ਤਾਜਾ ਖ਼ਬਰਾਂ


ਲੋੜ ਪੈਣ ਉੱਤੇ ਵਿਪਾਸਨਾ ਨੂੰ ਬੁਲਾਇਆ ਜਾ ਸਕਦਾ ਹੈ ਪੰਚਕੂਲਾ:ਡੀਸੀਪੀ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- 25 ਅਗਸਤ ਨੂੰ ਰਾਮ ਰਹੀਮ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਵਿੱਚ ਭੜਕੀ ਹਿੰਸਾ ਅਤੇ ਦੰਗੇ ਭੜਕਾਉਣ ਦੇ ਮਾਮਲੇ ਦੀ ਜਾਂਚ ਲਈ ਜੇਕਰ ਸਿਰਸਾ ਡੇਰਾ ਪ੍ਰਬੰਧਕ ਵਿਪਾਸਨਾ ਨੂੰ ਪੰਚਕੂਲਾ ...
ਮਹਿਲਾ ਨੇ ਆਪਣੇ ਪਿਤਾ ਅਤੇ ਦੋਸਤ ਨਾਲ਼ ਮਿਲ ਕੇ ਕੀਤੀ ਪਤੀ ਦੀ ਹੱਤਿਆ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- ਪੰਚਕੂਲਾ ਦੇ ਸੈਕਟਰ 19 ਵਿਚ ਇੱਕ ਮਹਿਲਾ ਵੱਲੋਂ ਆਪਣੇ ਪਿਤਾ ਅਤੇ ਦੋਸਤ ਅਸ਼ੀਸ਼ ਨਾਲ਼ ਮਿਲ ਕੇ ਆਪਣੇ ਪਤੀ ਕਿਸ਼ਨ ਦਿਆਲ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...
25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦਾ ਮਾਮਲਾ-ਦਿਲਾਵਰ ਇੰਸਾ ਨੂੰ ਅਦਾਲਤ ਨੇ ਭੇਜਿਆ ਨਿਆਇਕ
. . .  1 day ago
ਪੰਚਕੂਲਾ, 22 ਸਤੰਬਰ (ਕਪਿਲ)- 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗਿਰਫ਼ਤਾਰ ਰਾਮ ਰਹੀਮ ਦੇ ਕਰੀਬੀ ਦਿਲਾਵਰ ਇੰਸਾ ਨੂੰ ਅੱਜ ਪੰਚਕੂਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦਿਲਾਵਰ ...
ਖੂਹ ਵਿਚ ਡਿੱਗਣ ਨਾਲ ਕਿਸਾਨ ਦੀ ਮੌਤ
. . .  1 day ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਚੱਕ ਦਾਨਾ ਵਿਖੇ ਇੱਕ ਕਿਸਾਨ ਅਮਰਜੀਤ ਸਿੰਘ (58 ਸਾਲ) ਦੀ ਖੂਹ ਵਿਚ ਡਿਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਬੇਟੇ ਹਰਦੀਪ ਸਿੰਘ ਨੇ ਦੱਸਿਆ...
ਤਪਾ ਮੰਡੀ ਵਿਖੇ ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
. . .  1 day ago
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਆਵਾ ਬਸਤੀ 'ਚ ਅਗਰਵਾਲ ਘਰਾਣੇ ਨਾਲ ਸਬੰਧਿਤ ਕਿਰਾਏ ਦੇ ਮਕਾਨ 'ਚ ਰਹਿੰਦੇ ਪਤੀ-ਪਤਨੀ ਨੇ ਅੱਜ ਸ਼ਾਮ 7 ਵਜੇ ਦੇ ਕਰੀਬ ਫਾਹਾ ਲੈ ਕੇ ਆਤਮਹੱਤਿਆ ਕੀਤੇ...
ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ ਅਨਟ੍ਰੇਂਡ ਅਧਿਆਪਕਾਂ ਲਈ ਆਪਣੀ ਯੋਗਤਾ ਨੂੰ ਪੂਰੀ ਕਰਨ ਦਾ ਆਖ਼ਰੀ ਮੌਕਾ
. . .  1 day ago
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਨਾਲ ਸਬੰਧਿਤ ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਦੇ ਅਨਟ੍ਰੇਂਡ ਅਧਿਆਪਕਾਂ ਨੂੰ ਟਰੇਨਿੰਗ ...
ਨਾਮ ਚਰਚਾ ਘਰ 'ਤੇ ਹਮਲਾ ਕਰਨ ਅਤੇ ਇਰਾਦਾ ਕਤਲ ਦੇ ਦੋਸ਼ਾਂ 'ਚੋਂ 56 ਸਿੱਖ ਬਰੀ
. . .  1 day ago
ਸੰਗਰੂਰ ,[ਫੁਲ ,ਪਿਸ਼ੌਰੀਆ ,ਦਮਨ, ਬਿੱਟਾ] - ਸੰਗਰੂਰ ਦੀ ਇਕ ਅਦਾਲਤ ਨੇ ਸੁਨਾਮ ਦੇ ਨਾਮ ਚਰਚਾ ਘਰ 'ਤੇ ਹਮਲਾ ਕਰਨ ਅਤੇ ਇਰਾਦਾ ਕਤਲ ਦੇ ਦੋਸ਼ਾਂ 'ਚੋਂ 56 ਸਿੱਖਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ।
ਟ੍ਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਵਾਪਰੇ ਹਾਦਸਾ 'ਚ ਇਕ ਸਾਲ ਦੇ ਬੱਚੇ ਦੀ ਮੌਤ
. . .  1 day ago
ਜੈਤੋ, 22 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਸਥਿਤ ਪਿੰਡ ਰੋੜੀ ਕਪੂਰਾ ਵਿਖੇ ਟ੍ਰੈਕਟਰ-ਟਰਾਲੀ ਚਾਲਕ ਦੀ ਵੱਡੀ ਲਾਹਪ੍ਰਵਾਈ ਕਾਰਨ ਵੱਡਾ ਹਾਦਸਾ ਵਾਪਰ...
ਬੈਂਗਲੁਰੂ ਪੁਲਿਸ ਵੱਲੋਂ ਯੇਦੀਯੁਰੱਪਾ ਨੂੰ ਸੰਮਨ
. . .  1 day ago
ਪ੍ਰਦਯੁਮਨ ਹੱਤਿਆ ਮਾਮਲਾ : ਸੀ.ਬੀ.ਆਈ ਅੱਜ ਦਰਜ ਕਰੇਗੀ ਕੇਸ
. . .  1 day ago
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਕੀ ਤੁਹਾਡੇ ਕੋਲ ਹੈ ਹਾਸੇ ਦੀ ਦੌਲਤ?

ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਇਸ ਦੌਲਤ ਦੀ ਗਰੰਟੀ ਹੈ ਹੱਸਣਾ। ਜੀ ਹਾਂ, ਹੱਸਣਾ ਸਿਹਤ ਲਈ ਕਿੰਨਾ ਮਹੱਤਵਪੂਰਨ ਹੈ, ਇਸ ਗੱਲ ਨਾਲ ਹੀ ਸਮਝਿਆ ਜਾ ਸਕਦਾ ਹੈ ਕਿ ਅੱਜ ਵੱਡੇ ਤੋਂ ਵੱਡਾ ਡਾਕਟਰ ਹੱਸਣ ਨੂੰ ਤੰਦਰੁਸਤੀ ਦੀ ਸਭ ਤੋਂ ਵੱਡੀ ਗਾਰੰਟੀ ਮੰਨਦਾ ਹੈ। ਪਰ ਸਵਾਲ ਹੈ ਕਿ ਆਖਰ ਅਸੀਂ ਦਿਨ ਵਿਚ ਕਿੰਨੀ ਵਾਰ ਜ਼ੋਰ ਨਾਲ ਠਹਾਕਾ ਲਗਾ ਕੇ ਹੱਸਦੇ ਹਾਂ? ਨਹੀਂ ਪਤਾ? ਇਸ ਵਿਸ਼ੇ ਨਾਲ ਜਾਣੋ-
1. ਤੁਹਾਡੇ ਕੋਲ ਸਮਾਂ ਨਹੀਂ ਹੈ ਪਰ ਤੁਹਾਡਾ ਛੋਟਾ ਭਰਾ ਉਸ ਸਮੇਂ ਤੁਹਾਨੂੰ ਇਕ ਚੁਟਕਲਾ ਸੁਣਾਉਂਦਾ ਹੈ ਤਾਂ ਤੁਸੀਂ-
(ਕ) ਹਲਕੀ ਜਿਹੀ ਮੁਸਕਾਨ ਦਿਓਗੇ। (ਖ) ਖਿੜਖਿੜਾ ਕੇ ਹੱਸਣ ਲੱਗੋਗੇ। (ਗ) ਟਾਲਣ ਲਈ ਹੱਸ ਪਓਗੇ।
2. ਰਾਹ ਜਾਂਦੇ ਕਿਸੇ ਨੂੰ ਅਜੀਬੋ-ਗਰੀਬ ਹਰਕਤ ਕਰਦੇ ਦੇਖਦੇ ਹੋ ਤਾਂ ਤੁਸੀਂ-
(ਕ) ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ? (ਖ) ਹੱਸਣ ਵਾਲੀ ਗੱਲ ਹੋਈ ਤਾਂ ਜ਼ਰੂਰ ਹੱਸੋਗੇ। (ਗ) ਦੂਜਿਆਂ ਦੇ ਸਾਹਮਣੇ ਹੱਸਣ ਤੋਂ ਬਚਦੇ ਹੋ ਪਰ ਮੁਸਕੁਰਾਉਣਾ ਬੁਰਾ ਨਹੀਂ ਲਗਦਾ।
3. ਤੁਹਾਡੇ ਕੁਝ ਦੋਸਤ ਤੁਹਾਡਾ ਮਜ਼ਾਕ ਉਡਾ ਰਹੇ ਹਨ ਤਾਂ ਤੁਸੀਂ-
(ਕ) ਉਨ੍ਹਾਂ 'ਤੇ ਗੁੱਸਾ ਕਰਕੇ ਉਥੋਂ ਚਲੇ ਜਾਓਗੇ। (ਖ) ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕਰੋਗੇ। (ਗ) ਜ਼ੋਰ ਨਾਲ ਹੱਸਣ ਲੱਗੋਗੇ।
4. ਦੂਜਿਆਂ ਦੇ ਸਾਹਮਣੇ ਖੁੱਲ੍ਹ ਕੇ ਹੱਸਣ ਨਾਲ ਤੁਹਾਨੂੰ ਲਗਦਾ ਹੈ-
(ਕ) ਕੋਈ ਟੋਕ ਨਾ ਦੇਵੇ। (ਖ) ਦੂਜਿਆਂ ਦੀ ਪ੍ਰਵਾਹ ਕੌਣ ਕਰਦਾ ਹੈ? (ਗ) ਤੇਜ਼ ਹੱਸਣਾ ਪਾਗਲਪਣ ਦੀ ਨਿਸ਼ਾਨੀ ਹੈ।
5. ਹਾਸੇ ਨੂੰ ਤੁਸੀਂ ਇੰਜ ਪਰਿਭਾਸ਼ਤ ਕਰਦੇ ਹੋ-
(ਕ) ਜੀਵਨ ਦੀ ਸੰਜੀਵਨੀ ਬੂਟੀ ਹੈ। (ਖ) ਇਹ ਬਿਨਾਂ ਕਸ਼ਟ ਵਾਲੀ ਕਸਰਤ ਹੈ। (ਗ) ਹੱਸਣਾ ਹੀ ਬੁਰਾ ਲਗਦਾ ਹੈ।
ਕ-ਜੇ ਤੁਹਾਡੇ ਪ੍ਰਾਪਤ ਅੰਕ 20 ਤੋਂ ਉੱਪਰ ਹਨ ਤਾਂ ਬਿਨਾਂ ਸ਼ੱਕ ਤੁਸੀਂ ਹੱਸਣ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਹੋ। ਤੁਸੀਂ ਜਾਣਦੇ ਹੋ ਕਿ ਜੀਵਨ ਵਿਚ ਤਣਾਅਗ੍ਰਸਤ ਰਹਿਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਇਸ ਦੇ ਉਲਟ ਜੇ ਮੁਸ਼ਕਿਲ ਦੌਰ ਵਿਚ ਵੀ ਅਸੀਂ ਹੱਸਦੇ ਰਹਿੰਦੇ ਹਾਂ ਤਾਂ ਇਸ ਨਾਲ ਸਾਡੀ ਸਿਹਤ ਵਧੀਆ ਬਣੀ ਰਹਿੰਦੀ ਹੈ, ਨਾਲ ਹੀ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਵੀ ਅਸਾਨੀ ਰਹਿੰਦੀ ਹੈ। ਕੁੱਲ ਮਿਲਾ ਕੇ ਨਤੀਜਾ ਇਹ ਹੈ ਕਿ ਤੁਸੀਂ ਕਾਫੀ ਸਮਝਦਾਰ ਹੋ ਅਤੇ ਵਰਤਮਾਨ ਸਮੇਂ ਵਿਚ ਖੁੱਲ੍ਹ ਕੇ ਹੱਸਦੇ ਹੋ ਭਾਵ ਅੱਜ ਵਿਚ ਜਿਊਣ 'ਤੇ ਵਿਸ਼ਵਾਸ ਰੱਖਦੇ ਹੋ।
ਖ-ਜੇ ਤੁਹਾਡੇ ਪ੍ਰਾਪਤ ਅੰਕ 10 ਤੋਂ ਜ਼ਿਆਦਾ ਅਤੇ 20 ਤੋਂ ਘੱਟ ਹਨ ਤਾਂ ਤੁਹਾਡੇ ਬਾਰੇ ਕਿਹਾ ਜਾ ਸਕਦਾ ਹੈ ਕਿ ਤੁਸੀਂ ਹੱਸਦੇ ਤਾਂ ਹੋ ਪਰ ਦੂਜਿਆਂ ਦਾ ਸੰਕੋਚ ਵੀ ਕਰਦੇ ਹੋ। ਪਰ ਮੁਸ਼ਕਿਲ ਦੇ ਦਿਨਾਂ ਵਿਚ ਹੱਸਣਾ ਤੁਹਾਡੇ ਲਈ ਸੰਭਵ ਨਹੀਂ ਹੁੰਦਾ। ਫਿਲਹਾਲ ਇਸ ਦੇ ਬਾਵਜੂਦ ਤੁਸੀਂ ਸਮਝਦਾਰ ਔਰਤ ਹੋ। ਇਸ ਲਈ ਹੱਸਦੇ ਰਹੋ ਅਤੇ ਆਪਣੇ ਹਾਸੇ ਵਿਚ ਹੋਰ ਵੀ ਵਾਧਾ ਕਰੋ। ਇਸ ਨਾਲ ਤੁਹਾਡਾ ਜੀਵਨ ਹੋਰ ਵੀ ਸੌਖਾ ਅਤੇ ਸਹਿਜ ਹੋ ਜਾਵੇਗਾ।
ਗ-ਜੇਕਰ ਤੁਹਾਡੇ ਪ੍ਰਾਪਤ ਅੰਕ 10 ਤੋਂ ਘੱਟ ਹਨ ਤਾਂ ਤੁਸੀਂ ਇਹ ਦੱਸੋ ਕਿ ਕੀ ਹੱਸਣ ਦੇ ਬਦਲੇ ਤੁਹਾਨੂੰ ਕੋਈ ਤੁਹਾਡੀ ਜੇਬ ਹਲਕੀ ਕਰਨ ਲਈ ਕਹਿ ਰਿਹਾ ਹੈ? ਨਹੀਂ। ਹੱਸਣ ਦੇ ਬਦਲੇ ਤੁਹਾਨੂੰ ਕੁਝ ਦੇਣਾ ਨਹੀਂ ਪੈਂਦਾ ਤਾਂ ਕੱਲ੍ਹ ਦੀ ਸੋਚ ਕੇ ਅੱਜ ਕਿਉਂ ਪ੍ਰੇਸ਼ਾਨ ਹੁੰਦੇ ਹੋ? ਇਸ ਰਵੱਈਏ ਤੋਂ ਜਿੰਨਾ ਛੇਤੀ ਹੋ ਸਕੇ, ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ। ਨਹੀਂ ਤਾਂ ਹੋ ਸਕਦਾ ਹੈ ਬਹੁਤ ਛੇਤੀ ਹੀ ਤੁਹਾਨੂੰ ਜੀਵਨ ਵਿਚ ਕੋਈ ਰੁਚੀ ਨਜ਼ਰ ਨਾ ਆਵੇ ਅਤੇ ਇਹ ਖੂਬਸੂਰਤ ਦੁਨੀਆ ਤੁਹਾਨੂੰ ਨਰਕ ਵਾਂਗ ਲੱਗਣ ਲੱਗੇ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ।


ਖ਼ਬਰ ਸ਼ੇਅਰ ਕਰੋ

ਆਲੋਚਨਾ ਹੋਣ 'ਤੇ ਕਰੋ ਮਨੋਚਿੰਤਨ

1ਆਧੁਨਿਕ ਸਮੇਂ ਦੌਰਾਨ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪ੍ਰਸੰਸਾ ਹੋਵੇ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ, ਜਿਹੜਾ ਆਪਣੀ ਆਲੋਚਨਾ ਸੁਣਨਾ ਵੀ ਪਸੰਦ ਕਰਦਾ ਹੋਵੇ। ਪਰ ਸਹੀ ਅਰਥਾਂ ਵਿਚ ਆਲੋਚਨਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਆਲੋਚਨਾ ਦੇ ਬਾਅਦ ਜੇਕਰ ਮਨੋਚਿੰਤਨ ਕਰੀਏ ਤਾਂ ਅਸੀਂ ਆਪਣੀਆਂ ਬਹੁਤ ਸਾਰੀਆਂ ਬੁਰੀਆਂ ਆਦਤਾਂ, ਜਿਨ੍ਹਾਂ ਤੋਂ ਅਸੀਂ ਅਣਜਾਣ ਹੁੰਦੇ ਹਾਂ, ਉਨ੍ਹਾਂ ਨੂੰ ਸੁਧਾਰ ਸਕਦੇ ਹਾਂ। ਇੱਥੇ ਹੀ ਬੱਸ ਨਹੀਂ, ਕਈ ਵਾਰ ਆਲੋਚਨਾ ਸਫਲਤਾ ਦੀ ਪੌੜੀ ਵੀ ਬਣ ਜਾਂਦੀ ਹੈ। ਪਰ ਬਿਨਾਂ ਵਜ੍ਹਾ ਕਿਸੇ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਾਨੂੰ ਸਧਾਰਨ ਨਹੀਂ ਲੈਣਾ ਚਾਹੀਦਾ, ਸਗੋਂ ਕੋਈ ਗ਼ਲਤਫਹਿਮੀ ਪਾਲਣ ਤੋਂ ਬਚਦੇ ਹੋਏ ਉਸ ਬਾਰੇ ਸਬੰਧਤ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹਾ ਨਾ ਕਰਨ 'ਤੇ ਅਸੀਂ ਨਿਰਾਸ਼ਾ ਦੇ ਸ਼ਿਕਾਰ ਹੋ ਸਕਦੇ ਹਾਂ। ਪਰ ਇਹ ਗੱਲ ਵੀ ਪੱਕੀ ਹੈ ਕਿ ਔਰਤਾਂ ਅੰਦਰ ਹੀ ਅਜਿਹਾ ਸੁਭਾਅ ਹੁੰਦਾ ਹੈ, ਜੋ ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਜਲਦੀ ਕਰਾਰਾ ਜਵਾਬ ਦਿੰਦੀਆਂ ਹਨ।
ਜੇਕਰ ਆਲੋਚਨਾ ਕਿਸੇ ਖ਼ਾਸ ਕੰਮ ਨੂੰ ਕਰਦੇ ਹੋਏ ਹੋ ਰਹੀ ਹੈ ਤਾਂ ਸਾਨੂੰ ਹੌਸਲਾ ਹਾਰਨ ਦੀ ਬਜਾਏ ਉਸ ਕੰਮ ਨੂੰ ਹੋਰ ਵੀ ਦ੍ਰਿੜ੍ਹਤਾ ਨਾਲ ਕਰਨਾ ਚਾਹੀਦਾ ਹੈ। ਫਿਰ ਆਪਣੇ-ਆਪ ਹੀ ਉਸ ਕੰਮ ਵਿਚਲੀਆਂ ਖ਼ਾਮੀਆਂ ਦੂਰ ਹੋ ਜਾਣਗੀਆਂ। ਇਸ ਤੋਂ ਬਾਅਦ ਦ੍ਰਿੜ੍ਹਤਾ ਅਤੇ ਮਿਹਨਤ ਨਾਲ ਲਗਾਤਾਰ ਕਿਸੇ ਖ਼ਾਸ ਕੰਮ ਨੂੰ ਕਰਦੇ ਹੋਏ ਸਾਨੂੰ ਸਫਲਤਾ ਅਤੇ ਖ਼ਾਸ ਪਹਿਚਾਣ ਵੀ ਮਿਲ ਸਕਦੀ ਹੈ। ਜੇਕਰ ਆਲੋਚਨਾ ਸਾਡੀ ਕਿਸੇ ਆਦਤ ਕਰਕੇ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਉਸ 'ਤੇ ਮਨੋਚਿੰਤਨ ਕਰਕੇ ਸਭ ਤੋਂ ਪਹਿਲਾਂ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਆਦਤ ਸਹੀ ਹੈ ਜਾਂ ਗ਼ਲਤ। ਜੇਕਰ ਗ਼ਲਤ ਹੋਵੇ ਤਾਂ ਉਸ ਆਦਤ ਨੂੰ ਛੱਡ ਦੇਣਾ ਚਾਹੀਦਾ ਹੈ, ਪਰ ਜੇਕਰ ਠੀਕ ਹੋਵੇ ਤਾਂ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਾਨੂੰ ਉੱਕਾ ਹੀ ਮਨੋਂ ਭੁਲਾ ਦੇਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਹਾਲਾਤ ਵਿਚ ਆਲੋਚਨਾ ਨੂੰ ਕਿਸੇ ਤਰ੍ਹਾਂ ਆਪਣੇ-ਆਪ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਅਸੀਂ ਜਿਸ ਸਮਾਜ ਵਿਚ ਰਹਿ ਰਹੇ ਹਾਂ, ਉਸ ਵਿਚ ਆਲੋਚਨਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ

ਜਾਇਦਾਦ ਦੀਆਂ ਕੀਮਤਾਂ ਏਨੀਆਂ ਜ਼ਿਆਦਾ ਹੋਣ ਕਾਰਨ ਜ਼ਮੀਨ ਲੈ ਕੇ ਮਕਾਨ ਬਣਵਾਉਣਾ ਇਕ ਸੁਪਨਾ ਦੇਖਣ ਵਾਂਗ ਹੈ। ਤਾਂ ਹੀ ਤਾਂ ਰੁਝਾਨ ਅਪਾਰਟਮੈਂਟ ਦਾ ਹੋ ਗਿਆ ਹੈ ਜਾਂ ਲੋਕ ਸੈਕਿੰਡ ਹੈਂਡ ਮਕਾਨ ਖਰੀਦ ਕੇ ਆਪਣੇ ਆਸ਼ਿਆਨੇ ਦਾ ਸੁਪਨਾ ਪੂਰਾ ਕਰ ਲੈਂਦੇ ਹਨ। ਫਿਰ ਵੀ ਪੈਸਾ ਕੁਝ ਬਚ ਜਾਵੇ ਤਾਂ ਲੋਕ ਇੰਟੀਰੀਅਰ ਕਰਵਾਉਣ ਦੀ ਸੋਚਦੇ ਹਨ।
ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਹੋਰ ਪੈਸਾ ਖਰਚਣ ਲਈ ਨਹੀਂ ਹੁੰਦਾ, ਉਹ ਲੋਕ ਬਸ ਸਫ਼ਾਈ ਕਰਵਾ ਕੇ ਅਤੇ ਪੇਂਟਸ, ਪਾਲਿਸ਼ ਕਰਵਾ ਕੇ ਸ਼ਿਫਟ ਕਰ ਜਾਂਦੇ ਹਨ। ਅਜਿਹੇ ਲੋਕਾਂ ਲਈ ਕੁਝ ਨੁਸਖੇ ਪੇਸ਼ ਹਨ ਘਰ ਬਦਲਣ ਤੋਂ ਪਹਿਲਾਂ-
* ਪਹਿਲਾ ਕੰਮ, ਜੇਕਰ ਘਰ ਸੈਕਿੰਡ ਹੈਂਡ ਹੈ ਤਾਂ ਪਹਿਲਾਂ ਰਹਿਣ ਵਾਲਿਆਂ ਦੇ ਬਚੇ ਸਮਾਨ ਨੂੰ ਬਾਹਰ ਦਾ ਰਾਹ ਦਿਖਾਓ।
* ਕੰਧਾਂ 'ਤੇ ਲੱਗੇ ਕਿੱਲ ਆਦਿ ਵੀ ਸਭ ਕਢਾ ਦਿਓ। ਕਿਸੇ ਵੀ ਕੰਧ 'ਤੇ ਕੋਈ ਤਸਵੀਰ ਜਾਂ ਪੋਸਟਰ ਲੱਗਾ ਹੋਵੇ, ਉਸ ਨੂੰ ਲਾਹ ਕੇ ਕੰਧ ਸਾਫ਼ ਕਰਵਾ ਲਓ।
* ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਘਰ ਵਿਚ ਵਾਈਟ ਵਾਸ਼ ਅਤੇ ਦਰਵਾਜ਼ਿਆਂ 'ਤੇ ਪਾਲਿਸ਼ ਪੇਂਟ ਜ਼ਰੂਰ ਕਰਵਾ ਲਓ, ਤਾਂ ਕਿ ਕੋਈ ਨਾਂਹ-ਪੱਖੀ ਗੱਲ ਨਾ ਰਹੇ।
* ਫਰਸ਼, ਸਕਰਟਿੰਗ ਦਾ ਚੰਗੀ ਤਰ੍ਹਾਂ ਨਿਰੀਖਣ ਕਰੋ। ਜੇਕਰ ਉਨ੍ਹਾਂ ਵਿਚ ਕੋਈ ਦਰਾੜ ਵਗੈਰਾ ਹੋਵੇ ਤਾਂ ਉਸ ਨੂੰ ਭਰਵਾ ਲਓ। ਹੋ ਸਕੇ, ਜੇਕਰ ਥੋੜ੍ਹਾ ਪੈਸਾ ਖਰਚ ਕਰ ਸਕੋ ਤਾਂ ਫਰਸ਼ ਦੀ ਇਕ ਰਗੜਾਈ ਕਰਵਾ ਲਓ ਤਾਂ ਕਿ ਫਰਸ਼ ਅਤੇ ਸਕਰਟਿੰਗ ਵਿਚ ਚਮਕ ਆ ਜਾਵੇ।
* ਫਰਸ਼ ਜ਼ਿਆਦਾ ਪੁਰਾਣਾ ਹੋਵੇ ਅਤੇ ਥੋੜ੍ਹੀ ਟੁੱਟ-ਭੱਜ ਹੋਵੇ ਤਾਂ ਫਲੋਰ ਟਾਇਲਾਂ ਲਗਵਾ ਲਓ।
* ਘਰ ਵਿਚ ਪਹਿਲਾਂ ਹੀ ਵੁੱਡਵਰਕ ਕੀਤਾ ਹੋਇਆ ਹੈ ਤਾਂ ਸ਼ਿਫਟ ਕਰਨ ਤੋਂ ਪਹਿਲਾਂ ਪੈਸਟ ਕੰਟਰੋਲ ਦਾ ਛਿੜਕਾਅ ਕਰਵਾ ਲਓ ਤਾਂ ਕਿ ਕਾਕਰੋਚ, ਕੀੜੇ ਅਤੇ ਸਿਓਂਕ ਤੋਂ ਤੁਹਾਡੀ ਲੱਕੜੀ ਬਚੀ ਰਹੇ।
* ਸਾਰੇ ਕਮਰਿਆਂ ਦੀਆਂ ਖਿੜਕੀਆਂ, ਦਰਵਾਜ਼ਿਆਂ ਦੀ ਗਰਿੱਲ ਨੂੰ ਚੰਗੀ ਤਰ੍ਹਾਂ ਜਾਂਚ ਲਓ। ਸਾਰੇ ਤਾਲੇ ਅਤੇ ਚਿਟਕਣੀਆਂ ਵੀ ਜਾਂਚ ਲਓ। ਘਰ ਬਦਲਣ ਤੋਂ ਪਹਿਲਾਂ ਇਨ੍ਹਾਂ ਵਿਚ ਜੋ ਕਮੀ ਹੋਵੇ, ਠੀਕ ਕਰਵਾ ਕੇ ਬਦਲੋ।
* ਗਰਿੱਲ, ਖਿੜਕੀਆਂ ਮਜ਼ਬੂਤ ਹਨ ਜਾਂ ਨਹੀਂ, ਇਸ 'ਤੇ ਵੀ ਗੌਰ ਕਰੋ।
* ਇਕ ਵਾਰ ਸਾਰੇ ਦਰਵਾਜ਼ੇ, ਖਿੜਕੀਆਂ ਦੇ ਪੱਲੇ ਖੋਲ੍ਹ ਕੇ ਬੰਦ ਕਰਕੇ ਦੇਖ ਲਓ ਕਿ ਆਰਾਮ ਨਾਲ ਬੰਦ ਕੀਤੇ ਅਤੇ ਖੋਲ੍ਹੇ ਜਾ ਸਕਦੇ ਹਨ।
* ਸਾਰੀਆਂ ਟੂਟੀਆਂ ਦੀ ਸਥਿਤੀ ਵੀ ਜਾਣ ਲਓ। ਫਲੱਸ਼ ਠੀਕ ਤਰ੍ਹਾਂ ਕੰਮ ਕਰਦੀ ਹੈ ਜਾਂ ਨਹੀਂ, ਵਾਸ਼ਵੇਸਨ, ਸਿੰਕ ਦੀ ਪਾਈਪ ਵਗੈਰਾ ਠੀਕ ਹੈ ਜਾਂ ਨਹੀਂ। ਲੋੜ ਹੋਵੇ ਤਾਂ ਸ਼ਿਫਟ ਕਰਨ ਤੋਂ ਪਹਿਲਾਂ ਪਲੰਬਰ ਤੋਂ ਠੀਕ ਕਰਵਾ ਲਓ।
* ਬਜਟ ਘੱਟ ਹੋਣ 'ਤੇ ਸਸਤਾ ਰੰਗ-ਰੋਗਨ ਕਰਵਾ ਲਓ। ਹੱਥ ਵਿਚ ਪੈਸੇ ਆਉਣ 'ਤੇ ਬਾਅਦ ਵਿਚ ਚੰਗਾ ਰੰਗ-ਰੋਗਨ ਕਰਵਾ ਸਕਦੇ ਹੋ।
* ਬਜਟ ਘੱਟ ਹੋਣ 'ਤੇ ਘਰ ਦੇ ਮੈਂਬਰਾਂ ਦੇ ਨਾਲ ਚਾਹੋ ਤਾਂ ਧਾਰਮਿਕ ਰਸਮ ਕਰਵਾ ਕੇ ਸ਼ਿਫਟ ਕਰ ਜਾਓ। ਬਾਅਦ ਵਿਚ ਪੈਸੇ ਹੋਣ 'ਤੇ ਗ੍ਰਹਿ ਪ੍ਰਵੇਸ਼ ਦੀ ਪਾਰਟੀ ਕਰ ਸਕਦੇ ਹੋ।
**

ਅਣਭੋਲ ਬਚਪਨ ਤੇ ਰਿਸ਼ਤਿਆਂ ਦੀ ਸਾਂਝ

ਸਾਡਾ ਘਰ ਛੋਟਾ ਹੈ ਜਾਂ ਵੱਡਾ, ਇਹ ਗੱਲ ਕੋਈ ਖਾਸ ਮਾਇਨੇ ਨਹੀਂ ਰੱਖਦੀ, ਮਾਇਨੇ ਰੱਖਦਾ ਹੈ ਤਾਂ ਇਹ ਕਿ ਘਰ ਵਿਚ ਪਿਆਰ ਲਈ, ਰਿਸ਼ਤਿਆਂ ਦੀ ਸਾਂਝ ਲਈ ਕਿੰਨੀ ਥਾਂ ਹੈ। ਦਿਨ ਭਰ ਦੀ ਦੌੜ-ਭੱਜ ਤੋਂ ਬਾਅਦ ਜਦੋਂ ਅਸੀਂ ਘਰ ਆਉਂਦੇ ਹਾਂ ਤਾਂ ਇਕ ਸਕੂਨ ਦੀ ਤਲਾਸ਼ ਸਾਨੂੰ ਸਭ ਨੂੰ ਹੁੰਦੀ ਹੈ। ਵੱਡੇ ਹੋਣ ਜਾਂ ਬੱਚੇ, ਇਹ ਜ਼ਰੂਰਤ ਸਭ ਦੀ ਹੈ।
ਅੱਜਕਲ੍ਹ ਸਾਡਾ ਪਰਿਵਾਰਕ ਅਤੇ ਸਮਾਜਿਕ ਜੀਵਨ ਤੇਜ਼ੀ ਨਾਲ ਬਦਲ ਰਿਹਾ ਹੈ। ਮੋਬਾਈਲ ਅਤੇ ਇੰਟਰਨੈੱਟ ਦੀ ਤਕਨੀਕ ਨੇ ਤਾਂ ਏਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਕਿ ਜ਼ਿਆਦਾਤਰ ਅਸੀਂ ਦੂਰ ਵਾਲਿਆਂ ਨਾਲ ਇਸ ਕਦਰ ਮਸਰੂਫ ਹੁੰਦੇ ਹਾਂ ਕਿ ਆਪਣੇ ਨੇੜੇ ਬੈਠੇ ਇਨਸਾਨ ਨੂੰ ਨਜ਼ਰਅੰਦਾਜ਼ ਹੀ ਕਰ ਦਿੰਦੇ ਹਾਂ। ਕੁਝ ਮਜਬੂਰੀ ਵੱਸ ਤੇ ਕੁਝ ਤਕਨਾਲੋਜੀ ਕਰਕੇ ਅਸੀਂ ਸਭ ਅਜੀਬ ਜਿਹੀ ਦੌੜ ਦਾ ਹਿੱਸਾ ਬਣਦੇ ਜਾ ਰਹੇ ਹਾਂ। ਪਹਿਲੇ ਨੰਬਰ 'ਤੇ ਪਰਿਵਾਰਾਂ ਦਾ ਟੁੱਟਣਾ, ਦੂਜਾ ਮਾਂ-ਪਿਓ ਦੋਵਾਂ ਦਾ ਕੰਮਕਾਜੀ ਹੋਣਾ ਸਾਡੇ ਬੱਚਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਜ਼ਿੰਦਗੀ ਵਿਚ ਕਾਹਲ ਏਨੀ ਵਧ ਗਈ ਹੈ ਕਿ ਘਰ ਦੇ ਚਾਰ ਜੀਆਂ ਕੋਲ ਵੀ ਗੱਲਬਾਤ ਲਈ ਖੁੱਲ੍ਹਾ ਸਮਾਂ ਨਹੀਂ ਰਿਹਾ।
ਇਕ ਬੱਚੇ ਦੀ ਦੁਨੀਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਘਰ 'ਤੇ ਹੀ ਖਤਮ ਹੁੰਦੀ ਹੈ। ਜਿਹੜੇ ਬੱਚਿਆਂ ਨੂੰ ਆਪਣੇ ਘਰਦਿਆਂ ਨਾਲ ਭਾਵਨਾਵਾਂ ਦੀ ਸਾਂਝ ਪਾਉਣ ਦਾ ਮੌਕਾ ਜ਼ਿਆਦਾ ਮਿਲਦਾ ਹੈ, ਉਹ ਜ਼ਿਆਦਾ ਖੁਸ਼ ਤਬੀਅਤ ਅਤੇ ਮਿਲਣਸਾਰ ਹੁੰਦੇ ਹਨ। ਬੱਚੇ ਕਈ ਵਾਰੀ ਲਗਦੇ ਤਾਂ ਭੋਲੇ ਜਿਹੇ ਹਨ ਪਰ ਉਸ ਭੋਲੇਪਣ ਪਿੱਛੇ ਵੀ ਕਈ ਵਾਰ ਅਜੀਬ ਕਿਸਮ ਦਾ ਤਣਾਅ ਹੁੰਦਾ ਹੈ, ਜਿਹੜਾ ਸ਼ਬਦਾਂ ਰਾਹੀਂ ਨਹੀਂ ਦੱਸ ਪਾਉਂਦੇ। ਅਜਿਹੇ ਤਣਾਅ ਨੂੰ ਸਮਝਣ ਲਈ ਉਨ੍ਹਾਂ ਨਾਲ ਸਮਾਂ ਬਿਤਾਉਣਾ ਜ਼ਰੂਰੀ ਹੋ ਜਾਂਦਾ ਹੈ।
ਬੱਚਿਆਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦਾ ਮੌਕਾ ਦੇਣਾ ਮਾਪਿਆਂ ਦਾ ਫਰਜ਼ ਹੈ। ਮੌਕੇ ਮੁਤਾਬਿਕ, ਇਮਾਨਦਾਰੀ ਨਾਲ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਬਣਦਾ ਹੈ, ਬਜਾਏ ਇਸ ਦੇ ਕਿ ਅਸੀਂ ਡਰਾ-ਧਮਕਾ ਕੇ, ਰੋਹਬ ਨਾਲ ਉਨ੍ਹਾਂ ਨੂੰ ਚੁੱਪ ਕਰਵਾ ਦਈਏ। ਮਾਮੂਲੀ ਜਾਪਣ ਵਾਲੀਆਂ ਗੱਲਾਂ ਬੱਚਿਆਂ ਲਈ ਅਹਿਮ ਹੁੰਦੀਆਂ ਹਨ। ਬਚਪਨ ਵਿਚ ਮਿਲਿਆ ਸਪੱਸ਼ਟ ਮਾਹੌਲ ਹੀ ਵੱਡੇ ਹੋ ਕੇ ਚੰਗਾ ਬਣਨ ਦਾ ਪ੍ਰੇਰਨਾ ਸਰੋਤ ਹੈ। ਬੱਚਿਆਂ ਨਾਲ ਵਿਸ਼ਵਾਸ ਵਧਾਉਣ ਲਈ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪਿਆਰ ਤੇ ਸਮਾਂ ਦੇਣਾ ਬਹੁਤ ਹੀ ਜ਼ਰੂਰੀ ਹੈ। ਭਾਵਨਾਤਮਕ ਤੌਰ 'ਤੇ ਜੁੜ ਕੇ, ਉਨ੍ਹਾਂ ਦੇ ਚੰਗੇ ਸਰੋਤ ਬਣ ਕੇ, ਇਮਾਨਦਾਰੀ ਨਾਲ ਉਨ੍ਹਾਂ ਦੇ ਨਾਲ ਪੇਸ਼ ਆ ਕੇ ਅਸੀਂ ਬਹੁਤ ਸਾਰੀਆਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਬਚਾ ਸਕਦੇ ਹਾਂ। ਸੋ ਆਓ, ਅਸੀਂ ਸਾਰੇ ਕੋਸ਼ਿਸ਼ ਕਰੀਏ, ਆਪਣੇ ਬੱਚਿਆਂ ਨੂੰ ਇਕ ਚੰਗਾ ਬਚਪਨ ਦੇਣ ਦੀ।


-ਨਰਿੰਦਰ ਪਾਲ ਕੌਰ,
738/7, ਗੁਰੂ ਨਾਨਕ ਨਗਰ, ਪਟਿਆਲਾ-147003

ਹਰ ਮੌਸਮ ਵਿਚ ਰੱਖੋ ਆਪਣੀ ਘਰੇਲੂ ਬਗੀਚੀ ਨੂੰ ਹਰੀ-ਭਰੀ

ਘਰ ਵਿਚ ਹਰਿਆ-ਭਰਿਆ ਬਾਗ ਹੋਵੇ, ਸੋਹਣੇ-ਸੋਹਣੇ ਫੁੱਲ ਲੱਗੇ ਹੋਣ ਤਾਂ ਥੱਕੇ ਮਨ ਨੂੰ ਰਾਹਤ ਮਿਲਦੀ ਹੈ ਪਰ ਜੇਕਰ ਬਾਗ ਵਿਚ ਹਰ ਰੋਜ਼ ਕੰਮ ਆਉਣ ਵਾਲੀਆਂ ਕੁਝ ਸਬਜ਼ੀਆਂ ਵੀ ਹੋਣ ਤਾਂ ਥੱਕੇ ਬਜਟ ਨੂੰ ਵੀ ਰਾਹਤ ਮਿਲ ਜਾਂਦੀ ਹੈ।
* ਘਰੇਲੂ ਬਗੀਚੀ ਵਿਚ ਸਲਾਦ ਪੱਤਾ ਜ਼ਰੂਰ ਲਗਾਓ। ਇਸ ਦੇ ਬੂਟੇ ਅਤੇ ਬੀਜ ਦੋਵੇਂ ਲਗਾ ਸਕਦੇ ਹੋ। ਸਲਾਦ ਪੱਤਾ ਦੇਖਣ ਵਿਚ ਵੀ ਬਹੁਤ ਸੁੰਦਰ ਲਗਦਾ ਹੈ। ਇਸ ਨੂੰ ਤੁਸੀਂ ਗਮਲੇ ਵਿਚ ਲਗਾ ਕੇ ਡਾਈਨਿੰਗ ਆਦਿ ਵਿਚ ਵੀ ਰੱਖ ਸਕਦੇ ਹੋ।
* ਹਰਾ ਧਨੀਆ ਲਗਾਉਂਦੇ ਸਮੇਂ ਇਸ ਨੂੰ ਕਿਸੇ ਕੱਪੜੇ ਆਦਿ ਵਿਚ ਲਪੇਟ ਕੇ ਮੋਟਾ-ਮੋਟਾ ਕੁੱਟ ਲਓ। ਫਿਰ ਇਸ ਨੂੰ ਭੁਰਭੁਰੀ ਮਿੱਟੀ ਵਿਚ ਲਗਾਓ। ਇਹ ਛੇਤੀ ਅਤੇ ਚੰਗਾ ਤਿਆਰ ਹੋਵੇਗਾ। ਇਸ ਨੂੰ ਕਿਸੇ ਵੀ ਮੌਸਮ ਵਿਚ ਲਗਾ ਸਕਦੇ ਹੋ। * ਟਮਾਟਰ ਹਮੇਸ਼ਾ ਵੇਲ ਵਾਲੇ ਹੀ ਲਗਾਓ। ਇਨ੍ਹਾਂ ਉੱਪਰ ਟਮਾਟਰ ਚੰਗੇ ਆਉਂਦੇ ਹਨ ਅਤੇ ਇਹ ਜਗ੍ਹਾ ਵੀ ਘੱਟ ਘੇਰਦੇ ਹਨ।
* ਆਪਣੀ ਘਰੇਲੂ ਬਗੀਚੀ ਵਿਚ ਸਫੈਦ ਬੈਂਗਣ ਵੀ ਲਗਾਓ। ਇਸ ਵਿਚ ਦਸ-ਬਾਰਾਂ ਬੈਂਗਣ ਆਉਂਦੇ ਹਨ। ਇਹ ਦੇਖਣ ਵਿਚ ਵੀ ਬਹੁਤ ਸੋਹਣੇ ਲਗਦੇ ਹਨ।
* ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਪਾਲਕ ਆਦਿ ਲਗਾਓ। ਹਰ 15 ਦਿਨ ਦੇ ਅੰਤਰ ਨਾਲ ਬੀਜ ਲਾਓ। ਹਰ ਚੌਥੇ ਦਿਨ ਤੁਹਾਨੂੰ ਪਾਲਕ ਤਿਆਰ ਮਿਲੇਗੀ। ਇਹ ਕਿਸੇ ਵੀ ਮੌਸਮ ਵਿਚ ਲਗਾਈ ਜਾ ਸਕਦੀ ਹੈ।
* ਜਗ੍ਹਾ ਘੱਟ ਹੋਵੇ ਅਤੇ ਤੁਹਾਨੂੰ ਸਬਜ਼ੀਆਂ ਉਗਾਉਣ ਦਾ ਸ਼ੌਕ ਹੋਵੇ ਤਾਂ ਤੁਸੀਂ ਸੇਪ ਦੀ ਵੇਲ ਜ਼ਰੂਰ ਲਗਾਓ। ਆਪਣੇ ਘਰ ਦੀ ਖਿੜਕੀ ਜਾਂ ਗੈਲਰੀ ਉੱਪਰ ਇਸ ਵੇਲ ਨੂੰ ਚੜ੍ਹਾ ਸਕਦੇ ਹੋ।
* ਅਕਸਰ ਜ਼ਿਆਦਾਤਰ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਘਰ ਧੁੱਪ ਨਹੀਂ ਆਉਂਦੀ ਜਾਂ ਬਹੁਤ ਘੱਟ ਆਉਂਦੀ ਹੈ ਤਾਂ ਉਹ ਕਿਹੜੇ ਪੌਦੇ ਜਾਂ ਸਬਜ਼ੀ ਲਗਾਉਣ। ਅਜਿਹੇ ਵਿਚ ਜੜ੍ਹ ਵਾਲੀਆਂ ਸਬਜ਼ੀਆਂ ਅਰਬੀ ਆਦਿ ਲਗਾਓ ਜੋ ਛਾਂ ਵਿਚ ਆਰਾਮ ਨਾਲ ਉਗਦੀਆਂ ਹਨ। ਇਨ੍ਹਾਂ ਦੇ ਪੱਤੇ ਛਾਂ ਵਿਚ ਵੀ ਹਰੇ-ਭਰੇ ਰਹਿੰਦੇ ਹਨ। ਅਰਬੀ ਦੇ ਪੱਤਿਆਂ ਦੇ ਤੁਸੀਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਦਿ ਬਣਾ ਸਕਦੇ ਹੋ, ਅਖੀਰ ਅਰਬੀ ਕੱਢ ਕੇ ਸਬਜ਼ੀ ਆਦਿ ਦੇ ਰੂਪ ਵਿਚ ਕੰਮ ਲਿਆਂਦੀ ਜਾ ਸਕਦੀ ਹੈ।
* ਜੇਕਰ ਤੁਸੀਂ ਆਪਣੀ ਘਰੇਲੂ ਬਗੀਚੀ ਵਿਚ ਨਿੰਬੂ ਆਦਿ ਦੇ ਬੂਟੇ ਨਹੀਂ ਲਗਾਏ ਤਾਂ ਇਨ੍ਹਾਂ ਨੂੰ ਜ਼ਰੂਰ ਲਗਾਓ। ਇਹ ਛੇਤੀ ਤਿਆਰ ਹੋ ਜਾਂਦੇ ਹਨ ਅਤੇ ਵਾਧੂ ਫਲ ਦਿੰਦੇ ਹਨ ਅਤੇ ਵਾਤਾਵਰਨ ਨੂੰ ਵੀ ਸ਼ੁੱਧ ਰੱਖਦੇ ਹਨ।
ਇਨ੍ਹਾਂ ਕੁਝ ਗੱਲਾਂ ਵੱਲ ਧਿਆਨ ਦੇ ਕੇ ਜਿਥੇ ਤੁਸੀਂ ਆਪਣੀ ਘਰੇਲੂ ਬਗੀਚੀ ਨੂੰ ਹਰਾ-ਭਰਿਆ ਰੱਖ ਸਕਦੇ ਹੋ, ਉਥੇ ਆਪਣੇ ਘਰੇਲੂ ਬਜਟ ਨੂੰ ਵੀ ਕੁਝ ਸੀਮਤ ਕਰ ਸਕਦੇ ਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਹੱਥਾਂ ਦੀ ਦੇਖਭਾਲ

1. ਹੱਥਾਂ ਦੀ ਦੇਖਭਾਲ ਲਈ ਦਸਤਾਨੇ ਵਰਤੋ : * ਖੁੱਲ੍ਹੇ ਪਾਣੀ ਵਿਚ, ਰਸਾਇਣਾਂ ਵਿਚ ਜਾਂ ਬਗੀਚੇ ਵਿਚ ਕੰਮ ਕਰਨ ਤੋਂ ਪਹਿਲਾਂ ਆਪਣੇ ਹੱਥਾਂ 'ਤੇ ਦਸਤਾਨੇ ਪਹਿਨ ਲਓ।
2. ਆਪਣੇ ਹੱਥਾਂ 'ਤੇ ਚੰਗੀ ਕਿਸਮ ਦਾ ਮਾਇਸਚਰ ਲਗਾਓ: * ਦਿਨ ਵੇਲੇ ਹੱਥਾਂ ਨੂੰ ਵਾਰ-ਵਾਰ ਧੋਣ ਨਾਲ ਇਨ੍ਹਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ, ਖਾਸ ਕਰਕੇ ਸਰਦੀਆਂ ਵਿਚ। ਆਪਣੇ ਹੱਥਾਂ ਉੱਪਰ ਮਾਇਸਚਰਾਈਜ਼ਰ ਕਰੀਮ ਦਿਨ ਵਿਚ ਘੱਟੋ-ਘੱਟ ਤਿੰਨ ਤੋਂ ਚਾਰ ਵਾਰ ਲਗਾਓ। * ਇਸ ਲਈ ਦਿਨ ਵੇਲੇ ਹਲਕਾ ਮਾਇਸਚਰਾਇਜ਼ਰ ਲੋਸ਼ਨ ਵਰਤੋ, ਜੋ ਤੇਜ਼ੀ ਨਾਲ ਜਜ਼ਬ ਹੋ ਜਾਵੇ। ਰਾਤ ਵੇਲੇ ਭਾਰੀ ਤੇਲ ਯੁਕਤ ਮਾਇਸਚਰਾਇਜ਼ਰ ਕਰੀਮ ਠੀਕ ਰਹਿੰਦੀ ਹੈ। ਇਹ ਰਾਤ ਵੇਲੇ ਚਮੜੀ ਵਿਚ ਜਜ਼ਬ ਹੋ ਕੇ ਸਵੇਰ ਤੱਕ ਹੱਥਾਂ ਨੂੰ ਨਰਮ ਕਰ ਦਿੰਦੀ ਹੈ।
3. ਮਾਲਿਸ਼ ਨਾਲ ਹੱਥਾਂ ਦੀ ਸੰਭਾਲ: * ਜਦੋਂ ਹੱਥਾਂ ਉੱਪਰ ਲੋਸ਼ਨ ਲਗਾਉਂਦੇ ਹੋ ਤਾਂ ਇਸ ਦੀ ਤੇਜ਼ੀ ਨਾਲ ਮਾਲਿਸ਼ ਕਰੋ। ਅਜਿਹਾ ਤੁਸੀਂ ਆਪਣੇ ਹੱਥ ਦੇ ਅੰਗੂਠੇ ਤੋਂ ਸ਼ੁਰੂ ਹੋ ਕੇ ਬਾਕੀ ਉਂਗਲਾਂ ਨੂੰ ਹੇਠਾਂ ਤੋਂ ਉੱਪਰ ਤੱਕ ਮਾਲਿਸ਼ ਕਰ ਸਕਦੇ ਹੋ।
4. ਸਨਸਕਰੀਨ ਵਰਤੋ : * ਧੁੱਪ ਕਾਰਨ ਹੱਥਾਂ 'ਤੇ ਦਾਗ ਪੈ ਸਕਦੇ ਹਨ ਜਾਂ ਉਨ੍ਹਾਂ 'ਤੇ ਝੁਰੜੀਆਂ ਪੈ ਸਕਦੀਆਂ ਹਨ ਅਤੇ ਇਹ ਤੁਹਾਡੀ ਉਮਰ ਨਾਲੋਂ ਵਧੇਰੇ ਖ਼ਰਾਬ ਲੱਗਣਗੇ। * ਇਸ ਲਈ ਬਾਹਰ ਧੁੱਪ ਵਿਚ ਜਾਣ ਤੋਂ ਪਹਿਲਾਂ ਸਨਸਕਰੀਨ ਲੋਸ਼ਨ ਜਾਂ ਸਨ-ਬਲਾਕ ਕਰੀਮ ਲਗਾਓ। * ਆਪਣੇ ਪਰਸ ਵਿਚ ਇਕ ਛੋਟੀ ਸਨਸਕਰੀਨ ਲੋਸ਼ਨ ਦੀ ਟਿਊਬ ਰੱਖੋ। ਕਿਸੇ ਵੇਲੇ ਵੀ ਅਚਾਨਕ ਤੁਸੀਂ ਧੁੱਪ ਵਿਚ ਜਾ ਸਕਦੇ ਹੋ। ਜੇਕਰ ਇਹ ਉਸ ਸਮੇਂ ਉਪਲਬਧ ਨਾ ਹੋਵੇ ਤਾਂ ਤੁਸੀਂ ਐਸ.ਪੀ.ਐੱਫ. 15 ਜਾਂ ਇਸ ਤੋਂ ਵੱਧ ਤਾਕਤ ਵਾਲੀ ਮਾਇਸਚਰਾਈਜ਼ਰ ਕਰੀਮ ਵਰਤ ਸਕਦੇ ਹੋ।
5. ਹੱਥਾਂ ਦੀ ਵਾਧੂ ਚਮੜੀ ਦੀ ਸਫ਼ਾਈ : * ਆਪਣੇ ਹੱਥਾਂ ਦੇ ਪਿਛਲੇ ਪਾਸੇ ਨੂੰ ਗਿੱਲਾ ਕਰਕੇ ਨਮਕ ਜਾਂ ਚੀਨੀ ਦੀ ਮਾਲਿਸ਼ ਕਰੋ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਇਸ ਤਰ੍ਹਾਂ ਕਰਨ ਨਾਲ ਮ੍ਰਿਤ ਚਮੜੀ ਉੱਤਰ ਜਾਵੇਗੀ ਅਤੇ ਖ਼ੂਨ ਦੀ ਸਪਲਾਈ ਠੀਕ ਹੋਵੇਗੀ ਅਤੇ ਹੱਥਾਂ ਦੀ ਚਮੜੀ ਤਾਜ਼ਾ ਅਤੇ ਨਰਮ ਦਿਖਾਈ ਦੇਵੇਗੀ। * ਕਦੇ-ਕਦੇ ਤੁਸੀਂ ਆਪਣੇ ਚਿਹਰੇ 'ਤੇ ਵਰਤਣ ਵਾਲੇ ਸਕਰੱਬ ਦੀ ਬਜਾਏ ਫੇਸ਼ੀਅਲ ਨੂੰ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ 'ਤੇ ਰਗੜੋ। ਇਸ ਤਰ੍ਹਾਂ ਚਮੜੀ ਨਰਮ ਤੇ ਸੁੰਦਰ ਬਣੇਗੀ।
6. ਹੱਥਾਂ ਦੀ ਸੰਭਾਲ ਲਈ ਜ਼ਰੂਰੀ ਵਿਟਾਮਿਨ : * ਵਿਟਾਮਿਨ 'ਬੀ' ਦੀ ਕਮੀ ਕਾਰਨ ਹੱਥਾਂ ਦੇ ਨਹੁੰ ਖੁਰਦਰੇ ਬਣ ਸਕਦੇ ਹਨ। ਕੈਲਸ਼ੀਅਮ ਦੀ ਘਾਟ ਤੁਹਾਡੇ ਨਹੁੰਆਂ ਨੂੰ ਖੁਸ਼ਕ ਅਤੇ ਖ਼ਰਾਬ ਕਰ ਸਕਦੀ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਵਿਟਾਮਿਨ ਭਰਪੂਰ ਭੋਜਨ ਹੀ ਲਿਆ ਜਾਵੇ ਅਤੇ ਬੇਹੱਦ ਘਾਟ ਦੀ ਹਾਲਤ ਵਿਚ ਆਪਣੇ ਡਾਕਟਰ ਦੀ ਸਲਾਹ ਲਈ ਜਾਵੇ ਤਾਂ ਜੋ ਨਹੁੰਆਂ ਦੀ ਤੰਦਰੁਸਤੀ ਲਈ ਕੋਈ ਸਪਲੀਮੈਂਟ ਲਏ ਜਾ ਸਕਣ।
7. ਹੱਥਾਂ ਦੇ ਇਲਾਜ ਲਈ ਕੁਦਰਤੀ ਸੁੰਦਰਤਾ ਟਿਪਸ : * ਇਕ ਸ਼ੀਸ਼ੀ ਵਿਚ ਨਿੰਬੂ ਦੇ ਰਸ ਦਾ ਇਕ ਚਮਚਾ, ਗਲਿਸਰੀਨ ਅਤੇ ਗੁਲਾਬ ਜਲ ਦੇ ਪੰਜ-ਪੰਜ ਤੁਪਕਿਆਂ ਨੂੰ ਮਿਲਾਓ। ਇਸ ਨਾਲ ਆਪਣੇ ਹੱਥਾਂ ਅਤੇ ਨਹੁੰਆਂ ਨੂੰ 10 ਤੋਂ 15 ਮਿੰਟ ਲਈ ਮਾਲਿਸ਼ ਕਰੋ। * ਗਲਿਸਰੀਨ ਤੇ ਖੀਰੇ ਨੂੰ ਮਿਕਸ ਕਰਕੇ ਹੱਥਾਂ 'ਤੇ ਮਲਣ ਨਾਲ ਸੁੰਦਰ ਦਿਖਾਈ ਦੇਣਗੇ। * ਤੁਸੀਂ ਆਂਡੇ ਦਾ ਚਿੱਟਾ ਹਿੱਸਾ ਆਪਣੇ ਹੱਥਾਂ 'ਤੇ ਮਲ ਸਕਦੇ ਹੋ। ਇਹ ਇਕ ਚੰਗੇ ਮਾਸਕ ਵਜੋਂ ਕੰਮ ਕਰਦਾ ਹੈ। ਇਹ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ ਨੂੰ ਸਖ਼ਤ ਕਰ ਦੇਵੇਗਾ ਅਤੇ ਹੱਥ ਝੁਰੜੀਆਂ ਪੈਣ ਤੋਂ ਬਚੇ ਰਹਿਣਗੇ।
ਹੱਥਾਂ ਦੀ ਸੰਭਾਲ ਕਰਨ ਲਈ ਉੱਪਰ ਦੱਸੇ ਟਿਪਸ ਤੁਹਾਡਾ ਬਹੁਤ ਥੋੜ੍ਹਾ ਸਮਾਂ ਲੈਣਗੇ ਪਰ ਇਹ ਤੁਹਾਡੇ ਹੱਥਾਂ ਦੀ ਚਮੜੀ ਨੂੰ ਟਾਈਟ, ਨਰਮ, ਜਵਾਨ ਤੇ ਸੁੰਦਰ ਦਿੱਖ ਵਾਲੀ ਬਣਾ ਦੇਣਗੇ।

ਬਚੋ ਸਵੇਰ ਦੀ ਭੱਜ-ਦੌੜ ਤੋਂ

ਚਾਹੇ ਤੁਸੀਂ ਘਰੇਲੂ ਔਰਤ ਹੋ ਜਾਂ ਕੰਮਕਾਜੀ ਔਰਤ, ਸਵੇਰ ਦਾ ਸਮਾਂ ਭੱਜ-ਦੌੜ ਦਾ ਸਮਾਂ ਹੁੰਦਾ ਹੈ। ਸਮਾਂ ਵੀ ਤੇਜ਼ ਰਫਤਾਰ ਨਾਲ ਦੌੜਦਾ ਜਾਂਦਾ ਹੈ। ਸਵੇਰ ਦਾ ਨਾਸ਼ਤਾ, ਚਾਹ, ਬੱਚਿਆਂ ਅਤੇ ਪਤੀ ਦਾ ਟਿਫਨ, ਦੁੱਧ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ, ਪਤੀ-ਦੇਵ ਦੇ ਕੱਪੜੇ ਕੱਢਣੇ ਅਤੇ ਜੇਕਰ ਤੁਸੀਂ ਕੰਮਕਾਜੀ ਹੋ ਤਾਂ ਤੁਸੀਂ ਆਪਣੀ ਤਿਆਰੀ ਕਰਨਾ ਆਦਿ।
* ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਦੀ ਸਕੂਲ ਡਰੈੱਸ, ਪਤੀ ਦੇ ਦਫ਼ਤਰ ਜਾਣ ਸਮੇਂ ਪਹਿਨਣ ਵਾਲੇ ਕੱਪੜੇ ਅਤੇ ਖੁਦ ਕੰਮਕਾਜੀ ਹੋਣ 'ਤੇ ਆਪਣੇ ਪਹਿਨਣ ਵਾਲੇ ਕੱਪੜਿਆਂ ਦਾ ਫੈਸਲਾ ਕਰਕੇ, ਕੱਢ ਕੇ ਇਸ ਲਈ ਨਿਸਚਤ ਜਗ੍ਹਾ 'ਤੇ ਰੱਖ ਦਿਓ। ਬੱਚਿਆਂ ਦੀ ਜੁੱਤੀ, ਬੈਲਟ, ਟਾਈ ਆਦਿ ਵੀ ਨਾਲ ਰੱਖ ਦਿਓ।
* ਬੱਚਿਆਂ ਨੂੰ ਸਿਖਾਓ ਕਿ ਸਕੂਲ ਤੋਂ ਆਉਣ 'ਤੇ ਬੱਚੇ ਆਪਣਾ ਬੈਗ, ਬੋਤਲ ਅਤੇ ਆਪਣੇ ਕੱਪੜੇ ਇਕ ਨਿਸਚਤ ਜਗ੍ਹਾ 'ਤੇ ਰੱਖਣ।
* ਰਾਤ ਨੂੰ ਸੌਣ ਤੋਂ ਪਹਿਲਾਂ ਜਾਂਚ ਲਓ ਕਿ ਕੱਪੜਿਆਂ ਦੇ ਬਟਨ ਠੀਕ-ਠਾਕ ਹਨ ਅਤੇ ਪ੍ਰੈੱਸ ਠੀਕ ਹੈ ਜਾਂ ਨਹੀਂ। ਲੋੜ ਹੋਣ 'ਤੇ ਰਾਤ ਨੂੰ ਠੀਕ ਕਰਕੇ ਹੀ ਸੌਵੋਂ।
* ਬੱਚਿਆਂ ਅਤੇ ਪਤੀ ਨੂੰ ਆਦਤ ਪਾਓ ਕਿ ਛੋਟੇ-ਛੋਟੇ ਕੰਮ ਖੁਦ ਕਰਨ। ਤੁਹਾਡੇ 'ਤੇ ਜ਼ਿਆਦਾ ਬੋਝ ਨਾ ਪਾਉਣ। ਬੱਚਿਆਂ ਨੂੰ ਜਦੋਂ ਤੁਸੀਂ ਹੋਮਵਰਕ ਕਰਵਾ ਰਹੇ ਹੋ ਤਾਂ ਨਾਲ-ਨਾਲ ਰਾਤ ਦਾ ਖਾਣਾ ਵੀ ਦੇਖ ਲਓ। ਸਮਾਂ ਹੋਣ 'ਤੇ ਸਵੇਰੇ ਕੀ ਬਣਾਉਣਾ ਹੈ, ਇਸ ਦਾ ਫੈਸਲਾ ਕਰਕੇ ਥੋੜ੍ਹੀ ਤਿਆਰੀ ਕਰ ਲਓ, ਜਿਸ ਨਾਲ ਸਵੇਰੇ ਤੁਹਾਡਾ ਸਮਾਂ ਖਰਾਬ ਨਹੀਂ ਹੋਵੇਗਾ। ਹੋਮਵਰਕ ਖਤਮ ਹੋਣ 'ਤੇ ਬੱਚਿਆਂ ਨੂੰ ਬੈਗ ਪੈਕ ਕਰਨ ਲਈ ਕਹੋ। ਉਨ੍ਹਾਂ ਨੂੰ ਪੈਨਸਿਲ, ਰਬੜ ਸੰਭਾਲ ਕੇ ਰੱਖਣ ਨੂੰ ਕਹੋ ਅਤੇ ਪੈਨਸਿਲ ਜੇ ਸ਼ਾਰਪ ਕਰਨੀ ਹੋਵੇ ਤਾਂ ਕਰਵਾ ਕੇ ਪੈਨਸਿਲ ਬਾਕਸ ਵਿਚ ਰਖਵਾਓ।
* ਬੱਚਿਆਂ ਅਤੇ ਪਤੀ ਦੇ ਟਿਫਨ ਰਾਤ ਨੂੰ ਸਾਫ਼ ਕਰਕੇ, ਪੂੰਝ ਕੇ ਰੱਖ ਦਿਓ।
* ਸਵੇਰੇ ਬੱਚਿਆਂ ਨੇ ਨਾਸ਼ਤੇ ਵਿਚ ਕੀ ਸਕੂਲ ਲੈ ਕੇ ਜਾਣਾ ਹੈ, ਰਾਤ ਨੂੰ ਹੀ ਤੈਅ ਕਰਕੇ ਸੌਵੋਂ।
* ਰਾਤ ਨੂੰ ਟੀ. ਵੀ. ਦੇਖਦੇ ਸਮੇਂ ਸਬਜ਼ੀ ਅਤੇ ਮਸਾਲੇ ਲਈ ਪਿਆਜ਼, ਟਮਾਟਰ, ਅਦਰਕ, ਲਸਣ ਚੀਰ ਕੇ ਰੱਖ ਲਓ।
* ਰਾਤ ਨੂੰ ਖੁਦ ਵੀ ਸਮੇਂ ਸਿਰ ਸੌਵੋਂ ਅਤੇ ਬੱਚਿਆਂ ਨੂੰ ਵੀ ਸਮੇਂ ਸਿਰ ਸੌਣ ਦੀ ਆਦਤ ਪਾਓ, ਤਾਂ ਕਿ ਸਵੇਰੇ ਤਾਜ਼ਗੀ ਲੈ ਕੇ ਉੱਠੋ।
* ਰਾਤ ਨੂੰ ਘੜੀ ਦਾ ਅਲਾਰਮ ਲਗਾਓ ਅਤੇ ਅਲਾਰਮ ਵੱਜਣ 'ਤੇ ਬਿਸਤਰ ਛੱਡ ਦਿਓ। ਥੋੜ੍ਹੀ ਜਿਹੀ ਆਲਸ ਦੇ ਕਾਰਨ ਸਾਰੇ ਦਿਨ ਦਾ ਰੁਟੀਨ ਵਿਗੜ ਸਕਦਾ ਹੈ। ਪਤੀ ਅਤੇ ਬੱਚਿਆਂ ਦੀ ਮਦਦ ਲੈਣ ਵਿਚ ਹਿਚਕਿਚਾਓ ਨਾ।
* ਚਾਹ ਪੀਂਦੇ-ਪੀਂਦੇ ਸਬਜ਼ੀ ਆਦਿ ਦਾ ਮਸਾਲਾ ਭੁੰਨ ਲਓ।
* ਗ੍ਰਹਿਣੀ ਹੋਣ 'ਤੇ ਘੱਟ ਮਹੱਤਵ ਵਾਲੇ ਕੰਮ ਬਾਅਦ ਵਿਚ ਵੀ ਨਿਪਟਾ ਸਕਦੇ ਹੋ। ਕੰਮਕਾਜੀ ਹੋਣ 'ਤੇ ਛੋਟੇ-ਮੋਟੇ ਕੰਮ ਛੁੱਟੀ ਵਾਲੇ ਦਿਨ ਨਿਪਟਾਉਣ ਦੀ ਕੋਸ਼ਿਸ਼ ਕਰੋ।
ਇਸ ਤਰ੍ਹਾਂ ਯਕੀਨੀ ਬਣਾਉਣ 'ਤੇ ਸਵੇਰ ਦੇ ਤਣਾਅ ਭਰੇ ਵਾਤਾਵਰਨ ਨੂੰ ਸਹਿਜ ਬਣਾਇਆ ਜਾ ਸਕਦਾ ਹੈ।

ਸਫਲ ਬਣਾਈਏ ਵਿਆਹ ਤੋਂ ਬਾਅਦ ਆਪਸੀ ਰਿਸ਼ਤਿਆਂ ਨੂੰ

ਹਰ ਇਕ ਘਰ ਦਾ ਆਪਣਾ ਵੱਖਰਾ ਮਾਹੌਲ ਹੁੰਦਾ ਹੈ। ਵਿਆਹ ਤੋਂ ਬਾਅਦ ਲੜਕੀ ਇਕਦਮ ਅਲੱਗ ਮਾਹੌਲ ਵਿਚ ਆਈ ਹੁੰਦੀ ਹੈ ਅਤੇ ਉਹ ਆਪਣੇ ਪੁਰਾਣੇ ਘਰ ਦੇ ਮਾਹੌਲ ਅਨੁਸਾਰ ਢਲੀ ਹੁੰਦੀ ਹੈ। ਨਵੇਂ ਮਾਹੌਲ ਅਨੁਸਾਰ ਢਲਣ ਲਈ ਉਸ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ ਅਤੇ ਉਸ ਉੱਪਰ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਉਣਾ ਚਾਹੀਦਾ। ਲੜਕੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਮੋਬਾਈਲ ਦੀ ਵਰਤੋਂ ਜਿੰਨੀ ਹੋ ਸਕੇ, ਘੱਟ ਕਰਨੀ ਚਾਹੀਦੀ ਹੈ। ਲੜਕੀ ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਂ-ਪਿਓ ਅਤੇ ਸੱਸ-ਸਹੁਰਾ ਆਪਣੀ ਨੂੰਹ ਨੂੰ ਆਪਣੀ ਧੀ ਬਣਾ ਕੇ ਰੱਖਣ।
ਹਰ ਇਕ ਛੋਟੀ-ਛੋਟੀ ਗੱਲ ਨੂੰ ਪੇਕੇ ਘਰ ਜਾਂ ਮਾਂ ਨੂੰ ਦੱਸਣਾ ਵੀ ਕਈ ਵਾਰ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣਦਾ ਹੈ। ਸੱਸ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਨੂੰਹ ਨਾਲ ਸਬੰਧਤ ਗੱਲਾਂ ਗਲੀ-ਗੁਆਂਢ ਵਿਚ ਨਾ ਕਰੇ। ਲੜਕੀ ਦੇ ਬਣਾਏ ਖਾਣੇ ਦੀ ਸਭ ਨੂੰ ਤਾਰੀਫ ਕਰਨੀ ਚਾਹੀਦੀ ਹੈ। ਲੜਕੀ ਨੂੰ ਆਪਣੇ ਪਤੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀ ਪਸੰਦ ਨੂੰ ਹੌਲੀ-ਹੌਲੀ ਜਾਣਨਾ ਚਾਹੀਦਾ ਹੈ। ਸੱਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੂੰਹ ਨੂੰ ਇਸ ਸਬੰਧੀ ਦੱਸੇ ਅਤੇ ਨੂੰਹ ਨੂੰ ਵੀ ਜੇਕਰ ਕੋਈ ਪਕਵਾਨ ਬਣਾਉਣਾ ਨਹੀਂ ਆਉਂਦਾ ਤਾਂ ਆਪਣੀ ਸੱਸ ਤੋਂ ਪੁੱਛਣ ਲੱਗਿਆਂ ਝਿਜਕਣਾ ਨਹੀਂ ਚਾਹੀਦਾ। ਜੇਕਰ ਲੜਕੀ ਕੋਈ ਅਜਿਹਾ ਪਕਵਾਨ ਬਣਾਉਂਦੀ ਹੈ ਜੋ ਉਸ ਦੇ ਪੇਕੇ ਘਰ ਬਣਾਇਆ ਜਾਂਦਾ ਹੈ ਪਰ ਸਹੁਰੇ ਘਰ ਨਹੀਂ ਤਾਂ ਸਹੁਰੇ ਘਰ ਨੂੰ ਇਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਨੂੰਹ ਦੀ ਪਸੰਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਨਵੀਂ ਵਿਆਹੀ ਲੜਕੀ ਨੂੰ ਏਨੀ ਛੇਤੀ ਘਰ ਵਿਚ ਇਕੱਲੇ ਨਾ ਛੱਡੋ। ਕਿਉਂਕਿ ਉਸ ਨੂੰ ਨਵੇਂ ਰਿਸ਼ਤਿਆਂ ਨੂੰ ਪਛਾਨਣ ਵਿਚ ਸਮਾਂ ਲੱਗਣਾ ਹੈ। ਘਰ ਵਿਚ ਕਿਸੇ ਰਿਸ਼ਤੇਦਾਰ ਦੇ ਆਉਣ 'ਤੇ ਇਕੱਲੀ ਹੋਣ 'ਤੇ ਉਹ ਇਕਦਮ ਘਬਰਾ ਸਕਦੀ ਹੈ। ਲੜਕੇ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਲੜਕੀ ਦੇ ਪੇਕਿਆਂ ਬਾਰੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ, ਜੋ ਲੜਕੀ ਨੂੰ ਬੁਰੀ ਲੱਗੇ। ਜੇਕਰ ਨਣਾਨਾਂ ਕੁਆਰੀਆਂ ਹਨ ਤਾਂ ਨਣਾਨ-ਭਾਬੀ ਨੂੰ ਸਾਰੇ ਕੰਮ ਵੰਡ ਕੇ ਕਰਨੇ ਚਾਹੀਦੇ ਹਨ। ਸੱਸ ਨੂੰ ਚਾਹੀਦਾ ਹੈ ਕਿ ਉਹ ਹਰ ਇਕ ਦੇ ਕੰਮ ਦੀ ਜ਼ਿੰਮੇਵਾਰੀ ਫਿਕਸ ਕਰੇ। ਕਿਸੇ ਇਕ ਉੱਪਰ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਨਾ ਪਾਓ।
ਸੱਸ ਅਤੇ ਸਹੁਰੇ ਨੂੰ ਨੂੰਹ ਦੇ ਕੰਮਾਂ ਵਿਚ ਹਰ ਵਕਤ ਨੁਕਸ ਜਾਂ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਜੇਕਰ ਨੂੰਹ ਨੂੰ ਕੁਝ ਕਹਿਣਾ ਹੈ ਤਾਂ ਪਿਆਰ ਨਾਲ ਬੈਠ ਕੇ ਸਮਝਾਉਣਾ ਚਾਹੀਦਾ ਹੈ। ਮਾਂ-ਪਿਓ ਨੂੰ ਸਾਰੇ ਲੜਕਿਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਬਰਾਬਰ ਦਾ ਵਿਵਹਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਵਿਚ ਇਸ ਗੱਲ ਦੀ ਹੀਣ ਭਾਵਨਾ ਆ ਸਕਦੀ ਹੈ, ਜੋ ਬਾਅਦ ਵਿਚ ਲੜਾਈ ਦਾ ਕਾਰਨ ਬਣਦੀ ਹੈ।
ਨੌਕਰੀ ਕਰਨ ਵਾਲੀ ਨੂੰਹ ਦੇ ਆਰਾਮ ਦੇ ਸਮੇਂ ਦਾ ਧਿਆਨ ਵੀ ਸੱਸ ਨੂੰ ਰੱਖਣਾ ਚਾਹੀਦਾ ਹੈ। ਹਰ ਵੇਲੇ ਉਨ੍ਹਾਂ ਨੂੰ ਘਰ ਦੇ ਕੰਮ ਬਾਰੇ ਸੁਣਾਉਣਾ ਚੰਗੀ ਗੱਲ ਨਹੀਂ। ਤੇ ਨੂੰਹ ਨੂੰ ਵੀ ਚਾਹੀਦਾ ਹੈ ਕਿ ਨੌਕਰੀ ਦਾ ਬਹਾਨਾ ਲਗਾ ਕੇ ਹਰ ਵੇਲੇ ਕੰਮ ਤੋਂ ਪਾਸਾ ਨਾ ਵੱਟੇ। ਲੜਕੀ ਨੂੰ ਜੇਕਰ ਘਰ ਵਿਚ ਮੁਸ਼ਕਿਲ ਆਉਂਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਨੂੰਹ ਦੇ ਪਰਿਵਾਰ ਜਾਂ ਵਿਚੋਲੇ ਨਾਲ ਗੱਲ ਕਰਨ ਦੀ ਬਜਾਏ ਆਪਸ ਵਿਚ ਗੱਲਬਾਤ ਕਰਕੇ ਹੀ ਮਸਲਾ ਹੱਲ ਕਰਨ।
ਲੜਕੀ ਨੂੰ ਆਪਣੇ ਲਈ ਵੱਖਰੇ ਹੋਣ ਜਾਂ ਵੱਖਰੇ ਘਰ ਦੀ ਮੰਗ ਨਹੀਂ ਕਰਨੀ ਚਾਹੀਦੀ। ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦਾ ਪਤੀ, ਪਤੀ ਹੋਣ ਤੋਂ ਇਲਾਵਾ ਇਕ ਪੁੱਤਰ ਵੀ ਹੈ। ਮਾਂ-ਪਿਓ ਨਾਲੋਂ ਅਲੱਗ ਹੋਣ 'ਤੇ ਉਹ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਰਹੇਗਾ। ਲੜਕੇ ਨੂੰ ਆਪਣੀ ਮਾਂ ਅਤੇ ਪਤਨੀ ਦੋਵਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਦੋਵਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਸਤਿਕਾਰ ਦੇਣਾ ਚਾਹੀਦਾ ਹੈ।
ਪੁੱਤਰ ਦੇ ਵਿਆਹ ਤੋਂ ਬਾਅਦ ਮਾਂ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਸ ਦਾ ਪੁੱਤਰ ਉਸ ਨੂੰ ਘੱਟ ਅਤੇ ਆਪਣੀ ਪਤਨੀ ਨੂੰ ਜ਼ਿਆਦਾ ਪਿਆਰ ਅਤੇ ਸਮਾਂ ਦਿੰਦਾ ਹੈ। ਮਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਉਸ ਨੂੰ ਸਮਝਣਾ ਚਾਹੀਦਾ ਹੈ ਕਿ ਇਕ ਲੜਕੀ ਆਪਣਾ ਘਰ-ਪਰਿਵਾਰ ਛੱਡ ਕੇ ਉਨ੍ਹਾਂ ਘਰ ਆਈ ਹੈ ਅਤੇ ਉਹ ਉਸ ਦੀ ਨੂੰਹ ਹੈ। ਘਰ ਦੇ ਵਿਚ ਨਵਾਂ ਮੈਂਬਰ ਆਉਣ ਨਾਲ ਪਿਆਰ ਦਾ ਵੰਡਿਆ ਜਾਣਾ ਸੁਭਾਵਿਕ ਵੀ ਹੈ।
ਜੇਕਰ ਘਰ ਵਿਚ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸ ਦੀ ਖੁਸ਼ੀ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਨੂੰਹ-ਸੱਸ ਕਈ ਵਾਰ ਨਵੀਆਂ ਚੀਜ਼ਾਂ ਜਾਂ ਆਪਣੇ ਕੱਪੜੇ ਆਦਿ ਲਿਆਉਂਦੀਆਂ ਹਨ ਪਰ ਉਹ ਇਕ-ਦੂਜੇ ਨੂੰ ਦਿਖਾਉਂਦੀਆਂ ਨਹੀਂ। ਇਕ-ਦੂਜੇ ਤੋਂ ਪੁੱਛ-ਦੱਸ ਕੇ ਕੰਮ ਕਰਨ ਨਾਲ ਆਪਸੀ ਪਿਆਰ ਵਧਦਾ ਹੈ, ਘਟਦਾ ਨਹੀਂ। ਜੇਕਰ ਸੱਸ ਬਿਮਾਰ ਹੈ ਤਾਂ ਨੂੰਹ ਨੂੰ ਚਾਹੀਦਾ ਹੈ ਕਿ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰੇ। ਉਸ ਦੀਆਂ ਦਵਾਈਆਂ ਲੈਣ ਦੇ ਸਮੇਂ ਦਾ ਖਿਆਲ ਰੱਖੇ। ਜੇਕਰ ਸੱਸ ਸਿਹਤਮੰਦ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਨੂੰਹ ਨਾਲ ਕੁਝ ਕੰਮ ਵਿਚ ਹੱਥ ਵਟਾ ਲਿਆ ਕਰੇ। ਕੰਮ ਕਰਨ ਨਾਲ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਸਰੀਰ ਚੁਸਤ-ਦਰੁਸਤ ਰਹਿੰਦਾ ਹੈ।
ਨੌਕਰੀ ਪੇਸ਼ਾ ਪਤੀ-ਪਤਨੀ ਨੇ ਕਈ ਤਰ੍ਹਾਂ ਦੇ ਲੋਕਾਂ ਨਾਲ ਮੇਲ-ਜੋਲ ਕਰਨਾ ਹੁੰਦਾ ਹੈ। ਸੋ, ਕਦੇ ਵੀ ਇਕ-ਦੂਜੇ ਉੱਤੇ ਸ਼ੱਕ ਨਾ ਕਰੋ। ਸ਼ੱਕ ਅਤੇ ਗ਼ਲਤ-ਫਹਿਮੀ ਨਾਲ ਰਿਸ਼ਤੇ ਟੁੱਟਦਿਆਂ ਦੇਰ ਨਹੀਂ ਲਗਦੀ। ਨੌਕਰੀ ਪੇਸ਼ਾ ਪਤੀ-ਪਤਨੀ ਨੂੰ ਇਕ-ਦੂਜੇ ਦੀ ਤਨਖਾਹ ਦਾ ਪਤਾ ਹੋਣਾ ਚਾਹੀਦਾ ਹੈ। ਪਤਨੀ ਨੂੰ ਪਤੀ ਦੀ ਸਹਿਮਤੀ ਤੋਂ ਬਿਨਾਂ ਆਪਣੀ ਤਨਖਾਹ ਆਪਣੇ ਪੇਕਿਆਂ ਨੂੰ ਨਹੀਂ ਦੇਣੀ ਚਾਹੀਦੀ।


-ਮੁਹੱਲਾ ਕੰਬੋਆਂ ਵਾਲਾ, ਵਾ: ਨੰ: 14, ਮ: ਨੰ: 148, ਜ਼ੀਰਾ (ਫਿਰੋਜ਼ਪੁਰ)-142047

ਤੁਸੀਂ ਕਿਹੋ ਜਿਹੇ ਸਹਿਯਾਤਰੀ ਹੋ?

1. ਤੁਹਾਡੇ ਸਾਹਮਣੇ ਵਾਲੀ ਸੀਟ 'ਤੇ ਇਕ ਪਰਿਵਾਰ ਬੈਠਾ ਹੈ, ਜਿਸ ਦੇ ਕਈ ਛੋਟੇ ਬੱਚੇ ਹਨ। ਉਹ ਆਪਸ ਵਿਚ ਉੱਚੀ ਆਵਾਜ਼ ਵਿਚ ਰੌਲਾ ਪਾਉਂਦੇ ਹੋਏ ਖੇਡ ਰਹੇ ਹਨ। ਅਜਿਹੇ ਵਿਚ ਤੁਸੀਂ-
(ਕ) ਬੱਚਿਆਂ ਨੂੰ ਵਾਰ-ਵਾਰ ਡਾਂਟਦੇ ਹੋ ਕਿ ਉਹ ਚੁੱਪ ਰਹਿਣ।
(ਖ) ਉਨ੍ਹਾਂ ਦੇ ਮਾਂ-ਬਾਪ ਨੂੰ ਕਹਿੰਦੇ ਹੋ ਕਿ ਉਹ ਆਪਣੇ ਬੱਚਿਆਂ ਨੂੰ ਚੁੱਪ ਰੱਖਣ, ਤੁਸੀਂ ਆਰਾਮ ਕਰਨਾ ਹੈ।
(ਗ) ਬੱਚਿਆਂ 'ਤੇ ਧਿਆਨ ਨਹੀਂ ਦਿੰਦੇ, ਹਮਉਮਰ ਜਾਂ ਕਿਸੇ ਵੀ ਉਮਰ ਦੇ ਦੂਜੇ ਯਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਤੁਸੀਂ ਆਪਣਾ ਸਮਾਂ ਬਤੀਤ ਕਰਦੇ ਹੋ।
(ਘ) ਬੱਚਿਆਂ ਦੇ ਨਾਲ ਖੁਦ ਵੀ ਘੁਲ-ਮਿਲ ਕੇ ਗੱਲਾਂ ਕਰਨ ਅਤੇ ਖੇਡਣ ਲਗਦੇ ਹੋ।
2. ਤੁਹਾਡੀ ਬਗਲ ਵਾਲੀ ਸੀਟ ਦਾ ਯਾਤਰੀ ਸੁੱਤਾ ਹੋਇਆ ਹੈ ਅਤੇ ਅਜਨਬੀ ਸ਼ਖ਼ਸ ਉਸ ਦੇ ਸੂਟਕੇਸ ਨੂੰ ਸੀਟ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿਚ ਤੁਸੀਂ-
(ਕ) ਸੋਚੋਗੇ ਦੂਜੇ ਡੱਬੇ ਵਿਚ ਬੈਠਾ ਕੋਈ ਸੰਗੀ-ਸਾਥੀ ਹੋਵੇਗਾ, ਤਾਂ ਹੀ ਤਾਂ ਬੇਧੜਕ ਅਜਿਹਾ ਕਰ ਰਿਹਾ ਹੈ, ਇਹ ਸਮਝ ਕੇ ਚੁੱਪ ਰਹੋਗੇ।
(ਖ) ਉਸ ਤੋਂ ਪੁੱਛੋਗੇ ਕਿ ਆਖਰ ਉਹ ਕੌਣ ਹੈ ਅਤੇ ਇਸ ਤਰ੍ਹਾਂ ਸੂਟਕੇਸ ਕਿਉਂ ਕੱਢ ਰਿਹਾ ਹੈ?
(ਗ) ਕੁਝ ਪੁੱਛੋਗੇ ਨਹੀਂ, 'ਚੋਰ-ਚੋਰ' ਰੌਲਾ ਪਾ ਦਿਓਗੇ।
(ਘ) ਸੁੱਤੇ ਹੋਏ ਯਾਤਰੀ ਨੂੰ ਜਗਾ ਦਿਓਗੇ।
3. ਰਾਤ ਦੇ 2 ਵੱਜ ਰਹੇ ਹਨ, ਤੁਹਾਡੇ ਨਾਲ ਵਾਲੀ ਸੀਟ ਦੇ ਯਾਤਰੀ ਦਾ ਸਟੇਸ਼ਨ ਬਸ ਆਉਣ ਹੀ ਵਾਲਾ ਹੈ ਪਰ ਉਹ ਸੌਂ ਰਿਹਾ ਹੈ ਅਤੇ ਤੁਸੀਂ ਜਾਗ ਰਹੇ ਹੋ, ਹਾਲਾਂਕਿ ਉਸ ਨੇ ਜਗਾਉਣ ਲਈ ਨਹੀਂ ਕਿਹਾ ਸੀ, ਪਰ ਤੁਸੀਂ-
(ਕ) ਸੋਚੋਗੇ ਕਿ ਕਿੰਨਾ ਲਾਪ੍ਰਵਾਹ ਬੰਦਾ ਹੈ ਅਤੇ ਮੂੰਹ ਘੁਮਾ ਕੇ ਦੂਜੇ ਪਾਸੇ ਦੇਖਣ ਲੱਗੋਗੇ।
(ਖ) ਬਿਨਾਂ ਕੁਝ ਸੋਚੇ ਨਾਲ ਵਾਲੇ ਯਾਤਰੀ ਨੂੰ ਜਗਾ ਦਿਓਗੇ ਅਤੇ ਕਹੋਗੇ ਤੁਹਾਡਾ ਸਟੇਸ਼ਨ ਆ ਗਿਆ।
(ਗ) ਦੂਜੇ ਯਾਤਰੀ ਨੂੰ ਕਹੋਗੇ ਕਿ ਇਨ੍ਹਾਂ ਨੇ ਇਥੇ ਉਤਰਨਾ ਹੈ ਅਤੇ ਜਨਾਬ ਸੌਂ ਰਹੇ ਹਨ।
(ਘ) ਕੁਝ ਨਹੀਂ ਸੋਚੋਗੇ, ਇਹ ਸੋਚ ਕੇ ਕਿ ਸੋਚਣ ਦਾ ਸਾਰਾ ਠੇਕਾ ਮੈਂ ਹੀ ਥੋੜ੍ਹੋ ਲੈ ਰੱਖਿਆ ਹੈ।
4. ਤੁਹਾਡਾ ਕੋਈ ਸਹਿਯਾਤਰੀ ਪੈਂਟ੍ਰੀ ਕਾਰ ਦੇ ਚਾਹ ਵਾਲੇ ਨਾਲ ਉਸ ਦੀ ਖਰਾਬ ਕਵਾਲਿਟੀ ਦੀ ਚਾਹ ਦੀ ਸ਼ਿਕਾਇਤ ਕਰ ਰਿਹਾ ਹੈ, ਅਜਿਹੇ ਵਿਚ ਤੁਸੀਂ-
(ਕ) ਬਿਨਾਂ ਕਿਸੇ ਵਜ੍ਹਾ ਦੇ ਚਾਹ ਵਾਲੇ ਦੀ ਵਕਾਲਤ ਕਰਨ ਲੱਗੋਗੇ।
(ਖ) ਕੁਝ ਕਹਿਣ ਦੀ ਬਜਾਏ ਚੁੱਪ ਰਹੋਗੇ, ਹਾਲਾਂਕਿ ਤੁਹਾਨੂੰ ਚਾਹ ਬੁਰੀ ਨਹੀਂ, ਸਗੋਂ ਚੰਗੀ ਲੱਗੀ ਸੀ।
(ਗ) ਫਾਲਤੂ ਦੀ ਬਹਿਸ ਸਮਝ ਕੇ ਇਸ ਵੱਲ ਕੋਈ ਧਿਆਨ ਨਹੀਂ ਦਿਓਗੇ।
(ਘ) ਤੁਹਾਨੂੰ ਚਾਹ ਖਰਾਬ ਨਹੀਂ ਲੱਗੀ, ਇਸ ਦੇ ਬਾਵਜੂਦ ਵੀ ਇਕ ਯਾਤਰੀ ਹੋਣ ਦੇ ਨਾਤੇ ਦੂਜੇ ਯਾਤਰੀ ਦਾ ਪੱਖ ਲੈਣ ਲੱਗੋਗੇ।
5. ਤੁਹਾਡੇ ਸਹਿਯਾਤਰੀ ਤੁਹਾਡੇ ਨਾਲੋਂ ਬਿਲਕੁਲ ਵੱਖਰੀ ਭਾਸ਼ਾ, ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਲੋਕ ਹਨ। ਇਸ 'ਤੇ ਵੀ ਤੁਸੀਂ-
(ਕ) ਉਨ੍ਹਾਂ ਨਾਲ ਹਾਏ-ਹੈਲੋ ਕਰਨ ਦੀ ਕੋਸ਼ਿਸ਼ ਕਰੋਗੇ, ਭਾਵੇਂ ਮੁਸਕੁਰਾਉਣ ਨਾਲ ਹੀ ਕੰਮ ਚਲਾਉਣਾ ਪਵੇ।
(ਖ) ਬੋਲਣ ਲਈ ਉਨ੍ਹਾਂ ਦੀ ਪਹਿਲ ਦੀ ਉਡੀਕ ਕਰੋਗੇ।
(ਗ) ਭਿੰਨਤਾ ਹੋਣ ਕਰਕੇ ਪੂਰੀ ਤਰ੍ਹਾਂ ਦੂਰੀ ਬਣਾ ਲਓਗੇ।
(ਘ) ਕੁਸ਼ਲ ਕਮਿਊਨੀਕੇਟਰ ਦਾ ਸਬੂਤ ਦਿੰਦੇ ਹੋਏ ਨਾ ਸਿਰਫ ਗੱਲਬਾਤ ਦੀ, ਸਗੋਂ ਬਹੁਤ ਕੁਝ ਜਾਨਣ ਅਤੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰੋਗੇ।
ਨਤੀਜਾ : ਜੇ ਤੁਸੀਂ ਸਭ ਤੋਂ ਵੱਧ ਪਾਏ ਜਾ ਸਕਣ ਵਾਲੇ 20 ਅੰਕਾਂ ਵਿਚੋਂ 20 ਜਾਂ 15 ਅੰਕ ਵੀ ਹਾਸਲ ਕੀਤੇ ਹਨ ਤਾਂ ਤੁਸੀਂ ਇਕ ਬਿਹਤਰੀਨ ਸਹਿਯਾਤਰੀ ਹੋ। ਤੁਹਾਡੇ ਨਾਲ ਯਾਤਰਾ ਕਰਨ ਵਾਲੇ ਯਾਤਰੀ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਰੱਖਣਗੇ ਅਤੇ ਕਈ ਲੋਕ ਬਿਨਾਂ ਕਿਸੇ ਸ਼ੱਕ ਤੁਹਾਡੇ ਨਾਲ ਕੋਈ ਯਾਤਰਾ ਕਰ ਲੈਣ ਤੋਂ ਬਾਅਦ ਲੰਮੇ ਸਮੇਂ ਤੱਕ ਯਾਦ ਰੱਖਦੇ ਹੋਣਗੇ। ਇਹੀ ਨਹੀਂ, ਉਹ ਬਾਅਦ ਵਿਚ ਵੀ ਕਦੇ ਵਿਅਕਤੀਗਤ ਤੌਰ 'ਤੇ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਨੂੰ ਮਿਲਣ ਜਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ।
ਜੇ ਤੁਹਾਡੇ ਹਾਸਲ ਅੰਕ 10 ਜਾਂ 10 ਤੋਂ ਜ਼ਿਆਦਾ ਹਨ ਤਾਂ ਤੁਸੀਂ ਬੜੇ ਵਿਵਹਾਰਿਕ ਸਹਿਯਾਤਰੀ ਹੋ, ਨਾ ਕਿਸੇ ਨੂੰ ਪ੍ਰੇਸ਼ਾਨ ਕਰਦੇ ਹੋ ਅਤੇ ਨਾ ਹੀ ਦੂਜੇ ਨੂੰ ਅਜਿਹਾ ਕਰਨ ਦਿੰਦੇ ਹੋ ਪਰ ਜੇ ਤੁਹਾਡੇ ਹਾਸਲ ਅੰਕ 10 ਤੋਂ ਘੱਟ ਪਰ 5 ਤੋਂ ਜ਼ਿਆਦਾ ਹਨ ਤਾਂ ਤੁਸੀਂ ਮੂਡੀ ਸਹਿਯਾਤਰੀ ਹੋ। ਤੁਹਾਡੇ ਬਾਰੇ ਵਿਚ ਪਹਿਲਾਂ ਹੀ ਭਵਿੱਖਬਾਣੀ ਕਰਨੀ ਸਹੀ ਨਹੀਂ ਹੁੰਦੀ, ਤੁਹਾਡਾ ਸਾਰਾ ਵਿਵਹਾਰ ਤੁਹਾਡੇ ਮੌਕੇ ਦੇ ਮੂਡ 'ਤੇ ਨਿਰਭਰ ਕਰਦਾ ਹੈ। ਹਾਂ, ਜੇਕਰ ਤੁਹਾਡੇ ਹਾਸਲ ਅੰਕ 5 ਤੋਂ ਘੱਟ ਹਨ ਤਾਂ ਆਪਣੇ ਬਾਰੇ ਵਿਚ ਸੋਚੋ, ਕਿਉਂਕਿ ਤੁਸੀਂ ਅਜਿਹੇ ਸਹਿਯਾਤਰੀ ਨਹੀਂ ਹੋ ਕਿ ਕੋਈ ਦੂਜੀ ਵਾਰ ਤੁਹਾਡੇ ਨਾਲ ਯਾਤਰਾ ਕਰਨਾ ਪਸੰਦ ਕਰੇਗਾ। ਜਿੰਨੀ ਛੇਤੀ ਹੋ ਸਕੇ, ਆਪਣੇ ਇਸ ਸੁਭਾਅ ਨੂੰ ਬਦਲ ਲਓ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ।

ਚੰਗੇ ਗੁਆਂਢੀ ਬਣਨਾ ਅਤੇ ਬਣਾਉਣੇ ਕਿਸੇ ਕਲਾ ਤੋਂ ਘੱਟ ਨਹੀਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਚੀਜ਼ ਨਾਲ ਸਾਡਾ ਰੋਜ਼ਾਨਾ ਵਾਹ ਪੈਂਦਾ ਰਹਿੰਦਾ ਹੈ, ਉਹ ਦੂਜੀਆਂ ਚੀਜ਼ਾਂ ਨਾਲੋਂ ਵੱਧ ਮਹੱਤਵ ਰੱਖਦੀ ਹੈ। ਰਿਸ਼ਤੇਦਾਰ ਤੇ ਹੋਰ ਨਜ਼ਦੀਕੀ ਵੀ ਸਾਡੇ ਆਪਣੇ ਹੀ ਨੇੜਲੇ ਹੁੰਦੇ ਹਨ। ਪਰ ਇਨ੍ਹਾਂ ਤੋਂ ਵੀ ਵੱਧ ਸਾਡਾ ਵਾਹ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਤੇ ਲਗਾਤਾਰ ਪੈਂਦਾ ਰਹਿੰਦਾ ਹੈ। ਰਿਸ਼ਤੇਦਾਰ ਸਾਨੂੰ ਕਦੇ-ਕਦਾਈਂ ਮਿਲਦੇ ਹਨ ਅਤੇ ਨਜ਼ਦੀਕੀ ਮਿੱਤਰ ਵੀ ਸਾਨੂੰ ਰੋਜ਼ਾਨਾ ਨਹੀਂ ਮਿਲਦੇ ਪਰ ਗੁਆਂਢੀਆਂ ਨਾਲ ਸਾਡਾ ਮੇਲ-ਜੋਲ ਰੋਜ਼-ਰੋਜ਼ ਦਾ ਹੁੰਦਾ ਹੈ। ਸਾਡੇ ਸੱਜੇ-ਖੱਬੇ ਰਹਿੰਦੇ ਗੁਆਂਢੀ ਸਾਡੀ ਸੱਜੀ-ਖੱਬੀ ਬਾਂਹ ਹੁੰਦੇ ਹਨ। ਇਹੀ ਸਾਡੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਵਾਲੇ ਸਾਡੇ ਅਸਲੀ ਮਿੱਤਰ ਹੁੰਦੇ ਹਨ। ਜੇ ਅਸੀਂ ਕੁਝ ਕੁ ਗੱਲਾਂ ਨੂੰ ਧਿਆਨ ਨਾਲ ਮੰਨ ਕੇ ਅਤੇ ਸਮਝ ਕੇ ਚੱਲੀਏ ਤਾਂ ਸਾਡੇ ਸਬੰਧ ਗੁਆਂਢੀਆਂ ਨਾਲ ਵਧੀਆ ਅਤੇ ਨਿੱਘੇ ਰਹਿ ਸਕਦੇ ਹਨ ਜਾਂ ਰੱਖੇ ਜਾ ਸਕਦੇ ਹਨ, ਲੋੜ ਸਿਰਫ ਦਿਆਨਤਦਾਰੀ, ਅਪਣੱਤ ਅਤੇ ਆਪਸੀ ਵਿਸ਼ਵਾਸ ਦੀ ਹੁੰਦੀ ਹੈ। ਕਦੇ-ਕਦਾਈਂ ਮੌਕੇ ਮੁਤਾਬਿਕ ਆਪਣੇ ਗੁਆਂਢੀ ਨਾਲ ਪਰਿਵਾਰਕ ਜਾਂ ਕੰਮਕਾਰ ਸਬੰਧੀ ਗੱਲਬਾਤ ਕਰੋ, ਹਾਲ-ਚਾਲ ਪੁੱਛੋ। ਪਰ ਧਿਆਨ ਰਹੇ ਕਿ ਬਹੁਤ ਜ਼ਿਆਦਾ ਮਿਲਣ ਜਾਂ ਉਸ ਦੇ ਕੰਮਕਾਰ ਵਿਚ ਜ਼ਿਆਦਾ ਦਖਲਅੰਦਾਜ਼ੀ ਕਰਨ ਜਾਂ ਦਿਲਚਸਪੀ ਲੈਣ 'ਤੇ ਜਾਂ ਫਿਰ ਬਿਨ ਮੰਗਿਆਂ ਹੀ ਸਲਾਹ ਆਦਿ ਦਿੰਦੇ ਰਹਿਣ ਨਾਲ ਵੀ ਸਬੰਧ ਸੁਖਾਵੇਂ ਨਹੀਂ ਰਹਿੰਦੇ।
ਕਦੇ ਵੀ ਗੁਆਂਢੀ ਨਾਲ ਜਾਤ-ਪਾਤ, ਊਚ-ਨੀਚ, ਗਰੀਬੀ-ਅਮੀਰੀ ਆਦਿ ਪੱਖੋਂ ਆਪਣੇ ਮਨ ਵਿਚ ਗ਼ਲਤ ਖਿਆਲ, ਨਫਰਤ ਜਾਂ ਧਾਰਨਾ ਨਾ ਬਣਾਓ, ਕਿਉਂਕਿ ਅਜਿਹਾ ਕਰਨ ਨਾਲ ਆਪਸੀ ਵਿੱਥ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੇੜਤਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਅੱਗੇ ਜਾ ਕੇ ਕਿਸੇ ਵੀ ਸਮੇਂ, ਕਿਸੇ ਵੀ ਰੂਪ ਵਿਚ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ, ਕਿਉਂਕਿ ਇਹ ਸਬੰਧ ਤਾਂ ਉਮਰਾਂ ਦੇ ਹੁੰਦੇ ਹਨ, ਕੋਈ 4-5 ਦਿਨਾਂ ਜਾਂ ਮਹੀਨਿਆਂ ਦੇ ਨਹੀਂ।
ਹਰੇਕ ਦਾ ਆਪਣਾ-ਆਪਣਾ ਕਿੱਤਾ ਜਾਂ ਕੰਮਕਾਰ ਹੁੰਦਾ ਹੈ। ਸੋ, ਆਪਸੀ ਕਿੱਤਿਆਂ ਨਾਲ ਸਬੰਧਤ ਗੱਲਾਂਬਾਤਾਂ ਜਾਂ ਮੁਸ਼ਕਿਲਾਂ, ਮਸਲਿਆਂ ਬਾਰੇ ਸਲਾਹ-ਮਸ਼ਵਰੇ ਦਿੰਦੇ-ਲੈਂਦੇ ਰਹਿਣਾ ਚਾਹੀਦਾ ਹੈ, ਉਹ ਵੀ ਲੋੜ ਮੁਤਾਬਿਕ ਹੀ। ਅਜਿਹਾ ਕਰਨ ਨਾਲ ਜਿਥੇ ਇਕ-ਦੂਜੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਮੌਕਾ ਮਿਲਦਾ ਹੈ, ਉਥੇ ਆਪਸੀ ਨੇੜਤਾ ਵੀ ਵਧਦੀ ਹੈ। ਕਦੇ ਵੀ ਕੀਤੇ ਹੋਏ ਕੰਮ ਦਾ ਅਹਿਸਾਸ ਨਾ ਜਤਾਓ, ਆਪਣੇ-ਆਪ ਹੀ ਤੁਹਾਡਾ ਗੁਆਂਢੀ ਇਸ ਨੂੰ ਮਹਿਸੂਸ ਕਰੇਗਾ। ਕਦੇ ਵੀ ਆਪਣੇ ਅਮੀਰ ਗੁਆਂਢੀ ਦੀ ਮੁਕਾਬਲੇਬਾਜ਼ੀ ਵਿਚ ਪੈ ਕੇ ਰੀਸ ਨਾ ਕਰੋ, ਕਿਉਂਕਿ ਅਸਲੀ ਸੁਖ ਅਤੇ ਅਨੰਦ ਤਾਂ ਚਾਦਰ ਦੇਖ ਕੇ ਪੈਰ ਪਸਾਰਨ ਵਿਚ ਹੀ ਮਿਲਦਾ ਹੈ। ਇਨ੍ਹਾਂ ਗੱਲਾਂ ਨੂੰ ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਪਣਾ ਲਈਏ, ਖੁਦ ਵਧੀਆ ਬਣਨ ਦੀ ਕੋਸ਼ਿਸ਼ ਕਰਦੇ ਰਹੀਏ ਤਾਂ ਕੁਦਰਤੀ ਹੈ ਕਿ ਸਾਡਾ ਗੁਆਂਢੀ ਵੀ ਸਾਡੇ ਨਾਲ ਉਸ ਤਰ੍ਹਾਂ ਵਿਵਹਾਰ ਕਰੇਗਾ, ਕਿਉਂਕਿ ਅੱਜ ਦੇ ਜ਼ਮਾਨੇ ਵਿਚ ਆਪਣੀ ਹੀ 'ਢਾਈ ਕੁ ਪਾ ਖਿਚੜੀ ਪਕਾਉਂਦੇ ਰਹਿਣ ਨਾਲ' ਸਾਨੂੰ ਹੀ ਨੁਕਸਾਨ ਹੋ ਸਕਦਾ ਹੈ। ਲੋੜ ਹੈ ਆਪਸੀ ਅਪਣੱਤ ਦੀ, ਆਪਸੀ ਵਿਸ਼ਵਾਸ ਦੀ, ਨੇਕ ਭਾਵਨਾ ਦੀ ਅਤੇ ਮਿਲਾਪੜੇ ਸੁਭਾਅ ਦੀ, ਕਿਉਂਕਿ ਗੁਆਂਢੀ ਦੀ ਹੋਂਦ ਆਤਮਾ ਨੂੰ ਬਲ ਬਖਸ਼ਣ ਵਾਲੀ ਹੁੰਦੀ ਹੈ।


-ਸੁਖਮਿੰਦਰ ਸਿੰਘ ਸ਼ਹਿਣਾ,
ਲੈਕਚਰਾਰ, ਸ: ਸੀ: ਸੈ: ਸਕੂਲ (ਲੜਕੇ), ਧਨੌਲਾ (ਬਰਨਾਲਾ)। ਮੋਬਾ: 94780-67250

ਬੱਚਿਆਂ ਨੂੰ ਸਿਖਾਓ ਨੈਤਿਕ ਕਦਰਾਂ-ਕੀਮਤਾਂ

ਬੱਚੇ ਦਾ ਮਨ ਬਹੁਤ ਕੋਮਲ ਹੁੰਦਾ ਹੈ। ਅਸੀਂ ਉਸ ਨੂੰ ਜਿਸ ਪਾਸੇ ਵੀ ਮੋੜਾਂਗੇ, ਉਹ ਮੁੜ ਜਾਵੇਗਾ। ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਵੱਡਾ ਹੋ ਕੇ ਇਕ ਚੰਗਾ ਇਨਸਾਨ ਬਣੇ ਤਾਂ ਕੁਝ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਸਾਨੂੰ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਦੇਣੀ ਚਾਹੀਦੀ ਹੈ। ਬਚਪਨ ਵਿਚ ਬੱਚੇ ਨੂੰ ਸਹੀ-ਗ਼ਲਤ ਦੀ ਕੁਝ ਸਮਝ ਨਹੀਂ ਹੁੰਦੀ, ਇਸ ਲਈ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਬੱਚੇ ਦਾ ਸਹੀ ਮਾਰਗ-ਦਰਸ਼ਨ ਕਰਨ।
* ਵੱਡਿਆਂ ਦਾ ਆਦਰ ਕਰਨਾ ਅਤੇ ਛੋਟਿਆਂ ਨੂੰ ਪਿਆਰ ਕਰਨਾ, ਇਹ ਗੁਣ ਸਾਨੂੰ ਆਪਣੇ ਬੱਚੇ ਨੂੰ ਬਚਪਨ ਵਿਚ ਹੀ ਸਿਖਾਉਣੇ ਚਾਹੀਦੇ ਹਨ।
* ਕਦੇ ਵੀ ਬੱਚੇ ਦੀ ਗ਼ਲਤੀ ਨੂੰ ਲੁਕੋ ਕੇ ਉਸ ਨੂੰ ਬੜਾਵਾ ਨਾ ਦਿਓ, ਬਲਕਿ ਉਸ ਨੂੰ ਆਪਣੀ ਗ਼ਲਤੀ ਸਵੀਕਾਰ ਕਰਨਾ ਸਿਖਾਓ। ਬੱਚੇ ਨੂੰ ਝੂਠ ਬੋਲਣ ਅਤੇ ਚੋਰੀ ਜਿਹੀਆਂ ਗੰਦੀਆਂ ਆਦਤਾਂ ਤੋਂ ਰੋਕਣਾ ਮਾਂ-ਬਾਪ ਦਾ ਫਰਜ਼ ਹੈ। ਬੱਚੇ ਨੂੰ ਹਮੇਸ਼ਾ ਸੱਚ ਦਾ ਮਾਰਗ ਚੁਣਨ ਲਈ ਪ੍ਰੇਰਿਤ ਕਰੋ।
* ਹਰ ਕੋਈ ਕਰਤੱਵਾਂ ਨਾਲੋਂ ਵੱਧ ਮਹੱਤਵ ਅਧਿਕਾਰਾਂ ਨੂੰ ਦਿੰਦਾ ਹੈ ਪਰ ਆਪਣੇ ਬੱਚੇ ਨੂੰ ਕਰਤੱਵਾਂ ਦੇ ਮਹੱਤਵ ਤੋਂ ਵੀ ਜਾਣੂ ਕਰਾਓ ਤਾਂ ਕਿ ਉਹ ਅਧਿਕਾਰ ਮੰਗਣ ਦੇ ਨਾਲ-ਨਾਲ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਵੀ ਸਿੱਖੇ।
* ਆਪਣੇ ਬੱਚੇ ਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨਾ ਸਿਖਾਓ, ਤਾਂ ਕਿ ਉਹ ਇਕ ਚੰਗਾ ਇਨਸਾਨ ਬਣ ਸਕੇ।
* ਬੱਚੇ ਨੂੰ ਆਪਣੇ ਛੋਟੇ-ਛੋਟੇ ਕੰਮ ਖੁਦ ਕਰਨ ਦਿਓ, ਤਾਂ ਕਿ ਉਸ ਦੇ ਆਤਮਵਿਸ਼ਵਾਸ ਵਿਚ ਵਾਧਾ ਹੋ ਸਕੇ।
* ਬੱਚੇ ਨੂੰ ਮਿਲਵਰਤਨ, ਪ੍ਰੇਮ-ਭਾਵ ਤੇ ਸਹਿਣਸ਼ੀਲਤਾ ਦੇ ਗੁਣ ਬਚਪਨ ਵਿਚ ਹੀ ਸਿਖਾਉਣੇ ਚਾਹੀਦੇ ਹਨ।
* ਆਪਣੇ ਬੱਚੇ ਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਓ। ਰੁੱਖ-ਬੂਟਿਆਂ, ਪਸ਼ੂ-ਪੰਛੀਆਂ, ਜਾਨਵਰਾਂ ਦੀ ਸੰਭਾਲ ਤੇ ਰੱਖਿਆ ਕਰਨੀ ਆਪਣੇ ਬੱਚਿਆਂ ਨੂੰ ਸਿਖਾਓ।
* ਕੁਝ ਪ੍ਰਾਪਤ ਕਰਨ ਲਈ ਜੀਅ ਤੋੜ ਮਿਹਨਤ ਕਰਨੀ ਜ਼ਰੂਰੀ ਹੈ। ਇਸ ਲਈ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਮਿਹਨਤੀ ਬਣਾਓ ਤਾਂ ਕਿ ਉਹ ਆਪਣੀ ਮੰਜ਼ਿਲ ਦੇ ਰਸਤੇ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਆਪਣੀ ਮਿਹਨਤ ਨਾਲ ਦੂਰ ਕਰ ਸਕੇ।
* ਆਪਣੇ ਬੱਚੇ ਨੂੰ ਬਚਪਨ ਤੋਂ ਹੀ ਅਨੁਸ਼ਾਸਨ ਵਿਚ ਰਹਿਣਾ ਸਿਖਾਓ ਅਤੇ ਸਮੇਂ ਦੇ ਪਾਬੰਦ ਬਣਾਓ।
ਜੇਕਰ ਸਾਡੇ ਬੱਚੇ ਇਨ੍ਹਾਂ ਸਾਰੇ ਨੈਤਿਕ ਗੁਣਾਂ ਦੇ ਧਾਰਨੀ ਹੋਣਗੇ ਤਾਂ ਹੀ ਉਹ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣਗੇ।


-ਜਸਪ੍ਰੀਤ ਕੌਰ ਸੰਘਾ,
ਪਿੰਡ ਤਨੂੰਲੀ (ਹੁਸ਼ਿਆਰਪੁਰ)। ਮੋਬਾ: 99150-33176

ਖ਼ਰੀਦਦਾਰੀ ਕਰਦੇ ਸਮੇਂ

* ਕੁਝ ਵੀ ਖ਼ਰੀਦਣ ਤੋਂ ਪਹਿਲਾਂ ਉਸ ਦੀ ਨਿਰਮਾਣ ਮਿਤੀ ਜ਼ਰੂਰ ਦੇਖੋ।
* ਖਾਧ ਪਦਾਰਥ ਅਤੇ ਦਵਾਈਆਂ ਖ਼ਰੀਦਦੇ ਸਮੇਂ ਉਨ੍ਹਾਂ ਦੀ ਮਿਆਦ ਪੁੱਗਣ ਦੀ ਮਿਤੀ ਦਾ ਵੀ ਧਿਆਨ ਰੱਖੋ।
* ਪਹਿਲੀ ਵਾਰ ਨਵੀਂ ਵਸਤੂ ਖ਼ਰੀਦਦੇ ਸਮੇਂ ਛੋਟੀ ਪੈਕਿੰਗ ਲਓ। ਪ੍ਰਯੋਗ ਕਰਨ ਅਤੇ ਸੰਤੁਸ਼ਟ ਹੋ ਜਾਣ ਤੋਂ ਬਾਅਦ ਵੱਡਾ ਪੈਕ ਖ਼ਰੀਦ ਸਕਦੇ ਹੋ।
* ਬੇਲੋੜੇ ਸਮਾਨ ਦੀ ਖ਼ਰੀਦਦਾਰੀ ਤੋਂ ਬਚੋ। ਘਰ ਵਿਚ ਪਹਿਲਾਂ ਜ਼ਰੂਰੀ ਚੀਜ਼ਾਂ ਖ਼ਰੀਦਣ ਦੀ ਸੂਚੀ ਤਿਆਰ ਕਰ ਲਓ।
* ਸੇਲ ਆਦਿ ਦੇਖਣ ਜਾਣ ਤੋਂ ਪਹਿਲਾਂ ਸੋਚੋ ਕਿ ਉਥੇ ਜੋ ਸਮਾਨ ਉਪਲਬਧ ਹੈ, ਤੁਹਾਡੇ ਲਈ ਕਿੰਨਾ ਫਾਇਦੇਮੰਦ ਹੈ। ਘਰੋਂ ਸੋਚ ਕੇ ਜਾਓ ਅਤੇ ਪੈਸਿਆਂ ਦਾ ਵੀ ਅਨੁਮਾਨ ਲਗਾਓ ਕਿ ਉਥੇ ਕਿੰਨਾ ਖਰਚ ਕਰਨਾ ਹੈ।
* ਭੇਡ-ਚਾਲ ਵਿਚ ਗ਼ੈਰ-ਜ਼ਰੂਰੀ ਚੀਜ਼ਾਂ ਖ਼ਰੀਦਣ ਤੋਂ ਆਪਣੇ-ਆਪ ਨੂੰ ਬਚਾਓ।
* ਸ਼ੇਖੀ ਮਾਰਨ ਲਈ ਫਜ਼ੂਲ ਖਰਚੀ ਨਾ ਕਰੋ।
* ਘਰੋਂ ਸਮਾਨ ਦੇ ਅਨੁਸਾਰ ਸਮਾਨ ਲਿਆਉਣ ਲਈ ਬੈਗ ਆਦਿ ਲੈ ਕੇ ਨਿਕਲੋ।
* ਫਰਨੀਚਰ ਜਾਂ ਘਰ ਦੀ ਕੋਈ ਵੱਡੀ ਵਸਤੂ ਖ਼ਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਕੇ ਫੈਸਲਾ ਕਰੋ। ਕੁਝ ਦੁਕਾਨਾਂ ਤੋਂ ਉਸ ਦੀ ਕੀਮਤ ਪਰਖ ਲਓ।
* ਕੋਸ਼ਿਸ਼ ਕਰੋ ਕਿ ਚੰਗੇ ਬ੍ਰਾਂਡ ਵਾਲੀ ਵਸਤੂ ਹੀ ਖ਼ਰੀਦੋ। ਸਥਾਨਕ ਚੀਜ਼ਾਂ ਸਸਤੀਆਂ ਹੋਣ 'ਤੇ ਤੁਹਾਡਾ ਸਾਥ ਵੀ ਘੱਟ ਸਮੇਂ ਤੱਕ ਦੇਣਗੀਆਂ।
* ਖ਼ਰੀਦਦਾਰੀ 'ਤੇ ਜਾਣ ਤੋਂ ਪਹਿਲਾਂ ਬਜਟ ਬਣਾਉਣਾ ਬਹੁਤ ਜ਼ਰੂਰੀ ਹੈ। ਬਜਟ ਤੋਂ ਬਾਹਰ ਨਾ ਜਾਓ।
* ਤੋਹਫ਼ਾ ਆਦਿ ਖ਼ਰੀਦਣ ਜਾਣ ਤੋਂ ਪਹਿਲਾਂ ਮਨ ਵਿਚ ਇਸ ਦਾ ਫੈਸਲਾ ਕਰਕੇ ਜਾਓ ਕਿ ਕਿੰਨੇ ਤੱਕ ਦਾ ਤੋਹਫ਼ਾ ਦੇਣਾ ਹੈ। ਜਿਸ ਦੇ ਲਈ ਤੋਹਫ਼ਾ ਖ਼ਰੀਦਣਾ ਹੋਵੇ, ਉਸ ਦੀ ਪਸੰਦ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਤੋਹਫ਼ੇ ਦਾ ਮੁੱਲ ਦੁੱਗਣਾ ਹੋ ਜਾਵੇਗਾ।
* ਦੁਕਾਨਦਾਰ ਨਾਲ ਜ਼ਿਆਦਾ ਬਹਿਸ ਨਾ ਕਰੋ। ਜੇ ਤੁਹਾਨੂੰ ਠੀਕ ਲੱਗੇ ਤਾਂ ਖ਼ਰੀਦੋ, ਨਹੀਂ ਤਾਂ ਨਾ ਖ਼ਰੀਦੋ।


-ਸੁ. ਗ.






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX