ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ

ਫੇਲ੍ਹ ਜਾਂ ਪਾਸ

ਸੱਚਮੁੱਚ ਮੁੰਡਿਆਂ ਦੇ ਦਿਲ ਹਿਲ ਗਏ ਸੀ ਜਦ 'ਬੇਬੀ' ਫ਼ਿਲਮ 'ਚ ਛੋਟੇ ਜਿਹੇ ਚਰਿੱਤਰ ਨੂੰ ਤਾਪਸੀ ਪੰਨੂੰ ਨੇ ਨਿਭਾਇਆ ਸੀ। ਇਥੋਂ ਹੀ ਪੰਜਾਬਣ ਤਾਪਸੀ ਨੂੰ ਧਰਵਾਸਾ ਮਿਲ ਗਿਆ ਸੀ ਕਿ ਆਉਣ ਵਾਲੇ ਸਮੇਂ 'ਚ ਉਸ ਦੀਆਂ ਫ਼ਿਲਮਾਂ 'ਤੇ ਦਰਸ਼ਕ ਸਾਉਣ ਦੇ ਮੀਂਹ ਦੀ ਤਰ੍ਹਾਂ ਪਿਆਰ ਵਰ੍ਹਾਉਣਗੇ। ਬੇਸ਼ੱਕ ਤਾਪਸੀ ਦੀ ਨਵੀਂ ਆਈ ਫ਼ਿਲਮ 'ਨਾਮ ਸ਼ਬਾਨਾ' ਲੀਹ ਤੋਂ ਲਹਿ ਗਈ ਏ ਪਰ ਵਰੁਣ ਧਵਨ ਨਾਲ ਨਵੀਂ ਫ਼ਿਲਮ 'ਜੁੜਵਾਂ-2' ਦੇ ਚਰਚੇ ਹਰ ਤਰਫ਼ ਹਨ। 'ਬੇਬੀ' ਤੋਂ ਬਾਅਦ ਹੀ ਮਿਸ ਪੰਨੂੰ ਨੇ ਨੀਰਜ ਪਾਂਡੇ ਨੂੰ ਕਿਹਾ ਸੀ ਕਿ ਇਕ ਫ਼ਿਲਮ ਔਰਤ ਪ੍ਰਧਾਨ ਹੋਰ ਬਣੇ ਤੇ 'ਸ਼ਬਾਨਾ' ਕਿਰਦਾਰ ਨੂੰ ਦਿਮਾਗ 'ਚ ਰੱਖ ਕੇ ਇਹ ਫ਼ਿਲਮ ਲੋਕਾਂ ਤੱਕ ਪਹੁੰਚੇ। ਮਤਲਬ ਕਿ ਅਗਲੀ ਯੋਜਨਾ ਦਾ ਪਤਾ ਤਾਪਸੀ ਨੂੰ ਪਹਿਲਾਂ ਹੀ ਹੁੰਦਾ ਹੈ। ਕੁਝ ਵੀ ਹੋਵੇ ਡਾਇਰੈਕਟਰ ਨੀਰਜ ਪਾਂਡੇ ਤੇ ਹੀਰੋ ਅਕਸ਼ੈ ਕੁਮਾਰ ਇਹ ਦੋ ਵੱਡੇ ਨਾਂਅ ਤਾਪਸੀ ਦੀ ਫ਼ਿਲਮੀ ਕਿਤਾਬ ਦੇ ਪੰਨੇ 'ਤੇ ਪ੍ਰਮੁੱਖ ਹੋਣ ਤਾਂ ਹੌਸਲਾ ਸੱਤ ਸਮੁੰਦਰ ਵੀ ਪਾਰ ਕਰ ਲੈਂਦਾ ਹੈ। ਤਾਪਸੀ ਨੇ ਹੁਣ ਤਜਰਬੇ ਕਰਨੇ ਸ਼ੁਰੂ ਕੀਤੇ ਹਨ। 'ਜੁੜਵਾਂ-2' ਦੀ ਤਾਪਸੀ ਤਾਂ ਇਹ ਚਮਕ-ਦਮਕ ਭਰਪੂਰ ਅਤਿ ਆਧੁਨਿਕ ਤਾਪਸੀ ਹੋਵੇਗੀ। ਬਿਲਕੁਲ ਵਪਾਰਕ ਕਿਰਦਾਰ, ਪਹਿਲੀ ਵਾਰ 'ਬੋਲਡ', 'ਗਲੈਮਰਸ' ਲਫ਼ਜ਼ ਤਾਪਸੀ ਨਾਲ 'ਜੁੜਵਾਂ-2' ਜੋੜ ਰਹੀ ਹੈ।
'ਜੁੜਵਾਂ-2' ਫ਼ਿਲਮ 'ਚ ਤਾਪਸੀ ਪੰਨੂੰ ਸਲਮਾਨ ਖਾਨ ਨਾਲ ਆ ਰਹੀ ਹੈ। ਸਲਮਾਨ ਦਾ ਫ਼ਿਲਮ ਵਿਚ ਕੁਝ ਮਿੰਟਾਂ ਦਾ ਰੋਲ ਹੈ। ਫ਼ਿਲਮ ਦੇ ਸੈੱਟ 'ਤੇ ਜਦੋਂ ਤਾਪਸੀ ਨੇ ਸਲਮਾਨ ਨੂੰ ਆਪਣੇ ਨਾਲ ਦੇਖਿਆ ਤਾਂ ਉਹ ਕੁਝ ਪਲਾਂ ਲਈ ਹੱਕੀ-ਬੱਕੀ ਰਹਿ ਗਈ। ਉਹ ਹੈਰਾਨ ਸੀ ਕਿ ਸਲਮਾਨ ਤੇ ਉਹ ਇਕ ਹੀ ਫਰੇਮ ਵਿਚ ਖੜ੍ਹੇ ਹਨ।


ਖ਼ਬਰ ਸ਼ੇਅਰ ਕਰੋ

ਰੀਆ ਚੱਕਰਵਰਤੀ

ਮੁੱਦਾ ਜ਼ਰੂਰੀ ਹੈ

ਰੀਆ ਚੱਕਰਵਰਤੀ ਅੱਜਕਲ੍ਹ ਮਾਰਸ਼ਲ ਆਰਟ ਦੀਆਂ ਵੱਖ-ਵੱਖ ਕਿਸਮਾਂ ਸਿੱਖ ਰਹੀ ਹੈ। 'ਬੈਂਕ ਚੋਰ' ਵਾਲੀ ਰੀਆ ਨੇ ਮਾਰਸ਼ਲ ਆਰਟ ਦੀ ਵੰਨਗੀ 'ਕਰਵ' ਸਿੱਖ ਲਈ ਹੈ। ਅਸਲ 'ਚ ਇਸ ਵੰਨਗੀ ਦਾ ਪੂਰਾ ਨਾਂਅ 'ਕਰਵਮਾਗਾ' ਹੈ। ਇਹ ਇਕ ਇਸਰਾਈਲੀ ਸਵੈ-ਰੱਖਿਆ ਦਾ ਤਰੀਕਾ ਹੈ। ਇਸ ਵੰਨਗੀ ਦੀ ਵਰਤੋਂ ਹਿੰਦੁਸਤਾਨ 'ਚ ਘੱਟ ਹੁੰਦੀ ਹੈ ਤੇ ਪੱਛਮ 'ਚ ਜ਼ਿਆਦਾ ਪਰ ਰੀਆ ਦੇ ਦਿਲ ਨੂੰ ਮਾਰਸ਼ਲ ਆਰਟ ਦੀ ਇਹ ਇਸਰਾਈਲੀ ਰੱਖਿਆ ਪ੍ਰਣਾਲੀ ਚੰਗੀ ਲੱਗੀ ਹੈ। ਰੀਆ ਨੇ 'ਬੈਂਕ ਚੋਰ' ਤੋਂ ਇਲਾਵਾ 'ਹਾਫ਼ ਗਰਲਫਰੈਂਡ' ਫ਼ਿਲਮ ਵੀ ਕੀਤੀ ਹੈ। ਰਹੀ ਗੱਲ ਫਿੱਟ ਰਹਿਣ ਦੀ ਤਾਂ ਰੀਆ ਨੂੰ ਫਿਟਨੈੱਸ ਲਵਰ ਪਹਿਲਾਂ ਹੀ ਕਿਹਾ ਜਾਂਦਾ ਹੈ। ਰੀਆ ਨੇ ਪਹਿਲਾਂ ਆਪਣੇ ਨਾਂਅ ਦੇ ਅੱਖਰ ਬਦਲੇ ਸਨ ਪਰ ਸ਼ਾਇਦ ਉਸ ਦੀ ਤਕਦੀਰ ਰੀਆ ਨੂੰ ਰਿਆ ਰਹਿਣ ਨਾਲ ਹੀ ਬਦਲੀ ਹੈ। ਮਾਰਸ਼ਲ ਆਰਟ ਦੇ ਨਾਲ-ਨਾਲ ਰੀਆ ਨੂੰ ਕਿਤਾਬ ਲਿਖਣ ਦਾ ਸ਼ੌਕ ਵੀ ਪੈ ਗਿਆ ਹੈ। ਉਸ ਨੇ ਇਸ ਲਈ ਸਲੀਮ ਖ਼ਾਨ ਤੋਂ ਅਸ਼ੀਰਵਾਦ ਲਿਆ ਹੈ। ਰੀਆ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਮਾਰਸ਼ਲ ਆਰਟ ਸਿੱਖ ਰਹੀ ਹੈ, ਕਿਤਾਬ ਲਿਖਣਾ ਚਾਹੁੰਦੀ ਹੈ ਪਰ ਉਸ ਦੀ ਨਵੀਂ ਫ਼ਿਲਮ ਨੂੰ ਬਹੁਤ ਹੀ ਘੱਟ ਦਰਸ਼ਕ ਮਿਲੇ ਤਾਂ ਗੱਲ ਨੂੰ ਟਾਲਦਿਆਂ ਉਸ ਦਾ ਜਵਾਬ ਸੀ ਕਿ ਇਥੇ ਇਕ ਲੋਕਪ੍ਰਿਆ ਹੀਰੋ ਤੇ ਨਿਰਮਾਤਾ ਦੀ ਫ਼ਿਲਮ 'ਚ ਵਰਸੋਵਾ (ਮੁੰਬਈ) ਦੇ ਮਲਟੀਪਲੈਕਸ 'ਚ ਸਿਰਫ਼ ਗਿਆਰਾਂ ਵਿਅਕਤੀ ਸਨ ਤੇ ਉਹ ਵੀ ਨਿਰਮਾਤਾ ਦੇ ਰਿਸ਼ਤੇਦਾਰ ਤਾਂ ਉਹ ਕਿਹੜੀ ਆਪਣੇ-ਆਪ ਨੂੰ ਕਰੀਨਾ ਜਾਂ ਕੈਟਰੀਨਾ ਗਿਣਦੀ ਹੈ। ਰੀਆ ਚੱਕਰਵਰਤੀ ਇਸ ਘਾਟੇ-ਵਾਧੇ ਨੂੰ ਇਸ ਵਪਾਰ ਦਾ ਹਿੱਸਾ ਹੀ ਗਿਣਦੀ ਹੈ। ਰੀਆ ਚੱਕਰਵਰਤੀ ਜਾਣਦੀ ਹੈ ਕਿ ਦੋ ਫ਼ਿਲਮਾਂ ਦੀ ਅਸਫ਼ਲਤਾ ਤੇ ਫਿਰ ਚਰਚਾ 'ਚ ਰਹਿਣ ਲਈ ਕੋਈ ਨਾ ਕੋਈ ਮੁੱਦਾ ਹੋਣਾ ਜ਼ਰੂਰੀ ਹੈ।

ਸ਼ਾਹਿਦ ਕਪੂਰ

ਬੱਲੇ-ਬੱਲੇ, ਸ਼ਾਵਾ-ਸ਼ਾਵਾਵਿਆਹੇ ਜਾਣ ਤੋਂ ਬਾਅਦ ਸ਼ਾਹਿਦ ਕਪੂਰ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ਸ਼ਾਹਿਦ 'ਚ ਬਦਲਾਅ ਦੇਖੋ ਕਿ ਬੇਟੀ ਮੀਸ਼ਾ ਨੂੰ ਕੁੱਛੜ ਚੁੱਕ ਕੇ ਖਿਡਾਉਂਦਾ ਵੀ ਹੈ ਤੇ ਪਤਨੀ ਮੀਰਾ ਨੂੰ ਕਸਰਤ ਵੀ ਕਰਵਾਉਂਦਾ ਹੈ। ਧੀ ਤੇ ਪਤਨੀ ਪ੍ਰਤੀ ਲਗਾਅ ਬਦਲੇ ਹੋਏ ਸ਼ਾਹਿਦ ਦਾ ਨਵਾਂ ਰੂਪ ਹੈ। ਜ਼ਿੰਮੇਵਾਰ ਬਾਪ ਤੇ ਪਤਨੀ ਪ੍ਰੇਮੀ ਪਤੀ ਬਣਿਆ ਹੈ ਸ਼ਾਹਿਦ। ਸ਼ਾਹਿਦ ਦੀ ਸੋਚ ਦੂਰ ਦੀ ਹੈ ਕਿ ਪਤਨੀ ਮੀਰਾ ਨੂੰ ਹਿੰਦੀ ਫ਼ਿਲਮਾਂ ਦੇ ਮੈਦਾਨ 'ਚ ਖਿਡਾਰਨ ਬਣਾ ਉਤਾਰਿਆ ਜਾਵੇ। 'ਪਦਮਾਵਤੀ' ਫ਼ਿਲਮ ਲਈ ਸ਼ਾਹਿਦ ਕਪੂਰ ਦੀ ਕੀਤੀ ਮਿਹਨਤ ਲਈ ਹਰ ਕੋਈ ਉਸ ਦੀ ਪ੍ਰਸੰਸਾ ਕਰ ਰਿਹਾ ਹੈ। ਸ਼ਾਹਿਦ 'ਪਦਮਾਵਤੀ' 'ਚ ਦੀਪਿਕਾ ਤੇ ਰਣਵੀਰ ਸਿੰਘ 'ਤੇ ਭਾਰੂ ਪੈਣ ਜਾ ਰਿਹਾ ਹੈ। 'ਰਵਲ ਰਤਨ ਸਿੰਘ' ਦਾ ਚਰਿੱਤਰ 'ਪਦਮਾਵਤੀ' 'ਚ ਸ਼ਾਹਿਦ ਦਾ ਹੈ ਅਰਥਾਤ ਦੀਪਿਕਾ ਪਾਦੂਕੋਨ ਦੇ ਪਤੀ ਦਾ ਕਿਰਦਾਰ ਸ਼ਾਹਿਦ ਨੇ ਨਿਭਾਇਆ ਹੈ। ਸ਼ਾਹਿਦ ਭੁੱਲ ਗਿਆ ਹੈ ਕਿ 'ਰੰਗੂਨ' ਮਾਰ ਖਾ ਗਈ ਹੈ। ਸ਼ਾਹਿਦ ਨੂੰ 'ਪਦਮਾਵਤੀ' ਤੋਂ ਬਹੁਤ ਆਸ ਹੈ। ਪਤਨੀ ਮੀਰਾ ਰਾਜਪੂਤ ਭਵਿੱਖ ਦੀ ਸਟਾਰ ਅਭਿਨੇਤਰੀ ਨਜ਼ਰ ਆ ਰਹੀ ਹੈ। ਆਪ ਹਿੱਟ ਤੇ ਫਿੱਟ ਰਹਿਣ ਦੇ ਨਿਯਮ 'ਤੇ ਚਲ ਰਿਹਾ ਹੈ। ਇਕ ਨਵੇਂ ਸ਼ਾਹਿਦ ਕਪੂਰ ਨੂੰ ਅੱਜਕਲ੍ਹ ਸਿਨੇਮਾ ਦੀ ਦੁਨੀਆ ਤੱਕ ਰਹੀ ਹੈ।

ਨੇਹਾ ਸ਼ਰਮਾ

ਰਾਜਨੀਤੀ ਤੋਂ ਦੂਰ

ਬਿਹਾਰ ਦੇ ਕਾਂਗਰਸ ਵਿਧਾਇਕ ਅਸਿਤ ਸ਼ਰਮਾ ਦੀ ਬੇਟੀ ਨੇਹਾ ਸ਼ਰਮਾ ਚੋਟੀ ਦੀ ਮਾਡਲ ਵੀ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਸੋਨਾਕਸ਼ੀ ਸਿਨਹਾ ਦਾ ਨਾਤਾ ਵੀ ਬਿਹਾਰ ਨਾਲ ਹੈ ਤੇ ਉਸ ਦੇ ਪਿਤਾ ਸ਼ਤਰੂਘਨ ਸਿਨਹਾ 'ਬਿਹਾਰੀ ਬਾਬੂ' ਨਾਂਅ ਨਾਲ ਪ੍ਰਸਿੱਧ ਰਹੇ ਹਨ। ਹੁਣ ਬਿਹਾਰ ਦੀ ਹੀ ਨੇਹਾ, ਬਿਹਾਰ ਦੀ ਹੀ ਸੋਨਾਕਸ਼ੀ ਸਿਨਹਾ ਨਾਲ 'ਮੁਬਾਰਕਾਂ' 'ਚ ਆ ਰਹੀ ਹੈ। ਨੇਹਾ ਦੀ ਚਰਚਾ 'ਤੁਮ ਬਿਨ' ਨੇ ਸ਼ਾਇਦ ਉਸ ਕਦਰ ਨਹੀਂ ਸੀ ਕੀਤੀ ਜਿਸ ਕਦਰ ਵੈਸਟ ਇੰਡੀਜ਼ ਦੇ ਕ੍ਰਿਕਟਰ ਡਰੇਨ ਬਰਾਵੋ ਨਾਲ ਉਸ ਦੀ ਹੋਈ ਸੀ। ਨੇਹਾ ਨੇ ਕਈ ਫੋਟੋ ਸ਼ੈਸਨ ਵੀ ਕਰਵਾਏ ਤੇ ਭਾਰਤੀ ਬੈਂਕਾਂ ਨੂੰ ਚਾਹੀਦੇ ਵਿਜੈ ਮਾਲਿਆ ਦੇ ਕੈਲੰਡਰ ਦੀ ਮੁੱਖ ਮਾਡਲ ਬਣਨ ਵਾਲੀ ਨੇਹਾ ਦਾ ਕਹਿਣਾ ਹੈ ਕਿ ਇਹ ਉਸ ਦਾ ਕਿੱਤਾ ਹੈ। ਕਿੱਤੇ 'ਚ ਉਹ ਦੁਸ਼ਮਣ ਲਈ ਵੀ ਕੰਮ ਕਰੇਗੀ। ਖ਼ੈਰ, ਅਨੀਸ ਬਜ਼ਮੀ ਨੇ ਨੇਹਾ ਨੂੰ 'ਮੁਬਾਰਕਾਂ' ਨਾਲ ਚਮਕਣ ਦਾ ਮੌਕਾ ਦਿੱਤਾ ਹੈ। ਉਂਜ ਨੇਹਾ ਬਾਲੀਵੁੱਡ 'ਚ ਖ਼ੂਬਸੂਰਤੀ ਦੇ ਮਾਮਲੇ 'ਚ ਕਈਆਂ ਨੂੰ ਮਾਤ ਦਿੰਦੀ ਹੈ। ਨੇਹਾ ਨੇ ਹੁਣ ਨਵੀਆਂ ਤਸਵੀਰਾਂ ਵੀ ਖਿਚਵਾਈਆਂ ਹਨ। ਨੇਹਾ ਨੂੰ ਇਸ ਦਾ ਲਾਭ ਹੋ ਰਿਹਾ ਹੈ। ਭਾਵੇਂ ਨੇਹਾ ਰਾਜਨੀਤਕ ਪਰਿਵਾਰ ਤੋਂ ਹੈ ਪਰ ਉਹ ਗੱਲਾਂ 'ਮੁਬਾਰਕਾਂ' ਜਾਂ ਹੋਰ ਫ਼ਿਲਮਾਂ ਦੀਆਂ ਹੀ ਕਰਦੀ ਹੈ ਕਿਉਂਕਿ ਇਸ ਮਾਮਲੇ ਤੋਂ ਉਹ ਪਰ੍ਹੇ ਹੈ। ਹੋਰ ਤਾਂ ਹੋਰ ਉਸ ਨੂੰ ਕ੍ਰਿਕਟ ਦੀ ਖੇਡ ਦਾ ਵੀ ਗਿਆਨ ਨਹੀਂ ਨਹੀਂ ਹੈ। ਨੇਹਾ ਦੀ ਇਕ ਚੀਨੀ ਭਾਸ਼ਾ ਦੀ ਫ਼ਿਲਮ ਐਵਾਰਡ ਪ੍ਰਾਪਤ ਕਰ ਚੁੱਕੀ ਹੈ। 'ਹੇਰਾ-ਫੇਰੀ-3' ਵਾਲੀ ਨੇਹਾ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਬਰਾਬਰ ਹਨ ਕਿਉਂਕਿ ਕਲਾਕਾਰ ਲਈ ਸਾਰੇ ਇਕੋ ਜਿਹੇ ਹੁੰਦੇ ਹਨ। ਚਲੋ ਰਾਜਨੀਤੀ ਅਲੱਗ ਹੈ ਪਰ ਬੀ-ਟਾਊਨ ਦੀ ਕ੍ਰਿਕਟ 'ਚ ਪੂਰੀ ਦਿਲਚਸਪੀ ਹੈ। ਪਰ ਨੇਹਾ ਕਹਿੰਦੀ ਹੈ ਇਹ ਹੈਰਾਨੀ ਹੀ ਹੈ ਕਿ ਉਹ ਫੁੱਟਬਾਲ, ਹਾਕੀ, ਖੋ-ਖੋ ਕਿਸੇ ਖੇਡ ਸਬੰਧੀ ਨਹੀਂ ਜਾਣਦੀ। ਕਮਾਲ ਹੈ ਨੇਹਾ ਸਿਰਫ਼ ਫ਼ਿਲਮੀ ਖੇਡ ਹੀ ਜਾਣਦੀ ਹੈ। 'ਮੁਬਾਰਕਾਂ' ਇਸ ਬਿਹਾਰਨ ਕੁੜੀ ਨੂੰ, ਜਿਹੜੀ ਰਾਜਨੀਤਕ ਪਰਿਵਾਰ ਦੀ ਹੋ ਕੇ ਵੀ ਸੱਚ ਬੋਲਦੀ ਹੈ।


-ਸੁਖਜੀਤ ਕੌਰ

ਤਣਾਅ ਮੁਕਤ ਹੋਣ ਲਈ ਕਾਮੇਡੀ ਫ਼ਿਲਮ ਕਰ ਰਹੀ ਹਾਂ-ਤੱਬੂ

ਸ਼ਬਾਨਾ ਆਜ਼ਮੀ ਦੀ ਨੇੜਲੀ ਰਿਸ਼ਤੇਦਾਰ ਤੱਬੂ ਨੂੰ ਸ਼ਬਾਨਾ ਦੀ ਤਰ੍ਹਾਂ ਗੰਭੀਰ ਅਭਿਨੇਤਰੀ ਮੰਨਿਆ ਜਾਂਦਾ ਹੈ। 'ਮਾਚਿਸ', 'ਮਕਬੂਲ', 'ਹੈਦਰ', 'ਚਾਂਦਨੀ ਬਾਰ', 'ਦ੍ਰਿਸ਼ਮ' ਸਮੇਤ ਕਈ ਗੰਭੀਰ ਫ਼ਿਲਮਾਂ ਵਿਚ ਤੱਬੂ ਦਾ ਅਭਿਨੈ ਨਿੱਖਰ ਕੇ ਸਾਹਮਣੇ ਆਇਆ ਹੈ। ਗੰਭੀਰ ਫ਼ਿਲਮਾਂ ਨੂੰ ਤਵੱਜੋ ਦਿੰਦੀ ਆਈ ਤੱਬੂ ਨੇ ਜਦੋਂ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਫ਼ਿਲਮ 'ਗੋਲਮਾਲ ਅਗੇਨ' ਲਈ ਹਾਮੀ ਭਰੀ ਉਦੋਂ ਕਈਆਂ ਦਾ ਹੈਰਾਨ ਹੋਣਾ ਸੁਭਾਵਿਕ ਹੀ ਸੀ। ਇਸ ਕਾਮੇਡੀ ਫ਼ਿਲਮ ਬਾਰੇ ਆਪਣੇ ਵੱਲੋਂ ਸਫ਼ਾਈ ਦਿੰਦੇ ਹੋਏ ਇਹ ਨੈਸ਼ਨਲ ਐਵਾਰਡ ਜੇਤੂ ਹੀਰੋਇਨ ਕਹਿੰਦੀ ਹੈ, 'ਜਦੋਂ ਮੈਂ ਰੋਹਿਤ ਸ਼ੈਟੀ ਦੀ ਫ਼ਿਲਮ ਲਈ ਹਾਂ ਕਹੀ, ਉਦੋਂ ਕਈਆਂ ਨੇ ਇਹ ਕਿਹਾ ਕਿ ਇਸ ਕਾਮੇਡੀ ਫ਼ਿਲਮ ਵਿਚ ਵੀ ਮੇਰੀ ਗੰਭੀਰ ਭੂਮਿਕਾ ਹੋਵੇਗੀ। ਉਂਝ ਉਨ੍ਹਾਂ ਦਾ ਕਹਿਣਾ ਸਹੀ ਵੀ ਹੈ ਕਿਉਂਕਿ ਇਥੇ ਅਜੈ (ਦੇਵਗਨ), ਅਰਸ਼ਦ (ਵਾਰਸੀ), ਤੁਸ਼ਾਰ (ਕਪੂਰ), ਸ਼੍ਰੇਯਸ (ਤਲਪਦੇ) ਤੇ ਕੁਣਾਲ (ਕੇਮੂ) ਦੇ ਹਿੱਸੇ ਕਾਮੇਡੀ ਕਰਨਾ ਆਇਆ ਹੈ ਅਤੇ ਇਨ੍ਹਾਂ ਵਿਚਾਲੇ ਮੇਰੀ ਗੰਭੀਰ ਭੂਮਿਕਾ ਹੈ। ਰੋਹਿਤ ਸ਼ੈਟੀ ਦੇ ਨਾਲ ਇਹ ਮੇਰੀ ਪਹਿਲੀ ਫ਼ਿਲਮ ਹੈ। ਮੈਂ 'ਗੋਲਮਾਲ' ਲੜੀ ਦੀਆਂ ਫ਼ਿਲਮਾਂ ਦੇਖੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ਦਾ ਅਨੰਦ ਵੀ ਬਹੁਤ ਲਿਆ ਹੈ। ਬਹੁਤ ਹੱਸੀ ਵੀ ਹਾਂ ਇਨ੍ਹਾਂ ਫ਼ਿਲਮਾਂ ਨੂੰ ਦੇਖ ਕੇ। ਮੈਂ ਰੋਹਿਤ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ। ਸੋ ਹੁਣ ਮੈਂ ਇਸ ਫ਼ਿਲਮ ਵਿਚ ਹਾਂ।' ਕਾਮੇਡੀ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਤੱਬੂ ਕਹਿੰਦੀ ਹੈ, 'ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੈਂ ਕਾਮੇਡੀ ਫ਼ਿਲਮ ਵਿਚ ਕੰਮ ਕਰ ਰਹੀ ਹਾਂ। ਮੇਰੇ ਨਾਲ ਅਕਸਰ ਇਹ ਹੋਇਆ ਹੈ ਕਿ ਕਾਮੇਡੀ ਫ਼ਿਲਮਾਂ ਵਿਚ ਵੀ ਮੈਨੂੰ ਗੰਭੀਰ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। 'ਚਾਚੀ 420' ਹਲਕੇ ਫੁਲਕੇ ਮਿਜਾਜ਼ ਦੀ ਫ਼ਿਲਮ ਸੀ ਪਰ ਇਸ ਵਿਚ ਮੈਨੂੰ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਮਾਇਕੇ ਰਹਿ ਰਹੀ ਪਤਨੀ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਗੰਭੀਰ ਮੂਡ ਦੀ ਭੂਮਿਕਾ ਸੀ। 'ਹੇਰਾਫੇਰੀ' ਨੂੰ ਜ਼ਬਰਦਸਤ ਕਾਮੇਡੀ ਫ਼ਿਲਮ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਥੇ ਵੀ ਮੈਂ ਗੰਭੀਰ ਭੂਮਿਕਾ ਵਿਚ ਸੀ। 'ਬੀਬੀ ਨੰ: 1' ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਮਾਮਲਾ ਰਿਹਾ। ਕਾਮੇਡੀ ਫ਼ਿਲਮਾਂ ਵਿਚ ਵੀ ਮੈਨੂੰ ਗੰਭੀਰ ਭੂਮਿਕਾ 'ਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਗੰਭੀਰ ਭੂਮਿਕਾ ਕਰਕੇ ਮੇਰਾ ਮੂਡ ਵੀ ਗੰਭੀਰ ਬਣ ਜਾਂਦਾ ਹੈ। ਇਸ ਤਰ੍ਹਾਂ ਹੁਣ ਤਣਾਅ ਮੁਕਤ ਹੋਣ ਲਈ ਕਾਮੇਡੀ ਫ਼ਿਲਮ ਕਰ ਰਹੀ ਹਾਂ। ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਹਾਸਾ-ਮਜ਼ਾਕ ਦਾ ਮਾਹੌਲ ਬਣਿਆ ਰਹਿੰਦਾ ਹੈ। ਸੋ, ਕੰਮ ਕਰਕੇ ਮੂਡ ਵੀ ਤਾਜ਼ਾ ਹੋ ਜਾਂਦਾ ਹੈ। 'ਦ੍ਰਿਸ਼ਮ' ਤੋਂ ਬਾਅਦ ਤੱਬੂ ਇਸ ਫ਼ਿਲਮ ਵਿਚ ਅਜੈ ਦੇਵਗਨ ਦੇ ਨਾਲ ਹੈ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਤੱਬੂ ਨੇ ਅਜੈ ਦੇ ਨਾਲ 'ਵਿਜੈਪੱਥ' ਵਿਚ ਕੰਮ ਕੀਤਾ ਸੀ। ਅਜੈ ਦੇ ਨਾਲ ਆਪਣੀ ਦੋਸਤੀ ਬਾਰੇ ਉਹ ਕਹਿੰਦੀ ਹੈ, 'ਉਹ ਮੇਰੇ ਕਜ਼ਨ ਸਮੀਰ ਆਰੀਆ ਦਾ ਦੋਸਤ ਹੈ। ਇਸ ਕਰਕੇ ਮੈਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੀ ਹਾਂ।


-ਇੰਦਰਮੋਹਨ ਪੰਨੂੰ

ਅਮਾਇਰਾ ਦਸਤੂਰ : ਲੁੱਟ ਲਿਆ ਮੇਲਾ

ਜੈਕੀ ਚੇਨ ਨਾਲ 'ਕੁੰਗ ਫੂ ਯੋਗਾ' 'ਚ ਨਜ਼ਰ ਆਈ ਅਮਾਇਰਾ ਦਸਤੂਰ ਦੱਖਣੀ ਮੁੰਬਈ 'ਚ ਇਕ ਰੈਸਟੋਰੈਂਟ ਆਰੰਭ ਕਰ ਰਹੀ ਹੈ। ਅਮਾਇਰਾ ਦਾ ਇਹ ਖਾਣ-ਪੀਣ ਵਾਲਾ ਹੋਟਲ ਪਾਰਸੀ ਰੈਸਟੋਰੈਂਟ ਹੋਵੇਗਾ। ਕਾਲੇ ਪਹਿਰਾਵੇ 'ਚ ਅਮਾਇਰਾ ਦਾ ਨਵਾਂ ਫੋਟੋ ਸ਼ੈਸਨ ਅੱਜਕਲ੍ਹ ਚਰਚਾ ਵਿਚ ਹੈ। 'ਇਸ਼ਕ' ਨਾਲ ਪਰਦੇ 'ਤੇ ਆਈ ਅਮਾਇਰਾ ਅੱਜਕਲ੍ਹ ਮਨੀਸ਼ ਮਲਹੋਤਰਾ ਦੇ ਬਣਾਏ ਕੱਪੜੇ ਪਹਿਨ ਕੇ ਖੁਸ਼ ਹੈ। 'ਕਾਲਾਕੰਡੀ' ਫ਼ਿਲਮ ਉਸ ਨੂੰ ਸੈਫ਼ ਅਲੀ ਖ਼ਾਨ ਨਾਲ ਮਿਲੀ ਹੈ। ਅਮਾਇਰਾ ਕੋਲ ਦੱਖਣ ਦੀਆਂ ਵੀ ਫ਼ਿਲਮਾਂ ਹਨ। ਉਹ ਕਹਿ ਰਹੀ ਹੈ ਕਿ ਤਾਮਿਲ ਦਾ ਇਕ ਵੀ ਸ਼ਬਦ ਉਹ ਨਹੀਂ ਬੋਲ ਸਕਦੀ ਪਰ ਫ਼ਿਲਮਾਂ ਬਹੁਤ ਹਨ। ਇਹ ਹੈ ਕਿਸਮਤ ਪਾਰਸੀ ਰੈਸਟੋਰੈਂਟ, ਇਸ਼ਕ ਤੋਂ ਬਾਅਦ ਦੱਖਣ 'ਚ ਕੰਮ ਤੇ ਸੈਫ਼ ਨਾਲ ਫ਼ਿਲਮ ਤੋਂ ਬਾਅਦ ਇਮਰਾਨ ਹਾਸ਼ਮੀ ਨਾਲ ਇਕ ਫ਼ਿਲਮ 'ਮਿਸਟਰ ਐਕਸ' ਮਿਲ ਗਈ। ਅਮਾਇਰਾ ਨੇ ਦਿਨਾਂ 'ਚ ਹੀ ਬੱਲੇ-ਬੱਲੇ ਕਰਵਾ ਦਿੱਤੀ ਹੈ। 'ਮਿਸਟਰ ਐਕਸ' ਦਾ ਲਾਭ ਹੋਇਆ ਕਿ ਨਹੀਂ ਪਰ ਜੈਕੀ ਚੇਨ ਨਾਲ 'ਕੁੰਗ ਫੂ ਯੋਗਾ' ਨੇ ਅਮਾਇਰਾ ਨੂੰ ਬਾਲੀਵੁੱਡ 'ਚ ਵਧੀਆ ਥਾਂ 'ਤੇ ਫਿੱਟ ਕਰ ਦਿੱਤਾ ਹੈ। ਪ੍ਰਤੀਕ ਬੱਬਰ ਤੇ ਇਮਰਾਨ ਹਾਸ਼ਮੀ ਤੇ ਫਿਰ ਸੈਫ਼ ਅਲੀ, ਜੈਕੀ ਚੇਨ ਜ਼ਾਹਿਰ ਹੈ ਕਿ ਅਮਾਇਰਾ ਦਸਤੂਰ ਨੇ ਬਾਲੀਵੁੱਡ ਦਾ ਮੇਲਾ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਰੈਸਟੋਰੈਂਟ ਵੀ ਚਲ ਗਿਆ ਤਾਂ ਦੋਵੇਂ ਪਾਸੇ ਅਮਾਇਰਾ ਨੂੰ ਮੌਜਾਂ ਹੀ ਮੌਜਾਂ...।

ਦਿਲਜੀਤ ਦੋਸਾਂਝ ਹੁਣ ਸੰਦੀਪ ਸਿੰਘ ਦੀ ਭੂਮਿਕਾ ਵਿਚ

ਪ੍ਰਿਅੰਕਾ ਚੋਪੜਾ ਤੇ ਅਨੁਸ਼ਕਾ ਸ਼ਰਮਾ ਤੋਂ ਪ੍ਰੇਰਿਤ ਹੋ ਕੇ ਹੁਣ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਵੀ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਪਣਾ ਆਗਮਨ ਕਰ ਲਿਆ ਹੈ। ਉਹ ਨਾਮੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੀ ਹੈ ਅਤੇ ਇਸ ਵਿਚ ਸੰਦੀਪ ਸਿੰਘ ਦੀ ਭੂਮਿਕਾ ਲਈ ਦਿਲਜੀਤ ਦੋਸਾਂਝ ਨੂੰ ਕਰਾਰਬੱਧ ਕਰ ਲਿਆ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਨ ਸ਼ਾਦ ਅਲੀ। ਸੰਦੀਪ ਸਿੰਘ ਦੀ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਏ ਹਨ। ਉਹ ਜਦੋਂ ਜਰਮਨੀ ਵਿਚ ਆਯੋਜਿਤ ਹੋਏ ਹਾਕੀ ਵਰਲਡ ਕੱਪ ਵਿਚ ਹਿੱਸਾ ਲੈਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਦੋਂ ਦੋ ਦਿਨ ਪਹਿਲਾਂ ਹੀ ਸ਼ਤਾਬਦੀ ਐਕਸਪ੍ਰੈੱਸ ਵਿਚ ਸਫ਼ਰ ਦੌਰਾਨ ਉਨ੍ਹਾਂ ਨੂੰ ਅਚਾਨਕ ਗੋਲੀ ਲਗ ਗਈ ਸੀ। ਉਦੋਂ ਉਨ੍ਹਾਂ ਦਾ ਕੈਰੀਅਰ ਖ਼ਤਮ ਮੰਨਿਆ ਜਾ ਰਿਹਾ ਸੀ ਪਰ ਸੰਦੀਪ ਨੇ ਹਾਕੀ ਟੀਮ ਵਿਚ ਆਪਣੀ ਵਾਪਸੀ ਕਰਕੇ ਦਿਖਾ ਦਿੱਤਾ ਸੀ ਕਿ ਉਹ ਕਿਸ ਜੁਝਾਰੂ ਕਿਸਮ ਦੇ ਖਿਡਾਰੀ ਹਨ।
ਕੇਸ਼ਵ ਹੇਡਗੇਵਾਰ 'ਤੇ ਫ਼ਿਲਮ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਕੇਸ਼ਵ ਹੇਡਗੇਵਾਰ ਦੇ ਜੀਵਨ ਪ੍ਰਸੰਗਾਂ ਨੂੰ ਦਿਖਾਉਂਦੀ ਫ਼ਿਲਮ 'ਭਗਵਾ' ਦਾ ਐਲਾਨ ਮੁੰਬਈ ਵਿਚ ਕੀਤਾ ਗਿਆ। ਇਸ ਦਾ ਨਿਰਮਾਣ ਅਨਿਲ ਮੁਰਾਰਕਾ ਤੇ ਮਨੀਸ਼ ਮੁਰਾਰਕਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਏ. ਆਰ. ਸਰਕਾਰ। ਫ਼ਿਲਮ ਲਈ ਕਲਾਕਾਰਾਂ ਦੀ ਚੋਣ ਜਾਰੀ ਹੈ ਅਤੇ ਇਸ ਦੀ ਸ਼ੂਟਿੰਗ ਜਨਵਰੀ ਵਿਚ ਸ਼ੁਰੂ ਹੋਵੇਗੀ। ਇਸ ਦੀ ਜ਼ਿਆਦਾਤਰ ਸ਼ੂਟਿੰਗ ਨਾਗਪੁਰ ਵਿਚ ਹੋਵੇਗੀ।

ਸ਼ਾਹਰੁਖ ਖ਼ਾਨ ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬੀਆਂ ਦੇ ਖ਼ੁਸ਼ ਰਹਿਣ ਤੇ ਖੁੱਲ੍ਹੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹਾਂ-ਸ਼ਾਹਰੁਖ ਖ਼ਾਨ

ਬੀਤੇ ਦਿਨੀਂ ਪ੍ਰਸਿੱਧ ਫ਼ਿਲਮੀ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ 'ਜਬ ਹੈਰੀ ਮੈਟ ਸੇਜਲ' ਦੇ ਪ੍ਰਚਾਰ ਲਈ ਜਲੰਧਰ ਆਏ ਤਾਂ ਉਨ੍ਹਾਂ 'ਅਜੀਤ ਵੈੱਬ ਟੀ.ਵੀ.' ਨਾਲ ਮੁਲਾਕਾਤ ਲਈ ਉਚੇਚੇ ਤੌਰ 'ਤੇ ਸਮਾਂ ਕੱਢਿਆ। ਉਨ੍ਹਾਂ ਦੇ ਬਾਲੀਵੁੱਡ ਦੇ ਫ਼ਿਲਮੀ ਸਫ਼ਰ, ਪੰਜਾਬ ਨਾਲ ਉਨ੍ਹਾਂ ਦੀ ਸਾਂਝ ਅਤੇ ਉਨ੍ਹਾਂ ਦੀ ਆ ਰਹੀ ਫ਼ਿਲਮ 'ਜਬ ਹੈਰੀ ਮੈਟ ਸੇਜਲ' ਬਾਰੇ ਸਾਡੀ ਪ੍ਰਤੀਨਿਧ ਤਰਨਜੀਤ ਕੌਰ ਨੇ ਗੱਲਬਾਤ ਕੀਤੀ, ਜਿਸ ਦੇ ਪ੍ਰਮੁੱਖ ਅੰਸ਼ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।
* ਸ਼ਾਹਰੁਖ ਜੀ ਤੁਸੀਂ ਪੰਜਾਬ ਆਏ, ਸਾਡੇ ਵੈੱਬ ਟੀ.ਵੀ. ਲਈ ਸਮਾਂ ਕੱਢਿਆ, ਧੰਨਵਾਦ। ਤੁਹਾਡੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ਵਿਚ ਹੁੰਦੀ ਰਹੀ ਹੈ। ਜਿਵੇਂ 'ਡੀ.ਡੀ. ਐਲ.ਜੇ.', 'ਰੱਬ ਨੇ ਬਨਾ ਦੀ ਜੋੜੀ' ਤੇ ਹੁਣ ਆ ਰਹੀ ਹੈ 'ਜਬ ਹੈਰੀ ਮੈਟ ਸੇਜਲ', ਕਿਵੇਂ ਦਾ ਰਿਸ਼ਤਾ ਮਹਿਸੂਸ ਕਰਦੇ ਹੋ ਤੁਸੀਂ ਪੰਜਾਬ ਨਾਲ?
-ਪੰਜਾਬ ਵਿਚ ਮੇਰੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ। ਪੰਜਾਬ ਨਾਲ ਮੇਰਾ ਜਿਸ ਤਰ੍ਹਾਂ ਦਾ ਰਿਸ਼ਤਾ ਹੈ, ਮੈਂ ਬੋਲ ਕੇ ਨਹੀਂ ਦਸ ਸਕਦਾ। ਉਂਜ ਮੈਂ ਦਿੱਲੀ ਦਾ ਹਾਂ। ਜਿਸ ਕਾਲੋਨੀ ਵਿਚ ਮੈਂ ਰਹਿੰਦਾ ਸੀ, ਉਥੇ ਬਹੁਤੇ ਪੰਜਾਬੀ ਆਂਟੀ-ਅੰਕਲ ਹੀ ਰਹਿੰਦੇ ਸੀ। ਕਹਿ ਸਕਦੇ ਹਾਂ ਕਿ ਉਹ ਕਾਲੋਨੀ ਪੰਜਾਬੀਆਂ ਦੀ ਹੀ ਸੀ। ਉਂਜ ਵੀ ਜਿੰਨੇ ਕੁ ਪੰਜਾਬੀ ਪੰਜਾਬ ਵਿਚ ਹਨ, ਓਨੇ ਤਾਂ ਦਿੱਲੀ ਵਿਚ ਵੀ ਰਹਿੰਦੇ ਹਨ। ਮੇਰੀ ਪਤਨੀ ਹੁਸ਼ਿਆਰਪੁਰ ਦੀ ਹੈ। ਸੋ, ਮੇਰਾ ਪੰਜਾਬ ਨਾਲ ਬੜਾ ਡੂੰਘਾ ਰਿਸ਼ਤਾ ਹੈ। ਮੈਂ ਆਪਣੇ-ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਪੰਜਾਬ ਨਾਲ ਜੁੜੇ ਵਿਸ਼ਿਆਂ ਵਾਲੀਆਂ ਫ਼ਿਲਮਾਂ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਜਿਵੇਂ 'ਵੀਰਜ਼ਾਰਾ' ਤੇ 'ਜਬ ਹੈਰੀ ਮੈਟ ਸੇਜਲ' ਆਦਿ। ਮੈਂ ਪੰਜਾਬ ਦੇ ਸੱਭਿਆਚਾਰ ਨੂੰ ਕਾਫੀ ਜਾਣਦਾ ਹਾਂ ਪਰ ਇਹ ਨਹੀਂ ਦਾਅਵਾ ਕਰਦਾ ਕਿ ਮੈਂ ਪੰਜਾਬ ਦੀ ਹਰ ਰਵਾਇਤ ਜਾਂ ਸੱਭਿਆਚਾਰ ਦੇ ਹਰ ਪੱਖ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਲੋਕਾਂ 'ਚੋਂ ਹਾਂ ਜੋ ਪੰਜਾਬ ਬਾਰੇ ਜਾਣਦੇ ਹਨ, ਪੰਜਾਬ ਦੀ ਹਰ ਗੱਲ ਤੋਂ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਦੇਖ ਕੇ ਚੰਗਾ ਲਗਦਾ ਹੈ। ਚਾਹੇ ਉਨ੍ਹਾਂ ਦਾ ਖਾਣਾ ਹੋਵੇ, ਗਾਣਾ ਹੋਵੇ ਜਾਂ ਵਜਾਣਾ ਹੋਵੇ, ਹਰ ਵੇਲੇ ਖੁਸ਼ ਰਹਿੰਦੇ ਹਨ ਪੰਜਾਬ ਦੇ ਲੋਕ। ਮੈਂ ਦੇਖਿਆ ਹੈ ਕਿ ਜਦ ਵੀ ਕਿਸੇ ਫ਼ਿਲਮ ਵਿਚ ਪੰਜਾਬ ਨਾਲ ਸਬੰਧਤ ਕੋਈ ਪੋਰਸ਼ਨ (ਹਿੱਸਾ) ਆਉਂਦਾ ਹੈ ਤਾਂ ਉਹ ਖੁਸ਼ੀ ਦਾ ਹੀ ਹਿੱਸਾ ਹੁੰਦਾ ਹੈ। ਸੋ, ਇਥੋਂ ਦੇ ਲੋਕ ਬਹੁਤ ਖ਼ੁਸ਼ਹਾਲ ਹਨ, ਬਹੁਤ ਖ਼ੁਸ਼ ਰਹਿਣ ਵਾਲੇ ਹਨ।
* ਬਾਲੀਵੁੱਡ 'ਚ ਤੁਸੀਂ ਲੰਬਾ ਸਫ਼ਰ ਤੈਅ ਕੀਤਾ ਹੈ। 'ਦੀਵਾਨਾ' ਤੋਂ ਲੈ ਕੇ 'ਜਬ ਹੈਰੀ ਮੈਟ ਸੇਜਲ' ਤੱਕ। ਇਸ ਸਮੇਂ ਦੌਰਾਨ ਤੁਸੀਂ ਕੀ ਤਬਦੀਲੀ ਮਹਿਸੂਸ ਕੀਤੀ ਹੈ?
-ਬਹੁਤ ਵੱਡਾ ਸਵਾਲ ਹੈ ਇਹ। ਬਾਲੀਵੁੱਡ ਵਿਚ ਬਹੁਤ ਕੁਝ ਬਦਲਿਆ ਹੈ। ਕਈ ਚੀਜ਼ਾਂ ਤਾਂ ਬਿਲਕੁਲ ਸਾਹਮਣੇ ਹਨ। ਜਿਵੇਂ ਕਲਾਕਾਰ ਬਦਲ ਗਏ, ਤਕਨਾਲੋਜੀ ਬਦਲ ਗਈ ਹੈ, ਕੰਮ ਕਰਨ ਦਾ ਤਰੀਕਾ ਬਦਲ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ 10-15 ਸਾਲ ਬਾਅਦ ਇਕ ਨਵੀਂ ਪੀੜ੍ਹੀ ਆ ਜਾਂਦੀ ਹੈ। ਉਨ੍ਹਾਂ ਦੀ ਸਮਝ ਅਲੱਗ ਹੁੰਦੀ ਹੈ, ਉਨ੍ਹਾਂ ਦੀ ਭਾਸ਼ਾ ਅਲੱਗ ਹੁੰਦੀ ਹੈ, ਉਨ੍ਹਾਂ ਦੇ ਸੋਚਣ ਦਾ ਢੰਗ ਅਲੱਗ ਹੁੰਦਾ ਹੈ। ਜੇ ਮੈਂ 10-10 ਸਾਲ ਦਾ ਵਕਫ਼ਾ ਲਵਾਂ ਤਾਂ ਮੇਰੇ ਹੁੰਦਿਆਂ ਤਿੰਨ ਪੀੜ੍ਹੀਆਂ ਬਦਲ ਚੁੱਕੀਆਂ ਹਨ। ਦਰਸ਼ਕਾਂ 'ਚ ਮੈਂ ਪ੍ਰਸੰਗਕ ਰਹਿਣ ਲਈ ਲਗਾਤਾਰ ਥੀਏਟਰ ਕਰ ਰਿਹਾ ਹਾਂ। ਮੈਂ ਉਨ੍ਹਾਂ ਦੀ ਪਸੰਦ ਨੂੰ ਸਮਝਣ/ਸਿੱਖਣ ਦਾ ਯਤਨ ਕਰਦਾ ਹਾਂ ਤੇ ਉਨ੍ਹਾਂ ਦੀ ਪਸੰਦ ਨੂੰ ਆਪਣੀ ਪਸੰਦ ਬਣਾਉਣ ਦਾ ਯਤਨ ਕਰਦਾ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਦਰਸ਼ਕਾਂ ਨੂੰ ਲੁਭਾਅ ਸਕਾਂ, ਉਨ੍ਹਾਂ ਨਾਲ ਪਿਆਰ ਜਤਾ ਸਕਾਂ, ਮੈਂ 30 ਸਾਲ ਤੋਂ ਫਿਲਮਾਂ ਨਾਲ ਜੁੜਿਆ ਹੋਇਆ ਹਾਂ ਤੇ ਮੈਨੂੰ 30 ਸਾਲ ਤੋਂ ਲੋਕ ਪਿਆਰ ਕਰ ਰਹੇ ਹਨ। ਸੋ, ਮੈਨੂੰ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਤੇ ਦਿਲੀ ਖ਼ੁਸ਼ੀ ਹੁੰਦੀ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਨ੍ਹਾਂ ਸਭ ਲੋਕਾਂ ਦਾ ਇੰਟਰਟੇਨਮੈਂਟ ਕਰ ਸਕਾਂ। ਨਿਰਮਾਤਾ ਬਦਲ ਗਏ ਪਰ ਉਹ ਗੱਲ ਨਹੀਂ ਬਦਲੀ। 'ਜਬ ਹੈਰੀ ਮੈਟ ਸੇਜਲ' ਇਕ ਪ੍ਰੇਮ ਕਹਾਣੀ ਹੈ। ਮੈਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਕੀਤੀਆਂ ਹਨ ਪਰ ਇਸ ਫ਼ਿਲਮ ਦੀ ਭਾਸ਼ਾ ਅਲੱਗ ਹੈ ਕਿਉਂਕਿ ਇਮਤਿਆਜ਼ ਦੂਜੀ ਜਨਰੇਸ਼ਨ ਦੇ ਨਿਰਦੇਸ਼ਕ ਹਨ। ਉਨ੍ਹਾਂ ਦਾ ਲਿਖਣਾ ਅਲੱਗ ਹੈ, ਉਨ੍ਹਾਂ ਦਾ ਸਮਝਣਾ ਅਲੱਗ ਤਰੀਕੇ ਦਾ ਹੈ, ਮੈਂ ਉਮੀਦ ਕਰਦਾ ਹਾਂ ਕਿ ਮੈਂ ਵੀ ਪ੍ਰਸੰਗਕ ਰਹਾਂ ਤੇ ਉਹ ਵੀ ਰੈਲੀਵੈਂਟ ਰਹਿਣ। ਜਿਸ ਨਾਲ ਦਰਸ਼ਕਾਂ ਨੂੰ ਲਗਦਾ ਰਹੇ ਕਿ ਅਸੀਂ ਉਨ੍ਹਾਂ ਦੀ ਹਰ ਗੱਲ ਨੂੰ ਸਮਝ ਰਹੇ ਹਾਂ, ਉਨ੍ਹਾਂ ਦੀ ਭਾਸ਼ਾ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਦਰਸ਼ਕ ਦੋ ਢਾਈ ਘੰਟੇ ਫ਼ਿਲਮ ਦਾ ਆਨੰਦ ਮਾਣ ਸਕਣ।
* ਇਮਤਿਆਜ਼ ਜੀ ਦੀਆਂ ਫ਼ਿਲਮਾਂ ਜਰਨੀ ਬੇਸਡ ਹੁੰਦੀਆਂ ਹਨ। ਇਸ ਫ਼ਿਲਮ 'ਚ ਉਨ੍ਹਾਂ ਨੇ ਕਿਸ ਤਰ੍ਹਾਂ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ?
-ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਇਹ ਸਮਝ ਆਈ ਹੈ ਕਿ ਕਿਤੇ ਨਾ ਕਿਤੇ ਉਹ ਜ਼ਿੰਦਗੀ ਨੂੰ ਇਕ ਸਫ਼ਰ ਮੰਨਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਅਹਿਮ ਗੱਲ ਇਹ ਨਹੀਂ ਹੁੰਦੀ ਕਿ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚੀਏ ਸਗੋਂ ਉਨ੍ਹਾਂ ਲਈ ਅਹਿਮ ਗੱਲ ਇਹ ਹੁੰਦੀ ਹੈ ਕਿ ਸਫ਼ਰ ਵਧੀਆ ਕਿਵੇਂ ਗੁਜ਼ਰੇ। ਜੀਵਨ ਵਿਚ ਵੀ ਜਰਨੀ ਦਾ ਐਲੀਮੈਂਟ ਜ਼ਰੂਰ ਆਉਂਦਾ ਹੈ। ਇਹ ਜਰਨੀ ਬਹੁਤ ਵੱਡੀ ਹੈ। ਫ਼ਿਲਮ ਵਿਚ ਵੀ ਉਹ ਅਜਿਹਾ ਦਿਖਾਉਂਦੇ ਹਨ। ਇਨਸਾਨਾਂ ਨਾਲ ਵੀ ਇਵੇਂ ਹੀ ਹੁੰਦਾ ਹੈ। ਫਿਜ਼ੀਕਲੀ ਉਹ ਵੱਖ-ਵੱਖ ਥਾਵਾਂ 'ਤੇ ਜਾ ਰਹੇ ਹੁੰਦੇ ਹਨ। ਵੱਖ-ਵੱਖ ਪੜਾਵਾਂ ਵਿਚੀਂ ਗੁਜ਼ਰਦੇ ਹਨ, ਅਲੱਗ-ਅਲੱਗ ਚੀਜ਼ਾਂ ਬਾਰੇ ਸੋਚਦੇ ਹਨ, ਅਲੱਗ-ਅਲੱਗ ਚੀਜ਼ਾਂ ਦੇਖਦੇ ਹਨ, ਸਮਝਦੇ ਹਨ ਤੇ ਅਲੱਗ-ਅਲੱਗ ਹੀ ਅਹਿਸਾਸ ਕਰਦੇ ਹਨ। ਫ਼ਿਲਮ ਵਿਚ ਇਹੀ ਸਭ ਚੀਜ਼ਾਂ ਹਨ। ਜ਼ਿੰਦਗੀ ਦੇ ਸਫ਼ਰ ਵਿਚ ਮਿਲ ਜਾਂਦੇ ਹਨ ਚੰਗੇ ਦੋਸਤ, ਮੁਕਾਮ ਜੇਕਰ ਅਸੀਂ ਉਨ੍ਹਾਂ ਨੂੰ ਪਕੜ ਲਈਏ, ਜਕੜ ਲਈਏ, ਕਿਉਂਕਿ ਉਹ ਫਿਰ ਨਹੀਂ ਆਉਂਦੇ, ਇਹੀ ਕਾਨਸੈਪਟ ਸਦਾ ਰਹਿੰਦਾ ਹੈ। ਇਹ ਮਨੋਰੰਜਕ ਫ਼ਿਲਮ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਸ ਦਾ ਨਿਚੋੜ ਉਹੀ ਹੈ। ਇਸ ਵਿਚ ਹਾਸਾ ਹੈ, ਮਜ਼ਾਕ ਹੈ, ਨੋਕ-ਝੋਕ ਹੈ, ਫੀਲਿੰਗ ਚੰਗੀ ਹੈ। ਦੋ ਅਲੱਗ-ਅਲੱਗ ਕਿਰਦਾਰ ਹਨ।
* ਤੁਸੀਂ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਪਰ ਇਮਤਿਆਜ਼ ਅਲੀ ਨਾਲ ਪਹਿਲੀ ਵਾਰੀ ਫ਼ਿਲਮ ਕਰ ਰਹੋ ਹੋ। ਕਿਹੋ ਜਿਹਾ ਅਨੁਭਵ ਰਿਹਾ, ਉਨ੍ਹਾਂ ਨਾਲ ਕੰਮ ਕਰਨ ਦਾ?
-ਇਮਤਿਆਜ਼ ਜੀ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ। ਉਨ੍ਹਾਂ ਨੇ ਮੈਨੂੰ ਆਪਣੀਆਂ ਫ਼ਿਲਮਾਂ ਦੀਆਂ ਕਹਾਣੀਆਂ ਸੁਣਾਈਆਂ ਤੇ ਰਾਇ ਵੀ ਪੁੱਛਦੇ ਰਹਿੰਦੇ ਸਨ। ਪਰ ਡੇਢ ਕੁ ਸਾਲ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਮੇਰੇ ਨਾਲ ਫ਼ਿਲਮ ਬਣਾਉਣਾ ਚਾਹੁੰਦੇ ਹਨ। ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਮੈਂ ਕਿਸੇ ਨਿਰਦੇਸ਼ਕ ਨੂੰ ਉਦੋਂ ਤੱਕ ਫ਼ਿਲਮ ਬਣਾਉਣ ਬਾਰੇ ਆਪ ਨਾ ਕਹਾਂ, ਜਦ ਤੱਕ ਨਿਰਦੇਸ਼ਕ ਮੈਨੂੰ ਆਪ ਕਿਸੇ ਕਿਰਦਾਰ ਵਿਚ ਨਾ ਦੇਖੇ। ਇਸ ਤਰ੍ਹਾਂ ਹੀ ਮੇਰਾ ਉਨ੍ਹਾਂ ਨਾਲ ਕੰਮ ਕਰਨਾ ਬਿਹਤਰੀਨ ਰਹੇਗਾ, ਕਿਉਂਕਿ ਨਿਰਦੇਸ਼ਕ ਫ਼ਿਲਮ ਦਾ ਲੀਡਰ ਹੁੰਦਾ ਹੈ। ਡੇਢ ਕੁ ਸਾਲ ਪਹਿਲਾਂ ਇਮਤਿਆਜ਼ ਮੇਰੇ ਕੋਲ ਆਏ ਤੇ ਕਹਿਣ ਲੱਗੇ ਇਕ ਛੋਟੀ ਜਿਹੀ ਕਹਾਣੀ ਹੈ, ਪਰ ਇਸ ਵਿਚ ਬੜੀ ਡੁੰਘਾਈ ਹੈ। ਮੈਂ ਕਿਹਾ ਕੋਸ਼ਿਸ਼ ਕਰਦੇ ਹਾਂ। 15-20 ਮਿੰਟ ਸੁਣਿਆ। ਉਸ ਵਿਚ ਇਕ ਲਾਈਨ ਸੀ ਕਿ ਪੰਜਾਬੀ ਗਾਇਕ ਉੱਚਾ ਕਿਉਂ ਗਾਉਂਦੇ ਹਨ। ਕਿਉਂਕਿ ਉਹ ਕਿਸਾਨ ਹੁੰਦੇ ਹਨ। ਕਿਸਾਨ ਟਰੈਕਟਰ 'ਤੇ ਬੈਠ ਕੇ ਟਰੈਕਟਰ ਦੀ ਆਵਾਜ਼ ਤੋਂ ਉੱਚੀ ਆਵਾਜ਼ ਸੁਣਨ ਲਈ ਗਾਉਂਦੇ ਹਨ। ਮੈਨੂੰ ਇਹ ਵਿਚਾਰ ਬਹੁਤ ਚੰਗਾ ਲੱਗਾ ਕਿਉਂਕਿ ਇਹ ਜੋ ਖੁੱਲ੍ਹਾਪਨ ਹੈ ਇਹ ਪੰਜਾਬ ਦੇ ਲੋਕਾਂ 'ਚ ਖਾਸ ਗੁਣ ਹੈ। ਇਹ ਖੁੱਲ੍ਹ ਕੇ ਜ਼ਿੰਦਗੀ ਜਿਊਂਦੇ ਹਨ। ਮੈਨੂੰ ਇਹ ਆਈਡੀਆ ਚੰਗਾ ਲੱਗਾ। ਫ਼ਿਲਮ 'ਚ ਹਾਂ-ਪੱਖੀ ਸੋਚ ਹੈ, ਦੇਸ਼, ਪੰਜਾਬ ਤੇ ਮਿੱਟੀ ਬਾਰੇ ਕਹਾਣੀ ਹੈ। ਇਸ ਫ਼ਿਲਮ ਦਾ ਸੈੱਟ ਯੂਰਪ 'ਚ ਲਗਦਾ ਹੈ ਪਰ ਬਾਕੀ ਸਾਰੀਆਂ ਗੱਲਾਂ ਹਿੰਦੁਸਤਾਨ ਦੀਆਂ ਹਨ। ਬੜਾ ਦਿਲਚਸਪ ਕੰਬੀਨੇਸ਼ਨ ਹੈ।
* ਹੈਰੀ ਦਾ ਕਰੈਕਟਰ ਤੁਹਾਡੇ ਕਿੰਨਾ ਨੇੜੇ ਹੈ?
-ਹੈਰੀ ਬੜਾ ਨੌਟੀ ਕਰੈਕਟਰ ਹੈ। ਇਮਾਨਦਾਰ ਹੈ, ਔਰਤਾਂ ਦੀ ਇੱਜ਼ਤ ਕਰਨ ਵਾਲਾ ਹੈ। ਜਿਹੜੀ ਜ਼ਿੰਦਗੀ ਜਿਊਂਦਾ ਹੈ, ਉਹ ਬਹੁਤ ਚੰਗੀ ਹੈ। ਬੜਾ ਤਮੀਜ਼ਦਾਰ ਹੈ, ਉਸ ਵਿਚ ਬੜੀ ਜੈਂਟਲਨੈੱਸ ਹੈ, ਔਰਤਾਂ ਪ੍ਰਤੀ ਖ਼ਾਸ ਕਰਕੇ। ਇਹੀ ਇਕ ਚੀਜ਼ ਹੈ ਜੋ ਮੇਰੇ ਵਿਚ ਵੀ ਹੈ।


-ਅ. ਬ.

ਬਦਲੇ-ਬਦਲੇ ਨਜ਼ਰ ਆ ਰਹੇ ਹਨ ਗਣੇਸ਼ ਅਚਾਰੀ

ਆਨ੍ਰਿਤ ਨਿਰਦੇਸ਼ਕ ਗਣੇਸ਼ ਅਚਾਰੀਆ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਗੁਜਰਾਤ ਸਥਿਤ ਹਿਲ ਸਟੇਸ਼ਨ ਸਾਪੁਤਾਰਾ ਵਿਚ ਫ਼ਿਲਮ 'ਅਨਾਮ' ਦੇ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਉਥੇ ਅਰਮਾਨ ਕੋਹਲੀ ਅਤੇ ਆਇਸ਼ਾ ਜੁਲਕਾ ਨੂੰ ਡਾਂਸ ਸਟੈੱਪ ਸਮਝਾਉਂਦੇ ਗਣੇਸ਼ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਉਦੋਂ ਵੀ ਉਹ ਨ੍ਰਿਤ ਨਿਰਦੇਸ਼ਕ ਦੇ ਤੌਰ 'ਤੇ ਮੋਟੇ ਨਜ਼ਰ ਆ ਰਹੇ ਸਨ। ਬਾਅਦ ਵਿਚ ਜਦੋਂ-ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ, ਉਹ ਹਰ ਵਾਰ ਹੋਰ ਮੋਟੇ ਹੋਏ ਨਜ਼ਰ ਆਏ। ਇਧਰ-ਬਤੌਰ ਨ੍ਰਿਤ ਨਿਰਦੇਸ਼ਕ ਉਨ੍ਹਾਂ ਦੇ ਗੀਤਾਂ ਦੀ ਗਿਣਤੀ ਵਧਣ ਲੱਗੀ ਤਾਂ ਨਾਲ ਹੀ ਉਨ੍ਹਾਂ ਦੇ ਲੱਕ ਦਾ ਘੇਰਾ ਵੀ ਵਧਣ ਲੱਗਿਆ ਅਤੇ ਉਹ ਦੋ ਸੌ ਕਿਲੋ ਦਾ ਅੰਕੜਾ ਪਾਰ ਕਰ ਗਏ। ਇਹ ਗੱਲ ਵੱਖਰੀ ਹੈ ਕਿ ਏਨੇ ਭਾਰੇ ਸਰੀਰ ਦੇ ਬਾਵਜੂਦ ਇਸ ਦਾ ਅਸਰ ਉਨ੍ਹਾਂ ਦੇ ਨ੍ਰਿਤ ਕੌਸ਼ਲ 'ਤੇ ਨਹੀਂ ਦਿਸਿਆ ਅਤੇ ਉਹ ਨੈਸ਼ਨਲ ਐਵਾਰਡ ਜਿੱਤਣ ਵਿਚ ਵੀ ਕਾਮਯਾਬ ਰਹੇ।
ਇਨ੍ਹੀਂ ਦਿਨੀਂ ਗਣੇਸ਼ ਆਪਣੇ ਗੀਤਾਂ ਨੂੰ ਲੈ ਕੇ ਨਹੀਂ ਪਰ ਆਪਣੇ ਵੱਲੋਂ ਘਟਾਏ ਗਏ ਵਜ਼ਨ ਨੂੰ ਲੈ ਕੇ ਬਾਲੀਵੁੱਡ ਵਿਚ ਚਰਚਾ ਵਿਚ ਹਨ। ਉਨ੍ਹਾਂ ਨੇ ਆਪਣਾ ਵਜ਼ਨ 85 ਕਿਲੋ ਘੱਟ ਕਰ ਲਿਆ ਹੈ। ਪਹਿਲਾਂ ਦੇ ਮੁਕਾਬਲੇ ਨੌਜਵਾਨ ਅਤੇ ਜ਼ਿਆਦਾ ਚੁਸਤ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ, 'ਮੈਂ ਮੰਨਦਾ ਹਾਂ ਕਿ ਭਾਰੀ ਸਰੀਰ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ। ਮੈਂ ਖ਼ੁਦ ਵੀ ਆਪਣਾ ਵਜ਼ਨ ਘਟਾਉਣਾ ਚਾਹੁੰਦਾ ਸੀ ਪਰ ਸ਼ੂਟਿੰਗ ਸ਼ਡਿਊਲ ਦੀ ਵਜ੍ਹਾ ਕਰਕੇ ਇਹ ਹੋ ਨਹੀਂ ਰਿਹਾ ਸੀ। ਜਦੋਂ ਮੈਂ 'ਹਾਊਸਫੁੱਲ-3' ਦੇ ਗੀਤ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਂ ਗੋਡਿਆਂ ਵਿਚ ਦਰਦ ਮਹਿਸੂਸ ਕੀਤਾ ਅਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਮੇਰੇ ਵਜ਼ਨ ਦਾ ਅਸਰ ਮੇਰੇ ਗੋਡਿਆਂ 'ਤੇ ਪਿਆ ਹੈ। ਉਦੋਂ ਮੈਂ ਆਪਣਾ ਵਜ਼ਨ ਘਟਾਉਣ ਲਈ ਗੰਭੀਰ ਹੋ ਗਿਆ ਅਤੇ ਮੈਂ ਜਾ ਕੇ ਡਾ. ਮੁਸਤਫਾ ਲਾਕੜਾਵਾਲਾ ਨੂੰ ਮਿਲਿਆ। ਇਹ ਉਹੀ ਡਾਕਟਰ ਹੈ, ਜੋ ਵਿਸ਼ਵ ਦੀ ਸਭ ਤੋਂ ਭਾਰੀ ਵਜ਼ਨ ਵਾਲੀ ਔਰਤ ਏਮਾਨ ਦੀ ਟ੍ਰੀਟਮੈਂਟ ਦੀ ਵਜ੍ਹਾ ਕਰਕੇ ਖ਼ਬਰਾਂ ਵਿਚ ਛਾਏ ਰਹੇ ਸਨ। ਉਨ੍ਹਾਂ ਨੇ ਮੇਰੀ ਸਰਜਰੀ ਕੀਤੀ ਅਤੇ ਇਸ ਦੀ ਬਦੌਲਤ ਮੇਰਾ ਵਜ਼ਨ ਘਟਣ ਲੱਗਿਆ। ਸਰਜਰੀ ਦੇ ਨਾਲ-ਨਾਲ ਮੈਨੂੰ ਆਪਣੇ ਵੱਲੋਂ ਵੀ ਬਹੁਤ ਮਿਹਨਤ ਕਰਨੀ ਪਈ। ਸਭ ਤੋਂ ਪਹਿਲਾਂ ਤਾਂ ਖਾਣ-ਪੀਣ ਦੀ ਅਦਾਲਤ 'ਤੇ ਕੰਟਰੋਲ ਕੀਤਾ। ਫਿਰ ਨਿਯਮਤ ਰੂਪ ਨਾਲ ਸਵੀਮਿੰਗ ਕਰਨ ਲੱਗਿਆ। ਫਿਰ ਮੈਂ ਟ੍ਰੇਨਰ ਨਾਇਡੂ ਦੀ ਮਦਦ ਨਾਲ ਖ਼ੁਦ ਨੂੰ ਸ਼ੇਪ ਵਿਚ ਲਿਆਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ। ਇਸ ਕੰਮ ਵਿਚ ਮੇਰੀ ਪਤਨੀ ਵਿਧੀ ਨੇ ਵੀ ਪੂਰਾ ਸਹਿਯੋਗ ਦਿੱਤਾ। ਉਹ ਇਸ ਗੱਲ ਦਾ ਖਿਆਲ ਰੱਖਦੀ ਹੈ ਕਿ ਮੈਂ ਰਾਤ ਅੱਠ ਵਜੇ ਤੋਂ ਪਹਿਲਾਂ ਖਾਣਾ ਖਾ ਲਵਾਂ। ਉਸ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸੈੱਟ 'ਤੇ ਵੀ ਮੈਂ 'ਹੈਲਦੀ ਫੂਡ ਹੀ ਖਾਵਾਂ। ਹੁਣ ਮੈਂ ਆਪਣਾ ਵਜ਼ਨ 19 ਕਿਲੋ ਹੋਰ ਘਟਾਉਣਾ ਚਾਹੁੰਦਾ ਹਾਂ ਅਤੇ ਇਹ ਕਾਫੀ ਮੁਸ਼ਕਿਲ ਕੰਮ ਹੈ। ਪਰ ਮੈਨੂੰ ਲਗਦਾ ਹੈ ਕਿ ਮੈਂ ਇਹ ਵੀ ਕਰ ਜਾਵਾਂਗਾ। ਇਕ ਸਮਾਂ ਉਹ ਸੀ ਜਦੋਂ ਮੈਂ ਕੁਰਸੀ 'ਤੇ ਬੈਠਣ ਸਮੇਂ ਇਹ ਸੋਚ ਕੇ ਡਰਦਾ ਸੀ ਕਿ ਕਿਤੇ ਟੁੱਟ ਨਾ ਜਾਵੇ। ਪਰ ਹੁਣ ਬੇਝਿਜਕ ਬੈਠ ਜਾਂਦਾ ਹਾਂ। ਨਿਰਮਾਤਾ ਸਾਜਿਦ ਨਾਡਿਆਦਵਾਲਾ ਨੇ ਮੇਰੇ ਲਈ ਸਪੈਸ਼ਲ ਕੁਰਸੀ ਬਣਵਾ ਕੇ ਦਿੱਤੀ ਸੀ। ਉਹ ਕੁਰਸੀ ਮੇਰੇ ਰਿਹਰਸਲ ਰੂਮ ਵਿਚ ਹੈ। ਮੈਂ ਹੁਣ ਵੀ ਉਸ ਦੀ ਵਰਤੋਂ ਕਰਦਾ ਹਾਂ। ਹਾਂ, ਹੁਣ ਉਹ ਮੈਨੂੰ ਕਾਫੀ ਵੱਡੀ ਲੱਗਣ ਲੱਗੀ ਹੈ। ਹੁਣ ਮੈਂ ਸਾਈਕਲ ਵੀ ਖਰੀਦੀ ਹੈ ਤਾਂ ਕਿ ਸਾਈਕਲਿੰਗ ਦੇ ਬਹਾਨੇ ਵੀ ਕਸਰਤ ਹੋ ਸਕੇ। ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਮੈਂ ਮਾਲ ਵਿਚ ਜਾ ਕੇ ਆਪਣੀ ਪਸੰਦ ਦੇ ਫੈਸ਼ਨ ਵਾਲੇ ਕੱਪੜੇ ਖਰੀਦਣ ਲੱਗਿਆ ਹਾਂ ਜਦੋਂ ਕਿ ਪਹਿਲਾਂ ਮੈਨੂੰ ਆਪਣੇ ਕੱਪੜੇ ਵਿਸ਼ੇਸ਼ ਤੌਰ 'ਤੇ ਬਣਵਾਉਣੇ ਪੈਂਦੇ ਸਨ।
ਆਪਣੇ ਵੱਲੋਂ ਵਜ਼ਨ ਘਟਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਗਣੇਸ਼ ਨੇ ਇਕ ਫ਼ਿਲਮ ਵੀ ਬਣਾਈ ਹੈ ਅਤੇ ਉਹ ਜਲਦੀ ਇਸ ਨੂੰ ਯੂ-ਟਿਊਬ 'ਤੇ ਅਪਲੋਡ ਕਰਨਗੇ, ਤਾਂ ਕਿ ਹੋਰ ਲੋਕ ਇਸ ਤੋਂ ਪ੍ਰੇਰਣਾ ਲੈ ਸਕਣ।

ਸ਼ਾਇਦ ਮੈਂ ਵੀ ਹਾਲੀਵੁੱਡ ਲਈ ਉਡਾਨ ਭਰ ਲਵਾਂ :

ਸ਼ਮਾ ਸਿਕੰਦਰ

ਫ਼ਿਲਮ 'ਪ੍ਰੇਮ ਅਗਨ' ਰਾਹੀਂ ਇੰਟਰੋਡਿਊਸ ਹੋਈ ਸ਼ਮਾ ਸਿਕੰਦਰ ਨੇ 'ਮਨ', 'ਧੂਮ ਧੜਾਕਾ', 'ਅੰਸ਼' ਆਦਿ ਫ਼ਿਲਮਾਂ ਕੀਤੀਆਂ ਪਰ ਜਦੋਂ ਉਸ ਨੇ ਲੜੀਵਾਰ 'ਯੇ ਮੇਰੀ ਲਾਈਫ ਹੈ' ਵਿਚ ਪੂਜਾ ਦਾ ਕਿਰਦਾਰ ਨਿਭਾਇਆ ਤਾਂ ਉਸ ਨੂੰ ਉਹ ਨਾਂਅ-ਪੈਸਾ ਮਿਲਿਆ, ਜਿਸ ਦੀ ਉਸ ਨੂੰ ਇੱਛਾ ਸੀ। ਸ਼ਮਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ 'ਮਾਇਆ' ਵਿਚ ਨਿਭਾਈ ਗਈ ਬੋਲਡ ਭੂਮਿਕਾ ਦੀ ਬਦੌਲਤ ਚਰਚਾ ਵਿਚ ਹੈ।
ਇਸ ਵੈੱਬ ਲੜੀ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਮੈਂ ਜਦੋਂ ਫ਼ਿਲਮਾਂ ਵਿਚ ਚੰਗੇ ਕੰਮ ਦੀ ਭਾਲ ਵਿਚ ਸੀ, ਉਦੋਂ ਮੈਨੂੰ 'ਮਾਇਆ' ਵਿਚ ਕੰਮ ਕਰਨ ਦੀ ਪੇਸ਼ਕਸ਼ ਹੋਈ ਸੀ। ਸਾਡੇ ਦੇਸ਼ ਵਿਚ ਵੈੱਬ ਸੀਰੀਜ਼ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਸੋ, ਮੈਨੂੰ ਲੱਗਿਆ ਕਿ ਕਿਉਂ ਨਾ ਇਸ ਦਾ ਵੀ ਅਨੁਭਵ ਲਿਆ ਜਾਵੇ ਤਾਂ ਕਿ ਅੱਗੇ ਕੰਮ ਆ ਸਕੇ। ਮੈਨੂੰ ਦੱਸਿਆ ਗਿਆ ਸੀ ਕਿ ਇਸ ਵਿਚ ਮੇਰੀ ਬੋਲਡ ਭੂਮਿਕਾ ਹੋਵੇਗੀ ਅਤੇ ਮੈਂ ਇਸ ਨੂੰ ਨਿਭਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਵੀ ਸੀ। ਇਹ ਤਾਂ ਸੱਚ ਹੈ ਕਿ ਵੈੱਬ ਸੀਰੀਜ਼ ਵਿਚ ਸੈਂਸਰ ਬੋਰਡ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ। ਇਸ ਲਈ ਇਥੇ ਨਿਰਦੇਸ਼ਕ ਨੂੰ ਪੂਰੀ ਆਜ਼ਾਦੀ ਹੁੰਦੀ ਹੈ। ਮੈਂ ਵੀ ਬੇਝਿਜਕ ਹੋ ਕੇ ਇਸ ਵਿਚ ਕੰਮ ਕੀਤਾ ਅਤੇ ਹੁਣ ਇਸ ਦਾ ਹੁੰਗਾਰਾ ਦੇਖ ਮੈਂ ਹੈਰਾਨ ਹਾਂ। ਸਾਡੀ ਇਸ ਲੜੀ ਨੂੰ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਵਿਚ ਦੇਖਿਆ ਗਿਆ ਅਤੇ ਮੇਰੇ ਕੰਮ ਦੀ ਤਾਰੀਫ ਵੀ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੈਨੂੰ ਅਮਰੀਕਾ ਤੋਂ ਕਈ ਫੋਨ ਆਏ ਅਤੇ ਕਿਹਾ ਗਿਆ ਕਿ ਤੇਰੇ ਵਰਗੀ ਐਕਟ੍ਰੈੱਸ ਨੂੰ ਤਾਂ ਹਾਲੀਵੁੱਡ ਵਿਚ ਹੋਣਾ ਚਾਹੀਦਾ ਹੈ। ਉਥੋਂ ਦੀਆਂ ਕੁਝ ਕਾਸਟਿੰਗ ਏਜੰਸੀਆਂ ਨੇ ਵੀ ਮੇਰੇ ਨਾਲ ਸੰਪਰਕ ਕੀਤਾ ਹੈ। ਉਸ ਨੂੰ ਦੇਖ ਕੇ ਲਗਦਾ ਹੈ ਕਿ ਸ਼ਾਇਦ ਮੈਂ ਹਾਲੀਵੁੱਡ ਲਈ ਉਡਾਨ ਭਰ ਲਵਾਂ।
ਜੇਕਰ ਸ਼ਮਾ ਹਾਲੀਵੁੱਡ ਵਿਚ ਛੋਟਾ-ਮੋਟਾ ਕੰਮ ਹਾਸਲ ਕਰਨ ਵਿਚ ਸਫ਼ਲ ਰਹਿੰਦੀ ਹੈ ਤਾਂ ਇਹ ਉਸ ਲਈ ਵੱਡੀ ਕਾਮਯਾਬੀ ਮੰਨੀ ਜਾਵੇਗੀ। ਉਹ ਇਸ ਲਈ ਕਿਉਂਕਿ ਜਦੋਂ ਉਹ ਰਾਜਸਥਾਨ ਦੇ ਮਕਰਾਣਾ ਤੋਂ ਮੁੰਬਈ ਆਈ ਸੀ, ਉਦੋਂ ਉਸ ਨੂੰ ਅੰਗਰੇਜ਼ੀ ਵਿਚ ਇਕ ਵਾਕ ਵੀ ਬੋਲਣਾ ਨਹੀਂ ਆਉਂਦਾ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹੈ, 'ਉਦੋਂ ਅੰਗਰੇਜ਼ੀ ਨਾ ਬੋਲ ਸਕਣ ਦੀ ਵਜ੍ਹਾ ਕਰਕੇ ਮੇਰਾ ਮਜ਼ਾਕ ਉਡਇਆ ਜਾਂਦਾ ਸੀ। ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਅੰਗਰੇਜ਼ੀ ਸਿੱਖਣਾ ਸ਼ੁਰੂ ਕੀਤਾ। ਅੱਜ ਉਹੀ ਲੋਕ ਅੰਗਰੇਜ਼ੀ 'ਤੇ ਮੇਰਾ ਪ੍ਰਭਾਵ ਦੇਖ ਮੇਰੀ ਵਾਹਵਾਹੀ ਕਰ ਰਹੇ ਹਨ।
ਸ਼ਮਾ ਅਨੁਸਾਰ ਉਨ੍ਹਾਂ ਦੇ ਪਿਤਾ ਦੀ ਦਿਲੀ ਇੱਛਾ ਸੀ ਕਿ ਬੇਟੀ ਅਭਿਨੈ ਵਿਚ ਨਾਂਅ ਕਮਾਏ। ਸੋ, ਉਹ ਉਸ ਨੂੰ ਲੈ ਕੇ ਮਾਇਆਨਗਰੀ ਮੁੰਬਈ ਲੈ ਆਏ ਸਨ। ਪਿਤਾ ਨੇ ਬੇਟੀ ਦੀ ਬਹੁਤ ਮਦਦ ਕੀਤੀ ਅਤੇ ਪਿਤਾ ਦੇ ਸਹਿਯੋਗ ਦੀ ਵਜ੍ਹਾ ਕਰਕੇ ਸ਼ਮਾ ਕਿਸੇ ਗਾਡ ਫਾਦਰ ਦੀ ਮਦਦ ਬਗੈਰ ਬਾਲੀਵੁੱਡ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਹੀ।
ਸ਼ਮਾ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਫ਼ਿਲਮਾਂ ਦਾ ਭਵਿੱਖ ਹੈ ਕਿਉਂਕਿ ਇੰਟਰਨੈੱਟ ਤੇ ਸਮਾਰਟ ਫੋਨ ਦੀ ਮਦਦ ਨਾਲ ਇਹ ਕਿਤੇ ਵੀ ਤੇ ਕਦੀ ਵੀ ਦੇਖੀ ਜਾ ਸਕਦੀ ਹੈ।
ਸ਼ਮਾ ਨੇ ਨਿਰਦੇਸ਼ਕ ਬਣਨ ਦਾ ਵੀ ਸੁਪਨਾ ਸੰਜੋ ਰੱਖਿਆ ਹੈ ਅਤੇ ਉਹ ਇਮੋਸ਼ਨਲ-ਰੋਮਾਂਟਿਕ ਫ਼ਿਲਮ ਬਣਾਉਣਾ ਚਾਹੁੰਦੀ ਹੈ। ਜੇਕਰ ਉਹ ਹਾਲੀਵੁੱਡ ਨਹੀਂ ਗਈ ਤਾਂ ਜਲਦੀ ਉਸ ਦੇ ਵੱਲੋਂ ਨਿਰਦੇਸ਼ਿਕਾ ਬਣਨ ਦੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ।

ਕੈਟਰੀਨਾ

ਮੇਰੀ ਜਾਨ

'ਜੱਗਾ ਜਾਸੂਸ' ਨਾਲ ਚਰਚਾ ਵਿਚ ਰਹੀ ਕੈਟਰੀਨਾ ਕੈਫ ਤਾਂ ਬਚਪਨ 'ਚ ਬੱਚਿਆਂ ਦੀਆਂ ਫ਼ਿਲਮਾਂ ਦੇਖਣ ਨੂੰ ਪਹਿਲ ਦਿੰਦੀ ਸੀ। 'ਜੱਗਾ ਜਾਸੂਸ' 14 ਨੂੰ ਆ ਰਹੀ ਹੈ ਤੇ ਇਸ ਸਬੰਧੀ ਮਿਸ ਕੈਫ ਦੱਸ ਰਹੀ ਹੈ ਕਿ ਦੋਵਾਂ ਦੀ ਅਰਥਾਤ ਰਣਬੀਰ ਦੀ ਤੇ ਉਸ ਦੀ ਚਾਹੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਪਰ ਸੈੱਟ 'ਤੇ ਮਾਹੌਲ ਦੋਸਤਾਨਾ ਹੀ ਰਿਹਾ। ਦੋਵੇਂ ਸੈੱਟ 'ਤੇ ਇਕ-ਦੂਸਰੇ ਨੂੰ ਪਿਆਰ ਨਾਲ ਮੁੱਕੀਆਂ ਵੀ ਮਾਰਦੇ ਸਨ। ਅਨੁਰਾਗ ਬਸੂ ਦੀ 'ਜੱਗਾ ਜਾਸੂਸ' ਤੋਂ ਕੈਟੀ ਨੂੰ ਵੀ ਬਹੁਤ ਉਮੀਦਾਂ ਹਨ। ਅਸਲੀ ਗੱਲ ਹੈ ਕਿ ਫ਼ਿਲਮ ਦੀ ਬਿਹਤਰੀ ਲਈ ਕੈਟਰੀਨਾ ਲਈ ਨਾ ਚਾਹੁੰਦੇ ਹੋਏ ਵੀ ਰਣਬੀਰ ਨਾਲ ਮਸਤੀ ਕਰਨੀ ਜ਼ਰੂਰੀ ਸੀ। ਕੈਟੀ ਨੇ 'ਠੱਗਜ਼ ਆਫ਼ ਹਿੰਦੁਸਤਾਨ' ਨਾਂਅ ਦੀ ਆਪਣੀ ਇਸ ਨਵੀਂ ਫ਼ਿਲਮ ਲਈ ਮਿਹਨਤ ਕਰਨੀ ਜਾਰੀ ਰੱਖੀ ਹੈ। ਇਸ ਫ਼ਿਲਮ 'ਚ ਉਹ ਚਮਕ-ਦਮਕ ਬਿਖੇਰੇਗੀ। ਕੈਟ ਇਸ ਫ਼ਿਲਮ ਦੀਆਂ ਤਸਵੀਰਾਂ ਵੀ ਆਪਣੇ ਪ੍ਰਸੰਸਕਾਂ ਤੱਕ ਪਹੁੰਚਾ ਰਹੀ ਹੈ। ਆਨੰਦ ਐਲ. ਰਾਏ ਦੀ ਨਵੀਂ ਫ਼ਿਲਮ ਦਾ ਨਾਂਅ 'ਕੈਟਰੀਨਾ ਮੇਰੀ ਜਾਨ' ਰੱਖਿਆ ਗਿਆ ਹੈ। ਇਹ ਕੈਟੀ ਲਈ ਫ਼ਖਰ ਵਾਲੀ ਗੱਲ ਹੈ ਕਿ ਹੁਣ ਉਸ ਦੇ ਨਾਂਅ 'ਤੇ ਫ਼ਿਲਮਾਂ ਦੇ ਟਾਈਟਲ ਰੱਖੇ ਜਾਣ ਲੱਗ ਪਏ ਹਨ। 'ਕੈਟਰੀਨਾ ਮੇਰੀ ਜਾਨ' 'ਚ ਰਣਬੀਰ ਕਪੂਰ ਤੇ ਸਲਮਾਨ ਖ਼ਾਨ ਦੀ ਕਦੇ 'ਜਾਨ' ਰਹੀ ਕੈਟਰੀਨਾ ਕੈਫ਼ ਨਾਲ ਅਨੁਸ਼ਕਾ ਸ਼ਰਮਾ ਵੀ ਹੈ ਤੇ ਫ਼ਿਲਮ 'ਚ ਸ਼ਾਹਰੁਖ ਖ਼ਾਨ ਵੀ ਹੈ।

ਸ਼ਰੁਤੀ ਹਸਨ

ਦੀਦੀ ਲਈ ਤਿਆਗ

ਮਾਂ ਸਾਰਿਕਾ ਦੀ ਚਾਹਤ ਸੀ ਕਿ ਉਸ ਦੀਆਂ ਧੀਆਂ ਸ਼ਰੁਤੀ ਹਸਨ ਤੇ ਅਕਸ਼ਰਾ ਹਸਨ ਬੀ-ਟਾਊਨ 'ਤੇ ਕਬਜ਼ਾ ਜਮਾਉਣ ਪਰ ਅਕਸ਼ਰਾ ਦੀ ਥੋੜ੍ਹੀ ਪੁੱਛਗਿੱਛ ਜ਼ਰੂਰ ਹੈ ਜਦਕਿ ਸ਼ਰੁਤੀ ਇਕ ਤਰ੍ਹਾਂ ਨਾਲ ਪਰਦੇ ਤੋਂ ਬਾਹਰ ਹੀ ਹੈ। ਸ਼ਰੁਤੀ ਨੂੰ ਮਰਾਠੀ ਫ਼ਿਲਮਾਂ ਦੀ ਅਦਾਕਾਰਾ ਉਰਮਿਲਾ ਕੋਠਾਰੀ ਨੇ ਤਜਵੀਜ਼ ਪੇਸ਼ ਕੀਤੀ ਕਿ ਮਰਾਠੀ ਸਿਨੇਮਾ ਦਾ ਭਵਿੱਖ ਸਹੀ ਹੈ ਪਰ ਸ਼ਰੂਤੀ ਨੇ ਇਸ ਤਜਵੀਜ਼ 'ਤੇ ਗੌਰ ਨਹੀਂ ਕੀਤਾ। ਧਨੁਸ਼, ਪ੍ਰਭੂ ਦੇਵਾ, ਮੋਹਨ ਲਾਲ ਜਿਹੇ ਦੱਖਣ ਦੇ ਵੱਡੇ ਕਲਾਕਾਰ ਵੀ ਹੈਰਾਨ ਹਨ ਕਿ ਆਖਿਰ ਸ਼ਰੁਤੀ 'ਚ ਘਾਟ ਕੀ ਹੈ? ਖ਼ੁਦ ਸ਼ਰੁਤੀ ਸਮਝ ਨਹੀਂ ਸਕੀ ਕਿ ਮਾਲਿਆਲਮ, ਕੰਨੜ ਤੇ ਤਾਮਿਲ ਫ਼ਿਲਮਾਂ ਵਾਲੇ ਵੀ ਉਸ ਪ੍ਰਤੀ ਜ਼ਿਆਦਾ ਆਕਰਸ਼ਿਤ ਕੋਈ ਨਹੀਂ ਹਨ। ਸ਼ਰੁਤੀ ਨੇ ਇਸ ਦੌਰਾਨ ਇਕ ਕੁਰਬਾਨੀ ਕੀਤੀ ਹੈ ਕਿ ਉਹ ਹੈ ਸਾਰਾ ਸਮਾਂ ਆਪਣੀ ਦੀਦੀ ਅਕਸ਼ਰਾ ਦੇ ਕੈਰੀਅਰ ਵੱਲ ਧਿਆਨ ਦੇਣਾ। ਬਹੁਤ ਘੱਟ ਲੋਕ ਜਾਣਦੇ ਹਨ ਕਿ 'ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ' ਫ਼ਿਲਮ ਲਈ ਅਕਸ਼ਰਾ ਹਸਨ ਨੂੰ ਸ਼ਰੁਤੀ ਨੇ ਕਈ ਟਿਪਸ ਦਿੱਤੇ ਤੇ ਤਕਰੀਬਨ ਸ਼ੂਟਿੰਗ 'ਤੇ ਉਹ ਅਕਸ਼ਰਾ ਦੇ ਨਾਲ ਸੰਪਰਕ 'ਚ ਰਹੀ। ਅਕਸ਼ਰਾ ਜੇ ਅੱਜ ਫਰਾਟੇਦਾਰ ਹਿੰਦੀ ਬੋਲ ਰਹੀ ਹੈ ਤਾਂ ਇਸ ਪਿੱਛੇ ਵੀ ਸ਼ਰੁਤੀ ਦੀ ਹੀ ਮਿਹਨਤ ਹੈ। ਕੀ ਫਿਰ ਸ਼ਰੁਤੀ ਆਪ ਫ਼ਿਲਮਾਂ ਤੋਂ ਦੂਰ ਹੋ ਗਈ ਹੈ, ਨਹੀਂ ਉਹ ਜਲਦੀ ਹੀ ਆਪ ਇਕ ਵੱਡੀ ਬਾਲੀਵੁੱਡ ਫ਼ਿਲਮ ਦਾ ਨਿਰਮਾਣ ਕਰੇਗੀ। ਸ਼ਰੁਤੀ ਨੇ ਅੱਜ ਤੱਕ ਆਪਣੇ ਪਿਤਾ ਕਮਲ ਹਸਨ ਦੇ ਨਾਂਅ ਦਾ ਲਾਭ ਨਹੀਂ ਲਿਆ। ਹਾਂ ਮਾਂ ਸਾਰਿਕਾ ਨਾਲ ਜ਼ਰੂਰ ਉਹ ਦੁੱਖ-ਸੁੱਖ ਫਰੋਲ ਲੈਂਦੀ ਹੈ। ਮਾਂ ਦੇ ਕਹਿਣ 'ਤੇ ਹੀ ਸ਼ਰੁਤੀ ਨੇ ਦੀਦੀ ਅਕਸ਼ਰਾ ਲਈ ਤਿਆਗ ਤੱਕ ਕੀਤਾ ਹੈ। ਅਕਸ਼ਰਾ ਵੀ ਚਾਹੁੰਦੀ ਹੈ ਕਿ ਦੀਦੀ ਨਾਲ ਉਹ ਫ਼ਿਲਮ ਕਰੇ ਤੇ ਦੋਵੇਂ ਭੈਣਾਂ ਕਮਾਲ ਕਰ ਦੇਣ। ਸ਼ਰੁਤੀ ਦੀ ਯੋਜਨਾ ਹੈ ਕਿ ਸਾਰੇ ਪਰਿਵਾਰ ਨੂੰ ਫਿਰ ਇਕੱਠਾ ਕਰੇ ਤੇ ਪਿਤਾ ਕਮਲ ਹਸਨ ਤੇ ਮਾਂ ਸਾਰਿਕਾ ਨੂੰ ਇਕ ਥਾਂ 'ਤੇ ਲਿਆ ਕੇ ਸ਼ਾਨਦਾਰ ਪ੍ਰਾਜੈਕਟ ਸ਼ੁਰੂ ਕਰੇ। ਸ਼ਰੁਤੀ ਸਾਰਿਕਾ 'ਚਾਚੀ-420' ਜਾਂ 'ਪੁਸ਼ਪਕ' ਜਿਹੀ ਫ਼ਿਲਮ ਬਣਾਏਗੀ।

ਅਦਿਤੀ ਰਾਓ ਹੈਦਰੀ

ਤਜਰਬਾ ਹੀ ਅਧਿਆਪਕ

'ਦਿੱਲੀ-6' 'ਚ ਜਦ ਮਾਸਾ ਕੁ ਕਿਰਦਾਰ ਅਦਿਤੀ ਰਾਓ ਹੈਦਰੀ ਦੇ ਹਿੱਸੇ ਆਇਆ ਸੀ ਤਦ ਕੋਈ ਕਿਆਸ ਨਹੀਂ ਸੀ ਕਰ ਸਕਦਾ ਕਿ ਇਹ ਅਦਿਤੀ ਬਾਅਦ ਵਿਚ 'ਯੇ ਸਾਲੀ ਜ਼ਿੰਦਗੀ' ਤੇ 'ਰਾਕਸਟਾਰ' ਫ਼ਿਲਮਾਂ ਨਾਲ ਆਪਣਾ ਵਜੂਦ ਬਣਾ ਲਵੇਗੀ। ਹਾਲਾਂਕਿ ਬਾਅਦ 'ਚ ਵੀ ਉਹ 'ਮਰਡਰ-3' ਤੇ 'ਗੁੱਡੂ ਰੰਗੀਲਾ' ਜਿਹੀਆਂ ਤਿੰਨ-ਚਾਰ ਫ਼ਿਲਮਾਂ 'ਚ ਨਿੱਕਾ-ਮੋਟਾ ਕੰਮ ਕਰਦੀ ਨਜ਼ਰ ਆਈ ਸੀ। ਹੁਣ ਤਾਂ 'ਵਜ਼ੀਰ' ਫ਼ਿਲਮ 'ਚ ਅਮਿਤਾਬ ਬੱਚਨ ਨਾਲ ਕੰਮ ਕਰਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਇਸ ਰੰਗੀਨ ਨਗਰੀ 'ਚ ਖੂਬ ਚਲਦੀ ਹੈ। 'ਦੇਵਦਾਸ' ਉਹ ਫ਼ਿਲਮ ਹੈ ਜਿਸ ਨੇ ਮਿਸ ਹੈਦਰੀ ਨੂੰ ਯਾਦਗਾਰੀ ਨਾਇਕਾਵਾਂ ਦੀ ਗਿਣਤੀ 'ਚ ਲਿਆਉਣਾ ਹੈ ਤੇ 'ਪਦਮਾਵਤੀ' ਨੇ ਦੋਵੇਂ ਹੀ ਕੰਮ ਕਰਨੇ ਹਨ, ਸਟਾਰ ਰੁਤਬਾ ਵੀ ਕਾਇਮ ਰਹੇ ਤੇ ਵਪਾਰਕ ਨਾਇਕਾ ਦੀ ਸ਼੍ਰੇਣੀ 'ਚ ਵੀ ਚੋਟੀ 'ਤੇ ਰਹੇ ਅਦਿਤੀ। ਹਾਂ, ਸੰਜੇ ਦੱਤ ਦੀ ਜ਼ਿੰਦਗੀ ਉੱਪਰ ਆ ਰਹੀ ਫ਼ਿਲਮ 'ਭੂਮੀ' 'ਚ ਵੀ ਉਹ ਹੈ ਤੇ ਮਣੀਰਤਨਮ ਨੇ ਦੱਖਣ ਦੀ ਫ਼ਿਲਮ 'ਕਾਟਰੂ ਵੈਲੇਦਿਵਾਈ' 'ਚ ਅਦਿਤੀ ਨੂੰ ਅਜਿਹੀ ਡਾਕਟਰ ਬਣਾਇਆ ਹੈ ਜੋ ਸਦੀਆਂ ਤੱਕ ਯਾਦ ਰਹੇਗੀ। ਪਹਿਲਾਂ-ਪਹਿਲ ਕਹਿੰਦੇ ਸਨ ਕਿ ਅਦਿਤੀ ਬਹੁਤ ਹੀ ਨਰਮ ਤੇ ਸ਼ੀਲ-ਸ਼ਾਲੀਨ ਅਭਿਨੇਤਰੀ ਹੈ ਪਰ ਹੁਣ ਉਸ 'ਤੇ ਨਖਰੇ ਦਿਖਾਉਣ ਦਾ ਇਲਜ਼ਾਮ ਵੀ ਹੈ। ਜਵਾਬ ਅਦਿਤੀ ਦਾ ਹੈ ਕਿ ਲੋਕ ਜਦ ਨਰਮ ਤੇ ਸ਼ਾਂਤ ਸੁਭਾਅ ਦਾ ਗ਼ਲਤ ਫਾਇਦਾ ਲੈਣ ਲੱਗ ਪੈਣ ਤਦ ਅਣਖੀ ਤੇ ਖਾੜਕੂ ਸੁਭਾਅ ਵਾਲੀ ਬਣਨਾ ਹੀ ਪੈਂਦਾ ਹੈ। ਤਜਰਬਾ ਹੀ ਉਸ ਦਾ ਅਧਿਆਪਕ ਹੈ। ਸਮਝ ਲਿਆ ਹੈ ਮਿਸ ਅਦਿਤੀ ਨੇ ਕਿ ਹੁਣ ਦੋਹਰੇ ਅਰਥ ਵਾਲਾ ਹਾਸਾ ਤੇ ਕਾਮੁਕ ਕਿਰਦਾਰ ਇਨ੍ਹਾਂ ਦੋਵਾਂ ਲਈ ਕੋਰੀ ਨਾਂਹ ਕਰ ਦੇਣੀ ਹੈ। ਔਰਤਾਂ ਦੇ ਵਿਰੁੱਧ ਜਿਹੜੀ ਚੀਜ਼ ਜਾਂਦੀ ਹੋਏ ਹੁਣ ਹਰਗਿਜ਼ ਹੀ ਅਦਿਤੀ ਉਹ ਚੀਜ਼ ਨਹੀਂ ਕਰੇਗੀ। ਸ਼ਾਇਦ 'ਦਾ ਲੀਜੈਂਡ ਆਫ਼ ਮਾਇਕਲ ਮਿਸ਼ਰਾ' ਫ਼ਿਲਮ ਨੇ ਅਦਿਤੀ ਰਾਓ ਹੈਦਰੀ ਦੇ ਕੰਨੀਂ ਹੱਥ ਲੁਆ ਦਿੱਤੇ ਹਨ।

ਆਯੂਸ਼ਮਨ ਖੁਰਾਨਾ

'ਟੋਫੀ' ਬਣਾਏਗਾ

ਗਾਇਕ ਤੇ ਅਭਿਨੇਤਾ ਆਯੂਸ਼ਮਨ ਖੁਰਾਨਾ ਨਾ ਹੀ ਬਹੁਤੀ ਤੇਜ਼ ਚਾਲ ਨਾਲ ਇੰਡਸਟਰੀ 'ਚ ਦੌੜ ਰਿਹਾ ਹੈ ਤੇ ਨਾ ਹੀ ਐਨੀ ਹੌਲੀ ਕਿ ਪਲਕ ਝਪਕਦੇ ਹੀ ਕੋਈ ਹੋਰ ਨਵਾਂ ਆ ਕੇ ਉਸ ਤੋਂ ਅੱਗੇ ਲੰਘ ਜਾਏ। ਗਾਇਕ ਹੋਣ ਦੇ ਬਾਵਜੂਦ ਆਯੂਸ਼ ਕਹਿੰਦਾ ਹੈ ਕਿ ਸਰੋਤੇ ਅਜੋਕੇ ਸੰਗੀਤ ਨੂੰ ਹਫ਼ਤੇ ਬਾਅਦ ਨਕਾਰ ਰਹੇ ਹਨ ਤੇ ਗੀਤਕਾਰ, ਗਾਇਕ, ਸੰਗੀਤਕਾਰ ਕਾਰਨ ਲੱਭਣ 'ਚ ਮਸ਼ਰੂਫ਼ ਹਨ। ਆਯੂਸ਼ਮਨ ਨੇ ਕੁਝ ਟੀ. ਵੀ. ਗੀਤ ਵੀ ਗਾਏ ਹਨ ਪਰ ਫ਼ਿਲਮੀ ਗੀਤ ਉਸ ਮੁਤਾਬਿਕ ਸਮੇਂ ਅਨੁਸਾਰ ਸਹੀ ਹਨ ਪਰ ਕਾਸ਼! ਉਹ ਸ਼ੈਲੇਂਦਰ, ਆਨੰਦ ਬਖ਼ਸ਼ੀ, ਮੁਕੇਸ਼, ਅਮਿਤ ਕੁਮਾਰ ਦੇ ਸਮੇਂ ਦਾ ਹੁੰਦਾ ਤਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ। ਅਭਿਨੈ ਤਾਂ ਚਲ ਹੀ ਰਿਹਾ ਹੈ, ਨਾਲ ਮਿਸਟਰ ਖੁਰਾਨਾ ਨੂੰ ਸੁੱਝਿਆ ਹੈ ਕਿ ਕਮਾਈ ਦੇ ਇਕੱਠੇ ਕੀਤੇ ਚਾਰ ਰੋਕੜੇ ਕਿਉਂ ਨਾ ਇਸ ਵਪਾਰ 'ਚ ਹੀ ਲਾ ਕੇ ਕਿਸਮਤ ਅਜ਼ਮਾਈ ਜਾਏ। ਹੋਰ ਕਾਰਨ ਇਹ ਵੀ ਹੈ ਕਿ ਆਯੂਸ਼ ਨੂੰ ਪਤਾ ਹੈ ਕਿ ਅੱਜ ਦੇ ਕਲਾਕਾਰ ਖਾਸਕਰ ਹੀਰੋ ਦੀ ਉਮਰ ਘੱਟ ਹੈ ਤੇ ਹਾਂ ਆਯੂਸ਼ ਨੂੰ ਜਾਨ ਤੋਂ ਪਿਆਰੀ ਹੈ ਉਸ ਦੀ ਧਰਮਪਤਨੀ। ਆਯੂਸ਼ ਨੇ ਪਿਆਰ-ਵਿਆਹ ਕੀਤਾ ਹੈ। ਉਸ ਦੀ ਧਰਮਪਤਨੀ ਤਾਹਿਰਾ ਵੀ ਫ਼ਿਲਮੀ ਰੁਚੀਆਂ ਵਾਲੀ ਹੈ ਤੇ ਤਾਹਿਰਾ ਨੇ ਆਪਣੇ ਨਾਂਅ ਨਾਲ 'ਕਸ਼ਯਪ' ਜੋੜਿਆ ਹੈ ਜੋ ਉਸ ਨੂੰ ਕਿਸੇ ਜੋਤਸ਼ੀ ਨੇ ਕਿਹਾ ਸੀ। ਜਾਨ ਤੋਂ ਪਿਆਰੀ ਤਾਹਿਰਾ ਦੀ ਖ਼ਾਤਿਰ ਪਤੀ ਦੇਵ ਆਯੂਸ਼ਮਨ ਖੁਰਾਨਾ ਜੀ ਨਿਰਮਾਤਾ ਬਣ ਗਏ ਹਨ। ਤਾਹਿਰਾ ਹੁਣ ਆਯੂਸ਼ ਦੀ ਪਹਿਲੀ ਲਘੂ ਫ਼ਿਲਮ 'ਟੌਫੀ ਟੌਫੀ' ਦਾ ਨਿਰਮਾਣ ਕਾਰਜ ਸੰਭਾਲੇਗੀ ਤੇ ਨਾਲ ਹੀ 'ਟੌਫੀ' ਨੂੰ ਨਿਰਦੇਸ਼ਤ ਕਰੇਗੀ। 'ਟੌਫੀ' ਮਿੱਠੀ ਹੋਏ ਇਕ-ਦੋ ਗੀਤ ਆਯੂਸ਼ਮਨ ਗਾਏਗਾ ਤੇ ਪਹਿਲੀ ਵਾਰ ਤਾਹਿਰਾ ਇਕ ਰੁਮਾਂਟਿਕ ਗੀਤ 'ਚ ਉਸ ਦਾ ਸਾਥ ਦੇਵੇਗੀ। 'ਟੌਫੀ' ਸ਼ੁਰੂ ਕਰਨ ਦੀ ਦੇਰ ਸੀ ਕਿ ਆਯੂਸ਼ਮਨ ਨੂੰ ਮੁਕੇਸ਼ ਛਾਬੜਾ ਨੇ ਸੱਦਿਆ ਤੇ ਫਿਰ ਮੁਕੇਸ਼ ਨਾਲ ਸਹਿ-ਨਿਰਮਾਣ 'ਚ 'ਟੌਫੀ' ਤੋਂ ਬਾਅਦ ਇਕ ਹੋਰ ਫ਼ਿਲਮ ਸ਼ੁਰੂ ਹੋਏਗੀ।


-ਸੁਖਜੀਤ ਕੌਰ

ਮੁਹੱਬਤ ਦੀ ਇਬਾਰਤ ਪੇਸ਼ ਕਰੇਗੀ 'ਚੰਨਾ ਮੇਰਿਆ'

ਹੁਣ ਨਿੰਜਾ ਤੇ ਅੰਮ੍ਰਿਤ ਮਾਨ ਦੋਵੇਂ ਗਾਇਕ ਇੱਕੋ ਫ਼ਿਲਮ 'ਚ ਦਿਸਣਗੇ, 'ਚੰਨਾ ਮੇਰਿਆ' 'ਚ। 14 ਜੁਲਾਈ ਨੂੰ ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਤਿੰਨ ਨਵੇਂ ਚਿਹਰੇ ਪਾਲੀਵੁੱਡ ਨੂੰ ਦੇਣ ਜਾ ਰਹੀ ਹੈ, ਨਿੰਜਾ, ਅੰਮ੍ਰਿਤ ਤੇ ਪਾਇਲ ਰਾਜਪੂਤ। ਪਾਇਲ ਨੇ ਇਸ ਤੋਂ ਪਹਿਲਾਂ ਕਈ ਸੀਰੀਅਲਾਂ ਵਿਚ ਕੰਮ ਕੀਤਾ ਹੈ, ਪਰ ਇਹ ਉਸ ਦੀ ਪਹਿਲੀ ਫ਼ਿਲਮ ਹੈ। ਨਿੰਜਾ ਤੇ ਅੰਮ੍ਰਿਤ ਮਾਨ ਦਾ ਕਹਿਣਾ ਹੈ, 'ਢਾਈ ਮਿੰਟ ਦੇ ਵੀਡੀਓ 'ਚ ਕੰਮ ਕਰਨਾ ਤੇ ਢਾਈ ਘੰਟੇ ਦੀ ਫ਼ਿਲਮ 'ਚ ਕੰਮ ਕਰਨਾ ਵੱਖਰੀ ਗੱਲ ਹੈ। ਪਰ ਯੋਗ ਨਿਰਦੇਸ਼ਕ, ਯੋਗ ਬੈਨਰ ਤੇ ਯੋਗ ਸਹਿ ਕਲਾਕਾਰਾਂ ਕਰਕੇ ਉਨ੍ਹਾਂ ਨੂੰ ਫ਼ਿਲਮ ਵਿਚ ਕੰਮ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਈ।'
ਸ਼ੁਰੂਆਤ ਵਿਚ 'ਚੰਨਾ ਮੇਰਿਆ' ਦਾ ਪ੍ਰਚਾਰ ਇਸ ਗੱਲ ਕਰਕੇ ਹੋਇਆ ਕਿ ਇਹ ਮਰਾਠੀ ਫ਼ਿਲਮ 'ਸੈਰਾਟ' ਦਾ ਰੀਮੇਕ ਹੈ। ਪਰ ਬਾਅਦ ਵਿਚ ਫ਼ਿਲਮ ਦੀ ਟੀਮ ਨੇ ਗੱਲ ਸਾਫ਼ ਕੀਤੀ ਕਿ ਇਹ ਹੂਬਹੂ ਰੀਮੇਕ ਨਹੀਂ, ਉਸ ਤੋਂ ਪ੍ਰਭਾਵਤ ਜ਼ਰੂਰ ਹੈ। ਪਿਛਲੇ ਕਈ ਹਫ਼ਤਿਆਂ ਤੋਂ ਇਸ ਫ਼ਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਛਿੜਿਆ ਹੋਇਆ ਹੈ। ਸੰਗੀਤ ਦੀ ਚੰਗੀ ਚਰਚਾ ਹੋਈ ਹੈ ਤੇ ਟਰੇਲਰ ਨੂੰ ਕਾਫ਼ੀ ਸਿਫ਼ਤ ਮਿਲੀ ਹੈ। ਹੁਣ ਇਹ ਗੱਲਾਂ ਹੁੰਦੀਆਂ ਹਨ ਕਿ ਜੇ ਟਰੇਲਰ ਵਾਂਗ ਫ਼ਿਲਮ ਵਿਚ ਦਮ ਹੋਇਆ ਤਾਂ ਫ਼ਿਲਮ ਜ਼ਰੂਰ ਕਾਮਯਾਬ ਹੋ ਸਕਦੀ ਹੈ।
ਇਹ ਫ਼ਿਲਮ ਮੁਹੱਬਤ ਦੀ ਕਹਾਣੀ ਹੈ। ਫ਼ਿਲਮ ਦਾ ਹੀਰੋ ਨਿੰਜਾ ਹੈ ਤੇ ਅਮ੍ਰਿਤ ਮਾਨ ਖਲਨਾਇਕ। ਉਸ ਦਾ ਕਿਰਦਾਰ ਕਾਫ਼ੀ ਦਮਦਾਰ ਹੈ। ਉਸ ਦਾ ਕਹਿਣਾ ਹੈ, 'ਚਿਹਰੇ ਮੋਹਰੇ ਦੇ ਹਿਸਾਬ ਨਾਲ ਉਸ ਨੂੰ ਇਹ ਕਿਰਦਾਰ ਕਾਫ਼ੀ ਫਿੱਟ ਬੈਠਦਾ ਹੈ ਤੇ ਉਸ ਨੇ ਇਸ ਲਈ ਖ਼ੂਬ ਮਿਹਨਤ ਵੀ ਕੀਤੀ ਹੈ।'
ਫ਼ਿਲਮ ਵਿਚ ਯੋਗਰਾਜ ਸਿੰਘ ਦਾ ਰੋਲ ਕਮਾਲ ਹੈ। ਬੀ.ਐਨ ਸ਼ਰਮਾ ਤੇ ਕਰਮਜੀਤ ਅਨਮੋਲ ਦੀ ਹਾਜ਼ਰੀ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦੀ ਹੈ। ਯੋਗਰਾਜ ਸਿੰਘ ਦੇ ਕੜਕਦਾਰ ਸੰਵਾਦ ਚੰਗੇ ਲੱਗਣ ਵਾਲੇ ਹਨ। ਫ਼ਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਨੇ ਕੀਤਾ ਹੈ, ਜਿਨ੍ਹਾਂ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਹਨ। ਪੰਕਜ ਬੱਤਰਾ ਮੁਤਾਬਿਕ, 'ਪੰਜਾਬੀ ਸਿਨੇਮੇ ਵਿਚ ਅਸੀਂ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ 'ਤੇ ਫ਼ਿਲਮਾਂ ਵਿਚ ਉਹੀ ਹਾਸਾ, ਉਹੀ ਸੰਵਾਦ, ਉਹੀ ਕਾਲਜੀਏਟ ਜ਼ਿੰਦਗੀ ਦਿਖਾ ਦਿੱਤੀ ਜਾਂਦੀ ਹੈ। ਜੋ ਦਰਸ਼ਕਾਂ ਨੂੰ ਦੁਹਰਾਅ ਵਾਲੀ ਲੱਗਦੀ ਹੈ। ਪਰ ਅਸੀਂ ਸਭ ਕੁਝ ਅੱਡਰਾ ਕੀਤਾ। ਫ਼ਿਲਮ ਵਿਚ ਤਾਜ਼ਗੀ ਹੈ। ਲੋਕੇਸ਼ਨਾਂ ਪੱਖੋਂ ਵੀ ਤੇ ਕਹਾਣੀ ਦੇ ਪੱਖ ਤੋਂ ਵੀ। ਫ਼ਿਲਮ ਵਿਚ ਵਿਛੋੜਾ, ਦਰਦ, ਤਾਂਘ ਤੇ ਮੁਹੱਬਤ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ 'ਵਾਈਟ ਹਿੱਲ ਸਟੂਡੀਓ' ਵੱਲੋਂ ਤਿਆਰ ਕੀਤਾ ਗਿਆ ਹੈ। ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਦਾ ਆਖਣਾ ਹੈ, 'ਚੰਨਾ ਮੇਰਿਆ' ਫ਼ਿਲਮ ਨਵੇਂ ਵਿਸ਼ੇ 'ਤੇ ਅਧਾਰਤ ਹੈ। ਜੇ ਇਹ ਫ਼ਿਲਮ ਕਾਮਯਾਬ ਹੁੰਦੀ ਹੈ ਤਾਂ ਨਿਸਚਿਤ ਹੀ ਬਹੁਤ ਸਾਰੀਆਂ ਹੋਰ ਪੰਜਾਬੀ ਫ਼ਿਲਮਾਂ ਦੇ ਵਿਸ਼ੇ ਇਹੋ ਜਿਹੇ ਹੋਣਗੇ। 'ਚੰਨਾ ਮੇਰਿਆ' ਦੇ ਨਿਰਮਾਣ ਵਿਚ 'ਜ਼ੀ ਸਟੂਡੀਓ', 'ਵਾਈਟ ਹਿੱਲ' ਦੇ ਨਾਲ ਹੈ।' ਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ, ਗੋਲਡ ਬੁਆਏ ਅਤੇ ਸੋਨੂ ਰਾਮਗੜ੍ਹੀਆ ਨੇ ਤਿਆਰ ਕੀਤਾ ਹੈ।


-ਸਵਰਨ ਸਿੰਘ ਟਹਿਣਾ
37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।

ਹਿੰਦੀ ਫ਼ਿਲਮ 'ਯੇ ਹੈ ਇੰਡੀਆ' ਨੇ ਕਾਨਜ਼ ਫ਼ਿਲਮ ਉਤਸਵ 'ਚ ਵਧਾਇਆ ਭਾਰਤ ਦਾ ਮਾਣ

ਹਾਲ ਹੀ ਵਿਚ ਹੋਏ ਕਾਨਜ਼ ਫ਼ਿਲਮ ਫੈਸਟੀਵਲ 'ਚ ਬਾਲੀਵੁੱਡ ਦੀ ਫੀਚਰ ਫ਼ਿਲਮ 'ਯੇ ਹੈ ਇੰਡੀਆ' ਨੇ ਭਾਰਤ ਅਤੇ ਭਾਰਤੀ ਸਿਨੇਮੇ ਲਈ ਖੂਬ ਪ੍ਰਸੰਸਾ ਖੱਟੀ ਹੈ। ਜੈਪੁਰ ਦੇ ਕਾਰੋਬਾਰੀ ਸ੍ਰੀ ਸੰਦੀਪ ਚੌਧਰੀ ਡੀ.ਐਲ.ਬੀ. ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਆਸਟਰੇਲੀਆ 'ਚ ਜੰਮੇ-ਪਲੇ ਨੌਜਵਾਨ ਲੋਮ ਹਰਸ਼ ਨੇ ਆਪਣੇ ਨਿੱਜੀ ਤਜਰਬੇ 'ਤੇ ਅਧਾਰਤ ਫ਼ਿਲਮ ਲਿਖੀ ਅਤੇ ਨਿਰਦੇਸ਼ਤ ਕੀਤੀ ਹੈ। ਇਸ ਫ਼ਿਲਮ ਦਾ ਨਾਇਕ ਪੰਜਾਬੀ ਗੱਭਰੂ ਗੈਵੀ ਚਹਿਲ। ਇਸ ਫ਼ਿਲਮ 'ਚ ਨਾਇਕਾ ਵਜੋਂ ਮਿਸ ਇੰਡੀਆ ਯੂ. ਕੇ. ਡਿਆਨਾ ਉੱਪਲ ਨੇ ਵਧੀਆ ਭੂਮਿਕਾ ਨਿਭਾਈ ਹੈ। 4 ਅਗਸਤ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੇਲਰ ਪਿਛਲੇ ਹਫਤੇ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ ਨੇ ਦਿੱਲੀ ਵਿਖੇ ਲੋਕ ਅਰਪਣ ਕੀਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਲੋਮ ਹਰਸ਼ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੇ ਟਾਈਟਲ ਦੇ ਦੋ ਅਰਥ ਨਿਕਲਦੇ ਹਨ। ਇਸ ਫ਼ਿਲਮ ਦੇਖਣ ਤੋਂ ਪਹਿਲੇ ਮਾਇਨੇ ਹੋਰ ਹਨ ਅਤੇ ਦੇਖਣ ਤੋਂ ਬਾਅਦ ਹੋਰ ਅਰਥ ਨਿਕਲਣਗੇ। ਫ਼ਿਲਮ ਦੇਖਣ ਤੋਂ ਪਹਿਲਾਂ ਦਰਸ਼ਕ ਨੂੰ ਜਾਪਦਾ ਹੈ ਕਿ 'ਯੇ ਹੈ ਇੰਡੀਆ' ਭਾਵ ਜਿਸ ਦੀ ਕੌਮਾਂਤਰੀ ਪੱਧਰ 'ਤੇ ਇਕ ਆਰਥਿਕ, ਸਮਾਜਿਕ ਤੇ ਹਿੰਸਕ ਸਮੱਸਿਆਵਾਂ 'ਚ ਘਿਰੇ ਦੇਸ਼ ਵਜੋਂ ਬਣੀ ਹੋਈ ਹੈ। ਪਰ ਫ਼ਿਲਮ 'ਚ ਦਿਖਾਈਆਂ ਗਈਆਂ ਸਾਡੇ ਦੇਸ਼ ਦੀਆਂ ਖ਼ੂਬੀਆਂ ਨੂੰ ਦੇਖ ਕੇ, ਹਰੇਕ ਭਾਰਤੀ ਫ਼ਖ਼ਰ ਨਾਲ ਕਹੇਗਾ ਕਿ ਇਹ ਹੈ ਸਾਡਾ ਅਸਲੀ ਭਾਰਤ (ਯੇ ਹੈ ਇੰਡੀਆ)। 'ਏਕ ਥਾ ਟਾਈਗਰ' ਫੇਮ ਅਤੇ ਫ਼ਿਲਮ ਦੇ ਨਾਇਕ ਗੈਵੀ ਚਹਿਲ ਦਾ ਕਹਿਣਾ ਹੈ ਕਿ ਉਸ ਨੂੰ ਬੜੀ ਖੁਸ਼ੀ ਹੈ ਕਿ ਉਹ ਇਕ ਅਜਿਹੀ ਫ਼ਿਲਮ ਰਾਹੀਂ ਸੋਲੋ ਹੀਰੋ ਵਜੋਂ ਬਾਲੀਵੁੱਡ 'ਚ ਪਲੇਠਾ ਕਦਮ ਪੁੱਟ ਰਿਹਾ ਹੈ ਜੋ ਸਾਡੇ ਦੇਸ਼ ਦੀ ਅਮੀਰ ਪੱਖਾਂ ਨੂੰ ਰੂਪਮਾਨ ਕਰਦੀ ਹੈ। ਗੈਵੀ ਦਾ ਕਹਿਣਾ ਹੈ ਕਿ ਇਸ ਵੇਲੇ ਭਾਰਤ ਬੜੀ ਤੇਜ਼ੀ ਨਾਲ ਵੱਡੀ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ। ਅਜਿਹੇ ਮੌਕੇ 'ਤੇ ਇਸ ਫ਼ਿਲਮ ਰਾਹੀਂ ਦੇਸ਼ ਵਾਸੀਆਂ ਲਈ ਸਾਡੀ ਟੀਮ ਨੇ ਕੁਝ ਨਵੀਆਂ ਲੀਹਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਗੈਵੀ ਨੇ ਆਪਣੀ ਭੂਮਿਕਾ ਬਾਰੇ ਕਿਹਾ ਕਿ ਉਹ ਇਸ ਫ਼ਿਲਮ 'ਚ ਇੰਗਲੈਂਡ 'ਚ ਜਨਮੇ ਨੌਜਵਾਨ ਦੀ ਭੂਮਿਕਾ 'ਚ ਦਿਖਾਈ ਦੇਵੇਗਾ, ਜਿਸ ਦੇ ਦਿਮਾਗ 'ਚ ਭਾਰਤ ਦਾ ਅਕਸ ਨਕਾਰਾਤਮਕ ਬਣਿਆ ਹੁੰਦਾ ਹੈ ਪਰ ਹਿੰਦੁਸਤਾਨ 'ਚ ਆ ਕੇ ਉਸ ਦੇ ਨਜ਼ਰੀਏ 'ਚ ਏਨੀ ਵੱਡੀ ਤਬਦੀਲੀ ਆ ਜਾਂਦੀ ਹੈ ਕਿ ਉਹ ਭਾਰਤ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਮੁਹਿੰਮ ਚਲਾਉਂਦਾ ਹੈ, ਜਿਸ ਤਹਿਤ ਉਹ ਆਪਣੀ ਇੰਗਲੈਂਡ ਵਸਦੀ ਪ੍ਰੇਮਿਕਾ ਨੂੰ ਛੱਡਣ ਲਈ ਵੀ ਤਿਆਰ ਹੋ ਜਾਂਦਾ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ

ਸ਼ਰਧਾ ਕਪੂਰ

ਅੱਖੀਆਂ ਦੇ ਵਾਰ

ਆਮਿਰ ਖ਼ਾਨ ਨਾਲ 'ਠੱਗਜ਼ ਆਫ਼ ਹਿੰਦੁਸਤਾਨ' ਮਿਲ ਗਈ ਤਾਂ ਸਮਝੋ ਸ਼ਰਧਾ ਕਪੂਰ ਨੂੰ ਇਸ ਸਾਲ ਦੀ 'ਟਾਪ ਫਾਈਵ' ਹੀਰੋਇਨ ਲਿਸਟ 'ਚ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਅਦਿਤਯ ਚੋਪੜਾ ਨਾਲ ਘੱਟ ਤੋਂ ਘੱਟ ਸ਼ਰਧਾ ਦੀਆਂ ਪੰਜ ਮਿਲਣੀਆਂ ਇਸ ਬਾਬਤ ਹੋਈਆਂ ਹਨ। ਸ਼ਰਧਾ ਨਿੱਕੀ ਹੁੰਦੀ ਹੀ ਸੋਚਦੀ ਸੀ ਕਿ ਕੀ ਕਿਤੇ ਉਹ ਅਮਿਤਾਬ ਬੱਚਨ ਨਾਲ ਫ਼ਿਲਮ ਕਰੇਗੀ। 'ਠੱਗਜ਼ ਆਫ਼ ਹਿੰਦੁਸਤਾਨ' 'ਚ ਅਮਿਤਾਬ ਬੱਚਨ ਹੈ ਤੇ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ ਵੀ ਹੈ। ਸ਼ਰਧਾ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫ਼ਿਲਮ ਹੋਵੇਗੀ। ਵੈਸੇ ਵਾਣੀ ਕਪੂਰ ਵੀ ਅਦਿਤਯ ਚੋਪੜਾ ਦਾ ਪਾਣੀ ਭਰ-ਭਰ ਥੱਕ ਗਈ ਹੈ ਤੇ ਆਲੀਆ ਭੱਟ ਵੀ ਵਾਹ ਲਾ ਰਹੀ ਹੈ ਕਿ ਉਸ ਨੂੰ ਥੋੜ੍ਹਾ ਹੀ ਸਹੀ, 'ਠੱਗਜ਼ ਆਫ਼ ਹਿੰਦੁਸਤਾਨ' ਵਿਚ ਕੰਮ ਮਿਲ ਹੀ ਜਾਏ। ਅੱਖੀਆਂ ਦੇ ਵਾਰ ਨਾਲ ਅਮਿਤਾਬ ਤੇ ਆਮਿਰ ਖ਼ਾਨ ਪ੍ਰਭਾਵਿਤ ਹੋ ਗਏ ਤਾਂ ਇਹ ਬੱਲੇ-ਬੱਲੇ ਸੱਤ ਸਾਲ ਪਹਿਲਾਂ 'ਤੀਨ ਪੱਤੀ' 'ਚ ਸ਼ਰਧਾ ਨੇ ਅਮਿਤਾਬ ਨਾਲ ਪਰਦੇ 'ਤੇ ਸਾਂਝ ਪਾਈ ਸੀ। ਗੱਲ ਪੁਰਸਕਾਰ ਪ੍ਰਾਪਤੀ ਦੀ ਤਾਂ ਸ਼ਰਧਾ ਦਾ ਮਨ ਉਦਾਸ ਹੁੰਦਾ ਹੈ ਜਦ ਪਤਾ ਚਲਦਾ ਹੈ ਕਿ ਪੁਰਸਕਾਰ ਪ੍ਰਾਪਤੀ ਲਈ ਵੀ ਫਰਮਾਇਸ਼ਾਂ ਚਲਦੀਆਂ ਹਨ ਤੇ ਅੱਖੀਆਂ ਦੇ ਵਾਰ ਇਥੇ ਖਾਲੀ ਜਾਂਦੇ ਹਨ। ਨਿੱਜੀ ਤੌਰ 'ਤੇ ਸ਼ਰਧਾ ਚਾਹੁੰਦੀ ਹੈ ਕਿ ਉਹ ਵੀ ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਦੇਵੇ। ਸ਼ਰਧਾ ਦੀਆਂ ਤਕਰੀਬਨ ਸਾਰੀਆਂ ਹੀ ਫ਼ਿਲਮਾਂ ਜ਼ਬਰਦਸਤ ਰਹੀਆਂ ਹਨ। ਸ਼ਰਧਾ ਇਕੱਲਾ ਅੱਖੀਆਂ ਦਾ ਵਾਰ ਹੀ ਨਹੀਂ ਕਰਦੀ ਬਲਕਿ ਉਸ ਅੰਦਰ ਅਥਾਹ ਪ੍ਰਤਿਭਾ ਵੀ ਹੈ। ਸ਼ਰਧਾ ਕਪੂਰ ਹੁਣ ਆਰਥਿਕ ਤੌਰ 'ਤੇ ਕਮਜ਼ੋਰ ਕੁੜੀਆਂ ਲਈ ਇਕ ਲਹਿਰ ਚਲਾਉਣ ਜਾ ਰਹੀ ਹੈ।

ਭਾਰਤ-ਪਾਕਿ ਵੰਡ 'ਤੇ ਗੁਰਿੰਦਰ ਚੱਢਾ ਦੀ 'ਪਾਰਟੀਸ਼ਨ -1947'

ਇਹ ਤਾਂ ਸੱਚ ਹੈ ਕਿ ਜਦੋਂ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਇਸ ਦਾ ਦਰਦ ਸਭ ਤੋਂ ਜ਼ਿਆਦਾ ਪੰਜਾਬ ਨੂੰ ਝੱਲਣਾ ਪਿਆ ਸੀ। ਅੱਜ ਵੀ ਘਰ ਦੇ ਵੱਡੇ ਬਜ਼ੁਰਗ ਆਪਣੀਆਂ ਗੱਲਾਂ ਵਿਚ 'ਵੰਡ ਤੋਂ ਪਹਿਲਾਂ....' ਜਾਂ 'ਪਾਕਿਸਤਾਨ ਬਣਨ ਤੋਂ ਪਹਿਲਾਂ...' ਕਹਿੰਦੇ ਹੋਏ ਉਸ ਦੌਰ ਦੀਆਂ ਗੱਲਾਂ ਕਰਦੇ ਦੇਖੇ ਜਾਂਦੇ ਹਨ। ਵੰਡ ਦੇ ਇਸ ਦਰਦ 'ਤੇ ਕਈ ਫ਼ਿਲਮਾਂ ਵੀ ਬਣੀਆਂ ਹਨ ਅਤੇ ਇਸੇ ਲੜੀ ਵਿਚ ਹੁਣ ਗੁਰਿੰਦਰ ਚੱਢਾ 'ਪਾਰਟੀਸ਼ਨ-1947' ਲੈ ਕੇ ਪੇਸ਼ ਹੋ ਰਹੀ ਹੈ।
ਆਪਣੀ ਇਸ ਫ਼ਿਲਮ ਬਾਰੇ ਗੁਰਿੰਦਰ ਦਾ ਦਾਅਵਾ ਹੈ ਕਿ ਇਸ ਵਿਚ ਉਹ ਗੱਲਾਂ ਪੇਸ਼ ਕੀਤੀਆਂ ਗਈਆਂ ਹਨ ਜੋ ਦੇਸ਼ ਦੀ ਜਨਤਾ ਤੋਂ ਲੁਕਾਈਆਂ ਗਈਆਂ ਸਨ। ਆਜ਼ਾਦੀ ਦੇ ਪੰਜਾਹ ਸਾਲ ਬਾਅਦ ਕਈ ਇਸ ਤਰ੍ਹਾਂ ਦੇ ਗੁਪਤ ਸਰਕਾਰੀ ਦਸਤਾਵੇਜ਼ ਬਾਹਰ ਆਏ ਜਿਸ ਵਿਚ ਵੰਡ ਸਬੰਧੀ ਸੰਵੇਦਨਸ਼ੀਲ ਜਾਣਕਾਰੀਆਂ ਸਨ। ਉਨ੍ਹਾਂ ਗੱਲਾਂ ਨੂੰ ਇਸ ਵਿਚ ਪੇਸ਼ ਕੀਤਾ ਗਿਆ ਹੈ।
ਇਹ ਫ਼ਿਲਮ ਬਣਾਉਣ ਦਾ ਖਿਆਲ ਕਿਵੇਂ ਆਇਆ, ਇਸ ਬਾਰੇ ਉਹ ਕਹਿੰਦੀ ਹੈ, 'ਹਾਲਾਂਕਿ ਮੇਰਾ ਸਬੰਧ ਪੰਜਾਬ ਨਾਲ ਹੈ ਪਰ ਮੈਂ ਇੰਗਲੈਂਡ ਵਿਚ ਪਲੀ ਹਾਂ। ਉਥੇ ਮੇਰੀ ਨਾਨੀ ਮਾਂ ਅਕਸਰ ਵੰਡ ਦੀਆਂ ਗੱਲਾਂ ਦੱਸਿਆ ਕਰਦੇ ਸਨ ਅਤੇ ਮੈਂ ਸੋਚਣ ਲੱਗਦੀ ਸੀ ਕਿ ਜਦੋਂ ਦੋ ਮੁਲਕਾਂ ਦਾ ਬਟਵਾਰਾ ਹੋਇਆ ਹੋਵੇਗਾ, ਉਦੋਂ ਲੋਕਾਂ 'ਤੇ ਕੀ ਕੁਝ ਬੀਤਿਆ ਹੋਵੇਗਾ। ਉਥੋਂ ਮੇਰੇ ਦਿਮਾਗ਼ ਵਿਚ ਇਸ ਵਿਸ਼ੇ 'ਤੇ ਫ਼ਿਲਮ ਬਣਾਉਣ ਦਾ ਖਿਆਲ ਆਇਆ ਅਤੇ ਹੁਣ ਉਹ ਹਕੀਕਤ ਬਣ ਕੇ ਫ਼ਿਲਮ ਦੇ ਰੂਪ ਵਿਚ ਸਾਹਮਣੇ ਹੈ। ਪ੍ਰਿੰਸ ਚਾਰਲਸ ਦਾ ਵੀ ਯੋਗਦਾਨ ਰਿਹਾ ਹੈ। ਜਦੋਂ ਮੈਂ ਉਨ੍ਹਾਂ ਨੂੰ ਮਿਲੀ ਸੀ ਤਾਂ ਉਨ੍ਹਾਂ ਨੇ ਪੁੱਛਿਆ ਸੀ ਕਿ ਅੱਜਕਲ੍ਹ ਕੀ ਕਰ ਰਹੇ ਹੋ ਤਾਂ ਮੈਂ ਜਵਾਬ ਦਿੱਤਾ ਸੀ ਕਿ ਤੁਹਾਡੇ ਤਾਇਆ ਜੀ ਲਾਰਡ ਮਾਊਂਟ ਬੈਟਨ 'ਤੇ ਫ਼ਿਲਮ ਬਣਾ ਰਹੀ ਹਾਂ। ਉਨ੍ਹਾਂ ਨੇ ਮੈਨੂੰ 'ਫ੍ਰੀਡਮ ਐਟ ਮਿਡਨਾਈਟ' ਤੇ ਕੁਝ ਹੋਰ ਕਿਤਾਬਾਂ ਦੇ ਨਾਂਅ ਦਿੱਤੇ ਅਤੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿਚ ਵੰਡ 'ਤੇ ਕਾਫੀ ਕੁਝ ਲਿਖਿਆ ਗਿਆ ਹੈ।
ਆਪਣੀ ਇਸ ਫ਼ਿਲਮ ਦੇ ਸੰਗੀਤ 'ਤੇ ਵੀ ਗੁਰਿੰਦਰ ਨੇ ਬਹੁਤ ਧਿਆਨ ਦਿੱਤਾ ਹੈ। ਫ਼ਿਲਮ ਦੇ ਸੰਗੀਤਕਾਰ ਹਨ ਏ. ਆਰ. ਰਹਿਮਾਨ ਅਤੇ ਇਥੇ ਸਦਾ ਬਹਾਰ ਸੂਫੀ ਗੀਤ 'ਦਮਾਦਮ ਮਸਤ ਕਲੰਦਰ...' ਨੂੰ ਹੰਸ ਰਾਜ ਹੰਸ ਦੀ ਆਵਾਜ਼ ਵਿਚ ਪੇਸ਼ ਕੀਤਾ ਗਿਆ ਹੈ। ਨਾਲ ਹੀ ਹੰਸ ਰਾਜ ਹੰਸ ਨੇ ਇਸ ਵਿਚ ਇਕ ਹੋਰ ਗੀਤ 'ਜਿੰਦਵਾ...' ਵੀ ਗਾਇਆ ਹੈ। ਨਵੀਂ ਗੀਤਕਾਰਾ ਨਵਨੀਤ ਵਿਰਕ ਨੇ ਇਸ ਦੇ ਗੀਤ ਲਿਖੇ ਹਨ ਅਤੇ ਕਿਉਂਕਿ ਫ਼ਿਲਮ ਦਾ ਇਕ ਗੀਤ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦਾ ਹੈ ਤੇ ਉਸ ਵਿਚ ਨਾਇਕ ਆਪਣੀ ਪ੍ਰੇਮਿਕਾ ਨੂੰ ਦਿੱਲੀ ਦੇ ਨਾਲ-ਨਾਲ ਲਾਹੌਰ ਤੇ ਮੁਲਤਾਨ ਦੀ ਸੈਰ ਕਰਵਾਉਣ ਦੀ ਗੱਲ ਕਰਦਾ ਹੈ। ਵੰਡ ਦੇ ਨਾਲ-ਨਾਲ ਇਸ ਵਿਚ ਆਲੀਆ ਤੇ ਜੀਤ ਦੀ ਪ੍ਰੇਮ ਕਹਾਣੀ ਵੀ ਪੇਸ਼ ਕੀਤੀ ਗਈ ਹੈ। ਆਲੀਆ ਦੀ ਭੂਮਿਕਾ ਹੁਮਾ ਕੁਰੈਸ਼ੀ ਵੱਲੋਂ ਨਿਭਾਈ ਗਈ ਹੈ ਤੇ ਜੀਤ ਬਣੇ ਹਨ ਮੁਨੀਸ਼ ਦਿਆਲ। ਆਲੀਆ ਦੇ ਪਿਤਾ ਦੀ ਭੂਮਿਕਾ ਵਿਚ ਓਮ ਪੁਰੀ ਹੈ। ਨੀਰਜ ਕਬੀ ਇਸ ਵਿਚ ਗਾਂਧੀ ਜੀ ਬਣੇ ਹਨ ਤੇ ਤਨਵੀਰ ਨੂੰ ਨਹਿਰੂ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਹੈ। ਜਿਨਾਹ ਦੀ ਭੂਮਿਕਾ ਵਿਚ ਡੈਂਜਲ ਹੈ ਤੇ ਨਾਲ ਹੀ ਯੂਰਪ ਦੇ ਵੀ ਕਈ ਕਲਾਕਾਰ ਇਸ ਵਿਚ ਹਨ।
ਇਨ੍ਹਾਂ ਕਲਾਕਾਰਾਂ ਨੂੰ ਚਮਕਾਉਂਦੀ ਇਹ ਫ਼ਿਲਮ 18 ਅਗਸਤ ਨੂੰ ਪ੍ਰਦਰਸ਼ਿਤ ਹੋ ਰਹੀ ਹੈ।

ਯਸ਼ ਚੋਪੜਾ ਦੀ ਰਾਹ 'ਤੇ ਇਮਤਿਆਜ਼

ਸ਼ਾਹਰੁਖ ਖਾਨ ਨੇ ਯਸ਼ ਚੋਪੜਾ ਦੇ ਨਾਲ ਕਈ ਫ਼ਿਲਮਾਂ ਕੀਤੀਆਂ ਅਤੇ ਉਹ ਯਸ਼ ਜੀ ਦੀ ਫ਼ਿਲਮ ਮੇਕਿੰਗ ਤਕਨੀਕ ਤੇ ਉਨ੍ਹਾਂ ਦੀ ਕਹਾਣੀ ਪੇਸ਼ਕਾਰੀ ਦੀ ਕਲਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਜਦੋਂ ਸ਼ਾਹਰੁਖ ਨੇ ਇਮਤਿਆਜ਼ ਅਲੀ ਦੇ ਨਾਲ 'ਜਬ ਹੈਰੀ ਮੈੱਟ ਸੇਜਲ' ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਇਮਤਿਆਜ਼ ਦਾ ਕੰਮ ਕਰਨ ਦੇ ਸਟਾਈਲ ਦੇਖ ਸ਼ਾਹਰੁਖ ਨੇ ਉਨ੍ਹਾਂ ਨੂੰ 'ਆਜ ਕਾ ਯਸ਼ ਚੋਪੜਾ' ਦਾ ਖ਼ਿਤਾਬ ਦੇ ਦਿੱਤਾ। ਹੁਣ ਏਨੇ ਵੱਡੇ ਨਿਰਦੇਸ਼ਕ ਦੇ ਨਾਲ ਆਪਣੀ ਤੁਲਨਾ ਹੁੰਦੀ ਦੇਖ ਕੇ ਇਮਤਿਆਜ਼ ਨੇ ਵੀ ਇਸ ਖ਼ਿਤਾਬ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਦੇਖਿਆ ਕਿ ਯਸ਼ ਜੀ ਨੂੰ ਪੰਜਾਬ ਨਾਲ ਵਿਸ਼ੇਸ਼ ਲਗਾਅ ਸੀ ਅਤੇ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ਦੇ ਲਹਿਰਾਉਂਦੇ ਖੇਤਾਂ ਵਿਚ ਕਰਨਾ ਵਿਸ਼ੇਸ਼ ਤੌਰ 'ਤੇ ਪਸੰਦ ਕਰਿਆ ਕਰਦੇ ਸਨ। ਯਸ਼ ਤੋਂ ਪ੍ਰਭਾਵਿਤ ਹੋ ਕੇ ਇਮਤਿਆਜ਼ ਦੇ ਦਿਲ ਵਿਚ ਵੀ ਪੰਜਾਬ ਪ੍ਰਤੀ ਪਿਆਰ ਪੈਦਾ ਹੋਇਆ ਅਤੇ ਉਨ੍ਹਾਂ ਨੇ ਵੀ 'ਹੈਰੀ-ਸੇਜਲ' ਦੀ ਸ਼ੂਟਿੰਗ ਪੰਜਾਬ ਵਿਚ ਕਰਨਾ ਠੀਕ ਸਮਝਿਆ। ਉਂਝ ਤਾਂ ਇਸ ਫ਼ਿਲਮ ਦੀ ਕਹਾਣੀ ਦਾ ਸਬੰਧ ਯੂਰਪ ਦੇ ਪ੍ਰਾਗ ਸ਼ਹਿਰ ਨਾਲ ਹੈ ਪਰ ਇਮਤਿਆਜ਼ ਨੇ ਫ਼ਿਲਮ ਦੇ ਕਈ ਦ੍ਰਿਸ਼ ਪੰਜਾਬ ਵਿਚ ਵੀ ਫ਼ਿਲਮਾਏ ਹਨ। ਇਸ ਵਿਚ ਸ਼ਾਹਰੁਖ ਪੰਜਾਬੀ ਮੁੰਡਾ ਬਣੇ ਹਨ। ਸੋ, ਇਮਤਿਆਜ਼ ਦਾ ਮੰਨਣਾ ਸੀ ਕਿ ਪੰਜਾਬ ਵਿਚ ਸ਼ੂਟਿੰਗ ਕੀਤੇ ਬਿਨਾਂ ਇਹ ਫ਼ਿਲਮ ਅਧੂਰੀ ਜਿਹੀ ਲੱਗੇਗੀ।
ਯਸ਼ ਜੀ ਦੀ ਤਰ੍ਹਾਂ ਇਮਤਿਆਜ਼ ਅਲੀ ਵੀ ਰੋਮਾਂਟਿਕ ਫ਼ਿਲਮਾਂ ਬਣਾਉਣਾ ਪਸੰਦ ਕਰਦਾ ਹੈ ਅਤੇ ਹੁਣ ਯਸ਼ ਜੀ ਦੀ ਤਰਜ਼ 'ਤੇ ਆਪਣੀਆਂ ਫ਼ਿਲਮਾਂ ਵਿਚ ਪੰਜਾਬੀ ਸੱਭਿਆਚਾਰ ਵੀ ਪੇਸ਼ ਕਰਨ ਲੱਗੇ ਹਨ।

ਰਾਮਸੇ ਦੀਆਂ ਡਰਾਉਣੀਆਂ ਫ਼ਿਲਮਾਂ 'ਤੇ ਕਿਤਾਬ

ਰਾਮਸੇ ਨਾਂਅ ਸੁਣਦੇ ਹੀ ਅੱਖਾਂ ਸਾਹਮਣੇ ਡਰਾਉਣੀਆਂ ਫ਼ਿਲਮਾਂ ਦੇ ਦ੍ਰਿਸ਼ ਆ ਜਾਣਾ ਸੁਭਾਵਿਕ ਹੀ ਹੈ। ਰਾਮਸੇ ਪਰਿਵਾਰ ਵਿਚ ਸੱਤ ਭਰਾ ਹਨ ਅਤੇ ਇਕ ਜ਼ਮਾਨੇ ਵਿਚ ਇਹ ਸੱਤੇ ਭਰਾ ਮਿਲ ਕੇ ਡਰਾਉਣੀਆਂ ਫ਼ਿਲਮਾਂ ਬਣਾਉਂਦੇ ਸਨ। ਸੱਤਾਂ ਭਰਾਵਾਂ ਨੇ ਫ਼ਿਲਮ ਨਿਰਮਾਣ ਵਿਚ ਆਪਣੀ-ਆਪਣੀ ਜ਼ਿੰਮੇਵਾਰੀ ਸੰਭਾਲ ਰੱਖੀ ਸੀ। ਕਿਸੇ ਦੇ ਜ਼ਿੰਮੇ ਕਹਾਣੀ ਲਿਖਣੀ ਸੀ ਤੇ ਕੋਈ ਸਿਨੇਮਾਟੋਗ੍ਰਾਫ਼ਰ ਸੀ। ਕੋਈ ਨਿਰਦੇਸ਼ਨ ਵਿਚ ਸੀ ਤੇ ਕੋਈ ਫ਼ਿਲਮ ਦਾ ਵਿਤਰਣ ਪੱਖ ਦੇਖਦਾ ਸੀ। 'ਰਾਮਸੇ ਫ਼ਿਲਮਜ਼' ਦੇ ਬੈਨਰ ਹੇਠ ਬਣੀ ਫ਼ਿਲਮ ਦੇਖਦਿਆਂ ਹੀ ਸਕਰੀਨ 'ਤੇ ਐਫ ਯੂ ਰਾਮਸੇ, ਗੰਗੂ ਰਾਮਸੇ, ਕੇਸ਼ੂ ਰਾਮਸੇ, ਤੁਲਸੀ ਰਾਮਸੇ, ਸ਼ਿਆਮ ਰਾਮਸੇ, ਕੁਮਾਰ ਰਾਮਸੇ, ਅਰਜੁਨ ਰਾਮਸੇ ਨਾਂਅ ਪੜ੍ਹਨ ਨੂੰ ਮਿਲ ਜਾਂਦੇ ਸਨ। ਇਸ ਪਰਿਵਾਰ ਵੱਲੋਂ 'ਏਕ ਨੰਨ੍ਹੀ ਮੁੰਨੀ ਲੜਕੀ ਥੀ', 'ਵੀਰਾਨਾ', 'ਸਾਮਰੀ', 'ਪੁਰਾਨਾ ਮੰਦਿਰ', 'ਬੰਦ ਦਰਵਾਜ਼ਾ', 'ਦੋ ਗਜ਼ ਜ਼ਮੀਨ ਕੇ ਨੀਚੇ', 'ਸਬੂਤ', 'ਦਹਿਸ਼ਤ' ਸਮੇਤ ਪੰਜਾਹ ਤੋਂ ਜ਼ਿਆਦਾ ਡਰਾਉਣੀਆਂ ਫ਼ਿਲਮਾਂ ਬਣਾਈਆਂ ਗਈਆਂ ਹਨ। 'ਜ਼ੀ ਹਾਰਰ ਸ਼ੋਅ' ਵੀ ਇਸੇ ਪਰਿਵਾਰ ਦੀ ਦੇਣ ਹੈ।
ਡਰਾਉਣੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਇਸ ਪਰਿਵਾਰ ਦੇ ਯੋਗਦਾਨ ਨੂੰ ਦੇਖਦੇ ਹੋਏ ਹੁਣ ਲੇਖਕ ਸ਼ਾਮਿਆ ਦਾਸ ਗੁਪਤਾ ਨੇ ਇਨ੍ਹਾਂ ਦੀਆਂ ਡਰਾਉਣੀਆਂ ਫ਼ਿਲਮਾਂ 'ਤੇ ਇਕ ਕਿਤਾਬ ਲਿਖੀ ਹੈ ਅਤੇ ਇਸ ਦਾ ਨਾਂ ਹੈ 'ਡੌਂਟ ਡਿਸਟਰਬ ਦਾ ਡੈਡ।' ਇਹ ਕਿਤਾਬ ਨਾਮੀ ਪ੍ਰਕਾਸ਼ਕ ਹਾਰਪਰ ਕੋਲਿਨਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਕਿਤਾਬ ਬਾਰੇ ਲੇਖਕ ਸ਼ਾਮਿਆ ਕਹਿੰਦੇ ਹਨ, 'ਬਾਲੀਵੁੱਡ ਵਿਚ ਖਾਨ, ਖੰਨਾ, ਕਪੂਰ ਅਤੇ ਬੱਚਨ 'ਤੇ ਤਾਂ ਆਏ ਦਿਨ ਕੋਈ ਨਾ ਕੋਈ ਕਿਤਾਬ ਆਉਂਦੀ ਰਹਿੰਦੀ ਹੈ ਪਰ ਸਾਨੂੰ ਬਾਲੀਵੁੱਡ ਵਿਚ ਸਰਗਰਮ ਰਹਿੰਦੇ ਹੋਰ ਲੋਕਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਡਰਾਉਣੀਆਂ ਫ਼ਿਲਮਾਂ ਦਾ ਇਕ ਖ਼ਾਸ ਦਰਸ਼ਕ ਵਰਗ ਹੈ। ਅੱਜ ਰਾਮਗੋਪਾਲ ਵਰਮਾ, ਵਿਕਰਮ ਭੱਟ ਡਰਾਉਣੀਆਂ ਫ਼ਿਲਮਾਂ ਬਣਾ ਰਹੇ ਹਨ ਅਤੇ ਉਹ ਖ਼ੁਦ ਇਹ ਕਬੂਲ ਕਰਦੇ ਹਨ ਕਿ ਰਾਮਸੇ ਬੈਨਰ ਦੀਆਂ ਫ਼ਿਲਮਾਂ ਉਨ੍ਹਾਂ ਲਈ ਪ੍ਰੇਰਣਾਸੋਰਤ ਰਹੀਆਂ ਹਨ। ਫ਼ਿਲਮਾਂ ਵਿਚ ਰਾਮਸੇ ਪਰਿਵਾਰ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਯੋਗਦਾਨ ਨੂੰ ਇਸ ਕਿਤਾਬ ਵਿਚ ਪੇਸ਼ ਕੀਤਾ ਗਿਆ ਹੈ।
ਇਸ ਕਿਤਾਬ ਦੇ ਉਦਘਾਟਨ ਮੌਕੇ ਕਲਾਕਾਰ ਅਨੀਰੁੱਧ ਅਗਰਵਾਲ ਵੀ ਮੌਜੂਦ ਸਨ। ਡਰਾਉਣੇ ਚਿਹਰੇ ਵਾਲੇ ਅਨੀਰੁੱਧ ਨੇ ਰਾਮਸੇ ਬੈਨਰ ਦੀਆਂ ਕਈ ਫ਼ਿਲਮਾਂ ਵਿਚ ਖੂੰਖਾਰ ਚਿਹਰੇ ਬਣਾ ਕੇ ਦਰਸ਼ਕਾਂ ਨੂੰ ਡਰਾਇਆ ਹੈ। ਅਨੀਰੁੱਧ ਅਨੁਸਾਰ ਉਸ 'ਤੇ ਭੂਤ ਦਾ ਠੱਪਾ ਲੱਗ ਜਾਣ ਨਾਲ ਉਸ ਨੂੰ ਡਰਾਉਣੀਆਂ ਫ਼ਿਲਮਾਂ ਵਿਚ ਹੀ ਕੰਮ ਮਿਲਦਾ ਰਿਹਾ। ਬਾਕੀ ਕਿਸੇ ਫ਼ਿਲਮ ਵਿਚ ਉਸ ਨੂੰ ਕੰਮ ਨਾ ਦੇ ਬਰਾਬਰ ਮਿਲਿਆ। ਇਹ ਰਾਮਸੇ ਨਾਂਅ ਦਾ ਹੀ ਪ੍ਰਭਾਵ ਕਿਹਾ ਜਾਵੇਗਾ ਕਿ ਜਦੋਂ ਕੇਸ਼ੂ ਰਾਮਸੇ ਨੇ ਡਰਾਉਣੀਆਂ ਫ਼ਿਲਮਾਂ ਦੀ ਬਜਾਏ ਮਸਾਲਾ ਫ਼ਿਲਮਾਂ ਬਣਾਉਣ ਬਾਰੇ ਸੋਚਿਆ ਤਾਂ ਵਿਤਰਕਾਂ ਨੇ ਪਹਿਲੀ ਰਾਏ ਇਹ ਦਿੱਤੀ ਕਿ ਉਹ ਆਪਣੇ ਨਾਂਅ ਦੇ ਪਿੱਛੇ ਲੱਗਿਆ ਰਾਮਸੇ ਹਟਾ ਦੇਣ ਕਿਉਂਕਿ ਪੋਸਟਰ ਵਿਚ ਰਾਮਸੇ ਪੜ੍ਹ ਕੇ ਦਰਸ਼ਕ ਇਹੀ ਸਮਝਣਗੇ ਕਿ ਇਹ ਡਰਾਉਣੀ ਫ਼ਿਲਮ ਹੈ। ਸੋ, ਉਨ੍ਹਾਂ ਨੇ ਸਿਰਫ਼ ਕੇਸ਼ੂ ਨਾਂਅ ਰੱਖਿਆ ਅਤੇ 'ਸਬ ਸੇ ਬੜਾ ਖਿਲਾੜੀ', 'ਖਿਲਾੜੀਓਂ ਕਾ ਖਿਲਾੜੀ', 'ਖਾਕੀ' ਆਦਿ ਫ਼ਿਲਮਾਂ ਬਣਾਈਆਂ।
ਰਾਮਸੇ ਦੀਆਂ ਡਰਾਉਣੀਆਂ ਫ਼ਿਲਮਾਂ ਦੇ ਕੈਮਰਾਮੈਨ ਗੰਗੂ ਰਾਮਸੇ ਹੋਇਆ ਕਰਦੇ ਸਨ ਅਤੇ ਉਹ ਵੀ ਇਸ ਉਦਘਾਟਨ ਸਮਾਰੋਹ ਵਿਚ ਹਾਜ਼ਰ ਸਨ। ਉਨ੍ਹਾਂ ਅਨੁਸਾਰ ਡਰਾਉਣੇ ਮੁਖੌਟੇ ਲਈ ਨਵੇਂ-ਨਵੇਂ ਪ੍ਰਯੋਗ ਕੀਤੇ ਜਾਂਦੇ ਸਨ। ਕਈ ਵਾਰ ਕਲਾਕਾਰ ਦੇ ਚਿਹਰੇ 'ਤੇ ਗੂੰਦ ਲਗਾ ਦਿੱਤੀ ਜਾਂਦੀ ਅਤੇ ਫਿਰ ਬੌਰਨਵੀਟਾ ਛਿੜਕ ਦਿੱਤਾ ਜਾਂਦਾ। ਇਸ ਨਾਲ ਚਿਹਰਾ ਡਰਾਉਣਾ ਦਿਸਣ ਲਗ ਜਾਂਦਾ ਸੀ। ਕਈ ਡਰਾਉਣੀਆਂ ਫ਼ਿਲਮਾਂ ਵਿਚ ਉੱਤਮ ਸਿੰਘ ਨੇ ਬੈਕਗ੍ਰਾਊਂਡ ਮਿਊਜ਼ਿਕ ਦਿੱਤਾ ਸੀ। ਇਹੀ ਸੰਗੀਤ ਬਾਅਦ ਵਿਚ 'ਜ਼ੀ ਹਾਰਰ ਸ਼ੋਅ' ਵਿਚ ਵੀ ਵਰਤਿਆ ਗਿਆ ਸੀ। ਵਿਜੇ ਆਨੰਦ ਵੀ ਉਨ੍ਹਾਂ ਦੀਆਂ ਡਰਾਉਣੀਆਂ ਫ਼ਿਲਮਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕੇ ਸਨ ਅਤੇ ਉਨ੍ਹਾਂ ਨੇ ਡਰਾਉਣੀ ਫ਼ਿਲਮ 'ਘੁੰਗਰੂ ਕੀ ਆਵਾਜ਼' ਵਿਚ ਕੰਮ ਕੀਤਾ ਸੀ। ਗੰਗੂ ਰਾਮਸੇ ਅਨੁਸਾਰ 'ਵੀਰਾਨਾ' ਨੂੰ ਛੱਡ ਕੇ ਉਨ੍ਹਾਂ ਦੀ ਕੋਈ ਵੀ ਫ਼ਿਲਮ ਸੈਂਸਰ ਵਿਚ ਨਹੀਂ ਫਸੀ ਕਿਉਂਕਿ ਉਨ੍ਹਾਂ ਨੇ ਸੈਲਫ ਸੈਂਸਰਸ਼ਿਪ ਦੀ ਪਾਲਿਸੀ ਅਖ਼ਤਿਆਰ ਕਰ ਰੱਖੀ ਸੀ।


-ਪੰਨੂੰ

ਫ਼ਿਲਮੀ ਖ਼ਬਰਾਂ

102 ਸਾਲ ਦੇ ਅਮਿਤਾਭ

'ਓ ਮਾਈ ਗਾਡ' ਵਾਲੇ ਨਿਰਦੇਸ਼ਕ ਉਮੇਸ਼ ਸ਼ੁਕਲਾ ਹੁਣ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਨੂੰ ਲੈ ਕੇ '102 ਨਾਟ ਆਊਟ' ਬਣਾ ਰਹੇ ਹਨ। ਇਸ ਵਿਚ ਅਮਿਤਾਭ ਪਿਤਾ ਤੇ ਰਿਸ਼ੀ ਉਨ੍ਹਾਂ ਦੇ ਬੇਟੇ ਬਣੇ ਹਨ। ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਅਮਿਤਾਭ ਦੀ ਉਮਰ 102 ਸਾਲ ਦਿਖਾਈ ਜਾਵੇਗੀ ਤੇ ਰਿਸ਼ੀ ਦੀ ਉਮਰ ਹੋਵੇਗੀ 75 ਸਾਲ। ਹਿੱਟ ਗੁਜਰਾਤੀ ਨਾਟਕ '102 ਨਾਟ ਆਊਟ' 'ਤੇ ਆਧਾਰਿਤ ਇਸ ਫ਼ਿਲਮ ਵਿਚ ਕਾਮੇਡੀ ਦਾ ਤੜਕਾ ਲਗਾ ਕੇ ਬਜ਼ੁਰਗਾਂ ਦੀ ਮਾਨਸਿਕਤਾ ਪੇਸ਼ ਕੀਤੀ ਜਾਵੇਗੀ। ਨਾਲ ਹੀ ਇਸ ਵਿਚ ਕੁਝ ਸੰਵਾਦ ਗੁਜਰਾਤੀ ਵਿਚ ਵੀ ਹੋਣਗੇ। ਇਹ ਫ਼ਿਲਮ ਇਸ ਸਾਲ ਦੇ ਅਖ਼ੀਰ ਵਿਚ ਪ੍ਰਦਰਸ਼ਿਤ ਹੋਵੇਗੀ।
'ਪਰੀ' ਵਿਚ ਅਨੁਸ਼ਕਾ ਸ਼ਰਮਾ ਦੀ ਨਵੀਂ ਦਿੱਖ

ਅਨੁਸ਼ਕਾ ਸ਼ਰਮਾ ਅਭਿਨੇਤਰੀ ਦੇ ਤੌਰ 'ਤੇ ਰੁੱਝੀ ਹੋਈ ਹੈ, ਉਹ ਨਿਰਮਾਤਰੀ ਦੇ ਤੌਰ 'ਤੇ ਵੀ ਰੁੱਝੀ ਰਹਿਣ ਲੱਗੀ ਹੈ। ਨਿਰਮਾਤਰੀ ਬਣ ਕੇ 'ਐਨ. ਐਚ. 10' ਤੇ 'ਫਿਲੌਰੀ' ਬਣਾਉਣ ਵਾਲੀ ਅਨੁਸ਼ਕਾ ਹੁਣ 'ਪਰੀ' ਦੇ ਨਿਰਮਾਣ ਵਿਚ ਰੁੱਝ ਗਈ ਹੈ। ਨਵੇਂ ਨਿਰਦੇਸ਼ਕ ਪ੍ਰੋਸਿਤ ਰਾਏ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਅਨੁਸ਼ਕਾ ਦੇ ਨਾਲ ਪਰਮਬ੍ਰਤਾ ਚੈਟਰਜੀ ਨੂੰ ਚਮਕਾਇਆ ਜਾ ਰਿਹਾ ਹੈ ਅਤੇ ਇਸ ਫ਼ਿਲਮ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਅਨੁਸ਼ਕਾ ਨੂੰ ਵੱਖਰੀ ਜਿਹੀ ਦਿੱਖ ਦੇ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੇਕਅੱਪ ਤੇ ਗਹਿਣਿਆਂ ਤੋਂ ਦੂਰ ਰੱਖ ਕੇ ਉਸ ਨੂੰ ਇਥੇ ਸਧਾਰਨ ਦਿੱਖ ਦਿੱਤੀ ਗਈ ਹੈ ਅਤੇ ਇਸ ਦਿੱਖ ਨੂੰ ਹੋਰ ਉਭਾਰਨ ਲਈ ਕੰਟੈਕਟ ਲੈਂਸ ਦਾ ਸਹਾਰਾ ਲਿਆ ਗਿਆ ਹੈ।
ਫੈਸ਼ਨ ਪੰਡਿਤਾਂ ਦਾ ਮੰਨਣਾ ਹੈ ਕਿ ਅਨੁਸ਼ਕਾ ਦੀ ਇਹ ਦਿੱਖ ਇੰਟਰਨੈਸ਼ਨਲ ਪੱਧਰ ਦੀ ਹੈ। ਉਮੀਦ ਹੈ ਕਿ ਫ਼ਿਲਮ ਵੀ ਉਹ ਇੰਟਰਨੈਸ਼ਨਲ ਪੱਧਰ ਦੀ ਬਣਾਏਗੀ।
ਸੈਫ ਅਲੀ ਦੀ ਬੇਟੀ ਦਾ ਫ਼ਿਲਮਾਂ ਵਿਚ ਆਗਮਨ

ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੇ ਵੀ ਹੁਣ ਅਭਿਨੈ ਦੀ ਦੁਨੀਆ ਵਿਚ ਦਾਖਲਾ ਲੈ ਲਿਆ ਹੈ। ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਸਾਰਾ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ 'ਕੇਦਾਰਨਾਥ' ਬਣਾਉਣ ਦਾ ਐਲਾਨ ਕੀਤਾ ਹੈ। ਅਭਿਸ਼ੇਕ ਅਨੁਸਾਰ ਉਸ ਵਿਚ ਤੀਰਥ ਯਾਤਰਾ ਦੀ ਪਿੱਠਭੂਮੀ 'ਤੇ ਪ੍ਰੇਮ ਕਹਾਣੀ ਪੇਸ਼ ਕੀਤੀ ਜਾਵੇਗੀ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ।


-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX