ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਬਾਲ ਸੰਸਾਰ

ਬ੍ਰਹਿਮੰਡ ਦਾ ਸਭ ਤੋਂ ਜ਼ਿਆਦਾ ਗਰਮ ਗ੍ਰਹਿ

ਸਾਡੇ ਆਪਣੇ ਸੌਰ ਮੰਡਲ ਤੋਂ ਬਾਹਰ ਇਕ ਅਜਿਹੇ ਗ੍ਰਹਿ ਕੈਲਟ 9-ਬੀ ਦੀ ਖੋਜ ਕੀਤੀ ਗਈ ਹੈ,ਜਿਸ ਦੀ ਸ੍ਰਚਨਾ ਤਾਰੇ ਦੀ ਤਰ੍ਹਾਂ ਹੈ। ਕੈਲਟ 9-ਬੀ ਸੂਰਜ ਤੋਂ ਠੰਢਾ ਹੈ ਪਰ ਫਿਰ ਵੀ ਐਨਾ ਜ਼ਿਆਦਾ ਗਰਮ ਹੈ ਕਿ ਕਿਸੇ ਤਰ੍ਹਾਂ ਦੇ ਜੀਵਨ ਦੀ ਸੰਭਾਵਨਾ ਦੀ ਤਲਾਸ਼ ਕਰਨਾ ਅਜੇ ਤੱਕ ਸੰਭਵ ਨਹੀਂ ਹੈ। ਵਿਗਿਆਨੀਆਂ ਨੇ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਹੈ ਜੋ ਹੁਣ ਤੱਕ ਦੇ ਗਿਆਤ ਗ੍ਰਹਿਆਂ ਵਿਚੋਂ ਸਭ ਤੋਂ ਜ਼ਿਆਦਾ ਗਰਮ ਗ੍ਰਹਿ ਹੈ। ਕੈਲਟ 9-ਬੀ ਨਾਂਅ ਦਾ ਇਹ ਗ੍ਰਹਿ ਧਰਤੀ ਤੋਂ ਤਕਰੀਬਨ 650 ਪ੍ਰਕਾਸ਼ ਵਰ੍ਹੇ ਦੂਰ ਹੈ। ਦਿਨ ਦੇ ਸਮੇਂ ਇਸ ਗ੍ਰਹਿ ਦਾ ਤਾਪਮਾਨ 4300 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜੋ ਸੂਰਜ ਦੀ ਸਤਹ ਤੋਂ 1300 ਡਿਗਰੀ ਸੈਲਸੀਅਸ ਘੱਟ ਹੈ ਭਾਵ ਕਿ ਕੈਲਟ 9-ਬੀ ਸੂਰਜ ਤੋਂ 1300 ਡਿਗਰੀ ਸੈਲਸੀਅਸ ਠੰਢਾ ਹੈ। ਹਾਲਾਂਕਿ ਕੈਲਟ 9-ਬੀ ਦੀ ਚਾਲ ਨੂੰ ਲੈ ਕੇ ਵਿਗਿਆਨੀਆਂ ਵਿਚ ਮਤਭੇਦ ਹਨ। ਵਿਗਿਆਨੀਆਂ ਦੇ ਮੁਤਾਬਿਕ ਆਪਣੇ ਸੌਰ ਮੰਡਲ ਤੋਂ ਬਾਹਰ ਮਿਲੇ ਇਸ ਗ੍ਰਹਿ ਦੇ ਬਾਰੇ ਅਜੇ ਵਿਸਥਾਰ ਨਾਲ ਅਧਿਐਨ ਦੀ ਲੋੜ ਹੈ। ਇਸ ਖੋਜ ਵਿਚ ਸ਼ਾਮਿਲ ਸਾਰੇ ਵਿਗਿਆਨੀ ਕੈਲਟ 9-ਬੀ ਨੂੰ ਗ੍ਰਹਿ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਸਨ। ਯੂਨੀਵਰਸਿਟੀ ਆਫ ਮੈਰੀਲੈਂਡ ਦੇ ਇਕ ਐਸਟਰੋਨਾਰਮ ਡ੍ਰੇਕ ਡੇਮਿੰਗ ਮੁਤਾਬਿਕ ਕੈਲਟ 9-ਬੀ ਇਕ ਤਰ੍ਹਾਂ ਤਾਰੇ ਅਤੇ ਗ੍ਰਹਿ ਦਾ ਮਿਲਿਆ-ਜੁਲਿਆ ਰੂਪ ਹੈ ਪਰ ਬਾਅਦ ਵਿਚ ਇਸ ਦੀ ਗ੍ਰਹਿ ਦੇ ਰੂਪ ਵਿਚ ਪੁਸ਼ਟੀ ਹੋਈ।
ਕਮਾਲ ਹੈ ਕੈਲਟ 9-ਬੀ : ਓਹੀਓ ਸਟੇਟ ਯੂਨੀਵਰਸਿਟੀ ਦੇ ਐਸਟਰੋਨਾਮੀ ਦੇ ਪ੍ਰੋਫੈਸਰ ਸਕਾਟ ਗਾਊਡੀ ਦੇ ਮੁਤਾਬਿਕ ਐਕਟ 9-ਬੀ ਤੋਂ ਨਿਕਲਣ ਵਾਲੀ ਨੀਲੇ ਅਤੇ ਸਫੈਦ ਰੰਗ ਦੀ ਰੌਸ਼ਨੀ ਕਮਾਲ ਦੀ ਪ੍ਰਤੀਤ ਹੁੰਦੀ ਹੈ। ਇਕ ਧੂਮਕੇਤੂ ਦੀ ਤਰ੍ਹਾਂ ਇਸ ਵਿਚੋਂ ਇਕ ਚਮਕਦਾਰ ਗੈਸੀ ਰੇਖਾ ਨਿਕਲਦੀ ਦਿਖਾਈ ਦਿੰਦੀ ਹੈ।

-ਮਨਦੀਪ ਸਿੰਘ,
ਪਿੰਡ ਗਿੱਦੜ, ਡਾਕ: ਨਥਾਣਾ (ਬਠਿੰਡਾ)। ਮੋਬਾ: 98725-04007


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਕੌੜੇ-ਮਿੱਠੇ ਸੁਪਨੇ

ਪਿਆਰੇ ਬੱਚਿਓ! ਇਕ ਵਾਰ ਇਕ ਮਜ਼ਦੂਰ ਅੰਬਾਂ ਦੇ ਰੁੱਖ ਹੇਠਾਂ ਬੈਠ ਕੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਅੰਬ ਦੇ ਉਸ ਰੁੱਖ ਨੂੰ ਅਜੇ ਕੇਵਲ ਬੂਰ ਹੀ ਪਿਆ ਸੀ, ਫਲ ਨਹੀਂ ਲੱਗੇ ਸਨ। ਉਸ ਮਜ਼ਦੂਰ ਕੋਲ ਕੇਵਲ ਰੋਟੀਆਂ ਹੀ ਸਨ, ਨਾਲ ਕੋਈ ਸਬਜ਼ੀ ਨਹੀਂ ਸੀ। ਪਰ ਉਹ ਹਰ ਵਾਰ ਜਦੋਂ ਕੋਈ ਰੋਟੀ ਦੀ ਗਰਾਹੀ ਤੋੜਦਾ ਤਾਂ ਉਸ ਨੂੰ ਰੋਟੀ ਉੱਤੇ ਇਉਂ ਫੇਰਦਾ ਜਿਵੇਂ ਉਥੇ ਕੋਈ ਸਬਜ਼ੀ ਪਾਈ ਹੋਵੇ। ਫਿਰ ਗਰਾਹੀ ਮੂੰਹ ਵਿਚ ਪਾਉਂਦਾ ਅਤੇ ਸੁਆਦ ਨਾਲ ਚੱਖਦਾ ਹੋਇਆ ਇਉਂ 'ਸੀ-ਸੀ' ਦੀ ਆਵਾਜ਼ ਮੂੰਹ 'ਚੋਂ ਕੱਢਦਾ ਜਿਵੇਂ ਉਸ ਦੇ ਮੂੰਹ ਨੂੰ ਕੌੜੀ ਮਿਰਚ ਲੱਗ ਗਈ ਹੋਵੇ। ਇਕ ਮੁਸਾਫਰ ਉਸ ਦੀ ਇਸ ਹਰਕਤ ਨੂੰ ਪਰ੍ਹੇ ਬੈਠਾ ਦੇਖ ਰਿਹਾ ਸੀ। ਉਸ ਮੁਸਾਫਿਰ ਨੂੰ ਵੱਡੀ ਹੈਰਾਨੀ ਇਹ ਦੇਖ ਕੇ ਹੋਈ ਕਿ ਰੋਟੀ ਉੱਤੇ ਕੋਈ ਸਬਜ਼ੀ ਨਹੀਂ ਸੀ ਪਰ ਮਜ਼ਦੂਰ ਗਰਾਹੀ ਨੂੰ ਰੋਟੀ 'ਤੇ ਇਉਂ ਫੇਰ ਰਿਹਾ ਸੀ, ਜਿਵੇਂ ਰੋਟੀ ਉੱਤੇ ਸਬਜ਼ੀ ਪਾਈ ਹੋਵੇ ਅਤੇ ਉਸ ਨੂੰ ਮਜ਼ਦੂਰ ਦੁਆਰਾ 'ਸੀ-ਸੀ' ਦੀਆਂ ਆਵਾਜ਼ਾਂ ਕੱਢਣ 'ਤੇ ਹੋਰ ਵੀ ਭਾਰੀ ਹੈਰਾਨੀ ਹੋ ਰਹੀ ਸੀ।
ਉਹ ਮੁਸਾਫਿਰ ਕੁਝ ਚਿਰ ਪਰ੍ਹੇ ਖੜ੍ਹਾ ਇਹ ਨਜ਼ਾਰਾ ਦੇਖਦਾ ਰਿਹਾ। ਫਿਰ ਉਸ ਤੋਂ ਰਿਹਾ ਨਾ ਗਿਆ ਅਤੇ ਉਹ ਮਜ਼ਦੂਰ ਕੋਲ ਆ ਕੇ ਪੁੱਛਣ ਲੱਗਾ, 'ਭਾਈ, ਤੂੰ ਰੋਟੀ ਤਾਂ ਰੁੱਖੀ ਖਾ ਰਿਹਾ ਏਂ, ਤੇਰੇ ਕੋਲ ਕੋਈ ਸਬਜ਼ੀ ਨਹੀਂ ਹੈ। ਤੂੰ ਗਰਾਹੀ ਮੂੰਹ 'ਚ ਪਾਉਣ ਤੋਂ ਪਹਿਲਾਂ ਰੋਟੀ ਉੱਤੇ ਕਿਉਂ ਫੇਰਦਾ ਏਂ? ਨਾਲੇ 'ਸੀ-ਸੀ' ਕਿਉਂ ਕਰਦਾ ਏਂ?' ਮਜ਼ਦੂਰ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ, 'ਮੈਂ ਬਹੁਤ ਗਰੀਬ ਆਦਮੀ ਹਾਂ। ਇਨ੍ਹਾਂ ਖੇਤਾਂ ਵਿਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹਾਂ। ਮੈਂ ਰੋਜ਼ ਘਰੋਂ ਰੋਟੀ ਲਿਆ ਕੇ ਇਸੇ ਰੁੱਖ ਹੇਠਾਂ ਬਹਿ ਕੇ ਖਾਂਦਾ ਹਾਂ। ਅੱਗੇ ਰੋਜ਼ ਮੈਂ ਰੋਟੀ ਨਾਲ ਮਿਰਚਾਂ ਦਾ ਅਚਾਰ ਲਿਆਇਆ ਕਰਦਾ ਸੀ ਪਰ ਅੱਜ ਅਚਾਰ ਮੁੱਕਿਆ ਹੋਇਆ ਸੀ। ਇਸ ਕਰਕੇ ਮੈਨੂੰ ਰੁੱਖੀ ਲਿਆਉਣੀ ਪਈ। ਇਸ ਲਈ ਆਪਣੇ ਮਨ ਨੂੰ ਮਿਰਚਾਂ ਦੇ ਅਚਾਰ ਦਾ ਭੁਲੇਖਾ ਪਾਉਣ ਲਈ ਮੈਂ ਪਹਿਲਾਂ ਗਰਾਹੀ ਨੂੰ ਰੋਟੀ ਉੱਤੇ ਰਗੜਦਾ ਹਾਂ, ਫਿਰ ਗਰਾਹੀ ਨੂੰ ਮੂੰਹ ਵਿਚ ਪਾ ਕੇ ਮਿਰਚਾਂ ਦਾ ਸੁਆਦ ਮਹਿਸੂਸ ਕਰਨ ਲਈ 'ਸੀ-ਸੀ' ਦੀਆਂ ਆਵਾਜ਼ਾਂ ਕੱਢਦਾ ਹਾਂ। ਰੁੱਖੀ ਰੋਟੀ ਸੰਘੋਂ ਹੇਠਾਂ ਨਹੀਂ ਸੀ ਲੰਘਦੀ।' ਮੁਸਾਫਿਰ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਉਸ ਨੇ ਮਜ਼ਦੂਰ ਨੂੰ ਅਕਲ ਦੀ ਗੱਲ ਸਮਝਾਉਂਦਿਆਂ ਕਿਹਾ, 'ਜੇ ਤੂੰ ਕਲਪਨਾ ਹੀ ਕਰਨੀ ਸੀ ਤਾਂ ਮਿਰਚਾਂ ਦੀ ਕਿਉਂ ਕੀਤੀ? ਜੇ ਕਲਪਨਾ ਕਰਨੀ ਹੈ ਤਾਂ ਕਿਸੇ ਵਧੀਆ ਚੀਜ਼ ਦੀ ਕਰ। ਮਿੱਠੇ ਅੰਬਾਂ ਵਾਲੇ ਰੁੱਖ ਹੇਠਾਂ ਬੈਠ ਕੇ ਵੀ ਤੂੰ ਕੌੜੀਆਂ ਮਿਰਚਾਂ ਖਾਣ ਦਾ ਭੁਲੇਖਾ ਸਿਰਜ ਰਿਹਾ ਏਂ। ਜ਼ਿੰਦਗੀ 'ਚ ਅੱਗੇ ਵਧ ਕੇ ਤਰੱਕੀ ਕਰਨ ਲਈ ਇਨਸਾਨ ਦੇ ਸੁਪਨੇ ਕੌੜੇ ਜਾਂ ਘਟੀਆ ਨਹੀਂ ਹੋਣੇ ਚਾਹੀਦੇ, ਸਗੋਂ ਮਿਠਾਸ ਭਰੇ ਅਤੇ ਉੱਚੇ-ਸੁੱਚੇ ਹੋਣੇ ਚਾਹੀਦੇ ਹਨ। ਸਫਲਤਾ ਦਾ ਇਹ ਵੀ ਇਕ ਭੇਦ ਹੈ।'
ਉਹ ਮੁਸਾਫਿਰ ਭੇਦ ਦੀ ਇਹ ਗੱਲ ਸਮਝਾ ਕੇ ਅੱਗੇ ਤੁਰ ਗਿਆ। ਮਜ਼ਦੂਰ ਬੈਠਾ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਕਿ ਉਹ ਮਿੱਠੇ ਅੰਬਾਂ ਦੇ ਰੁੱਖ ਹੇਠਾਂ ਬਹਿ ਕੇ ਕੌੜੀ ਮਿਰਚ ਖਾਣ ਦੇ ਸੁਪਨੇ ਦੇਖ ਰਿਹਾ ਸੀ।

-ਮੋਬਾ: 98146-81444

ਸਿੱਖ ਜਰਨੈਲ-2: ਬਾਬਾ ਦੀਪ ਸਿੰਘ

ਬਾਬਾ ਦੀਪ ਸਿੰਘ (1682-1757) ਸ਼ਹੀਦ ਮਿਸਲ ਅਤੇ ਦਮਦਮੀ ਟਕਸਾਲ ਦੇ ਸੰਸਥਾਪਕ ਸਨ। ਆਪ ਜੀ ਨੇ ਖਾਲਸਾ ਪੰਥ ਵਿਚ ਅਨੰਦਪੁਰ ਵਿਖੇ ਸ਼ਮੂਲੀਅਤ ਕੀਤੀ, ਜਿਥੇ ਆਪ ਜੀ ਨੇ ਕੁਝ ਸਮੇਂ ਲਈ ਰਹਿ ਕੇ ਸਿੱਖ ਪੰਥ ਦੇ ਮਹਾਨ ਵਿਦਵਾਨ, ਭਾਈ ਮਨੀ ਸਿੰਘ ਦੀ ਨਿਗਰਾਨੀ ਹੇਠ ਸਿੱਖ ਸਾਹਿਤ ਦਾ ਅਧਿਐਨ ਕੀਤਾ।
1706 ਵਿਚ ਆਪ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਆ ਕੇ ਮੁੜ ਮਿਲੇ ਅਤੇ ਗੁਰੂ ਸਾਹਿਬ ਦੇ ਦੱਖਣ ਵੱਲ ਕੂਚ ਕਰਨ ਤੋਂ ਬਾਅਦ ਉਥੇ ਦਮਦਮਾ ਸਾਹਿਬ ਵਿਖੇ ਹੀ ਰੁਕ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ।
ਬਾਬਾ ਦੀਪ ਸਿੰਘ ਆਪਣੇ ਜਥੇ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲ ਹਕੂਮਤ ਖਿਲਾਫ ਮੁਹਿੰਮ ਵਿਚ ਸ਼ਾਮਿਲ ਹੋਏ। 1714 ਵਿਚ ਆਪ ਆਪਣੇ ਜਥੇ ਨਾਲ ਵਾਪਸ ਤਲਵੰਡੀ ਸਾਬੋ ਆ ਗਏ। ਇਥੇ ਆ ਕੇ ਆਪ ਜੀ ਨੇ ਸਿੱਖ ਸਾਹਿਤ ਦਾ ਅਧਿਐਨ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਨੂੰ ਜਾਰੀ ਰੱਖਿਆ। 1732 ਵਿਚ ਆਪ ਸ: ਆਲਾ ਸਿੰਘ ਦੇ ਬਚਾਅ ਲਈ ਬਰਨਾਲਾ ਪਹੁੰਚ ਗਏ, ਜਦੋਂ ਸ਼ਹਿਰ 'ਤੇ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਸੀ। 1733 ਵਿਚ ਆਪ ਜੀ ਨੇ ਆਪਣੇ ਜਥੇ ਨਾਲ ਅੰਮ੍ਰਿਤਸਰ ਵਿਚ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਸਾਂਝੀ ਸਿੱਖ ਜਥੇਬੰਦੀ ਦਲ ਖਾਲਸਾ ਦਾ ਗਠਨ ਕੀਤਾ। ਛੇਤੀ ਹੀ ਆਪ ਸ਼ਹੀਦ ਮਿਸਲ ਦੇ ਮੋਢੀ ਬਣ ਗਏ।
ਸ਼ਹੀਦ ਮਿਸਲ ਦਾ ਕਾਰਜ ਖੇਤਰ ਸਤਲੁਜ ਨਦੀ ਦੇ ਦੱਖਣ ਦਾ ਇਲਾਕਾ ਸੀ ਅਤੇ ਆਪ ਜੀ ਨੇ ਆਪਣਾ ਹੈੱਡਕੁਆਰਟਰ ਤਲਵੰਡੀ ਸਾਬੋ ਵਿਖੇ ਹੀ ਰੱਖਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਅੱਜ ਵੀ ਉਹ ਅਸਥਾਨ ਬੁਰਜ ਬਾਬਾ ਦੀਪ ਸਿੰਘ ਸ਼ਹੀਦ ਕਾਇਮ ਹੈ, ਜਿਥੇ ਆਪ ਜੀ ਦਾ ਨਿਵਾਸ ਸੀ।
ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਮਈ, 1757 ਵਿਚ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਰਾਮ ਰੌਣੀ ਦੇ ਕਿਲ੍ਹੇ ਨੂੰ ਤਬਾਹ ਕਰਕੇ ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ। ਜਿਵੇਂ ਹੀ ਇਸ ਬੇਅਦਬੀ ਦੀ ਖ਼ਬਰ ਬਾਬਾ ਦੀਪ ਸਿੰਘ ਨੂੰ ਮਿਲੀ, ਆਪ ਕੇਵਲ ਅੱਠ ਸਾਥੀਆਂ ਨਾਲ ਬਦਲਾ ਲੈਣ ਲਈ ਤੁਰ ਪਏ। ਰਾਹ ਵਿਚ ਆਪ ਜੀ ਨਾਲ ਸਿੰਘਾਂ ਦੇ ਕਈ ਜਥੇ ਸ਼ਾਮਿਲ ਹੁੰਦੇ ਗਏ। ਪਰ ਸੰਗਰਾਣਾ ਪਹੁੰਚ ਕੇ ਆਪ ਜੀ ਨੇ ਇਕ ਲਕੀਰ ਖਿੱਚ ਦਿੱਤੀ ਕਿ ਜਿਨ੍ਹਾਂ ਸ਼ਹੀਦ ਹੋਣਾ ਹੈ, ਉਹੀ ਨਾਲ ਤੁਰਨ। ਸਾਰੇ ਸਿੱਖ ਲਕੀਰ ਟੱਪ ਕੇ ਨਾਲ ਹੋ ਗਏ।
ਤਰਨ ਤਾਰਨ ਤੋਂ 8 ਕਿਲੋਮੀਟਰ ਪਹਿਲਾਂ ਗੋਹਲਵੜ ਪਿੰਡ ਕੋਲ ਜਹਾਨ ਖਾਨ ਦੀ ਫੌਜ ਉਨ੍ਹਾਂ ਦੀ ਉਡੀਕ ਵਿਚ ਹੀ ਸੀ। ਉਥੇ ਹੀ ਗਹਿਗੱਚ ਲੜਾਈ ਹੋਈ ਅਤੇ ਸਿੰਘ ਰਾਹ ਬਣਾਉਂਦੇ ਹੋਏ ਅੱਗੇ ਵਧਣ ਲੱਗੇ। ਰਾਮਸਰ ਦੇ ਨੇੜੇ ਬਾਬਾ ਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਪਰ ਆਪ ਜੀ ਵੱਲੋਂ ਲਏ ਗਏ ਪ੍ਰਣ ਵਿਚ ਐਨੀ ਦ੍ਰਿੜ੍ਹਤਾ ਸੀ ਕਿ ਆਪ ਦੁਸ਼ਮਣਾਂ ਨਾਲ ਜੂਝਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤੱਕ ਜਾ ਪਹੁੰਚੇ ਅਤੇ ਉਥੇ ਆਪ ਜੀ ਨੇ ਸ਼ਹੀਦੀ ਪਾਈ। ਇਹ ਸਾਕਾ 11 ਨਵੰਬਰ, 1757 ਨੂੰ ਵਾਪਰਿਆ। ਇਸ ਮਹਾਨ ਸ਼ਹੀਦ ਦੀ ਬੇਮਿਸਾਲ ਸ਼ਹੀਦੀ ਨੂੰ ਸਮਰਪਿਤ ਦੋ ਅਸਥਾਨ ਸੁਸ਼ੋਭਿਤ ਹਨ-ਇਕ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਦੇ ਵਿਚ ਜਿਥੇ ਆਪ ਜੀ ਨੇ ਆਖਰੀ ਸਾਹ ਲਿਆ ਅਤੇ ਦੂਜਾ ਗੁਰਦੁਆਰਾ ਰਾਮਸਰ ਦੇ ਨੇੜੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜਿਥੇ ਆਪ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ।
(ਪੁਸਤਕ 'ਸਿੱਖ ਜਰਨੈਲ' ਵਿਚੋਂ ਧੰਨਵਾਦ ਸਹਿਤ)

ਚੁਟਕਲੇ

* ਇਕ ਆਦਮੀ ਆਪਣੇ ਚਾਰ ਸਾਲ ਦੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਿਆ ਅਤੇ ਕਹਿਣ ਲੱਗਾ, 'ਡਾਕਟਰ ਸਾਹਿਬ, ਮੇਰੇ ਲੜਕੇ ਨੇ ਮੇਰੇ ਫਲੈਟ ਦੀ ਚਾਬੀ ਅੰਦਰ ਲੰਘਾ ਗਈ ਹੈ।'
ਡਾਕਟਰ-ਚਾਬੀ ਅੰਦਰ ਲੰਘਾਏ ਹੋਏ ਕਿੰਨਾ ਸਮਾਂ ਹੋਇਆ ਹੈ?
ਆਦਮੀ-ਦਸ ਦਿਨ ਹੋ ਗਏ ਹਨ।
ਡਾਕਟਰ-ਕੀ ਦਸ ਦਿਨ! ਏਨੇ ਦਿਨਾਂ ਬਾਅਦ ਮੇਰੇ ਕੋਲ ਲੈ ਕੇ ਕਿਉਂ ਆ ਰਹੇ ਹੋ?
ਆਦਮੀ-ਦਰਅਸਲ ਗੱਲ ਇਹ ਹੈ ਕਿ ਡਾਕਟਰ ਸਾਹਿਬ ਮੇਰੇ ਕੋਲ ਡੁਪਲੀਕੇਟ ਚਾਬੀ ਹੈ, ਉਹ ਅੱਜ ਹੀ ਕਿਧਰੇ ਗੁਆਚ ਗਈ ਹੈ।
* ਔਰਤ-ਡਾਕਟਰ ਸਾਹਿਬ, ਤੁਸੀਂ ਮੇਰੇ ਘਰ ਵਾਲੇ ਦਾ ਦੂਜਾ ਦਿਲ ਲਾ ਕੇ ਉਸ ਦੀ ਜ਼ਿੰਦਗੀ ਬਚਾ ਲਈ ਹੈ, ਇਸ ਲਈ ਆਪ ਦਾ ਧੰਨਵਾਦ।
ਡਾਕਟਰ-ਸਭ ਮਹਾਰਾਜ ਦੀ ਕਿਰਪਾ ਹੈ।
ਔਰਤ-ਪਰ ਡਾਕਟਰ ਸਾਹਿਬ, ਉਸ ਦੇ ਦਿਲ ਵਿਚ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ।
ਡਾਕਟਰ-ਅਜੇ ਦਿਲ ਨਵਾਂ ਹੈ, ਕੋਸ਼ਿਸ਼ ਕਰਦੇ ਰਹੋ, ਕੁਝ ਦਿਨ ਬਾਅਦ ਕਾਬੂ ਵਿਚ ਆ ਜਾਵੇਗਾ।

-ਹਰਜਿੰਦਰਪਾਲ ਸਿੰਘ ਬਾਜਵਾ,
536, ਗਲੀ 5-ਬੀ, ਵਿਜੈ ਨਗਰ, ਹੁਸ਼ਿਆਰਪੁਰ।

ਬਾਲ ਨਾਵਲ-21: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੂਜੇ ਪਾਸੇ ਅੱਠ-ਦਸ ਹੋਰ ਬੱਚੇ ਬੈਠੇ ਆਪ ਹੀ ਪੜ੍ਹ ਰਹੇ ਸਨ। ਸਿਧਾਰਥ ਜਦੋਂ ਉਨ੍ਹਾਂ ਕੋਲ ਪਹੁੰਚਿਆ ਤਾਂ ਸਾਰੇ ਬੱਚੇ ਖੜ੍ਹੇ ਹੋ ਗਏ। ਇਨ੍ਹਾਂ ਬੱਚਿਆਂ ਨੂੰ ਸਿਧਾਰਥ ਪੜ੍ਹਾਉਂਦਾ ਸੀ। ਇਹ ਸੱਤਵੀਂ, ਅੱਠਵੀਂ ਅਤੇ ਨੌਵੀਂ ਕਲਾਸ ਦੇ ਬੱਚੇ ਸਨ। ਸਿਧਾਰਥ ਨੇ ਸਾਰੇ ਬੱਚਿਆਂ ਨਾਲ ਹਰੀਸ਼ ਦੀ ਜਾਣ-ਪਛਾਣ ਕਰਵਾਈ। ਹਰੀਸ਼ ਦੇ ਥੈਲੇ ਵਿਚਲੇ ਗੋਲੀਆਂ-ਟਾਫੀਆਂ ਦੇ ਸਾਰੇ ਪੈਕੇਟ ਖ਼ਤਮ ਹੋ ਗਏ ਸਨ, ਇਸ ਕਰਕੇ ਸਿਧਾਰਥ ਨੇ ਉਸ ਨੂੰ ਕੁਝ ਹੋਰ ਪੈਕੇਟ ਫੜਾਏ ਤਾਂ ਜੋ ਉਹ ਸਾਰੇ ਬੱਚਿਆਂ ਨੂੰ ਇਕ-ਇਕ ਪੈਕੇਟ ਦੇ ਸਕੇ। ਸਿਧਾਰਥ ਨੇ ਸਾਰੇ ਬੱਚਿਆਂ ਨੂੰ ਦੱਸਿਆ ਕਿ, 'ਅੱਜ ਤੋਂ ਹਰੀਸ਼ ਤੁਹਾਡੇ ਨਾਲ ਬੈਠ ਕੇ ਪੜ੍ਹੇਗਾ। ਇਹ ਅੱਠਵੀਂ ਵਿਚ ਪੜ੍ਹਦਾ ਹੈ...।'
ਪਿੰਡਾਂ ਅਤੇ ਪਛੜੇ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਬਹੁਤੇ ਬੱਚੇ ਅੰਗਰੇਜ਼ੀ ਅਤੇ ਹਿਸਾਬ ਤੋਂ ਹੀ ਮਾਰ ਖਾਂਦੇ ਹਨ। ਇਸ ਕਰਕੇ ਸਿਧਾਰਥ ਇਨ੍ਹਾਂ ਬੱਚਿਆਂ ਨੂੰ ਅੰਗਰੇਜ਼ੀ ਅਤੇ ਹਿਸਾਬ ਪੜ੍ਹਾਉਂਦਾ ਸੀ। ਕਿਸੇ ਹੋਰ ਵਿਸ਼ੇ ਬਾਰੇ ਵੀ ਜੇ ਕੋਈ ਬੱਚਾ ਕੁਝ ਪੁੱਛੇ ਤਾਂ ਉਸ ਬਾਰੇ ਵੀ ਉਹ ਵਿਸਥਾਰ ਨਾਲ ਸਮਝਾ ਦੇਂਦੈ। ਸਿਧਾਰਥ ਆਮ ਤੌਰ 'ਤੇ ਦੋ ਘੰਟੇ ਰੋਜ਼ ਬੱਚਿਆਂ ਨੂੰ ਪੜ੍ਹਾਉਂਦਾ ਪਰ ਅੱਜ ਹਰੀਸ਼ ਨਾਲ ਉਸ ਦਾ ਕਾਫੀ ਵਕਤ ਲੱਗ ਗਿਆ, ਜਿਸ ਕਰਕੇ ਉਸ ਨੇ ਘੰਟਾ ਕੁ ਹੀ ਪੜ੍ਹਾਇਆ। ਉਸ ਨੇ ਹਰੀਸ਼ ਨੂੰ ਅੰਗਰੇਜ਼ੀ ਅਤੇ ਹਿਸਾਬ ਦੇ ਕੁਝ ਸਵਾਲ ਦਿੱਤੇ, ਜਿਸ ਦੇ ਉਸ ਨੇ ਠੀਕ ਜਵਾਬ ਦੇ ਦਿੱਤੇ। ਸਿਧਾਰਥ ਨੇ ਹਾਂਡੀ ਵਿਚੋਂ ਦਾਣਾ ਟੋਹ ਲਿਆ ਸੀ। ਉਸ ਨੇ ਦੇਖ ਲਿਆ ਕਿ ਲੜਕਾ ਸਿਆਣਾ ਹੈ। ਜੇ ਇਸ ਉੱਪਰ ਥੋੜ੍ਹੀ ਮਿਹਨਤ ਕੀਤੀ ਜਾਵੇ ਤਾਂ ਇਹ ਬੜਾ ਅੱਗੇ ਨਿਕਲ ਸਕਦਾ ਹੈ।
ਸਿਧਾਰਥ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ। ਹਰੀਸ਼ ਨੂੰ ਉਸ ਨੇ ਰੋਕ ਲਿਆ। ਦੂਜੇ ਦੋ ਅਧਿਆਪਕਾਂ ਨਾਲ ਕੋਈ ਗੱਲ ਕਰਕੇ ਉਸ ਨੇ ਹਰੀਸ਼ ਨੂੰ ਕਿਹਾ, 'ਬੇਟਾ ਮੈਂ ਜਾ ਰਿਹਾ ਹਾਂ। ਤੂੰ ਮੇਰੇ ਨਾਲ ਸਕੂਟਰ 'ਤੇ ਚੱਲ, ਕਿਉਂਕਿ ਅੱਧਾ ਕੁ ਰਸਤਾ ਮੈਂ ਤੇਰੇ ਘਰ ਵਾਲੇ ਪਾਸੇ ਹੀ ਜਾਣੈ, ਮੈਨੂੰ ਉਸ ਪਾਸੇ ਥੋੜ੍ਹਾ ਕੰਮ ਐ।'
ਹਰੀਸ਼ ਆਪਣੇ ਵੀਰ ਜੀ ਦੇ ਸਕੂਟਰ ਪਿੱਛੇ ਬੈਠ ਗਿਆ। ਉਹ ਸਕੂਟਰ 'ਤੇ ਪਹਿਲੀ ਵਾਰ ਬੈਠਾ ਸੀ। ਸਿਧਾਰਥ ਨੇ ਸਕੂਟਰ ਸਟਾਰਟ ਕੀਤਾ ਅਤੇ ਸਕੂਲ 'ਚੋਂ ਬਾਹਰ ਨਿਕਲ ਗਿਆ।
ਸਿਧਾਰਥ ਨੇ ਜਿਸ ਬਾਜ਼ਾਰ ਵਿਚ ਹਰੀਸ਼ ਨੂੰ ਉਤਾਰਿਆ, ਉਥੋਂ ਉਹ ਅੱਧੇ ਘੰਟੇ ਵਿਚ ਹੀ ਆਪਣੇ ਘਰ ਪਹੁੰਚ ਗਿਆ। ਉਹ ਅੱਜ ਬਹੁਤ ਖੁਸ਼ ਸੀ। ਉਹ ਜਦੋਂ ਘਰ ਪਹੁੰਚਿਆ ਤਾਂ ਉਸ ਦੇ ਬੀਜੀ ਉਸ ਦੀ ਉਡੀਕ ਕਰ ਰਹੇ ਸਨ।
'ਆ ਗਿਆ ਮੇਰਾ ਚੰਨ ਪੁੱਤਰ', ਹਰੀਸ਼ ਨੂੰ ਅੰਦਰ ਆਉਂਦਿਆਂ ਦੇਖ ਕੇ ਸੁਮਨ ਬੋਲੀ।
'ਹਾਂ ਜੀ ਬੀਜੀ', ਹਰੀਸ਼ ਨੇ ਆਪਣੀਆਂ ਖੱਟੀਆਂ-ਮਿੱਠੀਆਂ ਗੋਲੀਆਂ ਵਾਲਾ ਖਾਲੀ ਥੈਲਾ ਆਪਣੀ ਥਾਂ ਉੱਤੇ ਰੱਖਦਿਆਂ ਅਤੇ ਜੇਬ ਵਿਚੋਂ ਸੱਠ ਰੁਪਏ ਕੱਢ ਕੇ ਬੀਜੀ ਨੂੰ ਫੜਾਉਂਦਿਆਂ ਕਿਹਾ। ਹਰੀਸ਼ ਨੇ ਕੱਲ੍ਹ ਸਾਰੇ ਪੈਸੇ ਆਪਣੇ ਬੀਜੀ ਨੂੰ ਨਹੀਂ ਸੀ ਦਿੱਤੇ। ਉਹ ਓਨੀ ਦੇਰ ਸਾਰੇ ਪੈਸੇ ਨਹੀਂ ਸੀ ਦੇਣੇ ਚਾਹੁੰਦਾ, ਜਿੰਨੀ ਦੇਰ ਤੱਕ ਸਾਰੇ ਪੈਕੇਟ ਆਪਣੇ ਵੀਰ ਜੀ ਦੇ ਹਵਾਲੇ ਨਹੀਂ ਸੀ ਕਰ ਦਿੰਦਾ। ਉਹ ਸੋਚਦਾ ਸੀ ਕਿ ਹੋ ਸਕਦਾ ਹੈ ਕਿ ਉਹ ਅੱਜ ਸਾਰੇ ਪੈਕੇਟ ਨਾ ਲੈਣ ਜਾਂ ਘੱਟ ਲੈਣ, ਇਸ ਕਰਕੇ ਮੈਨੂੰ ਉਨ੍ਹਾਂ ਦੇ ਬਕਾਇਆ ਪੈਸੇ ਮੋੜਨੇ ਪੈਣ। ਅੱਜ ਜਦ ਸਾਰੇ ਪੈਕੇਟ ਉਨ੍ਹਾਂ ਨੇ ਲੈ ਲਏ ਤਾਂ ਉਸ ਨੇ ਉਨ੍ਹਾਂ ਸੱਠ ਰੁਪਿਆਂ 'ਤੇ ਆਪਣਾ ਹੱਕ ਸਮਝਿਆ। ਇਸੇ ਲਈ ਅੱਜ ਆ ਕੇ ਉਸ ਨੇ ਸਭ ਤੋਂ ਪਹਿਲਾਂ ਉਹ ਸੱਠ ਰੁਪਏ ਆਪਣੇ ਬੀਜੀ ਨੂੰ ਦਿੱਤੇ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਸਾਉਣ ਦਾ ਮਹੀਨਾ

ਸਾਉਣ ਦਾ ਮਹੀਨਾ ਸਾਨੂੰ, ਬੜਾ ਲਗਦਾ ਪਿਆਰਾ।
ਨੱਚ-ਟੱਪ ਗਲੀਆਂ 'ਚ, ਆਵੇ ਨਹਾਉਣ ਦਾ ਨਜ਼ਾਰਾ।
ਕਾਲੀਆਂ ਘਟਾਵਾਂ ਦੇਖ, ਮਾਰਦੇ ਹਾਂ ਕਿਲਕਾਰੀਆਂ,
ਛੇਤੀ ਹੋਵੇ ਜਲ-ਥਲ, ਲਾਈਏ ਅਸੀਂ ਤਾਰੀਆਂ।
ਝੱਟ-ਪੱਟ ਸਾਂਭੀਏ, ਫਿਰ ਕਿਤਾਬਾਂ ਦਾ ਖਿਲਾਰਾ,
ਸਾਉਣ ਦਾ ਮਹੀਨਾ.........।
ਚਿੱਕੜ ਦੇ ਵਿਚ ਅਸੀਂ ਜਾਣ-ਬੁੱਝ ਤਿਲਕੀਏ,
ਘੂਰਨ ਜਦੋਂ ਘਰ ਦੇ, ਉਦੋਂ ਫਿਰ ਵਿਲਕੀਏ।
ਇਕੋ ਜਿਹਾ ਕਰ ਲਈਏ ਅਸੀਂ ਮੂੰਹ-ਮੱਥਾ ਸਾਰਾ,
ਸਾਉਣ ਦਾ ਮਹੀਨਾ..........।
ਗੰਦੇ ਕੱਪੜੇ ਦੇਖ ਸਾਡੇ, ਮੰਮੀ ਸਾਨੂੰ ਘੂਰਦੀ,
ਦਾਦੀ ਮਾਂ ਉਦੋਂ ਫਿਰ, ਪੱਖ ਸਾਡਾ ਪੂਰਦੀ।
ਮੰਮੀ ਨੱਕ-ਬੁੱਲ੍ਹ ਚਾੜ੍ਹੇ, ਜਦੋਂ ਲਾਹੇ ਸਾਥੋਂ ਗਾਰਾ,
ਸਾਉਣ ਦਾ ਮਹੀਨਾ.........।
ਬੱਚਿਆਂ ਦਾ ਟੋਲਾ ਜਦੋਂ, ਮੀਂਹ ਵਿਚ ਨਹਾਂਵਦਾ,
ਤਲਵੰਡੀ ਦੇ ਅਮਰੀਕ ਨੂੰ ਬਚਪਨ ਯਾਦ ਆਂਵਦਾ।
ਬੈਠਾ ਸੋਚਦਾ ਹੈ ਰਹਿੰਦਾ, ਬੱਚਾ ਬਣ ਜਾਂ ਦੁਬਾਰਾ,
ਸਾਉਣ ਦਾ ਮਹੀਨਾ............।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਬਾਲ ਕਵਿਤਾ: ਮਾਪਿਆਂ ਦਾ ਸਤਿਕਾਰ

ਆਓ ਬੱਚਿਓ ਸਿੱਖੀਏ ਸਾਰੇ,
ਮਾਪਿਆਂ ਦਾ ਕਰਨਾ ਸਤਿਕਾਰ।
ਜਿਨ੍ਹਾਂ ਸਾਨੂੰ ਜੱਗ ਵਿਖਾਇਆ,
ਉਂਗਲੀ ਫੜ ਤੁਰਨਾ ਸਿਖਾਇਆ।
ਹਰ ਗੱਲ ਸਾਡੀ ਹੱਸ ਪੁਗਾਉਂਦੇ,
ਮੂੰਹੋਂ ਕੱਢੀਏ ਜੋ ਇਕ ਵਾਰ।
ਆਓ ਬੱਚਿਓ ਸਿੱਖੀਏ.......।
ਚਾਵਾਂ, ਲਾਡਾਂ ਦੇ ਨਾਲ ਪਾਲਣ,
ਕਿੰਨੀਆਂ ਘਾਲਣਾਂ ਸਾਡੇ ਲਈ ਘਾਲਣ।
ਵੱਡੇ ਹੋ ਕੇ ਕਿਉਂ ਭੁੱਲ ਜਾਂਦੇ,
ਉਨ੍ਹਾਂ ਦੇ ਦਿੱਤੇ ਸੰਸਕਾਰ।
ਆਓ ਬੱਚਿਓ ਸਿੱਖੀਏ......।
ਬੁੱਢੇ ਵਾਰੀ ਉਨ੍ਹਾਂ ਦੀ ਡੰਗੋਰੀ ਬਣਨਾ,
ਭੁੱਲ ਕੇ ਕਦੇ ਅਪਮਾਨ ਨਾ ਕਰਨਾ।
ਬਿਰਧ ਆਸ਼ਰਮਾਂ ਦੀ ਲੋੜ ਪਵੇ ਨਾ,
ਇਸ ਗੱਲ 'ਤੇ ਕਰੀਏ ਵਿਚਾਰ,
ਆਓ ਬੱਚਿਓ ਸਿੱਖੀਏ.......।
ਮਾਪੇ ਸਾਡੀ ਸਦਾ ਸੁਖ ਚਾਹੁੰਦੇ,
ਜੋ ਨੇ ਮਾਪਿਆਂ ਨੂੰ ਤੜਫਾਉਂਦੇ।
ਉਹ ਨਾ ਜ਼ਿੰਦਗੀ ਵਿਚ ਸੁੱਖ ਪਾਉਂਦੇ,
ਹੁੰਦੇ ਰਹਿਣ ਖੱਜਲ-ਖੁਆਰ।
ਆਓ ਬੱਚਿਓ ਸਿੱਖੀਏ........।

-ਬਲਵਿੰਦਰ ਜੀਤ ਕੌਰ ਬਾਜਵਾ,
ਪਿੰਡ ਚੱਕਲਾਂ, ਡਾਕ: ਸਿੰਘ ਭਗਵੰਤਪੁਰ (ਰੂਪਨਗਰ)। ਮੋਬਾ: 94649-18164

ਵਿਗਿਆਨਕ ਬੁਝਾਰਤਾਂ

1. ਫ਼ਸਲਾਂ ਦੇ ਨਾਲ ਉੱਗਦੇ ਪੌਦੇ,
ਪਹੁੰਚਾਉਂਦੇ ਉਨ੍ਹਾਂ ਨੂੰ ਨੁਕਸਾਨ।
ਭੋਜਨ, ਪਾਣੀ ਤੇ ਸੂਰਜੀ ਰੌਸ਼ਨੀ,
ਕੌਣ ਫਸਲਾਂ ਦੇ ਹਿੱਸੇ ਦੀ ਖਾਣ।
2. ਉਹ ਹੈ ਦੱਸੋ ਕਿਹੜਾ ਕੀੜਾ,
ਸ਼ਹਿਤੂਤ ਦੇ ਪੱਤੇ ਖਾਵੇ।
ਕੱਪੜੇ ਬਣਾਉਣ ਲਈ ਜੋ,
ਕੀਮਤੀ ਰੇਸ਼ਾ ਬਣਾਵੇ।
3. ਤਿੰਨ ਅਵਸਥਾਵਾਂ 'ਚ ਹੁੰਦੀ,
ਥਾਂ ਘੇਰਦੀ ਹੁੰਦਾ ਭਾਰ।
ਦੱਸੋ ਉਸ ਨੂੰ ਕੀ ਨੇ ਕਹਿੰਦੇ,
ਬੱਚਿਓ ਕਰੋ ਸੋਚ ਵਿਚਾਰ।
4. ਬਹੁਤ ਘੱਟ ਹੁੰਦੀ ਖਿੱਚ,
ਉਸ ਦੀ ਆਪਣੇ ਕਣਾਂ ਵਿਚਕਾਰ।
ਪਦਾਰਥ ਦੀ ਉਹ ਕਿਹੜੀ ਅਵਸਥਾ,
ਬਦਲਦਾ ਰਹਿੰਦਾ ਆਇਤਨ ਆਕਾਰ।
5. ਸੂਰਜ ਅਤੇ ਧਰਤੀ ਵਿਚਾਲੇ,
ਜਦੋਂ ਚੰਦ ਆ ਜਾਵੇ।
ਦੱਸੋ ਬੱਚਿਓ,
ਉਹ ਕਿਹੜਾ ਗ੍ਰਹਿ ਕਹਾਵੇ।

ਉੱਤਰ : (1) ਨਦੀਨ, (2) ਰੇਸ਼ਮ ਦਾ ਕੀੜਾ, (3) ਮਾਦਾ/ਪਦਾਰਥ, (4) ਗੈਸ, (5) ਸੂਰਜ ਗ੍ਰਹਿਣ।
-ਕੁਲਵਿੰਦਰ ਕੌਸ਼ਲ,
ਪਿੰਡ ਪੰਜਗਰਾਈਆਂ, ਧੂਰੀ (ਸੰਗਰੂਰ)। ਮੋਬਾ: 94176-36255

ਪੈਰਾਸ਼ੂਟ

ਪਿਆਰੇ ਬੱਚਿਓ! ਪੰਛੀ ਪੰਖੇਰੂਆਂ ਵਾਂਗ ਅੰਬਰਾਂ 'ਚ ਉਡਾਰੀ ਮਾਰਨ ਦੀ ਚਾਹ ਸਭ ਦੇ ਮਨ ਵਿਚ ਹੁੰਦੀ ਹੈ। ਆਓ, ਅੱਜ ਤੁਹਾਨੂੰ ਪੈਰਾਸ਼ੂਟ ਅਤੇ ਇਸ ਨਾਲ ਜੁੜੇ ਤੱਥਾਂ ਬਾਰੇ ਜਾਣਕਾਰੀ ਦਿੰਦੇ ਹਾਂ। ਅਸਮਾਨ 'ਤੇ ਉਡਣਾ ਆਪਣੇ-ਆਪ 'ਚ ਇਕ ਰੁਮਾਂਚਿਕ ਅਨੁਭਵ ਹੀ ਨਹੀਂ, ਸਦੀਆਂ ਤੋਂ ਮਨੁੱਖ ਦੀ ਇੱਛਾ ਅਕਾਸ਼ 'ਚ ਉਡਣ 'ਚ ਰਹੀ ਹੈ। ਉਸ ਨੇ ਜਹਾਜ਼, ਰਾਕਟ ਆਦਿ ਜ਼ਰੂਰ ਬਣਾਏ ਪਰ ਖੁੱਲ੍ਹੇ ਅਸਮਾਨ 'ਚ ਉੱਡਣ 'ਚ ਖਾਹਿਸ਼ ਵੈਸੀ ਦੀ ਵੈਸੀ ਰਹੀ। ਪੈਰਾਸ਼ੂਟ ਦੀ ਖੋਜ ਏਨੀ ਅਸਾਨੀ ਨਾਲ ਨਹੀਂ ਸੀ ਹੋਈ। ਖੋਜ ਦੌਰਾਨ ਕਈ ਖੋਜੀਆਂ ਨੂੰ ਜਾਨ ਤੱਕ ਗਵਾਉਣੀ ਪਈ। ਪਰ ਇਸ ਖੋਜ 'ਤੇ ਕੰਮ ਕਰਨ ਵਾਲੇ ਲੋਕਾਂ ਵਿਚ ਏਨਾ ਜਜ਼ਬਾ ਸੀ ਕਿ ਉਹ ਆਪਣੇ ਕਾਰਜ ਤੋਂ ਪਿੱਛੇ ਨਹੀਂ ਹਟੇ। ਜਾਣਕਾਰੀ ਅਨੁਸਾਰ ਪਹਿਲਾ ਪੈਰਾਸ਼ੂਟ 500 ਸਾਲ ਪਹਿਲਾਂ ਇਟਲੀ ਦੇ ਵਿਗਿਆਨਕ ਲਯੁਨਾਰਦੋ ਦਸੀ ਨੇ ਬਣਾਇਆ ਸੀ। ਫਿਰ ਹੋਰਾਂ ਨੇ ਇਸ ਵਿਚ ਸੁਧਾਰ ਕੀਤੇ ਅਤੇ ਕਈ ਨਵੇਂ-ਨਵੇਂ ਡਿਜ਼ਾਈਨਾਂ ਦੇ ਪੈਰਾਸ਼ੂਟ ਬਣਾਏ। 1783 ਵਿਚ ਇਕ ਫਰਾਂਸੀਸੀ ਡਾਕਟਰ ਸਵਾਸਿਤਨ ਲਨਾਰਮਾ ਨੇ ਲੱਕੜ ਦੇ ਢਾਂਚੇ ਉੱਤੇ ਕੱਪੜਾ ਪਾ ਕੇ ਪੈਰਾਸ਼ੂਟ ਬਣਾਇਆ ਅਤੇ ਉੱਚੀ ਇਮਾਰਤ ਤੋਂ ਛਾਲ ਮਾਰੀ, ਜਿਸ ਨੂੰ ਵੇਖ ਲੋਕ ਬਹੁਤ ਹੈਰਾਨ ਹੋਏ। 1797 ਵਿਚ ਫਰਾਂਸੀਸੀ ਆਦਰੇ ਗਾਰਨੀਰਨ ਨੇ ਗੈਸੀ ਗੁਬਾਰੇ ਦੇ ਹੇਠਾਂ ਬੰਨ੍ਹਿਆ ਅਤੇ ਗੁਬਾਰੇ ਨੂੰ ਉਡਾ ਦਿੱਤਾ। ਪੰਜ ਹਜ਼ਾਰ ਫੁੱਟ ਦੀ ਉਚਾਈ 'ਤੇ ਪਹੁੰਚ ਕੇ ਉਸ ਨੇ ਪੈਰਾਸ਼ੂਟ ਨੂੰ ਗੁਬਾਰੇ ਤੋਂ ਵੱਖ ਕਰ ਦਿੱਤਾ। ਪਰ ਉਸ ਦਾ ਲੱਕੜ ਦਾ ਢਾਂਚਾ ਹਵਾ ਦੇ ਦਬਾਅ ਨਾਲ ਟੁੱਟ ਗਿਆ ਤੇ ਉਹ ਧਰਤੀ 'ਤੇ ਡਿੱਗ ਕੇ ਮਰ ਗਿਆ। ਇਸ ਦੁਰਘਟਨਾ ਦੇ 15 ਮਹੀਨੇ ਬਾਅਦ ਇਕ ਅਮਗਰੇਜ ਹੇਸਟਨ ਨੇ ਇਕ ਹਲਕਾ-ਫੁਲਕਾ ਪੈਰਾਸ਼ੂਟ ਬਣਾਇਆ। ਉਹ ਹਵਾ 'ਚ ਉਡਿਆ ਅਤੇ ਫਿਰ ਉਡ ਰਹੇ ਗੁਬਾਰੇ ਤੋਂ ਵੱਖ ਹੋ ਕੇ ਸਫਲਤਾਪੂਰਬਕ ਉਡ ਕੇ ਹੇਠਾਂ ਉੱਤਰ ਆਇਆ। ਪਹਿਲਾਂ ਸੂਤੀ, ਫਿਰ ਰੇਸ਼ਮੀ ਕੱਪੜਾ ਵਰਤਿਆ ਗਿਆ।
1912 ਵਿਚ ਅਮਰੀਕਾ ਦੇ ਕੈਪਟਨ ਐਲਬਰਟ ਬੇਰੀ ਨੇ 55 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਰਹੇ ਜਹਾਜ਼ ਤੋਂ ਪੈਰਾਸ਼ੂਟ ਰਾਹੀਂ ਛਾਲ ਮਾਰੀ। ਦੂਸਰੀ ਸੰਸਾਰ ਜੰਗ ਦੌਰਾਨ ਪਹਿਲੀ ਵਾਰ ਜੰਗੀ ਜਹਾਜ਼ ਦੇ ਪਾਇਲਟਾਂ ਨੇ ਪੈਰਾਸ਼ੂਟ ਦੀ ਵਰਤੋਂ ਕੀਤੀ ਸੀ। ਫਿਰ ਪੈਰਾਸ਼ੂਟ ਨਾਈਲੋਨ ਦੇ ਬਣਾਏ ਜਾਣ ਲੱਗੇ, ਜੋ ਹਲਕੇ-ਫੁਲਕੇ ਅਤੇ ਮਜ਼ਬੂਤ ਹੁੰਦੇ ਸਨ। ਹੁਣ ਤਾਂ ਪੈਰਾਸ਼ੂਟ ਤੋਂ ਕਈ ਕੰਮ ਲਏ ਜਾਂਦੇ ਹਨ-ਕੁਦਰਤੀ ਆਫਤ ਵੇਲੇ ਪੀੜਤਾਂ ਤੱਕ ਭੋਜਨ-ਪਾਣੀ ਪਹੁੰਚਾਉਣਾ ਆਦਿ ਅਨੇਕ ਕੰਮ ਪੈਰਾਸ਼ੂਟ ਤੋਂ ਲਏ ਜਾਂਦੇ ਹਨ। ਯਾਦ ਰਹੇ, ਯਾਤਰੀ ਜਹਾਜ਼ਾਂ ਦੇ ਪਾਇਲਟ ਪੈਰਾਸ਼ੂਟ ਨਹੀਂ ਵਰਤ ਸਕਦੇ।

-ਗੁਰਪ੍ਰੀਤ ਕੌਰ ਗਿੱਲ
ਪ੍ਰੀਤ ਨਗਰ ਰੋਡ, ਅੱਡਾ ਲੋਪੋਕੇ (ਅੰਮ੍ਰਿਤਸਰ)-143109

ਬਾਲ ਕਹਾਣੀ: ਗੱਲ ਸਿਆਣਪ ਦੀ

ਬੱਚਿਓ, ਇਕ ਪਿੰਡ ਵਿਚ ਦੀਪਕ ਨਾਂਅ ਦਾ ਸਰਪੰਚ ਰਹਿੰਦਾ ਸੀ। ਉਸ ਦੇ ਘਰ ਲੋਕਾਂ ਦਾ ਬਹੁਤ ਆਉਣ-ਜਾਣ ਸੀ। ਉਸ ਦੇ ਘਰ ਦੋ ਔਰਤਾਂ ਭੋਲੀ ਅਤੇ ਬਚਨੋ ਕੰਮ ਕਰਦੀਆਂ ਸਨ। ਉਹ ਘਰ ਦਾ ਕੰਮ ਵੀ ਕਰਦੀਆਂ ਤੇ ਆਏ-ਗਏ ਨੂੰ ਚਾਹ-ਪਾਣੀ ਵੀ ਪਿਲਾਉਂਦੀਆਂ ਸਨ। ਉਨ੍ਹਾਂ ਦੋਵਾਂ ਨੇ ਘਰ ਦਾ ਕੰਮ ਵੰਡਿਆ ਹੋਇਆ ਸੀ। ਕੰਮ ਦੋਵਾਂ ਨੂੰ ਇਕੋ ਜਿਹਾ ਹੀ ਕਰਨਾ ਪੈਂਦਾ। ਭੋਲੀ ਦੀ ਤਨਖਾਹ ਬਚਨੋ ਨਾਲੋਂ ਘੱਟ ਸੀ। ਇਹ ਗੱਲ ਭੋਲੀ ਤੋਂ ਸਹਿਣ ਨਹੀਂ ਹੋ ਰਹੀ ਸੀ ਕਿ ਬਚਨੋ ਨੂੰ ਉਸ ਨਾਲੋਂ ਤਨਖਾਹ ਜ਼ਿਆਦਾ ਕਿਉਂ ਮਿਲਦੀ ਹੈ, ਜਦ ਕਿ ਕੰਮ ਦੋਵੇਂ ਬਰਾਬਰ ਦਾ ਕਰਦੀਆਂ ਹਨ। ਇਕ ਦਿਨ ਭੋਲੀ ਨੇ ਹੌਸਲਾ ਕੀਤਾ ਤੇ ਸਰਪੰਚ ਸਾਹਿਬ ਨੂੰ ਆਪਣੀ ਬਚਨੋ ਨਾਲੋਂ ਘੱਟ ਤਨਖਾਹ ਬਾਰੇ ਪੁੱਛਿਆ। ਸਰਪੰਚ ਸਾਹਿਬ ਨੇ ਉਸ ਨੂੰ ਹੌਸਲਾ ਦਿੰਦੇ ਕਿਹਾ, 'ਭੋਲੀ ਘਬਰਾ ਨਾ, ਇਸ ਗੱਲ ਦਾ ਜਵਾਬ ਮੈਂ ਤੈਨੂੰ ਥੋੜ੍ਹੇ ਦਿਨਾਂ ਬਾਅਦ ਦੇਵਾਂਗਾ, ਤੂੰ ਆਪਣਾ ਕੰਮ ਕਰੀ ਜਾ।'
ਕੁਝ ਦਿਨਾਂ ਬਾਅਦ ਸਰਪੰਚ ਨੇ ਘਰ ਵਿਚ ਕੈਮਰੇ ਲਗਵਾ ਲਏ। ਹਰ ਕੰਮ ਦੀ ਰਿਕਾਰਡਿੰਗ ਵੀ ਹੋਣ ਲੱਗ ਪਈ। ਬਚਨੋ ਤੇ ਭੋਲੀ ਦੇ ਕੰਮਾਂ ਦੀ ਵੀ ਰਿਕਾਰਡਿੰਗ ਹੋਣ ਲੱਗ ਪਈ। ਜਦੋਂ ਕੁਝ ਦਿਨ ਦੀ ਰਿਕਾਰਡਿੰਗ ਹੋ ਗਈ ਤਾਂ ਸਰਪੰਚ ਸਾਹਿਬ ਨੇ ਭੋਲੀ ਨੂੰ ਬੁਲਾਇਆ ਤੇ ਦੋਵਾਂ ਦੇ ਕੰਮ ਦੀ ਰਿਕਾਰਡਿੰਗ ਦਿਖਾਈ। ਭੋਲੀ ਨੇ ਆਉਂਦਿਆਂ ਹੀ ਸਾਰੇ ਕਮਰਿਆਂ ਦੇ ਫੁਲ ਸਪੀਡ 'ਤੇ ਪੱਖੇ ਚਲਾਉਣੇ ਤੇ ਫਿਰ ਬੰਦ ਨਾ ਕਰਨੇ। ਸਾਰੇ ਕਮਰਿਆਂ ਦੀਆਂ ਲਾਈਟਾਂ ਜਗਾ ਦੇਣੀਆਂ, ਲੋੜ ਤੋਂ ਵੱਧ ਪਾਣੀ ਵਰਤਣਾ, ਬਰਤਨ ਤੇ ਕੱਪੜੇ ਧੋਣ ਲੱਗਿਆਂ ਬੇਹਿਸਾਬਾ ਸਰਫ-ਸਾਬਣ ਵਰਤਣਾ, ਬਿਨਾਂ ਲੋੜ ਤੋਂ ਪਾਣੀ ਵਾਲੀ ਮੋਟਰ ਚਲਾਈ ਰੱਖਣਾ। ਇਸ ਦੇ ਉਲਟ ਉਨ੍ਹਾਂ ਨੇ ਬਚਨੋ ਦੇ ਕੰਮ ਦੀ ਵੀ ਰਿਕਾਰਡਿੰਗ ਦਿਖਾਈ। ਬਚਨੋ ਨੇ ਲੋੜ ਮੁਤਾਬਿਕ ਲਾਈਟਾਂ ਤੇ ਪੱਖੇ ਚਲਾਉਣੇ, ਕੰਮ ਪੂਰਾ ਹੋਣ 'ਤੇ ਨਾਲੋ-ਨਾਲ ਲਾਈਟਾਂ ਤੇ ਪੱਖੇ ਬੰਦ ਕਰਨੇ, ਕੱਪੜੇ ਤੇ ਬਰਤਨ ਧੋਣ ਲੱਗਿਆਂ ਵੀ ਲੋੜ ਮੁਤਾਬਿਕ ਹੀ ਸਾਬਣ-ਸਰਫ ਵਰਤਣੀ, ਕੱਪੜੇ ਧੋਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਪੌਦਿਆਂ ਵਿਚ ਪਾ ਦੇਣਾ, ਹਰ ਕੰਮ ਨੂੰ ਸਾਫ਼-ਸੁਥਰਾ ਕਰਨਾ, ਵਿਹੜੇ ਵਿਚਲੀ ਪਈ ਗੰਦਗੀ ਸਾਫ਼ ਕਰਕੇ ਕੂੜੇਦਾਨ ਵਿਚ ਪਾਉਣੀ। ਇਸ ਦੇ ਉਲਟ ਭੋਲੀ ਨੇ ਵਿਹੜੇ ਵਿਚਲੀ ਗੰਦਗੀ ਸਾਫ਼ ਕਰਕੇ ਕੂੜਾ ਬਾਹਰ ਗਲੀ ਵਿਚ ਸੁੱਟ ਦੇਣਾ। ਕੰਮ ਦੌਰਾਨ ਭੋਲੀ ਨੇ ਕਈ ਵਾਰ ਮੋਬਾਈਲ ਸੁਣਨਾ। ਸਰਪੰਚ ਸਾਹਿਬ ਨੇ ਭੋਲੀ ਨੂੰ ਰਿਕਾਰਡਿੰਗ ਦਿਖਾ ਕੇ ਪੁੱਛਿਆ, 'ਕਿਉਂ ਭੋਲੀ, ਹੁਣ ਤੈਨੂੰ ਸਮਝ ਆ ਗਈ ਕਿ ਤੇਰੀ ਤਨਖਾਹ ਬਚਨੋ ਤੋਂ ਘੱਟ ਕਿਉਂ ਹੈ? ਉਹ ਪਾਣੀ, ਲਾਈਟ ਤੇ ਹਰ ਚੀਜ਼ ਦੀ ਬੱਚਤ ਕਰਦੀ ਹੈ ਤੇ ਤੂੰ ਕਿਸੇ ਵੀ ਚੀਜ਼ ਦੀ ਬੱਚਤ ਨਹੀਂ ਕਰਦੀ।' ਭੋਲੀ ਨੇ ਕਿਹਾ, 'ਚੰਗਾ ਜੀ, ਅੱਗੇ ਤੋਂ ਮੈਂ ਵੀ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਾਂਗੀ ਤੇ ਤੁਹਾਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ।' ਸਰਪੰਚ ਸਾਹਿਬ ਨੇ ਹੱਸਦਿਆਂ ਕਿਹਾ, 'ਫੇਰ ਭੋਲੀ ਤੇਰੀ ਤਨਖਾਹ ਵੀ ਵਧ ਜਾਵੇਗੀ ਤੇ ਤੈਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।'

-261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ। ਮੋਬਾ: 97800-32199

ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ (1670-1716) ਨੂੰ ਖ਼ਾਲਸਾ ਪੰਥ ਦੇ ਪਹਿਲੇ ਸਿੱਖ ਜਰਨੈਲ ਹੋਣ ਦਾ ਮਾਣ ਪ੍ਰਾਪਤ ਹੈ। ਆਪ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ।
ਆਪ ਅਠਾਰ੍ਹਵੀਂ ਸਦੀ ਦੇ ਉਹ ਸਿੱਖ ਜਰਨੈਲ ਸਨ, ਜਿਨ੍ਹਾਂ ਨੇ ਪੰਜਾਬ ਵਿਚ ਖ਼ਾਲਸੇ ਦਾ ਰਾਜ ਸਥਾਪਤ ਕਰਨ ਲਈ ਜ਼ਮੀਨ ਤਿਆਰ ਕੀਤੀ। ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਜੀ ਦਾ ਨਾਂਅ ਮਾਧੋ ਦਾਸ ਬੈਰਾਗੀ ਸੀ ਅਤੇ ਆਪ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਿੰਘ ਸਜੇ। ਗੁਰੂ ਸਾਹਿਬ ਨੇ ਆਪ ਨੂੰ ਇਕ ਨਗਾੜਾ, ਨਿਸ਼ਾਨਾ ਸਾਹਿਬ ਤੇ ਪੰਜ ਤੀਰ ਅਸੀਸ ਵਜੋਂ ਦਿੱਤੇ ਅਤੇ ਆਪ ਪੰਜ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਦੇ ਜ਼ਾਲਮ ਫੌਜਦਾਰ ਨੂੰ ਸੋਧਣ ਲਈ ਪੰਜਾਬ ਵੱਲ ਤੁਰ ਪਏ। ਰਾਹ ਵਿਚ ਆਪ ਜੀ ਦੇ ਨਾਲ ਭਾਰੀ ਗਿਣਤੀ ਵਿਚ ਸਿੱਖ ਆ ਕੇ ਸ਼ਾਮਿਲ ਹੁੰਦੇ ਗਏ। ਬਾਬਾ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਸਮਾਣਾ ਉੱਤੇ ਹਮਲਾ ਕੀਤਾ, ਜੋ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਕਸਾਈ ਜਲਾਲ-ਉ-ਦੀਨ ਅਤੇ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਕਸਾਈਆਂ ਦਾ ਜੱਦੀ ਪਿੰਡ ਸੀ। ਫਿਰ ਆਪ ਨੇ ਕਪੂਰੀ ਉੱਤੇ ਹਮਲਾ ਕਰਕੇ ਜਿੱਤ ਪਾਈ, ਕਿਉਂਕਿ ਇਥੋਂ ਦਾ ਹਾਕਮ ਕਾਦਮ-ਉ-ਦੀਨ ਹਿੰਦੂ ਤੇ ਸਿੱਖਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਕਰਕੇ ਬਹੁਤ ਬਦਨਾਮ ਸੀ। ਇਸ ਤੋਂ ਬਾਅਦ ਸਢੌਰਾ ਦੀ ਵਾਰੀ ਆਈ, ਜਿਸ ਦੇ ਹਾਕਮ ਉਸਮਾਨ ਖ਼ਾਨ ਨੇ ਨਾ ਕੇਵਲ ਹਿੰਦੂਆਂ ਉੱਤੇ ਜ਼ੁਲਮ ਹੀ ਕੀਤੇ ਸਨ, ਬਲਕਿ ਮੁਸਲਿਮ ਫਕੀਰ ਸਈਅਦ ਬੁੱਧੂ ਸ਼ਾਹ ਨੂੰ ਵੀ ਭੰਗਾਣੀ ਦੀ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਲਈ ਤਸੀਹੇ ਦੇ ਕੇ ਮਾਰਿਆ ਸੀ।
ਬਾਬਾ ਬੰਦਾ ਸਿੰਘ ਨੇ ਇਸ ਤੋਂ ਬਾਅਦ ਸਰਹਿੰਦ ਉੱਤੇ ਹਮਲਾ ਕੀਤਾ, ਜਿਥੇ ਉਥੋਂ ਦੇ ਹਾਕਮ ਵਜ਼ੀਰ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਦੀਵਾਰਾਂ ਵਿਚ ਚਿਣਵਾਇਆ ਸੀ। 12 ਮਈ, 1710 ਨੂੰ ਚੱਪੜ-ਚਿੜੀ ਵਿਖੇ ਹੋਈ ਗਹਿਗੱਚ ਲੜਾਈ ਵਿਚ ਵਜ਼ੀਰ ਖ਼ਾਨ ਮਾਰਿਆ ਗਿਆ ਅਤੇ 14 ਮਈ ਨੂੰ ਸਰਹਿੰਦ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਸ਼ਹਿਰ ਅੰਦਰ ਜਾਨੋ-ਮਾਲ ਦਾ ਕਾਫੀ ਨੁਕਸਾਨ ਹੋਇਆ। ਜ਼ਬਰਦਸਤ ਉਤੇਜਨਾ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਸਖ਼ਤ ਹਦਾਇਤ ਦਿੱਤੀ ਕਿ ਕੁਝ ਵੀ ਹੋਵੇ, ਮਸੀਤ ਨੂੰ ਢਾਅ ਨਹੀਂ ਲੱਗਣੀ ਚਾਹੀਦੀ, ਕਿਉਂਕਿ ਇਹ ਵੀ ਰੱਬ ਦਾ ਘਰ ਹੈ।
ਬਾਬਾ ਬੰਦਾ ਸਿੰਘ ਨੇ ਸ਼ਾਹੀ ਜਾਹੋ-ਜਲਾਲ ਕਾਇਮ ਕੀਤਾ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂਅ 'ਤੇ ਨਵੇਂ ਸਿੱਕੇ ਜਾਰੀ ਕੀਤੇ। ਸਿੱਖ ਗੁਰੂਆਂ ਦੇ ਨਾਂਅ ਤੋਂ ਇਲਾਵਾ ਆਪ ਵੱਲੋਂ ਚਲਾਈ ਗਈ ਮੋਹਰ ਵਿਚ 'ਦੇਗ਼ ਤੇਗ਼ ਫ਼ਤਹਿ' ਉਕਰਿਆ ਹੋਇਆ ਸੀ। ਆਪ ਦਾ ਰਾਜ ਭਾਵੇਂ ਥੋੜ੍ਹੇ ਚਿਰ ਲਈ ਹੀ ਰਿਹਾ ਪਰ ਇਸ ਦਾ ਅਸਰ ਪੰਜਾਬ ਦੇ ਇਤਿਹਾਸ ਵਿਚ ਲੰਮੇ ਸਮੇਂ ਤੱਕ ਦੇਖਣ ਨੂੰ ਮਿਲਿਆ। ਇਸ ਦੇ ਨਾਲ ਮੁਗ਼ਲ ਹਕੂਮਤ ਅਤੇ ਉਸ ਵੱਲੋਂ ਕਾਇਮ ਕੀਤੇ ਜਗੀਰਦਾਰੀ ਸਮਾਜ ਪ੍ਰਬੰਧ ਦਾ ਪਤਨ ਸ਼ੁਰੂ ਹੋਇਆ। ਬਾਬਾ ਬੰਦਾ ਸਿੰਘ ਨੇ ਜ਼ਿਮੀਂਦਾਰੀ ਪ੍ਰਬੰਧ ਦਾ ਖਾਤਮਾ ਕੀਤਾ ਅਤੇ ਵਾਹੀ ਕਰਨ ਵਾਲਿਆਂ ਨੂੰ ਮਾਲਕਾਨਾ ਹੱਕ ਦੇ ਕੇ ਜ਼ਮੀਨ ਦਾ ਮਾਲਕ ਬਣਾ ਦਿੱਤਾ। ਆਪ ਹਿੰਦੂਆਂ ਤੇ ਮੁਸਲਮਾਨਾਂ ਨਾਲ ਬਰਾਬਰ ਦਾ ਵਰਤਾਰਾ ਕਰਦੇ ਸੀ, ਜਿਸ ਕਰਕੇ ਉਨ੍ਹਾਂ ਵਿਚੋਂ ਕਈਆਂ ਨੇ ਉਸ ਸਮੇਂ ਸਿੱਖ ਧਰਮ ਵਿਚ ਸ਼ਮੂਲੀਅਤ ਕੀਤੀ।
1713 ਵਿਚ ਸਿੱਖਾਂ ਦੇ ਵਿਰੁੱਧ ਮੁਹਿੰਮ ਤੇਜ਼ ਹੋ ਗਈ, ਜਦੋਂ ਫ਼ਰੁੱਖ਼-ਸੱਈਅਰ ਦਿੱਲੀ ਦੇ ਤਖ਼ਤ 'ਤੇ ਬੈਠਾ। ਸਿੱਖਾਂ ਨੂੰ ਉਤੇਜਤ ਕਰਕੇ ਉਨ੍ਹਾਂ ਦੀਆਂ ਥਾਵਾਂ ਤੋਂ ਬਾਹਰ ਕੱਢਿਆ ਗਿਆ, ਜਿਵੇਂ ਕਿ ਸਢੌਰਾ ਤੇ ਲੋਹਗੜ੍ਹ ਵਿਚੋਂ ਜਿਸ ਉੱਤੇ ਬਾਬਾ ਬੰਦਾ ਸਿੰਘ ਨੇ ਮੁੜ ਕਬਜ਼ਾ ਕਰ ਲਿਆ ਸੀ। ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠਲੇ ਜਥੇ ਨੂੰ ਗੁਰਦਾਸਪੁਰ ਦੇ ਨੇੜੇ, ਗੁਰਦਾਸ ਨੰਗਲ ਗੜ੍ਹੀ ਵਿਚ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ। ਰਾਸ਼ਨ-ਪਾਣੀ ਦੀ ਘਾਟ ਕਰਕੇ ਸਿੱਖਾਂ ਨੇ ਬੇਹੱਦ ਮੁਸ਼ਕਿਲ ਸਮਾਂ ਗੁਜ਼ਾਰਿਆ ਅਤੇ ਉਨ੍ਹਾਂ ਨੂੰ ਬਾਲਣ ਦੀ ਘਾਟ ਕਰਕੇ ਜਾਨਵਰਾਂ ਦੇ ਕੱਚੇ ਮਾਸ 'ਤੇ ਨਿਰਬਾਹ ਕਰਨਾ ਪਿਆ। ਪੂਰੇ ਅੱਠ ਮਹੀਨਿਆਂ ਲਈ ਸਿੱਖਾਂ ਨੇ ਸਾਰੀਆਂ ਔਕੜਾਂ ਦੇ ਬਾਵਜੂਦ ਕਰੜਾ ਮੁਕਾਬਲਾ ਦਿੱਤਾ। ਅਖੀਰ 7 ਦਸੰਬਰ, 1715 ਨੂੰ ਸ਼ਾਹੀ ਫੌਜ ਗੜ੍ਹੀ ਅੰਦਰ ਦਾਖਲ ਹੋ ਗਈ ਅਤੇ ਬਾਬਾ ਬੰਦਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੰਦੀ ਬਣਾ ਲਿਆ ਗਿਆ। ਪਹਿਲਾਂ ਉਨ੍ਹਾਂ ਨੂੰ ਲਾਹੌਰ ਦੀਆਂ ਸੜਕਾਂ 'ਤੇ ਫਿਰਾਇਆ ਗਿਆ ਤੇ ਫਿਰ ਦਿੱਲੀ ਭੇਜ ਦਿੱਤਾ ਗਿਆ। ਇਹ ਸਾਰੇ ਬੰਦੀ ਸਿੰਘ 27 ਫਰਵਰੀ, 1716 ਨੂੰ ਦਿੱਲੀ ਪਹੁੰਚੇ। ਰਾਜਧਾਨੀ ਦੀਆਂ ਸੜਕਾਂ 'ਤੇ ਇਹ ਇਕ ਅਜੀਬ ਹੀ ਨਜ਼ਾਰਾ ਸੀ। ਭਾਰੀ ਜ਼ੰਜੀਰਾਂ ਵਿਚ 740 ਬੰਦੀ ਸਿੱਖਾਂ ਤੋਂ ਇਲਾਵਾ ਇਸ ਜਲੂਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸਿੱਖਾਂ ਦੇ ਸਿਰਾਂ ਨਾਲ ਭਰੇ ਗੱਡੇ ਅਤੇ ਨੇਜ਼ਿਆਂ ਉੱਤੇ ਟੰਗੇ ਸਿੱਖਾਂ ਦੇ ਸਿਰ ਵੀ ਸ਼ਾਮਿਲ ਹਨ।
ਬਾਬਾ ਬੰਦਾ ਸਿੰਘ ਅਤੇ ਕੁਝ ਮੁਖੀ ਸਿੱਖਾਂ ਨੂੰ ਕਿਲ੍ਹੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ, ਜਦਕਿ ਬਾਕੀ 694 ਨੂੰ ਕੋਤਵਾਲੀ ਦੇ ਚਬੂਤਰੇ 'ਤੇ ਰੋਜ਼ਾਨਾ ਸੌ ਦੀ ਗਿਣਤੀ ਵਿਚ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਿਰੌਲੀ ਵਿਚ ਕੁਤਬ ਮੀਨਾਰ ਦੇ ਨੇੜੇ ਇਕ ਅਸਥਾਨ 'ਤੇ ਲਿਜਾਇਆ ਗਿਆ। ਉਥੇ ਆਪ ਜੀ ਨੂੰ ਇਸਲਾਮ ਤੇ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ। ਆਪਣੇ ਧਰਮ ਤੋਂ ਮੁਨਕਰ ਹੋਣ ਲਈ ਮਨ੍ਹਾ ਕਰਨ ਉੱਤੇ ਬਾਬਾ ਬੰਦਾ ਸਿੰਘ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਆਪ ਜੀ ਦੀਆਂ ਅੱਖਾਂ ਦੇ ਸਾਹਮਣੇ ਹੀ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਆਪ ਜੀ ਨੂੰ ਵੀ ਭਿਆਨਕ ਤਸੀਹੇ ਦਿੱਤੇ ਗਏ। ਆਪ ਜੀ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਹੱਥ-ਪੈਰ ਵੱਢ ਦਿੱਤੇ ਗਏ। ਆਪ ਜੀ ਦੇ ਸਰੀਰ ਦੀ ਚਮੜੀ ਨੂੰ ਲੋਹੇ ਦੀਆਂ ਗਰਮ ਸਲਾਖਾਂ ਨਾਲ ਨੋਚ ਦਿੱਤਾ ਗਿਆ ਅਤੇ ਅਖੀਰ ਆਪ ਜੀ ਦੇ ਸਰੀਰ ਨੂੰ ਬੰਦ-ਬੰਦ ਕੱਟ ਦਿੱਤਾ ਗਿਆ। ਇਹ ਸਾਕਾ 9 ਜੂਨ, 1716 ਨੂੰ ਵਾਪਰਿਆ। (ਚਲਦਾ)

ਬੁਝਾਰਤਾਂ

1. ਹਾਬੜ-ਦਾਬੜ ਪਈ ਕੁੜੇ, ਪੜਥੱਲੋ ਕਿਧਰ ਗਈ ਕੁੜੇ।
2. ਸਰਪਟ ਦੌੜੇ ਹੱਥ ਨਾ ਆਏ,
ਘੜੀ ਉਸ ਦਾ ਨਾਮ ਬਤਾਏ।
3. ਪੰਜ ਜਣਿਆਂ ਨੇ ਭਰੀ ਬੰਨ੍ਹੀ, ਰੱਖੀ ਹਰਿਦੁਆਰ।
ਚਮਚੜਿੱਕ ਨੇ ਧੱਕਾ ਦਿੱਤਾ, ਗਈ ਸਮੁੰਦਰੋਂ ਪਾਰ।
4. ਇਕ ਰੰਨ ਚਾਰ ਕੰਨ, ਲੱਕ ਬੰਨ੍ਹ ਘੁੰਮੇ।
5. ਤਾਰਾਂ-ਤਾਰਾਂ, ਵਿਚ ਚੱਲਣ ਮਾਰੂਤੀ ਕਾਰਾਂ।
6. ਸੁੱਤਿਆ ਹੋਇਆਂ ਉਹ ਆ ਜਾਵੇ,
ਵਿਛੜਿਆਂ ਦੇ ਕੇਰਾਂ ਮੇਲ ਕਰਾ ਜਾਵੇ।
7. ਇਕ ਜਾਨ ਡਿੱਠੀ ਬੇਜਾਨ,
ਬੋਲੇ ਹੈ ਪਰ ਨਹੀਂ ਜ਼ੁਬਾਨ।
ਵਿਚ ਬਾਜ਼ਾਰਾਂ ਕਰੇ ਵਪਾਰ,
ਸੱਚ-ਝੂਠ ਉਹ ਦਏ ਨਤਾਰ।
8. ਅੰਨ੍ਹਾ ਝੋਟਾ ਵੱਟਾਂ ਢਾਹੁੰਦਾ ਜਾਂਦਾ।
9. ਇਕ ਸੀ ਵੀਰ, ਗਾਣਾ ਗਾ ਕੇ ਮਾਰੇ ਤੀਰ।
10. ਨਾ ਗੁਠਲੀ, ਨਾ ਬੀਜ ਦੇਖਿਆ,
ਹਰ ਮੌਸਮ ਵਿਚ ਵਿਕਦਾ ਦੇਖਿਆ।
ਉੱਤਰ : (1) ਕੜਛੀ, (2) ਸਮਾਂ, (3) ਹੱਥ, ਮੂੰਹ, ਜੀਭ, ਬੁਰਕੀ, (4) ਮਧਾਣੀ, (5) ਜੂੰਆਂ, (6) ਸੁਪਨਾ, (7) ਤੱਕੜੀ, (8) ਸੁਹਾਗਾ, (9) ਮੱਛਰ, (10) ਕੇਲਾ।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ)। ਮੋਬਾ: 98763-22677

ਬਾਲ ਨਾਵਲ-20: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਹਾਂ ਜੀ, ਸਾਈਕਲ ਤਾਂ ਚਲਾਉਣਾ ਆਉਂਦੈ ਪਰ ਮੇਰੇ ਕੋਲ ਸਾਈਕਲ ਹੈ ਨਹੀਂ। ਕਦੇ-ਕਦੇ ਜਦੋਂ ਮੇਰਾ ਸਾਈਕਲ ਚਲਾਉਣ 'ਤੇ ਬੜਾ ਹੀ ਜੀਅ ਕਰੇ, ਉਦੋਂ ਮੈਂ ਅੱਧਾ ਘੰਟਾ ਕਿਰਾਏ 'ਤੇ ਸਾਈਕਲ ਲੈ ਕੇ ਖੂਬ ਚੱਕਰ ਲਗਾਉਂਦਾ ਹਾਂ', ਸਿਧਾਰਥ ਦੇ ਪਿਆਰ ਭਰੇ ਵਤੀਰੇ ਨਾਲ ਹੁਣ ਹਰੀਸ਼ ਦਾ ਹੌਲੀ-ਹੌਲੀ ਝਾਕਾ ਉਤਰ ਰਿਹਾ ਸੀ।
ਸਿਧਾਰਥ ਨੇ ਖੁਸ਼ ਹੁੰਦਿਆਂ ਕਿਹਾ, 'ਤੂੰ ਤੇ ਸਾਰਾ ਮਸਲਾ ਹੱਲ ਕਰ ਦਿੱਤਾ ਏ। ਤੈਨੂੰ ਕੁਝ ਦਿਨਾਂ ਤੱਕ ਇਕ ਸਾਈਕਲ ਦਾ ਪ੍ਰਬੰਧ ਕਰ ਦਿੰਦੇ ਹਾਂ। ਓਨੇ ਦਿਨ ਤੂੰ ਕਿਰਾਏ 'ਤੇ ਸਾਈਕਲ ਲੈ ਕੇ ਆ ਜਾਇਆ ਕਰ।'
'ਦੋ-ਤਿੰਨ ਘੰਟੇ ਦਾ ਕਿਰਾਇਆ ਤਾਂ ਬਹੁਤ ਬਣ ਜਾਇਆ ਕਰਨੈ', ਹਰੀਸ਼ ਨੇ ਫਿਕਰਮੰਦ ਹੁੰਦਿਆਂ ਕਿਹਾ।
'ਕਿਰਾਏ ਦਾ ਤੂੰ ਫਿਕਰ ਨਾ ਕਰ, ਉਹ ਮੈਂ ਤੈਨੂੰ ਦੇ ਦਿਆ ਕਰਾਂਗਾ।' ਇਹ ਕਹਿੰਦਿਆਂ ਸਿਧਾਰਥ ਖੜ੍ਹਾ ਹੋ ਗਿਆ, 'ਤੂੰ ਐਹ ਗੋਲੀਆਂ-ਟਾਫੀਆਂ ਦੇ ਪੈਕੇਟ ਆਪਣੇ ਥੈਲੇ ਵਿਚ ਪਾ ਲੈ ਅਤੇ ਮੇਰੇ ਨਾਲ ਬਾਹਰ ਆ ਜਾ।'
ਹਰੀਸ਼ ਮੇਜ਼ ਤੋਂ ਚੁੱਕ ਕੇ ਸਾਰੇ ਪੈਕੇਟ ਮੁੜ ਥੈਲੇ ਵਿਚ ਪਾਉਣ ਲੱਗਾ। ਸਾਰੇ ਪੈਕੇਟ ਪਾਉਣ ਤੋਂ ਬਾਅਦ ਉਹ ਸਿਧਾਰਥ ਨਾਲ ਤੁਰ ਪਿਆ।
ਬਾਹਰ ਦੋ ਥਾਵਾਂ 'ਤੇ ਬੱਚਿਆਂ ਦੇ ਗਰੁੱਪ ਬੈਠੇ ਪੜ੍ਹ ਰਹੇ ਸਨ। ਉਨ੍ਹਾਂ ਨੂੰ ਦੋ ਟੀਚਰ ਪੜ੍ਹਾ ਰਹੇ ਸਨ। ਸਿਧਾਰਥ ਵਾਰੋ-ਵਾਰੀ ਕਲਾਸਾਂ ਵਿਚ ਹਰੀਸ਼ ਨੂੰ ਲੈ ਕੇ ਗਿਆ। ਪਹਿਲੀ ਕਲਾਸ ਚਾਲੀ-ਪੰਜਾਹ ਬੱਚਿਆਂ ਦੀ ਸੀ। ਇਸ ਵਿਚ ਪੰਜ ਸਾਲ ਤੋਂ ਲੈ ਕੇ ਦਸ-ਗਿਆਰਾਂ ਸਾਲ ਦੇ ਬੱਚੇ ਪੜ੍ਹ ਰਹੇ ਸਨ। ਸਿਧਾਰਥ ਨੇ ਅਧਿਆਪਕ ਅਤੇ ਬੱਚਿਆਂ ਨਾਲ ਹਰੀਸ਼ ਦੀ ਜਾਣ-ਪਛਾਣ ਕਰਵਾਈ ਅਤੇ ਦੱਸਿਆ ਕਿ 'ਇਹ ਲੜਕਾ ਮਿਹਨਤ ਕਰਕੇ ਪੜ੍ਹਾਈ ਕਰ ਰਿਹੈ ਅਤੇ ਹੁਣ ਅੱਠਵੀਂ ਕਲਾਸ ਵਿਚ ਹੈ। ਅੱਜ ਤੋਂ ਇਹ ਰੋਜ਼ ਐਥੇ ਪੜ੍ਹਨ ਆਇਆ ਕਰੇਗਾ।' ਜਾਣ-ਪਛਾਣ ਕਰਵਾ ਕੇ ਉਸ ਨੇ ਹਰੀਸ਼ ਨੂੰ ਕਿਹਾ ਕਿ ਇਨ੍ਹਾਂ ਸਾਰੇ ਬੱਚਿਆਂ ਨੂੰ ਗੋਲੀਆਂ-ਟਾਫੀਆਂ ਦਾ ਇਕ-ਇਕ ਪੈਕੇਟ ਵੰਡ ਦੇਵੇ। ਉਸ ਅਧਿਆਪਕ ਨੂੰ ਸਿਧਾਰਥ ਨੇ ਆਪਣੀ ਜੇਬ ਵਿਚੋਂ ਦੋ ਪੈਕੇਟ ਇਕ ਗੋਲੀਆਂ ਦਾ ਅਤੇ ਇਕ ਟਾਫੀਆਂ ਦਾ ਕੱਢ ਕੇ ਦਿੱਤੇ। ਬੱਚੇ ਹਰੀਸ਼ ਕੋਲੋਂ ਪੈਕੇਟ ਲੈ ਕੇ ਬਹੁਤ ਖੁਸ਼ ਹੋਏ।
ਫਿਰ ਸਿਧਾਰਥ ਉਸ ਨੂੰ ਦੂਜੀ ਕਲਾਸ ਵਿਚ ਲੈ ਗਿਆ। ਉਥੇ ਥੋੜ੍ਹੇ ਵੱਡੇ ਬੱਚੇ ਸਨ, ਜੋ ਤਕਰੀਬਨ ਵੀਹ ਕੁ ਹੋਣਗੇ। ਸਿਧਾਰਥ ਨੇ ਪਹਿਲਾਂ ਵਾਂਗ ਹੀ ਹਰੀਸ਼ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਨੂੰ ਵੀ ਗੋਲੀਆਂ-ਟਾਫੀਆਂ ਦੇ ਪੈਕੇਟ ਦਿੱਤੇ। (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਅਨਮੋਲ ਬਚਨ

* ਮਨੁੱਖ ਦੇ ਦੁਖੀ ਹੋਣ ਦਾ ਇਕ ਮੁੱਖ ਕਾਰਨ ਇਹ ਹੈ ਕਿ ਉਹ ਜਾਣਦਾ ਤਾਂ ਬਹੁਤ ਹੈ ਪਰ ਸਮਝਦਾ ਬਹੁਤ ਘੱਟ ਹੈ।
* ਜ਼ਹਿਰ ਦਾ ਅਜੀਬ ਹਿਸਾਬ ਹੈ, ਮਰਨ ਲਈ ਥੋੜ੍ਹਾ ਜਿਹਾ ਪਰ ਜ਼ਿੰਦਾ ਰਹਿਣ ਲਈ ਬਹੁਤ ਸਾਰਾ ਪੀਣਾ ਪੈਂਦਾ ਹੈ।
* ਅਸਫਲ ਹੋਣਾ ਗੁਨਾਹ ਨਹੀਂ ਹੈ ਪਰ ਸਫਲਤਾ ਲਈ ਕੋਸ਼ਿਸ਼ ਨਾ ਕਰਨਾ ਗੁਨਾਹ ਜ਼ਰੂਰ ਹੈ।
* ਸਾਰਿਆਂ ਵਿਚ ਕੀਤੀ ਗਈ ਆਲੋਚਨਾ ਅਪਮਾਨ ਵਿਚ ਬਦਲ ਜਾਂਦੀ ਹੈ ਤੇ ਇਕੱਲਿਆਂ ਵਿਚ ਦੱਸਣ 'ਤੇ ਸਲਾਹ ਬਣ ਜਾਂਦੀ ਹੈ।
* ਉਹ ਲੋਕ ਹਰ ਵੇਲੇ ਪ੍ਰੇਸ਼ਾਨ ਰਹਿੰਦੇ ਹਨ ਜੋ ਦੁਨੀਆ ਨੂੰ ਬਦਲਣ ਦੀ ਸੋਚਦੇ ਹਨ ਪਰ ਆਪਣੇ-ਆਪ ਨੂੰ ਨਹੀਂ।
* ਖਾਹਿਸ਼ ਸਭ ਦੀ ਹੈ ਕਿ ਰਿਸ਼ਤੇ ਸੁਧਰਨ ਪਰ ਚਾਹਤ ਸਭ ਦੀ ਹੈ ਕਿ ਸ਼ੁਰੂਆਤ ਉਧਰੋਂ ਹੋਵੇ।

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ)। ਮੋਬਾ: 9501810181

ਬਾਲ ਗੀਤ: ਮੁੱਕ ਗਈਆਂ ਛੁੱਟੀਆਂ

ਮੁੱਕ ਗਈਆਂ ਛੁੱਟੀਆਂ ਸਕੂਲੇ ਹੁਣ ਜਾਵਾਂਗੇ।
ਛੁੱਟੀਆਂ 'ਚ ਕੀਤਾ ਹੋਇਆ ਕੰਮ ਵਿਖਾਵਾਂਗੇ।
ਛੁੱਟੀਆਂ 'ਚ ਗਰਮੀ ਨੇ ਬਹੁਤ ਸਤਾਇਆ ਸੀ,
ਲੱਗੀ ਬੜੀ ਗਰਮੀ ਪਸੀਨਾ ਬੜਾ ਆਇਆ ਸੀ।
ਹਾਣੀਆਂ ਦੇ ਨਾਲ ਪੀਂਘਾਂ ਪਿੱਪਲਾਂ 'ਤੇ ਪਾਵਾਂਗੇ,
ਮੁੱਕ ਗਈਆਂ ਛੁੱਟੀਆਂ ਸਕੂਲੇ ਹੁਣ ਜਾਵਾਂਗੇ।
ਨਾਨੀ ਕੋਲ ਜਾ ਕੇ ਅਸੀਂ ਸੁਣੀਆਂ ਕਹਾਣੀਆਂ,
ਬੰਬੀ 'ਤੇ ਨਹਾ ਕੇ ਅਸੀਂ ਮੌਜਾਂ ਖੂਬ ਮਾਣੀਆਂ।
ਛੁੱਟੀਆਂ ਦਾ ਹਾਲ ਸਾਰਾ ਹੋਰਾਂ ਨੂੰ ਸੁਣਾਵਾਂਗੇ,
ਮੁੱਕ ਗਈਆਂ ਛੁੱਟੀਆਂ ਸਕੂਲੇ ਹੁਣ ਜਾਵਾਂਗੇ।
ਛੁੱਟੀਆਂ 'ਚ ਪੜ੍ਹੀਆਂ ਕਿਤਾਬਾਂ ਬਹੁਤ ਪਿਆਰੀਆਂ,
ਗਿਆਨ ਨੂੰ ਵਧਾ ਕੇ ਸਾਨੂੰ ਚੜ੍ਹੀਆਂ ਖੁਮਾਰੀਆਂ।
ਮੋੜ ਕੇ ਕਿਤਾਬਾਂ ਅਸੀਂ ਹੋਰ ਵੀ ਲਿਆਵਾਂਗੇ,
ਮੁੱਕ ਗਈਆਂ ਛੁੱਟੀਆਂ ਸਕੂਲੇ ਹੁਣ ਜਾਵਾਂਗੇ।
'ਡਾਲਵੀ' ਸਰ ਨਵੇਂ ਬਾਲ ਗੀਤ ਵੀ ਸੁਣਾਉਣਗੇ,
ਗੀਤਾਂ ਰਾਹੀਂ ਚੰਗੀਆਂ ਉਹ ਗੱਲਾਂ ਸਮਝਾਉਣਗੇ।
ਸੁਣ ਨਵੇਂ ਗੀਤ ਨਾਲੇ ਮਨ ਪਰਚਾਵਾਂਗੇ,
ਮੁੱਕ ਗਈਆਂ ਛੁੱਟੀਆਂ ਸਕੂਲੇ ਹੁਣ ਜਾਵਾਂਗੇ।

-ਬਹਾਦਰ ਡਾਲਵੀ,
ਵਾ: ਨੰ: 6/120, ਰਾਜਗੁਰੂ ਨਗਰ, ਮੋਗਾ-142001. ਮੋਬਾ: 94172-35502

ਭੂਗੋਲਿਕ ਬੁਝਾਰਤਾਂ

* ਮੈਨੂੰ ਕੀਤਾ ਹੈ ਮਸ਼ਹੂਰ,
ਪੰਨਾ ਅਤੇ ਨੇਪਾ ਨਗਰ ਨੇ।
-ਮੱਧ ਪ੍ਰਦੇਸ਼
* ਵਸੋਂ ਦੀ ਦੌੜ ਵਿਚ ਮੈਂ ਸਭ ਤੋਂ ਅੱਗੇ,
ਬਾਕੀ ਸਾਰੇ ਪਿੱਛੇ-ਪਿੱਛੇ।
-ਉੱਤਰ ਪ੍ਰਦੇਸ਼
* ਮੈਨੂੰ ਮਾਣ ਹੈ ਦਸਮ ਪਿਤਾ ਜੀ ਦੀ ਜਨਮ ਭੂਮੀ ਦੇ ਹੋਣ ਦਾ।
-ਬਿਹਾਰ
* ਮੇਰੇ ਇਥੇ ਬਾਗ ਹਨ ਚਾਹ ਅਤੇ ਰਬੜ ਦੇ,
ਨਾਰੀਅਲ, ਕੌਫੀ, ਕਾਜੂ ਤੇ ਸਨਕੋਨਾ ਵੀ।
-ਕੇਰਲ
* ਦੁਨੀਆ 'ਚ ਸਭ ਤੋਂ ਵੱਧ ਵਰਖਾ ਹੋਣ ਦਾ ਮਾਣ ਹੈ ਮੈਨੂੰ।
-ਮੇਘਾਲਿਆ
* ਮੇਰੇ ਤੱਟ 'ਤੇ ਹੈ ਸੋਮਨਾਥ ਦਾ ਮੰਦਿਰ,
ਦਵਾਰਕਾ ਨਗਰੀ ਤੇ ਵਿਚਕਾਰ ਪੋਰਬੰਦਰ।
-ਗੁਜਰਾਤ
* ਉਦਯੋਗਾਂ 'ਚ ਭਾਵੇਂ ਮੈਂ ਹਾਂ ਪਛੜਿਆ,
ਪਰ ਫਸਲ ਝਾੜ 'ਚ ਮੇਰਾ ਕੋਈ ਸਾਨੀ ਨਹੀਂ।
-ਪੰਜਾਬ

-ਸਾਬਕਾ ਲੈਕਚਰਾਰ, ਪੋਲ: ਸਾਇੰਸ, ਬੰਗਾ (ਸ਼ਹੀਦ ਭਗਤ ਸਿੰਘ ਨਗਰ)।

ਬਾਲ ਕਵਿਤਾ: ਗਰਮੀ ਤੋਂ ਬੱਚਿਓ...

ਗਰਮੀ ਤੋਂ ਬੱਚਿਓ ਬਚ ਕੇ ਰਹਿਣਾ,
ਨਹੀਂ ਤਾਂ ਦੁੱਖ ਪਊਗਾ ਸਹਿਣਾ।
ਗਰਮੀ ਹੱਦਾਂ ਪਾਰ ਕੀਤੀਆਂ,
ਛੁੱਟੀਆਂ ਤਾਂ ਸਰਕਾਰ ਕੀਤੀਆਂ।
ਧੁੱਪ 'ਚ ਨਾ ਖੇਡਣ ਜਾਓ ਬਾਹਰ,
ਨਹੀਂ ਤਾਂ ਹੋਣਾ ਪਊ ਬਿਮਾਰ।
ਸ਼ਿਕੰਜਵੀ ਅਤੇ ਪੀਓ ਸਰਦਾਈ,
ਰੋਗ ਨਾ ਨੇੜੇ ਆਵੇ ਕਾਈ।
ਖਰਬੂਜ਼ਾ ਅਤੇ ਤਰਬੂਜ਼ ਖਾਓ,
ਪਾਣੀ ਦੀ ਘਾਟ ਤੋਂ ਬਚ ਜਾਓ।
ਜੀਅ ਭਰ ਕੇ ਤੁਸੀਂ ਲੱਸੀ ਪੀਓ,
ਰੋਗ ਰਹਿਤ ਸਦਾ ਜ਼ਿੰਦਗੀ ਜੀਓ।
ਬੱਚਿਓ ਭਲੂਰੀਏ ਦਾ ਇਹ ਖਵਾਬ,
ਸਦਾ ਰਹੋ ਤੁਸੀਂ ਸਿਹਤਯਾਬ।

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX