ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਬਾਲ ਸੰਸਾਰ

ਬ੍ਰਹਿਮੰਡ ਦਾ ਸਭ ਤੋਂ ਜ਼ਿਆਦਾ ਗਰਮ ਗ੍ਰਹਿ

ਸਾਡੇ ਆਪਣੇ ਸੌਰ ਮੰਡਲ ਤੋਂ ਬਾਹਰ ਇਕ ਅਜਿਹੇ ਗ੍ਰਹਿ ਕੈਲਟ 9-ਬੀ ਦੀ ਖੋਜ ਕੀਤੀ ਗਈ ਹੈ,ਜਿਸ ਦੀ ਸ੍ਰਚਨਾ ਤਾਰੇ ਦੀ ਤਰ੍ਹਾਂ ਹੈ। ਕੈਲਟ 9-ਬੀ ਸੂਰਜ ਤੋਂ ਠੰਢਾ ਹੈ ਪਰ ਫਿਰ ਵੀ ਐਨਾ ਜ਼ਿਆਦਾ ਗਰਮ ਹੈ ਕਿ ਕਿਸੇ ਤਰ੍ਹਾਂ ਦੇ ਜੀਵਨ ਦੀ ਸੰਭਾਵਨਾ ਦੀ ਤਲਾਸ਼ ਕਰਨਾ ਅਜੇ ਤੱਕ ਸੰਭਵ ਨਹੀਂ ਹੈ। ਵਿਗਿਆਨੀਆਂ ਨੇ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਹੈ ਜੋ ਹੁਣ ਤੱਕ ਦੇ ਗਿਆਤ ਗ੍ਰਹਿਆਂ ਵਿਚੋਂ ਸਭ ਤੋਂ ਜ਼ਿਆਦਾ ਗਰਮ ਗ੍ਰਹਿ ਹੈ। ਕੈਲਟ 9-ਬੀ ਨਾਂਅ ਦਾ ਇਹ ਗ੍ਰਹਿ ਧਰਤੀ ਤੋਂ ਤਕਰੀਬਨ 650 ਪ੍ਰਕਾਸ਼ ਵਰ੍ਹੇ ਦੂਰ ਹੈ। ਦਿਨ ਦੇ ਸਮੇਂ ਇਸ ਗ੍ਰਹਿ ਦਾ ਤਾਪਮਾਨ 4300 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜੋ ਸੂਰਜ ਦੀ ਸਤਹ ਤੋਂ 1300 ਡਿਗਰੀ ਸੈਲਸੀਅਸ ਘੱਟ ਹੈ ਭਾਵ ਕਿ ਕੈਲਟ 9-ਬੀ ਸੂਰਜ ਤੋਂ 1300 ਡਿਗਰੀ ਸੈਲਸੀਅਸ ਠੰਢਾ ਹੈ। ਹਾਲਾਂਕਿ ਕੈਲਟ 9-ਬੀ ਦੀ ਚਾਲ ਨੂੰ ਲੈ ਕੇ ਵਿਗਿਆਨੀਆਂ ਵਿਚ ਮਤਭੇਦ ਹਨ। ਵਿਗਿਆਨੀਆਂ ਦੇ ਮੁਤਾਬਿਕ ਆਪਣੇ ਸੌਰ ਮੰਡਲ ਤੋਂ ਬਾਹਰ ਮਿਲੇ ਇਸ ਗ੍ਰਹਿ ਦੇ ਬਾਰੇ ਅਜੇ ਵਿਸਥਾਰ ਨਾਲ ਅਧਿਐਨ ਦੀ ਲੋੜ ਹੈ। ਇਸ ਖੋਜ ਵਿਚ ਸ਼ਾਮਿਲ ਸਾਰੇ ਵਿਗਿਆਨੀ ਕੈਲਟ 9-ਬੀ ਨੂੰ ਗ੍ਰਹਿ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਸਨ। ਯੂਨੀਵਰਸਿਟੀ ਆਫ ਮੈਰੀਲੈਂਡ ਦੇ ਇਕ ਐਸਟਰੋਨਾਰਮ ਡ੍ਰੇਕ ਡੇਮਿੰਗ ਮੁਤਾਬਿਕ ਕੈਲਟ 9-ਬੀ ਇਕ ਤਰ੍ਹਾਂ ਤਾਰੇ ਅਤੇ ਗ੍ਰਹਿ ਦਾ ਮਿਲਿਆ-ਜੁਲਿਆ ਰੂਪ ਹੈ ਪਰ ਬਾਅਦ ਵਿਚ ਇਸ ਦੀ ਗ੍ਰਹਿ ਦੇ ਰੂਪ ਵਿਚ ਪੁਸ਼ਟੀ ਹੋਈ।
ਕਮਾਲ ਹੈ ਕੈਲਟ 9-ਬੀ : ਓਹੀਓ ਸਟੇਟ ਯੂਨੀਵਰਸਿਟੀ ਦੇ ਐਸਟਰੋਨਾਮੀ ਦੇ ਪ੍ਰੋਫੈਸਰ ਸਕਾਟ ਗਾਊਡੀ ਦੇ ਮੁਤਾਬਿਕ ਐਕਟ 9-ਬੀ ਤੋਂ ਨਿਕਲਣ ਵਾਲੀ ਨੀਲੇ ਅਤੇ ਸਫੈਦ ਰੰਗ ਦੀ ਰੌਸ਼ਨੀ ਕਮਾਲ ਦੀ ਪ੍ਰਤੀਤ ਹੁੰਦੀ ਹੈ। ਇਕ ਧੂਮਕੇਤੂ ਦੀ ਤਰ੍ਹਾਂ ਇਸ ਵਿਚੋਂ ਇਕ ਚਮਕਦਾਰ ਗੈਸੀ ਰੇਖਾ ਨਿਕਲਦੀ ਦਿਖਾਈ ਦਿੰਦੀ ਹੈ।

-ਮਨਦੀਪ ਸਿੰਘ,
ਪਿੰਡ ਗਿੱਦੜ, ਡਾਕ: ਨਥਾਣਾ (ਬਠਿੰਡਾ)। ਮੋਬਾ: 98725-04007


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਕੌੜੇ-ਮਿੱਠੇ ਸੁਪਨੇ

ਪਿਆਰੇ ਬੱਚਿਓ! ਇਕ ਵਾਰ ਇਕ ਮਜ਼ਦੂਰ ਅੰਬਾਂ ਦੇ ਰੁੱਖ ਹੇਠਾਂ ਬੈਠ ਕੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ। ਅੰਬ ਦੇ ਉਸ ਰੁੱਖ ਨੂੰ ਅਜੇ ਕੇਵਲ ਬੂਰ ਹੀ ਪਿਆ ਸੀ, ਫਲ ਨਹੀਂ ਲੱਗੇ ਸਨ। ਉਸ ਮਜ਼ਦੂਰ ਕੋਲ ਕੇਵਲ ਰੋਟੀਆਂ ਹੀ ਸਨ, ਨਾਲ ਕੋਈ ਸਬਜ਼ੀ ਨਹੀਂ ਸੀ। ਪਰ ਉਹ ਹਰ ਵਾਰ ਜਦੋਂ ਕੋਈ ਰੋਟੀ ਦੀ ਗਰਾਹੀ ਤੋੜਦਾ ਤਾਂ ਉਸ ਨੂੰ ਰੋਟੀ ਉੱਤੇ ਇਉਂ ਫੇਰਦਾ ਜਿਵੇਂ ਉਥੇ ਕੋਈ ਸਬਜ਼ੀ ਪਾਈ ਹੋਵੇ। ਫਿਰ ਗਰਾਹੀ ਮੂੰਹ ਵਿਚ ਪਾਉਂਦਾ ਅਤੇ ਸੁਆਦ ਨਾਲ ਚੱਖਦਾ ਹੋਇਆ ਇਉਂ 'ਸੀ-ਸੀ' ਦੀ ਆਵਾਜ਼ ਮੂੰਹ 'ਚੋਂ ਕੱਢਦਾ ਜਿਵੇਂ ਉਸ ਦੇ ਮੂੰਹ ਨੂੰ ਕੌੜੀ ਮਿਰਚ ਲੱਗ ਗਈ ਹੋਵੇ। ਇਕ ਮੁਸਾਫਰ ਉਸ ਦੀ ਇਸ ਹਰਕਤ ਨੂੰ ਪਰ੍ਹੇ ਬੈਠਾ ਦੇਖ ਰਿਹਾ ਸੀ। ਉਸ ਮੁਸਾਫਿਰ ਨੂੰ ਵੱਡੀ ਹੈਰਾਨੀ ਇਹ ਦੇਖ ਕੇ ਹੋਈ ਕਿ ਰੋਟੀ ਉੱਤੇ ਕੋਈ ਸਬਜ਼ੀ ਨਹੀਂ ਸੀ ਪਰ ਮਜ਼ਦੂਰ ਗਰਾਹੀ ਨੂੰ ਰੋਟੀ 'ਤੇ ਇਉਂ ਫੇਰ ਰਿਹਾ ਸੀ, ਜਿਵੇਂ ਰੋਟੀ ਉੱਤੇ ਸਬਜ਼ੀ ਪਾਈ ਹੋਵੇ ਅਤੇ ਉਸ ਨੂੰ ਮਜ਼ਦੂਰ ਦੁਆਰਾ 'ਸੀ-ਸੀ' ਦੀਆਂ ਆਵਾਜ਼ਾਂ ਕੱਢਣ 'ਤੇ ਹੋਰ ਵੀ ਭਾਰੀ ਹੈਰਾਨੀ ਹੋ ਰਹੀ ਸੀ।
ਉਹ ਮੁਸਾਫਿਰ ਕੁਝ ਚਿਰ ਪਰ੍ਹੇ ਖੜ੍ਹਾ ਇਹ ਨਜ਼ਾਰਾ ਦੇਖਦਾ ਰਿਹਾ। ਫਿਰ ਉਸ ਤੋਂ ਰਿਹਾ ਨਾ ਗਿਆ ਅਤੇ ਉਹ ਮਜ਼ਦੂਰ ਕੋਲ ਆ ਕੇ ਪੁੱਛਣ ਲੱਗਾ, 'ਭਾਈ, ਤੂੰ ਰੋਟੀ ਤਾਂ ਰੁੱਖੀ ਖਾ ਰਿਹਾ ਏਂ, ਤੇਰੇ ਕੋਲ ਕੋਈ ਸਬਜ਼ੀ ਨਹੀਂ ਹੈ। ਤੂੰ ਗਰਾਹੀ ਮੂੰਹ 'ਚ ਪਾਉਣ ਤੋਂ ਪਹਿਲਾਂ ਰੋਟੀ ਉੱਤੇ ਕਿਉਂ ਫੇਰਦਾ ਏਂ? ਨਾਲੇ 'ਸੀ-ਸੀ' ਕਿਉਂ ਕਰਦਾ ਏਂ?' ਮਜ਼ਦੂਰ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ, 'ਮੈਂ ਬਹੁਤ ਗਰੀਬ ਆਦਮੀ ਹਾਂ। ਇਨ੍ਹਾਂ ਖੇਤਾਂ ਵਿਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹਾਂ। ਮੈਂ ਰੋਜ਼ ਘਰੋਂ ਰੋਟੀ ਲਿਆ ਕੇ ਇਸੇ ਰੁੱਖ ਹੇਠਾਂ ਬਹਿ ਕੇ ਖਾਂਦਾ ਹਾਂ। ਅੱਗੇ ਰੋਜ਼ ਮੈਂ ਰੋਟੀ ਨਾਲ ਮਿਰਚਾਂ ਦਾ ਅਚਾਰ ਲਿਆਇਆ ਕਰਦਾ ਸੀ ਪਰ ਅੱਜ ਅਚਾਰ ਮੁੱਕਿਆ ਹੋਇਆ ਸੀ। ਇਸ ਕਰਕੇ ਮੈਨੂੰ ਰੁੱਖੀ ਲਿਆਉਣੀ ਪਈ। ਇਸ ਲਈ ਆਪਣੇ ਮਨ ਨੂੰ ਮਿਰਚਾਂ ਦੇ ਅਚਾਰ ਦਾ ਭੁਲੇਖਾ ਪਾਉਣ ਲਈ ਮੈਂ ਪਹਿਲਾਂ ਗਰਾਹੀ ਨੂੰ ਰੋਟੀ ਉੱਤੇ ਰਗੜਦਾ ਹਾਂ, ਫਿਰ ਗਰਾਹੀ ਨੂੰ ਮੂੰਹ ਵਿਚ ਪਾ ਕੇ ਮਿਰਚਾਂ ਦਾ ਸੁਆਦ ਮਹਿਸੂਸ ਕਰਨ ਲਈ 'ਸੀ-ਸੀ' ਦੀਆਂ ਆਵਾਜ਼ਾਂ ਕੱਢਦਾ ਹਾਂ। ਰੁੱਖੀ ਰੋਟੀ ਸੰਘੋਂ ਹੇਠਾਂ ਨਹੀਂ ਸੀ ਲੰਘਦੀ।' ਮੁਸਾਫਿਰ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਉਸ ਨੇ ਮਜ਼ਦੂਰ ਨੂੰ ਅਕਲ ਦੀ ਗੱਲ ਸਮਝਾਉਂਦਿਆਂ ਕਿਹਾ, 'ਜੇ ਤੂੰ ਕਲਪਨਾ ਹੀ ਕਰਨੀ ਸੀ ਤਾਂ ਮਿਰਚਾਂ ਦੀ ਕਿਉਂ ਕੀਤੀ? ਜੇ ਕਲਪਨਾ ਕਰਨੀ ਹੈ ਤਾਂ ਕਿਸੇ ਵਧੀਆ ਚੀਜ਼ ਦੀ ਕਰ। ਮਿੱਠੇ ਅੰਬਾਂ ਵਾਲੇ ਰੁੱਖ ਹੇਠਾਂ ਬੈਠ ਕੇ ਵੀ ਤੂੰ ਕੌੜੀਆਂ ਮਿਰਚਾਂ ਖਾਣ ਦਾ ਭੁਲੇਖਾ ਸਿਰਜ ਰਿਹਾ ਏਂ। ਜ਼ਿੰਦਗੀ 'ਚ ਅੱਗੇ ਵਧ ਕੇ ਤਰੱਕੀ ਕਰਨ ਲਈ ਇਨਸਾਨ ਦੇ ਸੁਪਨੇ ਕੌੜੇ ਜਾਂ ਘਟੀਆ ਨਹੀਂ ਹੋਣੇ ਚਾਹੀਦੇ, ਸਗੋਂ ਮਿਠਾਸ ਭਰੇ ਅਤੇ ਉੱਚੇ-ਸੁੱਚੇ ਹੋਣੇ ਚਾਹੀਦੇ ਹਨ। ਸਫਲਤਾ ਦਾ ਇਹ ਵੀ ਇਕ ਭੇਦ ਹੈ।'
ਉਹ ਮੁਸਾਫਿਰ ਭੇਦ ਦੀ ਇਹ ਗੱਲ ਸਮਝਾ ਕੇ ਅੱਗੇ ਤੁਰ ਗਿਆ। ਮਜ਼ਦੂਰ ਬੈਠਾ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਕਿ ਉਹ ਮਿੱਠੇ ਅੰਬਾਂ ਦੇ ਰੁੱਖ ਹੇਠਾਂ ਬਹਿ ਕੇ ਕੌੜੀ ਮਿਰਚ ਖਾਣ ਦੇ ਸੁਪਨੇ ਦੇਖ ਰਿਹਾ ਸੀ।

-ਮੋਬਾ: 98146-81444

ਸਿੱਖ ਜਰਨੈਲ-2: ਬਾਬਾ ਦੀਪ ਸਿੰਘ

ਬਾਬਾ ਦੀਪ ਸਿੰਘ (1682-1757) ਸ਼ਹੀਦ ਮਿਸਲ ਅਤੇ ਦਮਦਮੀ ਟਕਸਾਲ ਦੇ ਸੰਸਥਾਪਕ ਸਨ। ਆਪ ਜੀ ਨੇ ਖਾਲਸਾ ਪੰਥ ਵਿਚ ਅਨੰਦਪੁਰ ਵਿਖੇ ਸ਼ਮੂਲੀਅਤ ਕੀਤੀ, ਜਿਥੇ ਆਪ ਜੀ ਨੇ ਕੁਝ ਸਮੇਂ ਲਈ ਰਹਿ ਕੇ ਸਿੱਖ ਪੰਥ ਦੇ ਮਹਾਨ ਵਿਦਵਾਨ, ਭਾਈ ਮਨੀ ਸਿੰਘ ਦੀ ਨਿਗਰਾਨੀ ਹੇਠ ਸਿੱਖ ਸਾਹਿਤ ਦਾ ਅਧਿਐਨ ਕੀਤਾ।
1706 ਵਿਚ ਆਪ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਆ ਕੇ ਮੁੜ ਮਿਲੇ ਅਤੇ ਗੁਰੂ ਸਾਹਿਬ ਦੇ ਦੱਖਣ ਵੱਲ ਕੂਚ ਕਰਨ ਤੋਂ ਬਾਅਦ ਉਥੇ ਦਮਦਮਾ ਸਾਹਿਬ ਵਿਖੇ ਹੀ ਰੁਕ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ।
ਬਾਬਾ ਦੀਪ ਸਿੰਘ ਆਪਣੇ ਜਥੇ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲ ਹਕੂਮਤ ਖਿਲਾਫ ਮੁਹਿੰਮ ਵਿਚ ਸ਼ਾਮਿਲ ਹੋਏ। 1714 ਵਿਚ ਆਪ ਆਪਣੇ ਜਥੇ ਨਾਲ ਵਾਪਸ ਤਲਵੰਡੀ ਸਾਬੋ ਆ ਗਏ। ਇਥੇ ਆ ਕੇ ਆਪ ਜੀ ਨੇ ਸਿੱਖ ਸਾਹਿਤ ਦਾ ਅਧਿਐਨ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਨੂੰ ਜਾਰੀ ਰੱਖਿਆ। 1732 ਵਿਚ ਆਪ ਸ: ਆਲਾ ਸਿੰਘ ਦੇ ਬਚਾਅ ਲਈ ਬਰਨਾਲਾ ਪਹੁੰਚ ਗਏ, ਜਦੋਂ ਸ਼ਹਿਰ 'ਤੇ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਸੀ। 1733 ਵਿਚ ਆਪ ਜੀ ਨੇ ਆਪਣੇ ਜਥੇ ਨਾਲ ਅੰਮ੍ਰਿਤਸਰ ਵਿਚ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਸਾਂਝੀ ਸਿੱਖ ਜਥੇਬੰਦੀ ਦਲ ਖਾਲਸਾ ਦਾ ਗਠਨ ਕੀਤਾ। ਛੇਤੀ ਹੀ ਆਪ ਸ਼ਹੀਦ ਮਿਸਲ ਦੇ ਮੋਢੀ ਬਣ ਗਏ।
ਸ਼ਹੀਦ ਮਿਸਲ ਦਾ ਕਾਰਜ ਖੇਤਰ ਸਤਲੁਜ ਨਦੀ ਦੇ ਦੱਖਣ ਦਾ ਇਲਾਕਾ ਸੀ ਅਤੇ ਆਪ ਜੀ ਨੇ ਆਪਣਾ ਹੈੱਡਕੁਆਰਟਰ ਤਲਵੰਡੀ ਸਾਬੋ ਵਿਖੇ ਹੀ ਰੱਖਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਅੱਜ ਵੀ ਉਹ ਅਸਥਾਨ ਬੁਰਜ ਬਾਬਾ ਦੀਪ ਸਿੰਘ ਸ਼ਹੀਦ ਕਾਇਮ ਹੈ, ਜਿਥੇ ਆਪ ਜੀ ਦਾ ਨਿਵਾਸ ਸੀ।
ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਮਈ, 1757 ਵਿਚ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਰਾਮ ਰੌਣੀ ਦੇ ਕਿਲ੍ਹੇ ਨੂੰ ਤਬਾਹ ਕਰਕੇ ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ। ਜਿਵੇਂ ਹੀ ਇਸ ਬੇਅਦਬੀ ਦੀ ਖ਼ਬਰ ਬਾਬਾ ਦੀਪ ਸਿੰਘ ਨੂੰ ਮਿਲੀ, ਆਪ ਕੇਵਲ ਅੱਠ ਸਾਥੀਆਂ ਨਾਲ ਬਦਲਾ ਲੈਣ ਲਈ ਤੁਰ ਪਏ। ਰਾਹ ਵਿਚ ਆਪ ਜੀ ਨਾਲ ਸਿੰਘਾਂ ਦੇ ਕਈ ਜਥੇ ਸ਼ਾਮਿਲ ਹੁੰਦੇ ਗਏ। ਪਰ ਸੰਗਰਾਣਾ ਪਹੁੰਚ ਕੇ ਆਪ ਜੀ ਨੇ ਇਕ ਲਕੀਰ ਖਿੱਚ ਦਿੱਤੀ ਕਿ ਜਿਨ੍ਹਾਂ ਸ਼ਹੀਦ ਹੋਣਾ ਹੈ, ਉਹੀ ਨਾਲ ਤੁਰਨ। ਸਾਰੇ ਸਿੱਖ ਲਕੀਰ ਟੱਪ ਕੇ ਨਾਲ ਹੋ ਗਏ।
ਤਰਨ ਤਾਰਨ ਤੋਂ 8 ਕਿਲੋਮੀਟਰ ਪਹਿਲਾਂ ਗੋਹਲਵੜ ਪਿੰਡ ਕੋਲ ਜਹਾਨ ਖਾਨ ਦੀ ਫੌਜ ਉਨ੍ਹਾਂ ਦੀ ਉਡੀਕ ਵਿਚ ਹੀ ਸੀ। ਉਥੇ ਹੀ ਗਹਿਗੱਚ ਲੜਾਈ ਹੋਈ ਅਤੇ ਸਿੰਘ ਰਾਹ ਬਣਾਉਂਦੇ ਹੋਏ ਅੱਗੇ ਵਧਣ ਲੱਗੇ। ਰਾਮਸਰ ਦੇ ਨੇੜੇ ਬਾਬਾ ਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਪਰ ਆਪ ਜੀ ਵੱਲੋਂ ਲਏ ਗਏ ਪ੍ਰਣ ਵਿਚ ਐਨੀ ਦ੍ਰਿੜ੍ਹਤਾ ਸੀ ਕਿ ਆਪ ਦੁਸ਼ਮਣਾਂ ਨਾਲ ਜੂਝਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤੱਕ ਜਾ ਪਹੁੰਚੇ ਅਤੇ ਉਥੇ ਆਪ ਜੀ ਨੇ ਸ਼ਹੀਦੀ ਪਾਈ। ਇਹ ਸਾਕਾ 11 ਨਵੰਬਰ, 1757 ਨੂੰ ਵਾਪਰਿਆ। ਇਸ ਮਹਾਨ ਸ਼ਹੀਦ ਦੀ ਬੇਮਿਸਾਲ ਸ਼ਹੀਦੀ ਨੂੰ ਸਮਰਪਿਤ ਦੋ ਅਸਥਾਨ ਸੁਸ਼ੋਭਿਤ ਹਨ-ਇਕ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਦੇ ਵਿਚ ਜਿਥੇ ਆਪ ਜੀ ਨੇ ਆਖਰੀ ਸਾਹ ਲਿਆ ਅਤੇ ਦੂਜਾ ਗੁਰਦੁਆਰਾ ਰਾਮਸਰ ਦੇ ਨੇੜੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜਿਥੇ ਆਪ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ।
(ਪੁਸਤਕ 'ਸਿੱਖ ਜਰਨੈਲ' ਵਿਚੋਂ ਧੰਨਵਾਦ ਸਹਿਤ)

ਚੁਟਕਲੇ

* ਇਕ ਆਦਮੀ ਆਪਣੇ ਚਾਰ ਸਾਲ ਦੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਿਆ ਅਤੇ ਕਹਿਣ ਲੱਗਾ, 'ਡਾਕਟਰ ਸਾਹਿਬ, ਮੇਰੇ ਲੜਕੇ ਨੇ ਮੇਰੇ ਫਲੈਟ ਦੀ ਚਾਬੀ ਅੰਦਰ ਲੰਘਾ ਗਈ ਹੈ।'
ਡਾਕਟਰ-ਚਾਬੀ ਅੰਦਰ ਲੰਘਾਏ ਹੋਏ ਕਿੰਨਾ ਸਮਾਂ ਹੋਇਆ ਹੈ?
ਆਦਮੀ-ਦਸ ਦਿਨ ਹੋ ਗਏ ਹਨ।
ਡਾਕਟਰ-ਕੀ ਦਸ ਦਿਨ! ਏਨੇ ਦਿਨਾਂ ਬਾਅਦ ਮੇਰੇ ਕੋਲ ਲੈ ਕੇ ਕਿਉਂ ਆ ਰਹੇ ਹੋ?
ਆਦਮੀ-ਦਰਅਸਲ ਗੱਲ ਇਹ ਹੈ ਕਿ ਡਾਕਟਰ ਸਾਹਿਬ ਮੇਰੇ ਕੋਲ ਡੁਪਲੀਕੇਟ ਚਾਬੀ ਹੈ, ਉਹ ਅੱਜ ਹੀ ਕਿਧਰੇ ਗੁਆਚ ਗਈ ਹੈ।
* ਔਰਤ-ਡਾਕਟਰ ਸਾਹਿਬ, ਤੁਸੀਂ ਮੇਰੇ ਘਰ ਵਾਲੇ ਦਾ ਦੂਜਾ ਦਿਲ ਲਾ ਕੇ ਉਸ ਦੀ ਜ਼ਿੰਦਗੀ ਬਚਾ ਲਈ ਹੈ, ਇਸ ਲਈ ਆਪ ਦਾ ਧੰਨਵਾਦ।
ਡਾਕਟਰ-ਸਭ ਮਹਾਰਾਜ ਦੀ ਕਿਰਪਾ ਹੈ।
ਔਰਤ-ਪਰ ਡਾਕਟਰ ਸਾਹਿਬ, ਉਸ ਦੇ ਦਿਲ ਵਿਚ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ।
ਡਾਕਟਰ-ਅਜੇ ਦਿਲ ਨਵਾਂ ਹੈ, ਕੋਸ਼ਿਸ਼ ਕਰਦੇ ਰਹੋ, ਕੁਝ ਦਿਨ ਬਾਅਦ ਕਾਬੂ ਵਿਚ ਆ ਜਾਵੇਗਾ।

-ਹਰਜਿੰਦਰਪਾਲ ਸਿੰਘ ਬਾਜਵਾ,
536, ਗਲੀ 5-ਬੀ, ਵਿਜੈ ਨਗਰ, ਹੁਸ਼ਿਆਰਪੁਰ।

ਬਾਲ ਨਾਵਲ-21: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੂਜੇ ਪਾਸੇ ਅੱਠ-ਦਸ ਹੋਰ ਬੱਚੇ ਬੈਠੇ ਆਪ ਹੀ ਪੜ੍ਹ ਰਹੇ ਸਨ। ਸਿਧਾਰਥ ਜਦੋਂ ਉਨ੍ਹਾਂ ਕੋਲ ਪਹੁੰਚਿਆ ਤਾਂ ਸਾਰੇ ਬੱਚੇ ਖੜ੍ਹੇ ਹੋ ਗਏ। ਇਨ੍ਹਾਂ ਬੱਚਿਆਂ ਨੂੰ ਸਿਧਾਰਥ ਪੜ੍ਹਾਉਂਦਾ ਸੀ। ਇਹ ਸੱਤਵੀਂ, ਅੱਠਵੀਂ ਅਤੇ ਨੌਵੀਂ ਕਲਾਸ ਦੇ ਬੱਚੇ ਸਨ। ਸਿਧਾਰਥ ਨੇ ਸਾਰੇ ਬੱਚਿਆਂ ਨਾਲ ਹਰੀਸ਼ ਦੀ ਜਾਣ-ਪਛਾਣ ਕਰਵਾਈ। ਹਰੀਸ਼ ਦੇ ਥੈਲੇ ਵਿਚਲੇ ਗੋਲੀਆਂ-ਟਾਫੀਆਂ ਦੇ ਸਾਰੇ ਪੈਕੇਟ ਖ਼ਤਮ ਹੋ ਗਏ ਸਨ, ਇਸ ਕਰਕੇ ਸਿਧਾਰਥ ਨੇ ਉਸ ਨੂੰ ਕੁਝ ਹੋਰ ਪੈਕੇਟ ਫੜਾਏ ਤਾਂ ਜੋ ਉਹ ਸਾਰੇ ਬੱਚਿਆਂ ਨੂੰ ਇਕ-ਇਕ ਪੈਕੇਟ ਦੇ ਸਕੇ। ਸਿਧਾਰਥ ਨੇ ਸਾਰੇ ਬੱਚਿਆਂ ਨੂੰ ਦੱਸਿਆ ਕਿ, 'ਅੱਜ ਤੋਂ ਹਰੀਸ਼ ਤੁਹਾਡੇ ਨਾਲ ਬੈਠ ਕੇ ਪੜ੍ਹੇਗਾ। ਇਹ ਅੱਠਵੀਂ ਵਿਚ ਪੜ੍ਹਦਾ ਹੈ...।'
ਪਿੰਡਾਂ ਅਤੇ ਪਛੜੇ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਬਹੁਤੇ ਬੱਚੇ ਅੰਗਰੇਜ਼ੀ ਅਤੇ ਹਿਸਾਬ ਤੋਂ ਹੀ ਮਾਰ ਖਾਂਦੇ ਹਨ। ਇਸ ਕਰਕੇ ਸਿਧਾਰਥ ਇਨ੍ਹਾਂ ਬੱਚਿਆਂ ਨੂੰ ਅੰਗਰੇਜ਼ੀ ਅਤੇ ਹਿਸਾਬ ਪੜ੍ਹਾਉਂਦਾ ਸੀ। ਕਿਸੇ ਹੋਰ ਵਿਸ਼ੇ ਬਾਰੇ ਵੀ ਜੇ ਕੋਈ ਬੱਚਾ ਕੁਝ ਪੁੱਛੇ ਤਾਂ ਉਸ ਬਾਰੇ ਵੀ ਉਹ ਵਿਸਥਾਰ ਨਾਲ ਸਮਝਾ ਦੇਂਦੈ। ਸਿਧਾਰਥ ਆਮ ਤੌਰ 'ਤੇ ਦੋ ਘੰਟੇ ਰੋਜ਼ ਬੱਚਿਆਂ ਨੂੰ ਪੜ੍ਹਾਉਂਦਾ ਪਰ ਅੱਜ ਹਰੀਸ਼ ਨਾਲ ਉਸ ਦਾ ਕਾਫੀ ਵਕਤ ਲੱਗ ਗਿਆ, ਜਿਸ ਕਰਕੇ ਉਸ ਨੇ ਘੰਟਾ ਕੁ ਹੀ ਪੜ੍ਹਾਇਆ। ਉਸ ਨੇ ਹਰੀਸ਼ ਨੂੰ ਅੰਗਰੇਜ਼ੀ ਅਤੇ ਹਿਸਾਬ ਦੇ ਕੁਝ ਸਵਾਲ ਦਿੱਤੇ, ਜਿਸ ਦੇ ਉਸ ਨੇ ਠੀਕ ਜਵਾਬ ਦੇ ਦਿੱਤੇ। ਸਿਧਾਰਥ ਨੇ ਹਾਂਡੀ ਵਿਚੋਂ ਦਾਣਾ ਟੋਹ ਲਿਆ ਸੀ। ਉਸ ਨੇ ਦੇਖ ਲਿਆ ਕਿ ਲੜਕਾ ਸਿਆਣਾ ਹੈ। ਜੇ ਇਸ ਉੱਪਰ ਥੋੜ੍ਹੀ ਮਿਹਨਤ ਕੀਤੀ ਜਾਵੇ ਤਾਂ ਇਹ ਬੜਾ ਅੱਗੇ ਨਿਕਲ ਸਕਦਾ ਹੈ।
ਸਿਧਾਰਥ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ। ਹਰੀਸ਼ ਨੂੰ ਉਸ ਨੇ ਰੋਕ ਲਿਆ। ਦੂਜੇ ਦੋ ਅਧਿਆਪਕਾਂ ਨਾਲ ਕੋਈ ਗੱਲ ਕਰਕੇ ਉਸ ਨੇ ਹਰੀਸ਼ ਨੂੰ ਕਿਹਾ, 'ਬੇਟਾ ਮੈਂ ਜਾ ਰਿਹਾ ਹਾਂ। ਤੂੰ ਮੇਰੇ ਨਾਲ ਸਕੂਟਰ 'ਤੇ ਚੱਲ, ਕਿਉਂਕਿ ਅੱਧਾ ਕੁ ਰਸਤਾ ਮੈਂ ਤੇਰੇ ਘਰ ਵਾਲੇ ਪਾਸੇ ਹੀ ਜਾਣੈ, ਮੈਨੂੰ ਉਸ ਪਾਸੇ ਥੋੜ੍ਹਾ ਕੰਮ ਐ।'
ਹਰੀਸ਼ ਆਪਣੇ ਵੀਰ ਜੀ ਦੇ ਸਕੂਟਰ ਪਿੱਛੇ ਬੈਠ ਗਿਆ। ਉਹ ਸਕੂਟਰ 'ਤੇ ਪਹਿਲੀ ਵਾਰ ਬੈਠਾ ਸੀ। ਸਿਧਾਰਥ ਨੇ ਸਕੂਟਰ ਸਟਾਰਟ ਕੀਤਾ ਅਤੇ ਸਕੂਲ 'ਚੋਂ ਬਾਹਰ ਨਿਕਲ ਗਿਆ।
ਸਿਧਾਰਥ ਨੇ ਜਿਸ ਬਾਜ਼ਾਰ ਵਿਚ ਹਰੀਸ਼ ਨੂੰ ਉਤਾਰਿਆ, ਉਥੋਂ ਉਹ ਅੱਧੇ ਘੰਟੇ ਵਿਚ ਹੀ ਆਪਣੇ ਘਰ ਪਹੁੰਚ ਗਿਆ। ਉਹ ਅੱਜ ਬਹੁਤ ਖੁਸ਼ ਸੀ। ਉਹ ਜਦੋਂ ਘਰ ਪਹੁੰਚਿਆ ਤਾਂ ਉਸ ਦੇ ਬੀਜੀ ਉਸ ਦੀ ਉਡੀਕ ਕਰ ਰਹੇ ਸਨ।
'ਆ ਗਿਆ ਮੇਰਾ ਚੰਨ ਪੁੱਤਰ', ਹਰੀਸ਼ ਨੂੰ ਅੰਦਰ ਆਉਂਦਿਆਂ ਦੇਖ ਕੇ ਸੁਮਨ ਬੋਲੀ।
'ਹਾਂ ਜੀ ਬੀਜੀ', ਹਰੀਸ਼ ਨੇ ਆਪਣੀਆਂ ਖੱਟੀਆਂ-ਮਿੱਠੀਆਂ ਗੋਲੀਆਂ ਵਾਲਾ ਖਾਲੀ ਥੈਲਾ ਆਪਣੀ ਥਾਂ ਉੱਤੇ ਰੱਖਦਿਆਂ ਅਤੇ ਜੇਬ ਵਿਚੋਂ ਸੱਠ ਰੁਪਏ ਕੱਢ ਕੇ ਬੀਜੀ ਨੂੰ ਫੜਾਉਂਦਿਆਂ ਕਿਹਾ। ਹਰੀਸ਼ ਨੇ ਕੱਲ੍ਹ ਸਾਰੇ ਪੈਸੇ ਆਪਣੇ ਬੀਜੀ ਨੂੰ ਨਹੀਂ ਸੀ ਦਿੱਤੇ। ਉਹ ਓਨੀ ਦੇਰ ਸਾਰੇ ਪੈਸੇ ਨਹੀਂ ਸੀ ਦੇਣੇ ਚਾਹੁੰਦਾ, ਜਿੰਨੀ ਦੇਰ ਤੱਕ ਸਾਰੇ ਪੈਕੇਟ ਆਪਣੇ ਵੀਰ ਜੀ ਦੇ ਹਵਾਲੇ ਨਹੀਂ ਸੀ ਕਰ ਦਿੰਦਾ। ਉਹ ਸੋਚਦਾ ਸੀ ਕਿ ਹੋ ਸਕਦਾ ਹੈ ਕਿ ਉਹ ਅੱਜ ਸਾਰੇ ਪੈਕੇਟ ਨਾ ਲੈਣ ਜਾਂ ਘੱਟ ਲੈਣ, ਇਸ ਕਰਕੇ ਮੈਨੂੰ ਉਨ੍ਹਾਂ ਦੇ ਬਕਾਇਆ ਪੈਸੇ ਮੋੜਨੇ ਪੈਣ। ਅੱਜ ਜਦ ਸਾਰੇ ਪੈਕੇਟ ਉਨ੍ਹਾਂ ਨੇ ਲੈ ਲਏ ਤਾਂ ਉਸ ਨੇ ਉਨ੍ਹਾਂ ਸੱਠ ਰੁਪਿਆਂ 'ਤੇ ਆਪਣਾ ਹੱਕ ਸਮਝਿਆ। ਇਸੇ ਲਈ ਅੱਜ ਆ ਕੇ ਉਸ ਨੇ ਸਭ ਤੋਂ ਪਹਿਲਾਂ ਉਹ ਸੱਠ ਰੁਪਏ ਆਪਣੇ ਬੀਜੀ ਨੂੰ ਦਿੱਤੇ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ: ਸਾਉਣ ਦਾ ਮਹੀਨਾ

ਸਾਉਣ ਦਾ ਮਹੀਨਾ ਸਾਨੂੰ, ਬੜਾ ਲਗਦਾ ਪਿਆਰਾ।
ਨੱਚ-ਟੱਪ ਗਲੀਆਂ 'ਚ, ਆਵੇ ਨਹਾਉਣ ਦਾ ਨਜ਼ਾਰਾ।
ਕਾਲੀਆਂ ਘਟਾਵਾਂ ਦੇਖ, ਮਾਰਦੇ ਹਾਂ ਕਿਲਕਾਰੀਆਂ,
ਛੇਤੀ ਹੋਵੇ ਜਲ-ਥਲ, ਲਾਈਏ ਅਸੀਂ ਤਾਰੀਆਂ।
ਝੱਟ-ਪੱਟ ਸਾਂਭੀਏ, ਫਿਰ ਕਿਤਾਬਾਂ ਦਾ ਖਿਲਾਰਾ,
ਸਾਉਣ ਦਾ ਮਹੀਨਾ.........।
ਚਿੱਕੜ ਦੇ ਵਿਚ ਅਸੀਂ ਜਾਣ-ਬੁੱਝ ਤਿਲਕੀਏ,
ਘੂਰਨ ਜਦੋਂ ਘਰ ਦੇ, ਉਦੋਂ ਫਿਰ ਵਿਲਕੀਏ।
ਇਕੋ ਜਿਹਾ ਕਰ ਲਈਏ ਅਸੀਂ ਮੂੰਹ-ਮੱਥਾ ਸਾਰਾ,
ਸਾਉਣ ਦਾ ਮਹੀਨਾ..........।
ਗੰਦੇ ਕੱਪੜੇ ਦੇਖ ਸਾਡੇ, ਮੰਮੀ ਸਾਨੂੰ ਘੂਰਦੀ,
ਦਾਦੀ ਮਾਂ ਉਦੋਂ ਫਿਰ, ਪੱਖ ਸਾਡਾ ਪੂਰਦੀ।
ਮੰਮੀ ਨੱਕ-ਬੁੱਲ੍ਹ ਚਾੜ੍ਹੇ, ਜਦੋਂ ਲਾਹੇ ਸਾਥੋਂ ਗਾਰਾ,
ਸਾਉਣ ਦਾ ਮਹੀਨਾ.........।
ਬੱਚਿਆਂ ਦਾ ਟੋਲਾ ਜਦੋਂ, ਮੀਂਹ ਵਿਚ ਨਹਾਂਵਦਾ,
ਤਲਵੰਡੀ ਦੇ ਅਮਰੀਕ ਨੂੰ ਬਚਪਨ ਯਾਦ ਆਂਵਦਾ।
ਬੈਠਾ ਸੋਚਦਾ ਹੈ ਰਹਿੰਦਾ, ਬੱਚਾ ਬਣ ਜਾਂ ਦੁਬਾਰਾ,
ਸਾਉਣ ਦਾ ਮਹੀਨਾ............।

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਬਾਲ ਕਵਿਤਾ: ਮਾਪਿਆਂ ਦਾ ਸਤਿਕਾਰ

ਆਓ ਬੱਚਿਓ ਸਿੱਖੀਏ ਸਾਰੇ,
ਮਾਪਿਆਂ ਦਾ ਕਰਨਾ ਸਤਿਕਾਰ।
ਜਿਨ੍ਹਾਂ ਸਾਨੂੰ ਜੱਗ ਵਿਖਾਇਆ,
ਉਂਗਲੀ ਫੜ ਤੁਰਨਾ ਸਿਖਾਇਆ।
ਹਰ ਗੱਲ ਸਾਡੀ ਹੱਸ ਪੁਗਾਉਂਦੇ,
ਮੂੰਹੋਂ ਕੱਢੀਏ ਜੋ ਇਕ ਵਾਰ।
ਆਓ ਬੱਚਿਓ ਸਿੱਖੀਏ.......।
ਚਾਵਾਂ, ਲਾਡਾਂ ਦੇ ਨਾਲ ਪਾਲਣ,
ਕਿੰਨੀਆਂ ਘਾਲਣਾਂ ਸਾਡੇ ਲਈ ਘਾਲਣ।
ਵੱਡੇ ਹੋ ਕੇ ਕਿਉਂ ਭੁੱਲ ਜਾਂਦੇ,
ਉਨ੍ਹਾਂ ਦੇ ਦਿੱਤੇ ਸੰਸਕਾਰ।
ਆਓ ਬੱਚਿਓ ਸਿੱਖੀਏ......।
ਬੁੱਢੇ ਵਾਰੀ ਉਨ੍ਹਾਂ ਦੀ ਡੰਗੋਰੀ ਬਣਨਾ,
ਭੁੱਲ ਕੇ ਕਦੇ ਅਪਮਾਨ ਨਾ ਕਰਨਾ।
ਬਿਰਧ ਆਸ਼ਰਮਾਂ ਦੀ ਲੋੜ ਪਵੇ ਨਾ,
ਇਸ ਗੱਲ 'ਤੇ ਕਰੀਏ ਵਿਚਾਰ,
ਆਓ ਬੱਚਿਓ ਸਿੱਖੀਏ.......।
ਮਾਪੇ ਸਾਡੀ ਸਦਾ ਸੁਖ ਚਾਹੁੰਦੇ,
ਜੋ ਨੇ ਮਾਪਿਆਂ ਨੂੰ ਤੜਫਾਉਂਦੇ।
ਉਹ ਨਾ ਜ਼ਿੰਦਗੀ ਵਿਚ ਸੁੱਖ ਪਾਉਂਦੇ,
ਹੁੰਦੇ ਰਹਿਣ ਖੱਜਲ-ਖੁਆਰ।
ਆਓ ਬੱਚਿਓ ਸਿੱਖੀਏ........।

-ਬਲਵਿੰਦਰ ਜੀਤ ਕੌਰ ਬਾਜਵਾ,
ਪਿੰਡ ਚੱਕਲਾਂ, ਡਾਕ: ਸਿੰਘ ਭਗਵੰਤਪੁਰ (ਰੂਪਨਗਰ)। ਮੋਬਾ: 94649-18164

ਵਿਗਿਆਨਕ ਬੁਝਾਰਤਾਂ

1. ਫ਼ਸਲਾਂ ਦੇ ਨਾਲ ਉੱਗਦੇ ਪੌਦੇ,
ਪਹੁੰਚਾਉਂਦੇ ਉਨ੍ਹਾਂ ਨੂੰ ਨੁਕਸਾਨ।
ਭੋਜਨ, ਪਾਣੀ ਤੇ ਸੂਰਜੀ ਰੌਸ਼ਨੀ,
ਕੌਣ ਫਸਲਾਂ ਦੇ ਹਿੱਸੇ ਦੀ ਖਾਣ।
2. ਉਹ ਹੈ ਦੱਸੋ ਕਿਹੜਾ ਕੀੜਾ,
ਸ਼ਹਿਤੂਤ ਦੇ ਪੱਤੇ ਖਾਵੇ।
ਕੱਪੜੇ ਬਣਾਉਣ ਲਈ ਜੋ,
ਕੀਮਤੀ ਰੇਸ਼ਾ ਬਣਾਵੇ।
3. ਤਿੰਨ ਅਵਸਥਾਵਾਂ 'ਚ ਹੁੰਦੀ,
ਥਾਂ ਘੇਰਦੀ ਹੁੰਦਾ ਭਾਰ।
ਦੱਸੋ ਉਸ ਨੂੰ ਕੀ ਨੇ ਕਹਿੰਦੇ,
ਬੱਚਿਓ ਕਰੋ ਸੋਚ ਵਿਚਾਰ।
4. ਬਹੁਤ ਘੱਟ ਹੁੰਦੀ ਖਿੱਚ,
ਉਸ ਦੀ ਆਪਣੇ ਕਣਾਂ ਵਿਚਕਾਰ।
ਪਦਾਰਥ ਦੀ ਉਹ ਕਿਹੜੀ ਅਵਸਥਾ,
ਬਦਲਦਾ ਰਹਿੰਦਾ ਆਇਤਨ ਆਕਾਰ।
5. ਸੂਰਜ ਅਤੇ ਧਰਤੀ ਵਿਚਾਲੇ,
ਜਦੋਂ ਚੰਦ ਆ ਜਾਵੇ।
ਦੱਸੋ ਬੱਚਿਓ,
ਉਹ ਕਿਹੜਾ ਗ੍ਰਹਿ ਕਹਾਵੇ।

ਉੱਤਰ : (1) ਨਦੀਨ, (2) ਰੇਸ਼ਮ ਦਾ ਕੀੜਾ, (3) ਮਾਦਾ/ਪਦਾਰਥ, (4) ਗੈਸ, (5) ਸੂਰਜ ਗ੍ਰਹਿਣ।
-ਕੁਲਵਿੰਦਰ ਕੌਸ਼ਲ,
ਪਿੰਡ ਪੰਜਗਰਾਈਆਂ, ਧੂਰੀ (ਸੰਗਰੂਰ)। ਮੋਬਾ: 94176-36255

ਪੈਰਾਸ਼ੂਟ

ਪਿਆਰੇ ਬੱਚਿਓ! ਪੰਛੀ ਪੰਖੇਰੂਆਂ ਵਾਂਗ ਅੰਬਰਾਂ 'ਚ ਉਡਾਰੀ ਮਾਰਨ ਦੀ ਚਾਹ ਸਭ ਦੇ ਮਨ ਵਿਚ ਹੁੰਦੀ ਹੈ। ਆਓ, ਅੱਜ ਤੁਹਾਨੂੰ ਪੈਰਾਸ਼ੂਟ ਅਤੇ ਇਸ ਨਾਲ ਜੁੜੇ ਤੱਥਾਂ ਬਾਰੇ ਜਾਣਕਾਰੀ ਦਿੰਦੇ ਹਾਂ। ਅਸਮਾਨ 'ਤੇ ਉਡਣਾ ਆਪਣੇ-ਆਪ 'ਚ ਇਕ ਰੁਮਾਂਚਿਕ ਅਨੁਭਵ ਹੀ ਨਹੀਂ, ਸਦੀਆਂ ਤੋਂ ਮਨੁੱਖ ਦੀ ਇੱਛਾ ਅਕਾਸ਼ 'ਚ ਉਡਣ 'ਚ ਰਹੀ ਹੈ। ਉਸ ਨੇ ਜਹਾਜ਼, ਰਾਕਟ ਆਦਿ ਜ਼ਰੂਰ ਬਣਾਏ ਪਰ ਖੁੱਲ੍ਹੇ ਅਸਮਾਨ 'ਚ ਉੱਡਣ 'ਚ ਖਾਹਿਸ਼ ਵੈਸੀ ਦੀ ਵੈਸੀ ਰਹੀ। ਪੈਰਾਸ਼ੂਟ ਦੀ ਖੋਜ ਏਨੀ ਅਸਾਨੀ ਨਾਲ ਨਹੀਂ ਸੀ ਹੋਈ। ਖੋਜ ਦੌਰਾਨ ਕਈ ਖੋਜੀਆਂ ਨੂੰ ਜਾਨ ਤੱਕ ਗਵਾਉਣੀ ਪਈ। ਪਰ ਇਸ ਖੋਜ 'ਤੇ ਕੰਮ ਕਰਨ ਵਾਲੇ ਲੋਕਾਂ ਵਿਚ ਏਨਾ ਜਜ਼ਬਾ ਸੀ ਕਿ ਉਹ ਆਪਣੇ ਕਾਰਜ ਤੋਂ ਪਿੱਛੇ ਨਹੀਂ ਹਟੇ। ਜਾਣਕਾਰੀ ਅਨੁਸਾਰ ਪਹਿਲਾ ਪੈਰਾਸ਼ੂਟ 500 ਸਾਲ ਪਹਿਲਾਂ ਇਟਲੀ ਦੇ ਵਿਗਿਆਨਕ ਲਯੁਨਾਰਦੋ ਦਸੀ ਨੇ ਬਣਾਇਆ ਸੀ। ਫਿਰ ਹੋਰਾਂ ਨੇ ਇਸ ਵਿਚ ਸੁਧਾਰ ਕੀਤੇ ਅਤੇ ਕਈ ਨਵੇਂ-ਨਵੇਂ ਡਿਜ਼ਾਈਨਾਂ ਦੇ ਪੈਰਾਸ਼ੂਟ ਬਣਾਏ। 1783 ਵਿਚ ਇਕ ਫਰਾਂਸੀਸੀ ਡਾਕਟਰ ਸਵਾਸਿਤਨ ਲਨਾਰਮਾ ਨੇ ਲੱਕੜ ਦੇ ਢਾਂਚੇ ਉੱਤੇ ਕੱਪੜਾ ਪਾ ਕੇ ਪੈਰਾਸ਼ੂਟ ਬਣਾਇਆ ਅਤੇ ਉੱਚੀ ਇਮਾਰਤ ਤੋਂ ਛਾਲ ਮਾਰੀ, ਜਿਸ ਨੂੰ ਵੇਖ ਲੋਕ ਬਹੁਤ ਹੈਰਾਨ ਹੋਏ। 1797 ਵਿਚ ਫਰਾਂਸੀਸੀ ਆਦਰੇ ਗਾਰਨੀਰਨ ਨੇ ਗੈਸੀ ਗੁਬਾਰੇ ਦੇ ਹੇਠਾਂ ਬੰਨ੍ਹਿਆ ਅਤੇ ਗੁਬਾਰੇ ਨੂੰ ਉਡਾ ਦਿੱਤਾ। ਪੰਜ ਹਜ਼ਾਰ ਫੁੱਟ ਦੀ ਉਚਾਈ 'ਤੇ ਪਹੁੰਚ ਕੇ ਉਸ ਨੇ ਪੈਰਾਸ਼ੂਟ ਨੂੰ ਗੁਬਾਰੇ ਤੋਂ ਵੱਖ ਕਰ ਦਿੱਤਾ। ਪਰ ਉਸ ਦਾ ਲੱਕੜ ਦਾ ਢਾਂਚਾ ਹਵਾ ਦੇ ਦਬਾਅ ਨਾਲ ਟੁੱਟ ਗਿਆ ਤੇ ਉਹ ਧਰਤੀ 'ਤੇ ਡਿੱਗ ਕੇ ਮਰ ਗਿਆ। ਇਸ ਦੁਰਘਟਨਾ ਦੇ 15 ਮਹੀਨੇ ਬਾਅਦ ਇਕ ਅਮਗਰੇਜ ਹੇਸਟਨ ਨੇ ਇਕ ਹਲਕਾ-ਫੁਲਕਾ ਪੈਰਾਸ਼ੂਟ ਬਣਾਇਆ। ਉਹ ਹਵਾ 'ਚ ਉਡਿਆ ਅਤੇ ਫਿਰ ਉਡ ਰਹੇ ਗੁਬਾਰੇ ਤੋਂ ਵੱਖ ਹੋ ਕੇ ਸਫਲਤਾਪੂਰਬਕ ਉਡ ਕੇ ਹੇਠਾਂ ਉੱਤਰ ਆਇਆ। ਪਹਿਲਾਂ ਸੂਤੀ, ਫਿਰ ਰੇਸ਼ਮੀ ਕੱਪੜਾ ਵਰਤਿਆ ਗਿਆ।
1912 ਵਿਚ ਅਮਰੀਕਾ ਦੇ ਕੈਪਟਨ ਐਲਬਰਟ ਬੇਰੀ ਨੇ 55 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਰਹੇ ਜਹਾਜ਼ ਤੋਂ ਪੈਰਾਸ਼ੂਟ ਰਾਹੀਂ ਛਾਲ ਮਾਰੀ। ਦੂਸਰੀ ਸੰਸਾਰ ਜੰਗ ਦੌਰਾਨ ਪਹਿਲੀ ਵਾਰ ਜੰਗੀ ਜਹਾਜ਼ ਦੇ ਪਾਇਲਟਾਂ ਨੇ ਪੈਰਾਸ਼ੂਟ ਦੀ ਵਰਤੋਂ ਕੀਤੀ ਸੀ। ਫਿਰ ਪੈਰਾਸ਼ੂਟ ਨਾਈਲੋਨ ਦੇ ਬਣਾਏ ਜਾਣ ਲੱਗੇ, ਜੋ ਹਲਕੇ-ਫੁਲਕੇ ਅਤੇ ਮਜ਼ਬੂਤ ਹੁੰਦੇ ਸਨ। ਹੁਣ ਤਾਂ ਪੈਰਾਸ਼ੂਟ ਤੋਂ ਕਈ ਕੰਮ ਲਏ ਜਾਂਦੇ ਹਨ-ਕੁਦਰਤੀ ਆਫਤ ਵੇਲੇ ਪੀੜਤਾਂ ਤੱਕ ਭੋਜਨ-ਪਾਣੀ ਪਹੁੰਚਾਉਣਾ ਆਦਿ ਅਨੇਕ ਕੰਮ ਪੈਰਾਸ਼ੂਟ ਤੋਂ ਲਏ ਜਾਂਦੇ ਹਨ। ਯਾਦ ਰਹੇ, ਯਾਤਰੀ ਜਹਾਜ਼ਾਂ ਦੇ ਪਾਇਲਟ ਪੈਰਾਸ਼ੂਟ ਨਹੀਂ ਵਰਤ ਸਕਦੇ।

-ਗੁਰਪ੍ਰੀਤ ਕੌਰ ਗਿੱਲ
ਪ੍ਰੀਤ ਨਗਰ ਰੋਡ, ਅੱਡਾ ਲੋਪੋਕੇ (ਅੰਮ੍ਰਿਤਸਰ)-143109


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX