ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  about 3 hours ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਅਹਿਸਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰੇਸ਼ਮਾ ਸੱਪਣੀ ਵਾਂਗ ਹੀ ਗੁੱਸੇ ਨਾਲ ਵਲ ਖਾ ਰਹੀ ਸੀ। ਲਹਿਰਾਉਂਦੀਆਂ ਜ਼ੁਲਫਾਂ ਨੇ ਇਸ ਸੱਪਣੀ ਦੀ ਦਿੱਖ ਨੂੰ ਹੋਰ ਗ਼ਜ਼ਬਨਾਕ ਬਣਾ ਦਿੱਤਾ ਸੀ, ਇੰਜ ਸੀ ਜਿਵੇਂ ਸੱਪਣੀ ਆਪਣੇ ਸ਼ਿਕਾਰ 'ਤੇ ਝਪਟਾ ਮਾਰਨ ਲਈ ਤਿਆਰ ਹੋ ਗਈ ਹੋਵੇ।
ਛੱਡ ਮੇਰੀ ਬਾਂਹ ਕਿਸੇ ਕੁੱਤੇ ਦਿਆ ਪੁੱਤਰਾ। ਰੇਸ਼ਮਾ ਦੀ ਆਵਾਜ਼ 'ਨਸੀਮ-ਏ-ਸਹਰ' (ਤੜਕਸਾਰ ਸਰਗੀ ਵੇਲੇ ਦੀ ਹਵਾ) ਦੀ ਚਲਦੀ ਹੋਈ ਠੰਢੀ ਹਵਾ ਦੀਆਂ ਲਹਿਰਾਂ 'ਚ ਅਸਮਾਨੀ ਬਿਜਲੀ ਵਾਂਗੂ ਕੜਕੀ। ਤੈਨੂੰ ਕਿਸੇ ਪੰਜਾਬਣ ਮਾਂ ਨੇ ਨਹੀਂ, ਕਿਸੇ ਕੁੱਤੀ ਨੇ ਜਨਮਿਆ ਹੈ। ਬਦਜ਼ਾਤੇ, ਕਮੀਨਿਆ, ਬਦਮਾਸ਼ਾ, ਇੱਜ਼ਤਾਂ ਦਿਆ ਲੁਟੇਰਿਆ, ਧੋਖੇਬਾਜ਼ਾ, ਰੰਨਾਂ ਦੇ ਸਰੀਰਾਂ ਦਿਆ ਭੁੱਖਿਆ, ਤੂੰ ਤਾਂ ਮੇਰਾ ਜੀਣਾ ਹਰਾਮ ਕਰ ਛੱਡਿਆ ਏ। ਮੈਂ ਆਪਣੀ ਇੱਜ਼ਤ ਨੂੰ ਸਾਂਭ ਕੇ ਰੱਖਣ ਵਾਲੀ ਕੁੜੀ ਹਾਂ। ਤੂੰ ਚਾਹੁੰਨਾ ਏਂ ਕਿ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਾ ਰਹਾਂ। ਸਾਰੇ ਪਿੰਡ 'ਚ ਤੇਰੀ-ਮੇਰੀ ਯਾਰੀ ਦੇ ਝੂਠੇ ਚਰਚੇ ਹਨ। ਦਰ-ਦਰ ਦਿਆ ਕੁੱਤਿਆ ਤੂੰ ਤਾਂ ਮੈਨੂੰ ਗਲੀਆਂ ਦੇ ਕੱਖਾਂ ਤੋਂ ਵੀ ਹੌਲ਼ਾ ਕਰ ਦਿੱਤਾ ਹੈ।
ਦੱਸ ਮੇਰਾ ਕੀ ਕਸੂਰ ਏ? ਮੈਨੂੰ ਕਿਸ ਜੁਰਮ ਦੀ ਸਜ਼ਾ ਦੇਣੀ ਚਾਹੁੰਦਾ ਹੈਂ। ਮੈਨੂੰ ਨਿਰਦੋਸ਼ ਤੋਂ, ਤੂੰ ਦੋਸ਼ੀ ਬਣਾ ਦਿੱਤਾ। ਮੈਂ ਕੋਈ ਜੁਰਮ ਨਾ ਕਰਨ ਦੇ ਬਾਵਜੂਦ ਵੀ ਮੁਜਰਮ ਬਣ ਗਈ। ਮੈਂ ਦਿਨ ਦਾ ਚਾਨਣ ਹਾਂ, ਤੂੰ ਮੈਨੂੰ ਰਾਤ ਦੇ ਹਨੇਰੇ 'ਚ ਬਦਲਣਾ ਚਾਹੁੰਦਾ ਏਂ? ਮੈਂ ਚੰਨ-ਮੇਰਾ ਹੁਸਨ ਚਾਨਣੀ, ਤੂੰ ਇਹਨੂੰ ਗ੍ਰਹਿਣ ਲਾਉਣ ਦੇ ਯਤਨਾਂ 'ਚ ਜੁਟਿਆ ਹੋਇਆ ਏਂ। ਮਕਾਰਾ, ਚਾਲਬਾਜ਼ਾ ਅੱਜ ਮੈਂ ਤੈਨੂੰ ਇਹੋ ਜਿਹਾ ਸਬਕ ਸਿਖਾਵਾਂਗੀ ਕਿ ਤੂੰ ਸਰੀਰਕ ਆਸ਼ਕੀ ਦੇ ਸਾਰੇ ਦਾਅ ਭੁੱਲ ਜਾਏਂਗਾ। ਜੇ ਅੱਜ ਮੈਂ ਤੇਰੇ ਸਾਰੇ ਵਲ-ਸ਼ਲ ਨਾ ਕੱਢ ਦਿੱਤੇ ਤਾਂ ਮੈਂ ਆਪਣੇ ਪਿਓ ਦੀ ਧੀ ਨਹੀਂ।
ਰੇਸ਼ਮਾ ਨੇ ਝਟਕੇ ਨਾਲ ਦਿਲਦਾਰ ਕੋਲੋਂ ਆਪਣੀ ਬਾਂਹ ਛੁਡਾਅ ਲਈ ਤੇ ਆਪਣੇ ਖੱਬੇ ਹੱਥ ਨਾਲ ਉਹਦੀ ਸੱਜੀ ਬਾਂਹ ਫੜ ਲਈ।
ਤੇਰਾ ਬੇੜਾ ਗਰਕ ਹੋ ਜਾਏ। ਤੇਰਾ ਰਹੇ ਕੱਖ ਨਾ, ਅੱਜ ਤੂੰ ਤੇ ਮੈਂ ਦਿਨ ਚੜ੍ਹਦੇ ਤੱਕ ਇੰਜ ਹੀ ਇਥੇ ਖੜ੍ਹੇ ਰਹਾਂਗੇ।
ਮੇਰਾ ਪਿਓ ਤੇ ਭਰਾ ਆਪੇ ਮੈਨੂੰ ਲੱਭਦੇ-ਲੁਭਾਉਂਦੇ ਇਥੇ ਆ ਪੁੱਜਣਗੇ। ਤੇਰਾ ਵੀ ਸਿਰ ਲਾਹੁਣਗੇ, ਨਾਲ ਮੈਨੂੰ ਵੀ ਜਾਨੋਂ-ਮਾਰ ਮੁਕਾਉਣਗੇ।
ਤੈਨੂੰ ਤਾਂ ਇਸ ਜੁਰਮ ਦੀ ਸਜ਼ਾ ਕਿ ਤੂੰ ਮੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਬਦਨਾਮ ਕੀਤਾ। ਮੈਨੂੰ ਨਿਰਦੋਸ਼ ਹੁੰਦਿਆਂ ਹੋਇਆਂ ਵੀ ਤੂੰ ਚੋਰ ਬਣਾ ਦਿੱਤਾ।
ਮੇਰੀ ਮੌਤ ਮੇਰੀ ਇਸ ਕਰਤੂਤ (ਮੰਦਾ ਕੰਮ) ਦੀ ਸਜ਼ਾ ਕਿ 3 ਸਾਲ ਹੋ ਗਏ ਹਨ, ਤੇਰੇ ਹੱਥੋਂ ਮੈਨੂੰ ਜ਼ਲੀਲ-ਓ-ਰਿਸਵਾ ਹੁੰਦਿਆਂ। ਮੈਂ ਕਿਉਂ ਨਾ ਆਪਣੇ ਘਰ ਵਾਲਿਆਂ ਨੂੰ ਦੱਸਿਆ। ਤੇਰਾ ਉਦੋਂ ਹੀ ਟਾਂਟਾ ਮੁਕਾ (ਮਾਰ) ਦਿੰਦੇ। ਨਾ ਰਹਿੰਦਾ ਬਾਂਸ ਨਾ ਵੱਜਦੀ ਬਾਂਸੁਰੀ।
ਦਿਲਦਾਰ ਪੀਲਾ ਪੈ ਗਿਆ। ਸਾਰਾ ਸਰੀਰ ਥਰ-ਥਰ ਕੰਬ ਰਿਹਾ ਸੀ। ਜਿਵੇਂ ਉਹਦੀ ਜਾਨ ਨਿਕਲ ਰਹੀ ਹੋਵੇ। ਆਸ਼ਕੀ ਦਾ ਭੂਤ ਮਿੰਟਾਂ ਤੋਂ ਪਹਿਲਾਂ ਉਹਦੇ ਸਿਰ ਤੋਂ ਉਤਰ ਗਿਆ। ਦਿਲਦਾਰ ਨੂੰ ਮੌਤ ਦੇ ਡਰ ਨੇ ਆਣ ਘੇਰਿਆ।
ਦਿਲਦਾਰ ਮਿੰਨਤਾਂ-ਤਰਲਿਆਂ 'ਤੇ ਉੱਤਰ ਆਇਆ। ਉਹਨੇ ਰੇਸ਼ਮਾ ਅੱਗੇ ਬੜੇ ਹਾੜ੍ਹੇ ਕੱਡੇ। ਰੋਣ ਲੱਗ ਪਿਆ, ਗੋਡਿਆਂ ਭਾਰ ਹੋ ਕੇ। ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗੀ। ਪਰ ਰੇਸ਼ਮਾ ਸੀ ਕਿ ਆਪਣੀ ਜ਼ਿੱਦ 'ਤੇ ਅੜੀ ਹੋਈ ਸੀ।
ਨਾ ਮੈਂ ਜਿਊਂਦਿਆਂ ਰਹਿਣਾ ਏ ਨਾ ਕੰਜਰਾ ਮੈਂ ਤੈਨੂੰ ਜਿਊਣ ਜੋਗਾ ਛੱਡਣਾ ਏ। ਤੇਰੇ ਘਰ ਵਾਲਿਆਂ ਦੀਆਂ ਤਾਂ 7 ਪੀੜ੍ਹੀਆਂ ਵੀ, ਬੇਗਾਨੀਆਂ ਧੀਆਂ ਦੀਆਂ ਇੱਜ਼ਤਾਂ ਬਰਬਾਦ ਕਰਨ ਦਾ ਕਦੀ ਸੁਪਨਾ ਵੀ ਨਾ ਦੇਖਣਗੀਆਂ।
ਦਿਲਦਾਰ ਨੇ ਔਰਤਾਂ ਵਾਂਗ ਰੋਣਾ ਸ਼ੁਰੂ ਕਰ ਦਿੱਤਾ। ਸਰੀਰਾਂ ਦੇ ਭੁੱਖੇ ਤੇ ਝੂਠੇ ਆਸ਼ਕ ਹਮੇਸ਼ਾ ਬੁਜ਼ਦਿਲ ਹੁੰਦੇ ਹਨ। ਮੌਤ ਦੇ ਡਰ ਨੇ ਦਿਲਦਾਰ ਨੂੰ ਹਲਕਾ ਕਰਕੇ ਰੱਖ ਦਿੱਤਾ। ਅਖੀਰ ਦਿਲਦਾਰ ਨੇ ਰੇਸ਼ਮਾ ਦੇ ਪੈਰ ਫੜ ਲਏ। ਦਿਲਦਾਰ ਦੀਆਂ ਅੱਖਾਂ ਦੇ ਅੱਥਰੂਆਂ ਨੇ ਰੇਸ਼ਮਾ ਦੇ ਪੈਰ ਧੋ ਦਿੱਤੇ।
ਔਰਤ ਜਦ ਆਪਣੀ ਆਈ 'ਤੇ ਆ ਜਾਵੇ ਤਾਂ ਉਹ ਵੱਡੇ-ਵੱਡੇ ਹੁਕਮਰਾਨਾਂ, ਜਾਬਰਾਂ ਤੇ ਜ਼ਾਲਮਾਂ ਨੂੰ ਆਪਣੇ ਪੈਰਾਂ ਦੀ ਧੂੜ ਚੱਟਣ 'ਤੇ ਮਜਬੂਰ ਕਰ ਦਿੰਦੀ ਹੈ। ਔਰਤ ਤਖ਼ਤ (ਹੁਕਮਰਾਨੀ) ਨੂੰ ਤਖ਼ਤ (ਫਾਂਸੀ ਘਰ) ਬਣਾਉਣ ਦੀ ਸ਼ਕਤੀ ਰੱਖਦੀ ਹੈ। ਕੱਚਿਆਂ 'ਤੇ ਠਿੱਲ੍ਹਣ ਵਾਲੀ ਮਰ ਤਾਂ ਜਾਂਦੀ ਹੈ ਪਰ ਕਦੀ ਕੱਚ ਨਹੀਂ ਕਮਾਉਂਦੀ। ਪਰ ਜਦ ਬਦਲਾ ਲੈਣ 'ਤੇ ਆਉਂਦੀ ਹੈ ਤਾਂ ਜ਼ਖ਼ਮੀ ਨਾਗਣ ਤੋਂ ਵੱਧ ਖ਼ਤਰਨਾਕ ਬਣ ਜਾਂਦੀ ਹੈ। ਸੱਪਣੀ ਦਾ ਡੰਗਿਆ ਤਾਂ ਭਾਵੇਂ ਪਾਣੀ ਮੰਗ ਲਏ ਪਰ ਔਰਤ ਦਾ ਡੰਗਿਆ ਮਰਦ ਪਾਣੀ ਨਹੀਂ ਮੰਗਦਾ।
ਦਿਲਦਾਰ ਨੂੰ ਕੁੜੀਆਂ ਤਰ੍ਹਾਂ ਰੋਂਦਾ ਦੇਖ ਕੇ ਰੇਸ਼ਮਾ ਦਾ ਦਿਲ ਵੀ ਮੋਮ ਵਾਂਗ ਹੋ ਗਿਆ। ਮਨ ਰਹਿਮ ਤੇ ਤਰਸ ਦੇ ਲਪੇਟੇ 'ਚ ਆ ਗਿਆ। ਔਰਤ ਫਿਤਰੀ ਤੌਰ 'ਤੇ ਨਰਮ ਦਿਲ ਹੁੰਦੀ ਹੈ। ਮਰਦਾਂ ਵਾਂਗ ਪੱਥਰ ਦਿਲ ਨਹੀਂ ਹੁੰਦੀ। ਔਰਤ ਨਾ ਜ਼ਾਲਮ ਹੈ। ਔਰਤ ਦੇ ਜਜ਼ਬਾਤ ਨਰਮ-ਓ-ਨਾਜ਼ੁਕ ਤੇ ਮਨ ਰਹਿਮ ਦਿਲੀ ਦੀ ਖੁਸ਼ਬੂ ਨਾਲ ਭਰਿਆ ਹੁੰਦਾ ਹੈ। ਔਰਤ ਮੁਆਫ਼ ਕਰਨ ਦਾ ਮਰਦ ਤੋਂ ਵੱਧ ਹੌਸਲਾ ਰੱਖਦੀ ਹੈ। ਇਸ ਮਾਮਲੇ 'ਚ ਔਰਤ ਮਰਦ ਤੋਂ ਵਫ਼ਾ ਤੇ ਖੁੱਲ੍ਹਾ ਦਿਲ ਰੱਖਦੀ ਹੈ।
ਔਰਤ ਨੂੰ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਹੈ। ਨਫ਼ਰਤ ਔਰਤ ਨੂੰ ਗੁਲਾਬ ਦੇ ਝਾਏ ਹੋਏ ਫੁੱਲਾਂ ਵਾਂਗੂ ਕਰ ਦਿੰਦੀ ਦੈ। ਔਰਤ ਵਫ਼ਾਦਾਰ ਹੈ। ਮਰਦ ਬਹੁਤੇ ਹਰਜਾਈ (ਬੇਵਫਾ) ਹੁੰਦੇ ਹਨ। ਹੰਝੂ ਔਰਤ ਦੀ ਕਮਜ਼ੋਰੀ ਹਨ। ਦਿਲਦਾਰ ਦੀਆਂ ਅੱਖਾਂ ਦੇ ਹੰਝੂਆਂ ਨੇ ਰੇਸ਼ਮਾ ਨੂੰ ਮੁਆਫ਼ ਕਰਨ 'ਤੇ ਮਜਬੂਰ ਕਰ ਦਿੱਤਾ।
ਦਿਲਦਾਰ ਮੈਂ ਇਸ ਸ਼ਰਤ 'ਤੇ ਤੈਨੂੰ ਮੁਆਫ਼ ਕਰਦੀ ਹਾਂ, ਕਿ ਸਹੁੰ (ਕਸਮ) ਖਾ ਕਿ ਮੈਨੂੰ ਆਪਣੀ ਭੈਣ ਸਮਝੇਂਗਾ। ਦਿਲਦਾਰ ਨੇ ਆਪਣਾ ਨੀਵਾਂ ਸਿਰ ਹਿਲਾ ਕੇ ਵਾਅਦਾ ਕੀਤਾ ਕਿ ਹਾਂ ਅੱਜ ਤੋਂ ਤੂੰ ਮੇਰੀ ਭੈਣ ਏਂ।
ਦਿਲਦਾਰ ਹਾਲੇ ਤੇਰੀ ਜਾਨ ਨਹੀਂ ਛੁੱਟਣੀ। ਤੂੰ ਕਹਿ ਕਿ ਸਾਰੇ ਪਿੰਡ ਦੀਆਂ ਕੁੜੀਆਂ ਮੇਰੀਆਂ ਭੈਣਾਂ ਹਨ। ਹਾਂ-ਹਾਂ ਮੈਨੂੰ ਇਹ ਵੀ ਮਨਜ਼ੂਰ ਹੈ। ਦਿਲਦਾਰ ਨੇ ਮਰੀ ਜਿਹੀ ਆਵਾਜ਼ 'ਚ ਵਾਅਦਾ ਕੀਤਾ।
ਹਾਲੇ ਮੁਆਫ਼ੀ ਅਧੂਰੀ ਹੈ ਤੂੰ ਕਹਿ ਸਾਰੇ ਪਿੰਡ ਦੀਆਂ ਕੁੜੀਆਂ ਹੀ ਨਹੀਂ, ਬਲਕਿ ਤੇਰੀ ਘਰ ਵਾਲੀ ਤੋਂ ਸਿਵਾ ਤੇਰੀ ਜ਼ਿੰਦਗੀ 'ਚ ਆਉਣ ਵਾਲੀ ਹਰ ਔਰਤ ਨੂੰ ਤੂੰ ਆਪਣੀ ਭੈਣ ਸਮਝੇਂਗਾ।
ਦਿਲਦਾਰ ਇਹ ਸ਼ਰਤ ਸੁਣ ਕੇ ਅੱਗੋਂ ਚੁੱਪ ਰਿਹਾ।
ਰੇਸ਼ਮਾ ਨੇ ਫਿਰ ਆਪਣੀ ਮੁਆਫ਼ੀ ਦੀ ਸ਼ਰਤ ਦੁਹਰਾਈ ਪਰ ਦਿਲਦਾਰ ਕੁਝ ਨਾ ਬੋਲਿਆ।
ਰੇਸ਼ਮਾ ਨੇ ਵੱਟ ਕੇ ਦਿਲਦਾਰ ਦੇ ਮੂੰਹ 'ਤੇ ਚੰਡ ਮਾਰੀ। ਇਕ ਚਪੇੜ ਸੱਜੇ ਦੂਜੀ ਖੱਬੀ ਗਲ੍ਹ 'ਤੇ। ਲਗਾਤਾਰ ਤਾੜ-ਤਾੜ ਚਾਰ-ਪੰਜ ਚਪੇੜਾਂ ਮਾਰ ਕੇ ਰੇਸ਼ਮਾ ਨੇ ਦਿਲਦਾਰ ਨੂੰ ਸਿਰ ਦਿਆਂ ਵਾਲਾਂ ਤੋਂ ਫੜ ਕੇ ਖਿੱਚਾ-ਧਰੂਈ ਸ਼ੁਰੂ ਕਰ ਦਿੱਤੀ। ਔਰਤ ਬਦਲਾ ਲੈਣ 'ਤੇ ਆਏ ਤਾਂ ਸ਼ੇਰਨੀ ਬਣ ਜਾਂਦੀ ਹੈ। ਦਿਲਦਾਰ ਜਵਾਨ ਮੁੰਡਾ ਹੋਣ ਦੇ ਬਾਵਜੂਦ ਰੇਸ਼ਮਾ ਨਾਲ ਲੜਾਈ ਲਈ ਬਿਲਕੁਲ ਨਹੀਂ ਭਿੜਿਆ। ਉਹਨੂੰ ਇਹ ਖੌਫ਼ ਖਾਈ ਜਾਂਦਾ ਸੀ ਕਿ ਰੇਸ਼ਮਾ ਦਾ ਪਿਓ ਤੇ ਭਰਾ ਪਤਾ ਨਹੀਂ ਕਿਸ ਪਲ ਉਨ੍ਹਾਂ ਦੇ ਸਿਰ 'ਤੇ ਆ ਪੁੱਜਣ। ਜੇ ਰੇਸ਼ਮਾ ਦੇ ਮਾਪਿਆਂ ਉਨ੍ਹਾਂ ਨੂੰ ਲੱਭ ਲਿਆ ਤਾਂ ਉਨ੍ਹਾਂ ਦੇ ਸਰੀਰਾਂ ਦੀਆਂ ਬੋਟੀਆਂ ਬਣ ਜਾਣਾ ਯਕੀਨੀ ਸੀ। ਅਜਿਹੀ ਦੁਰਘਟਨਾ ਤੋਂ ਪਹਿਲਾਂ-ਪਹਿਲਾਂ ਹੀ ਦਿਲਦਾਰ ਰੇਸ਼ਮਾ ਨੂੰ ਰਾਜ਼ੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ।
ਰੇਸ਼ਮਾ ਮੈਨੂੰ ਸਭ ਕਬੂਲ ਹੈ। ਰੇਸ਼ਮਾ ਭੈਣ ਮੈਨੂੰ ਮੁਆਫ਼ ਕਰਦੇ। ਮੇਰੀ ਭੁੱਲ ਚੁੱਕ ਮੁਆਫ਼ ਕਰਦੇ। ਰੱਬ ਦਾ ਵਾਸਤਾ ਈ, ਮੈਨੂੰ ਬਖ਼ਸ਼ ਦੇ। ਨਾਲ ਹੀ ਦਿਲਦਾਰ ਦੀਆਂ ਧਾਹਾਂ ਨਿਕਲ ਗਈਆਂ। ਦਿਲਦਾਰ ਦੇ ਸਿਰ 'ਤੇ ਮੌਤ ਦਾ ਖੌਫ਼ ਸਵਾਰ ਹੋ ਗਿਆ ਸੀ, ਜੋ ਉਹਨੂੰ ਜਿਊਂਦੀ ਜਾਨੇ ਮਾਰੀ ਜਾ ਰਿਹਾ ਸੀ। ਦਿਲਦਾਰ ਨੂੰ ਜ਼ਾਰੋ-ਜ਼ਾਰ ਰੋਂਦਿਆਂ ਵੇਖ ਕੇ ਰੇਸ਼ਮਾ ਵੀ ਆਪਣੇ ਹੰਝੂਆਂ 'ਤੇ ਕਾਬੂ ਨਾ ਪਾ ਸਕੀ।
ਰੇਸ਼ਮਾ ਨੇ ਅੱਗੇ ਵਧ ਕੇ ਦਿਲਦਾਰ ਨੂੰ ਗਲ ਨਾਲ ਲਾ ਲਿਆ। ਮੇਰਾ ਵੀਰ, ਮੇਰੇ ਮਾਂ ਜਾਏ ਵੀਰਾਂ ਵਰਗਾ ਭਰਾ।
ਦਿਲਦਾਰ ਵੀਰਿਆ ਮੈਂ ਤੈਨੂੰ ਮੁਆਫ਼ ਕਰ ਦਿੱਤਾ। ਸਵੇਰ ਦਾ ਭੁੱਲਿਆ ਸ਼ਾਮ ਨੂੰ ਵੀ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਦਿਲਦਾਰ ਮੈਂ ਤਾਂ ਤੈਨੂੰ ਮੁਆਫ਼ ਕਰ ਦਿੱਤਾ, ਰੱਬ ਵੀ ਤੈਨੂੰ ਮੁਆਫ਼ ਕਰ ਦਏ।
ਇੰਨੇ ਚਿਰ 'ਚ ਦਿਨ ਚੜ੍ਹ ਗਿਆ ਸੀ। ਰੇਸ਼ਮਾ ਦੇ ਮਾਂ-ਪਿਓ ਤੇ ਭਰਾ ਆਪਣੀ ਹਵੇਲੀ ਦੇ ਫਾਟਕ ਨਾਲ ਬਾਜ਼ਾਰ ਵਾਲੇ ਪਾਸੇ ਦੁੱਧ ਵਾਲੀ ਖਾਲੀ ਬਾਲਟੀ ਤੇ ਕੈਨੀ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸਨ। ਸਾਰਿਆਂ ਦੇ ਮੂੰਹ ਕੁਮਲਾਏ ਹੋਏ ਸਨ। ਪ੍ਰੇਸ਼ਾਨੀ ਪਲ-ਪਲ ਵਧਦੀ ਜਾ ਰਹੀ ਸੀ। ਨਾ ਕਿਸੇ ਕੋਲੋਂ ਕੁਝ ਪੁੱਛਣ ਜੋਗੇ, ਨਾ ਕਿਸੇ ਨੂੰ ਕੁਝ ਦੱਸਣ ਜੋਗੇ।
ਇਨ੍ਹਾਂ ਪਲਾਂ 'ਚ ਹੀ ਰੇਸ਼ਮਾ ਵੀ ਆਪਣੇ ਘਰ ਵਾਲਿਆਂ ਕੋਲ ਆਣ ਪੁੱਜੀ। ਸਾਰੇ ਘਰ ਵਾਲੇ ਰੇਸ਼ਮਾ ਨੂੰ ਮਾਰਨ-ਕੁੱਟਣ ਦੀ ਨੀਅਤ ਨਾਲ ਉਹਦੇ ਵੱਲ ਵਧੇ। ਰੇਸ਼ਮਾ ਨੇ ਰੋਂਦਿਆਂ ਹੋਇਆਂ ਪਿਓ-ਭਰਾਵਾਂ ਅੱਗੇ ਬੇਨਤੀ ਕੀਤੀ ਕਿ ਇਥੇ ਮੁਹੱਲੇ ਵਾਲਿਆਂ 'ਚ ਮੇਰਾ ਤਮਾਸ਼ਾ ਨਾ ਬਣਾਓ। ਘਰ ਲੈ ਜਾ ਕੇ ਮੇਰੀ ਗੱਲ ਸੁਣ ਲਓ। ਫਿਰ ਭਾਵੇਂ ਮੇਰੇ ਨਾਲ ਜੋ ਮਰਜ਼ੀ ਸਲੂਕ ਕਰ ਲੈਣਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖਾਲਸਾ ਹਾਊਸ, ਚਕ ਨੰ: 97/ਆਰ. ਬੀ. ਜੌਹਲ
ਫੋਨ : 0092-300-7607983, 0092-041-4689283.


ਖ਼ਬਰ ਸ਼ੇਅਰ ਕਰੋ

ਪਿਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਕਈ ਵਾਰੀ ਇਹ ਵੀ ਵੇਖਣ ਵਿਚ ਆਇਆ ਹੈ ਕਿ ਮਾਂ ਇਕ ਬੇਟੇ ਨਾਲ ਰਹਿੰਦੀ ਹੈ ਅਤੇ ਪਿਤਾ ਦੂਜੇ ਬੇਟੇ ਨਾਲ। ਇਸ ਤਰ੍ਹਾਂ ਜਿਊਂਦੇ ਜੀਅ ਜੀਵਨ ਸਾਥੀਆਂ ਨੂੰ ਔਲਾਦ ਵੱਲੋਂ ਵੰਡਣਾ ਸਾਡੇ ਸਮਾਜ ਦਾ ਵੱਡਾ ਦੁਖਾਂਤ ਹੈ।
* ਸ਼ਹਿਰਾਂ ਵਿਚ ਕਦੇ ਘਰ ਦਾ ਕਰਤਾ-ਧਰਤਾ ਰਿਹਾ ਪਿਤਾ ਬੁਢਾਪੇ ਵਿਚ ਪਿਛਲੇ ਕਮਰੇ ਵਿਚ ਇਕ ਫਾਲਤੂ ਚੀਜ਼ ਸਮਝ ਕੇ ਨਿਰਜਿੰਦ ਕਬਾੜ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ। ਪਰਿਵਾਰ ਨਾਲ ਸਬੰਧਤ ਖੁਸ਼ੀ, ਗ਼ਮੀ ਦੀ ਉਸ ਨੂੰ ਭਿਣਕ ਨਹੀਂ ਪੈਣ ਦਿੱਤੀ ਜਾਂਦੀ।
* ਧੀ ਦੀ ਸ਼ਾਦੀ ਦੇ ਵਿਆਹ ਲਈ ਪਿਤਾ ਨੂੰ ਜੋ ਮੁਸ਼ਕਿਲਾਂ ਸਮਾਜ ਵਿਚ ਆਉਂਦੀਆਂ ਹਨ ਤੇ ਬੁੱਢੇ ਮਾਂ-ਪਿਓ ਪ੍ਰਤੀ ਅੱਜਕਲ੍ਹ ਦੀ ਔਲਾਦ ਦਾ ਜੋ ਰਵੱਈਆ ਹੈ, ਉਸ ਹਾਲਤ ਵਿਚ ਇਹ ਸ਼ਿਅਰ ਬੜਾ ਢੁਕਦਾ ਨਜ਼ਰ ਆਉਂਦਾ ਹੈ:
ਹਰ ਸਮੇਂ ਜੁੜਦਾ, ਬਿਖਰਦਾ, ਉਸਰਦਾ ਢਹਿੰਦਾ, ਰਿਹਾ ਮੈਂ,
ਜਦ ਕਿਸੇ ਪੁੱਛਿਆ ਤਾਂ ਬਿਲਕੁਲ ਠੀਕ ਹਾਂ ਕਹਿੰਦਾ ਰਿਹਾ ਮੈਂ।
* ਪਿਤਾ ਇਕ ਅਜਿਹਾ ਇਨਸਾਨ ਹੋਣਾ ਚਾਹੀਦਾ ਹੈ ਜਿਸ ਨੂੰ ਮਾਂ-ਭੈਣ, ਪਤਨੀ ਅਤੇ ਬੱਚੇ ਆਪਣਾ ਕਹਿਣ 'ਤੇ ਮਾਣ ਮਹਿਸੂਸ ਕਰਨ।
* ਪਿਤਾ ਨੂੰ ਅਜਿਹੀ ਸੋਚ ਦਾ ਧਾਰਨੀ ਨਹੀਂ ਹੋਣਾ ਚਾਹੀਦਾ ਜਿਵੇਂ ਇਸ ਲਾਈਨ ਵਿਚ ਦਰਸਾਇਆ ਗਿਆ ਹੈ ਕਿ 'ਜੱਟ ਦੀ ਅਕਲ, ਵੇਚ ਕੇ ਫ਼ਸਲ ਤੇ ਲੈ ਲਈ ਰਫਲ।'
* ਹਾਸਰਸ: ਪਿਤਾ (ਪੁੱਤਰ ਨੂੰ) 10+2 ਤੋਂ ਬਾਅਦ ਕੀ ਕਰੇਂਗਾ। ਪੁੱਤ-ਬੀ.ਸੀ.ਏ.। ਪਿਤਾ ਬਹੁਤ ਵਧੀਆ ਪਰ ਇਹ ਬੀ.ਸੀ.ਏ. ਕੀ ਹੁੰਦੀ ਹੈ। ਪੁੱਤਰ-ਬਾਪੂ ਦੇ ਕੈਸ਼ 'ਤੇ ਐਸ਼। ਬੱਚਿਆਂ ਨੂੰ ਅਜਿਹੀ ਸੋਚ ਦਾ ਧਾਰਨੀ ਨਹੀਂ ਬਣਨਾ ਚਾਹੀਦਾ।
* ਪਿਤਾ ਬੱਚਿਆਂ ਨੂੰ ਖਾਣ-ਪਹਿਨਣ ਨੂੰ ਦਿੰਦਾ ਹੈ। ਉਹ ਜੇਕਰ ਇਕ ਦੋ ਕੌੜੀਆਂ ਗੱਲਾਂ ਕਹਿ ਵੀ ਦੇਵੇ ਤਾਂ ਉਸ ਨੂੰ ਵੀ ਖਾਣ-ਪੀਣ ਵਿਚ ਹੀ ਸਮਝਣਾ ਚਾਹੀਦਾ ਹੈ।
* ਜਦੋਂ ਮਾਂ ਮਰ ਜਾਂਦੀ ਹੈ ਤਾਂ ਦੁਆਵਾਂ ਦੇਣ ਵਾਲਾ ਕੋਈ ਨਹੀਂ ਰਹਿੰਦਾ ਤੇ ਜਦੋਂ ਪਿਤਾ ਮਰ ਜਾਂਦਾ ਹੈ ਤਾਂ ਹੌਸਲਾ ਦੇਣ ਵਾਲਾ ਕੋਈ ਨਹੀਂ ਰਹਿੰਦਾ।
* ਫਾਦਰ ਤੇ ਹੋਰ ਵੀ ਬਹੁਤ ਚੰਗੇਰਾ ਬਣ ਸਕਦਾ ਹੈ ਜੇ ਇਸ ਦਿਨ ਬੱਚੇ ਪ੍ਰਣ ਕਰਨ ਕਿ ਅਸੀਂ ਬਚਪਨ ਵਿਚ ਭਾਵੇਂ ਮਾਂ-ਬਾਪ ਦੇ ਕੱਪੜੇ ਗਿੱਲੇ ਕਰਦੇ ਰਹੇ ਹਾਂ ਪਰ ਬੁਢਾਪੇ ਵਿਚ ਅਸੀਂ ਉਨ੍ਹਾਂ ਦੀ ਅੱਖ ਗਿੱਲੀ ਨਹੀਂ ਹੋਣ ਦਿਆਂਗੇ। ਉਨ੍ਹਾਂ ਦੀ ਸ਼ਾਨ ਦੇ ਖਿਲਾਫ਼ ਮੰਦੇ ਬੋਲ ਨਹੀਂ ਬੋਲਾਂਗੇ। ਗੁੱਸੇ ਵੇਲੇ ਉਨ੍ਹਾਂ ਨਾਲ ਜ਼ਹਿਰ ਭਰੀਆਂ ਨਜ਼ਰਾਂ ਨਾਲ ਨਹੀਂ ਵੇਖਾਂਗੇ। ਮੌਤ ਦੇ ਦਿਨ ਤੋਂ ਹੀ ਉਨ੍ਹਾਂ ਨੂੰ ਸਨਮਾਨ ਦੇਣਾ ਸ਼ੁਰੂ ਨਹੀਂ ਕਰਾਂਗੇ, ਸਗੋਂ ਜਿਊਂਦੇ ਜੀਅ ਬੁਢਾਪੇ ਸਮੇਂ ਉਨ੍ਹਾਂ ਦਾ ਵੱਧ ਤੋਂ ਵੱਧ ਧਿਆਨ ਰੱਖਾਂਗੇ ਤੇ ਸਨਮਾਨ ਕਰਾਂਗੇ ਤਾਂ ਕਿ ਉਹ ਆਪਣੀ ਔਲਾਦ 'ਤੇ ਮਾਣ ਮਹਿਸੂਸ ਕਰਨ।

-ਮੋਬਾਈਲ : 99155-63406.

ਨੌਂ... ਦੋ... ਗਿਆਰਾਂ

ਲਾਲੂ ਪ੍ਰਸਾਦ ਯਾਦਵ... ਇਨ੍ਹਾਂ ਵੀ ਬੜੇ ਗਰੀਬ ਪਰਿਵਾਰ 'ਚ ਜਨਮ ਲਿਆ। ਗ਼ਰੀਬ ਪਰਿਵਾਰ 'ਚ ਹੀ ਵਿਆਹ ਹੋਇਆ... ਗ਼ਰੀਬੀ 'ਚ, ਅਤਿਅੰਤ ਤੰਗੀ 'ਚ, ਇਨ੍ਹਾਂ ਨੇ 'ਹਮ ਦੋ, ਹਮਾਰੇ ਦੋ' 'ਤੇ ਅਮਲ ਨਹੀਂ ਕੀਤਾ। ਲਾਲੂ ਨੂੰ ਇਨ੍ਹਾਂ ਨੇ ਵੀ ਇਹੋ ਆਖਿਆ ਹੋਣਾ ਹੈ, ਲਾ ਲਿਆ, ਜਿਵੇਂ ਮਰਜ਼ੀ ਐ ਲਿਆ, ਜਿਥੋਂ ਮਰਜ਼ੀ ਐ ਲਿਆ... ਬੇਸ਼ੱਕ 'ਲੂਟ ਕਰ ਲਾ।'
ਲਾਲੂ ਦਾ ਲੂੰ... ਲੂੰ... ਜਾਗ੍ਰਿਤ ਹੋ ਗਿਆ...ਉਨ੍ਹਾਂ ਹੁਣੇ-ਹੁਣੇ ਹੀ ਤਾਜ਼ਾ ਬਿਆਨ ਦਿੱਤਾ ਹੈ ਕਿ 'ਅਗਰ ਹਮ ਗ਼ਰੀਬ ਥੇ, ਤੋ ਕਯਾ ਜ਼ਰੂਰੀ ਹੈ ਕਿ ਹਮਾਰੇ ਬੱਚੇ ਭੀ ਗਰੀਬ ਰਹੇਂ?' ਆਮ ਕਰਕੇ ਜਿਹੜੇ ਗਰੀਬ ਹੁੰਦੇ ਹਨ, ਉਨ੍ਹਾਂ ਨੂੰ ਢੋਲਕੀਆਂ, ਛੈਣੇ ਫੜਾ ਕੇ ਇਹੋ ਧਰਵਾਸ ਦਿੱਤਾ ਜਾਂਦਾ ਹੈ ਕਿ ਜ਼ੋਰ-ਜ਼ੋਰ ਨਾਲ ਢੋਲਕੀਆਂ ਕੁੱਟ ਕੇ, ਛੈਣੇ ਵਜਾ ਕੇ ਭਜਨ ਗਾਓ...
ਰਾਮ ਨਾਮ ਕੀ ਲੂਟ ਹੈ
ਲੂਟ ਸਕੇ ਤੋ ਲੂਟ।
ਲਾਲੂ ਨੂੰ ਅੰਦਰੋਂ ਜਾਗ੍ਰਿਤੀ ਆਈ ਹੋਈ ਸੀ, ਉਹਨੂੰ ਪੂਰਾ ਅਹਿਸਾਸ ਸੀ...
'ਲੂਟ ਤੋ ਪੈਸੇ ਕੀ ਹੋਤੀ ਹੈ...
ਲਾਲੂ, ਲੂਟ ਸਕੇ ਤੋ ਲੂਟ।
ਬੰਦੇ ਦੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਦਿਮਾਗੀ ਸੋਚ ਦ੍ਰਿੜ੍ਹ ਹੋਣੀ ਚਾਹੀਦੀ ਹੈ... ਜੋ ਸੋਚਿਆ ਹੈ ਇਕ ਦਿਨ ਉਸ ਨੂੰ ਪੂਰਿਆਂ ਕਰ ਹੀ ਲੈਂਦਾ ਹੈ।
ਸਾਇੰਸਦਾਨ ਏਦਾਂ ਹੀ ਤਾਂ ਨਵੀਆਂ-ਨਵੀਆਂ ਕਾਢਾਂ ਕੱਢਦੇ ਹਨ। ਜਿਹੜੇ ਲੱਗੇ ਰਹੇ ਕਿ ਰੇਡੀਓ ਦੀ ਕਾਢ ਕੱਢਣੀ ਹੈ, ਉਹ ਅੰਤ 'ਚ ਕਾਮਯਾਬ ਹੋ ਹੀ ਗਏ, ਜਿਹੜੇ ਟੀ. ਵੀ. ਦੀ ਕਾਢ ਕੱਢਣ 'ਚ ਲੱਗੇ ਰਹੇ, ਉਹ ਇਕ ਦਿਨ ਸਫ਼ਲ ਹੋ ਹੀ ਗਏ... ਅੱਜ ਘਰ-ਘਰ ਰੰਗੀਨ ਟੀ. ਵੀ. ਹੈ।
ਇਕ ਰਾਜਨੀਤੀ ਵਿਗਿਆਨ ਹੈ, ਪੈਸਾ ਕਮਾਉਣ ਲਈ ਸਭ ਤੋਂ ਆਸਾਨ ਹੈ... ਰਾਜਨੀਤੀ 'ਚ ਆ ਜਾਓ, ਤਿਗੜਮ ਨਾਲ, ਵੱਡੇ ਲੀਡਰ ਬਣ ਜਾਓ... ਰਾਜਨੀਤਕ ਲੀਡਰ ਹੀ ਵਜ਼ੀਰ, ਮੁੱਖ ਮੰਤਰੀ ਜਾਂ ਕੇਂਦਰ 'ਚ ਰੇਲ ਮੰਤਰੀ ਬਣ ਜਾਂਦੇ ਹਨ। ਕੋਈ ਇਮਤਿਹਾਨ ਨਹੀਂ ਦੇਣੇ ਪੈਂਦੇ, ਕੋਈ ਯੂਨੀਵਰਸਿਟੀਆਂ ਦੇ ਸਰਟੀਫਿਕੇਟ ਨਹੀਂ ਲੈਣੇ ਪੈਂਦੇ।
ਭਲਾ ਹੋਵੇ, ਜੈ ਪ੍ਰਕਾਸ਼ ਨਾਰਾਇਣ ਜੀ ਦਾ... ਜਾਂ ਇਹ ਆਖ ਲਈਏ ਕਿ ਭਲਾ ਹੋ ਗਿਆ ਲਾਲੂ ਯਾਦਵ ਦਾ, ਜਿਹੜਾ ਉਨ੍ਹਾਂ ਤੋਂ ਮੁਤਾਸਿਰ ਹੋ ਕੇ, ਗਰੀਬ ਜਨਤਾ ਦੇ ਭਲੇ ਲਈ ਜਨਤਾ ਦਲ 'ਚ ਆ ਗਏ।
ਇਕ ਦਿਲ ਕੇ ਟੁਕੜੇ ਹਜ਼ਾਰ ਹੂਏ, ਕੋਈ ਯਹਾਂ ਗਿਰਾ, ਕੋਈ ਵਹਾਂ ਗਿਰਾ... ਇਕ ਦਲ (ਜਨਤਾ ਦਲ) ਕੇ ਟੁਕੜੇ ਕਈ ਹੂਏ, ਏਕ ਭਾਰਤੀ ਜਨਤਾ ਪਾਰਟੀ ਕਾ ਹੂਆ, ਏਕ ਦੇਵੋ ਗੌੜਾ ਕਾ ਹੂਆ, ਏਕ ਨਿਤਿਸ਼ ਕੁਮਾਰ ਕਾ ਹੂਆ, ਏਕ ਲਾਲੂ ਯਾਦਵ ਕਾ ਹੂਆ, ਨਿਤਿਸ਼ ਕੁਮਾਰ ਦਾ ਜਨਤਾ ਦਲ (ਯੂ) ਤੇ ਲਾਲੂ ਯਾਦਵ ਦਾ ਰਾਸ਼ਟਰੀ ਲੋਕ ਦਲ (ਆਰ. ਜੇ. ਡੀ.) ਜਦੋਂ ਲਾਲੂ ਪ੍ਰਸਾਦ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਤਾਂ ਪੰਜਾਬੀ 'ਚ ਕਹਾਵਤ ਹੈ, ਦੇ ਅਨੁਸਾਰ:
ਤੂੰ ਕਾਹਦਾ ਪਟਵਾਰੀ,
ਮੁੰਡਾ ਮੇਰਾ ਰੋਏ ਅੰਬ ਨੂੰ!
ਰਾਬੜੀ ਨੇ ਤਾਅਨਾ ਦਿੱਤਾ ਹੋਣਾ ਹੈ...
'ਤੂੰ ਕਾਹਦਾ ਮੁੱਖ ਮੰਤਰੀ ਕਿ...' ਐਥੇ ਤਾਂ ਪਟਵਾਰੀ ਹੀ ਮਾਣ ਨਹੀਂ, ਕਿਥੇ ਮੁੱਖ ਮੰਤਰੀ।
ਲਾਲੂ ਨੇ ਧੀਰਜ ਦਿੱਤਾ, 'ਮੁੱਠ ਰੱਖ, ਮੁੱਖ ਬੰਦ ਰੱਖ, ਦੇਖ ਜਲਵੇ ਤੂੰ ਮੁੱਖ ਮੰਤਰੀ ਦੇ।' ਗਰੀਬਾਂ ਦੇ 'ਮਸੀਹੇ' ਨੇ ਗਰੀਬਾਂ ਲਈ ਕੀ ਕੀਤਾ? ਅੱਜ ਤਾਈਂ ਪਤਾ ਨਹੀਂ ਕਿ ਕੁਝ ਕੀਤਾ ਕਿ ਨਹੀਂ ਕੀਤਾ ਪਰ ਆਪਣੇ ਟੱਬਰ ਦੀ ਗਰੀਬਾਂ ਵਾਲੀ ਲਾਹਨਤ ਨੂੰ ਦੂਰ ਕਰਨ ਲਈ ਫੇਮਸ 'ਚਾਰਾ ਘੁਟਾਲਾ' ਕੀਤਾ।
ਮੰਦੇ ਕੰਮ ਕਰੋਗੇ ਤਾਂ ਅੱਜ ਨਹੀਂ ਤਾਂ ਕੱਲ੍ਹ, ਕਦੇ ਵੀ, ਉਹ ਜਗ ਜ਼ਾਹਿਰ ਹੋ ਹੀ ਜਾਏਗਾ, ਤੇ ਉਹਦਾ ਮੰਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ।
ਬਿਹਾਰ ਦੇ ਮੁੱਖ ਮੰਤਰੀ ਦੀ ਕੁਰਸੀ... ਮੁਕੱਦਮਾ ਹੀ ਹੋਇਆ ਹੈ ਨਾ... ਝਟ ਸੋਚ ਲਿਆ, ਜਿਊਂਦੀ ਰਹੇ ਮੇਰੇ ਬੱਚਿਆਂ ਦੀ ਮਾਂ... ਰਾਬੜੀ ਦੇਵੀ ਨੂੰ ਬਿਹਾਰ ਦੀ ਮੁੱਖ ਮੰਤਰੀ ਬਣਾ ਦਿੱਤਾ। ਕੋਈ ਨਾ ਹਿੰਦੂਆਂ 'ਚ, ਸੱਤ ਫੇਰਿਆਂ 'ਚ, ਕਈ ਫੇਰਿਆਂ 'ਚ ਪਤਨੀ ਅੱਗੇ ਹੁੰਦੀ ਹੈ ਤੇ ਪਤੀ ਪਿੱਛੇ। ਲਾਲੂ ਪਿੱਛੇ-ਪਿੱਛੇ ਬੈਠਾ, ਰਾਬੜੀ ਨੂੰ ਟਰੇਂਡ ਕਰਦਾ ਰਿਹਾ... ਰਾਬੜੀ ਦੇਵੀ, ਇਕ ਵਾਰੀ ਨਹੀਂ ਤਿੰਨ ਵਾਰੀ ਬਿਹਾਰ ਦੀ ਮੁੱਖ ਮੰਤਰੀ ਰਹੀ। ਇਹ ਮਾਣ ਸ਼ਾਇਦ ਹੀ ਕਿਸੇ ਹੋਰ ਅਨਪੜ੍ਹ ਇਸਤਰੀ ਨੂੰ ਹਿੰਦੁਸਤਾਨ 'ਚ ਜਾਂ ਕਿਸੇ ਵਿਦੇਸ਼ 'ਚ ਨਸੀਬ ਹੋਇਆ ਹੋਵੇ।
ਇਕ ਲਾਲੂ, ਇਕ ਰਾਬੜੀ, ਇਕ+ਇਕ=ਦੋ। ਇਨ੍ਹਾਂ ਦੋਵਾਂ ਦੇ ਨੌਂ। ਮਤਲਬ ਨੌਂ ਦੋ ਗਿਆਰਾਂ।
ਕ੍ਰਿਕਟ... ਸਭ ਤੋਂ ਅਮੀਰੀ ਵਾਲੀ ਖੇਡ ਹੈ, ਲਾਲੂ ਦੇ ਘਰ 'ਚ ਹੀ ਕ੍ਰਿਕਟ ਟੀਮ ਬਣ ਗਈ। ਲਾਲੂ ਯਾਦਵ, ਬਿਹਾਰ ਕ੍ਰਿਕਟ ਟੀਮ ਦੇ ਮੁਖੀ ਵੀ ਬਣੇ ਰਹੇ, ਇਨ੍ਹਾਂ ਆਪਣੇ ਸਪੁੱਤਰ ਤੇਜਸਵੀ ਨੂੰ ਕ੍ਰਿਕਟ ਖਿਡਾਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਿਤਾ ਦੀ ਮਿਹਰਬਾਨੀ ਦਾ ਫਲ, ਉਹ ਬਿਹਾਰ ਕ੍ਰਿਕਟ ਟੀਮ ਦੇ ਬਾਰ੍ਹਵੇਂ ਖਿਡਾਰੀ ਤੱਕ ਹੀ ਪਹੁੰਚ ਸਕਿਆ, ਜਿਹਦੀ ਡਿਊਟੀ ਹੁੰਦੀ ਹੈ ਕਿ ਮੈਚ 'ਚ ਖੇਡ ਰਹੇ ਟੀਮ ਦੇ ਖਿਡਾਰੀਆਂ ਨੂੰ ਲੋੜ ਪੈਣ 'ਤੇ ਪਾਣੀ ਪਿਆ ਸਕੇ ਜਾਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਗ 'ਤੇ ਨਵਾਂ ਬੱਲਾ ਦੇ ਸਕੇ।
ਸਪੁੱਤਰ ਜ਼ਿਆਦਾ ਪੜ੍ਹ ਵੀ ਨਹੀਂ ਸਕਿਆ, ਲੈ ਅੱਠ ਜਮਾਤਾਂ ਘੱਟ ਹੁੰਦੀਆਂ ਨੇ... ਲਾਲੂ ਨੇ ਆਪਣੇ ਰਾਜ 'ਚ ਚਰਵਾਹਾ ਸਕੂਲ ਖੋਲ੍ਹੇ ਸਨ। ਚਰਵਾਹੇ, ਚਰਵਾਹੇ ਹੀ ਰਹੇ, ਸਕੂਲ ਬੰਦ ਹੋ ਗਏ। ਪੁੱਤਰ ਚਰਵਾਹਾ ਸਕੂਲ 'ਚ ਦਾਖਲ ਨਹੀਂ ਸੀ, ਸ਼ਾਨਦਾਰ ਅੰਗਰੇਜ਼ੀ ਸਕੂਲ ਦਾ ਸਟੂਡੈਂਟ ਸੀ।
ਹੁਣ ਤਾਈਂ ਤਾਂ ਲਾਲੂ ਜੀ, ਭਲਾ ਹੋਵੇ ਚਾਰਾ ਘੁਟਾਲੇ ਦਾ, ਕਾਫ਼ੀ ਪੈਸੇ ਵਾਲੇ ਹੋ ਗਏ ਸਨ।
ਅਮੀਰਾਂ ਦੇ ਪੁੱਤਰ ਪੜ੍ਹਨ ਨਾ ਪੜ੍ਹਨ ਕੀ ਫਰਕ ਪੈਂਦੈ।
ਜਿਨ੍ਹਾਂ ਘਰ ਦਾਣੇ, ਉਨ੍ਹਾਂ ਦੇ ਕਮਲੇ ਵੀ ਸਿਆਣੇ।
ਅੱਜ, ਲਾਲੂ ਜੀ ਦੇ ਦੋਵੇਂ 'ਸਪੁੱਤਰ' ਬਿਹਾਰ ਸਰਕਾਰ 'ਚ ਮੰਤਰੀ ਹਨ, ਤੇਜਸਵੀ ਯਾਦਵ ਉਪ-ਮੁੱਖ ਮੰਤਰੀ ਹੈ ਤੇ ਛੋਟਾ ਕੈਬਨਿਟ ਮੰਤਰੀ ਹੈ।
ਹੱਸਣਾ ਨਾ... ਅਸਲ 'ਚ ਜਿਹੜਾ ਵੱਡਾ ਮੁੰਡਾ ਹੈ, ਤੇਜਸਵੀ ਯਾਦਵ, ਉਹ ਛੋਟਾ ਮੁੰਡਾ ਹੈ ਤੇ ਜਿਹੜਾ ਛੋਟਾ ਮੁੰਡਾ ਹੈ, ਉਹ ਵੱਡਾ ਮੁੰਡਾ ਹੈ। ਇਲੈਕਸ਼ਨ ਕਮਿਸ਼ਨ ਦੇ ਪਰਚਿਆਂ 'ਚ ਜਿਹੜੀ ਦੋਵਾਂ ਦੀ ਬਰਥ ਡੇਟ (ਜਨਮ ਤਾਰੀਕ) ਲਿਖੀ ਗਈ ਹੈ, ਉਹ ਉਲਟ-ਪੁਲਟ ਹੋ ਗਈ।
ਉਲਟਾ-ਪੁਲਟਾ, ਲਾਲੂ ਰਾਜ 'ਚ ਸਭ ਚਲਦਾ ਹੈ। ਮੁਕਦੀ ਗੱਲ ਤਾਂ ਇਹ ਹੈ ਕਿ ਦੋਵੇਂ ਮੁੰਡੇ ਬਿਹਾਰ ਸਰਕਾਰ 'ਚ ਕੈਬਨਿਟ ਮੰਤਰੀ ਹਨ। ਹਾਂ, ਹੁਣ ਸਪੱਸ਼ਟ ਹੋਇਆ ਹੈ ਕਿ ਜਦ ਲਾਲੂ ਜੀ ਕੇਂਦਰ 'ਚ ਰੇਲ ਮੰਤਰੀ ਬਣੇ ਤਾਂ ਹੀ ਉਨ੍ਹਾਂ ਦੇ ਵਿਹੜੇ ਪੈਸਿਆਂ ਦੀ ਰੇਲ-ਮੇਲ ਹੋ ਗਈ।
ਲਾਲੂ ਜੀ ਨੇ ਰੇਲ ਚਲਾਈ
ਹਰ ਕੋਈ ਹੱਕਾ-ਬੱਕਾ
ਡੱਬੇ ਭਰ ਭਰ ਪੈਸੇ ਆਏ
ਲਾਲੂ ਮੰਤਰੀ ਪੱਕਾ।
ਭੈੜੀ ਕਿਸਮਤ, ਲਾਲੂ ਜੀ ਚਾਰੇ ਘੁਟਾਲੇ 'ਚ ਦੋਸ਼ੀ ਪਾਏ ਗਏ, ਪੰਜ ਸਾਲ ਦੀ ਜੇਲ੍ਹ ਹੋ ਗਈ, ਇਲੈਕਸ਼ਨ ਲੜ ਨਹੀਂ ਸਕਦੇ। ਇਸ ਸਮੇਂ ਥੋੜ੍ਹੀ ਜੇਲ੍ਹ ਕੱਟਣ ਮਗਰੋਂ ਜ਼ਮਾਨਤ 'ਤੇ ਹਨ, ਮੁਕੱਦਮਾ ਜਾਰੀ ਹੈ, ਪਤਾ ਨਹੀਂ ਅੱਗੋਂ ਕੀ ਨਸੀਬ 'ਚ ਲਿਖਿਐ, ਉਨ੍ਹਾਂ ਨੂੰ ਖੁਦ ਡਰ ਸਤਾ ਰਿਹਾ ਹੈ ਕਿ ਮਤਾਂ ਮੁੜ ਜੇਲ੍ਹ 'ਚ ਨਾ ਜਾਣਾ ਪਵੇ।
ਪਰ ਜਿਵੇਂ ਆਪਣੇ ਪਰਿਵਾਰ ਦੇ ਹਰ ਮੈਂਬਰ ਨੂੰ ਉਨ੍ਹਾਂ ਕਰੋੜਾਂ ਪਤੀ ਬਣਾ ਦਿੱਤਾ ਹੈ, ਇਹੋ ਜਿਹਾ ਕਮਾਲ ਕੋਈ ਹੋਰ ਨੇਤਾ ਤਾਂ ਬਿਲਕੁਲ ਨਹੀਂ ਕਰ ਸਕਦਾ... ਵੇਖੋ...
* ਦੋਵੇਂ ਪੁੱਤਰ ਬਿਹਾਰ ਦੇ, ਕੈਬਨਿਟ ਮੰਤਰੀ, ਤੇਜਸਵੀ 'ਤੇ ਕਰੋੜਾਂ ਰੁਪਏ, ਬੇਨਾਮੀ ਕੰਪਨੀਆਂ ਰਾਹੀਂ ਜਾਇਦਾਦ ਖਰੀਦਣ ਦਾ ਦੋਸ਼ ਹੈ।
* ਧੀ ਮੀਸਾ ਭਾਰਤੀ 'ਤੇ ਐਦਾਂ ਦੇ ਹੀ ਦੋਸ਼ ਹਨ, ਸਣੇ ਪਤੀ ਸ਼ੈਲੇਸ ਦੇ... ਉਹ ਰਾਜ ਸਭਾ ਦੀ ਮੈਂਬਰ ਹੈ।
* ਰਾਬੜੀ ਦੇਵੀ... ਬਿਹਾਰ ਕੌਂਸਲ ਦੀ ਮੈਂਬਰ ਹੈ।
ਬਾਕੀ ਧੀਆਂ ਵੀ ਮੌਜ ਕਰ ਰਹੀਆਂ ਹਨ। ਸਭਨਾਂ 'ਤੇ ਭ੍ਰਿਸ਼ਟਾਚਾਰ ਦੇ ਭਾਰੀ ਦੋਸ਼ ਹਨ, ਪਰ ਧਨ ਨੇ ਲਾਲੂ ਦੇ ਪੈਰੋਕਾਰ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਰਿਹਾ ਕਿ ਲਾਲੂ ਪਰਿਵਾਰ ਨੇ ਜਿਹੜੀ ਹਜ਼ਾਰਾਂ ਕਰੋੜ ਦੀ ਜਾਇਦਾਦ ਬਣਾਈ ਹੈ, ਉਹ ਗ਼ਲਤ ਹੈ, ਬਸ ਇਹੋ ਰੌਲਾ ਪਾਈ ਫਿਰਦੇ ਹਨ ਕਿ ਇਹ ਮੋਦੀ ਤੇ ਸ਼ਾਹ ਦੀ ਬਦਲਾ-ਲਊ ਨੀਤੀ ਕਾਰਨ ਹੀ ਸੀ.ਬੀ.ਆਈ., ਈ.ਡੀ., ਇਨਕਮ ਟੈਕਸ, ਅਥਾਰਟੀ ਇਨ੍ਹਾਂ ਦੇ ਪਿੱਛੇ ਪਏ ਹਨ।
ਹਾਂ, ਬਿਹਾਰ 'ਚ ਤੇਜਸਵੀ ਯਾਦਵ ਜਿਹੜੀ ਸਭ ਤੋਂ ਵੱਡੀ ਲੱਖਾਂ, ਕਰੋੜਾਂ ਰੁਪਿਆਂ ਦੀ ਮਾਲ ਬਣਾ ਰਿਹਾ ਹੈ, ਉਹ ਕੰਪਨੀ ਦਾ ਨਾਂਅ ਹੈ 'ਲਾਰਾ।'
ਲਾਰਾ ਯਾਨਿ ਲਾਲੂ-ਰਾਬੜੀ।
ਪਰ ਹੈ ਤਾਂ ਵੈਸਟ ਇੰਡੀਜ਼ ਦੇ ਪ੍ਰਸਿੱਧ ਕ੍ਰਿਕਟਰ 'ਲਾਰਾ', ਦੇ ਨਾਂਅ 'ਤੇ ਵੀ ਲਾਰਾ ਜਿਹੜੇ ਛੱਕੇ ਲਾਉਣ ਲਈ ਮਸ਼ਹੂਰ ਹੈ। ਓ ਭਾਈ, ਕੀ ਲਾਲੂ ਜੀ ਨੇ ਉਹਦੇ ਤੋਂ ਘੱਟ ਛੱਕੇ ਲਾਏ ਹਨ, ਆਪ ਵੀ ਛਕਿਆ, ਟੱਬਰ ਨੂੰ ਵੀ ਛਕਾਇਆ।

ਇਹ ਹਨ ਇਲਜ਼ਾਮ ਮੇਰੇ ਸਿਰ

ਮੈਂ ਸੂਰਜ ਚੜਿਆ, ਚੰਨ ਪਕੜਿਆ, ਚਾਨਣ ਉਦੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ,
ਦਿਨਾਂ ਤੋਂ ਹਾਦਸੇ ਲੈ ਲੈ ਕੇ ਰਾਤਾਂ ਤੋਂ ਨਹੀਂ ਡਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਘਰ ਦੇ ਸ਼ੀਸ਼ਿਆਂ ਕੋਲੋਂ ਕਰਾਇਐ ਕਤਲ ਅਕਸ ਅਪਣਾ,
ਲਹੂ ਦਾ ਇਕ ਵੀ ਅੱਥਰੂ ਪਰ ਕਿਸੇ ਸ਼ੀਸ਼ੇ 'ਚੋਂ ਨਾ ਝਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਕੰਧਾਂ ਨੂੰ ਖਫ਼ਾ ਕੀਤਾ ਕਿਸੇ ਤਸਵੀਰ ਨੂੰ ਲਾਹ ਕੇ,
ਇਹ ਸਦਮਾ ਸਰਦਲਾਂ ਕੋਲੋਂ ਤੇ ਨਾ ਛੱਤ ਹੋ ਗਿਆ ਜਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਅਪਣੀ ਰਤ ਵੀ ਪੀ ਪੀ ਕੇ ਬੁਝਾ ਸਕਿਆ ਨਾ ਪਿਆਸ ਅਪਣੀ
ਤੇ ਬੇ-ਸਿਰਿਆਂ ਦੀ ਬਸਤੀ ਵਿਚ ਤਲੀ 'ਤੇ ਸੀ ਹੈ ਧਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਹੀਂ ਮੈਂ ਉਮਰ ਭਰ ਸੁੱਤਾ ਤੇ ਨਾ ਤਾਰੇ ਹੀ ਗਿਣ ਸਕਿਆ,
ਘੁਰਾੜੇ ਮਾਰਦੇ ਲੋਕਾਂ 'ਚ ਮੇਰਾ ਕਿਉਂ ਨਹੀਂ ਸਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਸਮੇਂ ਦੇ ਹਾਕਮਾਂ ਸੰਗ ਆਢਾ ਜੇ ਲਾਇਆ ਤਾਂ ਕਿਉਂ ਲਾਇਆ
ਗਿਆ ਮੈਂ ਵੱਢਿਆ ਤੇ ਟੁੱਕਿਆ ਹੌਕਾ ਨਹੀਂ ਭਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਾ ਬਣਿਆ ਥਾਲ ਪੂਜਾ ਦਾ ਨਾ ਸ਼ਾਮਲ ਆਰਤੀ ਹੋਇਆ
ਪੁਜਾਰੀ ਦਾ ਮੈਂ ਅਪਣਾ ਫ਼ਰਜ਼ ਪੂਰਾ ਫੇਰ ਵੀ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਮੈਂ ਨਕਲੀ ਹਾਸਿਆਂ ਉਹਲੇ ਲੁਕਾਏ ਅੱਥਰੂ ਅਸਲੀ,
ਮਗਰ ਉਹਨਾਂ ਨੂੰ ਖ਼ੁਸ਼ੀਆਂ ਨਾਲ ਮਾਲਾਮਾਲ ਹੈ ਕਰਿਆ, ਇਹ ਹਨ ਇਲਜ਼ਾਮ ਮੇਰੇ ਸਿਰ

ਇਹ ਹਨ ਇਲਜ਼ਾਮ ਮੇਰੇ ਸਿਰ, ਨਾ ਤੇਰਾ ਘਰ ਨਾ ਪਿੰਡ ਗਲ਼ੀਆਂ ਨਾ ਤੇਰੇ ਲੋਕ 'ਪਰਦੇਸੀ'
ਇਨ੍ਹਾਂ ਲੋਕਾਂ ਦੀ ਬਣ ਧੂਣੀ, ਰਿਹੈਂ ਖੁਦ ਉਮਰ ਭਰ ਠਰਿਆ, ਇਹ ਹਨ ਇਲਜ਼ਾਮ ਮੇਰੇ ਸਿਰ।

-35-ਬੀ/168, ਦਸਮੇਸ਼ ਨਗਰ, ਡਾਕ: ਦਕੋਹਾ, ਜਲੰਧਰ। ਮੋਬਾਈਲ : 93576-41552.
rajinder.pardesi7@gmail.com

ਕਹਾਣੀ: ਕਾਗਜ਼ੀ ਕਾਰਵਾਈ

ਮੈਡਮ ਅਰੋੜਾ ਜਦੋਂ ਦੇ ਸਕੂਲ ਆਏ ਸਨ, ਸਕੂਲ ਦੀ ਨੁਹਾਰ ਹੀ ਬਦਲ ਗਈ ਸੀ। ਆਉਂਦਿਆਂ ਹੀ ਉਨ੍ਹਾਂ ਨੇ ਸਕੂਲ 'ਚ ਸੁਧਾਰ ਮੁਹਿੰਮ ਚਲਾਈ ਸੀ। ਸਕੂਲ ਦੇ ਹਰ ਪ੍ਰਕਾਰ ਦੇ ਅਧੂਰੇ ਪਏ ਰਜਿਸਟਰ ਉਨ੍ਹਾਂ ਨੇ ਇਕੋ ਹਫਤੇ ਵਿਚ ਨੌਂ- ਬਰ-ਨੌਂ ਤਿਆਰ ਕਰ ਲਏ ਸਨ। ਤਕਨੀਕੀ ਤੌਰ 'ਤੇ ਉਹ ਪੂਰੇ ਨਿਪੁੰਨ ਸਨ ਅਤੇ ਉਮਰ ਦੇ ਛੋਟੇ ਹੁੰਦਿਆਂ ਹੋਇਆਂ ਵੀ ਪੁਰਾਣੇ ਤਜਰਬੇਕਾਰ ਅਧਿਆਪਕਾਂ ਨੂੰ ਚੁਟਕੀ ਵਿਚ ਮਾਤ ਦਿੰਦੇ ਸਨ। ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੇਤਨਤਾ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਖ ਮੰਤਵ ਸੀ। ਇਸ ਲਈ ਉਹ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਉਹ ਸਕੂਲ ਦਾ ਸਾਰਾ ਦਫਤਰੀ ਅਤੇ ਤਕਨੀਕੀ ਕੰਮ ਘਰ ਹੀ ਲੈ ਜਾਂਦੇ ਸਨ ਅਤੇ ਛੁੱਟੀ ਵਾਲੇ ਦਿਨ ਪੂਰਾ ਕਰਕੇ ਲੈ ਆਉਂਦੇ ਸਨ। ਸਕੂਲ ਦੀ ਫੁਲਵਾੜੀ, ਸਫਾਈ, ਦੁਪਹਿਰ ਦਾ ਖਾਣੇ ਦਾ ਪ੍ਰਬੰਧ, ਵਿਸ਼ੇਸ਼ ਤੌਰ 'ਤੇ ਰਸੋਈ ਦੀ ਸਫ਼ਾਈ ਅਤੇ ਬੱਚਿਆਂ ਦੀਆਂ ਵਰਦੀਆਂ, ਨਹੁੰਆਂ, ਦੰਦਾਂ ਦੀ ਸਫ਼ਾਈ ਤਾਂ ਉਹ ਬੱਚਿਆਂ ਨੂੰ ਕੁੱਟ-ਕੁੱਟ ਕੇ ਕਰਾਉਂਦੇ ਸਨ।
ਬੱਚਿਆਂ ਵਿਚ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਜਿੱਥੇ ਮੈਡਮ ਅਰੋੜਾ ਲਈ ਢੇਰ ਸਾਰਾ ਪਿਆਰ ਸੀ ਉਥੇ ਮੈਡਮ ਅਰੋੜਾ ਦਾ ਡਰ ਵੀ ਸੀ।ਆਂਢ-ਗੁਆਂਢ ਦੇ ਸਕੂਲਾਂ ਦੇ ਅਧਿਆਪਕ ਅਕਸਰ ਇਹ ਗਿਲਾ ਕਰਦੇ ਸਨ ਕਿ ਮਾਪੇ ਉਨ੍ਹਾਂ ਨੂੰ ਮਿਲਣ ਨਹੀਂ ਆਉਂਦੇ। ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਸਕੂਲਾਂ ਵਿਚ ਉਸਾਰੂ ਭੂਮਿਕਾ ਨਹੀਂ ਨਿਭਾਉਂਦੀਆਂ ਪਰ ਮੈਡਮ ਅਰੋੜਾ ਦੇ ਇਕ ਸੱਦੇ 'ਤੇ ਮਾਪੇ, ਪਿੰਡ ਦੇ ਵਸਨੀਕ ਅਤੇ ਕਮੇਟੀ ਦੇ ਮੈਂਬਰ ਇਕਦਮ ਇਕੱਠੇ ਹੋ ਕੇ ਆ ਜਾਂਦੇ ਹਨ। ਸਕੂਲ ਵਿਚ ਲਗਪਗ ਡੇਢ ਸੌ ਦੇ ਕਰੀਬ ਬੱਚੇ ਪੜ੍ਹਦੇ ਸਨ। ਸਾਰਿਆਂ ਦੇ ਮਾਪਿਆਂ ਦੇ ਨਾਂਅ ਮੈਡਮ ਅਰੋੜਾ ਉਂਗਲਾਂ 'ਤੇ ਗਿਣਾ ਦਿੰਦੇ ਸਨ।
ਇਕ ਗੱਲ ਜਿਹੜੀ ਮੈਡਮ ਅਰੋੜਾ ਨੂੰ ਸਾਰੇ ਅਧਿਆਪਕਾਂ ਨਾਲੋਂ ਵੱਖਰਾ ਕਰਦੀ ਸੀ ਉਹ ਬਹੁਤ ਹੀ ਅਜੀਬ ਅਤੇ ਅਹਿਮ ਸੀ। ਚੰਡੀਗੜ੍ਹ ਤੋਂ ਜਦੋਂ ਕੋਈ ਸਕੂਲ ਨਿਰੀਖਣ ਟੀਮ ਆਉਂਦੀ ਸੀ ਤਾਂ ਅਧਿਆਪਕਾਂ ਨੂੰ ਬੁਖਾਰ ਚੜ੍ਹ ਜਾਂਦਾ ਸੀ। ਪਰ ਮੈਡਮ ਅਰੋੜਾ ਨੂੰ ਤਾਂ ਇਸ ਤਰ੍ਹਾਂ ਚਾਅ ਚੜ੍ਹ ਜਾਂਦਾ ਸੀ ਜਿਵੇਂ ਕੋਈ ਸ਼ਗਨ ਲੈ ਕੇ ਆਇਆ ਹੋਵੇ।
'...ਮੈਡਮ ਤੁਸੀਂ ਹੈੱਡ ਹੋ?' 'ਜੀ ਸਰ ਮੈਂ ਹੀ ਹੈੱਡ ਹਾਂ ...ਮਿਡ-ਡੇ-ਮੀਲ ਰਜਿਸਟਰ... ਹਾਜ਼ਰੀ ਰਜਿਸਟਰ... ਹਾਜ਼ਰੀ ਰਜਿਸਟਰ ਅਧਿਆਪਕਾਂ ਵਾਲਾ ...ਸਵੇਰ ਦੀ ਸਭਾ ਵਾਲਾ ....ਬਾਲ ਸਭਾ ਵਾਲਾ ...ਟੇਸਟ ਰਜਿਸਟਰ ਲੈ ਕੇ ਆਓ...।' ਟੀਮ ਅੱਜ ਤੜਕੇ ਹੀ ਹਾਜ਼ਰ ਹੋ ਗਈ ਸੀ।
ਟੀਮ ਦੇ ਮੈਂਬਰ ਥੋੜ੍ਹੇ ਜਿਹੇ ਗੁੱਸੇ ਵਿਚ ਨਜ਼ਰ ਆ ਰਹੇ ਸਨ। '...ਲਉ ਸਰ ਜਿਹੜੇ ਰਜਿਸਟਰ ਤੁਸੀਂ ਕਹੇ ਸਨ, ਆਹ ਲਓ ...।' '...ਇਨ੍ਹਾਂ ਤੋਂ ਇਲਾਵਾ ਦਾਖ਼ਲਾ ਰਜਿਸਟਰ, ਕੈਸ਼ ਬੁੱਕ ਮਿਡ-ਡੇ-ਮੀਲ ਦੀ... ਕੈਸ਼ ਬੁੱਕ ਐੱਸ. ਐੱਸ. ਏ. ਦੀ ...ਸਟਾਕ ਰਜਿਸਟਰ ...ਮੂਵਮੈਂਟ ਰਜਿਸਟਰ ...ਆਰਡਰ ਬੁੱਕ ...ਮੀਡੀਆ ਰਜਿਸਟਰ ...ਕਿਤਾਬਾਂ ਦੀ ਵੰਡ ਵਾਲਾ ਰਜਿਸਟਰ ...ਵਰਦੀਆਂ ਦੀ ਵੰਡ ਵਾਲਾ ਰਜਿਸਟਰ ...ਸਰ ਸਾਰੇ ਦੇ ਸਾਰੇ ਰਜਿਸਟਰ ਟੇਬਲ ਉੱਤੇ ਪਏ ਨੇ ...।' '.....ਸਰ ਮੇਰੀ ਕਲਾਸ ਡਿਸਟਰਬ ਹੋ ਰਹੀ ਹੈ ਮੈਂ ਪੜ੍ਹਾਉਣ ਜਾ ਰਹੀ ਹਾਂ... ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬੱਚਿਆਂ ਦੇ ਹੱਥ ਸੁਨੇਹਾ ਭਿਜਵਾ ਦੇਣਾ ...।'
ਟੀਮ ਦੇ ਮੈਂਬਰਾਂ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਨ੍ਹਾਂ ਨੇ ਕਿਹੜੇ ਮਖੀਰ ਦੇ ਛੱਤੇ ਨੂੰ ਹੱਥ ਪਾ ਲਿਆ ਸੀ।ઠ
ਮੈਡਮ ਅਰੋੜਾ ਕਲਾਸ ਵਿਚ ਜਾ ਚੁੱਕੇ ਸਨ। ਮੈਡਮ ਅਰੋੜਾ ਦੀ ਸਖਤ ਹਿਦਾਇਤ 'ਤੇ ਮਿਡ-ਡੇ-ਮੀਲ ਵਾਲੀਆਂ ਬੀਬੀਆਂ ਪੂਰੇ ਅਦਬ ਸਤਿਕਾਰ ਨਾਲ ਟੀਮ ਨੂੰ ਬਿਸਕੁਟਾਂ ਸਮੇਤ ਚਾਹ ਪਿਆ ਰਹੀਆਂ ਸਨ॥ ਬਾਕੀ ਅਧਿਆਪਕ ਤਾਂ ਡਰਦੇ ਹੀ ਕਲਾਸਾਂ ਵਿਚੋਂ ਬਾਹਰ ਨਹੀਂ ਸੀ ਆਏ।
'....ਸਰ ਆਹ ਲਓ ਵਿਜ਼ਟਰ ਬੁੱਕ ...।' ਮੈਡਮ ਅਰੋੜਾ ਘੰਟੇ ਡੇਢ ਘੰਟੇ ਬਾਅਦ ਫਿਰ ਹਾਜ਼ਰ ਸਨ। '...ਸਰ ਹੋ ਗਈ ਚੈਕਿੰਗ ਕੋਈ ਨੁਕਸ ਹੋਵੇ ਤਾਂ ਜ਼ਰੂਰ ਦੱਸਿਓ...।' '...ਆਹ ਤੁਸੀਂ ਠੀਕ ਕੀਤਾ ਜਿਹੜੀ ਵਿਜ਼ਟਰ ਬੁੱਕ ਲੈ ਆਏ ਓ...ਅਸੀਂ ਬਸ ਕਹਿਣ ਹੀ ਵਾਲੇ ਸਾਂ।'
'...ਸਰ ਤੁਸੀਂ ਵਿਜ਼ਟਰ ਬੁੱਕ ਬਾਅਦ ਵਿਚ ਲਿਖਿਓ...ਪਹਿਲਾਂ ਤੁਸੀਂ ਕਲਾਸਾਂ ਦੇ ਵਿਚ ਚੱਕਰ ਲਗਾ ਲੈਂਦੇ ... ਬੱਚਿਆਂ ਦੀ ਪੜ੍ਹਾਈ ਦੇ ਪੱਧਰ ਦਾ ਪਤਾ ਲੱਗ ਜਾਂਦਾ।...ਨਾਲੇ ਤੁਸੀਂ ਅਧਿਆਪਕਾਂ ਦੀਆਂ ਡਾਇਰੀਆਂ ਤਾਂ ਦੇਖੀਆਂ ਹੀ ਨਹੀਂ...ਸਰ ਸਾਡੀਆਂ ਕਮੀਆਂ ਦਾ ਤੁਹਾਨੂੰ ਕਿਵੇਂ ਪਤਾ ਲੱਗੇਗਾ ...।...ਸਰ ਤੁਸੀਂ ਵੱਡੇ ਹੋ ...ਤੁਹਾਡੇ ਕੋਲ਼ੋਂ ਹੀ ਅਸਾਂ ਛੋਟਿਆਂ ਨੇ ਸਿੱਖਣਾ।...ਤੁਸੀਂ ਕਮੀਆਂ ਕੱਢੋਗੇ ਤਾਂ ਹੀ ਅਸੀਂ ਸਿੱਖਾਂਗੇ...।'
ਅੱਧੀ ਤੋਂ ਵੱਧ ਟੀਮ ਨੂੰ ਹੁਣ ਤਰੇਲੀ ਆ ਰਹੀ ਸੀ। '...ਮੈਡਮ ਜੀ ਸਾਡਾ ਕੰਮ ਕਾਗਜ਼ੀ ਕਾਰਵਾਈ ਦੇਖਣੀ ਹੈ...ਪੂਰੀ ਆ ਕਿ ਨਹੀਂ...ਹੋਰ ਵੀ ਤਿੰਨ-ਚਾਰ ਸਕੂਲ ਚੈੱਕ ਕਰਨੇ ਹਨ...ਫਿਰ ਰਿਪੋਰਟ ਵੀ ਤਿਆਰ ਕਰਨੀ ਹੈ...ਉਥੇ ਵੀ ਟਾਈਮ ਲੱਗਣਾ...ਬਾਰਾਂ ਤੁਸੀਂ ਇਥੇ ਈ ਵਜ੍ਹਾ ਦਿੱਤੇ ਨੇ... ਬੱਚਿਆਂ ਦੇ ਮਿਆਰ ਬਾਰੇ ਸਾਨੂੰ ਤੁਹਾਡੇ ਤੋਂ ਹੀ ਪਤਾ ਲੱਗ ਗਿਆ ਹੈ ...।' ਸਾਰੀ ਟੀਮ ਹੁਣ ਖਿਝੀ ਪਈ ਸੀ॥
'...ਪਰ ਸਰ ਮੇਰੇ ਸਵਾਲ ... ਮੇਰੀਆਂ ਸਮੱਸਿਆਵਾਂ ਤਾਂ ਸੁਣਦੇ ਜਾਓ ...ਸਰ ਸਕੂਲ ਦੀਆਂ ਸਮੱਸਿਆਵਾਂ ...ਘੱਟੋ ਘੱਟ ਬੱਚਿਆਂ ਦੀਆਂ ਸਮੱਸਿਆਵਾਂ ਤਾਂ ਸੁਣਦੇ ਜਾਓ ਸਰ...।'
'ਨਹੀਂ ਮੈਡਮ ਜੀ ਟਾਈਮ ਨਹੀਂ ਹੈ ਤੁਹਾਡੀਆਂ ਸਮੱਸਿਆਵਾਂ ਸੁਣਨ ਲਈ ....।'
ਟੀਮ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਛੁਡਾਈ ਸੀ। '...ਯਾਰ ਅਗਲੀ ਵਾਰੀ ਵਿਚ ਇਹ ਸਕੂਲ ਕਿਸੇ ਹੋਰ ਟੀਮ ਦੇ ਖਾਤੇ ਪਵਾ ਦਿਓ ...ਨਿਰੀ ਸਿਰ ਪੀੜ ...ਮੇਰੇ ਤਾਂ ਮਾਈਗ੍ਰੇਨ ਸ਼ੁਰੂ ਹੋ ਗਈ ਆ ਹੁਣੇ ਈ...।' ਕਾਰ ਵਿਚ ਬੈਠਦੀ ਹੋਈ ਟੀਮ ਖਿਝੀ ਹੋਈ ਗੱਲਾਂ ਕਰ ਰਹੀ ਸੀ।
....ਸਕੂਲ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਸਕੂਲ ਦਾ ਪ੍ਰਬੰਧ ਬਹੁਤ ਵਧੀਆ ਹੈ। ਬੱਚਿਆਂ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਬੱਚੇ ਪੜ੍ਹਾਈ ਵਿਚ ਬਹੁਤ ਵਧੀਆ ਹਨ। ਅਧਿਆਪਕਾਂ ਨੇ ਬੱਚਿਆਂ ਦੀਆਂ ਕਾਪੀਆਂ ਬਹੁਤ ਧਿਆਨ ਨਾਲ ਚੈੱਕ ਕੀਤੀਆਂ ਹੋਈਆਂ ਸਨ। ਅਧਿਆਪਕਾਂ ਦੀਆਂ ਡਾਇਰੀਆਂ ਸੁਚੱਜੇ ਢੰਗ ਨਾਲ ਲਿਖੀਆਂ ਹੋਈਆਂ ਸਨ....।'
ਵਿਜ਼ਟਰ ਬੁੱਕ 'ਤੇ ਇਹ ਲਿਖਿਆ ਹੋਇਆ ਪੜ੍ਹ ਕੇ ਮੈਡਮ ਅਰੋੜਾ ਨੂੰ ਕੁਝ ਸਮਝ ਨਹੀਂ ਸੀ ਆਇਆ। ਪਾਣੀ ਦਾ ਠੰਢਾ ਗਿਲਾਸ ਪੀ ਕੇ ਮੈਡਮ ਅਰੋੜਾ ਕਲਾਸ ਵਿਚ ਚਲੇ ਗਏ ਸਨ। ਮੈਡਮ ਅਰੋੜਾ ਟੀਮ ਦੀ ਕਾਗਜ਼ੀ ਕਾਰਵਾਈ 'ਤੇ ਗੁੱਸੇ ਵਿਚ ਸਨ ਜਾਂ ਹੱਸ ਰਹੇ ਸਨ ਇਹ ਸਮਝ ਨਹੀਂ ਸੀ ਆਇਆ।

-ਫੋਨ : 98559-91055.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX