ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਹੋਰ ਖ਼ਬਰਾਂ..

ਸਾਡੀ ਸਿਹਤ

ਅਨੇਕ ਫਾਇਦੇ ਹਨ ਕਾਲੀ ਮਿਰਚ ਦੇ

ਕਾਲੀ ਮਿਰਚ ਦੇਖਣ ਵਿਚ ਛੋਟੀ ਜ਼ਰੂਰ ਹੈ ਪਰ ਇਸ ਨੂੰ ਅਨੇਕ ਖਾਧ ਪਦਾਰਥਾਂ ਲਈ ਵਰਤਿਆ ਜਾਂਦਾ ਹੈ। ਜਿਥੇ ਇਹ ਭੋਜਨ ਨੂੰ ਸਵਾਦ ਬਣਾਉਂਦੀ ਹੈ, ਉਥੇ ਕਿਸੇ ਖਰਾਬ ਗੰਧ ਨੂੰ ਠੀਕ ਕਰਨ ਵਿਚ ਵੀ ਸਹਾਇਕ ਹੈ।
ਇਸ ਵਿਚ ਵਿਟਾਮਿਨ 'ਏ' ਅਤੇ 'ਬੀ', ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜਿਥੇ ਇਸ ਵਿਚ ਓਲਿਓਰੇਜਨ ਪਾਈਪੇਰਾਈਨ ਵਰਗੇ ਰਸਾਇਣਕ ਤੱਤ ਹੁੰਦੇ ਹਨ, ਉਥੇ ਇਸ ਵਿਚ ਕਾਫੀ ਮਾਤਰਾ ਵਿਚ ਸ਼ਰਕਰਾ ਵੀ ਪਾਈ ਜਾਂਦੀ ਹੈ। ਕਿਉਂਕਿ ਇਹ ਲਾਰ ਅਤੇ ਪੇਟ ਰਸਾਂ ਦੇ ਵਹਾਅ ਨੂੰ ਉਤੇਜਤ ਕਰਨ ਵਿਚ ਸਹਾਇਕ ਹੁੰਦੀ ਹੈ। ਇਸ ਲਈ ਇਹ ਪੇਟ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ।
ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਨੂੰ ਪੀਸ ਕੇ ਰੱਖ ਲਓ। ਇਸ ਦੀ ਥੋੜ੍ਹੀ ਜਿਹੀ ਮਾਤਰਾ ਸਵੇਰੇ ਇਕ ਗਿਲਾਸ ਕੋਸੇ ਪਾਣੀ ਵਿਚ ਮਿਲਾਓ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਨਿਯਮਤ ਰੂਪ ਨਾਲ ਪੀਓ। ਪੇਟ ਵਿਚ ਕੀੜੇ ਹੋਣ 'ਤੇ ਪੀਸੀ ਕਾਲੀ ਮਿਰਚ ਨੂੰ ਲੱਸੀ ਵਿਚ ਮਿਲਾ ਕੇ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਪੀਓ। ਕੁਝ ਹੀ ਦਿਨਾਂ ਵਿਚ ਕੀੜਿਆਂ ਦੀ ਪ੍ਰੇਸ਼ਾਨੀ ਦੂਰ ਹੋਵੇਗੀ। ਪੇਟ ਵਿਚ ਦਰਦ ਹੋ ਰਹੀ ਹੋਵੇ ਤਾਂ ਕਾਲੀ ਮਿਰਚ, ਹਿੰਗ ਅਤੇ ਸੁੰਢ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਚੂਰਨ ਬਣਾ ਲਓ। ਇਸ ਚੂਰਨ ਦਾ ਅੱਧਾ ਚਮਚਾ ਗਰਮ ਪਾਣੀ ਦੇ ਨਾਲ ਲਓ।
ਇਹ ਪੇਟ ਦੀ ਸਮੱਸਿਆ ਤਾਂ ਦੂਰ ਕਰਦੀ ਹੀ ਹੈ, ਨਾਲ ਹੀ ਇਹ ਪਾਚਣ ਸ਼ਕਤੀ ਵੀ ਵਧਾਉਂਦੀ ਹੈ। ਕਾਲੀ ਮਿਰਚ, ਸੇਂਧਾ ਨਮਕ, ਜ਼ੀਰਾ ਅਤੇ ਸੁੰਢ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ। ਰੋਜ਼ਾਨਾ ਭੋਜਨ ਤੋਂ ਬਾਅਦ ਇਕ ਚਮਚ ਚੂਰਨ ਦਾ ਸੇਵਨ ਪਾਣੀ ਦੇ ਨਾਲ ਕਰੋ।
ਗਲੇ ਨਾਲ ਸਬੰਧਤ ਪ੍ਰੇਸ਼ਾਨੀਆਂ ਤੋਂ ਵੀ ਕਾਲੀ ਮਿਰਚ ਛੁਟਕਾਰਾ ਦਿਵਾਉਂਦੀ ਹੈ। ਜੇ ਗਲਾ ਬੈਠ ਜਾਵੇ ਤਾਂ ਕਾਲੀ ਮਿਰਚ ਅਤੇ ਮਿਸ਼ਰੀ ਚਬਾ ਕੇ ਖਾਓ। ਇਸ ਨਾਲ ਗਲਾ ਤੁਰੰਤ ਖੁੱਲ੍ਹ ਜਾਂਦਾ ਹੈ। ਸੁੱਕੀ ਖੰਘ ਹੋਵੇ ਤਾਂ ਕਾਲੀ ਮਿਰਚ ਅਤੇ ਮਿਸ਼ਰੀ ਨੂੰ ਬਰਾਬਰ ਭਾਗਾਂ ਵਿਚ ਮਿਲਾ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਘਿਓ ਦੇ ਨਾਲ ਸੇਵਨ ਕਰੋ ਅਤੇ ਕਾਲੀ ਮਿਰਚ ਨੂੰ ਭੁੰਨੇ ਜ਼ੀਰੇ ਅਤੇ ਨਮਕ ਦੇ ਨਾਲ ਚੂਸੋ। ਇਸ ਨਾਲ ਵੀ ਖੰਘ ਦੂਰ ਹੁੰਦੀ ਹੈ।
ਦੰਦਾਂ ਵਿਚ ਕੋਈ ਸਮੱਸਿਆ ਹੋਵੇ ਤਾਂ ਕਾਲੀ ਮਿਰਚ ਦੇ ਚੂਰਨ ਨੂੰ ਨਮਕ ਦੇ ਨਾਲ ਮਿਲਾ ਕੇ ਉਸ ਨਾਲ ਮੰਜਨ ਕਰਨਾ ਚਾਹੀਦਾ ਹੈ। ਫੋੜੇ, ਫਿਨਸੀਆਂ, ਦਾਦ ਅਤੇ ਖੁਜਲੀ ਵਰਗੇ ਚਰਮ ਰੋਗਾਂ ਵਿਚ ਕਾਲੀ ਮਿਰਚ ਦੇ ਚੂਰਨ ਨੂੰ ਘਿਓ ਦੇ ਨਾਲ ਮਿਲਾ ਕੇ ਉਸ ਜਗ੍ਹਾ 'ਤੇ ਲਗਾਓ। ਇਸ ਨਾਲ ਫੋੜੇ-ਫਿੰਨਸੀ ਠੀਕ ਹੁੰਦੇ ਹਨ ਅਤੇ ਖੁਜਲੀ ਵੀ ਦੂਰ ਹੁੰਦੀ ਹੈ।
ਅੱਖਾਂ ਦੀ ਨਿਗ੍ਹਾ ਵਧਾਉਣ ਵਿਚ ਵੀ ਸਹਾਇਕ ਹੈ ਕਾਲੀ ਮਿਰਚ। ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਚਬਾ ਕੇ ਖਾਓ। ਇਸ ਦਾ ਤਿੰਨ ਮਹੀਨੇ ਨਿਯਮਤ ਸੇਵਨ ਕਰਨ ਨਾਲ ਅੱਖਾਂ ਦੀ ਨਿਗ੍ਹਾ ਵਿਚ ਵਾਧਾ ਹੁੰਦਾ ਹੈ।


-ਭਾਸ਼ਣਾ ਬਾਂਸਲ


ਖ਼ਬਰ ਸ਼ੇਅਰ ਕਰੋ

ਕੰਪਿਊਟਰ ਦੀ ਵਰਤੋਂ ਕਾਰਨ ਹੋਣ ਵਾਲੇ ਰੋਗਾਂ ਤੋਂ ਸਾਵਧਾਨ

ਯੋਗ ਵਿਗਿਆਨ ਦੇ ਆਸਣ, ਪ੍ਰਾਣਾਯਾਮ, ਧਿਆਨ ਆਦਿ ਕਿਰਿਆਵਾਂ ਨੂੰ ਅਪਣਾਇਆ ਜਾਵੇ ਤਾਂ ਇਸ ਦੇ ਘਾਤਕ ਪ੍ਰਭਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਕੰਪਿਊਟਰ ਦਾ ਉਪਯੋਗ ਆਪਣੀ ਬਹੁਆਯਾਮੀ ਉਪਯੋਗਤਾ ਦੇ ਕਾਰਨ ਮਨੁੱਖ ਲਈ ਇਕ ਵਰਦਾਨ ਦੇ ਰੂਪ ਵਿਚ ਹੋਇਆ ਪਰ ਅੱਜ ਆਪਣੇ ਘਾਤਕ ਮਾੜੇ ਨਤੀਜਿਆਂ ਦੇ ਕਾਰਨ ਕੰਪਿਊਟਰ ਸਰਾਪ ਵੀ ਸਿੱਧ ਹੋ ਰਿਹਾ ਹੈ। ਕੰਪਿਊਟਰ ਦੀ ਜ਼ਿਆਦਾ ਵਰਤੋਂ ਦੇ ਕਾਰਨ ਪੈਦਾ ਹੋ ਰਹੇ ਅਨੇਕਾਂ ਤਰ੍ਹਾਂ ਦੇ ਘਾਤਕ ਰੋਗ ਇਸ ਦੀ ਸੂਚਨਾ ਦੇ ਰਹੇ ਹਨ। ਡਾਕਟਰੀ ਵਿਗਿਆਨ ਨੇ ਇਨ੍ਹਾਂ ਰੋਗਾਂ ਨੂੰ ਕੰਪਿਊਟਰ ਨਾਲ ਸਬੰਧਤ ਰੋਗ ਕਿਹਾ ਹੈ।
ਪਿੱਠ ਅਤੇ ਅੱਖਾਂ ਦਾ ਦੁਸ਼ਮਣ ਹੈ ਕੰਪਿਊਟਰ : ਕੰਪਿਊਟਰ 'ਤੇ ਸਹੀ ਮੁਦਰਾ ਵਿਚ ਕੰਮ ਨਾ ਕਰਨ ਨਾਲ ਜਿਥੇ ਪਿੱਠ ਵਿਚ ਝੁਕਾਅ ਅਤੇ ਧੌਣ ਤੋਂ ਲੈ ਕੇ ਰੀੜ੍ਹ ਦੀ ਹੱਡੀ ਤੱਕ ਲਗਾਤਾਰ ਦਰਦ ਰਹਿਣ (ਕ੍ਰਾਨਿਕ ਬੈਕੇਕ) ਦਾ ਰੋਗ ਹੋ ਸਕਦਾ ਹੈ, ਉਥੇ ਲਗਾਤਾਰ ਕੰਪਿਊਟਰ ਸਕਰੀਨ 'ਤੇ ਨਜ਼ਰ ਟਿਕਾਈ ਰੱਖਣ ਦੀ ਆਦਤ ਨਾਲ ਅੱਖਾਂ ਵਿਚ ਥਕਾਵਟ (ਕੰਪਿਊਟਰ ਵਿਯਨ ਸਿੰਡ੍ਰੋਮ), ਅੱਖਾਂ ਦੀ ਖੁਸ਼ਕੀ (ਡ੍ਰਾਈ ਆਈ ਸਿੰਡ੍ਰੋਮ) ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੰਪਿਊਟਰ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਮੋਢਿਆਂ ਵਿਚ ਨਾ ਸਹਿਣਯੋਗ ਦਰਦ, ਕੂਹਣੀ ਅਤੇ ਬਗਲ ਦੇ ਪੱਠਿਆਂ ਵਿਚ ਦਰਦ ਅਤੇ ਸੋਜ਼ ਆਉਣੀ, ਹਥੇਲੀ ਦੀਆਂ ਮਾਸਪੇਸ਼ੀਆਂ ਵਾਲੀਆਂ ਕੋਸ਼ਿਕਾਵਾਂ 'ਤੇ ਜ਼ਿਆਦਾ ਦਬਾਅ ਨਾਲ ਪੱਠਿਆਂ ਦਾ ਗਤੀਹੀਣ ਬਣਨਾ ਆਦਿ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਹਨ।
ਗਰਭਵਤੀ ਔਰਤਾਂ ਲਈ ਵੀ ਘਾਤਕ : ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾ ਮੋਟੇ ਲੋਕਾਂ ਨੂੰ ਕੰਪਿਊਟਰ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਕਿਉਂਕਿ ਉਨ੍ਹਾਂ ਦੇ ਦੋਵੇਂ ਹੱਥ ਕੀ-ਬੋਰਡ ਤੱਕ ਪਹੁੰਚਣ ਨਾਲ ਮੋਢਿਆਂ ਨੂੰ ਅੰਦਰ ਵੱਲ ਮੋੜ ਦਿੰਦੇ ਹਨ। ਗਰਭਵਤੀ ਔਰਤਾਂ 'ਤੇ ਵੀ ਕੰਪਿਊਟਰ ਦੇ ਮਾੜੇ ਪ੍ਰਭਾਵ ਦਾ ਆਕਲਨ ਅਨੇਕ ਤਰ੍ਹਾਂ ਨਾਲ ਹੁੰਦਾ ਰਿਹਾ ਹੈ। ਭਰੂਣ ਦੇ ਰੋਗੀ ਹੋਣ, ਉਸ ਦੇ ਨਸ਼ਟ ਹੋਣ ਅਤੇ ਰੋਗਗ੍ਰਸਤ ਸੰਤਾਨ ਦੇ ਜਨਮ ਲੈਣ ਤੱਕ ਦੇ ਮਾੜੇ ਪ੍ਰਭਾਵਾਂ ਨੂੰ ਕੰਪਿਊਟਰ ਨਾਲ ਸਬੰਧਤ ਪਾਇਆ ਗਿਆ ਹੈ। ਹਾਲਾਂਕਿ ਕੰਪਿਊਟਰ ਮਾਹਿਰ ਮੰਨਦੇ ਹਨ ਕਿ ਕੰਪਿਊਟਰ ਦੇ ਮਾੜੇ ਪ੍ਰਭਾਵ ਲਈ ਉਸ ਵਿਚੋਂ ਨਿਕਲਣ ਵਾਲੀਆਂ ਕਿਰਣਾਂ ਦੀ ਬਜਾਏ ਘੰਟਿਆਂ ਤੱਕ ਇਕ ਸਥਿਤੀ ਵਿਚ ਬੈਠੇ ਰਹਿਣ ਨਾਲ ਹੋਣ ਵਾਲਾ ਤਣਾਅ ਜ਼ਿਆਦਾ ਜ਼ਿੰਮੇਵਾਰ ਹੈ। ਲਗਾਤਾਰ ਕੰਪਿਊਟਰ ਦੇ ਸਾਹਮਣੇ ਬੈਠੇ ਰਹਿਣ ਨਾਲ ਅੱਖਾਂ 'ਤੇ ਜੋ ਜ਼ੋਰ ਪੈਂਦਾ ਹੈ, ਉਹ ਅੰਤ ਨੂੰ ਮਨੋਸਰੀਰਕ ਤਣਾਅ ਵਿਚ ਬਦਲ ਜਾਂਦਾ ਹੈ।
ਕੰਪਿਊਟਰ ਆਪ੍ਰੇਟਰ ਦੇ ਲਈ ਉਚਿਤ ਵਿਵਸਥਾ ਜ਼ਰੂਰੀ : ਗੰਭੀਰ ਗੱਲ ਇਹ ਹੈ ਕਿ ਬਚਪਨ ਤੋਂ ਹੀ ਕੰਪਿਊਟਰ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਨ ਵਾਲਿਆਂ ਨੂੰ ਵੱਡਾ ਹੁੰਦੇ-ਹੁੰਦੇ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਇਨ੍ਹਾਂ ਰੋਗਾਂ ਦੇ ਪ੍ਰਮੁੱਖ ਸ਼ਿਕਾਰ ਚਾਰਟਡ ਅਕਾਊਂਟੈਂਟ, ਪੱਤਰਕਾਰ, ਸ਼ੇਅਰ ਦਲਾਲ, ਮੈਨੇਜਮੈਂਟ ਕੰਸਲਟੈਂਟ ਅਤੇ ਵਕੀਲ ਹੁੰਦੇ ਹਨ, ਜੋ ਪੂਰਾ ਦਿਨ ਕੰਪਿਊਟਰ ਕੀ-ਬੋਰਡ 'ਤੇ ਕੰਮ ਕਰਦੇ ਅਤੇ ਸਕਰੀਨ 'ਤੇ ਅੱਖਾਂ ਟਿਕਾਈ ਰੱਖਦੇ ਹਨ।
ਕਾਰੋਬਾਰ ਅਤੇ ਕੰਮਕਾਜ ਲਈ ਕੰਪਿਊਟਰ ਦੀ ਵਰਤੋਂ ਅੱਜ ਹਰ ਛੋਟੇ-ਵੱਡੇ ਸੰਸਥਾਨ ਵਿਚ ਜ਼ਰੂਰੀ ਰੂਪ ਨਾਲ ਹੋ ਰਹੀ ਹੈ ਪਰ ਕੁਝ ਫੀਸਦੀ ਵੱਡੇ ਸੰਸਥਾਨਾਂ ਵਿਚ ਹੀ ਕੰਪਿਊਟਰ ਸਿਸਟਮ ਅਤੇ ਉਸ 'ਤੇ ਕੰਮ ਕਰਨ ਵਾਲੇ ਆਪ੍ਰੇਟਰ ਲਈ ਉਚਿਤ ਵਿਵਸਥਾ ਕੀਤੀ ਜਾਂਦੀ ਹੈ, ਜਿਵੇਂ ਕੰਪਿਊਟਰ ਮਨੀਟਰ 'ਤੇ 'ਯੂ. ਵੀ. ਫਿਲਟਰ' ਅਤੇ ਨਾਲ ਬੈਠਣ ਲਈ ਸਹੀ ਕੁਰਸੀ ਦਾ ਪ੍ਰਬੰਧ ਸਾਰੇ ਸੰਸਥਾਨਾਂ ਵਿਚ ਨਿਰਧਾਰਤ ਮਾਪਦੰਡ ਦੇ ਅਨੁਸਾਰ ਨਹੀਂ ਹੋ ਰਿਹਾ ਹੈ।
ਕੰਪਿਊਟਰ ਕਾਰਨ ਪੈਦਾ ਹੋ ਰਹੇ ਰੋਗਾਂ ਦੇ ਕਾਰਨ ਜਿਥੇ ਵਿਅਕਤੀ ਦੀ ਸਿਹਤ ਘਾਤਕ ਰੂਪ ਨਾਲ ਪ੍ਰਭਾਵਿਤ ਹੋ ਰਹੀ ਹੈ, ਉਥੇ ਕੰਪਨੀਆਂ ਅਤੇ ਸੰਸਥਾਨਾਂ ਦੀ ਕਾਰਜ ਸਮਰੱਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨਾਲ ਹੀ ਕੰਪਿਊਟਰ ਰੋਗਾਂ ਤੋਂ ਪੀੜਤ ਕਰਮਚਾਰੀਆਂ ਦੇ ਇਲਾਜ ਦੇ ਪਿੱਛੇ ਵੀ ਕਰੋੜਾਂ ਰੁਪਏ ਖਰਚ ਕਰਨੇ ਪੈ ਰਹੇ ਹਨ।
ਯੋਗ ਵਿਗਿਆਨ ਦਾ ਸਹਾਰਾ ਲਓ : ਕੰਪਿਊਟਰ ਰੋਗ ਦੇ ਇਲਾਜ ਲਈ ਆਪਣੇ ਪੱਧਰ 'ਤੇ ਯਤਨ ਚੱਲ ਰਹੇ ਹਨ। 'ਲਾਸ ਏਂਜਲਸ ਟਾਈਮਸ' ਸਮਾਚਾਰ ਪੱਤਰ ਨੇ ਆਪਣੇ ਦਫਤਰ ਵਿਚ ਇਸ ਦੇ ਨਿਵਾਰਣ ਲਈ ਰੂਮ ਖੋਲ੍ਹਿਆ ਹੈ। ਕੰਪਿਊਟਰ ਦੀ ਵਰਤੋਂ ਕਰਨ ਵਾਲੇ ਕਰਮਚਾਰੀ ਹੱਥ ਵਿਚ ਦਰਦ ਮਹਿਸੂਸ ਕਰਨ ਤਾਂ ਇਸ ਰੂਮ ਵਿਚ ਜਾ ਕੇ ਬਰਫ ਲਗਾ ਸਕਦੇ ਹਨ, ਮਲ੍ਹਮ ਲਗਾ ਕੇ ਦਰਦ ਨੂੰ ਘੱਟ ਕਰ ਸਕਦੇ ਹਨ ਅਤੇ ਪਿੱਠ ਦਰਦ ਮਹਿਸੂਸ ਹੋਣ 'ਤੇ ਥੋੜ੍ਹੀ ਦੇਰ ਫੋਮ ਰਬੜ ਦੇ ਗੱਦੇ 'ਤੇ ਲੰਮੇ ਪੈ ਕੇ ਸੰਕੁਚਿਤ ਹੋਏ ਪੱਠਿਆਂ ਨੂੰ ਆਰਾਮ ਦੇ ਸਕਦੇ ਹਨ।
ਕੰਪਿਊਟਰ ਰੋਗ ਦੇ ਇਲਾਜ ਕੀਤੇ ਜਾਣ ਵਾਲੇ ਇਨ੍ਹਾਂ ਉਪਕਰਨਾਂ ਦੇ ਨਾਲ ਜਦੋਂ ਯੋਗ ਵਿਗਿਆਨ ਦੇ ਆਸਣ, ਪ੍ਰਾਣਾਯਾਮ, ਧਿਆਨ ਆਦਿ ਕਿਰਿਆਵਾਂ ਨੂੰ ਵੀ ਅਪਣਾਇਆ ਜਾਵੇ ਤਾਂ ਇਨ੍ਹਾਂ ਰੋਗਾਂ ਦੇ ਘਾਤਕ ਪ੍ਰਭਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। **

ਗੋਡੇ ਬਦਲਾਉਣ ਤੋਂ ਡਰਨ ਦੀ ਲੋੜ ਨਹੀਂ

ਗੋਡੇ ਬਦਲਣ ਦੇ ਮਾਹਿਰ ਡਾਕਟਰ ਅਜੇ ਦੀਪ ਸਿੰਘ ਨੇ ਪਿਛਲੇ 11 ਸਾਲਾਂ ਵਿਚ ਗੋਡੇ ਬਦਲਣ ਵਿਚ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ ਅਤੇ ਬੜੇ ਚੰਗੇ ਨਤੀਜੇ ਦਿੱਤੇ ਹਨ। ਇਸ ਦੇ ਬਾਵਜੂਦ ਪੰਜਾਬ ਵਿਚ ਲੋਕ ਅੱਜ ਵੀ ਗੋਡੇ ਬਦਲਾਉਣ ਤੋਂ ਡਰਦੇ ਹਨ।
ਡਾ: ਅਜੇ ਦੀਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਲੋਕਾਂ ਦੇ ਦਿਮਾਗ ਵਿਚ ਇਹ ਗ਼ਲਤ ਧਾਰਨਾ ਹੈ ਕਿ ਗੋਡੇ ਬਦਲਾਉਣ ਤੋਂ ਬਾਅਦ ਮਰੀਜ਼ ਨੂੰ ਲੰਬੇ ਸਮੇਂ ਤੱਕ ਬਿਸਤਰੇ 'ਤੇ ਆਰਾਮ ਕਰਨਾ ਪੈਂਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਜਿੰਨੇ ਵੀ ਮਰੀਜ਼ਾਂ ਦੇ ਗੋਡੇ ਬਦਲੀ ਕੀਤੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ 6 ਦਿਨਾਂ ਵਿਚ ਹੀ ਬਿਨਾਂ ਸਟੈਂਡ ਅਤੇ ਬਿਨਾਂ ਖੂੰਡੀ ਦੇ ਸਹਾਰੇ ਚੱਲਣ ਦੇ ਕਾਬਲ ਹੋ ਗਏ ਹਨ। ਪਰ ਪੰਜਾਬ ਵਿਚ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਗੋਡੇ ਬਦਲਾਉਣ ਤੋਂ ਬਾਅਦ 6 ਤੋਂ 8 ਹਫਤੇ ਤੱਕ ਮਰੀਜ਼ ਨੂੰ ਸਹਾਰੇ ਦੇ ਨਾਲ ਚੱਲਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੋਕ ਇਹ ਸਮਝਦੇ ਹਨ ਕਿ ਗੋਡੇ ਬਦਲਣ ਤੋਂ ਬਾਅਦ ਚੌਕੜੀ ਮਾਰ ਕੇ ਬੈਠਣ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮਾਡਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਮਾਡਲ ਕੁਝ ਸਾਲ ਪਹਿਲਾਂ ਉਪਲਬਧ ਨਹੀਂ ਸੀ, ਪਰ ਅਸਲ ਵਿਚ ਗੋਡੇ ਬਦਲਣ ਦਾ ਜਿਹੜਾ ਮਾਡਲ ਪਿਛਲੇ 30 ਸਾਲਾਂ ਤੋਂ ਉਪਲਬਧ ਹੈ, ਉਨ੍ਹਾਂ ਨੇ ਆਪਣੇ ਸਾਰੇ ਮਰੀਜ਼ਾਂ ਵਿਚ ਉਸੇ ਦਾ ਇਸਤੇਮਾਲ ਕੀਤਾ ਹੈ ਅਤੇ ਲਗਪਗ ਸਾਰੇ ਮਰੀਜ਼ ਚੌਕੜੀ ਮਾਰਨ ਦੇ ਸਮਰੱਥ ਹੋਏ ਹਨ। ਇਸ ਲਈ ਗੋਡਾ ਬਦਲਾਉਣ ਤੋਂ ਬਾਅਦ ਮਰੀਜ਼ ਚੌਕੜੀ ਮਾਰ ਸਕੇਗਾ ਕਿ ਨਹੀਂ, ਇਹ ਗੱਲ ਸਰਜਨ ਦੀ ਕਾਬਲੀਅਤ 'ਤੇ ਨਿਰਭਰ ਕਰਦੀ ਹੈ, ਨਾ ਕਿ ਗੋਡੇ ਬਦਲਣ ਦੇ ਮਾਡਲ 'ਤੇ ਨਿਰਭਰ ਕਰਦੀ ਹੈ। ਡਾ: ਅਜੇ ਦੀਪ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਵਿਚ ਲੋਕਾਂ ਦਾ ਮੰਨਣਾ ਹੈ ਕਿ ਗੋਡੇ ਬਦਲਾਉਣ ਤੋਂ ਬਾਅਦ ਬਿਨਾਂ ਸਹਾਰੇ ਦੇ ਪੌੜੀਆਂ ਚੜ੍ਹਨਾ ਜਾਂ ਉਤਰਨਾ ਵੀ ਅਸੰਭਵ ਹੁੰਦਾ ਹੈ, ਪਰ ਉਨ੍ਹਾਂ ਵੱਲੋਂ ਕੀਤੇ ਗਏ ਆਪ੍ਰੇਸ਼ਨਾਂ ਤੋਂ ਬਾਅਦ ਸਾਰੇ ਮਰੀਜ਼ ਆਪ੍ਰੇਸ਼ਨਾਂ ਪਿੱਛੋਂ 6 ਹਫਤਿਆਂ ਵਿਚ ਬਿਨਾਂ ਸਹਾਰੇ ਦੇ ਪੌੜੀਆਂ ਚੜ੍ਹਨ ਅਤੇ ਉਤਰਨ ਲੱਗ ਜਾਂਦੇ ਹਨ। ਆਪ੍ਰੇਸ਼ਨ ਤੋਂ 6 ਹਫ਼ਤੇ ਬਾਅਦ ਮਰੀਜ਼ ਸਾਈਕਲ ਅਤੇ ਗੱਡੀ ਚਲਾਉਣ ਦੇ ਵੀ ਕਾਬਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਅਕਸਰ ਉਨ੍ਹਾਂ ਨੂੰ ਇਹ ਪੁੱਛਦੇ ਹਨ ਕਿ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਮਰੀਜ਼ ਓਨਾ ਤੁਰਨ-ਫਿਰਨ ਤੋਂ ਵੀ ਰਹਿ ਜਾਵੇ, ਜਿੰਨਾ ਆਪ੍ਰੇਸ਼ਨ ਤੋਂ ਪਹਿਲਾਂ ਤੁਰਦਾ-ਫਿਰਦਾ ਸੀ। ਡਾ: ਅਜੇ ਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਆਪ੍ਰੇਸ਼ਨਾਂ ਵਿਚ ਉਨ੍ਹਾਂ ਨੇ ਕੰਪਿਊਟਰ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਇਹ ਸਾਰੇ ਨਤੀਜੇ ਉਨ੍ਹਾਂ ਦੀ ਹੱਥ ਦੀ ਸਫਾਈ ਦੇ ਨਤੀਜੇ ਹਨ। ਉਨ੍ਹਾਂ ਦੱਸਿਆ ਕਿ ਗੋਡੇ ਬਦਲਣ ਦੇ ਨਤੀਜੇ ਸਰਜਨ ਦੀ ਕਾਬਲੀਅਤ 'ਤੇ ਨਿਰਭਰ ਕਰਦੇ ਹਨ, ਨਾ ਕਿ ਕਿਸੇ ਕੰਪਿਊਟਰ ਦੇ ਇਸਤੇਮਾਲ ਜਾਂ ਕਿਸੇ ਨਵੀਂ ਤਕਨੀਕ ਜਾਂ ਕਿਸੇ ਗੋਡੇ ਦੇ ਨਵੇਂ ਮਾਡਲ ਦੇ ਇਸਤੇਮਾਲ 'ਤੇ। ਸਮੇਂ-ਸਮੇਂ ਗੋਡੇ ਬਦਲਣ ਵਿਚ ਬੇਮਿਸਾਲ ਨਤੀਜੇ ਦੇਣ ਕਾਰਨ ਡਾ: ਅਜੇ ਦੀਪ ਸਿੰਘ ਨੂੰ ਅਨੇਕਾਂ ਸੰਸਥਾਵਾਂ ਵੱਲੋਂ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।


-ਡਾ: ਅਜੇ ਦੀਪ ਸਿੰਘ,
ਜੋਸ਼ੀ ਹਸਪਤਾਲ, ਜਲੰਧਰ।
ਮੋਬਾ: 98766-26779

ਆਹਾਰ ਦੇ ਨਾਲ ਵਿਹਾਰ 'ਤੇ ਵੀ ਧਿਆਨ ਦਿਓ

ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਉਚਿਤ ਆਹਾਰ ਦੇ ਨਾਲ-ਨਾਲ ਵਿਹਾਰ 'ਤੇ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ। ਹੇਠ ਲਿਖੇ ਸੁਝਾਵਾਂ 'ਤੇ ਚਿੰਤਨ ਕਰਕੇ ਉਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਅੰਗ ਬਣਾ ਲੈਣਾ ਚਾਹੀਦਾ ਹੈ।
ਬਰਾਬਰ ਮਿਹਨਤ : ਹਰ ਮਨੁੱਖ ਲਈ ਮਿਹਨਤ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਬਿਨਾਂ ਸਾਰੇ ਕਲਪੁਰਜ਼ੇ ਜਕੜੇ ਜਾਂਦੇ ਹਨ। ਭੋਜਨ ਦੇ ਪਚਣ ਅਤੇ ਖੂਨ ਦੇ ਦੌੜਨ ਵਿਚ ਰੁਕਾਵਟ ਪੈਂਦੀ ਹੈ। ਮਿਹਨਤ ਸਾਡੀ ਜੀਵਨ ਸ਼ੈਲੀ ਨਾਲ ਜੁੜੀ ਹੋਣੀ ਹੀ ਚਾਹੀਦੀ ਹੈ। ਮਿਹਨਤ ਦੇ ਫਾਇਦੇ ਬਿਨਾਂ ਸ਼ੱਕ ਬਹੁਤ ਹਨ। ਸਰੀਰਕ ਅੰਗਾਂ ਦੇ ਪਰਿਚਾਲਨ, ਖੂਨ ਸੰਚਾਰ ਦੀ ਕਿਰਿਆਸ਼ੀਲਤਾ ਅਤੇ ਪਾਚਣ ਪ੍ਰਣਾਲੀ ਦੀ ਸੁਦ੍ਰਿੜ੍ਹਤਾ ਬਣਾਈ ਰੱਖਣ ਲਈ ਮਿਹਨਤ ਦਾ ਵੱਡਾ ਮਹੱਤਵ ਹੈ। ਆਲਸ ਵਿਚ ਸਮਾਂ ਗਵਾਉਣ ਅਤੇ ਮਿਹਨਤ ਤੋਂ ਬਚੇ ਰਹਿਣ ਵਾਲੇ ਕਬਜ਼, ਗੈਸ, ਸਿਰਦਰਦ, ਸ਼ੂਗਰ ਅਤੇ ਗਠੀਆ ਵਰਗੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਸ੍ਰਿਸ਼ਟੀ ਦੇ ਹੋਰ ਪ੍ਰਾਣੀ ਭੋਜਨ ਲੱਭਣ, ਘਰ ਲੱਭਣ, ਸੰਕਟ ਤੋਂ ਬਚਣ ਅਤੇ ਮਨ ਦੀ ਖੁਸ਼ੀ ਲਈ ਭੱਜਦੇ-ਦੌੜਦੇ ਰਹਿੰਦੇ ਹਨ। ਇਹੀ ਉਨ੍ਹਾਂ ਲਈ ਸ਼ਕਤੀ ਦੀ ਕੁੰਜੀ ਹੈ।
ਮਿਹਨਤ ਤੋਂ ਬਾਅਦ ਉਚਿਤ ਆਰਾਮ ਜ਼ਰੂਰੀ : ਕਸਰਤ ਤੋਂ ਬਾਅਦ ਉਚਿਤ ਆਰਾਮ ਦੀ ਬਹੁਤ ਲੋੜ ਹੁੰਦੀ ਹੈ। ਦਿਨ ਤੋਂ ਬਾਅਦ ਰਾਤ ਅਤੇ ਜੀਵਨ ਤੋਂ ਬਾਅਦ ਮੌਤ ਦਾ ਕ੍ਰਮ ਇਸੇ ਸਿਧਾਂਤ 'ਤੇ ਆਧਾਰਿਤ ਹੈ ਕਿ ਬਹੁਤ ਜ਼ਿਆਦਾ ਮਿਹਨਤ ਨਾਲ ਪੈਦਾ ਸ਼ਕਤੀਹਟਾਸ ਦੂਰ ਹੋ ਕੇ ਅਗਲੇ ਜੀਵਨ ਲਈ ਕਾਫੀ ਸ਼ਕਤੀ ਅਤੇ ਸਜੀਵਤਾ ਪ੍ਰਾਪਤ ਹੋ ਸਕੇ। ਮਿਹਨਤ ਦਾ ਆਰਾਮ ਨਾਲ ਅਜਿਹਾ ਹੀ ਸਬੰਧ ਹੈ। ਲੰਬੇ ਜੀਵਨ ਦਾ ਆਧਾਰ ਇਹੀ ਹੈ ਕਿ ਅਸੀਂ ਸਰੀਰਕ ਮਿਹਨਤ ਤਾਂ ਕਰੀਏ ਪਰ ਆਰਾਮ ਕਰਨਾ ਨਾ ਭੁੱਲੀਏ। ਇਸ ਨਾਲ ਸ਼ਕਤੀ ਅਤੇ ਸ਼ਾਂਤੀ ਮਿਲਦੀ ਹੈ।
ਛੇਤੀ ਜਾਗਣਾ : ਸਵੇਰੇ ਛੇਤੀ ਜਾਗਣਾ ਅਤੇ ਰਾਤ ਨੂੰ ਛੇਤੀ ਸੌਣਾ, ਇਹ ਨਿਯਮ ਬਣਾ ਲੈਣਾ ਚਾਹੀਦਾ ਹੈ। ਬ੍ਰਹਮਾ ਮੁਹੂਰਤ ਵਿਚ ਪ੍ਰਾਣ ਸ਼ਕਤੀ ਦਾ ਸੰਚਾਰ ਹੁੰਦਾ ਹੈ। ਸਵੇਰੇ ਛੇਤੀ ਜਾਗਣ ਵਾਲਾ ਸਰਗਰਮ, ਚੁਸਤ ਅਤੇ ਖੁਸ਼-ਤੰਦਰੁਸਤ ਬਣਿਆ ਰਹਿੰਦਾ ਹੈ।
ਟਹਿਲਣਾ : ਸਵੇਰੇ ਛੇਤੀ ਉੱਠ ਕੇ ਟਹਿਲਣ ਦਾ ਨਿਯਮ ਹਰ ਉਮਰ ਦੇ ਲੋਕਾਂ ਲਈ ਚੰਗਾ ਨਿਯਮ ਹੈ। ਸਰੀਰਕ ਪੱਖੋਂ ਦੁਰਬਲ ਵਿਅਕਤੀ ਔਰਤ, ਬੱਚੇ, ਬੁੱਢੇ ਸਾਰੇ ਆਪਣੀ-ਆਪਣੀ ਹਾਲਤ ਦੇ ਅਨੁਸਾਰ ਇਸ ਨਾਲ ਲਾਭ ਉਠਾ ਸਕਦੇ ਹਨ। ਇਸ ਵਿਚ ਕਿਸੇ ਵੀ ਨੁਕਸਾਨ ਦੀ ਸੰਭਾਵਨਾ ਨਹੀਂ ਹੈ। ਟਹਿਲਣਾ ਇਕ ਆਸਾਨ ਕਸਰਤ ਹੈ। ਘੁੰਮਣਾ ਜਿੰਨਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ, ਓਨਾ ਹੀ ਦਿਲਚਸਪ ਵੀ ਹੁੰਦਾ ਹੈ। ਇਸ ਨਾਲ ਮਾਨਸਿਕ ਪ੍ਰਸੰਨਤਾ ਅਤੇ ਸਰੀਰਕ ਤੰਦਰੁਸਤੀ ਦੀ ਦੋਹਰੀ ਲੋੜ ਪੂਰੀ ਹੁੰਦੀ ਹੈ। ਇਸੇ ਲਈ ਸੰਸਾਰ ਦੇ ਸਾਰੇ ਸਿਹਤ ਮਾਹਿਰਾਂ ਅਤੇ ਮਹਾਂਪੁਰਸ਼ਾਂ ਨੇ ਇਸ ਨੂੰ ਸਰਬੋਤਮ ਕਸਰਤ ਦੱਸਿਆ ਹੈ ਅਤੇ ਸਾਰਿਆਂ ਨੇ ਇਸ ਦੀ ਰੋਜ਼ਾਨਾ ਜੀਵਨ ਵਿਚ ਵਰਤੋਂ ਕੀਤੀ ਹੈ।
ਹੱਸਣਾ-ਮੁਸਕੁਰਾਉਣਾ : ਖਿੜਖਿੜਾ ਕੇ ਹੱਸਣ ਦੀਆਂ ਆਵਾਜ਼ਾਂ ਇਨ੍ਹਾਂ ਦਿਨਾਂ ਵਿਚ ਕਿਤੇ ਅਲੋਪ ਹੋ ਗਈਆਂ ਹਨ। ਬਨਾਉਟੀ ਸੱਭਿਅਤਾ ਨੇ ਮਨੁੱਖ ਦੀ ਨੀਂਦ ਅਤੇ ਚੈਨ ਹਰਾਮ ਕਰਕੇ ਰੱਖ ਦਿੱਤਾ ਹੈ। ਆਪਣੇ ਰੁਝੇਵਿਆਂ ਵਿਚ ਉਸ ਨੂੰ ਕਿਸੇ ਚੀਜ਼ ਲਈ ਫੁਰਸਤ ਨਹੀਂ ਹੈ। ਜੇਕਰ ਫੁਰਸਤ ਮਿਲਦੀ ਵੀ ਹੈ ਤਾਂ ਸਿਰਫ ਤਣਾਅ, ਚਿੰਤਾ ਅਤੇ ਬੇਚੈਨੀ ਲਈ। ਇਸ ਦਾ ਨਤੀਜਾ ਇਹ ਹੈ ਕਿ ਸਰੀਰ ਤਰ੍ਹਾਂ-ਤਰ੍ਹਾਂ ਦੇ ਰੋਗਾਂ ਤੋਂ ਗ੍ਰਸਤ ਅਤੇ ਮਨ ਤਰ੍ਹਾਂ-ਤਰ੍ਹਾਂ ਦੇ ਮਾਨਸਿਕ ਵਿਕਾਰਾਂ ਤੋਂ ਪੀੜਤ ਰਹਿੰਦਾ ਹੈ। ਇਨਸਾਨ ਸਰੀਰਕ ਅਰੋਗ, ਮਾਨਸਿਕ ਸੰਤੁਲਨ ਅਤੇ ਜੀਵਨ ਵਿਚ ਸੁਖ-ਸ਼ਾਂਤੀ ਲਈ ਤਰ੍ਹਾਂ-ਤਰ੍ਹਾਂ ਦੇ ਉਪਚਾਰ ਜੁਟਾ ਰਿਹਾ ਹੈ। ਇਸ ਸਭ ਲਈ ਲੋੜੀਂਦਾ ਸਮਾਂ, ਮਿਹਨਤ ਅਤੇ ਧਨ ਵੀ ਲੁਟਾ ਰਿਹਾ ਹੈ ਪਰ ਰਾਹਤ ਦੇ ਨਾਂਅ 'ਤੇ ਉਸ ਨੂੰ ਅਸਫਲਤਾ, ਅਸੰਤੁਸ਼ਟੀ ਹੀ ਪੱਲੇ ਪੈਂਦੀ ਹੈ।

ਸੈਰ ਕਰੋ, ਫਿੱਟ ਰਹੋ

ਸੈਰ ਇਕ ਬਹੁਤ ਸੌਖੀ ਕਸਰਤ ਹੈ, ਜਿਸ ਨੂੰ ਹਰ ਉਮਰ ਦੇ ਲੋਕ ਕਰ ਸਕਦੇ ਹਨ। ਇਸ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ ਅਤੇ ਫੇਫੜੇ, ਦਿਮਾਗ ਚੁਸਤ-ਦਰੁਸਤ ਰਹਿੰਦੇ ਹਨ। ਹੱਡੀਆਂ ਮਜ਼ਬੂਤ ਬਣੀਆਂ ਰਹਿੰਦੀਆਂ ਹਨ ਅਤੇ ਉੱਚ ਖੂਨ ਦਬਾਅ ਅਤੇ ਸ਼ੂਗਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਸੈਰ ਕਰਦੇ ਸਮੇਂ ਉਮਰ ਅਤੇ ਬਿਮਾਰੀ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਜਿਵੇਂ ਜੇ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਸੀਂ ਤੇਜ਼ ਚੱਲਣ ਦੀ ਬਜਾਏ ਹੌਲੀ-ਹੌਲੀ ਚੱਲੋ। ਥੋੜ੍ਹੀ ਜਿਹੀ ਥਕਾਨ ਹੋਣ 'ਤੇ ਕਿਤੇ ਥੋੜ੍ਹੀ ਦੇਰ ਬੈਠ ਜਾਓ ਅਤੇ ਫਿਰ ਦੁਬਾਰਾ ਸੈਰ ਕਰੋ। ਇਸੇ ਤਰ੍ਹਾਂ ਮੋਟੇ ਲੋਕਾਂ ਨੂੰ ਤੇਜ਼-ਤੇਜ਼ ਚੱਲਣਾ ਜਾਂ ਦੌੜਨਾ ਚਾਹੀਦਾ ਹੈ ਤਾਂ ਕਿ ਪਸੀਨਾ ਆਉਣ 'ਤੇ ਉਨ੍ਹਾਂ ਦੇ ਸਰੀਰ ਦੀਆਂ ਕੈਲੋਰੀਆਂ ਨਸ਼ਟ ਹੋਣ।
ਸੈਰ ਹਮੇਸ਼ਾ ਸਵੇਰੇ-ਸਵੇਰੇ ਕਰਨੀ ਚਾਹੀਦੀ ਹੈ, ਕਿਉਂਕਿ ਉਸ ਸਮੇਂ ਵਾਤਾਵਰਨ ਸ਼ੁੱਧ ਅਤੇ ਸ਼ਾਂਤ ਹੁੰਦਾ ਹੈ। ਸੈਰ ਪਾਰਕ ਵਿਚ ਜਾਂ ਖੁੱਲ੍ਹੇ ਸਥਾਨ 'ਤੇ ਜਿਥੇ ਪ੍ਰਦੂਸ਼ਣ ਨਾ ਹੋਵੇ, ਅਜਿਹੀ ਜਗ੍ਹਾ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰਕ ਸਮਰੱਥਾ ਵਧਣ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਸੈਰ ਕਰਦੇ ਸਮੇਂ ਕਿਸੇ ਹੋਰ ਵਿਅਕਤੀ ਨਾਲ ਜਾਂ ਮੋਬਾਈਲ 'ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜ਼ਿਆਦਾਤਰ ਲੋਕ ਮੋਬਾਈਲ 'ਤੇ ਗੱਲਾਂ ਕਰਦੇ ਹੋਏ ਸੈਰ ਕਰਦੇ ਹਨ। ਇਸ ਨਾਲ ਤੁਸੀਂ ਛੇਤੀ ਥੱਕ ਜਾਂਦੇ ਹੋ, ਇਸ ਲਈ ਸਿਰਫ ਸੈਰ ਕਰੋ, ਗੱਲਾਂ ਨਹੀਂ।
ਜੇ ਤੁਸੀਂ ਸਰੀਰਕ ਤੌਰ 'ਤੇ ਕਮਜ਼ੋਰ ਹੋ ਤਾਂ ਇਕੋ ਵਾਰੀ ਲੰਮੀ ਸੈਰ ਨਾ ਕਰੋ, ਸਗੋਂ ਦਿਨ ਵਿਚ ਤਿੰਨ ਵਾਰ 10-10 ਮਿੰਟ ਦੀ ਸੈਰ ਕਰੋ। ਤੰਦਰੁਸਤ ਵਿਅਕਤੀ ਨੂੰ ਅੱਧਾ ਘੰਟਾ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ। ਸੈਰ 'ਤੇ ਜਾਂਦੇ ਸਮੇਂ ਪਾਣੀ ਪੀ ਕੇ ਜਾਓ। ਵਾਪਸ ਆਉਣ 'ਤੇ ਆਰਾਮ ਕਰਨ ਤੋਂ ਬਾਅਦ ਪਾਣੀ ਜ਼ਰੂਰ ਪੀਓ।


-ਸ਼ੈਲੀ ਮਾਥੁਰ

ਲਾਭਕਾਰੀ ਹਨ ਫਲ ਅਤੇ ਸਬਜ਼ੀਆਂ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਆਪਣੇ ਵਿਚ ਵਿਸ਼ੇਸ਼ ਗੁਣ ਰੱਖਦੀਆਂ ਹਨ ਅਤੇ ਅਨੇਕਾਂ ਰੋਗਾਂ ਵਿਚ ਅਸਰਦਾਇਕ ਹੁੰਦੀਆਂ ਹਨ। ਕਬਜ਼ ਵਿਚ ਚੁਕੰਦਰ ਦਾ ਸੇਵਨ ਲਾਭਦਾਇਕ ਹੈ। ਇਹ ਖੂਨ ਧਮਣੀਆਂ ਨੂੰ ਮਜ਼ਬੂਤ ਕਰਦਾ ਹੈ। ਚੁਕੰਦਰ ਦੇ ਸੇਵਨ ਨਾਲ ਖੂਨ ਸੰਚਾਰ ਸਹੀ ਹੁੰਦਾ ਹੈ ਅਤੇ ਖੂਨ ਵਿਚ ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਹੁੰਦਾ ਹੈ। ਮੂਲੀ ਬੰਦ ਨੱਕ ਨੂੰ ਖੋਲ੍ਹਣ ਵਿਚ, ਸਿਰਦਰਦ ਅਤੇ ਪਾਚਣ ਸ਼ਕਤੀ ਸਹੀ ਕਰਨ ਵਿਚ ਫਾਇਦੇਮੰਦ ਹੈ। ਹਦਵਾਣੇ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸੋਡੀਅਮ ਦੀ ਘੱਟ, ਇਸ ਲਈ ਉੱਚ ਖੂਨ ਦਬਾਅ ਨੂੰ ਘੱਟ ਕਰਨ ਵਿਚ ਇਹ ਸਹਾਇਕ ਹੈ।
ਇਸ ਤੋਂ ਇਲਾਵਾ ਹਦਵਾਣੇ ਵਿਚ ਆਇਰਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਇਸ ਲਈ ਅਨੀਮੀਆ ਰੋਗ ਤੋਂ ਪੀੜਤ ਵਿਅਕਤੀਆਂ ਲਈ ਇਹ ਫਾਇਦੇਮੰਦ ਹੈ। ਡਿਪ੍ਰੈਸ਼ਨ ਤੋਂ ਪੀੜਤ ਵਿਅਕਤੀਆਂ ਲਈ ਵੀ ਇਹ ਚੰਗਾ ਫਲ ਹੈ, ਇਸ ਲਈ ਗੁਣਾਂ ਨਾਲ ਭਰਪੂਰ ਇਨ੍ਹਾਂ ਫਲਾਂ ਦਾ ਸੇਵਨ ਕਰੋ।

ਹੱਡੀਆਂ ਦੀ ਮਜ਼ਬੂਤੀ...

ਆਧੁਨਿਕ ਜੀਵਨ ਸ਼ੈਲੀ ਦੀ ਇਕ ਬਿਮਾਰੀ ਆਸਟਿਓਪੋਰੋਸਿਸ ਹੈ, ਜੋ ਚੋਰੀ-ਛੁਪੇ ਤੁਹਾਡੀਆਂ ਹੱਡੀਆਂ ਵਿਚ ਆਪਣਾ ਨਿਵਾਸ ਬਣਾ ਲੈਂਦੀ ਹੈ, ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਲਗਦਾ। ਪਤਾ ਉਦੋਂ ਲਗਦਾ ਹੈ ਜਦੋਂ ਉਹ ਤੁਹਾਡੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਆਸਿਟਿਓਪੋਰੋਸਿਸ ਲਗਪਗ 35 ਸਾਲ ਤੋਂ ਉੱਪਰ ਦੀਆਂ ਔਰਤਾਂ ਵਿਚ ਹੋਣ ਵਾਲਾ ਆਮ ਰੋਗ ਹੈ, ਜਿਸ ਵਿਚ ਹੱਡੀਆਂ ਕਾਫੀ ਕਮਜ਼ੋਰ ਹੋ ਜਾਂਦੀਆਂ ਹਨ। ਹਲਕੀ ਜਿਹੀ ਸੱਟ ਲੱਗਣ 'ਤੇ, ਝਟਕਾ ਲੱਗਣ 'ਤੇ ਉਹ ਟੁੱਟ ਜਾਂਦੀਆਂ ਹਨ। ਟੁੱਟਣ ਨਾਲ ਉਨ੍ਹਾਂ ਦੀ ਬਨਾਵਟ 'ਤੇ ਵੀ ਪ੍ਰਭਾਵ ਪੈਂਦਾ ਹੈ। ਜਦੋਂ ਸੱਟ ਲੱਗਣ 'ਤੇ ਹੱਡੀ ਟੁੱਟਦੀ ਹੈ ਤਾਂ ਡਾਕਟਰੀ ਜਾਂਚ ਤੋਂ ਪਤਾ ਲਗਦਾ ਹੈ ਕਿ ਰੋਗੀ ਨੂੰ ਆਸਟਿਓਪੋਰੋਸਿਸ ਦੀ ਸ਼ੁਰੂਆਤ ਹੋ ਚੁੱਕੀ ਹੈ।
ਕੁਦਰਤੀ ਰੂਪ ਨਾਲ ਹੱਡੀਆਂ ਦਾ ਬਣਨਾ ਅਤੇ ਵਿਗੜਨਾ ਸਾਡੇ ਸਰੀਰ ਵਿਚ ਚਲਦਾ ਰਹਿੰਦਾ ਹੈ। ਇਸੇ ਨਾਲ ਹੱਡੀਆਂ ਦੀ ਘਣਤਾ ਅਤੇ ਹੱਡੀਆਂ ਦੀ ਮਜ਼ਬੂਤੀ ਨਿਰਧਾਰਤ ਹੁੰਦੀ ਹੈ। ਆਮ ਤੌਰ 'ਤੇ ਸਰੀਰ ਵਿਚ ਦੋ ਤਰ੍ਹਾਂ ਦੀਆਂ ਗ੍ਰੰਥੀਆਂ ਕੰਮ ਕਰਦੀਆਂ ਹਨ ਪਰ 30 ਸਾਲ ਤੋਂ ਬਾਅਦ ਹੱਡੀਆਂ ਵਿਚ ਬਣਨ ਦੀ ਪ੍ਰਕਿਰਿਆ ਘੱਟ ਅਤੇ ਗਲਣ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰਤਾਂ ਵਿਚ ਇਹ ਰੋਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਦੇ ਪਿੱਛੇ ਕਾਰਨ ਹੈ ਗਰਭ ਧਾਰਨ, ਜਣੇਪੇ ਉਪਰੰਤ ਬੱਚੇ ਨੂੰ ਦੁੱਧ ਚੁੰਘਾਉਣਾ, ਮੀਨੋਪਾਜ ਆਦਿ।
ਆਸਟਿਓਪੋਰੋਸਿਸ ਦੇ ਹੋਰ ਕਾਰਨ :
* ਜਿਨ੍ਹਾਂ ਔਰਤਾਂ ਵਿਚ ਸੰਤਾਨ ਨਹੀਂ ਹੁੰਦੀ, ਉਨ੍ਹਾਂ ਵਿਚ ਆਸਟਿਓਪੋਰੋਸਿਸ ਦੀ ਸੰਭਾਵਨਾ ਵਧ ਜਾਂਦੀ ਹੈ।
* ਅਨੁਵੰਸ਼ਿਕ ਰੋਗ ਵੀ ਹੈ ਆਸਟਿਓਪੋਰੋਸਿਸ। ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਜੇ ਇਹ ਰੋਗ ਹੋਇਆ ਹੋਵੇ ਤਾਂ ਅਗਲੀ ਪੀੜ੍ਹੀ ਨੂੰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
* ਕਿਸੇ ਕਾਰਨ ਕਰਕੇ ਔਰਤ ਦੀ ਬੱਚੇਦਾਨੀ ਨੂੰ ਆਪ੍ਰੇਸ਼ਨ ਦੁਆਰਾ ਕੱਢਣਾ ਪਵੇ ਤਾਂ ਉਸ ਔਰਤ ਨੂੰ ਛੇਤੀ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
* ਜੋ ਲੋਕ ਇਕ ਜਗ੍ਹਾ ਬੈਠ ਕੇ ਜ਼ਿਆਦਾ ਕੰਮ ਕਰਦੇ ਹਨ ਅਤੇ ਸਰੀਰਕ ਮਿਹਨਤ ਘੱਟ ਕਰਦੇ ਹਨ, ਅਜਿਹੇ ਲੋਕ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ।
* ਨਿਯਮਤ ਕਸਰਤ ਦੀ ਕਮੀ ਦੇ ਕਾਰਨ ਵੀ ਆਸਟਿਓਪੋਰੋਸਿਸ ਹੋ ਜਾਂਦਾ ਹੈ।
* ਖਾਣੇ ਵਿਚ ਕੈਲਸ਼ੀਅਮ, ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਕਮੀ ਨਾਲ ਵੀ ਹੱਡੀਆਂ ਛੇਤੀ ਕਮਜ਼ੋਰ ਪੈਂਦੀਆਂ ਹਨ।
ਜੇਕਰ ਆਸਟਿਓਪੋਰੋਸਿਸ ਬਾਰੇ ਸਹੀ ਸਮੇਂ 'ਤੇ ਪਤਾ ਲੱਗ ਜਾਵੇ ਤਾਂ ਇਸ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਹੱਡੀਆਂ ਨੂੰ ਹੋਏ ਨੁਕਸਾਨ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ, ਜੇ ਅਸੀਂ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਲੈ ਆਈਏ ਤਾਂ।
ਕਿਵੇਂ ਕਰੀਏ ਬਚਾਅ :
* ਆਸਟਿਓਪੋਰੋਸਿਸ ਦੇ ਪ੍ਰਤੀ ਜਾਗਰੂਕਤਾ ਇਸ ਦਾ ਪਹਿਲਾ ਇਲਾਜ ਹੈ। ਜੇ ਇਸ ਦੇ ਕਾਰਨਾਂ ਬਾਰੇ ਪਤਾ ਹੋਵੇ ਤਾਂ ਇਸ ਦੇ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
* ਖਾਣੇ ਵਿਚ ਕੈਲਸ਼ੀਅਮ ਦੀ ਸਹੀ ਮਾਤਰਾ ਦਾ ਸੇਵਨ ਕਰੋ। * ਨਿਯਮਤ ਰੂਪ ਨਾਲ ਕਸਰਤ ਕਰੋ, ਜਿਵੇਂ ਤੇਜ਼ ਤੁਰਨਾ, ਤੈਰਨਾ, ਸਾਈਕਲ ਚਲਾਉਣਾ ਆਦਿ। ਇਨ੍ਹਾਂ ਵਿਚੋਂ ਤੈਰਨਾ ਆਸਟਿਓਪੋਰੋਸਿਸ ਤੋਂ ਬਚਾਅ ਲਈ ਸਭ ਤੋਂ ਵਧੀਆ ਕਸਰਤ ਹੈ। * ਨਿਯਮਤ ਰੂਪ ਨਾਲ ਸਲਾਦ ਅਤੇ ਸਪ੍ਰਾਊਟਸ ਦਾ ਸੇਵਨ ਕਰੋ। * ਮੀਨੋਪਾਜ ਤੋਂ ਬਾਅਦ ਹੱਡੀਆਂ ਦਾ ਘਣਤਾ ਟੈਸਟ ਕਰਵਾਓ। * ਜ਼ਿਆਦਾ ਤੇਲੀ ਭੋਜਨ ਦੀ ਵਰਤੋਂ ਨਾ ਕਰੋ। * ਡਾਇਟਿੰਗ ਨਾ ਕਰੋ। * ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਨਾ ਕਰੋ। * ਚਾਹ-ਕੌਫੀ ਦਾ ਸੇਵਨ ਨਾ ਕਰੋ। * ਸਾਫਟ ਡ੍ਰਿੰਕਸ ਵੀ ਨਾ ਪੀਓ, ਕਿਉਂਕਿ ਇਨ੍ਹਾਂ ਵਿਚ ਸਲਫਰ ਅਤੇ ਫਾਸਫੋਰਸ ਜ਼ਿਆਦਾ ਹੁੰਦਾ ਹੈ, ਜੋ ਕੈਲਸ਼ੀਅਮ ਨੂੰ ਨਸ਼ਟ ਕਰਦਾ ਹੈ। * ਕੱਦ ਦੇ ਮੁਤਾਬਿਕ ਭਾਰ ਜ਼ਿਆਦਾ ਨਾ ਵਧਣ ਦਿਓ।


-ਮੇਘਾ

ਸਿਹਤ ਸਾਹਿਤ

ਤੰਦਰੁਸਤੀ

ਤੰਦਰੁਸਤ ਖੁਰਾਕ, ਤੰਦਰੁਸਤ ਮਨ ਦਾ ਆਧਾਰ ਹੁੰਦੀ ਹੈ। ਜ਼ਿੰਦਗੀ ਦੀ ਸ਼ੈਲੀ ਬਦਲਣ ਕਰਕੇ ਮਨੁੱਖ ਨੂੰ ਅਨੇਕ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਆਲਸਪੁਣਾ, ਖਾਣ-ਪੀਣ ਦੀਆਂ ਬਨਾਉਟੀ ਚੀਜ਼ਾਂ ਤੇ ਆਪਣੇ ਸਰੀਰ ਦੀ ਅਣਦੇਖੀ ਕਾਰਨ ਤਕਰੀਬਨ ਹਰ ਇਨਸਾਨ ਘੱਟ ਜਾਂ ਵੱਧ ਕਈ ਕਿਸਮ ਦੀਆਂ ਸਰੀਰਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
'ਤੰਦਰੁਸਤੀ : ਖੁਰਾਕ ਤੇ ਕਸਰਤ' ਨਵਪ੍ਰੀਤ ਕੌਰ ਦੀ ਲਿਖੀ ਅਜਿਹੀ ਪੁਸਤਕ ਹੈ, ਜਿਹੜੀ ਹਰ ਉਮਰ ਵਿਚ ਤੰਦਰੁਸਤ ਰਹਿਣ ਦੇ ਗੁਰ ਦੱਸਦੀ ਹੈ। ਇਹ ਤੰਦਰੁਸਤੀ ਤਾਂ ਹੀ ਆ ਸਕਦੀ ਹੈ, ਜੇ ਕਸਰਤ ਅਤੇ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਪੁਸਤਕ ਨੂੰ ਲੇਖਿਕਾ ਵੱਲੋਂ ਕਈ ਭਾਗਾਂ ਵਿਚ ਵੰਡਿਆ ਗਿਆ ਹੈ, ਜਿਵੇਂ 'ਤੰਦਰੁਸਤੀ : ਖੁਰਾਕ ਤੇ ਕਸਰਤ', 'ਬੁਢਾਪੇ ਵਿਚ ਸਿਹਤਮੰਦ ਖੁਰਾਕ ਅਤੇ ਕਸਰਤ ਦੀ ਮਹੱਤਤਾ', 'ਔਰਤਾਂ ਲਈ ਖੁਰਾਕ ਤੇ ਕਸਰਤ ਦੀ ਮਹੱਤਤਾ', 'ਗਠੀਆ : ਖੁਰਾਕ ਤੇ ਕਸਰਤ', 'ਬਲੱਡ ਪ੍ਰੈਸ਼ਰ : ਖੁਰਾਕ ਤੇ ਕਸਰਤ', 'ਡਿਪਰੈਸ਼ਨ ਦੇ ਇਲਾਜ ਵਿਚ ਖੁਰਾਕ ਤੇ ਕਸਰਤ ਦੀ ਮਹੱਤਤਾ', 'ਰੋਜ਼ਾਨਾ ਜੀਵਨ ਵਿਚ ਆਮ ਤਕਲੀਫ਼ਾਂ' ਤੇ ਕਈ ਹੋਰ ਰੋਗਾਂ ਬਾਰੇ ਦੱਸਿਆ ਗਿਆ ਹੈ।
ਲੇਖਿਕਾ ਨੇ ਦੱਸਿਆ ਹੈ ਕਿ ਔਰਤ ਦੀ ਖੁਰਾਕ ਵਿਚ ਲੋਹਾ ਅਤੇ ਕੈਲਸ਼ੀਅਮ ਦੀ ਮਾਤਰਾ ਆਦਮੀ ਦੀ ਖੁਰਾਕ ਦੇ ਮੁਕਾਬਲੇ ਜ਼ਿਆਦਾ ਹੋਣੀ ਚਾਹੀਦੀ ਹੈ। ਮਾਹਵਾਰੀ, ਗਰਭ, ਬੱਚੇ ਨੂੰ ਦੁੱਧ ਪਿਲਾਉਣ ਸਮੇਂ ਅਤੇ ਮੀਨੋਪਾਜ਼ ਸਮੇਂ ਪੌਸ਼ਟਿਕ ਭੋਜਨ ਦੀ ਲੋੜ ਹੋਰ ਵਧ ਜਾਂਦੀ ਹੈ। ਚਾਹ, ਕੌਫੀ, ਲੂਣ ਆਦਿ ਦੀ ਜ਼ਿਆਦਾ ਵਰਤੋਂ ਭੋਜਨ ਵਿਚੋਂ ਸਰੀਰ ਦੇ ਜ਼ਰੂਰੀ ਤੱਤਾਂ ਨੂੰ ਸੋਖਣ ਦੀ ਤਾਕਤ ਘੱਟ ਕਰ ਦਿੰਦਾ ਹੈ।
ਕੈਂਸਰ ਬਾਰੇ ਦੱਸਿਆ ਗਿਆ ਹੈ ਕਿ ਸਿਰ, ਗਰਦਨ, ਭੋਜਨ ਨਾਲੀ, ਪੇਟ ਆਦਿ ਦੇ ਕੈਂਸਰ ਦਾ ਭੋਜਨ ਨੂੰ ਨਿਗਲਣ ਅਤੇ ਪਚਾਉਣ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਕੈਂਸਰ ਦੇ ਇਲਾਜ ਆਪ੍ਰੇਸ਼ਨ, ਕੀਮੋਥਰੈਪੀ, ਰੇਡੀਓਥਰੈਪੀ ਨਾਲ ਸਰੀਰ ਲਈ ਲੋੜੀਂਦੀ ਊਰਜਾ ਅਤੇ ਪ੍ਰੋਟੀਨ ਦੀ ਮਾਤਰਾ ਵਿਚ ਵਾਧਾ ਹੋ ਸਕਦਾ ਹੈ।
ਬਿਮਾਰੀਆਂ ਦੇ ਕਾਰਨ ਅਤੇ ਭੋਜਨ ਵਿਚ ਸੁਧਾਰ ਕਰਨ ਦੀ ਰਾਇ ਦੇਣ ਦੇ ਨਾਲ-ਨਾਲ ਲੇਖਿਕਾ ਵੱਲੋਂ ਕਸਰਤ ਨੂੰ ਜ਼ਿੰਦਗੀ ਦਾ ਅੰਗ ਬਣਾਉਣ ਦੀ ਰਾਇ ਵੀ ਦਿੱਤੀ ਗਈ ਹੈ। ਕਿਹੜੇ ਰੋਗ ਵਿਚ ਕਿਹੜੀ-ਕਿਹੜੀ ਕਸਰਤ ਕਰਨੀ ਚਾਹੀਦੀ ਹੈ ਅਤੇ ਕਿਹੜੀ ਕਸਰਤ ਕਿਵੇਂ ਹੋਣੀ ਚਾਹੀਦੀ ਹੈ, ਦੱਸਿਆ ਗਿਆ ਹੈ।
ਨਵਪ੍ਰੀਤ ਕੌਰ ਦੀ ਇਹ ਪੁਸਤਕ ਛਪਾਈ ਪੱਖੋਂ ਵੀ ਸੁੰਦਰ ਹੈ ਅਤੇ ਜਾਣਕਾਰੀ ਪੱਖੋਂ ਵੀ। ਤੰਦਰੁਸਤੀ ਨੂੰ ਜ਼ਿੰਦਗੀ ਦਾ ਆਧਾਰ ਮੰਨਣ ਵਾਲੇ ਪਾਠਕਾਂ ਲਈ ਇਹ ਪੜ੍ਹਨਯੋਗ ਹੈ।

ਲੇਖਿਕਾ : ਨਵਪ੍ਰੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ।
ਸਫੇ : 100, ਮੁੱਲ : 250 ਰੁਪਏ
-ਹਰਜਿੰਦਰ ਸਿੰਘ

ਸਿਹਤ ਖ਼ਬਰਨਾਮਾ

ਰੋਗਾਂ ਦੀ ਸੰਭਾਵਨਾ ਘਟਾਉਂਦਾ ਹੈ ਵਿਟਾਮਿਨ 'ਸੀ'

ਕੀ ਤੁਸੀਂ ਜਾਣਦੇ ਹੋ ਕਿ ਵਿਟਾਮਿਨ 'ਸੀ' ਤੁਹਾਡੇ ਖੂਨ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਕਾਬੂ ਕਰਦਾ ਹੈ, ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਦੇ ਕੰਮ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਤਾਂ ਅਸੀਂ ਜਾਣਦੇ ਹਾਂ ਕਿ ਵਿਟਾਮਿਨ 'ਸੀ' ਸਾਨੂੰ ਸਕਰਵੀ ਨਾਮਕ ਰੋਗ ਤੋਂ ਬਚਾਉਂਦਾ ਹੈ ਅਤੇ ਵਿਟਾਮਿਨ 'ਸੀ' ਦੀ ਕਮੀ ਹੋਣ ਨਾਲ ਅਸੀਂ ਇਸ ਰੋਗ ਦਾ ਸ਼ਿਕਾਰ ਹੋ ਸਕਦੇ ਹਾਂ। ਇਹੀ ਨਹੀਂ, ਵਿਟਾਮਿਨ 'ਸੀ' ਅੱਖਾਂ ਦੇ ਰੋਗ ਗਲੂਕੋਮਾ ਤੋਂ ਵੀ ਅੱਖਾਂ ਦਾ ਬਚਾਅ ਕਰਦਾ ਹੈ। ਵਿਟਾਮਿਨ 'ਸੀ' ਦਿਮਾਗ ਵਿਚ ਇਕ ਰਸਾਇਣ ਸੋਰਾਟੋਨਿਨ ਦੇ ਬਣਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਰਸਾਇਣ ਦਾ ਸਬੰਧ ਸਾਡੀ ਨੀਂਦ ਨਾਲ ਹੁੰਦਾ ਹੈ। ਇਸ ਲਈ ਤੁਸੀਂ ਵੀ ਵਿਟਾਮਿਨ 'ਸੀ' ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ। ਵਿਟਾਮਿਨ 'ਸੀ' ਦੇ ਚੰਗੇ ਸਰੋਤ ਹਨ ਕੱਚੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਟਮਾਟਰ, ਸ਼ਿਮਲਾ ਮਿਰਚ, ਰਸ ਵਾਲੇ ਫਲ, ਖਰਬੂਜ਼ਾ ਆਦਿ। ਸਿਗਰਟ, ਕੈਫੀਨ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ, ਕਿਉਂਕਿ ਇਹ ਖੂਨ ਵਿਚ ਵਿਟਾਮਿਨ 'ਸੀ' ਨੂੰ ਨਸ਼ਟ ਕਰਦਾ ਹੈ।
ਪ੍ਰਦੂਸ਼ਣ ਤੋਂ ਬਚਾਉਂਦੇ ਹਨ ਵਿਟਾਮਿਨ

ਅੱਜ ਬਹੁਤੇ ਰੋਗਾਂ ਦਾ ਕਾਰਨ ਪ੍ਰਦੂਸ਼ਣ, ਜੋ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਪ੍ਰਦੂਸ਼ਣ ਨਾਲ ਨਿਪਟਣ ਲਈ ਮਨੁੱਖ ਬਹੁਤ ਸਾਰੇ ਉਪਾਅ ਕਰ ਰਿਹਾ ਹੈ ਪਰ ਇਸ ਨਾਲ ਨਿਪਟਣ ਲਈ ਸਭ ਤੋਂ ਜ਼ਰੂਰੀ ਹੈ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਮਜ਼ਬੂਤ ਹੋਣਾ, ਜੋ ਇਸ ਤੋਂ ਸਾਡੇ ਸਰੀਰ ਦੀ ਰੱਖਿਆ ਕਰ ਸਕੇ। ਪ੍ਰਦੂਸ਼ਣ ਤੋਂ ਬਚਾਅ ਲਈ ਜ਼ਰੂਰੀ ਹੈ ਵਿਟਾਮਿਨ 'ਏ', 'ਬੀ', 'ਸੀ' ਅਤੇ ਸੇਲੋਨਿਅਮ ਯੁਕਤ ਪਦਾਰਥਾਂ ਦਾ ਸੇਵਨ, ਕਿਉਂਕਿ ਇਨ੍ਹਾਂ ਵਿਚ ਕੁਝ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਰੱਖਦੇ ਹਨ। ਵਿਟਾਮਿਨ 'ਈ' ਦੇ ਚੰਗੇ ਸਰੋਤ ਹਨ ਬਦਾਮ, ਸੋਇਆਬੀਨ, ਹਰੀਆਂ ਪੱਤੇਦਾਰ ਸਬਜ਼ੀਆਂ, ਮੂੰਗਫਲੀ ਆਦਿ। ਵਿਟਾਮਿਨ 'ਏ' ਦੇ ਚੰਗੇ ਸਰੋਤ ਹਨ ਗਾਜਰ, ਹਦਵਾਣਾ, ਪਪੀਤਾ, ਕਿਉਂਕਿ ਇਨ੍ਹਾਂ ਵਿਚ ਬੀਟਾ ਕੇਰੋਟਿਨ ਨਾਮਕ ਤੱਤ ਹੁੰਦਾ ਹੈ, ਜੋ ਹਵਾ ਪ੍ਰਦੂਸ਼ਣ ਨਾਲ ਸਾਡੇ ਫੇਫੜਿਆਂ ਦੀ ਰੱਖਿਆ ਕਰਦਾ ਹੈ। ਸਲੇਨਿਅਮ ਸਾਬਤ ਅਨਾਜ, ਚੁਕੰਦਰ, ਮਟਰ, ਟਮਾਟਰ, ਸੋਇਆਬੀਨ, ਮੱਛੀ ਆਦਿ ਵਿਚ ਹੁੰਦਾ ਹੈ।

ਸਵੇਰੇ ਛੇਤੀ ਉੱਠੋ, ਤੰਦਰੁਸਤ ਰਹੋ

ਹਰੇਕ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਅਤੇ ਲੰਬੀ ਉਮਰ ਜੀਵੇ। ਵੈਸੇ ਤਾਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਬਹੁਤ ਸਾਰੇ ਤਰੀਕੇ ਹਨ ਪਰ ਸਵੇਰੇ ਛੇਤੀ ਉੱਠਣਾ ਸਭ ਤੋਂ ਆਸਾਨ ਉਪਾਅ ਹੈ।
ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਸਿਹਤ ਲਈ ਬਹੁਤ ਹਿਤਕਾਰੀ ਮੰਨਿਆ ਜਾਂਦਾ ਹੈ। ਪਖਾਨਾ ਆਦਿ ਤੋਂ ਬਾਅਦ ਸਵੇਰੇ ਸੈਰ ਲਈ ਨਿਕਲਿਆ ਜਾ ਸਕਦਾ ਹੈ। ਯੋਗ ਆਸਣ ਅਤੇ ਕਸਰਤ ਵੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਅਤਿਅੰਤ ਉੱਤਮ ਹਨ। ਸਵੇਰ ਦੇ ਸਮੇਂ ਮਾਸਪੇਸ਼ੀਆਂ ਤਣਾਅਮੁਕਤ ਹੁੰਦੀਆਂ ਹਨ ਅਤੇ ਉਨ੍ਹਾਂ ਵਿਚ ਵਿਆਪਤ ਲੋਚਸ਼ੀਲਤਾ ਕਸਰਤ ਲਈ ਬਹੁਤ ਉਪਯੁਕਤ ਰਹਿੰਦੀ ਹੈ।
ਸਵੇਰੇ ਦੇਰ ਨਾਲ ਜਾਗਣ ਨਾਲ ਵਿਅਕਤੀ ਦੇ ਦਿਲੋ-ਦਿਮਾਗ 'ਤੇ ਆਲਸ ਭਾਰੂ ਰਹਿੰਦਾ ਹੈ, ਜਦੋਂ ਕਿ ਸਵੇਰੇ ਛੇਤੀ ਜਾਗਣ ਵਾਲੇ ਵਿਅਕਤੀ ਵਿਚ ਇਸ ਦੀ ਬਜਾਏ ਤਾਜ਼ਗੀ ਹੁੰਦੀ ਹੈ। ਵੈਸੇ ਵੀ ਇਸ ਸਮੇਂ ਮਨ ਇਕਦਮ ਸ਼ਾਂਤ ਅਤੇ ਖੁਸ਼ ਹੁੰਦਾ ਹੈ। ਸਵੇਰੇ ਛੇਤੀ ਉੱਠਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਵਿਦਿਆਰਥੀ-ਵਿਦਿਆਰਥਣਾਂ ਸੂਰਜ ਨਿਕਲਣ ਤੋਂ ਪਹਿਲਾਂ ਉੱਠ ਕੇ ਪੜ੍ਹਾਈ ਕਰਨ ਤਾਂ ਉਹ ਪ੍ਰੀਖਿਆ ਦੀ ਚੰਗੀ ਤਿਆਰੀ ਕਰਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਦਿਨ ਭਰ ਦੀ ਭੱਜ-ਦੌੜ ਅਤੇ ਜਲਦਬਾਜ਼ੀ ਤੋਂ ਮੁਕਤੀ ਪਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਛੇਤੀ ਉੱਠਿਆ ਜਾਵੇ। ਸਵੇਰੇ ਛੇਤੀ ਉੱਠਣ ਨਾਲ ਵਿਅਕਤੀ ਆਪਣੇ ਮਹੱਤਵਪੂਰਨ ਕੰਮਾਂ ਨੂੰ ਅਸਾਨੀ ਨਾਲ ਚਿੰਤਾਮੁਕਤ ਹੋ ਕੇ ਪੂਰਾ ਕਰ ਲੈਂਦਾ ਹੈ। ਇਸ ਸਮੇਂ ਹਵਾ ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਸਵੇਰ ਦੀ ਤਾਜ਼ੀ ਹਵਾ ਵਿਚ ਲੰਬੇ ਸਾਹ ਲੈਣਾ ਸ਼ਾਇਦ ਇਸੇ ਲਈ ਲਾਭਦਾਇਕ ਮੰਨਿਆ ਗਿਆ ਹੈ।
ਦੇਰ ਨਾਲ ਉੱਠਣ ਵਾਲਾ ਵਿਅਕਤੀ ਖੁਦ ਹੀ ਕਈ ਬਿਮਾਰੀਆਂ ਨੂੰ ਸੱਦਾ ਦੇ ਬੈਠਦਾ ਹੈ। ਕਿਉਂਕਿ ਦੇਰ ਨਾਲ ਉੱਠਣ 'ਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਦਿਨ ਬਹੁਤ ਛੋਟਾ ਹੈ ਅਤੇ ਉਹ ਹਰੇਕ ਕੰਮ ਜਲਦਬਾਜ਼ੀ ਵਿਚ ਨਿਪਟਾਉਂਦਾ ਹੈ। ਦਿਨ ਭਰ ਰੁੱਝਾ ਰਹਿਣ ਦੇ ਕਾਰਨ ਵਿਅਕਤੀ ਨਾ ਤਾਂ ਢੰਗ ਨਾਲ ਆਰਾਮ ਕਰ ਪਾਉਂਦਾ ਹੈ ਅਤੇ ਨਾ ਹੀ ਢੰਗ ਨਾਲ ਖਾ-ਪੀ ਸਕਦਾ ਹੈ। ਇਸ ਤਰ੍ਹਾਂ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਉਸ ਨੂੰ ਘੇਰੀ ਰੱਖਦੀਆਂ ਹਨ।
ਅੱਜ ਦਾ ਕੰਮ ਕੱਲ੍ਹ 'ਤੇ ਛੱਡਣ ਦੀ ਪ੍ਰਵਿਰਤੀ ਨੂੰ ਵੀ ਬੜ੍ਹਾਵਾ ਦਿੰਦਾ ਹੈ ਦੇਰ ਨਾਲ ਉੱਠਣਾ, ਕਿਉਂਕਿ ਦੇਰ ਨਾਲ ਉੱਠਣ ਕਾਰਨ ਵਿਅਕਤੀ ਕੰਮ ਨੂੰ ਢੰਗ ਨਾਲ ਨਹੀਂ ਕਰ ਸਕਦਾ। ਉਹ ਹੌਲੀ-ਹੌਲੀ ਕੰਮ ਤੋਂ ਜੀਅ ਚੁਰਾਉਣ ਲਗਦਾ ਹੈ ਅਤੇ ਨਿਠੱਲੇਪਨ ਦੀ ਪ੍ਰਵਿਰਤੀ ਉਸ ਦੇ ਅੰਦਰ ਘਰ ਕਰ ਜਾਂਦੀ ਹੈ।
ਛੇਤੀ ਸੌਂ ਕੇ ਛੇਤੀ ਉੱਠਣ ਵਾਲਾ ਵਿਅਕਤੀ ਤੰਦਰੁਸਤ ਅਤੇ ਬੁੱਧੀਮਾਨ ਬਣਦਾ ਹੈ, ਕਿਉਂਕਿ ਉਹ ਦਿਨ ਭਰ ਗਤੀਸ਼ੀਲ ਰਹਿੰਦਾ ਹੈ ਅਤੇ ਆਲਸ ਉਸ ਦੇ ਨੇੜੇ ਵੀ ਨਹੀਂ ਫਟਕਦੀ।
ਵੈਸੇ ਤਾਂ ਅੱਜਕਲ੍ਹ ਮਨੁੱਖ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਬਹੁਤ ਤਬਦੀਲੀ ਆ ਗਈ ਹੈ ਅਤੇ ਉਸ ਵਾਸਤੇ ਰਾਤ ਨੂੰ ਛੇਤੀ ਸੌਣਾ ਕਾਫੀ ਔਖਾ ਹੈ ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਰਾਤ ਨੂੰ ਛੇਤੀ ਸੌਂ ਕੇ ਸਵੇਰੇ ਛੇਤੀ ਉੱਠਿਆ ਜਾਵੇ। ਰਾਤ ਨੂੰ ਛੇਤੀ ਸੌਣ ਨਾਲ ਸਰੀਰ ਨੂੰ ਪੂਰਾ ਆਰਾਮ ਮਿਲ ਜਾਂਦਾ ਹੈ ਅਤੇ ਛੇਤੀ ਜਾਗਣ ਵਿਚ ਮਦਦ ਵੀ ਮਿਲਦੀ ਹੈ। ਇਸ ਨਾਲ ਉਨੀਂਦਰੇ ਦੀ ਸਮੱਸਿਆ ਵੀ ਨਹੀਂ ਹੁੰਦੀ। ਸਵੇਰੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੋਰ ਤੰਤਰ ਤਾਜ਼ਗੀ ਭਰਪੂਰ ਹੁੰਦੇ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਸਰੀਰਕ ਬਿਮਾਰੀਆਂ ਕਈ ਮਾਨਸਿਕ ਬਿਮਾਰੀਆਂ ਦਾ ਵੀ ਕਾਰਨ ਬਣ ਜਾਂਦੀਆਂ ਹਨ। ਜੇ ਰਾਤ ਨੂੰ ਦੇਰ ਨਾਲ ਸੌਵੋਂ ਅਤੇ ਸਵੇਰੇ ਛੇਤੀ ਉੱਠੋ ਤਾਂ ਇਸ ਨਾਲ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਹੀ ਹੋਵੇਗਾ, ਕਿਉਂਕਿ ਵਿਅਕਤੀ ਦੀ ਨੀਂਦ ਪੂਰੀ ਨਹੀਂ ਹੁੰਦੀ ਅਤੇ ਵਿਅਕਤੀ ਦਾ ਮਨ ਚਿੜਚਿੜਾ ਹੋ ਜਾਂਦਾ ਹੈ ਅਤੇ ਉਹ ਆਪਣੇ ਮਹੱਤਵਪੂਰਨ ਕੰਮ ਠੀਕ ਢੰਗ ਨਾਲ ਪੂਰੇ ਨਹੀਂ ਕਰ ਸਕਦਾ।
ਸਰੀਰ ਅਤੇ ਮਨ ਦੋਵਾਂ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਿ ਸਮੇਂ ਸਿਰ ਸੌਵੋਂ ਅਤੇ ਸਵੇਰੇ ਛੇਤੀ ਉੱਠੋ। ਇਹ ਇਸ ਪੱਖੋਂ ਵੀ ਲਾਭਦਾਇਕ ਹੈ ਕਿ ਛੇਤੀ ਉੱਠ ਕੇ ਵਿਅਕਤੀ ਮਹੱਤਵਪੂਰਨ ਕੰਮਾਂ ਨੂੰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਸਕਦਾ ਹੈ, ਕਿਉਂਕਿ ਉਸ ਦੇ ਕੋਲ ਇਸ ਵਾਸਤੇ ਲੋੜੀਂਦਾ ਸਮਾਂ ਹੁੰਦਾ ਹੈ।
ਇਸ ਨਾਲ ਵਿਅਕਤੀ ਆਪਣੀ ਰੋਜ਼ਮਰ੍ਹਾ ਨੂੰ ਸੁਚਾਰੂ ਰੂਪ ਨਾਲ ਨਿਯੋਜਤ ਕਰਕੇ ਕੰਮਾਂ ਨੂੰ ਅੰਜ਼ਾਮ ਦੇ ਸਕਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਦਾ ਕਾਰਗਰ ਉਪਾਅ ਹੈ-ਕਸਰਤ। ਇਹ ਕਰਨਾ ਤਾਂ ਹੀ ਸੰਭਵ ਹੋ ਸਕਦਾ ਹੈ, ਜਦੋਂ ਸਵੇਰੇ ਛੇਤੀ ਉੱਠਿਆ ਜਾਵੇ।
ਸਰੀਰ ਅਤੇ ਮਨ ਨੂੰ ਹਮੇਸ਼ਾ ਨਿਰੋਗ ਅਤੇ ਖੁਸ਼ ਰੱਖਣ ਲਈ ਸਵੇਰੇ ਛੇਤੀ ਉੱਠੋ।


-ਭਾਸ਼ਣਾ ਬਾਂਸਲ

ਘਰ ਦਾ ਡਾਕਟਰ

ਅਜਵਾਇਣ

* ਗਲੇ ਵਿਚ ਦਰਦ ਹੋਣ 'ਤੇ ਅਜਵਾਇਣ ਦੇ ਪਾਣੀ ਨਾਲ ਗਰਾਰੇ ਕਰੋ। ਜੇਕਰ ਜ਼ਿਆਦਾ ਦਰਦ ਹੋਵੇ ਤਾਂ ਦਿਨ ਵਿਚ ਤਿੰਨ ਤੋਂ ਚਾਰ ਵਾਰ ਗਰਾਰੇ ਕਰੋ, ਤੁਰੰਤ ਰਾਹਤ ਮਿਲੇਗੀ।
* ਅਸਥਮਾ ਰੋਗੀਆਂ ਨੂੰ ਅਜਵਾਇਣ ਦੀ ਗਰਮ ਪੁਲਿਟਸ ਨਾਲ ਸੀਨੇ ਵਿਚ ਸਿਕਾਈ ਕਰਨ ਨਾਲ ਲਾਭ ਮਿਲਦਾ ਹੈ।
* ਜੇਕਰ ਮਾਹਵਾਰੀ ਅਨਿਯਮਤ ਆ ਰਹੀ ਹੋਵੇ ਤਾਂ ਡੇਟ ਆਉਣ ਤੋਂ ਦੋ-ਤਿੰਨ ਦਿਨ ਪਹਿਲਾਂ ਪੁਰਾਣੇ ਗੁੜ ਅਤੇ ਅਜਵਾਇਣ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਲਾਭ ਮਿਲਦਾ ਹੈ।
* ਜੇਕਰ ਪੇਟ ਵਿਚ ਦਰਦ ਹੋ ਰਿਹਾ ਹੋਵੇ ਤਾਂ ਅਜਵਾਇਣ ਨੂੰ ਗੁੜ ਨਾਲ ਖਾ ਕੇ ਉੱਪਰੋਂ ਦੀ ਪਾਣੀ ਪੀ ਲੈਣ ਨਾਲ ਆਰਾਮ ਮਿਲਦਾ ਹੈ।
* ਛੋਟੇ ਬੱਚੇ ਹਰੇ-ਪੀਲੇ ਦਸਤ ਕਰ ਰਹੇ ਹੋਣ ਤਾਂ ਅੱਧੇ ਤੋਂ ਵੀ ਥੋੜ੍ਹੇ ਛੋਟੇ ਚਮਚ ਵਿਚ ਬਰੀਕ ਪਾਊਡਰ ਦੀ ਅਜਵਾਇਣ ਲਓ। ਉਸ ਵਿਚ ਮਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਦਿਨ ਵਿਚ ਦੋ ਤੋਂ ਤਿੰਨ ਵਾਰ ਦਿਓ। ਸ਼ਿਕਾਇਤ ਦੂਰ ਹੋਵੇਗੀ।
* ਜੇਕਰ ਪੇਟ ਵਿਚ ਕੀੜੇ ਹੋਣ ਤਾਂ ਇਕ ਛੋਟਾ ਚਮਚ ਅਜਵਾਇਣ ਦਾ ਚੂਰਨ ਲੱਸੀ ਵਿਚ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।
* ਅਜਵਾਇਣ ਦਾ ਕਾੜ੍ਹਾ ਪੀਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਅੰਤੜੀਆਂ ਵਿਚ ਸੜਨ ਵੀ ਨਹੀਂ ਹੁੰਦੀ।
* ਸਰਦੀ-ਜ਼ੁਕਾਮ ਅਤੇ ਖੰਘ ਹੋਣ 'ਤੇ ਪਾਨ ਵਿਚ ਅਜਵਾਇਣ ਪਾ ਕੇ ਖਾਣ ਨਾਲ ਲਾਭ ਮਿਲਦਾ ਹੈ।
* ਪੇਟ ਵਿਚ ਭਾਰੀਪਨ ਹੋਣ 'ਤੇ, ਗੈਸ ਬਣਨ 'ਤੇ, ਖੱਟੇ ਡਕਾਰ ਆਉਣ 'ਤੇ ਅੱਧਾ ਛੋਟਾ ਚਮਚ ਅਜਵਾਇਣ ਵਿਚ ਚੌਥਾਈ ਚਮਚ ਖਾਣੇ ਵਾਲਾ ਸੋਡਾ ਮਿਲਾ ਕੇ ਫੱਕ ਲਓ, ਉੱਪਰੋਂ ਕੋਸਾ ਪਾਣੀ ਦੋ-ਚਾਰ ਘੁੱਟ ਪੀ ਲਓ। ਖਾਣਾ ਖਾਣ ਤੋਂ 10 ਮਿੰਟ ਬਾਅਦ ਲਓ।
* ਅਜਵਾਇਣ, ਕਾਲਾ ਨਮਕ ਅਤੇ ਹਿੰਗ ਤਿੰਨਾਂ ਨੂੰ ਪੀਸ ਕੇ ਰੱਖ ਲਓ। ਪੇਟ ਦਰਦ ਹੋਣ 'ਤੇ ਅੱਧਾ ਚਮਚਾ ਦਿਨ ਵਿਚ ਦੋ ਵਾਰ ਕੋਸੇ ਪਾਣੀ ਨਾਲ ਲਓ। ਰਾਹਤ ਮਿਲੇਗੀ।
* ਭੁੱਖ ਨਾ ਲੱਗਣ ਦੀ ਹਾਲਤ ਵਿਚ 1/2 ਛੋਟੇ ਚਮਚ ਅਜਵਾਇਣ ਪਾਣੀ ਦੇ ਨਾਲ ਲਓ। ਭੁੱਖ ਲੱਗੇਗੀ ਅਤੇ ਖਾਣਾ ਵੀ ਪਚਣ ਵਿਚ ਮਦਦ ਮਿਲੇਗੀ।

ਪ੍ਰੇਸ਼ਾਨੀ ਨਾ ਬਣੇ ਮੋਢਿਆਂ ਦੀ ਜਕੜਨ

ਦਰਦ ਕਿਤੇ ਦਾ ਵੀ ਹੋਵੇ, ਸਰੀਰ ਦੀ ਹਿੰਮਤ ਨੂੰ ਕਾਫੀ ਘੱਟ ਕਰ ਦਿੰਦਾ ਹੈ। ਰੋਜ਼ਾਨਾ ਜੀਵਨ ਵਿਚ ਉੱਠਣ-ਬੈਠਣ, ਕੰਮ ਕਰਨ 'ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਮੋਢਿਆਂ ਦੀ ਜਕੜਨ ਹੱਡੀਆਂ ਸਬੰਧੀ ਬਿਮਾਰੀ ਹੈ, ਜਿਸ ਵਿਚ ਮੋਢਿਆਂ ਦੀ ਮੂਵਮੈਂਟ ਕਾਫੀ ਘੱਟ ਹੋ ਜਾਂਦੀ ਹੈ। ਏਨੀ ਘੱਟ ਕਿ ਕੱਪੜੇ ਬਦਲਣਾ, ਕੰਘੀ ਕਰਨਾ, ਵਾਲ ਧੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਕਈ ਵਾਰ ਘਰ ਦੇ ਕੰਮ ਕਰਨ ਨਾਲ ਮੋਢਿਆਂ ਦੇ ਪੱਠਿਆਂ ਵਿਚ ਟੁੱਟ-ਫੁੱਟ ਹੋ ਜਾਣ ਨਾਲ ਵੀ ਰੋਗੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਲਗਾਤਾਰ ਕੰਪਿਊਟਰ 'ਤੇ ਟਾਈਪ ਕਰਨਾ, ਕਸਰਤ ਨਾ ਕਰਨਾ ਆਦਿ ਨਾਲ ਵੀ ਇਹ ਰੋਗ ਹੋ ਸਕਦਾ ਹੈ।
ਲੱਛਣ : ਮੋਢਿਆਂ ਦਾ ਚੰਗੀ ਤਰ੍ਹਾਂ ਨਾ ਘੁੰਮਣਾ, ਹਰ ਰੋਜ਼ ਦੇ ਕੰਮਾਂ ਵਿਚ ਜਿਵੇਂ ਵਾਲਾਂ ਨੂੰ ਬਰੁਸ਼ ਕਰਨਾ, ਛੋਟੇ ਬੱਚਿਆਂ ਨੂੰ ਚੁੱਕਣਾ, ਘਰ ਵਿਚ ਡਸਟਿੰਗ ਕਰਨਾ, ਭਾਂਡੇ ਧੋਣਾ, ਉਚਾਈ ਤੋਂ ਸਮਾਨ ਲਾਹੁਣਾ-ਰੱਖਣਾ, ਕੱਪੜੇ ਬਦਲਣਾ ਆਦਿ ਕੰਮ ਕਰਦੇ ਹੋਏ ਮੋਢਿਆਂ ਵਿਚ ਦਰਦ ਹੁੰਦੀ ਹੈ। ਮੋਢਿਆਂ ਦੀ ਜਕੜਨ ਅਤੇ ਦਰਦ ਹੋਣ ਨਾਲ ਇਨਸਾਨ ਦਾ ਜੀਵਨ ਹੀ ਬਦਲ ਜਾਂਦਾ ਹੈ। ਇਸ ਸਥਿਤੀ ਵਿਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਉਸ ਵੱਲੋਂ ਦੱਸੀ ਗਈ ਕਸਰਤ ਹਰ ਰੋਜ਼ ਕਰਦੇ ਰਹਿਣਾ ਚਾਹੀਦਾ ਹੈ।
ਮੋਢਿਆਂ ਦੀ ਜਕੜਨ ਨੂੰ ਦੂਰ ਕਰਨ
ਵਿਚ ਮਦਦਗਾਰ ਨੁਸਖੇ
* ਮੋਢਿਆਂ ਨੂੰ ਜ਼ੋਰ ਨਾਲ ਨਹੀਂ ਹਿਲਾਉਣਾ ਚਾਹੀਦਾ।
* ਕੋਈ ਭਾਰੀ ਸਮਾਨ ਨਹੀਂ ਚੁੱਕਣਾ ਚਾਹੀਦਾ, ਭਾਰੀ ਫਰਨੀਚਰ, ਭਾਰੀ ਗਮਲੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਖਿਸਕਾ ਕੇ ਜਾਂ ਚੁੱਕ ਕੇ ਨਹੀਂ ਰੱਖਣੇ ਚਾਹੀਦੇ।
* ਲਗਾਤਾਰ ਕੰਮ ਨਾ ਕਰੋ। ਜਦੋਂ ਵੀ ਜ਼ਿਆਦਾ ਕੰਮ ਹੋਵੇ, ਵਿਚਾਲੇ ਥੋੜ੍ਹਾ ਆਰਾਮ ਜ਼ਰੂਰ ਕਰੋ।
* ਨਿਯਮਤ ਰੂਪ ਨਾਲ ਮੋਢਿਆਂ ਦੀ ਕਸਰਤ ਕੀਤੀ ਜਾਵੇ ਤਾਂ ਲਾਭ ਮਿਲਦਾ ਹੈ।
ਇਲਾਜ : ਮੋਢਿਆਂ ਦੀ ਜਕੜਨ ਵੈਸੇ ਕੋਈ ਗੰਭੀਰ ਰੋਗ ਨਹੀਂ ਹੈ ਪਰ ਇਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਤਕਲੀਫ ਕਾਫੀ ਵਧ ਸਕਦੀ ਹੈ। ਜੇ ਮੋਢਿਆਂ ਵਿਚ ਜਕੜਨ ਜ਼ਿਆਦਾ ਹੋ ਜਾਵੇ ਤਾਂ ਇਸ ਦਾ ਵਧੀਆ ਇਲਾਜ 'ਆਰਥੋਸਕੋਪੀ' ਹੈ। 'ਆਰਥੋਸਕੋਪੀ' ਨਾਲ ਮੋਢਿਆਂ ਦੇ ਜਿਸ ਭਾਗ ਵਿਚ ਜਕੜਨ ਹੁੰਦੀ ਹੈ, ਲੇਪ੍ਰੋਸਕੋਪੀ ਤਰੀਕੇ ਨਾਲ ਸਰੀਰ ਦੇ ਅੰਦਰ ਯੰਤਰ ਪਾ ਕੇ ਇਲਾਜ ਕੀਤਾ ਜਾਂਦਾ ਹੈ। ਇਸ ਵਾਸਤੇ ਹਸਪਤਾਲ ਵੱਧ ਤੋਂ ਵੱਧ ਇਕ ਦਿਨ ਲਈ ਰੁਕਣਾ ਪੈਂਦਾ ਹੈ। ਇਸ ਵਿਧੀ ਨੂੰ ਕਰਨ ਲਈ ਵਿਸ਼ੇਸ਼ ਸਰਜਨ ਦੀ ਲੋੜ ਹੁੰਦੀ ਹੈ।


-ਨੀਤੂ ਗੁਪਤਾ

ਪੇਟ ਦੀਆਂ ਬਿਮਾਰੀਆਂ

ਮੂੰਹ ਵਿਚ ਛਾਲੇ ਪੈਣੇ-ਜਿਗਰ ਦੀ ਸੋਜ?

ਮੂੰਹ ਵਿਚ ਛੋਟੇ-ਛੋਟੇ ਛਾਲੇ ਪੈ ਜਾਣੇ ਜਾਂ ਮੂੰਹ ਫੁੱਲ ਜਾਣਾ ਇਕ ਆਮ ਜਿਹੀ ਬਿਮਾਰੀ ਹੈ। ਮੂੰਹ ਵਿਚ ਛਾਲੇ ਆਮ ਤੌਰ 'ਤੇ ਮਸੂੜਿਆਂ ਉੱਤੇ, ਜੀਭ ਉੱਤੇ, ਬੁੱਲ੍ਹਾਂ ਦੇ ਥੱਲੇ ਜਾਂ ਮੂੰਹ ਦੇ ਦੋਵਾਂ ਕੋਨਿਆਂ ਵਿਚ ਹੋ ਜਾਂਦੇ ਹਨ। ਇਹ ਛਾਲੇ ਮੂੰਹ ਦੀ ਅੰਦਰਲੀ ਲਾਗ ਕਰਕੇ ਹੁੰਦੇ ਹਨ।
ਅਲਾਮਤਾਂ : * ਮੂੰਹ ਫੁੱਲਣ ਕਰਕੇ ਮੂੰਹ ਵਿਚ ਦਰਦ ਹੁੰਦੀ ਹੈ। * ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਖਾਣੇ ਵਿਚ ਨਮਕ ਤੇ ਮਿਰਚ ਤਕਲੀਫ ਦਿੰਦਾ ਹੈ। * ਮੂੰਹ ਵਿਚੋਂ ਹਰ ਵੇਲੇ ਲੇਸ ਵਾਲਾ ਪਾਣੀ ਨਿਕਲਦਾ ਹੈ। * ਮੂੰਹ ਅੰਦਰੋਂ ਚਿੱਟਾ ਜਿਹਾ ਲਗਦਾ ਹੈ ਤੇ ਇਸ ਤਰ੍ਹਾਂ ਲਗਦਾ ਹੈ ਕਿ ਮੂੰਹ ਵਿਚ ਉੱਲੀ ਲੱਗੀ ਹੋਵੇ।
ਕਾਰਨ : * ਜਦੋਂ ਮੂੰਹ ਵਿਚ ਸਫਾਈ ਨਾ ਹੋਵੇ ਤਾਂ ਕਈ ਤਰ੍ਹਾਂ ਦੇ ਕੀਟਾਣੂ ਸਾਡੇ ਖਾਣੇ ਨਾਲ ਮੂੰਹ ਵਿਚ ਇਕੱਠੇ ਹੋ ਜਾਂਦੇ ਹਨ। ਮੂੰਹ ਵਿਚੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਰਲ ਪਦਾਰਥ ਨਮੀ ਦੇ ਰੂਪ ਵਿਚ ਮਿਲ ਜਾਂਦੇ ਹਨ, ਜਿਥੇ ਉਹ ਪਨਪਦੇ ਹਨ।
* ਜਦੋਂ ਕੋਈ ਆਦਮੀ ਕਮਜ਼ੋਰ ਜਾਂ ਬਿਮਾਰ ਹੁੰਦਾ ਹੈ ਤਾਂ ਉਹ ਮੂੰਹ ਦੀ ਸਫ਼ਾਈ ਠੀਕ ਤਰ੍ਹਾਂ ਨਹੀਂ ਕਰ ਸਕਦਾ ਜਾਂ ਉਸ ਵਿਚ ਕੀਟਾਣੂਆਂ ਨਾਲ ਲੜਨ ਦੀ ਤਾਕਤ ਨਹੀਂ ਹੁੰਦੀ, ਜਿਸ ਕਾਰਨ ਮੂੰਹ ਅੰਦਰਲੀ ਝਿੱਲੀ ਕਮਜ਼ੋਰ ਹੋ ਜਾਂਦੀ ਹੈ ਤੇ ਬੈਕਟੀਰੀਆ ਕਰਕੇ ਉਸ 'ਤੇ ਛਾਲੇ ਪੈ ਜਾਂਦੇ ਹਨ।
* ਬੀ-ਕੰਪਲੈਕਸ ਜਾਂ ਲੋਹੇ ਦੀ ਕਮੀ ਕਰਕੇ ਜ਼ੁਬਾਨ ਲਾਲ ਹੋ ਜਾਂਦੀ ਹੈ ਤੇ ਮੂੰਹ ਦੇ ਦੋਵਾਂ ਕੋਨਿਆਂ ਦਾ ਮਾਸ ਫੁੱਲ ਜਾਂਦਾ ਹੈ ਤੇ ਮੂੰਹ ਦੇ ਅੰਦਰ ਸੋਜ਼ਿਸ਼ ਹੋ ਜਾਂਦੀ ਹੈ।
ਮੂੰਹ ਵਿਚ ਉੱਲੀ ਲੱਗਣਾ : ਇਹ ਖਾਸ ਕਰਕੇ ਬੱਚਿਆਂ, ਬੁੱਢਿਆਂ, ਬਿਮਾਰਾਂ ਤੇ ਕਮਜ਼ੋਰਾਂ ਵਿਚ ਹੁੰਦੀ ਹੈ। ਤੇਜ਼ ਐਂਟੀਬਾਇਓਟਿਕ ਤੇ ਸਟੀਰਾਈਡ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਹੌਲੀ-ਹੌਲੀ ਜੀਭ ਤੇ ਮਸੂੜਿਆਂ ਦੀ ਅੰਦਰਲੀ ਝਿੱਲੀ ਫੁੱਲ ਕੇ ਉਖੜ ਜਾਂਦੀ ਹੈ, ਜਿਸ ਕਰਕੇ ਜ਼ਖਮ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਗਲੇ ਦੀ ਨਾਲੀ ਤੱਕ ਚਲੇ ਜਾਂਦੇ ਹਨ। ਬੱਚਿਆਂ ਤੇ ਬੁੱਢਿਆਂ ਨੂੰ ਖਾਣ ਵਿਚ ਬੜੀ ਮੁਸ਼ਕਿਲ ਆਉਂਦੀ ਹੈ। ਬੱਚੇ ਦਾ ਮੂੰਹ ਅੰਦਰੋਂ ਚਿੱਟਾ ਹੋ ਜਾਂਦਾ ਹੈ ਤੇ ਉਹ ਦੁੱਧ ਤੱਕ ਨਹੀਂ ਪੀ ਸਕਦਾ। ਕਈ ਵਾਰ ਬੱਚੇ ਨੂੰ ਭੁੱਖ ਨਾ ਲੱਗਣ 'ਤੇ ਬਹੁਤ ਰੋਣ ਕਰਕੇ ਡਾਕਟਰ ਕੋਲ ਲਿਆਉਣਾ ਪੈਂਦਾ ਹੈ ਤੇ ਬੱਚੇ ਦਾ ਮੂੰਹ ਚੰਗੀ ਤਰ੍ਹਾਂ ਚੈੱਕ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ।
ਮੂੰਹ ਦੇ ਛਾਲੇ-ਅਪੈਥੱਸ ਅਲਸਰ : ਇਹ ਇਕ ਆਮ ਬਿਮਾਰੀ ਹੈ। ਸ਼ੁਰੂ-ਸ਼ੁਰੂ ਵਿਚ ਛੋਟੇ-ਛੋਟੇ ਇਕ ਜਾਂ ਦੋ ਛਾਲੇ ਹੁੰਦੇ ਹਨ, ਫਿਰ ਇਨ੍ਹਾਂ ਵਿਚ ਪਾਣੀ ਭਰ ਜਾਂਦਾ ਹੈ। ਫਿਰ ਇਹ ਫਟ ਕੇ ਜ਼ਖਮ ਬਣ ਜਾਂਦੇ ਹਨ ਤੇ ਮੂੰਹ ਵਿਚ ਜੀਭ 'ਤੇ ਜਾਂ ਬੁੱਲ੍ਹਾਂ ਥੱਲੇ ਦੋ-ਤਿੰਨ ਅਲਸਰ ਨਜ਼ਰ ਆਉਂਦੇ ਹਨ। ਇਹ ਲਾਲ ਜਿਹੇ ਜ਼ਖਮ ਨਜ਼ਰ ਆਉਂਦੇ ਹਨ ਤੇ ਬਹੁਤ ਦਰਦ ਕਰਦੇ ਹਨ।
ਕਾਰਨ : ਇਹ ਜ਼ਿਆਦਾ ਕਰਕੇ ਪੇਟ ਦੀਆਂ ਬਿਮਾਰੀਆਂ, ਚਿੰਤਾ, ਜਿਗਰ ਦੀ ਤਕਲੀਫ, ਕਬਜ਼ ਜਾਂ ਲਿਵਰ ਦੀ ਕਮਜ਼ੋਰੀ ਕਰਕੇ ਹੁੰਦੇ ਹਨ। ਕਈ ਵਾਰੀ ਇਹ ਬਿਮਾਰੀ ਅਲਰਜੀ ਕਰਕੇ ਹੁੰਦੀ ਹੈ। ਕਈ ਲੋਕਾਂ ਨੂੰ ਟੁਥ ਪੇਸਟ ਜਾਂ ਮੰਜਨ ਤੋਂ ਅਲਰਜੀ ਹੁੰਦੀ ਹੈ। ਕਈ ਤਰ੍ਹਾਂ ਦੀਆਂ ਚਮੜੀ ਦੀਆਂ ਤਕਲੀਫਾਂ ਕਰਕੇ ਵੀ ਮੂੰਹ ਦੇ ਅੰਦਰ ਛਾਲੇ ਹੋ ਜਾਂਦੇ ਹਨ।
ਇਲਾਜ : ਇਨ੍ਹਾਂ ਸਾਰੀਆਂ ਤਕਲੀਫਾਂ ਵਿਚ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਕਦੇ ਵੀ ਮੂੰਹ ਵਿਚ ਛਾਲਿਆਂ ਦਾ ਇਲਾਜ ਆਪ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਮੂੰਹ ਫੁੱਲਣ ਦਾ ਕਾਰਨ ਲੱਭ ਕੇ ਉਸ ਦਾ ਇਲਾਜ ਸ਼ੁਰੂ ਕਰੋ। ਇਸ ਬਿਮਾਰੀ ਦੇ ਮੁੱਖ ਕਾਰਨ ਜੋ ਉੱਪਰ ਲਿਖੇ ਹਨ, ਉਨ੍ਹਾਂ ਸਭ ਦਾ ਇਲਾਜ ਅਲੱਗ-ਅਲੱਗ ਹੈ।
ਇਨ੍ਹਾਂ ਸਾਰੇ ਉੱਪਰ ਲਿਖੇ ਕਾਰਨਾਂ ਤੋਂ ਸਾਨੂੰ ਜਿਗਰ ਦੀ ਤਕਲੀਫ ਹੋਣ ਦਾ ਸ਼ੱਕ ਹੁੰਦਾ ਹੈ। ਉਸ ਦੇ ਲਈ ਜਿਗਰ ਦੇ ਟੈਸਟ ਅਤੇ ਪੇਟ ਦੀ ਸਕੈਨ ਆਦਿ ਟੈਸਟ ਕਰਵਾ ਕੇ ਇਨ੍ਹਾਂ ਦਾ ਇਲਾਜ ਬਹੁਤ ਸੌਖਾ ਹੈ। ਅੱਜਕਲ੍ਹ ਬਹੁਤ ਹੀ ਨਵੇਂ ਢੰਗ ਦੀ ਮਸ਼ੀਨ ਐਂਡੋਸਕੋਪੀ ਆ ਗਈ ਹੈ, ਜਿਸ ਦੁਆਰਾ ਕਈ ਬਿਮਾਰੀਆਂ ਦਾ ਪਹਿਲੀ ਸਟੇਜ 'ਤੇ ਲੱਭ ਕੇ ਇਲਾਜ ਅਸਾਨ ਹੋ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਬਹੁਤੀ ਤਕਲੀਫ ਵੀ ਨਹੀਂ ਹੁੰਦੀ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਹਾਸੇ ਦੁਆਰਾ ਵੀ ਸੰਭਵ ਹੈ ਘਾਤਕ ਰੋਗਾਂ ਤੋਂ ਮੁਕਤੀ

ਹਾਸਾ ਇਕ ਸਹਿਜ-ਸੁਭਾਵਿਕ ਕਿਰਿਆ ਹੈ ਪਰ ਹੈ ਇਕ ਅਨੂਠੀ ਕਿਰਿਆ। ਇਹ ਇਕ ਮੂਲ ਪ੍ਰਾਵਿਰਤੀ ਹੈ ਜੋ ਕੇਵਲ ਮਨੁੱਖ ਵਿਚ ਹੀ ਪਾਈ ਜਾਂਦੀ ਹੈ। ਕਿਹਾ ਗਿਆ ਹੈ ਕਿ ਸਾਹਿਤ, ਸੰਗੀਤ ਅਤੇ ਕਲਾ ਤੋਂ ਵਿਹੂਣਾ ਮਨੁੱਖ ਪਸ਼ੂ ਦੇ ਬਰਾਬਰ ਹੈ। ਇਹ ਗੱਲ ਕੁਝ ਹੱਦ ਤੱਕ ਠੀਕ ਹੈ ਪਰ ਵਿਵਹਾਰਕ ਪੱਧਰ 'ਤੇ ਦੇਖੀਏ ਤਾਂ ਜੋ ਵਿਅਕਤੀ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੇ ਇਸ ਅਨਮੋਲ ਤੋਹਫ਼ੇ 'ਹਾਸੇ' ਦੀ ਆਪਣੇ ਜੀਵਨ ਵਿਚ ਵਰਤੋਂ ਨਹੀਂ ਕਰਦਾ, ਉਹ ਸਭ ਤੋਂ ਵੱਡਾ ਪਸ਼ੂ ਹੈ।
ਮਨੁੱਖੀ ਜਾਤੀ ਨਾਲ ਮਿਲਦੇ ਪ੍ਰਾਣੀਆਂ ਵਿਚ ਸਿਰਫ ਚਿੰਪਾਜੀ ਹੀ ਇਕ ਅਜਿਹਾ ਪ੍ਰਾਣੀ ਹੈ ਜੋ ਕੁਝ ਹੱਦ ਤੱਕ ਹੱਸਣ ਵਰਗੀ ਕਿਰਿਆ ਕਰ ਸਕਦਾ ਹੈ, ਨਹੀਂ ਤਾਂ ਪੂਰੀ ਸ੍ਰਿਸ਼ਟੀ ਵਿਚ ਮਨੁੱਖ ਹੀ ਇਕ ਮਾਤਰ ਪ੍ਰਾਣੀ ਹੈ, ਜਿਸ ਨੂੰ ਕੁਦਰਤ ਨੇ ਇਹ ਅਨਮੋਲ ਖਜ਼ਾਨਾ ਪ੍ਰਦਾਨ ਕੀਤਾ ਹੈ। ਇਸ ਲਈ ਹਾਸੇ ਰੂਪੀ ਇਸ ਅਨਮੋਲ ਖਜ਼ਾਨੇ ਦੀ ਭਰਪੂਰ ਵਰਤੋਂ ਕਰੋ ਅਤੇ ਆਪਣੇ ਮਨੁੱਖ ਹੋਣ ਦਾ ਸਬੂਤ ਦਿਓ।
ਇਕ ਉਪਚਾਰਕ ਪ੍ਰਕਿਰਿਆ ਹੈ ਹਾਸਾ : ਹੱਸਣਾ ਇਕ ਸੰਪੂਰਨ ਕਸਰਤ ਹੈ, ਜਿਸ ਨਾਲ ਸਰੀਰ ਦੀਆਂ ਸਾਰੀਆਂ ਨਾੜੀਆਂ ਖੁੱਲ੍ਹਦੀਆਂ ਹਨ ਅਤੇ ਸਰੀਰ ਦੀ ਥਕਾਵਟ ਦੂਰ ਹੋ ਕੇ ਤਾਜ਼ਗੀ ਪੈਦਾ ਹੁੰਦੀ ਹੈ। ਖੁੱਲ੍ਹ ਕੇ ਹੱਸਣ ਨਾਲ ਫੇਫੜੇ, ਗਲੇ ਅਤੇ ਮੂੰਹ ਦੀ ਚੰਗੀ ਕਸਰਤ ਹੋ ਜਾਂਦੀ ਹੈ। ਪੇਟ ਅਤੇ ਛਾਤੀ ਦੇ ਸਨਾਯੂ ਮਜ਼ਬੂਤ ਹੁੰਦੇ ਹਨ। ਡਾਇਫ੍ਰਾਮ ਮਜ਼ਬੂਤ ਹੁੰਦਾ ਹੈ ਅਤੇ ਇਸ ਨਾਲ ਮੂੰਹ, ਗਲੇ ਅਤੇ ਫੇਫੜਿਆਂ ਸਬੰਧੀ ਬਿਮਾਰੀਆਂ ਦੇ ਇਲਾਜ ਵਿਚ ਮਦਦ ਮਿਲਦੀ ਹੈ।
ਹੱਸਣ ਨਾਲ ਖੂਨ ਸੰਚਾਰ ਦੀ ਗਤੀ ਤੀਬਰ ਹੁੰਦੀ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਨਾਲ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਜੋ ਜਿੰਨਾ ਜ਼ਿਆਦਾ ਹੱਸਦਾ-ਹਸਾਉਂਦਾ ਹੈ, ਉਸ ਦਾ ਚਿਹਰਾ ਓਨਾ ਹੀ ਜ਼ਿਆਦਾ ਚਮਕਦਾ ਹੈ। ਸਰੀਰ ਵਿਚ ਜਿੰਨੀ ਜ਼ਿਆਦਾ ਮਾਤਰਾ ਵਿਚ ਆਕਸੀਜਨ ਖਪਤ ਹੁੰਦੀ ਹੈ, ਓਨੀ ਹੀ ਜ਼ਿਆਦਾ ਊਰਜਾ ਪੈਦਾ ਹੁੰਦੀ ਹੈ ਅਤੇ ਜਿੰਨੀ ਜ਼ਿਆਦਾ ਊਰਜਾ ਪੈਦਾ ਹੋਵੇਗੀ, ਅਸੀਂ ਓਨੇ ਹੀ ਜ਼ਿਆਦਾ ਤੰਦਰੁਸਤ ਅਤੇ ਰੋਗਾਂ ਤੋਂ ਮੁਕਤ ਹੋਵਾਂਗੇ। ਇਸ ਤਰ੍ਹਾਂ ਹਾਸੇ ਵਿਚ ਜੀਵਨ ਦੇ ਉਪਚਾਰਕ ਅਤੇ ਪੋਸ਼ਕ ਤੱਤ ਮੌਜੂਦ ਹਨ।
ਹਾਸੇ ਦੁਆਰਾ ਜੀਵਨ ਰਸ ਦੀ ਪ੍ਰਾਪਤੀ : ਹਾਸੇ ਦੁਆਰਾ ਸਾਡੇ ਸਰੀਰ ਦੀ ਜੀਵ-ਰਸਾਇਣਕ ਸਰੰਚਨਾ ਵਿਚ ਤਬਦੀਲੀ ਆਉਂਦੀ ਹੈ। ਹੱਸਣ ਨਾਲ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਕਾਰਟੀਸੋਲ ਅਤੇ ਇਪਿਨਪ੍ਰਾਈਨ ਦੇ ਪੱਧਰ ਵਿਚ ਕਮੀ ਆਉਂਦੀ ਹੈ, ਜਿਸ ਨਾਲ ਸਰੀਰ ਤਣਾਅਮੁਕਤ ਹੋ ਜਾਂਦਾ ਹੈ ਅਤੇ ਤਣਾਅ ਮੁਕਤੀ ਦਾ ਅਰਥ ਹੈ ਚੰਗੀ ਸਿਹਤ।
ਇਸ ਤੋਂ ਇਲਾਵਾ ਹੱਸਣ ਨਾਲ ਸਰੀਰ ਵਿਚ ਇੰਡੋਫਿਰਨ ਨਾਮੀ ਹਾਰਮੋਨ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ ਜੋ ਸਰੀਰ ਲਈ ਸੁਭਾਵਿਕ ਰੂਪ ਨਾਲ ਦਰਦ ਨਿਵਾਰਕ ਅਤੇ ਰੋਗ ਅਵਰੋਧਕ ਦਾ ਕੰਮ ਕਰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਹੱਸਣ ਨਾਲ ਸਰੀਰ ਲਈ ਉਪਯੋਗੀ ਹਾਰਮੋਨ ਦਾ ਉਤਸਰਜਨ ਸ਼ੁਰੂ ਹੋ ਜਾਂਦਾ ਹੈ, ਜੋ ਸਾਡੇ ਚੰਗੇ ਸੁਭਾਅ ਲਈ ਜ਼ਰੂਰੀ ਹੈ। ਇਸ ਤਰ੍ਹਾਂ ਹੱਸਣਾ ਚੰਗੀ ਸਿਹਤ ਦਾ ਪ੍ਰਤੀਕ ਹੈ।
ਇਕ ਖੋਜ ਦੇ ਅਨੁਸਾਰ ਹੱਸਣ ਅਤੇ ਖ਼ੁਸ਼ ਰਹਿਣ ਨਾਲ ਟੀ. ਲਿੰਫੋਸਾਈਟਸ ਜ਼ਿਆਦਾ ਕਿਰਿਆਸ਼ੀਲ ਹੋ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਕੁਦਰਤੀ ਸੈੱਲਾਂ ਦੇ ਨਿਰਮਾਣ ਵਿਚ ਵਾਧਾ ਹੁੰਦਾ ਹੈ, ਜਿਨ੍ਹਾਂ ਨੂੰ ਕਿਲਰ ਸੈੱਲ ਕਹਿੰਦੇ ਹਨ। ਇਹ ਕਿਲਰ ਸੈੱਲ ਕੈਂਸਰ ਵਰਗੇ ਘਾਤਕ ਰੋਗ ਪੈਦਾ ਕਰਨ ਵਾਲੇ ਭਿਆਨਕ ਸੈੱਲਾਂ ਨੂੰ ਨਸ਼ਟ ਕਰਨ ਵਿਚ ਸਮਰੱਥ ਹੁੰਦੇ ਹਨ। ਇਸ ਤਰ੍ਹਾਂ ਹੱਸਣ-ਹਸਾਉਣ ਨਾਲ ਭਿਆਨਕ ਰੋਗਾਂ ਤੋਂ ਛੁਟਕਾਰਾ ਪਾਉਣ ਵਿਚ ਵੀ ਸਹਾਇਤਾ ਮਿਲਦੀ ਹੈ।

ਸਿਹਤ ਸਾਹਿਤਕ੍ਰੋਧ ਤੋਂ ਛੁਟਕਾਰਾ

ਗੁੱਸਾ ਵੱਡੇ-ਵੱਡੇ ਮਸਲੇ ਖੜ੍ਹੇ ਕਰ ਦਿੰਦਾ ਹੈ। ਜੰਗਾਂ ਲਵਾ ਛੱਡਦਾ, ਘਰ ਪੱਟ ਦਿੰਦਾ, ਜ਼ਿੰਦਗੀ ਨਰਕ ਬਣਾ ਛੱਡਦਾ। ਸਿਆਣੇ ਆਖਦੇ ਨੇ, ਜੇ ਗੁੱਸੇ 'ਤੇ ਕਾਬੂ ਪਾਉਣਾ ਸਿੱਖ ਲਈਏ ਤਾਂ ਅੱਗੇ ਵਧਣਾ ਤੈਅ ਹੈ ਪਰ ਗੁੱਸਾ ਏਨਾ ਚੰਦਰਾ ਹੈ ਕਿ ਆਉਣ ਲੱਗਾ ਪਲ ਨਹੀਂ ਲਾਉਂਦਾ। ਇਹ ਜਿੰਨੀ ਛੇਤੀ ਆਉਂਦਾ ਹੈ, ਨਤੀਜੇ ਓਨੇ ਲੰਮੇ ਨਿਕਲਦੇ ਹਨ।
'ਕ੍ਰੋਧ ਤੋਂ ਛੁਟਕਾਰਾ' ਗੁੱਸਾ ਕਿਉਂ ਆਉਂਦਾ, ਇਸ ਦੇ ਕੀ ਲੱਛਣ ਹਨ, ਇਸ ਨਾਲ ਮਾਨਸਿਕਤਾ 'ਤੇ ਕੀ ਅਸਰ ਪੈਂਦਾ ਹੈ, ਗੁੱਸੇ ਦੇ ਕਿਹੜੇ-ਕਿਹੜੇ ਰੂਪ ਹਨ ਅਤੇ ਇਸ ਨੂੰ ਦੱਬ ਕੇ ਕਿਵੇਂ ਰੱਖਿਆ ਜਾ ਸਕਦਾ ਹੈ, 'ਤੇ ਚਾਨਣ ਪਾਉਂਦੀ ਹੈ। ਡਾ: ਵਿਜੈ ਅਗਰਵਾਲ, ਜੋ ਸਾਬਕਾ ਰਾਸ਼ਟਰਪਤੀ ਡਾ: ਸ਼ੰਕਰ ਦਿਆਲ ਸ਼ਰਮਾ ਦੇ ਨਿੱਜੀ ਸਹਾਇਕ ਰਹੇ, ਵੱਲੋਂ ਹੁਣ ਤੱਕ ਦਰਜਨਾਂ ਕਿਤਾਬਾਂ ਵਿਅਕਤੀਗਤ ਵਿਕਾਸ ਨਾਲ ਸਬੰਧਤ ਲਿਖੀਆਂ ਗਈਆਂ ਹਨ। 'ਕ੍ਰੋਧ ਤੋਂ ਛੁਟਕਾਰਾ' ਵੀ ਇਸੇ ਲੜੀ ਦੀ ਪੁਸਤਕ ਹੈ, ਕਿਉਂਕਿ ਜੇ ਗੁੱਸਾ ਨਹੀਂ ਆਵੇਗਾ ਤਾਂ ਸ਼ਖ਼ਸੀਅਤ ਦਾ ਵਿਕਾਸ ਆਪਣੇ-ਆਪ ਹੋਣ ਲੱਗੇਗਾ।
ਕ੍ਰੋਧ ਤੋਂ ਭਾਵ ਹੈ ਦਿਮਾਗ ਦਾ ਗਰਮ ਹੋ ਜਾਣਾ। ਜਿਵੇਂ ਗਰਮ ਪਾਣੀਆਂ ਦੀਆਂ ਵੱਖੋ-ਵੱਖ ਡਿਗਰੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਦਿਮਾਗ ਦੀ ਗਰਮੀ ਦੀਆਂ ਵੀ ਵੱਖ-ਵੱਖ ਡਿਗਰੀਆਂ ਹਨ। ਇਸੇ ਦੇ ਆਧਾਰ 'ਤੇ ਗੁੱਸੇ ਦਾ ਰੂਪ ਤੈਅ ਹੁੰਦਾ ਹੈ। ਗੁੱਸਾ ਆਉਣ ਦੇ ਕਾਰਨ ਵੱਖ-ਵੱਖ ਹਨ। ਬੱਚੇ ਨੂੰ ਗੁੱਸਾ ਉਸ ਦੀ ਗੱਲ ਨਾ ਮੰਨਣ ਕਰਕੇ ਆਉਂਦਾ ਹੈ। ਉਹ ਚੀਕ-ਚਿਹਾੜਾ ਪਾ ਕੇ, ਕਿਸੇ ਨਾਲ ਬੋਲਣਾ ਬੰਦ ਕਰਕੇ ਆਪਣਾ ਗੁੱਸਾ ਪ੍ਰਗਟਾਉਂਦਾ ਹੈ। ਵੱਡਿਆਂ ਦਾ ਗੁੱਸਾ ਆਪਣੀ ਤਰ੍ਹਾਂ ਦਾ ਹੁੰਦਾ ਹੈ। ਉਹ ਚਰਚਾ ਕਰਦੇ-ਕਰਦੇ ਤਲਖ ਹੋ ਸਕਦੇ ਹਨ। ਬਣਦਾ ਸਨਮਾਨ ਨਾ ਮਿਲਣ ਕਰਕੇ ਗੁੱਸਾ ਆ ਸਕਦਾ ਹੈ। ਹਉਮੈ ਕਾਰਨ ਗੁੱਸਾ ਦਸਤਕ ਦੇ ਸਕਦਾ ਹੈ। ਵੱਡਿਆਂ ਦਾ ਇਹ ਗੁੱਸਾ ਕਤਲ ਤੱਕ ਕਰਾ ਦਿੰਦਾ ਹੈ, ਜਿਸ ਨਾਲ ਆਪਣੀ ਜ਼ਿੰਦਗੀ ਵੀ ਰੁਲਦੀ ਹੈ ਤੇ ਬਾਕੀ ਪਰਿਵਾਰ ਦੀ ਵੀ। ਬਜ਼ੁਰਗਾਂ ਦੇ ਗੁੱਸੇ ਦੀ ਆਪਣੀ ਕਿਸਮ ਹੈ। ਉਹ ਮਜਬੂਰ ਹੋਣ ਕਰਕੇ ਹੋਰ ਕੁਝ ਭਾਵੇਂ ਨਹੀਂ ਕਰ ਸਕਦੇ ਪਰ ਅਣਦੇਖੀ ਕਾਰਨ ਗੁੱਸੇ ਦਾ ਸ਼ਿਕਾਰ ਹੁੰਦੇ ਹਨ।
ਗੁੱਸਾ ਪਸ਼ੂ, ਪੰਛੀਆਂ ਨੂੰ ਵੀ ਆਉਂਦਾ ਹੈ। ਉਨ੍ਹਾਂ ਨੂੰ ਲੜਦਿਆਂ ਦੇਖ ਪਤਾ ਲਗਦਾ ਹੈ ਕਿ ਇਨ੍ਹਾਂ ਦੇ ਆਪਣੇ ਮਸਲੇ ਹੋਣਗੇ। ਇਨਸਾਨ ਨੂੰ ਵੀ ਤਾਂ ਸਮਾਜਿਕ ਪਸ਼ੂ ਕਿਹਾ ਜਾਂਦਾ ਹੈ। ਸ਼ਾਇਦ ਇਸੇ ਕਰਕੇ ਉਹ ਗੁੱਸੇ ਵਿਚ ਪਸ਼ੂ ਵਰਗਾ ਬਣ ਜਾਂਦਾ ਹੈ।
ਡਾ: ਅਗਰਵਾਲ ਮੁਤਾਬਿਕ ਜਦੋਂ ਕ੍ਰੋਧ ਆ ਜਾਵੇ ਤਾਂ ਮਾਨਸਿਕ ਸਵਾਂਗ ਕਰਨਾ ਚਾਹੀਦਾ ਹੈ, ਜਿਸ ਨੂੰ ਅੰਗਰੇਜ਼ੀ ਵਿਚ 'ਸਾਈਕਡ੍ਰਾਮਾ' ਕਿਹਾ ਜਾਂਦਾ ਹੈ। ਅਚਾਰੀਆ ਰਜਨੀਸ਼ ਮੁਤਾਬਿਕ 'ਜਿਵੇਂ ਤੂਫਾਨ ਦੇ ਵਿਚਕਾਰ ਹੀ ਇਕ ਕੇਂਦਰ ਹੁੰਦਾ ਹੈ, ਜੋ ਬਿਲਕੁਲ ਸ਼ਾਂਤ ਹੁੰਦਾ ਹੈ, ਉਸੇ ਤਰ੍ਹਾਂ ਕ੍ਰੋਧ ਦਾ ਵੀ ਇਕ ਕੇਂਦਰ ਹੁੰਦਾ ਹੈ, ਜਿਸ ਨਾਲ ਗੁੱਸੇ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸਕਾਰਾਤਮਕ ਸੋਚ ਵਿਕਸਤ ਕਰਕੇ, ਕ੍ਰੋਧ ਦਾ ਵਿਸ਼ਲੇਸ਼ਣ ਕਰਕੇ, ਸਹਿਣਸ਼ੀਲਤਾ ਦਾ ਅਭਿਆਸ ਕਰਕੇ, ਸਰੀਰਕ ਕਸਰਤ ਨਾਲ, ਮੁਆਫ਼ ਕਰਨ ਦੀ ਤਾਕਤ ਦਾ ਵਿਕਾਸ ਕਰਕੇ, ਸਿਰਜਣਾਤਮਕਤਾ ਅਤੇ ਅਧਿਆਤਮਕਤਾ ਅਪਣਾ ਕੇ ਗੁੱਸੇ 'ਤੇ ਕਾਬੂ ਪਾਇਆ ਜਾ ਸਕਦਾ ਹੈ।'
ਡਾ: ਵਿਜੈ ਅਗਰਵਾਲ ਦੀ ਇਹ ਕਿਤਾਬ ਹਰ ਕਿਸੇ ਦੇ ਪੜ੍ਹਨਯੋਗ ਹੈ, ਕਿਉਂਕਿ ਹਰ ਕਿਸੇ ਨੂੰ ਗੁੱਸਾ ਘੱਟ ਜਾਂ ਵੱਧ ਆਉਂਦਾ ਹੈ। ਲਿਹਾਜ਼ਾ ਇਹ ਪੁਸਤਕ ਵੀ ਹਰ ਕਿਸੇ ਲਈ ਹੈ, ਜਿਸ ਨੂੰ ਪੜ੍ਹ ਕੇ ਗੁੱਸੇ ਤੋਂ ਬਚਿਆ ਜਾ ਸਕਦਾ ਹੈ।


ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਸਫੇ : 136, ਮੁੱਲ : 130 ਰੁਪਏ
-ਹਰਜਿੰਦਰ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX