ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  30 minutes ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  about 1 hour ago
ਜਕਾਰਤਾ, 19 ਅਗਸਤ - ਇੰਡੋਨੇਸ਼ੀਆ ਦੇ ਲੋਮਬੌਕ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਾਤਾ 6.9 ਮਾਪੀ ਗਈ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  about 2 hours ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  about 3 hours ago
ਮੁੰਬਈ, 19 ਅਗਸਤ - ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 6 ਸੋਨੇ ਦੀਆਂ ਬਾਰਾਂ ਦੀ ਕਥਿਤ ਤੌਰ 'ਤੇ ਤਸਕਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸੋਨੇ ਦੀਆਂ ਬਾਰਾਂ ਦੀ...
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  about 3 hours ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  about 4 hours ago
ਦੁਬਈ, 19 ਅਗਸਤ- ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੌਕੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਾਨੀ ਨੇ ਟਵੀਟ ਕਰਦਿਆ ਕਿਹਾ ਕਿ ਆਮੀਰ...
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 4 hours ago
ਖਨੌਰੀ, 19 ਅਗਸਤ(ਬਲਵਿੰਦਰ ਸਿੰਘ ਥਿੰਦ)- ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪੁਰਾਣਾ ਸੇਲ ਟੈਕਸ ਬੈਰੀਅਰ ਕੋਲ ਇਕ ਹੋਟਲ ਦੇ ਸਾਹਮਣੇ ਸੜਕ 'ਤੇ ਖੜੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਰਾਜਸਥਾਨ ਦੇ ਕੋਟਾ ਬੂੰਦੀ ਸ਼ਹਿਰ ਵਿਖੇ ਪੜਾਈ ਕਰ ਰਹੇ ਆਪਣੇ...
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  about 4 hours ago
ਬੱਚੀ ਵਿੰਡ, 19 ਅਗਸਤ(ਬਲਦੇਵ ਸਿੰਘ ਕੰਬੋ) -ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸਾਂਝੀ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ, 17 ਬਟਾਲੀਅਨ ਬੀ.ਐਸ.ਐਫ. ਅਤੇ...
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 5 hours ago
ਖਮਾਣੋਂ, 19 ਅਗਸਤ- ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਕਾਰਨ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  about 5 hours ago
ਹੋਰ ਖ਼ਬਰਾਂ..
  •     Confirm Target Language  

ਖੇਡ ਜਗਤ

ਟੀਮ ਇੰਡੀਆ ਕੋਚ ਦੀ ਨਿਯੁਕਤੀ ਦੇ ਡੂੰਘੇ ਅਰਥ

ਪਾਕਿਸਤਾਨ ਹੱਥੋਂ ਚੈਂਪੀਅਨਜ਼ ਟਰਾਫੀ ਫ਼ਾਈਨਲ ਵਿਚ ਮਿਲੀ ਕਰਾਰੀ ਹਾਰ ਅਤੇ ਫੇਰ ਅਨਿਲ ਕੁੰਬਲੇ ਵੱਲੋਂ ਕੋਚ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਹੁਣ ਇਕ ਬਦਲਾਓ ਦੀ ਨੀਤੀ ਤਹਿਤ ਭਾਰਤੀ ਟੀਮ ਨੂੰ ਰਵੀ ਸ਼ਾਸਤਰੀ ਦੇ ਰੂਪ ਵਿਚ ਨਵਾਂ ਕੋਚ ਮਿਲ ਗਿਆ ਹੈ। ਸ਼ਾਸਤਰੀ ਦੀ ਨਿਯੁਕਤੀ ਮਹਿਜ਼ ਇਕ ਨਿਯੁਕਤੀ ਨਹੀਂ ਹੈ, ਬਲਕਿ ਅਨਿਲ ਕੁੰਬਲੇ ਦਾ ਤਜਰਬਾ ਨਾ ਚੱਲਣ ਅਤੇ ਪਾਕਿਸਤਾਨ ਕੋਲੋਂ ਮਿਲੀ ਹਾਰ ਦੀ ਭਰਪਾਈ ਕਰਨ ਦੀ ਕਾਰਵਾਈ ਵੀ ਹੈ। ਖਾਸ ਗੱਲ ਇਹ ਵੀ ਕਿ ਕੁੰਬਲੇ ਤੋਂ ਪਹਿਲਾਂ ਵੀ ਸ਼ਾਸਤਰੀ ਟੀਮ ਇੰਡੀਆ ਦੇ ਨਾਲ ਕੰਮ ਕਰ ਚੁੱਕੇ ਹਨ ਪਰ ਫਿਰ ਉਨ੍ਹਾਂ ਦਾ ਕਰਾਰ ਵਧਾਇਆ ਨਹੀਂ ਸੀ ਗਿਆ ਅਤੇ ਹੁਣ ਫਿਰ ਸ਼ਾਸਤਰੀ ਨੂੰ ਹੀ ਵਾਪਸ ਲਿਆਂਦਾ ਗਿਆ ਹੈ। ਇਸ ਤਰ੍ਹਾਂ ਹਾਲ ਦੀ ਘੜੀ ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਵਿਵਾਦ ਖ਼ਤਮ ਹੋ ਗਿਆ ਹੈ। ਸ਼ਾਸਤਰੀ ਭਾਰਤੀ ਟੀਮ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਸਲਾਹਕਾਰ ਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਵਿਦੇਸ਼ੀ ਦੌਰਿਆਂ 'ਤੇ ਟੈਸਟ ਕ੍ਰਿਕਟ ਲਈ ਬੱਲੇਬਾਜ਼ੀ ਸਲਾਹਕਾਰ ਬਣਾਇਆ ਗਿਆ ਹੈ। ਮੁੱਖ ਕੋਚ ਦੇ ਅਹੁਦੇ ਲਈ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼ਮਣ ਦੀ ਸਲਾਹਕਾਰ ਕਮੇਟੀ ਨੇ ਅਰਜ਼ੀਆਂ ਨੂੰ ਹਾਂ-ਪੱਖੀ ਲਿਆ ਤੇ ਇਹ ਨਿਯੁਕਤੀ ਸਾਲ 2019 'ਚ ਹੋਣ ਵਾਲੇ ਵਿਸ਼ਵ ਕੱਪ ਤੱਕ ਲਈ ਹੈ।
ਭਾਰਤੀ ਟੀਮ ਦੇ ਕੋਚ ਦੇ 5 ਉਮੀਦਵਾਰਾਂ ਦਾ ਇੰਟਰਵਿਊ ਹੋਣ ਦੇ ਬਾਵਜੂਦ ਇਹ ਤੈਅ ਸੌਖਾ ਨਹੀਂ ਸੀ ਕਿ ਭਾਰਤੀ ਟੀਮ ਦਾ ਨਵਾਂ ਕੋਚ ਕੌਣ ਹੋਵੇਗਾ? ਕ੍ਰਿਕਟ ਸਲਾਹਕਾਰ ਕਮੇਟੀ ਨੇ ਰਿਚਰਡ ਪਾਈਬਸ, ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਲਾਲ ਚੰਦ ਰਾਜਪੂਤ ਅਤੇ ਟਾਮ ਮੂਡੀ ਦਾ ਇੰਟਰਵਿਊ ਲਿਆ ਸੀ ਪਰ ਉਨ੍ਹਾਂ ਨੇ ਨਾਂਅ ਐਲਾਨ ਫਿਰ ਵੀ ਕਾਫੀ ਦੇਰ ਬਾਅਦ ਕੀਤਾ। ਇਨ੍ਹਾਂ ਉਮੀਦਵਾਰਾਂ ਲਈ ਸਭ ਤੋਂ ਅਹਿਮ 2 ਸਵਾਲਾਂ 'ਚੋਂ ਪਹਿਲਾ ਸਵਾਲ ਇਹ ਸੀ ਕਿ ਇੰਗਲੈਂਡ 'ਚ ਹੋਣ ਵਾਲੇ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਕੀ ਸੋਚ ਹੈ ਅਤੇ ਦੂਜਾ ਸਵਾਲ ਇਹ ਸੀ ਕਿ ਕਪਤਾਨ ਦੀ ਤੁਲਨਾ 'ਚ ਕੋਚ ਦੀ ਭੂਮਿਕਾ ਕੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕਿਸੇ ਨਾਜ਼ੁਕ ਸਥਿਤੀ ਭਾਵ ਕੋਚ ਬਨਾਮ ਕਪਤਾਨ ਜਿਹੀ ਸਥਿਤੀ ਦੇ ਸਾਹਮਣੇ ਆਉਣ 'ਤੇ ਉਹ ਇਸ ਨਾਲ ਕਿਵੇਂ ਨਿਪਟਣਗੇ। ਅਜਿਹੇ 'ਚ ਰਿਪੋਰਟਾਂ ਆ ਰਹੀਆਂ ਸਨ ਕਿ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਪੱਲੜਾ ਭਾਰੀ ਸੀ ਅਤੇ ਸਹਿਵਾਗ ਖੁਦ ਵੀ ਕੋਚ ਬਣਨ ਬਾਰੇ ਕਾਫੀ ਆਸਵੰਦ ਸਨ।
ਇਕ ਗੱਲ, ਜੋ ਲਗਾਤਾਰ ਸਾਹਮਣੇ ਆ ਰਹੀ ਸੀ ਉਹ ਸੀ ਕਿ ਕਪਤਾਨ ਵਿਰਾਟ ਕੋਹਲੀ ਨੂੰ ਕੁੰਬਲੇ ਨਾਲ ਪੂਰੀ ਸਹਿਮਤੀ ਨਹੀਂ ਸੀ ਅਤੇ ਕੋਹਲੀ ਰਵੀ ਸ਼ਾਸਤਰੀ ਨੂੰ ਕੋਚ ਦੇ ਰੂਪ ਵਿਚ ਦੇਖਣ ਦੇ ਚਾਹਵਾਨ ਸਨ। ਅੰਤ ਵਿਚ ਉਹ ਹੀ ਹੋਇਆ ਅਤੇ ਕਪਤਾਨ ਦੀ ਪਸੰਦ ਨੂੰ ਹੀ ਸਾਹਮਣੇ ਰੱਖਿਆ ਗਿਆ। ਸ਼ਾਸਤਰੀ ਦੀ ਨਿਯੁਕਤੀ ਤੋਂ ਬਾਅਦ ਟੀਮ ਦਾ ਢਾਂਚਾ ਵੀ ਬਦਲ ਸਕਦਾ ਹੈ। ਭਾਰਤੀ ਟੀਮ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤ ਵਿਚ ਤਾਂ ਬੇਹੱਦ ਸਫਲ ਹੁੰਦੇ ਹਨ, ਪਰ ਜਿਵੇਂ ਹੀ ਟੀਮ ਉਪ-ਮਹਾਂਦੀਪ ਦੇ ਬਾਹਰ ਖੇਡਣ ਲਈ ਜਾਂਦੀ ਹੈ ਤਾਂ ਅਸ਼ਵਿਨ ਦੀਆਂ ਗੇਂਦਾਂ ਬਿਲਕੁਲ ਵੀ ਅਸਰਦਾਰ ਸਾਬਤ ਨਹੀਂ ਹੁੰਦੀਆਂ ਹਨ। ਅਜਿਹੇ ਵਿਚ ਰਵੀ ਸ਼ਾਸਤਰੀ ਇਕ ਵਾਰ ਫਿਰ ਉਹ ਕਰ ਸਕਦੇ ਹਨ, ਜੋ 2014 ਦੇ ਆਸਟਰੇਲੀਆਈ ਦੌਰੇ ਦੇ ਐਡੀਲੇਡ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਕੀਤਾ ਸੀ। ਜਦੋਂ ਉਨ੍ਹਾਂ ਦੀ ਪ੍ਰਤੀਨਿਧਤਾ ਵਾਲੀ ਟੀਮ ਪ੍ਰਬੰਧਨ ਨੇ ਅਸ਼ਵਿਨ ਨੂੰ ਬਾਹਰ ਕਰਕੇ ਕਰਣ ਸ਼ਰਮਾ ਨੂੰ ਖਿਡਾਇਆ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਲੋਕਾਂ ਦੀ ਵਧਾਈ ਦਿਲਚਸਪੀ ਮਹਿਲਾ ਕ੍ਰਿਕਟ ਨੇ

ਮਹਿਲਾ ਵਿਸ਼ਵ ਕੱਪ 2017

ਕੁੜੀਆਂ ਨੂੰ ਹਮੇਸ਼ਾ ਮੁੰਡਿਆਂ ਦੇ ਮੁਕਾਬਲੇ ਕਮਜ਼ੋਰ ਸਮਝ ਲਿਆ ਜਾਂਦਾ ਹੈ, ਪਰ ਹੁਣ ਕੁੜੀਆਂ ਨੇ ਜੋ ਸਫਲਤਾ ਦੇ ਝੰਡੇ ਗੱਡੇ ਹਨ, ਉਸ ਨਾਲ ਹੁਣ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਰਹੀਆਂ। ਇਸ ਦੀ ਮਿਸਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੁਆਰਾ ਇੰਗਲੈਂਡ ਵਿਚ ਹੋ ਰਹੇ ਵਿਸ਼ਵ ਕੱਪ ਵਿਚ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਤੋਂ ਸਹਿਜੇ ਹੀ ਲਈ ਜਾ ਸਕਦੀ ਹੈ। ਪਹਿਲਾਂ ਲੋਕ ਜ਼ਿਆਦਾਤਰ ਪੁਰਸ਼ਾਂ ਦੀ ਕ੍ਰਿਕਟ ਹੀ ਦੇਖਦੇ ਹੁੰਦੇ ਸਨ, ਕੁੜੀਆਂ ਦੀ ਕ੍ਰਿਕਟ ਨੂੰ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾਂਦੀ ਸੀ। ਜਦਕਿ ਭਾਰਤ ਦੀ ਪੁਰਸ਼ਾਂ ਦੀ ਟੀਮ ਦੀ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ 'ਚ ਪਾਕਿਸਤਾਨ ਹੱਥੋਂ ਕਰਾਰੀ ਹਾਰ ਤੋਂ ਬਾਅਦ ਲੋਕਾਂ ਨੂੰ ਬਹੁਤ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਭਾਰਤੀ ਮਹਿਲਾ ਕ੍ਰਿਕਟ ਟੀਮ ਜੋ ਹੁਣ ਮਹਿਲਾ ਵਿਸ਼ਵ ਕੱਪ ਵਿਚ ਆਪਣੀ ਚੰਗੀ ਖੇਡ ਦਾ ਜਾਦੂ ਵਿਖਾ ਰਹੀ ਹੈ, ਉਸ ਨਾਲ ਹੁਣ ਲੋਕਾਂ ਦੀ ਮਹਿਲਾ ਕ੍ਰਿਕਟ ਵੱਲ ਬਹੁਤ ਦਿਲਚਸਪੀ ਵਧ ਗਈ ਹੈ। ਹੁਣ ਤੱਕ ਖੇਡੇ ਮੈਚਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਦੀ ਟੀਮ ਨਾਲ ਹੋਇਆ, ਜਿਸ ਵਿਚ ਟਾਸ ਭਾਵੇਂ ਇੰਗਲੈਂਡ ਨੇ ਜਿੱਤਿਆ ਸੀ ਪਰ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਉਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ 281 ਦੌੜਾਂ ਦਾ ਸਕੋਰ ਬਣਾ ਦਿੱਤਾ। ਭਾਰਤੀ ਟੀਮ ਨੇ ਸਿਰਫ਼ ਤਿੰਨ ਵਿਕਟਾਂ ਹੀ ਗੁਆਈਆਂ ਸਨ, ਜਿਸ ਵਿਚ ਭਾਰਤੀ ਖਿਡਾਰਨ ਸੁਮਰਿਤੀ ਮੰਧਾਨਾ ਨੇ 72 ਗੇਂਦਾਂ ਖੇਡ ਕੇ 90 ਦੌੜਾਂ ਬਣਾ ਕੇ ਸ਼ਾਨਦਾਰ ਪਾਰੀ ਖੇਡੀ। ਇਸੇ ਤਰ੍ਹਾਂ ਪੂਨਮ ਰਾਓਤ ਨੇ 86 ਅਤੇ ਭਾਰਤੀ ਕਪਤਾਨ ਮਿਤਾਲੀ ਰਾਜ ਨੇ 71 ਦੌੜਾਂ ਦੀ ਪਾਰੀ ਖੇਡੀ, ਜਿਸ ਸਦਕਾ ਭਾਰਤੀ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿਚ ਕਾਮਯਾਬ ਹੋ ਗਈ।
ਭਾਰਤੀ ਟੀਮ ਦੁਆਰਾ ਦਿੱਤੇ ਟੀਚੇ ਦਾ ਪਿੱਛਾ ਕਰਨ ਲਈ ਉੱਤਰੀ ਇੰਗਲੈਂਡ ਦੀ ਟੀਮ ਨੇ ਠੀਕ ਜਿਹੀ ਸ਼ੁਰੂਆਤ ਕੀਤੀ, 33 ਦੌੜਾਂ 'ਤੇ ਪਹਿਲੀ ਵਿਕਟ ਗੁਆ ਦਿੱਤੀ। ਇੰਗਲੈਂਡ ਤਰਫ਼ੋਂ ਫਰੈਨ ਵਿਲਸਨ (81) ਤੇ ਹੀਥਰ ਨਾਇਨ (46) ਤੋਂ ਇਲਾਵਾ ਕਿਸੇ ਨੇ ਕੋਈ ਖਾਸ ਦੌੜਾਂ ਨਹੀਂ ਬਣਾਈਆਂ ਅਤੇ ਆਖਰ ਨੂੰ 246 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਦੀ ਗੇਂਦਬਾਜ਼ ਦੀਪਤੀ ਸ਼ਰਮਾ ਨੇ 3 ਖਿਡਾਰਨਾਂ ਨੂੰ ਆਊਟ ਕੀਤਾ ਤੇ ਭਾਰਤ ਨੇ 35 ਦੌੜਾਂ ਦੇ ਫ਼ਰਕ ਨਾਲ ਮੈਚ ਜਿੱਤ ਲਿਆ। ਭਾਰਤ ਦੀ ਇੰਗਲੈਂਡ 'ਤੇ ਪਿਛਲੇ 5 ਸਾਲਾਂ ਵਿਚ ਪਹਿਲੀ ਜਿੱਤ ਸੀ। ਦੂਸਰਾ ਮੈਚ 29 ਜੂਨ ਨੂੰ ਵੈਸਟ ਇੰਡੀਜ਼ ਦੀ ਟੀਮ ਨਾਲ ਹੋਇਆ। ਇਸ ਮੈਚ ਵਿਚ ਵੀ ਭਾਰਤੀ ਟੀਮ ਨੇ ਆਪਣਾ ਜੇਤੂ ਰਥ ਰੁਕਣ ਨਾ ਦਿੱਤਾ ਤੇ ਚੰਗੀ ਖੇਡ ਬਦਲੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਦੇ ਟਾਸ ਜਿੱਤਣ ਦੇ ਬਾਵਜੂਦ ਕਪਤਾਨ ਮਿਤਾਲੀ ਰਾਜ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਗੇਂਦਬਾਜ਼ੀ ਕਰਦਿਆਂ ਭਾਰਤੀ ਟੀਮ ਦੀਆਂ ਸਪਿੰਨਰਾਂ ਦੀ ਕਸੀ ਹੋਈ ਗੇਂਦਬਾਜ਼ੀ ਸਦਕਾ ਵੈਸਟ ਇੰਡੀਜ਼ ਨੂੰ ਕੋਈ ਵੱਡਾ ਸਕੋਰ ਬਣਾਉਣ ਵਿਚ ਕਾਮਯਾਬ ਨਾ ਹੋਣ ਦਿੱਤਾ।
ਲੈਗ ਸਪਿੰਨਰ ਪੂਨਮ ਯਾਦਵ ਨੇ 10 ਓਵਰਾਂ ਵਿਚ ਸਿਰਫ਼ 19 ਦੌੜਾਂ ਦਿੱਤੀਆਂ ਤੇ 2 ਵਿਕਟਾਂ ਹਾਸਲ ਕੀਤੀਆਂ। ਆਫ਼ ਸਪਿੰਨਰ ਦੀਪਤੀ ਸ਼ਰਮਾ ਨੇ 10 ਓਵਰਾਂ ਵਿਚ 27 ਦੌੜਾਂ ਦੇ ਕੇ 2 ਖਿਡਾਰਨਾਂ ਨੂੰ ਆਊਟ ਕੀਤਾ। ਇਸੇ ਤਰ੍ਹਾਂ ਏਕਤਾ ਵਿਸ਼ਟ ਨੇ 10 ਓਵਰਾਂ ਵਿਚ 23 ਦੌੜਾਂ ਦੇ ਕੇ 1 ਖਿਡਾਰਨ ਨੂੰ ਆਊਟ ਕੀਤਾ। ਭਾਵੇਂ ਹਰਮਨਪ੍ਰੀਤ ਦੇ 7 ਓਵਰਾਂ ਵਿਚ 42 ਦੌੜਾਂ ਬਣਾਈਆਂ ਪਰ 2 ਖਿਡਾਰਨਾਂ ਨੂੰ ਆਊਟ ਕਰਨ ਵਿਚ ਹਰਮਨਪ੍ਰੀਤ ਜ਼ਰੂਰ ਕਾਮਯਾਬ ਹੋਈ। ਵੈਸਟ ਇੰਡੀਜ਼ ਦੁਆਰਾ ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕੋਈ ਚੰਗੀ ਨਹੀਂ ਹੋਈ ਸੀ। ਜ਼ੀਰੋ ਸਕੋਰ 'ਤੇ ਇਕ ਵਿਕਟ ਡਿੱਗ ਗਈ। ਪਰ ਇਸ ਮੈਚ ਵਿਚ ਸਮਰਿਤੀ ਮੰਧਾਨਾ ਦੇ ਅਜੇਤੂ ਸੈਂਕੜੇ ਨੇ ਭਾਰਤੀ ਟੀਮ ਦੀ ਜਿੱਤ ਯਕੀਨੀ ਬਣਾ ਦਿੱਤੀ। 108 ਗੇਂਦਾਂ ਦਾ ਸਾਹਮਣਾ ਕਰਕੇ ਸਮਰਿਤੀ ਨੇ 106 ਦੌੜਾਂ ਬਣਾਈਆਂ। ਸਮਰਿਤੀ ਮੰਧਾਨਾ ਦੇ ਕੈਰੀਅਰ ਦਾ ਇਹ ਦੂਸਰਾ ਸੈਂਕੜਾ ਸੀ। ਸਮਰਿਤੀ ਦਾ ਸਾਥ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ 46 ਦੌੜਾਂ ਦੀ ਪਾਰੀ ਖੇਡ ਕੇ ਚੰਗਾ ਸਾਥ ਦਿੱਤਾ। ਭਾਵੇਂ ਮਿਤਾਲੀ ਲਗਾਤਾਰ 8ਵੇਂ ਮੈਚ ਵਿਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ ਪਰ ਭਾਰਤ ਦੀ ਜਿੱਤ ਜ਼ਰੂਰ ਆਪਣੀ ਝੋਲੀ ਪਾ ਲਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਧਨੌਲਾ (ਬਰਨਾਲਾ)-148105. ਮੋਬਾ: 97810-48055

ਦੇਸ਼ ਲਈ ਭਵਿੱਖ ਦਾ ਚੰਗਾ ਬੈਡਮਿੰਟਨ ਖਿਡਾਰੀ ਸਾਬਤ ਹੋਵੇਗਾ ਪੁਨੀਤ ਪਠਾਨਕੋਟ

ਪੁਨੀਤ ਪਠਾਨਕੋਟ ਦੇ ਨਰੋਟ ਮਹਿਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ 10+2 ਦਾ ਵਿਦਿਆਰਥੀ ਹੈ ਅਤੇ ਉਸ ਨੇ ਸਕੂਲ ਪੜ੍ਹਦਿਆਂ ਹੀ ਅਪਾਹਜ ਹੁੰਦੇ ਹੋਏ ਵੀ ਬੈਡਮਿੰਟਨ ਦੀ ਖੇਡ ਵਿਚ ਚੰਗੀਆਂ ਪ੍ਰਾਪਤੀਆਂ ਕਰਕੇ ਇਹ ਸਾਬਤ ਕਰ ਵਿਖਾਇਆ ਹੈ ਕਿ ਉਸ ਤੋਂ ਭਵਿੱਖ ਵਿਚ ਦੇਸ਼ ਲਈ ਚੰਗੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ। ਪੁਨੀਤ ਦਾ ਜਨਮ 25 ਅਗਸਤ, 1998 ਨੂੰ ਪਿਤਾ ਰਵਿੰਦਰ ਕੁਮਾਰ ਦੇ ਘਰ ਮਾਤਾ ਸੁਨੀਤਾ ਦੇਵੀ ਦੀ ਕੁੱਖੋਂ ਪਠਾਨਕੋਟ ਦੇ ਨਰੋਟ ਮਹਿਰਾ ਵਿਚ ਹੋਇਆ। ਪੁਨੀਤ ਅਜੇ 13 ਸਾਲ ਦੀ ਬਾਲ ਉਮਰੇ ਸੀ ਕਿ ਉਹ ਕਰੰਟ ਦੀ ਭਿਆਨਕ ਲਪੇਟ ਵਿਚ ਆ ਗਿਆ ਅਤੇ ਇਹ ਕਰੰਟ ਆਖਰ ਉਸ ਨੂੰ ਸੱਜੇ ਹੱਥ ਤੋਂ ਅਪਾਹਜ ਕਰ ਗਿਆ। ਹੁਣ 13 ਸਾਲਾਂ ਦਾ ਪੁਨੀਤ ਖੱਬੇ ਹੱਥ ਨਾਲ ਹੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਪੜ੍ਹਨ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਲੈਣ ਲੱਗਿਆ ਅਤੇ ਆਪਣੇ ਕੋਚ ਪੰਕਜ ਦੱਤਾ ਕੋਲੋਂ ਬੈਡਮਿੰਟਨ ਖੇਡਣ ਦੇ ਦਾਅ ਪੇਚ ਸਿੱਖਣ ਲੱਗਿਆ।
ਕੋਚ ਪੰਕਜ ਦੱਤਾ ਦੀ ਰਹਿਨੁਮਾਈ ਤੇ ਪੁਨੀਤ ਦੀ ਮਿਹਨਤ ਰੰਗ ਲਿਆਈ ਅਤੇ ਸੰਨ 2015 ਵਿਚ ਓਪਨ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਹੋਈ, ਵਿਚ ਭਾਗ ਲਿਆ ਅਤੇ ਉਸ ਤੋਂ ਬਾਅਦ ਬੰਗਲੌਰ ਵਿਖੇ ਸੰਨ 2015 ਵਿਚ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਉਸ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2017 ਵਿਚ 6ਵੀਂ ਸਪੈਨਸ਼ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਵੀ ਉਸ ਨੂੰ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਸੰਨ 2017 ਵਿਚ ਬੰਗਲੌਰ ਵਿਖੇ ਹੋਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਕੁਆਰਟਰ ਫਾਈਨਲ ਤੱਕ ਖੇਡਿਆ ਅਤੇ ਇਥੇ ਹੀ ਬੱਸ ਨਹੀਂ, ਉਹ ਇਕ ਦੌੜਾਕ ਵਜੋਂ 100 ਮੀਟਰ ਅਤੇ 200 ਮੀਟਰ ਦੌੜ ਵਿਚ ਵੀ ਸੂਬਾ ਪੱਧਰ 'ਤੇ ਖੇਡ ਚੁੱਕਾ ਹੈ। ਪੁਨੀਤ ਦੀ ਭੈਣ ਸਿਮਰਨ ਧੀਮਾਨ ਵੀ ਨੈਸ਼ਨਲ ਪੱਧਰ ਦੀ ਬੈਡਮਿੰਟਨ ਖਿਡਾਰਨ ਹੈ। ਪੁਨੀਤ ਨੇ ਦੱਸਿਆ ਕਿ ਉਸ ਦਾ ਨਿਸ਼ਾਨਾ ਹੈ ਕਿ ਉਹ ਇਕ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਸ ਨੂੰ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਜ਼ਰੂਰ ਜਗ੍ਹਾ ਮਿਲੇਗੀ, ਜਿਸ ਦੀ ਉਹ ਹੁਣ ਤੋਂ ਹੀ ਤਿਆਰੀ ਕਰ ਰਿਹਾ ਹੈ। ਮੇਰੀਆਂ ਸ਼ੁੱਭ ਇਛਾਵਾਂ ਪੁਨੀਤ ਦੇ ਨਾਲ ਹਨ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ।
ਮੋਬਾ: 98551-14484

ਅਥਲੈਟਿਕਸ 'ਚ ਕਿਉਂ ਪੱਛੜ ਗਏ ਪੰਜਾਬੀ?

ਹਾਲ ਹੀ ਵਿਚ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਵਿਖੇ ਨੇਪਰੇ ਚੜ੍ਹੀ 22ਵੀਂ ਏਸ਼ੀਅਨ ਅਥਲੈਟਿਕਸ ਮੀਟ 'ਚ ਭਾਰਤੀ ਅਥਲੀਟਾਂ ਨੇ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕਰਕੇ ਨਵਾਂ ਇਤਿਹਾਸ ਸਿਰਜਿਆ। ਪਰ ਇਸ ਵੱਡੀ ਪ੍ਰਾਪਤੀ 'ਚ ਪੰਜਾਬੀਆਂ ਦਾ ਯੋਗਦਾਨ ਬਹੁਤ ਘੱਟ ਰਿਹਾ। ਕਿਸੇ ਵੇਲੇ ਅਥਲੈਟਿਕਸ 'ਚ ਦੇਸ਼ ਦੇ ਝੰਡਾਬਰਦਾਰ ਰਹੇ ਪੰਜਾਬ ਦੇ ਅਥਲੀਟਾਂ ਨੇ ਉਕਤ ਚੈਂਪੀਅਨਸ਼ਿਪ 'ਚ ਸਿਰਫ 3 ਤਗਮੇ ਜਿੱਤੇ, ਜਿਨ੍ਹਾਂ 'ਚ ਸੋਨ, ਚਾਂਦੀ ਅਤੇ ਕਾਂਸੀ ਦਾ 1-1 ਤਗਮਾ ਸ਼ਾਮਿਲ ਸੀ। ਕੋਈ ਸਮਾਂ ਸੀ ਕਿ ਭਾਰਤੀ ਅਥਲੀਟਾਂ ਦੀਆਂ ਪ੍ਰਾਪਤੀਆਂ 'ਚ ਪੰਜਾਬੀਆਂ ਦਾ 90 ਫੀਸਦੀ ਯੋਗਦਾਨ ਹੁੰਦਾ ਸੀ ਪਰ ਹੁਣ ਇਹ ਹਿੱਸਾ ਘਟ ਕੇ 8 ਫੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਪੰਜਾਬ ਦੇ ਇਸ ਹੇਠਾਂ ਆਏ ਗ੍ਰਾਫ ਪਿੱਛੇ ਬਹੁਤ ਸਾਰੇ ਕਾਰਨ ਛੁਪੇ ਹੋਏ ਹਨ, ਜਿਨ੍ਹਾਂ ਦਾ ਹੱਲ ਲੱਭਣ ਦੀ ਸਖ਼ਤ ਜ਼ਰੂਰਤ ਹੈ।
ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਪਦਮ ਸ੍ਰੀ ਬਹਾਦਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਕਿਸੇ ਸਮੇਂ ਦੇਸ਼ ਦੀਆਂ ਅਥਲੈਟਿਕਸ 'ਚ ਪ੍ਰਾਪਤੀਆਂ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੁੰਦਾ ਸੀ, ਪਰ ਹੁਣ ਸਾਡੇ ਅਥਲੀਟ ਟਰੈਕ ਈਵੈਂਟਸ ਤਾਂ ਕੌਮੀ ਟੀਮ 'ਚ ਥਾਂ ਹੀ ਨਹੀਂ ਬਣਾ ਸਕੇ ਅਤੇ ਫੀਲਡ ਈਵੈਂਟਸ 'ਚ ਹੀ ਪੰਜਾਬੀਆਂ ਨੇ ਤਿੰਨ ਤਗਮੇ ਜਿੱਤੇ। ਇਸ ਦਾ ਵੱਡਾ ਕਾਰਨ ਪੰਜਾਬ 'ਚ ਖਿਡਾਰੀਆਂ ਦੀ ਹੋ ਰਹੀ ਅਣਦੇਖੀ ਹੈ। ਸ: ਚੌਹਾਨ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋਂ ਵੀ ਗੁਆਂਢੀ ਰਾਜ ਹਰਿਆਣਾ ਵਾਲੀ ਖੇਡ ਨੀਤੀ ਅਪਣਾਉਣੀ ਚਾਹੀਦੀ ਹੈ, ਜਿਸ ਸਦਕਾ ਨਵੀਂ ਪੀੜ੍ਹੀ ਖੇਡਾਂ ਵੱਲ ਆਪਣੇ-ਆਪ ਆਕਰਸ਼ਤ ਹੋਵੇਗੀ। ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਵੱਡੇ ਇਨਾਮਾਂ ਨੇ ਇਸ ਰਾਜ 'ਚ ਖੇਡ ਸੱਭਿਆਚਾਰ ਸਿਖਰ 'ਤੇ ਪਹੁੰਚਾ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਮੁੱਚੇ ਖੇਡ ਢਾਂਚੇ ਨੂੰ ਦਰੁਸਤ ਕਰਨ ਲਈ ਰਾਜ ਦੀਆਂ ਵਿੱਦਿਅਕ ਸੰਸਥਾਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਦੇ ਸਕੂਲਾਂ 'ਚ ਕੰਮ ਕਰਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਸਕੂਲਾਂ ਦੀ ਬਜਾਏ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ, ਭਾਵ ਉਹ ਸਕੂਲਾਂ 'ਚ ਹਾਜ਼ਰ ਹੋਣ ਦੀ ਥਾਂ ਸਵੇਰੇ-ਸ਼ਾਮ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ। ਰਾਜ ਸਰਕਾਰ ਖਿਡਾਰੀਆਂ ਲਈ ਲੋੜੀਂਦਾ ਬਜਟ ਰੱਖੇ ਅਤੇ ਖਿਡਾਰੀਆਂ ਦੀਆਂ ਇਨਾਮੀ ਰਾਸ਼ੀਆਂ ਅਤੇ ਸਹੂਲਤਾਂ 'ਚ ਵਾਧਾ ਕਰੇ।
ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤਬੀਰ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਥਲੈਟਿਕਸ ਦੇ ਖੇਤਰ 'ਚ ਪੰਜਾਬ ਦਾ ਗ੍ਰਾਫ਼ ਕਾਫੀ ਨੀਵਾਂ ਚਲਾ ਗਿਆ ਸੀ। ਜਦੋਂ ਤੋਂ ਉਨ੍ਹਾਂ ਦੀ ਟੀਮ ਨੇ ਐਸੋਸੀਏਸ਼ਨ ਦੀ ਕਮਾਂਡ ਸੰਭਾਲੀ ਹੈ, ਕੌਮੀ ਪੱਧਰ 'ਤੇ ਪੰਜਾਬ ਦੇ ਪ੍ਰਤੀਯੋਗੀਆਂ 'ਚ ਦੁੱਗਣਾ ਵਾਧਾ ਹੋਇਆ ਹੈ ਅਤੇ ਪ੍ਰਾਪਤੀਆਂ 'ਚ ਵੀ ਸੁਧਾਰ ਹੋਇਆ ਹੈ। ਰਾਜ 'ਚ ਕੌਮੀ ਪੱਧਰ ਦੇ ਮੁਕਾਬਲੇ ਲਗਾਤਾਰ ਕਰਵਾਏ ਜਾਣ ਲੱਗੇ ਹਨ। ਜਲਦੀ ਹੀ ਕੌਮਾਂਤਰੀ ਪੱਧਰ 'ਤੇ ਵੱਡੀ ਗਿਣਤੀ 'ਚ ਪੰਜਾਬੀ ਅਥਲੀਟ ਜੇਤੂ ਮੰਚਾਂ 'ਤੇ ਨਜ਼ਰ ਆਉਣਗੇ। ਸ੍ਰੀ ਸਤਬੀਰ ਸਿੰਘ ਨੇ ਦੱਸਿਆ ਕਿ ਏਸ਼ੀਅਨ ਮੀਟ 'ਚ ਜੇਤੂ ਪੰਜਾਬੀ ਅਥਲੀਟਾਂ ਨੂੰ ਉਨ੍ਹਾਂ ਦੀ ਐਸੋਸੀਏਸ਼ਨ ਨਕਦ ਇਨਾਮਾਂ ਨਾਲ ਨਿਵਾਜੇਗੀ। ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਪੰਜਾਬਣ ਗੋਲਾ ਸੁਟਾਵੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਉਲੰਪਿਕ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ ਅਤੇ ਏਸ਼ੀਅਨ ਚੈਂਪੀਅਨ ਬਣ ਚੁੱਕੀ ਹੈ। ਇੰਨੀਆਂ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਸ ਨੂੰ ਕੋਈ ਬਣਦਾ ਇਨਾਮ ਜਾਂ ਸਹੂਲਤ ਨਹੀਂ ਦਿੱਤੀ, ਜਿਸ ਤੋਂ ਅੱਕ ਕੇ ਰੇਲਵੇ ਦੀ ਮੁਲਾਜ਼ਮ ਮਨਪ੍ਰੀਤ ਨੇ ਹਰਿਆਣਾ ਵੱਲੋਂ ਖੇਡਣ ਦਾ ਫੈਸਲਾ ਕੀਤਾ ਹੈ ਅਤੇ ਪਿਛਲੇ ਮਹੀਨੇ ਉਹ ਕੌਮੀ ਫੈਡਰੇਸ਼ਨ ਕੱਪ 'ਚੋਂ ਹਰਿਆਣਾ ਦੀ ਤਰਫੋਂ ਖੇਡੀ ਅਤੇ ਚੈਂਪੀਅਨ ਬਣੀ।
ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜੇਤੂ ਗੋਲਾ ਸੁਟਾਵਾ ਤੇਜਿੰਦਰਪਾਲ ਸਿੰਘ ਤੂਰ ਪਿੰਡ ਖੋਸਾ ਪਾਂਡੋ, ਜ਼ਿਲ੍ਹਾ ਮੋਗਾ (ਇੰਡੀਅਨ ਨੇਵੀ) ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਪੰਜਾਬ ਲਈ ਕੌਮੀ ਪੱਧਰ 'ਤੇ ਨਾਮਣਾ ਖੱਟ ਰਿਹਾ ਹੈ ਅਤੇ ਉਹ ਆਪਣੇ ਘਰ ਦੀ ਹਾਲਤ ਸਧਾਰਨ ਹੋਣ ਦੇ ਬਾਵਜੂਦ ਪੱਲਿਓਂ ਖਰਚ ਕਰਕੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਰਿਹਾ ਹੈ। ਉਕਤ ਚੈਂਪੀਅਨਸ਼ਿਪ 'ਚ ਕਾਂਸੀ ਦਾ ਜੇਤੂ ਤੇ ਭਾਰਤੀ ਸੈਨਾ ਦੇ ਜਵਾਨ ਦਵਿੰਦਰ ਸਿੰਘ ਕੰਗ ਪਿੰਡ ਚੱਕ ਸ਼ਕੂਰ (ਜ਼ਿਲ੍ਹਾ ਜਲੰਧਰ) ਵੀ ਨਿੱਜੀ ਖਰਚੇ 'ਤੇ ਏਸ਼ੀਆ ਪੱਧਰ ਦੀਆਂ ਪ੍ਰਾਪਤੀਆਂ ਕਰ ਰਿਹਾ ਹੈ, ਜਿਸ ਦੀ ਵੀ ਅਜੇ ਤੱਕ ਰਾਜ ਸਰਕਾਰ ਨੇ ਸਾਰ ਨਹੀਂ ਲਈ। ਜ਼ਿਕਰਯੋਗ ਹੈ ਕਿ ਉਕਤ ਤਿੰਨੇ ਹੀ ਅਥਲੀਟ ਕੇਂਦਰ ਸਰਕਾਰ ਦੇ ਮਹਿਕਮਿਆਂ 'ਚ ਤਾਇਨਾਤ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਹੋਰਨਾਂ ਰਾਜਾਂ ਜਾਂ ਕੇਂਦਰ ਸਰਕਾਰ ਦੇ ਅਦਾਰਿਆਂ ਵੱਲ ਰੁਜ਼ਗਾਰ ਲਈ ਝਾਕਣਾ ਪੈਂਦਾ ਹੈ। ਸਮੁੱਚੀ ਚਰਚਾ ਤੋਂ ਸਿੱਟਾ ਨਿਕਲਦਾ ਹੈ ਕਿ ਪੰਜਾਬ ਦੀ ਅਥਲੈਟਿਕਸ ਦਾ ਵਕਾਰ ਬਹਾਲ ਕਰਨ ਲਈ ਨਵੀਂ ਪਨੀਰੀ ਨੂੰ ਸਹੂਲਤਾਂ ਅਤੇ ਨਾਮਣਾ ਖੱਟ ਰਹੇ ਅਥਲੀਟਾਂ ਨੂੰ ਢੁਕਵਾਂ ਸਨਮਾਨ ਦਿੱਤਾ ਜਾਵੇ।


-ਪਟਿਆਲਾ। ਮੋਬਾ: 97795-90575

ਜਦੋਂ ਕਿਨਰ ਅਥਲੀਟ ਰਾਗਨੀ ਨੇ ਪਹਿਲੀ ਵਾਰ 100 ਮੀਟਰ ਫਰਾਟਾ ਦੌੜ ਜਿੱਤੀ

ਰਾਗਿਨੀ ਨੂੰ ਅਥਲੈਟਿਕਸ ਦਾ ਕੋਈ ਪਹਿਲਾ ਤਜਰਬਾ ਨਹੀਂ ਹੈ, ਪਰ ਉਸ ਨੇ ਸਿਰਫ 10 ਦਿਨ ਦੇ ਅਭਿਆਸ ਦੇ ਬਾਅਦ 100 ਮੀਟਰ ਫਰਾਟਾ ਦੌੜ ਰਿਕਾਰਡ 12.8 ਸਕਿੰਟਾਂ ਵਿਚ ਜਿੱਤ ਲਿਆ। ਵਰਤਮਾਨ ਰਾਸ਼ਟਰੀ ਸਪ੍ਰਿੰਟ ਚੈਂਪੀਅਨ ਰਿਕਾਰਡ ਡੂਟੀ ਚੰਦ ਦਾ 11.24 ਸਕਿੰਟਾਂ ਦਾ ਹੈ, ਫਿਰ ਰਾਗਿਨੀ ਦੀ ਦੌੜ ਵਿਚ ਇਸ ਤਰ੍ਹਾਂ ਦੀ ਕੀ ਖ਼ਾਸ ਗੱਲ ਰਹੀ ਕਿ ਉਸ ਨੂੰ ਰਿਕਾਰਡ ਕਿਹਾ ਜਾ ਰਿਹਾ ਹੈ? ਰਾਗਿਨੀ ਕਿਨਰ ਹੈ ਅਤੇ ਉਹ ਭਾਰਤ ਦੀ ਪਹਿਲਾਂ ਟ੍ਰਾਂਸਜੈਂਡਰ ਹੈ ਜੋ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੀ ਸੀ, ਜਿਸ ਨੂੰ ਹਾਲ ਹੀ ਵਿਚ ਸਿਰਫ ਰਾਜ ਖੇਡ ਪ੍ਰੀਸ਼ਦ ਨੇ ਥਿਰੂਵਾਨੰਥਨਪੁਰਮ ਵਿਚ ਆਯੋਜਿਤ ਕੀਤਾ ਸੀ।
ਇਕ ਦਿਨਾ ਇਸ ਪ੍ਰਤੀਯੋਗਤਾ ਵਿਚ ਕੇਰਲ ਦੇ 14 ਜ਼ਿਲ੍ਹਿਆਂ ਵਿਚੋਂ 100 ਤੋਂ ਜ਼ਿਆਦਾ ਕਿਨਰਾਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਵਿਚ 100 ਮੀਟਰ, 200 ਮੀਟਰ, 400 ਮੀਟਰ, 4×100 ਰਿਲੇ ਦੌੜ, ਗੋਲਾ ਸੁੱਟ ਅਤੇ ਲੰਬੀ ਛਾਲ ਮੁਕਾਬਲੇ ਰੱਖੇ ਗਏ ਸਨ। ਰਾਗਿਨੀ ਦਾ ਸਬੰਧ ਮੱਲਾਪੁਰਮ ਨਾਲ ਹੈ। ਜਦੋਂ ਉਹ ਆਪਣੇ ਪ੍ਰਬੰਧਕ ਵਿਜੀ ਦੇ ਨਾਲ ਆਪਣੇ ਘਰ ਆਈ ਤਾਂ ਰੇਲਵੇ ਸਟੇਸ਼ਨ 'ਤੇ ਸਵਾਗਤ ਕਰਨ ਵਾਲਿਆਂ, ਵਧਾਈ ਦੇਣ ਵਾਲਿਆਂ ਤੇ ਪ੍ਰਸੰਸਕਾਂ ਦੀ ਭਾਰੀ ਭੀੜ ਜਮ੍ਹਾਂ ਸੀ। ਜਸ਼ਨ ਦਾ ਮਾਹੌਲ ਸੀ। ਕਿਨਰਾਂ ਨੂੰ ਇਸ ਰੂਪ ਵਿਚ ਸਮਾਜ ਨੇ ਸਵੀਕਾਰ ਕਰ ਲਿਆ ਸੀ। ਵਿਜੀ ਦੇ ਅਨੁਸਾਰ, 'ਜਿਨ੍ਹਾਂ ਦੋਸਤਾਂ ਅਤੇ ਪ੍ਰਸੰਸਕਾਂ ਨੇ ਸਾਡਾ ਸਵਾਗਤ ਕੀਤਾ ਉਨ੍ਹਾਂ ਦੀਆਂ ਅੱਖਾਂ ਵਿਚ ਇਕ ਨਵੀਂ ਚਮਕ ਸਾਨੂੰ ਦਿਖਾਈ ਦਿੱਤੀ। ਇਸ ਤੋਂ ਜ਼ਿਆਦਾ ਕੀ ਮੰਗਿਆ ਜਾ ਸਕਦਾ ਸੀ?'
ਕੇਰਲ ਦੇ ਸਮਾਜਿਕ ਨਿਆਂ ਵਿਭਾਗ ਨੇ 2014 ਵਿਚ ਇਕ ਡੂੰਘੇ ਸਰਵੇਖਣ ਦੇ ਬਾਅਦ ਸੂਬੇ ਲਈ ਟ੍ਰਾਂਸਜੈਂਡਰ ਨੀਤੀ ਗਠਿਤ ਕੀਤੀ ਸੀ ਤਾਂ ਕਿ ਟ੍ਰਾਂਸਜੈਂਡਰਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਲਾਗੂ ਕੀਤਾ ਜਾ ਸਕੇ ਅਤੇ ਇਸ ਭਾਈਚਾਰੇ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਦੇ ਹੋਏ ਉਨ੍ਹਾਂ ਦਾ ਮਜ਼ਬੂਤੀਕਰਨ ਕੀਤਾ ਜਾ ਸਕੇ। ਇਹ ਖੇਡ ਪ੍ਰਤੀਯੋਗਤਾ ਉਸੇ ਨੀਤੀ ਦਾ ਹਿੱਸਾ ਹੈ ਤਾਂ ਕਿ ਕਾਨੂੰਨ ਅਤੇ ਉਸ ਨੂੰ ਲਾਗੂ ਕਰਨ ਦੇ ਸੰਦਰਭ ਵਿਚ ਜੋ ਫਰਕ ਹੈ ਉਸ ਨੂੰ ਘੱਟ ਕੀਤਾ ਜਾ ਸਕੇ। 400 ਮੀਟਰ ਦੌੜ ਜਿੱਤਣ ਵਾਲੀ ਕਮੀਲਾ ਨੂੰ ਉਮੀਦ ਹੈ ਕਿ ਇਕ ਦਿਨ ਕੋਈ ਟ੍ਰਾਂਸਜੈਂਡਰ ਦੇਸ਼ ਲਈ ਕੌਮੀ ਤਗਮਾ ਜਿੱਤੇਗਾ। ਪਰ ਇਹ ਤਦੇ ਸੰਭਵ ਹੈ ਜੇਕਰ ਟ੍ਰਾਂਸਜੈਂਡਰਾਂ ਨੂੰ ਕਮੀਲਾ ਵਰਗਾ ਅਪਮਾਨ ਸਕੂਲਾਂ ਵਿਚ ਬਰਦਾਸ਼ਤ ਨਾ ਕਰਨਾ ਪਿਆ ਹੋਵੇ। ਕਮੀਲਾ ਜਦੋਂ ਸਕੂਲ ਵਿਚ ਸੀ ਤਾਂ ਉਨ੍ਹਾਂ ਨੂੰ ਖੇਡ ਨੂੰ ਗੰਭੀਰਤਾ ਨਾਲ ਲੈਣ ਲਈ ਮਨ੍ਹਾਂ ਕੀਤਾ ਜਾਂਦਾ ਸੀ। ਉਨ੍ਹਾਂ ਅਨੁਸਾਰ, 'ਮੈਂ ਅਥਲੈਟਿਕਸ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਂ ਪੁਰਸ਼ਾਂ ਦੀ ਟੀਮ ਵਿਚ ਹਿੱਸਾ ਲੈਂਦੀ ਤਾਂ ਮੇਰੀ ਔਰਤਾਂ ਵਰਗੀ ਨਜ਼ਾਕਤ 'ਤੇ ਵਿਅੰਗ ਕੀਤੇ ਜਾਂਦੇ ਅਤੇ ਜਦੋਂ ਮੈਂ ਮੁੰਡਿਆਂ ਦੀ ਟੀਮ ਵਿਚ ਹਿੱਸਾ ਲੈਣ ਲਈ ਬੇਨਤੀ ਕਰਦੀ ਤਾਂ ਕੋਚ ਨੇ ਮੇਰਾ ਮਜ਼ਾਕ ਉਡਾਇਆ। ਖੇਡ ਤਾਂ ਖੇਡ ਹੈ, ਫਿਰ ਇਸ ਗੱਲ ਦੀ ਪਰਵਾਹ ਕਿਉਂ ਕੀਤੀ ਜਾਂਦੀ ਹੈ।'
ਹੁਣ ਸਵਾਲ ਇਹ ਹੈ ਕਿ ਕੇਰਲ ਦੀ ਪ੍ਰਤੀਯੋਗਤਾ ਦੇ ਜੇਤੂ ਇਥੋਂ ਕਿੱਥੇ ਜਾਣਗੇ? ਕੀ ਇਹ ਅਥਲੀਟ ਏਨੇ ਪ੍ਰੇਰਿਤ ਰਹਿਣਗੇ ਕਿ ਖੇਡਾਂ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ। ਖ਼ਾਸ ਕਰਕੇ ਜਦੋਂ ਨੌਕਰੀਆਂ ਤੇ ਪੈਸੇ ਦੀ ਕਮੀ ਹੈ? ਇਨ੍ਹਾਂ ਵਰਗੇ ਹੋਰ ਅਨੇਕਾਂ ਪ੍ਰਸ਼ਨਾਂ ਦਾ ਕਿਸੇ ਦੇ ਕੋਲ ਫਿਲਹਾਲ ਕੋਈ ਉੱਤਰ ਨਹੀਂ ਹੈ। ਪਰ ਏਨਾ ਤੈਅ ਹੈ ਕਿ ਕੇਰਲ ਵਿਚ ਇਕ ਸ਼ੁਰੂਆਤ ਜ਼ਰੂਰ ਹੋਈ ਹੈ, ਇਤਿਹਾਸ ਰਚਿਆ ਗਿਆ ਹੈ। ਹੁਣ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਟ੍ਰਾਂਸਜੈਂਡਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਸੰਵਾਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਨਾ ਸਿਰਫ ਸੂਬਿਆਂ ਵਿਚ ਆਯੋਜਿਤ ਹੋਣ ਬਲਕਿ ਰਾਸ਼ਟਰੀ ਪੱਧਰ 'ਤੇ ਵੀ ਇਨ੍ਹਾਂ ਦਾ ਆਯੋਜਨ ਕੀਤਾ ਜਾਵੇ।


-ਇਮੇਜ ਰਿਫਲੈਕਸ਼ਨ ਸੈਂਟਰ

ਪੰਜਾਬ ਨੂੰ ਖੇਡਾਂ ਵਿਚ ਮੁੜ ਸੁਰਜੀਤ ਕਰਨ ਦੀ ਲੋੜ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਖੁੱਲ੍ਹਾ ਸੁਭਾਅ ਤੇ ਖੁੱਲ੍ਹਾ ਖਾਣਾ-ਪੀਣਾ ਪੰਜਾਬੀਆਂ ਦੇ ਖੂਨ ਵਿਚ ਹੈ। ਪੰਜਾਬੀ ਹਰ ਕੰਮ ਵਿਚ ਅੱਗੇ ਰਹਿੰਦੇ ਹਨ, ਭਾਵੇਂ ਜੰਗ ਦਾ ਮੈਦਾਨ ਹੋਵੇ, ਭਾਵੇਂ ਖੇਡ ਦਾ ਮੈਦਾਨ ਹੋਵੇ, ਪੰਜਾਬੀ ਹਰ ਕੰੰਮ ਨੂੰ ਬਹੁਤ ਮਿਹਨਤ ਅਤੇ ਜਨੂਨ ਨਾਲ ਕਰਦੇ ਹਨ। ਜੇਕਰ ਗੱਲ ਖੇਡਾਂ ਦੀ ਕਰੀਏ ਤਾਂ ਇਸ ਖੇਤਰ ਵਿਚ ਵੀ ਪੰਜਾਬੀਆ ਨੇ ਝੰਡੇ ਗੱਡੇ ਹਨ। ਸਾਈਕਲਿੰਗ, ਹਾਕੀ, ਜੂਡੋ, ਬਾਕਸਿੰਗ, ਨਿਸ਼ਾਨੇਬਾਜ਼ੀ, ਅਥਲੈਟਿਕਸ ਆਦਿ ਖੇਡਾਂ ਵਿਚ ਪਦਮਸ੍ਰੀ ਮਿਲਖਾ ਸਿੰਘ (ਅਥਲੈਟਿਕਸ), ਸੁਰਿੰਦਰ ਸਿੰਘ (ਹਾਕੀ), ਅਭਿਨਵ ਬਿੰਦਰਾ (ਨਿਸ਼ਾਨੇਬਾਜ਼ੀ), ਮਨਦੀਪ ਕੌਰ (ਅਥਲੈਟਿਕਸ), ਕੁਲਬੀਰ ਸਿੰਘ ਭੰਗੂ (ਸਾਈਕਲਿੰਗ) ਆਦਿ ਖਿਡਾਰੀਆ ਨੇ ਪੰਜਾਬ ਤੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ। ਹਾਕੀ, ਸਾਈਕਲਿੰਗ, ਅਥਲੈਟਿਕਸ ਆਦਿ ਖੇਡਾਂ ਵਿਚ ਭਾਰਤੀ ਟੀਮ ਵਿਚ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਹੁੰਦਾ ਸੀ। 31ਵੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 163 ਤਗਮੇ ਜਿੱਤੇ।
1994 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 26 ਸੋਨ, 27 ਚਾਂਦੀ, 31 ਕਾਂਸੇ ਦੇ ਤਗਮੇ ਜਿੱਤੇ। 1997 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 44 ਸੋਨ, 28 ਚਾਂਦੀ, 40 ਕਾਂਸੇ ਦੇ ਤਗਮੇ ਜਿੱਤੇ। 1999 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆ ਨੇ 34 ਸੋਨ, 37 ਚਾਂਦੀ, 42 ਕਾਂਸੀ ਦੇ ਤਗਮੇ ਜਿੱਤੇ। 2001 ਦੀਆਂ ਰਾਸ਼ਟਰੀ ਖੇਡਾਂ ਜੋ ਪੰਜਾਬ ਵਿਚ ਹੋਈਆਂ, ਇਨ੍ਹਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 61 ਸੋਨ, 44 ਚਾਂਦੀ, 58 ਕਾਂਸੀ ਦੇ ਤਗਮੇ ਜਿੱਤੇ ਅਤੇ ਨਵੇਂ ਰਾਸ਼ਟਰੀ ਰਿਕਾਰਡ ਵੀ ਬਣੇ। 2002 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆ ਨੇ 54 ਸੋਨ, 37 ਚਾਂਦੀ, 55 ਕਾਂਸੀ ਦੇ ਤਗਮੇ ਜਿੱਤੇ। 2007 ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ 25 ਸੋਨ, 39 ਚਾਂਦੀ, 40 ਕਾਂਸੀ ਦੇ ਤਗਮੇ ਜਿੱਤੇ। ਪਰ ਇਸ ਤੋਂ ਬਾਅਦ ਦੀਆਂ ਰਾਸ਼ਟਰੀ ਖੇਡਾਂ ਵਿਚ ਪੰਜਾਬ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਪੰਜਾਬ ਵਿਚ ਖੇਡ ਮੈਦਾਨਾਂ ਦੀ ਕਮੀ ਨਹੀਂ ਹੈ, ਖਿਡਾਰੀਆਂ ਵਿਚ ਤਾਕਤ ਦੀ ਕਮੀ ਨਹੀਂ ਹੈ, ਬਸ ਸਿਸਟਮ ਵਿਚ ਸੁਧਾਰ ਕਾਰਨ ਦੀ ਲੋੜ ਹੈ। ਕੋਚ ਖਿਡਾਰੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ। ਖਿਡਾਰੀਆਂ ਦੀ ਟ੍ਰੇਨਿੰਗ ਤੋਂ ਲੈ ਕੇ ਖਾਣ-ਪੀਣ ਤੱਕ ਕੋਚ ਦੀ ਜ਼ਿੰਮੇਵਾਰੀ ਹੰਦੀ ਹੈ। ਐੱਨ.ਆਈ.ਐੱਸ. ਨੂੰ ਆਪਣੀ ਕੋਚਿੰਗ ਪ੍ਰਣਾਲੀ ਵਿਚ ਸੁਧਾਰ ਦੀ ਲੋੜ ਹੈ। ਸੰਸਾਰ ਵਿਚ ਹਰ ਰੋਜ਼ ਨਵੀਆਂ-ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਪੰਜਾਬ ਵਿਚ ਬਹੁਤ ਸਾਰੀਆਂ ਖੇਡ ਅਕੈਡਮੀਆਂ ਆਪਣੇ ਪੱਧਰ 'ਤੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੀਆਂ ਹਨ। ਪੰਜਾਬ ਦੀਆਂ ਪ੍ਰਸਿੱਧ ਅਕੈਡਮੀਆਂ ਵਿਚੋਂ ਜਰਖੜ ਹਾਕੀ ਅਕੈਡਮੀ, ਫੁੱਟਬਲ ਦੀ ਰੁੜਕੀ ਕਲਾਂ ਅਕੈਡਮੀ, ਦਲਬੀਰ ਅਕੈਡਮੀ ਵਿਚ ਖਿਡਾਰੀ ਟ੍ਰੇਨਿੰਗ ਲੈ ਰਹੇ ਹਨ। ਪੰਜਾਬ ਉਲੰਪਿਕ ਐਸੋਸੀਏਸ਼ਨ, ਪੰਜਾਬ ਖੇਡ ਵਿਭਾਗ ਤੇ ਪੰਜਾਬ ਦੀਆਂ ਸਾਰੀਆਂ ਖੇਡ ਸੰਸਥਾਵਾਂ ਨੂੰ ਮਿਲ ਕੇ ਪੰਜਾਬ ਨੂੰ ਮੁੜ ਖੇਡਾਂ ਵਿਚ ਸੁਰਜੀਤ ਕਰਨ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਖੇਡਾਂ ਦੀ ਦੁਨੀਆ ਵਿਚ ਵਿਸ਼ਵ ਦੇ ਨਕਸ਼ੇ 'ਤੇ ਦੁਬਾਰਾ ਆਪਣੀ ਪਹਿਚਾਣ ਬਣਾਏਗਾ।


-ਮੋਬਾ: 82888-47042


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX