ਤਾਜਾ ਖ਼ਬਰਾਂ


ਗੁਜਰਾਤ 'ਚ ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
. . .  5 minutes ago
ਨਵੀਂ ਦਿੱਲੀ, 26 ਮਾਰਚ- ਗੁਜਰਾਤ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਅੱਜ ਬੀ. ਐੱਸ. ਐੱਫ. ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ 35 ਸਾਲਾ ਮੁਹੰਮਦ ਅਲੀ ਦੇ ਰੂਪ 'ਚ...
ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  22 minutes ago
ਇਸਲਾਮਾਬਾਦ, 26 ਮਾਰਚ- ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਨਾਲ ਹੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੋਹਾਂ ਕੁੜੀਆਂ...
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  41 minutes ago
ਹੈਦਰਾਬਾਦ, 26 ਮਾਰਚ- ਤੇਲੰਗਾਨਾ ਦੇ ਜਗਤੀਅਲ ਜ਼ਿਲ੍ਹੇ 'ਚ ਇੱਕ ਕਾਰ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਇਹ ਹਾਦਸਾ ਜ਼ਿਲ੍ਹੇ ਦੇ ਧਰਮਾਰਾਮ ਪਿੰਡ ਦੇ ਨਜ਼ਦੀਕ...
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਲਖਨਊ, 26 ਮਾਰਚ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ 2019 ਦੀਆਂ ਲੋਕ ਸਭਾ ਚੋਣਾਂ ਕਿਤਿਓਂ ਵੀ ਨਹੀਂ ਲੜਨਗੇ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਲੋਕਾਂ ਨੂੰ...
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)- ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਖੇਤਾਂ 'ਚ ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 19 ਸਾਲਾ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਰੂਪ 'ਚ ਹੋਈ ਹੈ...
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਲਖਨਊ, 26 ਮਾਰਚ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਝਨਪੁਰ ਇਲਾਕੇ 'ਚ ਅੱਜ ਸਵੇਰੇ ਇੱਟਾਂ ਦੇ ਇੱਕ ਭੱਠੇ 'ਤੇ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਝੁਲਸ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਗਾਜਾ, 26 ਮਾਰਚ- ਇਜ਼ਰਾਈਲ ਨੇ ਮੱਧ ਇਜ਼ਰਾਈਲ 'ਚ ਰਾਕੇਟ ਨਾਲ ਇੱਕ ਘਰ ਨੂੰ ਨਸ਼ਟ ਕਰਨ ਦੇ ਜਵਾਬ 'ਚ ਗਾਜਾ ਪੱਟੀ 'ਚ ਹਮਾਸ (ਇੱਕ ਫ਼ਲਸਤੀਨੀ ਸੁੰਨੀ-ਇਸਲਾਮਵਾਦੀ ਕੱਟੜਪੰਥੀ ਸੰਗਠਨ) ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 2 hours ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 3 hours ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਹੋਰ ਖ਼ਬਰਾਂ..

ਲੋਕ ਮੰਚ

ਸਾਦੇ ਵਿਆਹ-ਸ਼ਾਦੀਆਂ ਦੀ ਪਿਰਤ ਪਾਈਏ

ਭਾਰਤੀ ਸੱਭਿਆਚਾਰ ਅਨੁਸਾਰ ਵਿਆਹ ਇਕ ਪਵਿੱਤਰ ਬੰਧਨ ਅਤੇ ਜ਼ਰੂਰੀ ਜੀਵਨ ਅੰਗ ਹੈ। ਸਮੇਂ-ਸਮੇਂ ਅਨੁਸਾਰ ਵਿਆਹ-ਸ਼ਾਦੀਆਂ ਦੇ ਰੰਗ-ਢੰਗ ਬਦਲਦੇ ਰਹੇ ਹਨ, ਰਾਜਿਆਂ-ਮਹਾਰਾਜਿਆਂ ਦੇ ਵੇਲੇ ਸਵੰਬਰ ਰਚਾਇਆ ਜਾਂਦਾ ਸੀ। ਸ਼ਰਤਾਂ ਪੂਰੀਆਂ ਕਰਨ ਵਾਲੇ ਰਾਜ ਕੁਮਾਰ ਨੂੰ ਰਾਜ ਕੁਮਾਰੀ ਵਰ ਮਾਲਾ ਪਹਿਨਾ ਦਿੰਦੀ ਸੀ। ਭਗਵਾਨ ਰਾਮ ਅਤੇ ਸੀਤਾ ਮਾਤਾ ਦੇ ਵਿਆਹ ਦੀ ਮਿਸਾਲ ਸਾਡੇ ਸਾਹਮਣੇ ਹੈ। ਇਸ ਤੋਂ ਪਹਿਲਾਂ ਕਿ ਆਧੁਨਿਕ ਵਿਆਹਾਂ ਦੀ ਗੱਲ ਕਰੀਏ, ਪਹਿਲਾਂ ਪੁਰਾਣੇ ਸਮੇਂ 'ਚ ਹੋਣ ਵਾਲੇ ਸਾਦੇ ਅਤੇ ਸਸਤੇ ਵਿਆਹਾਂ ਦੀ ਗੱਲ ਕਰਨੀ ਅਤੀ ਜ਼ਰੂਰੀ ਹੈ। ਸ਼ਹਿਰਾਂ 'ਚ ਹੋਣ ਵਾਲੇ ਵਿਆਹ ਪਿੰਡਾਂ ਦੇ ਵਿਆਹਾਂ ਨਾਲੋਂ ਕੁਝ ਮਹਿੰਗੇ ਹੁੰਦੇ ਸਨ। ਕਿਉਂਕਿ ਇਹ ਵਿਆਹ ਆਮ ਤੌਰ 'ਤੇ ਰਾਤ ਨੂੰ ਹੁੰਦੇ ਸਨ, ਇਸ ਲਈ ਹਰ ਗਲੀ-ਮੁਹੱਲੇ ਦਾ ਆਪਣਾ ਜੰਜਘਰ ਹੁੰਦਾ ਸੀ, ਜੋ ਹੁਣ ਵੀ ਕਿਤੇ-ਕਿਤੇ ਮਿਲਦਾ ਹੈ। ਜਿਥੋਂ ਤੱਕ ਪਿੰਡਾਂ ਦੇ ਵਿਆਹਾਂ ਦੀ ਗੱਲ ਹੈ, ਇਹ ਵਿਆਹ ਬਹੁਤ ਸਾਦੇ, ਰੌਣਕ ਭਰੇ ਅਤੇ ਖੁਸ਼ੀਆਂ ਭਰਪੂਰ ਹੁੰਦੇ ਹਨ।
ਬਰਾਤਾਂ ਆਮ ਤੌਰ 'ਤੇ ਦੁਪਹਿਰ ਤੋਂ ਪਿੱਛੋਂ ਹੀ ਚੜ੍ਹਦੀਆਂ (ਤੁਰਦੀਆਂ) ਸਨ। ਲੋਕਾਂ ਨੂੰ ਘੋੜੀਆਂ ਰੱਖਣ ਦਾ ਕਾਫੀ ਸ਼ੌਕ ਸੀ। ਇਸ ਲਈ ਬਰਾਤ ਘੋੜੀਆਂ 'ਤੇ ਹੀ ਜਾਂਦੀ ਸੀ। ਇਕ-ਇਕ ਘੋੜੀ 'ਤੇ ਦੋ-ਦੋ, ਤਿੰਨ-ਤਿੰਨ ਬਰਾਤੀ ਬੈਠ ਜਾਂਦੇ। ਬਰਾਤ ਜਦ ਲੜਕੀ ਵਾਲਿਆਂ ਦੇ ਪਿੰਡ ਪੁੱਜਦੀ ਤਾਂ ਸਾਰਾ ਪਿੰਡ ਹੀ ਮਰਦ-ਔਰਤਾਂ ਬਰਾਤ ਦੀ ਆਓ ਭਗਤ ਲਈ ਉਮਡ ਪੈਂਦਾ, ਢੋਲਕ ਛੈਣਿਆਂ ਨਾਲ ਮਿਲਣੀ ਦੇ ਸ਼ਬਦ ਪੜ੍ਹੇ ਜਾਂਦੇ। ਕੁੜਮਾਂ ਦੀ ਮਿਲਣੀ ਤੋਂ ਬਾਅਦ ਲੜਕੀ ਦੇ ਮਾਮਾ ਅਤੇ ਲੜਕੀ ਦੇ ਮਾਮਾ ਦੀ ਮਿਲਣੀ ਕਰਵਾਈ ਜਾਂਦੀ। ਸਿਰਵਾਰਨੇ ਕਰਕੇ (ਨੋਟ ਵਾਰ ਕੇ) ਲਾਗੀਆਂ ਨੂੰ ਦਿੱਤੀ ਜਾਂਦੀ ਰਕਮ ਲਾਗੀਆਂ ਦੀਆਂ ਜੇਬਾਂ ਭਰ ਦਿੰਦੀ। ਨੋਟ ਭਾਵੇਂ ਇਕ-ਇਕ, ਦੋ-ਦੋ ਰੁਪਏ ਦੇ ਹੀ ਹੁੰਦੇ ਸਨ। ਸ਼ਾਮ ਨੂੰ ਚਾਹ ਤੋਂ ਪਿੱਛੋਂ ਰਾਤ ਦੀ ਰੋਟੀ ਖਾਣ ਸਮੇਂ ਪਿੰਡ ਦੀਆਂ ਔਰਤਾਂ, ਲੜਕੀਆਂ ਰਲ-ਮਿਲ ਕੇ ਸਿੱਠਣੀਆਂ ਦੇ ਗੀਤ (ਖੱਟ ਮਿੱਠੇ ਸਵਾਦ ਦੇ) ਗਾਉਂਦੀਆਂ।
ਅੱਜ ਵਿਆਹ-ਸ਼ਾਦੀਆਂ ਨੇ ਆਪਣਾ ਰੂਪ-ਰੰਗ ਹੀ ਬਦਲ ਲਿਆ ਹੈ। ਇਹ ਰਸਮਾਂ ਏਨੀ ਸ਼ਾਨੋ-ਸ਼ੌਕਤ ਨਾਲ ਮਨਾਈਆਂ ਜਾ ਰਹੀਆਂ ਹਨ ਕਿ ਜੇਕਰ ਪੁਰਾਣੇ ਸਮੇਂ ਦੇ ਰਾਜੇ-ਮਹਾਰਾਜੇ ਵੀ ਦੇਖ ਲੈਣ ਤਾਂ ਦੰਗ ਹੀ ਰਹਿ ਜਾਣ। ਖਰਚੇ ਲੱਖਾਂ ਤੱਕ ਪੁੱਜ ਗਏ ਹਨ। ਇਕ ਅੰਦਾਜ਼ੇ ਮੁਤਾਬਿਕ 5 ਤੋਂ 10 ਫੀਸਦੀ ਲੋਕ ਹੀ ਆਪਣੀ ਜੇਬ ਵਿਚੋਂ ਇਹ ਖਰਚ ਕਰ ਸਕਦੇ ਹਨ। ਦਰਮਿਆਨਾ ਤਬਕਾ ਅਤੇ ਉਸ ਤੋਂ ਥੱਲੇ ਵਾਲੇ ਲੋਕ ਜ਼ਮੀਨ-ਮਕਾਨ ਵੇਚਣਗੇ, ਵਿਆਜ 'ਤੇ ਕਰਜ਼ਾ ਲੈਣਗੇ ਜਾਂ ਰਿਸ਼ਤੇਦਾਰਾਂ ਤੋਂ ਉਧਾਰ ਮੰਗਣਗੇ। ਪਰ ਜਦੋਂ ਇਹ ਕਰਜ਼ਾ ਵਿਆਜ ਸਮੇਤ ਮੋੜਨਾ ਪੈਂਦਾ ਹੈ ਤਾਂ ਢੇਰ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜਿਸ ਵਿਅਕਤੀ ਨੂੰ 3-4 ਲੜਕੀਆਂ ਦੇ ਵਿਆਹ ਕਰਨੇ ਪੈ ਜਾਣ, ਉਸ ਦੀ ਕੀ ਹਾਲਤ ਹੋ ਸਕਦੀ ਹੋਵੇਗੀ? ਕਿਹਾ ਜਾਂਦਾ ਹੈ ਕਿ ਉੱਨਤ ਦੇਸ਼ਾਂ ਵਿਚ ਵਿਆਹ ਬੜੇ ਸਾਦੇ ਅਤੇ ਸਸਤੇ ਹੁੰਦੇ ਹਨ। ਲੜਕੀ ਅਤੇ ਲੜਕੇ ਵਾਲੇ ਗਿਰਜਾਘਰ ਪਹੁੰਚਦੇ ਹਨ, ਪਾਦਰੀ ਸਾਹਿਬ ਵੱਲੋਂ ਵਿਆਹ ਰਜਿਸਟਰਡ ਕੀਤਾ ਜਾਂਦਾ ਹੈ, ਸਾਦਾ ਚਾਹ ਦਿੱਤੀ ਜਾਂਦੀ ਹੈ ਅਤੇ ਕੋਈ ਰੌਲਾ-ਰੱਪਾ ਨਹੀਂ, ਕੋਈ ਧੂਮ-ਧੜੱਕਾ ਨਹੀਂ। ਭਾਰਤ ਦੀ ਲੋਕ ਸਭਾ ਜੇਕਰ ਕਾਨੂੰਨ ਪਾਸ ਕਰੇ ਕਿ 5 ਲੱਖ ਤੋਂ ਉੱਪਰ ਵਿਆਹ 'ਤੇ ਖਰਚਾ ਕਰਨਾ ਜੁਰਮ ਹੈ ਤਾਂ ਫਜ਼ੂਲ ਖਰਚੀ ਨੂੰ ਠੱਲ੍ਹ ਪੈ ਸਕਦੀ ਹੈ।
ਮਹਿੰਗੇ ਵਿਆਹਾਂ ਦਾ ਇਕ ਹੋਰ ਪੱਖ ਵੀ ਗੰਭੀਰਤਾ ਨਾਲ ਵਿਚਾਰਨਯੋਗ ਹੈ। ਇਹ ਹੈ ਭੋਜਨ ਦੀ ਬਰਬਾਦੀ। ਭੋਜਨ ਵਿਚ ਅਣਗਿਣਤ ਵੰਨਗੀਆਂ ਟਿਕਾਈਆਂ ਜਾਂਦੀਆਂ ਹਨ। ਬਹੁਤ ਸਾਰਾ ਭੋਜਨ ਬਚ ਜਾਂਦਾ ਹੈ ਅਤੇ ਬੇਕਾਰ ਜਾਂਦਾ ਹੈ। ਦੂਜੇ ਪਾਸੇ ਬਹੁਤ ਸਾਰੇ ਗ਼ਰੀਬ ਲੋਕ ਹਨ, ਜਿਨ੍ਹਾਂ ਨੂੰ ਦੋ ਵਕਤ ਦਾ ਭੋਜਨ ਵੀ ਨਹੀਂ ਮਿਲਦਾ। ਆਓ, ਇਸ ਮਸਲੇ ਬਾਰੇ ਸੰਜੀਦਗੀ ਨਾਲ ਸੋਚੀਏ। ਮਹਿੰਗੇ ਵਿਆਹ ਵੀ ਇਕ ਸਮਾਜਿਕ ਬੁਰਾਈ ਹੈ। ਸਾਦੇ ਵਿਆਹਾਂ ਦੀ ਪਿਰਤ ਪਾਈਏ ਤੇ ਸਮਾਜ ਬਚਾਈਏ।

-ਪਿੰਡ ਮਸੀਤਾਂ (ਕਪੂਰਥਲਾ)।
ਮੋਬਾ: 99157-31345


ਖ਼ਬਰ ਸ਼ੇਅਰ ਕਰੋ

ਪੰਜਾਬੀ! ਦਿਲਾਂ ਦੀ ਬੋਲੀ ਸੀ

ਸੰਸਾਰ ਵਿਚ ਮਾਂ ਅਤੇ ਮਾਂ-ਬੋਲੀ ਦਾ ਸਰਬਉੱਚ ਸਥਾਨ ਹੈ। ਆਪਣੀ ਮਾਤ-ਭਾਸ਼ਾ ਵਿਚ ਬੋਲਣਾ, ਪੜ੍ਹਨਾ ਤੇ ਲਿਖਣਾ ਬਹੁਤ ਸੁਖੈਨ ਲਗਦਾ ਹੈ। ਪੰਜਾਬੀ ਬੋਲੀ ਵਿਚ ਤਾਂ ਵੈਸੇ ਹੀ ਮਿਠਾਸ ਹੈ। ਵਾਹਗਿਓਂ ਪਾਰ ਲਾਹੌਰ ਸ਼ਹਿਰ ਦਾ ਵਾਸੀ ਇਕ ਮਸ਼ਹੂਰ ਸ਼ਾਇਰ 'ਉਸਤਾਦ ਦਾਮਨ' ਆਪਣੇ ਪੰਜਾਬੀ ਹੋਣ ਉੱਤੇ ਮਾਣ ਕਰਦਾ ਲਿਖਦਾ ਹੈ-
ਉਰਦੂ ਦਾ ਮੈਂ ਦੋਖੀ ਨਹੀਂ, ਦੁਸ਼ਮਣ ਨਹੀਂ ਅੰਗਰੇਜ਼ੀ ਦਾ।
ਪੁੱਛਦੇ ਹੋ ਦਿਲ ਦੀ ਬੋਲੀ, ਹਾਂ ਜੀ ਹਾਂ, ਪੰਜਾਬੀ ਹਾਂ। ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਭਾਸ਼ਾ, ਜਿਹੜੀ ਹਿਮਾਚਲ ਤੇ ਹਰਿਆਣੇ ਵਿਚ ਪੜ੍ਹਾਈ ਜਾਂਦੀ ਸੀ, ਉਹ ਬੰਦ ਹੋ ਗਈ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਸਰਕਾਰੀ ਸਕੂਲਾਂ ਦੀ ਭਾਸ਼ਾ ਹੈ। ਖੁੰਬਾਂ ਵਾਂਗ ਖੁੱਲ੍ਹੇ ਨਿੱਜੀ ਸਕੂਲ ਪਹਿਲੀ ਜਮਾਤ ਤੋਂ ਹਿੰਦੀ ਤੇ ਅੰਗਰੇਜ਼ੀ ਪੜ੍ਹਾਉਂਦੇ ਹਨ। ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਪੰਜਾਬੀ ਬੋਲੀ ਦਾ ਮੰਦਾ ਹਾਲ ਹੈ, ਪੰਜਾਬੀ ਸੂਬੇ ਅੰਦਰ। ਪੰਜਾਬੀ ਭਾਸ਼ਾ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿਚ ਵੀ ਸਫਲ ਨਹੀਂ ਹੋਈ। ਪੰਜਾਬ ਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਸ਼ੁਰੂ ਹੋ ਗਏ ਹਨ ਤੇ ਸੁਪਰੀਮ ਕੋਰਟ ਦੀ ਸੁਣਵਾਈ ਹੇਠ ਹਨ। ਪੰਜਾਬ ਦੇ ਤਿੰਨ ਟੋਟੇ ਕਰਨ ਦਾ ਲਾਭ ਸਿਰਫ ਸਿਆਸੀ ਪਾਰਟੀਆਂ ਨੂੰ ਹੋਇਆ ਹੈ। ਤਿੰਨ ਮੁੱਖ ਮੰਤਰੀ ਤੇ ਤਿੰਨ ਸਰਕਾਰਾਂ ਬਣੀਆਂ ਹਨ। ਰਸੂਖ ਰੱਖਣ ਵਾਲੀਆਂ ਜਾਂ ਧਾਰਮਿਕ ਦਿੱਖ ਵਾਲੀਆਂ ਪਾਰਟੀਆਂ ਨੇ ਆਪਣੇ ਪਰਿਵਾਰਕ ਰਾਜ ਬਣਾ ਲਏ ਹਨ। ਪੰਜਾਬ ਦੀ ਧਰਤੀ ਇਕ ਕੁਦਰਤੀ ਭੂਗੋਲਿਕ ਖਿੱਤਾ ਹੈ। ਪਹਾੜ ਤੇ ਬਰਫ ਇਸ ਖਿੱਤੇ ਦੇ ਸਿਰ 'ਤੇ ਇਕ ਮੁਕਟ ਹੈ। ਜੰਗਲ ਤੇ ਖਾਣਾਂ ਇਸ ਦਾ ਖਜ਼ਾਨਾ ਹੈ ਅਤੇ ਲੰਮੇ-ਚੌੜੇ ਉਪਜਾਊ ਮੈਦਾਨ ਇਸ ਦੀ ਦੌਲਤ ਹੈ, ਜੋ ਅਨਾਜ ਪੈਦਾ ਕਰਦੇ ਹਨ।
ਕਦੇ ਪੰਜਾਬ ਦੀ ਧਰਤੀ 'ਤੇ ਸੱਤ ਦਰਿਆ ਵਗਦੇ ਸਨ ਤੇ ਇਸ ਨੂੰ 'ਸਪਤ ਸਿੰਧੂ' ਦਾ ਨਾਂਅ ਹਾਸਲ ਸੀ। ਭਾਰਤ-ਪਾਕਿ ਵੰਡ ਨਾਲ ਪੰਜ ਤੋਂ ਤਿੰਨ ਹੋ ਗਏ। ਪੰਜਾਬ ਦਾ ਜਿੰਨਾ ਨੁਕਸਾਨ ਤਿੰਨ ਸੂਬਿਆਂ ਦੀ ਵੰਡ ਨੇ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ। ਸਰਬੱਤ ਦੇ ਭਲੇ ਲਈ ਹੁਣ ਇਹ ਹੀ ਗੱਲ ਚੰਗੀ ਹੈ ਕਿ ਇਹ ਤਿੰਨੇ ਸੂਬੇ ਮੁੜ ਇਕੱਠੇ ਕਰਕੇ ਆਪਣਾ ਅਸਲੀ ਖੁਸ਼ਹਾਲ ਪੰਜਾਬ ਬਣਾ ਦਿੱਤਾ ਜਾਵੇ। ਇਹੀ ਲੋਕ ਆਵਾਜ਼ ਹੈ। ਗੱਲ ਸ਼ੁਰੂ ਕੀਤੀ ਸੀ ਉਸਤਾਦ ਦਾਮਨ ਦੀ ਕਵਿਤਾ ਦੇ ਨਾਲ। ਆਓ! ਦੇਖੀਏ ਕਿ ਉਹ ਪੰਜਾਬੀ ਪੁੁੱਤ ਅਗਾਂਹ ਕੀ ਕਹਿੰਦਾ ਹੈ-
ਮੈਨੂੰ ਆਖਿਆ ਕਈਆਂ ਨੇ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਮ ਛੱਡ ਦੇ।
ਗੋਦ ਜਿਦ੍ਹੀ 'ਚ ਪਲ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਿਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਤੂੰ ਕੂਕਣੀ ਏਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਲਗਦਾ ਲੋਕ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

-ਗੁਰੂ ਨਾਨਕ ਵਾੜਾ, ਅੰਮ੍ਰਿਤਸਰ। ਮੋਬਾ: 81463-44724

ਖ਼ਤਮ ਹੋ ਰਹੀ ਸਹਿਣਸ਼ੀਲਤਾ

ਨਿਰਸੰਦੇਹ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ, ਪਰ ਕਈ ਪ੍ਰਸਥਿਤੀਆ ਵਿਚ ਬਦਲਾਅ ਕੁਝ ਹੱਦ ਤੱਕ ਹੀ ਠੀਕ ਹੈ। ਸਹਿਣਸ਼ੀਲਤਾ ਦਾ ਵਿਸ਼ੇਸ਼ ਗੁਣ ਹਰ ਇਕ ਇਨਸਾਨ ਦੀ ਵਿਲੱਖਣ ਪਹਿਚਾਣ ਹੈ। ਪਰ ਬਦਕਿਸਮਤੀ ਨਾਲ ਇਨਸਾਨਾਂ ਵਿਚ ਸਹਿਣਸ਼ੀਲਤਾ ਦੀ ਬੇਹੱਦ ਕਮੀ ਆ ਰਹੀ ਹੈ। ਅਸੀਂ ਸਹਿਣਸ਼ੀਲ ਕਿਉਂ ਨਹੀਂ ਹੋ ਰਹੇ? ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।
ਅੱਜ ਦੇ ਭੌਤਿਕਵਾਦ ਦੇ ਯੁੱਗ ਵਿਚ ਹਰ ਚੀਜ਼ ਫਟਾਫਟ ਬਣ ਚੁੱਕੀ ਹੈ। ਕਿਸੇ ਕੋਲ ਧੀਰਜ ਨਹੀਂ। ਇਕ ਛੋਟੇ ਬੱਚੇ ਤੋਂ ਲੈ ਕੇ ਬੁੱਢੇੇ ਆਦਮੀ ਤੱਕ ਸਭ ਸਹਿਣਸ਼ੀਲਤਾ ਦੇ ਗੁਣ ਨੂੰ ਭੁੱਲਦੇ ਜਾ ਰਹੇ ਹਨ। ਤਣਾਅ, ਗੁੱਸਾ, ਇੱਛਾਵਾਂ ਦੀ ਪੂਰਤੀ ਦਾ ਨਾ ਹੋਣਾ, ਨਸ਼ਾ ਆਦਿ ਸਾਨੂੰ ਜ਼ਿੰਦਗੀ ਦੇ ਇਸ ਖਾਸ ਗੁਣ ਤੋਂ ਦੂਰ ਲੈ ਕੇ ਜਾ ਰਹੇ ਹਨ। ਇਸ ਨਾਲ ਜ਼ਿੰਦਗੀ ਜਿਉਣਾ ਸਾਡੇ ਲਈ ਦੁੱਭਰ ਹੋ ਜਾਵੇਗਾ। ਸਹਿਣਸ਼ੀਲ ਬਣੇ ਰਹਿਣ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖੁਦ-ਬ-ਖੁਦ ਹੱਲ ਹੋ ਜਾਣਗੀਆਂ। ਜ਼ਿੰਦਗੀ ਸੁਖਾਲੀ ਬਣ ਜਾਵੇਗੀ। ਰੋਜ਼-ਰੋਜ਼ ਦੇ ਲੜਾਈ, ਝਗੜੇ, ਤਣਾਅ, ਨਿਰਾਸ਼ਾ ਅਤੇ ਉਦਾਸੀ ਵਰਗੇ ਵਿਕਾਰ ਆਪਣੇ-ਆਪ ਖ਼ਤਮ ਹੋ ਜਾਣਗੇ।
'ਸਹਿਣਸ਼ੀਲਤਾ' ਕਿੰਨੀ ਕੁ ਜਾਇਜ਼ ਹੈ? ਕੀ ਸਹਿਣਸ਼ੀਲਤਾ ਸਿਰਫ ਔਰਤਾਂ ਵਿਚ ਹੀ ਹੋਣੀ ਚਾਹੀਦੀ ਹੈ? ਇਹ ਪ੍ਰਸ਼ਨ ਬਹੁਤ ਗੰਭੀਰ ਹਨ, ਇਨ੍ਹਾਂ ਦਾ ਉੱਤਰ ਦੇਣਾ ਕੋਈ ਸੁਖਾਲਾ ਕੰਮ ਨਹੀਂ। ਫਿਰ ਵੀ ਮੇਰੀ ਨਿੱਜੀ ਰਾਇ ਇਹ ਹੈ ਕਿ ਮਰਦਾਂ ਅਤੇ ਔਰਤਾਂ ਵਿਚ ਸਹਿਣਸ਼ੀਲਤਾ ਬਰਾਬਰ ਦੀ ਹੀ ਹੋਣੀ ਚਾਹੀਦੀ ਹੈ, ਕਿਉਂ ਜੋ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਗ੍ਰਹਿਸਥੀ ਜੀਵਨ ਨੂੰ ਸਹੀ ਲੀਹ 'ਤੇ ਚਲਾਉਣ ਲਈ ਪਤੀ-ਪਤਨੀ ਵਿਚ ਸੂਝ-ਬੂਝ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਬਹੁਤ ਹੀ ਜ਼ਰੂਰੀ ਹੈ। ਵਿਅਰਥ ਦੀ ਦਖਲਅੰਦਾਜ਼ੀ ਘਰੇਲੂ ਜ਼ਿੰਦਗੀ ਨੂੰ ਉਜਾੜ ਦਿੰਦੀ ਹੈ।
'ਸਹਿਣਸ਼ੀਲਤਾ' ਹੀ ਇਕ ਅਜਿਹਾ ਗੁਣ ਹੈ, ਸੋ ਸਾਡੀ ਜ਼ਿੰਦਗੀ ਵਿਚ ਆਏ ਤਣਾਅ, ਪ੍ਰੇਸ਼ਾਨੀ, ਉਦਾਸੀ ਅਤੇ ਗੁੱਸੇ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਿੱਧ ਹੋ ਸਕਦਾ ਹੈ। ਹਾਂ, ਸਹਿਣਸ਼ੀਲਤਾ ਦੀ ਕੋਈ ਹੱਦ ਮਿੱਥੀ ਨਹੀਂ ਜਾ ਸਕਦੀ, ਪਰ ਛੋਟੀਆਂ-ਛੋਟੀਆਂ ਗੱਲਾਂ ਕਾਰਨ ਆਪਾ ਖੋ ਦੇਣਾ ਵੀ ਜਾਇਜ਼ ਨਹੀਂ। ਹੁਣ ਸਹਿਣਸ਼ੀਲਤਾ ਦੀ ਕਮੀ ਕਾਰਨ ਹੀ ਘਰ ਪਰਿਵਾਰ ਟੁੱਟ ਰਹੇ ਹਨ। ਕਿਸੇ ਨੂੰ ਮਾਂ ਦੇ ਤੇ ਕਿਸੇ ਨੂੰ ਬਾਪ ਦੇ ਪਿਆਰ ਤੋਂ ਵਾਝਿਆਂ ਹੋਣਾ ਪੈ ਰਿਹਾ ਹੈ। ਆਪਣੀ ਜ਼ਿੰਦਗੀ ਨੂੰ ਅਨੰਦ ਅਤੇ ਖੁਸ਼ੀ ਨਾਲ ਜਿਉਣ ਲਈ ਸਾਨੂੰ ਸਭ ਨੂੰ ਸਹਿਣਸ਼ੀਲ ਅਤੇ ਨਿਮਰ ਹੋਣਾ ਬਹੁਤ ਹੀ ਜ਼ਰੂਰੀ ਹੈ।

-ਅੰਗਰੇਜ਼ੀ ਲੈਕਚਰਾਰ, ਮੁਹੱਲਾ ਪੱਬੀਆਂ, ਧਰਮਕੋਟ, ਮੋਗਾ।
ਮੋਬਾ: 94172-80333

ਨਸ਼ਿਆਂ ਦੇ ਵਹਿਣ ਨੂੰ ਰੋਕਣਾ ਜ਼ਰੂਰੀ

ਪੰਜਾਬੀਆਂ ਦਾ ਮਾਣ-ਸਤਿਕਾਰ ਸੰਸਾਰ ਭਰ ਵਿਚ ਕੀਤਾ ਜਾਂਦਾ ਹੈ ਤੇ ਇਹ ਸਦਾ ਬਰਕਰਾਰ ਰਹਿਣਾ ਚਾਹੀਦਾ ਹੈ। ਜਿੱਥੇ ਵੀ ਪੰਜਾਬੀ ਜਾਂਦੇ ਹਨ, ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸੱਚੀ-ਸੁੱਚੀ ਲਗਨ ਨਾਲ ਉਥੇ ਹੀ ਆਪਣੇ ਪੈਰ ਜਮਾ ਲੈਂਦੇ ਹਨ, ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹਨ, ਚਾਰ ਚੰਨ ਲਾਉਂਦੇ ਹਨ, ਪਰ ਅਜੋਕਾ ਪੰਜਾਬ ਬੜੀ ਤੇਜ਼ੀ ਨਾਲ ਨਸ਼ਿਆਂ ਦੀ ਮੰਡੀ 'ਚ ਬਦਲ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ 'ਵਿਸ਼ਵ ਨਸ਼ਾ ਰਿਪੋਰਟ' ਮੁਤਾਬਿਕ ਭਾਰਤ ਵਿਚ ਢਾਈ ਕਰੋੜ ਨਸ਼ੱਈ ਹਨ। ਸੰਸਾਰ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 50 ਲੱਖ ਪ੍ਰਤੀ ਸਾਲ ਹੈ ਅਤੇ 2030 ਵਿਚ ਇਹ ਵਧ ਕੇ ਇਕ ਕਰੋੜ ਹੋ ਜਾਵੇਗੀ। ਰਿਪੋਰਟ ਅਨੁਸਾਰ ਭਾਰਤ 'ਚ ਨਸ਼ੇ ਦੀ ਵੱਧ ਵਰਤੋਂ ਕਰਨ ਵਾਲਿਆਂ ਵਿਚ ਪੰਜਾਬ ਦੂਜੇ ਨੰਬਰ 'ਤੇ ਹੈ।
ਭਗਤ ਰਵਿਦਾਸ ਜੀ ਤਾਂ ਇੱਥੋਂ ਤੱਕ ਆਖਦੇ ਹਨ ਕਿ ਭਾਵੇਂ ਗੰਗਾ-ਜਲ ਤੋਂ ਸ਼ਰਾਬ ਤਿਆਰ ਕੀਤੀ ਹੋਵੇ, ਤਾਂ ਵੀ ਗਿਆਨਵਾਨ ਵਿਅਕਤੀ ਇਸ ਦਾ ਸੇਵਨ ਨਹੀਂ ਕਰਨਗੇ।
ਨਸ਼ੇ ਦੀ ਲਪੇਟ ਵਿਚ ਵਿਦਿਆਰਥੀਆਂ ਦਾ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਇਕ ਗੱਲ ਸਪੱਸ਼ਟ ਹੈ ਕਿ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ ਅਤੇ ਇਨ੍ਹਾਂ ਸਰਹੱਦਾਂ ਉੱਤੇ ਕੇਂਦਰ ਦਾ ਕੰਟਰੋਲ ਹੈ। ਇਸ ਲਈ ਕੇਂਦਰ ਸਰਕਾਰ ਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਪੰਜਾਬ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਇਆ ਜਾ ਸਕੇ।
ਨਸ਼ਾ ਲੈਣ ਨਾਲ ਬੁੱਧੀ ਘਟਦੀ ਹੈ। ਨਸ਼ੇੜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚੇ ਨੂੰ ਸਮਝਾਉਣ, ਪਰਚਾਉਣ ਵਿਚ ਮਾਪਿਆਂ ਦੀ ਭੂਮਿਕਾ ਅਤਿਅੰਤ ਜ਼ਰੂਰੀ ਹੈ, ਖ਼ਾਸ ਕਰਕੇ ਮਾਂ ਦੀ। ਪਰ ਅੱਜਕਲ੍ਹ ਜ਼ਮਾਨਾ ਹੀ ਬਦਲ ਗਿਆ। ਵੱਡੇ ਘਰਾਂ 'ਚ ਬੱਚੇ ਦਾ ਪਾਲਣ ਪੋਸ਼ਣ ਨੌਕਰ-ਚਾਕਰ ਹੀ ਕਰਦੇ ਹਨ ਅਤੇ ਮਾਡਰਨ ਮੌਮ ਹੁਰੀਂ ਕਲੱਬਾਂ, ਪਾਰਟੀਆਂ, ਰੈਸਟੋਰੈਂਟਾਂ ਦੀ ਰੌਣਕ ਵਧਾਉਂਦੀਆਂ ਹਨ, ਫਿਰ ਬੱਚਾ ਵੀ ਉਹੀ ਕੁਝ ਸਿੱਖਦਾ ਹੈ, ਜੋ ਨੌਕਰ-ਚਾਕਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੇਵੀਂ ਜਮਾਤ ਤੋਂ ਕਿੱਤਾ-ਮੁਖੀ ਸਿੱਖਿਆ ਲਾਗੂ ਕਰੇ, ਤਾਂ ਜੋ ਬੱਚੇ ਵੱਡੇ ਹੋ ਕੇ ਗਲੀਆਂ ਨਾ ਨਾਪਦੇ ਫਿਰਨ। ਪਿੰਡ-ਪਿੰਡ, ਥਾਂ-ਥਾਂ ਠੇਕੇ ਖੋਲ੍ਹਣ ਦੀ ਬਜਾਏ ਖੇਡ ਕਲੱਬ ਬਣਾਉਣੇ ਚਾਹੀਦੇ ਹਨ। ਸਰਹੱਦਾਂ 'ਤੇ ਚੌਕਸੀ ਵਧਾਇਆਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਹਿਣ ਤੋਂ ਬਚਾਇਆ ਜਾ ਸਕਦਾ ਹੈ, ਮੇਰੇ ਵੱਲੋਂ ਇਹ ਸ਼ਿਅਰ :
ਬੰਦ ਕਰੋ ਨਸ਼ਿਆਂ ਦਾ ਛੇਵਾਂ ਦਰਿਆ,
ਬਣਾ ਦਿਓ ਪੰਜਾਬ ਨੂੰ ਵੀ ਰੰਗ ਭਰਿਆ।

-402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141013. ਮੋਬਾ: 94170-01983

ਭੋਜਨ ਪਦਾਰਥਾਂ ਵਿਚ ਵਧ ਰਹੀ ਜ਼ਹਿਰ ਦੀ ਮਾਤਰਾ

ਅਨਾਜ, ਫਲ ਅਤੇ ਸਬਜ਼ੀਆਂ ਮਨੁੱਖੀ ਸੰਤੁਲਿਤ ਖੁਰਾਕ ਦੇ ਅੰਗ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਗੁਣਵੱਤਾ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਹਰੀ ਕ੍ਰਾਂਤੀ ਤੋਂ ਬਾਅਦ ਫਸਲਾਂ ਉੱਤੇ ਰਸਾਇਣਾਂ ਅਤੇ ਖਾਦਾਂ ਦੀ ਜ਼ਿਆਦਾ ਵਰਤੋਂ ਕਰਕੇ ਜਿੱਥੇ ਅਨਾਜ ਦੀ ਉਪਜ ਵਿਚ ਭਾਰੀ ਵਾਧਾ ਹੋਇਆ ਹੈ, ਦੇਸ਼ ਆਤਮ ਨਿਰਭਰ ਹੋਇਆ ਹੈ, ਉੱਥੇ ਅਨਾਜ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਬਹੁਤ ਵਧ ਗਈ ਹੈ। ਅੱਜ ਦੇ ਸਮੇਂ ਵਿਚ ਸਵਾਰਥੀ ਅਤੇ ਪਦਾਰਥਵਾਦੀ ਰੁਚੀਆਂ ਕਰਕੇ ਮਨੁੱਖੀ ਸਰੀਰ ਲਈ ਖਤਰੇ ਬਣ ਰਹੇ ਹਨ। ਬਾਜ਼ਾਰਾਂ ਵਿਚ ਵਿਕ ਰਹੇ ਫਲ ਤੇ ਸਬਜ਼ੀਆਂ ਜੋ ਰਸਾਇਣਿਕ ਦਵਾਈਆਂ ਨਾਲ ਤਿਆਰ ਕੀਤੇ ਜਾਂਦੇ ਹਨ, ਦੇਖਣ ਨੂੰ ਬਹੁਤ ਸੋਹਣੇ ਲਗਦੇ ਹਨ ਪਰ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹਨ। ਮੌਸਮੀ ਫਲ ਜੋ ਕੁਦਰਤੀ ਤਿਆਰ ਹੁੰਦੇ ਹਨ, ਬਹੁਤ ਸਮਾਂ ਲੈਂਦੇ ਹਨ ਪਰ ਦਵਾਈਆਂ ਨਾਲ 2-3 ਦਿਨਾਂ ਵਿਚ ਤਿਆਰ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੈ।
ਕੇਲੇ ਦੇ ਫਲ ਨੂੰ ਪਕਾਉਣ ਲਈ ਕਈ ਥਾਵਾਂ 'ਤੇ ਐਸਟੇਲੀਨ ਪਲਾਂਟ ਲੱਗੇ ਹੋਏ ਹਨ, ਜਿਸ ਨੂੰ ਬਣਾਉਣ ਲਈ ਚੂਹੇ ਮਾਰਨ ਲਈ ਵਰਤੀ ਜਾਣ ਵਾਲੀ ਦਵਾਈ ਕੈਲਸ਼ੀਅਮ ਕਾਰਬਾਈਡ ਵਰਤੀ ਜਾਂਦੀ ਹੈ ਜਾਂ ਈਥੋਉਫੋਨ ਸਾਲਟ ਦੇ ਘੋਲ ਵਿਚ ਡੁਬੋ ਕੇ ਕੇਲਿਆਂ ਨੂੰ ਪਕਾਇਆ ਜਾਂਦਾ ਹੈ। ਇਸੇ ਤਰ੍ਹਾਂ ਅੰਬ, ਸੇਬ, ਪਪੀਤਾ ਅਤੇ ਚੀਕੂ ਆਦਿ ਫਲਾਂ ਨੂੰ ਪਕਾਉਣ ਲਈ ਈਥੋਲੀਨ ਰਿਪੇਨਰ ਦੇ ਸਾਲਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੇ ਸਾਲਟਾਂ 'ਤੇ ਪੱਛਮੀ ਦੇਸ਼ਾਂ ਵਿਚ ਪੂਰਨ ਪਾਬੰਦੀ ਹੈ। ਦੂਜੇ ਪਾਸੇ ਸਬਜ਼ੀਆਂ ਕੱਦੂ, ਤੋਰੀ, ਭਿੰਡੀ, ਬੈਂਗਣ ਆਦਿ ਉੱਤੇ ਚੀਨ ਦੀਆਂ ਦਵਾਈਆਂ ਕੋਰਾਜਿਨ, ਐਮਾਮਿਕਟਨ, ਜਿਸ 'ਤੇ ਸਰਕਾਰ ਵੱਲੋਂ ਪਾਬੰਦੀ ਹੈ, ਦੀ ਸਪਰੇ ਦੇ ਕੁਝ ਘੰਟੇ ਬਾਅਦ ਹੀ ਸਬਜ਼ੀਆਂ ਮੰਡੀ ਵਿਚ ਆ ਜਾਂਦੀਆਂ ਹਨ, ਜਿਸ ਨਾਲ ਕੈਂਸਰ, ਦੌਰੇ, ਕਮਜ਼ੋਰੀ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਇਨ੍ਹਾਂ ਦਵਾਈਆਂ ਨਾਲ ਕੁਦਰਤੀ ਵਾਤਾਵਰਨ ਜ਼ਹਿਰੀਲਾ ਹੋ ਰਿਹਾ ਹੈ।
ਭੋਜਨ ਪਦਾਰਥਾਂ ਵਿਚ ਜ਼ਿਆਦਾ ਜ਼ਹਿਰਾਂ ਦਾ ਪ੍ਰਵੇਸ਼ ਮਨੁੱਖੀ ਜੀਵਨ ਲਈ ਘਾਤਕ ਹੈ, ਜਿਸ ਲਈ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਕੋਈ ਵੀ ਫਲ ਅਤੇ ਸਬਜ਼ੀ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ 24 ਘੰਟੇ ਅੰਦਰ ਬਿਨਾਂ ਫਰਿੱਜ਼ ਵਿਚ ਰੱਖੇ ਖਰਾਬ ਹੋਣੇ ਸ਼ੁਰੂ ਹੋ ਜਾਣ, ਉਹ ਖ਼ਤਰਨਾਕ ਰਸਾਇਣਾਂ ਨਾਲ ਪੱਕੇ ਹਨ। ਜ਼ਹਿਰੀਲੀਆਂ ਚੀਜ਼ਾਂ ਖ਼ਰੀਦਣ ਦੀ ਬਜਾਏ ਕੁਦਰਤੀ ਖੇਤੀ ਕਰਨ ਵਾਲਿਆਂ ਦੀਆਂ ਚੀਜ਼ਾਂ ਖ਼ਰੀਦ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚੰਗੇ ਖਾਧ ਪਦਾਰਥ ਸਿਹਤਮੰਦ ਨਾਗਰਿਕ ਪੈਦਾ ਕਰਨ ਲਈ ਜ਼ਰੂਰੀ ਹਨ। ਸਿਹਤਮੰਦ ਨਾਗਰਿਕ ਚੰਗੇ ਸਮਾਜ, ਚੰਗੇ ਦੇਸ਼ ਅਤੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ। ਪੱਛਮੀ ਦੇਸ਼ਾਂ ਦੀ ਸੰਤੁਲਤ ਭੋਜਨ ਵਿਵਸਥਾ ਨੇ ਉਨ੍ਹਾਂ ਦੇਸ਼ਾਂ ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।

-ਪਿੰਡ ਭੋਤਨਾ (ਬਰਨਾਲਾ)।
ਮੋਬਾ: 9463512720

ਕੁਦਰਤ ਵਾਂਗੂੰ ਪਿਆਰ ਕਰੋ

ਸਾਡੇ ਸਮਾਜ ਦੀ ਰਚਨਾ ਸਿਰਫ ਮੁਹੱਬਤ ਸਦਕਾ ਹੀ ਉਸ ਸ੍ਰਿਸ਼ਟੀ ਦੁਆਰਾ ਕੀਤੀ ਗਈ ਹੈ। ਸਾਡਾ ਜਨਮਦਾਤਾ ਪਰਮਾਤਮਾ ਤਾਂ ਹੈ ਹੀ ਪਰ ਸਾਡੀ ਪਾਲਣਾ ਕੁਦਰਤ ਕਰਦੀ ਹੈ। ਬੇਸ਼ੱਕ ਕਿਸੇ ਦੇ ਇਹ ਭੌਤਿਕ ਚਮਤਕਾਰ ਨਜ਼ਰੀਂ ਨਹੀਂ ਪੈਂਦਾ। ਸਾਡਾ ਵਾਧਾ ਕਾਇਨਾਤ ਨੇ ਹੀ ਕੀਤਾ ਹੈ। ਕੁਦਰਤ ਦੇ ਹਰ ਕਣ-ਕਣ ਵਿਚ ਪਿਆਰ ਭਰਿਆ ਹੋਇਆ ਹੈ। ਕੁਦਰਤ ਸਾਡੇ ਅਤੇ ਹੋਰਾਂ ਜੀਵਾਂ ਵਿਚਕਾਰ ਅੰਤਰ ਨਹੀਂ ਰੱਖਦੀ। ਉਹ ਸਾਨੂੰ ਸਭ ਨੂੰ ਇਕੋ ਜਿਹਾ ਸਮਝਦੀ ਹੈ। ਸਭ ਨੂੰ ਖਾਣ-ਪੀਣ, ਪਹਿਨਣ ਅਤੇ ਅਨੰਦ ਦੇਣ ਲਈ ਹਰ ਪਲ ਸਹਾਈ ਰਹਿੰਦੀ ਹੈ ਪਰ ਕਿਉਂ ਨਹੀਂ ਸਾਡਾ ਸਮਾਜ ਕੁਦਰਤ ਦੀ ਇਸ ਗੱਲ ਨੂੰ ਸਮਝਦਾ? ਮੇਰਾ ਇਸ਼ਾਰਾ ਇਸ ਮਨੁੱਖੀ ਜੀਵਨ ਵਿਚਲੀਆਂ ਤਬਦੀਲੀਆਂ, ਉਹ ਪੜਾਅ ਜਿਨ੍ਹਾਂ ਨੂੰ ਅਸੀਂ ਰਫ਼ਤਾ-ਰਫ਼ਤਾ ਪਾਰ ਕਰਦੇ ਹਾਂ। ਅਸੀਂ ਜਨਮ ਤੋਂ ਲੈ ਕੇ ਬੁਢਾਪੇ ਤੱਕ ਦੇ ਪੜਾਅ ਆਪਣੀ ਪੂਰੀ ਜੀਵਨ ਯਾਤਰਾ ਵਿਚ ਤੈਅ ਕਰਦੇ ਹਾਂ।
ਜਨਮ ਤੋਂ ਹੀ ਬੱਚੇ ਦੇ ਰੂਪ ਵਿਚ ਸਾਨੂੰ ਮਾਂ ਦੀ ਮੁਹੱਬਤ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਉਹ ਸਾਨੂੰ ਇਸ ਮੁਹੱਬਤ ਦੇ ਰੁੱਖ ਹੇਠ ਜਨਮ ਤੋਂ ਬਚਪਨ, ਜਵਾਨੀ ਦੇ ਪੜਾਅ ਤੱਕ ਲੈ ਕੇ ਆਉਂਦੀ ਹੈ। ਅਸੀਂ ਜਦ ਜਵਾਨੀ ਵਿਚ ਪੈਰ ਧਰਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਨਾਲ ਮਨੁੱਖੀ ਜੀਵਨ ਦੇ ਤਿੰਨੋਂ ਪੜਾਅ ਜੁੜੇ ਹੋਏ ਹਨ। ਭਾਵ ਜਦੋਂ ਅਸੀਂ ਜਵਾਨੀ ਵਿਚ ਹੁੰਦੇ ਹਾਂ, ਅਸੀਂ ਬਜ਼ੁਰਗਾਂ ਦਾ ਲਿਹਾਜ ਨਹੀਂ ਕਰਦੇ। ਸਾਡੇ ਬਜ਼ੁਰਗਾਂ ਵਿਚ ਰੱਬੀ ਪਿਆਰ ਦਾ ਖਜ਼ਾਨਾ ਛੁਪਿਆ ਹੋਇਆ ਹੈ। ਅਸੀਂ ਜਦ ਉਨ੍ਹਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਦਿਲ ਪਤਲਾ ਪੈ ਜਾਂਦਾ ਹੈ। ਸਾਡੇ ਸਮਾਜ ਵਿਚ ਬਹੁਤ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਹਨ। ਇਨ੍ਹਾਂ ਥਾਵਾਂ 'ਤੇ ਵੀ ਸਾਡੇ ਬਜ਼ੁਰਗਾਂ ਨਾਲ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ। ਅਜੋਕੇ ਸਮਾਜ ਵਿਚ ਰਿਸ਼ਤਿਆਂ ਵਿਚੋਂ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਘੱਟ ਹੋਣ ਕਰਕੇ ਸਾਡਾ ਮਨ ਭੜਕਾਊ ਹੋ ਗਿਆ ਹੈ। ਮਨ ਸ਼ਾਂਤ ਨਹੀਂ ਰਹਿੰਦਾ। ਸਾਡੇ ਸਮਾਜ ਦੇ ਲੋਕਾਂ ਵਿਚ ਸਾਡੇ ਬਜ਼ੁਰਗਾਂ ਪ੍ਰਤੀ ਸੰਵੇਦਨਾ ਖ਼ਤਮ ਹੋ ਰਹੀ ਹੈ।

-ਪਿੰਡ ਡੱਲੇਵਾਲ (ਫਰੀਦਕੋਟ)। ਮੋਬਾ: 84377-93329

ਵਾਤਾਵਰਨ ਸਾਂਭਣ ਲਈ ਇਕਜੁੱਟ ਹੋਈਏ

ਸਾਡੇ ਅੱਜ 'ਚ ਸਮਾਜ ਵਿਚ ਹਰ ਪੱਖੋਂ ਆਧੁਨਿਕਤਾ ਅਪਣਾਈ ਜਾ ਰਹੀ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਜੇ ਥੋੜ੍ਹਾ ਪਿੱਛੇ ਜਾਈਏ ਤਾਂ ਅਸੀਂ ਖੁਦ, ਸਾਡਾ ਰਹਿਣ-ਸਹਿਣ ਤੇ ਘਰ ਆਦਿ ਸਭ ਸਾਦੇ ਹੀ ਹੁੰਦੇ ਸਨ। ਵਿਹੜਿਆਂ ਵਿਚ ਕਈ ਤਰ੍ਹਾਂ ਦੇ ਰੁੱਖ ਲੱਗੇ ਹੁੰਦੇ ਸਨ। ਸਾਰਾ ਟੱਬਰ ਹੀ ਗਰਮੀਆਂ ਵਿਚ ਦੁਪਹਿਰਾ ਕੱਟਦਾ ਤੇ ਨਾਲ ਹੀ ਠੰਢੀ ਤੇ ਗੂੜ੍ਹੀ ਛਾਂ ਹੇਠ ਡੰਗਰ-ਵੱਛਾ ਆਰਾਮ ਕਰਦਾ। ਸਾਡੇ ਮਿੱਤਰ ਪੰਛੀ-ਚਿੜੀਆਂ, ਗਟਾਰਾਂ, ਤੋਤੇ, ਕਬੂਤਰ, ਕਾਂ ਤੇ ਕਾਟੋਆਂ ਆਦਿ ਸਾਡੇ ਵਿਹੜੇ ਵਿਚਲੇ ਦਰੱਖਤਾਂ ਤੇ ਅੰਦਰ ਘਰਾਂ ਦੀਆਂ ਛੱਤਾ 'ਤੇ ਆਲ੍ਹਣੇ ਪਾ ਰਹਿੰਦੇ ਸਨ। ਪੰਛੀਆਂ ਦੇ ਚਹਿਕਣ ਦੀ ਆਵਾਜ਼ ਰੌਣਕ ਲਾਈ ਰੱਖਦੀ ਤੇ ਸਾਰਾ ਟੱਬਰ ਵੀ ਖੁਸ਼ ਰਹਿੰਦਾ। ਅੱਜ ਸਾਡੇ ਉਨ੍ਹਾਂ ਹੀ ਮਕਾਨਾਂ ਨੇ ਵੱਡੀਆਂ ਕੋਠੀਆਂ ਦੀ ਜਗ੍ਹਾ ਲੈ ਲਈ ਹੈ। ਹਰ ਕਮਰੇ ਦੇ ਦਰਵਾਜ਼ੇ ਤੇ ਖਿੜਕੀਆਂ 'ਤੇ ਗਰਿੱਲਾਂ-ਜਾਲੀ ਇਸ ਤਰ੍ਹਾਂ ਫਿੱਟ ਕਰ ਦਿੱਤੀ ਹੈ ਕਿ ਪੰਛੀ ਅੰਦਰ ਹੀ ਨਾ ਜਾ ਸਕੇ, ਆਲ੍ਹਣਾ ਪਾ ਕੇ ਰਹਿਣ ਦੀ ਗੱਲ ਤਾਂ ਦੂਰ ਦੀ ਹੈ। ਵਿਹੜਿਆਂ 'ਚੋਂ ਦਰੱਖਤ ਤੇ ਬੂਟੇ ਗਾਇਬ ਹਨ, ਪਰਿੰਦੇ ਫਿਰ ਕਿੱਥੇ ਜਾਣ?
ਪੰਜਾਬ ਦਾ ਮੁੱਖ ਧੰਦਾ ਖੇਤੀਬਾੜੀ ਵੀ ਬਹੁਤ ਬਦਲ ਚੁੱਕਾ ਹੈ। ਪਹਿਲਾਂ ਕਿਸਾਨ ਸਾਦੇ ਹੁੰਦੇ ਸਨ ਤੇ ਸਾਦਗੀ ਹੀ ਖੇਤਾਂ ਵਿਚ ਨਜ਼ਰ ਆਉਂਦੀ ਸੀ। ਬਾਜਰਾ, ਮੱਕੀ, ਛੋਲੇ, ਗਵਾਰਾ, ਕਪਾਹ ਤੇ ਨਰਮਾ ਤੇ ਹੋਰ ਫ਼ਸਲ ਜ਼ਹਿਰੀ ਤੱਤਾਂ ਤੋਂ ਰਹਿਤ ਹੁੰਦੀ ਸੀ। ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਦੇਸੀ ਰੂੜੀ ਦੀ ਥਾਂ ਯੂਰੀਆ ਤੇ ਹੋਰ ਖਾਦਾਂ ਨੇ ਲੈ ਲਈ ਹੈ। ਹਰੀਆਂ ਸਬਜ਼ੀਆਂ 'ਤੇ ਰਾਤ ਨੂੰ ਸਪਰੇ ਕਰਕੇ ਸਵੇਰ ਵੇਲੇ ਮੰਡੀ ਵਿਚ ਵਿਕਣ ਆ ਜਾਂਦੀ ਹੈ। ਝੋਨੇ ਦੀ ਪਰਾਲੀ ਤੇ ਗੰਨੇ ਦੀ ਪੱਤੀ ਨੂੰ ਆਮ ਹੀ ਅੱਗਾਂ ਲਾ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਅਕਸਰ ਹੀ ਵੇਖਦੇ ਹਾਂ ਕਿ ਪਿੰਡਾਂ-ਸ਼ਹਿਰਾਂ ਵਿਚ ਵੱਡੀਆਂ-ਕੋਠੀਆਂ ਉਸਰ ਗਈਆਂ ਹਨ। ਹਰ ਥਾਂ ਮਹਿੰਗੇ ਮਾਰਬਲ ਤੇ ਟਾਇਲਾਂ ਲਾ ਚਮਕਾ ਦਿੱਤੀ ਹੈ। ਵਿਹੜਿਆਂ 'ਚ ਬੂਟੇ ਤੇ ਦਰੱਖਤ ਨਹੀਂ ਦਿਸ ਰਹੇ। ਜੇ ਗੱਲ ਕਰਾਂਗੇ ਤਾਂ ਕਹਿਣਗੇ ਕਿ ਇਨ੍ਹਾਂ ਨਾਲ ਤਾਂ ਗੰਦ ਜਿਹਾ ਪੈ ਜਾਂਦਾ ਹੈ। ਇਹੋ ਜਿਹੀ ਸੋਚ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਵਾਤਾਵਰਨ ਪ੍ਰਤੀ ਪਿਆਰ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦਾ ਕੰਮ ਤੱਕੋ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੋ, ਜੋ ਵਾਤਾਵਰਨ ਜੀਵਤ ਰੱਖਣ ਲਈ ਆਪਾ ਵਾਰ ਰਹੇ ਹਨ।
ਸਾਡੇ ਸਮਾਜ ਵਿਚਲੀਆਂ ਬਹੁਤੀਆਂ ਬੁਰਾਈਆਂ ਦੇ ਚਿੰਤਨ ਭਗਤ ਪੂਰਨ ਸਿੰਘ ਜੀ ਨੇ ਵਾਤਾਵਰਨ ਤੇ ਹੋਰ ਅਲਾਮਤਾਂ 'ਤੇ ਰੱਜ ਕੇ ਪਹਿਰਾ ਦਿੱਤਾ। ਵਾਤਾਵਰਨ ਸਮੇਤ ਸਾਰੇ ਵਿਸ਼ਿਆਂ 'ਤੇ ਵੱਡੇ-ਵੱਡੇ ਕਿਤਾਬਚੇ ਲਿਖ ਕੇ ਮੁਫ਼ਤ ਵੰਡੇ ਤੇ ਹੁਣ ਤੱਕ ਉਨ੍ਹਾਂ ਦੀ ਸੰਸਥਾ ਇਹ ਕੰਮ ਕਰ ਰਹੀ ਹੈ ਤੇ ਸਾਨੂੰ ਖ਼ਤਰਿਆਂ ਤੋਂ ਸੁਚੇਤ ਕਰ ਰਹੀ ਹੈ। ਹੋਰ ਵੀ ਕਈ ਸੰਸਥਾਵਾਂ ਤੇ ਸ਼ਖ਼ਸੀਅਤਾਂ ਨੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਚੰਗਾ ਕੰਮ ਕੀਤਾ ਹੈ ਪਰ ਆਮ ਜਨਤਾ ਉਨ੍ਹਾਂ ਦਾ ਇਹੋ ਜਿਹੇ ਸਮੇਂ 'ਤੇ ਵੀ ਸਾਥ ਨਹੀਂ ਦੇ ਰਹੀ।
ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਵੱਧ ਤੋਂ ਵੱਧ ਛਾਂ-ਦਾਰ ਰੁੱਖ, ਫੁੱਲ-ਬੂਟੇ ਤੇ ਫਲਦਾਰ ਰੁੱਖ ਲਾਈਏ। ਇਸ ਤਰ੍ਹਾਂ ਧਰਤੀ ਨੂੰ ਜੰਨਤ ਦਾ ਰੂਪ ਦਿੱਤਾ ਜਾ ਸਕਦਾ ਹੈ। ਸਾਨੂੰ ਆਉਂਦਿਆਂ-ਜਾਂਦਿਆਂ ਨੂੰ ਇਹ ਫੁੱਲ-ਬੂਟੇ ਮਹਿਕਾਂ ਵੰਡਣਗੇ ਤੇ ਸਾਨੂੰ ਪਿਆਰ ਦਾ ਸੰਦੇਸ਼ ਦੇਣਗੇ। ਕਿਸੇ ਨੇੜਲੇ ਸੱਜਣ ਦੇ ਜਨਮ-ਦਿਨ, ਵਿਆਹ-ਸ਼ਾਦੀ ਤੇ ਬੱਚਿਆਂ ਦੇ ਪਾਸ ਹੋਣ 'ਤੇ ਚੰਗੇ ਢੁੱਕਵੇਂ ਬੂਟੇ ਤੋਹਫ਼ੇ ਵਜੋਂ ਦੇਵੋ ਤੇ ਅੱਗੇ ਢੁੱਕਵੀਂ ਜਗ੍ਹਾ 'ਤੇ ਲਾਏ ਜਾਣ, ਇਹ ਤੁਹਾਡੀ ਨਿਸ਼ਾਨੀ ਜ਼ਿੰਦਗੀ ਤੋਂ ਬਾਅਦ ਵੀ ਅਮਰ ਰਹਿ ਕੇ ਤੁਹਾਨੂੰ ਜੀਵਤ ਰੱਖੇਗੀ। ਆਓ, ਆਪਾਂ ਸਭ ਵਾਤਾਵਰਨ ਨੂੰ ਸਾਂਭਣ ਲਈ ਇਕਜੁੱਟ ਹੋਈਏ ਤਾਂ ਕਿ ਪੰਜਾਬ ਤੇ ਅਸੀਂ ਹਰੇ-ਭਰੇ ਚੜ੍ਹਦੀ ਕਲਾ ਵਿਚ ਰਹੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਛੱਡ ਜਾਈਏ।

-ਪਿੰਡ ਤੱਖਰਾਂ (ਲੁਧਿਆਣਾ)।
ਮੋਬਾ: 92175-92531

ਸਵੱਛਤਾ ਲਈ ਅਹਿਮ ਕਦਮ

ਹਰ ਦੇਸ਼ ਦੀ ਖ਼ੁਸ਼ਹਾਲੀ ਉਸ ਦੀ ਉੱਨਤੀ 'ਤੇ ਨਿਰਭਰ ਕਰਦੀ ਹੈ, ਜਿਸ ਦੀ ਛਾਪ ਉਸ ਦੇ ਸਾਫ਼-ਸੁਥਰੇ ਵਾਤਾਵਰਨ ਅਤੇ ਸਮਾਜ ਦੇ ਸੁਖੀ ਜੀਵਨ ਦੇ ਸਿੱਟੇ ਵਜੋਂ ਨਿਕਲਦੀ ਹੈ। ਦੇਸ਼ ਦੀ ਸਵੱਛਤਾ ਉਸ ਦੀ ਖ਼ੁਸ਼ਹਾਲੀ ਦਾ ਅਹਿਮ ਹਿੱਸਾ ਹੈ ਤੇ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ਕਦਮ, ਜਿਸ 'ਤੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਭਾਰਤ ਸਵੱਛ ਮੁਹਿੰਮ ਨੂੰ ਚਲਾਇਆ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ 'ਤੇ ਸੜਕਾਂ ਬਣਾ ਕੇ ਵਿਕਾਸ ਕੀਤਾ ਗਿਆ ਹੈ, ਪਰ ਸੜਕਾਂ ਦੇ ਨਾਲ ਲੱਗਦੀਆਂ ਪਿੰਡਾਂ ਦੀਆਂ ਫਿਰਨੀਆਂ 'ਤੇ ਲੱਗੀਆਂ ਰੂੜੀਆਂ ਦੇ ਢੇਰ ਅਤੇ ਗੋਬਰ ਗੈਸ ਪਲਾਂਟਾਂ ਦਾ ਵਾਧੂ ਗੰਦਾ ਪਾਣੀ ਅਤੇ ਗੋਬਰ ਕੱਢਣ ਲਈ ਬਣਾਏ ਖੁੱਲ੍ਹੇ ਹੋਲ ਗੰਦਗੀ ਫੈਲਾਉਣ ਦੇ ਨਾਲ-ਨਾਲ ਮੱਖੀਆਂ-ਮੱਛਰਾਂ ਦੇ ਘਰ ਬਣੇ ਹੋਏ ਹਨ, ਜਿਸ ਨਾਲ ਮੱਖੀਆਂ-ਮੱਛਰਾਂ ਦੀ ਵਧੀ ਪੈਦਾਵਾਰ ਜਿਥੇ ਬਿਮਾਰੀਆਂ ਫੈਲਾਉਂਦੀ ਹੈ, ਉਥੇ ਹੀ ਇਹ ਲੱਗੀਆਂ ਰੂੜੀਆਂ ਤੇ ਗੋਬਰ ਗੈਸ ਪਲਾਂਟ ਸੜਕਾਂ 'ਤੇ ਲੰਘਦੇ ਵਾਹਨਾਂ ਵਿਚ ਅੜਚਣ ਪੈਦਾ ਕਰਦੇ ਹਨ।
ਗੋਬਰ ਗੈਸ ਪਲਾਂਟ ਦੇ ਲਾਭ ਦੇ ਨਾਲ-ਨਾਲ ਇਸ ਦੀ ਮੁੱਖ ਹਾਨੀ ਫਿਰਨੀਆਂ 'ਤੇ ਲਗਾਏ ਗੋਬਰ ਗੈਸ ਦਾ ਬਿਨਾਂ ਕੋਈ ਕੰਧ ਕੀਤਿਆਂ ਖੁੱਲ੍ਹਾ ਛੱਡਣਾ ਹੈ, ਜਿਸ ਕਾਰਨ ਪਸ਼ੂਆਂ, ਬੱਚਿਆਂ ਦਾ ਗੋਬਰ ਗੈਸ ਦੇ ਵਾਧੂ ਪਾਣੀ ਲਈ ਬਣਾਏ ਖੱਡੇ ਵਿਚ ਗਿਰਨਾ ਮੁੱਖ ਸਮੱਸਿਆ ਹੈ। ਗੋਬਰ ਗੈਸ ਦੀ ਵਰਤੋਂ ਆਲੇ-ਦੁਆਲੇ ਕੰਧਾਂ ਦਾ ਪ੍ਰਬੰਧ ਕਰਕੇ ਇਸ ਦੀ ਵਰਤੋਂ ਸੂਖ਼ਮ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਦੇਸ਼ ਵਾਸੀਆਂ ਵੱਲੋਂ ਸਵੱਛਤਾ ਲਈ ਭਾਵੇਂ ਅਹਿਮ ਉਪਰਾਲੇ ਕੀਤੇ ਜਾ ਰਹੇ ਪਰ ਸਾਡੇ ਦੇਸ਼ ਵਿਚ ਵਰਤੀ ਹੋਈ ਚੀਜ਼ ਜਾਂ ਕੂੜਾ ਸੜਕਾਂ ਅਤੇ ਗਲੀਆਂ ਵਿਚ ਸੁੱਟਣ ਦੀ ਆਦਤ ਨੇ ਵੀ ਸਵੱਛਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਇਸ ਸਮੱਸਿਆ ਦਾ ਮੁੱਖ ਕਾਰਨ ਕੂੜੇਦਾਨਾਂ ਦੀ ਘਾਟ ਹੈ। ਜੇਕਰ ਲੋਕ ਆਪਣੇ ਪੱਧਰ, ਆਪਣੀ ਆਦਤ ਵਿਚ ਬਦਲਾਅ ਲਿਆਉਂਦਿਆਂ ਆਪ ਕੂੜੇਦਾਨਾਂ ਜਾਂ ਵੱਡੇ ਖਾਲੀ ਡੱਬਿਆਂ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਸੜਕਾਂ ਕਿਨਾਰੇ ਲੋੜ ਮੁਤਾਬਿਕ ਕੂੜੇਦਾਨ ਰਖਾਏ ਜਾਣ ਤਾਂ ਦੇਸ਼ ਸਾਫ਼-ਸੁਥਰਾ ਰਹਿ ਸਕਦਾ ਹੈ। ਨਿਕਾਸੀ ਨਾਲਿਆਂ 'ਤੇ ਢੱਕਣ ਦੇ ਕੇ ਰੱਖਣ ਨਾਲ ਵੀ ਦੇਸ਼ ਸਾਫ਼-ਸੁਥਰਾ ਰਹਿਣ ਦੇ ਨਾਲ-ਨਾਲ ਲੱਗ ਰਹੀਆਂ ਨਿੱਤ ਨਵੀਆਂ ਬਿਮਾਰੀਆਂ ਤੋਂ ਬਚ ਸਕਦਾ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਬਰੀਕੀਆਂ ਵੱਲ ਧਿਆਨ ਦੇਵੇ ਤਾਂ ਦੇਸ਼ ਦੀ ਸਵੱਛਤਾ ਦੁੱਗਣੀ ਤੇਜ਼ੀ ਨਾਲ ਹੋਵੇਗੀ। ਦੇਸ਼ ਨੂੰ ਸਾਫ਼ ਰੱਖਣ ਲਈ ਸਮਾਜ ਆਪਣੇ ਘਰਾਂ ਦੀ ਸਫ਼ਾਈ ਦੇ ਨਾਲ-ਨਾਲ ਦੇਸ਼ ਦੀ ਖ਼ੁਸ਼ਹਾਲੀ ਲਈ ਆਪਣੇ ਆਲੇ-ਦੁਆਲੇ, ਜਨਤਕ ਥਾਵਾਂ ਅਤੇ ਹਰ ਥਾਂ ਨੂੰ ਸਾਫ਼ ਰੱਖੇ ਅਤੇ ਰੋਗ ਮੁਕਤ ਸਮਾਜ ਦੀ ਸਿਰਜਣਾ ਵੀ।

-ਪਿੰਡ ਫੱਗੂਵਾਲਾ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।
ਮੋਬਾ: 70871-80349


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX