ਤਾਜਾ ਖ਼ਬਰਾਂ


ਗੁਰਦਾਸਪੁਰ ਵਿਚ ਗੜੇਮਾਰੀ- ਕਣਕ ਨੂੰ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ
. . .  1 day ago
ਗੁਰਦਾਸਪੁਰ 19 ਅਪ੍ਰੈਲ (ਆਰਿਫ਼) ਗੁਰਦਾਸਪੁਰ ਅੱਜ ਰਾਤ ਕਰੀਬ ਸਾਢੇ 10 ਵਜੇ ਜੋਰਦਾਰ ਮੀਹ ਪੈਣ ਕਾਰਨ ਜਿੱਥੇ ਫੱਸ਼ਲਾ ਨੂੰ ਭਾਰੀ ਨੁਕਸਾਨ ਪਹੁੰਚਿਆ ਉੱਥੇ ਗੜੇਮਾਰੀ ਹੋਣ ਕਾਰਨ ਕਣਕ ਦੀ ਫਸਲ ਦਾ ...
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਜਾ ਝਟਕਾ , ਕੇਨ ਵਿਲਿਅਮਸਨ 54 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : 10 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 72/2
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ 52/2
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਦੂਜਾ ਝਟਕਾ , ਯੂਸਫ਼ ਪਠਾਣ 19 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲਾ ਝਟਕਾ ,ਰਿਧੀਮਾਨ ਸਾਹਾ ਆਊਟ
. . .  1 day ago
ਆਈ ਪੀ ਐੱਲ 2018 : ਸ਼ਿਖਰ ਧਵਨ ਹੋਏ ਰਿਟਾਇਰਡ ਹਾਰਟ
. . .  1 day ago
ਕਿੰਗਜ਼ ਇਲੈਵਨ ਪੰਜਾਬ ਨੇ ਦਿੱਤਾ ਸਨਰਾਈਜ਼ਰਸ ਹੈਦਰਾਬਾਦ ਨੂੰ 194 ਦੌੜਾਂ ਦਾ ਟੀਚਾ
. . .  1 day ago
ਆਈ ਪੀ ਐੱਲ 2018 : ਕ੍ਰਿਸ ਗੇਲ ਦਾ ਸੈਂਕੜਾ ਪੂਰਾ
. . .  1 day ago
ਆਈ ਪੀ ਐੱਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ ,ਕਰੁਨ ਨਾਇਰ 31 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
  •     Confirm Target Language  

ਲੋਕ ਮੰਚ

ਕਿੰਝ ਖਤਮ ਹੁੰਦੀ ਹੈ ਮਾਂ-ਬੋਲੀ!

ਹਰ ਇਨਸਾਨ ਦੇ ਜ਼ਿਹਨ 'ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਕਿੰਝ ਖ਼ਤਮ ਹੁੰਦੀ ਹੈ ਮਾਂ-ਬੋਲੀ। ਅਸੀ ਕਹਿ ਦਿੰਨੇ ਆਂ ਸਾਡੇ ਆਲੇ-ਦੁਆਲੇ ਸਭ ਪੰਜਾਬੀ ਬੋਲਦੇ ਨੇ, ਫਿਰ ਕਿਵੇਂ ਖਤਮ ਹੋ ਜਾਊ ਪੰਜਾਬੀ? ਅੱਜ ਪੂਰੇ ਸੰਸਾਰ 'ਚ ਤਕਰੀਬਨ 13 ਕਰੋੜ ਲੋਕ ਪੰਜਾਬੀ ਬੋਲ ਰਹੇ ਹਨ, ਜੋ ਕਿ ਸੰਸਾਰ ਦੀਆਂ ਪਹਿਲੀਆਂ 10 ਵੱਡੀਆਂ ਭਾਸ਼ਾਵਾਂ 'ਚ ਸ਼ਾਮਲ ਹੈ। ਜਦ ਐਨੇ ਵੱਡੇ ਪੱਧਰ 'ਤੇ ਪੰਜਾਬੀ ਬੋਲੀ ਜਾ ਰਹੀ ਹੈ ਤਾਂ ਫਿਰ ਕਿਵੇਂ ਭਵਿੱਖ 'ਚ ਅਲੋਪ ਹੋ ਜਾਵੇਗੀ? ਇਹ ਵਿਚਾਰ ਅਕਸਰ ਮੈਨੂੰ ਵੀ ਬੇਚੈਨ ਕਰਦੇ ਰਹਿੰਦੇ ਹਨ। ਪਰ ਦੁਨੀਆ ਭਰ 'ਚ ਅਲੋਪ ਹੋਈਆਂ ਬੋਲੀਆਂ ਨੂੰ ਥੋੜ੍ਹਾ-ਬਹੁਤ ਘੋਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਕੋਈ ਵੀ ਬੋਲੀ ਇਕਦਮ ਖ਼ਤਮ ਨਹੀਂ ਹੁੰਦੀ। ਹਕੀਕਤ 'ਚ ਕਿਸੇ ਬੋਲੀ ਦੇ ਸ਼ਬਦ ਜਦ ਇਕ-ਇਕ ਕਰਕੇ ਖ਼ਤਮ ਹੋਣ ਲੱਗਦੇ ਹਨ ਤਾਂ ਹੀ ਬੋਲੀ ਖਾਤਮੇ ਵੱਲ ਵੱਧਦੀ ਹੈ, ਜੋ ਕਿ ਸਾਡੀ ਬੋਲੀ ਨਾਲ ਵੀ ਹੋ ਰਿਹਾ ਹੈ। ਬਹੁਤ ਸਾਰੇ ਅਜਿਹੇ ਸ਼ਬਦ ਜਿਵੇਂ ਕਿ ਛਾਹ ਵੇਲਾ, ਡੰਗੋਰੀ, ਉਭੜਵਾਹੇ, ਛਪਾਕੀ, ਬੱਠਲ, ਜੋਤਾ, ਤੰਗਲੀ, ਮੁੰਨੀ, ਪੋਰ, ਲਾਰੂਆ, ਸੰਲਗ, ਹਲਟ, ਕੈਦਾ, ਮੜੰਗਾ ਆਦਿ ਕਈ ਅਜਿਹੇ ਸ਼ਬਦ ਹਨ, ਜਿਨ੍ਹਾਂ ਦੀ ਵਰਤੋਂ ਨਾਮਾਤਰ ਹੀ ਰਹਿ ਗਈ ਹੈ।
ਰੋਜ਼ਾਨਾ ਜ਼ਿੰਦਗੀ 'ਚ ਕੁਝ ਅੰਗਰੇਜ਼ੀ ਦੇ ਸ਼ਬਦ ਜਿਵੇਂ ਕਿ ਥੈਂਕਿਊ, ਸੌਰੀ, ਵੈਲਕਮ, ਫੇਸ, ਲਾਈਕ, ਲਾਈਫ, ਪਰਸੈਨਲਟੀ ਆਦਿ ਸਾਡੀ ਪੰਜਾਬੀ 'ਚ ਅਨਜਾਣਪੁਣੇ ਰਲਦੇ ਜਾ ਰਹੇ ਹਨ, ਜਿਨ੍ਹਾਂ ਦੀ ਗੰਭੀਰਤਾ ਸਾਨੂੰ ਪਤਾ ਨਹੀਂ ਲੱਗ ਰਹੀ। ਅਸਲ 'ਚ ਇਹ ਸ਼ਬਦ ਬਦਲ ਦੇ ਰੂਪ 'ਚ ਮੂਲ ਸ਼ਬਦਾਂ ਨੂੰ ਸਮਾਪਤ ਕਰ ਰਹੇ ਹਨ। ਅੰਗਰੇਜ਼ੀ ਬੋਲਣ ਦਾ ਦਿਖਾਵਾ ਸਾਨੂੰ ਇਸ ਪ੍ਰਵਿਰਤੀ ਵੱਲ ਵਧਾ ਰਿਹਾ ਹੈ। ਅੱਜ ਮੇਰੇ ਸਮੇਤ ਹਰ ਕੋਈ ਇਹ ਕੋਸ਼ਿਸ਼ ਕਰਦਾ ਹੈ ਕਿ ਰੋਜ਼ਾਨਾ ਦੀ ਬੋਲਚਾਲ 'ਚ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਣ ਤਾਂ ਜੋ ਲੋਕਾਂ 'ਤੇ ਇਹ ਅਸਰ ਪਵੇ ਕਿ ਅਸੀਂ ਬੜੇ ਗਿਆਨਵਾਨ ਅਤੇ ਸੂਝਵਾਨ ਹਾਂ। ਦਰਅਸਲ ਇਹ ਸਾਡੀ ਮਾਨਸਿਕਤਾ ਹੀ ਹੈ, ਜਿਸ ਨਾਲ ਸਾਨੂੰ ਲੱਗਦਾ ਹੈ ਕਿ ਅੰਗਰੇਜ਼ੀ ਬੋਲਣ ਵਾਲਾ ਇਨਸਾਨ ਹੀ ਜ਼ਿਆਦਾ ਸਿਆਣਾ ਤੇ ਗਿਆਨਵਾਨ ਹੈ। ਠੇਠ ਪੰਜਾਬੀ ਬੋਲਣ ਵਾਲੇ ਨੂੰ ਅਸੀਂ ਸੂਝਵਾਨ ਨਹੀਂ ਮੰਨਦੇ। ਸਾਡੇ ਸਾਰਿਆਂ ਦਾ ਜ਼ੋਰ ਅੰਗਰੇਜ਼ੀ ਸਿੱਖਣ 'ਤੇ ਹੈ। ਏ ਬੀ ਸੀ ਡੀ ਸਿੱਖਦੇ, ਪੋਤੇ ਗੁਰਮੁੱਖ ਦੇ! ਬਹੁਤ ਸਾਰੇ ਵਿਦਵਾਨ ਪੰਜਾਬੀ ਦੇ ਹੱਕ 'ਚ ਦੁਹਾਈਆਂ ਪਾਉਂਦੇ ਹਨ ਪਰ ਕੋਈ ਵਿਦਵਾਨ ਦੱਸ ਸਕਦਾ ਹੈ ਪਿਛਲੇ 40-50 ਸਾਲਾਂ 'ਚ ਪੰਜਾਬੀ ਦੇ ਕਿੰਨੇ ਨਵੇਂ ਸ਼ਬਦ ਈਜਾਦ ਹੋਏ ਹਨ। ਜੇ ਹੋਏ ਹਨ ਤਾਂ ਉਨ੍ਹਾਂ ਦਾ ਕਿੰਨਾ ਕੁ ਪ੍ਰਚਾਰ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕੋਈ ਨਵਾਂ ਸ਼ਬਦ ਆਇਆ ਹੋਵੇਗਾ ਜਦਕਿ ਅਲੋਪ ਹਜ਼ਾਰਾਂ ਸ਼ਬਦ ਹੋ ਗਏ ਹਨ।
ਬਦਲਾਅ ਕੁਦਰਤ ਦਾ ਇਕ ਨਿਯਮ ਹੈ। ਬਦਲਾਅ ਪ੍ਰਵਾਨ ਕਰਨਾ ਥੋੜ੍ਹਾ ਮੁਸ਼ਕਿਲ ਹੈ ਪਰ ਇਹ ਇਕ ਅਟੱਲ ਸਚਾਈ ਹੈ। ਸੋ ਜਿਸ ਤਰ੍ਹਾਂ ਹਰ ਸਾਡੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਰਾਵੇ 'ਚ ਬਦਲਾਅ ਆ ਰਹੇ ਹਨ, ਉਸੇ ਤਰ੍ਹਾਂ ਸਾਡੀ ਪੰਜਾਬੀ ਬੋਲੀ 'ਚ ਵੀ ਕਾਫੀ ਬਦਲਾਅ ਆ ਰਿਹਾ ਹੈ। ਇਹ ਰੋਕਣਾ ਬਹੁਤ ਔਖਾ ਹੈ। ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਸ ਦੀ ਵਿਲੱਖਣਤਾ ਬਚਾ ਕੇ ਰੱਖ ਸਕਦੇ ਹਾਂ। ਕਿਉਂਕਿ ਸਾਡੀ ਪੰਜਾਬੀ ਬੋਲੀ ਦੀ ਇਕ ਵੱਖਰੀ ਹੋਂਦ ਹੈ। ਪੰਜਾਬੀ 'ਚ ਕੁਝ ਅਜਿਹੇ ਸ਼ਬਦ ਹਨ, ਜਿਨ੍ਹਾਂ ਦਾ ਕਿਸੇ ਹੋਰ ਭਾਸ਼ਾ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਿਰਫ ਪੰਜਾਬੀ ਹੀ ਸਮਝ ਸਕਦੇ ਹਨ ਕਿਹੜੀ ਕਲਾ ਕਿਹੜੀ ਭਾਵਨਾ ਦਾ ਨਾਂਅ ਹੈ। ਇਸੇ ਤਰ੍ਹਾਂ ਕਈ ਸ਼ਬਦ ਅਜਿਹੇ ਹਨ, ਜਿਨ੍ਹਾਂ ਨੂੰ ਹੋਰ ਭਾਸ਼ਾ 'ਚ ਸਮਝਿਆ ਨਹੀਂ ਜਾ ਸਕਦਾ। ਸੋ, ਇਸ ਲਈ ਆਪਾਂ ਸਾਰੇ ਪੰਜਾਬੀ ਕੋਸ਼ਿਸ਼ ਕਰੀਏ ਕਿ ਕੁਝ ਠੇਠ ਸ਼ਬਦਾਂ ਦੀ ਵਰਤੋਂ ਕਰਕੇ ਸਾਡੀ ਮਾਂ-ਬੋਲੀ ਦੀ ਉਮਰ ਵਧਾਈ ਜਾ ਸਕੇ।

-ਮੋਬਾ: 98140-00868


ਖ਼ਬਰ ਸ਼ੇਅਰ ਕਰੋ

ਅੱਖਾਂ ਸਾਹਮਣੇ ਮਾਰੂਥਲ ਬਣ ਰਹੀ ਪੰਜਾਂ ਪਾਣੀਆਂ ਦੀ ਧਰਤੀ

'ਪੰਜ ਆਬ' ਭਾਵ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਜਿਹੜੀ ਕਿਸੇ ਸਮੇਂ ਹਰੀ ਭਰੀ ਤੇ ਕਿਚਨਾਰ ਹਰਿਆਲੀ ਨਾਲ ਲਬਰੇਜ਼ ਸੀ, ਹੁਣ ਪਲ-ਪਲ ਕਰਕੇ ਬੰਜਰ ਹੋਣ ਵੱਲ ਵਧ ਰਹੀ ਪ੍ਰਤੀਤ ਹੁੰਦੀ ਹੈ। ਵੱਖ-ਵੱਖ ਏਜੰਸੀਆਂ ਤੇ ਵਿਭਾਗ ਚੇਤਾਵਨੀਆਂ ਦੇ ਕੇ ਥੱਕ ਗਏ ਜਾਪਦੇ ਨੇ, ਪਰ ਸਰਕਾਰ ਤੇ ਸਾਡੇ ਲੋਕ ਲੱਗਦੈ ਅਜੇ ਗੂੜ੍ਹੀ ਨੀਂਦ ਦੀ ਬੁੱਕਲ ਵਿਚ ਸੁੱਤੇ ਹਨ। ਖੇਤੀਬਾੜੀ ਵਿਭਾਗ ਨੇ ਸਾਰੇ 139 ਬਲਾਕਾਂ ਵਿਚੋਂ 129 ਬਲਾਕਾਂ ਨੂੰ ਗੰਭੀਰ ਸਥਿਤੀ ਵੱਲ ਜਾਣ ਬਾਰੇ ਕਿਹਾ ਗਿਆ ਹੈ। ਖੇਤੀਬਾੜੀ ਵਿਭਾਗ ਅਨੁਸਾਰ ਪ੍ਰਤੀ ਕਿਲੋਮੀਟਰ ਟਿਊਬਵੈੱਲਾਂ ਦੀ ਗਿਣਤੀ 5 ਤੋਂ 7 ਹੋਣੀ ਚਾਹੀਦੀ ਹੈ ਪਰ ਅੰਕੜੇ ਦਿਲ ਦਹਿਲਾ ਦੇਣ ਵਾਲੇ ਸਾਹਮਣੇ ਆਏ ਹਨ। ਪੜਚੋਲਵੀਂ ਨਜ਼ਰ ਮਾਰੀਏ ਤਾਂ ਲੁਧਿਆਣਾ, ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਵਰਗੇ ਮਹਾਂ ਸ਼ਹਿਰਾਂ ਅੰਦਰ ਵੱਡੇ ਬੋਰਾਂ ਦੀ ਗਿਣਤੀ 1800 ਦੇ ਲਗਪਗ ਹੈ।
ਭਾਵੇਂ ਅਸੀਂ ਪਾਣੀ ਦੇ ਡਿਗ ਰਹੇ ਪੱਧਰ ਲਈ ਝੋਨੇ ਨੂੰ ਜ਼ਿੰਮੇਵਾਰ ਮੰਨਦੇ ਹਾਂ ਪਰ ਸ਼ਹਿਰਾਂ ਵਿਚ ਪਾਣੀ ਦੀ ਬੇਕਦਰੀ ਨੇ ਵੀ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਚੌਕਾਂ, ਚੁਰਾਹਿਆਂ ਵਿਚ ਸ਼ਰੇਆਮ ਚੱਲ ਰਹੀਆਂ ਟੂਟੀਆਂ, ਵੱਡੇ-ਵੱਡੇ ਪਾਈਪਾਂ ਰਾਹੀਂ ਗੱਡੀਆਂ ਧੋਣ ਦੀ ਹੋੜ, ਫੈਕਟਰੀਆਂ ਅੰਦਰ ਲੱਖਾਂ ਮਣ ਪਾਣੀ ਦੀ ਖ਼ਪਤ ਅਤੇ ਫ਼ਰਸ਼ਾਂ ਨੂੰ ਖੁੱਲ੍ਹੇ ਪਾਈਪਾਂ ਨਾਲ ਧੋਣ ਦੀ ਆਦਤ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ।
ਇਹੀ ਹਾਲ ਪਿੰਡਾਂ ਵਿਚ ਨਜ਼ਰ ਆਉਂਦੈ। ਪਸ਼ੂਆਂ ਦੇ ਗੋਹੇ ਨਾਲ ਲਿਬੜੇ ਫ਼ਰਸ਼ ਅੰਮ੍ਰਿਤ ਵਰਗੇ ਪਾਣੀ ਨਾਲ ਧੋਣ ਦੀ ਕਵਾਇਦ ਸਾਡੇ ਚੇਤਿਆਂ ਵਿਚੋਂ ਪਤਾ ਨਹੀਂ ਕਦ ਵਿੱਸਰੇ, ਸ਼ਾਇਦ ਜਦ ਨੂੰ ਅੱਤ ਅੰਤ ਵਿਚ ਬਦਲ ਜਾਵੇਗੀ।
ਕਈ ਵਾਰ ਪਹਿਲਾਂ ਵੀ ਬਾਹਰਲੀਆਂ ਏਜੰਸੀਆਂ ਨੇ ਪੰਜਾਬ ਦੇ ਮੁੱਕ ਰਹੇ ਪਾਣੀ ਸਬੰਧੀ ਚਿੰਤਾ ਜ਼ਾਹਿਰ ਕੀਤੀ ਸੀ ਪਰ ਉਦੋਂ ਸਾਡੀਆਂ ਸਰਕਾਰਾਂ ਦੂਜੇ ਸੂਬਿਆਂ ਦੇ ਢਿੱਡ ਭਰਨ ਦੀ ਲੋੜ ਅਤੇ ਪੰਜਾਬ ਦਾ ਕਿਸਾਨ ਹਰੇ ਇਨਕਲਾਬ ਰਾਹੀਂ ਖ਼ੁਸ਼ਹਾਲੀ ਦੇ ਚੱਕਰ ਵਿਚ ਮਗਨ ਸੀ। ਹੁਣ ਵੇਲਾ ਮੁੱਠੀ 'ਚੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹੈ। ਕਿਸਾਨ 15 ਜੂਨ ਦੀ ਉਡੀਕ ਵਿਚ ਧਰਤੀ ਦੀ ਹਿੱਕ ਵਿਚੋਂ ਬਚਿਆ-ਖੁਚਿਆ ਪਾਣੀ ਕੱਢਣ ਲਈ ਪੱਬਾਂ ਭਾਰ ਹਨ। ਕਿਸਾਨ ਯੂਨੀਅਨਾਂ ਦੇ ਆਗੂ ਹੂਟਰ ਵਾਲੀ ਗੱਡੀ ਦੀ ਉਡੀਕ ਵਿਚ ਸਰਕਾਰਾਂ ਦੇ ਸੰਤਰੀਆਂ ਤੱਕ ਚਾਰਾਜੋਈ ਵਿਚ ਰੁੱਝੇ ਨੇ।
ਸੜਕੀ ਵਿਕਾਸ ਦੇ ਨਾਂਅ 'ਤੇ ਦਰੱਖ਼ਤਾਂ ਦਾ ਕਤਲੇਆਮ ਕਰ ਧਰਤੀ ਨੂੰ ਸਫ਼ਾਚੱਟ ਕੀਤਾ ਜਾ ਰਿਹੈ। ਪੰਜਾਬ ਦੀ ਉੱਜੜ ਰਹੀ ਹਰਿਆਵਲ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ। ਇੰਦਰ ਦੇਵਤਾ ਵੀ ਪੰਜਾਬ ਉੱਤੇ ਕਰੋਪ ਨਜ਼ਰ ਆਉਂਦੈ। ਮੀਂਹ ਔਸਤ ਨਾਲੋਂ ਘੱਟ ਪੈਣ ਕਰਕੇ ਧਰਤੀ ਦੀ ਹਿੱਕ 'ਤੇ ਤਪਸ਼ ਨਾਲ ਛਾਲਿਆਂ ਵਰਗੀ ਹਾਲਤ ਬਣਦੀ ਜਾ ਰਹੀ ਹੈ।
ਪੰਜਾਬੀ ਜੇਕਰ ਸਮਾਂ ਰਹਿੰਦਿਆਂ ਨਾ ਸੰਭਲੇ ਤਾਂ ਆਉਣ ਵਾਲੀ ਪੀੜ੍ਹੀ ਅਤੇ ਮਾਸੂਮ ਬੱਚੇ ਪਾਣੀ ਕੰਨੀਓਂ ਵਿਲਕਣਗੇ। ਜ਼ਰਾ ਗੌਰ ਕਰੋ ਜੇਕਰ ਪੰਜ ਦਰਿਆਵਾਂ ਦੀ ਧਰਤੀ 'ਤੇ ਪਾਣੀ ਦੀ ਬੋਤਲ ਵਿਕਦੀ ਹੋਵੇ ਤਾਂ ਹਾਲਾਤ ਬਹੁਤੇ ਵਧੀਆ ਨਹੀਂ ਹੁੰਦੇ। ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ, ਪਰ ਅਸੀਂ ਸਭ ਕੁਝ ਖੋ ਲਿਆ ਪਾਣੀ, ਜ਼ਮੀਨ, ਜਵਾਨੀ ਅਤੇ ਹਰਿਆਵਲ। ਤਪਸ਼ ਵਧ ਰਹੀ ਹੈ, ਹਰਿਆਵਲ ਮਾਰੂਥਲ ਵਿਚ ਤਬਦੀਲ ਹੋ ਰਹੀ ਨਜ਼ਰ ਆ ਰਹੀ ਹੈ, ਪਰ ਅਸੀਂ ਚੁੱਪ ਹਾਂ, ਜਿਵੇਂ ਧਰਤੀ ਅਤੇ ਬਨਸਪਤੀ ਦੇ ਉੱਜੜਨ ਦੇ ਅਫ਼ਸੋਸ ਵਿਚ ਸਾਡੀਆਂ ਜ਼ੁਬਾਨਾਂ ਠਾਕੀਆਂ ਗਈਆਂ ਹੋਣ।
ਆਓ ਪੰਜ ਪਾਣੀਆਂ ਦੀ ਇਸ ਧਰਤੀ ਨੂੰ ਮਾਰੂਥਲ ਬਣਨ ਤੋਂ ਪਹਿਲਾਂ ਕੁਝ ਡੂੰਘੀ ਸੋਚ ਸੋਚਣ ਦਾ ਯਤਨ ਕਰੀਏ। ਇਸੇ ਵਿਚ ਸਭ ਦੀ ਭਲਾਈ ਹੈ।

-ਮਾਲੇਰਕੋਟਲਾ। ਮੋਬਾ: 94634-63136

ਛਬੀਲ ਜਾਂ ਲੰਗਰ ਦਾ ਪ੍ਰਬੰਧ ਕਰਦਿਆਂ ਸਫ਼ਾਈ ਵਿਵਸਥਾ ਵੀ ਜ਼ਰੂਰੀ

ਗਰਮੀ ਦਾ ਮੌਸਮ ਸ਼ੁਰੂ ਹੁੰਦਿਆ ਹੀ ਜਨਤਕ ਥਾਵਾਂ 'ਤੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਠੰਢੇ-ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਜਾਂਦੀਆਂ ਹਨ। ਗਰਮੀ ਵਿਚ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਹਸਪਤਾਲਾਂ ਦੇ ਨਜ਼ਦੀਕ ਜਾਂ ਹੋਰ ਅਜਿਹੀਆਂ ਥਾਵਾਂ 'ਤੇ ਪਾਣੀ ਦਾ ਪ੍ਰਬੰਧ ਕਰਕੇ ਲੋੜਵੰਦ ਲੋਕਾਂ ਨੂੰ ਰਾਹਤ ਦੇਣੀ ਬਹੁਤ ਹੀ ਵਧੀਆ ਸੋਚ ਹੈ, ਪਰ ਜਿਨ੍ਹਾਂ ਥਾਵਾਂ 'ਤੇ ਇਨ੍ਹਾਂ ਛਬੀਲਾਂ ਜਾਂ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ ਉੱਥੇ ਡਿਸਪੋਜ਼ੇਬਲ ਗਲਾਸ ਅਤੇ ਪਲੇਟਾਂ ਆਦਿ ਭਾਰੀ ਮਾਤਰਾ ਵਿਚ ਖਿਲਰੀਆਂ ਨਜ਼ਰ ਆਉਂਦੀਆ ਹਨ, ਜੋ ਸਾਡੇ ਆਲੇ-ਦੁਆਲੇ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਸਾਨੂੰ ਸਭ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਰਤ ਵਿਚ ਜਨਤਕ ਥਾਵਾਂ ਦੇ ਕੋਲ ਲੱਗੇ ਗੰਦਗੀ ਦੇ ਢੇਰ ਪਹਿਲਾਂ ਹੀ ਸਾਡੇ ਚਾਰ-ਚੁਫ਼ੇਰੇ ਨੂੰ ਕਾਫੀ ਪ੍ਰਭਾਵਿਤ ਕਰ ਰਹੇ ਹਨ। ਸਰਕਾਰ ਵੱਲੋਂ ਆਪਣੇ ਪੱਧਰ 'ਤੇ ਅਨੇਕ ਵਾਰ ਸਫ਼ਾਈ ਮੁਹਿੰਮਾਂ ਚਲਾ ਕੇ ਇਸ ਗੰਦਗੀ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ ਪਰ ਆਮ ਲੋਕਾਂ ਵੱਲੋਂ ਆਪਣੇ ਫ਼ਰਜ਼ ਨੂੰ ਨਾ ਸਮਝ ਸਕਣ ਅਤੇ ਅਫ਼ਸਰਸ਼ਾਹੀ ਦੀ ਇਸ ਵਿਚ ਕੋਈ ਜਵਾਬਦੇਹੀ ਨਾ ਹੋਣ ਕਾਰਨ ਇਹ ਸਫ਼ਾਈ ਮੁਹਿੰਮਾਂ ਹਮੇਸ਼ਾ ਹੀ ਅੱਧਵਾਟੇ ਦਮ ਤੋੜਦੀਆਂ ਆ ਰਹੀਆਂ ਹਨ।
ਜੇਕਰ ਕਿਸੇ ਲੋੜਵੰਦ ਨੂੰ ਪਾਣੀ ਪਿਆਉਣਾ ਜਾਂ ਉਸ ਲਈ ਲੰਗਰ ਦੀ ਵਿਵਸਥਾ ਕਰਨੀ ਪੁੰਨ ਦਾ ਕੰਮ ਹੈ ਤਾਂ ਫਿਰ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਖਿਆਲ ਰੱਖਣਾ ਮਹਾਂਪੁੰਨ ਦਾ ਕਾਰਜ ਹੈ। ਜੇਕਰ ਅਸੀਂ ਸਮਾਜ ਸੇਵਾ ਦਾ ਕੰਮ ਕਰਦਿਆਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਵੱਲੋਂ ਖਿਲਾਰਿਆ ਜਾ ਰਿਹਾ ਇਹ ਕਚਰਾ ਸਾਡੇ ਆਸ-ਪਾਸ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਮਨੁੱਖੀ ਜ਼ਿੰਦਗੀ ਨੂੰ ਕਿੰਨਾ ਨੁਕਸਾਨ ਪਹੁੰਚਾਵੇਗਾ, ਤਾਂ ਸਾਡੇ ਵੱਲੋਂ ਕੀਤਾ ਜਾ ਰਿਹਾ ਪੁੰਨ ਦਾ ਕਾਰਜ ਵੀ ਬੇਅਰਥ ਹੋ ਨਿੱਬੜਦਾ ਹੈ। ਇਹ ਖਿਆਲ ਵੀ ਜ਼ਰੂਰ ਰੱਖਿਆ ਜਾਵੇ ਕਿ ਇਸ ਦੌਰਾਨ ਖਿਲਰੇ ਕਚਰੇ ਨੂੰ ਉਸ ਥਾਂ ਤੋਂ ਇਕੱਠਾ ਕਰਕੇ ਅਜਿਹੀ ਥਾਂ 'ਤੇ ਸੁੱਟਿਆ ਜਾਵੇ, ਜਿੱਥੋਂ ਉਸ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ ਜਾਂ ਇਸ ਦੌਰਾਨ ਸਟੀਲ ਆਦਿ ਦੇ ਬਰਤਨਾਂ ਦਾ ਪ੍ਰਬੰਧ ਕਰਕੇ ਵੀ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਨਤਕ ਥਾਵਾਂ 'ਤੇ ਕਚਰਾ ਆਦਿ ਨਾ ਖਿਲਾਰੇ ਜਾਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

-ਏਲਨਾਬਾਦ, ਸਿਰਸਾ (ਹਰਿਆਣਾ)।
ਮੋਬਾ: 94670-95953

ਆਓ ਪਰਵਾਸੀ ਮਜ਼ਦੂਰਾਂ ਤੋਂ ਕੁਝ ਸਬਕ ਸਿੱਖੀਏ

ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿਚ ਯੂ.ਪੀ. ਅਤੇ ਬਿਹਾਰ ਤੋਂ ਪੰਜਾਬ ਨੂੰ ਆਉਣ ਵਾਲੀਆਂ ਰੇਲ ਗੱਡੀਆਂ 'ਚ ਆਮ ਨਾਲੋਂ ਜ਼ਿਆਦਾ ਭੀੜ ਵਧ ਜਾਂਦੀ ਹੈ। ਇਹ ਹੁੰਦੇ ਹਨ ਉਥੋਂ ਦੇ ਵਸਨੀਕ ਪੰਜਾਬ 'ਚ ਮਜ਼ਦੂਰੀ ਦੀ ਭਾਲ 'ਚ ਆਉਂਦੇ ਹਨ। 2-4 ਕੱਪੜਿਆਂ ਦੀ ਪੋਟਲੀ ਬੰਨ੍ਹ ਕੇ ਅਤੇ ਕੇਵਲ ਕਿਰਾਏ ਜੋਗੇ ਪੈਸੇ ਨਾਲ ਲੈ ਕੇ ਇਹ ਲੋਕ ਪੰਜਾਬ 'ਚ ਰੁਜ਼ਗਾਰ ਦੀ ਭਾਲ 'ਚ ਤਕੜੇ ਹੌਸਲੇ ਨਾਲ ਵਿਚਰਦੇ ਹਨ, ਜਿਨ੍ਹਾਂ ਕੋਲ ਆਉਣ ਵੇਲੇ ਨਾ ਤਾਂ ਕਈ ਦਿਨਾਂ ਦਾ ਰਾਸ਼ਨ ਹੁੰਦਾ ਹੈ ਤੇ ਨਾ ਹੀ ਕੋਈ ਨਿਸ਼ਚਤ ਟਿਕਾਣਾ। ਬਹੁਤ ਸਾਰੇ ਇਹ ਲੋਕ ਕਣਕ-ਚੌਲ ਦਾ ਸੀਜ਼ਨ ਲਾ ਕੇ ਵਾਪਸ ਪਰਤ ਜਾਂਦੇ ਹਨ ਅਤੇ ਕੁਝ ਇੱਥੇ ਹੀ ਟਿਕ ਜਾਂਦੇ ਹਨ।
ਪ੍ਰਵਾਸੀ ਮਜ਼ਦੂਰਾਂ ਨੇ ਇਥੇ ਆ ਕੇ ਹਰ ਕੰਮ 'ਤੇ ਆਪਣਾ ਹੱਥ ਅਜ਼ਮਾਇਆ ਹੈ। ਹਰ ਉਹ ਕੰਮ ਜੋ ਇੱਥੋਂ ਦੀ ਮੂਲ ਵਸਨੀਕ ਲੇਬਰ ਨਹੀਂ ਕਰ ਸਕੀ, ਉਹ ਕੰਮ ਕੀਤਾ ਹੈ। ਇੱਥੋਂ ਦੇ ਮੂਲ ਕਾਮੇ ਆਮ ਤੌਰ 'ਤੇ ਯੂਨੀਅਨਾਂ ਬਣਾ ਕੇ ਇਕ ਨਿਸਚਤ ਥਾਂ 'ਤੇ ਖੜ੍ਹਦੇ ਹਨ ਤਾਂ ਕਿ ਉਨ੍ਹਾਂ ਨੂੰ ਦਿਹਾੜੀ ਮਿਲ ਸਕੇ। ਇਨ੍ਹਾਂ ਦੇ ਕਈ ਕਿਸਮ ਦੇ ਨਿਯਮ ਹਨ ਜਿਵੇਂ ਇਕ ਨਿਸਚਤ ਸਮੇਂ ਲਈ ਨਿਸਚਤ ਮਜ਼ਦੂਰੀ 'ਤੇ ਕੰਮ ਕਰਨਾ, ਜਦੋਂ ਕਿ ਪ੍ਰਵਾਸੀ ਮਜ਼ਦੂਰ ਬਹੁਤੀ ਵਾਰ ਇਸ ਤਰ੍ਹਾਂ ਦੀ ਸੌਦੇਬਾਜ਼ੀ 'ਚ ਨਹੀਂ ਪੈਂਦੇ। ਜੋ ਮਿਲ ਜਾਏ, ਉਸੇ 'ਚ ਰਾਜ਼ੀ ਹੋ ਜਾਂਦੇ ਹਨ। ਬਸਤੀਆਂ 'ਚ ਬਣੇ ਛੋਟੇ-ਛੋਟੇ ਕਮਰਿਆਂ 'ਚ ਨਿਵਾਸ ਕਰਦੇ ਇਹ ਲੋਕ ਇੱਥੇ ਆ ਕੇ ਨਾ ਕੇਵਲ ਆਪਣਾ ਹੀ ਗੁਜ਼ਾਰਾ ਕਰਦੇ ਹਨ, ਸਗੋਂ ਸੈਂਕੜੇ ਮੀਲਾਂ ਦੂਰ ਬੈਠੇ ਆਪਣੇ ਪਰਿਵਾਰਾਂ ਨੂੰ ਵੀ ਪਾਲਦੇ ਹਨ। ਬਹੁਤ ਸਾਰੇ ਅਜਿਹੇ ਵੀ ਹਨ, ਜੋ ਕੁਝ ਸਾਲ ਪਹਿਲਾਂ ਇੱਥੇ ਆਏ ਅਤੇ ਇੱਥੇ ਦੇ ਹੀ ਹੋ ਕੇ ਰਹਿ ਗਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਮਜ਼ਦੂਰ ਤਬਕਾ ਜਿਸ ਕਿਸਾਨ ਦੇ ਖੇਤ 'ਚ ਕੰਮ ਕਰਦਾ ਹੈ, ਉਸ ਕਿਸਾਨ ਨੇ ਖੁਦਕੁਸ਼ੀਆਂ ਦਾ ਰਾਹ ਫੜ ਲਿਆ ਹੈ। ਇਥੋਂ ਦਾ ਮੂਲ ਵਸਨੀਕ, ਜਿਸ ਕੋਲ ਸਭ ਕੁਝ ਹੈ, ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਕਿਉਂ ਸੋਚਦਾ ਹੈ? ਦੇਖਣ 'ਚ ਆਇਆ ਹੈ ਕਿ ਸਾਡੇ ਬਹੁਤੇ ਕਿਸਾਨ ਵੀਰਾਂ ਕੋਲ ਬਹੁਤੀ ਜ਼ਿਆਦਾ ਜ਼ਮੀਨ ਨਹੀਂ ਹੈ। ਜੇਕਰ ਉਹ ਇਹ ਸੰਦ ਇਕੱਲਾ ਬਣਾਉਣ ਦੀ ਬਜਾਏ 2-3 ਕਿਸਾਨ ਰਲ ਕੇ ਬਣਾ ਲੈਣ ਤਾਂ ਪੈਸਾ ਉਧਾਰ ਲੈਣ ਦੇ ਚੱਕਰ ਤੋਂ ਬਚਿਆ ਜਾ ਸਕਦਾ ਹੈ। ਵਿਆਹ-ਸ਼ਾਦੀਆਂ ਜਾਂ ਹੋਰ ਸਮਾਗਮ ਗੈਰ-ਉਪਜਾਊ ਕੰਮ ਹਨ, ਜਿਨ੍ਹਾਂ ਵਿਚੋਂ ਕਿਸੇ ਆਮਦਨ ਦੀ ਆਸ ਨਹੀਂ ਹੁੰਦੀ। ਫਿਰ ਇਨ੍ਹਾਂ ਉਪਰ ਲੋੜ ਤੋਂ ਜ਼ਿਆਦਾ ਖਰਚ ਕਿਉਂ ਕੀਤਾ ਜਾਵੇ? ਸਮਾਂ ਆ ਗਿਆ ਹੈ ਕਿ ਚਾਦਰ ਦੇਖ ਹੀ ਪੈਰ ਪਸਾਰੇ ਜਾਣ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਤੋਂ ਸੇਧ ਲਈਏ ਅਤੇ ਆਪਣੇ ਖੇਤਾਂ 'ਚ ਮਿਹਨਤ ਕਰਕੇ ਇਸ ਕਰਜ਼ੇ ਦੇ ਬੋਝ ਤੋਂ ਬਚਿਆ ਜਾ ਸਕਦਾ।

-ਗਲੀ ਨੰ: 4 (ਖੱਬੇ), ਸ਼ਕਤੀ ਨਗਰ, ਜਗਰਾਉਂ। ਮੋਬਾ: 98763-27047

ਐਂਬੂਲੈਂਸ ਨੂੰ ਰਸਤਾ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ

ਐਂਬੂਲੈਂਸ ਇਕ ਅਜਿਹਾ ਵਾਹਨ ਹੈ, ਜਿਸ ਵਿਚ ਮੌਤ ਨਾਲ ਲੜ ਰਹੇ ਮਰੀਜ਼ ਨੂੰ ਜ਼ਿੰਦਗੀ ਪ੍ਰਦਾਨ ਕਰਨ ਲਈ ਰੱਬ ਰੂਪੀ ਡਾਕਟਰ ਕੋਲ ਲਿਜਾਇਆ ਜਾਂਦਾ ਹੈ। ਸੜਕ ਉੱਪਰ ਸਫ਼ਰ ਕਰਦਿਆਂ ਤੇਜ਼ ਰਫ਼ਤਾਰ ਨਾਲ ਹੂਟਰ ਵਜਾਉਂਦੀ ਜਾਂਦੀ ਐਂਬੂਲੈਂਸ ਅਸੀਂ ਆਮ ਹੀ ਦੇਖਦੇ ਹਾਂ। ਐਂਬੂਲੈਂਸ ਦੇ ਹੂਟਰ ਦਾ ਇਹ ਮਤਲਬ ਹੁੰਦਾ ਹੈ ਕਿ ਮਰੀਜ਼ ਦੀ ਹਾਲਤ ਗੰਭੀਰ ਹੈ, ਐਂਬੂਲੈਂਸ ਨੂੰ ਰਸਤਾ ਦਿਓ। ਪਰ ਸੜਕ ਉੱਪਰ ਐਂਬੂਲੈਂਸ ਦਾ ਹੂਟਰ ਜਾਂ ਹਾਰਨ ਸੁਣਨ ਦੇ ਬਾਵਜੂਦ ਕਈ ਲੋਕ ਰਸਤਾ ਨਹੀਂ ਦਿੰਦੇ। ਕਈਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਵਾਹਨ ਐਂਬੂਲੈਂਸ ਤੋਂ ਅੱਗੇ ਕੱਢਿਆ ਜਾਵੇ।
ਸੜਕਾਂ ਉੱਪਰ ਲਗਦੇ ਧਰਨਿਆਂ ਕਰਕੇ ਕਈ ਵਾਰ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਐਂਬੂਲੈਂਸ ਵਿਚਲੇ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ। ਜਦੋਂ ਕਿਤੇ ਕੋਈ ਜਲੂਸ ਨਿਕਲ ਰਿਹਾ ਹੁੰਦਾ ਹੈ ਜਾਂ ਕੋਈ ਰੈਲੀ ਜਾ ਰਹੀ ਹੁੰਦੀ ਹੈ ਤਾਂ ਸੜਕ ਉੱਪਰ ਬਾਕੀ ਵਾਹਨਾਂ ਦੇ ਨਾਲ-ਨਾਲ ਐਂਬੂਲੈਂਸ ਨੂੰ ਵੀ ਰੋਕਿਆ ਜਾਂਦਾ ਹੈ। ਕਿਸੇ ਮੰਤਰੀ ਦੇ ਕਾਫ਼ਲੇ ਨੂੰ ਲੰਘਾਉਣ ਲਈ ਕਾਫ਼ਲੇ ਦੀ ਬਜਾਏ ਐਂਬੂਲੈਂਸ ਨੂੰ ਰੋਕਿਆ ਜਾਂਦਾ ਹੈ। ਪਿਛਲੇ ਸਾਲਾਂ ਵਿਚ ਖ਼ਬਰ ਮਿਲੀ ਸੀ ਕਿ ਮੰਤਰੀ ਦੇ ਕਾਫ਼ਲੇ ਨੂੰ ਲੰਘਾਉਣ ਲਈ ਐਂਬੂਲੈਂਸ ਵੀ ਰੋਕੀ ਗਈ ਅਤੇ ਐਂਬੂਲੈਂਸ ਵਿਚਲੇ ਮਰੀਜ਼ ਦੀ ਮੌਤ ਹੋ ਗਈ।
ਇਸ ਕਰਕੇ ਇਸ ਮੁੱਦੇ ਸਬੰਧੀ ਹਰ ਆਮ ਅਤੇ ਖਾਸ ਨੂੰ ਧਿਆਨ ਦੇਣ ਦੀ ਲੋੜ ਹੈ। ਸੜਕ ਉੱਪਰ ਚਲਦਿਆਂ ਹਮੇਸ਼ਾ ਐਂਬੂਲੈਂਸ ਨੂੰ ਰਸਤਾ ਜ਼ਰੂਰ ਦਿਓ। ਦੂਰੋਂ ਹੀ ਐਂਬੂਲੈਂਸ ਦਾ ਹਾਰਨ ਸੁਣ ਕੇ ਰਸਤਾ ਖਾਲੀ ਕਰ ਦੇਣਾ ਚਾਹੀਦਾ ਹੈ। ਜਦੋਂ ਕਿਤੇ ਸੜਕ ਉੱਪਰ ਧਰਨਾ ਲਾਇਆ ਜਾਵੇ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਜੇਕਰ ਧਰਨੇ ਕਰਕੇ ਐਂਬੂਲੈਂਸ ਰੁਕੀ ਦਿਖੇ ਤਾਂ ਤੁਰੰਤ ਐਂਬੂਲੈਂਸ ਲਈ ਰਸਤਾ ਖਾਲੀ ਕਰ ਦਿੱਤਾ ਜਾਵੇ। ਕਿਉਂਕਿ ਇਕ ਜ਼ਿੰਦਗੀ ਦੀ ਕੀਮਤ ਬਹੁਤ ਹੁੰਦੀ ਹੈ, ਜਦੋਂ ਕਿਤੇ ਕੋਈ ਆਪਣਾ ਖਾਸ ਐਂਬੂਲੈਂਸ ਵਿਚ ਤੜਫ ਰਿਹਾ ਹੋਵੇ ਅਤੇ ਅੱਗੋਂ ਐਂਬੂਲੈਂਸ ਨੂੰ ਰਸਤਾ ਨਾ ਮਿਲੇ ਤਾਂ ਫਿਰ ਦਰਦ ਦਾ ਪਤਾ ਲਗਦਾ ਹੈ। ਕਈ ਦੇਸ਼ਾਂ ਵਿਚ ਐਂਬੂਲੈਂਸ ਨੂੰ ਰਸਤਾ ਨਾ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੁੰਦੀ ਹੈ।
ਇਸ ਲਈ ਲੋੜ ਹੈ ਸੋਚ ਬਦਲਣ ਦੀ। ਸਾਡੀ ਥੋੜ੍ਹੀ ਜਿਹੀ ਦੇਰੀ ਨਾਲ ਸਾਡਾ ਮਾਮੂਲੀ ਜਿਹਾ ਨੁਕਸਾਨ ਹੋਵੇਗਾ ਪਰ ਐਂਬੂਲੈਂਸ ਦੀ ਦੇਰੀ ਨਾਲ ਇਕ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ਸੜਕ ਉੱਪਰ ਚਲਦਿਆਂ ਐਂਬੂਲੈਂਸ ਨੂੰ ਜ਼ਰੂਰ ਰਸਤਾ ਦਿਓ, ਤਾਂ ਜੋ ਕਿਤੇ ਤੁਹਾਡੀ ਗ਼ਲਤੀ ਨਾਲ ਕਿਸੇ ਮਾਸੂਮ ਦੀ ਜਾਨ ਨਾ ਚਲੀ ਜਾਵੇ।

-ਪਿੰਡ ਅਰਾਈਆਂ ਵਾਲਾ ਕਲਾਂ (ਫ਼ਰੀਦਕੋਟ)। ਮੋਬਾ: 87290-43571

ਪੰਜਾਬੀ ਸੱਭਿਆਚਾਰ ਦੀ ਵਰਤਮਾਨ ਤਸਵੀਰ

ਸੱਭਿਆਚਾਰ ਕਿਸੇ ਮਨੁੱਖੀ ਸਮਾਜ ਦੀ ਜੀਵਨ ਵਿਧੀ ਹੁੰਦਾ ਹੈ। ਮਨੁੱਖ ਦਾ ਖਾਣ-ਪੀਣ, ਪਹਿਰਾਵਾ, ਸ਼ਖ਼ਸੀਅਤ ਦਾ ਵਿਕਾਸ ਉਹ ਸਮਾਜ ਹੀ ਨਿਰਧਾਰਤ ਕਰਦਾ ਹੈ, ਜਿਸ ਵਿਚ ਉਸ ਦਾ ਜਨਮ ਹੁੰਦਾ ਹੈ। ਸੱਭਿਆਚਾਰ ਆਪਣੇ-ਆਪ ਵਿਚ ਵਿਸ਼ਾਲ ਸੰਕਲਪ ਹੈ। ਇਸ ਵਿਚ ਗਿਆਨ, ਵਿਗਿਆਨ, ਭੂਤ, ਵਰਤਮਾਨ ਤੇ ਭਵਿੱਖ ਨਾਲ ਸਬੰਧਤ ਹਰ ਤਰ੍ਹਾਂ ਦਾ ਵਰਤਾਰਾ ਸ਼ਾਮਲ ਕੀਤਾ ਜਾ ਸਕਦਾ ਹੈ। ਸੱਭਿਆਚਾਰ ਭਾਵੇਂ ਇਕ ਸਰਬ ਵਿਆਪਕ ਵਰਤਾਰਾ ਹੈ ਪਰ ਇਸ ਦੇ ਸਰਬ ਵਿਆਪਕ ਅੰਸ਼ ਜਦੋਂ ਕਿਸੇ ਪ੍ਰਣਾਲੀ ਵਿਚ ਉਜਾਗਰ ਹੁੰਦੇ ਹਨ ਤਾਂ ਉਨ੍ਹਾਂ ਵਿਚ ਵਖਰੇਵਾਂ ਆ ਜਾਂਦਾ ਹੈ। ਸੱਭਿਆਚਾਰ ਦੀ ਵਿਲੱਖਣ ਤਸਵੀਰ ਜਾਂ ਇਸ ਦੇ ਮੁਹਾਂਦਰੇ ਨੂੰ ਸੰਵਾਰਨ ਵਿਚ ਉਸ ਸਮਾਜ ਦੀਆਂ ਭੂਗੋਲਿਕ ਹੱਦਾਂ ਤੇ ਹਾਲਾਤ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।
ਪੰਜਾਬੀ ਸੱਭਿਆਚਾਰ ਨੂੰ ਅਸੀਂ ਬਹੁਤੀ ਵਾਰ ਅਗਿਆਨਤਾ ਵੱਸ ਪ੍ਰਾਚੀਨਤਾ ਹੀ ਸਮਝਣ ਦਾ ਯਤਨ ਕਰਦੇ ਹਾਂ। ਪਰ ਅਸਲ ਵਿਚ ਸੱਭਿਆਚਾਰ ਅਜਿਹਾ ਪ੍ਰਬੰਧ ਹੁੰਦਾ ਹੈ, ਜਿਸ ਵਿਚ ਸੱਚੀ-ਸੁੱਚੀ, ਵਡੇਰੀ ਤੇ ਸੂਝ ਭਰੀ ਸ਼ਖ਼ਸੀਅਤ ਹੋਵੇ ਤੇ ਸਾਡਾ ਪੰਜਾਬੀ ਸੱਭਿਆਚਾਰ ਤਾਂ ਹੈ ਹੀ ਬਹੁਤ ਅਮੀਰ ਤੇ ਬੌਧਿਕਤਾ ਭਰਪੂਰ। ਜਦੋਂ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਦੇ ਲੋਕ ਰੁੱਖਾਂ ਤੇ ਗੁਫਾਵਾਂ ਵਿਚ ਦਿਨ ਕੱਟਦੇ ਸਨ ਤਾਂ ਪੰਜਾਬ ਦੇ ਵਸਨੀਕ ਘਰ ਬਣਾ ਕੇ ਰਹਿੰਦੇ ਸਨ।
ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਵਿਚ ਤਾਂ ਪੰਜਾਬੀ ਲੋਕਾਂ ਦੀ ਅਜ਼ਾਦ ਪ੍ਰਵਿਰਤੀ ਮੰਨੀ ਜਾਂਦੀ ਹੈ। ਪੰਜਾਬੀ ਤਾਂ ਅਜਿਹੇ ਹਨ, ਜੋ ਜਿਊਣ ਨਾਲੋਂ ਵੀ ਵਧੇਰੇ ਮਟਕ ਨਾਲ ਜਿਊਣ ਵਿਚ ਵਿਸ਼ਵਾਸ ਰੱਖਦੇ ਹਨ, ਪਰ ਅੱਜ ਦੇ ਸਮੇਂ ਸਾਡਾ ਇਹੀ ਅਮੀਰ ਵਿਰਸਾ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ। ਵਿਸ਼ਵੀਕਰਨ ਦੀ ਪ੍ਰਕਿਰਿਆ ਕਾਰਨ ਸਾਡਾ ਪੰਜਾਬੀ ਸੱਭਿਆਚਾਰ ਢਲਦਾ ਨਜ਼ਰ ਆ ਰਿਹਾ ਹੈ। ਸਾਡੇ ਪੰਜਾਬੀ ਨੌਜਵਾਨ ਬਾਹਰਲੇ ਦੇਸ਼ਾਂ ਵਿਚ ਜਾ ਕੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਆਪਣੀ ਧਰਤੀ 'ਤੇ ਆਪਣੇ ਸੱਭਿਆਚਾਰ ਵਿਚ ਵਿਚਰਨਾ ਜਾਂ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ। ਆਧੁਨਿਕ ਸਮੇਂ ਦੇ ਇਸ ਵਰਤਾਰੇ ਨੇ ਬੇਰੁਜ਼ਗਾਰੀ ਦੇ ਨਾਲ-ਨਾਲ ਮਾਨਸਿਕ ਬੈਚੇਨੀ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਲਗਾਤਾਰ ਮਨੋਵਿਕਾਰਾਂ ਦਾ ਸ਼ਿਕਾਰ ਬਣ ਗਈ ਹੈ।
ਹੁਣ ਤਾਂ ਪੈਸੇ ਦੀ ਚਮਕ ਕਾਰਨ ਲੋਕ ਪੰਜਾਬੀ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਵਿਚ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਰਾਣੇ ਰੀਤੀ-ਰਿਵਾਜ, ਮੇਲਿਆਂ, ਖੇਡਾਂ ਬਾਰੇ ਲੋਕਾਂ ਦੀਆਂ ਧਾਰਨਾਵਾਂ ਬਦਲ ਗਈਆਂ ਹਨ। ਅੱਜ ਆਧੁਨਿਕਤਾ ਦੇ ਪ੍ਰਭਾਵ ਕਾਰਨ ਪੰਜਾਬੀ ਸੱਭਿਆਚਾਰ ਦਾ ਮੁਹਾਂਦਰਾ ਹੀ ਬਦਲ ਗਿਆ ਹੈ। ਅਸੀਂ ਲੋਕ ਬੜੀ ਅਣਖ ਨਾਲ ਇਹ ਤਾਂ ਕਹਿ ਦਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ ਪਰ ਆਪਣਾ ਸੱਭਿਆਚਾਰ ਤੇ ਕੀਮਤੀ ਵਿਰਸਾ ਭੁੱਲਦੇ ਜਾ ਰਹੇ ਹਾਂ। ਸਾਂਝੇ ਪਰਿਵਾਰਾਂ ਦਾ ਟੁੱਟਣਾ, ਸੱਥਾਂ ਦਾ ਖਤਮ ਹੋਣਾ, ਤ੍ਰਿੰਝਣਾਂ ਦੀ ਰੌਣਕ, ਰਿਸ਼ਤੇ-ਨਾਤੇ ਕਮਜ਼ੋਰ ਹੋਣੇ, ਇਨ੍ਹਾਂ ਸਭ ਗੱਲਾਂ ਤੋਂ ਪਤਾ ਚਲਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਮੋਹ ਨਹੀਂ ਹੈ।
ਨਵੀਂ ਤਕਨਾਲੋਜੀ, ਸੰਚਾਰ ਦੇ ਨਵੇਂ ਸਾਧਨ, ਆਵਾਜਾਈ ਦੇ ਵਸੀਲੇ, ਮੀਡੀਆ, ਕੰਪਿਊਟਰ, ਇੰਟਰਨੈੱਟ ਵਰਗੇ ਸਾਧਨ ਸਮੁੱਚੀ ਦੁਨੀਆ ਨੂੰ ਇਕ ਗਲੋਬਲ ਪਿੰਡ ਵਿਚ ਬਦਲ ਰਹੇ ਹਨ। ਵਕਤ ਅਤੇ ਥਾਂ ਦੀਆਂ ਦੂਰੀਆਂ ਖਤਮ ਹੋ ਰਹੀਆਂ ਹਨ। ਪੂੰਜੀਵਾਦ ਤਾਕਤਾਂ ਆਪਣੇ ਹਿਤਾਂ ਦੀ ਪੂਰਤੀ ਲਈ ਪਛੜੇ ਤੇ ਗਰੀਬ ਲੋਕਾਂ ਨੂੰ ਆਪਣੀਆਂ ਬਸਤੀਆਂ ਬਣਾ ਰਹੀਆਂ ਹਨ, ਜਿਸ ਕਾਰਨ ਸਾਡਾ ਸੱਭਿਆਚਾਰ ਸਾਡੇ ਤੋਂ ਵਿਛੜਦਾ ਨਜ਼ਰ ਆ ਰਿਹਾ ਹੈ। ਦਿਨੋ-ਦਿਨ ਨਿਘਰਦੀ ਇਸ ਹਾਲਤ ਨੂੰ ਸੁਧਾਰਨ ਲਈ ਵਿਦਵਾਨਾਂ ਨੂੰ ਵੀ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਹੈ। ਵਿਸ਼ਵੀਕਰਨ ਰਾਹੀਂ ਜਿਹੜੀ ਸਾਡੇ ਰਿਸ਼ਤਿਆਂ ਤੇ ਸੋਚ ਵਿਚ ਤਬਦੀਲੀ ਆਈ ਹੈ, ਉਹ ਸਾਡੀ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ। ਦਿਨ-ਬ-ਦਿਨ ਸਾਡਾ ਸੱਭਿਆਚਾਰ ਗੰਧਲਾ ਹੋ ਰਿਹਾ ਹੈ। ਇਥੋਂ ਤੱਕ ਕਿ ਸਾਡੀ ਪੰਜਾਬੀ ਭਾਸ਼ਾ 'ਤੇ ਵੀ ਪੰਜਾਬੀ ਸੱਭਿਆਚਾਰ ਦੇ ਬਦਲਣ ਦਾ ਹੀ ਅਸਰ ਹੈ।
ਇਸ ਲਈ ਅਜਿਹੇ ਸਮੇਂ ਨੌਜਵਾਨ ਪੀੜ੍ਹੀ ਲਈ ਅਧਿਆਪਕਾਂ ਤੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨੂੰ ਨੈਤਿਕ ਮੁੱਲ ਪ੍ਰਦਾਨ ਕਰਨ, ਤਾਂ ਜੋ ਸਾਡੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਤੇ ਰਿਸ਼ਤੇ-ਨਾਤਿਆਂ ਦੀ ਸੰਭਾਲ ਹੋ ਸਕੇ।

-3082, ਫੇਜ਼ 2, ਅਰਬਨ ਅਸਟੇਟ, ਢੁੱਗਰੀ, ਲੁਧਿਆਣਾ-141013. ਮੋਬਾ: 98886-90280

ਸਰਮਾਏ ਦੇ ਤਤਕਾਲੀਨ ਮੀਡੀਆ 'ਤੇ ਪ੍ਰਭਾਵ

ਆਧੁਨਿਕ ਯੁੱਗ 'ਚ ਸਾਰੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਸਰਮਾਏਦਾਰੀ ਸ਼ਕਤੀਆਂ ਦੇ ਹੱਥ 'ਚ ਹੈ। ਸਰਮਾਇਆ ਕਿਵੇਂ ਹਰ ਇਕ ਸ਼ੈਅ 'ਤੇ ਆਪਣਾ ਪ੍ਰਭਾਵ ਮਜ਼ਬੂਤ ਕਰਦਾ ਜਾਂਦਾ ਹੈ, ਇਹ ਅੱਜ ਖੌਫਨਾਕ ਢੰਗ ਦੇ ਨਾਲ ਦੁਨੀਆ ਦੇ ਹਰ ਹਿੱਸੇ 'ਚ ਪੇਸ਼ ਕਰਕੇ ਦਿਖਾ ਰਿਹਾ ਹੈ। ਰਾਜਿਆਂ ਦੀ ਨਿਰੰਕੁਸ਼ਤਾ ਨੂੰ ਰੋਕਣ ਲਈ ਜਦੋਂ ਸਰਮਾਏਦਾਰੀ ਸ਼ਕਤੀਆਂ ਨੇ ਮਜ਼ਦੂਰ-ਕਿਸਾਨਾਂ ਦੀ ਸਹਾਇਤਾ ਦੇ ਨਾਲ ਤਖਤਾ ਪਲਟ ਕੀਤਾ ਤਾਂ ਰਾਜ ਪ੍ਰਬੰਧ ਨੂੰ ਆਪਣੀਆਂ ਸਰਪ੍ਰਸਤੀ ਦੀਆਂ ਸਰਕਾਰਾਂ 'ਚ ਚਲਾਉਣ ਦੀ ਪਿਰਤ ਹੌਲੀ-ਹੌਲੀ ਸਾਰੇ ਦੇਸ਼ਾਂ 'ਚ ਅਪਣਾਈ ਗਈ। ਇਕ ਸਮੇਂ ਤੱਕ ਮਜ਼ਦੂਰ ਜਮਾਤ ਦੇ ਹੱਕਾਂ ਦੀ ਰਾਖੀ ਲਈ ਵੀ ਰਾਜਨੀਤਕ ਦਲਾਂ ਦੀ ਹੋਂਦ ਸਾਹਮਣੇ ਆਈ। ਪਰ ਜਿਵੇਂ-ਜਿਵੇਂ ਸਰਮਾਏ ਨੇ ਆਪਣਾ ਵਿਕਾਸ ਕੀਤਾ, ਉਸ ਨੇ ਹਰ ਇਕ ਪੱਧਰ 'ਤੇ ਆਪਣੀ ਧੌਂਸ ਜਮਾਉਣ ਦਾ ਨਿਡਰ ਰੂਪ ਸਾਹਮਣੇ ਪੇਸ਼ ਕੀਤਾ। ਸਰਮਾਏਦਾਰੀ ਨੀਤੀਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸਰਕਾਰਾਂ ਨੂੰ ਚੋਣਾਂ ਸਮੇਂ ਕਾਰਪੋਰੇਟਿਵ ਫੰਡਾਂ ਦਾ ਵਰਦਾਨ ਦਿੱਤਾ ਗਿਆ ਤੇ ਪ੍ਰਬੰਧ ਦੀ ਕੁਸ਼ਲਤਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦੀ ਦੌੜ ਹੀ ਰਹਿ ਗਈ, ਜੋ ਸਰਮਾਏ ਦੇ ਪੱਖ 'ਚ ਜਾਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸ਼ਿੰਗਾਰਦੀਆਂ ਸਨ। ਇਸ ਸਾਰੇ ਦੌਰ 'ਚ ਸਰਕਾਰ ਦੀ ਆਲੋਚਨਾ ਕਰਨ ਦੀ ਮੀਡੀਆ ਸ਼ਕਤੀ ਨੂੰ ਜਿਸ ਹਿਸਾਬ ਨਾਲ ਖੋਰਾ ਲੱਗਾ ਹੈ, ਉਸ ਨੇ ਸਰਕਾਰਾਂ ਨੂੰ ਬਿਨਾਂ ਡਰ ਦੇ ਨਿਰੰਕੁਸ਼ ਸੁਭਾਅ ਪ੍ਰਾਪਤ ਕਰਨ 'ਚ ਅਹਿਮ ਹਿੱਸਾ ਨਿਭਾਇਆ ਹੈ। ਤਕਨੀਕੀ ਵਾਧੇ ਦੇ ਨਾਲ ਸਰਕਾਰਾਂ ਨੇ ਆਪਣੀ ਪੈਂਠ ਬਣਾਉਣ ਲਈ ਸਹਾਇਕ ਖੌਫ ਨੂੰ ਪੱਤਰਕਾਰੀ ਦੇ ਪੇਸ਼ੇ 'ਚ ਪ੍ਰਚਲਿਤ ਕਰ ਦਿੱਤਾ ਹੈ। ਅੱਜਕਲ੍ਹ ਜ਼ਿਆਦਾ ਮੀਡੀਆ ਘਰਾਂ ਦੀ ਮਲਕੀਅਤ ਇਕ ਅਮੀਰ ਵਿਅਕਤੀ ਦੇ ਹੱਥ 'ਚ ਹੈ ਤੇ ਜਿਨ੍ਹਾਂ ਦਾ ਸਿੱਧਾ ਸਬੰਧ ਸਰਮਾਏਦਾਰੀ ਜ਼ਰੂਰਤਾਂ ਦੇ ਸਬੰਧ ਨਾਲ ਸਰਕਾਰ ਨਾਲ ਜੁੜ ਜਾਂਦਾ ਹੈ ਤੇ ਸਰਕਾਰਾਂ ਆਪਣੀ ਮਰਜ਼ੀ ਨਾਲ ਪ੍ਰੋਗਰਾਮਾਂ ਦੇ ਪ੍ਰਸਾਰਨ ਨੂੰ ਤਕਨੀਕ ਦੀ ਆੜ 'ਚ ਆਪਣੇ ਪੱਖ 'ਚ ਵੇਖਦੀਆਂ ਹਨ। ਲੋਕਾਂ ਦੇ ਪੱਖ 'ਚ ਖੜ੍ਹਨ ਲਈ ਸੂਚਨਾ ਅਪੰਗਤਾ ਦਾ ਸ਼ਿਕਾਰ ਹੋ ਗਈ ਹੈ। ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਮੁਨਾਫਾ ਪ੍ਰਧਾਨ ਬਣ ਗਿਆ ਹੈ। ਆਲੋਚਨਾ ਆਪਣਾ ਗੁਣ ਗੁਆ ਚੁੱਕੀ ਹੈ। ਲੋਕਾਂ ਦੀ ਸਾਰੀ ਸੋਚਣ ਸ਼ਕਤੀ ਤੇ ਵੱਖ-ਵੱਖ ਧਾਰਨਾਵਾਂ ਨੂੰ ਸੀਮਤ ਕਰਨ ਦਾ ਕੰਮ ਕੀਤਾ ਜਾਂਦਾ ਹੈ।
ਸਮਾਜ ਦਿਨੋ-ਦਿਨ ਕਮਜ਼ੋਰ ਹੋ ਰਿਹਾ ਹੈ ਤੇ ਸਰਕਾਰਾਂ ਤੰਤਰ ਨੂੰ ਲੋਕਾਂ ਦੇ ਪੱਖ 'ਚ ਖੜ੍ਹਾ ਕਰਨ ਲਈ ਫੌਜੀ ਸਮਾਨ ਦੀ ਖਰੀਦੋ-ਫਰੋਖਤ ਕਰ ਰਹੀਆਂ ਹਨ। ਸਰਹੱਦਾਂ ਰੋਜ਼ ਗੋਲੀਆਂ, ਬੰਬਾਂ ਦੇ ਖੜਾਕ ਨਾਲ ਦਹਿਲਦੀਆਂ ਹਨ, ਜਿਨ੍ਹਾਂ ਦੀ ਚੀਕ ਸਾਰੇ ਦੇਸ਼ 'ਚ ਵਿਕੇ ਹੋਏ ਮੀਡੀਆ ਵੱਲੋਂ ਖੌਫ ਦੇ ਡਰ ਨਾਲ ਪੇਸ਼ ਕੀਤੀ ਜਾਂਦੀ ਹੈ ਤੇ ਚੌਥਾ ਲੋਕਤੰਤਰ ਦਾ ਥੰਮ੍ਹ ਸਰਕਾਰੀ ਬਰਛਾ ਬਣ ਕੇ ਗਰੀਬ ਤੇ ਲਿਤਾੜੇ ਲੋਕਾਂ ਦੀ ਵੱਖੀ ਨੂੰ ਹਰ ਰੋਜ਼ ਵਿੰਨ੍ਹਦਾ ਹੈ।
ਮਾਰਕਸ ਦੇ ਸਿਧਾਂਤ ਦੀ ਰੌਸ਼ਨੀ 'ਚ ਜੇਕਰ ਨਿਗ੍ਹਾ ਮਾਰੀ ਜਾਵੇ ਤਾਂ ਅੱਜ ਦੇ ਦਿਨ ਹਰ ਪਬਲਿਕ ਸੈਕਟਰ ਨਾਲ ਕੀਤਾ ਦੁਰਵਿਵਹਾਰ, ਸਰਮਾਏਦਾਰੀ ਪ੍ਰਬੰਧ 'ਚ ਲੋਕਾਂ ਨੂੰ ਵਾਧੂ ਵਸੋਂ ਦੇ ਤਗਮਿਆਂ ਨਾਲ ਨਿਵਾਜ਼ ਰਿਹਾ ਹੈ, ਜਿੱਥੇ ਉਨ੍ਹਾਂ ਲਈ ਹਰ ਦਰਵਾਜ਼ਾ ਬੰਦ ਹੈ। ਜ਼ਰੂਰੀ ਹੋ ਜਾਂਦਾ ਹੈ ਕਿ ਲੋਕ-ਪੱਖੀ ਵਿਚਾਰਧਾਰਾਵਾਂ ਦਾ ਵਿਕਾਸ ਹੋਵੇ, ਮੀਡੀਆ ਦਾ ਪ੍ਰਸਾਰਨ ਆਜ਼ਾਦ ਹਸਤੀ ਨੂੰ ਮੁੜ ਤੋਂ ਗ੍ਰਹਿਣ ਕਰੇ ਅਤੇ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਸੰਚਾਲਨ ਹੋਵੇ। ਭਾਰਤੀ ਸੰਵਿਧਾਨ ਸਾਨੂੰ ਆਰਟੀਕਲ 19 'ਚ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਆਰਟੀਕਲ 19(1)(ਏ) ਸਿੱਧਾ ਪ੍ਰੈੱਸ ਦੀ ਆਜ਼ਾਦੀ ਨਾਲ ਸਬੰਧਤ ਹੈ। ਆਰਟੀਕਲ 21 ਸਾਨੂੰ ਜਿਊਣ ਦਾ ਅਧਿਕਾਰ ਦਿੰਦਾ ਹੈ। ਇਨ੍ਹਾਂ ਦੋਵਾਂ ਦਾ ਦਾਇਰਾ ਹੀ ਲੋਕਤੰਤਰ ਨੂੰ ਨਿਰੰਕੁਸ਼ ਹੋਣ ਤੋਂ ਬਚਾਅ ਸਕਦਾ ਹੈ। ਇਸ ਲਈ ਸਾਡਾ ਫਰਜ਼ ਹੈ ਜਦ ਪੱਤਰਕਾਰੀ ਸਾਨੂੰ ਸਭ ਗਿਆਨ ਦਿੰਦੀ ਹੈ ਤਾਂ ਅਸੀਂ ਵੀ ਇਸ ਦੀ ਰੱਖਿਆ ਲਈ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧੀਏ, ਤਾਂ ਜੋ ਸਰਮਾਏਦਾਰੀ ਸ਼ਕਤੀਆਂ ਦਾ ਹੌਸਲਾ ਆਮ ਲੋਕਾਂ ਦੀ ਆਵਾਜ਼ ਨੂੰ ਨਾ ਕੁਚਲੇ।

-ਪਰਮ ਪੜਤੇਵਾਲਾ
ਮੋਬਾ: 75080-53857

ਨਸ਼ਾ ਅਤੇ ਉਸ ਦੀ ਰੋਕਥਾਮ ਲਈ ਉਪਰਾਲੇ

ਅੱਜ ਇਹ ਪੰਜਾਬ (ਨੌਜਵਾਨ ਵਰਗ) ਨਸ਼ੇ ਦੀ ਦਲਦਲ ਵਿਚ ਖੁੱਭ ਕੇ ਤਬਾਹ ਹੋ ਗਿਆ ਹੈ। ਇਸ ਨੂੰ ਇਸ ਨਸ਼ੇ ਦੀ ਦਲਦਲ ਵਿਚੋਂ ਕੱਢਣ ਅਤੇ ਨਸ਼ਾ-ਮੁਕਤ ਕਰਨ ਲਈ ਵੱਡੇ ਪੱਧਰ ਉੱਤੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਨਸ਼ੇ ਨੇ ਕਈ ਨੌਜਵਾਨਾਂ ਦੀਆਂ ਜਾਨਾਂ ਖ਼ਤਮ ਕਰ ਦਿੱਤੀਆਂ ਹਨ, ਪਰਿਵਾਰਾਂ ਦੇ ਪਰਿਵਾਰ ਖ਼ਤਮ ਕਰ ਦਿੱਤੇ ਹਨ। ਨੌਜਵਾਨ ਵਰਗ ਪੰਜਾਬ ਦਾ ਭਵਿੱਖ ਹੈ। ਇਸ ਨੂੰ ਬਚਾਉਣ ਦੀ ਅਤੀ ਲੋੜ ਹੈ। ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨਸ਼ੇ ਦੇ ਇਸ ਕੋਹੜ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ ਉੱਤੇ ਨੱਥ ਪਾਉਣ ਲਈ ਵਿਸ਼ੇਸ਼ ਵਿਉਂਤਬੰਦੀ ਕਰ ਰਹੀ ਹੈ। ਇਸ ਕੰਮ/ਮਕਸਦ ਲਈ ਵਿਸ਼ੇਸ਼ ਟਾਸਕ ਫੋਰਸ ਗਠਿਤ ਕੀਤੀ ਹੈ। ਇਹ ਟਾਸਕ ਫੋਰਸ ਸੂਬਾ ਪੁਲਿਸ ਅਤੇ ਖੁਫੀਆ ਏਜੰਸੀਆਂ ਨਾਲ ਮਿਲ ਕੇ ਨਸ਼ੇ ਦੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਉੱਤੇ ਹੱਲਾ ਬੋਲ ਰਹੀ ਹੈ। ਇਹ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਰਹੀ ਹੈ।
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਹੈ, ਉਸ ਵਿਚ ਸਵੈ-ਸੇਵੀ ਸੰਸਥਾਵਾਂ, ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ, ਨਸ਼ਾ ਤਸਕਰਾਂ, ਸਮਗਲਰਾਂ, ਸਮਾਜ ਵਿਰੋਧੀ ਅਤੇ ਕਾਨੂੰਨ ਵਿਰੋਧੀ ਅਨਸਰਾਂ ਵਿਰੁੱਧ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਹੈ। ਸਰਹੱਦੀ ਖੇਤਰਾਂ ਵਿਚ ਪੁਲਿਸ ਉਨ੍ਹਾਂ ਉੱਤੇ ਤਿੱਖੀ ਨਜ਼ਰ ਰੱਖ ਰਹੀ ਹੈ। ਪੰਜਾਬ ਰਾਜ ਵਿਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੈਡੀਕਲ ਦੁਕਾਨਾਂ ਦੇ ਮਾਲਕਾਂ ਅਤੇ ਕੈਮਿਸਟਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਜਾਵੇ ਕਿ ਉਹ ਡਾਕਟਰ ਦੀ ਪਰਚੀ ਉੱਤੇ ਲਿਖੇ ਬਗੈਰ ਨਸ਼ੀਲੀ ਦਵਾਈ ਨਾ ਵੇਚਣ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਫੈਕਟਰੀਆਂ ਲਗਾਈਆਂ ਜਾਣ ਤਾਂ ਕਿ ਉਨ੍ਹਾਂ ਦਾ ਧਿਆਨ ਨਸ਼ਿਆਂ ਵੱਲੋਂ ਹਟ ਕੇ ਕੰਮ ਵੱਲ ਹੋ ਜਾਵੇ। ਨਸ਼ੇ ਦੇ ਆਦੀ ਨੌਜਵਾਨਾਂ ਦਾ ਨਸ਼ਾ-ਛੁਡਾਊ ਕੇਂਦਰਾਂ ਵਿਚ ਮੁਫ਼ਤ ਇਲਾਜ ਉਪਲਬਧ ਕਰਵਾਇਆ ਜਾਵੇ। ਇਨ੍ਹਾਂ ਨਸ਼ਾ-ਛੁਡਾਊ ਕੇਂਦਰਾਂ ਵਿਚ ਕੁਝ ਅਮੀਰ ਲੋਕਾਂ ਨੂੰ ਮੈਂਬਰ/ਨੁਮਾਇੰਦਾ ਬਣਾਇਆ ਜਾਵੇ, ਤਾਂ ਜੋ ਉਨ੍ਹਾਂ ਤੋਂ ਇਨ੍ਹਾਂ ਕੇਂਦਰਾਂ ਲਈ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਮਾਪਿਆਂ ਨੂੰ ਅਪੀਲ ਕੀਤੀ ਜਾਵੇ ਕਿ ਜੇਕਰ ਉਨ੍ਹਾਂ ਦਾ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਇਸ ਗੱਲ ਨੂੰ ਲੁਕੋ ਕੇ ਨਾ ਰੱਖਣ, ਸਗੋਂ ਉਸ ਬੱਚੇ ਦਾ ਨਸ਼ਾ-ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾਉਣ।
ਸਕੂਲਾਂ, ਕਾਲਜਾਂ ਅਤੇ ਸਾਂਝੀਆਂ ਸੰਸਥਾਵਾਂ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਹੋਰ ਮਾਹਿਰਾਂ ਵੱਲੋਂ ਨਸ਼ਾ ਲੈਣ/ਕਰਨ ਦੇ ਬੁਰੇ ਪ੍ਰਭਾਵਾਂ ਅਤੇ ਸਿੱਟਿਆਂ ਨਾਲ ਸਬੰਧਤ ਕਵਿਤਾਵਾਂ ਗਾ ਕੇ ਸੁਣਾਈਆਂ ਜਾਣ, ਨਾਟਕ ਖੇਡੇ ਜਾਣ, ਲੈਕਚਰ ਕਰਵਾਏ ਜਾਣ। ਅਜਿਹਾ ਕਰਨ ਨਾਲ ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕਾਂ ਵਿਚ ਨਸ਼ਿਆਂ ਵਿਰੁੱਧ ਨਸ਼ੇ ਦੇ ਬੁਰੇ ਪ੍ਰਭਾਵ ਅਤੇ ਸਿੱਟਿਆਂ ਪ੍ਰਤੀ ਜਾਗਰੂਕਤਾ ਆਵੇਗੀ। ਪੰਜਾਬ ਮੁੜ ਅਮੀਰ ਅਤੇ ਖੁਸ਼ਹਾਲ ਸੂਬਾ ਬਣ ਜਾਵੇਗਾ। ਪੰਜਾਬ ਆਰਥਿਕ ਅਤੇ ਸਮਾਜਿਕ ਪੱਖੋਂ ਵਿਕਾਸ ਦੀਆਂ ਸਿਖਰਾਂ ਅਤੇ ਬੁਲੰਦੀਆਂ ਨੂੰ ਛੂਹ ਲਵੇਗਾ।

-ਮ: ਨੰ: 212, ਲੇਨ ਨੰ: 06, ਫੁਲਕੀਆ ਇਨਕਲੇਵ, ਨੇੜੇ ਮਿੰਨੀ ਸੈਕਟਰੀਏਟ, ਪਟਿਆਲਾ। ਮੋਬਾ: 98556-35149

ਸਜ਼ਾ ਦੀ ਨਹੀਂ, ਸੰਪਰਕ ਬਣਾਉਣ ਦੀ ਲੋੜ

ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਮਾੜੇ ਨਤੀਜਿਆਂ ਦਾ ਕਾਫੀ ਸ਼ੋਰ-ਗੁਲ ਦੇਖਣ ਨੂੰ ਮਿਲਿਆ ਹੈ। ਜਦੋਂ ਵੀ ਮਾੜੇ ਨਤੀਜੇ ਆਉਂਦੇ ਹਨ ਤਾਂ ਜ਼ਿੰਮੇਵਾਰੀ ਦੀ ਸੂਈ ਅਧਿਆਪਕਾਂ ਵੱਲ ਨੂੰ ਘੁੰਮ ਜਾਂਦੀ ਹੈ। ਹਾਂ, ਇਹ ਬਿਲਕੁਲ ਸੱਚ ਹੈ ਕਿ ਘੱਟ ਜਾਂ ਮਾੜੇ ਨਤੀਜਿਆਂ ਲਈ ਅਧਿਆਪਕ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹੁੰਦੇ ਹਨ, ਪਰ ਨਤੀਜਿਆਂ ਦੇ ਘੱਟ ਆਉਣ ਦੇ ਕਈ ਹੋਰ ਵੀ ਮਹੱਤਵਪੂਰਨ ਪਹਿਲੂ ਹੁੰਦੇ ਹਨ, ਜਿਨ੍ਹਾਂ ਵਿਚ ਬੱਚਿਆਂ ਦਾ ਕਿਤਾਬਾਂ ਨਾਲੋਂ ਵੱਧ ਧਿਆਨ ਮੋਬਾਈਲਾਂ ਵੱਲ ਦੇਣਾ, ਮਾਪਿਆਂ ਦਾ ਸਹਿਯੋਗ ਨਾ ਹੋਣਾ, ਮੁਸ਼ਕਿਲ ਸਿਲੇਬਸ, ਅਧਿਆਪਕਾਂ ਦੀ ਕਮੀ ਅਤੇ ਸਰਕਾਰੀ ਸਿੱਖਿਆ ਨੀਤੀਆਂ ਸ਼ਾਮਿਲ ਹਨ।
ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਬੱਚੇ ਸਾਰਾ ਸਾਲ ਪੜ੍ਹਦੇ ਹਨ, ਮਾਪੇ ਪੈਸੇ ਖਰਚ ਕਰਦੇ ਹਨ ਤਾਂ ਬੱਚਿਆਂ ਨੂੰ ਪਾਸ ਤਾਂ ਹੋਣਾ ਹੀ ਚਾਹੀਦਾ ਹੈ। ਪਰ ਇਸ ਵਿਸ਼ੇ 'ਤੇ ਜਾਂ ਘੱਟ ਨਤੀਜਾ ਆਉਣ ਦੀ ਹਾਲਤ ਵਿਚ ਅਧਿਆਪਕਾਂ ਨੂੰ ਸਜ਼ਾ ਦੇਣਾ ਹੀ ਬਹੁਤ ਸਾਰਥਕ ਹੱਲ ਨਹੀਂ ਹੈ। ਕਈ ਵਾਰ ਸਜ਼ਾ ਵਜੋਂ ਅਧਿਆਪਕਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕਰ ਦਿੱਤੀਆਂ ਜਾਂਦੀਆਂ ਹਨ, ਪਰ ਇਸ ਨਾਲ ਕਦੇ ਵੀ ਨਤੀਜੇ ਨਹੀਂ ਸੁਧਰੇ। ਚੰਗੇ ਨਤੀਜੇ ਲੈਣ ਲਈ ਸਭ ਤੋਂ ਵਧੀਆ ਢੰਗ ਹੈ ਕਿ ਅਧਿਆਪਕਾਂ ਅਤੇ ਬੱਚਿਆਂ ਨਾਲ ਸੰਪਰਕ ਨੂੰ ਵਧੀਆ ਬਣਾਇਆ ਜਾਵੇ। ਇਹ ਸੰਪਰਕ ਕਰਨ ਲਈ ਚੰਗੇ ਅਧਿਆਪਕਾਂ, ਸਿੱਖਿਆ ਮਾਹਿਰਾਂ ਅਤੇ ਸਿੱਖਿਆ ਸੁਧਾਰ ਪ੍ਰੇਮੀਆਂ 'ਤੇ ਆਧਾਰਤ 'ਫੈਸੀਲੀਟੇਟਰਜ਼' ਦੀਆਂ ਟੀਮਾਂ ਸਭ ਸਕੂਲਾਂ ਵਿਚ ਜਾਣ ਅਤੇ ਉਹ ਅਧਿਆਪਕਾਂ ਅਤੇ ਬੱਚਿਆਂ ਦੀਆਂ ਮੁੱਢਲੀਆਂ ਮੁਸ਼ਕਿਲਾਂ ਦਾ ਹੱਲ ਸੁਝਾਉਣ ਅਤੇ ਅਧਿਆਪਕਾਂ ਦੀ ਪੜ੍ਹਾਉਣ ਵਿਧੀ ਨੂੰ ਵੀ ਸੁਧਾਰਨ ਲਈ ਯੋਗਦਾਨ ਪਾਉਣ। ਜਦੋਂ ਤੱਕ ਚੰਗੇ ਨਤੀਜੇ ਲੈਣ ਲਈ ਅਧਿਆਪਕਾਂ ਅਤੇ ਬੱਚਿਆਂ ਦੀਆਂ ਮੁਸ਼ਕਿਲਾਂ ਹੀ ਨਹੀਂ ਸੁਣੀਆਂ ਜਾਣਗੀਆਂ, ਚੰਗੇ ਨਤੀਜਿਆਂ ਦੀ ਕੋਈ ਆਸ ਨਹੀਂ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸਿੱਖਿਆ ਅਧਿਕਾਰੀਆਂ ਕੋਲ ਤਾਂ ਸਕੂਲਾਂ ਵਿਚ ਜਾਣ, ਸਮੱਸਿਆਵਾਂ ਨੂੰ ਲੱਭ ਕੇ ਹੱਲ ਕਰਨ ਦਾ ਸਮਾਂ ਹੀ ਨਹੀਂ ਹੈ। ਦੂਜੇ ਜਿਨ੍ਹਾਂ ਸਕੂਲਾਂ ਵਿਚ ਅਧਿਕਾਰੀ ਜਾਂਦੇ ਵੀ ਹਨ, ਉਨ੍ਹਾਂ ਦੀ ਫੇਰੀ ਨੂੰ ਬੱਚੇ ਅਤੇ ਅਧਿਆਪਕ ਡਰ ਦੀ ਭਾਵਨਾ ਨਾਲ ਹੀ ਦੇਖਦੇ ਹਨ, ਸਿੱਖਿਆ ਸੁਧਾਰਾਂ ਦੀ ਤਰਜ਼ 'ਤੇ ਨਹੀਂ। ਇਸ ਲਈ ਘੱਟੋ-ਘੱਟ ਹਰ ਜ਼ਿਲ੍ਹੇ ਵਿਚ ਇਕ 'ਫੈਸੀਲੀਟੇਟਰ' ਦੀ ਟੀਮ ਦਾ ਗਠਨ ਹੋਣਾ ਲਾਜ਼ਮੀ ਹੈ, ਜੋ ਆਪਣੀ ਸਲਾਹ, ਤਜਰਬੇ ਅਤੇ ਸਹਿਯੋਗ ਸਦਕਾ ਅਧਿਆਪਕਾਂ ਦਾ ਮਨ ਜਿੱਤ ਸਕੇ ਅਤੇ ਉਨ੍ਹਾਂ ਨੂੰ ਚੰਗੇ ਨਤੀਜੇ ਦੇਣ ਲਈ ਤਿਆਰ ਕਰੇ।
ਮੈਂ ਅਜਿਹਾ ਆਪਣੇ ਤਜਰਬੇ ਤੋਂ ਦੱਸ ਰਿਹਾ ਹਾਂ, ਕਿਉਂਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਚਲਾਏ ਜਾ ਰਹੇ ਸੌ ਤੋਂ ਵੱਧ ਸਕੂਲਾਂ ਲਈ ਅਜਿਹੀਆਂ 'ਫੈਸੀਲੀਟੇਟਰ' ਦੀਆਂ ਕਈ ਟੀਮਾਂ ਕੰਮ ਕਰਦੀਆਂ ਹਨ, ਜੋ ਅਕਾਲ ਅਕੈਡਮੀਆਂ ਦੇ ਸਟੈਂਡਰਡ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੋ ਰਹੀਆਂ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਿਸੇ ਵੀ ਕਮੀ ਨੂੰ ਸਮਾਂ ਰਹਿੰਦੇ ਦਰੁਸਤ ਕਰਨ ਦੀ ਘਾਟ ਹੈ। ਨਿਰੀਆਂ ਅਧਿਆਪਕਾਂ ਨੂੰ ਸਜ਼ਾਵਾਂ ਦੇਣੀਆਂ ਜਾਂ ਦਿਨ ਪ੍ਰਤੀ ਦਿਨ ਸਿੱਖਿਆ ਨੀਤੀਆਂ ਬਦਲਣੀਆਂ ਕਿਸੇ ਕੰਮ ਦੀਆਂ ਨਹੀਂ ਹਨ। ਲੋੜ ਹੈ ਹਰ ਜਮਾਤ ਲਈ ਬੱਚਿਆਂ ਨੂੰ ਘੱਟੋ-ਘੱਟ ਗਿਆਨ ਪ੍ਰਾਪਤੀ ਦੇਣੀ, ਤਾਂ ਕਿ ਦਸਵੀਂ, ਬਾਰ੍ਹਵੀਂ ਦੇ ਬੋਰਡ ਨਤੀਜਿਆਂ ਦੀ ਪਾਸ ਫੀਸਦੀ ਵਿਚ ਵਾਧਾ ਕੀਤਾ ਜਾ ਸਕੇ।

-ਚੇਅਰਮੈਨ, ਸਰਬ ਸਿੱਖਿਆ ਸੁਧਾਰ ਸੰਮਤੀ, ਚੰਡੀਗੜ੍ਹ। ਮੋਬਾ: 98764-52223

ਮਨੁੱਖਤਾ ਲਈ ਘਾਤਕ ਰਸਾਇਣ ਪਦਾਰਥ ਚਿੰਤਾ ਦਾ ਵਿਸ਼ਾ

ਖੇਤੀ ਸਦੀਆਂ ਤੋਂ ਹੀ ਭਾਰਤੀ ਆਰਥਿਕਤਾ ਦਾ ਮੁੱਖ ਆਧਾਰ ਹੈ। 1939 ਵਿਚ ਸਵਿਸ ਦੇਸ਼ ਦੇ ਰਸਾਇਣ ਵਿਗਿਆਨੀ ਪਾਲ ਮੁਲਰ ਵੱਲੋਂ ਡੀ. ਡੀ. ਟੀ. ਦੀ ਖੋਜ ਉਪਰੰਤ ਹੀ ਕੀਟਨਾਸ਼ਕਾਂ ਦਾ ਦੌਰ ਸ਼ੁਰੂ ਹੋਇਆ। ਸਰਕਾਰ ਵੱਲੋਂ ਬਰਸਾਤ ਮਹੀਨੇ ਵਿਚ ਮਲੇਰੀਏ ਦੀ ਰੋਕਥਾਮ ਵਾਸਤੇ ਡੀ.ਡੀ.ਟੀ. ਦੀ ਸਪਰੇਅ ਘਰਾਂ ਵਿਚ ਮੁਫਤ ਕਰਵਾਈ ਜਾਂਦੀ ਸੀ। ਵਿਗਿਆਨੀ ਪਾਲ ਮੁਲਰ ਨੂੰ ਇਸ ਦੇ ਬਦਲੇ 1948 ਸੰਨ ਵਿਚ ਨੋਬਲ ਪੁਰਸਕਾਰ ਦਿੱਤਾ ਗਿਆ। ਡੀ.ਡੀ.ਟੀ. ਤੋਂ ਬਾਅਦ ਕਈ ਹੋਰ ਖਤਰਨਾਕ ਰਸਾਇਣ ਬੀ.ਐੱਚ.ਸੀ., ਪੈਰਾਥਿਉਨ, ਐਨਡਰਿਨ ਦੀ ਖੋਜ ਹੋਈ। ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਅਮਰੀਕਾ, ਜਾਪਾਨ, ਚੀਨ, ਫਰਾਂਸ ਆਦਿ ਵਰਗੇ ਦੇਸ਼ਾਂ ਨੇ ਖੇਤੀਬਾੜੀ ਵਾਸਤੇ ਰਸਾਇਣਾਂ ਨੂੰ ਵਰਤਿਆ। ਸੰਨ 1972 ਵਿਚ ਇਨ੍ਹਾਂ ਦੇਸ਼ਾਂ ਨੇ ਕੀਟਨਾਸ਼ਕ ਰਸਾਇਣ 'ਤੇ ਪਾਬੰਦੀ ਲਗਾ ਦਿੱਤੀ, ਜਦਕਿ ਸਾਡੇ ਭਾਰਤ ਦੇਸ਼ ਨੇ ਡੀ.ਡੀ.ਟੀ. 'ਤੇ 1989-90 ਵਿਚ ਪਾਬੰਦੀ ਲਗਾਈ। 1950-70 ਦੇ ਦਰਮਿਆਨ ਹੋਰ ਕਈ ਕੀਟਨਾਸ਼ਕਾਂ ਜਿਵੇਂ ਕਾਰਬਾਮੇਟ, ਆਰਗੈਨੋਫਾਸਫੇਟ, ਮੈਟਾਸ਼ਿਸਟਾਕ, ਕਾਰਬਰਿਲ ਆਦਿ ਦੀ ਖੋਜ ਹੋਈ।
ਇਨਸੈਕਟੀਸਾਈਡ ਐਕਟ ਅਨੁਸਾਰ ਸਾਡੇ ਦੇਸ਼ ਵਿਚ ਹੁਣ ਤੱਕ 259 ਕੀਟਨਾਸ਼ਕ, ਨਦੀਨਨਾਸ਼ਕ, ਉੱਲੀਨਾਸ਼ਕ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 30 ਰਸਾਇਣਾਂ 'ਤੇ ਪਾਬੰਦੀ ਲੱਗੀ ਹੈ।
ਭਾਰਤ ਅੰਦਰ ਕੁਝ ਕੁ ਸੂਬਿਆਂ-ਸਿੱਕਮ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅੰਦਰ ਜੈਵਿਕ ਖੇਤੀਬਾੜੀ ਹੋ ਰਹੀ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਕੀਟਨਾਸ਼ਕ (ਜ਼ਹਿਰ) ਦੀ ਵਰਤੋਂ 2014-15 ਵਿਚ 5700 ਟਨ ਤੱਕ ਪਹੁੰਚ ਚੁੱਕੀ ਹੈ।
ਰਸਾਇਣਕ ਕੀਟਨਾਸ਼ਕ : ਇਨ੍ਹਾਂ ਵਿਚ ਹੈਵੀ-ਮੈਟਲਜ਼ ਸ਼ੀਸ਼ਾ, ਪਾਰਾ, ਕੇਡਮੀਅਮ, ਆਰਸੀਨੀਕਲਜ਼ ਬੈਨਜੀਨ, ਫਲੋਰਾਈਡ, ਕੰਪਊਡਜ਼, ਰੇਡੀਓ ਨਿਊਕਲਾਈਟਸ (ਡਾਇਮੀਓਕੀ ਨੰਨਿਸ਼), ਫੀਨੇਲ ਇਥੀ, ਆਇਲ ਆਕਸਾਈਡ ਅਤੇ ਸਭ ਤੋਂ ਜ਼ਹਿਰੀਲੇ ਤੋਂ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਸੂਖਮ ਜੀਵਾਂ ਦੀ ਹੋਂਦ ਖਤਰੇ ਵਿਚ ਆ ਗਈ ਹੈ। ਇਕ ਗ੍ਰਾਮ ਮਿੱਟੀ ਵਿਚ ਲੱਖਾਂ ਸੂਖਮ ਜੀਵ ਹੁੰਦੇ ਹਨ, ਜੋ ਫਸਲ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿਚ ਗਾਲਣ ਦਾ ਕੰਮ ਕਰਦੇ ਹਨ। ਜੋ ਮਨੁੱਖ ਹੱਥੀਂ ਕੰਮ ਕਰਦੇ ਹਨ, ਉਨ੍ਹਾਂ ਮਨੁੱਖਾਂ 'ਤੇ ਰਸਾਇਣਕਾਂ ਦਾ ਘੱਟ ਅਸਰ ਹੁੰਦਾ ਹੈ। ਹੱਥੀਂ ਕੰਮ ਕਰਨ ਨਾਲ ਮਨੁੱਖ ਅੰਦਰ ਵੱਧ ਤੋਂ ਵੱਧ ਆਕਸੀਜਨ ਜਾਂਦੀ ਹੈ, ਵੱਧ ਤੋਂ ਵੱਧ ਪਿਆਸ ਲਗਦੀ ਹੈ, ਪਸੀਨੇ ਅਤੇ ਮਲ-ਮੂਤਰ ਰਾਹੀਂ ਕੁੱਲ ਰਸਾਇਣਕ ਮਾਦਾ ਬਾਹਰ ਨਿਕਲ ਜਾਂਦਾ ਹੈ। ਰਸਾਇਣਕ ਖਾਦਾਂ ਅਤੇ ਰਸਾਇਣਕ ਕੀਟਨਾਸ਼ਕ ਸਾਡੇ ਭਾਰਤ ਅੰਦਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰਾਂ ਨੂੰ ਛੇਤੀ-ਛੇਤੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਐੱਫ. ਏ. ਓ. ਦੇ ਅਨੁਸਾਰ 2050 ਤੱਕ ਪੂਰੀ ਦੁਨੀਆ ਵਿਚ ਨਾ ਤਾਂ ਖੇਤੀ ਯੋਗ ਜ਼ਮੀਨ ਬਚੇਗੀ, ਨਾ ਪੀਣ ਯੋਗ ਪਾਣੀ ਬਚੇਗਾ ਅਤੇ ਸਾਹ ਲੈਣਾ ਵੀ ਔਖਾ ਹੋ ਜਾਵੇਗਾ।
ਕਿਸਾਨਾਂ ਨੂੰ ਜੈਵਿਕ ਖੇਤੀਬਾੜੀ ਵਾਸਤੇ ਜਾਗਰੂਕ ਕੀਤਾ ਜਾਵੇ। ਜੈਵਿਕ ਖੇਤੀ ਸਬੰਧੀ ਪਿੰਡ-ਪਿੰਡ ਸੈਮੀਨਾਰ ਕਰਵਾਏ ਜਾਣ, ਸਕੂਲਾਂ-ਕਾਲਜਾਂ ਵਿਚ ਆਰਗੈਨਿਕ ਵਿਸ਼ੇ ਪੜ੍ਹਾਏ ਜਾਣ, ਜੰਗਲਾਂ ਦੀ ਕਟਾਈ ਬੰਦ ਕੀਤੀ ਜਾਵੇ, ਪਿੱਪਲ ਅਤੇ ਬੋਹੜ ਵਰਗੇ ਦਰੱਖਤਾਂ ਦੀ ਗਿਣਤੀ ਵਧਾਈ ਜਾਵੇ।

-ਪਿੰਡ ਗੰਭੋਵਾਲ (ਖੁੱਡਾ), ਹੁਸ਼ਿਆਰਪੁਰ। ਮੋਬਾ: 94179-10717

ਅਲੋਪ ਹੋ ਰਿਹਾ ਛੁੱਟੀਆਂ 'ਚ ਨਾਨਕੇ ਜਾਣ ਦਾ ਚਾਅ

ਅੱਜ ਆਧੁਨਿਕ ਯੁੱਗ ਵਿਚ ਅਨੇਕਾਂ ਆਵਾਜਾਈ ਅਤੇ ਦੂਰਸੰਚਾਰ ਦੇ ਅਜਿਹੇ ਸਾਧਨ ਪੈਦਾ ਹੋ ਗਏ ਹਨ, ਜਿਨ੍ਹਾਂ ਕਰਕੇ ਸਾਨੂੰ ਇਹ ਸਾਰੀ ਦੁਨੀਆ ਮੁੱਠੀ ਵਿਚ ਬੰਦ ਪ੍ਰਤੀਤ ਹੁੰਦੀ ਹੈ। ਅੱਜ ਹਰ ਬੱਚਾ ਆਪਣੇ ਯਾਰਾਂ-ਬੇਲੀਆਂ ਨਾਲ ਮਿਲਜੁਲ ਕੇ ਖੇਡਣ-ਕੁੱਦਣ ਦੀ ਬਜਾਏ ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਅਤੇ ਮੋਟਰਸਾਈਕਲ ਦੀ ਵਰਤੋਂ ਕਰਕੇ ਆਪਣਾ ਮਨੋਰੰਜਨ ਕਰਦਾ ਨਜ਼ਰ ਆ ਰਿਹਾ ਹੈ।
ਹੁਣ ਜੇਕਰ ਅਸੀਂ ਆਪਣੇ ਸਮੇਂ ਦੇ ਮੁੱਖ ਚਾਅ ਦੀ ਗੱਲ ਕਰੀਏ ਤਾਂ ਸਕੂਲ ਪੜ੍ਹਦੇ ਸਮੇਂ ਗਰਮੀ ਦੀਆਂ ਛੁੱਟੀਆਂ ਮਿਲਣ ਤੋਂ ਮਹੀਨਾ ਪਹਿਲਾਂ ਹੀ ਨਾਨਕੇ ਪਿੰਡ ਜਾਣ ਦੀ ਤਾਂਘ ਲੱਗ ਜਾਇਆ ਕਰਦੀ ਸੀ। ਉਂਗਲਾਂ ਉੱਤੇ ਗਿਣ-ਗਿਣ ਕੇ ਛੁੱਟੀਆਂ ਮਿਲਣ ਦੀ ਤਰੀਕ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਪਹਿਲੀਆਂ 10-12 ਛੁੱਟੀਆਂ ਵਿਚ ਸਕੂਲ ਦਾ ਕੰਮ ਕਰਕੇ ਬਾਕੀ ਦੀਆਂ ਕਿਤਾਬਾਂ-ਕਾਪੀਆਂ ਬੈਗ ਵਿਚ ਪਾ ਕੇ ਮਾਂ ਨਾਲ ਨਾਨਕੇ ਪਿੰਡ ਜਾਣ ਦੀ ਤਿਆਰੀ ਬੱਝ ਜਾਇਆ ਕਰਦੀ ਸੀ। ਪਿੰਡ ਤੋਂ ਪਹਿਲਾਂ ਮੋਗੇ, ਫਿਰ ਲੋਪੋ ਤੱਕ ਪੰਜਾਬ ਰੋਡਵੇਜ਼ ਦੀ ਬੱਸ ਦੇ ਸਫਰ ਦੇ ਨਜ਼ਾਰੇ ਹੀ ਵੱਖਰੇ ਹੁੰਦੇ ਸਨ। ਨਾਨਕਾ ਪਿੰਡ ਮੱਲੇਆਣਾ ਲੋਪੋ ਤੋਂ ਕੋਈ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਸੀ। ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਮਾਂ ਨੇ ਤੇ ਮੈਂ ਇਹ ਸਫਰ ਪੈਦਲ ਹੀ ਤੈਅ ਕਰਨਾ ਹੁੰਦਾ ਸੀ। ਨਾਨਕੇ ਪਿੰਡ ਦੀ ਜੂਹ ਸ਼ੁਰੂ ਹੁੰਦੇ ਹੀ ਖੇਤਾਂ ਵਿਚ ਕੰਮ ਕਰਦੇ ਬਹੁਤ ਸਾਰੇ ਨਾਨੇ ਤੇ ਮਾਮੇ ਮਿਲਣੇ ਸ਼ੁਰੂ ਹੋ ਜਾਂਦੇ ਸਨ। ਉਨ੍ਹਾਂ ਵੱਲੋਂ ਆਪਣੇ-ਆਪਣੇ ਕੰਮ ਛੱਡ ਕੇ ਮਾਂ ਦਾ ਸਿਰ ਪਲੋਸ ਕੇ ਸਹੁਰਿਆਂ ਦਾ ਹਾਲ-ਚਾਲ ਪੁੱਛਣਾ ਅਤੇ ਮੈਨੂੰ ਭਾਣਜਾ ਕਹਿ ਕੇ ਬੁਲਾਉਣਾ ਬੜਾ ਚੰਗਾ ਲਗਦਾ ਸੀ। ਨਾਨਕੇ ਘਰ ਦਸਤਕ ਦਿੰਦਿਆਂ ਹੀ ਸਾਰੇ ਪਰਿਵਾਰ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਇਆ ਕਰਦਾ ਸੀ। ਫਿਰ ਸ਼ੁਰੂ ਹੋ ਜਾਂਦਾ ਸੀ ਮਾਮੇ-ਮਾਸੀਆਂ ਦੇ ਬੱਚਿਆਂ ਨਾਲ ਰਲ ਕੇ ਮੌਜ-ਮਸਤੀਆਂ ਕਰਨ ਦਾ ਸਿਲਸਿਲਾ।
ਰੋਜ਼ਾਨਾ ਮਾਮੇ ਦੀ ਖੇਤ ਰੋਟੀ ਲੈ ਕੇ ਜਾਣੀ, ਫਿਰ ਸਾਰਾ ਦਿਨ ਖੇਤ ਚਲਦੀ ਮੋਟਰ 'ਤੇ ਨਹਾਉਣਾ ਅਤੇ ਦਰੱਖਤਾਂ 'ਤੇ ਚੜ੍ਹ ਕੇ ਮਿੱਠੀਆਂ-ਕਾਲੀਆਂ ਜਾਮਣਾਂ ਨੂੰ ਤੋੜਨਾ ਬਹੁਤ ਵਧੀਆ ਲਗਦਾ ਸੀ। ਦੁਪਹਿਰ ਵੇਲੇ ਨਰਮੇ ਦੀਆਂ ਛਿਟੀਆਂ ਦੀ ਅੱਗ ਨਾਲ ਕੱਚੇ ਚੁੱਲ੍ਹੇ 'ਤੇ ਬਣਾਈ ਮਾਮੇ ਦੀ ਗੁੜ ਦੀ ਚਾਹ ਦਾ ਸਵਾਦ ਤਾਂ ਸ਼ਬਦ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਰੋਜ਼ਾਨਾ ਮਾਮੀ ਘਰ ਵਿਚ ਸਾਡੇ ਖਾਣ ਲਈ ਕਦੇ ਚੌਲ, ਕਦੇ ਖੀਰ, ਕਦੇ ਪਕੌੜੇ ਅਤੇ ਕਦੇ ਗਲੀ ਵਿਚ ਵਿਕਦੀਆਂ ਠੰਢੀਆਂ, ਰੰਗ-ਬਰੰਗੀਆਂ ਕੁਲਫੀਆਂ ਲੈ ਕੇ ਦਿਆ ਕਰਦੀ ਸੀ। ਹਰ ਵਾਰ ਦੀ ਤਰ੍ਹਾਂ ਅਸੀਂ ਇਕ ਦਿਨ ਸਾਰੇ ਜਣੇ ਟਰਾਲੀ ਉੱਤੇ ਬੈਠ ਕੇ ਸ਼ਹਿਰ ਜਾਇਆ ਕਰਦੇ ਸੀ। ਸ਼ਹਿਰੋਂ ਨਾਨੀ ਦੁਕਾਨ ਤੋਂ ਮੇਰੇ ਤੇ ਮਾਂ ਲਈ ਇਕ-ਇਕ ਸੋਹਣਾ ਸੂਟ ਬਣਾ ਕੇ ਦਿੰਦੀ ਸੀ, ਜਿਸ ਨੂੰ ਸਿਲਾਈ ਕਰਵਾ ਕੇ ਪਾਉਣ ਦੀ ਤਾਂਘ ਵੱਖਰੀ ਹੀ ਹੁੰਦੀ ਸੀ। ਇਸ ਤਰ੍ਹਾਂ ਛੁੱਟੀਆਂ ਖ਼ਤਮ ਹੋਣ 'ਤੇ ਨਾਨਕੇ ਪਰਿਵਾਰ ਕੋਲੋਂ ਅਲਵਿਦਾ ਲੈਂਦੇ ਸਮੇਂ ਮੇਰੀਆਂ ਤੇ ਮਾਂ ਦੀਆਂ ਅੱਖਾਂ ਨਮ ਹੋ ਜਾਇਆ ਕਰਦੀਆਂ ਸਨ। ਵਾਪਸੀ ਸਮੇਂ ਮਾਮਾ ਸਾਨੂੰ ਟਰੈਕਟਰ ਉੱਤੇ ਲੋਪੋ ਦੇ ਬੱਸ ਅੱਡੇ ਤੋਂ ਮੋਗੇ ਦੀ ਸਿੱਧੀ ਬੱਸ ਬਿਠਾ ਜਾਂਦਾ ਅਤੇ ਅਸੀਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਲੈ ਕੇ ਆਪਣੇ ਪਿੰਡ ਚੜਿੱਕ ਪਹੁੰਚ ਜਾਂਦੇ ਸਾਂ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਲਾਇਬ੍ਰੇਰੀ ਗਿਆਨ ਦਾ ਭੰਡਾਰ

ਲਾਇਬ੍ਰੇਰੀ ਕਿਤਾਬਾਂ ਦਾ ਘਰ ਹੈ ਅਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਸਕੂਲ/ਕਾਲਜ ਲਾਇਬ੍ਰੇਰੀ ਅਤੇ ਦੂਸਰੀ ਪਬਲਿਕ ਲਾਇਬ੍ਰੇਰੀ ਅਤੇ ਦੋਵਾਂ ਦਾ ਸਮਾਜ ਨੂੰ ਸੁਧਰਾਨ 'ਚ ਅਹਿਮ ਯੋਗਦਾਨ ਹੈ। ਮਹਾਨ ਵਿਦਵਾਨ, ਲੇਖਕ, ਖੋਜੀ ਅਤੇ ਸਾਹਿਤ ਪ੍ਰੇਮੀ ਲਾਇਬ੍ਰੇਰੀਆਂ ਨੂੰ ਉਸਾਰਨ ਵਿਚ ਵੱਖ-ਵੱਖ ਢੰਗਾਂ ਰਾਹੀਂ ਯੋਗਦਾਨ ਪਾਉਂਦੇ ਹਨ। ਲਾਇਬ੍ਰੇਰੀ ਦੀ ਲੋੜ ਕਿਉਂ ਹੈ? ਇਸ ਦੇ ਬਹੁਤ ਸਾਰੇ ਉੱਤਰ ਹੋਣਗੇ, ਜਿਹੜੇ ਇਕ ਸਮਾਨ ਨਹੀਂ ਹਨ ਪਰ ਧਨ ਦੀ ਘਾਟ ਵੀ ਲਾਇਬ੍ਰੇਰੀ ਵੱਲ ਮੋੜ ਲਿਆਉਂਦੀ ਹੈ। ਅਖ਼ਬਾਰ, ਮੈਗਜ਼ੀਨ, ਰਸਾਲੇ ਲਾਇਬ੍ਰੇਰੀ ਵਿਚੋਂ ਹਾਸਲ ਕੀਤੇ ਜਾ ਸਕਦੇ ਹਨ। ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਅਤੇ ਸਦਾ ਹੀ ਫਾਲਤੂ ਸਮਾਂ ਲੜਾਈ ਦਾ ਘਰ ਹੈ ਅਤੇ ਇਹ ਮਨੁੱਖੀ ਆਦਤਾਂ ਵਿਗਾੜਦਾ ਹੈ। ਫਿਰ ਅਸੀਂ ਕਿਉਂ ਵਿਗਾੜਨ ਦੇਈਏ ਬੱਚਿਆਂ ਦੀਆਂ ਆਦਤਾਂ? ਲਾਇਬ੍ਰੇਰੀ ਵਿਦਿਆਰਥੀਆਂ ਵਿਚ ਅਗਾਂਹਵਧੂ ਵਿਚਾਰ ਭਰਨ 'ਚ ਰੋਲ ਅਦਾ ਕਰਦੀ ਹੈ ਅਤੇ ਉਹ ਚੰਗੀਆਂ ਆਦਤਾਂ ਗ੍ਰਹਿਣ ਕਰਦੇ ਹਨ ਅਤੇ ਸਮਾਜ ਦੀ ਸੇਵਾ ਕਰਦੇ ਹਨ। ਜਿਹੜੇ ਬੱਚੇ ਲਾਇਬ੍ਰੇਰੀ ਵਿਚ ਜਾਂਦੇ ਹਨ, ਉਹ ਗਿਆਨ ਦਾ ਭੰਡਾਰ ਪ੍ਰਾਪਤ ਕਰਦੇ ਹਨ ਅਤੇ ਛੋਟੀ ਉਮਰ ਵਿਚ ਵਧੀਆ ਲੇਖਕ ਬਣ ਜਾਂਦੇ ਹਨ। ਉਨ੍ਹਾਂ 'ਚ ਝਿਜਕ ਖਤਮ ਹੁੰਦੀ ਹੈ ਅਤੇ ਆਦਰਸ਼ਮਈ ਜੀਵਨ ਬਤੀਤ ਕਰਦੇ ਹਨ।
ਚੰਗੀਆਂ ਨੇਕ ਸਲਾਹਾਂ ਕਿਤਾਬਾਂ ਵਿਚੋਂ ਮਿਲਦੀਆਂ ਹਨ ਅਤੇ ਸਮੇਂ-ਸਮੇਂ ਸਿਰ ਚਿਤਾਵਨੀ ਵੀ ਮਿਲਦੀ ਹੈ, ਚੰਗੇ ਕਾਰਜਾਂ ਪ੍ਰਤੀ ਉਤਸ਼ਾਹ, ਗਲਤ ਕੰਮ ਕਰਨ ਤੋਂ ਰੋਕਦੀ ਹੈ ਅਤੇ ਫਿਰ ਵਿਅਕਤੀ ਸਮਾਂ ਵੀ ਸੰਭਾਲ ਸਕਦਾ ਹੈ। ਕਿਤਾਬਾਂ ਉਤਸ਼ਾਹ ਭਰਦੀਆਂ ਹਨ ਅਤੇ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ। ਲਾਇਬ੍ਰੇਰੀ ਵਿਚ ਪੜ੍ਹਦੇ ਸਮੇਂ ਆਪਣੇ-ਆਪ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਇਕਾਗਰ ਮਨ ਨਾਲ ਪੜ੍ਹਨਾ ਚਾਹੀਦਾ ਹੈ। ਲਾਇਬ੍ਰੇਰੀ ਸ਼ਾਂਤੀ ਦਾ ਮੰਦਰ ਹੋਵੇ, ਸ਼ੋਰ-ਮੁਕਤ ਹੋਵੇ ਅਤੇ ਹਰ ਕੋਈ ਅਰਾਮ ਨਾਲ ਪੜ੍ਹੇ। ਵਿਦਿਆਰਥੀਆਂ ਵਿਚ ਲਾਇਬ੍ਰੇਰੀ ਪ੍ਰਤੀ ਦਿਲਚਸਪੀ ਘਟ ਰਹੀ ਹੈ ਅਤੇ ਉਹ ਜਾਣਕਾਰੀ ਦੇ ਇਸ ਸਰੋਤ ਤੋਂ ਦੂਰ ਹਨ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਵੱਲ ਹੋਰ ਪ੍ਰੇਰਨ ਦੀ ਜ਼ਰੂਰਤ ਹੈ। ਪਿੰਡਾਂ ਵਿਚ ਲਾਇਬ੍ਰੇਰੀਆਂ ਦੀ ਘਾਟ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। ਸਮਾਜ ਸੇਵੀ ਵਧੇਰੇ ਹੰਭਲੇ ਮਾਰ ਸਕਦੇ ਹਨ ਅਤੇ ਦਾਨ ਨਾਲ ਕਿਤਾਬਾਂ ਅਤੇ ਹੋਰ ਸਮਾਨ ਲਾਇਬ੍ਰੇਰੀ ਵਾਸਤੇ ਖਰੀਦਿਆ ਜਾ ਸਕਦਾ ਹੈ। ਹਰ ਕੋਈ ਲਾਇਬ੍ਰੇਰੀ ਤੋਂ ਪੂਰਾ ਲਾਭ ਉਠਾਵੇ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰੇ ਅਤੇ ਦੇਸ਼ ਨੂੰ ਨਵੀਆਂ ਲੀਹਾਂ 'ਤੇ ਤੋਰਿਆ ਜਾਵੇ।

-ਮੁੱਖ ਅਧਿਆਪਕ, ਸ: ਹਾ: ਸਕੂਲ, ਘੱਲ ਕਲਾਂ (ਮੋਗਾ)। ਮੋਬਾ: 81460-00585
singhdhandal@yahoomail.com

 

ਛੁੱਟੀਆਂ ਦਾ ਕੰਮ

ਅੱਤ ਦੀ ਗਰਮੀ ਦੇ ਮੱਦੇਨਜ਼ਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਗਰਮੀਆਂ ਦੀਆਂ ਇਕ ਮਹੀਨੇ ਲਈ ਛੁੱਟੀਆਂ ਹੋ ਚੁੱਕੀਆਂ ਹਨ। ਜੇਕਰ ਅਧਿਆਪਕ ਅਤੇ ਬੱਚੇ ਇਨ੍ਹਾਂ ਛੁੱਟੀਆਂ ਨੂੰ ਪਲੀਤ ਹੋ ਰਹੇ ਵਾਤਾਵਰਨ ਨੂੰ ਸਮਰਪਿਤ ਕਰਨ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਸਾਰੇ ਬੱਚੇ ਅਤੇ ਅਧਿਆਪਕ ਇਨ੍ਹਾਂ ਛੁੱਟੀਆਂ ਦੌਰਾਨ ਇਕ-ਇਕ ਪੌਦਾ ਕਿਸੇ ਸਰਵਜਨਕ ਥਾਂ ਜਾਂ ਆਪਣੇ ਕਿਸੇ ਥਾਂ ਉੱਪਰ ਲਾਉਣ ਅਤੇ ਉਸ ਲਾਏ ਗਏ ਪੌਦੇ ਦੀ ਬਿਨਾਂ ਨਾਗਾ ਪਾਏ ਸਾਂਭ-ਸੰਭਾਲ ਕਰਨ ਤਾਂ ਯਕੀਨਨ ਇਕ ਮਹੀਨੇ ਵਿਚ ਉਹ ਪੌਦਾ ਹਰਿਆ-ਭਰਿਆ ਅਤੇ ਚੱਲ ਪਵੇਗਾ ਅਤੇ ਆ ਰਹੇ ਮੌਨਸੂਨ ਦੇ ਮੌਸਮ 'ਚ ਉਸ ਦੀ ਸੰਭਾਲ 'ਤੇ ਬਹੁਤ ਘੱਟ ਸਮਾਂ ਲੱਗੇਗਾ। ਬੱਚਿਆਂ ਵਿਚ ਜਿਥੇ ਪੌਦਿਆਂ ਪ੍ਰਤੀ ਸੱਚੀ ਭਾਵਨਾ ਪੈਦਾ ਹੋਵੇਗੀ, ਉਥੇ ਹੀ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਬਲ ਮਿਲੇਗਾ। ਸਾਡੀ ਛੋਟੀ ਜਿਹੀ ਕੋਸ਼ਿਸ਼ ਨਾਲ ਵਾਤਾਵਰਨ ਵਿਚ ਕਿੰਨਾ ਸੁਧਾਰ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਕੁਝ ਮਹੀਨਿਆਂ ਬਾਅਦ ਲਾਵੋਗੇ, ਜਦੋਂ ਹਰਿਆ-ਭਰਿਆ ਪੌਦਾ ਹਵਾ ਵਿਚ ਲਹਿਰਾਉਂਦਾ ਤੁਹਾਨੂੰ ਝੁਕ ਕੇ ਸਲਾਮ ਕਰੇਗਾ। ਇਨ੍ਹਾਂ ਗਰਮੀਆਂ ਵਿਚ ਪੰਛੀਆਂ ਲਈ ਰੱਖਿਆ ਪਾਣੀ ਅਤੇ ਲਾਇਆ ਇਕ-ਇਕ ਪੌਦਾ ਤੁਹਾਡੀ ਸਮਾਜ ਵਿਚ ਨੇਕ-ਨੀਤੀ ਦੀ ਬੁਨਿਆਦ ਰੱਖੇਗਾ। ਆਓ, ਫਿਰ ਇਸ ਧਰਤੀ ਨੂੰ ਮੁੜ ਹਰਿਆ-ਭਰਿਆ ਅਤੇ ਆਬੋ ਹਵਾ ਨੂੰ ਸਾਫ਼ ਕਰਨ ਲਈ ਆਪਣੇ-ਆਪਣੇ ਤੌਰ 'ਤੇ ਨਿੱਜੀ ਯਤਨ ਅਰੰਭੀਏ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।

ਹਾਂ, ਅਸੀਂ ਸਭ ਦੇਸ਼ਧ੍ਰੋਹੀ ਹਾਂ

ਕੋਈ ਸਮਾਂ ਸੀ ਜਦੋਂ ਦੇਸ਼ ਵਿਚ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਜਿਹੇ ਕਈ ਕ੍ਰਾਂਤੀਕਾਰੀਆਂ ਨੇ ਜ਼ਾਲਮ ਅੰਗਰੇਜ਼ ਹਕੂਮਤ ਵਿਰੁੱਧ ਆਵਾਜ਼ ਉਠਾਈ, ਜਿਸ ਦੇ ਸਿੱਟੇ ਵਜੋਂ ਦੇਸ਼ਧ੍ਰੋਹੀ ਦਾ ਇਲਜ਼ਾਮ ਲਾ ਕੇ ਕਈ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਕਈਆਂ ਨੂੰ ਗੋਲੀਆਂ ਨਾਲ ਅਤੇ ਕਈਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਉਡਾ ਦਿੱਤਾ ਗਿਆ ਅਤੇ ਹੋਰ ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਇਨ੍ਹਾਂ ਕ੍ਰਾਂਤੀਕਾਰੀਆਂ ਦੀਆਂ ਸ਼ਹੀਦੀਆਂ ਰੰਗ ਲਿਆਈਆਂ, ਜਿਸ ਦੇ ਸਿੱਟੇ ਵਜੋਂ ਦੇਸ਼ ਆਜ਼ਾਦ ਹੋਇਆ ਅਤੇ ਦੇਸ਼ ਵਿਚ ਲੋਕਤੰਤਰ ਬਹਾਲ ਕੀਤਾ ਗਿਆ।
ਗੱਲ ਪਿਛਲੇ ਮਹੀਨੇ ਦੀ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜਦੋਂ ਸਰਕਾਰ ਵੱਲੋਂ ਕਰੀਬ 10 ਗੁਣਾ ਵਧਾਈਆਂ ਗਈਆਂ ਫੀਸਾਂ ਦੇ ਵਾਧੇ ਦੇ ਵਿਰੋਧ ਵਿਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਤਾਂ ਛੱਲੀਆਂ ਵਾਂਗ ਕੁੱਟਿਆ ਅਤੇ ਫਿਰ ਦੇਸ਼ਧ੍ਰੋਹ ਦੀ ਧਾਰਾ ਲਾ ਕੇ ਪਰਚੇ ਦਰਜ ਕਰ ਦਿੱਤੇ।
ਪਿੱਛੇ ਜਿਹੇ ਦੇਸ਼ ਦੀ ਸਰਬਉੱਚ ਅਦਾਲਤ ਨੇ ਇਕ ਆਦੇਸ਼ ਲਾਗੂ ਕਰ ਦਿੱਤਾ ਸੀ ਕਿ ਦੇਸ਼ ਦੇ ਕਿਸੇ ਵੀ ਸਿਨੇਮਾ ਘਰ ਵਿਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗਾਨ ਵਜਾਇਆ ਜਾਣਾ ਜ਼ਰੂਰੀ ਹੈ। ਰਾਸ਼ਟਰ ਗਾਨ ਦੇ ਚਲਦੇ ਸਮੇਂ ਹਰ ਇਕ ਲਈ ਖੜ੍ਹੇ ਹੋਣਾ ਵੀ ਲਾਜ਼ਮੀ ਕਰਾਰ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਹੀ ਦੇਸ਼ ਦੇ ਇਕ ਸਿਨੇਮਾ ਘਰ ਵਿਚ ਕੁਝ ਦੇਸ਼ ਭਗਤ ਨੌਜਵਾਨਾਂ ਨੇ ਇਕ ਅਪੰਗ ਬਜ਼ੁਰਗ ਨੂੰ ਇਸ ਲਈ ਦੇਸ਼ਧ੍ਰੋਹੀ ਕਰਾਰ ਦੇ ਕੇ ਕੁੱਟ ਦਿੱਤਾ, ਕਿਉਂਕਿ ਉਹ ਰਾਸ਼ਟਰ ਗਾਨ ਦੇ ਚਲਦੇ ਸਮੇਂ ਉੱਠ ਕੇ ਖੜ੍ਹਾ ਨਹੀਂ ਹੋ ਸਕਿਆ ਸੀ। ਹੋਰ ਤਾਂ ਹੋਰ, ਇਕ ਕਾਰੋਬਾਰੀ ਬਾਬਾ, ਜਿਸ ਨੂੰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਗਤੀ ਦਾ ਕੁਝ ਜ਼ਿਆਦਾ ਹੀ ਰੰਗ ਚੜ੍ਹਿਆ ਹੋਇਆ ਹੈ, ਨੇ ਤਾਂ ਖੁੱਲ੍ਹੇਆਮ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਭਾਰਤ ਮਾਤਾ ਕੀ ਜੈ ਨਾ ਕਹਿਣ ਵਾਲੇ ਲੱਖਾਂ ਸਿਰ ਵੱਢ ਦੇਵੇਗਾ, ਹਾਲਾਂ ਕਿ ਇਹ ਬਾਬਾ ਜੀ ਖੁਦ ਇਕ ਵਾਰ ਦਿੱਲੀ ਪੁਲਿਸ ਹੱਥੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਇਕ ਸਮਾਗਮ ਵਿਚੋਂ ਔਰਤਾਂ ਵਾਲੇ ਕੱਪੜੇ ਪਾ ਕੇ ਭੱਜ ਨਿਕਲਿਆ ਸੀ।
ਭਾਰਤ ਮਾਤਾ ਕੀ ਜੈ ਕਹਿਣ ਦੇ ਵਿਵਾਦ ਤੋਂ ਬਾਅਦ ਇਕ ਨਵਾਂ ਵਿਵਾਦ ਗਊ ਮਾਤਾ ਬਾਰੇ ਉਠਾਇਆ ਗਿਆ ਹੈ। ਜਗ੍ਹਾ-ਜਗ੍ਹਾ ਅਖੌਤੀ ਗਊ ਮਾਤਾ ਰੱਖਿਅਕ ਦਲ ਪੈਦਾ ਹੋ ਗਏ ਹਨ ਜਾਂ ਸਮਝੋ ਪੈਦਾ ਕੀਤੇ ਗਏ ਹਨ, ਜੋ ਕਿਸੇ ਨੂੰ ਵੀ ਗਊ ਮਾਤਾ ਵਿਰੋਧੀ ਕਰਾਰ ਦੇ ਕੇ ਕੁੱਟਮਾਰ ਕਰ ਸਕਦੇ ਹਨ ਅਤੇ ਜਾਂ ਫਿਰ ਮੌਤ ਦੇ ਘਾਟ ਵੀ ਉਤਾਰ ਸਕਦੇ ਹਨ।
ਦੇਸ਼ ਦੇ ਸਭ ਤੋਂ ਵੱਡੇ ਰਾਜ ਵਿਚ ਇਕ ਖਾਸ ਤਰ੍ਹਾਂ ਦੇ ਵਿਚਾਰਾਂ ਵਾਲੀ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਉੱਥੇ ਐਂਟੀ ਰੋਮਿਓ ਦਲਾਂ ਦਾ ਸੰਗਠਨ ਕੀਤਾ ਗਿਆ ਹੈ, ਜੋ ਰਾਹ ਚਲਦੇ ਹੋਏ ਕਿਸੇ ਵੀ ਜੋੜੇ, ਚਾਹੇ ਉਹ ਪਤੀ-ਪਤਨੀ ਜਾਂ ਫਿਰ ਭੈਣ-ਭਰਾ ਹੀ ਕਿਉਂ ਨਾ ਹੋਣ, ਇਸ ਸੰਗਠਨ ਦੇ ਕਾਰਜਕਰਤਾ ਉਨ੍ਹਾਂ ਨਾਲ ਕੁੱਟਮਾਰ ਕਰ ਸਕਦੇ ਹਨ ਜਾਂ ਫਿਰ ਸ਼ਰੇਆਮ ਔਰਤਾਂ ਨਾਲ ਬਦਸਲੂਕੀ ਕਰ ਸਕਦੇ ਹਨ। ਜੇਕਰ ਆਪਣੇ ਹੱਕਾਂ ਲਈ ਲੜਨਾ ਦੇਸ਼ਧ੍ਰੋਹ ਹੈ ਤਾਂ ਹਾਂ, ਅਸੀਂ ਸਭ ਦੇਸ਼ਧ੍ਰੋਹੀ ਹਾਂ। -ਜਗਰਾਉਂ।

ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਨੌਜਵਾਨ ਪੀੜ੍ਹੀ


ਅੱਜ ਅਸੀਂ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ। ਆਪਣੇ-ਆਪ ਨੂੰ ਸੱਭਿਅਕ ਅਖਵਾਉਣ ਵਾਲੇ ਆਪਣੇ ਸੱਭਿਆਚਾਰ ਤੋਂ ਵੀ ਬੇਮੁੱਖ ਹੁੰਦੇ ਜਾ ਰਹੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਕਿਧਰ ਨੂੰ ਜਾ ਰਹੀ ਹੈ? ਉਨ੍ਹਾਂ ਸਾਹਮਣੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਨੌਜਵਾਨਾਂ ਦੀ ਮਨੋਬਿਰਤੀ 'ਚ ਵਿਗਾੜ ਆ ਜਾਣ ਕਾਰਨ ਹੀ ਸਾਡੇ ਸਮਾਜ 'ਚ ਦੁਰਾਚਾਰ, ਜਬਰ-ਜਨਾਹ ਆਦਿ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਸਰਕਾਰ ਇਨ੍ਹਾਂ ਘਿਨੌਣੀਆਂ ਘਟਨਾਵਾਂ ਨੂੰ ਰੋਕਣ 'ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਵਿਚ ਕਸੂਰ ਕਿਸ ਦਾ ਹੈ? ਅਪਰਾਧਾਂ 'ਚ ਵਾਧਾ ਹੋਣ ਦੇ ਵਧੇਰੇ ਕਾਰਨ ਕੀ ਹਨ? ਬੇਰੁਜ਼ਗਾਰੀ, ਨਸ਼ਾਖੋਰੀ ਦੇ ਕਾਰਨ ਸਾਡੀ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਅਜੋਕੇ ਸਮੇਂ 'ਚ ਗੀਤਕਾਰ, ਗਾਇਕ ਸਾਡੀ ਸੰਸਕ੍ਰਿਤੀ/ਸੱਭਿਆਚਾਰ ਨੂੰ ਏਨੀ ਜ਼ਿਆਦਾ ਢਾਅ ਲਾ ਰਹੇ ਹਨ ਕਿ ਗਾਣੇ ਸੁਣ ਕੇ ਰੋਣਾ ਵੀ ਆਉਂਦਾ ਹੈ, ਗੁੱਸਾ ਵੀ ਅਤੇ ਇਨ੍ਹਾਂ ਇਨਸਾਨਾਂ 'ਤੇ ਤਰਸ ਵੀ। ਸਿਰਫ ਧਨ ਕਮਾਉਣ ਲਈ ਬਿਨਾਂ ਸਿਰ-ਪੈਰ ਧੜਾਧੜ ਲਿਖਿਆ ਜਾ ਰਿਹਾ ਹੈ ਅਤੇ ਗਾਇਆ ਵੀ ਜਾ ਰਿਹਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਸਿਰਫ ਇਨ੍ਹਾਂ ਲੋਕਾਂ ਦਾ ਕਸੂਰ ਹੀ ਨਹੀਂ, ਜੋ ਅੱਜ ਦੇ ਨੌਜਵਾਨ/ਸਮਾਜ ਚਾਹੁੰਦਾ ਹੈ, ਉਹੀ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇ, ਨਸ਼ਿਆਂ 'ਤੇ ਪੂਰਨ ਪਾਬੰਦੀ ਲਗਾਉਣੀ ਅਤਿ ਜ਼ਰੂਰੀ ਹੈ। ਨੌਜਵਾਨ ਵੀ ਆਪਣੇ ਫਰਜ਼ ਦੀ ਪਛਾਣ ਕਰਨ। ਆਪਣੀ ਵਿਰਾਸਤ ਦੀ ਸੰਭਾਲ ਕਰਨਾ, ਆਪਣੀ ਪ੍ਰਾਚੀਨ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣਾ ਨੌਜਵਾਨ ਪੀੜ੍ਹੀ ਦਾ ਮੁਢਲਾ ਅਤੇ ਇਖਲਾਕੀ ਫਰਜ਼ ਹੈ। ਇਥੇ ਇਕ ਗੱਲ ਲਿਖਣੀ ਵੀ ਜ਼ਰੂਰੀ ਹੈ ਕਿ ਜਦੋਂ ਨੌਜਵਾਨ ਪੜ੍ਹ ਜਾਂਦਾ ਹੈ ਤਾਂ ਉਹ ਆਪਣੇ ਹੱਕਾਂ ਪ੍ਰਤੀ ਵਧੇਰੇ ਸੁਚੇਤ ਹੋ ਜਾਂਦਾ ਹੈ, ਆਪਣੇ ਫਰਜ਼ ਨੂੰ ਭੁੱਲ ਜਾਂਦਾ ਹੈ। ਦੇਸ਼ ਪ੍ਰਤੀ ਨੌਜਵਾਨਾਂ ਦੇ ਵੀ ਫਰਜ਼ ਹਨ। ਇਹ ਨਾ ਸੋਚੋ ਕਿ ਦੇਸ਼ ਨੇ ਸਾਨੂੰ ਕੀ ਦਿੱਤਾ, ਬਲਕਿ ਇਹ ਸੋਚੋ ਕਿ ਅਸੀਂ ਆਪਣੇ ਦੇਸ਼ ਲਈ ਕੀ ਕਰਨਾ ਹੈ। ਆਪਣੇ ਸੰਸਕਾਰਾਂ, ਅਮੀਰ ਵਿਰਾਸਤ, ਸੱਭਿਆਚਾਰ ਨਾਲ ਜੁੜੋ। ਇਸ ਲਈ ਚੰਗੇ ਨਾਗਰਿਕ ਬਣੋ।

-ਮੁਹੱਲਾ ਪੱਬੀਆਂ ਦਾ, ਧਰਮਕੋਟ, ਮੋਗਾ। ਮੋਬਾ: 94172-80333

ਸਿਆਸੀ ਅੱਤਵਾਦ ਇਕ ਚਿੰਤਾ ਦਾ ਵਿਸ਼ਾ


ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਹਾਮੀ ਭਰਦਾ ਹੈ, ਮੇਰਾ ਭਾਰਤ ਮਹਾਨ ਇਹ ਕਹਿੰਦਿਆਂ ਸਾਡੀ ਜ਼ੁਬਾਨ ਨਹੀਂ ਥੱਕਦੀ। ਪਰ ਅਸਲੀਅਤ ਕੁਝ ਹੋਰ ਹੈ। ਅੱਜ ਸਾਡਾ ਦੇਸ਼ ਆਬਾਦੀ, ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ, ਝੂਠ, ਫਰੇਬ, ਭ੍ਰਿਸ਼ਟਾਚਾਰ ਤੇ ਅੰਧ-ਵਿਸ਼ਵਾਸ ਵਿਚ ਸੰਸਾਰ ਦਾ ਮੋਹਰੀ ਬਣ ਗਿਆ ਹੈ। ਲੋਕਤੰਤਰ ਦੇ ਤਿੰਨ ਮੋਹਰੇ ਸਿਆਸਤ, ਵੋਟਰ ਅਤੇ ਸਿਆਸੀ ਪਾਰਟੀਆਂ, ਇਹ ਤਿੰਨੋਂ ਹੀ ਆਪਣੇ ਫਰਜ਼ਾਂ ਨੂੰ ਭੁੱਲੀ ਬੈਠੇ ਹਨ। ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੇ ਸੁਹਿਰਦੀ ਦੇ ਸੰਕਲਪਾਂ ਤੋਂ ਗੁਆਚ ਰਹੀਆਂ ਹਨ ਅਤੇ ਅਸਲੀਅਤ ਤੱਥ-ਮੁੱੱਦੇ ਮਨਫੀ ਹੋ ਰਹੇ ਹਨ। ਹਰ ਸਿਆਸੀ ਪਾਰਟੀ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਤਾਂਘ ਵਿਚ ਹੈ ਤੇ ਦੇਸ਼ ਦੇ ਮਾਣ-ਸਨਮਾਨ ਨੂੰ ਛਿੱਕੇ 'ਤੇ ਟੰਗ ਕੇ ਦੇਸ਼ ਨੂੰ ਬੇਫਿਕਰੇ ਬੋਲਾਂ ਵਿਚ ਬਦਨਾਮ ਕਰ ਰਹੇ ਹਨ। ਅਸੀਂ ਆਮ ਲੋਕ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਅ ਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾਅ ਰਹੇ। ਪੈਸੇ, ਰੁਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ। ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਕੇ ਇਨ੍ਹਾਂ ਅਪਰਾਧੀ ਕਿਸਮ ਦੇ ਲੋਕਾਂ ਦੇ ਭਾਈਵਾਲ ਬਣ ਜਾਂਦੇ ਹਾਂ। ਅੱਜ ਸਾਡਾ ਵੋਟਰ ਇਨ੍ਹਾਂ ਸਿਆਸੀ ਲੋਕਾਂ ਲਈ ਥਾਣਿਆਂ, ਤਹਿਸੀਲਾਂ ਵਿਚ ਦਲਾਲੀ ਦਾ ਕੰਮ ਕਰ ਰਿਹਾ ਹੈ।
ਦੁਨੀਆ ਭਰ ਵਿਚ ਭ੍ਰਿਸ਼ਟਾਚਾਰ ਪੱਖੋਂ ਸਾਡਾ ਦੇਸ਼ ਮੋਹਰੀ ਹੈ। ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ ਮਿਲੀਭੁਗਤ ਹੋਣ ਕਰਕੇ ਦੇਸ਼ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਰਹੀ ਹੈ। ਅੱਜ ਦੇਸ਼ ਦੀ ਹਰ ਪਾਰਟੀ ਵਿਚ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਭਰਮਾਰ ਹੈ। ਇਹ ਲੋਕ ਧਨ ਬਲ ਨਾਲ ਚੋਣਾਂ ਜਿੱਤ ਕੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਹਨ ਅਤੇ ਉਦੋਂ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ, ਜਦੋਂ ਇਹ ਅਪਰਾਧੀ ਕਿਸਮ ਦੇ ਮੈਂਬਰ ਬੈਠ ਕੇ ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਾਉਂਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਬਚਾਅ ਲਈ ਕਾਨੂੰਨ ਦੀ ਹਰ ਨਾੜ ਆਪਣੇ ਹੱਥਾਂ ਵਿਚ ਰੱਖੀ ਹੋਈ ਹੈ। ਅੱਜ ਦੇਸ਼ ਦਾ ਕਾਨੂੰਨ ਇਹ ਕਿਉਂ ਨਹੀਂ ਦੇਖਦਾ ਕਿ ਇਹ ਸਿਆਸੀ ਲੋਕ, ਮੰਤਰੀ ਜਾਂ ਕਿਸੇ ਸਭਾ ਦਾ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ ਤੇ ਹੁਣ ਉਹ ਮਹਿਲਾਂ ਦਾ ਬਾਦਸ਼ਾਹ ਕਿਵੇਂ ਬਣ ਗਿਆ?
ਦੇਸ਼ ਦੇ ਹਜ਼ਾਰਾਂ ਦੇਸ਼ ਭਗਤਾਂ ਨੇ ਦੇਸ਼ ਦੀ ਤਰੱਕੀ ਤੇ ਸਮਾਜਿਕ ਬਰਾਬਰੀ ਦੀ ਤਸਵੀਰ ਉਲੀਕੀ ਸੀ। ਦੇਸ਼ ਨੂੰ ਭਾਸ਼ਾ, ਜਾਤ, ਧਰਮ ਅਤੇ ਰਾਖਵੇਂਕਰਨ ਵਿਚ ਵੰਡਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਸਿਆਸੀ ਲੋਕਾਂ ਦੀ ਸੱਤਾ ਦੀ ਭੁੱਖ ਨੇ ਸਿਰਫ ਖੁਸ਼ਹਾਲ ਦੇਸ਼ ਨੂੰ ਨਹੀਂ ਵੰਡਿਆ, ਸਗੋਂ ਇਕ ਘਰ ਵਿਚ ਭਰਾ-ਭਰਾ ਨੂੰ ਵੰਡਿਆ ਹੈ। ਦੇਸ਼ ਦੇ ਵਾਰਸਾਂ ਨੂੰ ਦੇਸ਼ ਦੇ ਚੰਗੇ-ਮਾੜੇ ਵਰਤਮਾਨ ਲਈ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਦੇਸ਼ ਦੇ ਫਰਜ਼ਾਂ ਦੀ ਪੂਰਤੀ ਲਈ ਸਭ ਕੁਝ ਤਾਣ ਦੇਣਾ ਚਾਹੀਦਾ ਹੈ। ਇਹ ਵੰਗਾਰ ਹੈ ਹਰ ਆਮ ਲਈ, ਸਾਨੂੰ ਇਸ ਸਿਸਟਮ ਦੇ ਸੁਧਾਰ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾ ਇਹ ਸਿਆਸੀ ਅੱਤਵਾਦ ਖਾ ਜਾਵੇਗਾ ਇਸ ਦੇਸ਼ ਨੂੰ ਤੇ ਜਵਾਨੀਆਂ ਨੂੰ।

-ਅੰਮ੍ਰਿਤਸਰ-143203.
ਮੋਬਾ: 84271-40006


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX