ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  10 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  37 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  52 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  37 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੰਜਾਬ ਵਿਚ ਪੀਲੀ ਕੁੰਗੀ ਦੀ ਹੋਈ ਰੋਕ ਥਾਮ

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ , ਪੰਜਾਬ ਦੇ ਕੰਢੀ ਜ਼ੋਨ ਦੇ ਨਾਲ ਲੱਗੀ ਹਿਮਾਚਲ ਦੀ ਸ਼ਿਵਾਲਿਕ ਪੱਟੀ ਵਿਚ ਖੇਤੀਬਾੜੀ ਲਈ ਸਾਂਝੀ ਖੋਜ ਕਰਨ ਹਿਤ ਤੇ ਇਨ੍ਹਾਂ ਇਲਾਕਿਆਂ ਵਿਚ ਨਵੀਆਂ ਸਾਂਝੀਆਂ ਸੰਭਾਵਨਾਵਾਂ ਤਲਾਸ਼ਣ ਤੇ ਵਿਕਸਿਤ ਕਰਨ ਹਿਤ ਦੋਵਾਂ ਪ੍ਰਾਂਤਾਂ ਦੀਆਂ ਖੇਤੀ ਯੂਨੀਵਰਸਿਟੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ: ਵਾਈ. ਐਸ. ਪਰਮਾਰ ਯੂਨੀਵਰਸਿਟੀ ਨੌਣੀ ਸੋਲਨ ਤੇ ਪਾਲਮਪੁਰ ਯੂਨੀਵਰਸਿਟੀ ਦੇ ਮਾਹਿਰਾਂ ਦੇ ਆਧਾਰ 'ਤੇ ਕੰਢੀ ਸ਼ਿਵਾਲਿਕ ਐਗਰੀਕਲਚਰਲ ਐਕਸਚੇਂਜ ਨਾਂਅ ਦੀ ਇਕ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਪੰਜਾਬ ਦੇ ਕੰਢੀ ਜ਼ੋਨ ਵਿਚ ਫਲਾਂ, ਫੁਲਾਂ ਤੇ ਹੋਰ ਫ਼ਸਲਾਂ ਦੀ ਕੀਤੀ ਜਾ ਰਹੀ ਕਾਸ਼ਤ ਨੂੰ ਇਕ-ਦੂਜੇ ਦੇ ਇਲਾਕੇ ਵਿਚ ਪਰਤਾਵੇ ਕਰਨੇ ਤੇ ਉਸ ਪ੍ਰਤੀ ਸਾਂਝੇ ਯਤਨ ਅਤੇ ਖੋਜ ਕੀਤੀ ਜਾਵੇ ਤਾਂ ਜੋ ਵੱਖੋ ਵੱਖਰੇ ਤੌਰ 'ਤੇ ਕੀਤੇ ਜਾਣ ਵਾਲੇ ਖ਼ਰਚਿਆਂ ਤੋਂ ਬਚਿਆ ਜਾ ਸਕੇ ਤੇ ਦੋਵਾਂ ਪ੍ਰਾਂਤਾਂ ਦੀਆਂ ਖੇਤੀ ਕਿਸਮਾਂ ਨੂੰ ਬੜ੍ਹਾਵਾ ਦਿੱਤਾ ਜਾ ਸਕੇ। ਅਗਾਂਹਵਧੂ ਕਿਸਾਨ ਤੇ ਯੂ.ਐਨ.ਓ. ਪੁਰਸਕਾਰੀ ਸ: ਮਹਿੰਦਰ ਸਿੰਘ ਦੋਸਾਂਝ ਵੱਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਇਸ ਸਕੀਮ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਇਸ ਮੰਤਵ ਲਈ ਤਿੰਨ ਖੇਤੀ ਮਾਹਿਰਾਂ ਦੀ ਟੀਮ ਬਣਾਈ ਗਈ ਜਿਸ ਦਾ ਮੁੱਖ ਮਨੋਰਥ ਪੰਜਾਬ ਤੇ ਹਿਮਾਚਲ ਦੀ ਖੇਤੀ ਲਈ ਇਕ ਸਾਂਝਾ ਮੰਚ ਉਸਾਰਨਾ ਤੇ ਜਿਸ 'ਤੇ ਦੋਵਾਂ ਰਾਜਾਂ ਦੇ ਖੇਤੀ ਵਿਗਿਆਨੀ ਤੇ ਮਾਹਿਰ ਨਵੀਂ ਤੋਂ ਨਵੀਂ ਖੋਜ ਦੇ ਵਟਾਂਦਰੇ 'ਤੇ ਮੁਲਾਂਕਣ ਕਰਕੇ ਫ਼ਸਲਾਂ, ਬਿਰਸ਼ ਬੂਟਿਆਂ ਦੀ ਕਾਸ਼ਤ ਕੰਢੀ ਜ਼ੋਨ ਅਤੇ ਸ਼ਿਵਾਲਿਕ ਜੋਨ ਵਿਚ ਕਰਨ ਤੋਂ ਇਲਾਵਾ ਕੁਦਰਤੀ ਸੋਮਿਆਂ ਦੀ ਰਲ ਕੇ ਸੰਭਾਲ ਕਰਨ ਬਾਰੇ ਰਲ ਕੇ ਕੰਮ ਕਰਨਾ ਵੀ ਇਸ ਟੀਮ ਦੇ ਏਜੰਡੇ ਵਿਚ ਸ਼ਾਮਿਲ ਹੈ ਤੇ ਇਸ ਸਕੀਮ ਦੇ ਕੋਆਰਡੀਨੇਟਰ ਡਾ: ਐਸ. ਸੀ. ਸ਼ਰਮਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ, ਡਾ: ਜੁਗਰਾਜ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਉੱਘੇ ਖੇਤੀ ਮਾਹਿਰ ਤੇ ਪੀ. ਏ. ਯੂ. ਦੇ ਫਾਰਮਰ ਪ੍ਰੋਫ਼ੈਸਰ ਸ: ਮਹਿੰਦਰ ਸਿੰਘ ਦੋਸਾਂਝ ਵੱਲੋਂ ਮਿਲ ਕੇ ਇਸ ਵਿਸ਼ੇ 'ਤੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮਕਸਦ ਤਹਿਤ ਪਿਛਲੇ ਦਿਨੀਂ ਇਨ੍ਹਾਂ ਤਿੰਨਾਂ ਮਾਹਿਰਾਂ ਦੀ ਟੀਮ ਹਿਮਾਚਲ ਦੇ ਦੌਰੇ 'ਤੇ ਚਾਰ ਦਿਨਾਂ ਦੇ ਟੂਰ 'ਤੇ ਗਈ ਜਿਸ ਵੱਲੋਂ ਉਥੋਂ ਦੇ ਵੱਖ-ਵੱਖ ਖੇਤੀ ਮਾਹਿਰਾਂ ਤੇ ਉੱਨਤ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਦੋਵਾਂ ਸੂਬਿਆਂ ਵਿਚ ਨਾਲ ਦੇ ਇਲਾਕਿਆਂ ਵਿਚ ਖੇਤੀ ਜਿਣਸਾਂ ਦੇ ਆਦਾਨ ਪ੍ਰਦਾਨ ਸਬੰਧੀ ਨਵੀਆਂ ਸੰਭਵਾਨਾਵਾਂ ਤਲਾਸ਼ ਕੀਤੀਆਂ ਜਿਸ ਨਾਲ ਦੋਵਾਂ ਸੂਬਿਆਂ ਵਿਚ ਖੇਤੀਬਾੜੀ ਨੂੰ ਹੋਰ ਬੜਾਵਾ ਮਿਲੇਗਾ ਜਿਨ੍ਹਾਂ ਦਾ ਵੇਰਵਾ ਵੱਖ-ਵੱਖ ਕਿਸ਼ਤਾਂ ਵਿਚ ਦਿੱਤਾ ਜਾਵੇਗਾ।
(1) ਪੀਲੀ ਕੁੰਗੀ ਦੀ ਰੋਕਥਾਮ ਵਿਚ ਸਫ਼ਲਤਾ-ਇਸ ਸਕੀਮ ਤਹਿਤ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਦੇ ਰੋਗ ਤੋਂ ਬਚਾਉਣ ਲਈ ਪਿਛਲੇ ਸਾਲ ਵਿਸ਼ੇਸ਼ ਯਤਨ ਹਿਮਾਚਲ ਵਿਖੇ ਅਰੰਭੇ ਗਏ ਸੀ ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤ ਸ਼ਿਵਾਲਿਕ ਪੱਟੀ ਤੋਂ ਹੀ ਹੁੰਦੀ ਹੈ। ਇਸ ਸਬੰਧੀ 21 ਸਤੰਬਰ 2016 ਨੂੰ ਊਨਾ ਦੇ ਕੇ. ਵੀ. ਕੇ. ਸਟੇਸ਼ਨ ਵਿਖੇ ਡਾ: ਰਜਿੰਦਰ ਸਿੰਘ ਸਿੱਧੂ ਪਸਾਰ ਸਿਖਿਆਂ ਡਾਇਰੈਟਟਰ ਪੀ. ਏ. ਯੂ. , ਡਾ: ਰੀਸਰਚ ਪਾਲਮਪੁਰ ਡਾ: ਕੰਵਰ ਤੇ ਡਾਇਰੈਕਟਰ ਪਸਾਰ ਸਿੱਖਿਆ ਡਾ: ਮਹਿਤਾ ਤੇ ਡਾ: ਅਸ਼ਵਨੀ ਕੁਮਾਰ ਡੀਨ ਪੀ. ਜੀ. ਵੀ. ਸ਼ਾਮਿਲ ਹੋਏ ਤੇ ਦੋਵਾਂ ਯੂਨੀਵਰਸਿਟੀਆਂ ਵੱਲੋਂ ਇਸ ਸਬੰਧੀ ਕੀਤੇ ਗਏ ਸਾਂਝੇ ਯਤਨਾਂ ਸਦਕਾ ਪਿਛਲੇ ਸਾਲ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਦੇ ਰੋਗ ਤੋਂ ਬਚਾਉਣ ਵਿਚ ਵੱਡੀ ਸਫਲਤਾ ਮਿਲੀ। ਟੀਮ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਾਹਿਰਾਂ ਵਲੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤ ਹਿਮਾਚਲ ਦੀ ਸ਼ਿਵਾਲਿਕ ਪੱਟੀ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇਨ੍ਹਾਂ ਛਾਂਦਾਰ ਇਲਾਕਿਆਂ ਤੋਂ ਜ਼ਿਆਦਾ ਸਲ੍ਹਾਬ ਕਾਰਨ ਇਹ ਰੋਗ ਪੈਦਾ ਹੋ ਕੇ ਪੰਜਾਬ ਦੇ ਕੰਢੀ ਇਲਾਕੇ ਤੋਂ ਸਾਰੇ ਪੰਜਾਬ ਵਿਚ ਫੈਲ ਕੇ ਕਰੋੜਾਂ ਦਾ ਨੁਕਸਾਨ ਕਰਦਾ ਹੈ। ਇਸ ਸਬੰਧੀ ਮਾਹਿਰਾਂ ਵੱਲੋਂ ਇਸ ਦੀ ਰੋਕਥਾਮ ਲਈ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਕਣਕ ਦੀ ਫ਼ਸਲ ਦੀ ਸਮਾਂ ਬੱਧ ਬਿਜਾਈ, ਵਿਵਰਜਿਤ ਕਿਸਮਾਂ ਦੀ ਮਨਾਹੀ ਨੂੰ ਅਮਲੀ ਰੂਪ ਦੇਣਾ, ਇਲਾਕੇ ਦੇ ਅਨੂਕੂਲ ਫ਼ਸਲਾਂ ਦੀ ਕਾਸ਼ਤ ਅਤੇ ਕੀਟਨਾਸ਼ਕ ਦਵਾਈਆਂ ਦਾ ਸਹੀ ਇਸਤੇਮਾਲ ਹੀ ਇਸ ਦੀ ਰੋਕਥਾਮ ਲਈ ਜਿਆਦਾ ਅਸਰਦਾਰ ਸਾਬਿਤ ਹੂੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


Email : asdmkd@gmail.com


ਖ਼ਬਰ ਸ਼ੇਅਰ ਕਰੋ

ਫਲਦਾਰ ਬੂਟਿਆਂ ਵਿਚ ਲਘੂ ਤੱਤਾਂ ਦੀ ਘਾਟ ਦੀ ਪਹਿਚਾਣ ਅਤੇ ਇਲਾਜ

ਫਲਦਾਰ ਬੂਟਿਆਂ ਵਿਚ ਇਨ੍ਹਾਂ ਸੂਖਮ ਤੱਤਾਂ ਦੀ ਘਾਟ ਦੇ ਲੱਛਣ ਅਤੇ ਇਲਾਜ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
(1) ਫਲਦਾਰ ਬੂਟਿਆਂ ਵਿਚ ਜ਼ਿੰਕ ਤੱਤ ਦੀ ਘਾਟ: ਫਲਦਾਰ ਬੂਟਿਆਂ ਵਿਚ ਜ਼ਿੰਕ ਤੱਤ ਦੀ ਘਾਟ ਬਾਕੀ ਸਾਰੇ ਸੂਖਮ ਤੱਤਾਂ ਦੀ ਘਾਟ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਦੀ ਘਾਟ ਰੇਤਲੀਆਂ ਅਤੇ ਘੱਟ ਜੈਵਿਕ ਮਾਦੇ ਵਾਲੀਆਂ ਜ਼ਮੀਨਾਂ ਵਿਚ ਜ਼ਿਆਦਾ ਆੳਂੁਦੀ ਹੈ। ਪੰਜਾਬ ਦੇ ਬਾਗ਼ਾਂ ਦੀ ਮਿੱਟੀ ਦੀ ਪੀ.ਐਚ ਜਿਆਦਾ ਹੋਣ ਕਰਕੇ ਜਿੰਕ ਦੀ ਉਪਲਬਧਤਾ ਬੂਟੇ ਨੂੰ ਘੱਟ ਹੁੰਦੀ ਹੈ। ਇਸ ਤੋ ਇਲਾਵਾ ਜੇਕਰ ਫਾਸਫੋਰਸ ਖਾਦ ਦੀ ਵਰਤੋ ਲੋੜ ਤੋ ਵੱਧ ਕੀਤੀ ਜਾਵੇ ਤਾਂ ਜਿੰਕ ਦੀ ਘਾਟ ਆ ਸਕਦੀ ਹੈ।
ਕਿੰਨੂ : ਕਿੰਨੂ ਦੇ ਬਾਗ਼ਾਂ ਵਿਚ ਜ਼ਿੰਕ ਦੀ ਘਾਟ ਵੱਡੇ ਪੈਮਾਨੇ 'ਤੇ ਆਉਂਦੀ ਹੈ। ਨਵੇਂ ਪੂਰੇ ਵਧੇ ਹੋਏ ਪੱਤਿਆਂ ਉੱਤੇ ਰੰਗ-ਬਰੰਗੇ ਧੱਬੇ ਪੈ ਜਾਂਦੇੇ ਹਨ। ਸਿਰੇ ਵਾਲੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ ਅਤੇ ਉਨ੍ਹਾਂ ਵਿਚਕਾਰ ਫ਼ਾਸਲਾ ਘੱਟ ਜਾਂਦਾ ਹੈ ਅਤੇ ਫਲਾਂ ਵਾਲੀਆਂ ਅੱਖਾਂ ਬਹੁਤ ਘੱਟ ਜਾਂਦੀਆਂ ਹਨ। ਜ਼ਿੰਕ ਦੀ ਘਾਟ ਨੂੰ ਪੂਰੀ ਕਰਨ ਲਈ ਰੋਗੀ ਬੂਟਿਆਂ ਉੱਤੇ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ਿੰਕ ਸਲਫ਼ੇਟ ਦੇ ਘੋਲ ਦਾ ਛਿੜਕਾਅ ਕਰੋ। ਇਹ ਛਿੜਕਾਅ ਚੂਨੇ ਤੋਂ ਬਿਨਾਂ ਬਹਾਰ ਦੀ ਫੋਟ ਨੂੰ ਅਖੀਰ ਅਪ੍ਰੈਲ ਵਿਚ ਅਤੇ ਗਰਮੀਆਂ ਦੀ ਫੋਟ ਨੂੰ ਅੱਧ ਅਗਸਤ ਵਿਚ ਕਰੋ। ਇਹ ਛਿੜਕਾਅ ਉਦੋਂ ਕਰਨਾ ਚਾਹੀਦਾ ਹੈ ਜਦੋਂ ਭਰਪੂਰ ਪੱਤੇ ਨਿਕਲੇ ਹੋਣ। ਆਮ ਕਰਕੇ ਜ਼ਿੰਕ ਦੀ ਘਾਟ, ਬੂਟੇ ਦੇੇ ਚੌਥੇ ਸਾਲ, ਪਹਿਲੇ ਫਲ ਦੇ ਪਿੱਛੋਂ ਆਉਂਦੀ ਹੈ। ਇਸ ਕਰਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖੀਰ ਅਪ੍ਰੈਲ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ। ਬੋਰਡੋ ਮਿਸ਼ਰਣ ਅਤੇ ਜ਼ਿੰਕ ਸਲਫ਼ੇਟ+ਮੈਗਨੀਜ਼ ਸਲਫੇਟ ਦੇ ਛਿੜਕਾਵਾਂ ਦਾ ਆਪਸ ਵਿਚ ਇਕ ਹਫ਼ਤੇ ਦਾ ਫ਼ਰਕ ਜ਼ਰੂਰ ਰੱਖੋ ।
ਅਮਰੂਦ : ਜ਼ਿੰਕ ਦੀ ਘਾਟ ਨਾਲ ਬੂਟਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪੱਤੇ ਦੀਆਂ ਮੋਟੀਆਂ ਲਕੀਰਾਂ ਦੇ ਵਿਚਾਲੇ ਦਾ ਰੰਗ ਪੀਲਾ ਜਾਂ ਫਿੱਕਾ ਪੀਲਾ ਹੋ ਜਾਂਦਾ ਹੈ। ਪੱਤਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਦੀਆਂ ਟਹਿਣੀਆਂ ਸਿਰੇ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬੂਟੇ ਦਾ ਵਿਕਾਸ ਰੁਕ ਜਾਂਦਾ ਹੈ। ਇਸ ਘਾਟ ਨੂੰ ਜ਼ਿੰਕ ਸਲਫੇਟ ਤੇ ਚੂਨੇ (1 ਕਿਲੋ ਜ਼ਿੰਕ ਸਲਫੇਟ + ਅੱਧਾ ਕਿਲੋ ਅਣਬੁਝਿਆ ਚੂਨਾ 100 ਲਿਟਰ ਪਾਣੀ ਵਿਚ) ਦੇ ਘੋਲ ਦਾ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਹ ਛਿੜਕਾਅ ਜੂਨ ਤੋਂ ਸਤੰਬਰ ਮਹੀਨੇ ਵਿਚ ਪੰਦਰਾਂ ਦਿਨ ਦੇ ਫਰਕ ਨਾਲ ਦੋ-ਤਿੰਨ ਵਾਰੀ ਕਰੋ ।
ਨਾਸ਼ਪਾਤੀ : ਕਲਰਾਠੀਆਂ ਜ਼ਮੀਨਾਂ ਵਿਚ ਨਾਖਾਂ ਦੇ ਬੂਟਿਆਂ ਨੂੰ ਜ਼ਿੰਕ ਦੀ ਘਾਟ ਆ ਸਕਦੀ ਹੈ। ਨਾਸ਼ਪਾਤੀ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਉਸ ਦੇ ਨਵੇਂ ਪੱਤਿਆਂ ਵਿਚ ਵੇਖਣ ਨੂੰ ਮਿਲਦੇ ਹਨ। ਇਸ ਨਾਲ ਨਵੇਂ ਪੱਤਿਆਂ ਵਿਚ ਮੋਟੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪੱਤੇ ਆਕਾਰ ਵਿਚ ਛੋਟੇ ਰਹਿ ਜਾਂਦੇ ਹਨ ਅਤੇ ਉੱਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਬਾਗ਼ਾਂ ਵਿਚ ਜ਼ਿੰਕ ਦੀ ਘਾਟ ਨੂੰ ਠੀਕ ਕਰਨ ਲਈ 3 ਕਿਲੋ ਜ਼ਿੰਕ ਸਲਫੇਟ + 1.5 ਕਿਲੋ ਅਣ ਬੁਝਿਆ ਚੂਨਾ 500 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਅਲੂਚਾ : ਗਰਮੀਆਂ ਅਤੇ ਵਰਖਾ ਰੁੱਤ ਵਿਚ ਹਲਕੀਆਂ ਜ਼ਮੀਨਾਂ ਵਿਚ ਲੱਗੇ ਅਲੂਚੇ ਦੇ ਬੂਟਿਆਂ ਵਿਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ। ਟਹਿਣੀਆਂ ਤੇ ਉਪਰਲੇ ਪੱਤੇ ਛੋਟੇ ਆਕਾਰ ਦੇ, ਤਿੱਖੇ ਅਤੇ ਨਾੜੀਆਂ ਵਿਚਕਾਰ ਪੀਲੇ ਨਜ਼ਰ ਆਉਦੇ ਹਨ। ਉਪਰਲੇ ਪੱਤਿਆਂ ਵਿਚਕਾਰ ਫਾਸਲਾ ਘੱਟ ਜਾਂਦਾ ਹੈ। ਟਹਿਣੀ ਦੀ ਟੀਸੀ ਦੇ ਸਿਰਿਆਂ ਦੇ ਪੱਤਿਆਂ ਦਾ ਸੰਘਣਾ ਗੁੱਛਾ ਬਣ ਜਾਂਦਾ ਹੈ। ਜੇਕਰ ਜ਼ਿੰਕ ਦੀ ਘਾਟ ਬਹੁਤ ਲੰਮੇ ਸਮੇਂ ਤੱਕ ਰਹੇ ਤਾਂ ਬੂਟੇ ਦੀਆਂ ਟਹਿਣੀਆਂ ਦੀਆਂ ਟੀਸੀਆਂ ਉੱਤੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ । ਫ਼ਲ ਸਖ਼ਤ ਤੇ ਛੋਟੇ ਆਕਾਰ ਦੇ ਲੱਗਦੇੇ ਹਨ। ਬੂਟਿਆਂ 'ਤੇ ਇਸ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ 3 ਕਿਲੋ ਜ਼ਿੰਕ ਸਲਫੇਟ, ਡੇਢ ਕਿਲੋ ਅਣਬੁਝਿਆ ਚੂਨਾ, 500 ਲਿਟਰ ਪਾਣੀ ਵਿਚ ਘੋਲ ਕੇ ਇਕ ਏਕੜ ਦੇ ਬੂਟਿਆਂ ਤੇ ਜਦੋਂ ਜ਼ਿੰਕ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ, ਛਿੜਕਾਅ ਕਰ ਦਿਉ।
(2) ਫਲਦਾਰ ਬੂਟਿਆਂ ਵਿਚ ਲੋਹੇ ਤੱਤ ਦੀ ਘਾਟ : ਪੌਦਿਆਂ ਦਾ ਹਰਾ ਰੰਗ ਕਲੋਰੋਫਿਲ ਤੱਤ ਕਰਕੇ ਹੁੰਦਾ ਹੈ ਅਤੇ ਇਸ ਤੱਤ ਨੂੰ ਬਣਨ ਲਈ ਲੋਹਾ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਹਲਕੀਆਂ, ਕਲਰਾਠੀਆਂ, ਰੇਤਲੀਆਂ ਅਤੇ ਜਿਆਦਾ ਪੀ.ਐਚ(ਖਾਰਾਪਨ) ਵਾਲੀਆਂ ਜ਼ਮੀਨਾਂ ਵਿਚ ਦੇਖਣ ਨੂੰ ਮਿਲਦੀ ਹੈ।
ਆੜੂ : ਆੜੂ ਵਿਚ ਲੋਹੇ ਦੀ ਘਾਟ ਆਮ ਤੌਰ 'ਤੇ ਗਰਮੀਆਂ ਅਤੇ ਬਰਸਾਤਾਂ ਦੇ ਦੌਰਾਨ ਨਜ਼ਰ ਆਉਂਦੀ ਹੈ। ਲੋਹੇ ਦੀ ਘਾਟ ਵਿਚ ਬੂਟੇ ਦੇ ਟੀਸੀ ਦੇ ਵਧਦੇ ਨਵੇਂ ਪੱਤਿਆਂ ਦੀਆਂ ਨਾੜੀਆਂ ਹਰੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਵਿਚਕਾਰਲੀ ਥਾਂ ਪੀਲਾ ਪੈ ਜਾਂਦਾ ਹੈ। ਗੰਭੀਰ ਹਾਲਤਾਂ ਵਿਚ ਨਵੇਂ ਪੱਤੇ ਬਿਲਕੁਲ ਚਿੱਟੇ-ਪੀਲੇ ਹੁੰਦੇ ਹਨ, ਜਿਹੜੇ ਕਿ ਮਗਰੋਂ ਹਰੇ ਹੋ ਜਾਂਦੇ ਹਨ। ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਪੱਤਿਆਂ 'ਤੇ ਪ੍ਰਗਟ ਹੁੰਦੀਆਂ ਹਨ ਅਤੇ ਮਗਰੋਂ ਤੇਜ਼ੀ ਨਾਲ ਵਧਦੀਆਂ ਹਨ। ਲੋਹੇ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਬੂਟਿਆਂ 'ਤੇ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿਚ ਘੋਲ ਕੇ ਅਪ੍ਰੈਲ, ਜੂਨ ਅਤੇ ਅਗਸਤ-ਸਤੰਬਰ ਵਿਚ ਛਿੜਕਾਅ ਕਰੋ।
ਨਾਸ਼ਪਾਤੀ : ਨਾਸ਼ਪਾਤੀ ਵਿਚ ਲੋਹੇ ਦੀ ਘਾਟ ਬੂਟੇ ਦੇ ਟੀਸੀ ਦੇ ਪੱਤਿਆਂ ਉੱਤੇ ਆਉਂਦੀ ਹੈ। ਇਸ ਦੀ ਘਾਟ ਨਾਲ਼ ਪੱਤਿਆਂ ਦੀਆਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਹਿੱਸਾ ਪੀਲੇ ਰੰਗ ਦਾ ਹੋੋ ਜਾਂਦਾ ਹੈ। ਇਸ ਦੀ ਘਾਟ ਨੂੰ ਖ਼ਤਮ ਕਰਨ ਲਈ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ।


-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਰ, ਗੁਰਦਾਸਪੁਰ।

ਬੁਢਾਪਾ ਵਿਚ ਵਿਦੇਸ਼ਾਂ ਦੇ

ਜਦੋਂ ਮਨੁੱਖ ਦੀ ਤੀਜੀ ਪੀੜ੍ਹੀ ਆਉਂਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਉਹ ਜੀਵਨ ਦੇ ਸਿਖਰ 'ਤੇ ਹੈ। ਉਹ ਸਭ ਕੁਝ ਨਿਛਾਵਰ ਕਰ ਦੇਣਾ ਚਾਹੁੰਦਾ ਹੈ। ਖੁਸ਼ੀ ਉਸ ਤੋਂ ਸਾਭੀਂ ਨਹੀਂ ਜਾਂਦੀ। ਪਰ ਉਹ ਭੁੱਲ ਜਾਂਦਾ ਹੈ ਕਿ ਇਹ ਉਸ ਦੇ ਬੁਢਾਪੇ ਵੱਲ ਪਹਿਲਾ ਕਦਮ ਹੈ। ਬੱਚੇ, ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੋ ਵਿਦੇਸ਼ਾਂ ਲਈ ਉਡਾਣ ਭਰਦੇ ਹਨ। ਚੰਗੇ ਜੀਵਨ ਦੀ ਆਸ ਵਿਚ ਮਾਪੇ ਪਿੱਛੇ ਰਹਿ ਜਾਂਦੇ ਹਨ। ਇਹ ਇਕੱਲਤਾ ਦੇ ਜੀਵਨ ਦਾ ਅਗਲਾ ਪੜ੍ਹਾਅ ਹੋ ਨਿਬੜਦਾ ਹੈ। ਨਾ ਮਨੁੱਖ ਸੌਂਦਾ ਹੈ ਨਾ ਜਾਗਦਾ ਹੈ। ਖੇਤਾਂ ਵਿਚ ਮਿਹਨਤ ਕਰਨ ਨੂੰ ਵੀ ਰੂਹ ਨਹੀਂ ਕਰਦੀ। ਘਰਾਂ ਦਾ ਖਾਲੀਪਣ ਡਰਾਉਣ ਲੱਗ ਜਾਂਦਾ ਹੈ। ਤੇ ਫੇਰ ਹੁੰਦਾ ਹੈ ਵਿਦੇਸ਼ਾਂ ਵੱਲ ਦਾ ਸਫਰ ਸ਼ੁਰੂ। ਕੋਈ ਥੋੜ੍ਹੇ ਚਿਰ ਲਈ, ਤੇ ਕੋਈ ਸਦਾ ਵਾਸਤੇ ਤੁਰ ਜਾਂਦਾ ਹੈ। ਪਹਿਲੋਂ-ਪਹਿਲ ਤਾਂ ਸਾਫ-ਸੁਥਰੀ ਧਰਤੀ ਵੇਖ ਕਿ ਚੰਗਾ ਲੱਗਦਾ ਤੇ ਫਿਰ ਹੌਲੀ-ਹੌਲੀ ਸੱਚ ਨਾਲ ਵਾਹ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚਿਆਂ ਦੇ ਰੁਝੇਵੇਂ ਜਾਂ ਬੇਵਕਤੀ ਨੌਕਰੀਆਂ, ਜਾਂ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਦਾ ਅਸਰ ਮਾਂ ਬਾਪ ਦੇ ਰਿਸ਼ਤੇ 'ਤੇ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਇੰਝ ਹਰੇਕ ਨਾਲ ਨਹੀਂ ਹੁੰਦਾ ਪਰ ਬਹੁਤਿਆਂ ਨਾਲ ਵਾਪਰਦਾ ਹੈ। ਵਿਦੇਸ਼ਾਂ ਦੀ ਧਰਤੀ 'ਤੇ ਮਜਬੂਰੀ ਐਨੀ ਹੋ ਜਾਂਦੀ ਹੈ ਕਿ ਆਪਣੀ ਧਰਤੀ/ਪਿੰਡ ਦੀ ਤੜਪ, ਤੜਫ-ਤੜਫ ਕਿ ਮਰ ਜਾਂਦੀ ਹੈ। ਇਹੋ ਜਿਹੇ ਲਾਚਾਰ ਹਜ਼ਾਰਾਂ ਪੰਜਾਬੀ ਅੱਜ ਵਿਦੇਸ਼ਾਂ ਵਿਚ ਮਜਬੂਰੀ ਦਾ ਜੀਵਨ ਜੀਓ ਰਹੇ ਹਨ, ਬਿਨਾਂ ਕਿਸੇ ਆਸ ਦੇ। ਪਰ ਕਈ ਐਸੇ ਵੀ ਹਨ ਜੋ ਇਸ ਜੀਵਨ ਜਾਚ ਨੂੰ ਮਾਣ ਰਹੇ ਹਨ।

-ਮੋਬਾ: 98159-45018

ਉਪਜ ਨੂੰ ਭੰਡਾਰਨ ਦੌਰਾਨ ਸੁਰੱਖਿਅਤ ਕਿਵੇਂ ਰੱਖਿਆ ਜਾਏ?

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੀ ਪ੍ਰਾਪਤੀ ਲਈ ਜਿੱਥੇ ਉਤਪਾਦਿਕਤਾ ਦਾ ਵਧਾਉਣਾ, ਫ਼ਸਲਾਂ ਦਾ ਯੋਗ ਮੰਡੀਕਰਨ, ਐਗਰੋ ਪ੍ਰੋਸੈਸਿੰਗ ਸਹੂਲਤਾਂ ਅਤੇ ਵਧੇਰੇ ਗੁਣਵੱਤਾ ਵਾਲੀਆਂ ਮਹਿੰਗੀਆਂ ਫ਼ਸਲਾਂ ਦਾ ਉਗਾਉਣਾ ਅਤੇ ਐਮ ਐਸ ਪੀਜ਼ ਵਧਾਉਣਾ ਜ਼ਰੂਰੀ ਹਨ, ਫ਼ਸਲਾਂ ਦੀ ਕਟਾਈ ਤੋਂ ਬਾਅਦ ਉਤਪਾਦਨ ਦੀ ਉੱਚਿਤ ਸਾਂਭ-ਸੰਭਾਲ ਤੇ ਸੁਰੱਖਿਅਤ ਭੰਡਾਰਨ ਵੀ ਓਨੀ ਹੀ ਅਹਿਮੀਅਤ ਰੱਖਦੇ ਹਨ। ਅਨਾਜ ਉਤਪਾਦਨ ਦਾ ਤਕਰੀਬਨ 60 ਫੀਸਦੀ ਕਿਸਾਨ ਆਪਣੇ ਕੋਲ ਰੱਖਦੇ ਹਨ ਅਤੇ ਬਾਕੀ ਦਾ ਮੰਡੀਕਰਨ ਕਰਦੇ ਹਨ ਭਾਵੇਂ ਪੰਜਾਬ 'ਚ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਨਿਪੁੰਨ ਹੋਣ ਕਾਰਨ ਕਿਸਾਨਾਂ ਦੇ ਆਪਣੇ ਕੋਲ ਅਨਾਜ ਰਹਿ ਜਾਣ ਦੀ ਮਾਤਰਾ ਘੱਟ ਹੈ। ਕਿਸਾਨਾਂ ਦੇ ਪੱਧਰ 'ਤੇ ਕੋਈ ਭੰਡਾਰਨ ਦੇ ਯੋਗ ਪ੍ਰਬੰਧ ਨਹੀਂ।
ਇਸ ਸਾਲ ਭਾਰਤ 'ਚ 273 ਮਿਲੀਅਨ ਟਨ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ ਹੈ। ਇਹ ਐਫ ਸੀ ਆਈ ਅਤੇ ਹੋਰ ਸਰਕਾਰੀ ਏਜੰਸੀਆਂ ਨੇ ਵੀ ਭੰਡਾਰ ਕਰਨਾ ਹੈ ਅਤੇ ਕਿਸਾਨਾਂ ਨੇ ਵੀ। ਫ਼ਸਲ ਵੱਢਣ ਤੋਂ ਬਾਅਦ ਇਕ ਅਨੁਮਾਨ ਅਨੁਸਾਰ 50 ਹਜ਼ਾਰ ਕਰੋੜ ਤੋਂ 58 ਹਜ਼ਾਰ ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਜੇ ਸਰਕਾਰੀ ਏਜੰਸੀਆਂ ਅਤੇ ਕਿਸਾਨਾਂ ਵੱਲੋਂ ਅਨਾਜ ਨੂੰ ਭੰਡਾਰ ਦੇ ਦੌਰਾਨ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਿਆ ਜਾਵੇ ਤਾਂ ਉਨ੍ਹਾਂ ਦੀ ਆਮਦਨ 'ਚ ਵਾਧਾ ਹੋ ਸਕਦਾ ਹੈ ਅਤੇ ਇਸ ਨਾਲ ਕਾਫੀ ਜਨਸੰਖਿਆ ਨੂੰ ਖਾਣਾ ਮੁਹਈਆ ਕੀਤਾ ਜਾ ਸਕਦਾ ਹੈ। ਅਨਾਜ ਦੇ ਸੁਰੱਖਿਅਤ ਭੰਡਾਰ ਕਰਨ ਲਈ ਸਰਕਾਰੀ ਤੇ ਗ਼ੈਰ -ਸਰਕਾਰੀ ਏਜੰਸੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਹਫ਼ਤੇ ਆਈ ਸੀ ਏ ਆਰ, ਐਂਟੋਮੋਲੀਜਿਕਲ ਸੁਸਾਇਟੀ ਆਫ ਇੰਡੀਆ ਤੇ ਕਰਾਪ ਕੇਅਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਭੰਡਾਰ ਦੌਰਾਨ ਅਨਾਜ ਨੁੂੰ ਸੁਰੱਖਿਅਤ ਰੱਖਣ ਲਈ ਦਿੱਲੀ ਵਿਖੇ ਕੀਤੀ ਗਈ ਕਾਨਫੰਰਸ ਵਿਚ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਅਮਲੀ ਤੌਰ 'ਤੇ ਵਿਖਾਵੇ ਦੇ ਕੇ ਵਿਗਿਆਨਕ ਢੰਗਾਂ ਨਾਲ ਅਨਾਜ ਨੂੰ ਭੰਡਾਰ ਕਰਨ ਅਤੇ ਕੀੜਿਆਂ ਦੇ ਨੁਕਸਾਨ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਭਾਰਤ 'ਚ ਵਿਸ਼ਵ ਦੇ ਸਭ ਮੁਲਕਾਂ ਨਾਲੋਂ ਜ਼ਿਆਦਾ ਅਨਾਜ ਦੀ ਖਪਤ ਹੈ। ਇਥੇ ਦਾ ਵਾਤਾਵਰਨ ਅਨਾਜ ਨੂੰ ਖਰਾਬ ਕਰਨ ਵਾਲੇ ਕੀੜਿਆਂ ਦੇ ਵਿਕਾਸ ਲਈ ਬੜਾ ਅਨੁਕੂਲ ਹੈ। ਭੰਡਾਰ ਦੇ ਦੌਰਾਨ ਖਰਾਬਾ ਕਰਨ ਵਾਲੇ ਕੀੜਿਆਂ ਵਿਚ ਮੁੱਖ ਤੌਰ 'ਤੇ ਸੁਸਰੀ, ਖਪਰਾ, ਘੁੰਣ ਅਤੇ ਉੱਲੀ, ਆਦਿ ਸ਼ਾਮਿਲ ਹਨ। ਜੋ ਦਾਣਿਆਂ ਤੇ ਬੀਜ ਦੀ ਸ਼ੁਧੱਤਾ, ਗੁਣਵੱਤਾ ਤੇ ਉੱਗਣ ਸ਼ਕਤੀ ਨੁੂੰ ਪ੍ਰਭਾਵਤ ਕਰਦੇ ਹਨ। ਜੇ ਬੀਜ ਅਗਲੀ ਫ਼ਸਲ ਤੱਕ ਕੀੜਿਆਂ ਤੋਂ ਮੁਕਤ ਰੱਖ ਕੇ ਵਿਗਿਆਨਕ ਵਿਧੀਆਂ ਨਾਲ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਉਤਪਾਦਕਤਾ 'ਚ 10-15 ਪ੍ਰਤੀਸ਼ਤ ਵਾਧਾ ਹੋ ਜਾਂਦਾ ਹੈ। ਇਨ੍ਹਾਂ ਕੀੜਿਆਂ ਦੀ ਭਰਮਾਰ ਦੇ ਮੁੱਖ ਕਾਰਨ ਪੁਰਾਣੀਆਂ ਬੋਰੀਆਂ ਅਤੇ ਢੋਲਾਂ ਦੀ ਵਰਤੋਂ, ਗ਼ੈਰ -ਮਿਆਰੀ ਗੁਦਾਮ, ਕੰਧਾਂ ਅਤੇ ਫਰਸ਼ 'ਚ ਤਰੇੜਾਂ ਅਤੇ ਸਹੀ ਢੰਗ ਨਾਲ ਧਾਂਕਾਂ ਦਾ ਨਾ ਲਾਉਣਾ, ਆਦਿ ਹਨ। ਵਿਗਿਆਨੀਆਂ ਅਨੁਸਾਰ ਕੀੜਿਆਂ ਦੀਆਂ ਵਿਸ਼ਵ 'ਚ 1000 ਦੇ ਕਰੀਬ ਨਸਲਾਂ ਹਨ ਜੋ ਭੰਡਾਰ 'ਚ ਅਨਾਜ ਨੂੰ ਖਰਾਬ ਕਰਦੇ ਹਨ। ਮੁੱਖ ਤੌਰ 'ਤੇ ਕਣਕ ਨੂੰ ਸੁਸਰੀ ਅਤੇ ਚੌਲਾਂ ਨੂੰ ਘੁਣਾ ਅਤੇ ਖਪਰਾ, ਆਦਿ ਸਭ ਤੋਂ ਹਾਨੀਕਾਰਕ ਕੀੜੇ ਹਨ। ਗਰਮੀ ਤੇ ਨਮੀ ਇਨ੍ਹਾਂ ਕੀੜਿਆਂ ਦੇ ਪੈਦਾ ਕਰਨ ਲਈ ਸਹਾਈ ਹੁੰਦੇ ਹਨ। ਖਪਰਾ ਤਾਂ ਤਰੇੜਾਂ ਅਤੇ ਲੱਕੜੀ ਦੀਆਂ ਦਰਾਜ਼ਾਂ 'ਚ ਵੀ ਇਕੱਠਾ ਹੋ ਜਾਂਦਾ ਹੈ। ਨਮੀ ਤੇ ਵੱਧ ਤਾਪਮਾਨ ਵਿਚ ਇਸ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਗੁਦਾਮਾਂ 'ਚ ਭੰਡਾਰ ਕੀਤੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਸਫ਼ਾਈ ਦੀ ਵੀ ਬੜੀ ਲੋੜ ਹੈ। ਆਲਾ- ਦੁਆਲਾ ਸਾਫ਼ ਹੋਣਾ ਚਾਹੀਦਾ ਹੈ। ਭੰਡਾਰ ਵਿਚ ਜਾਂ ਗੁਦਾਮ 'ਚ ਪੁਰਾਣਾ ਅਨਾਜ ਸਟੋਰ ਕੀਤਾ ਹੋਇਆ ਹੋਵੇ ਤਾਂ ਨਵੇਂ ਅਨਾਜ ਨੂੰ ਭੰਡਾਰ ਨਹੀਂ ਕਰਨਾ ਚਾਹੀਦਾ। ਭੰਡਾਰ ਕਰਨ ਲੱਗਿਆਂ ਦਾਣੇ ਬਿਲਕੁਲ ਸਾਫ਼ ਤੇ ਖੁਸ਼ਕ ਹੋਣੇ ਚਾਹੀਦੇ ਹਨ। ਜੇ ਨਿਯਤ ਸੀਮਾ ਤੋਂ ਨਮੀ ਥੋੜ੍ਹੀ ਜਿਹੀ ਵੀ ਵੱਧ ਹੋਵੇ ਤਾਂ ਕੀੜਿਆਂ ਤੋਂ ਖਰਾਬੇ ਦਾ ਕਾਰਨ ਬਣਦੀ ਹੈ। ਭੰਡਾਰ ਕੀਤੇ ਹੋਏ ਅਨਾਜ 'ਚ 12 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਨੁਕਸਾਨ ਕਰਨ ਵਾਲੇ ਕੀੜਿਆਂ ਨੂੰ 13 ਤੋਂ 15 ਪ੍ਰਤੀਸ਼ਤ ਤੱਕ ਨਮੀ ਲੋੜੀਂਦੀ ਹੈ। ਤਾਜ਼ੀ ਵੱਢੀ ਝੋਨੇ ਜਾਂ ਕਣਕ ਜਿਹੀਆਂ ਫ਼ਸਲ 'ਚ ਨਮੀ 20 ਪ੍ਰਤੀਸ਼ਤ ਹੁੰਦੀ ਹੈ ਅਤੇ ਜੇ ਤਾਪਮਾਨ 20 ਡਿਗਰੀ ਸੈਂਟੀਗਰੇਡ ਹੋਵੇ ਤਾਂ ਕਣਕ ਤੇ ਝੋਨੇ ਨੂੰ ਲੱਗਣ ਦੀ ਸੰਭਾਵਨਾ ਜ਼ਿਆਦਾ ਹੈ। ਨਮੀ ਦੀ ਮਾਤਰਾ, ਹਵਾ ਨਾਲ ਜਾਂ ਸੁਕਾ ਕੇ ਘਟਾਉਣ ਦੀ ਲੋੜ ਹੈ। ਜੇ ਭੰਡਾਰ ਕੀਤਾ ਹੋਇਆ ਅਨਾਜ ਲੱਗ ਜਾਵੇ ਤਾਂ ਐਲੂਮੀਨੀਅਮ ਫਾਸਫਾਈਡ (ਸਲਫਾਸ) ਦੀ ਧੂਣੀ ਨਾਲ ਹੀ ਕੀੜੇ ਖਤਮ ਹੋ ਸਕਦੇ ਹਨ। ਇਸ ਨੂੰ ਬੜੇ ਵਿਗਿਆਨਕ ਢੰਗ ਨਾਲ ਮਾਹਿਰਾਂ ਰਾਹੀਂ ਵਰਤਣ ਦੀ ਲੋੜ ਹੈ ਕਿਉਂਕਿ ਇਹ ਗੈਸ ਬੜੀ ਜ਼ਹਿਰਲੀ ਹੁੰਦੀ ਹੈ ਜੋ ਇਨਸਾਨ ਲਈ ਬੜੀ ਖਤਰਨਾਕ ਸਾਬਿਤ ਹੋ ਸਕਦੀ ਹੈ। ਸਲਫਾਸ ਦੀਆਂ ਗੋਲੀਆਂ ਮਲਮਲ ਦੀ ਜਾਲੀ ਵਿਚ ਲਪੇਟ ਕੇ ਧਾਂਕ ਦੇ ਥੱਲਿਉਂ ਰੱਖਣੀਆਂ ਚਾਹੀਦੀਆਂ ਹਨ ਪਰੰਤੂ ਹੁਣ ਸਲਫਾਸ ਦੀਆਂ ਗੋਲੀਆਂ ਕਿਸਾਨਾਂ ਨੂੰ ਉਪਲੱਬਧ ਨਹੀਂ (ਖਤਰਨਾਕ ਹੋਣ ਕਾਰਨ ਸਰਕਾਰ ਨੇ ਕੇਵਲ ਸਰਕਾਰੀ ਏਜੰਸੀਆਂ ਨੂੰ ਵਰਤਣ ਦੀ ਆਗਿਆ ਦਿੱਤੀ ਹੋਈ ਹੈ)। ਕਿਸਾਨਾਂ ਨੂੰ ਐਲੂਮੀਨੀਅਮ ਫਾਸਫਾਈਡ, ਵਰਤਣਾ ਚਾਹੀਦਾ ਹੈ। ਪਾਊਚ ਹੁਣ ਛੋਟੀ ਮਾਤਰਾ 'ਚ ਵੀ ਉਪਲੱਬਧ ਹਨ। ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਜੋ 5 ਗ੍ਰਾਮ ਦਾ ਪਾਊਚ 5 ਕੁਇੰਟਲ ਲਈ ਕਾਫੀ ਹੈ। ਪਾਊਚ ਨੂੰ ਲੱਕੜੀ ਦੇ ਤਖਤਿਆਂ 'ਤੇ ਧਾਂਕਾਂ 'ਚ ਰੱਖੀਆਂ ਗਈਆਂ ਬੋਰੀਆਂ ਦੇ ਥੱਲੇ ਤੋਂ ਰੱਖਣਾ ਸ਼ੁਰੂ ਕਰਨਾ ਚਾਹੀਦਾ ਹੈ। ਕੀੜਿਆਂ ਦਾ ਨਾਸ਼ ਕਰਨ ਲਈ ਗੁਦਾਮ ਜਾਂ ਹਵਾ ਬੰਦ ਕੋਠਾ ਘੱਟੋ-ਘੱਟ 7 ਦਿਨ ਬੰਦ ਰੱਖਣਾ ਚਾਹੀਦਾ ਹੈ ਅਤੇ ਗੈਸ ਇਸ ਵਿਚੋਂ ਲੀਕ ਨਹੀਂ ਹੋਣੀ ਚਾਹੀਦੀ। ਐਲੂਮੀਨੀਅਮ ਫਾਸਫਾਈਡ ਅਨਾਜ ਨੂੰ ਕੀੜਿਆਂ ਤੋਂ ਸੁਰੱਖਿਅਤ ਰੱਖਦਾ ਹੈ ਅਤੇ ਦਾਣਿਆਂ ਦੀ ਗੁਣਵੱਤਾ ਵੀ ਖਰਾਬ ਨਹੀਂ ਹੋਣ ਦਿੰਦਾ। ਖੇਤੀ ਯੂਨੀਵਰਸਿਟੀਆਂ ਅਤੇ ਉੱਚੇ ਦਰਜੇ ਦੀਆਂ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਅਤੇ ਆਪਰੇਟਰਾਂ ਨੂੰ ਫ਼ਸਲਾਂ ਤੇ ਬੀਜਾਂ ਦੇ ਭੰਡਾਰ ਸਬੰਧੀ ਵਿਗਿਆਨਕ ਵਿਧੀਆਂ ਦੀ ਸਿਖਲਾਈ ਦੇਣ ਲਈ ਮਜ਼ਬੂਤ ਖੇਤੀ ਪ੍ਰਸਾਰ ਸੇਵਾ ਉਪਲੱਬਧ ਹੋਣੀ ਚਾਹੀਦੀ ਹੈ।
ਅਨਾਜ ਤੋਂ ਇਲਾਵਾ ਨਾਸ਼ਵਾਨ ਪੈਦਾਵਾਰ ਨੂੰ ਵੀ ਭੰਡਾਰ ਦੇ ਦੌਰਾਨ ਸੁਰੱਖਿਅਤ ਰੱਖਣ ਦੀ ਲੋੜ ਹੈ। ਸਬਜ਼ੀਆਂ ਤੇ ਫ਼ਲਾਂ ਦਾ ਉਤਪਾਦਨ ਅਨਾਜ ਦੀਆਂ ਫ਼ਸਲਾਂ ਨਾਲੋਂ ਵੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਦਾ ਖਰਾਬਾ ਵੀ ਕਿਸਾਨਾਂ ਦੀ ਆਮਦਨ ਵਧਾਉਣ 'ਚ ਅੜਿੱਕਾ ਹੈ। ਪੰਜਾਬ 'ਚ ਕੁਲ ਸਬਜ਼ੀਆਂ ਦੇ ਉਤਪਦਾਨ ਦਾ ਤਕਰੀਬਨ ਅੱਧਾ ਹਿੱਸਾ ਆਲੂਆਂ ਦਾ ਹੈ ਜੋ ਕੋਲਡ ਸਟੋਰ ਤੇ ਠੰਡੀ ਚੇਨ ਸਹੂਲਤਾਂ ਨਾ ਹੋਣ ਕਾਰਨ ਖਰਾਬ ਹੋ ਜਾਂਦੇ ਹਨ। ਆਲੂਆਂ ਦੀ ਪੈਦਾਵਾਰ ਨੂੰ 9 ਮਹੀਨੇ ਤੱਕ ਕੋਲਡ ਸਟੋਰਾਂ 'ਚ 2 ਡਿਗਰੀ ਸੈਂਟੀਗਰੇਡ 'ਤੇ ਰੱਖਿਆ ਜਾਂਦਾ ਹੈ। ਇਨ੍ਹਾਂ ਦੀ ਪੈਦਾਵਾਰ ਫਰਵਰੀ-ਮਾਰਚ 'ਚ ਹੁੰਦੀ ਹੈ। ਭੰਡਾਰ ਦੌਰਾਨ ਆਲੂਆਂ ਵਿਚ ਜੋ ਸਟਾਰਚ ਹੁੰਦਾ ਹੈ ਉਹ ਸ਼ੂਗਰ ਵਿਚ ਬਦਲ ਜਾਂਦਾ ਹੈ, ਜਿਸ ਕਾਰਨ ਆਲੂ ਪੁੰਗਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਆਲੂਆਂ ਨੂੰ ਲੰਮਾ ਸਮਾਂ ਸਟੋਰ 'ਚ ਸੁਰੱਖਿਅਤ ਰੱਖਣ ਲਈ 'ਉੂਰਜਾ' ਜੋ ਆਲੂਆਂ ਨੂੰ ਪੁੰਗਰਨ ਤੋਂ ਰੋਕਦਾ ਹੈ ਦੀ ਯੋਗ ਵਰਤੋਂ ਕੀਤਿਆਂ ਉਤਪਾਦਕਾਂ ਦੀ ਆਮਦਨ ਵਧ ਸਕਦੀ ਹੈ।
ਐਫ. ਸੀ. ਆਈ. ਤੇ ਹੋਰ ਸਰਕਾਰੀ ਏਜੰਸੀਆਂ ਆਪਣਾ ਅਨਾਜ ਸਾਇਲੋਜ਼ ਤੇ ਵੇਅਰਹਾਊਸਾਂ ਵਿਚ ਰੱਖਦੇ ਹਨ। ਇਹ ਸਹੂਲਤਾਂ ਕਿਸਾਨਾਂ ਲਈ ਵੀ ਹਨ ਪ੍ਰੰਤੂ ਉਨ੍ਹਾਂ ਨੂੰ ਉਪਲਬੱਧ ਨਹੀਂ ਹੁੰਦੀਆਂ। ਪੰਜਾਬ 'ਚ ਵੱਡੇ ਪੱਧਰ 'ਤੇ 3 ਸਾਇਲੋਜ਼ ਹਨ ਜਦੋਂ ਕਿ ਹਰਿਆਣਾ 'ਚ 1 ਅਤੇ ਯੂ. ਪੀ. 'ਚ 2 ਹਨ। ਸਾਇਲੋਜ਼ ਇਕ ਆਧੁਨਿਕ ਹਵਾਬੰਦ ਗੁਦਾਮ ਹੈ। ਸੰਨ 2020 ਤੱਕ ਹੋਰ ਸਾਇਲੋਜ਼ ਬਣਾਏ ਜਾਣਗੇ, ਜਿਸ ਨਾਲ ਅਨਾਜ ਸੁਰੱਖਿਅਤ ਭੰਡਾਰ ਕਰਨ ਦੀ ਸਮਰੱਥਾ ਵਧੇਗੀ। ਕਿਸਾਨਾਂ ਦੇ ਪੱਧਰ 'ਤੇ ਸਰਕਾਰ ਵੱਲੋਂ ਭੰਡਾਰਾਂ ਲਈ ਆਰਥਿਕ ਸਹਾਇਤਾ ਦੇਣ ਦੀ ਲੋੜ ਹੈ।


ਮੋਬਾ: 98152-36307

ਮੱਕੀ ਦੀਆਂ ਦੋਗਲੀਆਂ ਕਿਸਮਾਂ ਦਾ ਬੀਜ ਕਿਵੇਂ ਤਿਆਰ ਕਰੀਏ?

ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਕਰਕੇ ਕਿਸਾਨ ਵੀਰ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ। ਪਰ ਕਈ ਵਾਰੀ ਇਨ੍ਹਾਂ ਦੋਗਲੀਆਂ ਕਿਸਮਾਂ ਦੇ ਬੀਜਾਂ ਦੀ ਘਾਟ ਹੋਣ ਕਰਕੇ ਕਿਸਾਨ ਨੂੰ ਸਮੇਂ ਸਿਰ ਬੀਜ ਉਪਲਬਧ ਨਹੀਂ ਹੁੰਦੇ, ਜਿਸ ਕਰਕੇ ਕਿਸਾਨਾਂ ਨੂੰ ਗੈਰ-ਸਿਫ਼ਾਰਸ਼ ਕਿਸਮਾਂ ਦਾ ਬੀਜ ਲੈਣਾ ਪੈਂਦਾ ਹੈ ਅਤੇ ਕਿਸਾਨਾਂ ਨੂੰ ਤਕਰੀਬਨ 30-40 ਫੀਸਦੀ ਝਾੜ ਦਾ ਨੁਕਸਾਨ ਹੁੰਦਾ ਹੈ। ਉੱਨਤ ਕਿਸਮ ਦਾ ਸੁਧਰਿਆ ਬੀਜ ਝਾੜ ਵਧਾਉਣ ਵਿਚ ਇਕ ਮੁੱਢਲੀ ਕੁੰਜੀ ਹੈ ਮੱਕੀ ਦੇ ਝਾੜ ਵਿਚ ਵਾਧੇ ਦਾ ਸਿਹਰਾ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਹੀ ਜਾਂਦਾ ਹੈ। ਝੋਨੇ ਹੇਠੋਂ ਕੁਝ ਰਕਬਾ ਘਟਾ ਕੇ ਸਮੇਂ ਦੀ ਲੋੜ ਬਣੀ ਖੇਤੀ ਵਿਭਿੰਨਤਾ ਵਿਚ ਵੀ ਇਕਹਿਰੇ ਮੇਲ ਦੀਆਂ ਦੋਗਲੀਆਂ ਕਿਸਮਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ। ਦੋਗਲੀਆਂ ਕਿਸਮਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਅੰਦਰੂੂਨੀ ਗੁਣਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਨ੍ਹਾਂ ਗੁਣਾਂ ਦੀ ਸਾਂਭ- ਸੰਭਾਲ ਨਾ ਕੀਤੀ ਜਾਵੇ ਤਾਂ ਦੋਗਲੀਆਂ ਕਿਸਮਾਂ ਦੇ ਵਧੀਆ ਝਾੜ ਦੇਣ ਵਾਲੇ ਗੁਣਾਂ ਦੇ ਖਤਮ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ ਫਿਰ ਇਨ੍ਹਾਂ ਕਿਸਮਾਂ ਦਾ ਝਾੜ ਵੀ ਘਟ ਜਾਂਦਾ ਹੈ। ਦੋਗਲੀਆਂ ਕਿਸਮਾਂ ਦੇ ਬੀਜ ਉਤਪਾਦਨ ਦੇ ਕੁਝ ਜ਼ਰੂਰੀ ਨੁਕਤੇ ਹੇਠਾਂ ਵਿਸਥਾਰ ਨਾਲ ਦਿੱਤੇ ਗਏ ਹਨ।
ਦੋਗਲੀ ਕਿਸਮ:- ਭਿੰਨ-ਭਿੰਨ ਅੰਦਰੂੂਨੀ ਗੁਣਾਂ ਵਾਲੀਆਂ ਨਰ ਅਤੇ ਮਾਦਾ ਲਾਈਨਾਂ ਦੇ ਮਿਲਾਣ ਉਪਰੰਤ ਮਾਦਾ ਲਾਈਨ ਉਤੇ ਪੈਦਾ ਹੋਏ ਬੀਜ ਨੂੰ ਦੋਗਲੀ ਕਿਸਮ ਦਾ ਬੀਜ ਕਹਿੰਦੇ ਹਨ।
ਦੋਗਲੇ ਬੀਜ ਉਤਪਾਦਨ ਲਈ ਮੁੱਖ ਲੋੜਾਂ
ਨਰ ਅਤੇ ਮਾਦਾ ਲਾਈਨਾਂ ਦਾ ਬੀਜ : ਨਰ ਅਤੇ ਮਾਦਾ ਲਾਈਨਾਂ ਦੇ ਬੀਜ, ਬਿਜਾਈ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ, ਨਿਰਦੇਸ਼ਕ, ਬੀਜ, ਪੰਜਾਬ ਖੇਤੀਬਾੜੀ ਯੂਨੀਵਰੀਸਟੀ, ਲੁਧਿਆਣਾ ਨੂੰ ਲਿਖਤੀ ਬੇਨਤੀ ਕਰਕੇ ਲਏ ਜਾ ਸਕਦੇ ਹਨ।
ਮਾਦਾ ਲਾਈਨ : ਇਕ ਚੰਗੀ ਮਾਦਾ ਲਾਈਨ ਦੇ ਪੱਤੇ ਖੜ੍ਹਵੇਂ ਅਤੇ ਬਾਬੂ ਝੰਡੇ ਹਲਕੇ ਹੋਣੇ ਚਾਹੀਦੇ ਹਨ। ਇਸ ਦਾ ਤਣਾ ਅਤੇ ਜੜ੍ਹਾਂ ਮਜ਼ਬੂਤ ਹੋਣ ਦੇ ਨਾਲ-ਨਾਲ ਝਾੜ ਪੱਖੋਂ ਵਧੀਆ ਅਤੇ ਬੂਟੇ ਇਕਸਾਰ ਹੋਣੇ ਚਾਹੀਦੇ ਹਨ। ਇਹ ਲਾਈਨ ਖਾਦਾਂ ਅਤੇ ਹੋਰ ਤੱਤਾਂ ਦੀ ਚੰਗੀ ਵਰਤੋਂ ਦੇ ਸਮਰੱਥ ਹੋੋਵੇ ਅਤੇ ਇਸ ਨੂੰ ਛੱਲੀਆਂ ਨੀਵੀਆਂ ਲੱਗਦੀਆਂ ਹੋਣ। ਚੰਗੀ ਮਾਦਾ ਲਾਈਨ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਨੂੰ ਸਮਰੱਥ ਹੋਣੀ ਚਾਹੀਦੀ ਹੈ।
ਨਰ ਲਾਈਨ : ਇਕ ਚੰਗੀ ਨਰ ਲਾਈਨ ਜ਼ਿਆਦਾ ਝਾੜ ਦੇਣ ਵਾਲੀ ਅਤੇ ਮਾਦਾ ਲਾਈਨ ਨਾਲੋਂ ਉੱਚੀ ਹੋਣੀ ਚਾਹੀਦੀ ਹੈ। ਇਸ ਲਾਈਨ ਦਾ ਬਾਬੂ ਝੰਡਾ ਘੱਟ ਸ਼ਾਖਾਵਾਂ ਵਾਲਾ ਅਤੇ ਖਿਲਰਵਾਂ ਹਲਕਾ ਹੋਣ ਦੇ ਨਾਲ-ਨਾਲ ਲੰਮੇ ਸਮੇਂ ਤੱਕ ਪਰਾਗ ਕਣ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਇਸ ਦੇ ਦਾਣੇ ਮੋਟੇ, ਚਮਕਦਾਰ ਅਤੇ ਖੂਬਸੂਰਤ ਹੋਣ ਅਤੇ ਅਜਿਹੀ ਲਾਈਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋਣੀ ਚਾਹੀਦੀ ਹੈ।
ਖੇਤ ਦਾ ਨਿਵੇਕਲਾਪਣ : ਮੱਕੀ ਦਾ ਦੋਗਲਾ ਬੀਜ ਉਤਪਾਦਨ ਕਰਨ ਲਈ ਨਿਵੇਕਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ। ਇਸ ਪਲਾਂਟ ਦੇ ਆਲੇ-ਦੁਆਲੇ 200-300 ਮੀਟਰ ਦੀ ਦੂਰੀ ਤੱਕ ਮੱਕੀ ਦਾ ਕੋਈ ਦੂਜਾ ਖੇਤ ਨਹੀ ਹੋਣਾ ਚਾਹੀਦਾ ਜਾਂ ਫਿਰ ਬਿਜਾਈ ਦੇ ਸਮੇਂ ਦਾ ਦੂਜੀ ਮੱਕੀ ਨਾਲੋਂ ਘੱਟੋ-ਘੱਟ ਇਕ ਮਹੀਨਾ ਦਾ ਫ਼ਰਕ ਹੋਣਾ ਚਾਹੀਦਾ ਹੈ। ਨਰ ਅਤੇ ਮਾਦਾ ਲਾਈਨਾਂ ਦੇ ਬੀਜ ਉਤਪਾਦਨ ਵਾਸਤੇ ਇਹ ਦੂਰੀ 400-600 ਮੀਟਰ ਤੱਕ ਹੋਣੀ ਚਾਹੀਦੀ ਹੈ।
ਲਾਈਨਾਂ ਦਾ ਅਨੁਪਾਤ ਅਤੇ ਬੀਜ ਦੀ ਮਾਤਰਾ : ਨਰ ਅਤੇ ਮਾਦਾ ਲਾਈਨਾਂ ਦਾ ਅਨੁਪਾਤ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਨਰ ਲਾਈਨ ਉਤੋਂ ਬੂਰ ਕਿੰਨਾ ਸਮਾਂ ਝੜਦਾ ਹੈ। ਨਰ ਅਤੇ ਮਾਦਾ ਲਾਈਨਾਂ ਦੇ ਬੂਰ ਝੜਨ ਅਤੇ ਵਾਲ ਨਿਕਲਣ ਦੇ ਸਮੇਂ ਦਾ ਆਪਸ ਵਿਚ ਸਹੀ ਮੇਲ ਹੋਣਾ ਚਾਹੀਦਾ ਹੈ।
ਬਾਬੂ ਝੰਡੇ ਕੱਢਣਾ : ਦੋਗਲੀ ਕਿਸਮ ਦਾ ਬੀਜ ਬਣਾਉਣ ਲਈ ਮਾਦਾ ਕਤਾਰਾਂ ਵਿਚੋਂ ਬਾਬੂ ਝੰਡੇ ਕੱਢਣ ਦੀ ਪ੍ਰਕਿਰਿਆ ਬਹੁਤ ਹੀ ਜ਼ਰੂਰੀ ਅਤੇ ਧਿਆਨ ਪੂਰਵਕ ਕਰਨ ਵਾਲੀ ਹੈ। ਮਾਦਾ ਕਤਾਰਾਂ ਵਿਚੋਂ ਪਰਾਗ ਕਣ ਝੜਨ ਤੋੋਂ ਪਹਿਲਾਂ ਬਾਬੂ ਝੰਡੇ ਕੱਢ ਦੇਣੇ ਚਾਹੀਦੇ ਹਨ। ਭਾਵੇਂ ਮੀਹ ਜਾਂ ਹਨੇਰੀ ਹੋਵੇ ਪਰ ਬਾਬੂ ਝੰਡੇ ਮਾਦਾ ਵਿਚੋਂ ਹਰ ਰੋਜ਼ ਕੱਢੋ। ਇਹ ਕੰਮ ਲਗਪਗ 8-10 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਬੂ ਝੰਡੇ ਕੱਢਣ ਸਮੇਂ ਪੱਤੇ ਨਾ ਟੁੱਟਣ ਜਿਸ ਦਾ ਝਾੜ ਉਤੇ ਸਿੱਧੇ ਤੌਰ 'ਤੇ ਮਾੜਾ ਅਸਰ ਪੈਂਦਾ ਹੈ।
ਅਸ਼ੁੱਧ ਅਤੇ ਉਪਰੇ ਬੂਟੇ ਕੱਢਣਾ : ਦੋਗਲੀਆਂ ਕਿਸਮਾਂ ਦੇ ਬੀਜ ਦੀ ਗੁਣਵੱਤਾ ਬਰਕਰਾਰ ਰੱਖਣ ਵਾਸਤੇ ਬੀਜ ਉਤਪਾਦਨ ਪਲਾਟ ਵਿਚੋਂ ਉਪਰੇ ਬੂਟੇ ਬੂਰ ਝਾੜਨ ਤੋਂ ਪਹਿਲਾਂ ਹੀ ਪੁੱਟ ਦਿਉ। ਪੂਰੀ ਫ਼ਸਲ ਦੇ ਸਮੇਂ ਦੌਰਾਨ ਤਿੰਨ ਵਾਰੀ : 1.) ਬਿਜਾਈ ਤੋਂ 12-15 ਦਿਨਾਂ 'ਤੇ, 2.) ਜਦੋਂ ਫ਼ਸਲ ਗੋਡੇ ਜਿੰਨੀ ਹੋ ਜਾਵੇ ਅਤੇ 3.) ਬੂਰ ਝੜਨ ਤੋਂ ਪਹਿਲਾਂ ਅਸ਼ੁੱਧ ਬੂਟੇ ਜ਼ਰੂਰ ਕੱਢਣੇ ਚਾਹੀਦੇ ਹਨ। ਉਪਰੇ ਦਿਸਣ ਵਾਲੇ ਸਾਰੇ ਬੂਟਿਆਂ ਨੂੰ ਪਹਿਚਾਣ ਕੇ ਤੁਰੰਤ ਕੱਢ ਦਿਉ ਤਾਂ ਕਿ ਵਧੀਆ ਅਤੇ ਸ਼ੁੱਧ ਦੋਗਲਾ ਬੀਜ ਪੈਦਾ ਕੀਤਾ ਜਾ ਸਕੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 090415-04496.

ਵਿਰਸੇ ਦੀਆਂ ਬਾਤਾਂ

ਕਿਤੇ ਨਾ ਦਿਸਦੇ ਖੂਹ

ਖੂਹ ਅਲੋਪ ਹੋ ਗਏ ਹਨ। ਪਿੰਡਾਂ 'ਚ ਜਿਹੜੀਆਂ ਥਾਵਾਂ 'ਤੇ ਖੂਹ ਹੁੰਦੇ ਸਨ, ਉਥੇ ਕੋਈ ਨਿਸ਼ਾਨੀ ਹੀ ਨਹੀਂ ਬਚੀ ਕਿ ਇਥੇ ਖੂਹ ਨਾਂਅ ਦੀ ਕੋਈ ਚੀਜ਼ ਸੀ। ਜਿੱਥੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਕਲੱਬਾਂ ਨੇ ਖੂਹ ਬਚਾਇਆ ਹੈ, ਉਨ੍ਹਾਂ ਨੂੰ ਨਿਸ਼ਾਨੀ ਦੇ ਤੌਰ 'ਤੇ ਸਾਂਭਿਆ ਗਿਆ ਹੈ। ਇਹ ਖੂਹ ਹਵਾਲਾਤ ਦੀਆਂ ਸੀਖਾਂ ਵਾਂਗ ਕੈਦ ਕੀਤੇ ਗਏ ਹਨ। ਖੂਹਾਂ ਦੇ ਮੂੰਹ 'ਤੇ ਮੋਟੇ ਸਰੀਏ ਵਾਲੇ ਜੰਗਲੇ ਰੱਖੇ ਹਨ, ਕਿਤੇ ਕੋਈ ਇਨ੍ਹਾਂ ਵਿਚ ਡਿੱਗ ਨਾ ਪਵੇ। ਇਹ ਪ੍ਰਬੰਧ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਆਣਪ ਦੀ ਨਿਸ਼ਾਨੀ ਹੈ, ਜਿਸ ਲਈ ਉਨ੍ਹਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਉਨ੍ਹਾਂ ਨਿਸ਼ਾਨੀ ਵੀ ਬਚਾਅ ਕੇ ਰੱਖੀ ਤੇ ਜ਼ਿੰਦਗੀਆਂ ਦਾ ਵੀ ਖਿਆਲ ਰੱਖਿਆ।
ਬੰਦ ਖੂਹਾਂ ਨੂੰ ਦੇਖ ਵਿਰਸੇ ਦੀ ਯਾਦ ਆਉਂਦੀ ਹੈ। ਜਾਪਦੈ ਉਦਾਸੇ ਖੂਹ ਹੁਣੇ ਕੁਝ ਬੋਲਣਗੇ। ਆਖਣਗੇ, 'ਸਾਡੀ ਬੇਕਦਰੀ ਕਿਉਂ? ਅਸੀਂ ਕਿਸੇ ਦਾ ਕੀ ਵਿਗਾੜਿਆ ਸੀ? ਸਾਡੇ ਨਾਲੋਂ ਮੋਹ ਕਿਉਂ ਤੋੜ ਲਿਆ? ਅਸੀਂ ਤਾਂ ਅੰਮ੍ਰਿਤ ਵਰਗਾ ਪਾਣੀ ਦਿੰਦੇ ਸੀ। ਸਾਡੇ ਆਲੇ-ਦੁਆਲੇ ਕੁੜੀਆਂ ਚਿੜੀਆਂ ਦਾ ਝੁਰਮਟ ਰਹਿੰਦਾ ਸੀ। ਤੁਸੀਂ ਸਵਾਰਥੀ ਲੋਕ ਹੋ। ਸਾਡੀ ਵਰਤੋਂ ਕਰਕੇ ਦੁਰਵਰਤੋਂ ਕਰ ਦਿੱਤੀ।'
ਤਸਵੀਰ ਵਿਚਲਾ ਇਹ ਖੂਹ ਘੜੂੰਆਂ ਪਿੰਡ ਦਾ ਹੈ। ਇਹਨੂੰ ਵੇਖ ਮੈਨੂੰ ਲੋਹੜਿਆਂ ਦੀ ਖੁਸ਼ੀ ਹੋਈ। ਭਾਵੇਂ ਇਹ ਚੱਲਦਾ ਨਹੀਂ, ਪਰ ਸੰਭਾਲਿਆ ਤਾਂ ਹੈ। ਨਵੀਂ ਪੀੜ੍ਹੀ ਨੂੰ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਇਨ੍ਹਾਂ ਬਿਨਾਂ ਜ਼ਿੰਦਗੀ ਕਿਵੇਂ ਅਧੂਰੀ ਸੀ। ਇਸੇ ਪਿੰਡ ਦੀ ਸੱਥ ਵਿਚ ਇਕ ਟਿੰਡਾਂ ਵਾਲਾ ਖੂਹ ਹੈ। ਉਸ ਦੀਆਂ ਟਿੰਡਾਂ ਹੁਣ ਗਲੀਆਂ ਪਈਆਂ ਹਨ। ਕੁਝ ਵਰ੍ਹੇ ਪਹਿਲਾਂ ਤੱਕ ਇਹ ਖੂਹ ਪਾਣੀ ਦਿੰਦਾ ਸੀ। ਨਿਸ਼ਾਨੀ ਦੇ ਤੌਰ 'ਤੇ ਇਹ ਅੱਜ ਸੰਭਾਲਿਆ ਹੋਇਆ।
ਖੂਹ ਦੀਆਂ ਟਿੰਡਾਂ ਹਿੰਮਤ ਨਾ ਹਾਰਨ ਦੀਆਂ ਪ੍ਰਤੀਕ ਹਨ। ਇਹ ਝੁਕ ਕੇ ਰਹਿਣਾ ਸਿਖਾਉਂਦੀਆਂ ਹਨ। ਖਾਲੀ ਥੱਲੇ ਜਾਂਦੀਆਂ ਤੇ ਭਰ ਕੇ ਉਪਰ ਵੱਲ ਨੂੰ ਆਉਂਦੀਆਂ। ਜਿਵੇਂ ਕਹਿੰਦੀਆਂ ਹੋਣ, ਨੀਵਾਂ ਇਨਸਾਨ ਹੀ ਗੁਣੀ ਹੁੰਦਾ। ਹੰਕਾਰ ਨਹੀਂ ਕਰਨਾ ਚਾਹੀਦਾ।
ਖੂਹਾਂ ਦਾ ਦੌਰ ਕੁਝ ਹੋਰ ਗੱਲਾਂ 'ਤੇ ਵੀ ਚਾਨਣ ਪਾਉਂਦਾ ਹੈ। ਜਦੋਂ ਪਾਣੀ ਡੂੰਘੇ ਨਹੀਂ ਸਨ, ਮਿੱਠੇ ਸਨ, ਪਾਣੀ 'ਚ ਜ਼ਹਿਰਾਂ ਨਹੀਂ ਘੁਲੀਆਂ ਸਨ, ਅੱਜ ਵਾਂਗ ਗੰਧਲੇ ਨਹੀਂ ਹੋਏ ਸਨ, ਉਦੋਂ ਪਾਣੀ ਤੇ ਇਨਸਾਨ ਦਰਮਿਆਨ ਇਹ ਪੁਲ ਦਾ ਕੰਮ ਕਰਦੇ ਸਨ। ਜਿਉਂ-ਜਿਉਂ ਪਾਣੀ ਦੀ ਦੁਰਵਰਤੋਂ ਸ਼ੁਰੂ ਹੋਈ, ਮਿਠਾਸ ਘਟੀ, ਖੂਹਾਂ ਤੋਂ ਦੂਰੀ ਬਣਦੀ ਗਈ। ਅੱਜ ਖੂਹਾਂ ਦੇ ਨਮੂਨੇ ਬਾਕੀ ਬਚੇ ਹਨ। ਕਈ ਘਰਾਂ ਦੇ ਡਰਾਇੰਗ ਰੂਮ ਵਿਚ ਪਲਾਸਟਿਕ ਜਾਂ ਲੱਕੜ ਦੇ ਖੂਹ ਪਏ ਦਿੱਸਦੇ ਹਨ। ਮੂਹਰੇ ਇਕ ਔਰਤ ਬਣਾਈ ਹੁੰਦੀ ਹੈ। ਇਹ ਸਭ ਦੇਖ ਅਤੀਤ ਚੇਤੇ ਆਉਣਾ ਸੁਭਾਵਕ ਹੈ।
ਜੇ ਅਸੀਂ ਪਾਣੀ ਦੀ ਕਦਰ ਕਰਨ ਵਾਲੇ ਹੁੰਦੇ ਤਾਂ ਸ਼ਾਇਦ ਖੂਹ ਵੀ ਬਚੇ ਰਹਿੰਦੇ। ਅਸੀਂ ਆਪਣੀਆਂ ਨਲਾਇਕੀਆਂ ਨਾਲ ਕਿੰਨਾ ਕੁਝ ਗੁਆ ਲਿਆ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX