ਤਾਜਾ ਖ਼ਬਰਾਂ


ਅਸੀਂ ਗ਼ਰੀਬੀ ਨਾਲ ਲੜ ਰਹੇ ਤੇ ਸਾਡਾ ਗਵਾਂਢੀ ਪਾਕਿਸਤਾਨ ਸਾਡੇ ਨਾਲ -ਸੁਸ਼ਮਾ
. . .  4 minutes ago
ਨਿਊਯਾਰਕ ,23 ਸਤੰਬਰ -ਸੰਯੁਕਤ ਰਾਸ਼ਟਰ 'ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦਾ ਖ਼ੂਨ ਬਹਾਉਣ ਵਾਲਾ...
ਗੁਰੂ ਗ੍ਰਾਮ : ਰਿਆਨ ਸਕੂਲ 'ਚ ਜਾਂਚ ਦੇ ਲਈ ਗਈ ਫਾਰੈਂਸਕ ਟੀਮ ਵਾਪਸ ਆਈ
. . .  58 minutes ago
ਸ਼ਿਮਲਾ 'ਚ ਭਾਰੀ ਮੀਂਹ, ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ
. . .  about 2 hours ago
ਸ਼ਿਮਲਾ, 23 ਸਤੰਬਰ- ਹਿਮਾਚਲ ਦੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦਾ...
ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲਾ ਸਮਾਪਤ, ਨਵਜੋਤ ਸਿੱਧੂ ਅਤੇ ਪਰਮਜੀਤ ਸਿੰਘ ਸਨਮਾਨਿਤ
. . .  about 2 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਤੋਂ ਬਾਅਦ ਸਜਾਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਸਥਾਨਕ...
ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰਨ ਸੂਬੇ- ਕੁਸ਼ਵਾਹਾ
. . .  about 3 hours ago
ਪਟਨਾ, 23 ਸਤੰਬਰ- ਬਿਹਾਰ ਵਿਖੇ ਇੱਕ ਸਮਾਗਮ 'ਚ ਭਾਗ ਲੈਣ ਆਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਕਿਹਾ ਕਿ ਹਰੇਕ ਸੂਬਾ ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ...
25 ਨੂੰ ਵਪਾਰੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  about 3 hours ago
ਸ੍ਰੀਨਗਰ, 23 ਸਤੰਬਰ- ਐਨ ਆਈ.ਏ.ਵੱਲੋਂ ਕਸ਼ਮੀਰ ਇਕਨਾਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਨੂੰ ਸੰਮਨ ਭੇਜਣ 'ਤੇ 25 ਤਰੀਕ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਹੈ। ਐਨ.ਆਈ.ਏ...
ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  about 3 hours ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  about 4 hours ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 5 hours ago
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  about 5 hours ago
ਹੋਰ ਖ਼ਬਰਾਂ..
  •     Confirm Target Language  

ਲੋਕ ਮੰਚ

ਸਾਦੇ ਵਿਆਹ-ਸ਼ਾਦੀਆਂ ਦੀ ਪਿਰਤ ਪਾਈਏ

ਭਾਰਤੀ ਸੱਭਿਆਚਾਰ ਅਨੁਸਾਰ ਵਿਆਹ ਇਕ ਪਵਿੱਤਰ ਬੰਧਨ ਅਤੇ ਜ਼ਰੂਰੀ ਜੀਵਨ ਅੰਗ ਹੈ। ਸਮੇਂ-ਸਮੇਂ ਅਨੁਸਾਰ ਵਿਆਹ-ਸ਼ਾਦੀਆਂ ਦੇ ਰੰਗ-ਢੰਗ ਬਦਲਦੇ ਰਹੇ ਹਨ, ਰਾਜਿਆਂ-ਮਹਾਰਾਜਿਆਂ ਦੇ ਵੇਲੇ ਸਵੰਬਰ ਰਚਾਇਆ ਜਾਂਦਾ ਸੀ। ਸ਼ਰਤਾਂ ਪੂਰੀਆਂ ਕਰਨ ਵਾਲੇ ਰਾਜ ਕੁਮਾਰ ਨੂੰ ਰਾਜ ਕੁਮਾਰੀ ਵਰ ਮਾਲਾ ਪਹਿਨਾ ਦਿੰਦੀ ਸੀ। ਭਗਵਾਨ ਰਾਮ ਅਤੇ ਸੀਤਾ ਮਾਤਾ ਦੇ ਵਿਆਹ ਦੀ ਮਿਸਾਲ ਸਾਡੇ ਸਾਹਮਣੇ ਹੈ। ਇਸ ਤੋਂ ਪਹਿਲਾਂ ਕਿ ਆਧੁਨਿਕ ਵਿਆਹਾਂ ਦੀ ਗੱਲ ਕਰੀਏ, ਪਹਿਲਾਂ ਪੁਰਾਣੇ ਸਮੇਂ 'ਚ ਹੋਣ ਵਾਲੇ ਸਾਦੇ ਅਤੇ ਸਸਤੇ ਵਿਆਹਾਂ ਦੀ ਗੱਲ ਕਰਨੀ ਅਤੀ ਜ਼ਰੂਰੀ ਹੈ। ਸ਼ਹਿਰਾਂ 'ਚ ਹੋਣ ਵਾਲੇ ਵਿਆਹ ਪਿੰਡਾਂ ਦੇ ਵਿਆਹਾਂ ਨਾਲੋਂ ਕੁਝ ਮਹਿੰਗੇ ਹੁੰਦੇ ਸਨ। ਕਿਉਂਕਿ ਇਹ ਵਿਆਹ ਆਮ ਤੌਰ 'ਤੇ ਰਾਤ ਨੂੰ ਹੁੰਦੇ ਸਨ, ਇਸ ਲਈ ਹਰ ਗਲੀ-ਮੁਹੱਲੇ ਦਾ ਆਪਣਾ ਜੰਜਘਰ ਹੁੰਦਾ ਸੀ, ਜੋ ਹੁਣ ਵੀ ਕਿਤੇ-ਕਿਤੇ ਮਿਲਦਾ ਹੈ। ਜਿਥੋਂ ਤੱਕ ਪਿੰਡਾਂ ਦੇ ਵਿਆਹਾਂ ਦੀ ਗੱਲ ਹੈ, ਇਹ ਵਿਆਹ ਬਹੁਤ ਸਾਦੇ, ਰੌਣਕ ਭਰੇ ਅਤੇ ਖੁਸ਼ੀਆਂ ਭਰਪੂਰ ਹੁੰਦੇ ਹਨ।
ਬਰਾਤਾਂ ਆਮ ਤੌਰ 'ਤੇ ਦੁਪਹਿਰ ਤੋਂ ਪਿੱਛੋਂ ਹੀ ਚੜ੍ਹਦੀਆਂ (ਤੁਰਦੀਆਂ) ਸਨ। ਲੋਕਾਂ ਨੂੰ ਘੋੜੀਆਂ ਰੱਖਣ ਦਾ ਕਾਫੀ ਸ਼ੌਕ ਸੀ। ਇਸ ਲਈ ਬਰਾਤ ਘੋੜੀਆਂ 'ਤੇ ਹੀ ਜਾਂਦੀ ਸੀ। ਇਕ-ਇਕ ਘੋੜੀ 'ਤੇ ਦੋ-ਦੋ, ਤਿੰਨ-ਤਿੰਨ ਬਰਾਤੀ ਬੈਠ ਜਾਂਦੇ। ਬਰਾਤ ਜਦ ਲੜਕੀ ਵਾਲਿਆਂ ਦੇ ਪਿੰਡ ਪੁੱਜਦੀ ਤਾਂ ਸਾਰਾ ਪਿੰਡ ਹੀ ਮਰਦ-ਔਰਤਾਂ ਬਰਾਤ ਦੀ ਆਓ ਭਗਤ ਲਈ ਉਮਡ ਪੈਂਦਾ, ਢੋਲਕ ਛੈਣਿਆਂ ਨਾਲ ਮਿਲਣੀ ਦੇ ਸ਼ਬਦ ਪੜ੍ਹੇ ਜਾਂਦੇ। ਕੁੜਮਾਂ ਦੀ ਮਿਲਣੀ ਤੋਂ ਬਾਅਦ ਲੜਕੀ ਦੇ ਮਾਮਾ ਅਤੇ ਲੜਕੀ ਦੇ ਮਾਮਾ ਦੀ ਮਿਲਣੀ ਕਰਵਾਈ ਜਾਂਦੀ। ਸਿਰਵਾਰਨੇ ਕਰਕੇ (ਨੋਟ ਵਾਰ ਕੇ) ਲਾਗੀਆਂ ਨੂੰ ਦਿੱਤੀ ਜਾਂਦੀ ਰਕਮ ਲਾਗੀਆਂ ਦੀਆਂ ਜੇਬਾਂ ਭਰ ਦਿੰਦੀ। ਨੋਟ ਭਾਵੇਂ ਇਕ-ਇਕ, ਦੋ-ਦੋ ਰੁਪਏ ਦੇ ਹੀ ਹੁੰਦੇ ਸਨ। ਸ਼ਾਮ ਨੂੰ ਚਾਹ ਤੋਂ ਪਿੱਛੋਂ ਰਾਤ ਦੀ ਰੋਟੀ ਖਾਣ ਸਮੇਂ ਪਿੰਡ ਦੀਆਂ ਔਰਤਾਂ, ਲੜਕੀਆਂ ਰਲ-ਮਿਲ ਕੇ ਸਿੱਠਣੀਆਂ ਦੇ ਗੀਤ (ਖੱਟ ਮਿੱਠੇ ਸਵਾਦ ਦੇ) ਗਾਉਂਦੀਆਂ।
ਅੱਜ ਵਿਆਹ-ਸ਼ਾਦੀਆਂ ਨੇ ਆਪਣਾ ਰੂਪ-ਰੰਗ ਹੀ ਬਦਲ ਲਿਆ ਹੈ। ਇਹ ਰਸਮਾਂ ਏਨੀ ਸ਼ਾਨੋ-ਸ਼ੌਕਤ ਨਾਲ ਮਨਾਈਆਂ ਜਾ ਰਹੀਆਂ ਹਨ ਕਿ ਜੇਕਰ ਪੁਰਾਣੇ ਸਮੇਂ ਦੇ ਰਾਜੇ-ਮਹਾਰਾਜੇ ਵੀ ਦੇਖ ਲੈਣ ਤਾਂ ਦੰਗ ਹੀ ਰਹਿ ਜਾਣ। ਖਰਚੇ ਲੱਖਾਂ ਤੱਕ ਪੁੱਜ ਗਏ ਹਨ। ਇਕ ਅੰਦਾਜ਼ੇ ਮੁਤਾਬਿਕ 5 ਤੋਂ 10 ਫੀਸਦੀ ਲੋਕ ਹੀ ਆਪਣੀ ਜੇਬ ਵਿਚੋਂ ਇਹ ਖਰਚ ਕਰ ਸਕਦੇ ਹਨ। ਦਰਮਿਆਨਾ ਤਬਕਾ ਅਤੇ ਉਸ ਤੋਂ ਥੱਲੇ ਵਾਲੇ ਲੋਕ ਜ਼ਮੀਨ-ਮਕਾਨ ਵੇਚਣਗੇ, ਵਿਆਜ 'ਤੇ ਕਰਜ਼ਾ ਲੈਣਗੇ ਜਾਂ ਰਿਸ਼ਤੇਦਾਰਾਂ ਤੋਂ ਉਧਾਰ ਮੰਗਣਗੇ। ਪਰ ਜਦੋਂ ਇਹ ਕਰਜ਼ਾ ਵਿਆਜ ਸਮੇਤ ਮੋੜਨਾ ਪੈਂਦਾ ਹੈ ਤਾਂ ਢੇਰ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜਿਸ ਵਿਅਕਤੀ ਨੂੰ 3-4 ਲੜਕੀਆਂ ਦੇ ਵਿਆਹ ਕਰਨੇ ਪੈ ਜਾਣ, ਉਸ ਦੀ ਕੀ ਹਾਲਤ ਹੋ ਸਕਦੀ ਹੋਵੇਗੀ? ਕਿਹਾ ਜਾਂਦਾ ਹੈ ਕਿ ਉੱਨਤ ਦੇਸ਼ਾਂ ਵਿਚ ਵਿਆਹ ਬੜੇ ਸਾਦੇ ਅਤੇ ਸਸਤੇ ਹੁੰਦੇ ਹਨ। ਲੜਕੀ ਅਤੇ ਲੜਕੇ ਵਾਲੇ ਗਿਰਜਾਘਰ ਪਹੁੰਚਦੇ ਹਨ, ਪਾਦਰੀ ਸਾਹਿਬ ਵੱਲੋਂ ਵਿਆਹ ਰਜਿਸਟਰਡ ਕੀਤਾ ਜਾਂਦਾ ਹੈ, ਸਾਦਾ ਚਾਹ ਦਿੱਤੀ ਜਾਂਦੀ ਹੈ ਅਤੇ ਕੋਈ ਰੌਲਾ-ਰੱਪਾ ਨਹੀਂ, ਕੋਈ ਧੂਮ-ਧੜੱਕਾ ਨਹੀਂ। ਭਾਰਤ ਦੀ ਲੋਕ ਸਭਾ ਜੇਕਰ ਕਾਨੂੰਨ ਪਾਸ ਕਰੇ ਕਿ 5 ਲੱਖ ਤੋਂ ਉੱਪਰ ਵਿਆਹ 'ਤੇ ਖਰਚਾ ਕਰਨਾ ਜੁਰਮ ਹੈ ਤਾਂ ਫਜ਼ੂਲ ਖਰਚੀ ਨੂੰ ਠੱਲ੍ਹ ਪੈ ਸਕਦੀ ਹੈ।
ਮਹਿੰਗੇ ਵਿਆਹਾਂ ਦਾ ਇਕ ਹੋਰ ਪੱਖ ਵੀ ਗੰਭੀਰਤਾ ਨਾਲ ਵਿਚਾਰਨਯੋਗ ਹੈ। ਇਹ ਹੈ ਭੋਜਨ ਦੀ ਬਰਬਾਦੀ। ਭੋਜਨ ਵਿਚ ਅਣਗਿਣਤ ਵੰਨਗੀਆਂ ਟਿਕਾਈਆਂ ਜਾਂਦੀਆਂ ਹਨ। ਬਹੁਤ ਸਾਰਾ ਭੋਜਨ ਬਚ ਜਾਂਦਾ ਹੈ ਅਤੇ ਬੇਕਾਰ ਜਾਂਦਾ ਹੈ। ਦੂਜੇ ਪਾਸੇ ਬਹੁਤ ਸਾਰੇ ਗ਼ਰੀਬ ਲੋਕ ਹਨ, ਜਿਨ੍ਹਾਂ ਨੂੰ ਦੋ ਵਕਤ ਦਾ ਭੋਜਨ ਵੀ ਨਹੀਂ ਮਿਲਦਾ। ਆਓ, ਇਸ ਮਸਲੇ ਬਾਰੇ ਸੰਜੀਦਗੀ ਨਾਲ ਸੋਚੀਏ। ਮਹਿੰਗੇ ਵਿਆਹ ਵੀ ਇਕ ਸਮਾਜਿਕ ਬੁਰਾਈ ਹੈ। ਸਾਦੇ ਵਿਆਹਾਂ ਦੀ ਪਿਰਤ ਪਾਈਏ ਤੇ ਸਮਾਜ ਬਚਾਈਏ।

-ਪਿੰਡ ਮਸੀਤਾਂ (ਕਪੂਰਥਲਾ)।
ਮੋਬਾ: 99157-31345


ਖ਼ਬਰ ਸ਼ੇਅਰ ਕਰੋ

ਪੰਜਾਬੀ! ਦਿਲਾਂ ਦੀ ਬੋਲੀ ਸੀ

ਸੰਸਾਰ ਵਿਚ ਮਾਂ ਅਤੇ ਮਾਂ-ਬੋਲੀ ਦਾ ਸਰਬਉੱਚ ਸਥਾਨ ਹੈ। ਆਪਣੀ ਮਾਤ-ਭਾਸ਼ਾ ਵਿਚ ਬੋਲਣਾ, ਪੜ੍ਹਨਾ ਤੇ ਲਿਖਣਾ ਬਹੁਤ ਸੁਖੈਨ ਲਗਦਾ ਹੈ। ਪੰਜਾਬੀ ਬੋਲੀ ਵਿਚ ਤਾਂ ਵੈਸੇ ਹੀ ਮਿਠਾਸ ਹੈ। ਵਾਹਗਿਓਂ ਪਾਰ ਲਾਹੌਰ ਸ਼ਹਿਰ ਦਾ ਵਾਸੀ ਇਕ ਮਸ਼ਹੂਰ ਸ਼ਾਇਰ 'ਉਸਤਾਦ ਦਾਮਨ' ਆਪਣੇ ਪੰਜਾਬੀ ਹੋਣ ਉੱਤੇ ਮਾਣ ਕਰਦਾ ਲਿਖਦਾ ਹੈ-
ਉਰਦੂ ਦਾ ਮੈਂ ਦੋਖੀ ਨਹੀਂ, ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁੱਛਦੇ ਹੋ ਦਿਲ ਦੀ ਬੋਲੀ, ਹਾਂ ਜੀ ਹਾਂ, ਪੰਜਾਬੀ ਹਾਂ। ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਭਾਸ਼ਾ, ਜਿਹੜੀ ਹਿਮਾਚਲ ਤੇ ਹਰਿਆਣੇ ਵਿਚ ਪੜ੍ਹਾਈ ਜਾਂਦੀ ਸੀ, ਉਹ ਬੰਦ ਹੋ ਗਈ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਸਰਕਾਰੀ ਸਕੂਲਾਂ ਦੀ ਭਾਸ਼ਾ ਹੈ। ਖੁੰਬਾਂ ਵਾਂਗ ਖੁੱਲ੍ਹੇ ਨਿੱਜੀ ਸਕੂਲ ਪਹਿਲੀ ਜਮਾਤ ਤੋਂ ਹਿੰਦੀ ਤੇ ਅੰਗਰੇਜ਼ੀ ਪੜ੍ਹਾਉਂਦੇ ਹਨ। ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਪੰਜਾਬੀ ਬੋਲੀ ਦਾ ਮੰਦਾ ਹਾਲ ਹੈ, ਪੰਜਾਬੀ ਸੂਬੇ ਅੰਦਰ। ਪੰਜਾਬੀ ਭਾਸ਼ਾ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿਚ ਵੀ ਸਫਲ ਨਹੀਂ ਹੋਈ। ਪੰਜਾਬ ਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਸ਼ੁਰੂ ਹੋ ਗਏ ਹਨ ਤੇ ਸੁਪਰੀਮ ਕੋਰਟ ਦੀ ਸੁਣਵਾਈ ਹੇਠ ਹਨ। ਪੰਜਾਬ ਦੇ ਤਿੰਨ ਟੋਟੇ ਕਰਨ ਦਾ ਲਾਭ ਸਿਰਫ ਸਿਆਸੀ ਪਾਰਟੀਆਂ ਨੂੰ ਹੋਇਆ ਹੈ। ਤਿੰਨ ਮੁੱਖ ਮੰਤਰੀ ਤੇ ਤਿੰਨ ਸਰਕਾਰਾਂ ਬਣੀਆਂ ਹਨ। ਰਸੂਖ ਰੱਖਣ ਵਾਲੀਆਂ ਜਾਂ ਧਾਰਮਿਕ ਦਿੱਖ ਵਾਲੀਆਂ ਪਾਰਟੀਆਂ ਨੇ ਆਪਣੇ ਪਰਿਵਾਰਕ ਰਾਜ ਬਣਾ ਲਏ ਹਨ। ਪੰਜਾਬ ਦੀ ਧਰਤੀ ਇਕ ਕੁਦਰਤੀ ਭੂਗੋਲਿਕ ਖਿੱਤਾ ਹੈ। ਪਹਾੜ ਤੇ ਬਰਫ ਇਸ ਖਿੱਤੇ ਦੇ ਸਿਰ 'ਤੇ ਇਕ ਮੁਕਟ ਹੈ। ਜੰਗਲ ਤੇ ਖਾਣਾਂ ਇਸ ਦਾ ਖਜ਼ਾਨਾ ਹੈ ਅਤੇ ਲੰਮੇ-ਚੌੜੇ ਉਪਜਾਊ ਮੈਦਾਨ ਇਸ ਦੀ ਦੌਲਤ ਹੈ, ਜੋ ਅਨਾਜ ਪੈਦਾ ਕਰਦੇ ਹਨ।
ਕਦੇ ਪੰਜਾਬ ਦੀ ਧਰਤੀ 'ਤੇ ਸੱਤ ਦਰਿਆ ਵਗਦੇ ਸਨ ਤੇ ਇਸ ਨੂੰ 'ਸਪਤ ਸਿੰਧੂ' ਦਾ ਨਾਂਅ ਹਾਸਲ ਸੀ। ਭਾਰਤ-ਪਾਕਿ ਵੰਡ ਨਾਲ ਪੰਜ ਤੋਂ ਤਿੰਨ ਹੋ ਗਏ। ਪੰਜਾਬ ਦਾ ਜਿੰਨਾ ਨੁਕਸਾਨ ਤਿੰਨ ਸੂਬਿਆਂ ਦੀ ਵੰਡ ਨੇ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ। ਸਰਬੱਤ ਦੇ ਭਲੇ ਲਈ ਹੁਣ ਇਹ ਹੀ ਗੱਲ ਚੰਗੀ ਹੈ ਕਿ ਇਹ ਤਿੰਨੇ ਸੂਬੇ ਮੁੜ ਇਕੱਠੇ ਕਰਕੇ ਆਪਣਾ ਅਸਲੀ ਖੁਸ਼ਹਾਲ ਪੰਜਾਬ ਬਣਾ ਦਿੱਤਾ ਜਾਵੇ। ਇਹੀ ਲੋਕ ਆਵਾਜ਼ ਹੈ। ਗੱਲ ਸ਼ੁਰੂ ਕੀਤੀ ਸੀ ਉਸਤਾਦ ਦਾਮਨ ਦੀ ਕਵਿਤਾ ਦੇ ਨਾਲ। ਆਓ! ਦੇਖੀਏ ਕਿ ਉਹ ਪੰਜਾਬੀ ਪੁੁੱਤ ਅਗਾਂਹ ਕੀ ਕਹਿੰਦਾ ਹੈ-
ਮੈਨੂੰ ਆਖਿਆ ਕਈਆਂ ਨੇ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਮ ਛੱਡ ਦੇ।
ਗੋਦ ਜਿਦ੍ਹੀ 'ਚ ਪਲ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਿਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਤੂੰ ਕੂਕਣੀ ਏਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਲਗਦਾ ਲੋਕ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

-ਗੁਰੂ ਨਾਨਕ ਵਾੜਾ, ਅੰਮ੍ਰਿਤਸਰ। ਮੋਬਾ: 81463-44724

ਖ਼ਤਮ ਹੋ ਰਹੀ ਸਹਿਣਸ਼ੀਲਤਾ

ਨਿਰਸੰਦੇਹ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ, ਪਰ ਕਈ ਪ੍ਰਸਥਿਤੀਆ ਵਿਚ ਬਦਲਾਅ ਕੁਝ ਹੱਦ ਤੱਕ ਹੀ ਠੀਕ ਹੈ। ਸਹਿਣਸ਼ੀਲਤਾ ਦਾ ਵਿਸ਼ੇਸ਼ ਗੁਣ ਹਰ ਇਕ ਇਨਸਾਨ ਦੀ ਵਿਲੱਖਣ ਪਹਿਚਾਣ ਹੈ। ਪਰ ਬਦਕਿਸਮਤੀ ਨਾਲ ਇਨਸਾਨਾਂ ਵਿਚ ਸਹਿਣਸ਼ੀਲਤਾ ਦੀ ਬੇਹੱਦ ਕਮੀ ਆ ਰਹੀ ਹੈ। ਅਸੀਂ ਸਹਿਣਸ਼ੀਲ ਕਿਉਂ ਨਹੀਂ ਹੋ ਰਹੇ? ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।
ਅੱਜ ਦੇ ਭੌਤਿਕਵਾਦ ਦੇ ਯੁੱਗ ਵਿਚ ਹਰ ਚੀਜ਼ ਫਟਾਫਟ ਬਣ ਚੁੱਕੀ ਹੈ। ਕਿਸੇ ਕੋਲ ਧੀਰਜ ਨਹੀਂ। ਇਕ ਛੋਟੇ ਬੱਚੇ ਤੋਂ ਲੈ ਕੇ ਬੁੱਢੇੇ ਆਦਮੀ ਤੱਕ ਸਭ ਸਹਿਣਸ਼ੀਲਤਾ ਦੇ ਗੁਣ ਨੂੰ ਭੁੱਲਦੇ ਜਾ ਰਹੇ ਹਨ। ਤਣਾਅ, ਗੁੱਸਾ, ਇੱਛਾਵਾਂ ਦੀ ਪੂਰਤੀ ਦਾ ਨਾ ਹੋਣਾ, ਨਸ਼ਾ ਆਦਿ ਸਾਨੂੰ ਜ਼ਿੰਦਗੀ ਦੇ ਇਸ ਖਾਸ ਗੁਣ ਤੋਂ ਦੂਰ ਲੈ ਕੇ ਜਾ ਰਹੇ ਹਨ। ਇਸ ਨਾਲ ਜ਼ਿੰਦਗੀ ਜਿਉਣਾ ਸਾਡੇ ਲਈ ਦੁੱਭਰ ਹੋ ਜਾਵੇਗਾ। ਸਹਿਣਸ਼ੀਲ ਬਣੇ ਰਹਿਣ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖੁਦ-ਬ-ਖੁਦ ਹੱਲ ਹੋ ਜਾਣਗੀਆਂ। ਜ਼ਿੰਦਗੀ ਸੁਖਾਲੀ ਬਣ ਜਾਵੇਗੀ। ਰੋਜ਼-ਰੋਜ਼ ਦੇ ਲੜਾਈ, ਝਗੜੇ, ਤਣਾਅ, ਨਿਰਾਸ਼ਾ ਅਤੇ ਉਦਾਸੀ ਵਰਗੇ ਵਿਕਾਰ ਆਪਣੇ-ਆਪ ਖ਼ਤਮ ਹੋ ਜਾਣਗੇ।
'ਸਹਿਣਸ਼ੀਲਤਾ' ਕਿੰਨੀ ਕੁ ਜਾਇਜ਼ ਹੈ? ਕੀ ਸਹਿਣਸ਼ੀਲਤਾ ਸਿਰਫ ਔਰਤਾਂ ਵਿਚ ਹੀ ਹੋਣੀ ਚਾਹੀਦੀ ਹੈ? ਇਹ ਪ੍ਰਸ਼ਨ ਬਹੁਤ ਗੰਭੀਰ ਹਨ, ਇਨ੍ਹਾਂ ਦਾ ਉੱਤਰ ਦੇਣਾ ਕੋਈ ਸੁਖਾਲਾ ਕੰਮ ਨਹੀਂ। ਫਿਰ ਵੀ ਮੇਰੀ ਨਿੱਜੀ ਰਾਇ ਇਹ ਹੈ ਕਿ ਮਰਦਾਂ ਅਤੇ ਔਰਤਾਂ ਵਿਚ ਸਹਿਣਸ਼ੀਲਤਾ ਬਰਾਬਰ ਦੀ ਹੀ ਹੋਣੀ ਚਾਹੀਦੀ ਹੈ, ਕਿਉਂ ਜੋ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਗ੍ਰਹਿਸਥੀ ਜੀਵਨ ਨੂੰ ਸਹੀ ਲੀਹ 'ਤੇ ਚਲਾਉਣ ਲਈ ਪਤੀ-ਪਤਨੀ ਵਿਚ ਸੂਝ-ਬੂਝ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਬਹੁਤ ਹੀ ਜ਼ਰੂਰੀ ਹੈ। ਵਿਅਰਥ ਦੀ ਦਖਲਅੰਦਾਜ਼ੀ ਘਰੇਲੂ ਜ਼ਿੰਦਗੀ ਨੂੰ ਉਜਾੜ ਦਿੰਦੀ ਹੈ।
'ਸਹਿਣਸ਼ੀਲਤਾ' ਹੀ ਇਕ ਅਜਿਹਾ ਗੁਣ ਹੈ, ਸੋ ਸਾਡੀ ਜ਼ਿੰਦਗੀ ਵਿਚ ਆਏ ਤਣਾਅ, ਪ੍ਰੇਸ਼ਾਨੀ, ਉਦਾਸੀ ਅਤੇ ਗੁੱਸੇ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਿੱਧ ਹੋ ਸਕਦਾ ਹੈ। ਹਾਂ, ਸਹਿਣਸ਼ੀਲਤਾ ਦੀ ਕੋਈ ਹੱਦ ਮਿੱਥੀ ਨਹੀਂ ਜਾ ਸਕਦੀ, ਪਰ ਛੋਟੀਆਂ-ਛੋਟੀਆਂ ਗੱਲਾਂ ਕਾਰਨ ਆਪਾ ਖੋ ਦੇਣਾ ਵੀ ਜਾਇਜ਼ ਨਹੀਂ। ਹੁਣ ਸਹਿਣਸ਼ੀਲਤਾ ਦੀ ਕਮੀ ਕਾਰਨ ਹੀ ਘਰ ਪਰਿਵਾਰ ਟੁੱਟ ਰਹੇ ਹਨ। ਕਿਸੇ ਨੂੰ ਮਾਂ ਦੇ ਤੇ ਕਿਸੇ ਨੂੰ ਬਾਪ ਦੇ ਪਿਆਰ ਤੋਂ ਵਾਝਿਆਂ ਹੋਣਾ ਪੈ ਰਿਹਾ ਹੈ। ਆਪਣੀ ਜ਼ਿੰਦਗੀ ਨੂੰ ਅਨੰਦ ਅਤੇ ਖੁਸ਼ੀ ਨਾਲ ਜਿਉਣ ਲਈ ਸਾਨੂੰ ਸਭ ਨੂੰ ਸਹਿਣਸ਼ੀਲ ਅਤੇ ਨਿਮਰ ਹੋਣਾ ਬਹੁਤ ਹੀ ਜ਼ਰੂਰੀ ਹੈ।

-ਅੰਗਰੇਜ਼ੀ ਲੈਕਚਰਾਰ, ਮੁਹੱਲਾ ਪੱਬੀਆਂ, ਧਰਮਕੋਟ, ਮੋਗਾ।
ਮੋਬਾ: 94172-80333

ਨਸ਼ਿਆਂ ਦੇ ਵਹਿਣ ਨੂੰ ਰੋਕਣਾ ਜ਼ਰੂਰੀ

ਪੰਜਾਬੀਆਂ ਦਾ ਮਾਣ-ਸਤਿਕਾਰ ਸੰਸਾਰ ਭਰ ਵਿਚ ਕੀਤਾ ਜਾਂਦਾ ਹੈ ਤੇ ਇਹ ਸਦਾ ਬਰਕਰਾਰ ਰਹਿਣਾ ਚਾਹੀਦਾ ਹੈ। ਜਿੱਥੇ ਵੀ ਪੰਜਾਬੀ ਜਾਂਦੇ ਹਨ, ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸੱਚੀ-ਸੁੱਚੀ ਲਗਨ ਨਾਲ ਉਥੇ ਹੀ ਆਪਣੇ ਪੈਰ ਜਮਾ ਲੈਂਦੇ ਹਨ, ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹਨ, ਚਾਰ ਚੰਨ ਲਾਉਂਦੇ ਹਨ, ਪਰ ਅਜੋਕਾ ਪੰਜਾਬ ਬੜੀ ਤੇਜ਼ੀ ਨਾਲ ਨਸ਼ਿਆਂ ਦੀ ਮੰਡੀ 'ਚ ਬਦਲ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ 'ਵਿਸ਼ਵ ਨਸ਼ਾ ਰਿਪੋਰਟ' ਮੁਤਾਬਿਕ ਭਾਰਤ ਵਿਚ ਢਾਈ ਕਰੋੜ ਨਸ਼ੱਈ ਹਨ। ਸੰਸਾਰ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 50 ਲੱਖ ਪ੍ਰਤੀ ਸਾਲ ਹੈ ਅਤੇ 2030 ਵਿਚ ਇਹ ਵਧ ਕੇ ਇਕ ਕਰੋੜ ਹੋ ਜਾਵੇਗੀ। ਰਿਪੋਰਟ ਅਨੁਸਾਰ ਭਾਰਤ 'ਚ ਨਸ਼ੇ ਦੀ ਵੱਧ ਵਰਤੋਂ ਕਰਨ ਵਾਲਿਆਂ ਵਿਚ ਪੰਜਾਬ ਦੂਜੇ ਨੰਬਰ 'ਤੇ ਹੈ।
ਭਗਤ ਰਵਿਦਾਸ ਜੀ ਤਾਂ ਇੱਥੋਂ ਤੱਕ ਆਖਦੇ ਹਨ ਕਿ ਭਾਵੇਂ ਗੰਗਾ-ਜਲ ਤੋਂ ਸ਼ਰਾਬ ਤਿਆਰ ਕੀਤੀ ਹੋਵੇ, ਤਾਂ ਵੀ ਗਿਆਨਵਾਨ ਵਿਅਕਤੀ ਇਸ ਦਾ ਸੇਵਨ ਨਹੀਂ ਕਰਨਗੇ।
ਨਸ਼ੇ ਦੀ ਲਪੇਟ ਵਿਚ ਵਿਦਿਆਰਥੀਆਂ ਦਾ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਇਕ ਗੱਲ ਸਪੱਸ਼ਟ ਹੈ ਕਿ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ ਅਤੇ ਇਨ੍ਹਾਂ ਸਰਹੱਦਾਂ ਉੱਤੇ ਕੇਂਦਰ ਦਾ ਕੰਟਰੋਲ ਹੈ। ਇਸ ਲਈ ਕੇਂਦਰ ਸਰਕਾਰ ਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਪੰਜਾਬ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਇਆ ਜਾ ਸਕੇ।
ਨਸ਼ਾ ਲੈਣ ਨਾਲ ਬੁੱਧੀ ਘਟਦੀ ਹੈ। ਨਸ਼ੇੜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚੇ ਨੂੰ ਸਮਝਾਉਣ, ਪਰਚਾਉਣ ਵਿਚ ਮਾਪਿਆਂ ਦੀ ਭੂਮਿਕਾ ਅਤਿਅੰਤ ਜ਼ਰੂਰੀ ਹੈ, ਖ਼ਾਸ ਕਰਕੇ ਮਾਂ ਦੀ। ਪਰ ਅੱਜਕਲ੍ਹ ਜ਼ਮਾਨਾ ਹੀ ਬਦਲ ਗਿਆ। ਵੱਡੇ ਘਰਾਂ 'ਚ ਬੱਚੇ ਦਾ ਪਾਲਣ ਪੋਸ਼ਣ ਨੌਕਰ-ਚਾਕਰ ਹੀ ਕਰਦੇ ਹਨ ਅਤੇ ਮਾਡਰਨ ਮੌਮ ਹੁਰੀਂ ਕਲੱਬਾਂ, ਪਾਰਟੀਆਂ, ਰੈਸਟੋਰੈਂਟਾਂ ਦੀ ਰੌਣਕ ਵਧਾਉਂਦੀਆਂ ਹਨ, ਫਿਰ ਬੱਚਾ ਵੀ ਉਹੀ ਕੁਝ ਸਿੱਖਦਾ ਹੈ, ਜੋ ਨੌਕਰ-ਚਾਕਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੇਵੀਂ ਜਮਾਤ ਤੋਂ ਕਿੱਤਾ-ਮੁਖੀ ਸਿੱਖਿਆ ਲਾਗੂ ਕਰੇ, ਤਾਂ ਜੋ ਬੱਚੇ ਵੱਡੇ ਹੋ ਕੇ ਗਲੀਆਂ ਨਾ ਨਾਪਦੇ ਫਿਰਨ। ਪਿੰਡ-ਪਿੰਡ, ਥਾਂ-ਥਾਂ ਠੇਕੇ ਖੋਲ੍ਹਣ ਦੀ ਬਜਾਏ ਖੇਡ ਕਲੱਬ ਬਣਾਉਣੇ ਚਾਹੀਦੇ ਹਨ। ਸਰਹੱਦਾਂ 'ਤੇ ਚੌਕਸੀ ਵਧਾਇਆਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਹਿਣ ਤੋਂ ਬਚਾਇਆ ਜਾ ਸਕਦਾ ਹੈ, ਮੇਰੇ ਵੱਲੋਂ ਇਹ ਸ਼ਿਅਰ :
ਬੰਦ ਕਰੋ ਨਸ਼ਿਆਂ ਦਾ ਛੇਵਾਂ ਦਰਿਆ,
ਬਣਾ ਦਿਓ ਪੰਜਾਬ ਨੂੰ ਵੀ ਰੰਗ ਭਰਿਆ।

-402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141013. ਮੋਬਾ: 94170-01983

ਭੋਜਨ ਪਦਾਰਥਾਂ ਵਿਚ ਵਧ ਰਹੀ ਜ਼ਹਿਰ ਦੀ ਮਾਤਰਾ

ਅਨਾਜ, ਫਲ ਅਤੇ ਸਬਜ਼ੀਆਂ ਮਨੁੱਖੀ ਸੰਤੁਲਿਤ ਖੁਰਾਕ ਦੇ ਅੰਗ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਗੁਣਵੱਤਾ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਹਰੀ ਕ੍ਰਾਂਤੀ ਤੋਂ ਬਾਅਦ ਫਸਲਾਂ ਉੱਤੇ ਰਸਾਇਣਾਂ ਅਤੇ ਖਾਦਾਂ ਦੀ ਜ਼ਿਆਦਾ ਵਰਤੋਂ ਕਰਕੇ ਜਿੱਥੇ ਅਨਾਜ ਦੀ ਉਪਜ ਵਿਚ ਭਾਰੀ ਵਾਧਾ ਹੋਇਆ ਹੈ, ਦੇਸ਼ ਆਤਮ ਨਿਰਭਰ ਹੋਇਆ ਹੈ, ਉੱਥੇ ਅਨਾਜ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਬਹੁਤ ਵਧ ਗਈ ਹੈ। ਅੱਜ ਦੇ ਸਮੇਂ ਵਿਚ ਸਵਾਰਥੀ ਅਤੇ ਪਦਾਰਥਵਾਦੀ ਰੁਚੀਆਂ ਕਰਕੇ ਮਨੁੱਖੀ ਸਰੀਰ ਲਈ ਖਤਰੇ ਬਣ ਰਹੇ ਹਨ। ਬਾਜ਼ਾਰਾਂ ਵਿਚ ਵਿਕ ਰਹੇ ਫਲ ਤੇ ਸਬਜ਼ੀਆਂ ਜੋ ਰਸਾਇਣਿਕ ਦਵਾਈਆਂ ਨਾਲ ਤਿਆਰ ਕੀਤੇ ਜਾਂਦੇ ਹਨ, ਦੇਖਣ ਨੂੰ ਬਹੁਤ ਸੋਹਣੇ ਲਗਦੇ ਹਨ ਪਰ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹਨ। ਮੌਸਮੀ ਫਲ ਜੋ ਕੁਦਰਤੀ ਤਿਆਰ ਹੁੰਦੇ ਹਨ, ਬਹੁਤ ਸਮਾਂ ਲੈਂਦੇ ਹਨ ਪਰ ਦਵਾਈਆਂ ਨਾਲ 2-3 ਦਿਨਾਂ ਵਿਚ ਤਿਆਰ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੈ।
ਕੇਲੇ ਦੇ ਫਲ ਨੂੰ ਪਕਾਉਣ ਲਈ ਕਈ ਥਾਵਾਂ 'ਤੇ ਐਸਟੇਲੀਨ ਪਲਾਂਟ ਲੱਗੇ ਹੋਏ ਹਨ, ਜਿਸ ਨੂੰ ਬਣਾਉਣ ਲਈ ਚੂਹੇ ਮਾਰਨ ਲਈ ਵਰਤੀ ਜਾਣ ਵਾਲੀ ਦਵਾਈ ਕੈਲਸ਼ੀਅਮ ਕਾਰਬਾਈਡ ਵਰਤੀ ਜਾਂਦੀ ਹੈ ਜਾਂ ਈਥੋਉਫੋਨ ਸਾਲਟ ਦੇ ਘੋਲ ਵਿਚ ਡੁਬੋ ਕੇ ਕੇਲਿਆਂ ਨੂੰ ਪਕਾਇਆ ਜਾਂਦਾ ਹੈ। ਇਸੇ ਤਰ੍ਹਾਂ ਅੰਬ, ਸੇਬ, ਪਪੀਤਾ ਅਤੇ ਚੀਕੂ ਆਦਿ ਫਲਾਂ ਨੂੰ ਪਕਾਉਣ ਲਈ ਈਥੋਲੀਨ ਰਿਪੇਨਰ ਦੇ ਸਾਲਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੇ ਸਾਲਟਾਂ 'ਤੇ ਪੱਛਮੀ ਦੇਸ਼ਾਂ ਵਿਚ ਪੂਰਨ ਪਾਬੰਦੀ ਹੈ। ਦੂਜੇ ਪਾਸੇ ਸਬਜ਼ੀਆਂ ਕੱਦੂ, ਤੋਰੀ, ਭਿੰਡੀ, ਬੈਂਗਣ ਆਦਿ ਉੱਤੇ ਚੀਨ ਦੀਆਂ ਦਵਾਈਆਂ ਕੋਰਾਜਿਨ, ਐਮਾਮਿਕਟਨ, ਜਿਸ 'ਤੇ ਸਰਕਾਰ ਵੱਲੋਂ ਪਾਬੰਦੀ ਹੈ, ਦੀ ਸਪਰੇ ਦੇ ਕੁਝ ਘੰਟੇ ਬਾਅਦ ਹੀ ਸਬਜ਼ੀਆਂ ਮੰਡੀ ਵਿਚ ਆ ਜਾਂਦੀਆਂ ਹਨ, ਜਿਸ ਨਾਲ ਕੈਂਸਰ, ਦੌਰੇ, ਕਮਜ਼ੋਰੀ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਇਨ੍ਹਾਂ ਦਵਾਈਆਂ ਨਾਲ ਕੁਦਰਤੀ ਵਾਤਾਵਰਨ ਜ਼ਹਿਰੀਲਾ ਹੋ ਰਿਹਾ ਹੈ।
ਭੋਜਨ ਪਦਾਰਥਾਂ ਵਿਚ ਜ਼ਿਆਦਾ ਜ਼ਹਿਰਾਂ ਦਾ ਪ੍ਰਵੇਸ਼ ਮਨੁੱਖੀ ਜੀਵਨ ਲਈ ਘਾਤਕ ਹੈ, ਜਿਸ ਲਈ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਕੋਈ ਵੀ ਫਲ ਅਤੇ ਸਬਜ਼ੀ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ 24 ਘੰਟੇ ਅੰਦਰ ਬਿਨਾਂ ਫਰਿੱਜ਼ ਵਿਚ ਰੱਖੇ ਖਰਾਬ ਹੋਣੇ ਸ਼ੁਰੂ ਹੋ ਜਾਣ, ਉਹ ਖ਼ਤਰਨਾਕ ਰਸਾਇਣਾਂ ਨਾਲ ਪੱਕੇ ਹਨ। ਜ਼ਹਿਰੀਲੀਆਂ ਚੀਜ਼ਾਂ ਖ਼ਰੀਦਣ ਦੀ ਬਜਾਏ ਕੁਦਰਤੀ ਖੇਤੀ ਕਰਨ ਵਾਲਿਆਂ ਦੀਆਂ ਚੀਜ਼ਾਂ ਖ਼ਰੀਦ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚੰਗੇ ਖਾਧ ਪਦਾਰਥ ਸਿਹਤਮੰਦ ਨਾਗਰਿਕ ਪੈਦਾ ਕਰਨ ਲਈ ਜ਼ਰੂਰੀ ਹਨ। ਸਿਹਤਮੰਦ ਨਾਗਰਿਕ ਚੰਗੇ ਸਮਾਜ, ਚੰਗੇ ਦੇਸ਼ ਅਤੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ। ਪੱਛਮੀ ਦੇਸ਼ਾਂ ਦੀ ਸੰਤੁਲਤ ਭੋਜਨ ਵਿਵਸਥਾ ਨੇ ਉਨ੍ਹਾਂ ਦੇਸ਼ਾਂ ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।

-ਪਿੰਡ ਭੋਤਨਾ (ਬਰਨਾਲਾ)।
ਮੋਬਾ: 9463512720

ਕੁਦਰਤ ਵਾਂਗੂੰ ਪਿਆਰ ਕਰੋ

ਸਾਡੇ ਸਮਾਜ ਦੀ ਰਚਨਾ ਸਿਰਫ ਮੁਹੱਬਤ ਸਦਕਾ ਹੀ ਉਸ ਸ੍ਰਿਸ਼ਟੀ ਦੁਆਰਾ ਕੀਤੀ ਗਈ ਹੈ। ਸਾਡਾ ਜਨਮਦਾਤਾ ਪਰਮਾਤਮਾ ਤਾਂ ਹੈ ਹੀ ਪਰ ਸਾਡੀ ਪਾਲਣਾ ਕੁਦਰਤ ਕਰਦੀ ਹੈ। ਬੇਸ਼ੱਕ ਕਿਸੇ ਦੇ ਇਹ ਭੌਤਿਕ ਚਮਤਕਾਰ ਨਜ਼ਰੀਂ ਨਹੀਂ ਪੈਂਦਾ। ਸਾਡਾ ਵਾਧਾ ਕਾਇਨਾਤ ਨੇ ਹੀ ਕੀਤਾ ਹੈ। ਕੁਦਰਤ ਦੇ ਹਰ ਕਣ-ਕਣ ਵਿਚ ਪਿਆਰ ਭਰਿਆ ਹੋਇਆ ਹੈ। ਕੁਦਰਤ ਸਾਡੇ ਅਤੇ ਹੋਰਾਂ ਜੀਵਾਂ ਵਿਚਕਾਰ ਅੰਤਰ ਨਹੀਂ ਰੱਖਦੀ। ਉਹ ਸਾਨੂੰ ਸਭ ਨੂੰ ਇਕੋ ਜਿਹਾ ਸਮਝਦੀ ਹੈ। ਸਭ ਨੂੰ ਖਾਣ-ਪੀਣ, ਪਹਿਨਣ ਅਤੇ ਅਨੰਦ ਦੇਣ ਲਈ ਹਰ ਪਲ ਸਹਾਈ ਰਹਿੰਦੀ ਹੈ ਪਰ ਕਿਉਂ ਨਹੀਂ ਸਾਡਾ ਸਮਾਜ ਕੁਦਰਤ ਦੀ ਇਸ ਗੱਲ ਨੂੰ ਸਮਝਦਾ? ਮੇਰਾ ਇਸ਼ਾਰਾ ਇਸ ਮਨੁੱਖੀ ਜੀਵਨ ਵਿਚਲੀਆਂ ਤਬਦੀਲੀਆਂ, ਉਹ ਪੜਾਅ ਜਿਨ੍ਹਾਂ ਨੂੰ ਅਸੀਂ ਰਫ਼ਤਾ-ਰਫ਼ਤਾ ਪਾਰ ਕਰਦੇ ਹਾਂ। ਅਸੀਂ ਜਨਮ ਤੋਂ ਲੈ ਕੇ ਬੁਢਾਪੇ ਤੱਕ ਦੇ ਪੜਾਅ ਆਪਣੀ ਪੂਰੀ ਜੀਵਨ ਯਾਤਰਾ ਵਿਚ ਤੈਅ ਕਰਦੇ ਹਾਂ।
ਜਨਮ ਤੋਂ ਹੀ ਬੱਚੇ ਦੇ ਰੂਪ ਵਿਚ ਸਾਨੂੰ ਮਾਂ ਦੀ ਮੁਹੱਬਤ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਉਹ ਸਾਨੂੰ ਇਸ ਮੁਹੱਬਤ ਦੇ ਰੁੱਖ ਹੇਠ ਜਨਮ ਤੋਂ ਬਚਪਨ, ਜਵਾਨੀ ਦੇ ਪੜਾਅ ਤੱਕ ਲੈ ਕੇ ਆਉਂਦੀ ਹੈ। ਅਸੀਂ ਜਦ ਜਵਾਨੀ ਵਿਚ ਪੈਰ ਧਰਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਨਾਲ ਮਨੁੱਖੀ ਜੀਵਨ ਦੇ ਤਿੰਨੋਂ ਪੜਾਅ ਜੁੜੇ ਹੋਏ ਹਨ। ਭਾਵ ਜਦੋਂ ਅਸੀਂ ਜਵਾਨੀ ਵਿਚ ਹੁੰਦੇ ਹਾਂ, ਅਸੀਂ ਬਜ਼ੁਰਗਾਂ ਦਾ ਲਿਹਾਜ ਨਹੀਂ ਕਰਦੇ। ਸਾਡੇ ਬਜ਼ੁਰਗਾਂ ਵਿਚ ਰੱਬੀ ਪਿਆਰ ਦਾ ਖਜ਼ਾਨਾ ਛੁਪਿਆ ਹੋਇਆ ਹੈ। ਅਸੀਂ ਜਦ ਉਨ੍ਹਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਦਿਲ ਪਤਲਾ ਪੈ ਜਾਂਦਾ ਹੈ। ਸਾਡੇ ਸਮਾਜ ਵਿਚ ਬਹੁਤ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਹਨ। ਇਨ੍ਹਾਂ ਥਾਵਾਂ 'ਤੇ ਵੀ ਸਾਡੇ ਬਜ਼ੁਰਗਾਂ ਨਾਲ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ। ਅਜੋਕੇ ਸਮਾਜ ਵਿਚ ਰਿਸ਼ਤਿਆਂ ਵਿਚੋਂ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਘੱਟ ਹੋਣ ਕਰਕੇ ਸਾਡਾ ਮਨ ਭੜਕਾਊ ਹੋ ਗਿਆ ਹੈ। ਮਨ ਸ਼ਾਂਤ ਨਹੀਂ ਰਹਿੰਦਾ। ਸਾਡੇ ਸਮਾਜ ਦੇ ਲੋਕਾਂ ਵਿਚ ਸਾਡੇ ਬਜ਼ੁਰਗਾਂ ਪ੍ਰਤੀ ਸੰਵੇਦਨਾ ਖ਼ਤਮ ਹੋ ਰਹੀ ਹੈ।

-ਪਿੰਡ ਡੱਲੇਵਾਲ (ਫਰੀਦਕੋਟ)। ਮੋਬਾ: 84377-93329

ਵਾਤਾਵਰਨ ਸਾਂਭਣ ਲਈ ਇਕਜੁੱਟ ਹੋਈਏ

ਸਾਡੇ ਅੱਜ 'ਚ ਸਮਾਜ ਵਿਚ ਹਰ ਪੱਖੋਂ ਆਧੁਨਿਕਤਾ ਅਪਣਾਈ ਜਾ ਰਹੀ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਜੇ ਥੋੜ੍ਹਾ ਪਿੱਛੇ ਜਾਈਏ ਤਾਂ ਅਸੀਂ ਖੁਦ, ਸਾਡਾ ਰਹਿਣ-ਸਹਿਣ ਤੇ ਘਰ ਆਦਿ ਸਭ ਸਾਦੇ ਹੀ ਹੁੰਦੇ ਸਨ। ਵਿਹੜਿਆਂ ਵਿਚ ਕਈ ਤਰ੍ਹਾਂ ਦੇ ਰੁੱਖ ਲੱਗੇ ਹੁੰਦੇ ਸਨ। ਸਾਰਾ ਟੱਬਰ ਹੀ ਗਰਮੀਆਂ ਵਿਚ ਦੁਪਹਿਰਾ ਕੱਟਦਾ ਤੇ ਨਾਲ ਹੀ ਠੰਢੀ ਤੇ ਗੂੜ੍ਹੀ ਛਾਂ ਹੇਠ ਡੰਗਰ-ਵੱਛਾ ਆਰਾਮ ਕਰਦਾ। ਸਾਡੇ ਮਿੱਤਰ ਪੰਛੀ-ਚਿੜੀਆਂ, ਗਟਾਰਾਂ, ਤੋਤੇ, ਕਬੂਤਰ, ਕਾਂ ਤੇ ਕਾਟੋਆਂ ਆਦਿ ਸਾਡੇ ਵਿਹੜੇ ਵਿਚਲੇ ਦਰੱਖਤਾਂ ਤੇ ਅੰਦਰ ਘਰਾਂ ਦੀਆਂ ਛੱਤਾ 'ਤੇ ਆਲ੍ਹਣੇ ਪਾ ਰਹਿੰਦੇ ਸਨ। ਪੰਛੀਆਂ ਦੇ ਚਹਿਕਣ ਦੀ ਆਵਾਜ਼ ਰੌਣਕ ਲਾਈ ਰੱਖਦੀ ਤੇ ਸਾਰਾ ਟੱਬਰ ਵੀ ਖੁਸ਼ ਰਹਿੰਦਾ। ਅੱਜ ਸਾਡੇ ਉਨ੍ਹਾਂ ਹੀ ਮਕਾਨਾਂ ਨੇ ਵੱਡੀਆਂ ਕੋਠੀਆਂ ਦੀ ਜਗ੍ਹਾ ਲੈ ਲਈ ਹੈ। ਹਰ ਕਮਰੇ ਦੇ ਦਰਵਾਜ਼ੇ ਤੇ ਖਿੜਕੀਆਂ 'ਤੇ ਗਰਿੱਲਾਂ-ਜਾਲੀ ਇਸ ਤਰ੍ਹਾਂ ਫਿੱਟ ਕਰ ਦਿੱਤੀ ਹੈ ਕਿ ਪੰਛੀ ਅੰਦਰ ਹੀ ਨਾ ਜਾ ਸਕੇ, ਆਲ੍ਹਣਾ ਪਾ ਕੇ ਰਹਿਣ ਦੀ ਗੱਲ ਤਾਂ ਦੂਰ ਦੀ ਹੈ। ਵਿਹੜਿਆਂ 'ਚੋਂ ਦਰੱਖਤ ਤੇ ਬੂਟੇ ਗਾਇਬ ਹਨ, ਪਰਿੰਦੇ ਫਿਰ ਕਿੱਥੇ ਜਾਣ?
ਪੰਜਾਬ ਦਾ ਮੁੱਖ ਧੰਦਾ ਖੇਤੀਬਾੜੀ ਵੀ ਬਹੁਤ ਬਦਲ ਚੁੱਕਾ ਹੈ। ਪਹਿਲਾਂ ਕਿਸਾਨ ਸਾਦੇ ਹੁੰਦੇ ਸਨ ਤੇ ਸਾਦਗੀ ਹੀ ਖੇਤਾਂ ਵਿਚ ਨਜ਼ਰ ਆਉਂਦੀ ਸੀ। ਬਾਜਰਾ, ਮੱਕੀ, ਛੋਲੇ, ਗਵਾਰਾ, ਕਪਾਹ ਤੇ ਨਰਮਾ ਤੇ ਹੋਰ ਫ਼ਸਲ ਜ਼ਹਿਰੀ ਤੱਤਾਂ ਤੋਂ ਰਹਿਤ ਹੁੰਦੀ ਸੀ। ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਦੇਸੀ ਰੂੜੀ ਦੀ ਥਾਂ ਯੂਰੀਆ ਤੇ ਹੋਰ ਖਾਦਾਂ ਨੇ ਲੈ ਲਈ ਹੈ। ਹਰੀਆਂ ਸਬਜ਼ੀਆਂ 'ਤੇ ਰਾਤ ਨੂੰ ਸਪਰੇ ਕਰਕੇ ਸਵੇਰ ਵੇਲੇ ਮੰਡੀ ਵਿਚ ਵਿਕਣ ਆ ਜਾਂਦੀ ਹੈ। ਝੋਨੇ ਦੀ ਪਰਾਲੀ ਤੇ ਗੰਨੇ ਦੀ ਪੱਤੀ ਨੂੰ ਆਮ ਹੀ ਅੱਗਾਂ ਲਾ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਅਕਸਰ ਹੀ ਵੇਖਦੇ ਹਾਂ ਕਿ ਪਿੰਡਾਂ-ਸ਼ਹਿਰਾਂ ਵਿਚ ਵੱਡੀਆਂ-ਕੋਠੀਆਂ ਉਸਰ ਗਈਆਂ ਹਨ। ਹਰ ਥਾਂ ਮਹਿੰਗੇ ਮਾਰਬਲ ਤੇ ਟਾਇਲਾਂ ਲਾ ਚਮਕਾ ਦਿੱਤੀ ਹੈ। ਵਿਹੜਿਆਂ 'ਚ ਬੂਟੇ ਤੇ ਦਰੱਖਤ ਨਹੀਂ ਦਿਸ ਰਹੇ। ਜੇ ਗੱਲ ਕਰਾਂਗੇ ਤਾਂ ਕਹਿਣਗੇ ਕਿ ਇਨ੍ਹਾਂ ਨਾਲ ਤਾਂ ਗੰਦ ਜਿਹਾ ਪੈ ਜਾਂਦਾ ਹੈ। ਇਹੋ ਜਿਹੀ ਸੋਚ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਵਾਤਾਵਰਨ ਪ੍ਰਤੀ ਪਿਆਰ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦਾ ਕੰਮ ਤੱਕੋ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੋ, ਜੋ ਵਾਤਾਵਰਨ ਜੀਵਤ ਰੱਖਣ ਲਈ ਆਪਾ ਵਾਰ ਰਹੇ ਹਨ।
ਸਾਡੇ ਸਮਾਜ ਵਿਚਲੀਆਂ ਬਹੁਤੀਆਂ ਬੁਰਾਈਆਂ ਦੇ ਚਿੰਤਨ ਭਗਤ ਪੂਰਨ ਸਿੰਘ ਜੀ ਨੇ ਵਾਤਾਵਰਨ ਤੇ ਹੋਰ ਅਲਾਮਤਾਂ 'ਤੇ ਰੱਜ ਕੇ ਪਹਿਰਾ ਦਿੱਤਾ। ਵਾਤਾਵਰਨ ਸਮੇਤ ਸਾਰੇ ਵਿਸ਼ਿਆਂ 'ਤੇ ਵੱਡੇ-ਵੱਡੇ ਕਿਤਾਬਚੇ ਲਿਖ ਕੇ ਮੁਫ਼ਤ ਵੰਡੇ ਤੇ ਹੁਣ ਤੱਕ ਉਨ੍ਹਾਂ ਦੀ ਸੰਸਥਾ ਇਹ ਕੰਮ ਕਰ ਰਹੀ ਹੈ ਤੇ ਸਾਨੂੰ ਖ਼ਤਰਿਆਂ ਤੋਂ ਸੁਚੇਤ ਕਰ ਰਹੀ ਹੈ। ਹੋਰ ਵੀ ਕਈ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਚੰਗਾ ਕੰਮ ਕੀਤਾ ਹੈ ਪਰ ਆਮ ਜਨਤਾ ਉਨ੍ਹਾਂ ਦਾ ਇਹੋ ਜਿਹੇ ਸਮੇਂ 'ਤੇ ਵੀ ਸਾਥ ਨਹੀਂ ਦੇ ਰਹੀ।
ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਵੱਧ ਤੋਂ ਵੱਧ ਛਾਂ-ਦਾਰ ਰੁੱਖ, ਫੁੱਲ-ਬੂਟੇ ਤੇ ਫਲਦਾਰ ਰੁੱਖ ਲਾਈਏ। ਇਸ ਤਰ੍ਹਾਂ ਧਰਤੀ ਨੂੰ ਜੰਨਤ ਦਾ ਰੂਪ ਦਿੱਤਾ ਜਾ ਸਕਦਾ ਹੈ। ਸਾਨੂੰ ਆਉਂਦਿਆਂ-ਜਾਂਦਿਆਂ ਨੂੰ ਇਹ ਫੁੱਲ-ਬੂਟੇ ਮਹਿਕਾਂ ਵੰਡਣਗੇ ਤੇ ਸਾਨੂੰ ਪਿਆਰ ਦਾ ਸੰਦੇਸ਼ ਦੇਣਗੇ। ਕਿਸੇ ਨੇੜਲੇ ਸੱਜਣ ਦੇ ਜਨਮ-ਦਿਨ, ਵਿਆਹ-ਸ਼ਾਦੀ ਤੇ ਬੱਚਿਆਂ ਦੇ ਪਾਸ ਹੋਣ 'ਤੇ ਚੰਗੇ ਢੁੱਕਵੇਂ ਬੂਟੇ ਤੋਹਫ਼ੇ ਵਜੋਂ ਦੇਵੋ ਤੇ ਅੱਗੇ ਢੁੱਕਵੀਂ ਜਗ੍ਹਾ 'ਤੇ ਲਾਏ ਜਾਣ, ਇਹ ਤੁਹਾਡੀ ਨਿਸ਼ਾਨੀ ਜ਼ਿੰਦਗੀ ਤੋਂ ਬਾਅਦ ਵੀ ਅਮਰ ਰਹਿ ਕੇ ਤੁਹਾਨੂੰ ਜੀਵਤ ਰੱਖੇਗੀ। ਆਓ, ਆਪਾਂ ਸਭ ਵਾਤਾਵਰਨ ਨੂੰ ਸਾਂਭਣ ਲਈ ਇਕਜੁੱਟ ਹੋਈਏ ਤਾਂ ਕਿ ਪੰਜਾਬ ਤੇ ਅਸੀਂ ਹਰੇ-ਭਰੇ ਚੜ੍ਹਦੀ ਕਲਾ ਵਿਚ ਰਹੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਛੱਡ ਜਾਈਏ।

-ਪਿੰਡ ਤੱਖਰਾਂ (ਲੁਧਿਆਣਾ)।
ਮੋਬਾ: 92175-92531

ਸਵੱਛਤਾ ਲਈ ਅਹਿਮ ਕਦਮ

ਹਰ ਦੇਸ਼ ਦੀ ਖ਼ੁਸ਼ਹਾਲੀ ਉਸ ਦੀ ਉੱਨਤੀ 'ਤੇ ਨਿਰਭਰ ਕਰਦੀ ਹੈ, ਜਿਸ ਦੀ ਛਾਪ ਉਸ ਦੇ ਸਾਫ਼-ਸੁਥਰੇ ਵਾਤਾਵਰਨ ਅਤੇ ਸਮਾਜ ਦੇ ਸੁਖੀ ਜੀਵਨ ਦੇ ਸਿੱਟੇ ਵਜੋਂ ਨਿਕਲਦੀ ਹੈ। ਦੇਸ਼ ਦੀ ਸਵੱਛਤਾ ਉਸ ਦੀ ਖ਼ੁਸ਼ਹਾਲੀ ਦਾ ਅਹਿਮ ਹਿੱਸਾ ਹੈ ਤੇ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ਕਦਮ, ਜਿਸ 'ਤੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਭਾਰਤ ਸਵੱਛ ਮੁਹਿੰਮ ਨੂੰ ਚਲਾਇਆ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ 'ਤੇ ਸੜਕਾਂ ਬਣਾ ਕੇ ਵਿਕਾਸ ਕੀਤਾ ਗਿਆ ਹੈ, ਪਰ ਸੜਕਾਂ ਦੇ ਨਾਲ ਲੱਗਦੀਆਂ ਪਿੰਡਾਂ ਦੀਆਂ ਫਿਰਨੀਆਂ 'ਤੇ ਲੱਗੀਆਂ ਰੂੜੀਆਂ ਦੇ ਢੇਰ ਅਤੇ ਗੋਬਰ ਗੈਸ ਪਲਾਂਟਾਂ ਦਾ ਵਾਧੂ ਗੰਦਾ ਪਾਣੀ ਅਤੇ ਗੋਬਰ ਕੱਢਣ ਲਈ ਬਣਾਏ ਖੁੱਲ੍ਹੇ ਹੋਲ ਗੰਦਗੀ ਫੈਲਾਉਣ ਦੇ ਨਾਲ-ਨਾਲ ਮੱਖੀਆਂ-ਮੱਛਰਾਂ ਦੇ ਘਰ ਬਣੇ ਹੋਏ ਹਨ, ਜਿਸ ਨਾਲ ਮੱਖੀਆਂ-ਮੱਛਰਾਂ ਦੀ ਵਧੀ ਪੈਦਾਵਾਰ ਜਿਥੇ ਬਿਮਾਰੀਆਂ ਫੈਲਾਉਂਦੀ ਹੈ, ਉਥੇ ਹੀ ਇਹ ਲੱਗੀਆਂ ਰੂੜੀਆਂ ਤੇ ਗੋਬਰ ਗੈਸ ਪਲਾਂਟ ਸੜਕਾਂ 'ਤੇ ਲੰਘਦੇ ਵਾਹਨਾਂ ਵਿਚ ਅੜਚਣ ਪੈਦਾ ਕਰਦੇ ਹਨ।
ਗੋਬਰ ਗੈਸ ਪਲਾਂਟ ਦੇ ਲਾਭ ਦੇ ਨਾਲ-ਨਾਲ ਇਸ ਦੀ ਮੁੱਖ ਹਾਨੀ ਫਿਰਨੀਆਂ 'ਤੇ ਲਗਾਏ ਗੋਬਰ ਗੈਸ ਦਾ ਬਿਨਾਂ ਕੋਈ ਕੰਧ ਕੀਤਿਆਂ ਖੁੱਲ੍ਹਾ ਛੱਡਣਾ ਹੈ, ਜਿਸ ਕਾਰਨ ਪਸ਼ੂਆਂ, ਬੱਚਿਆਂ ਦਾ ਗੋਬਰ ਗੈਸ ਦੇ ਵਾਧੂ ਪਾਣੀ ਲਈ ਬਣਾਏ ਖੱਡੇ ਵਿਚ ਗਿਰਨਾ ਮੁੱਖ ਸਮੱਸਿਆ ਹੈ। ਗੋਬਰ ਗੈਸ ਦੀ ਵਰਤੋਂ ਆਲੇ-ਦੁਆਲੇ ਕੰਧਾਂ ਦਾ ਪ੍ਰਬੰਧ ਕਰਕੇ ਇਸ ਦੀ ਵਰਤੋਂ ਸੂਖ਼ਮ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਦੇਸ਼ ਵਾਸੀਆਂ ਵੱਲੋਂ ਸਵੱਛਤਾ ਲਈ ਭਾਵੇਂ ਅਹਿਮ ਉਪਰਾਲੇ ਕੀਤੇ ਜਾ ਰਹੇ ਪਰ ਸਾਡੇ ਦੇਸ਼ ਵਿਚ ਵਰਤੀ ਹੋਈ ਚੀਜ਼ ਜਾਂ ਕੂੜਾ ਸੜਕਾਂ ਅਤੇ ਗਲੀਆਂ ਵਿਚ ਸੁੱਟਣ ਦੀ ਆਦਤ ਨੇ ਵੀ ਸਵੱਛਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਇਸ ਸਮੱਸਿਆ ਦਾ ਮੁੱਖ ਕਾਰਨ ਕੂੜੇਦਾਨਾਂ ਦੀ ਘਾਟ ਹੈ। ਜੇਕਰ ਲੋਕ ਆਪਣੇ ਪੱਧਰ, ਆਪਣੀ ਆਦਤ ਵਿਚ ਬਦਲਾਅ ਲਿਆਉਂਦਿਆਂ ਆਪ ਕੂੜੇਦਾਨਾਂ ਜਾਂ ਵੱਡੇ ਖਾਲੀ ਡੱਬਿਆਂ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਸੜਕਾਂ ਕਿਨਾਰੇ ਲੋੜ ਮੁਤਾਬਿਕ ਕੂੜੇਦਾਨ ਰਖਾਏ ਜਾਣ ਤਾਂ ਦੇਸ਼ ਸਾਫ਼-ਸੁਥਰਾ ਰਹਿ ਸਕਦਾ ਹੈ। ਨਿਕਾਸੀ ਨਾਲਿਆਂ 'ਤੇ ਢੱਕਣ ਦੇ ਕੇ ਰੱਖਣ ਨਾਲ ਵੀ ਦੇਸ਼ ਸਾਫ਼-ਸੁਥਰਾ ਰਹਿਣ ਦੇ ਨਾਲ-ਨਾਲ ਲੱਗ ਰਹੀਆਂ ਨਿੱਤ ਨਵੀਆਂ ਬਿਮਾਰੀਆਂ ਤੋਂ ਬਚ ਸਕਦਾ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਬਰੀਕੀਆਂ ਵੱਲ ਧਿਆਨ ਦੇਵੇ ਤਾਂ ਦੇਸ਼ ਦੀ ਸਵੱਛਤਾ ਦੁੱਗਣੀ ਤੇਜ਼ੀ ਨਾਲ ਹੋਵੇਗੀ। ਦੇਸ਼ ਨੂੰ ਸਾਫ਼ ਰੱਖਣ ਲਈ ਸਮਾਜ ਆਪਣੇ ਘਰਾਂ ਦੀ ਸਫ਼ਾਈ ਦੇ ਨਾਲ-ਨਾਲ ਦੇਸ਼ ਦੀ ਖ਼ੁਸ਼ਹਾਲੀ ਲਈ ਆਪਣੇ ਆਲੇ-ਦੁਆਲੇ, ਜਨਤਕ ਥਾਵਾਂ ਅਤੇ ਹਰ ਥਾਂ ਨੂੰ ਸਾਫ਼ ਰੱਖੇ ਅਤੇ ਰੋਗ ਮੁਕਤ ਸਮਾਜ ਦੀ ਸਿਰਜਣਾ ਵੀ।

-ਪਿੰਡ ਫੱਗੂਵਾਲਾ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।
ਮੋਬਾ: 70871-80349

ਪਾਣੀ ਪ੍ਰਤੀ ਸੰਜਮਤਾ ਸਮੇਂ ਦੀ ਮੁੱਖ ਲੋੜ

ਧਰਤੀ ਉੱਤੇ ਪਾਣੀ ਅਤੇ ਜੀਵਨ ਦਾ ਅਟੁੱਟ ਰਿਸ਼ਤਾ ਹੈ। ਗੁਰਬਾਣੀ ਅੰਦਰ ਪਾਣੀ ਦੀ ਮਹੱਤਤਾ ਬਾਰੇ ਗੁਰੂਆਂ ਨੇ ਵੀ ਆਪਣੇ ਵਿਚਾਰ ਦਿੱਤੇ ਹਨ। ਸਮੁੱਚੀ ਧਰਤੀ ਉਪਰ 71 ਫੀਸਦੀ ਪਾਣੀ, 29 ਫੀਸਦੀ ਧਰਤੀ ਦਾ ਭਾਗ ਹੈ। 71 ਫੀਸਦੀ ਪਾਣੀ 'ਚੋਂ ਸਿਰਫ 3 ਫੀਸਦੀ ਪਾਣੀ ਪੀਣ ਯੋਗ ਹੈ। ਬਾਕੀ ਪਾਣੀ ਸਮੁੰਦਰੀ ਹੈ, ਜੋ ਪੀਣ ਯੋਗ ਨਹੀਂ। ਅੱਜ ਪੂਰੀ ਦੁਨੀਆ ਵਿਚ ਕਰੀਬ 780 ਮਿਲੀਅਨ ਲੋਕਾਂ ਨੂੰ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਤੇ 7 ਬਿਲੀਅਨ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ ਦੀ ਜ਼ਰੂਰਤ ਹੈ। 22 ਮਾਰਚ, 1993 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁੱਦੇ 'ਤੇ ਲੋਕਾਂ ਨੂੰ ਪਾਣੀ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਨ ਮਨਾਉਂਦੇ ਆ ਰਹੇ ਹਾਂ।
ਵਧਦੀ ਜਨ ਸੰਖਿਆ, ਉਦਯੋਗ, ਮੀਂਹ ਦਾ ਲੋੜੀਂਦੀ ਮਾਤਰਾ ਵਿਚ ਨਾ ਪੈਣਾ, ਲੋੜ ਤੋਂ ਵੱਧ ਵਰਤੋਂ, ਖੇਤੀਬਾੜੀ ਲਈ ਯੋਗ ਵਰਤੋਂ ਨਾ ਹੋਣਾ ਤੇ ਰੁੱਖਾਂ ਦਾ ਕੱਟਣਾ ਪਾਣੀ ਦੇ ਘਟਦੇ ਪੱਧਰ ਲਈ ਜ਼ਿੰਮੇਵਾਰ ਤੱਤ ਹਨ। ਸੰਸਾਰ ਵਿਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਭਾਰਤ ਵਿਚ ਹੁੰਦੀ ਹੈ। ਕਰੀਬ 220 ਕਿਊਬਕ ਕਿਲੋਮੀਟਰ ਪਾਣੀ ਹਰ ਸਾਲ ਵਰਤਿਆ ਜਾਂਦਾ ਹੈ, ਜੋ ਕੁਲ ਦੁਨੀਆ ਦਾ ਲਗਭਗ ਇਕ ਚੌਥਾਈ ਹੈ। ਜੇਕਰ ਇਸ ਦੀ ਲਗਾਤਾਰ ਇਸੇ ਤਰ੍ਹਾਂ ਵਰਤੋਂ ਹੁੰਦੀ ਰਹੀ ਤਾਂ 55 ਫੀਸਦੀ ਪਾਣੀ ਆਉਂਦੇ 15 ਸਾਲ ਤੱਕ ਖ਼ਤਮ ਹੋ ਜਾਵੇਗਾ।
ਖੇਤੀਬਾੜੀ ਖਾਸ ਕਰਕੇ ਝੋਨੇ ਦੀ ਫਸਲ ਲਈ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ। ਸਿੰਚਾਈ ਲਈ ਫੁਹਾਰਾ ਸਿਸਟਮ ਨੂੰ ਪ੍ਰਚੱਲਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਦਯੋਗਿਕ ਇਕਾਈਆਂ ਵਿਚ ਵੱਡੇ-ਵੱਡੇ ਸਬਮਰਸੀਬਲ ਪੰਪ 24-24 ਘੰਟੇ ਚਲਦੇ ਰਹਿੰਦੇ ਹਨ। ਇਸ ਦੇ ਲਈ ਉਨ੍ਹਾਂ ਦੀ ਉਚਿਤ ਵਰਤੋਂ ਲਈ ਰਿਸਾਈਕਲਿੰਗ ਵਿਧੀ ਰਾਹੀਂ ਦੁਬਾਰਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਰੁੱਖ ਮੀਂਹ ਲਿਆਉਣ ਅਤੇ ਆਪਣੀਆਂ ਜੜ੍ਹਾਂ ਰਾਹੀਂ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਅੱਜ ਅਸੀਂ ਜੰਗਲਾਂ ਦੀ ਕਟਾਈ ਕਰਕੇ ਪੱਥਰਾਂ ਦੇ ਜੰਗਲ ਉਸਾਰ ਰਹੇ ਹਾਂ। ਪਾਣੀ ਦੇ ਦੂਤ ਬਣਨ ਲਈ ਕਰੀਬ 33 ਫੀਸਦੀ ਜੰਗਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਕੇਵਲ 7 ਫੀਸਦੀ ਰੁੱਖ ਹਨ।
ਧਰਤੀ ਦੀ ਇਸ ਅਨਮੋਲ ਦਾਤ ਨੂੰ ਬਚਾਉਣ ਲਈ ਸਾਨੂੰ ਆਪ ਦੂਤ ਬਣਨਾ ਪਵੇਗਾ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪਾਣੀ ਸੰਭਾਲ ਪ੍ਰਤੀ ਸੈਮੀਨਾਰਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਵੱਲ ਖਾਸ ਧਿਆਨ ਦੇਣ, ਸਮਾਜ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਉਹ ਪਾਣੀ ਦੀ ਸੰਭਾਲ ਲਈ ਲਹਿਰ ਬਣਨ। ਇਸ ਕੁਦਰਤੀ ਸਰੋਤ ਦੀ ਰਾਖੀ ਕਰਦੇ ਹੋਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਵਾਤਾਵਰਨ ਦੀ ਉਸਾਰੀ ਕਰੀਏ।

-ਅੰਮ੍ਰਿਤਸਰ-143203

 

ਪੰਜਾਬ ਦੇ ਕਿਸਾਨ ਅਤੇ ਟਰੈਕਟਰ

ਪੰਜਾਬ ਵਿਚ ਦਿਨੋਂ-ਦਿਨ ਵਧ ਰਹੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਨਿਘਾਰ ਵੱਲ ਜਾ ਰਹੀ ਕਿਸਾਨੀ ਦਾ ਹਾਲ ਬਿਆਨ ਕਰਦੇ ਹਨ। ਪੰਜਾਬ ਦੇਸ਼ ਦੇ ਕੁਲ ਖੇਤਰਫਲ ਦਾ ਡੇਢ ਫੀਸਦੀ ਹੁੰਦੇ ਹੋਏ ਦੇਸ਼ ਦੇ ਕੁੱਲ ਅਨਾਜ ਦਾ 12 ਫੀਸਦੀ ਪੈਦਾ ਕਰਦਾ ਹੈ। ਹਰ ਤੀਜਾ ਕਿਸਾਨ ਕਰਜ਼ੇ ਦੀ ਮਾਰ ਸਹਿ ਰਿਹਾ ਹੈ। ਛੋਟੇ ਕਿਸਾਨ ਦਵਾਈਆਂ, ਕੀਟਨਾਸ਼ਕ ਅਤੇ ਯੂਰੀਆ ਉਧਾਰ ਹੀ ਚੁੱਕਦੇ ਹਨ। ਫਸਲ ਪਾਲਣ ਦੇ ਖਰਚ 'ਤੇ ਵੀ ਕਿਸਾਨਾਂ ਨੂੰ ਵਿਆਜ ਚੁਕਾਉਣਾ ਪੈਂਦਾ ਹੈ। ਬੇਸ਼ੱਕ ਕਿਸਾਨਾਂ ਦੀ ਪਛੜ ਰਹੀ ਆਰਥਿਕ ਸਥਿਤੀ ਵਿਚ ਜ਼ਿਆਦਾਤਰ ਸਰਕਾਰ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ ਪਰ ਇਸ ਦੇ ਕਈ ਹੋਰ ਵੀ ਕਾਰਨ ਹਨ।
ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿਚ ਟਰੈਕਟਰਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਇਕ ਟਰੈਕਟਰ ਨੂੰ ਆਪਣੀ ਕੀਮਤ ਦੇ ਮੁਤਾਬਿਕ ਸਾਲ ਵਿਚ ਲਗਪਗ ਹਜ਼ਾਰ ਘੰਟੇ ਚਲਣਾ ਚਾਹੀਦਾ ਹੈ ਪਰ ਜ਼ਿਆਦਾਤਰ ਕਿਸਾਨਾਂ ਦੇ ਟਰੈਕਟਰ 150 ਤੋਂ 200 ਘੰਟੇ ਹੀ ਚਲਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਇਕ ਟਰੈਕਟਰ ਦੀ ਜ਼ਰੂਰਤ ਪੂਰੀ ਕਰਨ ਲਈ ਪੰਜ ਟਰੈਕਟਰ ਖ਼ਰੀਦ ਲਏ ਹਨ।
ਮੇਰੇ ਪਿੰਡ ਦਾ ਇਕ ਕਿਸਾਨ ਲਗਪਗ 40 ਏਕੜ ਦਾ ਮਾਲਕ ਸੀ। 2 ਸਾਲ ਪਹਿਲਾਂ ਉਸ ਦੀ ਮੌਤ ਤੋਂ ਬਾਅਦ ਚਾਰੇ ਭਰਾਵਾਂ ਨੇ ਜ਼ਮੀਨ ਵੰਡ ਲਈ। 6 ਮਹੀਨੇ ਅੰਦਰ ਤਿੰਨ ਭਰਾਵਾਂ ਨੇ ਟਰੈਕਟਰ ਖ਼ਰੀਦ ਲਏ। ਆਪਣੇ ਭਰਾਵਾਂ ਨੂੰ ਦੇਖਦੇ ਹੋਏ ਚੌਥੇ ਭਰਾ ਨੇ ਵੀ 8 ਲੱਖ ਦਾ ਨਵਾਂ ਟਰੈਕਟਰ ਖ਼ਰੀਦ ਲਿਆ। ਦੋ ਸਾਲ ਪਹਿਲਾਂ ਇਸ 40 ਏਕੜ ਜ਼ਮੀਨ ਦੀ ਖੇਤੀ ਇਕ ਟਰੈਕਟਰ ਕਰਦਾ ਸੀ ਪਰ ਹੁਣ 4 ਟਰੈਕਟਰ ਕਰਦੇ ਹਨ। 40 ਏਕੜ ਜ਼ਮੀਨ 'ਚ ਨਿਵੇਸ਼ ਤਕਰੀਬਨ 30 ਲੱਖ ਦਾ ਹੋ ਗਿਆ ਪਰ ਆਮਦਨ ਪਹਿਲਾਂ ਦੇ ਬਰਾਬਰ ਹੀ ਹੈ। ਇਹ ਇਕੱਲੇ ਸਾਡੇ ਪਿੰਡ ਦੀ ਕਹਾਣੀ ਨਹੀਂ, ਪੰਜਾਬ ਦੇ ਹਰ ਪਿੰਡ ਵਿਚ ਆਪਸੀ ਮੇਲ-ਜੋਲ ਦੀ ਘਾਟ ਅਤੇ ਫੋਕੀ ਟੌਹਰ ਵੀ ਕਰਜ਼ੇ ਦਾ ਕਾਰਨ ਬਣਦੀ ਹੈ।
ਇਸ ਸਮੇਂ ਪੰਜਾਬ ਵਿਚ 5 ਲੱਖ ਤੋਂ ਵੱਧ ਟਰੈਕਟਰ ਹਨ। ਹਰ ਸਾਲ 20,000 ਨਵੇਂ ਟਰੈਕਟਰ ਖ਼ਰੀਦੇ ਜਾਂਦੇ ਹਨ। ਜਿਸ ਕੋਲ ਜਿੰਨਾ ਵੱਡਾ ਟਰੈਕਟਰ, ਉਹ ਓਨਾ ਵੱਡਾ ਜ਼ਿਮੀਦਾਰ ਸਮਝਿਆ ਜਾਂਦਾ ਹੈ। ਖੇਤੀ ਦਾ ਕਿੱਤਾ ਜਿਸ ਨੂੰ ਮਿੱਟੀ ਨਾਲ ਮਿੱਟੀ ਹੋਣ ਦਾ ਕਿੱਤਾ ਕਿਹਾ ਜਾਂਦਾ ਸੀ, ਅੱਜ ਝੂਠੇ ਦਿਖਾਵੇ ਦੀ ਭੇਟ ਚੜ੍ਹਦਾ ਜਾ ਰਿਹਾ ਹੈ। ਟਰੈਕਟਰ ਨਾਲ ਸਹਾਇਕ ਉਪਕਰਨਾਂ ਦੀ ਵੀ ਲੋੜ ਪੈਂਦੀ ਹੈ, ਜਿਵੇਂ ਹੱਲ, ਸੁਹਾਗਾ, ਟਰਾਲੀ ਆਦਿ। ਪੰਜਾਬ ਦੇ 57 ਫੀਸਦੀ ਲੋਕ ਖੇਤੀ ਕਰਦੇ ਹਨ ਅਤੇ ਹਰ ਦੂਸਰੇ ਕਿਸਾਨ ਕੋਲ ਟਰੈਕਟਰ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਲਈ ਟਰੈਕਟਰ ਰੱਖਣਾ ਘਾਟੇ ਦਾ ਸੌਦਾ ਸਾਬਤ ਹੁੰਦਾ ਹੈ ਅਤੇ ਪੰਜਾਬ ਦੇ ਲਗਪਗ 84 ਫੀਸਦੀ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਹਰ ਸੋਮਵਾਰ ਨੂੰ ਕੋਟਕਪੂਰਾ ਦੀ ਅਨਾਜ ਮੰਡੀ ਟਰੈਕਟਰ ਮੰਡੀ ਵਿਚ ਬਦਲ ਜਾਂਦੀ ਹੈ। ਟਰੈਕਟਰ ਵੇਚਣ ਦੇ ਦੋ ਮੁੱਖ ਕਾਰਨ ਕਰਜ਼ੇ ਦੀ ਮਾਰ ਜਾਂ ਫਿਰ ਨਵਾਂ ਟਰੈਕਟਰ ਖ਼ਰੀਦਣਾ ਹੁੰਦਾ ਹੈ। ਕਿਸਾਨਾਂ ਵਿਚ ਇਹ ਵਹਿਮ ਪੈਦਾ ਕੀਤਾ ਜਾਂਦਾ ਹੈ ਕਿ ਵੱਡੇ ਟਰੈਕਟਰ ਖ਼ਰੀਦਣ ਨਾਲ ਖੇਤੀ ਦੀ ਤਰੱਕੀ ਹੁੰਦੀ ਹੈ ਅਤੇ ਉਹ ਵੱਡੇ ਕਿਸਾਨ ਬਣ ਜਾਣਗੇ। ਪਰ ਹੋ ਇਸ ਦੇ ਉਲਟ ਰਿਹਾ ਹੈ, ਖਰਚੇ ਵਧ ਰਹੇ ਹਨ ਤੇ ਆਮਦਨ ਸਥਿਰ ਹੈ। ਜੇਕਰ ਪੰਜਾਬ ਦੀ ਕਿਸਾਨੀ ਨੂੰ ਵਿਕਸਿਤ ਕਰਨਾ ਹੈ ਤਾਂ ਅੱਜ ਕਿਸਾਨਾਂ ਨੂੰ ਇਕੱਠੇ ਹੋ ਕੇ ਸੋਚਣ-ਵਿਚਾਰਨ ਦੀ ਲੋੜ ਹੈ। 5-5 ਏਕੜ ਵਾਲੇ 10 ਕਿਸਾਨ ਮਿਲ ਕੇ ਇਕ ਟਰੈਕਟਰ ਅਤੇ ਲੋੜੀਂਦੇ ਸੰਦ ਖ਼ਰੀਦ ਸਕਦੇ ਹਨ, ਜਿਸ ਨਾਲ ਖਪਤ ਨੂੰ ਘਟਾਇਆ ਜਾ ਸਕਦਾ ਹੈ। ਕਈ ਕਿਸਾਨ ਮਿਲ ਕੇ ਫਲ-ਸਬਜ਼ੀਆਂ ਲਈ ਕੋਲਡ ਸਟੋਰ ਖੋਲ੍ਹ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਪੰਜਾਬ ਦੀ ਖੇਤੀ ਨੂੰ ਇਕ ਨਵੀਂ ਤਰਜ਼ 'ਤੇ ਵਿਕਸਤ ਕਰਨ ਦੀ ਲੋੜ ਹੈ, ਜਿਸ ਵਿਚ ਸਾਂਝੀਵਾਲਤਾ, ਤਰੱਕੀ ਅਤੇ ਮਿਲ ਕੇ ਕੰਮ ਕਰਨ ਦਾ ਸੰਦੇਸ਼ ਹੋਵੇ।

-ਪਿੰਡ ਰੋੜ੍ਹਗੜ੍ਹ, ਡਾਕ: ਲੰਗ, ਜ਼ਿਲ੍ਹਾ ਪਟਿਆਲਾ। ਮੋਬਾ: 88724-92584

ਹਰੀਕੇ ਜਲ ਬੱਸ ਯੋਜਨਾ

ਜਲ ਬੱਸ ਯੋਜਨਾ ਸ਼ੁਰੂ ਤੋਂ ਹੀ ਵਿਵਾਦਾਂ ਅਤੇ ਸੁਰਖੀਆਂ ਵਿਚ ਰਹਿਣ ਦੇ ਨਾਲ-ਨਾਲ ਕਿਸੇ ਨਾ ਕਿਸੇ ਰੁਕਾਵਟ ਦਾ ਸ਼ਿਕਾਰ ਬਣੀ ਹੈ। ਮਗਰਲੀ ਸਰਕਾਰ ਸਮੇਂ ਹਰੀਕੇ ਵਿਖੇ ਸੈਰ-ਸਪਾਟਾ ਵਿਭਾਗ ਵੱਲੋਂ ਸੈਲਾਨੀਆਂ ਲਈ ਸੈਰ-ਸਪਾਟੇ ਲਈ ਸਰਕਾਰੀ ਅੰਕੜਿਆਂ ਅਨੁਸਾਰ 12 ਕਰੋੜ ਰੁਪਏ ਖਰਚ ਕਰਕੇ ਜਲ ਬੱਸਾਂ ਚਲਾਈਆਂ ਗਈਆਂ ਸਨ ਅਤੇ ਇਸ ਯੋਜਨਾ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਹਰੇਕ ਮਹੀਨੇ ਲਗਪਗ 8 ਲੱਖ ਰੁਪਏ ਤਨਖਾਹਾਂ ਆਦਿ ਦੀਆਂ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ ਭਾਵ ਕਿ ਸਟੇਟ ਐਕਸਚੈਕਰ 'ਤੇ ਇਕ ਕਰੋੜ ਦਾ ਸਾਲਾਨਾ ਬੋਝ ਪਾਇਆ ਜਾ ਰਿਹਾ ਹੈ। ਇਸ ਯੋਜਨਾ ਤੋਂ ਪੰਜਾਬ ਨੂੰ ਸਿਰਫ 65 ਹਜ਼ਾਰ ਰੁਪਏ ਦੀ ਹੀ ਕਮਾਈ ਹੋਈ ਹੈ। ਹੁਣ ਮੌਜੂਦਾ ਸਰਕਾਰ ਦੇ ਸੈਰ-ਸਪਾਟਾ ਮੰਤਰੀ ਵੱਲੋਂ ਇਨ੍ਹਾਂ ਬੱਸਾਂ 'ਤੇ ਇਹ ਤਰਕ ਦਿੰਦੇ ਹੋਏ ਰੋਕ ਲਗਾ ਦਿੱਤੀ ਗਈ ਹੈ ਕਿ ਜਿੰਨਾ ਚਿਰ ਤੱਕ ਪੀ. ਆਰ. ਟੀ. ਸੀ. ਦੀਆਂ ਬੱਸਾਂ ਮੁਨਾਫੇ ਵਿਚ ਨਹੀਂ ਆਉਂਦੀਆਂ, ਓਨਾ ਚਿਰ ਤੱਕ ਇਹ ਜਲ ਬੱਸਾਂ ਬੰਦ ਰਹਿਣਗੀਆਂ। ਪਿਛਲੀ ਸਰਕਾਰ ਦੇ ਮੰਤਰੀ ਤਰਕ ਦੇ ਰਹੇ ਹਨ ਕਿ ਸੂਬੇ ਦਾ ਇਹ ਪੈਸਾ ਜਨਤਾ ਦੀ ਭਲਾਈ ਲਈ ਇਸਤੇਮਾਲ ਕੀਤਾ ਗਿਆ ਹੈ ਅਤੇ ਇਹ ਸੈਰ ਸਪਾਟਾ ਢਾਂਚਾ ਪੈਸੇ ਕਮਾਉਣ ਲਈ ਖੜ੍ਹਾ ਨਹੀਂ ਕੀਤਾ ਗਿਆ।
ਅਜਿਹਾ ਜਾਪਦਾ ਹੈ ਕਿ ਇਹ ਪ੍ਰਾਜੈਕਟ ਦੋਵਾਂ ਸਰਕਾਰਾਂ ਦੀ ਆਪੋ-ਆਪਣੀ ਵੱਖੋ-ਵੱਖਰੀ ਸੋਚ ਦਾ ਹੀ ਨਤੀਜਾ ਹੈ। ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਸੈਲਾਨੀ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾ ਰਹੇ ਅਤੇ ਨਾ ਹੀ ਕੋਈ ਤਸੱਲੀਬਖਸ਼ ਆਮਦਨ ਇਸ ਯੋਜਨਾ ਤੋਂ ਹੋ ਰਹੀ ਹੈ, ਸਗੋਂ ਹਰ ਸਾਲ ਕਰਮਚਾਰੀਆਂ ਨੂੰ ਕਰੋੜਾਂ ਰੁਪਏ ਦੀਆਂ ਤਨਖਾਹਾਂ ਆਦਿ ਦੀ ਅਦਾਇਗੀ ਕਰਨ ਨਾਲ ਪੰਜਾਬ 'ਤੇ ਹੋਰ ਬੋਝ ਪਾਇਆ ਜਾ ਰਿਹਾ ਹੈ, ਜਿਹੜਾ ਕਿ ਪਹਿਲਾਂ ਹੀ ਕਰੋੜਾਂ ਰੁਪਏ ਦੇ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ ਹੈ। ਇਸ ਦੇ ਉਲਟ ਅਜਿਹੇ ਪ੍ਰਾਜੈਕਟਾਂ 'ਤੇ ਰਾਜਸਥਾਨ ਤੇ ਕੇਰਲਾ ਸੂਬੇ ਸੈਰ-ਸਪਾਟਾ 'ਤੇ ਚਲਦੇ ਹਨ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ ਵੀ ਸੈਰ-ਸਪਾਟਾ ਦੇ ਸਿਰ ਚੱਲ ਰਹੇ ਹਨ।
ਹਰੀਕੇ ਪੰਜਾਬ ਦੀ ਇਕ ਨੁੱਕਰ ਵਿਚ ਹੋਣ ਕਰਕੇ ਵੀ ਸੈਲਾਨੀਆਂ ਦੀ ਘੱਟ ਆਮਦ ਦਾ ਇਕ ਕਾਰਨ ਹੋ ਸਕਦਾ ਹੈ। ਇਸ ਪ੍ਰਾਜੈਕਟ ਨੂੰ ਜਨਤਾ ਦੀ ਭਲਾਈ ਦਾ ਕੀਤਾ ਗਿਆ ਕੰਮ ਦੱਸਿਆ ਜਾ ਰਿਹਾ ਹੈ। ਜੇਕਰ ਜਨਤਾ ਦੀ ਭਲਾਈ ਦੇ ਹੀ ਕੰਮ ਕਰਨੇ ਹਨ ਤਾਂ ਸੂਬੇ ਦਾ ਇਹ ਪੈਸਾ ਕਿਸਾਨ ਜੋ ਖੁਦਕੁਸ਼ੀਆਂ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੀ ਖਰਚ ਕੀਤਾ ਜਾ ਸਕਦਾ ਸੀ। ਸੋ, ਇਕ-ਦੂਜੇ 'ਤੇ ਭਾਂਡਾ ਭੰਨਣ ਦੀ ਬਜਾਏ ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰ ਨੂੰ ਇਸ ਪ੍ਰਾਜੈਕਟ ਬਾਰੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਅਤੇ ਇਸ ਮਸਲੇ ਦਾ ਕੋਈ ਉਸਾਰੂ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ, ਕਿਉਂਕਿ ਇਸ ਪ੍ਰਾਜੈਕਟ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਖਰਚ ਕੀਤੇ ਵੀ ਜਾ ਰਹੇ ਹਨ।

-ਰਮਨੀਕ ਨਗਰ, ਜਲੰਧਰ।
ਮੋਬਾ: 98723-51838

ਰਿਸ਼ਤਿਆਂ ਵਿਚ ਘਟਿਆ ਨਿੱਘ

ਅੱਜ ਦਾ ਮਨੁੱਖ ਅਖੌਤੀ ਵਿਸ਼ਵ ਪਰਿਵਾਰ ਦੇ (ਜੋ ਕਿ ਸਾਡੇ ਰਹਿਨੁਮਾਵਾਂ ਦੁਆਰਾ ਮੀਡੀਆ ਰਾਹੀਂ ਸਾਨੂੰ ਦਿਖਾਇਆ ਜਾ ਰਿਹਾ ਹੈ) ਸੁਪਨਿਆਂ 'ਤੇ ਆਧਾਰਿਤ ਸਿਰਜੇ ਮਾਹੌਲ ਵਿਚ ਜੀਅ ਕੇ ਆਪਣੇ-ਆਪ ਨੂੰ ਖੁਸ਼ ਅਤੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਪਦਾਰਥਵਾਦ ਦੀ ਚੱਲ ਰਹੀ ਹਨੇਰੀ ਵਿਚ ਤਾਂ ਭਾਰਤ ਦੀ ਸ਼ਾਨ ਸਮਝੇ ਜਾਂਦੇ ਸਾਂਝੇ ਪਰਿਵਾਰ ਹੀ ਟੁੱਟ ਕੇ ਖੇਰੂੰ-ਖੇਰੂੰ ਹੋ ਚੁੱਕੇ ਹਨ। ਅੱਜ ਸਾਡਾ ਸਮਾਜ ਅਜਿਹੇ ਕਾਲੇ ਕਾਲ ਵਿਚੋਂ ਲੰਘ ਰਿਹਾ ਹੈ, ਜਿੱਥੇ ਦੋ ਭਰਾ ਇਕ ਛੱਤ ਹੇਠ ਰਹਿਣ ਨੂੰ ਤਿਆਰ ਨਹੀਂ, ਮਾਪਿਆਂ ਨੂੰ ਬੋਝ ਸਮਝ ਕੇ ਬੱਚੇ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਕੇ ਆ ਰਹੇ ਹਨ, ਭੈਣ-ਭਰਾਵਾਂ ਦੇ ਰਿਸ਼ਤਿਆਂ ਦੀਆਂ ਮਜ਼ਬੂਤ ਤੰਦਾਂ ਬੋਦੀਆਂ ਹੋ ਚੁੱਕੀਆਂ ਹਨ, ਪਤੀ-ਪਤਨੀ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਇਕ-ਦੂਜੇ ਤੋਂ ਤਲਾਕ ਲੈ ਕੇ ਅਲੱਗ ਰਹਿਣ ਨੂੰ ਪਹਿਲ ਦਿੰਦੇ ਹਨ। ਪਵਿੱਤਰ ਸਮਝੇ ਜਾਂਦੇ ਇਸ ਰਿਸ਼ਤੇ ਤੋਂ ਛੁਟਕਾਰਾ ਪਾਉਣ ਲਈ ਕੋਰਟ-ਕਚਹਿਰੀਆਂ ਦੇ ਚੱਕਰ ਲਾ ਕੇ ਜ਼ਲੀਲ ਹੋ ਰਹੇ ਹਨ।
ਇਹ ਸਾਡੇ ਸਮਾਜ ਵਿਚ ਆਈ ਇਖਲਾਕੀ ਗਿਰਾਵਟ ਨਹੀਂ, ਤਾਂ ਹੋਰ ਕੀ ਹੈ? ਜਦੋਂ ਕਿ ਕੁਝ ਸਮਾਂ ਪਹਿਲਾਂ ਸਾਂਝੇ ਪਰਿਵਾਰਾਂ ਵਿਚ ਜਦੋਂ ਕੋਈ ਪਰਿਵਾਰ ਦਾ ਬਜ਼ੁਰਗ ਜਾਂ ਵੱਡਾ ਕੋਈ ਗੱਲ ਕਰਦਾ ਸੀ ਤਾਂ ਬਾਕੀ ਪਰਿਵਾਰਕ ਮੈਂਬਰ ਚੁੱਪ-ਚਾਪ ਸੁਣਦੇ ਸਨ ਤੇ ਸੁਣੀ ਹੋਈ ਗੱਲ 'ਤੇ ਅਮਲ ਕਰਦੇ ਸਨ। ਸਹਿਣਸ਼ੀਲਤਾ, ਪਿਆਰ, ਵੱਡਿਆਂ ਦਾ ਸਤਿਕਾਰ, ਇਮਾਨਦਾਰੀ, ਦਿਆਨਤਦਾਰੀ, ਮਿਹਨਤ, ਸਾਕਾਰਤਮਕ ਸੋਚ, ਸੰਜਮ, ਆਸ਼ਾਵਾਦ ਆਦਿ ਗੁਣ ਸਿੱਖਣ ਲਈ ਪਰਿਵਾਰ ਬੱਚੇ ਲਈ ਪਹਿਲਾ ਸਕੂਲ ਹੁੰਦਾ ਹੈ। ਇਸ ਲਈ ਸੁਖਦਾਇਕ ਪਰਿਵਾਰਕ ਅਤੇ ਸਮਾਜਿਕ ਜੀਵਨ ਲਈ ਤੇ ਦੇਸ਼ ਵਿਚ ਸ਼ਾਂਤੀ ਬਣਾ ਕੇ ਰੱਖਣ ਲਈ ਘਰ ਵਿਚ ਪਤੀ-ਪਤਨੀ ਦਾ ਰਿਸ਼ਤਾ ਬਹੁਤ ਨਿੱਘਾ, ਆਪਸੀ ਵਿਸ਼ਵਾਸ ਅਤੇ ਪਿਆਰ ਵਾਲਾ ਹੋਣਾ ਚਾਹੀਦਾ ਹੈ।
ਹਰ ਰਿਸ਼ਤੇ ਵਿਚ ਆਪਾ-ਧਾਪੀ ਹੀ ਪਈ ਨਜ਼ਰ ਆ ਰਹੀ ਹੈ। ਅੱਜ ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਪਹਿਲਾਂ ਵਾਲੀ ਉਹ ਸਾਂਝ ਅਤੇ ਮਿਠਾਸ, ਜਿਸ ਦੇ ਕਾਰਨ ਇਸ ਰਿਸ਼ਤੇ ਨੂੰ ਪਰਮਾਤਮਾ ਦੁਆਰਾ ਜਨਮਾਂ-ਜਨਮਾਤਰਾਂ ਦੇ ਲਈ ਬਣਾਇਆ ਰਿਸ਼ਤਾ ਮੰਨ ਕੇ ਇਸ ਨੂੰ ਹਰ ਹੀਲੇ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਆਮ ਤੌਰ 'ਤੇ ਘੱਟ ਹੀ ਦੇਖਣ ਨੂੰ ਮਿਲਦੀ ਹੈ। ਇਸ ਰਿਸ਼ਤੇ ਵਿਚ ਆਈ ਖਟਾਸ ਦਾ ਅਸਰ ਬਾਕੀ ਰਿਸ਼ਤਿਆਂ 'ਤੇ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਜੋ ਨਜ਼ਰ ਆ ਰਿਹਾ ਹੈ, ਉਹ ਇਹ ਹੈ ਕਿ ਅੱਜ ਹਰ ਖੇਤਰ ਵਿਚ ਸਮੂਹਿਕ ਵਾਦ ਦੀ ਥਾਂ ਨਿੱਜਵਾਦ ਭਾਰੂ ਹੋ ਗਿਆ ਹੈ। ਅੰਤ ਵਿਚ ਮੈਂ ਇਹ ਹੀ ਕਹਾਂਗਾ ਕਿ ਪਰਿਵਾਰਕ ਰਿਸ਼ਤਿਆਂ ਦੇ ਨਿੱਘ ਅਤੇ ਪਿਆਰ ਲਈ ਆਪਣੇ ਹਉਮੈ ਦਾ ਤਿਆਗ ਕਰਕੇ ਪਤੀ-ਪਤਨੀ ਅਤੇ ਸੱਸ-ਨੂੰਹ ਨੂੰ ਸਾਂਝੇ ਰੂਪ ਵਿਚ ਯਤਨ ਕਰਨੇ ਚਾਹੀਦੇ ਹਨ, ਤਾਂ ਹੀ ਅਸੀਂ ਪਹਿਲਾਂ ਵਾਲੇ ਸੁੱਖਦਾਈ ਪਰਿਵਾਰਕ ਸਬੰਧਾਂ ਦਾ ਨਿੱਘ ਮਾਣ ਸਕਦੇ ਹਾਂ। ਇਸ ਦੇ ਲਈ ਪਰਿਵਾਰ ਦਾ ਕੇਂਦਰ-ਬਿੰਦੂ ਮੰਨੀ ਜਾਂਦੀ ਇਸਤਰੀ ਨੂੰ ਵਧੇਰੇ ਯਤਨ ਕਰਨ ਦੀ ਜ਼ਰੂਰਤ ਹੈ। ਇਸ ਲਈ ਜੇਕਰ ਅਸੀਂ ਸਮਾਜ ਵਿਚ ਫੈਲੀ ਨਫਰਤ, ਨੈਤਿਕ ਗਿਰਾਵਟ, ਲੜਾਈ-ਝਗੜੇ ਆਦਿ ਅਸੱਭਿਅਕ ਗੁਣਾਂ ਨੂੰ ਖਤਮ ਕਰਕੇ ਪਹਿਲਾਂ ਵਾਲੇ ਖੁਸ਼ੀਆਂ ਭਰੇ ਅਤੇ ਸ਼ਾਂਤਮਈ ਵਾਤਾਵਰਨ ਵਾਲੇ ਸਾਂਝੇ ਪਰਿਵਾਰਾਂ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਔਰਤ ਪ੍ਰਤੀ ਅਤੇ ਔਰਤ ਨੂੰ ਸ਼ਾਂਤਮਈ ਵਾਤਾਵਰਨ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

-ਮਲੇਰਕੋਟਲਾ (ਸੰਗਰੂਰ)। ਮੋਬਾ: 94171-58300

ਕਿਉਂ ਵਧ ਰਹੀ ਹੈ ਕਾਨੂੰਨ ਤੋੜਣ ਦੀ ਪ੍ਰਵਿਰਤੀ?

ਜੇ ਅਸੀਂ ਆਪਣੇ ਦੇਸ਼ ਦੇ ਅਜੋਕੇ ਸਮਾਜ ਦੀ ਪੜਚੋਲ ਕਰੀਏ ਜਾਂ ਟੀ.ਵੀ., ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਹੀ ਆਧਾਰ ਮੰਨ ਲਈਏ ਤਾਂ ਪਤਾ ਚਲਦਾ ਹੈ ਕਿ ਸਮਾਜ ਕੁਝ ਡਾਵਾਂਡੋਲ ਜਿਹਾ ਹੀ ਹੋ ਰਿਹਾ ਹੈ।
ਕਾਰਨ ਕੁਝ ਵੀ ਹੋਵੇ ਪਰ ਸਮਾਜ, ਲੋਕਤੰਤਰ ਅਤੇ ਪਰਿਵਾਰਕ ਖੁਸ਼ੀਆਂ ਲਈ ਇਹ ਸਭ ਕੁਝ ਚੰਗਾ ਨਹੀਂ ਹੈ। ਆਪਣੇ ਹੱਕਾਂ ਲਈ ਲੜਨਾ, ਸੰਵਿਧਾਨ ਦੇ ਹੱਕਾਂ ਦੇ ਹੁੰਦੇ ਹੋਏ ਧਰਨੇ-ਜਲੂਸ ਕਰਨੇ ਤਾਂ ਸਭ ਠੀਕ ਲਗਦੇ ਹਨ ਪਰ ਭੜਕਾਹਟ ਵਿਚ ਆ ਕੇ ਤੋੜ-ਭੰਨ ਕਰਨੀ, ਰਾਹ ਜਾਂਦੀਆਂ ਗੱਡੀਆਂ, ਮੋਟਰਾਂ ਜਾਂ ਕਾਰਾਂ ਨੂੰ ਰੋਕ ਕੇ ਅੱਗ ਲਗਾ ਦੇਣੀ, ਕਿਸੇ ਵੀ ਸੰਵਿਧਾਨ ਦੇ ਹੱਕੀ ਘੇਰੇ ਵਿਚ ਨਹੀਂ ਆਉਂਦੀ।
ਅੱਜਕਲ੍ਹ ਦੇਸ਼ ਵਿਚ ਇਕ ਨਵੀਂ ਕਿਸਮ ਦੀ ਪ੍ਰਵਿਰਤੀ ਸਾਹਮਣੇ ਆ ਰਹੀ ਹੈ। ਕੁਝ ਜਥੇਬੰਦੀਆਂ ਦੇ ਕਾਰਕੁਨ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਭੰਨ-ਤੋੜ ਦੀਆਂ ਕਾਰਵਾਈਆਂ ਕਰਦੇ ਹਨ। ਅਜਿਹੇ ਲੋਕ ਲਾਅ ਅਤੇ ਆਰਡਰ ਦੀ ਸਥਿਤੀ ਨੂੰ ਖ਼ਰਾਬ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਮੁਆਫ਼ੀ ਦੇ ਪਾਤਰ ਨਹੀਂ ਹਨ। ਇਸ ਤੋਂ ਵੱਧ ਕਈ ਥਾਵਾਂ 'ਤੇ ਧਰਮ ਦੇ ਨਾਂਅ 'ਤੇ ਕੁਝ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਂਦੇ ਹਨ। ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਆਮ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਸ਼ੂਆਂ ਨੂੰ ਲਿਜਾ ਰਹੇ ਲੋਕਾਂ ਦੀ ਮਾਰਕੁੱਟ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਾੜਨਾ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪੈ ਰਹੀ। ਜੇ ਕਿਸੇ ਨੂੰ ਵੀ ਕਿਸੇ 'ਤੇ ਕੋਈ ਬੁਰਾ ਕਰਨ ਦੀ ਸ਼ਿਕਾਇਤ ਹੈ ਤਾਂ ਉਸ ਲਈ ਸੰਵਿਧਾਨਕ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ।
ਅੱਜਕਲ੍ਹ ਕਈ ਥਾਈਂ ਅੰਤਰ ਜਾਤੀ ਵਿਆਹ ਹੋਣ ਕਾਰਨ ਜਾਂ ਜਾਤਾਂ-ਧਰਮਾਂ ਵਿਚ ਝਗੜੇ ਆਮ ਹੁੰਦੇ ਰਹਿੰਦੇ ਹਨ ਤਾਂ ਲੋਕ ਪੁਲਿਸ ਜਾਂ ਕਾਨੂੰਨ ਦੀ ਮਦਦ ਲਏ ਬਿਨਾਂ ਹੀ ਆਪਣੇ-ਆਪ ਹੀ ਹਿੰਸਾ 'ਤੇ ਉਤਰ ਆਉਂਦੇ ਹਨ। ਪਰ ਇਸ ਨਾਲ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ ਅਤੇ ਕਾਨੂੰਨ ਵਿਵਸਥਾ ਵਿਗੜ ਜਾਂਦੀ ਹੈ।
ਕਈ ਵਾਰ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਜਾਂ ਆਮ ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਪੁਲਿਸ ਵੀ ਕੰਟਰੋਲ 'ਚ ਰੱਖਣ ਵਿਚ ਕਾਮਯਾਬ ਨਹੀਂ ਹੁੰਦੀ ਅਤੇ ਪ੍ਰਦਰਸ਼ਨਕਾਰੀ ਹਿੰਸਾ 'ਤੇ ਉਤਰ ਆਉਂਦੇ ਹਨ। ਅਜਿਹੇ ਮੌਕਿਆਂ 'ਤੇ ਪੁਲਿਸ ਨੂੰ ਕੂਟਨੀਤੀ ਦਾ ਪ੍ਰਯੋਗ ਕਰਕੇ ਸਥਿਤੀ ਨੂੰ ਸ਼ਾਂਤਮਈ ਢੰਗ ਨਾਲ ਸੰਭਾਲਣਾ ਚਾਹੀਦਾ ਹੈ, ਤਾਂ ਕਿ ਹਾਲਾਤ ਕਿਸੇ ਵੀ ਤਰ੍ਹਾਂ ਹਿੰਸਕ ਨਾ ਬਣਨ।
ਪਰ ਇਹ ਜ਼ਰੂਰੀ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਹੈ। ਹਿੰਸਾ ਨਾਲ ਹਿੰਸਾ ਹੀ ਭੜਕਦੀ ਹੈ। ਇਸ ਲਈ ਸਮਾਜ ਦੇ ਸਭ ਵਰਗਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

ਕੈਨੇਡਾ 'ਚ ਪੱਕੇ ਹੋਣ ਲਈ ਫਿਕਰਮੰਦ ਹਨ ਵਿਦਿਆਰਥੀ

ਪੰਜਾਬੀਆਂ ਨੂੰ ਵਿਕਸਿਤ ਦੇਸ਼ਾਂ ਵਿਚ ਪੱਕੇ ਰਹਿਣ ਦਾ ਕੋਈ ਵੀ ਮੌਕਾ ਮਿਲੇ, ਉਸ ਨੂੰ ਕਦੇ ਹੱਥੋਂ ਨਹੀਂ ਜਾਣ ਦਿੰਦੇ। ਮਜਬੂਰੀਆਂ ਭਾਵੇਂ ਕੋਈ ਵੀ ਹੋਣ, ਇਹ ਰੁਝਾਨ ਬਹੁਤ ਸਮੇਂ ਤੋਂ ਚੱਲ ਰਿਹਾ ਹੈ। ਪਿਛਲੇ ਦੋ ਦਹਾਕੇ ਤੋਂ ਸਟੂਡੈਂਟ ਵੀਜ਼ੇ 'ਤੇ ਜਾ ਕੇ ਪੀ. ਆਰ. ਲੈਣ ਵਿਚ ਤੇਜ਼ੀ ਆਈ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਦਫਤਰ ਕੈਨੇਡਾ ਵਿਚ ਹੋਵੇ ਜਾਂ ਇਸ ਦੇ ਬਾਹਰ, ਪੱਕੇ ਤੌਰ 'ਤੇ ਵੀਜ਼ੇ ਦੇਣ ਲਈ ਇਕ ਹੀ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਪੰਜਾਬ ਵਿਚ ਇਕ ਧਾਰਨਾ ਬਣ ਗਈ ਹੈ ਕਿ 'ਆਈਲਟਸ ਦੇ 6 ਬੈਂਡ ਲਵੋ, 2 ਸਾਲਾਂ ਲਈ ਪੜ੍ਹਨ ਜਾਓ ਤੇ ਪੱਕੇ ਹੋ ਜਾਓ।' ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪੜ੍ਹਾਈ ਤੋਂ ਬਾਅਦ ਇਕ ਸਾਲ ਦੀ ਘੱਟੋ-ਘੱਟ ਆਪਣੀ ਪੜ੍ਹਾਈ ਨਾਲ ਸਬੰਧਤ ਜੌਬ ਦੀ ਫੈਡਰਲ ਗੌਰਮਿੰਟ ਦੇ ਪ੍ਰੋਗਰਾਮ ਵਾਸਤੇ ਲੋੜ ਹੈ। ਜਿਸ ਤਰ੍ਹਾਂ ਆਪਣੇ ਬੱਚੇ ਪੜ੍ਹਾਈ ਤੋਂ ਬਾਅਦ ਪੀਜ਼ੇ ਤੇ ਕੌਫੀ ਦੁਕਾਨਾਂ 'ਤੇ ਕੰਮ ਕਰਦੇ ਹਨ, ਕੋਈ ਕਰਮਾਂ ਵਾਲਾ ਹੀ ਹੋਵੇਗਾ, ਜੋ ਆਪਣੀ ਪੜ੍ਹਾਈ ਨਾਲ ਸਬੰਧਤ ਕੰਮ ਕਰ ਰਿਹਾ ਹੋਵੇਗਾ। ਪੱਕੇ ਹੋਣ ਵੇਲੇ ਇਨ੍ਹਾਂ ਨੂੰ ਦੁਨੀਆ ਭਰ ਤੋਂ ਮਾਸਟਰ ਤੇ ਪੀ. ਐੱਚ. ਡੀ. ਡਿਗਰੀ ਵਾਲਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਵੱਖਰੇ-ਵੱਖਰੇ ਰਾਜਾਂ ਦੇ ਆਪਣੇ ਪ੍ਰੋਗਰਾਮ ਹਨ ਪਰ ਇਨ੍ਹਾਂ ਪ੍ਰੋਗਰਾਮਾਂ ਦੇ ਅਨੁਕੂਲ ਵੀ ਕੋਰਸ ਦੀ ਚੋਣ ਨਹੀਂ ਕੀਤੀ ਜਾਂਦੀ। ਇਕ ਉਦਾਹਰਨ ਦੇਣੀ ਚਾਹਾਂਗਾ ਕਿ ਮੈਨੂੰ ਪਤਾ ਲੱਗਾ ਕਿ ਇਕ ਕੋਰਸ ਵਿਚ ਇਕ 10+2 ਵਿਦਿਆਰਥੀ ਅਤੇ ਇੰਜੀਨੀਅਰ ਪੜ੍ਹਾਈ ਕਰ ਰਹੇ ਸਨ। ਇੰਡੀਆ ਵਿਚ ਇੰਜੀਨੀਅਰਿੰਗ ਦੀ ਕੀਤੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਉਠਾਇਆ ਗਿਆ। ਜੇਕਰ ਸਹੀ ਕੋਰਸ ਦੀ ਚੋਣ ਕੀਤੀ ਜਾਵੇ, ਕਈ ਰਾਜਾਂ ਵਿਚ ਪੜ੍ਹਾਈ ਤੋਂ ਬਾਅਦ, ਕਈਆਂ ਵਿਚ ਸਿਰਫ ਜਾਬ ਆਫਰ ਤੇ ਕਈਆਂ ਵਿਚ ਥੋੜ੍ਹੇ ਜਿਹੇ ਤਜਰਬੇ ਨਾਲ ਪੀ. ਆਰ. ਮਿਲ ਸਕਦੀ ਹੈ।
ਜਿਨ੍ਹਾਂ ਬੱਚਿਆਂ ਨੂੰ ਕੋਈ ਰਹਿਣ ਦਾ ਆਸਰਾ ਮਿਲ ਜਾਂਦਾ ਹੈ, ਉਨ੍ਹਾਂ ਲਈ ਤਾਂ ਪੜ੍ਹਾਈ ਆਸਾਨ ਹੋ ਜਾਂਦੀ ਹੈ ਪਰ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਮਿਲਦਾ, ਇਹ ਬੱਚੇ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ, ਕਿਉਂਕਿ ਇਨ੍ਹਾਂ ਨੂੰ ਫੀਸ ਦੇਣ ਲਈ ਕੰਮ ਕਰਨਾ ਪੈਂਦਾ ਹੈ।
ਪਰ ਕਿਸੇ ਵੀ ਕੰਮ ਵਿਚ ਪੂਰੀ ਜਾਣਕਾਰੀ ਨਾਲ ਸਖ਼ਤ ਮਿਹਨਤ ਤੇ ਪੱਕੇ ਇਰਾਦੇ ਨਾਲ ਸਫਲਤਾ ਪਾਈ ਜਾ ਸਕਦੀ ਹੈ। ਮੇਰੀ ਇਹੀ ਸਲਾਹ ਹੈ ਕਿ ਪੂਰੀ ਜਾਣਕਾਰੀ ਇਕੱਠੀ ਕਰਕੇ ਅਤੇ ਸਹੀ ਪ੍ਰੋਗਰਾਮ ਵਿਚ ਹੀ ਬੱਚੇ ਨੂੰ ਪੜ੍ਹਨ ਭੇਜਿਆ ਜਾਵੇ ਅਤੇ ਪੜ੍ਹਨ ਦੌਰਾਨ ਕੋਈ ਵਾਧੂ ਬੋਝ ਨਾ ਪਾਇਆ ਜਾਵੇ ਤਾਂ ਕਿ ਉਹ ਅਸਾਨੀ ਨਾਲ ਪੀ. ਆਰ. ਲੈਣਗੇ।

-ਮੋਬਾ: 88724-05296
E-mail : rcic216@gmail.com

ਵਿਧਾਨ ਸਭਾ ਵਿਚ ਹੰਗਾਮਾ ਕਿਉਂ?

ਪੰਜਾਬ ਵਿਧਾਨ ਸਭਾ ਦੇ ਕੁੱਲ 117 ਮੈਂਬਰ ਹਨ, ਲੋਕਾਂ ਦੀ ਆਵਾਜ਼ ਬਣਨ ਲਈ ਵਿਧਾਨ ਸਭਾ ਦੇ ਇਜਲਾਸ 'ਚ ਸ਼ਾਮਿਲ ਹੁੰਦੇ ਹਨ। ਇਨ੍ਹਾਂ 117 ਮੈਂਬਰਾਂ ਦੀ ਅਗਵਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਰਦੇ ਹਨ। ਆਪਣੇ-ਆਪਣੇ ਸਮੇਂ ਅਨੁਸਾਰ ਹਰ ਵਿਧਾਇਕ ਆਪਣੇ ਹਲਕੇ ਦੀਆਂ ਮੁਸ਼ਕਿਲਾਂ ਤੇ ਹਲਕੇ ਦੀ ਨੁਹਾਰ ਬਦਲਣ ਲਈ ਪੱਬਾਂ ਭਾਰ ਹੋ ਕੇ ਆਪਣਾ ਪੱਖ ਪੇਸ਼ ਕਰਦਾ ਹੈ।
ਕੁਝ ਸਾਲ ਪਹਿਲਾਂ ਤੋਂ ਦੇਖਣ ਵਿਚ ਆਇਆ ਹੈ ਕਿ ਸਾਰੇ ਮੈਂਬਰ ਇਕ-ਦੂਸਰੇ ਨੂੰ ਨੀਵਾਂ ਦਿਖਾਉਣ ਵਿਚ ਆਪਣਾ ਸਮਾਂ ਫਜ਼ੂਲ ਕਰ ਰਹੇ ਹਨ ਤੇ ਪੰਜਾਬ ਦੇ ਵਿਕਾਸ ਦੀ ਗੱਲ ਕਿਤੇ ਵੀ ਨਜ਼ਰ ਨਹੀਂ ਆ ਰਹੀ। ਵਿਧਾਨ ਸਭਾ ਇਕ ਹੰਗਾਮਾ ਸਭਾ ਨਜ਼ਰ ਆ ਰਹੀ ਹੈ।
ਹੁਣ ਪਿਛਲੇ ਦਿਨੀਂ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਵਿਧਾਨ ਸਭਾ 'ਚੋਂ ਬਾਹਰ ਕੱਢਿਆ ਗਿਆ ਅਤੇ ਅਕਾਲੀਆਂ ਤੇ ਭਾਜਪਾ ਦੇ ਵਿਧਾਇਕਾਂ ਨੂੰੂ ਵੀ ਬਾਹਰ ਜਾਣ ਲਈ ਕਿਹਾ ਗਿਆ। ਇਸੇ ਖਿੱਚੋਤਾਣ ਵਿਚ ਆਪ ਵਿਧਾਇਕ ਪਿਰਮਿਲ ਸਿੰਘ ਦੀ ਪੱਗ ਉਤਰ ਗਈ ਤੇ ਅੱਜ ਤੋਂ 30 ਸਾਲ ਪਹਿਲਾਂ ਉਸ ਸਮੇਂ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੁਰਜੀਤ ਸਿੰਘ ਮਿਨਹਾਸ ਦੀ ਪੱਗ ਉਤਾਰੀ ਗਈ ਸੀ। ਜ਼ਿਕਰਯੋਗ ਹੈ ਕਿ ਸ: ਮਿਨਹਾਸ ਸ਼੍ਰੋਮਣੀ ਅਕਾਲੀ ਦਲ ਦੇ ਹੀ ਐਮ.ਐਲ.ਏ. ਸੀ ਤੇ ਇਸੇ ਪਾਰਟੀ ਦੇ ਮੋਹਤਬਰਾਂ ਵੱਲੋਂ ਹੀ ਪੱਗ ਉਤਾਰੀ ਗਈ ਸੀ।
ਕਾਂਗਰਸ ਸਰਕਾਰ ਜੋ ਕਿ 77 ਸੀਟਾਂ ਜਿੱਤ ਕੇ ਪੰਜਾਬ 'ਚ 10 ਸਾਲ ਬਾਅਦ ਆਈ ਹੈ, ਜਿਨ੍ਹਾਂ ਇੰਨੇ ਵੱਡੇ ਵਾਅਦੇ ਕੀਤੇ ਪੰਜਾਬ ਦੀ ਜਨਤਾ ਨਾਲ, ਪਰ ਆਉਂਦੇ ਹੀ ਪਹਿਲਾਂ ਰੇਤ ਮਾਫੀਆ ਦੇ ਜਾਲ ਵਿਚ ਫਸ ਗਈ, ਫਿਰ ਬਿਜਲੀ ਦੇ ਬਿੱਲਾਂ 'ਚ, ਫਿਰ ਧੱਕਾ-ਮੁੱਕੀ ਦੌਰਾਨ ਹਨੇਰੇ 'ਚ।
ਸੋਚਣ ਵਾਲੀ ਗੱਲ ਹੈ ਕਿ ਇਹ ਜਿੰਨੇ ਵੀ ਐਮ.ਐਲ.ਏ. ਹਨ, ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਜੇ ਸੱਚਮੁੱਚ ਪੰਜਾਬ ਦਾ ਵਿਕਾਸ ਚਾਹੁੰਦੇ ਹਨ ਤਾਂ ਵਿਧਾਨ ਸਭਾ 'ਚ ਰੋਜ਼ਾਨਾ ਦੀ ਬਹਿਸ ਤੇ ਵਾਕਆਊਟ ਕਿਉਂ?
ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਾਹਿਬ ਜਿਨ੍ਹਾਂ ਨੂੰ ਬਹੁਤ ਹੀ ਸਮਝਦਾਰ ਨੁਮਾਇੰਦਾ ਸਮਝ ਕੇ ਸਪੀਕਰ ਚੁਣਿਆ ਜਾਂਦਾ ਹੈ, ਜਿਨ੍ਹਾਂ ਦਾ ਫੈਸਲਾ ਸਭ ਮੈਂਬਰਾਂ ਨੂੰ ਮੰਨਣਾ ਪੈਂਦਾ ਹੈ, ਉਹ ਇਸ ਰੌਲੇ-ਰੱਪੇ ਦੌਰਾਨ ਕੋਈ ਅਹਿਮ ਫੈਸਲਾ ਕਿਉਂ ਨਹੀਂ ਸੁਣਾਉਂਦੇ? ਅਗਰ ਪੰਜਾਬ ਵਿਧਾਨ ਸਭਾ 'ਚ ਸੈਸ਼ਨ ਦੌਰਾਨ ਵਿਧਾਇਕ ਆਪਸ 'ਚ ਹੀ ਲੜਦੇ ਰਹਿਣਗੇ ਤਾਂ ਫਿਰ ਪੰਜਾਬ ਚੰਗੇ ਭਵਿੱਖ ਦੀ ਉਮੀਦ ਨਹੀਂ ਰੱਖ ਸਕਦੇ।

-ਵਿਦਿ: (ਐਮ.ਏ. ਪੰਜਾਬੀ ਪੱਤਰਕਾਰੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 94785-94119

ਮੌਸਮ ਦੇ ਬਦਲਣ 'ਤੇ ਗ਼ੈਰ-ਕੁਦਰਤੀ ਦੁਰਘਟਨਾਵਾਂ

ਹਰ ਸਾਲ ਮੌਸਮ ਦੇ ਬਦਲਣ 'ਤੇ ਕੁਝ ਗ਼ੈਰ-ਕੁਦਰਤੀ ਦੁਰਘਟਨਾਵਾਂ ਹੂਬਹੂ ਵਾਪਰਦੀਆਂ ਹਨ, ਜਿਵੇਂ ਗਰਮੀਆਂ ਦਾ ਮੌਸਮ ਆਉਣ 'ਤੇ ਬੱਚੇ ਨਹਿਰਾਂ, ਟੋਬਿਆਂ, ਦਰਿਆਵਾਂ ਜਾਂ ਸਵਿਮਿੰਗ ਪੂਲਾਂ ਵਿਚ ਨਹਾਉਣ ਚਲੇ ਜਾਂਦੇ ਹਨ, ਪਾਣੀ ਦੀ ਗਹਿਰਾਈ ਜਾਂ ਤੇਜ਼ ਵਹਾਅ ਕਾਰਨ ਪਾਣੀ ਵਿਚ ਡੁੱਬ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਇਸ ਬਾਰੇ ਜਾਣਕਾਰੀ ਵੀ ਦੇਣ। ਗਰਮੀ ਵਿਚ ਬਹੁਤ ਸਾਰੇ ਸਕੂਲਾਂ ਵਾਲੇ ਬੱਚਿਆਂ ਨੂੰ ਕੋਈ ਜਗ੍ਹਾ ਘੁੰਮਾਉਣ ਲਿਜਾਂਦੇ ਹਨ, ਜੇ ਆਸ-ਪਾਸ ਦਰਿਆ, ਨਦੀ ਜਾਂ ਡੂੰਘਾ ਪਾਣੀ ਹੈ ਤਾਂ ਅਧਿਆਪਕਾਂ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਵਿਚ ਯਾਤਰਾ ਜਾਂ ਘੁੰਮਣ-ਫਿਰਣ ਜਾਂਦੇ ਹਨ ਅਤੇ ਉਥੇ ਖਾਲੀ ਦਰਿਆਵਾਂ ਜਾਂ ਨਾਲਿਆਂ ਵਿਚ ਜਾ ਵੜਦੇ ਹਨ, ਜੋ ਬਹੁਤ ਖ਼ਤਰਨਾਕ ਹੈ, ਜਿਨ੍ਹਾਂ 'ਚ ਅਚਾਨਕ ਪਾਣੀ ਛੱਡਿਆ ਜਾ ਸਕਦਾ ਹੈ।
ਠੰਢ ਵਧਣ ਨਾਲ ਕਿਸੇ ਰਾਤ ਵੀ ਸੰਘਣੀ ਧੁੰਦ ਪੈ ਸਕਦੀ ਹੈ। ਅਚਾਨਕ ਧੁੰਦ ਪੈ ਜਾਣ 'ਤੇ ਰਾਹ ਨਹੀਂ ਦਿਸਦਾ, ਗੱਡੀ ਚਲਾਉਣੀ ਮੁਸ਼ਕਿਲ ਹੋ ਜਾਂਦੀ ਹੈ, ਅਸੀਂ ਕਾਹਲੀ ਕਰਦੇ ਹਾਂ, ਰਸਤਾ ਨਾ ਦਿਸਣ 'ਤੇ ਵੀ ਤੁੱਕੇ ਨਾਲ ਗੱਡੀ ਚਲਾਉਂਦੇ ਹਾਂ, ਜੋ ਹਾਦਸੇ ਦਾ ਕਾਰਨ ਬਣਦਾ ਹੈ। ਜੇ ਸਫਰ ਕਰਦੇ ਸਮੇਂ ਬਹੁਤ ਧੁੰਦ ਪੈ ਹੀ ਗਈ ਹੈ ਤਾਂ ਸਾਨੂੰ ਆਪਣੇ ਰਿਸ਼ਤੇਦਾਰ ਕੋਲ ਹੀ ਰੁਕ ਜਾਣਾ ਚਾਹੀਦਾ ਹੈ। ਹਰ ਸਾਲ ਧੁੰਦਾਂ ਸ਼ੁਰੂ ਹੋਣ ਦੇ ਪਹਿਲੇ ਹਫਤੇ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ, ਜੋ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੇ ਹਨ। ਸਿਆਲ ਦੇ ਦਿਨ ਬਹੁਤ ਛੋਟੇ ਹੁੰਦੇ ਹਨ, ਸਵੇਰ ਵੇਲੇ ਰਾਤ ਦੀ ਰੁਕੀ ਆਵਾਜਾਈ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਦੇ ਕੰਮਾਂਕਾਰਾਂ ਵਾਲੇ ਅਤੇ ਸਕੂਲਾਂ ਦੇ ਬੱਚਿਆਂ ਦੀ ਆਵਾਜਾਈ ਵੀ ਸ਼ੁਰੂ ਹੋ ਜਾਂਦੀ ਹੈ। ਹਰ ਇਕ ਨੂੰ ਕਾਹਲ ਹੈ, ਜਿਸ ਕਾਰਨ ਦਿਨ ਵੇਲੇ ਵੀ ਬਹੁਤ ਸਾਰੇ ਹਾਦਸੇ ਵਾਪਰਦੇ ਹਨ। ਆਓ, ਹਰ ਸਾਲ ਇਸ ਤਰ੍ਹਾਂ ਦੇ ਹੂਬਹੂ ਵਾਪਰਨ ਵਾਲੇ ਗ਼ੈਰ-ਕੁਦਰਤੀ ਹਾਦਸਿਆਂ ਤੋਂ ਬਚੀਏ, ਲਾਪ੍ਰਵਾਹੀ ਨਾ ਕਰੀਏ।

-ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 98140-44425

ਪੰਚਾਇਤੀ ਜ਼ਮੀਨਾਂ ਦਾ ਪਿੰਡਾਂ ਦੇ ਵਿਕਾਸ ਵਿਚ ਯੋਗਦਾਨ

ਭਾਰਤ ਪਿੰਡਾਂ ਦਾ ਦੇਸ਼ ਹੈ। ਸ਼ੁਰੂ ਤੋਂ ਪੰਜਾਬ ਦੇ ਪਿੰਡਾਂ ਦੇ ਲੋਕ ਦਰਿਆਦਿਲ ਮੰਨੇ ਜਾਂਦੇ ਸਨ। ਪਰ ਜਿਉਂ ਹੀ ਪਦਾਰਥਵਾਦੀ ਯੁੱਗ ਦੀ ਸ਼ੁਰੂਅਤ ਹੋਈ, ਤਾਂ ਇਸ ਦਾ ਪ੍ਰਭਾਵ ਪੰਜਾਬ ਦੀ ਧਰਤੀ ਨੇ ਕਬੂਲਿਆ। ਰਸਤੇ, ਛੱਪੜ, ਪੰਚਾਇਤੀ ਜ਼ਮੀਨਾਂ ਆਪਣੇ ਸਵਾਰਥ ਲਈ ਲੋਕਾਂ ਨੇ ਰੋਕਣੇ ਸ਼ੁਰੂ ਕਰ ਦਿੱਤੇ। ਤਾਜ਼ਾ ਵੇਰਵਿਆਂ ਦੇ ਅਨੁਸਾਰ ਪੰਜਾਬ ਵਿਚ 50 ਹਜ਼ਾਰ ਏਕੜ ਜ਼ਮੀਨ 'ਤੇ ਨਜਾਇਜ਼ ਕਬਜ਼ੇ ਹਨ, ਜਿਸ ਦੀ ਕੁੱਲ ਕੀਮਤ ਲਗਪਗ 8 ਹਜ਼ਾਰ ਕਰੋੜ ਰੁਪਏ ਬਣਦੀ ਹੈ। ਪਿੰਡਾਂ ਦੀਆਂ ਪੰਚਾਇਤਾਂ ਕੋਲ ਆਮਦਨ ਦੇ ਸੋਮਿਆਂ ਦੀ ਘਾਟ ਕਰਕੇ ਪੰਚਾਇਤਾਂ ਪਿੰਡਾਂ ਦੇ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦੇ ਸਕੀਆਂ। ਪਿੰਡ ਅਜੇ ਵੀ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਕੇਂਦਰੀ ਵਾਤਾਵਰਨ ਅਤੇ ਜੰਗਲਾਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿਚ ਜੰਗਲਾਤ ਲਗਪਗ 18000 ਏਕੜ ਜ਼ਮੀਨ 'ਤੇ ਨਜਾਇਜ਼ ਕਬਜ਼ੇ ਹੋਏ ਹਨ। ਪਰ ਸਭ ਤੋਂ ਜ਼ਰੂਰੀ ਅਤੇ ਅਹਿਮ ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜੋ ਪਿੰਡਾਂ ਦੇ ਵਿਕਾਸ ਵਿਚ ਮਦਦ ਕਰ ਸਕਦੀ ਹੈ, 21000 ਏਕੜ ਤੋਂ ਵੱਧ ਜ਼ਮੀਨ ਅਸਰ-ਰਸੂਖ ਰੱਖਣ ਵਾਲੇ ਲੋਕਾਂ ਨੇ ਦੱਬੀ ਹੋਈ ਹੈ। ਬਹੁਤ ਸਾਰੀਆਂ ਜ਼ਮੀਨਾਂ 'ਤੇ ਅਦਾਲਤੀ ਕੇਸਾਂ ਅਤੇ ਪੰਚਾਇਤਾਂ ਦੇ ਖੁਦ ਹਿੰਮਤ ਕਰਨ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਨੂੰ ਛੁਡਾਇਆ ਨਹੀਂ ਜਾ ਸਕਿਆ। ਹਰ ਪਿੰਡ ਵਿਚ ਕੁੱਲ ਰਕਬੇ ਅਨੁਸਾਰ ਪੰਚਾਇਤੀ ਜ਼ਮੀਨਾਂ ਹਨ। ਜੇਕਰ ਪਾਣੀ ਦਾ ਪ੍ਰਬੰਧ ਕਰਕੇ ਖੇਤੀ ਲਈ ਅਬਾਦ ਕੀਤਾ ਜਾਵੇ ਤਾਂ ਇਸ ਆਮਦਨ ਨਾਲ ਹਰ ਪਿੰਡ ਕੋਲ ਵਧੀਆ ਆਮਦਨ ਹੋਵੇਗੀ, ਜਿਸ ਨਾਲ ਪਿੰਡਾਂ ਦਾ ਮੁਹਾਂਦਰਾ ਬਦਲ ਸਕਦਾ ਹੈ। ਸਰਕਾਰ ਨੂੰ ਪੰਚਾਇਤੀ ਜ਼ਮੀਨਾਂ ਨੂੰ ਅਬਾਦ ਕਰਨ ਲਈ ਤਰਜੀਹ ਦੇਣੀ ਚਾਹੀਦੀ ਹੈ। ਇਨ੍ਹਾਂ ਜ਼ਮੀਨਾਂ ਲਈ ਟਿਊਬਵੈੱਲ ਕੁਨੈਕਸ਼ਨ ਤਰਜੀਹੀ ਆਧਾਰ 'ਤੇ ਦਿੱਤੇ ਜਾਣੇ ਚਾਹੀਦੇ ਹਨ। ਨਜਾਇਜ਼ ਕਬਜ਼ੇ ਹਟਾਉਣ ਲਈ ਵੋਟ ਬੈਂਕ ਅਤੇ ਸਵਾਰਥ ਦੀ ਬਜਾਏ ਪਿੰਡਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪਿੰਡਾਂ ਦੇ ਸਾਂਝੇ ਸੋਮਿਆਂ ਤੋਂ ਆਮਦਨੀ ਦੇ ਸਾਧਨ ਸੁਰਜੀਤ ਕਰਨੇ ਚਾਹੀਦੇ ਹਨ। ਪੰਚਾਇਤ ਪਿੰਡ ਦੀ ਚੁਣੀ ਹੋਈ ਸਰਕਾਰ ਹੁੰਦੀ ਹੈ।

-ਪਿੰਡ ਭੋਤਨਾ (ਬਰਨਾਲਾ)।
ਮੋਬਾ : 94635-12720






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX