ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  1 day ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  1 day ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  1 day ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  1 day ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  1 day ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  1 day ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  1 day ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  1 day ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  1 day ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਦਿਲਚਸਪੀਆਂ

ਗੱਲਾਂ ਵਾਲੇ ਸੱਜਣ

ਛੇ ਕੁ ਫੁੱਟ ਉਚੇ ਅਮਰੂਦ ਦੇ ਬੂਟੇ ਦੀ ਇਕ ਕਮਜ਼ੋਰ ਜਿਹੀ, ਥੱਲੇ ਨੂੰ ਲਮਕਦੀ ਟਾਹਣੀ ਨੂੰ ਬਾਗ਼ ਦਾ ਮਾਲੀ ਇਕ ਹੋਰ ਤੰਦਰੁਸਤ ਟਾਹਣੀ ਨਾਲ ਬੰਨ੍ਹ ਕੇ ਆਸਰਾ ਦੇਣ ਹੀ ਲੱਗਾ ਹੀ ਸੀ ਕਿ ਉਹ (ਤੰਦਰੁਸਤ) ਟਾਹਣੀ ਝੱਟ ਬੋਲ ਪਈ, 'ਨਾ-ਨਾ ਮਾਲੀ ਭਰਾਵਾ, ਮੈਨੂੰ ਵੀ ਥੱਲੇ ਲਾਉਣੈ? ਮੇਰੇ ਨਾਲ ਨਾ ਬੰਨ੍ਹੀ ਇਹਨੂੰ।'
ਮਾਲੀ ਦਾ ਹੱਥ ਕੰਬ ਗਿਆ।
ਤਦੇ ਮਾਲੀ ਦੀ ਨਜ਼ਰ ਬੂਟੇ ਦੇ ਫੈਲਾਅ ਦੇ ਕੇਂਦਰ ਵਿਚ, ਬੂਟੇ ਦੇ ਤਣੇ 'ਤੇ ਪਈ ਤੇ ਉਸ ਨੇ ਕਮਜ਼ੋਰ ਟਾਹਣੀ ਨੂੰ ਉਹਦੇ ਨਾਲ ਬੰਨ੍ਹ ਦਿੱਤਾ। ਤਣੇ ਨੇ ਬਿਨਾਂ ਕੋਈ ਗੱਲ ਕੀਤਿਆਂ ਕਮਜ਼ੋਰ ਟਾਹਣੀ ਨੂੰ ਛਾਤੀ ਨਾਲ ਲਾ ਲਿਆ।

-ਬਲਵੀਰ ਮੰਨਣ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ। ਮੋਬਾਈਲ : 94173-45485.


ਖ਼ਬਰ ਸ਼ੇਅਰ ਕਰੋ

ਸਫੈਦ ਝੂਠ

ਹੱਥ ਦੀਆਂ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ। ਮਿਹਨਤੀ ਅਧਿਆਪਕਾਂ ਦੇ ਨਾਲ-ਨਾਲ ਸਕੂਲ ਵਿਚ ਕੁਝ ਕੰਮਚੋਰ ਅਧਿਆਪਕ ਵੀ ਹੁੰਦੇ ਹਨ। ਇਸੇ ਤਰ੍ਹਾਂ ਸਕੂਲ ਦੇ ਇਕ ਅਧਿਆਪਕ ਦੀ ਰਿਟਾਇਰਮੈਂਟ ਪਾਰਟੀ ਧੂਮ-ਧਾਮ ਨਾਲ ਨੇਪਰੇ ਚਾੜ੍ਹਨ ਮਗਰੋਂ ਪੂਰਾ ਸਟਾਫ਼ ਸੁਖ ਦਾ ਸਾਹ ਲੈ ਰਿਹਾ ਸੀ। ਅਗਲੇ ਦਿਨ ਸਕੂਲ ਦਾ ਪੰਜਾਬੀ ਮਾਸਟਰ ਛੇਵੀਂ ਦੇ ਭੋਲੇ-ਭਾਲੇ ਗਰੀਬ ਘਰਾਂ ਦੇ ਬੱਚਿਆਂ ਨੂੰ ਮੁਹਾਵਰੇ ਚੇਤੇ ਕਰਵਾ ਰਿਹਾ ਸੀ। ਥੋੜ੍ਹਾ ਚਿਰ ਮੁਹਾਵਰਿਆਂ ਦੀ ਮਹੱਤਤਾ ਬਾਰੇ ਦੱਸਣ ਤੋਂ ਬਾਅਦ ਉਸ ਨੇ ਬੱਚਿਆਂ ਤੋਂ ਮੁਹਾਵਰਿਆਂ ਦੇ ਅਰਥ ਪੁੱਛਣੇ ਤੇ ਵਾਕ ਬਣਵਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਇਕ ਬੱਚੇ ਨੂੰ ਖੜ੍ਹਾ ਕਰਕੇ ਸਫੈਦ ਝੂਠ ਦਾ ਅਰਥ ਵਿਸਥਾਰ ਨਾਲ ਦੱਸਣ ਲਈ ਕਿਹਾ। ਬੱਚੇ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਕੱਲ੍ਹ ਮਾਸਟਰ ਜੀ ਦੀ ਰਿਟਾਇਰਮੈਂਟ ਪਾਰਟੀ 'ਤੇ ਆਏ ਪਤਵੰਤੇ ਸੱਜਣਾਂ ਅਤੇ ਸਕੂਲ ਅਧਿਆਪਕਾਂ ਵੱਲੋਂ ਮਾਸਟਰਜੀ ਦੇ ਸਕੂਲ ਦੇ ਵਿਕਾਸ ਲਈ ਕੀਤੇ ਕੰਮਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਬਾਰੇ ਜੋ ਮਾਅਰਕੇ ਮਾਰੇ ਜਾਣ ਬਾਰੇ ਜੋ ਇਕ-ਦੂਸਰੇ ਤੋਂ ਮੂਹਰੇ ਹੋ ਕੇ ਧੜਾਧੜ ਭਾਸ਼ਣ ਦਿੱਤੇ ਜਾ ਰਹੇ ਸਨ, ਉਨ੍ਹਾਂ ਭਾਸ਼ਣਾਂ ਨੂੰ ਸਫੈਦ ਝੂਠ ਕਹਿੰਦੇ ਹਨ। ਇਹ ਸੁਣਦੇ ਸਾਰ ਹੀ ਪੰਜਾਬੀ ਮਾਸਟਰ ਦੀ ਜ਼ਮੀਰ ਧੁਰ ਅੰਦਰ ਤੱਕ ਕੰਬ ਉਠੀ ਤੇ ਉਸ ਨੇ ਗੱਲ ਟਾਲਣ ਲਈ ਬੱਚਿਆਂ ਨੂੰ ਸ਼ੇਰ ਤੇ ਚੂਹੇ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।

-ਰੁਪਿੰਦਰ ਸਿੰਘ ਚਾਹਲ
ਕੋਕਰੀ ਕਲਾਂ (ਮੋਗਾ)। ਮੋਬਾ: 98550-00964.

ਚਾਹ ਦੇ ਕੱਪ ਤੇ ਗੱਪ-ਸ਼ੱਪ

ਅਸੀਂ ਸਾਰੇ ਜਾਣਦੇ ਹਾਂ ਕਿ ਚਾਹ ਦਾ ਕੱਪ ਸਾਡੀ ਜ਼ਿੰਦਗੀ ਦਾ ਕਿੰਨਾ ਅਹਿਮ ਹਿੱਸਾ ਹੈ। ਹਰ ਸਮੇਂ ਤੇ ਮੌਕੇ ਲਈ ਚਾਹ ਦਾ ਕੱਪ। ਆਏ ਗਏ ਦੀ ਖ਼ਾਤਰਦਾਰੀ ਲਈ ਸਭ ਤੋਂ ਪਹਿਲਾਂ ਚਾਹ ਦਾ ਕੱਪ, ਥਕਾਵਟ ਤੇ ਟੈਨਸ਼ਨ ਦੂਰ ਕਰਨ ਲਈ ਚਾਹ ਦਾ ਕੱਪ, ਸਵੇਰੇ ਉਠਦਿਆਂ ਤੇ ਸ਼ਾਮੀਂ ਘਰ ਵੜਦਿਆਂ ਹੀ ਚਾਹ ਦਾ ਕੱਪ, ਮੀਟਿੰਗ ਵਿਚ ਸਭ ਨੂੰ ਚੁਸਤ-ਫੁਰਤ ਰੱਖਣ ਲਈ ਚਾਹ ਦਾ ਕੱਪ। ਲੰਬਾ ਸਫਰ ਕਰਦਿਆਂ ਡਰਾਈਵਰ ਨੂੰ ਜਾਗਦੇ ਤੇ ਚੁਸਤ ਰੱਖਣ ਲਈ ਚਾਹ ਦਾ ਕੱਪ, ਵਪਾਰਕ ਲੈਣ-ਦੇਣ ਕਰਨ ਲਈ ਚਾਹ ਦਾ ਕੱਪ। ਹੁਣ ਤਾਂ ਰਾਜਨੀਤੀ ਵੀ ਕਈ ਵਾਰੀ ਚਾਹ ਦੇ ਕੱਪ 'ਤੇ ਹੀ ਕੀਤੀ ਜਾਂਦੀ ਹੈ ਤੇ ਚੋਣਾਂ ਜਿੱਤੀਆਂ ਤੇ ਹਾਰੀਆਂ ਜਾਂਦੀਆਂ ਹਨ।
ਚਾਹ ਦੀ ਇਕ ਵੱਡੀ ਖਾਸੀਅਤ ਇਹ ਹੈ ਕਿ ਇਹ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਚਾਹੇ ਉਹ ਮਾਲਕ ਹੋਵੇ ਜਾਂ ਨੌਕਰ, ਨੇਤਾ ਹੋਵੇ ਜਾਂ ਵੋਟਰ, ਅਫਸਰ ਹੋਵੇ ਜਾਂ ਚਪੜਾਸੀ, ਪੂੰਜੀਪਤੀ ਹੋਵੇ ਜਾਂ ਫੈਕਟਰੀ ਵਰਕਰ, ਜ਼ਿਮੀਂਦਾਰ ਹੋਵੇ ਜਾਂ ਦਿਹਾੜੀਦਾਰ, ਹਿੰਦੂ ਹੋਵੇ ਜਾਂ ਮੁਸਲਮਾਨ, ਗੱਲ ਕੀ ਬਿਨਾਂ ਭੇਦ-ਭਾਵ ਦੇ ਸਭ ਨੂੰ ਇਕੋ ਜਿਹੀ ਖੁਸ਼ੀ ਤੇ ਤਸੱਲੀ ਦਿੰਦੀ ਹੈ।
ਪਰ ਅੱਜਕਲ੍ਹ ਚਾਹ ਦਾ ਕੱਪ ਸਟੇਟਸ ਸਿੰਬਲ ਨਾਲ ਵੀ ਜੁੜ ਗਿਆ ਹੈ। ਕਿਹੋ ਜਿਹੇ ਕੱਪ ਵਿਚ ਪਿਲਾਈ ਗਈ। ਕਿਵੇਂ ਤੇ ਕਿੱਥੇ ਪੇਸ਼ ਕੀਤੀ ਗਈ। ਅਮਰੀਕਨ ਹੈ ਜਾਂ ਇੰਗਲਿਸ਼, ਗਰੀਨ ਹੈ ਜਾਂ ਹਰਬਲ, ਫਿੱਕੀ ਹੈ ਜਾਂ ਮਿੱਠੀ, ਅਦਰਕ ਦੀ ਹੈ ਜਾਂ ਇਲਾਇਚੀ ਦੀ, ਮਸਾਲੇਦਾਰ ਹੈ ਜਾਂ ਮਲਾਈ ਮਾਰ ਕੇ, ਸੌ ਮੀਲ ਦੀ ਜਾਂ ਸੱਠ ਮੀਲ ਦੀ। ਪੰਜ ਸਟਾਰ ਹੋਟਲ ਵਿਚ ਜਾਂ ਹਾਈਵੇ ਦੇ ਢਾਬੇ 'ਤੇ ਪੀਏ। ਪਰ ਚਾਹ ਤਾਂ ਚਾਹ ਹੀ ਹੈ ਨਾ। ਤੇ ਕਿਸ ਤਰ੍ਹਾਂ ਦੀ ਚਾਹ ਪੀਏ, ਕਿਸ ਸਮੇਂ ਤੇ ਕਿੱਥੇ ਪੀਏ, ਕਿਵੇਂ ਤੇ ਕਾਹਦੇ ਵਿਚ ਪੀਏ, ਗੱਪ ਸ਼ੱਪ ਦਾ ਮਾਹੌਲ ਬਣ ਹੀ ਜਾਂਦਾ ਹੈ। ਕਈ ਵਾਰੀ ਤਾਂ ਜ਼ਰੂਰਤ ਲਈ ਨਹੀਂ ਬਲਕਿ ਗੱਪ-ਸ਼ੱਪ ਮਾਰਨ ਲਈ ਹੀ ਚਾਹ ਪੀਤੀ ਜਾਂਦੀ ਹੈ।
ਇਕ ਦਿਨ ਮੈਂ ਆਪਣੀਆਂ ਪੁਰਾਣੀਆਂ ਕਾਲਜ ਦੀਆਂ ਕੁਲੀਗਜ਼ ਨਾਲ ਚਾਹ ਦੇ ਕੱਪ ਦੇ ਮਜ਼ੇ ਲੈ ਰਹੀ ਸੀ। ਗੱਪ-ਸ਼ੱਪ ਚਲ ਰਹੀ ਸੀ। ਕਾਲਜ ਦੇ ਪੁਰਾਣੇ ਦਿਨਾਂ ਦੀਆਂ ਗੱਲਾਂ ਚਲ ਪਈਆਂ ਤੇ ਮੈਨੂੰ ਦੋ ਗੱਲਾਂ ਯਾਦ ਆ ਗਈਆਂ ਜਿਹੜੀਆਂ ਅੱਜ ਵੀ ਮੇਰੇ ਚਿਹਰੇ 'ਤੇ ਮੁਸਕਾਨ ਲੈ ਆਉਂਦੀਆਂ ਹਨ।
ਇਕ ਦਿਨ ਮੈਂ ਆਪਣੀ ਇਤਿਹਾਸ (ਹਿਸਟਰੀ) ਦੀ ਕਲਾਸ ਲੈ ਰਹੀ ਸੀ ਤੇ ਵਿਦਿਆਰਥਣਾਂ ਨੂੰ ਸਮਝਾ ਰਹੀ ਸੀ ਕਿ ਇਮਤਿਹਾਨ ਵਿਚ ਉਤਰ ਲਿਖਣ ਵੇਲੇ ਕਦੀ ਵੀ ਉਲਝੇ ਹੋਏ ਨਾ ਲੱਗੋ। ਪਹਿਲੀ ਲਾਈਨ ਵਿਚ ਕੱਟ-ਵੱਢ ਕਦੇ ਨਾ ਕਰੋ। ਜੇਕਰ ਕੋਈ ਤਰੀਕ ਜਾਂ ਘਟਨਾ ਯਾਦ ਨਾ ਰਹੇ ਤਾਂ ਕਿਸੇ ਸਿੱਧੇ-ਸਾਦੇ ਛੋਟੇ ਜਿਹੇ ਵਾਕ ਨਾਲ ਸ਼ੁਰੂਆਤ ਕਰ ਲਵੋ ਜਾਂ ਫਿਰ ਰਾਜੇ ਦੀ ਜਾਂ ਉਸ ਦੇ ਰਾਜ-ਪਾਟ ਦੀ ਕਿਸੇ ਚੰਗੀ ਮਸ਼ਹੂਰ ਗੱਲ ਤੋਂ ਸ਼ੁਰੂ ਕਰ ਲਵੋ। ਇਸ ਦਾ ਪੇਪਰ ਚੈੱਕ ਕਰਨ ਵਾਲੇ 'ਤੇ ਠੀਕ ਪ੍ਰਭਾਵ ਪੈਂਦਾ ਹੈ।
ਕੁਝ ਦਿਨਾਂ ਬਾਅਦ ਪੇਪਰ ਸਨ। ਸਵਾਲ ਅਕਬਰ ਬਾਦਸ਼ਾਹ ਦੀਆਂ ਸਫਲਤਾਵਾਂ 'ਤੇ ਸੀ। ਇਕ ਵਿਦਿਆਰਥਣ ਨੇ ਸਵਾਲ ਦਾ ਉਤਰ ਇਸ ਲਾਈਨ ਨਾਲ ਸ਼ੁਰੂ ਕੀਤਾ:
'ਅਕਬਰ ਦਾ ਜਨਮ..... ਛੋਟੀ ਉਮਰ ਵਿਚ ਹੀ ਹੋ ਗਿਆ ਸੀ।'
ਮਤਲਬ ਸਾਫ ਸੀ। ਉਸ ਨੂੰ ਜਨਮ ਤਰੀਕ ਯਾਦ ਨਹੀਂ ਸੀ ਪਰ ਉਸ ਨੇ ਮੇਰੇ ਦਿੱਤੇ ਮਸ਼ਵਰੇ ਦੀ ਜਹੀ-ਤਹੀ ਫੇਰ ਦਿੱਤੀ।
ਸਾਲਾਨਾ ਇਮਤਿਹਾਨਾਂ ਵਿਚ ਇਕ ਵਾਰੀ ਮੇਰੀ ਡਿਊਟੀ ਇਕ ਪ੍ਰੀਖਿਆ ਕੇਂਦਰ ਵਿਚ ਲੱਗ ਗਈ। ਇੰਗਲਿਸ਼ ਦਾ ਪੇਪਰ ਸੀ। ਮੈਂ ਲਾਈਨਾਂ ਦੇ ਵਿਚਕਾਰ ਘੁੰਮ ਰਹੀ ਸੀ। ਇਕ ਸਟੂਡੈਂਟ ਹੌਲੀ ਜਿਹੀ ਬੋਲਿਆ, 'ਮੈਡਮ ਪਲੀਜ਼ ਭਾਰਤ ਵਰਸ ਦੀ ਅੰਗਰੇਜ਼ੀ ਦੱਸ ਦਿਓ।' ਮੈਂ ਦੇਖਿਆ ਉਹ ਅਨੁਵਾਦ ਦਾ ਸਵਾਲ ਕਰ ਰਿਹਾ ਸੀ। ਉਸ ਦੀ ਗੱਲ ਅਣਸੁਣੀ ਕਰਕੇ ਮੈਂ ਅੱਗੇ ਲੰਘ ਗਈ। ਦੂਜੀ ਵਾਰ ਫਿਰ ਮੈਂ ਲੰਘੀ ਤਾਂ ਉਹ ਬੋਲਿਆ, 'ਮੈਡਮ ਦੱਸ ਦਿਓ ਨਹੀਂ ਤਾਂ ਮੈਂ ਫੇਲ੍ਹ ਹੋ ਜਾਂਵਾਗਾ।'
ਮੇਰੇ ਮਨ 'ਚ ਆਇਆ ਕਿ ਵਿਚਾਰੇ ਦੀ ਮੰਗ ਤਾਂ ਵੱਡੀ ਨਹੀਂ ਹੈ, ਨਾ ਹੀ ਨਕਲ ਕਰ ਰਿਹਾ ਹੈ ਤੇ ਨਾ ਹੀ ਨਕਲ ਕਰਵਾਉਣ ਲਈ ਕਹਿ ਰਿਹਾ ਹੈ। ਮੈਂ ਹੌਲੀ ਜਿਹੀ ਕਿਹਾ 'ਇੰਡੀਆ' ਤੇ ਅੱਗੇ ਲੰਘ ਗਈ। ਜਦ ਮੈਂ ਮੁੜ ਕੇ ਚੱਕਰ ਲਗਾਇਆ ਤੇ ਉਹ ਮੇਰੀ ਸਾੜ੍ਹੀ ਦਾ ਹਲਕੇ ਜਿਹੇ ਪੱਲਾ ਫੜ ਕੇ ਬੋਲਿਆ, 'ਮੈਡਮ 'ਇੰਡੀਆ' ਤਾਂ ਭਾਰਤ ਲਈ ਅੰਗਰੇਜ਼ੀ ਸ਼ਬਦ ਹੈ ਹੁਣ 'ਵਰਸ਼' ਦਾ ਵੀ ਦੱਸਦੇ ਜਾਓ।'

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾਕ: ਸੂਲਰ, ਪਟਿਆਲਾ
ਫੋਨ : 95015-31277.

ਸੰਤੁਸ਼ਟੀ

ਮੈਂ ਪੜ੍ਹਾਈ ਪੂਰੀ ਕੀਤੀ ਤਾਂ ਇੱਕ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਤੌਰ 'ਤੇ ਅਧਿਆਪਨ ਕਰਨਾ ਸ਼ੁਰੂ ਕੀਤਾ। ਉਹ ਵਿਸ਼ਾ ਜਿਹੜਾ ਮੈਂ ਪੜ੍ਹਾਉਣਾ ਸੀ, ਦਾ ਸਰਕਾਰੀ ਅਧਿਆਪਕ ਨਾ ਹੋਣ ਕਰਕੇ ਪ੍ਰਬੰਧਕੀ ਕਮੇਟੀ ਨੇ ਮੈਨੂੰ ਉਹ ਵਿਸ਼ਾ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਿਹਾ ਤੇ ਬਹੁਤ ਹੀ ਨਿਗੂਣੀ ਤਨਖਾਹ ਦੇਣ ਬਾਰੇ ਵੀ ਮੈਨੂੰ ਜਾਣਕਾਰੀ ਦੇ ਦਿੱਤੀ। ਮੈਂ ਨਿਗੂਣੀ ਤਨਖਾਹ ਦੀ ਪਰਵਾਹ ਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਬਹੁਤ ਹੀ ਮਿਹਨਤ ਅਤੇ ਦਿਲ ਲਗਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਜਲਦੀ ਹੀ ਮੈਨੂੰ ਵਿਦਿਆਰਥੀਆਂ 'ਚ ਲੋਕਪ੍ਰਿਆ ਹੋਣ ਦਾ ਮੌਕਾ ਮਿਲ ਗਿਆ। ਹਰ ਵਿਦਿਆਰਥੀ ਬਾਰੇ ਗੰਭੀਰਤਾ ਨਾਲ ਸੋਚਣਾ ਤੇ ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸਜਗ ਹੋ ਜਾਣਾ ਮੈਨੂੰ ਚੰਗਾ ਲਗਦਾ ਸੀ। ਮੇਰੀ ਆਦਤ ਸੀ ਕਿ ਮੈਂ ਜੋ ਪਾਠ ਵੀ ਪੜ੍ਹਾਉਣਾ, ਅਗਲੇ ਦਿਨ ਵਿਦਿਆਰਥੀਆਂ ਤੋਂ ਇਸ ਪਾਠ ਸੁਣ ਲੈਣਾ, ਜਿਸ ਨਾਲ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਵੀ ਮੈਨੂੰ ਪਤਾ ਲੱਗ ਜਾਂਦਾ ਤੇ ਨਾਲ ਦੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੁਚੀ ਦੀ ਵੀ ਜਾਣਕਾਰੀ ਮਿਲ ਜਾਂਦੀ ਸੀ। ਮੈਂ ਜਦੋਂ ਵੀ ਜੋ ਵੀ ਸੁਣਨਾ ਤਾਂ ਇੱਕ ਵਿਦਿਆਰਥਣ ਉਹ ਸਭ ਕੁੱਝ ਮੈਨੂੰ ਝੱਟ-ਪੱਟ ਸੁਣਾ ਦਿੰਦੀ। ਛੇਤੀ ਹੀ ਮੈਨੂੰ ਪਤਾ ਚੱਲ ਗਿਆ ਕਿ ਉਹ ਵਿਦਿਆਰਥਣ ਆਰਥਿਕ ਪੱਖੋਂ ਕਮਜ਼ੋਰ ਹੈ। ਮੈਂ ਇੱਕ ਦਿਨ ਉਸ ਤੋਂ ਪੁੱਛਿਆ, 'ਕਿ ਤੇਰੇ ਕੋਲ ਕੋਈ ਕਿਤਾਬ ਨਹੀਂ ਹੈ ਤਾਂ ਵੀ ਤੂੰ ਸਭ-ਕੁਝ ਝਟ-ਪੱਟ ਕਿਵੇਂ ਸੁਣਾ ਦਿੰਦੀ ਏਂ?' ਜਦ ਕਿ ਇਸ ਜਮਾਤ ਵਿਚ ਹੋਰ ਵੀ ਵਿਦਿਆਰਥੀ ਹਨ, ਜੋ ਸਰਦੇ-ਪੁੱਜਦੇ ਘਰਾਂ ਤੋਂ ਹਨ ਤੇ ਉਨ੍ਹਾਂ ਕੋਲ ਕਿਤਾਬਾਂ-ਕਾਪੀਆਂ ਵੀ ਹਨ, ਪਰ ਉਹ ਪੜ੍ਹਨ 'ਚ ਰੁਚੀ ਨਹੀਂ ਲੈਂਦੇ। ਉਹ ਬੋਲੀ, ਮੇਰੀ ਪੜ੍ਹਨ 'ਚ ਰੁਚੀ ਹੈ ਤੇ ਛੁੱਟੀ ਹੋਣ ਤੋਂ ਬਾਅਦ ਮੈਂ ਆਪਣਾ ਘਰ ਦਾ ਕੰਮ-ਧੰਦਾ ਮੁਕਾ ਕੇ ਜਮਾਤ ਦੀ ਇਕ ਵਿਦਿਆਰਥਣ ਦੇ ਘਰ ਜਾਂਦੀ ਹਾਂ ਤੇ ਉਸ ਦੇ ਘਰ ਹੀ ਸਾਰਾ ਪਾਠ ਯਾਦ ਕਰਦੀ ਹਾਂ। ਉਸ ਨੇ ਅੱਗੇ ਆਖਿਆ ਕਿ ਘਰ 'ਚ ਗ਼ਰੀਬੀ ਹੋਣ ਕਾਰਨ ਕਿਤਾਬ ਲੈਣਾ ਮੁਸ਼ਕਿਲ ਹੈ। ਮੈਂ ਇਸ ਲਾਇਕ ਵਿਦਿਆਰਥਣ ਦੀ ਮਦਦ ਕਰਨਾ ਚਾਹੁੰਦੀ ਸੀ, ਪਰ ਮੁਸ਼ਕਿਲ ਇਹ ਸੀ ਕਿ ਮੈਂ ਉਸ ਸਮੇਂ ਬੇਰੋਜ਼ਗਾਰ ਹੋਣ ਕਾਰਨ ਉਸ ਵਿਦਿਆਰਥਣ ਦੀ ਮਦਦ ਚਾਹ ਕੇ ਵੀ ਨਹੀਂ ਕਰ ਸਕਦੀ ਸੀ। ਮੈਂ ਇਹ ਗੱਲ ਜਮਾਤ ਦੀਆਂ ਹੋਰ ਵਿਦਿਆਰਥਣਾਂ ਨਾਲ ਸਾਂਝੀ ਕੀਤੀ ਤੇ ਕਿਹਾ ਕਿ ਜੇ ਆਪਾਂ ਸਾਰੇ ਮਿਲ ਕੇ ਇਸ ਵਿਦਿਆਰਥਣ ਨੂੰ ਕਿਤਾਬ ਲੈ ਦਈਏ ਤਾਂ ਇਹ ਵਿਦਿਆਰਥਣ ਨਵੇਂ ਦਿਸਹੱਦੇ ਕਾਇਮ ਕਰ ਸਕਦੀ ਹੈ। ਮੈਂ ਹਰ ਵਿਦਿਆਰਥੀ ਨੂੰ ਇਕ-ਇਕ ਰੁਪਇਆ ਲਿਆਉਣ ਲਈ ਕਿਹਾ ਅਤੇ ਨਾਲ ਹੀ ਤਾਕੀਦ ਕੀਤੀ ਕਿ ਜੇ ਤੁਹਾਡੇ ਮਾਪੇ ਰੁਪਇਆ ਦੇਣ ਤੋਂ ਇਨਕਾਰ ਕਰ ਦੇਣ ਤਾਂ ਤੁਸੀਂ ਜ਼ਬਰਦਸਤੀ ਨਹੀਂ ਕਰਨੀ, ਰੁਪਇਆ ਤਾਂ ਹੀ ਲੈ ਕੇ ਆਉਣਾ ਹੈ ਜੇ ਮਾਪੇ ਚਾਹੁਣ। ਦੂਸਰੇ ਦਿਨ ਵਿਦਿਆਰਥਣਾਂ ਨੇ ਆਪਣੇ ਵੱਲੋਂ ਲਿਆਂਦਾ ਇੱਕ-ਇੱਕ ਰੁਪਇਆ ਮੈਨੂੰ ਜਮ੍ਹਾਂ ਕਰਵਾ ਦਿੱਤਾ। ਮੈਨੂੰ ਉਸ ਸਮੇਂ ਖ਼ੁਸ਼ੀ ਹੋਈ ਜਦ ਇੱਕ ਵਿਦਿਆਰਥਣ ਨੇ 10 ਰੁਪਏ ਦਾ ਨੋਟ ਮੇਰੇ ਹੱਥੀਂ ਫੜ੍ਹਾ ਦਿੱਤਾ। ਉਨ੍ਹਾਂ ਰੁਪਇਆਂ ਵਿੱਚ ਕੁਝ ਰੁਪਏ ਮੈਂ ਪਾਏ ਤੇ ਉਸ ਲੜਕੀ ਨੂੰ ਨਵੀਂ-ਨਕੋਰ ਕਿਤਾਬ ਲਿਆ ਕੇ ਦਿੱਤੀ। ਜਦ ਮੈਂ ਉਸ ਵਿਦਿਆਰਥਣ ਨੂੰ ਇਹ ਕਿਤਾਬ ਦਿੱਤੀ ਤਾਂ ਮੈਨੂੰ ਅਥਾਹ ਸੰਤੁਸ਼ਟੀ ਹੋਈ। ਹੁਣ ਉਹ ਹੋਰ ਜ਼ਿਆਦਾ ਪੜ੍ਹਨ 'ਚ ਰੁਚੀ ਲੈਣ ਲੱਗ ਪਈ। ਉਸ ਦੀ ਮਿਹਨਤ ਦਾ ਹੀ ਫਲ ਹੀ ਸੀ ਕਿ ਉਹ ਜਮਾਤ 'ਚੋਂ ਪਹਿਲੇ ਨੰਬਰ 'ਤੇ ਆਈ। ਹੁਣ ਉਸ ਨੇ ਇਸ ਸਕੂਲ ਨੂੰ ਛੱਡ ਕੇ ਜਾਣਾ ਸੀ। ਉਹ ਵਿਦਿਆਰਥਣ ਮੇਰੇ ਕੋਲ ਆਈ ਤੇ ਕਿਤਾਬ ਵਾਪਸ ਕਰਦੀ ਹੋਈ ਬੋਲੀ, ਮੈਨੂੰ ਤੁਹਾਡੇ ਵਰਗੇ ਅਧਿਆਪਕ 'ਤੇ ਮਾਣ ਹੈ। ਉਸ ਨੇ ਕਿਹਾ ਕਿ ਮੇਰੇ ਵਰਗੇ ਕਈ ਵਿਦਿਆਰਥੀ ਤੁਹਾਨੂੰ ਮਿਲਣਗੇ। ਹੋ ਸਕਦਾ ਹੈ ਕਿ ਕਿਸੇ ਵਿਦਿਆਰਥੀ ਨੂੰ ਇਸ ਕਿਤਾਬ ਦੀ ਜ਼ਰੂਰਤ ਹੋਵੇ, ਇਹ ਕਿਤਾਬ ਤੁਸੀਂ ਉਸ ਨੂੰ ਦੇ ਦੇਣਾ। ਮੈਨੂੰ ਉਸ ਵਿਦਿਆਰਥਣ ਦੀ ਅਜਿਹੀ ਸੋਚ ਚੰਗੀ ਲੱਗੀ। ਉਸ ਦਿਨ ਤੋਂ ਬਾਅਦ ਅੱਜ-ਤੱਕ ਮੇਰੀਆਂ ਨਜ਼ਰਾਂ ਲੋੜਵੰਦ ਵਿਦਿਆਰਥੀ ਨੂੰ ਲੱਭਦੀਆਂ ਹਨ। ਜਦ ਵੀ ਕੋਈ ਐਸਾ ਵਿਦਿਆਰਥੀ ਮੇਰੇ ਨਜ਼ਰੀਂ ਪੈਂਦਾ ਹੈ ਤਾਂ ਮੈਨੂੰ ਉਸ ਵਿਦਿਆਰਥੀ ਮਦਦ ਕਰਨ ਨਾਲ ਅਥਾਹ ਸੰਤੁਸ਼ਟੀ ਮਿਲਦੀ ਹੈ, ਕੁਝ ਇਸ ਲਈ ਵੀ, ਕਿਉਂਕਿ ਅੱਜ ਮੈਂ ਵਿਦਿਆਰਥੀਆਂ ਦੀ ਮਦਦ ਕਰਨ ਦੇ ਸਮਰੱਥ ਹਾਂ।
*****

ਅਜੋਕੀ ਧੀ

ਭੂਤ ਕਾਲ ਤੋਂ ਵਰਤਮਾਨ ਤੱਕ ਸੱਭਿਅਤਾ ਅਤੇ ਸੱਭਿਆਚਾਰ ਨੇ ਸਮੇਂ ਦਾ ਹਾਣੀ ਬਣਨ ਦੀ ਕੋਸ਼ਿਸ਼ ਕੀਤੀ ਪਰ ਨਤੀਜਾ ਹਾਂ-ਪੱਖੀ ਦੇ ਨਾਲ-ਨਾਲ ਨਾਂਹ-ਪੱਖੀ ਵੀ ਰਿਹਾ। ਇਸ ਦੀ ਸਭ ਤੋਂ ਵੱਡੀ ਮਾਰ ਅਜੋਕੀ ਧੀ ਨੂੰ ਪਈ। ਭਾਵੇਂ ਇੱਕਾ-ਦੁੱਕਾ ਧੀਆਂ ਕਰਕੇ ਪਿਓ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ, ਪਰ ਸਮਾਜ ਦਾ ਨਜ਼ਰੀਆ ਇੱਕ-ਦੁੱਕਾ ਨੂੰ ਸਨਮੁਖ ਰੱਖ ਕੇ ਬਾਕੀ ਮਾਣਮੱਤੀਆਂ ਧੀਆਂ ਨੂੰ ਇਕੋ ਬੇਲ ਦਾ ਤੂੰਬਾ ਸਮਝਣ ਵਾਲਾ ਹੁੰਦਾ ਹੈ।
ਅਜੋਕੀ ਧੀ ਨੂੰ ਸਮਾਜ, ਸੱਭਿਆਚਾਰ ਅਤੇ ਵਿਗਿਆਨ ਦੀ ਮਾਰ ਝੱਲਣੀ ਪਈ। ਦਰਿੰਦਗੀ, ਦਾਜ ਅਤੇ ਦਾਗ਼ ਵਿੱਚੋਂ ਭਰੂਣ ਹੱਤਿਆ ਨੇ ਜਨਮ ਲਿਆ। ਧੀ ਜੰਮਣ ਤੋਂ ਪਹਿਲਾਂ ਰੱਬ ਬਣਿਆ ਮਨੁੱਖ ਧੀ ਦੀ ਕਿਸਮਤ ਲਿਖ ਦਿੰਦਾ ਹੈ। ਇਸ ਮਾਮਲੇ ਵਿਚ ਮਨੁੱਖ ਧਾਰਮਿਕ ਸੋਚ ਨੂੰ ਵੀ ਨੁੱਕਰੇ ਲਾ ਦਿੰਦਾ ਹੈ। ਕਿਸੀ ਸਮੇਂ ਬਾਬਲ ਦੇ ਵਿਹੜੇ ਦਾ ਸ਼ਿੰਗਾਰ ਧੀ 'ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ' ਦੀ ਸੱਭਿਆਚਾਰਕ ਵੰਨਗੀ ਪੇਸ਼ ਕਰਦੀ ਸੀ। ਪਰ ਸਮੇਂ ਦੇ ਵੇਗ ਨੇ ਸਭ ਕੁਝ ਘਸਮੈਲਾ ਕਰ ਦਿੱਤਾ ਹੈ। ਪਿਓ-ਧੀ ਦੇ ਰਿਸ਼ਤੇ ਵਿੱਚ ਵੀ ਸਮਾਜਿਕ ਬੇਚੈਨੀ ਪੈਦਾ ਕਰ ਦਿੱਤੀ ਹੈ। ਅਜੋਕੀ ਧੀ ਪ੍ਰਤੀ ਭਰੂਣ ਹੱਤਿਆ ਦਾ ਕਲੰਕ ਇਉਂ ਸੁਨੇਹਾ ਦਿੰਦਾ ਹੈ:
'ਡੋਲੀ ਵਿਚ ਤਾਂ ਕੀ ਬਿਠਾਉਣਾ,
ਅਰਥੀ ਦਾ ਵੀ ਸਰਫ਼ਾ ਕੀਤਾ।'
ਸਰਕਾਰੀ ਸਿਕੰਜ਼ੇ ਨੇ ਅਜੋਕੀ ਧੀ ਨੂੰ ਜਨਮ ਲੈਣ ਦਾ ਮੌਕਾ ਤਾਂ ਦਿੱਤਾ ਹੈ ਪਰ ਮਨੁੱਖੀ ਮਾਨਸਿਕਤਾ ਵਿੱਚ ਬਹੁਤਾ ਫਰਕ ਨਹੀਂ ਪਿਆ। ਅਜੇ ਵੀ ਧੀ ਜੰਮੇ ਤੋਂ ਮੱਥੇ ਵੱਟ ਪੈਂਦਾ ਹੈ। ਇਸੇ ਲਈ ਧੀ ਨੂੰ ਕਰਮਾਂ ਦੀ ਮਾਰੀ ਵੀ ਕਹਿ ਦਿੱਤਾ ਜਾਂਦਾ ਹੈ। ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਵਹੁਟੀ ਹਰ ਇਕ ਨੂੰ ਚਾਹੀਦੀ ਹੈ ਪਰ ਧੀ ਨਾ ਜੰਮੇ। ਵਾਹ ਓਏ ਮਨੁੱਖਾ, ਅਜੋਕੀ ਧੀ ਪ੍ਰਤੀ ਸਦਕੇ ਤੇਰੀ ਸਿੱਖਿਆ ਅਤੇ ਮਾਨਸਿਕਤਾ ਦੇ। ਲਿੰਗ ਅਨੁਪਾਤ ਦਾ ਢੰਡੋਰਾ ਪਿੱਟਣ ਨਾਲੋਂ ਧੀਆਂ ਪ੍ਰਤੀ ਸਿੱਖਿਆ ਅਤੇ ਮਾਨਸਿਕਤਾ ਨੂੰ ਸਮੇਂ ਦੇ ਅਨੁਕੂਲ ਬਣਾਉਣ ਦੀ ਲੋੜ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ। ਮੋਬਾਈਲ : 98781-11445.

ਉਨਾਭੀ ਨਹੀਂ

ਗੁਲਾਬੀ ਨਹੀਂ

ਫਿਰੋਜ਼ੀ ਨਹੀਂ

ਤਸਵੀਰਾਂ ਦੀ ਵੀ ਜ਼ੁਬਾਨ ਹੁੰਦੀ ਹੈ , ਉਹ ਚੁੱਪ ਹੁੰਦੀਆਂ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਬੱਸ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਹੋਣਾ ਚਾਹੀਦਾ ਹੈ। ਤਸਵੀਰ ਦੀ ਆਵਾਜ਼ ਅੱਖਾਂ ਰਾਹੀਂ ਦਸਤਕ ਦੇ ਕੇ ਧੁਰ ਦਿਮਾਗ਼ ਤੱਕ ਜਾ ਅੱਪੜਦੀ ਹੈ, ਹੁਣ ਤੁਹਾਡੇ ਹੱਥ ਹੁੰਦਾ ਹੈ ਕਿ ਉਸ ਤਸਵੀਰ ਦੀ ਆਵਾਜ਼ ਨੂੰ ਸੁਣਨਾ ਹੈ ਜਾਂ ਅਣਗੌਲਿਆਂ ਕਰਨਾ ਹੈ। ਬਹੁਤੇ ਲੋਕ ਤਾਂ ਸੁਣਦੇ ਹੋਏ ਵੀ ਦੂਸਰਿਆਂ ਨੂੰ ਅਣਗੌਲਿਆਂ ਕਰ ਛੱਡਦੇ ਹਨ, ਉਨ੍ਹਾਂ ਨੂੰ ਉੱਚੀ ਨੀਵੀਂ ਆਵਾਜ਼ ਦਾ ਫ਼ਰਕ ਹੀ ਨਹੀਂ ਹੁੰਦਾ, ਜੋ ਆਵਾਜ਼ ਹੀ ਨਹੀਂ ਸੁਣਦੇ, ਉਨ੍ਹਾਂ ਤਸਵੀਰਾਂ ਦੀ ਭਾਸ਼ਾ ਕੀ ਸਮਝਣੀ ਹੈ।
ਕਿਹਰ ਸਿੰਘ ਨੇ ਨਵਾਂ ਨਵਾਂ ਸਮਾਰਟ ਫ਼ੋਨ ਲਿਆ ਸੀ। ਵਟਸਐਪ ਤੇ ਉਸ ਨੇ ਆਪਣੀ ਪਤਨੀ ਨਾਲ ਖਿੱਚੀ ਤਸਵੀਰ ਲਗਾਈ। ਤਸਵੀਰ ਵਿਚ ਉਸ ਨੇ ਉਨਾਭੀ ਰੰਗ ਦੀ ਕਮੀਜ਼ ਅਤੇ ਉਸ ਦੀ ਪਤਨੀ ਨੇ ਹਲਕੇ ਪੀਲੇ ਰੰਗ ਦਾ ਕਮੀਜ਼ ਸਲਵਾਰ ਪਾਇਆ ਹੋਇਆ ਸੀ, ਇਹੀ ਹਲਕਾ ਪੀਲਾ ਰੰਗ ਹੀ ਉਸ ਦੀ ਪਤਨੀ ਦਾ ਪਸੰਦੀਦਾ ਰੰਗ ਸੀ। ਵੱਖ ਵੱਖ ਲੋਕਾਂ ਨੇ ਉਸ ਦੀ ਵਟਸਐਪ ਤਸਵੀਰ ਦੀ ਪ੍ਰਸੰਸਾ ਕੀਤੀ। ਕਿਸੇ ਨੇ ਵਾਹ ਵਾਹ, ਕਿਸੇ ਨੇ ਸੋਹਣੀ ਲਗਦੀ ਜੋੜੀ ਅਤੇ ਕਿਸੇ ਨੇ ਕੁਝ ਕਿਹਾ। ਪਰ ਉਸ ਦੇ ਇਕ ਮਿੱਤਰ ਨੇ ਤਸਵੀਰ ਦੇਖਦੇ ਹੀ ਫ਼ੋਨ ਕਰਕੇ ਕਿਹਾ ਸੀ, 'ਮਿੱਤਰਾ, ਤੁਹਾਡੀ ਜੋੜੀ ਬਹੁਤ ਸੋਹਣੀ ਲਗਦੀ ਹੈ, ਐਵੇਂ ਨਾ ਦਿਮਾਗ਼ ਤੇ ਬੋਝ ਪਾਇਆ ਕਰ, ਤੂੰ ਉਨਾਭੀ ਦੀ ਥਾਂ ਜੇਕਰ ਪੀਲੇ ਰੰਗ ਦੀ ਕਮੀਜ਼ ਪਾਉਂਦਾ ਤਾਂ ਤਸਵੀਰ ਹੋਰ ਵੀ ਸੋਹਣੀ ਹੋ ਜਾਣੀ ਸੀ, ਛੱਡ ਉਨਾਭੀ , ਗੁਲਾਬੀ ਅਤੇ ਫ਼ਿਰੋਜ਼ੀ ਰੰਗਾਂ ਨੂੰ'। ਕਿਹਰ ਸਿੰਘ ਨੂੰ ਆਪਣੇ ਮਿੱਤਰ ਦੀ ਗੱਲ ਸਮਝਣ ਵਿਚ ਬੇਸ਼ੱਕ ਕੁਝ ਸਮਾਂ ਲੱਗ ਗਿਆ ਸੀ, ਪਰ ਉਹ ਸਮਝ ਗਿਆ ਸੀ, ਜੀਵਨ ਸਾਥੀ ਦੇ ਰੰਗਾਂ ਵਿਚ ਰੰਗ ਕੇ ਹੀ ਖ਼ੁਸ਼ੀਆਂ ਪਾਈਆਂ ਜਾ ਸਕਦੀਆਂ ਹਨ, ਹੋਰ ਸਭ ਐਵੇ ਦੀਆਂ ਬਾਤਾਂ ਹਨ।

-ਨੇੜੇ ਨੇਕੀ ਵਾਲੀ ਦੀਵਾਰ, ਕ੍ਰਿਸ਼ਨਾ ਕਾਲੋਨੀ ਗੁਰਾਇਆ।
ਫੋਨ-9417058020

ਪੇਕਿਆਂ ਦਾ ਸੰਦੂਕ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੈਂ ਕਿਹਾ, 'ਜਦੋਂ ਇਹ ਅੰਦਰ ਹੀ ਨਹੀਂ ਹੁੰਦਾ ਤਾਂ ਉਤਲੇ ਸਟੋਰ ਦਾ ਕੀ ਮਤਲਬ?'
'ਬਾਈ ਇਹ ਤੂੰ ਮੇਰੇ 'ਤੇ ਛੱਡ ਦੇ' ਘੀਲੇ ਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਸੁੱਟੀਆਂ।
ਮੈਂ ਜਵਾਬ ਦਿੱਤਾ, 'ਹਾਂ ਹੈ, ਦੂਸਰੀ ਮੰਜ਼ਿਲ ਦੀ ਛੱਤ 'ਤੇ 'ਕੱਲਾ ਸਟੋਰ ਈ ਆ।'
ਘੀਲਾ ਛਾਲ ਮਾਰ ਕੇ ਖੜ੍ਹਾ ਹੋ ਗਿਆ ਤੇ ਜੇਤੂ ਰੌਂਅ ਵਿਚ ਮੁਖ਼ਾਤਿਬ ਹੋਇਆ, 'ਆ ਜੋ ਬਈ ਚੁੱਕੋ ਸੰਦੂਕ ਤੇ ਲੈ ਚੱਲੋ ਇਨ੍ਹਾਂ ਭਈਆਂ ਵਾਲੇ ਨਾਲ ਦੇ ਪਲਾਟ ਵਿਚ।'
ਮੇਰੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਮੇਰੀ ਸਮਝ ਵਿਚ ਹਾਲੇ ਕੱਖ ਨਹੀਂ ਸੀ ਆਇਆ, ਸੋਚਿਆ ਦੇਖੀ ਜਾਊ, ਸ਼ਾਇਦ ਕੰਮ ਬਣ ਹੀ ਜਾਵੇ। ਘੀਲੇ ਨੇ ਮੇਰੀ ਨਬਜ਼ ਪਛਾਣ ਲਈ ਸੀ ਤੇ ਕਹਿੰਦਾ, 'ਤੂੰ ਹੌਸਲਾ ਰੱਖ ਬਾਈ, ਕਈ ਵਾਰੀ ਬਾਹਲੀ ਪੜ੍ਹਾਈ-ਲਿਖਾਈ ਵੀ ਕੰਮ ਨਹੀਂ ਕਰਦੀ, ਜ਼ਿੰਦਗੀ 'ਚ ਸਾਲੇ ਕਈ ਜੁਗਾੜ ਕਰਨੇ ਪੈਂਦੇ ਆ'। ਅਸੀਂ ਸਾਰਿਆਂ ਨੇ ਸੰਦੂਕ ਚੁੱਕ ਕੇ ਭਈਆਂ ਵਾਲੇ ਪਲਾਟ ਵਿਚ ਸਾਂਝੀ ਕੰਧ ਨਾਲ ਜਾ ਰੱਖਿਆ। ਫਿਰ ਘੀਲੇ ਨੇ ਇਕ ਭਈਏ ਨੂੰ ਉੱਥੇ ਹੀ ਰੁਕਣ ਦਾ ਹੁਕਮ ਕੀਤਾ ਅਤੇ ਆਪਣੇ ਪੀਟਰ ਰੇਹੜੇ ਵਿਚੋਂ ਕਈ ਰੱਸੇ ਕੱਢ ਕੇ ਸਾਨੂੰ ਸਾਰਿਆਂ ਨੂੰ ਸਾਡੇ ਮਕਾਨ ਦੇ ਉਪਰ ਦੂਸਰੀ ਮੰਜ਼ਿਲ ਦੀ ਛੱਤ 'ਤੇ ਜਾ ਖਿਲਾਰਿਆ। ਹੁਣ ਸਾਰੀ ਗੱਲ ਮੇਰੀ ਸਮਝ ਵਿਚ ਆ ਗਈ। ਨਾਲ ਵਾਲੇ ਪਲਾਟ ਵਿਚ ਰੱਸੇ ਲਮਕਾ ਕੇ, ਅਸੀਂ ਹੇਠਾਂ ਖੜ੍ਹੇ ਭਈਏ ਨੂੰ ਸੰਦੂਕ ਨਾਲ ਬੰਨ੍ਹਣ ਲਈ ਤਾਕੀਦ ਕੀਤੀ। ਜਦੋਂ ਹਈ ਸ਼ਾ, ਜ਼ੋਰ ਲਗਾ ਦਾ ਰੌਲਾ ਪੈਣ ਲੱਗਿਆ ਤਾਂ ਉੱਥੇ ਕਈ ਤਮਾਸ਼ਬੀਨ ਇਕੱਠੇ ਹੋ ਗਏ। ਵਾਹਵਾ ਭੀੜ ਜੁੜ ਗਈ ਸੀ, ਸਾਰੇ ਸਾਨੂੰ ਆਪਣੀਆਂ-ਆਪਣੀਆਂ ਨੇਕ ਸਲਾਹਾਂ ਨਾਲ ਨਿਵਾਜ਼ ਰਹੇ ਸਨ, ਕਈ ਹੇਠਾਂ ਖੜ੍ਹੇ ਹੀ ਸਾਡੇ ਵਾਂਗੂੰ ਜ਼ੋਰ ਲਾ ਰਹੇ ਸਨ। ਜਿਵੇਂ-ਜਿਵੇਂ ਸੰਦੂਕ ਉੱਪਰ ਨੂੰ ਜਾਵੇ, ਸਾਡਾ ਹੌਸਲਾ ਵਧਦਾ ਜਾਵੇ। ਆਖ਼ਿਰ ਅਸੀਂ ਮੋਰਚਾ 'ਫ਼ਤਹਿ' ਕਰ ਹੀ ਲਿਆ। ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੰਦੂਕ ਸ਼ਹਿਰ ਆਉਣ ਦੀ ਖੁਸ਼ੀ ਵਿਚ ਅਸੀਂ ਉਹਦੇ ਜਿੰਦੇ ਖੋਲ੍ਹਣੇ ਤਾਂ ਭੁੱਲ ਹੀ ਗਏ ਸਾਂ, ਇਸ ਗੱਲ ਦਾ ਤਾਂ ਸਾਨੂੰ ਸੰਦੂਕ ਦੇ ਉੱਤੇ ਪਹੁੰਚਣ 'ਤੇ ਹੀ ਪਤਾ ਲੱਗਾ। ਅਸੀਂ ਉੱਤੇ ਸੰਦੂਕ ਟਿਕਾ ਕੇ ਇਉਂ ਹੇਠਾਂ ਨੂੰ ਆਏ ਜਿਵੇਂ ਤੇਨਜ਼ਿੰਗ ਤੇ ਹਿਲੇਰੀ ਮਾਊਂਟ ਐਵਰੈਸਟ 'ਤੇ ਝੰਡਾ ਗੱਡ ਕੇ ਹੇਠਾਂ ਆਏ ਸਨ। ਭਈਆਂ ਦੇ ਨਾਂਹ-ਨੁੱਕਰ ਕਰਦਿਆਂ ਵੀ ਸੌ-ਸੌ ਰੁਪਈਆ ਉਨ੍ਹਾਂ ਦੇ ਹੱਥ 'ਤੇ ਧਰ ਦਿੱਤਾ। ਘੀਲੇ ਨੂੰ ਕਿਰਾਏ ਤੋਂ ਇਲਾਵਾ ਦੋ ਸੌ ਰੁਪਈਆ ਇਨਾਮ ਵਜੋਂ ਦੇ ਕੇ ਤੇ ਰੋਟੀ-ਪਾਣੀ ਛਕਾ ਕੇ ਵਿਦਾ ਕੀਤਾ। ਸੰਦੂਕ ਦਾ ਕੰਮ ਫਤਹਿ ਹੋਣ 'ਤੇ ਸ੍ਰੀਮਤੀ ਨੂੰ ਗੋਡੇ ਗੋਡੇ ਚਾਅ ਚੜ੍ਹ ਗਿਆ ਸੀ, ਉਹਦੀ ਤਾਂ ਕਿਤੇ ਅੱਡੀ ਨਹੀਂ ਸੀ ਲਗਦੀ। ਉਹਨੇ ਸੰਦੂਕ ਆਉਣ ਦੀ ਖੁਸ਼ੀ ਵਿਚ ਅੱਜ ਘਰ ਵਿਚ ਕਈ ਪਕਵਾਨ ਬਣਾਏ ਸਨ, ਕਈ ਦਿਨਾਂ ਬਾਅਦ ਅਸੀਂ ਅੱਜ ਖਾਣੇ ਦਾ ਮਜ਼ਾ ਲੁੱਟਿਆ ਸੀ। ਸੰਦੂਕ ਕਾਹਦਾ ਆ ਗਿਆ ਸੀ, ਬਸ ਘਰ 'ਚ ਮੁੜ ਬਹਾਰ ਆ ਗਈ ਸੀ। (ਸਮਾਪਤ)

-1016, ਫੇਜ਼-3 ਭਾਗ-2, ਮਾਡਲ ਟਾਉਨ ਬਠਿੰਡਾ-151001
ਮੋਬਾਈਲ : 96461-14221

ਮਿੰਨੀ ਕਹਾਣੀਆਂ

ਦੋ ਸਵਾਲ
ਸੁਹਾਵਣੇ ਮੌਸਮ ਵਿਚ, ਸਵੇਰ ਦੀ ਸੈਰ ਦਾ ਆਪਣਾ ਹੀ ਆਨੰਦ ਹੁੰਦਾ ਹੈ। ਇਕ ਦਿਨ ਮੈਂ ਵੀ ਸੈਰ ਨੂੰ ਨਿਕਲਿਆ, ਇਹ ਆਨੰਦ ਮਾਣ ਰਿਹਾ ਸੀ। ਅਚਾਨਕ ਹੀ ਸਾਹਮਣੇ ਤੋਂ ਇਕ ਸਜੀ-ਧਜੀ ਅਧਖੜ ਉਮਰ ਦੀ ਇਸਤਰੀ ਨਾਲ ਇਕ ਸ਼ੇਰ ਵਰਗਾ ਕੁੱਤਾ ਨਾਲ-ਨਾਲ ਤੁਰਿਆ ਆ ਰਿਹਾ ਸੀ। ਇਕ ਸੋਟੀ ਅਤੇ ਰੱਸੀ, ਇਸਤਰੀ ਦੇ ਹੱਥ ਵਿਚ ਸੀ। ਕੁੱਤਾ ਪੂਰੀ ਆਜ਼ਾਦੀ ਨਾਲ ਘੁੰਮ ਰਿਹਾ ਸੀ। ਉਹ ਇਕਦਮ ਮੇਰੇ ਵੱਲ ਸਿੱਧਾ ਹੋ ਗਿਆ, ਮੈਂ ਡਰ ਗਿਆ। ਇਸਤਰੀ ਬੋਲੀ, 'ਨਹੀਂ-ਨਹੀਂ, ਇਹ ਵੱਢਦਾ ਨਹੀਂ।' ਮੈਂ ਧੜਕਦੇ ਦਿਲ ਨਾਲ ਕਿਹਾ, 'ਇਹ ਕੇਵਲ ਤੁਹਾਨੂੰ ਹੀ ਪਤਾ ਹੈ, ਦੂਜਿਆਂ ਨੂੰ ਨਹੀਂ। ਆਪਣੇ ਨਾਲ ਖੁੱਲ੍ਹਾ ਕੁੱਤਾ ਲਿਆ ਕੇ ਦੂਜਿਆਂ ਦੀ ਸੈਰ ਦਾ ਮਜ਼ਾ ਕਿਉਂ ਕਿਰਕਿਰਾ ਕਰਦੇ ਹੋ।' ਉਸ ਦਾ ਫਿਰ ਉਹ ਹੀ ਉੱਤਰ ਸੀ, 'ਨਹੀਂ-ਨਹੀਂ, ਇਹ ਕੱਟਦਾ ਨਹੀਂ।' ਮੈਂ ਆਪਣਾ ਗੁੱਸਾ ਰੋਕ ਕੇ ਬੋਲਿਆ, 'ਅੱਛਾ ਮੇਰੇ ਦੋ ਸਵਾਲ ਹਨ।' ਉਸ ਕਿਹਾ, 'ਹਾਂ ਦੱਸੋ।' ਮੈਂ ਕਿਹਾ, 'ਦੇਖੋ ਬੰਦੇ ਤੇ ਜਾਨਵਰ ਦੀ ਬੁੱਧ ਕਦੋਂ ਵਿਗੜ ਜਾਵੇ, ਕੋਈ ਭਰੋਸਾ ਨਹੀਂ। ਜੇ ਇਹ ਜਾਨਵਰ ਗਰਮੀ ਖਾ ਜਾਵੇ ਤਾਂ ਤੁਹਾਡੇ ਪਾਸ ਕਿਹੜਾ ਰਿਮੋਟ ਕੰਟਰੋਲ ਹੈ ਜੋ ਰੋਕ ਸਕੇ ਤੇ ਦੂਜਾ ਸਵਾਲ ਜੇ ਇਹ ਨਾ ਘਰ ਵੱਢਦਾ ਹੈ, ਨਾ ਬਾਹਰ ਤਾਂ ਰੱਖਿਆ ਕਿਉਂ ਹੈ। ਚੰਗਾ ਹੈ ਕਿਸੇ ਗ਼ਰੀਬ ਨੂੰ ਹਰ ਰੋਜ਼ ਦੋ ਰੋਟੀਆਂ ਦੇ ਦਿਆ ਕਰੋ।'

-ਮਨਜਿੰਦਰ ਸਿੰਘ ਸੋਢੀ
ਸੈਕਟਰ 70-1004, ਮੋਹਾਲੀ।

ਕਟਾਖਸ਼
ਕਿਸੇ ਲੇਖਕ ਦੀ ਪਲੇਠੀ ਪੁਸਤਕ ਦਾ ਚਾਅ ਵੀ ਪਲੇਠੇ ਪੁੱਤ ਵਰਗਾ ਹੀ ਹੁੰਦੈ। ਮੈਂ ਵੀ ਵੀਹ-ਪੱਚੀ ਹਜ਼ਾਰ ਨੂੰ ਗੇੜਾ ਦੇ ਕੇ ਚਾਅ-ਚਾਅ ਵਿਚ ਨਵੀਂ-ਨਵੀਂ ਛਪੀ ਪੁਸਤਕ ਦੀ ਪਹਿਲੀ ਕਾਪੀ ਆਪਣੇ ਕੁੜਮ ਸਾਹਿਬ ਨੂੰ ਦੇਣ ਗਿਆ।
ਕੁੜਮ ਸਾਹਿਬ ਨੇ ਮੇਰੀ ਪੁਸਤਕ ਮਸਤਕ ਨੂੰ ਛੁਹਾਈ ਤੇ ਮੈਨੂੰ ਵਧਾਈਆਂ ਦਿੱਤੀਆਂ ਤੇ ਨਾਲ ਦੀ ਨਾਲ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ।
'ਸਰਦਾਰ ਸਾਹਿਬ! ਇਸ ਪੁਸਤਕ ਨੂੰ ਪੜ੍ਹਨ ਦੀ ਲੋੜ ਤੁਹਾਡੀ ਧੀ ਨੂੰ ਹੈ।' ਕੁੜਮ ਸਾਹਿਬ ਨੇ ਝੱਟ ਮੇਰੀ ਪੁਸਤਕ ਮੇਰੇ ਹੱਥਾਂ ਵਿਚ ਘਸੋੜ ਦਿੱਤੀ।

-ਰਘਬੀਰ ਸਿੰਘ ਮਹਿਮੀ
ਮੋਬਾਈਲ : 96460-24321.

ਕਹਾਣੀ ਭੂਆ

ਸਾਡੇ ਪਿੰਡ ਦੀ ਇਕ ਬਜ਼ੁਰਗ ਔਰਤ ਜੋ ਸ਼ੁਰੂ ਤੋਂ ਹੀ ਆਪਣੇ ਪੇਕੇ ਪਿੰਡ ਰਹਿ ਰਹੀ ਹੈ ਤੇ ਸਾਡਾ ਸਾਰਾ ਪਿੰਡ ਉਸ ਨੂੰ ਭੂਆ ਜੀ ਆਖ ਕੇ ਬੁਲਾਉਂਦਾ। ਉਸ ਦਾ ਸੁਭਾਅ ਜਵਾਨੀ ਵੇਲੇ ਤੋਂ ਹੀ ਕੌੜਾ ਤੇ ਦਬਦਬੇ ਵਾਲਾ ਸੀ ਪਰ ਪਰਿਵਾਰ ਉਸ ਨੂੰ ਪੂਰਾ ਮਾਣ ਸਤਿਕਾਰ ਦਿੰਦਾ, ਜਿਸ ਕਰਕੇ ਭੂਆ ਜੀ ਦੀ ਸਾਰੀ ਰਿਸ਼ਤੇਦਾਰੀ ਤੇ ਪਿੰਡ ਵਾਲਿਆਂ ਵਿਚ ਪੂਰੀ ਝੰਡੀ ਸੀ। ਸਰਦੇ-ਪੁੱਜਦੇ ਘਰ ਦੀ ਧੀ ਹੋਣ ਕਾਰਨ ਭੂਆ ਦੇ ਆਪਣਿਆਂ ਨੇ ਉਸ ਦੀ ਸਾਰਿਆਂ 'ਚ ਪੂਰੀ ਟੌਹਰ ਬਣਾਈ ਹੋਈ ਸੀ। ਮੈਨੂੰ ਪੂਰਾ ਯਾਦ ਆ ਕਿ ਜਦੋਂ ਭੂਆ ਦਾ ਵਿਆਹ ਹੋਇਆ ਤਾਂ ਉਸ ਵੇਲੇ ਅਸੀਂ ਛੋਟੇ ਹੁੰਦੇ ਸੀ ਸ਼ਾਇਦ ਪੰਜਵੀਂ-ਛੇਵੀਂ 'ਚ ਪੜ੍ਹਦੇ ਹੋਵਾਂਗੇ। ਪਿੰਡ ਵਿਚ ਬਰਾਤ ਆਈ ਬੜਾ ਵੱਡਾ ਟੈਂਟ ਲੱਗਾ, ਗਾਉਣ ਵਾਲਾ ਵੀ ਲਾਇਆ ਤੇ ਪੂਰਾ ਗੱਜ-ਵੱਜ ਕੇ ਸ਼ਾਨੋ-ਸ਼ੌਕਤ ਦੇ ਨਾਲ ਉਨ੍ਹਾਂ ਦਾ ਵਿਆਹ ਕੀਤਾ ਗਿਆ। ਥੋੜ੍ਹੇ ਸਮੇਂ ਬਾਆਦ ਭੂਆ ਜੀ ਦੇ ਘਰ ਬੇਟੀ ਨੇ ਜਨਮ ਲਿਆ। ਉਸ ਤੋਂ ਬਾਆਦ ਪਤਾ ਨੀ ਕੀ ਹੋਇਆ, ਕਿ ਉਸ ਦੀ ਆਪਣੇ ਘਰ ਵਾਲੇ ਨਾਲ ਕਿਸੇ ਗੱਲੋਂ ਵਿਗੜ ਗਈ ਤੇ ਭੂਆ ਦੁਬਾਰਾ ਆਪਣੇ ਸਹੁਰੇ ਘਰ ਨਾ ਗਈ। ਤਿੰਨ-ਚਾਰ ਸਾਲ ਬੀਤ ਜਾਣ ਤੋਂ ਬਆਦ ਵੀ ਗੱਲ ਕਿਸੇ ਕੰਢੇ ਬੰਨ੍ਹੇ ਨਾ ਲਗਦੀ ਦੇਖ ਕੇ ਇਕ ਦਿਨ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ। ਸਰਬ-ਸੰਮਤੀ ਦੇ ਨਾਲ ਬੇਟੀ ਭੂਆ ਨੂੰ ਦੇ ਦਿੱਤੀ ਗਈ ਅਤੇ ਉਸ ਦੇ ਘਰ ਵਾਲੇ ਨਾਲ ਭੂਆ ਦਾ ਛੱਡ ਛਡਾਈਆ ਹੋ ਗਿਆ। ਕਈ ਵਾਰ ਭੂਆ ਦੇ ਘਰਦਿਆਂ ਦੇ ਨਾਲ-ਨਾਲ ਸਾਰੇ ਪਿੰਡ ਵਾਲੇ ਤੇ ਰਿਸ਼ਤੇਦਾਰਾਂ ਨੇ ਵੀ ਜ਼ੋਰ ਲਾਇਆ ਕਿ ਹੁਣ ਤੂੰ ਦੂਜਾ ਵਿਆਹ ਕਰਵਾ ਲਾ, ਜਿਸ ਨਾਲ ਤੇਰੀ ਧੀ ਨੂੰ ਪਿਤਾ ਦਾ ਪਿਆਰ ਵੀ ਮਿੱਲ ਜਾਊ ਤੇ ਨਾਲੇ ਜਵਾਨ ਧੀਆਂ ਦੇ ਸਿਰਾਂ 'ਤੇ ਪਿਓ, ਭਰਾਵਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੇਰਾ ਵੀ ਘਰ ਵੱਸ ਜਾਓ ਬੁਢਾਪਾ ਸੌਖਾ ਹੋ ਜਾਊ। ਪਿੰਡ ਦੀਆਂ ਬੀਬੀਆਂ ਨੇ ਵੀ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਤੂੰ ਪਹਾੜ ਜਿੱਡੀ ਜ਼ਿੰਦਗੀ ਕਿਸ ਦੇ ਆਸਰੇ ਕੱਟੇਗੀ। ਪਰ ਕਿਥੇ ਭੂਆ ਤਾਂ ਕਹੇ ਕਿ 'ਸਹੇ ਦੀਆਂ ਤਿੰਨ ਹੀ ਲੱਤਾਂ, ਚੌਥੀ ਤਾਂ ਹੈ ਹੀ ਨਹੀਂ' ਉਸ ਨੇ ਆਪਣੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ। ਹਰ ਵਾਰ ਉਸ ਦਾ ਇਕੋ ਹੀ ਜਵਾਬ ਹੁੰਦਾ ਕਿ ਮੈਨੂੰ ਆਪਣੇ ਭਰਾ ਭਤੀਜਿਆਂ 'ਤੇ ਪੂਰਾ ਮਾਣ ਹੈ। ਇਨ੍ਹਾਂ ਦੇ ਸਹਾਰੇ ਮੇਰੀ ਜ਼ਿੰਦਗੀ ਨਿਕਲ ਜਾਣੀ ਆ ਨਾਲੇ ਰੱਬ ਨੇ ਮੈਨੂੰ ਧੀ ਦਿੱਤੀ ਆ ਖਿਡਾਉਣਾ, ਖੇਡਣ ਲਈ। ਪੜ੍ਹੀ ਲਿਖੀ ਹੋਣ ਕਾਰਨ ਉਸ ਨੂੰ ਸਮਾਝਾਉਣ ਵਾਲੇ ਭੂਆ ਨੂੰ ਸਾਰੇ ਮੂਰਖ ਹੀ ਜਾਪਦੇ। ਪਰ ਅੰਦਰੋ-ਅੰਦਰੀ ਭੂਆ ਆਪਣੇ ਘਰ ਵਾਲੇ ਦੀ ਉਡੀਕ ਵਿਚ ਹੀ ਰਹਿੰਦੀ ਕਿ ਸ਼ਾਇਦ ਉਹ ਜ਼ਰੂਰ ਉਸ ਨੂੰ ਲੈਣ ਆਵੇਗਾ। ਸਮਾਂ ਆਪਣੀ ਚਾਲੇ ਚਲਦਾ ਗਿਆ ਉਸ ਦੇ ਭਤੀਜੇ ਪੜ੍ਹੇ-ਲਿਖੇ ਹੋਣ ਦੇ ਨਾਲ ਚੰਗੇ ਘਰਾਂ ਦੇ ਹੋਣ ਕਾਰਨ ਉਨ੍ਹਾਂ ਦੇ ਬਾਹਰਲੇ ਮੁਲਕਾਂ ਵਿਚ ਵਿਆਹ ਹੋ ਗਏ। ਹੁਣ ਭੂਆ ਦੇ ਭਤੀਜੇ ਤੇ ਭਰਾ ਆਪਣੇ ਪਰਿਵਾਰਾਂ ਸਮੇਤ ਸਾਰੇ ਬਾਹਰਲੇ ਮੁਲਕ ਜਾ ਕੇ ਵਸ ਗਏ। ਉਸ ਦੀ ਆਪਣੀ ਧੀ ਵੀ ਜਵਾਨ ਹੋ ਗਈ, ਜਿਸ ਨੇ ਕਾਲਜ ਵਿਚ ਪੜ੍ਹਦਿਆਂ ਹੀ ਆਪਣੇ ਲਈ ਜੀਵਨ ਸਾਥੀ ਵੀ ਲੱਭ ਲਿਆ। ਮੁੰਡਾ ਆਪਣੀ ਬਰਾਦਰੀ ਤੋਂ ਬਾਹਰ ਦਾ ਹੋਣ ਕਾਰਨ ਨਾ ਤਾਂ ਭੂਆ ਮੰਨੇ ਤੇ ਨਾ ਹੀ ਉਸ ਦੇ ਭਰਾ ਭਤੀਜੇ ਇਸ ਰਿਸ਼ਤੇ ਲਈ ਤਿਆਰ ਹੋਏ। ਪਰ ਇਸ ਅਲੜ੍ਹ ਉਮਰੇ ਨਿਆਣਿਆਂ ਨੂੰ ਕਿਸੇ ਦੀ ਕੀ ਪ੍ਰਵਾਹ ਹੁੰਦੀ ਆ, ਆਖਰ ਕੁੜੀ ਨੇ ਆਪਣੀ ਮਾਂ, ਮਾਮੇ ਦੇ ਪੁੱਤਾਂ ਤੇ ਮਾਮਿਆਂ ਤੋਂ ਬਾਹਰੀ ਹੁੰਦਿਆਂ ਘਰੋਂ ਭੱਜ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਜਿਥੇ ਹੁਣ ਭੂਆ ਦੇ ਆਪਣੇ ਭਰਾ ਭਤੀਜੇ ਨਰਾਜ਼ ਹੋਏ ਉਥੇ ਹੀ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲਿਆਂ ਨੇ ਵੀ ਇਸ ਵਿਆਹ ਨੂੰ ਚੰਗਾ ਨਾ ਸਮਝਿਆ। ਜਿਹੜੀ ਭੂਆ ਨੇ ਸਾਰੀ ਉਮਰ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਕਦੇ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੱਤੀ, ਹੁਣ ਇਸ ਨਮੋਸ਼ੀ ਦੇ ਮਾਰੇ ਭੂਆ ਨੇ ਘਰੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ। ਹੌਲੀ-ਹੌਲੀ ਭੂਆ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਗਈ। ਜਿਨ੍ਹਾਂ ਭਰਾ-ਭਤੀਜਿਆਂ 'ਤੇ ਭੂਆ ਨੂੰ ਮਾਣ ਸੀ, ਸਾਰੀ ਉਮਰ ਜਿਨ੍ਹਾਂ ਦਾ ਘਰ ਸਾਂਭਿਆ, ਉਹ ਵੀ ਹੁਣ ਟੈਲੀਫ਼ੋਨ ਰਾਹੀਂ ਭੂਆ ਦਾ ਹਾਲ ਚਾਲ ਪੁੱਛ ਛੱਡਦੇ। ਕਿਉਂਕਿ ਨਾਲ ਦੇ ਜੰਮੇ ਭਰਾ ਆਪੋ-ਆਪਣੇ ਪਰਿਵਾਰਾਂ ਵਿਚ ਰੁਝ ਗਏ ਤੇ ਉਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ ਦੇ ਮੋਹ ਨੇ ਭੂਆ ਤੋਂ ਦੂਰ ਕਰ ਦਿੱਤਾ। ਭੂਆ ਬਿਲਕੁਲ 'ਕੱਲੀ ਹੋ ਚੁੱਕੀ ਸੀ, ਮੂੰਹ ਮੁਲਾਹਜ਼ੇ ਲਈ ਕਦੇ ਕੁ ਤਾਈਂ ਕੋਈ ਰਿਸ਼ਤੇਦਾਰ ਜਾਂ ਕੋਈ ਪਿੰਡ ਵਾਲਾ ਭੂਆ ਦਾ ਹਾਲ ਚਾਲ ਪੁੱਛਣ ਆ ਜਾਂਦਾ। ਅੱਜ ਮੇਰਾ ਵੀ ਦਿਲ ਕੀਤਾ ਕਿ ਜਾ ਕੇ ਭੂਆ ਦੀ ਖ਼ਬਰ ਲਈ ਜਾਵੇ, ਹਾਲ-ਚਾਲ ਪੁੱਛਿਆ ਜਾਵੇ। ਜਦੋਂ ਮੈਂ ਗਿਆ ਤਾਂ ਦੇਖਿਆ ਕਿ ਅੱਜ ਉਹੀ ਨੌਕਰ, ਜਿਸ ਨੂੰ ਭੂਆ ਕਦੇ ਸਿੱਧੇ ਮੂੰਹ ਨਹੀਂ ਸੀ ਬਲਾਉਂਦੀ ਸਾਰੇ ਘਰ ਬਾਰ 'ਤੇ ਆਪਣਾ ਮਾਲਕਾਨਾ ਹੱਕ ਦੱਸਦੀ ਹੋਈ ਹਰ ਵਕਤ ਉਸ ਦੀ ਕੁੱਤੇਖਾਣੀ ਕਰਨ 'ਤੇ ਹੀ ਲੱਗੀ ਰਹਿੰਦੀ ਸੀ। ਹੁਣ ਉਹ ਹੀ ਕਾਮਾ ਭੂਆ ਦਾ ਦਵਾਈ ਦਾਰੂ, ਖਾਣਾ ਪੀਣਾ ਸਭ ਕੁਝ ਅੱਗਾ ਤੱਗਾ ਕਰ ਰਿਹਾ ਸੀ। ਨੌਕਰ ਵੀ ਤਾਂ ਗ਼ਰੀਬੀ ਦੇ ਹੱਥੋਂ ਮਜਬੂਰ ਸੀ ਨਾਲੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਵੀ ਬਾਹਰ ਵਾਲਿਆਂ ਦੇ ਸਿਰ 'ਤੇ ਹੀ ਚੱਲ ਰਿਹਾ ਸੀ, ਜਿਸ ਕਰਕੇ ਉਹ ਵਿਚਾਰਾ ਭੂਆ ਦੇ ਭਰਾ-ਭਤੀਜਿਆ ਦਾ ਬੱਝਾ ਕੁਝ ਨਾ ਬੋਲਦਾ। ਮੈਂ ਕੋਲ ਬੈਠ ਕੇ ਹਾਲ-ਚਾਲ ਪੁੱਛਿਆ ਤਾ ਭੂਆ ਤੋਂ ਬੋਲ ਨਾ ਹੋਇਆ ਗਲਾ ਭਰ ਆਇਆ, ਅੱਖਾਂ ਵਿਚੋਂ ਵਿਰਲ-ਵਿਰਲ ਹੰਝੂ ਕਿਰਨ ਲੱਗ ਪਏ। ਉਸ ਨੇ ਆਪਣਾ-ਆਪ ਸਾਂਭਦਿਆਂ ਕਿਹਾ ਕਿ ਪੁੱਤ ਬਿਮਾਰੀ ਤਾਂ ਮੈਨੂੰ ਕੋਈ ਨੀ ਪਰ ਕਮਜ਼ੋਰੀ ਹੀ ਪੇਸ਼ ਨੀ ਜਾਣ ਦਿੰਦੀ। ਫ਼ਿਰ ਉਸ ਨੇ ਦੁਬਾਰਾ ਗੱਲ ਤੋਰਦਿਆਂ ਕਿਹਾ ਕਿ ਨਾਲੇ ਪੁੱਤ ਹੁਣ ਉਮਰ ਵੀ ਬਥੇਰੀ ਹੋ ਗਈ ਆ ਆਖਰ ਇਕ ਦਿਨ ਜਾਣਾ ਵੀ ਤਾਂ ਹੈਗਾ ਹੀ ਆ ਇਸ ਦੁਨੀਆਂ ਤੋਂ। ਮੈਂ ਅੱਗੇ ਤੋਂ ਹੌਸਲਾ ਦਿੰਦੇ ਹੋਏ ਕਿਹਾ ਕਿ ਕੋਈ ਨਾ ਭੂਆ ਜੀ ਫ਼ਿਕਰ ਨਾ ਕਰੋ ਹੋ ਜਾਣਾ ਤੁਸੀਂ ਠੀਕ, ਨਾਲੇ ਅਜੇ ਤੁਹਾਡੀ ਕਿਹੜੀ ਬਹੁਤੀ ਉਮਰ ਹੋਈ ਆ। ਅੱਗੋਂ ਭੂਆ ਨੇ ਕਿਹਾ ਕਿ ਪੁੱਤਰਾ ਕੀ ਕਰਨੀ ਆਂ ਬਹੁਤੀ ਉਮਰ, ਜਿਊਣਾਂ ਵੀ ਤਾਂ ਆਪਣਿਆਂ ਦੇ ਨਾਲ ਹੀ ਚੰਗਾ ਲੱਗਦਾ। ਕੱਲਾ ਤਾਂ ਰੋਹੀ 'ਚ ਲੱਗਾ ਦਰੱਖਤ ਹੀ ਹਾਉਂਕੇ ਹੀ ਭਰਦਾ। ਰੋਹੀ 'ਚ ਲੱਗੇ ਰੁੱਖ ਵਾਲਾ ਸ਼ਬਦ ਸੁਣਕੇ ਮੇਰੇ ਕਾਲਜੇ ਦਾ ਤਾਂ ਰੁੱਗ ਹੀ ਭਰ ਗਿਆ। ਅੱਜ ਭੂਆ ਦੀ ਹਰ ਇਕ ਗੱਲ ਵਿਚ ਮੈਨੂੰ ਉਸ ਦੀ ਕਮਜ਼ੋਰੀ ਤੋਂ ਜ਼ਿਆਦਾ ਮਜਬੂਰੀ ਤੇ ਲਚਾਰੀ ਜਿਹੀ ਝਲਕ ਰਹੀ ਸੀ।

-ਮੋਬਾਈਲ : 95010-65000.

ਕਾਵਿ-ਵਿਅੰਗ

ਝੂਟੇ ਜਹਾਜ਼ਾਂ ਦੇ
* ਹਰਦੀਪ ਢਿੱਲੋਂ *
ਧੱਕੇ ਆਪਣੇ ਘਰਾਂ 'ਚੋਂ ਜਾਣ ਜਿਹੜੇ,
ਲੱਭਦੇ ਰੱਬ ਦੇ ਘਰਾਂ ਦੇ ਆਸਰੇ ਨੂੰ।
ਬਿਨਾਂ ਕਦਰ ਦੇ ਹੁੰਦੀ ਨਾ ਟਹਿਲ ਪੂਰੀ,
ਘੋੜੇ ਲੋਚਦੇ ਨਰਾਂ ਦੇ ਆਸਰੇ ਨੂੰ।
ਸਿੱਟੇ ਕਣਕ ਦੇ ਸੁਨਹਿਰੀ ਜਦੋਂ ਦਿਸਦੇ,
ਸ਼ਹਿਰ ਅਹੁਲਦਾ ਗਰਾਂ ਦੇ ਆਸਰੇ ਨੂੰ।
ਟੱਬਰ ਝੂਟੇ ਜਹਾਜ਼ਾਂ ਦੇ ਲੈਣ ਖ਼ਾਤਰ,
ਟੋਲਣ ਵਿਕਦਿਆਂ ਪਰਾਂ ਦੇ ਆਸਰੇ ਨੂੰ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.


ਮਿਆਰ
* ਨਵਰਾਹੀ ਘੁਗਿਆਣਵੀ *
ਹਾਲਤ ਦੇਸ਼ ਦੀ ਹੋ ਗਈ ਬਹੁਤ ਖ਼ਸਤਾ,
ਰਹਾਂ ਸੋਚਦਾ ਕਿਵੇਂ ਸੁਧਾਰ ਹੋਵੇ!
ਬੇੜੀ ਉਲਝ ਗਈ ਜਾਪਦੀ ਭੰਵਰ ਅੰਦਰ,
ਚੱਪੂ ਮਾਰਦੇ ਹਾਂ ਕੀਕਣ ਪਾਰ ਹੋਵੇ!
ਸੋਚ, ਸੋਚ ਦੇ ਨਾਲ ਨਾ ਮੇਲ ਖਾਂਦੀ,
ਤਲਖ਼ੀ ਉਪਜੇ ਅਤੇ ਤਕਰਾਰ ਹੋਵੇ।
ਕਹਿਣੀ ਕਰਨੀ ਦਾ ਫ਼ਰਕ ਮਿਟੇ ਕਿੱਦਾਂ,
ਆਖਿਰ ਕੋਈ ਤਾਂ ਯੋਗ ਮਿਆਰ ਹੋਵੇ।

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX