ਤਾਜਾ ਖ਼ਬਰਾਂ


ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸੋਪੋਰ ਸਥਿਤ ਵਾਰਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਐਸ.ਐਚ.ਓ. ਸਮੇਤ ਦੋ ਪੁਲਿਸ ਜਵਾਨ ਜ਼ਖਮੀ ਹੋਏ ਹਨ। ਜਵਾਨਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ...
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਮਾਰਚ - ਦਿੱਲੀ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ...
ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ...
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 22 ਮਾਰਚ - ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਵਿਖੇ ਅੱਜ ਪਾਕਿਸਤਾਨ ਦਾ ਰਾਸ਼ਟਰੀ ਦਿਵਸ...
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  1 day ago
ਮਾਹਿਲਪੁਰ ,22 ਮਾਰਚ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁਕ ਕਮ ਹੈਲਪਰਾਂ ਨੂੰ ...
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  1 day ago
ਮੁੰਬਈ, 22 ਮਾਰਚ - ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਦੇ 928 ਮਾਮਲੇ ਸਾਹਮਣੇ ਹਨ, ਜਦਕਿ 71 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 17 ਮੌਤਾਂ...
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  1 day ago
ਨਵੀਂ ਦਿੱਲੀ, 22 ਮਾਰਚ - ਕੇਂਦਰ ਸਰਕਾਰ ਨੇ ਵੱਖਵਾਦੀ ਨੇਤਾ ਯਾਸਿਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) 'ਤੇ ਪਾਬੰਦੀ ਲਗਾ...
2 ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ, 3 ਜ਼ਖਮੀ
. . .  1 day ago
ਭੁਲੱਥ, 22 ਮਾਰਚ (ਮਨਜੀਤ ਸਿੰਘ ਰਤਨ) - ਨਜ਼ਦੀਕੀ ਪਿੰਡ ਕਮਰਾਏ ਨੇੜੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ...
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ
. . .  1 day ago
ਹਿਸਾਰ, 22 ਮਾਰਚ - ਹਰਿਆਣਾ ਦੇ ਹਿਸਾਰ 'ਚ ਪੈਂਦੇ ਬਾਲਸਮੰਦ ਪਿੰਡ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 18 ਮਹੀਨਿਆਂ ਦਾ ਇਹ ਬੱਚਾ ਬੀਤੇ ਦਿਨ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸੁਲਤਾਨ ਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)- ਸੁਲਤਾਨ ਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਘਰ ਦੀ ਪ੍ਰੇਸ਼ਾਨੀ ਦੇ ਚੱਲਦਿਆਂ 32 ਸਾਲਾ ਸ਼ਾਦੀਸ਼ੁਦਾ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ

ਫੇਲ੍ਹ ਜਾਂ ਪਾਸ

ਸੱਚਮੁੱਚ ਮੁੰਡਿਆਂ ਦੇ ਦਿਲ ਹਿਲ ਗਏ ਸੀ ਜਦ 'ਬੇਬੀ' ਫ਼ਿਲਮ 'ਚ ਛੋਟੇ ਜਿਹੇ ਚਰਿੱਤਰ ਨੂੰ ਤਾਪਸੀ ਪੰਨੂੰ ਨੇ ਨਿਭਾਇਆ ਸੀ। ਇਥੋਂ ਹੀ ਪੰਜਾਬਣ ਤਾਪਸੀ ਨੂੰ ਧਰਵਾਸਾ ਮਿਲ ਗਿਆ ਸੀ ਕਿ ਆਉਣ ਵਾਲੇ ਸਮੇਂ 'ਚ ਉਸ ਦੀਆਂ ਫ਼ਿਲਮਾਂ 'ਤੇ ਦਰਸ਼ਕ ਸਾਉਣ ਦੇ ਮੀਂਹ ਦੀ ਤਰ੍ਹਾਂ ਪਿਆਰ ਵਰ੍ਹਾਉਣਗੇ। ਬੇਸ਼ੱਕ ਤਾਪਸੀ ਦੀ ਨਵੀਂ ਆਈ ਫ਼ਿਲਮ 'ਨਾਮ ਸ਼ਬਾਨਾ' ਲੀਹ ਤੋਂ ਲਹਿ ਗਈ ਏ ਪਰ ਵਰੁਣ ਧਵਨ ਨਾਲ ਨਵੀਂ ਫ਼ਿਲਮ 'ਜੁੜਵਾਂ-2' ਦੇ ਚਰਚੇ ਹਰ ਤਰਫ਼ ਹਨ। 'ਬੇਬੀ' ਤੋਂ ਬਾਅਦ ਹੀ ਮਿਸ ਪੰਨੂੰ ਨੇ ਨੀਰਜ ਪਾਂਡੇ ਨੂੰ ਕਿਹਾ ਸੀ ਕਿ ਇਕ ਫ਼ਿਲਮ ਔਰਤ ਪ੍ਰਧਾਨ ਹੋਰ ਬਣੇ ਤੇ 'ਸ਼ਬਾਨਾ' ਕਿਰਦਾਰ ਨੂੰ ਦਿਮਾਗ 'ਚ ਰੱਖ ਕੇ ਇਹ ਫ਼ਿਲਮ ਲੋਕਾਂ ਤੱਕ ਪਹੁੰਚੇ। ਮਤਲਬ ਕਿ ਅਗਲੀ ਯੋਜਨਾ ਦਾ ਪਤਾ ਤਾਪਸੀ ਨੂੰ ਪਹਿਲਾਂ ਹੀ ਹੁੰਦਾ ਹੈ। ਕੁਝ ਵੀ ਹੋਵੇ ਡਾਇਰੈਕਟਰ ਨੀਰਜ ਪਾਂਡੇ ਤੇ ਹੀਰੋ ਅਕਸ਼ੈ ਕੁਮਾਰ ਇਹ ਦੋ ਵੱਡੇ ਨਾਂਅ ਤਾਪਸੀ ਦੀ ਫ਼ਿਲਮੀ ਕਿਤਾਬ ਦੇ ਪੰਨੇ 'ਤੇ ਪ੍ਰਮੁੱਖ ਹੋਣ ਤਾਂ ਹੌਸਲਾ ਸੱਤ ਸਮੁੰਦਰ ਵੀ ਪਾਰ ਕਰ ਲੈਂਦਾ ਹੈ। ਤਾਪਸੀ ਨੇ ਹੁਣ ਤਜਰਬੇ ਕਰਨੇ ਸ਼ੁਰੂ ਕੀਤੇ ਹਨ। 'ਜੁੜਵਾਂ-2' ਦੀ ਤਾਪਸੀ ਤਾਂ ਇਹ ਚਮਕ-ਦਮਕ ਭਰਪੂਰ ਅਤਿ ਆਧੁਨਿਕ ਤਾਪਸੀ ਹੋਵੇਗੀ। ਬਿਲਕੁਲ ਵਪਾਰਕ ਕਿਰਦਾਰ, ਪਹਿਲੀ ਵਾਰ 'ਬੋਲਡ', 'ਗਲੈਮਰਸ' ਲਫ਼ਜ਼ ਤਾਪਸੀ ਨਾਲ 'ਜੁੜਵਾਂ-2' ਜੋੜ ਰਹੀ ਹੈ।
'ਜੁੜਵਾਂ-2' ਫ਼ਿਲਮ 'ਚ ਤਾਪਸੀ ਪੰਨੂੰ ਸਲਮਾਨ ਖਾਨ ਨਾਲ ਆ ਰਹੀ ਹੈ। ਸਲਮਾਨ ਦਾ ਫ਼ਿਲਮ ਵਿਚ ਕੁਝ ਮਿੰਟਾਂ ਦਾ ਰੋਲ ਹੈ। ਫ਼ਿਲਮ ਦੇ ਸੈੱਟ 'ਤੇ ਜਦੋਂ ਤਾਪਸੀ ਨੇ ਸਲਮਾਨ ਨੂੰ ਆਪਣੇ ਨਾਲ ਦੇਖਿਆ ਤਾਂ ਉਹ ਕੁਝ ਪਲਾਂ ਲਈ ਹੱਕੀ-ਬੱਕੀ ਰਹਿ ਗਈ। ਉਹ ਹੈਰਾਨ ਸੀ ਕਿ ਸਲਮਾਨ ਤੇ ਉਹ ਇਕ ਹੀ ਫਰੇਮ ਵਿਚ ਖੜ੍ਹੇ ਹਨ।


ਖ਼ਬਰ ਸ਼ੇਅਰ ਕਰੋ

ਰੀਆ ਚੱਕਰਵਰਤੀ

ਮੁੱਦਾ ਜ਼ਰੂਰੀ ਹੈ

ਰੀਆ ਚੱਕਰਵਰਤੀ ਅੱਜਕਲ੍ਹ ਮਾਰਸ਼ਲ ਆਰਟ ਦੀਆਂ ਵੱਖ-ਵੱਖ ਕਿਸਮਾਂ ਸਿੱਖ ਰਹੀ ਹੈ। 'ਬੈਂਕ ਚੋਰ' ਵਾਲੀ ਰੀਆ ਨੇ ਮਾਰਸ਼ਲ ਆਰਟ ਦੀ ਵੰਨਗੀ 'ਕਰਵ' ਸਿੱਖ ਲਈ ਹੈ। ਅਸਲ 'ਚ ਇਸ ਵੰਨਗੀ ਦਾ ਪੂਰਾ ਨਾਂਅ 'ਕਰਵਮਾਗਾ' ਹੈ। ਇਹ ਇਕ ਇਸਰਾਈਲੀ ਸਵੈ-ਰੱਖਿਆ ਦਾ ਤਰੀਕਾ ਹੈ। ਇਸ ਵੰਨਗੀ ਦੀ ਵਰਤੋਂ ਹਿੰਦੁਸਤਾਨ 'ਚ ਘੱਟ ਹੁੰਦੀ ਹੈ ਤੇ ਪੱਛਮ 'ਚ ਜ਼ਿਆਦਾ ਪਰ ਰੀਆ ਦੇ ਦਿਲ ਨੂੰ ਮਾਰਸ਼ਲ ਆਰਟ ਦੀ ਇਹ ਇਸਰਾਈਲੀ ਰੱਖਿਆ ਪ੍ਰਣਾਲੀ ਚੰਗੀ ਲੱਗੀ ਹੈ। ਰੀਆ ਨੇ 'ਬੈਂਕ ਚੋਰ' ਤੋਂ ਇਲਾਵਾ 'ਹਾਫ਼ ਗਰਲਫਰੈਂਡ' ਫ਼ਿਲਮ ਵੀ ਕੀਤੀ ਹੈ। ਰਹੀ ਗੱਲ ਫਿੱਟ ਰਹਿਣ ਦੀ ਤਾਂ ਰੀਆ ਨੂੰ ਫਿਟਨੈੱਸ ਲਵਰ ਪਹਿਲਾਂ ਹੀ ਕਿਹਾ ਜਾਂਦਾ ਹੈ। ਰੀਆ ਨੇ ਪਹਿਲਾਂ ਆਪਣੇ ਨਾਂਅ ਦੇ ਅੱਖਰ ਬਦਲੇ ਸਨ ਪਰ ਸ਼ਾਇਦ ਉਸ ਦੀ ਤਕਦੀਰ ਰੀਆ ਨੂੰ ਰਿਆ ਰਹਿਣ ਨਾਲ ਹੀ ਬਦਲੀ ਹੈ। ਮਾਰਸ਼ਲ ਆਰਟ ਦੇ ਨਾਲ-ਨਾਲ ਰੀਆ ਨੂੰ ਕਿਤਾਬ ਲਿਖਣ ਦਾ ਸ਼ੌਕ ਵੀ ਪੈ ਗਿਆ ਹੈ। ਉਸ ਨੇ ਇਸ ਲਈ ਸਲੀਮ ਖ਼ਾਨ ਤੋਂ ਅਸ਼ੀਰਵਾਦ ਲਿਆ ਹੈ। ਰੀਆ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਮਾਰਸ਼ਲ ਆਰਟ ਸਿੱਖ ਰਹੀ ਹੈ, ਕਿਤਾਬ ਲਿਖਣਾ ਚਾਹੁੰਦੀ ਹੈ ਪਰ ਉਸ ਦੀ ਨਵੀਂ ਫ਼ਿਲਮ ਨੂੰ ਬਹੁਤ ਹੀ ਘੱਟ ਦਰਸ਼ਕ ਮਿਲੇ ਤਾਂ ਗੱਲ ਨੂੰ ਟਾਲਦਿਆਂ ਉਸ ਦਾ ਜਵਾਬ ਸੀ ਕਿ ਇਥੇ ਇਕ ਲੋਕਪ੍ਰਿਆ ਹੀਰੋ ਤੇ ਨਿਰਮਾਤਾ ਦੀ ਫ਼ਿਲਮ 'ਚ ਵਰਸੋਵਾ (ਮੁੰਬਈ) ਦੇ ਮਲਟੀਪਲੈਕਸ 'ਚ ਸਿਰਫ਼ ਗਿਆਰਾਂ ਵਿਅਕਤੀ ਸਨ ਤੇ ਉਹ ਵੀ ਨਿਰਮਾਤਾ ਦੇ ਰਿਸ਼ਤੇਦਾਰ ਤਾਂ ਉਹ ਕਿਹੜੀ ਆਪਣੇ-ਆਪ ਨੂੰ ਕਰੀਨਾ ਜਾਂ ਕੈਟਰੀਨਾ ਗਿਣਦੀ ਹੈ। ਰੀਆ ਚੱਕਰਵਰਤੀ ਇਸ ਘਾਟੇ-ਵਾਧੇ ਨੂੰ ਇਸ ਵਪਾਰ ਦਾ ਹਿੱਸਾ ਹੀ ਗਿਣਦੀ ਹੈ। ਰੀਆ ਚੱਕਰਵਰਤੀ ਜਾਣਦੀ ਹੈ ਕਿ ਦੋ ਫ਼ਿਲਮਾਂ ਦੀ ਅਸਫ਼ਲਤਾ ਤੇ ਫਿਰ ਚਰਚਾ 'ਚ ਰਹਿਣ ਲਈ ਕੋਈ ਨਾ ਕੋਈ ਮੁੱਦਾ ਹੋਣਾ ਜ਼ਰੂਰੀ ਹੈ।

ਸ਼ਾਹਿਦ ਕਪੂਰ

ਬੱਲੇ-ਬੱਲੇ, ਸ਼ਾਵਾ-ਸ਼ਾਵਾਵਿਆਹੇ ਜਾਣ ਤੋਂ ਬਾਅਦ ਸ਼ਾਹਿਦ ਕਪੂਰ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ਸ਼ਾਹਿਦ 'ਚ ਬਦਲਾਅ ਦੇਖੋ ਕਿ ਬੇਟੀ ਮੀਸ਼ਾ ਨੂੰ ਕੁੱਛੜ ਚੁੱਕ ਕੇ ਖਿਡਾਉਂਦਾ ਵੀ ਹੈ ਤੇ ਪਤਨੀ ਮੀਰਾ ਨੂੰ ਕਸਰਤ ਵੀ ਕਰਵਾਉਂਦਾ ਹੈ। ਧੀ ਤੇ ਪਤਨੀ ਪ੍ਰਤੀ ਲਗਾਅ ਬਦਲੇ ਹੋਏ ਸ਼ਾਹਿਦ ਦਾ ਨਵਾਂ ਰੂਪ ਹੈ। ਜ਼ਿੰਮੇਵਾਰ ਬਾਪ ਤੇ ਪਤਨੀ ਪ੍ਰੇਮੀ ਪਤੀ ਬਣਿਆ ਹੈ ਸ਼ਾਹਿਦ। ਸ਼ਾਹਿਦ ਦੀ ਸੋਚ ਦੂਰ ਦੀ ਹੈ ਕਿ ਪਤਨੀ ਮੀਰਾ ਨੂੰ ਹਿੰਦੀ ਫ਼ਿਲਮਾਂ ਦੇ ਮੈਦਾਨ 'ਚ ਖਿਡਾਰਨ ਬਣਾ ਉਤਾਰਿਆ ਜਾਵੇ। 'ਪਦਮਾਵਤੀ' ਫ਼ਿਲਮ ਲਈ ਸ਼ਾਹਿਦ ਕਪੂਰ ਦੀ ਕੀਤੀ ਮਿਹਨਤ ਲਈ ਹਰ ਕੋਈ ਉਸ ਦੀ ਪ੍ਰਸੰਸਾ ਕਰ ਰਿਹਾ ਹੈ। ਸ਼ਾਹਿਦ 'ਪਦਮਾਵਤੀ' 'ਚ ਦੀਪਿਕਾ ਤੇ ਰਣਵੀਰ ਸਿੰਘ 'ਤੇ ਭਾਰੂ ਪੈਣ ਜਾ ਰਿਹਾ ਹੈ। 'ਰਵਲ ਰਤਨ ਸਿੰਘ' ਦਾ ਚਰਿੱਤਰ 'ਪਦਮਾਵਤੀ' 'ਚ ਸ਼ਾਹਿਦ ਦਾ ਹੈ ਅਰਥਾਤ ਦੀਪਿਕਾ ਪਾਦੂਕੋਨ ਦੇ ਪਤੀ ਦਾ ਕਿਰਦਾਰ ਸ਼ਾਹਿਦ ਨੇ ਨਿਭਾਇਆ ਹੈ। ਸ਼ਾਹਿਦ ਭੁੱਲ ਗਿਆ ਹੈ ਕਿ 'ਰੰਗੂਨ' ਮਾਰ ਖਾ ਗਈ ਹੈ। ਸ਼ਾਹਿਦ ਨੂੰ 'ਪਦਮਾਵਤੀ' ਤੋਂ ਬਹੁਤ ਆਸ ਹੈ। ਪਤਨੀ ਮੀਰਾ ਰਾਜਪੂਤ ਭਵਿੱਖ ਦੀ ਸਟਾਰ ਅਭਿਨੇਤਰੀ ਨਜ਼ਰ ਆ ਰਹੀ ਹੈ। ਆਪ ਹਿੱਟ ਤੇ ਫਿੱਟ ਰਹਿਣ ਦੇ ਨਿਯਮ 'ਤੇ ਚਲ ਰਿਹਾ ਹੈ। ਇਕ ਨਵੇਂ ਸ਼ਾਹਿਦ ਕਪੂਰ ਨੂੰ ਅੱਜਕਲ੍ਹ ਸਿਨੇਮਾ ਦੀ ਦੁਨੀਆ ਤੱਕ ਰਹੀ ਹੈ।

ਨੇਹਾ ਸ਼ਰਮਾ

ਰਾਜਨੀਤੀ ਤੋਂ ਦੂਰ

ਬਿਹਾਰ ਦੇ ਕਾਂਗਰਸ ਵਿਧਾਇਕ ਅਸਿਤ ਸ਼ਰਮਾ ਦੀ ਬੇਟੀ ਨੇਹਾ ਸ਼ਰਮਾ ਚੋਟੀ ਦੀ ਮਾਡਲ ਵੀ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਸੋਨਾਕਸ਼ੀ ਸਿਨਹਾ ਦਾ ਨਾਤਾ ਵੀ ਬਿਹਾਰ ਨਾਲ ਹੈ ਤੇ ਉਸ ਦੇ ਪਿਤਾ ਸ਼ਤਰੂਘਨ ਸਿਨਹਾ 'ਬਿਹਾਰੀ ਬਾਬੂ' ਨਾਂਅ ਨਾਲ ਪ੍ਰਸਿੱਧ ਰਹੇ ਹਨ। ਹੁਣ ਬਿਹਾਰ ਦੀ ਹੀ ਨੇਹਾ, ਬਿਹਾਰ ਦੀ ਹੀ ਸੋਨਾਕਸ਼ੀ ਸਿਨਹਾ ਨਾਲ 'ਮੁਬਾਰਕਾਂ' 'ਚ ਆ ਰਹੀ ਹੈ। ਨੇਹਾ ਦੀ ਚਰਚਾ 'ਤੁਮ ਬਿਨ' ਨੇ ਸ਼ਾਇਦ ਉਸ ਕਦਰ ਨਹੀਂ ਸੀ ਕੀਤੀ ਜਿਸ ਕਦਰ ਵੈਸਟ ਇੰਡੀਜ਼ ਦੇ ਕ੍ਰਿਕਟਰ ਡਰੇਨ ਬਰਾਵੋ ਨਾਲ ਉਸ ਦੀ ਹੋਈ ਸੀ। ਨੇਹਾ ਨੇ ਕਈ ਫੋਟੋ ਸ਼ੈਸਨ ਵੀ ਕਰਵਾਏ ਤੇ ਭਾਰਤੀ ਬੈਂਕਾਂ ਨੂੰ ਚਾਹੀਦੇ ਵਿਜੈ ਮਾਲਿਆ ਦੇ ਕੈਲੰਡਰ ਦੀ ਮੁੱਖ ਮਾਡਲ ਬਣਨ ਵਾਲੀ ਨੇਹਾ ਦਾ ਕਹਿਣਾ ਹੈ ਕਿ ਇਹ ਉਸ ਦਾ ਕਿੱਤਾ ਹੈ। ਕਿੱਤੇ 'ਚ ਉਹ ਦੁਸ਼ਮਣ ਲਈ ਵੀ ਕੰਮ ਕਰੇਗੀ। ਖ਼ੈਰ, ਅਨੀਸ ਬਜ਼ਮੀ ਨੇ ਨੇਹਾ ਨੂੰ 'ਮੁਬਾਰਕਾਂ' ਨਾਲ ਚਮਕਣ ਦਾ ਮੌਕਾ ਦਿੱਤਾ ਹੈ। ਉਂਜ ਨੇਹਾ ਬਾਲੀਵੁੱਡ 'ਚ ਖ਼ੂਬਸੂਰਤੀ ਦੇ ਮਾਮਲੇ 'ਚ ਕਈਆਂ ਨੂੰ ਮਾਤ ਦਿੰਦੀ ਹੈ। ਨੇਹਾ ਨੇ ਹੁਣ ਨਵੀਆਂ ਤਸਵੀਰਾਂ ਵੀ ਖਿਚਵਾਈਆਂ ਹਨ। ਨੇਹਾ ਨੂੰ ਇਸ ਦਾ ਲਾਭ ਹੋ ਰਿਹਾ ਹੈ। ਭਾਵੇਂ ਨੇਹਾ ਰਾਜਨੀਤਕ ਪਰਿਵਾਰ ਤੋਂ ਹੈ ਪਰ ਉਹ ਗੱਲਾਂ 'ਮੁਬਾਰਕਾਂ' ਜਾਂ ਹੋਰ ਫ਼ਿਲਮਾਂ ਦੀਆਂ ਹੀ ਕਰਦੀ ਹੈ ਕਿਉਂਕਿ ਇਸ ਮਾਮਲੇ ਤੋਂ ਉਹ ਪਰ੍ਹੇ ਹੈ। ਹੋਰ ਤਾਂ ਹੋਰ ਉਸ ਨੂੰ ਕ੍ਰਿਕਟ ਦੀ ਖੇਡ ਦਾ ਵੀ ਗਿਆਨ ਨਹੀਂ ਨਹੀਂ ਹੈ। ਨੇਹਾ ਦੀ ਇਕ ਚੀਨੀ ਭਾਸ਼ਾ ਦੀ ਫ਼ਿਲਮ ਐਵਾਰਡ ਪ੍ਰਾਪਤ ਕਰ ਚੁੱਕੀ ਹੈ। 'ਹੇਰਾ-ਫੇਰੀ-3' ਵਾਲੀ ਨੇਹਾ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਬਰਾਬਰ ਹਨ ਕਿਉਂਕਿ ਕਲਾਕਾਰ ਲਈ ਸਾਰੇ ਇਕੋ ਜਿਹੇ ਹੁੰਦੇ ਹਨ। ਚਲੋ ਰਾਜਨੀਤੀ ਅਲੱਗ ਹੈ ਪਰ ਬੀ-ਟਾਊਨ ਦੀ ਕ੍ਰਿਕਟ 'ਚ ਪੂਰੀ ਦਿਲਚਸਪੀ ਹੈ। ਪਰ ਨੇਹਾ ਕਹਿੰਦੀ ਹੈ ਇਹ ਹੈਰਾਨੀ ਹੀ ਹੈ ਕਿ ਉਹ ਫੁੱਟਬਾਲ, ਹਾਕੀ, ਖੋ-ਖੋ ਕਿਸੇ ਖੇਡ ਸਬੰਧੀ ਨਹੀਂ ਜਾਣਦੀ। ਕਮਾਲ ਹੈ ਨੇਹਾ ਸਿਰਫ਼ ਫ਼ਿਲਮੀ ਖੇਡ ਹੀ ਜਾਣਦੀ ਹੈ। 'ਮੁਬਾਰਕਾਂ' ਇਸ ਬਿਹਾਰਨ ਕੁੜੀ ਨੂੰ, ਜਿਹੜੀ ਰਾਜਨੀਤਕ ਪਰਿਵਾਰ ਦੀ ਹੋ ਕੇ ਵੀ ਸੱਚ ਬੋਲਦੀ ਹੈ।


-ਸੁਖਜੀਤ ਕੌਰ

ਤਣਾਅ ਮੁਕਤ ਹੋਣ ਲਈ ਕਾਮੇਡੀ ਫ਼ਿਲਮ ਕਰ ਰਹੀ ਹਾਂ-ਤੱਬੂ

ਸ਼ਬਾਨਾ ਆਜ਼ਮੀ ਦੀ ਨੇੜਲੀ ਰਿਸ਼ਤੇਦਾਰ ਤੱਬੂ ਨੂੰ ਸ਼ਬਾਨਾ ਦੀ ਤਰ੍ਹਾਂ ਗੰਭੀਰ ਅਭਿਨੇਤਰੀ ਮੰਨਿਆ ਜਾਂਦਾ ਹੈ। 'ਮਾਚਿਸ', 'ਮਕਬੂਲ', 'ਹੈਦਰ', 'ਚਾਂਦਨੀ ਬਾਰ', 'ਦ੍ਰਿਸ਼ਮ' ਸਮੇਤ ਕਈ ਗੰਭੀਰ ਫ਼ਿਲਮਾਂ ਵਿਚ ਤੱਬੂ ਦਾ ਅਭਿਨੈ ਨਿੱਖਰ ਕੇ ਸਾਹਮਣੇ ਆਇਆ ਹੈ। ਗੰਭੀਰ ਫ਼ਿਲਮਾਂ ਨੂੰ ਤਵੱਜੋ ਦਿੰਦੀ ਆਈ ਤੱਬੂ ਨੇ ਜਦੋਂ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਫ਼ਿਲਮ 'ਗੋਲਮਾਲ ਅਗੇਨ' ਲਈ ਹਾਮੀ ਭਰੀ ਉਦੋਂ ਕਈਆਂ ਦਾ ਹੈਰਾਨ ਹੋਣਾ ਸੁਭਾਵਿਕ ਹੀ ਸੀ। ਇਸ ਕਾਮੇਡੀ ਫ਼ਿਲਮ ਬਾਰੇ ਆਪਣੇ ਵੱਲੋਂ ਸਫ਼ਾਈ ਦਿੰਦੇ ਹੋਏ ਇਹ ਨੈਸ਼ਨਲ ਐਵਾਰਡ ਜੇਤੂ ਹੀਰੋਇਨ ਕਹਿੰਦੀ ਹੈ, 'ਜਦੋਂ ਮੈਂ ਰੋਹਿਤ ਸ਼ੈਟੀ ਦੀ ਫ਼ਿਲਮ ਲਈ ਹਾਂ ਕਹੀ, ਉਦੋਂ ਕਈਆਂ ਨੇ ਇਹ ਕਿਹਾ ਕਿ ਇਸ ਕਾਮੇਡੀ ਫ਼ਿਲਮ ਵਿਚ ਵੀ ਮੇਰੀ ਗੰਭੀਰ ਭੂਮਿਕਾ ਹੋਵੇਗੀ। ਉਂਝ ਉਨ੍ਹਾਂ ਦਾ ਕਹਿਣਾ ਸਹੀ ਵੀ ਹੈ ਕਿਉਂਕਿ ਇਥੇ ਅਜੈ (ਦੇਵਗਨ), ਅਰਸ਼ਦ (ਵਾਰਸੀ), ਤੁਸ਼ਾਰ (ਕਪੂਰ), ਸ਼੍ਰੇਯਸ (ਤਲਪਦੇ) ਤੇ ਕੁਣਾਲ (ਕੇਮੂ) ਦੇ ਹਿੱਸੇ ਕਾਮੇਡੀ ਕਰਨਾ ਆਇਆ ਹੈ ਅਤੇ ਇਨ੍ਹਾਂ ਵਿਚਾਲੇ ਮੇਰੀ ਗੰਭੀਰ ਭੂਮਿਕਾ ਹੈ। ਰੋਹਿਤ ਸ਼ੈਟੀ ਦੇ ਨਾਲ ਇਹ ਮੇਰੀ ਪਹਿਲੀ ਫ਼ਿਲਮ ਹੈ। ਮੈਂ 'ਗੋਲਮਾਲ' ਲੜੀ ਦੀਆਂ ਫ਼ਿਲਮਾਂ ਦੇਖੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ਦਾ ਅਨੰਦ ਵੀ ਬਹੁਤ ਲਿਆ ਹੈ। ਬਹੁਤ ਹੱਸੀ ਵੀ ਹਾਂ ਇਨ੍ਹਾਂ ਫ਼ਿਲਮਾਂ ਨੂੰ ਦੇਖ ਕੇ। ਮੈਂ ਰੋਹਿਤ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ। ਸੋ ਹੁਣ ਮੈਂ ਇਸ ਫ਼ਿਲਮ ਵਿਚ ਹਾਂ।' ਕਾਮੇਡੀ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਤੱਬੂ ਕਹਿੰਦੀ ਹੈ, 'ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੈਂ ਕਾਮੇਡੀ ਫ਼ਿਲਮ ਵਿਚ ਕੰਮ ਕਰ ਰਹੀ ਹਾਂ। ਮੇਰੇ ਨਾਲ ਅਕਸਰ ਇਹ ਹੋਇਆ ਹੈ ਕਿ ਕਾਮੇਡੀ ਫ਼ਿਲਮਾਂ ਵਿਚ ਵੀ ਮੈਨੂੰ ਗੰਭੀਰ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। 'ਚਾਚੀ 420' ਹਲਕੇ ਫੁਲਕੇ ਮਿਜਾਜ਼ ਦੀ ਫ਼ਿਲਮ ਸੀ ਪਰ ਇਸ ਵਿਚ ਮੈਨੂੰ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਮਾਇਕੇ ਰਹਿ ਰਹੀ ਪਤਨੀ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਗੰਭੀਰ ਮੂਡ ਦੀ ਭੂਮਿਕਾ ਸੀ। 'ਹੇਰਾਫੇਰੀ' ਨੂੰ ਜ਼ਬਰਦਸਤ ਕਾਮੇਡੀ ਫ਼ਿਲਮ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਥੇ ਵੀ ਮੈਂ ਗੰਭੀਰ ਭੂਮਿਕਾ ਵਿਚ ਸੀ। 'ਬੀਬੀ ਨੰ: 1' ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਮਾਮਲਾ ਰਿਹਾ। ਕਾਮੇਡੀ ਫ਼ਿਲਮਾਂ ਵਿਚ ਵੀ ਮੈਨੂੰ ਗੰਭੀਰ ਭੂਮਿਕਾ 'ਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਗੰਭੀਰ ਭੂਮਿਕਾ ਕਰਕੇ ਮੇਰਾ ਮੂਡ ਵੀ ਗੰਭੀਰ ਬਣ ਜਾਂਦਾ ਹੈ। ਇਸ ਤਰ੍ਹਾਂ ਹੁਣ ਤਣਾਅ ਮੁਕਤ ਹੋਣ ਲਈ ਕਾਮੇਡੀ ਫ਼ਿਲਮ ਕਰ ਰਹੀ ਹਾਂ। ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਹਾਸਾ-ਮਜ਼ਾਕ ਦਾ ਮਾਹੌਲ ਬਣਿਆ ਰਹਿੰਦਾ ਹੈ। ਸੋ, ਕੰਮ ਕਰਕੇ ਮੂਡ ਵੀ ਤਾਜ਼ਾ ਹੋ ਜਾਂਦਾ ਹੈ। 'ਦ੍ਰਿਸ਼ਮ' ਤੋਂ ਬਾਅਦ ਤੱਬੂ ਇਸ ਫ਼ਿਲਮ ਵਿਚ ਅਜੈ ਦੇਵਗਨ ਦੇ ਨਾਲ ਹੈ। ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿਚ ਤੱਬੂ ਨੇ ਅਜੈ ਦੇ ਨਾਲ 'ਵਿਜੈਪੱਥ' ਵਿਚ ਕੰਮ ਕੀਤਾ ਸੀ। ਅਜੈ ਦੇ ਨਾਲ ਆਪਣੀ ਦੋਸਤੀ ਬਾਰੇ ਉਹ ਕਹਿੰਦੀ ਹੈ, 'ਉਹ ਮੇਰੇ ਕਜ਼ਨ ਸਮੀਰ ਆਰੀਆ ਦਾ ਦੋਸਤ ਹੈ। ਇਸ ਕਰਕੇ ਮੈਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੀ ਹਾਂ।


-ਇੰਦਰਮੋਹਨ ਪੰਨੂੰ

ਅਮਾਇਰਾ ਦਸਤੂਰ : ਲੁੱਟ ਲਿਆ ਮੇਲਾ

ਜੈਕੀ ਚੇਨ ਨਾਲ 'ਕੁੰਗ ਫੂ ਯੋਗਾ' 'ਚ ਨਜ਼ਰ ਆਈ ਅਮਾਇਰਾ ਦਸਤੂਰ ਦੱਖਣੀ ਮੁੰਬਈ 'ਚ ਇਕ ਰੈਸਟੋਰੈਂਟ ਆਰੰਭ ਕਰ ਰਹੀ ਹੈ। ਅਮਾਇਰਾ ਦਾ ਇਹ ਖਾਣ-ਪੀਣ ਵਾਲਾ ਹੋਟਲ ਪਾਰਸੀ ਰੈਸਟੋਰੈਂਟ ਹੋਵੇਗਾ। ਕਾਲੇ ਪਹਿਰਾਵੇ 'ਚ ਅਮਾਇਰਾ ਦਾ ਨਵਾਂ ਫੋਟੋ ਸ਼ੈਸਨ ਅੱਜਕਲ੍ਹ ਚਰਚਾ ਵਿਚ ਹੈ। 'ਇਸ਼ਕ' ਨਾਲ ਪਰਦੇ 'ਤੇ ਆਈ ਅਮਾਇਰਾ ਅੱਜਕਲ੍ਹ ਮਨੀਸ਼ ਮਲਹੋਤਰਾ ਦੇ ਬਣਾਏ ਕੱਪੜੇ ਪਹਿਨ ਕੇ ਖੁਸ਼ ਹੈ। 'ਕਾਲਾਕੰਡੀ' ਫ਼ਿਲਮ ਉਸ ਨੂੰ ਸੈਫ਼ ਅਲੀ ਖ਼ਾਨ ਨਾਲ ਮਿਲੀ ਹੈ। ਅਮਾਇਰਾ ਕੋਲ ਦੱਖਣ ਦੀਆਂ ਵੀ ਫ਼ਿਲਮਾਂ ਹਨ। ਉਹ ਕਹਿ ਰਹੀ ਹੈ ਕਿ ਤਾਮਿਲ ਦਾ ਇਕ ਵੀ ਸ਼ਬਦ ਉਹ ਨਹੀਂ ਬੋਲ ਸਕਦੀ ਪਰ ਫ਼ਿਲਮਾਂ ਬਹੁਤ ਹਨ। ਇਹ ਹੈ ਕਿਸਮਤ ਪਾਰਸੀ ਰੈਸਟੋਰੈਂਟ, ਇਸ਼ਕ ਤੋਂ ਬਾਅਦ ਦੱਖਣ 'ਚ ਕੰਮ ਤੇ ਸੈਫ਼ ਨਾਲ ਫ਼ਿਲਮ ਤੋਂ ਬਾਅਦ ਇਮਰਾਨ ਹਾਸ਼ਮੀ ਨਾਲ ਇਕ ਫ਼ਿਲਮ 'ਮਿਸਟਰ ਐਕਸ' ਮਿਲ ਗਈ। ਅਮਾਇਰਾ ਨੇ ਦਿਨਾਂ 'ਚ ਹੀ ਬੱਲੇ-ਬੱਲੇ ਕਰਵਾ ਦਿੱਤੀ ਹੈ। 'ਮਿਸਟਰ ਐਕਸ' ਦਾ ਲਾਭ ਹੋਇਆ ਕਿ ਨਹੀਂ ਪਰ ਜੈਕੀ ਚੇਨ ਨਾਲ 'ਕੁੰਗ ਫੂ ਯੋਗਾ' ਨੇ ਅਮਾਇਰਾ ਨੂੰ ਬਾਲੀਵੁੱਡ 'ਚ ਵਧੀਆ ਥਾਂ 'ਤੇ ਫਿੱਟ ਕਰ ਦਿੱਤਾ ਹੈ। ਪ੍ਰਤੀਕ ਬੱਬਰ ਤੇ ਇਮਰਾਨ ਹਾਸ਼ਮੀ ਤੇ ਫਿਰ ਸੈਫ਼ ਅਲੀ, ਜੈਕੀ ਚੇਨ ਜ਼ਾਹਿਰ ਹੈ ਕਿ ਅਮਾਇਰਾ ਦਸਤੂਰ ਨੇ ਬਾਲੀਵੁੱਡ ਦਾ ਮੇਲਾ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਰੈਸਟੋਰੈਂਟ ਵੀ ਚਲ ਗਿਆ ਤਾਂ ਦੋਵੇਂ ਪਾਸੇ ਅਮਾਇਰਾ ਨੂੰ ਮੌਜਾਂ ਹੀ ਮੌਜਾਂ...।

ਦਿਲਜੀਤ ਦੋਸਾਂਝ ਹੁਣ ਸੰਦੀਪ ਸਿੰਘ ਦੀ ਭੂਮਿਕਾ ਵਿਚ

ਪ੍ਰਿਅੰਕਾ ਚੋਪੜਾ ਤੇ ਅਨੁਸ਼ਕਾ ਸ਼ਰਮਾ ਤੋਂ ਪ੍ਰੇਰਿਤ ਹੋ ਕੇ ਹੁਣ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਵੀ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਪਣਾ ਆਗਮਨ ਕਰ ਲਿਆ ਹੈ। ਉਹ ਨਾਮੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੀ ਹੈ ਅਤੇ ਇਸ ਵਿਚ ਸੰਦੀਪ ਸਿੰਘ ਦੀ ਭੂਮਿਕਾ ਲਈ ਦਿਲਜੀਤ ਦੋਸਾਂਝ ਨੂੰ ਕਰਾਰਬੱਧ ਕਰ ਲਿਆ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਨ ਸ਼ਾਦ ਅਲੀ। ਸੰਦੀਪ ਸਿੰਘ ਦੀ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਏ ਹਨ। ਉਹ ਜਦੋਂ ਜਰਮਨੀ ਵਿਚ ਆਯੋਜਿਤ ਹੋਏ ਹਾਕੀ ਵਰਲਡ ਕੱਪ ਵਿਚ ਹਿੱਸਾ ਲੈਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਦੋਂ ਦੋ ਦਿਨ ਪਹਿਲਾਂ ਹੀ ਸ਼ਤਾਬਦੀ ਐਕਸਪ੍ਰੈੱਸ ਵਿਚ ਸਫ਼ਰ ਦੌਰਾਨ ਉਨ੍ਹਾਂ ਨੂੰ ਅਚਾਨਕ ਗੋਲੀ ਲਗ ਗਈ ਸੀ। ਉਦੋਂ ਉਨ੍ਹਾਂ ਦਾ ਕੈਰੀਅਰ ਖ਼ਤਮ ਮੰਨਿਆ ਜਾ ਰਿਹਾ ਸੀ ਪਰ ਸੰਦੀਪ ਨੇ ਹਾਕੀ ਟੀਮ ਵਿਚ ਆਪਣੀ ਵਾਪਸੀ ਕਰਕੇ ਦਿਖਾ ਦਿੱਤਾ ਸੀ ਕਿ ਉਹ ਕਿਸ ਜੁਝਾਰੂ ਕਿਸਮ ਦੇ ਖਿਡਾਰੀ ਹਨ।
ਕੇਸ਼ਵ ਹੇਡਗੇਵਾਰ 'ਤੇ ਫ਼ਿਲਮ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਕੇਸ਼ਵ ਹੇਡਗੇਵਾਰ ਦੇ ਜੀਵਨ ਪ੍ਰਸੰਗਾਂ ਨੂੰ ਦਿਖਾਉਂਦੀ ਫ਼ਿਲਮ 'ਭਗਵਾ' ਦਾ ਐਲਾਨ ਮੁੰਬਈ ਵਿਚ ਕੀਤਾ ਗਿਆ। ਇਸ ਦਾ ਨਿਰਮਾਣ ਅਨਿਲ ਮੁਰਾਰਕਾ ਤੇ ਮਨੀਸ਼ ਮੁਰਾਰਕਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਏ. ਆਰ. ਸਰਕਾਰ। ਫ਼ਿਲਮ ਲਈ ਕਲਾਕਾਰਾਂ ਦੀ ਚੋਣ ਜਾਰੀ ਹੈ ਅਤੇ ਇਸ ਦੀ ਸ਼ੂਟਿੰਗ ਜਨਵਰੀ ਵਿਚ ਸ਼ੁਰੂ ਹੋਵੇਗੀ। ਇਸ ਦੀ ਜ਼ਿਆਦਾਤਰ ਸ਼ੂਟਿੰਗ ਨਾਗਪੁਰ ਵਿਚ ਹੋਵੇਗੀ।

ਸ਼ਾਹਰੁਖ ਖ਼ਾਨ ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬੀਆਂ ਦੇ ਖ਼ੁਸ਼ ਰਹਿਣ ਤੇ ਖੁੱਲ੍ਹੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹਾਂ-ਸ਼ਾਹਰੁਖ ਖ਼ਾਨ

ਬੀਤੇ ਦਿਨੀਂ ਪ੍ਰਸਿੱਧ ਫ਼ਿਲਮੀ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ 'ਜਬ ਹੈਰੀ ਮੈਟ ਸੇਜਲ' ਦੇ ਪ੍ਰਚਾਰ ਲਈ ਜਲੰਧਰ ਆਏ ਤਾਂ ਉਨ੍ਹਾਂ 'ਅਜੀਤ ਵੈੱਬ ਟੀ.ਵੀ.' ਨਾਲ ਮੁਲਾਕਾਤ ਲਈ ਉਚੇਚੇ ਤੌਰ 'ਤੇ ਸਮਾਂ ਕੱਢਿਆ। ਉਨ੍ਹਾਂ ਦੇ ਬਾਲੀਵੁੱਡ ਦੇ ਫ਼ਿਲਮੀ ਸਫ਼ਰ, ਪੰਜਾਬ ਨਾਲ ਉਨ੍ਹਾਂ ਦੀ ਸਾਂਝ ਅਤੇ ਉਨ੍ਹਾਂ ਦੀ ਆ ਰਹੀ ਫ਼ਿਲਮ 'ਜਬ ਹੈਰੀ ਮੈਟ ਸੇਜਲ' ਬਾਰੇ ਸਾਡੀ ਪ੍ਰਤੀਨਿਧ ਤਰਨਜੀਤ ਕੌਰ ਨੇ ਗੱਲਬਾਤ ਕੀਤੀ, ਜਿਸ ਦੇ ਪ੍ਰਮੁੱਖ ਅੰਸ਼ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।
* ਸ਼ਾਹਰੁਖ ਜੀ ਤੁਸੀਂ ਪੰਜਾਬ ਆਏ, ਸਾਡੇ ਵੈੱਬ ਟੀ.ਵੀ. ਲਈ ਸਮਾਂ ਕੱਢਿਆ, ਧੰਨਵਾਦ। ਤੁਹਾਡੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ਵਿਚ ਹੁੰਦੀ ਰਹੀ ਹੈ। ਜਿਵੇਂ 'ਡੀ.ਡੀ. ਐਲ.ਜੇ.', 'ਰੱਬ ਨੇ ਬਨਾ ਦੀ ਜੋੜੀ' ਤੇ ਹੁਣ ਆ ਰਹੀ ਹੈ 'ਜਬ ਹੈਰੀ ਮੈਟ ਸੇਜਲ', ਕਿਵੇਂ ਦਾ ਰਿਸ਼ਤਾ ਮਹਿਸੂਸ ਕਰਦੇ ਹੋ ਤੁਸੀਂ ਪੰਜਾਬ ਨਾਲ?
-ਪੰਜਾਬ ਵਿਚ ਮੇਰੀਆਂ ਕਾਫ਼ੀ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ। ਪੰਜਾਬ ਨਾਲ ਮੇਰਾ ਜਿਸ ਤਰ੍ਹਾਂ ਦਾ ਰਿਸ਼ਤਾ ਹੈ, ਮੈਂ ਬੋਲ ਕੇ ਨਹੀਂ ਦਸ ਸਕਦਾ। ਉਂਜ ਮੈਂ ਦਿੱਲੀ ਦਾ ਹਾਂ। ਜਿਸ ਕਾਲੋਨੀ ਵਿਚ ਮੈਂ ਰਹਿੰਦਾ ਸੀ, ਉਥੇ ਬਹੁਤੇ ਪੰਜਾਬੀ ਆਂਟੀ-ਅੰਕਲ ਹੀ ਰਹਿੰਦੇ ਸੀ। ਕਹਿ ਸਕਦੇ ਹਾਂ ਕਿ ਉਹ ਕਾਲੋਨੀ ਪੰਜਾਬੀਆਂ ਦੀ ਹੀ ਸੀ। ਉਂਜ ਵੀ ਜਿੰਨੇ ਕੁ ਪੰਜਾਬੀ ਪੰਜਾਬ ਵਿਚ ਹਨ, ਓਨੇ ਤਾਂ ਦਿੱਲੀ ਵਿਚ ਵੀ ਰਹਿੰਦੇ ਹਨ। ਮੇਰੀ ਪਤਨੀ ਹੁਸ਼ਿਆਰਪੁਰ ਦੀ ਹੈ। ਸੋ, ਮੇਰਾ ਪੰਜਾਬ ਨਾਲ ਬੜਾ ਡੂੰਘਾ ਰਿਸ਼ਤਾ ਹੈ। ਮੈਂ ਆਪਣੇ-ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਪੰਜਾਬ ਨਾਲ ਜੁੜੇ ਵਿਸ਼ਿਆਂ ਵਾਲੀਆਂ ਫ਼ਿਲਮਾਂ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਜਿਵੇਂ 'ਵੀਰਜ਼ਾਰਾ' ਤੇ 'ਜਬ ਹੈਰੀ ਮੈਟ ਸੇਜਲ' ਆਦਿ। ਮੈਂ ਪੰਜਾਬ ਦੇ ਸੱਭਿਆਚਾਰ ਨੂੰ ਕਾਫੀ ਜਾਣਦਾ ਹਾਂ ਪਰ ਇਹ ਨਹੀਂ ਦਾਅਵਾ ਕਰਦਾ ਕਿ ਮੈਂ ਪੰਜਾਬ ਦੀ ਹਰ ਰਵਾਇਤ ਜਾਂ ਸੱਭਿਆਚਾਰ ਦੇ ਹਰ ਪੱਖ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਲੋਕਾਂ 'ਚੋਂ ਹਾਂ ਜੋ ਪੰਜਾਬ ਬਾਰੇ ਜਾਣਦੇ ਹਨ, ਪੰਜਾਬ ਦੀ ਹਰ ਗੱਲ ਤੋਂ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਦੇਖ ਕੇ ਚੰਗਾ ਲਗਦਾ ਹੈ। ਚਾਹੇ ਉਨ੍ਹਾਂ ਦਾ ਖਾਣਾ ਹੋਵੇ, ਗਾਣਾ ਹੋਵੇ ਜਾਂ ਵਜਾਣਾ ਹੋਵੇ, ਹਰ ਵੇਲੇ ਖੁਸ਼ ਰਹਿੰਦੇ ਹਨ ਪੰਜਾਬ ਦੇ ਲੋਕ। ਮੈਂ ਦੇਖਿਆ ਹੈ ਕਿ ਜਦ ਵੀ ਕਿਸੇ ਫ਼ਿਲਮ ਵਿਚ ਪੰਜਾਬ ਨਾਲ ਸਬੰਧਤ ਕੋਈ ਪੋਰਸ਼ਨ (ਹਿੱਸਾ) ਆਉਂਦਾ ਹੈ ਤਾਂ ਉਹ ਖੁਸ਼ੀ ਦਾ ਹੀ ਹਿੱਸਾ ਹੁੰਦਾ ਹੈ। ਸੋ, ਇਥੋਂ ਦੇ ਲੋਕ ਬਹੁਤ ਖ਼ੁਸ਼ਹਾਲ ਹਨ, ਬਹੁਤ ਖ਼ੁਸ਼ ਰਹਿਣ ਵਾਲੇ ਹਨ।
* ਬਾਲੀਵੁੱਡ 'ਚ ਤੁਸੀਂ ਲੰਬਾ ਸਫ਼ਰ ਤੈਅ ਕੀਤਾ ਹੈ। 'ਦੀਵਾਨਾ' ਤੋਂ ਲੈ ਕੇ 'ਜਬ ਹੈਰੀ ਮੈਟ ਸੇਜਲ' ਤੱਕ। ਇਸ ਸਮੇਂ ਦੌਰਾਨ ਤੁਸੀਂ ਕੀ ਤਬਦੀਲੀ ਮਹਿਸੂਸ ਕੀਤੀ ਹੈ?
-ਬਹੁਤ ਵੱਡਾ ਸਵਾਲ ਹੈ ਇਹ। ਬਾਲੀਵੁੱਡ ਵਿਚ ਬਹੁਤ ਕੁਝ ਬਦਲਿਆ ਹੈ। ਕਈ ਚੀਜ਼ਾਂ ਤਾਂ ਬਿਲਕੁਲ ਸਾਹਮਣੇ ਹਨ। ਜਿਵੇਂ ਕਲਾਕਾਰ ਬਦਲ ਗਏ, ਤਕਨਾਲੋਜੀ ਬਦਲ ਗਈ ਹੈ, ਕੰਮ ਕਰਨ ਦਾ ਤਰੀਕਾ ਬਦਲ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ 10-15 ਸਾਲ ਬਾਅਦ ਇਕ ਨਵੀਂ ਪੀੜ੍ਹੀ ਆ ਜਾਂਦੀ ਹੈ। ਉਨ੍ਹਾਂ ਦੀ ਸਮਝ ਅਲੱਗ ਹੁੰਦੀ ਹੈ, ਉਨ੍ਹਾਂ ਦੀ ਭਾਸ਼ਾ ਅਲੱਗ ਹੁੰਦੀ ਹੈ, ਉਨ੍ਹਾਂ ਦੇ ਸੋਚਣ ਦਾ ਢੰਗ ਅਲੱਗ ਹੁੰਦਾ ਹੈ। ਜੇ ਮੈਂ 10-10 ਸਾਲ ਦਾ ਵਕਫ਼ਾ ਲਵਾਂ ਤਾਂ ਮੇਰੇ ਹੁੰਦਿਆਂ ਤਿੰਨ ਪੀੜ੍ਹੀਆਂ ਬਦਲ ਚੁੱਕੀਆਂ ਹਨ। ਦਰਸ਼ਕਾਂ 'ਚ ਮੈਂ ਪ੍ਰਸੰਗਕ ਰਹਿਣ ਲਈ ਲਗਾਤਾਰ ਥੀਏਟਰ ਕਰ ਰਿਹਾ ਹਾਂ। ਮੈਂ ਉਨ੍ਹਾਂ ਦੀ ਪਸੰਦ ਨੂੰ ਸਮਝਣ/ਸਿੱਖਣ ਦਾ ਯਤਨ ਕਰਦਾ ਹਾਂ ਤੇ ਉਨ੍ਹਾਂ ਦੀ ਪਸੰਦ ਨੂੰ ਆਪਣੀ ਪਸੰਦ ਬਣਾਉਣ ਦਾ ਯਤਨ ਕਰਦਾ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਦਰਸ਼ਕਾਂ ਨੂੰ ਲੁਭਾਅ ਸਕਾਂ, ਉਨ੍ਹਾਂ ਨਾਲ ਪਿਆਰ ਜਤਾ ਸਕਾਂ, ਮੈਂ 30 ਸਾਲ ਤੋਂ ਫਿਲਮਾਂ ਨਾਲ ਜੁੜਿਆ ਹੋਇਆ ਹਾਂ ਤੇ ਮੈਨੂੰ 30 ਸਾਲ ਤੋਂ ਲੋਕ ਪਿਆਰ ਕਰ ਰਹੇ ਹਨ। ਸੋ, ਮੈਨੂੰ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਤੇ ਦਿਲੀ ਖ਼ੁਸ਼ੀ ਹੁੰਦੀ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਨ੍ਹਾਂ ਸਭ ਲੋਕਾਂ ਦਾ ਇੰਟਰਟੇਨਮੈਂਟ ਕਰ ਸਕਾਂ। ਨਿਰਮਾਤਾ ਬਦਲ ਗਏ ਪਰ ਉਹ ਗੱਲ ਨਹੀਂ ਬਦਲੀ। 'ਜਬ ਹੈਰੀ ਮੈਟ ਸੇਜਲ' ਇਕ ਪ੍ਰੇਮ ਕਹਾਣੀ ਹੈ। ਮੈਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਕੀਤੀਆਂ ਹਨ ਪਰ ਇਸ ਫ਼ਿਲਮ ਦੀ ਭਾਸ਼ਾ ਅਲੱਗ ਹੈ ਕਿਉਂਕਿ ਇਮਤਿਆਜ਼ ਦੂਜੀ ਜਨਰੇਸ਼ਨ ਦੇ ਨਿਰਦੇਸ਼ਕ ਹਨ। ਉਨ੍ਹਾਂ ਦਾ ਲਿਖਣਾ ਅਲੱਗ ਹੈ, ਉਨ੍ਹਾਂ ਦਾ ਸਮਝਣਾ ਅਲੱਗ ਤਰੀਕੇ ਦਾ ਹੈ, ਮੈਂ ਉਮੀਦ ਕਰਦਾ ਹਾਂ ਕਿ ਮੈਂ ਵੀ ਪ੍ਰਸੰਗਕ ਰਹਾਂ ਤੇ ਉਹ ਵੀ ਰੈਲੀਵੈਂਟ ਰਹਿਣ। ਜਿਸ ਨਾਲ ਦਰਸ਼ਕਾਂ ਨੂੰ ਲਗਦਾ ਰਹੇ ਕਿ ਅਸੀਂ ਉਨ੍ਹਾਂ ਦੀ ਹਰ ਗੱਲ ਨੂੰ ਸਮਝ ਰਹੇ ਹਾਂ, ਉਨ੍ਹਾਂ ਦੀ ਭਾਸ਼ਾ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਦਰਸ਼ਕ ਦੋ ਢਾਈ ਘੰਟੇ ਫ਼ਿਲਮ ਦਾ ਆਨੰਦ ਮਾਣ ਸਕਣ।
* ਇਮਤਿਆਜ਼ ਜੀ ਦੀਆਂ ਫ਼ਿਲਮਾਂ ਜਰਨੀ ਬੇਸਡ ਹੁੰਦੀਆਂ ਹਨ। ਇਸ ਫ਼ਿਲਮ 'ਚ ਉਨ੍ਹਾਂ ਨੇ ਕਿਸ ਤਰ੍ਹਾਂ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ?
-ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਇਹ ਸਮਝ ਆਈ ਹੈ ਕਿ ਕਿਤੇ ਨਾ ਕਿਤੇ ਉਹ ਜ਼ਿੰਦਗੀ ਨੂੰ ਇਕ ਸਫ਼ਰ ਮੰਨਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਅਹਿਮ ਗੱਲ ਇਹ ਨਹੀਂ ਹੁੰਦੀ ਕਿ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚੀਏ ਸਗੋਂ ਉਨ੍ਹਾਂ ਲਈ ਅਹਿਮ ਗੱਲ ਇਹ ਹੁੰਦੀ ਹੈ ਕਿ ਸਫ਼ਰ ਵਧੀਆ ਕਿਵੇਂ ਗੁਜ਼ਰੇ। ਜੀਵਨ ਵਿਚ ਵੀ ਜਰਨੀ ਦਾ ਐਲੀਮੈਂਟ ਜ਼ਰੂਰ ਆਉਂਦਾ ਹੈ। ਇਹ ਜਰਨੀ ਬਹੁਤ ਵੱਡੀ ਹੈ। ਫ਼ਿਲਮ ਵਿਚ ਵੀ ਉਹ ਅਜਿਹਾ ਦਿਖਾਉਂਦੇ ਹਨ। ਇਨਸਾਨਾਂ ਨਾਲ ਵੀ ਇਵੇਂ ਹੀ ਹੁੰਦਾ ਹੈ। ਫਿਜ਼ੀਕਲੀ ਉਹ ਵੱਖ-ਵੱਖ ਥਾਵਾਂ 'ਤੇ ਜਾ ਰਹੇ ਹੁੰਦੇ ਹਨ। ਵੱਖ-ਵੱਖ ਪੜਾਵਾਂ ਵਿਚੀਂ ਗੁਜ਼ਰਦੇ ਹਨ, ਅਲੱਗ-ਅਲੱਗ ਚੀਜ਼ਾਂ ਬਾਰੇ ਸੋਚਦੇ ਹਨ, ਅਲੱਗ-ਅਲੱਗ ਚੀਜ਼ਾਂ ਦੇਖਦੇ ਹਨ, ਸਮਝਦੇ ਹਨ ਤੇ ਅਲੱਗ-ਅਲੱਗ ਹੀ ਅਹਿਸਾਸ ਕਰਦੇ ਹਨ। ਫ਼ਿਲਮ ਵਿਚ ਇਹੀ ਸਭ ਚੀਜ਼ਾਂ ਹਨ। ਜ਼ਿੰਦਗੀ ਦੇ ਸਫ਼ਰ ਵਿਚ ਮਿਲ ਜਾਂਦੇ ਹਨ ਚੰਗੇ ਦੋਸਤ, ਮੁਕਾਮ ਜੇਕਰ ਅਸੀਂ ਉਨ੍ਹਾਂ ਨੂੰ ਪਕੜ ਲਈਏ, ਜਕੜ ਲਈਏ, ਕਿਉਂਕਿ ਉਹ ਫਿਰ ਨਹੀਂ ਆਉਂਦੇ, ਇਹੀ ਕਾਨਸੈਪਟ ਸਦਾ ਰਹਿੰਦਾ ਹੈ। ਇਹ ਮਨੋਰੰਜਕ ਫ਼ਿਲਮ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਸ ਦਾ ਨਿਚੋੜ ਉਹੀ ਹੈ। ਇਸ ਵਿਚ ਹਾਸਾ ਹੈ, ਮਜ਼ਾਕ ਹੈ, ਨੋਕ-ਝੋਕ ਹੈ, ਫੀਲਿੰਗ ਚੰਗੀ ਹੈ। ਦੋ ਅਲੱਗ-ਅਲੱਗ ਕਿਰਦਾਰ ਹਨ।
* ਤੁਸੀਂ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਪਰ ਇਮਤਿਆਜ਼ ਅਲੀ ਨਾਲ ਪਹਿਲੀ ਵਾਰੀ ਫ਼ਿਲਮ ਕਰ ਰਹੋ ਹੋ। ਕਿਹੋ ਜਿਹਾ ਅਨੁਭਵ ਰਿਹਾ, ਉਨ੍ਹਾਂ ਨਾਲ ਕੰਮ ਕਰਨ ਦਾ?
-ਇਮਤਿਆਜ਼ ਜੀ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹਾਂ। ਉਨ੍ਹਾਂ ਨੇ ਮੈਨੂੰ ਆਪਣੀਆਂ ਫ਼ਿਲਮਾਂ ਦੀਆਂ ਕਹਾਣੀਆਂ ਸੁਣਾਈਆਂ ਤੇ ਰਾਇ ਵੀ ਪੁੱਛਦੇ ਰਹਿੰਦੇ ਸਨ। ਪਰ ਡੇਢ ਕੁ ਸਾਲ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਮੇਰੇ ਨਾਲ ਫ਼ਿਲਮ ਬਣਾਉਣਾ ਚਾਹੁੰਦੇ ਹਨ। ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਮੈਂ ਕਿਸੇ ਨਿਰਦੇਸ਼ਕ ਨੂੰ ਉਦੋਂ ਤੱਕ ਫ਼ਿਲਮ ਬਣਾਉਣ ਬਾਰੇ ਆਪ ਨਾ ਕਹਾਂ, ਜਦ ਤੱਕ ਨਿਰਦੇਸ਼ਕ ਮੈਨੂੰ ਆਪ ਕਿਸੇ ਕਿਰਦਾਰ ਵਿਚ ਨਾ ਦੇਖੇ। ਇਸ ਤਰ੍ਹਾਂ ਹੀ ਮੇਰਾ ਉਨ੍ਹਾਂ ਨਾਲ ਕੰਮ ਕਰਨਾ ਬਿਹਤਰੀਨ ਰਹੇਗਾ, ਕਿਉਂਕਿ ਨਿਰਦੇਸ਼ਕ ਫ਼ਿਲਮ ਦਾ ਲੀਡਰ ਹੁੰਦਾ ਹੈ। ਡੇਢ ਕੁ ਸਾਲ ਪਹਿਲਾਂ ਇਮਤਿਆਜ਼ ਮੇਰੇ ਕੋਲ ਆਏ ਤੇ ਕਹਿਣ ਲੱਗੇ ਇਕ ਛੋਟੀ ਜਿਹੀ ਕਹਾਣੀ ਹੈ, ਪਰ ਇਸ ਵਿਚ ਬੜੀ ਡੁੰਘਾਈ ਹੈ। ਮੈਂ ਕਿਹਾ ਕੋਸ਼ਿਸ਼ ਕਰਦੇ ਹਾਂ। 15-20 ਮਿੰਟ ਸੁਣਿਆ। ਉਸ ਵਿਚ ਇਕ ਲਾਈਨ ਸੀ ਕਿ ਪੰਜਾਬੀ ਗਾਇਕ ਉੱਚਾ ਕਿਉਂ ਗਾਉਂਦੇ ਹਨ। ਕਿਉਂਕਿ ਉਹ ਕਿਸਾਨ ਹੁੰਦੇ ਹਨ। ਕਿਸਾਨ ਟਰੈਕਟਰ 'ਤੇ ਬੈਠ ਕੇ ਟਰੈਕਟਰ ਦੀ ਆਵਾਜ਼ ਤੋਂ ਉੱਚੀ ਆਵਾਜ਼ ਸੁਣਨ ਲਈ ਗਾਉਂਦੇ ਹਨ। ਮੈਨੂੰ ਇਹ ਵਿਚਾਰ ਬਹੁਤ ਚੰਗਾ ਲੱਗਾ ਕਿਉਂਕਿ ਇਹ ਜੋ ਖੁੱਲ੍ਹਾਪਨ ਹੈ ਇਹ ਪੰਜਾਬ ਦੇ ਲੋਕਾਂ 'ਚ ਖਾਸ ਗੁਣ ਹੈ। ਇਹ ਖੁੱਲ੍ਹ ਕੇ ਜ਼ਿੰਦਗੀ ਜਿਊਂਦੇ ਹਨ। ਮੈਨੂੰ ਇਹ ਆਈਡੀਆ ਚੰਗਾ ਲੱਗਾ। ਫ਼ਿਲਮ 'ਚ ਹਾਂ-ਪੱਖੀ ਸੋਚ ਹੈ, ਦੇਸ਼, ਪੰਜਾਬ ਤੇ ਮਿੱਟੀ ਬਾਰੇ ਕਹਾਣੀ ਹੈ। ਇਸ ਫ਼ਿਲਮ ਦਾ ਸੈੱਟ ਯੂਰਪ 'ਚ ਲਗਦਾ ਹੈ ਪਰ ਬਾਕੀ ਸਾਰੀਆਂ ਗੱਲਾਂ ਹਿੰਦੁਸਤਾਨ ਦੀਆਂ ਹਨ। ਬੜਾ ਦਿਲਚਸਪ ਕੰਬੀਨੇਸ਼ਨ ਹੈ।
* ਹੈਰੀ ਦਾ ਕਰੈਕਟਰ ਤੁਹਾਡੇ ਕਿੰਨਾ ਨੇੜੇ ਹੈ?
-ਹੈਰੀ ਬੜਾ ਨੌਟੀ ਕਰੈਕਟਰ ਹੈ। ਇਮਾਨਦਾਰ ਹੈ, ਔਰਤਾਂ ਦੀ ਇੱਜ਼ਤ ਕਰਨ ਵਾਲਾ ਹੈ। ਜਿਹੜੀ ਜ਼ਿੰਦਗੀ ਜਿਊਂਦਾ ਹੈ, ਉਹ ਬਹੁਤ ਚੰਗੀ ਹੈ। ਬੜਾ ਤਮੀਜ਼ਦਾਰ ਹੈ, ਉਸ ਵਿਚ ਬੜੀ ਜੈਂਟਲਨੈੱਸ ਹੈ, ਔਰਤਾਂ ਪ੍ਰਤੀ ਖ਼ਾਸ ਕਰਕੇ। ਇਹੀ ਇਕ ਚੀਜ਼ ਹੈ ਜੋ ਮੇਰੇ ਵਿਚ ਵੀ ਹੈ।


-ਅ. ਬ.

ਬਦਲੇ-ਬਦਲੇ ਨਜ਼ਰ ਆ ਰਹੇ ਹਨ ਗਣੇਸ਼ ਅਚਾਰੀ

ਆਨ੍ਰਿਤ ਨਿਰਦੇਸ਼ਕ ਗਣੇਸ਼ ਅਚਾਰੀਆ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਗੁਜਰਾਤ ਸਥਿਤ ਹਿਲ ਸਟੇਸ਼ਨ ਸਾਪੁਤਾਰਾ ਵਿਚ ਫ਼ਿਲਮ 'ਅਨਾਮ' ਦੇ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਉਥੇ ਅਰਮਾਨ ਕੋਹਲੀ ਅਤੇ ਆਇਸ਼ਾ ਜੁਲਕਾ ਨੂੰ ਡਾਂਸ ਸਟੈੱਪ ਸਮਝਾਉਂਦੇ ਗਣੇਸ਼ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਉਦੋਂ ਵੀ ਉਹ ਨ੍ਰਿਤ ਨਿਰਦੇਸ਼ਕ ਦੇ ਤੌਰ 'ਤੇ ਮੋਟੇ ਨਜ਼ਰ ਆ ਰਹੇ ਸਨ। ਬਾਅਦ ਵਿਚ ਜਦੋਂ-ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ, ਉਹ ਹਰ ਵਾਰ ਹੋਰ ਮੋਟੇ ਹੋਏ ਨਜ਼ਰ ਆਏ। ਇਧਰ-ਬਤੌਰ ਨ੍ਰਿਤ ਨਿਰਦੇਸ਼ਕ ਉਨ੍ਹਾਂ ਦੇ ਗੀਤਾਂ ਦੀ ਗਿਣਤੀ ਵਧਣ ਲੱਗੀ ਤਾਂ ਨਾਲ ਹੀ ਉਨ੍ਹਾਂ ਦੇ ਲੱਕ ਦਾ ਘੇਰਾ ਵੀ ਵਧਣ ਲੱਗਿਆ ਅਤੇ ਉਹ ਦੋ ਸੌ ਕਿਲੋ ਦਾ ਅੰਕੜਾ ਪਾਰ ਕਰ ਗਏ। ਇਹ ਗੱਲ ਵੱਖਰੀ ਹੈ ਕਿ ਏਨੇ ਭਾਰੇ ਸਰੀਰ ਦੇ ਬਾਵਜੂਦ ਇਸ ਦਾ ਅਸਰ ਉਨ੍ਹਾਂ ਦੇ ਨ੍ਰਿਤ ਕੌਸ਼ਲ 'ਤੇ ਨਹੀਂ ਦਿਸਿਆ ਅਤੇ ਉਹ ਨੈਸ਼ਨਲ ਐਵਾਰਡ ਜਿੱਤਣ ਵਿਚ ਵੀ ਕਾਮਯਾਬ ਰਹੇ।
ਇਨ੍ਹੀਂ ਦਿਨੀਂ ਗਣੇਸ਼ ਆਪਣੇ ਗੀਤਾਂ ਨੂੰ ਲੈ ਕੇ ਨਹੀਂ ਪਰ ਆਪਣੇ ਵੱਲੋਂ ਘਟਾਏ ਗਏ ਵਜ਼ਨ ਨੂੰ ਲੈ ਕੇ ਬਾਲੀਵੁੱਡ ਵਿਚ ਚਰਚਾ ਵਿਚ ਹਨ। ਉਨ੍ਹਾਂ ਨੇ ਆਪਣਾ ਵਜ਼ਨ 85 ਕਿਲੋ ਘੱਟ ਕਰ ਲਿਆ ਹੈ। ਪਹਿਲਾਂ ਦੇ ਮੁਕਾਬਲੇ ਨੌਜਵਾਨ ਅਤੇ ਜ਼ਿਆਦਾ ਚੁਸਤ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ, 'ਮੈਂ ਮੰਨਦਾ ਹਾਂ ਕਿ ਭਾਰੀ ਸਰੀਰ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ। ਮੈਂ ਖ਼ੁਦ ਵੀ ਆਪਣਾ ਵਜ਼ਨ ਘਟਾਉਣਾ ਚਾਹੁੰਦਾ ਸੀ ਪਰ ਸ਼ੂਟਿੰਗ ਸ਼ਡਿਊਲ ਦੀ ਵਜ੍ਹਾ ਕਰਕੇ ਇਹ ਹੋ ਨਹੀਂ ਰਿਹਾ ਸੀ। ਜਦੋਂ ਮੈਂ 'ਹਾਊਸਫੁੱਲ-3' ਦੇ ਗੀਤ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਂ ਗੋਡਿਆਂ ਵਿਚ ਦਰਦ ਮਹਿਸੂਸ ਕੀਤਾ ਅਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਮੇਰੇ ਵਜ਼ਨ ਦਾ ਅਸਰ ਮੇਰੇ ਗੋਡਿਆਂ 'ਤੇ ਪਿਆ ਹੈ। ਉਦੋਂ ਮੈਂ ਆਪਣਾ ਵਜ਼ਨ ਘਟਾਉਣ ਲਈ ਗੰਭੀਰ ਹੋ ਗਿਆ ਅਤੇ ਮੈਂ ਜਾ ਕੇ ਡਾ. ਮੁਸਤਫਾ ਲਾਕੜਾਵਾਲਾ ਨੂੰ ਮਿਲਿਆ। ਇਹ ਉਹੀ ਡਾਕਟਰ ਹੈ, ਜੋ ਵਿਸ਼ਵ ਦੀ ਸਭ ਤੋਂ ਭਾਰੀ ਵਜ਼ਨ ਵਾਲੀ ਔਰਤ ਏਮਾਨ ਦੀ ਟ੍ਰੀਟਮੈਂਟ ਦੀ ਵਜ੍ਹਾ ਕਰਕੇ ਖ਼ਬਰਾਂ ਵਿਚ ਛਾਏ ਰਹੇ ਸਨ। ਉਨ੍ਹਾਂ ਨੇ ਮੇਰੀ ਸਰਜਰੀ ਕੀਤੀ ਅਤੇ ਇਸ ਦੀ ਬਦੌਲਤ ਮੇਰਾ ਵਜ਼ਨ ਘਟਣ ਲੱਗਿਆ। ਸਰਜਰੀ ਦੇ ਨਾਲ-ਨਾਲ ਮੈਨੂੰ ਆਪਣੇ ਵੱਲੋਂ ਵੀ ਬਹੁਤ ਮਿਹਨਤ ਕਰਨੀ ਪਈ। ਸਭ ਤੋਂ ਪਹਿਲਾਂ ਤਾਂ ਖਾਣ-ਪੀਣ ਦੀ ਅਦਾਲਤ 'ਤੇ ਕੰਟਰੋਲ ਕੀਤਾ। ਫਿਰ ਨਿਯਮਤ ਰੂਪ ਨਾਲ ਸਵੀਮਿੰਗ ਕਰਨ ਲੱਗਿਆ। ਫਿਰ ਮੈਂ ਟ੍ਰੇਨਰ ਨਾਇਡੂ ਦੀ ਮਦਦ ਨਾਲ ਖ਼ੁਦ ਨੂੰ ਸ਼ੇਪ ਵਿਚ ਲਿਆਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ। ਇਸ ਕੰਮ ਵਿਚ ਮੇਰੀ ਪਤਨੀ ਵਿਧੀ ਨੇ ਵੀ ਪੂਰਾ ਸਹਿਯੋਗ ਦਿੱਤਾ। ਉਹ ਇਸ ਗੱਲ ਦਾ ਖਿਆਲ ਰੱਖਦੀ ਹੈ ਕਿ ਮੈਂ ਰਾਤ ਅੱਠ ਵਜੇ ਤੋਂ ਪਹਿਲਾਂ ਖਾਣਾ ਖਾ ਲਵਾਂ। ਉਸ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸੈੱਟ 'ਤੇ ਵੀ ਮੈਂ 'ਹੈਲਦੀ ਫੂਡ ਹੀ ਖਾਵਾਂ। ਹੁਣ ਮੈਂ ਆਪਣਾ ਵਜ਼ਨ 19 ਕਿਲੋ ਹੋਰ ਘਟਾਉਣਾ ਚਾਹੁੰਦਾ ਹਾਂ ਅਤੇ ਇਹ ਕਾਫੀ ਮੁਸ਼ਕਿਲ ਕੰਮ ਹੈ। ਪਰ ਮੈਨੂੰ ਲਗਦਾ ਹੈ ਕਿ ਮੈਂ ਇਹ ਵੀ ਕਰ ਜਾਵਾਂਗਾ। ਇਕ ਸਮਾਂ ਉਹ ਸੀ ਜਦੋਂ ਮੈਂ ਕੁਰਸੀ 'ਤੇ ਬੈਠਣ ਸਮੇਂ ਇਹ ਸੋਚ ਕੇ ਡਰਦਾ ਸੀ ਕਿ ਕਿਤੇ ਟੁੱਟ ਨਾ ਜਾਵੇ। ਪਰ ਹੁਣ ਬੇਝਿਜਕ ਬੈਠ ਜਾਂਦਾ ਹਾਂ। ਨਿਰਮਾਤਾ ਸਾਜਿਦ ਨਾਡਿਆਦਵਾਲਾ ਨੇ ਮੇਰੇ ਲਈ ਸਪੈਸ਼ਲ ਕੁਰਸੀ ਬਣਵਾ ਕੇ ਦਿੱਤੀ ਸੀ। ਉਹ ਕੁਰਸੀ ਮੇਰੇ ਰਿਹਰਸਲ ਰੂਮ ਵਿਚ ਹੈ। ਮੈਂ ਹੁਣ ਵੀ ਉਸ ਦੀ ਵਰਤੋਂ ਕਰਦਾ ਹਾਂ। ਹਾਂ, ਹੁਣ ਉਹ ਮੈਨੂੰ ਕਾਫੀ ਵੱਡੀ ਲੱਗਣ ਲੱਗੀ ਹੈ। ਹੁਣ ਮੈਂ ਸਾਈਕਲ ਵੀ ਖਰੀਦੀ ਹੈ ਤਾਂ ਕਿ ਸਾਈਕਲਿੰਗ ਦੇ ਬਹਾਨੇ ਵੀ ਕਸਰਤ ਹੋ ਸਕੇ। ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਮੈਂ ਮਾਲ ਵਿਚ ਜਾ ਕੇ ਆਪਣੀ ਪਸੰਦ ਦੇ ਫੈਸ਼ਨ ਵਾਲੇ ਕੱਪੜੇ ਖਰੀਦਣ ਲੱਗਿਆ ਹਾਂ ਜਦੋਂ ਕਿ ਪਹਿਲਾਂ ਮੈਨੂੰ ਆਪਣੇ ਕੱਪੜੇ ਵਿਸ਼ੇਸ਼ ਤੌਰ 'ਤੇ ਬਣਵਾਉਣੇ ਪੈਂਦੇ ਸਨ।
ਆਪਣੇ ਵੱਲੋਂ ਵਜ਼ਨ ਘਟਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਗਣੇਸ਼ ਨੇ ਇਕ ਫ਼ਿਲਮ ਵੀ ਬਣਾਈ ਹੈ ਅਤੇ ਉਹ ਜਲਦੀ ਇਸ ਨੂੰ ਯੂ-ਟਿਊਬ 'ਤੇ ਅਪਲੋਡ ਕਰਨਗੇ, ਤਾਂ ਕਿ ਹੋਰ ਲੋਕ ਇਸ ਤੋਂ ਪ੍ਰੇਰਣਾ ਲੈ ਸਕਣ।

ਸ਼ਾਇਦ ਮੈਂ ਵੀ ਹਾਲੀਵੁੱਡ ਲਈ ਉਡਾਨ ਭਰ ਲਵਾਂ :

ਸ਼ਮਾ ਸਿਕੰਦਰ

ਫ਼ਿਲਮ 'ਪ੍ਰੇਮ ਅਗਨ' ਰਾਹੀਂ ਇੰਟਰੋਡਿਊਸ ਹੋਈ ਸ਼ਮਾ ਸਿਕੰਦਰ ਨੇ 'ਮਨ', 'ਧੂਮ ਧੜਾਕਾ', 'ਅੰਸ਼' ਆਦਿ ਫ਼ਿਲਮਾਂ ਕੀਤੀਆਂ ਪਰ ਜਦੋਂ ਉਸ ਨੇ ਲੜੀਵਾਰ 'ਯੇ ਮੇਰੀ ਲਾਈਫ ਹੈ' ਵਿਚ ਪੂਜਾ ਦਾ ਕਿਰਦਾਰ ਨਿਭਾਇਆ ਤਾਂ ਉਸ ਨੂੰ ਉਹ ਨਾਂਅ-ਪੈਸਾ ਮਿਲਿਆ, ਜਿਸ ਦੀ ਉਸ ਨੂੰ ਇੱਛਾ ਸੀ। ਸ਼ਮਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ 'ਮਾਇਆ' ਵਿਚ ਨਿਭਾਈ ਗਈ ਬੋਲਡ ਭੂਮਿਕਾ ਦੀ ਬਦੌਲਤ ਚਰਚਾ ਵਿਚ ਹੈ।
ਇਸ ਵੈੱਬ ਲੜੀ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਮੈਂ ਜਦੋਂ ਫ਼ਿਲਮਾਂ ਵਿਚ ਚੰਗੇ ਕੰਮ ਦੀ ਭਾਲ ਵਿਚ ਸੀ, ਉਦੋਂ ਮੈਨੂੰ 'ਮਾਇਆ' ਵਿਚ ਕੰਮ ਕਰਨ ਦੀ ਪੇਸ਼ਕਸ਼ ਹੋਈ ਸੀ। ਸਾਡੇ ਦੇਸ਼ ਵਿਚ ਵੈੱਬ ਸੀਰੀਜ਼ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਸੋ, ਮੈਨੂੰ ਲੱਗਿਆ ਕਿ ਕਿਉਂ ਨਾ ਇਸ ਦਾ ਵੀ ਅਨੁਭਵ ਲਿਆ ਜਾਵੇ ਤਾਂ ਕਿ ਅੱਗੇ ਕੰਮ ਆ ਸਕੇ। ਮੈਨੂੰ ਦੱਸਿਆ ਗਿਆ ਸੀ ਕਿ ਇਸ ਵਿਚ ਮੇਰੀ ਬੋਲਡ ਭੂਮਿਕਾ ਹੋਵੇਗੀ ਅਤੇ ਮੈਂ ਇਸ ਨੂੰ ਨਿਭਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਵੀ ਸੀ। ਇਹ ਤਾਂ ਸੱਚ ਹੈ ਕਿ ਵੈੱਬ ਸੀਰੀਜ਼ ਵਿਚ ਸੈਂਸਰ ਬੋਰਡ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ। ਇਸ ਲਈ ਇਥੇ ਨਿਰਦੇਸ਼ਕ ਨੂੰ ਪੂਰੀ ਆਜ਼ਾਦੀ ਹੁੰਦੀ ਹੈ। ਮੈਂ ਵੀ ਬੇਝਿਜਕ ਹੋ ਕੇ ਇਸ ਵਿਚ ਕੰਮ ਕੀਤਾ ਅਤੇ ਹੁਣ ਇਸ ਦਾ ਹੁੰਗਾਰਾ ਦੇਖ ਮੈਂ ਹੈਰਾਨ ਹਾਂ। ਸਾਡੀ ਇਸ ਲੜੀ ਨੂੰ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਵਿਚ ਦੇਖਿਆ ਗਿਆ ਅਤੇ ਮੇਰੇ ਕੰਮ ਦੀ ਤਾਰੀਫ ਵੀ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੈਨੂੰ ਅਮਰੀਕਾ ਤੋਂ ਕਈ ਫੋਨ ਆਏ ਅਤੇ ਕਿਹਾ ਗਿਆ ਕਿ ਤੇਰੇ ਵਰਗੀ ਐਕਟ੍ਰੈੱਸ ਨੂੰ ਤਾਂ ਹਾਲੀਵੁੱਡ ਵਿਚ ਹੋਣਾ ਚਾਹੀਦਾ ਹੈ। ਉਥੋਂ ਦੀਆਂ ਕੁਝ ਕਾਸਟਿੰਗ ਏਜੰਸੀਆਂ ਨੇ ਵੀ ਮੇਰੇ ਨਾਲ ਸੰਪਰਕ ਕੀਤਾ ਹੈ। ਉਸ ਨੂੰ ਦੇਖ ਕੇ ਲਗਦਾ ਹੈ ਕਿ ਸ਼ਾਇਦ ਮੈਂ ਹਾਲੀਵੁੱਡ ਲਈ ਉਡਾਨ ਭਰ ਲਵਾਂ।
ਜੇਕਰ ਸ਼ਮਾ ਹਾਲੀਵੁੱਡ ਵਿਚ ਛੋਟਾ-ਮੋਟਾ ਕੰਮ ਹਾਸਲ ਕਰਨ ਵਿਚ ਸਫ਼ਲ ਰਹਿੰਦੀ ਹੈ ਤਾਂ ਇਹ ਉਸ ਲਈ ਵੱਡੀ ਕਾਮਯਾਬੀ ਮੰਨੀ ਜਾਵੇਗੀ। ਉਹ ਇਸ ਲਈ ਕਿਉਂਕਿ ਜਦੋਂ ਉਹ ਰਾਜਸਥਾਨ ਦੇ ਮਕਰਾਣਾ ਤੋਂ ਮੁੰਬਈ ਆਈ ਸੀ, ਉਦੋਂ ਉਸ ਨੂੰ ਅੰਗਰੇਜ਼ੀ ਵਿਚ ਇਕ ਵਾਕ ਵੀ ਬੋਲਣਾ ਨਹੀਂ ਆਉਂਦਾ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹੈ, 'ਉਦੋਂ ਅੰਗਰੇਜ਼ੀ ਨਾ ਬੋਲ ਸਕਣ ਦੀ ਵਜ੍ਹਾ ਕਰਕੇ ਮੇਰਾ ਮਜ਼ਾਕ ਉਡਇਆ ਜਾਂਦਾ ਸੀ। ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਅੰਗਰੇਜ਼ੀ ਸਿੱਖਣਾ ਸ਼ੁਰੂ ਕੀਤਾ। ਅੱਜ ਉਹੀ ਲੋਕ ਅੰਗਰੇਜ਼ੀ 'ਤੇ ਮੇਰਾ ਪ੍ਰਭਾਵ ਦੇਖ ਮੇਰੀ ਵਾਹਵਾਹੀ ਕਰ ਰਹੇ ਹਨ।
ਸ਼ਮਾ ਅਨੁਸਾਰ ਉਨ੍ਹਾਂ ਦੇ ਪਿਤਾ ਦੀ ਦਿਲੀ ਇੱਛਾ ਸੀ ਕਿ ਬੇਟੀ ਅਭਿਨੈ ਵਿਚ ਨਾਂਅ ਕਮਾਏ। ਸੋ, ਉਹ ਉਸ ਨੂੰ ਲੈ ਕੇ ਮਾਇਆਨਗਰੀ ਮੁੰਬਈ ਲੈ ਆਏ ਸਨ। ਪਿਤਾ ਨੇ ਬੇਟੀ ਦੀ ਬਹੁਤ ਮਦਦ ਕੀਤੀ ਅਤੇ ਪਿਤਾ ਦੇ ਸਹਿਯੋਗ ਦੀ ਵਜ੍ਹਾ ਕਰਕੇ ਸ਼ਮਾ ਕਿਸੇ ਗਾਡ ਫਾਦਰ ਦੀ ਮਦਦ ਬਗੈਰ ਬਾਲੀਵੁੱਡ ਵਿਚ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਹੀ।
ਸ਼ਮਾ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਫ਼ਿਲਮਾਂ ਦਾ ਭਵਿੱਖ ਹੈ ਕਿਉਂਕਿ ਇੰਟਰਨੈੱਟ ਤੇ ਸਮਾਰਟ ਫੋਨ ਦੀ ਮਦਦ ਨਾਲ ਇਹ ਕਿਤੇ ਵੀ ਤੇ ਕਦੀ ਵੀ ਦੇਖੀ ਜਾ ਸਕਦੀ ਹੈ।
ਸ਼ਮਾ ਨੇ ਨਿਰਦੇਸ਼ਕ ਬਣਨ ਦਾ ਵੀ ਸੁਪਨਾ ਸੰਜੋ ਰੱਖਿਆ ਹੈ ਅਤੇ ਉਹ ਇਮੋਸ਼ਨਲ-ਰੋਮਾਂਟਿਕ ਫ਼ਿਲਮ ਬਣਾਉਣਾ ਚਾਹੁੰਦੀ ਹੈ। ਜੇਕਰ ਉਹ ਹਾਲੀਵੁੱਡ ਨਹੀਂ ਗਈ ਤਾਂ ਜਲਦੀ ਉਸ ਦੇ ਵੱਲੋਂ ਨਿਰਦੇਸ਼ਿਕਾ ਬਣਨ ਦੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX