ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  42 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  43 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  48 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  50 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਚੀਨ ਦਾ ਵਿਸ਼ਵ-ਸ਼ਕਤੀ ਬਣਨ ਦਾ ਜਨੂੰਨ

ਗੱਲ ਕੱਲ੍ਹ ਜਾਂ ਪਰਸੋਂ ਦੀ ਨਹੀਂ, ਬਲਕਿ ਕਰੀਬ ਦੋ ਦਹਾਕਿਆਂ ਪੁਰਾਣੀ ਹੈ। ਮਈ 1998 ਵਿਚ ਤਤਕਾਲੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਐਨ. ਡੀ. ਏ.) ਸਰਕਾਰ ਦੇ ਰੱਖਿਆ ਮੰਤਰੀ ਦੀ ਹੈਸੀਅਤ ਵਿਚ ਸਮਾਜਵਾਦੀ ਨੇਤਾ ਜਾਰਜ ਫਰਨਾਂਡਿਸ ਨੇ ਜਦੋਂ ਫ਼ੌਜੀ ਰਣਨੀਤਕ ਦ੍ਰਿਸ਼ਟੀ ਨਾਲ ਚੀਨ ਨੂੰ ਭਾਰਤ ਦਾ ਦੁਸ਼ਮਣ ਨੰਬਰ ਇਕ ਕਰਾਰ ਦਿੱਤਾ ਸੀ ਤਾਂ ਉਨ੍ਹਾਂ ਦੇ ਹੀ ਕਈ ਸਾਥੀ ਮੰਤਰੀਆਂ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਨੱਕ-ਮੂੰਹ ਚੜ੍ਹਾਇਆ ਸੀ। ਅੱਜ ਦੀ ਤਰ੍ਹਾਂ ਉਸ ਸਮੇਂ ਵੀ ਕਾਂਗਰਸ ਵਿਰੋਧੀ ਪਾਰਟੀ ਦੇ ਰੂਪ ਵਿਚ ਸੀ ਅਤੇ ਉਸ ਨੂੰ ਹੀ ਨਹੀਂ ਬਲਕਿ ਐਨ. ਡੀ. ਏ. ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਅਤੇ ਇਥੋਂ ਤੱਕ ਕਿ ਉਸ ਦੇ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਵੀ ਜਾਰਜ ਦਾ ਇਹ ਬਿਆਨ ਨਾਗਵਾਰ ਹੋ ਗੁਜ਼ਰਿਆ ਸੀ। ਖੱਬੇ-ਪੱਖੀ ਪਾਰਟੀਆਂ ਨੂੰ ਤਾਂ ਸੁਭਾਵਿਕ ਰੂਪ ਨਾਲ ਜਾਰਜ ਦੀ ਇਹ ਸਾਫਗੋਈ ਚੰਗੀ ਹੀ ਨਹੀਂ ਲਗਦੀ ਸੀ।
ਇਹ ਦਿਲਚਸਪ ਸੀ ਕਿ ਸੰਘ ਅਤੇ ਖੱਬੇ-ਪੱਖੀ ਪਾਰਟੀਆਂ ਦੇ ਰੂਪ ਵਿਚ ਦੋ ਆਪਾ ਵਿਰੋਧੀ ਵਿਚਾਰਧਾਰਾ ਵਾਲੀਆਂ ਤਾਕਤਾਂ ਇਸ ਮੁੱਦੇ 'ਤੇ ਇਕ ਸੁਰ ਵਿਚ ਬੋਲ ਰਹੀਆਂ ਸਨ। ਠੀਕ ਉਂਝ ਹੀ ਜਿਵੇਂ ਦੋਵਾਂ ਨੇ ਵੱਖ-ਵੱਖ ਕਾਰਨਾਂ ਕਰਕੇ 1942 ਵਿਚ ਬਰਤਾਨੀਆ ਹਕੂਮਤ ਦੇ ਖਿਲਾਫ਼ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਸੀ। ਜਾਰਜ ਦੇ ਇਸ ਬਿਆਨ ਦੇ ਵਿਰੋਧ ਪਿੱਛੇ ਵੀ ਦੋਵਾਂ ਦੀਆਂ ਪ੍ਰੇਰਨਾਵਾਂ ਵੱਖ-ਵੱਖ ਸਨ। ਸੰਘ ਪਰਿਵਾਰ ਜਿਥੇ ਆਪਣੀ ਜਾਣੀ-ਪਛਾਣੀ ਮੁਸਲਿਮ ਵਿਰੋਧੀ ਸੋਚ ਕਾਰਨ ਪਾਕਿਸਤਾਨ ਤੋਂ ਇਲਾਵਾ ਕਿਸੇ ਹੋਰ ਦੇਸ਼ ਨੂੰ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਨਹੀਂ ਮੰਨ ਸਕਦਾ ਸੀ, ਉਥੇ ਖੱਬੇ-ਪੱਖੀ ਪਾਰਟੀਆਂ ਚੀਨ ਦੇ ਨਾਲ ਆਪਣੇ ਵਿਚਾਰਧਾਰਕ ਬਿਰਾਦਰਾਨਾ ਰਿਸ਼ਤਿਆਂ ਦੇ ਚਲਦਿਆਂ ਜਾਰਜ ਦੇ ਬਿਆਨ ਨੂੰ ਖਾਰਜ ਕਰ ਰਹੀਆਂ ਸਨ। ਕਈ ਅਖੌਤੀ ਰੱਖਿਆ ਮਾਹਿਰਾਂ ਅਤੇ ਆਲੋਚਕਾਂ ਸਮੇਤ ਮੀਡੀਆ ਦੇ ਇਕ ਵੱਡੇ ਹਿੱਸੇ ਨੇ ਵੀ ਇਸ ਲਈ ਜਾਰਜ ਦੀ ਕਾਫੀ ਆਲੋਚਨਾ ਕੀਤੀ ਸੀ। ਜਾਰਜ ਅੱਜ ਭਾਵੇਂ ਸਰੀਰਕ ਤੌਰ 'ਤੇ ਅਸਮਰਥ ਅਤੇ ਯਾਦਦਾਸ਼ਤ ਗਵਾ ਚੁੱਕੇ ਹੋਣ ਕਾਰਨ ਮੌਜੂਦਾ ਰਾਜਨੀਤੀ ਤੋਂ ਬਾਹਰ ਹਨ ਪਰ ਚੀਨ ਨੂੰ ਲੈ ਕੇ ਉਨ੍ਹਾਂ ਦਾ ਅੰਦਾਜ਼ਾ ਸਮੇਂ ਦੀ ਕਸੌਟੀ 'ਤੇ ਲਗਾਤਾਰ ਬਿਲਕੁਲ ਸਹੀ ਸਾਬਤ ਹੋ ਰਿਹਾ ਹੈ। ਬੀਤੇ ਇਕ ਮਹੀਨੇ ਦਾ ਤਾਜ਼ਾ ਘਟਨਾਕ੍ਰਮ ਵੀ ਉਸ ਅੰਦਾਜ਼ੇ ਦੀ ਤਸਦੀਕ ਕਰ ਰਿਹਾ ਹੈ।
ਉਂਝ ਨਾ ਤਾਂ ਚੀਨੀ ਖ਼ਤਰਾ ਭਾਰਤ ਲਈ ਨਵਾਂ ਹੈ ਅਤੇ ਨਾ ਹੀ ਉਸ ਤੋਂ ਜਾਣੂ ਕਰਾਉਣ ਵਾਲੇ ਜਾਰਜ ਫਰਨਾਂਡੀਸ ਪਹਿਲੇ ਰਾਜਨੇਤਾ ਰਹੇ ਹਨ। ਦਰਅਸਲ, ਚੀਨ ਨੇ ਜਦੋਂ ਤਿੱਬਤ 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕੀਤਾ ਸੀ, ਉਦੋਂ ਤੋਂ ਹੀ ਉਹ ਭਾਰਤ ਲਈ ਖ਼ਤਰਾ ਬਣਿਆ ਹੋਇਆ ਹੈ। ਦੇਸ਼ ਨੂੰ ਸਭ ਤੋਂ ਪਹਿਲਾਂ ਇਸ ਖ਼ਤਰੇ ਦੀ ਚਿਤਾਵਨੀ ਡਾ: ਰਾਮ ਮਨੋਹਰ ਲੋਹੀਆ ਨੇ ਦਿੱਤੀ ਸੀ। ਤਿੱਬਤ 'ਤੇ ਚੀਨੀ ਹਮਲੇ ਨੂੰ ਉਨ੍ਹਾਂ ਨੇ 'ਬੱਚਾ ਹੱਤਿਆ' ਕਰਾਰ ਦਿੰਦੇ ਹੋਏ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਿਹਾ ਸੀ ਕਿ ਉਹ ਤਿੱਬਤ 'ਤੇ ਚੀਨੀ ਕਬਜ਼ੇ ਨੂੰ ਮਾਨਤਾ ਨਾ ਦੇਣ ਪਰ ਨਹਿਰੂ ਨੇ ਲੋਹੀਆ ਦੀ ਸਲਾਹ ਮੰਨਣ ਦੀ ਬਜਾਏ ਚੀਨੀ ਨੇਤਾ ਚਾਊ ਐਨ. ਲਾਈ ਨਾਲ ਆਪਣੀ ਦੋਸਤੀ ਨੂੰ ਤਰਜੀਹ ਦਿੰਦੇ ਹੋਏ ਤਿੱਬਤ ਨੂੰ ਚੀਨ ਦਾ ਅੰਗ ਮੰਨਣ ਵਿਚ ਜ਼ਰਾ ਵੀ ਦੇਰੀ ਨਹੀਂ ਕੀਤੀ। ਇਹ ਉਹ ਸਮਾਂ ਸੀ ਜਦੋਂ ਭਾਰਤ ਨੂੰ ਆਜ਼ਾਦ ਹੋਇਆਂ ਸਿਰਫ਼ 11 ਸਾਲ ਹੋਏ ਸਨ ਅਤੇ ਮਾਓ ਦੀ ਸਰਪ੍ਰਸਤੀ ਵਿਚ ਚੀਨ ਦੀ ਲਾਲ ਕ੍ਰਾਂਤੀ ਵੀ ਕੁੱਲ ਨੌਂ ਸਾਲ ਪੁਰਾਣੀ ਹੀ ਸੀ। ਸਾਡੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਉਦੋਂ ਸਮਾਜਵਾਦੀ ਭਾਰਤ ਦਾ ਸੁਪਨਾ ਦੇਖ ਰਹੇ ਸਨ, ਜਿਸ ਵਿਚ ਚੀਨ ਨਾਲ ਯੁੱਧ ਦੀ ਕੋਈ ਥਾਂ ਨਹੀਂ ਸੀ। ਉਧਰ, ਮਾਓ ਨੇ ਪੂਰੀ ਦੁਨੀਆ ਦੇ ਸਾਹਮਣੇ ਜ਼ਾਹਿਰ ਕਰਨਾ ਸੀ ਕਿ ਸਾਮਵਾਦੀ ਕੱਟੜਤਾ ਦੇ ਮਾਮਲੇ ਵਿਚ ਉਹ ਲੈਨਿਨ ਅਤੇ ਸਟਾਲਿਨ ਤੋਂ ਵੀ ਅੱਗੇ ਹਨ। ਤਿੱਬਤ 'ਤੇ ਕਬਜ਼ਾ ਉਨ੍ਹਾਂ ਦੇ ਇਸੇ ਮਨਸੂਬੇ ਦਾ ਨਤੀਜਾ ਸੀ। ਹਾਲਾਂਕਿ, ਉਦੋਂ ਤੱਕ ਦਲਾਈਲਾਮਾ ਲਹਾਸਾ ਵਿਚ ਹੀ ਰਹਿੰਦੇ ਸਨ ਪਰ ਇਹ ਸਾਫ ਹੋ ਚੁੱਕਿਆ ਸੀ ਕਿ ਉਨ੍ਹਾਂ ਦੀ ਹੈਸੀਅਤ ਸਿਰਫ਼ ਇਕ ਧਰਮ ਗੁਰੂ ਦੀ ਰਹਿ ਗਈ ਹੈ ਅਤੇ 'ਦੁਨੀਆ ਦੀ ਛੱਤ' ਭਾਵ ਤਿੱਬਤ 'ਤੇ ਲਾਲ ਸੈਨਾ ਕਾਬਜ਼ ਹੈ।
ਏਨਾ ਕੁਝ ਹੋਣ ਦੇ ਬਾਵਜੂਦ ਲਗਪਗ ਇਕ ਦਹਾਕੇ ਤੱਕ ਭਾਰਤ-ਚੀਨ ਵਿਚਾਲੇ ਰਾਜਨੀਤਕ ਸਬੰਧ ਬਹੁਤ ਚੰਗੇ ਰਹੇ। ਦੋਵਾਂ ਦੇਸ਼ਾਂ ਦੇ ਮੁੱਖ ਨੇਤਾ ਇਕ-ਦੂਜੇ ਨੇ ਇਥੋਂ ਦੀਆਂ ਕਈ ਯਾਤਰਾਵਾਂ ਕੀਤੀਆਂ। ਪਰ 1960 ਦਾ ਦਹਾਕਾ ਸ਼ੁਰੂ ਹੁੰਦੇ-ਹੁੰਦੇ ਚੀਨੀ ਅਗਵਾਈ ਦੇ ਵਿਸਤਾਰਵਾਦੀ ਇਰਾਦਿਆਂ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ ਅਤੇ ਭਾਰਤ ਦੇ ਨਾਲ ਉਸ ਦੇ ਰਿਸ਼ਤੇ ਸ਼ੀਤਕਾਲ ਵਿਚ ਦਾਖ਼ਲ ਕਰ ਗਏ। ਤਿੱਬਤ ਜਦੋਂ ਤੱਕ ਆਜ਼ਾਦ ਦੇਸ਼ ਸੀ, ਉਦੋਂ ਤੱਕ ਚੀਨ ਅਤੇ ਭਾਰਤ ਵਿਚਾਲੇ ਕੋਈ ਸਰਹੱਦ ਵਿਵਾਦ ਨਹੀਂ ਸੀ, ਕਿਉਂਕਿ ਉਦੋਂ ਭਾਰਤੀ ਸਰਹੱਦਾਂ ਸਿਰਫ ਤਿੱਬਤ ਨਾਲ ਲਗਦੀਆਂ ਸਨ। ਪਰ ਚੀਨ ਵੱਲੋਂ ਤਿੱਬਤ ਨੂੰ ਹਥਿਆ ਲੈਣ ਤੋਂ ਬਾਅਦ ਉਥੇ ਤਾਇਨਾਤ ਚੀਨੀ ਸੈਨਾ ਭਾਰਤੀ ਸਰਹੱਦ 'ਤੇ ਹਮਲਾ ਕਰਨ ਲੱਗੀ। ਉਨ੍ਹੀਂ ਦਿਨੀਂ ਚੀਨ ਵੱਲੋਂ ਜਾਰੀ ਕੀਤੇ ਗਏ ਨਕਸ਼ਿਆਂ ਤੋਂ ਭਾਰਤ ਨੂੰ ਪਹਿਲੀ ਵਾਰ ਝਟਕਾ ਲੱਗਿਆ। ਉਨ੍ਹਾਂ ਨਕਸ਼ਿਆਂ ਵਿਚ ਭਾਰਤ ਦੇ ਸਰਹੱਦੀ ਇਲਾਕਿਆਂ ਦੇ ਨਾਲ ਹੀ ਭੂਟਾਨ ਦੇ ਵੀ ਕੁਝ ਹਿੱਸੇ ਨੂੰ ਚੀਨ ਦਾ ਹਿੱਸਾ ਦੱਸਿਆ ਗਿਆ ਸੀ। ਕਿਉਂਕਿ ਇਸੇ ਦੌਰਾਨ ਭਾਰਤ ਯਾਤਰਾ 'ਤੇ ਆਏ ਤਤਕਾਲੀ ਚੀਨੀ ਨੇਤਾ ਚਾਊ ਐਨ-ਲਾਈ ਨਵੀਂ ਦਿੱਲੀ ਵਿਚ ਪੰਡਿਤ ਨਹਿਰੂ ਦੇ ਨਾਲ ਹਿੰਦੀ-ਚੀਨੀ ਭਾਈ-ਭਾਈ ਦਾ ਨਾਅਰਾ ਲਗਾਉਂਦੇ ਹੋਏ ਸ਼ਾਂਤੀ ਦੇ ਕਬੂਤਰ ਉਡਾ ਚੁੱਕੇ ਸਨ, ਲਿਹਾਜ਼ਾ ਭਾਵੁਕ ਭਾਰਤੀ ਅਗਵਾਈ ਨੂੰ ਭਰੋਸਾ ਸੀ ਕਿ ਸਰਹੱਦ ਵਿਵਾਦ ਗੱਲਬਾਤ ਜ਼ਰੀਏ ਨਿਪਟ ਜਾਵੇਗਾ। ਪਰ, 1962 ਦਾ ਅਕਤੂਬਰ ਮਹੀਨਾ ਭਾਰਤੀ ਅਗਵਾਈ ਦੇ ਭਾਵੁਕ ਸੁਪਨਿਆਂ ਨੂੰ ਡੇਗਣ ਦਾ ਰਿਹਾ ਜਦੋਂ ਚੀਨ ਦੀ ਸੈਨਾ ਨੇ ਪੂਰੀ ਤਿਆਰੀ ਦੇ ਨਾਲ ਭਾਰਤ 'ਤੇ ਹਮਲਾ ਬੋਲ ਦਿੱਤਾ। ਕਿਉਂਕਿ ਸਾਡੇ ਪ੍ਰਤੀਰੱਖਿਆ ਕਰਣਧਾਰ ਵੀ ਚੀਨ ਵੱਲੋਂ ਬਿਲਕੁਲ ਬੇਫਿਕਰੇ ਸਨ, ਲਿਹਾਜ਼ਾ ਸਾਡੀ ਸੈਨਾ ਦੇ ਕੋਲ ਫ਼ੌਜੀ ਸਾਜ਼ੋ-ਸਮਾਨ ਦੀ ਘਾਟ ਸੀ। ਨਤੀਜੇ ਵਿਚ ਭਾਰਤ ਨੂੰ ਹਾਰ ਦਾ ਕੌੜਾ ਘੁੱਟ ਪੀਣਾ ਪਿਆ ਅਤੇ ਚੀਨ ਨੇ ਆਪਣੇ ਵਿਸਤਾਰਵਾਦੀ ਨਾਪਾਕ ਮਨਸੂਬਿਆਂ ਰਾਹੀਂ ਸਾਡੀ ਹਜ਼ਾਰਾਂ ਵਰਗ ਮੀਲ ਜ਼ਮੀਨ ਹਥਿਆ ਲਈ। ਇਸ ਤਰ੍ਹਾਂ ਤਿੱਬਤ 'ਤੇ ਚੀਨੀ ਕਬਜ਼ੇ ਦੇ ਸਮੇਂ ਲੋਹੀਆ ਵੱਲੋਂ ਪ੍ਰਗਟਾਇਆ ਗਿਆ ਖਦਸ਼ਾ ਸਹੀ ਸਾਬਿਤ ਹੋਇਆ।
ਚੀਨ ਤੋਂ ਮਿਲੇ ਇਸ ਡੂੰਘੇ ਜ਼ਖ਼ਮ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਲਗਪਗ ਡੇਢ ਦਹਾਕੇ ਤੱਕ ਠੰਢਾਪਣ ਰਿਹਾ ਜੋ 1970 ਦੇ ਦਹਾਕੇ ਦੇ ਪਿਛਲੇ ਅੱਧ ਵਿਚ ਕੇਂਦਰ ਵਿਚ ਪਹਿਲੀ ਗ਼ੈਰ ਕਾਂਗਰਸੀ ਸਰਕਾਰ ਬਣਨ 'ਤੇ ਕੁਝ ਹੱਦ ਤੱਕ ਖ਼ਤਮ ਹੋਇਆ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਰਾਜਦੂਤ ਪੱਧਰ ਦੇ ਰਾਜਨਾਇਕ ਰਿਸ਼ਤਿਆਂ ਦੀ ਬਹਾਲੀ ਹੋਈ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਰਾਜਨਾਇਕ ਰਿਸ਼ਤੇ ਵੀ ਬਣੇ ਹੋਏ ਹਨ, ਦੋਵਾਂ ਦੇਸ਼ਾਂ ਦੇ ਮੁੱਖ ਨੇਤਾਵਾਂ ਦਾ ਇਕ-ਦੂਜੇ ਦੇ ਇਥੇ ਆਉਣਾ-ਜਾਣਾ ਵੀ ਹੋ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਸਕੱਤਰ ਪੱਧਰ ਦੀਆਂ ਗੱਲਾਂਬਾਤਾਂ ਵੀ ਹੁੰਦੀਆਂ ਰਹਿੰਦੀਆਂ ਹਨ। ਪਿਛਲੇ 15 ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿਚ ਵੀ 24 ਗੁਣਾ ਵਾਧਾ ਹੋ ਗਿਆ ਹੈ। ਚੀਨ ਦੀਆਂ ਕਈ ਨਾਮੀ ਕੰਪਨੀਆਂ ਭਾਰਤ ਵਿਚ ਕਾਰੋਬਾਰ ਕਰ ਰਹੀਆਂ ਹਨ। ਭਾਰਤੀ ਕਾਰੋਬਾਰੀ ਵੀ ਚੀਨ ਪਹੁੰਚ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਚੀਨ ਦੇ ਵਿਸਾਤਰਵਾਦੀ ਇਰਾਦਿਆਂ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਕਦੀ ਉਸ ਦੀ ਸੈਨਾ ਸਾਡੇ ਇਥੇ ਲੱਦਾਖ ਵਿਚ ਆ ਵੜਦੀ ਹੈ ਤੇ ਕਦੀ ਅਰੁਣਾਚਲ ਵਿਚ। ਆਪਣੇ ਨਕਸ਼ਿਆਂ ਵਿਚ ਵੀ ਉਹ ਜਦੋਂ-ਕਦੋਂ ਇਨ੍ਹਾਂ ਇਲਾਕਿਆਂ ਨੂੰ ਆਪਣਾ ਜ਼ਮੀਨੀ ਹਿੱਸਾ ਦੱਸ ਦਿੰਦਾ ਹੈ।
ਤਾਜ਼ਾ ਵਿਵਾਦ ਦੇ ਤਹਿਤ ਚੀਨ ਨੇ ਜਿਸ ਤਰ੍ਹਾਂ ਕੈਲਾਸ਼ ਮਾਨ ਸਰੋਵਰ ਦੀ ਯਾਤਰਾ 'ਤੇ ਜਾ ਰਹੇ ਭਾਰਤੀ ਯਾਤਰੀਆਂ ਨੂੰ ਰੋਕਿਆ ਅਤੇ ਭਾਰਤੀ ਫੌਜੀਆਂ 'ਤੇ ਸਿੱਕਮ ਨਾਲ ਲੱਗੀ ਆਪਣੀ ਸਰਹੱਦ ਵਿਚ ਘੁਸਪੈਠ ਕਰਨ ਦਾ ਦੋਸ਼ ਲਗਾਇਆ, ਉਸ ਤੋਂ ਲਗਦਾ ਹੈ ਕਿ ਉਹ ਭਾਰਤ ਦੀ ਵਧਦੀ ਕੂਟਨੀਤਕ ਸਰਗਰਮੀ ਤੋਂ ਡਰ ਗਿਆ ਹੈ। ਚੀਨੀ ਮੀਡੀਆ ਨੇ ਤਾਂ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਦੀ ਭਵਿੱਖਬਾਣੀ ਤੱਕ ਕਰ ਦਿੱਤੀ ਹੈ। ਚੀਨੀ ਮੀਡੀਆ ਵਿਚ ਭਾਰਤ ਨੂੰ ਅਮਰੀਕਾ ਦੇ ਇਸ਼ਾਰਿਆਂ 'ਤੇ ਕੰਮ ਕਰਨ ਵਾਲਾ ਇਕ ਮਾਨਸਿਕ ਗੁਲਾਮ ਦੇਸ਼ ਦੱਸਿਆ ਜਾ ਰਿਹਾ ਹੈ। ਚੀਨ ਦੇ ਮੀਡੀਆ 'ਤੇ ਚੀਨੀ ਸਰਕਾਰ ਦਾ ਕੰਟਰੋਲ ਹੈ ਅਤੇ ਉਸ ਵਿਚ ਉਹੀ ਛਾਪਿਆ ਅਤੇ ਦਿਖਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ। ਲਿਹਾਜ਼ਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨੀ ਹੁਕਮਰਾਨ ਭਾਰਤ ਬਾਰੇ ਕੀ ਸੋਚ ਰਹੇ ਹਨ। ਭਾਰਤ ਸਥਿਤ ਚੀਨੀ ਰਾਜਦੂਤ ਨੇ ਵੀ ਭੜਕਾਊ ਬਿਆਨ ਦਿੱਤਾ ਹੈ। ਚੀਨੀ ਰਾਜਦੂਤ ਨੇ ਕਿਹਾ ਹੈ ਕਿ ਗੇਂਦ ਭਾਰਤ ਦੇ ਪਲੜੇ ਵਿਚ ਹੈ ਅਤੇ ਭਾਰਤ ਨੂੰ ਇਹ ਤੈਅ ਕਰਨਾ ਹੈ ਕਿ ਕਿਨ੍ਹਾਂ ਬਦਲਾਂ ਨੂੰ ਅਪਣਾ ਕੇ ਤਣਾਅ ਖ਼ਤਮ ਕੀਤਾ ਜਾ ਸਕਦਾ ਹੈ। ਇਸ ਬਿਆਨ ਅਨੁਸਾਰ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਚੀਨ ਦੀ ਪਹਿਲੀ ਸ਼ਰਤ ਹੈ।
ਭਾਰਤ-ਚੀਨ ਵਿਚਾਲੇ ਤਾਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਚੀਨੀ ਫੌਜੀਆਂ ਨੇ ਭੂਟਾਨ ਦੇ ਕਬਜ਼ੇ ਵਾਲੇ ਖੇਤਰ ਵਿਚ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ। ਭੂਟਾਨ ਨਾਲ ਰੱਖਿਆ ਸਬੰਧੀ ਸੰਧੀ ਦੇ ਕਾਰਨ ਭਾਰਤ ਦੇ ਫੌਜੀਆਂ ਨੇ ਸੁਭਾਵਿਕ ਤੌਰ 'ਤੇ ਬਚਾਅ ਕੀਤਾ, ਜੋ ਚੀਨ ਨੂੰ ਰਾਸ ਨਹੀਂ ਆਇਆ। ਉਸ ਨੇ ਲੱਦਾਖ ਸੈਕਟਰ ਨਾਲ ਲਗਦੀ ਸਰਹੱਦ 'ਤੇ ਭਾਰੀ ਗਿਣਤੀ ਵਿਚ ਆਪਣੇ ਫੌਜੀ ਤਾਇਨਾਤ ਕਰ ਦਿੱਤੇ ਹਨ ਅਤੇ ਲੰਬੇ ਸਮੇਂ ਬਾਅਦ ਹਵਾਈ ਪੱਟੀਆਂ ਵੀ ਖੋਲ੍ਹ ਦਿੱਤੀਆਂ ਹਨ। 55 ਸਾਲ ਬਾਅਦ ਸਰਹੱਦ 'ਤੇ ਟੈਂਕਾਂ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਣ ਪਿੱਛੇ ਉਂਝ ਤਾਂ ਕਈ ਕਾਰਨ ਹਨ ਪਰ ਤਾਜ਼ਾ ਕਾਰਨ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨਾਲ ਭਾਰਤ ਦੀ ਵਧਦੀ ਨੇੜਤਾ ਹੈ। ਦੁਸ਼ਮਣੀ ਵਧਾਉਣ ਦੀ ਸ਼ੁਰੂਆਤ ਪਿਛਲੇ ਦਿਨੀਂ ਅਪ੍ਰੈਲ ਵਿਚ ਦਲਾਈਲਾਮਾ ਦੇ ਅਰੁਣਾਚਲ ਦੌਰੇ ਸਮੇਂ ਹੋਈ, ਜਦੋਂ ਚੀਨ ਸਰਕਾਰ ਦੇ ਮੁੱਖ ਅਖਬਾਰ 'ਡੇਲੀ' ਨੇ ਟਿੱਪਣੀ ਕੀਤੀ ਕਿ ਲਗਦਾ ਹੈ ਭਾਰਤ 1962 ਨੂੰ ਭੁੱਲ ਗਿਆ ਹੈ। ਹਾਲ ਹੀ ਵਿਚ ਉਸ ਨੇ ਇਹ ਗੱਲ ਇਕ ਵਾਰ ਫਿਰ ਦੁਹਰਾਈ। ਇਸ ਦੇ ਜਵਾਬ ਵਿਚ ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਸਖ਼ਤ ਟਿੱਪਣੀ ਕੀਤੀ ਕਿ ਚੀਨ ਨੂੰ ਸਿਰਫ਼ 1962 ਯਾਦ ਰਹਿੰਦਾ ਹੈ, ਪਰ ਉਸ ਨੂੰ 1967 ਵੀ ਯਾਦ ਰੱਖਣਾ ਚਾਹੀਦਾ ਹੈ, ਜਦੋਂ ਭਾਰਤੀ ਫੌਜ ਨੇ ਚੀਨੀ ਫੌਜੀਆਂ ਨੂੰ ਭਜਾ ਦਿੱਤਾ ਸੀ। ਜੇਤਲੀ ਨੇ ਇਹ ਵੀ ਕਿਹਾ ਸੀ ਕਿ 1962 ਅਤੇ ਅੱਜ ਦੇ ਭਾਰਤ ਵਿਚ ਬਹੁਤ ਫਰਕ ਹੈ।
ਚੀਨ ਨਾਲ ਇਸ ਟਕਰਾਓ ਦੇ ਕੁਝ ਕਾਰਨ ਕੂਟਨੀਤੀ ਵੀ ਹੈ। ਦਰਅਸਲ ਚੀਨ ਆਪਣੇ ਆਪ ਨੂੰ ਵਿਸ਼ਵ ਦੀ ਇਕ ਵੱਡੀ ਤਾਕਤ ਦੇ ਰੂਪ ਵਿਚ ਸਥਾਪਿਤ ਕਰਨ ਦੀ ਕਵਾਇਦ ਵਿਚ ਲੱਗਿਆ ਹੋਇਆ ਹੈ। ਆਪਣੇ ਗਵਾਂਢ ਵਿਚ ਇਸ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਉਸ ਨੂੰ ਭਾਰਤ ਹੀ ਨਜ਼ਰ ਆਉਂਦਾ ਹੈ। ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੇ ਹਿੱਤਾਂ ਦੇ ਹਿਸਾਬ ਨਾਲ ਦੂਜੇ ਦੇਸ਼ਾਂ ਨਾਲ ਵਪਾਰਕ ਅਤੇ ਸਮਾਜਿਕ ਸਬੰਧ ਸਥਾਪਿਤ ਕੀਤੇ ਹਨ। ਚੀਨ ਇਸ ਨੂੰ ਆਪਣੇ ਲਈ ਚੁਣੌਤੀ ਮੰਨਦਾ ਹੈ। ਉਸ ਨੂੰ ਡਰ ਹੈ ਕਿ ਭਾਰਤ ਜ਼ਰੀਏ ਪੱਛਮੀ ਦੇਸ਼ ਉਸ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਸ ਨੇ ਸਾਡੇ ਕੌਮੀ ਹਿੱਤਾਂ ਦੇ ਖਿਲਾਫ਼ ਕਈ ਕਦਮ ਚੁੱਕੇ ਹਨ। ਪ੍ਰਮਾਣੂ ਸਪਲਾਈ ਕਰਨ ਵਾਲੇ ਸਮੂਹ ਐਨ. ਐਸ. ਜੀ. ਦੀ ਮੈਂਬਰੀ ਦੇ ਮਾਮਲੇ ਵਿਚ ਉਹ ਭਾਰਤ ਦੀ ਰਾਹ ਵਿਚ ਰੋੜਾ ਅਟਕਾ ਰਿਹਾ ਹੈ। ਪਾਕਿਸਤਾਨ ਸਥਿਤ ਅੱਤਵਾਦੀ ਗੁੱਟਾਂ ਦੇ ਸਰਗਨਿਆਂ ਨੂੰ ਸੰਸਾਰਕ ਅੱਤਵਾਦੀ ਐਲਾਨਣ ਦੀਆਂ ਭਾਰਤੀ ਕੋਸ਼ਿਸ਼ਾਂ ਨੂੰ ਵੀ ਉਸ ਨੇ ਕਈ ਵਾਰ ਸੰਯੁਕਤ ਰਾਸ਼ਟਰ ਵਿਚ ਵੀਟੋ ਦੀ ਵਰਤੋਂ ਕਰਕੇ ਨਾਕਾਮ ਕੀਤਾ ਹੈ। ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ ਨੂੰ ਲੈ ਕੇ ਵੀ ਭਾਰਤ ਨਾਲ ਚੀਨ ਦੇ ਰਿਸ਼ਤੇ ਸਹਿਜ ਨਹੀਂ ਹਨ।
ਇਹ ਸੱਚ ਹੈ ਕਿ ਭਾਰਤ ਹੁਣ 1962 ਵਾਲਾ ਭਾਰਤ ਨਹੀਂ ਹੈ ਪਰ ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਚੀਨ ਦੀ ਫੌਜੀ ਤਾਕਤ ਸਾਡੇ ਤੋਂ ਕਿਤੇ ਜ਼ਿਆਦਾ ਹੈ। ਉਸ ਨੇ ਸਾਡੀਆਂ ਸਰਹੱਦਾਂ ਤੱਕ ਸੜਕਾਂ ਦਾ ਜਾਲ ਵੀ ਵਿਛਾ ਦਿੱਤਾ ਹੈ। ਲਹਾਸਾ ਤੱਕ ਗੱਡੀ ਚਲਾ ਕੇ ਵੀ ਬੀਜਿੰਗ ਦੀ ਹਕੂਮਤ ਨੇ ਆਪਣੀ ਮਜ਼ਬੂਤੀ ਵਧਾਈ ਹੈ। ਹੁਣ ਉਸ ਦੀ ਥਲ ਸੈਨਾ ਦੀ ਆਵਾਜਾਈ ਸਾਡੇ ਮੁਕਾਬਲੇ ਕਿਤੇ ਜ਼ਿਆਦਾ ਸਰਗਰਮ ਹੈ। ਇਸ ਤਰ੍ਹਾਂ ਨਹੀਂ ਹੈ ਕਿ ਚੀਨ ਸਿਰਫ ਸਾਨੂੰ ਹੀ ਧਮਕਾ ਰਿਹਾ ਹੈ। ਗਵਾਂਢੀ ਜਾਪਾਨ ਅਤੇ ਵੀਅਤਨਾਮ ਨਾਲ ਵੀ ਉਸ ਦੀ ਤੂ-ਤੂ, ਮੈਂ-ਮੈਂ ਹੁੰਦੀ ਰਹਿੰਦੀ ਹੈ। ਹਿੰਦ ਮਹਾਸਾਗਰ ਵਿਚ ਉਹ ਆਪਣਾ ਦਖ਼ਲ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੱਖਣੀ ਚੀਨ ਸਾਗਰ ਵਿਚ ਉਸ ਨੂੰ ਚੁਣੌਤੀ ਮਿਲ ਰਹੀ ਹੈ। ਕਈ ਮੋਰਚਿਆਂ 'ਤੇ ਫਸਿਆ ਚੀਨ ਇਸ ਤਰ੍ਹਾਂ ਭਾਰਤ ਨਾਲ ਯੁੱਧ ਕਰੇਗਾ, ਇਸ ਤਰ੍ਹਾਂ ਨਹੀਂ ਜਾਪਦਾ। ਜੋ ਵੀ ਹੈ, ਪਰ ਇਹ ਤੱਥ ਨਹੀਂ ਭੁੱਲਿਆ ਜਾ ਸਕਦਾ ਕਿ ਚੀਨ ਹਮਲਾਕਾਰੀ ਹੈ। ਭਾਰਤੀ ਭੂਮੀ 'ਤੇ ਉਸ ਦੀਆਂ ਤਾਜ਼ਾ ਸਰਗਰਮੀਆਂ ਅਤੇ ਯੁੱਧ ਦੀ ਧਮਕੀ ਇਕ ਵਾਰ ਫਿਰ ਸਾਬਤ ਕਰ ਰਹੀ ਹੈ ਕਿ ਫ਼ੌਜੀ ਨਜ਼ਰੀਏ ਦੇ ਲਿਹਾਜ਼ ਨਾਲ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਚੀਨ ਹੀ ਹੈ। ਉਸ ਦੀ ਧਮਕੀ ਨਾਲ ਦੇਸ਼ ਵਿਚ ਬੇਚੈਨੀ ਦਾ ਮਾਹੌਲ ਹੈ। ਸੰਸਾਰਕ ਦੋਸਤਾਨਿਆਂ ਵਿਚ ਰੁੱਝੇ ਨਵੀਂ ਦਿੱਲੀ ਦੇ ਸੱਤਾ ਦੇ ਨਾਇਕ ਵੀ ਯਕੀਨਨ ਇਸ ਤੱਥ ਤੋਂ ਜਾਣੂ ਹੋਣਗੇ ਕਿ ਦੇਸ਼ ਬੇਚੈਨੀ ਨਾਲ ਉਨ੍ਹਾਂ ਵੱਲ ਦੇਖ ਰਿਹਾ ਹੈ। (ਸੰਵਾਦ)


ਖ਼ਬਰ ਸ਼ੇਅਰ ਕਰੋ

ਚੀਨ ਦੇ ਖ਼ਤਰਨਾਕ ਇਰਾਦੇ!

ਜੁਲਾਈ 2013 ਵਿਚ ਚੀਨੀ ਖ਼ਬਰ ਏਜੰਸੀ ਜ਼ੋਂਗਕੋ ਸ਼ਿਨਵੇਨਸ਼ੇ ਦੀ ਵੈੱਬਸਾਈਟ 'ਤੇ ਇਕ ਲੇਖ ਪੋਸਟ ਕੀਤਾ ਗਿਆ ਸੀ, ਜਿਸ ਦਾ ਸਿਰਲੇਖ ਸੀ, 'ਚੀਨ ਨੂੰ ਆਉਣ ਵਾਲੇ 50 ਸਾਲਾਂ ਵਿਚ ਇਹ ਛੇ ਯੁੱਧ ਜ਼ਰੂਰ ਲੜਨੇ ਚਾਹੀਦੇ ਹਨ। ਪਹਿਲਾ ਯੁੱਧ (2020-2025 ਤੱਕ) ਤਾਈਵਾਨ ਨੂੰ ਆਪਣੇ 'ਚ ਮਿਲਾਉਣਾ, ਦੱਖਣੀ ਚੀਨ ਸਾਗਰ ਦੇ ਵੱਖ-ਵੱਖ ਦੀਪਾਂ (2025-2030 ਤਕ) ਨੂੰ ਪ੍ਰਾਪਤ ਕਰਨਾ, ਦੱਖਣੀ ਤਿੱਬਤ (2035-2040 ਤਕ) ਨੂੰ ਪ੍ਰਾਪਤ ਕਰਨਾ, ਡਾਇਆਓਤੀ ਅਤੇ ਰਿਉਕੀਅਸ (2045-2050 ਤਕ) ਨੂੰ ਹਾਸਲ ਕਰਨ ਲਈ, ਬਾਹਰੀ ਮੰਗੋਲੀਆ (2045-2050) ਨੂੰ ਹਾਸਲ ਕਰਨ ਲਈ ਅਤੇ ਰੂਸ ਵੱਲੋਂ ਕਬਜ਼ੇ ਵਿਚ ਲਈ ਜ਼ਮੀਨ (2055-2060 ਤੱਕ) ਨੂੰ ਹਾਸਲ ਕਰਨ ਲਈ। ਚੀਨ ਦਾ ਇਤਿਹਾਸ ਪੜ੍ਹਨ ਵਾਲੇ ਵਿਦਿਆਰਥੀ ਭਲੀਭਾਂਤ ਜਾਣਦੇ ਹਨ ਕਿ ਚੀਨੀ ਸ਼ਾਸਕ ਚਾਹੇ ਪ੍ਰਾਚੀਨ ਜਾਂ ਆਧੁਨਿਕ, ਵੰਸ਼ਵਾਦੀ ਜਾਂ ਰਾਸ਼ਟਰਵਾਦੀ ਜਾਂ ਕਮਿਊਨਿਸਟ ਹੋਣ, ਹਮੇਸ਼ਾ ਸਾਮਰਾਜੀ ਮਾਨਸਿਕਤਾ ਦੇ ਸ਼ਿਕਾਰ ਰਹੇ ਹਨ। ਉਨ੍ਹਾਂ ਦੀ ਮਾਨਸਿਕਤਾ ਵਿਚ ਇਹ ਗੱਲਾਂ ਹਮੇਸ਼ਾ ਝਲਕਦੀਆਂ ਰਹੀਆਂ ਹਨ, ਜਿਵੇਂ ਕਿ ਚੀਨ ਦੇ ਵਸਨੀਕ ਸਭ ਨਾਲੋਂ ਉੱਤਮ ਕਿਸਮ ਦੇ ਲੋਕ ਹਨ, ਦੂਜਾ ਚੀਨ ਸੱਭਿਅਤਾ ਦਾ ਕੇਂਦਰ ਹੈ ਅਤੇ ਤੀਜੀ ਚੀਨ ਦੇ ਲੋਕਾਂ ਨੂੰ ਵਿਰਾਸਤ ਵਿਚ ਦੁਨੀਆ 'ਤੇ ਰਾਜ ਕਰਨ ਅਧਿਕਾਰ ਮਿਲਿਆ ਹੋਇਆ ਹੈ। ਇਹ ਮਾਨਸਿਕਤਾ ਲੋਕਤੰਤਰ ਦੀ ਧਾਰਨਾ ਦੇ ਖਿਲਾਫ਼ ਹੈ। ਇਹ ਹੋ ਸਕਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਨਾਲ ਮਿਲਣੀ ਅਤੇ ਉਨ੍ਹਾਂ ਦੀ ਇਜ਼ਰਾਈਲ ਯਾਤਰਾ ਤੋਂ ਚੀਨ ਬੌਖਲਾ ਗਿਆ ਹੈ। ਇਸੇ ਕਾਰਨ ਉਸ ਨੇ ਡੋਕਲਾਮ ਖੇਤਰ ਵਿਚ ਤਣਾਅ ਪੈਦਾ ਕੀਤਾ ਹੈ। ਚੀਨ ਭਾਰਤ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਘੱਟ ਕਰਨ ਅਤੇ ਭਾਰਤ ਦੀ ਫ਼ੌਜੀ ਤਾਕਤ ਦੇ ਵਾਧੇ ਨੂੰ ਰੋਕਣ ਲਈ ਅਜਿਹੀਆਂ ਚਾਲਾਂ ਚੱਲ ਰਿਹਾ ਹੈ ਤਾਂ ਜੋ ਭਾਰਤ ਚੀਨ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ਼ ਚੀਨ ਦੇ ਛੋਟੇ ਗਵਾਂਢੀ ਦੇਸ਼ਾਂ ਲਈ ਸ਼ਕਤੀ ਦਾ ਸਰੋਤ ਨਾ ਬਣ ਜਾਏ।

ਬਦਕਿਸਮਤ ਵੀ ਸਮਝਿਆ ਜਾਂਦਾ ਹੈ ਕੋਹਿਨੂਰ

ਬ੍ਰਿਟਿਸ਼ ਰਾਜ ਮੌਕੇ ਗੋਰਿਆਂ ਨੇ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਤੋਂ ਕੋਹੇਨੂਰ ਹੀਰੇ ਨੂੰ ਖੋਹਿਆ ਸੀ। ਇਸ ਹੀਰੇ ਨਾਲ ਕਈ ਇਤਿਹਾਸਕ ਖ਼ੂਨੀ ਘਟਨਾਵਾਂ ਜੁੜੀਆਂ ਹੋਈਆਂ ਹਨ। ਕਈ ਦੇਸ਼ਾਂ ਵੱਲੋਂ ਇਸ 'ਤੇ ਆਪਣਾ ਹੱਕ ਵੀ ਜਤਾਇਆ ਜਾ ਰਿਹਾ ਹੈ। ਇਸ ਹੀਰੇ ਬਾਰੇ ਪ੍ਰਚੱਲਤ ਕਥਾਵਾਂ ਅਨੁਸਾਰ ਇਸ ਨੂੰ ਭਿਆਨਕ ਅਤੇ ਮਾਰੂ ਹੀਰਾ ਵੀ ਮੰਨਿਆ ਜਾਂਦਾ ਹੈ। ਸ਼ਾਇਦ ਇਸੇ ਕਾਰਨ ਇਸ ਨੂੰ ਅੱਜ ਤੱਕ ਬਰਤਾਨੀਆ ਦੇ ਕਿਸੇ ਗੱਦੀ-ਨਸ਼ੀਨ ਸ਼ਾਸ਼ਕ ਨੇ ਇਸ ਨੂੰ ਧਾਰਨ ਨਹੀਂ ਕੀਤਾ। ਇਹ ਹੀਰਾ ਮੌਜੂਦਾ ਮਹਾਰਾਣੀ ਐਲਿਜ਼ਾਬੈੱਥ ਦੀ ਮਾਂ ਦੇ ਤਾਜ਼ ਵਿਚ ਜੜਿਆ ਹੋਇਆ ਹੈ। ਇਸ ਹੀਰੇ ਨੂੰ ਕੱਟ ਕੇ ਮੁੜ ਤਰਾਸ਼ਿਆ ਵੀ ਗਿਆ ਹੈ। ਜਦ ਕਿ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਹੀਰਾ ਸ਼ੁੱਧ ਉਸੇ ਹਾਲਤ ਵਿਚ ਸੀ, ਜਿਸ ਤਰ੍ਹਾਂ ਇਹ ਸਭ ਤੋਂ ਪਹਿਲਾਂ ਮਿਲਿਆ ਸੀ। ਵਿਲੀਅਮ ਡੈਲਰਿੰਪਲ ਅਤੇ ਅਨੀਤਾ ਅਨੰਦ ਦੀ ਨਵੀਂ ਕਿਤਾਬ 'ਕੋਹਿਨੂਰ: ਦਾ ਹਿਸਟਰੀ ਆਫ ਦਾ ਵਰਲਡਜ਼ ਮੋਸਟ ਇਨਫੇਮਸ ਡਾਇਮੰਡ' ਵਿਚ ਇਸ ਹੀਰੇ ਨਾਲ ਜੁੜੇ ਕਈ ਮੰਦਭਾਗੇ ਖ਼ੂਨੀ ਕਿੱਸਿਆਂ ਦਾ ਜ਼ਿਕਰ ਕੀਤਾ ਗਿਆ ਹੈ। 105 ਕੈਰਿਟ ਦੇ ਇਸ ਹੀਰੇ ਨੂੰ ਦੁਨੀਆ ਦਾ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹੀਰਾ ਮੰਨਿਆ ਜਾਂਦਾ ਹੈ, ਜੋ ਟਾਵਰ ਆਫ ਲੰਦਨ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਹੋਇਆ ਹੈ। ਇਸ ਟਾਵਰ ਵਿਚ ਦੁਨੀਆ ਦੇ ਕਈ ਹੋਰ ਕੀਮਤੀ ਹੀਰਿਆਂ ਤੋਂ ਇਲਾਵਾ ਪੁਰਾਤਨ ਸ਼ਾਹੀ ਖਜ਼ਾਨੇ ਦੀਆਂ ਵਸਤਾਂ ਵੀ ਪਈਆਂ ਹਨ। ਕੋਹਿਨੂਰ ਜੜੇ ਤਾਜ ਨੂੰ ਮੌਜੂਦਾ ਮਹਾਰਾਣੀ ਦੀ ਮਾਂ ਨੇ ਜਾਰਜ ਛੇਵੇਂ ਦੇ ਰਾਜ ਵਿਚ ਪਾਰਲੀਮੈਂਟ ਦੇ ਉਦਘਾਟਨ ਮੌਕੇ ਪਹਿਨਿਆ ਸੀ, ਜਿਸ ਨੂੰ 2002 ਵਿਚ ਉਸ ਦੇ ਅੰਤਿਮ ਸੰਸਕਾਰ ਮੌਕੇ ਉਸ ਦੀ ਅਰਥੀ 'ਤੇ ਵੀ ਰੱਖਿਆ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਸ਼ਾਹੀ ਰਵਾਇਤਾਂ ਅਨੁਸਾਰ ਹੁਣ ਇਹ ਤਾਜ ਸੰਭਾਵੀ ਮਲਿਕਾ ਕਾਮਿਲਾ ਪਾਰਕਰ ਵੱਲੋਂ ਚਾਰਲਸ ਦੇ ਮਹਾਰਾਜਾ ਬਣਨ ਸਮੇਂ ਸਮਾਗਮ ਵਿਚ ਪਹਿਨਿਆ ਜਾ ਸਕਦਾ ਹੈ। ਇਹ ਹੀਰਾ ਹਿਮਾਲਿਆ ਦੀ ਧਰਤੀ ਦੀ ਉਪਜ ਮੰਨਿਆ ਜਾਂਦਾ ਹੈ, ਪਰ ਇਸ ਦੇ ਅਸਲੀ ਸ੍ਰੋਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਇਸ ਨੂੰ ਪਹਿਲਾਂ ਪਹਿਲ ਤੁਰਕੀ ਫ਼ੌਜਾਂ ਵੱਲੋਂ ਲੁੱਟੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 500 ਪੂਰਵ ਈਸਵੀ ਤੱਕ ਏਸ਼ੀਆ ਵਿਚ ਹੀਰੇ ਜਵਾਹਰਾਤਾਂ ਦਾ ਕਾਫੀ ਫੈਸ਼ਨ ਸੀ, ਜਿਨ੍ਹਾਂ ਦੇ ਅਧਾਰ 'ਤੇ ਹੀ ਕਿਸੇ ਰਾਜੇ ਮਹਾਰਾਜੇ ਦਾ ਦਬਦਬਾ ਹੁੰਦਾ ਸੀ ਅਤੇ ਹੀਰਿਆਂ ਨਾਲ ਹੀ ਸੌਦੇਬਾਜ਼ੀ ਕੀਤੀ ਜਾਂਦੀ ਸੀ। ਨਵੀਂ ਕਿਤਾਬ ਅਨੁਸਾਰ ਕੋਹਿਨੂਰ ਦਾ ਸਭ ਤੋਂ ਪਹਿਲਾਂ ਜ਼ਿਕਰ 1547 ਵਿਚ ਮਿਲਦਾ ਹੈ, ਫਿਰ 1616 ਦਾ ਸੰਕੇਤ ਹੈ। ਸੰਨ 1656 ਵਿਚ ਕੋਹੇਨੂਰ ਨੂੰ ਸ਼ਾਹ ਜਹਾਨ ਨੇ ਹਾਸਲ ਕੀਤਾ, ਜਿਸ ਨੇ ਆਗਰਾ ਦੇ ਲਾਲ ਕਿਲ੍ਹੇ ਸਥਿਤ ਆਪਣੇ ਸਿੰਘਾਸਨ ਵਿਚ ਮੜ੍ਹਵਾਇਆ ਸੀ। ਬਾਅਦ ਵਿਚ ਸ਼ਾਹ ਜਹਾਨ ਨੂੰ ਉਸ ਦੇ ਪੁੱਤਰਾਂ ਨੇ ਬੰਦੀ ਬਣਾਇਆ, ਖੁਦ ਸ਼ਾਸਕ ਬਣ ਗਏ। ਉਨ੍ਹਾਂ ਕਈਆਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ। 1739 ਵਿਚ ਫਾਰਸੀਆਂ ਨੇ ਦਿੱਲੀ 'ਤੇ ਕਬਜ਼ਾ ਕੀਤਾ ਅਤੇ ਖ਼ੂਨ ਦੀਆਂ ਨਦੀਆਂ ਵਹਾਈਆਂ। ਨਾਦਰਸ਼ਾਹ, ਜਿਸ ਨੇ ਤਹਿਰਾਨ ਵਿਚ ਆਪਣਾ ਮੁਗਲ ਸ਼ਾਸਕ ਸਥਾਪਿਤ ਕਰਕੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਕੋਹਿਨੂਰ ਹਾਸਲ ਕੀਤਾ ਸੀ। ਆਖਰੀ ਸਮੇਂ ਨਾਦਰ ਸ਼ਾਹ ਨੂੰ ਵੀ ਬਹੁਤ ਤਸੀਹੇ ਦਿੱਤੇ ਜਾਣ ਦਾ ਇਤਿਹਾਸ ਹੈ ਉਸ ਦੇ ਪੁੱਤਰ ਦੀਆਂ ਅੱਖਾਂ ਕੱਢ ਕੇ ਵੀ ਉਸ ਨੂੰ ਪਰੋਸੀਆਂ ਗਈਆਂ ਸਨ। ਉਸ ਤੋਂ ਅੱਗੇ ਕੋਹਿਨੂਰ ਕੰਧਾਰ ਪਹੁੰਚਦਾ ਹੈ। ਇਤਿਹਾਸ ਅਨੁਸਾਰ ਇਹ ਹੀਰਾ ਅਹਿਮਦ ਸ਼ਾਹ ਕੋਲ ਗਿਆ, ਜਿਸ ਦੇ ਚਿਹਰੇ 'ਤੇ ਖ਼ਤਰਨਾਕ ਫੋੜੇ ਹੋਏ, ਜਿਨ੍ਹਾਂ ਕਰਕੇ ਉਸ ਦਾ ਦਿਮਾਗ ਵੀ ਨਸ਼ਟ ਹੋ ਗਿਆ ਸੀ। ਸਾਲ 1772 ਤੱਕ ਉਸ ਦੇ ਸਿਰ, ਮੂੰਹ ਵਿਚ ਕੀੜੇ ਪੈ ਗਏ ਦੱਸੇ ਜਾਂਦੇ ਹਨ। ਇਹ ਹੀਰਾ ਕਾਬਲ ਪਹੁੰਚਿਆ, ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਹਾਸਲ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 'ਤੇ ਸਤੀ ਦੀ ਭਾਰੀ ਰਸਮ ਦਾ ਜ਼ਿਕਰ ਕੀਤਾ ਗਿਆ ਹੈ। ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਤਿੰਨੇ ਰਾਜੇ ਕਤਲ ਕਰ ਦਿੱਤੇ ਗਏ। 10 ਸਾਲ ਬਾਅਦ ਪੰਜਾਬ 'ਤੇ ਬਰਤਾਨਵੀ ਰਾਜ ਹੋਣ ਤੋਂ ਬਾਅਦ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ ਸੀ। ਕੋਹਿਨੂਰ ਨੂੰ ਬਰਤਾਨੀਆ ਲਿਆਉਂਦੇ ਸਮੇਂ ਸਮੁੰਦਰੀ ਜਹਾਜ਼ ਵਿਚ ਪਲੇਗ ਫੈਲ ਗਈ ਸੀ, ਜਹਾਜ਼ ਡੁਬਣ ਤੋਂ ਮਸਾਂ ਹੀ ਬਚਿਆ ਸੀ। ਇੰਗਲੈਂਡ ਆਉਣ 'ਤੇ ਕੋਹਿਨੂਰ ਨੂੰ ਜਦੋਂ ਮੁੜ ਤਰਾਸ਼ਿਆ ਗਿਆ ਤਾਂ ਇਸ ਦਾ 42 ਫੀਸਦੀ ਭਾਰ ਘਟ ਗਿਆ ਸੀ। ਕਿਹਾ ਜਾਂਦਾ ਹੈ ਕਿ ਕੋਹਿਨੂਰ ਨਾਲ ਜੁੜੀਆਂ ਖ਼ੂਨੀ ਅਤੇ ਬਦਕਿਸਮਤੀ ਦੀਆਂ ਘਟਨਾਵਾਂ ਕਰਕੇ ਹੀ ਸ਼ਾਇਦ ਇਸ ਨੂੰ ਤਰਾਸ਼ਿਆ ਗਿਆ ਅਤੇ ਇਸ ਨੂੰ ਕਦੇ ਵੀ ਬਰਤਾਨੀਆ ਦੇ ਮਹਾਰਾਜੇ ਜਾਂ ਮਹਾਰਾਣੀ ਨੇ ਨਹੀਂ ਪਹਿਨਿਆ।
-0-

21ਵੀਂ ਸਦੀ ਦੇ ਖਲਨਾਇਕ ਹਨ ਹੈਕਰ!

ਅਸਲ ਵਿਚ ਅੱਜ ਹੈਕਰ ਹਰ ਉਸ ਚੀਜ਼ ਜਾਂ ਡਿਵਾਈਸ ਨੂੰ ਹੈਕ ਕਰ ਸਕਦੇ ਹਨ ਜਿਸ ਵਿਚ ਕੰਪਿਊਟਰ ਲੱਗਿਆ ਹੋਵੇ। ਕਿਉਂਕਿ ਆਧੁਨਿਕ ਕਾਰਾਂ ਪੂਰੀ ਤਰ੍ਹਾਂ ਨਾਲ ਕੰਪਿਊਟਰਾਈਜ਼ ਹਨ, ਇਸ ਲਈ ਇਹ ਜਲਦੀ ਹੀ ਹੈਕਰਾਂ ਦਾ ਆਮ ਨਿਸ਼ਾਨਾ ਬਣਨ ਜਾ ਰਹੀਆਂ ਹਨ। ਹੈਕਰ ਕਾਰਾਂ ਦੇ ਕੰਪਿਊਟਰ ਨੂੰ ਹੈਕ ਕਰਕੇ ਕੰਟਰੋਲ ਸਿਸਟਮ 'ਤੇ ਆਪਣਾ ਕੰਟਰੋਲ ਕਰ ਲੈਂਦੇ ਹਨ। ਇਸ ਤੋਂ ਬਾਅਦ ਕਾਰ ਦੀ ਡਰਾਈਵਿੰਗ ਸੀਟ 'ਤੇ ਭਾਵੇਂ ਕੋਈ ਵੀ ਬੈਠਾ ਹੋਵੇ, ਕਾਰ ਹੁਕਮ ਸਿਰਫ਼ ਹੈਕਰ ਦਾ ਹੀ ਮੰਨਦੀ ਹੈ। ਕਾਰ ਦਾ ਸਟੀਅਰਿੰਗ ਚਾਹੇ ਕਿੰਨੇ ਹੀ ਮਾਹਿਰ ਦੇ ਹੱਥ ਵਿਚ ਕਿਉਂ ਨਾ ਹੋਵੇ ਜੇ ਉਹ ਸਟੀਅਰਿੰਗ ਖੱਬੇ ਪਾਸੇ ਘੁਮਾਏਗਾ ਤਾਂ ਵੀ ਕਾਰ ਹੈਕਰ ਦਾ ਹੁਕਮ ਮੰਨੇਗੀ। ਜੇਕਰ ਹੈਕਰ ਸੱਜੇ ਪਾਸੇ ਜਾਣਾ ਚਾਹੁੰਦਾ ਹੈ ਤਾਂ ਕਾਰ ਸੱਜੇ ਪਾਸੇ ਹੀ ਜਾਏਗੀ, ਚਾਹੇ ਡਰਾਈਵਰ ਉਸ ਨੂੰ ਦੂਜੇ ਪਾਸੇ ਲਿਜਾਣ ਲਈ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੇ।
ਸਿਰਫ ਇਕ ਕਾਰ ਹੀ ਆਉਣ ਵਾਲੇ ਦਿਨਾਂ ਵਿਚ ਹੈਕਰਾਂ ਦੀ ਗੁਲਾਮ ਨਹੀਂ ਬਣੇਗੀ? ਸੱਚਾਈ ਤਾਂ ਇਹ ਹੈ ਕਿ ਕਾਰਾਂ ਤੋਂ ਪਹਿਲਾਂ ਹੈਕਰ ਹਵਾਈ ਜਹਾਜ਼ਾਂ ਨੂੰ ਆਪਣੇ ਇਸ਼ਾਰਿਆਂ ਦੇ ਗ਼ੁਲਾਮ ਬਣਾ ਚੁੱਕੇ ਹਨ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ ਕੋਈ ਹੈਕਰ ਜਾਂ ਹੈਕਰਾਂ ਦੀ ਟੀਮ ਨੇ ਜੇਕਰ ਬੁਰੀ ਕਿਸਮਤ ਨਾਲ ਕਿਸੇ ਹਵਾਈ ਜਹਾਜ਼ ਦੇ ਏਅਰ ਟ੍ਰਾਂਜਿਟ ਸਿਸਟਮ 'ਤੇ ਕਬਜ਼ਾ ਕਰ ਲਿਆ ਭਾਵ ਉਸ ਨੂੰ ਹੈਕ ਕਰ ਲਿਆ ਤਾਂ ਸਮਝੋ ਉਸ ਵਿਚ ਬੈਠੇ ਯਾਤਰੀ ਅਸਮਾਨ ਵਿਚ ਬਸ ਕਿਆਮਤ ਦਾ ਇੰਤਜ਼ਾਰ ਹੀ ਕਰ ਸਕਦੇ ਹਨ। ਹਵਾਈ ਜਹਾਜ਼ ਦਾ ਪਾਇਲਟ ਅਤੇ ਗ੍ਰਾਊਂਡ ਕੰਟਰੋਲ ਟੀਮ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ। ਕੁਝ ਦਿਨ ਪਹਿਲਾਂ ਪੋਲੈਂਡ ਵਿਚ ਇਸ ਤਰ੍ਹਾਂ ਹੁੰਦੇ-ਹੁੰਦੇ ਬਚਿਆ ਹੈ। ਅਸਲ ਵਿਚ ਪੋਲਿਸ਼ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਇਕ ਹੈਕਰ ਨੇ ਹੈਕ ਕਰ ਲਿਆ ਸੀ। ਇਸ ਜਹਾਜ਼ ਵਿਚ 1400 ਯਾਤਰੀ ਸਵਾਰ ਸਨ। ਇਹ ਤਾਂ ਸਮਝੋ ਸਵਾਰੀਆਂ ਦੀ ਕਿਸਮਤ ਚੰਗੀ ਸੀ ਕਿ ਜਹਾਜ਼ ਵਿਚ ਇਕ ਤੇਜ਼ ਦਿਮਾਗ ਪਾਇਲਟ ਬੈਠਾ ਸੀ, ਜਿਸ ਨੇ ਖ਼ਤਰੇ ਨੂੰ ਭਾਂਪਦੇ ਹੋਏ ਜਹਾਜ਼ ਨੂੰ ਚੋਪਿਨ ਏਅਰਪੋਰਟ 'ਤੇ ਐਮਰਜੈਂਸੀ ਰੂਪ 'ਚ ਉਤਾਰ ਲਿਆ। ਜੇਕਰ ਉਹ ਤੁਰੰਤ ਫੈਸਲਾ ਨਾ ਲੈਂਦਾ ਤਾਂ ਹਜ਼ਾਰਾਂ ਘਰਾਂ ਵਿਚ ਇਕੋ ਸਮੇਂ ਮਾਤਮ ਛਾ ਜਾਣਾ ਸੀ।
ਆਈਨਸਟਾਈਨ ਨੇ ਚੌਥੇ ਸੰਸਾਰ ਜੰਗ ਦੀ ਕਲਪਨਾ ਬਿਨਾਂ ਹਥਿਆਰਾਂ ਦੇ ਕੀਤੀ ਸੀ। ਹੈਕਰ ਕਿਤੇ ਉਸ ਮਹਾਂਯੁੱਧ ਦੇ ਖੌਫ਼ਨਾਕ ਸਿਪਾਹੀ ਤਾਂ ਨਹੀਂ ਹਨ? ਅਸਲ ਵਿਚ ਦੁਨੀਆ ਨੇ ਵੱਖ-ਵੱਖ ਦੌਰ ਵਿਚ ਵੱਖ-ਵੱਖ ਕਿਸਮ ਦੇ ਖਲਨਾਇਕ ਦੇਖੇ ਹਨ। ਹੈਕਰ ਵੀ ਅਸਲ ਵਿਚ 21ਵੀਂ ਸਦੀ ਦੇ ਖਲਨਾਇਕ ਹੀ ਹਨ। ਭਵਿੱਖ ਵਿਚ ਜਦੋਂ ਵੀ ਹਥਿਆਰਾਂ ਤੋਂ ਬਿਨਾਂ ਜੰਗ ਹੋਵੇਗੀ ਤਾਂ ਇਸ ਯੁੱਧ ਵਿਚ ਦੋਵੇਂ ਪਾਸਿਆਂ ਤੋਂ ਸਭ ਤੋਂ ਅਗਲੇ ਮੋਰਚੇ ਉੱਤੇ ਇਹ ਹੈਕਰਜ਼ ਹੀ ਹੋਣਗੇ। ਭਾਵੇਂ ਇਹ ਯੁੱਧ ਜਲਦੀ ਹੋਵੇ ਜਾਂ ਕੁਝ ਅਰਸੇ ਬਾਅਦ ਪਰ ਜਦੋਂ ਵੀ ਹੋਵੇਗਾ, ਉਦੋਂ ਪੱਖ ਅਤੇ ਵਿਰੋਧ ਵਿਚ ਇਹੀ ਹੈਕਰਜ਼ ਆਹਮਣੇ-ਸਾਹਮਣੇ ਹੋਣਗੇ। ਅਸਲ ਵਿਚ ਅਗਲੇ ਵਿਸ਼ਵ ਯੁੱਧ ਦਾ ਇਕ ਵੱਡਾ ਕਾਰਨ ਕੰਪਿਊਟਰ ਜਾਂ ਡਿਜੀਟਲ ਡਾਟਾ 'ਤੇ ਕਬਜ਼ਾ ਕਰਨ ਦੀ ਇੱਛਾ ਹੀ ਹੋਵੇਗੀ, ਜੋ ਜੰਗ ਦਾ ਕਾਰਨ ਬਣੇਗੀ।
ਕਹਿੰਦੇ ਹਨ ਧਰਤੀ 'ਤੇ ਹੁਣ ਤੱਕ ਕਈ ਵਾਰ ਪਰਲੋ ਆ ਚੁੱਕੀ ਹੈ। ਹਮੇਸ਼ਾ ਇਸ ਪਰਲੋ ਵਿਚ ਸਭ ਤੋਂ ਵੱਡੀ ਭੂਮਿਕਾ ਕੁਦਰਤ ਦੀ ਹੁੰਦੀ ਰਹੀ ਹੈ ਪਰ ਅਗਲੀ ਪਰਲੋ ਕੁਦਰਤ ਦੀ ਨਹੀਂ ਬਲਕਿ ਇਨਸਾਨ ਦੀ ਵਜ੍ਹਾ ਕਰਕੇ ਹੋਵੇਗੀ। ਹੈਕਰ ਹੀ ਅਗਲੀ ਪਰਲੋ ਦੇ ਡਿਜਾਈਨਰ ਹੋਣਗੇ। ਹੈਕਰਾਂ ਤੋਂ ਅੱਜ ਸੱਚਮੁੱਚ ਦੁਨੀਆ ਨੂੰ ਇਨਸਾਨੀ ਇਤਿਹਾਸ ਦੀ ਸਭ ਤੋਂ ਖ਼ਤਰਨਾਕ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਕਰਾਂ ਤੋਂ ਅੱਜ ਦੁਨੀਆ ਨੂੰ ਸੱਚਮੁੱਚ ਨਿਰਣਾਇਕ ਖ਼ਤਰਾ ਪੈਦਾ ਹੋ ਚੁੱਕਿਆ ਹੈ। ਅੱਜ ਦੁਨੀਆ ਦਾ ਕੋਈ ਇਸ ਤਰ੍ਹਾਂ ਦਾ ਦੇਸ਼ ਨਹੀਂ ਹੈ ਜੋ ਇਨ੍ਹਾਂ ਦੇ ਡਰ ਤੋਂ ਕੰਬ ਨਾ ਰਿਹਾ ਹੋਵੇ। ਕੀ ਅਮਰੀਕਾ, ਕੀ ਚੀਨ? ਇਨ੍ਹਾਂ ਦੋਵਾਂ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਡਰ ਇਨ੍ਹਾਂ ਹੈਕਰਾਂ ਤੋਂ ਹੀ ਲੱਗ ਰਿਹਾ ਹੈ। ਅਮਰੀਕਾ ਇਸ ਡਰ ਤੋਂ ਬਚਣ ਲਈ ਫਿਲਹਾਲ 27,000 ਕਰੋੜ ਰੁਪਏ ਹਰ ਸਾਲ ਖਰਚ ਕਰ ਰਿਹਾ ਹੈ, ਜੋ ਨਿਸ਼ਚਿਤ ਰੂਪ ਨਾਲ ਆਉਣ ਵਾਲੇ ਸਾਲਾਂ ਵਿਚ ਵਧਦੇ ਜਾਣਗੇ।
ਇਨ੍ਹਾਂ ਹੈਕਰਾਂ ਤੋਂ ਸੁਰੱਖਿਅਤ ਰਹਿਣ ਲਈ ਚੀਨ ਵੀ 7000 ਕਰੋੜ ਤੋਂ ਜ਼ਿਆਦਾ ਰੁਪਏ ਸਾਲਾਨਾ ਖਰਚ ਕਰ ਰਿਹਾ ਹੈ। ਭਾਰਤ ਦਾ ਵੀ ਸਾਈਬਰ ਸੁਰੱਖਿਆ ਬਜਟ 1500 ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਅਗਲੇ ਦਸ ਸਾਲਾਂ ਵਿਚ ਇਸ ਵਿਚ 2000 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਣ ਵਾਲਾ ਹੈ। ਸਿੱਟਾ ਇਹ ਹੈ ਕਿ ਇਹ ਦੁਨੀਆ ਹੈਕਰਾਂ ਤੋਂ ਪਰੇਸ਼ਾਨ ਹੀ ਨਹੀਂ ਹੈ ਬਹੁਤ ਡਰੀ ਹੋਈ ਵੀ ਹੈ। ਇਹ ਡਰ ਸੁਭਾਵਿਕ ਵੀ ਹੈ। ਉਹ ਸਭ ਦੀਆਂ ਸਭ ਹੈਕਰਾਂ ਦੇ ਨਿਸ਼ਾਨੇ 'ਤੇ ਆ ਗਈਆਂ ਹਨ। ਕਿਉਂਕਿ ਅੱਜ ਦੁਨੀਆ ਕੋਲ ਜਿੰਨੀਆਂ ਵੀ ਤਾਕਤ ਵਾਲੀਆਂ ਤੇ ਸੰਵੇਦਨਸ਼ੀਲ ਪ੍ਰਾਪਤੀਆਂ ਹਨ, ਚਾਹੇ ਦੂਰਗਾਮੀ ਟਰਾਂਸਪੋਰਟ ਸਿਸਟਮ ਹੋਵੇ, ਚਾਹੇ ਪਰਮਾਣੂ ਹਥਿਆਰ ਹੋਣ, ਚਾਹੇ ਵੱਡੇ-ਵੱਡੇ ਬਿਜਲੀਘਰ ਹੋਣ, ਚਾਹੇ ਵਿਸ਼ਵ ਵਪਾਰ ਨੂੰ ਸੰਭਵ ਬਣਾਉਣ ਵਾਲੇ ਮਾਲਵਾਹਕ ਜਹਾਜ਼ ਹੋਣ, ਚਾਹੇ ਬੈਂਕਿੰਗ ਸਿਸਟਮ ਹੋਵੇ, ਚਾਹੇ ਤਾਕਤਵਰ ਫੌਜ ਹੋਵੇ, ਸਭ ਦੇ ਸਭ ਹੈਕਰਾਂ ਦੇ ਨਿਸ਼ਾਨੇ 'ਤੇ ਹਨ। ਜਿਸ ਤਰ੍ਹਾਂ ਹੈਕਰ ਵਿਚ-ਵਿਚਾਲੇ ਕਦੀ ਇਕ ਹੀ ਝਟਕੇ ਨਾਲ ਕਰੋੜਾਂ ਬੈਂਕ ਖਾਤਿਆਂ ਨੂੰ ਹੈਕ ਕਰ ਲੈਂਦੇ ਹਨ, ਕਦੀ ਕਰੋੜਾਂ ਮੋਬਾਈਲ ਫੋਨਾਂ ਨੂੰ ਖਿਡੌਣਾ ਬਣਾ ਦਿੰਦੇ ਹਨ, ਉਸ ਤੋਂ ਲਗਦਾ ਹੈ ਕਿ ਉਹ ਬੜੇ ਕਰੂਰ ਅਤੇ ਮਨਮੌਜੀ ਸ਼ਿਕਾਰੀ ਹਨ। ਕਿਸੇ ਦਿਨ ਇਹ ਦੁਨੀਆ ਦਾ ਹੀ ਸ਼ਿਕਾਰ ਨਾ ਕਰ ਬੈਠਣ?
-0-

ਹੈਕਰ ਦਾ ਮਤਲਬ...

ਲਾਸੇ ਲੁਜਾਨ ਦਾ ਨਾਂਅ ਤੁਸੀਂ ਸੁਣਿਆ ਹੈ? ਜੇਕਰ ਤੁਹਾਡੀ ਉਮਰ 25-30 ਸਾਲ ਵਿਚਾਲੇ ਦੀ ਹੈ, ਤਾਂ ਜ਼ਰੂਰ ਸੁਣਿਆ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਯਾਦ ਨਾ ਹੋਵੇ। ਚਲੋ ਮੈਂ ਹੀ ਦੱਸ ਦਿੰਦੀ ਹਾਂ। ਇਹ ਉਹੀ ਸ਼ਖ਼ਸ ਹੈ ਜਿਸ ਨੇ ਪਿਛਲੀ ਸਦੀ ਦੇ ਆਖਿਰੀ ਸਾਲਾਂ ਵਿਚ ਕੰਪਿਊਟਰ ਦੇ ਬੇਤਾਜ ਬਾਦਸ਼ਾਹ ਬਿਲ ਗੇਟਸ ਨੂੰ ਰੁਆ ਦਿੱਤਾ ਸੀ। ਦਰਅਸਲ ਇਸ ਸਾਹਿਬ ਨੇ 1990 ਦੇ ਦਹਾਕੇ ਵਿਚ ਬਿਲ ਗੇਟਸ ਅਤੇ ਉਨ੍ਹਾਂ ਦੀ ਕੰਪਨੀ ਮਾਈਕ੍ਰੋਸਾਫਟ ਦਾ ਬੈਂਕਿੰਗ ਪਾਸਵਰਡ ਪਤਾ ਲਗਾ ਲਿਆ ਸੀ ਅਤੇ ਮਾਈਕ੍ਰੋਸਾਫਟ ਦੇ ਅਕਾਊਂਟ ਨੂੰ ਕਈ ਘੰਟਿਆਂ ਤੱਕ ਜਾਮ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਪਤਾ ਲੱਗਿਆ ਕਿ ਅੱਲ੍ਹੜ ਉਮਰ ਦੇ ਲੁਜਾਨ ਨੇ ਇਹ ਸਭ ਖੇਡ-ਖੇਡ ਵਿਚ ਕਰ ਦਿੱਤਾ ਸੀ, ਜਿਸ ਕਾਰਨ ਉਸ ਨੇ ਨਾ ਤਾਂ ਬਿਲ ਨੂੰ ਅਤੇ ਨਾ ਹੀ ਉਨ੍ਹਾਂ ਦੀ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਸੀ। ਫਿਰ ਵੀ ਤਹਿਲਕਾ ਤਾਂ ਮਚਾ ਹੀ ਦਿੱਤਾ ਸੀ। ਪੂਰੀ ਦੁਨੀਆ ਦੇ ਮੀਡੀਆ ਵਿਚ ਉਸ ਬਾਰੇ ਲਿਖਿਆ ਗਿਆ ਸੀ ਕਿ ਕਿਸ ਤਰ੍ਹਾਂ ਇਕ ਮਿਡਲ ਸਕੂਲ ਦੇ ਅੱਲ੍ਹੜ ਉਮਰ ਦੇ ਮੁੰਡੇ ਨੇ ਕੰਪਿਊਟਰ ਕਿੰਗ ਦੇ ਸਾਰੇ ਸੁਰੱਖਿਆ ਦਾਅਵਿਆਂ ਨੂੰ ਹਾਸੋਹੀਣੇ ਬਣਾ ਦਿੱਤਾ ਸੀ।
ਹੁਣ ਦੂਜਾ ਕਿੱਸਾ ਇਸੇ ਮਹੀਨੇ ਦਾ ਸੁਣੋ। 12 ਜੁਲਾਈ 2017 ਨੂੰ ਪਹਿਲਾਂ ਵੈੱਬ ਮੀਡੀਆ ਵਿਚ ਅਤੇ ਫਿਰ ਇਸ ਦੇ ਤੁਰੰਤ ਬਾਅਦ ਟੀ.ਵੀ. ਮੀਡੀਆ ਵਿਚ ਇਹ ਖ਼ਬਰ ਫਲੈਸ਼ ਹੋਈ ਕਿ ਰਿਲਾਇੰਸ ਜੀਓ ਦੇ ਤਕਰੀਬਨ ਇਕ ਕਰੋੜ ਵਰਤੋਂਕਾਰਾਂ ਦਾ ਡਾਟਾ ਹੈੱਕ ਕਰ ਲਿਆ ਗਿਆ ਹੈ। ਨਾਲ ਹੀ ਇਹ ਖ਼ਬਰ ਵੀ ਆਈ ਕਿ ਮਹਾਰਾਸ਼ਟਰ ਪੁਲਿਸ ਨੇ ਹੈਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਸ਼ਖ਼ਸ ਨੇ ਜੀਓ ਦੇ ਕਰੋੜਾਂ ਗਾਹਕਾਂ ਦੇ ਡਾਟਾ ਨੂੰ ਕੰਪਨੀ ਦੀ ਬੇਹੱਦ ਸੁਰੱਖਿਅਤ ਦੱਸੀ ਜਾਣ ਵਾਲੀ ਸਾਈਟ ਤੋਂ ਹੈਕ ਕੀਤਾ ਸੀ, ਉਹ ਕਿਵੇਂ ਦਾ ਹੋਵੇਗਾ? ਜੀ, ਹਾਂ ਇਹ ਸ਼ਖ਼ਸ ਨਾ ਤਾਂ ਕੋਈ ਇੰਜੀਨੀਅਰ ਹੈ ਅਤੇ ਨਾ ਹੀ ਟੈਕਨੋਕ੍ਰੇਟ। ਇਹ ਬਸ ਇਕ ਖੁਰਾਫਾਤੀ ਦਿਮਾਗ਼ ਵਾਲਾ ਨੌਜਵਾਨ ਹੈ। ਮਹਾਰਾਸ਼ਟਰ ਪੁਲਿਸ ਦੀ ਕੰਪਿਊਟਰ ਦੀ ਮਾਹਿਰ ਟੀਮ ਨੇ ਰਾਜਸਥਾਨ ਦੀ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਰਾਜਸਥਾਨ ਦੇ ਸੁਜਾਨਗੜ੍ਹ ਜ਼ਿਲ੍ਹੇ ਨਾਲ ਜਿਸ ਨੌਜਵਾਨ ਇਮਰਾਨ ਮੁਹੰਮਦ ਛੀਂਪਾ ਨੂੰ ਗ੍ਰਿਫ਼ਤਾਰ ਕੀਤਾ, ਉਸ ਨੇ ਐਮ. ਸੀ. ਏ. ਦੇ ਕੋਰਸ ਵਿਚ ਦਾਖਲਾ ਜ਼ਰੂਰ ਲਿਆ ਸੀ ਪਰ ਇਕ ਸਮੈਸਟਰ ਵੀ ਪਾਸ ਨਹੀਂ ਕਰ ਸਕਿਆ ਸੀ।
ਇਹ ਦੋ ਕਹਾਣੀਆਂ ਸੁਣਾਉਣ ਦਾ ਮਤਲਬ ਸਿਰਫ ਏਨਾ ਹੈ ਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ ਕਿ ਹੈਕਰ ਕੋਈ ਵਾਧੂ ਦਿਮਾਗ ਵਾਲਾ ਬੰਦਾ ਨਹੀਂ ਹੁੰਦਾ ਅਤੇ ਨਾ ਹੀ ਇਹ ਜ਼ਰੂਰੀ ਹੈ ਕਿ ਉਹ ਬਹੁਤ ਪੜ੍ਹਿਆ ਲਿਖਿਆ ਹੀ ਹੋਵੇ। ਉਹ ਆਮ ਤਕਨੀਕ ਦੀ ਸਮਝ ਰੱਖਣ ਵਾਲਾ ਇਨਸਾਨ ਹੋ ਸਕਦਾ ਹੈ। ਬਸ ਦਿਮਾਗ਼ ਉਸ ਦਾ ਖੁਰਾਫਾਤੀ ਹੋਣਾ ਚਾਹੀਦਾ ਹੈ। ਇਹ ਗੱਲ ਮਹਿਜ ਹੈਕਰ ਦੇ ਮਾਮਲੇ ਵਿਚ ਹੀ ਲਾਗੂ ਨਹੀਂ ਹੁੰਦੀ। ਅਪਰਾਧਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੁਨੀਆ ਵਿਚ ਹਮੇਸ਼ਾ ਤੋਂ ਹੀ ਅਪਰਾਧੀ, ਅਪਰਾਧ ਰੋਕਣ ਵਾਲਿਆਂ ਦੇ ਮੁਕਾਬਲੇ ਮਾਮੂਲੀ ਹੀ ਹੁੰਦੇ ਰਹੇ ਹਨ। ਫਿਰ ਵੀ ਅਪਰਾਧੀ ਨਾ ਸਿਰਫ਼ ਰੋਕਣ ਵਾਲਿਆਂ 'ਤੇ ਭਾਰੀ ਪੈਂਦੇ ਹਨ ਬਲਕਿ ਉਨ੍ਹਾਂ ਦੇ ਨੱਕ ਵਿਚ ਦਮ ਕਰ ਦਿੰਦੇ ਹਨ। ਕਿਉਂਕਿ ਉਹ ਤਜਰਬਿਆਂ ਵਿਚ ਮਾਹਿਰ ਹੁੰਦੇ ਹਨ ਜਦੋਂ ਕਿ ਮਾਹਿਰ ਸਿਰਫ ਉਨ੍ਹਾਂ ਦੀਆਂ ਕਿਰਿਆਵਾਂ 'ਤੇ ਪ੍ਰਤੀਕਿਰਿਆ ਕਰਦੇ ਹਨ।
ਇਕ ਰੂਸੀ ਕੰਪਿਊਟਰ ਸੁਰੱਖਿਆ ਕੰਪਨੀ ਕਾਸਪਰਸਕਾਈ ਲੈਬ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਵਿਚ ਇਕ ਸੰਗਠਿਤ ਸਾਈਬਰ ਹਮਲਿਆਂ ਦੇ ਚਲਦਿਆਂ 30 ਦੇਸ਼ਾਂ ਦੇ ਲਗਪਗ 100 ਬੈਂਕਾਂ ਤੋਂ ਹੈਕਰਾਂ ਨੇ ਕਰੋੜਾਂ ਡਾਲਰ ਚੋਰੀ ਕਰ ਲਏ। ਇਨ੍ਹਾਂ ਵਿਚ ਜ਼ਿਆਦਾਤਰ ਸਾਰੇ ਹੈਕਰ ਸਕੂਲ ਛੱਡਣ ਵਾਲੇ ਜਾਂ ਗ਼ਰੀਬੀ ਦੀ ਮਾਰ ਤੋਂ ਬਣੇ ਚੋਰ ਸਨ ਜਿਨ੍ਹਾਂ ਨੇ ਘੱਟ ਤੋਂ ਘੱਟ 1 ਅਰਬ ਡਾਲਰ ਦਾ ਚੂਨਾ ਲਗਾਇਆ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਯੂਕਰੇਨ ਦੀ ਰਾਜਧਾਨੀ ਵਿਚ ਇਕ ਏ. ਟੀ. ਐਮ. ਮਸ਼ੀਨ ਵਿਚੋਂ ਅਚਾਨਕ ਆਪਣੇ ਆਪ ਪੈਸੇ ਨਿਕਲਣ ਲੱਗੇ। ਮਾਹਿਰਾਂ ਨੂੰ ਤੁਰੰਤ ਕੁਝ ਸਮਝ ਨਹੀਂ ਆਇਆ ਤੇ ਰੂਸੀ ਕੰਪਨੀ ਕਾਸਪਰਸਕਾਈ ਦੇ ਮਾਹਿਰਾਂ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਇਹ ਰਾਜ਼ ਖੋਲ੍ਹਿਆ। ਕੋਈ ਪੁੱਛੇ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਿਆ ਤਾਂ ਗੱਲ ਸਪੱਸ਼ਟ ਹੋਈ ਕਿ ਕਾਸਪਰਸਕਾਈ ਵਿਚ 50 ਫੀਸਦੀ ਇਸ ਤਰ੍ਹਾਂ ਦੇ ਹੀ ਮਾਹਿਰ ਹਨ।
ਕੁੱਲ ਮਿਲਾ ਕੇ ਕਹਿਣ ਦੀ ਗੱਲ ਇਹ ਹੈ ਕਿ ਸਾਈਬਰ ਦੁਨੀਆ ਦੇ ਖੌਫਨਾਕ ਹੈਕਰ ਜ਼ਰੂਰੀ ਨਹੀਂ ਕਿ ਬਹੁਤ ਜੀਨੀਅਸ ਦਿਮਾਗ਼ ਦੇ ਹੀ ਹੋਣ। ਹਾਂ ਇਹ ਨੁਕਸਾਨ ਕਰਨ 'ਚ ਬੜੇ ਜ਼ਬਰਦਸਤ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਪਾਕਿਸਤਾਨ ਵਰਗੇ ਗ਼ੈਰ ਤਕਨੀਕੀ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈਕਰ ਪੈਦਾ ਹੁੰਦੇ ਹਨ। ਕਾਸਪਰਸਕਾਈ ਜੋ ਕਿ ਕਾਰਪੋਰੇਟ ਜਗਤ ਦੀ ਆਈ. ਟੀ. ਸੁਰੱਖਿਆ ਹੱਲ ਲਈ ਅਤੇ ਐਂਟੀ ਵਾਇਰਸ ਮੁਹੱਈਆ ਕਰਾਉਂਦੀ ਹੈ, ਅਨੁਸਾਰ ਪੂਰੀ ਦੁਨੀਆ ਵਿਚ ਇਸ ਤਰ੍ਹਾਂ ਦੇ ਖ਼ਤਰਨਾਕ ਹੈਕਰਾਂ ਦੀ ਗਿਣਤੀ ਮੁਸ਼ਕਿਲ ਨਾਲ 100 ਦੇ ਕਰੀਬ ਹੈ ਜੋ ਪੂਰੇ ਸੰਸਾਰ ਦੇ ਸਾਈਬਰ ਅਪਰਾਧਾਂ ਲਈ ਤਕਨੀਕੀ ਡਵੈਲਪ ਅਤੇ ਡਿਕੋਡ ਕਰਦੇ ਹਨ। ਬਾਕੀ ਸਾਰੇ ਤਾਂ ਖੁਰਾਫਾਤ ਦੀ ਫੋਟੋਕਾਪੀ ਮਾਤਰ ਹੁੰਦੇ ਹਨ। ਹਾਂ ਇਕ ਗੱਲ ਜੋ ਇਨ੍ਹਾਂ ਨੂੰ ਬਹੁਤ ਖ਼ਤਰਨਾਕ ਬਣਾਉਂਦੀ ਹੈ, ਉਹ ਇਹ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਫੜਨਾ ਇਸ ਲਈ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀਆਂ ਦਾ ਕਿਸੇ ਦੇਸ਼ ਜਾਂ ਉਸ ਦੀ ਸਰਹੱਦ ਨਾਲ ਲੈਣਾ-ਦੇਣਾ ਨਹੀਂ ਹੁੰਦਾ। ਇਸ 'ਗਲੋਬਲ ਵਿਲੇਜ' ਵਾਲੇ ਦੌਰ ਵਿਚ ਵੀ ਇਹ ਸਾਰੇ ਅਪਰਾਧੀ ਇਸ ਲਈ ਫੜਨ ਅਤੇ ਸਜ਼ਾ ਭੁਗਤਣ ਤੋਂ ਬਚ ਜਾਂਦੇ ਹਨ ਕਿਉਂਕਿ ਇਹ ਸਭ ਅਪਰਾਧ ਵਾਲੀ ਥਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੁੰਦੇ ਹਨ। ਇਸ ਲਈ ਆਮ ਤਰੀਕਿਆਂ ਨਾਲ ਉਨ੍ਹਾਂ ਨੂੰ ਫੜਨਾ ਮੁਸ਼ਕਿਲ ਹੁੰਦਾ ਹੈ। ਸਾਈਬਰ ਅਪਰਾਧੀ ਲੁੱਟੇ ਮਾਲ ਨੂੰ ਆਨਲਾਈਨ ਫੋਰਮ ਵਿਚ ਵੇਚਦੇ ਹਨ। ਇਸ ਸਬੰਧ ਵਿਚ ਦੁਨੀਆ ਵਿਚ ਸਹਿਮਤੀ ਬਣ ਰਹੀ ਹੈ ਜਿਸ ਨਾਲ ਇਹ ਉਮੀਦ ਬਝ ਰਹੀ ਹੈ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਭਵਿੱਖ ਵਿਚ ਫੜਨਾ ਸੌਖਾ ਹੋ ਜਾਵੇਗਾ। ਪਰ ਇਸ ਤਰ੍ਹਾਂ ਜਦੋਂ ਹੋਵੇਗਾ ਉਦੋਂ ਹੀ ਹੋਵੇਗਾ, ਫਿਲਹਾਲ ਤਾਂ ਇਹ ਖ਼ੌਫਨਾਕ ਹੀ ਹੈ।

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-126

ਰਹਾ ਗ਼ਰਦਿਸ਼ੋਂ ਮੇਂ ਹਮਦਮ... ਸੰਗੀਤਕਾਰ ਰਵੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸੇ ਹੀ ਤਰ੍ਹਾਂ 'ਕਾਜਲ' ਦੀਆਂ ਗ਼ਜ਼ਲਾਂ ਨੇ ਹੀ ਇਸ ਨੂੰ ਸੁਪਰਹਿੱਟ ਬਣਾਇਆ ਸੀ। ਰਾਜ ਕੁਮਾਰ 'ਤੇ ਫ਼ਿਲਮਾਈਆਂ ਇਹ ਗ਼ਜ਼ਲਾਂ 'ਯੇ ਜ਼ੁਲਫ ਅਗਰ ਖੁਲ੍ਹ ਕੇ ਬਿਖਰ ਜਾਏ ਤੋ ਅੱਛਾ', 'ਛੂ ਲੇਨੇ ਦੋ ਨਾਜ਼ੁਕ ਹੋਠੋਂ ਕੋ' ਜਿਥੇ ਸਾਹਿਰ ਦੀ ਕਲਮ ਦਾ ਚਮਤਕਾਰ ਸਿੱਧ ਕਰਦੀਆਂ ਸਨ, ਉਥੇ ਰਵੀ ਦੀ ਸੰਗੀਤਕ ਸ਼ਿਲਪਕਾਰੀ ਦਾ ਵੀ ਮੁਜੱਸਮਾ ਸਨ।
ਦੂਜੇ ਪਾਸੇ 'ਕਾਜਲ' ਦਾ ਹੀ ਭਜਨ 'ਤੋਰਾ ਮਨ ਦਰਸ਼ਨ ਕਹਿਲਾਏ' ਇਨ੍ਹਾਂ ਗ਼ਜ਼ਲਾਂ ਦੇ ਬਰਾਬਰ ਰੱਖੋ ਤਾਂ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਕਿਹੜੀ ਰਚਨਾ ਵਧੇਰੇ ਸਦੀਵੀ ਹੈ।
ਇਸੇ ਹੀ ਤਰ੍ਹਾਂ ਫ਼ਿਲਮ 'ਫੂਲ ਔਰ ਪੱਥਰ' ਦਾ ਇਕ ਕੈਬਰੇ ਗੀਤ 'ਸ਼ੀਸ਼ੇ ਸੇ ਪੀ ਯਾ ਪੈਮਾਨੇ ਸੇ ਪੀ' ਜਿਥੇ ਪੱਛਮੀ ਸੰਗੀਤ ਦਾ ਅਨੋਖਾ ਨਮੂਨਾ ਹੈ, ਉਸੇ ਤਰ੍ਹਾਂ ਇਸ ਫ਼ਿਲਮ ਦਾ ਇਕ ਭਜਨ 'ਸੁਨ ਲੇ ਪੁਕਾਰ' ਕਲਾਸੀਕਲ ਸੰਗੀਤ ਦੀ ਅਦੁੱਤੀ ਮਿਸਾਲ ਕਾਇਮ ਕਰਦਾ ਹੈ। ਦਿਲਚਸਪ ਤੱਥ ਤਾਂ ਇਹ ਵੀ ਹੈ ਕਿ ਇਹ ਦੋਵੇਂ ਵਿਰੋਧਾਭਾਸੀ ਗੀਤ ਆਸ਼ਾ ਭੌਸਲੇ ਨੇ ਗਾਏ ਸਨ ਅਤੇ ਸ਼ਕੀਲ ਨੇ ਲਿਖੇ ਸਨ।
ਸ਼ਕੀਲ ਨਾਲ ਵੈਸੇ ਵੀ ਰਵੀ ਦੇ ਬੜੇ ਗੂੜ੍ਹੇ ਸਬੰਧ ਸਨ ਅਤੇ ਦੋਵੇਂ ਇਕ-ਦੂਜੇ ਦੀ ਬਹੁਤ ਹੀ ਸਹਾਇਤਾ ਕਰਦੇ ਹੁੰਦੇ ਸਨ। ਮਿਸਾਲ ਦੇ ਤੌਰ 'ਤੇ ਗੁਰੂ ਦੱਤ ਨੂੰ 'ਚੌਧਵੀਂ ਕਾ ਚਾਂਦ' ਲਈ ਇਕ ਦਿਨ ਵਿਚ ਹੀ ਇਸ ਦਾ ਟਾਈਟਲ ਗੀਤ ਚਾਹੀਦਾ ਸੀ ਕਿਉਂਕਿ ਵਿਤਰਕ ਇਹ ਸ਼ਰਤ ਰੱਖ ਰਹੇ ਸਨ। ਸ਼ਕੀਲ ਨੂੰ ਕਾਹਲ 'ਚ ਬੜੀ ਘਬਰਾਹਟ ਹੋ ਰਹੀ ਸੀ ਅਤੇ ਗੀਤ ਸ਼ੁਰੂ ਕਰਨ ਲਈ ਕੋਈ ਮੁਖੜਾ ਸੁੱਝ ਨਹੀਂ ਸੀ ਰਿਹਾ। ਅਜਿਹੇ ਸਮੇਂ ਰਵੀ ਨੇ ਹੀ ਉਸ ਨੂੰ 'ਚੌਧਵੀਂ ਕਾ ਚਾਂਦਾ ਹੋ ਯਾ ਆਫਤਾਬ ਹੋ' ਵਾਲਾ ਮੁਖੜਾ ਬਣਾ ਕੇ ਸੁਣਾਇਆ ਸੀ। ਬਾਕੀ ਦਾ ਕੰਮ ਸ਼ਕੀਲ ਨੇ ਦੋ ਘੰਟਿਆਂ 'ਚ ਹੀ ਕਰ ਦਿੱਤਾ ਸੀ।
ਰਵੀ ਦੇ ਸੰਗੀਤ ਦੀ ਭਿੰਨਤਾ ਦਾ ਪ੍ਰਮਾਣ ਇਥੋਂ ਵੀ ਮਿਲ ਸਕਦਾ ਹੈ ਕਿ ਬੱਚਿਆਂ ਲਈ ਉਸ ਨੇ ਬੜੇ ਸੁਰੀਲੇ ਗੀਤ ਤਿਆਰ ਕੀਤੇ ਸਨ। 'ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ' ਅਤੇ 'ਹੈਪੀ ਬਰਥ ਡੇ ਟੂ ਯੂ' ਵਰਗੇ ਬਾਲ ਗੀਤ ਉਸ ਦੀ ਵਿਆਪਕ ਸੋਚ ਨੂੰ ਸਿੱਧ ਕਰਦੇ ਹਨ।
ਇਸੇ ਹੀ ਤਰ੍ਹਾਂ ਵਿਆਹ-ਸ਼ਾਦੀਆਂ ਦੇ ਵੇਲੇ ਵੱਜਣ ਵਾਲੇ ਬਹੁਤ ਸਾਰੇ ਗੀਤ ਰਵੀ ਦੇ ਸੰਗੀਤ ਦਾ ਹੀ ਕ੍ਰਿਸ਼ਮਾ ਹਨ। 'ਆਜ ਮੇਰੇ ਯਾਰ ਕੀ ਸ਼ਾਦੀ ਹੈ', 'ਬਾਬੁਲ ਕੀ ਦੁਆਏਂ ਲੇਤੀ ਜਾ', 'ਡੋਲੀ ਚੜ੍ਹ ਕੇ ਦੁਲਹਨ ਸੁਸਰਾਲ ਚਲੀ' ਅਤੇ 'ਮੇਰਾ ਯਾਰ ਬਨਾ ਹੈ ਦੁਲਹਾ' ਵਰਗੇ ਸ਼ਾਦੀ-ਗੀਤ ਸਦਾ ਹੀ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ।
ਬਦਕਿਸਮਤੀ ਨਾਲ ਰਵੀ ਦੇ ਜੀਵਨ ਦੇ ਆਖਰੀ ਦਿਨ ਬੜੇ ਮਾਨਸਿਕ ਸੰਤਾਪ 'ਚ ਗੁਜ਼ਰੇ ਸਨ। ਉਸ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਸੀ, ਲੜਕੀਆਂ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਉਹ ਆਪਣੇ ਸਹੁਰੇ ਘਰ ਵਸ ਰਹੀਆਂ ਸਨ। ਪਰ ਉਸ ਦੇ ਇਕਲੌਤੇ ਲੜਕੇ (ਅਜੈ ਸ਼ਰਮਾ) ਅਤੇ ਨੂੰਹ (ਵਰਸ਼ਾ ਉਸਗਾਂਵਕਰ) ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਰਵੀ ਸਭ ਕੁਝ ਹੁੰਦਿਆਂ ਹੋਇਆਂ ਵੀ ਪ੍ਰਤੀਕਾਤਮਿਕ ਤੌਰ ਵਿਚ ਉਸੇ ਫੁਟਪਾਥ 'ਤੇ ਆ ਗਿਆ ਸੀ ਜਿਥੇ ਉਹ ਕਦੇ ਸੌਂਦਾ ਹੁੰਦਾ ਸੀ। ਇਸੇ ਕਸ਼ਮਕਸ਼ 'ਚ ਦਿਲ ਦਾ ਦੌਰਾ ਪੈਣ ਨਾਲ 7 ਮਾਰਚ, 2012 ਨੂੰ ਉਸ ਦੇ ਦਿਲ ਦੀ ਧੜਕਣ ਸਦਾ ਲਈ ਹੀ ਰੁਕ ਗਈ ਸੀ।
ਅਜਬ ਤੇਰੀ ਕਾਰਾਗਰੀ ਰੇ ਕਰਤਾਰ
ਸਮਝ ਨਾ ਆਏ ਮਾਇਆ ਤੇਰੀ,
ਬਦਲੇ ਰੰਗ ਹਜ਼ਾਰ... (ਦਸ ਲਾਖ)
ਧੰਨਵਾਦ

Ravi Shankar Sharma : Shama Bhagat
Playing Backward : Raju Bhartan
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਕੈਰੀਅਰ ਲਈ ਬੜੇ ਸਾਵਧਾਨ ਹੋ ਕੇ ਚਲਣਾ ਚਾਹੀਦੈ

ਹਰ ਵਾਰ ਅੰਤਰਰਾਸ਼ਟਰੀ ਨਸ਼ਾ-ਮੁਕਤ ਦਿਵਸ ਆਉਂਦਾ ਹੈ। ਪਰ ਸਾਡੀ ਨੌਜਵਾਨ ਪੀੜ੍ਹੀ ਦਿਨ-ਬ-ਦਿਨ ਨਸ਼ੇ ਵਿਚ ਡੁੱਬਦੀ ਜਾ ਰਹੀ ਹੈ। ਲੱਖਾਂ ਹੀ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਆ ਕੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ। ਉਨ੍ਹਾਂ ਦੀ ਹੋਸ਼ ਉਦੋਂ ਟਿਕਾਣੇ ਆਉਂਦੀ ਹੈ, ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ। ਵਕਤ ਹੈ ਇਸ ਦਿਨ 'ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਰਾਹ ਦਿਖਾਉਣ ਦਾ ਕਿ ਸਾਡਾ ਸਾਰਾ ਸਮਾਜ ਹੀ ਸਹੀ ਲਾਈਨ 'ਤੇ ਆ ਜਾਵੇ ਤੇ ਫਿਰ ਦੇਖੋ ਸਾਡੇ ਨੌਜਵਾਨਾਂ ਦਾ ਕੈਰੀਅਰ ਕਿਥੋਂ ਦਾ ਕਿਥੇ ਜਾ ਪਹੁੰਚਦਾ ਹੈ।
ਮੇਰਾ ਆਪਣਾ ਜਨਮ ਜੋ ਕਿ ਸਾਡੇ ਦੇਸ਼ ਦੀ ਆਜ਼ਾਦੀ ਤੋਂ ਸਵਾ ਸਾਲ ਬਾਅਦ 'ਚ ਹੋਇਆ। ਮੈਂ ਆਪਣੇ ਪਰਿਵਾਰ ਦੀ ਇਕ ਅਦਭੁੱਤ ਉਦਾਹਰਨ ਦਿੰਦਾ ਹਾਂ। ਮੇਰਾ ਜਨਮ ਤਿੰਨ ਭੈਣਾਂ ਤੋਂ ਬਾਅਦ ਵਿਚ ਹੋਇਆ ਸੀ ਤੇ ਸਾਡੇ ਘਰ ਵਿਚ ਏਨੀ ਖੁਸ਼ੀ ਮਨਾਈ ਗਈ ਸੀ ਕਿ ਉਸ ਦੀ ਉਦਾਹਰਨ ਅਜੇ ਤੱਕ ਸਾਡੇ ਮੱਲਣ ਪਿੰਡ ਵਿਚ ਜੋ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਪੈਂਦਾ ਹੈ, ਯਾਦ ਕੀਤੀ ਜਾਂਦੀ ਹੈ। ਖੁਸ਼ੀ ਵਿਚ ਮੇਰਾ ਬਾਪ, ਚਾਚੇ, ਗੁਆਂਢੀ ਤੇ ਪਿੰਡ ਦੇ ਮੋਹਤਵਰ ਖੁਸ਼ੀਆਂ ਮਨਾ ਰਹੇ ਸਨ। ਘਰ ਦੀ ਸ਼ਰਾਬ ਉਸ ਜ਼ਮਾਨੇ ਵਿਚ ਚੋਰੀ ਛੁਪੇ ਖੂਬ ਚਲਦੀ ਹੁੰਦੀ ਸੀ। ਸਾਡੇ ਨਾਲ ਪੈਂਦੀ ਸੱਥ ਵਿਚ ਕਾਫ਼ੀ ਲੋਕ ਪੀਣ ਦਾ ਲੁਤਫ਼ ਲੈ ਰਹੇ ਸਨ। ਜਦੋਂ ਮੇਰੇ ਦਾਦੇ ਨੂੰ ਪਤਾ ਲੱਗਿਆ ਤਾਂ ਉਸ ਨੇ ਡਾਂਗ ਫੜ ਲਈ ਤੇ ਸ਼ਰਾਬੀਆਂ ਦੇ ਮਗਰ ਹੋ ਤੁਰਿਆ। ਪਿੰਡ ਦੇ ਲੋਕ ਉਨ੍ਹਾਂ ਦਾ ਸਨਮਾਨ ਕਰਦੇ ਸਨ, ਕਿਉਂਕਿ ਉਹ ਲੋਕਾਂ ਨੂੰ ਹਮੇਸ਼ਾ ਹੀ ਸਹੀ ਮਤ ਦਿੰਦੇ ਹੁੰਦੇ ਸਨ। ਜਦੋਂ ਮੈਂ ਸਕੂਲ ਵਿਚ ਪੜ੍ਹਦਾ ਹੁੰਦਾ ਸੀ ਤਾਂ ਉਨ੍ਹਾਂ ਬਾਰੇ ਗੱਲਾਂ ਸੁਣ ਕੇ ਮੇਰੇ 'ਤੇ ਅਜਿਹਾ ਅਸਰ ਪਿਆ ਕਿ ਨਸ਼ੇ ਇਕ ਕੋਹੜ ਰੋਗ ਹੈ, ਜਿਸ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ।
ਜਦੋਂ ਮੈਂ ਡੀ.ਏ.ਵੀ. ਕਾਲਜ ਜਲੰਧਰ ਐਮ.ਏ. ਅੰਗਰੇਜ਼ੀ ਕਰ ਰਿਹਾ ਸੀ ਤਾਂ ਮੈਨੂੰ ਮੇਹਰ ਚੰਦ ਹੋਸਟਲ ਵਿਚ ਚੀਫ਼ ਪ੍ਰੈਕਟਰ ਬਣਾਇਆ ਗਿਆ ਸੀ। ਜਦੋਂ ਰਾਤ ਦੇ 9 ਵੱਜ ਜਾਂਦੇ ਸਨ ਤਾਂ ਮੈਨੂੰ ਹੋਸਟਲ ਵਿਚ ਰਹਿ ਰਹੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣੀ ਪੈਂਦੀ ਸੀ ਤੇ ਇਨਾਮ ਵਜੋਂ ਮੈਨੂੰ ਸਭ ਕੁਝ ਮੁਫ਼ਤ ਮਿਲਣ ਤੋਂ ਇਲਾਵਾ ਹੋਰ ਇਨਾਮ-ਸਨਮਾਨ ਵੀ ਮਿਲਦੇ ਹੁੰਦੇ ਸਨ। ਉਸੇ ਹੋਸਟਲ ਵਿਚ ਕਾਲਜ ਦੇ ਖਿਡਾਰੀ ਵੀ ਰਹਿੰਦੇ ਹੁੰਦੇ ਸਨ। ਉਹ ਕਈ ਵਾਰ ਰਾਤ ਨੂੰ ਹੋਸਟਲ ਵਿਚ ਆਉਂਦੇ ਹੀ ਨਹੀਂ ਸਨ ਹੁੰਦੇ ਤੇ ਅਕਸਰ ਸ਼ਰਾਬ ਪੀਂਦੇ ਸਨ। ਇਕ ਦਿਨ ਉਨ੍ਹਾਂ ਨੇ ਮੈਨੂੰ ਕਾਬੂ ਕਰ ਲਿਆ ਕਿ ਮੈਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਲਗਾਈ ਹੈ। ਜ਼ਬਰਦਸਤੀ ਉਨ੍ਹਾਂ ਨੇ ਮੈਨੂੰ ਪਿਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਨ੍ਹਾਂ ਦੇ ਚੁੰਗਲ 'ਚੋਂ ਛੁੱਟ ਕੇ ਭੱਜਣ ਲੱਗਿਆ ਤੇ ਪ੍ਰਿੰਸੀਪਲ ਬੀ.ਐਸ. ਬਹਿਲ ਕੋਲ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸ਼ਿਕਾਇਤ ਨਾ ਕਰਾਂ। ਮੈਂ ਇਸ ਸ਼ਰਤ 'ਤੇ ਮੰਨ ਗਿਆ ਕਿ ਉਹ ਅੱਗੇ ਤੋਂ ਸ਼ਰਾਬ ਨਹੀਂ ਪੀਣਗੇ। ਮੈਨੂੰ ਬਹੁਤ ਖੁਸ਼ੀ ਹੋਈ ਕਿ ਪ੍ਰਿੰਸੀਪਲ ਦੇ ਡਰ ਕਾਰਨ ਉਹ ਮੇਰੀ ਗੱਲ ਮੰਨ ਗਏ ਤੇ ਉਨ੍ਹਾਂ ਦਾ ਕੈਰੀਅਰ ਚੰਗੇ ਅਫ਼ਸਰਾਂ ਦੇ ਰੂਪ ਵਿਚ ਬਦਲ ਗਿਆ।
ਜਦੋਂ ਮੈਂ ਫਿਰੋਜ਼ਪੁਰ ਸ਼ਹਿਰ ਵਿਚ ਇਕ ਉੱਘੇ ਕਾਲਜ ਵਿਚ ਪੜ੍ਹਾਉਣ ਲੱਗਿਆ ਤਾਂ ਉਥੇ ਮੇਰੇ ਵਿਦਿਆਰਥੀ ਚਾਅ ਵਿਚ ਮੇਰੇ ਵਾਸਤੇ ਘਰ ਦੀ ਕੱਢੀ ਸ਼ਰਾਬ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ਤੇ ਸਮਝਣ ਲੱਗੇ ਕਿ ਇਸ ਵਿਚ ਉਹ ਮੇਰਾ ਸਨਮਾਨ ਕਰ ਰਹੇ ਹਨ। ਜ਼ਿਮੀਂਦਾਰਾਂ ਤੇ ਅਮੀਰ ਘਰਾਂ ਦੇ ਸੋਹਣੇ-ਸੁਨੱਖੇ ਇਹ ਬੱਚੇ ਮੇਰੇ ਕੋਲ ਅੰਗਰੇਜ਼ੀ ਦੇ ਗੁਰ ਸਿੱਖਣ ਵਾਸਤੇ ਘਰ ਆਉਂਦੇ ਹੁੰਦੇ ਸਨ। ਕਈ ਆਪਣੇ ਕੀਮਤੀ ਚਿੱਟੇ ਘੋੜਿਆਂ ਤੇ ਬਲੈਡਰਾਂ ਵਿਚ ਜਾਂ ਟਿਊਬਾਂ ਵਿਚ ਦੇਸੀ ਸ਼ਰਾਬ ਭਰ ਕੇ ਲਿਆਉਂਦੇ ਤੇ ਮੈਨੂੰ ਪਿਆਉਣ ਵਾਸਤੇ ਮੈਨੂੰ ਮਨਾਉਣ ਦੀ ਕੋਸ਼ਿਸ਼ਕਰਦੇ। ਪਰ ਜਦੋਂ ਮੈਂ ਉਨ੍ਹਾਂ ਨੂੰ ਇਹ ਸਮਝਾਉਂਦਾ ਕਿ ਇਸ ਤਰ੍ਹਾਂ ਨਾਲ ਕੈਰੀਅਰ ਬਣਦੇ ਨਹੀਂ, ਸਗੋਂ ਤਬਾਹ ਹੁੰਦੇ ਹਨ ਤੇ ਮਾਪਿਆਂ ਦੀ ਸ਼ਾਨ 'ਤੇ ਧੱਬਾ ਲੱਗ ਜਾਂਦਾ ਹੈ ਤਾਂ ਉਹ ਮੇਰੇ ਪੈਰ ਫੜ ਲੈਂਦੇ ਤੇ ਮੇਰੇ ਪਾਏ ਪੂਰਨਿਆਂ 'ਤੇ ਚੱਲਣ ਲੱਗ ਪੈਂਦੇ। ਅੱਜਵੀ ਜਦੋਂ ਮੈਨੂੰ ਉਨ੍ਹਾਂ ਭੋਲੇ-ਭਾਲੇ ਪਰ ਗੁੰਮਰਾਹ ਹੋਏ ਬੱਚਿਆਂ ਦੀਆਂ ਸ਼ਕਲਾਂ-ਸੂਰਤਾਂ ਯਾਦ ਆਉਂਦੀਆਂ ਹਨ ਤੇ ਫਿਰ ਉਨ੍ਹਾਂ ਦਾ ਸੁਧਰਦਾ ਕੈਰੀਅਰ ਯਾਦ ਆਉਂਦਾ ਹੈ ਤਾਂ ਮੇਰਾ ਦਿਲ ਗਦ-ਗਦ ਹੋ ਉੱਠਦਾ ਹੈ।
ਅੱਜ ਮੇਰੇ ਉਸ ਸੋਹਣੇ ਪੰਜਾਬ ਦਾ ਨੌਜਵਾਨ ਅਜਿਹੀ ਸਰਦਲ 'ਤੇ ਖੜ੍ਹਾ ਹੈ ਕਿ ਨਸ਼ੇ ਉਸ ਨੂੰ ਜਕੜ ਚੁੱਕੇ ਹਨ। ਜ਼ਿਆਦਾਤਰ ਬੱਚੇ ਗੁੰਮਰਾਹ ਕੀਤੇ ਗਏ ਹਨ, ਕਿਉਂਕਿ ਉਹ ਜਨਮ ਤੋਂ ਨਸ਼ੇੜੀ ਨਹੀਂ ਹਨ। ਇੰਜ ਉਨ੍ਹਾਂ ਨੂੰ ਕੈਰੀਅਰ ਦੀ ਨਹੀਂ, ਸਗੋਂ ਨਸ਼ੇ ਦੀ ਲਟ ਲੱਗੀ ਹੋਈ ਹੈ। ਜੇਕਰ ਇਹ ਬੁਰੀ ਆਦਤ ਤੋਂ ਉਨ੍ਹਾਂ ਨੂੰ ਨਿਜ਼ਾਤ ਨਾ ਦੁਆਈ ਗਈ ਤਾਂ ਉਨ੍ਹਾਂ ਦਾ ਉਜਵਲ ਭਵਿੱਖ ਤਬਾਹ ਹੋ ਸਕਦਾ ਹੈ। ਪਰ ਇਸ ਨੂੰ ਕੌਣ ਸਹੀ ਕਰ ਸਕਦਾ ਹੈ? ਸਿਰਫ਼ ਸਰਕਾਰ ਹੀ ਨਹੀਂ, ਸਗੋਂ ਸਾਰੇ ਸਮਾਜ ਦਾ ਇਹ ਵਡਮੁੱਲਾ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਗੁੰਮਰਾਹ ਹੋਏ ਨੌਜਵਾਨ ਨੂੰ ਸਹੀ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਨ ਵਿਚ ਕੋਈ ਕੁਤਾਹੀ ਨਾ ਵਰਤੀਏ। ਤਾਂ ਹੀ ਸਾਡੇ ਨੌਜਵਾਨਾਂ ਦਾ ਕੈਰੀਅਰ ਸਹੀ ਦਿਸ਼ਾ ਤੇ ਦਸ਼ਾ 'ਤੇ ਆ ਸਕਦਾ ਹੈ।
ਮੇਰੀ ਆਪਣੀ ਮਨੋ-ਵਿਗਿਆਨਕ ਖੋਜ, ਜਿਸ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਸਲਾਹਿਆ ਗਿਆ ਤੇ ਅਪਣਾਇਆ ਗਿਆ ਦੱਸਦੀ ਹੈ ਕਿ ਕੋਈ ਵੀ ਬੱਚਾ ਜਨਮ ਤੋਂ ਨਸ਼ੇੜੀ ਨਹੀਂ ਹੁੰਦਾ। ਬੱਚੇ ਦੇ ਹਾਲਾਤ ਉਸ ਨੂੰ ਅਜਿਹਾ ਬਣਾ ਦਿੰਦੇ ਹਨ। ਸਾਡੇ ਦਿਮਾਗ ਵਿਚ ਇਕ ਵਕਤ ਇਕ ਹੀ ਤਰ੍ਹਾਂ ਦੇ ਵਿਚਾਰ ਰਹਿ ਸਕਦੇ ਹਨ। ਇਕੋ ਵਕਤ 'ਤੇ ਦੋ ਵਿਚਾਰ ਸਾਡੇ ਦਿਮਾਗ ਵਿਚ ਟਿਕ ਨਹੀਂ ਸਕਦੇ। ਜੇਕਰ ਸਾਡੇ ਬੱਚਿਆਂ ਨੂੰ ਪੜ੍ਹਨ ਦੀ ਸਹੀ ਦਿਸ਼ਾ ਮਿਲ ਜਾਵੇ ਤਾਂ ਉਸ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਪਰ ਸਿਰਫ਼ ਪੜ੍ਹਾਈ ਹੀ ਨਹੀਂ ਉਸ ਨੂੰ ਅਜਿਹਾ ਵਾਤਾਵਰਨ ਦਿੱਤਾ ਜਾਵੇ ਜਿਸ ਵਿਚ ਉਸ ਦਾ ਦਿਲ ਵੀ ਲੱਗਿਆ ਰਹੇ ਤੇ ਪੜ੍ਹਾਈ ਵੀ ਚਲਦੀ ਰਹੇ। ਜਦੋਂ ਸਾਡੇ ਅਧਿਆਪਕ ਖੁਦ ਵੀ ਪੀਣ ਲੱਗਦੇ ਹਨ ਤੇ ਉਹ ਵੀ ਬੱਚਿਆਂ ਦੇ ਸਾਹਮਣੇ ਤਾਂ ਉਨ੍ਹਾਂ ਬੱਚਿਆਂ 'ਤੇ ਕੀ ਅਸਰ ਪਵੇਗਾ ਇਹ ਤੁਸੀਂ ਭਲੀ-ਭਾਂਤੀ ਜਾਣ ਸਕਦੇ ਹੋ।
ਮੇਰੀਆਂ ਉਪਰ ਦਿੱਤੀਆਂ ਉਦਾਹਰਨਾਂ ਇਹ ਦੱਸਦੀਆਂ ਹਨ ਕਿ ਜੇਕਰ ਬੱਚੇ ਦੇ ਸਾਹਮਣੇ ਇਕ ਤਰਫ਼ ਚੰਗਾ ਕੈਰੀਅਰ ਤੇ ਦੂਜੇ ਪਾਸੇ ਨਸ਼ਾ ਰੱਖ ਦਿੱਤਾ ਜਾਵੇ ਤਾਂ ਉਸ ਨੂੰ ਸਮਝਾਇਆ ਜਾਵੇ ਕਿ ਉਸ ਦਾ ਅਸਲੀ ਫ਼ਾਇਦਾ ਕਿਸ ਵਿਚ ਹੈ ਤਾਂ ਕੋਈ ਵੀ ਬੱਚਾ ਗੁੰਮਰਾਹ ਨਹੀਂ ਹੋ ਸਕਦਾ। ਪਰ ਇਹ ਗੱਲਾਂ ਸਿਰਫ਼ ਕਰ ਦੇਣੀਆਂ ਤੇ ਅਮਲ ਨਾ ਕਰਨਾ ਕੁਝ ਨਹੀਂ ਖਟ ਸਕਦੀਆਂ। ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਨਿਜ਼ਾਤ ਦੁਆ ਕੇ ਉਨ੍ਹਾਂ ਨੂੰ ਸਹੀ ਕੈਰੀਅਰ ਦੱਸਣ ਦੀ, ਤਾਂ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਉਹ ਉੱਚੀਆਂ ਮੱਲਾਂ ਮਾਰ ਸਕੇ, ਜਿਸ ਦੀ ਸਾਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਹੈ। ਹੁਣ ਉਹ ਵਕਤ ਆ ਗਿਆ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਹੀ ਨਹੀਂ, ਸਗੋਂ ਚੜ੍ਹਦੀਆਂ ਕਲਾ ਵਾਲਾ ਪੰਜਾਬ ਬਣਾ ਦੇਈਏ।

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

ਬੜਾ ਡੂੰਘਾ ਰਿਸ਼ਤਾ ਹੈ ਵਾਲਾਂ ਦਾ ਮਨੁੱਖ ਨਾਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ, ਖੁਦ ਨੂੰ ਅਤਿ ਜ਼ੁਕਾਮ ਤੋਂ ਬਚਾਇਆ ਜਾਵੇ ਤਾਂ ਵਾਲਾਂ ਦੀ ਸਿਹਤ ਲਈ ਲਾਹੇਵੰਦ ਹੈ। ਚਾਹ ਪੱਤੀ ਦੇ ਪਾਣੀ ਨਾਲ ਵਾਲ ਧੋਣਾ ਜਾਂ ਫਿਰ ਪੁਰਾਣੇ ਲੋਕਾਂ ਵਾਂਗ ਜੰਡ ਦੇ ਰੁੱਖ ਦੀਆਂ ਛਿੱਲਾਂ ਨਾਲ ਧੋਣਾ ਵਾਲਾਂ ਨੂੰ ਸਵਾਰੇਗਾ। ਗਿੱਲੇ ਵਾਲ ਕਦੇ ਨਹੀਂ ਵਾਹੁਣੇ ਚਾਹੀਦੇ; ਉਹ ਟੁੱਟ ਜਾਣਗੇ ਜਾਂ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ। ਸਿਰ ਢਕਿਆ ਰਹਿਣਾ ਚਾਹੀਦਾ ਹੈ! ਦੇਖੋ ਕਮਾਲ 10ਵੀਂ ਪਾਤਸ਼ਾਹੀ ਦਾ, ਇਹ ਸਭ ਗੱਲਾਂ ਉਨ੍ਹਾਂ ਨੇ ਸਾਨੂੰ 300 ਸਾਲ ਪਹਿਲਾਂ ਦੱਸੀਆਂ। ਹੁਕਮ ਹੈ ਕਿ ਸਿਰ 'ਤੇ ਪਗੜੀ ਬੰਨ੍ਹਣਾ, ਵਾਲ ਕਤਲ ਨਾ ਕਰਨਾ ਅਤੇ ਸਿਰਫ ਲੱਕੜ ਦਾ ਕੰਘਾ ਵਰਤਣਾ। ਹੈ ਕਿ ਨਹੀਂ ਕਮਾਲ ਦੀ ਗੱਲ?
ਲੰਬੇ ਵਾਲ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਸਿਰ 'ਤੇ ਜੂੜਾ ਤਾਂ ਇਕ ਸੁਰੱਖਿਆ ਘੇਰਾ ਹੁੰਦਾ ਹੈ। ਹਵਾਈ ਅੱਡਿਆਂ ਦੇ ਨੇੜੇ ਬਣੇ ਅਨੇਕਾਂ ਬੁਰਜ ਆਉਣ- ਜਾਣ ਵਾਲੇ ਜਹਾਜ਼ਾਂ ਨੂੰ ਸੰਕੇਤ ਦਿੰਦੇ ਅਤੇ ਲੈਂਦੇ ਹਨ। ਜੇਕਰ ਬੁਰਜ ਨਾ ਹੋਣਗੇ ਤਾਂ ਹਾਦਸੇ ਹੋ ਜਾਣਗੇ। ਇਵੇਂ ਹੀ ਜੇਕਰ ਸਾਡੇ ਸਿਰ 'ਤੇ ਵਾਲ ਨਾ ਹੋਣਗੇ ਤਾਂ ਸਾਡਾ ਸਰੀਰ ਬਿਮਾਰੀ ਗ੍ਰਸਤ ਹੋ ਜਾਵੇਗਾ। ਦਿਲ ਦੇ ਦੌਰੇ, ਜਾਨਲੇਵਾ ਬਿਮਾਰੀਆਂ, ਸਰੀਰਕ ਖਲਬਲੀ ਨਾਲ ਸਰੀਰ ਭਰ ਜਾਵੇਗਾ। ਚੁੰਬਕੀ ਅਤੇ ਬਿਜਲਈ ਊਰਜਾ ਭਾਵੇਂ ਛੋਟੀਆਂ, ਮਧਿਅਮ ਜਾਂ ਲੰਬੀਆਂ ਤਰੰਗਾਂ ਹੋਣ, ਵਾਲ ਸਭ ਸੋਖ ਲੈਂਦੇ ਹਨ। ਤਾਂ ਹੀ ਸਾਨੂੰ ਕਦੇ-ਕਦੇ ਅਜੀਬੋ ਗ਼ਰੀਬ ਰੂਹਾਨੀ ਸੁਨੇਹੇ ਮਿਲ ਜਾਂਦੇ ਹਨ, ਜੋ ਆਮ ਸਮਝ ਤੋਂ ਪਰ੍ਹੇ ਹੁੰਦੇ ਹਨ। ਵਾਲ ਰੂਹਾਨੀ, ਸਰੀਰਕ ਗਿਆਨੀ ਜਾਂ ਜੰਗਜੂ, ਹਰ ਤਰ੍ਹਾਂ ਦੀਆਂ ਤਰੰਗਾਂ ਨੂੰ ਸੋਖ ਲੈਂਦੇ ਹਨ। ਵਾਲਾਂ 'ਤੇ ਇਕ ਝਾਤ ਇਨਸਾਨ ਦੇ ਅੰਦਰੂਨੀ ਗੁਣਾਂ ਨੂੰ ਦਰਸਾ ਦਿੰਦੀ ਹੈ। ਡਾਰਵਿਨ ਦੇ ਸਿਧਾਂਤ ਅਨੁਸਾਰ ਬੰਦੇ ਦੇ ਕੰਮ ਸਮੇਂ ਨਾਲ ਗ਼ਾਇਬ ਹੋ ਗਏ ਪਰ ਵਾਲ ਨਹੀਂ। ਇਸੇ ਤੋਂ ਵਾਲਾਂ ਦੀ ਮਹੱਤਤਾ ਦਾ ਪਤਾ ਲੱਗ ਸਕਦਾ ਹੈ।
ਇਵੇਂ ਮੰਨਿਆ ਜਾਂਦਾ ਹੈ ਕਿ ਉਹ ਜੋੜੇ ਜਿਨ੍ਹਾਂ ਦੇ ਵਾਲ ਲੰਬੇ ਹੁੰਦੇ ਹਨ, ਉਨ੍ਹਾਂ ਵਿਚ ਤਾਲਮੇਲ ਦੀ ਕੋਈ ਸਮੱਸਿਆ ਨਹੀਂ ਹੁੰਦੀ। ਜਿਨ੍ਹਾਂ ਮਾਪਿਆਂ ਦੇ ਵਾਲ ਲੰਬੇ ਹੁੰਦੇ ਹਨ, ਉਨ੍ਹਾਂ ਦੇ ਬੱਚੇ ਦਲੇਰ, ਨਿਡਰ ਅਤੇ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਮਾਨਸਿਕ ਅਤੇ ਸੰਵੇਦਨਾਤਮਕ ਸਮਾਨਤਾ ਬੰਦੇ ਦੇ ਵਾਲ ਬਣਾਈ ਰੱਖਦੇ ਹਨ। ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਾਉਣਾ, ਹਾਜ਼ਮਾ ਠੀਕ ਕਰਨਾ, ਸੁਗੰਧੀ ਦਾ ਅਹਿਸਾਸ ਕਰਾਉਣਾ, ਦਿਲ ਦੀ ਤੇਜ਼ ਧੜਕਣ ਤੋਂ ਬਚਾਉਣਾ ਇਹ ਵਾਲਾਂ ਦੇ ਕਾਰਜ ਹਨ। ਕਿਹਾ ਜਾਂਦਾ ਹੈ ਕਿ ਉਸਤਰਾ ਹੈਪੇਟਾਈਟਿਸ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ, ਜੋ ਅੱਗੇ ਚੱਲ ਕੇ ਏਡਜ਼ ਵੀ ਬਣ ਸਕਦੀ ਹੈ। ਵਾਲ ਤਾਂ ਆਕਰਸ਼ਿਤ ਕਰਨ ਦਾ ਕੰਮ ਵੀ ਕਰਦੇ ਹਨ।
ਆਉਣ ਵਾਲੇ ਸਮੇਂ ਵਿਚ ਖ਼ੂਨ ਦੀ ਥਾਂ ਵਾਲਾਂ ਦੇ ਨਮੂਨੇ ਵਿਗਿਆਨਕ ਪਰਖ ਲਈ ਭੇਜੇ ਜਾਣਗੇ, ਕਿਉਂਕਿ ਵਾਲਾਂ ਵਿਚ ਡੀ.ਐਨ.ਏ. ਹੋਣਾ ਮੰਨਿਆ ਗਿਆ ਹੈ। ਜਿਵੇਂ ਪਿੰਡ ਦਾ ਹਕੀਮ 'ਨਿੰਮ' ਹੁੰਦੀ ਹੈ, ਤਿਵੇਂ ਹੀ 'ਸਰੀਰ ਦਾ ਹਕੀਮ' ਵਾਲ ਹੁੰਦੇ ਹਨ।
ਚਾਰਲਸ ਬਰਗ ਦੇ ਅਨੁਸਾਰ ਇਨਸਾਨੀ ਵਾਲਾਂ ਦੀ ਅਹਿਮੀਅਤ ਸਾਡੇ ਰਵੱਈਏ ਅਤੇ ਆਚਰਣ ਤੇ ਅਵਚੇਤਨ ਨਾਲ ਹੈ। ਟਰੋਬਰਾਈਂਡ ਟਾਪੂ ਵਾਸੀ ਕਿਸੇ ਆਪਣੇ ਦੀ ਮੌਤ 'ਤੇ ਆਪਣੇ ਸਿਰ ਦੇ ਸਾਰੇ ਵਾਲ ਕੱਟ ਲੈਂਦੇ ਹਨ। ਇਹ ਪ੍ਰਤੀਕ ਹੈ ਕਮੀ ਮਹਿਸੂਸ ਕਰਨ ਅਤੇ ਕਰਾਉਣ ਦੀ। ਕਿਸੇ ਆਪਣੇ ਨੂੰ ਗੁਆਉੇਣਾ ਜਾਂ ਆਪਣੇ ਪਿਆਰੇ ਵਾਲਾਂ ਨੂੰ ਗੁਆਉਣਾ ਇਨ੍ਹਾਂ ਟਾਪੂ ਵਾਸੀਆਂ ਲਈ ਇਕ ਬਰਾਬਰ ਹੈ। ਇਹ ਵੀ ਅਵਚੇਤਨ ਮਨ ਨਾਲ ਜੁੜਿਆ ਹੈ। ਵਾਲਾਂ ਦੀ ਦਿੱਖ ਵਿਚ ਗਰਵ ਕਰਨਾ, ਸਮਾਜਿਕ ਸਵੀਕਾਰਤਾ ਹੋਣਾ ਇਨਸਾਨ ਦੀ ਇਕ ਨੁਮਾਇਸ਼ੀ ਸੰਤੁਸ਼ਟੀ ਹੈ। ਕਈ ਕਬੀਲਿਆਂ ਵਿਚ ਵੰਨ-ਸੁਵੰਨੇ ਰਿਵਾਜ ਹੁੰਦੇ ਹਨ, ਜਿਹੜੇ ਵਾਲਾਂ ਨਾਲ, ਰਿਸ਼ਤਿਆਂ ਨਾਲ, ਸਮਾਜਿਕ ਸਵੀਕਾਰਤਾ ਆਦਿ ਨਾਲ ਜੁੜੇ ਹੁੰਦੇ ਹਨ। ਇਹ ਰਿਵਾਜ ਬਾਹਰਲੇ ਲੋਕਾਂ ਨੂੰ ਬੇਲੋੜੀਂਦੇ ਲੱਗਦੇ ਹਨ ਪਰ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਹਰਮਨ-ਪਿਆਰੇ ਹੁੰਦੇ ਹਨ। ਵਾਲਾਂ ਨਾਲ ਸਬੰਧਿਤ ਕਈ ਰਿਵਾਜ ਹੁੰਦੇ ਹਨ ਕਿਉਂਕਿ ਉਨ੍ਹਾਂ ਲੋਕਾਂ ਲਈ ਵਾਲ 'ਤਾਕਤ ਦੀ ਚਰਮ ਸੀਮਾ' ਹੁੰਦੇ ਹਨ। ਵਾਲਾਂ ਵਿਚ ਉਪਜਤਾ ਦੀ ਤਾਕਤ ਹੁੰਦੀ ਹੈ। ਕੁਝ ਕਬੀਲੇ ਮਰੇ ਲੋਕਾਂ ਨਾਲ ਆਪਣੇ ਵਾਲ ਵੀ ਦਫਨ ਕਰਦੇ ਹਨ।
ਵਾਲ ਸ਼ਹਿਨਸ਼ਾਹੀ ਦਾ ਵੀ ਪ੍ਰਤੀਕ ਹੁੰਦੇ ਹਨ, ਜਿੰਨਾ ਸ਼ਾਹੀ ਘਰਾਣਾ ਓਨੇ ਹੀ ਸੰਘਣੇ ਅਤੇ ਵਧੀਆ ਲੰਬੇ ਵਾਲ। ਹੈਵਲਿਕ ਏਲਿਸ ਮੰਨਦੇ ਹਨ ਕਿ ਵਾਲ ਸਰੀਰਕ ਉਤਪਤੀ ਅਤੇ ਆਕਰਸ਼ਿਕਤਾ ਵਿਚ ਗੂੜ੍ਹਾ ਸੰਬੰਧ ਰੱਖਦੇ ਹਨ। ਪੋਲੈਂਡ ਕਹਿੰਦੇ ਹਨ ਕਿ ਕੁਦਰਤ ਨੇ ਜੈਵਿਕ ਵਿਗਿਆਨ ਅਤੇ ਸਰੀਰਕ ਤੌਰ 'ਤੇ ਵਾਲਾਂ ਅਤੇ ਕਾਮਵਾਸ਼ਨਾ ਨੂੰ ਆਪਸ ਵਿਚ ਗੁਥਿਆ ਹੈ, ਸੰਬੰਧਿਤ ਕੀਤਾ ਹੈ।
ਸੋ ਇਹ ਕਿਹਾ ਜਾ ਸਕਦਾ ਹੈ ਕਿ ਲੰਮੇ ਵਾਲ ਹੀ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਵਾਲ ਹੀ ਉਪਜਤਾ ਦੀ ਤਾਕਤ ਹਨ। ਵਾਲਾਂ ਦੀ ਦਿੱਖ ਵਿਚ ਗਰਵ ਕਰਨਾ, ਸਮਾਜਿਕ ਸਵੀਕਾਰਤਾ ਹੋਣਾ ਇਨਸਾਨ ਦੀ ਇਕ ਨੁਮਾਇਸ਼ੀ ਸੰਤੁਸ਼ਟੀ ਹੈ। ਪ੍ਰਮਾਤਮਾ ਨੇ ਇਨਸਾਨ ਨੂੰ ਗੁਣਾਂ ਨਾਲ ਨਿਵਾਜਿਆ ਹੈ। 'ਵਾਲਾਂ ਸਣੇ ਸਰੀਰ' ਪਰਮਾਤਮਾ ਦੀ ਬਖਸ਼ਿਸ਼ ਹੈ, ਇਕ ਤੋਹਫ਼ਾ ਹੈ, ਨਾ ਕਿ ਬੋਝ। ਇਸ ਲਈ ਵਾਲਾਂ ਨੂੰ ਪਵਿੱਤਰ ਮੰਨਦਿਆਂ ਹੋਇਆਂ ਉਨ੍ਹਾਂ ਦਾ ਕਤਲ ਨਹੀਂ ਕਰਨਾ ਚਾਹੀਦਾ।
(ਸਮਾਪਤ)

-ਮੋਬਾਈਲ : 98767-85672

ਹਲਕਾ-ਫੁਲਕਾ ਗ਼ਰੀਬ ਹੋਣ ਦੇ ਫਾਇਦੇ

ਹਰ ਵਿਅਕਤੀ ਅਮੀਰ ਹੋਣਾ ਲੋਚਦਾ ਹੈ। ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਅਮੀਰਾਂ ਦੀਆਂ ਸੁੱਖ-ਸਹੂਲਤਾਂ ਦੇਖ ਕੇ ਝੋਰਾ ਨਾ ਲਗਾਉਂਦਾ ਹੋਵੇਗਾ। ਜੇਕਰ ਅਮੀਰਾਂ ਨੂੰ ਗਰੀਬ ਹੋਣ ਦੇ ਫਾਇਦੇ ਪਤਾ ਲੱਗ ਜਾਣ ਤਾਂ ਉਹ ਦੰਦਾਂ ਥੱਲੇ ਉਂਗਲੀ ਦਿੰਦੇ ਹੋਏ ਕਹਿਣਗੇ ਕਿ ਕਾਸ਼ ਅਸੀਂ ਗਰੀਬ ਹੁੰਦੇ। ਤਾਂ ਆਓ ਫਿਰ ਗਰੀਬ ਹੋਣ ਦੇ ਫਾਇਦਿਆਂ 'ਤੇ ਪੰਛੀ ਝਾਤ ਮਾਰ ਲਈਏ...
* ਗਰੀਬ ਵਿਅਕਤੀ ਨੂੰ ਹਮੇਸ਼ਾ ਫੋੜੇ ਫਿਨਸੀਆਂ ਨਿਕਲਦੀਆਂ ਹਨ ਪਰ ਹਾਰਟ ਅਟੈਕ, ਸ਼ੂਗਰ, ਅਧਰੰਗ, ਕਬਜ਼ੀ ਤੇ ਮਾਨਸਿਕ ਰੋਗ ਆਮ ਤੌਰ 'ਤੇ ਅਮੀਰਾਂ ਦੀਆਂ ਬਿਮਾਰੀਆਂ ਹਨ।
* ਗਰੀਬ ਆਦਮੀ ਬੈਠਾ-ਬੈਠਾ ਨੀਂਦ ਪੂਰੀ ਕਰ ਲੈਂਦਾ ਹੈ ਤੇ ਅਮੀਰ ਆਪਣੀ ਨੀਂਦ ਡਾਕਟਰ ਦੀਆਂ ਦੱਸੀਆਂ ਗੋਲੀਆਂ ਨਾਲ ਪੂਰੀ ਕਰਦਾ ਹੈ।
* ਗਰੀਬ ਘਰੇ ਕਦੇ ਛਾਪਾ ਨਹੀਂ ਪੈਂਦਾ, ਜੇਕਰ ਗ਼ਲਤੀ ਨਾਲ ਪੈ ਵੀ ਜਾਵੇ ਤਾਂ ਉਸ ਦੇ ਘਰ ਕੈਰੋਸੀਨ ਦਾ ਤੇਲ ਤੇ ਪੁਸ਼ਤੈਨੀ ਭਾਂਡਿਆਂ ਦੇ ਸਿਵਾ ਕੁਝ ਨਹੀਂ ਮਿਲਦਾ। ਇਨ੍ਹਾਂ ਭਾਂਡਿਆਂ 'ਤੇ ਹਾਲੇ ਵੀ ਨਾਂਅ ਉਕਰੇ ਹੋਣਗੇ ਜਿਵੇਂ ਕਿ ਕਾਕਾ, ਡਿੰਪੀ ਤੇ ਬਿੰਦਾ।
* ਗਰੀਬ ਆਦਮੀ ਪੈਸਾ ਬਚਾਉਣ ਲਈ ਕਈ ਮੀਲ ਪੈਦਲ ਤੁਰ ਲੈਂਦਾ ਹੈ ਤੇ ਅਮੀਰ ਆਪਣੇ ਆਲਸ ਕਰਕੇ ਮੋਟਾਪੇ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ।
* ਗਰੀਬ ਆਦਮੀ ਲਈ ਸਾਂਝੀਆਂ ਰਸੋਈਆਂ ਹਨ, ਜਿਥੇ 10 ਰੁਪਏ ਵਿਚ ਪੇਟ ਭਰ ਕੇ ਖਾਣਾ ਖਾਧਾ ਜਾ ਸਕਦਾ ਹੈ । ਅਮੀਰ ਇਨ੍ਹਾਂ ਰਸੋਈਆਂ ਵੱਲ ਝਾਕਦੇ ਵੀ ਨਹੀਂ।
* ਗਰੀਬ ਆਦਮੀ ਨੂੰ ਕੋਈ ਵੀ ਜਗਰਾਤੇ, ਚੌਕੀਆਂ ਤੇ ਵਿਆਹ ਵਾਲੇ ਫੰਕਸ਼ਨਾਂ ਵਿਚ ਸੱਦਾ ਘੱਟ ਹੀ ਦਿੰਦਾ ਹੈ, ਜਿਸ ਕਰਕੇ ਉਸ ਦੇ ਸ਼ਗਨ ਪੈਸੇ ਵਿਚ ਬਚ ਜਾਂਦੇ ਹਨ।
* ਗਰੀਬ ਆਦਮੀ ਇਸ ਕਰਕੇ ਵੀ ਖੁਸ਼ ਹੈ ਕਿ ਉਹ ਦੁਨੀਆ ਵਿਚ ਖਾਲੀ ਹੱਥ ਆਇਆ ਹੈ ਤੇ ਖਾਲੀ ਹੱਥ ਜਾਵੇਗਾ।

-ਡਾ: ਅਨਿਲ ਕੁਮਾਰ ਬੱਗਾ
ਕੁਮਾਰ ਈ/ਐਚ ਕਲੀਨਿਕ, ਪ੍ਰੇਮ ਨਗਰ, ਕੋਟਕਪੂਰਾ।
ਮੋਬਾਈਲ : 97798-84393.
dranilbagga@gmail.com

...ਨਿੰਮੀਆਂ ਪੈਣ ਫੁਹਾਰਾਂ

ਬਲਿਹਾਰੀ ਕੁਦਰਤ ਵਸਿਆ ਦਾ ਨਜ਼ਾਰਾ ਪੇਸ਼ ਕਰਦਾ ਸਾਉਣ ਮਹੀਨੇ ਦਾ ਮੌਸਮ ਸੁਹਾਵਣਾ ਹੁੰਦਾ ਹੈ, ਮਨ ਲਈ ਵੀ, ਤਨ ਲਈ ਵੀ। ਅਸਮਾਨੀਂ ਉਡਦੇ ਬੱਦਲ, ਘਟਾਵਾਂ ਅਤੇ ਕਿਣ-ਮਿਣ ਅਜੀਬ ਕਿਸਮ ਦਾ ਹੁਲਾਸ ਅਤੇ ਹੁਲਾਰਾ ਦਿੰਦੇ ਹਨ। ਘਰਾਂ ਵਿਚ ਬਣਦੇ ਖੀਰ-ਪੂੜੇ, ਗੁਲਗਲੇ ਅਤੇ ਹੋਰ ਖਾਣ ਪੀਣ ਦਾ ਬੱਚਿਆਂ ਅਤੇ ਸਿਆਣਿਆਂ, ਸਭ ਨੂੰ ਚਾਅ ਹੁੰਦਾ ਹੈ। ਸਾਉਣ ਦੇ ਮੇਘਲਿਆਂ ਦੀ ਗੱਲ ਬਾਬਾ ਬੁਲ੍ਹੇਸ਼ਾਹ ਕਰਦਾ ਹੈ :
ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ।
ਠੌਰ ਠੌਰ ਇਨਾਇਤ ਬਸੇ ਪਪੀਹਾ ਕਰੇ ਪੁਕਾਰ।
ਪੰਜਾਬ ਦੇ ਬਹੁਤੇ ਮੇਲੇ ਅਤੇ ਤਿਉਹਾਰ ਸਾਡੇ ਕੰਮ ਧੰਦੇ, ਆਸਥਾ, ਰੀਤੀ-ਰਿਵਾਜ ਅਤੇ ਭੂਗੋਲਿਕ ਮਹੱਤਤਾ ਨਾਲ ਜੁੜੇ ਹਨ, ਜਦੋਂ ਕਿ ਸਾਉਣ ਮਹੀਨੇ ਆਉਂਦਾ ਤੀਆਂ ਦਾ ਤਿਉਹਾਰ ਮੌਸਮ ਦੇ ਸੁਹਾਵਣੇਪਨ ਨਾਲ ਸਬੰਧ ਰੱਖਦਾ ਹੈ। ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਦਿਲ ਭਾਉਂਦਾ ਖ਼ੂਬਸੂਰਤ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ 'ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੁੰਦੀਆਂ ਹਨ ਤਾਂ ਨੱਚਣ-ਟੱਪਣ, ਹੱਸਣ-ਖੇਡਣ ਦੇ ਨਾਲ-ਨਾਲ ਚਾਵਾਂ, ਰੀਝਾਂ, ਉਮੰਗਾਂ ਭਰੀ ਸੁਹੇਲਪੁਣੇ ਦੀ ਗੁਫ਼ਤਗੂ ਦਾ ਸਰੂਰ ਵੀ ਸਖੀਆਂ-ਸਹੇਲੀਆਂ ਲਈ ਇਸ ਤਿਉਹਾਰ ਦੇ ਅਰਥ ਦੁੱਗਣੇ ਕਰ ਦਿੰਦਾ ਹੈ। ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਵਿਚ ਇਹ ਨਿਰੋਲ ਪ੍ਰਾਕ੍ਰਿਤਕ ਤਿਉਹਾਰ ਹੈ। ਮੁਟਿਆਰਾਂ ਪ੍ਰਾਕ੍ਰਿਤੀ ਨਾਲ ਇਕਮਿਕ ਹੋ ਕੇ ਪੀਂਘਾਂ ਝੂਟਦੀਆਂ, ਹੱਸਦੀਆਂ-ਖੇਡਦੀਆਂ, ਗਿੱਧੇ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਉਹ ਇਸ ਮੌਸਮ ਨੂੰ ਰੂਹ ਤੋਂ ਹੰਢਾਉਂਦੀਆਂ ਨਜ਼ਰ ਆਉਂਦੀਆਂ ਹਨ, ਮਨਾਂ ਦੀਆਂ ਤਰੰਗਾਂ ਅਸਮਾਨੀ ਉਡਾਰੀ ਭਰਦੀਆਂ ਹਨ
ਸੌਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਿਹੀਆਂ ਮੁਟਿਆਰਾਂ।
ਗਿੱਧੇ ਦੇ ਵਿਚ ਏਦਾਂ ਲਿਸ਼ਕਣ
ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂઠ
ਜਿਉਂ ਕੂੰਜਾਂ ਦੀਆਂ ਡਾਰਾਂ।
ਜੋਰ ਜੁਆਨੀ ਦਾઠ
ਲੁੱਟ ਲਉ ਮੌਜ ਬਹਾਰਾਂ।
ਮੌਸਮ ਦਾ ਸਹੁਪੱਣ ਰੂਹਾਂ ਤੇ ਜਾਦੂ ਕਰਦਾ ਹੈ। ਮੁਟਿਆਰਾਂ ਦੇ ਅੰਦਰੋਂ ਨੱਚਣ ਦੀ ਉਮੰਗ ਜਾਗਦੀ ਹੈ ਜਿਵੇਂ ਕਹਿੰਦੇ ਹੁੰਦੇ ਆ ਕਿ 'ਸਾਉਣ ਸੈਨਤਾਂ ਮਾਰੇ, ਨੱਚ ਲੈ ਹਾਣਦੀਏ।' ਸੱਚਮੁਚ ਨਸ਼ਿਆਈਆਂ ਰੂਹਾਂ ਨੂੰ ਮਹੌਲ ਦੇ ਇਸ਼ਾਰੇ ਸੋਨੇ 'ਤੇ ਸੁਹਾਗੇ ਵਾਂਗ ਬੋਲੀਆਂ ਪਾਉਣ ਤੇ ਨੱਚਣ ਦਾ ਬਲ ਬਖਸ਼ਦੇ ਹਨ :
ਸਾਉਣ ਮਹੀਨਾ ਦਿਨ ਤੀਆਂ ਦੇ
ਸਭੇ ਸਹੇਲੀਆਂ ਆਈਆਂઠ
ਭਿੱਜ ਗਈ ਰੂਹ ਮਿੱਤਰਾ,
ਸ਼ਾਮ ਘਟਾ ਚੜ੍ਹ ਆਈਆਂ।
ਇਹ ਬੋਲੀ ਕਾਦਰ ਦੀ ਕੁਦਰਤ ਵੱਲੋਂ ਸਿਰਜੇ ਸੁਹਾਵਣੇ ਅਤੇ ਰੂਹ ਦੀ ਤ੍ਰਿਪਤੀ ਵਾਲੇ ਮੌਸਮੀ ਦ੍ਰਿਸ਼ਾਂ ਨਾਲ ਪੈਂਦੀ ਗੂੜ੍ਹੀ ਮਿੱਤਰਤਾ ਨੁੰ ਮੁਖਾਤਬ ਹੁੰਦੀ ਹੈ। ਬਾਰਾਮਾਹ ਰਾਹੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸਾਉਣ ਮਹੀਨੇ ਦੀ ਮਹੱਤਤਾ ਦੱਸੀ ਹੈ। ਪੰਜਾਬੀ ਦੇ ਸ਼ਾਇਰ ਬਾਬੂ ਫਿਰੋਜ਼ ਦੀਨ ਸ਼ਰਫ ਲਿਖਦੇ ਹਨ ਕਿ :
ਸਾਵਣ ਸੀਸ ਗੁੰਦਾ ਕੇ ਸਈਆਂ,
ਹਾਰ ਸ਼ਿੰਗਾਰ ਲਗਾਏ ਨੇ।
ਸਿਰ ਤੇ ਸਾਲੂ ਸ਼ਗਨਾਂ ਵਾਲੇ,
ਰੀਝਾਂ ਨਾਲ ਸਜਾਏ ਨੇ।
ਮਿੱਠੇ ਮਿੱਠੇ ਗੀਤ ਮਾਹੀ ਦੇ,
ਸਭਨਾ ਰਲ ਮਿਲ ਗਾਏ ਨੇ।
ਸੁਭਾਅ, ਬਣਤਰ ਅਤੇ ਪੇਸ਼ਕਾਰੀ ਪੱਖ ਤੋਂ ਤੀਆਂ ਸ਼ੁੱਧ ਰੂਪ ਵਿਚ ਸਿਰਫ਼ ਕੁੜੀਆਂ ਦਾ ਤਿਉਹਾਰ ਹੈ, ਮਰਦਾਂ ਦਾ ਤੀਆਂ ਵਿਚ ਜਾਣਾ ਵਰਜਤ ਵੀ ਹੁੰਦਾ ਤੇ ਮਿਹਣਾ ਵੀ। ਇਸੇ ਕਰਕੇ ਤੀਆਂ ਦੇ ਪਿੜ ਲਈ ਪਿੰਡ ਦੀ ਵਸੋਂ ਤੋਂ ਥੋੜ੍ਹਾ ਦੂਰ ਜਗ੍ਹਾ ਨਿਸਚਤ ਕੀਤੀ ਜਾਂਦੀ ਹੈ, ਜਿਥੋਂ ਨੱਚਣ-ਟੱਪਣ, ਰੌਲੇ-ਰੱਪੇ ਦੀ ਅਵਾਜ਼ ਵੀ ਘਰਾਂ ਤੱਕ ਨਾ ਪਹੁੰਚ ਸਕੇ ਅਤੇ ਉਸ ਪਾਸੇ ਵੱਲ ਮੁੰਡੇ ਜਾਣ ਵੀ ਨਾ। ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿਚ, ਪਿੱਪਲਾਂ, ਬੋਹੜਾਂ, ਟਾਹਲੀਆਂ ਵਰਗੇ ਦਰੱਖਤਾਂ ਦੀ ਛਾਂ ਹੇਠ ਕਈ-ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਗਿੱਧੇ ਦੇ ਰੂਪ ਵਿਚ ਬੋਲੀਆਂ, ਤਮਾਸ਼ਿਆਂ ਰਾਹੀਂ ਮਨ ਦਾ ਗੁੱਬ-ਗੁਹਾਟ ਨਿਕਲਦਾ। ਕਈ ਗੱਲਾਂ ਜਿਹੜੀਆਂ ਸਿੱਧੇ ਵਾਰਤਾਲਾਪ ਵਿਚ ਨਹੀਂ ਹੋ ਸਕਦੀਆਂ ਉਨ੍ਹਾਂ ਲਈ ਬੋਲੀਆਂ ਅਤੇ ਤਮਾਸ਼ੇ ਸਹਾਈ ਹੋ ਜਾਂਦੇ ਹਨ। ਮਨ ਵਿਚਲੇ ਵਲਵਲਿਆਂ ਨੂੰ ਹਾਣਦੀਆਂ ਸਖੀਆਂ ਨਾਲ ਸਾਂਝਾ ਕਰਕੇ ਹੌਲੀਆਂ ਫੁੱਲ ਵਰਗੀਆਂ ਹੋਈਆਂ ਕੁੜੀਆਂ ਪੇਕੇ ਘਰ, ਪੇਕੇ ਪਿੰਡ ਦੀ ਅਪਣੱਤ ਭਰੀ ਆਬੋ-ਹਵਾ ਵਿਚ ਸੁਖਾਵਾਂ ਸਾਹ ਲੈਂਦੀਆਂ ਪ੍ਰਤੀਤ ਹੁੰਦੀਆਂ ਹਨ।
ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ 'ਬੱਲੋ' ਪਾ ਕੇ ਸਹੁਰਿਆਂ ਦੀ ਤਿਆਰੀ ਕਰਦੀਆਂ। ਬੱਲੋ ਦਾ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ-ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ 'ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ। ਪੇਕੇ ਆਈਆਂ ਕੁੜੀਆਂ ਨੂੰ ਪੇਕਾ ਘਰ ਛੱਡ ਕੇ ਸਹੁਰੇ ਵਾਪਸ ਜਾਣ ਦੀ ਉਦਾਸੀ ਹੋਣਾ ਸੁਭਾਵਕ ਹੈ। ਉਨ੍ਹਾਂ ਦੇ ਜਾਣ ਦੀ ਉਦਾਸੀ ਪਿੰਡ ਦੀਆਂ ਕੁਆਰੀਆਂ ਕੁੜੀਆਂ ਨੂੰ ਵੀ ਹੁੰਦੀ ਹੈ। ਸਿੱਖਰ ਦੇ ਮੇਲ ਮਿਲਾਪੀ ਧਮੱਚੜ ਤੋਂ ਬਾਅਦ ਵਿਛੋੜਾ ਡਾਹਢਾ ਹੁੰਦਾ ਇਸ ਲਈ ਮਿਲਾਪ ਦਾ ਸਿਹਰਾ ਸਾਉਣ ਮਹੀਨੇ ਨੂੰ ਤੇ ਵਿਛੋੜੇ ਦਾ ਭਾਂਡਾ ਭਾਦੋਂ ਮਹੀਨੇ ਦੇ ਸਿਰ ਭੱਜਦਾ:
ਸਾਉਣ ਵੀਰ ਕੱਠੀਆਂ ਕਰੇઠ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਵਿਚ ਪੈਂਦੀਆਂ ਬੋਲੀਆਂ ਦੇ ਅਰਥ ਬੜੇ ਡੂੰਘੇ ਹੁਦੇ ਹਨ। ਸੱਸ, ਸਹੁਰੇ, ਜੇਠ, ਦਿਉਰ, ਵੱਲੋਂ ਕਿਤੇ ਨਾ ਕਿਤੇ ਦਿਲ ਦੁਖਾਉਣ ਵਾਲੇ ਕੀਤੇ ਵਰਤਾਰੇ ਦਾ ਇਜ਼ਹਾਰ ਪੇਕੇ ਪਿੰਡ ਦੀਆਂ ਤੀਆਂ ਵਿਚ ਬੋਲੀਆਂ ਪਾ ਕੇ ਹੁੰਦਾ ਹੈ।
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀઠ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲੱਗਜੇ ਸਣੇ ਪਜਾਮੇ ਕੋਟ
ਨਵੀਆਂ ਵਿਆਹੀਆਂ ਮੁਟਿਆਰਾਂ ਲਈ ਇਸ ਤਿਉਹਾਰ ਦੀ ਮਹੱਤਤਾ ਜ਼ਿਆਦਾ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਉਣਾ ਹੁੰਦਾ ਹੈ। ਤੀਆਂ ਦੇ ਬਹਾਨੇ ਕੁਝ ਦਿਨ ਪੇਕੇ ਰਹਿਣ ਅਤੇ ਪਰਿਵਾਰ ਸਮੇਤ ਸਹੇਲੀਆਂ ਨੂੰ ਮਿਲਣ-ਗਿਲਣ ਅਤੇ ਸਹੁਰਿਆਂ ਬਾਰੇ ਗੱਲਾਂ-ਬਾਤਾਂ ਕਰਨ ਦਾ ਚੰਗਾ ਸਬੱਬ ਬਣਦਾ ਹੈ। ਵਿਆਹ ਔਰਤ ਦੀ ਜ਼ਿੰਦਗੀ ਦਾ ਵਿਲੱਖਣ ਮੋੜ ਹੈ, ਮਾਂ ਦੇ ਲਾਡ ਪਿਆਰ ਦਾ ਸੱਸ ਦੀਆਂ ਮੱਤਾਂ ਨਾਲ ਤਬਾਦਲਾ ਕਾਫੀ ਅਸਧਾਰਨ ਪ੍ਰਕਿਰਿਆ ਹੋਣ ਕਰਕੇ ਇਹ ਛੇਤੀ-ਛੇਤੀ ਹਜ਼ਮ ਹੋਣ ਵਾਲਾ ਵਰਤਾਰਾ ਨਹੀਂ ਹੁੰਦਾ। ਇਹੀ ਵਰਤਾਰਾ ਸੱਸ ਅਤੇ ਨੂੰਹ ਵਿਚਲੀ ਖਹਿਬਾਜ਼ੀ ਦਾ ਸੱਭਿਆਚਾਰਕ ਦੁਖਾਂਤ ਬਣ ਜਾਂਦਾ। ਸੱਸ ਪ੍ਰਤੀ ਮਨ ਦੀ ਭੜਾਸ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਹੱਲ ਹੈ ਗਿੱਧੇ ਦੀਆਂ ਬੋਲੀਆਂ ਅਤੇ ਤੀਆਂ ਇਸ ਲਈ ਬਹੁਤ ਹੀ ਢੁੱਕਵਾਂ ਸਮਾਂ ਹੁੰਦਾ। ਇਸੇ ਕਰਕੇ ਤੀਆਂ ਵਿਚ ਵਿਆਹੀਆਂ ਕੁੜੀਆਂ ਦੇ ਨਿਸ਼ਾਨੇ 'ਤੇ ਸੱਸ ਜ਼ਿਆਦਾ ਹੁੰਦੀ ਹੈ:
ਸੱਸ ਮੇਰੀ ਨੇ ਗੰਢੇ ਤੜਕੇ, ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸੀ, ਸੱਸੇ ਤੇਰੀਆਂ ਕਰਤੂਤਾਂ।
ਬੋਲੀਆਂ ਰਾਹੀਂ ਆਪਣੇ ਮਨ ਦੇ ਉਬਾਲ ਕੱਢ ਕੇ ਕੁੜੀਆਂ ਮਹਿਸੂਸ ਕਰਦੀਆਂ ਕਿ ਸੁਣਵਾਈ ਹੋ ਗਈ, ਆਪਣੀ ਇਸ ਜਿੱਤ ਤੇ ਉਨ੍ਹਾਂ ਨੂੰ ਖੁਸ਼ੀ ਵੀ ਹੁੰਦੀ ਹੈ। ਜੇਕਰ ਅਜਿਹੀਆਂ ਗੱਲਾਂ ਸਿੱਧੇ ਰੂਪ ਵਿਚ ਹੋਣ ਤਾਂ ਮਨਾਂ ਵਿਚ ਕੁੱੜਤਣ ਆਵੇ ਪਰ ਬੋਲੀ ਦੇ ਨਾਲ ਪੈਂਦਾ ਗਿੱਧਾ ਇਨ੍ਹਾਂ ਗੱਲਾਂ-ਬਾਤਾਂ ਦਾ ਸੁਖਾਵਾਂ ਅਸਰ ਕਾਇਮ ਰੱਖਦਾ ਹੈ। ਇਸੇ ਤਰ੍ਹਾਂ ਕੁਆਰੀਆਂ ਕੁੜੀਆਂ ਆਪਣੇ ਮਨ ਦੀ ਗੱਲ ਬੋਲੀਆਂ ਰਾਹੀਂ ਆਪਣੇ ਬਾਪ, ਮਾਂ, ਵੀਰ, ਭਾਬੀ ਨੂੰ ਕਹਿ ਜਾਂਦੀਆਂ ਹਨ। 'ਮੈਨੂੰ ਵਿਆਹਦੇ ਅੰਮੀਏ, ਨੀ ਮੈਂ ਕੋਠੇ ਜਿੱਡੀ ਹੋਈ' ਵਰਗੀਆਂ ਬੋਲੀਆਂ ਰਾਹੀਂ ਲੰਘਦੀ ਜਾਂਦੀ ਆਪਣੀ ਵਿਆਹ ਦੀ ਉਮਰ ਦਾ ਅਹਿਸਾਸ ਵੀ ਮਾਪਿਆਂ ਨੂੰ ਕਰਵਾ ਦਿੰਦੀਆਂ ਜੋ ਵਾਰਤਾਲਾਪ ਵਿਚ ਸੰਭਵ ਹੀ ਨਹੀਂ।
ਤੀਆਂ ਦੇ ਤਿਉਹਾਰ ਦੀ ਖ਼ੂਬਸੂਰਤੀ ਇਸ ਗੱਲ ਵਿਚ ਹੈ ਕਿ ਇਸ ਮੌਕੇ ਪਿੰਡ ਦੀਆਂ ਧੀਆਂ ਧਿਆਣੀਆਂ ਨੂੰ ਆਪਣੇ ਪਿੰਡ ਵਿਚ ਹੀ ਮੇਲਣਾਂ ਬਣਨ ਦਾ ਮੌਕਾ ਮਿਲਦਾ ਹੈ। ਹਾਰ-ਸ਼ਿੰਗਾਰ ਲਾ ਕੇ ਉਹ ਆਪਣੀ ਸੂਬੇਦਾਰੀ ਮਹਿਕ ਦਾ ਪ੍ਰਗਟਾਵਾ ਕਰਨ ਦੀਆਂ ਹੱਕਦਾਰ ਅਤੇ ਸਮੱਰਥਾਵਾਨ ਹੁੰਦੀਆਂ ਹਨ :
ਘਰ ਨੇ ਜਿਨ੍ਹਾਂ ਦੇ ਕੋਲੋ ਕੋਲੀ,ઠਖੇਤ ਜਿਨ੍ਹਾਂ ਦੇ ਨਿਆਈਆਂ।
ਸੱਗੀ ਫੁੱਲ ਸਿਰਾਂ ਤੇ ਸੋਂਹਦੇ,ઠਪੈਰੀ ਝਾਂਜਰਾਂ ਪਾਈਆਂ,
ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ।
ਪੰਜਾਬੀ ਜਨ-ਜੀਵਨ ਵਿਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ, ਸਲਾਹੁਣਯੋਗ ਅਤੇ ਸਤਿਕਾਰਣਯੋਗ ਹੈ। ਔਰਤਾਂ ਆਪਣੇ ਹਰ ਚਾਅ, ਹਰ ਖੁਸ਼ੀ, ਹਰ ਖਾਹਸ਼ ਵਿਚ ਮਰਦ ਦੀ ਸੁੱਖ ਮੰਗਦੀਆਂ ਹਨ। ਵਿਲੱਖਣ ਗੱਲ ਇਹ ਹੈ ਕਿ ਤੀਆਂ ਦੇ ਤਿਉਹਾਰ ਵਿਚ ਪੈਂਦੀਆਂ ਬੋਲੀਆਂ ਸਿੱਧੇ, ਅਸਿੱਧੇ ਰੂਪ ਵਿਚ ਮਰਦ ਦੀ ਖ਼ੁਸ਼ੀ ਲਈ ਦੁਆਵਾਂ ਵਰਗੀਆਂ ਹੀ ਹੁੰਦੀਆਂ ਹਨ। ਲੱਖ ਮਿਹਣੇ ਤਾਅਨੇ ਮਾਰ ਕੇ ਵੀ ਅੰਤ ਉਹ ਆਪਣੇ ਰਿਸ਼ਤਿਆਂ ਵਿਚਲੇ ਮਰਦਾਂ ਦੀ ਚੜ੍ਹਦੀ ਕਲਾ ਲਈ ਵਚਨਬੱਧ ਹੁੰਦੀਆਂ ਹਨ। ਇਹ ਔਰਤ ਮਨ ਦੀ ਕੋਮਲਤਾ ਦਾ ਪ੍ਰਮਾਣ ਹੈ। ઠ
ਜੁੱਗ ਜੁੱਗ ਰਵ੍ਹੇ ਵਸਦਾ,
ਮੇਰੇ ਧਰਮੀ ਬਾਬਲ ਦਾ ਵਿਹੜਾ...
ਸਮੇਂ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉਪਰ ਗਹਿਰਾ ਪਰਛਾਵਾਂ ਪਾਇਆ ਹੈ। ਠੁਮਕਦੀ, ਰੁਮਕਦੀ ਤੋਰ ਤੁਰਦੀ ਜ਼ਿੰਦਗੀ ਹੁਣ ਮਸ਼ੀਨ ਬਣ ਗਈ ਹੈ। ਜ਼ਿੰਦਗੀ ਵਿਚੋਂ ਮੜਕ, ਖੁੱਲ੍ਹਾਪਣ ਅਤੇ ਬੇਪ੍ਰਵਾਹੀ ਦੂਰ ਹੋ ਗਏ। ਨਿੱਤ ਦੀ ਭੱਜ-ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ-ਤਿਉਹਾਰਾਂ 'ਤੇ ਵੀ ਬਹੁਤ ਅਸਰ ਕੀਤਾ ਹੈ। ਕੁੜੀਆਂ, ਔਰਤਾਂ ਹੁਣ ਮਰਦਾਂ ਵਾਂਗ ਨੌਕਰੀਆਂ ਅਤੇ ਹੋਰ ਕੰਮ ਧੰਦਿਆਂ ਵਿਚ ਮਸਰੂਫ ਹਨ। ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ। ਪਰ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਕਸਬਿਆਂ ਵਿਚ ਤੀਆਂ ਵਰਗੇ ਮਹੱਬਤੀ ਅਤੇ ਮਹਿਕਦੇ ਤਿਉਹਾਰ ਜਿਊਂਦੇ-ਜਾਗਦੇ ਹਨ ਹਨ.. ਸ਼ਾਲਾ ਜਿਊਂਦੇ ਜਾਗਦੇ ਰਹਿਣ।

-ਮੋਬਾਈਲ : 98140-78799

ਮੋਸੂਲ ਫ਼ਤਹਿ ਤੋਂ ਬਾਅਦ ਬਰਕਰਾਰ ਹੈ ਆਈ ਐਸ ਦੀ ਚੁਣੌਤੀ

ਇਰਾਕ ਦੇ ਪ੍ਰਧਾਨ ਮੰਤਰੀ ਜਦੋਂ ਮੋਸੂਲ ਫਤਹਿ ਦਾ ਐਲਾਨ ਕਰ ਰਹੇ ਸਨ ਤਾਂ ਉਸ ਸਮੇਂ ਟਿਗਰਿਸ ਨਦੀ ਦੇ ਕੰਢੇ ਆਈ ਐਸ ਆਈ ਐਸ ਦੇ ਲੜਾਕੂਆਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਦੀ ਆਵਾਜ਼ ਵੀ ਸੁਣੀ ਜਾ ਰਹੀ ਸੀ। ਯਾਨਿ ਜਿੱਤ ਦੇ ਜਸ਼ਨ ਵਿਚ ਹਾਰੇ ਹੋਏ ਪੱਖ ਦੇ ਇਰਾਦਿਆਂ ਦੀ ਗੂੰਜ ਵੀ ਸੁਣੀ ਜਾ ਸਕਦੀ ਸੀ। ਸਾਫ਼ ਹੈ , ਮੋਸੂਲ ਫਤਹਿ ਦਾ ਜਸ਼ਨ ਕੋਈ ਪੱਕਾ ਜਸ਼ਨ ਨਹੀਂ ਹੈ । ਹੁਣ ਵੀ ਇਸਲਾਮਿਕ ਸਟੇਟ ਦੇ ਫਿਰ ਤੋਂ ਉੱਭਰ ਆਉਣ ਦਾ ਖ਼ਤਰਾ ਬਣਿਆ ਹੋਇਆ ਹੈ ।
ਇਹ ਸੱਚ ਹੈ ਕਿ ਮੋਸੂਲ ਦੀ ਹਾਰ ਇਸਲਾਮਿਕ ਸਟੇਟ ਲਈ ਇਕ ਬਹੁਤ ਵੱਡੀ ਹਾਰ ਹੈ, ਪਰ ਇਹ ਹਾਰ ਉਸ ਦੇ ਸਫਾਏ ਦਾ ਸਬੂਤ ਨਹੀਂ ਹੈ । ਮੋਸੂਲ ਵਿਚ ਹੀ ਬਗਦਾਦੀ ਨੇ ਆਪਣੇ-ਆਪ ਨੂੰ ਦੁਨੀਆ ਭਰ ਦੇ ਮੁਸਲਮਾਨਾਂ ਦਾ ਖਲੀਫ਼ਾ ਐਲਾਨ ਕੀਤਾ ਸੀ। ਜਿਸ ਇਤਿਹਾਸਕ ਮਸਜਦ ਤੋਂ ਉਸ ਨੇ ਆਪਣੇ-ਆਪ ਨੂੰ ਖਲੀਫ਼ਾ ਐਲਾਨਿਆ ਸੀ, ਉਸ ਮਸਜਦ ਅਤੇ ਉਸ ਨਾਲ ਜੁੜਿਆ ਇਕ ਇਤਿਹਾਸਕ ਮੀਨਾਰ ਜ਼ਮੀਨਦੋਜ਼ ਹੋ ਚੁੱਕਿਆ ਹੈ, ਪਰ ਇਸਲਾਮਿਕ ਸਟੇਟ ਦੇ ਇਰਾਦੇ ਜ਼ਮੀਨਦੋਜ਼ ਹੋਣੇ ਅਜੇ ਬਾਕੀ ਹਨ।
ਹੁਣ ਤੋਂ ਤਿੰਨ ਸਾਲ ਪਹਿਲਾਂ ਮੋਸੂਲ ਨੂੰ ਇਸਲਾਮਿਕ ਸਟੇਟ ਨੇ ਕਬਜ਼ੇ 'ਚ ਕਰ ਲਿਆ ਸੀ। ਉਸ ਦੇ ਸਿਰਫ਼ ਕੁਝ ਲੜਾਕਿਆਂ ਨੇ ਹੀ ਇਰਾਕੀ ਫ਼ੌਜ ਦੇ ਸਿੱਖਿਅਤ ਅਤੇ ਗਿਣਤੀ ਵਿਚ ਜ਼ਿਆਦਾ ਜਵਾਨਾਂ ਨੂੰ ਉੱਥੋਂ ਖਦੇੜ ਦਿੱਤਾ ਸੀ। ਫਿਰ ਤਾਂ ਇਰਾਕ ਦੇ ਇਕ ਬਹੁਤ ਵੱਡੇ ਇਲਾਕੇ ਉੱਤੇ ਇਸਲਾਮਿਕ ਸਟੇਟ ਦਾ ਕਬਜ਼ਾ ਹੋ ਗਿਆ ਸੀ । ਉਹ ਇਲਾਕਾ ਸੁੰਨੀ ਬਹੁ-ਗਿਣਤੀ ਵਾਲਾ ਇਲਾਕਾ ਹੈ । ਇਸਲਾਮਿਕ ਸਟੇਟ ਵੀ ਸੁੰਨੀਆਂ ਦਾ ਹੀ ਸੰਗਠਨ ਹੈ, ਜੋ ਇਰਾਕ ਦੇ ਸੱਤਾਧਾਰੀ ਸ਼ੀਆ ਸ਼ਾਸਨ ਦੇ ਖਿਲਾਫ਼ ਹੈ । ਇਹੀ ਕਾਰਨ ਹੈ ਕਿ ਸੁੰਨੀਆਂ ਦੇ ਵੱਡੇ ਇਲਾਕੇ ਵਿਚ ਆਪਣਾ ਗਲਬਾ ਸਥਾਪਤ ਕਰਨ ਵਿਚ ਇਸਲਾਮਿਕ ਸਟੇਟ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।
ਮੋਸੂਲ ਉੱਤੇ ਕਾਬੂ ਪਾਉਣਾ ਇਕ ਗੱਲ ਹੈ ਅਤੇ ਉਸ ਕਾਬੂ ਨੂੰ ਬਰਕਰਾਰ ਰੱਖਣਾ ਬਿਲਕੁਲ ਵੱਖਰੀ ਗੱਲ ਹੈ। ਇਸਲਾਮ ਦੇ ਜਿਸ ਨਿਯਮ ਕਾਇਦੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਇਸਲਾਮਿਕ ਸਟੇਟ ਕਰ ਰਿਹਾ ਸੀ, ਉਹ ਉਥੋਂ ਦੇ ਲੋਕਾਂ ਨੂੰ ਵੀ ਮਨਜ਼ੂਰ ਨਹੀਂ ਸੀ । ਸਾਫ਼ ਹੈ , ਮੁਕਾਮੀ ਲੋਕਾਂ ਦਾ ਸਮਰਥਨ ਉਸ ਨੂੰ ਘਟਣ ਲੱਗਾ। ਬਾਹਰੀ ਤਾਕਤਾਂ ਵੀ ਉਸ ਦੇ ਖਿਲਾਫ਼ ਸਰਗਰਮ ਸਨ ਅਤੇ ਉਨ੍ਹਾਂ ਤਾਕਤਾਂ ਦੇ ਸਾਹਮਣੇ ਇਸਲਾਮਿਕ ਸਟੇਟ ਜ਼ਿਆਦਾ ਦਿਨਾਂ ਤੱਕ ਟਿਕ ਹੀ ਨਹੀਂ ਸੀ ਸਕਦਾ ।
ਇਸ ਲਈ ਉਹੀ ਹੋਇਆ, ਜੋ ਹੋਣਾ ਸੀ। ਇਰਾਕੀ ਫ਼ੌਜ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ 9 ਮਹੀਨਿਆਂ ਦੇ ਅੰਦਰ ਹੀ ਮੋਸੂਲ ਨੂੰ ਇਸਲਾਮਿਕ ਸਟੇਟ ਦੇ ਕਬਜ਼ੇ ਹੇਠੋਂ ਆਜ਼ਾਦ ਕਰਾ ਲਿਆ। ਮੋਸੂਲ ਇਰਾਕ ਦਾ ਦੂਜਾ ਸਭ ਤੋਂ ਬਹੁਤ ਵੱਡਾ ਮਹਾਂਨਗਰ ਹੈ ਅਤੇ ਇਸ ਦੀ ਇਤਿਹਾਸਕ ਮਹੱਤਤਾ ਬਿਨਾਂ ਸ਼ੱਕ ਬਹੁਤ ਵੱਡੀ ਹੈ। ਮੋਸੂਲ ਭਾਵੇਂ ਇਸਲਾਮਿਕ ਸਟੇਟ ਦੀ ਘੋਸ਼ਿਤ ਕੀਤੀ ਰਾਜਧਾਨੀ ਨਹੀਂ ਰਹੀ ਹੈ, ਪਰ ਇਹ ਆਪੇ ਬਣੇ ਖਲੀਫ਼ਾ ਬਗਦਾਦੀ ਦਾ ਅੱਡਾ ਸੀ ਅਤੇ ਜਨਸੰਖਿਆ ਦੇ ਲਿਹਾਜ਼ ਤੋਂ ਮੋਸੂਲ ਇਸਲਾਮਿਕ ਸਟੇਟ ਦੀ ਰਾਜਧਾਨੀ ਰੱਕਾ ਨਾਲ ਵੀ ਬਹੁਤ ਵੱਡਾ ਮਹਾਨਗਰ ਹੈ। ਧਿਆਨਯੋਗ ਹੈ ਕਿ ਰੱਕਾ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੀ ਰਾਜਧਾਨੀ ਹੈ ਅਤੇ ਉਹ ਸੀਰੀਆ ਵਿਚ ਹੈ।
ਫਿਲਹਾਲ ਰੱਕਾ ਅਜੇ ਵੀ ਇਸਲਾਮਿਕ ਸਟੇਟ ਦੇ ਕਬਜ਼ੇ ਹੇਠ ਹੈ ਅਤੇ ਉਸ ਨੂੰ ਉਸ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਅਮਰੀਕਾ ਦੀ ਅਗਵਾਈ ਵਿਚ ਇਕ ਵੱਡੀ ਫ਼ੌਜੀ ਕਾਰਵਾਈ ਚੱਲ ਰਹੀ ਹੈ। ਅਮਰੀਕਾ ਮੋਸੂਲ ਵਿਚ ਚੱਲ ਰਹੀ ਕਾਰਵਾਈ ਦਾ ਵੀ ਹਿੱਸਾ ਸੀ, ਪਰ ਇਸ ਕਾਰਵਾਈ ਦੀ ਅਗਵਾਈ ਇਰਾਕੀ ਫ਼ੌਜ ਦੇ ਹੱਥ ਵਿਚ ਸੀ ਅਤੇ ਅਮਰੀਕਾ ਦੀ ਭੂਮਿਕਾ ਸਹਾਇਕ ਦੀ ਸੀ। ਅਮਰੀਕਾ ਹਵਾਈ ਹਮਲੇ ਅਤੇ ਜ਼ਮੀਨ ਉੱਤੇ ਕੰਮ ਕਰ ਰਹੀ ਇਰਾਕੀ ਫ਼ੌਜ ਦੀ ਸਹਾਇਤਾ ਕਰਦਾ ਸੀ। ਸ਼ੀਆ ਲੜਾਕੇ ਵੀ ਇਰਾਕੀ ਫ਼ੌਜ ਦੇ ਨਾਲ ਸਨ ਅਤੇ ਇਸ ਵਿਚ ਈਰਾਨ ਦੇ ਲੋਕ ਵੀ ਭਾਰੀ ਗਿਣਤੀ ਵਿਚ ਸ਼ਾਮਿਲ ਸਨ । ਕਿਹਾ ਤਾਂ ਇੱਥੋਂ ਤੱਕ ਵੀ ਜਾਂਦਾ ਹੈ ਕਿ ਸ਼ੀਆ ਲੜਾਕਿਆਂ ਦੇ ਨਾਂਅ ਉੱਤੇ ਈਰਾਨ ਦੀ ਫ਼ੌਜ ਹੀ ਇਸਲਾਮਿਕ ਇਸਟੇਟ ਦੇ ਖਿਲਾਫ਼ ਚੱਲ ਰਹੀ ਉਸ ਲੜਾਈ ਵਿਚ ਸ਼ਾਮਿਲ ਸੀ ।
ਬਹੁਤ ਮੁਸ਼ੱਕਤ, ਖ਼ੂਨ-ਖਰਾਬੇ ਅਤੇ ਵਿਨਾਸ਼ ਤੋਂ ਬਾਅਦ ਮੋਸੂਲ ਨੂੰ ਅਜ਼ਾਦ ਕਰਾਇਆ ਜਾ ਸਕਿਆ ਹੈ। ਇਸ ਮੁਹਿੰਮ ਦੇ ਪੂਰਾ ਹੋਣ ਤੋਂ ਪਹਿਲਾਂ ਇਤਿਹਾਸਕ ਨੂਰ ਮਸਜਦ ਅਤੇ ਉਸ ਦੇ ਨਾਲ ਲਗਦੀ ਮੀਨਾਰ ਨਸ਼ਟ ਹੋ ਗਈ ਹੈ ਅਤੇ ਸ਼ਹਿਰ ਦਾ ਪੱਛਮੀ ਇਲਾਕਾ ਲਗਪਗ ਖੰਡਰ ਵਿਚ ਬਦਲ ਗਿਆ ਹੈ। ਇਸ ਇਤਿਹਾਸਕ ਸ਼ਹਿਰ ਵਿਚ ਇਸ ਤਰ੍ਹਾਂ ਦੀ ਤਬਾਹੀ ਸਦੀਆਂ ਬਾਅਦ ਹੋਈ ਹੈ। ਇਸ ਦੇ ਮੁੜ ਨਿਰਮਾਣ ਵਿਚ ਹੁਣ ਕਈ ਸਾਲ ਲੱਗਣਗੇ, ਪਰ ਦੇਖਣ ਵਾਲੀ ਗੱਲ ਇਹ ਹੋਏਗੀ ਕੀ ਆਉਣ ਵਾਲੇ ਸਾਲਾਂ ਵਿਚ ਇਰਾਕ ਇਸ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖ ਸਕੇਗਾ ਜਾਂ ਇਹ ਇੱਕ ਵਾਰ ਫਿਰ ਇਸਲਾਮਿਕ ਸਟੇਟ ਜਾਂ ਸੁੰਨੀਆਂ ਦੇ ਕਿਸੇ ਸੰਗਠਨ ਦੀ ਗ੍ਰਿਫ਼ਤ ਵਿਚ ਆ ਜਾਵੇਗਾ?
ਦਰਅਸਲ ਇਰਾਕ ਵਿਚ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਦੋਵਾਂ ਦੀ ਵੱਡੀ ਆਬਾਦੀ ਹੈ। ਸੱਦਾਮ ਹੁਸੈਨ ਸੁੰਨੀ ਮੁਸਲਮਾਨ ਸਨ, ਪਰ ਉਹ ਸੁੰਨੀਆਂ ਦੇ ਨਾਲ ਸ਼ੀਆਂ ਨੂੰ ਵੀ ਆਪਣੇ ਨਾਲ ਰੱਖਣ ਵਿਚ ਕਾਮਯਾਬ ਰਹੇ ਸਨ। ਉਂਜ ਸੁੰਨੀਆਂ ਦੀ ਲੜਾਈ ਸਦੀਆਂ ਪੁਰਾਣੀ ਹੈ, ਪਰ ਸੱਦਾਮ ਦੇ ਕਾਰਜਕਾਲ ਵਿਚ ਦੋਵਾਂ ਦੇ ਵਿਚਾਲੇ ਇਕ ਸੰਤੁਲਨ ਕਾਇਮ ਸੀ ਅਤੇ ਉਸ ਦਾ ਇਕ ਕਾਰਨ ਸੱਦਾਮ ਵੱਲੋਂ ਭਾਸ਼ਣ ਕਰਨ ਦਾ ਤਾਨਾਸ਼ਾਹੀ ਤਰੀਕਾ ਵੀ ਸੀ ।
ਸੱਦਾਮ ਦੇ ਪਤਨ ਤੋਂ ਬਾਅਦ ਅਮਰੀਕਾ ਦੀ ਹਿਫਾਜ਼ਤ ਵਿਚ ਇਰਾਕ ਵਿਚ ਸ਼ੀਆ ਮੁਸਲਮਾਨਾਂ ਦਾ ਸ਼ਾਸਨ ਸਥਾਪਤ ਹੋ ਗਿਆ। ਇਸ ਦੇ ਕਾਰਨ ਦੋਵਾਂ ਭਾਈਚਾਰਿਆਂ ਵਿਚ ਪੁਰਾਣਾ ਸੰਤੁਲਨ ਖ਼ਤਮ ਹੋ ਗਿਆ ਹੈ । ਹੁਣ ਸੁੰਨੀ ਆਪਣੇ-ਆਪ ਨੂੰ ਸ਼ਾਸ਼ਤ ਸਮਝਦੇ ਹਨ ਅਤੇ ਸ਼ੀਆ ਆਪਣੇ-ਆਪ ਨੂੰ ਸ਼ਾਸਕ। ਇਸ ਦਾ ਫਾਇਦਾ ਲੈ ਕੇ ਇਸਲਾਮਿਕ ਸਟੇਟ ਨੇ ਸੁੰਨੀਆਂ ਵਿਚਾਲੇ ਆਪਣੀ ਪਹੁੰਚ ਬਣਾਈ ਅਤੇ ਸੁੰਨੀ ਬਹੁ-ਗਿਣਤੀ ਵਸੋਂ ਵਾਲੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈਣ ਵਿਚ ਜ਼ਿਆਦਾ ਸਮਾਂ ਨਹੀਂ ਲਗਾਇਆ। ਪਰ ਇਸਲਾਮਿਕ ਸਟੇਟ ਇਰਾਕ ਵਿਚ ਇਸਲਾਮ ਦੀ ਉਹ ਕਿਤਾਬੀ ਸਮਾਜ ਵਿਵਸਥਾ ਸਥਾਪਤ ਕਰਨਾ ਚਾਹੁੰਦਾ ਸੀ, ਜੋ ਮੋਬਾਈਲ ਅਤੇ ਇੰਟਰਨੈੱਟ ਦੇ ਇਸ ਯੁੱਗ ਵਿਚ ਸੰਭਵ ਹੀ ਨਹੀਂ ਹੈ। ਉਹ ਘਟ-ਗਿਣਤੀਆਂ ਦਾ ਵੀ ਦੁਸ਼ਮਣ ਬਣਿਆ ਹੋਇਆ ਸੀ ਅਤੇ ਉਨ੍ਹਾਂ ਦੇ ਨਾਲ ਮੱਧਕਾਲੀਨ ਯੁੱਗ ਵਾਲਾ ਵਿਹਾਰ ਕਰਦਾ ਸੀ।
ਇਸ ਦੇ ਕਾਰਨ ਇਰਾਕ ਅਤੇ ਸੀਰੀਆ ਦੇ ਇੱਕ ਵੱਡੇ ਹਿੱਸੇ ਉੱਤੇ ਕਬਜ਼ਾ ਕਰਨ ਦੇ ਬਾਵਜੂਦ ਇਸਲਾਮਿਕ ਸਟੇਟ ਨਾ ਤਾਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਮਾਨਤਾ ਕਰ ਸਕਿਆ ਅਤੇ ਨਾ ਹੀ ਇਲਾਕੇ ਦੇ ਸੁੰਨੀਆਂ ਦਾ ਉਹ ਵਿਸ਼ਵਾਸ ਕਾਇਮ ਰੱਖ ਸਕਿਆ, ਜਿਸ ਵਿਸ਼ਵਾਸ ਦੇ ਨਾਲ ਉਸ ਨੇ ਬਗਦਾਦੀ ਦੇ ਲੜਾਕਿਆਂ ਨੂੰ ਸਮਰਥਨ ਦਿੱਤਾ ਸੀ। ਇਸਲਾਮਿਕ ਸਟੇਟ ਦਾ ਉਦੇਸ਼ ਸਿਰਫ ਸੀਰੀਆ ਅਤੇ ਇਰਾਕ ਤੱਕ ਸੀਮਤ ਨਹੀਂ ਸੀ, ਬਲਕਿ ਉਹ ਪੂਰੀ ਦੁਨੀਆ ਦੇ ਮੁਸਲਮਾਨਾਂ ਦੀ ਅਗਵਾਈ ਕਰਨਾ ਚਾਹੁੰਦਾ ਸੀ ਅਤੇ ਪੂਰੀ ਦੁਨੀਆ ਨੂੰ ਹੀ ਮੁਸਲਮਾਨ ਦੁਨੀਆ ਵਿਚ ਤਬਦੀਲ ਕਰਨ ਦੀ ਤਮੰਨਾ ਰੱਖਦਾ ਸੀ। ਇਸ ਲਈ ਉਹ ਦੁਨੀਆ ਭਰ ਵਿਚ ਅੱਤਵਾਦੀ ਸਰਗਰਮੀਆਂ ਨੂੰ ਬੜ੍ਹਾਵਾ ਦੇ ਰਿਹਾ ਹੈ । ਪਾਕਿਸਤਾਨ ਵਿਚ ਕਈ ਵਾਰ ਉਹ ਮਸਜਦਾਂ ਅਤੇ ਮਜ਼ਾਰਾਂ ਨੂੰ ਖ਼ੂਨ ਨਾਲ ਰੰਗ ਚੁੱਕਿਆ ਹੈ। ਅਮਰੀਕਾ ਅਤੇ ਯੂਰਪ ਵਿਚ ਵੀ ਉਹ ਖ਼ੂਨ, ਖਰਾਬਾ ਕਰਵਾ ਚੁੱਕਿਆ ਹੈ ਅਤੇ ਇੰਡੋਨੇਸ਼ੀਆ ਅਤੇ ਫਿਲਪਾਈਨ ਵੀ ਉਸ ਦੇ ਸੰਤਾਪ ਦੀ ਜਕੜ ਵਿਚ ਆ ਚੁੱਕੇ ਹਨ।
ਮੋਸੂਲ ਤੋਂ ਪੈਰ ਉਖੜਨ ਤੋਂ ਬਾਅਦ ਇਸਲਾਮਿਕ ਸਟੇਟ ਨੂੰ ਯਕੀਨਨ ਇਕ ਬਹੁਤ ਵੱਡਾ ਝੱਟਕਾ ਲੱਗਾ ਹੈ ਅਤੇ ਉਸ ਕਾਰਨ ਹੁਣ ਦੂਜੇ ਦੇਸ਼ਾਂ ਤੋਂ ਉਸ ਦੇ ਨਾਲ ਜੁੜਣ ਵਾਲੇ ਮੁਸਲਮਾਨਾਂ ਦੀ ਗਿਣਤੀ ਬਹੁਤ ਘੱਟ ਹੋ ਜਾਵੇਗੀ। ਇਸ ਕਾਰਨ ਉਸ ਦੇ ਕੋਲ ਪੈਸੇ ਦਾ ਸੰਕਟ ਵੀ ਪੈਦਾ ਹੋ ਸਕਦਾ ਹੈ, ਕਿਉਂਕਿ ਮੋਸੂਲ ਅਤੇ ਉਸ ਦੇ ਆਸ-ਪਾਸ ਦੀ ਆਬਾਦੀ ਉਸ ਲਈ ਸੱਤਾ ਹਾਸਲ ਕਰਨ ਦਾ ਵੀ ਜ਼ਰੀਆ ਸੀ। ਤੇਲ ਦੇ ਖੂਹਾਂ ਤੋਂ ਵੀ ਉਸ ਦਾ ਕੰਟਰੋਲ ਖ਼ਤਮ ਹੋ ਚੁੱਕਾ ਹੈ। ਪਰ ਇਸਲਾਮਿਕ ਸਟੇਟ ਹੁਣ ਇਰਾਕ ਅਤੇ ਸੀਰੀਆ ਤੋਂ ਬਾਹਰ ਵੀ ਆਪਣਾ ਵਿਸਥਾਰ ਕਰ ਚੁੱਕਿਆ ਹੈ। ਇਸ ਲਈ ਉਸ ਦਾ ਖ਼ਤਰਾ ਆਉਣ ਵਾਲੇ ਦਿਨਾਂ ਵਿਚ ਵੀ ਬਣਿਆ ਰਹੇਗਾ। (ਸੰਵਾਦ )

ਵੀ.ਆਈ.ਪੀ. ਸੱਭਿਆਚਾਰ ਦਾ ਚੱਕਰਵਿਊ

ਅੱਜਕਲ੍ਹ ਮੀਡੀਆ ਵਿਚ ਵੀ. ਆਈ. ਪੀ. ਸੱਭਿਆਚਾਰ ਦੀਆਂ ਗੱਲਾਂ ਚਲ ਰਹੀਆਂ ਹਨ। ਕੇਂਦਰੀ ਸਰਕਾਰ ਤੇ ਕੁਝ ਪ੍ਰਦੇਸ਼ਕ ਸਰਕਾਰਾਂ ਨੇ ਇਸ ਸੱਭਿਆਚਾਰ ਨੂੰ ਖਤਮ ਕਰਨ ਲਈ ਸਰਕਾਰੀ ਗੱਡੀਆਂ ਤੋਂ ਲਾਲ ਬੱਤੀ ਲਾਹੁਣ ਦਾ ਫੈਸਲਾ ਕੀਤਾ ਹੈ। ਐਨੀ ਵੱਡੀ ਸਮੱਸਿਆ ਤੇ ਐਨਾ ਸੌਖਾ ਹੱਲ! ਮੈਨੂੰ ਤਾਂ ਇਹ ਸਾਰਾ ਰਾਜਨੀਤਕ ਸੋਸ਼ਾ ਜਾਪਿਆ। ਕਾਰ 'ਤੇ ਲਾਲ ਬੱਤੀ ਤੇ ਝੰਡੀ, ਸਰਕਾਰੀ ਕੋਠੀ ਤੇ ਨੌਕਰ ਚਾਕਰ, ਏ ਕੇ 47 ਨਾਲ ਲੈਸ ਬਾਡੀ ਗਾਰਡ ਤਾਂ ਵੀ. ਆਈ. ਪੀ. ਕਲਚਰ ਦੇ ਬਰਫ ਦੇ ਤੋਦੇ (ਆਈਸ ਬਰਗ) ਦੀ ਨਾਮਾਤਰ ਟੀਸੀ ਹੈ। ਅਸਲੀ ਸਮੱਸਿਆ ਤਾਂ ਪਾਣੀ ਦੀ ਸਤ੍ਹਾ ਦੇ ਹੇਠਾਂ ਹੈ।
ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਵੇਗਾ ਕਿ ਵੀ. ਆਈ. ਪੀ. ਸੱਭਿਆਚਾਰ ਹੈ ਕੀ? ਇਸ ਨੂੰ ਸਮਝਣ ਲਈ ਮੈਂ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸਣਾ ਚਾਹਾਂਗੀ। ਇਨ੍ਹਾਂ ਤੋਂ ਤੁਸੀਂ ਵੀ ਵਾਕਿਫ ਹੋਵੋਗੇ।
ਇਸ ਸੱਭਿਆਚਾਰ ਦੀ ਪਹਿਲੀ ਵਿਸ਼ੇਸ਼ਤਾ ਹੈ 'ਲਾਈਨ ਤੋੜਨਾ'। ਵੀ. ਆਈ. ਪੀ. ਆਪ ਕਦੇ ਵੀ ਲਾਈਨ ਵਿਚ ਖੜ੍ਹਾ ਨਹੀਂ ਹੁੰਦਾ। ਦਫਤਰਾਂ, ਬੈਂਕਾਂ, ਡਾਕਖਾਨਿਆਂ, ਹਸਪਤਾਲਾਂ, ਕਈ ਹੋਰ ਅਦਾਰਿਆਂ ਵਿਚ ਰੋਜ਼ਮਰ੍ਹਾ ਦੇ ਕੰਮ ਕਰਾਉਣ ਲਈ ਆਮ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਪਰ ਵੀ. ਆਈ. ਪੀ. ਬਿਨਾਂ ਲਾਈਨ ਵਿਚ ਲੱਗੇ ਆਪਣਾ ਕੰਮ ਆਪਣੇ ਕਰਿੰਦੇ ਰਾਹੀਂ 'ਪਿਛਲੇ ਦਰਵਾਜ਼ੇ' ਤੋਂ ਹੀ ਕਰਵਾ ਲੈਂਦਾ ਹੈ। ਜੇ ਕਿਤੇ ਮਜਬੂਰਨ ਲਾਈਨ ਵਿਚ ਖੜ੍ਹਾ ਹੋਣਾ ਪਵੇ, ਜਿਵੇਂ ਕਿ ਵੋਟ ਪਾਉਣ ਲਈ ਜਾਂ ਲਿਫਟ 'ਚ ਚੜ੍ਹਨ ਲਈ, ਤਾਂ ਡਿਊਟੀ 'ਤੇ ਤਾਇਨਾਤ ਕਰਮਚਾਰੀ ਵੀ. ਆਈ. ਪੀ. ਨੂੰ ਲਾਈਨ ਤੁੜਵਾਉਣ ਵਿਚ ਫ਼ਖਰ ਸਮਝਦੇ ਹਨ।
ਇਸ ਸੱਭਿਆਚਾਰ ਦੀ ਦੂਸਰੀ ਵਿਸ਼ੇਸ਼ਤਾ ਹੈ ਲਿਆਕਤ (ਮੈਰਿਟ) ਦਾ ਘਾਣ ਕਰਨਾ, ਇਸ ਵਿਸ਼ੇਸ਼ਤਾ ਤੋਂ ਅਸੀਂ ਅਵੇਸਲੇ ਨਹੀਂ। ਲਿਆਕਤ ਨੂੰ ਪਿਛਾਂਹ ਧੱਕ ਕੇ ਸੱਤਾ ਜਾਂ ਪੈਸੇ ਦੇ ਬਲ 'ਤੇ ਆਪਣੇ ਬੱਚਿਆਂ, ਭਾਈ ਭਤੀਜਿਆਂ ਨੂੰ ਚੰਗੇ ਸਕੂਲਾਂ ਕਾਲਜਾਂ ਵਿਚ ਦਾਖਲੇ ਦਿਵਾਉਣੇ, ਇਮਤਿਹਾਨਾਂ ਵਿਚ ਨੰਬਰ ਲਗਵਾਉਣੇ, ਚੰਗੀਆਂ ਨੌਕਰੀਆਂ 'ਤੇ ਫਿੱਟ ਕਰਵਾਉਣਾ, ਇਸ ਕਲਚਰ ਦਾ ਅਹਿਮ ਹਿੱਸਾ ਹੈ।
ਇਸ ਸੱਭਿਆਚਾਰ ਦੀ ਤੀਸਰੀ ਵਿਸ਼ੇਸ਼ਤਾ ਕੋਠੀਆਂ, ਕਾਲੋਨੀਆਂ, ਪਲਾਟਾਂ ਨਾਲ ਜੁੜੀ ਹੋਈ ਹੈ। ਆਪਣੇ ਤੇ ਆਪਣੇ ਪਰਿਵਾਰ ਲਈ ਪਲਾਟ ਜਾਂ ਫਲੈਟ ਲੈਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਨਾਉਣ ਤੋਂ ਬਾਜ਼ ਨਹੀਂ ਆਉਂਦੇ। ਕੌਡੀਆਂ ਦੇ ਭਾਅ-ਜ਼ਮੀਨ ਲੈ ਕੇ ਤੇ ਸਰਕਾਰੀ ਖਰਚੇ 'ਤੇ ਇਸ ਦਾ ਵਿਕਾਸ ਕਰਕੇ, ਐਮ.ਪੀ., ਐਮ. ਐਲ. ਏ., ਆਈ. ਏ. ਐਸ., ਆਈ. ਪੀ. ਐਸ. ਅਫਸਰਾਂ, ਤੇ ਜੱਜਾਂ ਲਈ ਖਾਸ ਕਾਲੋਨੀਆਂ ਅਤੇ ਐਨਕਲੇਵ ਬਣਾਏ ਜਾਂਦੇ ਹਨ।
ਚੌਥੀ ਵਿਸ਼ੇਸ਼ਤਾ ਹੈ ਕਾਨੂੰਨ ਦੀ ਉਲੰਘਣਾ। ਵੀ. ਆਈ. ਪੀ. ਕਾਨੂੰਨ ਬਣਾਉਣ ਵਾਲੇ ਤੇ ਇਸ ਦੇ ਰਖਵਾਲੇ ਮੰਨੇ ਜਾਂਦੇ ਹਨ। ਆਪਣੇ ਹਿਤ ਲਈ ਕਾਨੂੰਨ ਨੂੰ ਤੋੜਨਾ, ਮਰੋੜਨਾ, ਕਾਨੂੰਨ ਦਾ ਵਹਾਓ ਬਦਲਣਾ, ਆਪਣੇ ਹੱਕ ਵਿਚ ਕਾਨੂੰਨ ਦੀ ਵਿਆਖਿਆ ਕਰਵਾਉਣੀ, ਇਨ੍ਹਾਂ ਲਈ ਆਮ ਗੱਲ ਹੈ। ਜੇ ਕੋਈ ਵੀ. ਆਈ. ਪੀ. ਜਾਂ ਉਸ ਦਾ ਬੱਚਾ ਫੁੱਟਪਾਥ 'ਤੇ ਸੁੱਤੇ ਲੋਕਾਂ ਨੂੰ ਆਪਣੀ ਬੀ. ਐਮ. ਡਬਲਿਊ. ਦੇ ਥੱਲੇ ਕੁਚਲ ਦੇਵੇ, ਕਿਸੇ ਬਲਾਤਕਾਰ ਦਾ ਭਾਗੀ ਜਾਂ ਕਾਲੇ ਧਨ ਦੀ ਕੋਈ ਹੇਰਾਫੇਰੀ ਕਰਦਾ ਹੋਵੇ ਤੇ ਕਾਨੂੰਨ ਦੀ ਲਪੇਟ ਵਿਚ ਆ ਜਾਵੇ, ਇਨ੍ਹਾਂ ਦੇ ਵਕੀਲ ਝੂਠੇ ਗਵਾਹ ਤੇ ਝੂਠੇ ਸਬੂਤਾਂ ਨਾਲ ਅਜਿਹਾ ਮਾਹੌਲ ਬਣਾਉਂਦੇ ਹਨ ਕਿ ਸੱਚ ਦੇ ਕੇ ਝੂਠ ਸਾਬਤ ਹੋ ਜਾਂਦਾ ਹੈ। ਕਾਨੂੰਨ ਇਹ ਕਹਿੰਦਾ ਹੈ ਕਿ ਜ਼ਮਾਨਤ ਸਭ ਦਾ ਹੱਕ ਹੈ ਤੇ ਜੇਲ੍ਹ ਉਨ੍ਹਾਂ ਲਈ ਹੈ ਜੋ ਕਸੂਰਵਾਰ ਸਾਬਤ ਹੋ ਚੁੱਕੇ ਹਨ। ਪਰ ਗੰਗਾ ਉਲਟੀ ਵਹਿ ਰਹੀ ਹੈ। ਵੀ. ਆਈ. ਪੀ. ਨੂੰ ਤਾਂ 24 ਘੰਟਿਆਂ ਵਿਚ ਜ਼ਮਾਨਤ ਮਿਲ ਜਾਂਦੀ ਹੈ ਪਰ ਆਮ ਲੋਕ ਬਿਨਾਂ ਗੁਨਾਹਗਾਰ ਸਾਬਿਤ ਹੋਏ ਵੀ ਸਾਲੋ-ਸਾਲ ਜੇਲ੍ਹ ਵਿਚ ਬੰਦ ਰਹਿੰਦੇ ਹਨ।
ਮੈਂ ਇਹ ਨਹੀਂ ਕਹਿੰਦੀ ਕਿ ਵੀ. ਆਈ. ਪੀ. ਸੱਭਿਆਚਾਰ ਅੱਜ ਦੇ ਸਮੇਂ ਦੀ ਉਪਜ ਹੈ। ਪਰਾਣੇ ਸਮਿਆਂ ਵਿਚ ਰਾਜੇ, ਮਹਾਰਾਜੇ, ਉਨ੍ਹਾਂ ਦੇ ਮੰਤਰੀ ਤੇ ਉੱਚ ਦਰਬਾਰੀ ਤੇ ਜਗੀਰਦਾਰ ਸਾਰੇ ਹੀ ਵੀ. ਆਈ. ਪੀ. ਸਨ। ਇਨ੍ਹਾਂ ਦੀ ਗਿਣਤੀ ਨਿਸ਼ਚਿਤ ਸੀ। ਉਸ ਵੇਲੇ ਰਾਜੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ । ਰਾਜ-ਪਾਟ , ਰਹਿਣ-ਸਹਿਣ, ਸ਼ਾਨੋ-ਸ਼ੌਕਤ ਤੇ ਐਸ਼-ਓ-ਇਸ਼ਰਤ ਇਨ੍ਹਾਂ ਦਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਸੀ।
ਫਿਰ ਅੰਗਰੇਜ਼ਾਂ ਦਾ ਸਮਾਂ ਆਇਆ। ਉਹ ਵਪਾਰੀ ਬਣ ਕੇ ਆਏ ਤੇ ਰਾਜੇ ਬਣ ਗਏ। ਰਾਜਨੀਤਕ ਸੱਤਾ ਹਥਿਆ ਲਈ। ਭਾਰਤ ਉਨ੍ਹਾਂ ਲਈ ਇਕ ਕਾਲੋਨੀ ਸੀ, ਜਿਸ ਦੇ ਆਰਥਿਕ ਸਾਧਨਾਂ ਦਾ ਉਨ੍ਹਾਂ ਨੇ ਪੂਰਾ ਫਾਇਦਾ ਉਠਾਇਆ। ਸਰਕਾਰ ਦੇ ਉੱਚ ਅਧਿਕਾਰੀ ਵਿਦੇਸ਼ੀ ਸਨ। ਉਹ ਭਾਰਤੀਆਂ ਨੂੰ ਆਪਣੇ ਗੁਲਾਮ ਸਮਝਦੇ ਸਨ। ਉਨ੍ਹਾਂ ਤੋਂ ਵਿੱਥ ਬਣਾ ਕੇ ਰੱਖਦੇ ਸਨ। ਇਸ ਲਈ ਉਨ੍ਹਾਂ ਦੇ ਬੰਗਲੇ ਤੇ ਕਲੱਬ ਤੇ ਹੋਰ ਅਦਾਰੇ ਅਲੱਗ ਸਨ, ਜਿਨ੍ਹਾਂ ਵਿਚ ਭਾਰਤੀਆਂ ਲਈ ਕੋਈ ਜਗ੍ਹਾ ਨਹੀਂ ਸੀ। ਇਹ ਉਨ੍ਹਾਂ ਦਾ ਵੀ. ਆਈ. ਪੀ. ਸੱਭਿਆਚਾਰ ਸੀ।
ਭਾਰਤ ਆਜ਼ਾਦ ਹੋ ਗਿਆ। ਅੰਗਰੇਜ਼ ਭਾਰਤ ਛੱਡ ਗਏ। ਰਾਜੇ ਤੇ ਰਜਵਾੜੇ ਖ਼ਤਮ ਕੀਤੇ ਗਏ। ਪ੍ਰਿਵੀ ਪਰਸ, ਤੇ ਜਗੀਰਦਾਰੀ ਪ੍ਰਥਾ ਦਾ ਅੰਤ ਕੀਤਾ ਗਿਆ। ਸੰਵਿਧਾਨ ਬਣਿਆ ਤੇ ਪਰਜਾਤੰਤਰ ਪ੍ਰਣਾਲੀ ਨੂੰ ਅਪਣਾਇਆ ਗਿਆ, ਭਾਰਤ ਵਾਸੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ। ਸਭ ਕੁਝ ਚੰਗਾ ਹੋਇਆ। ਸਾਡੇ ਹੀ ਦੇਸ਼ਵਾਸੀ ਅਫਸਰ ਤੇ ਜੱਜ ਬਣੇ, ਸਾਡੇ ਦੁਆਰਾ ਚੁਣੇ ਹੋਏ ਲੋਕ ਸਾਂਸਦ, ਮੰਤਰੀ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣੇ। ਪਰ ਸਮਝ ਨਹੀਂ ਆਉਂਦੀ ਇਹ ਵੀ. ਆਈ. ਪੀ. ਕਿਵੇਂ ਤੇ ਕਿਥੋਂ ਬਰਸਾਤੀ ਖੁੰਬਾਂ ਵਾਂਗਰ ਪੈਦਾ ਹੋ ਗਏ । ਅੱਜ ਤਾਂ ਇਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ। ਹਰ ਅਫਸਰ, ਹਰ ਛੋਟਾ ਜਾਂ ਵੱਡਾ ਰਾਜਨੇਤਾ ਤੇ ਉਨ੍ਹਾਂ ਦੇ ਚਮਚੇ ਤੇ ਰਿਸ਼ਤੇਦਾਰ, ਕਾਰਪੋਰੇਟ ਦੁਨੀਆ ਦੇ ਲੋਕ, ਪੂੰਜੀਪਤੀ ਜਾਂ ਫਿਰ ਅੰਡਰ ਵਰਲਡ ਦੇ ਡੌਨ, ਸਭ ਵੀ. ਆਈ. ਪੀ. ਬਣ ਗਏ ਹਨ। ਇਹ ਅਫਸਰ ਤੇ ਨੇਤਾ ਭੁੱਲ ਚੁੱਕੇ ਹਨ ਕਿ ਇਨ੍ਹਾਂ ਦਾ ਕੰਮ ਦੇਸ਼ ਦਾ ਵਿਕਾਸ ਕਰਨਾ ਤੇ ਉਸ ਨੂੰ ਅੱਗੇ ਵਧਾਉਣਾ, ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਣਾ ਤੇ ਨਿਆਂ ਕਰਨਾ ਹੈ। ਇਹ ਤਾਂ ਆਪਣੇ ਸਵਾਰਥ ਲਈ, ਹੱਥ ਆਈ ਸੱਤਾ ਦੇ ਦਿਖਾਵੇ ਵਿਚ ਹੀ ਮਘਨ ਹੋ ਚੁੱਕੇ ਹਨ। ਇਹ ਇਸ ਸੱਭਿਆਚਾਰ ਦੇ ਸਤੰਬ ਬਣ ਗਏ ਹਨ। ਤੇ ਅਸੀਂ ਆਮ ਲੋਕ ਵੀ ਤਾਂ ਇਸ ਸੱਭਿਆਚਾਰ ਨੂੰ ਝੇਲ ਹੀ ਨਹੀਂ ਰਹੇ ਸਗੋਂ ਬਹੁਤ ਵਾਰੀ ਇਸ ਦੇ, ਭਾਗੀਦਾਰ ਵੀ ਬਣ ਜਾਂਦੇ ਹਾਂ। ਲਗਦਾ ਹੈ ਭਾਰਤੀ ਸਮਾਜ ਤੇ ਜ਼ਹਿਨ ਵਿਚ ਇਸ ਸੱਭਿਆਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਹ ਸਾਡੀਆਂ ਹੱਡੀਆਂ ਵਿਚ ਸਮਾਇਆ ਹੋਇਆ ਹੈ। ਇਸ ਦੀ ਚਕਾਚੌਂਧ ਤੇ ਦਿਖਾਵਾ ਆਮ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੰਦਾ ਹੈ। ਜਦ ਤੱਕ ਲੋਕਾਂ ਦੀ ਇਸ ਵਿਚ ਆਪਣੀ ਭਾਗੀਦਾਰੀ ਖ਼ਤਮ ਨਹੀਂ ਹੁੰਦੀ, ਆਪਣੀ ਸੋਚ ਨਹੀਂ ਬਦਲਦੀ , ਜਦ ਤੱਕ ਅਫਸਰ ਤੇ ਰਾਜਨੇਤਾ ਆਮ ਲੋਕਾਂ ਵੱਲ ਆਪਣੀ ਅਸਲੀ ਜ਼ਿੰਮੇਵਾਰੀ ਨਹੀਂ ਸਮਝਣਗੇ, ਕੋਈ ਕਾਨੂੰਨ ਕੋਈ ਆਰਡੀਨੈਂਸ, ਕੋਈ ਘਟਨਾ ਇਸ ਸੱਭਿਆਚਾਰ ਨੂੰ ਬਦਲ ਨਹੀਂ ਸਕਦੀ। ਮੇਰੇ ਵਿਚਾਰ ਵਿਚ ਇਸ ਚੱਕ੍ਰਵਿਉ ਵਿਚੋਂ ਨਿਕਲਣਾ 'ਮੁਸ਼ਕਿਲ ਹੀ ਨਹੀਂ ਨਾਮੁਮਕਿਨ' ਹੈ।
ਇਸੇ ਵਿਸ਼ੇ 'ਤੇ ਮੈਂ ਤੁਹਾਡੇ ਨਾਲ ਦੋ ਹੱਡ-ਬੀਤੀਆਂ ਸਾਂਝੀਆਂ ਕਰਨਾ ਚਾਹਾਂਗੀ।
ਮੇਰੇ ਪਤੀ ਉੱਚ ਸਰਕਾਰੀ ਅਹੁਦੇ 'ਤੇ ਸਨ। ਉਨ੍ਹਾਂ ਨੂੰ ਸਰਕਾਰ ਵਲੋਂ ਕਾਰ ਤੇ ਡਰਾਈਵਰ ਮਿਲਿਆ ਹੋਇਆ ਸੀ। ਕਿਸੇ ਕਾਰਨ ਉਨ੍ਹਾਂ ਨੇ ਸਰਕਾਰੀ ਕਾਰ ਤੋਂ ਲਾਲ ਬੱਤੀ ਤੇ ਭਾਰਤ ਸਰਕਾਰ ਤੇ ਆਪਣੇ ਅਹੁਦੇ ਦੀ ਲਾਲ ਪਲੇਟ ਉਤਰਵਾ ਦਿੱਤੀ । ਇਕ ਦਿਨ ਮੈਂ ਕਾਲਜ ਜਾਣ ਲਈ ਬਾਹਰ ਨਿਕਲੀ ਤਾਂ ਮੈਂ ਵੇਖਿਆ ਕਿ ਸਾਡਾ ਸਰਕਾਰੀ ਡਰਾਈਵਰ ਮੂੰਹ ਲਟਕਾਈ ਖੜ੍ਹਾ ਸੀ। ਬੜਾ ਦੁਖੀ ਲਗਦਾ ਸੀ। ਮੈਂ ਰੁਕ ਗਈ ਤੇ ਪੁੱਛਿਆ, 'ਕੀ ਗੱਲ ਹੈ, ਸੁੱਖ ਸਾਂਦ ਹੈ ਨਾ? ਬੜਾ ਉਦਾਸ ਲੱਗ ਰਿਹਾ ਹੈਂ'
'ਮੈਡਮ ਜੀ, ਮੈਂ ਤੁਹਾਡੇ ਨਾਲ ਇਕ ਗਲ ਕਰਨੀ ਹੈ'
'ਜਲਦੀ ਦੱਸ ਮੈਂ ਕਾਲਜ ਲਈ ਲੇਟ ਹੋ ਰਹੀ ਹਾਂ'
'ਮੈਡਮ ਜੀ ਤੁਸੀਂ ਸਾਹਬ ਜੀ ਨੂੰ ਸਮਝਾਓ, ਉਨ੍ਹਾਂ ਨੇ ਗੱਡੀ ਦੀ ਸ਼ਖਸੀਅਤ ਹੀ ਬਰਬਾਦ ਕਰ ਦਿੱਤੀ ਹੈ। ਮੇਰਾ ਤੇ ਇਸ ਗੱਡੀ ਨੂੰ ਚਲਾਉਣ ਨੂੰ ਜੀ ਨਹੀਂ ਕਰਦਾ। ਲਾਲ ਬੱਤੀ ਤੇ ਨੇਮ ਪਲੇਟ ਤੋਂ ਬਿਨਾਂ ਇਸ ਦਾ ਲੋਕਾਂ 'ਤੇ ਕੋਈ ਰੋਅਬ ਹੀ ਨਹੀਂ ਰਿਹਾ।'
ਵੇਖਿਆ ਇਕ ਡਰਾਈਵਰ ਵੀ. ਆਈ. ਪੀ. ਸਭਿਆਚਾਰ ਦਾ ਕਿੰਨਾ ਸ਼ਿਕਾਰ ਸੀ।
******
ਇਕ ਵਾਰ ਮੈਂ , ਮੇਰੇ ਪਤੀ ਤੇ ਉਨ੍ਹਾਂ ਦਾ ਇਕ ਦੋਸਤ ਜੋ ਉਸ ਸਮੇਂ ਚੰਡੀਗੜ੍ਹ ਵਿਚ ਐਸ. ਡੀ. ਐਮ. ਲੱਗਿਆ ਹੋਇਆ ਸੀ , ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ। ਗੱਡੀ ਨਿੱਜੀ ਸੀ ਤੇ ਮੇਰੇ ਪਤੀ ਇਸ ਨੂੰ ਚਲਾ ਰਹੇ ਸਨ। 'ਸਾਕਾ ਨੀਲਾ ਤਾਰਾ' ਹੋ ਚੁੱਕਿਆ ਸੀ ਤੇ ਗੱਡੀਆਂ ਦੀ ਚੈਕਿੰਗ ਆਮ ਸੀ। ਮੁਹਾਲੀ ਦੇ ਬਾਰਡਰ 'ਤੇ ਪੁਲਿਸ ਵਾਲਿਆਂ ਨੇ ਰੋਕਿਆ ਤੇ ਕਿਹਾ 'ਗੱਡੀ ਇਕ ਪਾਸੇ ਲਾ ਦਿਓ ਤੇ ਡਿੱਕੀ ਚੈੱਕ ਕਰਾਓ'। ਮੇਰੇ ਪਤੀ ਨੇ ਆਪਣੇ ਦੋਸਤ ਨੂੰ ਕਿਹਾ 'ਬਈ ਤੂੰ ਹੀ ਆਪਣੀ ਸ਼ਨਾਖਤ ਦੱਸ ਅੱਗੇ ਹੀ ਕਾਫੀ ਰਾਤ ਹੋ ਚੁੱਕੀ ਹੈ। ਇਸ ਚੈਕਿੰਗ ਦੇ ਚੱਕਰ ਵਿਚ ਹੋਰ ਸਮਾਂ ਬਰਬਾਦ ਹੋਵੇਗਾ।'
ਉਸ ਨੇ ਸਿਪਾਹੀ ਨੂੰ ਆਪਣੇ ਪਾਸੇ ਬੁਲਾਇਆ ਤੇ ਕਿਹਾ 'ਬਈ, ਜਾਣ ਦੇ ਮੈਂ ਚੰਡੀਗੜ੍ਹ ਵਿਚ ਐਸ. ਡੀ. ਐਮ. ਹਾਂ' ਸਿਪਾਹੀ ਥੋੜ੍ਹਾ ਮੁਸਕਰਾਇਆ ਤੇ ਥਾਣੇਦਾਰ ਨੂੰ ਦੂਰੋਂ ਹੀ ਆਖਿਆ:
'ਸਰ ਜੀ ਇਹ ਕਹਿੰਦੇ ਨੇ ਇਹ ਐਸ ਡੀ ਐਮ ਨੇ'
ਥਾਣੇਦਾਰ ਨੇੜੇ ਆਇਆ ਤੇ ਪਹਿਚਾਣ ਲਿਆ ਤੇ ਸਾਨੂੰ ਅੱਗੇ ਜਾਣ ਦਿੱਤਾ। ਪਰ ਸਿਪਾਹੀ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਕੋਈ ਵੀ. ਆਈ. ਪੀ. ਆਪਣੀ ਸ਼ਨਾਖਤ ਆਪ ਵੀ ਦੱਸ ਸਕਦਾ ਹੈ। ਉਸ ਦੀ ਸ਼ਨਾਖਤ ਤੇ ਅਹੁਦਾ ਦੱਸਣ ਲਈ ਉਸ ਦੇ ਪਿਆਦੇ ਨਾਲ ਹੋਣੇ ਚਾਹੀਦੇ ਹਨ।

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ।
ਮੋਬਾਈਲ : 95015-31277.

ਮੱਥੇ ਵਿਚ ਜਗਦੇ ਦੀਵੇ ਨੈਣ

ਨੈਣ, ਮਨ ਦਾ ਸ਼ੀਸ਼ਾ, ਸੋਚ-ਪ੍ਰਤੀਬਿੰਬ, ਹਾਵ-ਭਾਵਾਂ ਦੀ ਤਰਜਮਾਨੀ, ਅੰਗਾਂ 'ਚ ਸਿੰਮਦੀ ਕਹਾਣੀ ਅਤੇ ਅੰਤਰੀਵੀ ਨਾਦਾਨੀ।
ਨੈਣਾਂ ਰਾਹੀਂ ਦੁਨਿਆਵੀ ਰੰਗਾਂ ਨੂੰ ਮਾਣਨਾ, ਇਨ੍ਹਾਂ ਨੂੰ ਅੰਦਰ ਉਤਾਰਨਾ ਅਤੇ ਸੰਸਾਰੀ ਬਿੰਬ ਨੂੰ ਅੱਖਾਂ ਦੇ ਪ੍ਰਿਜ਼ਮ 'ਚੋਂ ਨਿਹਾਰਨਾ।
ਨੈਣ ਕਹਿ ਜਾਂਦੇ ਅਕੱਥ ਕਹਾਣੀ ਜੋ ਬੋਲਾਂ ਤੇ ਹਰਫ਼ਾਂ ਦੀ ਮੁਹਤਾਜੀ ਤੋਂ ਪਰੇ ਅਤੇ ਜਿਸ ਦੀ ਉਡਾਣ, ਸ਼ਬਦ-ਅਰਥ ਤੋਂ ਉਚੇਰੀ।
ਨੈਣ ਸੱਚ ਦਾ ਅਲਾਪ, ਮਨ ਦੇ ਸੂਖ਼ਮ ਅਹਿਸਾਸਾਂ ਦਾ ਜਾਪ ਅਤੇ ਇਨ੍ਹਾਂ ਵਿਚ ਵੱਸਦਾ ਏ ਦੁਨਿਆਵੀ ਝਮੇਲਿਆਂ ਤੋਂ ਵੱਖਰਾ ਸੁਪਨ-ਸੰਸਾਰ।
ਨੈਣਾਂ ਦੇ ਵੱਖੋ-ਵੱਖ ਮਿਜਾਜ਼, ਅੰਦਾਜ਼ ਤੇ ਅਦਾਬ। ਇਹ ਸਭ ਨਿੱਜ 'ਤੇ ਨਿਰਭਰ। ਕੁਝ ਨੈਣ ਕਾਸ਼ਨੀ, ਬਲੌਰੀ, ਸੰਧੂਰੀ, ਨੀਲੀ, ਹਰੀ ਆਦਿ ਭਾਅ ਮਾਰਦੇ। ਕਈਆਂ ਨੈਣਾਂ 'ਚ ਉਤਰੇ ਹੁੰਦੇ ਨੇ ਨਸ਼ੀਲੇ, ਮਦਹੋਸ਼ੀ ਭਰੇ ਲਾਲ ਡੋਰੇ।
ਨੈਣ ਸਮੁੰਦਰੋਂ ਗਹਿਰੇ, ਅੰਬਰਾਂ ਤੋਂ ਵਿਸ਼ਾਲ, ਫ਼ਿਜ਼ਾ ਦੇ ਹਰ ਰੰਗ ਨੂੰ ਆਪਣੇ ਵਿਚ ਸਮਾਉਣ ਦੇ ਸਮਰੱਥ। ਇਨ੍ਹਾਂ ਦੀ ਕੋਈ ਨਹੀਂ ਪਾ ਸਕਿਆ ਹਾਥ।
ਨੈਣਾਂ 'ਚ ਸੁਪਨਿਆਂ ਦਾ ਤੈਰਨਾ, ਮਨ 'ਚ ਉਤਰ ਕੇ ਹਾਥ ਪਾਉਣਾ, ਇਨ੍ਹਾਂ ਦੀ ਪ੍ਰਾਪਤੀ ਲਈ ਸੁਯੋਗ-ਸੁਹਿਰਦ ਯਤਨ ਕਰਨਾ ਅਤੇ ਤਦਬੀਰਾਂ ਘੜਨੀਆਂ, ਇਨ੍ਹਾਂ ਦਾ ਸਹਿਜ ਵਰਤਾਰਾ।
ਪਹਿਲੀ ਵਾਰ ਨੈਣ ਖੁੱਲ੍ਹਦੇ ਤਾਂ ਨਵਾਂ ਜੀਵ, ਚਾਰ-ਚੌਫੇਰੇ ਸਿਰਜੇ ਸੰਸਾਰ ਦੇ ਦੀਦਾਰੇ ਕਰਨ ਵਿਚ ਰੁੱਝਦਾ। ਨਵੀਂ ਦੁਨੀਆ, ਨਵੇਂ ਰੰਗ, ਸਰੋਕਾਰ ਅਤੇ ਨਵੀਆਂ ਖੁਸ਼ੀਆਂ ਨਾਲ ਉਸ ਦਾ ਸੁਆਗਤ ਹੁੰਦਾ। ਕਈ ਵਾਰ ਨਿੱਕੇ ਨੈਣਾਂ ਦੀ ਝਾਤ, ਖੁਸ਼ੀਆਂ ਦਾ ਨਿਉਂਦਾ ਬਣਦੀ ਜਦ ਕਿ ਕਈ ਨੈਣ ਕੁੱਖ ਵਿਚਲੇ ਕਤਲਾਂ ਤੋਂ ਬਚ ਕੇ ਇਸ ਦੁਨੀਆ 'ਚ ਪੈਰ ਧਰਦੇ। ਭਾਵੇਂ ਕਿ ਦੁਨੀਆ ਨੇ ਅਜਿਹੇ ਨੈਣਾਂ ਨੂੰ ਕਤਲ ਕਰਨ ਦਾ ਹਰ ਹੀਲਾ ਵਰਤਿਆ ਹੁੰਦਾ।
ਨਿੱਕੇ-ਨਿੱਕੇ ਨੈਣਾਂ 'ਚ ਵੱਸਦੇ ਨੇ ਨਿੱਕੇ ਜਹੇ ਹਾਸੇ, ਮੁੱਠੀ ਭਰ ਖੁਸ਼ੀਆਂ ਦਾ ਹੁੰਗਾਰਾ, ਲੱਪ ਕੁ ਚਾਵਾਂ ਦਾ ਸੰਧਾਰਾ।
ਨੈਣਾਂ ਵਿਚ ਸੰਦਲੀ ਸੁਪਨੇ ਤਰਦੇ ਤਾਂ ਇਕ ਹੁਸੀਨ ਸੰਸਾਰ, ਦੁਨਿਆਵੀ ਖੁਸ਼ੀਆਂ, ਰੰਗ-ਤਮਾਸ਼ੇ ਤੇ ਸੁਹੰਢਣੇ ਪਲ ਤੁਹਾਡੇ ਦਰ ਲਈ ਅਹੁਲਦੇ। ਦਸਤਕ ਸੁਣਨ ਤੇ ਇਸ ਦਾ ਹੁੰਗਾਰਾ ਭਰਨ ਵਾਲਿਆਂ ਦੇ ਧੰਨਭਾਗ ਅਤੇ ਉਨ੍ਹਾਂ ਦੇ ਜੀਵਨ 'ਚ ਹੁੰਦੀ ਸਤਰੰਗੀ ਬਰਸਾਤ।
ਨੈਣ, ਸੱਚ ਦੇ ਪਹਿਰੇਦਾਰ, ਓਹਲੇ ਤੋਂ ਬੇਖੌਫ਼। ਮਨ ਵਿਚ ਦੱਬਿਆ ਸੱਚ ਜਦ ਨੈਣਾਂ ਰਾਹੀਂ ਜੱਗ-ਜ਼ਾਹਰ ਹੁੰਦਾ ਤਾਂ ਅੰਦਰਲੀ ਉਥਲ-ਪੁਥਲ ਪ੍ਰਗਟ ਹੁੰਦੀ। ਇਸ ਉਥਲ-ਪੁਥਲ ਨੂੰ ਆਪਣੇ ਅੰਦਰ ਦਫ਼ਨਾਉਣ ਵਾਲੇ ਹੌਲੀ-ਹੌਲੀ ਅੰਦਰੋਂ ਖੁਰਦੇ, ਆਖਰ ਨੂੰ ਬੇਜ਼ਾਨ ਹੋ ਕੇ ਰਹਿ ਜਾਂਦੇ। ਲੋੜ ਹੈ ਕਿ ਨੈਣਾਂ ਅਤੇ ਅੰਤਰੀਵ ਵਿਚ ਇਕਸਾਰਤਾ ਪੈਦਾ ਕਰਕੇ, ਸਮਾਜੀ ਦੋਗਲੇਪਣ ਨੂੰ ਅਲਵਿਦਾ ਕਹੀ ਜਾਵੇ।
ਨੈਣ ਦੁਨੀਆ ਦੀ ਹਰ ਚੀਜ਼ ਦੇਖਦੇ ਹਨ ਪਰ ਜਦ ਕੁਝ ਅੱਖ ਵਿਚ ਪੈ ਜਾਂਦਾ ਹੈ ਤਾਂ ਅੱਖ ਖ਼ੁਦ ਉਸ ਨੂੰ ਨਹੀਂ ਦੇਖ ਸਕਦੀ। ਇਸੇ ਤਰਾਂ ਮਨੁੱਖ ਦੂਜਿਆਂ ਦੇ ਐਬ ਤਾਂ ਦੇਖਦਾ ਹੈ ਪਰ ਆਪਣੇ ਐਬ ਕਦੇ ਵੀ ਨਜ਼ਰ ਨਹੀਂ ਆਉਂਦੇ।
ਨੈਣਾਂ 'ਚ ਜਦ ਉਡੀਕ-ਨਮੀ ਉਤਰਦੀ ਤਾਂ ਰੱਖੜੀ ਉਦਾਸ ਹੋ ਜਾਂਦੀ, ਭਰਾ ਦੀ ਕੁੜੰਗੜੀ ਹੌਕੇ ਭਰਦੀ, ਯਾਰੀ ਗੁੰਮਸੁੰਮ ਹੋ ਜਾਂਦੀ, ਸੰਦਲੀ-ਸੁਪਨਈ ਰੁੱਤ ਨੂੰ ਘੁੱਟ ਘੁੱਟ ਕੇ ਮਰਨ ਦੀ ਸਜ਼ਾ ਮਿਲਦੀ, ਡੰਗੋਰੀ ਨਾਵੇਂ ਝੂਰਨਾ ਰਹਿ ਜਾਂਦਾ ਅਤੇ ਧਾਗੇ ਨਾਲ ਬੰਨ੍ਹ ਕੇ ਨੱਕ 'ਤੇ ਟਿਕਾਈਆਂ ਬੇਬੇ ਦੀਆਂ ਐਨਕਾਂ 'ਚ ਪੁੱਤ ਨੂੰ ਮਿਲਣ ਦੀ ਤਾਂਘ ਦਮ ਤੋੜਨ ਲਗਦੀ।
ਨੈਣਾਂ ਵਿਚ ਉਮੀਦ ਦੀ ਕਾਤਰ ਲਿਸ਼ਕਦੀ ਤਾਂ ਕਰਮ-ਰੇਖਾਵਾਂ 'ਚ ਕਿਰਤ-ਤਾਰਾ ਟਿਮਟਮਾਉਂਦਾ, ਰਾਹਾਂ ਨੂੰ ਸਿਰਲੇਖ ਮਿਲਦਾ ਅਤੇ ਮੰਜ਼ਲਾਂ ਨੂੰ ਪੈੜਾਂ ਦਾ ਸਾਥ ਨਸੀਬ ਹੁੰਦਾ। ਬੇਉਮੀਦੀ ਦੇ ਸੁੰਨ ਕੀਤੇ ਰਾਹਾਂ 'ਤੇ ਮੰਜ਼ਲਾਂ ਦਾ ਕਾਫ਼ਲਾ, ਸਦਾ ਉਮੀਦ ਵਿਚੋਂ ਹੀ ਜਨਮਦਾ ਏ ਅਤੇ ਅਜਿਹੇ ਕਾਫ਼ਲਿਆਂ ਦੇ ਨਾਮ ਸੱਜਰੀਆਂ ਰੁੱਤਾਂ ਦਾ ਨਾਮਕਰਨ ਹੁੰਦਾ। ਨੈਣਾਂ ਵਿਚ ਜਦ ਸੁਪਨਾ ਮਰਦਾ ਤਾਂ ਜੀਵਨ 'ਤੇ ਗੜੇਮਾਰ ਹੁੰਦੀ, ਬਹਾਰ ਨੂੰ ਪੱਤਝੜ ਦਾ ਸਰਾਪ ਮਿਲਦਾ ਅਤੇ ਅਲੂੰਈਂ-ਆਸ ਵਲੂੰਧਰੀ ਜਾਂਦੀ। ਨੈਣਾਂ ਵਿਚ ਜਦ ਕੋਈ ਬਿੰਬ ਠਹਿਰ ਜਾਵੇ, ਕੋਈ ਚਿੱਤਰ ਸਦੀਵੀ ਥਾਂ ਮੱਲ ਲਵੇ ਜਾਂ ਪਲਕਾਂ ਵੀ ਅੱਖ ਝਪਕਣ ਤੋਂ ਇਨਕਾਰੀ ਹੋ ਜਾਣ ਤਾਂ ਅਸੀਮ ਸੁਹੱਪਣ, ਨੈਣਾਂ ਦੀ ਅਮਾਨਤ ਬਣ ਜਾਂਦਾ। ਜੇ ਕਿਸੇ ਦੀ ਹਾਅ ਲੱਗ ਜਾਵੇ ਤਾਂ ਸਰਾਪ ਬਣ ਜਾਂਦਾ।
ਜਦੋਂ ਕਿਸੇ ਦੇ ਨੈਣਾਂ 'ਚ ਰੂਹਾਨੀ ਨੂਰ ਝਲਕਦਾ ਤਾਂ ਫਿਜ਼ਾ ਆਪਣੇ ਪੂਰੇ ਜਾਹੋ-ਜਲਾਲ ਨਾਲ ਚੌਗਿਰਦੇ ਦਾ ਹਾਸਲ ਬਣ ਜਾਂਦੀ। ਹਰ ਸ਼ੈਅ ਨੂੰ ਨੂਰਾਨੀ ਛੋਹ ਅਤੇ ਇਲਾਹੀ ਸਰੂਰ ਹਾਸਲ ਹੁੰਦਾ। ਕੁਦਰਤ ਆਪਣੀ ਅਸੀਮ ਮਿਹਰ ਤੇ ਸਹਿਜਤਾ ਨਾਲ ਸਮੁੱਚੀ ਕਾਇਨਾਤ ਨੂੰ ਕਲਾਵੇ ਵਿਚ ਲੈਂਦੀ।
ਨੈਣਾਂ 'ਚ ਜਦ ਅਦਬ ਅਤੇ ਸਤਿਕਾਰ ਦੇ ਦਰਸ਼-ਦੀਦਾਰੇ ਹੁੰਦੇ ਤਾਂ ਸਮਾਜ ਅਜਿਹੇ ਦੀਦਿਆਂ ਦੇ ਸਦਕੇ ਜਾਂਦਾ, ਉਨ੍ਹਾਂ ਦੀਆਂ ਬਲਾਵਾਂ ਉਤਾਰਦਾ ਅਤੇ ਉਨ੍ਹਾਂ ਦੀ ਚਿਰੰਜੀਵਤਾ ਲਈ ਹਰ ਸੰਭਵ ਯਤਨ ਕਰਦਾ।
ਨੈਣਾਂ 'ਚ ਡੁਲ੍ਹਕਦਾ ਨੀਰ ਜਦ ਖੁਸ਼ੀ ਦੇ ਅੱਥਰੂ ਬਣ ਜਾਂਦਾ ਤਾਂ ਇਨ੍ਹਾਂ 'ਚੋਂ ਰੰਗ ਬਿਖੇਰਦੀ ਸਤਰੰਗੀ, ਜੀਵਨ ਵਿਚ ਰੰਗ ਭਰ, ਇਸ ਨੂੰ ਜਿਊਣ-ਜੋਗਾ ਕਰ ਜਾਂਦੀ। ਅਸੀਮ ਪ੍ਰਾਪਤੀ, ਵਿਲੱਖਣ ਹਾਸਲ, ਚਿਰਾਂ ਬਾਅਦ ਪਿਆਰੇ ਨਾਲ ਮਿਲਣੀ ਤੇ ਅਸੰਭਵ ਜਾਪਦੇ ਕਾਰਜਾਂ ਦੀ ਸੰਪੂਰਨਤਾ ਵਿਚੋਂ ਹੀ ਅਜਿਹੇ ਦੁਰਲੱਭ ਅੱਥਰੂਆਂ ਦੇ ਦਰਸ਼ਨ ਹੁੰਦੇ। ਅਜਿਹੇ ਅੱਥਰੂ ਸਮਾਜ ਤੇ ਪਰਿਵਾਰ ਲਈ ਮਾਣ ਦਾ ਸੁੱਚਾ ਹਰਫ਼।
ਨੈਣਾਂ ਦੀ ਆਪਣੀ ਬੋਲੀ। ਭਵਾਂ, ਪਲਕਾਂ, ਪੁਤਲੀਆਂ ਦੇ ਵੱਖੋ-ਵੱਖਰੇ ਸੰਕੇਤ। ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾ ਜਾਂਦੇ। ਬਹੁਤ ਔਖਾ ਹੁੰਦਾ ਅਜਿਹੀ ਬੋਲੀ ਨੂੰ ਸਮਝਣਾ। ਪਰ ਨੈਣਾਂ ਨਾਲ ਨੈਣਾਂ ਦੀ ਅਬੋਲਤਾ ਨੂੰ ਸਮਝਣ ਵਾਲੇ ਇਕ ਅਜਿਹੇ ਸੁਪਨਈ ਸੰਸਾਰ ਦੇ ਵਾਸੀ ਹੁੰਦੇ ਜਿਨ੍ਹਾਂ ਦੇ ਸੁਪਨਿਆਂ ਨੂੰ ਕਦੇ ਤਾਂ ਪਰ ਲੱਗ ਜਾਂਦੇ ਪਰ ਕਈ ਵਾਰ ਇਨ੍ਹਾਂ ਨੂੰ ਲੰਗੜੇ ਹੋਣ ਦਾ ਦਰਦ ਵੀ ਝੱਲਣਾ ਪੈਂਦਾ।
ਨੈਣਾਂ 'ਚ ਜਦ ਸੁਪਨੇ ਟੁੱਟਦੇ, ਜੁਦਾਈ ਦੀ ਅਸਹਿ ਪੀੜ ਉਤਰਦੀ, ਪਲ ਪਲ ਰਿਸਦੇ ਜ਼ਖ਼ਮਾਂ ਦੀ ਪੀੜ ਸਹਾਰਦੇ ਤਾਂ ਕਈ ਵਾਰ ਇਹ ਨੈਣ ਸਦਾ ਲਈ ਮੁੰਦ ਹੋਣਾ ਲੋਚਦੇ। ਅਜਿਹੇ ਨੈਣਾਂ ਦੇ ਬੰਦ ਹੋਣ 'ਤੇ ਉਨ੍ਹਾਂ ਦੀ ਪੀੜ ਤੇ ਦਰਦ-ਹੇਰਵੇ ਦੇ ਨਾਲ ਬਹੁਤ ਸਾਰੇ ਸੂਖਮ ਵਿਚਾਰ ਅਤੇ ਅਬੋਲ-ਭਾਵਨਾਵਾਂ ਦਫ਼ਨ ਹੋ ਜਾਂਦੀਆਂ ਜੋ ਆਪਣੀ ਗੱਲ ਕਹਿਣ ਤੋਂ ਅਸਮਰਥ ਹੁੰਦੀਆਂ।
ਨੈਣਾਂ ਦੀ ਇਕ ਹੀ ਭਾਸ਼ਾ ਪਰ ਅਨੇਕਾਂ ਸਰੋਕਾਰ। ਹੱਥਾਂ ਤੋਂ ਨਾਬਰ ਕਾਰਜ ਅੱਖਾਂ ਕਰ ਜਾਂਦੀਆਂ। ਸੁੰਦਰ ਨੈਣਾਂ ਵਿਚ ਜੱਗ ਦੀ ਸੁੰਦਰਤਾ ਨਿਹਾਰੀ ਜਾਂਦੀ। ਅੱਥਰੂਆਂ ਤੋਂ ਵਿਰਵੀਆਂ ਅੱਖਾਂ, ਅੱਖ ਕਹਾਉਣ ਦੀ ਹੱਕਦਾਰੀ ਗਵਾ ਬਹਿੰਦੀਆਂ ਕਿਉਂਕਿ ਨੈਣਾਂ ਵਿਚ ਤਰਦੇ ਹੰਝੂ, ਹਜ਼ਾਰ ਇਬਾਰਤਾਂ ਅਤੇ ਇਬਾਦਤਾਂ ਬਰਾਬਰ ਹੁੰਦੇ।
ਨੈਣ ਕਦੇ ਚੁਗਲੀਆਂ ਕਰਦੇ, ਕਦੇ ਮਸ਼ਕਰੀਆਂ। ਕਦੇ ਕਤਲ ਕਰਦੇ, ਕਦੇ ਮਾਰ ਜਿਵਾਉਂਦੇ। ਕਦੇ ਠੱਗਦੇ, ਕਦੇ ਜਚਦੇ। ਕਦੇ ਅਦਬ ਵਿਚ ਝੁਕਦੇ, ਕਦੇ ਹੰਕਾਰ ਵਿਚ ਪੈਰਾਂ ਹੇਠਲੀ ਧਰਤ ਨੂੰ ਭੁੱਲਦੇ। ਕਦੇ ਹੁੰਗਾਰਾ ਭਰਦੇ, ਕਦੇ ਹੁੰਗਾਰਾ ਲੋਚਦੇ। ਕਦੇ ਸੋਕਾ ਹੰਢਾਉਂਦੇ, ਕਦੇ ਖਾਰੇ ਪਾਣੀਆਂ 'ਚ ਤਰਦੇ। ਕਦੇ ਜਿੱਤਦੇ, ਕਦੇ ਹਰਦੇ।
ਜ਼ਿੰਦਗੀ ਵਿਚ ਅਹਿਮ ਫੈਸਲੇ ਕਰਨ ਸਮੇਂ ਨੈਣ ਖੁੱਲ੍ਹੇ ਰੱਖਣ ਵਾਲੇ ਲੋਕਾਂ ਨੂੰ ਆਪਣੇ ਫ਼ੈਸਲਿਆਂ 'ਤੇ ਬਾਅਦ ਵਿਚ ਪਛਤਾਉਣ ਲਈ, ਅੱਖਾਂ ਵਿਚ ਹੰਝੂਆਂ ਦੇ ਸੈਲਾਬ ਨਹੀਂ ਉਗਾਉਣੇ ਪੈਂਦੇ।
ਨੈਣਾਂ ਵਿਚੋਂ ਨਜ਼ਰ ਆਉਂਦੀ ਸੁੰਦਰਤਾ, ਦਰਅਸਲ ਮਨੁੱਖ ਦੀ ਅੰਦਰਲੀ ਸੁੰਦਰਤਾ, ਤੇ ਸੀਰਤ ਹੁੰਦੀ ਜਿਸ ਨੂੰ ਅੱਖਾਂ ਰਾਹੀਂ ਬਾਹਰ ਦਾ ਰਸਤਾ ਮਿਲਦਾ।
ਨੈਣ, ਨੈਣਾਂ ਦਾ ਹੁੰਦੇ ਸਾਜ਼, ਨੈਣ, ਨੈਣਾਂ ਦੇ ਹਮਰਾਜ਼। ਨੈਣ, ਨੈਣਾਂ ਲਈ ਕਰਨ ਦੁਆਵਾਂ, ਨੈਣ, ਨੈਣਾਂ ਦੀਆਂ ਲੈਣ ਬਲਾਵਾਂ। ਨੈਣ, ਨੈਣ ਦਾ ਰਾਹ-ਦਸੇਰਾ, ਨੈਣ, ਨੈਣਾਂ ਦਾ ਚਾਨਣ-ਘੇਰਾ। ਨੈਣ, ਨੈਣਾਂ ਦੇ ਬਣਦੇ ਢੋਅ, ਨੈਣ, ਨੈਣਾਂ ਦੇ ਖੁਸ਼ਬੂ-ਚੋਅ। ਨੈਣ, ਨੈਣਾਂ ਲਈ ਭਰਦੇ ਹਾਉਕੇ, ਨੈਣ, ਨੈਣਾਂ ਦੇ ਚੁੱਲ੍ਹੇ-ਚੌਂਕੇ। ਨੈਣ, ਨੈਣਾਂ ਦਾ ਰੰਗ ਤੇ ਰੂਪ, ਨੈਣ, ਨੈਣਾਂ ਦਾ ਸੁਗਮ-ਸਰੂਪ। ਨੈਣ, ਨੈਣਾਂ ਦੀ ਬੀਹੀ ਜਾਣ, ਨੈਣ, ਨੈਣਾਂ ਦੇ ਜੀਅ-ਪਰਾਣ। ਨੈਣੀਂ ਬੱਧੀ ਸਾਹ ਦੀ ਡੋਰ, ਨੈਣ, ਨੈਣਾਂ ਦਾ ਸਾਵਣ-ਮੋਰ। ਨੈਣ, ਨੈਣਾਂ ਦੀ ਚੁਗਲੀ ਕਰਦੇ, ਨੈਣ, ਨੈਣਾਂ ਦੀ ਹਾਮੀ ਭਰਦੇ। ਨੈਣ, ਨੈਣਾਂ ਨੂੰ ਕਰਨ ਸਲਾਮ, ਨੈਣ, ਨੈਣਾਂ ਦਾ ਬਣਨ ਕਲਾਮ। ਨੈਣੀਂ ਨਦਰਿ ਹੋਏ ਨਿਹਾਲ, ਨੈਣਾਂ ਜੇਡ ਨਾ ਹੋਰ ਕਮਾਲ। ਨੈਣ ਮੱਥੇ ਵਿਚ ਜਗਦੇ ਦੀਵੇ, ਨੈਣ, ਨੈਣਾਂ ਸੰਗ ਹੁੰਦੇ ਖੀਵੇ। ਨੈਣ, ਨੈਣਾਂ ਦੀਆਂ ਪਾਉਂਦੇ ਬਾਤਾਂ, ਨੈਣ, ਨੈਣਾਂ ਦੀਆਂ ਸੰਦਲੀ ਰਾਤਾਂ। ਨੈਣ-ਗਲੀ ਵਿਚ ਹੋਕਰਾ ਲਾਈਏ, ਨੈਣੀਂ ਸੁਖ਼ਨ-ਸਰੂਰੀ ਪਾਈਏ।
ਤੁਹਾਡੇ ਮਨ ਵਿਚ ਵੱਸਦੀ ਸਤਰੰਗੀ ਨੂੰ ਜਦ ਦੁਨੀਆ, ਤੁਹਾਡੇ ਦੀਦਿਆਂ ਵਿਚੋਂ ਛਣਦਿਆਂ ਝਾਕਦੀ ਤਾਂ ਤੁਹਾਡੀ ਬਹੁਰੰਗੀ ਸ਼ਖ਼ਸੀਅਤ ਸਮਾਜ ਲਈ ਇਕ ਰੋਲ ਮਾਡਲ ਬਣਦੀ। ਆਪਣੇ ਨੈਣਾਂ ਵਿਚ ਖ਼ੁਦ ਦਾ ਬਿੰਬ ਸਿਰਜਣ ਦੀ ਬਜਾਏ ਸਾਨੂੰ ਦੂਸਰਿਆਂ ਦੇ ਨੈਣਾਂ ਵਿਚ ਆਪਣਾ ਅਜਿਹਾ ਪ੍ਰਤੀਬਿੰਬ ਬਣਾਉਣ ਦੀ ਲੋੜ ਹੈ ਜਿਸ 'ਤੇ ਤੁਸੀਂ ਖ਼ੁਦ ਨਾਜ਼ ਕਰ ਸਕੋ।
ਰੱਬ ਦੇ ਨੈਣਾਂ ਅਤੇ ਬੰਦੇ ਦੇ ਨੈਣਾਂ ਵਿਚ ਕੋਈ ਅੰਤਰ ਨਹੀਂ। ਪਰ ਬੰਦੇ ਵਿਚੋਂ ਰੱਬ ਤੇ ਰੱਬ ਵਿਚੋਂ ਮਨੁੱਖ ਦੇ ਦਰਸ ਦੀਦਾਰੇ ਕਰਨ ਵਾਲੇ ਹੀ ਮਨੁੱਖਤਾ ਅਤੇ ਮਾਨਵਤਾ ਦੇ ਸੱਚੇ-ਸੁੱਚੇ ਸ਼ਾਹ-ਅਸਵਾਰ ਹੁੰਦੇ। ਕੀ ਅਜਿਹੀ ਸੋਚ ਨੇ ਕਦੇ ਤੁਹਾਡੇ ਮਨ 'ਤੇ ਦਸਤਕ ਦਿਤੀ ਏ?

-ਫੋਨ : # 001-216-556-2080

ਵਧ-ਫੁਲ ਚੁੱਕੇ ਬੂਟੇ ਬਰਬਾਦ ਨਾ ਕਰੋ

ਥੋੜ੍ਹੇ ਦਿਨ ਪਹਿਲਾਂ ਮੈਨੂੰ ਜੰਗਲਾਤ ਮਹਿਕਮੇ ਦੇ ਇਕ ਉੱਚ ਅਧਿਕਾਰੀ ਦੁਆਰਾ ਭੇਜੀ ਈਮੇਲ ਮਿਲੀ। ਉਨ੍ਹਾਂ ਹਵਾਲਾ ਦਿੱਤਾ ਮੇਰੀ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ 'ਟਿੱਪਣੀ' ਦਾ ਕਿ 'ਕਿਉਂ' ਸੜਕਾਂ ਦੁਆਲੇ ਵਧ-ਫੁਲ ਚੁੱਕੇ ਬਿਰਖਾਂ ਨੂੰ ਪੁੱਟ ਕੇ ਬਰਬਾਦ ਕਰ ਦਿੱਤਾ ਜਾਂਦਾ ਹੈ, ਸੜਕਾਂ ਚੌੜੀਆਂ ਕਰਨ ਖਾਤਰ। ਉਨ੍ਹਾਂ ਨੂੰ ਤਾਂ ਮੈਂ ਈਮੇਲ ਦੁਆਰਾ ਜਵਾਬ ਦੇ ਦਿੱਤਾ ਹੈ, ਹੁਣ ਆਪ ਜੀ ਨਾਲ ਕੁਝ ਨੁਕਤੇ ਸਾਂਝੇ ਕਰਨਾ ਚਾਹਾਂਗਾ, ਇਸੇ ਵਿਸ਼ੇ ਉੱਪਰ।
ਮੈਂ ਇਸੇ ਵਿਸ਼ੇ ਸਬੰਧੀ ਫੋਟੋਆਂ ਸਹਿਤ ਕਾਫੀ ਸਮਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਕਿਵੇਂ ਵਿਕਸਤ ਦੇਸ਼ਾਂ ਅਮਰੀਕਾ, ਕੈਨੇਡਾ, ਸਿੰਗਾਪੁਰ ਆਦਿ ਵਿਚ ਪੂਰੇ ਵਧ-ਫੁਲ ਚੁੱਕੇ, ਉਚੇ ਲੰਮੇ ਰੁੱਖਾਂ ਨੂੰ ਸਫਲਤਾਪੂਰਵਕ ਪੁੱਟ ਕੇ ਇਕ ਜਗ੍ਹਾ ਤੋਂ ਦੂਸਰੀ ਮੁਨਾਸਿਬ ਜਗ੍ਹਾ ਲਗਾ ਦਿੱਤਾ ਜਾਂਦਾ ਹੈ। ਘੰਟਿਆਂਬੱਧੀ ਉਥੇ ਬੈਠ ਕੇ ਇਹ ਅਮਲ ਵੇਖਿਆ ਹੈ, ਮੈਂ ਆਪ ਜੀ ਨਾਲ ਸਾਂਝਾ ਕੀਤਾ ਸੀ।
ਮੈਂ ਪਿਛਲੀ ਸਰਕਾਰ ਦੇ ਲੈਂਡਸਕੇਪਿੰਗ ਸਲਾਹਕਾਰ ਹੋਣ ਦੇ ਨਾਤੇ, ਸੁਝਾਓ ਦਿੱਤਾ ਸੀ ਕਿ ਸਾਡੇ ਸੂਬੇ ਵਿਚੋਂ ਨਵੀਆਂ ਕਾਲੋਨੀਆਂ/ਸੜਕਾਂ ਬਣਾਉਣ ਲਈ, ਸੜਕਾਂ ਖੁੱਲ੍ਹੀਆਂ, ਚੌੜੀਆਂ ਕਰਨ ਲਈ, ਹਜ਼ਾਰਾਂ 'ਪਲ ਚੁੱਕੇ' ਰੁੱਖ ਵੱਢ ਜਾਂ ਪੁੱਟ ਦਿੱਤੇ ਜਾਂਦੇ ਹਨ। ਸਾਨੂੰ ਵੱਡਾ ਬੂਟਾ ਪੁਟ ਕੇ ਨਵੀਂ ਜਗ੍ਹਾ ਲਗਾਉਣ ਵਾਲੀਆਂ ਮਸ਼ੀਨਾਂ ਲੈਣੀਆਂ ਚਾਹੀਦੀਆਂ ਹਨ।
ਇਨ੍ਹਾਂ ਮਸ਼ੀਨਾਂ ਦੇ ਕੰਮ ਕਰਨ ਦਾ ਤਰੀਕਾ ਤੁਸੀਂ ਨੈੱਟ 'ਤੇ ਵੇਖ ਸਕਦੇ ਹੋ ਕਿ ਕਿਵੇਂ ਇਹ ਮਸ਼ੀਨ ਮਿੰਟਾਂ ਵਿਚ ਹੀ ਮੁਨਾਸਿਬ ਜਗ੍ਹਾ 'ਤੇ ਪਹਿਲਾਂ ਟੋਆ ਕੱਢ ਲੈਂਦੀ ਹੈ ਅਤੇ ਬਾਅਦ 'ਚ ਜਿਥੋਂ ਬੂਟਾ ਪੁੱਟਣਾ ਹੋਵੇ ਪੁਟ ਕੇ ਬੜੀ ਸਫਲਤਾਪੂਰਵਕ ਆਰਾਮ ਨਾਲ ਗਾਚੀ ਸਮੇਤ ਲਿਆ ਕੇ ਗੱਡ ਦਿੰਦੀ ਹੈ। ਉਹੀ ਬੂਟਾ ਨਵੀਂ ਜਗ੍ਹਾ ਆਰਾਮ ਨਾਲ ਵਧਣ-ਫੁੱਲਣ ਲਗਦਾ ਹੈ।
ਇਥੇ ਵਿਖਾਈ ਦਿੰਦਾ ਅਮਲ ਕਿਸੇ ਬਾਹਰਲੇ ਮੁਲਕ ਦਾ ਨਹੀਂ, ਸਾਡੀ ਧਰਤੀ ਦਾ ਹੀ ਹੈ ਅਤੇ ਕੱਢਿਆ ਵੀ ਸੜਕ ਦੀ ਚੌੜਾਈ ਵਧਾਉਣ ਖਾਤਰ। ਇਥੋਂ ਕੱਢਿਆ ਗਿਆ ਪਲ ਚੁੱਕਾ ਰੁੱਖ ਜ਼ਰੂਰ ਕਿਸੇ ਮੁਨਾਸਿਬ ਜਗ੍ਹਾ 'ਗੱਡ ਦਿੱਤਾ' ਗਿਆ ਹੋਵੇਗਾ।
ਮੈਂ ਇਹ ਚਰਚਾ ਕੋਈ ਨਵਾਂ ਅਹੁਦਾ ਲੈਣ ਜਾ, ਆਪਣਾ ਕੋਈ ਨਿੱਜੀ ਸੁਆਰਥ ਪੂਰਾ ਕਰਨ ਲਈ ਨਹੀਂ ਕੀਤੀ।
ਮੈਂ ਮਰਹੂਮ ਮਹਿੰਦਰ ਸਿੰਘ ਰੰਧਾਵਾ ਦਾ ਪੱਕਾ ਭਗਤ ਹਾਂ, ਲੈਂਡਸਕੇਪਿੰਗ ਵਿਸ਼ੇ ਦਾ ਲੰਮਾ ਤਜਰਬਾ ਹੈ, ਦੁਨੀਆ ਘੁੰਮ-ਫਿਰ ਕੇ ਵੇਖੀ ਹੈ। ਆਪਣਾ ਦੇਸ਼/ਮੁਲਕ/ਸੂਬਾ ਸੋਹਣਾ ਖੁਸ਼ਗਵਾਰ, ਹਰਿਆਵਲਾ ਬਣ ਜਾਵੇ, ਮੇਰੀ ਇਹ ਮਨਸ਼ਾ ਹੈ।

dosanjhsps@gmail.com

'ਬਹਿਰ ਨੌਸ਼ੇਰਵਾਂ'

ਵਾਰ ਹਰੀ ਸਿੰਘ ਨਲੂਆ

ਪੰਜਾਬੀ ਸੰਗੀਤ ਜਗਤ ਵਿਚ ਵੱਖਰੀ ਪਛਾਣ ਰੱਖਣ ਵਾਲੇ ਸਤਿੰਦਰ ਸਰਤਾਜ, ਜਿਹੜੇ ਕਿ ਬਾਲੀਵੁੱਡ ਵੱਲੋਂ ਬਣਾਈ ਗਈ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫ਼ਿਲਮ 'ਦੀ ਬਲੈਕ ਪ੍ਰਿੰਸਸ' ਵਿਚ ਮੁੱਖ ਕਿਰਦਾਰ ਨਿਭਾਅ ਰਹੇ ਹਨ, ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਨ ਲਈ ਇਕ ਅਸਲੋਂ ਨਵੇਂ ਛੰਦ 'ਵਾਰ ਹਰੀ ਸਿੰਘ ਨਲਵਾ' ਦੀ ਸਿਰਜਣਾ ਕੀਤੀ ਹੈ। ਇਸ ਨਵੇਂ ਛੰਦ ਨੂੰ ਉਨ੍ਹਾਂ ਨੇ 'ਬਹਿਰ ਨੌਸ਼ੇਰਵਾਂ' ਦਾ ਨਾਂਅ ਦਿੱਤਾ ਹੈ। ਪੇਸ਼ ਹੈ ਇਸ ਵਾਰ ਸਬੰਧੀ ਜਾਣਕਾਰੀ ਅਤੇ ਮੂਲਪਾਠ ਇਨ੍ਹਾਂ ਕਾਲਮਾਂ ਵਿਚ।

-ਸੰਪਾਦਕ

ਸਰਤਾਜ ਦਾ ਕਹਿਣਾ ਹੈ ਕਿ 'ਨੌਸ਼ੇਰਵਾਂ' ਲਫ਼ਜ਼ ਇਕ ਬਹੁਤ ਹੀ ਇਨਸਾਫ਼-ਪਸੰਦ ਬਾਦਸ਼ਾਹ ਦੀ ਤਰਜ਼ਮਾਨੀ ਕਰਦਾ ਹੈ। ਮੈਦਾਨ-ਏ-ਜੰਗ ਦਾ ਸ਼ਮਸ਼ੀਰਾਂ, ਬਰਛੀਆਂ, ਤੀਰਾਂ, ਢਾਲਾਂ, ਖੰਡਿਆਂ ਤੇ ਨੇਜ਼ਿਆਂ ਦੇ ਟਕਰਾਅ ਦੀ ਰਵਾਨੀ ਨਾਲ ਇਨਸਾਫ਼ ਕਰਨ ਲਈ 'ਬਹਿਰ ਨੌਸ਼ੇਰਵਾਂ' ਦੀ ਇਜਾਦ ਕੀਤੀ ਗਈ ਹੈ।
ਪੰਜਾਬੀ ਵਾਰ ਪ੍ਰੰਪਰਾ ਦੀ ਛੰਦ ਰੀਤ ਇਹੋ ਰਹੀ ਹੈ ਕਿ 'ਪਉੜੀ' ਵਿਚ ਲਿਖੀ ਜਾਂਦੀ ਵਾਰ ਲਈ ਸਿਰਖੰਡੀ ਤੇ ਨਿਸ਼ਾਨੀ ਛੰਦ ਸਭ ਤੋਂ ਢੁਕਵੇਂ ਮੰਨੇ ਜਾਂਦੇ ਹਨ। ਸਿਰਖੰਡੀ ਇਕ ਮਾਤ੍ਰਿਕ ਛੰਦ ਹੈ। ਇਸ ਦਾ ਜੋ ਛੰਦ ਭੇਦ ਪੰਜਾਬੀ ਕਾਵਿ ਵਿਚ ਵਧੇਰੇ ਪ੍ਰਚਲਿਤ ਰਿਹਾ ਹੈ ਉਹ 21 ਮਾਤਰਾਂ ਵਾਲਾ ਹੈ। ਹਰੇਕ ਤੁੱਕ ਵਿਚ ਪਹਿਲਾ ਚਰਨ 12 ਤੇ ਦੂਜਾ 9 ਮਾਤਰਾ ਉੱਤੇ ਹੁੰਦਾ ਹੈ। ਇਸ ਛੰਦ ਦੀਆਂ ਤੁਕਾਂ ਦੇ ਪਹਿਲੇ ਚਰਨ ਭਾਵ ਮੱਧ ਉੱਤੇ ਤੁਕਾਂਤ ਨੂੰ ਮੇਲਿਆ ਜਾਂਦਾ ਹੈ। ਤੁਕ ਵਿਚ ਆਉਂਦੇ ਦੋਵੇਂ ਚਰਨਾਂ ਦੇ ਅਖ਼ੀਰ ਉੱਤੇ ਗੁਰੂ ਹੁੰਦਾ ਹੈ। ਇਸੇ ਤਰ੍ਹਾਂ 'ਨਿਸ਼ਾਨੀ' ਵੀ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿਚ 23 ਮਾਤਰਾਂ ਹੁੰਦੀਆਂ ਹਨ। ਹਰੇਕ ਤੁਕ ਵਿਚ ਪਹਿਲਾ ਚਰਨ 13 ਮਾਤਰਾ ਉੱਤੇ ਅਤੇ ਦੂਸਰਾ 10 ਮਾਤਰਾ ਉੱਤੇ ਹੁੰਦਾ ਹੈ। ਤੁਕਾਂਤ ਨੂੰ ਦੂਸਰੇ ਚਰਨ ਉੱਤੇ ਮੇਲਿਆ ਜਾਂਦਾ ਹੈ। ਅਖ਼ੀਰ ਵਿਚ ਦੋ ਗੁਰੂ ਆਉਣੇ ਜ਼ਰੂਰੀ ਹਨ, ਇਨ੍ਹਾਂ ਪ੍ਰੰਪਰਿਕ ਛੰਦਾਂ ਦੇ ਵਿਧਾਨ ਨੂੰ ਸਮਝਣ ਮਗਰੋਂ ਛੰਦ 'ਨੌਸ਼ੇਰਵਾਂ' ਵੱਲ ਆਉਂਦੇ ਹਾਂ।
ਛੰਦ 'ਨੌਸ਼ੇਰਵਾਂ' ਚਾਰ ਤੁਕਾਂ ਵਾਲਾ ਮਾਤ੍ਰਿਕ ਛੰਦ ਹੈ। ਇਸ ਦੀ ਹਰੇਕ ਤੁਕ ਵਿਚ 32 ਮਾਤਰਾਂ ਹਨ। ਦੋ ਚਰਨ ਹਨ। ਪਹਿਲਾ ਚਰਨ 24 ਮਾਤਰਾ ਉੱਤੇ ਅਤੇ ਦੂਸਰਾ 8 ਮਾਤਰਾਂ ਉੱਤੇ ਬਣਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਤੁਕਾਂਤ ਨੂੰ ਦੋਵੇਂ ਹੀ ਚਰਨਾਂ ਉੱਤੇ ਮੇਲਿਆ ਗਿਆ ਹੈ। ਪਰ ਚੌਥੀ ਤੁਕ ਵਿਚ ਪਹਿਲੇ ਚਰਨ ਉੱਤੇ ਤੁਕਾਂਤ ਨੂੰ ਮੇਲ ਕੇ, ਦੂਜੇ ਚਰਨ ਉੱਤੇ ਤੁਕਾਂਤ ਬੇਮੇਲ ਕਰਕੇ ਇਸ ਨਾਲ 9 ਮਾਤਰਾਂ ਵਾਲਾ ਤੋੜਾ ਦਿੱਤਾ ਗਿਆ। ਛੰਦ ਵਿਚ ਆਉਂਦੇ ਹਰ ਤੁਕਾਂਤ ਉੱਤੇ ਦੋ ਗੁਰੂ ਆਉਂਦੇ ਹਨ। ਇਸ ਛੰਦ ਸਬੰਧੀ ਸਭ ਤੋਂ ਗ਼ੌਰ ਕਰਨਯੋਗ ਨੁਕਤਾ ਇਹ ਹੈ ਕਿ ਪਹਿਲੀ ਤੁਕ ਵਿਚ ਦੂਜੇ ਚਰਨ ਉੱਤੇ ਤੁਕਾਂਤ ਮੇਲ ਤੋਂ ਬਾਅਦ ਵੀ ਭਾਵ ਸੰਚਾਰ ਦੂਜੀ ਤੁਕ ਦੇ ਪਹਿਲੇ ਚਰਨ ਤੱਕ ਬਰਾਬਰ ਜਾਰੀ ਰਹਿੰਦਾ ਹੈ। ਸਿਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ 32 ਮਾਤਰਾਂ ਵਾਲੀ ਪਹਿਲੀ ਤੇ 32 ਮਾਤਰਾਂ ਵਾਲੀ ਦੂਜੀ ਤੁਕ ਦੇ ਵਿਚਕਾਰ ਹੀ 32 ਮਾਤਰਾਂ ਦੇ ਤੋਲ ਤੁਕਾਂਤ ਵਾਲੀ ਇਕ ਵੱਖਰੀ ਤੁਕ ਵੀ ਪਛਾਣੀ ਜਾ ਸਕਦੀ ਹੈ, ਜੋ ਅਦਿੱਖ ਲੱਗਣ ਦੇ ਬਾਵਜੂਦ ਇਸ ਵਾਰ ਦੇ ਭਾਵਾਂ ਨੂੰ ਰਵਾਨੀ ਦੇ ਨਾਲ-ਨਾਲ ਤਿੱਖਾਪਣ ਬਖ਼ਸ਼ਦੀ ਹੈ।
ਵੜ ਗਏ ਜੰਗ ਵਿਚ ਲੜ ਗਏ ਸੂਰੇ;
ਚੜ੍ਹ ਗਏ ਪੌੜੀ ਮੌਤ ਸ਼ਹਾਦਤ ਨਾਲ ਜੀ ਲਾਵਾਂ ਲਈਆਂ॥

ਉਸ ਨੇ ਲਾ ਕੇ ਨਾਲ ਵਿਆਜ ਮੂਲ ਜਦ ਮੋੜੇ, ਤੀਰ ਜਵਾਬੀ;
ਛੱਡੇ ਖਿੱਚ-ਖਿੱਚ ਲਾ ਕੇ ਛਾਤੀ ਦੇ ਨਾਲ ਜੋੜੇ, ਕਰੇ ਖਰਾਬੀ;
ਜਾ ਕੇ ਦੁਸ਼ਮਣ ਦੇ ਖੇਮੇ ਵਿਚ ਛਵੀਆਂ ਤੋੜੇ, ਖੂਨ ਉਨਾਭੀ;
ਦੇਖੋ ਛਾਵਣੀਆਂ ਦੀ ਸਰ ਜ਼ਮੀਨ ਤੇ ਰੋੜ੍ਹੇ, ਬਰਛੀ ਮਾਰੀ, ਜੀ ਜਰਨੈਲ ਨੇ॥
ਬਰਛੀ ਮਾਰੀ...

ਕਹਿੰਦਾ ਸੂਰਮਿਆ ਨਾਲ ਮੱਥਾ ਲਾ ਕੇ ਕੀਤੀ, ਗ਼ਲਤੀ ਭਾਰੀ;
ਤੈਨੂੰ ਸਜ਼ਾ ਦੇਣ ਲਈ ਬਦਲ ਲਈ ਹੁਣ ਨੀਤੀ, ਚੜ੍ਹੀ ਖੁਮਾਰੀ;
ਤੇਰੀ ਦੋ ਪਲ ਦੇ ਵਿਚ ਲੱਥ ਜਾਣੀ ਸਭ ਪੀਤੀ, ਖਾਧੀ ਸਾਰੀ;
ਸੱਚੇ ਤਖ਼ਤੋਂ ਆਇਆ ਹੁਕਮ ਤੇਰੀ ਰੁੱਤ ਬੀਤੀ, ਸੰਮਣ ਧੁਰਦੇ ਮਿੱਤਰਾ ਆ ਗਏ ਓਏ॥

ਸੰਮਣ ਧੁਰਦੇ...
ਤੈਨੂੰ ਜ਼ਿਬਰਾਈਲ ਜਹੰਨੁਮ ਵਾਜਾਂ ਮਾਰੇ, ਨਾਲੇ ਮੁਰਦੇ;
ਕਰਨ ਉਡੀਕਾਂ ਮਾੜੀ ਰੂਹ ਇਹ ਕਦੋਂ ਪਧਾਰੇ, ਐਂ ਨੀ ਤੁਰਦੇ;
ਤੈਨੂੰ ਲੈ ਕੇ ਜਾਣਾ ਵੱਜ ਗਏ ਦੇਖ ਨਗਾਰੇ, ਕੰਬਣ ਗੁਰਦੇ;
ਅੱਗਿਉਂ ਮੌਤ ਮਾਰ ਕੇ ਅੱਖੀਆਂ ਕਰੇ ਇਸ਼ਾਰੇ, ਓ ਫੰਨੇ ਖਾਂ ਖੜ੍ਹ ਜਾ, ਖੜ੍ਹ ਜਾ ਓਏ॥
ਓ ਫੰਨੇ ਖਾਂ...

ਹੁਣ ਨੀ ਭੱਜਣ ਦੇਣਾ ਕਾਇਰਾ ਚੱਕ ਤਲਵਾਰ, ਜ਼ਰਾ ਮੈਂ ਦੇਖਾਂ;
ਕਿੰਨਾ ਜ਼ੋਰ ਡੌਲ਼ਿਆਂ ਅੰਦਰ ਕਰ ਓਏ ਵਾਰ, ਮਾਰ ਕੇ ਮੇਖਾਂ;
ਹੁਣ ਦਰਵਾਜ਼ੇ ਕਰ ਦਿਉ ਬੰਦ ਤੇ ਖੋਲ੍ਹ ਦੁਆਰ, ਲਿਖੇ ਜੋ ਲੇਖਾਂ;
ਜੀ 'ਸਰਤਾਜ' ਲਿਖੀ ਇਕ ਵਾਰ ਕਿ ਸਿੰਘ ਸਰਦਾਰ;
ਹਰੀ ਸਿੰਘ ਨਲੂਏ ਦੀ॥

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-126

ਰਹਾ ਗ਼ਰਦਿਸ਼ੋਂ ਮੇਂ ਹਮਦਮ... ਸੰਗੀਤਕਾਰ ਰਵੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸੁਭਾਵਿਕ ਹੀ ਸੀ ਕਿ ਇਸ ਤੋਂ ਬਾਅਦ ਰਵੀ ਨੇ ਦੇਵਿੰਦਰ ਗੋਇਲ ਦੀ ਲਗਪਗ ਹਰੇਕ ਫ਼ਿਲਮ 'ਚ ਹੀ ਸੰਗੀਤ ਦਿੱਤਾ। ਗੋਇਲ ਦੇ ਬੈਨਰ (ਗੋਇਲ ਸਿਨੇ ਕਾਰਪੋਰੇਸ਼ਨ) ਦੇ ਅਧੀਨ ਬਣਨ ਵਾਲੀ ਫ਼ਿਲਮ 'ਚਿਰਾਗ਼ ਕਹਾਂ ਰੋਸ਼ਨੀ ਕਹਾਂ' ਦਾ ਸੰਗੀਤ ਬਹੁਤ ਹੀ ਸਫ਼ਲ ਹੋਇਆ ਸੀ ਅਤੇ ਇਹ ਸੁਪਰਹਿੱਟ ਮੂਵੀ ਸਿੱਧ ਹੋਈ ਸੀ। ਇਸੇ ਹੀ ਤਰ੍ਹਾਂ ਇਸ ਬੈਨਰ ਦੀਆਂ 'ਦੂਰ ਕੀ ਆਵਾਜ਼', 'ਧੜਕਣ' ਅਤੇ 'ਏਕ ਫੂਲ ਦੋ ਮਾਲੀ' ਵਰਗੀਆਂ ਸਫ਼ਲ ਫ਼ਿਲਮਾਂ ਦੀ ਕਾਮਯਾਬੀ ਦੇ ਪਿੱਛੇ ਰਵੀ ਦਾ ਸੰਗੀਤ ਹੀ ਕੰਮ ਆਇਆ ਸੀ। ਵਿਸ਼ੇਸ਼ ਤੌਰ 'ਤੇ 'ਏਕ ਫੂਲ ਦੋ ਮਾਲੀ' ਦੇ ਕਈ ਗੀਤ 'ਓ ਨੰਨ੍ਹੇ ਸੇ ਫਰਿਸ਼ਤੇ', 'ਸਜਨਾ ਸਜਨਾ ਓ ਸਜਨਾ', ਅੱਜ ਵੀ ਗੁਣਗੁਣਾਏ ਜਾਂਦੇ ਹਨ। ਇਸੇ ਹੀ ਤਰ੍ਹਾਂ ਗੋਇਲ ਦੀ 'ਦਸ ਲਾਖ' ਦੇ ਵੀ ਕਈ ਗੀਤ 'ਗ਼ਰੀਬੋਂ ਕੀ ਸੁਨੋ','ਔਲਾਦ ਵਾਲੋ ਫੂਲੋ ਫਲੋ' ਸਦਾਬਹਾਰ ਗੀਤਾਂ ਦੀ ਸ਼੍ਰੇਣੀ ਵਿਚ ਗਿਣੇ ਜਾਂਦੇ ਹਨ।
ਐਸ. ਡੀ. ਨਾਰੰਗ ਨੇ ਵੀ ਗੋਇਲ ਦੀ ਤਰ੍ਹਾਂ ਹੀ ਰਵੀ ਦਾ ਸੰਗੀਤ ਆਪਣੀ ਲਗਪਗ ਹਰੇਕ ਹੀ ਫ਼ਿਲਮ 'ਚ ਲਿਆ ਸੀ। ਰਵੀ ਨੇ ਵੀ ਉਸ ਦੀਆਂ ਫ਼ਿਲਮਾਂ ਦੇ ਸੰਕਲਪ ਦੇ ਅਨੁਸਾਰ ਸੰਗੀਤ ਸ਼ੈਲੀ ਬਦਲੀ ਸੀ। 'ਦਿੱਲੀ ਕਾ ਠੱਗ' ਵਿਚ ਉਸ ਨੇ ਆਧੁਨਿਕ ਧੁਨਾਂ ਦਾ ਇਸਤੇਮਾਲ ਕੀਤਾ ਜਦੋਂ ਕਿ 'ਸ਼ਹਿਨਾਈ' ਦਾ ਟਾਈਟਲ ਗੀਤ 'ਕਿਆ ਅਜਬ ਸਾਜ਼ ਹੈ ਸ਼ਹਿਨਾਈ' ਤਿਆਰ ਕਰਨ ਲਈ ਉਸ ਨੇ ਉਸਤਾਦ ਬਿਸਮਿੱਲਾ ਖ਼ਾਨ ਦੀ ਵੀ ਸਹਾਇਤਾ ਲਈ ਸੀ।
ਨਿਰਮਾਤਾ-ਨਿਰਦੇਸ਼ਕ ਬੀ.ਆਰ. ਚੋਪੜਾ 'ਨਯਾ ਦੌਰ' ਦੀ ਸਫ਼ਲਤਾ ਤੋਂ ਬਾਅਦ ਓ. ਪੀ. ਨਈਅਰ ਨਾਲ ਕੰਮ ਤਾਂ ਕਰਨਾ ਚਾਹੁੰਦਾ ਸੀ ਪਰ ਸਾਹਿਰ ਅਤੇ ਨਈਅਰ ਦੇ ਆਪਸੀ ਝਗੜੇ ਦੇ ਕਾਰਨ ਸਾਹਿਰ ਹੁਣ ਨਈਅਰ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਸੀ। ਬੀ.ਆਰ. ਚੋਪੜਾ ਨੇ ਫੈਸਲਾ ਕੀਤਾ ਕਿ ਉਹ ਸਾਹਿਰ ਨੂੰ ਨਹੀਂ ਛੱਡੇਗਾ। ਇਸ ਲਈ ਉਹ ਜਦੋਂ ਸੰਗੀਤਕਾਰ ਦੀ ਤਲਾਸ਼ 'ਚ ਭਟਕ ਰਿਹਾ ਸੀ ਤਾਂ ਕੁਝ ਸਮਾਂ ਉਸ ਨੇ ਦੱਤਾ ਰਾਮ ਵਰਗਿਆਂ ਨਵੇਂ ਸੰਗੀਤਕਾਰਾਂ ਨੂੰ ਵੀ ਮੌਕਾ ਦਿੱਤਾ ਪਰ ਉਸ ਦੀ ਤਸੱਲੀ ਨਹੀਂ ਹੋਈ। ਫਿਰ ਰਵੀ ਨਾਲ ਜਦੋਂ ਉਸ ਦੀ ਮੁਲਾਕਾਤ ਹੋਈ ਤਾਂ ਉਸ ਨੂੰ ਲੋੜੀਂਦਾ ਸੰਗੀਤਕਾਰ ਮਿਲ ਗਿਆ।
ਰਵੀ ਨੇ ਬੀ.ਆਰ. ਚੋਪੜਾ ਦੇ ਬੈਨਰ (ਬੀ.ਆਰ. ਫ਼ਿਲਮਜ਼) ਲਈ ਲਗਪਗ ਹਰੇਕ ਹੀ ਫ਼ਿਲਮ 'ਚ ਯੋਗਤਾਨ ਦਿੱਤਾ, 'ਗੁੰਮਰਾਹ', 'ਹਮਰਾਜ' ਅਤੇ 'ਵਕਤ' ਵਰਗੀਆਂ ਚੋਪੜਾ ਦੀਆਂ ਹਿਟ ਫ਼ਿਲਮਾਂ ਦਾ ਸੰਗੀਤ ਰਵੀ ਨੇ ਹੀ ਤਿਆਰ ਕੀਤਾ ਸੀ। ਹਾਂ, ਜਦੋਂ ਰਵੀ ਦਾ ਕਰੇਜ਼ ਘਟ ਗਿਆ ਤਾਂ ਫਿਰ ਚੋਪੜਾ ਨੇ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਵੀ ਮੌਕਾ ਦਿੱਤਾ ਸੀ। ਪਰ 'ਧੁੰਦ' ਤੱਕ ਤਾਂ ਰਵੀ ਨੇ ਹੀ ਉਸ ਦਾ ਸਾਥ ਦਿੱਤਾ ਸੀ।
ਸੰਗੀਤਕਾਰ ਰਵੀ ਦੀ ਵਿਸ਼ੇਸ਼ ਖ਼ੂਬੀ ਇਹ ਸੀ ਕਿ ਉਹ ਗ਼ਜ਼ਲਾਂ ਅਤੇ ਭਜਨਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਰਚਣ 'ਚ ਮਾਹਿਰ ਸੀ। ਜੇਕਰ ਉਸ ਦੀ ਗ਼ਜ਼ਲ ਦੀ ਕੰਪੋਜ਼ੀਸ਼ਨ ਦੇਖਣੀ ਹੋਵੇ ਤਾਂ 'ਦੋ ਬਦਨ' (1969) ਦੀਆਂ ਗ਼ਜ਼ਲਾਂ ਇਕ ਅਦੁਤੀ ਮਿਸਾਲ ਪੇਸ਼ ਕਰਦੀਆਂ ਹਨ। 'ਭਰੀ ਦੁਨੀਆ ਮੈਂ ਆਖਿਰ ਦਿਲ ਕੋ ਸਮਝਾਨੇ ਕਹਾਂ ਜਾਏ', 'ਰਹਾ ਗਰਦਿਸ਼ੋਂ ਮੇਂ ਹਰਦਮ ਮੇਰੇ ਇਸ਼ਕ ਕਾ ਸਿਤਾਰਾ' ਵਰਗੀਆਂ ਰਫ਼ੀ ਦੁਆਰਾ ਗਾਈਆਂ ਅਤੇ ਸ਼ਕੀਲ ਦੀ ਕਲਮ ਤੋਂ ਉਤਰੀਆਂ ਗ਼ਜ਼ਲਾਂ ਅੱਜ ਵੀ ਇਸ ਸ਼੍ਰੇਣੀ ਦੀ ਗਾਇਕੀ 'ਚ ਵਿਸ਼ੇਸ਼ ਸਥਾਨ ਰੱਖਦੀਆਂ ਹਨ।
ਰਵੀ ਦੀਆਂ ਤਿਆਰ ਕੀਤੀਆਂ ਹੋਈਆਂ ਗ਼ਜ਼ਲਾਂ ਦੀ ਸੰਸਾਰਕ ਪਹੁੰਚ ਦਾ ਅੰਦਾਜ਼ਾ ਇਕ ਛੋਟੇ ਜਿਹੇ ਪ੍ਰਸੰਗ ਤੋਂ ਲਗਾਇਆ ਜਾ ਸਕਦਾ ਹੈ। 'ਰਹਾ ਗਰਦਿਸ਼ੋਂ ਮੇਂ ਹਰਦਮ' ਵਾਲੀ ਗ਼ਜ਼ਲ ਦਰਅਸਲ ਸ਼ਕੀਲ ਅਤੇ ਰਵੀ ਨੇ ਫ਼ਿਲਮ 'ਭਰੋਸਾ' ਲਈ ਤਿਆਰ ਕੀਤੀ ਸੀ ਅਤੇ ਇਹ ਰਿਕਾਰਡ ਵੀ ਹੋ ਗਈ ਸੀ। ਪਰ ਇਸ ਦੇ ਨਿਰਮਾਤਾ ਵਾਸਨ ਨੂੰ ਮਹਿਸੂਸ ਹੋਇਆ ਕਿ ਇਸ ਗ਼ਜ਼ਲ ਦੇ ਨਾਲ ਫ਼ਿਲਮ ਦਾ ਟੈਂਪੋ ਟੁਟਦਾ ਹੈ। ਇਸ ਲਈ ਉਸ ਨੇ ਇਸ ਦੀ ਰਿਕਾਰਡਿੰਗ ਆਪਣੇ ਕੋਲ ਹੀ ਰੱਖ ਲਈ ਸੀ। ਕੁਝ ਵਰ੍ਹਿਆਂ ਬਾਅਦ ਜਦੋਂ ਨਿਰਦੇਸ਼ਕ ਰਾਜ ਖੋਸਲਾ ਨੇ 'ਦੋ ਬਦਨ' ਲਈ ਇਕ ਸਿਚੂਏਸ਼ਨ ਦੱਸੀ ਤਾਂ ਰਵੀ ਨੂੰ ਇਹ ਪੁਰਾਣਾ ਸੰਦਰਭ ਯਾਦ ਆਇਆ। ਉਸ ਨੇ ਵਾਸਨ ਨੂੰ ਬੇਨਤੀ ਕੀਤੀ ਕਿ ਢੁਕਵਾਂ ਮੁਆਵਜ਼ਾ ਲੈ ਕੇ ਇਹ ਗੀਤ ਉਸ ਨੂੰ 'ਦੋ ਬਦਨ' ਲਈ ਦਿੱਤਾ ਜਾਵੇ। ਵਾਸਨ ਨੇ ਇਹ ਸੁਝਾਅ ਮੰਨ ਲਿਆ ਅਤੇ ਬਾਅਦ 'ਚ ਇਹੀ ਗ਼ਜ਼ਲ 'ਦੋ ਬਦਨ' ਦੀ ਸਫਲਤਾ ਨਿਰਧਾਰਤ ਕਰਨ 'ਚ ਬੜੀ ਮਦਦਗਾਰ ਸਿੱਧ ਹੋਈ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

ਬੜਾ ਡੂੰਘਾ ਰਿਸ਼ਤਾ ਹੈ ਵਾਲਾਂ ਦਾ ਮਨੁੱਖ ਨਾਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧਰਤੀ ਉੱਤੋਂ ਗਰੀਨ ਹਾਊਸ ਗੈਸਾਂ ਦਾ ਅਸਰ ਘਟਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਈ ਬੋਇੰਗ 747 ਜੈੱਟ ਜਹਾਜ਼ਾਂ ਨੂੰ ਹਵਾ ਵਿਚ ਆਡਾ-ਤਿਰਛਾ ਉਡਾਇਆ ਜਾਵੇਗਾ ਤਾਂ ਕਿ ਉਸ ਦੇ ਘੱਟੇ ਨਾਲ ਸੂਰਜੀ ਕਿਰਣਾਂ ਨੂੰ ਢਕਿਆ ਜਾਵੇ, ਹੀਲੀਅਮ ਭਰੇ ਗੁਬਾਰੇ ਛੱਡੇ ਜਾਣਗੇ, ਕਈ ਨਿਮਨ ਲਾਲ ਕਿਰਨਾਂ ਨੂੰ ਲਗਾਇਆ ਜਾਵੇਗਾ, ਪਰ ਕੰਮ ਬਣਾਉਣ ਨਾਲੋਂ ਵੱਧ ਇਹ ਕੰਮ ਵਿਗਾੜ ਦੇਣਗੇ। ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਕੰਧਾਂ ਦਾ ਰੰਗ ਰੋਗਣ, ਸਜਣ ਦੇ ਸਾਜ਼ੋ ਸਮਾਨ, ਸੰਧੂਰ, ਬਿੰਦੀ, ਸੁਗੰਧੀਆਂ, ਵਾਲਾਂ ਦੀਆਂ ਕਰੀਮਾਂ, ਵਾਲ ਰੰਗਣ ਵਾਲੀ ਡਾਈ ਆਦਿ ਨੁਕਸਾਨ ਜ਼ਿਆਦਾ ਅਤੇ ਫਾਇਦਾ ਥੋੜ੍ਹਾ ਚਿਰ ਹੀ ਦਿੰਦੇ ਹਨ। ਇਨ੍ਹਾਂ ਚੀਜ਼ਾਂ ਨੂੰ ਪਰਖਣ ਲਈ ਚੂਹੇ, ਖ਼ਰਗੋਸ਼ ਆਦਿ ਨੂੰ ਵੀ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਕਾਫੀ ਤਕਲੀਫ਼ ਝੱਲਣੀ ਪੈਂਦੀ ਹੈ। ਇਨ੍ਹਾਂ ਚੀਜ਼ਾਂ ਤੋਂ ਅੱਗੇ ਚੱਲ ਕੇ ਛਾਤੀ ਦੇ ਕੈਂਸਰ, ਸਾਹ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, ਲਿਓਕੇਮੀਆ ਰੋਗ ਆਦਿ ਲਗ ਜਾਂਦੇ ਹਨ। ਇਨ੍ਹਾਂ ਨਾਲੋਂ ਚੰਗਾ ਹੈ ਕਿ ਅਸੀਂ ਆਪਣੀ ਕੁਦਰਤੀ ਸ਼ਖ਼ਸੀਅਤ ਨੂੰ ਬਰਕਰਾਰ ਰੱਖੀਏ।
ਸਰੀਰ ਦੇ ਕੁਦਰਤੀਪਨ ਨਾਲ ਛੇੜਖਾਨੀ ਨਾਲ ਸਾਡੀ ਸਿਹਤ 'ਤੇ ਮਾੜਾ ਅਸਰ ਹੀ ਪਵੇਗਾ, ਜਿਵੇਂ ਬਨਸਪਤੀ ਨਾਲ ਛੇੜਖਾਨੀ ਨੇ ਧਰਤੀ 'ਤੇ ਪਾਇਆ ਹੈ। ਇਸ ਗੱਲ ਦੀ ਸਮਝ ਰਾਬਿੰਦਰ ਨਾਥ ਟੈਗੋਰ, ਮਾਰਕਸ, ਲਿਓ ਟਾਲਸਟਾਏ ਅਤੇ ਸਾਡੇ ਆਪਣੇ ਗੁਰੂ ਸਾਹਿਬਾਨਾਂ ਨੂੰ ਭਲੀ ਭਾਂਤੀ ਗਿਆਤ ਸੀ। ਇਸ ਕਰਕੇ ਇਨ੍ਹਾਂ ਸਭਨਾਂ ਨੇ ਵਾਲਾਂ ਦਾ ਕਤਲ ਨਹੀਂ ਸੀ ਕੀਤਾ, ਸਗੋਂ ਇਹ ਬਰਕਰਾਰ ਰੱਖੇ। ਆਓ, ਅਸੀਂ ਰਲ-ਮਿਲ ਆਪਣੀ ਧਰਤੀ 'ਤੇ ਆਉਣ ਵਾਲੀ ਪੀੜ੍ਹੀ ਲਈ ਜਗ੍ਹਾ ਬਣਾਈਏ ਨਾ ਕਿ ਉਨ੍ਹਾਂ ਤੋਂ ਖੋਹੀਏ। ਮਹਾਂਸਾਗਰ ਵਿਚ ਇਕ ਬੂੰਦ ਪਾਣੀ ਦੀ ਘਟੇ, ਘਾਟਾ ਤਾਂ ਪੈਂਦਾ ਹੀ ਹੈ, ਹੈ ਨਾ?
ਪਰਮਾਤਮਾ ਨੇ ਇਨਸਾਨ ਨੂੰ ਗੁਣਾਂ ਨਾਲ ਨਿਵਾਜਿਆ ਹੈ। ਯਾਹੂਦੀ ਅਤੇ ਇਸਾਈ ਵੀ ਇਹੀ ਮੰਨਦੇ ਹਨ ਕਿ ਪਰਮਾਤਮਾ ਨੇ ਬੰਦੇ ਨੂੰ ਆਪਣੀ ਮੁਹਾਰਤ ਵਿਚ ਘੜਿਆ ਹੈ ਤੇ ਆਪਣਾ ਕਣ ਪਾ ਕੇ 'ਆਤਮਾ' ਨੂੰ ਸਿਰਜਿਆ ਹੈ, ਪਰ ਬੰਦਾ ਹੈ ਕਿ ਉਹ ਪਰਮਾਤਮਾ ਦੇ ਕਾਰਜ ਵਿਚ ਵੀ ਕੋਈ ਨਾ ਕੋਈ ਤਰੁੱਟੀਆਂ ਲੱਭਦਾ ਹੈ ਤੇ ਆਪਣੇ-ਆਪ ਨੂੰ ਉੱਚ ਸਾਬਿਤ ਕਰਨ 'ਤੇ ਤੁਲਿਆ ਹੋਇਆ ਹੈ। ਵਾਲਾਂ ਦਾ ਕਤਲ ਇਹੀ ਕੁਝ ਹੈ। ਪ੍ਰੰਤੂ ਸ਼ੁਰੂ ਤੋਂ ਇੰਝ ਨਹੀਂ ਸੀ। ਪਹਿਲੇ ਸਮੇਂ ਵਿਚ ਜੇਕਰ ਕੋਈ ਗਿਆਨਵਾਨ ਕੋਈ ਅਨੈਤਿਕ ਕੰਮ ਕਰ ਬੈਠਦਾ ਸੀ ਤਾਂ ਉਸ ਦੇ ਵਾਲਾਂ ਨੂੰ ਸਜ਼ਾ ਦੇ ਤੌਰ 'ਤੇ ਕੱਟ ਦਿੱਤਾ ਜਾਂਦਾ ਸੀ ਜਾਂ ਜੇਕਰ ਕੋਈ ਆਪਸ ਵਿਚ ਭਿੜ ਪੈਣ ਤਾਂ ਇਕ-ਦੂਜੇ ਦੇ ਵਾਲਾਂ ਨੂੰ ਛੂਹ ਨਹੀਂ ਸੀ ਸਕਦੇ। ਨਿਯਮ ਨਾ ਮੰਨਣ 'ਤੇ ਵਾਲਾਂ ਨੂੰ ਹੱਥ ਪਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਸੀ, ਪਰ ਅੱਜ ਤਾਂ ਮਨੁੱਖ ਆਪ ਖੁਦ ਆਪਣੇ ਵਾਲਾਂ ਨੂੰ ਹੱਥ ਪਾ ਰਿਹਾ ਹੈ।
ਮਨੁੱਖ ਨੂੰ ਇਹ ਗਿਆਤ ਨਹੀਂ ਕਿ ਵਾਲ ਤਾਂ ਸੂਰਜ ਤੋਂ, ਹਵਾ ਤੋਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਸਾਡੀ ਸਿਹਤ ਨੂੰ ਠੀਕ ਰੱਖਣ ਲਈ ਕਿੰਨੇ ਤੱਤ ਇਕੱਠੇ ਕਰਦੇ ਹਨ ਅਤੇ ਕਿੰਨੇ ਮਾੜੇ ਤੱਤਾਂ ਤੋਂ ਬਚਾਉੇਂਦੇ ਹਨ। ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਅਸਰ ਨਾਲ ਧਰਤੀ ਤੋਂ ਵਿਟਾਮਿਨ ਡੀ ਖਣਿਜ ਬਹੁਤ ਘੱਟ ਗਏ ਹਨ ਪਰ ਸਾਡੇ ਵਾਲ ਸੂਰਜ ਦੀਆਂ ਕਿਰਨਾਂ ਨਾਲ ਮਿਲ ਕੇ ਉਸ ਦੀ ਅਤੇ ਨਾਲ ਹੀ ਸਾਡੇ ਦਿਮਾਗ ਨੂੰ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੇ ਹਨ। ਕੱਟੇ ਹੋਏ ਵਾਲ ਵੱਧ ਤਾਂ ਜਾਂਦੇ ਹਨ ਪਰ ਸਾਡੇ ਸਰੀਰ ਤੋਂ ਬਹੁਤੇ ਤੱਤ ਵਰਤ ਕੇ ਉਨ੍ਹਾਂ ਦੀ ਕਮੀ ਕਰ ਜਾਂਦੇ ਹਨ। ਕੁਦਰਤ ਸਾਰੀ ਉਮਰ ਵਿਛੜੇ (ਕੱਟੇ) ਹੋਏ ਵਾਲਾਂ ਦੀ ਪੂਰਤੀ ਕਰਦੀ ਰਹਿੰਦੀ ਹੈ ਸਿਰਫ ਵੱਡੀ ਉਮਰ ਅਤੇ ਭਿਆਨਕ ਬਿਮਾਰੀ ਵਿਚ ਛੱਡ ਕੇ। ਗੁਰਮਤਿ ਇਨਸਾਨ ਅਤੇ ਕੁਦਰਤ ਵਿਚ ਕੋਈ ਭੇਦ-ਭਾਵ ਨਹੀਂ ਕਰਦਾ। ਇਕ ਸਿੱਖ ਹੀ ਹੈ ਜੋ ਜਿਵੇਂ ਰਚਿਆ ਆਇਆ, ਤਿਵੇਂ ਹੀ ਰਚਿਆ ਰੁਖ਼ਸਤ ਕਰਦਾ ਹੈ।
ਵਾਲ ਸਰਦੀ ਅਤੇ ਗਰਮੀ ਦੋਵਾਂ ਰੁੱਤਾਂ ਵਿਚ ਸਰੀਰ ਦੇ ਤਾਪਮਾਨ ਦੀ ਅਤੇ ਦਿਮਾਗ ਦੀ ਰੱਖਿਆ ਕਰਦੇ ਹਨ। ਇਸ ਕਰਕੇ ਵਿਗਿਆਨਿਕ ਵਾਲਾਂ ਨੂੰ ਸ਼ੁਭ ਮੰਨਦੇ ਹਨ। ਸੰਘਣੇ ਵਾਲਾਂ ਵਾਲਾ ਇਨਸਾਨ ਮੌਸਮਾਂ ਦੀ ਮਾਰ ਝੱਲ ਸਕਦਾ ਹੈ। ਵਾਲਾਂ ਵਿਚ ਹੋਰ ਰਸਾਇਣਿਕ ਤੱਤ ਵੀ ਹੁੰਦੇ ਹਨ ਜਿਵੇਂ ਆਕਸੀਜਨ ੨੮%, ਕਾਰਬਨ ੫੦%, ਹਾਈਡ੍ਰੋਜਨ ੬%, ਨਾਈਟ੍ਰੋਜਨ ੧੧% ਅਤੇ ਸਲਫਰ ੫% । ਇਨ੍ਹਾਂ ਤੋਂ ਇਲਾਵਾ ਵਾਲਾਂ ਵਿਚ ਗਰਮੀ ਤੇ ਤੇਲ ਹੁੰਦਾ ਹੈ ਅਤੇ ਚਿੱਟੇ ਵਾਲਾਂ ਵਿਚ ਤਾਂ ਚੂਨਾ ਵੀ ਹੁੰਦਾ ਹੈ। ਵਾਲਾਂ ਨੂੰ ਕੱਟਣਾ ਭਾਵ ਇਨ੍ਹਾਂ ਤੱਤਾਂ ਤੋਂ ਹੱਥ ਧੋਣਾ ਹੈ। 50 ਗ੍ਰਾਮ ਵਾਲਾਂ ਦੇ ਨਾਲ, 1 ਗ੍ਰਾਮ ਖੁਰਾ ਤੱਤ ਗੁਆਚ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਵਿਚ ਭੁੱਖ ਨਾ ਲੱਗਣਾ, ਸੁਆਦ ਗੁਆਉਣਾ ਅਤੇ ਸਰੀਰ ਵਿਚ ਜਲਣ ਮਹਿਸੂਸ ਕਰਨਾ ਆਮ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਵਾਲਾਂ ਦੇ ਕੱਟਣ ਦਾ ਬੱਚਿਆਂ ਦੀ ਲੰਬਾਈ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਸਿਰ ਦੇ ਵਾਲ ਸੂਰਜ ਤੋਂ, ਦਾੜ੍ਹੀ ਦੇ ਵਾਲ ਧਰਤੀ ਤੋਂ ਅਤੇ ਮੁੱਛਾਂ ਦੇ ਵਾਲ ਆਲੇ-ਦੁਆਲੇ ਦੇ ਵਾਤਾਵਰਨ ਤੋਂ ਊਰਜਾ ਦੀਆਂ ਤਰੰਗਾਂ ਲੈਂਦੇ ਹਨ। ਸਿਆਣੇ ਕਹਿੰਦੇ ਹਨ ਕਿ ਧਿਆਨ ਲਾਉਣ ਲੱਗਿਆ ਸਾਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ ਕਿਉਂਕਿ ਸਿਰ ਢਕਿਆਂ ਊਰਜਾ ਦਿਮਾਗ ਵਿਚ ਹੀ ਰਹਿੰਦੀ ਹੈ ਅਤੇ ਪੜ੍ਹਿਆ-ਸੁਣਿਆ ਯਾਦ ਰਹਿੰਦਾ ਹੈ। ਢਕਿਆ ਸਿਰ ਸੂਰਜ ਤੋਂ 100% ਸਾਕਾਰਾਤਮਿਕ ਊਰਜਾ ਲੈਂਦਾ ਹੈ, ਪਰ ਢਕਣਾ ਸਿਰਫ ਸੂਤੀ ਕੱਪੜੇ ਨਾਲ। ਵਾਲਾਂ ਨੂੰ ਗੰਦਗੀ ਅਤੇ ਹੁਮਸ ਭਰਿਆ ਵਾਤਾਵਰਨ ਨੁਕਸਾਨ ਪਹੁੰਚਾਉਂਦਾ ਹੈ। ਇਸੇ ਕਰਕੇ ਸਾਡੇ ਪਿਛਲੇ ਸਿਆਣੇ ਆਪਣੇ ਨੂੰਹਾਂ, ਭੈਣਾਂ ਨੂੰ ਨੰਗੇ ਸਿਰ ਝਾੜੂ ਫੇਰਨ ਤੋਂ ਅਤੇ ਗੋਹਾ-ਕੂੜਾ ਨੰਗੇ ਸਿਰ ਚੁੱਕਣ ਤੋਂ ਮਨ੍ਹਾਂ ਕਰਦੇ ਸਨ। ਸਿਰ ਦੀ ਸਫ਼ਾਈ ਲਈ ਕੰਘਾ ਫੇਰਨਾ ਜ਼ਰੂਰੀ ਹੈ। ਕੰਘਾ ਵੀ ਲੱਕੜ ਦਾ ਹੋਣਾ ਚਾਹੀਦਾ ਹੈ। ਪਲਾਸਟਿਕ ਦਾ ਕੰਘਾ ਫੇਰਿਆਂ ਇਕ ਸੰਭਾਵੀ ਚੰਗਿਆੜੀ ਉਤਪਨ ਹੁੰਦੀ ਹੈ, ਜੋ ਵਾਲਾਂ ਦੇ ਅੰਕੁਰ ਹੋਣ ਨੂੰ ਹਾਨੀ ਪਹੁੰਚਾਉਂਦੀ ਹੈ। ਇਹ ਵਾਲਾਂ ਨੂੰ ਰੋਟੀ (ਲੋੜੀਂਦੇ ਤੱਤ) ਪਹੁੰਚਾਉਂਦਾ ਹੈ। ਵਾਲਾਂ ਨੂੰ ਵੰਨ-ਸੁਵੰਨੇ ਸ਼ੈਂਪੂਆਂ ਅਤੇ ਸਾਬਣ ਵੀ ਨੁਕਸਾਨਦੇਹ ਹੁੰਦੇ ਹਨ। ਸਗੋਂ ਅੰਡਿਆਂ ਦੇ ਚਿੱਟੇ ਭਾਗ ਨਾਲ ਜਾਂ ਫਿਰ ਦਹੀਂ ਨਾਲ ਜੇਕਰ ਧੋਤਾ ਜਾਵੇ ਤਾਂ ਬਹੁਤ ਫਾਇਦੇਮੰਦ ਹੁੰਦਾ ਹੈ। ਕੈਸਟਰ ਆਇਲ ਭਾਵ ਰਿੰਡ ਦੇ ਤੇਲ ਨਾਲ ਹਲਕੀ ਜਿਹੀ ਮਾਲਿਸ਼ ਕਰਕੇ, ਗਰਮ ਪਾਣੀ ਵਿਚ ਨਿਚੋੜ ਕੇ, ਤੌਲੀਏ ਵਿਚ ਲਪੇਟ ਕੇ ਸੇਕ ਦੇਣਾ ਵੀ ਲਾਹੇਵੰਦ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98767-85672


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX