ਤਾਜਾ ਖ਼ਬਰਾਂ


ਕੁਪਵਾੜਾ ਮੁੱਠਭੇੜ : ਇੱਕ ਜਵਾਨ ਸ਼ਹੀਦ, 2 ਜ਼ਖਮੀ
. . .  5 minutes ago
ਸ੍ਰੀਨਗਰ, 21 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਭਾਰਤੀ ਫੌਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ 2 ਜ਼ਖਮੀ ਹੋਏ...
ਸਿੱਧੂ ਪਰਿਵਾਰ ਦੇ ਖੜੇ ਕੀਤੇ ਹਨ ਆਲੀਸ਼ਾਨ ਮਹਿਲ - ਮੰਨਾਂ
. . .  3 minutes ago
ਅੰਮ੍ਰਿਤਸਰ, 21 ਨਵੰਬਰ - ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾਂ ਦਾ ਕਹਿਣਾ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭ੍ਰਿਸ਼ਟਾਚਾਰ ਮੁਕਤ ਅਭਿਆਨ ਆਪਣੇ ਘਰ ਤੋਂ ਸ਼ੁਰੂ...
ਤ੍ਰਿਪੁਰਾ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
. . .  17 minutes ago
ਅਗਰਤਲਾ, 21 ਨਵੰਬਰ - ਤ੍ਰਿਪੁਰਾ ਦੇ ਆਰ.ਕੇ ਨਗਰ ਵਿਖੇ ਸੁਦੀਪ ਦੱਤ ਭੌਮਿਕ ਨਾਂਅ ਦੇ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...
ਨਜੀਬ ਅਹਿਮਦ ਲਾਪਤਾ ਮਾਮਲਾ : ਸੀ.ਬੀ.ਆਈ ਨੂੰ ਨਹੀ ਮਿਲੀ 9 ਵਿਦਿਆਰਥੀਆਂ ਦੇ ਲਾਈ ਡਿਟੈਕਟਰ ਟੈਸਟ ਦੀ ਇਜਾਜ਼ਤ
. . .  2 minutes ago
ਨਵੀਂ ਦਿੱਲੀ, 21 ਨਵੰਬਰ - ਜੇ.ਐਨ.ਯੂ ਲਾਪਤਾ ਵਿਦਿਆਰਥੀ ਮਾਮਲੇ 'ਚ ਸੀ.ਬੀ.ਆਈ ਵੱਲੋਂ ਜੇ.ਐਨ.ਯੂ ਦੇ 9 ਵਿਦਿਆਰਥੀਆਂ ਦਾ ਲਾਈ ਡਿਟੈਕਟਰ ਕਰਵਾਉਣ ਦੀ ਪਟੀਸ਼ਨ ਦਿੱਲੀ ਦੀ ਅਦਾਲਤ ਨੇ...
ਇਮਾਰਤਾਂ ਦੀ ਉਸਾਰੀ ਤੇ ਸੁਰੱਖਿਆ ਸਬੰਧੀ ਬਣੇਗਾ ਨਵਾਂ ਕਾਨੂੰਨ- ਕੈਪਟਨ
. . .  43 minutes ago
ਲੁਧਿਆਣਾ, 21 ਨਵੰਬਰ (ਪਰਮੇਸ਼ਰ ਸਿੰਘ)- ਇੰਡਸਟਰੀ ਏਰੀਆ 'ਚ ਕਾਰਖਾਨੇ ਨੂੰ ਭਿਆਨਕ ਅੱਗ ਲੱਗਣ ਦੇ ਵਾਪਰੇ ਹਾਦਸੇ ਵਾਲੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ...
ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ ਸਿਅਾਸੀ ਗਲਬੇ 'ਚੋਂ ਬਾਹਰ ਨਿਕਲਣ ਦਾ ਸੱਦਾ
. . .  about 1 hour ago
ਚੰਡੀਗੜ, 21 ਨਵੰਬਰ (ਗੁਰਸੇਵਕ ਸੋਹਲ) - ਹਾਲ ਹੀ ਵਿਚ ਸਿਰਜੇ ਗੲੇ "ਪੰਥਕ ਫਰੰਟ ਸ਼ਰੋਮਣੀ ਕਮੇਟੀ" ਦੇ ਕਨਵੀਨਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਅੱਜ ਸਮੂਹ ਸ਼ਰੋਮਣੀ ਕਮੇਟੀ ਮੈਂਬਰਾਂ ਨੂੰ...
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 13 ਹੋਈ
. . .  about 1 hour ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਪਲਾਸਟਿਕ ਫ਼ੈਕਟਰੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 13 ਹੋ ਗਈ...
ਮੁੱਖ ਮੰਤਰੀ ਵਲੋਂ ਮਾਰੇ ਗਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜੇ ਦਾ ਐਲਾਨ
. . .  28 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਪਲਾਸਟਿਕ ਫ਼ੈਕਟਰੀ ਹਾਦਸੇ 'ਚ ਫਾਇਰ ਬ੍ਰਿਗੇਡ ਦੇ ਜਿਨ੍ਹਾਂ ਮੁਲਾਜ਼ਮਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ...
ਮੁੱਖ ਮੰਤਰੀ ਵੱਲੋਂ ਪਲਾਸਟਿਕ ਕਰਖ਼ਾਨੇ ਦੇ ਹਾਦਸੇ ਵਾਲੀ ਥਾਂ ਦਾ ਦੌਰਾ
. . .  about 1 hour ago
ਟਰੱਕ ਅਤੇ ਬੱਸ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਤੇ 20 ਜ਼ਖਮੀ
. . .  about 1 hour ago
ਹੋਰ ਖ਼ਬਰਾਂ..
  •     Confirm Target Language  

ਸਾਹਿਤ ਫੁਲਵਾੜੀ

ਕਹਾਣੀ: ਅਹਿਸਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰੇਸ਼ਮਾ ਸੱਪਣੀ ਵਾਂਗ ਹੀ ਗੁੱਸੇ ਨਾਲ ਵਲ ਖਾ ਰਹੀ ਸੀ। ਲਹਿਰਾਉਂਦੀਆਂ ਜ਼ੁਲਫਾਂ ਨੇ ਇਸ ਸੱਪਣੀ ਦੀ ਦਿੱਖ ਨੂੰ ਹੋਰ ਗ਼ਜ਼ਬਨਾਕ ਬਣਾ ਦਿੱਤਾ ਸੀ, ਇੰਜ ਸੀ ਜਿਵੇਂ ਸੱਪਣੀ ਆਪਣੇ ਸ਼ਿਕਾਰ 'ਤੇ ਝਪਟਾ ਮਾਰਨ ਲਈ ਤਿਆਰ ਹੋ ਗਈ ਹੋਵੇ।
ਛੱਡ ਮੇਰੀ ਬਾਂਹ ਕਿਸੇ ਕੁੱਤੇ ਦਿਆ ਪੁੱਤਰਾ। ਰੇਸ਼ਮਾ ਦੀ ਆਵਾਜ਼ 'ਨਸੀਮ-ਏ-ਸਹਰ' (ਤੜਕਸਾਰ ਸਰਗੀ ਵੇਲੇ ਦੀ ਹਵਾ) ਦੀ ਚਲਦੀ ਹੋਈ ਠੰਢੀ ਹਵਾ ਦੀਆਂ ਲਹਿਰਾਂ 'ਚ ਅਸਮਾਨੀ ਬਿਜਲੀ ਵਾਂਗੂ ਕੜਕੀ। ਤੈਨੂੰ ਕਿਸੇ ਪੰਜਾਬਣ ਮਾਂ ਨੇ ਨਹੀਂ, ਕਿਸੇ ਕੁੱਤੀ ਨੇ ਜਨਮਿਆ ਹੈ। ਬਦਜ਼ਾਤੇ, ਕਮੀਨਿਆ, ਬਦਮਾਸ਼ਾ, ਇੱਜ਼ਤਾਂ ਦਿਆ ਲੁਟੇਰਿਆ, ਧੋਖੇਬਾਜ਼ਾ, ਰੰਨਾਂ ਦੇ ਸਰੀਰਾਂ ਦਿਆ ਭੁੱਖਿਆ, ਤੂੰ ਤਾਂ ਮੇਰਾ ਜੀਣਾ ਹਰਾਮ ਕਰ ਛੱਡਿਆ ਏ। ਮੈਂ ਆਪਣੀ ਇੱਜ਼ਤ ਨੂੰ ਸਾਂਭ ਕੇ ਰੱਖਣ ਵਾਲੀ ਕੁੜੀ ਹਾਂ। ਤੂੰ ਚਾਹੁੰਨਾ ਏਂ ਕਿ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਾ ਰਹਾਂ। ਸਾਰੇ ਪਿੰਡ 'ਚ ਤੇਰੀ-ਮੇਰੀ ਯਾਰੀ ਦੇ ਝੂਠੇ ਚਰਚੇ ਹਨ। ਦਰ-ਦਰ ਦਿਆ ਕੁੱਤਿਆ ਤੂੰ ਤਾਂ ਮੈਨੂੰ ਗਲੀਆਂ ਦੇ ਕੱਖਾਂ ਤੋਂ ਵੀ ਹੌਲ਼ਾ ਕਰ ਦਿੱਤਾ ਹੈ।
ਦੱਸ ਮੇਰਾ ਕੀ ਕਸੂਰ ਏ? ਮੈਨੂੰ ਕਿਸ ਜੁਰਮ ਦੀ ਸਜ਼ਾ ਦੇਣੀ ਚਾਹੁੰਦਾ ਹੈਂ। ਮੈਨੂੰ ਨਿਰਦੋਸ਼ ਤੋਂ, ਤੂੰ ਦੋਸ਼ੀ ਬਣਾ ਦਿੱਤਾ। ਮੈਂ ਕੋਈ ਜੁਰਮ ਨਾ ਕਰਨ ਦੇ ਬਾਵਜੂਦ ਵੀ ਮੁਜਰਮ ਬਣ ਗਈ। ਮੈਂ ਦਿਨ ਦਾ ਚਾਨਣ ਹਾਂ, ਤੂੰ ਮੈਨੂੰ ਰਾਤ ਦੇ ਹਨੇਰੇ 'ਚ ਬਦਲਣਾ ਚਾਹੁੰਦਾ ਏਂ? ਮੈਂ ਚੰਨ-ਮੇਰਾ ਹੁਸਨ ਚਾਨਣੀ, ਤੂੰ ਇਹਨੂੰ ਗ੍ਰਹਿਣ ਲਾਉਣ ਦੇ ਯਤਨਾਂ 'ਚ ਜੁਟਿਆ ਹੋਇਆ ਏਂ। ਮਕਾਰਾ, ਚਾਲਬਾਜ਼ਾ ਅੱਜ ਮੈਂ ਤੈਨੂੰ ਇਹੋ ਜਿਹਾ ਸਬਕ ਸਿਖਾਵਾਂਗੀ ਕਿ ਤੂੰ ਸਰੀਰਕ ਆਸ਼ਕੀ ਦੇ ਸਾਰੇ ਦਾਅ ਭੁੱਲ ਜਾਏਂਗਾ। ਜੇ ਅੱਜ ਮੈਂ ਤੇਰੇ ਸਾਰੇ ਵਲ-ਸ਼ਲ ਨਾ ਕੱਢ ਦਿੱਤੇ ਤਾਂ ਮੈਂ ਆਪਣੇ ਪਿਓ ਦੀ ਧੀ ਨਹੀਂ।
ਰੇਸ਼ਮਾ ਨੇ ਝਟਕੇ ਨਾਲ ਦਿਲਦਾਰ ਕੋਲੋਂ ਆਪਣੀ ਬਾਂਹ ਛੁਡਾਅ ਲਈ ਤੇ ਆਪਣੇ ਖੱਬੇ ਹੱਥ ਨਾਲ ਉਹਦੀ ਸੱਜੀ ਬਾਂਹ ਫੜ ਲਈ।
ਤੇਰਾ ਬੇੜਾ ਗਰਕ ਹੋ ਜਾਏ। ਤੇਰਾ ਰਹੇ ਕੱਖ ਨਾ, ਅੱਜ ਤੂੰ ਤੇ ਮੈਂ ਦਿਨ ਚੜ੍ਹਦੇ ਤੱਕ ਇੰਜ ਹੀ ਇਥੇ ਖੜ੍ਹੇ ਰਹਾਂਗੇ।
ਮੇਰਾ ਪਿਓ ਤੇ ਭਰਾ ਆਪੇ ਮੈਨੂੰ ਲੱਭਦੇ-ਲੁਭਾਉਂਦੇ ਇਥੇ ਆ ਪੁੱਜਣਗੇ। ਤੇਰਾ ਵੀ ਸਿਰ ਲਾਹੁਣਗੇ, ਨਾਲ ਮੈਨੂੰ ਵੀ ਜਾਨੋਂ-ਮਾਰ ਮੁਕਾਉਣਗੇ।
ਤੈਨੂੰ ਤਾਂ ਇਸ ਜੁਰਮ ਦੀ ਸਜ਼ਾ ਕਿ ਤੂੰ ਮੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਬਦਨਾਮ ਕੀਤਾ। ਮੈਨੂੰ ਨਿਰਦੋਸ਼ ਹੁੰਦਿਆਂ ਹੋਇਆਂ ਵੀ ਤੂੰ ਚੋਰ ਬਣਾ ਦਿੱਤਾ।
ਮੇਰੀ ਮੌਤ ਮੇਰੀ ਇਸ ਕਰਤੂਤ (ਮੰਦਾ ਕੰਮ) ਦੀ ਸਜ਼ਾ ਕਿ 3 ਸਾਲ ਹੋ ਗਏ ਹਨ, ਤੇਰੇ ਹੱਥੋਂ ਮੈਨੂੰ ਜ਼ਲੀਲ-ਓ-ਰਿਸਵਾ ਹੁੰਦਿਆਂ। ਮੈਂ ਕਿਉਂ ਨਾ ਆਪਣੇ ਘਰ ਵਾਲਿਆਂ ਨੂੰ ਦੱਸਿਆ। ਤੇਰਾ ਉਦੋਂ ਹੀ ਟਾਂਟਾ ਮੁਕਾ (ਮਾਰ) ਦਿੰਦੇ। ਨਾ ਰਹਿੰਦਾ ਬਾਂਸ ਨਾ ਵੱਜਦੀ ਬਾਂਸੁਰੀ।
ਦਿਲਦਾਰ ਪੀਲਾ ਪੈ ਗਿਆ। ਸਾਰਾ ਸਰੀਰ ਥਰ-ਥਰ ਕੰਬ ਰਿਹਾ ਸੀ। ਜਿਵੇਂ ਉਹਦੀ ਜਾਨ ਨਿਕਲ ਰਹੀ ਹੋਵੇ। ਆਸ਼ਕੀ ਦਾ ਭੂਤ ਮਿੰਟਾਂ ਤੋਂ ਪਹਿਲਾਂ ਉਹਦੇ ਸਿਰ ਤੋਂ ਉਤਰ ਗਿਆ। ਦਿਲਦਾਰ ਨੂੰ ਮੌਤ ਦੇ ਡਰ ਨੇ ਆਣ ਘੇਰਿਆ।
ਦਿਲਦਾਰ ਮਿੰਨਤਾਂ-ਤਰਲਿਆਂ 'ਤੇ ਉੱਤਰ ਆਇਆ। ਉਹਨੇ ਰੇਸ਼ਮਾ ਅੱਗੇ ਬੜੇ ਹਾੜ੍ਹੇ ਕੱਡੇ। ਰੋਣ ਲੱਗ ਪਿਆ, ਗੋਡਿਆਂ ਭਾਰ ਹੋ ਕੇ। ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗੀ। ਪਰ ਰੇਸ਼ਮਾ ਸੀ ਕਿ ਆਪਣੀ ਜ਼ਿੱਦ 'ਤੇ ਅੜੀ ਹੋਈ ਸੀ।
ਨਾ ਮੈਂ ਜਿਊਂਦਿਆਂ ਰਹਿਣਾ ਏ ਨਾ ਕੰਜਰਾ ਮੈਂ ਤੈਨੂੰ ਜਿਊਣ ਜੋਗਾ ਛੱਡਣਾ ਏ। ਤੇਰੇ ਘਰ ਵਾਲਿਆਂ ਦੀਆਂ ਤਾਂ 7 ਪੀੜ੍ਹੀਆਂ ਵੀ, ਬੇਗਾਨੀਆਂ ਧੀਆਂ ਦੀਆਂ ਇੱਜ਼ਤਾਂ ਬਰਬਾਦ ਕਰਨ ਦਾ ਕਦੀ ਸੁਪਨਾ ਵੀ ਨਾ ਦੇਖਣਗੀਆਂ।
ਦਿਲਦਾਰ ਨੇ ਔਰਤਾਂ ਵਾਂਗ ਰੋਣਾ ਸ਼ੁਰੂ ਕਰ ਦਿੱਤਾ। ਸਰੀਰਾਂ ਦੇ ਭੁੱਖੇ ਤੇ ਝੂਠੇ ਆਸ਼ਕ ਹਮੇਸ਼ਾ ਬੁਜ਼ਦਿਲ ਹੁੰਦੇ ਹਨ। ਮੌਤ ਦੇ ਡਰ ਨੇ ਦਿਲਦਾਰ ਨੂੰ ਹਲਕਾ ਕਰਕੇ ਰੱਖ ਦਿੱਤਾ। ਅਖੀਰ ਦਿਲਦਾਰ ਨੇ ਰੇਸ਼ਮਾ ਦੇ ਪੈਰ ਫੜ ਲਏ। ਦਿਲਦਾਰ ਦੀਆਂ ਅੱਖਾਂ ਦੇ ਅੱਥਰੂਆਂ ਨੇ ਰੇਸ਼ਮਾ ਦੇ ਪੈਰ ਧੋ ਦਿੱਤੇ।
ਔਰਤ ਜਦ ਆਪਣੀ ਆਈ 'ਤੇ ਆ ਜਾਵੇ ਤਾਂ ਉਹ ਵੱਡੇ-ਵੱਡੇ ਹੁਕਮਰਾਨਾਂ, ਜਾਬਰਾਂ ਤੇ ਜ਼ਾਲਮਾਂ ਨੂੰ ਆਪਣੇ ਪੈਰਾਂ ਦੀ ਧੂੜ ਚੱਟਣ 'ਤੇ ਮਜਬੂਰ ਕਰ ਦਿੰਦੀ ਹੈ। ਔਰਤ ਤਖ਼ਤ (ਹੁਕਮਰਾਨੀ) ਨੂੰ ਤਖ਼ਤ (ਫਾਂਸੀ ਘਰ) ਬਣਾਉਣ ਦੀ ਸ਼ਕਤੀ ਰੱਖਦੀ ਹੈ। ਕੱਚਿਆਂ 'ਤੇ ਠਿੱਲ੍ਹਣ ਵਾਲੀ ਮਰ ਤਾਂ ਜਾਂਦੀ ਹੈ ਪਰ ਕਦੀ ਕੱਚ ਨਹੀਂ ਕਮਾਉਂਦੀ। ਪਰ ਜਦ ਬਦਲਾ ਲੈਣ 'ਤੇ ਆਉਂਦੀ ਹੈ ਤਾਂ ਜ਼ਖ਼ਮੀ ਨਾਗਣ ਤੋਂ ਵੱਧ ਖ਼ਤਰਨਾਕ ਬਣ ਜਾਂਦੀ ਹੈ। ਸੱਪਣੀ ਦਾ ਡੰਗਿਆ ਤਾਂ ਭਾਵੇਂ ਪਾਣੀ ਮੰਗ ਲਏ ਪਰ ਔਰਤ ਦਾ ਡੰਗਿਆ ਮਰਦ ਪਾਣੀ ਨਹੀਂ ਮੰਗਦਾ।
ਦਿਲਦਾਰ ਨੂੰ ਕੁੜੀਆਂ ਤਰ੍ਹਾਂ ਰੋਂਦਾ ਦੇਖ ਕੇ ਰੇਸ਼ਮਾ ਦਾ ਦਿਲ ਵੀ ਮੋਮ ਵਾਂਗ ਹੋ ਗਿਆ। ਮਨ ਰਹਿਮ ਤੇ ਤਰਸ ਦੇ ਲਪੇਟੇ 'ਚ ਆ ਗਿਆ। ਔਰਤ ਫਿਤਰੀ ਤੌਰ 'ਤੇ ਨਰਮ ਦਿਲ ਹੁੰਦੀ ਹੈ। ਮਰਦਾਂ ਵਾਂਗ ਪੱਥਰ ਦਿਲ ਨਹੀਂ ਹੁੰਦੀ। ਔਰਤ ਨਾ ਜ਼ਾਲਮ ਹੈ। ਔਰਤ ਦੇ ਜਜ਼ਬਾਤ ਨਰਮ-ਓ-ਨਾਜ਼ੁਕ ਤੇ ਮਨ ਰਹਿਮ ਦਿਲੀ ਦੀ ਖੁਸ਼ਬੂ ਨਾਲ ਭਰਿਆ ਹੁੰਦਾ ਹੈ। ਔਰਤ ਮੁਆਫ਼ ਕਰਨ ਦਾ ਮਰਦ ਤੋਂ ਵੱਧ ਹੌਸਲਾ ਰੱਖਦੀ ਹੈ। ਇਸ ਮਾਮਲੇ 'ਚ ਔਰਤ ਮਰਦ ਤੋਂ ਵਫ਼ਾ ਤੇ ਖੁੱਲ੍ਹਾ ਦਿਲ ਰੱਖਦੀ ਹੈ।
ਔਰਤ ਨੂੰ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ। ਨਫ਼ਰਤ ਔਰਤ ਨੂੰ ਗੁਲਾਬ ਦੇ ਝਾਏ ਹੋਏ ਫੁੱਲਾਂ ਵਾਂਗੂ ਕਰ ਦਿੰਦੀ ਦੈ। ਔਰਤ ਵਫ਼ਾਦਾਰ ਹੈ। ਮਰਦ ਬਹੁਤੇ ਹਰਜਾਈ (ਬੇਵਫਾ) ਹੁੰਦੇ ਹਨ। ਹੰਝੂ ਔਰਤ ਦੀ ਕਮਜ਼ੋਰੀ ਹਨ। ਦਿਲਦਾਰ ਦੀਆਂ ਅੱਖਾਂ ਦੇ ਹੰਝੂਆਂ ਨੇ ਰੇਸ਼ਮਾ ਨੂੰ ਮੁਆਫ਼ ਕਰਨ 'ਤੇ ਮਜਬੂਰ ਕਰ ਦਿੱਤਾ।
ਦਿਲਦਾਰ ਮੈਂ ਇਸ ਸ਼ਰਤ 'ਤੇ ਤੈਨੂੰ ਮੁਆਫ਼ ਕਰਦੀ ਹਾਂ, ਕਿ ਸਹੁੰ (ਕਸਮ) ਖਾ ਕਿ ਮੈਨੂੰ ਆਪਣੀ ਭੈਣ ਸਮਝੇਂਗਾ। ਦਿਲਦਾਰ ਨੇ ਆਪਣਾ ਨੀਵਾਂ ਸਿਰ ਹਿਲਾ ਕੇ ਵਾਅਦਾ ਕੀਤਾ ਕਿ ਹਾਂ ਅੱਜ ਤੋਂ ਤੂੰ ਮੇਰੀ ਭੈਣ ਏਂ।
ਦਿਲਦਾਰ ਹਾਲੇ ਤੇਰੀ ਜਾਨ ਨਹੀਂ ਛੁੱਟਣੀ। ਤੂੰ ਕਹਿ ਕਿ ਸਾਰੇ ਪਿੰਡ ਦੀਆਂ ਕੁੜੀਆਂ ਮੇਰੀਆਂ ਭੈਣਾਂ ਹਨ। ਹਾਂ-ਹਾਂ ਮੈਨੂੰ ਇਹ ਵੀ ਮਨਜ਼ੂਰ ਹੈ। ਦਿਲਦਾਰ ਨੇ ਮਰੀ ਜਿਹੀ ਆਵਾਜ਼ 'ਚ ਵਾਅਦਾ ਕੀਤਾ।
ਹਾਲੇ ਮੁਆਫ਼ੀ ਅਧੂਰੀ ਹੈ ਤੂੰ ਕਹਿ ਸਾਰੇ ਪਿੰਡ ਦੀਆਂ ਕੁੜੀਆਂ ਹੀ ਨਹੀਂ, ਬਲਕਿ ਤੇਰੀ ਘਰ ਵਾਲੀ ਤੋਂ ਸਿਵਾ ਤੇਰੀ ਜ਼ਿੰਦਗੀ 'ਚ ਆਉਣ ਵਾਲੀ ਹਰ ਔਰਤ ਨੂੰ ਤੂੰ ਆਪਣੀ ਭੈਣ ਸਮਝੇਂਗਾ।
ਦਿਲਦਾਰ ਇਹ ਸ਼ਰਤ ਸੁਣ ਕੇ ਅੱਗੋਂ ਚੁੱਪ ਰਿਹਾ।
ਰੇਸ਼ਮਾ ਨੇ ਫਿਰ ਆਪਣੀ ਮੁਆਫ਼ੀ ਦੀ ਸ਼ਰਤ ਦੁਹਰਾਈ ਪਰ ਦਿਲਦਾਰ ਕੁਝ ਨਾ ਬੋਲਿਆ।
ਰੇਸ਼ਮਾ ਨੇ ਵੱਟ ਕੇ ਦਿਲਦਾਰ ਦੇ ਮੂੰਹ 'ਤੇ ਚੰਡ ਮਾਰੀ। ਇਕ ਚਪੇੜ ਸੱਜੇ ਦੂਜੀ ਖੱਬੀ ਗਲ੍ਹ 'ਤੇ। ਲਗਾਤਾਰ ਤਾੜ-ਤਾੜ ਚਾਰ-ਪੰਜ ਚਪੇੜਾਂ ਮਾਰ ਕੇ ਰੇਸ਼ਮਾ ਨੇ ਦਿਲਦਾਰ ਨੂੰ ਸਿਰ ਦਿਆਂ ਵਾਲਾਂ ਤੋਂ ਫੜ ਕੇ ਖਿੱਚਾ-ਧਰੂਈ ਸ਼ੁਰੂ ਕਰ ਦਿੱਤੀ। ਔਰਤ ਬਦਲਾ ਲੈਣ 'ਤੇ ਆਏ ਤਾਂ ਸ਼ੇਰਨੀ ਬਣ ਜਾਂਦੀ ਹੈ। ਦਿਲਦਾਰ ਜਵਾਨ ਮੁੰਡਾ ਹੋਣ ਦੇ ਬਾਵਜੂਦ ਰੇਸ਼ਮਾ ਨਾਲ ਲੜਾਈ ਲਈ ਬਿਲਕੁਲ ਨਹੀਂ ਭਿੜਿਆ। ਉਹਨੂੰ ਇਹ ਖੌਫ਼ ਖਾਈ ਜਾਂਦਾ ਸੀ ਕਿ ਰੇਸ਼ਮਾ ਦਾ ਪਿਓ ਤੇ ਭਰਾ ਪਤਾ ਨਹੀਂ ਕਿਸ ਪਲ ਉਨ੍ਹਾਂ ਦੇ ਸਿਰ 'ਤੇ ਆ ਪੁੱਜਣ। ਜੇ ਰੇਸ਼ਮਾ ਦੇ ਮਾਪਿਆਂ ਉਨ੍ਹਾਂ ਨੂੰ ਲੱਭ ਲਿਆ ਤਾਂ ਉਨ੍ਹਾਂ ਦੇ ਸਰੀਰਾਂ ਦੀਆਂ ਬੋਟੀਆਂ ਬਣ ਜਾਣਾ ਯਕੀਨੀ ਸੀ। ਅਜਿਹੀ ਦੁਰਘਟਨਾ ਤੋਂ ਪਹਿਲਾਂ-ਪਹਿਲਾਂ ਹੀ ਦਿਲਦਾਰ ਰੇਸ਼ਮਾ ਨੂੰ ਰਾਜ਼ੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ।
ਰੇਸ਼ਮਾ ਮੈਨੂੰ ਸਭ ਕਬੂਲ ਹੈ। ਰੇਸ਼ਮਾ ਭੈਣ ਮੈਨੂੰ ਮੁਆਫ਼ ਕਰਦੇ। ਮੇਰੀ ਭੁੱਲ ਚੁੱਕ ਮੁਆਫ਼ ਕਰਦੇ। ਰੱਬ ਦਾ ਵਾਸਤਾ ਈ, ਮੈਨੂੰ ਬਖ਼ਸ਼ ਦੇ। ਨਾਲ ਹੀ ਦਿਲਦਾਰ ਦੀਆਂ ਧਾਹਾਂ ਨਿਕਲ ਗਈਆਂ। ਦਿਲਦਾਰ ਦੇ ਸਿਰ 'ਤੇ ਮੌਤ ਦਾ ਖੌਫ਼ ਸਵਾਰ ਹੋ ਗਿਆ ਸੀ, ਜੋ ਉਹਨੂੰ ਜਿਊਂਦੀ ਜਾਨੇ ਮਾਰੀ ਜਾ ਰਿਹਾ ਸੀ। ਦਿਲਦਾਰ ਨੂੰ ਜ਼ਾਰੋ-ਜ਼ਾਰ ਰੋਂਦਿਆਂ ਵੇਖ ਕੇ ਰੇਸ਼ਮਾ ਵੀ ਆਪਣੇ ਹੰਝੂਆਂ 'ਤੇ ਕਾਬੂ ਨਾ ਪਾ ਸਕੀ।
ਰੇਸ਼ਮਾ ਨੇ ਅੱਗੇ ਵਧ ਕੇ ਦਿਲਦਾਰ ਨੂੰ ਗਲ ਨਾਲ ਲਾ ਲਿਆ। ਮੇਰਾ ਵੀਰ, ਮੇਰੇ ਮਾਂ ਜਾਏ ਵੀਰਾਂ ਵਰਗਾ ਭਰਾ।
ਦਿਲਦਾਰ ਵੀਰਿਆ ਮੈਂ ਤੈਨੂੰ ਮੁਆਫ਼ ਕਰ ਦਿੱਤਾ। ਸਵੇਰ ਦਾ ਭੁੱਲਿਆ ਸ਼ਾਮ ਨੂੰ ਵੀ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਦਿਲਦਾਰ ਮੈਂ ਤਾਂ ਤੈਨੂੰ ਮੁਆਫ਼ ਕਰ ਦਿੱਤਾ, ਰੱਬ ਵੀ ਤੈਨੂੰ ਮੁਆਫ਼ ਕਰ ਦਏ।
ਇੰਨੇ ਚਿਰ 'ਚ ਦਿਨ ਚੜ੍ਹ ਗਿਆ ਸੀ। ਰੇਸ਼ਮਾ ਦੇ ਮਾਂ-ਪਿਓ ਤੇ ਭਰਾ ਆਪਣੀ ਹਵੇਲੀ ਦੇ ਫਾਟਕ ਨਾਲ ਬਾਜ਼ਾਰ ਵਾਲੇ ਪਾਸੇ ਦੁੱਧ ਵਾਲੀ ਖਾਲੀ ਬਾਲਟੀ ਤੇ ਕੈਨੀ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸਨ। ਸਾਰਿਆਂ ਦੇ ਮੂੰਹ ਕੁਮਲਾਏ ਹੋਏ ਸਨ। ਪ੍ਰੇਸ਼ਾਨੀ ਪਲ-ਪਲ ਵਧਦੀ ਜਾ ਰਹੀ ਸੀ। ਨਾ ਕਿਸੇ ਕੋਲੋਂ ਕੁਝ ਪੁੱਛਣ ਜੋਗੇ, ਨਾ ਕਿਸੇ ਨੂੰ ਕੁਝ ਦੱਸਣ ਜੋਗੇ।
ਇਨ੍ਹਾਂ ਪਲਾਂ 'ਚ ਹੀ ਰੇਸ਼ਮਾ ਵੀ ਆਪਣੇ ਘਰ ਵਾਲਿਆਂ ਕੋਲ ਆਣ ਪੁੱਜੀ। ਸਾਰੇ ਘਰ ਵਾਲੇ ਰੇਸ਼ਮਾ ਨੂੰ ਮਾਰਨ-ਕੁੱਟਣ ਦੀ ਨੀਅਤ ਨਾਲ ਉਹਦੇ ਵੱਲ ਵਧੇ। ਰੇਸ਼ਮਾ ਨੇ ਰੋਂਦਿਆਂ ਹੋਇਆਂ ਪਿਓ-ਭਰਾਵਾਂ ਅੱਗੇ ਬੇਨਤੀ ਕੀਤੀ ਕਿ ਇਥੇ ਮੁਹੱਲੇ ਵਾਲਿਆਂ 'ਚ ਮੇਰਾ ਤਮਾਸ਼ਾ ਨਾ ਬਣਾਓ। ਘਰ ਲੈ ਜਾ ਕੇ ਮੇਰੀ ਗੱਲ ਸੁਣ ਲਓ। ਫਿਰ ਭਾਵੇਂ ਮੇਰੇ ਨਾਲ ਜੋ ਮਰਜ਼ੀ ਸਲੂਕ ਕਰ ਲੈਣਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖਾਲਸਾ ਹਾਊਸ, ਚਕ ਨੰ: 97/ਆਰ. ਬੀ. ਜੌਹਲ
ਫੋਨ : 0092-300-7607983, 0092-041-4689283.


ਖ਼ਬਰ ਸ਼ੇਅਰ ਕਰੋ

ਪਿਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਕਈ ਵਾਰੀ ਇਹ ਵੀ ਵੇਖਣ ਵਿਚ ਆਇਆ ਹੈ ਕਿ ਮਾਂ ਇਕ ਬੇਟੇ ਨਾਲ ਰਹਿੰਦੀ ਹੈ ਅਤੇ ਪਿਤਾ ਦੂਜੇ ਬੇਟੇ ਨਾਲ। ਇਸ ਤਰ੍ਹਾਂ ਜਿਊਂਦੇ ਜੀਅ ਜੀਵਨ ਸਾਥੀਆਂ ਨੂੰ ਔਲਾਦ ਵੱਲੋਂ ਵੰਡਣਾ ਸਾਡੇ ਸਮਾਜ ਦਾ ਵੱਡਾ ਦੁਖਾਂਤ ਹੈ।
* ਸ਼ਹਿਰਾਂ ਵਿਚ ਕਦੇ ਘਰ ਦਾ ਕਰਤਾ-ਧਰਤਾ ਰਿਹਾ ਪਿਤਾ ਬੁਢਾਪੇ ਵਿਚ ਪਿਛਲੇ ਕਮਰੇ ਵਿਚ ਇਕ ਫਾਲਤੂ ਚੀਜ਼ ਸਮਝ ਕੇ ਨਿਰਜਿੰਦ ਕਬਾੜ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ। ਪਰਿਵਾਰ ਨਾਲ ਸਬੰਧਤ ਖੁਸ਼ੀ, ਗ਼ਮੀ ਦੀ ਉਸ ਨੂੰ ਭਿਣਕ ਨਹੀਂ ਪੈਣ ਦਿੱਤੀ ਜਾਂਦੀ।
* ਧੀ ਦੀ ਸ਼ਾਦੀ ਦੇ ਵਿਆਹ ਲਈ ਪਿਤਾ ਨੂੰ ਜੋ ਮੁਸ਼ਕਿਲਾਂ ਸਮਾਜ ਵਿਚ ਆਉਂਦੀਆਂ ਹਨ ਤੇ ਬੁੱਢੇ ਮਾਂ-ਪਿਓ ਪ੍ਰਤੀ ਅੱਜਕਲ੍ਹ ਦੀ ਔਲਾਦ ਦਾ ਜੋ ਰਵੱਈਆ ਹੈ, ਉਸ ਹਾਲਤ ਵਿਚ ਇਹ ਸ਼ਿਅਰ ਬੜਾ ਢੁਕਦਾ ਨਜ਼ਰ ਆਉਂਦਾ ਹੈ:
ਹਰ ਸਮੇਂ ਜੁੜਦਾ, ਬਿਖਰਦਾ, ਉਸਰਦਾ ਢਹਿੰਦਾ, ਰਿਹਾ ਮੈਂ,
ਜਦ ਕਿਸੇ ਪੁੱਛਿਆ ਤਾਂ ਬਿਲਕੁਲ ਠੀਕ ਹਾਂ ਕਹਿੰਦਾ ਰਿਹਾ ਮੈਂ।
* ਪਿਤਾ ਇਕ ਅਜਿਹਾ ਇਨਸਾਨ ਹੋਣਾ ਚਾਹੀਦਾ ਹੈ ਜਿਸ ਨੂੰ ਮਾਂ-ਭੈਣ, ਪਤਨੀ ਅਤੇ ਬੱਚੇ ਆਪਣਾ ਕਹਿਣ 'ਤੇ ਮਾਣ ਮਹਿਸੂਸ ਕਰਨ।
* ਪਿਤਾ ਨੂੰ ਅਜਿਹੀ ਸੋਚ ਦਾ ਧਾਰਨੀ ਨਹੀਂ ਹੋਣਾ ਚਾਹੀਦਾ ਜਿਵੇਂ ਇਸ ਲਾਈਨ ਵਿਚ ਦਰਸਾਇਆ ਗਿਆ ਹੈ ਕਿ 'ਜੱਟ ਦੀ ਅਕਲ, ਵੇਚ ਕੇ ਫ਼ਸਲ ਤੇ ਲੈ ਲਈ ਰਫਲ।'
* ਹਾਸਰਸ: ਪਿਤਾ (ਪੁੱਤਰ ਨੂੰ) 10+2 ਤੋਂ ਬਾਅਦ ਕੀ ਕਰੇਂਗਾ। ਪੁੱਤ-ਬੀ.ਸੀ.ਏ.। ਪਿਤਾ ਬਹੁਤ ਵਧੀਆ ਪਰ ਇਹ ਬੀ.ਸੀ.ਏ. ਕੀ ਹੁੰਦੀ ਹੈ। ਪੁੱਤਰ-ਬਾਪੂ ਦੇ ਕੈਸ਼ 'ਤੇ ਐਸ਼। ਬੱਚਿਆਂ ਨੂੰ ਅਜਿਹੀ ਸੋਚ ਦਾ ਧਾਰਨੀ ਨਹੀਂ ਬਣਨਾ ਚਾਹੀਦਾ।
* ਪਿਤਾ ਬੱਚਿਆਂ ਨੂੰ ਖਾਣ-ਪਹਿਨਣ ਨੂੰ ਦਿੰਦਾ ਹੈ। ਉਹ ਜੇਕਰ ਇਕ ਦੋ ਕੌੜੀਆਂ ਗੱਲਾਂ ਕਹਿ ਵੀ ਦੇਵੇ ਤਾਂ ਉਸ ਨੂੰ ਵੀ ਖਾਣ-ਪੀਣ ਵਿਚ ਹੀ ਸਮਝਣਾ ਚਾਹੀਦਾ ਹੈ।
* ਜਦੋਂ ਮਾਂ ਮਰ ਜਾਂਦੀ ਹੈ ਤਾਂ ਦੁਆਵਾਂ ਦੇਣ ਵਾਲਾ ਕੋਈ ਨਹੀਂ ਰਹਿੰਦਾ ਤੇ ਜਦੋਂ ਪਿਤਾ ਮਰ ਜਾਂਦਾ ਹੈ ਤਾਂ ਹੌਸਲਾ ਦੇਣ ਵਾਲਾ ਕੋਈ ਨਹੀਂ ਰਹਿੰਦਾ।
* ਫਾਦਰ ਤੇ ਹੋਰ ਵੀ ਬਹੁਤ ਚੰਗੇਰਾ ਬਣ ਸਕਦਾ ਹੈ ਜੇ ਇਸ ਦਿਨ ਬੱਚੇ ਪ੍ਰਣ ਕਰਨ ਕਿ ਅਸੀਂ ਬਚਪਨ ਵਿਚ ਭਾਵੇਂ ਮਾਂ-ਬਾਪ ਦੇ ਕੱਪੜੇ ਗਿੱਲੇ ਕਰਦੇ ਰਹੇ ਹਾਂ ਪਰ ਬੁਢਾਪੇ ਵਿਚ ਅਸੀਂ ਉਨ੍ਹਾਂ ਦੀ ਅੱਖ ਗਿੱਲੀ ਨਹੀਂ ਹੋਣ ਦਿਆਂਗੇ। ਉਨ੍ਹਾਂ ਦੀ ਸ਼ਾਨ ਦੇ ਖਿਲਾਫ਼ ਮੰਦੇ ਬੋਲ ਨਹੀਂ ਬੋਲਾਂਗੇ। ਗੁੱਸੇ ਵੇਲੇ ਉਨ੍ਹਾਂ ਨਾਲ ਜ਼ਹਿਰ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਾਂਗੇ। ਮੌਤ ਦੇ ਦਿਨ ਤੋਂ ਹੀ ਉਨ੍ਹਾਂ ਨੂੰ ਸਨਮਾਨ ਦੇਣਾ ਸ਼ੁਰੂ ਨਹੀਂ ਕਰਾਂਗੇ, ਸਗੋਂ ਜਿਊਂਦੇ ਜੀਅ ਬੁਢਾਪੇ ਸਮੇਂ ਉਨ੍ਹਾਂ ਦਾ ਵੱਧ ਤੋਂ ਵੱਧ ਧਿਆਨ ਰੱਖਾਂਗੇ ਤੇ ਸਨਮਾਨ ਕਰਾਂਗੇ ਤਾਂ ਕਿ ਉਹ ਆਪਣੀ ਔਲਾਦ 'ਤੇ ਮਾਣ ਮਹਿਸੂਸ ਕਰਨ।

-ਮੋਬਾਈਲ : 99155-63406.

ਨੌਂ... ਦੋ... ਗਿਆਰਾਂ

ਲਾਲੂ ਪ੍ਰਸਾਦ ਯਾਦਵ... ਇਨ੍ਹਾਂ ਵੀ ਬੜੇ ਗਰੀਬ ਪਰਿਵਾਰ 'ਚ ਜਨਮ ਲਿਆ। ਗ਼ਰੀਬ ਪਰਿਵਾਰ 'ਚ ਹੀ ਵਿਆਹ ਹੋਇਆ... ਗ਼ਰੀਬੀ 'ਚ, ਅਤਿਅੰਤ ਤੰਗੀ 'ਚ, ਇਨ੍ਹਾਂ ਨੇ 'ਹਮ ਦੋ, ਹਮਾਰੇ ਦੋ' 'ਤੇ ਅਮਲ ਨਹੀਂ ਕੀਤਾ। ਲਾਲੂ ਨੂੰ ਇਨ੍ਹਾਂ ਨੇ ਵੀ ਇਹੋ ਆਖਿਆ ਹੋਣਾ ਹੈ, ਲਾ ਲਿਆ, ਜਿਵੇਂ ਮਰਜ਼ੀ ਐ ਲਿਆ, ਜਿਥੋਂ ਮਰਜ਼ੀ ਐ ਲਿਆ... ਬੇਸ਼ੱਕ 'ਲੂਟ ਕਰ ਲਾ।'
ਲਾਲੂ ਦਾ ਲੂੰ... ਲੂੰ... ਜਾਗ੍ਰਿਤ ਹੋ ਗਿਆ...ਉਨ੍ਹਾਂ ਹੁਣੇ-ਹੁਣੇ ਹੀ ਤਾਜ਼ਾ ਬਿਆਨ ਦਿੱਤਾ ਹੈ ਕਿ 'ਅਗਰ ਹਮ ਗ਼ਰੀਬ ਥੇ, ਤੋ ਕਯਾ ਜ਼ਰੂਰੀ ਹੈ ਕਿ ਹਮਾਰੇ ਬੱਚੇ ਭੀ ਗਰੀਬ ਰਹੇਂ?' ਆਮ ਕਰਕੇ ਜਿਹੜੇ ਗਰੀਬ ਹੁੰਦੇ ਹਨ, ਉਨ੍ਹਾਂ ਨੂੰ ਢੋਲਕੀਆਂ, ਛੈਣੇ ਫੜਾ ਕੇ ਇਹੋ ਧਰਵਾਸ ਦਿੱਤਾ ਜਾਂਦਾ ਹੈ ਕਿ ਜ਼ੋਰ-ਜ਼ੋਰ ਨਾਲ ਢੋਲਕੀਆਂ ਕੁੱਟ ਕੇ, ਛੈਣੇ ਵਜਾ ਕੇ ਭਜਨ ਗਾਓ...
ਰਾਮ ਨਾਮ ਕੀ ਲੂਟ ਹੈ
ਲੂਟ ਸਕੇ ਤੋ ਲੂਟ।
ਲਾਲੂ ਨੂੰ ਅੰਦਰੋਂ ਜਾਗ੍ਰਿਤੀ ਆਈ ਹੋਈ ਸੀ, ਉਹਨੂੰ ਪੂਰਾ ਅਹਿਸਾਸ ਸੀ...
'ਲੂਟ ਤੋ ਪੈਸੇ ਕੀ ਹੋਤੀ ਹੈ...
ਲਾਲੂ, ਲੂਟ ਸਕੇ ਤੋ ਲੂਟ।
ਬੰਦੇ ਦੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਦਿਮਾਗੀ ਸੋਚ ਦ੍ਰਿੜ੍ਹ ਹੋਣੀ ਚਾਹੀਦੀ ਹੈ... ਜੋ ਸੋਚਿਆ ਹੈ ਇਕ ਦਿਨ ਉਸ ਨੂੰ ਪੂਰਿਆਂ ਕਰ ਹੀ ਲੈਂਦਾ ਹੈ।
ਸਾਇੰਸਦਾਨ ਏਦਾਂ ਹੀ ਤਾਂ ਨਵੀਆਂ-ਨਵੀਆਂ ਕਾਢਾਂ ਕੱਢਦੇ ਹਨ। ਜਿਹੜੇ ਲੱਗੇ ਰਹੇ ਕਿ ਰੇਡੀਓ ਦੀ ਕਾਢ ਕੱਢਣੀ ਹੈ, ਉਹ ਅੰਤ 'ਚ ਕਾਮਯਾਬ ਹੋ ਹੀ ਗਏ, ਜਿਹੜੇ ਟੀ. ਵੀ. ਦੀ ਕਾਢ ਕੱਢਣ 'ਚ ਲੱਗੇ ਰਹੇ, ਉਹ ਇਕ ਦਿਨ ਸਫ਼ਲ ਹੋ ਹੀ ਗਏ... ਅੱਜ ਘਰ-ਘਰ ਰੰਗੀਨ ਟੀ. ਵੀ. ਹੈ।
ਇਕ ਰਾਜਨੀਤੀ ਵਿਗਿਆਨ ਹੈ, ਪੈਸਾ ਕਮਾਉਣ ਲਈ ਸਭ ਤੋਂ ਆਸਾਨ ਹੈ... ਰਾਜਨੀਤੀ 'ਚ ਆ ਜਾਓ, ਤਿਗੜਮ ਨਾਲ, ਵੱਡੇ ਲੀਡਰ ਬਣ ਜਾਓ... ਰਾਜਨੀਤਕ ਲੀਡਰ ਹੀ ਵਜ਼ੀਰ, ਮੁੱਖ ਮੰਤਰੀ ਜਾਂ ਕੇਂਦਰ 'ਚ ਰੇਲ ਮੰਤਰੀ ਬਣ ਜਾਂਦੇ ਹਨ। ਕੋਈ ਇਮਤਿਹਾਨ ਨਹੀਂ ਦੇਣੇ ਪੈਂਦੇ, ਕੋਈ ਯੂਨੀਵਰਸਿਟੀਆਂ ਦੇ ਸਰਟੀਫਿਕੇਟ ਨਹੀਂ ਲੈਣੇ ਪੈਂਦੇ।
ਭਲਾ ਹੋਵੇ, ਜੈ ਪ੍ਰਕਾਸ਼ ਨਾਰਾਇਣ ਜੀ ਦਾ... ਜਾਂ ਇਹ ਆਖ ਲਈਏ ਕਿ ਭਲਾ ਹੋ ਗਿਆ ਲਾਲੂ ਯਾਦਵ ਦਾ, ਜਿਹੜਾ ਉਨ੍ਹਾਂ ਤੋਂ ਮੁਤਾਸਿਰ ਹੋ ਕੇ, ਗਰੀਬ ਜਨਤਾ ਦੇ ਭਲੇ ਲਈ ਜਨਤਾ ਦਲ 'ਚ ਆ ਗਏ।
ਇਕ ਦਿਲ ਕੇ ਟੁਕੜੇ ਹਜ਼ਾਰ ਹੂਏ, ਕੋਈ ਯਹਾਂ ਗਿਰਾ, ਕੋਈ ਵਹਾਂ ਗਿਰਾ... ਇਕ ਦਲ (ਜਨਤਾ ਦਲ) ਕੇ ਟੁਕੜੇ ਕਈ ਹੂਏ, ਏਕ ਭਾਰਤੀ ਜਨਤਾ ਪਾਰਟੀ ਕਾ ਹੂਆ, ਏਕ ਦੇਵੋ ਗੌੜਾ ਕਾ ਹੂਆ, ਏਕ ਨਿਤਿਸ਼ ਕੁਮਾਰ ਕਾ ਹੂਆ, ਏਕ ਲਾਲੂ ਯਾਦਵ ਕਾ ਹੂਆ, ਨਿਤਿਸ਼ ਕੁਮਾਰ ਦਾ ਜਨਤਾ ਦਲ (ਯੂ) ਤੇ ਲਾਲੂ ਯਾਦਵ ਦਾ ਰਾਸ਼ਟਰੀ ਲੋਕ ਦਲ (ਆਰ. ਜੇ. ਡੀ.) ਜਦੋਂ ਲਾਲੂ ਪ੍ਰਸਾਦ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਤਾਂ ਪੰਜਾਬੀ 'ਚ ਕਹਾਵਤ ਹੈ, ਦੇ ਅਨੁਸਾਰ:
ਤੂੰ ਕਾਹਦਾ ਪਟਵਾਰੀ,
ਮੁੰਡਾ ਮੇਰਾ ਰੋਏ ਅੰਬ ਨੂੰ!
ਰਾਬੜੀ ਨੇ ਤਾਅਨਾ ਦਿੱਤਾ ਹੋਣਾ ਹੈ...
'ਤੂੰ ਕਾਹਦਾ ਮੁੱਖ ਮੰਤਰੀ ਕਿ...' ਐਥੇ ਤਾਂ ਪਟਵਾਰੀ ਹੀ ਮਾਣ ਨਹੀਂ, ਕਿਥੇ ਮੁੱਖ ਮੰਤਰੀ।
ਲਾਲੂ ਨੇ ਧੀਰਜ ਦਿੱਤਾ, 'ਮੁੱਠ ਰੱਖ, ਮੁੱਖ ਬੰਦ ਰੱਖ, ਦੇਖ ਜਲਵੇ ਤੂੰ ਮੁੱਖ ਮੰਤਰੀ ਦੇ।' ਗਰੀਬਾਂ ਦੇ 'ਮਸੀਹੇ' ਨੇ ਗਰੀਬਾਂ ਲਈ ਕੀ ਕੀਤਾ? ਅੱਜ ਤਾਈਂ ਪਤਾ ਨਹੀਂ ਕਿ ਕੁਝ ਕੀਤਾ ਕਿ ਨਹੀਂ ਕੀਤਾ ਪਰ ਆਪਣੇ ਟੱਬਰ ਦੀ ਗਰੀਬਾਂ ਵਾਲੀ ਲਾਹਨਤ ਨੂੰ ਦੂਰ ਕਰਨ ਲਈ ਫੇਮਸ 'ਚਾਰਾ ਘੁਟਾਲਾ' ਕੀਤਾ।
ਮੰਦੇ ਕੰਮ ਕਰੋਗੇ ਤਾਂ ਅੱਜ ਨਹੀਂ ਤਾਂ ਕੱਲ੍ਹ, ਕਦੇ ਵੀ, ਉਹ ਜਗ ਜ਼ਾਹਿਰ ਹੋ ਹੀ ਜਾਏਗਾ, ਤੇ ਉਹਦਾ ਮੰਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ।
ਬਿਹਾਰ ਦੇ ਮੁੱਖ ਮੰਤਰੀ ਦੀ ਕੁਰਸੀ... ਮੁਕੱਦਮਾ ਹੀ ਹੋਇਆ ਹੈ ਨਾ... ਝਟ ਸੋਚ ਲਿਆ, ਜਿਊਂਦੀ ਰਹੇ ਮੇਰੇ ਬੱਚਿਆਂ ਦੀ ਮਾਂ... ਰਾਬੜੀ ਦੇਵੀ ਨੂੰ ਬਿਹਾਰ ਦੀ ਮੁੱਖ ਮੰਤਰੀ ਬਣਾ ਦਿੱਤਾ। ਕੋਈ ਨਾ ਹਿੰਦੂਆਂ 'ਚ, ਸੱਤ ਫੇਰਿਆਂ 'ਚ, ਕਈ ਫੇਰਿਆਂ 'ਚ ਪਤਨੀ ਅੱਗੇ ਹੁੰਦੀ ਹੈ ਤੇ ਪਤੀ ਪਿੱਛੇ। ਲਾਲੂ ਪਿੱਛੇ-ਪਿੱਛੇ ਬੈਠਾ, ਰਾਬੜੀ ਨੂੰ ਟਰੇਂਡ ਕਰਦਾ ਰਿਹਾ... ਰਾਬੜੀ ਦੇਵੀ, ਇਕ ਵਾਰੀ ਨਹੀਂ ਤਿੰਨ ਵਾਰੀ ਬਿਹਾਰ ਦੀ ਮੁੱਖ ਮੰਤਰੀ ਰਹੀ। ਇਹ ਮਾਣ ਸ਼ਾਇਦ ਹੀ ਕਿਸੇ ਹੋਰ ਅਨਪੜ੍ਹ ਇਸਤਰੀ ਨੂੰ ਹਿੰਦੁਸਤਾਨ 'ਚ ਜਾਂ ਕਿਸੇ ਵਿਦੇਸ਼ 'ਚ ਨਸੀਬ ਹੋਇਆ ਹੋਵੇ।
ਇਕ ਲਾਲੂ, ਇਕ ਰਾਬੜੀ, ਇਕ+ਇਕ=ਦੋ। ਇਨ੍ਹਾਂ ਦੋਵਾਂ ਦੇ ਨੌਂ। ਮਤਲਬ ਨੌਂ ਦੋ ਗਿਆਰਾਂ।
ਕ੍ਰਿਕਟ... ਸਭ ਤੋਂ ਅਮੀਰੀ ਵਾਲੀ ਖੇਡ ਹੈ, ਲਾਲੂ ਦੇ ਘਰ 'ਚ ਹੀ ਕ੍ਰਿਕਟ ਟੀਮ ਬਣ ਗਈ। ਲਾਲੂ ਯਾਦਵ, ਬਿਹਾਰ ਕ੍ਰਿਕਟ ਟੀਮ ਦੇ ਮੁਖੀ ਵੀ ਬਣੇ ਰਹੇ, ਇਨ੍ਹਾਂ ਆਪਣੇ ਸਪੁੱਤਰ ਤੇਜਸਵੀ ਨੂੰ ਕ੍ਰਿਕਟ ਖਿਡਾਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਿਤਾ ਦੀ ਮਿਹਰਬਾਨੀ ਦਾ ਫਲ, ਉਹ ਬਿਹਾਰ ਕ੍ਰਿਕਟ ਟੀਮ ਦੇ ਬਾਰ੍ਹਵੇਂ ਖਿਡਾਰੀ ਤੱਕ ਹੀ ਪਹੁੰਚ ਸਕਿਆ, ਜਿਹਦੀ ਡਿਊਟੀ ਹੁੰਦੀ ਹੈ ਕਿ ਮੈਚ 'ਚ ਖੇਡ ਰਹੇ ਟੀਮ ਦੇ ਖਿਡਾਰੀਆਂ ਨੂੰ ਲੋੜ ਪੈਣ 'ਤੇ ਪਾਣੀ ਪਿਆ ਸਕੇ ਜਾਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ 'ਤੇ ਨਵਾਂ ਬੱਲਾ ਦੇ ਸਕੇ।
ਸਪੁੱਤਰ ਜ਼ਿਆਦਾ ਪੜ੍ਹ ਵੀ ਨਹੀਂ ਸਕਿਆ, ਲੈ ਅੱਠ ਜਮਾਤਾਂ ਘੱਟ ਹੁੰਦੀਆਂ ਨੇ... ਲਾਲੂ ਨੇ ਆਪਣੇ ਰਾਜ 'ਚ ਚਰਵਾਹਾ ਸਕੂਲ ਖੋਲ੍ਹੇ ਸਨ। ਚਰਵਾਹੇ, ਚਰਵਾਹੇ ਹੀ ਰਹੇ, ਸਕੂਲ ਬੰਦ ਹੋ ਗਏ। ਪੁੱਤਰ ਚਰਵਾਹਾ ਸਕੂਲ 'ਚ ਦਾਖਲ ਨਹੀਂ ਸੀ, ਸ਼ਾਨਦਾਰ ਅੰਗਰੇਜ਼ੀ ਸਕੂਲ ਦਾ ਸਟੂਡੈਂਟ ਸੀ।
ਹੁਣ ਤਾਈਂ ਤਾਂ ਲਾਲੂ ਜੀ, ਭਲਾ ਹੋਵੇ ਚਾਰਾ ਘੁਟਾਲੇ ਦਾ, ਕਾਫ਼ੀ ਪੈਸੇ ਵਾਲੇ ਹੋ ਗਏ ਸਨ।
ਅਮੀਰਾਂ ਦੇ ਪੁੱਤਰ ਪੜ੍ਹਨ ਨਾ ਪੜ੍ਹਨ ਕੀ ਫਰਕ ਪੈਂਦੈ।
ਜਿਨ੍ਹਾਂ ਘਰ ਦਾਣੇ, ਉਨ੍ਹਾਂ ਦੇ ਕਮਲੇ ਵੀ ਸਿਆਣੇ।
ਅੱਜ, ਲਾਲੂ ਜੀ ਦੇ ਦੋਵੇਂ 'ਸਪੁੱਤਰ' ਬਿਹਾਰ ਸਰਕਾਰ 'ਚ ਮੰਤਰੀ ਹਨ, ਤੇਜਸਵੀ ਯਾਦਵ ਉਪ-ਮੁੱਖ ਮੰਤਰੀ ਹੈ ਤੇ ਛੋਟਾ ਕੈਬਨਿਟ ਮੰਤਰੀ ਹੈ।
ਹੱਸਣਾ ਨਾ... ਅਸਲ 'ਚ ਜਿਹੜਾ ਵੱਡਾ ਮੁੰਡਾ ਹੈ, ਤੇਜਸਵੀ ਯਾਦਵ, ਉਹ ਛੋਟਾ ਮੁੰਡਾ ਹੈ ਤੇ ਜਿਹੜਾ ਛੋਟਾ ਮੁੰਡਾ ਹੈ, ਉਹ ਵੱਡਾ ਮੁੰਡਾ ਹੈ। ਇਲੈਕਸ਼ਨ ਕਮਿਸ਼ਨ ਦੇ ਪਰਚਿਆਂ 'ਚ ਜਿਹੜੀ ਦੋਵਾਂ ਦੀ ਬਰਥ ਡੇਟ (ਜਨਮ ਤਾਰੀਕ) ਲਿਖੀ ਗਈ ਹੈ, ਉਹ ਉਲਟ-ਪੁਲਟ ਹੋ ਗਈ।
ਉਲਟਾ-ਪੁਲਟਾ, ਲਾਲੂ ਰਾਜ 'ਚ ਸਭ ਚਲਦਾ ਹੈ। ਮੁਕਦੀ ਗੱਲ ਤਾਂ ਇਹ ਹੈ ਕਿ ਦੋਵੇਂ ਮੁੰਡੇ ਬਿਹਾਰ ਸਰਕਾਰ 'ਚ ਕੈਬਨਿਟ ਮੰਤਰੀ ਹਨ। ਹਾਂ, ਹੁਣ ਸਪੱਸ਼ਟ ਹੋਇਆ ਹੈ ਕਿ ਜਦ ਲਾਲੂ ਜੀ ਕੇਂਦਰ 'ਚ ਰੇਲ ਮੰਤਰੀ ਬਣੇ ਤਾਂ ਹੀ ਉਨ੍ਹਾਂ ਦੇ ਵਿਹੜੇ ਪੈਸਿਆਂ ਦੀ ਰੇਲ-ਮੇਲ ਹੋ ਗਈ।
ਲਾਲੂ ਜੀ ਨੇ ਰੇਲ ਚਲਾਈ
ਹਰ ਕੋਈ ਹੱਕਾ-ਬੱਕਾ
ਡੱਬੇ ਭਰ ਭਰ ਪੈਸੇ ਆਏ
ਲਾਲੂ ਮੰਤਰੀ ਪੱਕਾ।
ਭੈੜੀ ਕਿਸਮਤ, ਲਾਲੂ ਜੀ ਚਾਰੇ ਘੁਟਾਲੇ 'ਚ ਦੋਸ਼ੀ ਪਾਏ ਗਏ, ਪੰਜ ਸਾਲ ਦੀ ਜੇਲ੍ਹ ਹੋ ਗਈ, ਇਲੈਕਸ਼ਨ ਲੜ ਨਹੀਂ ਸਕਦੇ। ਇਸ ਸਮੇਂ ਥੋੜ੍ਹੀ ਜੇਲ੍ਹ ਕੱਟਣ ਮਗਰੋਂ ਜ਼ਮਾਨਤ 'ਤੇ ਹਨ, ਮੁਕੱਦਮਾ ਜਾਰੀ ਹੈ, ਪਤਾ ਨਹੀਂ ਅੱਗੋਂ ਕੀ ਨਸੀਬ 'ਚ ਲਿਖਿਐ, ਉਨ੍ਹਾਂ ਨੂੰ ਖੁਦ ਡਰ ਸਤਾ ਰਿਹਾ ਹੈ ਕਿ ਮਤਾਂ ਮੁੜ ਜੇਲ੍ਹ 'ਚ ਨਾ ਜਾਣਾ ਪਵੇ।
ਪਰ ਜਿਵੇਂ ਆਪਣੇ ਪਰਿਵਾਰ ਦੇ ਹਰ ਮੈਂਬਰ ਨੂੰ ਉਨ੍ਹਾਂ ਕਰੋੜਾਂ ਪਤੀ ਬਣਾ ਦਿੱਤਾ ਹੈ, ਇਹੋ ਜਿਹਾ ਕਮਾਲ ਕੋਈ ਹੋਰ ਨੇਤਾ ਤਾਂ ਬਿਲਕੁਲ ਨਹੀਂ ਕਰ ਸਕਦਾ... ਵੇਖੋ...
* ਦੋਵੇਂ ਪੁੱਤਰ ਬਿਹਾਰ ਦੇ, ਕੈਬਨਿਟ ਮੰਤਰੀ, ਤੇਜਸਵੀ 'ਤੇ ਕਰੋੜਾਂ ਰੁਪਏ, ਬੇਨਾਮੀ ਕੰਪਨੀਆਂ ਰਾਹੀਂ ਜਾਇਦਾਦ ਖਰੀਦਣ ਦਾ ਦੋਸ਼ ਹੈ।
* ਧੀ ਮੀਸਾ ਭਾਰਤੀ 'ਤੇ ਐਦਾਂ ਦੇ ਹੀ ਦੋਸ਼ ਹਨ, ਸਣੇ ਪਤੀ ਸ਼ੈਲੇਸ ਦੇ... ਉਹ ਰਾਜ ਸਭਾ ਦੀ ਮੈਂਬਰ ਹੈ।
* ਰਾਬੜੀ ਦੇਵੀ... ਬਿਹਾਰ ਕੌਂਸਲ ਦੀ ਮੈਂਬਰ ਹੈ।
ਬਾਕੀ ਧੀਆਂ ਵੀ ਮੌਜ ਕਰ ਰਹੀਆਂ ਹਨ। ਸਭਨਾਂ 'ਤੇ ਭ੍ਰਿਸ਼ਟਾਚਾਰ ਦੇ ਭਾਰੀ ਦੋਸ਼ ਹਨ, ਪਰ ਧਨ ਨੇ ਲਾਲੂ ਦੇ ਪੈਰੋਕਾਰ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਰਿਹਾ ਕਿ ਲਾਲੂ ਪਰਿਵਾਰ ਨੇ ਜਿਹੜੀ ਹਜ਼ਾਰਾਂ ਕਰੋੜ ਦੀ ਜਾਇਦਾਦ ਬਣਾਈ ਹੈ, ਉਹ ਗ਼ਲਤ ਹੈ, ਬਸ ਇਹੋ ਰੌਲਾ ਪਾਈ ਫਿਰਦੇ ਹਨ ਕਿ ਇਹ ਮੋਦੀ ਤੇ ਸ਼ਾਹ ਦੀ ਬਦਲਾ-ਲਊ ਨੀਤੀ ਕਾਰਨ ਹੀ ਸੀ.ਬੀ.ਆਈ., ਈ.ਡੀ., ਇਨਕਮ ਟੈਕਸ, ਅਥਾਰਟੀ ਇਨ੍ਹਾਂ ਦੇ ਪਿੱਛੇ ਪਏ ਹਨ।
ਹਾਂ, ਬਿਹਾਰ 'ਚ ਤੇਜਸਵੀ ਯਾਦਵ ਜਿਹੜੀ ਸਭ ਤੋਂ ਵੱਡੀ ਲੱਖਾਂ, ਕਰੋੜਾਂ ਰੁਪਿਆਂ ਦੀ ਮਾਲ ਬਣਾ ਰਿਹਾ ਹੈ, ਉਹ ਕੰਪਨੀ ਦਾ ਨਾਂਅ ਹੈ 'ਲਾਰਾ।'
ਲਾਰਾ ਯਾਨਿ ਲਾਲੂ-ਰਾਬੜੀ।
ਪਰ ਹੈ ਤਾਂ ਵੈਸਟ ਇੰਡੀਜ਼ ਦੇ ਪ੍ਰਸਿੱਧ ਕ੍ਰਿਕਟਰ 'ਲਾਰਾ', ਦੇ ਨਾਂਅ 'ਤੇ ਵੀ ਲਾਰਾ ਜਿਹੜੇ ਛੱਕੇ ਲਾਉਣ ਲਈ ਮਸ਼ਹੂਰ ਹੈ। ਓ ਭਾਈ, ਕੀ ਲਾਲੂ ਜੀ ਨੇ ਉਹਦੇ ਤੋਂ ਘੱਟ ਛੱਕੇ ਲਾਏ ਹਨ, ਆਪ ਵੀ ਛਕਿਆ, ਟੱਬਰ ਨੂੰ ਵੀ ਛਕਾਇਆ।

ਇਹ ਹਨ ਇਲਜ਼ਾਮ ਮੇਰੇ ਸਿਰ

ਮੈਂ ਸੂਰਜ ਚੜਿਆ, ਚੰਨ ਪਕੜਿਆ, ਚਾਨਣ ਉਦੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ,
ਦਿਨਾਂ ਤੋਂ ਹਾਦਸੇ ਲੈ ਲੈ ਕੇ ਰਾਤਾਂ ਤੋਂ ਨਹੀਂ ਡਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਘਰ ਦੇ ਸ਼ੀਸ਼ਿਆਂ ਕੋਲੋਂ ਕਰਾਇਐ ਕਤਲ ਅਕਸ ਅਪਣਾ,
ਲਹੂ ਦਾ ਇਕ ਵੀ ਅੱਥਰੂ ਪਰ ਕਿਸੇ ਸ਼ੀਸ਼ੇ 'ਚੋਂ ਨਾ ਝਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਕੰਧਾਂ ਨੂੰ ਖਫ਼ਾ ਕੀਤਾ ਕਿਸੇ ਤਸਵੀਰ ਨੂੰ ਲਾਹ ਕੇ,
ਇਹ ਸਦਮਾ ਸਰਦਲਾਂ ਕੋਲੋਂ ਤੇ ਨਾ ਛੱਤ ਹੋ ਗਿਆ ਜਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਅਪਣੀ ਰਤ ਵੀ ਪੀ ਪੀ ਕੇ ਬੁਝਾ ਸਕਿਆ ਨਾ ਪਿਆਸ ਅਪਣੀ
ਤੇ ਬੇ-ਸਿਰਿਆਂ ਦੀ ਬਸਤੀ ਵਿਚ ਤਲੀ 'ਤੇ ਸੀ ਹੈ ਧਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਹੀਂ ਮੈਂ ਉਮਰ ਭਰ ਸੁੱਤਾ ਤੇ ਨਾ ਤਾਰੇ ਹੀ ਗਿਣ ਸਕਿਆ,
ਘੁਰਾੜੇ ਮਾਰਦੇ ਲੋਕਾਂ 'ਚ ਮੇਰਾ ਕਿਉਂ ਨਹੀਂ ਸਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਸਮੇਂ ਦੇ ਹਾਕਮਾਂ ਸੰਗ ਆਢਾ ਜੇ ਲਾਇਆ ਤਾਂ ਕਿਉਂ ਲਾਇਆ
ਗਿਆ ਮੈਂ ਵੱਢਿਆ ਤੇ ਟੁੱਕਿਆ ਹੌਕਾ ਨਹੀਂ ਭਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਾ ਬਣਿਆ ਥਾਲ ਪੂਜਾ ਦਾ ਨਾ ਸ਼ਾਮਲ ਆਰਤੀ ਹੋਇਆ
ਪੁਜਾਰੀ ਦਾ ਮੈਂ ਅਪਣਾ ਫ਼ਰਜ਼ ਪੂਰਾ ਫੇਰ ਵੀ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਨਕਲੀ ਹਾਸਿਆਂ ਉਹਲੇ ਲੁਕਾਏ ਅੱਥਰੂ ਅਸਲੀ,
ਮਗਰ ਉਹਨਾਂ ਨੂੰ ਖ਼ੁਸ਼ੀਆਂ ਨਾਲ ਮਾਲਾਮਾਲ ਹੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਾ ਤੇਰਾ ਘਰ ਨਾ ਪਿੰਡ ਗਲ਼ੀਆਂ ਨਾ ਤੇਰੇ ਲੋਕ 'ਪਰਦੇਸੀ'
ਇਨ੍ਹਾਂ ਲੋਕਾਂ ਦੀ ਬਣ ਧੂਣੀ, ਰਿਹੈਂ ਖੁਦ ਉਮਰ ਭਰ ਠਰਿਆ, ਇਹ ਹਨ ਇਲਜ਼ਾਮ ਮੇਰੇ ਸਿਰ।

-35-ਬੀ/168, ਦਸਮੇਸ਼ ਨਗਰ, ਡਾਕ: ਦਕੋਹਾ, ਜਲੰਧਰ। ਮੋਬਾਈਲ : 93576-41552.
rajinder.pardesi7@gmail.com

ਕਹਾਣੀ: ਕਾਗਜ਼ੀ ਕਾਰਵਾਈ

ਮੈਡਮ ਅਰੋੜਾ ਜਦੋਂ ਦੇ ਸਕੂਲ ਆਏ ਸਨ, ਸਕੂਲ ਦੀ ਨੁਹਾਰ ਹੀ ਬਦਲ ਗਈ ਸੀ। ਆਉਂਦਿਆਂ ਹੀ ਉਨ੍ਹਾਂ ਨੇ ਸਕੂਲ 'ਚ ਸੁਧਾਰ ਮੁਹਿੰਮ ਚਲਾਈ ਸੀ। ਸਕੂਲ ਦੇ ਹਰ ਪ੍ਰਕਾਰ ਦੇ ਅਧੂਰੇ ਪਏ ਰਜਿਸਟਰ ਉਨ੍ਹਾਂ ਨੇ ਇਕੋ ਹਫਤੇ ਵਿਚ ਨੌਂ- ਬਰ-ਨੌਂ ਤਿਆਰ ਕਰ ਲਏ ਸਨ। ਤਕਨੀਕੀ ਤੌਰ 'ਤੇ ਉਹ ਪੂਰੇ ਨਿਪੁੰਨ ਸਨ ਅਤੇ ਉਮਰ ਦੇ ਛੋਟੇ ਹੁੰਦਿਆਂ ਹੋਇਆਂ ਵੀ ਪੁਰਾਣੇ ਤਜਰਬੇਕਾਰ ਅਧਿਆਪਕਾਂ ਨੂੰ ਚੁਟਕੀ ਵਿਚ ਮਾਤ ਦਿੰਦੇ ਸਨ। ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੇਤਨਤਾ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਖ ਮੰਤਵ ਸੀ। ਇਸ ਲਈ ਉਹ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਉਹ ਸਕੂਲ ਦਾ ਸਾਰਾ ਦਫਤਰੀ ਅਤੇ ਤਕਨੀਕੀ ਕੰਮ ਘਰ ਹੀ ਲੈ ਜਾਂਦੇ ਸਨ ਅਤੇ ਛੁੱਟੀ ਵਾਲੇ ਦਿਨ ਪੂਰਾ ਕਰਕੇ ਲੈ ਆਉਂਦੇ ਸਨ। ਸਕੂਲ ਦੀ ਫੁਲਵਾੜੀ, ਸਫਾਈ, ਦੁਪਹਿਰ ਦਾ ਖਾਣੇ ਦਾ ਪ੍ਰਬੰਧ, ਵਿਸ਼ੇਸ਼ ਤੌਰ 'ਤੇ ਰਸੋਈ ਦੀ ਸਫ਼ਾਈ ਅਤੇ ਬੱਚਿਆਂ ਦੀਆਂ ਵਰਦੀਆਂ, ਨਹੁੰਆਂ, ਦੰਦਾਂ ਦੀ ਸਫ਼ਾਈ ਤਾਂ ਉਹ ਬੱਚਿਆਂ ਨੂੰ ਕੁੱਟ-ਕੁੱਟ ਕੇ ਕਰਾਉਂਦੇ ਸਨ।
ਬੱਚਿਆਂ ਵਿਚ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਜਿੱਥੇ ਮੈਡਮ ਅਰੋੜਾ ਲਈ ਢੇਰ ਸਾਰਾ ਪਿਆਰ ਸੀ ਉਥੇ ਮੈਡਮ ਅਰੋੜਾ ਦਾ ਡਰ ਵੀ ਸੀ।ਆਂਢ-ਗੁਆਂਢ ਦੇ ਸਕੂਲਾਂ ਦੇ ਅਧਿਆਪਕ ਅਕਸਰ ਇਹ ਗਿਲਾ ਕਰਦੇ ਸਨ ਕਿ ਮਾਪੇ ਉਨ੍ਹਾਂ ਨੂੰ ਮਿਲਣ ਨਹੀਂ ਆਉਂਦੇ। ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਸਕੂਲਾਂ ਵਿਚ ਉਸਾਰੂ ਭੂਮਿਕਾ ਨਹੀਂ ਨਿਭਾਉਂਦੀਆਂ ਪਰ ਮੈਡਮ ਅਰੋੜਾ ਦੇ ਇਕ ਸੱਦੇ 'ਤੇ ਮਾਪੇ, ਪਿੰਡ ਦੇ ਵਸਨੀਕ ਅਤੇ ਕਮੇਟੀ ਦੇ ਮੈਂਬਰ ਇਕਦਮ ਇਕੱਠੇ ਹੋ ਕੇ ਆ ਜਾਂਦੇ ਹਨ। ਸਕੂਲ ਵਿਚ ਲਗਪਗ ਡੇਢ ਸੌ ਦੇ ਕਰੀਬ ਬੱਚੇ ਪੜ੍ਹਦੇ ਸਨ। ਸਾਰਿਆਂ ਦੇ ਮਾਪਿਆਂ ਦੇ ਨਾਂਅ ਮੈਡਮ ਅਰੋੜਾ ਉਂਗਲਾਂ 'ਤੇ ਗਿਣਾ ਦਿੰਦੇ ਸਨ।
ਇਕ ਗੱਲ ਜਿਹੜੀ ਮੈਡਮ ਅਰੋੜਾ ਨੂੰ ਸਾਰੇ ਅਧਿਆਪਕਾਂ ਨਾਲੋਂ ਵੱਖਰਾ ਕਰਦੀ ਸੀ ਉਹ ਬਹੁਤ ਹੀ ਅਜੀਬ ਅਤੇ ਅਹਿਮ ਸੀ। ਚੰਡੀਗੜ੍ਹ ਤੋਂ ਜਦੋਂ ਕੋਈ ਸਕੂਲ ਨਿਰੀਖਣ ਟੀਮ ਆਉਂਦੀ ਸੀ ਤਾਂ ਅਧਿਆਪਕਾਂ ਨੂੰ ਬੁਖਾਰ ਚੜ੍ਹ ਜਾਂਦਾ ਸੀ। ਪਰ ਮੈਡਮ ਅਰੋੜਾ ਨੂੰ ਤਾਂ ਇਸ ਤਰ੍ਹਾਂ ਚਾਅ ਚੜ੍ਹ ਜਾਂਦਾ ਸੀ ਜਿਵੇਂ ਕੋਈ ਸ਼ਗਨ ਲੈ ਕੇ ਆਇਆ ਹੋਵੇ।
'...ਮੈਡਮ ਤੁਸੀਂ ਹੈੱਡ ਹੋ?' 'ਜੀ ਸਰ ਮੈਂ ਹੀ ਹੈੱਡ ਹਾਂ ...ਮਿਡ-ਡੇ-ਮੀਲ ਰਜਿਸਟਰ... ਹਾਜ਼ਰੀ ਰਜਿਸਟਰ... ਹਾਜ਼ਰੀ ਰਜਿਸਟਰ ਅਧਿਆਪਕਾਂ ਵਾਲਾ ...ਸਵੇਰ ਦੀ ਸਭਾ ਵਾਲਾ ....ਬਾਲ ਸਭਾ ਵਾਲਾ ...ਟੇਸਟ ਰਜਿਸਟਰ ਲੈ ਕੇ ਆਓ...।' ਟੀਮ ਅੱਜ ਤੜਕੇ ਹੀ ਹਾਜ਼ਰ ਹੋ ਗਈ ਸੀ।
ਟੀਮ ਦੇ ਮੈਂਬਰ ਥੋੜ੍ਹੇ ਜਿਹੇ ਗੁੱਸੇ ਵਿਚ ਨਜ਼ਰ ਆ ਰਹੇ ਸਨ। '...ਲਉ ਸਰ ਜਿਹੜੇ ਰਜਿਸਟਰ ਤੁਸੀਂ ਕਹੇ ਸਨ, ਆਹ ਲਓ ...।' '...ਇਨ੍ਹਾਂ ਤੋਂ ਇਲਾਵਾ ਦਾਖ਼ਲਾ ਰਜਿਸਟਰ, ਕੈਸ਼ ਬੁੱਕ ਮਿਡ-ਡੇ-ਮੀਲ ਦੀ... ਕੈਸ਼ ਬੁੱਕ ਐੱਸ. ਐੱਸ. ਏ. ਦੀ ...ਸਟਾਕ ਰਜਿਸਟਰ ...ਮੂਵਮੈਂਟ ਰਜਿਸਟਰ ...ਆਰਡਰ ਬੁੱਕ ...ਮੀਡੀਆ ਰਜਿਸਟਰ ...ਕਿਤਾਬਾਂ ਦੀ ਵੰਡ ਵਾਲਾ ਰਜਿਸਟਰ ...ਵਰਦੀਆਂ ਦੀ ਵੰਡ ਵਾਲਾ ਰਜਿਸਟਰ ...ਸਰ ਸਾਰੇ ਦੇ ਸਾਰੇ ਰਜਿਸਟਰ ਟੇਬਲ ਉੱਤੇ ਪਏ ਨੇ ...।' '.....ਸਰ ਮੇਰੀ ਕਲਾਸ ਡਿਸਟਰਬ ਹੋ ਰਹੀ ਹੈ ਮੈਂ ਪੜ੍ਹਾਉਣ ਜਾ ਰਹੀ ਹਾਂ... ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬੱਚਿਆਂ ਦੇ ਹੱਥ ਸੁਨੇਹਾ ਭਿਜਵਾ ਦੇਣਾ ...।'
ਟੀਮ ਦੇ ਮੈਂਬਰਾਂ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਨ੍ਹਾਂ ਨੇ ਕਿਹੜੇ ਮਖੀਰ ਦੇ ਛੱਤੇ ਨੂੰ ਹੱਥ ਪਾ ਲਿਆ ਸੀ।ઠ
ਮੈਡਮ ਅਰੋੜਾ ਕਲਾਸ ਵਿਚ ਜਾ ਚੁੱਕੇ ਸਨ। ਮੈਡਮ ਅਰੋੜਾ ਦੀ ਸਖਤ ਹਿਦਾਇਤ 'ਤੇ ਮਿਡ-ਡੇ-ਮੀਲ ਵਾਲੀਆਂ ਬੀਬੀਆਂ ਪੂਰੇ ਅਦਬ ਸਤਿਕਾਰ ਨਾਲ ਟੀਮ ਨੂੰ ਬਿਸਕੁਟਾਂ ਸਮੇਤ ਚਾਹ ਪਿਆ ਰਹੀਆਂ ਸਨ॥ ਬਾਕੀ ਅਧਿਆਪਕ ਤਾਂ ਡਰਦੇ ਹੀ ਕਲਾਸਾਂ ਵਿਚੋਂ ਬਾਹਰ ਨਹੀਂ ਸੀ ਆਏ।
'....ਸਰ ਆਹ ਲਓ ਵਿਜ਼ਟਰ ਬੁੱਕ ...।' ਮੈਡਮ ਅਰੋੜਾ ਘੰਟੇ ਡੇਢ ਘੰਟੇ ਬਾਅਦ ਫਿਰ ਹਾਜ਼ਰ ਸਨ। '...ਸਰ ਹੋ ਗਈ ਚੈਕਿੰਗ ਕੋਈ ਨੁਕਸ ਹੋਵੇ ਤਾਂ ਜ਼ਰੂਰ ਦੱਸਿਓ...।' '...ਆਹ ਤੁਸੀਂ ਠੀਕ ਕੀਤਾ ਜਿਹੜੀ ਵਿਜ਼ਟਰ ਬੁੱਕ ਲੈ ਆਏ ਓ...ਅਸੀਂ ਬਸ ਕਹਿਣ ਹੀ ਵਾਲੇ ਸਾਂ।'
'...ਸਰ ਤੁਸੀਂ ਵਿਜ਼ਟਰ ਬੁੱਕ ਬਾਅਦ ਵਿਚ ਲਿਖਿਓ...ਪਹਿਲਾਂ ਤੁਸੀਂ ਕਲਾਸਾਂ ਦੇ ਵਿਚ ਚੱਕਰ ਲਗਾ ਲੈਂਦੇ ... ਬੱਚਿਆਂ ਦੀ ਪੜ੍ਹਾਈ ਦੇ ਪੱਧਰ ਦਾ ਪਤਾ ਲੱਗ ਜਾਂਦਾ।...ਨਾਲੇ ਤੁਸੀਂ ਅਧਿਆਪਕਾਂ ਦੀਆਂ ਡਾਇਰੀਆਂ ਤਾਂ ਦੇਖੀਆਂ ਹੀ ਨਹੀਂ...ਸਰ ਸਾਡੀਆਂ ਕਮੀਆਂ ਦਾ ਤੁਹਾਨੂੰ ਕਿਵੇਂ ਪਤਾ ਲੱਗੇਗਾ ...।...ਸਰ ਤੁਸੀਂ ਵੱਡੇ ਹੋ ...ਤੁਹਾਡੇ ਕੋਲ਼ੋਂ ਹੀ ਅਸਾਂ ਛੋਟਿਆਂ ਨੇ ਸਿੱਖਣਾ।...ਤੁਸੀਂ ਕਮੀਆਂ ਕੱਢੋਗੇ ਤਾਂ ਹੀ ਅਸੀਂ ਸਿੱਖਾਂਗੇ...।'
ਅੱਧੀ ਤੋਂ ਵੱਧ ਟੀਮ ਨੂੰ ਹੁਣ ਤਰੇਲੀ ਆ ਰਹੀ ਸੀ। '...ਮੈਡਮ ਜੀ ਸਾਡਾ ਕੰਮ ਕਾਗਜ਼ੀ ਕਾਰਵਾਈ ਦੇਖਣੀ ਹੈ...ਪੂਰੀ ਆ ਕਿ ਨਹੀਂ...ਹੋਰ ਵੀ ਤਿੰਨ-ਚਾਰ ਸਕੂਲ ਚੈੱਕ ਕਰਨੇ ਹਨ...ਫਿਰ ਰਿਪੋਰਟ ਵੀ ਤਿਆਰ ਕਰਨੀ ਹੈ...ਉਥੇ ਵੀ ਟਾਈਮ ਲੱਗਣਾ...ਬਾਰਾਂ ਤੁਸੀਂ ਇਥੇ ਈ ਵਜ੍ਹਾ ਦਿੱਤੇ ਨੇ... ਬੱਚਿਆਂ ਦੇ ਮਿਆਰ ਬਾਰੇ ਸਾਨੂੰ ਤੁਹਾਡੇ ਤੋਂ ਹੀ ਪਤਾ ਲੱਗ ਗਿਆ ਹੈ ...।' ਸਾਰੀ ਟੀਮ ਹੁਣ ਖਿਝੀ ਪਈ ਸੀ॥
'...ਪਰ ਸਰ ਮੇਰੇ ਸਵਾਲ ... ਮੇਰੀਆਂ ਸਮੱਸਿਆਵਾਂ ਤਾਂ ਸੁਣਦੇ ਜਾਓ ...ਸਰ ਸਕੂਲ ਦੀਆਂ ਸਮੱਸਿਆਵਾਂ ...ਘੱਟੋ ਘੱਟ ਬੱਚਿਆਂ ਦੀਆਂ ਸਮੱਸਿਆਵਾਂ ਤਾਂ ਸੁਣਦੇ ਜਾਓ ਸਰ...।'
'ਨਹੀਂ ਮੈਡਮ ਜੀ ਟਾਈਮ ਨਹੀਂ ਹੈ ਤੁਹਾਡੀਆਂ ਸਮੱਸਿਆਵਾਂ ਸੁਣਨ ਲਈ ....।'
ਟੀਮ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਛੁਡਾਈ ਸੀ। '...ਯਾਰ ਅਗਲੀ ਵਾਰੀ ਵਿਚ ਇਹ ਸਕੂਲ ਕਿਸੇ ਹੋਰ ਟੀਮ ਦੇ ਖਾਤੇ ਪਵਾ ਦਿਓ ...ਨਿਰੀ ਸਿਰ ਪੀੜ ...ਮੇਰੇ ਤਾਂ ਮਾਈਗ੍ਰੇਨ ਸ਼ੁਰੂ ਹੋ ਗਈ ਆ ਹੁਣੇ ਈ...।' ਕਾਰ ਵਿਚ ਬੈਠਦੀ ਹੋਈ ਟੀਮ ਖਿਝੀ ਹੋਈ ਗੱਲਾਂ ਕਰ ਰਹੀ ਸੀ।
....ਸਕੂਲ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਸਕੂਲ ਦਾ ਪ੍ਰਬੰਧ ਬਹੁਤ ਵਧੀਆ ਹੈ। ਬੱਚਿਆਂ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਬੱਚੇ ਪੜ੍ਹਾਈ ਵਿਚ ਬਹੁਤ ਵਧੀਆ ਹਨ। ਅਧਿਆਪਕਾਂ ਨੇ ਬੱਚਿਆਂ ਦੀਆਂ ਕਾਪੀਆਂ ਬਹੁਤ ਧਿਆਨ ਨਾਲ ਚੈੱਕ ਕੀਤੀਆਂ ਹੋਈਆਂ ਸਨ। ਅਧਿਆਪਕਾਂ ਦੀਆਂ ਡਾਇਰੀਆਂ ਸੁਚੱਜੇ ਢੰਗ ਨਾਲ ਲਿਖੀਆਂ ਹੋਈਆਂ ਸਨ....।'
ਵਿਜ਼ਟਰ ਬੁੱਕ 'ਤੇ ਇਹ ਲਿਖਿਆ ਹੋਇਆ ਪੜ੍ਹ ਕੇ ਮੈਡਮ ਅਰੋੜਾ ਨੂੰ ਕੁਝ ਸਮਝ ਨਹੀਂ ਸੀ ਆਇਆ। ਪਾਣੀ ਦਾ ਠੰਢਾ ਗਿਲਾਸ ਪੀ ਕੇ ਮੈਡਮ ਅਰੋੜਾ ਕਲਾਸ ਵਿਚ ਚਲੇ ਗਏ ਸਨ। ਮੈਡਮ ਅਰੋੜਾ ਟੀਮ ਦੀ ਕਾਗਜ਼ੀ ਕਾਰਵਾਈ 'ਤੇ ਗੁੱਸੇ ਵਿਚ ਸਨ ਜਾਂ ਹੱਸ ਰਹੇ ਸਨ ਇਹ ਸਮਝ ਨਹੀਂ ਸੀ ਆਇਆ।

-ਫੋਨ : 98559-91055.

ਕਹਾਣੀ: ਅਹਿਸਾਸ

ਦਿਲਦਾਰ ਹੁਸੈਨ, ਇਕ ਅਜਿਹਾ ਜਵਾਨ ਸੀ, ਜੋ ਕੁੜੀਆਂ ਨਾਲ ਪ੍ਰੇਮ ਨੂੰ ਇਕ ਖੇਡ ਤੋਂ ਵੱਧ ਅਹਿਮੀਅਤ ਨਹੀਂ ਸੀ ਦਿੰਦਾ। ਮਾਸੂਮ ਜਵਾਨੀ ਬਰਬਾਦ ਕਰਨ ਦੀ ਖੇਡ ਖੇਡਣ ਲਈ ਉਹ ਹਰ ਵੇਲੇ ਮੌਕੇ ਦੀ ਤਲਾਸ਼ 'ਚ ਰਹਿੰਦਾ ਸੀ।
ਰੇਸ਼ਮਾ, ਸੋਹਣੀ ਮਨਮੋਹਣੀ, ਭੋਲੀ-ਭਾਲੀ ਜਾਪਦੀ ਇਕ ਅਜਿਹੀ ਮੁਟਿਆਰ ਸੀ, ਜਿਸ ਨੂੰ ਦੇਖਣ 'ਤੇ ਉਸ ਨਾਲ ਗੱਲ ਕਰਨ ਲਈ ਹਰ ਜਵਾਨ ਦਾ ਦਿਲ ਤਰਸਦਾ ਸੀ। ਹਰ ਗੱਭਰੂ ਦੀ ਅੱਖ ਉਸ ਦੇ ਮੁਖੜੇ ਦੀ ਦੀਵਾਨੀ ਸੀ।
ਦਿਲਦਾਰ ਨੇ ਰੇਸ਼ਮਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਆਉਂਦੀ-ਜਾਂਦੀ ਉਸ ਤਿੱਲੇ ਦੀ ਤਾਰ ਨੂੰ ਗਲੀਆਂ ਬਾਜ਼ਾਰਾਂ ਦੇ ਮੋੜਾਂ 'ਤੇ ਤੰਗ ਕਰਦਾ। ਜ਼ੋਰਦਾਰ ਆਵਾਜ਼ਾਂ 'ਚ ਹਉਕੇ-ਹਾਵਾਂ ਭਰਦਾ। ਮੁਹੱਲੇ 'ਚ ਇਹ ਗੱਲ ਮੁਸ਼ਕ ਵਾਂਗੂ ਫੈਲਣੀ ਸ਼ੁਰੂ ਹੋ ਗਈ ਕਿ ਰੇਸ਼ਮਾ ਤੇ ਦਿਲਦਾਰ 'ਚ ਮੁਹੱਬਤ ਦੀ ਖੇਡ ਸ਼ੁਰੂ ਹੋ ਗਈ ਹੈ।
ਰੇਸ਼ਮਾ ਇਕ ਕਿਸਾਨ ਘਰਾਣੇ ਦੀ ਬੜੀ ਸਮਝਦਾਰ ਮੁਟਿਆਰ ਸੀ। ਲੰਮਾ ਕੱਦ, ਸੁਰਾਹੀਦਾਰ ਲੰਮੀ ਧੌਣ, ਪਤਲਾ ਲੱਕ ਤੇ ਲੱਕ ਨੂੰ ਛੂੰਹਦੇ ਕਾਲੇ ਵਾਲ, ਮੋਟੀਆਂ ਹਰਨੀ ਵਰਗੀਆਂ ਅੱਖਾਂ ਜੋ ਦੇਖਣ ਨੂੰ ਆਸ਼ਕ ਮਜ਼ਾਜ਼ ਲੱਗਦੀਆਂ ਸਨ, ਕੋਇਲ ਵਰਗੀ ਕੂਕਦੀ ਆਵਾਜ਼ ਤੇ ਸੱਪਣੀ ਵਰਗੀ ਮਸਤ ਚਾਲ। ਜਿਹਨੂੰ ਨਜ਼ਰ ਭਰ ਕੇ ਦੇਖ ਲਏ, ਉਹ ਵਿਚਾਰਾ ਦੇਖਣ ਨੂੰ ਜਿਊਂਦਾ ਪਰ ਦਿਲ ਹੱਥੋਂ ਮਰ ਜਾਏ।
ਘਰ ਦਾ ਬਹੁਤਾ ਕੰਮ ਰੇਸ਼ਮਾ ਦੇ ਸਿਰ 'ਤੇ ਹੀ ਸੀ। ਸਵੇਰੇ 4 ਵਜੇ ਉਠ ਕੇ ਆਪਣੇ ਵੀਰਿਆਂ ਨਾਲ ਡੰਗਰਾਂ ਨੂੰ ਪੱਠੇ ਪਾਉਣਾ, ਮੱਝਾਂ ਦੀਆਂ ਧਾਰਾਂ ਕੱਢਣੀਆਂ, ਪਸ਼ੂਆਂ ਦਾ ਗੋਹਾ ਇਕੱਠਾ ਕਰਨਾ ਤੇ ਡੰਗਰਾਂ ਨੂੰ ਪਿੰਡ ਦੇ ਛੱਪੜ ਵਿਚੋਂ ਪਾਣੀ ਪਿਆਉਣਾ।
ਰੇਸ਼ਮਾ ਦੇ ਮਾਪਿਆਂ ਦੀ ਜ਼ਮੀਨ ਪਿੰਡ ਦੇ ਚੜ੍ਹਦੇ ਪਾਸੇ ਨਿਆਈਂ 'ਚ (ਪਿੰਡ ਦੀ ਆਬਾਦੀ ਦੇ ਨਾਲ) ਹੀ ਸੀ। 20 ਕਿੱਲੇ ਰੇਸ਼ਮਾ ਦੇ ਬਾਪ ਦੀ ਜ਼ਮੀਨ ਸੀ। ਰੇਸ਼ਮਾ 'ਕੱਲੀ ਮਾਪਿਆਂ ਦੀ ਧੀ ਤੇ ਉਸ ਦੇ ਤਿੰਨ ਭਰਾ ਸਨ। ਇਸ ਪਰਿਵਾਰ ਦਾ ਕਦੀ ਆਪਣੇ ਸ਼ਰੀਕੇ ਜਾਂ ਪਿੰਡ ਦੇ ਵਸਨੀਕਾਂ ਵਿਚੋਂ ਕਿਸੇ ਨਾਲ ਕੋਈ ਲੜਾਈ-ਝਗੜਾ ਕਦੀ ਦੇਖਣ-ਸੁਣਨ ਨੂੰ ਨਹੀਂ ਸੀ ਆਇਆ। ਰੇਸ਼ਮਾ ਦੇ ਮਾਂ-ਪਿਓ ਤੇ ਭਰਾ ਕੇਵਲ ਆਪਣੇ ਕੰਮ ਨਾਲ ਮਤਲਬ ਰੱਖਦੇ ਸਨ।
ਰੇਸ਼ਮਾ ਵੀ ਬਹੁਤਾ ਆਪਣੇ ਆਂਢ-ਗੁਆਂਢ ਦੇ ਘਰਾਂ 'ਚ ਨਹੀਂ ਸੀ ਜਾਂਦੀ, ਨਾ ਹੀ ਆਪਣੀਆਂ ਸਹੇਲੀਆਂ ਦੀ ਮਹਿਫ਼ਲ (ਸੰਗਤ) ਦੀ ਰੌਣਕ ਬਣਦੀ ਸੀ। ਚੁੱਪ-ਚਾਪ ਆਪਣੀਆਂ ਹੀ ਸੋਚਾਂ 'ਚ ਗੁੰਮ-ਸੁੰਮ ਰਹਿੰਦੀ ਸੀ।
ਸਾਦੇ ਹਲਕੇ ਰੰਗਾਂ ਦੇ ਕੱਪੜੇ ਪਾਉਂਦੀ। ਮਾਂ-ਪਿਓ ਦੇ ਹਰ ਹੁਕਮ ਅੱਗੇ ਸਿਰ ਝੁਕਾਅ ਦੇਣਾ ਆਪਣਾ ਧਰਮ ਸਮਝਦੀ ਸੀ। ਕਦੀ ਕਿਸੇ ਨੇ ਉਹਦੇ ਸੁਰਖੀ-ਪਾਊਡਰ ਲੱਗਾ ਹੋਇਆ ਨਹੀਂ ਸੀ ਦੇਖਿਆ ਕਿ ਰੇਸ਼ਮਾ ਤੂੰ ਐਨੀ ਸਾਦ-ਮੁਰਾਦੀ ਕਿਉਂ ਰਹਿੰਨੀ ਏਂ। ਜੇ ਹਾਰ-ਸ਼ਿੰਗਾਰ ਕਰੇ ਤਾਂ ਹੀਰ ਸਿਆਲ ਦਾ ਭੁਲੇਖਾ ਪਾਵੇਂ।
ਅੱਗਿਓਂ ਰੇਸ਼ਮਾ ਹੱਸ ਕੇ ਆਖਦੀ, 'ਮਾਪਿਆਂ ਦੇ ਘਰ ਧੀਆਂ ਨੂੰ ਇੰਜ ਹੀ ਰਹਿਣਾ ਚਾਹੀਦਾ ਹੈ, ਨਾਲੇ ਮਜ਼ਾਕ ਭਰੇ ਲਹਿਜ਼ੇ 'ਚ ਕਹਿੰਦੀ, ਹੀਰੇ ਤਾਂ ਗੋਦੜੀ 'ਚ ਵੀ ਚਮਕਦੇ ਹਨ, ਉਨ੍ਹਾਂ ਨੂੰ ਭਲਾ ਮਾਂਜਣ ਦੀ ਕੀ ਲੋੜ ਹੈ।
ਜਦ ਆਪਣੇ ਰਾਂਝੇ ਦੇ ਘਰ ਜਾਵਾਂਗੀ, ਮੇਰੀ ਸਜ-ਧਜ ਸਭ ਨੂੰ ਹੈਰਾਨ ਕਰਵਾਏਗੀ। ਮੇਰਾ ਸ਼ਿੰਗਾਰ ਮੇਰਾ ਲਿਸ਼ਕਦਾ ਹੋਇਆ ਹੁਸਨ-ਓ-ਜੋਬਨ। ਮੇਰੀ ਮਹਿਕਾਂ ਮਾਰਦੀ ਜਵਾਨੀ। ਇਹ ਸਭ ਕੁਝ, ਮੇਰੇ ਹੋਣ ਵਾਲੇ ਮਾਲਕ ਦੀ ਜਾਗੀਰ ਹੋਵੇਗੀ। ਲੋਕਾਂ ਕੋਲੋਂ ਬੱਲੇ-ਬੱਲੇ ਕਰਵਾਉਣ ਦੀ ਭਲਾ ਮੈਨੂੰ ਕੀ ਲੋੜ ਹੈ।
ਰੇਸ਼ਮਾ ਆਪਣੀਆਂ ਸਖੀਆਂ-ਸਹੇਲੀਆਂ ਨੂੰ ਇਹ ਨਸੀਹਤ (ਹਦਾਇਤ) ਕਰਦੀ ਰਹਿੰਦੀ ਸੀ, ਅੜੀਓ! ਮਾਪਿਆਂ ਦੇ ਘਰ ਆਪਣੀ ਜਵਾਨੀ ਸੰਭਾਲ ਕੇ ਰੱਖੋ। ਮਾਪਿਆਂ ਦੀ ਲੱਜ (ਇੱਜ਼ਤ) ਕਦੀ ਮਿੱਟੀ 'ਚ ਰੋਲਣ ਦੀ ਗ਼ਲਤੀ ਨਾ ਕਰਨਾ।
ਪਿਓ-ਭਰਾਵਾਂ ਦੇ ਉੱਚੇ ਸ਼ਮਲੇ (ਪੱਗਾਂ) ਕਦੀ ਨੀਵੀਆਂ ਨਾ ਹੋਣ ਦੇਣਾ। ਉਨ੍ਹਾਂ ਦੇ ਸਿਰਾਂ 'ਤੇ ਸਜੀਆਂ ਅਣਖ ਤੇ ਗ਼ੈਰਤ ਵਾਲੀਆਂ ਪੱਗਾਂ ਜੇ ਤੁਸੀਂ ਮਿੱਟੀ 'ਚ ਰੋਲ਼ੀਆਂ ਤਾਂ ਕਦੀ ਰੱਬ ਦੇ ਕਹਿਰ ਤੋਂ ਬਚ ਨਾ ਸਕੋਗੀਆਂ। ਤੁਹਾਡੀ ਜਵਾਨੀ ਦੇ ਨਾਲ-ਨਾਲ ਤੁਹਾਡੀ ਕਿਸਮਤ (ਲੇਖ) ਵੀ ਬਰਬਾਦ ਹੋ ਜਾਏਗੀ।
ਕੁੜੀਆਂ ਦਾ ਹੁਸਨ-ਜਵਾਨੀ ਉਨ੍ਹਾਂ ਦੀ ਜ਼ਿੰਦਗੀ ਦੇ ਬਣਨ ਵਾਲੇ ਸਾਥੀ ਦੀ ਅਮਾਨਤ ਹੁੰਦੀ ਹੈ। ਤੁਹਾਡੇ ਮਾਪੇ ਜਿਨ੍ਹਾਂ ਦੇ ਲੜ ਤੁਹਾਨੂੰ ਲਾਉਣ, ਉਨ੍ਹਾਂ ਦੇ ਘਰ ਤੁਹਾਡੀ ਡੋਲੀ ਜਾਏ ਤੇ ਜਦ ਨਿਕਲੇ ਜਨਾਜ਼ਾ ਨਿਕਲੇ। ਮਾਪਿਆਂ ਤੇ ਸਹੁਰਿਆਂ ਦੀ ਇੱਜ਼ਤ ਬਰਬਾਦ ਕਰਕੇ ਕਦੀ ਬੂਹਿਉਂ ਬਾਹਰ ਪੈਰ ਨਾ ਪੁੱਟਣਾ। ਇੱਜ਼ਤਾਂ ਦੇ ਰਖਵਾਲਿਆਂ ਨੂੰ ਬਰਬਾਦ ਕਰਕੇ ਜਾਣ ਵਾਲੀਆਂ ਆਪ ਵੀ ਆਬਾਦ ਨਹੀਂ ਰਹਿੰਦੀਆਂ। ਜੋ ਕੁੜੀਆਂ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਕੇ, ਆਪਣੀ ਜਵਾਨੀ ਲੁਟਾ ਲੈਂਦੀਆਂ ਹਨ ਤੇ ਫਿਰ ਇਨ੍ਹਾਂ ਦੇ ਸੁੱਖਾਂ ਦਾ ਮੁਕੱਦਰ ਦੁੱਖਾਂ 'ਚ ਬਦਲ ਜਾਂਦਾ ਹੈ।
ਦਿਲਦਾਰ ਨੇ ਰੇਸ਼ਮਾ ਨੂੰ ਬਹੁਤ ਸਤਾਇਆ, ਬਹੁਤ ਤੰਗ ਕੀਤਾ। ਦਿਲਦਾਰ ਤਾਂ ਰੇਸ਼ਮਾ ਪਿੱਛੇ ਹੱਥ ਧੋ ਕੇ ਪੈ ਗਿਆ ਸੀ। ਪਿੰਡ ਦੇ ਜਿਸ ਬਾਜ਼ਾਰ 'ਚ ਰੇਸ਼ਮਾ ਦੇ ਮਾਪਿਆਂ ਦਾ ਘਰ ਸੀ, ਉਸ ਬਾਜ਼ਾਰ ਦੇ ਆਖਰੀ ਸਿਰੇ 'ਤੇ ਉਨ੍ਹਾਂ ਦੀ ਹਵੇਲੀ ਵੀ ਸੀ। ਇਸ ਤੋਂ ਅੱਗੇ ਪਿੰਡ ਦੀ ਨਿਆਈਂ ਸੁਰੂ ਹੋ ਜਾਂਦੀ ਸੀ। ਇਹੋ ਨਿਆਈਂ ਵਾਲੀ ਜ਼ਰਈ ਜ਼ਮੀਨ ਹੀ ਰੇਸ਼ਮਾ ਦੇ ਮਾਪਿਆਂ ਦੀ ਸੀ। 6 ਮੱਝਾਂ ਤੇ 4 ਢੱਗੇ (ਬਲਦ) ਇਸ ਪਰਿਵਾਰ ਦੀ ਮਲਕੀਅਤ ਸਨ।
ਰੇਸ਼ਮਾ ਸਵੇਰੇ 4 ਵਜੇ ਮੱਝਾਂ ਦੀ ਧਾਰ ਕੱਢਣ ਆਪਣੇ ਘਰੋਂ ਹਵੇਲੀ ਜਾਂਦੀ ਹੁੰਦੀ ਸੀ। ਇਕ ਹੱਥ 'ਚ ਉਹਦੇ ਬਾਲਟੀ ਤੇ ਦੂਜੇ ਹੱਥ 'ਚ ਡੋਲਣੀ ਫੜੀ ਹੁੰਦੀ ਸੀ। ਇਨ੍ਹਾਂ ਭਾਂਡਿਆਂ 'ਚ ਮੱਝਾਂ ਦਾ ਦੁੱਧ ਚੋਅ ਕੇ ਉਹ ਘਰ ਲੈ ਜਾਂਦੀ ਸੀ।
ਸਵੇਰੇ 4 ਵਜੇ ਘਰੋਂ ਹਵੇਲੀ ਆਉਂਦੀ ਰੇਸ਼ਮਾ ਦੇ ਪਿੱਛੇ-ਪਿੱਛੇ ਦਿਲਦਾਰ ਤੁਰਦਾ ਹਉਕੇ ਭਰਦਾ, ਹਾਏ-ਹਾਏ ਕਰਦਾ, ਸੋਹਣਿਓਂ ਮਨ ਮੋਹਣਿਓਂ ਕਹਿੰਦਾ, ਦੋਸਤੀ ਤੇ ਮੁਲਾਕਾਤਾਂ ਲਈ ਬੇਨਤੀਆਂ ਕਰਦਾ, ਹੱਥ ਜੋੜ ਕੇ ਰੇਸ਼ਮਾ ਦੇ ਸਾਹਮਣੇ ਆਣ ਖਲੋਂਦਾ। ਰੇਸ਼ਮਾ ਸਖ਼ਤ ਤੰਗ ਆ ਗਈ। ਉਹ ਬਹੁਤ ਪ੍ਰੇਸ਼ਾਨ ਸੀ ਕਿ ਦਿਲਦਾਰ ਉਹਦਾ ਕਿਵੇਂ ਪਿੱਛਾ ਕਰਦਾ-ਕਰਦਾ ਹੁਣ ਰਾਤਾਂ ਦੇ ਹਨੇਰੇ 'ਚ ਵੀ ਪਿਛੇ ਆਉਣ ਲੱਗ ਪਿਆ ਹੈ।
ਰੇਸ਼ਮਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ। ਘਰ ਆਪਣੇ ਪਿਓ-ਭਰਾਵਾਂ ਨੂੰ ਦੱਸੇ ਤਾਂ ਦੋਵਾਂ ਘਰਾਂ ਦੇ ਮਰਦਾਂ ਵਿਚਕਾਰ ਡਾਂਗਾਂ ਖੜਕਣ ਦਾ ਖੌਫ਼ ਸੀ। ਪੂਰੇ ਪਿੰਡ 'ਚ ਬਦਨਾਮੀ ਦਾ ਡਰ ਸੀ। ਰੇਸ਼ਮਾ ਤਾਂ ਕਮਲੀ ਹੋਈ ਫਿਰਦੀ ਸੀ।
ਇਕ ਰਾਤ ਸਰਘੀ ਵੇਲੇ ਤਾਂ ਦਿਲਦਾਰ ਨੇ ਹੱਦ ਕਰ ਦਿੱਤੀ। ਘਰੋਂ ਹਵੇਲੀ ਆਉਂਦੀ ਰੇਸ਼ਮਾ ਦੀ ਬਾਂਹ ਫੜ ਲਈ। ਰੇਸ਼ਮਾ ਤਾਂ ਧੁਰੋਂ ਅੰਦਰ ਤੱਕ ਕੰਬ ਗਈ।
ਪਰ ਫਿਰ ਰੇਸ਼ਮਾ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਦਿਲਦਾਰ ਨੂੰ ਬੜੇ ਪਿਆਰ ਭਰੇ ਲਹਿਜ਼ੇ 'ਚ ਆਖਿਆ, 'ਦਿਲਦਾਰ ਮੈਂ ਤੇਰੇ ਨਾਲ ਲਾਉਣ ਦਾ ਫ਼ੈਸਲਾ ਕਰ ਲਿਆ ਹੈ। ਪਿੰਡ ਮੁੱਕਦਿਆਂ ਹੀ ਨਿਆਈਂ 'ਚ ਜਿਹੜਾ ਸਾਡਾ ਮੋਢੇ ਕਮਾਦ ਦਾ ਖੇਤ ਹੈ, ਅਸੀਂ ਉਸ ਗੰਨੇ ਦੇ ਖੇਤ ਦੇ ਵਿਚਕਾਰੋਂ ਡਿੱਗਾ ਹੋਇਆ ਕੁਝ ਕਮਾਦ ਆਪਣੇ ਪਸ਼ੂਆਂ ਨੂੰ ਚਾਰ ਲਿਆ ਹੈ। ਕੱਲ੍ਹ ਦਿਨੇ ਮੈਂ ਚਾਰੇ ਹੋਏ ਕਮਾਦ ਦੀ ਖਾਲੀ ਥਾਂ 'ਤੇ ਪਰਾਲੀ ਦਾ ਇਕ ਪੂਲਾ ਰੱਖ ਆਵਾਂਗੀ। ਤੂੰ ਪਰਸੋਂ ਤੜਕੇ 4 ਵਜੇ ਮੇਰਾ ਉਥੇ ਇੰਤਜ਼ਾਰ ਕਰੀਂ।
'ਮੈਂ ਆ ਜਾਂਗੀ।'
ਬਾਕੀ ਗੱਲਾਂਬਾਤਾਂ ਆਪਾਂ ਉਥੇ ਹੀ ਕਰਾਂਗੇ।
ਕੀਤੇ ਹੋਏ ਵਾਅਦੇ ਮੁਤਾਬਿਕ ਸਵੇਰੇ 4 ਵਜੇ ਤੋਂ ਵੀ ਪਹਿਲਾਂ ਦਿਲਦਾਰ ਕਮਾਦ ਦੇ ਖੇਤ 'ਚ, ਉਸ ਖਾਲੀ ਥਾਂ 'ਤੇ ਜਿਥੋਂ ਕਮਾਦ ਵੱਢ ਕੇ ਪਸ਼ੂਆਂ ਨੂੰ ਚਾਰ ਲਿਆ ਸੀ, ਪੁੱਜ ਗਿਆ। ਉਥੇ ਰੇਸ਼ਮਾ ਦਾ ਰੱਖਿਆ ਹੋਇਆ ਪਰਾਲੀ ਦਾ ਪੂਲਾ ਪਿਆ ਸੀ। ਦਿਲਦਾਰ ਨੇ ਪਰਾਲੀ ਦਾ ਪੂਲਾ ਖੋਲ੍ਹ ਕੇ ਖਾਲੀ 'ਤੇ ਬਿਸਤਰੇ ਵਾਂਗੂੰ ਵਿਛਾ ਦਿੱਤਾ ਤੇ ਉਹਦੇ 'ਤੇ ਬੈਠ ਰੇਸ਼ਮਾ ਦੀ ਉਡੀਕ ਕਰਨ ਲੱਗਾ।
ਉਸ ਰਾਤ ਸਵੇਰੇ 4 ਵਜੇ ਤੋਂ ਵੀ ਕੁਝ ਪਹਿਲਾਂ ਹੀ ਰੇਸ਼ਮਾ ਨੇ ਦੁੱਧ ਚੋਅ ਕੇ ਲਿਆਉਣ ਵਾਲੇ ਭਾਂਡੇ ਆਪਣੇ ਹੱਥਾਂ 'ਚ ਫੜੇ ਤੇ ਕਾਹਲੀ-ਕਾਹਲੀ ਹਵੇਲੀ ਵੱਲ ਤੁਰ ਪਈ। ਦੁੱਧ ਵਾਲੇ ਭਾਂਡੇ ਹਵੇਲੀ ਦੇ ਫਾਟਕ ਨਾਲ ਇਕ ਨੁਕਰੇ ਰੱਖ ਦਿੱਤੇ ਤੇ ਆਪ ਮਿੱਥੇ ਹੋਏ ਟਿਕਾਣੇ ਦਿਲਦਾਰ ਕੋਲ ਜਾ ਪਹੁੰਚੀ।
ਹੌਲੀ-ਹੌਲੀ ਕੰਬਦਾ ਹੋਇਆ ਦਿਲਦਾਰ ਪਰਾਲੀ 'ਤੇ ਜਜ਼ਬਾਤੀ ਹੋਇਆ ਬੈਠਾ ਸੀ। ਰੇਸ਼ਮਾ ਨੂੰ ਆਉਂਦਿਆਂ ਦੇਖ ਕੇ ਜਜ਼ਬਾਤ ਦੇ ਬੇਵਸ ਹੋਏ ਜੋਸ਼ ਨਾਲ, ਉਠ ਕੇ ਖੜ੍ਹਾ ਹੋ ਗਿਆ ਤੇ ਅੱਗੇ ਵਧ ਕੇ ਰੇਸ਼ਮਾ ਦੀ ਬਾਂਹ ਫੜ ਲਈ। ਦਿਲਦਾਰ ਇੰਜ ਸੀ ਜਿਵੇਂ ਅੱਗ ਦੀ ਭੱਠੀ 'ਚ ਲੋਹਾ ਤਪ ਰਿਹਾ ਹੋਵੇ। ਪਰ ਰੇਸ਼ਮਾ ਵੱਸੋਂ ਬਾਹਰ ਹੋਏ ਗੁੱਸੇ ਨਾਲ ਥਰ-ਥਰ ਕੰਬ ਰਹੀ ਸੀ। ਭਖਦੇ ਕੋਲਿਆਂ ਵਾਂਗੂੰ ਉਹਦਾ ਮੁਖੜਾ ਲਾਲ ਅੰਗਿਆਰੇ ਬਣਿਆ ਹੋਇਆ ਸੀ। ਇੰਜ ਸੀ ਜਿਵੇਂ ਸਰੀਰ ਦਾ ਸਾਰਾ ਖ਼ੂਨ ਛੱਲਾਂ ਮਾਰਦਾ ਉਹਦੇ ਮੁਖ 'ਤੇ ਆ ਗਿਆ ਹੋਵੇ। ਰੇਸ਼ਮਾ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਾਂਗੂ ਬਲ ਰਹੀਆਂ ਸਨ। ਮੂੰਹ ਅੱਧਾ ਖੁੱਲ੍ਹਾ ਤੇ ਚਿੱਟੇ ਦੁੱਧ ਵਰਗੇ ਦੰਦ ਬਰਛੀਆਂ ਦੀਆਂ ਲਿਸ਼ਕਦੀਆਂ ਨੋਕਾਂ ਵਾਂਗੂ ਦਮਕ ਰਹੀਆਂ ਸਨ। ਝਨਾਂ ਦੀਆਂ ਮੂੰਹ ਜ਼ੋਰ ਛੱਲਾਂ ਦਾ ਇਕ ਨਜ਼ਾਰਾ ਸੀ, ਜੋ ਆਪਣੇ ਜੋਬਨ ਦੀ ਮਸਤੀ 'ਚ ਕੰਢਿਆਂ ਤੋਂ ਬਾਹਰ ਆਣ ਡਿਗਦੀਆਂ ਹਨ ਤੇ ਫਿਰ ਆਪਣੇ ਜੋਸ਼-ਏ-ਗ਼ਜ਼ਬ 'ਚ ਬੇਹਾਲ ਹੋਈਆਂ ਛੱਲਾਂ ਫੇਰ ਮੁੜ ਕੇ ਦਰਿਆ 'ਚ ਜਾ ਰਲਦੀਆਂ ਹੋਣ। ਕਾਲੀਆਂ ਜ਼ੁਲਫਾਂ ਜ਼ਖ਼ਮੀ ਹੋਈ ਜ਼ਹਿਰੀਲੀ ਸੱਪਣੀ ਵਾਂਗ ਸੀਨੇ 'ਤੇ ਲਹਿਰਾ ਰਹੀਆਂ ਸਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖਾਲਸਾ ਹਾਊਸ, ਚਕ ਨੰ: 97/ਆਰ. ਬੀ. ਜੌਹਲ
ਫੋਨ : 0092-300-7607983, 0092-041-4689283.

ਮੇਰੇ ਗੀਤ

ਗੀਤ ਲਿਖਦਾ ਹਾਂ ਕਿ ਗੀਤਾਂ ਦਾ ਵੀ ਸ਼ੈਦਾਈ ਹਾਂ ਮੈਂ।
ਗੀਤ ਲਿਖਦਾ ਹਾਂ ਕਿ ਮਾਨਵਤਾ ਦਾ ਕਰਜ਼ਾਈ ਹਾਂ ਮੈਂ।
ਗੀਤ ਲਿਖਦਾ ਹਾਂ ਕਿ ਪਰਬਤ ਵੀ ਹਾਂ ਤੇ ਰਾਈ ਹਾਂ ਮੈਂ।
ਗੀਤ ਲਿਖਦਾ ਹਾਂ ਕਿ ਰਾਗਣੀਆਂ ਦਾ ਵੀ ਭਾਈ ਹਾਂ ਮੈਂ।
ਮੇਰੇ ਗੀਤਾਂ ਵਿਚਲੀ ਬੋਲੀ ਦਰਦ ਦਾ ਇਜ਼ਹਾਰ ਹੈ।
ਮੇਰੀ ਕਾਨੀ ਇਹਨਾਂ ਦੀ ਵੀ ਨਿਗਦੀ ਰਿਸ਼ਤੇਦਾਰ ਹੈ।
ਮੈਂ ਤੁਰਾਂ ਤਾਂ ਗੀਤ ਮੇਰੇ ਨਾਲ ਤੁਰਦੇ ਨੇ ਸਦਾ।
ਲਫ਼ਜ਼ ਤੇ ਮਾਅਨੇ ਮਟਕਣੀ ਚਾਲ ਤੁਰਦੇ ਨੇ ਸਦਾ।
ਮਸਤ ਹੋ ਮਸਤਾਨਿਆਂ ਦੇ ਹਾਲ ਤੁਰਦੇ ਨੇ ਸਦਾ।
ਪੈਲੀਆਂ ਦੀ ਵੱਟ ਤੇ ਜਿਉਂ ਬਾਲ ਤੁਰਦੇ ਨੇ ਸਦਾ।
ਦੂਜਿਆਂ ਦੀ ਪੀੜ ਦੀ ਸੱਟ ਜਿਗਰ ਤੇ ਸਹਿੰਦੇ ਨੇ ਇਹ।
ਲੋਕ ਸੌਂ ਜਾਂਦੇ ਨੇ ਐਪਰ ਜਾਗਦੇ ਰਹਿੰਦੇ ਨੇ ਇਹ।
ਲੋੜਵੰਦਾਂ ਬੇਕਸਾਂ ਦੀ ਝੋਲ ਮੇਰੇ ਗੀਤ ਨੇ।
ਸਿੱਪ ਅੰਦਰ ਬੰਦ ਨੇ ਜੋ ਬੋਲ ਮੇਰੇ ਗੀਤ ਨੇ।
ਅਪਣੀ ਧਰਤੀ ਵਾਂਗਰਾਂ ਹੀ ਗੋਲ ਮੇਰੇ ਗੀਤ ਨੇ।
ਮੈਂ ਜਿਊਂਦਾ ਹਾਂ ਕਿ ਮੇਰੇ ਗੀਤ ਮੇਰੇ ਗੀਤ ਨੇ।
ਹੋਂਦ ਇਹਨਾਂ ਦੀ ਅਮੀਰੀ ਦਾ ਵੀ ਇਕ ਅਹਿਸਾਸ ਹੈ।
ਰੂਹ ਦੀ ਸੱਚੀ ਫ਼ਕੀਰੀ ਦਾ ਵੀ ਇਕ ਅਹਿਸਾਸ ਹੈ।
ਗੀਤ ਮੇਰੇ ਤਾਂ ਸੁਆਂਹਦੇ ਵਾਸਤੇ ਸੰਧੂਰ ਨੇ।
ਮੱਥੇ ਉਤੇ ਝਿਲਮਿਲਾਂਦੀ ਬਿੰਦੀਆਂ ਦਾ ਨੂਰ ਨੇ।
ਲਫ਼ਜ਼ ਇਹਨਾਂ ਦੇ ਨਸ਼ੀਲੇ ਅਰਥਾਂ ਸੰਗ ਭਰਪੂਰ ਨੇ।
ਵਸਲ ਦੀ ਮਸਤੀ ਹੈ ਨੈਣਾਂ ਵਿਚ, ਜੋ ਮਖ਼ਮੂਰ ਨੇ।
ਹੋਠਾਂ ਤੇ ਵਾਅਦੇ ਵਫ਼ਾ ਦੇ ਇਸ਼ਕ ਦਾ ਦਸਤੂਰ ਨੇ।
ਦਿਲ ਦੀ ਹਰ ਧੜਕਨ ਲਈ ਇਹ ਓਸ ਦੇ ਮਸ਼ਕੂਰ ਨੇ।
ਹਰ ਪਸੀਨੇ ਦੀ ਮਹਿਕ ਸੰਗ ਮਹਿਕਦੇ ਵੀ ਗੀਤ ਨੇ।
ਵਿਹੜੇ ਵਿਚ ਬਾਲਾਂ ਦੇ ਵਾਂਗੂ ਚਹਿਕਦੇ ਵੀ ਗੀਤ ਨੇ।
ਔੜ ਵਿਚ ਪਾਣੀ ਦੀ ਖ਼ਾਤਿਰ ਸਹਿਕਦੇ ਵੀ ਗੀਤ ਨੇ।
ਪੱਥਰਾਂ ਵਿਚ ਉੱਗ ਕੇ, ਖਿੜ ਕੇ, ਟਹਿਕਦੇ ਵੀ ਗੀਤ ਨੇ।
ਪੱਥਰਾਂ ਵਿਚ ਪੱਥਰਾਂ ਦੇ ਬੁੱਤ ਮੇਰੇ ਗੀਤ ਨੇ।
ਮੇਰੇ ਵਾਂਗੂੰ ਮੇਰੀ ਮਾਂ ਦੇ ਪੁੱਤ ਮੇਰੇ ਗੀਤ ਨੇ।
ਲਫ਼ਜ਼ ਗੀਤਾਂ ਦੇ ਮੁਕੱਮਲ ਆਬਸ਼ਾਰਾਂ ਵਾਸਤੇ।
ਆ ਨਾ ਸਕੀਆਂ ਬਾਗ਼ ਵਿਚ ਉਹਨਾਂ ਬਹਾਰਾਂ ਵਾਸਤੇ।
ਇਕ ਬੁਰਕੀ ਲੈਣ ਲਈ ਲੱਗੀਆਂ ਕਤਾਰਾਂ ਵਾਸਤੇ।
ਯਾਦ ਤੋਂ ਮਹਿਰੂਮ ਹੋਈਆਂ ਯਾਦਗਾਰਾਂ ਵਾਸਤੇ।
ਲਫ਼ਜ਼ ਇਕ ਇਕ ਨੂੰ ਤਰਸਦੇ ਸੌ ਖ਼ਿਆਲਾਂ ਵਾਸਤੇ।
ਚੜ੍ਹਦੇ ਸੂਰਜ ਸਾਹਮਣੇ ਪਈਆਂ ਤਕਲਾਂ ਵਾਸਤੇ।
ਬੇਵਾ ਦੇ ਨੈਣਾਂ 'ਚੋਂ ਵਗਦੇ ਅੱਥਰੂ ਵੀ ਗੀਤ ਨੇ।
ਜਾਨ ਦੇ ਕੇ ਜੋ ਬਚਾਈ ਆਬਰੂ ਵੀ ਗੀਤ ਨੇ।
ਬੁੱਲ੍ਹੀਆਂ ਸੰਗ ਬੁੱਲ੍ਹੀਆਂ ਦੀ ਗੁਫ਼ਤਗੂ ਵੀ ਗੀਤ ਨੇ।
ਜ਼ਹਿਰ ਦੇ ਪਿਆਲੇ ਦੇ ਹੋਏ ਰੂਬਰੂ ਵੀ ਗੀਤ ਨੇ।
ਸ਼ਗਨਾਂ ਦੇ ਵਿਹੜੇ 'ਚ ਆਏ ਮੇਲ ਵਰਗੇ ਗੀਤ ਨੇ।
ਫਿਰ ਬਰੂਹਾਂ ਵਿਚ ਚੋਏ ਤੇਲ ਵਰਗੇ ਗੀਤ ਨੇ।
ਮੈਂ ਹਾਂ ਕਰਦਾ ਸਿਰ ਝੁਕਾ ਕੇ ਅਪਣੇ ਗੀਤਾਂ ਨੂੰ ਸਲਾਮ।
ਜਿਹਨਾਂ ਨੇ ਗੋਦੀ ਖਿਡਾਇਆ ਉਹਨਾਂ ਰੀਤਾਂ ਨੂੰ ਸਲਾਮ।
ਮਾਂ ਦੇ ਦੁੱਧ ਦੇ ਨਾਲ ਮਿਲੀਆਂ ਖਰੀਆਂ ਪ੍ਰੀਤਾਂ ਨੂੰ ਸਲਾਮ।
ਸ਼ੀਸ਼ੇ ਜਹੀਆਂ ਸਾਫ਼ ਯਾਰਾਂ ਦੀਆਂ ਨੀਤਾਂ ਨੂੰ ਸਲਾਮ।
ਸਰਸਵਤੀ ਮਾਂ ਦੀ ਨਿਰੰਤਰ ਮੇਹਰਬਾਨੀ ਨੂੰ ਸਲਾਮ।
ਉਸ ਨੇ 'ਪੰਛੀ' ਨੂੰ ਜੋ ਬਖ਼ਸ਼ੀ ਓਸ ਕਾਨੀ ਨੂੰ ਸਲਾਮ।

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668.

ਇਹ ਜੀ.ਐਸ.ਟੀ. ਕੀ ਹੈ?

ਪਾਰਲੀਮੈਂਟ ਦੇ ਸੈਂਟਰਲ ਹਾਲ 'ਚ ਜੂਨ ਦਾ ਖਾਤਮਾ ਹੋਇਆ, ਪਹਿਲੀ ਜੁਲਾਈ ਦਾ ਉਦੈ ਹੋਇਆ। ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਕੋ ਵੇਲੇ ਸਾਂਝਾ ਬਟਨ ਦਬਾਇਆ ਤਾਂ ਆਰਥਿਕ ਆਜ਼ਾਦੀ ਦਾ ਸਿੰਬਲ ਜਗਮਗਾ ਉਠਿਆ:
ਜੀ.ਐਸ.ਟੀ./G.S.T.
ਹੋਇਆ ਪਾਰਲੀਮੈਂਟ ਵਿਚ ਚਾਨਣਾ ਹੀ ਚਾਨਣਾ। ਰਾਤ ਲੰਘਣੀ ਸੀ, ਲੰਘ ਗਈ, ਸਵੇਰੇ ਸਭ ਨੂੰ ਪਤਾ ਲੱਗ ਗਿਆ ਸੀ ਕਿ ਜੀ.ਐਸ.ਟੀ. ਲਾਗੂ ਹੋ ਗਿਆ ਹੈ। ਪਰ... ਜੀ.ਐਸ.ਟੀ. ਦਾ ਮਤਲਬ ਕੀ ਹੈ? ਜਿਹੜੇ ਪਾਰਲੀਮੈਂਟ 'ਚ ਇਸ ਦੇ ਸਵਾਗਤ 'ਚ ਬੈਠੇ ਸਨ ਜਾਂ ਜਿਨ੍ਹਾਂ ਰੋਸ ਵਜੋਂ ਪਾਰਲੀਮੈਂਟ ਦੇ ਇਸ ਸਮਾਰੋਹ ਦਾ ਬਾਈਕਾਟ ਕੀਤਾ ਸੀ, ਸ਼ਾਇਦ ਉਨ੍ਹਾਂ ਤੋਂ ਬਿਨਾਂ ਆਮ-ਜਨਤਾ ਨੂੰ, ਕਿਸੇ ਨੂੰ ਪਤਾ ਨਹੀਂ ਸੀ ਜੀ.ਐਸ.ਟੀ. ਹੈ ਕੀ?
ਸਭ ਤੋਂ ਪਹਿਲਾਂ ਮੈਨੂੰ ਇਕ ਸਰਦਾਰ ਸਾਹਿਬ ਮਿਲ ਗਏ, ਮੈਂ ਸਾਸਰੀਕਾਲ ਦਾ ਫ਼ਰਜ਼ ਨਿਭਾਅ ਕੇ ਪੁੱਛਿਆ...
'ਸਰਦਾਰ ਸਾਹਿਬ ਜੀ.ਐਸ.ਟੀ. ਆ ਗਿਐ, ਕੀ ਮਤਲਬ ਹੈ ਇਸ ਦਾ?'
'ਦਾਸ ਦਾ ਨਾਂਅ ਹੈ ਜੀ 'ਗੁਰਬਚਨ ਸਿੰਘ ਟੈਂਟ ਵਾਲਾ' ਹੋਰ ਕੀ। ਸਾਡੀ ਤਾਂ ਘਰਵਾਲੀ ਨੇ ਸਵੇਰੇ-ਸਵੇਰੇ ਵਧਾਈ ਦੇ ਕੇ ਆਖਿਐ ਜੀ ਤੁਹਾਡੇ ਨਾਂਅ ਦੀ ਤਾਂ ਸਰਕਾਰ ਨੇ ਬੱਲੇ-ਬੱਲੇ ਕਰਾ ਦਿੱਤੀ ਹੈ।'
ਅਸਾਂ ਵੀ ਪ੍ਰਸੰਨ ਚਿੱਤ ਹੋ ਕੇ ਗੁਰਬਚਨ ਸਿੰਘ ਟੈਂਟ ਵਾਲੇ ਨੂੰ ਵਧਾਈ ਦਿੱਤੀ ਤੇ 'ਗਾਂਹ ਵਧ ਗਏ।
ਇਕ ਨੌਜਵਾਨ ਮਿਲ ਗਿਆ। ਉਹਨੂੰ ਰੋਕ ਕੇ ਪੁੱਛਿਆ, 'ਇਹ ਜੀ.ਐਸ.ਟੀ. ਦਾ ਮਤਲਬ ਕੀ ਹੈ?'
ਉਹਨੇ ਝੱਟ ਦੇਣੀ ਆਖਿਆ, 'ਜੀ... ਸਲਮਾਨ ਖ਼ਾਨ ਦੀ ਫਿਲਮ ਟਿਊਬਲਾਈਟ ਹੈ।'
ਉਹ ਰਾਤੀਂ ਸਲਮਾਨ ਖ਼ਾਨ ਦੀ ਫਿਲਮ ਟਿਊਬਲਾਈਟ ਵੇਖ ਕੇ ਆਇਆ ਸੀ ਨਾ ਉਹਦੀ ਉਹਨੂੰ ਸਮਝ ਆਈ ਸੀ ਨਾ ਜੀ.ਐਸ.ਟੀ. ਦੀ।
ਇਕ ਗੁਜਰਾਤੀ ਭਾਈ ਮਿਲ ਗਿਆ, ਪੁੱਛਿਆ 'ਕੇਮ ਛੋ...? ਯੇਹ ਜੀ.ਐਸ.ਟੀ. ਕਯਾ ਹੈ?'
ਉਹ ਮੁਸਕਰਾਇਆ, ਆਖਿਆ 'ਗੁਜਰਾਤ ਕਾ ਮੋਦੀ... ਸੱਚੀਂ ਟੀ (ਚਾਹ) ਵਾਲਾ। ਇਕ ਆਸ਼ਿਕ ਮਿਜਾਜ਼ ਕਾਲਜੀਏਟ ਨੂੰ ਰੋਕ ਕੇ ਪੁੱਛ ਲਿਆ, 'ਗੁਡਮੈਨ, ਇਸ ਜੀ.ਐਸ.ਟੀ. ਦਾ ਮਤਲਬ ਕਯਾ ਹੈ?'
'ਗਰਲਜ਼ ਆਰ ਸੋਹਣੀਆਂ... ਟੁੱਟ ਕੇ ਪਿੱਛਾ ਕਰੋ।'
ਮੈਂ ਆਖਿਆ, 'ਅੱਜ ਤੂੰ ਛਿੱਤਰ ਖਾਏਂ ਹੀ ਖਾਏਂਗਾ।'
ਉਹ ਹੱਸ ਕੇ ਅੱਗੇ ਵਗ ਗਿਆ...
ਇਕ ਨਵ-ਵਿਆਹੀ ਕੁੜੀ ਆ ਰਹੀ ਸੀ, ਉਹਨੂੰ ਰੋਕ ਲਿਆ, ਪੁੱਛਿਆ, 'ਜੀ.ਐਸ.ਟੀ. ਦਾ ਮਤਲਬ ਪਤਾ ਈ?'
'ਹਾਂ, ਉਹ ਬੜੇ ਕਾਨਫੀਡੈਂਸ ਨਾਲ ਬੋਲੀ, 'ਗੁੱਡ ਬਹੂ ਸੱਸ ਨਾਲ ਨਹੀਂ ਟਕਰਾਉਂਦੀ।'
ਆਪਣੇ ਭਲੇ ਵਾਲਾ ਮਤਲਬ ਲੱਭ ਲਿਆ ਸੀ ਉਹਨੇ... ਆਪ ਖੁਸ਼ੀ ਨਾਲ ਹੱਸੀ, ਸਭਨਾਂ ਨੂੰ ਵੀ ਹਸਾ ਕੇ ਖੁਸ਼ ਕਰ ਦਿੱਤਾ।
ਇਕ ਡਰਾਈਵਰ ਆਪਣੇ ਟੱਰਕ ਨੂੰ ਰੋਕ ਕੇ ਖੜ੍ਹਾ ਸੀ, ਪੰਜਾਬੀ ਸੀ, ਪੁੱਛ ਲਿਆ 'ਡਰਾਈਵਰ ਸਾਹਿਬ , ਆਹ ਜੀ.ਐਸ.ਟੀ. ਦਾ ਮਤਲਬ ਕੀ ਹੈ?'
'ਇਹਦੇ 'ਚ ਸਮਝਣ ਵਾਲੀ ਕਿਹੜੀ ਗੱਲ ਹੈ? ਮਤਲਬ ਐ ਜੀ.ਟੀ.ਰੋਡ 'ਤੇ ਟਰੱਕ ਮਜ਼ੇ ਨਾਲ ਚਲਾਓ, ਟੋਲ-ਨਾਕੇ 'ਤੇ ਰੁਕਣ ਦੀ ਕੋਈ ਲੋੜ ਨਹੀਂ।'
ਸ਼ਰਾਬੀ ਪੀ.ਕੇ. ਟੁੰਨ ਸੀ, ਲੜਖੜਾ ਰਿਹਾ ਸੀ, ਅਸਾਂ ਰੋਕ ਕੇ ਖੜ੍ਹਾ ਕਰ ਲਿਆ, ਪੁੱਛ ਲਿਆ, ਜੀ.ਐਸ.ਟੀ., ਕੀ ਹੈ? ਉਹਨੇ ਜਵਾਬ ਦਿੱਤਾ, 'ਜੀ... ਸ਼ਰਾਬੀ.. ਟੱਲੀ...' ਹੋ ਗਿਆ।'
ਇਕ ਦੁਕਾਨਦਾਰ ਦੁਕਾਨ ਦਾ ਸ਼ਟਰ ਹੇਠਾਂ ਕੀਤੀ, ਬਾਹਰ ਖੜ੍ਹਾ ਸੀ, ਉਹ ਖਿਝਿਆ ਹੋਇਆ ਸੀ, ਗ਼ਲਤੀ ਕੀਤੀ, ਪੁੱਛ ਲਿਆ, 'ਇਹ ਜੀ.ਐਸ.ਟੀ. ਕੀ ਹੈ?'
ਉਹਨੇ ਸੜਬਲ ਕੇ ਕਿਹਾ, 'ਗੈਟ ਆਊਟ, ਸ਼ਰਮ ਕਰੋ... ਟ੍ਰੇਡਰਜ਼ ਦਾ ਸੱਤਿਆਨਾਸ ਹੋ ਗਿਐ।' ਰੁੱਠੇ ਨੂੰ ਮਨਾਈ ਨਾ... ਚੁੱਪ ਕਰਕੇ ਅੱਗੇ ਤੁਰ ਪਏ... ਬੰਦਿਆਂ ਦੀ ਘਾਟ ਥੋੜ੍ਹਾ ਹੈ? ਇਕ ਹੋਰ ਹਿੰਦੁਸਤਾਨੀ ਲੱਭ ਪਿਆ... ਪੁੱਛ ਲਿਆ, 'ਪਤੈ ਜੀ.ਐਸ.ਟੀ. ਕੀ ਹੈ?'
ਉਹਨੇ ਕਿਹਾ, 'ਗੁਡ ਬੈਡ ਅਗਲੀ, ਸ਼ੇਮਲੈੱਸ, ਥੈਂਕਲੈਸ' ਨਾਲੇ ਉਹਨੇ ਆਖ ਦਿੱਤਾ, 'ਗੋ... ਗੋ... ਗੋ...' ਭਾਵ ਅਗਾਂਹ ਜਾ... ਦਫ਼ਾ ਹੋ ਐਥੋਂ... ਹੁਕਮ ਮੰਨ ਲਿਆ... ਅੱਗੇ ਵਧ ਗਏ। ਚਾਹ ਦੀ ਦੁਕਾਨ 'ਤੇ ਲੋਕੀਂ ਚਾਹ ਸੁੜਕ ਰਹੇ ਸਨ। ਇਕ ਨੂੰ ਪੁੱਛ ਲਿਆ, 'ਪਤੈ ਜੀ.ਐਸ.ਟੀ. ਦਾ ਕੀ ਮਤਲਬ ਹੈ?'
ਉਹਨੇ ਇਕ ਘੁੱਟ ਸੁੜਕ ਕੇ ਕਿਹਾ, 'ਜੀ...ਜੀ....ਜੀ... ਸਮਝ 'ਚ ਨਹੀਂ ਆਇਆ ਜੀ... ਤੁਸੀਂ ਟੀ ਪੀਓ ਜੀ...।'
'ਥੈਂਕਸ', ਕੀਤਾ ਉਹਦਾ... ਆਵਾਜਾਈ ਜਾਰੀ ਰਹੀ। ਅੱਗੇ ਫੁਟਪਾਥ 'ਤੇ ਫੜ੍ਹੀ ਲਾਈ ਇਕ ਭਈਆ ਸਬਜ਼ੀ ਵੇਚ ਰਿਹਾ ਸੀ, ਉਹਨੂੰ ਜਾ ਪੁੱਛਿਆ।
'ਭਈਆ ਜੀ, ਯੇਹ ਜੀ.ਐਸ.ਟੀ. ਲਗਾ ਹੈ, ਯੇਹ ਕਯਾ ਹੈ?'
ਉਸ ਨੇ ਕਿਹਾ, 'ਪੂਰੀ ਤਰ੍ਹਾ ਤੋਂ ਪਤਾ ਨਹੀਂ, ਏ.ਬੀ.ਸੀ. ਪੜ੍ਹਾ ਹੂੰ, ਅੰਦਾਜ਼ਾ ਹੈ ਜੀ.ਐਸ.ਟੀ. ਸੇ...
ਜੀ....ਸੇ... ਘੀਆ
ਐਸ.... ਸੇ... ਸਰਸੋਂ ਕਾ ਸਾਗ।
ਟੀ... ਸੇ.... ਟਮਾਟਰ।
ਯੇਹ ਸਭੀ ਮਹਿੰਗੇ ਹੋ ਗਏ ਹੈਂ। ਟਮਾਟਰ ਤੋ 80 ਰੁਪਏ ਕਿਲੋ ਬਿਕ ਰਹਾ ਹੈ, ਅੱਛਾ ਹੈ ਜੀ.ਐਸ.ਟੀ.।
ਕਿੰਨੀ ਸੋਹਣੀ ਸਮਝ ਹੈ, ਉਹਦੀ ਜਿਸ ਨੇ ਸਿਰਫ਼ ਏ.ਬੀ.ਸੀ. ਪੜ੍ਹੀ ਹੈ।
ਸਮਝ ਆਪਣੀ-ਆਪਣੀ, ਖਿਆਲ ਆਪਣਾ-ਆਪਣਾ।
ਇਕ ਹੋਰ ਸੱਜਣ ਨਾਲ ਟਕਰਾਉਣਾ ਪਿਐ। ਉਹਨੂੰ ਵੀ ਪੁੱਛ ਲਿਆ, 'ਇਹ ਜੀ.ਐਸ.ਟੀ. ਕੀ ਹੈ? ਉਹਨੇ ਬੜੇ ਫਿਲਾਸਫਰਾਂ ਵਾਂਗ ਕਿਹਾ...
'ਜੀ... ਜੀ...ਜੀ... ਜੇ ਜਿਊਣਾ ਹੈ ਤਾਂ ਕਰੋ ਜੀ.ਜੀ.ਜੀ....।'
ਐਸ.... ਸੱਚ ਇਹੋ ਹੈ ਜੀ....।
ਟੀ...ਟੈਕਸ ਸਭ ਤੋਂ ਵਧੀਆ ਹੈ ਜਾਂ ਸਰਕਾਰ ਦੀ ਟਰਕਾਲੋਜ਼ੀ।
ਚੰਗਾ ਲੱਗਾ ਕਵਿਤਾ ਵਾਲਾ ਰੰਗ ਸੀ। ਦਿਲ ਖੁਸ਼ ਹੋ ਗਿਆ।
ਇਕ ਦੀ ਸੋਚ, ਉਡਾਰੀ, ਉੱਚੀ ਸੀ... ਖ਼ੁਲਾਸਾ ਕੀਤਾ ਜੀ.ਐਸ.ਟੀ.
ਜੀ... ਗਇਆ ਮੋਦੀ ਅਮਰੀਕਾ।
ਐਸ... ਸਰਪ੍ਰਾਈਜ਼ ਕੀਤਾ ਟਰੰਪ ਨੂੰ ਜੱਫੀ ਪਾ ਕੇ, ਆਖਿਆ ਮੈਂ ਜਾ ਕੇ ਤੁਹਾਡਾ ਹੀ ਨਾਂਅ ਉੱਚਾ ਕਰਾਂਗਾ।
ਟੀ... ਟਰੰਪ ਕਾਰਡ ਖੇਡਿਆ ਮੋਦੀ ਨੇ ਵਾਪਸ ਆ ਕੇ, ਇਹ ਹੈ ਜੀ... 'ਜੀ.ਐਸ.ਟੀ.'।
ਇਕ ਕਾਂਗਰਸੀ ਮਿਲ ਗਿਆ। ਕਾਫੀ ਦੁਖੀ ਸੀ, ਫਿਰ ਵੀ ਪੁੱਛ ਹੀ ਲਿਆ, ਦੱਸੋਗੇ ਜੀ ਇਹ ਜੀ.ਐਸ.ਟੀ. ਕੀ ਹੈ? ਉਸ ਨੇ ਇਹਦਾ ਸੰਧੀ ਛੇਦ ਇਉਂ ਕੀਤਾ:
ਜੀ... ਗੰਦੀ ਖੇਡ ਖੇਡੀ ਹੈ ਬੀ.ਜੇ.ਪੀ. ਨੇ।
ਐਸ... ਸਭ ਸਾਡੀ ਮਿਹਨਤ ਸੀ... ਜੀ.ਐਸ.ਟੀ.।
ਟੀ... ਟੁੱਟ ਕੇ ਪੈ ਗਏ ਸੋਭਾ ਸਾਡੀ ਹੋਣੀ ਸੀ, ਆਪ ਲੈ ਗਏ।
ਇਕ ਨੂੰ ਪਤਾ ਸੀ ਜੀ.ਐਸ.ਟੀ. ਕੀ ਹੈ।
ਉਹਨੂੰ ਵੀ ਪੁੱਛ ਲਿਆ। ਪਤੈ, ਇਹ ਜੀ.ਐਸ.ਟੀ. ਕੀ ਹੈ? ਉਹਨੇ ਮਜ਼ਾਕ ਉਡਾਉਂਦਿਆਂ ਕਿਹਾ...
ਜੀ... ਗਧਾ ਹੈ ਵੋਹ, ਜਿਸ ਕੋ ਪਤਾ ਨਹੀਂ ਜੀ.ਐਸ.ਟੀ. ਕਯਾ ਹੈ।
ਐਸ... ਸਬ ਟੈਕਸ ਖਤਮ... ਪੂਰੇ ਭਾਰਤ ਮੇਂ ਸਿਰਫ਼ ਏਕ ਹੀ ਟੈਕਸ।
ਟੀ.... ਟੂਗੈਦਰ ਹੈਂ ਹਮ... ਹਿੰਦੂ, ਮੁਸਲਿਮ, ਸਿੱਖ, ਇਸਾਈ, ਹਮ ਸਭ ਹੈਂ ਭਾਈ-ਭਾਈ... ਹਮ ਸਭ ਏਕ ਹੈਂ... ਇਸੀ ਤਰ੍ਹਾਂ ਸਭ ਟੈਕਸ ਜੋ ਪਹਿਲੇ ਏਕ ਪਰ ਅਨੇਕ ਅਨੇਕ ਲਗਤੇ ਥੇ, ਅਬ ਏਕ ਹੋ ਗਏ ਹੈਂ। ਸਭ ਕਾ ਸਾਥ, ਸਭ ਕਾ ਵਿਕਾਸ।
ਚਾਨਣ ਹੋ ਗਿਆ... ਪੰਜਾਬੀ 'ਚ ਉਹ ਟੱਪਾ ਯਾਦ ਆ ਗਿਆ, ਜਿਹੜਾ ਇਕ ਛੋਟੀ ਜਿਹੀ ਬੱਚੀ ਗਾ ਰਹੀ ਸੀ...
ਚਾਰ ਛਲੇ ਪਾਨੀ ਆਂ ਤੇ
ਚਾਲ ਛਲੇ ਲਾਹਨੀ ਆਂ।
ਇਕੋ ਮੇਰੀ ਬੱਕਰੀ, ਮੈਂ
ਕਿਲੇ ਤੇ ਬਹਾਨੀ ਆਂ।
ਇਹੋ ਹੈ ਜੀ.ਐਸ.ਟੀ. ਸਮਝ ਆ ਗਈ।
-0-

ਛੋਟੀ ਕਹਾਣੀ ਸਫਰ

ਜੰਟਾ ਹਰ ਰੋਜ਼ ਸਾਈਕਲ 'ਤੇ ਨਾਲ ਦੇ ਪਿੰਡ ਵਿਚ ਸਕੂਲ ਪੜ੍ਹਨ ਲਈ ਜਾਂਦਾ ਸੀ। ਉਹ ਰੋਜ਼ ਲੇਟ ਹੋ ਜਾਂਦਾ ਸੀ ਕਿਉਂਕਿ ਉਹ ਹੌਲੀ-ਹੌਲੀ ਸਾਈਕਲ ਚਲਾਉਂਦਾ ਸੀ ਤੇ ਉਸਦੇ ਨਾਲ ਵਾਲੇ ਸਾਰੇ ਅੱਗੇ ਲੰਘ ਜਾਂਦੇ ਸਨ। ਕਦੇ-ਕਦੇ ਉਸ ਦੀ ਖਾਖੀ ਪੈਂਟ ਦੇ ਪੌਂਚੇ ਸਾਈਕਲ ਦੀ ਚੇਨ ਨਾਲ ਲੱਗ-ਲੱਗ ਕੇ ਕਾਲੇ ਹੋ ਜਾਂਦੇ ਸਨ, ਪਰ ਕਿਸੇ ਵੀ ਗੱਲ ਦੀ ਪ੍ਰਵਾਹ ਨਾ ਕਰਦਿਆਂ ਸਕੂਲ ਪਹੁੰਚ ਹੀ ਜਾਂਦਾ ਸੀ। ਕਲਾਸ ਦੇ ਮੁੰਡਿਆਂ ਨੇ ਉਸ ਦਾ ਨਾਂਅ ਜਾਮ ਰੱਖ ਲਿਆ ਕਿਉਂਕਿ ਉਹ ਹਰ ਵਾਰ ਅਧਿਆਪਕ ਨੂੰ ਕਹਿ ਦਿੰਦਾ ਸੀ ਕਿ ਅੱਜ ਸਾਈਕਲ ਜਾਮ ਹੋ ਗਿਆ, ਇਸੇ ਕਰਕੇ ਲੇਟ ਹੋ ਗਿਆ, ਉਸ ਦੀ ਇਸ ਗੱਲ 'ਤੇ ਸਾਰੀ ਕਲਾਸ ਦੇ ਮੁੰਡੇ ਹੱਸ ਪੈਂਦੇ ਸੀ। ਪਰ ਅਧਿਆਪਕ ਉਸ ਨੂੰ ਕੁਝ ਵੀ ਨਹੀਂ ਸੀ ਕਹਿੰਦਾ ਕਿਉਂਕਿ ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ, ਹਰ ਵਾਰ ਕਲਾਸ ਵਿਚੋਂ ਫਸਟ ਆਉਂਦਾ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਖੇਡਾਂ ਵਿਚ ਵੀ ਬਹੁਤ ਅੱਗੇ ਸੀ। ਛੁੱਟੀ ਵਾਲੇ ਦਿਨ ਕਈ ਵਾਰ ਉਹ ਆਪਣੇ ਪਿਤਾ ਜੀ ਨਾਲ ਦਿਹਾੜੀ 'ਤੇ ਵੀ ਚਲਾ ਜਾਂਦਾ ਸੀ। ਜੰਟਾ ਹਮੇਸ਼ਾ ਸਕੂਲ ਦੀ ਕੰਧ 'ਤੇ ਲਿਖੇ ਮਾਟੋ ਨੂੰ ਪੜ੍ਹਦਾ ਜਿਸ ਦੇ ਸ਼ਬਦ ਸਨ, 'ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵੇ ਕਰਨ ਮੁਕੱਦਰਾਂ 'ਤੇ, ਉੱਗਣ ਵਾਲੇ ਤਾਂ ਉੱਗ ਹੀ ਪੈਂਦੇ ਨੇ ਸੀਨ੍ਹੇ ਪਾੜ੍ਹ ਕੇ ਪੱਥਰਾਂ ਦੇ'। ਕਈ ਵਾਰ ਕਲਾਸ ਵਿਚ ਬੈਠੇ ਸ਼ਰਾਰਤੀ ਮੁੰਡੇ ਪਿਛੋਂ ਜੰਟੇ ਦੀ ਪੱਗ ਵਿਚੋਂ ਦਿਸਦੇ ਸੁਰਾਖ 'ਚ ਉਂਗਲ ਪਾ ਕੇ ਉਸ ਦਾ ਮਜ਼ਾਕ ਉਡਾਉਂਦੇ, ਉਹ ਐਨਾ ਸ਼ਰੀਫ ਸੀ ਕਿ ਹੱਸ ਕੇ ਇਹ ਹੀ ਕਹਿੰਦਾ ਕਿ 'ਓ ਯਾਰ ਅੱਜ ਬੇਬੇ ਨੇ ਪੂਣੀ ਠੀਕ ਨਹੀਂ ਕਰਵਾਈ।' ਰਿਜ਼ਲਟ ਵੇਲੇ ਸਾਰੇ ਮੁੰਡੇ ਜੰਟੇ ਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ ਕਿਉਂਕਿ ਹਰ ਵਾਰ ਉਸ ਦੇ ਹੀ ਨੰਬਰ ਜ਼ਿਆਦਾ ਆਉਂਦੇ ਸਨ। ਅਕਸਰ ਇਹ ਹੀ ਕਹਿੰਦੇ ਸਾਰੇ ਇਹਦਾ ਸਾਈਕਲ ਹੀ ਜਾਮ ਹੁੰਦਾ ਹੈ, ਇਹ ਆਪ ਕੰਜਰ ਦਾ ਕਦੇ ਜਾਮ ਨ੍ਹੀਂ ਹੁੰਦਾ, ਉਲਟਾ ਸਾਨੂੰ ਜਾਮ ਕਰਕੇ ਰੱਖ ਦਿੰਦੈ। ਸਮਾਂ ਬੀਤਦਾ ਗਿਆ। ਜੰਟਾ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਚਲਾ ਗਿਆ। ਉਥੇ ਉਸ ਨੇ ਬਹੁਤ ਮਿਹਨਤ ਕੀਤੀ ਤੇ ਚੰਗੇ ਨੰਬਰ ਲੈ ਕੇ ਪਾਸ ਹੋਇਆ। ਉਸ ਨੇ ਕਾਲਜ ਦੀ ਪੜ੍ਹਾਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਪੂਰੀ ਕੀਤੀ। ਪ੍ਰੰਤੂ ਸਕੂਲ ਦੇ ਕਈ ਅਧਿਆਪਕਾਂ ਨੇ ਉਸ ਦੀ ਕਾਲਜ ਤੱਕ ਵੀ ਮਦਦ ਕੀਤੀ।
ਜੰਟੇ ਨੂੰ ਸਰਕਾਰੀ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਤੇ ਉਹ ਸ਼ਹਿਰ ਰਹਿਣ ਲੱਗ ਪਿਆ। ਆਪਣੇ ਮਾਂ-ਪਿਓ ਨੂੰ ਵੀ ਨਾਲ ਲੈ ਗਿਆ। ਕਈ ਸਾਲਾਂ ਬਾਅਦ ਇਕ ਦਿਨ ਜੰਟਾ ਪਿੰਡ ਆਪਣਾ ਪੁਰਾਣਾ ਘਰ ਵੇਖਣ ਲਈ ਆਇਆ। ਪਿੰਡ ਦੀ ਫਿਰਨੀ 'ਤੇ ਜਾਂਦਿਆ ਹੀ ਉਸ ਨੂੰ ਕਈ ਗੱਲਾਂ ਯਾਦ ਆਈਆਂ ਭਾਵੇਂ ਉਨ੍ਹਾਂ ਵਿਚੋਂ ਜ਼ਿਆਦਾ ਕੌੜੀਆਂ ਹੀ ਸਨ ਪਰ ਫੇਰ ਵੀ ਉਹ ਮੁਸਕਰਾਉਂਦਾ ਹੋਇਆ ਜਾ ਰਿਹਾ ਸੀ। ਉਸ ਦਾ ਦਿਲ ਕਰ ਰਿਹਾ ਸੀ ਕਿ ਸਕੂਲ ਜਾ ਕੇ ਵੇਖੇ ਕਿ ਕੋਈ ਪੁਰਾਣਾ ਅਧਿਆਪਕ ਹੋਵੇ ਤਾਂ ਉਨ੍ਹਾਂ ਨੂੰ ਮਿਲ ਆਵੇ, ਇਹੀ ਸੋਚਦਾ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਇਕ ਜਗ੍ਹਾ ਉਸ ਨੂੰ ਦੋ ਜਣੇ ਆਪਣਾ ਸਕੂਟਰ ਖਰਾਬ ਹੋਣ ਕਾਰਨ ਖੜ੍ਹੇ ਵਿਖਾਈ ਦਿੱਤੇ। ਉਸ ਨੇ ਰੁਕ ਕੇ ਵੇਖਿਆ, ਤਾਂ ਉਸ ਦੇ ਸਹਿਪਾਠੀ ਹੀ ਸਨ ਜੋ ਅਕਸਰ ਹੀ ਕਲਾਸ ਵਿਚ ਉਸ ਨੂੰ ਉਸ ਦੇ ਮਾੜੇ ਹਾਲਤਾਂ ਬਾਰੇ ਉਸ ਦੀ ਖਿੱਲੀ ਉਡਾਉਂਦੇ ਸੀ। ਉਸ ਨੇ ਗੱਡੀ ਵਿਚੋਂ ਉਤਰ ਕੇ ਪੁੱਛਿਆ, 'ਕੀ ਹੋਇਆ ਬਾਈ ਜਗਦੀਪ ਸਿਆਂ?' ਜਗਦੀਪ ਓਪਰੀ ਜਿਹੀ ਨਿਗ੍ਹਾ ਨਾਲ ਉਸ ਵੱਲ ਝਾਕਣ ਲੱਗਾ ਤਾਂ ਜੰਟੇ ਨੇ ਫੇਰ ਪੁੱਛਿਆ, 'ਕੀ ਗੱਲ ਬਾਈ ਪਛਾਣ ਨ੍ਹੀਂ ਆਈ? ...ਮੈਂ ਥੋਡਾ ਬੇਲੀ ਜੰਟਾ।' ਜਗਦੀਪ ਅਣਜਾਣ ਜਿਹਾ ਬਣਦਾ ਹੋਇਆ ਕਹਿਣ ਲੱਗਿਆ, 'ਆਈ ਨ੍ਹੀਂ ਬਾਈ ਪਛਾਣ.... ਥੋੜੀ ਦੇਰ ਬਾਅਦ ਆਪ ਹੀ 'ਓ ਅੱਛਾ-ਅੱਛਾ ਜੰਟਾ ਆ...ਆ... ਕੀ ਹਾਲ ਐ ਬਾਈ ਪਛਾਣ ਕਿਵੇਂ ਆਵੇ ਮੈਨੂੰ... ਤੂੰ ਤਾਂ ਨਾਢੂ ਖਾਂ ਬਣਿਆ ਫਿਰਦੈ....ਤੂੰ ਤਾਂ ਈਦ ਦਾ ਚੰਦ ਈ ਹੋ ਗਿਆ ਗੁਰਜੰਟ ਸਿਆਂ... ਅੱਜਕਲ੍ਹ ਪਿੰਡ ਕਦੇ ਗੇੜਾ ਈ ਨ੍ਹੀਂ ਮਾਰਿਆ।'
'ਬੱਸ ਕੀ ਦੱਸਾਂ ਯਾਰ ਡਿਊਟੀ, ਘਰਾਂ ਦੇ ਰੁਝੇਵੇਂ ਤੇ ਬੱਚਿਆਂ ਦੀ ਪੜ੍ਹਾਈ ਕਰਕੇ ਸਮਾਂ ਈ ਨ੍ਹੀ ਨਿਕਲਦਾ... ਹੋਰ ਸੁਣਾ ਕੀ ਕੰਮ ਕਰ ਰਿਹੈ ਅੱਜਕਲ੍ਹ?'
'ਕੰਮ! ਕਦੇ ਪਹਿਲਾਂ ਤੋਂ ਕੀਤਾ ਹੋਵੇ ਤਾਂ ਅੱਜ ਦੱਸਾਂ ਕੀ ਕਰਦੇ ਆਂ... ਸਾਡੀ ਤਾਂ ਉਹ ਗੱਲ ਏ ਗੁਰਜੰਟ ਸਿਆਂ, ਨਾ ਗਾਂ ਨਾ ਵੱਛੀ ਨੀਂਦਰ ਆਵੇ ਅੱਛੀ... ਦਿਨੇ ਤਾਸ਼ ਕੁੱਟ ਲਈਦੀ ਐ 'ਕੱਠੇ ਹੋ ਕੇ... ਰਾਤ ਨੂੰ ਦਾਰੂ ਪੀ ਲਈਦੀ ਐ ਉਹੀ ਯਾਰਾਂ ਦੋਸਤਾਂ ਨਾਲ, ਆਹ ਵੇਖ ਜਿਹੜਾ ਤੈਨੂੰ ਵੱਧ ਛੇੜਦਾ ਸੀ ਉਸ ਦਾ ਹਾਲ ਵੇਖ ਦਿਨੇ ਈ ਟੱਲੀ ਐ, ਗੱਲ ਵੀ ਨ੍ਹੀਂ ਕਰ ਸਕਦਾ ਇਹ ਤੇਰੇ ਨਾਲ, ਸ਼ਰਮ ਮਹਿਸੂਸ ਕਰਦੈ...ਅੱਖਾਂ ਚੁਰਾ ਰਿਹੈ ਤੇਰੇ ਤੋਂ ... ਪਰ ਅੱਜ ਤੈਨੂੰ ਵੇਖ ਕੇ ਖੁਸ਼ੀ ਵੀ ਹੋ ਰਹੀ ਹੈ ਤੇ ਆਪਣੇ-ਆਪ ਨੂੰ ਸ਼ਰਮ ਵੀ ਆ ਰਹੀ ਹੈ। ਜੇ ਤੇਰੇ ਵਰਗਿਆਂ ਨਾਲ ਲੱਗ ਕੇ ਪੜ੍ਹ ਲੈਂਦੇ ਤਾਂ ਅੱਜ ਆਹ ਹਾਲ ਨਾ ਹੁੰਦਾ....ਯਾਰਾ ਤੈਨੂੰ ਤੇਰੀ ਨਰਮਾਈ ਤੇ ਪੜ੍ਹਾਈ ਨੇ ਤਾਰ ਦਿੱਤਾ ਤੇ ਸਾਨੂੰ ਸਾਡੀਆਂ ਬਦਮਾਸ਼ੀਆਂ ਤੇ ਕਰਤੂਤਾਂ ਨੇ ਡੋਬ ਦਿੱਤਾ...ਬਹੁਤ ਤਾਕਤ ਐ ਪੜ੍ਹਾਈ 'ਚ....ਓਸ ਵੇਲੇ ਅਸੀਂ ਕਿਸੇ ਦੀ ਗੱਲ ਨ੍ਹੀਂ ਸੁਣੀ...ਆਪਣੀਆਂ ਈ ਯੱਕੜਾਂ ਮਾਰਦੇ ਰਹੇ.. ਅਸੀਂ ਤਾਂ ਸ਼ੁਗਲ ਕਰਨ ਜਾਂਦੇ ਸੀ ਸਕੂਲ 'ਚ ਤੇ ਤੇਰੇ ਵਰਗਿਆਂ ਨੂੰ ਤੰਗ ਕਰਨ। ਸ਼ਾਇਦ ਉਨ੍ਹਾਂ ਗੱਲਾਂ ਨੇ ਅੱਜ ਸਾਡੀ ਜ਼ਿੰਦਗੀ ਦਾ ਸਫਰ ਜਾਮ ਕਰਕੇ ਰੱਖ ਦਿੱਤਾ।' ਜੰਟਾ ਉਥੋਂ ਹੀ ਗੱਡੀ ਵਾਪਸ ਕਰ ਲੈਂਦਾ ਹੈ ਤੇ ਸਕੂਲ ਵੱਲ ਚਲਾ ਜਾਂਦਾ ਹੈ, ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਉਹ ਕਿੰਨੀ ਤੇਜ਼ੀ ਨਾਲ ਸਕੂਲ ਜਾ ਰਿਹਾ ਹੈ... ਸਕੂਲ ਵੜਦਿਆਂ ਹੀ ਉਸ ਦੀ ਨਿਗ੍ਹਾ ਪਹਿਲਾਂ ਉਸ ਮਾਟੋ ਵੱਲ ਹੀ ਪੈਂਦੀ ਹੈ, ਉਹ ਪੜ੍ਹ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਦਾ ਹੈ, ਪ੍ਰੰਤੂ ਉਸ ਨੂੰ ਕਿਸੇ ਨੇ ਪਛਾਣਿਆਂ ਨਹੀਂ ਤੇ ਉਹ ਉਥੋਂ ਵਾਪਸ ਆ ਜਾਂਦਾ ਹੈ।

-ਸ਼ਰਨਪ੍ਰੀਤ ਕੌਰ
(ਮੈਥ ਮਿਸਟ੍ਰੈਸ)
ਸ.ਕੰ.ਸ.ਸ. ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ।
ਮੋਬਾਈਲ : 94177-38737.

ਪਿਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਇਕ ਪੰਜਾਬੀ ਗਾਇਕ ਠੀਕ ਹੀ ਕਹਿੰਦਾ ਹੈ ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ।
* ਪੁੱਤਰ ਦੀ ਪਹਿਚਾਣ ਹੁੰਦੀ ਹੈ ਬਾਪ ਕਰਕੇ, ਘਰ ਸਵਰਗ ਤੋਂ ਵੱਧ ਚੰਗਾ ਲਗਦਾ ਹੈ ਸਿਰਫ਼ ਮਾਂ ਕਰਕੇ।
* ਜਿਵੇਂ ਥੰਮ੍ਹ ਬਿਨਾਂ ਛੱਤ, ਪਹੀਏ ਬਿਨਾਂ ਬੱਸ, ਪੈਰਾਂ ਬਿਨਾਂ ਸਰੀਰ ਤੇ ਰੰਗਾਂ ਬਿਨਾਂ ਸਤਰੰਗੀ ਪੀਂਘ ਦਾ ਤਸੱਵਰ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਪਰਿਵਾਰ ਵਿਚ ਪਿਤਾ ਦਾ ਬਹੁਤ ਉੱਚਾ
ਸਥਾਨ ਤੇ ਮਹੱਤਵ ਹੈ।
* ਬਾਪ ਦੀ ਗਰੀਬੀ ਅਤੇ ਮਾਂ ਦੇ ਪਹਿਨਾਏ ਕੱਪੜਿਆਂ 'ਤੇ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ।
* ਮਾਤਾ-ਪਿਤਾ ਤੇ ਜਵਾਨੀ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦੇ ਹਨ।
* ਪਿਤਾ ਪੁੱਤ ਨੂੰ ਕੁਝ ਦੇ ਕੇ ਖੁਸ਼ੀ ਮਹਿਸੂਸ ਕਰਦਾ ਹੈ ਪਰ ਪੁੱਤ ਬੋਝ ਸਮਝ ਕੇ ਦਿੰਦਾ ਹੈ।
* ਜਦੋਂ ਖਾਣ ਨੂੰ ਸੇਬ ਘੱਟ ਹੋਣ ਤੇ ਖਾਣ ਵਾਲੇ ਜ਼ਿਆਦਾ ਹੋਣ ਤਾਂ ਕੌਣ ਕਹਿ ਸਕਦਾ ਹੈ ਕਿ ਮੈਨੂੰ ਭੁੱਖ ਨਹੀਂ, 'ਮਾਂ, ਪਿਤਾ ਤੇ ਦੋਸਤ।'
* ਪਿਤਾ ਦੀ ਕੀਮਤ ਦਾ ਪਤਾ ਉਨ੍ਹਾਂ ਬੱਚਿਆਂ ਤੋਂ ਪੁੱਛਿਆ ਜਾ ਸਕਦਾ ਹੈ, ਜਿਨ੍ਹਾਂ 'ਤੇ ਪਿਤਾ ਦਾ ਸਾਇਆ ਨਾ ਹੋਵੇ ਜਾਂ ਤਲਾਕ ਹੋਣ ਕਾਰਨ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਵੇ।
* ਇਕ ਪਿਤਾ ਲਈ ਉਦੋਂ ਕਹਿਰ ਦਾ ਦੁੱਖ ਹੁੰਦਾ ਹੈ, ਜਦੋਂ ਉਸ ਨੂੰ ਆਪਣੇ ਮੋਢਿਆਂ ਉਪਰ ਜਵਾਨ ਪੁੱਤਰ ਦੀ ਅਰਥੀ ਚੁੱਕਣੀ ਪੈਂਦੀ ਹੈ, ਇਸ ਤੋਂ ਇਲਾਵਾ ਜੇ ਪੁੱਤਰ ਨਸ਼ੇੜੀ, ਸ਼ਰਾਬੀ ਜਾਂ
ਬੇਰੁਜ਼ਗਾਰ ਹੋਵੇ ਤਾਂ ਉਸ ਦਾ ਵੀ ਪਿਤਾ ਨੂੰ ਬਹੁਤ ਦੁੱਖ ਹੁੰਦਾ ਹੈ।
* ਕਈ ਪਿਤਾ ਆਪਣੀ ਸਾਰੀ ਉਮਰ ਦੀ ਕਮਾਈ ਬੱਚਿਆਂ ਦਾ ਭਵਿੱਖ ਸੰਵਾਰਨ 'ਚ ਲਗਾ ਦਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਹੀ ਆਪਣੀ ਅਸਲ ਪੂੰਜੀ ਸਮਝਦੇ ਹਨ ਪਰ ਕਈ ਵਾਰੀ ਅਜਿਹੇ ਮਾਪੇ
ਆਪਣੀ ਆਖਰੀ ਉਮਰ ਬੇਸਹਾਰਾ ਗੁਜ਼ਾਰਦੇ ਹਨ।
* ਕਿਸ਼ੋਰ ਅਵਸਥਾ ਵਿਚ ਮਾਂ ਦੇ ਨਾਲ-ਨਾਲ ਪਿਤਾ ਨੂੰ ਵੀ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਕਰਾਉਂਦੇ ਰਹਿਣਾ ਚਾਹੀਦਾ
ਹੈ।
* ਪਿਤਾ ਦਾ ਫਰਜ਼ ਹੈ ਕਿ ਬੱਚਿਆਂ ਨੂੰ ਸਫ਼ਲ ਤੇ ਮਜ਼ਬੂਤ ਬਣਾਉਣ ਲਈ ਸੋਸ਼ਲ ਸਾਈਟਸ, ਮੋਬਾਈਲ, ਵਟਸਐਪ ਦੇ ਪ੍ਰਯੋਗ ਬਾਰੇ ਉਨ੍ਹਾਂ ਨੂੰ ਸਾਵਧਾਨ ਕਰਨ ਦੇ ਨਾਲ-ਨਾਲ, ਨਸ਼ਿਆਂ ਦੇ ਨੁਕਸਾਨ
ਪ੍ਰਤੀ ਵੀ ਜਾਗਰੂਕ ਕਰੇ। ਜੇ ਬੱਚਾ ਖੇਡਾਂ ਖੇਡਣੀਆਂ ਸਿੱਖ ਰਿਹਾ ਹੋਵੇ ਤਾਂ ਉਸ ਨਾਲ ਪਿਤਾ ਵਾਂਗ ਨਹੀਂ ਸਾਥੀ ਵਾਂਗ ਖੇਡੇ।
* ਜਿਸ ਔਲਾਦ ਲਈ ਪਿਤਾ ਆਪਣਾ ਮਨ ਮਾਰ ਕੇ, ਚਾਅ ਅਧੂਰੇ ਛੱਡ ਕੇ, ਉਨ੍ਹਾਂ ਨੂੰ ਕਿਸੇ ਕਾਬਲ ਬਣਾਉਂਦਾ ਹੈ, ਉਸ ਪਿਤਾ ਪ੍ਰਤੀ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪਿਤਾ ਦੇ ਬੁਢਾਪੇ
ਵਿਚ ਉਸ ਦਾ ਸਹਾਰਾ ਬਣਨ।
* ਕਿਸੇ ਸ਼ਾਇਰ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਬਾਬਲ ਹੁੰਦਿਆਂ ਬੇਪ੍ਰਵਾਹੀਆਂ ਰੱਬ ਯਾਦ ਨਾ ਰਹਿੰਦਾ। ਸਾਨੂੰ ਵੀ ਪ੍ਰਣ ਕਰਨਾ ਚਾਹੀਦਾ ਹੈ ਕਿ ਰੱਬ ਵਰਗੇ ਪਿਤਾ ਦੇ ਚਿਹਰੇ 'ਤੇ ਉਦਾਸੀ ਨਾ
ਆਉਣ ਦੇਈਏ। ਪਲ ਦੋ ਪਲ ਦੇ ਨਸ਼ਿਆਂ ਲਈ ਪਿਤਾ ਦੇ ਗਲ ਵਿਚ ਅੰਗੂਠਾ ਨਾ ਦੇਈਏ ਤੇ ਉਸ ਵੱਲੋਂ ਵਹਾਏ ਗਏ ਪਸੀਨੇ ਦੀ ਕੀਮਤ ਨੂੰ ਜਾਣੀਏ।
* ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲਈ ਉਨ੍ਹਾਂ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਪਰ ਅਸੀਂ ਪਿਤਾ ਦੀ ਬੁਢਾਪੇ
ਵਿਚ ਸੇਵਾ ਕਰਨ ਦੀ ਬਜਾਏ ਉਸ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇਣ ਬਾਰੇ ਕਦੇ ਸੋਚੀਏ ਵੀ ਨਾ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX