ਤਾਜਾ ਖ਼ਬਰਾਂ


ਆਸਾਮ 'ਚ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ
. . .  1 day ago
ਗੁਹਾਟੀ, 22 ਜੂਨ - ਆਸਾਮ 'ਚ ਅੱਜ ਪਏ ਭਾਰੀ ਮੀਂਹ ਕਾਰਨ ਗੁਹਾਟੀ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪਾਈਪਾਂ ਰਾਹੀਂ ਸ਼ਹਿਰ ਦਾ ਪਾਣੀ ਬਾਹਰ ਕੱਢਿਆ...
ਹਾਕੀ ਵਿਸ਼ਵ ਲੀਗ : ਮਲੇਸ਼ੀਆ ਨੇ ਭਾਰਤ ਨੂੰ 3-2 ਨਾਲ ਹਰਾਇਆ
. . .  1 day ago
ਲੰਡਨ, 22 ਜੂਨ - ਇੱਥੇ ਹੋ ਰਹੀ ਹਾਕੀ ਵਿਸ਼ਵ ਲੀਗ ਦੇ ਦੂਸਰੇ ਕੁਆਰਟਰ ਫਾਈਨਲ 'ਚ ਮਲੇਸ਼ੀਆ ਨੇ ਭਾਰਤ...
ਹਾਕੀ ਵਿਸ਼ਵ ਲੀਗ : ਕੁਆਟਰ ਫਾਈਨਲ 'ਚ ਮਲੇਸ਼ੀਆ 3-2 ਨਾਲ ਅੱਗੇ
. . .  1 day ago
ਲੁਟੇਰਿਆਂ ਵਿਗਿਆਨੀ ਤੋ ਖੋਈ ਕਰੇਟਾ ਗੱਡੀ
. . .  1 day ago
ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸੈਕਟਰ 12 ਸਥਿਤ ਮਿੰਨੀ ਸਕੱਤਰੇਤ ਦੇ ਸਾਹਮਣੇ ਸੁਪਰ ਮਾਲ ਦੀ ਪਾਰਕਿੰਗ ਤੋ ਇਕ ਵਿਗਿਆਨੀ ਤੋ ਤਿਨ ਲੁਟੇਰੇ ਦਿਨ ਦਿਹਾੜੇ ਇਕ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵੱਲੋਂ ਵਿਗਿਆਨੀ...
ਪਾਕਿਸਤਾਨ ਵੱਲੋਂ 4 ਭਾਰਤੀ ਕੈਦੀ ਰਿਹਾਅ
. . .  1 day ago
ਅਟਾਰੀ, 22 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਰਕਾਰ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ 'ਤੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ 4 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ...
ਹਾਕੀ ਵਿਸ਼ਵ ਲੀਗ : ਭਾਰਤ-ਮਲੇਸ਼ੀਆ ਦੇ ਚੱਲ ਰਹੇ ਕੁਆਟਰ ਫਾਈਨਲ 'ਚ ਦੋਵੇਂ ਟੀਮਾਂ 2-2 ਨਾਲ ਬਰਾਬਰ
. . .  1 day ago
ਅਫ਼ਗ਼ਾਨਿਸਤਾਨ ਤੇ ਆਇਰਲੈਂਡ ਆਈ.ਸੀ.ਸੀ.ਦੇ ਬਣੇ ਮੈਂਬਰ
. . .  1 day ago
ਨਵੀਂ ਦਿੱਲੀ, 22 ਜੂਨ - ਆਈ.ਸੀ.ਸੀ.ਕੌਂਸਲ ਦੀ ਹੋਈ ਬੈਠਕ 'ਚ ਆਇਰਲੈਂਡ ਤੇ ਅਫ਼ਗ਼ਾਨਿਸਤਾਨ ਨੂੰ ਸਰਬਸੰਮਤੀ ਨਾਲ ਆਈ.ਸੀ.ਸੀ...
ਏ.ਡੀ.ਜੀ.ਪੀ. ਚੌਧਰੀ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  1 day ago
ਤਾਰਾਗੜ੍ਹ, 22 ਜੂਨ (ਸੋਨੂੰ ਮਹਾਜਨ)-ਸੁਰੱਖਿਆ ਏਜੰਸੀਆਂ ਵੱਲੋਂ ਬਮਿਆਲ ਸੈਕਟਰ ਰਾਹੀਂ ਕੁੱਝ ਅੱਤਵਾਦੀਆਂ ਦੇ ਪੰਜਾਬ ਅੰਦਰ ਦਾਖ਼ਲ ਹੋਣ ਦੇ ਅਲਰਟ ਕਾਰਨ ਅੱਜ ਸਹਾਇਕ ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਪੁਲਿਸ ਅਧਿਕਾਰੀਆਂ ਨਾਲ...
ਕੁਲਭੂਸ਼ਣ ਨੇ ਫਾਂਸੀ ਦੀ ਸਜਾ ਵਿਰੁੱਧ ਰਹਿਮ ਦੀ ਅਪੀਲ ਕੀਤੀ- ਪਾਕਿਸਤਾਨ
. . .  1 day ago
ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਦੇ ਕਬੂਲਨਾਮੇ ਦਾ ਦੂਸਰਾ ਵੀਡੀਉ ਕੀਤਾ ਜਾਰੀ
. . .  1 day ago
ਹੋਰ ਖ਼ਬਰਾਂ..
  •     Confirm Target Language  

ਸਾਹਿਤ ਫੁਲਵਾੜੀ

ਪਿਤਾ

* ਇਕ ਮੁਸਤਕਿਲ ਆਸਰੇ ਦੀ ਤਸੱਲੀ ਦਾ ਨਾਂਅ ਪਿਤਾ ਹੈ।
* ਤੁਹਾਡੇ ਨਸੀਬ ਦੇ ਛੇਕ ਜੋ ਆਪਣੀ ਬਨੈਣ ਵਿਚ ਪਾ ਲਵੇ, ਉਸ ਸ਼ਖ਼ਸੀਅਤ ਨੂੰ ਪਿਤਾ ਜੀ ਕਹਿੰਦੇ ਹਨ।
* -ਅੱਖਾਂ ਬੰਦ ਕਰਕੇ ਜੋ ਪ੍ਰੇਮ ਕਰੇ, ਉਹ ਹੈ ਪ੍ਰੇਮਿਕਾ।
-ਅੱਖਾਂ ਖੋਲ੍ਹ ਕੇ ਜੋ ਪ੍ਰੇਮ ਕਰੇ-ਉਹ ਹੈ ਦੋਸਤ।
-ਆਪਣੀਆਂ ਅੱਖਾਂ ਬੰਦ ਹੋਣ ਤੱਕ ਜੋ ਪ੍ਰੇਮ ਕਰੇ-ਉਹ ਹੈ ਮਾਂ।
-ਪਰ ਅੱਖਾਂ ਵਿਚ ਪ੍ਰੇਮ ਨਾ ਜਤਾਉਂਦੇ ਹੋਏ, ਜੋ ਪਰੇਮ ਕਰੇ-ਉਹ ਹੈ ਪਿਤਾ।
* ਪਿਤਾ ਦੀ ਨਵੀਂ ਪਰਿਭਾਸ਼ਾ : ਕੁਦਰਤ ਵੱਲੋਂ ਮੁਹੱਈਆ ਕੀਤਾ ਗਿਆ ਇਕ ਬੈਂਕਰ।
* ਹੁਣ ਤੱਕ ਪਿਤਾ ਦੀ ਪਰਿਵਾਰ ਪ੍ਰਤੀ ਸਖ਼ਤ ਮਿਹਨਤ, ਆਪਾ ਗੁਆ ਕੇ ਪਰਿਵਾਰ ਦੀ ਪ੍ਰਾਪਤੀ ਲਈ ਯਤਨਸ਼ੀਲਤਾ ਬਹੁਤ ਘੱਟ ਉਜਾਗਰ ਕੀਤੀ ਗਈ ਹੈ ਪਰ ਪਿਤਾ ਦਾ ਯੋਗਦਾਨ ਵੀ ਮਾਂ ਦੇ
ਬਰਾਬਰ ਹੈ। ਮਾਂ ਜੇਕਰ ਬੱਚੇ ਦੀ ਉਂਗਲੀ ਫੜ ਕੇ ਉਸ ਨੂੰ ਤੁਰਨਾ ਸਿਖਾਉਂਦੀ ਹੈ ਤਾਂ ਪਿਤਾ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਪਾਰ ਕਰਨ ਦੀ ਜਾਚ ਸਿਖਾਉਂਦਾ ਹੈ।
* ਪਿਤਾ ਘਰ ਦੀ ਮੁੱਖ ਅਰਥ ਵਿਵਸਥਾ ਹੁੰਦਾ ਹੈ, ਜਿਹਦੇ 'ਤੇ ਕਬੀਲਦਾਰੀ ਦੀ ਪਹਿਲੀ ਤੇ ਅੰਤਿਮ ਜ਼ਿੰਮੇਵਾਰੀ ਹੁੰਦੀ ਹੈ।
* ਪਰਿਵਾਰ ਵਿਚ ਪਿਤਾ ਦਾ ਇਕ ਵੱਖਰਾ ਅਤੇ ਮਹੱਤਵਪੂਰਨ ਸਥਾਨ ਹੁੰਦਾ ਹੈ। ਉਹ ਘਰ ਦਾ ਅਸਤਿਤਵ ਹੁੰਦਾ ਹੈ।
* ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਹੈ ਅਤੇ ਪਿਓ ਜੰਨਤ ਦਾ ਦਰਵਾਜ਼ਾ ਹੈ ਤੇ ਸਿਰ ਦਾ ਤਾਜ ਹੁੰਦਾ ਹੈ।
* ਬੱਚੇ ਦਾ ਹੌਸਲਾ ਦੁੱਗਣਾ-ਤਿੱਗਣਾ ਹੋ ਜਾਂਦਾ ਹੈ ਜਦੋਂ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਸਿਰ 'ਤੇ ਪਿਤਾ ਦਾ ਸਾਇਆ ਹੈ। ਉਹ ਦੀਨ-ਦੁਨੀਆ ਦੇ ਫਿਕਰਾਂ ਤੋਂ ਅਵੇਸਲਾ ਹੋ ਕੇ, ਪਿਤਾ ਦੇ
ਸਿਰ 'ਤੇ ਬੇਫਿਕਰ ਜ਼ਿੰਦਗੀ ਨੂੰ ਮਾਣਦਾ ਹੈ। ਇਸ ਲਈ ਮਦਰ ਡੇਅ ਦੇ ਨਾਲ ਫਾਦਰ ਡੇਅ ਦੀ ਮਹੱਤਤਾ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ।
* ਪੁਰਾਤਨ ਸਮੇਂ ਤੋਂ ਹੀ ਭਾਰਤ ਵਿਚ ਪਿਤਾ ਪੁਰਖੀ ਪਰਿਵਾਰ ਹੀ ਚਲਦੇ ਆ ਰਹੇ ਹਨ। ਭਾਵ ਪਰਿਵਾਰ ਦਾ ਮੁਖੀ ਪਿਤਾ ਹੀ ਹੁੰਦਾ ਹੈ। ਪਹਿਲਾਂ ਲੋਕ ਸਿਰਫ਼ ਪਿਤਾ ਪੁਰਖੀ ਧੰਦਾ ਕਰਨ ਨੂੰ ਹੀ
ਤਰਜੀਹ ਦਿੰਦੇ ਸਨ।
* ਪਿਤਾ ਦਾ ਰਿਸ਼ਤਾ ਬੋਹੜ ਦੀ ਛਾਂ ਵਰਗਾ ਹੁੰਦਾ ਹੈ ਜੋ ਦੁਨਿਆਵੀ ਦੁੱਖ-ਤਕਲੀਫਾਂ ਦੀ ਤਪਸ਼ ਤੋਂ ਬਚਾਉਂਦਾ ਹੈ।
* ਮਾਂ ਦੇ ਪਿਆਰ ਵਿਚ ਜਿਥੇ ਮਮਤਾ ਅਤੇ ਨਰਮੀ ਦੇ ਨਿੱਘ ਦਾ ਅਹਿਸਾਸ ਹੁੰਦਾ ਹੈ, ਉਥੇ ਪਿਤਾ ਦੇ ਪਿਆਰ ਵਿਚ ਕਿਧਰੇ-ਕਿਧਰੇ ਕਠੋਰਤਾ ਦੀ ਝਲਕ ਦਿਖਾਈ ਦਿੰਦੀ ਹੈ ਪਰ ਇਸ ਕਠੋਰਤਾ ਦੇ
ਪਿਛੇ ਵੀ ਬੱਚਿਆਂ ਦੀ ਭਲਾਈ ਹੀ ਛੁਪੀ ਹੁੰਦੀ ਹੈ।
* ਪਿਤਾ ਬੱਚਿਆਂ ਦਾ ਜੀਵਨ ਅਤੇ ਸ਼ਕਤੀ ਹੈ। ਸੰਸਕਾਰਾਂ ਦੀ ਖਾਨ ਹੈ। ਪਰਿਵਾਰ ਦਾ ਅਨੁਸ਼ਾਸਨ ਹੈ ਅਤੇ ਛੋਟੇ-ਛੋਟੇ ਬੱਚਿਆਂ ਦਾ ਧਰਤੀ ਉਤੇ ਇਕ ਫਰਿਸ਼ਤਾ ਹੈ।
* ਪਿਤਾ ਆਪਣੇ ਬੱਚਿਆਂ ਲਈ ਇਕ ਆਦਰਸ਼, ਦੋਸਤ ਅਤੇ ਗਾਈਡ ਦਾ ਕੰਮ ਕਰਦਾ ਹੈ। ਬੱਚਿਆਂ ਦਾ ਵਿਸ਼ਵਾਸ, ਸੋਚ, ਵਜੂਦ ਅਤੇ ਸੁਪਨੇ ਆਦਿ ਸਭ ਪਿਤਾ ਦੀ ਸੋਚ 'ਤੇ ਨਿਰਭਰ ਕਰਦੇ ਹਨ।
* ਔਲਾਦ ਕੁਲ ਦਾ ਦੀਪਕ ਹੁੰਦੀ ਹੈ ਅਤੇ ਉਸ ਨੂੰ ਜਗਦਾ ਵੇਖਣ ਵਾਸਤੇ ਪਿਤਾ ਸਮੇਂ-ਸਮੇਂ 'ਤੇ ਉਸ ਵਿਚ ਤੇਲ ਪਾਉਂਦਾ ਰਹਿੰਦਾ ਹੈ ਅਤੇ ਇਸ ਦੇ ਨਾਲ-ਨਾਲ ਉਸ ਨੂੰ ਹਨੇਰੀ ਝੱਖੜ ਤੋਂ ਬਚਾਉਣ
ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
* ਪਿਤਾ ਬੱਚਿਆਂ ਦੀ ਹਰ ਮੁਰਾਦ ਤੇ ਆਸ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਬੱਚਿਆਂ ਦੇ ਸੁਪਨਿਆਂ ਦਾ ਸੌਦਾਗਰ ਹੁੰਦਾ ਹੈ। ਪਿਤਾ ਬੱਚਿਆਂ ਲਈ ਸੁਰੱਖਿਆ ਕਵਚ ਵਜੋਂ ਕੰਮ ਕਰਦਾ ਹੈ ਅਤੇ
ਪਿਤਾ ਦੇ ਸਾਏ ਹੇਠ ਬੱਚੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।
* ਪਿਤਾ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਨੂੰ ਕਿਸ ਗੱਲ ਦਾ ਅੱਗੇ ਜਾ ਕੇ ਫਾਇਦਾ ਹੋਣਾ ਹੈ ਅਤੇ ਕਿਸ ਦਾ ਨੁਕਸਾਨ।
* ਪੁੱਤਰ ਨੂੰ ਜਦੋਂ ਕੋਈ ਨੌਕਰੀ ਮਿਲਦੀ ਹੈ ਤਾਂ ਉਸ ਦੀ ਪੁੱਤਰ ਨਾਲੋਂ ਵੱਧ ਖੁਸ਼ੀ ਪਿਤਾ ਨੂੰ ਹੁੰਦੀ ਹੈ ਤੇ ਉਹ ਸਮਝਦਾ ਹੈ ਕਿ ਉਸ ਦੇ ਪੁੱਤਰ ਨੇ ਕਬੀਲਦਾਰੀ ਤੋਰਨ ਦਾ ਰਾਹ ਫੜਿਆ ਹੈ।
* ਓਮ ਵਿਆਸ, ਪ੍ਰਸਿੱਧ ਹਿੰਦੀ ਸ਼ਾਇਰ ਨੇ ਪਿਤਾ ਬਾਰੇ ਲਿਖਿਆ ਹੈ:
ਪਿਤਾ ਸੇ ਹੀ ਬਚੋਂ ਕੇ ਢੇਰ ਸਾਰੇ ਸਪਨੇ ਹੈਂ,
ਪਿਤਾ ਹੈ ਤੋ ਬਜ਼ਾਰ ਕੇ, ਸਭ ਖਿਡੌਣੇ ਅਪਨੇ ਹੈ।
* ਉਹ ਪਿਤਾ ਜਿਨ੍ਹਾਂ ਦੀਆਂ ਪਤਨੀਆਂ ਬਿਮਾਰੀਆਂ ਕਾਰਨ ਜਾਂ ਹੋਰ ਕਿਸੇ ਕਾਰਨ ਵਸ, ਜਵਾਨੀ ਉਮਰੇ ਸਵਰਗਵਾਸ ਹੋ ਜਾਂਦੀਆਂ ਹਨ, ਪਰ ਉਹ ਸਾਰੀ ਉਮਰ ਇਸ ਕਰਕੇ ਦੂਜਾ ਵਿਆਹ ਨਹੀਂ
ਕਰਦੇ ਕਿ ਦੂਜਾ ਵਿਆਹ ਕਰਨ ਨਾਲ ਉਨ੍ਹਾਂ ਦੇ ਬੱਚੇ ਰੁਲ ਜਾਣਗੇ। ਅਜਿਹੇ ਪਿਤਾਵਾਂ ਦੀ ਕੁਰਬਾਨੀ ਤੇ ਸੇਵਾ ਭਾਵਨਾ ਨੂੰ ਸਲਾਮ ਕਰਨੀ ਬਣਦੀ ਹੈ, ਜੋ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਕਰਦੇ
ਸਮੇਂ ਬੱਚਿਆਂ ਨੂੰ ਮਾਂ-ਪਿਓ ਦਾ ਇਕੱਠਾ ਪਿਆਰ ਦਿੰਦੇ ਹਨ।
* ਜਦੋਂ ਪਿਤਾ ਮਰਦਾ ਹੈ ਤਾਂ ਉਹ ਵਿਰਸੇ ਵਿਚ ਪੁੱਤਰਾਂ ਲਈ ਘਰ, ਖੇਤ ਅਤੇ ਲਹੂ-ਪਸੀਨੇ ਦੀ ਕਮਾਈ ਛੱਡ ਕੇ ਜਾਂਦਾ ਹੈ ਪਰ ਇਸ ਦੁਨੀਆ 'ਚ ਉਂਗਲਾਂ 'ਤੇ ਗਿਣੇ ਜਾਣ ਜੋਗੇ ਹੀ ਅਜਿਹੇ ਸਰਵਣ
ਪੁੱਤਰ ਹਨ ਜੋ ਸੱਚੇ ਤੇ ਤਹਿ-ਦਿਲੋਂ ਉਸ ਦਾ ਸਤਿਕਾਰ ਕਰਦੇ ਹੋਣ।
* ਇਕ ਚੰਗਾ ਬਾਪ ਸੌ ਅਧਿਆਪਕਾਂ ਨਾਲੋਂ ਬਿਹਤਰ ਤੇ ਸੌ ਉਸਤਾਦਾਂ ਦੇ ਬਰਾਬਰ ਹੁੰਦਾ ਹੈ। ਤੁਹਾਡਾ ਪਿਤਾ ਤੁਹਾਡੇ ਵਜੂਦ ਦਾ ਹਿੱਸਾ ਹੁੰਦਾ ਹੈ।
* ਪਿਤਾ ਦੀ ਚੰਗਿਆਈ ਪਰਬਤ ਤੋਂ ਉੱਚੀ ਹੁੰਦੀ ਹੈ ਤੇ ਮਾਂ ਦੀ ਚੰਗਿਆਈ ਸਮੁੰਦਰ ਤੋਂ ਵੀ ਡੂੰਘੀ। ਪਿਤਾ ਸ਼ੀਸ਼ਾ ਹੁੰਦਾ ਹੈ ਤੇ ਮਾਂ ਸੋਨਾ ਹੁੰਦੀ ਹੈ।
* ਮਾਂ ਨੂੰ ਆਪਣੀ ਔਲਾਦ ਨੂੰ ਖੁਆ-ਪਿਲਾ ਕੇ ਹੀ ਸੁੱਖ ਮਹਿਸੂਸ ਹੁੰਦਾ ਹੈ ਅਤੇ ਪਿਤਾ ਔਲਾਦ ਦੇ ਸੁਪਨੇ ਪੂਰੇ ਕਰਨ 'ਚ ਹੀ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ।
* ਪਿਤਾ ਆਪਣੇ ਬੱਚਿਆਂ ਲਈ ਸਭ ਤੋਂ ਮਹੱਤਵਪੂਰਨ ਕੰਮ ਇਹ ਕਰ ਸਕਦਾ ਹੈ ਕਿ ਉਨ੍ਹਾਂ ਦੀ ਮਾਂ ਦਾ ਵੱਧ ਤੋਂ ਵੱਧ ਖਿਆਲ ਰੱਖੇ ਅਤੇ ਉਸ ਨੂੰ ਅਥਾਹ ਪਿਆਰ ਤੇ ਸਹਿਯੋਗ ਦੇਵੇ।
* ਪੰਜਾਬੀ ਦੇ ਕਿਸੇ ਪ੍ਰਸਿੱਧ ਸ਼ਾਇਰ ਨੇ ਪਿਤਾ 'ਤੇ ਕੁਝ ਇਸ ਤਰ੍ਹਾਂ ਟਿਪਣੀ ਕੀਤੀ ਹੈ ਕਿ:
ਸ਼ਬਦਾਂ ਤੇ ਸੰਦੇਸ਼ ਦਾ, ਹੁੰਦਾ ਜਦੋਂ ਸੁਮੇਲ,
ਹਰ ਬਦੀ ਦੇ ਨੱਕ ਵਿਚ, ਪਾਵੇ ਕਲਮ ਨਕੇਲ।
ਬਾਪੂ ਘਰ ਦਾ ਜਿੰਦਰਾ, ਟੁੱਕ ਤੇ ਚੌਕੀਦਾਰ
ਹਰ ਜੀਅ ਸੁਖਾਂ ਮੰਗਦੈ, ਜੀਵੇ ਸਾਲ ਹਜ਼ਾਰ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.


ਖ਼ਬਰ ਸ਼ੇਅਰ ਕਰੋ

ਬੋਧ-ਕਥਾ: ਬਦਸੂਰਤ ਕੌਣ?

ਉਨ੍ਹੀਂ ਦਿਨੀਂ ਗੁਲਾਮਾਂ ਦੇ ਬਾਜ਼ਾਰ ਲਗਦੇ ਹੁੰਦੇ ਸਨ।
ਇਕ ਦਿਨ ਇਕ ਬਾਦਸ਼ਾਹ ਇਕ ਅਜਿਹੇ ਹੀ ਬਾਜ਼ਾਰ ਵਿਚ ਗੁਲਾਮ ਖਰੀਦਣ ਲਈ ਪਹੁੰਚਿਆ। ਇਕ ਥਾਂ ਦੋ ਮੁੰਡੇ ਵਿਕਣ ਲਈ ਖੜ੍ਹੇ ਸਨ। ਉਨ੍ਹਾਂ 'ਚੋਂ ਇਕ ਮੁੰਡਾ ਖੂਬਸੂਰਤ ਸੀ ਅਤੇ ਦੂਜਾ ਬਹੁਤ ਹੀ ਬਦਸੂਰਤ। ਬਾਦਸ਼ਾਹ ਨੇ ਦੋਵਾਂ ਨੂੰ ਖਰੀਦ ਲਿਆ। ਮਹਿਲ ਵਿਚ ਪਹੁੰਚ ਕੇ ਉਹਨੇ ਖੂਬਸੂਰਤ ਮੁੰਡੇ ਨੂੰ ਆਪਣੇ ਨੇੜੇ ਬਿਠਾਇਆ ਅਤੇ ਬਦਸੂਰਤ ਨੂੰ ਕੁਝ ਦੂਰ।
ਕੁਝ ਚਿਰ ਪਿੱਛੋਂ ਕੁਝ ਸੋਚ ਕੇ ਬਾਦਸ਼ਾਹ ਨੇ ਖੂਬਸੂਰਤ ਮੁੰਡੇ ਨੂੰ ਕਿਹਾ, 'ਜਾਹ, ਗੁਸਲਖਾਨੇ ਵਿਚ ਨ੍ਹਾ-ਧੋ ਕੇ ਸਾਫ਼-ਸੁਥਰੇ ਕੱਪੜੇ ਪਹਿਨ ਕੇ ਆ।'
ਮੁੰਡਾ ਚਲਾ ਗਿਆ। ਉਹਦੇ ਜਾਣ ਪਿੱਛੋਂ ਬਾਦਸ਼ਾਹ ਨੇ ਦੂਰ ਬੈਠੇ ਬਦਸੂਰਤ ਮੁੰਡੇ ਨੂੰ ਆਪਣੇ ਕੋਲ ਸੱਦਿਆ ਅਤੇ ਉਹਦੇ ਕੰਨ ਵਿਚ ਹੌਲੀ ਜਿਹੀ ਪੁੱਛਿਆ, 'ਇਹ ਤੇਰਾ ਦੋਸਤ ਹੈ ਨਾ, ਦੱਸੀਂ ਇਹਦੇ ਵਿਚ ਕਿਹੜੇ-ਕਿਹੜੇ ਐਬ ਹਨ?'
ਬਦਸੂਰਤ ਮੁੰਡੇ ਨੇ ਕਿਹਾ, 'ਹਜ਼ੂਰ, ਮੇਰੇ ਦੋਸਤ ਵਿਚ ਇਸ ਐਬ ਤੋਂ ਬਿਨਾਂ ਹੋਰ ਕੋਈ ਐਬ ਨਹੀਂ ਕਿ ਉਹਦਾ ਚਾਲ-ਚਲਣ ਬਹੁਤ ਉੱਚਾ ਹੈ। ਉਹ ਨਾ ਕਦੇ ਝੂਠ ਬੋਲਦਾ ਹੈ, ਨਾ ਕਦੇ ਕਿਸੇ ਦੀ ਬੁਰਾਈ ਕਰਦਾ ਹੈ।'
ਬਾਦਸ਼ਾਹ ਨੇ ਕਿਹਾ, 'ਬਈ ਤੂੰ ਤਾਂ ਉਹਦੀ ਤਾਰੀਫ਼ ਕਰਨ ਲੱਗ ਪਿਆ ਹੈਂ।'
ਮੁੰਡੇ ਨੇ ਜਵਾਬ ਦਿੱਤਾ, 'ਹਜ਼ੂਰ ਮੈਂ ਤਾਂ ਉਹੀ ਕਹਿ ਰਿਹਾ ਹਾਂ, ਜੋ ਸੱਚ ਹੈ। ਮੇਰੇ ਦੋਸਤ ਵਿਚ ਇਹ ਸਭ ਗੁਣ ਹਨ।'
ਬਾਦਸ਼ਾਹ ਨੇ ਉਸ ਮੁੰਡੇ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, 'ਤੂੰ ਡਰ ਨਾ, ਉਹਦੇ ਵਿਚ ਜਿਹੜੀਆਂ ਵੀ ਬੁਰਾਈਆਂ ਹਨ, ਤੂੰ ਮੈਨੂੰ ਬੇਝਿਜਕ ਦੱਸ ਦੇ।'
ਮੁੰਡਾ ਬੋਲਿਆ, 'ਤੁਸੀਂ ਯਕੀਨ ਕਰੋ ਹਜ਼ੂਰ। ਮੈਂ ਝੂਠ ਨਹੀਂ ਬੋਲ ਰਿਹਾ।'
'ਤਾਂ ਫਿਰ ਆਪਣੇ ਬਾਰੇ ਦੱਸ ਕਿ ਤੇਰੇ ਵਿਚ ਕਿਹੜੀਆਂ ਖੂਬੀਆਂ ਹਨ?'
'ਖੂਬੀਆਂ... ਤੇ ਮੇਰੇ ਵਿਚ? ਮੈਂ ਤਾਂ ਇਕ ਮਾਮੂਲੀ ਜਿਹਾ ਮੁੰਡਾ ਹਾਂ। ਮੇਰੇ ਵਿਚ ਕੋਈ ਖੂਬੀ ਨਹੀਂ ਹੈ', ਬਦਸੂਰਤ ਮੁੰਡੇ ਨੇ ਧੌਣ ਝੁਕਾ ਕੇ ਕਿਹਾ।
ਉਦੋਂ ਹੀ ਉਹ ਖੂਬਸੂਰਤ ਮੁੰਡਾ ਨ੍ਹਾ-ਧੋ ਕੇ ਵਾਪਸ ਰਾਜੇ ਕੋਲ ਆ ਗਿਆ।
ਇਸ ਵਾਰ ਬਾਦਸ਼ਾਹ ਨੇ ਉਸ ਬਦਸੂਰਤ ਮੁੰਡੇ ਨੂੰ ਨ੍ਹਾਉਣ ਧੋਣ ਲਈ ਗੁਸਲਖਾਨੇ ਵਿਚ ਭੇਜ ਦਿੱਤਾ ਅਤੇ ਉਸ ਖੂਬਸੂਰਤ ਮੁੰਡੇ ਨੂੰ ਕੋਲ ਬਿਠਾ ਕੇ ਹੌਲੀ ਜਿਹੀ ਕਿਹਾ, 'ਤੂੰ ਤਾਂ ਬੜਾ ਖੂਬਸੂਰਤ ਅਤੇ ਚੰਗਾ ਮੁੰਡਾ ਹੈਂ ਪਰ ਤੇਰੇ ਬਾਰੇ ਤੇਰਾ ਇਹ ਦੋਸਤ ਬੜਾ ਊਟ-ਪਟਾਂਗ ਬੋਲ ਰਿਹਾ ਸੀ।'
'ਅੱਛਾ, ਹਜ਼ੂਰ! ਮੈਨੂੰ ਦੱਸੋ ਕੀ ਕਹਿੰਦਾ ਸੀ ਉਹ ਮੇਰੇ ਬਾਰੇ।'
'ਇਹੋ ਕਿ ਬਾਹਰੋਂ ਹੀ ਸੋਹਣਾ ਦਿਸਦਾ ਹੈ, ਅੰਦਰੋਂ ਤੂੰ ਦਗਾਬਾਜ਼, ਝੂਠਾ ਅਤੇ ਮੱਕਾਰ ਹੈਂ...', ਬਾਦਸ਼ਾਹ ਨੇ ਕਿਹਾ।
ਇਹ ਸੁਣ ਕੇ ਮੁੰਡਾ ਗੁੱਸੇ ਵਿਚ ਲਾਲ-ਪੀਲਾ ਹੋ ਕੇ ਚੀਕਿਆ, 'ਉਹਦੀ ਇਹ ਮਜਾਲ! ਦੋਸਤ ਹੋ ਕੇ ਦੂਜੇ ਦੋਸਤ ਬਾਰੇ ਇਉਂ ਕਹਿੰਦਾ ਹੈ। ਪਰ ਖੁਦ ਆਪਣੇ ਅੰਦਰ ਝਾਕ ਕੇ ਨਹੀਂ ਵੇਖਦਾ ਕਿ ਜਿੰਨਾ ਬਾਹਰੋਂ ਭੱਦਾ ਹੈ, ਓਨਾ ਹੀ ਅੰਦਰੋਂ ਵੀ ਕਾਲੇ ਕਾਂ ਵਰਗਾ ਹੈ। ਝੂਠਾ ਕਿਤੋਂ ਦਾ। ਮੱਕਾਰ, ਫਰੇਬੀ, ਵਿਸ਼ਵਾਸਘਾਤੀ...।'
ਬਾਦਸ਼ਾਹ ਨੇ ਝੱਟ ਉਹਦੇ ਮੂੰਹ 'ਤੇ ਹੱਥ ਰੱਖ ਦਿੱਤਾ। 'ਬਸ... ਬਸ... ਚੁੱਪ ਕਰ। ਮੈਂ ਸਮਝ ਗਿਆ ਕਿ ਤੇਰੀ ਸੋਹਣੀ ਚਮੜੀ ਦੇ ਅੰਦਰ ਕਿੰਨੀ ਭੈੜੀ ਆਤਮਾ ਦਾ ਨਿਵਾਸ ਹੈ... ਅਤੇ ਉਹ ਮੁੰਡਾ ਭਾਵੇਂ ਸ਼ਕਲ ਤੋਂ ਬਦਸੂਰਤ ਹੈ, ਪਰ ਉਹਦੀ ਆਤਮਾ ਚਮਕਦਾਰ ਅਤੇ ਬਹੁਤ ਹੀ ਪਵਿੱਤਰ ਹੈ। ਸ਼ਾਇਦ ਤੈਨੂੰ ਨਹੀਂ ਪਤਾ ਕਿ ਸਭ ਤੋਂ ਵੱਧ ਨੀਚ ਅਤੇ ਕਮੀਨਾ ਬੰਦਾ ਉਹ ਹੁੰਦਾ ਹੈ ਜੋ ਆਪਣੇ ਦੋਸਤ ਦੀ ਬੁਰਾਈ ਕਰੇ ਅਤੇ ਸਭ ਤੋਂ ਚੰਗਾ ਬੰਦਾ ਉਹ ਹੈ ਜੋ ਆਪਣੇ ਦੋਸਤ ਦੀਆਂ ਬੁਰਾਈਆਂ ਨੂੰ ਨਜ਼ਰਅੰਦਾਜ਼ ਕਰਕੇ ਉਹਦੀਆਂ ਚੰਗਿਆਈਆਂ ਦਾ ਹੀ ਗੁਣਗਾਨ ਕਰਦਾ ਹੈ...।'
ਖੂਬਸੂਰਤ ਮੁੰਡੇ ਨੇ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸ਼ਰਮ ਨਾਲ ਧੌਣ ਝੁਕਾ ਲਈ। ਉਦੋਂ ਹੀ ਬਦਸੂਰਤ ਮੁੰਡੇ ਨ੍ਹਾ-ਧੋ ਕੇ ਵਾਪਸ ਆ ਗਿਆ। ਖੂਬਸੂਰਤ ਮੁੰਡੇ ਨੇ ਧੌਣ ਚੁੱਕ ਕੇ ਉਹਦੇ ਵੱਲ ਵੇਖਿਆ, ਬਦਸੂਰਤ ਮੁੰਡਾ ਵਾਕਈ ਖੂਬਸੂਰਤ ਲੱਗ ਰਿਹਾ ਸੀ।

ਅਨੁ: ਪ੍ਰੋ: ਨਵ ਸੰਗੀਤ ਸਿੰਘ
ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ-151302 (ਬਠਿੰਡਾ)। ਮੋਬਾ : 94176-92015.

ਬ੍ਰਹਮਚਾਰੀ ਮੋਰ

'ਮਾਂ' ਤੇ 'ਗਾਂ' ਪੜ੍ਹੋ, ਬੋਲੋ, ਸੁਣੋ ਕਿੰਨਾ ਸੰਗੀਤਮਈ ਲਗਦੇ ਨੇ ਦੋਵੇਂ ਸ਼ਬਦ। ਕੰਨਾਂ ਨੂੰ ਰਸ ਦਿੰਦੇ ਹਨ, ਨਾਲੇ ਕਵੀਆਂ ਤੇ ਸ਼ਾਇਰਾਂ ਨੂੰ ਪੁੱਛੋ, ਕਿੰਨਾ ਕਾਫੀਆ ਮਿਲਦਾ ਹੈ।
ਹਿੰਦੀ ਵਾਲਿਆਂ ਲਈ ਵੀ 'ਗਈਆ' ਤੇ 'ਮਈਆ' ਵੀ, ਬੰਦ ਲਿਖੋ ਜਾਂ ਛੰਦ ਲਿਖੋ, ਕਾਫੀਆ ਫਿਟ ਹੈ 'ਸੁਹਾਵਣਾ ਹੈ।
ਆਹੋ, ਜੇਕਰ 'ਮਾਂ' ਮਾਤਾ, ਮੰਮੀ ਹੈ ਤੇ ਪਿਓ ਵੀ ਹੈ, ਪਿਤਾ ਆਖੋ, ਬਾਪ ਆਖੋ, ਫਾਦਰ ਆਖੋ, ਪਿਤਾ ਬਿਨਾਂ ਮਾਂ ਨਹੀਂ। ਮਾਂ, ਬਿਨਾਂ ਪਿਤਾ ਨਹੀਂ। ਦੋਵਾਂ ਦਾ ਮਿਲਾਪ ਹੀ 'ਮਾਂ' ਤੇ 'ਬਾਪ' ਦੇ ਹੋਂਦ ਦੀ ਹਕੀਕਤ ਦਾ ਸਰਟੀਫਿਕੇਟ ਹੈ।
'ਮਾਂ' ਤੇ 'ਗਾਂ' ਜਾਂ 'ਗਈਆ' ਤੇ 'ਮਈਆ' ਦਾ ਕਾਫੀਆ ਸੁਹਾਵਣਾ ਹੈ ਪਰ ਪਿਤਾ, ਬਾਪ, ਫਾਦਰ, ਪਿਓ ਨਾਲ ਕਾਫੀਆ ਫਿਟ ਨਹੀਂ ਬਹਿੰਦਾ। ਕਵੀਆਂ ਤੇ ਸ਼ਾਇਰਾਂ ਦੀ ਪਸੰਦ ਬਿਲਕੁਲ ਨਹੀਂ। ਇਸ ਲਈ 'ਸਾਂਢ, ਬੈਲ' ਨੂੰ ਦਰਕਿਨਾਰ ਹੀ ਕੀਤਾ ਹੋਇਆ ਹੈ।
'ਭਾਰਤ' ਵੀ ਮਾਤਾ ਹੈ, ਮਾਤਾ ਕੀ ਜੈ, ਦਾ ਨਾਅਰਾ ਹੀ ਲਾਇਆ ਜਾਂਦਾ ਹੈ। ਧਰਤੀ, ਭੂਮੀ ਵੀ ਮਾਤਾ ਹੀ ਹੈ। ਸਿਰਫ਼ ਜਰਮਨ ਤੇ ਇਕ ਅੱਧੇ ਹੋਰ ਦੇਸ਼ ਨੂੰ ਛੱਡ ਕੇ, ਹਰ ਦੇਸ਼ ਦੀ ਭੂਮੀ, ਮਾਤਰ ਭੂਮੀ ਹੈ, ਮਦਰ ਲੈਂਡ। ਇਕ-ਦੋ ਦੇਸ਼ਾਂ ਦੀ ਜ਼ਮੀਨ ਫਾਦਰ ਲੈਂਡ ਕਹਾਉਂਦੀ ਹੈ।
ਭਾਰਤ 'ਚ ਤਿੰਨ ਮਾਤਾਵਾਂ ਦੀ ਇਕੋ ਵੇਲੇ ਹੋਂਦ ਹੈ।
* ਮਾਤਾ ਜਿਹਨੇ ਜਨਮ ਦਿੱਤਾ ਹੈ।
* ਭਾਰਤ ਭੂਮੀ ਜਿਹਦੀਆਂ ਹੱਦਾਂ 'ਚ ਅਸੀਂ ਵਿਚਰ ਰਹੇ ਹਾਂ 'ਭਾਰਤ ਮਾਤਾ ਕੀ ਜੈ'।
'ਗੰਗਾ ਮਾਂ। ਜੈ ਗੰਗਾ ਮਈਆ।
ਭਾਰਤ 'ਚ ਰਾਸ਼ਟਰਪਿਤਾ ਦਾ ਜ਼ਿਕਰ ਜ਼ਰੂਰ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ। ਪਰ ਧਰਤੀ ਮਾਂ ਹੀ ਹੈ, ਭੂਮੀ ਮਾਂ ਹੀ ਹੈ। ਮਹਾਤਮਾ ਗਾਂਧੀ ਬੇਸ਼ੱਕ ਰਾਸ਼ਟਰਪਿਤਾ ਹੈਨ, ਪਰ ਉਨ੍ਹਾਂ ਲਈ ਵੀ ਭਾਰਤ ਭੂਮੀ ਮਾਤਾ, ਮਾਂ ਹੀ ਸੀ। ਉਹ ਵੀ 'ਭਾਰਤ ਮਾਤਾ ਕੀ ਜੈ' ਵਾਲੇ ਹੀ ਸਨ।
ਰੌਲਾ, ਅੱਜਕਲ੍ਹ ਗਾਂ ਦਾ ਹੈ, ਮਾਂ ਦਾ ਹੈ।
ਇਕ ਸੱਪਣੀ ਦਾ ਹੀ ਜ਼ਿਕਰ ਹੈ, ਬੱਚੇ ਖਾਣੀ ਮਾਂ ਦਾ। ਜਦ ਇਹ ਇਕੋ ਵੇਲੇ ਸੌ-ਸੌ ਸਪੋਲਿਆਂ ਨੂੰ ਜਣਦੀ ਹੈ ਤਾਂ ਅਤਿ ਦੀ ਭੁੱਖੀ ਹੁੰਦੀ ਹੈ, ਇਹ ਆਪਣੇ ਹੀ ਜਣੇ ਸਪੋਲੀਆਂ 'ਚੋਂ ਕਈਆਂ ਨੂੰ ਉਸੇ ਵੇਲੇ ਖਾ ਜਾਂਦੀ ਹੈ। ਇਸ ਤੋਂ ਬਿਨਾਂ ਕੋਈ ਹੋਰ ਮਿਸਾਲ ਨਹੀਂ ਕਿ 'ਮਾਂ' ਨੇ ਆਪਣੇ ਹੀ ਧੀਆਂ-ਪੁੱਤਾਂ ਨੂੰ ਖਾਧਾ ਹੋਵੇ। ਭਾਰਤ ਵਿਚ, ਹਰ ਕੋਈ 'ਗਾਂ' ਦਾ 'ਪੁੱਤ' ਨਹੀਂ ਤੇ 'ਗਾਂ' ਹਰ ਕਿਸੇ ਦੀ 'ਮਾਂ' ਨਹੀਂ ਹੈ, ਇਸ ਲਈ ਕੇਰਲਾ, ਗੋਆ, ਨਾਰਥ ਈਸਟ ਦਿਆਂ ਪ੍ਰਾਂਤਾਂ ਵਿਚ ਗਊ ਮਾਸ ਖਾਧਾ ਜਾਂਦਾ ਹੈ।
ਭਾਰਤ ਸਰਕਾਰ ਨੇ ਬੇਜ਼ੁਬਾਨ, ਪਸ਼ੂਆਂ ਨੂੰ ਮਨੁੱਖ ਦਾ ਭੋਜਨ ਬਣਨ ਲਈ ਕਿਵੇਂ ਬੁਚੜਖਾਨਿਆਂ 'ਚ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਉਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਪਸ਼ੂ ਮੇਲਿਆਂ 'ਚ ਜਿਹੜੇ ਵੀ ਜੀਵਾਂ ਦੀ ਖਰੀਦ-ਫਰੋਖਤ ਹੁੰਦੀ ਹੈ, ਉਨ੍ਹਾਂ 'ਚੋਂ ਖਰੀਦਦਾਰ ਨੂੰ ਲਿਖਤੀ ਤੌਰ 'ਤੇ ਇਹ ਵਚਨ ਦੇਣਾ ਪਏਗਾ ਕਿ ਉਹ ਇਨ੍ਹਾਂ ਨੂੰ ਸਿਰਫ਼ ਖੇਤੀ ਲਈ ਹੀ ਇਸਤੇਮਾਲ ਕਰੇਗਾ, ਇਨ੍ਹਾਂ ਦੇ ਕਤਲ ਲਈ ਨਹੀਂ। ਇਨ੍ਹਾਂ 'ਚ ਗਾਂ, ਗਾਂ ਦਾ ਪਰਿਵਾਰ, ਮੱਝਾਂ, ਝੋਟੇ, ਊਠ ਵੀ ਹਨ। ਪਰ, ਗਾਂ ਦਾ ਵੱਡਾ ਰੌਲਾ ਪੈ ਗਿਆ... ਕਈਆਂ ਨੇ ਇਸ ਦਾ ਵਿਰੋਧ ਕੀਤਾ ਹੈ।
ਕੇਰਲ, ਚੇਨਈ, ਰਾਜਸਥਾਨ ਦੀਆਂ ਹਾਈਕੋਰਟਾਂ 'ਚ ਇਸ ਸਬੰਧੀ ਤਿੰਨ ਲੋਕ-ਹਿਤ ਜਾਚਨਾਵਾਂ ਦਾਖ਼ਲ ਹੋਈਆਂ। ਤਿੰਨਾਂ ਦੇ ਫ਼ੈਸਲੇ ਇਕ-ਦੂਜੇ ਤੋਂ ਵੱਖ ਨੇ। ਕੇਰਲ ਹਾਈਕੋਰਟ ਨੇ ਤਾਂ ਪਟੀਸ਼ਨ ਖਾਰਜ ਕਰ ਦਿੱਤੀ ਕਿ ਸਰਕਾਰ ਦੇ ਨੋਟੀਫਿਕੇਸ਼ਨ 'ਚ 'ਬੀਫ਼' ਖਾਣ ਦੀ ਮਨਾਹੀ ਵਾਲੀ ਕੋਈ ਗੱਲ ਹੀ ਨਹੀਂ ਹੈ, ਤਥਹੀਣ ਹੈ, ਮਦਰਾਸ ਦੀ ਹਾਈਕੋਰਟ ਦੇ ਮਦੁਰਾਇ ਬੈਂਚ ਨੇ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਹੀ ਚਾਰ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ। ਰਾਜਸਥਾਨ ਦੀ ਹਾਈਕੋਰਟ ਨੇ ਸਲਾਹ ਦਿੱਤੀ ਭਾਰਤ ਸਰਕਾਰ ਨੂੰ ਕਿ ਉਹ ਕਾਨੂੰਨ ਬਣਾ ਕੇ ਗਊ ਨੂੰ ਰਾਸ਼ਟਰ ਪਸ਼ੂ ਐਲਾਨ ਦੇਵੇ, ਤਾਂ ਜੋ ਇਸ ਦੀ ਕੋਈ ਹੱਤਿਆ ਹੀ ਨਾ ਕਰ ਸਕੇ।
ਪਰ, ਸਭ ਤੋਂ ਸੁਹਾਵਣੀ ਗੱਲ ਇਹ ਹੋਈ ਕਿ ਰਾਜਸਥਾਨ ਹਾਈਕੋਰਟ ਦੇ ਇਕ ਜੱਜ ਸ੍ਰੀ ਮਹੇਸ਼ ਸ਼ਰਮਾ ਨੇ ਇਕ ਵਚਿਤਰ ਰਾਜ ਖੋਲ੍ਹਿਆ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ 'ਮੋਰ'। ਪ੍ਰਜਣਨ ਕਿਰਿਆ ਲਈ, ਮੋਰ-ਮੋਰਨੀ ਦਾ ਮੇਲ ਨਹੀਂ ਹੁੰਦਾ, ਸਗੋਂ ਇਹ ਸੰਜੋਗ ਦੀ ਕਿਰਿਆ ਹੈ। ਜਦ ਮੋਰ ਨੱਚਦਾ ਹੈ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਕਿਰਦੇ ਹਨ (ਆਮ ਮਾਨਤਾ ਹੈ ਕਿ ਮੋਰ ਦੇ ਜਿੰਨੇ ਸੋਹਣੇ ਖੰਭ ਹਨ, ਓਨੇ ਹੀ ਭੈੜੇ ਪੈਰ ਹਨ, ਮੋਰ ਜਦ ਆਪਣੇ ਕੁਸੁਹਣੇ ਪੈਰਾਂ ਨੂੰ ਵੇਖਦਾ ਹੈ ਤਾਂ ਨੱਚਦਾ ਹੋਇਆ ਰੋ ਪੈਂਦਾ ਹੈ) ਉਹਦੀਆਂ ਅੱਖਾਂ 'ਚੋਂ ਡਿੱਗੇ ਅੱਥਰੂ ਹੀ ਮੋਰਨੀ ਫਟਾਫਟ ਚੁਗ ਲੈਂਦੀ ਹੈ ਤੇ ਇਸੇ ਪ੍ਰਕਿਰਿਆ ਨਾਲ ਉਹ ਮੋਰ ਜਾਤੀ ਦੀ ਪ੍ਰਜਣਨ ਪ੍ਰੰਪਰਾ ਨੂੰ ਅੱਗੇ ਵਧਾਉਣ ਲਈ ਤਿਆਰ ਹੋ ਜਾਂਦੀ ਹੈ।
ਬੜੇ ਅਜੀਬ 'ਰਹਸਯ' ਦਾ ਬਖਾਨ ਕੀਤਾ ਹੈ ਜੱਜ ਮਹੇਸ਼ ਸ਼ਰਮਾ ਨੇ। ਇਸ ਦੀ ਖੂਬ ਚਰਚਾ ਹੋਈ ਚਹੁੰ ਪਾਸੇ।
ਹੁਣ ਤਾਈਂ ਜੋ ਤੱਥ ਅਸਾਂ ਪੜ੍ਹਿਆ-ਵਾਚਿਆ ਹੈ, ਉਸ ਅਨੁਸਾਰ ਮਨੁੱਖ, ਹਰੇਕ ਪਸ਼ੂ-ਪੰਛੀ, ਜੀਵ, ਕੀੜੇ-ਮਕੌੜੇ, ਜਲ 'ਚ ਵਿਚਰ ਰਹੇ ਜੀਵਾਂ 'ਚ, ਰੁੱਖਾਂ 'ਚ, ਬੂਟਿਆਂ 'ਚ, ਇਕ ਮੇਲ, ਇਕ-ਫੀਮੇਲ ਦੀ ਹੋਂਦ ਹੈ। ਇਨ੍ਹਾਂ ਦੇ ਮਿਲਾਪ ਮਗਰੋਂ ਹੀ ਫੀਮੇਲ ਦੁਆਰਾ ਹਰੇਕ ਜਾਤੀ ਦੀ ਪ੍ਰਜਣਨ ਕਿਰਿਆ ਸਫ਼ਲ ਹੁੰਦੀ ਹੈ। ਤੁਸੀਂ ਬੇਸ਼ੱਕ ਕਿਸੇ ਮਾਲੀ ਨੂੰ ਪੁੱਛੋ, ਬੀਜਾਂ ਵਿਚ ਵੀ ਮੇਲ ਤੇ ਫੀਮੇਲ ਬੀਜ ਹੁੰਦੇ ਹਨ। ਇਨ੍ਹਾਂ ਦੋਵਾਂ ਦੇ ਮੇਲ ਨਾਲ ਹੀ ਰੁੱਖ ਉਗਦੇ ਹਨ, ਬੂਟੇ ਉਗਦੇ ਹਨ, ਜਿਨ੍ਹਾਂ 'ਤੇ ਅੱਗੋਂ ਫਲ ਲਗਦੇ ਹਨ। ਕਣਕਾਂ ਐਵੇਂ ਨਹੀਂ ਲੰਮੀਆਂ ਹੁੰਦੀਆਂ। ਐਵੇਂ ਨਹੀਂ ਕੁੱਟ-ਕੁੱਟ ਬਾਜਰਾ ਮੈਂ ਕੋਠੇ 'ਤੇ ਪਾਨੀ ਆਂ।
ਅੰਡਜ਼, ਜੇਰਜ, ਸੇਤਜ ਕੀਨੀ।
ਫਿਰ ਵੀ, ਇਸ ਸੰਸਾਰ 'ਚ ਬਹੁਤ ਹੀ ਚਿਤਰ ਕਥਾਵਾਂ ਹਨ, ਰਾਮਾਇਣ 'ਚਂਰਾਮ, ਸੀਤਾ, ਲਕਸ਼ਮਣ, ਰਾਵਣ ਤੋਂ ਛੁੱਟ ਇਕ ਹੋਰ ਬੜੇ ਮਹੱਤਵ ਵਾਲਾ ਕਿਰਦਾਰ ਹੈ ਹਨੂੰਮਾਨ ਜੀ।
ਹਨੂੰਮਾਨ ਜੀ ਦੀ ਮਹੱਤਤਾ ਇਹ ਹੈ ਕਿ ਉਹ 'ਬ੍ਰਹਮਚਾਰੀ' ਸਨ।
ਬ੍ਰਹਮਚਾਰੀ ਦਾ ਮਹੱਤਵ ਹੀ ਇਹੋ ਹੈ ਕਿ ਉਹ ਜਣਨ-ਪਰ ਜਣਨ ਕਿਰਿਆ ਤੋਂ ਕਿਨਾਰਾ ਕਰ, ਇਸ ਤੋਂ ਦੂਰ ਹੋ ਚੁੱਕਿਆ ਹੈ। ਸਿਰਫ਼ ਲਾਲ ਲੰਗੋਟ, ਸਰੀਰ 'ਤੇ ਉਸ ਦੇ ਬ੍ਰਹਮਚਰਯ ਦੇ ਅਹਿਦ ਦੀ ਤਸਦੀਕ ਹੈ। ਪਰ... ਕਿੰਨੇ ਅਚਰ ਦਾ 'ਤੱਥ' (ਗ੍ਰੰਥਾਂ ਦੇ ਵਰਣਨ ਅਨੁਸਾਰ) ਹੈ ਕਿ ਇਸ ਬ੍ਰਹਮਚਾਰੀ ਹਨੂੰਮਾਨ ਜੀ ਦੀ ਵੀ ਸੰਤਾਨ ਹੈ ਸੀ, ਉਨ੍ਹਾਂ ਦਾ ਪੁੱਤਰ...।
ਇਹ ਆਸਥਾ ਹੈ, 'ਆਸਥਾ 'ਚ ਕਿਸੇ ਪ੍ਰਕਾਰ ਦਾ ਕਿੰਤੂ-ਪ੍ਰੰਤੂ ਨਹੀਂ ਹੁੰਦਾ।'
ਹੁਣ ਦੱਸੋ... ਜੱਜ ਮਹੇਸ਼ ਸ਼ਰਮਾ ਨੇ 'ਮੋਰ' ਬਾਰੇ ਜਿਹੜਾ ਅਜੀਬ ਜਿਹਾ ਭੇਦ ਖੋਲ੍ਹਿਆ ਹੈ ਕਿ ਉਹ ਬ੍ਰਹਮਚਾਰੀ ਹੈ ਪਰ ਉਹਦੇ ਅੱਖਾਂ ਦੇ ਅੱਥਰੂ ਮੋਰਨੀ ਚੁਗ ਕੇ ਮੋਰ ਬੰਸਾਵਲੀ ਅੱਗੇ ਵਧਾਉਣ ਲਈ ਜਨਣੀ ਬਣ ਜਾਂਦੀ ਹੈ।
ਮੇਰੀ ਆਸਥਾ ਚੰਗੀ, ਤੇਰੀ ਆਸਥਾ ਮੰਦੀ। ਆਪਣੀ 'ਆਸਥਾ' 'ਤੇ ਪਹਿਰਾ ਦਿਓ ਪਰ ਸੜਕਾਂ 'ਤੇ ਆ ਕੇ ਨਹੀਂ। ਖਾਓ, ਪਕਾਓ, ਆਪਣੀ ਰਸੋਈ 'ਚ ਜੋ ਆਸਥਾ ਨਾਲ ਖਾਂਦੇ ਹੋ, ਦੂਜੇ ਦੀ ਆਸਥਾ ਦਾ ਮਜ਼ਾਕ ਨਾ ਉਡਾਓ, ਜਾਨਵਰ ਹੀ ਹਲਾਲ ਹੋਣਗੇ ਜਾਂ ਝਟਕਾਏ ਜਾਣਗੇ... ਇਸ ਲਈ ਇਕੋ-ਇਕ ਸਲਾਹ ਹੈ ਸਭਨਾਂ ਨੂੰ... 'ਮਾਸ ਮਾਸ ਕਰ ਮੂਰਖ ਝਗੜੇ।'

ਮਿੰਨੀ ਕਹਾਣੀਆਂ

ਫ਼ਖ਼ਰ
ਪਰਸੋਂ ਨੂੰ ਜਗੀਰ ਕੌਰ ਦੀ ਧੀ ਸੁੱਖੋ ਦੀ ਨਣਦ ਦਾ ਵਿਆਹ ਸੀ ਤੇ ਜਗੀਰ ਕੌਰ ਦੇ ਪੁੱਤ ਗੁਰਦੇਵ ਨੇ ਅੱਜ ਸਵੇਰੇ ਹੀ ਉਸ ਨੂੰ ਸੁਣਾ ਦਿੱਤਾ ਸੀ, 'ਸਾਥੋਂ ਨਹੀਂ ਹੁਣ ਹੋਰ ਖਰਚੇ ਕਰ ਹੁੰਦੇ... ਜਿੰਨਾ ਕੁ ਨਿਭਾਅ ਸਕਦੇ ਸੀ, ਨਿਭਾਅ ਦਿੱਤਾ...ਸੁੱਖੋ ਦੇ ਵਿਆਹ 'ਤੇ ਪੰਜਾਹ ਹਜ਼ਾਰ ਖਰਚ ਦਿੱਤਾ ਸੀ, ਹੁਣ ਸਾਥੋਂ ਹੋਰ ਨੀ ਪੁੱਗਦਾ... ਤੂੰ ਆਪ ਹੀ ਕਰ ਲੈ ਕੋਈ ਬੰਦੋਬਸਤ...।'
ਜਗੀਰ ਕੌਰ ਦਾ ਪੁੱਤਰ ਬਿਜਲੀ ਵਿਭਾਗ ਵਿਚ ਅਫਸਰ ਸੀ ਤੇ ਨੂੰਹ ਸਰਕਾਰੀ ਅਧਿਆਪਕ ਸੀ। ਆਪਣੇ 'ਤੇ ਉਹ ਹਜ਼ਾਰਾਂ ਰੁਪਏ ਹਰ ਮਹੀਨੇ ਖਰਚ ਕਰ ਦਿੰਦੇ ਸਨ ਪਰ ਤਿੰਨ ਸਾਲ ਪਹਿਲਾਂ ਸੁੱਖੋ ਦੇ ਵਿਆਹ 'ਤੇ ਆਪਣੇ ਕੋਲੋਂ ਖਰਚੇ ਪੰਜਾਹ ਹਜ਼ਾਰ ਰੁਪਿਆਂ ਬਾਰੇ ਉਸ ਨੇ ਹੁਣ ਤੱਕ ਕਈ ਵਾਰ ਜਗੀਰ ਕੌਰ ਨੂੰ ਸੁਣਾ ਦਿੱਤਾ ਸੀ। ਜਗੀਰ ਕੌਰ ਡਾਢ੍ਹੀ ਪ੍ਰੇਸ਼ਾਨ ਸੀ। ਧੀ ਦੇ ਸਹੁਰਿਆਂ ਵਿਚ ਪਹਿਲਾ ਵਿਆਹ ਸੀ ਤੇ ਨੂੰਹ-ਪੁੱਤ ਨੇ ਕੋਈ ਵੀ ਪੈਸਾ-ਧੇਲਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤਾ ਸੀ। ਸਿਰ 'ਤੇ ਪਤੀ ਦਾ ਸਾਇਆ ਨਹੀਂ ਸੀ ਤੇ ਹੁਣ ਨੂੰਹ-ਪੁੱਤ ਨੇ ਵੀ ਹੱਥ ਪਿਛਾਂਹ ਖਿੱਚ ਲਿਆ ਸੀ।
ਦੁਪਹਿਰ ਵੇਲੇ ਅਚਾਨਕ ਹੀ ਕੁੰਡਾ ਖੜਕਿਆ ਤੇ ਜਗੀਰ ਕੌਰ ਦੀ ਧੀ ਸੁੱਖੋ ਆ ਗਈ। ਚਾਹ ਦਾ ਘੁੱਟ ਪੀ ਕੇ ਸੁੱਖੋ ਨੇ ਦਸ ਹਜ਼ਾਰ ਰੁਪਏ, ਚਾਰ ਸੂਟ ਤੇ ਸੋਨੇ ਦੀ ਇਕ ਚੈਨੀ ਜਗੀਰ ਕੌਰ ਦੇ ਹੱਥ 'ਤੇ ਧਰ ਦਿੱਤੇ ਤੇ ਬੋਲੀ... ਮਾਂ... ਮੈਨੂੰ ਪਤੈ ਵੀਰ ਤੇ ਭਾਬੀ ਸਾਡੇ ਘਰ ਦਾ ਖਰਚਾ ਚਲਾਉਂਦੇ ਨੇ, ਰਿਸ਼ਤੇਦਾਰੀਆਂ ਭੁਗਤਾਉਂਦੇ ਨੇ... ਹੋ ਸਕਦੈ ਕਿਸੇ ਵੇਲੇ ਪੈਸੇ-ਧੇਲੇ ਦੀ ਤੰਗੀ ਆ ਜਾਵੇ... ਮੈਂ ਇਹ ਸਾਰਾ ਕੁਝ ਆਪੇ ਬਣਾ ਲਿਆਈ ਹਾਂ... ਤੂੰ ਵੀਰ ਤੇ ਭਾਬੀ ਨੂੰ ਲੈ ਕੇ ਵਿਆਹ 'ਤੇ ਆਵੀਂ ਤੇ ਆਪਣੀ ਤਰਫ਼ੋਂ ਇਹ ਸਾਰਾ ਕੁਝ ਮੇਰੀ ਸੱਸ ਨੂੰ ਦੇ ਦੇਈਂ...।'
ਅੱਖਾਂ 'ਚ ਆਏ ਹੰਝੂਆਂ ਨੂੰ ਮਸਾਂ ਕਾਬੂ ਕਰਕੇ ਜਗੀਰ ਕੌਰ ਨੇ ਸੁੱਖੋ ਦਾ ਹੱਥ ਫੜਿਆ ਤੇ ਬੋਲੀ, 'ਧੀਏ... ਆਹ ਤੂੰ ਕੀ ਕੀਤੈ... ਅਸਾਂ ਤੈਨੂੰ ਦੇਣੈ ਕਿ ਤੈਥੋਂ ਲੈਣੈ?... ਧੀਏ ਤੂੰ ਫਿਕਰ ਨਾ ਕਰ... ਅਸੀਂ ਕੋਈ ਨਾ ਕੋਈ ਬੰਦੋਬਸਤ ਜ਼ਰੂਰ ਕਰ ਲਵਾਂਗੇ...।'
'... ਨਹੀਂ ਮਾਂ, ਤੁਸੀਂ ਇਹ ਸਾਰਾ ਕੁਝ ਵਿਆਹ ਵਾਲੇ ਦਿਨ ਲਈ ਆਇਓ, ਮੈਂ ਵੀਰੇ ਦਾ ਬੋਝ ਵੰਢਾਉਣੈ... ਉਸ 'ਤੇ ਬੋਝ ਨਹੀਂ ਬਣਨਾ...', ਐਨਾ ਆਖ ਕੇ ਸੁੱਖੋ ਨੇ ਚਾਹ ਦਾ ਕੱਪ ਮੇਜ਼ 'ਤੇ ਰੱਖਿਆ ਤੇ ਛੇਤੀ ਨਾਲ ਸਹੁਰਿਆਂ ਦੇ ਘਰ ਨੂੰ ਵਾਪਸ ਮੁੜ ਗਈ।
ਜਗੀਰ ਕੌਰ ਨੂੰ ਅੱਜ ਅਹਿਸਾਸ ਹੋ ਗਿਆ ਸੀ ਕਿ ਧੀਆਂ ਮਾਪਿਆਂ 'ਤੇ ਬੋਝ ਨਹੀਂ ਹੁੰਦੀਆਂ ਸਗੋਂ ਮਾਪਿਆਂ ਤੇ ਵੀਰਾਂ ਦਾ ਬੋਝ ਵੰਡਾਉਂਦੀਆਂ ਹਨ। ਉਸ ਦਾ ਨੂੰਹ-ਪੁੱਤ ਜਿਥੇ ਅੱਜ ਸਿਰ ਝੁਕਾਈ ਖੜ੍ਹੇ ਸਨ, ਉਥੇ ਹੀ ਧੀ ਦੇ ਕਰਕੇ ਜਗੀਰ ਕੌਰ ਅੱਜ ਫ਼ਖਰ ਨਾਲ ਸਿਰ ਉੱਚਾ ਕਰਕੇ ਖੜ੍ਹੀ ਸੀ।

-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : 97816-46008.

ਵੱਡੀ ਜੰਗ
ਔਰਤਾਂ ਨੇ ਮਟਕਾ ਭੰਨ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਨੂੰ ਯਾਦ ਕਰਵਾ ਦਿੱਤਾ ਸੀ ਕਿ ਉਹ ਪੀਣ ਦੇ ਪਾਣੀ ਲਈ ਕਿੰਨੇ ਤੰਗ ਹਨ। ਟੀ.ਵੀ. ਚੈਨਲ ਵਾਲਿਆਂ ਨੇ ਮੁਹੱਲੇ ਦੀਆਂ ਸਾਰੀਆਂ ਔਰਤਾਂ ਨੂੰ ਲਾਈਨ ਵਿਚ ਸਿਰ 'ਤੇ ਘੜਾ ਰੱਖ ਕੇ ਲੈ ਕੇ ਆਉਣ ਅਤੇ ਘੜੇ ਭੰਨਦਿਆਂ ਸਿਆਪਾ ਕਰਨ ਲਈ ਮਨਾ ਲਿਆ ਸੀ।
'ਇਹ ਕੀ ਪਾਖੰਡ ਐ, ਅਸੀਂ ਨਹੀਂ ਇਸ ਤਰ੍ਹਾਂ ਹੋਣ ਦੇਣਾ', ਸਰਪੰਚਣੀ ਆਪਣੀਆਂ ਗੁਆਂਢਣਾਂ ਨੂੰ ਕਹਿ ਰਹੀ ਸੀ।
'ਪਾਖੰਡ ਕੀ ਐ, ਇਹ ਸੱਚ ਐ, ਘਰਾਂ 'ਚ ਤਾਂ ਬੰਦਿਆਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ, ਡੰਗਰਾਂ ਨੂੰ ਕਿੱਥੋਂ ਮਿਲੂ', ਨਸੀਬੋ ਨੇ ਮਨ ਦੀ ਭੜਾਸ ਕੱਢੀ।
'ਹਰ ਗਲੀ 'ਚ ਤਾਂ ਟੂਟੀ ਲਗਵਾ ਦਿੱਤੀ, ਏਦੂੰ ਜ਼ਿਆਦਾ ਹੋਰ ਕੀ ਕਰਵਾਉਂਦੇ ਸਰਪੰਚ ਥੋਡੇ ਵਾਸਤੇ। ਔਖੇ-ਸੌਖੇ ਨਲਕਿਆਂ ਦਾ ਬੰਨ ਸ਼ੁਭ ਕਰ ਲੋ ਕੋਈ', ਸਰਪੰਚਣੀ ਨੇ ਦਲੀਲ ਦਿੱਤੀ।
'ਨਲਕੇ ਤਾਂ ਸਾਰੇ ਖੜ੍ਹ ਗਏ, ਧਰਤੀ ਦਾ ਸਾਰਾ ਪਾਣੀ ਚੂਸ ਲਿਆ ਥੋਡੇ ਵਰਗੇ ਲੋਕਾਂ ਨੇ, ਹੁਣ ਪਾਣੀ ਤਾਂ ਪਾਤਾਲ 'ਚੋਂ ਵੀ ਨਹੀਂ ਲਭਦਾ। ਤੁਸੀਂ ਤਾਂ ਮੱਛੀ ਆਲਾ ਵੱਡਾ ਬੋਰ ਕਰਵਾ ਰੱਖਿਐ। ਪੈਸੇ ਆਲਿਆਂ ਨੂੰ ਕੀ ਪਤਾ ਪਾਣੀ ਦੀ ਤੰਗੀ ਦਾ', ਸੰਤੀ ਦਾ ਗਲੇਡੂ ਭਰ ਆਇਆ।
'ਇਨ੍ਹਾਂ ਦੀਆਂ ਲੇਲ੍ਹੜੀਆਂ ਕੱਢਣ ਦੀ ਕੀ ਲੋੜ ਐ, ਨ੍ਹੀਂ ਏਧਰ ਆ ਜੋ, ਸੜਕ 'ਤੇ ਜਾਮ ਲਾਉਣਾ ਪਊ', ਕੈਮਰੇ ਅੱਗੇ ਰੋਹਬ ਨਾਲ ਬੋਲਦਿਆਂ ਵਿਰੋਧੀ ਪਾਰਟੀ ਦੀ ਨੇਤਾ ਨੇ ਕਿਹਾ।
ਪੱਤਰਕਾਰ ਨੇ ਔਰਤਾਂ ਦੇ ਸਿਆਪਾ ਕਰਨ, ਘੜੇ ਭੰਨਣ ਤੇ ਨਾਅਰੇਬਾਜ਼ੀ ਕਰਨ ਦੇ ਕਲੋਜਅੱਪ ਕਰਕੇ ਵੱਖਰੇ-ਵੱਖਰੇ ਸ਼ਾਟ ਲੈ ਰਹੇ ਸਨ। ਨੇੜੇ ਹੀ ਲੱਗੀ ਟੂਟੀ ਵਿਚ ਥੋੜ੍ਹਾ-ਥੋੜ੍ਹਾ ਪਾਣੀ ਆਉਣ ਲੱਗਾ ਤਾਂ ਔਰਤਾਂ ਆਪਣੇ ਘਰਾਂ ਵੱਲ ਭੱਜ ਪਈਆਂ। ਦੇਖਦੇ ਹੀ ਦੇਖਦੇ ਟੂਟੀ 'ਤੇ ਲੰਮੀ ਲਾਈਨ ਲੱਗ ਗਈ। ਨਸੀਬੋ ਨੇ ਆਪਣੀ ਵਾਰੀ ਪਹਿਲਾਂ ਹੋਣ ਦਾ ਦਾਅਵਾ ਕਰਦਿਆਂ ਕਰਤਾਰੋ ਦਾ ਘੜਾ ਇਕ ਪਾਸੇ ਕਰ ਦਿੱਤਾ। ਔਰਤਾਂ ਦੀ ਆਪਸੀ ਲੜਾਈ ਨੂੰ ਗੰਭੀਰ ਹੁੰਦਿਆਂ ਦੇਖ ਪੱਤਰਕਾਰ ਆਪਣੀ ਟੀਮ ਨੂੰ ਲੈ ਕੇ ਜਾ ਚੁੱਕਿਆ ਸੀ। ਲਾਈਨ ਹੋਰ ਲੰਮੀ ਹੋ ਗਈ। ਪੀਣ ਦੇ ਪਾਣੀ ਲਈ ਨਸੀਬੋ ਤੇ ਕਰਤਾਰੋ ਦੀ ਹੋਈ ਲੜਾਈ ਦੇ ਸਮਝੌਤੇ ਲਈ ਪੰਚਾਇਤ ਜੁੜ ਗਈ ਸੀ।

-ਡਾ: ਨਾਇਬ ਸਿੰਘ ਮੰਡੇਰ
ਸਤਨਾਮ ਭਵਨ, ਮੇਨ ਬਾਜ਼ਾਰ, ਰਤੀਆ-125051. (ਹਰਿਆਣਾ)।
ਮੋਬਾਈਲ : 094162-84153

ਕਹਾਣੀ ਹਨੇਰੇ 'ਚ ਰੌਸ਼ਨ ਮੁਸਕਾਨ

ਸੁਬਹ ਦੇ ਪੰਜ ਵੱਜੇ ਸਨ। ਲਾਗਲੇ ਖੇਤਾਂ 'ਚ ਜਵਾਨੀ ਤਿੱਤਰ 'ਜਵਾਨ ਤੇਰੀ ਕੁਦਰਤ' ਬੋਲ ਸੰਗੀਤਮਈ ਆਵਾਜ਼ ਰਾਹੀਂ ਕੁਦਰਤ ਦਾ ਰਿਣ ਉਤਾਰ ਰਿਹਾ ਸੀ। ਧੀਰੂ ਕੀ ਰਾਤ ਦੀ ਸੁੱਟੀ ਬੇਹੀ ਰੋਟੀ ਦੇ ਟੁਕੜੇ ਪਿੱਛੇ ਦੋ ਪੋ ਖਾਧੇ ਆਵਾਰਾ ਕੁੱਤੇ ਆਪਸ ਵਿਚ ਬਦਖੋਹੀ ਕਰਦੇ ਆਪਣੀ ਉਮਰ ਭੋਗ ਚੁੱਕੇ ਕੈਲੂ ਕੇ ਤਖਤਿਆਂ ਵਿਚ ਆ ਵੱਜੇ ਸੀ। ਕੈਲੂ ਨੇ ਚਾਹ ਬਣਾਉਣ ਲਈ ਪਤੀਲੀ ਚੁੱਲ੍ਹੇ ਧਰ ਫੂਕ ਮਾਰਦਿਆਂ ਹੀ ਕੋਰੜਾ ਛੰਦ ਪੜ੍ਹਦਿਆਂ ਕਿਹਾ, 'ਸਾਲੀ ਇਹ ਵੀ ਕੋਈ ਜੂਨ ਐ ਇਹਦੇ ਨਾਲੋਂ ਬੰਦਾ ਛੜਾ ਚੰਗਾ ਜੇ ਵਿਆਹ ਕਰਾ ਕੇ ਵੀ ਮੱਥਾ ਚੁੱਲ੍ਹੇ 'ਚ ਹੀ ਫੂਕਣਾ ਹੈ।' ਕਈ ਸਾਲਾਂ ਤੋਂ ਉਹਦੇ ਘਰ ਵਾਲੀ ਕੇਸਰੋ ਕਿਸੇ ਗੰਭੀਰ ਬਿਮਾਰੀ ਦੇ ਕਾਰਨ ਮੰਜੇ ਨਾਲ ਮੰਜਾ ਹੋਈ ਪਈ ਸੀ। ਨਿਆਣੀ ਟੱਬਰੀ, ਅੱਤ ਦੀ ਮਹਿੰਗਾਈ, ਘਰ ਦੀ ਖਸਤਾ ਹਾਲਤ ਨੇ ਉਹਨੂੰ ਵਾਹਣੀ ਪਾਇਆ ਹੋਇਆ ਸੀ। ਉਹ ਇਸ ਵਿਚੋਂ ਨਿਕਲਣ ਦਾ ਵਾਰ-ਵਾਰ ਯਤਨ ਕਰਦਾ ਪਰ ਉਸ ਦੀ ਹਾਲਤ ਪਾਣੀ ਵਿਚ ਤੈਰਦੇ ਹੋਏ ਕੀੜੇ ਵਾਲੀ ਬਣੀ ਹੋਈ ਸੀ। ਪਿੰਡ ਦੇ ਲੋਕਾਂ ਦੇ ਮੂੰਹੋਂ-ਮੂੰਹੀਂ ਗੱਲਾਂ ਸਨ ਕਿ ਕੈਲੂ ਦੀ ਘਰ ਵਾਲੀ ਕੇਸਰੋ ਨੂੰ ਕਿਸੇ ਜਿੰਨ ਦਾ ਸਾਇਆ ਹੈ। ਇਹ ਗੱਲ ਹੌਲੀ-ਹੌਲੀ ਚਰੌਖਣੀ ਦੱਬੀ ਅੱਗ ਵਾਂਗ ਪਿੰਡ ਦੇ ਬਨ੍ਹੇਰਿਆਂ ਤੱਕ ਫੈਲ ਗਈ ਸੀ।
ਕੇਸਰੋ ਜਦ ਪਿੰਡ ਨਵੀਂ-ਨਵੀਂ ਵਿਆਹੀ ਆਈ ਸੀ ਤਾਂ ਉਸ ਦੇ ਸੁਹੱਪਣ ਦੀ ਗੱਲ ਪਿੰਡ ਦੀ ਖੁੰਡ ਚਰਚਾ ਬਣੀ ਸੀ। ਪੌਣਾਂ ਉਸ ਦੇ ਹੁਸਨ ਨਾਲ ਨਸ਼ਿਆ ਗਈਆਂ ਸੀ, ਹਰ ਕੋਈ ਉਸ ਦੇ ਦਰਸ਼ਨ ਦੀਦਾਰੇ ਦਾ ਅਭਿਲਾਖੀ ਸੀ। ਉਸ ਦੀ ਮਸਤਾਨੀ ਤੋਰ ਨੂੰ ਦੇਖ ਪੰਛੀ ਰਾਹ ਭੁੱਲ-ਭੁੱਲ ਜਾਂਦੇ। ਮਤਾਬੀ ਡੱਬੀ ਦੀ ਲਾਟ ਵਰਗੀ ਕੇਸਰੋ ਨੂੰ ਦੇਖ ਲੋਕੀਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ। ਕੋਈ ਆਖਦਾ ਕਿਥੇ ਢੋਡਰ ਕਾਂ ਤੇ ਕਿਥੇ ਸਾਇਬੇਰੀਅਨ ਪਹਾੜਾਂ ਦੀ ਕੂੰਜ। ਇਹ ਗੱਲ ਤਾਂ ਪਿੰਡਾਂ ਵਿਚ ਆਮ ਹੀ ਹੁੰਦੀ ਹੈ। ਲੋਕ ਕਿਸੇ ਕੋਲ ਨਾ ਚੰਗਾ ਡੰਗਰ ਜਰਨ, ਨਾ ਹੀ ਕੋਈ ਕੇਸਰੋ ਵਰਗੀ ਸਪਾਤਰ ਔਰਤ ਨੂੰ। ਹਰ ਕੋਈ ਆਪਣੇ ਕੋਲ ਸਭ ਕੁਝ ਚਾਹੁੰਦਾ ਹੈ। ਇਥੇ ਹੈ ਤਾਂ ਸਭ ਕੁਝ ਪਰ ਮਿਲਦਾ ਵਿਰਲਿਆਂ ਨੂੰ ਹੀ ਹੈ, ਇਹ ਕੁਦਰਤ ਦਾ ਦਸਤੂਰ ਹੈ। ਕੈਲੂ ਕੰਮ ਨੂੰ ਹੀ ਪੂਜਾ ਸਮਝਣ ਵਾਲਾ ਸਿੱਧਾ ਪੱਧਰਾ ਬੰਦਾ ਸੀ। ਉਹ ਭਾਵੇਂ ਕੁਝ ਅੱਖਰਾਂ ਤੋਂ ਜਾਣੂ ਸੀ ਪਰ ਉਸ ਦੀ ਬੋਲਚਾਲ ਤੇ ਸਾਧਾਂ ਵਰਗੀ ਨਿਮਰਤਾ ਉਸ ਦੇ ਵਿਰਾਸਤੀ ਗੁਣ ਉਸ ਨੂੰ ਪੜ੍ਹੇ-ਲਿਖੇ ਇਨਸਾਨਾਂ ਤੋਂ ਵੱਧ ਹੋ ਨਿਬੜਦੇ। ਘਰ 'ਚ ਜਹਿਮਤ, ਗਰੀਬੀ, ਮਹਿੰਗਾਈ ਅਤੇ ਕੰਗਾਲੀ ਇਕੱਠੇ ਆ ਜਾਣ ਤਾਂ ਚੰਗਾ ਭਲਾ ਬੰਦਾ ਡੋਲ ਜਾਂਦਾ ਹੈ। ਕੇਸਰੋ ਦੀ ਬਿਮਾਰੀ ਦੇ ਕਾਰਨ ਉਸ ਨੇ ਛੇਵੀਂ ਕਲਾਸ ਵਿਚ ਪੜ੍ਹਦੀ ਆਪਣੀ ਧੀ ਅਨਮੋਲ ਪੜ੍ਹਨੋਂ ਹਟਾ, ਘਰੇਲੂ ਕੰਮ ਵਿਚ ਹੀ ਆਪਣੀ ਬਦਕਿਸਮਤੀ ਦੇ ਦਿਨ ਗਿਣਨ ਲਾ ਦਿੱਤੀ ਸੀ। ਉਸ ਦੀ ਨਿਆਣੀ ਮੱਤ ਕੁਰਲਾ-ਕੁਰਲਾ ਕੇ ਉਸ ਰਚਣਹਾਰੇ ਨੂੰ ਉਲਾਂਭੇ ਦੇ ਰਹੀ ਸੀ। ਵਰ੍ਹਮੀ ਦੇ ਨਾਗ ਵਾਂਗ ਫੂੰਕਾਰੇ ਮਾਰਦੀ ਮਹਿੰਗਾਈ ਦੇ ਯੁੱਗ ਵਿਚ ਆਮਦਨੀ ਨਾਲੋਂ ਵੱਧ ਖਰਚਾ ਡਰੰਮ 'ਚ ਚਵਾਨੀ ਸਿੱਟਣ ਵਾਂਗ ਹੈ।
ਘਰ 'ਚ ਰੱਖੀ ਭੁੱਖੀ ਕੱਟੀ ਲਈ ਥੱਬਾ ਕੱਖਾਂ ਦਾ ਲੈਣ ਜਾ ਰਹੇ ਕੈਲੂ ਨੇ ਘੋਲੂ ਕੇ ਵਿਆਹ 'ਚ ਵੱਡੇ ਪੰਡਾਲ ਵਿਚ ਲਾਏ ਸ਼ਮਿਆਨੇ ਵਿਚ ਦੇਖਿਆ। ਰੁਲਦੂ ਕਾਣਾ ਆਪਣੀ ਧੀ ਦੀ ਉਮਰ ਦੀ ਜਵਾਨ ਆਰਕੈਸਟਰਾ ਵਾਲੀ ਕੁੜੀ ਤੋਂ ਦੀ ਪੈਸੇ ਸੁੱਟਦਾ ਗਲ ਤੱਕ ਦਾਰੂ ਨਾਲ ਰੱਜਿਆ ਬਹੁਤਾ ਬੁਰਾ ਲੱਗਿਆ ਸੀ। ਉਸ ਦੀ ਸੋਚ ਸੀ ਕਿ ਇਹ ਪੈਸੇ ਲੋੜਵੰਦਾਂ ਨੂੰ ਵੀ ਤਾਂ ਦਿੱਤੇ ਜਾ ਸਕਦੇ ਨੇ, ਪਰ ਇਥੇ ਲੋੜਵੰਦਾਂ ਦੇ ਨਾਂਅ ਨੂੰ ਤਾਂ ਹਾੜ੍ਹ ਬੋਲਦਾ ਹੈ। ਉਂਜ ਵੀ ਇਥੇ ਡਿਗਦੇ ਨੂੰ ਕੋਈ ਨਹੀਂ ਉਠਾਉਂਦਾ ਸਗੋਂ ਲੋਕ ਚਿਟਕਾਰੇ ਲੈ ਕੇ ਗੱਲਾਂ ਕਰਦੇ ਨੇ ਪਰ ਜੋ ਉਠ ਖਲੋਏ ਉਹ ਸ਼ਾਹ ਅਸਵਾਰ ਅਖਵਾਉਂਦਾ ਹੈ। ਹਾਲੇ ਪਰਸੋਂ ਦੀ ਗੱਲ ਹੈ। ਘੋਚੀ ਬਿੱਲੇ ਕਾ ਡੌਲੀ ਚਿੱਟੇ ਦਾ ਸ਼ਿਕਾਰ ਹੋ ਗਿਆ। ਰਾਤ ਨੂੰ ਉਸ ਦਾ ਮੂੰਹ ਅੱਡਿਆ ਹੀ ਰਹਿ ਗਿਆ। ਘਰਦਿਆਂ ਨੇ ਸਮਝਿਆ ਕਿ ਅਧਰੰਗ ਦਾ ਅਟੈਕ ਹੈ ਪਰ ਜਦੋਂ ਖੂਨ ਦੀ ਉਲਟੀ ਜਿਹੀ ਆਈ ਤਾਂ ਸਮਝ ਪਈ ਕਿ ਇਹ ਤਾਂ ਚਿੱਟੇ ਦੇ ਸਮੁੰਦਰ ਵਿਚ ਡੁੱਬ ਗਿਆ। ਪਿੰਡ ਵਿਚ ਨੌਜਵਾਨ ਦਾ ਬਲਦਾ ਸਿਵਾ ਦੇਖ ਚੁੱਲ੍ਹੇ ਠੰਢੇ ਹੋ ਗਏ ਸੀ। ਲੋੜ ਤੋਂ ਵੱਧ ਪੈਸਾ ਵੀ ਇਨਸਾਨ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਕੈਲੂ ਇਹ ਸਭ ਸੋਚਦਾ ਬਦਹਵਾਸ ਹੋ ਗਿਆ ਸੀ। ਘਰ ਦੀਆਂ ਰੇਹ ਖਾਧੀਆਂ ਕੰਧਾਂ ਉਹਦੀ ਝੋਰਿਆਂ ਲੱਦੀ ਦੇਹ ਨੂੰ ਖਾਣ ਆਉਂਦੀਆਂ। ਆਖਿਰ ਕਦੋਂ ਖਤਮ ਹੋਵੇਗਾ ਗਰੀਬੀ ਅਮੀਰੀ ਦਾ ਇਹ ਨੰਗਾ ਨਾਚ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੇਹ ਰਲੇ ਅਨਾਜਾਂ ਨਾਲ ਬੋਏ ਹੋਏ ਸਰੀਰ ਉਪਰੋਂ ਮਹਿੰਗੇ ਇਲਾਜਾਂ ਨੇ ਗ਼ਰੀਬ ਲੋਕਾਂ ਨੂੰ ਫਸਲੀ ਵਾਢਾ ਪਾਇਆ ਹੋਇਆ ਹੈ। ਕੈਲੂ ਨੂੰ ਆਉਣ ਵਾਲਾ ਸਮਾਂ ਧੁੰਦਲਾ ਦਿਖਾਈ ਦਿੱਤਾ। ਜਵਾਨੀ ਵੇਲੇ ਉਸ ਦੇ ਬਹੁਤ ਯਾਰ-ਮਿੱਤਰ ਸੀ ਜੋ ਹੁਣ ਆਰਥਿਕ ਪੱਖ ਤੋਂ ਠੀਕ ਸਨ ਪਰ ਔਖੇ ਵੇਲੇ ਸਭ ਸਾਥ ਛੱਡ ਜਾਂਦੇ ਨੇ, ਕੈਲੂ ਵਰਗੇ ਮਾੜੇ ਬੰਦੇ ਨੂੰ ਕੋਈ ਫੋਨ 'ਤੇ ਵੀ ਹੈਲੋ ਕਹਿਣ ਨੂੰ ਵੀ ਤਿਆਰ ਨਹੀਂ। ਉਸ ਨੇ ਆਪਣੇ ਸਰੀਰ ਦੀ ਸਾਰੀ ਸ਼ਕਤੀ ਇਕੱਠੀ ਕਰ ਕਈ ਭੰਨ ਤੋੜ ਕੀਤੇ ਪਰ ਮੁਸੀਬਤ ਇਕ ਅਜਿਹੀ ਕਸਵੱਟੀ ਹੈ, ਜਿਸ 'ਤੇ ਖਰੇ-ਖੋਟੇ ਸਭ ਦੀ ਪਰਖ ਹੋ ਜਾਂਦੀ ਹੈ। ਆਪਣੀ ਘਰ ਵਾਲੀ ਦੀ ਬਿਮਾਰੀ ਕਾਰਨ ਉਸ ਦੀ ਬੁੱਧ ਹੀ ਤਾਂ ਖੋ ਗਈ ਸੀ। ਉਹਦੇ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਚਿਹਰਾ ਜਰਦ ਹੋ ਗਿਆ ਸੀ। ਉਹਨੂੰ ਆਪਣੇ ਕਾਲੇ ਦਿਨਾਂ 'ਚੋਂ ਰੋਸ਼ਨ ਪਰਛਾਵੇਂ ਲੱਭਣਾ ਮੁਹਾਲ ਹੋ ਗਿਆ।
ਕੱਤਕ ਦਾ ਮਹੀਨਾ ਲਗਪਗ ਅੱਧਾ ਬੀਤ ਚੁੱਕਾ ਸੀ। ਲੋਕ ਕਣਕਾਂ ਬੀਜ ਵਿਹਲੇ ਹੋ ਗਏ ਸੀ। ਆਪਣੇ ਖੇਤਾਂ ਵਿਚੋਂ ਅਵਾਰਾ ਮਵੇਸ਼ੀਆਂ ਨੂੰ ਮੋੜਨ ਆਏ ਗਾਮੇ ਨੇ ਕੈਲੂ ਨੂੰ ਪੁੱਛਿਆ, 'ਕਿਉਂ ਠੀਕ ਆ ਹੁਣ ਚਾਚੀ, ਚਾਚਾ।' ਤਾਂ ਕੈਲੂ ਨੇ ਨਮੋਸ਼ੀ ਭਰਿਆ ਜਵਾਬ ਦਿੱਤਾ, 'ਕਾਹਨੂੰ ਯਾਰ ਉਵੇਂ ਹੀ ਏ ਹਾਲੇ।' ਕੈਲੂ ਨੂੰ ਪ੍ਰਤੀ ਘਰ ਇਕੱਠੀ ਕਰਕੇ ਦਿੱਤੀ ਬਾਛ ਵੀ ਹਸਪਤਾਲ ਦੀ ਪਹਿਲੀ ਦਹਿਲੀਜ਼ 'ਤੇ ਹੀ ਚੌਲਾਂ ਦੇ ਫੂਸ ਵਾਂਗ ਉੱਡ ਗਈ ਸੀ। ਚੜ੍ਹਦੇ ਸਿਆਲ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਲਾਗਲੇ ਪਿੰਡ ਦਾ ਸਰਪੰਚ ਜ਼ੋਰਾ ਸਿਹੁੰ ਵੀ ਕੈਨੇਡਾ ਤੋਂ ਪਿੰਡ ਆਇਆ ਹੋਇਆ ਸੀ। ਉਹ ਆਪਣੇ ਨੇਕ ਸੁਭਾਅ, ਗਰੀਬਾਂ, ਮਜਲੂਮਾਂ ਦੀ ਮਦਦ ਲਈ ਮੰਨਿਆ ਹੋਇਆ ਬੰਦਾ ਸੀ। ਸਰਦ ਰੁੱਤ ਵਿਚ ਉਹ ਲੋੜਵੰਦ ਲੜਕੀਆਂ ਦੇ ਵਿਆਹ ਕਰਦਾ, ਗਰੀਬ ਬਜ਼ੁਰਗਾਂ ਨੂੰ ਮੋਟੇ ਕੁੜਤੇ-ਪਜਾਮੇ ਸਵਾ ਕੇ ਵੰਡਦਾ। ਪੱਟੜੀ ਫੇਰ ਪਿੰਡਾਂ ਵਿਚ ਵੀ ਉਸ ਦੇ ਚਰਚੇ ਸਨ। ਆਪਣੀ ਸਰਪੰਚੀ ਦੇ ਟਾਈਮ ਉਸ ਨੇ ਪਿੰਡ ਨੂੰ ਸਵਰਗ ਹੀ ਤਾਂ ਬਣਾ ਦਿੱਤਾ ਸੀ। ਉਸ ਦੀ ਸੋਚ ਸੀ ਕਿ ਉਸ ਦਾ ਕੁਝ ਪੈਸਾ ਲੋੜਵੰਦ ਦੁਖੀਆਂ ਲਾਚਾਰਾਂ ਦੇ ਕੰਮ ਆਵੇ। ਉਹ ਵਾਧੂ ਪੈਸੇ ਨੂੰ ਆਪਣੀ ਜ਼ਿਹਨੀ ਅਯਾਸ਼ ਲਈ ਨਹੀਂ ਸੀ ਵਰਤਣਾ ਚਾਹੁੰਦਾ। ਉਹ ਆਪਣੀ ਪੁਸ਼ਤਪਨਾਹੀ ਤੋਂ ਬਾਹਰ ਨਿਕਲ ਮਾਨਵਤਾ ਦੀ ਸੇਵਾ ਕਰਨ ਵਾਲਾ ਬੰਦਾ ਸੀ।
ਚੜ੍ਹਦੇ ਪੋਹ ਦਾ ਇਕ ਨਿੱਘਾ ਜਿਹਾ ਦਿਨ ਸੂਰਜ ਨੇ ਆਪਣੀਆਂ ਸੁਨਹਿਰੀ ਕਿਰਨਾਂ ਕੈਲੂ ਦੇ ਨਿੱਕੇ ਜਿਹੇ ਵਿਹੜੇ ਖਿਲਾਰ ਦਿੱਤੀਆਂ ਸੀ। ਕੈਲੂ ਦੇ ਪਿੰਡ ਤੋਂ ਚੇਤ ਨੰਬਰਦਾਰ ਵੀ ਆਪਣੇ ਤੂਤ ਦੇ ਮੋਛੇ ਵਰਗੇ ਯਾਰ ਜ਼ੋਰਾ ਸਿਹੁੰ ਨੂੰ ਮਿਲਣ ਉਹਦੇ ਪਿੰਡ ਅੱਪੜ ਗਿਆ ਸੀ। ਆਪਣੇ ਪੁਰਾਣੇ ਯਾਰ ਨੂੰ ਦੇਖ ਜ਼ੋਰਾ ਸਿਹੁੰ ਸੂਹੇ ਗੁਲਾਬ ਵਾਂਗ ਹੀ ਤਾਂ ਖਿੜ ਗਿਆ ਸੀ। ਉਸ ਦੇ ਘਰ ਦੇ ਵਿਸ਼ਾਲ ਵਿਹੜੇ ਵਿਚ ਬੈਠ ਉਹ ਢੇਰ ਗੱਲਾਂ ਕਰਦੇ ਰਹੇ, ਜਿਥੇ ਚੇਤ ਨੇ ਆਪਣੇ ਪਿੰਡ ਦੇ ਕੈਲੂ ਦੀ ਘਰਵਾਲੀ ਦੀ ਗੱਲ ਕੀਤੀ ਤਾਂ ਉਸ ਨੇ ਬੜੇ ਸਲੀਕੇ ਅਦਬ ਤੇ ਠਰੰਮੇ ਨਾਲ ਸੁਣੀ। ਅਗਲੇ ਹੀ ਦਿਨ ਉਹ ਚੇਤ ਨੂੰ ਲੈ ਕੇ ਕੈਲੂ ਦੇ ਘਰ ਪਹੁੰਚ ਉਹਦੀ ਘਰਵਾਲੀ ਕੇਸਰੋ ਨੂੰ ਸ਼ਹਿਰ ਦੇ ਵਧੀਆ ਹਸਪਤਾਲ ਇਲਾਜ ਕਰਵਾਉਣ ਲਈ ਆਪਣੀ ਦੁਧੀਆ ਰੰਗ ਦੀ ਗੱਡੀ ਵਿਚ ਬੈਠ ਰਵਾਨਾ ਹੋ ਗਏ। ਕੈਲੂ ਨੂੰ ਆਪਣੇ ਘਰਵਾਲੀ ਦੀ ਬਿਮਾਰੀ ਟੁਟਦੀ ਜਾਪੀ। ਉਸ ਨੂੰ ਸੱਚਮੁੱਚ ਹਨੇਰੇ 'ਚ ਰੌਸ਼ਨ ਮੁਸਕਾਨ ਦਿਖਾਈ ਦੇ ਰਹੀ ਸੀ। ਉਸ ਦੀਆਂ ਅੱਖਾਂ ਦੇ ਕੋਇਆਂ 'ਚੋਂ ਖੁਸ਼ੀ ਦੇ ਹੰਝੂ ਪਰਲ-ਪਰਲ ਵਹਿ ਰਹੇ ਸੀ। ਉਸ ਦੇ ਝੁਰੜੀਆਂ ਵਾਲੇ ਮੱਥੇ 'ਤੇ ਖੁਸ਼ੀ ਦਾ ਖੇੜਾ ਝਲਕ ਰਿਹਾ ਸੀ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮੋਬਈਲ : 98156-88236.


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX