ਤਾਜਾ ਖ਼ਬਰਾਂ


ਰੇਲਵੇ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਨੂੰ 1.30 ਕਰੋੜ ਦੇਣ ਦਾ ਐਲਾਨ
. . .  1 minute ago
ਨਵੀਂ ਦਿੱਲੀ, 27 ਜੁਲਾਈ - ਭਾਰਤੀ ਰੇਲਵੇ ਨੇ ਵਿਸ਼ਵ ਕੱਪ ਦੀ ਉਪ ਜੇਤੂ ਮਹਿਲਾ ਕ੍ਰਿਕਟ ਟੀਮ ਦੀਆਂ 10 ਖਿਡਾਰਨਾਂ ਤੋਂ 1.30 ਕਰੋੜ ਰੁਪਏ ਦੇਣ ਦਾ ਐਲਾਨ...
ਵਿਜੀਲੈਂਸ ਵੱਲੋਂ ਹੌਲਦਾਰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  14 minutes ago
ਫ਼ਿਰੋਜ਼ਪੁਰ, 27 ਜੁਲਾਈ (ਤਪਿੰਦਰ ਸਿੰਘ) - ਵਿਜੀਲੈਂਸ ਬਿਓਰੋ ਨੇ ਥਾਣਾ ਲੱਖੋਂ ਕੇ ਬਹਿਰਾਮ 'ਚ ਤਾਇਨਾਤ ਇੱਕ ਹੌਲਦਾਰ ਜੀਤ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ...
ਭਾਰਤ-ਸ੍ਰੀਲੰਕਾ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ, ਸ੍ਰੀਲੰਕਾ 154/5
. . .  29 minutes ago
ਗਾਲੇ, 27 ਜੁਲਾਈ - ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਸ੍ਰੀਲੰਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆ ਸਨ...
ਸੰਜੇ ਦੱਤ ਨੂੰ ਫਿਰ ਜੇਲ੍ਹ ਭੇਜਿਆ ਜਾ ਸਕਦੈ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਕ ਵਾਰ ਫਿਰ ਅਦਾਕਾਰ ਸੰਜੇ ਦੱਤ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਨੂੰ 1993 ਦੇ ਬੰਬ ਧਮਾਕੇ ਮਾਮਲੇ 'ਚ ਦਿੱਤੀ ਗਈ ਸਜ਼ਾ ਦੀ ਮਿਆਦ ਤੋਂ ਅੱਠ ਮਹੀਨੇ ਪਹਿਲਾ ਹੀ ਰਿਹਾਅ ਤੇ ਵੀ.ਆਈ.ਪੀ. ਸਹੂਲਤਾਂ...
ਈ.ਡੀ. ਨੇ ਲਾਲੂ ਯਾਦਵ ਸਮੇਤ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਕੀਤਾ ਦਰਜ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਇਨਫਾਰਸਮੈਂਟ ਡਾਇਰੈਕਟੋਰੇਟ ਨੇ ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਨੀ ਲਾਂਡਰਿੰਗ ਤਹਿਤ ਮਾਮਲਾ ਦਰਜ ਕੀਤਾ...
ਪੰਜ ਸਿੰਘ ਸਾਹਿਬਾਨ ਵੱਲੋਂ ਇਟਲੀ ਦੀ ਕੰਪਨੀ ਦੁਆਰਾ ਸਿੱਖਾਂ ਲਈ ਬਣਾਈ ਕਿਰਪਾਨ ਦਾ ਨਮੂਨਾ ਰੱਦ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖਤ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਟਲੀ ਦੀ ਇੱਕ ਕੰਪਨੀ ਵੱਲੋਂ ਸਿੱਖਾਂ ਦੇ ਧਾਰਨ ਕਰਨ ਲਈ ਧਾਤ ਦੀ ਬਣੀ ਕਿਰਪਾਨ ਦੇ ਪੇਸ਼ ਕੀਤੇ ਗਏ ਨਮੂਨੇ ਨੂੰ ਰੱਦ ਕਰਨ ਦੇ ਨਾਲ ਨਾਲ...
ਭਲਕੇ ਨਿਤਿਸ਼ ਨੂੰ ਬਹੁਮਤ ਸਾਬਤ ਕਰਨਾ ਹੋਵੇਗਾ
. . .  about 2 hours ago
ਪਟਨਾ, 27 ਜੁਲਾਈ - ਭਾਜਪਾ ਦੇ ਸਮਰਥਨ ਨਾਲ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਭਲਕੇ ਬਿਹਾਰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਬਹੁਮਤ ਸਾਬਤ...
ਬਗ਼ਾਵਤ ਦੀ ਰਾਹ 'ਤੇ ਸ਼ਰਦ ਯਾਦਵ
. . .  about 2 hours ago
ਪਟਨਾ, 27 ਜੁਲਾਈ - ਬਿਹਾਰ 'ਚ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਨੇ ਦਿੱਲੀ ਵਿਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ...
ਠੇਕੇਦਾਰਾਂ ਦੇ ਦੋ ਧੜਿਆਂ ਵਿਚਕਾਰ ਚੱਲੀ ਗੋਲੀ
. . .  about 2 hours ago
ਝਗੜੇ ਦੇ ਚੱਲਦਿਆਂ ਭਰਾ ਨੇ ਭਰਾ ਦਾ ਕੀਤਾ ਕਤਲ
. . .  about 3 hours ago
ਹੋਰ ਖ਼ਬਰਾਂ..
  •     Confirm Target Language  

ਸਾਡੇ ਪਿੰਡ ਸਾਡੇ ਖੇਤ

ਪੰਜਾਬ ਵਿਚ ਪੀਲੀ ਕੁੰਗੀ ਦੀ ਹੋਈ ਰੋਕ ਥਾਮ

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ , ਪੰਜਾਬ ਦੇ ਕੰਢੀ ਜ਼ੋਨ ਦੇ ਨਾਲ ਲੱਗੀ ਹਿਮਾਚਲ ਦੀ ਸ਼ਿਵਾਲਿਕ ਪੱਟੀ ਵਿਚ ਖੇਤੀਬਾੜੀ ਲਈ ਸਾਂਝੀ ਖੋਜ ਕਰਨ ਹਿਤ ਤੇ ਇਨ੍ਹਾਂ ਇਲਾਕਿਆਂ ਵਿਚ ਨਵੀਆਂ ਸਾਂਝੀਆਂ ਸੰਭਾਵਨਾਵਾਂ ਤਲਾਸ਼ਣ ਤੇ ਵਿਕਸਿਤ ਕਰਨ ਹਿਤ ਦੋਵਾਂ ਪ੍ਰਾਂਤਾਂ ਦੀਆਂ ਖੇਤੀ ਯੂਨੀਵਰਸਿਟੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ: ਵਾਈ. ਐਸ. ਪਰਮਾਰ ਯੂਨੀਵਰਸਿਟੀ ਨੌਣੀ ਸੋਲਨ ਤੇ ਪਾਲਮਪੁਰ ਯੂਨੀਵਰਸਿਟੀ ਦੇ ਮਾਹਿਰਾਂ ਦੇ ਆਧਾਰ 'ਤੇ ਕੰਢੀ ਸ਼ਿਵਾਲਿਕ ਐਗਰੀਕਲਚਰਲ ਐਕਸਚੇਂਜ ਨਾਂਅ ਦੀ ਇਕ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਪੰਜਾਬ ਦੇ ਕੰਢੀ ਜ਼ੋਨ ਵਿਚ ਫਲਾਂ, ਫੁਲਾਂ ਤੇ ਹੋਰ ਫ਼ਸਲਾਂ ਦੀ ਕੀਤੀ ਜਾ ਰਹੀ ਕਾਸ਼ਤ ਨੂੰ ਇਕ-ਦੂਜੇ ਦੇ ਇਲਾਕੇ ਵਿਚ ਪਰਤਾਵੇ ਕਰਨੇ ਤੇ ਉਸ ਪ੍ਰਤੀ ਸਾਂਝੇ ਯਤਨ ਅਤੇ ਖੋਜ ਕੀਤੀ ਜਾਵੇ ਤਾਂ ਜੋ ਵੱਖੋ ਵੱਖਰੇ ਤੌਰ 'ਤੇ ਕੀਤੇ ਜਾਣ ਵਾਲੇ ਖ਼ਰਚਿਆਂ ਤੋਂ ਬਚਿਆ ਜਾ ਸਕੇ ਤੇ ਦੋਵਾਂ ਪ੍ਰਾਂਤਾਂ ਦੀਆਂ ਖੇਤੀ ਕਿਸਮਾਂ ਨੂੰ ਬੜ੍ਹਾਵਾ ਦਿੱਤਾ ਜਾ ਸਕੇ। ਅਗਾਂਹਵਧੂ ਕਿਸਾਨ ਤੇ ਯੂ.ਐਨ.ਓ. ਪੁਰਸਕਾਰੀ ਸ: ਮਹਿੰਦਰ ਸਿੰਘ ਦੋਸਾਂਝ ਵੱਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਇਸ ਸਕੀਮ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਇਸ ਮੰਤਵ ਲਈ ਤਿੰਨ ਖੇਤੀ ਮਾਹਿਰਾਂ ਦੀ ਟੀਮ ਬਣਾਈ ਗਈ ਜਿਸ ਦਾ ਮੁੱਖ ਮਨੋਰਥ ਪੰਜਾਬ ਤੇ ਹਿਮਾਚਲ ਦੀ ਖੇਤੀ ਲਈ ਇਕ ਸਾਂਝਾ ਮੰਚ ਉਸਾਰਨਾ ਤੇ ਜਿਸ 'ਤੇ ਦੋਵਾਂ ਰਾਜਾਂ ਦੇ ਖੇਤੀ ਵਿਗਿਆਨੀ ਤੇ ਮਾਹਿਰ ਨਵੀਂ ਤੋਂ ਨਵੀਂ ਖੋਜ ਦੇ ਵਟਾਂਦਰੇ 'ਤੇ ਮੁਲਾਂਕਣ ਕਰਕੇ ਫ਼ਸਲਾਂ, ਬਿਰਸ਼ ਬੂਟਿਆਂ ਦੀ ਕਾਸ਼ਤ ਕੰਢੀ ਜ਼ੋਨ ਅਤੇ ਸ਼ਿਵਾਲਿਕ ਜੋਨ ਵਿਚ ਕਰਨ ਤੋਂ ਇਲਾਵਾ ਕੁਦਰਤੀ ਸੋਮਿਆਂ ਦੀ ਰਲ ਕੇ ਸੰਭਾਲ ਕਰਨ ਬਾਰੇ ਰਲ ਕੇ ਕੰਮ ਕਰਨਾ ਵੀ ਇਸ ਟੀਮ ਦੇ ਏਜੰਡੇ ਵਿਚ ਸ਼ਾਮਿਲ ਹੈ ਤੇ ਇਸ ਸਕੀਮ ਦੇ ਕੋਆਰਡੀਨੇਟਰ ਡਾ: ਐਸ. ਸੀ. ਸ਼ਰਮਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ, ਡਾ: ਜੁਗਰਾਜ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਉੱਘੇ ਖੇਤੀ ਮਾਹਿਰ ਤੇ ਪੀ. ਏ. ਯੂ. ਦੇ ਫਾਰਮਰ ਪ੍ਰੋਫ਼ੈਸਰ ਸ: ਮਹਿੰਦਰ ਸਿੰਘ ਦੋਸਾਂਝ ਵੱਲੋਂ ਮਿਲ ਕੇ ਇਸ ਵਿਸ਼ੇ 'ਤੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮਕਸਦ ਤਹਿਤ ਪਿਛਲੇ ਦਿਨੀਂ ਇਨ੍ਹਾਂ ਤਿੰਨਾਂ ਮਾਹਿਰਾਂ ਦੀ ਟੀਮ ਹਿਮਾਚਲ ਦੇ ਦੌਰੇ 'ਤੇ ਚਾਰ ਦਿਨਾਂ ਦੇ ਟੂਰ 'ਤੇ ਗਈ ਜਿਸ ਵੱਲੋਂ ਉਥੋਂ ਦੇ ਵੱਖ-ਵੱਖ ਖੇਤੀ ਮਾਹਿਰਾਂ ਤੇ ਉੱਨਤ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਦੋਵਾਂ ਸੂਬਿਆਂ ਵਿਚ ਨਾਲ ਦੇ ਇਲਾਕਿਆਂ ਵਿਚ ਖੇਤੀ ਜਿਣਸਾਂ ਦੇ ਆਦਾਨ ਪ੍ਰਦਾਨ ਸਬੰਧੀ ਨਵੀਆਂ ਸੰਭਵਾਨਾਵਾਂ ਤਲਾਸ਼ ਕੀਤੀਆਂ ਜਿਸ ਨਾਲ ਦੋਵਾਂ ਸੂਬਿਆਂ ਵਿਚ ਖੇਤੀਬਾੜੀ ਨੂੰ ਹੋਰ ਬੜਾਵਾ ਮਿਲੇਗਾ ਜਿਨ੍ਹਾਂ ਦਾ ਵੇਰਵਾ ਵੱਖ-ਵੱਖ ਕਿਸ਼ਤਾਂ ਵਿਚ ਦਿੱਤਾ ਜਾਵੇਗਾ।
(1) ਪੀਲੀ ਕੁੰਗੀ ਦੀ ਰੋਕਥਾਮ ਵਿਚ ਸਫ਼ਲਤਾ-ਇਸ ਸਕੀਮ ਤਹਿਤ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਦੇ ਰੋਗ ਤੋਂ ਬਚਾਉਣ ਲਈ ਪਿਛਲੇ ਸਾਲ ਵਿਸ਼ੇਸ਼ ਯਤਨ ਹਿਮਾਚਲ ਵਿਖੇ ਅਰੰਭੇ ਗਏ ਸੀ ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤ ਸ਼ਿਵਾਲਿਕ ਪੱਟੀ ਤੋਂ ਹੀ ਹੁੰਦੀ ਹੈ। ਇਸ ਸਬੰਧੀ 21 ਸਤੰਬਰ 2016 ਨੂੰ ਊਨਾ ਦੇ ਕੇ. ਵੀ. ਕੇ. ਸਟੇਸ਼ਨ ਵਿਖੇ ਡਾ: ਰਜਿੰਦਰ ਸਿੰਘ ਸਿੱਧੂ ਪਸਾਰ ਸਿਖਿਆਂ ਡਾਇਰੈਟਟਰ ਪੀ. ਏ. ਯੂ. , ਡਾ: ਰੀਸਰਚ ਪਾਲਮਪੁਰ ਡਾ: ਕੰਵਰ ਤੇ ਡਾਇਰੈਕਟਰ ਪਸਾਰ ਸਿੱਖਿਆ ਡਾ: ਮਹਿਤਾ ਤੇ ਡਾ: ਅਸ਼ਵਨੀ ਕੁਮਾਰ ਡੀਨ ਪੀ. ਜੀ. ਵੀ. ਸ਼ਾਮਿਲ ਹੋਏ ਤੇ ਦੋਵਾਂ ਯੂਨੀਵਰਸਿਟੀਆਂ ਵੱਲੋਂ ਇਸ ਸਬੰਧੀ ਕੀਤੇ ਗਏ ਸਾਂਝੇ ਯਤਨਾਂ ਸਦਕਾ ਪਿਛਲੇ ਸਾਲ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਦੇ ਰੋਗ ਤੋਂ ਬਚਾਉਣ ਵਿਚ ਵੱਡੀ ਸਫਲਤਾ ਮਿਲੀ। ਟੀਮ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਾਹਿਰਾਂ ਵਲੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤ ਹਿਮਾਚਲ ਦੀ ਸ਼ਿਵਾਲਿਕ ਪੱਟੀ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇਨ੍ਹਾਂ ਛਾਂਦਾਰ ਇਲਾਕਿਆਂ ਤੋਂ ਜ਼ਿਆਦਾ ਸਲ੍ਹਾਬ ਕਾਰਨ ਇਹ ਰੋਗ ਪੈਦਾ ਹੋ ਕੇ ਪੰਜਾਬ ਦੇ ਕੰਢੀ ਇਲਾਕੇ ਤੋਂ ਸਾਰੇ ਪੰਜਾਬ ਵਿਚ ਫੈਲ ਕੇ ਕਰੋੜਾਂ ਦਾ ਨੁਕਸਾਨ ਕਰਦਾ ਹੈ। ਇਸ ਸਬੰਧੀ ਮਾਹਿਰਾਂ ਵੱਲੋਂ ਇਸ ਦੀ ਰੋਕਥਾਮ ਲਈ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਕਣਕ ਦੀ ਫ਼ਸਲ ਦੀ ਸਮਾਂ ਬੱਧ ਬਿਜਾਈ, ਵਿਵਰਜਿਤ ਕਿਸਮਾਂ ਦੀ ਮਨਾਹੀ ਨੂੰ ਅਮਲੀ ਰੂਪ ਦੇਣਾ, ਇਲਾਕੇ ਦੇ ਅਨੂਕੂਲ ਫ਼ਸਲਾਂ ਦੀ ਕਾਸ਼ਤ ਅਤੇ ਕੀਟਨਾਸ਼ਕ ਦਵਾਈਆਂ ਦਾ ਸਹੀ ਇਸਤੇਮਾਲ ਹੀ ਇਸ ਦੀ ਰੋਕਥਾਮ ਲਈ ਜਿਆਦਾ ਅਸਰਦਾਰ ਸਾਬਿਤ ਹੂੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


Email : asdmkd@gmail.com


ਖ਼ਬਰ ਸ਼ੇਅਰ ਕਰੋ

ਫਲਦਾਰ ਬੂਟਿਆਂ ਵਿਚ ਲਘੂ ਤੱਤਾਂ ਦੀ ਘਾਟ ਦੀ ਪਹਿਚਾਣ ਅਤੇ ਇਲਾਜ

ਫਲਦਾਰ ਬੂਟਿਆਂ ਵਿਚ ਇਨ੍ਹਾਂ ਸੂਖਮ ਤੱਤਾਂ ਦੀ ਘਾਟ ਦੇ ਲੱਛਣ ਅਤੇ ਇਲਾਜ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
(1) ਫਲਦਾਰ ਬੂਟਿਆਂ ਵਿਚ ਜ਼ਿੰਕ ਤੱਤ ਦੀ ਘਾਟ: ਫਲਦਾਰ ਬੂਟਿਆਂ ਵਿਚ ਜ਼ਿੰਕ ਤੱਤ ਦੀ ਘਾਟ ਬਾਕੀ ਸਾਰੇ ਸੂਖਮ ਤੱਤਾਂ ਦੀ ਘਾਟ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਦੀ ਘਾਟ ਰੇਤਲੀਆਂ ਅਤੇ ਘੱਟ ਜੈਵਿਕ ਮਾਦੇ ਵਾਲੀਆਂ ਜ਼ਮੀਨਾਂ ਵਿਚ ਜ਼ਿਆਦਾ ਆੳਂੁਦੀ ਹੈ। ਪੰਜਾਬ ਦੇ ਬਾਗ਼ਾਂ ਦੀ ਮਿੱਟੀ ਦੀ ਪੀ.ਐਚ ਜਿਆਦਾ ਹੋਣ ਕਰਕੇ ਜਿੰਕ ਦੀ ਉਪਲਬਧਤਾ ਬੂਟੇ ਨੂੰ ਘੱਟ ਹੁੰਦੀ ਹੈ। ਇਸ ਤੋ ਇਲਾਵਾ ਜੇਕਰ ਫਾਸਫੋਰਸ ਖਾਦ ਦੀ ਵਰਤੋ ਲੋੜ ਤੋ ਵੱਧ ਕੀਤੀ ਜਾਵੇ ਤਾਂ ਜਿੰਕ ਦੀ ਘਾਟ ਆ ਸਕਦੀ ਹੈ।
ਕਿੰਨੂ : ਕਿੰਨੂ ਦੇ ਬਾਗ਼ਾਂ ਵਿਚ ਜ਼ਿੰਕ ਦੀ ਘਾਟ ਵੱਡੇ ਪੈਮਾਨੇ 'ਤੇ ਆਉਂਦੀ ਹੈ। ਨਵੇਂ ਪੂਰੇ ਵਧੇ ਹੋਏ ਪੱਤਿਆਂ ਉੱਤੇ ਰੰਗ-ਬਰੰਗੇ ਧੱਬੇ ਪੈ ਜਾਂਦੇੇ ਹਨ। ਸਿਰੇ ਵਾਲੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ ਅਤੇ ਉਨ੍ਹਾਂ ਵਿਚਕਾਰ ਫ਼ਾਸਲਾ ਘੱਟ ਜਾਂਦਾ ਹੈ ਅਤੇ ਫਲਾਂ ਵਾਲੀਆਂ ਅੱਖਾਂ ਬਹੁਤ ਘੱਟ ਜਾਂਦੀਆਂ ਹਨ। ਜ਼ਿੰਕ ਦੀ ਘਾਟ ਨੂੰ ਪੂਰੀ ਕਰਨ ਲਈ ਰੋਗੀ ਬੂਟਿਆਂ ਉੱਤੇ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ਿੰਕ ਸਲਫ਼ੇਟ ਦੇ ਘੋਲ ਦਾ ਛਿੜਕਾਅ ਕਰੋ। ਇਹ ਛਿੜਕਾਅ ਚੂਨੇ ਤੋਂ ਬਿਨਾਂ ਬਹਾਰ ਦੀ ਫੋਟ ਨੂੰ ਅਖੀਰ ਅਪ੍ਰੈਲ ਵਿਚ ਅਤੇ ਗਰਮੀਆਂ ਦੀ ਫੋਟ ਨੂੰ ਅੱਧ ਅਗਸਤ ਵਿਚ ਕਰੋ। ਇਹ ਛਿੜਕਾਅ ਉਦੋਂ ਕਰਨਾ ਚਾਹੀਦਾ ਹੈ ਜਦੋਂ ਭਰਪੂਰ ਪੱਤੇ ਨਿਕਲੇ ਹੋਣ। ਆਮ ਕਰਕੇ ਜ਼ਿੰਕ ਦੀ ਘਾਟ, ਬੂਟੇ ਦੇੇ ਚੌਥੇ ਸਾਲ, ਪਹਿਲੇ ਫਲ ਦੇ ਪਿੱਛੋਂ ਆਉਂਦੀ ਹੈ। ਇਸ ਕਰਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖੀਰ ਅਪ੍ਰੈਲ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ। ਬੋਰਡੋ ਮਿਸ਼ਰਣ ਅਤੇ ਜ਼ਿੰਕ ਸਲਫ਼ੇਟ+ਮੈਗਨੀਜ਼ ਸਲਫੇਟ ਦੇ ਛਿੜਕਾਵਾਂ ਦਾ ਆਪਸ ਵਿਚ ਇਕ ਹਫ਼ਤੇ ਦਾ ਫ਼ਰਕ ਜ਼ਰੂਰ ਰੱਖੋ ।
ਅਮਰੂਦ : ਜ਼ਿੰਕ ਦੀ ਘਾਟ ਨਾਲ ਬੂਟਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪੱਤੇ ਦੀਆਂ ਮੋਟੀਆਂ ਲਕੀਰਾਂ ਦੇ ਵਿਚਾਲੇ ਦਾ ਰੰਗ ਪੀਲਾ ਜਾਂ ਫਿੱਕਾ ਪੀਲਾ ਹੋ ਜਾਂਦਾ ਹੈ। ਪੱਤਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਦੀਆਂ ਟਹਿਣੀਆਂ ਸਿਰੇ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬੂਟੇ ਦਾ ਵਿਕਾਸ ਰੁਕ ਜਾਂਦਾ ਹੈ। ਇਸ ਘਾਟ ਨੂੰ ਜ਼ਿੰਕ ਸਲਫੇਟ ਤੇ ਚੂਨੇ (1 ਕਿਲੋ ਜ਼ਿੰਕ ਸਲਫੇਟ + ਅੱਧਾ ਕਿਲੋ ਅਣਬੁਝਿਆ ਚੂਨਾ 100 ਲਿਟਰ ਪਾਣੀ ਵਿਚ) ਦੇ ਘੋਲ ਦਾ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਹ ਛਿੜਕਾਅ ਜੂਨ ਤੋਂ ਸਤੰਬਰ ਮਹੀਨੇ ਵਿਚ ਪੰਦਰਾਂ ਦਿਨ ਦੇ ਫਰਕ ਨਾਲ ਦੋ-ਤਿੰਨ ਵਾਰੀ ਕਰੋ ।
ਨਾਸ਼ਪਾਤੀ : ਕਲਰਾਠੀਆਂ ਜ਼ਮੀਨਾਂ ਵਿਚ ਨਾਖਾਂ ਦੇ ਬੂਟਿਆਂ ਨੂੰ ਜ਼ਿੰਕ ਦੀ ਘਾਟ ਆ ਸਕਦੀ ਹੈ। ਨਾਸ਼ਪਾਤੀ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਉਸ ਦੇ ਨਵੇਂ ਪੱਤਿਆਂ ਵਿਚ ਵੇਖਣ ਨੂੰ ਮਿਲਦੇ ਹਨ। ਇਸ ਨਾਲ ਨਵੇਂ ਪੱਤਿਆਂ ਵਿਚ ਮੋਟੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪੱਤੇ ਆਕਾਰ ਵਿਚ ਛੋਟੇ ਰਹਿ ਜਾਂਦੇ ਹਨ ਅਤੇ ਉੱਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਬਾਗ਼ਾਂ ਵਿਚ ਜ਼ਿੰਕ ਦੀ ਘਾਟ ਨੂੰ ਠੀਕ ਕਰਨ ਲਈ 3 ਕਿਲੋ ਜ਼ਿੰਕ ਸਲਫੇਟ + 1.5 ਕਿਲੋ ਅਣ ਬੁਝਿਆ ਚੂਨਾ 500 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਅਲੂਚਾ : ਗਰਮੀਆਂ ਅਤੇ ਵਰਖਾ ਰੁੱਤ ਵਿਚ ਹਲਕੀਆਂ ਜ਼ਮੀਨਾਂ ਵਿਚ ਲੱਗੇ ਅਲੂਚੇ ਦੇ ਬੂਟਿਆਂ ਵਿਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ। ਟਹਿਣੀਆਂ ਤੇ ਉਪਰਲੇ ਪੱਤੇ ਛੋਟੇ ਆਕਾਰ ਦੇ, ਤਿੱਖੇ ਅਤੇ ਨਾੜੀਆਂ ਵਿਚਕਾਰ ਪੀਲੇ ਨਜ਼ਰ ਆਉਦੇ ਹਨ। ਉਪਰਲੇ ਪੱਤਿਆਂ ਵਿਚਕਾਰ ਫਾਸਲਾ ਘੱਟ ਜਾਂਦਾ ਹੈ। ਟਹਿਣੀ ਦੀ ਟੀਸੀ ਦੇ ਸਿਰਿਆਂ ਦੇ ਪੱਤਿਆਂ ਦਾ ਸੰਘਣਾ ਗੁੱਛਾ ਬਣ ਜਾਂਦਾ ਹੈ। ਜੇਕਰ ਜ਼ਿੰਕ ਦੀ ਘਾਟ ਬਹੁਤ ਲੰਮੇ ਸਮੇਂ ਤੱਕ ਰਹੇ ਤਾਂ ਬੂਟੇ ਦੀਆਂ ਟਹਿਣੀਆਂ ਦੀਆਂ ਟੀਸੀਆਂ ਉੱਤੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ । ਫ਼ਲ ਸਖ਼ਤ ਤੇ ਛੋਟੇ ਆਕਾਰ ਦੇ ਲੱਗਦੇੇ ਹਨ। ਬੂਟਿਆਂ 'ਤੇ ਇਸ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ 3 ਕਿਲੋ ਜ਼ਿੰਕ ਸਲਫੇਟ, ਡੇਢ ਕਿਲੋ ਅਣਬੁਝਿਆ ਚੂਨਾ, 500 ਲਿਟਰ ਪਾਣੀ ਵਿਚ ਘੋਲ ਕੇ ਇਕ ਏਕੜ ਦੇ ਬੂਟਿਆਂ ਤੇ ਜਦੋਂ ਜ਼ਿੰਕ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ, ਛਿੜਕਾਅ ਕਰ ਦਿਉ।
(2) ਫਲਦਾਰ ਬੂਟਿਆਂ ਵਿਚ ਲੋਹੇ ਤੱਤ ਦੀ ਘਾਟ : ਪੌਦਿਆਂ ਦਾ ਹਰਾ ਰੰਗ ਕਲੋਰੋਫਿਲ ਤੱਤ ਕਰਕੇ ਹੁੰਦਾ ਹੈ ਅਤੇ ਇਸ ਤੱਤ ਨੂੰ ਬਣਨ ਲਈ ਲੋਹਾ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਹਲਕੀਆਂ, ਕਲਰਾਠੀਆਂ, ਰੇਤਲੀਆਂ ਅਤੇ ਜਿਆਦਾ ਪੀ.ਐਚ(ਖਾਰਾਪਨ) ਵਾਲੀਆਂ ਜ਼ਮੀਨਾਂ ਵਿਚ ਦੇਖਣ ਨੂੰ ਮਿਲਦੀ ਹੈ।
ਆੜੂ : ਆੜੂ ਵਿਚ ਲੋਹੇ ਦੀ ਘਾਟ ਆਮ ਤੌਰ 'ਤੇ ਗਰਮੀਆਂ ਅਤੇ ਬਰਸਾਤਾਂ ਦੇ ਦੌਰਾਨ ਨਜ਼ਰ ਆਉਂਦੀ ਹੈ। ਲੋਹੇ ਦੀ ਘਾਟ ਵਿਚ ਬੂਟੇ ਦੇ ਟੀਸੀ ਦੇ ਵਧਦੇ ਨਵੇਂ ਪੱਤਿਆਂ ਦੀਆਂ ਨਾੜੀਆਂ ਹਰੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਵਿਚਕਾਰਲੀ ਥਾਂ ਪੀਲਾ ਪੈ ਜਾਂਦਾ ਹੈ। ਗੰਭੀਰ ਹਾਲਤਾਂ ਵਿਚ ਨਵੇਂ ਪੱਤੇ ਬਿਲਕੁਲ ਚਿੱਟੇ-ਪੀਲੇ ਹੁੰਦੇ ਹਨ, ਜਿਹੜੇ ਕਿ ਮਗਰੋਂ ਹਰੇ ਹੋ ਜਾਂਦੇ ਹਨ। ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਪੱਤਿਆਂ 'ਤੇ ਪ੍ਰਗਟ ਹੁੰਦੀਆਂ ਹਨ ਅਤੇ ਮਗਰੋਂ ਤੇਜ਼ੀ ਨਾਲ ਵਧਦੀਆਂ ਹਨ। ਲੋਹੇ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਬੂਟਿਆਂ 'ਤੇ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿਚ ਘੋਲ ਕੇ ਅਪ੍ਰੈਲ, ਜੂਨ ਅਤੇ ਅਗਸਤ-ਸਤੰਬਰ ਵਿਚ ਛਿੜਕਾਅ ਕਰੋ।
ਨਾਸ਼ਪਾਤੀ : ਨਾਸ਼ਪਾਤੀ ਵਿਚ ਲੋਹੇ ਦੀ ਘਾਟ ਬੂਟੇ ਦੇ ਟੀਸੀ ਦੇ ਪੱਤਿਆਂ ਉੱਤੇ ਆਉਂਦੀ ਹੈ। ਇਸ ਦੀ ਘਾਟ ਨਾਲ਼ ਪੱਤਿਆਂ ਦੀਆਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਹਿੱਸਾ ਪੀਲੇ ਰੰਗ ਦਾ ਹੋੋ ਜਾਂਦਾ ਹੈ। ਇਸ ਦੀ ਘਾਟ ਨੂੰ ਖ਼ਤਮ ਕਰਨ ਲਈ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ।


-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਰ, ਗੁਰਦਾਸਪੁਰ।

ਬੁਢਾਪਾ ਵਿਚ ਵਿਦੇਸ਼ਾਂ ਦੇ

ਜਦੋਂ ਮਨੁੱਖ ਦੀ ਤੀਜੀ ਪੀੜ੍ਹੀ ਆਉਂਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਉਹ ਜੀਵਨ ਦੇ ਸਿਖਰ 'ਤੇ ਹੈ। ਉਹ ਸਭ ਕੁਝ ਨਿਛਾਵਰ ਕਰ ਦੇਣਾ ਚਾਹੁੰਦਾ ਹੈ। ਖੁਸ਼ੀ ਉਸ ਤੋਂ ਸਾਭੀਂ ਨਹੀਂ ਜਾਂਦੀ। ਪਰ ਉਹ ਭੁੱਲ ਜਾਂਦਾ ਹੈ ਕਿ ਇਹ ਉਸ ਦੇ ਬੁਢਾਪੇ ਵੱਲ ਪਹਿਲਾ ਕਦਮ ਹੈ। ਬੱਚੇ, ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੋ ਵਿਦੇਸ਼ਾਂ ਲਈ ਉਡਾਣ ਭਰਦੇ ਹਨ। ਚੰਗੇ ਜੀਵਨ ਦੀ ਆਸ ਵਿਚ ਮਾਪੇ ਪਿੱਛੇ ਰਹਿ ਜਾਂਦੇ ਹਨ। ਇਹ ਇਕੱਲਤਾ ਦੇ ਜੀਵਨ ਦਾ ਅਗਲਾ ਪੜ੍ਹਾਅ ਹੋ ਨਿਬੜਦਾ ਹੈ। ਨਾ ਮਨੁੱਖ ਸੌਂਦਾ ਹੈ ਨਾ ਜਾਗਦਾ ਹੈ। ਖੇਤਾਂ ਵਿਚ ਮਿਹਨਤ ਕਰਨ ਨੂੰ ਵੀ ਰੂਹ ਨਹੀਂ ਕਰਦੀ। ਘਰਾਂ ਦਾ ਖਾਲੀਪਣ ਡਰਾਉਣ ਲੱਗ ਜਾਂਦਾ ਹੈ। ਤੇ ਫੇਰ ਹੁੰਦਾ ਹੈ ਵਿਦੇਸ਼ਾਂ ਵੱਲ ਦਾ ਸਫਰ ਸ਼ੁਰੂ। ਕੋਈ ਥੋੜ੍ਹੇ ਚਿਰ ਲਈ, ਤੇ ਕੋਈ ਸਦਾ ਵਾਸਤੇ ਤੁਰ ਜਾਂਦਾ ਹੈ। ਪਹਿਲੋਂ-ਪਹਿਲ ਤਾਂ ਸਾਫ-ਸੁਥਰੀ ਧਰਤੀ ਵੇਖ ਕਿ ਚੰਗਾ ਲੱਗਦਾ ਤੇ ਫਿਰ ਹੌਲੀ-ਹੌਲੀ ਸੱਚ ਨਾਲ ਵਾਹ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚਿਆਂ ਦੇ ਰੁਝੇਵੇਂ ਜਾਂ ਬੇਵਕਤੀ ਨੌਕਰੀਆਂ, ਜਾਂ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਦਾ ਅਸਰ ਮਾਂ ਬਾਪ ਦੇ ਰਿਸ਼ਤੇ 'ਤੇ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਇੰਝ ਹਰੇਕ ਨਾਲ ਨਹੀਂ ਹੁੰਦਾ ਪਰ ਬਹੁਤਿਆਂ ਨਾਲ ਵਾਪਰਦਾ ਹੈ। ਵਿਦੇਸ਼ਾਂ ਦੀ ਧਰਤੀ 'ਤੇ ਮਜਬੂਰੀ ਐਨੀ ਹੋ ਜਾਂਦੀ ਹੈ ਕਿ ਆਪਣੀ ਧਰਤੀ/ਪਿੰਡ ਦੀ ਤੜਪ, ਤੜਫ-ਤੜਫ ਕਿ ਮਰ ਜਾਂਦੀ ਹੈ। ਇਹੋ ਜਿਹੇ ਲਾਚਾਰ ਹਜ਼ਾਰਾਂ ਪੰਜਾਬੀ ਅੱਜ ਵਿਦੇਸ਼ਾਂ ਵਿਚ ਮਜਬੂਰੀ ਦਾ ਜੀਵਨ ਜੀਓ ਰਹੇ ਹਨ, ਬਿਨਾਂ ਕਿਸੇ ਆਸ ਦੇ। ਪਰ ਕਈ ਐਸੇ ਵੀ ਹਨ ਜੋ ਇਸ ਜੀਵਨ ਜਾਚ ਨੂੰ ਮਾਣ ਰਹੇ ਹਨ।

-ਮੋਬਾ: 98159-45018

ਉਪਜ ਨੂੰ ਭੰਡਾਰਨ ਦੌਰਾਨ ਸੁਰੱਖਿਅਤ ਕਿਵੇਂ ਰੱਖਿਆ ਜਾਏ?

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੀ ਪ੍ਰਾਪਤੀ ਲਈ ਜਿੱਥੇ ਉਤਪਾਦਿਕਤਾ ਦਾ ਵਧਾਉਣਾ, ਫ਼ਸਲਾਂ ਦਾ ਯੋਗ ਮੰਡੀਕਰਨ, ਐਗਰੋ ਪ੍ਰੋਸੈਸਿੰਗ ਸਹੂਲਤਾਂ ਅਤੇ ਵਧੇਰੇ ਗੁਣਵੱਤਾ ਵਾਲੀਆਂ ਮਹਿੰਗੀਆਂ ਫ਼ਸਲਾਂ ਦਾ ਉਗਾਉਣਾ ਅਤੇ ਐਮ ਐਸ ਪੀਜ਼ ਵਧਾਉਣਾ ਜ਼ਰੂਰੀ ਹਨ, ਫ਼ਸਲਾਂ ਦੀ ਕਟਾਈ ਤੋਂ ਬਾਅਦ ਉਤਪਾਦਨ ਦੀ ਉੱਚਿਤ ਸਾਂਭ-ਸੰਭਾਲ ਤੇ ਸੁਰੱਖਿਅਤ ਭੰਡਾਰਨ ਵੀ ਓਨੀ ਹੀ ਅਹਿਮੀਅਤ ਰੱਖਦੇ ਹਨ। ਅਨਾਜ ਉਤਪਾਦਨ ਦਾ ਤਕਰੀਬਨ 60 ਫੀਸਦੀ ਕਿਸਾਨ ਆਪਣੇ ਕੋਲ ਰੱਖਦੇ ਹਨ ਅਤੇ ਬਾਕੀ ਦਾ ਮੰਡੀਕਰਨ ਕਰਦੇ ਹਨ ਭਾਵੇਂ ਪੰਜਾਬ 'ਚ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਨਿਪੁੰਨ ਹੋਣ ਕਾਰਨ ਕਿਸਾਨਾਂ ਦੇ ਆਪਣੇ ਕੋਲ ਅਨਾਜ ਰਹਿ ਜਾਣ ਦੀ ਮਾਤਰਾ ਘੱਟ ਹੈ। ਕਿਸਾਨਾਂ ਦੇ ਪੱਧਰ 'ਤੇ ਕੋਈ ਭੰਡਾਰਨ ਦੇ ਯੋਗ ਪ੍ਰਬੰਧ ਨਹੀਂ।
ਇਸ ਸਾਲ ਭਾਰਤ 'ਚ 273 ਮਿਲੀਅਨ ਟਨ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ ਹੈ। ਇਹ ਐਫ ਸੀ ਆਈ ਅਤੇ ਹੋਰ ਸਰਕਾਰੀ ਏਜੰਸੀਆਂ ਨੇ ਵੀ ਭੰਡਾਰ ਕਰਨਾ ਹੈ ਅਤੇ ਕਿਸਾਨਾਂ ਨੇ ਵੀ। ਫ਼ਸਲ ਵੱਢਣ ਤੋਂ ਬਾਅਦ ਇਕ ਅਨੁਮਾਨ ਅਨੁਸਾਰ 50 ਹਜ਼ਾਰ ਕਰੋੜ ਤੋਂ 58 ਹਜ਼ਾਰ ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਜੇ ਸਰਕਾਰੀ ਏਜੰਸੀਆਂ ਅਤੇ ਕਿਸਾਨਾਂ ਵੱਲੋਂ ਅਨਾਜ ਨੂੰ ਭੰਡਾਰ ਦੇ ਦੌਰਾਨ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਿਆ ਜਾਵੇ ਤਾਂ ਉਨ੍ਹਾਂ ਦੀ ਆਮਦਨ 'ਚ ਵਾਧਾ ਹੋ ਸਕਦਾ ਹੈ ਅਤੇ ਇਸ ਨਾਲ ਕਾਫੀ ਜਨਸੰਖਿਆ ਨੂੰ ਖਾਣਾ ਮੁਹਈਆ ਕੀਤਾ ਜਾ ਸਕਦਾ ਹੈ। ਅਨਾਜ ਦੇ ਸੁਰੱਖਿਅਤ ਭੰਡਾਰ ਕਰਨ ਲਈ ਸਰਕਾਰੀ ਤੇ ਗ਼ੈਰ -ਸਰਕਾਰੀ ਏਜੰਸੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਹਫ਼ਤੇ ਆਈ ਸੀ ਏ ਆਰ, ਐਂਟੋਮੋਲੀਜਿਕਲ ਸੁਸਾਇਟੀ ਆਫ ਇੰਡੀਆ ਤੇ ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਭੰਡਾਰ ਦੌਰਾਨ ਅਨਾਜ ਨੁੂੰ ਸੁਰੱਖਿਅਤ ਰੱਖਣ ਲਈ ਦਿੱਲੀ ਵਿਖੇ ਕੀਤੀ ਗਈ ਕਾਨਫੰਰਸ ਵਿਚ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਅਮਲੀ ਤੌਰ 'ਤੇ ਵਿਖਾਵੇ ਦੇ ਕੇ ਵਿਗਿਆਨਕ ਢੰਗਾਂ ਨਾਲ ਅਨਾਜ ਨੂੰ ਭੰਡਾਰ ਕਰਨ ਅਤੇ ਕੀੜਿਆਂ ਦੇ ਨੁਕਸਾਨ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਭਾਰਤ 'ਚ ਵਿਸ਼ਵ ਦੇ ਸਭ ਮੁਲਕਾਂ ਨਾਲੋਂ ਜ਼ਿਆਦਾ ਅਨਾਜ ਦੀ ਖਪਤ ਹੈ। ਇਥੇ ਦਾ ਵਾਤਾਵਰਨ ਅਨਾਜ ਨੂੰ ਖਰਾਬ ਕਰਨ ਵਾਲੇ ਕੀੜਿਆਂ ਦੇ ਵਿਕਾਸ ਲਈ ਬੜਾ ਅਨੁਕੂਲ ਹੈ। ਭੰਡਾਰ ਦੇ ਦੌਰਾਨ ਖਰਾਬਾ ਕਰਨ ਵਾਲੇ ਕੀੜਿਆਂ ਵਿਚ ਮੁੱਖ ਤੌਰ 'ਤੇ ਸੁਸਰੀ, ਖਪਰਾ, ਘੁੰਣ ਅਤੇ ਉੱਲੀ, ਆਦਿ ਸ਼ਾਮਿਲ ਹਨ। ਜੋ ਦਾਣਿਆਂ ਤੇ ਬੀਜ ਦੀ ਸ਼ੁਧੱਤਾ, ਗੁਣਵੱਤਾ ਤੇ ਉੱਗਣ ਸ਼ਕਤੀ ਨੁੂੰ ਪ੍ਰਭਾਵਤ ਕਰਦੇ ਹਨ। ਜੇ ਬੀਜ ਅਗਲੀ ਫ਼ਸਲ ਤੱਕ ਕੀੜਿਆਂ ਤੋਂ ਮੁਕਤ ਰੱਖ ਕੇ ਵਿਗਿਆਨਕ ਵਿਧੀਆਂ ਨਾਲ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਉਤਪਾਦਕਤਾ 'ਚ 10-15 ਪ੍ਰਤੀਸ਼ਤ ਵਾਧਾ ਹੋ ਜਾਂਦਾ ਹੈ। ਇਨ੍ਹਾਂ ਕੀੜਿਆਂ ਦੀ ਭਰਮਾਰ ਦੇ ਮੁੱਖ ਕਾਰਨ ਪੁਰਾਣੀਆਂ ਬੋਰੀਆਂ ਅਤੇ ਢੋਲਾਂ ਦੀ ਵਰਤੋਂ, ਗ਼ੈਰ -ਮਿਆਰੀ ਗੁਦਾਮ, ਕੰਧਾਂ ਅਤੇ ਫਰਸ਼ 'ਚ ਤਰੇੜਾਂ ਅਤੇ ਸਹੀ ਢੰਗ ਨਾਲ ਧਾਂਕਾਂ ਦਾ ਨਾ ਲਾਉਣਾ, ਆਦਿ ਹਨ। ਵਿਗਿਆਨੀਆਂ ਅਨੁਸਾਰ ਕੀੜਿਆਂ ਦੀਆਂ ਵਿਸ਼ਵ 'ਚ 1000 ਦੇ ਕਰੀਬ ਨਸਲਾਂ ਹਨ ਜੋ ਭੰਡਾਰ 'ਚ ਅਨਾਜ ਨੂੰ ਖਰਾਬ ਕਰਦੇ ਹਨ। ਮੁੱਖ ਤੌਰ 'ਤੇ ਕਣਕ ਨੂੰ ਸੁਸਰੀ ਅਤੇ ਚੌਲਾਂ ਨੂੰ ਘੁਣਾ ਅਤੇ ਖਪਰਾ, ਆਦਿ ਸਭ ਤੋਂ ਹਾਨੀਕਾਰਕ ਕੀੜੇ ਹਨ। ਗਰਮੀ ਤੇ ਨਮੀ ਇਨ੍ਹਾਂ ਕੀੜਿਆਂ ਦੇ ਪੈਦਾ ਕਰਨ ਲਈ ਸਹਾਈ ਹੁੰਦੇ ਹਨ। ਖਪਰਾ ਤਾਂ ਤਰੇੜਾਂ ਅਤੇ ਲੱਕੜੀ ਦੀਆਂ ਦਰਾਜ਼ਾਂ 'ਚ ਵੀ ਇਕੱਠਾ ਹੋ ਜਾਂਦਾ ਹੈ। ਨਮੀ ਤੇ ਵੱਧ ਤਾਪਮਾਨ ਵਿਚ ਇਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਗੁਦਾਮਾਂ 'ਚ ਭੰਡਾਰ ਕੀਤੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਸਫ਼ਾਈ ਦੀ ਵੀ ਬੜੀ ਲੋੜ ਹੈ। ਆਲਾ- ਦੁਆਲਾ ਸਾਫ਼ ਹੋਣਾ ਚਾਹੀਦਾ ਹੈ। ਭੰਡਾਰ ਵਿਚ ਜਾਂ ਗੁਦਾਮ 'ਚ ਪੁਰਾਣਾ ਅਨਾਜ ਸਟੋਰ ਕੀਤਾ ਹੋਇਆ ਹੋਵੇ ਤਾਂ ਨਵੇਂ ਅਨਾਜ ਨੂੰ ਭੰਡਾਰ ਨਹੀਂ ਕਰਨਾ ਚਾਹੀਦਾ। ਭੰਡਾਰ ਕਰਨ ਲੱਗਿਆਂ ਦਾਣੇ ਬਿਲਕੁਲ ਸਾਫ਼ ਤੇ ਖੁਸ਼ਕ ਹੋਣੇ ਚਾਹੀਦੇ ਹਨ। ਜੇ ਨਿਯਤ ਸੀਮਾ ਤੋਂ ਨਮੀ ਥੋੜ੍ਹੀ ਜਿਹੀ ਵੀ ਵੱਧ ਹੋਵੇ ਤਾਂ ਕੀੜਿਆਂ ਤੋਂ ਖਰਾਬੇ ਦਾ ਕਾਰਨ ਬਣਦੀ ਹੈ। ਭੰਡਾਰ ਕੀਤੇ ਹੋਏ ਅਨਾਜ 'ਚ 12 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਨੁਕਸਾਨ ਕਰਨ ਵਾਲੇ ਕੀੜਿਆਂ ਨੂੰ 13 ਤੋਂ 15 ਪ੍ਰਤੀਸ਼ਤ ਤੱਕ ਨਮੀ ਲੋੜੀਂਦੀ ਹੈ। ਤਾਜ਼ੀ ਵੱਢੀ ਝੋਨੇ ਜਾਂ ਕਣਕ ਜਿਹੀਆਂ ਫ਼ਸਲ 'ਚ ਨਮੀ 20 ਪ੍ਰਤੀਸ਼ਤ ਹੁੰਦੀ ਹੈ ਅਤੇ ਜੇ ਤਾਪਮਾਨ 20 ਡਿਗਰੀ ਸੈਂਟੀਗਰੇਡ ਹੋਵੇ ਤਾਂ ਕਣਕ ਤੇ ਝੋਨੇ ਨੂੰ ਲੱਗਣ ਦੀ ਸੰਭਾਵਨਾ ਜ਼ਿਆਦਾ ਹੈ। ਨਮੀ ਦੀ ਮਾਤਰਾ, ਹਵਾ ਨਾਲ ਜਾਂ ਸੁਕਾ ਕੇ ਘਟਾਉਣ ਦੀ ਲੋੜ ਹੈ। ਜੇ ਭੰਡਾਰ ਕੀਤਾ ਹੋਇਆ ਅਨਾਜ ਲੱਗ ਜਾਵੇ ਤਾਂ ਐਲੂਮੀਨੀਅਮ ਫਾਸਫਾਈਡ (ਸਲਫਾਸ) ਦੀ ਧੂਣੀ ਨਾਲ ਹੀ ਕੀੜੇ ਖਤਮ ਹੋ ਸਕਦੇ ਹਨ। ਇਸ ਨੂੰ ਬੜੇ ਵਿਗਿਆਨਕ ਢੰਗ ਨਾਲ ਮਾਹਿਰਾਂ ਰਾਹੀਂ ਵਰਤਣ ਦੀ ਲੋੜ ਹੈ ਕਿਉਂਕਿ ਇਹ ਗੈਸ ਬੜੀ ਜ਼ਹਿਰਲੀ ਹੁੰਦੀ ਹੈ ਜੋ ਇਨਸਾਨ ਲਈ ਬੜੀ ਖਤਰਨਾਕ ਸਾਬਿਤ ਹੋ ਸਕਦੀ ਹੈ। ਸਲਫਾਸ ਦੀਆਂ ਗੋਲੀਆਂ ਮਲਮਲ ਦੀ ਜਾਲੀ ਵਿਚ ਲਪੇਟ ਕੇ ਧਾਂਕ ਦੇ ਥੱਲਿਉਂ ਰੱਖਣੀਆਂ ਚਾਹੀਦੀਆਂ ਹਨ ਪਰੰਤੂ ਹੁਣ ਸਲਫਾਸ ਦੀਆਂ ਗੋਲੀਆਂ ਕਿਸਾਨਾਂ ਨੂੰ ਉਪਲੱਬਧ ਨਹੀਂ (ਖਤਰਨਾਕ ਹੋਣ ਕਾਰਨ ਸਰਕਾਰ ਨੇ ਕੇਵਲ ਸਰਕਾਰੀ ਏਜੰਸੀਆਂ ਨੂੰ ਵਰਤਣ ਦੀ ਆਗਿਆ ਦਿੱਤੀ ਹੋਈ ਹੈ)। ਕਿਸਾਨਾਂ ਨੂੰ ਐਲੂਮੀਨੀਅਮ ਫਾਸਫਾਈਡ, ਵਰਤਣਾ ਚਾਹੀਦਾ ਹੈ। ਪਾਊਚ ਹੁਣ ਛੋਟੀ ਮਾਤਰਾ 'ਚ ਵੀ ਉਪਲੱਬਧ ਹਨ। ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਜੋ 5 ਗ੍ਰਾਮ ਦਾ ਪਾਊਚ 5 ਕੁਇੰਟਲ ਲਈ ਕਾਫੀ ਹੈ। ਪਾਊਚ ਨੂੰ ਲੱਕੜੀ ਦੇ ਤਖਤਿਆਂ 'ਤੇ ਧਾਂਕਾਂ 'ਚ ਰੱਖੀਆਂ ਗਈਆਂ ਬੋਰੀਆਂ ਦੇ ਥੱਲੇ ਤੋਂ ਰੱਖਣਾ ਸ਼ੁਰੂ ਕਰਨਾ ਚਾਹੀਦਾ ਹੈ। ਕੀੜਿਆਂ ਦਾ ਨਾਸ਼ ਕਰਨ ਲਈ ਗੁਦਾਮ ਜਾਂ ਹਵਾ ਬੰਦ ਕੋਠਾ ਘੱਟੋ-ਘੱਟ 7 ਦਿਨ ਬੰਦ ਰੱਖਣਾ ਚਾਹੀਦਾ ਹੈ ਅਤੇ ਗੈਸ ਇਸ ਵਿਚੋਂ ਲੀਕ ਨਹੀਂ ਹੋਣੀ ਚਾਹੀਦੀ। ਐਲੂਮੀਨੀਅਮ ਫਾਸਫਾਈਡ ਅਨਾਜ ਨੂੰ ਕੀੜਿਆਂ ਤੋਂ ਸੁਰੱਖਿਅਤ ਰੱਖਦਾ ਹੈ ਅਤੇ ਦਾਣਿਆਂ ਦੀ ਗੁਣਵੱਤਾ ਵੀ ਖਰਾਬ ਨਹੀਂ ਹੋਣ ਦਿੰਦਾ। ਖੇਤੀ ਯੂਨੀਵਰਸਿਟੀਆਂ ਅਤੇ ਉੱਚੇ ਦਰਜੇ ਦੀਆਂ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਅਤੇ ਆਪਰੇਟਰਾਂ ਨੂੰ ਫ਼ਸਲਾਂ ਤੇ ਬੀਜਾਂ ਦੇ ਭੰਡਾਰ ਸਬੰਧੀ ਵਿਗਿਆਨਕ ਵਿਧੀਆਂ ਦੀ ਸਿਖਲਾਈ ਦੇਣ ਲਈ ਮਜ਼ਬੂਤ ਖੇਤੀ ਪ੍ਰਸਾਰ ਸੇਵਾ ਉਪਲੱਬਧ ਹੋਣੀ ਚਾਹੀਦੀ ਹੈ।
ਅਨਾਜ ਤੋਂ ਇਲਾਵਾ ਨਾਸ਼ਵਾਨ ਪੈਦਾਵਾਰ ਨੂੰ ਵੀ ਭੰਡਾਰ ਦੇ ਦੌਰਾਨ ਸੁਰੱਖਿਅਤ ਰੱਖਣ ਦੀ ਲੋੜ ਹੈ। ਸਬਜ਼ੀਆਂ ਤੇ ਫ਼ਲਾਂ ਦਾ ਉਤਪਾਦਨ ਅਨਾਜ ਦੀਆਂ ਫ਼ਸਲਾਂ ਨਾਲੋਂ ਵੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਦਾ ਖਰਾਬਾ ਵੀ ਕਿਸਾਨਾਂ ਦੀ ਆਮਦਨ ਵਧਾਉਣ 'ਚ ਅੜਿੱਕਾ ਹੈ। ਪੰਜਾਬ 'ਚ ਕੁਲ ਸਬਜ਼ੀਆਂ ਦੇ ਉਤਪਦਾਨ ਦਾ ਤਕਰੀਬਨ ਅੱਧਾ ਹਿੱਸਾ ਆਲੂਆਂ ਦਾ ਹੈ ਜੋ ਕੋਲਡ ਸਟੋਰ ਤੇ ਠੰਡੀ ਚੇਨ ਸਹੂਲਤਾਂ ਨਾ ਹੋਣ ਕਾਰਨ ਖਰਾਬ ਹੋ ਜਾਂਦੇ ਹਨ। ਆਲੂਆਂ ਦੀ ਪੈਦਾਵਾਰ ਨੂੰ 9 ਮਹੀਨੇ ਤੱਕ ਕੋਲਡ ਸਟੋਰਾਂ 'ਚ 2 ਡਿਗਰੀ ਸੈਂਟੀਗਰੇਡ 'ਤੇ ਰੱਖਿਆ ਜਾਂਦਾ ਹੈ। ਇਨ੍ਹਾਂ ਦੀ ਪੈਦਾਵਾਰ ਫਰਵਰੀ-ਮਾਰਚ 'ਚ ਹੁੰਦੀ ਹੈ। ਭੰਡਾਰ ਦੌਰਾਨ ਆਲੂਆਂ ਵਿਚ ਜੋ ਸਟਾਰਚ ਹੁੰਦਾ ਹੈ ਉਹ ਸ਼ੂਗਰ ਵਿਚ ਬਦਲ ਜਾਂਦਾ ਹੈ, ਜਿਸ ਕਾਰਨ ਆਲੂ ਪੁੰਗਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਆਲੂਆਂ ਨੂੰ ਲੰਮਾ ਸਮਾਂ ਸਟੋਰ 'ਚ ਸੁਰੱਖਿਅਤ ਰੱਖਣ ਲਈ 'ਉੂਰਜਾ' ਜੋ ਆਲੂਆਂ ਨੂੰ ਪੁੰਗਰਨ ਤੋਂ ਰੋਕਦਾ ਹੈ ਦੀ ਯੋਗ ਵਰਤੋਂ ਕੀਤਿਆਂ ਉਤਪਾਦਕਾਂ ਦੀ ਆਮਦਨ ਵਧ ਸਕਦੀ ਹੈ।
ਐਫ. ਸੀ. ਆਈ. ਤੇ ਹੋਰ ਸਰਕਾਰੀ ਏਜੰਸੀਆਂ ਆਪਣਾ ਅਨਾਜ ਸਾਇਲੋਜ਼ ਤੇ ਵੇਅਰਹਾਊਸਾਂ ਵਿਚ ਰੱਖਦੇ ਹਨ। ਇਹ ਸਹੂਲਤਾਂ ਕਿਸਾਨਾਂ ਲਈ ਵੀ ਹਨ ਪ੍ਰੰਤੂ ਉਨ੍ਹਾਂ ਨੂੰ ਉਪਲਬੱਧ ਨਹੀਂ ਹੁੰਦੀਆਂ। ਪੰਜਾਬ 'ਚ ਵੱਡੇ ਪੱਧਰ 'ਤੇ 3 ਸਾਇਲੋਜ਼ ਹਨ ਜਦੋਂ ਕਿ ਹਰਿਆਣਾ 'ਚ 1 ਅਤੇ ਯੂ. ਪੀ. 'ਚ 2 ਹਨ। ਸਾਇਲੋਜ਼ ਇਕ ਆਧੁਨਿਕ ਹਵਾਬੰਦ ਗੁਦਾਮ ਹੈ। ਸੰਨ 2020 ਤੱਕ ਹੋਰ ਸਾਇਲੋਜ਼ ਬਣਾਏ ਜਾਣਗੇ, ਜਿਸ ਨਾਲ ਅਨਾਜ ਸੁਰੱਖਿਅਤ ਭੰਡਾਰ ਕਰਨ ਦੀ ਸਮਰੱਥਾ ਵਧੇਗੀ। ਕਿਸਾਨਾਂ ਦੇ ਪੱਧਰ 'ਤੇ ਸਰਕਾਰ ਵੱਲੋਂ ਭੰਡਾਰਾਂ ਲਈ ਆਰਥਿਕ ਸਹਾਇਤਾ ਦੇਣ ਦੀ ਲੋੜ ਹੈ।


ਮੋਬਾ: 98152-36307

ਮੱਕੀ ਦੀਆਂ ਦੋਗਲੀਆਂ ਕਿਸਮਾਂ ਦਾ ਬੀਜ ਕਿਵੇਂ ਤਿਆਰ ਕਰੀਏ?

ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਕਰਕੇ ਕਿਸਾਨ ਵੀਰ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ। ਪਰ ਕਈ ਵਾਰੀ ਇਨ੍ਹਾਂ ਦੋਗਲੀਆਂ ਕਿਸਮਾਂ ਦੇ ਬੀਜਾਂ ਦੀ ਘਾਟ ਹੋਣ ਕਰਕੇ ਕਿਸਾਨ ਨੂੰ ਸਮੇਂ ਸਿਰ ਬੀਜ ਉਪਲਬਧ ਨਹੀਂ ਹੁੰਦੇ, ਜਿਸ ਕਰਕੇ ਕਿਸਾਨਾਂ ਨੂੰ ਗੈਰ-ਸਿਫ਼ਾਰਸ਼ ਕਿਸਮਾਂ ਦਾ ਬੀਜ ਲੈਣਾ ਪੈਂਦਾ ਹੈ ਅਤੇ ਕਿਸਾਨਾਂ ਨੂੰ ਤਕਰੀਬਨ 30-40 ਫੀਸਦੀ ਝਾੜ ਦਾ ਨੁਕਸਾਨ ਹੁੰਦਾ ਹੈ। ਉੱਨਤ ਕਿਸਮ ਦਾ ਸੁਧਰਿਆ ਬੀਜ ਝਾੜ ਵਧਾਉਣ ਵਿਚ ਇਕ ਮੁੱਢਲੀ ਕੁੰਜੀ ਹੈ ਮੱਕੀ ਦੇ ਝਾੜ ਵਿਚ ਵਾਧੇ ਦਾ ਸਿਹਰਾ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਹੀ ਜਾਂਦਾ ਹੈ। ਝੋਨੇ ਹੇਠੋਂ ਕੁਝ ਰਕਬਾ ਘਟਾ ਕੇ ਸਮੇਂ ਦੀ ਲੋੜ ਬਣੀ ਖੇਤੀ ਵਿਭਿੰਨਤਾ ਵਿਚ ਵੀ ਇਕਹਿਰੇ ਮੇਲ ਦੀਆਂ ਦੋਗਲੀਆਂ ਕਿਸਮਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ। ਦੋਗਲੀਆਂ ਕਿਸਮਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਅੰਦਰੂੂਨੀ ਗੁਣਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਨ੍ਹਾਂ ਗੁਣਾਂ ਦੀ ਸਾਂਭ- ਸੰਭਾਲ ਨਾ ਕੀਤੀ ਜਾਵੇ ਤਾਂ ਦੋਗਲੀਆਂ ਕਿਸਮਾਂ ਦੇ ਵਧੀਆ ਝਾੜ ਦੇਣ ਵਾਲੇ ਗੁਣਾਂ ਦੇ ਖਤਮ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ ਫਿਰ ਇਨ੍ਹਾਂ ਕਿਸਮਾਂ ਦਾ ਝਾੜ ਵੀ ਘਟ ਜਾਂਦਾ ਹੈ। ਦੋਗਲੀਆਂ ਕਿਸਮਾਂ ਦੇ ਬੀਜ ਉਤਪਾਦਨ ਦੇ ਕੁਝ ਜ਼ਰੂਰੀ ਨੁਕਤੇ ਹੇਠਾਂ ਵਿਸਥਾਰ ਨਾਲ ਦਿੱਤੇ ਗਏ ਹਨ।
ਦੋਗਲੀ ਕਿਸਮ:- ਭਿੰਨ-ਭਿੰਨ ਅੰਦਰੂੂਨੀ ਗੁਣਾਂ ਵਾਲੀਆਂ ਨਰ ਅਤੇ ਮਾਦਾ ਲਾਈਨਾਂ ਦੇ ਮਿਲਾਣ ਉਪਰੰਤ ਮਾਦਾ ਲਾਈਨ ਉਤੇ ਪੈਦਾ ਹੋਏ ਬੀਜ ਨੂੰ ਦੋਗਲੀ ਕਿਸਮ ਦਾ ਬੀਜ ਕਹਿੰਦੇ ਹਨ।
ਦੋਗਲੇ ਬੀਜ ਉਤਪਾਦਨ ਲਈ ਮੁੱਖ ਲੋੜਾਂ
ਨਰ ਅਤੇ ਮਾਦਾ ਲਾਈਨਾਂ ਦਾ ਬੀਜ : ਨਰ ਅਤੇ ਮਾਦਾ ਲਾਈਨਾਂ ਦੇ ਬੀਜ, ਬਿਜਾਈ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ, ਨਿਰਦੇਸ਼ਕ, ਬੀਜ, ਪੰਜਾਬ ਖੇਤੀਬਾੜੀ ਯੂਨੀਵਰੀਸਟੀ, ਲੁਧਿਆਣਾ ਨੂੰ ਲਿਖਤੀ ਬੇਨਤੀ ਕਰਕੇ ਲਏ ਜਾ ਸਕਦੇ ਹਨ।
ਮਾਦਾ ਲਾਈਨ : ਇਕ ਚੰਗੀ ਮਾਦਾ ਲਾਈਨ ਦੇ ਪੱਤੇ ਖੜ੍ਹਵੇਂ ਅਤੇ ਬਾਬੂ ਝੰਡੇ ਹਲਕੇ ਹੋਣੇ ਚਾਹੀਦੇ ਹਨ। ਇਸ ਦਾ ਤਣਾ ਅਤੇ ਜੜ੍ਹਾਂ ਮਜ਼ਬੂਤ ਹੋਣ ਦੇ ਨਾਲ-ਨਾਲ ਝਾੜ ਪੱਖੋਂ ਵਧੀਆ ਅਤੇ ਬੂਟੇ ਇਕਸਾਰ ਹੋਣੇ ਚਾਹੀਦੇ ਹਨ। ਇਹ ਲਾਈਨ ਖਾਦਾਂ ਅਤੇ ਹੋਰ ਤੱਤਾਂ ਦੀ ਚੰਗੀ ਵਰਤੋਂ ਦੇ ਸਮਰੱਥ ਹੋੋਵੇ ਅਤੇ ਇਸ ਨੂੰ ਛੱਲੀਆਂ ਨੀਵੀਆਂ ਲੱਗਦੀਆਂ ਹੋਣ। ਚੰਗੀ ਮਾਦਾ ਲਾਈਨ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਨੂੰ ਸਮਰੱਥ ਹੋਣੀ ਚਾਹੀਦੀ ਹੈ।
ਨਰ ਲਾਈਨ : ਇਕ ਚੰਗੀ ਨਰ ਲਾਈਨ ਜ਼ਿਆਦਾ ਝਾੜ ਦੇਣ ਵਾਲੀ ਅਤੇ ਮਾਦਾ ਲਾਈਨ ਨਾਲੋਂ ਉੱਚੀ ਹੋਣੀ ਚਾਹੀਦੀ ਹੈ। ਇਸ ਲਾਈਨ ਦਾ ਬਾਬੂ ਝੰਡਾ ਘੱਟ ਸ਼ਾਖਾਵਾਂ ਵਾਲਾ ਅਤੇ ਖਿਲਰਵਾਂ ਹਲਕਾ ਹੋਣ ਦੇ ਨਾਲ-ਨਾਲ ਲੰਮੇ ਸਮੇਂ ਤੱਕ ਪਰਾਗ ਕਣ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਇਸ ਦੇ ਦਾਣੇ ਮੋਟੇ, ਚਮਕਦਾਰ ਅਤੇ ਖੂਬਸੂਰਤ ਹੋਣ ਅਤੇ ਅਜਿਹੀ ਲਾਈਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋਣੀ ਚਾਹੀਦੀ ਹੈ।
ਖੇਤ ਦਾ ਨਿਵੇਕਲਾਪਣ : ਮੱਕੀ ਦਾ ਦੋਗਲਾ ਬੀਜ ਉਤਪਾਦਨ ਕਰਨ ਲਈ ਨਿਵੇਕਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ। ਇਸ ਪਲਾਂਟ ਦੇ ਆਲੇ-ਦੁਆਲੇ 200-300 ਮੀਟਰ ਦੀ ਦੂਰੀ ਤੱਕ ਮੱਕੀ ਦਾ ਕੋਈ ਦੂਜਾ ਖੇਤ ਨਹੀ ਹੋਣਾ ਚਾਹੀਦਾ ਜਾਂ ਫਿਰ ਬਿਜਾਈ ਦੇ ਸਮੇਂ ਦਾ ਦੂਜੀ ਮੱਕੀ ਨਾਲੋਂ ਘੱਟੋ-ਘੱਟ ਇਕ ਮਹੀਨਾ ਦਾ ਫ਼ਰਕ ਹੋਣਾ ਚਾਹੀਦਾ ਹੈ। ਨਰ ਅਤੇ ਮਾਦਾ ਲਾਈਨਾਂ ਦੇ ਬੀਜ ਉਤਪਾਦਨ ਵਾਸਤੇ ਇਹ ਦੂਰੀ 400-600 ਮੀਟਰ ਤੱਕ ਹੋਣੀ ਚਾਹੀਦੀ ਹੈ।
ਲਾਈਨਾਂ ਦਾ ਅਨੁਪਾਤ ਅਤੇ ਬੀਜ ਦੀ ਮਾਤਰਾ : ਨਰ ਅਤੇ ਮਾਦਾ ਲਾਈਨਾਂ ਦਾ ਅਨੁਪਾਤ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਨਰ ਲਾਈਨ ਉਤੋਂ ਬੂਰ ਕਿੰਨਾ ਸਮਾਂ ਝੜਦਾ ਹੈ। ਨਰ ਅਤੇ ਮਾਦਾ ਲਾਈਨਾਂ ਦੇ ਬੂਰ ਝੜਨ ਅਤੇ ਵਾਲ ਨਿਕਲਣ ਦੇ ਸਮੇਂ ਦਾ ਆਪਸ ਵਿਚ ਸਹੀ ਮੇਲ ਹੋਣਾ ਚਾਹੀਦਾ ਹੈ।
ਬਾਬੂ ਝੰਡੇ ਕੱਢਣਾ : ਦੋਗਲੀ ਕਿਸਮ ਦਾ ਬੀਜ ਬਣਾਉਣ ਲਈ ਮਾਦਾ ਕਤਾਰਾਂ ਵਿਚੋਂ ਬਾਬੂ ਝੰਡੇ ਕੱਢਣ ਦੀ ਪ੍ਰਕਿਰਿਆ ਬਹੁਤ ਹੀ ਜ਼ਰੂਰੀ ਅਤੇ ਧਿਆਨ ਪੂਰਵਕ ਕਰਨ ਵਾਲੀ ਹੈ। ਮਾਦਾ ਕਤਾਰਾਂ ਵਿਚੋਂ ਪਰਾਗ ਕਣ ਝੜਨ ਤੋੋਂ ਪਹਿਲਾਂ ਬਾਬੂ ਝੰਡੇ ਕੱਢ ਦੇਣੇ ਚਾਹੀਦੇ ਹਨ। ਭਾਵੇਂ ਮੀਹ ਜਾਂ ਹਨੇਰੀ ਹੋਵੇ ਪਰ ਬਾਬੂ ਝੰਡੇ ਮਾਦਾ ਵਿਚੋਂ ਹਰ ਰੋਜ਼ ਕੱਢੋ। ਇਹ ਕੰਮ ਲਗਪਗ 8-10 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਬੂ ਝੰਡੇ ਕੱਢਣ ਸਮੇਂ ਪੱਤੇ ਨਾ ਟੁੱਟਣ ਜਿਸ ਦਾ ਝਾੜ ਉਤੇ ਸਿੱਧੇ ਤੌਰ 'ਤੇ ਮਾੜਾ ਅਸਰ ਪੈਂਦਾ ਹੈ।
ਅਸ਼ੁੱਧ ਅਤੇ ਉਪਰੇ ਬੂਟੇ ਕੱਢਣਾ : ਦੋਗਲੀਆਂ ਕਿਸਮਾਂ ਦੇ ਬੀਜ ਦੀ ਗੁਣਵੱਤਾ ਬਰਕਰਾਰ ਰੱਖਣ ਵਾਸਤੇ ਬੀਜ ਉਤਪਾਦਨ ਪਲਾਟ ਵਿਚੋਂ ਉਪਰੇ ਬੂਟੇ ਬੂਰ ਝਾੜਨ ਤੋਂ ਪਹਿਲਾਂ ਹੀ ਪੁੱਟ ਦਿਉ। ਪੂਰੀ ਫ਼ਸਲ ਦੇ ਸਮੇਂ ਦੌਰਾਨ ਤਿੰਨ ਵਾਰੀ : 1.) ਬਿਜਾਈ ਤੋਂ 12-15 ਦਿਨਾਂ 'ਤੇ, 2.) ਜਦੋਂ ਫ਼ਸਲ ਗੋਡੇ ਜਿੰਨੀ ਹੋ ਜਾਵੇ ਅਤੇ 3.) ਬੂਰ ਝੜਨ ਤੋਂ ਪਹਿਲਾਂ ਅਸ਼ੁੱਧ ਬੂਟੇ ਜ਼ਰੂਰ ਕੱਢਣੇ ਚਾਹੀਦੇ ਹਨ। ਉਪਰੇ ਦਿਸਣ ਵਾਲੇ ਸਾਰੇ ਬੂਟਿਆਂ ਨੂੰ ਪਹਿਚਾਣ ਕੇ ਤੁਰੰਤ ਕੱਢ ਦਿਉ ਤਾਂ ਕਿ ਵਧੀਆ ਅਤੇ ਸ਼ੁੱਧ ਦੋਗਲਾ ਬੀਜ ਪੈਦਾ ਕੀਤਾ ਜਾ ਸਕੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 090415-04496.

ਵਿਰਸੇ ਦੀਆਂ ਬਾਤਾਂ

ਕਿਤੇ ਨਾ ਦਿਸਦੇ ਖੂਹ

ਖੂਹ ਅਲੋਪ ਹੋ ਗਏ ਹਨ। ਪਿੰਡਾਂ 'ਚ ਜਿਹੜੀਆਂ ਥਾਵਾਂ 'ਤੇ ਖੂਹ ਹੁੰਦੇ ਸਨ, ਉਥੇ ਕੋਈ ਨਿਸ਼ਾਨੀ ਹੀ ਨਹੀਂ ਬਚੀ ਕਿ ਇਥੇ ਖੂਹ ਨਾਂਅ ਦੀ ਕੋਈ ਚੀਜ਼ ਸੀ। ਜਿੱਥੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਕਲੱਬਾਂ ਨੇ ਖੂਹ ਬਚਾਇਆ ਹੈ, ਉਨ੍ਹਾਂ ਨੂੰ ਨਿਸ਼ਾਨੀ ਦੇ ਤੌਰ 'ਤੇ ਸਾਂਭਿਆ ਗਿਆ ਹੈ। ਇਹ ਖੂਹ ਹਵਾਲਾਤ ਦੀਆਂ ਸੀਖਾਂ ਵਾਂਗ ਕੈਦ ਕੀਤੇ ਗਏ ਹਨ। ਖੂਹਾਂ ਦੇ ਮੂੰਹ 'ਤੇ ਮੋਟੇ ਸਰੀਏ ਵਾਲੇ ਜੰਗਲੇ ਰੱਖੇ ਹਨ, ਕਿਤੇ ਕੋਈ ਇਨ੍ਹਾਂ ਵਿਚ ਡਿੱਗ ਨਾ ਪਵੇ। ਇਹ ਪ੍ਰਬੰਧ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਆਣਪ ਦੀ ਨਿਸ਼ਾਨੀ ਹੈ, ਜਿਸ ਲਈ ਉਨ੍ਹਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਉਨ੍ਹਾਂ ਨਿਸ਼ਾਨੀ ਵੀ ਬਚਾਅ ਕੇ ਰੱਖੀ ਤੇ ਜ਼ਿੰਦਗੀਆਂ ਦਾ ਵੀ ਖਿਆਲ ਰੱਖਿਆ।
ਬੰਦ ਖੂਹਾਂ ਨੂੰ ਦੇਖ ਵਿਰਸੇ ਦੀ ਯਾਦ ਆਉਂਦੀ ਹੈ। ਜਾਪਦੈ ਉਦਾਸੇ ਖੂਹ ਹੁਣੇ ਕੁਝ ਬੋਲਣਗੇ। ਆਖਣਗੇ, 'ਸਾਡੀ ਬੇਕਦਰੀ ਕਿਉਂ? ਅਸੀਂ ਕਿਸੇ ਦਾ ਕੀ ਵਿਗਾੜਿਆ ਸੀ? ਸਾਡੇ ਨਾਲੋਂ ਮੋਹ ਕਿਉਂ ਤੋੜ ਲਿਆ? ਅਸੀਂ ਤਾਂ ਅੰਮ੍ਰਿਤ ਵਰਗਾ ਪਾਣੀ ਦਿੰਦੇ ਸੀ। ਸਾਡੇ ਆਲੇ-ਦੁਆਲੇ ਕੁੜੀਆਂ ਚਿੜੀਆਂ ਦਾ ਝੁਰਮਟ ਰਹਿੰਦਾ ਸੀ। ਤੁਸੀਂ ਸਵਾਰਥੀ ਲੋਕ ਹੋ। ਸਾਡੀ ਵਰਤੋਂ ਕਰਕੇ ਦੁਰਵਰਤੋਂ ਕਰ ਦਿੱਤੀ।'
ਤਸਵੀਰ ਵਿਚਲਾ ਇਹ ਖੂਹ ਘੜੂੰਆਂ ਪਿੰਡ ਦਾ ਹੈ। ਇਹਨੂੰ ਵੇਖ ਮੈਨੂੰ ਲੋਹੜਿਆਂ ਦੀ ਖੁਸ਼ੀ ਹੋਈ। ਭਾਵੇਂ ਇਹ ਚੱਲਦਾ ਨਹੀਂ, ਪਰ ਸੰਭਾਲਿਆ ਤਾਂ ਹੈ। ਨਵੀਂ ਪੀੜ੍ਹੀ ਨੂੰ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਇਨ੍ਹਾਂ ਬਿਨਾਂ ਜ਼ਿੰਦਗੀ ਕਿਵੇਂ ਅਧੂਰੀ ਸੀ। ਇਸੇ ਪਿੰਡ ਦੀ ਸੱਥ ਵਿਚ ਇਕ ਟਿੰਡਾਂ ਵਾਲਾ ਖੂਹ ਹੈ। ਉਸ ਦੀਆਂ ਟਿੰਡਾਂ ਹੁਣ ਗਲੀਆਂ ਪਈਆਂ ਹਨ। ਕੁਝ ਵਰ੍ਹੇ ਪਹਿਲਾਂ ਤੱਕ ਇਹ ਖੂਹ ਪਾਣੀ ਦਿੰਦਾ ਸੀ। ਨਿਸ਼ਾਨੀ ਦੇ ਤੌਰ 'ਤੇ ਇਹ ਅੱਜ ਸੰਭਾਲਿਆ ਹੋਇਆ।
ਖੂਹ ਦੀਆਂ ਟਿੰਡਾਂ ਹਿੰਮਤ ਨਾ ਹਾਰਨ ਦੀਆਂ ਪ੍ਰਤੀਕ ਹਨ। ਇਹ ਝੁਕ ਕੇ ਰਹਿਣਾ ਸਿਖਾਉਂਦੀਆਂ ਹਨ। ਖਾਲੀ ਥੱਲੇ ਜਾਂਦੀਆਂ ਤੇ ਭਰ ਕੇ ਉਪਰ ਵੱਲ ਨੂੰ ਆਉਂਦੀਆਂ। ਜਿਵੇਂ ਕਹਿੰਦੀਆਂ ਹੋਣ, ਨੀਵਾਂ ਇਨਸਾਨ ਹੀ ਗੁਣੀ ਹੁੰਦਾ। ਹੰਕਾਰ ਨਹੀਂ ਕਰਨਾ ਚਾਹੀਦਾ।
ਖੂਹਾਂ ਦਾ ਦੌਰ ਕੁਝ ਹੋਰ ਗੱਲਾਂ 'ਤੇ ਵੀ ਚਾਨਣ ਪਾਉਂਦਾ ਹੈ। ਜਦੋਂ ਪਾਣੀ ਡੂੰਘੇ ਨਹੀਂ ਸਨ, ਮਿੱਠੇ ਸਨ, ਪਾਣੀ 'ਚ ਜ਼ਹਿਰਾਂ ਨਹੀਂ ਘੁਲੀਆਂ ਸਨ, ਅੱਜ ਵਾਂਗ ਗੰਧਲੇ ਨਹੀਂ ਹੋਏ ਸਨ, ਉਦੋਂ ਪਾਣੀ ਤੇ ਇਨਸਾਨ ਦਰਮਿਆਨ ਇਹ ਪੁਲ ਦਾ ਕੰਮ ਕਰਦੇ ਸਨ। ਜਿਉਂ-ਜਿਉਂ ਪਾਣੀ ਦੀ ਦੁਰਵਰਤੋਂ ਸ਼ੁਰੂ ਹੋਈ, ਮਿਠਾਸ ਘਟੀ, ਖੂਹਾਂ ਤੋਂ ਦੂਰੀ ਬਣਦੀ ਗਈ। ਅੱਜ ਖੂਹਾਂ ਦੇ ਨਮੂਨੇ ਬਾਕੀ ਬਚੇ ਹਨ। ਕਈ ਘਰਾਂ ਦੇ ਡਰਾਇੰਗ ਰੂਮ ਵਿਚ ਪਲਾਸਟਿਕ ਜਾਂ ਲੱਕੜ ਦੇ ਖੂਹ ਪਏ ਦਿੱਸਦੇ ਹਨ। ਮੂਹਰੇ ਇਕ ਔਰਤ ਬਣਾਈ ਹੁੰਦੀ ਹੈ। ਇਹ ਸਭ ਦੇਖ ਅਤੀਤ ਚੇਤੇ ਆਉਣਾ ਸੁਭਾਵਕ ਹੈ।
ਜੇ ਅਸੀਂ ਪਾਣੀ ਦੀ ਕਦਰ ਕਰਨ ਵਾਲੇ ਹੁੰਦੇ ਤਾਂ ਸ਼ਾਇਦ ਖੂਹ ਵੀ ਬਚੇ ਰਹਿੰਦੇ। ਅਸੀਂ ਆਪਣੀਆਂ ਨਲਾਇਕੀਆਂ ਨਾਲ ਕਿੰਨਾ ਕੁਝ ਗੁਆ ਲਿਆ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਅੰਬ ਦੀ ਦਰਜਾਬੰਦੀ ਤੇ ਮੰਡੀਕਰਨ

ਭਾਰਤ ਵਿਚ ਅੰਬ ਨੂੰ 'ਫਲਾਂ ਦਾ ਰਾਜਾ' ਮੰਨਿਆ ਜਾਂਦਾ ਹੈ ਅਤੇ ਇਹ ਭਾਰਤ ਦੇ ਲੋਕਾਂ ਦਾ ਮਨਪਸੰਦ ਫ਼ਲ ਹੈ। ਇਹ ਫ਼ਲ ਸਾਰੇ ਭਾਰਤ ਵਿਚ ਪੈਦਾ ਹੋਣ, ਵਧੀਆ ਸੁਆਦ, ਵਧੇਰੇ ਪੌਸ਼ਟਿਕਤਾ ਅਤੇ ਉੱਤਮ ਗੁਣਵੱਤਾ ਕਰਕੇ ਪਸੰਦ ਕੀਤਾ ਜਾਂਦਾ ਹੈ। ਅੰਬ ਦੇ ਫ਼ਲ ਨੂੰ ਕੱਚੇ ਅਤੇ ਪਕਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਅੰਬ ਦੇ ਕੱਚੇ ਫ਼ਲ ਤੋਂ ਅਚਾਰ, ਅੰਬਚੂਰ, ਮੁਰੱਬਾ, ਚਟਨੀ ਅਤੇ ਅੰਬ ਪੰਨਾ ਆਦਿ ਤਿਆਰ ਕੀਤੇ ਜਾਂਦੇ ਹਨ। ਇਸ ਵਿਚ ਸਾਰੇ ਫ਼ਲਾਂ ਤੋਂ ਵੱਧ ਵਿਟਾਮਿਨ 'ਏ' (4800 ਯੂਨਿਟ) ਪਾਇਆ ਜਾਂਦਾ ਹੈ। ਪੰਜਾਬ ਦੇ ਨੀਮ ਪਹਾੜੀ ਇਲਾਕੇ ਦਾ ਪੌਣ-ਪਾਣੀ ਇਸਦੀ ਸਫ਼ਲ ਕਾਸ਼ਤ ਲਈ ਬਹੁਤ ਹੀ ਢੁੱਕਵਾਂ ਹੈ। ਅੰਬ ਜੂਨ-ਜੁਲਾਈ ਵਿਚ ਪੱਕ ਜਾਂਦਾ ਹੈ ਅਤੇ ਇਸ ਉਪਰੰਤ ਇਸਦੀ ਤੁੜਾਈ ਸ਼ੁਰੂ ਹੋ ਜਾਂਦੀ ਹੈ। ਵਧੇਰੇ ਮੁਨਾਫਾ ਕਮਾਉਣ ਲਈ ਇਸ ਦੀ ਪਕਾਈ, ਤੁੜਾਈ ਅਤੇ ਮੰਡੀਕਰਨ ਪੂਰੀ ਵਿਉਂਤਬੰਦੀ ਨਾਲ ਕਰਨਾ ਚਾਹੀਦਾ ਹੈ।
ਫ਼ਲ ਦੇ ਪੱਕਣ ਦੀਆਂ ਨਿਸ਼ਾਨੀਆਂ : * ਰੰਗ ਦਾ ਬਦਲਣਾ (ਹਰੇ ਤੋਂ ਪੀਲਾ ਹੋਣਾ) * ਡੰਡੀ ਵਾਲੇ ਪਾਸੇ ਮੋਢਿਆਂ ਦਾ ਬਣਨਾ * ਫ਼ਲ ਦੇ ਗੁੱਦੇ ਦਾ ਗਿੱਟਕ ਵਾਲੇ ਪਾਸਿਉਂ ਪੀਲਾ ਹੋਣਾ ਸ਼ੁਰੂ ਹੋਣਾ * ਕੁਝ ਕਿਸਮਾਂ ਜਿਵੇਂ ਕਿ ਲੰਗੜਾ ਅਤੇ ਚੌਂਸਾ ਦਾ ਪਾਣੀ ਵਿਚ ਡੁੱਬ ਜਾਣਾ * ਦੁਸਹਿਰੀ ਅਤੇ ਲੰਗੜਾ ਵਿਚ ਫ਼ਲ ਲੱਗਣ ਦੇ 12 ਅਤੇ ਮਲਿਕਾ ਅਤੇ ਚੌਂਸਾ ਵਿਚ 15 ਹਫ਼ਤੇ ਬਾਅਦ ਫ਼ਲ ਪੱਕ ਜਾਂਦਾ ਹੈ।
ਪੰਜਾਬ ਵਿਚ ਅੰਬ ਦੀਆਂ ਮੁੱਖ ਸ਼ਿਫਾਰਸ਼ ਕੀਤੀਆਂ ਕਿਸਮਾਂ ਦੁਸਹਿਰੀ, ਲੰਗੜਾਂ, ਅਲਫੈਂਜੋ ਅਤੇ ਚੂਪਣ ਵਾਲੇ ਅੰਬ (ਜੀ ਐਨ-1, ਜੀ ਐਨ-2, ਜੀ ਐਨ-3, ਜੀ ਐਨ-4, ਜੀ ਐਨ-5, ਜੀ ਐਨ-6, ਜੀ ਐਨ-7 ਅਤੇ ਗੰਗੀਆਂ ਸੰਧੂਰੀ (ਜੀ ਐਨ-19) ਹਨ। ਇਹ ਕਿਸਮਾਂ ਫਲ ਦੇ ਲੱਗਣ ਤੋਂ ਤਕਰੀਬਨ 15-16 ਹਫ਼ਤਿਆਂ ਬਾਅਦ ਪੱਕ ਜਾਂਦੀਆਂ ਹਨ ।
ਅੰਬ ਦੇ ਫਲਾਂ ਨੂੰ ਉਸ ਵਕਤ ਤੋੜਨਾ ਚਾਹੀਦਾ ਹੈ ਜਦੋਂ ਇਸਦਾ ਪੂਰਾ ਆਕਾਰ ਤੇ ਮਨ ਭਾਉਂਦਾ ਰੰਗ ਪ੍ਰਾਪਤ ਕਰ ਲੈਣ ਅਤੇ ਮਿਠਾਸ ਤੇ ਖੱਟੇ ਦੀ ਪੂਰੀ ਮਾਤਰਾ ਇਨ੍ਹਾਂ ਵਿਚ ਮੌਜੂਦ ਹੋਵੇ । ਅੰਬਾਂ ਦੇ ਪੱਕਣ ਦੀ ਪਹਿਲੀ ਨਿਸ਼ਾਨੀ ਕੁਦਰਤੀ ਟਪਕਾ ਜਾਂ ਟਪਕਣਾ ਹੁੰਦਾ ਹੈ ਜੋ ਉਸਦੀ ਤੁੜਾਈ ਸ਼ੁਰੂ ਕਰਨ ਦਾ ਸੰਕੇਤ ਕਰਦੀ ਹੈ। ਦੂਜਾ ਤਰੀਕਾ ਫਲਾਂ ਦੇ ਲੱਗਣ ਤੋਂ 90-110 ਦਿਨਾਂ ਬਾਅਦ ਤੋੜਨ ਲਈ ਤਿਆਰ ਹੋਣਾ ਮੰਨਿਆ ਜਾਂਦਾ ਹੈ। ਰੰਗਦਾਰ ਕਿਸਮਾਂ ਵਿਚ ਫਲ ਉਪਰ ਰੰਗਦਾ ਆ ਜਾਣਾ ਵੀ ਪੱਕਣ ਦੀ ਨਿਸ਼ਾਨੀ ਹੈ। ਅੰਬ ਦੀ ਘਣਤਾ ਵੀ ਉਸਦੇ ਪੱਕਣ ਦੀ ਨਿਸ਼ਾਨੀ ਹੈ। ਜੇ ਅੰਬ ਪਾਣੀ ਵਿਚ ਡੋਬੇ ਜਾਣ ਅਤੇ ਇਹ ਡੁੱਬ ਜਾਣ ਤਾਂ ਇਸਦੀ ਘਣਤਾ ਤਕਰੀਬਨ 1.0 ਹੁੰਦੀ ਹੈ ਜੋ ਕਿ ਦੇ ਪੱਕਣ ਦਾ ਸੰਕੇਤ ਹੈ। ਫ਼ਲ ਦੇ ਪੱਕਣ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਉਸ ਦੇ ਗੁੱਦੇ ਦਾ ਰੰਗ ਚਿੱਟੇ ਤੋਂ ਹਲਕਾ ਪੀਲਾ ਹੋ ਗਿਆ ਹੈ ਤੇ ਉਸ ਦੀ ਗਿੱਟਕ ਸਖ਼ਤ ਹੋ ਗਈ ਹੈ।
ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ
ਲੋਕਾਂ ਨੂੰ ਵਧੀਆ ਗੁਣਵੱਤਾ ਦਾ ਫ਼ਲ ਮੁਹੱਈਆ ਕਰਾਉਣ ਅਤੇ ਕਾਸ਼ਤਕਾਰ ਨੂੰ ਵੱਧ ਮੁਨਾਫ਼ਾ ਦੇਣ ਲਈ ਤੁੜਾਈ ਉਪਰੰਤ ਫ਼ਲ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਲਗਭਗ 20-25 ਪ੍ਰਤੀਸ਼ਤ ਪੱਕਾ ਹੋਇਆ ਫ਼ਲ ਤੁੜਾਈ, ਗਰੇਡਿੰਗ, ਪੈਕਿੰਗ ਅਤੇ ਪ੍ਰੌਸੈਸਿੰਗ ਸਹੀ ਨਾ ਹੋਣ ਕਾਰਨ ਖਰਾਬ ਹੋ ਜਾਂਦਾ ਹੈ। ਇਸ ਖਰਾਬੀ ਤੋਂ ਬਚਣ ਲਈ ਸਾਨੂੰ ਫ਼ਲ ਦੀ ਤੁੜਾਈ ਉਪਰੰਤ ਵਿਗਿਆਨਕ ਢੰਗਾਂ ਨਾਲ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਜਿਸ ਨਾਲ ਮੰਡੀਕਰਨ ਕਰਨਾ ਸੌਖਾਲਾ ਹੋ ਜਾਂਦਾ ਹੈ ਅਤੇ ਕਾਸ਼ਤਕਾਰ ਦਾ ਮੁਨਾਫ਼ਾ ਵੀ ਵਧਦਾ ਹੈ।
ਦਰਜਾਬੰਦੀ ਅਤੇ ਪੈਕਿੰਗ
ਮੰਡੀ ਭੇਜਣ ਲਈ ਅੰਬਾਂ ਦੀ ਦਰਜਾਬੰਦੀ ਕਰਕੇ ਡੱਬਿਆਂ ਵਿਚ ਬੰਦ ਕਰਨਾ ਚਾਹੀਦਾ ਹੈ। ਇਹ ਦਰਜਾਬੰਦੀ ਆਕਾਰ, ਭਾਰ ਅਤੇ ਪੱਕਣ ਅਨੁਸਾਰ ਕੀਤੀ ਜਾਂਦੀ ਹੈ। ਦਰਜਾਬੰਦੀ ਕਰਦੇ ਸਮੇਂ ਨਕਾਰਾ, ਛੋਟੇ ਆਕਾਰ ਦੇ, ਕੱਚੇ, ਵੱਧ ਪੱਕੇ, ਬੇਢੱਬੇ, ਦਾਗੀ, ਪੰਛੀਆਂ ਦੁਆਰਾ ਖਰਾਬ ਕੀਤੇ ਫ਼ਲ ਵੱਖਰੇ ਕਰ ਦੇਣੇ ਚਾਹੀਦੇ ਹਨ । ਭਾਰ ਦੇ ਅਨੁਸਾਰ ਅੰਬਾਂ ਦੀ ਦਰਜਾਬੰਦੀ 'ਏ' ਗਰੇਡ (200-350 ਗ੍ਰਾਮ), 'ਬੀ' ਗਰੇਡ (351-550 ਗ੍ਰਾਮ) ਅਤੇ 'ਸੀ' ਗਰੇਡ (551-800 ਗ੍ਰਾਮ) ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਵੱਖ-ਵੱਖ ਗਰੇਡਾਂ ਵਿਚ ਵੰਡਣ ਉਪਰੰਤ ਅੰਬਾਂ ਨੂੰ 45-50 ਸੈਂਟੀਗਰੇਡ ਗਰਮ ਪਾਣੀ ਵਿਚ ਪਾ ਕੇ ਧੋ ਲਵੋ। ਫ਼ਲਾਂ ਨੂੰ ਫਿਰ ਸਟਾਫਰੈਸ਼ ਮੋਮ ਮਿਸ਼ਰਨ ਲਗਾ ਕੇ ਕੁਝ ਸਮਾਂ ਸੁੱਕਣ ਦਿਉ ਅਤੇ 45×25×25 ਸੈਂਟੀਮੀਟਰ ਦੇ 5 ਪਲਾਈ ਦੇ ਡੱਬੇ ਵਿਚ 2-3 ਤਹਿਆਂ ਵਿਚ ਬੰਦ ਕਰਕੇ ਮੰਡੀਕਰਨ ਕਰੋ। ਅੰਬਾਂ ਨੂੰ ਡੱਬਾਬੰਦ ਕਰਕੇ ਕੁਝ ਸਮੇਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ।


-ਸਵਰੀਤ ਖਹਿਰਾ, ਨਵਪ੍ਰੇਮ ਸਿੰਘ ਅਤੇ ਬਿਕਰਮਜੀਤ ਸਿੰਘ
ਫ਼ਲ ਵਿਗਿਆਨ ਵਿਭਾਗ, ਪੀ. ਏ. ਯੂ. ਲੁਧਿਆਣਾ, ਫੋਨ : 8872383400

ਬਾਸਮਤੀ ਦੀ ਉੱਤਮ ਪੈਦਾਵਾਰ ਲਈ ਅਗੇਤੀ ਬਿਜਾਈ ਤੋਂ ਗੁਰੇਜ ਕਰੋ

ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਵਿਚ ਕੁਦਰਤੀ ਤੌਰ 'ਤੇ ਉਤਪੰਨ ਹੋਣ ਤੋਂ ਬਾਅਦ ਮਨੁੱਖੀ ਚੋਣ ਸਦਕਾ ਇਕ ਵਿਲੱਖਣ ਪਹਿਚਾਣ ਵਾਲੀ ਸ਼੍ਰੇਣੀ ਜੋ ਕਿ ਵਿਸ਼ਵ ਵਿਚ ਇਕ 'ਸਪੈਸ਼ਿਲੀਟੀ ਰਾਈਸ' ਵੱਜੋਂ ਪ੍ਰਸਿੱਧੀ ਰੱਖਦੀ ਹੈ, ਉਹ ਹੈ 'ਬਾਸਮਤੀ' ਚਾਵਲ। ਇਸ ਵਿਚ ਵਿਲੱਖਣ ਗੁਣ ਜਿਵੇਂ ਕਿ ਲੰਬੇ ਪਤਲੇ ਚੌਲ, ਇਕ ਖਾਸ ਕਿਸਮ ਦੀ ਖ਼ੁਸ਼ਬੂ, ਮਿਠਾਸ, ਮੁਲਾਇਮ-ਵਧੀਆ ਸਵਾਦ ਅਤੇ ਪਕਾਉਣ ਉਪਰੰਤ ਚੌਲਾਂ ਦਾ ਦੁਗਣੇ ਜਾਂ ਇਸ ਤੋਂ ਵੀ ਜ਼ਿਆਦਾ ਲੰਬੇ ਹੋ ਜਾਣਾ ਵਿਸ਼ਵ ਵਿਚ ਇਸ ਸ਼੍ਰੇਣੀ ਨੂੰ ਇਕ ਵੱਖਰੀ ਪਹਿਚਾਣ ਦਿੰਦੇ ਹਨ। ਬਾਸਮਤੀ, ਸਭ ਤੋਂ ਵੱਧ ਨਿਰਯਾਤ ਹੋਣ ਵਾਲੀ ਜਿਣਸ ਹੈ ਅਤੇ ਪਿਛਲੇ ਸਾਲ ਇਸ ਦਾ 40 ਲੱਖ ਟਨ ਰਿਕਾਰਡ ਨਿਰਯਾਤ ਹੋਇਆ ਜਿਸ ਦੀ ਕੀਮਤ ਲਗਪਗ 21,604.53 ਕਰੋੜ ਸੀ।
ਬਾਸਮਤੀ ਦੇ ਇਹ ਖਾਸ ਗੁਣ ਤਾਂ ਹੀ ਵਿਕਸਿਤ ਹੁੰਦੇ ਹਨ ਜਦੋਂ ਇਨ੍ਹਾਂ ਨੂੰ ਸਹੀ ਭੂਗੋਲਿਕ ਸਥਿਤੀ ਵਿਚ ਲਗਾਇਆ ਜਾਵੇ। ਬਾਸਮਤੀ ਚੌਲਾਂ ਦੀ ਕਾਸ਼ਤ ਜ਼ਿਆਦਾਤਰ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਕੁਝ ਹਿੱਸਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ ਵਿਚ ਹੁੰਦੀ ਹੈ ਅਤੇ ਇਨ੍ਹਾਂ ਕਾਸ਼ਤ ਵਾਲੇ ਖੇਤਰਾਂ ਨੂੰ ਵਿਸ਼ਵ ਪੱਧਰ 'ਤੇ ਇਕ ਵੱਖਰੀ ਪਹਿਚਾਣ ਲਈ 'ਭੂਗੋਲਿਕ ਇੰਡੀਕੇਟਰ' ਦਾ ਦਰਜਾ ਦਿੱਤਾ ਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੀਆਂ ਸਮੇਂ-ਸਮੇਂ ਉੱਤੇ ਨਵੀਆਂ ਸੁਧਰੀਆਂ ਹੋਈਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਕਿਸਮਾਂ ਤੋਂ ਸਥਿਰ ਝਾੜ ਲੈਣ ਲਈ ਅਤੇ ਬਾਸਮਤੀ ਦੀ ਗੁਣਵੰਤਾ ਬਰਕਰਾਰ ਰੱਖਣ ਲਈ ਸੁਚੱਜੀਆਂ ਉਤਪਾਦਨ ਤਕਨੀਕਾਂ ਦੀ ਵੀ ਸਿਫਾਰਸ਼ ਕੀਤੀ ਜਾਂਦੀ ਰਹੀ ਹੈ। ਧਰਤੀ ਹੇਠਲੇ ਡਿੱਗਦੇ ਜਾ ਰਹੇ ਪਾਣੀ ਦੇ ਪੱਧਰ ਦੀ ਗੰਭੀਰ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੋਜ ਦਾ ਮੁੱਖ ਉਦੇਸ਼ ਘੱਟ ਸਮੇਂ ਵਿਚ ਵਾਧੂ ਝਾੜ ਵਾਲੀਆਂ ਕਿਸਮਾਂ ਵਿਕਸਿਤ ਕਰਨ ਵੱਲ ਕੇਂਦਰਿਤ ਹੈ। ਇਸੇ ਲੜੀ ਅਧੀਨ ਸਾਲ 2013 ਦੌਰਾਨ ਬਾਸਮਤੀ ਦੀ ਇਕ ਨਵੀ ਕਿਸਮ 'ਪੂਸਾ ਬਾਸਮਤੀ 1509' ਜੋ ਕਿ ਸਿਰਫ 120 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ, ਦੀ ਸਿਫਾਰਸ਼ ਕੀਤੀ ਗਈ।
ਬਾਸਮਤੀ ਦੇ ਉੱਤਮ ਗੁਣ ਤਾਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਦਾਣੇ ਭਰਨ ਸਮੇਂ ਸਵੇਰ ਅਤੇ ਸ਼ਾਮ ਦਾ ਤਾਪਮਾਨ ਠੰਢਾ ਅਤੇ ਦਿਨ ਦਾ ਤਾਪਮਾਨ ਜ਼ਿਆਦਾ ਹੋਵੇ। ਬਾਸਮਤੀ ਦੀਆਂ ਪੁਰਾਤਨ ਕਿਸਮਾਂ ਜਿਵੇਂ ਕਿ ਬਾਸਮਤੀ 370 ਅਤੇ ਬਾਸਮਤੀ 386 ਪ੍ਰਕਾਸ਼ ਨੂੰ ਸੰਵੇਦਨਸ਼ੀਲ ਕਿਸਮਾਂ ਸਨ ਅਤੇ ਇਹ ਕਿਸਮਾਂ ਸਹੀ ਸਮੇਂ (ਅਖੀਰ ਸਤੰਬਰ ਜਾਂ ਅਕਤੂਬਰ ਦੇ ਸ਼ੁਰੂ ਵਿਚ) ਉੱਤੇ ਹੀ ਪੱਕਦੀਆਂ ਸਨ। ਪਰੰਤੂ ਕਿਉਂਕਿ ਪੂਸਾ ਬਾਸਮਤੀ 1509 ਪ੍ਰਕਾਸ਼ ਨੂੰ ਅਸੰਵੇਦਨਸ਼ੀਲ ਕਿਸਮ ਹੈ (ਲਗਾਉਣ 'ਤੇ 120 ਦਿਨਾਂ ਵਿਚ ਪੱਕ ਜਾਂਦੀ ਹੈ) ਇਸ ਲਈ ਬਾਸਮਤੀ ਦੀ ਗੁਣਵੰਤਾ ਕਾਇਮ ਰੱਖਣ ਲਈ ਇਸ ਦੀ ਸਹੀ ਸਮੇਂ ਤੇ ਲੁਆਈ ਅਤੀ ਜ਼ਰੂਰੀ ਹੈ। ਜੁਲਾਈ ਦਾ ਦੂਜਾ ਪੰਦਰਵਾੜਾ ਇਸ ਕਿਸਮ ਦੀ ਲੁਆਈ ਲਈ ਢੁੱਕਵਾਂ ਹੈ। ਇਸ ਸਮੇਂ ਲਗਾਈ ਗਈ ਫ਼ਸਲ ਅਕਤੂਬਰ ਦੇ ਦੁਜੇ ਪੰਦਰਵਾੜ੍ਹੇ ਵਿਚ ਪੱਕਦੀ ਹੈ ਜਦੋਂ ਬਾਸਮਤੀ ਦੇ ਉਤਮ ਗੁਣ ਜਿਵੇਂ ਮਹਿਕ, ਪਾਰਦਰਸ਼ੀ ਦਾਣਿਆਂ ਅਤੇ ਸਾਬਤ ਚੌਲਾਂ ਦੀ ਵਧ ਪ੍ਰਾਪਤੀ ਲਈ ਵਾਤਾਵਰਨ ਬਿਲਕੁਲ ਅਨੁਕੂਲ ਹੁੰਦਾ ਹੈ।
ਪ੍ਰੰਤੂ ਪਿਛਲੇ ਸਾਲ ਦੌਰਾਨ ਪੰਜਾਬ ਦੇ ਉਤਸ਼ਾਹਿਤ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਨੂੰ ਅਣਗੌਲਿਆਂ ਕਰਦਿਆਂ ਇਸ ਕਿਸਮ ਦੀ ਲੁਆਈ ਜੂਨ ਮਹੀਨੇ ਵਿਚ ਪਰਮਲ ਝੋਨੇ ਦੇ ਨਾਲ ਹੀ ਕਰ ਦਿੱਤੀ ਗਈ ਅਤੇ ਇਹ ਕਿਸਮ ਜਲਦੀ (ਸਤੰਬਰ ਦੇ ਸ਼ੁਰੂ ਵਿਚ) ਪੱਕ ਗਈ ਜਦੋਂ ਦਿਨ ਅਤੇ ਰਾਤ ਦੋਵਾਂ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ। ਘੱਟ ਸਮਾਂ ਲੈਣ ਕਾਰਨ ਇਹ ਕਿਸਮ ਪਰਮਲ ਝੋਨੇ ਦੀਆਂ ਕਿਸਮਾਂ ਤੋਂ ਵੀ ਪਹਿਲਾਂ ਪੱਕ ਗਈ। ਇਸ ਕਾਰਨ ਕਿਸਾਨ ਵੀਰਾਂ ਨੂੰ ਮੰਡੀਕਰਨ ਵਿਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਕਿਸਾਨਾਂ ਦੇ ਖੇਤਾਂ ਤੋਂ ਅਗੇਤੀ ਅਤੇ ਸਮੇਂ ਸਿਰ ਬੀਜੀ ਪੂਸਾ ਬਾਸਮਤੀ 1509 ਕਿਸਮ ਦੇ ਨਮੂਨੇ ਇਕੱਠੇ ਕੀਤੇ ਗਏ। ਇਨ੍ਹਾਂ ਦੀ ਕੱਚੇ ਅਤੇ ਸੇਲੇ ਦੇ ਤੌਰ 'ਤੇ ਛੜਾਈ ਕੀਤੀ ਗਈ। ਨਤੀਜਿਆਂ ਵਿਚ ਪਾਇਆ ਗਿਆ ਹੈ ਕਿ ਇਸ ਕਿਸਮ ਦੀ ਅਗੇਤੀ ਬਿਜਾਈ ਨਾਲ ਕੁੱਲ ਅਤੇ ਸਾਬਤ ਚੋਲਾਂ ਦੀ ਪ੍ਰਾਪਤੀ ਕੱਚੀ ਛੜਾਈ ਦੌਰਾਨ ਲੱਗਪਗ 3 ਫੀਸਦੀ ਅਤੇ 11 ਫੀਸਦੀ ਕ੍ਰਮਵਾਰ ਘਟਦੀ ਹੈ। ਅਗੇਤੀ ਬੀਜੀ ਫ਼ਸਲ ਵਿਚ ਚਾਕੀ (ਗ਼ੈਰ-ਪਾਰਦਰਸ਼ੀ) ਦਾਣਿਆਂ ਦੀ ਮਾਤਰਾ ਸਮੇਂ ਸਿਰ ਬੀਜੀ ਫ਼ਸਲ ਨਾਲੋਂ 8% ਜ਼ਿਆਦਾ ਸੀ। ਪਾਰਬੁਆਲਿੰਗ ਤਕਨੀਕ (ਸੇਲਾ) ਨਾਲ ਕੁੱਲ ਅਤੇ ਸਾਬਤ ਚੌਲਾਂ ਦੀ ਪ੍ਰਾਪਤੀ ਵਿਚ ਕੱਚੇ ਚੌਲਾਂ ਤੋਂ ਕਾਫੀ ਵਾਧਾ ਪਾਇਆ ਗਿਆ। ਪਰੰਤੂ ਇਸ ਵਿਧੀ ਨਾਲ ਵੀ ਅਗੇਤੀ ਬਿਜਾਈ ਵਾਲੀ ਫ਼ਸਲ ਵਿਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਵਿਚ 4 ਫ਼ੀਸਦੀ ਅਤੇ 14 ਫ਼ੀਸਦੀ ਕ੍ਰਮਵਾਰ ਘਾਟਾ ਪਾਇਆ ਗਿਆ।


-ਰਣਵੀਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਮਾਂਗਟ
ਫੋਨ : 9888310070

ਮਿਆਰੀ ਰਸਾਇਣਾਂ ਦੀ ਵਰਤੋਂ ਸੂਝਬੂਝ ਨਾਲ ਕਰੋ

ਖੇਤੀ ਸਬੰਧੀ ਕਾਨਫ਼ਰੰਸਾਂ ਤੇ ਸੈਮੀਨਾਰਾਂ ਦੀ ਵਿਚ ਭੂਮਿਕਾ ਭਾਰਤ ਨੂੰ ਖੇਤੀ ਪ੍ਰਧਾਨ ਮੁਲਕ ਕਹਿ ਕੇ ਅਤੇ ਪੰਜਾਬ ਨੂੰ ਇਸ ਖੇਤਰ ਵਿਚ ਸਭ ਨਾਲੋਂ ਮੋਹਰੀ ਸੂਬਾ ਕਹਿ ਕੇ ਬੰਨ੍ਹੀ ਜਾਂਦੀ ਹੈ। ਖੇਤੀ ਭਾਰਤ ਦੀ ਆਰਥਕਿਤਾ ਦੀ ਰੀੜ੍ਹ ਦੀ ਹੱਡੀ ਹੈ। ਭਾਵੇਂ ਇਸ ਦਾ ਯੋਗਦਾਨ ਜੀ. ਡੀ. ਪੀ. 'ਚ ਮਤਵਾਤਰ ਘਟ ਕੇ 17 ਫ਼ੀਸਦੀ ਅਤੇ ਪੰਜਾਬ ਦਾ 14 ਫ਼ੀਸਦੀ ਰਹਿ ਗਿਆ, ਖੇਤੀ ਅਜੇ ਵੀ 52 ਫ਼ੀਸਦੀ ਜਨਸੰਖਿਆ ਨੂੰ ਰੁਜ਼ਗਾਰ ਮੁਹਈਆ ਕਰਨ ਦਾ ਸਾਧਨ ਹੈ। ਭਾਰਤ ਵਿਸ਼ਵ ਦੀ 18 ਫ਼ੀਸਦੀ ਆਬਾਦੀ ਨੂੰ 2.4 ਫ਼ੀਸਦੀ ਭੂਮੀ ਅਤੇ 4 ਫ਼ੀਸਦੀ ਪਾਣੀ ਉਪਲਬਧ ਹੋਣ ਨਾਲ ਵੀ ਖੁਰਾਕ ਮੁਹਈਆ ਕਰਦਾ ਹੈ। ਭਾਰਤ ਦੀ ਬਰਾਮਦ 'ਚ ਵੀ ਖੇਤੀ ਦਾ ਅਹਿਮ ਯੋਗਦਾਨ ਹੈ। ਸੰਨ 2010 ਤੋਂ ਬਾਅਦ ਖੇਤੀ ਬਰਾਮਦ ਦਾ ਵਿਕਾਸ 28 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ। ਸੰਨ 2013-14 'ਚ 47 ਬਿਲੀਅਨ ਡਾਲਰ ਦੀ ਬਰਾਮਦ ਹੋਈ ਜੋ ਦਰਾਮਦ ਨਾਲੋਂ 22.57 ਬਿਲੀਅਨ ਡਾਲਰ ਵੱਧ ਸੀ। ਜਦੋਂ ਕਿ ਚੀਨ (ਜਿਸ ਦਾ ਖੇਤੀ ਉਤਪਾਦਨ 'ਚ ਵਿਸ਼ਵ 'ਚ ਭਾਰਤ ਦੇ ਦੂਜੇ ਸਥਾਨ ਦੇ ਮੁਕਾਬਲੇ ਪਹਿਲਾ ਸਥਾਨ ਹੈ) ਨੇ 95.30 ਬਿਲੀਅਨ ਡਾਲਰ ਦੀ ਦਰਾਮਦ ਨਿਰਯਾਤ ਦੇ ਮੁਕਾਬਲੇ ਵਧ ਕੀਤੀ। ਖੇਤੀ ਨਿਰਯਾਤ ਵਿਚ ਵਿਸ਼ਵ 'ਚ ਭਾਰਤ ਦਾ ਛੇਵਾਂ ਸਥਾਨ ਹੈ। ਭਾਰਤ ਦਾ ਖੇਤੀ ਖੇਤਰ, ਸੇਵਾ ਅਤੇ ਮੈਨੂਫੈਕਚਰਿੰਗ ਖੇਤਰਾਂ ਦੇ ਮੁਕਾਬਲੇ ਵੀ ਜ਼ਿਆਦਾ ਪ੍ਰਗਤੀ ਦਿਖਾ ਰਿਹਾ ਹੈ। ਇਸ ਵੇਲੇ ਭਾਰਤ ਚੌਲਾਂ ਦਾ ਸਭ ਦੇਸ਼ਾਂ ਦੇ ਮੁਕਾਬਲੇ ਵੱਡਾ ਬਰਾਮਦਕਾਰ ਹੈ। ਇਸ ਸਾਲ ਅਨਾਜ ਦੀਆਂ ਫ਼ਸਲਾਂ ਦਾ ਉਤਪਾਦਨ 273 ਮਿਲੀਅਨ ਟਨ ਅਤੇ ਫ਼ਲਾਂ ਤੇ ਸਬਜ਼ੀਆਂ ਦਾ 287 ਮਿਲੀਅਨ ਟਨ ਹੋਇਆ, ਜੋ ਇਕ ਰਿਕਾਰਡ ਹੈ।
ਖੇਤੀ ਉਤਪਾਦਨ ਦੇ ਵਿਕਾਸ ਤੇ ਉਪਜ ਦੇ ਵਾਧੇ ਵਿਚ ਨੁਮਾਇਆ ਭੂਮਿਕਾ ਹਰੀ ਕ੍ਰਾਂਤੀ ਦੀ ਹੈ। ਉਤਪਾਦਨ ਤੇ ਉਤਪਾਦਕਤਾ ਵਧਾਉਣ ਲਈ ਰਸਾਇਣਾਂ ਤੇ ਕੀਮਿਆਈ ਖਾਦਾਂ ਦਾ ਮੁੱਖ ਤੌਰ 'ਤੇ ਯੋਗਦਾਨ ਹੈ ਭਾਵੇਂ ਇਹ ਸਿੰਜਾਈ ਦੇ ਸਾਧਨ ਹੋਣ ਵਜੋਂ ਹੋਵੇ। ਭਾਰਤ ਵਿਚ 191 ਮਿਲੀਅਨ ਹੈਕਟੇਅਰ ਕਾਸ਼ਤ ਯੋਗ ਰਕਬੇ ਵਿਚੋਂ ਕੇਵਲ 63 ਮਿਲੀਅਨ ਹੈਕਟੇਅਰ ਰਕਬਾ ਸਿੰਜਾਈ ਅਧੀਨ ਹੈ ਜਦੋਂ ਕਿ ਪੰਜਾਬ 'ਚ ਇਹ ਰਕਬਾ 98 ਫ਼ੀਸਦੀ ਹੈ। ਇਸੇ ਲਈ ਪੰਜਾਬ 'ਚ ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਰਸਾਇਣਾਂ ਤੇ ਕੀਮਿਆਈ ਖਾਦਾਂ ਦਾ ਪ੍ਰਯੋਗ ਕੁੱਝ ਵੱਧ ਹੈ। ਰਸਾਇਣਾਂ ਦੀ ਵਰਤੋਂ ਕਈ ਥਾਵਾਂ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖਾਦਾਂ ਤੇ ਰਸਾਇਣਾਂ ਤੋਂ ਬਿਨਾਂ ਉਤਪਾਦਨ ਦੀ ਪੱਧਰ ਬਚਾਈ ਨਹੀਂ ਰੱਖੀ ਜਾ ਸਕਦੀ। ਭਾਰਤ ਤਾਂ ਦੂਜੇ ਹੋਰ ਦੇਸ਼ਾਂ ਦੇ ਮੁਕਾਬਲੇ ਰਸਾਇਣਾਂ ਬਹੁਤ ਘੱਟ ਵਰਤ ਹੀ ਰਿਹਾ ਹੈ ਪੰਜਾਬ ਵਿਚ ਵੀ ਇਨ੍ਹਾਂ ਦਾ ਪ੍ਰਯੋਗ ਮੁਕਾਬਲਤਨ ਘੱਟ ਹੈ।
ਫਿਰ ਵੀ ਲੋੜ ਇਸ ਗੱਲ ਦੀ ਹੈ ਕਿ ਰਸਾਇਣਾਂ ਦੀ ਵਰਤੋਂ ਮਨੁੱਖ ਦੀ ਸਿਹਤ, ਜ਼ਮੀਨ ਅਤੇ ਵਾਤਾਵਰਨ ਲਈ ਹਾਨੀਕਾਰਕ ਨਾ ਹੋਵੇ। ਇਸ ਲਈ ਰਸਾਇਣਾਂ ਦੀ ਵਰਤੋਂ ਸੂਝਬੂਝ ਤੇ ਵਿਗਿਆਨਕ ਵਿਧੀਆਂ ਨਾਲ ਕੀਤੇ ਜਾਣ ਦੀ ਲੋੜ ਹੈ। ਜਿਸ ਨਾਲ ਇਹ ਵਧੇਰੇ ਪ੍ਰਭਾਵਸ਼ਾਲੀ ਵੀ ਹੋਣਗੀਆਂ ਅਤੇ ਇਨ੍ਹਾਂ ਦੀ ਖਪਤ 'ਚ ਕਮੀ ਵੀ ਆਵੇਗੀ। ਵਿਗਿਆਨਕ ਢੰਗ ਨਾਲ ਵਰਤੋਂ ਵਿਚ ਸਹੀ ਰਸਾਇਣ, ਸਹੀ ਖੁਰਾਕ ਅਤੇ ਛਿੜਕਾਅ ਸਬੰਧੀ ਸਹੀ ਢੰਗ ਵਰਤਣ ਦੀ ਲੋੜ ਹੈ। ਨਕਲੀ ਤੇ ਗ਼ੈਰ-ਮਿਆਰੀ ਰਸਾਇਣਾਂ ਜਿਨ੍ਹਾਂ ਦਾ ਮੰਡੀ 'ਚ 30 ਫ਼ੀਸਦੀ ਤੱਕ ਹਿੱਸਾ ਹੈ, ਦੀ ਵਰਤੋਂ 'ਤੇ ਕਾਬੂ ਪਾਉਣ ਦੀ ਲੋੜ ਹੈ। ਵਿਗਿਆਨੀਆਂ ਤੇ ਖੇਤੀਬਾੜੀ ਯੂਨੀਵਰਸਿਟੀ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਇਸ ਸਬੰਧੀ ਕਿਸਾਨਾਂ ਨੂੰ ਸਹੀ ਅਗਵਾਈ ਦਿੱਤੀ ਜਾਵੇ ਅਤੇ ਖੇਤੀ ਪ੍ਰਸਾਰ ਸੇਵਾ ਮਜ਼ਬੂਤ ਤੇ ਨਿਪੁੰਨ ਕੀਤੀ ਜਾਵੇ। ਖੇਤੀਬਾੜੀ ਵਿਭਾਗ ਇਹ ਯਕੀਨੀ ਬਣਾਉਣ ਕਿ ਨਕਲੀ ਤੇ ਗ਼ੈਰ-ਮਿਆਰੀ ਰਸਾਇਣਾਂ ਮੰਡੀ 'ਚ ਕਿਸਾਨਾਂ ਨੂੰ ਮੁਹਈਆ ਨਾ ਹੋਣ। ਇਸ ਵੇਲੇ ਕਈ ਥਾਵਾਂ 'ਤੇ ਵਿਕਰੇਤਾਵਾਂ ਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦੀ ਇਸ ਕਿੱਲਤ 'ਚ ਮਿਲੀਭੁਗਤ ਦੀਆਂ ਰਿਪੋਰਟਾਂ ਹਨ। ਕਿਸਾਨਾਂ ਨੂੰ ਉਹੀ ਰਸਾਇਣਾਂ ਵਰਤਣੀਆਂ ਚਾਹੀਦੀਆਂ ਹਨ ਜੋ ਵੱਡੀਆਂ ਮਿਆਰੀ ਐਗਰੋ ਕੈਮੀਕਲਜ਼ ਕੰਪਨੀਆਂ, ਮਾਹਿਰਾਂ ਤੇ ਖੇਤੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਜਾਣ।
ਸੰਨ 2030 ਤੱਕ ਅਨਾਜ ਦੀ ਲੋੜ ਵਧ ਕੇ 355 ਮਿਲੀਅਨ ਟਨ ਤੱਕ ਹੋ ਜਾਵੇਗੀ। ਸੰਨ 2022 ਤੱਕ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਨਿਸ਼ਾਨਾ ਰੱਖਿਆ ਗਿਆ ਹੈ। ਸੰਨ 1940 ਤੋਂ ਬਾਅਦ ਮਤਵਾਤਰ ਕੀੜੇ-ਮਕੌੜਿਆਂ ਅਤੇ ਫ਼ਸਲਾਂ ਦੀਆਂ ਬਿਮਾਰੀਆਂ 'ਚ ਵਾਧਾ ਹੁੰਦਾ ਗਿਆ। ਇਹ ਵਾਧਾ ਝੋਨੇ ਅਤੇ ਨਰਮੇ ਦੀ ਫ਼ਸਲ 'ਤੇ ਜ਼ਿਆਦਾ ਸ਼ਿੱਦਤ ਨਾਲ ਹੋਇਆ। ਇਸ ਲਈ ਇਹ ਟੀਚੇ ਪ੍ਰਾਪਤ ਕਰਨ ਲਈ ਰਸਾਇਣਾਂ ਅਤੇ ਕੀਮਿਆਈ ਖਾਦਾਂ ਦੀ ਵਰਤੋਂ ਜ਼ਰੂਰੀ ਹੈ। ਲੋੜ ਇਸ ਵਰਤੋਂ ਨੂੰ ਸਹੀ ਲੀਹਾਂ 'ਤੇ ਲਿਆਉਣ ਦੀ ਹੈ। ਕੀੜੇ-ਮਕੌੜਿਆਂ ਦੇ ਹਮਲੇ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਕਾਰਨ 15 ਤੋਂ 25 ਫ਼ੀਸਦੀ ਉਤਪਾਦਨ ਘਟ ਜਾਂਦਾ ਹੈ। ਇਕ ਸਾਲ ਪਹਿਲਾਂ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜੋ ਨੁਕਸਾਨ ਹੋਇਆ ਜੇ ਉਸ ਨੂੰ ਪਿਛਲੇ ਸਾਲ ਕਾਬੂ ਨਾ ਕੀਤਾ ਜਾਂਦਾ ਤਾਂ ਨਰਮੇ ਦੀ ਕਾਸ਼ਤ ਥੱਲੇ ਰਕਬੇ 'ਚ ਐਨੀ ਜ਼ਿਆਦਾ ਕਮੀ ਆ ਜਾਂਦੀ ਕਿ ਫ਼ਸਲੀ ਵਿਭਿੰਨਤਾ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ। ਰਸਾਇਣਾਂ ਦੇ ਪ੍ਰਯੋਗ ਅਤੇ ਪੌਦ ਸੁਰੱਖਿਆ ਨੂੰ ਤਰਕਸੰਗਤ ਬਣਾਉਣ ਲਈ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ 30 ਫ਼ੀਸਦੀ ਤੱਕ ਵਿਕ ਰਹੀਆਂ ਨਕਲੀ ਤੇ ਗ਼ੈਰ-ਮਿਆਰੀ ਰਸਾਇਣਾਂ ਦਾ ਭੋਗ ਪਾਇਆ ਜਾਵੇ ਅਤੇ ਕਿਸਾਨਾਂ ਨੂੰ ਸਹੀ ਢੰਗ ਨਾਲ ਰਸਾਇਣਾਂ ਦੀ ਵਰਤੋਂ ਕਰਨ ਲਈ ਯੋਗ ਅਗਵਾਈ ਦਿੱਤੀ ਜਾਵੇ।
ਇਹ ਜ਼ਰੂਰੀ ਹੈ ਕਿ ਖਣਿਜ ਪਦਾਰਥਾਂ ਵਿਚ ਜ਼ਹਿਰਾਂ ਦੇ ਅੰਸ਼ ਨਾ ਰਹਿਣ। ਇਹ ਸਮੱਸਿਆ ਮਾਹਿਰਾਂ ਅਨੁਸਾਰ ਕਣਕ, ਝੋਨੇ 'ਚ ਨਹੀਂ, ਸਬਜ਼ੀਆਂ 'ਚ ਆਉਂਦੀ ਹੈ। ਉਤਪਾਦਕ ਸਬਜ਼ੀਆਂ 'ਤੇ ਜ਼ਹਿਰਾਂ ਦਾ ਛਿੜਕਾਅ ਕਰ ਕੇ ਨੀਯਤ ਸਮੇਂ ਤੋਂ ਪਹਿਲਾਂ ਹੀ ਤੋੜ ਕੇ ਮੰਡੀ 'ਚ ਲੈ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਦੇ ਅੰਸ਼ ਸਬਜ਼ੀ 'ਚ ਰਹਿ ਜਾਂਦੇ ਹਨ ਅਤੇ ਖਪਤਕਾਰਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਇਸ ਸਬੰਧੀ ਉਤਪਾਦਕਾਂ ਨੂੰ ਸਹੀ ਅਗਵਾਈ ਦੇਣ ਦੀ ਲੋੜ ਹੈ। ਜਿਸ ਲਈ ਬਾਗ਼ਬਾਨੀ ਵਿਭਾਗ ਨੂੰ ਲਾਮਬੰਦ ਹੋਣਾ ਪਵੇਗਾ। ਕਿਸਾਨਾਂ ਦਾ ਹੁਣ ਝੁਕਾਅ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਵੱਲ ਵੱਧ ਰਿਹਾ ਹੈ। ਭਾਰਤ 'ਚ ਤਾਂ ਅਨਾਜ ਦੀਆਂ ਫ਼ਸਲਾਂ ਨਾਲੋਂ ਹੁਣ ਵੀ ਸਬਜ਼ੀਆਂ ਤੇ ਫ਼ਲਾਂ ਦਾ ਉਤਪਾਦਨ ਵਧ ਹੋ ਰਿਹਾ ਹੈ। ਪੰਜਾਬ 'ਚ ਵੀ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਥੱਲੇ ਰਕਬਾ ਵਧ ਰਿਹਾ ਹੈ। ਚੀਨ ਨੂੰ ਮਿਲਾ ਕੇ ਭਾਰਤ ਵਿਸ਼ਵ ਦੇ ਸਬਜ਼ੀਆਂ ਅਤੇ ਫ਼ਲਾਂ ਦੇ ਉਤਪਾਦਨ ਦਾ 2/3 ਮੁਹਈਆ ਕਰਦਾ ਹੈ। ਆਈ. ਸੀ. ਏ. ਆਰ. ਦੀ ਰਿਪੋਰਟ ਮੁਤਾਬਕ ਸਬਜ਼ੀਆਂ ਦੇ 113744 ਭਰੇ ਗਏ ਨਮੂੁਨਿਆਂ 'ਚੋਂ ਕੇਵਲ 2 ਫ਼ੀਸਦੀ ਨਮੂੁਨਿਆਂ 'ਚ ਜ਼ਹਿਰਾਂ ਦਾ ਅੰਸ਼ ਪ੍ਰਮਾਣਿਤ ਸੀਮਾ ਤੋਂ ਵੱਧ ਪਾਇਆ ਗਿਆ। ਪਰ ਇਸ 'ਤੇ ਵੀ ਕਾਬੂ ਪਾਉਣ ਦੀ ਲੋੜ ਹੈ।


-ਮੋਬਾ: 98152-36307

ਅਵਾਰਾ ਪਸ਼ੂ!

ਅੱਜ ਕਿਸੇ ਵੀ ਸ਼ਹਿਰ ਜਾਂ ਕਸਬੇ ਜਾਂ ਮੰਡੀ ਵਿਚ ਚਲੇ ਜਾਓ, ਹਰ ਪਾਸੇ ਤੁਹਾਨੂੰ ਅਵਾਰਾ ਪਸ਼ੂਆਂ ਦੇ ਝੁੰਡ ਮਿਲ ਜਾਣਗੇ। ਇਹ ਸੜਕ ਦੇ ਵਿਚਕਾਰ ਬੈਠੇ ਵੀ ਹੋ ਸਕਦੇ ਹਨ, ਲੰਘ ਰਹੇ ਵੀ ਹੁੰਦੇ ਹਨ ਤੇ ਕਈ ਵਾਰੀ ਆਪਸ ਵਿਚ ਲੜ ਵੀ ਰਹੇ ਹੁੰਦੇ ਹਨ। ਇਹ ਕਿਸੇ ਵੀ ਕਿਸਮ ਦਾ ਕੂੜਾ ਕਰਕਟ ਤੇ ਪਲਾਸਟਿਕ ਦੇ ਲਿਫਾਫੇ ਵੀ ਖਾ ਜਾਂਦੇ ਹਨ। ਇਹ ਹਰ ਉਮਰ ਦੇ ਹੁੰਦੇ ਹਨ, ਪਰ ਇਨ੍ਹਾਂ ਵਿਚ ਗਾਵਾਂ ਹੁਣ ਬਹੁਤ ਘੱਟ ਹੁੰਦੀਆਂ ਹਨ, ਬਹੁਤੇ ਸਾਨ੍ਹ ਹੀ ਹੁੰਦੇ ਹਨ। ਇਹ ਹੈਰਾਨੀਜਨਕ ਹੈ ਕਿ ਸਿਰਫ ਢੱਠੇ ਹੀ ਕਿਉਂ ਸੜਕਾਂ 'ਤੇ ਫਿਰਦੇ ਹਨ ? ਹੋਰ ਗੱਲ ਇਹ ਵੀ ਜਾਨਣ ਵਾਲੀ ਹੈ ਕਿ ਪੇਂਡੂ ਖੇਤਾਂ ਵਿਚ ਇਹ ਘੱਟ ਹੁੰਦੇ ਹਨ, ਸਿਰਫ ਕਸਬਿਆਂ, ਮੰਡੀਆਂ ਤੇ ਸ਼ਹਿਰਾਂ ਦੇ ਲਾਗੇ ਜਾਂ ਮੁੱਖ ਸੜਕਾਂ 'ਤੇ ਇਹ ਵਧੇਰੇ ਹੁੰਦੇ ਹਨ। ਹਰ ਸਾਲ ਇਨ੍ਹਾਂ ਕਰਕੇ ਸੈਂਕੜੇ ਐਕਸੀਡੈਂਟ ਹੁੰਦੇ ਹਨ ਤੇ ਦਰਜਨਾਂ ਜਾਨਾਂ ਜਾਂਦੀਆਂ ਹਨ। ਇਸ ਖਾਸ ਕਿਸਮ ਦੇ ਵਰਤਾਰੇ ਲਈ ਕੌਣ ਜ਼ਿੰਮੇਵਾਰ ਹੈ? ਤੇ ਕੀ ਕੋਈ ਹੱਲ ਹੈ? ਕੁਦਰਤ ਦੇ ਕਿਸੇ ਵੀ ਜੀਵ ਨੂੰ ਜਿਊਣ ਦਾ ਪੂਰਾ ਹੱਕ ਹੈ, ਪਰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਲੋਕ ਪਸ਼ੂਆਂ ਦੀ ਸੰਭਾਲ ਲਈ ਗਰਾਂਟਾਂ ਲੈਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਾਰੇ ਅਵਾਰਾ ਪਸ਼ੂਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।


ਮੋਬਾ: 98159-45018

ਨਰਮੇ-ਕਪਾਹ ਦੀਆਂ ਮੁੱਖ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੱਤਿਆਂ ਉਤੇ ਉੱਲੀਆਂ ਦੇ ਧੱਬੇ
ਨਰਮੇ-ਕਪਾਹ ਦੀ ਫ਼ਸਲ ਉਤੇ ਅਲਟਰਨੇਰੀਆ ਅਤੇ ਮਾਇਰੋਥੀਸ਼ੀਅਮ ਆਦਿ ਨਾਂਅ ਦੀਆਂ ਉੱਲੀਆਂ ਹਮਲਾ ਕਰਦੀਆਂ ਹਨ, ਜਿਸ ਕਰਕੇ ਪੱਤਿਆਂ ਉਪਰ ਵੱਖ-ਵੱਖ ਤਰ੍ਹਾਂ ਦੇ ਧੱਬੇ ਪੈ ਜਾਂਦੇ ਹਨ ਜੇਕਰ ਇਨ੍ਹਾਂ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਝਾੜ ਦਾ ਵੱਧ ਨੁਕਸਾਨ ਹੁੰਦਾ ਹੈ। ਅਲਟਰਨੇਰੀਆ ਦੇ ਹਮਲੇ ਕਾਰਨ ਪੱਤਿਆਂ ਉਤੇ ਹਲਕੇ ਪੀਲੇ ਤੋਂ ਭੂਰੇ ਰੰਗ ਦੇ ਬੇਢੰਗੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿਚ ਗੂੜ੍ਹੇ ਹੋ ਜਾਂਦੇ ਹਨ ਅਤੇ ਇਨ੍ਹਾਂ ਧੱਬਿਆਂ ਵਿਚ ਗੋਲ ਧਾਰੀਆਂ ਵੀ ਬਣ ਜਾਂਦੀਆਂ ਹਨ। ਬਿਮਾਰੀ ਦਾ ਹਮਲਾ ਜ਼ਿਆਦਾ ਹੋਣ ਕਰਕੇ ਪੱਤੇ ਸੁੱਕ ਕੇ ਝੜ ਜਾਂਦੇ ਹਨ। ਆਮ ਤੌਰ 'ਤੇ ਇਸ ਰੋਗ ਦਾ ਹਮਲਾ ਮਾੜੀਆਂ ਜ਼ਮੀਨਾਂ ਵਿਚ ਲਗਾਈ ਫ਼ਸਲ 'ਤੇ ਜ਼ਿਆਦਾ ਹੁੰਦਾ ਹੈ। ਇਸ ਰੋਗ ਦੀ ਉੱਲੀ ਦੇ ਵਿਛਾਣੂੰ ਫ਼ਸਲ ਦੀ ਰਹਿੰਦ-ਖੂੰਹਦ ਵਿਚ ਪਲਦੇ ਰਹਿੰਦੇ ਹਨ।
ਮਾਇਰੋਥੀਸ਼ੀਅਮ ਨਾਂਅ ਦੀ ਉੱਲੀ ਦੇ ਹਮਲੇ ਕਾਰਨ ਪੱਤਿਆਂ ਅਤੇ ਟੀਂਡਿਆਂ ਉਤੇ ਗੋਲ ਭੂਰੇ ਰੰਗ ਦੇ ਜਾਮਣੀ ਕਿਨਾਰਿਆਂ ਵਾਲੇ ਧੱਬੇ ਪੈ ਜਾਂਦੇ ਹਨ। ਇਨ੍ਹਾਂ ਧੱਬਿਆਂ ਉਤੇ ਬਾਅਦ ਵਿਚ ਕਾਲੇ ਰੰਗ ਦੇ ਟਿਮਕਣੇ ਜਿਹੇ ਧੱਬੇ ਪੈਦਾ ਹੋ ਜਾਂਦੇ ਹਨ। ਤੇਜ਼ ਹਵਾ ਕਾਰਨ ਇਹ ਧੱਬੇ ਵਿਚੋਂ ਡਿੱਗ ਪੈਂਦੇ ਹਨ, ਜਿਸ ਕਰਕੇ ਪੱਤਿਆਂ ਵਿਚੋਂ ਛੇਕ ਨਜ਼ਰ ਆਉਂਦੇ ਹਨ। ਮੀਂਹ ਅਤੇ ਜ਼ਿਆਦਾ ਨਮੀ ਵਾਲੀਆਂ ਹਾਲਤਾਂ ਇਸ ਬਿਮਾਰੀ ਦੇ ਵਾਧੇ ਵਿਚ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਭਾਰੀ ਫ਼ਸਲ ਵਾਲੇ ਖੇਤਾਂ ਵਿਚ ਵੀ ਇਸ ਬਿਮਾਰੀ ਦਾ ਵਾਧਾ ਜ਼ਿਆਦਾ ਹੁੰਦਾ ਹੈ। ਇਹ ਉੱਲੀ ਬੀਜ ਅਤੇ ਫ਼ਸਲ ਦੀ ਰਹਿੰਦ-ਖੂੰਹਦ ਵਿਚ ਪਲਦੀ ਰਹਿੰਦੀ ਹੈ।
ਉੱਲੀ ਦੇ ਧੱਬਿਆਂ ਦੀ ਰੋਕਥਾਮ ਲਈ 500 ਗ੍ਰਾਮ ਬਲਾਈਟੌਕਸ ਜਾਂ ਕੈਪਟਾਨ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ 15-20 ਦਿਨਾਂ ਦੇ ਵਕਫੇ 'ਤੇ ਛਿੜਕਾਅ ਕਰੋ। ਪਹਿਲਾ ਛਿੜਕਾਅ ਮੀਂਹ ਪੈਣ ਤੋਂ ਬਾਅਦ ਸ਼ੁਰੂ ਕਰੋ। ਇਨ੍ਹਾਂ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਨੂੰ ਰੋਕਣ ਲਈ 2-3 ਛਿੜਕਾਅ ਕਾਫੀ ਹਨ ਪਰ ਪਹਿਲਾ ਛਿੜਕਾਅ ਮੌਨਸੂਨ ਦਾ ਮੀਂਹ ਪੈਣ ਤੋਂ ਤੁਰੰਤ ਬਾਅਦ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਫ਼ਸਲ ਲੈਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਖੇਤ ਵਿਚੋਂ ਕੱਢ ਕੇ ਬਾਲਣ ਦੇ ਤੌਰ 'ਤੇ ਵਰਤ ਲਵੋ।
ਜੜ੍ਹਾਂ ਦਾ ਗਲਣਾ
ਉੱਲੀ ਕਾਰਨ ਬੂਟਿਆਂ ਦੀਆਂ ਜੜ੍ਹਾਂ ਗਲ੍ਹ ਜਾਂਦੀਆਂ ਹਨ। ਛਿਲੜ ਅੰਦਰੋਂ ਕਾਲੇ ਹੋ ਜਾਂਦੇ ਹਨ ਅਤੇ ਰੇਸ਼ੇਦਾਰ ਬਣ ਜਾਂਦੇ ਹਨ। ਰੋਗੀ ਬੂਟੇ ਆਸਾਨੀ ਨਾਲ ਪੁੱਟੇ ਜਾ ਸਕਦੇ ਹਨ ਜਿਨ੍ਹਾਂ ਦੀਆਂ ਛੋਟੀਆਂ ਜੜ੍ਹਾਂ ਗਲ੍ਹੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਇਹ ਰੋਗ ਗੋਲਦਾਰਿਆਂ/ਧੋੜੀਆਂ ਦੇ ਰੂਪ ਵਿਚ ਫੈਲਦਾ ਹੈ। ਇਸ ਦਾ ਹਮਲਾ ਦੇਸੀ ਕਪਾਹ ਅਤੇ ਨਰਮਾ ਦੋਵਾਂ 'ਤੇ ਨਜ਼ਰ ਆਉਂਦਾ ਹੈ । ਇਸ ਰੋਗ ਨਾਲ ਪ੍ਰਭਾਵਿਤ ਖੇਤਾਂ ਵਿਚ 3-4 ਸਾਲ ਲਈ ਫ਼ਸਲੀ ਚੱਕਰ ਅਪਣਾਓ ।
ਦੇਸੀ ਕਪਾਹ ਦਾ ਸੋਕੜਾ ਰੋਗ
ਇਸ ਰੋਗ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਜੋ ਬਾਅਦ ਵਿਚ ਭੂਰੇ ਹੋ ਕੇ ਧਰਤੀ 'ਤੇ ਡਿੱਗ ਪੈਂਦੇ ਹਨ। ਇਹ ਰੋਗ ਪੱਤਿਆਂ ਦੇ ਕੰਢਿਆਂ ਤੋਂ ਸ਼ੁਰੂ ਹੋ ਕੇ ਵਿਚਕਾਰਲੀ ਨਾੜ ਵੱਲ ਵਧਦਾ ਜਾਂਦਾ ਹੈ। ਪਹਿਲਾਂ ਇਸ ਰੋਗ ਦਾ ਅਸਰ ਪੁਰਾਣੇ ਪੱਤਿਆਂ 'ਤੇ ਪੈਂਦਾ ਹੈ ਅਤੇ ਬਾਅਦ ਵਿਚ ਨਵੇਂ ਪੱਤੇ ਵੀ ਇਸ ਦੀ ਮਾਰ ਹੇਠਾਂ ਆ ਜਾਂਦੇ ਹਨ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਪੂਰੇ ਜਾਂ ਅੱਧ-ਪਚੱਧੇ ਕੁਮਲਾਅ ਜਾਂਦੇ ਹਨ। ਕਈ ਵਾਰੀ ਇਸ ਦਾ ਅਸਰ ਇੱਕ ਪਾਸੇ ਹੁੰਦਾ ਹੈ, ਜਿਸ ਕਰਕੇ ਇਕ ਪਾਸਾ ਮਾਰਿਆ ਜਾਂਦਾ ਹੈ ਅਤੇ ਦੂਸਰਾ ਪਾਸਾ ਤੰਦਰੁਸਤ ਰਹਿੰਦਾ ਹੈ। ਇਸ ਰੋਗ ਦੀ ਉੱਲੀ ਬੂਟਿਆਂ ਦੀਆਂ ਜੜ੍ਹਾਂ ਰਾਹੀਂ ਹਮਲਾ ਕਰਦੀ ਹੈ, ਜਿਸ ਕਰਕੇ ਬੂਟੇ ਦੀਆਂ ਖੁਰਾਕ ਅਤੇ ਪਾਣੀ ਲੈ ਜਾਣ ਵਾਲੀਆਂ ਨਾੜਾਂ ਪ੍ਰਭਾਵਿਤ ਹੋ ਜਾਂਦੀਆਂ ਹਨ। ਬੂਟੇ ਨੂੰ ਪਾਣੀ ਅਤੇ ਖੁਰਾਕ ਦੀ ਸਪਲਾਈ ਨਹੀਂ ਮਿਲਦੀ ਜਿਸ ਕਰਕੇ ਇਹ ਮੁਰਝਾ ਕੇ ਸੁੱਕ ਜਾਂਦੇ ਹਨ । ਜੇਕਰ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਨੂੰ ਪਾੜ ਕੇ ਦੇਖਿਆ ਜਾਵੇ ਤਾਂ ਖੁਰਾਕ ਲੈ ਜਾਣ ਵਾਲੀਆਂ ਨਾੜਾਂ ਕਾਲੀਆਂ ਭੂਰੀਆਂ ਨਜ਼ਰ ਆਉਂਦੀਆਂ ਹਨ। ਦੇਸੀ ਕਪਾਹ ਦੇ ਬੀਜ ਦੀ ਸੁਧਾਈ ਲਈ 2 ਗ੍ਰਾਮ ਡੈਰੋਸਿਲ ਜਾਂ ਬਾਵਿਸਟਨ ਪ੍ਰਤੀ ਕਿੱਲੋ ਬੀਜ ਦੀ ਵਰਤੋਂ ਕਰੋ। ਇਸ ਰੋਗ ਨਾਲ ਪ੍ਰਭਾਵਿਤ ਖੇਤਾਂ ਵਿਚ ਦੇਸੀ ਕਪਾਹ ਦੀਆਂ ਕਿਸਮਾਂ ਜਿਵੇਂ ਕਿ ਐਲ. ਡੀ. 949 ਅਤੇ ਐਲ. ਡੀ. 327 ਦੀ ਕਾਸ਼ਤ ਕਰੋ ਕਿਉਂਕਿ ਇਹ ਕਿਸਮਾਂ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ। ਰੋਗੀ ਖੇਤਾਂ ਵਿਚ 5-6 ਸਾਲਾਂ ਲਈ ਕਪਾਹ ਦੀ ਫ਼ਸਲ ਨਾ ਬੀਜੋ ਸਗੋਂ ਇਨ੍ਹਾਂ ਖੇਤਾਂ ਵਿਚ ਤੁਸੀਂ ਨਰਮੇ ਦੀ ਕਾਸ਼ਤ ਕਰੋ ਕਿਉਂਕਿ ਇਹ ਰੋਗ ਨਰਮੇ 'ਤੇ ਨਹੀਂ ਲੱਗਦਾ। ਇਸ ਤੋਂ ਇਲਾਵਾ ਰੋਗ ਨਾਲ ਪ੍ਰਭਾਵਿਤ ਬੂਟਿਆਂ ਦੀਆਂ ਛਿੱਟੀਆਂ ਨੂੰ ਪੁੱਟ ਕੇ ਬਾਲਣ ਦੇ ਤੌਰ 'ਤੇ ਵਰਤ ਲਵੋ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਖੇਤਾਂ ਵਿਚ ਰੋਗ ਦੀ ਉੱਲੀ ਦਾ ਅਸਰ ਘਟ ਜਾਵੇਗਾ। (ਸਮਾਪਤ)


-ਅਮਰਜੀਤ ਸਿੰਘ
ਮੋਬਾਈਲ : 94637-47280.

ਝੋਨੇ ਦੇ ਕੀੜਿਆਂ ਦੀ ਸਰਬਪੱਖੀ ਢੰਗਾਂ ਨਾਲ ਰੋਕਥਾਮ ਕਿਵੇਂ ਕਰੀਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ
ਇਸ ਕੀੜੇ ਦੀਆਂ ਸੁੰਡੀਆਂ ਝੁੰਡਾਂ ਵਿਚ ਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਨੂੰ ਸੈਨਿਕ ਸੁੰਡੀਆਂ ਵੀ ਕਹਿੰਦੇ ਹਨ। ਛੋਟੀਆਂ ਸੁੰਡੀਆਂ ਪੌਦੇ ਦੇ ਪੱਤੇ ਖਾਂਦੀਆਂ ਹਨ ਅਤੇ ਪਿੱਛੋਂ ਵਿਚਕਾਰਲੀਆਂ ਨਾੜਾਂ ਅਤੇ ਤਣੇ ਰਹਿ ਜਾਂਦੇ ਹਨ। ਵੱਡੀਆਂ ਸੁੰਡੀਆਂ ਮੁੰਜਰਾਂ ਦੀਆਂ ਡੰਡੀਆਂ ਕੱਟ ਦਿੰਦੀਆਂ ਹਨ ਜਿਸ ਕਰਕੇ ਇਨ੍ਹਾਂ ਨੂੰ ਝੋਨੇ ਦੇ ਸਿੱਟੇ ਕੁਤਰਨ ਵਾਲੀਆਂ ਸੁੰਡੀਆਂ ਕਿਹਾ ਜਾਂਦਾ ਹੈ। ਇਸ ਅਵਸਥਾ ਵਿਚ ਇਹ ਸੁੰਡੀ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਹ ਕੀੜਾ ਝੋਨੇ ਦਾ ਜ਼ਿਆਦਾ ਨੁਕਸਾਨ ਸਤੰਬਰ ਤੋਂ ਨਵੰਬਰ ਤੱਕ ਕਰਦਾ ਹੈ।
ਰੋਕਥਾਮ
ਵਾਹਕ ਢੰਗਾਂ ਰਾਹੀਂ : ਇਸ ਕੀੜੇ ਦੀਆਂ ਸੁੰਡੀਆਂ ਮਿੱਟੀ ਦੀਆਂ ਤਰੇੜਾਂ ਆਦਿ ਵਿਚ ਦਿਨ ਵੇਲੇ ਲੁਕੀਆਂ ਰਹਿੰਦੀਆਂ ਹਨ ਅਤੇ ਬਾਅਦ ਵਿਚ ਕੋਏ ਵੀ ਮਿੱਟੀ ਵਿਚ ਬਣਾਉਂਦੀਆਂ ਹਨ। ਜਿਨ੍ਹਾਂ ਖੇਤਾਂ ਵਿਚ ਇਸ ਦਾ ਹਮਲਾ ਹੋਇਆ ਹੋਵੇ ਉੱਥੇ ਕਟਾਈ ਤੋਂ ਬਾਅਦ ਖੇਤ ਨੂੰ ਡੂੰਘਾ ਵਾਹ ਕੇ ਖੁੱਲ੍ਹਾ ਛੱਡ ਦਿਓ ਤਾਂ ਜੋ ਸੁੰਡੀਆਂ ਧੁੱਪ ਨਾਲ ਮਰ ਜਾਣ ਜਾਂ ਮਿੱਤਰ ਕੀੜੇ / ਪੰਛੀ ਇਨ੍ਹਾਂ ਨੂੰ ਖਾ ਸਕਣ।
ਰਸਾਇਣਕ ਦਵਾਈਆਂ ਰਾਹੀਂ: ਇਸ ਕੀੜੇ ਦੀ ਰੋਕਥਾਮ, 400 ਮਿਲੀਲਿਟਰ ਏਕਾਲਕਸ/ ਕੁਇਨਗਾਰਡ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੇ ਕੀਤੀ ਜਾ ਸਕਦੀ ਹੈ। ਕਿਉਂਕਿ ਇਹ ਸੁੰਡੀਆਂ ਰਾਤ ਦੇ ਸਮੇਂ ਜ਼ਿਆਦਾ ਚੁਸਤ ਅਤੇ ਦਿਨ ਵੇਲੇ ਬੂਟਿਆਂ ਵਿਚ ਅਤੇ ਜ਼ਮੀਨ ਦੀਆਂ ਤਰੇੜਾਂ ਆਦਿ ਵਿਚ ਲੁਕੀਆਂ ਹੁੰਦੀਆਂ ਹਨ, ਇਸ ਲਈ ਛਿੜਕਾਅ ਸ਼ਾਮ ਵੇਲੇ ਹੀ ਕਰੋ।
ਜੜ੍ਹਾਂ ਦੀ ਸੁੰਡੀ
ਇਸ ਕੀੜੇ ਦਾ ਜ਼ਿਆਦਾ ਹਮਲਾ ਰਾਜਪੁਰਾ (ਪਟਿਆਲਾ) ਇਲਾਕੇ ਵਿਚ ਹੁੰਦਾ ਹੈ। ਪਰ ਹੁਣ ਇਸ ਕੀੜੇ ਦਾ ਹਮਲਾ ਪੰਜਾਬ ਦੇ ਦੂਸਰੇ ਇਲਾਕਿਆਂ ਵਿਚ ਵੀ ਵੇਖਣ ਵਿਚ ਆਇਆ ਹੈ। ਇਸ ਕੀੜੇ ਦੀ ਸੁੰਡੀ ਲੱਤਾਂ ਤੋਂ ਬਿਨਾਂ ਅਤੇ ਚਿੱਟੇ ਰੰਗ ਦੀ ਹੁੰਦੀ ਹੈ। ਇਹ ਸੁੰਡੀ ਜੁਲਾਈ ਤੋਂ ਸਤੰਬਰ ਤੱਕ ਜ਼ਮੀਨ ਵਿਚ ਬੂਟੇ ਦੀਆਂ ਜੜ੍ਹਾਂ ਨੂੰ ਖਾਂਦੀ ਹੈ। ਹਮਲੇ ਵਾਲੇ ਬੂਟੇ ਛੋਟੇ ਰਹਿ ਜਾਂਦੇ ਹਨ, ਪੀਲੇ ਪੈ ਜਾਂਦੇ ਹਨ ਅਤੇ ਪੂਰਾ ਜਾੜ ਨਹੀ ਮਾਰਦੇ।
ਰੋਕਥਾਮ
ਵਾਹਕ ਢੰਗਾਂ ਰਾਹੀਂ : ਜਿਨ੍ਹਾਂ ਖੇਤਾਂ ਵਿਚ ਇਸ ਦਾ ਹਮਲਾ ਹੋਇਆ ਹੋਵੇ ਉੱਥੇ ਕਟਾਈ ਤੋਂ ਬਾਅਦ ਖੇਤ ਨੂੰ ਡੂੰਘਾ ਵਾਹ ਕੇ ਖੁੱਲ੍ਹਾ ਛੱਡ ਦਿਓ।
ਰਸਾਇਣਕ ਦਵਾਈਆ ਰਾਹੀਂ : ਹਮਲੇ ਵਾਲੇ ਖੇਤਾਂ ਵਿਚ 3 ਕਿੱਲੋ ਫੌਰਾਟੋਕਸ/ਥਿਮਟ 10 ਜੀ (ਫੋਰੇਟ) ਪ੍ਰਤੀ ਏਕੜ ਦਾਣੇਦਾਰ ਦਵਾਈ ਦਾ ਖੜ੍ਹੇ ਪਾਣੀ ਵਿਚ ਛੱਟਾ ਦੇ ਦਿਉ।
ਚੇਤਾਵਨੀ: ਦਾਣੇਦਾਰ ਦਵਾਈਆਂ ਦੀ ਵਰਤੋਂ ਕਰਨ ਸਮੇਂ ਹੱਥਾਂ ਉੱਪਰ ਰਬੜ ਦੇ ਦਸਤਾਨੇ ਜ਼ਰੂਰ ਪਾਉ। ਇਸ ਦੀ ਵਰਤੋਂ ਕਦੇ ਵੀ ਨੰਗੇ ਹੱਥੀਂ ਨਾ ਕਰੋ। (ਸਮਾਪਥ)


-ਹਰਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਔਲਖ ਅਤੇ ਪ੍ਰੀਤਿੰਦਰ ਸਿੰਘ ਸਰਾਉ
-ਰਿਜਨਲ ਸਟੇਸ਼ਨ, ਪੀ.ਏ.ਯੂ., ਗੁਰਦਾਸਪੁਰ।






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX