ਤਾਜਾ ਖ਼ਬਰਾਂ


ਰੇਲਵੇ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਦੇਣ ਦਾ ਐਲਾਨ
. . .  1 minute ago
ਨਵੀਂ ਦਿੱਲੀ, 27 ਜੁਲਾਈ - ਭਾਰਤੀ ਰੇਲਵੇ ਨੇ ਵਿਸ਼ਵ ਕੱਪ ਦੀ ਉਪ ਜੇਤੂ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਤੋਂ 1.30 ਕਰੋੜ ਰੁਪਏ ਦੇਣ ਦਾ ਐਲਾਨ...
ਵਿਜੀਲੈਂਸ ਵੱਲੋਂ ਹੌਲਦਾਰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  14 minutes ago
ਫ਼ਿਰੋਜ਼ਪੁਰ, 27 ਜੁਲਾਈ (ਤਪਿੰਦਰ ਸਿੰਘ) - ਵਿਜੀਲੈਂਸ ਬਿਓਰੋ ਨੇ ਥਾਣਾ ਲੱਖੋਂ ਕੇ ਬਹਿਰਾਮ 'ਚ ਤਾਇਨਾਤ ਇੱਕ ਹੌਲਦਾਰ ਜੀਤ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ...
ਭਾਰਤ-ਸ੍ਰੀਲੰਕਾ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ 154/5
. . .  29 minutes ago
ਗਾਲੇ, 27 ਜੁਲਾਈ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆ ਸਨ...
ਸੰਜੇ ਦੱਤ ਨੂੰ ਫਿਰ ਜੇਲ੍ਹ ਭੇਜਿਆ ਜਾ ਸਕਦੈ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਕ ਵਾਰ ਫਿਰ ਅਦਾਕਾਰ ਸੰਜੇ ਦੱਤ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਨੂੰ 1993 ਦੇ ਬੰਬ ਧਮਾਕੇ ਮਾਮਲੇ 'ਚ ਦਿੱਤੀ ਗਈ ਸਜ਼ਾ ਦੀ ਮਿਆਦ ਤੋਂ ਅੱਠ ਮਹੀਨੇ ਪਹਿਲਾ ਹੀ ਰਿਹਾਅ ਤੇ ਵੀ.ਆਈ.ਪੀ. ਸਹੂਲਤਾਂ...
ਈ.ਡੀ. ਨੇ ਲਾਲੂ ਯਾਦਵ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਕੀਤਾ ਦਰਜ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਨਫਾਰਸਮੈਂਟ ਡਾਇਰੈਕਟੋਰੇਟ ਨੇ ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ...
ਪੰਜ ਸਿੰਘ ਸਾਹਿਬਾਨ ਵੱਲੋਂ ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਰੱਦ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਟਲੀ ਦੀ ਇੱਕ ਕੰਪਨੀ ਵੱਲੋਂ ਸਿੱਖਾਂ ਦੇ ਧਾਰਨ ਕਰਨ ਲਈ ਧਾਤ ਦੀ ਬਣੀ ਕਿਰਪਾਨ ਦੇ ਪੇਸ਼ ਕੀਤੇ ਗਏ ਨਮੂਨੇ ਨੂੰ ਰੱਦ ਕਰਨ ਦੇ ਨਾਲ ਨਾਲ...
ਭਲਕੇ ਨਿਤਿਸ਼ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ
. . .  about 2 hours ago
ਪਟਨਾ, 27 ਜੁਲਾਈ - ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਭਲਕੇ ਬਿਹਾਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬਹੁਮਤ ਸਾਬਤ...
ਬਗ਼ਾਵਤ ਦੀ ਰਾਹ 'ਤੇ ਸ਼ਰਦ ਯਾਦਵ
. . .  about 2 hours ago
ਪਟਨਾ, 27 ਜੁਲਾਈ - ਬਿਹਾਰ 'ਚ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਦਿੱਲੀ ਵਿਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ...
ਠੇਕੇਦਾਰਾਂ ਦੇ ਦੋ ਧੜਿਆਂ ਵਿਚਕਾਰ ਚੱਲੀ ਗੋਲੀ
. . .  about 2 hours ago
ਝਗੜੇ ਦੇ ਚੱਲਦਿਆਂ ਭਰਾ ਨੇ ਭਰਾ ਦਾ ਕੀਤਾ ਕਤਲ
. . .  about 3 hours ago
ਹੋਰ ਖ਼ਬਰਾਂ..
  •     Confirm Target Language  

ਖੇਡ ਜਗਤ

ਟੀਮ ਇੰਡੀਆ ਕੋਚ ਦੀ ਨਿਯੁਕਤੀ ਦੇ ਡੂੰਘੇ ਅਰਥ

ਪਾਕਿਸਤਾਨ ਹੱਥੋਂ ਚੈਂਪੀਅਨਜ਼ ਟਰਾਫੀ ਫ਼ਾਈਨਲ ਵਿਚ ਮਿਲੀ ਕਰਾਰੀ ਹਾਰ ਅਤੇ ਫੇਰ ਅਨਿਲ ਕੁੰਬਲੇ ਵੱਲੋਂ ਕੋਚ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਹੁਣ ਇਕ ਬਦਲਾਓ ਦੀ ਨੀਤੀ ਤਹਿਤ ਭਾਰਤੀ ਟੀਮ ਨੂੰ ਰਵੀ ਸ਼ਾਸਤਰੀ ਦੇ ਰੂਪ ਵਿਚ ਨਵਾਂ ਕੋਚ ਮਿਲ ਗਿਆ ਹੈ। ਸ਼ਾਸਤਰੀ ਦੀ ਨਿਯੁਕਤੀ ਮਹਿਜ਼ ਇਕ ਨਿਯੁਕਤੀ ਨਹੀਂ ਹੈ, ਬਲਕਿ ਅਨਿਲ ਕੁੰਬਲੇ ਦਾ ਤਜਰਬਾ ਨਾ ਚੱਲਣ ਅਤੇ ਪਾਕਿਸਤਾਨ ਕੋਲੋਂ ਮਿਲੀ ਹਾਰ ਦੀ ਭਰਪਾਈ ਕਰਨ ਦੀ ਕਾਰਵਾਈ ਵੀ ਹੈ। ਖਾਸ ਗੱਲ ਇਹ ਵੀ ਕਿ ਕੁੰਬਲੇ ਤੋਂ ਪਹਿਲਾਂ ਵੀ ਸ਼ਾਸਤਰੀ ਟੀਮ ਇੰਡੀਆ ਦੇ ਨਾਲ ਕੰਮ ਕਰ ਚੁੱਕੇ ਹਨ ਪਰ ਫਿਰ ਉਨ੍ਹਾਂ ਦਾ ਕਰਾਰ ਵਧਾਇਆ ਨਹੀਂ ਸੀ ਗਿਆ ਅਤੇ ਹੁਣ ਫਿਰ ਸ਼ਾਸਤਰੀ ਨੂੰ ਹੀ ਵਾਪਸ ਲਿਆਂਦਾ ਗਿਆ ਹੈ। ਇਸ ਤਰ੍ਹਾਂ ਹਾਲ ਦੀ ਘੜੀ ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਵਿਵਾਦ ਖ਼ਤਮ ਹੋ ਗਿਆ ਹੈ। ਸ਼ਾਸਤਰੀ ਭਾਰਤੀ ਟੀਮ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਸਲਾਹਕਾਰ ਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਵਿਦੇਸ਼ੀ ਦੌਰਿਆਂ 'ਤੇ ਟੈਸਟ ਕ੍ਰਿਕਟ ਲਈ ਬੱਲੇਬਾਜ਼ੀ ਸਲਾਹਕਾਰ ਬਣਾਇਆ ਗਿਆ ਹੈ। ਮੁੱਖ ਕੋਚ ਦੇ ਅਹੁਦੇ ਲਈ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼ਮਣ ਦੀ ਸਲਾਹਕਾਰ ਕਮੇਟੀ ਨੇ ਅਰਜ਼ੀਆਂ ਨੂੰ ਹਾਂ-ਪੱਖੀ ਲਿਆ ਤੇ ਇਹ ਨਿਯੁਕਤੀ ਸਾਲ 2019 'ਚ ਹੋਣ ਵਾਲੇ ਵਿਸ਼ਵ ਕੱਪ ਤੱਕ ਲਈ ਹੈ।
ਭਾਰਤੀ ਟੀਮ ਦੇ ਕੋਚ ਦੇ 5 ਉਮੀਦਵਾਰਾਂ ਦਾ ਇੰਟਰਵਿਊ ਹੋਣ ਦੇ ਬਾਵਜੂਦ ਇਹ ਤੈਅ ਸੌਖਾ ਨਹੀਂ ਸੀ ਕਿ ਭਾਰਤੀ ਟੀਮ ਦਾ ਨਵਾਂ ਕੋਚ ਕੌਣ ਹੋਵੇਗਾ? ਕ੍ਰਿਕਟ ਸਲਾਹਕਾਰ ਕਮੇਟੀ ਨੇ ਰਿਚਰਡ ਪਾਈਬਸ, ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਲਾਲ ਚੰਦ ਰਾਜਪੂਤ ਅਤੇ ਟਾਮ ਮੂਡੀ ਦਾ ਇੰਟਰਵਿਊ ਲਿਆ ਸੀ ਪਰ ਉਨ੍ਹਾਂ ਨੇ ਨਾਂਅ ਐਲਾਨ ਫਿਰ ਵੀ ਕਾਫੀ ਦੇਰ ਬਾਅਦ ਕੀਤਾ। ਇਨ੍ਹਾਂ ਉਮੀਦਵਾਰਾਂ ਲਈ ਸਭ ਤੋਂ ਅਹਿਮ 2 ਸਵਾਲਾਂ 'ਚੋਂ ਪਹਿਲਾ ਸਵਾਲ ਇਹ ਸੀ ਕਿ ਇੰਗਲੈਂਡ 'ਚ ਹੋਣ ਵਾਲੇ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਕੀ ਸੋਚ ਹੈ ਅਤੇ ਦੂਜਾ ਸਵਾਲ ਇਹ ਸੀ ਕਿ ਕਪਤਾਨ ਦੀ ਤੁਲਨਾ 'ਚ ਕੋਚ ਦੀ ਭੂਮਿਕਾ ਕੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕਿਸੇ ਨਾਜ਼ੁਕ ਸਥਿਤੀ ਭਾਵ ਕੋਚ ਬਨਾਮ ਕਪਤਾਨ ਜਿਹੀ ਸਥਿਤੀ ਦੇ ਸਾਹਮਣੇ ਆਉਣ 'ਤੇ ਉਹ ਇਸ ਨਾਲ ਕਿਵੇਂ ਨਿਪਟਣਗੇ। ਅਜਿਹੇ 'ਚ ਰਿਪੋਰਟਾਂ ਆ ਰਹੀਆਂ ਸਨ ਕਿ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਪੱਲੜਾ ਭਾਰੀ ਸੀ ਅਤੇ ਸਹਿਵਾਗ ਖੁਦ ਵੀ ਕੋਚ ਬਣਨ ਬਾਰੇ ਕਾਫੀ ਆਸਵੰਦ ਸਨ।
ਇਕ ਗੱਲ, ਜੋ ਲਗਾਤਾਰ ਸਾਹਮਣੇ ਆ ਰਹੀ ਸੀ ਉਹ ਸੀ ਕਿ ਕਪਤਾਨ ਵਿਰਾਟ ਕੋਹਲੀ ਨੂੰ ਕੁੰਬਲੇ ਨਾਲ ਪੂਰੀ ਸਹਿਮਤੀ ਨਹੀਂ ਸੀ ਅਤੇ ਕੋਹਲੀ ਰਵੀ ਸ਼ਾਸਤਰੀ ਨੂੰ ਕੋਚ ਦੇ ਰੂਪ ਵਿਚ ਦੇਖਣ ਦੇ ਚਾਹਵਾਨ ਸਨ। ਅੰਤ ਵਿਚ ਉਹ ਹੀ ਹੋਇਆ ਅਤੇ ਕਪਤਾਨ ਦੀ ਪਸੰਦ ਨੂੰ ਹੀ ਸਾਹਮਣੇ ਰੱਖਿਆ ਗਿਆ। ਸ਼ਾਸਤਰੀ ਦੀ ਨਿਯੁਕਤੀ ਤੋਂ ਬਾਅਦ ਟੀਮ ਦਾ ਢਾਂਚਾ ਵੀ ਬਦਲ ਸਕਦਾ ਹੈ। ਭਾਰਤੀ ਟੀਮ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤ ਵਿਚ ਤਾਂ ਬੇਹੱਦ ਸਫਲ ਹੁੰਦੇ ਹਨ, ਪਰ ਜਿਵੇਂ ਹੀ ਟੀਮ ਉਪ-ਮਹਾਂਦੀਪ ਦੇ ਬਾਹਰ ਖੇਡਣ ਲਈ ਜਾਂਦੀ ਹੈ ਤਾਂ ਅਸ਼ਵਿਨ ਦੀਆਂ ਗੇਂਦਾਂ ਬਿਲਕੁਲ ਵੀ ਅਸਰਦਾਰ ਸਾਬਤ ਨਹੀਂ ਹੁੰਦੀਆਂ ਹਨ। ਅਜਿਹੇ ਵਿਚ ਰਵੀ ਸ਼ਾਸਤਰੀ ਇਕ ਵਾਰ ਫਿਰ ਉਹ ਕਰ ਸਕਦੇ ਹਨ, ਜੋ 2014 ਦੇ ਆਸਟਰੇਲੀਆਈ ਦੌਰੇ ਦੇ ਐਡੀਲੇਡ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਕੀਤਾ ਸੀ। ਜਦੋਂ ਉਨ੍ਹਾਂ ਦੀ ਪ੍ਰਤੀਨਿਧਤਾ ਵਾਲੀ ਟੀਮ ਪ੍ਰਬੰਧਨ ਨੇ ਅਸ਼ਵਿਨ ਨੂੰ ਬਾਹਰ ਕਰਕੇ ਕਰਣ ਸ਼ਰਮਾ ਨੂੰ ਖਿਡਾਇਆ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਲੋਕਾਂ ਦੀ ਵਧਾਈ ਦਿਲਚਸਪੀ ਮਹਿਲਾ ਕ੍ਰਿਕਟ ਨੇ

ਮਹਿਲਾ ਵਿਸ਼ਵ ਕੱਪ 2017

ਕੁੜੀਆਂ ਨੂੰ ਹਮੇਸ਼ਾ ਮੁੰਡਿਆਂ ਦੇ ਮੁਕਾਬਲੇ ਕਮਜ਼ੋਰ ਸਮਝ ਲਿਆ ਜਾਂਦਾ ਹੈ, ਪਰ ਹੁਣ ਕੁੜੀਆਂ ਨੇ ਜੋ ਸਫਲਤਾ ਦੇ ਝੰਡੇ ਗੱਡੇ ਹਨ, ਉਸ ਨਾਲ ਹੁਣ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਰਹੀਆਂ। ਇਸ ਦੀ ਮਿਸਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੁਆਰਾ ਇੰਗਲੈਂਡ ਵਿਚ ਹੋ ਰਹੇ ਵਿਸ਼ਵ ਕੱਪ ਵਿਚ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਤੋਂ ਸਹਿਜੇ ਹੀ ਲਈ ਜਾ ਸਕਦੀ ਹੈ। ਪਹਿਲਾਂ ਲੋਕ ਜ਼ਿਆਦਾਤਰ ਪੁਰਸ਼ਾਂ ਦੀ ਕ੍ਰਿਕਟ ਹੀ ਦੇਖਦੇ ਹੁੰਦੇ ਸਨ, ਕੁੜੀਆਂ ਦੀ ਕ੍ਰਿਕਟ ਨੂੰ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾਂਦੀ ਸੀ। ਜਦਕਿ ਭਾਰਤ ਦੀ ਪੁਰਸ਼ਾਂ ਦੀ ਟੀਮ ਦੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ 'ਚ ਪਾਕਿਸਤਾਨ ਹੱਥੋਂ ਕਰਾਰੀ ਹਾਰ ਤੋਂ ਬਾਅਦ ਲੋਕਾਂ ਨੂੰ ਬਹੁਤ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਭਾਰਤੀ ਮਹਿਲਾ ਕ੍ਰਿਕਟ ਟੀਮ ਜੋ ਹੁਣ ਮਹਿਲਾ ਵਿਸ਼ਵ ਕੱਪ ਵਿਚ ਆਪਣੀ ਚੰਗੀ ਖੇਡ ਦਾ ਜਾਦੂ ਵਿਖਾ ਰਹੀ ਹੈ, ਉਸ ਨਾਲ ਹੁਣ ਲੋਕਾਂ ਦੀ ਮਹਿਲਾ ਕ੍ਰਿਕਟ ਵੱਲ ਬਹੁਤ ਦਿਲਚਸਪੀ ਵਧ ਗਈ ਹੈ। ਹੁਣ ਤੱਕ ਖੇਡੇ ਮੈਚਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਦੀ ਟੀਮ ਨਾਲ ਹੋਇਆ, ਜਿਸ ਵਿਚ ਟਾਸ ਭਾਵੇਂ ਇੰਗਲੈਂਡ ਨੇ ਜਿੱਤਿਆ ਸੀ ਪਰ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਉਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ 281 ਦੌੜਾਂ ਦਾ ਸਕੋਰ ਬਣਾ ਦਿੱਤਾ। ਭਾਰਤੀ ਟੀਮ ਨੇ ਸਿਰਫ਼ ਤਿੰਨ ਵਿਕਟਾਂ ਹੀ ਗੁਆਈਆਂ ਸਨ, ਜਿਸ ਵਿਚ ਭਾਰਤੀ ਖਿਡਾਰਨ ਸੁਮਰਿਤੀ ਮੰਧਾਨਾ ਨੇ 72 ਗੇਂਦਾਂ ਖੇਡ ਕੇ 90 ਦੌੜਾਂ ਬਣਾ ਕੇ ਸ਼ਾਨਦਾਰ ਪਾਰੀ ਖੇਡੀ। ਇਸੇ ਤਰ੍ਹਾਂ ਪੂਨਮ ਰਾਓਤ ਨੇ 86 ਅਤੇ ਭਾਰਤੀ ਕਪਤਾਨ ਮਿਤਾਲੀ ਰਾਜ ਨੇ 71 ਦੌੜਾਂ ਦੀ ਪਾਰੀ ਖੇਡੀ, ਜਿਸ ਸਦਕਾ ਭਾਰਤੀ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿਚ ਕਾਮਯਾਬ ਹੋ ਗਈ।
ਭਾਰਤੀ ਟੀਮ ਦੁਆਰਾ ਦਿੱਤੇ ਟੀਚੇ ਦਾ ਪਿੱਛਾ ਕਰਨ ਲਈ ਉੱਤਰੀ ਇੰਗਲੈਂਡ ਦੀ ਟੀਮ ਨੇ ਠੀਕ ਜਿਹੀ ਸ਼ੁਰੂਆਤ ਕੀਤੀ, 33 ਦੌੜਾਂ 'ਤੇ ਪਹਿਲੀ ਵਿਕਟ ਗੁਆ ਦਿੱਤੀ। ਇੰਗਲੈਂਡ ਤਰਫ਼ੋਂ ਫਰੈਨ ਵਿਲਸਨ (81) ਤੇ ਹੀਥਰ ਨਾਇਨ (46) ਤੋਂ ਇਲਾਵਾ ਕਿਸੇ ਨੇ ਕੋਈ ਖਾਸ ਦੌੜਾਂ ਨਹੀਂ ਬਣਾਈਆਂ ਅਤੇ ਆਖਰ ਨੂੰ 246 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਦੀ ਗੇਂਦਬਾਜ਼ ਦੀਪਤੀ ਸ਼ਰਮਾ ਨੇ 3 ਖਿਡਾਰਨਾਂ ਨੂੰ ਆਊਟ ਕੀਤਾ ਤੇ ਭਾਰਤ ਨੇ 35 ਦੌੜਾਂ ਦੇ ਫ਼ਰਕ ਨਾਲ ਮੈਚ ਜਿੱਤ ਲਿਆ। ਭਾਰਤ ਦੀ ਇੰਗਲੈਂਡ 'ਤੇ ਪਿਛਲੇ 5 ਸਾਲਾਂ ਵਿਚ ਪਹਿਲੀ ਜਿੱਤ ਸੀ। ਦੂਸਰਾ ਮੈਚ 29 ਜੂਨ ਨੂੰ ਵੈਸਟ ਇੰਡੀਜ਼ ਦੀ ਟੀਮ ਨਾਲ ਹੋਇਆ। ਇਸ ਮੈਚ ਵਿਚ ਵੀ ਭਾਰਤੀ ਟੀਮ ਨੇ ਆਪਣਾ ਜੇਤੂ ਰਥ ਰੁਕਣ ਨਾ ਦਿੱਤਾ ਤੇ ਚੰਗੀ ਖੇਡ ਬਦਲੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਦੇ ਟਾਸ ਜਿੱਤਣ ਦੇ ਬਾਵਜੂਦ ਕਪਤਾਨ ਮਿਤਾਲੀ ਰਾਜ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਗੇਂਦਬਾਜ਼ੀ ਕਰਦਿਆਂ ਭਾਰਤੀ ਟੀਮ ਦੀਆਂ ਸਪਿੰਨਰਾਂ ਦੀ ਕਸੀ ਹੋਈ ਗੇਂਦਬਾਜ਼ੀ ਸਦਕਾ ਵੈਸਟ ਇੰਡੀਜ਼ ਨੂੰ ਕੋਈ ਵੱਡਾ ਸਕੋਰ ਬਣਾਉਣ ਵਿਚ ਕਾਮਯਾਬ ਨਾ ਹੋਣ ਦਿੱਤਾ।
ਲੈਗ ਸਪਿੰਨਰ ਪੂਨਮ ਯਾਦਵ ਨੇ 10 ਓਵਰਾਂ ਵਿਚ ਸਿਰਫ਼ 19 ਦੌੜਾਂ ਦਿੱਤੀਆਂ ਤੇ 2 ਵਿਕਟਾਂ ਹਾਸਲ ਕੀਤੀਆਂ। ਆਫ਼ ਸਪਿੰਨਰ ਦੀਪਤੀ ਸ਼ਰਮਾ ਨੇ 10 ਓਵਰਾਂ ਵਿਚ 27 ਦੌੜਾਂ ਦੇ ਕੇ 2 ਖਿਡਾਰਨਾਂ ਨੂੰ ਆਊਟ ਕੀਤਾ। ਇਸੇ ਤਰ੍ਹਾਂ ਏਕਤਾ ਵਿਸ਼ਟ ਨੇ 10 ਓਵਰਾਂ ਵਿਚ 23 ਦੌੜਾਂ ਦੇ ਕੇ 1 ਖਿਡਾਰਨ ਨੂੰ ਆਊਟ ਕੀਤਾ। ਭਾਵੇਂ ਹਰਮਨਪ੍ਰੀਤ ਦੇ 7 ਓਵਰਾਂ ਵਿਚ 42 ਦੌੜਾਂ ਬਣਾਈਆਂ ਪਰ 2 ਖਿਡਾਰਨਾਂ ਨੂੰ ਆਊਟ ਕਰਨ ਵਿਚ ਹਰਮਨਪ੍ਰੀਤ ਜ਼ਰੂਰ ਕਾਮਯਾਬ ਹੋਈ। ਵੈਸਟ ਇੰਡੀਜ਼ ਦੁਆਰਾ ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕੋਈ ਚੰਗੀ ਨਹੀਂ ਹੋਈ ਸੀ। ਜ਼ੀਰੋ ਸਕੋਰ 'ਤੇ ਇਕ ਵਿਕਟ ਡਿੱਗ ਗਈ। ਪਰ ਇਸ ਮੈਚ ਵਿਚ ਸਮਰਿਤੀ ਮੰਧਾਨਾ ਦੇ ਅਜੇਤੂ ਸੈਂਕੜੇ ਨੇ ਭਾਰਤੀ ਟੀਮ ਦੀ ਜਿੱਤ ਯਕੀਨੀ ਬਣਾ ਦਿੱਤੀ। 108 ਗੇਂਦਾਂ ਦਾ ਸਾਹਮਣਾ ਕਰਕੇ ਸਮਰਿਤੀ ਨੇ 106 ਦੌੜਾਂ ਬਣਾਈਆਂ। ਸਮਰਿਤੀ ਮੰਧਾਨਾ ਦੇ ਕੈਰੀਅਰ ਦਾ ਇਹ ਦੂਸਰਾ ਸੈਂਕੜਾ ਸੀ। ਸਮਰਿਤੀ ਦਾ ਸਾਥ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ 46 ਦੌੜਾਂ ਦੀ ਪਾਰੀ ਖੇਡ ਕੇ ਚੰਗਾ ਸਾਥ ਦਿੱਤਾ। ਭਾਵੇਂ ਮਿਤਾਲੀ ਲਗਾਤਾਰ 8ਵੇਂ ਮੈਚ ਵਿਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ ਪਰ ਭਾਰਤ ਦੀ ਜਿੱਤ ਜ਼ਰੂਰ ਆਪਣੀ ਝੋਲੀ ਪਾ ਲਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਧਨੌਲਾ (ਬਰਨਾਲਾ)-148105. ਮੋਬਾ: 97810-48055

ਦੇਸ਼ ਲਈ ਭਵਿੱਖ ਦਾ ਚੰਗਾ ਬੈਡਮਿੰਟਨ ਖਿਡਾਰੀ ਸਾਬਤ ਹੋਵੇਗਾ ਪੁਨੀਤ ਪਠਾਨਕੋਟ

ਪੁਨੀਤ ਪਠਾਨਕੋਟ ਦੇ ਨਰੋਟ ਮਹਿਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ 10+2 ਦਾ ਵਿਦਿਆਰਥੀ ਹੈ ਅਤੇ ਉਸ ਨੇ ਸਕੂਲ ਪੜ੍ਹਦਿਆਂ ਹੀ ਅਪਾਹਜ ਹੁੰਦੇ ਹੋਏ ਵੀ ਬੈਡਮਿੰਟਨ ਦੀ ਖੇਡ ਵਿਚ ਚੰਗੀਆਂ ਪ੍ਰਾਪਤੀਆਂ ਕਰਕੇ ਇਹ ਸਾਬਤ ਕਰ ਵਿਖਾਇਆ ਹੈ ਕਿ ਉਸ ਤੋਂ ਭਵਿੱਖ ਵਿਚ ਦੇਸ਼ ਲਈ ਚੰਗੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ। ਪੁਨੀਤ ਦਾ ਜਨਮ 25 ਅਗਸਤ, 1998 ਨੂੰ ਪਿਤਾ ਰਵਿੰਦਰ ਕੁਮਾਰ ਦੇ ਘਰ ਮਾਤਾ ਸੁਨੀਤਾ ਦੇਵੀ ਦੀ ਕੁੱਖੋਂ ਪਠਾਨਕੋਟ ਦੇ ਨਰੋਟ ਮਹਿਰਾ ਵਿਚ ਹੋਇਆ। ਪੁਨੀਤ ਅਜੇ 13 ਸਾਲ ਦੀ ਬਾਲ ਉਮਰੇ ਸੀ ਕਿ ਉਹ ਕਰੰਟ ਦੀ ਭਿਆਨਕ ਲਪੇਟ ਵਿਚ ਆ ਗਿਆ ਅਤੇ ਇਹ ਕਰੰਟ ਆਖਰ ਉਸ ਨੂੰ ਸੱਜੇ ਹੱਥ ਤੋਂ ਅਪਾਹਜ ਕਰ ਗਿਆ। ਹੁਣ 13 ਸਾਲਾਂ ਦਾ ਪੁਨੀਤ ਖੱਬੇ ਹੱਥ ਨਾਲ ਹੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਪੜ੍ਹਨ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਲੈਣ ਲੱਗਿਆ ਅਤੇ ਆਪਣੇ ਕੋਚ ਪੰਕਜ ਦੱਤਾ ਕੋਲੋਂ ਬੈਡਮਿੰਟਨ ਖੇਡਣ ਦੇ ਦਾਅ ਪੇਚ ਸਿੱਖਣ ਲੱਗਿਆ।
ਕੋਚ ਪੰਕਜ ਦੱਤਾ ਦੀ ਰਹਿਨੁਮਾਈ ਤੇ ਪੁਨੀਤ ਦੀ ਮਿਹਨਤ ਰੰਗ ਲਿਆਈ ਅਤੇ ਸੰਨ 2015 ਵਿਚ ਓਪਨ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਹੋਈ, ਵਿਚ ਭਾਗ ਲਿਆ ਅਤੇ ਉਸ ਤੋਂ ਬਾਅਦ ਬੰਗਲੌਰ ਵਿਖੇ ਸੰਨ 2015 ਵਿਚ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਉਸ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2017 ਵਿਚ 6ਵੀਂ ਸਪੈਨਸ਼ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਵੀ ਉਸ ਨੂੰ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਸੰਨ 2017 ਵਿਚ ਬੰਗਲੌਰ ਵਿਖੇ ਹੋਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਕੁਆਰਟਰ ਫਾਈਨਲ ਤੱਕ ਖੇਡਿਆ ਅਤੇ ਇਥੇ ਹੀ ਬੱਸ ਨਹੀਂ, ਉਹ ਇਕ ਦੌੜਾਕ ਵਜੋਂ 100 ਮੀਟਰ ਅਤੇ 200 ਮੀਟਰ ਦੌੜ ਵਿਚ ਵੀ ਸੂਬਾ ਪੱਧਰ 'ਤੇ ਖੇਡ ਚੁੱਕਾ ਹੈ। ਪੁਨੀਤ ਦੀ ਭੈਣ ਸਿਮਰਨ ਧੀਮਾਨ ਵੀ ਨੈਸ਼ਨਲ ਪੱਧਰ ਦੀ ਬੈਡਮਿੰਟਨ ਖਿਡਾਰਨ ਹੈ। ਪੁਨੀਤ ਨੇ ਦੱਸਿਆ ਕਿ ਉਸ ਦਾ ਨਿਸ਼ਾਨਾ ਹੈ ਕਿ ਉਹ ਇਕ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਸ ਨੂੰ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਜ਼ਰੂਰ ਜਗ੍ਹਾ ਮਿਲੇਗੀ, ਜਿਸ ਦੀ ਉਹ ਹੁਣ ਤੋਂ ਹੀ ਤਿਆਰੀ ਕਰ ਰਿਹਾ ਹੈ। ਮੇਰੀਆਂ ਸ਼ੁੱਭ ਇਛਾਵਾਂ ਪੁਨੀਤ ਦੇ ਨਾਲ ਹਨ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ।
ਮੋਬਾ: 98551-14484

ਅਥਲੈਟਿਕਸ 'ਚ ਕਿਉਂ ਪੱਛੜ ਗਏ ਪੰਜਾਬੀ?

ਹਾਲ ਹੀ ਵਿਚ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਵਿਖੇ ਨੇਪਰੇ ਚੜ੍ਹੀ 22ਵੀਂ ਏਸ਼ੀਅਨ ਅਥਲੈਟਿਕਸ ਮੀਟ 'ਚ ਭਾਰਤੀ ਅਥਲੀਟਾਂ ਨੇ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕਰਕੇ ਨਵਾਂ ਇਤਿਹਾਸ ਸਿਰਜਿਆ। ਪਰ ਇਸ ਵੱਡੀ ਪ੍ਰਾਪਤੀ 'ਚ ਪੰਜਾਬੀਆਂ ਦਾ ਯੋਗਦਾਨ ਬਹੁਤ ਘੱਟ ਰਿਹਾ। ਕਿਸੇ ਵੇਲੇ ਅਥਲੈਟਿਕਸ 'ਚ ਦੇਸ਼ ਦੇ ਝੰਡਾਬਰਦਾਰ ਰਹੇ ਪੰਜਾਬ ਦੇ ਅਥਲੀਟਾਂ ਨੇ ਉਕਤ ਚੈਂਪੀਅਨਸ਼ਿਪ 'ਚ ਸਿਰਫ 3 ਤਗਮੇ ਜਿੱਤੇ, ਜਿਨ੍ਹਾਂ 'ਚ ਸੋਨ, ਚਾਂਦੀ ਅਤੇ ਕਾਂਸੀ ਦਾ 1-1 ਤਗਮਾ ਸ਼ਾਮਿਲ ਸੀ। ਕੋਈ ਸਮਾਂ ਸੀ ਕਿ ਭਾਰਤੀ ਅਥਲੀਟਾਂ ਦੀਆਂ ਪ੍ਰਾਪਤੀਆਂ 'ਚ ਪੰਜਾਬੀਆਂ ਦਾ 90 ਫੀਸਦੀ ਯੋਗਦਾਨ ਹੁੰਦਾ ਸੀ ਪਰ ਹੁਣ ਇਹ ਹਿੱਸਾ ਘਟ ਕੇ 8 ਫੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਪੰਜਾਬ ਦੇ ਇਸ ਹੇਠਾਂ ਆਏ ਗ੍ਰਾਫ ਪਿੱਛੇ ਬਹੁਤ ਸਾਰੇ ਕਾਰਨ ਛੁਪੇ ਹੋਏ ਹਨ, ਜਿਨ੍ਹਾਂ ਦਾ ਹੱਲ ਲੱਭਣ ਦੀ ਸਖ਼ਤ ਜ਼ਰੂਰਤ ਹੈ।
ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਪਦਮ ਸ੍ਰੀ ਬਹਾਦਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਕਿਸੇ ਸਮੇਂ ਦੇਸ਼ ਦੀਆਂ ਅਥਲੈਟਿਕਸ 'ਚ ਪ੍ਰਾਪਤੀਆਂ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੁੰਦਾ ਸੀ, ਪਰ ਹੁਣ ਸਾਡੇ ਅਥਲੀਟ ਟਰੈਕ ਈਵੈਂਟਸ ਤਾਂ ਕੌਮੀ ਟੀਮ 'ਚ ਥਾਂ ਹੀ ਨਹੀਂ ਬਣਾ ਸਕੇ ਅਤੇ ਫੀਲਡ ਈਵੈਂਟਸ 'ਚ ਹੀ ਪੰਜਾਬੀਆਂ ਨੇ ਤਿੰਨ ਤਗਮੇ ਜਿੱਤੇ। ਇਸ ਦਾ ਵੱਡਾ ਕਾਰਨ ਪੰਜਾਬ 'ਚ ਖਿਡਾਰੀਆਂ ਦੀ ਹੋ ਰਹੀ ਅਣਦੇਖੀ ਹੈ। ਸ: ਚੌਹਾਨ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋਂ ਵੀ ਗੁਆਂਢੀ ਰਾਜ ਹਰਿਆਣਾ ਵਾਲੀ ਖੇਡ ਨੀਤੀ ਅਪਣਾਉਣੀ ਚਾਹੀਦੀ ਹੈ, ਜਿਸ ਸਦਕਾ ਨਵੀਂ ਪੀੜ੍ਹੀ ਖੇਡਾਂ ਵੱਲ ਆਪਣੇ-ਆਪ ਆਕਰਸ਼ਤ ਹੋਵੇਗੀ। ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਵੱਡੇ ਇਨਾਮਾਂ ਨੇ ਇਸ ਰਾਜ 'ਚ ਖੇਡ ਸੱਭਿਆਚਾਰ ਸਿਖਰ 'ਤੇ ਪਹੁੰਚਾ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਮੁੱਚੇ ਖੇਡ ਢਾਂਚੇ ਨੂੰ ਦਰੁਸਤ ਕਰਨ ਲਈ ਰਾਜ ਦੀਆਂ ਵਿੱਦਿਅਕ ਸੰਸਥਾਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਦੇ ਸਕੂਲਾਂ 'ਚ ਕੰਮ ਕਰਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸਕੂਲਾਂ ਦੀ ਬਜਾਏ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ, ਭਾਵ ਉਹ ਸਕੂਲਾਂ 'ਚ ਹਾਜ਼ਰ ਹੋਣ ਦੀ ਥਾਂ ਸਵੇਰੇ-ਸ਼ਾਮ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ। ਰਾਜ ਸਰਕਾਰ ਖਿਡਾਰੀਆਂ ਲਈ ਲੋੜੀਂਦਾ ਬਜਟ ਰੱਖੇ ਅਤੇ ਖਿਡਾਰੀਆਂ ਦੀਆਂ ਇਨਾਮੀ ਰਾਸ਼ੀਆਂ ਅਤੇ ਸਹੂਲਤਾਂ 'ਚ ਵਾਧਾ ਕਰੇ।
ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤਬੀਰ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਥਲੈਟਿਕਸ ਦੇ ਖੇਤਰ 'ਚ ਪੰਜਾਬ ਦਾ ਗ੍ਰਾਫ਼ ਕਾਫੀ ਨੀਵਾਂ ਚਲਾ ਗਿਆ ਸੀ। ਜਦੋਂ ਤੋਂ ਉਨ੍ਹਾਂ ਦੀ ਟੀਮ ਨੇ ਐਸੋਸੀਏਸ਼ਨ ਦੀ ਕਮਾਂਡ ਸੰਭਾਲੀ ਹੈ, ਕੌਮੀ ਪੱਧਰ 'ਤੇ ਪੰਜਾਬ ਦੇ ਪ੍ਰਤੀਯੋਗੀਆਂ 'ਚ ਦੁੱਗਣਾ ਵਾਧਾ ਹੋਇਆ ਹੈ ਅਤੇ ਪ੍ਰਾਪਤੀਆਂ 'ਚ ਵੀ ਸੁਧਾਰ ਹੋਇਆ ਹੈ। ਰਾਜ 'ਚ ਕੌਮੀ ਪੱਧਰ ਦੇ ਮੁਕਾਬਲੇ ਲਗਾਤਾਰ ਕਰਵਾਏ ਜਾਣ ਲੱਗੇ ਹਨ। ਜਲਦੀ ਹੀ ਕੌਮਾਂਤਰੀ ਪੱਧਰ 'ਤੇ ਵੱਡੀ ਗਿਣਤੀ 'ਚ ਪੰਜਾਬੀ ਅਥਲੀਟ ਜੇਤੂ ਮੰਚਾਂ 'ਤੇ ਨਜ਼ਰ ਆਉਣਗੇ। ਸ੍ਰੀ ਸਤਬੀਰ ਸਿੰਘ ਨੇ ਦੱਸਿਆ ਕਿ ਏਸ਼ੀਅਨ ਮੀਟ 'ਚ ਜੇਤੂ ਪੰਜਾਬੀ ਅਥਲੀਟਾਂ ਨੂੰ ਉਨ੍ਹਾਂ ਦੀ ਐਸੋਸੀਏਸ਼ਨ ਨਕਦ ਇਨਾਮਾਂ ਨਾਲ ਨਿਵਾਜੇਗੀ। ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਪੰਜਾਬਣ ਗੋਲਾ ਸੁਟਾਵੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਉਲੰਪਿਕ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ ਅਤੇ ਏਸ਼ੀਅਨ ਚੈਂਪੀਅਨ ਬਣ ਚੁੱਕੀ ਹੈ। ਇੰਨੀਆਂ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਸ ਨੂੰ ਕੋਈ ਬਣਦਾ ਇਨਾਮ ਜਾਂ ਸਹੂਲਤ ਨਹੀਂ ਦਿੱਤੀ, ਜਿਸ ਤੋਂ ਅੱਕ ਕੇ ਰੇਲਵੇ ਦੀ ਮੁਲਾਜ਼ਮ ਮਨਪ੍ਰੀਤ ਨੇ ਹਰਿਆਣਾ ਵੱਲੋਂ ਖੇਡਣ ਦਾ ਫੈਸਲਾ ਕੀਤਾ ਹੈ ਅਤੇ ਪਿਛਲੇ ਮਹੀਨੇ ਉਹ ਕੌਮੀ ਫੈਡਰੇਸ਼ਨ ਕੱਪ 'ਚੋਂ ਹਰਿਆਣਾ ਦੀ ਤਰਫੋਂ ਖੇਡੀ ਅਤੇ ਚੈਂਪੀਅਨ ਬਣੀ।
ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜੇਤੂ ਗੋਲਾ ਸੁਟਾਵਾ ਤੇਜਿੰਦਰਪਾਲ ਸਿੰਘ ਤੂਰ ਪਿੰਡ ਖੋਸਾ ਪਾਂਡੋ, ਜ਼ਿਲ੍ਹਾ ਮੋਗਾ (ਇੰਡੀਅਨ ਨੇਵੀ) ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਪੰਜਾਬ ਲਈ ਕੌਮੀ ਪੱਧਰ 'ਤੇ ਨਾਮਣਾ ਖੱਟ ਰਿਹਾ ਹੈ ਅਤੇ ਉਹ ਆਪਣੇ ਘਰ ਦੀ ਹਾਲਤ ਸਧਾਰਨ ਹੋਣ ਦੇ ਬਾਵਜੂਦ ਪੱਲਿਓਂ ਖਰਚ ਕਰਕੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਰਿਹਾ ਹੈ। ਉਕਤ ਚੈਂਪੀਅਨਸ਼ਿਪ 'ਚ ਕਾਂਸੀ ਦਾ ਜੇਤੂ ਤੇ ਭਾਰਤੀ ਸੈਨਾ ਦੇ ਜਵਾਨ ਦਵਿੰਦਰ ਸਿੰਘ ਕੰਗ ਪਿੰਡ ਚੱਕ ਸ਼ਕੂਰ (ਜ਼ਿਲ੍ਹਾ ਜਲੰਧਰ) ਵੀ ਨਿੱਜੀ ਖਰਚੇ 'ਤੇ ਏਸ਼ੀਆ ਪੱਧਰ ਦੀਆਂ ਪ੍ਰਾਪਤੀਆਂ ਕਰ ਰਿਹਾ ਹੈ, ਜਿਸ ਦੀ ਵੀ ਅਜੇ ਤੱਕ ਰਾਜ ਸਰਕਾਰ ਨੇ ਸਾਰ ਨਹੀਂ ਲਈ। ਜ਼ਿਕਰਯੋਗ ਹੈ ਕਿ ਉਕਤ ਤਿੰਨੇ ਹੀ ਅਥਲੀਟ ਕੇਂਦਰ ਸਰਕਾਰ ਦੇ ਮਹਿਕਮਿਆਂ 'ਚ ਤਾਇਨਾਤ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਹੋਰਨਾਂ ਰਾਜਾਂ ਜਾਂ ਕੇਂਦਰ ਸਰਕਾਰ ਦੇ ਅਦਾਰਿਆਂ ਵੱਲ ਰੁਜ਼ਗਾਰ ਲਈ ਝਾਕਣਾ ਪੈਂਦਾ ਹੈ। ਸਮੁੱਚੀ ਚਰਚਾ ਤੋਂ ਸਿੱਟਾ ਨਿਕਲਦਾ ਹੈ ਕਿ ਪੰਜਾਬ ਦੀ ਅਥਲੈਟਿਕਸ ਦਾ ਵਕਾਰ ਬਹਾਲ ਕਰਨ ਲਈ ਨਵੀਂ ਪਨੀਰੀ ਨੂੰ ਸਹੂਲਤਾਂ ਅਤੇ ਨਾਮਣਾ ਖੱਟ ਰਹੇ ਅਥਲੀਟਾਂ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ।


-ਪਟਿਆਲਾ। ਮੋਬਾ: 97795-90575

ਜਦੋਂ ਕਿਨਰ ਅਥਲੀਟ ਰਾਗਨੀ ਨੇ ਪਹਿਲੀ ਵਾਰ 100 ਮੀਟਰ ਫਰਾਟਾ ਦੌੜ ਜਿੱਤੀ

ਰਾਗਿਨੀ ਨੂੰ ਅਥਲੈਟਿਕਸ ਦਾ ਕੋਈ ਪਹਿਲਾ ਤਜਰਬਾ ਨਹੀਂ ਹੈ, ਪਰ ਉਸ ਨੇ ਸਿਰਫ 10 ਦਿਨ ਦੇ ਅਭਿਆਸ ਦੇ ਬਾਅਦ 100 ਮੀਟਰ ਫਰਾਟਾ ਦੌੜ ਰਿਕਾਰਡ 12.8 ਸਕਿੰਟਾਂ ਵਿਚ ਜਿੱਤ ਲਿਆ। ਵਰਤਮਾਨ ਰਾਸ਼ਟਰੀ ਸਪ੍ਰਿੰਟ ਚੈਂਪੀਅਨ ਰਿਕਾਰਡ ਡੂਟੀ ਚੰਦ ਦਾ 11.24 ਸਕਿੰਟਾਂ ਦਾ ਹੈ, ਫਿਰ ਰਾਗਿਨੀ ਦੀ ਦੌੜ ਵਿਚ ਇਸ ਤਰ੍ਹਾਂ ਦੀ ਕੀ ਖ਼ਾਸ ਗੱਲ ਰਹੀ ਕਿ ਉਸ ਨੂੰ ਰਿਕਾਰਡ ਕਿਹਾ ਜਾ ਰਿਹਾ ਹੈ? ਰਾਗਿਨੀ ਕਿਨਰ ਹੈ ਅਤੇ ਉਹ ਭਾਰਤ ਦੀ ਪਹਿਲਾਂ ਟ੍ਰਾਂਸਜੈਂਡਰ ਹੈ ਜੋ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੀ ਸੀ, ਜਿਸ ਨੂੰ ਹਾਲ ਹੀ ਵਿਚ ਸਿਰਫ ਰਾਜ ਖੇਡ ਪ੍ਰੀਸ਼ਦ ਨੇ ਥਿਰੂਵਾਨੰਥਨਪੁਰਮ ਵਿਚ ਆਯੋਜਿਤ ਕੀਤਾ ਸੀ।
ਇਕ ਦਿਨਾ ਇਸ ਪ੍ਰਤੀਯੋਗਤਾ ਵਿਚ ਕੇਰਲ ਦੇ 14 ਜ਼ਿਲ੍ਹਿਆਂ ਵਿਚੋਂ 100 ਤੋਂ ਜ਼ਿਆਦਾ ਕਿਨਰਾਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਵਿਚ 100 ਮੀਟਰ, 200 ਮੀਟਰ, 400 ਮੀਟਰ, 4×100 ਰਿਲੇ ਦੌੜ, ਗੋਲਾ ਸੁੱਟ ਅਤੇ ਲੰਬੀ ਛਾਲ ਮੁਕਾਬਲੇ ਰੱਖੇ ਗਏ ਸਨ। ਰਾਗਿਨੀ ਦਾ ਸਬੰਧ ਮੱਲਾਪੁਰਮ ਨਾਲ ਹੈ। ਜਦੋਂ ਉਹ ਆਪਣੇ ਪ੍ਰਬੰਧਕ ਵਿਜੀ ਦੇ ਨਾਲ ਆਪਣੇ ਘਰ ਆਈ ਤਾਂ ਰੇਲਵੇ ਸਟੇਸ਼ਨ 'ਤੇ ਸਵਾਗਤ ਕਰਨ ਵਾਲਿਆਂ, ਵਧਾਈ ਦੇਣ ਵਾਲਿਆਂ ਤੇ ਪ੍ਰਸੰਸਕਾਂ ਦੀ ਭਾਰੀ ਭੀੜ ਜਮ੍ਹਾਂ ਸੀ। ਜਸ਼ਨ ਦਾ ਮਾਹੌਲ ਸੀ। ਕਿਨਰਾਂ ਨੂੰ ਇਸ ਰੂਪ ਵਿਚ ਸਮਾਜ ਨੇ ਸਵੀਕਾਰ ਕਰ ਲਿਆ ਸੀ। ਵਿਜੀ ਦੇ ਅਨੁਸਾਰ, 'ਜਿਨ੍ਹਾਂ ਦੋਸਤਾਂ ਅਤੇ ਪ੍ਰਸੰਸਕਾਂ ਨੇ ਸਾਡਾ ਸਵਾਗਤ ਕੀਤਾ ਉਨ੍ਹਾਂ ਦੀਆਂ ਅੱਖਾਂ ਵਿਚ ਇਕ ਨਵੀਂ ਚਮਕ ਸਾਨੂੰ ਦਿਖਾਈ ਦਿੱਤੀ। ਇਸ ਤੋਂ ਜ਼ਿਆਦਾ ਕੀ ਮੰਗਿਆ ਜਾ ਸਕਦਾ ਸੀ?'
ਕੇਰਲ ਦੇ ਸਮਾਜਿਕ ਨਿਆਂ ਵਿਭਾਗ ਨੇ 2014 ਵਿਚ ਇਕ ਡੂੰਘੇ ਸਰਵੇਖਣ ਦੇ ਬਾਅਦ ਸੂਬੇ ਲਈ ਟ੍ਰਾਂਸਜੈਂਡਰ ਨੀਤੀ ਗਠਿਤ ਕੀਤੀ ਸੀ ਤਾਂ ਕਿ ਟ੍ਰਾਂਸਜੈਂਡਰਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਲਾਗੂ ਕੀਤਾ ਜਾ ਸਕੇ ਅਤੇ ਇਸ ਭਾਈਚਾਰੇ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਦੇ ਹੋਏ ਉਨ੍ਹਾਂ ਦਾ ਮਜ਼ਬੂਤੀਕਰਨ ਕੀਤਾ ਜਾ ਸਕੇ। ਇਹ ਖੇਡ ਪ੍ਰਤੀਯੋਗਤਾ ਉਸੇ ਨੀਤੀ ਦਾ ਹਿੱਸਾ ਹੈ ਤਾਂ ਕਿ ਕਾਨੂੰਨ ਅਤੇ ਉਸ ਨੂੰ ਲਾਗੂ ਕਰਨ ਦੇ ਸੰਦਰਭ ਵਿਚ ਜੋ ਫਰਕ ਹੈ ਉਸ ਨੂੰ ਘੱਟ ਕੀਤਾ ਜਾ ਸਕੇ। 400 ਮੀਟਰ ਦੌੜ ਜਿੱਤਣ ਵਾਲੀ ਕਮੀਲਾ ਨੂੰ ਉਮੀਦ ਹੈ ਕਿ ਇਕ ਦਿਨ ਕੋਈ ਟ੍ਰਾਂਸਜੈਂਡਰ ਦੇਸ਼ ਲਈ ਕੌਮੀ ਤਗਮਾ ਜਿੱਤੇਗਾ। ਪਰ ਇਹ ਤਦੇ ਸੰਭਵ ਹੈ ਜੇਕਰ ਟ੍ਰਾਂਸਜੈਂਡਰਾਂ ਨੂੰ ਕਮੀਲਾ ਵਰਗਾ ਅਪਮਾਨ ਸਕੂਲਾਂ ਵਿਚ ਬਰਦਾਸ਼ਤ ਨਾ ਕਰਨਾ ਪਿਆ ਹੋਵੇ। ਕਮੀਲਾ ਜਦੋਂ ਸਕੂਲ ਵਿਚ ਸੀ ਤਾਂ ਉਨ੍ਹਾਂ ਨੂੰ ਖੇਡ ਨੂੰ ਗੰਭੀਰਤਾ ਨਾਲ ਲੈਣ ਲਈ ਮਨ੍ਹਾਂ ਕੀਤਾ ਜਾਂਦਾ ਸੀ। ਉਨ੍ਹਾਂ ਅਨੁਸਾਰ, 'ਮੈਂ ਅਥਲੈਟਿਕਸ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਂ ਪੁਰਸ਼ਾਂ ਦੀ ਟੀਮ ਵਿਚ ਹਿੱਸਾ ਲੈਂਦੀ ਤਾਂ ਮੇਰੀ ਔਰਤਾਂ ਵਰਗੀ ਨਜ਼ਾਕਤ 'ਤੇ ਵਿਅੰਗ ਕੀਤੇ ਜਾਂਦੇ ਅਤੇ ਜਦੋਂ ਮੈਂ ਮੁੰਡਿਆਂ ਦੀ ਟੀਮ ਵਿਚ ਹਿੱਸਾ ਲੈਣ ਲਈ ਬੇਨਤੀ ਕਰਦੀ ਤਾਂ ਕੋਚ ਨੇ ਮੇਰਾ ਮਜ਼ਾਕ ਉਡਾਇਆ। ਖੇਡ ਤਾਂ ਖੇਡ ਹੈ, ਫਿਰ ਇਸ ਗੱਲ ਦੀ ਪਰਵਾਹ ਕਿਉਂ ਕੀਤੀ ਜਾਂਦੀ ਹੈ।'
ਹੁਣ ਸਵਾਲ ਇਹ ਹੈ ਕਿ ਕੇਰਲ ਦੀ ਪ੍ਰਤੀਯੋਗਤਾ ਦੇ ਜੇਤੂ ਇਥੋਂ ਕਿੱਥੇ ਜਾਣਗੇ? ਕੀ ਇਹ ਅਥਲੀਟ ਏਨੇ ਪ੍ਰੇਰਿਤ ਰਹਿਣਗੇ ਕਿ ਖੇਡਾਂ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ। ਖ਼ਾਸ ਕਰਕੇ ਜਦੋਂ ਨੌਕਰੀਆਂ ਤੇ ਪੈਸੇ ਦੀ ਕਮੀ ਹੈ? ਇਨ੍ਹਾਂ ਵਰਗੇ ਹੋਰ ਅਨੇਕਾਂ ਪ੍ਰਸ਼ਨਾਂ ਦਾ ਕਿਸੇ ਦੇ ਕੋਲ ਫਿਲਹਾਲ ਕੋਈ ਉੱਤਰ ਨਹੀਂ ਹੈ। ਪਰ ਏਨਾ ਤੈਅ ਹੈ ਕਿ ਕੇਰਲ ਵਿਚ ਇਕ ਸ਼ੁਰੂਆਤ ਜ਼ਰੂਰ ਹੋਈ ਹੈ, ਇਤਿਹਾਸ ਰਚਿਆ ਗਿਆ ਹੈ। ਹੁਣ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਟ੍ਰਾਂਸਜੈਂਡਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਸੰਵਾਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਨਾ ਸਿਰਫ ਸੂਬਿਆਂ ਵਿਚ ਆਯੋਜਿਤ ਹੋਣ ਬਲਕਿ ਰਾਸ਼ਟਰੀ ਪੱਧਰ 'ਤੇ ਵੀ ਇਨ੍ਹਾਂ ਦਾ ਆਯੋਜਨ ਕੀਤਾ ਜਾਵੇ।


-ਇਮੇਜ ਰਿਫਲੈਕਸ਼ਨ ਸੈਂਟਰ

ਪੰਜਾਬ ਨੂੰ ਖੇਡਾਂ ਵਿਚ ਮੁੜ ਸੁਰਜੀਤ ਕਰਨ ਦੀ ਲੋੜ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਖੁੱਲ੍ਹਾ ਸੁਭਾਅ ਤੇ ਖੁੱਲ੍ਹਾ ਖਾਣਾ-ਪੀਣਾ ਪੰਜਾਬੀਆਂ ਦੇ ਖੂਨ ਵਿਚ ਹੈ। ਪੰਜਾਬੀ ਹਰ ਕੰਮ ਵਿਚ ਅੱਗੇ ਰਹਿੰਦੇ ਹਨ, ਭਾਵੇਂ ਜੰਗ ਦਾ ਮੈਦਾਨ ਹੋਵੇ, ਭਾਵੇਂ ਖੇਡ ਦਾ ਮੈਦਾਨ ਹੋਵੇ, ਪੰਜਾਬੀ ਹਰ ਕੰੰਮ ਨੂੰ ਬਹੁਤ ਮਿਹਨਤ ਅਤੇ ਜਨੂਨ ਨਾਲ ਕਰਦੇ ਹਨ। ਜੇਕਰ ਗੱਲ ਖੇਡਾਂ ਦੀ ਕਰੀਏ ਤਾਂ ਇਸ ਖੇਤਰ ਵਿਚ ਵੀ ਪੰਜਾਬੀਆ ਨੇ ਝੰਡੇ ਗੱਡੇ ਹਨ। ਸਾਈਕਲਿੰਗ, ਹਾਕੀ, ਜੂਡੋ, ਬਾਕਸਿੰਗ, ਨਿਸ਼ਾਨੇਬਾਜ਼ੀ, ਅਥਲੈਟਿਕਸ ਆਦਿ ਖੇਡਾਂ ਵਿਚ ਪਦਮਸ੍ਰੀ ਮਿਲਖਾ ਸਿੰਘ (ਅਥਲੈਟਿਕਸ), ਸੁਰਿੰਦਰ ਸਿੰਘ (ਹਾਕੀ), ਅਭਿਨਵ ਬਿੰਦਰਾ (ਨਿਸ਼ਾਨੇਬਾਜ਼ੀ), ਮਨਦੀਪ ਕੌਰ (ਅਥਲੈਟਿਕਸ), ਕੁਲਬੀਰ ਸਿੰਘ ਭੰਗੂ (ਸਾਈਕਲਿੰਗ) ਆਦਿ ਖਿਡਾਰੀਆ ਨੇ ਪੰਜਾਬ ਤੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ। ਹਾਕੀ, ਸਾਈਕਲਿੰਗ, ਅਥਲੈਟਿਕਸ ਆਦਿ ਖੇਡਾਂ ਵਿਚ ਭਾਰਤੀ ਟੀਮ ਵਿਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਹੁੰਦਾ ਸੀ। 31ਵੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 163 ਤਗਮੇ ਜਿੱਤੇ।
1994 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 26 ਸੋਨ, 27 ਚਾਂਦੀ, 31 ਕਾਂਸੇ ਦੇ ਤਗਮੇ ਜਿੱਤੇ। 1997 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 44 ਸੋਨ, 28 ਚਾਂਦੀ, 40 ਕਾਂਸੇ ਦੇ ਤਗਮੇ ਜਿੱਤੇ। 1999 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆ ਨੇ 34 ਸੋਨ, 37 ਚਾਂਦੀ, 42 ਕਾਂਸੀ ਦੇ ਤਗਮੇ ਜਿੱਤੇ। 2001 ਦੀਆਂ ਰਾਸ਼ਟਰੀ ਖੇਡਾਂ ਜੋ ਪੰਜਾਬ ਵਿਚ ਹੋਈਆਂ, ਇਨ੍ਹਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 61 ਸੋਨ, 44 ਚਾਂਦੀ, 58 ਕਾਂਸੀ ਦੇ ਤਗਮੇ ਜਿੱਤੇ ਅਤੇ ਨਵੇਂ ਰਾਸ਼ਟਰੀ ਰਿਕਾਰਡ ਵੀ ਬਣੇ। 2002 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆ ਨੇ 54 ਸੋਨ, 37 ਚਾਂਦੀ, 55 ਕਾਂਸੀ ਦੇ ਤਗਮੇ ਜਿੱਤੇ। 2007 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 25 ਸੋਨ, 39 ਚਾਂਦੀ, 40 ਕਾਂਸੀ ਦੇ ਤਗਮੇ ਜਿੱਤੇ। ਪਰ ਇਸ ਤੋਂ ਬਾਅਦ ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਪੰਜਾਬ ਵਿਚ ਖੇਡ ਮੈਦਾਨਾਂ ਦੀ ਕਮੀ ਨਹੀਂ ਹੈ, ਖਿਡਾਰੀਆਂ ਵਿਚ ਤਾਕਤ ਦੀ ਕਮੀ ਨਹੀਂ ਹੈ, ਬਸ ਸਿਸਟਮ ਵਿਚ ਸੁਧਾਰ ਕਾਰਨ ਦੀ ਲੋੜ ਹੈ। ਕੋਚ ਖਿਡਾਰੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ। ਖਿਡਾਰੀਆਂ ਦੀ ਟ੍ਰੇਨਿੰਗ ਤੋਂ ਲੈ ਕੇ ਖਾਣ-ਪੀਣ ਤੱਕ ਕੋਚ ਦੀ ਜ਼ਿੰਮੇਵਾਰੀ ਹੰਦੀ ਹੈ। ਐੱਨ.ਆਈ.ਐੱਸ. ਨੂੰ ਆਪਣੀ ਕੋਚਿੰਗ ਪ੍ਰਣਾਲੀ ਵਿਚ ਸੁਧਾਰ ਦੀ ਲੋੜ ਹੈ। ਸੰਸਾਰ ਵਿਚ ਹਰ ਰੋਜ਼ ਨਵੀਆਂ-ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਪੰਜਾਬ ਵਿਚ ਬਹੁਤ ਸਾਰੀਆਂ ਖੇਡ ਅਕੈਡਮੀਆਂ ਆਪਣੇ ਪੱਧਰ 'ਤੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੀਆਂ ਹਨ। ਪੰਜਾਬ ਦੀਆਂ ਪ੍ਰਸਿੱਧ ਅਕੈਡਮੀਆਂ ਵਿਚੋਂ ਜਰਖੜ ਹਾਕੀ ਅਕੈਡਮੀ, ਫੁੱਟਬਲ ਦੀ ਰੁੜਕੀ ਕਲਾਂ ਅਕੈਡਮੀ, ਦਲਬੀਰ ਅਕੈਡਮੀ ਵਿਚ ਖਿਡਾਰੀ ਟ੍ਰੇਨਿੰਗ ਲੈ ਰਹੇ ਹਨ। ਪੰਜਾਬ ਉਲੰਪਿਕ ਐਸੋਸੀਏਸ਼ਨ, ਪੰਜਾਬ ਖੇਡ ਵਿਭਾਗ ਤੇ ਪੰਜਾਬ ਦੀਆਂ ਸਾਰੀਆਂ ਖੇਡ ਸੰਸਥਾਵਾਂ ਨੂੰ ਮਿਲ ਕੇ ਪੰਜਾਬ ਨੂੰ ਮੁੜ ਖੇਡਾਂ ਵਿਚ ਸੁਰਜੀਤ ਕਰਨ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਖੇਡਾਂ ਦੀ ਦੁਨੀਆ ਵਿਚ ਵਿਸ਼ਵ ਦੇ ਨਕਸ਼ੇ 'ਤੇ ਦੁਬਾਰਾ ਆਪਣੀ ਪਹਿਚਾਣ ਬਣਾਏਗਾ।


-ਮੋਬਾ: 82888-47042

ਫ਼ੀਫ਼ਾ ਕਨਫੈਡਰੇਸ਼ਨ ਕੱਪ-2017

ਜਰਮਨੀ ਨੇ ਜਿੱਤਿਆ ਇਕ ਹੋਰ ਆਲਮੀ ਖ਼ਿਤਾਬ

ਫ਼ੀਫ਼ਾ ਕਨਫੈਡਰੇਸ਼ਨ ਕੱਪ ਨੂੰ ਵਿਸ਼ਵ ਕੱਪ ਦਾ ਪਰਦਾ ਚੁੱਕਣ ਵਾਲਾ ਟੂਰਨਾਮੈਂਟ ਕਿਹਾ ਜਾਂਦਾ ਹੈ ਭਾਵ ਇਸ ਟੂਰਨਾਮੈਂਟ ਤੋਂ ਵਿਸ਼ਵ ਕੱਪ ਵੱਲ ਨੂੰ ਸਫਰ ਸ਼ੁਰੂ ਹੰਦਾ ਹੈ। ਅਗਲੇ ਸਾਲ ਰੂਸ ਵਿਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਲਈ ਲੰਘੇ ਦਿਨੀਂ ਹੋਏ ਫ਼ੀਫ਼ਾ ਕਨਫੈਡਰੇਸ਼ਨ ਕੱਪ ਦੀ ਸਮਾਪਤੀ ਨਾਲ ਹੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਰੂਸ ਵਿਚ ਹੋਏ ਇਸ ਵਾਰ ਦੇ ਫ਼ੀਫ਼ਾ ਕਨਫੈਡਰੇਸ਼ਨ ਕੱਪ ਦਾ ਖਿਤਾਬ ਮੌਜੂਦਾ ਫ਼ੀਫ਼ਾ ਵਿਸ਼ਵ ਕੱਪ ਜੇਤੂ ਜਰਮਨੀ ਦੀ ਟੀਮ ਨੇ ਜਿੱਤਿਆ ਹੈ। ਇਸ ਬਾਬਤ ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੇ ਕਨਫੈਡਰੇਸ਼ਨ ਕੱਪ ਜਿੱਤਿਆ ਹੈ। ਜਰਮਨੀ ਨੇ ਫਾਈਨਲ ਵਿਚ ਚਿੱਲੀ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ ਹੈ। ਫ਼ਾਈਨਲ ਵਿਚ ਜਰਮਨੀ ਨੇ ਰੱਖਿਆਤਮਕ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਖੇਡ ਦੇ 20ਵੇਂ ਮਿੰਟ ਵਿਚ ਬੜ੍ਹਤ ਹਾਸਲ ਕੀਤੀ ਸੀ ਅਤੇ ਉਸ ਨੂੰ ਆਖਰ ਤੱਕ ਬਰਕਰਾਰ ਰੱਖ ਕੇ ਮੈਚ ਜਿੱਤਿਆ।
ਇਸ ਟੂਰਨਾਮੈਂਟ ਦੇ ਸਭ ਤੋਂ ਵਧੀਆ ਖਿਡਾਰੀ ਚੁਣੇ ਜਾਣ ਉੱਤੇ ਜਰਮਨੀ ਦੇ ਸਟਾਰ ਖਿਡਾਰੀ ਜੂਲੀਅਨ ਡ੍ਰੈਕਸਲਰ ਨੂੰ ਗੋਲਡਨ ਬਾਲ ਨਾਲ ਨਿਵਾਜਿਆ ਗਿਆ। ਜਰਮਨੀ ਦੀ ਟੀਮ ਨੇ ਮੂਹਰੇ ਆਈ ਹਰ ਟੀਮ ਦਾ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਅਤੇ ਇਸ ਸਦਕਾ ਉਹ ਜਿੱਤ ਦੇ ਹੱਕਦਾਰ ਵੀ ਲਗਦੇ ਸੀ। ਇਸ ਟੂਰਨਾਮੈਂਟ ਤੋਂ ਪਹਿਲਾਂ ਜਰਮਨੀ ਦੇ ਜ਼ਿਆਦਾਤਰ ਬਹੁਤਾ ਸਮਾਂ ਇਕ-ਦੂਜੇ ਨਾਲ ਨਹੀਂ ਸੀ ਖੇਡੇ ਸਕੇ, ਜਿਸ ਨਾਲ ਇਹ ਜਿੱਤ ਜਰਮਨੀ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਸੈਮੀਫਾਈਨਲ ਵਿਚ ਮੈਕਸੀਕੋ ਨੂੰ 4-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਸ ਟੂਰਨਾਮੈਂਟ ਦੌਰਾਨ ਜਰਮਨੀ ਲਈ ਐਮਰੇ ਚੈਨ, ਲਾਰਸ ਸਟਿੰਡਲ ਅਤੇ ਟਿਮੋ ਵਰਨਰ ਨੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ।
ਫ਼ਾਈਨਲ ਵਿਚ ਹਾਰਨ ਵਾਲੀ ਟੀਮ ਚਿੱਲੀ ਦੀ ਵੀ ਗੱਲ ਕਰਨੀ ਬਣਦੀ ਹੈ, ਜਿਸ ਨੇ ਸ਼ੂਟਆਊਟ ਵਿਚ 3-0 ਨਾਲ ਪੁਰਤਗਾਲ ਨੂੰ ਹਰਾ ਕੇ ਕਨਫੈਡਰੇਸ਼ਨ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਅਤੇ ਜ਼ਬਰਦਸਤ ਮੁਕਾਬਲਾ ਕੀਤਾ। ਚਿੱਲੀ ਤੇ ਜਰਮਨੀ ਵਿਚਾਲੇ ਫਾਈਨਲ ਮੈਚ ਵਿਚ ਜੋ ਬਰਾਬਰ ਦੀ ਟੱਕਰ ਦੇਖਣ ਨੂੰ ਮਿਲੀ, ਉਸ ਦਾ ਕਾਫੀ ਸਿਹਰਾ ਚਿੱਲੀ ਨੂੰ ਵੀ ਜਾਂਦਾ ਹੈ। ਦੱਖਣੀ ਅਮਰੀਕੀ ਟੀਮ ਚਿੱਲੀ ਲਈ ਆਰਟੂਰੋ ਵਿਡਾਲ, ਚਾਰਲਸ ਅਰਾਂਕੂਏਲ ਤੇ ਐਲਿਕਸ ਸਾਂਚੇਜ਼ ਨੇ ਵਧੀਆ ਖੇਡ ਵਿਖਾਈ। ਉਧਰ, ਕ੍ਰਿਸਟੀਆਨੋ ਰੋਨਾਡਲੋ ਦੀ ਕਪਤਾਨੀ ਵਾਲੀ ਪੁਰਤਗਾਲ ਟੀਮ ਨੂੰ ਦੂਜੀ ਵਾਰ ਸ਼ੂਟਆਊਟ ਵਿਚ ਆਪਣੀ ਵੱਡੀ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ 2012 ਯੂਰੋ ਸੈਮੀਫਾਈਨਲ ਵਿਚ ਵੀ ਪੁਰਤਗਾਲੀ ਟੀਮ ਨੂੰ ਸਪੇਨ ਤੋਂ ਪੈਨਲਟੀ ਨਾਲ ਹਾਰ ਝੱਲਣੀ ਪਈ ਸੀ। ਕੁਲ ਮਿਲਾ ਕੇ ਇਸ ਵਾਰ ਦਾ ਇਹ ਟੂਰਨਾਮੈਂਟ ਜਰਮਨੀ ਦੇ ਨਾਂਅ ਹੀ ਰਿਹਾ, ਜਿਸ ਨੇ ਆਪਣੀ ਟੀਮ ਵਿਚ ਕਈ ਤਰ੍ਹਾਂ ਦੇ ਫੇਰਬਦਲ ਕਰਨ ਦੇ ਬਾਵਜੂਦ ਇਹ ਵੱਕਾਰੀ ਖਿਤਾਬ ਜਿੱਤਿਆ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਦੇ ਅਖੀਰੀ ਕੌਮਾਂਤਰੀ ਟੂਰਨਾਮੈਂਟ ਰਾਹੀਂ ਦੱਸ ਦਿੱਤਾ ਹੈ ਕਿ ਜਰਮਨੀ ਦੀ ਟੀਮ ਆਪਣੇ ਵਿਸ਼ਵ ਕੱਪ ਦੇ ਖਿਤਾਬ ਨੂੰ ਬਚਾਉਣ ਲਈ ਤਿਆਰ-ਬਰ-ਤਿਆਰ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਵਿਸ਼ਵ ਸਿੱਖ ਜਗਤ ਦੀ ਜ਼ਿੰਮੇਵਾਰੀ ਹਾਕੀ ਖੇਡ ਨੂੰ ਉਤਸ਼ਾਹਿਤ ਕਰਨਾ

ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ। ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦ-ਜਾਨ ਲੁਟਾਉਣ ਵਾਲੇ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ। ਸਮੁੱਚੀ ਸਿੱਖ ਕੌਮ ਦੇ ਹੀਰੋਆਂ ਦੀ ਗਾਥਾ ਹੈ। ਇਕ ਐਸੀ ਸਨਸਨੀਖੇਜ਼ ਕਹਾਣੀ ਹੈ ਸਿੱਖ ਕੌਮ, ਸਿੱਖ ਬਰਾਦਰੀ ਦੇ ਗੌਰਵ ਦੀ, ਜੋ ਅਸੀਂ ਸਮਝਦੇ ਹਾਂ ਕਿ ਭਵਿੱਖ 'ਚ ਵੀ ਸਿੱਖ ਬੱਚੀਆਂ, ਬੱਚਿਆਂ ਲਈ ਇਕ ਪ੍ਰੇਰਨਾ, ਇਕ ਉਤਸ਼ਾਹ ਬਣੀ ਰਹਿਣੀ ਚਾਹੀਦੀ ਹੈ। ਇਕ ਵਚਨਬੱਧ ਹਾਕੀ ਲੇਖਕ ਹੋਣ ਦੇ ਨਾਤੇ ਜਦੋਂ ਅਸੀਂ ਇਨ੍ਹਾਂ ਦਿਨਾਂ 'ਚ ਪੂਰੇ ਵਿਸ਼ਵ ਹਾਕੀ ਸਾਹਿਤ ਦਾ ਬਹੁਤ ਤੇਜ਼ੀ ਨਾਲ ਅਧਿਐਨ ਕਰ ਰਹੇ ਹਾਂ, ਖਾਸ ਕਰਕੇ ਆਸਟ੍ਰੇਲੀਆ, ਜਰਮਨੀ, ਹਾਲੈਂਡ, ਸਪੇਨ ਸਵਿਟਜ਼ਰਲੈਂਡ, ਡੈਨਮਾਰਕ, ਬੈਲਜੀਅਮ, ਨਿਊਜ਼ੀਲੈਂਡ, ਕੀਨੀਆ, ਮਲੇਸ਼ੀਆ ਆਦਿ ਦੇਸ਼ਾਂ ਦੇ ਸਾਬਕਾ ਹਾਕੀ ਉਲੰਪੀਅਨਾਂ ਦੇ ਭਾਰਤੀ ਹਾਕੀ ਬਾਰੇ ਵਿਚਾਰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਸਬੰਧੀ ਲਿਖੀਆਂ ਹੋਈਆਂ ਕਈ ਪੁਰਾਣੀਆਂ ਲਿਖਤਾਂ 'ਚੋਂ, ਕੁਝ ਨਵੀਆਂ ਲਿਖਤਾਂ 'ਚੋਂ ਤਾਂ ਇਕ ਸਾਂਝਾ ਸੂਤਰ, ਜੋ ਸਾਡੀ ਪਕੜ 'ਚ ਆ ਰਿਹਾ ਹੈ, ਉਹ ਇਹ ਹੈ ਕਿ ਉਨ੍ਹਾਂ ਅਨੁਸਾਰ ਜੂੜੇ ਤੇ ਚਿੱਟੇ ਰੁਮਾਲ ਵਾਲੇ ਸਿੱਖ ਖਿਡਾਰੀਆਂ ਦੀ ਦਹਿਸ਼ਤ ਪੂਰੇ ਵਿਸ਼ਵ ਹਾਕੀ ਜਗਤ 'ਚ ਬਹੁਤ ਸੀ।
ਭਾਰਤੀ ਹਾਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ ਗੁਰਮੀਤ ਸਿੰਘ 1932 ਲਾਸ ਏਂਜਲਸ ਵਿਖੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦਾ ਇਨਸਾਈਡ ਲੈਫਟ ਖਿਡਾਰੀ ਸੀ ਅਤੇ ਇਹੀ ਪਹਿਲਾ ਸਿੱਖ ਹਾਕੀ ਖਿਡਾਰੀ ਸੀ, ਜਿਸ ਨੇ ਇਹ ਵੀ ਸਾਬਤ ਕੀਤਾ ਕਿ ਜੋ ਜੋਸ਼, ਜੋ ਅਣਖ, ਜੋ ਬਹਾਦਰੀ ਸਿੱਖ ਕੌਮ ਦੇ ਖਿਡਾਰੀਆਂ 'ਚ ਹੈ, ਉਸ ਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰ ਆਏ ਤ੍ਰਿਲੋਚਨ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਊਧਮ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ, ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਤਰਸੇਮ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ, ਹਰਚਰਨ ਸਿੰਘ ਆਦਿ ਬੇਸ਼ੁਮਾਰ ਸਿੱਖ ਹਾਕੀ ਖਿਡਾਰੀ, ਜਿਨ੍ਹਾਂ ਨੇ ਲਾਸ ਏਂਜਲਸ ਵਿਖੇ ਉਲੰਪਿਕ ਸੋਨ ਤਗਮਾ ਜੇਤੂ ਗੁਰਮੀਤ ਸਿੰਘ ਤੋਂ ਪਿੱਛੋਂ ਭਾਰਤੀ ਹਾਕੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਆਪਣੀ ਜਿੰਦ-ਜਾਨ ਲੁਟਾਈ। ਅਸੀਂ ਮਹਿਸੂਸ ਕਰਦੇ ਹਾਂ ਇਨ੍ਹਾਂ ਜੁਝਾਰੂ ਖਿਡਾਰੀਆਂ ਨੇ ਇਹਦੇ ਨਾਲ-ਨਾਲ ਸਿੱਖੀ ਦਾ ਝੰਡਾ ਵੀ ਬੁਲੰਦ ਕੀਤਾ, ਸਿੱਖ ਕੌਮ ਦੇ ਗੌਰਵ ਨੂੰ ਵੀ ਵਧਾਇਆ। ਉਸ ਤੋਂ ਬਾਅਦ ਵੀ ਹਜ਼ਾਰਾਂ ਸਿੱਖ ਹਾਕੀ ਖਿਡਾਰੀ ਭਾਰਤੀ ਟੀਮ ਲਈ 'ਸਿੰਘ' ਨਾਂਅ ਅਧੀਨ ਤਾਂ ਖੇਡੇ ਪਰ ਅਫਸੋਸ ਕਿ ਬਹੁਤਿਆਂ ਦੇ ਕੇਸ ਕੱਟੇ ਹੋਏ ਸਨ। ਬੜੇ ਦੁੱਖ ਦੀ ਗੱਲ ਹੈ ਕਿ ਇਹ ਸਾਰੇ ਘੋਨ-ਮੋਨ ਹੋਏ ਫਿਰਦੇ ਹਨ, ਪਤਾ ਹੀ ਨਹੀਂ ਲਗਦਾ ਕਿ ਕਿਹੜਾ ਮਦਰਾਸੀ, ਕਿਹੜਾ ਬਿਹਾਰੀ ਤੇ ਕਿਹੜਾ ਪੰਜਾਬੀ।
ਯਾਦ ਰਹੇ ਕਿ ਅਸੀਂ ਕੱਟੜਤਾ ਤੋਂ ਪ੍ਰੇਰਿਤ ਹੋ ਕੇ ਇਹ ਸਭ ਕੁਝ ਨਹੀਂ ਲਿਖ ਰਹੇ ਪਰ ਏਨਾ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਹਾਕੀ ਦੇ ਮੈਦਾਨ 'ਚ ਜੂੜੇ ਵਾਲੇ ਖਿਡਾਰੀਆਂ ਦੀ ਵੱਖਰੀ ਪਛਾਣ ਰਹੀ ਹੈ ਅਤੇ ਸਾਡੇ ਇਨ੍ਹਾਂ ਨੌਜਵਾਨ, ਜੋਸ਼ੀਲੇ ਖਿਡਾਰੀਆਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਦਿਨਾਂ 'ਚ ਸਾਨੂੰ ਕੁਝ ਸਾਬਕਾ ਹਾਕੀ ਉਲੰਪੀਅਨ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਸਭ ਦੀ ਇਸ ਬਾਰੇ ਇਹ ਰਾਏ ਹੈ ਕਿ ਮੌਜੂਦਾ ਭਾਰਤੀ ਹਾਕੀ ਟੀਮ ਤੇ ਆਉਣ ਵਾਲੇ ਸਮੇਂ 'ਚ ਹਾਕੀ ਫੜਨ ਵਾਲਾ ਹਰ ਸਿੱਖ ਹਾਕੀ ਖਿਡਾਰੀ ਜੂੜੇ ਤੇ ਚਿੱਟੇ ਰੁਮਾਲ ਨੂੰ ਜ਼ਰੂਰ ਯਕੀਨੀ ਬਣਾਏ, ਜੋ ਉਨ੍ਹਾਂ ਦੀ ਪਰੰਪਰਾ ਰਹੀ ਹੈ। ਕੁਝ ਸਿੱਖ ਹਾਕੀ ਪ੍ਰੇਮੀਆਂ ਅਨੁਸਾਰ ਇਹ ਤਾਂ ਸਿੱਖ ਖਿਡਾਰੀਆਂ 'ਚ ਪਤਿਤਪੁਣੇ ਦਾ ਰੁਝਾਨ ਹੈ, ਜਿਸ ਦੇ ਹਾਕੀ ਖਿਡਾਰੀ ਵੀ ਬੁਰੀ ਤਰ੍ਹਾਂ ਸ਼ਿਕਾਰ ਹਨ ਅਤੇ ਹੋ ਰਹੇ ਹਨ। ਇਸ ਨੂੰ ਜਲਦੀ ਹੀ ਠੱਲ੍ਹ ਪਾਉਣ ਦੀ ਲੋੜ ਹੈ।
ਸਿੱਖ ਹਾਕੀ ਖਿਡਾਰੀਆਂ ਦੀਆਂ ਉਹ ਮਾਣ ਤੇ ਸਨਮਾਨ ਵਾਲੀਆਂ ਸਾਰੀਆਂ ਗਾਥਾਵਾਂ ਦਾ ਇਸ ਪੀੜ੍ਹੀ ਨੂੰ ਪਤਾ ਹੀ ਨਹੀਂ। ਸਾਰਾ ਵਿਸ਼ਵ ਜਾਣਦਾ ਹੈ ਕਿ ਸਿੱਖ ਕੌਮ ਸ਼ਾਨਦਾਰ ਇਤਿਹਾਸ ਸਿਰਜਣ ਲਈ ਤਾਂ ਮਸ਼ਹੂਰ ਹੈ ਪਰ ਇਸ ਗੌਰਵਮਈ ਇਤਿਹਾਸ ਨੂੰ ਪੜ੍ਹਨ ਵਾਲਿਆਂ ਵਿਚ ਹੁਣ ਇਹ ਨਹੀਂ ਹੈ। ਉਹ ਦਿਨ ਦੂਰ ਨਹੀਂ, ਜਿਸ ਦਿਨ ਸਿੱਖ ਕੌਮ ਦੇ ਹਾਕੀ ਖਿਡਾਰੀਆਂ ਦਾ ਵਿਸ਼ਵ ਹਾਕੀ ਦੇ ਇਤਿਹਾਸ 'ਚ ਮਾਣਮੱਤੀਆਂ ਪ੍ਰਾਪਤੀਆਂ ਦਾ ਨਾ ਕੋਈ ਜਾਣਕਾਰ ਬਚੇਗਾ, ਨਾ ਹੀ ਹਾਕੀ ਖੇਡ ਦਾ ਕੋਈ ਨਾਮ ਲੇਵਾ। ਹੈਰਾਨੀ ਅਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਖੇਡ ਦੇ ਮੈਦਾਨ ਵਿਚ ਨੌਜਵਾਨ ਸਿੱਖ ਬੱਚੇ ਹਾਕੀ ਖੇਡ ਦੀ ਬਜਾਏ ਕ੍ਰਿਕਟ ਵੱਲ ਜ਼ਿਆਦਾ ਮੋਹ ਪਾਲ ਰਹੇ ਹਨ। ਆਪਣੀ ਖੇਡ ਵਿਰਾਸਤ ਨੂੰ ਭੁੱਲੀ ਜਾ ਰਹੀ ਨੌਨਿਹਾਲ ਸਿੱਖ ਪੀੜ੍ਹੀ ਵਿਸ਼ਵ ਸਿੱਖ ਭਾਈਚਾਰੇ ਲਈ ਹੁਣ ਇਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ। ਹਾਕੀ ਖੇਡ ਨੂੰ ਸੁਰਜੀਤ ਕਰਨ ਲਈ ਵਿਸ਼ਵ ਸਿੱਖ ਭਾਈਚਾਰੇ ਨੂੰ ਗੰਭੀਰਤਾ ਨਾਲ ਠੋਸ ਕਦਮ ਚੁੱਕਣ ਦੀ ਲੋੜ ਹੈ। ਅਸੀਂ ਅਪੀਲ ਕਰਦੇ ਹਾਂ ਕਿ ਵਿਸ਼ਵ ਪੱਧਰ 'ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਸਿੱਖੀ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ, ਉਨ੍ਹਾਂ ਨੂੰ ਸਿੱਖ ਖੇਡ ਸੰਸਾਰ ਵੱਲ ਵੀ ਜ਼ਰੂਰੀ ਤਵੱਜੋ ਦੇਣ ਦੀ ਲੋੜ ਹੈ। ਅਫਸੋਸ ਇਹ ਹੈ ਕਿ ਅਜੋਕੇ ਸਮੇਂ 'ਚ ਸਾਡੇ ਖੇਡ ਇਤਿਹਾਸਕਾਰ ਵੀ ਹਾਕੀ ਦੇ ਖੇਤਰ 'ਚ ਸਿੱਖ ਖਿਡਾਰੀਆਂ ਦੀ ਸ਼ਾਨ ਦੇ ਚਰਚੇ ਤਾਂ ਬਹੁਤ ਕਰਦੇ ਹਨ ਪਰ ਇਹ ਚਿੰਤਾ ਹੀ ਨਹੀਂ ਕਰਦੇ ਕਿ ਸਾਡੀ ਅਜੋਕੀ ਨੌਨਿਹਾਲ ਪੀੜ੍ਹੀ ਲਈ ਇਹ ਇਤਿਹਾਸ ਪ੍ਰੇਰਨਾ ਸਰੋਤ ਕਿਉਂ ਨਹੀਂ ਬਣ ਸਕਿਆ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਅੰਤਰਰਾਸ਼ਟਰੀ ਗੋਲਡ ਮੈਡਲਿਸਟ ਬੈਡਮਿੰਟਨ ਖਿਡਾਰੀ

ਰਾਜ ਕੁਮਾਰ ਸਨੌਰ

ਪਟਿਆਲਾ ਜ਼ਿਲ੍ਹੇ ਦੇ ਪਿੰਡ ਸਨੌਰ ਨੂੰ ਇਹ ਮਾਣ ਜਾਂਦਾ ਹੈ ਕਿ ਸਨੌਰ ਦੇ ਜੰਮਪਲ ਅਪਾਹਜ ਖਿਡਾਰੀ ਰਾਜ ਕੁਮਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਬੈਡਮਿੰਟਨ ਖੇਡਦਿਆਂ ਭਾਰਤ ਦਾ ਨਾਂਅ ਸੰਸਾਰ ਪੱਧਰ 'ਤੇ ਉੱਚਾ ਕੀਤਾ ਹੈ। ਰਾਜ ਕੁਮਾਰ ਦਾ ਜਨਮ ਪਿੰਡ ਸਨੌਰ ਵਿਖੇ 9 ਦਸੰਬਰ, 1986 ਨੂੰ ਪਿਤਾ ਸੁਰਜਨ ਸਿੰਘ ਦੇ ਘਰ ਮਾਤਾ ਸਿੰਦਰ ਕੌਰ ਦੀ ਕੁੱਖੋਂ ਹੋਇਆ। ਰਾਜ ਕੁਮਾਰ ਨੇ ਅਜੇ ਬਚਪਨ ਦੀ ਦਹਿਲੀਜ਼ 'ਤੇੇ ਹੀ ਕਦਮ ਰੱਖਿਆ ਸੀ ਕਿ ਇਕ ਦਿਨ ਉਹ ਖੇਡਦਾ-ਖੇਡਦਾ ਆਪਣੇ ਘਰ ਦੀ ਛੱਤ ਤੋਂ ਡਿੱਗ ਪਿਆ ਅਤੇ ਖੱਬੇ ਹੱਥ ਦੀ ਹੱਡੀ ਅਜਿਹੀ ਤਿੜਕੀ ਕਿ ਉਹ ਆਪਣੇ ਹੱਥ ਤੋਂ ਹੀ ਵਾਂਝਾ ਹੋ ਗਿਆ। ਇਸ ਸਬੰਧੀ ਰਾਜ ਕੁਮਾਰ ਆਖਦਾ ਹੈ ਕਿ ਉਸ ਸਮੇਂ ਉਸ ਦਾ ਹੱਥ ਠੀਕ ਤਾਂ ਹੋ ਸਕਦਾ ਸੀ ਪਰ ਘਰ ਵਿਚ ਘੋਰ ਗਰੀਬੀ ਸੀ ਤੇ ਇਸ ਗਰੀਬੀ ਦੇ ਸੰਤਾਪ ਨੇ ਉਸ ਦੇ ਖੱਬੇ ਹੱਥ 'ਤੇ ਆਪਣਾ ਅਜਿਹਾ ਨਿਸ਼ਾਨ ਛੱਡਿਆ ਕਿ ਉਹ ਅੱਜ ਤੱਕ ਆਪਣੇ ਹੱਥ ਤੋਂ ਆਰ੍ਹੀ ਹੈ। ਰਾਜ ਕੁਮਾਰ ਨੇ ਮੁਢਲੀ ਵਿੱਦਿਆ ਲਈ ਸਨੌਰ ਦੇ ਸਰਕਾਰੀ ਸਕੂਲ ਵਿਚ ਦਾਖਲਾ ਲੈ ਲਿਆ ਅਤੇ ਨਾਲ ਹੀ ਉਸ ਨੇ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ ਅਤੇ ਜ਼ਿਲ੍ਹਾ ਪੱਧਰ 'ਤੇ ਆਪਣੀ ਇਸ ਖੇਡ ਕਲਾ ਦੇ ਜੌਹਰ ਵਿਖਾਉਂਦਾ ਅੱਗੇ ਹੀ ਵਧਦਾ ਗਿਆ ਅਤੇ ਨਤੀਜਾ ਇਹ ਹੋਇਆ ਕਿ ਉਹ ਨੈਸ਼ਨਲ ਪੱਧਰ ਦਾ ਅਥਲੀਟ ਬਣਿਆ ਅਤੇ ਉਸ ਨੇ ਪਹਿਲੀ ਵਾਰ ਸੰਨ 1999 ਦਿੱਲੀ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿਚ ਭਾਗ ਲਿਆ ਅਤੇ ਸੰਨ 2003 ਵਿਚ ਦਿੱਲੀ ਵਿਖੇ ਹੀ ਦੁਬਾਰਾ ਹੋਈਆਂ ਜੂਨੀਅਰ ਨੈਸ਼ਨਲ ਖੇਡਾਂ ਵਿਚ ਹਿੱਸਾ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਸੰਨ 2004 ਵਿਚ ਹੋਈਆਂ ਸਕੂਲੀ ਨੈਸ਼ਨਲ ਖੇਡਾਂ ਵਿਚ ਰਾਜ ਕੁਮਾਰ ਨੇ ਤੀਸਰਾ ਸਥਾਨ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਭਵਿੱਖ ਦਾ ਅੰਤਰਰਾਸ਼ਟਰੀ ਖਿਡਾਰੀ ਬਣੇਗਾ ਅਤੇ ਉਸ ਨੇ ਅਜਿਹਾ ਕਰ ਵੀ ਵਿਖਾਇਆ। ਸੰਨ 2007 ਵਿਚ ਉਸ ਦੀ ਪੈਰਾ ਖਿਡਾਰੀ ਵਜੋਂ ਚੋਣ ਹੋਈ ਅਤੇ ਪੈਰਾ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਸਿੰਗਲ ਅਤੇ ਡਬਲ ਖੇਡਦਿਆਂ ਪਹਿਲੇ ਸਥਾਨ 'ਤੇ ਰਿਹਾ। ਸੰਨ 2007 ਵਿਚ ਹੀ ਬੈਂਕਾਕ ਵਿਖੇ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿਚ ਇਕ ਪੈਰਾ ਭਾਰਤੀ ਖਿਡਾਰੀ ਵਜੋਂ ਖੇਡਣ ਗਿਆ, ਜਿੱਥੇ ਉਸ ਨੇ ਸਿੰਗਲ ਖੇਡਦਿਆਂ ਤੀਜਾ ਸਥਾਨ ਅਤੇ ਡਬਲ ਖੇਡਦਿਆਂ ਦੂਜਾ ਸਥਾਨ ਹਾਸਲ ਕਰਕੇ ਭਾਰਤ ਦਾ ਮਾਣ ਉੱਚਾ ਕੀਤਾ। ਸੰਨ 2008 ਵਿਚ ਬੈਂਗਲੌਰ ਵਿਖੇ ਪੈਰਾ ਏਸ਼ੀਆ ਕੱਪ ਖੇਡਦਿਆਂ ਸਿੰਗਲ ਵਿਚ ਤੀਸਰੀ ਅਤੇ ਡਬਲ ਵਿਚ ਦੂਜੇ ਸਥਾਨ 'ਤੇ ਰਹਿ ਕੇ ਜਿੱਤ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਸਾਊਥ ਕੋਰੀਆ ਵਿਖੇ ਸੰਨ 2009 ਵਿਚ ਵਰਲਡ ਪੈਰਾ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਖੇਡਿਆ ਅਤੇ ਸਿੰਗਲ ਅਤੇ ਡਬਲ ਦੋਵੇਂ ਹੀ ਖੇਡਦਿਆਂ ਪਹਿਲੇ ਸਥਾਨ 'ਤੇ ਆਉਣ ਵਾਲਾ ਭਾਰਤੀ ਖਿਡਾਰੀ ਬਣਿਆ। ਸੰਨ 2013 ਵਿਚ ਦੇਸ਼ ਜਰਮਨੀ ਵਿਚ ਹੋਈ ਪੈਰਾ ਵਰਲਡ ਚੈਂਪੀਅਨਸ਼ਿਪ ਵਿਚ ਵੀ ਤੀਜਾ ਸਥਾਨ ਲੈ ਕੇ ਜੇਤੂ ਰਿਹਾ। ਸੰਨ 2014 ਵਿਚ ਪੈਰਾ ਏਸ਼ੀਅਨ ਖੇਡਾਂ ਜੋ ਸਾਊਥ ਕੋਰੀਆ ਵਿਚ ਹੋਈਆਂ, ਵਿਚ ਭਾਗ ਲਿਆ, ਜਿਸ ਦੌਰਾਨ ਉਹ ਸਿੰਗਲ ਖੇਡਦਿਆਂ ਦੂਜੇ ਸਥਾਨ 'ਤੇ ਜੇਤੂ ਰਿਹਾ। ਸੰਨ 2015 ਵਿਚ ਬੀ. ਡਬਲਯੂ. ਐਫ. ਪੈਰਾ ਵਰਲਡ ਚੈਂਪੀਅਨਸ਼ਿਪ ਵਿਚ ਵੀ ਸਿੰਗਲ ਖੇਡਦਿਆਂ ਡਬਲ ਖੇਡਦਿਆਂ ਪਹਿਲਾ ਸਥਾਨ ਅਤੇ ਸਿੰਗਲ ਵਿਚ ਤੀਜਾ ਸਥਾਨ ਹਾਸਲ ਕੀਤਾ। ਸੰਨ 2016, 2017 ਵਿਚ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਵੀ ਉਸ ਨੇ ਸਿੰਗਲ ਅਤੇ ਡਬਲ ਵਿਚ ਪਹਿਲੇ ਸਥਾਨ 'ਤੇ ਜੇਤੂ ਰਹਿ ਕੇ ਆਪਣੀ ਜਿੱਤ ਦੇ ਦਾਅਵੇ ਨੂੰ ਬਰਕਰਾਰ ਰੱਖਿਆ।
ਰਾਜ ਕੁਮਾਰ ਆਪਣੀ ਇਸ ਖੇਡ ਸਦਕਾ ਹੁਣ ਤੱਕ ਨੈਸ਼ਨਲ ਪੱਧਰ 'ਤੇ 18 ਸੋਨ ਤਗਮੇ ਜਿੱਤ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਵਰਲਡ ਚੈਂਪੀਅਨਸ਼ਿਪ ਵਿਚ 3 ਸੋਨ ਤਗਮੇ ਅਤੇ 8 ਚਾਂਦੀ ਦੇ ਤਗਮੇ ਭਾਰਤ ਦੇ ਨਾਂਅ ਕਰ ਚੁੱਕਾ ਹੈ। ਜੇਕਰ ਰਾਜ ਕੁਮਾਰ ਦੇ ਸਨਮਾਨਾਂ ਦੀ ਗੱਲ ਕੀਤੀ ਜਾਵੇ ਤਾਂ 2014 ਵਿਚ ਭਾਰਤ ਸਰਕਾਰ ਨੇ ਏਸ਼ੀਅਨ ਖੇਡਾਂ ਵਿਚ ਜੇਤੂ ਰਹਿਣ 'ਤੇ ਉਸ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ 15 ਲੱਖ ਦੀ ਨਕਦ ਰਾਸ਼ੀ ਵੀ ਦਿੱਤੀ ਅਤੇ ਪੰਜਾਬ ਸਰਕਾਰ ਉਸ ਦੀਆਂ ਖੇਡ ਪ੍ਰਾਪਤੀਆਂ 'ਤੇ ਮਾਣ ਕਰਦੀ ਹੋਈ ਉਸ ਨੂੰ ਬਹੁਤ ਹੀ ਵੱਕਾਰੀ ਐਵਾਰਡ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਨਾਲ ਸਨਮਾਨਣ ਦੇ ਨਾਲ-ਨਾਲ 20 ਲੱਖ ਦੀ ਨਕਦ ਰਾਸ਼ੀ ਇਕ ਵਾਰ ਅਤੇ 32 ਲੱਖ ਦੀ ਨਕਦ ਰਾਸ਼ੀ ਨਾਲ ਦੂਸਰੀ ਵਾਰ ਸਨਮਾਨ ਚੁੱਕੀ ਹੈ ਅਤੇ ਨਾਲ ਹੀ ਸਪੋਰਟਸ ਕੋਟੇ ਵਿਚੋਂ ਉਸ ਨੂੰ ਪੰਜਾਬ ਰਾਜ ਬਿਜਲੀ ਬੋਰਡ ਵਿਭਾਗ ਵਿਚ ਕਲਰਕ ਵਜੋਂ ਨੌਕਰੀ ਵੀ ਦੇ ਚੁੱਕੀ ਹੈ। ਅੱਜਕਲ੍ਹ ਰਾਜ ਕੁਮਾਰ ਸੰਨ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਦੀ ਤਿਆਰੀ ਵਿਚ ਦਿਨ-ਰਾਤ ਇਕ ਕਰ ਰਿਹਾ ਹੈ। ਰਾਜ ਕੁਮਾਰ ਆਪਣੀ ਇਸ ਖੇਡ ਕਲਾ ਦਾ ਸਿਹਰਾ ਆਪਣੇ ਦੋ ਕੋਚਾਂ ਅਨਿਲ ਗੁਪਤਾ ਪਟਿਆਲਾ ਅਤੇ ਸੁਰੇਸ਼ ਕੁਮਾਰ ਨੂੰ ਦਿੰਦਾ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਅੱਜ ਉਹ ਖੇਡ ਜਗਤ ਵਿਚ ਉੱਚ ਮੁਕਾਮ 'ਤੇ ਹੈ। ਉਹ ਆਖਦਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਅਤੇ ਕੁਝ ਕਰ ਸਕਣ ਦਾ ਮਜ਼ਬੂਤ ਸੰਕਲਪ ਹੋਵੇ ਤਾਂ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਭਾਵੇਂ ਵਿਅਕਤੀ ਅਪਾਹਜ ਹੀ ਕਿਉਂ ਨਾ ਹੋਵੇ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਭਾਰਤੀ ਹਾਕੀ ਟੀਮ ਖੜੋਤ ਵਾਲੇ ਦੌਰ 'ਚੋਂ ਗੁਜ਼ਰ ਰਹੀ ਹੈ

ਦਰੋਣਾਚਾਰੀਆ ਰਾਜਿੰਦਰ ਸਿੰਘ

ਹਾਲ ਹੀ ਵਿਚ ਨੇਪਰੇ ਚੜ੍ਹੇ ਵਿਸ਼ਵ ਹਾਕੀ ਲੀਗ ਸੈਮੀਫਾਈਨਲਜ਼ 'ਚ ਭਾਰਤੀ ਹਾਕੀ ਟੀਮ ਦੀ ਢਿੱਲੀ ਕਾਰਗੁਜ਼ਾਰੀ ਨਾਲ ਜਿੱਥੇ ਹਾਕੀ ਪ੍ਰੇਮੀਆਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ, ਉੱਥੇ ਹਾਕੀ ਨਾਲ ਜੁੜੇ ਰਹੇ ਦੇਸ਼ ਦੇ ਸਾਬਕਾ ਖਿਡਾਰੀ, ਕੋਚ ਅਤੇ ਉਲੰਪੀਅਨ ਵੀ ਕੌਮੀ ਟੀਮ ਦੇ ਪ੍ਰਦਰਸ਼ਨ ਤੋਂ ਮਾਯੂਸ ਹਨ। ਅਜਿਹੇ ਹੀ ਭਾਰਤੀ ਹਾਕੀ ਪ੍ਰਤੀ ਚਿੰਤਤ ਸ਼ਖ਼ਸਾਂ 'ਚ ਸ਼ਾਮਿਲ ਹਨ ਦਰੋਣਾਚਾਰੀਆ ਸ: ਰਾਜਿੰਦਰ ਸਿੰਘ ਸੀਨੀਅਰ, ਜੋ 2002 ਤੋਂ 2004 ਤੱਕ ਭਾਰਤੀ ਟੀਮ ਦੇ ਮੁੱਖ ਕੋਚ ਰਹੇ ਅਤੇ ਉਨ੍ਹਾਂ ਦੇ ਸਮੇਂ 'ਚ ਸਾਡੀ ਟੀਮ ਨੇ ਜੂਨੀਅਰ ਆਲਮੀ ਕੱਪ ਅਤੇ ਐਫਰੋ ਏਸ਼ੀਅਨ ਖੇਡਾਂ 'ਚ ਸੋਨ ਤਗਮੇ ਜਿੱਤੇ। ਪੇਸ਼ ਹੈ ਉਨ੍ਹਾਂ ਨਾਲ ਭਾਰਤੀ ਹਾਕੀ ਦੀ ਮੌਜੂਦਾ ਸਥਿਤੀ ਬਾਰੇ ਹੋਈ ਗੱਲਬਾਤ ਦੇ ਅੰਸ਼ :
? ਹਾਲ ਹੀ ਵਿਚ ਹੋਈ ਵਿਸ਼ਵ ਹਾਕੀ ਲੀਗ 'ਚ ਸਾਡੀ ਟੀਮ ਦੀ ਕਾਰਗੁਜ਼ਾਰੀ ਤੋਂ ਕਿੰਨੇ ਕੁ ਸੰਤੁਸ਼ਟ ਹੋ?
-ਉਕਤ ਟੂਰਨਾਮੈਂਟ 'ਚ ਸਾਡੀ ਟੀਮ ਦੀ ਕਾਰਗੁਜ਼ਾਰੀ ਬਹੁਤ ਮਾਯੂਸਕੁੰਨ ਰਹੀ। ਸਾਡੀ ਟੀਮ ਸਿਰਫ ਸਕਾਟਲੈਂਡ ਅਤੇ ਪਾਕਿਸਤਾਨ ਖਿਲਾਫ਼ ਹੀ ਮੈਚ ਜਿੱਤ ਸਕੀ। ਇਸ ਤੋਂ ਇਲਾਵਾ ਅਸੀਂ ਮਲੇਸ਼ੀਆ ਅਤੇ ਕੈਨੇਡਾ ਤੋਂ ਵੀ ਹਾਰ ਗਏ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਟੀਮ ਦਾ ਪੱਧਰ ਕੀ ਹੈ।
? ਖੇਡ ਦੇ ਕਿਹੜੇ ਪੱਖਾਂ ਤੋਂ ਸਾਡੀ ਟੀਮ ਜ਼ਿਆਦਾ ਕਮਜ਼ੋਰ ਸਾਬਤ ਹੋਈ?
-ਸਾਡੀ ਟੀਮ ਨੇ ਸਮੁੱਚੇ ਰੂਪ 'ਚ ਰੱਖਿਆਤਮਕ ਖੇਡ ਦਿਖਾਈ, ਜੋ ਭਾਰਤੀ ਹਾਕੀ ਦਾ ਸੁਭਾਅ ਨਹੀਂ ਹੈ, ਜਿਸ ਕਾਰਨ ਸਾਡੀ ਹਮਲਾਵਰ ਪੰਕਤੀ ਅਸਲੀ ਰੰਗ ਨਹੀਂ ਦਿਖਾ ਸਕੀ। ਸਾਡੀ ਕਮਜ਼ੋਰ ਗੋਲਕੀਪਿੰਗ ਅਤੇ ਪੈਨਲਟੀ ਕਾਰਨਰ ਨੂੰ ਗੋਲਾਂ 'ਚ ਨਾ ਤਬਦੀਲ ਕਰਨ ਦੀ ਸਮਰੱਥਾ ਕੌਮਾਂਤਰੀ ਮਿਆਰਾਂ ਮੁਤਾਬਿਕ ਨਹੀਂ ਸੀ। ਸ੍ਰੀਜੇਸ਼ ਦੀ ਗੈਰ-ਮੌਜੂਦਗੀ 'ਚ ਸਾਡੇ ਕੋਲ ਕੋਈ ਉਸ ਦਾ ਬਦਲ ਨਾ ਹੋਣਾ ਹੀ ਟੀਮ ਦੇ ਸਮੁੱਚੇ ਢਾਂਚੇ ਦੀ ਤਸਵੀਰ ਪੇਸ਼ ਕਰਦਾ ਹੈ।
? ਇਸ ਢਿੱਲੀ ਕਾਰਗੁਜ਼ਾਰੀ ਵਾਲੀ ਸਥਿਤੀ 'ਚ ਟੀਮ ਦੇ ਪੁੱਜਣ ਦਾ ਤੁਸੀਂ ਕੀ ਕਾਰਨ ਮੰਨਦੇ ਹੋ?
-ਸਾਡੀ ਹਾਕੀ ਬੁਨਿਆਦੀ ਕਮਜ਼ੋਰੀਆਂ ਨਾਲ ਜੂਝ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਅਸੀਂ ਆਪਣੀ ਟੀਮ ਦੀ ਦਰਜਾਬੰਦੀ ਨੂੰ 6-7 ਤੱਕ ਪੁੱਜੀ ਦੇਖ ਕੇ ਫਖਰ ਮਹਿਸੂਸ ਕਰ ਰਹੇ ਹਾਂ ਪਰ ਖੇਡ ਪ੍ਰੇਮੀ ਤਗਮੇ ਚਾਹੁੰਦੇ ਹਨ। ਅਸੀਂ ਬਹੁਤ ਸਾਰੇ ਟੂਰਨਾਮੈਂਟਾਂ 'ਚ ਮੇਜ਼ਬਾਨ ਹੋਣ ਕਰਕੇ ਖੇਡਦੇ ਆ ਰਹੇ ਹਾਂ, ਜਿਸ ਕਾਰਨ ਸਾਡੀ ਦਰਜਾਬੰਦੀ 'ਚ ਸੁਧਾਰ ਹੋਇਆ ਹੈ। ਭਾਰਤ 'ਚ ਹਾਕੀ ਨੂੰ ਮਿਲਣ ਵਾਲੀ ਵੱਡੀ ਸਪਾਂਸਰਸ਼ਿਪ ਕਰਕੇ ਹੀ ਸਾਨੂੰ ਬਹੁਤ ਸਾਰੇ ਕੌਮਾਂਤਰੀ ਕੱਪਾਂ ਦੀ ਮੇਜ਼ਬਾਨੀ ਮਿਲ ਰਹੀ ਹੈ। ਦੂਸਰੀ ਗੱਲ, ਜਦੋਂ ਤੋਂ ਸਾਡੀ ਟੀਮ ਨਾਲ ਵਿਦੇਸ਼ੀ ਕੋਚ ਜੁੜੇ ਹਨ, ਉਸ ਸਮੇਂ ਦੌਰਾਨ ਭਾਰਤੀ ਟੀਮ ਨੇ ਨਵਾਂ ਕੀ ਕੀਤਾ ਹੈ? ਜੂਨੀਅਰ ਵਿਸ਼ਵ ਕੱਪ ਅਸੀਂ ਪਹਿਲਾਂ ਵੀ ਜਿੱਤ ਚੁੱਕੇ ਹਾਂ। ਸਿਰਫ ਚੈਂਪੀਅਨਜ਼ ਟਰਾਫੀ 'ਚ ਹੀ ਤਗਮੇ ਦਾ ਰੰਗ ਬਦਲਿਆ ਹੈ। ਇਸ ਤੋਂ ਇਲਾਵਾ ਅਸੀਂ ਉਲੰਪਿਕ ਤੇ ਵਿਸ਼ਵ ਕੱਪ ਦੇ ਤਗਮਿਆਂ ਤੋਂ ਵਿਦੇਸ਼ੀ ਕੋਚਾਂ ਦੇ ਦੌਰ 'ਚ ਵੀ ਦੂਰ ਰਹੇ ਹਾਂ, ਸਗੋਂ ਅਸੀਂ ਬੀਜਿੰਗ ਉਲੰਪਿਕ 'ਚ ਖੇਡ ਹੀ ਨਹੀਂ ਸਕੇ।
? ਤੁਹਾਡੀ ਨਜ਼ਰ 'ਚ ਵਿਦੇਸ਼ੀ ਕੋਚ ਵੀ ਸਾਡੀ ਹਾਕੀ ਨੂੰ ਰਾਸ ਨਹੀਂ ਆਏ?
-ਸਪੱਸ਼ਟ ਰੂਪ 'ਚ ਦਿਖਾਈ ਦੇ ਰਿਹਾ ਹੈ ਕਿ ਵਿਦੇਸ਼ੀ ਕੋਚਾਂ 'ਤੇ ਅੰਨ੍ਹੇਵਾਹ ਧਨ ਖਰਚ ਕਰਕੇ ਅਸੀਂ ਕੀ ਖੱਟਿਆ ਹੈ। ਸਗੋਂ ਸਾਡੇ ਹਾਕੀ ਸੰਚਾਲਕਾਂ ਨੇ ਭਾਰਤੀ ਕੋਚਾਂ ਦਾ ਵੀ ਵਿਸ਼ਵਾਸ ਗੁਆ ਲਿਆ ਹੈ। ਵਿਦੇਸ਼ੀ ਕੋਚਾਂ ਦੀ ਨਿਯੁਕਤੀ ਕਰਕੇ ਸਵਦੇਸ਼ੀ ਕੋਚ ਨਿਰਾਸ਼ਾ ਦੇ ਆਲਮ 'ਚ ਹਨ ਅਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ 'ਚ ਵੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਹਾਕੇ ਦੌਰਾਨ ਜੋ ਧਨ ਵਿਦੇਸ਼ੀ ਕੋਚਾਂ 'ਤੇ ਖਰਚ ਕੀਤਾ ਗਿਆ ਹੈ, ਉਸ ਦੀ ਭਾਰਤ ਸਰਕਾਰ ਨੂੰ ਨਤੀਜਿਆਂ ਨਾਲ ਤੁਲਨਾ ਕਰਕੇ, ਜਾਂਚ ਕਰਨੀ ਚਾਹੀਦੀ ਹੈ।
? ਭਾਰਤੀ ਹਾਕੀ 'ਚ ਸੁਧਾਰ ਲਈ ਤੁਸੀਂ ਕੀ ਸੁਝਾਅ ਦੇਣੇ ਚਾਹੋਗੇ?
-ਅਸੀਂ ਗੋਰਿਆਂ ਨੂੰ ਤਾਕਤ ਨਾਲ ਨਹੀਂ ਹਰਾ ਸਕਦੇ। ਸਾਨੂੰ ਆਪਣੀਆਂ ਖੂਬੀਆਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸਾਡੀ ਸਭ ਤੋਂ ਵੱਡੀ ਤਾਕਤ ਤਕਨੀਕ (ਕਲਾ) ਹੈ, ਇਸ ਪੱਖ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾਵੇ। ਦੂਸਰਾ ਪੈਨਲਟੀ ਕਾਰਨਰ ਨੂੰ ਗੋਲਾਂ 'ਚ ਤਬਦੀਲ ਕਰਨ ਲਈ ਵਧੀਆ ਡਰੈਗ ਫਲਿੱਕਰ ਵੀ ਅਸੀਂ ਤਿਆਰ ਕਰ ਸਕਦੇ ਹਾਂ। ਗੋਲਕੀਪਿੰਗ 'ਚ ਵੀ ਅਸੀਂ ਤਾਕਤਵਰ ਬਣ ਸਕਦੇ ਹਾਂ। ਮੈਦਾਨੀ ਗੋਲਾਂ ਦੀ ਦਰ ਵਧਾਉਣ ਲਈ ਰਵਾਇਤੀ ਅੰਦਾਜ਼ 'ਚ ਹਮਲਾਵਰ ਰੁਖ਼ ਨਾਲ ਹਾਕੀ ਖੇਡਣੀ ਚਾਹੀਦੀ ਹੈ। ਵਿਦੇਸ਼ੀ ਕੋਚਾਂ ਦੀ ਥਾਂ ਸਵਦੇਸ਼ੀ ਕੋਚਿੰਗ ਪ੍ਰਣਾਲੀ ਨੂੰ ਅਪਣਾਇਆ ਜਾਵੇ ਅਤੇ ਉਤਸ਼ਾਹਿਤ ਕੀਤਾ ਜਾਵੇ।


-ਪਟਿਆਲਾ। ਮੋਬਾ: 97795-90575

'ਭਾਰਤ ਗੌਰਵ' ਸਨਮਾਨ ਦੇ ਹੱਕਦਾਰ ਬਣੇ ਧੰਨਰਾਜ ਪਿੱਲੇ

ਹਾਕੀ ਦਾ ਸਟਾਰ ਖਿਡਾਰੀ ਧੰਨਰਾਜ ਪਿੱਲੇ ਇਕ ਵਾਰ ਫਿਰ ਸੁਨਹਿਰੀ ਸੁਰਖੀਆਂ 'ਚ ਹੈ। ਹਾਕੀ ਇਤਿਹਾਸ ਦੇ ਸਰਵਸ੍ਰੇਸ਼ਟ ਸੈਂਟਰ ਫਾਰਵਰਡ ਅਤੇ ਭਾਰਤੀ ਹਾਕੀ ਟੀਮ ਦੇ ਇਸ ਸਾਬਕਾ ਕਪਤਾਨ ਨੂੰ ਭਾਰਤ ਦੀ ਵੱਕਾਰੀ ਫੁੱਟਬਾਲ ਕਲੱਬ ਈਸਟ ਬੰਗਾਲ ਵੱਲੋਂ ਦਿੱਤੇ ਜਾਣ ਵਾਲੇ 'ਭਾਰਤ ਗੌਰਵ' ਸਨਮਾਨ ਲਈ ਚੁਣਿਆ ਗਿਆ ਹੈ। ਇਹ ਸਨਮਾਨ ਪਿੱਲੇ ਨੂੰ 1 ਅਗਸਤ ਨੂੰ ਕਲੱਬ ਦੀ ਸਥਾਪਨਾ ਦਿਵਸ 'ਤੇ ਪ੍ਰਦਾਨ ਕੀਤਾ ਜਾਵੇਗਾ। ਭਾਰਤ ਨੂੰ ਕਈ ਅੰਤਰਰਾਸ਼ਟਰੀ ਖਿਡਾਰੀ ਦੇਣ ਵਾਲੀ ਕਲੱਬ ਈਸਟ ਬੰਗਾਲ ਦੀ ਸਥਾਪਨਾ 1 ਅਗਸਤ, 1920 ਨੂੰ ਹੋਈ ਸੀ।
ਹਾਕੀ ਦਾ ਇਹ ਜੁਝਾਰੂ ਖਿਡਾਰੀ ਸਹੀ ਮਾਇਨਿਆਂ 'ਚ ਅਜਿਹੇ ਮਾਣ-ਸਨਮਾਨ ਦਾ ਹੱਕਦਾਰ ਵੀ ਹੈ। ਆਪਣੇ ਖੇਡ ਕੈਰੀਅਰ ਦੇ ਉਤਰਾਅ-ਚੜ੍ਹਾਅ ਭਰੇ ਹਾਲਾਤ 'ਚ ਵਿਲੱਖਣ ਖਿਡਾਰੀ ਹੋਣ ਦੇ ਬਾਵਜੂਦ ਧੰਨਰਾਜ ਪਿੱਲੇ ਭ੍ਰਿਸ਼ਟ ਸਿਸਟਮ ਦੀ ਵਜ੍ਹਾ ਕਰਕੇ ਕਈ ਵਾਰ ਮਾਯੂਸੀਆਂ ਦੀ ਮਾਰ ਵੀ ਝਲਦਾ ਰਿਹਾ ਪਰ ਭਾਰਤੀ ਖੇਡ ਜਗਤ ਵਿਚ ਪਿੱਲੇ ਦਾ ਨਾਂਅ ਬੜੇ ਫਖਰ ਨਾਲ ਲਿਆ ਜਾਂਦਾ ਹੈ ਤੇ ਉਸ ਦੀ ਤੁਲਨਾ ਕ੍ਰਿਕਟ ਦੇ ਸਚਿਨ ਤੇਂਦੁਲਕਰ ਨਾਲ ਕੀਤੀ ਜਾਂਦੀ ਹੈ।
ਹਾਕੀ ਦੇ ਸਰਬੋਤਮ ਖਿਡਾਰੀਆਂ 'ਚ ਸ਼ੁਮਾਰ ਧੰਨਰਾਜ ਪਿੱਲੇ ਦੀ ਕਹਾਣੀ ਇਕ ਅਜਿਹੇ ਸਾਧਾਰਨ ਦਰਜੇ ਦੇ ਲੜਕੇ ਦੀ ਦਾਸਤਾਨ ਹੈ, ਜੋ ਇਕ ਗਰੀਬ ਪਰਿਵਾਰ 'ਚੋਂ ਨਿਕਲ ਕੇ ਸਖਤ ਮਿਹਨਤ ਨਾਲ ਆਪਣਾ ਮੁਕਾਮ ਹਾਸਲ ਕਰਦਾ ਹੈ। ਪੂਨੇ ਦੀ ਹਥਿਆਰ ਬਣਾਉਣ ਵਾਲੀ ਫੈਕਟਰੀ ਦੀਆਂ ਗਲੀਆਂ ਵਿਚ ਗੁਰਬਤ ਭਰੀ ਜ਼ਿੰਦਗੀ ਹੰਢਾਉਂਦਿਆਂ ਉਸ ਦਾ ਬਚਪਨ ਬੀਤਿਆ। ਪੰਜ ਭੈਣਾਂ-ਭਰਾਵਾਂ ਦੇ ਹੁੰਦਿਆਂ ਪੈਸੇ ਦੀ ਕਮੀ ਦੇ ਬਾਵਜੂਦ ਧੰਨਰਾਜ ਦੀ ਹਾਕੀ ਖੇਡਣ ਦੀ ਹਸਰਤ ਨੂੰ ਪੂਰਾ ਨੈਤਿਕ ਸਮਰਥਨ ਮਿਲਿਆ। ਧਨ ਦੀ ਕਮੀ ਕਰਕੇ ਹਾਕੀ ਨਾ ਖਰੀਦ ਸਕਣ ਦੀ ਹੈਸੀਅਤ 'ਚ ਉਹ ਤੇ ਉਸ ਦਾ ਭਰਾ ਟੁੱਟੀ ਹਾਕੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਖੇਡਦੇ ਸਨ।
ਧੰਨਰਾਜ ਨੂੰ ਬਚਪਨ ਤੋਂ ਹੁਣ ਤੱਕ ਆਪਣੀ ਮਾਂ ਨਾਲ ਬੇਹੱਦ ਲਗਾਅ ਹੈ। ਖੁਦ ਧੰਨਰਾਜ ਮੰਨਦਾ ਹੈ ਕਿ ਇਹ ਕਲਪਨਾ ਕਰਨਾ ਵੀ ਕਠਿਨ ਹੈ ਕਿ ਘਰ 'ਚ ਏਨੇ ਘੱਟ ਸਾਧਨ ਹੋਣ ਦੇ ਬਾਵਜੂਦ ਸਾਨੂੰ ਪਾਲ-ਪਰੋਸ ਕੇ ਵੱਡਾ ਕੀਤਾ ਅਤੇ ਇਕ ਚੰਗੇ ਇਨਸਾਨ ਦੇ ਨਾਲ-ਨਾਲ ਇਸ ਮੁਕਾਮ 'ਤੇ ਪਹੁੰਚਾਇਆ। ਪਿੱਲੇ ਦਾ ਪਿਤਾ ਇਕ ਫੈਕਟਰੀ ਵਿਚ ਗਰਾਊਂਡਮੈਨ ਵਜੋਂ ਕੰਮ ਕਰਦਾ ਸੀ।
16 ਜੁਲਾਈ, 1968 ਨੂੰ ਜਨਮੇ ਧੰਨਰਾਜ ਪਿੱਲੇ ਨੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1989 'ਚ ਨਵੀਂ ਦਿੱਲੀ 'ਚ ਹੋਏ ਏਸ਼ੀਆ ਕੱਪ ਤੋਂ ਕੀਤੀ। ਲਗਪਗ ਡੇਢ ਦਹਾਕੇ ਲੰਮੇ ਖੇਡ ਕੈਰੀਅਰ 'ਚ ਉਹ ਚਾਰ ਉਲੰਪਿਕ (1992, 1996, 2000 ਅਤੇ 2004), ਚਾਰ ਵਿਸ਼ਵ ਕੱਪ (1990, 1994, 1998, 2002) ਅਤੇ ਚਾਰ ਚੈਂਪੀਅਨ ਟਰਾਫੀ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਰੱਜ ਕੇ ਖੇਡਿਆ ਅਤੇ ਭਰਵੀਆਂ ਸੁਰਖੀਆਂ 'ਚ ਰਿਹਾ। ਅੰਕੜਿਆਂ ਮੁਤਾਬਿਕ ਉਸ ਨੇ ਲਗਪਗ 339 ਮੈਚ ਖੇਡਦਿਆਂ 170 ਗੋਲ ਦਾਗੇ। 1998 ਦੀਆਂ ਬੈਂਕਾਕ ਖੇਡਾਂ 'ਚ ਜਦੋਂ ਭਾਰਤ ਨੇ ਸੋਨ ਤਗਮਾ ਜਿੱਤਿਆ ਤਾਂ ਉਸ ਟੀਮ ਦੇ ਕਪਤਾਨ ਵਜੋਂ ਪਿੱਲੇ ਲਈ ਸ਼ਾਇਦ ਇਹ ਅੰਬਰ ਟਾਕੀ ਲਾਉਣ ਵਰਗੀ ਪ੍ਰਾਪਤੀ ਸੀ। ਸੰਨ 1994 ਦਾ ਵਰ੍ਹਾ ਪਿੱਲੇ ਲਈ ਯਾਦਗਾਰੀ ਹੋ ਨਿਬੜਿਆ, ਜਦੋਂ ਉਸ ਦੀ ਚੋਣ 'ਵਿਸ਼ਵ ਇਲੈਵਨ ਟੀਮ' ਲਈ ਕੀਤੀ ਗਈ।
ਭਾਰਤੀ ਹਾਕੀ ਦਾ ਜਾਦੂਗਰ ਧੰਨਰਾਜ ਪਿੱਲੇ ਜਿਥੇ ਖੇਡ ਮੈਦਾਨ 'ਚ ਜ਼ਿੱਦੀ, ਜਨੂਨੀ, ਅੜੀਅਲ ਅਤੇ ਸੰਘਰਸ਼ ਦੀ ਇਕ ਮੁਕੰਮਲ ਦਾਸਤਾਨ ਸੀ, ਉਥੇ ਮੈਦਾਨ ਤੋਂ ਬਾਹਰ ਇਕ ਮਾਸੂਮ ਬੱਚੇ ਵਰਗਾ ਸੀ। ਸ਼ਾਇਦ ਇਹੀ ਵਜ੍ਹਾ ਸੀ ਕਿ ਹਾਕੀ ਫੈਡਰੇਸ਼ਨ ਦੇ ਹਿਟਲਰਸ਼ਾਹੀ ਰਵੱਈਏ ਵਿਰੁੱਧ ਉਹ ਬੇਬਾਕੀ ਨਾਲ ਖਿਡਾਰੀਆਂ ਦਾ ਪੱਖ ਰੱਖਣ ਤੋਂ ਕਦੇ ਨਹੀਂ ਸੀ ਝਿਜਕਦਾ ਤੇ ਸ਼ਾਇਦ ਇਸ ਦਾ ਖਮਿਆਜ਼ਾ ਵੀ ਉਸ ਨੂੰ ਭੁਗਤਣਾ ਪਿਆ। ਇੰਡੀਅਨ ਏਅਰਲਾਈਨਜ਼ 'ਚ ਅਧਿਕਾਰੀ ਵਜੋਂ ਤਾਇਨਾਤ ਧੰਨਰਾਜ ਪਿੱਲੇ ਜ਼ਿੰਦਗੀ ਦੀ ਦਰਦ ਭਰੀ ਦਾਸਤਾਨ ਨੂੰ ਯਾਦ ਕਰਦਿਆਂ ਕਈ ਵਾਰ ਭਾਵੁਕ ਹੋ ਜਾਂਦੇ ਹਨ। ਅਕਸਰ ਸੰਘਰਸ਼ ਅਤੇ ਕਠਿਨਾਈਆਂ ਭਰੇ ਸਫ਼ਰ 'ਚ ਸਫਲਤਾ ਦੇ ਸਿਖਰ 'ਤੇ ਪਹੁੰਚਣ ਵਾਲੇ ਖਿਡਾਰੀ ਜ਼ਿੰਦਗੀ ਦੇ ਸਾਹੂ ਪੁੱਤ ਹੁੰਦੇ ਹਨ। ਖੈਰ, ਕੁੱਲ ਮਿਲਾ ਕੇ ਧੰਨਰਾਜ ਪਿੱਲੇ ਨੂੰ 'ਭਾਰਤ ਗੌਰਵ' ਸਨਮਾਨ, ਉਸ ਦੀ ਪ੍ਰਤਿਭਾ ਦਾ ਸਹੀ ਮੁਲਾਂਕਣ ਹੈ। ਇਸ ਤੋਂ ਇਲਾਵਾ ਧੰਨਰਾਜ ਪਿੱਲੇ ਨੂੰ ਭਾਰਤ ਸਰਕਾਰ ਵੱਲੋਂ 1995 'ਚ ਅਰਜਨ ਪੁਰਸਕਾਰ, 1999 'ਚ ਰਾਜੀਵ ਗਾਂਧੀ ਖੇਡ ਰਤਨ ਅਤੇ 2001 'ਚ ਪਦਮਸ੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਕਬੱਡੀ ਤਰੱਕੀ ਦੀ ਰਾਹ 'ਤੇ ਕਿਵੇਂ ਤੇ ਕਿੱਦਾਂ

ਅੱਜਕਲ੍ਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਕਬੱਡੀ ਦੀ ਖੇਡ ਬੜੇ ਤਰੱਕੀ ਦੇ ਰਸਤੇ 'ਤੇ ਚੱਲ ਰਹੀ ਹੈ। ਅਕਸਰ ਲੋਕ ਖੁੰਢਾਂ, ਸੱਥਾਂ, ਦਰਵਾਜ਼ਿਆਂ 'ਤੇ ਗੱਲਾਂ ਕਰਦੇ ਹਨ ਕਿ ਕਬੱਡੀ ਦੀ ਖੇਡ ਵਿਚ ਅੰਨ੍ਹਾ ਪੈਸਾ ਕਮਾਇਆ ਜਾ ਰਿਹਾ ਹੈ। ਪਰ ਅਸਲ ਸੱਚ ਕੁਝ ਹੋਰ ਹੈ। 10-15 ਕਬੱਡੀ ਸਟਾਰ ਖਿਡਾਰੀਆਂ ਨੂੰ ਛੱਡ ਕੇ ਬਾਕੀ ਨੂੰ ਵਧੇਰੇ ਟੂਰਨਾਮੈਂਟ ਵਾਲੇ ਕਿਰਾਇਆ ਵੀ ਪੂਰਾ ਨਹੀਂ ਦਿੰਦੇ। ਅੱਜਕਲ੍ਹ ਲੋਕਾਂ ਨੂੰ ਕਬੱਡੀ ਗਲੈਮਰਸ ਦਾ ਰੰਗ ਚੜ੍ਹਿਆ ਹੋਇਆ ਹੈ। ਖੇਡ ਨੂੰ ਖੇਡ ਸਮਝ ਕੇ ਕਰਾਉਣ ਦਾ ਮੰਤਵ ਬਹੁਤੇ ਲੋਕਾਂ ਨੇ ਦਿਲੋਂ ਹੀ ਵਿਸਾਰ ਦਿੱਤਾ ਹੈ। ਸਿਰਫ ਮਨੋਰੰਜਨ ਤੱਕ ਸੀਮਤ ਹੋ ਗਈ ਹੈ ਪੰਜਾਬੀਆਂ ਦੀ ਨਿੱਗਰ ਖੇਡ ਕਬੱਡੀ। ਦਿਖਾਇਆ ਕੁਝ ਹੋਰ ਜਾ ਰਿਹਾ ਹੈ ਤੇ ਹੋ ਕੁਝ ਹੋਰ ਰਿਹਾ ਹੈ। ਜਿਵੇਂ ਕਈ ਟੂਰਨਾਮੈਂਟਾਂ ਦਾ ਇਨਾਮ ਫੋਕੀ ਵਾਹ-ਵਾਹ ਲਈ ਲੱਖਾਂ 'ਚ ਹੁੰਦਾ, ਪਰ ਦੇਣ ਵੇਲੇ ਘੱਟ ਦਿੰਦੇ ਹਨ, ਅਖੇ ਦੋਵਾਂ ਟੀਮਾਂ ਦੀ ਸਹਿਮਤੀ ਬਣ ਗਈ। ਸਨਮਾਨਿਤ ਹੋਣ ਵਾਲੇ ਸਾਧਨਾਂ 'ਚ ਵਧੇਰੇ ਪੈਸੇ ਸਨਮਾਨਿਤ ਹੋਣ ਵਾਲੇ ਦੇ ਆਪਣੇ ਹੁੰਦੇ ਹਨ। ਸਿਰਫ ਮਸ਼ਹੂਰੀ ਲਈ ਡਰਾਮਾ ਕੀਤਾ ਜਾਂਦਾ। ਕਈ ਟੂਰਨਾਮੈਂਟਾਂ 'ਤੇ ਇਨਾਮ 'ਚ ਘੋੜੇ, ਸੋਨੇ ਦੇ ਕੈਂਠੇ ਆਦਿ ਦੇਣ ਦੀਆਂ ਗੱਲਾਂ ਵੀ ਹੁੰਦੀਆਂ ਹਨ ਪਰ ਦੇਣ ਵੇਲੇ ਘੋੜੇ ਦੀ ਜਗ੍ਹਾ ਬਸ਼ੇਰਾ ਹੀ ਦਿੱਤਾ ਜਾਂਦਾ ਹੈ।
ਕਬੱਡੀ 'ਚ ਵਧ ਰਹੀ ਪ੍ਰਧਾਨਗੀ ਦੀ ਭੁੱਖ ਨੇ ਪ੍ਰਵਾਸੀ ਭਾਰਤੀਆਂ 'ਚ ਸਫਲ ਬਿਜ਼ਨਸਮੈਨ ਬੰਦਿਆਂ ਨੂੰ ਹੱਥ ਪਿੱਛੇ ਖਿੱਚਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਹਰ ਦੇਸ਼ 'ਚ 4-4 ਕਬੱਡੀ ਫੈਡਰੇਸ਼ਨਾਂ ਹਨ, ਜਿਨ੍ਹਾਂ ਦੀ ਆਪਸੀ ਖਿੱਚੋਤਾਣ ਨੇ ਕਬੱਡੀ ਖਿਡਾਰੀਆਂ ਦੇ ਵੀਜ਼ੇ ਰੱਦ ਕਰਵਾਏ ਹਨ। ਸੈਂਕੜੇ ਘਰਾਂ ਦੀ ਗਰੀਬੀ ਨੂੰ ਦੂਰ ਕਰਨ ਦਾ ਸਾਧਨ ਬਣੀ ਕਬੱਡੀ ਹੁਣ ਖੁਦ ਲਾਚਾਰੀ ਦੀ ਹਾਲਤ 'ਚ ਹੈ। ਜੋ ਵਿਅਕਤੀ ਕਬੱਡੀ ਲਈ ਕੁਝ ਕਰਨਾ ਚਾਹੁੰਦਾ ਹੈ, ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਮਤਲਬ ਕਿ ਦਰਜਾ ਕਿਸੇ ਨੂੰ ਉਸ ਦੀ ਕਾਬਲੀਅਤ ਦੇਖ ਕੇ ਨਹੀਂ, ਪੈਸਾ ਤੇ ਚਮਚਾਗਿਰੀ ਕਰਕੇ ਦਿੱਤਾ ਜਾ ਰਿਹਾ ਹੈ। ਖਿਡਾਰੀਆਂ ਦੀਆਂ ਰੇਡਾਂ ਜੱਫਿਆਂ 'ਤੇ ਪੈਸੇ ਵੱਧ ਬਣਾਉਣੇ ਤੇ ਦੇਣੇ ਅੱਧ ਤੋਂ ਘੱਟ, ਇਹ ਵਰਤਾਰਾ ਵੀ ਜ਼ੋਰ ਫੜ ਚੁੱਕਾ ਹੈ। ਕੀ ਇਹ ਗੱਲਾਂ ਕਬੱਡੀ ਨੂੰ ਉੱਪਰ ਚੁੱਕਣਗੀਆਂ? ਡੋਪ ਟੈਸਟਾਂ ਨੂੰ ਲੈ ਕੇ ਨਾ ਤਾਂ ਹਾਲੇ ਤੱਕ ਲੀਗ ਦੀ ਕੋਈ ਰਿਪੋਰਟ ਆਈ ਹੈ, ਨਾ ਪੰਜਾਬ ਸਰਕਾਰ ਦੇ ਵਰਲਡ ਕੱਪ ਦੀ। ਪੰਜਾਬ ਵਿਚ ਹੁੰਦੇ ਕਬੱਡੀ ਕੱਪਾਂ 'ਤੇ ਹਾਲੇ ਤੱਕ ਕੋਈ ਡੋਪਿੰਗ ਨੂੰ ਨੱਥ ਪਾਉਣ ਦਾ ਪ੍ਰਬੰਧ ਨਹੀਂ ਹੋਇਆ।


-ਮੋਬਾ: 98724-59691






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX