ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਸਾਉਣ

ਕੋਈ ਚਾਅ ਨਹੀਂ ਪੂੜੇ ਖਾਵਣ ਦਾ,
ਨਾ ਸ਼ੌਂਕ ਏ ਪੀਂਘਾਂ ਪਾਵਣ ਦਾ।
ਨਾ ਕਿੱਕਲੀ ਕਿਧਰੇ ਪੈਂਦੀ ਏ,
ਨਾ ਹੱਥੀਂ ਸੂਹੀ ਮਹਿੰਦੀ ਏ।
ਚਾਅ ਮੁੱਕਿਆ ਬਾਤਾਂ ਪਾਵਣ ਦਾ,
ਹੁਣ ਟੀਵੀ ਮਨ ਨੂੰ ਭਾਉਣ ਕੁੜੇ।
ਮੈਂ ਕਿੱਥੇ ਲੱਭਾਂ ਸਾਉਣ ਕੁੜੇ,
ਕਿੱਥੋਂ ਲੱਭਾਂ ...
ਨਾ ਝੜੀਆਂ ਲੱਗਣ ਸਾਉਣ ਦੀਆਂ,
ਨਾ ਰੀਝਾਂ ਪੇਕੇ ਆਉਣ ਦੀਆਂ।
ਨਾ ਬਾਗੀਂ ਨੱਚਣ ਮੋਰ ਕੁੜੇ,
ਨਾ ਗਿੱਧਾ ਪੈਂਦਾ ਜ਼ੋਰ ਕੁੜੇ।
ਹੁਣ ਨਹਿਰੀ ਪਾਣੀ ਗੰਧਲਾ ਏ,
ਜਾਵਾਂ ਕਿੱਥੇ ਟੁੱਭੀਆਂ ਲਾਉਣ ਕੁੜੇ।
ਮੈਂ ਕਿੱਥੋਂ ਲੱਭਾਂ ਸਾਉਣ ਕੁੜੇ,
ਕਿੱਥੋਂ ਲੱਭਾਂ ...
ਸਭ ਉਲਝੇ ਤਾਣੇ-ਬਾਣੇ ਨੇ,
ਜ਼ਹਿਰਾਂ ਬੀਜ ਜ਼ਹਿਰ ਹੀ ਖਾਣੇ ਨੇ।
ਨਾ ਹਰਿਆਲੀ ਕਿਧਰੇ ਦਿਸਦੀ ਏ,
ਰੂਹ ਦੇਖ 'ਰੰਮੀ' ਦੀ ਪਿਸਦੀ ਏ।
ਨਾ ਚਾਅ ਪੁਰਾਣੇ ਗੀਤਾਂ ਦਾ,
ਨਾ ਕੋਠੇ ਸਪੀਕਰ ਲਾਉਣ ਕੁੜੇ।
ਮੈਂ ਕਿੱਥੋਂ ਲੱਭਾਂ ਸਾਉਣ ਕੁੜੇ,
ਮੈਂ ਕਿੱਥੋਂ ਲੱਭਾਂ ਸਾਉਣ ਕੁੜੇ।

-ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੇਨਿਊ, ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929


ਖ਼ਬਰ ਸ਼ੇਅਰ ਕਰੋ

ਵਿਅੰਗ: ਝਾੜਫੂਕ...

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ...ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ...। ਅੱਜ ਆਪਣੀ ਗਵਾਂਢਣ ਜੀਤੋ ਆਈ ਸੀ ਤੇ ਉਹ ਮੈਨੂੰ ਬਿਮਾਰੀ ਦੇ ਇਲਾਜ ਲਈ ਇਕ ਨੇਕ ਸਲਾਹ ਦੇ ਕੇ ਗਈ ਐ... ਕਿ ਤੁਸੀਂ ਡਾਕਟਰੀ ਇਲਾਜ ਤੋਂ ਇਲਾਵਾ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਕੋਲੋਂ ਟਾਈਫਾਈਡ ਦਾ ਝਾੜਫੂਕ (ਹੱਥ ਹਥੋਲਾ) ਵੀ ਕਰਵਾ ਕੇ ਦੇਖੋ..., ਉਹਦਾ ਝਾੜਫੂਕ ਕਾਫੀ ਹੱਦ ਤੱਕ ਮਸ਼ਹੂਰ ਹੋ ਚੁਕਿਐ ਤੇ ਉਹਨੇ ਵੱਡੇ-ਵੱਡੇ ਡਾਕਟਰ ਵੀ ਫੇਲ੍ਹ ਕਰਕੇ ਰੱਖ ਦਿੱਤੇ ਨੇ। ਜੇ ਤੁਸੀਂ ਕਹੋ ਤਾਂ ਆਪਾਂ ਐਤਵਾਰ ਨੂੰ ਬਾਬੇ ਦੀ ਰਾਤ ਦੀ ਚੌਂਕੀ ਭਰਕੇ ਆਈਏ, ਨਾਲੇ ਆਪਾਂ ਨੂੰ ਟਾਈਮ ਸਿਰ ਜਾਣਾ ਪਊ, ਉੱਥੇ ਲੋਕਾਂ ਦੀ ਭੀੜ ਬਹੁਤ ਹੁੰਦੀ ਐ...।
ਹਾਏ... ਹਾਏ... ਜੀ ਮੈਂ ਮਰਗੀ...। ਮੇਰੀ ਜਾਨ ਗਈ... ਹਾਏ... ਮੇਰਾ ਦਿਲ ਘਟ ਗਿਐ...। ਜੀ ਤੁਸੀਂ ਤਾਂ ਮੇਰੀ ਜਾਨ ਹੀ ਕੱਢ ਕੇ ਰੱਖ ਦਿੱਤੀ। ਜੇਕਰ ਕੋਲ ਪਾਣੀ ਦਾ ਪ੍ਰਬੰਧ ਨਾ ਹੁੰਦਾ... ਤਾਂ ਅੱਜ ਆਪਣੀ ਰਾਮ ਕਹਾਣੀ ਖਤਮ ਹੋ ਜਾਣੀ ਸੀ, ਮੈਂ ਥੋਨੂੰ ਕਿਹਾ ਕੀ ਸੀ। ਉਲਟਾ ਤੁਸੀਂ ਮਜ਼ਾਕ-ਮਜ਼ਾਕ 'ਚ ਮੈਨੂੰ ਲਗਾਤਾਰ ਅੱਖ ਦੇ ਇਸ਼ਾਰੇ...। ਗੁੱਝੀ ਸ਼ਰਾਰਤ... ਤੇ ਤਿੱਖੀਆ ਚੁੰਡੀਆਂ...। ਆਹ ਦੇਖੋ... ਜਿਹੜੀ ਤੁਸੀਂ ਚੂੰਡੀ ਵੱਢੀ ਐ, ਉਹਨੇ ਖੱਟੇ ਭਰਿੰਡ ਦੇ ਡੰਗ ਵਾਂਗ ਮੇਰੇ ਗਸ਼ੀ ਹੀ ਪਾ ਕੇ ਰੱਖ ਦਿੱਤੀ ਸੀ। ਤੇ ਨਾਲੇ ਉਹਨੇ ਮੇਰੀ ਗੋਰੀ-ਚਿੱਟੀ ਨਰਮ ਕਲਾਈ 'ਤੇ ਕਿਵੇਂ ਕਾਲਾ-ਕਾਲਾ ਧੱਬਾ ਵੀ ਪਾ ਕੇ ਰੱਖ ਦਿੱਤੈ...।
ਉਏ ਭਲੀਏ ਮਾਣਸੇ...। ਇਹ ਕੋਈ ਮਜ਼ਾਕ ਨਹੀਂ ਸੀ। ਇਹ ਝਾੜਫੂਕ ਸਹਿਣ ਕਰਨ ਦੀ ਟ੍ਰੇਨਿੰਗ ਸੀ ਟਰੇਨਿੰਗ...।
ਪਰ ਪਤੀ ਜੀ, ਟ੍ਰੇਨਿੰਗ... ਉਹ ਕਿਵੇਂ...?
ਦੇਖ-ਸੁਣ... ਕਿ ਤੂੰ ਮੇਰੀ ਇਕ ਚੂੰਡੀ ਨਾਲ ਹੀ ਇੰਝ ਕਮਲਾ ਗਈ ਐਂ। ਜਿਵੇਂ ਡਾਲੀ ਨਾਲੋਂ ਤੋੜਨ 'ਤੇ ਫੁੱਲ ਕਮਲਾ ਜਾਂਦੈ...। ਤੇ ਬਾਬੇ ਦੀ ਚੌਂਕੀ ਤੇ ਭਾਰੀ ਭੀੜ ਦੌਰਾਨ ਤੈਨੂੰ ਅਜਿਹੀਆਂ ਹਰਕਤਾਂ ਦਾ ਸਾਰੀ-ਸਾਰੀ ਰਾਤ ਵੀ ਸਾਹਮਣਾ ਕਰਨਾ ਪੈ ਸਕਦੈ...।

-ਮੋਬਾਈਲ : 98781-17285.

ਕਹਾਣੀ: ਬਾਪ ਦਾ ਫ਼ਰਜ਼

ਬਾਹਰੋਂ ਪਿੰਡ ਦੀ ਸਰਪੰਚਣੀ ਨੇ ਆਵਾਜ਼ ਦਿੱਤੀ, 'ਨੀ ਹਰਨਾਮ ਕੌਰੇ ਘਰੇ ਏਂ'। ਸਤਿ ਸ੍ਰੀ ਅਕਾਲ, ਲੰਘ ਆਓ ਬੀਬੀ ਜੀ। ਸੁਣਾਓ ਅੱਜ ਮੇਰੀ ਯਾਦ ਕਿੱਦਾਂ ਆ ਗਈ। ਮੈਂ ਤਾਂ ਤੇਰੇ ਪੁੱਤਰ ਅਮਰ ਵਾਸਤੇ ਕੁੜੀ ਪਸੰਦ ਕਰਕੇ ਆਈ ਹਾਂ, ਬੜੀ ਹੀ ਸੋਹਣੀ, ਸੁਨੱਖੀ, ਸੰਸਕਾਰੀ ਅਤੇ ਪੜ੍ਹੀ-ਲਿਖੀ ਹੋਣ ਦੇ ਨਾਲ ਸਰਕਾਰੀ ਟੀਚਰ ਵੀ ਲੱਗੀ ਹੋਈ ਹੈ। ਮੈਂ ਤਾਂ ਕਹਿਨੀ ਹਾਂ ਕਿ ਸਵੇਰੇ ਹੀ ਜਾ ਕੇ ਕੁੜੀ ਵੇਖ ਆ ਅਤੇ ਰਿਸ਼ਤਾ ਪੱਕਾ ਕਰ ਆ, ਚੰਗਾ ਤੇ ਮੈਂ ਹੁਣ ਚਲਦੀ ਹਾਂ। ਹਰਨਾਮ ਕੌਰ ਨੇ ਆਪਣੀ ਧੀ ਨਾਲ ਸਲਾਹ ਕੀਤੀ ਅਤੇ ਪੁੱਛਣ ਲੱਗੀ ਕਿ ਉਹ ਸਵੇਰੇ ਕਿਹੜਾ ਸੂਟ ਪਾ ਕੇ ਜਾਵੇ, ਜਿਸ ਨਾਲ ਕੁੜੀ ਵਾਲਿਆਂ 'ਤੇ ਜ਼ਰਾ ਰੋਹਬ ਜਿਹਾ ਪਵੇ ਕਿ ਉਹ ਮਾੜੇ-ਮੋਟੇ ਬੰਦੇ ਨਹੀਂ। ਅਮਰ ਬਹੁਤ ਹੀ ਸਮਝਦਾਰ ਮੁੰਡਾ ਸੀ, ਉਸ ਨੂੰ ਆਪਣੀ ਮਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਚੰਗੀਆਂ ਨਹੀਂ ਲਗਦੀਆਂ ਸਨ। ਜੇ ਉਸ ਨੂੰ ਕੋਈ ਸਮਝਾਉਂਦਾ ਸੀ ਤਾਂ ਉਹ ਘਰ ਵਿਚ ਬਖੇੜਾ ਖੜ੍ਹਾ ਕਰ ਦਿੰਦੀ ਸੀ, ਇਸ ਕਰਕੇ ਹਰ ਕੋਈ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ।
ਸਵੇਰੇ ਹਰਨਾਮ ਕੌਰ ਆਪਣੀ ਧੀ ਨਾਲ ਬਣ-ਫਬ ਕੇ ਕੁੜੀ ਵੇਖਣ ਲਈ ਚਲੀ ਗਈ। ਅਮਰ ਅਤੇ ਉਸ ਦਾ ਬਾਪ ਵੀ ਪਹੁੰਚ ਗਿਆ। ਸਭ ਨੇ ਇਕ-ਦੂਜੇ ਨੂੰ ਜੀ ਆਇਆਂ ਆਖਿਆ ਤੇ ਕੁੜੀ ਦੀ ਮਾਂ ਨੇ ਆਪਣੀ ਧੀ ਸੁਰਜੀਤ ਨੂੰ ਚਾਹ ਲਿਆਉਣ ਲਈ ਆਖਿਆ। ਅਮਰ ਨੂੰ ਤਾਂ ਕੁੜੀ ਪਹਿਲੀ ਨਜ਼ਰ ਵਿਚ ਹੀ ਪਸੰਦ ਆ ਗਈ ਕਿਉਂਕਿ ਉਹ ਬਹੁਤ ਸੁੱਘੜ, ਸਿਆਣੀ ਅਤੇ ਸੰਸਕਾਰਾਂ ਦੀ ਖਾਣ ਨਜ਼ਰ ਆ ਰਹੀ ਸੀ। ਸੁਰਜੀਤ ਤਾਂ ਹਰਨਾਮ ਕੌਰ ਨੂੰ ਵੀ ਪਸੰਦ ਸੀ ਪਰ ਉਹ ਚਾਹੁੰਦੀ ਸੀ ਕਿ ਪਹਿਲੇ ਲੈਣ-ਦੇਣ ਦੀ ਗੱਲ ਪੱਕੀ ਕਰ ਲਈ ਜਾਵੇ, ਫਿਰ ਰਿਸ਼ਤਾ ਪੱਕਾ ਕਰਨਾ ਚਾਹੀਦਾ ਹੈ। ਸੁਰਜੀਤ ਦੀ ਮਾਂ ਨੇ ਜਦੋਂ ਹਰਨਾਮ ਕੌਰ ਕੋਲੋਂ ਪੁੱਛਿਆ ਕਿ ਤੁਹਾਨੂੰ ਮੇਰੀ ਸੁਰਜੀਤ ਅਮਰ ਵਾਸਤੇ ਪਸੰਦ ਹੈ, ਤਾਂ ਅਮਰ ਆਪਣੀ ਮਾਂ ਵੱਲ ਵੇਖ ਰਿਹਾ ਸੀ, ਇਸ ਕਾਰਨ ਉਸ ਨੇ ਮਜਬੂਰੀ ਵਿਚ ਸਿਰ ਹਿਲਾ ਦਿੱਤਾ। ਅਮਰ ਮਨ ਹੀ ਮਨ ਵਿਚ ਵਾਹਿਗੁਰੂ ਦਾ ਧੰਨਵਾਦ ਕਰ ਰਿਹਾ ਸੀ। ਹਰਨਾਮ ਕੌਰ ਖੁਸ਼ ਹੁੰਦਿਆਂ ਹੋਇਆਂ ਵੀ ਆਪਣੀ ਖੁਸ਼ੀ ਜ਼ਾਹਰ ਕਰਨਾ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਪਹਿਲਾਂ ਲੈਣ-ਦੇਣ ਅਤੇ ਦਾਜ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੀ ਸੀ। ਜਿਹੜੀ ਕਿ ਅਮਰ ਅਤੇ ਉਸ ਦੇ ਪਿਤਾ ਜੀ ਨੂੰ ਬਿਲਕੁਲ ਪਸੰਦ ਨਹੀਂ ਸੀ। ਰਿਸ਼ਤਾ ਪੱਕਾ ਕਰਕ ਸਾਰੇ ਘਰ ਖੁਸ਼ੀ-ਖੁਸ਼ੀ ਗਏ, ਪਰ ਹਰਨਾਮ ਕੌਰ ਚੁੱਪਚਾਪ ਸੀ।
ਦੂਸਰੇ ਦਿਨ ਹਰਨਾਮ ਕੌਰ ਨੇ ਆਪਣੇ ਪਤੀ ਨੂੰ ਕਿਹਾ, 'ਤੁਸੀਂ ਤਾਂ ਸਿਆਣੇ ਹੋ, ਕਈ ਵਿਆਹ-ਸ਼ਾਦੀਆਂ ਵੇਖ ਚੁੱਕੇ ਹੋ ਇਸ ਲਈ ਇਕ ਵਾਰ ਕੁੜੀ ਵਾਲਿਆਂ ਨਾਲ ਬੈਠ ਕੇ ਦਾਜ ਬਾਰੇ ਖੁੱਲ੍ਹ ਕੇ ਗੱਲ ਕਰ ਲਓ, ਤਾਂ ਕਿ ਬਾਅਦ ਵਿਚ ਆਪਾਂ ਨੂੰ ਸ਼ਰਮਿੰਦਗੀ ਨਾ ਸਹਿਣੀ ਪਵੇ?' ਉਹ ਕਹਿਣ ਲੱਗਾ ਕਿ ਉਹ ਤਾਂ ਦਾਜ ਦੇ ਹੱਕ ਵਿਚ ਨਹੀਂ ਹੈ। ਤਾਂ ਹਰਨਾਮ ਕੌਰ ਕਹਿਣ ਲੱਗੀ ਕਿ ਫਿਰ ਉਹ ਇਸ ਰਿਸ਼ਤੇ ਦੇ ਹੱਕ ਵਿਚ ਨਹੀਂ ਹੈ। ਮੇਰਾ ਤਾਂ ਇਕੋ-ਇਕ ਪੁੱਤਰ ਹੈ, ਮੈਂ ਤਾਂ ਗੱਜ-ਵੱਜ ਕੇ ਠਾਠ ਨਾਲ ਵਿਆਹ ਕਰਾਂਗੀ, ਵਿਆਹ ਕਿਤੇ ਰੋਜ਼-ਰੋਜ਼ ਹੁੰਦੇ ਹਨ। ਬਿਨਾਂ ਦਾਜ ਤੋਂ ਵਿਆਹ ਕਰਕੇ ਅਸੀਂ ਤਾਂ ਸਮਾਜ ਵਿਚ ਮੂੰਹ ਵਿਖਾਉਣਯੋਗ ਨਹੀਂ ਰਹਾਂਗੇ, ਮੈਂ ਕੱਲ੍ਹ ਨੂੰ ਧੀ ਨਹੀਂ ਵਿਆਹੁਣੀ।' ਅਮਰ ਦਾ ਬਾਪ ਇਹ ਸਭ ਸੁਣ ਕੇ ਬਹੁਤ ਪ੍ਰੇਸ਼ਾਨ ਹੋਇਆ ਅਤੇ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਉਹ ਸੋਚ ਰਿਹਾ ਸੀ ਕਿ ਲੋਕ ਤਾਂ ਕਹਿੰਦੇ ਹਨ ਕਿ ਪੁਰਖ ਔਰਤ ਜਾਤ 'ਤੇ ਜੁਰਮ ਕਰਦਾ ਹੈ, ਪਰ ਇਥੇ ਤਾਂ ਇਕ ਔਰਤ ਉਸ ਔਰਤ ਨੂੰ ਵੀ ਨਹੀਂ ਬਖ਼ਸ਼ ਰਹੀ, ਜਿਹੜੀ ਉਸ ਦੇ ਘਰ ਦਾ ਹਿੱਸਾ ਬਣ ਕੇ ਆ ਰਹੀ ਹੈ। ਹਰਨਾਮ ਕੌਰ ਨੇ ਦਾਜ ਦੀ ਲੰਬੀ-ਚੌੜੀ ਲਿਸਟ ਬਣਾ ਕੇ ਅਮਰ ਦੇ ਬਾਪ ਦੇ ਦਿੱਤੀ ਅਤੇ ਕਹਿਣ ਲੱਗੀ ਕਿ ਉਹ ਕੁੜੀ ਵਾਲਿਆਂ ਨੂੰ ਦੇ ਆਵੇ। ਲਿਸਟ ਲੈ ਕੇ ਉਹ ਚੁੱਪ-ਚਾਪ ਬਾਹਰ ਨਿਕਲ ਗਿਆ।
ਕੁਝ ਦਿਨਾਂ ਬਾਅਦ ਵਿਆਹ ਹੋ ਗਿਆ, ਨੂੰਹ ਨਾਲ ਦਾਜ ਵੀ ਘਰ ਆ ਗਿਆ। ਹਰਨਾਮ ਕੌਰ ਤੇ ਉਸ ਦੀ ਧੀ ਦਾਜ ਵੇਖ-ਵੇਖ ਕੇ ਖੁਸ਼ ਹੋ ਰਹੀਆਂ ਸਨ ਅਤੇ ਲਿਸਟ ਨਾਲ ਸਮਾਨ ਮਿਲਾ ਰਹੀਆਂ ਸਨ ਕਿ ਕੋਈ ਚੀਜ਼ ਰਹਿ ਤਾਂ ਨਹੀਂ ਗਈ। ਘਰ ਵਿਚ ਪਿਆ ਦਾਜ ਵੇਖ ਕੇ ਸੁਰਜੀਤ ਕੌਰ ਬੜੀ ਬੇਚੈਨ ਹੋ ਰਹੀ ਸੀ ਕਿ ਉਸ ਦਾ ਗ਼ਰੀਬ ਅਤੇ ਬਿਮਾਰ ਬਾਪ ਇਹ ਸਭ ਕਿਸ ਤਰ੍ਹਾਂ ਕਰ ਸਕਦਾ ਹੈ, ਕਿ ਉਸ ਦੇ ਵਿਆਹ ਨੇ ਉਸ ਨੂੰ ਕਰਜ਼ਦਾਰ ਬਣਾ ਦਿੱਤਾ ਹੈ। ਅਜੇ ਤਾਂ ਉਸ ਦੀ ਛੋਟੀ ਬੈਣ ਵੀ ਵਿਆਹੁਣ ਵਾਲੀ ਰਹਿੰਦੀ ਹੈ। ਜਦੋਂ ਵੀ ਉਸ ਦੀ ਨਜ਼ਰ ਦਾਜ 'ਤੇ ਪੈਂਦੀ ਤਾਂ ਉਸ ਦੇ ਅੰਦਰੋਂ ਇਕ ਹੂਕ ਜਿਹੀ ਨਿਕਲਦੀ ਅਤੇ ਉਹ ਪ੍ਰੇਸ਼ਾਨ ਹੋ ਉਠਦੀ। ਉਸ ਦਾ ਸਹੁਰਾ ਉਸ ਦੀ ਹਾਲਤ ਨੂੰ ਸਮਝ ਰਿਹਾ ਸੀ, ਪਰ ਉਹ ਮਜਬੂਰ ਸੀ।
ਦੂਸਰੇ ਦਿਨ ਸੁਰਜੀਤ ਆਪਣੇ ਪੇਕੇ ਘਰ ਫੇਰਾ ਪਾਉਣ ਗਈ ਤਾਂ ਜਾਂਦਿਆਂ ਹੀ ਉਸ ਨੇ ਆਪਣੇ ਬਾਪ ਨੂੰ ਸਵਾਲ ਕੀਤਾ, 'ਜਦੋਂ ਤੁਸੀਂ ਸਾਨੂੰ ਪੜ੍ਹਾ ਲਿਖਾ ਕੇ, ਹਰ ਮਹੀਨੇ ਦਾਜ ਬਣਾਉਣ ਦੇ ਕਾਬਲ ਬਣਾ ਦਿੱਤਾ ਹੈ, ਫਿਰ ਤੁਸੀਂ ਮੈਨੂੰ ਦਾਜ ਕਿਉਂ ਦਿੱਤਾ?' ਬਾਪ ਨੇ ਸਾਰੀ ਗੱਲ ਆਪਣੀ ਨਵੀਂ ਵਿਆਹੀ ਧੀ ਨੂੰ ਦੱਸੀ ਕਿ ਅਜੇ ਵੀ ਤੇਰੀ ਸੱਸ ਵਰਗੀਆਂ ਪਿਛੜੀ ਸੋਚ ਦੀਆਂ ਔਰਤਾਂ ਹਨ ਜੋ ਔਰਤ ਨਾਲੋਂ ਦਾਜ ਜ਼ਿਆਦਾ ਕੀਮਤੀ ਸਮਝਦੀਆਂ ਹਨ ਪਰ ਤੇਰਾ ਸਹੁਰਾ ਕੁਝ ਕਾਰਨਾਂ ਕਰਕੇ ਮਜਬੂਰ ਸੀ ਅਤੇ ਉਹ ਦਾਜ ਦੀ ਖਾਤਰ ਇਹ ਰਿਸ਼ਤਾ ਛੱਡਣਾ ਨਹੀਂ ਚਾਹੁੰਦਾ ਸੀ। ਇਸ ਲਈ ਉਸ ਨੇ ਕਿਹਾ ਕਿ ਉਹ ਦਾਜ ਦੇ ਬਿਲਕੁਲ ਵਿਰੁੱਧ ਹੈ ਪਰ ਜੇ ਮੈਂ ਇਸ ਤਰ੍ਹਾਂ ਨਾ ਕੀਤਾ ਜੋ ਮੈਂ ਕਰਨ ਜਾ ਰਿਹਾ ਹਾਂ ਤਾਂ ਇਹ ਚੰਨ ਵਰਗੀ ਧੀ ਮੇਰੇ ਘਰ ਦਾ ਚਾਨਣ ਨਹੀਂ ਬਣ ਸਕੇਗੀ, ਮੈਨੂੰ ਯਕੀਨ ਹੈ ਕਿ ਇਹ ਮੇਰੇ ਘਰ ਦਾ ਹਨੇਰਾ ਦੂਰ ਕਰੇਗੀ। ਇਸ ਲਈ ਮੈਨੂੰ ਆਪਣੀ ਧੀ ਵਾਸਤੇ ਮਜਬੂਰ ਬਾਪ ਬਣਨ ਦੀ ਆਗਿਆ ਦਿਓ।' ਉਸ ਨੇ ਇਹ ਵੀ ਦੱਸਿਆ ਕਿ ਸਾਰੇ ਦਾਜ ਦਾ ਪ੍ਰਬੰਧ ਅਤੇ ਵਿਆਹ ਦਾ ਖਰਚ ਵੀ ਉਸ ਦੇ ਸਹੁਰੇ ਨੇ ਕੀਤਾ ਹੈ। ਇਹ ਸੁਣ ਕੇ ਉਹ ਹੈਰਾਨ ਹੋ ਗਈ ਅਤੇ ਮਨ ਹੀ ਮਨ ਆਪਣੇ ਸਹੁਰੇ ਦੇ ਅੱਗੇ ਨਤਮਸਤਕ ਹੋ ਕੇ ਕਹਿਣ ਲੱਗੀ ਕਿ ਉਹ ਕਿੰਨੀ ਕਰਮਾਂ ਭਾਗਾਂ ਵਾਲੀ ਹੈ ਕਿ ਉਸ ਨੂੰ ਸਹੁਰੇ ਘਰ ਵੀ ਬਾਪ ਮਿਲ ਗਿਆ ਹੈ। ਸੁਰਜੀਤ ਆਪਣੇ ਬਾਪ ਦੇ ਗੱਲ ਲੱਗ ਕੇ ਕਹਿਣ ਲੱਗੀ ਕਿ ਹੁਣ ਤੁਸੀਂ ਮੇਰਾ ਫਿਕਰ ਨਾ ਕਰਨਾ, ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਮਾਂ-ਬਾਪ ਦੀ ਇੱਜ਼ਤ ਰੱਖੀ ਹੈ, ਮੈਂ ਵੀ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਤੱਤੀ ਹਵਾ ਨਹੀਂ ਲੱਗਣ ਦੇਵਾਂਗੀ ਅਤੇ ਇਸ ਭਾਰ ਦਾ ਸਾਰੀ ਉਮਰ ਸੇਵਾ ਕਰਕੇ ਕਰਜ਼ ਚੁਕਾਵਾਂਗੀ ਅਤੇ ਲੋਕਾਂ ਨੂੰ ਦੱਸਾਂਗੀ ਕਿ ਸਹੁਰਾ ਵੀ ਬਾਪ ਬਣ ਸਕਦਾ ਹੈ।

-ਐਮ.ਏ., ਬੀ. ਐੱਡ।
ਮੋਬਾਈਲ : 98782-49944.

ਸੱਖਣਾ, ਸੱਖਣਾ

ਸੋਟੀ ਦੇ ਸਹਾਰੇ ਲੜ-ਖੜਾਉਂਦਾ, ਡਿੱਗਦਾ-ਢਹਿੰਦਾ ਆਖਰ ਉਹ ਪਿੰਡ ਵਾਲੇ ਬੱਸ ਅੱਡੇ ਦੇ ਮੋੜ 'ਤੇ ਪਹੁੰਚ ਹੀ ਗਿਆ। ਉਹਦਾ ਜੀਅ ਕੀਤਾ ਕਿ ਅੱਜ ਉਹ ਕੋਈ ਖੂਹ ਟੋਭਾ ਗੰਦਾ ਕਰਕੇ ਜ਼ਿੰਦਗੀ ਦੀ ਅਲਖ ਮੁਕਾ ਦੇਵੇਗਾ, ਪਰ ਜ਼ਿੰਦਗੀ ਜਿਉਣ ਦੀ ਚਾਹਤ ਅੱਗੇ ਉਹ ਕੁਝ ਨਾ ਕਰ ਸਕਿਆ। ਫਿਰ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਬੱਸ ਚੜ੍ਹਕੇ ਦੋਦੜੇ ਪਿੰਡ ਆਪਣੀ ਧੀ ਕੋਲ ਚਲਾ ਜਾਵਾਂ ਅਤੇ ਜਾ ਕੇ ਆਖਾਂ 'ਧੀਏ ਮੈਂ ਬੇਕਦਰੇ ਨੇ ਤੇਰੀ ਕਦਰ ਨਾ ਜਾਣੀ, ਮੈਂ ਤੈਨੂੰ ਬੇਗਾਨੀ ਹੀ ਸਮਝਦਾ ਰਿਹਾ' ਇਸ ਖਿਆਲ ਨੇ ਉਹਦੀਆਂ ਅੱਖਾਂ ਦੇ ਕੋਏ ਗਿੱਲੇ ਕਰ ਦਿੱਤੇ। ਕਿਉਂਕਿ ਜਿਸ ਧੀ ਨੂੰ ਉਹ ਪੱਥਰ ਸਮਝਦਾ ਸੀ, ਅੱਜ ਉਹੀ ਪੱਥਰ ਉਸ ਨੂੰ ਡੁੱਬਦੀ ਜ਼ਿੰਦਗੀ ਦਾ ਸਹਾਰਾ ਜਾਪ ਰਿਹਾ ਸੀ। ਤਿੰਨ ਪੁੱਤਾਂ ਦਾ ਬਾਪ ਹੋਣ ਦਾ ਮਾਣ ਉਸ ਨੂੰ ਬੀਤੇ ਜੁੱਗ ਦੀ ਕਹਾਣੀ ਵਾਂਗ ਲੱਗ ਰਿਹਾ ਸੀ। ਤਿੰਨ ਪੁੱਤਾਂ ਨੂੰ ਪਾਲਣ ਲਈ ਉਸ ਨੇ ਜ਼ਿੰਦਗੀ ਭਰ ਬਥੇਰਾ ਬੋਝ ਢੋਇਆ, ਪਰ ਬੁਢਾਪੇ ਵੇਲੇ ਤਿੰਨੇ ਪੁੱਤ ਉਸ ਦੀਆਂ ਦੋ ਰੋਟੀਆਂ ਦਾ ਬੋਝ ਚੁੱਕਣ ਤੋਂ ਆਕੀ ਸਨ। 'ਬੁਢਾਪੇ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਐ..., ਬੱਸ ਐਮੇ...' ਉਹ ਸਾਰਾ ਦਿਨ ਸੋਚਦਾ ਰਹਿੰਦਾ। ਉਸ ਨੂੰ ਯਾਦ ਆਉਂਦਾ ਕਿ ਉਹ ਜਵਾਨੀ ਵੇਲੇ ਕਿੰਨਾ ਰੋਅਬ ਵਾਲਾ ਜੱਟ ਹੁੰਦੀ ਸੀ। ਸਾਰਾ ਦਿਨ ਊਰੀ ਵਾਂਗੂ ਘੁੰਮਦਾ ਰਹਿੰਦਾ, ਮਜਾਲ ਐ ਕੋਈ ਉਹਦਾ ਹਾਣੀ ਉਸ ਨਾਲ ਮੱਥਾ ਲਾਉਂਦਾ, ਇਕ ਵਾਰ ਤਾਂ ਉਸ ਨੇ ਹੱਦ ਹੀ ਪਾਰ ਕਰ ਦਿੱਤੀ ਜਦੋਂ ਦਸ ਜਣਿਆਂ ਤੋਂ ਨਾ ਹਿੱਲਣ ਵਾਲੀ ਇਕ ਵੱਡੀ ਲਟੈਣ ਨੂੰ, ਸਿਰ 'ਤੇ ਖੇਸ ਦਾ ਮੁੰਡਾਸਾ ਮਾਰ ਕੇ ਕੱਲੇ ਨੇ ਬੁਰਜੀ 'ਤੇ ਧਰ ਦਿੱਤਾ ਸੀ। ਕਿੱਥੇ ਉਹ ਦਿਨ ਤੇ ਕਿੱਥੇ ਇਹ। ਜਵਾਨੀ ਦੀਆਂ ਗੱਲਾਂ ਯਾਦ ਕਰਕੇ ਉਸ ਨੂੰ ਤਰਾਰਾ ਜਿਹਾ ਆ ਜਾਂਦਾ। ਪਰ ਬੁਢੇਪੇ ਦੀ ਬੇਵਸੀ ਉਸ ਦੇ ਜਵਾਨੀ ਦੇ ਤਰਾਰੇ ਨੂੰ ਕਿਰਕਿਰਾ ਕਰ ਜਾਂਦੀ। ਬੁਢੇਪੇ ਦੇ ਇਹ ਦਿਨ ਤਾਂ ਉਸ ਨੂੰ ਮਰ-ਮਰ ਕੇ ਕੱਟਣੇ ਪੈ ਰਹੇ ਸਨ। ਉਸਦੀ ਜੀਵਨ ਸਾਥਣ ਵੀ ਉਸ ਨੂੰ ਅੱਧਵਾਟੇ ਛੱਡ ਕੇ ਚਲੀ ਗਈ। ਹੁਣ ਤਾਂ ਉਸ ਦੀ ਡੰਗੋਰੀ ਤੇ 'ਉਹ' ਦੋਵੇਂ ਹੀ ਦਿਨ ਕਟੀਆਂ ਕਰ ਰਹੇ ਸਨ। ਹੱਡਾਂ ਦੀ ਚੀਸ਼ ਤੇ ਬੁਢੇਪੇ ਦੇ ਦਰਦ ਨੇ ਉਸ ਦੀ ਰਾਤਾਂ ਦੀ ਨੀਂਦ ਹਰਾਮ ਕਰ ਰੱਖੀ ਸੀ। ਪਰ ਪੰਜਾਹ ਵਿੱਘੇ ਜ਼ਮੀਨ ਦਾ ਮਾਲਕ ਹੋਣ ਦਾ ਕਿੱਲਾ ਅਜੇ ਵੀ ਉਸ ਦੀ ਧੌਣ 'ਚ ਅੜਿਆ ਹੋਇਆ ਸੀ। ਕਈ ਵਾਰ ਉਸ ਨੇ ਅੱਕੇ ਹੋਏ ਨੇ ਆਪਣੇ ਪੁੱਤਾਂ ਨੂੰ ਕਹਿਣਾ 'ਕੰਜਰੋ ਇਕ ਖੁੱਡ ਨੀ ਦਿੰਦਾਂ ਥੋਨੂੰ' ਪਰ ਪੁੱਤਰ ਮੋਹ ਦੀ ਬੇਵਸੀ ਉਸ ਨੂੰ ਅਜਿਹਾ ਨਾ ਕਰਨ ਦਿੰਦੀ। ਕਈ ਵਾਰ ਨਿਹਾਲੋ ਗੁਆਂਢਣ ਵੀ ਉਸਦੀਆਂ ਨੂੰਹਾਂ ਨੂੰ ਸਮਝਾਉਂਦੀ 'ਕੁੜੇ ਬਹੂ, ਸੇਵਾ ਕਰਿਆ ਕਰੋ ਭਾਈ ਬੁੜੇ ਦੀ, ਹੁਣ ਤਾਂ ਕੰਧੀ ਉੱਤੇ ਰੁੱਖੜਾ ਐ ਵਿਚਾਰਾ!' ਪਰ ਨੂੰਹਾਂ ਨੇ ਕਦੇ ਉਸ ਦੀ ਬਾਤ ਨਾ ਪੁੱਛੀ। ਉਹੀ ਮੈਲੇ-ਕੁਚੇਲੇ ਕੱਪੜੇ ਤੇ ਬਿਜੜੇ ਦੇ ਆਲ੍ਹਣੇ ਵਰਗੇ ਸਿਰ ਦੇ ਵਾਲਾਂ ਤੇ ਘਸਿਆ ਜਿਹਾ ਸਾਫਾ ਲਵੇਟੀ ਉਹ ਸਾਰਾ ਦਿਨ ਬਿਟਰ-ਬਿਟਰ ਝਾਕਦਾ ਰਹਿੰਦਾ। ਸੁੱਖ ਨਾਲ ਪਰਿਵਾਰ ਤਾਂ ਹੁਣ ਬਥੇਰਾ ਵੱਡਾ ਹੋ ਚੁੱਕਿਆ ਸੀ, ਪਰ ਇਸ ਭਰੇ-ਭੁਕੰਨੇ ਪਰਿਵਾਰ 'ਚ ਉਹ ਆਪਣੇ ਆਪ ਨੂੰ ਬੇਗਾਨਾ ਜਿਹਾ ਮਹਿਸੂਸ ਕਰਦਾ ਸੀ। ਇਸੇ ਬੇਗਾਨਗੀ ਕਰਕੇ ਉਸ ਨੂੰ ਪੁੱਤਰਾਂ, ਨੂੰਹਾਂ, ਪੋਤਿਆਂ, ਪੜ-ਪੋਤਿਆਂ ਨਾਲ ਭਰਿਆ ਘਰ ਵੀ ਸੱਖਣਾ-ਸੱਖਣਾ ਲੱਗ ਰਿਹਾ ਸੀ।

-ਸੰਪਰਕ : 98155-90209.
sukhvirghuman5@gmail.com

ਮਤਲਬੀ ਸੋਚ

ਪਟਾਖੇ ਵਰਗੀ ਆਵਾਜ਼ ਨਾਲ ਹੀ ਬਿਜਲੀ ਬੰਦ ਹੋ ਗਈ। ਸ਼ਾਇਦ ਲਾਈਨ ਵਿਚ ਨੁਕਸ ਪਿਆ ਹੋਵੇਗਾ। ਖ਼ੈਰ ਇਨਵਰਟਰ ਨਾਲ ਸਮਾਂ ਲੰਘ ਜਾਵੇਗਾ। ਕਾਫ਼ੀ ਸਮਾਂ ਬੀਤਣ 'ਤੇ ਬਿਜਲੀ ਨਾ ਆਈ ਤੇ ਇਨਵਰਟਰ ਵੀ ਜਵਾਬ ਦੇਣ ਲੱਗ ਪਿਆ ਤਾਂ ਘਰ ਦੇ ਸਾਰੇ ਜੀਅ ਨੀਂਦ ਵਿਚੋਂ ਉਠ ਖਲੋਤੇ। ਭਲਾ ਹੁਮਸ ਤੇ ਗਰਮੀ ਵਾਲੀ ਰਾਤ ਨੂੰ ਘਰ ਅੰਦਰ ਨੀਂਦਰ ਕਿਵੇਂ ਆਵੇ। ਹਾਲੇ ਤਾਂ ਦਿਨ ਦੀ ਧੁੱਪ ਦੇ ਤਪੇ ਮਕਾਨ ਵੀ ਠੰਢੇ ਨਹੀਂ ਸਨ ਹੋਏ। ਹੱਥ ਪੱਖੀ ਝੋਲਦੇ ਹਾਂ ਪਰ ਗਰਮੀ ਤੋਂ ਛੁਟਕਾਰਾ ਨਹੀਂ ਮਿਲਦਾ। ਪੱਖੇ ਤਾਂ ਇਨਵਰਟਰ ਨਾਲ ਵੀ ਘੂੰ-ਘੂੰ ਕਰਕੇ ਚਲਦੇ ਹਨ ਪਰ ਹਵਾ ਆਉਂਦੀ ਰਹਿੰਦੀ ਹੈ। ਸ਼ਾਇਦ ਇਨਵਰਟਰ ਤੇ ਪਾਵਰ ਹਾਊਸ ਦੀ ਸਪਲਾਈ ਦਾ ਕੋਈ ਫਾਰਮੂਲਾ ਹੋਵੇਗਾ। ਕੋਠੇ ਚੜ੍ਹ ਆਸੇ-ਪਾਸੇ ਦੇਖਦਾ ਤਾਂ ਸ਼ਾਇਦ ਕਿਸੇ ਪਾਸੇ ਬਿਜਲੀ ਆਈ ਹੋਵੇ ਪਰ ਬਸਤੀ ਦੇ ਹਰ ਘਰ ਵਿਚ ਹਨੇਰਾ ਸੀ। ਕੋਈ ਹਵਾ ਦਾ ਝੋਕਾ ਨਹੀਂ। ਬਸਤੀਵਾਦ ਨੇ ਰੁੱਖ ਤਾਂ ਪਹਿਲਾਂ ਹੀ ਖਤਮ ਕਰ ਦਿੱਤੇ ਸਨ। ਦੂਰ ਪਿੰਡ ਦੇ ਖੇਤਾਂ ਵਿਚ ਰੁੱਖਾਂ ਦੀ ਪਰਛਾਈ ਝੁਲਦੀ ਦਿਸਦੀ ਹੈ। ਸ਼ਾਇਦ ਹਵਾ ਦਾ ਬੁੱਲਾ ਹੀ ਆ ਜਾਵੇ। ਬਚਪਨ ਯਾਦ ਆਉਂਦਾ ਹੈ ਕਿਵੇਂ ਬਾਹਰ ਵਿਹੜੇ ਵਿਚ ਸੌਂਦੇ ਸੀ, ਕੋਈ ਗਰਮੀ ਨਹੀਂ ਅਸਮਾਨ ਦੀ ਠੰਢੀ ਹਵਾ। ਕੋਈ ਮੱਛਰ ਨਹੀਂ। ਬਿਜਲੀ ਹਾਲੇ ਵੀ ਨਹੀਂ ਆਈ ਸੀ। ਮੂੰਹੋਂ ਬਿਜਲੀ ਵਾਲਿਆਂ ਨੂੰ ਕਈ ਗਾਲਾਂ ਤੇ ਅਪਸ਼ਬਦ ਨਿਕਲਦੇ ਹਨ ਜਿਵੇਂ ਉਨ੍ਹਾਂ ਜਾਣ-ਬੁੱਝ ਕੇ ਬਿਜਲੀ ਬੰਦ ਕੀਤੀ ਹੋਵੇ। ਅੰਦਰ ਘਰਵਾਲੀ ਦੀ ਆਵਾਜ਼ ਆਉਂਦੀ ਹੈ ਥੱਲੇ ਆ ਜਾਵੋ ਮੱਛਰ ਕੱਟੇਗਾ, ਬਿਜਲੀ ਆ ਗਈ ਹੈ। ਮੂੰਹੋਂ ਬਿਜਲੀ ਵਾਲਿਆਂ ਨੂੰ ਅਸੀਸਾਂ ਨਿਕਲਦੀਆਂ ਹਨ, ਜੁਗ-ਜੁਗ ਜੀਊਣ ਉਮਰਾਂ ਭੋਗਣ। ਬੱਚੇ ਪਰਿਵਾਰ ਸੁਖੀ ਰਹਿਣ। ਰੱਬ ਉਨ੍ਹਾਂ ਨੂੰ ਵਧਦਾ-ਫੁਲਦਾ ਰੱਖੇ। ਪਤਾ ਨਹੀਂ ਕਿਹੜੀਆਂ ਮੁਸ਼ਕਿਲਾਂ ਵਿਚ ਲਾਈਨ ਠੀਕ ਕੀਤੀ ਹੋਵੇਗੀ। ਕੀ ਕਰਾਂ ਸੋਚ ਹੀ ਮਤਲਬੀ ਹੋ ਗਈ ਹੈ। ਆਪਣੇ ਤੱਕ ਸੀਮਤ ਹੈ। ਸ਼ਾਇਦ ਸਾਡੇ ਅੰਦਰ ਸਬਰ ਸੰਤੋਖ ਹੀ ਖਤਮ ਹੁੰਦਾ ਜਾ ਰਿਹਾ ਹੈ।

-ਜਗਜੀਤ ਨਗਰ, ਰੋਪੜ।
ਮੋਬਾਈਲ : 98153-75541.

ਕਹਾਣੀ: ਡਰ ਅਣਜਾਣਿਆ ਜਿਹਾ

ਕਿਸੇ ਗ਼ੈਰ-ਸਰਕਾਰੀ ਫੈਕਟਰੀ 'ਚ ਸਕਿਉਰਿਟੀ ਗਾਰਡ ਦੀ ਨੌਕਰੀ ਦੌਰਾਨ ਮੇਰੀ ਜ਼ਿੰਦਗੀ ਤਾਂ ਭਾਵੇਂ ਮਹਿੰਗਾਈ, ਆਰਥਿਕ ਤੰਗੀਆਂ-ਤੁਰਸ਼ੀਆਂ ਦੀ ਚੱਕੀ 'ਚ ਪਿਸਦਿਆਂ ਕਿਵੇ ਨਾ ਕਿਵੇਂ ਗੁਜ਼ਰ ਹੀ ਰਹੀ ਸੀ ਪਰ ਆਪਣੇ ਇਕਲੌਤੇ ਬੇਟੇ ਨੂੰ ਸ਼ਹਿਰ ਦੇ ਵੱਡੇ, ਮਹਿੰਗੇ ਅਤੇ ਚੰਗੇ ਸਟੈਂਡਰਡ ਵਾਲੇ ਸਕੂਲ 'ਚ ਬੁੱਕਾਂ ਦੇ ਬੁੱਕ ਰੁਪਏ ਪਾਣੀ ਵਾਂਗ ਰੋੜ੍ਹ ਕੇ ਪੜ੍ਹਾ ਰਿਹਾ ਸਾਂ। ਕਿਉਂਕਿ ਮਾਪੇ ਆਪ ਭਾਵੇਂ ਜਿਵੇਂ ਮਰਜ਼ੀ ਔਖੇ ਹੁੰਦੇ ਰਹਿਣ ਪਰ ਉਨ੍ਹਾਂ ਦੀ ਹਮੇਸ਼ਾ ਦਿਲੀ ਇਛਾ ਹੁੰਦੀ ਹੈ ਕਿ ਸਾਡੀ ਔਲਾਦ ਚੰਗਾ ਪੜ੍ਹ-ਲਿਖ ਕੇ ਅਫ਼ਸਰ ਬਣੇ, ਉਨ੍ਹਾਂ ਦਾ ਭਵਿੱਖ ਉਜਵਲ ਹੋਵੇ ਅਤੇ ਉਹ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ ਬਣ ਸੇਵਾ ਕਰਨ ਵਾਲੇ ਹੋਣ। ਫੈਕਟਰੀ ਦੇ ਰਸਤੇ 'ਚ ਹੀ ਬੇਟੇ ਦਾ ਸਕੂਲ ਪੈਂਦਾ ਸੀ। ਸੋ ਡਿਊਟੀ ਲਈ ਜਾਂਦਿਆਂ ਉਸ ਨੂੰ ਸਾਈਕਲ 'ਤੇ ਬਿਠਾ ਸਕੂਲ ਛੱਡਣਾ ਮੇਰਾ ਰੋਜ਼ ਦਾ ਕੰਮ ਸੀ।
ਅੱਜ ਜਦ ਮੈਂ ਆਪਣੇ ਕਾਕੇ ਨੂੰ ਸਾਈਕਲ ਦੇ ਕੈਰੀਅਰ 'ਤੇ ਬਿਠਾ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਹ ਸਾਰੇ ਰਸਤੇ ਹੀ ਚੁੱਪ-ਚਾਪ ਬੈਠਾ ਰਿਹਾ ਜਿਸ ਨੂੰ ਮੈਂ ਅਣਗੌਲਿਆਂ ਹੀ ਕਰੀ ਰੱਖਿਆ। ਸਾਈਕਲ ਕੁਝ ਹੋਰ ਅੱਗੇ ਜਾਣ, ਸਕੂਲ ਤੋਂ ਪਹਿਲੇ ਚੁੰਗੀ ਵਾਲੇ ਚੌਕ ਕੋਲ ਉਹ ਇਕਦਮ ਗਹਿਰ ਗੰਭੀਰ ਹੁੰਦਿਆਂ ਰੁਖੀ ਜਿਹੀ ਆਵਾਜ਼ 'ਚ ਬੋਲਿਆ, 'ਪਾਪਾ! ਤੁਸੀਂ ਹੁਣ ਮੈਨੂੰ ਸਕੂਲ ਨਾ ਛੱਡਣ ਆਇਆ ਕਰੋ... ਸਾਈਕਲ ਰੋਕੋ, ਮੈਨੂੰ ਇਥੇ ਹੀ ਉਤਾਰ ਦਿਓ... ਮੈਂ ਅੱਗੇ ਪੈਦਲ ਹੀ...।'
'ਬੇਟਾ! ਕੀ ਕਹਿ ਰਿਹੈਂ?... ਅੱਗੇ ਵੀ ਤਾਂ ਰੋਜ਼ ਮੈਂ ਤੈਨੂੰ ਸਕੂਲ ਦੇ ਮੇਨ ਗੇਟ ਮੂਹਰੇ ਉਤਾਰ ਕੇ ਅੱਗੇ ਆਪਣੀ ਡਿਊਟੀ ਲਈ ਜਾਨਾਂ... ਬਸ ਦੋ ਮਿੰਟ... ਸਾਹਮਣੇ ਹੀ ਤਾਂ ਤੇਰਾ ਸਕੂਲ', ਮੈਂ ਉਸ ਦੀ ਗੱਲ ਵਿਚਾਲੇ ਕਟਦਿਆਂ ਕਿਹਾ।
'ਨਹੀਂ ਪਾਪਾ! ਮੇਰੇ ਸਾਰੇ ਦੋਸਤਾਂ ਨੂੰ ਉਨ੍ਹਾਂ ਦੇ ਮੰਮੀ-ਪਾਪਾ ਜਾਂ ਨੌਕਰ ਕਾਰਾਂ, ਸਕੂਟਰਾਂ 'ਤੇ ਛੱਡਣ ਆਉਂਦੇ, ਉਹ ਸਾਰੇ ਤੁਹਾਡੇ ਸਾਈਕਲ ਚਲਾਉਣ ਦੀਆਂ ਨਕਲਾਂ ਲਾਹ-ਲਾਹ ਮੈਨੂੰ ਸ਼ਰਮਿੰਦਾ ਕਰਦੇ ਨੇ।'
ਏਨਾ ਸੁਣਦਿਆਂ ਹੀ ਮੇਰੇ ਪੈਰ ਖ਼ੁਦ-ਬਖ਼ੁਦ ਪੈਡਲ ਮਾਰਨੋਂ ਹਟ ਗਏ ਅਤੇ ਅੱਖਾਂ ਮੂਹਰੇ ਭੰਬੂ-ਤਾਰੇ ਜਿਹੇ ਨੱਚਣ ਲੱਗੇ ਸੀ। ਉਹ ਸਾਈਕਲ ਤੋਂ ਉੱਤਰ ਬਿਨਾਂ ਰੋਜ਼ ਵਾਂਗ ਮੇਰੇ ਵੱਲ ਵੇਖ ਫਲਾਇੰਗ ਕਿੱਸ ਦਿੱਤਿਆਂ, ਬਿਨਾਂ ਕੂਲੇ-ਕੂਲੇ ਹੱਥ ਹਿਲਾ 'ਪਾਪਾ ਜੀ ਬਾ...ਏ, ਕਿਹਾਂ ਸਕੂਲ ਦੇ ਗੇਟ ਅੰਦਰ ਦਾਖ਼ਲ ਹੋ ਗਿਆ ਸੀ।
ਇਕ ਅਣਜਾਣੇ ਜਿਹੇ ਡਰ ਨਾਲ ਮੇਰਾ ਦਿਲ ਘਿਰ ਗਿਆ, ਜਿਸ ਕਰਕੇ ਸਾਹਮਣੇ ਦਿਖਾਈ ਦੇ ਰਹੀ ਸਕੂਲ ਦੀ ਆਲੀਸ਼ਾਨ ਪੰਜ ਮੰਜ਼ਿਲੀ ਇਮਾਰਤ ਮੈਨੂੰ ਧੁੰਦਲੀ-ਧੁੰਦਲੀ ਅਤੇ ਉਸ ਦੇ ਦਰਵਾਜ਼ੇ ਭੀੜੇ-ਭੀੜੇ ਜਿਹੇ ਹੁੰਦੇ ਜਾਪੇ। ਹਾਲੇ ਪਤਾ ਨਹੀਂ ਕਿੰਨਾ ਕੁ ਸਮਾਂ ਹੋਰ ਸਾਈਕਲ ਰੋਕ ਕੇ ਇਕ ਪੈਰ ਸੜਕ 'ਤੇ ਲਗਾਈ ਆਪਣੀਆਂ ਸੋਚਾਂ 'ਚ ਗੜੂੰਦ, ਬੁੱਤ ਜਿਹੀ ਅਵਸਥਾ 'ਚ ਹੋਰ ਖੜ੍ਹਾ ਰਹਿੰਦਾ ਜੇ ਅੱਗੋਂ ਪਿਛੋਂ ਰੁਕੇ ਵਹੀਕਲਾਂ ਦੀਆਂ ਕੰਨ ਪਾੜਦੀਆਂ ਆਵਾਜ਼ਾਂ ਮੇਰਾ ਧਿਆਨ ਭੰਗ ਨਾ ਕਰਦੀਆਂ।

-ਯਸ਼ਪਾਲ ਗੁਲਾਟੀ
ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾਈਲ : 70870-48140.

ਔਖਾ ਹੁੰਦੈ ਏਦਾਂ

ਦੋਸਤੀ ਰਿਸ਼ਤਿਆਂ ਤੋਂ ਵੀ ਵਧੇਰੇ ਨੇੜਲੀ ਹੋ ਨਿੱਬੜਦੀ ਹੈ, ਪਰ ਜਦੋਂ ਦੋਸਤੀ ਦੇ ਨਿੱਘੇ ਰਿਸ਼ਤਿਆਂ ਵਿਚ ਖਟਾਸ ਆਉਂਦੀ ਹੈ ਤਾਂ ਦੋਵੇਂ ਧਿਰਾਂ ਦੂਰ ਹੁੰਦੀਆਂ , ਦੂਰ ਹੋ ਜਾਂਦੀਆਂ ਹਨ। ਅਜਿਹਾ ਸਮਾਂ ਜ਼ਿੰਦਗੀ ਦਾ ਹਮੇਸ਼ਾ ਚੇਤੇ ਰਹਿੰਦਾ ਹੈ, ਜਦੋਂ ਦੂਰ ਤਕ ਇਕੱਠੇ ਜਾ ਕੇ ਇਕੱਲੇ ਇਕੱਲੇ ਨੂੰ ਵਾਪਸ ਮੁੜਨਾ ਪੈਂਦਾ ਹੈ। ਤਿੜਕ ਚੁੱਕੀ ਦੋਸਤੀ ਦਾ ਸੰਤਾਪ ਸਰੀਰ ਨੂੰ ਘੁਣ ਵਾਂਗ ਲੱਗਾ ਰਹਿੰਦਾ ਹੈ।
ਕਿਹਰ ਸਿੰਘ ਨੇ ਇਸ ਐਤਵਾਰ ਚੰਡੀਗੜ੍ਹ ਦੇ ਇਕ ਅੱਲ੍ਹੜ ਉਮਰ ਦੇ ਮੁੰਡੇ ਵਲ਼ੋਂ ਉਸ ਨੂੰ ਪੁੱਛੇ ਗਏ ਸਵਾਲ ਦਾ ਜਵਾਬ ਲੱਭਣ ਲਈ, ਦੋ ਵੱਖ ਵੱਖ ਵਾਕਫ਼ਾਂ ਨਾਲ ਮਿਲਣ ਦਾ ਇਰਾਦਾ ਬਣਾਇਆ। ਉਹ ਆਪਣੇ ਵੀਹ ਸਾਲ ਤੋਂ ਵੀ ਪੁਰਾਣੇ ਵਾਕਫ਼ ਨਾਲ ਮਿਲਿਆ, ਜਿਸ ਨੂੰ ਉਹ ਅਕਸਰ ਮਿਲਦਾ ਰਹਿੰਦਾ ਸੀ। ਘਰ ਪਰਿਵਾਰ ਦੀਆਂ ਗੱਲਾਂ ਤੋਂ ਬਾਅਦ ਉਸ ਚਾਹ ਦੀ ਚੁਸਕੀ ਲੈਂਦੇ ਹੋਏ, ਆਪਣੇ ਵਾਕਫ਼ ਨੂੰ ਪੁੱਛ ਲਿਆ, 'ਵੀਰ ਜੀ , 'ਤੁਸੀਂ ਜ਼ਿੰਦਗੀ ਵਿਚ ਕਦੇ ਲੰਬੀ ਦੋਸਤੀ ਤੋਂ ਬਾਅਦ ਆਪਣੇ ਮਿੱਤਰ ਤੋਂ ਦੂਰ ਹੋਏ ਹੋ, ਕੀ ਅਜਿਹਾ ਵਾਪਰਿਆ ਆਪ ਨਾਲ' ਇਹ ਸਵਾਲ ਸੁਣ ਉਹ ਚੁੱਪ ਹੋ ਗਿਆ, ਜਿਵੇਂ ਕਿਹਰ ਸਿੰਘ ਦੇ ਸਵਾਲ ਨੇ ਉਸ ਨੂੰ ਫਨੀਅਰ ਨਾਗ ਵਾਂਗ ਡੱਸ ਕੇ ਸਾਹ ਹੀਣ ਕਰ ਦਿੱਤਾ ਹੋਵੇ। ਲੰਬੀ ਚੁੱਪ ਤੋਂ ਬਾਅਦ ਫਿਰ ਉਸ 'ਔਖਾ ਹੋ ਜਾਂਦਾ, ਰੱਬ ਕਿਸੇ ਨਾਲ ਨਾ ਕਰੇ, ' ਕਹਿ ਕੇ ਮੂੰਹ ਦੂਸਰੇ ਪਾਸੇ ਘੁੰਮਾ ਲਿਆ। ਕਿਹਰ ਸਿੰਘ ਨੇ ਉਸ ਦੀਆਂ ਅੱਖਾਂ ਵਿਚ ਨਮੀ ਦੀ ਚਮਕ ਦੇਖ ਕੇ ਗੱਲ ਘੁੰਮਾਉਂਦੇ ਹੋਏ, ਹੋਰ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਕਿਹਰ ਸਿੰਘ ਦੂਸਰੇ ਵਾਕਫ਼ ਦੇ ਘਰ ਗਿਆ, ਉਥੇ ਗੱਪ ਸ਼ੱਪ ਮਾਰਨ ਤੋਂ ਬਾਅਦ ਉਸ ਦੂਸਰੇ ਵਾਕਫ਼ ਨੂੰ ਵੀ ਉਹੀ ਸਵਾਲ ਪੁੱਛ ਲਿਆ, ਦੂਸਰਾ ਦੋਸਤ ਬੋਲਿਆ, 'ਏਦਾਂ ਕੁਝ ਨਹੀਂ ਹੁੰਦਾ', ਕਹਿ ਕੇ ਠਹਾਕੇ ਮਾਰ ਕੇ ਹੱਸਦਾ ਰਿਹਾ। ਕਿਹਰ ਸਿੰਘ ਵਾਕਫ਼ ਕੋਲ ਕੁਝ ਸਮਾਂ ਰੁਕ ਕੇ ਘਰ ਗਿਆ। ਪਰ ਉਸ ਦੇ ਦਿਮਾਗ਼ ਵਿਚ ਇਹ ਸਵਾਲ ਅਜੇ ਘੁੰਮ ਰਿਹਾ ਸੀ। ਸਵਾਲ ਸਬੰਧੀ ਉਸ ਦੀ ਤਸੱਲੀ ਨਹੀਂ ਹੋਈ ਸੀ, ਉਸ ਇਸ ਸਵਾਲ ਦੇ ਜਵਾਬ ਲਈ ਹੋਰ ਵਾਕਫ਼ਾਂ ਨੂੰ ਮਿਲ ਕੇ ਅਗਲੇ ਐਤਵਾਰ ਜਵਾਬ ਲੈਣ ਦੀ ਸੋਚ ਲਈ।
ਪਰ ਰਾਤ 12 ਵਜੇ ਉਸ ਦੇ ਫ਼ੋਨ ਦੀ ਘੰਟੀ ਵੱਜੀ, ਉਸ ਫ਼ੋਨ ਚੁੱਕਿਆ ਤਾਂ ਉਸ ਦੇ ਦੂਸਰੇ ਵਾਕਫ਼ ਦੀ ਪਤਨੀ ਦਾ ਫ਼ੋਨ ਸੀ, ਉਹ ਕਹਿ ਰਹੀ ਸੀ, 'ਵੀਰ ਜੀ, ਅੱਜ ਤੁਸੀਂ ਸਾਡੇ ਘਰ ਆਏ ਸੀ, ਇਨ੍ਹਾਂ ਨਾਲ ਤੁਸੀਂ ਕੀ ਗੱਲਬਾਤ ਕੀਤੀ, ਮੈਨੂੰ ਪਤਾ ਨਹੀਂ, ਪਰ ਇਹ ਤੁਹਾਡੇ ਜਾਣ ਤੋਂ ਬਾਅਦ ਗੰਭੀਰ ਏਨੇ ਹੋ ਗਏ ਹਨ ਕਿ ਸੋਚ ਸੋਚ ਕੇ ਰੋਈ ਜਾ ਰਹੇ ਹਨ, ਤੁਸੀਂ ਇਨ੍ਹਾਂ ਦੀ ਕਿਹੜੀ ਦੁਖਦੀ ਰਗ ਛੇੜ ਗਏ ਹੋ।' ਮੈਂ ਕਿਹਾ, 'ਕੋਈ ਗੱਲ ਨਹੀਂ ਹੋਈ', ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ। ਦੋਸਤ ਬਣਾਉਣੇ ਸੌਖੇ ਹਨ, ਪਰ ਛੱਡਣੇ ਆਮ ਗੱਲ ਨਹੀਂ ਹੁੰਦੀ। ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਯਾਦਾਂ ਦਿਲ ਦਿਮਾਗ਼ ਚ ਛਾਈਆਂ ਰਹਿੰਦੀਆਂ ਨੇ, ਉਨ੍ਹਾਂ ਯਾਦਾਂ ਵਿਚੋਂ ਨਿਕਲਿਆ ਨਹੀਂ ਜਾ ਸਕਦਾ।

-ਨੇੜੇ ਨੇਕੀ ਵਾਲੀ ਦੀਵਾਰ, ਕ੍ਰਿਸ਼ਨਾ ਕਾਲੋਨੀ ਗੁਰਾਇਆ।
ਫੋਨ-9417058020

ਮਿੰਨੀ ਕਹਾਣੀ: ਫੰਨੇ ਖਾਂ

'ਫੰਨੇ ਖਾਂ ਤੇਰੇ ਸਾਈਨਾਂ 'ਚ ਕਾਫੀ ਫਰਕ ਐ, ਦੁਬਾਰਾ ਸਾਈਨ ਕਰ।', ਬੈਂਕ 'ਚੋਂ ਪੈਸੇ ਕਢਵਾਉਣ ਗਏ ਫੰਨੇ ਖਾਂ ਨੂੰ ਸਹਾਇਕ ਮੈਨੇਜਰ ਕਹਿ ਰਹੀ ਸੀ। ਉਸ ਦੁਬਾਰਾ ਸਾਈਨ ਕਰ ਦਿੱਤੇ। 'ਨਹੀਂ, ਆਹ ਵੇਖ ਪਹਿਲਾਂ ਅੱਖਰਾਂ 'ਚ ਵਿੰਗ-ਵਲ੍ਹੇਵੇਂ ਨੇ,ਹੁਣ ਵਾਲੇ ਸਿੱਧੇ ਤੇ ਸਪੱਸ਼ਟ ਨੇ।'
'ਮੈਡਮ ਮੁਆਫ਼ ਕਰਨਾ, ਹੁਣ ਮੇਰਾ ਵਿਆਹ ਹੋ ਗਿਆ ਤੇ ਪਹਿਲੇ ਸਾਈਨ ਵਿਆਹ ਤੋਂ ਪਹਿਲਾਂ ਦੇ ਨੇ। ਮੇਰੇ ਘਰ ਵਾਲੀ ਨੂੰ ਵਿੰਗ-ਵਲ੍ਹੇਵੇਂ ਚੰਗੇ ਨੀ ਲੱਗਦੇ। ਉਸ ਕਈ ਦਿਨ ਮੇਰੀ ਕਲਾਸ ਲਾਈ ਤਾਂ ਜਾ ਕੇ ਇਹ ਸੋਧ ਹੋਈ ਐ।'
ਸਹਾਇਕ ਮੈਨੇਜਰ ਨੇ ਥੋੜ੍ਹਾ ਮੁਸਕਰਾਉਂਦਿਆਂ ਬੈਂਕ ਮੈਨੇਜਰ ਵੱਲ ਚੋਰ ਅੱਖ ਨਾਲ ਤੱਕਿਆ। ਜਿਸ ਨਾਲ ਕੁਝ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।

-ਮਾ: ਰਾਜ ਸਿੰਘ ਬਧੌਛੀ
ਪਿੰਡ ਤੇ ਡਾਕ: ਬਧੌਛੀ ਕਲਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਮੋਬਾ : 97798-49824.

ਨੇਤਾ ਜੀ ਵਿਆਹ ਕਰਵਾਓ

ਦੇਸ਼ ਦੇ ਪਿਆਰੇ ਭਾਵੀ ਨੇਤਾ ਜੀਓ! ਇਸ ਨਾਚੀਜ਼ ਦੀ ਜਾਣਕਾਰੀ ਅਨੁਸਾਰ ਸਾਡੇ ਦੇਸ਼ ਵਿਚ ਦੋ ਹੀ ਮੁੰਡੇ ਸਭ ਤੋਂ ਯੋਗ ਕੁਆਰੇ ਹਨ, ਤੁਸੀਂ ਤੇ ਸਲਮਾਨ ਖ਼ਾਨ। ਹਰ ਰੋਜ਼ ਅਨੇਕਾਂ ਅਖ਼ਬਾਰਾਂ, ਮੈਗਜ਼ੀਨਾਂ ਤੇ ਟੀ.ਵੀ. ਚੈਨਲਾਂ ਵਾਲੇ, ਤੁਹਾਡੇ ਦੋਵਾਂ ਅਜ਼ੀਮ ਸ਼ਖ਼ਸੀਅਤਾਂ ਬਾਰੇ ਪਤਾ ਨਹੀਂ ਕਿਧਰੋਂ ਮਨਘੜਤ ਤੇ ਓਟ-ਪਟਾਂਗ ਕਹਾਣੀਆਂ ਘੜਦੇ ਰਹਿੰਦੇ ਹਨ। ਤੁਸੀਂ ਦੋਵੇਂ ਕਿਸੇ ਮੁਟਿਆਰ ਦੇ ਡਿੱਗੇ ਹੋਏ ਝੁਮਕੇ ਕੋਲੋਂ ਵੀ ਲੰਘ ਜਾਓ ਤਾਂ ਇਹ ਲੋਕ ਉਸ ਹੁਸੀਨਾ ਨਾਲ ਤੁਹਾਡੇ ਪ੍ਰੇਮ ਸਬੰਧ ਜੋੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਕਦੇ ਸ਼ੋਸ਼ਾ ਛੱਡ ਦੇਣਗੇ ਕਿ ਸਲਮਾਨ ਕੈਟਰੀਨਾ ਦੇ ਪਿਆਰ 'ਚ ਕੈਦ ਹੈ ਤੇ ਕਦੇ ਉਸ ਵਿਚਾਰੇ ਦਾ ਨਾਂਅ ਵੀਹ ਸਾਲ ਛੋਟੀ ਸੋਨਾਕਸ਼ੀ ਨਾਲ ਜੋੜ ਦਿੰਦੇ ਹਨ। ਤੁਹਾਡਾ ਨਾਂਅ ਵੀ ਕਦੇ ਕਿਸੇ ਕਾਲਪਨਿਕ ਅਫ਼ਗਾਨਿਸਤਾਨ ਦੀ ਰਾਜਕੁਮਾਰੀ ਨਾਲ, ਕਦੇ ਕਿਸੇ ਵਿਸ਼ਵ ਸੁੰਦਰੀ ਨਾਲ, ਕਦੇ ਇੰਗਲੈਂਡ ਤੇ ਕਦੇ ਕੈਨੇਡਾ ਦੀ ਕਿਸੇ ਮੁਟਿਆਰ ਨਾਲ ਜੋੜ ਦਿੰਦੇ ਹਨ ਤੇ ਫਿਰ ਉਸ ਨੂੰ ਤੁਹਾਡੀ ਪ੍ਰੇਮਿਕਾ ਜਾਂ ਭਾਵੀ ਪਤਨੀ ਗਰਦਾਨਣ ਲਈ ਪੱਬਾਂ ਭਾਰ ਹੋ ਜਾਂਦੇ ਹਨ। ਅਜੇ ਥੋੜ੍ਹਾਚਿਰ ਪਹਿਲਾਂ ਹੀ ਮੈਂ ਇਕ ਅਖ਼ਬਾਰ 'ਚ ਪੜ੍ਹਿਆ ਸੀ ਕਿ ਇਕ ਔਰਤ ਆਪਣੀ ਲੜਕੀ ਦਾ ਤੁਹਾਡੇ ਨਾਲ ਵਿਆਹ ਕਰਨ ਲਈ ਜੰਤਰ-ਮੰਤਰ 'ਤੇ ਧਰਨਾ ਲਾਈ ਬੈਠੀ ਹੈ ਤੇ ਦਾਜ ਵਿਚ ਵੀਹ ਕਰੋੜ ਦੀ ਨਕਦ ਰਕਮ ਦੇਣ ਲਈ ਵੀ ਤਿਆਰ-ਬਰ-ਤਿਆਰ ਹੈ। ਨੇਤਾ ਜੀ! ਲਛਮੀ ਤੁਹਾਡੀਆਂ ਬਰੂਹਾਂ 'ਤੇ ਖੁਦ ਚੱਲ ਕੇ ਆਈ ਹੈ ਤੇ ਤੁਸੀਂ ਅਜੇ ਵੀ ਟਾਲਾ-ਮਟੋਲਾ ਕਰੀ ਜਾਂਦੇ ਹੋ। ਸਾਨੂੰ ਤਾਂ ਇਹ ਗੱਲ ਜਚੀ ਨਹੀਂ। ਤੁਹਾਡੇ ਹਮਉਮਰ ਤਾਂ ਕਦੋਂ ਦੇ ਚਾਰ-ਚਾਰ ਜੁਆਕਾਂ ਦੇ ਪਿਓ ਬਣ ਚੁੱਕੇ ਹਨ। ਹੁਣ ਹੋਰ ਦੇਰ ਨਾ ਕਰੋ ਤੁਸੀਂ ਵਿਆਹ ਨਹੀਂ ਕਰਵਾਉਣਾ ਤਾਂ ਸਾਡੀ ਹੀ ਦੱਸ ਪਾ ਦਿਓ ਕਿਉਂਕਿ ਇਸ ਉਮਰ 'ਚ ਇਸ 20 ਕਰੋੜ ਦੀ ਸਾਨੂੰ ਤੁਹਾਡੇ ਤੋਂ ਕਿਧਰੇ ਵਧੇਰੇ ਲੋੜ ਹੈ। ਜੇਕਰ ਤੁਹਾਡੇ ਕੋਲ ਆਪਣੇ ਰੁਝੇਵਿਆਂ ਕਾਰਨ ਇਸ ਵੀਹ ਕਰੋੜੀ ਆਸਾਮੀ ਕੋਲ ਸਾਡੀ ਦੱਸ ਪਾਉਣ ਦਾ ਸਮਾਂ ਨਾ ਹੋਵੇ ਤਾਂ ਮਿਹਰਬਾਨੀ ਕਰਕੇ ਕਿਸੇ ਵਿਚੋਲੇ ਨੂੰ ਘੱਲ ਦੇਣਾ। ਇਹ ਕੰਮ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਵਾਲੇ ਵਿਚੋਲੇ ਨੂੰ ਅਸੀਂ ਇਸ ਮਾਇਆ ਵਿਚੋਂ ਖੁਸ਼ੀ-ਖੁਸ਼ੀ ਇਕ ਕਰੋੜ ਰੁਪਏ ਦਾ ਨਜ਼ਰਾਨਾ ਬਤੌਰ ਸ਼ੁਕਰਾਨਾ ਭੇਟ ਕਰਾਂਗੇ। ਲਓ, ਲੱਗਦੇ ਹੱਥ ਸਾਡੀਆਂ ਯੋਗਤਾਵਾਂ ਬਾਰੇ ਵੀ ਜਾਣ ਲਓ, ਤਾਂ ਕਿ ਇਸ ਬਾਰੇ ਤੁਸੀਂ ਵਿਚੋਲੇ ਨੂੰ ਦੱਸ ਸਕੋ।
ਕੀ ਕਿਹੈ ਪਹਿਲਾਂ ਸਾਡੀ ਉਮਰ ਬਾਰੇ ਜਾਣਨਾ ਚਾਹੁੰਦੇ ਹੋ? ਜੰਮ-ਜੰਮ ਪੁੱਛੋ। ਤੁਸੀਂ ਵੀ ਅੱਗੇ ਵਿਚੋਲੇ ਨੂੰ ਦੱਸਣਾ ਹੋਵੇਗਾ। ਉਮਰ ਦਾ ਫਿਕਰ ਨਾ ਕਰੋ। ਉਮਰ ਮਸਾਂ ਧੁੱਪ ਕੁ ਜਿੰਨੀ ਹੋਵੇਗੀ। ਪਹਿਲੀ ਪੰਜ ਸਾਲਾ ਯੋਜਨਾ ਵੇਲੇ ਦਾ ਜਨਮ ਹੋਣ ਦੇ ਬਾਵਜੂਦ ਅਸੀਂ ਵਸਮੇ ਦੀ ਅਪਾਰ ਕਿਰਪਾ ਸਦਕਾ ਮਸਾਂ ਹੀ ਤੀਹ ਕੁ ਸਾਲ ਦੇ ਲਗਦੇ ਹਾਂ। ਝੂਠ ਨਹੀਂ ਬੋਲਦੇ। ਕੱਲ੍ਹ ਹੀ ਸਾਡੇ ਮੁੰਡੇ ਨੂੰ ਦੇਖਣ ਆਏ ਕੁੜੀ ਵਾਲੇ ਸਾਨੂੰ ਵੀ ਵਿਆਂਹਦੜ ਮੁੰਡਾ ਸਮਝ ਬੈਠੇ ਸੀ। ਵੇਖਣ-ਚਾਖਣ ਨੂੰ ਵੀ ਅਸੀਂ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨਹੀਂ ਲਗਦੇ। ਪਿਛਲੇ ਐਤਵਾਰ ਹੀ 'ਮਿਸਟਰ ਮੋਗਾ' ਦਾ ਖਿਤਾਬ ਮਿਲਿਆ ਹੈ। ਸਾਡੀ ਆਮਦਨ ਸਬੰਧੀ ਨਿਸਚਿੰਤ ਰਹਿਣਾ। ਸਰਕਾਰ ਦੇ ਭਰਪੂਰ ਖਜ਼ਾਨੇ 'ਚੋਂ ਹਰ ਮਹੀਨੇ ਪੈਨਸ਼ਨ ਦੇ ਰੂਪਵਿਚ ਖੁੱਲ੍ਹੇ ਗੱਫੇ ਮਿਲ ਰਹੇ ਹਨ।
ਕੀ ਕਿਹੈ, ਪਹਿਲਾਂ ਹੀ ਵਿਆਹੇ ਹੋਏ ਹਾਂ? ਹਾਂ ਜਨਾਬ, ਵਿਆਹੇ ਵਰ੍ਹੇ ਹਾਂ ਪਰ ਇਸ ਪੱਖੋਂ ਬੇਫਿਕਰ ਰਹੋ। ਅਸੀਂ ਇਕ ਧਰਮ-ਨਿਰਪੱਖ ਦੇਸ਼ ਦੇ ਨਾਗਰਿਕ ਹਾਂ। ਕਿਸੇ ਵੀ ਵਿਸ਼ੇਸ਼ ਧਰਮ ਨਾਲ ਲਸੂੜੀ ਵਾਂਗ ਨਹੀਂ ਚਿੰਬੜੇ ਹੋਏ। ਅਸੀਂ ਲੋੜ ਪੈਣ 'ਤੇ ਦਿਲਾਵਰ ਖ਼ਾਨ, ਮੁੰਨੇ ਖ਼ਾਨ ਜਾਂ ਛੋਟੇ ਖ਼ਾਨ ਵੀ ਬਣ ਸਕਦੇ ਹਾਂ। ਸਾਡੀ ਸੰਨ 52 ਮਾਡਲ ਵਹੁਟੀ ਤੇ ਪੁੱਤਾਂ, ਨੂੰਹਾਂ, ਪੋਤਿਆਂ, ਪੋਤੀਆਂ ਨੇ ਇਹ 20 ਕਰੋੜ ਮੁੱਛਣ ਲਈ ਸਾਨੂੰ ਸਰਬਸੰਮਤੀ ਨਾਲ ਕੀੜੇ ਖ਼ਾਨ, ਟਿੱਡੀ ਖ਼ਾਨ ਜਾਂ ਡੱਡੂ ਖ਼ਾਨ ਬਣਨ ਦੀ ਵੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਜੇਕਰ ਅਸੀਂ ਇਹ ਜ਼ਰਾ ਕੁ ਜਿੰਨੀ ਜਹਿਮਤ ਝੱਲ ਲਈਏ ਤਾਂ ਉਹ ਕਾਰਾਂ ਤੇ ਜਹਾਜ਼ਾਂ 'ਚ ਹੀ ਨਹੀਂ ਸਗੋਂ ਰਾਕਟ 'ਤੇ ਚੰਨ ਦੀ ਵੀ ਸੈਰ ਕਰ ਸਕਣਗੇ ਤੇ ਉਥੇ ਸੌ-ਸੌ ਮਰਲੇ ਦੇ ਪਲਾਟ ਬੁੱਕ ਕਰਾ ਕੇ ਸਾਰੀ ਉਮਰ ਪ੍ਰਦੂਸ਼ਣ ਤੋਂ ਬਚਣਗੇ।
ਨੇਤਾ ਜੀ! ਪਤਾ ਲੱਗਾ ਹੈ ਤੁਹਾਨੂੰ ਇਸ ਵੀਹ ਕਰੋੜੀ ਮੁਟਿਆਰ ਦੇ ਧਰਮ, ਜਾਤ ਤੇ ਗੋਤ ਬਾਰੇ ਕੁਝ ਵੀ ਪਤਾ ਨਹੀਂ। ਸਿਰਫ਼ ਨਾਂਅ ਹੀ ਪਤਾ ਹੈ-ਰੋਜ਼ੀ। ਇਸ ਸਬੰਧੀ ਵਧੇਰੇ ਜਾਂਚ-ਪੜਤਾਲ ਦੀ ਲੋੜ ਨਹੀਂ। ਦੁਲਹਨ ਦਾ ਨਾਂਅ ਰੋਜ਼ੀ ਹੋਵੇ, ਰੋਜ਼ੀ ਸਿੰਘ, ਰੋਜ਼ੀ ਕੌਰ ਜਾਂ ਰੋਜ਼ੀ ਖ਼ਾਨ ਹੋਵੇ, ਸਾਨੂੰ ਸਭ ਖਿੜੇ ਮੱਥੇ ਕਬੂਲ ਹਨ।
ਪਿਆਰੇ ਨੇਤਾ ਜੀ। ਇਸ ਵੀਹ ਕਰੋੜ ਦੀ ਨਗਦ ਰਾਸ਼ੀ ਨਾਲ ਸਾਡੇ ਅਨੇਕਾਂ ਕੰਮ ਸੌਰ ਜਾਣਗੇ। ਸਾਨੂੰ ਆਪਣਾ ਨਹੀਂ, ਆਪਣੇ ਪੋਤੇ-ਪੋਤੀਆਂ ਦਾ ਵਧੇਰੇ ਫਿਕਰ ਹੈ ਕਿਉਂਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਸਾਨੂੰ ਪਤਾ ਹੈ ਕਿ ਇਸ ਦੇਸ਼ ਵਿਚ ਅੱਜ ਤੋਂ 20 ਸਾਲ ਬਾਅਦ ਇਨ੍ਹਾਂ ਨੂੰ ਕਿਸੇ ਨੇ ਟਕੇ ਸੇਰ ਨਹੀਂ ਪੁੱਛਣਾ। ਨੌਕਰੀ ਮਿਲ ਵੀ ਗਈ ਤਾਂ ਵਿਚਾਲੇ ਅੱਧੀ ਉਮਰ 5400 ਜਾਂ 6400 ਰੁਪਏ ਦੀਆਂ ਯਕਮੁਸ਼ਤ ਤਨਖਾਹਾਂ 'ਤੇ ਰੁਲਦੇ ਫਿਰਨਗੇ। ਸੋ, ਅਸੀਂ ਆਪਣਾ 20 ਕਰੋੜ ਸਵਿਟਜ਼ਰਲੈਂਡ ਦੀਆਂ ਬੈਂਕਾਂਵਿਚ ਪੰਦਰਾਂ ਸਾਲ ਲਈ ਮਿਆਦੀ ਜਮ੍ਹਾਂ ਕਰਾ ਦੇਣਾ ਹੈ। ਉਹ ਵਿਆਜ ਲਾਉਣ ਲਈ ਵੀ ਹਾਤਿਮਤਾਈ ਵਾਂਗ ਫਰਾਖਦਿਲ ਹਨ। ਅਗਲੇ ਪੰਦਰਾਂ ਸਾਲਾਂ ਵਿਚ ਸਾਡੀ ਰਕਮ ਸੌ ਗੁਣਾ ਤਾਂ ਜ਼ਰੂਰ ਹੀ ਵਧ ਜਾਏਗੀ। ਫਿਰ ਸਾਡੇ ਪੋਤੇ-ਪੋਤੀਆਂ ਆਰਾਮ ਨਾਲ ਸਾਡਾ ਵਿਦੇਸ਼ੀ ਧਨ ਵਰਤ ਕੇ ਵਿਦੇਸ਼ੀ ਡਾਕਟਰ ਜਾਂ ਇੰਜੀਨੀਅਰ ਬਣ ਜਾਣਗੇ। ਜੇਕਰ ਨਾ ਵੀ ਬਣੇ ਤਾਂ ਪੰਜ ਸੱਤ ਕਰੋੜ ਖਰਚ ਕੇ ਉਨ੍ਹਾਂ ਲਈ ਜਿੰਦਰੇ-ਚਾਬੀਆਂ ਬਣਾਉਣ ਦਾ ਕਾਰਖਾਨਾ ਲੁਆ ਦੇਵਾਂਗੇ। ਨੇਤਾ ਜੀ! ਫਿਕਰ ਨਾ ਕਰਨਾ। ਸਾਡੀ ਨਵੀਂ ਵਹੁਟੀ ਸਾਡੇ ਢਾਈ ਮਰਲਿਆਂ ਦੇ ਮਕਾਨ ਵਿਚ ਓਦਰਦੀ ਨਹੀਂ ਤੇ ਨਾ ਹੀ ਉਸ ਨੂੰ ਮਾਂ-ਪਿਓ ਯਾਦ ਆਉਣਗੇ ਕਿਉਂਕਿ ਅਸੀਂ ਖੁਦ ਹਾਸਰਸ ਦੇ ਕਵੀ ਤੇ ਲਿਖਾਰੀ ਹਾਂ। ਅਸੀਂ ਆਪਣੀ ਦੁਲਹਨ ਨੂੰ ਹਾਸਰਸੀ ਕਵਿਤਾਵਾਂ, ਛੰਦ ਤੇ ਗੀਤ ਸੁਣਾ ਕੇ ਲੋਟ-ਪੋਟ ਕਰ ਦੇਵਾਂਗੇ।
ਪਿਆਰੇ ਨੇਤਾ ਜੀ! ਘੌਲ ਨਾ ਕਰਨਾ। ਵਿਚੋਲੇ ਰਾਹੀਂ ਕੁੜੀ ਵਾਲਿਆਂ ਨੂੰ ਸਾਡੀ ਦੱਸ ਜ਼ਰੂਰ ਪਾ ਦੇਣਾ। ਹੁਣ ਤੁਹਾਡੀ ਪਾਰਟੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਦੇਣ ਲਈ ਤਿਆਰ ਹੈ। ਹੋ ਸਕਦਾ ਹੈ ਕੱਲ੍ਹ ਨੂੰ ਪ੍ਰਧਾਨ ਮੰਤਰੀ ਹੀ ਬਣ ਜਾਓ। ਫਿਰ ਤੁਹਾਡਾ ਸਾਡਾ ਰਿਸ਼ਤਾ ਕਰਾਉਣ ਦਾ ਸਮਾਂ ਨਹੀਂ ਮਿਲਣਾ। ਸੋ, ਹੁਣੇ ਹੀ ਇਹ ਪੁੰਨ ਖੱਟ ਲਓ।

ਵਾਰਡ ਨੰ: 28, ਮਕਾਨ ਨੰਬਰ : 582, ਮੋਗਾ।
ਮੋਬਾਈਲ : 93573-61417.

ਕਾਵਿ-ਵਿਅੰਗ

ਖੇਡ ਖਿਲਵਾੜ
* ਹਰਦੀਪ ਢਿੱਲੋਂ *
ਉੱਠਿਆ ਝੱਲ ਅਨਾੜੀ ਨੂੰ ਖੇਡਣੇ ਦਾ,
ਪੰਜਾ ਨਾਲ ਖਿਲਵਾੜੀਆਂ ਪਾ ਬੈਠਾ।
ਸੁਣਕੇ ਹੋਕਰਾ ਤਰਲ ਪਰਸ਼ਾਦ ਵਾਲਾ,
ਸਬਜ਼ੀ ਰੋਟੀ ਦੇ ਉਤੋਂ ਡਿਗਵਾ ਬੈਠਾ।
ਚੋਰ ਵੜ ਗਿਆ ਮੋਰਾਂ ਦੀ ਰੱਖ਼ ਅੰਦਰ,
ਭਰੇ ਗੀਝੇ ਨੂੰ ਹੌਲਾ ਕਰਵਾ ਬੈਠਾ।
'ਮੁਰਾਦਵਾਲਿਆ' ਪੱਟਿਆ ਲਾਲਚਾਂ ਦਾ,
ਸੱਟਾ ਖੇਡ ਖਿਲਵਾੜ 'ਤੇ ਲਾ ਬੈਠਾ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਕਮਾਲ
* ਨਵਰਾਹੀ ਘੁਗਿਆਣਵੀ *
ਫ਼ਿਰਕੂ ਸੋਚ ਉਭਾਰਨਾ ਨਹੀਂ ਜਾਇਜ਼,
ਹਿੰਦੂ ਸਿੱਖ ਦਾ ਨਹੀਂ ਸਵਾਲ ਕੋਈ।
ਦਬੇ ਹੋਏ ਇਨਸਾਨਾਂ ਦੀ ਸਾਰ ਲਈਏ,
ਕਿਉਂਕਰ ਵਿਚਰੇ ਮੰਦੜੇ ਹਾਲ ਕੋਈ।
ਰੀਤਾਂ ਪਹਿਲੀਆਂ ਨਹੀਂ ਜੇ ਰਾਸ ਆਈਆਂ,
ਨਵੀਂ ਰੀਤ ਥੀਂ ਕਰੋ ਕਮਾਲ ਕੋਈ।
ਜਿਸਦੇ ਨਾਲ ਮਨੁੱਖਤਾ ਘਾਇਲ ਹੁੰਦੀ,
ਪੈਦਾ ਕਰੋ ਨਾ ਤੁਰਸ਼ ਖ਼ਿਆਲ ਕੋਈ।

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX