ਤਾਜਾ ਖ਼ਬਰਾਂ


ਰੇਲਵੇ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਦੇਣ ਦਾ ਐਲਾਨ
. . .  0 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤੀ ਰੇਲਵੇ ਨੇ ਵਿਸ਼ਵ ਕੱਪ ਦੀ ਉਪ ਜੇਤੂ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਤੋਂ 1.30 ਕਰੋੜ ਰੁਪਏ ਦੇਣ ਦਾ ਐਲਾਨ...
ਵਿਜੀਲੈਂਸ ਵੱਲੋਂ ਹੌਲਦਾਰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  13 minutes ago
ਫ਼ਿਰੋਜ਼ਪੁਰ, 27 ਜੁਲਾਈ (ਤਪਿੰਦਰ ਸਿੰਘ) - ਵਿਜੀਲੈਂਸ ਬਿਓਰੋ ਨੇ ਥਾਣਾ ਲੱਖੋਂ ਕੇ ਬਹਿਰਾਮ 'ਚ ਤਾਇਨਾਤ ਇੱਕ ਹੌਲਦਾਰ ਜੀਤ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ...
ਭਾਰਤ-ਸ੍ਰੀਲੰਕਾ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ 154/5
. . .  28 minutes ago
ਗਾਲੇ, 27 ਜੁਲਾਈ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆ ਸਨ...
ਸੰਜੇ ਦੱਤ ਨੂੰ ਫਿਰ ਜੇਲ੍ਹ ਭੇਜਿਆ ਜਾ ਸਕਦੈ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਕ ਵਾਰ ਫਿਰ ਅਦਾਕਾਰ ਸੰਜੇ ਦੱਤ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਨੂੰ 1993 ਦੇ ਬੰਬ ਧਮਾਕੇ ਮਾਮਲੇ 'ਚ ਦਿੱਤੀ ਗਈ ਸਜ਼ਾ ਦੀ ਮਿਆਦ ਤੋਂ ਅੱਠ ਮਹੀਨੇ ਪਹਿਲਾ ਹੀ ਰਿਹਾਅ ਤੇ ਵੀ.ਆਈ.ਪੀ. ਸਹੂਲਤਾਂ...
ਈ.ਡੀ. ਨੇ ਲਾਲੂ ਯਾਦਵ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਕੀਤਾ ਦਰਜ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਨਫਾਰਸਮੈਂਟ ਡਾਇਰੈਕਟੋਰੇਟ ਨੇ ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ...
ਪੰਜ ਸਿੰਘ ਸਾਹਿਬਾਨ ਵੱਲੋਂ ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਰੱਦ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਟਲੀ ਦੀ ਇੱਕ ਕੰਪਨੀ ਵੱਲੋਂ ਸਿੱਖਾਂ ਦੇ ਧਾਰਨ ਕਰਨ ਲਈ ਧਾਤ ਦੀ ਬਣੀ ਕਿਰਪਾਨ ਦੇ ਪੇਸ਼ ਕੀਤੇ ਗਏ ਨਮੂਨੇ ਨੂੰ ਰੱਦ ਕਰਨ ਦੇ ਨਾਲ ਨਾਲ...
ਭਲਕੇ ਨਿਤਿਸ਼ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ
. . .  about 2 hours ago
ਪਟਨਾ, 27 ਜੁਲਾਈ - ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਭਲਕੇ ਬਿਹਾਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬਹੁਮਤ ਸਾਬਤ...
ਬਗ਼ਾਵਤ ਦੀ ਰਾਹ 'ਤੇ ਸ਼ਰਦ ਯਾਦਵ
. . .  about 2 hours ago
ਪਟਨਾ, 27 ਜੁਲਾਈ - ਬਿਹਾਰ 'ਚ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਦਿੱਲੀ ਵਿਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ...
ਠੇਕੇਦਾਰਾਂ ਦੇ ਦੋ ਧੜਿਆਂ ਵਿਚਕਾਰ ਚੱਲੀ ਗੋਲੀ
. . .  about 2 hours ago
ਝਗੜੇ ਦੇ ਚੱਲਦਿਆਂ ਭਰਾ ਨੇ ਭਰਾ ਦਾ ਕੀਤਾ ਕਤਲ
. . .  about 3 hours ago
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਅੱਜ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼

ਸ੍ਰੀ ਹਰਿਕ੍ਰਿਸ਼ਨ ਧਿਆਈਐ...

ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ, ਜਿਨ੍ਹਾਂ ਨੂੰ 'ਬਾਲਾ ਪ੍ਰੀਤਮ' ਅਤੇ 'ਅਸ਼ਟਮ ਬਲਬੀਰਾ' ਜਿਹੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤਿ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ। ਆਪ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਸ੍ਰੀ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਦਾ ਇਕ ਵੱਡਾ ਭਰਾ ਰਾਮਰਾਇ ਸੀ, ਜਿਸ ਨੂੰ ਆਪਣੇ ਪਿਤਾ ਪਿੱਛੋਂ ਗੁਰਗੱਦੀ ਦੀ ਪੂਰੀ ਆਸ ਸੀ ਪਰ ਗੁਰੂ ਹਰਿਰਾਇ ਜੀ ਦੀ ਪਾਰਖੂ ਅੱਖ ਨੇ ਦੋਵਾਂ ਪੁੱਤਰਾਂ ਵਿਚੋਂ ਸਾਫ਼ ਅੰਤਰ ਲੱਭ ਲਿਆ ਸੀ।
ਜਦੋਂ ਰਾਮਰਾਇ ਨੇ ਦਿੱਲੀ ਵਿਖੇ ਔਰੰਗਜ਼ੇਬ ਦੇ ਪ੍ਰਭਾਵ ਹੇਠ ਆ ਕੇ ਉਸ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਇਕ ਪੰਕਤੀ ('ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ' ਦੀ ਥਾਂ 'ਮਿਟੀ ਬੇਈਮਾਨ ਕੀ...' ਵਜੋਂ) ਬਦਲ ਦਿੱਤੀ ਤਾਂ ਗੁਰੂ ਹਰਿਰਾਇ ਜੀ ਨੇ ਉਸ ਨੂੰ ਤਿਆਗ ਦਿੱਤਾ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ।
ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਸ ਸਮੇਂ ਆਪ ਦੀ ਉਮਰ ਕਰੀਬ ਸਵਾ ਪੰਜ ਸਾਲ ਦੀ ਸੀ। ਰਾਮਰਾਇ ਨੂੰ ਇਸ ਨਾਲ ਬੜਾ ਦੁੱਖ ਹੋਇਆ ਤੇ ਉਸ ਨੇ ਮਸੰਦਾਂ ਅਤੇ ਧੀਰ ਮੱਲ (ਗੁਰੂ ਹਰਿਰਾਇ ਜੀ ਦਾ ਵੱਡਾ ਭਰਾ/ਬਾਬਾ ਗੁਰਦਿੱਤਾ ਜੀ ਦਾ ਪੁੱਤਰ/ਗੁਰੂ ਹਰਿਗੋਬਿੰਦ ਸਾਹਿਬ ਦਾ ਪੋਤਰਾ) ਦੀ ਮਦਦ ਨਾਲ ਆਪਣੇ-ਆਪ ਨੂੰ ਗੁਰੂ ਵਜੋਂ ਸਥਾਪਿਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬੀ ਨਾ ਮਿਲੀ।
ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਸਲੇ ਵਿਚ ਕੋਈ ਦਖ਼ਲ ਨਾ ਦਿੱਤਾ ਪਰ ਫਿਰ ਉਸ ਨੇ ਸੋਚਿਆ ਕਿ ਰਾਮਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇਸ ਪਾਸਿਓਂ ਬੇਫ਼ਿਕਰ ਹੋ ਜਾਵੇਗੀ, ਤਾਂ ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ।
ਸ੍ਰੀ ਗੁਰੂ ਹਰਿਰਾਇ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ 'ਨਹਿ ਮਲੇਛ ਕੋ ਦਰਸ਼ਨ ਦੇ ਹੈਂ' ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਨੇ ਆਪਣੇ ਗੁਰੂ-ਪਿਤਾ ਦਾ ਹੁਕਮ ਮੰਨਦਿਆਂ ਸਿੱਖੀ ਦੀ ਅਣਖ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਵਿਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਗੁਰੂ ਜੀ ਨਾਲ ਸਬੰਧਤ ਇਕ ਸਾਖੀ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ। ਬ੍ਰਾਹਮਣਾਂ ਨੂੰ ਸ਼ੱਕ ਸੀ ਕਿ ਇਸ ਛੋਟੇ ਬਾਲ-ਗੁਰੂ ਵਿਚ ਅਜਿਹਾ ਕਰਨ ਦੀ ਕੋਈ ਸਮਰੱਥਾ ਨਹੀਂ ਹੋਵੇਗੀ ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਗੁਰੂ ਜੀ ਨੇ ਆਪਣਾ ਰੁਮਾਲ ਉਸ ਕੋਹੜੀ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਆਪਣੇ ਸਰੀਰ 'ਤੇ ਫੇਰ ਅਤੇ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਅਰਦਾਸ ਕਰ। ਇਉਂ ਕਰਨ ਨਾਲ ਕੋਹੜੀ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਜੀ ਦੀ ਕੀਰਤੀ ਦਿਨੋ-ਦਿਨ ਹੋਰ ਫੈਲਣ ਲੱਗੀ।
ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ-ਪੱਤਰ ਭੇਜਿਆ, ਨਾਲ ਹੀ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਿੱਖ ਸੰਗਤਾਂ ਨੂੰ ਰਾਮਰਾਇ ਦੀਆਂ ਚਾਲਾਂ ਤੋਂ ਸਾਵਧਾਨ ਕਰਨ ਲਈ ਦਰਸ਼ਨ ਦਿਓ। ਉਸ ਸਮੇਂ ਗੁਰੂ ਜੀ ਦੀ ਉਮਰ ਕਰੀਬ ਸਾਢੇ ਸੱਤ ਸਾਲ ਸੀ। ਆਪ ਨੇ ਕੁਝ ਸੋਚ-ਵਿਚਾਰ ਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਸਿੱਖ ਸੰਗਤਾਂ ਦਾ ਵੱਡਾ ਇਕੱਠ ਵੀ ਆਪ ਦੇ ਨਾਲ ਹੋ ਤੁਰਿਆ। ਗੁਰੂ ਜੀ ਨੇ ਅੰਬਾਲਾ ਨੇੜੇ ਪੰਜੋਖਰਾ ਵਿਖੇ ਠਹਿਰਾਓ ਕੀਤਾ ਅਤੇ ਕੁਝ ਚੋਣਵੇਂ ਸਿੱਖਾਂ (ਭਾਈ ਦਰਗਾਹ ਮੱਲ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਸਤੀ ਦਾਸ ਤੇ ਮਸੰਦ ਗੁਰਬਖਸ਼ ਮੱਲ) ਸਮੇਤ ਮਾਤਾ ਕ੍ਰਿਸ਼ਨ ਕੌਰ ਜੀ ਤੋਂ ਬਿਨਾਂ ਬਾਕੀ ਸੰਗਤ ਨੂੰ ਵਾਪਸ ਭੇਜ ਦਿੱਤਾ।
ਪੰਜੋਖਰਾ ਵਿਖੇ ਲਾਲ ਚੰਦ ਨਾਂਅ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ। ਉਸ ਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 7-8 ਸਾਲ ਦਾ ਬੱਚਾ ਖੁਦ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦਾ ਹੈ। ਮੈਂ ਇਨ੍ਹਾਂ ਨੂੰ ਤਾਂ ਗੁਰੂ ਮੰਨਾਂਗਾ, ਜੇ ਇਹ ਗੀਤਾ ਦੇ ਕਿਸੇ ਸਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ, ਗੀਤਾ ਦੇ ਅਰਥ ਤਾਂ ਉਹੀ ਕਰ ਦੇਵੇਗਾ।
ਪੰਡਿਤ ਪਿੰਡ 'ਚੋਂ ਇਕ ਗੂੰਗੇ ਤੇ ਬੋਲੇ ਛੱਜੂ ਝਿਉਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ, 'ਪੁੱਛੋ, ਜੋ ਪੁੱਛਣਾ ਚਾਹੁੰਦੇ ਹੋ।' ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ, ਗੁਰੂ ਬਖ਼ਸ਼ਿਸ਼ ਨਾਲ ਛੱਜੂ ਨੇ ਸਾਰਿਆਂ ਦੇ ਸਹੀ ਜਵਾਬ ਦਿੱਤੇ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਗਿਆਨ-ਚਰਚਾ ਵਾਲੀ ਇਸ ਥਾਂ 'ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ ਨੇ ਇਕ ਲੰਬੀ ਕਵਿਤਾ ਵਿਚ ਇਉਂ ਬਿਆਨਿਆ ਹੈ-
ਦਿੱਬ ਦ੍ਰਿਸ਼ਟੀ ਨਾਲ ਛੱਜੂ ਨੇ ਮੁੱਖ ਵਿੱਚੋਂ,
ਪਾਵਨ ਗੀਤਾ ਦਾ ਅਰਥ ਵੀਚਾਰ ਕੀਤਾ।
ਕੌਤਕ ਤੱਕ ਸਾਰਾ ਲਾਲ ਚੰਦ ਪੰਡਿਤ,
ਚਰਨਾਂ ਵਿਚ ਢਹਿ ਕੇ ਨਮਸਕਾਰ ਕੀਤਾ।
(ਵਿਰਸੇ ਦੇ ਅੰਗ ਸੰਗ, ਪੰਨਾ 41)
ਗੁਰੂ ਜੀ ਥਾਨੇਸਰ, ਕੁਰੂਕਸ਼ੇਤਰ, ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਪਹੁੰਚੇ। ਇਹੋ ਬੰਗਲਾ ਅੱਜਕਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿਚ ਵਿਖਿਆਤ ਹੈ। ਰਾਜੇ ਦੀ ਰਾਣੀ ਨੇ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ-ਗੁਰੂ ਦੀ ਪਰਖ ਕਰਨੀ ਚਾਹੀ। ਉਸ ਨੇ ਕੁਝ ਗੋਲੀਆਂ ਨੂੰ ਨਾਲ ਲਿਆ ਤੇ ਸਭ ਨੇ ਇਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਜਾਣੀਜਾਣ ਸਤਿਗੁਰੂ ਨੇ ਪੂਰੇ ਇਕੱਠ ਵਿੱਚੋਂ ਰਾਣੀ ਨੂੰ ਪਛਾਣ ਲਿਆ ਤਾਂ ਰਾਣੀ ਦੀ ਸ਼ਰਧਾ ਹੋਰ ਵੀ ਪੱਕੀ ਹੋ ਗਈ।
ਦਿੱਲੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅੱਧੀ ਘੜੀ ਬੰਗਲਾ ਸਾਹਿਬ ਦੇ ਸਾਹਮਣੇ ਖੜ੍ਹਾ ਰਿਹਾ। ਅਗਲੇ ਦਿਨ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦਿੱਤਾ। ਜਦੋਂ ਉਸ ਨੇ ਗੁਰਗੱਦੀ ਬਾਰੇ ਰਾਮਰਾਇ ਦੇ ਦਾਅਵੇ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ, 'ਗੁਰਗੱਦੀ ਕੋਈ ਜੱਦੀ ਵਿਰਾਸਤ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਗੱਦੀ ਦਿੱਤੀ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਵੀ ਅਜਿਹਾ ਹੀ ਕੀਤਾ ਸੀ। ਗੁਰੂ ਰਾਮਦਾਸ ਜੀ ਨੇ ਸਭ ਤੋਂ ਛੋਟੇ ਪੁੱਤਰ ਨੂੰ ਹੀ ਇਸ ਦੇ ਯੋਗ ਸਮਝਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਛੋਟੇ ਪੋਤਰੇ ਨੂੰ ਇਹ ਦਾਤ ਬਖ਼ਸ਼ੀ ਸੀ। ਨਾਲੇ ਗੁਰਬਾਣੀ ਵਿਚ 'ਮਿਟੀ ਮੁਸਲਮਾਨ ਕੀ' ਹੈ, 'ਮਿਟੀ ਬੇਈਮਾਨ ਕੀ' ਨਹੀਂ। ਰਾਮਰਾਇ ਨੇ ਗੁਰਬਾਣੀ ਨੂੰ ਬਦਲ ਕੇ ਅਰਥਾਂ ਦਾ ਅਨਰਥ ਕੀਤਾ ਹੈ, ਜਿਸ ਕਰਕੇ ਗੁਰੂ-ਪਿਤਾ ਨੇ ਉਸ ਨੂੰ ਛੇਕ ਦਿੱਤਾ।'
ਆਪਣੇ ਪੁੱਤਰ ਪਾਸੋਂ ਇਹ ਗੱਲਾਂ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਵਧੀਕੀ ਨਹੀਂ ਹੋਈ। ਉਸ ਨੇ ਰਾਮਰਾਇ ਨੂੰ ਸੱਤ ਪਿੰਡ ਪੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇਥੇ ਹੀ ਪਿੱਛੋਂ ਦੇਹਰਾਦੂਨ ਵਸਿਆ। ਰਾਮਰਾਇ ਆਪਣੀ ਜਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।
ਜਦੋਂ ਗੁਰੂ ਜੀ ਦਿੱਲੀ ਵਿਚ ਪਹੁੰਚੇ ਸਨ ਤਾਂ ਉਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਲੋਕੀਂ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮਚੀ ਹੋਈ ਸੀ। ਗੁਰੂ ਜੀ ਨੇ ਆਪਣੀ ਪ੍ਰਵਾਹ ਨਾ ਕੀਤੀ ਤੇ ਪੀੜਤਾਂ ਦੀ ਹੱਥੀਂ ਸੇਵਾ ਵਿਚ ਜੁਟ ਗਏ। ਉਹ ਲੋਕਾਂ ਦੇ ਘਰਾਂ ਤੇ ਮਹੱਲਿਆਂ ਵਿਚ ਵੀ ਗਏ। ਇਉਂ ਚੇਚਕ ਦੀ ਬਿਮਾਰੀ ਨੇ ਆਪ ਨੂੰ ਵੀ ਘੇਰ ਲਿਆ। ਗੁਰੂ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਨੇੜੇ ਬੈਠੀਆਂ ਸੰਗਤਾਂ ਨੂੰ ਆਖ਼ਰੀ ਬਚਨ ਕਹੇ, 'ਬਾਬਾ ਬਕਾਲੇ।' ਅਰਥਾਤ ਸਾਡੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਮਹਾਂਪੁਰਖ ਬਕਾਲੇ ਵਿਚ ਹਨ। ਉਨ੍ਹਾਂ ਦਾ ਇਸ਼ਾਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲ ਸੀ, ਜੋ ਰਿਸ਼ਤੇ ਵਿਚ ਉਨ੍ਹਾਂ ਦੇ ਦਾਦਾ ਲਗਦੇ ਸਨ। 30 ਮਾਰਚ, 1664 ਈ: ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਹੀ ਜੋਤੀ ਜੋਤਿ ਸਮਾ ਗਏ। ਜਿਥੇ ਆਪ ਦਾ ਸਸਕਾਰ ਕੀਤਾ ਗਿਆ, ਉਥੇ ਅੱਜਕਲ੍ਹ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਹੈ। ਆਪ ਦੀ ਵਿਲੱਖਣ ਪ੍ਰਤਿਭਾ ਅਤੇ ਦਰਦੀਆਂ ਦਾ ਦਰਦ ਵੰਡਾਉਣ ਕਰਕੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਚੰਡੀ ਦੀ ਵਾਰ' ਦੀ ਅਰੰਭਕ ਪਉੜੀ ਵਿਚ ਫ਼ਰਮਾਇਆ ਹੈ-
ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਠੈ ਸਭਿ ਦੁਖੁ ਜਾਇ॥


-ਐਸੋਸੀਏਟ ਪ੍ਰੋਫੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ (ਬਠਿੰਡਾ)-151302. ਮੋਬਾ: 94643-60051


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਬੜੀ ਸੰਗਤ ਬੁਰਹਾਨਪੁਰ (ਮੱਧ ਪ੍ਰਦੇਸ਼)

ਭਾਰਤ ਦੇ ਰਾਜ ਮੱਧ ਪ੍ਰਦੇਸ਼ ਦੇ ਵੱਡੇ ਉਦਯੋਗਿਕ ਸ਼ਹਿਰ ਬੁਰਹਾਨਪੁਰ ਵਿਚ ਤਾਪਤੀ ਨਦੀ ਦੇ ਕੰਢੇ 'ਤੇ ਗੁਰਦੁਆਰਾ ਬੜੀ ਸੰਗਤ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਹਾਕਮ ਬਹਾਦਰ ਸ਼ਾਹ ਦੇ ਨਾਲ ਆਪਣੀ ਦੱਖਣ ਦੀ ਯਾਤਰਾ ਦੌਰਾਨ ਮਈ/ਜੂਨ ਸੰਨ 1708 ਈ: ਨੂੰ ਉਕਤ ਸਥਾਨ 'ਤੇ ਪੁੱਜੇ ਸਨ। ਗੁਰੂ ਜੀ ਬੁਰਹਾਨਪੁਰ ਤੱਕ ਬਹਾਦਰ ਸ਼ਾਹ ਦੇ ਨਾਲ ਰਹੇ। ਉਸ ਤੋਂ ਬਾਅਦ ਬਹਾਦਰ ਸ਼ਾਹ ਨਾਗਪੁਰ ਵੱਲ ਨੂੰ ਚਲਿਆ ਗਿਆ, ਜਦਕਿ ਗੁਰੂ ਜੀ ਨਾਂਦੇੜ (ਮਹਾਂਰਾਸ਼ਟਰ) ਪਹੁੰਚੇ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੁਰਹਾਨਪੁਰ ਪਹੁੰਚਣ ਦਾ ਵੀ ਪਤਾ ਲਗਦਾ ਹੈ, ਕਿਉਂਕਿ ਤਾਪਤੀ ਨਦੀ ਦੇ ਕੰਢੇ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਵੀ ਬਣਿਆ ਹੋਇਆ ਹੈ। ਬੁਰਹਾਨਪੁਰ ਦਾ ਨਾਂਅ ਇਕ ਨਾਮਵਰ ਫਕੀਰ ਬੁਰਹਾਨ ਦੇ ਨਾਂਅ 'ਤੇ ਰੱਖਣ ਬਾਰੇ ਵੀ ਪਤਾ ਲਗਦਾ ਹੈ। ਪ੍ਰਸਿੱਧ ਵਿਦਵਾਨ ਭਾਈ ਵੀਰ ਸਿੰਘ ਅਨੁਸਾਰ ਤਾਪਤੀ ਨਦੀ ਦੇ ਕੰਢੇ ਇਕ ਯੋਗੀ ਜੀਵਨ ਦਾਸ ਦੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਪੁੱਜੇ।
ਜੀਵਨ ਦਾਸ ਪਹਿਲਾਂ ਆਸਾਮ ਵਿਚ ਨੌਵੇੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਵੀ ਕਰ ਚੁੱਕਾ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਉਕਤ ਜੀਵਨ ਦਾਸ ਦੇ ਡੇਰੇ ਪੁੱਜੇ ਤਾਂ ਉਸ ਵਕਤ ਜੀਵਨ ਦਾਸ ਦੀ ਉਮਰ 80 ਸਾਲ ਦੀ ਸੀ। ਇਹ ਵੀ ਪ੍ਰਮਾਣ ਮਿਲਦਾ ਹੈ ਕਿ ਬੁਰਹਾਨਪੁਰ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦਾਦੂ ਪੰਥ ਦੇ ਮਹੰਤ ਜੈਤ ਰਾਮ ਨੂੰ ਮਿਲੇ। ਮਹੰਤ ਜੈਤ ਰਾਮ ਨਾਲ ਭੇਟ ਵਾਰਤਾ ਦੌਰਾਨ ਹੀ ਉਸ ਦੁਆਰਾ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਮਾਧੋ ਦਾਸ ਬੈਰਾਗੀ ਬਾਰੇ ਗੁਰੂ ਜੀ ਨੂੰ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਆਪਣੇ ਆਗਲੇ ਪੜਾਅ ਦੌਰਾਨ ਗੁਰੂ ਜੀ ਨੇ ਨਾਂਦੇੜ ਪੁੱਜ ਕੇ ਇਸੇ ਮਾਧੋ ਦਾਸ ਨੂੰ ਸਿੰਘ ਸਜਾ ਕੇ ਬੰਦਾ ਸਿੰਘ ਦੇ ਰੂਪ 'ਚ ਪੰਜਾਬ ਦੀ ਧਰਤੀ ਉੱਪਰ ਲੋਕਾਂ 'ਤੇ ਅੱਤਿਆਚਾਰ ਢਾਅ ਰਹੇ ਜ਼ਾਲਮ ਮੁਗਲ ਸਾਮਰਾਜ ਦੇ ਖਾਤਮੇ ਲਈ ਭੇਜਿਆ। ਇਸ ਤੋਂ ਪਹਿਲਾਂ ਮਾਧੋ ਦਾਸ ਬੈਰਾਗੀ ਕਿਸੇ ਸਮੇਂ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਦਾ ਚੇਲਾ ਵੀ ਰਹਿ ਚੁੱਕਾ ਸੀ। ਜਿਸ ਜਗ੍ਹਾ ਗੁਰੂ ਜੀ ਨੇ ਬੁਰਹਾਨਪੁਰ ਵਿਖੇ ਆਪਣਾ ਡੇਰਾ ਲਗਾਇਆ, ਉੱਥੇ ਹੀ ਗੁਰਦੁਆਰਾ ਬੜੀ ਸੰਗਤ ਸਾਹਿਬ ਦੀ ਬੜੀ ਹੀ ਆਲੀਸ਼ਾਨ ਤੇ ਸੁੰਦਰ ਇਮਾਰਤ ਬਣਾਈ ਗਈ ਹੈ। ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ 13 ਅਪ੍ਰੈਲ, 1956 ਨੂੰ ਸੰਤ ਨਿਹਚਲ ਸਿੰਘ ਜਮਨਾ ਨਗਰ ਵਾਲਿਆਂ ਨੇ ਰੱਖਿਆ। ਬੁਰਹਾਨਪੁਰ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੀ ਸਰਹੱਦ 'ਤੇ ਸਥਿਤ ਇਕ ਵੱਡਾ ਵਪਾਰਕ ਸ਼ਹਿਰ ਹੈ। ਗੁਰਦੁਆਰਾ ਬੜੀ ਸੰਗਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਗੋਬਿੰਦ ਸਿੰਘ ਜੀ ਹੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਅਤੇ ਕੁਝ ਸ਼ਸਤਰਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾਂਦੇ ਹਨ। ਉਕਤ ਸ਼ਹਿਰ ਵਿਚ ਕਾਫੀ ਗਿਣਤੀ 'ਚ ਸਿੱਖ ਪਰਿਵਾਰ ਵਸਦੇ ਹਨ। ਗੁਰਦੁਆਰਾ ਕਮੇਟੀ ਦੁਆਰਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੋਲ੍ਹਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਇਤਿਹਾਸ ਦੀ ਖੋਜ ਲਈ ਇਕ ਵਿਦਵਾਨ ਘਰ, ਖੋਜ ਭਰਪੂਰ ਪੁਸਤਕਾਂ ਵਾਲੀ ਦਸਮੇਸ਼ ਲਾਇਬ੍ਰੇਰੀ ਅਤੇ ਇਕ ਗੁਰਮਤਿ ਵਿੱਦਿਆ ਕੇਂਦਰ ਵੀ ਚਲਾਇਆ ਜਾ ਰਿਹਾ ਹੈ। ਸੰਨ 1981 ਨੂੰ ਬੁਰਹਾਨਪੁਰ ਵਿਖੇ ਸਿੱਖ ਬੁੱਧੀਜੀਵੀਆਂ ਦੀ ਇਕ ਸਿੱਖ ਕਾਨਫਰੰਸ ਉਸ ਵੇਲੇ ਦੇ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਉਪਰੰਤ ਹੀ ਗੁਰੂ ਗੋਬਿੰਦ ਸਿੰਘ ਗੁਰਮਤਿ ਵਿਦਿਆ ਕੇਂਦਰ ਦਾ ਨੀਂਹ-ਪੱਥਰ ਰੱਖਿਆ ਗਿਆ। ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਉਕਤ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਨੂੰ ਪੁੱਜ ਰਹੀਆਂ ਹਨ।


-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ)।
ਮੋਬਾ: 98144-51414

ਯਾਤਰਾ ਪੁਰਾਤਨ ਰਿਆਸਤਾਂ ਦੀ

ਬੀਜਾਪੁਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਹਾ ਜਾਂਦਾ ਹੈ ਕਿ ਇਸ ਗੁੰਬਦ ਵਿਚ ਕਿਸੇ ਵੀ ਨੁਕਰੇ ਕੋਈ ਹੌਲੀ ਜਿਹੀ ਆਵਾਜ਼ ਵੀ ਮੂੰਹੋਂ ਕੱਢੇ ਜਾਂ ਕੋਈ ਗੱਲ ਕਰੇ ਤਾਂ ਉਹ ਫੱਟ ਦੂਸਰੀ ਨੁਕਰ ਵਿਚ ਸੁਣੀ ਜਾ ਸਕਦੀ ਹੈ, ਇਹ ਹੀ ਇਸ ਗੁੰਬਦ ਦੀ ਕਾਰੀਗਰੀ ਦਾ ਨਮੂਨਾ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਈਰਾਨ ਦੇ ਮਾਲਕ ਸੰਦਲ ਨੇ ਤਿਆਰ ਕੀਤਾ ਸੀ ਪਰ ਇਸ ਨੂੰ ਤਿਆਰ ਕਰਨ ਤੋਂ ਬਾਅਦ ਉਸ ਦੇ ਹੱਥ ਵੱਢ ਦਿੱਤੇ ਗਏ ਸਨ ਤਾਂ ਕਿ ਉਹ ਦੁਬਾਰਾ ਅਜਿਹਾ ਗੁੰਬਦ ਨਾ ਬਣਾ ਸਕੇ।
ਇਹ ਗੁੰਬਦ ਸੱਤ ਮੰਜ਼ਿਲਾ ਹੈ, ਜਿਸ ਦੀ ਸਭ ਤੋਂ ਉੱਪਰਲੀ ਛੱਤ ਕਾਫੀ ਖੂਬਸੂਰਤ ਹੈ। ਇਸ ਗੁੰਬਦ ਵਿਚ 161 ਪੌੜੀਆਂ ਹਨ ਅਤੇ ਇਸ ਗੁੰਬਦ ਦੀਆਂ ਦੀਵਾਰਾਂ 10-10 ਫੁੱਟ ਚੌੜੀਆਂ ਹਨ। ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇਸ ਗੁੰਬਦ ਦੀ ਕੋਈ ਨੀਂਹ ਨਹੀਂ ਹੈ ਅਤੇ ਨਾ ਹੀ ਇਸ ਦੇ ਸਹਾਰੇ ਲਈ ਕੋਈ ਮੀਨਾਰ ਹੈ। ਇਹ ਪੂਰੀ ਦੀ ਪੂਰੀ ਇਮਾਰਤ ਹੀ ਇਕ ਪੱਧਰੇ ਪੱਥਰ ਉੱਪਰ ਖੜ੍ਹੀ ਹੈ। ਇਸ ਗੁੰਬਦ ਦੀ ਸੱਤਵੀਂ ਮੰਜ਼ਿਲ ਤੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਹੈ। ਇਸ ਦੇ ਚਾਰੇ ਕੋਨਿਆਂ ਵਿਚ ਬਣੇ ਚਾਰ ਮੀਨਾਰ ਇਸ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਇਸ ਦਾ ਮਾਡਲ 3 ਕਿਲੋਮੀਟਰ ਦੂਰ ਅੱਜ ਵੀ ਸਥਿਤ ਹੈ। ਇਸ ਗੁੰਬਦ ਦੇ ਅੱਗੇ ਪੁਰਾਤਨ ਅਤੇ ਹਥਿਆਰਾਂ ਦਾ ਅਜਾਇਬ ਘਰ ਬਣਿਆ ਹੋਇਆ ਹੈ।
ਰਿਆਸਤ ਬੀਜਾਪੁਰ ਦਾ ਆਨੰਦ ਮਹੱਲ ਵੀ ਕਾਫੀ ਸੁੰਦਰ ਹੈ ਅਤੇ ਇਹ ਭਵਨ ਨਿਰਮਾਣ ਕਲਾ ਦਾ ਉਤਮ ਨਮੂਨਾ ਹੈ। ਕਿਹਾ ਜਾਂਦਾ ਹੈ ਕਿ ਇਸ ਮਹੱਲ ਦੀ ਸ਼ੋਭਾ ਦੂਰ-ਦੂਰ ਤੱਕ ਸੀ ਅਤੇ ਦੂਰ-ਦੂਰ ਤੋਂ ਲੋਕ ਇਸ ਮਹੱਲ ਨੂੰ ਦੇਖਣ ਲਈ ਆਉਂਦੇ ਸਨ ਅਤੇ ਅੱਜ ਵੀ ਆਉਂਦੇ ਹਨ। ਬੀਜਾਪੁਰ ਰਿਆਸਤ ਵਿਚ ਵੱਡੀ ਗਿਣਤੀ ਇਮਾਰਤਾਂ ਮੁਸਲਿਮ ਸੱਭਿਆਚਾਰ ਅਨੁਸਾਰ ਬਣੀਆਂ ਹੋਈਆਂ ਹਨ। ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉੱਪਰ ਮੁਸਲਿਮ ਸੱਭਿਆਚਾਰ ਦਾ ਪਰਛਾਵਾਂ ਸਾਫ ਦਿਖਾਈ ਦਿੰਦਾ ਹੈ।
ਰਿਆਸਤ ਬੀਜਾਪੁਰ ਇਕ ਅਜਿਹੀ ਰਿਆਸਤ ਹੈ, ਜਿਥੋਂ ਦੇ ਲੋਕ ਆਪਣੇ-ਆਪ ਨੂੰ ਰਿਆਸਤ ਦੀ ਰਿਆ ਹੋਣ ਉੱਪਰ ਅੱਜ ਵੀ ਮਾਣ ਕਰਦੇ ਹਨ। ਇਸ ਤੋਂ ਇਲਾਵਾ ਬੀਜਾਪੁਰ ਵਿਚ ਅੱਜ ਵੀ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ ਤੇ ਬੀਜਾਪੁਰ ਰਿਆਸਤ ਦੀਆਂ ਯਾਦਾਂ ਆਪਣੇ ਨਾਲ ਲੈ ਜਾਂਦੇ ਹਨ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ। ਮੋਬਾ: 94638-19174

ਗੁਰੂ ਸਾਹਿਬਾਨ ਦੇ ਨਾਮਵਰ ਘੋੜੇ-ਘੋੜੀਆਂ

ਧੰਨ ਹਨ ਉਹ ਵਡਭਾਗੇ ਘੋੜੇ-ਘੋੜੀਆਂ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹੀਆਂ ਦੀ ਸਵਾਰੀ ਬਣਨ ਦਾ ਮਾਣ ਪ੍ਰਾਪਤ ਹੋਇਆ। ਸੁੰਦਰ ਛਵੀ, ਨਿਰਾਲੀ ਚਾਲ, ਬੇਮਿਸਾਲ ਪਿਆਰ, ਵਫ਼ਾਦਾਰੀ ਅਤੇ ਸੇਵਾ ਦੇ ਜਜ਼ਬੇ ਨਾਲ ਭਰਪੂਰ ਘੋੜੇ-ਘੋੜੀਆਂ ਆਪਣੇ ਇਲਾਹੀ ਸ਼ਾਹ ਅਸਵਾਰਾਂ ਤੋਂ ਜਿੰਦ ਵਾਰਦੇ ਸਨ। ਇਨ੍ਹਾਂ ਵਿਚੋਂ ਕੁਝ ਨਾਮਵਰ ਘੋੜਿਆਂ ਦੀ ਸੇਵਾ ਅਤੇ ਕੁਰਬਾਨੀ ਬੇਮਿਸਾਲ ਹੈ, ਜਿਵੇਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿਆਰੇ ਘੋੜੇ ਦਿਲਬਾਗ ਅਤੇ ਗੁਲਬਾਗ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਦਲਬਿਡਾਰ, ਜਿਸ ਨੂੰ ਅਸੀਂ ਪਿਆਰ ਨਾਲ ਨੀਲਾ ਘੋੜਾ ਆਖਦੇ ਹਾਂ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਰਾਲੀ ਘੋੜੀ ਦੇ ਦੀਦਾਰ ਕਰਾਂਗੇ।
ਤੀਸਰੇ ਪਾਤਸ਼ਾਹ ਜੀ ਦੀ ਇਕ ਬਹੁਤ ਪਿਆਰੀ ਵਫਾਦਾਰ ਘੋੜੀ ਸੀ, ਜੋ ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਆਪਣੇ 'ਤੇ ਸਵਾਰ ਨਹੀਂ ਹੋਣ ਦਿੰਦੀ ਸੀ। ਦੂਜੇ ਪਾਤਸ਼ਾਹ ਜੀ ਦੇ ਬੇਟੇ ਦਾਤੂ ਜੀ ਤੀਜੇ ਪਾਤਸ਼ਾਹ ਜੀ ਦੇ ਗੁਰੂ ਬਣਨ ਤੋਂ ਏਨਾ ਨਾਰਾਜ਼ ਸਨ ਕਿ ਇਕ ਦਿਨ ਭਰੇ ਦਰਬਾਰ ਵਿਚ ਆ ਕੇ ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੂੰ ਲੱਤ ਮਾਰ ਕੇ ਤਖ਼ਤ ਤੋਂ ਗਿਰਾ ਦਿੱਤਾ ਅਤੇ ਕਬੋਲ ਬੋਲੇ। ਤੀਸਰੇ ਪਾਤਸ਼ਾਹ ਜੀ ਉਸੇ ਰਾਤ ਚੁੱਪਚਾਪ ਗੋਇੰਦਵਾਲ ਸਾਹਿਬ ਨੂੰ ਛੱਡ ਗਏ ਅਤੇ ਬਾਸਰਕੇ ਬੀੜ ਵਿਚ ਜਾ ਕੇ ਇਕ ਕੋਠੇ ਵਿਚ ਬੰਦ ਹੋ ਕੇ ਅੰਤਰ ਧਿਆਨ ਹੋ ਗਏ। ਸਵੇਰ ਹੋਈ ਤਾਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਬਗੈਰ ਵਿਆਕੁਲ ਹੋ ਗਈਆਂ। ਦਾਤੂ ਜੀ ਤਾਂ ਬਹੁਤ ਖੁਸ਼ ਸਨ ਤੇ ਗੱਦੀ ਲਗਾ ਕੇ ਬੈਠ ਗਏ ਪਰ ਕਿਸੇ ਨੇ ਉਨ੍ਹਾਂ ਨੂੰ ਮੂੰਹ ਨਾ ਲਾਇਆ। ਅੰਤ ਨੂੰ ਉਹ ਗੁਰੂ-ਘਰ ਦਾ ਪੈਸਾ-ਧੇਲਾ ਤੇ ਸਾਜ਼ੋ-ਸਮਾਨ ਖੱਚਰ 'ਤੇ ਲੱਦ ਕੇ ਤੀਸਰੇ ਪਾਤਸ਼ਾਹ ਜੀ ਦੀ ਘੋੜੀ 'ਤੇ ਚੜ੍ਹਨ ਲੱਗੇ ਪਰ ਘੋੜੀ ਨੇ ਉਨ੍ਹਾਂ ਨੂੰ ਪਟਕਾ ਕੇ ਮਾਰਿਆ। ਕਈ ਵਾਰ ਕੋਸ਼ਿਸ਼ ਕਰਨ 'ਤੇ ਵੀ ਘੋੜੀ ਨੇ ਆਪਣੀ ਸਵਾਰੀ ਨਹੀਂ ਕਰਨ ਦਿੱਤੀ, ਤਾਂ ਦਾਤੂ ਜੀ ਸਮਾਨ ਲੈ ਕੇ ਤੁਰ ਪਏ, ਜੋ ਰਾਹ ਵਿਚ ਚੋਰਾਂ ਨੇ ਲੁੱਟ ਲਿਆ। ਉਧਰੋਂ ਵੈਰਾਗਵਾਨ ਹੋਈਆਂ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ ਤੁਹਾਡੀਆਂ ਅੱਖਾਂ ਤੋਂ ਕਦੇ ਓਹਲੇ ਨਹੀਂ ਹੋਣਗੇ, ਸੋ ਹੁਣ ਸਾਨੂੰ ਤੀਸਰੇ ਪਾਤਸ਼ਾਹ ਜੀ ਕੋਲ ਤੁਸੀਂ ਹੀ ਲਿਜਾ ਸਕਦੇ ਹੋ।
ਭਾਵੇਂ ਬਾਬਾ ਬੁੱਢਾ ਜੀ ਦੇ ਅੰਤਰੀਵ ਨੈਣਾਂ ਨੂੰ ਸਭ ਕੁਝ ਦਿਸਦਾ ਸੀ ਪਰ ਉਨ੍ਹਾਂ ਨੇ ਇਹ ਵਡਿਆਈ ਮਹਾਰਾਜ ਜੀ ਦੇ ਪਿਆਰ ਵਿਚ ਹੰਝੂ ਵਹਾ ਰਹੀ ਘੋੜੀ ਨੂੰ ਦਿਵਾਉਣੀ ਚਾਹੀ। ਉਨ੍ਹਾਂ ਨੇ ਘੋੜੀ ਨੂੰ ਖੋਲ੍ਹਿਆ, ਸ਼ਿੰਗਾਰਿਆ ਅਤੇ ਕਿਹਾ ਕਿ ਗੁਰੂ ਪਿਆਰੀਏ, ਚੱਲ ਸਤਿਗੁਰਾਂ ਨੂੰ ਲੱਭੀਏ। ਘੋੜੀ ਅੱਗੇ-ਅੱਗੇ ਚੱਲ ਪਈ ਅਤੇ ਸੰਗਤ ਪਿੱਛੇ-ਪਿੱਛੇ। ਚਲਦੀ-ਚਲਦੀ ਘੋੜੀ ਬਾਸਰਕੇ ਪਹੁੰਚ ਕੇ ਉਸ ਕੋਠੇ ਅੱਗੇ ਰੁਕ ਗਈ, ਜਿਥੇ ਸਤਿਗੁਰੂ ਜੀ ਇਕਾਂਤ ਵਿਚ ਬੈਠੇ ਸਨ। ਉਹ ਹਿਣਕੀ, ਸਿਰ ਨਿਵਾਇਆ, ਕੋਠੇ ਦੁਆਲੇ ਤਿੰਨ ਪਰਿਕਰਮਾਂ ਕੀਤੀਆਂ ਅਤੇ ਫਿਰ ਦਰਵਾਜ਼ੇ ਅੱਗੇ ਆ ਖੜ੍ਹੀ ਹੋਈ, ਜਿਸ 'ਤੇ ਲਿਖ ਕੇ ਲਾਇਆ ਹੋਇਆ ਸੀ ਕਿ ਜੇ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਸ ਦਾ ਹਲਤ-ਪਲਤ ਵਿਗੜ ਜਾਵੇਗਾ। ਇਹ ਹੁਕਮ ਪੜ੍ਹ ਕੇ ਬਾਬਾ ਬੁੱਢਾ ਜੀ ਨੇ ਪਿਛਲੇ ਪਾਸੇ ਜਾ ਕੇ ਸੰਨ੍ਹ ਲਾ ਲਿਆ ਅਤੇ ਅੰਦਰ ਲੰਘ ਕੇ ਮਹਾਰਾਜ ਜੀ ਨੂੰ ਸੰਗਤ ਦੀ ਬਿਹਬਲਤਾ ਦਾ ਵਾਸਤਾ ਪਾਇਆ। ਪਾਤਸ਼ਾਹ ਜੀ ਨੇ ਤੁੱਠ ਕੇ ਇਸ ਅਸਥਾਨ ਨੂੰ ਵਰ ਦਿੱਤਾ, ਜੋ ਅੱਜਕਲ੍ਹ ਸੰਨ੍ਹ ਸਾਹਿਬ ਕਹਾਉਂਦਾ ਹੈ। ਪਿਆਰ ਵੱਸ ਹੋ ਕੇ ਆਪ ਜੀ ਬਾਹਰ ਆਏ ਤਾਂ ਘੋੜੀ ਨੇ ਗੁਰੂ ਚਰਨਾਂ 'ਤੇ ਮੱਥਾ ਟੇਕਿਆ ਅਤੇ ਹੰਝੂਆਂ ਦੀਆਂ ਧਾਰਾਂ ਵਹਾ ਦਿੱਤੀਆਂ। ਫਿਰ ਸੰਗਤਾਂ ਦੀ ਬੇਨਤੀ 'ਤੇ ਮਹਾਰਾਜ ਜੀ ਘੋੜੀ ਦੀ ਕੰਡ 'ਤੇ ਪਿਆਰ ਦਾ ਹੱਥ ਫੇਰ ਕੇ ਇਸ 'ਤੇ ਅਸਵਾਰ ਹੋਏ ਅਤੇ ਮੁੜ ਗੋਇੰਦਵਾਲ ਸਾਹਿਬ ਨੂੰ ਭਾਗ ਲਾਏ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਘੋੜੀ ਦਾ ਪ੍ਰਸੰਗ ਇਉਂ ਲਿਖਿਆ ਹੋਇਆ ਹੈ-
ਘੋਰੀ ਰਹੀ ਗੁਰੂ ਕੀ ਪਯਾਰੀ।
ਚੜ੍ਹਨ ਨ ਦੇਇ ਕਿਸੁ ਗੁਰ ਧਾਰੀ।
ਚਲਤ ਚਲਤ ਘੋਰੀ ਤਹਿ ਖਰੀ।
ਕੁਛਕ ਉਰੇ ਬਾਸਰਕੇ ਪੁਰੀ।
ਸ੍ਰੀ ਗੁਰੂ ਕੋ ਕੋਠਾ ਜਹਾਂ ਦਿਖ ਘੋਰੀ ਹਰਖਾਇ।
ਤੀਨ ਪ੍ਰਕਰਮਾ ਕਰ ਪ੍ਰਿਥਮ ਪੁਨ ਘੋਰੀ ਹਿਨਕਾਇ।
ਤਬੈ ਅਸਵਨੀ ਗੁਰ ਪਗ ਲਾਗੀ।
ਸਨਮੁਖ ਖੜ੍ਹੀ ਤਬੇ ਬਡਭਾਗੀ।
ਹਾਥ ਫੇਰ ਸ੍ਰੀ ਗੁਰੂ ਸੁਖ ਪਾਇਓ।
ਗੁਰ ਨਾਨਕ ਉਰ ਮਹਿ ਧਿਆਇਓ।
ਚਲਤ ਚਾਲ ਘੋਰੀ ਛਬ ਪਾਵੈ।
ਤਾਕੀ ਉਪਮਾ ਕਹੀ ਨ ਜਾਵੈ।
ਗੁਰਬਾਣੀ ਵਿਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਦੇਹ ਨੂੰ ਇਉਂ ਸਾਧ ਲਓ, ਜਿਵੇਂ ਘੋੜੀ ਹੋਵੇ ਅਤੇ ਇਸ 'ਤੇ ਸਵਾਰ ਹੋ ਕੇ ਪ੍ਰਮੇਸ਼ਰ ਨੂੰ ਮਿਲਣ ਦੀ ਯਾਤਰਾ ਕਰੋ। ਚੌਥੇ ਪਾਤਸ਼ਾਹ ਜੀ ਨੇ 'ਘੋੜੀਆਂ' ਸਿਰਲੇਖ ਹੇਠ ਬਾਣੀ ਰਚੀ ਹੈ ਅਤੇ ਫਰਮਾਇਆ ਹੈ-
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ॥
(ਵਡਹੰਸ ਮਹਲਾ ੪ ਘੋੜੀਆਂ)

ਗੁਰੂ ਕਾ ਬਾਗ ਬਨਾਮ ਗੁਰਦੁਆਰਾ ਮੰਜੀ ਸਾਹਿਬ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਪਰਿਕਰਮਾ ਦੇ ਬਾਹਰਵਾਰ ਪੂਰਬੀ ਹੱਦ ਵੱਲ ਕੌਲਸਰ ਸਰੋਵਰ ਤੋਂ ਅਖਾੜਾ ਬ੍ਰਹਮ ਬੂਟਾ ਤੱਕ ਪਹਿਲਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੁਆਰਾ ਲਗਵਾਇਆ ਖੂਬਸੂਰਤ ਬਾਗ਼ ਮੌਜੂਦ ਹੁੰਦਾ ਸੀ। ਇਹ ਬਾਗ਼ ਸ਼ਹਿਰ ਦੇ ਨਿਰਮਾਣ ਵੇਲੇ ਤੋਂ ਸੀ ਅਤੇ ਇਸ ਨੂੰ 'ਗੁਰੂ ਕਾ ਬਾਗ਼' ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਇਸੇ ਅਸਥਾਨ 'ਤੇ ਗੁਰੂ ਸਾਹਿਬ ਨੇ ਬਾਰਾਂ ਮਾਹ ਦੀ ਬਾਣੀ ਦਾ ਉਚਾਰਨ ਕੀਤਾ ਅਤੇ ਇਥੇ ਗੁਰੂ ਸਾਹਿਬ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ। ਗੁਰੂ ਨਗਰੀ ਦੀ ਇਹ ਮੁਕੱਦਸ ਨਿਸ਼ਾਨੀ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਸੰਗਤ ਇਸ ਦੇ ਇਤਿਹਾਸ ਜਾਂ ਹੋਂਦ ਤੋਂ ਵੀ ਜਾਣੂ ਨਹੀਂ ਹੈ।
ਸ: ਕਰਮ ਸਿੰਘ ਹਿਸਟੋਰੀਅਨ 'ਅੰਮ੍ਰਿਤਸਰ ਦੀ ਤਵਾਰੀਖ਼' ਦੇ ਸਫ਼ਾ 51-53 ਅਤੇ ਪੰਥ ਰਤਨ ਗਿਆਨੀ ਗਿਆਨ ਸਿੰਘ 'ਤਵਾਰੀਖ਼ ਸ੍ਰੀ ਅੰਮ੍ਰਿਤਸਰ' ਦੇ ਸਫ਼ਾ 66-67 'ਤੇ ਇਸ ਬਾਗ਼ ਸਬੰਧੀ ਲਿਖਦੇ ਹਨ-'ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਕਾ ਬਾਗ਼ ਦੇ ਸਥਾਨ 'ਤੇ ਬੇਰੀਆਂ, ਬੋਹੜ ਤੇ ਪਿੱਪਲ ਆਦਿ ਦੇ ਬ੍ਰਿਛ ਹੁੰਦੇ ਸਨ, ਅਕਸਰ ਗੁਰੂ ਸਾਹਿਬ ਆਰਾਮ ਕਰਨ ਲਈ ਇਨ੍ਹਾਂ ਦੀ ਸੰਘਣੀ ਛਾਂ ਹੇਠ ਬੈਠ ਜਾਇਆ ਕਰਦੇ ਸਨ। ਸ਼ਹਿਰ ਨਿਰਮਾਣ ਤੋਂ ਪਹਿਲਾਂ ਇਸ ਬਾਗ਼ ਵਿਚ ਇਕ ਖੂਹ ਹੋਇਆ ਕਰਦਾ ਸੀ, ਜੋ ਪਿੰਡ ਸੁਲਤਾਨਵਿੰਡ ਦੇ ਜ਼ਿਮੀਂਦਾਰਾਂ ਨੇ ਖੇਤੀਬਾੜੀ ਲਈ ਲਗਾਇਆ ਸੀ। ਇਸ ਖੂਹ ਦੇ ਪਾਸ ਭਾਈ ਮਨੀ ਸਿੰਘ ਦਾ ਚੇਲਾ ਪੰਡਿਤ ਭਗਤ ਸਿੰਘ ਨਿਰਮਲਾ ਰਿਹਾ ਕਰਦਾ ਸੀ ਅਤੇ ਉਸ ਦਾ ਚੇਲਾ ਸਾਧੂ ਸਰਧਾ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚਲਾਇਆ ਕਰਦਾ ਸੀ ਅਤੇ ਇਥੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਥਾ ਸੁਣਾਇਆ ਕਰਦਾ ਸੀ। ਉਸ ਦਾ ਲੰਗਰ ਹਮੇਸ਼ਾ ਜਾਰੀ ਰਹਿੰਦਾ ਸੀ ਅਤੇ ਹਰ ਵੇਲੇ ਲੋਹ ਤਪਦੀ ਰਹਿੰਦੀ ਸੀ। ਖ਼ਾਲਸਾ ਦਲ ਦੇ ਸਿੱਖ ਸਰਦਾਰ, ਲੰਗਰ ਦੀ ਸੇਵਾ ਕਰਦੇ ਸਨ। ਪੰਡਿਤ ਭਗਤ ਸਿੰਘ ਨਿਰਮਲੇ ਦਾ ਚੇਲਾ ਸਰੂਪ ਸਿੰਘ ਵੀ ਲਗਾਤਾਰ ਬਾਰਾਂ ਵਰ੍ਹੇ ਸੁਲਤਾਨਵਿੰਡ ਅਤੇ ਗਿਲਵਾਲੀ ਆਦਿ ਨਜ਼ਦੀਕੀ ਪਿੰਡ ਤੋਂ ਆਟਾ-ਦਾਲ ਲਿਆ ਕੇ ਲੰਗਰ ਵਿਚ ਪਾਉਂਦਾ ਰਿਹਾ, ਜਿਸ ਦੇ ਚਲਦਿਆਂ ਉਹ ਪੂਰਾ ਸਾਧੂ ਹੋ ਗਿਆ।'
ਅਫ਼ਗਾਨੀ ਹਮਲਿਆਂ ਵੇਲੇ ਇਹ ਖ਼ਸਤਾ ਹਾਲ ਮਕਾਨ ਡਿਗਣ ਵਾਲਾ ਹੋ ਗਿਆ, ਪਰ ਸਾਹਿਬ ਸਿੰਘ ਤੇ ਰਣ ਸਿੰਘ ਨਿਰਮਲੇ ਸਿੰਘ ਉਸੇ ਥਾਂ ਬੈਠੇ ਰਹੇ। ਸਿੱਖ ਸਰਦਾਰਾਂ ਨੇ ਉਨ੍ਹਾਂ ਨੂੰ ਜਾਗੀਰ ਵੀ ਦੇਣੀ ਚਾਹੀ ਪਰ ਉਹ ਤਿਆਗੀ ਬਣੇ ਰਹੇ। ਮਹਾਰਾਜਾ ਰਣਜੀਤ ਸਿੰਘ ਸਮੇਂ ਗਿਆਨੀ ਸੰਤ ਸਿੰਘ, ਬਾਗ਼ ਗੁਰਦੁਆਰੇ ਦੇ ਨਾਂਅ ਲਗਾ ਦਿੱਤਾ ਅਤੇ ਸੰਨ 1815-16 ਵਿਚ ਬਾਗ਼ ਵਿਚ ਨਿੰਬੂਆਂ ਦੇ ਬੂਟੇ ਲਗਵਾ ਦਿੱਤੇ।
ਇਸ ਬਾਗ਼ ਵਿਚ ਹੀ ਇਕ ਮੰਜੀ ਸਾਹਿਬ ਨਾਮੀ ਅਸਥਾਨ ਸੀ। ਇਥੇ ਬਣੇ ਚਿੱਟੇ ਪੱਥਰ ਦੇ ਖ਼ੂਬਸੂਰਤ ਬੰਗਲੇ ਦੇ ਸਥਾਨ 'ਤੇ ਗੁਰੂ ਸਾਹਿਬ ਵੇਲੇ ਇੱਟਾਂ ਦਾ ਥੜ੍ਹਾ ਹੋਇਆ ਕਰਦਾ ਸੀ, ਜਿਥੇ ਉਹ ਬੈਠਿਆ ਕਰਦੇ ਸਨ। ਇਸ ਦੇ ਪਾਸ ਹੀ ਚਿੱਟੇ ਪੱਥਰ ਦੇ ਫੁਹਾਰੇ ਲੱਗੇ ਹੋਏ ਸਨ, ਜਿਸ ਦੇ ਥੜ੍ਹੇ 'ਤੇ ਬੈਠ ਕੇ ਸੰਤ-ਮਹਾਤਮਾ ਗਿਆਨ ਚਰਚਾ ਕਰਦੇ ਸਨ। ਇਥੇ ਪਾਸ ਹੀ ਇਕ ਮੁਸਾਫ਼ਰਖ਼ਾਨਾ ਸੀ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕਥਾ ਜਾਰੀ ਰਹਿੰਦੀ ਸੀ। ਇਸ ਮੁਸਾਫ਼ਰਖ਼ਾਨੇ ਦੇ ਨਾਲ-ਨਾਲ ਸੰਨ 1864 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਜਾਣ ਲਈ ਰਸਤਾ ਕੱਢਿਆ ਗਿਆ। ਇਥੇ ਪਾਸ ਹੀ ਇਕ ਖੂਹ ਸੰਨ 1863 ਵਿਚ ਸ਼ਾਹੂਕਾਰ ਲਾਲਾ ਕੋਟੁ ਮੱਲ ਖੱਤਰੀ ਨੇ ਲਗਵਾਇਆ। ਸ਼ਾਮ ਵੇਲੇ ਰੋਜ਼ਾਨਾ ਚੰਗੀ ਰੌਣਕ ਜੁੜਦੀ ਸੀ ਅਤੇ ਚੰਦ ਦੀ ਪੰਜਵੀਂ ਨੂੰ ਮੇਲਾ ਲਗਦਾ ਸੀ। ਇਥੇ ਥਾਂ-ਥਾਂ ਸਾਧ-ਸੰਤ, ਗੁਣੀ, ਪੰਡਿਤ, ਮਹਾਤਮਾ ਕਥਾ ਕੀਰਤਨ ਤੇ ਉਪਦੇਸ਼ ਕਰਦੇ ਵੇਖੇ-ਸੁਣੇ ਜਾਂਦੇ ਸਨ। ਇਸੇ ਬਾਗ਼ ਦੀ ਭੂਮੀ 'ਤੇ ਸ੍ਰੀ ਗੁਰੂ ਸਿੰਘ ਸਭਾ (ਅੰਮ੍ਰਿਤਸਰ) ਦੀ ਬੁਨਿਆਦ ਰੱਖੇ ਜਾਣ ਸਬੰਧੀ ਵਿਸ਼ੇਸ਼ ਇਕੱਤਰਤਾ ਹੋਈ ਅਤੇ ਇਥੇ ਹੀ ਦੇਸ਼ ਦੀ ਆਜ਼ਾਦੀ ਲਈ ਚੱਲੀ ਮੁਹਿੰਮ ਦੌਰਾਨ ਜਲਸੇ ਸਭਾਵਾਂ ਹੁੰਦੀਆਂ ਰਹੀਆਂ। ਬਾਅਦ ਵਿਚ ਬਾਗ਼ ਦੇ ਸਥਾਨ 'ਤੇ ਫ੍ਰੀ ਡਿਸਪੈਂਸਰੀ, ਖ਼ਾਲਸਾ ਹਾਈ ਸਕੂਲ, ਯਾਤਰੂਆਂ ਦੇ ਨਿਵਾਸ ਲਈ ਸਰਾਂ ਗੁਰੂ ਰਾਮਦਾਸ ਨਿਵਾਸ ਅਸਥਾਨ, ਗੁਰੂ ਰਾਮਦਾਸ ਲਾਇਬ੍ਰੇਰੀ ਅਤੇ ਲੰਗਰ ਘਰ ਆਦਿ ਭਵਨ ਸਥਾਪਿਤ ਕੀਤੇ ਗਏ।
ਮੌਜੂਦਾ ਸਮੇਂ ਪੰਚਮ ਪਾਤਿਸ਼ਾਹ ਦੁਆਰਾ ਲਗਵਾਏ ਬਾਗ਼ ਦੀਆਂ ਕਰੀਬ ਸਭ ਨਿਸ਼ਾਨੀਆਂ ਲੁਪਤ ਹੋ ਚੁੱਕੀਆਂ ਹਨ, ਸਿਰਫ਼ ਮੰਜੀ ਸਾਹਿਬ ਦੀਵਾਨ ਹਾਲ ਹੀ ਹੈ, ਜੋ ਬਾਗ਼ ਦੀ ਭੂਮੀ 'ਤੇ ਉਸਾਰਿਆ ਗਿਆ ਹੈ। ਇਸ ਅਸਥਾਨ ਦਾ ਮੌਜੂਦਾ ਨਾਂਅ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ ਅਤੇ ਇਥੇ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਕਥਾ ਅਤੇ ਸ਼ਬਦ ਕੀਰਤਨ ਲਗਾਤਾਰ ਜਾਰੀ ਰਹਿੰਦਾ ਹੈ। ਗੁਰੂ ਕਾ ਬਾਗ਼ ਦੀ ਭੂਮੀ 'ਤੇ ਉਸਾਰੇ ਇਸ ਆਲੀਸ਼ਾਨ ਦੀਵਾਨ ਹਾਲ ਵਿਚ ਗੁਰੂ ਸਾਹਿਬਾਨ ਦੇ ਦਿਹਾੜਿਆਂ ਤੋਂ ਇਲਾਵਾ ਵੱਡੇ ਜੋੜ ਮੇਲੇ, ਕਾਨਫਰੰਸਾਂ, ਸੰਮੇਲਨ ਅਤੇ ਮਹੱਤਵਪੂਰਨ ਇਤਿਹਾਸਕ ਦਿਹਾੜਿਆਂ ਸਹਿਤ ਸ਼ਹੀਦੀ ਦਿਹਾੜਿਆਂ 'ਤੇ ਭਾਰੀ ਦੀਵਾਨ ਸਜਾਏ ਜਾਂਦੇ ਹਨ।


-ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਹ ਕਹਿ ਕੇ ਉਸ ਨੇ ਆਪਣੀ ਪੁਸਤਕ 'ਅਰਥ-ਗੌਡਸ' ਦਾ ਖਰੜਾ ਮੈਨੂੰ ਦਿੰਦਿਆਂ ਕਿਹਾ, 'ਮੀਸ਼ਾ, ਮੈਨੂੰ ਉੱਚੀ ਆਵਾਜ਼ 'ਚ ਪੜ੍ਹ ਕੇ ਸੁਣਾ।'
ਇਹ ਇਕ ਲੰਮੀ ਵਾਰਤਕ ਕਵਿਤਾ ਸੀ, ਜਿਸ ਵਿਚ ਤਿੰਨ ਦੇਵਤੇ ਮਨੁੱਖ ਅਤੇ ਮਨੁੱਖ ਦੀ ਹੋਣੀ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ। ਪੜ੍ਹਦਿਆਂ-ਪੜ੍ਹਦਿਆਂ ਮੈਂ ਕਈ ਵਾਰ ਰੁਕ ਜਾਂਦਾ, ਤਾਂ ਜੋ ਮੈਂ ਜਿਬਰਾਨ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਸਕਾਂ। ਉਸ ਦੇ ਚਿਹਰੇ ਨੂੰ ਦੇਖ ਕੇ ਮੈਨੂੰ ਇੰਜ ਜਾਪਦਾ ਜਿਵੇਂ ਬੱਦਲਾਂ 'ਚੋਂ ਲੰਘਦੇ ਸੂਰਜ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸ ਦਾ ਚਿਹਰਾ ਨਹਾਤਾ ਹੋਇਆ ਹੋਵੇ। ਇਹ ਬੱਦਲ ਸਨ ਉਸ ਦੁੱਖ ਅਤੇ ਪੀੜਾ ਦੇ, ਜਿਨ੍ਹਾਂ ਦਾ ਵਰਨਣ ਇਕ ਦੇਵਤਾ ਨੇ ਕੀਤਾ ਸੀ। ਮੈਂ ਉਸ ਦੀ ਕਵਿਤਾ ਦੇ ਭਾਵ-ਪੱਖ ਅਤੇ ਕਲਾ ਪੱਖ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਿਆ।
ਪਾਠ ਖ਼ਤਮ ਹੋ ਗਿਆ। ਅਸੀਂ ਇਸ ਵਾਰਤਕ-ਕਵਿਤਾ ਦੇ ਭਿੰਨ-ਭਿੰਨ ਪੱਖਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਫਿਰ ਜਿਬਰਾਨ ਉੱਠਿਆ ਤੇ ਉਸ ਨੇ ਮੈਨੂੰ ਇਸ ਪੁਸਤਕ ਲਈ ਵਿਸ਼ੇਸ਼ ਤੌਰ 'ਤੇ ਬਣਾਏ 12 ਚਿੱਤਰ ਦਿਖਾਏ। ਇਹ ਚਿੱਤਰ ਦੇਖ ਕੇ ਮੈਂ ਉਸ ਦੀ ਕਵਿਤਾ ਨੂੰ ਭੁੱਲ ਗਿਆ। ਇਨ੍ਹਾਂ ਚਿੱਤਰਾਂ ਵਿਚ ਗਜ਼ਬ ਦੀ ਕਲਾਤਮਿਕ ਸੂਖਮਤਾ ਸੀ। ਇਹ ਚਿੱਤਰ ਇਸ ਗੱਲ ਦਾ ਪ੍ਰਮਾਣ ਸਨ ਕਿ ਜਿਬਰਾਨ ਜਿਵੇਂ-ਜਿਵੇਂ ਪ੍ਰੌਢ ਹੋ ਰਿਹਾ ਸੀ, ਉਸ ਅੰਦਰਲਾ ਕਲਾਕਾਰ ਉਸ ਅੰਦਰਲੇ ਕਵੀ ਤੋਂ ਕਿਤੇ ਅਗਾਂਹ ਵਧ ਰਿਹਾ ਸੀ।
ਉਸ ਦਿਨ ਬਾਰਿਸ਼ ਹੋ ਰਹੀ ਸੀ। ਜਿਬਰਾਨ ਨੇ ਮੈਨੂੰ ਫੋਨ ਕੀਤਾ ਕਿ ਜੇ ਮੈਂ ਉਸ ਨੂੰ ਮਿਲਣ ਜਾਵਾਂ ਤਾਂ ਆਪਣੇ ਨਾਲ ਕੁਝ ਰਸਾਲੇ ਤੇ ਅਖ਼ਬਾਰ ਜ਼ਰੂਰ ਲੈ ਕੇ ਜਾਵਾਂ। ਮੈਂ ਰਸਾਲਿਆਂ ਨਾਲ ਆਪਣੀਆਂ ਬਾਹਾਂ ਭਰ ਲਈਆਂ। ਜਿਬਰਾਨ ਬਿਸਤਰ 'ਤੇ ਸੀ। ਮੈਨੂੰ ਦੇਖਦਿਆਂ ਹੀ ਉਹ ਖੜ੍ਹਾ ਹੋ ਗਿਆ ਤੇ ਮੇਰੇ ਨੇੜੇ ਬਹਿ ਗਿਆ। ਪਹਿਲੀ ਵਾਰ ਮੈਂ ਉਸ ਦੀ ਆਵਾਜ਼ 'ਚੋਂ ਮੌਤ ਦੀ ਆਵਾਜ਼ ਸੁਣੀ। ਉਸ ਦੇ ਚਿਹਰੇ 'ਤੇ ਵੀ ਮੈਂ ਮੌਤ ਦਾ ਪ੍ਰਛਾਵਾਂ ਦੇਖਿਆ। ਮੈਂ ਕੰਬ ਉੱਠਿਆ। ਮੈਂ ਆਪਣੇ ਮਨੋਭਾਵਾਂ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਸ ਦਿਨ ਬਹੁਤ ਸਾਰੀਆਂ ਗੱਲਾਂ ਕੀਤੀਆਂ-ਸਭ ਤੋਂ ਵੱਧ 'ਅਰਬੀਤਾਹ' ਸਬੰਧੀ। ਉਸ ਨੇ ਹਰ ਮੈਂਬਰ ਦਾ ਨਾਂਅ ਲੈ-ਲੈ ਕੇ ਯਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਸਭ ਦੋਸਤਾਂ ਨੂੰ ਮਿਲ ਕੇ ਅੰਤਿਮ ਅਲਵਿਦਾ ਕਹਿਣਾ ਚਾਹੁੰਦਾ ਹੈ। ਮੈਂ ਤੇ ਮੇਰੇ ਹੋਰ ਦੋਸਤ ਇਸ ਗੱਲ ਤੋਂ ਬਿਲਕੁਲ ਅਨਜਾਣ ਸਨ ਕਿ ਉਹ ਸਾਨੂੰ ਛੱਡ ਕੇ ਜਾ ਰਿਹਾ ਹੈ। ਕਿਸਮਤ ਨੇ ਉਸ ਦੀ ਜ਼ਿੰਦਗੀ ਦੇ ਧਾਗਿਆਂ ਨੂੰ ਵਲੇਟਣਾ ਸ਼ੁਰੂ ਕਰ ਦਿੱਤਾ ਸੀ। ਸਮੇਂ ਦੀ ਖੱਡੀ ਤੇ ਕਿਸਮਤ ਦਿਨ-ਰਾਤ ਤਾਣਾ-ਬਾਣਾ ਬੁਣਦੀ ਕਰਦੀ ਰਹਿੰਦੀ ਹੈ।
ਅੰਤਿਮ ਪਲ
ਮੈਂ ਹਸਪਤਾਲ ਵਿਚ ਜਿਬਰਾਨ ਦੇ ਬੈੱਡ ਨੇੜੇ ਖਲੋਤਾ ਸੋਚ ਰਿਹਾ ਸੀ ਕਿ ਕੀ ਜਿਬਰਾਨ ਦੇ ਸਾਹ ਰੁਕਦਿਆਂ ਹੀ ਮੇਰੇ ਤੇ ਮੇਰੇ ਦੋਸਤ ਦਰਮਿਆਨ ਸਾਰੇ ਸਬੰਧ ਖ਼ਤਮ ਹੋ ਜਾਣਗੇ? ਕੀ ਮੌਤ ਸਾਡੀ ਸਾਂਝੀ ਸੋਚ ਅਤੇ ਸਾਡੇ ਆਤਮਿਕ ਸਬੰਧਾਂ 'ਤੇ ਪੂਰਨ ਵਿਰਾਮ ਅੰਕਿਤ ਕਰ ਦੇਵੇਗੀ? ਮੈਂ ਵਾਰ-ਵਾਰ ਸੋਚ ਰਿਹਾ ਸੀ ਕਿ ਜਿਬਰਾਨ ਦੇ ਅਨੇਕਾਂ ਦੋਸਤਾਂ ਵਿਚੋਂ ਮੈਨੂੰ ਹੀ ਇਥੇ ਕਿਉਂ ਬੁਲਾਇਆ ਗਿਆ? ਮੈਂ ਉਸ ਨੂੰ ਮੌਤ ਨਾਲ ਸੰਘਰਸ਼ ਕਰਦਿਆਂ ਦੇਖ ਰਿਹਾ ਹਾਂ। ਨਸੀਬ ਅਕੀਦਾ ਅਤੇ ਅਬਦੁਲ ਨੂੰ ਮੈਂ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਮੈਂ ਆਪਣੀ ਕੁਰਸੀ ਤੋਂ ਖੜ੍ਹਾ ਹੋਇਆ। ਇਸ ਦੌਰਾਨ ਮੇਰੇ ਕੰਨਾਂ 'ਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਮੈਂ ਦਰਵਾਜ਼ਾ ਖੋਲ੍ਹਿਆ। ਮੇਰੇ ਸਾਹਮਣੇ ਜਿਬਰਾਨ ਦੀ ਭੈਣ ਮੇਰੀਆਨਾ ਖੜ੍ਹੀ ਸੀ। ਉਹ ਹੁਣੇ ਹੀ ਬੋਸਟਨ ਤੋਂ ਪਹੁੰਚੀ ਸੀ। ਉਹ ਜਿਬਰਾਨ ਰਾਹੀਂ ਮੈਨੂੰ ਜਾਣਦੀ ਸੀ। ਮੈਨੂੰ ਦੇਖਣ ਸਾਰ ਹੀ ਉਹ ਮੇਰੇ ਵੱਲ ਇੰਜ ਉੱਲਰੀ ਜਿਵੇਂ ਉਹ ਹਰ ਹੀਲੇ-ਵਸੀਲੇ ਜਿਬਰਾਨ ਦੀ ਜਾਨ ਬਚਾਉਣ ਲਈ ਗੁਹਾਰ ਕਰ ਰਹੀ ਹੋਵੇ। ਉਸ ਨੇ ਕਿਹਾ, 'ਮੈਂ ਹੱਥ ਜੋੜ ਕੇ ਤੁਹਾਡੇ ਕੋਲ ਅਰਜੋਈ ਕਰਦੀ ਹਾਂ। ਮੈਂ ਤੁਹਾਨੂੰ ਜਿਬਰਾਨ ਦਾ ਹੀ ਰੂਪ ਮੰਨਦੀ ਹਾਂ। ਤੁਸੀਂ ਉਸ ਦੇ ਵੀ ਭਰਾ ਹੋ ਤੇ ਮੇਰੇ ਵੀ। ਕੀ ਜਿਬਰਾਨ ਮਰ ਜਾਵੇਗਾ? ਕੀ ਉਹ ਅੰਤਿਮ ਸਾਹ ਲੈ ਚੁੱਕਾ ਹੈ? ਕੀ ਤੁਸੀਂ ਉਸ ਨੂੰ ਮਰਨ ਦੇਵੋਗੇ?'
ਮੈਂ ਫਿਰ ਕਮਰੇ 'ਚ ਗਿਆ। ਮੇਰਾ ਦਿਲ ਜ਼ਾਰੋ-ਜ਼ਾਰ ਰੋ ਰਿਹਾ ਸੀ। ਮੇਰੇ ਵਿਚਾਰ ਖਿੰਡਰ-ਪੁੰਡਰ ਚੁੱਕੇ ਸਨ। ਅਣਗਿਣਤ ਸਵਾਲ ਮੇਰੇ ਜ਼ਿਹਨ ਵਿਚ ਟਕਰਾਅ ਰਹੇ ਸਨ। ਮੈਨੂੰ ਕੋਈ ਹੋਸ਼ ਨਹੀਂ ਸੀ। ਉਸ ਸਮੇਂ 'ਅਲਮੁਸਤਫਾ' ਦੇ ਇਹ ਸ਼ਬਦ ਮੇਰੇ ਕੰਨਾਂ 'ਚ ਪਏ-
'ਬਸ, ਨਦੀ ਇਕ ਮੋੜ ਹੋਰ ਲਵੇਗੀ, ਬਸ, ਇਕ ਲਹਿਰ ਹੋਰ ਉੱਠੇਗੀ ਤੇ ਮੈਂ ਇਕ ਅਸੀਮ ਬੂੰਦ, ਅਸੀਮ ਸਮੁੰਦਰ 'ਚ ਵਿਲੀਨ ਹੋ ਜਾਵਾਂਗੀ।'
ਓਰਫੇਲੀਜ਼ ਸ਼ਹਿਰ ਦੇ ਵਸਨੀਕਾਂ ਸਾਹਮਣੇ ਉਸ ਦੇ ਇਹ ਆਖਰੀ ਸ਼ਬਦ ਸਨ-'ਕੁਝ ਦੇਰ ਹਵਾ ਦੇ ਬਿਸਤਰ 'ਤੇ ਆਰਾਮ ਕਰਨ ਤੋਂ ਬਾਅਦ ਮੈਂ ਫਿਰ ਕਿਸੇ ਕੁੱਖ 'ਚੋਂ ਜਨਮ ਲਵਾਂਗਾ।'
'ਮੇਰੇ ਦੋਸਤ ਤੇ ਮੇਰੇ ਭਰਾ ਜਿਬਰਾਨ ਨੇ ਜਦੋਂ ਆਖਰੀ ਸਾਹ ਲਿਆ ਤਾਂ ਮੈਂ ਉਸੇ ਵੇਲੇ ਗੋਡਿਆਂ ਭਾਰ ਫਰਸ਼ 'ਤੇ ਬਹਿ ਗਿਆ। ਮੈਂ ਆਪਣੀ ਕੰਬਣੀ 'ਚੋਂ ਆਪਣੇ ਦੁਖੀ ਹਿਰਦੇ ਦੀਆਂ ਪ੍ਰਾਰਥਨਾਵਾਂ ਸੁਣ ਰਿਹਾ ਸੀ। ਇਨ੍ਹਾਂ ਪ੍ਰਾਰਥਨਾਵਾਂ ਵਿਚ ਬਾਈਬਲ ਦੇ ਇਹ ਪਵਿੱਤਰ ਸ਼ਬਦ ਸ਼ਾਮਿਲ ਸਨ, 'ਹੇ ਪ੍ਰਭੂ! ਰਹਿਮ ਕਰੋ! ਤੁਸੀਂ ਮੇਰੇ ਕਿੰਨੇ ਹੀ ਗੁਨਾਹ ਬਖਸ਼ੇ ਹਨ। ਮੈਨੂੰ ਆਪਣੀ ਦ੍ਰਿਸ਼ਟੀ ਨਾਲ ਨਿਰਮਲ ਕਰ ਦੇਵੋ, ਮੇਰੇ ਅੰਦਰ ਵੀ ਕਾਲਿਖ ਨੂੰ ਧੋ ਕੇ ਇਸ ਨੂੰ ਸਾਫ਼ ਕਰ ਦੇਵੋ।'
ਬਹੁਤ ਦੇਰ ਤੱਕ ਸਮਾਧੀ ਦੀ ਅਵਸਥਾ ਵਿਚ ਬੈਠੇ ਰਹਿਣ ਤੋਂ ਬਾਅਦ ਮੇਰੇ ਕੰਨਾਂ ਵਿਚ ਜਿਬਰਾਨ ਦੇ ਇਹ ਸ਼ਬਦ ਗੂੰਜ ਰਹੇ ਸਨ-'ਵੇਖੋ! ਮੈਂ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗਾ, ਇਸ ਦੁਨੀਆ ਦੇ ਆਖਰੀ ਸਿਰੇ ਤੱਕ।'
ਅਗਲੀ ਸਵੇਰ ਜਿਬਰਾਨ ਦੇ ਅੰਤਿਮ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦੀ ਭਾਰੀ ਭੀੜ ਸੀ। ਉਸ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਢਕੀ ਹੋਈ ਸੀ। ਦੁੱਖ ਦੀ ਗੱਲ ਹੈ ਕਿ ਜਿਬਰਾਨ ਦੇ ਫਿਰਕੇ 'ਮੈਰਾਨਾਈਟ' ਗਿਰਜਾਘਰ ਦੇ ਪਾਦਰੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿਚ ਦਫਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਉਹ ਮਰਨ ਤੋਂ ਪਹਿਲਾਂ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੋਂ ਮੁਨਕਰ ਹੋ ਗਿਆ ਸੀ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਭੇਜ ਦਿੱਤਾ ਗਿਆ। 'ਸੀਰੀਅਨ ਲੇਡੀਜ਼ ਏਡ ਸੁਸਾਇਟੀ' ਦੇ ਵਿਹੜੇ ਵਿਚ ਰੱਖੀ ਉਸ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਸਨ। ਉਥੇ ਹੀ ਮੇਰੀ ਮੁਲਾਕਾਤ ਮੈਰੀ ਹੈਸਕਲ ਨਾਲ ਹੋਈ। ਉਹ ਸਾਦਗੀ ਅਤੇ ਸੰਜੀਦਗੀ ਦੀ ਮੂਰਤੀ ਜਾਪਦੀ ਸੀ। ਉਹ ਜਿਬਰਾਨ ਬਾਰੇ ਇੰਜ ਗੱਲਾਂ ਕਰ ਰਹੀ ਸੀ, ਜਿਵੇਂ ਉਹ ਅਜੇ ਜਿਊਂਦਾ ਹੋਵੇ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਆਰਜ਼ੀ ਤੌਰ 'ਤੇ 'ਅਵਰ ਲੇਡੀ ਆਫ ਦ ਸਿਡਾਰਸ' ਨਾਮੀ ਮੈਰਾਨਾਈਟ ਚਰਚ ਦੇ ਪਿਛਵਾੜੇ ਬਣੇ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ। ਮੇਰੀਆਨਾ ਦੀ ਦਿਲੀ ਇੱਛਾ ਸੀ ਕਿ ਉਸ ਦੇ ਭਰਾ ਨੂੰ ਉਹ ਉਸ ਦੇ ਸਦੀਵੀ ਵਿਸ਼ਰਾਮ ਲਈ ਉਸ ਦੀ ਜਨਮ ਭੂਮੀ 'ਚ ਹੀ ਲੈ ਕੇ ਜਾਵੇ।
21 ਅਗਸਤ, 1931 ਨੂੰ ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਤੋਂ ਬੇਰੂਤ ਤੇ ਬੇਰੂਤ ਤੋਂ ਬਿਸ਼ਾਰੀ ਲਿਜਾਇਆ ਗਿਆ। ਬਿਸ਼ਾਰੀ ਦਾ ਹਰ ਵਸਨੀਕ ਉਥੇ ਹਾਜ਼ਰ ਸੀ। ਲੋਕਾਂ ਦੀ ਏਨੀ ਵੱਡੀ ਭੀੜ ਮੈਂ ਕਦੇ ਨਹੀਂ ਦੇਖੀ ਸੀ। ਉਸ ਦੀ ਦੇਹ ਨੂੰ ਉਸ ਦੀ ਮਨਭਾਉਂਦੀ ਜਗ੍ਹਾ 'ਹਰਮਿਟੇਜ' ਦੇ ਲਾਗੇ ਹੀ ਦਫਨਾ ਦਿੱਤਾ ਗਿਆ। ਇਹ ਉਹੀ ਸਥਾਨ ਸੀ, ਜਿਥੇ ਉਹ ਸਕੂਨ ਭਰੇ ਦਿਨ ਬਤੀਤ ਕਰਨ ਦੇ ਸੁਪਨੇ ਦੇਖਿਆ ਕਰਦਾ ਸੀ। ਮੇਰੀਆਨਾ ਨੇ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਖਰੀਦ ਲਿਆ ਸੀ।
ਮੈਂ ਉਸ ਪਵਿੱਤਰ ਥਾਂ 'ਤੇ 1932 ਦੀ ਗਰਮੀ ਦੀ ਰੁੱਤ ਵਿਚ ਗਿਆ। ਦਰਵਾਜ਼ੇ 'ਤੇ ਉੱਕਰੇ ਇਹ ਸ਼ਬਦ ਉਸ ਜਗ੍ਹਾ ਦੀ ਸ਼ਾਂਤੀ ਤੇ ਪਵਿੱਤਰਤਾ ਦਾ ਵਰਨਣ ਕਰ ਰਹੇ ਸਨ-
®h! 2eata So&}tudo
®h! So&a 2eaut}tudo.
ਓਹ! ਕਿੰਨਾ ਹੈ ਇਕਾਂਤ ਇਥੇ,
ਤੇ ਕਿੰਨਾ ਹੈ ਖਾਮੋਸ਼ ਸੁਹੱਪਣ ਇਥੇ।
(ਸਮਾਪਤ)


-ਸਾਬਕਾ ਕਮਿਸ਼ਨਰ, ਜਲੰਧਰ
ਮੋਬਾਈਲ : 98551-23499

ਸੱਯਦ ਕਰਮ ਅਲੀ ਸ਼ਾਹ

ਸੱਯਦ ਕਰਮ ਅਲੀ ਸ਼ਾਹ ਦਾ ਜਨਮ ਉਨੀਵੀਂ ਸਦੀ ਦੇ ਆਰੰਭ ਵਿਚ ਅਤੇ ਦਿਹਾਂਤ 1870 ਈ: ਤੋਂ ਬਾਅਦ ਦਾ ਖਿਆਲ ਕੀਤਾ ਜਾਂਦਾ ਹੈ। ਇਹ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਵਿਚੋਂ ਸੀ ਅਤੇ ਬਟਾਲੇ (ਜ਼ਿਲ੍ਹਾ ਗੁਰਦਾਸਪੁਰ) ਵਾਲੇ ਪੀਰ ਹੁਸੈਨ ਦਾ ਮੁਰੀਦ ਸੀ। ਪੀਰ ਹੁਸੈਨ ਨਾਲ ਕਰਮ ਅਲੀ ਸ਼ਾਹ ਦਾ ਮੇਲ ਬਟਾਲੇ ਨਹੀਂ, ਸਗੋਂ ਮਾਲੇਰਕੋਟਲੇ ਵਿਖੇ ਹੋਇਆ :
ਪੀਰ ਹੁਸੈਨ ਦਾ ਸਿਰ ਪੁਰ ਸਾਇਆ।
ਕਰਮ ਅਲੀ ਦਾ ਦੁੱਖ ਗਵਾਇਆ।
ਮਲੇਰਕੋਟਲੇ ਕਰਮ ਅਲੀ ਨੂੰ,
ਦਿੱਤਾ ਪੀਰ ਹੁਸੈਨ ਜਮਾਲ।
ਪੀਰੀ ਮੁਰੀਦੀ ਸੂਫ਼ੀਆਂ ਦੀ ਵਿਸ਼ੇਸ਼ ਰਵਾਇਤ ਰਹੀ ਹੈ। ਕਰਮ ਅਲੀ ਨੇ ਲਗਪਗ ਹਰ ਕਾਫੀ ਜਾਂ ਖਿਆਲ ਵਿਚ ਆਪਣੇ ਮੁਰਸ਼ਦ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦਾ ਹੈ ਕਿ ਅਗਿਆਨ ਦਾ ਗਹਿਰਾ ਪਰਦਾ ਮੁਰਸ਼ਦ ਪੀਰ ਹੁਸੈਨ ਦੁਆਰਾ ਬਖਸ਼ੀ ਗਿਆਨ ਦੀ ਤਿੱਖੀ ਰੌਸ਼ਨੀ ਨਾਲ ਤਾਰ-ਤਾਰ ਹੋ ਸਕਦਾ ਹੈ। ਬੇਸ਼ੱਕ ਉਸ ਦੀ ਕਵਿਤਾ ਵਿਚ ਹੋਰਨਾਂ ਧਰਮਾਂ ਅਤੇ ਧਰਮ ਆਗੂਆਂ ਦੇ ਹਵਾਲੇ ਵੀ ਮਿਲ ਜਾਂਦੇ ਹਨ, ਜੋ ਉਸ ਦੀ ਸੁਲਹਕੁਲ ਬਿਰਤੀ ਨੂੰ ਉਜਾਗਰ ਕਰਦੇ ਹਨ ਪਰ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਸਭ ਤੋਂ ਸ੍ਰੇਸ਼ਟ ਅਤੇ ਦੁਨੀਆ ਦਾ ਸਿਰਜਕ ਕਹਿ ਕੇ ਵਡਿਆਉਂਦਾ ਹੈ। ਸੱਯਦ ਕਰਮ ਅਲੀ ਸ਼ਾਹ ਦਾ ਕਲਾਮ ਲਿਪੀਬੱਧ ਹੋਣ ਤੋਂ ਚੋਖਾ ਚਿਰ ਪਹਿਲਾਂ ਕੱਵਾਲਾਂ ਅਤੇ ਰਮਤੇ ਫ਼ਕੀਰਾਂ ਦੇ ਬੁੱਲ੍ਹਾਂ ਉੱਤੇ ਖੇਡਦਾ ਰਿਹਾ ਅਤੇ 1938 ਦੇ ਨੇੜੇ-ਤੇੜੇ ਕਿਸੇ ਦੀ ਨਿੱਜੀ ਲਾਇਬ੍ਰੇਰੀ ਵਿਚੋਂ ਇਸ ਦਾ ਨੁਸਖਾ ਮਿਲ ਗਿਆ, ਜਿਥੋਂ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ। ਨੁਸਖੇ ਦੇ ਕਾਤਬ ਨੇ ਕਰਮ ਅਲੀ ਸ਼ਾਹ ਦੀਆਂ ਕਾਵਿ ਰਚਨਾਵਾਂ ਨੂੰ ਖਿਆਲ ਦਾ ਨਾਂਅ ਦਿੱਤਾ ਹੈ। ਇਹ ਖਿਆਲ ਜਾਂ ਸੰਗ੍ਰਹਿ ਵਿਚ ਚਾਰ ਕਿਸਮ ਦੀਆਂ ਕਵਿਤਾਵਾਂ ਹਨ।
(ੳ) ਖਿਆਲ : ਖਿਆਲ ਦਾ ਭਾਵ ਸੋਚ ਜਾਂ ਵਿਚਾਰ ਹੈ, ਏਸੇ ਲਈ ਵੱਖ-ਵੱਖ ਸਮਿਆਂ 'ਤੇ ਲਿਖੇ ਗਏ ਵੱਖ-ਵੱਖ ਵਿਚਾਰਾਂ ਨੂੰ ਪ੍ਰਗਟਾਉਣ ਵਾਲੀਆਂ ਕਾਫੀਆਂ ਨੂੰ ਇਕੱਠੇ ਕਰਕੇ ਖਿਆਲ ਕਹਿ ਲਿਆ ਗਿਆ ਹੈ। ਇਹ ਅਸਲ ਵਿਚ ਕਾਫੀਆਂ ਹੀ ਹਨ, ਜਿਨ੍ਹਾਂ ਦੀ ਕੁਲ ਗਿਣਤੀ 80 ਹੈ, ਜੋ ਵੱਖ-ਵੱਖ ਰਾਗਾਂ ਵਿਚ ਹਨ। ਉਂਜ ਖਿਆਲ ਇਕ ਗਾਇਨ ਸ਼ੈਲੀ ਵੀ ਹੈ।
(ਅ) ਲੋਰੀਆਂ : ਇਹ ਗਿਣਤੀ ਵਿਚ 12 ਹਨ ਅਤੇ ਸੰਭਵ ਹੈ ਕਿ ਇਹ ਕਰਮ ਅਲੀ ਨੇ ਪੁੱਤਰ ਸੱਯਦ ਜਲਾਲ ਦੇ ਜਨਮ ਸਮੇਂ ਲਿਖੀਆਂ ਹੋਣ :
ਲੋਰੀ ਲੈ ਵੇ ਸੱਯਦ ਜਲਾਲਾ।
ਖੁਸ਼ ਹੋਵੇ ਵੇਖਣ ਵਾਲਾ।
ਤੇਰਾ ਮੌਲਾ ਅਲੀ ਰਖਵਾਲਾ।
ਘਰ ਕਰਮ ਅਲੀ ਦੇ ਉਜਾਲਾ।
(ੲ) ਦੋਹੜੇ : ਦੋਹੜਾ ਕਾਵਿ ਰੂਪ ਵੀ ਸੂਫ਼ੀ ਕਵੀਆਂ ਦਾ ਹਰਮਨ ਪਿਆਰਾ ਕਾਵਿ ਰੂਪ ਰਿਹਾ ਹੈ। ਇਸ ਸੰਕਲਨ ਵਿਚ ਦੋ ਅੱਠ ਤੁਕੀਏ ਅਤੇ ਇਕ ਦੋਹਾ ਸ਼ਾਮਿਲ ਹੈ। ਮੌਤ ਨੂੰ ਚਿਤਾਰਦਿਆਂ ਕਰਮ ਅਲੀ ਲਿਖਦਾ ਹੈ :
ਵਕਤ ਅਖੀਰੀ ਆ ਗਿਆ,
ਥੱਲੇ ਮੌਤ ਪੈਗ਼ਾਮ।
ਚਲ ਕਰਮ ਸ਼ਾਹ ਚਲੀਏ,
ਝਗੜੇ ਮਿਟਣ ਤਮਾਮ।
(ਸ) ਗ਼ਜ਼ਲਾਂ : ਚਰਚਾਧੀਨ ਖਿਆਲ ਵਿਚ 17 ਗ਼ਜ਼ਲਾਂ ਵੀ ਸ਼ਾਮਿਲ ਹਨ, ਜੋ ਅਰਬੀ ਫ਼ਾਰਸੀ ਦੇ ਸ਼ਬਦਾਂ ਨਾਲ ਓਤਪੋਤ ਹਨ। ਉਂਜ ਕਹਿਣ ਨੂੰ ਇਹ ਉਰਦੂ ਗ਼ਜ਼ਲਾਂ ਹਨ ਪਰ ਕਵੀ ਦਾ ਉਰਦੂ ਦਾ ਗਿਆਨ ਸੀਮਤ ਅਤੇ ਡੰਗ-ਟਪਾਊ ਜਿਹਾ ਹੀ ਹੈ।
ਸੱਯਦ ਕਰਮ ਅਲੀ ਦੇ ਕਲਾਮ ਵਿਚ ਸਭ ਨਾਲੋਂ ਵਧੇਰੇ ਪੀਰ ਜਾਂ ਮੁਰਸ਼ਦ ਦੀ ਉਸਤਤਿ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥

ਸਿਰੀ ਰਾਗੁ ਮਹਲਾ ੩
ਸੁਣਿ ਸੁਣਿ ਕਾਮ ਗਹੇਲੀਏ
ਕਿਆ ਚਲਹਿ ਬਾਹ ਲੁਡਾਇ॥
ਆਪਣਾ ਪਿਰੁ ਨ ਪਛਾਣਹੀ
ਕਿਆ ਮੁਹੁ ਦੇਸਹਿ ਜਾਇ॥
ਜਿਨੀ ਸਖੀ ਕੰਤੁ ਪਛਾਣਿਆ
ਹਉ ਤਿਨ ਕੈ ਲਾਗਉ ਪਾਇ॥
ਤਿਨ ਹੀ ਜੈਸੀ ਥੀ ਰਹਾ
ਸਤਸੰਗਤਿ ਮੇਲਿ ਮਿਲਾਇ॥ ੧॥
ਮੁੰਧੇ ਕੂੜਿ ਮੁਠੀ ਕੂੜਿਆਰਿ॥
ਪਿਰੁ ਪ੍ਰਭੁ ਸਾਚਾ ਸੋਹਣਾ
ਪਾਈਐ ਗੁਰ ਬੀਚਾਰਿ॥ ੧॥ ਰਹਾਉ॥
ਮਨਮੁਖਿ ਕੰਤੁ ਨ ਪਛਾਣਈ
ਤਿਨ ਕਿਉ ਰੈਣਿ ਵਿਹਾਇ॥
ਗਰਬਿ ਅਟੀਆ ਤ੍ਰਿਸਨਾ ਜਲਹਿ
ਦੁਖੁ ਪਾਵਹਿ ਦੂਜੈ ਭਾਇ॥
ਸਬਦਿ ਰਤੀਆ ਸੋਹਾਗਣੀ
ਤਿਨ ਵਿਚਹੁ ਹਉਮੈ ਜਾਇ॥
ਸਦਾ ਪਿਰੁ ਰਾਵਹਿ ਆਪਣਾ
ਤਿਨਾ ਸੁਖੇ ਸੁਖਿ ਵਿਹਾਇ॥ ੨॥
ਗਿਆਨ ਵਿਹੂਣੀ ਪਿਰ ਮੁਤੀਆ
ਪਿਰਮੁ ਨ ਪਾਇਆ ਜਾਇ॥
ਅਗਿਆਨ ਮਤੀ ਅੰਧੇਰੁ ਹੈ
ਬਿਨੁ ਪਿਰ ਦੇਖੇ ਭੁਖ ਨ ਜਾਇ॥
ਆਵਹੁ ਮਿਲਹੁ ਸਹੇਲੀਹੋ
ਮੈ ਪਿਰੁ ਦੇਹੁ ਮਿਲਾਇ॥
ਪੂਰੈ ਭਾਗਿ ਸਤਿਗੁਰੁ ਮਿਲੈ
ਪਿਰੁ ਪਾਇਆ ਸਚਿ ਸਮਾਇ॥ ੩॥
ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ॥
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ॥
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ॥
ਨਾਨਕ ਸੋਭਾਵੰਤੀਆ ਸੋਹਾਗਣੀ
ਅਨਦਿਨੁ ਭਗਤਿ ਕਰੇਇ॥ ੪॥ ੨੮॥ ੬੧॥
(ਅੰਗ 37-38)
ਪਦ ਅਰਥ : ਕਾਮ ਗਹੇਲੀਏ-ਹੇ ਕਾਮ ਵਿਚ ਗ੍ਰੱਸੀ ਹੋਈ ਜੀਵ ਇਸਤਰੀਏ। ਬਾਹ ਲੁਢਾਇ-ਬਾਹਾਂ ਉਲਾਰ ਉਲਾਰ ਕੇ। ਪਿਰੁ-ਮਾਲਕ ਪ੍ਰਭੂ ਨੂੰ। ਕਿਆ ਮੁਹੁ ਦੇਸਹਿ-ਕਿਆ ਮੂੰਹ ਦਿਖਾਵੇਗੀ। ਜਾਇ-ਜਾ ਕੇ। ਸਖੀ-ਸਖੀਆਂ ਨੇ। ਕੰਤੁ ਪਛਾਣਿਆ-ਮਾਲਕ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ। ਹਉ-ਮੈਂ। ਤਿਨਕੈ-ਉਨ੍ਹਾਂ ਦੇ। ਲਾਗਉ ਪਾਇ-ਪੈਰੀਂ ਲਗਦੀ ਹਾਂ, ਚਰਨੀ ਲਗਦੀ ਹਾਂ। ਥੀ ਰਹਾਂ-ਬਣ ਜਾਵਾਂ। ਮੇਲਿ ਮਿਲਾਇ-ਮੇਲ ਕੇ ਉਨ੍ਹਾਂ ਨਾਲ ਮਿਲਾ ਦੇਵੇ। ਮੁੰਧੇ-ਹੇ ਜੋਬਨ ਵਿਚ ਮਸਤ ਜੀਵ ਇਸਤਰੀਏ। ਕੂੜਿ-ਨਾਸ਼ਵੰਤ ਵਸਤੂ। ਮੁਠੀ-ਠਗੀ ਗਈ ਹੈਂ। ਕੂੜਿਆਰਿ-ਨਾਸਵੰਤ ਵਸਤੂ। ਪਿਰੁ ਪ੍ਰਭੁ-ਮਾਲਕ ਪ੍ਰਭੂ। ਗੁਰ ਬੀਚਾਰਿ-ਗੁਰੂ ਦੀ ਦਰਸਾਈ ਵਿਚਾਰ।
ਮਨਮੁਖਿ-ਆਪਣੇ ਮਨ ਦੇ ਆਖੇ ਲੱਗਣ ਵਾਲੀਆਂ ਜੀਵ ਇਸਤਰੀਆਂ। ਕੰਤੁ-ਮਾਲਕ ਪ੍ਰਭੂ ਨੂੰ। ਨ ਪਛਾਣਈ-ਪਛਾਣਦੀਆਂ ਹੀ ਨਹੀਂ। ਤਿਨ-ਉਹ। ਕਿਉ-ਕਿਵੇਂ। ਰੈਣਿ ਵਿਹਾਇ-ਜ਼ਿੰਦਗੀ ਰੂਪੀ ਰਾਤ ਬੀਤਦੀ ਹੈ। ਗਰਬਿ ਅਟੀਆ-ਹੰਕਾਰ ਨਾਲ ਭਰੀਆਂ ਹੋਈਆਂ। ਦੂਜੈ ਭਾਇ-(ਇਕ ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ। ਰਤੀਆ-ਰੰਗੀਆਂ ਰਹਿੰਦੀਆਂ ਹਨ। ਪਿਰੁ-(ਪ੍ਰਭੂ) ਮਾਲਕ। ਰਾਵਹਿ-ਰਾਵਦੀਆਂ ਹਨ, ਮਾਣਦੀਆਂ ਹਨ। ਵਿਹਾਇ-ਲੰਘਦਾ ਹੈ।
ਗਿਆਨ ਵਿਹੂਣੀ-ਗਿਆਨ ਤੋਂ ਸੱਖਣੀ। ਪਿਰ ਮੁਤੀਆ-ਪਤੀ ਵੱਲੋਂ ਛੱਡੀ ਹੋਈ ਜੀਵ ਇਸਤਰੀ, ਛੁੱਟੜ। ਪਿਰਮੁ-ਪ੍ਰੇਮ। ਅੰਧੇਰੁ ਹੈ-ਹਨੇਰਾ ਹੀ ਹਨੇਰਾ ਹੈ। ਪਿਰੁ-ਮਾਲਕ ਪ੍ਰਭੂ। ਭੁਖ-ਤ੍ਰਿਸ਼ਨਾ ਰੂਪੀ ਭੁੱਖ। ਸਚ ਸਮਾਇ-ਸੱਚ ਵਿਚ ਲੀਨ ਹੋ ਜਾਈਦਾ ਹੈ। ਸੇ-ਉਹ। ਸਹੀਆ-ਸਖੀਆਂ, ਸੁਹਾਗਣਾਂ। ਨਦਰਿ ਕਰੇਇ-ਨਜ਼ਰ ਸਵੱਲੀ ਕਰਦਾ ਹੈ। ਘਰਿ-ਹਿਰਦੇ ਵਿਚ। ਵਰੁ-ਮਾਲਕ ਪ੍ਰਭੂ। ਸੋਭਾਵੰਤੀਆ-ਸੋਭਾ ਵਾਲੀਆਂ। ਅਨਦਿਨੁ-ਦਿਨ ਰਾਤ, ਹਰ ਵੇਲੇ।
ਸ਼ਬਦ ਵਿਚ ਪ੍ਰਾਣੀ ਨੂੰ ਜੀਵਨ ਦੀ ਸਹੀ ਜਾਚ ਬਾਰੇ ਸੋਝੀ ਬਖਸ਼ਿਸ਼ ਕੀਤੀ ਗਈ ਹੈ। ਮਨਮੁਖ ਜੋ ਮਾਲਕ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾਉਂਦਾ, ਉਸ ਦੀ ਜੀਵਨ ਰੂਪੀ ਰਾਤ ਸੁਖ-ਚੈਨ ਨਾਲ ਕਿਵੇਂ ਬੀਤ ਸਕਦੀ ਹੈ? ਪਰ ਜੋ ਮਾਲਕ ਪ੍ਰਭੂ ਨੂੰ ਚੇਤੇ ਰੱਖਦੇ ਹਨ, ਦੇ ਮਨ ਅੰਦਰੋਂ ਹਉਮੈ ਜਾਂਦੀ ਰਹਿੰਦੀ ਹੈ ਅਤੇ ਜੀਵਨ ਵਿਚ ਉਹ ਸਦਾ ਸੁਖੀ ਹੀ ਵਸਦੇ ਹਨ। ਰਾਗੁ ਗਉੜੀ ਸੁਖਮਨੀ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ-
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰੀਬ ਗਲੇ॥
(ਅੰਗ 278)
ਮਸਕੀਨੀਆ-ਗਰੀਬੀ ਸੁਭਾਅ। ਗਰਬਿ-ਹੰਕਾਰ ਵਿਚ।
ਭਾਵ ਗਰੀਬੀ ਸੁਭਾਅ ਵਾਲਾ ਪ੍ਰਾਣੀ ਆਪਾ ਭਾਵ ਦੂਰ ਕਰਕੇ ਤੇ ਨੀਵਾਂ ਹੋ ਕੇ ਸੁਖ ਨਾਲ ਵਸਦਾ ਹੈ ਪਰ ਵੱਡੇ-ਵੱਡੇ ਹੰਕਾਰੀ ਆਪਣੇ ਹੰਕਾਰ ਵਿਚ ਹੀ ਗਲ ਕੇ ਰਹਿ ਜਾਂਦੇ ਹਨ।
ਹੇ ਮੇਰੇ ਮਨ, ਪਰਮਾਤਮਾ ਦੇ ਹੁਕਮ ਭਾਵ ਰਜ਼ਾ ਵਿਚ ਰਿਹਾ ਕਰ। ਇਸ ਨਾਲ ਜੀਵਨ ਵਿਚ ਸਦਾ ਸੁਖ ਅਨੰਦ ਬਣਿਆ ਰਹਿੰਦਾ ਹੈ। ਗੁਰਵਾਕ ਹੈ-
ਮਨ ਰੇ ਹੁਕਮੁ ਮੰਨਿ ਸੁਖੁ ਹੋਇ॥
(ਰਾਗੁ ਮਲਾਰ ਮਹਲਾ ੩, ਅੰਗ 1258)
ਪਰਮਾਤਮਾ ਨੂੰ ਆਪਣੀ ਰਜ਼ਾ (ਭਾਣਾ) ਹੀ ਚੰਗੀ ਲਗਦੀ ਹੈ। ਜਿਸ 'ਤੇ ਉਸ ਦੀ ਨਜ਼ਰ ਸਵੱਲੀ ਹੁੰਦੀ ਹੈ, ਉਸ ਪ੍ਰਾਣੀ ਦੇ ਜੀਵਨ ਪੰਧ ਵਿਚ ਫਿਰ ਕੋਈ ਰੁਕਾਵਟ ਨਹੀਂ ਆਉਂਦੀ-
ਪ੍ਰਭ ਭਾਣਾ ਆਪਣਾ ਭਾਵਦਾ
ਜਿਸੁ ਬਖਸੇ ਤਿਸੁ ਬਿਘਨੁ ਨ ਕੋਇ॥
(ਅੰਗ 1258)
ਸ਼ਬਦ ਦੇ ਅੱਖਰੀਂ ਅਰਥ : ਹੇ ਕਾਮ ਵਿਚ ਗ੍ਰੱਸੀ ਹੋਈ ਜੀਵ ਇਸਤਰੀ ਸੁਣ, ਮੇਰੀ ਗੱਲ ਨੂੰ ਧਿਆਨ ਨਾਲ ਸੁਣ, ਤੂੰ ਕਿਸ ਲਈ ਬਾਹਵਾਂ ਨੂੰ ਉਲਾਰ-ਉਲਾਰ ਕੇ ਚੱਲ ਰਹੀ ਹੈਂ। ਜਦੋਂ ਤੂੰ (ਕਾਮ ਵੱਸ ਹੋ ਕੇ) ਆਪਣੇ ਮਾਲਕ ਪ੍ਰਭੂ ਨਾਲ ਸਾਂਝ ਨਹੀਂ ਪਾਈ (ਉਸ ਵਿਚ ਮਨ ਨੂੰ ਨਹੀਂ ਜੋੜਿਆ) ਤਾਂ ਅੱਗੇ ਜਾ ਕੇ ਕੀ ਮੂੰਹ ਦਿਖਾਵੇਂਗੀ। ਜਿਨ੍ਹਾਂ ਸੁਹਾਗਣਾਂ (ਸਖੀਆਂ) ਨੂੰ ਮਾਲਕ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਗਈ ਹੈ, ਮੈਂ ਅਜਿਹੀਆਂ ਜੀਵ ਇਸਤਰੀਆਂ ਦੇ ਚਰਨੀਂ ਲਗਦੀ ਹਾਂ। (ਮੇਰੀ ਇਹ ਇੱਛਾ ਹੈ ਕਿ) ਪਰਮਾਤਮਾ ਅਜਿਹੀਆਂ ਸਤਿਸੰਗਣਾਂ ਨਾਲ ਮੇਲ ਕਰਾ ਕੇ ਮੈਨੂੰ ਉਨ੍ਹਾਂ ਜਿਹੀ ਬਣਾ ਦੇਵੇ।
ਹੇ ਕੂੜ ਦਾ ਵਪਾਰ ਕਰਨ ਵਾਲੀਏ ਜੋਬਨਮਤੀਏ ਮੁਟਿਆਰੇ, ਤੂੰ ਇਨ੍ਹਾਂ ਨਾਸਵੰਤ ਵਸਤੂਆਂ ਵਿਚ ਫਸ ਕੇ ਲੁੱਟੀ ਜਾ ਰਹੀ ਹੈਂ। ਉਸ ਸਦਾ ਥਿਰ ਰਹਿਣ ਵਾਲੇ ਸੋਹਣੇ ਪ੍ਰਭੂ ਪਤੀ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਪਾਇਆ ਜਾ ਸਕਦਾ ਹੈ। ਜੋ ਜੀਵ-ਇਸਤਰੀਆਂ ਆਪਣੇ ਮਨ ਦੇ ਆਖੇ ਲਗਦੀਆਂ ਹਨ, ਉਨ੍ਹਾਂ ਦੀ ਜੀਵਨ ਰੂਪੀ ਰਾਤ ਕਿਵੇਂ ਸੁਖਾਂ ਵਿਚ ਬੀਤ ਸਕਦੀ ਹੈ? ਅਜਿਹੀਆਂ ਜੀਵ ਇਸਤਰੀਆਂ ਹੰਕਾਰ ਨਾਲ ਭਰੀਆਂ ਹੋਈਆਂ ਤ੍ਰਿਸ਼ਨਾ ਰੂਪੀ ਅੱਗ ਵਿਚ ਸੜਦੀਆਂ ਰਹਿੰਦੀਆਂ ਹਨ। ਇੰਜ ਮਾਇਆ ਦੇ ਮੋਹ ਵਿਚ ਫਸ ਕੇ ਉਹ ਦੁੱਖਾਂ ਨੂੰ ਹੀ ਭੋਗਦੀਆਂ ਹਨ। ਦੂਜੇ ਬੰਨੇ ਜੋ ਸੁਹਾਗਣਾਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅੰਦਰੋਂ ਹਉਮੈ ਜਾਂਦੀ ਰਹਿੰਦੀ ਹੈ। ਉਹ ਸਦਾ ਮਾਲਕ ਪ੍ਰਭੂ ਨੂੰ ਹੀ ਯਾਦ ਕਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਉਹ ਸੁਖ ਹੀ ਸੁਖ ਭੋਗਦੀਆਂ ਹਨ ਭਾਵ ਜੀਵਨ ਭਰ ਸੁਖੀ ਰਹਿੰਦੀਆਂ ਹਨ।
ਗਿਆਨ ਤੋਂ ਸੱਖਣੀ ਛੁੱਟੜ ਜੀਵ ਇਸਤਰੀ ਨੂੰ ਕਦੇ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ। ਅਗਿਆਨੀ ਇਸਤਰੀ ਦਾ ਜੀਵਨ ਤਾਂ ਮਾਨੋ ਹਨੇਰੇ ਨਾਲ ਭਰਿਆ ਹੋਇਆ ਹੈ, ਜਿਸ ਦੀ ਮਾਲਕ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਮਾਇਆ ਦੀ ਭੁੱਖ ਨਹੀਂ ਜਾ ਸਕਦੀ। (ਜਦੋਂ ਉਸ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ ਤਾਂ) ਫਿਰ ਉਹ ਸਤਿਸੰਗਣਾਂ ਦੇ ਮਿਲਾਪ ਲਈ ਲੋਚਦੀ ਹੈ ਅਤੇ ਉਨ੍ਹਾਂ ਨੂੰ ਮਾਲਕ ਪ੍ਰਭੂ ਨੂੰ ਮਿਲਾਉਣ ਲਈ ਅਰਜੋਈ ਕਰਦੀ ਹੈ। ਪਰ ਬੜੇ ਭਾਗਾਂ ਨਾਲ ਹੀ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ, ਜਿਸ ਦੁਆਰਾ ਪ੍ਰਭੂ ਨੂੰ ਪਾਈਦਾ ਹੈ ਅਤੇ ਸੱਚ ਸਮਾ ਜਾਈਦਾ ਹੈ।
ਉਹ ਸਖੀ ਸਹੇਲੀਆਂ ਸੋਹਾਗ ਵਾਲੀਆਂ ਹਨ, ਜਿਨ੍ਹਾਂ 'ਤੇ ਉਸ ਦੀ (ਪ੍ਰਭੂ ਦੀ) ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹ ਆਪਣੇ ਮਾਲਕ ਪ੍ਰਭੂ ਅੱਗੇ ਆਪਣਾ ਤਨ ਤੇ ਮਨ ਭੇਟ ਕਰਕੇ ਮਾਲਕ ਪ੍ਰਭੂ ਨਾਲ ਪਛਾਣ (ਸਾਂਝ) ਪਾ ਲੈਂਦੀਆਂ ਹਨ। ਇਸ ਤਰ੍ਹਾਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ, ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਪਾ ਲੈਂਦੀਆਂ ਹਨ। ਇਸ ਤਰ੍ਹਾਂ ਉਹ ਸੋਭਾ ਵਾਲੀਆਂ, ਭਾਗਾਂ ਵਾਲੀਆਂ ਹਨ, ਜੋ ਹਰ ਵੇਲੇ ਪ੍ਰਭੂ ਪਤੀ ਦੀ ਭਗਤੀ ਕਰਦੀਆਂ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪ੍ਰੇਮ ਹੀ ਜੀਵਨ ਦਾ ਧਰਮ ਹੈ

ਗਿਆਨ ਦੀ ਹੋਂਦ ਸਥਾਈ ਹੈ। ਜਿਹੜਾ ਵੀ ਵਿਅਕਤੀ ਅਧਿਆਤਮਕ ਸੱਚ ਨੂੰ ਪਛਾਣ ਲੈਂਦਾ ਹੈ, ਉਸ ਨੂੰ ਪਰਮਾਤਮਾ ਤੋਂ ਪ੍ਰੇਰਿਤ ਕਹਿੰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਪਰਮਾਤਮਾ ਦੀ ਸਰਬਉੱਚ ਕਲਪਨਾ ਜੋ ਅਸੀਂ ਕਰ ਸਕਦੇ ਹਾਂ, ਉਹ ਮਨੁੱਖੀ ਹੈ। ਅਸੀਂ ਜੋ ਵੀ ਗੁਣ ਉਸ ਦੇ ਬਿਆਨ ਕਰਦੇ ਹਾਂ, ਉਹ ਮਨੁੱਖ ਵਿਚ ਵੀ ਹੁੰਦੇ ਹਨ। ਜਦ ਅਸੀਂ ਹੋਰ ਅਧਿਆਤਮਕ ਹੋ ਕੇ ਉੱਪਰ ਉਠਦੇ ਹਾਂ ਅਤੇ ਪਰਮਾਤਮਾ ਦੀ ਇਸ ਕਲਪਨਾ ਤੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਸਰੀਰ, ਮਨ ਅਤੇ ਕਲਪਨਾ ਤੋਂ ਵੀ ਬਾਹਰ ਨਿਕਲਣਾ ਪੈਂਦਾ ਹੈ ਅਤੇ ਇਸ ਦੁਨੀਆ ਨੂੰ ਦ੍ਰਿਸ਼ਟੀ ਤੋਂ ਪਰੇ ਕਰਨਾ ਪੈਂਦਾ ਹੈ। ਜਦ ਅਸੀਂ ਬ੍ਰਹਮ ਹੋਣ ਲਈ ਉੱਪਰ ਉਠਦੇ ਹਾਂ ਤਾਂ ਅਸੀਂ ਸੰਸਾਰ ਵਿਚ ਨਹੀਂ ਰਹਿ ਜਾਂਦੇ। ਜਿਸ ਇਕੋ-ਇਕ ਸੰਸਾਰ ਨੂੰ ਅਸੀਂ ਜਾਣ ਸਕਦੇ ਹਾਂ, ਉਸ ਦਾ ਸਿਖਰ ਮਨੁੱਖ ਹੈ। ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰ ਲਈ ਹੈ, ਉਨ੍ਹਾਂ ਨੂੰ ਪਰਮਾਤਮਾ ਵਿਚ ਨਿਵਾਸ ਕਰਨ ਵਾਲਾ ਕਿਹਾ ਜਾਂਦਾ ਹੈ। ਸਾਰੀ ਨਫਰਤ ਆਪਣੇ ਘੁਮੰਡ ਰਾਹੀਂ ਆਪਣਾ ਨਾਸ ਹੈ। ਇਸ ਲਈ ਪ੍ਰੇਮ ਹੀ ਜੀਵਨ ਦਾ ਧਰਮ ਹੈ। ਅਜਿਹੀ ਭੂਮਿਕਾ ਤੱਕ ਉੱਠਣਾ ਹੀ ਪੂਰਨਤਾ ਹੈ। ਪਰ ਅਸੀਂ ਜਿਵੇਂ-ਜਿਵੇਂ ਪੂਰਨਤਾ ਵੱਲ ਵਧਦੇ ਹਾਂ, ਓਨੇ ਹੀ ਸੰਸਾਰਕ ਕੰਮ ਘੱਟ ਕਰਦੇ ਹਾਂ। ਉਸ ਸਮੇਂ ਸਾਨੂੰ ਇਹ ਸੰਸਾਰ ਬੱਚਿਆਂ ਦਾ ਖੇਲ ਲਗਦਾ ਹੈ। ਅਜਿਹੇ ਪੂਰਨਤਾ ਪ੍ਰਾਪਤ ਵਿਅਕਤੀ ਨੂੰ ਦੋ ਜਾਨਵਰਾਂ ਦੀ ਲੜਾਈ ਵਿਚ ਵੀ ਕੋਈ ਹੈਰਾਨੀ ਨਹੀਂ ਹੁੰਦੀ। ਪੂਰਨ ਵਿਅਕਤੀ ਹੀ ਜਾਣਦਾ ਹੈ ਕਿ ਸੰਸਾਰ ਮਾਇਆ ਹੈ। ਜੀਵਨ ਨੂੰ ਹੀ ਸੰਸਾਰ ਕਿਹਾ ਜਾਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਬਦ ਗੁਰੂ

ਅਨਮੋਲ ਵਿਰਸੇ ਦੀ ਸੰਭਾਲ

ਬੰਦਾ ਕਿੱਡਾ ਵੀ ਵੱਡਾ, ਕਿੱਡਾ ਵੀ ਇਮਾਨਦਾਰ, ਸੱਚਾ-ਸੁੱਚਾ ਹੋਵੇ, ਉਸ ਨੂੰ ਇਸ਼ਟ ਮੰਨਣ ਨਾਲ ਉਹ ਦੇਸ਼ ਕਾਲ ਦੀਆਂ ਸੀਮਾਵਾਂ ਵਿਚ ਬੱਝ ਜਾਂਦਾ ਹੈ। ਇਸ਼ਟ ਦੇ ਦੇਸ਼ ਕਾਲ ਹੀ ਨਹੀਂ, ਜਾਤ, ਵਰਣ, ਦੇਸ਼, ਮਜ਼੍ਹਬ ਦੀਆਂ ਸੀਮਾਵਾਂ ਤੋਂ ਵੀ ਮੁਕਤ ਹੋਣ ਦਾ ਸੰਕਲਪ ਧੁੰਦਲੇ ਜਿਹੇ ਰੂਪ ਵਿਚ ਭਾਵੇਂ ਹੋਰ ਕਿਸੇ ਧਰਮ ਪਰੰਪਰਾ ਵਿਚ ਹੋਵੇ, ਪਰ ਸਪੱਸ਼ਟ ਪੱਕੇ-ਪੀਡੇ ਰੂਪ ਵਿਚ ਇਹ ਸਿੱਖ ਧਰਮ ਪਰੰਪਰਾ ਵਿਚ ਹੀ ਪ੍ਰਾਪਤ ਹੈ। ਇਸ ਵਿਚ ਸੰਕਲਪਿਤ ਅਕਾਲ ਪੁਰਖ ਯਾਨੀ ਪਰਮਾਤਮਾ ਹਰ ਦਵੈਤ ਤੋਂ ਮੁਕਤ ਹੈ। ਆਪਣ ਬਾਮੈ ਨਾਹੀ ਕਿਸੀ ਕੋ। ਕਿਸੇ ਇਕ ਦੀ ਜਾਇਦਾਦ ਨਹੀਂ ਉਹ। ਸਗਲ ਸੰਗਿ ਹਮ ਕਉ ਬਣਿ ਆਈ। ਨਿਰਭਉ, ਨਿਰਵੈਰ। ਦੇਸ਼/ਕਾਲ ਦੀਆਂ ਜੂਨਾਂ ਤੋਂ ਮੁਕਤ। ਇਕ ਤੇ ਕੇਵਲ ਇਕ। ਸਤਿ ਤੋਂ ਸਿਵਾ ਉਸ ਦੇ ਸਾਰੇ ਨਾਮ ਕਿਰਤਮ ਹਨ। ਉਂਜ ਉਸ ਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਓ। ਉਹ ਸੁਣਦਾ ਹੈ। ਜ਼ੁਬਾਨ, ਕਰਮ ਕਾਂਡ, ਵਿਚੋਲੇ ਉਸ ਲਈ ਕੋਈ ਅਰਥ ਨਹੀਂ ਰੱਖਦੇ। ਉਸ ਦਾ ਤੇ ਉਸ ਦੇ ਪਸਾਰੇ ਦਾ ਕੋਈ ਅੰਤ ਨਹੀਂ। ਸਿੱਖ ਧਰਮ ਦੇ ਇਸ ਮੂਲ ਫਲਸਫੇ ਦੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਹ ਗ੍ਰੰਥ ਸਿੱਖ ਗੁਰੂ ਸਾਹਿਬਾਨ ਦੇ ਆਪਣੇ ਸਮੇਂ ਆਪਣੀ ਦੇਖ-ਰੇਖ ਵਿਚ ਲਿਖਿਆ-ਲਿਖਾਇਆ ਹੋਣ ਕਰਕੇ ਬੇਮਿਸਾਲ ਧਰਮ ਗ੍ਰੰਥ ਹੈ। ਹੋਰ ਧਰਮ ਗ੍ਰੰਥ ਆਪਣੇ ਪੈਗੰਬਰਾਂ ਦੇ ਨਾਸ਼ਮਾਨ ਜਗਤ ਤੋਂ ਅਲੋਪ ਹੋਣ ਤੋਂ ਢੇਰ ਸਮੇਂ ਪਿੱਛੋਂ ਹੋਂਦ ਵਿਚ ਆਏ ਹਨ। ਆਪਣੀ ਸਿੱਖਿਆ, ਵਿਗਿਆਨਕ ਪਹੁੰਚ, ਪ੍ਰਮਾਣਿਕਤਾ, ਦੇਸ਼ ਕਾਲ ਦੀਆਂ ਸੀਮਾਵਾਂ ਨੂੰ ਉਲੰਘਣ ਵਾਲੇ ਸੰਕਲਪਾਂ ਤੇ ਆਦਰਸ਼ਾਂ ਕਾਰਨ ਇਹ ਗ੍ਰੰਥ ਵਿਸ਼ਵ ਭਰ ਵਿਚ ਸਤਿ/ਧਰਮ ਦੇ ਜਗਿਆਸੂਆਂ ਤੇ ਮਨੁੱਖ ਜਾਤੀ ਦਾ ਭਲਾ ਚਾਹੁਣ ਵਾਲਿਆਂ ਲਈ ਚਾਨਣ ਮੁਨਾਰਾ ਹੈ ਤੇ ਰਹੇਗਾ।
2004 ਵਿਚ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਅਤੇ ਫਿਰ 2008 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸ਼ਬਦ ਗੁਰੂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਗੁਰੂ ਥਾਪੇ ਜਾਣ ਦੀ ਤੀਜੀ ਸ਼ਤਾਬਦੀ ਮਨਾਈ ਗਈ। ਕੌਮੀ ਪੱਧਰ ਉੱਤੇ ਕੇਂਦਰ ਸਰਕਾਰ ਨੇ ਤਤਕਾਲੀਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਸੇ ਦੀ ਸੰਭਾਲ ਤੇ ਪ੍ਰਸਾਰ ਲਈ ਬਣਾਈ। ਇਸ ਦੀ ਦੇਖ-ਰੇਖ ਵਿਚ ਗੋਸ਼ਟੀਆਂ, ਲੈਕਚਰ ਹੋਏ। ਇਸੇ ਉਦੇਸ਼ ਦੀ ਪੂਰਤੀ ਲਈ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਨੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਥਾਵਾਂ ਉੱਤੇ ਪਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਨੂੰ ਲੱਭਣ, ਡਿਜੀਟਲ ਰੂਪ ਵਿਚ ਸੰਭਾਲਣ, ਸੂਚੀਬੱਧ ਕਰਨ ਅਤੇ ਸੁਰੱਖਿਅਤ ਕਰਨ ਦਾ ਪ੍ਰਾਜੈਕਟ ਵਿਉਂਤਿਆ। ਪਿਛਲੇ 8-9 ਸਾਲਾਂ ਦੇ ਯਤਨਾਂ ਦੇ ਸਿੱਟੇ ਵਜੋਂ 264 ਪੁਰਾਤਨ ਬੀੜਾਂ ਨੂੰ ਲੱਭ ਕੇ ਉਨ੍ਹਾਂ ਨੂੰ ਕੰਪਿਊਟਰਾਂ ਵਿਚ ਸੁਰੱਖਿਅਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਨੂੰ ਬਾਕਾਇਦਾ ਨੰਬਰ ਦੇ ਕੇ ਸੂਚੀਬੱਧ ਕੀਤਾ ਗਿਆ ਹੈ। ਸ਼ਬਦ ਗੁਰੂ ਨਾਮ ਦੀਆਂ ਚਾਰ ਜਿਲਦਾਂ ਵਿਚ ਇਸ ਕੀਮਤੀ ਵਿਰਸੇ ਦੀਆਂ ਰੰਗੀਨ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਹਰ ਬੀੜ ਬਾਰੇ ਸੰਖਿਪਤ ਜਾਣਕਾਰੀ, ਉਸ ਦੇ ਪ੍ਰਾਪਤੀ ਸਥਾਨ, ਪੰਨਿਆਂ ਦੀ ਗਿਣਤੀ, ਸਿਆਹੀ, ਲਿਖਣ ਲਈ ਵਰਤੀ ਸਿਆਹੀ, ਲਿਖੇ ਜਾਣ ਦਾ ਸਾਲ, ਸੰਮਤ, ਤਤਕਰੇ, ਅੰਤਿਮ ਪੰਨਿਆਂ ਬਾਰੇ ਜਾਣਕਾਰੀ ਇਨ੍ਹਾਂ ਜਿਲਦਾਂ ਦੇ ਸੰਪਾਦਕ ਡਾ: ਮਹਿੰਦਰ ਸਿੰਘ ਨੇ ਅੰਕਿਤ ਕੀਤੀ ਹੈ।
ਇਨ੍ਹਾਂ ਜਿਲਦਾਂ ਦਾ ਪ੍ਰਭਾਵ ਖੇਤਰ ਵਧਾਉਣ ਲਈ ਇਨ੍ਹਾਂ ਵਿਚ ਥਾਂ-ਥਾਂ ਸਿੱਖ ਗੁਰੂ ਸਾਹਿਬਾਨ, ਇਤਿਹਾਸਕ ਗੁਰਧਾਮਾਂ ਤੇ ਸਿੱਖ ਇਤਿਹਾਸ/ਪਰੰਪਰਾ ਦੀਆਂ ਕਈ ਮਾਣਮੱਤੀਆਂ ਹਸਤੀਆਂ ਦੀਆਂ ਦੁਰਲੱਭ ਤਸਵੀਰਾਂ ਦਿੱਤੀਆਂ ਗਈਆਂ ਹਨ। ਗੁਰਧਾਮਾਂ ਵਿਚ ਪ੍ਰਾਪਤ ਕੰਧ ਚਿੱਤਰਾਂ ਦੀਆਂ ਤਸਵੀਰਾਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ/ਲੇਖਣ ਕਾਰਜ ਅਤੇ ਬਾਣੀਕਾਰਾਂ ਦੇ ਆਧੁਨਿਕ/ਪੁਰਾਤਨ ਚਿੱਤਰਕਾਰਾਂ ਦੁਆਰਾ ਬਣਾਏ ਚਿੱਤਰ ਜੋੜੇ ਗਏ ਹਨ। ਵੱਖ-ਵੱਖ ਬੀੜਾਂ ਵਿਚੋਂ ਲਏ ਗਏ ਸਿੱਖ ਗੁਰੂ ਸਾਹਿਬਾਨ ਦੇ ਪਾਵਨ ਹੱਥਾਂ ਦੇ ਨੀਸਾਣ ਦੀਆਂ ਦੁਰਲੱਭ ਤਸਵੀਰਾਂ ਹਨ। ਸਾਕਾ ਨਨਕਾਣਾ ਸਾਹਿਬ ਵਾਲੀ ਸ਼ਹੀਦੀ ਬੀੜ ਤੇ ਬਲਿਊ ਸਟਾਰ ਦੁਆਰਾ ਨੁਕਸਾਨੀ ਗਈ ਬੀੜ ਦੇ ਚਿੱਤਰ ਹਨ। ਵਿਸ਼ਵ ਦੇ ਸਭ ਤੋਂ ਛੋਟੇ ਤੇ ਸਭ ਤੋਂ ਵੱਡੇ ਆਕਾਰ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਹੈ।
ਬੜੀਆਂ ਯਾਦਗਾਰੀ ਕਿਸਮ ਦੀਆਂ ਨਾਯਾਬ ਤਸਵੀਰਾਂ ਹਨ 'ਸ਼ਬਦ ਗੁਰੂ' ਨਾਂਅ ਦੀ ਕਾਫੀ ਟੇਬਲ ਬੁੱਕ ਦੀਆਂ ਚਾਰ ਜਿਲਦਾਂ ਵਿਚ। ਕਰਤਾਰਪੁਰੀ ਬੀੜ ਦੀ ਵਿਸ਼ੇਸ਼ ਰੂਪ ਵਿਚ ਮਲਕਾ ਵਿਕਟੋਰੀਆ ਲਈ ਕਾਪੀ ਕੀਤੀ ਬੀੜ ਜੋ ਵਲਾਇਤ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿਚ ਪਈ ਹੈ, ਉਸ ਦੀ ਤਸਵੀਰ ਹੈ। ਅਜਮੇਰ, ਬਾਹੋਵਾਲ, ਬੁਰਹਾਨਪੁਰ, ਭੱਲੇ ਅਤੇ ਸੋਢੀ ਪਰਿਵਾਰਾਂ ਕੋਲ ਪਈਆਂ ਬੀੜਾਂ, ਕਾਠਮੰਡੂ ਵਾਲੀ ਬੀੜ, ਦਿੱਲੀ, ਲਾਹੌਰ, ਲੰਡਨ ਦੇ ਅਜਾਇਬ ਘਰਾਂ ਵਿਚ ਪਈਆਂ ਬੀੜਾਂ, ਪੰਜ ਤਖ਼ਤ ਸਾਹਿਬਾਨ 'ਤੇ ਪਈਆਂ ਬੀੜਾਂ, ਪੰਜਾਬ, ਪੰਜਾਬੀ, ਗੁਰੂ ਨਾਨਕ, ਢਾਕਾ ਯੂਨੀਵਰਸਿਟੀਆਂ ਵਿਚ ਸੁਰੱਖਿਅਤ ਬੀੜਾਂ, ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੁਆਰਾ ਸੰਭਾਲੀਆਂ ਬੀੜਾਂ ਦੇ ਵੇਰਵੇ ਸੰਪਾਦਕ ਨੇ ਮਿਹਨਤ ਨਾਲ ਲੱਭ ਕੇ ਤਸਵੀਰਾਂ ਸਹਿਤ ਪਾਠਕਾਂ ਅੱਗੇ ਰੱਖੇ ਹਨ। ਪੁਰਾਤਨ ਹੁਕਮਨਾਮਿਆਂ ਦੀਆਂ ਤਸਵੀਰਾਂ ਹਨ। ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਹੱਥਾਂ ਦੇ ਨੀਬਾਣ ਹਨ। ਆਮ ਆਦਮੀ ਦੀ ਬਹੁਭਾਂਤੀ ਜਗਿਆਸਾ ਦੀ ਪੂਰਤੀ ਕਰਦੀਆਂ ਹਨ ਇਹ ਪੁਸਤਕਾਂ। ਸ਼ਰਧਾਵਾਨ ਸਿੱਖ ਦਾ ਮਸਤਕ ਝੁਕਦਾ ਹੈ ਇਨ੍ਹਾਂ ਦੇ ਹਰ ਪੰਨੇ ਉੱਤੇ। ਵਿਦਵਾਨਾਂ, ਇਤਿਹਾਸਕਾਰਾਂ ਤੇ ਖੋਜੀਆਂ ਲਈ ਮੱਧਕਾਲੀ ਪੰਜਾਬੀ ਭਾਰਤੀ ਸਾਹਿਤਕ/ਧਾਰਮਿਕ ਵਿਰਸੇ ਦੀ ਖੋਜ ਵਾਸਤੇ ਇਨ੍ਹਾਂ ਵਿਚ ਅੰਕਤ ਵੇਰਵਿਆਂ ਆਸਰੇ ਬਹੁਤ ਕੁਝ ਸਮਝਣ-ਖੋਜਣ ਵਾਸਤੇ ਰਾਹ ਖੁੱਲ੍ਹਦੇ ਹਨ। ਅਸੀਂ ਇਨ੍ਹਾਂ ਜ਼ਰੀਏ ਆਪਣੀਆਂ ਅੱਖਾਂ ਸਾਹਵੇਂ ਇਕ ਗੌਰਵਮਈ ਧਾਰਮਿਕ ਇਤਿਹਾਸ ਉਸਰਦਾ ਵਿਗਸਦਾ ਮਹਿਸੂਸ ਕਰਦੇ ਹਾਂ।
ਇਥੇ ਸਿੱਖ ਧਰਮ ਗ੍ਰੰਥ ਬਾਰੇ ਬਹੁਤ ਕੁਝ ਨਾ ਜਾਣਨ ਵਾਲੇ ਪਾਠਕਾਂ ਦੀ ਜਾਣਕਾਰੀ ਹਿਤ ਸੰਖੇਪ ਵਿਚ ਕੁਝ ਤੱਥ ਦੱਸਣੇ ਉਚਿਤ ਪ੍ਰਤੀਤ ਹੁੰਦੇ ਹਨ। ਇਹ ਗੱਲ ਪਰੰਪਰਾ ਹੀ ਨਹੀਂ, ਲਿਖਤੀ ਸਮਕਾਲੀ ਗਵਾਹੀਆਂ ਤੇ ਹਾਲਾਤ ਦੀਆਂ (ਸਰਕਮਸਟੈਂਸ਼ਲ) ਗਵਾਹੀਆਂ ਤੋਂ ਪ੍ਰਮਾਣਿਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਆਪਣੇ ਵੱਲੋਂ ਉਚਾਰੀ ਅਤੇ ਥਾਂ-ਥਾਂ ਤੋਂ ਇਕੱਤਰ ਕੀਤੀ ਭਗਤ ਬਾਣੀ ਲਿਖ/ਲਿਖਵਾ ਕੇ ਆਪਣੇ ਕੋਲ ਹਰ ਵੇਲੇ ਪੋਥੀ/ਕਿਤਾਬ ਰੂਪ ਵਿਚ ਰੱਖਦੇ ਸਨ। ਆਸਾ ਹੱਥ ਕਿਤਾਬ ਕਛ ਦੇ ਭਾਈ ਗੁਰਦਾਸ ਜੀ ਦੇ ਬਚਨ ਇਸ ਦੇ ਸੰਕੇਤਕ ਹਨ। ਬਾਬਾ ਫਰੀਦ ਜੀ ਦੇ ਸ਼ਬਦਾਂ/ਸਲੋਕਾਂ ਦੀ ਸਪੱਸ਼ਟ ਵਜ਼ਾਹਤ ਲਈ ਆਪ ਵੱਲੋਂ ਉਚਾਰੇ ਸ਼ਬਦ/ਸਲੋਕ ਇਸ ਦਾ ਪ੍ਰਮਾਣ ਹਨ। ਜੋਤੀ ਜੋਤ ਸਮਾਉਣ ਸਮੇਂ ਆਪ ਨੇ ਗੁਰੂ ਅੰਗਦ ਸਾਹਿਬ ਨੂੰ ਆਪਣੀ ਤੇ ਭਗਤਾਂ ਦੀ ਬਾਣੀ ਦੀ ਇਹ ਪੋਥੀ ਸੌਂਪੀ। ਗੁਰੂ ਅੰਗਦ ਦੇਵ ਜੀ ਨੇ ਇਸ ਵਿਚ ਆਪਣੀ ਬਾਣੀ ਜੋੜੀ। ਸਮੁੱਚੀ ਬਾਣੀ ਉਨ੍ਹਾਂ ਅੱਗੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ਣ ਸਮੇਂ ਦਿੱਤੀ। ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਵੱਲੋਂ ਉਚਾਰੀ ਬਾਣੀ ਤੇ ਪ੍ਰਾਪਤ ਕੁਝ ਬਾਣੀ ਨੂੰ ਗੋਇੰਦਵਾਲ ਵਾਲੀਆਂ ਪੋਥੀਆਂ ਕਹੇ ਜਾਂਦੇ ਸੰਕਲਨਾਂ ਵਿਚ ਵੀ ਸੰਭਾਲਿਆ ਗਿਆ।
ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਸਮੇਂ ਤੀਜੇ ਪਾਤਸ਼ਾਹ ਨੇ ਆਪਣੇ ਪਾਸ ਸੁਰੱਖਿਅਤ ਬਾਣੀ ਦੀਆਂ ਪੋਥੀਆਂ ਵੀ ਸੌਂਪੀਆਂ। ਇੰਜ ਹੀ ਗੁਰੂ ਰਾਮਦਾਸ ਜੀ ਨੇ ਕੀਤਾ। ਪੰਚਮ ਪਾਤਸ਼ਾਹ ਵੇਲੇ ਉਨ੍ਹਾਂ ਦੇ ਭਰਾਤਾ ਪ੍ਰਿਥੀ ਚੰਦ ਨੇ ਸਮਾਨਾਂਤਰ ਗੱਦੀ ਤੋਰਨ ਲਈ ਆਪ ਬਾਣੀ ਉਚਾਰਨ ਦੇ ਯਤਨ ਅਰੰਭੇ। ਗਰੂ ਸਾਹਿਬਾਨ ਦੇ ਨਾਂਅ ਉੱਤੇ ਧੁਰ ਕੀ ਬਾਣੀ ਵਿਚ ਮੀਣਿਆਂ ਵੱਲੋਂ ਰਲਾ ਪੈਣ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਆਪਣੀ, ਪੂਰਬਲੇ ਗੁਰੂਆਂ ਤੇ ਉਨ੍ਹਾਂ ਵੱਲੋਂ ਸੰਕਲਿਤ/ਪ੍ਰਵਾਨਿਤ ਭਗਤਾਂ ਦੀ ਬਾਣੀ ਨੂੰ ਸਿੱਖ ਸੰਗਤਾਂ ਦੀ ਅਗਵਾਈ ਲਈ ਇਕੋ ਜਿਲਦ ਵਿਚ ਸੰਪਾਦਿਤ ਕਰਨ ਦਾ ਉਪਰਾਲਾ ਕੀਤਾ। ਭਾਈ ਗੁਰਦਾਸ ਜੀ ਨੇ ਲਿਖਾਈ ਦੀ ਸੇਵਾ ਨਿਭਾਈ। ਲੰਬੀ ਮਿਹਨਤ ਉਪਰੰਤ ਪੋਥੀ ਸਾਹਿਬ ਭਾਵ ਆਦਿ ਗ੍ਰੰਥ ਜੀ ਦਾ ਸੰਪਾਦਨ ਮੁਕੰਮਲ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਮੂਲ/ਪ੍ਰਥਮ ਬੀੜ ਸੀ। ਸਮੇਂ ਦੇ ਬੀਤਣ ਨਾਲ ਇਸ ਉੱਤੇ ਗੁਰੂ ਸਾਹਿਬ ਦੇ ਸੋਢੀ ਬੰਸ ਦੇ ਉੱਤਰਾਧਿਕਾਰੀਆਂ ਨੇ ਕਬਜ਼ਾ ਕਰ ਲਿਆ। ਆਮ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਨੇ ਵੀ ਮੁਸ਼ਕਿਲ ਹੋ ਗਏ। ਕਰਤਾਰਪੁਰੀਏ ਸੋਢੀਆਂ ਦੇ ਕਬਜ਼ੇ ਕਾਰਨ ਇਸ ਨੂੰ ਕਰਤਾਰਪੁਰੀ ਬੀੜ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਕਿਵੇਂ ਲਾਇਆ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਧਰਮ ਤੇ ਵਿਰਸਾ ਅੰਕ ਦੇਖੋ)
ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀਆਂ ਦੇਣ ਲਈ ਜਨ ਸੰਘ ਨੇ ਵੀ ਐਲਾਨ ਕੀਤਾ ਕਿ ਹਰ ਮਹੀਨੇ 100 ਵਲੰਟੀਅਰ ਗ੍ਰਿਫ਼ਤਾਰੀ ਦਿਆ ਕਰਨਗੇ। ਪਰ ਕੰਮ ਠੁੱਸ ਹੋ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀ ਦੇਣ ਲਈ ਜਥੇ ਜਾਣੇ ਸ਼ੁਰੂ ਹੋ ਗਏ। ਅਖ਼ਬਾਰਾਂ 'ਤੇ ਸੈਂਸਰਸ਼ਿਪ ਸੀ, ਸਿਰਫ ਬੀ. ਬੀ. ਸੀ. ਲੰਡਨ ਹੀ ਮੋਰਚੇ ਬਾਰੇ ਖ਼ਬਰ ਦਿੰਦਾ ਸੀ। ਮੋਰਚਾ ਚਲਾਉਣ ਦੀ ਜ਼ਿੰਮੇਵਾਰ ਜਥੇਦਾਰ ਮੋਹਣ ਸਿੰਘ ਤੁੜ ਪ੍ਰਧਾਨ, ਮੋਰਚਾ ਡਿਕਟੇਟਰ, ਸ਼੍ਰੋਮਣੀ ਅਕਾਲੀ ਦਲ ਦੀ ਸੀ। ਜਥੇਦਾਰ ਤੁੜ ਦੇ ਨਾਂਅ 'ਤੇ ਪਹਿਲਾ ਇਸ਼ਤਿਹਾਰ ਨਿਕਲਿਆ 'ਮਸੋਲੀਨੀ ਤੇ ਹਿਟਲਰ ਦੀ ਜਾਨਸ਼ੀਨ ਇੰਦਰਾ ਗਾਂਧੀ ਦੀ ਡਿਕਟੇਟਰਸ਼ਿਪ ਵਿਰੁੱਧ ਸਾਡਾ ਜੇਹਾਦ'। ਦੇਸ਼ ਦੇ ਲੀਡਰ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਭੁੱਖ ਹੜਤਾਲਾਂ ਕਰਕੇ ਤੇ ਮਰਨ ਵਰਤ ਰੱਖ ਕੇ ਸੜ ਰਹੇ ਹੋਣ ਤਾਂ ਅਸੀਂ ਚੈਨ ਨਹੀਂ ਲੈ ਸਕਦੇ। ਇਸ ਇਸ਼ਤਿਹਾਰ 'ਤੇ ਜਥੇਦਾਰ ਮੋਹਣ ਸਿੰਘ ਤੁੜ ਦੀ ਫੋਟੋ ਲੱਗੀ ਹੋਈ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਵਿਰੁੱਧ ਡਟ ਕੇ ਕੁਰਬਾਨੀਆਂ ਕਰਨ ਲਈ ਕਿਹਾ ਗਿਆ ਸੀ। ਦੂਜਾ ਇਸ਼ਤਿਹਾਰ, ਜੋ ਜਥੇਦਾਰ ਤੁੜ ਹੁਰਾਂ ਵੱਲੋਂ ਕੱਢਿਆ ਗਿਆ ਸੀ, ਉਹ ਸੀ ਅਕਾਲੀ ਦਲ ਵੱਲੋਂ ਅਰੰਭੇ ਸੰਘਰਸ਼ ਦੀਆਂ ਮੰਗਾਂ। ਐਮਰਜੈਂਸੀ ਤੁਰੰਤ ਹਟਾਈ ਜਾਵੇ, ਅਖ਼ਬਾਰਾਂ ਤੋਂ ਸੈਂਸਰ ਚੁੱਕਿਆ ਜਾਵੇ, ਗ੍ਰਿਫ਼ਤਾਰ ਜਨਤਕ ਲੀਡਰ ਤੁਰੰਤ ਰਿਹਾਅ ਕੀਤੇ ਜਾਣ, ਸ਼ਹਿਰੀ ਹੱਕ ਬਹਾਲ ਕੀਤੇ ਜਾਣ। ਇਹ ਇਸ਼ਤਿਹਾਰ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਅਤੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਵਿਚ ਲਗਾਏ ਗਏ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਲਾਇਆ ਹੈ।
ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਲਈ ਹਰ ਰੋਜ਼ ਜਥੇ ਜਾਂਦੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਸ਼ੁਰੂ ਕੀਤੇ ਗਏ ਮੋਰਚੇ ਨੂੰ ਦੇਖ ਕੇ ਲੋਕ ਹੈਰਾਨ ਸਨ। ਸਭ ਕਾਂਗਰਸ ਵਿਰੋਧੀ ਪਾਰਟੀਆਂ ਭੈਅਭੀਤ ਹੋ ਚੁੱਕੀਆਂ ਸਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਵਰਕਰ ਹਰ ਰੋਜ਼ ਸ੍ਰੀ ਅੰਮ੍ਰਿਤਸਰ ਗ੍ਰਿਫ਼ਤਾਰੀ ਦੇ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਮੋਰਚਾ ਨਿਰਵਿਘਨ ਚੱਲਦਾ ਰਿਹਾ।
ਸ੍ਰੀਮਤੀ ਇੰਦਰਾ ਗਾਂਧੀ ਨੇ ਭਾਰਤ ਵਿਚ ਐਮਰਜੈਂਸੀ ਲਗਾ ਕੇ ਸਮੁੱਚੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਲ ਰਹੇ ਐਮਰਜੈਂਸੀ ਵਿਰੋਧੀ ਮੋਰਚੇ ਤੋਂ ਉਹ ਪ੍ਰੇਸ਼ਾਨ ਸੀ। ਇਸ ਤੋਂ ਇਲਾਵਾ ਸ੍ਰੀਮਤੀ ਇੰਦਰਾ ਗਾਂਧੀ ਵਿਦੇਸ਼ਾਂ ਵਿਚ ਜਿਥੇ ਵੀ ਜਾਂਦੀ ਸੀ, ਉਥੇ ਸਿੱਖ ਰੋਸ ਮੁਜ਼ਾਹਰੇ ਕਰਦੇ ਸਨ। ਇਸ ਲਈ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਕਿਸੇ ਤਰੀਕੇ ਸਿੱਖਾਂ ਨਾਲ ਪੰਜਾਬ ਵਿਚ ਸਮਝੌਤਾ ਹੋ ਜਾਵੇ। ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ: ਭਰਪੂਰ ਸਿੰਘ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਹੀਂ ਜਥੇਦਾਰ ਮੋਹਣ ਸਿੰਘ ਤੁੜ ਨਾਲ ਗੱਲ ਕਰਨੀ ਚਾਹੀ ਪਰ ਕੋਈ ਠੋਸ ਨਤੀਜਾ ਨਾ ਨਿਕਲਿਆ, ਸਗੋਂ ਚਰਚਾ ਵੱਧ ਹੋ ਗਈ ਜਿਸ ਕਰਕੇ ਜਥੇਦਾਰ ਤੁੜ ਨੇ ਮੋਰਚੇ ਵਿਚ ਗ੍ਰਿਫ਼ਤਾਰੀ ਦੇ ਦਿੱਤੀ। ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਨੂੰ ਮੋਰਚਾ ਡਿਕਟੇਟਰ ਥਾਪ ਦਿੱਤਾ ਗਿਆ।
ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਲੌਂਗੋਵਾਲ ਤੋਂ ਸ: ਜਸਵੰਤ ਸਿੰਘ ਫਫੜੇ ਭਾਈਕੇ, ਸ: ਬਲਦੇਵ ਸਿੰਘ ਮਾਨ ਅਤੇ ਸ: ਸੁਰਿੰਦਰਪਾਲ ਸਿੰਘ ਮਾਨ ਲੈ ਕੇ ਆਏ ਅਤੇ 13 ਅਪ੍ਰੈਲ, 1976 ਨੂੰ ਮੋਰਚੇ ਦੀ ਵਾਗਡੋਰ ਸੰਭਾਲੀ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣਾ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਥਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਲਗਦੇ ਕਮਰੇ ਵਿਚ ਬਦਲ ਲਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਮੋਰਚੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਮੋਰਚੇ ਵਿਚ ਤੇਜ਼ੀ ਆ ਗਈ। ਹਰ ਰੋਜ਼ ਮੰਜੀ ਸਾਹਿਬ ਦੀਵਾਨ ਸਜਣ ਲੱਗ ਪਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸ: ਬਲਵੰਤ ਸਿੰਘ ਰਾਮੂਵਾਲੀਆ, ਦਰਸ਼ਨ ਸਿੰਘ ਈਸਾਪੁਰ ਪੂਰਨ ਸਹਿਯੋਗ ਦੇ ਰਹੇ ਸਨ, ਉਥੇ ਸੰਤ ਜੀ ਦੇ ਨਾਲ ਨਿਹੰਗ ਗੁਰਦਿਆਲ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਲੌਂਗੋਵਾਲ, ਗੋਪਾਲ ਸਿੰਘ ਦਰਦੀ, ਮਹਿੰਦਰ ਸਿੰਘ ਦੁਲਟ, ਤੇਜਾ ਸਿੰਘ, ਬੱਘਾ ਸਿੰਘ, ਜਥੇਦਾਰ ਜੰਗੀਰ ਸਿੰਘ ਪੂਹਲਾ ਤੇ ਸੁਰਜੀਤ ਸਿੰਘ ਸੋਖੀ ਪੂਰਾ ਸਾਥ ਦੇ ਰਹੇ ਸਨ। ਸ: ਹਰਭਜਨ ਸਿੰਘ ਬਾਜਵਾ ਹਰ ਸਮੇਂ ਸਹਿਯੋਗ ਲਈ ਤਿਆਰ ਰਹਿੰਦਾ ਸੀ। ਸ: ਗੁਰਦਿਆਲ ਸਿੰਘ ਫੋਟੋਗ੍ਰਾਫਰ ਨੇ ਮੋਰਚੇ ਲਈ ਜਾਂਦੇ ਜਥਿਆਂ ਦੀਆਂ ਫੋਟੋਆਂ ਖਿੱਚਣੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਨੈਸ਼ਨਲ ਗੁਰਦੁਆਰਾ, ਵਾਸ਼ਿੰਗਟਨ : ਇਸ ਗੁਰੂ-ਘਰ ਦੀ ਸਥਾਪਨਾ ਇਕ ਸਿਰੜੀ ਸਿੱਖ ਸ਼ਮਸ਼ੇਰ ਸਿੰਘ ਦੀ ਮਿਹਨਤ ਦਾ ਨਤੀਜਾ ਹੈ। ਉਹ ਵਿਸ਼ਵ ਬੈਂਕ ਵਿਚੋਂ ਉੱਚ ਅਧਿਕਾਰੀ ਰਿਟਾਇਰ ਹੋਇਆ ਸੀ। ਉਸੇ ਨੇ ਸੰਗਤ ਨੂੰ ਪ੍ਰੇਰ ਕੇ ਇਹ ਜਗ੍ਹਾ ਖ਼ਰੀਦੀ ਸੀ। ਇਹ ਗੁਰੂ-ਘਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਇਕਲੌਤਾ ਗੁਰਦੁਆਰਾ ਹੈ, ਜਿਸ ਦੀ ਸਥਾਪਨਾ 2006 ਵਿਚ ਵਾਸ਼ਿੰਗਟਨ ਦੀ ਮਸ਼ਹੂਰ ਮੈਸਾਚੂਸਟਸ ਐਵਿਨਿਊ ਵਿਖੇ ਕੀਤੀ ਗਈ ਸੀ। ਇਹ ਨੈਸ਼ਨਲ ਚਰਚ, ਨੇਵਲ ਆਬਜਰਵੇਟਰੀ ਅਤੇ ਅਮਰੀਕਨ ਯੂਨੀਵਰਸਿਟੀ ਦੇ ਬਿਲਕੁਲ ਨਜ਼ਦੀਕ ਹੈ। ਇਸ ਦੀ ਸਥਾਪਨਾ ਵੇਲੇ ਕੁਝ ਸਥਾਨਕ ਲੋਕਾਂ ਅਤੇ ਸੰਸਥਾਵਾਂ ਨੇ ਭਾਰੀ ਵਿਰੋਧ ਕੀਤਾ ਸੀ। ਉਨ੍ਹਾਂ ਨੇ ਟ੍ਰੈਫਿਕ ਅਤੇ ਵਾਤਾਵਰਨ ਸਬੰਧੀ ਗੰਭੀਰ ਇਤਰਾਜ਼ ਉਠਾਏ ਤੇ ਕੋਰਟ ਕੇਸ ਵੀ ਕੀਤੇ ਸਨ। ਵਾਹਿਗੁਰੂ ਦੀ ਕ੍ਰਿਪਾ ਨਾਲ ਅਖੀਰ ਸਭ ਕੁਝ ਠੀਕ ਹੋ ਗਿਆ। ਇਥੇ ਬਾਕੀ ਧਾਰਮਿਕ ਕਾਰਜਾਂ ਨੇ ਨਾਲ-ਨਾਲ ਬੱਚਿਆਂ ਨੂੰ ਕੀਰਤਨ ਅਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਗੁਰੂ-ਘਰ ਦੀ ਇਮਾਰਤ ਉੱਪਰ 21 ਲੱਖ ਡਾਲਰ (ਕਰੀਬ 14 ਕਰੋੜ ਰੁ:) ਖਰਚ ਆਇਆ ਸੀ ਤੇ ਇਹ 21000 ਸੁਕੇਅਰ ਫੁੱਟ ਵਿਚ ਬਣਿਆ ਹੋਇਆ ਹੈ।
ਸਿੱਖ ਰੀਲੀਜੀਅਸ ਸੁਸਾਇਟੀ, ਸ਼ਿਕਾਗੋ : ਇਹ ਸੁਸਾਇਟੀ 1280 ਵਿਨੇਟਕਾ ਸਟਰੀਟ, ਪਲਾਤੀਨ, ਸ਼ਿਕਾਗੋ ਵਿਚ ਸਥਿਤ ਹੈ। ਇਸ ਨਿਸ਼ਕਾਮ ਸੁਸਾਇਟੀ ਦੀ ਸਥਾਪਨਾ 1972 ਵਿਚ ਲੋਕ ਸੇਵਾ ਲਈ ਕੀਤੀ ਗਈ ਸੀ। ਇਹ ਸ਼ਿਕਾਗੋ ਦੇ ਮਹਿੰਗੇ ਇਲਾਕੇ ਵਿਚ 14 ਏਕੜ ਜਗ੍ਹਾ ਵਿਚ ਸਥਿਤ ਹੈ। ਇਥੇ ਹਫਤੇ ਦੇ ਸੱਤੇ ਦਿਨ ਕੀਰਤਨ ਪ੍ਰਵਾਹ ਚੱਲਦਾ ਰਹਿੰਦਾ ਹੈ। ਇਹ ਸਾਰੇ ਧਰਮਾਂ ਵਿਚਕਾਰ ਮਿਲਵਰਤਨ ਵਧਾਉਣ ਦੇ ਖੇਤਰ ਵਿਚ ਕੰਮ ਕਰ ਰਹੀ ਹੈ। ਇਹ ਅਮਰੀਕਨਾਂ ਨੂੰ ਸਿੱਖ ਧਰਮ ਬਾਰੇ ਗਿਆਨ ਦੇ ਰਹੀ ਹੈ ਤੇ ਸਿੱਖਾਂ ਦੀ ਪਹਿਚਾਣ ਬਾਰੇ ਭਰਮ-ਭੁਲੇਖੇ ਦੂਰ ਕਰ ਰਹੀ ਹੈ। ਇਹ ਅਮਰੀਕਾ ਵਿਚ ਇਕ ਕੇਂਦਰੀ ਸਿੱਖ ਇੰਸਟੀਚਿਊਟ ਸਥਾਪਿਤ ਕਰਨ ਲਈ ਬਹੁਤ ਮਿਹਨਤ ਕਰ ਰਹੀ ਹੈ।
(ਬਾਕੀ ਅਗਲੇ ਮੰਗਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾ: 98151-24449

ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਕਿਵੇਂ ਲਾਇਆ?

ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 25 ਜੂਨ, 1975 ਈ: ਨੂੰ ਦੇਸ਼ ਵਿਚ ਐਮਰਜੈਂਸੀ ਲਗਾ ਕੇ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਸੀ। ਸਰਕਾਰ ਨੇ ਸ੍ਰੀ ਜੈ ਪ੍ਰਕਾਸ਼ ਨਾਰਾਇਣ, ਸ੍ਰੀ ਮੋਰਾਰਜੀ ਡਿਸਾਈ, ਸ੍ਰੀ ਅਟਲ ਬਿਹਾਰੀ ਵਾਜਪਾਈ, ਸ੍ਰੀ ਰਾਜ ਨਾਰਾਇਣ, ਚੌਧਰੀ ਚਮਨ ਸਿੰਘ, ਸ੍ਰੀ ਅਸ਼ੋਕ ਮਹਿਤਾ, ਡਾ: ਬਲਦੇਵ ਪ੍ਰਕਾਸ਼, ਚੌਧਰੀ ਦੇਵੀ ਲਾਲ, ਚੌਧਰੀ ਚਾਂਦ ਰਾਮ, ਸ੍ਰੀ ਬਲਰਾਮਜੀ ਦਾਸ ਟੰਡਨ ਆਦਿ ਨੇਤਾਵਾਂ ਅਤੇ ਸਰਗਰਮ ਵਰਕਰਾਂ ਸਮੇਤ ਕੋਈ 3000 ਦੇ ਕਰੀਬ ਵਿਰੋਧੀਆਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿੱਤਾ ਸੀ।
ਦਿਨ ਚੜ੍ਹਦੇ ਨੂੰ ਅਖ਼ਬਾਰਾਂ 'ਤੇ ਸੈਂਸਰ ਲਾਗੂ ਕਰ ਦਿੱਤਾ ਗਿਆ। ਕੋਈ ਵਕੀਲ ਨਹੀਂ, ਦਲੀਲ ਨਹੀਂ, ਅਪੀਲ ਨਹੀਂ। ਜੇਲ੍ਹਾਂ ਅੰਦਰ ਨਜ਼ਰਬੰਦ ਰਾਜਨੀਤਕ ਨੇਤਾਵਾਂ 'ਤੇ ਮੀਸ਼ਾ, ਡੀ.ਆਈ.ਆਰ. ਸਖ਼ਤ ਕਾਨੂੰਨ ਲਾਗੂ ਕਰ ਦਿੱਤੇ ਗਏ। ਇਹ ਕਾਨੂੰਨ ਸਮਗਲਰਾਂ, ਸਮਾਜ ਵਿਰੋਧੀ ਅਨਸਰਾਂ ਲਈ ਬਣਾਏ ਗਏ ਸਨ। ਕਿਸੇ ਨੇਤਾ ਨੂੰ ਇਹ ਨਹੀਂ ਸੀ ਪਤਾ ਕਿ ਕਿਹੜੀ ਧਾਰਾ ਅਧੀਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਦਰਾ ਗਾਂਧੀ ਨੂੰ ਜਿਨ੍ਹਾਂ ਨੇਤਾਵਾਂ ਤੋਂ ਡਰ ਸੀ, ਜੋ ਕਾਂਗਰਸ ਪਾਰਟੀ ਵਿਚ ਰਹਿ ਕੇ ਇੰਦਰਾ ਗਾਂਧੀ ਦੇ ਵਿਰੁੱਧ ਬੋਲ ਸਕਦੇ ਸਨ, ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਵਿਸ਼ੇਸ਼ ਤੌਰ 'ਤੇ ਸ੍ਰੀ ਚੰਦਰ ਸ਼ੇਖਰ, ਸ੍ਰੀ ਕ੍ਰਿਸ਼ਨ ਕਾਂਤ, ਸ੍ਰੀ ਮੋਹਨ ਧਾਰੀਆ ਅਤੇ ਸ੍ਰੀ ਕੁਲਦੀਪ ਨਈਅਰ ਆਦਿ ਪੱਤਰਕਾਰ ਨੂੰ ਵੀ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ। ਪੰਜਾਬ ਵਿਚ ਗਿਆਨੀ ਜ਼ੈਲ ਸਿੰਘ ਦੀ ਕਾਂਗਰਸ ਸਰਕਾਰ ਸੀ ਅਤੇ ਹਰਿਆਣੇ ਵਿਚ ਚੌਧਰੀ ਬੰਸੀ ਲਾਲ ਦੀ ਕਾਂਗਰਸ ਸਰਕਾਰ ਸੀ। ਗਿਆਨੀ ਜ਼ੈਲ ਸਿੰਘ ਤੇ ਚੌਧਰੀ ਬੰਸੀ ਲਾਲ ਇੰਦਰਾ ਗਾਂਧੀ ਦਾ ਸਮਰਥਨ ਕਰ ਰਹੇ ਸਨ। ਸਮੁੱਚੇ ਭਾਰਤ ਅੰਦਰ ਇੰਦਰਾ ਗਾਂਧੀ ਵਿਰੁੱਧ ਕੋਈ ਗੱਲ ਨਹੀਂ ਹੋ ਸਕਦੀ ਸੀ।
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਨੇਤਾ ਨੂੰ ਗ੍ਰਿਫ਼ਤਾਰ ਨਹੀਂ ਸੀ ਕੀਤਾ ਗਿਆ, ਸਗੋਂ ਇੰਦਰਾ ਗਾਂਧੀ ਆਪਣੇ ਵਿਚੋਲਿਆਂ ਰਾਹੀਂ ਅਕਾਲੀ ਨੇਤਾਵਾਂ ਨਾਲ ਗੱਲਬਾਤ ਕਰਕੇ ਸਾਰੀਆਂ ਮੰਗਾਂ ਮੰਨ ਕੇ ਪੰਜਾਬ ਵਿਚ ਅਕਾਲੀ ਦਲ ਦੇ ਨੇਤਾਵਾਂ ਨੂੰ ਸਰਕਾਰ ਬਣਾਉਣ ਦੇਣਾ ਚਾਹੁੰਦੀ ਸੀ। ਐਮਰਜੈਂਸੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵਿਖੇ 10 ਅਕਤੂਬਰ, 1974 ਈ: ਨੂੰ ਸ੍ਰੀ ਜੈ ਪ੍ਰਕਾਸ਼ ਨਾਰਾਇਣ ਦੀ 'ਮਹਾਨ ਰੈਲੀ' ਕਰਵਾ ਚੁੱਕਾ ਸੀ। ਇਸ ਰੈਲੀ ਨੇ ਪਿਛਲੀਆਂ ਸਾਰੀਆਂ ਰੈਲੀਆਂ ਫਿੱਕੀਆਂ ਪਾ ਦਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਦੇ ਹੁਕਮ 'ਤੇ ਹਰੇਕ ਸਰਕਲ ਤੋਂ 500-500 ਸਿੰਘਾਂ ਦੇ ਜਥੇ ਲੁਧਿਆਣਾ ਪਹੁੰਚੇ ਸਨ। ਸਰਕਾਰ ਨੂੰ ਪਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵਿਰੋਧੀ ਹੈ, ਪਰ ਫਿਰ ਵੀ ਕਿਸੇ ਅਕਾਲੀ ਨੇਤਾ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ, ਨਾ ਹੀ ਥਾਣੇ ਬੁਲਾਇਆ ਗਿਆ।
ਗਿਆਨੀ ਜ਼ੈਲ ਸਿੰਘ ਕਿਸੇ ਅਕਾਲੀ ਨੇਤਾ ਨੂੰ ਗ੍ਰਿਫ਼ਤਾਰ ਨਾ ਕਰਕੇ ਦਿੱਲੀ ਸਰਕਾਰ ਨੂੰ ਪ੍ਰਭਾਵ ਦੇ ਰਿਹਾ ਸੀ ਕਿ ਮੈਂ ਕਿਸੇ ਅਕਾਲੀ ਨੇਤਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦੇਸ਼ ਵਿਚ ਵਾਪਰ ਰਹੇ ਹਾਲਾਤ ਨੂੰ ਪੂਰੇ ਧਿਆਨ ਨਾਲ ਦੇਖ ਰਹੇ ਸਨ। ਉਸ ਸਮੇਂ ਇੰਦਰਾ ਗਾਂਧੀ ਸਿੱਖਾਂ ਅਤੇ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਸੀ ਪਰ ਇਕ-ਦੋ ਸੀਨੀਅਰ ਅਕਾਲੀ ਨੇਤਾ ਨਹੀਂ ਚਾਹੁੰਦੇ ਸਨ ਕਿ ਇੰਦਰਾ ਗਾਂਧੀ ਨਾਲ ਗੱਲਬਾਤ ਕੀਤੀ ਜਾਵੇ। ਅਕਾਲੀ ਨੇਤਾਵਾਂ ਨੇ ਸ: ਬਲਵੰਤ ਸਿੰਘ ਸਾਬਕਾ ਖਜ਼ਾਨਾ ਮੰਤਰੀ ਨੂੰ ਸਿਰਦਾਰ ਕਪੂਰ ਸਿੰਘ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਕੋਲ ਭੇਜਿਆ ਕਿ ਕੀ ਕੀਤਾ ਜਾਵੇ? ਸ: ਕਪੂਰ ਸਿੰਘ ਨੇ ਕਿਹਾ ਕਿ 'ਸਾਡੇ ਦੋ ਦੁਸ਼ਮਣ ਆਪਸ 'ਚ ਲੜ ਰਹੇ ਹਨ ਅਤੇ ਸਾਨੂੰ ਸਾਰੇ ਹਾਲਾਤ ਨੂੰ ਦੇਖਣਾ ਚਾਹੀਦਾ ਹੈ ਅਤੇ ਜੇ ਕੌਮ ਦਾ ਕੁਝ ਬਣਦਾ ਹੋਵੇ ਤਾਂ ਬਣਾ ਲੈਣਾ ਚਾਹੀਦਾ ਹੈ।' ਅਖੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਤੁੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ ਇਕ ਜ਼ਰੂਰੀ ਇਕੱਤਰਤਾ 29-30 ਜੂਨ, 1975 ਈ: ਨੂੰ ਸ੍ਰੀ ਅੰਮ੍ਰਿਤਸਰ ਬੁਲਾਈ।
ਸ੍ਰੀ ਯਗਦੱਤ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਕ ਚਿੱਠੀ ਭੇਜੀ। ਉਸ ਵਿਚ ਲਿਖਿਆ ਸੀ ਕਿ ਤੁਸੀਂ ਆਓ ਤੇ ਸੰਗਰਾਮ ਲੜੋ ਤੇ ਕੁਰੂਕਸ਼ੇਤਰ ਵਾਲੇ ਪਾਂਡੋ ਬਣ ਕੇ ਨਿਕਲੋ। ਇਹ ਚਿੱਠੀ ਮੀਟਿੰਗ ਵਿਚ ਪੜ੍ਹ ਕੇ ਸੁਣਾਈ ਗਈ ਸੀ। ਉਸ ਮੀਟਿੰਗ ਵਿਚ ਸਾਰੇ ਮੈਂਬਰ ਪਹੁੰਚੇ ਸਨ ਪਰ ਕੋਈ ਵੀ ਮੈਂਬਰ ਇਹ ਨਹੀਂ ਚਾਹੁੰਦਾ ਸੀ ਕਿ ਮੋਰਚਾ ਲਾਇਆ ਜਾਵੇ, ਬਲਕਿ ਭੁਪਿੰਦਰ ਸਿੰਘ ਮਾਨ ਕਹਿੰਦੇ, 'ਬਈ ਸਾਡੀ ਦਸ਼ਾ ਇਹ ਹੈ ਕਿ ਸਭ ਤੋਂ ਪਹਿਲਾਂ ਖੂਹ ਵਿਚ ਛਾਲ ਮਾਰਨੀ ਐ ਅਤੇ ਮਾਰਨੀ ਵੀ ਸਭ ਤੋਂ ਪਹਿਲਾਂ ਜਿਹੜਾ ਖੂਹ ਨਜ਼ਰ ਆ ਜਾਵੇ।' ਇਸ ਮੀਟਿੰਗ ਵਿਚ ਗੱਲਾਂਬਾਤਾਂ ਕਰਦਿਆਂ ਸਮਾਂ ਲੰਘ ਗਿਆ। ਰਾਤ ਨੂੰ ਜਥੇਦਾਰ ਮੋਹਣ ਸਿੰਘ ਤੁੜ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਮੀਟਿੰਗ ਹੋਈ ਅਤੇ ਅਖੀਰ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਜੋ ਕਾਰਵਾਈ ਹੋਈ, ਉਸ ਨੂੰ ਪ੍ਰੈੱਸ ਨੂੰ ਜਾਰੀ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ 'ਚ ਮਿਤੀ 29-30 ਜੂਨ, 1975 ਨੂੰ ਸਰਬਸੰਮਤੀ ਨਾਲ ਇਹ ਸਾਰੇ ਮਤੇ ਪ੍ਰਵਾਨ ਕੀਤੇ ਗਏ-
'ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦੇਸ਼ ਵਿਚ ਹੰਗਾਮੀ ਹਾਲਤ ਅਥਵਾ ਐਮਰਜੈਂਸੀ ਦੇ ਐਲਾਨ ਕਰਨ ਦੇ ਨਾਲ ਪੈਦਾ ਹੋਈ ਸਥਿਤੀ ਉੱਤੇ ਬੜਾ ਦੀਰਘ ਵਿਚਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬੜੀ ਚਿੰਤਾ ਨਾਲ ਅਨੁਭਵ ਕਰਦਾ ਹੈ ਕਿ ਦੇਸ਼ ਵਿਚ ਇੰਟਰਨਲ ਐਮਰਜੈਂਸੀ ਦਾ ਐਲਾਨ ਬੇਲੋੜਾ, ਬੇਵਜ੍ਹਾ ਅਤੇ ਹੁਕਮਰਾਨ ਪਾਰਟੀ ਵੱਲੋਂ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਕੀਤਾ ਗਿਆ ਹੈ, ਜਿਸ ਨਾਲ ਬੁਨਿਆਦੀ ਹੱਕ ਖੋਹ ਲਏ ਗਏ ਹਨ। ਇਹ ਕਦਮ ਨਿਰਸੰਦੇਹ ਸ਼ਹਿਰੀ ਆਜ਼ਾਦੀ, ਬੋਲਣ ਤੇ ਲਿਖਣ ਦੀ ਖੁੱਲ੍ਹ ਅਤੇ ਜਮਹੂਰੀਅਤ ਉੱਤੇ ਇਕ ਸਿੱਧਾ ਹਮਲਾ ਹੈ ਤੇ ਡਿਕਟੇਟਰਸ਼ਿਪ ਵੱਲ ਇਕ ਵੱਡਾ ਕਦਮ ਹੈ। ਸ਼੍ਰੋਮਣੀ ਅਕਾਲੀ ਦਲ ਜਮਹੂਰੀਅਤ ਤੇ ਸ਼ਹਿਰੀ ਆਜ਼ਾਦੀਆਂ ਦਾ ਸਦਾ ਪਹਿਰੇਦਾਰ ਰਿਹਾ ਹੈ। ਇਸ ਲਈ ਹੁਣ ਵੀ ਅਕਾਲੀ ਦਲ ਕਾਂਗਰਸ ਸਰਕਾਰ ਦੇ ਇਸ ਫਾਸਿਸਟ ਰਵੱਈਏ ਵਿਰੁੱਧ ਡਟ ਕੇ ਟਾਕਰਾ ਕਰੇਗਾ।'
'ਇੰਟਰਨਲ ਐਮਰਜੈਂਸੀ' ਦੇ ਲਾਗੂ ਹੋਣ ਨਾਲ ਜਮਹੂਰੀਅਤ ਦਾ ਗਲਾ ਘੁੱਟਿਆ ਗਿਆ ਹੈ ਅਤੇ ਇਸ ਨਾਲ ਸਾਰੇ ਦੇਸ਼ ਵਿਚ ਗੁੱਸੇ ਤੇ ਨਾਰਾਜ਼ਗੀ ਦੀ ਇਕ ਲਹਿਰ ਦੌੜ ਗਈ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਹੁਕਮਰਾਨ ਪਾਰਟੀ ਦੇ ਇਸ ਕਦਮ ਦੀ ਕਰੜੀ ਨਿਖੇਧੀ ਕਰਦਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇਸ਼ ਵਾਸੀਆਂ ਨੂੰ ਆਮ ਕਰਕੇ ਤੇ ਸਿੱਖ ਸੰਗਤਾਂ ਨੂੰ ਖਾਸ ਕਰਕੇ ਅਪੀਲ ਕਰਦਾ ਹੈ ਕਿ ਉਹ ਹਿੰਦ ਸਰਕਾਰ ਦੇ ਇਸ ਅਤਿ ਕੋਝੇ ਕਦਮ ਵਿਰੁੱਧ ਡਟ ਕੇ ਲੜਾਈ ਲੜਨ ਤੇ ਪੁਰਅਮਨ ਜੱਦੋ-ਜਹਿਦ ਲਈ ਕਮਰਕੱਸੇ ਕਰ ਲੈਣ, ਤਾਂ ਕਿ ਸ਼ਹਿਰੀ ਆਜ਼ਾਦੀ ਬਹਾਲ ਹੋ ਸਕੇ ਤੇ ਦੇਸ਼ ਵਿਚ ਸੁਖਾਵਾਂ ਵਾਤਾਵਰਨ ਪੈਦਾ ਹੋ ਸਕੇ।
ਸ਼੍ਰੋਮਣੀ ਅਕਾਲੀ ਦਲ ਇਕ ਵਾਰ ਮੁੜ ਜਮਹੂਰੀਅਤ ਵਿਚ ਪੂਰਨ ਵਿਸ਼ਵਾਸ ਪ੍ਰਗਟ ਕਰਦਾ ਹੈ ਤੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਕਾਂਗਰਸ ਸਰਕਾਰ ਦੇ ਇਸ ਡਿਕਟੇਟਰਾਨਾ ਰਵੱਈਏ ਵਿਰੁੱਧ ਅਕਾਲੀ ਦਲ ਡਟ ਕੇ ਸੰਗਰਾਮ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਸਰਬਸੰਮਤੀ ਨਾਲ ਅਕਾਲੀ ਦਲ ਦੇ ਸੁਯੋਗ ਪ੍ਰਧਾਨ ਸ੍ਰੀਮਾਨ ਜਥੇਦਾਰ ਮੋਹਣ ਸਿੰਘ ਤੁੜ ਨੂੰ ਪੂਰਨ ਅਧਿਕਾਰ ਦਿੰਦਾ ਹੈ ਕਿ ਉਹ ਇਸ ਸੂਰਤੇ-ਹਾਲਾਤ ਨਾਲ ਨਜਿੱਠਣ ਲਈ ਜੋ ਵੀ ਉਚਿਤ ਸਮਝਣ, ਕਦਮ ਚੁੱਕਣ ਤੇ ਕਾਰਵਾਈ ਕਰਨ।
29-30 ਜੂਨ, 1975 ਦੀ ਮੀਟਿੰਗ ਵਿਚ ਉਕਤ ਮਤਾ ਪਾਸ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਜੁਲਾਈ, 1975 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਸਨਮੁਖ ਇਕੱਠ ਰੱਖਿਆ ਗਿਆ। ਪਹਿਲੇ ਜਥੇ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਪ੍ਰਕਾਸ਼ ਸਿੰਘ ਬਾਦਲ ਲੀਡਰ ਪੰਥਕ ਅਸੈਂਬਲੀ ਪਾਰਟੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ: ਆਤਮਾ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ: ਬਸੰਤ ਸਿੰਘ ਖ਼ਾਲਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਗ੍ਰਿਫ਼ਤਾਰੀ ਦੇਣ ਲਈ ਤਿਆਰ ਹੋਏ। ਸ: ਜਸਵਿੰਦਰ ਸਿੰਘ ਬਰਾੜ ਬਹੁਤ ਰੋ ਰਹੇ ਸਨ ਕਿ ਮੈਂ ਵੀ ਜਥੇ ਦੇ ਨਾਲ ਗ੍ਰਿਫ਼ਤਾਰੀ ਲਈ ਜਾਣਾ ਹੈ ਪਰ ਫੈਸਲਾ ਪੰਜੇ ਸੀਨੀਅਰ ਨੇਤਾਵਾਂ ਦਾ ਗ੍ਰਿਫ਼ਤਾਰੀ ਦੇਣ ਲਈ ਹੋਇਆ ਸੀ। ਜਥੇ ਦੇ ਪੰਜੇ ਮੈਂਬਰ ਅਰਦਾਸ ਉਪਰੰਤ ਨਾਅਰੇ ਲਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਏ, ਜਿਥੇ ਪੁਲਿਸ ਨੇ ਪੰਜੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਮੋਰਚਾ ਸ਼ੁਰੂ ਹੋ ਗਿਆ।
ਮੋਰਚੇ ਦੇ ਪਹਿਲੇ ਦਿਨ ਜਿਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਕਾਲੀ ਵਰਕਰ ਤੇ ਨੇਤਾ ਆਏ ਹੋਏ ਸਨ, ਉਥੇ ਦਿੱਲੀ ਤੋਂ ਵੀ ਅਕਾਲੀ ਨੇਤਾ ਅੰਮ੍ਰਿਤਸਰ ਪਹੁੰਚੇ ਹੋਏ ਸਨ। ਪੰਜੇ ਅਕਾਲੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਸਿਵਲ ਲਾਈਨ ਲੈ ਗਈ। ਇਥੋਂ ਇਨ੍ਹਾਂ ਪੰਜੇ ਮੈਂਬਰਾਂ ਨੂੰ ਫਿਰੋਜ਼ਪੁਰ ਜੇਲ੍ਹ ਪਹੁੰਚਾ ਦਿੱਤਾ ਗਿਆ। ਦੂਜੇ ਦਿਨ ਸ: ਬਸੰਤ ਸਿੰਘ ਖ਼ਾਲਸਾ ਨੂੰ ਗੁਰਦਾਸਪੁਰ, ਸ: ਆਤਮਾ ਸਿੰਘ ਨੂੰ ਬਠਿੰਡਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਪਟਿਆਲਾ, ਸ: ਪ੍ਰਕਾਸ਼ ਸਿੰਘ ਬਾਦਲ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਅਤੇ ਜਥੇਦਾਰ ਟੌਹੜਾ ਨੂੰ ਫਿਰੋਜ਼ਪੁਰ ਜੇਲ੍ਹ ਵਿਚ ਹੀ ਰੱਖਿਆ ਗਿਆ। (ਚਲਦਾ)


-ਬਠਿੰਡਾ। ਮੋਬਾ: 98155-33725

ਸਿਕਲੀਗਰ ਸਿੱਖਾਂ ਦੀ ਗੁਰਬਤ ਨੂੰ ਦਰਸਾਉਂਦੀ ਬਸਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਵਿਖੇ ਸਥਿਤ ਸਿਕਲੀਗਰ ਵਣਜਾਰੇ ਸਿੱਖਾਂ ਦੀ ਬਸਤੀ ਪਾਚੋਰੀ ਇਕ ਅਜਿਹੀ ਬਸਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਇਹ ਲੋਕ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਹੋਈਆਂ ਪ੍ਰਮੁੱਖ ਜੰਗਾਂ-ਯੁੱਧਾਂ ਵਿਚ ਸ਼ਸਤਰ ਬਣਾਉਣ ਦੀ ਸੇਵਾ ਕਰਨ ਵਾਲੇ ਸਿੱਖ ਕੌਮ ਦੇ ਇਨ੍ਹਾਂ ਅਣਖੀ ਲਾਲਾਂ ਦੀ ਬਸਤੀ ਅੰਦਰ ਅੱਜ ਵੀ ਅਜਿਹੇ ਕਈ ਪਰਿਵਾਰ ਹਨ, ਜਿਨ੍ਹਾਂ ਦੇ ਸਿਰ 'ਤੇ ਕੋਈ ਛੱਤ ਨਹੀਂ ਅਤੇ ਨਾ ਹੀ ਰਹਿਣ ਲਈ ਕੋਈ ਸਥਾਈ ਮਕਾਨ ਹੈ, ਕੇਵਲ ਕੱਚੇ ਮਕਾਨਾਂ ਤੇ ਕਾਨੇ ਦੀਆਂ ਝੁੱਗੀਆਂ-ਝੌਂਪੜੀਆਂ 'ਚ ਇਹ ਗੁਜ਼ਾਰਾ ਕਰਦੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਕਹਾਣੀ ਕੇਵਲ ਮੱਧ ਪ੍ਰਦੇਸ਼ ਵਿਚ ਵਸਦੇ ਸਿਕਲੀਗਰ ਸਿੱਖ ਵਣਜਾਰਿਆਂ ਦੀ ਹੀ ਨਹੀਂ, ਬਲਕਿ ਮਹਾਰਾਸ਼ਟਰ, ਛੱਤੀਸਗੜ੍ਹ ਰਾਜਾਂ ਦੇ ਵੱਖ-ਵੱਖ ਸ਼ਹਿਰਾਂ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਸਦੇ ਸਿਕਲੀਗਰ ਸਿੱਖਾਂ ਦੀ ਵੀ ਹੈ।
ਸਿਕਲੀਗਰ ਸਿੱਖ ਵਣਜਾਰਿਆਂ ਦੀ ਪੁਕਾਰ
ਸਿਕਲੀਗਰ ਵਣਜਾਰੇ ਸਿੱਖਾਂ ਦੀ ਭਲਾਈ ਲਈ ਆਵਾਜ਼ ਬੁਲੰਦ ਕਰ ਰਹੇ ਮੱਧ ਪ੍ਰਦੇਸ਼ ਦੇ ਸਿਕਲੀਗਰ ਆਗੂ ਗਿਆਨੀ ਦੀਦਾਰ ਸਿੰਘ ਨੇ ਦੱਸਿਆ ਕਿ 1992 ਅੰਦਰ ਸ਼੍ਰੋਮਣੀ ਕਮੇਟੀ ਨੇ ਆਪਣੇ ਬੱਜਟ ਅੰਦਰ ਸਿਕਲੀਗਰ ਸਿੱਖਾਂ ਦੀ ਭਲਾਈ ਲਈ 1 ਕਰੋੜ ਰੁਪਏ ਦੀ ਰਾਸ਼ੀ ਰੱਖੀ ਸੀ। ਨਾਲ ਹੀ ਇਨ੍ਹਾਂ ਪਰਿਵਾਰਾਂ ਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਈ ਵੱਡੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਸਨ, ਜੋ ਕਿ ਕੇਵਲ ਪੰਜਾਬ ਰਾਜ ਵਿਚ ਵਸਦੇ ਸਿਕਲੀਗਰ ਪਰਿਵਾਰਾਂ ਤੱਕ ਸੀਮਿਤ ਹੋ ਕੇ ਰਹੇ ਗਏ ਹਨ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਦੇਸ਼ ਭਰ ਅੰਦਰ ਵਸਦੇ ਕਰੋੜਾਂ ਸਿਕਲੀਗਰ ਸਿੱਖ ਵਣਜਾਰਿਆਂ ਦੇ ਲਈ ਬਹੁਤ ਥੋੜ੍ਹੀ ਹੈ ਜਦ ਕਿ ਮੌਜੂਦਾ ਸਮੇਂ ਅੰਦਰ ਸਿਕਲੀਗਰ ਸਿੱਖਾਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ।
ਮੁੱਖ ਧਾਰਾ ਨਾਲ ਜੋੜਨਾ
ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਅੰਦਰ ਪੁਰਾਣੇ ਸਮੇਂ ਤੋਂ ਰਵਾਇਤੀ ਹਥਿਆਰ ਬਣਾਉਣ ਦਾ ਪਿਤਾਪੁਰਖੀ ਕੰਮ ਕਰਦੇ ਆ ਰਹੇ ਸਿਕਲੀਗਰਾਂ ਨੂੰ ਦੇਸ਼ ਤੇ ਕੌਮ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੇਂਦਰ ਤੇ ਰਾਜ ਸਰਕਾਰ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਸੱਚੇ ਦਿਲੋਂ ਆਪਣਾ ਮੋਹਰੀ ਫਰਜ਼ ਨਿਭਾਉਣਾ ਪਵੇਗਾ, ਤਾਂ ਹੀ ਭੁੱਲੇ-ਵਿਸਰੇ ਸਿਕਲੀਗਰ ਵੀਰ ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਸਰ ਕਰ ਸਕਦੇ ਹਨ। ਰਵਾਇਤੀ ਹਥਿਆਰ ਬਣਾਉਣ ਦੇ ਮਾਹਿਰ ਸਿਕਲੀਗਰਾਂ ਦੇ ਹੁਨਰ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਨੂੰ ਸਰਕਾਰੀ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਅੰਦਰ ਨੌਕਰੀਆਂ ਦੇਣ ਜਾਂ ਹਥਿਆਰ ਬਣਾਉਣ ਦੇ ਸਰਕਾਰੀ ਲਾਈਸੈਂਸ ਦੇ ਕੇ ਉਦਯੋਗ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਇਨ੍ਹਾਂ ਦਾ ਸਮਾਜਿਕ ਜੀਵਨ ਉੱਚਾ ਹੋ ਸਕੇ। ਇਸ ਦੇ ਨਾਲ ਹੀ ਸਿਕਲੀਗਰਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਬੀ.ਪੀ.ਐਲ. ਕਾਰਡ ਤੁਰੰਤ ਬਣਾਏ ਜਾਣੇ ਚਾਹੀਦੇ ਹਨ ਅਤੇ ਸਿਕਲੀਗਰਾਂ ਨੂੰ ਰਾਖਵਾਂਕਰਨ ਦਾ ਅਧਿਕਾਰ ਦੇ ਕੇ ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਸਮੇਤ ਰਾਜਨੀਤੀ ਅਤੇ ਸਰਕਾਰੀ ਸਹੂਲਤਾਂ 'ਚ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਹੈ। ਖ਼ਾਲਸਾ ਜਥੇਬੰਦੀ ਦੇ ਪ੍ਰਧਾਨ ਸ: ਤਰਨਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਸਿਕਲੀਗਰ ਭਈਚਾਰੇ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਸਿਕਲੀਗਰ ਭਾਈਚਾਰੇ ਦੀ ਵਸੋਂ ਵਾਲੀਆਂ ਬਸਤੀਆਂ ਦੀ ਸਹੀ ਨਿਸ਼ਾਨਦੇਹੀ ਕਰਕੇ, ਉਨ੍ਹਾਂ ਦੀਆਂ ਸਹੀ ਸੂਚੀਆਂ ਤਿਆਰ ਕਰਕੇ, ਇਨ੍ਹਾਂ ਦੇ ਬੱਚਿਆਂ ਲਈ ਸਕੂਲੀ ਪੜ੍ਹਾਈ ਤੇ ਸਿਹਤ ਸਹੂਲਤਾਂ ਦਾ ਉਚਿਤ ਪ੍ਰਬੰਧ ਕੀਤਾ ਕਰਨਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ। (ਸਮਾਪਤ)


-ਮੋਬਾ: 84372-00728, ਈ-ਮੇਲ :khalsatimes@gmail.com

ਸੇਵਾਪੰਥੀ ਮਹਾਂਪੁਰਸ਼ਾਂ ਦੀ ਯਾਦ 'ਚ ਯੱਗ ਸਮਾਗਮ 'ਤੇ ਵਿਸ਼ੇਸ਼

ਬਾਬਾ ਭਗਤ ਸਿੰਘ ਅਤੇ ਬਾਬਾ ਜਵਾਹਰ ਸਿੰਘ ਮਿੱਠੇ ਟਿਵਾਣੇ ਵਾਲੇ

ਆਪ ਦਾ ਜਨਮ ਭਾਈ ਪਿਆਰ ਸਿੰਘ ਤੇ ਮਾਤਾ ਕਲਿਆਣ ਬਾਈ ਦੇ ਘਰ 1921 ਈਸਵੀ ਦੇ ਲਗਭਗ ਮਿੱਠੇ ਟਿਵਾਣੇ ਹੋਇਆ। ਸੇਵਾਪੰਥੀ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਮਾਤਾ-ਪਿਤਾ ਦਾ ਆਉਣਾ-ਜਾਣਾ, ਸਤਸੰਗ ਕਰਨਾ ਬਾਬਾ ਭਗਤ ਸਿੰਘ ਦੇ ਜੀਵਨ ਵਿਚ ਰੰਗ ਲਿਆਇਆ। ਆਪ ਦਾ ਉਦਾਸੀਨ ਮਹਾਂਪੁਰਖ ਬਾਵਾ ਸ਼ਾਮ ਦਾਸ ਵਿੱਝ ਤਹਿਸੀਲ ਸ਼ਾਹਪੁਰ ਵਾਲਿਆਂ ਨਾਲ ਬਹੁਤ ਪਿਆਰ ਸੀ। ਇਹ ਮਹਾਂਪੁਰਖ ਵੀ ਨਾਮ ਕਮਾਈ ਵਾਲੇ, ਹਰਖ ਸੋਗ ਤੋਂ ਨਿਆਰੇ ਮਹਾਂਪੁਰਖ ਸਨ। ਬਾਬਾ ਭਗਤ ਸਿੰਘ ਨੇ ਸੇਵਾਪੰਥੀ ਸੇਵਾ ਅਸਥਾਨ ਦੇ ਨਾਂਅ ਕੋਈ ਜ਼ਮੀਨ-ਜਾਇਦਾਦ ਨਹੀਂ ਬਣਾਈ। ਗੁਰਬਾਣੀ ਦਾ ਪ੍ਰਚਾਰ ਬੇਅੰਤ ਕੀਤਾ।
ਬਾਬਾ ਭਗਤ ਸਿੰਘ ਸੇਵਾਪੰਥੀ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਸੰਨ 1964 ਵਿਚ ਸਰੀਰਕ ਚੋਲਾ ਤਿਆਗ 'ਏਕ ਜੋਤਿ ਏਕਾ ਮਿਲੀ' ਵਿਚ ਅਭੇਦ ਹੋ ਗਏ। ਆਪ ਤੋਂ ਬਾਅਦ ਸੇਵਾ ਅਸਥਾਨ ਦੀ ਸੇਵਾ ਮਹੰਤ ਬਾਬਾ ਜਵਾਹਰ ਸਿੰਘ ਨੂੰ ਮਿਲੀ। ਮਹੰਤ ਬਾਬਾ ਜਵਾਹਰ ਸਿੰਘ ਨੇ ਹੀ ਬਾਬਾ ਭਗਤ ਸਿੰਘ ਦੀ ਯਾਦ ਵਿਚ ਇਹ ਸਾਲਾਨਾ ਯੱਗ ਸਮਾਗਮ ਵਿਸ਼ਾਲ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ। ਸੰਨ 1947 ਦੀ ਵੰਡ ਤੋਂ ਬਾਅਦ ਮਹੰਤ ਬਾਬਾ ਜਵਾਹਰ ਸਿੰਘ ਨੇ ਹੁਸ਼ਿਆਰਪੁਰ ਵਿਖੇ ਸੇਵਾ ਅਸਥਾਨ ਡੇਰਾ ਹਰੀ ਭਗਤ ਪੁਰਾ (ਮਿੱਠਾ ਟਿਵਾਣਾ) ਸਥਾਪਤ ਕੀਤਾ।
ਬਾਬਾ ਭਗਤ ਸਿੰਘ ਦੀ ਯਾਦ ਵਿਚ ਹਰ ਸਾਲ ਸਾਲਾਨਾ ਯੱਗ ਸਮਾਗਮ 14, 15, 16 ਜੁਲਾਈ ਨੂੰ ਵਿਸ਼ਾਲ ਪੱਧਰ 'ਤੇ ਪੁਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਡੇਰਾ ਹਰੀ ਭਗਤ ਪੁਰਾ (ਮਿੱਠਾ ਟਿਵਾਣਾ) ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਸ਼ੁਰੂ ਕੀਤਾ। ਮਹੰਤ ਬਾਬਾ ਜਵਾਹਰ ਸਿੰਘ ਤੋਂ ਬਾਅਦ ਮਹੰਤ ਬਾਬਾ ਜਮੀਅਤ ਸਿੰਘ ਅਤੇ ਮਹੰਤ ਬਾਬਾ ਤਾਰਾ ਸਿੰਘ ਨੇ ਸੇਵਾ ਸੰਭਾਲੀ। ਮਹੰਤ ਬਾਬਾ ਤਾਰਾ ਸਿੰਘ ਸੇਵਾਪੰਥੀ ਦੇ ਸੰਨ 1998 ਵਿਚ ਅਕਾਲ ਚਲਾਣੇ ਉਪਰੰਤ ਸੰਤ ਪ੍ਰਿਤਪਾਲ ਸਿੰਘ ਨੂੰ ਅਸਥਾਨ ਦੀ ਸੇਵਾ ਸੇਵਾਪੰਥੀ ਭੇਖ਼ ਅਤੇ ਸੰਗਤਾਂ ਵੱਲੋਂ ਸੌਂਪੀ ਗਈ। ਵਰਤਮਾਨ ਮੁਖੀ ਮਹੰਤ ਬਾਬਾ ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਹੋ ਰਹੇ ਇਸ 'ਸਾਲਾਨਾ ਯੱਗ ਸਮਾਗਮ' ਵਿਚ ਸਿੱਖ ਪੰਥ ਦੀਆਂ ਸਤਿਕਾਰਤ ਸੰਪਰਦਾਵਾਂ ਦੇ ਮਹਾਂਪੁਰਸ਼, ਗੁਰੂ ਕੇ ਕੀਰਤਨੀਏ, ਰਾਗੀ, ਢਾਡੀ ਅਤੇ ਕਥਾਵਾਚਕ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਰਖਾ ਦੁਆਰਾ ਨਿਹਾਲ ਕਰਦੇ ਹਨ।

-ਹੁਸ਼ਿਆਰਪੁਰ।

ਇਤਿਹਾਸਕ ਬਿਰਖ ਜੋ ਹੁਣ ਨਹੀਂ ਰਹੇ

ਇਤਿਹਾਸਕ ਰੁੱਖਾਂ ਦੀ ਸਾਵੀ ਟਹਿਕ ਅਤੇ ਮਹਿਕ ਵਿਚ ਅਨੇਕਾਂ ਸੁਰੀਲੀਆਂ ਯਾਦਾਂ ਸਮੋਈਆਂ ਹੁੰਦੀਆਂ ਹਨ। ਇਨ੍ਹਾਂ ਨੇ ਖ਼ਾਮੋਸ਼ ਲਿਪੀ ਵਿਚ ਇਤਿਹਾਸ ਸਾਂਭਿਆ ਹੁੰਦਾ ਹੈ। ਇਨ੍ਹਾਂ ਦੀਆਂ ਫੁੱਲ-ਪੱਤੀਆਂ ਵਿਚੋਂ ਇਲਾਹੀ ਗੀਤ ਪੁੰਗਰਦੇ ਹਨ। ਅਫਸੋਸ ਹੈ ਕਿ ਅਸੀਂ ਆਪਣੇ ਅਨਮੋਲ ਇਤਿਹਾਸਕ ਵਿਰਸੇ ਪ੍ਰਤੀ ਬਹੁਤੇ ਸੁਚੇਤ ਨਹੀਂ। ਬਹੁਤ ਸਾਰੇ ਰੁੱਖ-ਬੂਟੇ, ਜੋ ਸਦੀਆਂ ਦਾ ਇਤਿਹਾਸ ਆਪਣੇ ਵਜੂਦ ਵਿਚੋਂ ਪ੍ਰਗਟ ਕਰ ਰਹੇ ਸਨ, ਘੱਲੂਘਾਰਿਆਂ, ਸਿਉਂਕ, ਹੜ੍ਹਾਂ, ਅੱਗਾਂ ਅਤੇ ਸਾਡੀਆਂ ਅਣਗਹਿਲੀਆਂ ਕਾਰਨ ਨਸ਼ਟ ਹੋ ਚੁੱਕੇ ਹਨ। ਆਓ, ਇਨ੍ਹਾਂ ਨੂੰ ਵੀ ਯਾਦ ਕਰੀਏ-
ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ : ਨੌਵੇਂ ਪਾਤਸ਼ਾਹ ਜੀ ਇਸ ਅਸਥਾਨ 'ਤੇ ਇਕ ਬਰੋਟੇ ਦੇ ਦਰੱਖਤ ਥੱਲੇ ਬਿਰਾਜੇ ਸਨ ਅਤੇ ਨੇੜੇ ਦੇ ਇਕ ਟੋਭੇ ਵਿਚ ਚਰਨ ਧੋਤੇ ਸਨ। ਲੋਕਾਂ ਨੇ ਬੇਨਤੀ ਕੀਤੀ ਕਿ ਪਿੰਡ ਵਿਚੋਂ ਬਿਮਾਰੀ ਨਹੀਂ ਜਾਂਦੀ ਅਤੇ ਨਾ ਹੀ ਇਥੇ ਆਬਾਦੀ ਹੁੰਦੀ ਹੈ। ਮਹਾਰਾਜ ਜੀ ਨੇ ਬਚਨ ਕੀਤਾ ਕਿ ਇਥੇ ਇਸ਼ਨਾਨ ਕੀਤਿਆਂ ਸਾਰੇ ਰੋਗ ਦੂਰ ਹੋ ਜਾਣਗੇ, ਉੱਘਾ ਗੁਰਧਾਮ ਬਣੇਗਾ, ਰਾਜਧਾਨੀ ਹੋਵੇਗੀ। ਇਸ ਸਬੰਧੀ ਇਕ ਹੁਕਮਨਾਮਾ ਬਹੁਤ ਸਮੇਂ ਤੱਕ ਬੋਹੜ ਦੇ ਦਰੱਖਤ ਦੀ ਜੜ੍ਹ ਕੋਲ ਇਕ ਬੁਰਜੀ ਵਿਚ ਸੰਭਾਲਿਆ ਰਿਹਾ। ਸੰਨ 1919 ਵਿਚ ਪਟਿਆਲਾ ਤੋਂ ਬਠਿੰਡਾ ਰੇਲਵੇ ਲਾਈਨ ਬਣਾਉਣ ਦਾ ਨਕਸ਼ਾ ਬਣਿਆ ਤਾਂ ਇਹ ਬਰੋਟਾ ਨਕਸ਼ੇ ਵਿਚ ਆ ਗਿਆ ਪਰ ਮਹਾਰਾਜ ਜੀ ਦੀ ਯਾਦ ਨਿਸ਼ਾਨੀ ਨੂੰ ਬਚਾਉਣ ਲਈ ਮਹਾਰਾਜਾ ਭੁਪਿੰਦਰ ਸਿੰਘ ਨੇ ਬਰੋਟੇ ਵਾਲੀ ਥਾਂ ਨਕਸ਼ੇ ਵਿਚੋਂ ਕੱਢ ਦਿੱਤੀ। ਅੱਜ ਇਤਿਹਾਸਕ ਛੱਪੜੀ ਦੇ ਸਥਾਨ 'ਤੇ ਵਿਸ਼ਾਲ ਸਰੋਵਰ ਅਤੇ ਹੁਕਮਨਾਮਾ ਸਾਹਿਬ ਸੁਸ਼ੋਭਿਤ ਹਨ ਪਰ ਜਿਸ ਬੋਹੜ ਥੱਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜੇ ਸਨ, ਉਸ ਨੂੰ ਪੁੱਟ ਦਿੱਤਾ ਗਿਆ ਹੈ, ਜੋ ਬਹੁਤ ਦੁੱਖਦਾਈ ਹੈ।
ਫਤਹਿਗੜ੍ਹ ਸਾਹਿਬ ਦਾ ਪਿੱਪਲ : ਸਰਹਿੰਦ ਦਾ ਉਹ ਠੰਢਾ ਬੁਰਜ ਜਿਥੇ ਪੋਹ ਦੀਆਂ ਕਕਰੀਲੀਆਂ ਰਾਤਾਂ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ, ਦੇ ਨਾਲ ਹੀ ਇਕ ਪਿੱਪਲ ਦਾ ਦਰੱਖਤ ਸੀ, ਜਿਸ ਉੱਤੋਂ ਦੀ ਚੜ੍ਹ ਕੇ ਭਾਈ ਮੋਤੀ ਰਾਮ ਛੋਟੇ ਲਾਲਾਂ ਅਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕਰਦੇ ਸਨ। ਅਨਮੋਲ ਨਿਸ਼ਾਨੀ ਪੁਰਾਤਨ ਬੁਰਜ ਅਤੇ ਪਿੱਪਲ ਦੋਵੇਂ ਹੀ ਖ਼ਤਮ ਕਰ ਦਿੱਤੇ ਗਏ। ਕਾਰ ਸੇਵਾ ਦੌਰਾਨ ਇਹ ਦਰੱਖਤ ਜੜ੍ਹੋਂ ਪੁੱਟ ਦਿੱਤਾ ਗਿਆ।
ਚੀਕੇ ਦਾ ਇਤਿਹਾਸਕ ਪਿੱਪਲ : ਕਰਹਾਲੀ ਤੋਂ ਚੱਲ ਕੇ ਛੇਵੇਂ ਪਾਤਸ਼ਾਹ ਜੀ ਅਤੇ ਨੌਵੇਂ ਪਾਤਸ਼ਾਹ ਜੀ ਇਥੇ ਆਏ ਸਨ। ਇਥੇ ਆ ਕੇ ਸਾਧੂ ਅਲਮਸਤ ਜੀ ਨੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਦੱਸਿਆ ਕਿ ਪਹਿਲੇ ਪਾਤਸ਼ਾਹ ਜੀ ਦੇ ਨਾਨਕਮਤੇ ਵਾਲੇ ਅਸਥਾਨ 'ਤੇ ਕੰਨਪਾਟੇ ਜੋਗੀਆਂ ਨੇ ਇਤਿਹਾਸਕ ਪਿੱਪਲ ਸਾੜ ਦਿੱਤਾ ਹੈ। ਇਹ ਸੁਣਦਿਆਂ ਹੀ ਮਹਾਰਾਜ ਜੀ ਘੋੜੇ 'ਤੇ ਸਵਾਰ ਹੋ ਕੇ ਸੈਂਕੜੇ ਮੀਲਾਂ ਦਾ ਪੰਧ ਤਹਿ ਕਰਦੇ ਹੋਏ ਉਥੇ ਪਹੁੰਚੇ ਅਤੇ ਸੜੇ ਹੋਏ ਪਿੱਪਲ 'ਤੇ ਕੇਸਰ ਦੇ ਛਿੱਟੇ ਮਾਰ ਕੇ ਉਸ ਨੂੰ ਸਜੀਵ ਕੀਤਾ। ਅੱਜ ਵੀ ਇਸ ਦੇ ਹਰੇ-ਭਰੇ ਪੱਤਿਆਂ 'ਤੇ ਕੇਸਰ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਗੁਰੂ ਪਾਤਸ਼ਾਹ ਜੀ ਨੇ ਸਾਡੇ ਲਈ ਕਿਹੋ ਜਿਹੇ ਪੂਰਨੇ ਪਾਏ ਪਰ ਅਸੀਂ ਕੀ ਕੀਤਾ? ਚੀਕੇ ਦੇ ਇਸ ਅਸਥਾਨ 'ਤੇ ਜਿਸ ਪਿੱਪਲ ਥੱਲੇ ਛੇਵੇਂ ਪਾਤਸ਼ਾਹ ਜੀ ਬਿਰਾਜੇ ਸਨ, ਉਸ ਨੂੰ ਵੱਢ ਕੇ ਉਸ ਦੀ ਥਾਂ 'ਤੇ ਬਰਾਂਡਾ ਬਣਾ ਦਿੱਤਾ ਗਿਆ ਹੈ।
ਗੁਰਦੁਆਰਾ ਬਾਬੇ ਦੀ ਬੇਰ, ਸ਼ੱਕਰਗੜ੍ਹ ਅਤੇ ਗੁਰਦੁਆਰਾ ਬੇਰੀ ਸਾਹਿਬ ਮਲ੍ਹਾ (ਨਾਰੋਵਾਲ) : ਪਾਕਿਸਤਾਨ ਵਿਚ ਪਹਿਲੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਸਿਆਲਕੋਟ ਜਾਂਦੇ ਹੋਏ ਇਨ੍ਹਾਂ ਦੋ ਬੇਰੀਆਂ ਹੇਠ ਬਿਰਾਜੇ ਸਨ, ਜੋ 1952 ਈ: ਵਿਚ ਰਾਵੀ ਵਿਚ ਹੜ੍ਹ ਆਉਣ ਕਰਕੇ ਹੁਣ ਅਲੋਪ ਹੋ ਚੁੱਕੀਆਂ ਹਨ।
ਗੁਰਦੁਆਰਾ ਟਾਹਲੀ ਸਾਹਿਬ, ਸਾਲਿਹਪੁਰ : ਛੇਵੇਂ ਪਾਤਸ਼ਾਹ ਜੀ ਕਸ਼ਮੀਰ ਜਾਂਦੇ ਹੋਏ ਇਥੇ ਬਿਰਾਜੇ ਸਨ ਅਤੇ ਟਾਹਲੀ ਨਾਲ ਘੋੜਾ ਬੱਧਾ ਸੀ। ਹੁਣ ਇਹ ਦਰੱਖਤ ਅਲੋਪ ਹੋ ਚੁੱਕਾ ਹੈ। ਗੁਰੂ ਮਹਾਰਾਜ ਜੀ ਦੇ ਆਗਮਨ ਨਾਲ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਸੀ ਪਰ ਅਸੀਂ ਇਨ੍ਹਾਂ ਹਰਿਆਵਲਾਂ ਨੂੰ ਮਿਟਾ ਕੇ ਪੱਥਰ ਲਗਾਈ ਜਾ ਰਹੇ ਹਾਂ। ਜਿਨ੍ਹਾਂ ਰੁੱਖਾਂ, ਰੱਖਾਂ, ਵਣਾਂ, ਘਾਟੀਆਂ ਅਤੇ ਵਾਦੀਆਂ ਨੂੰ ਗੁਰੂ ਚਰਨਾਂ ਦੀ ਛੋਹ ਨਸੀਬ ਹੋਈ, ਉਨ੍ਹਾਂ ਦੀ ਸਾਂਭ-ਸੰਭਾਲ ਸਾਡਾ ਸਭ ਦਾ ਫਰਜ਼ ਹੈ।

24ਵੀਂ ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਸੰਤ ਬਾਬਾ ਠਾਕਰ ਸਿੰਘ ਜੌਹਲਾਂ ਵਾਲੇ

ਨੇਕੀ, ਸੇਵਾ, ਸਿਮਰਨ, ਪਰਉਪਕਾਰ ਨੂੰ ਸਮਰਪਿਤ ਪਰਮ-ਪਵਿੱਤਰ ਆਤਮਾਵਾਂ ਬਹੁਤ ਵਿਰਲੀਆਂ ਹੁੰਦੀਆਂ ਹਨ। ਅਜਿਹੀ ਆਤਮਰਸੀ ਪਵਿੱਤਰ ਆਤਮਾ ਸਨ ਸੰਤ ਬਾਬਾ ਠਾਕਰ ਸਿੰਘ (ਚਾਹ ਵਾਲੇ) ਜੌਹਲਾਂ ਵਾਲੇ, ਜਿਨ੍ਹਾਂ ਦੀ ਪਾਰਸੀ ਛੋਹ ਨੇ ਲੱਖਾਂ ਸਿੱਖ ਸੰਗਤਾਂ ਦਾ ਜੀਵਨ ਬਦਲਿਆ। ਆਪ ਜਿਥੇ ਬਾਣੀ-ਬਾਣੇ ਵਿਚ ਪ੍ਰਪੱਕ ਸਨ, ਉਥੇ ਜਾਗਤਿ-ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੀ ਅਜਿਹੀ ਜੁਗਤੀ ਉਨ੍ਹਾਂ ਪਾਸ ਸੀ, ਜੋ ਵਿਰਲੇ ਗੁਰਸਿੱਖਾਂ ਕੋਲ ਹੁੰਦੀ ਹੈ। ਬਾਬਾ ਠਾਕਰ ਸਿੰਘ ਦਾ ਜਨਮ 19ਵੀਂ ਸਦੀ ਦੇ ਅੰਤਲੇ ਦਹਾਕੇ ਵਿਚ ਪਿੰਡ ਬਹਿਰਾਲ (ਰਿਆਸਤ ਨਾਹਨ), ਹੁਣ ਜ਼ਿਲ੍ਹਾ ਸਿਰਮੌਰ (ਨੇੜੇ ਪਾਉਂਟਾ ਸਾਹਿਬ), ਹਿਮਾਚਲ ਪ੍ਰਦੇਸ਼ ਵਿਚ ਹੋਇਆ।
ਆਪ ਦਾ ਇਹ ਪਿੰਡ ਗੁਰਦੁਆਰਾ ਪਾਉਂਟਾ ਸਾਹਿਬ ਤੋਂ 9-10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਬਾਬਾ ਠਾਕਰ ਸਿੰਘ ਦਾ ਸਮੁੱਚਾ ਪਰਿਵਾਰ ਅਕਾਲੀ ਲਹਿਰ ਨਾਲ ਜੁੜਿਆ ਹੋਇਆ ਸੀ। ਬਾਬਾ ਜੀ ਦੀ ਉਮਰ ਅਜੇ ਕੇਵਲ 10-12 ਸਾਲ ਦੀ ਹੀ ਸੀ, ਜਦੋਂ ਆਪਣੇ ਪਿੰਡ ਦੇ ਨੇੜੇ ਯਮਨਾ ਦਰਿਆ ਦੇ ਕਿਨਾਰੇ ਸੰਘਣੇ ਜੰਗਲ ਵਿਚ ਕੌਂਚ ਬੇਲੀ ਦੇ ਅਸਥਾਨ 'ਤੇ ਪੰਜਾਬ ਦੀ ਧਰਤੀ ਦੇ ਜਪੀ, ਤਪੀ ਤੇ ਤਿਆਗੀ ਮਹਾਂਪੁਰਸ਼ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਤੋਂ ਪਿੱਛੋਂ ਬਾਬਾ ਠਾਕਰ ਸਿੰਘ ਨੂੰ ਆਪਣੇ ਤੋਂ ਪਹਿਲਾਂ ਬਾਬਾ ਨਿਰਬਾਣ ਦੀ ਸੰਗਤ ਵਿਚ ਰਹਿ ਰਹੇ ਬਾਣੀ-ਬਾਣੇ ਦੇ ਧਾਰਨੀ ਸੰਤ ਬਾਬਾ ਪ੍ਰੀਤਮ ਸਿੰਘ ਚਾਹ ਵਾਲੇ ਅਤੇ ਸੰਤ ਬਾਬਾ ਸੁੰਦਰ ਸਿੰਘ ਦੀ ਸੰਗਤ ਤੋਂ ਬਚਪਨ ਵਿਚ ਹੀ ਗੁਰਮਤਿ ਅਨੁਸਾਰੀ ਜੀਵਨ ਜਿਊਣ ਦੀ ਸੋਝੀ ਵੀ ਨਾਲ ਹੀ ਮਿਲ ਗਈ। ਹੁਣ ਬਾਬਾ ਠਾਕਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੋ ਗਏ।
ਦੇਸ਼-ਵੰਡ ਸਮੇਂ ਪਾਕਿਸਤਾਨ ਦੇ ਪਿਸ਼ਾਵਰ ਤੋਂ ਆਈ ਸੰਗਤ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਵਸ ਗਈ। ਉਸ ਨੂੰ ਪੀੜ੍ਹੀ-ਦਰ-ਪੀੜ੍ਹੀ ਗੁਰੂ-ਘਰ ਨਾਲ ਜੁੜ ਕੇ, ਗੁਰਮਤਿ ਸਿਧਾਂਤਾਂ ਮੁਤਾਬਿਕ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਸਿੱਖਿਆ ਬਾਬਾ ਠਾਕਰ ਸਿੰਘ ਆਪਣੇ ਅੰਤਿਮ ਸੁਆਸਾਂ ਤੱਕ ਦਿੰਦੇ ਰਹੇ। ਉਨ੍ਹਾਂ ਵਲੋਂ ਮਿਲੇ ਪਿਆਰ ਤੇ ਪ੍ਰੇਰਨਾ ਨੂੰ ਇਹ ਸ਼ਰਨਾਰਥੀ ਅੱਜ ਤੱਕ ਵੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦੇ ਹਨ। ਬਾਬਾ ਠਾਕਰ ਸਿੰਘ ਨੇ ਆਪਣੇ ਜੀਵਨ ਦੇ ਲਗਭਗ 70 ਸਾਲ ਜਲੰਧਰ ਛਾਉਣੀ ਤੋਂ ਹੁਸ਼ਿਆਰਪੁਰ ਸੜਕ 'ਤੇ ਸਥਿਤ ਪਿੰਡ ਜੌਹਲ ਦੇ ਗੁਰਦੁਆਰਾ ਸੰਤ ਸਾਗਰ (ਚਾਹ ਵਾਲੇ) ਵਿਖੇ ਬਤੀਤ ਕੀਤੇ। ਹਰ ਦਰਸ਼ਨ ਕਰਨ ਆਇਆ ਜਗਿਆਸੂ ਉਨ੍ਹਾਂ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੁੰਦਾ ਸੀ। ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦਿਆਂ ਆਪ ਲਗਭਗ ਸੌ ਸਾਲ ਲੰਬੀ ਉਮਰ ਭੋਗ ਕੇ 14 ਜੁਲਾਈ 1993 ਨੂੰ ਗੁਰਪੁਰੀ ਪਿਆਨਾ ਕਰ ਗਏ। ਆਪ ਦੀ 24ਵੀਂ ਯਾਦ ਵਿਚ ਇਸ ਅਸਥਾਨ ਦੇ ਮੌਜੂਦਾ ਮੁਖੀ ਬਾਬਾ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਗੁ: ਸੰਤ ਸਾਗਰ (ਚਾਹ ਵਾਲਾ) ਪਿੰਡ ਜੌਹਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਗੁਰਮਤਿ ਸਮਾਗਮ ਚੱਲ ਰਹੇ ਹਨ।


-bhagwansinghjohal@gmail.com

ਪਾਕਿਸਤਾਨੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ

'ਦੇਵਨਾਗਰੀ'

'ਆਪ ਨੇ ਕੈਡਟ ਕਾਲਜ (ਸੈਨਾ ਵਿਚ ਸਿਖਲਾਈ ਪ੍ਰਾਪਤ ਕਰਨ ਵਾਲਾ ਸੰਸਥਾਨ) ਮੇਂ ਦਾਖ਼ਲਾ ਕਿਉਂ ਲੀਆ?' ਇਕ ਪਾਕਿਸਤਾਨੀ ਸੈਨਾ ਅਧਿਕਾਰੀ ਨੇ ਦੱਖਣੀ ਵਜ਼ੀਰਾਸਥਾਨ ਦੇ ਕੈਡਟ ਕਾਲਜ ਸਰਵਕਈ ਵਿਚ ਪੜ੍ਹਾਈ ਕਰਨ ਵਾਲੇ ਕਬਾਇਲੀ ਵਿਦਿਆਰਥੀ ਪਾਸੋਂ ਉਰਦੂ ਵਿਚ ਪੁੱਛਿਆ। ਵਿਦਿਆਰਥੀ ਦਾ ਜਵਾਬ ਸੀ ਕਿ ਉਹ ਸੈਨਾ ਦਾ ਅਫ਼ਸਰ ਬਣਨਾ ਚਾਹੁੰਦਾ ਹੈ। ਉਸ ਅਧਿਕਾਰੀ ਨੇ ਦੁਬਾਰਾ ਪੁੱਛਿਆ-'ਤੁਮ ਆਰਮੀ ਮੇਂ ਹੀ ਕਿਉਂ ਜਾਣਾ ਚਾਹਤੇ ਹੋ?' ਇਸ 'ਤੇ ਉਸ ਵਿਦਿਆਰਥੀ ਨੇ ਜਵਾਬ ਦਿੱਤਾ-'ਸਰ, ਮੈਂ ਆਰਮੀ ਅਫ਼ਸਰ ਬਨ ਕਰ ਦੇਸ਼ ਕੀ ਰਖ਼ਸ਼ਾ (ਸੁਰੱਖਿਆ) ਕਰੂੰਗਾ।' ਇਕ ਪਾਕਿਸਤਾਨੀ ਕਬਾਇਲੀ ਵਿਦਿਆਰਥੀ ਤੋਂ ਇਸ ਤਰ੍ਹਾਂ ਨਾਲ ਹਿੰਦੀ ਭਾਸ਼ਾ ਦਾ ਸ਼ਬਦ 'ਰਖ਼ਸ਼ਾ' ਸੁਣ ਕੇ ਉਹ ਅਧਿਕਾਰੀ ਦੰਗ ਰਹਿ ਗਿਆ, ਪਰ ਉਸ ਨੇ ਮੁੜ ਵਿਦਿਆਰਥੀ ਨੂੰ ਇਹ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ ਕਿ ਉਸ ਨੇ ਇਸ ਹਿੰਦੀ ਭਾਸ਼ਾ ਦੇ ਸ਼ਬਦ ਦੀ ਜਗ੍ਹਾ ਪਸ਼ਤੋ, ਉਰਦੂ ਜਾਂ ਸਰਾਇਕੀ ਭਾਸ਼ਾ ਦਾ ਕੋਈ ਸ਼ਬਦ ਇਸਤੇਮਾਲ ਕਿਉਂ ਨਹੀਂ ਕੀਤਾ। ਸ਼ਾਇਦ ਉਹ ਇਸ ਦਾ ਜਵਾਬ ਬਾਖ਼ੂਬੀ ਜਾਣਦਾ ਸੀ।
ਵਾਕਿਆ ਪਾਕਿਸਤਾਨੀ ਮੌਲਿਆਂ ਅਤੇ ਭਾਸ਼ਾ ਨੂੰ ਲੈ ਕੇ ਸੀਮਤ ਸੋਚ ਅਤੇ ਤੰਗ ਨਜ਼ਰੀਆ ਰੱਖਣ ਵਾਲੇ ਉਨ੍ਹਾਂ ਪਾਕਿਸਤਾਨੀਆਂ ਲਈ ਇਹ ਇਕ ਕੌੜਾ ਸੱਚ ਹੈ ਕਿ ਜਿਸ ਦੇਵਨਾਗਰੀ ਲਿਪੀ ਅਤੇ ਹਿੰਦੀ ਭਾਸ਼ਾ ਨੂੰ ਕਾਫ਼ਰ ਹਿੰਦੁਸਤਾਨੀਆਂ ਦੀ ਭਾਸ਼ਾ ਦੱਸ ਕੇ ਇਕ ਲੰਬੇ ਸਮੇਂ ਤੱਕ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਦੂਰ ਰੱਖਦੇ ਆਏ ਹਨ, ਉਹੀ 'ਹਿੰਦੀ' ਭਾਰਤੀ ਚੈਨਲਾਂ, ਸੀਰੀਅਲਾਂ ਅਤੇ ਫਿਲਮਾਂ ਦੀ ਮਾਰਫ਼ਤ ਹੁਣ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਬੋਲ ਰਹੀ ਹੈ। ਕੁਝ ਪਾਕਿਸਤਾਨੀ ਚਿੰਤਕਾਂ ਨੇ ਤਾਂ ਹੁਣ ਤੋਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਇਹੋ ਹਾਲਾਤ ਰਹੇ ਤਾਂ ਹਿੰਦੀ ਨੂੰ ਪਾਕਿਸਤਾਨ ਦੀ ਰਾਸ਼ਟਰ ਭਾਸ਼ਾ ਬਣਨ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
ਖ਼ੈਰ, ਭਾਰਤੀ ਫਿਲਮਾਂ, ਸੀਰੀਅਲ ਅਤੇ ਸਮਾਚਾਰ ਚੈਨਲਾਂ ਦੇ ਨਾਲ-ਨਾਲ ਪਾਕਿਸਤਾਨੀ ਨਾਗਰਿਕਾਂ ਨੂੰ ਹਿੰਦੀ ਭਾਸ਼ਾ ਅਤੇ ਦੇਵਨਾਗਰੀ ਲਿਪੀ ਦੇ ਮਾਹਿਰ ਬਣਾਉਣ ਦਾ ਜ਼ਿੰਮਾ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਗੂੰਏਜਸ, ਇਸਲਾਮਾਬਾਦ ਨੇ ਵੀ ਲੈ ਰੱਖਿਆ ਹੈ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਉਪਰੋਕਤ ਸੰਸਥਾਨ ਦੁਆਰਾ ਸੰਨ 1973 ਤੋਂ ਹਿੰਦੀ ਦੇ ਕੋਰਸ ਕਰਵਾਏ ਜਾ ਰਹੇ ਹਨ। ਸ਼ੁਰੂਆਤ ਸਰਟੀਫ਼ਿਕੇਟ ਅਤੇ ਡਿਪਲੋਮਾ ਕੋਰਸਾਂ ਤੋਂ ਕੀਤੀ ਗਈ ਸੀ, ਜਦੋਂ ਕਿ ਹਿੰਦੀ ਦੇ ਪ੍ਰਤੀ ਪਾਕਿਸਤਾਨੀਆਂ ਦੀ ਲਗਾਤਾਰ ਵਧ ਰਹੀ ਰੁਚੀ ਨੂੰ ਵੇਖਦਿਆਂ ਹੁਣ ਹਿੰਦੀ ਵਿਚ ਐਮ.ਫਿਲ., ਐਮ.ਏ., ਪੀ.ਐਚ.ਡੀ. ਅਤੇ ਡਿਗਰੀ ਕੋਰਸ ਵੀ ਸ਼ੁਰੂ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਪਰੋਕਤ ਵਿਭਾਗ ਦੁਆਰਾ ਦੇਵਨਾਗਰੀ ਲਿਪੀ ਵਿਚ ਬਹੁਤ ਸਾਰੀਆਂ ਪੁਸਤਕਾਂ ਵੀ ਲਿਖ ਕੇ ਪ੍ਰਕਾਸ਼ਿਤ ਕਰਵਾਈਆਂ ਜਾ ਚੁੱਕੀਆਂ ਹਨ।
ਇਸ ਵਿਭਾਗ ਦੀ ਪ੍ਰਮੁੱਖ ਡਾ: ਨਸੀਮਾ ਖ਼ਾਤੂਨ ਹੈ। ਇਸ ਨੇ ਐਮ.ਏ. ਹਿੰਦੀ ਅਤੇ ਐਮ.ਏ. ਸੁਸ਼ਿਆਲੋਜੀ ਭਾਰਤ ਦੀ ਆਗਰਾ ਯੂਨੀਵਰਸਿਟੀ ਤੋਂ ਅਤੇ ਪੀ.ਐਚ.ਡੀ. ਤ੍ਰਿਭਵਨ ਯੂਨੀਵਰਸਿਟੀ ਕਾਠਮੰਡੂ (ਨੇਪਾਲ) ਤੋਂ ਕੀਤੀ ਹੈ। ਇਸ ਵਿਭਾਗ ਦੇ ਪ੍ਰੋਫ਼ੈਸਰ ਇਫ਼ਤਿਖ਼ਾਰ ਹੁਸੈਨ ਆਰਫ਼ ਅਤੇ ਪ੍ਰੋ: ਸ਼ਹੀਨਾ ਜਫ਼ਰ ਨੇ ਐਮ.ਏ. ਸੁਸ਼ਿਆਲੋਜੀ ਭਾਰਤ ਦੀ ਮੇਰਠ ਯੂਨੀਵਰਸਿਟੀ ਤੋਂ, ਜਦੋਂ ਕਿ ਐਮ.ਏ. ਹਿੰਦੀ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਗੂੰਏਜਸ, ਇਸਲਾਮਾਬਾਦ ਤੋਂ ਹੀ ਕੀਤੀ ਹੈ। ਇਸੇ ਵਿਭਾਗ ਦੀ ਪ੍ਰੋ: ਸ਼ਹਮੀਨ ਰਿਆਜ਼ ਨੇ ਐਮ.ਏ. ਹਿਸਟਰੀ ਪਟਨਾ ਯੂਨੀਵਰਸਿਟੀ ਤੋਂ ਅਤੇ ਪ੍ਰੋ: ਯੂਬੇਦਾ ਹਸਨ ਨੇ ਐਮ.ਏ. ਉਰਦੂ ਭਾਰਤ ਦੀ ਅਲੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈ।
ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਗੂੰਏਜਸ ਦੁਆਰਾ ਕਰਵਾਏ ਜਾਣ ਵਾਲੇ ਹਿੰਦੀ ਕੋਰਸ ਇਤਿਹਾਸ ਅਤੇ ਹਿੰਦੀ ਸਾਹਿਤ ਦੇ ਖੋਜੀਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੇ ਹਨ ਅਤੇ ਹੁਣ ਉਹ ਹਿੰਦੂ ਧਰਮ ਦੀਆਂ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਤੇ ਗ੍ਰੰਥ ਆਸਾਨੀ ਨਾਲ ਪੜ੍ਹ ਸਕਦੇ ਹਨ। ਐਨ.ਯੂ.ਐਮ.ਐਲ. ਵਿਚ ਹਿੰਦੀ ਕੋਰਸ ਕਰਨ ਵਾਲਿਆਂ 'ਚ ਚੀਨੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕ ਅਤੇ ਪਾਕਿਸਤਾਨੀ ਪੱਤਰਕਾਰ ਵੀ ਸ਼ਾਮਿਲ ਹਨ।
ਇਸਲਾਮਾਬਾਦ ਦੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਗੂੰਏਜਸ ਦੇ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ ਅਤੇ ਮੁੰਬਈ ਦੀਆਂ ਉਹ ਮੁਸਲਿਮ ਮਹਿਲਾਵਾਂ, ਜੋ ਨਿਕਾਹ ਕਰਕੇ ਪਾਕਿਸਤਾਨ ਦੁਲਹਨਾਂ ਦੇ ਰੂਪ ਵਿਚ ਗਈਆਂ ਹਨ, ਉਹ ਵੀ ਨਿੱਜੀ ਪੱਧਰ 'ਤੇ ਆਪਣੇ ਛੋਟੇ-ਛੋਟੇ ਕੋਚਿੰਗ ਸੈਂਟਰ ਸ਼ੁਰੂ ਕਰਕੇ ਹਿੰਦੀ ਲਿਖਣ ਤੇ ਪੜ੍ਹਨ ਦੀ ਸਿਖਲਾਈ ਦੇ ਰਹੀਆਂ ਹਨ।


-ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਡਾਕਟਰ ਉਸ ਨੂੰ ਦਵਾਈ ਖਾਣ ਲਈ ਤੇ ਆਰਾਮ ਕਰਨ ਦੀ ਸਲਾਹ ਦਿੰਦੇ। ਉਹ ਦਵਾਈ ਤਾਂ ਲੈ ਲੈਂਦਾ ਪਰ ਆਰਾਮ ਕਦੇ ਨਾ ਕਰਦਾ। ਥੋੜ੍ਹਾ ਜਿਹਾ ਵੀ ਆਰਾਮ ਆਉਣ 'ਤੇ ਉਹ ਫਿਰ ਕਲਮ, ਬੁਰਸ਼ ਫੜ ਕੇ ਕੰਮ ਕਰਨ ਲਗਦਾ। ਬੋਸਟਨ ਦੇ ਇਕ ਡਾਕਟਰ ਨੇ ਦਿਲ ਦਾ ਆਪ੍ਰੇਸ਼ਨ ਤਜਵੀਜ਼ ਕੀਤਾ। ਸਾਰੀ ਤਿਆਰੀ ਹੋ ਜਾਣ ਤੋਂ ਬਾਅਦ ਜਦੋਂ ਉਸ ਨੂੰ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਆਪ੍ਰੇਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਪਣੀ ਭੈਣ ਨੂੰ ਕਿਹਾ, 'ਮੈਂ ਆਪ੍ਰੇਸ਼ਨ ਨਹੀਂ ਕਰਵਾਉਣਾ, ਜੋ ਕਿਸਮਤ ਨੂੰ ਮਨਜ਼ੂਰ ਹੈ, ਉਹ ਮੈਨੂੰ ਵੀ ਮਨਜ਼ੂਰ ਹੈ।' ਇਸ ਤੋਂ ਬਾਅਦ ਜਿਬਰਾਨ ਨੇ ਆਪਣੀ ਸਿਹਤ ਸਬੰਧੀ ਕਦੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਕਲਮ ਤੇ ਬੁਰਸ਼ ਉਸ ਦੇ ਦਿਲ ਦੇ ਦਰਦ ਤੇ ਦਵਾ ਬਣ ਚੁੱਕੇ ਸਨ।
'ਦ ਗਾਰਡਨ ਆਫ ਦ ਪ੍ਰੋਫੇਟ' ਨੂੰ ਉਹ ਆਪਣੀਆਂ ਸਪੱਸ਼ਟ ਨਜ਼ਰਾਂ ਨਾਲ ਦੇਖ ਸਕਦਾ ਸੀ। ਉਸ ਨੇ ਇਕ ਅਜਿਹੇ ਬਾਗ ਦੀ ਕਲਪਨਾ ਕੀਤੀ ਸੀ, ਜਿਸ ਵਿਚ ਹਰ ਛੋਟੇ-ਵੱਡੇ ਜੀਵ-ਜੰਤੂ ਨੂੰ ਜਿਉਣ ਦਾ ਅਧਿਕਾਰ ਹੈ। ਜਿਵੇਂ ਮਾਂ ਦੇ ਵਿਹੜੇ 'ਚ ਹਰ ਬੱਚੇ ਨੂੰ ਹੁੰਦਾ ਹੈ। ਉਥੇ ਸੁੰਦਰਤਾ, ਸ਼ਾਂਤੀ, ਸੁਹਿਰਦਤਾ, ਮਿੱਤਰਤਾ ਅਤੇ ਪਿਆਰ ਦਾ ਪਸਾਰਾ ਹੈ। ਦਰਦ ਵਿਚ ਬੇਹਾਲ ਜਿਬਰਾਨ ਇਕ ਆਦਰਸ਼ ਸੰਸਾਰ ਦੀ ਰਚਨਾ ਕਰਨ ਵਿਚ ਰੁੱਝਾ ਹੋਇਆ ਸੀ। ਉਸ ਦੀ ਕਲਮ ਉਸ ਨੂੰ ਕਹਿੰਦੀ-'ਮੈਨੂੰ ਆਪਣੇ ਦਿਲ ਵਿਚ ਡੁੱਬਣ ਦੇਵੋ... ਦਿਲ ਅੰਦਰ ਹੀ ਸਚਾਈ ਤੇ ਮੁਕਤੀ ਦਾ ਪ੍ਰਕਾਸ਼ ਹੈ। ਧੰਨ ਹਨ ਉਹ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ... ਹਾਂ, ਉਹੀ ਲੋਕ ਪ੍ਰਭੂ ਦੇ ਦੀਦਾਰ ਕਰਨ ਦੇ ਯੋਗ ਪਾਤਰ ਹਨ।'
ਜਿਬਰਾਨ ਜਿਸ ਦਿਲ ਤੋਂ ਸਕੂਨ ਹਾਸਲ ਕਰਦਾ ਸੀ, ਉਸ ਦਾ ਉਹ ਦਿਲ ਹੀ ਉਸ ਨਾਲ ਇਹ ਗਿਲਾ ਕਰਦਾ ਸੀ-'ਜਿਬਰਾਨ! ਮੇਰੇ 'ਤੇ ਤਰਸ ਖਾਓ। ਤੂੰ ਮੈਨੂੰ ਖਾਣ-ਪੀਣ ਲਈ ਬਹੁਤ ਕੁਝ ਦਿੱਤਾ। ਫਿਰ ਵੀ ਮੈਨੂੰ ਉਸ ਭੋਜਨ ਦੀ ਤਲਬ ਹੈ, ਜੋ ਕਦੇ ਬਾਸੀ ਨਹੀਂ ਹੁੰਦਾ। ਮੈਨੂੰ ਉਹ ਮਦਿਰਾ ਚਾਹੀਦੀ ਹੈ, ਜਿਸ ਦਾ ਇਕ ਵਾਰ ਸੇਵਨ ਕਰਨ ਤੋਂ ਬਾਅਦ ਫਿਰ ਕਦੇ ਪਿਆਸ ਨਹੀਂ ਲਗਦੀ। ਮੇਰੇ ਦੁੱਖ-ਦਰਦ ਨੂੰ ਦੇਖਣ ਵਾਲਾ ਇਥੇ ਕੋਈ ਨਹੀਂ। ਮੇਰੀ ਨਬਜ਼ ਟੋਹਣ ਵਾਲਾ ਕੋਈ ਨਹੀਂ ਤੇ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ।'
ਜਿਬਰਾਨ ਨਹੀਂ ਜਾਣਦਾ ਸੀ ਕਿ ਉਸ ਦਾ ਪੈਂਡਾ ਮੁੱਕਣ ਵਾਲਾ ਹੈ ਅਤੇ ਉਹ ਸੜਕ ਦੇ ਆਖਰੀ ਕਿਨਾਰੇ 'ਤੇ ਖਲੋਤਾ ਹੋਇਆ ਹੈ ਤੇ ਉਸ ਨੂੰ ਇਕੱਲਿਆਂ ਹੀ ਇਹ ਫਾਸਲਾ ਤੈਅ ਕਰਨਾ ਹੋਵੇਗਾ।
ਬੱਦਲਾਂ 'ਚੋਂ ਛਣ ਕੇ ਆਉਂਦੀਆਂ ਕਿਰਨਾਂ
ਆਪਣੇ-ਆਪ ਨੂੰ ਕਿਸਮਤ ਦੇ ਭਰੋਸੇ ਛੱਡਣ ਵਾਲਾ ਜਿਬਰਾਨ ਇਹ ਨਹੀਂ ਜਾਣਦਾ ਸੀ ਕਿ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਰਿਹਾ ਸੀ। ਪਰ ਉਹ ਹਰ ਕਿਸਮ ਦੀ ਕਮਜ਼ੋਰੀ ਤੋਂ ਨਫ਼ਰਤ ਕਰਦਾ ਸੀ। ਮੈਂ ਉਸ ਨੂੰ ਕਦੇ ਆਪਣੀ ਸਿਹਤ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਰੂੰ-ਰੂੰ ਕਰਦੇ ਨਹੀਂ ਸੁਣਿਆ। ਉਹ ਬੜੀ ਦਲੇਰੀ ਨਾਲ ਚੁੱਪ-ਚਾਪ ਦਿਲ ਦਾ ਦਰਦ ਸਹਿਣ ਕਰਦਾ ਰਿਹਾ। ਦਰਦ ਬਰਦਾਸ਼ਤ ਕਰਨ ਦਾ ਮਾਦਾ ਉਸ ਵਿਚ ਇਸ ਵਿਸ਼ਵਾਸ 'ਚੋਂ ਪੈਦਾ ਹੋਇਆ ਸੀ ਕਿ ਦਰਦ ਆਦਮੀ ਨੂੰ ਮਾਂਜ ਕੇ ਨਿਰਮਲ ਕਰਦਾ ਹੈ।
ਗੱਲ 1931 ਦੇ ਆਰੰਭ ਦੀ ਹੈ। ਮੈਂ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਉਸ ਨੂੰ ਫੋਨ ਕੀਤਾ। ਉਸ ਦਾ ਜਵਾਬ ਸੀ, 'ਆ ਕੇ ਵੇਖ ਲਵੋ।'
ਉਹ ਆਪਣੇ ਬਿਸਤਰ 'ਤੇ ਸੀ। ਉਸ ਦੇ ਚਿਹਰੇ 'ਤੇ ਥਕਾਨ ਦੇ ਚਿੰਨ੍ਹ ਨਜ਼ਰ ਆ ਰਹੇ ਸਨ। ਉਸ ਨੇ ਮੈਨੂੰ ਧਰਵਾਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ। ਉਹ ਸਿਰਫ ਠੰਢ ਮਹਿਸੂਸ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਬਹੁਤ ਲਾਪ੍ਰਵਾਹ ਹੈ ਤੇ ਉਸ ਦਾ ਇਸ ਵੇਲੇ ਇਕੱਲਿਆਂ ਰਹਿਣਾ ਠੀਕ ਨਹੀਂ। ਮੈਂ ਉਸ ਕੋਲ ਰਹਿਣ ਲਈ ਤਿਆਰ ਸੀ ਪਰ ਉਹ ਨਹੀਂ ਮੰਨਿਆ। ਉਹ ਆਪਣੀ ਭੈਣ ਨੂੰ ਵੀ ਆਪਣੇ ਪਾਸ ਬੁਲਾਉਣ ਲਈ ਤਿਆਰ ਨਹੀਂ ਹੋਇਆ। ਮੈਂ ਉਸ ਨੂੰ ਕਿਹਾ-'ਜੇ ਮੇਰੀ ਵਾਹ ਲਗਦੀ ਤਾਂ ਮੈਂ ਤੈਨੂੰ ਹੁਣੇ ਹੀ ਲਿਬਨਾਨ ਜਾਣ ਵਾਲੇ ਜਹਾਜ਼ 'ਚ ਬਿਠਾ ਦਿੰਦਾ। ਹੁਣ ਲਿਖਣਾ ਤੇ ਪੜ੍ਹਨਾ ਤੇਰੇ ਲਈ ਆਤਮਘਾਤੀ ਸਿੱਧ ਹੋ ਸਕਦਾ ਹੈ।'
'ਪਰ ਲਿਖਣ-ਪੜ੍ਹਨ ਬਗੈਰ ਮੈਂ ਜਿਊਂਦਿਆਂ ਹੀ ਮਰ ਜਾਵਾਂਗਾ। ਮੈਂ ਘਾਹ-ਫੂਸ ਵਰਗੀ ਜ਼ਿੰਦਗੀ ਨਹੀਂ ਜੀਅ ਸਕਦਾ।' (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸਾਬਕਾ ਕਮਿਸ਼ਨਰ, ਜਲੰਧਰ ਮੋਬਾਈਲ : 98551-23499

ਸੱਯਦ ਮੀਰ ਹੁਸੈਨ

ਸੱਯਦ ਮੀਰ ਹੁਸੈਨ ਪਿੰਡ ਦਿੰਜਵਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਸੀ, ਜਿਸ ਨੇ ਸੰਨ 1911 ਈ: ਦੇ ਨੇੜੇ-ਤੇੜੇ ਬਾਗ਼-ਏ-ਮੁਹੱਬਤ ਨਾਂਅ ਥੱਲੇ ਸੱਸੀ-ਪੁਨੂੰ ਦਾ ਕਿੱਸਾ ਲਿਖਿਆ। ਕਹਿਣ ਨੂੰ ਤਾਂ ਸੱਸੀ ਦੀ ਕਹਾਣੀ ਇਕ ਪ੍ਰੇਮ ਕਹਾਣੀ ਹੈ ਪਰ ਮੀਰ ਹੁਸੈਨ ਨੇ ਇਸ ਦਾ ਪੂਰੀ ਤਰ੍ਹਾਂ ਅਧਿਆਤਮੀਕਰਨ ਕਰਕੇ ਇਸ ਨੂੰ ਸੂਫ਼ੀ ਰੰਗ ਵਿਚ ਰੰਗ ਦਿੱਤਾ ਹੈ। ਉਹ ਖੁਦ ਇਸ ਨੂੰ ਰਮਜ਼ ਭਰੀ ਕਵਿਤਾ ਕਹਿੰਦਾ ਹੈ, ਜਿਸ ਨੂੰ ਪੜ੍ਹਨ ਨਾਲ ਸ਼ਾਨਾਂ ਵਾਲੇ ਮਰਤਬੇ ਹਾਸਲ ਹੋ ਸਕਦੇ ਨੇ :
ਐ ਭਾਈ ਪੜ੍ਹ ਇਸ ਕਿੱਸੇ ਨੂੰ,
ਜਾਂ ਸਮਝੋ ਅਫ਼ਸਾਨਾ।
ਸੋਚੋ ਕੁਝ ਮਤਲਬ ਇਸ ਦੇ,
ਮਿਲਣ ਮਰਾਤਬ ਸ਼ਾਨਾਂ।
ਸੋ ਸਾਬਤ ਹੋਇਆ ਕਿ ਸੱਸੀ-ਪੁਨੂੰ ਦੇ ਕਿੱਸੇ ਦੇ ਰੂਪ ਵਿਚ ਇਹ ਰਮਜ਼ ਭਰੀ ਕਵਿਤਾ ਹੈ। ਅਜਿਹਾ ਕਰਨ ਵਾਸਤੇ ਮੀਰ ਹੁਸੈਨ ਨੇ ਇਸ ਦੇ ਕਥਾਨਕ ਵਿਚਲੀਆਂ ਘਟਨਾਵਾਂ ਅਤੇ ਪਾਤਰਾਂ ਨੂੰ ਵਾਰਿਸ ਸ਼ਾਹੀ ਰੰਗ ਵਿਚ ਰੰਗ ਦਿੱਤਾ ਹੈ, ਜਿਸ ਨਾਲ ਸੱਸੀ ਆਦਮ ਜਾਮ ਦੀ ਧੀ ਨਾ ਰਹਿ ਕੇ ਰੂਹ ਦਾ ਪ੍ਰਤੀਕ ਹੋ ਨਿਬੜੀ ਹੈ :
ਸੁਣੋ ਹਕੀਕਤ ਇਸ ਕਿੱਸੇ ਦੀ,
ਸਭ ਤਫ਼ਸੀਲ ਬਿਆਨੋਂ।
ਸੱਸੀ ਰੂਹ ਇਨਸਾਨ ਇਹੀ ਜੋ,
ਗੌਹਰ ਹੈ ਨੂਰਾਨੀ।
ਆਦਮ ਜਾਮ ਧੋਬੀ ਸੀ ਪਰ ਇਥੇ ਧੋਬੀ ਤੋਂ ਮੁਰਾਦ ਉਨ੍ਹਾਂ ਲੋਕਾਂ ਤੋਂ ਹੈ, ਜਿਨ੍ਹਾਂ ਦੀ ਸੁਹਬਤ ਵਿਚ ਰਹਿ ਕੇ ਮੈਲ ਸਿਆਹੀ ਸਭ ਉੱਤਰ ਜਾਂਦੀ ਹੈ ਅਤੇ ਮਨੁੱਖ ਪਾਕ ਰੂਹ ਬਣ ਕੇ ਨੂਰੋ-ਨੂਰ ਹੋ ਜਾਵੇ :
ਧੋਬੀਆਂ ਕਨੋ ਮੁਰਾਦ ਜੇ ਸੁਹਬਤ,
ਐਸਿਆਂ ਲੋਕਾਂ ਪਾਵੇ।
ਜੋ ਧੋਵਨ ਸਭ ਮੈਲ ਸਿਆਹੀ,
ਨੂਰੋ ਨੂਰ ਹੋ ਜਾਵੇ।
* * *
ਇਸ਼ਕ ਖਜਾਨਾ ਲਾਲਾਂ ਵਾਲਾ,
ਇਸ ਥੀ ਵਧ ਨ ਕਾਈ।
ਕਹਿ ਗਿਆ ਮੀਰ ਹੁਸੈਨ ਬਿਚਾਰਾ,
ਪੱਕੀ ਬਾਤ ਇਹਾਈ।
ਜਿਵੇਂ ਵਾਰਿਸ ਸ਼ਾਹ ਨੇ ਆਪਣੇ ਕਿੱਸਾ ਹੀਰ ਲਿਖ ਕੇ ਅੰਤ ਵਿਚ 'ਹੀਰ ਰੂਹ ਤੇ ਚਾਕ ਕਲਬੂਤ ਜਾਣੋ' ਰਾਹੀਂ ਇਸ ਨੂੰ ਅਨਯੋਕਤੀ ਦਾ ਰੂਪ ਦੇ ਦਿੱਤਾ ਹੈ, ਠੀਕ ਇਸੇ ਤਰ੍ਹਾਂ ਮੀਰ ਹੁਸੈਨ ਨੇ ਵੀ ਕੀਤਾ ਹੈ।
ਇਸ ਨਾਂਅ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ ਤਿੰਨਾਂ ਕਵੀਆਂ ਦਾ ਪਤਾ ਵੱਖ-ਵੱਖ ਤਜ਼ਕਰੇ ਦਿੰਦੇ ਹਨ। ਇਹ ਹਨ : ਮੀਰ ਹੁਸੈਨ, ਮੌਲਵੀ ਮੁਹੰਮਦ ਹੁਸੈਨ ਅਤੇ ਮੀਆਂ ਹੁਸੈਨ ਅਤੇ ਇਹ ਸਾਰੇ 19ਵੀਂ ਸਦੀ ਦੇ ਹੀ ਹਨ। ਅਗਲੀ ਗੱਲ ਇਹ ਹੈ ਕਿ ਤਿੰਨਾਂ ਨੇ ਆਪਣੀ ਕਾਵਿ ਰਚਨਾ ਵਿਚ 'ਹੁਸੈਨ' ਉਪ ਨਾਂਅ ਹੀ ਵਰਤਿਆ ਹੈ। ਮੀਆਂ ਹੁਸੈਨ ਦੀਆਂ ਦੋ ਸ਼ੀਹਰਫ਼ੀਆਂ ਮਿਲਦੀਆਂ ਹਨ ਜਦ ਕਿ ਮੌਲਵੀ ਮੁਹੰਮਦ ਹੁਸੈਨ ਦੀਆਂ ਛੋਟੀਆਂ-ਵੱਡੀਆਂ ਕਿਤਾਬਾਂ ਦੀ ਗਿਣਤੀ ਸੱਤ ਹੈ। ਉਪਰੋਕਤ ਸੱਯਦ ਮੀਰ ਹੁਸੈਨ ਦੀ ਬਾਗ਼-ਏ-ਮੁਹੱਬਤ ਦੀ ਗੱਲ ਤਾਂ ਪਹਿਲਾਂ ਹੋ ਹੀ ਚੁੱਕੀ ਹੈ। ਸੋ, ਨਿਰਣਾ ਅਗਲੇਰੀ ਖੋਜ ਦਾ ਮੁਥਾਜ ਹੈ ਕਿ ਇਹ ਤਿੰਨ ਨਾਂਅ ਇਕ ਹੀ ਕਵੀ ਦੇ ਹਨ ਜਾਂ ਇਹ ਵੱਖ-ਵੱਖ ਹਨ।


ਮੋਬਾ: 98889-39808

ਸ਼ਬਦ ਵਿਚਾਰ

ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ॥

ਸਿਰੀਰਾਗੁ ਮਹਲਾ ੩
ਆਪੇ ਕਾਰਣੁ ਕਰਤਾ ਕਰੇ
ਸ੍ਰਿਸਟਿ ਦੇਖੈ ਆਪਿ ਉਪਾਇ॥
ਸਭ ਏਕੋ ਇਕੁ ਵਰਤਦਾ
ਅਲਖੁ ਨ ਲਖਿਆ ਜਾਇ॥
ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ॥
ਗੁਰਮਤੀ ਸਦ ਮਨਿ ਵਸਿਆ
ਸਚਿ ਰਹੈ ਲਿਵ ਲਾਇ॥ ੧॥
ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ॥
ਮਨੁ ਤਨੁ ਸੀਤਲੁ ਸਭੁ ਥੀਐ
ਨਾਮੁ ਵਸੈ ਮਨਿ ਆਇ॥ ੧॥ ਰਹਾਉ॥
ਜਿਨਿ ਕਰਿ ਕਾਰਣੁ ਧਾਰਿਆ
ਸੋਈ ਸਾਰ ਕਰੇਇ॥
ਗੁਰ ਕੈ ਸਬਦਿ ਪਛਾਣੀਐ
ਜਾ ਆਪੇ ਨਦਰਿ ਕਰੇਇ॥
ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ॥
ਗੁਰਮੁਖਿ ਸਚੈ ਸਬਦਿ ਰਤੇ
ਆਪਿ ਮੇਲੇ ਕਰਤਾਰਿ॥ ੨॥
ਗੁਰਮਤੀ ਸਚੁ ਸਲਾਹਣਾ
ਜਿਸ ਦਾ ਅੰਤੁ ਨ ਪਾਰਾਵਾਰੁ॥
ਘਟਿ ਘਟਿ ਆਪੇ ਹੁਕਮਿ ਵਸੈ
ਹੁਕਮੇ ਕਰੇ ਬੀਚਾਰੁ॥
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ॥
ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ॥ ੩॥
ਸਚ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ॥
ਗੁਣ ਵੀਚਾਰੀ ਗੁਣ ਸੰਗ੍ਰਹਾ
ਅਵਗੁਣ ਕਢਾ ਧੋਇ॥
ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ॥
ਨਾਨਕ ਗੁਰੁ ਸਾਲਾਹੀ ਆਪਣਾ
ਜਿਦੂ ਪਾਈ ਪ੍ਰਭੁ ਸੋਇ॥ ੪॥ ੨੭॥ ੬੦॥
(ਅੰਗ 37)
ਪਦ ਅਰਥ : ਕਾਰਣੁ-ਜਗਤ ਰਚਨਾ। ਕਰਤਾ-ਕਰਤਾਰ। ਸ੍ਰਿਸਟਿ-ਜਗਤ। ਆਪਿ ਉਪਾਇ-ਆਪ ਪੈਦਾ ਕਰਕੇ। ਏਕੋ ਇਕੁ-ਕੇਵਲ ਇਕ ਕਰਤਾਰ ਹੀ। ਵਰਤਦਾ-ਰਮਿਆ ਹੋਇਆ ਹੈ, ਵਿਆਪਕ ਹੈ। ਅਲਖੁ-ਸਮਝ ਤੋਂ ਪਰੇ। ਨ ਲਖਿਆ ਜਾਏ-ਜੋ ਬਿਆਨ ਕੀਤਾ ਨਾ ਜਾਏ। ਦਇਆਲੁ ਹੈ-ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਆਪੇ ਦੇਇ ਬੁਝਾਇ-ਆਪੇ ਹੀ ਸੋਝੀ ਬਖਸ਼ ਦਿੰਦਾ ਹੈ। ਰਜਾਇ-ਰਜ਼ਾ ਨੂੰ। ਮਨੁ ਤਨੁ-ਮਨ ਤੇ ਸਰੀਰ। ਸੀਤਲੁ ਸਭੁ ਥੀਐ-ਸਭ ਸ਼ਾਂਤ ਹੋ ਜਾਂਦੇ ਹਨ। ਜਿਨਿ ਕਰਿ ਕਾਰਣੁ ਧਾਰਿਆ-ਜਿਸ (ਕਰਤਾਰ ਨੇ) ਜਗਤ ਦੀ ਰਚਨਾ ਕੀਤੀ ਹੈ।
ਸੋਈ-ਉਹ। ਸਾਰ ਕਰੇਇ-ਇਸ ਦੀ ਸੰਭਾਲ ਵੀ ਕਰਦਾ ਹੈ। ਨਦਰਿ-ਨਜ਼ਰ, ਕਿਰਪਾ ਦ੍ਰਿਸ਼ਟੀ। ਸੇ ਜਨ-ਉਹ ਮਨੁੱਖ। ਸੋਹਣੇ-ਸ਼ੋਭਨੀਕ। ਤਿਤੁ-ਉਸ। ਸਚੈ ਦਰਬਾਰਿ-ਸਦਾ ਥਿਰ ਪ੍ਰਭੂ ਦੇ ਦਰਬਾਰ ਵਿਚ। ਸਬਦਿ ਰਤੇ-(ਗੁਰੂ ਦੇ) ਸ਼ਬਦ ਵਿਚ ਰੰਗੇ ਰਹਿੰਦੇ ਹਨ। ਗੁਰਮਤੀ-ਗੁਰ ਦੀ ਮੱਤ ਲੈ ਕੇ। ਸਚੁ-ਸਦਾ ਥਿਰ ਪਰਮਾਤਮਾ। ਪਾਰਾਵਾਰੁ-ਆਰਲਾ ਪਾਰਲਾ ਬੰਨਾ। ਘਟਿ ਘਟਿ-ਹਰੇਕ ਸਰੀਰ ਵਿਚ। ਆਪੇ ਹੁਕਮਿ-ਆਪਣੇ ਹੁਕਮ ਅਨੁਸਾਰ। ਹੁਕਮੇ ਕਰੇ ਬੀਚਾਰੁ-ਆਪਣੇ ਹੁਕਮ ਅਨੁਸਾਰ ਵਿਚਾਰ ਕਰਦਾ ਹੈ। ਗੁਰ ਸਬਦੀ-ਗੁਰੂ ਦੇ ਸ਼ਬਦ ਦੁਆਰਾ। ਖੋਇ-ਦੂਰ ਹੋ ਜਾਂਦੇ ਹਨ। ਸਾ ਧਨ-ਉਹ ਜੀਵ ਰੂਪੀ ਇਸਤਰੀ। ਨਾਵੈ ਬਾਹਰੀ-ਨਾਮ ਤੋਂ ਸੱਖਣੀ। ਅਵਗਣਵੰਤੀ-ਔਗੁਣਾਂ ਨਾਲ ਭਰੀ ਹੋਈ। ਰੋਇ-ਰੋਂਦੀ ਰਹਿੰਦੀ ਹੈ, ਦੁਖੀ ਹੁੰਦੀ ਰਹਿੰਦੀ ਹੈ।
ਸਚੁ ਸਲਾਹੀ-ਸਦਾ ਥਿਰ ਪ੍ਰਭੂ ਦੀ ਸਿਫਤ ਸਾਲਾਹ ਕਰਦਾ ਰਹਾਂ। ਸਚਿ ਲਗਾ-ਸਦਾ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਾਂ। ਸਚੈ ਨਾਇ ਤ੍ਰਿਪਤਿ ਹੋਇ-ਸਚੈ ਨਾਮ ਵਿਚ ਜੁੜਿਆਂ ਹੀ ਤ੍ਰਿਪਤੀ ਹੁੰਦੀ ਹੈ, ਤ੍ਰਿਸ਼ਨਾ ਦੂਰ ਹੁੰਦੀ ਹੈ। ਗੁਣ ਵੀਚਾਰੀ-ਮੇਰੀ ਮਨ ਦੀ ਇੱਛਾ ਹੈ ਕਿ ਮੈਂ ਸਦਾ ਥਿਰ ਪ੍ਰਭੂ ਦੇ ਗੁਣਾਂ ਦੇ ਵਿਚਾਰ ਕਰਦਾ ਰਹਾਂ, ਉਨ੍ਹਾਂ ਗੁਣਾਂ ਨੂੰ ਮਨ ਅੰਦਰ ਇਕੱਠੇ ਕਰਦਾ ਰਹਾਂ। ਅਵਗੁਣ-ਔਗੁਣਾਂ, ਬੁਰਾਈਆਂ। ਆਪੇ ਮੇਲਿ ਮਿਲਾਇਦਾ-ਜਦੋਂ ਇਕ ਵਾਰੀ ਆਪਣੇ ਨਾਲ ਮੇਲ ਅਥਵਾ ਜੋੜ ਲੈਂਦਾ ਹੈ। ਗੁਰ ਸਾਲਾਹੀ-ਗੁਰ ਦੀ ਸਿਫਤ ਸਾਲਾਹ ਕਰਦਾ ਰਹਾਂ। ਜਿਦੂ-ਜਿਸ ਦੇ। ਪਾਈ-ਪਾਇਆ ਜਾਂਦਾ ਹੈ, ਮਿਲਦਾ ਹੈ।
ਗੁਰਬਾਣੀ ਵਿਚ ਸ਼ਬਦ ਵਿਚ ਰਹਾਉ ਵਾਲੀ ਤੁਕ ਵਿਚ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਦੀ ਰਹਾਉ ਵਾਲੀ ਤੁਕ ਵਿਚ ਗੁਰੂ ਅਮਰਦਾਸ ਜੀ ਮਨੁੱਖ ਮਨ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਗੁਰੂ ਦੀ ਰਜ਼ਾ ਨੂੰ ਮੰਨ। ਇਸ ਨਾਲ ਤੇਰਾ ਮਨ ਅਤੇ ਤਨ ਵਿਕਾਰਾਂ ਦੀ ਤਪਸ਼ ਤੋਂ ਸੀਤਲ ਅਰਥਾਤ ਠੰਢਾ ਹੋ ਜਾਵੇਗਾ। ਇਹ ਜੋ ਵਿਕਾਰ ਤੈਨੂੰ ਦੁਖੀ ਕਰਦੇ ਹਨ, ਇਨ੍ਹਾਂ ਵੱਲੋਂ ਤੂੰ ਸੁਖੀ ਹੋ ਜਾਵੇਂਗਾ।
ਪ੍ਰਭੂ ਦੇ ਅਜਿਹੇ ਭਗਤ ਜਨ ਮਾਨੋ ਸਦਾ ਲਈ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਅਤੇ ਜੁਗਾਂ ਜੁਗਾਂਤਰਾਂ ਵਿਚ ਸਦਾ ਜਾਣੇ ਜਾਂਦੇ ਹਨ। ਆਪ ਜੀ ਦੇ ਰਾਗੁ ਸੂਹੀ ਵਿਚ ਪਾਵਨ ਬਚਨ ਹਨ-
ਹਰਿ ਕੇ ਭਗਤ ਸਦਾ ਜਨ ਨਿਰਮਲ
ਜੁਗਿ ਜੁਗਿ ਸਦ ਹੀ ਜਾਤੇ॥ (ਅੰਗ 771)
ਜਾਤੇ-ਜਾਣੇ ਜਾਂਦੇ ਹਨ।
ਅਜਿਹੇ ਭਗਤਾਂ ਦੇ ਮਨਾਂ ਅੰਦਰ ਸਿਫਤ ਸਾਲਾਹ ਦੀ ਸੱਚੀ ਬਾਣੀ ਦੀ ਖੁਸ਼ੀ ਬਣੀ ਰਹਿੰਦੀ ਹੈ ਅਤੇ ਸ਼ਬਦ ਦੇ ਕਾਰਨ ਅਨੰਦ (ਆਤਮਿਕ) ਬਣਿਆ ਰਹਿੰਦਾ ਹੈ-
ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ
ਸਬਦੇ ਹੀ ਸੁਖੁ ਹੋਈ॥ (ਅੰਗ 771)
ਜਗਤ ਦਾ ਮੂਲ ਪਰਮਾਤਮਾ, ਇਸ ਦੀ ਰਚਨਾ ਕਰਕੇ ਫਿਰ ਇਸ ਦੀ ਸਾਂਭ-ਸੰਭਾਲ ਵੀ ਫਿਰ ਆਪ ਹੀ ਕਰਦਾ ਹੈ। ਸਾਰੇ ਜਗਤ ਵਿਚ ਇਕੋ-ਇਕ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਉਸ ਅਲੱਖ ਪ੍ਰਭੂ ਨੂੰ ਲੱਖਿਆ ਭਾਵ ਸਮਝਿਆ ਨਹੀਂ ਜਾ ਸਕਦਾ। ਉਹ ਪ੍ਰਭੂ ਐਨਾ ਦਿਆਲੂ (ਮਿਹਰਬਾਨ) ਹੈ ਜੋ ਆਤਮਿਕ ਜੀਵਨ ਬਾਰੇ ਆਪੇ ਹੀ ਸੋਝੀ ਕਰਵਾ ਦਿੰਦਾ ਹੈ। ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਦੇ ਮਨਾਂ ਅੰਦਰ ਪਰਮਾਤਮਾ ਦਾ ਨਾਂਅ ਵਸਿਆ ਰਹਿੰਦਾ ਹੈ, ਅਜਿਹੇ ਪ੍ਰਾਣੀਆਂ ਦੀ ਲਿਵ ਸਦਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ।
ਹੇ ਮੇਰੇ ਮਨ, ਤੂੰ ਗੁਰੂ ਦੀ ਰਜ਼ਾ ਅਨੁਸਾਰ ਚੱਲ। ਇਹ ਮਨ ਤੇ ਤਨ (ਸਰੀਰ) ਸੀਤਲ ਸ਼ਾਂਤ ਹੋ ਜਾਂਦੇ ਹਨ ਅਤੇ ਮਨ ਅੰਦਰ ਪਰਮਾਤਮਾ ਦਾ ਨਾਮ ਆ ਵਸਦਾ ਹੈ। ਜਗਤ ਦੇ ਮੂਲ ਪ੍ਰਭੂ ਨੇ ਇਸ ਦੀ ਰਚਨਾ ਕਰਕੇ ਫਿਰ ਉਸ ਦੀ ਸਾਂਭ-ਸੰਭਾਲ ਵੀ ਕਰਦਾ ਹੈ। ਜੇਕਰ ਉਹ ਪ੍ਰਭੂ ਆਪ ਹੀ ਨਜ਼ਰ ਕਰੇ ਤਾਂ ਹੀ ਗੁਰੂ ਦੇ ਸ਼ਬਦ ਦੀ ਸੋਝੀ ਪੈਂਦੀ ਹੈ। ਅਜਿਹੇ ਸੇਵਕ ਜਨ (ਗੁਰੂ ਦੇ) ਸ਼ਬਦ ਸਦਕਾ ਪਰਮਾਤਮਾ ਦੇ ਦਰਬਾਰ ਵਿਚ ਬੜੇ ਸ਼ੋਭਨੀਕ ਹੁੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਜੋ ਸਦਾ ਸੁੱਚੇ ਤੇ ਸ਼ਬਦ ਵਿਚ ਰੱਤੇ ਰਹਿੰਦੇ ਹਨ, ਉਨ੍ਹਾਂ ਨੂੰ ਕਰਤਾਰ ਆਪਣੇ-ਆਪ ਹੀ ਮੇਲ ਲੈਂਦਾ ਹੈ।
ਗੁਰੂ ਦੀ ਮੱਤ ਦੁਆਰਾ ਸੱਚੇ ਪ੍ਰਭੂ ਦੀ ਸਿਫ਼ਤ ਸਿਲਾਹ ਕਰਨੀ ਚਾਹੀਦੀ ਹੈ, ਜਿਸ ਪ੍ਰਭੂ ਦਾ ਉਰਲਾ-ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ਅਤੇ ਜਿਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪਣੀ ਇੱਛਾ ਅਨੁਸਾਰ ਹਰ ਇਕ ਦੇ ਸਰੀਰ ਵਿਚ ਵਸਦਾ ਹੈ ਅਤੇ ਜੀਵਾਂ ਦੀ ਆਪਣੀ ਮਰਜ਼ੀ ਅਨੁਸਾਰ ਸਭ ਦੀ ਦੇਖਭਾਲ ਅਤੇ (ਉਨ੍ਹਾਂ ਦੇ ਕੀਤੇ ਕਰਮਾਂ 'ਤੇ) ਵਿਚਾਰ ਕਰਦਾ ਹੈ। ਜੇਕਰ ਗੁਰੂ ਦੇ ਸ਼ਬਦ ਦੁਆਰਾ ਉਸ ਦੀ (ਪ੍ਰਭੂ ਦੀ) ਸਲਾਹੁਣਾ ਕਰੀਏ ਤਾਂ ਮਨ ਅੰਦਰਲੀ ਹਉਮੈ ਜਾਂਦੀ ਰਹਿੰਦੀ ਹੈ ਪਰ ਜੋ ਜੀਵ-ਇਸਤਰੀ ਨਾਮ ਤੋਂ ਸੱਖਣੀ ਹੈ, ਅਜਿਹੀ ਔਗੁਣਾਂ ਵਾਲੀ ਇਸਤਰੀ ਦੁਖੀ ਹੀ ਹੁੰਦੀ ਰਹਿੰਦੀ ਹੈ।
ਮੇਰੀ ਇੱਛਾ ਹੈ ਕਿ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਮੈਂ ਸਲਾਹੁਣਾ ਕਰਾਂ, ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਲ ਜੁੜੀ ਰਹਾਂ। ਮਨ ਦੀ ਤ੍ਰਿਪਤੀ ਉਸ ਵਿਚ ਜੁੜਿਆਂ ਹੀ ਹੋ ਸਕਦੀ ਹੈ। ਉਸ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੀਏ, ਉਸ ਦੇ ਗੁਣਾਂ ਨੂੰ ਹੀ ਮਨ ਵਿਚ ਵਿਚਾਰਾਂ, ਸੰਭਾਲਾਂ। ਇਸ ਤਰ੍ਹਾਂ ਮਨ ਅੰਦਰੋਂ ਔਗੁਣਾਂ ਨੂੰ ਕੱਢ ਕੇ, ਮਨ ਨੂੰ ਸਾਫ਼ ਕਰ ਲਵਾਂ। ਜਦੋਂ ਇਕ ਵਾਰੀ ਉਹ ਮਿਲਾ ਲੈਂਦਾ ਹੈ, ਫਿਰ ਉਸ ਨਾਲੋਂ ਉਹ ਕਦੇ ਵਿਛੜਦਾ ਨਹੀਂ। ਅੰਤ ਵਿਚ ਤੀਜੇ ਗੁਰਦੇਵ ਇਸ ਗੱਲ ਦੀ ਕਾਮਨਾ ਕਰ ਰਹੇ ਹਨ ਕਿ ਮੈਂ ਆਪਣੇ ਗੁਰੂ ਨੂੰ ਉਦੋਂ ਤੱਕ ਸਲਾਹੁੰਦਾ ਰਹਾਂਗਾ, ਜਦੋਂ ਤਾਈਂ ਮੈਨੂੰ ਪ੍ਰਭੂ ਦੀ ਪ੍ਰਾਪਤੀ ਨਾ ਹੋ ਜਾਵੇ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਜਦ ਆਪਣੇ-ਆਪ ਨੂੰ ਕਮਜ਼ੋਰ ਪਾਓ ਤਾਂ ਆਤਮ-ਮੰਥਨ ਕਰੋ

ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਸਾਨੂੰ ਲਗਦਾ ਹੈ ਕਿ ਸਾਡੀ ਮਿਹਨਤ ਬੇਕਾਰ ਜਾ ਰਹੀ ਹੈ ਅਤੇ ਸਾਨੂੰ ਸਫਲਤਾ ਨਹੀਂ ਮਿਲ ਰਹੀ। ਉਸ ਸਮੇਂ ਅਸੀਂ ਆਪਣੇ-ਆਪ ਨੂੰ ਕਮਜ਼ੋਰ ਅਤੇ ਬੇਸਹਾਰਾ ਅਨੁਭਵ ਕਰਦੇ ਹਾਂ। ਸਵਾਮੀ ਵਿਵੇਕਾਨੰਦ ਆਪਣੀ ਜੀਵਨੀ ਵਿਚ ਲਿਖਦੇ ਹਨ ਕਿ ਜਦ ਅਸੀਂ ਅਜਿਹਾ ਅਨੁਭਵ ਕਰੀਏ ਤਾਂ ਉਸ ਸਮੇਂ ਸਾਨੂੰ ਆਤਮ-ਮੰਥਨ ਦੀ ਲੋੜ ਹੁੰਦੀ ਹੈ। ਆਤਮ-ਮੰਥਨ ਕਰਨ ਨਾਲ ਹੀ ਸਾਡੇ ਵਿਚ ਅਜਿਹੀ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਆਪਣੇ-ਆਪ ਨੂੰ ਕਮਜ਼ੋਰ ਨਹੀਂ, ਸਗੋਂ ਯੋਗ ਅਨੁਭਵ ਕਰਨ ਲੱਗ ਪੈਂਦੇ ਹਾਂ। ਅਸਲ ਵਿਚ ਸਵੈ-ਮੰਥਨ ਦੀ ਘਾਟ ਅਤੇ ਸਾਡਾ ਸੁਆਰਥੀ ਸੁਭਾਅ ਸਾਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਰਦੇ ਹਨ। ਜਦ ਅਸੀਂ ਸੁਆਰਥੀ ਹੁੰਦੇ ਹਾਂ ਤਾਂ ਸਾਡੇ ਕੋਲ ਸਭ ਕੁਝ ਹੁੰਦੇ ਹੋਏ ਵੀ ਅਸੀਂ ਗਰੀਬ ਅਤੇ ਕਮਜ਼ੋਰ ਅਨੁਭਵ ਕਰਦੇ ਹਾਂ। ਸਵਾਮੀ ਵਿਵੇਕਾਨੰਦ ਜੀ ਦੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ ਜੀ ਕਲਕੱਤਾ ਤੋਂ ਬਾਹਰ ਕਾਲੀ ਮਾਤਾ ਦੇ ਮੰਦਿਰ ਰਹਿੰਦੇ ਸਨ। ਬਚਪਨ ਤੋਂ ਹੀ ਵਿਵੇਕਾਨੰਦ (ਨਰੇਂਦਰ) ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਕੋਲ ਰਹਿੰਦੇ ਸਨ। ਉਨ੍ਹਾਂ ਦੇ ਮਾਤਾ ਜੀ ਜਦ ਬਿਮਾਰ ਪਏ ਤਾਂ ਵਿਵੇਕਾਨੰਦ ਨੇ ਸ੍ਰੀ ਰਾਮ ਕ੍ਰਿਸ਼ਨ ਜੀ ਨੂੰ ਕਿਹਾ ਕਿ ਜੇ ਮੈਂ ਕਿਤੇ ਹੋਰ ਰਹਿ ਕੇ ਕੰਮ ਕਰਦਾ ਤਾਂ ਏਨਾ ਧਨ ਜ਼ਰੂਰ ਕਮਾ ਲੈਂਦਾ ਕਿ ਮਾਤਾ ਜੀ ਦਾ ਇਲਾਜ ਕਰਵਾ ਸਕਦਾ। ਤਾਂ ਸ੍ਰੀ ਰਾਮ ਕ੍ਰਿਸ਼ਨ ਜੀ ਨੇ ਨਰੇਂਦਰ ਨੂੰ ਕਿਹਾ ਕਿ ਕਾਲੀ ਮਾਤਾ ਤੋਂ ਜਾ ਕੇ ਮੰਗ ਲੈ। ਨਰੇਂਦਰ ਦੋ ਵਾਰ ਕਾਲੀ ਮਾਤਾ ਦੀ ਮੂਰਤੀ ਅੱਗੇ ਗਿਆ ਤੇ ਵਾਪਸੀ 'ਤੇ ਸ੍ਰੀ ਰਾਮ ਕ੍ਰਿਸ਼ਨ ਨੇ ਪੁੱਛਿਆ ਕਿ 'ਕੀ ਮੰਗਿਆ?' ਤਾਂ ਨਰੇਂਦਰ ਨੇ ਕਿਹਾ 'ਮੈਂ ਕੁਝ ਵੀ ਨਹੀਂ ਮੰਗ ਸਕਿਆ।' ਸ੍ਰੀ ਰਾਮ ਕ੍ਰਿਸ਼ਨ ਨੇ ਕਿਹਾ, 'ਜੇ ਤੂੰ ਕੁਝ ਮੰਗ ਲੈਂਦਾ ਤਾਂ ਸ਼ਾਇਦ ਮੇਰਾ ਤੇਰੇ ਨਾਲ ਰਿਸ਼ਤਾ ਖ਼ਤਮ ਹੋ ਜਾਂਦਾ। ਹੁਣ ਤੈਨੂੰ ਆਤਮਬੋਧ ਹੋ ਗਿਆ ਹੈ। ਸਭ ਸ਼ਕਤੀ ਤਾਂ ਤੇਰੇ ਅੰਦਰ ਹੈ। ਭਿਖਾਰੀ ਬਣਨ ਦੀ ਥਾਂ ਆਪਣੀ ਸ਼ਕਤੀ ਨੂੰ ਪਛਾਣ।'


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਧਾਰਮਿਕ ਸਾਹਿਤ

ਅਣਮੁੱਲੇ ਮੋਤੀ

(ਢਾਡੀ ਵਾਰਾਂ)

ਗਿਆਨੀ ਪ੍ਰਿਤਪਾਲ ਸਿੰਘ ਬੈਂਸ ਢਾਡੀ ਕਲਾ ਖੇਤਰ ਦਾ ਉੱਘਾ ਨਾਂਅ ਹੈ। ਉਸ ਦੀ ਇਹ ਸੱਜਰੀ ਪੁਸਤਕ ਦਸਵੇਂ ਪਾਤਸ਼ਾਹ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਕੁੱਲ ਸੱਤ ਪ੍ਰਸੰਗ ਹਨ। ਪਹਿਲਾ ਪ੍ਰਸੰਗ ਬਾਬਾ ਸਾਵਣ ਮੱਲ ਬਾਰੇ ਹੈ। ਇਸ ਵਿਚ ਸਾਕੇ, ਕਲੀਆਂ ਤੇ ਬੈਂਤ ਢਾਡੀ ਵਿਧਾਵਾਂ ਦੀ ਵਰਤੋਂ ਕੀਤੀ ਗਈ ਹੈ। ਦੂਜਾ ਪ੍ਰਸੰਗ ਹੈ 'ਦੋਹਿਤਾ ਬਾਣੀ ਦਾ ਬੋਹਿਥਾ ਅਤੇ ਗੁਰਤਾਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ।' ਪ੍ਰਸੰਗ ਵਿਚ ਸਾਕੇ, ਡਗਰ, ਡੋਲੀ ਛੰਦ, ਛੰਦ ਦੀ ਵਰਤੋਂ ਕੀਤੀ ਗਈ ਹੈ। ਇਕ ਟੇਕ ਇਸ ਤਰ੍ਹਾਂ ਹੈ-
ਟੇਕ-ਆਵੇ ਯਾਦ ਥੋਡੀ ਵਾਰ ਵਾਰ ਪਿਤਾ ਜੀ
ਝੱਲ ਨਾ ਵਿਛੋੜਾ ਹੋਂਵਦਾ॥ (ਪੰਨਾ 26)
ਸੱਤ ਖੂਬਸੂਰਤ ਅੰਦਾਜ਼ ਦੇ ਟੱਪੇ ਵੀ ਦਰਜ ਹਨ। ਤੀਜਾ ਪ੍ਰਸੰਗ ਹੈ-'ਰਾਜਾ ਰਤਨ ਰਾਇ ਜੀ।' ਇਸ ਪ੍ਰਸੰਗ ਰਾਹੀਂ ਆਸਾਮ ਦੇ ਹਾਕਮ ਰਾਜਾ ਰਤਨ ਰਾਇ ਉੱਤੇ ਦਸਵੇਂ ਪਾਤਸ਼ਾਹ ਦੀ ਨਜ਼ਰੇ-ਇਨਾਇਤ ਦਾ ਜ਼ਿਕਰ ਹੈ। ਇਸ ਲਈ ਸਾਕਾ ਅਲਗੋਜ਼ੇ, ਕੋਰੜਾ ਛੰਦ, ਢਾਈਆ ਆਦਿ ਨੂੰ ਬਰੂਏਕਾਰ ਲਿਆਂਦਾ ਗਿਐ। ਚੌਥਾ ਪ੍ਰਸੰਗ-ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਬਾਰੇ ਹੈ। ਬਾਕੀ ਢਾਡੀ ਵਿਧਾਵਾਂ ਦੇ ਨਾਲ-ਨਾਲ ਇਸ ਵਿਚ ਢਾਡੀ ਕਲਾ ਦੀ ਸਿਖਰ ਵਾਰ ਵੀ ਦਰਜ ਹੈ।
ਹੋਇਆ ਜ਼ਖ਼ਮੀ ਦਲਾਂ ਦਾ ਸੂਰਮਾ,
ਹੋਇਆ ਫੂਲਾ ਸਿੰਘ ਸੀ ਸ਼ਹੀਦੀਆਂ ਪਾ ਕੇ॥
ਝੰਡੇ ਫਤਹਿ ਦੇ ਲਾਏ ਪ੍ਰਿਤਪਾਲ ਨੇ,
ਗ਼ਾਜ਼ੀ ਨੱਸਗੇ ਮੈਦਾਨੋਂ ਹਾਰ ਖਾ ਕੇ॥ (ਪੰਨਾ 43)
ਪੰਜਵਾਂ ਪ੍ਰਸੰਗ ਸਿਰੜੀ ਸਿੱਖ ਤੇ ਅਣਖੀਲੇ ਸੂਰਮੇ/ਸਿਦਕੀ, ਭਾਈ ਜੈ ਸਿੰਘ ਖਲਕਟ ਦੀ ਲਾਸਾਨੀ ਕੁਰਬਾਨੀ ਨੂੰ ਰੂਪਮਾਨ ਕਰਦਾ ਹੈ। ਇਸ ਵਿਚ ਰਸਾਲੂ, ਜੱਗਾ ਆਦਿ ਪੜ੍ਹਨ ਨੂੰ ਮਿਲਦੇ ਹਨ। ਅਗਲਾ ਪ੍ਰਸੰਗ ਹੈ-'ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ-ਬਾਲ ਦਰਬਾਰਾ ਸਿੰਘ ਦੀ ਸ਼ਹਾਦਤ।' ਅੰਤਿਮ ਪ੍ਰਸੰਗ ਹੈ-ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦੀ।'
ਸਿੱਖੀ ਦੇ ਸਿਦਕ ਤਾਈਂ ਉਹ ਨਿਭਾਅ ਗਏ॥
ਬੈਂਸ ਰਹਿਣਗੀਆਂ ਕਾਇਮ ਮਿਸਾਲਾਂ॥
ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੇ ਪਿਆਰਿਆ, ਪਿਆਰਿਆ॥
ਕੌਮ ਦੀ ਆਜ਼ਾਦੀ ਵਾਸਤੇ ਆਪਾ ਵਾਰਿਆ॥ (ਜੱਗਾ ਪੰਨਾ 63)
ਢਾਡੀ ਰਚਨਾਵਾਂ ਦੇ ਨਾਲ-ਨਾਲ ਵਾਰਤਕ ਵੀ ਪਾਠਕਾਂ ਨੂੰ ਹਲੂਣਾ ਦੇਣ ਵਾਲੀ ਹੈ। ਪੁਸਤਕ ਮਹਾਨ ਢਾਡੀ ਕਲਾ ਦਾ ਬਿਹਤਰੀਨ ਨਮੂਨਾ ਹੈ।


ਲੇਖਕ : ਗਿਆਨੀ ਪ੍ਰਿਤਪਾਲ ਸਿੰਘ ਬੈਂਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ (ਲੁਧਿਆਣਾ)।
ਪੰਨੇ : 63, ਕੀਮਤ : 100 ਰੁਪਏ/6 ਡਾਲਰ
ਸੰਪਰਕ : 94174-03248
-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਖ਼ਾਲਸਾ ਪੰਥ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਗੋਇਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਦੋਂ ਸ਼ਹਿਜ਼ਾਦਾ ਮੁਅੱਜ਼ਮ ਨੇ ਇਹ ਸਾਰੀ ਵਾਰਤਾ ਭਾਈ ਨੰਦ ਲਾਲ ਨੂੰ ਸੁਣਾਈ ਤਾਂ ਉਨ੍ਹਾਂ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਤੇ ਨਿਰਾਸ਼ਤਾ ਦੇ ਆਲਮ ਵਿਚ ਗਵਾਚ ਗਏ। ਪਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਭਾਈ ਨੰਦ ਲਾਲ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸਿੱਖ ਹਨ ਅਤੇ ਉਹ ਆਪ ਵੀ ਗੁਰੂ ਸਾਹਿਬ ਦਾ ਕਦਰਦਾਨ ਸੀ। ਉਸ ਨੇ ਭਾਈ ਸਾਹਿਬ ਨੂੰ ਆਪਣੀ ਮਰਜ਼ੀ ਨਾਲ ਫੈਸਲਾ ਲੈਣ ਦੀ ਖੁੱਲ੍ਹ ਦੇ ਦਿੱਤੀ। ਭਾਈ ਸਾਹਿਬ ਨੇ ਗੁਰੂ ਕਲਗੀਧਰ ਦੇ ਚਰਨਾਂ ਵਿਚ ਅਨੰਦਪੁਰ ਸਾਹਿਬ ਮੁੜ ਪਰਤ ਜਾਣ ਦੀ ਯਾਚਨਾ ਕੀਤੀ ਅਤੇ ਦੂਸਰੇ ਦਿਨ ਹੀ ਆਪਣੇ ਰੁਤਬੇ ਨੂੰ ਠੋਕਰ ਮਾਰ ਕੇ ਅਛੋਪਲੇ ਜਿਹੇ ਸਾਹਿਬੇ ਕਮਾਲ ਦੀ ਚਰਨ-ਬੋਸੀ ਲਈ ਅਨੰਦਪੁਰ ਸਾਹਿਬ ਨੂੰ ਰਵਾਨਗੀ ਪਾ ਦਿੱਤੀ।
ਆਗਰੇ ਤੋਂ ਅਨੰਦਪੁਰ ਸਾਹਿਬ ਦੇ ਸਫ਼ਰ ਵਿਚ ਸਾਰੇ ਰਾਹ ਆਪ ਵੈਰਾਗਮਈ ਅਵਸਥਾ ਵਿਚ ਸਨ। ਆਪ ਦੀ ਰੂਹ ਦਾ ਰੁਦਨ ਇਕ ਅਗੋਚਰ ਬੇਪ੍ਰਵਾਹੀ ਦੀ ਅਵਸਥਾ ਵਿਚ ਸੀ। ਸਾਹਿਬੇ ਕਮਾਲ ਦੇ ਦਰਸ਼ਨਾਂ ਦੇ ਦੈਵੀ ਤਸੱਵਰ ਰਾਹੀਂ ਹੋ ਰਹੀ ਰੂਹਾਨੀ ਗੁਫ਼ਤਗੂ ਨੂੰ ਆਪ ਨੇ ਇਕ ਲੰਬੀ ਫ਼ਾਰਸੀ ਕਵਿਤਾ ਦੀ ਮਾਲਾ ਵਿਚ ਪਰੋ ਲਿਆ। 'ਗੰਜ-ਨਾਮਾ' ਦੀ ਦਸਵੀਂ ਸਲਤਨਤ 'ਅਜ਼ ਸਲਤਨਤਿ ਦਹੱਮ' ਦੇ ਅਨੁਵਾਨ ਹੇਠ ਲਿਖੀ ਇਹ ਨਜ਼ਮ, ਭਾਈ ਸਾਹਿਬ ਦੇ ਅਨੁਭਵੀ ਕਮਾਲ ਦਾ ਸਿਖਰ ਹੈ ਅਤੇ ਆਪ ਦੇ ਕਾਮਲ ਮੁਰਸ਼ਦ, ਗੁਰੂ ਗੋਬਿੰਦ ਸਿੰਘ ਜੀ ਦੀ 'ਅਜ਼ਮਤ ਬਿਆਨੀ' ਦਾ ਇਕ ਬੇਮਿਸਾਲ ਸ਼ਾਹਕਾਰ ਹੈ।
'ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ। ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ।'
ਗੁਰੂ ਦਸਮ ਪਾਤਸ਼ਾਹ ਦੀ ਸਿਫ਼ਤ-ਸਲਾਹ ਕਰਦੀ, ਫਾਰਸੀ ਵਿਚ ਲਿਖੀ ਭਾਈ ਨੰਦ ਲਾਲ ਦੀ ਇਹ ਇਕ ਲੰਮੀ ਨਜ਼ਮ ਹੈ, ਜਿਸ ਦੇ ਕੁੱਲ 56 ਬੰਦ ਹਨ ਤੇ ਹਰ ਬੰਦ ਵਿਚ ਸਾਹਿਬੇ ਕਮਾਲ ਦੀਆਂ ਦੋ ਅਨੂਪਮ ਸਿਫਤਾਂ ਦਰਜ ਹਨ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਨੂਠੀ ਅਜ਼ਮਤ ਨੂੰ ਭਾਈ ਸਾਹਿਬ ਦੀ ਨਿੱਜੀ ਅਨੁਭੂਤੀ ਤੇ ਅਨੁਭਵ ਅਨੁਸਾਰ ਸ਼ਾਇਰਾਨਾ ਅੰਦਾਜ਼ ਵਿਚ ਬਿਆਨ ਕਰਦੀਆਂ ਹਨ।
ਭਾਈ ਨੰਦ ਲਾਲ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਅਨੰਦਪੁਰ ਸਾਹਿਬ ਵਿਖੇ ਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਗੁਜ਼ਾਰਿਆ ਅਤੇ ਪੁਸਤਕਾਂ ਲਿਖੀਆਂ। ਇਕ ਪੁਸਤਕ ਦੀ ਰਚਨਾ ਆਪ ਜੀ ਨੇ ਆਗਰੇ ਤੋਂ ਰਵਾਨਗੀ ਪਾਉਣ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਸਫ਼ਰ ਦੌਰਾਨ ਲਿਖੀ। ਅਨੰਦਪੁਰ ਸਾਹਿਬ ਅੱਪੜਨ ਤੱਕ ਇਸ ਦੇ 514 ਸ਼ਿਅਰ ਲਿਖੇ ਜਾ ਚੁੱਕੇ ਸਨ। ਫ਼ਾਰਸੀ ਵਿਚ ਰਚੀ ਇਸ ਪੁਸਤਕ ਦਾ ਸਿਰਲੇਖ 'ਬੰਦਗੀ ਨਾਮਾ' ਰੱਖਿਆ ਅਤੇ ਇਹ ਪੁਸਤਕ ਬੜੇ ਅਦਬ ਨਾਲ ਗੁਰੂ ਦਸਮ ਪਾਤਸ਼ਾਹ ਨੂੰ ਭੇਟ ਕਰ ਦਿੱਤੀ।
ਸਾਹਿਬੇ ਕਮਾਲ ਨੇ ਇਸ ਪੁਸਤਕ ਦੇ ਸਾਰੇ ਸ਼ਿਅਰ ਤੇ ਉਨ੍ਹਾਂ ਦਾ ਤਸ਼ਰੀਹੀ ਤਰਜੁਮਾ, ਵਿਆਖਿਆ ਸਹਿਤ, ਸੰਗਤ ਵਿਚ ਬੈਠ ਕੇ ਸੁਣਨ ਉਪਰੰਤ ਫ਼ੁਰਮਾਇਆ 'ਭਾਈ ਸਾਹਿਬ ਜੀਓ, ਇਸ ਪੁਸਤਕ ਦਾ ਸਿਰਲੇਖ 'ਬੰਦਗੀ ਨਾਮਾ' ਦੇ ਬਦਲੇ 'ਜ਼ਿੰਦਗੀ ਨਾਮਾ' ਵਧੇਰੇ ਢੁਕਵਾਂ ਰਹੇਗਾ, ਜੋ ਵੀ ਇਸ ਪੁਸਤਕ ਨੂੰ ਪੜ੍ਹੇਗਾ, ਉਹ ਜ਼ਿੰਦਗੀ ਦੀ ਤਹਿਜ਼ੀਬ ਤੇ ਤਰਤੀਬ ਨੂੰ ਸਮਝ ਸਕੇਗਾ ਤੇ ਉਸ ਦਾ ਜਨਮ ਸਫਲ ਹੋਵੇਗਾ'। ਇਸ ਪੁਸਤਕ ਦਾ ਇਕ ਸ਼ਿਅਰ ਇਸ ਤਰ੍ਹਾਂ ਸੀ :
ਆਬੈ ਹੈਵਾਂ ਪੁਰ ਸ਼ੁਦਾ ਚੂੰ ਜਾਮਿ ਊਂ।
'ਬੰਦਗੀ ਨਾਮਾ' ਸ਼ੁਦਾ ਜਾਂ ਨਾਮਿ ਊਂ॥502॥
ਇਸ ਸ਼ਿਅਰ ਵਿਚ ਆਏ ਸ਼ਬਦ 'ਬੰਦਗੀ ਨਾਮਾ' ਨੂੰ ਸਾਹਿਬੇ ਕਮਾਲ ਨੇ ਆਪਣੇ ਹਸਤ ਕਮਲਾਂ ਨਾਲ ਬਦਲ ਕੇ 'ਜ਼ਿੰਦਗੀ ਨਾਮਾ' ਕਰ ਦਿੱਤਾ। ਇੰਜ ਭਾਈ ਸਾਹਿਬ ਦੀ ਇਸ ਪੁਸਤਕ ਦਾ ਨਾਂਅ 'ਜ਼ਿੰਦਗੀ ਨਾਮਾ' ਹੋ ਗਿਆ।
ਭਾਈ ਸਾਹਿਬ ਦੀਆਂ ਜੋ ਰਚਨਾਵਾਂ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਪਲਬਧ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :
1. ਤੈਸੀਫ਼ੋ ਸੱਨਾ ਵ ਖ਼ਾਤਮਾ (ਅਰਬੀ ਤੇ ਫ਼ਾਰਸੀ-ਕਵਿਤਾ ਤੇ ਵਾਰਤਕ ਵਿਚ)।
2. ਜੋਤ ਬਿਕਾਸ (ਫ਼ਾਰਸੀ-ਵਾਰਤਕ)
3. ਜੋਤ ਬਿਕਾਸ (ਹਿੰਦੀ ਪੰਜਾਬੀ-ਕਵਿਤਾ)
4. ਦਸਤੂਰ-ਅਲ-ਇਨਸ਼ਾਂ (ਫ਼ਾਰਸੀ-ਕਵਿਤਾ)
5. ਅਰਜ਼ੁਲ ਅਲਫ਼ਾਜ਼ (ਫ਼ਾਰਸੀ)
6. ਗੰਜ-ਨਾਮਾ (ਫ਼ਾਰਸੀ-ਕਵਿਤਾ ਤੇ ਵਾਰਤਕ)
7. ਰਹਤਨਾਮਾ (ਪੰਜਾਬੀ -ਕਵਿਤਾ)
8. ਤਨਖ਼ਾਹ-ਨਾਮਾ (ਪੰਜਾਬੀ-ਕਵਿਤਾ)
9. ਜ਼ਿੰਦਗੀ-ਨਾਮਾ (ਫ਼ਾਰਸੀ-ਕਵਿਤਾ)
10. ਦੀਵਾਨਿ ਗੋਇਆ (ਫ਼ਾਰਸੀ-ਗ਼ਜ਼ਲਾਂ)
ਭਾਈ ਸਾਹਿਬ ਦੀਆਂ ਇਨ੍ਹਾਂ ਅਦੁੱਤੀ ਰਚਨਾਵਾਂ ਦੀ ਮਜੀਦ ਤਸ਼ਰੀਹ ਵਿਚ ਹੋਰ ਬੜਾ ਕੁਝ ਲਿਖਿਆ ਜਾ ਸਕਦਾ ਹੈ, ਪਰ ਇਸ ਨਿਬੰਧ ਦੇ ਬਹੁ-ਵਿਸਥਾਰ ਨੂੰ ਮਜਬੂਰੀ ਵੱਸ ਸੰਕੋਚਣਾ ਬਣਦਾ ਹੈ।
ਉਮਰ ਦੀ ਆਖਰੀ ਅਵਸਥਾ ਵਿਚ ਭਾਈ ਨੰਦ ਲਾਲ ਨੂੰ, ਜੋ ਉਮਰ ਵਿਚ ਦਸਮ ਪਾਤਸ਼ਾਹ ਹਜ਼ੂਰ ਨਾਲੋਂ 33 ਸਾਲ ਵੱਡੇ ਸਨ, ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਆਖਰੀ ਜੰਗ ਤੋਂ ਪਹਿਲਾਂ, ਸਾਰੀ ਸਥਿਤੀ ਦੀ ਨਾਜ਼ੁਕਤਾ ਵਿਚਾਰਦਿਆਂ ਹੋਇਆਂ ਭਾਈ ਸਾਹਿਬ ਨੂੰ ਮੁਲਤਾਨ ਭੇਜ ਦਿੱਤਾ। ਇੱਥੇ ਹੀ ਆਪ ਆਖ਼ਰ 72 ਸਾਲ ਦੀ ਉਮਰ ਭੋਗ ਕੇ ਸੰਨ 1705 ਵਿਚ ਸਦੀਵਤਾ ਦੀ ਗੋਦ ਵਿਚ ਜਾ ਬਿਰਾਜੇ। ਭਾਈ ਸਾਹਿਬ ਦੀ ਮਹਾਨ ਚੂੜਾਮਣੀ ਸ਼ਖ਼ਸੀਅਤ 'ਤੇ ਇਕਬਾਲ ਦਾ ਇਹ ਸ਼ਿਅਰ ਇੰਨ-ਬਿੰਨ ਸਾਦਕ ਹੁੰਦਾ ਹੈ :
ਹੋਤਾ ਹੈ ਕੋਹੋ ਦਸ਼ਤ ਮੇਂ ਪੈਦਾ ਕਭੀ ਕਭੀ।
ਵੋਹ ਮਰਦ ਜਿਸ ਕਾ ਫ਼ਕਰ ਕਰੇ, ਖਜ਼ਫ਼ ਕੋ ਨਗੀਂ।
(ਸਮਾਪਤ)


-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ। ਮੋਬਾ: 98140-33362

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ੍ਰੀ ਗੁਰੂ ਨਾਨਕ ਸਿੱਖ ਟੈਂਪਲ, ਯੂਬਾ ਸਿਟੀ : ਇਸ ਗੁਰੂ-ਘਰ ਦੀ ਸਥਾਪਨਾ 1980 ਵਿਚ ਸਥਾਨਕ ਸਿੱਖ ਸੰਗਤ ਨੇ ਆਪਸੀ ਸਹਿਯੋਗ ਨਾਲ ਕੀਤੀ ਸੀ। ਇਥੇ ਸਾਰੇ ਤਿਉਹਾਰ ਲੋਹੜੀ, ਦੀਵਾਲੀ ਆਦਿ ਮਨਾਏ ਜਾਂਦੇ ਹਨ। ਇਥੇ ਬੱਚਿਆਂ ਨੂੰ ਪੰਜਾਬੀ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਦੇਣ ਲਈ ਇਕ ਪੰਜਾਬੀ ਸਕੂਲ ਬਹੁਤ ਸਫਲਤਾ ਨਾਲ ਚੱਲ ਰਿਹਾ ਹੈ। ਐਤਵਾਰ ਨੂੰ ਸੈਂਕੜੇ ਬੱਚੇ ਆਉਂਦੇ ਹਨ। ਇਥੇ 15-20 ਯਾਤਰੂਆਂ ਦੇ ਠਹਿਰਨ ਲਈ ਵਧੀਆ ਸਰਾਂ ਬਣੀ ਹੋਈ ਹੈ। ਇਲਾਕੇ ਵਿਚ ਕਰੀਬ 10000 ਸਿੱਖ ਸੰਗਤ ਹੈ। ਗੁਰੂ-ਘਰ ਦਾ ਪਤਾ 2269 ਬੋਗ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਹੈ।
ਗੁਰੂ ਨਾਨਕ ਸਿੱਖ ਟੈਂਪਲ, ਫੇਅਰਫੀਲਡ : ਫਰਵਰੀ, 1988 ਵਿਚ ਸੋਲਾਨੋ ਕਾਊਂਟੀ ਦੇ ਪ੍ਰਮੁੱਖ ਸਿੱਖਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਇਲਾਕੇ ਦੀ ਸੰਗਤ ਦੀ ਸਹੂਲਤ ਵਾਸਤੇ ਇਕ ਗੁਰੂ-ਘਰ ਦੀ ਉਸਾਰੀ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਪ੍ਰਬੰਧਕ ਕਮੇਟੀ ਦੀ ਰੂਪ-ਰੇਖਾ ਤਿਆਰ ਕਰਦੇ ਸਮੇਂ ਇਹ ਧਿਆਨ ਰੱਖਿਆ ਗਿਆ ਕਿ ਅਜਿਹਾ ਸੰਵਿਧਾਨ ਬਣਾਇਆ ਜਾਵੇ, ਤਾਂ ਜੋ ਬਾਅਦ ਵਿਚ ਕਬਜ਼ੇ ਲਈ ਲੜਾਈਆਂ ਨਾ ਹੋਣ। ਜਨਵਰੀ, 1994 ਵਿਚ 2948 ਰਾਕਵਿਲਾ ਰੋਡ ਫੇਅਰਫੀਲਡ ਵਿਖੇ 8 ਏਕੜ ਜਗ੍ਹਾ ਖ਼ਰੀਦੀ ਗਈ। 1994 ਦੀ ਵਿਸਾਖੀ ਵਾਲੇ ਦਿਨ ਉਸ ਜ਼ਮੀਨ 'ਤੇ ਪਹਿਲਾਂ ਹੀ ਬਣੇ ਇਕ ਸ਼ੈੱਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਇਸ ਗੁਰੂ-ਘਰ ਦੀ ਪੱਕੀ ਇਮਾਰਤ ਉਸਾਰਨ ਦੀ ਆਗਿਆ ਲੈਣ ਲਈ ਸੂਬਾ ਸਰਕਾਰ ਨਾਲ ਲੰਮੀ ਕਾਨੂੰਨੀ ਲੜਾਈ ਲੜਨੀ ਪਈ। ਅਖੀਰ 1998 ਵਿਚ ਆਗਿਆ ਮਿਲ ਗਈ। 7 ਸਤੰਬਰ, 2000 ਦੇ ਸ਼ੁੱਭ ਦਿਹਾੜੇ ਗੁਰੂ-ਘਰ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਗੁਰੂ-ਘਰ ਦਾ ਪਤਾ 2948 ਰਾਕਵਿਲਾ ਰੋਡ, ਫੇਅਰਫੀਲਡ ਕੈਲੀਫੋਰਨੀਆ ਹੈ।
ਗੁਰਦੁਆਰਾ ਗੁਰੂ ਨਾਨਕ ਦਵਾਰਾ, ਫੀਨਿਕਸ, ਅਰੀਜ਼ੋਨਾ : ਇਹ ਗੁਰੂ-ਘਰ ਅਰੀਜ਼ੋਨਾ ਸੂਬੇ ਦੇ ਸਨਅਤੀ ਸ਼ਹਿਰ ਫੀਨਿਕਸ ਦੇ ਪਾਸ਼ ਏਰੀਆ ਵਿਚ ਸਥਿਤ ਹੈ। 1996 ਵਿਚ ਸੰਗਤ ਨੇ ਇਕ ਆਰਜ਼ੀ ਇਮਾਰਤ ਵਿਚ ਗੁਰੂ-ਘਰ ਦੀ ਸ਼ੁਰੂਆਤ ਕੀਤੀ। 1999 ਵਿਚ ਮੌਜੂਦਾ ਜਗ੍ਹਾ ਖ਼ਰੀਦ ਲਈ ਗਈ। ਇਸ ਵਿਚ ਇਕ ਚਰਚ ਸੀ, ਜਿਸ ਵਿਚ ਜ਼ਰੂਰੀ ਬਦਲਾਅ ਕਰਕੇ ਗੁਰਦੁਆਰੇ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ। 21 ਜਨਵਰੀ, 1999 ਨੂੰ ਗੁਰੂ-ਘਰ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਖੋਲ੍ਹ ਦਿੱਤਾ ਗਿਆ। ਇਹ ਗੁਰੂ-ਘਰ ਪੂਰਬੀ ਅਤੇ ਪੱਛਮੀ ਐਰੀਜ਼ੋਨਾ ਦੀ ਸੰਗਤ ਦੀਆਂ ਅਧਿਆਤਮਕ, ਸਮਾਜਿਕ ਅਤੇ ਧਾਰਮਿਕ ਜ਼ਰੂਰਤਾਂ ਪੂਰੀਆਂ ਕਰਦਾ ਹੈ ਅਤੇ ਐਰੀਜ਼ੋਨਾ ਦਾ ਸਭ ਤੋਂ ਪੁਰਾਣਾ ਗੁਰੂ-ਘਰ ਹੈ। ਇਥੇ ਮਰਿਆਦਾ ਸਵੇਰੇ 5 ਵਜੇ ਸ਼ੁਰੂ ਹੁੰਦੀ ਹੈ ਤੇ ਰਾਤ 8.30 ਵਜੇ ਸੁੱਖ ਆਸਣ ਹੋ ਜਾਂਦਾ ਹੈ। ਲੰਗਰ ਬਿਨਾਂ ਨਾਗਾ ਸੱਤੇ ਦਿਨ ਚੱਲਦਾ ਹੈ। ਗੁਰੂ-ਘਰ ਦਾ ਪ੍ਰਬੰਧ ਚਲਾਉਣ ਲਈ ਇਕ ਚੁਣੀ ਹੋਈ ਪ੍ਰਬੰਧਕ ਕਮੇਟੀ ਹੈ। ਹਰੇਕ ਐਤਵਾਰ ਨੂੰ ਪ੍ਰਸਿੱਧ ਰਾਗੀ ਜਥੇ ਬੁਲਾ ਕੇ ਦੀਵਾਨ ਸਜਾਏ ਜਾਂਦੇ ਹਨ। ਗੁਰੂ-ਘਰ ਦਾ ਪਤਾ ਹੈ 1129 ਈ, ਸ਼ੈਰੀਡਨ ਸਟਰੀਟ, ਫੀਨਿਕਸ। (ਚਲਦਾ)


-ਪੰਡੋਰੀ ਸਿੱਧਵਾਂ।
ਮੋਬਾ: 98151-24449

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਬੀਜਾਪੁਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੀਜਾਪੁਰ ਉਹ ਰਿਆਸਤ ਹੈ, ਜਿਥੇ ਕਿ ਮੁਸਲਿਮ ਰਾਜੇ ਰਾਜ ਕਰਦੇ ਸਨ। ਇਸ ਕਰਕੇ ਹੀ ਇਸ ਰਿਆਸਤ ਨੂੰ ਮੁਸਲਿਮ ਰਿਆਸਤ ਕਹਿੰਦੇ ਸਨ। ਇਹ ਰਿਆਸਤ ਬਹੁਤ ਹੀ ਵਿਸ਼ਾਲ ਸੀ। ਇਸ ਰਿਆਸਤ ਵਿਚ ਮੁਸਲਿਮ ਸੱਭਿਆਚਾਰ ਦਾ ਬੋਲਬਾਲਾ ਸੀ। ਬੀਜਾਪੁਰ ਸ਼ਹਿਰ ਇਸ ਰਿਆਸਤ ਦੀ ਰਾਜਧਾਨੀ ਸੀ। ਪੁਰਾਤਨ ਸਮੇਂ ਤੋਂ ਹੀ ਬੀਜਾਪੁਰ ਦੇ ਅੰਦਰ 10 ਕਿਲੋਮੀਟਰ ਲੰਬੀ ਦੀਵਾਰ ਹੈ, ਜੋ ਕਿ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਅੱਜ ਵੀ ਵਧਾਉਂਦੀ ਹੈ। ਇਸ ਦੀਵਾਰ ਨੂੰ ਦੇਖਣ ਲਈ ਅੱਜ ਵੀ ਸੈਲਾਨੀ ਆਉਂਦੇ ਹਨ। ਰਿਆਸਤ ਬੀਜਾਪੁਰ ਵਿਚ ਬੀਜਾਪੁਰ ਸ਼ਹਿਰ ਤੋਂ ਇਲਾਵਾ ਟਿਕੋਟਾ, ਜਮਖੰਡੀ, ਅਲਮੱਟੀ ਵੀ ਦੇਖਣਯੋਗ ਥਾਵਾਂ ਹਨ, ਜਿਥੇ ਕਿ ਸੈਲਾਨੀ ਅੱਜ ਵੀ ਵੱਡੀ ਗਿਣਤੀ ਵਿਚ ਜਾਂਦੇ ਹਨ।
ਬੀਜਾਪੁਰ ਰਿਆਸਤ ਦੇ ਇਤਿਹਾਸ ਦੇ ਪੰਨੇ ਪਲਟਦਿਆਂ ਸਾਨੂੰ ਪਤਾ ਚਲਦਾ ਹੈ ਕਿ ਬੀਜਾਪੁਰ ਰਿਆਸਤ ਵਿਚ 1489 ਵਿਚ ਬਾਹਮਣੀ ਰਾਜ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਤੁਰਕੀ ਦੇ ਸੁਲਤਾਨ ਆਗਾ ਮੁਰਾਦ ਦੇ ਪੁੱਤਰ ਯੂਸਫ ਨੇ ਕਬਜ਼ਾ ਕਰ ਲਿਆ, ਜੋ ਕਿ ਗਵਰਨਰ ਸੀ। ਉਸ ਸਮੇਂ ਗਵਰਨਰ ਨੂੰ ਆਦਿਲ ਕਿਹਾ ਜਾਂਦਾ ਸੀ। ਕਰੀਬ 200 ਸਾਲ ਤੱਕ ਬੀਜਾਪੁਰ ਵਿਚ ਆਦਿਲ ਸ਼ਾਹੀਆਂ ਦਾ ਹੀ ਰਾਜ ਰਿਹਾ। ਆਦਿਲ ਸ਼ਾਹੀਆਂ ਨੇ ਤਾਂ ਵਿਜੈਨਗਰ ਰਿਆਸਤ ਨੂੰ ਵੀ ਤਬਾਹ ਕਰ ਦਿੱਤਾ। ਬੀਜਾਪੁਰ ਵਿਚ ਹੀ ਯੂਸਫ ਨੇ ਵਿਸ਼ਾਲ ਕਿਲ੍ਹਾ ਬਣਵਾਇਆ, ਜਿਸ ਦੇ ਆਲੇ-ਦੁਆਲੇ ਉਸ ਨੇ 10 ਕਿਲੋਮੀਟਰ ਲੰਬੀ ਦੀਵਾਰ ਬਣਵਾਈ। ਇਸ ਦੀਵਾਰ ਦੇ ਵਿਚ ਹੀ ਉਸ ਨੇ ਸਾਰਾ ਸ਼ਹਿਰ ਵਸਾਇਆ ਸੀ।
ਬੀਜਾਪੁਰ ਰਿਆਸਤ ਦੀ ਇਕ ਹੋਰ ਖੁੂਬੀ ਇਹ ਹੈ ਕਿ ਬੀਜਾਪੁਰ ਵਿਚ ਇਕ ਬਹੁਤ ਹੀ ਵੱਡੀ ਤੋਪ ਹੈ, ਜੋ ਕਿ 55 ਟਨ ਭਾਰੀ ਹੈ ਅਤੇ ਪਿੱਤਲ ਸਮੇਤ ਕਈ ਧਾਤਾਂ ਦੀ ਬਣੀ ਹੋਈ ਹੈ। ਇਸ ਤੋਪ ਦਾ ਨਾਂਅ ਮਲਕਾ-ਏ-ਮੈਦਾਨ ਹੈ। ਇਸ ਵਿਸ਼ਾਲ ਤੋਪ ਨੂੰ ਮਹਾਰਾਸ਼ਟਰ ਤੋਂ 400 ਬਲਦਾਂ ਅਤੇ 10 ਹਾਥੀਆਂ ਨੇ ਖਿੱਚ ਕੇ ਲਿਆਂਦਾ ਸੀ। ਇਹ ਤੋਪ ਉਸ ਸਮੇਂ ਸਭ ਤੋਂ ਭਾਰੀ ਅਤੇ ਵੱਡੀ ਸੀ। ਇਸ ਤੋਪ ਉੱਪਰ ਬਹੁਤ ਹੀ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ। ਇਸ ਸਮੇਂ ਇਹ ਤੋਪ ਕਿਲ੍ਹੇ ਦੇ ਇਕ ਬੁਰਜ ਉੱਪਰ ਰੱਖੀ ਹੋਈ ਹੈ, ਜੋ ਕਿ ਸੈਲਾਨੀਆਂ ਤੇ ਦੇਖਣ ਵਾਲਿਆਂ ਦਾ ਦਿਲ ਮੋਹ ਲੈਂਦੀ ਹੈ। ਇਹ ਤੋਪ ਕਾਫੀ ਖੂਬਸੁੂਰਤ ਹੈ ਤੇ ਇਲਾਕੇ ਦੀ ਸ਼ਾਨ ਹੈ।
ਰਿਆਸਤ ਬੀਜਾਪੁਰ ਦੀ ਪਹਿਚਾਣ ਇਸ ਦੇ ਵਿਸ਼ਾਲ ਗੁੰਬਦ ਕਰਕੇ ਵੀ ਹੈ। ਇਹ ਗੁੰਬਦ 40 ਮੀਟਰ ਘੇਰੇ ਵਾਲਾ ਹੈ ਅਤੇ ਇਹ ਦੁਨੀਆ ਦਾ ਚੌਥਾ ਵੱਡਾ ਗੁੰਬਦ ਹੈ। ਬੀਜਾਪੁਰ ਰਿਆਸਤ ਦੇ ਸੁਲਤਾਨ ਆਦਿਲ ਸ਼ਾਹ ਸੱਤਵੇਂ ਨੇ ਇਸ ਗੁੰਬਦ ਨੂੰ ਆਪਣੀ ਕਬਰ ਦੇ ਲਈ ਬਣਾਇਆ ਸੀ। ਇਸ ਗੁੰਬਦ ਵਿਚ 6 ਕਬਰਾਂ ਹਨ, ਜਿਨ੍ਹਾਂ ਵਿਚੋਂ ਇਕ ਸੁਲਤਾਨ ਦੀ ਹੈ, ਦੋ ਕਬਰਾਂ ਉਸ ਦੀਆਂ ਪਤਨੀਆਂ ਦੀਆਂ ਹਨ, ਇਕ ਕਬਰ ਸੁਲਤਾਨ ਦੀ ਧੀ ਦੀ ਹੈ ਅਤੇ ਇਕ ਸੁਲਤਾਨ ਦੇ ਪੁੱਤਰ ਦੀ ਹੈ ਅਤੇ ਇਕ ਕਬਰ ਨੱਚਣ ਵਾਲੀ ਨਰਤਕੀ ਰੰਬਾਵਤੀ ਦੀ ਹੈ। (ਚਲਦਾ)


- ਮੋਬਾ: 94638-19174






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX