ।
* ਅਕਸਰ ਨਕਸੀਰ ਰਹਿੰਦੀ ਹੋਵੇ ਤਾਂ ਗਧੀ ਦਾ ਤਾਜ਼ਾ ਦੁੱਧ ਲਓ। ਸਿਰ ਵਿਚ ਇਸ ਦੁੱਧ ਨਾਲ ਮਾਲਿਸ਼ ਕਰੋ। ਸਿਰ ਅੱਧਾ ਘੰਟਾ ਭਿੱਜਿਆ ਹੀ ਰਹੇ। ਪੁਰਾਣੇ ਤੋਂ ਪੁਰਾਣਾ ਨੁਕਸ ਠੀਕ ਹੋ ਜਾਵੇਗਾ। ਇਹ ਇਕ ਸ਼ਰਤੀਆ ਇਲਾਜ ਹੈ।


-ਸੁਦਰਸ਼ਨ ਭਾਟੀਆ

ਦੰਦਾਂ ਨੂੰ ਮਜ਼ਬੂਤ ਕਰਨ ਲਈ ਫਟਕੜੀ

ਫਟਕੜੀ ਦੀ ਵਰਤੋਂ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਨ ਵਿਚ ਕੀਤੀ ਜਾਂਦੀ ਹੈ। ਇਹ ਸਸਤੀ ਅਤੇ ਬਹੁਤ ਫਾਇਦੇਮੰਦ ਚੀਜ਼ ਹੈ, ਜੋ ਅਸਾਨੀ ਨਾਲ ਸਭ ਜਗ੍ਹਾ ਮਿਲ ਜਾਂਦੀ ਹੈ। ਜਿਸ ਜਗ੍ਹਾ ਦੀ ਮਿੱਟੀ ਵਿਚ ਐਲੂਮੀਨੀਅਮ ਅਤੇ ਗੰਧਕ, ਦੋਵੇਂ ਤੱਤ ਨਿਸ਼ਚਿਤ ਮਾਤਰਾ ਵਿਚ ਪਾਏ ਜਾਂਦੇ ਹੋਣ, ਉਸ ਮਿੱਟੀ ਨਾਲ ਫਟਕੜੀ ਤਿਆਰ ਕੀਤੀ ਜਾਂਦੀ ਹੈ।
ਫਟਕੜੀ ਮੁੱਖ ਤੌਰ 'ਤੇ 4 ਤਰ੍ਹਾਂ ਦੀ ਹੁੰਦੀ ਹੈ-ਪੀਲੀ, ਸਫੈਦ, ਲਾਲ ਅਤੇ ਕਾਲੀ। ਸਫੈਦ ਫਟਕੜੀ ਦੀ ਵਰਤੋਂ ਹੀ ਸਭ ਤੋਂ ਵੱਧ ਮਾਤਰਾ ਵਿਚ ਕੀਤੀ ਜਾਂਦੀ ਹੈ। ਫਟਕੜੀ ਐਂਟੀਸੈਪਟਿਕ ਦਾ ਕੰਮ ਕਰਦੀ ਹੈ।
* 20 ਗ੍ਰਾਮ ਫਟਕੜੀ, 10 ਗ੍ਰਾਮ ਸੇਂਧਾ ਨਮਕ ਪੀਸ ਕੇ ਰੱਖ ਲਓ। ਹਰ ਰੋਜ਼ ਸਵੇਰੇ-ਸ਼ਾਮ ਇਸ ਨੂੰ ਦੰਦਾਂ ਅਤੇ ਮਸੂੜਿਆਂ 'ਤੇ ਮਲਣ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ ਵਿਚੋਂ ਖੂਨ ਆਉਣਾ ਬੰਦ ਹੁੰਦਾ ਹੈ।
* ਪੀਸੀ ਹੋਈ ਫਟਕੜੀ ਪਾਣੀ ਵਿਚ ਘੋਲ ਕੇ ਦਿਨ ਵਿਚ 30 ਵਾਰ ਕੁਰਲੀ ਕਰਨ ਨਾਲ ਪਾਇਰੀਆ ਰੋਗ ਵਿਚ ਲਾਭ ਹੁੰਦਾ ਹੈ।
* ਫਟਕੜੀ, ਨਮਕ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਕੁਝ ਦਿਨਾਂ ਤੱਕ ਮਸੂੜਿਆਂ 'ਤੇ ਮਲਣ ਨਾਲ ਮਸੂੜੇ ਤੰਦਰੁਸਤ ਹੁੰਦੇ ਹਨ।
* ਸਰੀਰ ਦੇ ਬਾਹਰੀ ਅੰਗਾਂ 'ਤੇ ਸੱਟ ਲੱਗਣ 'ਤੇ ਨਿਕਲਣ ਵਾਲੇ ਖੂਨ 'ਤੇ ਪੀਸੀ ਹੋਈ ਫਟਕੜੀ ਛਿੜਕਣ ਜਾਂ ਫਟਕੜੀ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਜ਼ਖਮ ਨੂੰ ਧੋਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।


-ਅਨੀਤਾ ਰਾਣੀ ਅਗਰਵਾਲ

ਗੋਡਿਆਂ ਦਾ ਦਰਦ ਅਤੇ ਬਚਾਅ

ਵਧਦੀ ਉਮਰ ਦੇ ਨਾਲ ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਦੀ ਕਮੀ, ਤੇਜ਼-ਤੇਜ਼ ਤੁਰਨ, ਵਾਰ-ਵਾਰ ਪੌੜੀਆਂ ਤੇਜ਼ੀ ਨਾਲ ਚੜ੍ਹਨ ਅਤੇ ਉਤਰਨ, ਝਟਕੇ ਨਾਲ ਬੈਠਣ-ਉੱਠਣ ਨਾਲ ਕਈ ਵਾਰ ਗੋਡਿਆਂ ਦੀ ਦਰਦ ਸ਼ੁਰੂ ਹੋ ਜਾਂਦੀ ਹੈ। ਜੇਕਰ ਦਰਦ ਅਚਾਨਕ ਜ਼ਿਆਦਾ ਹੋ ਜਾਵੇ ਅਤੇ ਡਾਕਟਰ ਦੇ ਕੋਲ ਜਾਣਾ ਸੰਭਵ ਨਾ ਹੋਵੇ ਤਾਂ ਕ੍ਰੋਸਿਨ ਜਾਂ ਕੋਈ ਹੋਰ ਦਰਦ ਨਿਵਾਰਕ ਲੈ ਲਓ। ਇਸ ਤੋਂ ਇਲਾਵਾ ਡਾਕਟਰਾਂ ਦੇ ਦੱਸੇ ਆਰ.ਆਈ.ਸੀ.ਈ. ਫਾਰਮੂਲੇ ਨੂੰ ਅਪਣਾਓ। ਆਰ. ਤੋਂ ਰੇਸਟ, ਆਈ. ਤੋਂ ਬਰਫ ਦਾ ਟਕੋਰ (ਆਈਸ), ਸੀ. ਤੋਂ ਕੰਪ੍ਰੈਸ਼ਨ ਯਾਨੀ ਕ੍ਰੇਬ ਬੈਂਡੇਜ, ਨੀ ਕੈਪ ਪਹਿਨੋ (ਧਿਆਨ ਦਿਓ ਕਿ ਨੀ ਕੈਪ ਅਤੇ ਕ੍ਰੇਬ ਬੈਂਡੇਜ ਨਾ ਤਾਂ ਬਹੁਤ ਘੁੱਟ ਕੇ ਬੰਨ੍ਹੋ, ਨਾ ਢਿੱਲਾ ਬੰਨ੍ਹੋ), ਈ. ਤੋਂ ਏਲੀਵੇਸ਼ਨ ਭਾਵ ਲੱਤਾਂ ਨੂੰ ਪੈਰਾਂ ਦੇ ਹੇਠਾਂ ਤਕੀਆ ਰੱਖ ਕੇ ਗੋਡਿਆਂ ਅਤੇ ਲੱਤਾਂ ਨੂੰ ਥੋੜ੍ਹਾ ਉੱਚਾ ਰੱਖੋ।
ਇਨ੍ਹਾਂ ਦਿਨਾਂ ਵਿਚ ਕੋਈ ਵੀ ਕਸਰਤ ਨਾ ਕਰੋ। ਦਰਦ ਨਿਵਾਰਕ ਬਾਮ ਜਾਂ ਜੈੱਲ ਹਲਕੇ ਹੱਥਾਂ ਨਾਲ ਦਰਦ ਵਾਲੀ ਜਗ੍ਹਾ 'ਤੇ ਮਲੋ। ਪੂਰਾ ਆਰਾਮ ਲਓ। ਜੇਕਰ ਫਿਰ ਵੀ ਦੋ-ਚਾਰ ਦਿਨ ਤੱਕ ਆਰਾਮ ਨਾ ਆਏ ਤਾਂ ਡਾਕਟਰ ਨਾਲ ਸੰਪਰਕ ਕਰੋ। ਕਦੇ-ਕਦੇ ਮਾਸਪੇਸ਼ੀਆਂ ਵਿਚ ਆਈ ਕਮਜ਼ੋਰੀ ਨਾਲ ਵੀ ਦਰਦ ਜ਼ਿਆਦਾ ਦਿਨ ਤੱਕ ਬਣਿਆ ਰਹਿੰਦਾ ਹੈ। ਜੇਕਰ ਦਰਦ ਦੀ ਵਜ੍ਹਾ ਕੋਈ ਸੱਟ ਨਹੀਂ ਹੈ ਪਰ ਗੋਡੇ ਦੇ ਨੇੜੇ-ਤੇੜੇ ਸੋਜ ਹੈ ਅਤੇ ਦਰਦ ਰਾਤ ਨੂੰ ਵਧਦੀ ਹੈ ਤਾਂ ਕੋਈ ਇਨਫੈਕਸ਼ਨ ਜਾਂ ਗਠੀਆ ਹੋ ਸਕਦਾ ਹੈ। ਮਾਹਿਰ ਨੂੰ ਮਿਲੋ।
ਦਰਦ ਵਿਚ ਵਰਤੋ ਸਾਵਧਾਨੀ
* ਗੋਡਿਆਂ ਨੂੰ ਮੋੜ ਕੇ ਚੌਕੜੀ ਮਾਰ ਕੇ ਨਾ ਬੈਠੋ।
* ਜ਼ਮੀਨ 'ਤੇ ਨਾ ਬੈਠੋ। ਇਸ ਨਾਲ ਦਰਦ ਵਧਦੀ ਹੈ।
* ਇਕ ਪੈਰ 'ਤੇ ਭਾਰ ਨਾ ਪਾਓ, ਲਗਾਤਾਰ ਖੜ੍ਹੇ ਨਾ ਰਹੋ। ਇਕ ਹੀ ਸਥਿਤੀ ਵਿਚ ਜ਼ਿਆਦਾ ਦੇਰ ਤੱਕ ਖੜ੍ਹੇ ਹੋਣਾ ਜਾਂ ਬੈਠਣਾ ਠੀਕ ਨਹੀਂ ਹੈ।
* ਯੋਗ ਨਾ ਕਰੋ, ਖਾਸ ਕਰਕੇ ਗੋਡਿਆਂ ਨੂੰ ਮੋੜ ਕੇ ਕਰਨ ਵਾਲੇ।
* ਗੋਡਿਆਂ ਦੇ ਦਰਦ ਵਿਚ ਟ੍ਰੇਡਮਿਲ ਨਾ ਕਰੋ। ਇਸ ਨਾਲ ਹੋਣ ਵਾਲੀ ਵਾਈਬ੍ਰੇਸ਼ਨ ਗੋਡਿਆਂ, ਅੱਡੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
* ਪੌੜੀਆਂ ਦੀ ਬਜਾਏ ਲਿਫਟ ਦੀ ਵਰਤੋਂ ਕਰੋ।
* ਉੱਚੀ ਅੱਡੀ ਦੀ ਚੱਪਲ-ਜੁੱਤੀ ਨਾ ਪਹਿਨੋ।
ਘਰੇਲੂ ਨੁਸਖੇ
* ਪ੍ਰਾਰੰਭਿਕ ਦਰਦ ਵਿਚ ਇਨ੍ਹਾਂ ਨੂੰ ਅਪਣਾ ਸਕਦੇ ਹੋ।
* ਗਾਜਰ ਖਾਓ ਜਾਂ ਗਾਜਰ ਦਾ ਰਸ ਪੀਓ। ਗਾਜਰ ਵਿਚ ਕੁਦਰਤੀ ਰੂਪ ਨਾਲ ਦਰਦ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।
* ਇਕ ਗਿਲਾਸ ਗਰਮ ਦੁੱਧ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਪੀਓ।
* ਕੱਚੇ ਲਸਣ ਦੀਆਂ 2 ਕਲੀਆਂ ਸਵੇਰੇ ਪਾਣੀ ਦੇ ਨਾਲ ਨਿਗਲੋ।
* ਰਾਤ ਨੂੰ ਤਾਂਬੇ ਦੇ ਭਾਂਡੇ ਵਿਚ ਇਕ ਛੋਟਾ ਚਮਚ ਮੇਥੀਦਾਣਾ ਭਿਉਂ ਕੇ ਰੱਖੋ। ਸਵੇਰੇ ਉਹੀ ਪਾਣੀ ਪੀ ਕੇ ਮੇਥੀਦਾਣਾ ਚਬਾਅ ਕੇ ਖਾ ਲਓ।
ਕਿਹੜੀਆਂ ਕਸਰਤਾਂ ਲਾਭਦਾਇਕ
* ਜਿਨ੍ਹਾਂ ਲੋਕਾਂ ਨੂੰ ਬੈਠ ਕੇ ਗੋਡਿਆਂ ਦੀ ਦਰਦ ਵਧਦੀ ਹੈ, ਉਨ੍ਹਾਂ ਨੂੰ ਖੜ੍ਹੇ ਹੋ ਕੇ ਕਸਰਤ ਕਰਨੀ ਚਾਹੀਦੀ ਹੈ।
* ਪੈਦਲ ਚੱਲਣਾ ਚਾਹੀਦਾ ਹੈ।
* ਜੇ ਤੁਰਨ ਨਾਲ ਦਰਦ ਵਧਦੀ ਹੋਵੇ ਤਾਂ ਲੰਬਾ ਨਾ ਚੱਲੋ, ਹੌਲੀ ਚੱਲੋ।
* ਕਸਰਤ ਵਾਲੀ ਸਾਈਕਲ 'ਤੇ ਕਸਰਤ ਕਰੋ। ਤੈਰਾਕੀ ਕਰੋ।
* ਪੈਰਾਂ ਦੀਆਂ ਸੂਖਮ ਕਿਰਿਆਵਾਂ ਕੁਰਸੀ 'ਤੇ, ਬਿਸਤਰ 'ਤੇ ਬੈਠ ਕੇ ਕਰੋ। ਜੋ ਬੈਠ ਕੇ ਅਸਾਨੀ ਨਾਲ ਕਰ ਸਕਣ, ਉਹ ਜ਼ਮੀਨ 'ਤੇ ਬੈਠ ਕੇ ਪੈਰਾਂ ਨੂੰ ਗੋਲ-ਗੋਲ ਘੁੰਮਾਉਣ, ਆਪਣੇ ਵੱਲ ਲਿਆਉਣ, ਬਾਹਰ ਵੱਲ ਖਿੱਚਣ, ਗੋਡੇ ਹੇਠਾਂ ਟਿਕੇ ਰਹਿਣ। ਉਂਗਲੀਆਂ ਅਤੇ ਪੰਜਿਆਂ ਨੂੰ ਸਟ੍ਰੈਚ ਕਰੋ। ਵਾਰੀ-ਵਾਰੀ ਇਕ-ਇਕ ਨੂੰ ਬਿਨਾਂ ਗੋਡੇ ਮੋੜੇ ਜਿਥੋਂ ਤੱਕ ਲਿਜਾ ਸਕਦੇ ਹੋ, ਲੈ ਜਾਓ। ਹੌਲੀ-ਹੌਲੀ ਵਾਪਸ ਆਓ। ਸੂਖਮ ਕਿਰਿਆਵਾਂ 15 ਤੋਂ 20 ਮਿੰਟ ਤੱਕ ਕਰੋ।
* ਤਾੜ ਆਸਣ, ਕਟਿਚਕਰ ਆਸਣ, ਸੇਤੁਬੰਧ, ਇਕਪਾਦਉਤ੍ਰਾਨ ਆਸਣ ਕਰੋ।
* ਅਨੁਲੋਮ-ਵਿਲੋਮ, ਕਪਾਲਭਾਤੀ ਪ੍ਰਾਣਾਯਾਮ ਕਰੋ।
ਹਰ ਕਸਰਤ ਅਤੇ ਪ੍ਰਾਣਾਯਾਮ ਤੋਂ ਬਾਅਦ ਆਰਾਮ ਜ਼ਰੂਰ ਕਰੋ। ਕੋਈ ਵੀ ਕਸਰਤ ਲਗਾਤਾਰ ਨਾ ਕਰੋ।
ਡਾਕਟਰ ਦੀ ਸਲਾਹ ਅਨੁਸਾਰ ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਲੈਂਦੇ ਰਹੋ।

ਤਣਾਅ ਨੂੰ ਲੈਣਾ ਚਾਹੀਦਾ ਹੈ ਗੰਭੀਰਤਾ ਨਾਲ

ਡਾਕਟਰਾਂ ਕੋਲ ਕਮਰ ਦਰਦ ਅਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਨੂੰ ਲੈ ਕੇ ਜਾਣ ਵਾਲੇ ਲੋਕਾਂ ਵਿਚੋਂ ਲਗਪਗ 9 ਫੀਸਦੀ ਲੋਕ ਤਣਾਅ ਤੋਂ ਹੀ ਪੀੜਤ ਹੁੰਦੇ ਹਨ ਪਰ ਸਾਡੇ ਡਾਕਟਰ ਇਸ ਬਾਰੇ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਇਸ ਦੇ ਲੱਛਣਾਂ ਦੀ ਤੁਲਨਾ ਕਰ ਦਿੰਦੇ ਹਨ। ਜੇ ਮਰੀਜ਼ ਦੱਸੇ ਵੀ ਤਾਂ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮਾਹਿਰਾਂ ਨੇ ਜਨਰਲ ਪ੍ਰੈਕਟੀਸ਼ਨਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਮਰੀਜ਼ਾਂ ਦੇ ਇਸ ਰੋਗ ਦੀ ਵੀ ਜਾਂਚ ਕਰਨ। ਤਣਾਅ ਦਾ ਪਤਾ ਦੋ ਸਧਾਰਨ ਪ੍ਰਸ਼ਨਾਂ ਤੋਂ ਲਗਾਇਆ ਜਾ ਸਕਦਾ ਹੈ।
1. ਪਿਛਲੇ ਦੋ ਹਫ਼ਤਿਆਂ ਵਿਚ ਤੁਸੀਂ ਨਿਰਾਸ਼ਾ ਜਾਂ ਕਮਜ਼ੋਰੀ ਦੀ ਭਾਵਨਾ ਦਾ ਅਨੁਭਵ ਕਰਦੇ ਰਹੇ ਹੋ।
2. ਕੀ ਤੁਹਾਡੀ ਸਾਧਾਰਨ ਕੰਮ-ਕਾਜ ਵਿਚ ਰੁਚੀ ਘੱਟ ਹੋ ਗਈ ਹੈ?
ਜੇ ਇਨ੍ਹਾਂ ਵਿਚੋਂ ਕਿਸੇ ਵੀ ਪ੍ਰਸ਼ਨ ਦਾ ਉੱਤਰ 'ਹਾਂ' ਵਿਚ ਹੈ ਤਾਂ ਮਰੀਜ਼ ਨੂੰ ਜ਼ਿਆਦਾ ਜਾਂਚ ਦੀ ਲੋੜ ਹੈ। ਮਾਹਿਰਾਂ ਅਨੁਸਾਰ ਤਣਾਅ ਦਾ ਇਲਾਜ ਸਾਈਕੋਥੈਰੇਪੀ ਜਾਂ ਦਵਾਈਆਂ ਜਾਂ ਦੋਵਾਂ ਨਾਲ ਕੀਤਾ ਜਾ ਸਕਦਾ ਹੈ।

ਸਿਹਤ ਖ਼ਬਰਨਾਮਾ

ਨਟਸ ਬਚਾਉਂਦੇ ਹਨ ਦਿਲ ਅਤੇ ਦਿਮਾਗ ਨੂੰ

ਹਾਰਵਰਡ ਮੈਡੀਕਲ ਸਕੂਲ ਦੇ ਖੋਜ ਕਰਤਾਵਾਂ ਨੇ 22 ਹਜ਼ਾਰ ਲੋਕਾਂ ਦੀ ਭੋਜਨ, ਸਿਹਤ ਅਤੇ ਤੰਦਰੁਸਤੀ ਸਬੰਧੀ ਆਦਤਾਂ ਦਾ ਕਈ ਸਾਲ ਤੱਕ ਅਧਿਐਨ ਕਰਨ ਤੋਂ ਬਾਅਦ ਪਾਇਆ ਹੈ ਕਿ ਜੋ ਲੋਕ ਹਫ਼ਤੇ ਵਿਚ ਲਗਪਗ 30 ਗ੍ਰਾਮ ਨਟਸ ਖਾ ਲੈਂਦੇ ਹਨ, ਉਨ੍ਹਾਂ ਦੀ ਦਿਲ ਦੇ ਦੌਰੇ ਕਾਰਨ ਮੌਤ ਦੀ ਸੰਭਾਵਨਾ ਲਗਪਗ 47 ਫੀਸਦੀ ਘੱਟ ਹੋ ਜਾਂਦੀ ਹੈ। ਖੋਜ ਕਰਤਾਵਾਂ ਅਨੁਸਾਰ ਅਜਿਹੇ ਨਟਸ ਵਿਚ ਅਸੰਤ੍ਰਪਤ ਵਸਾ, ਮੈਗਨੀਸ਼ੀਅਮ ਅਤੇ ਵਿਟਾਮਿਨ 'ਈ' ਦੀ ਉੱਚ ਮਾਤਰਾ ਦੇ ਕਾਰਨ ਹੋ ਸਕਦਾ ਹੈ। ਇਹੀ ਨਹੀਂ, ਸ਼ਿਕਾਗੋ ਦੇ 'ਰਸ਼ ਇੰਸਟੀਚਿਊਟ' ਦੇ ਵਿਗਿਆਨੀਆਂ ਨੇ ਪਾਇਆ ਹੈ ਕਿ ਜੋ ਲੋਕ ਵਿਟਾਮਿਨ 'ਈ' ਦੀ ਜ਼ਿਆਦਾ ਮਾਤਰਾ ਵਾਲੇ ਖਾਧ ਪਦਾਰਥ ਖਾਂਦੇ ਹਨ, ਉਨ੍ਹਾਂ ਨੂੰ ਅਲਜੀਮਰ ਰੋਗ ਅਤੇ ਸਮਰਣ ਸ਼ਕਤੀ ਕਮਜ਼ੋਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਵੈਸੇ ਅਸੀਂ ਭਾਰਤੀ ਤਾਂ ਪਹਿਲਾਂ ਹੀ ਜਾਣਦੇ ਹਾਂ ਕਿ ਬਦਾਮ ਅਤੇ ਅਖਰੋਟ ਸਮਰਣ ਸ਼ਕਤੀ ਲਈ ਲਾਭਦਾਇਕ ਹਨ, ਇਸ ਲਈ 50 ਗ੍ਰਾਮ ਨਟਸ ਹਰ ਹਫ਼ਤੇ ਖਾਓ।
ਘਾਤਕ ਹੋ ਸਕਦੀ ਹੈ ਐੱਚ. ਆਰ. ਟੀ.

ਹੁਣ ਤੱਕ ਡਾਕਟਰ ਰਜੋਨਿਵ੍ਰਤ ਔਰਤਾਂ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈਣ ਦੀ ਸਲਾਹ ਦਿੰਦੇ ਰਹੇ ਹਨ ਪਰ ਇਸ ਦੇ ਕੁਝ ਖ਼ਤਰਿਆਂ ਨੂੰ ਦੇਖਦੇ ਹੋਏ ਔਰਤਾਂ 'ਤੇ ਕੀਤੇ ਜਾਣ ਵਾਲੇ ਅਧਿਐਨ ਨੂੰ ਰੋਕ ਦੇਣਾ ਪਿਆ। ਯੂ. ਐੱਸ. ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਨੁਸਾਰ ਇਹ ਅਧਿਐਨ 16 ਹਜ਼ਾਰ ਰਜੋਨਿਵ੍ਰਤ ਔਰਤਾਂ 'ਤੇ ਕੀਤਾ ਗਿਆ। ਅਧਿਐਨ ਦੌਰਾਨ ਪਾਇਆ ਗਿਆ ਕਿ ਐੱਚ. ਆਰ. ਟੀ. ਲੈਣ ਵਾਲੀਆਂ ਔਰਤਾਂ ਵਿਚ ਸਟ੍ਰੋਕ ਦੀ ਦਰ ਵਿਚ 41 ਫੀਸਦੀ ਵਾਧਾ ਹੋਇਆ, ਦਿਲ ਦੇ ਦੌਰੇ ਦੀ ਦਰ ਵਿਚ 29 ਫੀਸਦੀ ਵਾਧਾ ਹੋਇਆ ਅਤੇ ਛਾਤੀ ਦੇ ਕੈਂਸਰ ਦੀ ਦਰ ਵਿਚ 26 ਫੀਸਦੀ ਵਾਧਾ ਹੋਇਆ। ਵੈਸੇ ਇਸ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਇਨ੍ਹਾਂ ਔਰਤਾਂ ਵਿਚ ਪੇਟ ਅਤੇ ਗੁਦਾ ਕੈਂਸਰ ਦੀ ਦਰ ਵਿਚ 37 ਫੀਸਦੀ ਦੀ ਕਮੀ ਪਾਈ ਗਈ ਅਤੇ ਹਿਪ ਫ੍ਰੈਕਚਰ ਦੀ ਦਰ ਵਿਚ 34 ਫੀਸਦੀ ਕਮੀ ਪਾਈ ਗਈ। ਇਹ ਨਤੀਜਾ ਦੇਖ ਕੇ ਇਹ ਅਭਿਐਨ ਛੇਤੀ ਰੋਕ ਦਿੱਤਾ ਗਿਆ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX