ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਅੱਜ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼

ਸ੍ਰੀ ਹਰਿਕ੍ਰਿਸ਼ਨ ਧਿਆਈਐ...

ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ, ਜਿਨ੍ਹਾਂ ਨੂੰ 'ਬਾਲਾ ਪ੍ਰੀਤਮ' ਅਤੇ 'ਅਸ਼ਟਮ ਬਲਬੀਰਾ' ਜਿਹੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤਿ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ। ਆਪ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਸ੍ਰੀ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਦਾ ਇਕ ਵੱਡਾ ਭਰਾ ਰਾਮਰਾਇ ਸੀ, ਜਿਸ ਨੂੰ ਆਪਣੇ ਪਿਤਾ ਪਿੱਛੋਂ ਗੁਰਗੱਦੀ ਦੀ ਪੂਰੀ ਆਸ ਸੀ ਪਰ ਗੁਰੂ ਹਰਿਰਾਇ ਜੀ ਦੀ ਪਾਰਖੂ ਅੱਖ ਨੇ ਦੋਵਾਂ ਪੁੱਤਰਾਂ ਵਿਚੋਂ ਸਾਫ਼ ਅੰਤਰ ਲੱਭ ਲਿਆ ਸੀ।
ਜਦੋਂ ਰਾਮਰਾਇ ਨੇ ਦਿੱਲੀ ਵਿਖੇ ਔਰੰਗਜ਼ੇਬ ਦੇ ਪ੍ਰਭਾਵ ਹੇਠ ਆ ਕੇ ਉਸ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਇਕ ਪੰਕਤੀ ('ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ' ਦੀ ਥਾਂ 'ਮਿਟੀ ਬੇਈਮਾਨ ਕੀ...' ਵਜੋਂ) ਬਦਲ ਦਿੱਤੀ ਤਾਂ ਗੁਰੂ ਹਰਿਰਾਇ ਜੀ ਨੇ ਉਸ ਨੂੰ ਤਿਆਗ ਦਿੱਤਾ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ।
ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਸ ਸਮੇਂ ਆਪ ਦੀ ਉਮਰ ਕਰੀਬ ਸਵਾ ਪੰਜ ਸਾਲ ਦੀ ਸੀ। ਰਾਮਰਾਇ ਨੂੰ ਇਸ ਨਾਲ ਬੜਾ ਦੁੱਖ ਹੋਇਆ ਤੇ ਉਸ ਨੇ ਮਸੰਦਾਂ ਅਤੇ ਧੀਰ ਮੱਲ (ਗੁਰੂ ਹਰਿਰਾਇ ਜੀ ਦਾ ਵੱਡਾ ਭਰਾ/ਬਾਬਾ ਗੁਰਦਿੱਤਾ ਜੀ ਦਾ ਪੁੱਤਰ/ਗੁਰੂ ਹਰਿਗੋਬਿੰਦ ਸਾਹਿਬ ਦਾ ਪੋਤਰਾ) ਦੀ ਮਦਦ ਨਾਲ ਆਪਣੇ-ਆਪ ਨੂੰ ਗੁਰੂ ਵਜੋਂ ਸਥਾਪਿਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬੀ ਨਾ ਮਿਲੀ।
ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਸਲੇ ਵਿਚ ਕੋਈ ਦਖ਼ਲ ਨਾ ਦਿੱਤਾ ਪਰ ਫਿਰ ਉਸ ਨੇ ਸੋਚਿਆ ਕਿ ਰਾਮਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇਸ ਪਾਸਿਓਂ ਬੇਫ਼ਿਕਰ ਹੋ ਜਾਵੇਗੀ, ਤਾਂ ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ।
ਸ੍ਰੀ ਗੁਰੂ ਹਰਿਰਾਇ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ 'ਨਹਿ ਮਲੇਛ ਕੋ ਦਰਸ਼ਨ ਦੇ ਹੈਂ' ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਨੇ ਆਪਣੇ ਗੁਰੂ-ਪਿਤਾ ਦਾ ਹੁਕਮ ਮੰਨਦਿਆਂ ਸਿੱਖੀ ਦੀ ਅਣਖ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਵਿਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਗੁਰੂ ਜੀ ਨਾਲ ਸਬੰਧਤ ਇਕ ਸਾਖੀ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ। ਬ੍ਰਾਹਮਣਾਂ ਨੂੰ ਸ਼ੱਕ ਸੀ ਕਿ ਇਸ ਛੋਟੇ ਬਾਲ-ਗੁਰੂ ਵਿਚ ਅਜਿਹਾ ਕਰਨ ਦੀ ਕੋਈ ਸਮਰੱਥਾ ਨਹੀਂ ਹੋਵੇਗੀ ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਹੋ ਗਈ ਜਦੋਂ ਗੁਰੂ ਜੀ ਨੇ ਆਪਣਾ ਰੁਮਾਲ ਉਸ ਕੋਹੜੀ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਆਪਣੇ ਸਰੀਰ 'ਤੇ ਫੇਰ ਅਤੇ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਅਰਦਾਸ ਕਰ। ਇਉਂ ਕਰਨ ਨਾਲ ਕੋਹੜੀ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਜੀ ਦੀ ਕੀਰਤੀ ਦਿਨੋ-ਦਿਨ ਹੋਰ ਫੈਲਣ ਲੱਗੀ।
ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ-ਪੱਤਰ ਭੇਜਿਆ, ਨਾਲ ਹੀ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਿੱਖ ਸੰਗਤਾਂ ਨੂੰ ਰਾਮਰਾਇ ਦੀਆਂ ਚਾਲਾਂ ਤੋਂ ਸਾਵਧਾਨ ਕਰਨ ਲਈ ਦਰਸ਼ਨ ਦਿਓ। ਉਸ ਸਮੇਂ ਗੁਰੂ ਜੀ ਦੀ ਉਮਰ ਕਰੀਬ ਸਾਢੇ ਸੱਤ ਸਾਲ ਸੀ। ਆਪ ਨੇ ਕੁਝ ਸੋਚ-ਵਿਚਾਰ ਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਸਿੱਖ ਸੰਗਤਾਂ ਦਾ ਵੱਡਾ ਇਕੱਠ ਵੀ ਆਪ ਦੇ ਨਾਲ ਹੋ ਤੁਰਿਆ। ਗੁਰੂ ਜੀ ਨੇ ਅੰਬਾਲਾ ਨੇੜੇ ਪੰਜੋਖਰਾ ਵਿਖੇ ਠਹਿਰਾਓ ਕੀਤਾ ਅਤੇ ਕੁਝ ਚੋਣਵੇਂ ਸਿੱਖਾਂ (ਭਾਈ ਦਰਗਾਹ ਮੱਲ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਸਤੀ ਦਾਸ ਤੇ ਮਸੰਦ ਗੁਰਬਖਸ਼ ਮੱਲ) ਸਮੇਤ ਮਾਤਾ ਕ੍ਰਿਸ਼ਨ ਕੌਰ ਜੀ ਤੋਂ ਬਿਨਾਂ ਬਾਕੀ ਸੰਗਤ ਨੂੰ ਵਾਪਸ ਭੇਜ ਦਿੱਤਾ।
ਪੰਜੋਖਰਾ ਵਿਖੇ ਲਾਲ ਚੰਦ ਨਾਂਅ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ। ਉਸ ਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 7-8 ਸਾਲ ਦਾ ਬੱਚਾ ਖੁਦ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦਾ ਹੈ। ਮੈਂ ਇਨ੍ਹਾਂ ਨੂੰ ਤਾਂ ਗੁਰੂ ਮੰਨਾਂਗਾ, ਜੇ ਇਹ ਗੀਤਾ ਦੇ ਕਿਸੇ ਸਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ, ਗੀਤਾ ਦੇ ਅਰਥ ਤਾਂ ਉਹੀ ਕਰ ਦੇਵੇਗਾ।
ਪੰਡਿਤ ਪਿੰਡ 'ਚੋਂ ਇਕ ਗੂੰਗੇ ਤੇ ਬੋਲੇ ਛੱਜੂ ਝਿਉਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ, 'ਪੁੱਛੋ, ਜੋ ਪੁੱਛਣਾ ਚਾਹੁੰਦੇ ਹੋ।' ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ, ਗੁਰੂ ਬਖ਼ਸ਼ਿਸ਼ ਨਾਲ ਛੱਜੂ ਨੇ ਸਾਰਿਆਂ ਦੇ ਸਹੀ ਜਵਾਬ ਦਿੱਤੇ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਗਿਆਨ-ਚਰਚਾ ਵਾਲੀ ਇਸ ਥਾਂ 'ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ ਨੇ ਇਕ ਲੰਬੀ ਕਵਿਤਾ ਵਿਚ ਇਉਂ ਬਿਆਨਿਆ ਹੈ-
ਦਿੱਬ ਦ੍ਰਿਸ਼ਟੀ ਨਾਲ ਛੱਜੂ ਨੇ ਮੁੱਖ ਵਿੱਚੋਂ,
ਪਾਵਨ ਗੀਤਾ ਦਾ ਅਰਥ ਵੀਚਾਰ ਕੀਤਾ।
ਕੌਤਕ ਤੱਕ ਸਾਰਾ ਲਾਲ ਚੰਦ ਪੰਡਿਤ,
ਚਰਨਾਂ ਵਿਚ ਢਹਿ ਕੇ ਨਮਸਕਾਰ ਕੀਤਾ।
(ਵਿਰਸੇ ਦੇ ਅੰਗ ਸੰਗ, ਪੰਨਾ 41)
ਗੁਰੂ ਜੀ ਥਾਨੇਸਰ, ਕੁਰੂਕਸ਼ੇਤਰ, ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਪਹੁੰਚੇ। ਇਹੋ ਬੰਗਲਾ ਅੱਜਕਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿਚ ਵਿਖਿਆਤ ਹੈ। ਰਾਜੇ ਦੀ ਰਾਣੀ ਨੇ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ-ਗੁਰੂ ਦੀ ਪਰਖ ਕਰਨੀ ਚਾਹੀ। ਉਸ ਨੇ ਕੁਝ ਗੋਲੀਆਂ ਨੂੰ ਨਾਲ ਲਿਆ ਤੇ ਸਭ ਨੇ ਇਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਜਾਣੀਜਾਣ ਸਤਿਗੁਰੂ ਨੇ ਪੂਰੇ ਇਕੱਠ ਵਿੱਚੋਂ ਰਾਣੀ ਨੂੰ ਪਛਾਣ ਲਿਆ ਤਾਂ ਰਾਣੀ ਦੀ ਸ਼ਰਧਾ ਹੋਰ ਵੀ ਪੱਕੀ ਹੋ ਗਈ।
ਦਿੱਲੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅੱਧੀ ਘੜੀ ਬੰਗਲਾ ਸਾਹਿਬ ਦੇ ਸਾਹਮਣੇ ਖੜ੍ਹਾ ਰਿਹਾ। ਅਗਲੇ ਦਿਨ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦਿੱਤਾ। ਜਦੋਂ ਉਸ ਨੇ ਗੁਰਗੱਦੀ ਬਾਰੇ ਰਾਮਰਾਇ ਦੇ ਦਾਅਵੇ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ, 'ਗੁਰਗੱਦੀ ਕੋਈ ਜੱਦੀ ਵਿਰਾਸਤ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਗੱਦੀ ਦਿੱਤੀ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਵੀ ਅਜਿਹਾ ਹੀ ਕੀਤਾ ਸੀ। ਗੁਰੂ ਰਾਮਦਾਸ ਜੀ ਨੇ ਸਭ ਤੋਂ ਛੋਟੇ ਪੁੱਤਰ ਨੂੰ ਹੀ ਇਸ ਦੇ ਯੋਗ ਸਮਝਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਛੋਟੇ ਪੋਤਰੇ ਨੂੰ ਇਹ ਦਾਤ ਬਖ਼ਸ਼ੀ ਸੀ। ਨਾਲੇ ਗੁਰਬਾਣੀ ਵਿਚ 'ਮਿਟੀ ਮੁਸਲਮਾਨ ਕੀ' ਹੈ, 'ਮਿਟੀ ਬੇਈਮਾਨ ਕੀ' ਨਹੀਂ। ਰਾਮਰਾਇ ਨੇ ਗੁਰਬਾਣੀ ਨੂੰ ਬਦਲ ਕੇ ਅਰਥਾਂ ਦਾ ਅਨਰਥ ਕੀਤਾ ਹੈ, ਜਿਸ ਕਰਕੇ ਗੁਰੂ-ਪਿਤਾ ਨੇ ਉਸ ਨੂੰ ਛੇਕ ਦਿੱਤਾ।'
ਆਪਣੇ ਪੁੱਤਰ ਪਾਸੋਂ ਇਹ ਗੱਲਾਂ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਵਧੀਕੀ ਨਹੀਂ ਹੋਈ। ਉਸ ਨੇ ਰਾਮਰਾਇ ਨੂੰ ਸੱਤ ਪਿੰਡ ਪੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇਥੇ ਹੀ ਪਿੱਛੋਂ ਦੇਹਰਾਦੂਨ ਵਸਿਆ। ਰਾਮਰਾਇ ਆਪਣੀ ਜਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।
ਜਦੋਂ ਗੁਰੂ ਜੀ ਦਿੱਲੀ ਵਿਚ ਪਹੁੰਚੇ ਸਨ ਤਾਂ ਉਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਲੋਕੀਂ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮਚੀ ਹੋਈ ਸੀ। ਗੁਰੂ ਜੀ ਨੇ ਆਪਣੀ ਪ੍ਰਵਾਹ ਨਾ ਕੀਤੀ ਤੇ ਪੀੜਤਾਂ ਦੀ ਹੱਥੀਂ ਸੇਵਾ ਵਿਚ ਜੁਟ ਗਏ। ਉਹ ਲੋਕਾਂ ਦੇ ਘਰਾਂ ਤੇ ਮਹੱਲਿਆਂ ਵਿਚ ਵੀ ਗਏ। ਇਉਂ ਚੇਚਕ ਦੀ ਬਿਮਾਰੀ ਨੇ ਆਪ ਨੂੰ ਵੀ ਘੇਰ ਲਿਆ। ਗੁਰੂ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਨੇੜੇ ਬੈਠੀਆਂ ਸੰਗਤਾਂ ਨੂੰ ਆਖ਼ਰੀ ਬਚਨ ਕਹੇ, 'ਬਾਬਾ ਬਕਾਲੇ।' ਅਰਥਾਤ ਸਾਡੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਮਹਾਂਪੁਰਖ ਬਕਾਲੇ ਵਿਚ ਹਨ। ਉਨ੍ਹਾਂ ਦਾ ਇਸ਼ਾਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲ ਸੀ, ਜੋ ਰਿਸ਼ਤੇ ਵਿਚ ਉਨ੍ਹਾਂ ਦੇ ਦਾਦਾ ਲਗਦੇ ਸਨ। 30 ਮਾਰਚ, 1664 ਈ: ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਹੀ ਜੋਤੀ ਜੋਤਿ ਸਮਾ ਗਏ। ਜਿਥੇ ਆਪ ਦਾ ਸਸਕਾਰ ਕੀਤਾ ਗਿਆ, ਉਥੇ ਅੱਜਕਲ੍ਹ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਹੈ। ਆਪ ਦੀ ਵਿਲੱਖਣ ਪ੍ਰਤਿਭਾ ਅਤੇ ਦਰਦੀਆਂ ਦਾ ਦਰਦ ਵੰਡਾਉਣ ਕਰਕੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਚੰਡੀ ਦੀ ਵਾਰ' ਦੀ ਅਰੰਭਕ ਪਉੜੀ ਵਿਚ ਫ਼ਰਮਾਇਆ ਹੈ-
ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਠੈ ਸਭਿ ਦੁਖੁ ਜਾਇ॥


-ਐਸੋਸੀਏਟ ਪ੍ਰੋਫੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ (ਬਠਿੰਡਾ)-151302. ਮੋਬਾ: 94643-60051


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਬੜੀ ਸੰਗਤ ਬੁਰਹਾਨਪੁਰ (ਮੱਧ ਪ੍ਰਦੇਸ਼)

ਭਾਰਤ ਦੇ ਰਾਜ ਮੱਧ ਪ੍ਰਦੇਸ਼ ਦੇ ਵੱਡੇ ਉਦਯੋਗਿਕ ਸ਼ਹਿਰ ਬੁਰਹਾਨਪੁਰ ਵਿਚ ਤਾਪਤੀ ਨਦੀ ਦੇ ਕੰਢੇ 'ਤੇ ਗੁਰਦੁਆਰਾ ਬੜੀ ਸੰਗਤ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਹਾਕਮ ਬਹਾਦਰ ਸ਼ਾਹ ਦੇ ਨਾਲ ਆਪਣੀ ਦੱਖਣ ਦੀ ਯਾਤਰਾ ਦੌਰਾਨ ਮਈ/ਜੂਨ ਸੰਨ 1708 ਈ: ਨੂੰ ਉਕਤ ਸਥਾਨ 'ਤੇ ਪੁੱਜੇ ਸਨ। ਗੁਰੂ ਜੀ ਬੁਰਹਾਨਪੁਰ ਤੱਕ ਬਹਾਦਰ ਸ਼ਾਹ ਦੇ ਨਾਲ ਰਹੇ। ਉਸ ਤੋਂ ਬਾਅਦ ਬਹਾਦਰ ਸ਼ਾਹ ਨਾਗਪੁਰ ਵੱਲ ਨੂੰ ਚਲਿਆ ਗਿਆ, ਜਦਕਿ ਗੁਰੂ ਜੀ ਨਾਂਦੇੜ (ਮਹਾਂਰਾਸ਼ਟਰ) ਪਹੁੰਚੇ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੁਰਹਾਨਪੁਰ ਪਹੁੰਚਣ ਦਾ ਵੀ ਪਤਾ ਲਗਦਾ ਹੈ, ਕਿਉਂਕਿ ਤਾਪਤੀ ਨਦੀ ਦੇ ਕੰਢੇ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਵੀ ਬਣਿਆ ਹੋਇਆ ਹੈ। ਬੁਰਹਾਨਪੁਰ ਦਾ ਨਾਂਅ ਇਕ ਨਾਮਵਰ ਫਕੀਰ ਬੁਰਹਾਨ ਦੇ ਨਾਂਅ 'ਤੇ ਰੱਖਣ ਬਾਰੇ ਵੀ ਪਤਾ ਲਗਦਾ ਹੈ। ਪ੍ਰਸਿੱਧ ਵਿਦਵਾਨ ਭਾਈ ਵੀਰ ਸਿੰਘ ਅਨੁਸਾਰ ਤਾਪਤੀ ਨਦੀ ਦੇ ਕੰਢੇ ਇਕ ਯੋਗੀ ਜੀਵਨ ਦਾਸ ਦੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਪੁੱਜੇ।
ਜੀਵਨ ਦਾਸ ਪਹਿਲਾਂ ਆਸਾਮ ਵਿਚ ਨੌਵੇੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਵੀ ਕਰ ਚੁੱਕਾ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਉਕਤ ਜੀਵਨ ਦਾਸ ਦੇ ਡੇਰੇ ਪੁੱਜੇ ਤਾਂ ਉਸ ਵਕਤ ਜੀਵਨ ਦਾਸ ਦੀ ਉਮਰ 80 ਸਾਲ ਦੀ ਸੀ। ਇਹ ਵੀ ਪ੍ਰਮਾਣ ਮਿਲਦਾ ਹੈ ਕਿ ਬੁਰਹਾਨਪੁਰ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦਾਦੂ ਪੰਥ ਦੇ ਮਹੰਤ ਜੈਤ ਰਾਮ ਨੂੰ ਮਿਲੇ। ਮਹੰਤ ਜੈਤ ਰਾਮ ਨਾਲ ਭੇਟ ਵਾਰਤਾ ਦੌਰਾਨ ਹੀ ਉਸ ਦੁਆਰਾ ਨਾਂਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਮਾਧੋ ਦਾਸ ਬੈਰਾਗੀ ਬਾਰੇ ਗੁਰੂ ਜੀ ਨੂੰ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਆਪਣੇ ਆਗਲੇ ਪੜਾਅ ਦੌਰਾਨ ਗੁਰੂ ਜੀ ਨੇ ਨਾਂਦੇੜ ਪੁੱਜ ਕੇ ਇਸੇ ਮਾਧੋ ਦਾਸ ਨੂੰ ਸਿੰਘ ਸਜਾ ਕੇ ਬੰਦਾ ਸਿੰਘ ਦੇ ਰੂਪ 'ਚ ਪੰਜਾਬ ਦੀ ਧਰਤੀ ਉੱਪਰ ਲੋਕਾਂ 'ਤੇ ਅੱਤਿਆਚਾਰ ਢਾਅ ਰਹੇ ਜ਼ਾਲਮ ਮੁਗਲ ਸਾਮਰਾਜ ਦੇ ਖਾਤਮੇ ਲਈ ਭੇਜਿਆ। ਇਸ ਤੋਂ ਪਹਿਲਾਂ ਮਾਧੋ ਦਾਸ ਬੈਰਾਗੀ ਕਿਸੇ ਸਮੇਂ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਦਾ ਚੇਲਾ ਵੀ ਰਹਿ ਚੁੱਕਾ ਸੀ। ਜਿਸ ਜਗ੍ਹਾ ਗੁਰੂ ਜੀ ਨੇ ਬੁਰਹਾਨਪੁਰ ਵਿਖੇ ਆਪਣਾ ਡੇਰਾ ਲਗਾਇਆ, ਉੱਥੇ ਹੀ ਗੁਰਦੁਆਰਾ ਬੜੀ ਸੰਗਤ ਸਾਹਿਬ ਦੀ ਬੜੀ ਹੀ ਆਲੀਸ਼ਾਨ ਤੇ ਸੁੰਦਰ ਇਮਾਰਤ ਬਣਾਈ ਗਈ ਹੈ। ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ 13 ਅਪ੍ਰੈਲ, 1956 ਨੂੰ ਸੰਤ ਨਿਹਚਲ ਸਿੰਘ ਜਮਨਾ ਨਗਰ ਵਾਲਿਆਂ ਨੇ ਰੱਖਿਆ। ਬੁਰਹਾਨਪੁਰ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੀ ਸਰਹੱਦ 'ਤੇ ਸਥਿਤ ਇਕ ਵੱਡਾ ਵਪਾਰਕ ਸ਼ਹਿਰ ਹੈ। ਗੁਰਦੁਆਰਾ ਬੜੀ ਸੰਗਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਗੋਬਿੰਦ ਸਿੰਘ ਜੀ ਹੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਅਤੇ ਕੁਝ ਸ਼ਸਤਰਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾਂਦੇ ਹਨ। ਉਕਤ ਸ਼ਹਿਰ ਵਿਚ ਕਾਫੀ ਗਿਣਤੀ 'ਚ ਸਿੱਖ ਪਰਿਵਾਰ ਵਸਦੇ ਹਨ। ਗੁਰਦੁਆਰਾ ਕਮੇਟੀ ਦੁਆਰਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੋਲ੍ਹਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਇਤਿਹਾਸ ਦੀ ਖੋਜ ਲਈ ਇਕ ਵਿਦਵਾਨ ਘਰ, ਖੋਜ ਭਰਪੂਰ ਪੁਸਤਕਾਂ ਵਾਲੀ ਦਸਮੇਸ਼ ਲਾਇਬ੍ਰੇਰੀ ਅਤੇ ਇਕ ਗੁਰਮਤਿ ਵਿੱਦਿਆ ਕੇਂਦਰ ਵੀ ਚਲਾਇਆ ਜਾ ਰਿਹਾ ਹੈ। ਸੰਨ 1981 ਨੂੰ ਬੁਰਹਾਨਪੁਰ ਵਿਖੇ ਸਿੱਖ ਬੁੱਧੀਜੀਵੀਆਂ ਦੀ ਇਕ ਸਿੱਖ ਕਾਨਫਰੰਸ ਉਸ ਵੇਲੇ ਦੇ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਉਪਰੰਤ ਹੀ ਗੁਰੂ ਗੋਬਿੰਦ ਸਿੰਘ ਗੁਰਮਤਿ ਵਿਦਿਆ ਕੇਂਦਰ ਦਾ ਨੀਂਹ-ਪੱਥਰ ਰੱਖਿਆ ਗਿਆ। ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਉਕਤ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਨੂੰ ਪੁੱਜ ਰਹੀਆਂ ਹਨ।


-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ)।
ਮੋਬਾ: 98144-51414

ਯਾਤਰਾ ਪੁਰਾਤਨ ਰਿਆਸਤਾਂ ਦੀ

ਬੀਜਾਪੁਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਹਾ ਜਾਂਦਾ ਹੈ ਕਿ ਇਸ ਗੁੰਬਦ ਵਿਚ ਕਿਸੇ ਵੀ ਨੁਕਰੇ ਕੋਈ ਹੌਲੀ ਜਿਹੀ ਆਵਾਜ਼ ਵੀ ਮੂੰਹੋਂ ਕੱਢੇ ਜਾਂ ਕੋਈ ਗੱਲ ਕਰੇ ਤਾਂ ਉਹ ਫੱਟ ਦੂਸਰੀ ਨੁਕਰ ਵਿਚ ਸੁਣੀ ਜਾ ਸਕਦੀ ਹੈ, ਇਹ ਹੀ ਇਸ ਗੁੰਬਦ ਦੀ ਕਾਰੀਗਰੀ ਦਾ ਨਮੂਨਾ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਈਰਾਨ ਦੇ ਮਾਲਕ ਸੰਦਲ ਨੇ ਤਿਆਰ ਕੀਤਾ ਸੀ ਪਰ ਇਸ ਨੂੰ ਤਿਆਰ ਕਰਨ ਤੋਂ ਬਾਅਦ ਉਸ ਦੇ ਹੱਥ ਵੱਢ ਦਿੱਤੇ ਗਏ ਸਨ ਤਾਂ ਕਿ ਉਹ ਦੁਬਾਰਾ ਅਜਿਹਾ ਗੁੰਬਦ ਨਾ ਬਣਾ ਸਕੇ।
ਇਹ ਗੁੰਬਦ ਸੱਤ ਮੰਜ਼ਿਲਾ ਹੈ, ਜਿਸ ਦੀ ਸਭ ਤੋਂ ਉੱਪਰਲੀ ਛੱਤ ਕਾਫੀ ਖੂਬਸੂਰਤ ਹੈ। ਇਸ ਗੁੰਬਦ ਵਿਚ 161 ਪੌੜੀਆਂ ਹਨ ਅਤੇ ਇਸ ਗੁੰਬਦ ਦੀਆਂ ਦੀਵਾਰਾਂ 10-10 ਫੁੱਟ ਚੌੜੀਆਂ ਹਨ। ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇਸ ਗੁੰਬਦ ਦੀ ਕੋਈ ਨੀਂਹ ਨਹੀਂ ਹੈ ਅਤੇ ਨਾ ਹੀ ਇਸ ਦੇ ਸਹਾਰੇ ਲਈ ਕੋਈ ਮੀਨਾਰ ਹੈ। ਇਹ ਪੂਰੀ ਦੀ ਪੂਰੀ ਇਮਾਰਤ ਹੀ ਇਕ ਪੱਧਰੇ ਪੱਥਰ ਉੱਪਰ ਖੜ੍ਹੀ ਹੈ। ਇਸ ਗੁੰਬਦ ਦੀ ਸੱਤਵੀਂ ਮੰਜ਼ਿਲ ਤੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਹੈ। ਇਸ ਦੇ ਚਾਰੇ ਕੋਨਿਆਂ ਵਿਚ ਬਣੇ ਚਾਰ ਮੀਨਾਰ ਇਸ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਇਸ ਦਾ ਮਾਡਲ 3 ਕਿਲੋਮੀਟਰ ਦੂਰ ਅੱਜ ਵੀ ਸਥਿਤ ਹੈ। ਇਸ ਗੁੰਬਦ ਦੇ ਅੱਗੇ ਪੁਰਾਤਨ ਅਤੇ ਹਥਿਆਰਾਂ ਦਾ ਅਜਾਇਬ ਘਰ ਬਣਿਆ ਹੋਇਆ ਹੈ।
ਰਿਆਸਤ ਬੀਜਾਪੁਰ ਦਾ ਆਨੰਦ ਮਹੱਲ ਵੀ ਕਾਫੀ ਸੁੰਦਰ ਹੈ ਅਤੇ ਇਹ ਭਵਨ ਨਿਰਮਾਣ ਕਲਾ ਦਾ ਉਤਮ ਨਮੂਨਾ ਹੈ। ਕਿਹਾ ਜਾਂਦਾ ਹੈ ਕਿ ਇਸ ਮਹੱਲ ਦੀ ਸ਼ੋਭਾ ਦੂਰ-ਦੂਰ ਤੱਕ ਸੀ ਅਤੇ ਦੂਰ-ਦੂਰ ਤੋਂ ਲੋਕ ਇਸ ਮਹੱਲ ਨੂੰ ਦੇਖਣ ਲਈ ਆਉਂਦੇ ਸਨ ਅਤੇ ਅੱਜ ਵੀ ਆਉਂਦੇ ਹਨ। ਬੀਜਾਪੁਰ ਰਿਆਸਤ ਵਿਚ ਵੱਡੀ ਗਿਣਤੀ ਇਮਾਰਤਾਂ ਮੁਸਲਿਮ ਸੱਭਿਆਚਾਰ ਅਨੁਸਾਰ ਬਣੀਆਂ ਹੋਈਆਂ ਹਨ। ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉੱਪਰ ਮੁਸਲਿਮ ਸੱਭਿਆਚਾਰ ਦਾ ਪਰਛਾਵਾਂ ਸਾਫ ਦਿਖਾਈ ਦਿੰਦਾ ਹੈ।
ਰਿਆਸਤ ਬੀਜਾਪੁਰ ਇਕ ਅਜਿਹੀ ਰਿਆਸਤ ਹੈ, ਜਿਥੋਂ ਦੇ ਲੋਕ ਆਪਣੇ-ਆਪ ਨੂੰ ਰਿਆਸਤ ਦੀ ਰਿਆ ਹੋਣ ਉੱਪਰ ਅੱਜ ਵੀ ਮਾਣ ਕਰਦੇ ਹਨ। ਇਸ ਤੋਂ ਇਲਾਵਾ ਬੀਜਾਪੁਰ ਵਿਚ ਅੱਜ ਵੀ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ ਤੇ ਬੀਜਾਪੁਰ ਰਿਆਸਤ ਦੀਆਂ ਯਾਦਾਂ ਆਪਣੇ ਨਾਲ ਲੈ ਜਾਂਦੇ ਹਨ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ। ਮੋਬਾ: 94638-19174

ਗੁਰੂ ਸਾਹਿਬਾਨ ਦੇ ਨਾਮਵਰ ਘੋੜੇ-ਘੋੜੀਆਂ

ਧੰਨ ਹਨ ਉਹ ਵਡਭਾਗੇ ਘੋੜੇ-ਘੋੜੀਆਂ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹੀਆਂ ਦੀ ਸਵਾਰੀ ਬਣਨ ਦਾ ਮਾਣ ਪ੍ਰਾਪਤ ਹੋਇਆ। ਸੁੰਦਰ ਛਵੀ, ਨਿਰਾਲੀ ਚਾਲ, ਬੇਮਿਸਾਲ ਪਿਆਰ, ਵਫ਼ਾਦਾਰੀ ਅਤੇ ਸੇਵਾ ਦੇ ਜਜ਼ਬੇ ਨਾਲ ਭਰਪੂਰ ਘੋੜੇ-ਘੋੜੀਆਂ ਆਪਣੇ ਇਲਾਹੀ ਸ਼ਾਹ ਅਸਵਾਰਾਂ ਤੋਂ ਜਿੰਦ ਵਾਰਦੇ ਸਨ। ਇਨ੍ਹਾਂ ਵਿਚੋਂ ਕੁਝ ਨਾਮਵਰ ਘੋੜਿਆਂ ਦੀ ਸੇਵਾ ਅਤੇ ਕੁਰਬਾਨੀ ਬੇਮਿਸਾਲ ਹੈ, ਜਿਵੇਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿਆਰੇ ਘੋੜੇ ਦਿਲਬਾਗ ਅਤੇ ਗੁਲਬਾਗ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਦਲਬਿਡਾਰ, ਜਿਸ ਨੂੰ ਅਸੀਂ ਪਿਆਰ ਨਾਲ ਨੀਲਾ ਘੋੜਾ ਆਖਦੇ ਹਾਂ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਰਾਲੀ ਘੋੜੀ ਦੇ ਦੀਦਾਰ ਕਰਾਂਗੇ।
ਤੀਸਰੇ ਪਾਤਸ਼ਾਹ ਜੀ ਦੀ ਇਕ ਬਹੁਤ ਪਿਆਰੀ ਵਫਾਦਾਰ ਘੋੜੀ ਸੀ, ਜੋ ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਆਪਣੇ 'ਤੇ ਸਵਾਰ ਨਹੀਂ ਹੋਣ ਦਿੰਦੀ ਸੀ। ਦੂਜੇ ਪਾਤਸ਼ਾਹ ਜੀ ਦੇ ਬੇਟੇ ਦਾਤੂ ਜੀ ਤੀਜੇ ਪਾਤਸ਼ਾਹ ਜੀ ਦੇ ਗੁਰੂ ਬਣਨ ਤੋਂ ਏਨਾ ਨਾਰਾਜ਼ ਸਨ ਕਿ ਇਕ ਦਿਨ ਭਰੇ ਦਰਬਾਰ ਵਿਚ ਆ ਕੇ ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੂੰ ਲੱਤ ਮਾਰ ਕੇ ਤਖ਼ਤ ਤੋਂ ਗਿਰਾ ਦਿੱਤਾ ਅਤੇ ਕਬੋਲ ਬੋਲੇ। ਤੀਸਰੇ ਪਾਤਸ਼ਾਹ ਜੀ ਉਸੇ ਰਾਤ ਚੁੱਪਚਾਪ ਗੋਇੰਦਵਾਲ ਸਾਹਿਬ ਨੂੰ ਛੱਡ ਗਏ ਅਤੇ ਬਾਸਰਕੇ ਬੀੜ ਵਿਚ ਜਾ ਕੇ ਇਕ ਕੋਠੇ ਵਿਚ ਬੰਦ ਹੋ ਕੇ ਅੰਤਰ ਧਿਆਨ ਹੋ ਗਏ। ਸਵੇਰ ਹੋਈ ਤਾਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਬਗੈਰ ਵਿਆਕੁਲ ਹੋ ਗਈਆਂ। ਦਾਤੂ ਜੀ ਤਾਂ ਬਹੁਤ ਖੁਸ਼ ਸਨ ਤੇ ਗੱਦੀ ਲਗਾ ਕੇ ਬੈਠ ਗਏ ਪਰ ਕਿਸੇ ਨੇ ਉਨ੍ਹਾਂ ਨੂੰ ਮੂੰਹ ਨਾ ਲਾਇਆ। ਅੰਤ ਨੂੰ ਉਹ ਗੁਰੂ-ਘਰ ਦਾ ਪੈਸਾ-ਧੇਲਾ ਤੇ ਸਾਜ਼ੋ-ਸਮਾਨ ਖੱਚਰ 'ਤੇ ਲੱਦ ਕੇ ਤੀਸਰੇ ਪਾਤਸ਼ਾਹ ਜੀ ਦੀ ਘੋੜੀ 'ਤੇ ਚੜ੍ਹਨ ਲੱਗੇ ਪਰ ਘੋੜੀ ਨੇ ਉਨ੍ਹਾਂ ਨੂੰ ਪਟਕਾ ਕੇ ਮਾਰਿਆ। ਕਈ ਵਾਰ ਕੋਸ਼ਿਸ਼ ਕਰਨ 'ਤੇ ਵੀ ਘੋੜੀ ਨੇ ਆਪਣੀ ਸਵਾਰੀ ਨਹੀਂ ਕਰਨ ਦਿੱਤੀ, ਤਾਂ ਦਾਤੂ ਜੀ ਸਮਾਨ ਲੈ ਕੇ ਤੁਰ ਪਏ, ਜੋ ਰਾਹ ਵਿਚ ਚੋਰਾਂ ਨੇ ਲੁੱਟ ਲਿਆ। ਉਧਰੋਂ ਵੈਰਾਗਵਾਨ ਹੋਈਆਂ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ ਤੁਹਾਡੀਆਂ ਅੱਖਾਂ ਤੋਂ ਕਦੇ ਓਹਲੇ ਨਹੀਂ ਹੋਣਗੇ, ਸੋ ਹੁਣ ਸਾਨੂੰ ਤੀਸਰੇ ਪਾਤਸ਼ਾਹ ਜੀ ਕੋਲ ਤੁਸੀਂ ਹੀ ਲਿਜਾ ਸਕਦੇ ਹੋ।
ਭਾਵੇਂ ਬਾਬਾ ਬੁੱਢਾ ਜੀ ਦੇ ਅੰਤਰੀਵ ਨੈਣਾਂ ਨੂੰ ਸਭ ਕੁਝ ਦਿਸਦਾ ਸੀ ਪਰ ਉਨ੍ਹਾਂ ਨੇ ਇਹ ਵਡਿਆਈ ਮਹਾਰਾਜ ਜੀ ਦੇ ਪਿਆਰ ਵਿਚ ਹੰਝੂ ਵਹਾ ਰਹੀ ਘੋੜੀ ਨੂੰ ਦਿਵਾਉਣੀ ਚਾਹੀ। ਉਨ੍ਹਾਂ ਨੇ ਘੋੜੀ ਨੂੰ ਖੋਲ੍ਹਿਆ, ਸ਼ਿੰਗਾਰਿਆ ਅਤੇ ਕਿਹਾ ਕਿ ਗੁਰੂ ਪਿਆਰੀਏ, ਚੱਲ ਸਤਿਗੁਰਾਂ ਨੂੰ ਲੱਭੀਏ। ਘੋੜੀ ਅੱਗੇ-ਅੱਗੇ ਚੱਲ ਪਈ ਅਤੇ ਸੰਗਤ ਪਿੱਛੇ-ਪਿੱਛੇ। ਚਲਦੀ-ਚਲਦੀ ਘੋੜੀ ਬਾਸਰਕੇ ਪਹੁੰਚ ਕੇ ਉਸ ਕੋਠੇ ਅੱਗੇ ਰੁਕ ਗਈ, ਜਿਥੇ ਸਤਿਗੁਰੂ ਜੀ ਇਕਾਂਤ ਵਿਚ ਬੈਠੇ ਸਨ। ਉਹ ਹਿਣਕੀ, ਸਿਰ ਨਿਵਾਇਆ, ਕੋਠੇ ਦੁਆਲੇ ਤਿੰਨ ਪਰਿਕਰਮਾਂ ਕੀਤੀਆਂ ਅਤੇ ਫਿਰ ਦਰਵਾਜ਼ੇ ਅੱਗੇ ਆ ਖੜ੍ਹੀ ਹੋਈ, ਜਿਸ 'ਤੇ ਲਿਖ ਕੇ ਲਾਇਆ ਹੋਇਆ ਸੀ ਕਿ ਜੇ ਕੋਈ ਦਰਵਾਜ਼ਾ ਖੋਲ੍ਹੇਗਾ ਤਾਂ ਉਸ ਦਾ ਹਲਤ-ਪਲਤ ਵਿਗੜ ਜਾਵੇਗਾ। ਇਹ ਹੁਕਮ ਪੜ੍ਹ ਕੇ ਬਾਬਾ ਬੁੱਢਾ ਜੀ ਨੇ ਪਿਛਲੇ ਪਾਸੇ ਜਾ ਕੇ ਸੰਨ੍ਹ ਲਾ ਲਿਆ ਅਤੇ ਅੰਦਰ ਲੰਘ ਕੇ ਮਹਾਰਾਜ ਜੀ ਨੂੰ ਸੰਗਤ ਦੀ ਬਿਹਬਲਤਾ ਦਾ ਵਾਸਤਾ ਪਾਇਆ। ਪਾਤਸ਼ਾਹ ਜੀ ਨੇ ਤੁੱਠ ਕੇ ਇਸ ਅਸਥਾਨ ਨੂੰ ਵਰ ਦਿੱਤਾ, ਜੋ ਅੱਜਕਲ੍ਹ ਸੰਨ੍ਹ ਸਾਹਿਬ ਕਹਾਉਂਦਾ ਹੈ। ਪਿਆਰ ਵੱਸ ਹੋ ਕੇ ਆਪ ਜੀ ਬਾਹਰ ਆਏ ਤਾਂ ਘੋੜੀ ਨੇ ਗੁਰੂ ਚਰਨਾਂ 'ਤੇ ਮੱਥਾ ਟੇਕਿਆ ਅਤੇ ਹੰਝੂਆਂ ਦੀਆਂ ਧਾਰਾਂ ਵਹਾ ਦਿੱਤੀਆਂ। ਫਿਰ ਸੰਗਤਾਂ ਦੀ ਬੇਨਤੀ 'ਤੇ ਮਹਾਰਾਜ ਜੀ ਘੋੜੀ ਦੀ ਕੰਡ 'ਤੇ ਪਿਆਰ ਦਾ ਹੱਥ ਫੇਰ ਕੇ ਇਸ 'ਤੇ ਅਸਵਾਰ ਹੋਏ ਅਤੇ ਮੁੜ ਗੋਇੰਦਵਾਲ ਸਾਹਿਬ ਨੂੰ ਭਾਗ ਲਾਏ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਘੋੜੀ ਦਾ ਪ੍ਰਸੰਗ ਇਉਂ ਲਿਖਿਆ ਹੋਇਆ ਹੈ-
ਘੋਰੀ ਰਹੀ ਗੁਰੂ ਕੀ ਪਯਾਰੀ।
ਚੜ੍ਹਨ ਨ ਦੇਇ ਕਿਸੁ ਗੁਰ ਧਾਰੀ।
ਚਲਤ ਚਲਤ ਘੋਰੀ ਤਹਿ ਖਰੀ।
ਕੁਛਕ ਉਰੇ ਬਾਸਰਕੇ ਪੁਰੀ।
ਸ੍ਰੀ ਗੁਰੂ ਕੋ ਕੋਠਾ ਜਹਾਂ ਦਿਖ ਘੋਰੀ ਹਰਖਾਇ।
ਤੀਨ ਪ੍ਰਕਰਮਾ ਕਰ ਪ੍ਰਿਥਮ ਪੁਨ ਘੋਰੀ ਹਿਨਕਾਇ।
ਤਬੈ ਅਸਵਨੀ ਗੁਰ ਪਗ ਲਾਗੀ।
ਸਨਮੁਖ ਖੜ੍ਹੀ ਤਬੇ ਬਡਭਾਗੀ।
ਹਾਥ ਫੇਰ ਸ੍ਰੀ ਗੁਰੂ ਸੁਖ ਪਾਇਓ।
ਗੁਰ ਨਾਨਕ ਉਰ ਮਹਿ ਧਿਆਇਓ।
ਚਲਤ ਚਾਲ ਘੋਰੀ ਛਬ ਪਾਵੈ।
ਤਾਕੀ ਉਪਮਾ ਕਹੀ ਨ ਜਾਵੈ।
ਗੁਰਬਾਣੀ ਵਿਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਦੇਹ ਨੂੰ ਇਉਂ ਸਾਧ ਲਓ, ਜਿਵੇਂ ਘੋੜੀ ਹੋਵੇ ਅਤੇ ਇਸ 'ਤੇ ਸਵਾਰ ਹੋ ਕੇ ਪ੍ਰਮੇਸ਼ਰ ਨੂੰ ਮਿਲਣ ਦੀ ਯਾਤਰਾ ਕਰੋ। ਚੌਥੇ ਪਾਤਸ਼ਾਹ ਜੀ ਨੇ 'ਘੋੜੀਆਂ' ਸਿਰਲੇਖ ਹੇਠ ਬਾਣੀ ਰਚੀ ਹੈ ਅਤੇ ਫਰਮਾਇਆ ਹੈ-
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ॥
(ਵਡਹੰਸ ਮਹਲਾ ੪ ਘੋੜੀਆਂ)

ਗੁਰੂ ਕਾ ਬਾਗ ਬਨਾਮ ਗੁਰਦੁਆਰਾ ਮੰਜੀ ਸਾਹਿਬ

ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਪਰਿਕਰਮਾ ਦੇ ਬਾਹਰਵਾਰ ਪੂਰਬੀ ਹੱਦ ਵੱਲ ਕੌਲਸਰ ਸਰੋਵਰ ਤੋਂ ਅਖਾੜਾ ਬ੍ਰਹਮ ਬੂਟਾ ਤੱਕ ਪਹਿਲਾਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੁਆਰਾ ਲਗਵਾਇਆ ਖੂਬਸੂਰਤ ਬਾਗ਼ ਮੌਜੂਦ ਹੁੰਦਾ ਸੀ। ਇਹ ਬਾਗ਼ ਸ਼ਹਿਰ ਦੇ ਨਿਰਮਾਣ ਵੇਲੇ ਤੋਂ ਸੀ ਅਤੇ ਇਸ ਨੂੰ 'ਗੁਰੂ ਕਾ ਬਾਗ਼' ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਇਸੇ ਅਸਥਾਨ 'ਤੇ ਗੁਰੂ ਸਾਹਿਬ ਨੇ ਬਾਰਾਂ ਮਾਹ ਦੀ ਬਾਣੀ ਦਾ ਉਚਾਰਨ ਕੀਤਾ ਅਤੇ ਇਥੇ ਗੁਰੂ ਸਾਹਿਬ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ। ਗੁਰੂ ਨਗਰੀ ਦੀ ਇਹ ਮੁਕੱਦਸ ਨਿਸ਼ਾਨੀ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਸੰਗਤ ਇਸ ਦੇ ਇਤਿਹਾਸ ਜਾਂ ਹੋਂਦ ਤੋਂ ਵੀ ਜਾਣੂ ਨਹੀਂ ਹੈ।
ਸ: ਕਰਮ ਸਿੰਘ ਹਿਸਟੋਰੀਅਨ 'ਅੰਮ੍ਰਿਤਸਰ ਦੀ ਤਵਾਰੀਖ਼' ਦੇ ਸਫ਼ਾ 51-53 ਅਤੇ ਪੰਥ ਰਤਨ ਗਿਆਨੀ ਗਿਆਨ ਸਿੰਘ 'ਤਵਾਰੀਖ਼ ਸ੍ਰੀ ਅੰਮ੍ਰਿਤਸਰ' ਦੇ ਸਫ਼ਾ 66-67 'ਤੇ ਇਸ ਬਾਗ਼ ਸਬੰਧੀ ਲਿਖਦੇ ਹਨ-'ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਕਾ ਬਾਗ਼ ਦੇ ਸਥਾਨ 'ਤੇ ਬੇਰੀਆਂ, ਬੋਹੜ ਤੇ ਪਿੱਪਲ ਆਦਿ ਦੇ ਬ੍ਰਿਛ ਹੁੰਦੇ ਸਨ, ਅਕਸਰ ਗੁਰੂ ਸਾਹਿਬ ਆਰਾਮ ਕਰਨ ਲਈ ਇਨ੍ਹਾਂ ਦੀ ਸੰਘਣੀ ਛਾਂ ਹੇਠ ਬੈਠ ਜਾਇਆ ਕਰਦੇ ਸਨ। ਸ਼ਹਿਰ ਨਿਰਮਾਣ ਤੋਂ ਪਹਿਲਾਂ ਇਸ ਬਾਗ਼ ਵਿਚ ਇਕ ਖੂਹ ਹੋਇਆ ਕਰਦਾ ਸੀ, ਜੋ ਪਿੰਡ ਸੁਲਤਾਨਵਿੰਡ ਦੇ ਜ਼ਿਮੀਂਦਾਰਾਂ ਨੇ ਖੇਤੀਬਾੜੀ ਲਈ ਲਗਾਇਆ ਸੀ। ਇਸ ਖੂਹ ਦੇ ਪਾਸ ਭਾਈ ਮਨੀ ਸਿੰਘ ਦਾ ਚੇਲਾ ਪੰਡਿਤ ਭਗਤ ਸਿੰਘ ਨਿਰਮਲਾ ਰਿਹਾ ਕਰਦਾ ਸੀ ਅਤੇ ਉਸ ਦਾ ਚੇਲਾ ਸਾਧੂ ਸਰਧਾ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚਲਾਇਆ ਕਰਦਾ ਸੀ ਅਤੇ ਇਥੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਥਾ ਸੁਣਾਇਆ ਕਰਦਾ ਸੀ। ਉਸ ਦਾ ਲੰਗਰ ਹਮੇਸ਼ਾ ਜਾਰੀ ਰਹਿੰਦਾ ਸੀ ਅਤੇ ਹਰ ਵੇਲੇ ਲੋਹ ਤਪਦੀ ਰਹਿੰਦੀ ਸੀ। ਖ਼ਾਲਸਾ ਦਲ ਦੇ ਸਿੱਖ ਸਰਦਾਰ, ਲੰਗਰ ਦੀ ਸੇਵਾ ਕਰਦੇ ਸਨ। ਪੰਡਿਤ ਭਗਤ ਸਿੰਘ ਨਿਰਮਲੇ ਦਾ ਚੇਲਾ ਸਰੂਪ ਸਿੰਘ ਵੀ ਲਗਾਤਾਰ ਬਾਰਾਂ ਵਰ੍ਹੇ ਸੁਲਤਾਨਵਿੰਡ ਅਤੇ ਗਿਲਵਾਲੀ ਆਦਿ ਨਜ਼ਦੀਕੀ ਪਿੰਡ ਤੋਂ ਆਟਾ-ਦਾਲ ਲਿਆ ਕੇ ਲੰਗਰ ਵਿਚ ਪਾਉਂਦਾ ਰਿਹਾ, ਜਿਸ ਦੇ ਚਲਦਿਆਂ ਉਹ ਪੂਰਾ ਸਾਧੂ ਹੋ ਗਿਆ।'
ਅਫ਼ਗਾਨੀ ਹਮਲਿਆਂ ਵੇਲੇ ਇਹ ਖ਼ਸਤਾ ਹਾਲ ਮਕਾਨ ਡਿਗਣ ਵਾਲਾ ਹੋ ਗਿਆ, ਪਰ ਸਾਹਿਬ ਸਿੰਘ ਤੇ ਰਣ ਸਿੰਘ ਨਿਰਮਲੇ ਸਿੰਘ ਉਸੇ ਥਾਂ ਬੈਠੇ ਰਹੇ। ਸਿੱਖ ਸਰਦਾਰਾਂ ਨੇ ਉਨ੍ਹਾਂ ਨੂੰ ਜਾਗੀਰ ਵੀ ਦੇਣੀ ਚਾਹੀ ਪਰ ਉਹ ਤਿਆਗੀ ਬਣੇ ਰਹੇ। ਮਹਾਰਾਜਾ ਰਣਜੀਤ ਸਿੰਘ ਸਮੇਂ ਗਿਆਨੀ ਸੰਤ ਸਿੰਘ, ਬਾਗ਼ ਗੁਰਦੁਆਰੇ ਦੇ ਨਾਂਅ ਲਗਾ ਦਿੱਤਾ ਅਤੇ ਸੰਨ 1815-16 ਵਿਚ ਬਾਗ਼ ਵਿਚ ਨਿੰਬੂਆਂ ਦੇ ਬੂਟੇ ਲਗਵਾ ਦਿੱਤੇ।
ਇਸ ਬਾਗ਼ ਵਿਚ ਹੀ ਇਕ ਮੰਜੀ ਸਾਹਿਬ ਨਾਮੀ ਅਸਥਾਨ ਸੀ। ਇਥੇ ਬਣੇ ਚਿੱਟੇ ਪੱਥਰ ਦੇ ਖ਼ੂਬਸੂਰਤ ਬੰਗਲੇ ਦੇ ਸਥਾਨ 'ਤੇ ਗੁਰੂ ਸਾਹਿਬ ਵੇਲੇ ਇੱਟਾਂ ਦਾ ਥੜ੍ਹਾ ਹੋਇਆ ਕਰਦਾ ਸੀ, ਜਿਥੇ ਉਹ ਬੈਠਿਆ ਕਰਦੇ ਸਨ। ਇਸ ਦੇ ਪਾਸ ਹੀ ਚਿੱਟੇ ਪੱਥਰ ਦੇ ਫੁਹਾਰੇ ਲੱਗੇ ਹੋਏ ਸਨ, ਜਿਸ ਦੇ ਥੜ੍ਹੇ 'ਤੇ ਬੈਠ ਕੇ ਸੰਤ-ਮਹਾਤਮਾ ਗਿਆਨ ਚਰਚਾ ਕਰਦੇ ਸਨ। ਇਥੇ ਪਾਸ ਹੀ ਇਕ ਮੁਸਾਫ਼ਰਖ਼ਾਨਾ ਸੀ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕਥਾ ਜਾਰੀ ਰਹਿੰਦੀ ਸੀ। ਇਸ ਮੁਸਾਫ਼ਰਖ਼ਾਨੇ ਦੇ ਨਾਲ-ਨਾਲ ਸੰਨ 1864 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਜਾਣ ਲਈ ਰਸਤਾ ਕੱਢਿਆ ਗਿਆ। ਇਥੇ ਪਾਸ ਹੀ ਇਕ ਖੂਹ ਸੰਨ 1863 ਵਿਚ ਸ਼ਾਹੂਕਾਰ ਲਾਲਾ ਕੋਟੁ ਮੱਲ ਖੱਤਰੀ ਨੇ ਲਗਵਾਇਆ। ਸ਼ਾਮ ਵੇਲੇ ਰੋਜ਼ਾਨਾ ਚੰਗੀ ਰੌਣਕ ਜੁੜਦੀ ਸੀ ਅਤੇ ਚੰਦ ਦੀ ਪੰਜਵੀਂ ਨੂੰ ਮੇਲਾ ਲਗਦਾ ਸੀ। ਇਥੇ ਥਾਂ-ਥਾਂ ਸਾਧ-ਸੰਤ, ਗੁਣੀ, ਪੰਡਿਤ, ਮਹਾਤਮਾ ਕਥਾ ਕੀਰਤਨ ਤੇ ਉਪਦੇਸ਼ ਕਰਦੇ ਵੇਖੇ-ਸੁਣੇ ਜਾਂਦੇ ਸਨ। ਇਸੇ ਬਾਗ਼ ਦੀ ਭੂਮੀ 'ਤੇ ਸ੍ਰੀ ਗੁਰੂ ਸਿੰਘ ਸਭਾ (ਅੰਮ੍ਰਿਤਸਰ) ਦੀ ਬੁਨਿਆਦ ਰੱਖੇ ਜਾਣ ਸਬੰਧੀ ਵਿਸ਼ੇਸ਼ ਇਕੱਤਰਤਾ ਹੋਈ ਅਤੇ ਇਥੇ ਹੀ ਦੇਸ਼ ਦੀ ਆਜ਼ਾਦੀ ਲਈ ਚੱਲੀ ਮੁਹਿੰਮ ਦੌਰਾਨ ਜਲਸੇ ਸਭਾਵਾਂ ਹੁੰਦੀਆਂ ਰਹੀਆਂ। ਬਾਅਦ ਵਿਚ ਬਾਗ਼ ਦੇ ਸਥਾਨ 'ਤੇ ਫ੍ਰੀ ਡਿਸਪੈਂਸਰੀ, ਖ਼ਾਲਸਾ ਹਾਈ ਸਕੂਲ, ਯਾਤਰੂਆਂ ਦੇ ਨਿਵਾਸ ਲਈ ਸਰਾਂ ਗੁਰੂ ਰਾਮਦਾਸ ਨਿਵਾਸ ਅਸਥਾਨ, ਗੁਰੂ ਰਾਮਦਾਸ ਲਾਇਬ੍ਰੇਰੀ ਅਤੇ ਲੰਗਰ ਘਰ ਆਦਿ ਭਵਨ ਸਥਾਪਿਤ ਕੀਤੇ ਗਏ।
ਮੌਜੂਦਾ ਸਮੇਂ ਪੰਚਮ ਪਾਤਿਸ਼ਾਹ ਦੁਆਰਾ ਲਗਵਾਏ ਬਾਗ਼ ਦੀਆਂ ਕਰੀਬ ਸਭ ਨਿਸ਼ਾਨੀਆਂ ਲੁਪਤ ਹੋ ਚੁੱਕੀਆਂ ਹਨ, ਸਿਰਫ਼ ਮੰਜੀ ਸਾਹਿਬ ਦੀਵਾਨ ਹਾਲ ਹੀ ਹੈ, ਜੋ ਬਾਗ਼ ਦੀ ਭੂਮੀ 'ਤੇ ਉਸਾਰਿਆ ਗਿਆ ਹੈ। ਇਸ ਅਸਥਾਨ ਦਾ ਮੌਜੂਦਾ ਨਾਂਅ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ ਅਤੇ ਇਥੇ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਕਥਾ ਅਤੇ ਸ਼ਬਦ ਕੀਰਤਨ ਲਗਾਤਾਰ ਜਾਰੀ ਰਹਿੰਦਾ ਹੈ। ਗੁਰੂ ਕਾ ਬਾਗ਼ ਦੀ ਭੂਮੀ 'ਤੇ ਉਸਾਰੇ ਇਸ ਆਲੀਸ਼ਾਨ ਦੀਵਾਨ ਹਾਲ ਵਿਚ ਗੁਰੂ ਸਾਹਿਬਾਨ ਦੇ ਦਿਹਾੜਿਆਂ ਤੋਂ ਇਲਾਵਾ ਵੱਡੇ ਜੋੜ ਮੇਲੇ, ਕਾਨਫਰੰਸਾਂ, ਸੰਮੇਲਨ ਅਤੇ ਮਹੱਤਵਪੂਰਨ ਇਤਿਹਾਸਕ ਦਿਹਾੜਿਆਂ ਸਹਿਤ ਸ਼ਹੀਦੀ ਦਿਹਾੜਿਆਂ 'ਤੇ ਭਾਰੀ ਦੀਵਾਨ ਸਜਾਏ ਜਾਂਦੇ ਹਨ।


-ਅੰਮ੍ਰਿਤਸਰ। ਫੋਨ : 9356127771, 7837849764

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਹ ਕਹਿ ਕੇ ਉਸ ਨੇ ਆਪਣੀ ਪੁਸਤਕ 'ਅਰਥ-ਗੌਡਸ' ਦਾ ਖਰੜਾ ਮੈਨੂੰ ਦਿੰਦਿਆਂ ਕਿਹਾ, 'ਮੀਸ਼ਾ, ਮੈਨੂੰ ਉੱਚੀ ਆਵਾਜ਼ 'ਚ ਪੜ੍ਹ ਕੇ ਸੁਣਾ।'
ਇਹ ਇਕ ਲੰਮੀ ਵਾਰਤਕ ਕਵਿਤਾ ਸੀ, ਜਿਸ ਵਿਚ ਤਿੰਨ ਦੇਵਤੇ ਮਨੁੱਖ ਅਤੇ ਮਨੁੱਖ ਦੀ ਹੋਣੀ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ। ਪੜ੍ਹਦਿਆਂ-ਪੜ੍ਹਦਿਆਂ ਮੈਂ ਕਈ ਵਾਰ ਰੁਕ ਜਾਂਦਾ, ਤਾਂ ਜੋ ਮੈਂ ਜਿਬਰਾਨ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਸਕਾਂ। ਉਸ ਦੇ ਚਿਹਰੇ ਨੂੰ ਦੇਖ ਕੇ ਮੈਨੂੰ ਇੰਜ ਜਾਪਦਾ ਜਿਵੇਂ ਬੱਦਲਾਂ 'ਚੋਂ ਲੰਘਦੇ ਸੂਰਜ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸ ਦਾ ਚਿਹਰਾ ਨਹਾਤਾ ਹੋਇਆ ਹੋਵੇ। ਇਹ ਬੱਦਲ ਸਨ ਉਸ ਦੁੱਖ ਅਤੇ ਪੀੜਾ ਦੇ, ਜਿਨ੍ਹਾਂ ਦਾ ਵਰਨਣ ਇਕ ਦੇਵਤਾ ਨੇ ਕੀਤਾ ਸੀ। ਮੈਂ ਉਸ ਦੀ ਕਵਿਤਾ ਦੇ ਭਾਵ-ਪੱਖ ਅਤੇ ਕਲਾ ਪੱਖ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਿਆ।
ਪਾਠ ਖ਼ਤਮ ਹੋ ਗਿਆ। ਅਸੀਂ ਇਸ ਵਾਰਤਕ-ਕਵਿਤਾ ਦੇ ਭਿੰਨ-ਭਿੰਨ ਪੱਖਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਫਿਰ ਜਿਬਰਾਨ ਉੱਠਿਆ ਤੇ ਉਸ ਨੇ ਮੈਨੂੰ ਇਸ ਪੁਸਤਕ ਲਈ ਵਿਸ਼ੇਸ਼ ਤੌਰ 'ਤੇ ਬਣਾਏ 12 ਚਿੱਤਰ ਦਿਖਾਏ। ਇਹ ਚਿੱਤਰ ਦੇਖ ਕੇ ਮੈਂ ਉਸ ਦੀ ਕਵਿਤਾ ਨੂੰ ਭੁੱਲ ਗਿਆ। ਇਨ੍ਹਾਂ ਚਿੱਤਰਾਂ ਵਿਚ ਗਜ਼ਬ ਦੀ ਕਲਾਤਮਿਕ ਸੂਖਮਤਾ ਸੀ। ਇਹ ਚਿੱਤਰ ਇਸ ਗੱਲ ਦਾ ਪ੍ਰਮਾਣ ਸਨ ਕਿ ਜਿਬਰਾਨ ਜਿਵੇਂ-ਜਿਵੇਂ ਪ੍ਰੌਢ ਹੋ ਰਿਹਾ ਸੀ, ਉਸ ਅੰਦਰਲਾ ਕਲਾਕਾਰ ਉਸ ਅੰਦਰਲੇ ਕਵੀ ਤੋਂ ਕਿਤੇ ਅਗਾਂਹ ਵਧ ਰਿਹਾ ਸੀ।
ਉਸ ਦਿਨ ਬਾਰਿਸ਼ ਹੋ ਰਹੀ ਸੀ। ਜਿਬਰਾਨ ਨੇ ਮੈਨੂੰ ਫੋਨ ਕੀਤਾ ਕਿ ਜੇ ਮੈਂ ਉਸ ਨੂੰ ਮਿਲਣ ਜਾਵਾਂ ਤਾਂ ਆਪਣੇ ਨਾਲ ਕੁਝ ਰਸਾਲੇ ਤੇ ਅਖ਼ਬਾਰ ਜ਼ਰੂਰ ਲੈ ਕੇ ਜਾਵਾਂ। ਮੈਂ ਰਸਾਲਿਆਂ ਨਾਲ ਆਪਣੀਆਂ ਬਾਹਾਂ ਭਰ ਲਈਆਂ। ਜਿਬਰਾਨ ਬਿਸਤਰ 'ਤੇ ਸੀ। ਮੈਨੂੰ ਦੇਖਦਿਆਂ ਹੀ ਉਹ ਖੜ੍ਹਾ ਹੋ ਗਿਆ ਤੇ ਮੇਰੇ ਨੇੜੇ ਬਹਿ ਗਿਆ। ਪਹਿਲੀ ਵਾਰ ਮੈਂ ਉਸ ਦੀ ਆਵਾਜ਼ 'ਚੋਂ ਮੌਤ ਦੀ ਆਵਾਜ਼ ਸੁਣੀ। ਉਸ ਦੇ ਚਿਹਰੇ 'ਤੇ ਵੀ ਮੈਂ ਮੌਤ ਦਾ ਪ੍ਰਛਾਵਾਂ ਦੇਖਿਆ। ਮੈਂ ਕੰਬ ਉੱਠਿਆ। ਮੈਂ ਆਪਣੇ ਮਨੋਭਾਵਾਂ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਸ ਦਿਨ ਬਹੁਤ ਸਾਰੀਆਂ ਗੱਲਾਂ ਕੀਤੀਆਂ-ਸਭ ਤੋਂ ਵੱਧ 'ਅਰਬੀਤਾਹ' ਸਬੰਧੀ। ਉਸ ਨੇ ਹਰ ਮੈਂਬਰ ਦਾ ਨਾਂਅ ਲੈ-ਲੈ ਕੇ ਯਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਸਭ ਦੋਸਤਾਂ ਨੂੰ ਮਿਲ ਕੇ ਅੰਤਿਮ ਅਲਵਿਦਾ ਕਹਿਣਾ ਚਾਹੁੰਦਾ ਹੈ। ਮੈਂ ਤੇ ਮੇਰੇ ਹੋਰ ਦੋਸਤ ਇਸ ਗੱਲ ਤੋਂ ਬਿਲਕੁਲ ਅਨਜਾਣ ਸਨ ਕਿ ਉਹ ਸਾਨੂੰ ਛੱਡ ਕੇ ਜਾ ਰਿਹਾ ਹੈ। ਕਿਸਮਤ ਨੇ ਉਸ ਦੀ ਜ਼ਿੰਦਗੀ ਦੇ ਧਾਗਿਆਂ ਨੂੰ ਵਲੇਟਣਾ ਸ਼ੁਰੂ ਕਰ ਦਿੱਤਾ ਸੀ। ਸਮੇਂ ਦੀ ਖੱਡੀ ਤੇ ਕਿਸਮਤ ਦਿਨ-ਰਾਤ ਤਾਣਾ-ਬਾਣਾ ਬੁਣਦੀ ਕਰਦੀ ਰਹਿੰਦੀ ਹੈ।
ਅੰਤਿਮ ਪਲ
ਮੈਂ ਹਸਪਤਾਲ ਵਿਚ ਜਿਬਰਾਨ ਦੇ ਬੈੱਡ ਨੇੜੇ ਖਲੋਤਾ ਸੋਚ ਰਿਹਾ ਸੀ ਕਿ ਕੀ ਜਿਬਰਾਨ ਦੇ ਸਾਹ ਰੁਕਦਿਆਂ ਹੀ ਮੇਰੇ ਤੇ ਮੇਰੇ ਦੋਸਤ ਦਰਮਿਆਨ ਸਾਰੇ ਸਬੰਧ ਖ਼ਤਮ ਹੋ ਜਾਣਗੇ? ਕੀ ਮੌਤ ਸਾਡੀ ਸਾਂਝੀ ਸੋਚ ਅਤੇ ਸਾਡੇ ਆਤਮਿਕ ਸਬੰਧਾਂ 'ਤੇ ਪੂਰਨ ਵਿਰਾਮ ਅੰਕਿਤ ਕਰ ਦੇਵੇਗੀ? ਮੈਂ ਵਾਰ-ਵਾਰ ਸੋਚ ਰਿਹਾ ਸੀ ਕਿ ਜਿਬਰਾਨ ਦੇ ਅਨੇਕਾਂ ਦੋਸਤਾਂ ਵਿਚੋਂ ਮੈਨੂੰ ਹੀ ਇਥੇ ਕਿਉਂ ਬੁਲਾਇਆ ਗਿਆ? ਮੈਂ ਉਸ ਨੂੰ ਮੌਤ ਨਾਲ ਸੰਘਰਸ਼ ਕਰਦਿਆਂ ਦੇਖ ਰਿਹਾ ਹਾਂ। ਨਸੀਬ ਅਕੀਦਾ ਅਤੇ ਅਬਦੁਲ ਨੂੰ ਮੈਂ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਮੈਂ ਆਪਣੀ ਕੁਰਸੀ ਤੋਂ ਖੜ੍ਹਾ ਹੋਇਆ। ਇਸ ਦੌਰਾਨ ਮੇਰੇ ਕੰਨਾਂ 'ਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਮੈਂ ਦਰਵਾਜ਼ਾ ਖੋਲ੍ਹਿਆ। ਮੇਰੇ ਸਾਹਮਣੇ ਜਿਬਰਾਨ ਦੀ ਭੈਣ ਮੇਰੀਆਨਾ ਖੜ੍ਹੀ ਸੀ। ਉਹ ਹੁਣੇ ਹੀ ਬੋਸਟਨ ਤੋਂ ਪਹੁੰਚੀ ਸੀ। ਉਹ ਜਿਬਰਾਨ ਰਾਹੀਂ ਮੈਨੂੰ ਜਾਣਦੀ ਸੀ। ਮੈਨੂੰ ਦੇਖਣ ਸਾਰ ਹੀ ਉਹ ਮੇਰੇ ਵੱਲ ਇੰਜ ਉੱਲਰੀ ਜਿਵੇਂ ਉਹ ਹਰ ਹੀਲੇ-ਵਸੀਲੇ ਜਿਬਰਾਨ ਦੀ ਜਾਨ ਬਚਾਉਣ ਲਈ ਗੁਹਾਰ ਕਰ ਰਹੀ ਹੋਵੇ। ਉਸ ਨੇ ਕਿਹਾ, 'ਮੈਂ ਹੱਥ ਜੋੜ ਕੇ ਤੁਹਾਡੇ ਕੋਲ ਅਰਜੋਈ ਕਰਦੀ ਹਾਂ। ਮੈਂ ਤੁਹਾਨੂੰ ਜਿਬਰਾਨ ਦਾ ਹੀ ਰੂਪ ਮੰਨਦੀ ਹਾਂ। ਤੁਸੀਂ ਉਸ ਦੇ ਵੀ ਭਰਾ ਹੋ ਤੇ ਮੇਰੇ ਵੀ। ਕੀ ਜਿਬਰਾਨ ਮਰ ਜਾਵੇਗਾ? ਕੀ ਉਹ ਅੰਤਿਮ ਸਾਹ ਲੈ ਚੁੱਕਾ ਹੈ? ਕੀ ਤੁਸੀਂ ਉਸ ਨੂੰ ਮਰਨ ਦੇਵੋਗੇ?'
ਮੈਂ ਫਿਰ ਕਮਰੇ 'ਚ ਗਿਆ। ਮੇਰਾ ਦਿਲ ਜ਼ਾਰੋ-ਜ਼ਾਰ ਰੋ ਰਿਹਾ ਸੀ। ਮੇਰੇ ਵਿਚਾਰ ਖਿੰਡਰ-ਪੁੰਡਰ ਚੁੱਕੇ ਸਨ। ਅਣਗਿਣਤ ਸਵਾਲ ਮੇਰੇ ਜ਼ਿਹਨ ਵਿਚ ਟਕਰਾਅ ਰਹੇ ਸਨ। ਮੈਨੂੰ ਕੋਈ ਹੋਸ਼ ਨਹੀਂ ਸੀ। ਉਸ ਸਮੇਂ 'ਅਲਮੁਸਤਫਾ' ਦੇ ਇਹ ਸ਼ਬਦ ਮੇਰੇ ਕੰਨਾਂ 'ਚ ਪਏ-
'ਬਸ, ਨਦੀ ਇਕ ਮੋੜ ਹੋਰ ਲਵੇਗੀ, ਬਸ, ਇਕ ਲਹਿਰ ਹੋਰ ਉੱਠੇਗੀ ਤੇ ਮੈਂ ਇਕ ਅਸੀਮ ਬੂੰਦ, ਅਸੀਮ ਸਮੁੰਦਰ 'ਚ ਵਿਲੀਨ ਹੋ ਜਾਵਾਂਗੀ।'
ਓਰਫੇਲੀਜ਼ ਸ਼ਹਿਰ ਦੇ ਵਸਨੀਕਾਂ ਸਾਹਮਣੇ ਉਸ ਦੇ ਇਹ ਆਖਰੀ ਸ਼ਬਦ ਸਨ-'ਕੁਝ ਦੇਰ ਹਵਾ ਦੇ ਬਿਸਤਰ 'ਤੇ ਆਰਾਮ ਕਰਨ ਤੋਂ ਬਾਅਦ ਮੈਂ ਫਿਰ ਕਿਸੇ ਕੁੱਖ 'ਚੋਂ ਜਨਮ ਲਵਾਂਗਾ।'
'ਮੇਰੇ ਦੋਸਤ ਤੇ ਮੇਰੇ ਭਰਾ ਜਿਬਰਾਨ ਨੇ ਜਦੋਂ ਆਖਰੀ ਸਾਹ ਲਿਆ ਤਾਂ ਮੈਂ ਉਸੇ ਵੇਲੇ ਗੋਡਿਆਂ ਭਾਰ ਫਰਸ਼ 'ਤੇ ਬਹਿ ਗਿਆ। ਮੈਂ ਆਪਣੀ ਕੰਬਣੀ 'ਚੋਂ ਆਪਣੇ ਦੁਖੀ ਹਿਰਦੇ ਦੀਆਂ ਪ੍ਰਾਰਥਨਾਵਾਂ ਸੁਣ ਰਿਹਾ ਸੀ। ਇਨ੍ਹਾਂ ਪ੍ਰਾਰਥਨਾਵਾਂ ਵਿਚ ਬਾਈਬਲ ਦੇ ਇਹ ਪਵਿੱਤਰ ਸ਼ਬਦ ਸ਼ਾਮਿਲ ਸਨ, 'ਹੇ ਪ੍ਰਭੂ! ਰਹਿਮ ਕਰੋ! ਤੁਸੀਂ ਮੇਰੇ ਕਿੰਨੇ ਹੀ ਗੁਨਾਹ ਬਖਸ਼ੇ ਹਨ। ਮੈਨੂੰ ਆਪਣੀ ਦ੍ਰਿਸ਼ਟੀ ਨਾਲ ਨਿਰਮਲ ਕਰ ਦੇਵੋ, ਮੇਰੇ ਅੰਦਰ ਵੀ ਕਾਲਿਖ ਨੂੰ ਧੋ ਕੇ ਇਸ ਨੂੰ ਸਾਫ਼ ਕਰ ਦੇਵੋ।'
ਬਹੁਤ ਦੇਰ ਤੱਕ ਸਮਾਧੀ ਦੀ ਅਵਸਥਾ ਵਿਚ ਬੈਠੇ ਰਹਿਣ ਤੋਂ ਬਾਅਦ ਮੇਰੇ ਕੰਨਾਂ ਵਿਚ ਜਿਬਰਾਨ ਦੇ ਇਹ ਸ਼ਬਦ ਗੂੰਜ ਰਹੇ ਸਨ-'ਵੇਖੋ! ਮੈਂ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗਾ, ਇਸ ਦੁਨੀਆ ਦੇ ਆਖਰੀ ਸਿਰੇ ਤੱਕ।'
ਅਗਲੀ ਸਵੇਰ ਜਿਬਰਾਨ ਦੇ ਅੰਤਿਮ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦੀ ਭਾਰੀ ਭੀੜ ਸੀ। ਉਸ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਢਕੀ ਹੋਈ ਸੀ। ਦੁੱਖ ਦੀ ਗੱਲ ਹੈ ਕਿ ਜਿਬਰਾਨ ਦੇ ਫਿਰਕੇ 'ਮੈਰਾਨਾਈਟ' ਗਿਰਜਾਘਰ ਦੇ ਪਾਦਰੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿਚ ਦਫਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਉਹ ਮਰਨ ਤੋਂ ਪਹਿਲਾਂ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੋਂ ਮੁਨਕਰ ਹੋ ਗਿਆ ਸੀ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਭੇਜ ਦਿੱਤਾ ਗਿਆ। 'ਸੀਰੀਅਨ ਲੇਡੀਜ਼ ਏਡ ਸੁਸਾਇਟੀ' ਦੇ ਵਿਹੜੇ ਵਿਚ ਰੱਖੀ ਉਸ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਸਨ। ਉਥੇ ਹੀ ਮੇਰੀ ਮੁਲਾਕਾਤ ਮੈਰੀ ਹੈਸਕਲ ਨਾਲ ਹੋਈ। ਉਹ ਸਾਦਗੀ ਅਤੇ ਸੰਜੀਦਗੀ ਦੀ ਮੂਰਤੀ ਜਾਪਦੀ ਸੀ। ਉਹ ਜਿਬਰਾਨ ਬਾਰੇ ਇੰਜ ਗੱਲਾਂ ਕਰ ਰਹੀ ਸੀ, ਜਿਵੇਂ ਉਹ ਅਜੇ ਜਿਊਂਦਾ ਹੋਵੇ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਆਰਜ਼ੀ ਤੌਰ 'ਤੇ 'ਅਵਰ ਲੇਡੀ ਆਫ ਦ ਸਿਡਾਰਸ' ਨਾਮੀ ਮੈਰਾਨਾਈਟ ਚਰਚ ਦੇ ਪਿਛਵਾੜੇ ਬਣੇ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ। ਮੇਰੀਆਨਾ ਦੀ ਦਿਲੀ ਇੱਛਾ ਸੀ ਕਿ ਉਸ ਦੇ ਭਰਾ ਨੂੰ ਉਹ ਉਸ ਦੇ ਸਦੀਵੀ ਵਿਸ਼ਰਾਮ ਲਈ ਉਸ ਦੀ ਜਨਮ ਭੂਮੀ 'ਚ ਹੀ ਲੈ ਕੇ ਜਾਵੇ।
21 ਅਗਸਤ, 1931 ਨੂੰ ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਤੋਂ ਬੇਰੂਤ ਤੇ ਬੇਰੂਤ ਤੋਂ ਬਿਸ਼ਾਰੀ ਲਿਜਾਇਆ ਗਿਆ। ਬਿਸ਼ਾਰੀ ਦਾ ਹਰ ਵਸਨੀਕ ਉਥੇ ਹਾਜ਼ਰ ਸੀ। ਲੋਕਾਂ ਦੀ ਏਨੀ ਵੱਡੀ ਭੀੜ ਮੈਂ ਕਦੇ ਨਹੀਂ ਦੇਖੀ ਸੀ। ਉਸ ਦੀ ਦੇਹ ਨੂੰ ਉਸ ਦੀ ਮਨਭਾਉਂਦੀ ਜਗ੍ਹਾ 'ਹਰਮਿਟੇਜ' ਦੇ ਲਾਗੇ ਹੀ ਦਫਨਾ ਦਿੱਤਾ ਗਿਆ। ਇਹ ਉਹੀ ਸਥਾਨ ਸੀ, ਜਿਥੇ ਉਹ ਸਕੂਨ ਭਰੇ ਦਿਨ ਬਤੀਤ ਕਰਨ ਦੇ ਸੁਪਨੇ ਦੇਖਿਆ ਕਰਦਾ ਸੀ। ਮੇਰੀਆਨਾ ਨੇ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਖਰੀਦ ਲਿਆ ਸੀ।
ਮੈਂ ਉਸ ਪਵਿੱਤਰ ਥਾਂ 'ਤੇ 1932 ਦੀ ਗਰਮੀ ਦੀ ਰੁੱਤ ਵਿਚ ਗਿਆ। ਦਰਵਾਜ਼ੇ 'ਤੇ ਉੱਕਰੇ ਇਹ ਸ਼ਬਦ ਉਸ ਜਗ੍ਹਾ ਦੀ ਸ਼ਾਂਤੀ ਤੇ ਪਵਿੱਤਰਤਾ ਦਾ ਵਰਨਣ ਕਰ ਰਹੇ ਸਨ-
®h! 2eata So&}tudo
®h! So&a 2eaut}tudo.
ਓਹ! ਕਿੰਨਾ ਹੈ ਇਕਾਂਤ ਇਥੇ,
ਤੇ ਕਿੰਨਾ ਹੈ ਖਾਮੋਸ਼ ਸੁਹੱਪਣ ਇਥੇ।
(ਸਮਾਪਤ)


-ਸਾਬਕਾ ਕਮਿਸ਼ਨਰ, ਜਲੰਧਰ
ਮੋਬਾਈਲ : 98551-23499

ਸੱਯਦ ਕਰਮ ਅਲੀ ਸ਼ਾਹ

ਸੱਯਦ ਕਰਮ ਅਲੀ ਸ਼ਾਹ ਦਾ ਜਨਮ ਉਨੀਵੀਂ ਸਦੀ ਦੇ ਆਰੰਭ ਵਿਚ ਅਤੇ ਦਿਹਾਂਤ 1870 ਈ: ਤੋਂ ਬਾਅਦ ਦਾ ਖਿਆਲ ਕੀਤਾ ਜਾਂਦਾ ਹੈ। ਇਹ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਵਿਚੋਂ ਸੀ ਅਤੇ ਬਟਾਲੇ (ਜ਼ਿਲ੍ਹਾ ਗੁਰਦਾਸਪੁਰ) ਵਾਲੇ ਪੀਰ ਹੁਸੈਨ ਦਾ ਮੁਰੀਦ ਸੀ। ਪੀਰ ਹੁਸੈਨ ਨਾਲ ਕਰਮ ਅਲੀ ਸ਼ਾਹ ਦਾ ਮੇਲ ਬਟਾਲੇ ਨਹੀਂ, ਸਗੋਂ ਮਾਲੇਰਕੋਟਲੇ ਵਿਖੇ ਹੋਇਆ :
ਪੀਰ ਹੁਸੈਨ ਦਾ ਸਿਰ ਪੁਰ ਸਾਇਆ।
ਕਰਮ ਅਲੀ ਦਾ ਦੁੱਖ ਗਵਾਇਆ।
ਮਲੇਰਕੋਟਲੇ ਕਰਮ ਅਲੀ ਨੂੰ,
ਦਿੱਤਾ ਪੀਰ ਹੁਸੈਨ ਜਮਾਲ।
ਪੀਰੀ ਮੁਰੀਦੀ ਸੂਫ਼ੀਆਂ ਦੀ ਵਿਸ਼ੇਸ਼ ਰਵਾਇਤ ਰਹੀ ਹੈ। ਕਰਮ ਅਲੀ ਨੇ ਲਗਪਗ ਹਰ ਕਾਫੀ ਜਾਂ ਖਿਆਲ ਵਿਚ ਆਪਣੇ ਮੁਰਸ਼ਦ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦਾ ਹੈ ਕਿ ਅਗਿਆਨ ਦਾ ਗਹਿਰਾ ਪਰਦਾ ਮੁਰਸ਼ਦ ਪੀਰ ਹੁਸੈਨ ਦੁਆਰਾ ਬਖਸ਼ੀ ਗਿਆਨ ਦੀ ਤਿੱਖੀ ਰੌਸ਼ਨੀ ਨਾਲ ਤਾਰ-ਤਾਰ ਹੋ ਸਕਦਾ ਹੈ। ਬੇਸ਼ੱਕ ਉਸ ਦੀ ਕਵਿਤਾ ਵਿਚ ਹੋਰਨਾਂ ਧਰਮਾਂ ਅਤੇ ਧਰਮ ਆਗੂਆਂ ਦੇ ਹਵਾਲੇ ਵੀ ਮਿਲ ਜਾਂਦੇ ਹਨ, ਜੋ ਉਸ ਦੀ ਸੁਲਹਕੁਲ ਬਿਰਤੀ ਨੂੰ ਉਜਾਗਰ ਕਰਦੇ ਹਨ ਪਰ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਸਭ ਤੋਂ ਸ੍ਰੇਸ਼ਟ ਅਤੇ ਦੁਨੀਆ ਦਾ ਸਿਰਜਕ ਕਹਿ ਕੇ ਵਡਿਆਉਂਦਾ ਹੈ। ਸੱਯਦ ਕਰਮ ਅਲੀ ਸ਼ਾਹ ਦਾ ਕਲਾਮ ਲਿਪੀਬੱਧ ਹੋਣ ਤੋਂ ਚੋਖਾ ਚਿਰ ਪਹਿਲਾਂ ਕੱਵਾਲਾਂ ਅਤੇ ਰਮਤੇ ਫ਼ਕੀਰਾਂ ਦੇ ਬੁੱਲ੍ਹਾਂ ਉੱਤੇ ਖੇਡਦਾ ਰਿਹਾ ਅਤੇ 1938 ਦੇ ਨੇੜੇ-ਤੇੜੇ ਕਿਸੇ ਦੀ ਨਿੱਜੀ ਲਾਇਬ੍ਰੇਰੀ ਵਿਚੋਂ ਇਸ ਦਾ ਨੁਸਖਾ ਮਿਲ ਗਿਆ, ਜਿਥੋਂ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਗਿਆ। ਨੁਸਖੇ ਦੇ ਕਾਤਬ ਨੇ ਕਰਮ ਅਲੀ ਸ਼ਾਹ ਦੀਆਂ ਕਾਵਿ ਰਚਨਾਵਾਂ ਨੂੰ ਖਿਆਲ ਦਾ ਨਾਂਅ ਦਿੱਤਾ ਹੈ। ਇਹ ਖਿਆਲ ਜਾਂ ਸੰਗ੍ਰਹਿ ਵਿਚ ਚਾਰ ਕਿਸਮ ਦੀਆਂ ਕਵਿਤਾਵਾਂ ਹਨ।
(ੳ) ਖਿਆਲ : ਖਿਆਲ ਦਾ ਭਾਵ ਸੋਚ ਜਾਂ ਵਿਚਾਰ ਹੈ, ਏਸੇ ਲਈ ਵੱਖ-ਵੱਖ ਸਮਿਆਂ 'ਤੇ ਲਿਖੇ ਗਏ ਵੱਖ-ਵੱਖ ਵਿਚਾਰਾਂ ਨੂੰ ਪ੍ਰਗਟਾਉਣ ਵਾਲੀਆਂ ਕਾਫੀਆਂ ਨੂੰ ਇਕੱਠੇ ਕਰਕੇ ਖਿਆਲ ਕਹਿ ਲਿਆ ਗਿਆ ਹੈ। ਇਹ ਅਸਲ ਵਿਚ ਕਾਫੀਆਂ ਹੀ ਹਨ, ਜਿਨ੍ਹਾਂ ਦੀ ਕੁਲ ਗਿਣਤੀ 80 ਹੈ, ਜੋ ਵੱਖ-ਵੱਖ ਰਾਗਾਂ ਵਿਚ ਹਨ। ਉਂਜ ਖਿਆਲ ਇਕ ਗਾਇਨ ਸ਼ੈਲੀ ਵੀ ਹੈ।
(ਅ) ਲੋਰੀਆਂ : ਇਹ ਗਿਣਤੀ ਵਿਚ 12 ਹਨ ਅਤੇ ਸੰਭਵ ਹੈ ਕਿ ਇਹ ਕਰਮ ਅਲੀ ਨੇ ਪੁੱਤਰ ਸੱਯਦ ਜਲਾਲ ਦੇ ਜਨਮ ਸਮੇਂ ਲਿਖੀਆਂ ਹੋਣ :
ਲੋਰੀ ਲੈ ਵੇ ਸੱਯਦ ਜਲਾਲਾ।
ਖੁਸ਼ ਹੋਵੇ ਵੇਖਣ ਵਾਲਾ।
ਤੇਰਾ ਮੌਲਾ ਅਲੀ ਰਖਵਾਲਾ।
ਘਰ ਕਰਮ ਅਲੀ ਦੇ ਉਜਾਲਾ।
(ੲ) ਦੋਹੜੇ : ਦੋਹੜਾ ਕਾਵਿ ਰੂਪ ਵੀ ਸੂਫ਼ੀ ਕਵੀਆਂ ਦਾ ਹਰਮਨ ਪਿਆਰਾ ਕਾਵਿ ਰੂਪ ਰਿਹਾ ਹੈ। ਇਸ ਸੰਕਲਨ ਵਿਚ ਦੋ ਅੱਠ ਤੁਕੀਏ ਅਤੇ ਇਕ ਦੋਹਾ ਸ਼ਾਮਿਲ ਹੈ। ਮੌਤ ਨੂੰ ਚਿਤਾਰਦਿਆਂ ਕਰਮ ਅਲੀ ਲਿਖਦਾ ਹੈ :
ਵਕਤ ਅਖੀਰੀ ਆ ਗਿਆ,
ਥੱਲੇ ਮੌਤ ਪੈਗ਼ਾਮ।
ਚਲ ਕਰਮ ਸ਼ਾਹ ਚਲੀਏ,
ਝਗੜੇ ਮਿਟਣ ਤਮਾਮ।
(ਸ) ਗ਼ਜ਼ਲਾਂ : ਚਰਚਾਧੀਨ ਖਿਆਲ ਵਿਚ 17 ਗ਼ਜ਼ਲਾਂ ਵੀ ਸ਼ਾਮਿਲ ਹਨ, ਜੋ ਅਰਬੀ ਫ਼ਾਰਸੀ ਦੇ ਸ਼ਬਦਾਂ ਨਾਲ ਓਤਪੋਤ ਹਨ। ਉਂਜ ਕਹਿਣ ਨੂੰ ਇਹ ਉਰਦੂ ਗ਼ਜ਼ਲਾਂ ਹਨ ਪਰ ਕਵੀ ਦਾ ਉਰਦੂ ਦਾ ਗਿਆਨ ਸੀਮਤ ਅਤੇ ਡੰਗ-ਟਪਾਊ ਜਿਹਾ ਹੀ ਹੈ।
ਸੱਯਦ ਕਰਮ ਅਲੀ ਦੇ ਕਲਾਮ ਵਿਚ ਸਭ ਨਾਲੋਂ ਵਧੇਰੇ ਪੀਰ ਜਾਂ ਮੁਰਸ਼ਦ ਦੀ ਉਸਤਤਿ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥

ਸਿਰੀ ਰਾਗੁ ਮਹਲਾ ੩
ਸੁਣਿ ਸੁਣਿ ਕਾਮ ਗਹੇਲੀਏ
ਕਿਆ ਚਲਹਿ ਬਾਹ ਲੁਡਾਇ॥
ਆਪਣਾ ਪਿਰੁ ਨ ਪਛਾਣਹੀ
ਕਿਆ ਮੁਹੁ ਦੇਸਹਿ ਜਾਇ॥
ਜਿਨੀ ਸਖੀ ਕੰਤੁ ਪਛਾਣਿਆ
ਹਉ ਤਿਨ ਕੈ ਲਾਗਉ ਪਾਇ॥
ਤਿਨ ਹੀ ਜੈਸੀ ਥੀ ਰਹਾ
ਸਤਸੰਗਤਿ ਮੇਲਿ ਮਿਲਾਇ॥ ੧॥
ਮੁੰਧੇ ਕੂੜਿ ਮੁਠੀ ਕੂੜਿਆਰਿ॥
ਪਿਰੁ ਪ੍ਰਭੁ ਸਾਚਾ ਸੋਹਣਾ
ਪਾਈਐ ਗੁਰ ਬੀਚਾਰਿ॥ ੧॥ ਰਹਾਉ॥
ਮਨਮੁਖਿ ਕੰਤੁ ਨ ਪਛਾਣਈ
ਤਿਨ ਕਿਉ ਰੈਣਿ ਵਿਹਾਇ॥
ਗਰਬਿ ਅਟੀਆ ਤ੍ਰਿਸਨਾ ਜਲਹਿ
ਦੁਖੁ ਪਾਵਹਿ ਦੂਜੈ ਭਾਇ॥
ਸਬਦਿ ਰਤੀਆ ਸੋਹਾਗਣੀ
ਤਿਨ ਵਿਚਹੁ ਹਉਮੈ ਜਾਇ॥
ਸਦਾ ਪਿਰੁ ਰਾਵਹਿ ਆਪਣਾ
ਤਿਨਾ ਸੁਖੇ ਸੁਖਿ ਵਿਹਾਇ॥ ੨॥
ਗਿਆਨ ਵਿਹੂਣੀ ਪਿਰ ਮੁਤੀਆ
ਪਿਰਮੁ ਨ ਪਾਇਆ ਜਾਇ॥
ਅਗਿਆਨ ਮਤੀ ਅੰਧੇਰੁ ਹੈ
ਬਿਨੁ ਪਿਰ ਦੇਖੇ ਭੁਖ ਨ ਜਾਇ॥
ਆਵਹੁ ਮਿਲਹੁ ਸਹੇਲੀਹੋ
ਮੈ ਪਿਰੁ ਦੇਹੁ ਮਿਲਾਇ॥
ਪੂਰੈ ਭਾਗਿ ਸਤਿਗੁਰੁ ਮਿਲੈ
ਪਿਰੁ ਪਾਇਆ ਸਚਿ ਸਮਾਇ॥ ੩॥
ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ॥
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ॥
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ॥
ਨਾਨਕ ਸੋਭਾਵੰਤੀਆ ਸੋਹਾਗਣੀ
ਅਨਦਿਨੁ ਭਗਤਿ ਕਰੇਇ॥ ੪॥ ੨੮॥ ੬੧॥
(ਅੰਗ 37-38)
ਪਦ ਅਰਥ : ਕਾਮ ਗਹੇਲੀਏ-ਹੇ ਕਾਮ ਵਿਚ ਗ੍ਰੱਸੀ ਹੋਈ ਜੀਵ ਇਸਤਰੀਏ। ਬਾਹ ਲੁਢਾਇ-ਬਾਹਾਂ ਉਲਾਰ ਉਲਾਰ ਕੇ। ਪਿਰੁ-ਮਾਲਕ ਪ੍ਰਭੂ ਨੂੰ। ਕਿਆ ਮੁਹੁ ਦੇਸਹਿ-ਕਿਆ ਮੂੰਹ ਦਿਖਾਵੇਗੀ। ਜਾਇ-ਜਾ ਕੇ। ਸਖੀ-ਸਖੀਆਂ ਨੇ। ਕੰਤੁ ਪਛਾਣਿਆ-ਮਾਲਕ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ। ਹਉ-ਮੈਂ। ਤਿਨਕੈ-ਉਨ੍ਹਾਂ ਦੇ। ਲਾਗਉ ਪਾਇ-ਪੈਰੀਂ ਲਗਦੀ ਹਾਂ, ਚਰਨੀ ਲਗਦੀ ਹਾਂ। ਥੀ ਰਹਾਂ-ਬਣ ਜਾਵਾਂ। ਮੇਲਿ ਮਿਲਾਇ-ਮੇਲ ਕੇ ਉਨ੍ਹਾਂ ਨਾਲ ਮਿਲਾ ਦੇਵੇ। ਮੁੰਧੇ-ਹੇ ਜੋਬਨ ਵਿਚ ਮਸਤ ਜੀਵ ਇਸਤਰੀਏ। ਕੂੜਿ-ਨਾਸ਼ਵੰਤ ਵਸਤੂ। ਮੁਠੀ-ਠਗੀ ਗਈ ਹੈਂ। ਕੂੜਿਆਰਿ-ਨਾਸਵੰਤ ਵਸਤੂ। ਪਿਰੁ ਪ੍ਰਭੁ-ਮਾਲਕ ਪ੍ਰਭੂ। ਗੁਰ ਬੀਚਾਰਿ-ਗੁਰੂ ਦੀ ਦਰਸਾਈ ਵਿਚਾਰ।
ਮਨਮੁਖਿ-ਆਪਣੇ ਮਨ ਦੇ ਆਖੇ ਲੱਗਣ ਵਾਲੀਆਂ ਜੀਵ ਇਸਤਰੀਆਂ। ਕੰਤੁ-ਮਾਲਕ ਪ੍ਰਭੂ ਨੂੰ। ਨ ਪਛਾਣਈ-ਪਛਾਣਦੀਆਂ ਹੀ ਨਹੀਂ। ਤਿਨ-ਉਹ। ਕਿਉ-ਕਿਵੇਂ। ਰੈਣਿ ਵਿਹਾਇ-ਜ਼ਿੰਦਗੀ ਰੂਪੀ ਰਾਤ ਬੀਤਦੀ ਹੈ। ਗਰਬਿ ਅਟੀਆ-ਹੰਕਾਰ ਨਾਲ ਭਰੀਆਂ ਹੋਈਆਂ। ਦੂਜੈ ਭਾਇ-(ਇਕ ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ। ਰਤੀਆ-ਰੰਗੀਆਂ ਰਹਿੰਦੀਆਂ ਹਨ। ਪਿਰੁ-(ਪ੍ਰਭੂ) ਮਾਲਕ। ਰਾਵਹਿ-ਰਾਵਦੀਆਂ ਹਨ, ਮਾਣਦੀਆਂ ਹਨ। ਵਿਹਾਇ-ਲੰਘਦਾ ਹੈ।
ਗਿਆਨ ਵਿਹੂਣੀ-ਗਿਆਨ ਤੋਂ ਸੱਖਣੀ। ਪਿਰ ਮੁਤੀਆ-ਪਤੀ ਵੱਲੋਂ ਛੱਡੀ ਹੋਈ ਜੀਵ ਇਸਤਰੀ, ਛੁੱਟੜ। ਪਿਰਮੁ-ਪ੍ਰੇਮ। ਅੰਧੇਰੁ ਹੈ-ਹਨੇਰਾ ਹੀ ਹਨੇਰਾ ਹੈ। ਪਿਰੁ-ਮਾਲਕ ਪ੍ਰਭੂ। ਭੁਖ-ਤ੍ਰਿਸ਼ਨਾ ਰੂਪੀ ਭੁੱਖ। ਸਚ ਸਮਾਇ-ਸੱਚ ਵਿਚ ਲੀਨ ਹੋ ਜਾਈਦਾ ਹੈ। ਸੇ-ਉਹ। ਸਹੀਆ-ਸਖੀਆਂ, ਸੁਹਾਗਣਾਂ। ਨਦਰਿ ਕਰੇਇ-ਨਜ਼ਰ ਸਵੱਲੀ ਕਰਦਾ ਹੈ। ਘਰਿ-ਹਿਰਦੇ ਵਿਚ। ਵਰੁ-ਮਾਲਕ ਪ੍ਰਭੂ। ਸੋਭਾਵੰਤੀਆ-ਸੋਭਾ ਵਾਲੀਆਂ। ਅਨਦਿਨੁ-ਦਿਨ ਰਾਤ, ਹਰ ਵੇਲੇ।
ਸ਼ਬਦ ਵਿਚ ਪ੍ਰਾਣੀ ਨੂੰ ਜੀਵਨ ਦੀ ਸਹੀ ਜਾਚ ਬਾਰੇ ਸੋਝੀ ਬਖਸ਼ਿਸ਼ ਕੀਤੀ ਗਈ ਹੈ। ਮਨਮੁਖ ਜੋ ਮਾਲਕ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾਉਂਦਾ, ਉਸ ਦੀ ਜੀਵਨ ਰੂਪੀ ਰਾਤ ਸੁਖ-ਚੈਨ ਨਾਲ ਕਿਵੇਂ ਬੀਤ ਸਕਦੀ ਹੈ? ਪਰ ਜੋ ਮਾਲਕ ਪ੍ਰਭੂ ਨੂੰ ਚੇਤੇ ਰੱਖਦੇ ਹਨ, ਦੇ ਮਨ ਅੰਦਰੋਂ ਹਉਮੈ ਜਾਂਦੀ ਰਹਿੰਦੀ ਹੈ ਅਤੇ ਜੀਵਨ ਵਿਚ ਉਹ ਸਦਾ ਸੁਖੀ ਹੀ ਵਸਦੇ ਹਨ। ਰਾਗੁ ਗਉੜੀ ਸੁਖਮਨੀ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ-
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰੀਬ ਗਲੇ॥
(ਅੰਗ 278)
ਮਸਕੀਨੀਆ-ਗਰੀਬੀ ਸੁਭਾਅ। ਗਰਬਿ-ਹੰਕਾਰ ਵਿਚ।
ਭਾਵ ਗਰੀਬੀ ਸੁਭਾਅ ਵਾਲਾ ਪ੍ਰਾਣੀ ਆਪਾ ਭਾਵ ਦੂਰ ਕਰਕੇ ਤੇ ਨੀਵਾਂ ਹੋ ਕੇ ਸੁਖ ਨਾਲ ਵਸਦਾ ਹੈ ਪਰ ਵੱਡੇ-ਵੱਡੇ ਹੰਕਾਰੀ ਆਪਣੇ ਹੰਕਾਰ ਵਿਚ ਹੀ ਗਲ ਕੇ ਰਹਿ ਜਾਂਦੇ ਹਨ।
ਹੇ ਮੇਰੇ ਮਨ, ਪਰਮਾਤਮਾ ਦੇ ਹੁਕਮ ਭਾਵ ਰਜ਼ਾ ਵਿਚ ਰਿਹਾ ਕਰ। ਇਸ ਨਾਲ ਜੀਵਨ ਵਿਚ ਸਦਾ ਸੁਖ ਅਨੰਦ ਬਣਿਆ ਰਹਿੰਦਾ ਹੈ। ਗੁਰਵਾਕ ਹੈ-
ਮਨ ਰੇ ਹੁਕਮੁ ਮੰਨਿ ਸੁਖੁ ਹੋਇ॥
(ਰਾਗੁ ਮਲਾਰ ਮਹਲਾ ੩, ਅੰਗ 1258)
ਪਰਮਾਤਮਾ ਨੂੰ ਆਪਣੀ ਰਜ਼ਾ (ਭਾਣਾ) ਹੀ ਚੰਗੀ ਲਗਦੀ ਹੈ। ਜਿਸ 'ਤੇ ਉਸ ਦੀ ਨਜ਼ਰ ਸਵੱਲੀ ਹੁੰਦੀ ਹੈ, ਉਸ ਪ੍ਰਾਣੀ ਦੇ ਜੀਵਨ ਪੰਧ ਵਿਚ ਫਿਰ ਕੋਈ ਰੁਕਾਵਟ ਨਹੀਂ ਆਉਂਦੀ-
ਪ੍ਰਭ ਭਾਣਾ ਆਪਣਾ ਭਾਵਦਾ
ਜਿਸੁ ਬਖਸੇ ਤਿਸੁ ਬਿਘਨੁ ਨ ਕੋਇ॥
(ਅੰਗ 1258)
ਸ਼ਬਦ ਦੇ ਅੱਖਰੀਂ ਅਰਥ : ਹੇ ਕਾਮ ਵਿਚ ਗ੍ਰੱਸੀ ਹੋਈ ਜੀਵ ਇਸਤਰੀ ਸੁਣ, ਮੇਰੀ ਗੱਲ ਨੂੰ ਧਿਆਨ ਨਾਲ ਸੁਣ, ਤੂੰ ਕਿਸ ਲਈ ਬਾਹਵਾਂ ਨੂੰ ਉਲਾਰ-ਉਲਾਰ ਕੇ ਚੱਲ ਰਹੀ ਹੈਂ। ਜਦੋਂ ਤੂੰ (ਕਾਮ ਵੱਸ ਹੋ ਕੇ) ਆਪਣੇ ਮਾਲਕ ਪ੍ਰਭੂ ਨਾਲ ਸਾਂਝ ਨਹੀਂ ਪਾਈ (ਉਸ ਵਿਚ ਮਨ ਨੂੰ ਨਹੀਂ ਜੋੜਿਆ) ਤਾਂ ਅੱਗੇ ਜਾ ਕੇ ਕੀ ਮੂੰਹ ਦਿਖਾਵੇਂਗੀ। ਜਿਨ੍ਹਾਂ ਸੁਹਾਗਣਾਂ (ਸਖੀਆਂ) ਨੂੰ ਮਾਲਕ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਗਈ ਹੈ, ਮੈਂ ਅਜਿਹੀਆਂ ਜੀਵ ਇਸਤਰੀਆਂ ਦੇ ਚਰਨੀਂ ਲਗਦੀ ਹਾਂ। (ਮੇਰੀ ਇਹ ਇੱਛਾ ਹੈ ਕਿ) ਪਰਮਾਤਮਾ ਅਜਿਹੀਆਂ ਸਤਿਸੰਗਣਾਂ ਨਾਲ ਮੇਲ ਕਰਾ ਕੇ ਮੈਨੂੰ ਉਨ੍ਹਾਂ ਜਿਹੀ ਬਣਾ ਦੇਵੇ।
ਹੇ ਕੂੜ ਦਾ ਵਪਾਰ ਕਰਨ ਵਾਲੀਏ ਜੋਬਨਮਤੀਏ ਮੁਟਿਆਰੇ, ਤੂੰ ਇਨ੍ਹਾਂ ਨਾਸਵੰਤ ਵਸਤੂਆਂ ਵਿਚ ਫਸ ਕੇ ਲੁੱਟੀ ਜਾ ਰਹੀ ਹੈਂ। ਉਸ ਸਦਾ ਥਿਰ ਰਹਿਣ ਵਾਲੇ ਸੋਹਣੇ ਪ੍ਰਭੂ ਪਤੀ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਪਾਇਆ ਜਾ ਸਕਦਾ ਹੈ। ਜੋ ਜੀਵ-ਇਸਤਰੀਆਂ ਆਪਣੇ ਮਨ ਦੇ ਆਖੇ ਲਗਦੀਆਂ ਹਨ, ਉਨ੍ਹਾਂ ਦੀ ਜੀਵਨ ਰੂਪੀ ਰਾਤ ਕਿਵੇਂ ਸੁਖਾਂ ਵਿਚ ਬੀਤ ਸਕਦੀ ਹੈ? ਅਜਿਹੀਆਂ ਜੀਵ ਇਸਤਰੀਆਂ ਹੰਕਾਰ ਨਾਲ ਭਰੀਆਂ ਹੋਈਆਂ ਤ੍ਰਿਸ਼ਨਾ ਰੂਪੀ ਅੱਗ ਵਿਚ ਸੜਦੀਆਂ ਰਹਿੰਦੀਆਂ ਹਨ। ਇੰਜ ਮਾਇਆ ਦੇ ਮੋਹ ਵਿਚ ਫਸ ਕੇ ਉਹ ਦੁੱਖਾਂ ਨੂੰ ਹੀ ਭੋਗਦੀਆਂ ਹਨ। ਦੂਜੇ ਬੰਨੇ ਜੋ ਸੁਹਾਗਣਾਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅੰਦਰੋਂ ਹਉਮੈ ਜਾਂਦੀ ਰਹਿੰਦੀ ਹੈ। ਉਹ ਸਦਾ ਮਾਲਕ ਪ੍ਰਭੂ ਨੂੰ ਹੀ ਯਾਦ ਕਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਉਹ ਸੁਖ ਹੀ ਸੁਖ ਭੋਗਦੀਆਂ ਹਨ ਭਾਵ ਜੀਵਨ ਭਰ ਸੁਖੀ ਰਹਿੰਦੀਆਂ ਹਨ।
ਗਿਆਨ ਤੋਂ ਸੱਖਣੀ ਛੁੱਟੜ ਜੀਵ ਇਸਤਰੀ ਨੂੰ ਕਦੇ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ। ਅਗਿਆਨੀ ਇਸਤਰੀ ਦਾ ਜੀਵਨ ਤਾਂ ਮਾਨੋ ਹਨੇਰੇ ਨਾਲ ਭਰਿਆ ਹੋਇਆ ਹੈ, ਜਿਸ ਦੀ ਮਾਲਕ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਮਾਇਆ ਦੀ ਭੁੱਖ ਨਹੀਂ ਜਾ ਸਕਦੀ। (ਜਦੋਂ ਉਸ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ ਤਾਂ) ਫਿਰ ਉਹ ਸਤਿਸੰਗਣਾਂ ਦੇ ਮਿਲਾਪ ਲਈ ਲੋਚਦੀ ਹੈ ਅਤੇ ਉਨ੍ਹਾਂ ਨੂੰ ਮਾਲਕ ਪ੍ਰਭੂ ਨੂੰ ਮਿਲਾਉਣ ਲਈ ਅਰਜੋਈ ਕਰਦੀ ਹੈ। ਪਰ ਬੜੇ ਭਾਗਾਂ ਨਾਲ ਹੀ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ, ਜਿਸ ਦੁਆਰਾ ਪ੍ਰਭੂ ਨੂੰ ਪਾਈਦਾ ਹੈ ਅਤੇ ਸੱਚ ਸਮਾ ਜਾਈਦਾ ਹੈ।
ਉਹ ਸਖੀ ਸਹੇਲੀਆਂ ਸੋਹਾਗ ਵਾਲੀਆਂ ਹਨ, ਜਿਨ੍ਹਾਂ 'ਤੇ ਉਸ ਦੀ (ਪ੍ਰਭੂ ਦੀ) ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹ ਆਪਣੇ ਮਾਲਕ ਪ੍ਰਭੂ ਅੱਗੇ ਆਪਣਾ ਤਨ ਤੇ ਮਨ ਭੇਟ ਕਰਕੇ ਮਾਲਕ ਪ੍ਰਭੂ ਨਾਲ ਪਛਾਣ (ਸਾਂਝ) ਪਾ ਲੈਂਦੀਆਂ ਹਨ। ਇਸ ਤਰ੍ਹਾਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ, ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਪਾ ਲੈਂਦੀਆਂ ਹਨ। ਇਸ ਤਰ੍ਹਾਂ ਉਹ ਸੋਭਾ ਵਾਲੀਆਂ, ਭਾਗਾਂ ਵਾਲੀਆਂ ਹਨ, ਜੋ ਹਰ ਵੇਲੇ ਪ੍ਰਭੂ ਪਤੀ ਦੀ ਭਗਤੀ ਕਰਦੀਆਂ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪ੍ਰੇਮ ਹੀ ਜੀਵਨ ਦਾ ਧਰਮ ਹੈ

ਗਿਆਨ ਦੀ ਹੋਂਦ ਸਥਾਈ ਹੈ। ਜਿਹੜਾ ਵੀ ਵਿਅਕਤੀ ਅਧਿਆਤਮਕ ਸੱਚ ਨੂੰ ਪਛਾਣ ਲੈਂਦਾ ਹੈ, ਉਸ ਨੂੰ ਪਰਮਾਤਮਾ ਤੋਂ ਪ੍ਰੇਰਿਤ ਕਹਿੰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਪਰਮਾਤਮਾ ਦੀ ਸਰਬਉੱਚ ਕਲਪਨਾ ਜੋ ਅਸੀਂ ਕਰ ਸਕਦੇ ਹਾਂ, ਉਹ ਮਨੁੱਖੀ ਹੈ। ਅਸੀਂ ਜੋ ਵੀ ਗੁਣ ਉਸ ਦੇ ਬਿਆਨ ਕਰਦੇ ਹਾਂ, ਉਹ ਮਨੁੱਖ ਵਿਚ ਵੀ ਹੁੰਦੇ ਹਨ। ਜਦ ਅਸੀਂ ਹੋਰ ਅਧਿਆਤਮਕ ਹੋ ਕੇ ਉੱਪਰ ਉਠਦੇ ਹਾਂ ਅਤੇ ਪਰਮਾਤਮਾ ਦੀ ਇਸ ਕਲਪਨਾ ਤੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਸਰੀਰ, ਮਨ ਅਤੇ ਕਲਪਨਾ ਤੋਂ ਵੀ ਬਾਹਰ ਨਿਕਲਣਾ ਪੈਂਦਾ ਹੈ ਅਤੇ ਇਸ ਦੁਨੀਆ ਨੂੰ ਦ੍ਰਿਸ਼ਟੀ ਤੋਂ ਪਰੇ ਕਰਨਾ ਪੈਂਦਾ ਹੈ। ਜਦ ਅਸੀਂ ਬ੍ਰਹਮ ਹੋਣ ਲਈ ਉੱਪਰ ਉਠਦੇ ਹਾਂ ਤਾਂ ਅਸੀਂ ਸੰਸਾਰ ਵਿਚ ਨਹੀਂ ਰਹਿ ਜਾਂਦੇ। ਜਿਸ ਇਕੋ-ਇਕ ਸੰਸਾਰ ਨੂੰ ਅਸੀਂ ਜਾਣ ਸਕਦੇ ਹਾਂ, ਉਸ ਦਾ ਸਿਖਰ ਮਨੁੱਖ ਹੈ। ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰ ਲਈ ਹੈ, ਉਨ੍ਹਾਂ ਨੂੰ ਪਰਮਾਤਮਾ ਵਿਚ ਨਿਵਾਸ ਕਰਨ ਵਾਲਾ ਕਿਹਾ ਜਾਂਦਾ ਹੈ। ਸਾਰੀ ਨਫਰਤ ਆਪਣੇ ਘੁਮੰਡ ਰਾਹੀਂ ਆਪਣਾ ਨਾਸ ਹੈ। ਇਸ ਲਈ ਪ੍ਰੇਮ ਹੀ ਜੀਵਨ ਦਾ ਧਰਮ ਹੈ। ਅਜਿਹੀ ਭੂਮਿਕਾ ਤੱਕ ਉੱਠਣਾ ਹੀ ਪੂਰਨਤਾ ਹੈ। ਪਰ ਅਸੀਂ ਜਿਵੇਂ-ਜਿਵੇਂ ਪੂਰਨਤਾ ਵੱਲ ਵਧਦੇ ਹਾਂ, ਓਨੇ ਹੀ ਸੰਸਾਰਕ ਕੰਮ ਘੱਟ ਕਰਦੇ ਹਾਂ। ਉਸ ਸਮੇਂ ਸਾਨੂੰ ਇਹ ਸੰਸਾਰ ਬੱਚਿਆਂ ਦਾ ਖੇਲ ਲਗਦਾ ਹੈ। ਅਜਿਹੇ ਪੂਰਨਤਾ ਪ੍ਰਾਪਤ ਵਿਅਕਤੀ ਨੂੰ ਦੋ ਜਾਨਵਰਾਂ ਦੀ ਲੜਾਈ ਵਿਚ ਵੀ ਕੋਈ ਹੈਰਾਨੀ ਨਹੀਂ ਹੁੰਦੀ। ਪੂਰਨ ਵਿਅਕਤੀ ਹੀ ਜਾਣਦਾ ਹੈ ਕਿ ਸੰਸਾਰ ਮਾਇਆ ਹੈ। ਜੀਵਨ ਨੂੰ ਹੀ ਸੰਸਾਰ ਕਿਹਾ ਜਾਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਬਦ ਗੁਰੂ

ਅਨਮੋਲ ਵਿਰਸੇ ਦੀ ਸੰਭਾਲ

ਬੰਦਾ ਕਿੱਡਾ ਵੀ ਵੱਡਾ, ਕਿੱਡਾ ਵੀ ਇਮਾਨਦਾਰ, ਸੱਚਾ-ਸੁੱਚਾ ਹੋਵੇ, ਉਸ ਨੂੰ ਇਸ਼ਟ ਮੰਨਣ ਨਾਲ ਉਹ ਦੇਸ਼ ਕਾਲ ਦੀਆਂ ਸੀਮਾਵਾਂ ਵਿਚ ਬੱਝ ਜਾਂਦਾ ਹੈ। ਇਸ਼ਟ ਦੇ ਦੇਸ਼ ਕਾਲ ਹੀ ਨਹੀਂ, ਜਾਤ, ਵਰਣ, ਦੇਸ਼, ਮਜ਼੍ਹਬ ਦੀਆਂ ਸੀਮਾਵਾਂ ਤੋਂ ਵੀ ਮੁਕਤ ਹੋਣ ਦਾ ਸੰਕਲਪ ਧੁੰਦਲੇ ਜਿਹੇ ਰੂਪ ਵਿਚ ਭਾਵੇਂ ਹੋਰ ਕਿਸੇ ਧਰਮ ਪਰੰਪਰਾ ਵਿਚ ਹੋਵੇ, ਪਰ ਸਪੱਸ਼ਟ ਪੱਕੇ-ਪੀਡੇ ਰੂਪ ਵਿਚ ਇਹ ਸਿੱਖ ਧਰਮ ਪਰੰਪਰਾ ਵਿਚ ਹੀ ਪ੍ਰਾਪਤ ਹੈ। ਇਸ ਵਿਚ ਸੰਕਲਪਿਤ ਅਕਾਲ ਪੁਰਖ ਯਾਨੀ ਪਰਮਾਤਮਾ ਹਰ ਦਵੈਤ ਤੋਂ ਮੁਕਤ ਹੈ। ਆਪਣ ਬਾਮੈ ਨਾਹੀ ਕਿਸੀ ਕੋ। ਕਿਸੇ ਇਕ ਦੀ ਜਾਇਦਾਦ ਨਹੀਂ ਉਹ। ਸਗਲ ਸੰਗਿ ਹਮ ਕਉ ਬਣਿ ਆਈ। ਨਿਰਭਉ, ਨਿਰਵੈਰ। ਦੇਸ਼/ਕਾਲ ਦੀਆਂ ਜੂਨਾਂ ਤੋਂ ਮੁਕਤ। ਇਕ ਤੇ ਕੇਵਲ ਇਕ। ਸਤਿ ਤੋਂ ਸਿਵਾ ਉਸ ਦੇ ਸਾਰੇ ਨਾਮ ਕਿਰਤਮ ਹਨ। ਉਂਜ ਉਸ ਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਓ। ਉਹ ਸੁਣਦਾ ਹੈ। ਜ਼ੁਬਾਨ, ਕਰਮ ਕਾਂਡ, ਵਿਚੋਲੇ ਉਸ ਲਈ ਕੋਈ ਅਰਥ ਨਹੀਂ ਰੱਖਦੇ। ਉਸ ਦਾ ਤੇ ਉਸ ਦੇ ਪਸਾਰੇ ਦਾ ਕੋਈ ਅੰਤ ਨਹੀਂ। ਸਿੱਖ ਧਰਮ ਦੇ ਇਸ ਮੂਲ ਫਲਸਫੇ ਦੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਹ ਗ੍ਰੰਥ ਸਿੱਖ ਗੁਰੂ ਸਾਹਿਬਾਨ ਦੇ ਆਪਣੇ ਸਮੇਂ ਆਪਣੀ ਦੇਖ-ਰੇਖ ਵਿਚ ਲਿਖਿਆ-ਲਿਖਾਇਆ ਹੋਣ ਕਰਕੇ ਬੇਮਿਸਾਲ ਧਰਮ ਗ੍ਰੰਥ ਹੈ। ਹੋਰ ਧਰਮ ਗ੍ਰੰਥ ਆਪਣੇ ਪੈਗੰਬਰਾਂ ਦੇ ਨਾਸ਼ਮਾਨ ਜਗਤ ਤੋਂ ਅਲੋਪ ਹੋਣ ਤੋਂ ਢੇਰ ਸਮੇਂ ਪਿੱਛੋਂ ਹੋਂਦ ਵਿਚ ਆਏ ਹਨ। ਆਪਣੀ ਸਿੱਖਿਆ, ਵਿਗਿਆਨਕ ਪਹੁੰਚ, ਪ੍ਰਮਾਣਿਕਤਾ, ਦੇਸ਼ ਕਾਲ ਦੀਆਂ ਸੀਮਾਵਾਂ ਨੂੰ ਉਲੰਘਣ ਵਾਲੇ ਸੰਕਲਪਾਂ ਤੇ ਆਦਰਸ਼ਾਂ ਕਾਰਨ ਇਹ ਗ੍ਰੰਥ ਵਿਸ਼ਵ ਭਰ ਵਿਚ ਸਤਿ/ਧਰਮ ਦੇ ਜਗਿਆਸੂਆਂ ਤੇ ਮਨੁੱਖ ਜਾਤੀ ਦਾ ਭਲਾ ਚਾਹੁਣ ਵਾਲਿਆਂ ਲਈ ਚਾਨਣ ਮੁਨਾਰਾ ਹੈ ਤੇ ਰਹੇਗਾ।
2004 ਵਿਚ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਅਤੇ ਫਿਰ 2008 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸ਼ਬਦ ਗੁਰੂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਗੁਰੂ ਥਾਪੇ ਜਾਣ ਦੀ ਤੀਜੀ ਸ਼ਤਾਬਦੀ ਮਨਾਈ ਗਈ। ਕੌਮੀ ਪੱਧਰ ਉੱਤੇ ਕੇਂਦਰ ਸਰਕਾਰ ਨੇ ਤਤਕਾਲੀਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰਸੇ ਦੀ ਸੰਭਾਲ ਤੇ ਪ੍ਰਸਾਰ ਲਈ ਬਣਾਈ। ਇਸ ਦੀ ਦੇਖ-ਰੇਖ ਵਿਚ ਗੋਸ਼ਟੀਆਂ, ਲੈਕਚਰ ਹੋਏ। ਇਸੇ ਉਦੇਸ਼ ਦੀ ਪੂਰਤੀ ਲਈ ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਨੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਥਾਵਾਂ ਉੱਤੇ ਪਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਨੂੰ ਲੱਭਣ, ਡਿਜੀਟਲ ਰੂਪ ਵਿਚ ਸੰਭਾਲਣ, ਸੂਚੀਬੱਧ ਕਰਨ ਅਤੇ ਸੁਰੱਖਿਅਤ ਕਰਨ ਦਾ ਪ੍ਰਾਜੈਕਟ ਵਿਉਂਤਿਆ। ਪਿਛਲੇ 8-9 ਸਾਲਾਂ ਦੇ ਯਤਨਾਂ ਦੇ ਸਿੱਟੇ ਵਜੋਂ 264 ਪੁਰਾਤਨ ਬੀੜਾਂ ਨੂੰ ਲੱਭ ਕੇ ਉਨ੍ਹਾਂ ਨੂੰ ਕੰਪਿਊਟਰਾਂ ਵਿਚ ਸੁਰੱਖਿਅਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਨੂੰ ਬਾਕਾਇਦਾ ਨੰਬਰ ਦੇ ਕੇ ਸੂਚੀਬੱਧ ਕੀਤਾ ਗਿਆ ਹੈ। ਸ਼ਬਦ ਗੁਰੂ ਨਾਮ ਦੀਆਂ ਚਾਰ ਜਿਲਦਾਂ ਵਿਚ ਇਸ ਕੀਮਤੀ ਵਿਰਸੇ ਦੀਆਂ ਰੰਗੀਨ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਹਰ ਬੀੜ ਬਾਰੇ ਸੰਖਿਪਤ ਜਾਣਕਾਰੀ, ਉਸ ਦੇ ਪ੍ਰਾਪਤੀ ਸਥਾਨ, ਪੰਨਿਆਂ ਦੀ ਗਿਣਤੀ, ਸਿਆਹੀ, ਲਿਖਣ ਲਈ ਵਰਤੀ ਸਿਆਹੀ, ਲਿਖੇ ਜਾਣ ਦਾ ਸਾਲ, ਸੰਮਤ, ਤਤਕਰੇ, ਅੰਤਿਮ ਪੰਨਿਆਂ ਬਾਰੇ ਜਾਣਕਾਰੀ ਇਨ੍ਹਾਂ ਜਿਲਦਾਂ ਦੇ ਸੰਪਾਦਕ ਡਾ: ਮਹਿੰਦਰ ਸਿੰਘ ਨੇ ਅੰਕਿਤ ਕੀਤੀ ਹੈ।
ਇਨ੍ਹਾਂ ਜਿਲਦਾਂ ਦਾ ਪ੍ਰਭਾਵ ਖੇਤਰ ਵਧਾਉਣ ਲਈ ਇਨ੍ਹਾਂ ਵਿਚ ਥਾਂ-ਥਾਂ ਸਿੱਖ ਗੁਰੂ ਸਾਹਿਬਾਨ, ਇਤਿਹਾਸਕ ਗੁਰਧਾਮਾਂ ਤੇ ਸਿੱਖ ਇਤਿਹਾਸ/ਪਰੰਪਰਾ ਦੀਆਂ ਕਈ ਮਾਣਮੱਤੀਆਂ ਹਸਤੀਆਂ ਦੀਆਂ ਦੁਰਲੱਭ ਤਸਵੀਰਾਂ ਦਿੱਤੀਆਂ ਗਈਆਂ ਹਨ। ਗੁਰਧਾਮਾਂ ਵਿਚ ਪ੍ਰਾਪਤ ਕੰਧ ਚਿੱਤਰਾਂ ਦੀਆਂ ਤਸਵੀਰਾਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ/ਲੇਖਣ ਕਾਰਜ ਅਤੇ ਬਾਣੀਕਾਰਾਂ ਦੇ ਆਧੁਨਿਕ/ਪੁਰਾਤਨ ਚਿੱਤਰਕਾਰਾਂ ਦੁਆਰਾ ਬਣਾਏ ਚਿੱਤਰ ਜੋੜੇ ਗਏ ਹਨ। ਵੱਖ-ਵੱਖ ਬੀੜਾਂ ਵਿਚੋਂ ਲਏ ਗਏ ਸਿੱਖ ਗੁਰੂ ਸਾਹਿਬਾਨ ਦੇ ਪਾਵਨ ਹੱਥਾਂ ਦੇ ਨੀਸਾਣ ਦੀਆਂ ਦੁਰਲੱਭ ਤਸਵੀਰਾਂ ਹਨ। ਸਾਕਾ ਨਨਕਾਣਾ ਸਾਹਿਬ ਵਾਲੀ ਸ਼ਹੀਦੀ ਬੀੜ ਤੇ ਬਲਿਊ ਸਟਾਰ ਦੁਆਰਾ ਨੁਕਸਾਨੀ ਗਈ ਬੀੜ ਦੇ ਚਿੱਤਰ ਹਨ। ਵਿਸ਼ਵ ਦੇ ਸਭ ਤੋਂ ਛੋਟੇ ਤੇ ਸਭ ਤੋਂ ਵੱਡੇ ਆਕਾਰ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਹੈ।
ਬੜੀਆਂ ਯਾਦਗਾਰੀ ਕਿਸਮ ਦੀਆਂ ਨਾਯਾਬ ਤਸਵੀਰਾਂ ਹਨ 'ਸ਼ਬਦ ਗੁਰੂ' ਨਾਂਅ ਦੀ ਕਾਫੀ ਟੇਬਲ ਬੁੱਕ ਦੀਆਂ ਚਾਰ ਜਿਲਦਾਂ ਵਿਚ। ਕਰਤਾਰਪੁਰੀ ਬੀੜ ਦੀ ਵਿਸ਼ੇਸ਼ ਰੂਪ ਵਿਚ ਮਲਕਾ ਵਿਕਟੋਰੀਆ ਲਈ ਕਾਪੀ ਕੀਤੀ ਬੀੜ ਜੋ ਵਲਾਇਤ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿਚ ਪਈ ਹੈ, ਉਸ ਦੀ ਤਸਵੀਰ ਹੈ। ਅਜਮੇਰ, ਬਾਹੋਵਾਲ, ਬੁਰਹਾਨਪੁਰ, ਭੱਲੇ ਅਤੇ ਸੋਢੀ ਪਰਿਵਾਰਾਂ ਕੋਲ ਪਈਆਂ ਬੀੜਾਂ, ਕਾਠਮੰਡੂ ਵਾਲੀ ਬੀੜ, ਦਿੱਲੀ, ਲਾਹੌਰ, ਲੰਡਨ ਦੇ ਅਜਾਇਬ ਘਰਾਂ ਵਿਚ ਪਈਆਂ ਬੀੜਾਂ, ਪੰਜ ਤਖ਼ਤ ਸਾਹਿਬਾਨ 'ਤੇ ਪਈਆਂ ਬੀੜਾਂ, ਪੰਜਾਬ, ਪੰਜਾਬੀ, ਗੁਰੂ ਨਾਨਕ, ਢਾਕਾ ਯੂਨੀਵਰਸਿਟੀਆਂ ਵਿਚ ਸੁਰੱਖਿਅਤ ਬੀੜਾਂ, ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੁਆਰਾ ਸੰਭਾਲੀਆਂ ਬੀੜਾਂ ਦੇ ਵੇਰਵੇ ਸੰਪਾਦਕ ਨੇ ਮਿਹਨਤ ਨਾਲ ਲੱਭ ਕੇ ਤਸਵੀਰਾਂ ਸਹਿਤ ਪਾਠਕਾਂ ਅੱਗੇ ਰੱਖੇ ਹਨ। ਪੁਰਾਤਨ ਹੁਕਮਨਾਮਿਆਂ ਦੀਆਂ ਤਸਵੀਰਾਂ ਹਨ। ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਹੱਥਾਂ ਦੇ ਨੀਬਾਣ ਹਨ। ਆਮ ਆਦਮੀ ਦੀ ਬਹੁਭਾਂਤੀ ਜਗਿਆਸਾ ਦੀ ਪੂਰਤੀ ਕਰਦੀਆਂ ਹਨ ਇਹ ਪੁਸਤਕਾਂ। ਸ਼ਰਧਾਵਾਨ ਸਿੱਖ ਦਾ ਮਸਤਕ ਝੁਕਦਾ ਹੈ ਇਨ੍ਹਾਂ ਦੇ ਹਰ ਪੰਨੇ ਉੱਤੇ। ਵਿਦਵਾਨਾਂ, ਇਤਿਹਾਸਕਾਰਾਂ ਤੇ ਖੋਜੀਆਂ ਲਈ ਮੱਧਕਾਲੀ ਪੰਜਾਬੀ ਭਾਰਤੀ ਸਾਹਿਤਕ/ਧਾਰਮਿਕ ਵਿਰਸੇ ਦੀ ਖੋਜ ਵਾਸਤੇ ਇਨ੍ਹਾਂ ਵਿਚ ਅੰਕਤ ਵੇਰਵਿਆਂ ਆਸਰੇ ਬਹੁਤ ਕੁਝ ਸਮਝਣ-ਖੋਜਣ ਵਾਸਤੇ ਰਾਹ ਖੁੱਲ੍ਹਦੇ ਹਨ। ਅਸੀਂ ਇਨ੍ਹਾਂ ਜ਼ਰੀਏ ਆਪਣੀਆਂ ਅੱਖਾਂ ਸਾਹਵੇਂ ਇਕ ਗੌਰਵਮਈ ਧਾਰਮਿਕ ਇਤਿਹਾਸ ਉਸਰਦਾ ਵਿਗਸਦਾ ਮਹਿਸੂਸ ਕਰਦੇ ਹਾਂ।
ਇਥੇ ਸਿੱਖ ਧਰਮ ਗ੍ਰੰਥ ਬਾਰੇ ਬਹੁਤ ਕੁਝ ਨਾ ਜਾਣਨ ਵਾਲੇ ਪਾਠਕਾਂ ਦੀ ਜਾਣਕਾਰੀ ਹਿਤ ਸੰਖੇਪ ਵਿਚ ਕੁਝ ਤੱਥ ਦੱਸਣੇ ਉਚਿਤ ਪ੍ਰਤੀਤ ਹੁੰਦੇ ਹਨ। ਇਹ ਗੱਲ ਪਰੰਪਰਾ ਹੀ ਨਹੀਂ, ਲਿਖਤੀ ਸਮਕਾਲੀ ਗਵਾਹੀਆਂ ਤੇ ਹਾਲਾਤ ਦੀਆਂ (ਸਰਕਮਸਟੈਂਸ਼ਲ) ਗਵਾਹੀਆਂ ਤੋਂ ਪ੍ਰਮਾਣਿਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਆਪਣੇ ਵੱਲੋਂ ਉਚਾਰੀ ਅਤੇ ਥਾਂ-ਥਾਂ ਤੋਂ ਇਕੱਤਰ ਕੀਤੀ ਭਗਤ ਬਾਣੀ ਲਿਖ/ਲਿਖਵਾ ਕੇ ਆਪਣੇ ਕੋਲ ਹਰ ਵੇਲੇ ਪੋਥੀ/ਕਿਤਾਬ ਰੂਪ ਵਿਚ ਰੱਖਦੇ ਸਨ। ਆਸਾ ਹੱਥ ਕਿਤਾਬ ਕਛ ਦੇ ਭਾਈ ਗੁਰਦਾਸ ਜੀ ਦੇ ਬਚਨ ਇਸ ਦੇ ਸੰਕੇਤਕ ਹਨ। ਬਾਬਾ ਫਰੀਦ ਜੀ ਦੇ ਸ਼ਬਦਾਂ/ਸਲੋਕਾਂ ਦੀ ਸਪੱਸ਼ਟ ਵਜ਼ਾਹਤ ਲਈ ਆਪ ਵੱਲੋਂ ਉਚਾਰੇ ਸ਼ਬਦ/ਸਲੋਕ ਇਸ ਦਾ ਪ੍ਰਮਾਣ ਹਨ। ਜੋਤੀ ਜੋਤ ਸਮਾਉਣ ਸਮੇਂ ਆਪ ਨੇ ਗੁਰੂ ਅੰਗਦ ਸਾਹਿਬ ਨੂੰ ਆਪਣੀ ਤੇ ਭਗਤਾਂ ਦੀ ਬਾਣੀ ਦੀ ਇਹ ਪੋਥੀ ਸੌਂਪੀ। ਗੁਰੂ ਅੰਗਦ ਦੇਵ ਜੀ ਨੇ ਇਸ ਵਿਚ ਆਪਣੀ ਬਾਣੀ ਜੋੜੀ। ਸਮੁੱਚੀ ਬਾਣੀ ਉਨ੍ਹਾਂ ਅੱਗੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ਣ ਸਮੇਂ ਦਿੱਤੀ। ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਵੱਲੋਂ ਉਚਾਰੀ ਬਾਣੀ ਤੇ ਪ੍ਰਾਪਤ ਕੁਝ ਬਾਣੀ ਨੂੰ ਗੋਇੰਦਵਾਲ ਵਾਲੀਆਂ ਪੋਥੀਆਂ ਕਹੇ ਜਾਂਦੇ ਸੰਕਲਨਾਂ ਵਿਚ ਵੀ ਸੰਭਾਲਿਆ ਗਿਆ।
ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਸਮੇਂ ਤੀਜੇ ਪਾਤਸ਼ਾਹ ਨੇ ਆਪਣੇ ਪਾਸ ਸੁਰੱਖਿਅਤ ਬਾਣੀ ਦੀਆਂ ਪੋਥੀਆਂ ਵੀ ਸੌਂਪੀਆਂ। ਇੰਜ ਹੀ ਗੁਰੂ ਰਾਮਦਾਸ ਜੀ ਨੇ ਕੀਤਾ। ਪੰਚਮ ਪਾਤਸ਼ਾਹ ਵੇਲੇ ਉਨ੍ਹਾਂ ਦੇ ਭਰਾਤਾ ਪ੍ਰਿਥੀ ਚੰਦ ਨੇ ਸਮਾਨਾਂਤਰ ਗੱਦੀ ਤੋਰਨ ਲਈ ਆਪ ਬਾਣੀ ਉਚਾਰਨ ਦੇ ਯਤਨ ਅਰੰਭੇ। ਗਰੂ ਸਾਹਿਬਾਨ ਦੇ ਨਾਂਅ ਉੱਤੇ ਧੁਰ ਕੀ ਬਾਣੀ ਵਿਚ ਮੀਣਿਆਂ ਵੱਲੋਂ ਰਲਾ ਪੈਣ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਆਪਣੀ, ਪੂਰਬਲੇ ਗੁਰੂਆਂ ਤੇ ਉਨ੍ਹਾਂ ਵੱਲੋਂ ਸੰਕਲਿਤ/ਪ੍ਰਵਾਨਿਤ ਭਗਤਾਂ ਦੀ ਬਾਣੀ ਨੂੰ ਸਿੱਖ ਸੰਗਤਾਂ ਦੀ ਅਗਵਾਈ ਲਈ ਇਕੋ ਜਿਲਦ ਵਿਚ ਸੰਪਾਦਿਤ ਕਰਨ ਦਾ ਉਪਰਾਲਾ ਕੀਤਾ। ਭਾਈ ਗੁਰਦਾਸ ਜੀ ਨੇ ਲਿਖਾਈ ਦੀ ਸੇਵਾ ਨਿਭਾਈ। ਲੰਬੀ ਮਿਹਨਤ ਉਪਰੰਤ ਪੋਥੀ ਸਾਹਿਬ ਭਾਵ ਆਦਿ ਗ੍ਰੰਥ ਜੀ ਦਾ ਸੰਪਾਦਨ ਮੁਕੰਮਲ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਮੂਲ/ਪ੍ਰਥਮ ਬੀੜ ਸੀ। ਸਮੇਂ ਦੇ ਬੀਤਣ ਨਾਲ ਇਸ ਉੱਤੇ ਗੁਰੂ ਸਾਹਿਬ ਦੇ ਸੋਢੀ ਬੰਸ ਦੇ ਉੱਤਰਾਧਿਕਾਰੀਆਂ ਨੇ ਕਬਜ਼ਾ ਕਰ ਲਿਆ। ਆਮ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਨੇ ਵੀ ਮੁਸ਼ਕਿਲ ਹੋ ਗਏ। ਕਰਤਾਰਪੁਰੀਏ ਸੋਢੀਆਂ ਦੇ ਕਬਜ਼ੇ ਕਾਰਨ ਇਸ ਨੂੰ ਕਰਤਾਰਪੁਰੀ ਬੀੜ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ।

ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਕਿਵੇਂ ਲਾਇਆ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਧਰਮ ਤੇ ਵਿਰਸਾ ਅੰਕ ਦੇਖੋ)
ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀਆਂ ਦੇਣ ਲਈ ਜਨ ਸੰਘ ਨੇ ਵੀ ਐਲਾਨ ਕੀਤਾ ਕਿ ਹਰ ਮਹੀਨੇ 100 ਵਲੰਟੀਅਰ ਗ੍ਰਿਫ਼ਤਾਰੀ ਦਿਆ ਕਰਨਗੇ। ਪਰ ਕੰਮ ਠੁੱਸ ਹੋ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਗ੍ਰਿਫ਼ਤਾਰੀ ਦੇਣ ਲਈ ਜਥੇ ਜਾਣੇ ਸ਼ੁਰੂ ਹੋ ਗਏ। ਅਖ਼ਬਾਰਾਂ 'ਤੇ ਸੈਂਸਰਸ਼ਿਪ ਸੀ, ਸਿਰਫ ਬੀ. ਬੀ. ਸੀ. ਲੰਡਨ ਹੀ ਮੋਰਚੇ ਬਾਰੇ ਖ਼ਬਰ ਦਿੰਦਾ ਸੀ। ਮੋਰਚਾ ਚਲਾਉਣ ਦੀ ਜ਼ਿੰਮੇਵਾਰ ਜਥੇਦਾਰ ਮੋਹਣ ਸਿੰਘ ਤੁੜ ਪ੍ਰਧਾਨ, ਮੋਰਚਾ ਡਿਕਟੇਟਰ, ਸ਼੍ਰੋਮਣੀ ਅਕਾਲੀ ਦਲ ਦੀ ਸੀ। ਜਥੇਦਾਰ ਤੁੜ ਦੇ ਨਾਂਅ 'ਤੇ ਪਹਿਲਾ ਇਸ਼ਤਿਹਾਰ ਨਿਕਲਿਆ 'ਮਸੋਲੀਨੀ ਤੇ ਹਿਟਲਰ ਦੀ ਜਾਨਸ਼ੀਨ ਇੰਦਰਾ ਗਾਂਧੀ ਦੀ ਡਿਕਟੇਟਰਸ਼ਿਪ ਵਿਰੁੱਧ ਸਾਡਾ ਜੇਹਾਦ'। ਦੇਸ਼ ਦੇ ਲੀਡਰ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਭੁੱਖ ਹੜਤਾਲਾਂ ਕਰਕੇ ਤੇ ਮਰਨ ਵਰਤ ਰੱਖ ਕੇ ਸੜ ਰਹੇ ਹੋਣ ਤਾਂ ਅਸੀਂ ਚੈਨ ਨਹੀਂ ਲੈ ਸਕਦੇ। ਇਸ ਇਸ਼ਤਿਹਾਰ 'ਤੇ ਜਥੇਦਾਰ ਮੋਹਣ ਸਿੰਘ ਤੁੜ ਦੀ ਫੋਟੋ ਲੱਗੀ ਹੋਈ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਵਿਰੁੱਧ ਡਟ ਕੇ ਕੁਰਬਾਨੀਆਂ ਕਰਨ ਲਈ ਕਿਹਾ ਗਿਆ ਸੀ। ਦੂਜਾ ਇਸ਼ਤਿਹਾਰ, ਜੋ ਜਥੇਦਾਰ ਤੁੜ ਹੁਰਾਂ ਵੱਲੋਂ ਕੱਢਿਆ ਗਿਆ ਸੀ, ਉਹ ਸੀ ਅਕਾਲੀ ਦਲ ਵੱਲੋਂ ਅਰੰਭੇ ਸੰਘਰਸ਼ ਦੀਆਂ ਮੰਗਾਂ। ਐਮਰਜੈਂਸੀ ਤੁਰੰਤ ਹਟਾਈ ਜਾਵੇ, ਅਖ਼ਬਾਰਾਂ ਤੋਂ ਸੈਂਸਰ ਚੁੱਕਿਆ ਜਾਵੇ, ਗ੍ਰਿਫ਼ਤਾਰ ਜਨਤਕ ਲੀਡਰ ਤੁਰੰਤ ਰਿਹਾਅ ਕੀਤੇ ਜਾਣ, ਸ਼ਹਿਰੀ ਹੱਕ ਬਹਾਲ ਕੀਤੇ ਜਾਣ। ਇਹ ਇਸ਼ਤਿਹਾਰ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਅਤੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਵਿਚ ਲਗਾਏ ਗਏ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਪਤਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਮੋਰਚਾ ਲਾਇਆ ਹੈ।
ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਲਈ ਹਰ ਰੋਜ਼ ਜਥੇ ਜਾਂਦੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਸ਼ੁਰੂ ਕੀਤੇ ਗਏ ਮੋਰਚੇ ਨੂੰ ਦੇਖ ਕੇ ਲੋਕ ਹੈਰਾਨ ਸਨ। ਸਭ ਕਾਂਗਰਸ ਵਿਰੋਧੀ ਪਾਰਟੀਆਂ ਭੈਅਭੀਤ ਹੋ ਚੁੱਕੀਆਂ ਸਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਵਰਕਰ ਹਰ ਰੋਜ਼ ਸ੍ਰੀ ਅੰਮ੍ਰਿਤਸਰ ਗ੍ਰਿਫ਼ਤਾਰੀ ਦੇ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁੱਧ ਮੋਰਚਾ ਨਿਰਵਿਘਨ ਚੱਲਦਾ ਰਿਹਾ।
ਸ੍ਰੀਮਤੀ ਇੰਦਰਾ ਗਾਂਧੀ ਨੇ ਭਾਰਤ ਵਿਚ ਐਮਰਜੈਂਸੀ ਲਗਾ ਕੇ ਸਮੁੱਚੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਲ ਰਹੇ ਐਮਰਜੈਂਸੀ ਵਿਰੋਧੀ ਮੋਰਚੇ ਤੋਂ ਉਹ ਪ੍ਰੇਸ਼ਾਨ ਸੀ। ਇਸ ਤੋਂ ਇਲਾਵਾ ਸ੍ਰੀਮਤੀ ਇੰਦਰਾ ਗਾਂਧੀ ਵਿਦੇਸ਼ਾਂ ਵਿਚ ਜਿਥੇ ਵੀ ਜਾਂਦੀ ਸੀ, ਉਥੇ ਸਿੱਖ ਰੋਸ ਮੁਜ਼ਾਹਰੇ ਕਰਦੇ ਸਨ। ਇਸ ਲਈ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਕਿਸੇ ਤਰੀਕੇ ਸਿੱਖਾਂ ਨਾਲ ਪੰਜਾਬ ਵਿਚ ਸਮਝੌਤਾ ਹੋ ਜਾਵੇ। ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ: ਭਰਪੂਰ ਸਿੰਘ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਹੀਂ ਜਥੇਦਾਰ ਮੋਹਣ ਸਿੰਘ ਤੁੜ ਨਾਲ ਗੱਲ ਕਰਨੀ ਚਾਹੀ ਪਰ ਕੋਈ ਠੋਸ ਨਤੀਜਾ ਨਾ ਨਿਕਲਿਆ, ਸਗੋਂ ਚਰਚਾ ਵੱਧ ਹੋ ਗਈ ਜਿਸ ਕਰਕੇ ਜਥੇਦਾਰ ਤੁੜ ਨੇ ਮੋਰਚੇ ਵਿਚ ਗ੍ਰਿਫ਼ਤਾਰੀ ਦੇ ਦਿੱਤੀ। ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਨੂੰ ਮੋਰਚਾ ਡਿਕਟੇਟਰ ਥਾਪ ਦਿੱਤਾ ਗਿਆ।
ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਲੌਂਗੋਵਾਲ ਤੋਂ ਸ: ਜਸਵੰਤ ਸਿੰਘ ਫਫੜੇ ਭਾਈਕੇ, ਸ: ਬਲਦੇਵ ਸਿੰਘ ਮਾਨ ਅਤੇ ਸ: ਸੁਰਿੰਦਰਪਾਲ ਸਿੰਘ ਮਾਨ ਲੈ ਕੇ ਆਏ ਅਤੇ 13 ਅਪ੍ਰੈਲ, 1976 ਨੂੰ ਮੋਰਚੇ ਦੀ ਵਾਗਡੋਰ ਸੰਭਾਲੀ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣਾ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਥਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਲਗਦੇ ਕਮਰੇ ਵਿਚ ਬਦਲ ਲਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਮੋਰਚੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਮੋਰਚੇ ਵਿਚ ਤੇਜ਼ੀ ਆ ਗਈ। ਹਰ ਰੋਜ਼ ਮੰਜੀ ਸਾਹਿਬ ਦੀਵਾਨ ਸਜਣ ਲੱਗ ਪਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸ: ਬਲਵੰਤ ਸਿੰਘ ਰਾਮੂਵਾਲੀਆ, ਦਰਸ਼ਨ ਸਿੰਘ ਈਸਾਪੁਰ ਪੂਰਨ ਸਹਿਯੋਗ ਦੇ ਰਹੇ ਸਨ, ਉਥੇ ਸੰਤ ਜੀ ਦੇ ਨਾਲ ਨਿਹੰਗ ਗੁਰਦਿਆਲ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਲੌਂਗੋਵਾਲ, ਗੋਪਾਲ ਸਿੰਘ ਦਰਦੀ, ਮਹਿੰਦਰ ਸਿੰਘ ਦੁਲਟ, ਤੇਜਾ ਸਿੰਘ, ਬੱਘਾ ਸਿੰਘ, ਜਥੇਦਾਰ ਜੰਗੀਰ ਸਿੰਘ ਪੂਹਲਾ ਤੇ ਸੁਰਜੀਤ ਸਿੰਘ ਸੋਖੀ ਪੂਰਾ ਸਾਥ ਦੇ ਰਹੇ ਸਨ। ਸ: ਹਰਭਜਨ ਸਿੰਘ ਬਾਜਵਾ ਹਰ ਸਮੇਂ ਸਹਿਯੋਗ ਲਈ ਤਿਆਰ ਰਹਿੰਦਾ ਸੀ। ਸ: ਗੁਰਦਿਆਲ ਸਿੰਘ ਫੋਟੋਗ੍ਰਾਫਰ ਨੇ ਮੋਰਚੇ ਲਈ ਜਾਂਦੇ ਜਥਿਆਂ ਦੀਆਂ ਫੋਟੋਆਂ ਖਿੱਚਣੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਨੈਸ਼ਨਲ ਗੁਰਦੁਆਰਾ, ਵਾਸ਼ਿੰਗਟਨ : ਇਸ ਗੁਰੂ-ਘਰ ਦੀ ਸਥਾਪਨਾ ਇਕ ਸਿਰੜੀ ਸਿੱਖ ਸ਼ਮਸ਼ੇਰ ਸਿੰਘ ਦੀ ਮਿਹਨਤ ਦਾ ਨਤੀਜਾ ਹੈ। ਉਹ ਵਿਸ਼ਵ ਬੈਂਕ ਵਿਚੋਂ ਉੱਚ ਅਧਿਕਾਰੀ ਰਿਟਾਇਰ ਹੋਇਆ ਸੀ। ਉਸੇ ਨੇ ਸੰਗਤ ਨੂੰ ਪ੍ਰੇਰ ਕੇ ਇਹ ਜਗ੍ਹਾ ਖ਼ਰੀਦੀ ਸੀ। ਇਹ ਗੁਰੂ-ਘਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਇਕਲੌਤਾ ਗੁਰਦੁਆਰਾ ਹੈ, ਜਿਸ ਦੀ ਸਥਾਪਨਾ 2006 ਵਿਚ ਵਾਸ਼ਿੰਗਟਨ ਦੀ ਮਸ਼ਹੂਰ ਮੈਸਾਚੂਸਟਸ ਐਵਿਨਿਊ ਵਿਖੇ ਕੀਤੀ ਗਈ ਸੀ। ਇਹ ਨੈਸ਼ਨਲ ਚਰਚ, ਨੇਵਲ ਆਬਜਰਵੇਟਰੀ ਅਤੇ ਅਮਰੀਕਨ ਯੂਨੀਵਰਸਿਟੀ ਦੇ ਬਿਲਕੁਲ ਨਜ਼ਦੀਕ ਹੈ। ਇਸ ਦੀ ਸਥਾਪਨਾ ਵੇਲੇ ਕੁਝ ਸਥਾਨਕ ਲੋਕਾਂ ਅਤੇ ਸੰਸਥਾਵਾਂ ਨੇ ਭਾਰੀ ਵਿਰੋਧ ਕੀਤਾ ਸੀ। ਉਨ੍ਹਾਂ ਨੇ ਟ੍ਰੈਫਿਕ ਅਤੇ ਵਾਤਾਵਰਨ ਸਬੰਧੀ ਗੰਭੀਰ ਇਤਰਾਜ਼ ਉਠਾਏ ਤੇ ਕੋਰਟ ਕੇਸ ਵੀ ਕੀਤੇ ਸਨ। ਵਾਹਿਗੁਰੂ ਦੀ ਕ੍ਰਿਪਾ ਨਾਲ ਅਖੀਰ ਸਭ ਕੁਝ ਠੀਕ ਹੋ ਗਿਆ। ਇਥੇ ਬਾਕੀ ਧਾਰਮਿਕ ਕਾਰਜਾਂ ਨੇ ਨਾਲ-ਨਾਲ ਬੱਚਿਆਂ ਨੂੰ ਕੀਰਤਨ ਅਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਗੁਰੂ-ਘਰ ਦੀ ਇਮਾਰਤ ਉੱਪਰ 21 ਲੱਖ ਡਾਲਰ (ਕਰੀਬ 14 ਕਰੋੜ ਰੁ:) ਖਰਚ ਆਇਆ ਸੀ ਤੇ ਇਹ 21000 ਸੁਕੇਅਰ ਫੁੱਟ ਵਿਚ ਬਣਿਆ ਹੋਇਆ ਹੈ।
ਸਿੱਖ ਰੀਲੀਜੀਅਸ ਸੁਸਾਇਟੀ, ਸ਼ਿਕਾਗੋ : ਇਹ ਸੁਸਾਇਟੀ 1280 ਵਿਨੇਟਕਾ ਸਟਰੀਟ, ਪਲਾਤੀਨ, ਸ਼ਿਕਾਗੋ ਵਿਚ ਸਥਿਤ ਹੈ। ਇਸ ਨਿਸ਼ਕਾਮ ਸੁਸਾਇਟੀ ਦੀ ਸਥਾਪਨਾ 1972 ਵਿਚ ਲੋਕ ਸੇਵਾ ਲਈ ਕੀਤੀ ਗਈ ਸੀ। ਇਹ ਸ਼ਿਕਾਗੋ ਦੇ ਮਹਿੰਗੇ ਇਲਾਕੇ ਵਿਚ 14 ਏਕੜ ਜਗ੍ਹਾ ਵਿਚ ਸਥਿਤ ਹੈ। ਇਥੇ ਹਫਤੇ ਦੇ ਸੱਤੇ ਦਿਨ ਕੀਰਤਨ ਪ੍ਰਵਾਹ ਚੱਲਦਾ ਰਹਿੰਦਾ ਹੈ। ਇਹ ਸਾਰੇ ਧਰਮਾਂ ਵਿਚਕਾਰ ਮਿਲਵਰਤਨ ਵਧਾਉਣ ਦੇ ਖੇਤਰ ਵਿਚ ਕੰਮ ਕਰ ਰਹੀ ਹੈ। ਇਹ ਅਮਰੀਕਨਾਂ ਨੂੰ ਸਿੱਖ ਧਰਮ ਬਾਰੇ ਗਿਆਨ ਦੇ ਰਹੀ ਹੈ ਤੇ ਸਿੱਖਾਂ ਦੀ ਪਹਿਚਾਣ ਬਾਰੇ ਭਰਮ-ਭੁਲੇਖੇ ਦੂਰ ਕਰ ਰਹੀ ਹੈ। ਇਹ ਅਮਰੀਕਾ ਵਿਚ ਇਕ ਕੇਂਦਰੀ ਸਿੱਖ ਇੰਸਟੀਚਿਊਟ ਸਥਾਪਿਤ ਕਰਨ ਲਈ ਬਹੁਤ ਮਿਹਨਤ ਕਰ ਰਹੀ ਹੈ।
(ਬਾਕੀ ਅਗਲੇ ਮੰਗਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾ: 98151-24449


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX