ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਆਜ਼ਾਦੀ ਅੰਦੋਲਨ ਵਿਚ ਅਕਾਲੀ ਲਹਿਰ ਦਾ ਯੋਗਦਾਨ

ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਬਹੁਤ ਵੱਡਾ ਹਿੱਸਾ ਪਾਇਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਅੰਗਰੇਜ਼ਾਂ ਨੇ 29 ਮਾਰਚ, 1849 ਈ: ਨੂੰ ਪੰਜਾਬ 'ਤੇ ਕਬਜ਼ਾ ਕਰ ਲਿਆ। ਡੋਗਰਿਆਂ ਦੀ ਗਦਾਰੀ ਕਾਰਨ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਅਤੇ ਲਾਹੌਰ ਦੇ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ ਯੂਨੀਅਨ ਜੈਕ ਝੁੱਲਣ ਲੱਗਾ। ਸਮੁੱਚੇ ਭਾਰਤ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਸਮੁੱਚੇ ਭਾਰਤੀ ਗੁਲਾਮਾਂ ਵਾਲਾ ਜੀਵਨ ਬਸਰ ਕਰਨ ਲੱਗੇ ਤਾਂ ਉਸੇ ਸਮੇਂ ਆਜ਼ਾਦੀ ਸੰਗਰਾਮ ਨੂੰ ਜਾਰੀ ਰੱਖਦਿਆਂ ਭਾਈ ਮਹਾਰਾਜ ਸਿੰਘ, ਬਾਬਾ ਬਿਕ੍ਰਮ ਸਿੰਘ ਬੇਦੀ, ਬਾਬਾ ਰਾਮ ਸਿੰਘ ਨਾਮਧਾਰੀ ਅਤੇ ਹੋਰ ਸਿਰਲੱਥ ਯੋਧਿਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਨਾ ਕਬੂਲਦਿਆਂ ਆਜ਼ਾਦੀ ਲਈ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਅਤੇ ਅੰਗਰੇਜ਼ਾਂ ਨੂੰ ਲਲਕਾਰਿਆ। ਜਿਸ ਸਮੇਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕੀਤਾ, ਉਸ ਸਮੇਂ ਭਾਰਤ ਵਾਸੀ ਗੂੜ੍ਹੀ ਨੀਂਦ ਸੁੱਤੇ ਹੋਏ ਸਨ। ਵਿਦੇਸ਼ਾਂ ਵਿਚ ਬੈਠੇ ਗ਼ਦਰੀ ਬਾਬਿਆਂ ਨੇ ਘੜਿਆਲ ਰਾਹੀਂ ਸੁੱਤੇ ਭਾਰਤ ਵਾਸੀਆਂ ਨੂੰ ਖੜ੍ਹੇ ਹੋ ਕੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਦੇਸ਼ ਦੀ ਆਜ਼ਾਦੀ ਲਈ ਗ਼ਦਰ ਲਹਿਰ, ਕੂਕਾ ਲਹਿਰ ਤੇ ਭਾਰਤ ਵਾਸੀਆਂ ਨੂੰ ਸੁਚੇਤ ਕੀਤਾ ਅਤੇ ਦੇਸ਼ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਪ੍ਰੇਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੁਰਦੁਆਰਿਆਂ ਦੇ ਨਾਂਅ ਬਹੁਤ ਜ਼ਮੀਨਾਂ ਤੇ ਹੋਰ ਜਾਇਦਾਦਾਂ ਲਵਾਈਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਰਾਜ ਸਮੇਂ ਗੁਰਦੁਆਰਿਆਂ ਦੇ ਮਹੰਤ ਭ੍ਰਿਸ਼ਟ ਹੋ ਗਏ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਆਪਣੇ ਨਿੱਜੀ ਮੁਫਾਦ ਲਈ ਵਰਤਣ ਲੱਗੇ। ਗੁਰਦੁਆਰਿਆਂ ਵਿਚ ਮਨਮਾਨੀਆਂ ਸ਼ੁਰੂ ਹੋ ਗਈਆਂ ਅਤੇ ਸਿੱਖ ਮਰਿਆਦਾ ਨੂੰ ਪਾਸੇ ਕਰਕੇ ਆਪਣੀਆਂ ਮਰਿਆਦਾਵਾਂ ਬਣਾ ਲਈਆਂ। ਗੁਰਦੁਆਰਿਆਂ ਵਿਚਲੇ ਮਹੰਤਾਂ ਦੇ ਕਾਰਨਾਮਿਆਂ ਨੂੰ ਦੇਖ ਕੇ ਸਿੱਖਾਂ ਦੇ ਮਨਾਂ ਅੰਦਰ ਰੋਸ ਪੈਦਾ ਹੋਇਆ ਅਤੇ 12 ਅਕਤੂਬਰ, 1920 ਈ: ਨੂੰ ਸਿੱਖਾਂ ਨੇ ਇਕ ਵੱਡਾ ਇਕੱਠ ਜਲ੍ਹਿਆਂਵਾਲੇ ਬਾਗ ਵਿਚ ਕੀਤਾ। ਉਸ ਸਮੇਂ ਮਹੰਤ ਪਛੜੀਆਂ ਸ਼੍ਰੇਣੀਆਂ ਦੀ ਦੇਗ ਪ੍ਰਵਾਨ ਨਹੀਂ ਕਰਦੇ ਸਨ। ਜਲ੍ਹਿਆਂਵਾਲੇ ਬਾਗ ਵਿਚ ਜ਼ਿਆਦਾ ਸਿੱਖ ਪਛੜੀਆਂ ਸ਼੍ਰੇਣੀਆਂ ਦੇ ਸਨ। ਉਹ ਸਾਰੇ ਇਕੱਠੇ ਹੋ ਕੇ ਦਰਬਾਰ ਸਾਹਿਬ ਆਏ। ਉਸ ਸਮੇਂ ਉਨ੍ਹਾਂ ਦੇ ਨਾਲ ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਵੀ ਸਨ। ਮਹੰਤਾਂ ਨੇ ਦੇਗ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ। ਅਖੀਰ ਸਮਝਾਉਣ 'ਤੇ ਸ੍ਰੀ ਦਰਬਾਰ ਸਾਹਿਬ ਮਹੰਤਾਂ ਵੱਲੋਂ ਅਰਦਾਸ ਕੀਤੀ ਗਈ, ਹੁਕਮਨਾਮਾ ਲਿਆ ਗਿਆ ਅਤੇ ਦੇਗ ਵਰਤਾਈ ਗਈ। ਜਦੋਂ ਜਥਾ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਗਿਆ ਤਾਂ ਮਹੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖਾਲੀ ਛੱਡ ਕੇ ਭੱਜ ਗਏ। ਉਸ ਸਮੇਂ ਜਥੇ ਦੇ ਸਿੰਘਾਂ ਨੇ ਫ਼ੈਸਲਾ ਕਰਕੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਤਖ਼ਤ ਦਾ ਜਥੇਦਾਰ ਥਾਪਿਆ। ਇਸੇ ਤਰ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ 16 ਨਵੰਬਰ, 1920 ਈ: ਨੂੰ ਸ਼੍ਰੋਮਣੀ ਕਮੇਟੀ ਬਣੀ ਅਤੇ 14 ਦਸੰਬਰ, 1920 ਈ: ਨੂੰ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਅਕਾਲੀ ਯੋਧਿਆਂ ਨੇ ਕਈ ਥਾਵਾਂ 'ਤੇ ਮਹੰਤਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਕਰਕੇ ਆਪ ਪ੍ਰਬੰਧ ਸੰਭਾਲਿਆ।
ਇਹ ਉਹ ਸਮਾਂ ਸੀ, ਜਦੋਂ ਮਹਾਤਮਾ ਗਾਂਧੀ ਨੇ ਸੰਨ 1922 ਈ: ਵਿਚ ਬਰਤਾਨਵੀ ਹਕੂਮਤ ਵਿਰੁੱਧ ਸ਼ੁਰੂ ਕੀਤਾ ਸ਼ਾਂਤੀਪੂਰਨ ਨਾਮਿਲਵਰਤਨ ਅੰਦੋਲਨ ਫਰਵਰੀ, 1922 ਈ: ਵਿਚ ਚੌਰਾ ਚੌਰੀ ਵਿਖੇ ਹਿੰਸਕ ਘਟਨਾਵਾਂ ਹੋਣ ਮਗਰੋਂ ਵਾਪਸ ਲੈ ਲਿਆ ਸੀ। ਇਸ ਘਟਨਾ ਨਾਲ ਉਸ ਸਮੇਂ ਦੇ ਕਾਂਗਰਸੀ ਨੇਤਾਵਾਂ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ ਅਤੇ ਅੰਦੋਲਨ ਵਾਪਸ ਲੈਣ ਦੇ ਅਚਾਨਕ ਅਤੇ ਇਕਤਰਫ਼ਾ ਫ਼ੈਸਲੇ ਕਾਰਨ ਉਸ ਸਮੇਂ ਦੇ ਸਭ ਅਹਿਮ ਆਗੂ ਅਲੱਗ-ਅਲੱਗ ਹੋ ਗਏ।
ਇਸ ਸਮੇਂ ਅਕਾਲੀ ਆਗੂਆਂ ਵੱਲੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਚਲਾਈ ਗੁਰਦੁਆਰਾ ਸੁਧਾਰ ਲਹਿਰ ਜੋ ਸੰਪੂਰਨ ਤੌਰ 'ਤੇ ਅਹਿੰਸਕ ਸੀ, ਨੇ ਭਾਰਤੀ ਨੇਤਾਵਾਂ 'ਤੇ ਏਨਾ ਪ੍ਰਭਾਵ ਪਾਇਆ ਕਿ ਉਹ ਬਦੋਬਦੀ ਉਸ ਥਾਂ ਪਹੁੰਚੇ, ਜਿਥੇ ਅਕਾਲੀ ਨੇਤਾਵਾਂ ਨੇ ਮੋਰਚਾ ਲਾਇਆ ਸੀ। ਭਾਵੇਂ ਅਕਾਲੀ ਅੰਦੋਲਨ ਕਈ ਉਤਰਾਵਾਂ-ਚੜ੍ਹਾਵਾਂ ਵਿਚੋਂ ਗੁਜ਼ਰਿਆ ਪਰ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਜਿਨ੍ਹਾਂ ਨੇ ਭਾਰਤੀ ਨੇਤਾਵਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਵਿਦੇਸ਼ੀ ਪ੍ਰੈੱਸ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ।
ਗੁਰਦੁਆਰਾ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਭੋਇੰ ਹੈ ਅਤੇ ਸਿੱਖ ਕੌਮ ਦਾ ਮਹੱਤਵਪੂਰਨ ਧਾਰਮਿਕ ਅਸਥਾਨ ਹੈ। ਇਸ ਗੁਰਦੁਆਰੇ ਦਾ ਮਹੰਤ ਨਾਰਾਇਣ ਦਾਸ ਸੀ, ਜੋ ਬਹੁਤ ਵਿਭਚਾਰੀ, ਅਧਰਮੀ ਤੇ ਭ੍ਰਿਸ਼ਟ ਸੀ। ਇਲਾਕੇ ਦੇ ਸਿੱਖਾਂ ਨੇ ਸਮਝਾਇਆ ਪਰ ਉਹ ਸਮਝਿਆ ਨਾ, ਕਿਉਂਕਿ ਉਸ ਸਮੇਂ ਦੇ ਸਥਾਨਕ ਬਰਤਾਨਵੀ ਅਧਿਕਾਰੀ ਉਸ ਦੀ ਪਿੱਠ 'ਤੇ ਸਨ। ਅਕਾਲੀਆਂ ਨੇ ਇਸ ਗੁਰਦੁਆਰੇ ਨੂੰ ਬਦਕਾਰ ਮਹੰਤ ਤੋਂ ਮੁਕਤ ਕਰਵਾਉਣ ਲਈ ਜਥੇ ਭੇਜਣ ਦਾ ਫੈਸਲਾ ਕਰ ਲਿਆ। ਇਸ ਗੱਲ ਦੀ ਖ਼ਬਰ ਮਹੰਤ ਨੂੰ ਮਿਲ ਗਈ। ਮਹੰਤ ਨਾਰਾਇਣ ਦਾਸ ਨੇ ਲਾਹੌਰ ਦੇ ਕਮਿਸ਼ਨਰ ਦੀ ਮਦਦ ਨਾਲ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ 400 ਦੇ ਕਰੀਬ-ਕਰੀਬ ਭਾੜੇ ਦੇ ਟੱਟੂ ਇਕੱਠੇ ਕਰ ਲਏ। ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਅਕਾਲੀ ਸਿੰਘਾਂ ਦਾ ਜਥਾ 20 ਫਰਵਰੀ, 1921 ਈ: ਨੂੰ ਨਨਕਾਣਾ ਸਾਹਿਬ ਗੁਰਦੁਆਰੇ ਪੁੱਜਾ। ਅਕਾਲੀ ਸਿੰਘ ਗੁਰਦੁਆਰੇ ਵਿਚ ਦਾਖਲ ਹੋਏ ਅਤੇ ਪੰਜ ਇਸ਼ਨਾਨਾ ਕਰਨ ਮਗਰੋਂ ਜਥੇ ਦੇ ਮੈਂਬਰ ਮੱਥਾ ਟੇਕ ਕੇ ਹਾਲ ਵਿਚ ਬੈਠ ਗਏ। ਜਦੋਂ ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਲੱਗੇ ਤਾਂ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ। ਜਥੇ ਦੇ ਸਿੰਘ ਸ਼ਾਂਤਮਈ ਰਹੇ। ਨਾ ਹੀ ਉਨ੍ਹਾਂ ਨੇ ਕੋਈ ਜਵਾਬੀ ਕਾਰਵਾਈ ਕੀਤੀ, ਕਿਉਂਕਿ ਉਹ ਸਾਰੇ ਅਹਿੰਸਕ ਰਹਿਣ ਦਾ ਪ੍ਰਣ ਕਰਕੇ ਆਏ ਸਨ। ਮਹੰਤ ਨੇ ਗੁਰਦੁਆਰੇ ਦੇ ਵਿਹੜੇ ਵਿਚ ਲੱਕੜਾਂ ਦੇ ਢੇਰ ਲਾਏ ਹੋਏ ਸਨ। ਉਨ੍ਹਾਂ ਗੁੰਡਿਆਂ ਨੇ ਸ਼ਹੀਦ ਹੋਏ ਸਿੰਘਾਂ ਅਤੇ ਸ਼ਹੀਦ ਹੋ ਰਹੇ ਸਿੰਘਾਂ ਨੂੰ ਇਕ ਥਾਂ ਇਕੱਠੇ ਕਰਕੇ ਉਨ੍ਹਾਂ ਉੱਪਰ ਲੱਕੜਾਂ ਸੁੱਟੀਆਂ ਅਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ, ਤਾਂ ਜੋ ਕਤਲ ਦੇ ਸਭ ਸਬੂਤ ਖ਼ਤਮ ਕੀਤੇ ਜਾ ਸਕਣ। ਗੁੰਡਿਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੱਜੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬੀੜ ਨੂੰ ਜ਼ਖਮੀ ਬੀੜ ਕਿਹਾ ਜਾਂਦਾ ਹੈ।
ਨਨਕਾਣਾ ਸਾਹਿਬ ਸਾਕੇ ਦੀ ਖ਼ਬਰ ਸੁਣ ਕੇ 3 ਮਾਰਚ, 1921 ਈ: ਨੂੰ ਮਹਾਤਮਾ ਗਾਂਧੀ ਨਨਕਾਣਾ ਸਾਹਿਬ ਆਏ ਅਤੇ ਉਸੇ ਦਿਨ ਸ਼ਹੀਦੀ ਦੀਵਾਨ ਵਿਚ ਮਹਾਤਮਾ ਗਾਂਧੀ ਨੇ ਇਕ ਭਾਸ਼ਣ ਦਿੱਤਾ ਤੇ ਕਿਹਾ ਕਿ 'ਨਨਕਾਣੇ ਦੀ ਖ਼ਬਰ ਏਨੀ ਚਕਰਾ ਦੇਣ ਵਾਲੀ ਸੀ ਕਿ ਉਹ ਪੁਸ਼ਟੀ ਕੀਤੇ ਬਗੈਰ ਇਸ 'ਤੇ ਵਿਸ਼ਵਾਸ ਨਹੀਂ ਸੀ ਕਰ ਸਕਦੇ।' ਮਹਾਤਮਾ ਗਾਂਧੀ ਨੇ ਲਾਹੌਰ ਵਿਖੇ ਕਿਹਾ ਕਿ 'ਜੋ ਕੁਝ ਵੀ ਮੈਂ ਸੁਣਿਆ ਤੇ ਵੇਖਿਆ ਹੈ, ਇਥੇ ਵਾਪਰੀ ਹਰੇਕ ਗੱਲ ਡਾਇਰਵਾਦ ਦਾ ਹੀ ਦੂਜਾ ਰੂਪ ਹੈ। ਇਹ ਘਟਨਾ ਜਲ੍ਹਿਆਂਵਾਲੇ ਬਾਗ ਦੇ ਸਾਕੇ ਵਿਚ ਹੋਏ ਵਹਿਸ਼ੀਪੁਣੇ ਨਾਲੋਂ ਵੱਧ ਵਹਿਸ਼ੀਆਨਾ ਅਤੇ ਵੱਧ ਜ਼ਾਲਮਾਨਾ ਸੀ।'
ਇਸ ਘਟਨਾ ਦਾ ਪਤਾ ਲਗਦਿਆਂ ਹੀ ਸਿੱਖ ਸਭ ਪਾਸਿਓਂ ਨਨਕਾਣਾ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਅਤੇ ਇਸ ਜ਼ਾਲਮਾਨਾ ਅੱਤਿਆਚਾਰ ਵਿਰੁੱਧ ਰੋਸ ਪ੍ਰਗਟ ਕਰਨ ਲੱਗੇ। ਉਸ ਦਿਨ ਤੋਂ ਸਿੰਘਾਂ ਨੇ ਕਾਲੀਆਂ ਦਸਤਾਰਾਂ ਬੰਨ੍ਹਣੀਆਂ ਅਤੇ ਸਿੰਘਣੀਆਂ ਨੇ ਕਾਲੀਆਂ ਚੁੰਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਵੱਡੇ-ਵੱਡੇ ਕੜਾਹਿਆਂ ਵਿਚ ਕਾਲਾ ਰੰਗ ਉਬਾਲਿਆ ਗਿਆ। ਜਿਹੜਾ ਵੀ ਸਿੰਘ, ਸਿੰਘਣੀ ਨਨਕਾਣਾ ਸਾਹਿਬ ਪਹੁੰਚਦੇ, ਆਪਣੀ ਦਸਤਾਰ ਤੇ ਚੁੰਨੀ ਕਾਲੇ ਰੰਗ ਵਿਚ ਰੰਗ ਲੈਂਦੇ। ਇਸ ਘਟਨਾ ਨੇ ਸਿੱਖਾਂ ਵਿਚ ਏਨਾ ਰੋਸ ਪੈਦਾ ਕਰ ਦਿੱਤਾ ਕਿ ਹਰ ਪਾਸੇ ਗੁੱਸੇ ਦਾ ਤੂਫਾਨ ਖੜ੍ਹਾ ਹੋ ਗਿਆ। ਲਾਹੌਰ ਦੇ ਕਮਿਸ਼ਨਰ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਇਸ ਘਟਨਾ ਨਾਲ ਉਹ ਅਤੇ ਉਸ ਦੀ ਸਰਕਾਰ ਮੁਸ਼ਕਿਲ ਵਿਚ ਫਸ ਜਾਣਗੇ ਤਾਂ ਉਹ ਚੁੱਪ-ਚੁਪੀਤੇ ਆਇਆ ਅਤੇ ਨਨਕਾਣਾ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਪ੍ਰਤੀਨਿਧਾਂ ਦੇ ਹਵਾਲੇ ਕਰ ਦਿੱਤੀਆਂ।
ਨਨਕਾਣਾ ਸਾਹਿਬ ਸਾਕੇ ਉਪਰੰਤ ਮਹਾਤਮਾ ਗਾਂਧੀ ਤੋਂ ਇਲਾਵਾ ਮੌਲਾਨਾ ਸ਼ੌਕਤ ਅਲੀ, ਡਾ: ਕਿਚਲੂ, ਲਾਲਾ ਦੁਨੀ ਚੰਦ ਅਤੇ ਲਾਲਾ ਲਾਜਪਤ ਰਾਏ ਵਰਗੇ ਕੌਮੀ ਨੇਤਾ ਸਾਕੇ ਵਾਲੀ ਥਾਂ ਪਹੁੰਚੇ ਅਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟਾਈ।
ਸ: ਸੁੰਦਰ ਸਿੰਘ ਮਜੀਠੀਆ ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪੰਜਾਬ ਸਰਕਾਰ ਵਿਚ ਚਲੇ ਗਏ ਅਤੇ ਉਨ੍ਹਾਂ ਦੀ ਥਾਂ ਬਾਬਾ ਖੜਕ ਸਿੰਘ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨ ਬਣੇ। ਉਸ ਸਮੇਂ ਸ: ਸੁੰਦਰ ਸਿੰਘ ਰਾਮਗੜ੍ਹੀਆ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਸਨ ਅਤੇ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਅਤੇ ਤਰਨ ਤਾਰਨ ਦੇ ਇੰਚਾਰਜ ਸਨ। ਇਸ ਸਮੇਂ 28 ਅਗਸਤ, 1921 ਈ: ਨੂੰ ਸ: ਬ: ਮਹਿਤਾਬ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਕੱਤਰ ਚੁਣੇ ਗਏ। ਬਾਬਾ ਖੜਕ ਸਿੰਘ ਆਪਣੇ ਗਰਮ ਖਿਆਲਾਂ ਕਰਕੇ ਮਸ਼ਹੂਰ ਸਨ। ਬਾਬਾ ਖੜਕ ਸਿੰਘ ਦੇ ਪ੍ਰਧਾਨ ਬਣਨ ਦੇ ਨਾਲ ਸਰਕਾਰੀ ਅਧਿਕਾਰੀਆਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ। ਇਸ ਲਈ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸ੍ਰੀ ਦਰਬਾਰ ਸਾਹਿਬ ਦੀਆਂ 53 ਚਾਬੀਆਂ ਲੈ ਗਿਆ। ਇਸ ਕਾਰਵਾਈ ਦੀ ਸਖਤ ਆਲੋਚਨਾ ਹੋਈ ਤਾਂ ਉਸ ਨੇ ਇਹ ਚਾਬੀਆਂ ਆਪਣੇ ਪਿੱਠੂਆਂ ਨੂੰ ਦੇਣ ਦਾ ਯਤਨ ਕੀਤਾ। ਸਰਕਾਰ ਨੇ ਕਪਤਾਨ ਬਹਾਦਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਸਰਬਰਾਹ ਨਿਯੁਕਤ ਕਰ ਦਿੱਤਾ ਸੀ। ਕਪਤਾਨ ਬਹਾਦਰ ਸਿੰਘ ਸ੍ਰੀ ਦਰਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪੁਰਬ 'ਤੇ ਆਇਆ ਤਾਂ ਸੰਗਤਾਂ ਨੇ ਕਿਹਾ ਕਿ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ। ਤੁਸੀਂ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਕੀ ਲਗਦੇ ਹੋ? ਉਸ ਨੇ ਕਿਹਾ ਕਿ ਸਰਕਾਰ ਨੇ ਮੈਨੂੰ ਸਰਬਰਾਹ ਨਿਯੁਕਤ ਕੀਤਾ ਹੈ ਪਰ ਸੰਗਤ ਨੇ ਉਸ ਦੀ ਕੋਈ ਗੱਲ ਨਾ ਸੁਣੀ। ਚਾਬੀਆਂ ਬਾਰੇ ਸੰਗਤਾਂ ਵਿਚ ਗੁੱਸਾ ਸੀ ਅਤੇ ਚਾਬੀਆਂ ਲੈਣ ਵਿਰੁੱਧ ਅੰਦੋਲਨ ਜ਼ੋਰ ਫੜ ਗਿਆ। (ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਬਠਿੰਡਾ।


ਖ਼ਬਰ ਸ਼ੇਅਰ ਕਰੋ

ਸੁਹੇਲਾ ਘੋੜਾ ਗੁਲਬਾਗ

ਦਿਲਬਾਗ ਅਤੇ ਗੁਲਬਾਗ ਇਕੱਠੇ ਪਲੇ ਅਤੇ ਵੱਡੇ ਹੋਏ ਸਨ। ਇਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਜਦੋਂ ਦਿਲਬਾਗ ਮਹਾਰਾਜ ਜੀ ਕੋਲ ਆ ਗਿਆ ਤਾਂ ਆਪਣੇ ਭਰਾ ਦੀ ਯਾਦ ਵਿਚ ਉਦਾਸ ਰਹਿਣ ਲੱਗਾ। ਉਸ ਨੇ ਖਾਣਾ-ਪੀਣਾ ਬੰਦ ਕਰ ਦਿੱਤਾ। ਮਹਾਰਾਜ ਜੀ ਉਸ ਨੂੰ ਪਿਆਰ ਕਰਕੇ ਕਹਿਣ ਲੱਗੇ-
ਜਾਨ ਭਾਈ ਕਰ ਚਿੰਤ ਨਹਿ ਤੁਮਰੋ ਭਾਈ ਆਇ।
ਖਾਵੋ ਦਾਣਾ ਹਰਖ ਸੋਂ, ਮਾਨ ਬੈਨ ਤਬ ਖਾਇ। -ਗੁਰਬਿਲਾਸ
ਪਾਤਸ਼ਾਹ ਜੀ ਨੇ ਦੂਜਾ ਘੋੜਾ ਲਿਆਉਣ ਦੀ ਸੇਵਾ ਫਿਰ ਭਾਈ ਬਿਧੀ ਚੰਦ ਜੀ ਦੀ ਲਾਈ ਅਤੇ ਥਾਪੜਾ ਦੇ ਕੇ ਤੋਰਿਆ। ਲਾਹੌਰ ਵਿਚ ਪਹਿਲਾ ਘੋੜਾ ਚੋਰੀ ਹੋ ਜਾਣ ਕਰਕੇ ਚਿੰਤਾ ਛਾਈ ਹੋਈ ਸੀ। ਭਾਈ ਬਿਧੀ ਚੰਦ ਜੀ ਨੇ ਇਕ ਜੋਤਸ਼ੀ ਦਾ ਭੇਸ ਧਾਰ ਲਿਆ ਅਤੇ ਪੁੱਛਾਂ ਦੇਣ ਲੱਗੇ। ਸੂਬਾ ਲਾਹੌਰ ਨੇ ਬਾਦਸ਼ਾਹ ਤੋਂ ਲਿਖਵਾ ਕੇ ਦਿੱਤਾ ਕਿ ਜੇ ਘੋੜੇ ਦਾ ਠੀਕ ਪਤਾ ਦੱਸ ਦਿਓ ਤਾਂ 4 ਲੱਖ ਰੁਪਏ ਅਤੇ ਮਨਸਬਦਾਰੀ ਮਿਲੇਗੀ। ਬਿਧੀ ਚੰਦ ਜੀ ਨੇ ਘੋੜੇ ਸਬੰਧੀ ਸਾਰੀਆਂ ਗੱਲਾਂ ਠੀਕ ਦੱਸ ਦਿੱਤੀਆਂ। ਫਿਰ ਕਿਹਾ ਕਿ ਘੋੜਾ ਅੱਧੀ ਰਾਤ ਦੇ ਸਮੇਂ ਗਿਆ ਹੈ। ਉਹੀ ਮਾਹੌਲ ਅਤੇ ਸਮਾਂ ਬਣੇ ਤਾਂ ਮੈਂ ਪੂਰਾ ਪਤਾ ਦੱਸ ਸਕਦਾ ਹਾਂ। ਸਾਰੇ ਅਹਿਲਕਾਰਾਂ ਨੂੰ ਮੂਰਖ ਬਣਾ ਕੇ ਭਰਮਾ ਲਿਆ। ਸਾਰੇ ਸ਼ਹਿਰ ਨੂੰ ਬੰਦ ਕਰਵਾ ਕੇ ਢੰਡੋਰਾ ਪਿਟਵਾ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਣਾ। ਕਿਲ੍ਹੇ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਕਿਹਾ ਕਿ ਕੇਵਲ ਬਾਦਸ਼ਾਹ ਹੀ ਖਿੜਕੀ ਵਿਚੋਂ ਦੇਖ ਸਕਦਾ ਹੈ। ਸਾਰਿਆਂ ਨੂੰ ਅੰਦਰ ਬੰਦ ਕਰਕੇ ਚਾਬੀਆਂ ਬਿਧੀ ਚੰਦ ਜੀ ਨੇ ਮੰਗਵਾ ਲਈਆਂ। ਜੋਤਸ਼ੀ ਬਣੇ ਹੋਏ ਬਿਧੀ ਚੰਦ ਝੱਟ ਹੀ ਗੁਲਬਾਗ ਉੱਤੇ ਸਵਾਰ ਹੋਏ ਅਤੇ ਉੱਚੀ ਆਵਾਜ਼ ਵਿਚ ਬਾਦਸ਼ਾਹ ਨੂੰ ਦੱਸਿਆ ਕਿ ਪਹਿਲਾ ਘੋੜਾ ਵੀ ਮੈਂ ਹੀ ਲੈ ਗਿਆ ਸਾਂ। ਤੁਸੀਂ ਮੇਰੇ ਸੱਚੇ ਪਾਤਸ਼ਾਹ ਜੀ ਦੇ ਘੋੜੇ ਖੋਹੇ ਸਨ, ਇਹ ਉਨ੍ਹਾਂ ਕੋਲ ਹੀ ਵਾਪਸ ਚੱਲੇ ਹਨ। ਜੇ ਹਿੰਮਤ ਹੈ ਤਾਂ ਆ ਕੇ ਲੈ ਜਾਇਓ। ਏਨਾ ਕਹਿ ਕੇ ਦਰਿਆ ਵਿਚ ਘੋੜੇ ਸਮੇਤ ਛਾਲ ਮਾਰੀ ਅਤੇ ਮਹਾਰਾਜ ਜੀ ਦੇ ਹਜ਼ੂਰ ਪਹੁੰਚ ਗਏ। ਚਾਬੀਆਂ ਰਾਵੀ ਵਿਚ ਸੁੱਟ ਦਿੱਤੀਆਂ ਸਨ। ਦੋਵੇਂ ਘੋੜੇ ਮਿਲੇ, ਇਕ-ਦੂਜੇ ਦੇ ਸੁਆਗਤ ਲਈ ਹਿਣਹਿਣਾਏ, ਇਕ-ਦੂਜੇ ਨਾਲ ਨੱਕ ਰਗੜਿਆ ਅਤੇ ਖੁਸ਼ ਹੋਏ। ਪਾਤਸ਼ਾਹ ਜੀ ਨੇ ਗੁਲਬਾਗ ਦਾ ਨਾਂਅ ਸੁਹੇਲਾ ਭਾਵ ਸੁਖੀ ਜਾਂ ਪਿਆਰਾ ਸਾਥੀ ਰੱਖਿਆ। ਮਾਘ ਸੁਦੀ 5 ਸੰਮਤ 1687 ਨੂੰ ਕਾਂਗੜ ਵਿਖੇ ਘੋੜਾ ਲੈ ਕੇ ਪਹੁੰਚੇ ਭਾਈ ਬਿਧੀ ਚੰਦ ਨੂੰ ਮਹਾਰਾਜ ਜੀ ਨੇ ਸੀਨੇ ਨਾਲ ਲਾਇਆ।
ਕਰਤਾਰਪੁਰ ਦੀ ਭਿਆਨਕ ਜੰਗ ਵਿਚ ਸੁਹੇਲੇ ਨੇ ਅਨੇਕਾਂ ਜ਼ਖ਼ਮ ਖਾਧੇ। ਉਧਰੋਂ ਸਾਈਂ ਬੁੱਢਣ ਸ਼ਾਹ ਦਾ ਅੰਤ ਸਮਾਂ ਜਾਣ ਕੇ ਮਹਾਰਾਜ ਜੀ 40 ਘੰਟਿਆਂ ਤੋਂ ਕੀਤੇ ਕਮਰਕੱਸੇ ਅਤੇ ਜ਼ਖ਼ਮੀ ਘੋੜੇ ਸਮੇਤ ਕੀਰਤਪੁਰ ਸਾਹਿਬ ਪਹੁੰਚੇ। ਦੋ ਕੋਹ ਉਰ੍ਹਾਂ ਸੁਹੇਲੇ ਨੇ ਸਤਲੁਜ ਦਾ ਠੰਢਾ ਪਾਣੀ ਡੀਕ ਲਾ ਕੇ ਪੀਤਾ ਅਤੇ ਡਿਗ ਕੇ ਸਰੀਰ ਤਿਆਗ ਦਿੱਤਾ। ਉਸ ਨੇ ਏਨੀਆਂ ਗੋਲੀਆਂ ਅਤੇ ਤੀਰ ਖਾਧੇ ਸਨ ਕਿ ਉਸ ਦੇ ਸਰੀਰ ਵਿਚੋਂ ਸਵਾ ਮਣ ਸਿੱਕਾ ਨਿਕਲਿਆ। ਮਹਾਰਾਜ ਜੀ ਨੇ ਆਪਣੇ ਪਿਆਰੇ ਘੋੜੇ ਦਾ ਹੱਥੀਂ ਸਸਕਾਰ ਕੀਤਾ। ਸੰਸਾਰ ਵਿਚ ਇਕੋ-ਇਕ ਅਸਥਾਨ ਹੈ, ਜੋ ਘੋੜੇ ਦੇ ਨਾਂਅ 'ਤੇ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦਾ ਨਾਂਅ ਹੀ 'ਸੁਹੇਲਾ ਘੋੜਾ' ਹੈ, ਜੋ ਇਸ ਵੀਰ ਬਹਾਦਰ ਦੀ ਯਾਦ ਸਦਾ ਜਿਉਂਦੀ ਰੱਖੇਗਾ। ਉਥੇ ਸੁਹੇਲੇ ਦਾ ਬੁੱਤ ਵੀ ਸੁਸ਼ੋਭਿਤ ਹੈ। ਜਦੋਂ ਭਾਈ ਬਿਧੀ ਚੰਦ ਜੀ ਦੋਵੇਂ ਘੋੜੇ ਮਹਾਰਾਜ ਜੀ ਕੋਲ ਲੈ ਕੇ ਆਏ ਸਨ ਤਾਂ ਪਾਤਸ਼ਾਹ ਜੀ ਨੇ ਇਕ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਵਰਤਾਇਆ ਸੀ।

ਯਾਤਰਾ ਪੁਰਾਤਨ ਰਿਆਸਤਾਂ ਦੀ

ਕਸ਼ਮੀਰ

ਕਸ਼ਮੀਰ ਘਾਟੀ ਵਿਚ ਪਾਣੀ ਬਹੁਤ ਜ਼ਿਆਦਾ ਹੈ। ਕਸ਼ਮੀਰ ਘਾਟੀ ਵਿਚ ਅਨੇਕਾਂ ਹੀ ਝੀਲਾਂ ਅਤੇ ਸਰੋਵਰ ਹਨ। ਕਸ਼ਮੀਰ ਦੀ ਡਲ ਝੀਲ ਤਾਂ ਜਗਤ ਪ੍ਰਸਿੱਧ ਹੈ। ਇਸੇ ਤਰ੍ਹਾਂ ਕਸ਼ਮੀਰ ਘਾਟੀ ਦੀ ਵੂਲਰ ਝੀਲ ਮਿੱਠੇ ਪਾਣੀ ਦੀ ਵਿਸ਼ਾਲ ਝੀਲ ਹੈ, ਜਿਸ ਦਾ ਪਾਣੀ ਕਾਫੀ ਮਿੱਠਾ ਹੈ। ਕਸ਼ਮੀਰ ਵਿਚ ਇਸ ਝੀਲ ਵਿਚੋਂ ਹੀ ਸਭ ਤੋਂ ਜ਼ਿਆਦਾ ਮੱਛੀਆਂ ਫੜੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਡਲ ਝੀਲ ਦਾ ਪਾਣੀ ਬਹੁਤ ਹੀ ਸਾਫ਼ ਹੈ ਅਤੇ ਇਹ ਇਲਾਕਾ ਕਾਫੀ ਰਮਣੀਕ ਹੈ। ਇਸ ਡਲ ਝੀਲ ਵਿਚ ਕਿਸ਼ਤੀਆਂ ਅਤੇ ਸ਼ਿਕਾਰੇ ਚਲਾਉਣ ਦੇ ਨਾਲ ਹੀ ਤੈਰਾਕੀ ਕਰਕੇ ਵੀ ਆਨੰਦ ਆ ਜਾਂਦਾ ਹੈ। ਡਲ ਝੀਲ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਛੋਟੇ-ਛੋਟੇ ਖੇਤ ਤੈਰਦੇ ਰਹਿੰਦੇ ਹਨ, ਜਿਨ੍ਹਾਂ ਉੱਪਰ ਫਲ ਅਤੇ ਸਬਜ਼ੀਆਂ ਉਗਾਈਆਂ ਹੁੰਦੀਆ ਹਨ। ਇਹ ਬਗੀਚੇ ਝੀਲਾਂ ਵਿਚ ਤੈਰਦੇ ਹੋਏ ਬਹੁਤ ਹੀ ਦਿਲਕਸ਼ ੍ਰਿਦ੍ਰਸ਼ ਪੈਦਾ ਕਰਦੇ ਹਨ।
ਕਸ਼ਮੀਰ ਘਾਟੀ ਭਾਵੇਂ ਕੇਸਰ ਦੀ ਖੇਤੀ ਲਈ ਪ੍ਰਸਿੱਧ ਹੈ ਪਰ ਇਸ ਘਾਟੀ ਦੀ ਪ੍ਰਸਿੱਧ ਫਸਲ ਚੌਲ ਹੈ, ਜੋ ਕਿ ਇਥੋਂ ਦੇ ਲੋਕਾਂ ਦਾ ਮੁੱਖ ਭੋਜਨ ਵੀ ਹੈ। ਇਸ ਤੋਂ ਇਲਾਵਾ ਮੱਕੀ, ਕਣਕ, ਜੌਂ ਵੀ ਇਸ ਇਲਾਕੇ ਵਿਚ ਬੀਜੇ ਜਾਂਦੇ ਹਨ। ਕਸ਼ਮੀਰ ਵਿਚ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਕੋਈ ਵੀ ਖੇਤੀ ਕੰਮ ਨਹੀਂ ਹੁੰਦਾ, ਉਸ ਸਮੇਂ ਤਾਂ ਇਥੇ ਹਰ ਪਾਸੇ ਬਰਫ ਹੀ ਬਰਫ ਹੁੰਦੀ ਹੈ। ਇਸ ਤੋਂ ਇਲਾਵਾ ਕਸ਼ਮੀਰ ਵਿਚ ਬੱਕਰੀ ਪਾਲਣ, ਭੇਡ ਪਾਲਣ ਅਤੇ ਰੇਸ਼ਮ ਦੇ ਕੀੜੇ ਪਾਲਣ ਦਾ ਧੰਦਾ ਅੱਜ ਵੀ ਹੁੰਦਾ ਹੈ।
ਕਸ਼ਮੀਰ ਦਾ ਮੁੱਖ ਉਦਯੋਗ ਕਸ਼ਮੀਰੀ ਸ਼ਾਲ ਦੀ ਬੁਣਾਈ ਹੈ, ਜੋ ਕਿ ਬਾਬਰ ਦੇ ਸਮੇਂ ਤੋਂ ਹੀ ਚਲਦੀ ਆ ਰਹੀ ਹੈ। ਕਸ਼ਮੀਰੀ ਕਾਲੀਨ ਵੀ ਪ੍ਰਸਿੱਧ ਉਦਯੋਗ ਹੈ। ਇਸ ਤੋਂ ਇਲਾਵਾ ਰੇਸ਼ਮ ਉਦਯੋਗ ਵੀ ਹਰ ਪਾਸੇ ਫੈਲਿਆ ਹੋਇਆ ਹੈ। ਦਸਤਕਾਰੀ ਦੀਆਂ ਚੀਜ਼ਾਂ, ਕੇਸਰ ਅਤੇ ਗਰਮ ਕੱਪੜਿਆਂ ਕਾਰਨ ਸੈਲਾਨੀ ਇਥੇ ਖਿੱਚੇ ਚਲੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਕਸ਼ਮੀਰ ਅਜੇ ਵੀ ਧਰਤੀ ਦਾ ਹੀ ਸਵਰਗ ਹੈ ਅਤੇ ਕਸ਼ਮੀਰ ਵਿਚ ਦੂਜੇ ਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਇਸ ਕਰਕੇ ਇਹ ਕਸ਼ਮੀਰ ਘਾਟੀ ਪੂਰੀ ਦੁਨੀਆ ਵਿਚ ਹੀ ਪ੍ਰਸਿੱਧ ਹੈ।
ਕਸ਼ਮੀਰ ਬਾਰੇ 12 ਸਦੀ ਵਿਚ ਕਲਹਣ ਵੱਲੋਂ ਲਿਖੇ ਰਾਜਤਰੰਗਿਨੀ ਤੋਂ ਬਹੁਤ ਜਾਣਕਾਰੀ ਮਿਲਦੀ ਹੈ। 12ਵੀਂ ਸਦੀ ਤੱਕ ਕਸ਼ਮੀਰ ਵਿਚ ਹਿੰਦੂ ਰਾਜਿਆਂ ਦਾ ਰਾਜ ਸੀ। ਉਸ ਤੋਂ ਬਾਅਦ ਤੀਸਰੀ ਸਦੀ ਵੇਲੇ ਇਥੇ ਅਸ਼ੋਕ ਦਾ ਕਬਜ਼ਾ ਵੀ ਰਿਹਾ, ਅਸ਼ੋਕ ਦੇ ਰਾਜਕਾਲ ਦੌਰਾਨ ਹੀ ਕਸ਼ਮੀਰ ਵਿਚ ਬੁੱਧ ਧਰਮ ਆਇਆ, ਉਸ ਤੋਂ ਬਾਅਦ ਕੁਸ਼ਾਨੂੰ ਦੇ ਅਧੀਨ ਬੁੱਧ ਧਰਮ ਕਸ਼ਮੀਰ ਵਿਚ ਬਹੁਤ ਫੈਲ ਗਿਆ। ਫਿਰ 6ਵੀਂ ਸਦੀ ਵਿਚ ਉਜੈਨ ਦਾ ਮਹਾਰਾਜਾ ਬਿਕਰਮਦਿਤਿਆ ਦੇ ਅਧੀਨ ਵੀ ਕਸ਼ਮੀਰ ਰਿਹਾ ਅਤੇ ਇਥੇ ਫਿਰ ਹਿੰਦੂ ਧਰਮ ਦਾ ਆਗਮਨ ਹੋਇਆ।
ਸਾਲ 1789 ਵਿਚ ਕਸ਼ਮੀਰ ਅਕਬਰ ਦੇ ਰਾਜ ਕਾਲ ਦੌਰਾਨ ਮੁਗਲ ਰਾਜ ਦੇ ਅਧੀਨ ਰਿਹਾ। ਮੁਗਲ ਰਾਜ ਖਤਮ ਹੋਣ ਤੋਂ ਬਾਅਦ ਕਸ਼ਮੀਰ ਪਠਾਣਾਂ ਦੇ ਅਧੀਨ ਆ ਗਿਆ। 1814 ਵਿਚ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਪਠਾਣਾਂ ਨੂੰ ਹਰਾ ਕੇ ਕਸ਼ਮੀਰ ਉੱਪਰ ਕਬਜ਼ਾ ਕਰ ਲਿਆ ਅਤੇ ਕਸ਼ਮੀਰ ਸਿੱਖ ਸਾਮਰਾਜ ਦਾ ਹਿੱਸਾ ਬਣ ਗਿਆ।
ਸਾਲ 1846 ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਯੁੱਧ ਤੋਂ ਬਾਅਦ ਕਸ਼ਮੀਰ ਅੰਗਰੇਜ਼ਾਂ ਅਧੀਨ ਆ ਗਿਆ। ਉਨ੍ਹਾਂ ਨੇ ਲਾਹੌਰ ਸਮਝੌਤਾ ਕਰਕੇ ਮਹਾਰਾਜਾ ਗੁਲਾਬ ਸਿੰਘ ਨੂੰ ਕਸ਼ਮੀਰ ਦਾ ਰਾਜਾ ਬਣਾਇਆ, ਜੋ ਕਿ ਕਸ਼ਮੀਰ ਦਾ ਸੁਤੰਤਰ ਸ਼ਾਸਕ ਬਣਿਆ। ਮਹਾਰਾਜਾ ਗੁਲਾਬ ਸਿੰਘ ਦਾ ਪੋਤਰਾ ਮਹਾਰਾਜਾ ਹਰੀ ਸਿੰਘ 1925 ਵਿਚ ਕਸ਼ਮੀਰ ਦੀ ਗੱਦੀ ਉੱਪਰ ਬੈਠਿਆ ਅਤੇ 1947 ਤੱਕ ਉਸ ਨੇ ਕਸ਼ਮੀਰ ਉੱਪਰ ਸ਼ਾਸਨ ਕੀਤਾ। (ਚਲਦਾ)


-ਮੋਬਾ: 9463819174

ਹਰਿਮੰਦਰ ਸਾਹਿਬ ਵਿਖੇ ਸ਼ਬਦ ਚੌਂਕੀਆਂ

ਸਿੱਖ ਬੋਲਚਾਲ ਦੀ ਭਾਸ਼ਾ ਵਿਚ ਚੌਂਕੀ ਦਾ ਅਰਥ-ਗੁਰਬਾਣੀ ਦੇ ਸ਼ਬਦ ਗਾਉਣ ਵਾਲੇ ਚਾਰ ਸਿੰਘਾਂ ਦੇ ਜਥੇ ਨੂੰ ਕਹਿੰਦੇ ਹਨ ਅਤੇ 'ਗਾਵਤ ਚਉਂਕੀ ਸ਼ਬਦ ਪ੍ਰਕਾਸ਼' ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਾਗੀ ਜਥਿਆਂ ਨੂੰ ਵੀ ਚੌਂਕੀਆਂ ਭਰਨੀਆਂ ਕਹਿੰਦੇ ਹਨ। ਪਰ ਇਥੇ ਚੌਂਕੀਆਂ ਤੋਂ ਭਾਵ ਉਹ ਸ਼ਬਦੀ ਜੋ ਜਥੇ ਬਿਨਾਂ ਸਾਜ਼ਾਂ ਤੋਂ ਜੋਟੀਆਂ ਦੇ ਸ਼ਬਦ ਪੜ੍ਹਦੇ ਸ੍ਰੀ ਅੰਮ੍ਰਿਤਸਰ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹਨ।
ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਪਹਿਲੀ ਚੌਂਕੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿਲ੍ਹਾ ਗਵਾਲੀਅਰ ਵਿਖੇ ਨਜ਼ਰਬੰਦ ਹੋਣ 'ਤੇ ਸਤਿਗੁਰਾਂ ਦੀ ਯਾਦ ਵਿਚ ਬਾਬਾ ਬੁੱਢਾ ਜੀ ਨੇ ਆਰੰਭ ਕੀਤੀ ਸੀ। ਇਹ ਪਰੰਪਰਾ ਗੁਰੂ ਦੇ ਸਨਮੁਖ ਸਮਰਪਿਤ ਮੁੜ ਗੁਰੂ ਸਾਹਿਬਾਨ ਅਤੇ ਮਹਾਨ ਗੁਰਸਿੱਖਾਂ ਦੇ ਨਗਰ ਕੀਰਤਨਾਂ ਸਮੇਂ ਪ੍ਰਚੱਲਿਤ ਰੂਪ ਅਖਤਿਆਰ ਕਰ ਗਈ ਅਤੇ ਸਹਿਜੇ-ਸਹਿਜੇ ਇਹ ਪਰੰਪਰਾ ਰੋਜ਼ਾਨਾ ਮਰਯਾਦਾ 'ਚ ਸ਼ਾਮਿਲ ਹੋ ਗਈ।
ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਸ੍ਰੀ ਰਹਿਰਾਸ ਦੇ ਪਾਠ ਦਾ ਭੋਗ ਪੈਣ ਉਪਰੰਤ ਚੌਂਕੀ ਦਾ ਮੁਖੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਹਾਜ਼ਰ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬ ਇਨ੍ਹਾਂ ਨੂੰ ਸ੍ਰੀ ਸਾਹਿਬ ਤੇ ਇਕ ਨਿਸ਼ਾਨ ਸਾਹਿਬ ਬਖਸ਼ਿਸ਼ ਕਰਦੇ ਹਨ। ਇਨ੍ਹਾਂ 'ਚੋਂ ਇਕ ਸਿੰਘ ਅਰਦਾਸ ਕਰਦਾ ਹੈ, ਉਪਰੰਤ ਗੁਰਬਾਣੀ ਦਾ ਸ਼ਬਦ ਗਾਉਣ ਨਾਲ ਚੌਂਕੀ ਦਾ ਆਰੰਭ ਹੋ ਜਾਂਦਾ ਹੈ। ਸ਼ਬਦ ਪੜ੍ਹਨ ਵਾਲੇ ਪ੍ਰੇਮੀਆਂ ਦੇ ਦੋ ਜਥੇ ਬਣ ਜਾਂਦੇ ਹਨ। ਅਗਲਾ ਜਥਾ ਸ਼ਬਦ ਪੜ੍ਹਦਾ ਹੈ ਤੇ ਦੂਜਾ ਜਥਾ ਉਸੇ ਤੁਕ ਨੂੰ ਪਹਿਲੇ ਜਥੇ ਵਾਂਗ ਮਗਰ ਪੜ੍ਹਦਾ ਹੈ। ਇਕ ਮਸ਼ਾਲਚੀ ਰੌਸ਼ਨੀ ਹਿੱਤ ਚੌਂਕੀ ਦੇ ਅੱਗੇ ਤੇ ਦੂਜਾ ਪਿੱਛੇ, ਇਕ ਚੋਬਦਾਰ ਚੌਂਕੀ ਦੇ ਅੱਗੇ ਚਲਦਾ ਹੈ।
ਇਸ ਚੌਂਕੀ ਵਿਚ ਕੁਝ ਗਿਣੇ-ਮਿਥੇ ਸ਼ਬਦ ਹੀ ਪੜ੍ਹੇ ਜਾਂਦੇ ਹਨ। ਇਸ ਤਰ੍ਹਾਂ ਪ੍ਰੇਮ ਨਾਲ ਸ਼ਬਦ ਪੜ੍ਹਦਿਆਂ ਕਈ ਹੋਰ ਪ੍ਰੇਮੀ ਵੀਰ ਵੀ ਨਾਲ ਮਿਲ ਜਾਂਦੇ ਹਨ। ਇਹ ਚੌਂਕੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਕੇ ਦਰਸ਼ਨੀ ਡਿਓੜੀ ਦਰਵਾਜ਼ੇ ਰਾਹੀਂ ਸਰੋਵਰ ਦੇ ਪੁਲ ਉੱਪਰ ਦੀ ਸੰਗਤ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਵਾਜ਼ੇ ਦੇ ਨਜ਼ਦੀਕ ਪੁੱਜਦੀ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਿਹਾ ਕੀਰਤਨ ਬੰਦ ਹੋ ਜਾਂਦਾ ਹੈ ਪਰ ਅੰਦਰਲੀ ਸੰਗਤ ਸਜੀ (ਬੈਠੀ) ਰਹਿੰਦੀ ਹੈ। ਚੌਂਕੀ ਸ਼ਬਦ ਪੜ੍ਹਦੀ ਸਹਿਜੇ-ਸਹਿਜੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਜਦ ਮੁੜ ਕੇ ਪਹਿਲੇ ਦਰਵਾਜ਼ੇ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ ਤਾਂ ਚੌਂਕੀ ਦਾ ਅਰਦਾਸੀਆ ਸਿੰਘ ਅਰਦਾਸ ਕਰਕੇ ਸ਼ਬਦ ਚੌਂਕੀ ਦਾ ਭੋਗ ਪਾ ਦਿੰਦਾ ਹੈ। ਉਸੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਆਰੰਭ ਹੋ ਜਾਂਦਾ ਹੈ ਤੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜਾ ਕੇ ਸ੍ਰੀ ਸਾਹਿਬ ਤੇ ਨਿਸ਼ਾਨ ਸਾਹਿਬ ਡਿਊਟੀ ਵਾਲੇ ਸਿੰਘ ਨੂੰ ਵਾਪਸ ਕਰ ਦਿੰਦੇ ਹਨ।
ਸਿੱਖ ਸੰਗਤ ਦੀ ਇਸ ਚੌਂਕੀ ਉੱਪਰ ਬਹੁਤ ਸ਼ਰਧਾ ਭਾਵਨਾ ਹੈ। ਇਹ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਆਰੰਭ ਕੀਤੀ ਹੋਣ ਕਰਕੇ ਸੰਗਤ ਇਸ ਚੌਂਕੀ ਨੂੰ ਬਹੁਤ ਮਹੱਤਵ ਦਿੰਦੀ ਹੈ ਤੇ ਸ਼ਰਧਾ ਰੱਖਦੀ ਹੈ।
ਇਤਿਹਾਸਕ ਹਵਾਲਿਆਂ 'ਚ ਜ਼ਿਕਰ ਮਿਲਦਾ ਹੈ ਕਿ ਚੌਂਕੀ ਮਹੰਤ ਸੋਭਾ ਸਿੰਘ ਚੌਂਕੀ ਮਹੰਤ ਦੀਨਾ ਨਾਥ। ਪਹਿਲਾਂ ਇਕੋ ਚੌਂਕੀ ਸੀ, ਜਿਸ ਨੂੰ 1830 ਈ: ਵਿਚ ਭਾਈ ਘਨੱਈਆ ਸਿੰਘ ਅੱਡਣਸ਼ਾਹੀ ਨੇ ਆਰੰਭ ਕੀਤਾ ਸੀ, ਪਰ ਇਹ ਚੌਂਕੀ ਉਪਰੋਕਤ ਦੋਵਾਂ ਮਹੰਤਾਂ ਦੇ ਨਾਂਅ 'ਤੇ ਦੋ ਹਿੱਸਿਆਂ ਵਿਚ ਵੰਡੀ ਗਈ। ਇਹ ਦੋਵੇਂ ਚੌਂਕੀਆਂ ਪਹਿਲੀ ਚੌਂਕੀ ਤੋਂ ਬਾਅਦ ਤੇ ਸਮਾਪਤੀ ਤੋਂ ਪਹਿਲਾਂ-ਪਹਿਲਾਂ ਅੱਗੜ-ਪਿੱਛੜ ਚੜ੍ਹਦੀਆਂ ਸਨ। ਤੀਜੀ ਚੌਂਕੀ ਦੀ ਸੇਵਾ ਮਹੰਤ ਕਰਮ ਸਿੰਘ ਅਤੇ ਮਹੰਤ ਅਮਰ ਸਿੰਘ ਕਰਦੇ ਰਹੇ। ਦੀਨਾ ਨਾਥ ਅੰਮ੍ਰਿਤ ਛਕ ਕੇ ਦੀਨਾ ਸਿੰਘ ਬਣ ਗਏ। ਮਹੰਤ ਦੀਨਾ ਸਿੰਘ ਦਾ ਸਪੁੱਤਰ ਮਹੰਤ ਅਮਰ ਸਿੰਘ ਸੀ। ਇਸੇ ਤਰ੍ਹਾਂ ਹੀ ਸਮੇਂ-ਸਮੇਂ ਇਨ੍ਹਾਂ ਚੌਂਕੀਆਂ ਨਾਲ ਸੇਵਾ ਕਰਦੇ ਸੇਵਕ ਅੱਗੋਂ ਮੁਖੀ ਵਜੋਂ ਸੇਵਾ ਸੰਭਾਲਦੇ ਰਹੇ ਹਨ। ਇਹ ਪਰੰਪਰਾ ਇਵੇਂ ਹੀ ਅੱਜ ਵੀ ਜਾਰੀ ਹੈ।
ਇਕ ਚੌਂਕੀ ਭਾਈ ਅਰਜਨ ਸਿੰਘ ਬਾਗਾਂ ਵਾਲੇ ਦੇ ਭਰਾ ਭਾਈ ਨਰੈਣ ਸਿੰਘ ਨੇ 1905 ਈ: ਵਿਚ ਆਰੰਭ ਕੀਤੀ ਸੀ। ਇਹ ਚੌਂਕੀ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁੱਜਣ ਤੋਂ ਬਾਅਦ ਆਰੰਭ ਹੁੰਦੀ। ਇਸੇ ਤਰ੍ਹਾਂ ਮਹੰਤ ਭਾਈ ਸੰਤ ਸਿੰਘ ਕਲੀ ਵਾਲਿਆਂ ਨੇ 1910 ਈ: ਵਿਚ ਚੌਂਕੀ ਆਰੰਭ ਕੀਤੀ ਸੀ। ਇਹ ਚੌਂਕੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ, ਅਰਦਾਸ ਤੇ ਮੁੱਖਵਾਕ ਹੋਣ ਤੋਂ ਬਾਅਦ ਆਰੰਭ ਹੁੰਦੀ ਹੈ।
ਅੱਜਕਲ੍ਹ ਅੰਮ੍ਰਿਤ ਵੇਲੇ ਦੀ ਪਹਿਲੀ ਚੌਂਕੀ ਦੀ ਸੇਵਾ ਭਾਈ ਘਨੱਈਆ ਸਿੰਘ ਪਿੰਡ ਫਤਾਹਪੁਰ ਪਿਛਲੇ 12 ਸਾਲ ਤੋਂ ਨਿਭਾਅ ਰਹੇ ਹਨ। ਦੂਸਰੇ ਹੁਕਮਨਾਮੇ ਦੀ ਚੌਂਕੀ ਦੀ ਸੇਵਾ ਭਾਈ ਮਨਜੀਤ ਸਿੰਘ ਸੌ ਫੁੱਟੀ ਰੋਡ ਵਾਲੇ 4 ਕੁ ਸਾਲ ਤੋਂ ਨਿਭਾਅ ਰਹੇ ਹਨ। ਸ਼ਬਦ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਰਹਿਰਾਸ ਤੋਂ ਬਾਅਦ ਵਾਲੀ ਦੀ ਸੇਵਾ ਲੰਮੇ ਸਮੇਂ ਤੋਂ ਭਾਈ ਰਮਿੰਦਰ ਸਿੰਘ ਕਰ ਰਹੇ ਹਨ। ਸ਼ਬਦ ਚੌਂਕੀ ਸਮਾਪਤੀ ਦੀ ਸੇਵਾ ਭਾਈ ਰਜਿੰਦਰ ਸਿੰਘ ਕਟੜਾ ਦਲ ਸਿੰਘ ਵਾਲੇ ਪਿਛਲੇ ਪੰਦਰਾਂ ਸਾਲ ਤੋਂ ਕਰ ਰਹੇ ਹਨ।
ਇਕ ਚੌਂਕੀ ਹਰ ਮੱਸਿਆ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਪੈਦਲ ਸ਼ਬਦ ਪੜ੍ਹਦਿਆਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਅੰਮ੍ਰਿਤ ਵੇਲੇ ਦੇ ਪਹਿਲੇ ਮੁਖਵਾਕ ਹੋਣ ਤੋਂ ਪਹਿਲਾਂ-ਪਹਿਲਾਂ ਉਥੇ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਹਰ ਪੁੰਨਿਆਂ ਤੋਂ ਪਹਿਲੇ ਦਿਨ, ਰਾਤ ਨੂੰ ਇਕ ਚੌਂਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਅੰਮ੍ਰਿਤ ਵੇਲੇ ਦੇ ਮੁਖਵਾਕ ਤੋਂ ਪਹਿਲਾਂ ਗੋਇੰਦਵਾਲ ਪੁੱਜ ਜਾਂਦੀ ਹੈ। ਮੁੜ ਇਹ ਦੋਵੇਂ ਚੌਂਕੀਆਂ ਵੱਖ-ਵੱਖ ਸਾਧਨਾਂ ਰਾਹੀਂ ਵਾਪਸ ਅੰਮ੍ਰਿਤਸਰ ਆ ਜਾਂਦੀਆਂ ਹਨ। ਇਨ੍ਹਾਂ ਉਪਰੋਕਤ ਚੌਂਕੀਆਂ ਤੋਂ ਇਲਾਵਾ ਖਾਸ ਗੁਰਪੁਰਬਾਂ ਜਾਂ ਸਾਲਾਨਾ ਜੋੜ ਮੇਲਿਆਂ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਛੇਹਰਟਾ ਸਾਹਿਬ, ਗੁਰਦੁਆਰਾ ਪਾ: ਛੇਵੀਂ ਪਿੰਡ ਵਡਾਲੀ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ, ਗੁਰਦੁਆਰਾ ਪਾਤਸ਼ਾਹੀ ਨੌਵੀਂ ਵੱਲਾ, ਗੁਰਦੁਆਰਾ ਸਾਹਿਬ ਝਬਾਲ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਆਦਿ ਸਥਾਨਾਂ ਨੂੰ ਸਾਲ ਵਿਚ ਇਕ-ਇਕ ਵਾਰ ਚੌਂਕੀ ਚੜ੍ਹਦੀ ਹੈ। ਇਨ੍ਹਾਂ ਚੌਂਕੀਆਂ ਨੂੰ ਯਾਤਰਾ ਚੌਂਕੀਆਂ ਕਹਿੰਦੇ ਹਨ।

ਹਜ਼ੂਰੀ ਬਾਗ਼ ਦੀ ਬਾਰਾਦਰੀ

ਸ਼ੇਰ-ਏ-ਪੰਜਾਬ ਦੇ ਦਰਬਾਰ ਦੀ ਆਖਰੀ ਚਸ਼ਮਦੀਦ ਗਵਾਹ

ਲਾਹੌਰ ਦੇ ਸ਼ਾਹੀ ਕਿਲ੍ਹੇ ਅਤੇ ਸ਼ਾਹੀ ਮਸਜਿਦ ਦੇ ਦਰਮਿਆਨ ਰਣਜੀਤ ਬਾਗ਼ ਵਿਚ ਸਥਾਪਿਤ ਹਜ਼ੂਰੀ ਬਾਗ਼ ਦੀ ਸੰਗਮਰਮਰੀ ਬਾਰਾਂਦਰੀ ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਦਰਬਾਰ ਦੀ ਗਵਾਹ ਹੈ, ਉਥੇ ਹੀ ਇਹ ਬਾਰਾਂਦਰੀ ਮਹਾਰਾਜਾ ਦੀਆਂ ਅੰਗਰੇਜ਼ ਸ਼ਾਸਕਾਂ ਅਤੇ ਸਿੱਖ ਜਰਨੈਲਾਂ ਨਾਲ ਹੋਈਆਂ ਮਹੱਤਵਪੂਰਨ ਸਭਾਵਾਂ ਦੀ ਵੀ ਸਾਖ਼ੀ ਰਹੀ ਹੈ। ਸ਼ੇਰੇ-ਪੰਜਾਬ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਦੇਹ ਵੀ ਪਰਜਾ ਦੇ ਅੰਤਿਮ ਦਰਸ਼ਨਾਂ ਹਿਤ ਇਥੇ ਹੀ ਰੱਖੀ ਗਈ ਸੀ।
ਮੌਜੂਦਾ ਸਮੇਂ ਉਪਰੋਕਤ ਬਾਰਾਂਦਰੀ ਚਾਰੇ ਪਾਸਿਓਂ ਮੁਗ਼ਲਕਾਲੀਨ ਅਤੇ ਸਿੱਖ ਧਰੋਹਰਾਂ ਨਾਲ ਘਿਰੀ ਹੋਈ ਹੈ। ਇਸ ਦੇ ਇਕ ਪਾਸੇ ਲਾਹੌਰ ਦਾ ਸ਼ਾਹੀ ਕਿਲ੍ਹਾ ਹੈ ਤਾਂ ਦੂਸਰੇ ਪਾਸੇ ਸ਼ਾਹੀ ਮਸਜਿਦ। ਇਸ ਦੇ ਪਿਛਲੇ ਪਾਸੇ ਮਹਾਰਾਜਾ ਅਤੇ ਉਨ੍ਹਾਂ ਦੇ ਸਪੁੱਤਰਾਂ ਦੀਆਂ ਸਮਾਧੀਆਂ ਅਤੇ ਗੁਰਦੁਆਰਾ ਡੇਹਰਾ ਸਾਹਿਬ ਸਥਾਪਿਤ ਹਨ ਤਾਂ ਇਸ ਤੋਂ ਕੁਝ ਕੁ ਕਦਮਾਂ ਦੀ ਦੂਰੀ 'ਤੇ ਕਿਲ੍ਹੇ ਦੇ ਬਾਹਰਵਾਰ ਮਹਾਰਾਜੇ ਦੇ ਅਧਿਆਤਮਕ ਗੁਰੂ ਭਾਈ ਬਸਤੀ ਰਾਮ ਦੀ ਅੰਤਿਮ ਯਾਦਗਾਰ ਅਤੇ ਕਈ ਹੋਰ ਸਮਾਰਕ ਮੌਜੂਦ ਹਨ।
ਸੰਨ 1813 ਵਿਚ ਸ਼ਾਹ ਸ਼ੁਜਾ ਪਾਸੋਂ ਕੋਹਿਨੂਰ ਹੀਰਾ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਮਹਾਰਾਜਾ ਨੇ ਸ਼ਾਹੀ ਮਹਲ ਅਤੇ ਸ਼ਾਹੀ ਮਸਜਿਦ ਦੇ ਵਿਚਕਾਰ ਖਾਲੀ ਪਏ ਮੈਦਾਨ 'ਤੇ ਖੂਬਸੂਰਤ ਬਾਗ਼ ਲਗਵਾਉਣ ਦਾ ਵਿਚਾਰ ਬਣਾਇਆ। ਕਨ੍ਹਈਆ ਲਾਲ 'ਤਾਰੀਖ਼-ਇ-ਪੰਜਾਬ' ਦੇ ਸਫ਼ਾ 216 'ਤੇ ਲਿਖਦਾ ਹੈ ਕਿ ਮਹਾਰਾਜਾ ਨੇ ਫ਼ਕੀਰ ਅਜ਼ੀਜੁਦੀਨ ਨੂੰ ਆਦੇਸ਼ ਦਿੱਤਾ ਕਿ ਸ਼ਾਹੀ ਮਹਲ ਅਤੇ ਸ਼ਾਹੀ ਮਸਜਿਦ ਦੇ ਵਿਚਕਾਰ ਖ਼ੂਬਸੂਰਤ ਬਾਗ਼ ਲਗਵਾ ਕੇ ਉਸ ਦਾ ਨਾਂਅ ਹਜ਼ੂਰੀ ਬਾਗ਼ ਰੱਖਿਆ ਜਾਵੇ। ਇਸ ਮੌਕੇ 'ਤੇ ਮਹਾਰਾਜਾ ਦੀ ਡਿਉਢੀ ਦੇ ਜਮਾਂਦਾਰ ਖੁਸ਼ਹਾਲ ਸਿੰਘ ਨੇ ਮਹਾਰਾਜਾ ਦੇ ਹਜ਼ੂਰ ਵਿਚ ਬੇਨਤੀ ਕੀਤੀ ਕਿ ਜੇਕਰ ਬਾਗ਼ ਦੇ ਅੱਧ-ਵਿਚਕਾਰ ਸੰਗਮਰਮਰ ਦੀ ਬਾਰਾਂਦਰੀ ਵੀ ਬਣਵਾ ਦਿੱਤੀ ਜਾਵੇ ਤਾਂ ਇਸ ਨਾਲ ਬਾਗ਼ ਦੀ ਸ਼ਾਨ ਵਿਚ ਚਾਰ ਚੰਨ ਲੱਗ ਜਾਣਗੇ। ਸੋ, ਬਾਰਾਂਦਰੀ ਦਾ ਨਿਰਮਾਣ ਕਰਵਾ ਦਿੱਤਾ ਗਿਆ।
ਹਜ਼ੂਰੀ ਬਾਗ਼ ਅਤੇ ਬਾਗ਼ ਵਿਚਲੀ ਡੇਢ ਮੰਜ਼ਿਲਾ ਬਾਰਾਂਦਰੀ ਦਾ ਨਿਰਮਾਣ 5 ਸਾਲ ਬਾਅਦ ਸੰਨ 1818 ਵਿਚ ਮੁਕੰਮਲ ਹੋਇਆ। ਸਫ਼ੈਦ ਸੰਗਮਰਮਰ ਨਾਲ ਬਣੀ ਇਹ ਬਾਰਾਂਦਰੀ ਸੰਗਮਰਮਰ ਦੇ 16 ਮਜ਼ਬੂਤ ਖੰਭਿਆਂ 'ਤੇ ਟਿਕੀ ਹੋਈ ਹੈ। ਬਾਰਾਂਦਰੀ ਦੀ ਛੱਤ 'ਤੇ ਫੁੱਲਾਂ, ਫਲਾਂ, ਪੰਛੀਆਂ ਆਦਿ ਦੇ ਚਿੱਤਰਾਂ ਸਹਿਤ ਰੰਗ-ਬਰੰਗੇ ਸ਼ੀਸ਼ਿਆਂ ਨਾਲ ਬਹੁਤ ਸਜਾਵਟੀ ਕੰਮ ਕੀਤਾ ਗਿਆ ਹੈ।
ਮਹਾਰਾਜਾ ਅਕਸਰ ਫ਼ੁਰਸਤ ਦੇ ਪਲਾਂ ਵਿਚ ਇਸ ਬਾਰਾਂਦਰੀ 'ਚ ਸਮਾਂ ਬਤੀਤ ਕਰਨ ਲਈ ਚਲੇ ਆਉਂਦੇ ਸਨ। ਇਥੇ ਹੀ ਉਨ੍ਹਾਂ ਸਿੱਖ ਦਰਬਾਰ ਨਾਲ ਸਬੰਧਤ ਜਰਨੈਲਾਂ, ਰਾਜਿਆਂ ਅਤੇ ਅੰਗਰੇਜ਼ ਸ਼ਾਸਕਾਂ ਨਾਲ ਕਈ ਮਹੱਤਵਪੂਰਨ ਸਭਾਵਾਂ ਕੀਤੀਆਂ।
ਅਪ੍ਰੈਲ-ਮਈ, 1836 ਵਿਚ ਮਹਾਰਾਜਾ ਨੂੰ ਸਖ਼ਤ ਬੁਖ਼ਾਰ ਆਉਣ 'ਤੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਨ ਲੱਗੀ। ਕਿਸੇ ਵੀ ਦਵਾਈ ਦਾ ਅਸਰ ਨਾ ਹੁੰਦਾ ਵੇਖ 9 ਜੇਠ, ਸੰਮਤ-1896 (ਸੰਨ 1839) ਨੂੰ ਹਜ਼ੂਰੀ ਬਾਗ਼ ਦੀ ਬਾਰਾਂਦਰੀ ਵਿਚ ਮਹਾਰਾਜਾ ਵੱਲੋਂ ਸਭ ਸਰਦਾਰਾਂ, ਫੌਜ ਦੇ ਅਧਿਕਾਰੀਆਂ ਅਤੇ ਰਾਜ ਦੇ ਪ੍ਰਮੁੱਖ ਜਗੀਰਦਾਰਾਂ ਨੂੰ ਇਕੱਠੇ ਹੋਣ ਦਾ ਹੁਕਮ ਭੇਜਿਆ ਗਿਆ। ਨਿਯਤ ਦਿਨ ਜਦੋਂ ਸਾਰੇ ਦਰਬਾਰੀ ਉਪਰੋਕਤ ਦਰਬਾਰ ਵਿਚ ਪਹੁੰਚ ਗਏ ਤਾਂ ਸ਼ੇਰੇ-ਪੰਜਾਬ ਸੋਨੇ ਦੀ ਪਾਲਕੀ ਵਿਚ ਉੱਥੇ ਲਿਆਂਦੇ ਗਏ। ਲੰਬੇ ਚਲਦੇ ਆ ਰਹੇ ਬੁਖ਼ਾਰ ਦੇ ਕਾਰਨ ਉਹ ਐਨੇ ਕਮਜ਼ੋਰ ਹੋ ਚੁੱਕੇ ਸਨ ਕਿ ਕੁਰਸੀ 'ਤੇ ਬੈਠਣ ਦੀ ਹਾਲਤ ਵਿਚ ਵੀ ਨਹੀਂ ਸਨ, ਇਸ ਲਈ ਉਹ ਪਾਲਕੀ ਵਿਚ ਹੀ ਸਿਰਹਾਣੇ ਦੀ ਢੋਹ ਲਗਾ ਕੇ ਬੈਠੇ ਰਹੇ। ਉਨ੍ਹਾਂ ਦੇ ਉਥੇ ਪਹੁੰਚਣ 'ਤੇ ਕਿਲ੍ਹੇ ਵਿਚੋਂ 101 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਨਾਲ ਹੀ ਅਹਿਲਕਾਰਾਂ ਨੇ ਖੜ੍ਹੇ ਹੋ ਕੇ ਫਤਹਿ ਬੁਲਾਈ, ਪਰ ਮਹਾਰਾਜਾ ਇਸ ਦੇ ਜਵਾਬ ਵਿਚ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਸਵੀਕਾਰ ਕਰਨ ਤੱਕ ਦੀ ਸਥਿਤੀ ਵਿਚ ਵੀ ਨਹੀਂ ਸਨ ਅਤੇ ਪਾਲਕੀ ਵਿਚ ਹੀ ਕੁਝ ਦੇਰ ਢੋਹ ਲਾ ਕੇ ਬੈਠੇ ਰਹਿਣ ਤੋਂ ਬਾਅਦ ਲੇਟ ਗਏ।
ਕਾਫੀ ਸਮੇਂ ਤੱਕ ਮਾਹੌਲ ਵਿਚ ਚੁੱਪ ਛਾਈ ਰਹੀ। ਫਿਰ ਬਹੁਤ ਹੀ ਹੌਲੀ ਆਵਾਜ਼ ਵਿਚ ਮਹਾਰਾਜਾ ਨੇ ਕੁਝ ਕਹਿਣਾ ਸ਼ੁਰੂ ਕੀਤਾ। ਆਵਾਜ਼ ਬਹੁਤ ਮੱਧਮ ਹੋਣ ਦੇ ਕਾਰਨ ਅਤੇ ਸ਼ਬਦ ਸਪੱਸ਼ਟ ਨਾ ਹੋਣ ਕਰਕੇ ਮਹਾਰਾਜਾ ਜੋ ਬੋਲ ਰਹੇ ਸਨ ਜਾਂ ਫਿਰ ਜੋ ਬੋਲਣਾ ਚਾਹ ਰਹੇ ਸਨ, ਫਕੀਰ ਅਜ਼ੀਜੁਦੀਨ ਨੇ ਉਸ ਸਭ ਦਾ ਆਪਣੇ ਢੰਗ ਨਾਲ ਅਨੁਵਾਦ ਕਰਕੇ ਬੋਲਣਾ ਸ਼ੁਰੂ ਕੀਤਾ-'ਬਹਾਦਰ ਖ਼ਾਲਸਾ ਜੀ, ਖ਼ਾਲਸਾ ਰਾਜ ਦੇ ਨਿਰਮਾਣ ਦੇ ਲਈ ਆਪ ਨੇ ਵੱਡੀ ਘਾਲਣਾ ਘਾਲ ਕੇ ਅਤੇ ਵੱਡੀਆਂ ਕੋਸ਼ਿਸ਼ਾਂ ਕਰਕੇ ਜੋ ਆਪਣਾ ਖੂਨ ਵਹਾਇਆ ਹੈ, ਉਹ ਅਸਫ਼ਲ ਨਹੀਂ ਗਿਆ। ਇਸ ਸਮੇਂ ਆਪਣੇ ਚਾਰੇ ਪਾਸੇ ਜੋ ਵੇਖ ਰਹੇ ਹੋ, ਇਹ ਸਭ ਤੁਹਾਡੀਆਂ ਕੁਰਬਾਨੀਆਂ ਅਤੇ ਸੇਵਾਵਾਂ ਦਾ ਫਲ ਹੈ। ਮੈਂ ਗੁਰੂ ਸਾਹਿਬਾਨ ਅਤੇ ਤੁਹਾਡੇ ਭਰੋਸੇ ਇਕ ਸਾਧਾਰਨ ਪਿੰਡ ਤੋਂ ਉੱਠ ਕੇ ਸਾਰੇ ਪੰਜਾਬ 'ਤੇ ਅਤੇ ਇਸ ਦੇ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ ਅਤੇ ਸਿੰਧ ਤੱਕ ਸਿੱਖ ਰਾਜ ਸਥਾਪਤ ਕਰ ਦਿੱਤਾ ਹੈ। ਸਵਾਸਾਂ 'ਤੇ ਕੋਈ ਭਰੋਸਾ ਨਹੀਂ, ਪਰ ਜੇਕਰ ਮੇਰਾ ਅੰਤ ਨਜ਼ਦੀਕ ਹੀ ਹੈ ਤਾਂ ਇਸ 'ਤੇ ਪੱਕੇ ਤੌਰ 'ਤੇ ਵਿਸ਼ਵਾਸ ਕਰੋ ਕਿ ਮੈਂ ਆਪ ਸਭ ਤੋਂ ਖੁਸ਼ੀ-ਖੁਸ਼ੀ ਵਿਦਾ ਹੋਵਾਂਗਾ। ਮੈਂ ਇਸ ਸਮੇਂ ਆਪ ਸਭ ਨੂੰ ਮਹਾਰਾਜਾ ਖੜਕ ਸਿੰਘ ਦੇ ਹੱਥ ਸੌਂਪਦਾ ਹਾਂ। ਤੁਸੀਂ ਇਨ੍ਹਾਂ ਨੂੰ ਮੇਰੇ ਸਮਾਨ ਹੀ ਮੰਨਣਾ ਅਤੇ ਇਹ ਹਮੇਸ਼ਾ ਆਪ ਸਭ ਦੀ ਭਲਾਈ ਲਈ ਇੱਛੁਕ ਰਹਿਣਗੇ।'
ਮਹਾਰਾਜਾ ਐਨਾ ਕਹਿਣ ਦੇ ਬਾਅਦ ਖਾਮੋਸ਼ ਹੋ ਗਏ। ਰਾਜ-ਦਰਬਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮਹਾਰਾਜਾ ਖੜਕ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ। ਇਸੇ ਬਾਰਾਂਦਰੀ ਦੇ ਸਥਾਨ 'ਤੇ ਮਹਾਰਾਜਾ ਨੇ ਆਪਣੇ ਹੱਥਾਂ ਨਾਲ ਸ਼ਹਿਜ਼ਾਦਾ ਖੜਕ ਸਿੰਘ ਦਾ ਮਹਾਰਾਜਗੀ ਦਾ ਰਾਜ-ਤਿਲਕ ਕੀਤਾ ਅਤੇ ਧਿਆਨ ਸਿੰਘ ਡੋਗਰਾ ਨੂੰ ਪ੍ਰਧਾਨ ਮੰਤਰੀ ਦੇ ਪੁਸ਼ਾਕੇ ਪਵਾਏ। ਧਿਆਨ ਸਿੰਘ ਨੂੰ ਸਿੱਖ ਰਾਜ ਦਾ ਨਾਇਬ, ਪ੍ਰਧਾਨ ਮੰਤਰੀ, ਪ੍ਰਮੁੱਖ ਪ੍ਰਬੰਧਕ ਅਤੇ ਮੁਖ਼ਤਿਆਰ-ਕੁਲ ਆਦਿ ਖ਼ਿਤਾਬ ਬਖ਼ਸ਼ੇ ਗਏ ਅਤੇ ਇਸ ਸਾਰੀ ਕਾਰਵਾਈ ਦੀ ਲਿਖਤ ਜਾਣਕਾਰੀ ਇਸ਼ਤਿਹਾਰ ਦੇ ਰੂਪ ਵਿਚ ਮੁਲਤਾਨ, ਪੇਸ਼ਾਵਰ, ਕਸ਼ਮੀਰ ਅਤੇ ਸਿੰਧ ਆਦਿ ਇਲਾਕਿਆਂ ਵਿਚ ਭੇਜ ਦਿੱਤੀ ਗਈ।
ਉਪਰੋਕਤ ਸ਼ਾਹੀ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੀ ਰਹਿਨੁਮਾਈ ਵਿਚ ਸਿੱਖ ਰਾਜ ਦਾ ਆਖ਼ਰੀ ਦਰਬਾਰ ਸੀ, ਜੋ ਹਜ਼ੂਰੀ ਬਾਗ਼ ਦੀ ਬਾਰਾਂਦਰੀ ਦੇ ਮੁਕਾਮ 'ਤੇ ਸ਼ੇਰੇ-ਪੰਜਾਬ ਦੁਆਰਾ ਮਹਾਰਾਜਾ ਖੜਕ ਸਿੰਘ ਨੂੰ ਰਾਜ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪੇ ਜਾਣ ਤੋਂ ਬਾਅਦ ਖ਼ਤਮ ਹੋ ਗਿਆ। ਇਸ ਤੋਂ ਬਾਅਦ ਮੁੜ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਬਾਰਾਂਦਰੀ ਦੇ ਸਥਾਨ 'ਤੇ ਲਿਆਂਦੇ ਗਏ ਤਾਂ ਉਹ ਇਸ ਜਹਾਨ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖ਼ਸਤ ਹੋ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ ਦੇ ਅਗਲੇ ਦਿਨ 28 ਜੂਨ, 1839 ਨੂੰ ਇਸੇ ਬਾਰਾਂਦਰੀ ਦੇ ਸਥਾਨ 'ਤੇ ਪਰਜਾ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਰੱਖੀ ਗਈ ਅਤੇ ਬਾਅਦ ਵਿਚ ਇਸੇ ਬਾਰਾਂਦਰੀ ਦੇ ਪੱਛਮੀ ਦਰਵਾਜ਼ੇ ਵੱਲੋਂ ਦੀ ਹੁੰਦੀ ਹੋਈ ਉਨ੍ਹਾਂ ਦੀ ਅਰਥੀ ਦਰਿਆ ਰਾਵੀ ਦੇ ਕਿਨਾਰੇ ਅੰਤਿਮ ਸੰਸਕਾਰ ਦੇ ਲਈ ਲਿਜਾਈ ਗਈ।
ਲੈਫ਼ਟੀਨੈਂਟ ਵਿਲੀਅਮ ਬਾਰ ਨੇ ਹਜ਼ੂਰੀ ਬਾਗ਼ ਦੀ ਬਾਰਾਂਦਰੀ ਮਾਰਚ, 1839 ਵਿਚ, ਮੂਰ ਕ੍ਰਾਫ਼ਟ ਨੇ ਮਈ, 1820, ਅਲੈਗਜੈਂਡਰ ਬਾਰਨਸ ਨੇ ਜੁਲਾਈ, 1831, ਕੈਪਟਨ ਵੋਨ ਆਰਲਿਚ ਨੇ ਜਨਵਰੀ, 1843 ਵਿਚ ਵੇਖੀ ਅਤੇ ਇਸ ਦੇ ਸੰਬੰਧ ਵਿਚ ਵਿਸਥਾਰ ਨਾਲ ਲਿਖਿਆ। ਬ੍ਰਿਟਿਸ਼ ਰਾਜ ਦੇ ਦੌਰਾਨ ਹਰ ਸ਼ਾਮ ਇਸ ਬਾਰਾਂਦਰੀ ਦੇ ਸਥਾਨ 'ਤੇ ਲਾਹੌਰ ਦੇ ਸਥਾਨਕ ਅੰਗਰੇਜ਼ ਅਧਿਕਾਰੀ ਇਕੱਠੇ ਹੁੰਦੇ ਸਨ ਅਤੇ ਅੰਗਰੇਜ਼ੀ ਬੈਂਡ ਇਥੇ ਆਉਣ ਵਾਲੇ ਲੋਕਾਂ ਦਾ ਮਨੋਰੰਜਨ ਕਰਦਾ ਸੀ। 19 ਜੁਲਾਈ, 1932 ਨੂੰ ਬਾਰਾਂਦਰੀ ਦੀ ਉੱਪਰਲੀ ਮੰਜ਼ਿਲ ਭੁਚਾਲ ਦਾ ਝਟਕਾ ਲੱਗਣ 'ਤੇ ਡਿੱਗ ਗਈ। ਬਾਰਾਂਦਰੀ ਦਾ ਟੁੱਟਿਆ ਹੋਇਆ ਢਾਂਚਾ ਲਾਹੌਰ ਅਜਾਇਬ ਘਰ ਵਿਚ ਰੱਖ ਦਿੱਤਾ ਗਿਆ, ਜਿੱਥੇ ਉਹ ਅੱਜ ਵੀ ਸੁਰੱਖਿਅਤ ਹੈ।


-ਅੰਮ੍ਰਿਤਸਰ। ਮੋਬਾ: 9356127771, 7837849764

ਗੁਰਦੁਆਰਾ ਸੰਗਤ ਟੋਲਾ (ਬੰਗਲਾਦੇਸ਼)

ਗੁਰੂ ਤੇਗ਼ ਬਹਾਦਰ ਸਾਹਿਬ ਦੀ ਆਸਾਮ, ਬੰਗਾਲ ਇਤਿਹਾਸਕ ਯਾਤਰਾ ਨਾਲ ਸਬੰਧਤ ਹੈ ਗੁਰਦੁਆਰਾ ਸੰਗਤ ਟੋਲਾ। ਇਹ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਬੰਗਲਾ ਬਾਜ਼ਾਰ 'ਚ 14 ਸੋਰਸ ਦਾਸ ਲੇਨ 'ਚ ਸਥਿਤ ਹੈ। ਢਾਕਾ ਸ਼ਹਿਰ ਦੇ ਦਰਮਿਆਨ, ਮਿਊਂਸਪਲ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਬੰਗਲਾ ਬਾਜ਼ਾਰ ਵਿਚ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਹਿੰਦ ਦੀ ਚਾਦਰ, ਗੁਰੂ ਤੇਗ਼ ਬਹਾਦਰ ਸਾਹਿਬ ਭਾਈ ਬੁਲਾਖੀ ਦਾਸ ਦੇ ਘਰ ਠਹਿਰੇ ਸਨ। ਭਾਈ ਬੁਲਾਖੀ ਦਾਸ ਜੋ ਗੁਰੂ-ਘਰ ਦਾ ਮਸੰਦ ਸੀ, ਦੀ ਬਜ਼ੁਰਗ ਮਾਤਾ ਦੁਆਰਾ ਹੱਥੀਂ ਤਿਆਰ ਕੀਤਾ ਚੋਲਾ ਗੁਰੂ ਜੀ ਨੇ ਸਵੀਕਾਰ ਕੀਤਾ। ਗੁਰੂ ਜੀ ਦੀ ਯਾਦ ਨੂੰ ਸਮਰਪਿਤ ਘਰ ਨੂੰ, ਗੁਰਦੁਆਰੇ ਦਾ ਰੂਪ ਦਿੱਤਾ ਗਿਆ। ਗੁਰੂ-ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਪਾਵਨ ਬੀੜਾਂ ਸੁਰੱਖਿਅਤ ਸਨ। ਗੁਰੂ ਤੇਗ਼ ਬਹਾਦਰ ਜੀ ਦਾ ਪੁਰਾਣਾ ਚਿੱਤਰ, ਕੁਝ ਹੁਕਮਨਾਮੇ, ਸੰਭਾਲੇ ਹੋਏ ਹਨ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਇਸ ਅਸਥਾਨ 'ਤੇ (1666-68 ਈ:) ਦੋ ਸਾਲ ਦੇ ਲਗਪਗ ਨਿਵਾਸ ਕੀਤਾ। ਇੱਥੇ ਗੁਰੂ ਜੀ ਨੂੰ ਬਾਲ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਹੋਣ ਦੀ ਖ਼ਬਰ ਮਿਲੀ। ਗੁਰੂ ਜੀ ਦੇ ਨਿਵਾਸ ਸਮੇਂ ਇਸ ਅਸਥਾਂਨ ਨੂੰ ਹਜ਼ੂੂਰੀ ਸੰਗਤ ਜਾਂ ਹਰੀ ਘਰ ਕਿਹਾ ਜਾਂਦਾ ਸੀ। ਬਹੁਤ ਥੋੜ੍ਹੀ ਜਿਹੀ ਜਗ੍ਹਾ ਕੇਵਲ 4 ਕੱਠੇ (10 ਮਰਲੇ) ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੋ ਮੰਜ਼ਿਲਾ ਹੈ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਢੱਠੇ ਹੋਏ ਹਿੱਸੇ ਦੀਆਂ ਨੀਂਹਾਂ ਬਹੁਤ ਮਜ਼ਬੂਤ ਹਨ। ਗੁਰੂ ਤੇਗ਼ ਬਹਾਦਰ ਸਾਹਿਬ ਇੱਥੇ ਕਾਫ਼ੀ ਸਮਾਂ ਠਹਿਰੇ, ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਜੁੜਦੀਆਂ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ, ਇਸ ਕਰਕੇ ਇਸ ਦਾ ਨਾਂਅ ਹੀ ਸੰਗਤ ਟੋਲਾ ਪੈ ਗਿਆ।
ਇਸ ਇਤਿਹਾਸਕ ਗੁਰਦੁਆਰੇ 'ਚ ਕੁਝ ਹੱਥ-ਲਿਖਤ ਪਾਵਨ ਬੀੜਾਂ ਮੌਜੂਦ ਸਨ, ਜਿਨ੍ਹਾਂ ਵਿਚ ਇਕ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਸਨ। ਮਸੰਦ ਬੁਲਾਕੀ ਦਾਸ ਦੀ ਮਾਤਾ ਨੇ ਕਿਸੇ ਮੁਸਲਮਾਨ ਮੁਸਵਰ ਪਾਸੋਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਚਿੱਤਰ ਤਿਆਰ ਕਰਵਾਇਆ, ਜੋ ਜ਼ਰਜ਼ਰੀ ਹਾਲਤ 'ਚ ਹੁਣ ਨਾਨਕਸ਼ਾਹੀ ਢਾਕਾ 'ਚ ਮੌਜੂਦ ਹੈ। ਕੁਝ ਪੁਰਾਤਨ ਹੁਕਮਨਾਮੇ ਮਿਲਦੇ ਹਨ, ਜਿਨ੍ਹਾਂ ਵਿਚ ਇਕ ਡਾ: ਗੰਡਾ ਸਿੰਘ ਨੇ ਆਪਣੀ ਪੁਸਤਕ ਹੁਕਮਨਾਮੇ ਤੇ ਨਿਸ਼ਾਨ 'ਚ ਅੰਕਿਤ ਕੀਤਾ।
ਛੋਟੇ ਜਿਹੇ ਗੁਰੂ-ਘਰ ਦੇ ਨਾਲ ਕੁਝ ਰਿਹਾਇਸ਼ੀ ਮਕਾਨ ਹਨ, ਜਿਨ੍ਹਾਂ 'ਤੇ ਪੁਰਾਣੇ ਕਿਰਾਏਦਾਰ ਕਾਬਜ਼ ਹਨ। ਗੁਰੂ-ਘਰ ਦੇ ਕੁਝ ਮਕਾਨਾਂ 'ਤੇ ਹਿੰਦੂ ਪਰਿਵਾਰਾਂ ਦਾ ਕਬਜ਼ਾ ਹੈ। ਇਸ ਗੁਰੂ-ਘਰ ਨੂੰ ਦੋ ਪਾਸੇ ਗਲੀ ਲਗਦੀ ਹੈ। ਗੁਰਦੁਆਰਾ ਸਾਹਿਬ ਦੀ ਬਾਹਰੋਂ ਇਮਾਰਤ ਛੋਟੀ, ਸੋਹਣੀ ਤੇ ਮਜ਼ਬੂਤ ਦਿਖਾਈ ਦਿੰਦੀ ਹੈ, ਪਰ ਇਸ ਸਮੇਂ ਪ੍ਰਕਾਸ਼ ਅਸਥਾਨ ਦੀ ਹਾਲਤ ਖਸਤਾ ਹੈ। 1895 ਈ: ਤੋਂ 1939 ਈ: ਤੱਕ ਭਾਈ ਰਾਮ ਸਿੰਘ ਗ੍ਰੰਥੀ ਸਿੰਘ ਵਜੋਂ ਸੇਵਾ ਕਰਦੇ ਰਹੇ। ਫਿਰ ਉਨ੍ਹਾਂ ਦੇ ਪੋਤਰੇ ਡਾ: ਕਿਰਪਾਲ ਸਿੰਘ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਰਹੇ। ਉਸ ਦੀ ਗ਼ੈਰ-ਹਾਜ਼ਰੀ 'ਚ ਉਸ ਦੀ ਮਾਤਾ ਕੰਚਨ ਦੇਵੀ ਸੇਵਾ ਕਰਦੀ ਰਹੀ, ਜਿਸ ਨੂੰ 'ਸਿਖੇਰ ਮਾਂ' (ਸਿੱਖਾਂ ਦੀ ਮਾਤਾ) ਕਿਹਾ ਜਾਂਦਾ ਸੀ। ਪਰ ਹਾਲਾਤ ਵੱਸ ਮਾਤਾ ਕੰਚਨ ਦੇਵੀ ਨੂੰ ਇਹ ਗੁਰੂ-ਘਰ ਛੱਡ ਕੇ ਜਾਣਾ ਪਿਆ। 24 ਦਸੰਬਰ, 1971 ਈ: ਨੂੰ ਈ. ਐਮ. ਏ. ਦੇ ਸਿਪਾਹੀ ਰਾਜਿੰਦਰ ਸਿੰਘ ਨੂੰ ਇਸ ਗੁਰੂ-ਘਰ ਬਾਰੇ ਪਤਾ ਚੱਲਿਆ ਤਾਂ ਯੂਨਿਟ ਵਾਲਿਆਂ ਨੇ ਉਸ ਦੀ ਹੀ ਡਿਊਟੀ, ਸੇਵਾ-ਸੰਭਾਲ ਵਾਸਤੇ ਲਗਾ ਦਿੱਤਾ। ਯੂਨਿਟ ਤਬਦੀਲ ਹੋਣ ਤੱਕ ਉਹ ਸੇਵਾ ਕਰਦਾ ਰਿਹਾ। ਉਪਰੰਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਡੈਪੂਟੇਸ਼ਨ 'ਤੇ ਗ੍ਰੰਥੀ ਸਿੰਘ ਨਿਯੁਕਤ ਕੀਤਾ ਗਿਆ। ਘਣੀ ਮੁਸਲਮ ਆਬਾਦੀ 'ਚ ਸਥਿਤ ਇਸ ਗੁਰੂ-ਘਰ ਦੀ ਇਮਾਰਤ ਖਸਤਾ ਹਾਲਤ ਵਿਚ ਹੈ, ਜਿਸ ਸਮੇਂ ਅਸੀਂ ਦਰਸ਼ਨ ਕੀਤੇ, ਛੱਤ ਤੋਂ ਬਾਲੇ ਡਿੱਗ ਰਹੇ ਸਨ।
ਗੁਰਦੁਆਰੇ ਦੀ ਇਮਾਰਤ ਪੂਰੀ ਤਰ੍ਹਾਂ ਜ਼ਰਜ਼ਰੀ ਹੋ ਚੁੱਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਮਰਿਆਦਾ ਰੋਜ਼ਾਨਾ ਹੁੰਦੀ ਹੈ। ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਹੁਣ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕਰ ਰਿਹਾ ਹੈ, ਜਿਸ ਨੇ ਕੁਝ ਗ੍ਰੰਥੀ ਸਿੰਘ ਤੇ ਸੇਵਾਦਾਰ ਰੱਖੇ ਹੋਏ ਹਨ। ਬਾਬਾ ਸੁੱਖਾ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਇਸ ਵਿਚ ਸਹਿਯੋਗੀ ਹਨ। ਗੁਰਦੁਆਰਾ ਸੰਗਤ ਟੋਲਾ ਢਾਕਾ ਸ਼ਹਿਰ 'ਚ ਦੂਸਰਾ ਮਹੱਤਵਪੂਰਨ ਗੁਰੂ-ਘਰ ਹੈ।


-ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98146-37979.
E-mail : roopsz@yahoo.com

ਅਬਦੀ ਕਾਦਰੀ

ਮੌਲਾਨਾ ਮੁਹੰਮਦ ਅਸਦੁੱਲਾ ਅਬਦੀ ਕਾਦਰੀ ਕੈਸਰਸ਼ਾਹੀ ਪੰਜਾਬੀ ਸੂਫ਼ੀ ਕਵਿਤਾ ਦੇ ਇਤਿਹਾਸ ਵਿਚ ਵਧੇਰੇ ਕਰਕੇ ਅਬਦੀ ਕਾਦਰੀ ਕਰਕੇ ਹੀ ਜਾਣਿਆ ਜਾਂਦਾ ਹੈ। ਇਹ ਗੁੱਜਰਾਂਵਾਲੇ ਦਾ ਵਸਨੀਕ ਸੀ। ਇਸ ਦਾ ਜਨਮ 1823 ਈ: ਵਿਚ ਰਸੂਲ ਨਗਰ (ਰਾਮ ਨਗਰ) ਵਿਚ ਹੋਇਆ। ਪਿਤਾ ਦਾ ਨਾਂਅ ਸ਼ੇਖ ਮੁਹੰਮਦ ਯਾਰ ਸੀ। ਇਸ ਨੇ ਪਹਿਲਾਂ ਮਹਾਰਾਜਾ ਦਲੀਪ ਸਿੰਘ ਦੀ ਨੌਕਰੀ ਕੀਤੀ ਅਤੇ ਜਦੋਂ 1849 ਈ: ਵਿਚ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰਕੇ ਦਲੀਪ ਸਿੰਘ ਨੂੰ ਫਾਰੁਖਾਬਾਦ (ਉੱਤਰ ਪ੍ਰਦੇਸ਼) ਲੈ ਗਏ ਤਾਂ ਅਬਦੀ ਕਾਦਰੀ ਵੀ ਨਾਲ ਸੀ। ਫਿਰ ਮਹਾਰਾਜੇ ਦੀ ਨੌਕਰੀਓਂ ਅੱਡ ਹੋ ਕੇ ਵਤਨ ਪਰਤ ਆਇਆ। ਕਿਸੇ ਵਿਦਵਾਨ ਨੇ ਇਸ ਦੇ ਪੁਲਿਸ ਵਿਚ ਭਰਤੀ ਹੋ ਕੇ ਥਾਣੇਦਾਰ ਤੇ ਨਾਜਰ ਹੋਣ ਦੀ ਗੱਲ ਕਹੀ ਹੈ ਅਤੇ ਕਿਸੇ ਨੇ ਗੁੱਜਰਾਂਵਾਲੇ ਦੇ ਡਿਪਟੀ ਕਮਿਸ਼ਨਰ ਦੀ ਕਚਹਿਰੀ ਵਿਚ ਰੀਡਰ ਹੋਣ ਦੀ ਗੱਲ ਲਿਖੀ ਹੈ। ਸੰਨ 1884 ਈ: ਵਿਚ ਨੌਕਰੀ ਤੋਂ ਸੇਵਾ-ਮੁਕਤ ਹੋਇਆ ਅਤੇ 1918 ਈ: ਵਿਚ ਗੁੱਜਰਾਂਵਾਲੇ ਹੀ ਕਾਲ ਵੱਸ ਹੋਇਆ। ਅਬਦੀ ਕਾਦਰੀ ਇਕ ਸੂਫ਼ੀ ਦਰਵੇਸ਼ ਸੀ ਅਤੇ ਸਾਈਂ ਕੈਸਰ ਸ਼ਾਹ ਬਾਈਆਂਵਾਲੀ ਦਾ ਮੁਰੀਦ ਸੀ।
ਹਾਫਿਜ਼ ਮਹਿਮੂਦ ਸ਼ੀਰਾਨੀ ਅਤੇ ਮੋਹਨ ਸਿੰਘ ਦੀਵਾਨਾ ਨੇ ਕਿਸੇ ਹੋਰ ਅਬਦੀ ਨਾਂਅ ਦੇ ਕਵੀ ਦੀ ਦੱਸ ਵੀ ਪਾਈ ਹੈ, ਜੋ ਔਰੰਗਜ਼ੇਬ ਦਾ ਸਮਕਾਲੀ ਸੀ। ਦੀਵਾਨਾ ਨੇ ਤਾਂ ਕੇਵਲ ਸੰਕੇਤ ਹੀ ਕੀਤਾ ਹੈ, ਜਦ ਕਿ ਸ਼ੀਰਾਨੀ ਨੇ ਇਸ ਬਾਰੇ ਵਧੇਰੇ ਚਰਚਾ ਕੀਤੀ ਹੈ। ਇਸ ਨੇ ਇਕ ਕਿਤਾਬ 'ਫਿਕਹ ਹਿੰਦੀ' ਲਿਖੀ ਸੀ। ਹੁਣ ਪ੍ਰਸ਼ਨ ਇਹ ਹੈ ਕਿ ਦੋਵੇਂ ਕਵੀ ਵੱਖ-ਵੱਖ ਸਨ ਜਾਂ ਇਕ ਹੀ? ਹਾਫਿਜ ਮਹਿਮੂਦ ਸ਼ੀਰਾਨੀ ਨੇ ਇਸ ਪ੍ਰਸ਼ਨ ਨੂੰ ਵਿਚਾਰਦਿਆਂ ਇਹ ਸਿੱਟਾ ਕੱਢਿਆ ਹੈ ਕਿ ਕਿਤਾਬ 'ਫਿਕਹ ਹਿੰਦੀ' ਦਾ ਕਰਤਾ ਅਬਦੀ ਹੈ, ਮੁਹੰਮਦ ਜੀਵਨ ਨਹੀਂ, ਕਿਉਂਕਿ ਰਚਨਾ ਦੀ ਭਾਸ਼ਾ ਪੰਜਾਬੀ ਹੈ। ਉਸ ਦਾ ਨਿਰਣਾ ਹੈ, 'ਅਬਦੀ ਪੰਜਾਬੀ ਦਾ ਇਕ ਕਵੀ ਹੋਇਆ ਹੈ ਜੋ ਰਿਸਾਲਾ-ਇ-ਮੁਹੰਮਦੀ ਦਾ ਕਰਤਾ ਹੈ। ਹੁਣ ਰਿਸਾਲਾ-ਇ-ਹਿੰਦੀ ਅਤੇ ਫਿਕਹ ਹਿੰਦੀ ਦੀ ਬੋਲੀ ਦੀ ਆਪਸ ਵਿਚ ਬਹੁਤ ਸਮਾਨਤਾ ਹੈ। ਏਸੇ ਕਾਰਨ ਮੇਰਾ ਖਿਆਲ ਹੈ ਕਿ ਦੋਵੇਂ ਰਸਾਲਿਆਂ ਦਾ ਕਰਤਾ ਇਕੋ ਵਿਅਕਤੀ ਹੈ।' ਸ਼ੀਰਾਨੀ ਦਾ ਇਹ ਵੀ ਵਿਚਾਰ ਹੈ ਕਿ 'ਫਿਕਹ ਹਿੰਦੀ' ਅਸਲ ਵਿਚ 1233 ਹਿ: (1815 ਈ:) ਦੀ ਲਿਖੀ ਹੋਈ, ਔਰੰਗਜ਼ੇਬ ਦੇ ਸਮੇਂ ਦੀ ਨਹੀਂ। ਔਰੰਗਜ਼ੇਬ ਦੇ ਸਮਕਾਲੀ ਕਵੀ ਦਾ ਅਸਲ ਨਾਂਅ ਮੁਹੰਮਦ ਜੀਵਨ ਉਰਫ਼ ਮਹਿਬੂਬ ਆਲਮ ਹੈ, ਜੋ ਝੱਜਰ (ਅੱਜਕਲ੍ਹ ਹਰਿਆਣਾ ਪ੍ਰਾਂਤ ਦਾ ਇਕ ਜ਼ਿਲ੍ਹਾ) ਦਾ ਵਸਨੀਕ ਸੀ, ਇਸ ਨੇ ਮਹਿਸ਼ਰਨਾਮਾ ਲਿਖਿਆ ਸੀ। ਮਹਿਮੂਦ ਸ਼ੀਰਾਨੀ ਹੋਰ ਵਿਆਖਿਆ ਕਰਦਾ ਲਿਖਦਾ ਹੈ ਕਿ ਰਿਆਸਤ ਅਵਧ ਦੇ ਕੁਤਬਖਾਨੇ ਵਿਚਲੀਆਂ ਪੁਸਤਕਾਂ ਦੀ ਸੂਚੀ ਬਣਾਉਣ ਲੱਗਿਆਂ ਇਕ ਅੰਗਰੇਜ਼ ਵਿਦਵਾਨ ਸਪਰਿੰਗਰ ਨੇ ਮੁੱਢਲਾ ਸ਼ਿਅਰ ਤਾਂ ਮਹਿਸ਼ਰਨਾਮਾ ਦਾ ਦੇ ਦਿੱਤਾ ਅਤੇ ਆਖਰੀ ਫਿਕਹ ਹਿੰਦੀ ਦਾ, ਕਿਉਂਕਿ ਦੋਵੇਂ ਰਸਾਲੇ ਇਕ ਹੀ ਜਿਲਦ ਵਿਚ ਬੰਨ੍ਹੇ ਹੋਏ ਸਨ। ਇਸੇ ਕਰਕੇ ਉਸ ਨੂੰ ਦੋਵਾਂ ਦਾ ਕਰਤਾ ਇਕ ਹੀ ਲੇਖਕ ਹੋਣ ਦਾ ਟਪਲਾ ਲੱਗ ਗਿਆ। ਬਹਰਹਾਲ ਇਸ ਬਾਰੇ ਅੰਤਿਮ ਨਿਰਣੇ ਉਪਰ ਪੁੱਜਣ ਲਈ ਅਜੇ ਅਗਲੇਰੀ ਖੋਜ ਦੀ ਲੋੜ ਹੈ।
ਅਬਦੀ ਕਾਦਰੀ, ਨਿਰਸੰਦੇਹ ਇਕ ਸੂਫ਼ੀ ਬਜ਼ੁਰਗ ਸੀ। ਇਸ ਦੀਆਂ ਰਚਨਾਵਾਂ ਵਿਚ ਯਾਰਨਾਮਾ (ਜਿਸ ਵਿਚ ਚਾਰ ਸੀਹਰਫੀਆਂ ਹਨ, ਦੋ ਪੰਜਾਬੀ, ਇਕ ਫ਼ਾਰਸੀ ਅਤੇ ਇਕ ਉਰਦੂ ਹੈ) ਜੋ 1300 ਹਿ: ਅਰਥਾਤ 1882 ਈ: ਵਿਚ ਰਚਿਆ ਗਿਆ। ਇਸ ਨੂੰ ਕਵੀ ਕਾਲੀਦਾਸ ਗੁੱਜਰਾਂਵਾਲੀਆ ਨੇ ਆਪਣੇ ਚਰਖ਼ਾਨਾਮਾ ਨਾਲ ਜੋੜ ਕੇ ਪ੍ਰਕਾਸ਼ਿਤ ਕਰਵਾਇਆ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 98889-39808

ਸ਼ਬਦ ਵਿਚਾਰ

ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ॥

ਸਿਰੀ ਰਾਗੁ ਮਹਲਾ ੪ ਘਰੁ ੧
ਮੈ ਮਨਿ ਤਨਿ ਬਿਰਹੁ ਅਤਿ ਅਗਲਾ
ਕਿਉ ਪ੍ਰੀਤਮੁ ਮਿਲੈ ਘਰਿ ਆਇ॥
ਜਾ ਦੇਖਾ ਪ੍ਰਭੁ ਆਪਣਾ
ਪ੍ਰਭਿ ਦੇਖਿਐ ਦੁਖੁ ਜਾਇ॥
ਜਾਇ ਪੁਛਾ ਤਿਨ ਸਜਣਾ
ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ॥ ੧॥
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ॥
ਹਮ ਮੂਰਖ ਮੁਗਧ ਸਰਣਾਗਤੀ
ਕਰਿ ਕਿਰਪਾ ਮੇਲੇ ਹਰਿ ਸੋਇ॥ ੧॥ ਰਹਾਉ॥
ਸਤਿਗੁਰੁ ਦਾਤਾ ਹਰਿ ਨਾਮ ਕਾ
ਪ੍ਰਭੁ ਆਪਿ ਮਿਲਾਵੈ ਸੋਇ॥
ਸਤਿਗੁਰਿ ਹਰਿ ਪ੍ਰਭੁ ਬੁਝਿਆ
ਗੁਰ ਜੇਵਡੁ ਅਵਰੁ ਨ ਕੋਇ॥
ਹਉ ਗੁਰ ਸਰਣਾਈ ਢਹਿ ਪਵਾ
ਕਰਿ ਦਇਆ ਮੇਲੇ ਪ੍ਰਭੁ ਸੋਇ॥ ੨॥
ਮਨ ਹਠਿ ਕਿਨੈ ਨ ਪਾਇਆ
ਕਰਿ ਉਪਾਵ ਥਕੇ ਸਭੁ ਕੋਇ॥
ਸਹਸ ਸਿਆਣਪ ਕਰਿ ਰਹੇ
ਮਨਿ ਕੋਰੈ ਰੰਗੁ ਨ ਹੋਇ॥
ਕੂੜਿ ਕਪਟਿ ਕਿਨੈ ਨ ਪਾਇਓ
ਜੋ ਬੀਜੈ ਖਾਵੈ ਸੋਇ॥ ੩॥
ਸਭਨਾ ਤੇਰੀ ਆਸ ਪ੍ਰਭੁ
ਸਭ ਜੀਅ ਤੇਰੇ ਤੂੰ ਰਾਸਿ॥
ਪ੍ਰਭ ਤੁਧਹੁ ਖਾਲੀ ਕੋ ਨਹੀ
ਦਰਿ ਗੁਰਮੁਖਾ ਨੋ ਸਾਬਾਸਿ॥
ਬਿਖੁ ਭਉਜਲ ਡੁਬਦੇ ਕਢਿ ਲੈ
ਜਨ ਨਾਨਕ ਕੀ ਅਰਦਾਸਿ॥ ੪॥ ੧॥ ੬੫॥ (ਅੰਗ 39-40)
ਪਦ ਅਰਥ : ਬਿਰਹੁ-ਵਿਛੋੜੇ ਦਾ ਦਰਦ। ਅਤਿ-ਬਹੁਤ ਹੀ। ਅਗਲਾ-ਬੜਾ, ਬਹੁਤ। ਕਿਉ-ਕਿਵੇਂ। ਪ੍ਰੀਤਮੁ-ਪ੍ਰਭੂ। ਘਰਿ ਆਇ-ਹਿਰਦੇ ਘਰ ਵਿਚ ਆ ਕੇ। ਕਿਤੁ ਬਿਧਿ-ਕਿਸ ਢੰਗ ਤਰੀਕੇ ਨਾਲ। ਅਵਰੁ-ਹੋਰ। ਅਵਰੁ ਨ ਕੋਇ-ਹੋਰ ਕੋਈ ਨਹੀਂ। ਮੁਗਧ-ਮੂੜ। ਸਰਣਾਗਤੀ-ਸਰਨੀ ਆਏ ਹਾਂ। ਮੇਲੇ-ਮੇਲ ਲਵੇ। ਹਰਿ ਸੋਇ-ਉਹ ਪ੍ਰਭੂ। ਸੋਇ-ਉਸ ਨੂੰ। ਮਿਲਾਵੈ-ਮਿਲਾਉਂਦਾ ਹੈ। ਪ੍ਰਭੁ ਬੁਝਿਆ-ਪ੍ਰਭੂ ਦੇ ਚੋਜਾਂ ਦੀ ਸੋਝੀ। ਮਨ ਹਠਿ-ਮਨ ਦੇ ਹਠ ਨਾਲ। ਸਹਸ-ਹਜ਼ਾਰਾਂ। ਉਪਾਵ-ਉਪਾ, ਉਪਰਾਲੇ। ਕੋਰੈ-ਕੋਰਾ, ਸੱਖਣਾ। ਰੰਗੁ ਨ ਹੋਇ-(ਨਾਮ ਦਾ) ਰੰਗ ਨਹੀਂ ਚੜ੍ਹਦਾ। ਕਪਟਿ-ਵਲ ਛੱਲ।
ਰਾਸਿ-ਪੂੰਜੀ। ਪ੍ਰਭ ਤੁਧਹੁ-ਹੇ ਪ੍ਰਭੂ ਤੇਰੇ ਦਰ ਤੋਂ। ਕੋ ਨਹੀਂ-ਕੋਈ ਨਹੀਂ (ਖਾਲੀ ਮੁੜਦਾ)। ਸਾਬਾਸਿ-ਸ਼ਾਬਾਸ਼, ਵਡਿਆਈ। ਤੇਰੀ ਆਸ-ਤੇਰਾ ਹੀ ਆਸ ਭਰੋਸਾ ਹੈ। ਬਿਖੁ ਭਉਜਲੁ-ਵਿਸ਼ੇ ਰੂਪੀ ਸੰਸਾਰ ਸਮੁੰਦਰ। ਜਨ-ਦਾਸ।
ਸ਼ਬਦ ਵਿਚ ਗੁਰੂ ਰਾਮਦਾਸ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਤਾਈਂ ਮਨੁੱਖ ਆਪਣੇ ਅਸਲੇ (ਪਰਮਾਤਮਾ) ਨਾਲੋਂ ਵਿਛੜਿਆ ਰਹਿੰਦਾ ਹੈ, ਉਦੋਂ ਤਾਈਂ ਦੁੱਖ ਹੀ ਭੋਗਦਾ ਹੈ। ਪਰ ਜਦੋਂ ਪ੍ਰੀਤਮ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ਤਾਂ ਇਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਿਰੀ ਰਾਗ ਕੀ ਵਾਰ ਮਹਲਾ ੪ ਦੀ 9ਵੀਂ ਪਉੜੀ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਸਾਰੀ ਲੋਕਾਈ ਤੇਰੀ ਹੀ ਹੈ, ਜਿਸ ਨੂੰ ਤੇਰਾ ਹੀ ਆਸਰਾ ਹੈ। ਇਹ ਜੀਵਨ ਦੀ ਰਾਸ ਪੂੰਜੀ ਸਭ ਤੇਰੀ ਹੀ ਦਿੱਤੀ ਹੋਈ ਹੈ। ਨਿੱਤ ਅਰਜੋਈਆਂ ਕਰਕੇ ਜੀਵ ਤੇਰੇ ਪਾਸੋਂ ਹੀ (ਦਾਤਾਂ) ਮੰਗਦੇ ਹਨ-
ਸਭੁ ਕੋ ਤੇਰਾ ਤੂ ਸਬਸੁ ਦਾ
ਤੂੰ ਸਭਨਾ ਰਾਸਿ॥
ਸਭਿ ਤੁਧੈ ਪਾਸਹੁ ਮੰਗਦੇ
ਨਿਤ ਕਰਿ ਅਰਦਾਸਿ॥ (ਅੰਗ 86)
ਰਾਸਿ-ਜੀਵਨ ਦੀ ਰਾਸ ਪੂੰਜੀ।
ਜਿਸ 'ਤੇ ਮਿਹਰਬਾਨ ਹੋ ਕੇ ਪ੍ਰਭੂ (ਨਾਮ ਦੀ ਦਾਤ) ਦਿੰਦਾ ਹੈ, ਉਸ ਨੂੰ ਮਾਨੋ ਸਭ ਕੁਝ ਮਿਲ ਗਿਆ ਹੈ ਪਰ ਇਕਨਾ ਦੇ ਪਾਸ ਹੁੰਦਾ ਹੋਇਆ ਵੀ ਦੂਰ ਹੈ ਭਾਵ ਅਜਿਹੇ ਮਨੁੱਖ ਉਸ ਦੇ ਨਾਮ ਰਸ ਨੂੰ ਨਹੀਂ ਚੱਖਦੇ-
ਜਿਸੁ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ
ਇਕਨਾ ਦੂਰਿ ਹੈ ਪਾਸਿ॥ (ਅੰਗ 86)
ਭਾਵੇਂ ਨਿਰਣਾ ਕਰਕੇ ਦੇਖ ਲਓ, ਜੀਵ ਦਾ ਪ੍ਰਭੂ ਤੋਂ ਬਿਨਾਂ ਕੋਈ ਹੋਰ ਟਿਕਾਣਾ ਨਹੀਂ, ਜਿਸ ਪਾਸੋਂ ਕੁਝ ਮੰਗ ਸਕੇ-
ਤੁਧੁ ਬਾਝਹੁ ਥਾਉ ਕੋ ਨਾਹੀ
ਜਿਸੁ ਪਾਸਹੁ ਮੰਗੀਐ
ਮਨਿ ਵੇਖਹੁ ਕੋ ਨਿਰਜਾਸਿ॥ (ਅੰਗ 86)
ਕੋ-ਕੋਈ। ਨਿਰਜਾਸਿ-ਨਿਰਣਾ ਕਰਕੇ।
ਮਨੁੱਖ ਦੀਆਂ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਅਰਥਾਤ ਚਤਰਾਈਆਂ ਅੰਤ ਵੇਲੇ ਇਕ ਵੀ ਸਾਥ ਨਹੀਂ ਦਿੰਦੀ ਭਾਵ ਨਾਲ ਨਹੀਂ ਜਾਂਦੀ, ਕੰਮ ਨਹੀਂ ਆਉਂਦੀ-
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ॥
('ਜਪੁ ਜੀ', ਪਉੜੀ ੧)
ਸਹਸ-ਹਜ਼ਾਰਾਂ।
ਅਗਲੀ ਤੁਕ ਵਿਚ ਗੁਰੂ ਬਾਬਾ ਆਪ ਹੀ ਪ੍ਰਸ਼ਨ ਕਰ ਰਹੇ ਹਨ ਕਿ ਤਾਂ ਫਿਰ ਸਚਿਆਰ ਕਿਵੇਂ ਬਣੀਏ, ਜਿਸ ਨਾਲ ਜੀਵ ਅਤੇ ਪਰਮਾਤਮਾ ਵਿਚਕਾਰ ਪਈ ਕੂੜ ਦੀ ਕੰਧ ਟੁੱਟ ਸਕੇ-
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ॥ (ਪਉੜੀ ੧)
ਪਾਲਿ-ਪਰਦਾ, ਕੰਧ।
ਇਸ ਪ੍ਰਸ਼ਨ ਦਾ ਉੱਤਰ ਗੁਰੂ ਬਾਬਾ ਅਗਲੀ ਤੁਕ ਵਿਚ ਆਪ ਹੀ ਦੇ ਰਹੇ ਹਨ-
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ॥ (ਪਉੜੀ ੧)
ਪ੍ਰਭੂ ਦੀ ਰਜ਼ਾ ਵਿਚ ਚੱਲਣ ਅਥਵਾ ਰਹਿਣ ਨਾਲ ਇਸ ਕੂੜ ਦੀ ਕੰਧ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਹੁਕਮ ਦਰਗਾਹੋਂ ਜੀਵ ਦੇ ਨਾਲ ਲਿਖਿਆ ਆਉਂਦਾ ਹੈ।
ਵਾਸਤਵ ਵਿਚ ਸਭ ਕੁਝ ਕੀਤੇ ਕਰਮਾਂ 'ਤੇ ਨਿਬੇੜਾ ਹੁੰਦਾ ਹੈ। ਜੋ ਬੀਜਦੇ ਤਾਂ ਜ਼ਹਿਰ ਹਨ ਪਰ ਆਸ ਅੰਮ੍ਰਿਤ ਦੀ ਰੱਖਦੇ ਹਨ, ਇਹ ਭਲਾ ਕਿਥੋਂ ਦੀ ਨਿਆਂ ਪ੍ਰਣਾਲੀ ਵਾਲੀ ਗੱਲ ਹੈ-
ਬੀਜੈ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥
(ਸਲੋਕ ਮਹਲਾ ੨, ਰਾਗੁ ਆਸਾ ਕੀ ਵਾਰ ਮਹਲਾ ੧, ਅੰਗ 474)
ਪਰ ਜੋ ਹਿਰਦੇ ਰੂਪੀ ਧਰਤੀ ਵਿਚ ਸੱਚੇ ਨਾਮ ਨੂੰ ਬੀਜਦੇ ਹਨ, ਉਥੇ ਹੀ ਇਹ ਪ੍ਰਫੁੱਲਤ ਹੁੰਦਾ ਹੈ, ਜਿਸ ਨਾਲ ਦਰਗਾਹੇ ਇੱਜ਼ਤ ਤੇ ਮਾਣ ਦੀ ਪ੍ਰਾਪਤੀ ਹੁੰਦੀ ਹੈ-
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ॥
(ਸਲੋਕ ਮਹਲਾ ੧, ਰਾਗ ਸਾਰਗ ਕੀ ਵਾਰ ਮਹਲਾ ੪, ਅੰਗ 1243-44)
ਸ਼ਬਦ ਦੇ ਅੱਖਰੀਂ ਅਰਥ : ਮੇਰੇ ਮਨ ਅਤੇ ਸਰੀਰ ਵਿਚ ਪ੍ਰਭੂ ਦੇ ਵਿਛੋੜੇ ਦਾ ਬੜਾ ਦਰਦ ਹੈ। ਮੇਰੀ ਬੜੀ ਚਾਹਤ ਹੈ ਕਿ ਮੇਰਾ ਪ੍ਰੀਤਮ-ਪ੍ਰਭੂ ਕਿਉਂ ਨਾ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲੇ। ਜਦੋਂ ਮੈਂ ਆਪਣੇ ਪ੍ਰਭੂ ਨੂੰ ਦੇਖ ਲਵਾਂਗੀ ਤਾਂ ਪ੍ਰਭੂ ਦੇ ਦੇਖਣ ਨਾਲ ਮੇਰਾ (ਵਿਛੋੜਾ ਦਾ) ਦੁੱਖ ਦੂਰ ਹੋ ਜਾਵੇਗਾ। ਮੈਂ ਅਜਿਹੇ ਉਨ੍ਹਾਂ ਸੱਜਣਾਂ ਪਾਸੋਂ ਜਾ ਕੇ ਪੁੱਛਦਾ ਹਾਂ ਕਿ ਪਰਮਾਤਮਾ ਕਿਸ ਢੰਗ-ਤਰੀਕੇ ਨਾਲ ਮਿਲਦਾ ਹੈ, ਕੋਈ ਮੈਨੂੰ ਉਸ ਨਾਲ ਮਿਲਾ ਦੇਵੇ।
ਹੇ ਮੇਰੇ ਸਤਿਗੁਰੂ ਜੀ, ਤੇਰੇ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ। ਅਸੀਂ ਮੂਰਖ ਤੇਰੀ ਸਰਨੀ ਆਏ ਹਾਂ। ਆਪ ਦੀ ਕਿਰਪਾ ਦੁਆਰਾ ਉਹ ਪ੍ਰਭੂ ਸਾਨੂੰ ਆਪਣੇ ਨਾਲ ਮੇਲ ਲਵੇਗਾ।
ਸਤਿਗੁਰੂ ਤਾਂ ਪ੍ਰਭੂ ਦੇ ਨਾਮ ਦਾ ਦਾਤਾ ਹੈ ਭਾਵ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਹੈ, ਜਿਸ ਦਾ ਮਿਲਾਪ ਪ੍ਰਭੂ ਆਪ ਹੀ ਕਰਵਾਉਂਦਾ ਹੈ। ਸਤਿਗੁਰੂ ਨੂੰ ਹਰੀ ਪ੍ਰਭੂ (ਦੇ ਚੋਜਾਂ ਦੀ) ਸੋਝੀ ਹੁੰਦੀ ਹੈ। ਗੁਰੂ ਵਰਗਾ ਕੋਈ ਹੋਰ ਨਹੀਂ। ਇਸ ਲਈ ਮੇਰੀ ਇਹ ਇੱਛਾ ਹੈ ਕਿ ਮੈਂ ਗੁਰੂ ਦੀ ਸਰਨੀਂ ਜਾ ਕੇ ਢਹਿ ਪਵਾਂ, ਜਿਸ ਨਾਲ ਗੁਰੂ ਮੇਰੇ 'ਤੇ ਦਇਆ ਕਰਕੇ ਪ੍ਰਭੂ ਨਾਲ ਮਿਲਾਪ ਕਰਵਾ ਦੇਵੇਗਾ।
ਸਭ ਕੋਈ ਉਪਰਾਲੇ ਕਰਕੇ ਥੱਕ ਗਏ ਹਨ, ਮਨ ਦੇ ਹਠ ਨਾਲ ਕੋਈ ਵੀ ਪਰਮਾਤਮਾ ਨੂੰ ਨਹੀਂ ਪਾ ਸਕਿਆ (ਸਕਦਾ)। ਜੇਕਰ ਮਨ ਹੀ ਪ੍ਰਭੂ ਦੇ ਨਾਮ ਤੋਂ ਕੋਰਾ ਹੈ ਤਾਂ ਹਜ਼ਾਰਾਂ ਸਿਆਣਪਾਂ ਕਰਨ ਨਾਲ ਵੀ ਮਨ 'ਤੇ ਪ੍ਰਭੂ ਦੇ ਨਾਮ ਦਾ ਰੰਗ ਨਹੀਂ ਚੜ੍ਹਦਾ। ਕੂੜ ਕਪਟ ਅਰਥਾਤ ਵਲ-ਛੱਲ ਦੁਆਰਾ ਕਿਸੇ ਨੇ ਪ੍ਰਭੂ ਨੂੰ ਨਹੀਂ ਪਾਇਆ। ਅਸਲ ਵਿਚ ਮਨੁੱਖ ਜੋ ਕੁਝ ਬੀਜਦਾ ਹੈ, ਉਹੀ ਖਾਂਦਾ ਹੈ ਭਾਵ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹੇ ਉਹ ਫਲ ਭੋਗਦਾ ਹੈ।
ਹੇ ਪ੍ਰਭੂ, ਸਭ ਨੂੰ ਤੇਰੇ 'ਤੇ ਹੀ ਆਸ ਭਰੋਸਾ ਹੈ। ਸਭ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਅਤੇ ਸਭਨਾਂ ਦੀ ਤੂੰ ਰਾਸਿ ਭਾਵ ਜੀਵਨ ਦੀ ਪੂੰਜੀ ਹੈਂ। ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਜਿਥੇ (ਦਰ 'ਤੇ) ਗੁਰਮੁਖਾਂ ਨੂੰ ਸਾਲਾਹਿਆ ਜਾਂਦਾ ਹੈ।
ਹੇ ਪ੍ਰਭੂ, ਮੇਰੀ ਦਾਸ ਨਾਨਕ ਦੀ (ਤੇਰੇ ਅੱਗੇ) ਇਹੋ ਅਰਦਾਸ ਹੈ ਕਿ ਵਿਸ਼ੇ-ਵਿਕਾਰਾਂ ਵਿਚ ਡੁੱਬਦੇ ਹੋਏ ਸੰਸਾਰ ਦੇ ਜੀਵਾਂ ਨੂੰ (ਭਵਜਲ 'ਚੋਂ) ਬਾਹਰ ਕੱਢ ਦਿਓ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਜੀਵਨ ਦਾ ਅਨੰਦ ਤਾਂ ਸੰਘਰਸ਼-ਭਰਪੂਰ ਜੀਵਨ ਜਿਊਣ ਵਿਚ ਹੈ

ਜੀਵਨ ਵਿਚ ਸਫਲਤਾ ਚਾਹੁੰਦੇ ਹੋ ਤਾਂ ਆਸ਼ਾਵਾਦੀ ਸੋਚ ਅਤੇ ਸੰਘਰਸ਼-ਭਰਪੂਰ ਜੀਵਨ ਗੁਜ਼ਾਰੋ। ਸੰਘਰਸ਼ ਤੋਂ ਬਿਨਾਂ ਮਿਲੀ ਸਫ਼ਲਤਾ ਤੁਹਾਨੂੰ ਕਦੇ ਵੀ ਉਹ ਖੁਸ਼ੀ ਨਹੀਂ ਦੇ ਸਕਦੀ, ਜੋ ਮਿਹਨਤ ਤੇ ਸੰਘਰਸ਼ ਨਾਲ ਮਿਲਦੀ ਹੈ। ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਹਮੇਸ਼ਾ ਆਸ਼ਾਵਾਦੀ ਸੋਚ ਲਈ ਪ੍ਰੇਰਿਤ ਕਰਦੇ ਹਨ। ਉਹ ਕਹਿੰਦੇ ਹਨ ਕਿ ਆਸ ਹੀ ਜੀਵਨ ਹੈ ਤੇ ਨਿਰਾਸ਼ਾ ਮੌਤ। ਨਿਰਾਸ਼ਾ ਮਨੁੱਖ ਨੂੰ ਬੁਰੇ ਕੰਮ ਵੱਲ ਖਿੱਚ ਕੇ ਪਤਨ ਵੱਲ ਲਿਜਾਂਦੀ ਹੈ ਤਾਂ ਆਸ ਉਸ ਵਿਚ ਸ਼ਕਤੀ ਦਾ ਸੰਚਾਰ ਕਰਦੀ ਹੈ। ਮਨੁੱਖ ਦੀ ਤਰੱਕੀ, ਸਫ਼ਲਤਾ ਅਤੇ ਮੰਜ਼ਿਲ ਦੀ ਪ੍ਰਾਪਤੀ ਆਸ ਨਾਲ ਹੀ ਹੁੰਦੀ ਹੈ। ਆਸ਼ਾਵਾਦੀ ਸੋਚ ਵਾਲਾ ਵਿਅਕਤੀ ਕਦੇ ਵੀ ਹਾਲਾਤ ਦਾ ਗੁਲਾਮ ਨਹੀਂ ਬਣਦਾ ਤੇ ਨਾ ਹੀ ਆਪਣੇ-ਆਪ ਨੂੰ ਮਜਬੂਰ ਸਮਝਦਾ ਹੈ। ਉਹ ਤਾਂ ਕਠਿਨ ਹਾਲਾਤ ਵਿਚ ਵੀ ਡੋਲਦਾ ਨਹੀਂ। ਉਸ ਨੂੰ ਆਪਣੀ ਮਿਹਨਤ 'ਤੇ ਯਕੀਨ ਹੁੰਦਾ ਹੈ ਤੇ ਉਹ ਊਰਜਾ ਭਰਪੂਰ ਹੋ ਕੇ ਸੰਘਰਸ਼ ਕਰਦਾ ਹੈ। ਉਹ ਔਕੜਾਂ ਤੋਂ ਘਬਰਾਉਂਦਾ ਨਹੀਂ ਤੇ ਸੰਘਰਸ਼ ਨਾਲ ਹੀ ਔਕੜਾਂ ਨੂੰ ਪਾਰ ਕਰਦਾ ਹੈ। ਜੇ ਆਸ ਨਾ ਹੋਵੇ ਤਾਂ ਵਿਅਕਤੀ ਯਤਨ ਵੀ ਨਹੀਂ ਕਰਦਾ। ਅਜਿਹੇ ਵਿਅਕਤੀ ਤੋਂ ਸਫ਼ਲਤਾ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ, ਜੋ ਸੰਘਰਸ਼ ਹੀ ਨਹੀਂ ਕਰਦੇ ਅਤੇ ਨਿਰਾਸ਼ ਹੋ ਕੇ ਯਤਨ ਕਰਨਾ ਹੀ ਛੱਡ ਦਿੰਦੇ ਹਨ। ਸਵਾਮੀ ਵਿਵੇਕਾਨੰਦ ਕਹਿੰਦੇ ਹਨ ਕਿ ਮਜਬੂਰ ਹੋ ਕੇ ਹੱਥ ਨਾ ਜੋੜੋ, ਸਗੋਂ ਦੂਜਿਆਂ ਦਾ ਹੱਥ ਫੜ ਕੇ ਉਨ੍ਹਾਂ ਲਈ ਰਾਹ-ਦਸੇਰਾ ਬਣੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਹਰਿਮੰਦਰ ਦਰਸ਼ਨ

ਵਿੱਦਿਅਕ, ਸਾਹਿਤਕ ਅਤੇ ਅਧਿਆਤਮਕ ਜਗਤ ਵਿਚ ਡਾ: ਸਰੂਪ ਸਿੰਘ ਅਲੱਗ ਦੀ ਦੇਣ ਬੇਮਿਸਾਲ ਅਤੇ ਬਾਕਮਾਲ ਹੈ। ਉਹ ਵਰ੍ਹਿਆਂ ਤੋਂ ਉੱਤਮ ਸਾਹਿਤ ਲਿਖਣ, ਛਪਵਾਉਣ ਅਤੇ ਮੁਫਤ ਵੰਡਣ ਦੀ ਸੇਵਾ ਨਿਭਾਅ ਰਹੇ ਹਨ। ਉਂਜ ਵੀ ਇਹ ਪੁਸਤਕਾਂ ਏਨੀਆਂ ਬੇਸ਼ਕੀਮਤੀ ਅਤੇ ਅਨਮੋਲ ਹਨ ਕਿ ਇਨ੍ਹਾਂ ਦਾ ਮੁੱਲ ਤਾਰਿਆ ਹੀ ਨਹੀਂ ਜਾ ਸਕਦਾ। ਵਿਸ਼ਵ ਪ੍ਰਸਿੱਧ ਇਤਿਹਾਸਕ ਪੁਸਤਕ 'ਹਰਿਮੰਦਰ ਦਰਸ਼ਨ' ਦਾ ਇਹ ਦੋ ਸੌਵਾਂ ਐਡੀਸ਼ਨ ਹੈ, ਜਿਸ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਛਾਪਿਆ ਗਿਆ ਹੈ। ਦੋ ਸਾਲ ਇਹ 'ਅਜੀਤ' ਦੇ ਪੰਨਿਆਂ ਦਾ ਵੀ ਸ਼ਿੰਗਾਰ ਬਣੀ ਰਹੀ ਹੈ। ਇਹ ਪੁਸਤਕ 'ਲਿਮਕਾ ਬੁੱਕ', 'ਇੰਡੀਆ ਬੁੱਕ ਆਫ ਰਿਕਾਰਡਜ਼' ਅਤੇ 'ਵਰਲਡ ਰਿਕਾਰਡਜ਼ ਇੰਡੀਆ' ਵਿਚ ਵੀ ਦਰਜ ਹੋ ਚੁੱਕੀ ਹੈ। ਇਸ ਨਾਯਾਬ ਪ੍ਰਾਪਤੀ 'ਤੇ ਸਾਡਾ ਮਾਣ ਕਰਨਾ ਬਣਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਹੈ, ਮਨੁੱਖਤਾ ਦਾ ਚਾਨਣ ਮੁਨਾਰਾ ਅਤੇ ਸਰਬਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਪੁਸਤਕ ਵਿਚ ਸ੍ਰੀ ਦਰਬਾਰ ਸਾਹਿਬ ਬਾਰੇ ਹਰ ਕਿਸਮ ਦੀ ਜਾਣਕਾਰੀ ਬੜੇ ਦਿਲਚਸਪ, ਸ਼ਰਧਾਮਈ ਅਤੇ ਭਾਵਨਾਤਮਕ ਢੰਗ ਨਾਲ ਦਿੱਤੀ ਗਈ ਹੈ। ਇਸ ਵਿਚ ਸਾਢੇ ਚਾਰ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਹੈ। ਪੁਸਤਕ ਦੇ 69 ਕਾਂਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਨਾਲ ਨੂਰੋ-ਨੁਰ ਹਨ। ਇਨ੍ਹਾਂ ਦੇ ਨਾਂਅ ਵੀ ਭਾਵਪੂਰਤ ਹਨ, ਜਿਵੇਂ ਸਿਫ਼ਤੀ ਦਾ ਘਰ ਸ੍ਰੀ ਅੰਮ੍ਰਿਤਸਰ, ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਨਾਲ ਸਬੰਧਤ ਪ੍ਰੇਮ, ਉਮਾਹ, ਹਰਿਮੰਦਰ ਭਵਸਾਗਰ ਦਾ ਬੋਹਿਥ, ਮਾਨਵਤਾ ਦਾ ਧੜਕਦਾ ਦਿਲ, ਅਫ਼ਗਾਨੀ ਹਵਾਬਾਜ਼ਾਂ ਦਾ ਹਰਿਮੰਦਰ ਸਾਹਿਬ ਪ੍ਰਤੀ ਹਵਾਈ ਸਤਿਕਾਰ, ਹੈ ਸੋਨੇ ਵਿਚ ਖੇਡਦੀ ਇਮਾਰਤ ਇਹ ਕਰਤਾਰ ਦੀ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਕੋਇ ਨ ਤਿਸਹੀ ਜੇਹਾ, ਹਰਿਮੰਦਰ ਸਾਹਿਬ ਉੱਤੇ ਅਮਾਨਵੀ ਹਮਲੇ, ਹਲੀਮੀ ਰਾਜ ਦੇ ਦਰਸ਼ਨ, ਮਨੁੱਖੀ ਮਨਾਂ ਵਿਚ ਹਰਿਮੰਦਰ ਸਾਹਿਬ ਦੀ ਸ਼ੋਭਾ ਆਦਿ। ਲੇਖਕ ਨੇ ਥਾਂ-ਥਾਂ 'ਤੇ ਕਾਵਿਕ ਸ਼ਰਧਾਂਜਲੀਆਂ ਦੇ ਕੇ ਲੇਖਣੀ ਨੂੰ ਹੋਰ ਮਨੋਹਰ ਬਣਾਇਆ ਹੈ। ਪੁਸਤਕ ਦੇ ਸ਼ੁਰੂ ਵਿਚ ਰੰਗਦਾਰ ਤਸਵੀਰਾਂ ਦੇ ਕੇ ਇਸ ਦੀ ਦਿੱਖ ਨੂੰ ਹੋਰ ਖ਼ੂਬਸੂਰਤੀ ਦਿੱਤੀ ਗਈ ਹੈ। ਸਮੁੱਚੇ ਤੌਰ 'ਤੇ ਇਹ ਇਕ ਦੁਰਲੱਭ ਇਤਿਹਾਸਕ ਦਸਤਾਵੇਜ਼ ਹੈ, ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ। ਇਹ ਨਿਰਮੋਲਕ ਪੁਸਤਕ ਹਰ ਘਰ, ਵਿੱਦਿਅਕ ਅਤੇ ਧਾਰਮਿਕ ਅਦਾਰੇ ਅਤੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ। ਇਸ ਮਹਾਨ ਕਾਰਜ ਦਾ ਭਰਵਾਂ ਸੁਆਗਤ ਹੈ।


ਲੇਖਕ : ਡਾ: ਸਰੂਪ ਸਿੰਘ ਅਲੱਗ
ਪ੍ਰਕਾਸ਼ਕ : ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਲੁਧਿਆਣਾ।
ਪੰਨੇ : 268, ਕੀਮਤ : ਮੋਖ ਰਹਿਤ
ਸੰਪਰਕ : 98153-23523
-ਡਾ: ਸਰਬਜੀਤ ਕੌਰ ਸੰਧਾਵਾਲੀਆ

ਗੁਰਮਤਿ ਸੰਗੀਤ ਵਿਦਿਆਲਾ, ਨੇਤਰਹੀਣ ਅਤੇ ਅਨਾਥ ਆਸ਼ਰਮ ਨਰਾਇਣਗੜ੍ਹ ਸੋਹੀਆਂ

ਬੇਸਹਾਰਿਆਂ ਦੇ ਸਹਾਰੇ, ਨਿਓਟਿਆਂ ਦੀ ਓਟ ਸਿੱਖ ਕੌਮ ਆਪਣੇ ਜਨਮ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਆਸਰਿਆਂ ਦੀ ਆਸ ਰਹੀ ਹੈ। ਸਿੱਖ ਗੁਰੂ ਸਾਹਿਬਾਨ ਨੇ ਜਿਥੇ ਮਨੁੱਖੀ ਬਰਾਬਰੀ ਦੀ ਗੱਲ ਕੀਤੀ, ਉਥੇ ਸਮਾਜਿਕ, ਆਰਥਿਕ ਬਰਾਬਰੀ ਦੀ ਗੱਲ ਵੀ ਕੀਤੀ ਅਤੇ ਸਮਾਜ ਵੱਲੋਂ ਦੁਰਕਾਰੇ ਜਾਂਦੇ, ਸਰੀਰਕ ਪੱਖੋਂ ਊਣੇ ਮਨੁੱਖਾਂ ਦੀ ਸਾਂਭ-ਸੰਭਾਲ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ। ਗੁਰੂ ਸਾਹਿਬਾਨ ਤੋਂ ਬਾਅਦ ਦੇ ਸਿੱਖਾਂ ਵੱਲੋਂ ਮੁਗਲਾਂ ਦੀਆਂ ਨਿੱਤ ਦੀਆਂ ਜ਼ਿਆਦਤੀਆਂ ਦਾ ਸਾਹਮਣਾ ਕਰਦਿਆਂ ਵੀ ਇਸ ਰੀਤ (ਰਸਮ) ਨੂੰ ਜਾਰੀ ਰੱਖਿਆ। ਆਧੁਨਿਕ ਦੌਰ ਦੇ ਸਿੱਖਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਉਸ ਫਲਸਫੇ 'ਵਿਚਿ ਦੁਨੀਆ ਸੇਵ ਕਮਾਈਐ॥ ਤਾਂ ਦਰਗਹ ਬੈਸਣੁ ਪਾਈਐ॥' ਦੇ ਆਸ਼ੇ ਨੂੰ ਬਰਕਰਾਰ ਰੱਖਦਿਆਂ ਇਸ ਖੇਤਰ ਵਿਚ ਵੱਡੀਆਂ ਪੈੜਾਂ ਛੱਡੀਆਂ ਹਨ। ਡਾ: ਭਾਈ ਵੀਰ ਸਿੰਘ ਅਤੇ ਭਗਤ ਪੂਰਨ ਸਿੰਘ ਇਸ ਦੀ ਉਮਦਾ ਮਿਸਾਲ ਹਨ, ਜਿਨ੍ਹਾਂ ਨੇ ਦੁਖੀ ਮਨੁੱਖਤਾ ਦੀ ਸੇਵਾ ਦੇ ਸੰਕਲਪ ਨੂੰ ਕਰਮਕਾਂਡ ਤੋਂ ਬਾਹਰ ਕੱਢ ਕੇ ਅਪਾਹਜਾਂ, ਯਤੀਮਾਂ, ਨੇਤਰਹੀਣਾਂ, ਬੇਆਸਰਿਆਂ ਅਤੇ ਮਜ਼ਲੂਮਾਂ ਨਾਲ ਜੋੜ ਕੇ ਸਹੀ ਅਰਥ ਦਿੱਤੇ। ਜਮਾਂਦਰੂ ਨੇਤਰਹੀਣ ਹੋਣ ਕਰਕੇ ਬਾਬਾ ਸੂਬਾ ਸਿੰਘ ਨੇ ਸਰੀਰਕ ਅਪੰਗਤਾ ਨੂੰ ਆਪਣੇ ਪਿੰਡੇ ਉੱਪਰ ਹੰਢਾਇਆ ਹੈ ਪਰ ਡਾਕਟਰ ਭਾਈ ਵੀਰ ਸਿੰਘ ਸੈਂਟਰਲ ਖ਼ਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਚ ਰਹਿ ਕੇ ਪੜ੍ਹਾਈ ਅਤੇ ਕਿੱਤਾਮੁਖੀ ਕੋਰਸ ਕਰਕੇ ਇਹ ਸਿੱਖਿਆ ਹੈ ਕਿ ਸਰੀਰਕ ਤੌਰ 'ਤੇ ਅਪੰਗ ਦਾ ਨਸੀਬ ਸਿਰਫ ਮੰਗ ਕੇ ਖਾਣਾ ਹੀ ਨਹੀਂ ਹੁੰਦਾ, ਇਸੇ ਲਈ ਅਜਿਹੇ ਮਨੁੱਖਾਂ ਲਈ ਉਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ 29 ਮਾਰਚ, 2001 ਨੂੰ ਗੁਰਦੁਆਰਾ ਚੰਦੂਆਣਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਇਕ ਟਰੱਸਟ ਦਾ ਗਠਨ ਕਰਕੇ ਗੁਰਮਤਿ ਸੰਗੀਤ ਵਿਦਿਆਲਾ ਨੇਤਰਹੀਣ ਅਤੇ ਅਨਾਥ ਆਸ਼ਰਮ ਸ਼ੁਰੂ ਕੀਤਾ ਹੈ। ਗੁਰਦੁਆਰਾ ਚੰਦੂਆਣਾ ਸਾਹਿਬ ਦਾ ਸੰਖੇਪ ਇਤਿਹਾਸ ਇਸ ਪ੍ਰਕਾਰ ਹੈ-
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਪਿੰਡ ਬਾਹਮਣੀਆਂ ਤੋਂ ਪੰਡੋਰੀ, ਮਹਿਲ ਕਲਾਂ, ਗਹਿਲ ਹੁੰਦੇ ਹੋਏ ਇਸ ਪਾਵਨ ਅਸਥਾਨ 'ਤੇ ਰੁਕੇ। ਇਥੇ ਇਕ ਢਾਬ ਤੇ ਸੰਘਣੀ ਛਾਂ ਸੀ, ਮੱਝਾਂ ਦੇ ਪਾਲੀ ਮੱਝਾਂ ਚਾਰ ਰਹੇ ਸਨ। ਉਨ੍ਹਾਂ ਵਿਚ ਪਿੰਡ ਦੀਵਾਨੇ ਦਾ ਬਾਬਾ ਚੰਦੂ ਵੀ ਸੀ। ਉਸ ਨੇ ਦੇਖਿਆ ਕਿ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਆਏ ਹਨ ਤਾਂ ਉਸ ਨੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ। ਬਾਬਾ ਚੰਦੂ ਜੀ ਨੇ ਸਤਿਗੁਰੂ ਜੀ ਨੂੰ ਪਿਆਰ, ਸ਼ਰਧਾ ਨਾਲ ਦੁੱਧ ਛਕਾਉਣ ਦੀ ਸੇਵਾ ਕੀਤੀ। ਦੁੱਧ ਛਕਣ ਉਪਰੰਤ ਗੁਰੂ ਜੀ ਨੇ ਕੁਝ ਸਮਾਂ ਆਰਾਮ ਕੀਤਾ ਅਤੇ ਤੁਰਨ ਵੇਲੇ ਬਾਬਾ ਚੰਦੂ ਜੀ ਅਤੇ ਅਸਥਾਨ ਨੂੰ ਅਨੇਕਾਂ ਵਰ ਬਖਸ਼ੇ। ਬਾਬਾ ਚੰਦੂ ਜੀ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਕਰਨ ਕਰਕੇ ਹੀ ਇਸ ਅਸਥਾਨ ਨੂੰ 'ਗੁਰਦੁਆਰਾ ਚੰਦੂਆਣਾ ਸਾਹਿਬ' ਕਰਕੇ ਜਾਣਿਆ ਜਾਂਦਾ ਹੈ। ਇਸ ਅਸਥਾਨ 'ਤੇ ਲੰਮਾ ਸਮਾਂ ਉਦਾਸੀ ਸਾਧੂਆਂ ਨੇ ਡੇਰੇ ਲਾ ਕੇ ਜਪ, ਤਪ, ਸਿਮਰਨ ਨਾਲ ਇਸ ਜਗ੍ਹਾ ਨੂੰ ਭਾਗ ਲਾਈ ਰੱਖੇ। ਸੰਨ 2000 ਈ: ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਨੂੰ ਗੁਰੂ-ਘਰ ਦਾ ਰੂਪ ਦਿੱਤਾ ਗਿਆ। ਇਸ ਅਸਥਾਨ ਦੀ ਸੇਵਾ ਬਾਬਾ ਸੂਬਾ ਸਿੰਘ ਨੂੰ ਸੌਂਪੀ ਗਈ।
ਇਸ ਅਸਥਾਨ 'ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨੇਤਰਹੀਣ ਅਨਾਥ ਆਸ਼ਰਮ ਚਲਾਇਆ ਜਾ ਰਿਹਾ ਹੈ। ਨਿਗੁਣੇ ਆਰਥਿਕ ਸਾਧਨਾਂ ਦੇ ਬਾਵਜੂਦ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 17 ਸਾਲ ਤੋਂ ਇਸ ਸੰਸਥਾ ਵੱਲੋਂ ਬਿਮਾਰਾਂ, ਅਪਾਹਜਾਂ, ਲਾਵਾਰਸਾਂ, ਮੰਦਬੁੱਧੀ, ਬਿਰਧਾਂ ਅਤੇ ਨੇਤਰਹੀਣਾਂ ਦੀ ਸੇਵਾ-ਸੰਭਾਲ ਦਾ ਕਾਰਜ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਰਾਗਾਂ 'ਤੇ ਆਧਾਰਿਤ ਗੁਰਬਾਣੀ ਦਾ ਕੀਰਤਨ, ਸੰਥਿਆ ਅਤੇ ਕਥਾ ਸਿਖਾ ਕੇ ਚੰਗੇ ਮਨੁੱਖ ਅਤੇ ਚੰਗੇ ਸਿੱਖ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅਸਥਾਨ ਤੋਂ ਕੀਰਤਨ ਦੀ ਵਿੱਦਿਆ ਹਾਸਲ ਕਰਕੇ ਅਤੇ ਕਥਾ ਸਿੱਖ ਕੇ ਅਨੇਕਾਂ ਹੀ ਬੱਚੇ ਦੇਸ਼-ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
ਸੰਸਥਾ ਕੋਲ ਵਿਦਿਆਰਥੀਆਂ ਅਤੇ ਮਰੀਜ਼ਾਂ ਦੀ ਗਿਣਤੀ ਮੁਤਾਬਿਕ ਰਿਹਾਇਸ਼ੀ ਪ੍ਰਬੰਧ ਅਤੇ ਲੰਗਰ ਹਾਲ ਉੱਤੇ ਚਾਰਦੀਵਾਰੀ ਨਾ ਹੋਣ ਕਰਕੇ ਮੰਦਬੁੱਧੀ ਅਤੇ ਨੇਤਰਹੀਣ ਬੱਚਿਆਂ ਨੂੰ ਸੰਭਾਲਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਾਵਨ ਅਸਥਾਨ 'ਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦਾ ਸ਼ਹੀਦੀ ਦਿਹਾੜਾ 13, 14 ਤੇ 15 ਦਸੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ।
ਇਸ ਅਸਥਾਨ 'ਤੇ ਬੱਚਿਆਂ ਨੂੰ ਕੀਰਤਨ ਵਿੱਦਿਆ, ਗੁਰਬਾਣੀ ਸੰਥਿਆ, ਨੇਤਰਹੀਣਾਂ, ਬੇਸਹਾਰਾ, ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ ਦੀ ਸੇਵਾ, ਸੇਵਾ ਭਾਵਨਾ ਨਾਲ ਕੀਤੀ ਜਾਂਦੀ ਹੈ। ਬਾਬਾ ਸੂਬਾ ਸਿੰਘ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਬੱਚਿਆਂ ਨੇ ਚਾਹੇ ਗੰਦੇ, ਮੈਲੇ ਕੱਪੜੇ ਪਾਏ ਹੋਣ, ਬੱਚੇ ਆ ਕੇ ਬਾਬਾ ਜੀ ਉੱਪਰ ਲੇਟ ਜਾਣ ਤਾਂ ਵੀ ਬਾਬਾ ਸੂਬਾ ਸਿੰਘ ਬੱਚਿਆਂ ਨੂੰ ਕਦੇ ਗੁੱਸੇ ਨਹੀਂ ਹੋਏ। ਬਾਬਾ ਜੀ ਨਿਮਰਤਾ ਦੇ ਸੁਭਾਅ ਦੇ ਮਾਲਕ ਹਨ।
ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਦੋ ਨਿਸ਼ਾਨ ਸਾਹਿਬ ਸੁਸ਼ੋਭਿਤ ਹਨ, ਜੋ ਮੀਰੀ-ਪੀਰੀ ਦਾ ਪ੍ਰਤੀਕ ਹਨ। ਗੁਰਮਤਿ ਸੰਗੀਤ ਵਿਦਿਆਲਾ ਨੇਤਰਹੀਣ ਅਤੇ ਅਨਾਥ ਆਸ਼ਰਮ ਵਿਚ ਰਹਿ ਰਹੇ ਬੱਚੇ, ਬਜ਼ੁਰਗ ਲੰਗਰ ਛਕਣ ਤੋਂ ਪਹਿਲਾਂ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੇ ਹਨ। ਬਾਬਾ ਚੰਦੂ ਜੀ ਦੇ ਨਾਂਅ 'ਤੇ ਗੁਰਦੁਆਰਾ ਚੰਦੂਆਣਾ ਸਾਹਿਬ ਪਿੰਡ ਨਰਾਇਣਗੜ੍ਹ ਸੋਹੀਆਂ, ਡਾਕਖਾਨਾ ਗਹਿਲ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਸਥਾਪਤ ਹੈ।


-ਕਰਨੈਲ ਸਿੰਘ ਐੱਮ.ਏ.,
1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।

ਖੁੱਲ੍ਹੀ ਹਵਾ ਵਿਚ ਚਟਾਨਾਂ 'ਤੇ ਅਟਕਿਆ ਅਦਭੁੱਤ ਪੱਥਰ ਕ੍ਰਿਸ਼ਨਾ ਬੱਟਰ ਬਾਲ

ਮਹਾਬਲੀਪੂਰਮ, ਜੋ ਕਿ ਮਾਮਲਾਪੂਰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਾਂਚੀਪੂਰਮ ਜ਼ਿਲ੍ਹੇ ਦਾ ਇਕ ਕਸਬਾ ਹੈ, ਜੋ ਕਿ ਚੇਨਈ ਤੋਂ ਲਗਪਗ 60 ਕਿਲੋਮੀਟਰ ਦੱਖਣ ਵਾਲੇ ਪਾਸੇ ਬੰਗਾਲ ਦੀ ਖਾੜੀ ਅਤੇ ਤਾਮਿਲਨਾਡੂ ਦੀ ਮਸ਼ਹੂਰ ਨਮਕ ਦੀ ਝੀਲ ਦੇ ਵਿਚਕਾਰ ਸਥਿਤ ਹੈ। ਇਹ ਇਕ ਪ੍ਰਾਚੀਨ ਇਤਿਹਾਸਕ ਕਸਬਾ ਹੈ, ਜੋ ਕਿ ਪੁਰਾਣੇ ਸਮੇਂ ਵਿਚ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ। ਪ੍ਰਾਚੀਨ ਵਪਾਰੀ ਜੋ ਦੱਖਣ-ਪੂਰਬ ਏਸ਼ੀਆ ਵਿਚ ਵਪਾਰ ਲਈ ਜਾਂਦੇ ਸਨ, ਉਹ ਮਹਾਬਲੀਪੂਰਮ ਦੀ ਇਸ ਬੰਦਰਗਾਹ ਰਾਹੀਂ ਹੀ ਜਾਂਦੇ ਸਨ। ਚਟਾਨਾਂ ਨੂੰ ਕੱਟ ਕੇ ਬਣਾਈਆਂ ਗੁਫਾਵਾਂ, ਰੱਥ ਦੇ ਰੂਪ ਵਿਚ ਬਣਿਆ ਮੰਦਿਰ, ਸਮੁੰਦਰੀ ਤੱਟ 'ਤੇ ਬਣਿਆ ਸ਼ਿਵ ਮੰਦਿਰ, ਖੁੱਲ੍ਹੀ ਹਵਾ ਵਿਚ ਚਟਾਨ ਉਪਰ ਅਟਕਿਆ ਹੋਇਆ ਪੱਥਰ ਇਸ ਕਸਬੇ ਦੇ ਮੁੱਖ ਆਕਰਸ਼ਣ ਕੇਂਦਰ ਹਨ ਅਤੇ ਯੂਨੈਸਕੋ ਵੱਲੋਂ ਸੰਸਾਰਕ ਧਰੋਹਰ ਘੋਸ਼ਿਤ ਕੀਤੇ ਗਏ ਹਨ। ਮਹਾਬਲੀਪੂਰਮ ਦੇ ਮੰਦਿਰਾਂ, ਜਿਨ੍ਹਾਂ ਦਾ ਜ਼ਿਕਰ ਮਹਾਭਾਰਤ ਵਿਚ ਵੀ ਆਉਂਦਾ ਹੈ, ਰਾਜਾ ਨਰਸਿੰਮਾਵਰਮਨ ਅਤੇ ਉਸ ਦੇ ਉੱਤਰਾਅਧਿਕਾਰੀ ਰਾਜਾਸਿੰਮਾਨਰਮਨ ਵੇਲੇ ਤੋਂ ਹੋਇਆ ਹੈ ਅਤੇ ਇਹ ਨਿਰਮਾਣ ਚਟਾਨਾਂ ਨੂੰ ਕੱਟ ਕੇ ਇਮਾਰਤਾਂ ਬਣਾਉਣ ਦੇ ਸਮੇਂ ਨੂੰ ਦਰਸਾਉਂਦਾ ਹੈ। ਕਹਿੰਦੇ ਹਨ ਕਿ ਮਹਾਬਲੀਪੂਰਮ ਦੇ ਤੱਟ 'ਤੇ ਕਿਸੇ ਸਮੇਂ 7 ਸ਼ਿਵਾਲਾ ਮੰਦਿਰ ਹੁੰਦੇ ਸਨ ਅਤੇ ਹੁਣ ਕੇਵਲ ਸਮੁੰਦਰੀ ਸ਼ੋਰ ਟੈਂਪਲ ਹੀ ਮੌਜੂਦ ਹੈ ਤੇ ਬਾਕੀ ਸਾਰਿਆਂ ਨੂੰ ਸਮੁੰਦਰ ਨਿਗਲ ਚੁੱਕਾ ਹੈ।
ਸ਼ੋਰ ਟੈਂਪਲ 'ਤੇ ਹੋਈ ਨਾਕਾਕਸ਼ੀ ਦੇਖਣਯੋਗ ਹੈ। ਇਨ੍ਹਾਂ ਵਿਚੋਂ ਇਕ ਤਾਂ 100 ਫੁੱਟ ਲੰਬੀ ਤੇ 45 ਫੁੱਟ ਉੱਚੀ ਹੈ, ਜੋ ਕਿ ਗ੍ਰੇਨਾਈਟ ਨੂੰ ਕੱਟ ਕੇ ਬਣਾਈ ਹੈ। ਮਹਾਬਲੀਪੂਰਮ ਵਿਚ ਬਣੀਆਂ ਗੁਫਾਵਾਂ ਅਜੰਤਾ-ਅਲੋਰਾ ਦੀਆਂ ਗੁਫਾਵਾਂ ਦੀ ਯਾਦ ਦਿਵਾਉਂਦੀਆਂ ਹਨ। ਚਟਾਨ ਨੂੰ ਕੱਟ ਕੇ ਬਣਾਈਆਂ ਇਹ ਗੁਫਾਵਾਂ ਇਹ ਸੋਚਣ ਨੂੰ ਮਜਬੂਰ ਕਰ ਦਿੰਦੀਆਂ ਹਨ ਕਿ ਪੁਰਾਣੇ ਸਮੇਂ ਦੇ ਲੋਕ ਕਿੰਨੇ ਮਿਹਨਤੀ ਅਤੇ ਕਲਾ ਸੰਪੂਰਨ ਸਨ, ਕਿਉਂਕਿ ਉਸ ਸਮੇਂ ਨਾ ਤਾਂ ਵਧੀਆ ਔਜ਼ਾਰ ਉਪਲਬਧ ਸਨ ਤੇ ਨਾ ਹੀ ਕੋਈ ਮਸ਼ੀਨਰੀ। ਦੂਰ ਤੋਂ ਖੁੱਲ੍ਹੀ ਹਵਾ ਵਿਚ ਚਟਾਨ 'ਤੇ ਅਟਕਿਆ ਹੋਇਆ ਪੱਥਰ (ਜੋ ਕ੍ਰਿਸ਼ਨਾ ਬੱਟਰ ਬਾਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਦੇਖ ਕੇ ਇੰਜ ਲਗਦਾ ਹੈ ਕਿ ਇਹ ਪੱਥਰ ਕਿਸੇ ਵੇਲੇ ਵੀ ਡਿਗ ਸਕਦਾ ਹੈ ਪਰ ਪਤਾ ਨਹੀਂ ਸਦੀਆਂ ਤੋਂ ਇਹ ਪੱਥਰ ਕਿਵੇਂ ਟਿਕਿਆ ਹੋਇਆ ਹੈ। ਇਹ ਕੋਈ ਤਕਨੀਕ ਨਾਲ ਕੱਟਿਆ ਹੋਇਆ ਹੈ ਜਾਂ ਕੋਈ ਦੈਵਿਕ ਸ਼ਕਤੀ ਇਸ ਪੱਥਰ ਨੂੰ ਫੜ ਕੇ ਬੈਠੀ ਹੈ। ਜੋ ਵੀ ਹੋਵੇ, ਇਸ ਪੱਥਰ ਕੋਲ ਪਹੁੰਚਦੇ ਹੀ ਇਕ ਵਾਰੀ ਤਾਂ ਦਿਲ ਘਬਰਾ ਜਾਂਦਾ ਹੈ ਕਿ ਕਿਤੇ ਇਹ ਪੱਥਰ ਸਾਡੇ ਉੱਪਰ ਹੀ ਨਾ ਡਿਗ ਪਏ। ਸੈਲਾਨੀਆਂ ਲਈ ਇਹ ਪੱਥਰ ਖਿੱਚ ਦਾ ਕੇਂਦਰ ਹੈ। ਇਨ੍ਹਾਂ ਤੋਂ ਇਲਾਵਾ ਮਹਾਬਲੀਪੂਰਮ ਬੀਚ, ਪੰਚ ਰੱਥ (ਦ੍ਰਾਵਿਡ ਕਲਾਂ ਨੂੰ ਦਰਸਾਉਂਦਾ ਮੰਦਿਰ), ਟਾਈਗਰ ਕੇਵਜ ਵੇਖਣ ਵਾਲੇ ਸਥਾਨ ਹਨ। ਮਹਾਬਲੀਪੂਰਮ ਦਾ ਮੌਸਮ ਸਾਰਾ ਸਾਲ ਗਰਮ ਹੀ ਰਹਿੰਦਾ ਹੈ, ਪਰ ਅਕਤੂਬਰ ਤੋਂ ਮਾਰਚ ਤੱਕ ਇਥੋਂ ਦਾ ਮੌਸਮ ਘੁੰਮਣ ਲਈ ਵਧੀਆ ਸਮਝਿਆ ਜਾਂਦਾ ਹੈ ਅਤੇ ਬਰਸਾਤ ਦੇ ਮੌਸਮ ਵਿਚ ਇਥੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


-ਤਰਸੇਮ ਸਿੰਘ
ਮੋਬਾ: 94647-30770.

ਮਰਿਆਦਾ ਭੰਗ ਕਰਨ ਲਈ ਜ਼ਿੰਮੇਵਾਰ ਕੌਣ?

ਹਰ ਹਫ਼ਤੇ ਅਖ਼ਬਾਰਾਂ ਵਿਚ ਇਕ ਖ਼ਬਰ ਵਾਰ-ਵਾਰ ਪੜ੍ਹਨ ਨੂੰ ਮਿਲਦੀ ਹੈ ਕਿ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰਦੁਆਰਾ ਸਾਹਿਬ ਵਿਚ ਅੱਗ ਲੱਗ ਗਈ। ਇਹ ਸਭ ਕੁਝ ਇਕ ਹੀ ਧਰਮ ਵਿਚ ਕਿਉਂ ਵਧੇਰੇ ਵਾਪਰ ਰਿਹਾ ਹੈ? ਬਾਕੀ ਧਰਮਾਂ ਵਿਚ ਪਵਿੱਤਰ ਗ੍ਰੰਥ ਅਤੇ ਮਰਿਆਦਾਵਾਂ ਹਨ। ਉਥੇ ਇਹ ਸਭ ਕੁਝ ਕਿਉਂ ਨਹੀਂ ਵਾਪਰ ਰਿਹਾ? ਅਜੋਕੇ ਸਮੇਂ ਵਿਚ ਸਿੱਖ ਧਰਮ ਜਾਂ ਪੰਥ ਦੇ ਏਨੇ ਕਿੰਨੇ ਕੁ ਦੁਸ਼ਮਣ ਪੈਦਾ ਹੋ ਗਏ ਹਨ? ਕੀ ਇਹ ਬੇਗਾਨਿਆਂ ਜਾਂ ਕਹਿ ਲਵੋ ਮਨਮੁਖਾਂ ਦਾ ਕਾਰਾ ਹੈ? ਕੀ ਸਿੱਖ ਧਰਮ ਦੇ ਪੈਰੋਕਾਰ ਇਸ ਸਭ ਦੀ ਜ਼ਿੰਮੇਵਾਰੀ ਛੱਡ ਕੇ ਬਾਹਰਲੇ ਲੋਕਾਂ 'ਤੇ ਇਲਜ਼ਾਮ ਲਗਾ ਕੇ ਸੁਰਖਰੂ ਹੋ ਸਕਦੇ ਹਨ?
ਹੁਣ ਸਮਾਂ ਹੈ ਸਵੈ-ਪੜਚੋਲ ਦਾ। ਬਚਪਨ ਵਿਚ ਇਕ ਗੱਲ ਆਮ ਤੌਰ 'ਤੇ ਦੁਹਰਾਉਂਦਾ ਸਾਂ ਕਿ 'ਚਿੜੇ ਕੋ ਚਿੜਾਏਂਗੇ, ਹਲਵਾ ਪੂਰੀ ਖਾਏਂਗੇ।' ਕੀ ਇਹ ਵਾਰ-ਵਾਰ ਦਾ ਕਾਰਾ ਸਿਰਫ ਚਿੜਿਆਂ ਨੂੰ ਚਿੜਾਉਣ ਵਾਲਾ ਹੈ? ਜਾਂ ਉਸ ਤੋਂ ਕੁਝ ਵਧ ਕੇ ਹੈ? ਕੀ ਸਭ ਤੋਂ ਜ਼ਿਆਦਾ ਸਹਿਣਸ਼ੀਲ ਧਰਮ ਚਿੜ ਰਿਹਾ ਹੈ? ਜਾਂ ਕਿਤੇ ਉਲਟਾ ਤਾਂ ਨਹੀਂ ਹੈ? ਸਾਡਾ ਵਰਤਾਰਾ ਲੋਕਾਂ ਨੂੰ ਤਾਂ ਨਹੀਂ ਚਿੜਾ ਰਿਹਾ? ਮੈਂ ਆਪਣੀ ਸੁਰਤ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹਰ ਰੋਜ਼ ਝਾੜੂ ਦੀ ਸੇਵਾ ਅਤੇ ਜੋੜਿਆਂ ਦੀ ਸੇਵਾ ਕਰਦੇ ਦੋ ਬਾਣੀਆਂ ਪਰਿਵਾਰਾਂ ਦੇ ਮੁਖੀਆਂ ਨੂੰ ਦੇਖਿਆ ਹੈ। ਸਿੱਖ ਤਾਂ ਆਕੜ ਅਤੇ ਹਉਮੈ ਨਾਲ ਆਉਂਦੇ ਸਨ ਪਰ ਉਹ ਹਿੰਦੂ ਬਾਬੇ ਨਿਮਰਤਾ ਨਾਲ ਆ ਕੇ ਝਾੜੂ ਅਤੇ ਜੋੜਿਆਂ ਦੀ ਸੇਵਾ ਕਰਦੇ ਸਨ। 1980 ਤੋਂ ਲੈ ਕੇ 2017 ਤੱਕ 37 ਸਾਲਾਂ ਵਿਚ ਮਜ਼੍ਹਬੀ ਕੱਟੜਤਾ ਨੇ ਹਿੰਦੂਆਂ ਅਤੇ ਹੋਰ ਧਰਮਾਂ ਨੂੰ ਸਿੱਖ ਧਰਮ ਅਤੇ ਇਸ ਦੇ ਪੰਥ ਤੋਂ ਦੂਰ ਕਰ ਦਿੱਤਾ। ਮੈਨੂੰ ਮੇਰੇ ਇਕ ਹਿੰਦੂ ਸਾਥੀ ਨੇ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸ ਤਰ੍ਹਾਂ ਦੀ ਕਹਾਣੀ ਦਰਜ ਹੈ, ਜਿਵੇਂ ਕਿ ਰਮਾਇਣ ਵਿਚ ਰਾਮ ਅਤੇ ਸੀਤਾ ਅਤੇ ਮਹਾਂਭਾਰਤ ਵਿਚ ਪਾਂਡਵਾਂ ਅਤੇ ਕੌਰਵਾਂ ਦੀ। ਜਦ ਮੈਂ ਉਸ ਨੂੰ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਕਹਾਣੀ ਨਹੀਂ ਹੈ, ਪਰਮਾਤਮਾ ਦੀ ਉਸਤਤ ਦੀ ਬਾਣੀ ਹੈ, ਸ਼ਬਦ ਹਨ ਅਤੇ ਉਦਾਹਰਨਾਂ ਦਿੱਤੀਆਂ ਹਨ, ਤਾਂ ਉਹ ਭਾਵੁਕ ਹੋ ਉੱਠਿਆ ਅਤੇ ਕਹਿਣ ਲੱਗਾ ਕਿ ਫਿਰ ਤਾਂ ਤੁਹਾਨੂੰ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੋਵੇਗਾ, ਮੈਂ ਵੀ ਪੜ੍ਹਾਂਗਾ। ਪਰ ਅਸੀਂ ਪੜ੍ਹਨ ਕਦੋਂ ਦਿੰਦੇ ਹਾਂ? ਮਰਿਆਦਾ ਦੇ ਨਾਂਅ 'ਤੇ ਕਰਮਕਾਂਡਾਂ ਦੀ ਲਿਸਟ ਏਨੀ ਲੰਬੀ ਹੈ ਕਿ ਇਕ ਜਨਮ ਤਾਂ ਮਰਿਆਦਾ ਨੂੰ ਸਮਝਣ ਨੂੰ ਚਾਹੀਦਾ ਹੈ। ਜੇ ਕਿਤੇ ਮਨਮਤ ਵਾਲੀ ਥਾਂ 'ਤੇ ਕੋਈ ਮਰਿਆਦਾ ਨੂੰ ਅੱਧ-ਪਚੱਧ ਮੰਨਦਾ ਹੋਇਆ ਪ੍ਰਕਾਸ਼ ਕਰਕੇ ਪਾਠ ਕਰਨਾ, ਸੁਣਨਾ ਚਾਹੇ ਤਾਂ ਅਸੀਂ ਪਿੰਡ-ਪਿੰਡ ਕਮੇਟੀਆਂ ਬਣਾ ਕੇ, ਲੱਠਮਾਰਾਂ ਦੀ ਟੀਮ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਹ ਲੈਂਦੇ ਹਾਂ।
ਪੜ੍ਹਨ ਨਹੀਂ ਦੇਣਾ। ਜੇ ਉਹ ਪੜ੍ਹੇਗਾ, ਤਾਂ ਹੀ ਤਾਂ ਸਮਝੇਗਾ। ਪਿੰਡ ਦੀ ਉਸ ਕਮੇਟੀ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਸਧਾਰਨ ਪਾਠ ਅਰੰਭ ਕਰਨ। ਗੁਰਬਾਣੀ ਨੂੰ ਤੋਤਾ ਰਟਣ ਜਾਂ ਕੰਠ ਕਰਨ ਦੀ ਬਜਾਏ ਸਮਝਣ ਅਤੇ ਜੇ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਤੇ ਸਾਂਭ-ਸੰਭਾਲ ਬਾਰੇ ਨਹੀਂ ਪਤਾ ਤਾਂ ਪਿਆਰ ਨਾਲ ਉਸ ਨੂੰ ਸਮਝਾਉਣ। 'ਆਪ ਨਾ ਜਾਂਦੀ ਸਹੁਰੇ ਤੇ ਲੋਕੀਂ ਮੱਤਾਂ ਦੇ।' ਇਨ੍ਹਾਂ ਕਮੇਟੀਆਂ ਦੇ ਜੇ 30 ਤੋਂ ਜ਼ਿਆਦਾ ਮੈਂਬਰ ਹਨ ਤਾਂ ਮੇਰੇ ਖਿਆਲ ਵਿਚ 3-4 ਨੇ ਹੀ ਗੁਰਬਾਣੀ ਸੰਥਿਆ ਜਾਂ ਸਧਾਰਨ ਪਾਠ ਆਪ ਖੁਦ ਕੀਤਾ ਹੋਣਾ ਹੈ, ਬਾਕੀ ਤਾਂ ਜਜ਼ਬਾਤੀ ਹੋ ਕੇ ਬਾਹਾਂ ਉਲਾਰਨ ਵਾਲੇ ਹਨ। ਜੇ ਕੋਈ ਮਨਮਤੀ ਕਰਨ ਵਾਲਾ ਇਕ ਕਿਣਕਾ ਮਨ ਵਸਾ ਲਵੇਗਾ, ਸੁਣ ਲਵੇਗਾ ਤਾਂ ਸਿੱਖ ਧਰਮ, ਪੰਥ ਨੂੰ ਕਿਹੜਾ ਘਾਟਾ ਪੈ ਜਾਣਾ ਹੈ? ਡੇਰਿਆਂ, ਸਮਾਧਾਂ, ਮੈਰਿਜ ਪੈਲੇਸਾਂ, ਸੜਕਾਂ ਦੇ ਕਿਨਾਰਿਆਂ ਤੋਂ ਮਰਿਆਦਾ ਦੀ ਆੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੋਕ ਦਿੱਤਾ ਗਿਆ ਹੈ। ਪਰ ਕੀ ਇਸ ਤਰ੍ਹਾਂ ਕਰਨ ਨਾਲ ਪਵਿੱਤਰ ਅੰਗ ਗਲੀਆਂ-ਰੂੜੀਆਂ 'ਤੇ ਖਿਲਾਰੇ ਜਾਣੇ ਬੰਦ ਹੋਏ ਹਨ ਜਾਂ ਵਧੇ ਹਨ? ਸਿੱਖ ਧਰਮ ਕਿਸੇ ਦੀ ਜਗੀਰ ਨਹੀਂ ਹੈ ਜੀ, ਇਹ ਤਾਂ ਜੀਵਨ ਜਾਚ ਹੈ ਜੋ ਕਿ ਹਿੰਦੂ ਵੀਰ, ਮੁਸਲਮਾਨ ਵੀਰ, ਇਸਾਈ ਵੀਰ ਕੋਈ ਵੀ ਅਪਣਾ ਸਕਦਾ ਹੈ। ਕੀ ਗੁਰੂ ਨਾਨਕ ਨੇ ਇਹ ਸਿੱਖ ਧਰਮ ਦਾ ਸੰਦੇਸ਼-ਉਪਦੇਸ਼ ਸਿਰਫ ਪੰਜਾਬੀਆਂ ਲਈ ਰੱਖਿਆ ਸੀ? ਕੀ ਉਹ ਕਾਬਲ, ਕੰਧਾਰ, ਮੱਕਾ ਸ਼ਰੀਫ਼, ਈਰਾਨ ਨਹੀਂ ਗਏ? ਕੀ ਉਹ ਗੰਗਾ ਦੇ ਕਿਨਾਰੇ ਪੰਡਤਾਂ ਨੂੰ ਨਹੀਂ ਮਿਲੇ? ਕੀ ਉਨ੍ਹਾਂ ਨੇ ਇਨ੍ਹਾਂ ਕਮੇਟੀਆਂ ਵਾਲੀ ਡਾਂਗ ਚੁੱਕੀ ਸੀ?
ਕਿਸੇ ਵੀ ਵਿਚਾਰਧਾਰਾ ਨੂੰ ਫੈਲਾਉਣ ਲਈ ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਅਪਣਾਉਣਾ ਪੈਂਦਾ ਹੈ। ਕਿੰਨੇ ਸਿੱਖ ਵੀਰ ਪਿੰਡਾਂ ਵਿਚ ਇਸਾਈ ਮੱਤ ਧਾਰਨ ਕਰ ਚੁੱਕੇ ਹਨ ਅਤੇ ਕਿੰਨੇ ਹੋਰ ਕਰਨਗੇ? ਇਸਾਈ ਗਰੀਬਾਂ ਦਾ ਇਲਾਜ ਮੁਫਤ ਕਰਾਉਂਦੇ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਲਈ ਸਿੱਖਿਆ ਦਾ ਵੀ ਪ੍ਰਬੰਧ ਕਰਦੇ ਹਨ। ਇਕ ਅਸੀਂ ਹਾਂ ਕਿ ਮਰਿਆਦਾ ਦੇ ਨਾਂਅ 'ਤੇ ਲੋਕਾਂ ਨੂੰ ਤੋੜ ਰਹੇ ਹਾਂ। ਗਿਆਨੀ ਸੰਤ ਸਿੰਘ ਮਸਕੀਨ ਹੁਰਾਂ ਨੇ ਕਿਹਾ ਸੀ ਕਿ ਹੋਰ ਸਿੱਖ ਤਾਂ ਕੀ ਬਣਨੇ ਨੇ? ਇਥੇ ਸਿੱਖ ਵੀ ਸਿੱਖ ਨਹੀਂ ਰਹੇ। ਸਿਰਫ ਸਿੱਖਾਂ ਦੇ ਘਰ ਜਨਮ ਲੈਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਸਿੱਖ ਬਣਨ ਲਈ ਨਿਮਰਤਾ, ਸਾਂਝੀਵਾਲਤਾ, ਵੰਡ ਛਕਣ, ਨਾਮ ਜਪਣ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਬਿਰਤੀ ਹੋਣੀ ਚਾਹੀਦੀ ਹੈ। ਇਹ ਉਹ ਧਰਮ ਹੈ, ਜਿਥੇ ਭਾਈ ਨੰਦ ਲਾਲ ਵੀ ਸਿੱਖ ਹੈ ਅਤੇ ਪੀਰ ਬੁੱਧੂ ਸ਼ਾਹ ਵੀ। ਪਰ ਅਜੇ ਮੈਂ ਸਿੱਖ ਨਹੀਂ ਹਾਂ।
ਬਹੁਤ ਸਾਰੇ ਕੇਸਾਂ ਵਿਚ ਤਾਂ ਗ੍ਰੰਥੀ, ਗੁਰਦੁਆਰੇ ਦਾ ਮੈਨੇਜਰ, ਸਤਿਆ ਜਾਂ ਅੱਕਿਆ ਹੋਇਆ ਕਰਮਚਾਰੀ ਜਾਂ ਉਹ ਇਨਸਾਨ, ਜਿਸ ਨੂੰ ਸਿੱਖ ਧਰਮ ਦੇ ਪੈਰੋਕਾਰਾਂ ਨੇ ਕੁਝ ਬੁਰਾ-ਭਲਾ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜਾਂ ਗੁਟਕਿਆਂ ਦੀ ਬੇਅਦਬੀ ਕਰਨ ਵਿਚ ਸ਼ਾਮਿਲ ਸੀ। ਕੀ ਅਸੀਂ ਕੁਝ ਕੁ ਗ੍ਰੰਥੀ, ਕਥਾਕਾਰ ਸਿਰਫ ਨਾਂਅ ਦੇ ਪੈਦਾ ਕਰ ਰਹੇ ਹਾਂ? ਜੋ ਇਹ ਕਾਰੇ ਕਰ ਰਹੇ ਹਨ। ਕੀ ਉਨ੍ਹਾਂ ਦੀ ਆਸਥਾ ਕਮਜ਼ੋਰ ਜਾਂ ਸ਼ੱਕੀ ਹੈ? ਕੀ ਸਭ ਸਿਰਫ ਦਿਖਾਵੇ ਲਈ ਹੋ ਰਿਹਾ ਹੈ? ਜਗਿਆਸੂ ਜਾਂ ਸਿੱਖ ਜੋ ਮਨ ਦਾ ਦੀਵਾ ਜਗਾਉਣਾ ਚਾਹੁੰਦੇ ਹਨ, ਘਟ ਰਹੇ ਹਨ। ਦਿਨ, ਤਿਉਹਾਰ 'ਤੇ ਸੜਕਾਂ ਦੇ ਕਿਨਾਰੇ ਲੱਗੇ ਲੰਗਰਾਂ ਵਿਚ ਦਾੜ੍ਹੀਆਂ ਕਟਾਉਣ ਵਾਲੇ ਜਾਂ ਟੇਢੇ-ਮੇਢੇ ਕੱਟ ਕਰਵਾ ਕੇ ਬਣਾਏ ਵਾਲਾਂ ਉੱਤੇ ਕੇਸਰੀ ਪਟਕਾ ਬੰਨ੍ਹ ਕੇ, ਦਾੜ੍ਹੀਆਂ ਦੀਆਂ ਸ਼ਕਲਾਂ ਵਿਗਾੜ ਕੇ ਗੁਰੂ ਗੋਬਿੰਦ ਸਿੰਘ ਦੇ ਬੇਟੇ ਹੋਣ ਦੀ ਬਜਾਏ ਜਦ ਜ਼ਕਰੀਆ ਖਾਨ, ਚੰਗੇਜ਼ ਖਾਨ ਜਾਂ ਨਾਦਿਰ ਸ਼ਾਹ ਅਬਦਾਲੀ ਵਰਗੀਆਂ ਸ਼ਕਲਾਂ ਵਾਲੇ ਸਾਡੇ ਸਪੁੱਤਰ ਸਿੱਖੀ ਦੇ ਮਹਾਨ ਵਿਰਸੇ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਕ ਪਵਿੱਤਰ ਸੰਦੇਸ਼ ਨੂੰ ਅਤੇ ਮਾਣ ਮਰਿਆਦਾ ਨੂੰ ਕਿਵੇਂ ਸੰਭਾਲਣਗੇ? ਪਰ ਡੰਡੇ ਦੇ ਜ਼ੋਰ ਨਾਲ ਇੱਜ਼ਤ ਨਹੀਂ ਕਰਵਾਈ ਜਾ ਸਕਦੀ। ਪਿਆਰ ਅਤੇ ਤਿਆਗ ਦੀ ਭਾਵਨਾ ਨੇ ਭਾਈ ਘਨੱਈਆ ਅਤੇ ਭਗਤ ਪੂਰਨ ਸਿੰਘ ਵਰਗੇ ਸਿੱਖਾਂ ਦੀ ਸਮਾਜ ਵਿਚ ਇੱਜ਼ਤ ਕਰਵਾਈ ਸੀ।
ਜ਼ਰਾ ਸੋਚੋ, ਪਿਛਲੇ ਸਾਲਾਂ ਵਿਚ ਜਿੰਨੀ ਮਰਿਆਦਾ ਭੰਗ ਹੋਈ ਹੈ, ਜਿੰਨੀ ਬੇਪਤੀ ਹੋਈ ਹੈ, ਉਸ ਲਈ ਬਾਹਰਲੇ ਲੋਕ ਜ਼ਿੰਮੇਵਾਰ ਹਨ ਜਾਂ ਅਸੀਂ ਲੋਕਾਂ ਤੋਂ ਦੂਰੀ ਬਣਾ ਕੇ ਸਿੱਖ ਧਰਮ ਨੂੰ ਨਫ਼ਰਤ ਦਾ ਪਾਤਰ ਬਣਾ ਰਹੇ ਹਾਂ? ਇਕ ਕੋਰਸ ਕਰਨ ਦੌਰਾਨ ਮੈਂ ਇਕ ਗੱਲ ਸਿੱਖੀ ਸੀ ਕਿ ਦੇਖੋ, ਕਿਸੇ ਵੀ ਗੱਲ/ਘਟਨਾ ਲਈ ਮੈਂ ਕਿਥੇ ਜ਼ਿੰਮੇਵਾਰ ਹਾਂ। ਦੂਜਿਆਂ 'ਤੇ ਦੋਸ਼ ਲਾਉਣ ਵਾਲੇ ਜਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਪੰਥ ਦਾ ਕੁਝ ਨਹੀਂ ਸਵਾਰ ਰਹੇ। ਲੋੜ ਹੈ ਸਵੈ-ਪੜਚੋਲ ਦੀ ਅਤੇ ਸਿੱਖ ਧਰਮ ਦੀ ਦਰਿਆਦਿਲੀ ਨੂੰ ਦਿਖਾਉਣ ਦੀ, ਘਰ-ਘਰ ਗੁਰਬਾਣੀ ਪਹੁੰਚਾਉਣ ਦੀ। ਮਰਿਆਦਾ ਦੇ ਨਾਂਅ 'ਤੇ ਗੰਢਾਂ ਮਾਰ ਕੇ ਅਸੀਂ ਲੋਕਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਨਫ਼ਰਤ ਦੀ ਕੰਧ ਉਸਾਰ ਰਹੇ ਹਾਂ।
ਸਿਰਫ ਲੋਕਾਂ ਨੂੰ ਦੱਸੋ ਕਿ, ਕੀ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਤੇ ਫਿਰ ਦੇਖੋ ਕੋਈ ਕਿਵੇਂ ਕਰ ਸਕਦਾ ਹੈ ਬੇਪਤੀ। ਇਹ ਕੰਮ ਇਕੱਲਾ ਕੋਈ ਸਿੰਘਾਂ, ਖਾਲਸਿਆਂ ਜਾਂ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ, ਇਹ ਹਰ ਜਾਗਰੂਕ ਸਿੱਖ ਦਾ ਫਰਜ਼ ਹੈ।


-ਏਪੈਕਸ ਹਸਪਤਾਲ, ਰਾਮਪੁਰਾ ਫੂਲ। ਮੋਬਾ: 98722-66779

ਮੋਰਚਾ ਗੁਰੂ ਕਾ ਬਾਗ਼

ਅੱਜ ਲਈ ਵਿਸ਼ੇਸ਼
8 ਅਗਸਤ, 1922 ਨੂੰ ਗੁਰੂ ਕੇ ਬਾਗ਼ ਘੂਕਿਆਂ (ਅੰਮ੍ਰਿਤਸਰ ਸਾਹਿਬ) ਵਾਲੀ ਵਿਖੇ ਖ਼ਾਲਸਾ ਪੰਥ ਨੇ ਇਸ ਮੋਰਚੇ ਦੀ ਸ਼ੁਰੂਆਤ ਕੀਤੀ, ਜਿਸ ਨੂੰ ਇਤਿਹਾਸ ਅੰਦਰ ਗੁਰੂ ਕੇ ਬਾਗ਼ ਦੇ ਮੋਰਚੇ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਇਸ ਅਸਥਾਨ 'ਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਇਸ ਅਸਥਾਨ 'ਤੇ ਸਤਿਗੁਰਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰੂ-ਘਰ ਦੇ ਨਾਲ ਗੁਰੂ-ਘਰ ਦੀ ਜ਼ਮੀਨ 'ਤੇ ਇਕ ਪੁਰਾਤਨ ਬਾਗ਼ ਸੀ, ਜੋ ਗੁਰੂ ਕੇ ਬਾਗ਼ ਦੇ ਨਾਂਅ ਨਾਲ ਪ੍ਰਸਿੱਧ ਸੀ। ਇਥੋਂ ਦਾ ਪ੍ਰਬੰਧਕ ਇਕ ਸੁੰਦਰ ਦਾਸ ਨਾਂਅ ਦਾ ਮਹੰਤ ਸੀ, ਜੋ ਸ਼ਰਾਬੀ ਅਤੇ ਅੱਯਾਸ਼ ਸੀ। ਆਏ ਦਿਨ ਸੰਗਤ ਵੱਲੋਂ ਇਸ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਮਿਤੀ 3 ਜਨਵਰੀ, 1921 ਨੂੰ ਜਥੇਦਾਰ ਕਰਤਾਰ ਸਿੰਘ ਝੱਬਰ 50 ਸਿੰਘਾਂ ਦਾ ਜਥਾ ਲੈ ਕੇ ਗੁਰੂ ਕੇ ਬਾਗ਼ ਘੂਕਿਆਂਵਾਲੀ ਵਿਖੇ ਪੁੱਜੇ। ਉੱਥੇ ਪੁੱਜਦਿਆਂ ਹੀ ਜਥੇ ਦੇ ਸਿੰਘਾਂ ਦੀ ਗਿਣਤੀ 500 ਦੇ ਕਰੀਬ ਹੋ ਚੁੱਕੀ ਸੀ। ਸਰੋਵਰ ਦੇ ਕਿਨਾਰੇ ਸਜੇ ਦੀਵਾਨ ਵਿਚ ਤਕਰੀਰਾਂ ਹੋਈਆਂ।
ਮਹੰਤ ਸੁੰਦਰ ਦਾਸ ਨੇ ਸ: ਅਮਰ ਸਿੰਘ ਝਬਾਲ ਰਾਹੀਂ ਸਿੰਘਾਂ ਨਾਲ ਕੋਰੇ ਕਾਗ਼ਜ਼ 'ਤੇ ਇਕ ਲਿਖਤੀ ਸਮਝੌਤਾ ਕੀਤਾ, ਜਿਸ ਵਿਚ ਉਸ ਨੇ ਸਿੰਘਾਂ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਸ: ਦਾਨ ਸਿੰਘ ਵਿਛੋਆ ਦੀ ਪ੍ਰਧਾਨਗੀ ਹੇਠ 11 ਮੈਂਬਰੀ ਕਮੇਟੀ ਬਣਾਈ ਗਈ। 6 ਮਹੀਨੇ ਬਾਅਦ ਅੰਗਰੇਜ਼ੀ ਰਾਜ ਦੀ ਸਿੱਖਾਂ ਵਿਰੁੱਧ ਨੀਤੀ ਵੇਖ ਕੇ ਮਹੰਤ ਸਮਝੌਤੇ ਤੋਂ ਮੁਨਕਰ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ: ਦਾਨ ਸਿੰਘ ਦੀ ਅਗਵਾਈ ਵਿਚ ਇਕ ਜਥਾ ਮਿਤੀ 23 ਫ਼ਰਵਰੀ, 1921 ਨੂੰ ਗੁਰੂ ਕੇ ਬਾਗ਼ ਦਾ ਪ੍ਰਬੰਧ ਸੰਭਾਲਣ ਲਈ ਭੇਜਿਆ, ਜਿਸ ਨੇ ਪ੍ਰਬੰਧ ਸੰਭਾਲ ਲਿਆ। ਮਹੰਤ ਨੇ ਆਪਣੀ ਸਹਾਇਤਾ ਲਈ ਪੁਲਿਸ ਸੱਦ ਲਈ। ਆਖ਼ਰ ਸਤੰਬਰ, 1921 ਵਿਚ ਮਹੰਤ ਨੇ ਸ਼੍ਰੋਮਣੀ ਕਮੇਟੀ ਨਾਲ ਮੁੜ ਸਮਝੌਤਾ ਕੀਤਾ, ਜਿਸ ਰਾਹੀਂ ਫ਼ਰਵਰੀ, 1922 ਵਿਚ ਉਸ ਨੇ 120 ਰੁਪਏ ਮਹੀਨਾ ਭੱਤਾ ਤੇ ਅੰਮ੍ਰਿਤਸਰ ਵਿਖੇ ਇਕ ਮਕਾਨ ਪ੍ਰਾਪਤ ਕੀਤਾ। ਦੋ ਮਹੀਨੇ ਬਾਅਦ ਸਰਕਾਰ ਦੀ ਸਿੱਖਾਂ ਵਿਰੁੱਧ ਨੀਤੀ ਵੇਖ ਕੇ ਆਪਣੇ ਹੀ ਪ੍ਰਵਾਨ ਕੀਤੇ ਫ਼ੈਸਲੇ ਤੋਂ ਮਹੰਤ ਮੁੜ ਮੁੱਕਰ ਗਿਆ, ਪਰ ਗੁਰੂ ਕੇ ਬਾਗ਼ ਦਾ ਪ੍ਰਬੰਧ ਤੇ ਜ਼ਮੀਨ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਸਨ। ਗੁਰੂ ਕੇ ਲੰਗਰ ਅਤੁੱਟ ਵਰਤਣ ਲੱਗੇ ਅਤੇ ਦੀਵਾਨ ਵੀ ਸਜਣ ਲੱਗੇ। ਸੰਗਤ ਪ੍ਰਸੰਨ ਚਿੱਤ ਸੀ।
ਮਿਤੀ 8 ਅਗਸਤ, 1922 ਨੂੰ ਗੁਰੂ-ਘਰ ਦੇ 5 ਸੇਵਾਦਾਰ ਗੁਰੂ ਕੇ ਲੰਗਰ ਲਈ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਹੀ ਬਾਲਣ ਵਾਸਤੇ ਲੱਕੜ ਵੱਢਣ ਗਏ, ਪਰ ਪੁਲਿਸ ਨੇ ਡਿਪਟੀ ਕਮਿਸ਼ਨਰ ਮਿਸਟਰ ਡੰਨਟ ਦੇ ਹੁਕਮ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਿੰਘਾਂ ਦੇ ਖ਼ਿਲਾਫ਼ ਪੁਲਿਸ ਨੇ ਮਹੰਤ ਤੋਂ ਦਰਖ਼ਾਸਤ ਵੀ ਪ੍ਰਾਪਤ ਕਰ ਲਈ। ਆਖ਼ਰ ਅਦਾਲਤ ਵਿਚ ਇਨ੍ਹਾਂ ਨੂੰ ਪੇਸ਼ ਕੀਤਾ ਗਿਆ। ਜੱਜ ਵੱਲੋਂ ਇਨ੍ਹਾਂ ਨੂੰ 6-6 ਮਹੀਨੇ ਦੀ ਕੈਦ ਅਤੇ 50-50 ਰੁਪਏ ਜੁਰਮਾਨਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤ ਵਿਚ ਵੱਡੇ ਪੱਧਰ 'ਤੇ ਰੋਸ ਫ਼ੈਲ ਗਿਆ। ਮਿਤੀ 22 ਅਗਸਤ, 1922 ਦੇ ਦਿਨ ਫ਼ਿਰ ਲੱਕੜਾਂ ਵੱਢਣ ਲਈ ਜਾਣ ਵਾਲੇ ਸਿੰਘਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਮਿਤੀ 24 ਅਗਸਤ ਤੱਕ ਲਗਪਗ 180 ਸਿੰਘ ਗ੍ਰਿਫ਼ਤਾਰ ਕਰ ਲਏ ਗਏ। ਉਸ ਤੋਂ ਅਗਲੇ ਦਿਨ 25 ਅਗਸਤ ਨੂੰ 136 ਸਿੰਘਾਂ ਦੇ ਜਥੇ ਉੱਪਰ ਬੇਤਹਾਸ਼ਾ ਕੁੱਟਮਾਰ ਕਰਕੇ ਜ਼ੁਲਮ ਕੀਤਾ ਗਿਆ। ਮਿਤੀ 26 ਅਗਸਤ ਨੂੰ 40 ਸਿੰਘਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਹਕੂਮਤ ਵੱਲੋਂ ਗੁਰੂ ਕੇ ਬਾਗ਼ ਆਉਣ ਵਾਲੇ ਸਿੰਘਾਂ ਦੀ ਕੁੱਟਮਾਰ ਇਸੇ ਤਰ੍ਹਾਂ ਜਾਰੀ ਰਹੀ।
ਏਨੀਆਂ ਸਖ਼ਤੀਆਂ ਦੇ ਬਾਵਜੂਦ ਵੀ ਸਿੰਘ ਇਸ ਅਸਥਾਨ 'ਤੇ ਆਉਣੇ ਬੰਦ ਨਾ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਰੋਜ਼ ਸਿੰਘਾਂ ਦਾ ਇਕ ਜਥਾ ਗੁਰੂ ਕੇ ਬਾਗ਼ ਵੱਲ ਰਵਾਨਾ ਹੁੰਦਾ। ਰਸਤੇ ਵਿਚ ਪੁਲਿਸ ਵੱਲੋਂ ਇਨ੍ਹਾਂ ਜਥਿਆਂ ਨੂੰ ਰੋਕ ਕੇ ਇਨ੍ਹਾਂ ਉਪਰ ਘਿਨੌਣਾ ਅੱਤਿਆਚਾਰ ਕੀਤਾ ਜਾਂਦਾ। ਜ਼ਖ਼ਮੀ ਹਾਲਤ ਵਿਚ ਸਿੰਘਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਸਪਤਾਲ ਵਿਚ ਭਰਤੀ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਖ਼ਮੀ ਸਿੰਘਾਂ ਦਾ ਇਲਾਜ ਅਤੇ ਸੰਭਾਲ ਕੀਤੀ ਜਾਂਦੀ ਰਹੀ। ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਦਾਸਤਾਂ ਅਖ਼ਬਾਰਾਂ ਰਾਹੀਂ ਪੂਰੇ ਪੰਜਾਬ, ਹਿੰਦੋਸਤਾਨ ਅਤੇ ਵਿਦੇਸ਼ਾਂ ਵਿਚ ਵੀ ਪੁੱਜ ਰਹੀ ਸੀ। ਚਾਰੇ ਪਾਸਿਓਂ ਸਿੱਖਾਂ ਨੂੰ ਹਮਦਰਦੀ ਮਿਲ ਰਹੀ ਸੀ ਅਤੇ ਅੰਗਰੇਜ਼ ਹਕੂਮਤ ਦੀ ਇਸ ਘਿਨੌਣੀ ਕਾਰਵਾਈ ਦਾ ਵਿਰੋਧ ਹੋ ਰਿਹਾ ਸੀ। 3 ਸਤੰਬਰ, 1922 ਨੂੰ ਹਿੰਦੋਸਤਾਨ ਦੇ ਉੱਘੇ ਨੇਤਾ, ਪੰਜਾਬ ਕੌਂਸਲ ਦੇ ਕੁਝ ਮੈਂਬਰ, ਚੀਫ਼ ਖ਼ਾਲਸਾ ਦੀਵਾਨ ਅਤੇ ਅਕਾਲੀ ਆਗੂਆਂ ਨਾਲ ਮੌਕਾ ਵੇਖਣ ਪੁੱਜੇ। ਇਨ੍ਹਾਂ ਨੇ ਕੁੱਟਮਾਰ ਦਾ ਇਹ ਭਿਆਨਕ ਮੰਜਰ ਆਪਣੀਆਂ ਅੱਖਾਂ ਨਾਲ ਵੇਖਿਆ। ਹਕੂਮਤ ਵੱਲੋਂ ਜਥੇ ਦੇ ਸਿੰਘਾਂ ਦੇ ਨਾਲ-ਨਾਲ ਰਾਹਗੀਰਾਂ ਅਤੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਨਾ ਬਖਸ਼ਿਆ ਗਿਆ। ਸਰਕਾਰ ਨੇ ਸਿੱਖਾਂ ਨੂੰ ਡਰਾਉਣ ਦਾ ਹਰ ਹੀਲਾ ਵਰਤਿਆ।
ਮਿਤੀ 17 ਨਵੰਬਰ, 1922 ਤੱਕ 5600 ਦੇ ਕਰੀਬ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ। ਸੈਂਕੜੇ ਸਿੰਘ ਜ਼ਖ਼ਮੀ ਹਾਲਤ ਵਿਚ ਸਨ ਅਤੇ ਕਈ ਸ਼ਹੀਦ ਹੋ ਚੁੱਕੇ ਸਨ। ਅਖ਼ਬਾਰਾਂ ਰਾਹੀਂ ਅੰਗਰੇਜ਼ ਹਕੂਮਤ ਦੇ ਇਸ ਜ਼ਾਲਮਾਨਾ ਰਵੱਈਏ ਦੀ ਹਰ ਪਾਸਿਓਂ ਨਿੰਦਿਆ ਹੋ ਰਹੀ ਸੀ। ਏਨਾ ਕੁਝ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਕੇ ਬਾਗ਼ ਜਾਣ ਵਾਲੇ ਸਿੰਘਾਂ ਦੀ ਗਿਣਤੀ ਵਿਚ ਦਿਨੋ-ਦਿਨ ਭਾਰੀ ਵਾਧਾ ਹੋ ਰਿਹਾ ਸੀ। ਆਖ਼ਰਕਾਰ ਅਕਾਲ ਪੁਰਖ ਦੀ ਕਿਰਪਾ ਅਤੇ ਸਿੱਖਾਂ ਦੀ ਦ੍ਰਿੜ੍ਹਤਾ ਅਤੇ ਕੁਰਬਾਨੀ ਦੀ ਭਾਵਨਾ ਕਾਰਨ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ। ਗੁਰੂ ਕੇ ਬਾਗ਼ ਦਾ ਸਮੁੱਚਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿਚ ਆ ਗਿਆ। ਇਸ ਮੋਰਚੇ ਦੌਰਾਨ ਸਿੱਖਾਂ ਨੂੰ ਹਰ ਧਰਮ ਤੇ ਵਰਗ ਦੀ ਹਮਦਰਦੀ ਪ੍ਰਾਪਤ ਹੋਈ। ਕੌਮੀ ਪ੍ਰੈੱਸ ਨੇ ਵੀ ਸਿੱਖਾਂ ਦਾ ਭਰਪੂਰ ਸਾਥ ਦਿੱਤਾ। ਇਨ੍ਹਾਂ ਯੋਧਿਆਂ ਦੀ ਕੁਰਬਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਧਾਰਸ਼ਿਲਾ ਬਣੀ ਅਤੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਖ਼ਾਲਸਾ ਪੰਥ ਕੋਲ ਆ ਗਿਆ। ਅੱਜ ਮਿਤੀ 8 ਅਗਸਤ ਨੂੰ ਗੁਰੂ ਕੇ ਬਾਗ਼ ਦੇ ਇਸ ਮੋਰਚੇ ਵਿਚ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਯਾਦ ਕਰਦਿਆਂ ਸਮੁੱਚੀ ਕੌਮ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।


-ਕਾਰਜਕਾਰੀ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ)। ਮੋਬਾ: 98555-05800

ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿਆਣਾ)

ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ ਨਾਲ ਸਬੰਧਤ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਲੁਧਿਆਣਾ) ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਆਰੰਭੇ ਅਨੇਕਾਂ ਕਾਰਜਾਂ ਕਾਰਨ ਇਹ ਆਸ਼ਰਮ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਸੁਮੇਲ ਬਣ ਚੁੱਕਾ ਹੈ। ਇਸ ਪਰਮ ਧਾਮ ਦੀ ਮਹੱਤਤਾ ਤੋਂ ਸੰਸਾਰ ਭਰ ਨੂੰ ਭਲੀ ਪ੍ਰਕਾਰ ਜਾਣੂੰ ਕਰਵਾਉਣ ਅਤੇ ਬਾਬਾ ਗਰੀਬ ਦਾਸ ਦੀ ਅੰਮ੍ਰਿਤਮਈ ਬਾਣੀ ਦੇ ਸੱਚੇ ਉਪਦੇਸ਼ਾਂ ਨੂੰ ਭੁੱਲੇ-ਭਟਕੇ ਲੋਕਾਂ ਦੇ ਹਿਰਦਿਆਂ 'ਚ ਵਸਾਉਣ ਦਾ ਬੀੜਾ ਸੱਚਖੰਡ ਵਾਸੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਪਰਮ ਸ਼ਿਸ਼ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਹੈ। ਭੂਰੀ ਵਾਲੇ ਭੇਖ ਦੇ ਪਹਿਲੇ ਮੁਖੀ ਸਵਾਮੀ ਬ੍ਰਹਮ ਸਾਗਰ ਭੂਰੀ ਵਲਿਆਂ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ 'ਤੇ ਕਾਫੀ ਕਠਿਨ ਤਪ ਕੀਤਾ ਅਤੇ ਹਰ ਦੁਖੀ ਤੋਂ ਦੁਖੀ ਅਤੇ ਦੱਬੇ-ਕੁਚਲੇ ਹੋਏ ਲੋਕਾਂ ਦੀ ਮਦਦ ਕਰਕੇ ਹਰ ਜੀਵ ਨੂੰ ਧਰਮ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਆਪ ਤੋਂ ਬਾਅਦ ਗੱਦੀ 'ਤੇ ਬਿਰਾਜਮਾਨ ਸਵਾਮੀ ਲਾਲ ਦਾਸ ਭੂਰੀ ਵਾਲਿਆਂ ਦੇ ਉਤਰਾਧਿਕਾਰੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੇ 9 ਸਾਲ ਗੱਦੀ 'ਤੇ ਬਿਰਾਜਮਾਨ ਰਹਿ ਕੇ ਭਜਨ ਬੰਦਗੀ ਦੁਆਰਾ ਲੋਕਾਂ ਨੂੰ ਨਾਮ ਬਾਣੀ ਨਾਲ ਵੀ ਜੋੜਿਆ ਅਤੇ ਪਿੰਡ ਦੀ ਅਬਾਦੀ ਤੋਂ ਦੂਰ ਸਰਕੜੇ, ਕੱਖਾਂ/ਕੰਡਿਆਂ 'ਚ ਸਥਿਤ ਧਾਮ ਤਲਵੰਡੀ ਖੁਰਦ ਦਾ ਕਾਫੀ ਵਿਕਾਸ ਵੀ ਕੀਤਾ।
ਅਖੀਰ ਸੰਨ 1984 'ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਵੱਲੋਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਦੇਣ ਉਪਰੰਤ ਸਮੁੱਚੀਆਂ ਸੰਗਤਾਂ ਵੱਲੋਂ ਸਵਾਮੀ ਸ਼ੰਕਰਾ ਨੰਦ ਨੂੰ ਅਧਿਆਤਮਿਕ ਗੁਰ ਪਿਤਾ ਦੀ ਚਾਦਰ ਦੇ ਕੇ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ। ਮੌਜੂਦਾ ਹਾਲਤਾਂ 'ਚ ਆਪ ਵੱਲੋਂ ਇਸ ਅਸਥਾਨ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਸ਼ਾਲ ਛੱਤਰੀ ਸਾਹਿਬ (ਸਵਾਮੀ ਗੰਗਾ ਨੰਦ ਭੂਰੀ ਵਾਲੇ ਯਾਦਗਾਰੀ ਮੰਦਿਰ) ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਸੁੰਦਰੀਕਰਨ ਹਰ ਇਕ ਦਾ ਮਨ ਮੋਹ ਲਵੇਗਾ, ਜਿਸ ਦੀਆਂ ਦੋ ਮੰਜ਼ਲਾਂ ਦਾ ਲੈਂਟਰ ਪੈ ਚੁੱਕਾ ਹੈ। ਹਾਲ ਹੀ 'ਚ ਇਸ ਅਸਥਾਨ ਵਿਖੇ ਬਾਬਾ ਗਰੀਬ ਦਾਸ ਦੀ ਬਾਣੀ ਦਾ ਸੰਸ਼ੋਧਨ ਕਰਕੇ ਬਾਣੀ ਦੇ ਦੋ ਭਾਗ ਤਿਆਰ ਕਰਕੇ ਸੰਪਰਦਾਇ ਅਤੇ ਸੰਗਤਾਂ ਨੂੰ ਭੇਟ ਕੀਤੇ ਗਏ। ਇਸ ਕਾਰਜ ਦੀ ਵੱਖ-ਵੱਖ ਸੰਤਾਂ-ਮਹਾਂਪੁਰਸ਼ਾਂ ਨੇ ਸ਼ਲਾਘਾ ਕੀਤੀ ਹੈ। ਭਾਵੇਂ ਭੂਰੀ ਵਾਲੇ ਭੇਖ 'ਚ ਕਥਾ ਵਿਚਾਰਾਂ ਹੁੰਦੀਆਂ ਸਨ ਪਰ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਪਹਿਲੇ ਸੰਤ ਹੋਏ ਹਨ, ਜਿਨ੍ਹਾਂ ਨੇ ਵਾਜੇ/ਢੋਲਕ ਨਾਲ ਕੀਰਤਨ ਕਰਨਾ ਸ਼ੁਰੂ ਕੀਤਾ, ਜਿਸ ਨੂੰ ਵੱਖ-ਵੱਖ ਸੰਪਰਦਾਵਾਂ 'ਚ ਭਰਪੂਰ ਸਲਾਹਿਆ ਜਾ ਰਿਹਾ ਹੈ। ਆਪ ਨੇ ਨਿਰੰਤਰ ਕਥਾ ਕੀਰਤਨ ਪ੍ਰਵਾਹ ਚਲਾ ਕੇ ਸੰਗਤਾਂ 'ਚ ਗਰੀਬਦਾਸੀ ਤੇ ਭੂਰੀ ਵਾਲੇ ਭੇਖ ਸਬੰਧੀ ਉਤਸ਼ਾਹ ਪੈਦਾ ਕੀਤਾ।
ਅੱਜ ਕੋਈ ਵੀ ਦਿਨ ਅਜਿਹਾ ਨਹੀਂ ਹੈ, ਜਦੋਂ ਧਾਮ ਤਲਵੰਡੀ ਖੁਰਦ ਵਿਖੇ ਕੋਈ ਧਾਰਮਿਕ ਸਮਾਗਮ ਨਾ ਹੋਵੇ। ਇਸ ਸਬੰਧੀ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਜਥੇਦਾਰ ਅਵਤਾਰ ਸਿੰਘ ਬੜੂੰਦੀ ਦਾ ਕਹਿਣਾ ਹੈ ਕਿ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਆਪ ਵੱਲੋਂ ਧਾਮ ਤਲਵੰਡੀ ਖੁਰਦ ਵਿਖੇ ਅਨੇਕਾਂ ਅਜਿਹੇ ਅਦਾਰੇ ਖੋਲ੍ਹੇ ਗਏ ਹਨ, ਜੋ ਸੰਗਤਾਂ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ 'ਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਮੁਫ਼ਤ ਦੇਸੀ ਤੇ ਐਲੋਪੈਥੀ ਦਵਾਈਆਂ ਦੇਣ ਲਈ ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਡਿਸਪੈਂਸਰੀ, ਸਾਹਿਤ ਨਾਲ ਜੋੜਨ ਲਈ ਲਾਇਬ੍ਰੇਰੀ, ਗਊਸ਼ਾਲਾ, ਸਵਾਮੀ ਗੰਗਾ ਨੰਦ ਭੂਰੀ ਵਾਲੇ ਸਕਿਉਰਟੀ ਫੋਰਸ ਤੋਂ ਇਲਾਵਾ ਅਨਜਾਣੇ ਕਾਰਨਾਂ 'ਚ ਲੋਕਾਂ ਵੱਲੋਂ ਝਾੜੀਆਂ, ਰੂੜੀਆਂ ਤੇ ਹੋਰ ਥਾਂਵਾਂ 'ਤੇ ਸੁੱਟੇ ਜਾਂਦੇ ਲਾਵਾਰਸ ਬੱਚਿਆਂ ਲਈ 'ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ' ਅਧੀਨ ਖੋਲ੍ਹਿਆ ਗਿਆ ਐਸ. ਜੀ. ਬੀ. ਬਾਲ ਘਰ ਧਾਮ ਤਲਵੰਡੀ ਖੁਰਦ ਇਕ ਮੀਲ-ਪੱਥਰ ਹੈ।
ਇਸ ਅਸਥਾਨ 'ਤੇ ਆਉਣ ਵਾਲੀਆਂ ਸੰਗਤਾਂ ਨਾਲ ਸਵਾਮੀ ਜੀ ਆਮ ਤੌਰ 'ਤੇ ਬੜੇ ਖੁੱਲ੍ਹੇ ਮਾਹੌਲ 'ਚ ਵਿਚਾਰ-ਵਟਾਂਦਰੇ ਕਰਦੇ ਹਨ ਅਤੇ ਸੰਗਤਾਂ ਲਈ 24 ਘੰਟੇ ਲੰਗਰ ਦੀ ਸੁਵਿਧਾ ਹੈ। ਸਵਾਮੀ ਜੀ ਦਾ ਸੰਗਤ ਨੂੰ ਕਹਿਣਾ ਹੁੰਦਾ ਹੈ ਕਿ ਚੰਗੇ ਸਮਾਜ ਦੇ ਧਾਰਨੀ ਬਣਨ ਲਈ, ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਅੱਗੇ ਆਉਣ ਦੀ ਲੋੜ ਹੈ। ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਨੇਕਾਂ ਮੁਫ਼ਤ ਨਸ਼ਾ ਛੁਡਾਊ ਕੈਂਪ ਲਗਾਏ ਗਏ। ਇਸ ਅਸਥਾਨ 'ਤੇ ਸ੍ਰੀ ਕ੍ਰਿਸ਼ਨ ਅਸ਼ਟਮੀ ਮੌਕੇ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦਾ ਅਵਤਾਰ ਦਿਹਾੜਾ, ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ, ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦਾ ਚਾਦਰ ਦਿਵਸ (ਸੇਵਾ ਸੰਭਾਲ ਦਿਵਸ) ਅਤੇ ਐਸ.ਜੀ.ਬੀ. ਇੰਟਰਨੈਸ਼ਨਲ ਫਾਊਂਡੇਸ਼ਨ ਦਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।


-ਪਿੰਡ ਡਾਂਗੋਂ (ਲੁਧਿਆਣਾ)।

ਯਾਤਰਾ ਪੁਰਾਤਨ ਰਿਆਸਤਾਂ ਦੀ

ਕਸ਼ਮੀਰ

ਜੰਮੂ ਅਤੇ ਕਸ਼ਮੀਰ ਦਾ ਇਲਾਕਾ ਵੀ ਇਕ ਪੁਰਾਤਨ ਰਿਆਸਤ ਰਿਹਾ ਹੈ। ਕਸ਼ਮੀਰ ਰਿਆਸਤ ਦਾ ਸਿੱਖਾਂ ਨਾਲ ਵੀ ਨੇੜਲਾ ਸਬੰਧ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਵੀ ਸਿੱਖ ਸਾਮਰਾਜ ਦਾ ਮਹੱਤਵਪੂਰਨ ਅੰਗ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 1814 ਈ: ਵਿਚ ਕਸ਼ਮੀਰ ਵਿਚ ਪਠਾਣਾਂ ਨੂੰ ਹਰਾ ਕੇ ਕਬਜ਼ਾ ਕਰਕੇ ਸਿੱਖ ਸਾਮਰਾਜ ਵਿਚ ਸ਼ਾਮਿਲ ਕਰ ਲਿਆ ਸੀ। ਉਦੋਂ ਤੋਂ ਲੈ ਕੇ ਕਸ਼ਮੀਰ 1846 ਤੱਕ ਸਿੱਖ ਸਾਮਰਾਜ ਦਾ ਹੀ ਹਿੱਸਾ ਰਿਹਾ। ਸਿੱਖ ਸਾਮਰਾਜ ਦਾ ਹਿੱਸਾ ਰਿਹਾ ਹੋਣ ਦੇ ਸਬੂਤ ਅੱਜ ਵੀ ਕਸ਼ਮੀਰ ਦੀਆਂ ਗਲੀਆਂ ਤੇ ਪਹਾੜੀਆਂ ਵਿਚੋਂ ਮਿਲ ਜਾਂਦੇ ਹਨ।
ਕਸ਼ਮੀਰ ਨੂੰ ਤਾਂ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ। ਪ੍ਰੀਤ ਕਹਾਣੀਆਂ ਦਾ ਗਵਾਹ ਦਰਿਆ ਝਣਾਂ ਕਸ਼ਮੀਰ ਵਿਚ ਹੀ ਵਹਿੰਦਾ ਹੈ ਅਤੇ ਜੇਹਲਮ, ਸਿੰਧੂ ਇਸ ਦੀਆਂ ਮੁੱਖ ਨਦੀਆਂ ਹਨ। ਇਨ੍ਹਾਂ ਤਿੰਨਾਂ ਨਦੀਆਂ ਦਾ ਪਾਣੀ ਗਰਮੀਆਂ ਵਿਚ ਵੀ ਬਰਫ ਵਰਗਾ ਠੰਢਾ ਹੁੰਦਾ ਹੈ, ਜੋ ਕਿ ਸੈਲਾਨੀਆਂ ਦੇ ਮਨ ਨੂੰ ਕਾਫੀ ਠੰਢਕ ਦਿੰਦਾ ਹੈ। ਇਸ ਇਲਾਕੇ ਵਿਚ ਡਲ ਝੀਲ ਤੋਂ ਇਲਾਵਾ ਵੂਲਰ ਅਤੇ ਨਾਗਿਨ ਝੀਲਾਂ ਵੀ ਹਨ। ਇਹ ਝੀਲਾਂ ਸਰਦੀਆਂ ਵਿਚ ਬਰਫ ਪੈਣ ਤੋਂ ਬਾਅਦ ਜੰਮ ਜਾਂਦੀਆਂ ਹਨ, ਜਦੋਂ ਕਿ ਗਰਮੀਆਂ ਵਿਚ ਇਨ੍ਹਾਂ ਝੀਲਾਂ ਵਿਚ ਸ਼ਿਕਾਰੇ, ਕਿਸ਼ਤੀਆਂ ਆਦਿ ਚਲਦੇ ਹਨ, ਜਿਨ੍ਹਾਂ ਵਿਚ ਸੈਲਾਨੀ ਸੈਰ ਕਰਕੇ ਜ਼ਿੰਦਗੀ ਦਾ ਅਨੰਦ ਮਾਣਦੇ ਹਨ। ਭਾਰਤੀ ਜੰਮੂ ਅਤੇ ਕਸ਼ਮੀਰ ਦੇ ਤਿੰਨ ਮੁੱਖ ਹਿੱਸੇ ਮੰਨੇ ਜਾਂਦੇ ਹਨ, ਇਹ ਹਿੱਸੇ ਜੰਮੂ, ਕਸ਼ਮੀਰ ਅਤੇ ਲਦਾਖ ਹਨ। ਜੰਮੂ ਨੂੰ ਹਿੰਦੂ ਬਹੁਲਤਾ ਵਾਲਾ ਇਲਾਕਾ ਮੰਨਿਆ ਜਾਂਦਾ ਹੈ, ਜਦੋਂ ਕਿ ਕਸ਼ਮੀਰ ਵਿਚ ਮੁਸਲਮਾਨ ਬਹੁਗਿਣਤੀ ਵਿਚ ਹਨ। ਤੀਜੇ ਪਾਸੇ ਲੱਦਾਖ ਵਿਚ ਬੋਧੀ ਲੋਕ ਬਹੁਤਾਤ ਵਿਚ ਹਨ। ਕਸ਼ਮੀਰ ਵਿਚ ਗਰਮੀਆਂ ਦੀ ਰਾਜਧਾਨੀ ਜੰਮੂ ਤਵੀ ਹੈ, ਜਦੋਂ ਕਿ ਸਰਦੀਆਂ ਦੀ ਰਾਜਧਾਨੀ ਸ੍ਰੀਨਗਰ ਹੈ।
ਕਸ਼ਮੀਰ ਅਜਿਹਾ ਇਲਾਕਾ ਹੈ, ਜਿਸ ਦਾ ਵੱਡਾ ਹਿੱਸਾ ਹਿਮਾਲਿਆ ਪਰਬਤ ਨਾਲ ਜੁੜਿਆ ਹੋਇਆ ਹੈ। ਕਸ਼ਮੀਰ ਇਕ ਪਹਾੜੀ ਇਲਾਕਾ ਹੈ, ਜਿਸ ਦੀ ਆਪਣੀ ਹੀ ਭਾਸ਼ਾ, ਸੱਭਿਆਚਾਰ ਅਤੇ ਰੀਤੀ-ਰਿਵਾਜ ਹਨ। ਕਸ਼ਮੀਰ ਘਾਟੀ ਦਾ ਜ਼ਿਆਦਾਤਰ ਹਿੱਸਾ ਝਣਾਂ, ਜਿਹਲਮ ਅਤੇ ਸਿੰਧੂ ਨਦੀਆਂ ਦੀਆਂ ਘਾਟੀਆਂ ਵਿਚ ਸਥਿਤ ਹੈ। ਕਰੀਬ ਤਿੰਨ ਚੌਥਾਈ ਖੇਤਰ ਸਿਰਫ ਸਿੰਧੂ ਨਦੀ ਦੀ ਘਾਟੀ ਵਿਚ ਹੀ ਸਥਿਤ ਹੈ। ਜੰਮੂ ਦੇ ਪੱਛਮੀ ਇਲਾਕੇ ਦਾ ਕੁਝ ਹਿੱਸਾ ਰਾਵੀ ਨਦੀ ਦੀ ਘਾਟੀ ਵਿਚ ਪੈਂਦਾ ਹੈ। ਪੰਜਾਬ ਦੇ ਸਮਤਲ ਮੈਦਾਨ ਦਾ ਵੀ ਕੁਝ ਹਿੱਸਾ ਜੰਮੂ ਦੇ ਉੱਤਰੀ ਹਿੱਸੇ ਵਿਚ ਆ ਗਿਆ ਹੈ। ਝਣਾਂ ਘਾਟੀ ਵਿਚ ਕਿਸ਼ਤਵਾੜ ਅਤੇ ਭਦਰਵਾਹ ਦੇ ਉੱਚੇ ਪਹਾੜ ਅਤੇ ਛੋਟੀਆਂ ਪਹਾੜੀਆਂ ਹਨ। ਜਿਹਲਮ ਦੀ ਘਾਟੀ ਵਿਚ ਕਸ਼ਮੀਰ ਘਾਟੀ, ਨੇੜਲੇ ਪਹਾੜ, ਬਾਰਾਮੂਲਾ ਅਤੇ ਕਿਸ਼ਨਗੰਗਾ ਦੀ ਘਾਟੀ ਦਾ ਨੇੜਲਾ ਹਿੱਸਾ ਸ਼ਾਮਿਲ ਹੈ। ਇਸੇ ਤਰ੍ਹਾਂ ਹੀ ਸਿੰਧੂ ਨਦੀ ਦੀ ਘਾਟੀ ਵਿਚ ਜਾਸਕਰ ਅਤੇ ਰੂਪਸੂ ਸਮੇਤ ਲੱਦਾਖ ਖੇਤਰ, ਬਲੋਚਿਸਤਾਨ, ਅਸਤੋਫ ਅਤੇ ਗਿਲਗਿਤ ਖੇਤਰ ਪੈਂਦੇ ਹਨ। ਉੱਤਰ ਦੇ ਪਾਸੇ ਪਹਾੜੀ ਖੇਤਰ ਵਿਚ ਨੰਗਾ ਪਰਬਤ ਹੈ, ਜਿਸ ਦੀ ਉਚਾਈ 26,182 ਫੁੱਟ ਹੈ। ਇਸੇ ਤਰ੍ਹਾਂ ਪੰਜਾਲ ਪਰਬਤ ਦਾ ਉਪਰਲਾ ਹਿੱਸਾ 15,523 ਫੁੱਟ ਉੱਚਾ ਹੈ।
ਕਸ਼ਮੀਰ ਦੇ ਇਤਿਹਾਸ ਦੇ ਵਰਕਿਆਂ ਨੂੰ ਫਰੋਲਦਿਆਂ ਪਤਾ ਚਲਦਾ ਹੈ ਕਿ ਕਿਸੇ ਸਮੇਂ ਕਸ਼ਮੀਰ ਇਕ ਵੱਡੀ ਝੀਲ ਹੁੰਦਾ ਸੀ, ਜੋ ਕਿ ਹਰ ਪਾਸੇ ਤੋਂ ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਬ੍ਰਹਮਾਸੁਤ ਮਾਰਿਚੀ ਦੇ ਪੁੱਤਰ ਕਸ਼ਯਪ ਰਿਸ਼ੀ ਨੇ ਬਾਰਾਮੂਲਾ ਦੀਆਂ ਨੇੜਲੀਆਂ ਪਹਾੜੀਆਂ ਨੂੰ ਕੱਟ ਕੇ ਇਸ ਝੀਲ ਦੇ ਪਾਣੀ ਨੂੰ ਅੱਗੇ ਵਹਾ ਦਿੱਤਾ। ਇਸ ਖੇਤਰ ਵਿਚ ਨਾਗਾ, ਗੰਧਾਰੀ, ਖਾਸਾ ਅਤੇ ਦ੍ਰਾਦੀ ਜਾਤੀਆਂ ਦੇ ਲੋਕ ਰਹਿੰਦੇ ਸਨ। ਖਾਸਾ ਜਾਤੀ ਦੇ ਨਾਂਅ 'ਤੇ ਹੀ ਕਸ਼ਮੀਰ ਦਾ ਪਹਿਲਾਂ ਨਾਂਅ ਖਸ਼ਮੀਰ ਸੀ, ਜੋ ਕਿ ਬਾਅਦ ਵਿਚ ਕਸ਼ਮੀਰ ਬਣ ਗਿਆ। ਅਸਲ ਵਿਚ ਪੀਰਪੰਜਾਲ ਅਤੇ ਹਿਮਾਲਿਆ ਪਰਬਤ ਦੇ ਵਿਚਕਾਰਲੀ ਘਾਟੀ ਨੂੰ ਕਸ਼ਮੀਰ ਘਾਟੀ ਕਹਿੰਦੇ ਹਨ। ਇਹ ਕਰੀਬ 85 ਮੀਲ ਲੰਬਾ ਅਤੇ 25 ਮੀਲ ਚੌੜਾ ਖੇਤਰ ਹੈ। (ਚਲਦਾ)


ਮੋਬਾ: 9463819174

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ

ਕਸਬਾ ਬੀਜਾ ਨੇੜੇ ਜੀ. ਟੀ. ਰੋਡ 'ਤੇ ਦੂਰੋਂ ਨਜ਼ਰੀ ਪੈਂਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਇਤਿਹਾਸ ਬਾਰੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 12 ਅਗਸਤ 1953 ਨੂੰ ਸ: ਹਰਭਜਨ ਸਿੰਘ ਅਤੇ ਇਨ੍ਹਾਂ ਦਾ ਸੀਰੀ ਗੁਰਦੇਵ ਸਿੰਘ (ਰਾਮਦਾਸੀਆ) ਦੋਵੇਂ ਹੀ ਹਲ ਚਲਾ ਰਹੇ ਸੀ। ਆਖ਼ਰੀ ਸਿਆੜਾਂ ਵੇਲੇ ਗੁਰਦੇਵ ਸਿੰਘ ਦੇ ਹਲ ਦਾ ਫ਼ਾਲਾ ਮੰਜੀ ਸਾਹਿਬ ਦੇ ਵਿਚ 2-3 ਵਾਰ ਲੱਗਿਆ, ਬੈਲ ਤੇ ਗੁਰਦੇਵ ਸਿੰਘ ਕੁਝ ਡਰੇ, ਹਲ ਵਾਹੁਣਾ ਬੰਦ ਕਰਕੇ ਵਾਪਸ ਘਰ ਪਰਤ ਗਏ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਜਗ੍ਹਾ ਪੁੱਟ ਕੇ ਵੇਖੀ ਤਾਂ ਪਵਿੱਤਰ ਮੰਜੀ ਸਾਹਿਬ ਦੇ ਦਰਸ਼ਨ ਹੋਏ ਅਤੇ ਉਨ੍ਹਾਂ ਕਿਹਾ ਇਹ ਆਸਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੀਂਂ ਪਾਤਸ਼ਾਹੀ ਮੀਰੀ ਪੀਰੀ ਮਾਲਕ ਦਾ ਹੈ। ਉਨ੍ਹਾਂ ਨੇ ਆਪਣੇੇ ਪਵਿੱਤਰ ਚਰਨ ਇਸ ਥਾਂ 'ਤੇ ਪਾਏ ਸਨ, ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਬਿਰਾਜੇ ਸਨ। 14 ਅਗਸਤ 1953 ਨੂੰ ਸੰਗਤਾਂ ਦੂਰੋਂ-ਨੇੜੇ ਦੇ ਪਿੰਡਾਂ ਵਿਚੋਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋ ਗਈਆਂ ਅਤੇ ਮੰਜੀ ਸਾਹਿਬ ਦੇ ਚਾਰੇ ਪਾਸੇ ਤੋਂ ਜਗ੍ਹਾ ਸਾਫ਼ ਕਰ ਦਿੱਤੀ ਗਈ।
ਪ੍ਰਗਟ ਹੋਇਆ ਅਸਥਾਨ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਗਵਾਲੀਅਰ ਕਿਲ੍ਹੇ 'ਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾਅ ਹੋ ਕੇ ਜਹਾਂਗੀਰ ਦੇ ਨਾਲ ਇਸ ਅਸਥਾਨ 'ਤੇ ਬਿਰਾਜੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਮੀਰੀ ਪੀਰੀ ਦੇ ਮਾਲਕ ਦੇ ਇਸ ਪਵਿੱਤਰ ਅਸਥਾਨ 'ਤੇ ਸ਼ਾਨਦਾਰ ਦਰਸ਼ਨੀ ਡਿਉਢੀ, ਦੀਵਾਨ ਹਾਲ, ਡਿਸਪੈਂਸਰੀ, ਮਾਤਾ ਗੰਗਾ ਜੀ ਖਾਲਸਾ ਕਾਲਜ ਫਾਰ ਵਿਮੈਨ ਤੋਂ ਇਲਾਵਾ ਸ੍ਰੀ ਹਰਗੋਬਿੰਦ ਸਾਹਿਬ ਸੀਨੀਅਰ ਸੰਕੈਡਰੀ ਸਕੂਲ, ਬਾਬਾ ਜ਼ੋਰਾਵਰ ਫਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਆਦਿ ਸੰਗਤਾਂ ਲਈ ਮਾਰਗ ਦਰਸ਼ਨ ਹਨ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਰਘਵੀਰ ਸਿੰਘ ਸਹਾਰਨ ਮਾਜਰਾ, ਜਥੇ: ਹਰਪਾਲ ਸਿੰਘ ਜੱਲ੍ਹਾ ਅਤੇ ਮੈਨੇਜਰ ਅੰਗਰੇਜ ਸਿੰਘ ਝਬਾਲ ਨੇ ਦੱਸਿਆ ਕਿ ਮੰਜੀ ਸਾਹਿਬ ਦੇੇ ਪ੍ਰਗਟ ਹੋਣ ਦੀ ਖੁਸ਼ੀ ਵਿਚ 12 ਤੋਂ 14 ਅਗਸਤ ਤੱਕ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਥੇ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪ੍ਰਚਾਰਕ ਤਿੰਨੋਂ ਦਿਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।


-ਬੀਜਾ। ਮੋਬਾ: 98140-25045

ਗੁਲਿਆਨਾ ਦੀਆਂ ਸਮਾਧਾਂ ਅਤੇ ਸਿੱਖ ਹਵੇਲੀਆਂ ਦੀ ਸ਼ਾਨ ਬਰਕਰਾਰ

ਪਾਕਿਸਤਾਨ ਦੇ ਪੋਠੋਹਾਰ (ਦਰਿਆ ਜਿਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ) ਖੇਤਰ ਦੇ ਸ਼ਹਿਰ ਗੁਲਿਆਨਾ ਵਿਚ ਅੱਜ ਵੀ ਕਈ ਗੁਰਦੁਆਰੇ, ਮੰਦਰ, ਧਰਮਸ਼ਾਲਾਵਾਂ ਅਤੇ ਹਿੰਦੂਆਂ-ਸਿੱਖਾਂ ਦੀਆਂ ਆਲੀਸ਼ਾਨ ਹਵੇਲੀਆਂ ਮੌਜੂਦ ਹਨ। ਇਨ੍ਹਾਂ ਸਮਾਰਕਾਂ ਸਬੰਧੀ ਵਿਸ਼ੇਸ਼ ਗੱਲ ਇਹ ਹੈ ਕਿ ਭਾਵੇਂ ਕਿ ਇਹ ਸਮਾਰਕ ਅੱਜ ਆਬਾਦ ਨਹੀਂ ਰਹੇ, ਪਰ ਇਨ੍ਹਾਂ ਦੀ ਸ਼ਾਨ ਅਤੇ ਪਹਿਚਾਣ ਅੱਜ ਵੀ ਕਾਇਮ ਹੈ।
ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਗੁਜਰ ਖ਼ਾਨ ਦਾ ਕਸਬਾ ਗੁਲਿਆਨਾ ਮੌਜੂਦਾ ਸਮੇਂ ਗੁਜਰ ਖ਼ਾਨ ਤੋਂ ਸੜਕ ਰਸਤੇ ਪੂਰੇ 10 ਕਿਲੋਮੀਟਰ, ਰਾਵਲਪਿੰਡੀ ਤੋਂ 62 ਕਿਲੋਮੀਟਰ ਅਤੇ ਲਾਹੌਰ ਤੋਂ ਕਰੀਬ 215 ਕਿਲੋਮੀਟਰ ਦੀ ਦੂਰੀ 'ਤੇ ਆਬਾਦ ਘੁੱਗ ਵਸਦਾ ਕਸਬਾ ਹੈ। ਨਦੀ ਦੇ ਪਤਨ 'ਤੇ ਵਸੇ ਇਸ 25000 ਦੀ ਆਬਾਦੀ ਵਾਲੇ ਕਸਬੇ ਦੇ ਆਸ-ਪਾਸ ਪਿੰਡ ਹਰਿਆਲ, ਹਰਨਾਲ, ਮੌਜ਼ਾ ਬੈਂਸ, ਮਾਨਕਿਆਲਾ ਮੁਸਲਿਮ, ਚਕਰੀ ਵਕੀਲਾਂ, ਚੀਨਾ, ਦੌਲਤਾਲਾ, ਮਰਾਦਿਆਲ, ਕਤਿਆਲ ਅਤੇ ਤਾਰਾਗੜ੍ਹ ਆਦਿ ਆਬਾਦ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਨਿਰੋਲ ਹਿੰਦੂ-ਸਿੱਖ ਆਬਾਦੀ ਵਾਲੇ ਪਿੰਡ ਹੋਇਆ ਕਰਦੇ ਸਨ, ਜਦੋਂ ਕਿ ਮੌਜੂਦਾ ਸਮੇਂ ਕਈ-ਕਈ ਮੀਲ ਦੂਰ ਤੱਕ ਇਕ ਵੀ ਹਿੰਦੂ ਸਿੱਖ ਪਰਿਵਾਰ ਨਹੀਂ ਰਹਿ ਰਿਹਾ।
ਦੱਸਦੇ ਹਨ ਕਿ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਇਸ ਗੁਲਿਆਨਾ ਸ਼ਹਿਰ ਅਤੇ ਇਸ ਦੀ ਮੰਡੀ ਦਾ ਕਰੀਬ-ਕਰੀਬ ਸਾਰਾ ਵਪਾਰ ਇਥੋਂ ਦੇ ਸ਼ਾਹੂਕਾਰ ਹਿੰਦੂਆਂ; ਦੀਵਾਨ ਪ੍ਰਿਥਵੀ ਚੰਦ, ਟੇਕ ਚੰਦ ਅਤੇ ਬਖ਼ਸ਼ੀ ਮੋਤੀ ਰਾਮ ਦੇ ਹੱਥਾਂ ਵਿਚ ਸੀ। ਇਨ੍ਹਾਂ ਦੇ ਇਲਾਵਾ ਗੁਲਿਆਨਾ ਦੇ ਵਸਨੀਕ ਅਤੇ ਧਨਾਢ ਸ: ਬਾਲੀ ਸਿੰਘ, ਤਾਰਾ ਸਿੰਘ (ਸਿੱਖ ਨੇਤਾ ਮਾਸਟਰ ਤਾਰਾ ਸਿੰਘ ਨਹੀਂ। ਮਾਸਟਰ ਤਾਰਾ ਸਿੰਘ ਦਾ ਜਨਮ ਗੁਲਿਆਨਾ ਦੇ ਨਜ਼ਦੀਕੀ ਪਿੰਡ ਹਰਿਆਲ 'ਚ 23 ਜੂਨ 1885 ਨੂੰ ਹੋਇਆ) ਅਤੇ ਡਾ: ਭਗਵਾਨ ਸਿੰਘ ਦਾ ਨਾਂਅ ਵੀ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ। ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਗੁਲਿਆਨਾ ਵਿਚ ਕਈ ਸਕੂਲ, ਡਿਸਪੈਂਸਰੀਆਂ, ਧਰਮਸ਼ਾਲਾਵਾਂ ਅਤੇ ਮੰਦਰ-ਗੁਰਦੁਆਰੇ ਬਣਵਾਏ ਗਏ। ਇਨ੍ਹਾਂ ਧਰਮਸ਼ਾਲਾਵਾਂ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਨੂੰ ਹੁਣ ਵਿੱਦਿਅਕ ਸੰਸਥਾਨਾਂ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ।
ਗੁਲਿਆਨਾ ਵਿਚ ਦੋ ਸਮਾਧਾਂ ਵੀ ਮੌਜੂਦ ਹਨ। ਪਿੰਡ ਦੇ ਖੇਤਾਂ ਵਿਚ ਇਕ ਪੁਰਾਣੇ ਬੋਹੜ ਦੇ ਰੁੱਖ ਅਤੇ ਖੂਹ ਦੇ ਵਿਚਕਾਰ ਇਹ ਦੋਵੇਂ ਸਮਾਧਾਂ ਇਕ-ਸਾਮਾਨ ਦੂਰੀ 'ਤੇ ਸਥਿਤ ਹਨ। ਇਨ੍ਹਾਂ ਵਿਚੋਂ ਇਕ ਸਮਾਧ ਵੱਡੀ ਅਤੇ ਦੂਸਰੀ ਛੋਟੇ ਆਕਾਰ ਦੀ ਹੈ। ਵੱਡੀ ਸਮਾਧ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਬਖ਼ਸ਼ੀ ਮੋਤੀ ਰਾਮ ਨੇ ਬਣਵਾਈ। ਇਸ ਸਮਾਧ ਦਾ ਕਬਜ਼ਾ ਵਕਫ਼ ਬੋਰਡ ਪਾਸ ਹੈ, ਪਰ ਵਿਭਾਗ ਵੱਲੋਂ ਕਬਜ਼ਾਧਾਰੀ ਪਰਿਵਾਰ ਨੂੰ ਇਸ ਸਮਾਧ ਦੇ ਬਾਹਰ ਪਸ਼ੂ ਬੰਨ੍ਹਣ ਅਤੇ ਅੰਦਰ ਤੂੜੀ ਤੇ ਪੱਠੇ ਰੱਖਣ ਤੋਂ ਕਦੇ ਰੋਕਿਆ ਨਹੀਂ ਗਿਆ, ਜਦੋਂਕਿ ਦੂਸਰੀ ਸਮਾਧ ਇਲਾਕੇ ਦੇ ਹੀ ਕਿਸੇ ਧਨਾਢ ਸਿੱਖ ਦੀ ਹੈ।
ਬਖ਼ਸ਼ੀ ਮੋਤੀ ਰਾਮ ਵੱਲੋਂ ਬਣਵਾਈ ਸਮਾਧ ਅਤੇ ਸਮਾਧ ਦੇ ਨਾਲ ਲਗਦੇ ਕਮਰਿਆਂ ਦੀਆਂ ਦੀਵਾਰਾਂ ਤੇ ਛੱਤਾਂ 'ਤੇ ਹਿੰਦੂ ਦੇਵੀ-ਦੇਵਤਿਆਂ; ਰਾਮ ਦਰਬਾਰ, ਸ਼ਿਵ ਪਾਰਵਤੀ, ਹਨੂਮਾਨ ਅਤੇ ਵਿਸ਼ਨੂੰ ਲਛਮੀ ਦੀਆਂ ਤਸਵੀਰਾਂ ਦੇ ਨਾਲ-ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਉੱਕਰੀਆਂ ਹੋਈਆਂ ਹਨ। ਇਨ੍ਹਾਂ ਕੰਧ ਤੇਲ ਚਿੱਤਰਾਂ ਵਿਚੋਂ ਬਹੁਤਿਆਂ ਦੀ ਹਾਲਤ ਅਜੇ ਵੀ ਚੰਗੀ ਹੈ, ਜਦੋਂ ਕਿ ਕੁਝ ਕੁ ਸਲ੍ਹਾਬ ਕਾਰਨ ਝੜ ਚੁੱਕੇ ਹਨ। ਇਨ੍ਹਾਂ ਸਮਾਧਾਂ ਦੇ ਸਥਾਨ 'ਤੇ ਛੁੱਟੀ ਵਾਲੇ ਦਿਨ ਅਕਸਰ ਆਸ-ਪਾਸ ਪਿੰਡਾਂ-ਕਸਬਿਆਂ ਦੇ ਲੋਕ ਸੈਰ-ਸਪਾਟਾ ਕਰਨ ਆ ਜਾਂਦੇ ਹਨ।
ਬਖ਼ਸ਼ੀ ਮੋਤੀ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਇਲਾਕੇ ਵਿਚ ਬਿਨਾਂ ਜਾਤ-ਪਾਤ ਦਾ ਭੇਦਭਾਵ ਕੀਤਿਆਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਕਰਕੇ ਗੁਲਿਆਨਾ ਦੇ ਲੋਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਵਿਸ਼ੇਸ਼ ਸਨਮਾਨ ਤੇ ਪਿਆਰ ਵਿਖਾਉਂਦਿਆਂ ਦੇਸ਼ ਦੀ ਵੰਡ, ਸੰਨ 1965-71 ਦੀਆਂ ਹਿੰਦ-ਪਾਕਿਸਤਾਨ ਦੀਆਂ ਜੰਗਾਂ ਅਤੇ ਬਾਬਰੀ ਮਸਜਿਦ ਵਿਵਾਦ ਦੇ ਦੌਰਾਨ ਮਾਹੌਲ ਵਿਚ ਪੈਦਾ ਹੋਈ ਭਾਰੀ ਫਿਰਕੂ ਕੁੜੱਤਣ ਦੇ ਬਾਵਜੂਦ ਕਿਸੇ ਵੀ ਦੰਗਾਕਾਰੀ ਨੂੰ ਇਨ੍ਹਾਂ ਯਾਦਗਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ। ਪਾਕਿਸਤਾਨ ਦੇ ਪੋਠੋਹਾਰ ਖੇਤਰ ਦੀਆਂ ਅਲੱਗ-ਅਲੱਗ ਸਾਹਿਤਕ ਸੰਸਥਾਵਾਂ ਅਤੇ ਵਿਰਾਸਤ ਪ੍ਰੇਮੀਆਂ ਵੱਲੋਂ ਲੰਬੇ ਸਮੇਂ ਤੋਂ ਇਨ੍ਹਾਂ ਸਮਾਧਾਂ ਅਤੇ ਸਮਾਧਾਂ ਦੇ ਪਾਸ ਸਿੱਖ ਰਾਜ ਵੇਲੇ ਲਗਾਏ ਗਏ ਖੂਹਾਂ ਅਤੇ ਤਲਾਬ ਦਾ ਨਵਨਿਰਮਾਣ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।


-ਅੰਮ੍ਰਿਤਸਰ। ਫੋਨ : 9356127771, 7837849764

ਗੁਰਦੁਆਰਾ ਸਿੱਖ ਅਸਟੇਟ ਟੈਂਪਲ ਚੌਕ ਬਾਜ਼ਾਰ ਚਿੱਟਾ

ਗਾਉਂ (ਢਾਕਾ)ਢਾਕੇ ਤੋਂ ਕੋਈ ਸਾਢੇ ਤਿੰਨ ਸੌ ਕਿਲੋਮੀਟਰ ਦੂਰ ਚਿੱਟਾਗਾਉਂ ਸ਼ਹਿਰ ਵਿਚ ਗੁਰੂ ਨਾਨਕ ਅਸਟੇਟ ਗੁਰਦੁਆਰਾ ਸਥਿਤ ਹੈ, ਜਿਸ ਦੀ ਇਮਾਰਤ ਪੁਰਾਤਨ ਸਿੱਖ ਭਵਨ ਕਲਾ ਨਿਰਮਾਣ ਅਨੁਸਾਰ ਬਣੀ ਹੈ। ਇਮਾਰਤ ਮਜ਼ਬੂਤ ਹੈ। ਇਹ ਪਵਿੱਤਰ ਅਸਥਾਨ ਬੰਗਲਾਦੇਸ਼ ਦੀ ਪ੍ਰਮੁੱਖ ਬੰਦਰਗਾਹ ਕਰਨਾਪਾਲੀ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪੁਰਾਤਨ ਜਨਮ ਸਾਖੀ ਦੇ ਇਕ ਹਵਾਲੇ ਅਨੁਸਾਰ ਗੁਰੂ ਨਾਨਕ ਦੇਵ ਜੀ ਚਿੱਟਾਗਾਉਂ (ਬੰਗਲਾਦੇਸ਼) ਜਗਤ ਉਧਾਰਨ ਹਿੱਤ 1508 ਈ: 'ਚ ਚੌਕ ਬਜ਼ਾਰ ਦੀ ਇਸ ਧਰਤੀ 'ਤੇ ਪਹੁੰਚੇ ਸਨ। ਤਰਖਾਣਾ ਕਾਰਜ-ਭਾਗ ਕਰਨ ਵਾਲੇ, ਝੰਡੇ ਨਾਂਅ ਦੇ ਵਿਅਕਤੀ ਨੂੰ ਮਿਲੇ। ਉਸ ਨੇ ਗੁਰੂ ਜੀ ਦੀ ਸਰਦੀ-ਬਣਦੀ ਟਹਿਲ ਸੇਵਾ ਕੀਤੀ। ਗੁਰੂ ਜੀ ਨੇ ਉਪਦੇਸ਼ ਦਿੱਤਾ, ਜਿਸ ਨੇ ਆਪਣੀਆਂ ਮਨੋਕਾਮਨਾਵਾਂ 'ਤੇ ਕਾਬੂ ਪਾ ਲਿਆ, ਜੋ ਅਹੰਕਾਰ ਤੋਂ ਰਹਿਤ ਜੀਵਨ ਜੀਅ ਸਕਦਾ ਹੈ, ਉਸ ਨੂੰ ਹੀ ਨਿਰੰਕਾਰ ਦੀ ਹੋਂਦ ਦਾ ਗਿਆਨ ਹੋ ਸਕਦਾ ਹੈ। ਗੁਰੂ ਜੀ ਨੇ ਭਾਈ ਝੰਡੇ ਨੂੰ ਇਲਾਕੇ ਦਾ ਪ੍ਰਚਾਰਕ ਥਾਪਿਆ। ਉਸ ਸਮੇਂ ਰਾਜਾ ਸੁਧਰ ਸੇਨ ਰਾਜ ਕਰਦਾ ਸੀ। ਗੁਰੂ ਜੀ ਦੀ ਮਹਿਮਾ ਸੁਣ ਕੇ ਉਹ ਵੀ ਗੁਰੂ ਦਰਸ਼ਨਾਂ ਨੂੰ ਆਇਆ ਤੇ ਕੀਮਤੀ ਵਸਤਾਂ ਗੁਰੂ ਜੀ ਨੂੰ ਭੇਟ ਕੀਤੀਆਂ, ਜੋ ਗੁਰੂ ਜੀ ਨੇ ਭਾਈ ਝੰਡੇ ਦੇ ਰਾਹੀਂ ਸੰਗਤ ਵਿਚ ਵੰਡ-ਵਰਤਾ ਦਿੱਤੀਆਂ। ਸਿੱਖ ਸੰਗਤਾਂ ਨੇ ਗੁਰੂ ਜੀ ਦੇ ਚਰਨ-ਪਰਸਨ ਦੇ ਅਸਥਾਨ 'ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਕਰਵਾਇਆ। ਇਹ ਗੁਰੂ-ਘਰ ਚੌਂਕ ਬਜ਼ਾਰ ਚਿੱਟਾਗਾਉਂ ਸ਼ਹਿਰ ਦੇ ਵਿਚਕਾਰ ਹੈ। ਪੁਰਾਤਨ ਦਰਵਾਜ਼ੇ ਦੇ ਉੱਪਰ ਪੱਥਰ ਦੀ ਸਿੱਲ ਵਿਚ ਸ਼ਬਦ ਉੱਕਰੇ ਹਨ : ਗੁਰੂ ਨਾਨਕ ਬਿਲਡਿੰਗ ਫੋਨਡੇਸ਼ਨ ਲੇਡ ਬਾਈ ਕੇ: ਸੀ: ਡੀ: ਈ: ਸੀ: ਐਸ: ਕਿਊ: ਸੀ ਆਈ: ਸੀ: ਸੀ: ਈ: ਕਮਿਸ਼ਨਰ ਆਫ਼ ਚਿੱਟਾਗਾਉਂ 07-11-19.
ਮੁੱਖ ਦਰਵਾਜ਼ੇ ਦੇ ਅੰਦਰ ਵੜਦਿਆਂ ਖੁੱਲ੍ਹਾ ਵਿਹੜਾ ਹੈ, ਬਹੁਤ ਸਾਰੇ ਖਜ਼ੂਰਾਂ ਦੇ ਦਰੱਖਤ ਹਨ। ਇਕ ਪਾਸੇ 50×35 ਫੁੱਟ ਦੇ ਲਗਪਗ ਗੁਰਦੁਆਰੇ ਦੀ ਇਮਾਰਤ ਹੈ। ਇਮਾਰਤ ਬਹੁਤ ਪੁਰਾਣੀ ਤੇ ਸੁਰੱਖਿਅਤ ਹੈ। ਪਰਿਕਰਮਾ 'ਚ ਡਾਟਾਂ ਵਾਲਾ ਵਰਾਂਡਾ ਹੈ। ਪ੍ਰਕਾਸ਼ ਅਸਥਾਨ ਦੇ ਸਾਹਮਣੇ ਇਕ ਬਹੁਤ ਹੀ ਪੁਰਾਤਨ ਖੂਹ ਸੁਰੱਖਿਅਤ ਹੈੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਖੁਦਵਾਇਆ ਸੀ। ਨਾਲ ਕੁਝ ਰਿਹਾਇਸ਼ੀ ਕਮਰੇ ਹਨ, ਜਿਨ੍ਹਾਂ 'ਤੇ ਕੁਝ ਪਰਿਵਾਰ ਕਾਬਜ਼ ਹਨ। ਇਸ ਗੁਰੂ-ਘਰ ਦੇ ਨਾਂਅ ਕਾਫੀ ਜ਼ਮੀਨ-ਜਾਇਦਾਦ ਸੀ, ਜੋ ਭਾਈ ਮੋਹਨ ਸਿੰਘ ਦੀਵਾਨ ਚਿੱਟਾਗਾਉਂ, ਨਿਵਾਸੀ ਪਟਨਾ ਸਾਹਿਬ ਨੇ ਲਗਵਾਈ ਸੀ ਪਰ ਹੁਣ ਸਭ ਖੇਰੂੰ-ਖੇਰੂੰ ਹੋ ਚੁੱਕੀ ਹੈ। 1920 ਈ: ਤੱਕ ਕਾਲੀ ਦਾਸ ਮਹੰਤ ਕਾਬਜ਼ ਸੀ, ਪਰ ਉਸ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਜੱਜ ਨੇ 11 ਮੈਂਬਰੀ ਕਮੇਟੀ ਬਣਾ ਦਿੱਤੀ।
1939 ਈ: ਵਿਚ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣੀ ਤਾਂ ਸਕੱਤਰ ਸ: ਗੁਰਬਖ਼ਸ਼ ਸਿੰਘ ਨੇ ਇਕ ਫ਼ੌਜੀ ਸਰਦਾਰ ਭਾਈ ਸੁੰਦਰ ਸਿੰਘ ਨੂੰ ਗ੍ਰੰਥੀ ਸਿੰਘ ਦੀ ਸੇਵਾ ਸੌਂਪੀ। 1951 ਈ: ਵਿਚ ਕਮੇਟੀ ਬਦਲੀ ਤਾਂ ਭਾਈ ਸੁੰਦਰ ਸਿੰਘ ਨੂੰ ਕਮੇਟੀ ਮੈਂਬਰ ਬਣਾ ਲਿਆ ਗਿਆ। 1961 ਈ: ਵਿਚ ਭਾਈ ਸੁੰਦਰ ਸਿੰਘ ਅਕਾਲ ਚਲਾਣਾ ਕਰ ਗਏ। ਮਾਈ ਗਿਆਸਰੀ ਦੇਵੀ ਵਿਧਵਾ ਭਾਈ ਸੁੰਦਰ ਸਿੰਘ ਸੇਵਾ-ਸੰਭਾਲ ਕਰਦੀ ਰਹੀ। ਪਰ 1971 ਈ: 'ਚ ਬੰਗਲਾਦੇਸ਼ ਬਣਨ 'ਤੇ ਇਹ ਗੁਰੂ-ਘਰ ਵੀ ਨਿਵੇਕਲਾ ਹੋਣ ਕਾਰਨ ਅਣਗੌਲਿਆ ਗਿਆ। ਜਨਵਰੀ, 1972 ਈ: ਤੋਂ ਇਸ ਗੁਰੂ-ਘਰ ਦੀ ਸੇਵਾ-ਸੰਭਾਲ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਵੱਲੋਂ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਦੇ ਸਹਿਯੋਗ ਨਾਲ ਕਰ ਰਹੀ ਹੈ। ਏ. ਬੀ. ਐਮ. ਮੁਹਉਦੀਨ ਚੌਧਰੀ ਜੋ ਚਿੱਟਾਗਾਉਂ ਦੇ 17 ਸਾਲ ਮੇਅਰ ਰਹੇ ਹਨ ਤੇ ਬਹੁਤ ਰੁਚੀ ਨਾਲ ਚਿੱਟਾਗਾਉਂ ਵਿਚ ਸਿੱਖਾਂ ਦੀ ਕਮੇਟੀ ਸਥਾਪਿਤ ਕਰਵਾ ਦਿੱਤੀ ਹੈ। ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਸਤੇ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਸੇਵਾ ਕਰਦੇ ਹਨ।


-ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98146-37979.
E-mail : roopsz@yahoo.com

ਮੁਹੰਮਦ ਫਾਜ਼ਿਲ

ਵੀਹਵੀਂ ਸਦੀ ਦੇ ਪੰਜਾਬੀ ਸੂਫ਼ੀਆਂ ਵਿਚ ਮੁਹੰਮਦ ਫਾਜ਼ਿਲ ਦਾ ਨਾਂਅ ਵੀ ਸ਼ਾਮਿਲ ਹੈ, ਜਿਸ ਦਾ ਜਨਮ ਪਿੰਡ ਭਿਮਲਾ, ਤਹਿਸੀਲ ਤੇ ਜ਼ਿਲ੍ਹਾ ਜਿਹਲਮ ਵਿਖੇ ਹੋਇਆ। ਕੁਝ ਚਿਰ ਪਲਟਨ ਨੰ: 67 ਵਿਚ ਫੌਜ ਦੀ ਨੌਕਰੀ ਵੀ ਕੀਤੀ। ਮੁਹੰਮਦ ਫਾਜ਼ਿਲ ਦੀਆਂ ਸੂਹਾ ਚਰਖਾ, ਬਾਰਾਂਮਾਹ, ਕਾਫੀਆਂ ਅਤੇ ਨਾਅਤਾਂ ਮਿਲਦੀਆਂ ਹਨ ਪਰ ਸਭ ਤੋਂ ਵੱਧ ਪ੍ਰਸਿੱਧੀ ਸੂਹਾ ਚਰਖਾ ਨੂੰ ਮਿਲੀ। ਪੰਜਾਬੀ ਵਿਚ ਚਰਖ਼ਾਨਾਮਿਆਂ ਦੀ ਇਕ ਭਰਵੀਂ ਰਵਾਇਤ ਹੈ। ਪੰਜਾਬੀ ਸੂਫ਼ੀ ਕਵਿਤਾ ਵਿਚ ਚਰਖ਼ਾ ਹਰਮਨ ਪਿਆਰੇ ਰੂਪਕਾਂ ਦਾ ਇਕ ਸਮੂਹ ਜਾਂ ਕੇਂਦਰ ਹੈ, ਜਿਸ ਨੂੰ ਤਕਰੀਬਨ ਹਰ ਸੂਫ਼ੀ ਕਵੀ ਨੇ ਵਰਤਿਆ ਹੈ। ਚਰਖ਼ੇ ਉੱਪਰ ਕਰਮਾਂ ਰੂਪੀ ਸੂਤ ਕੱਤ ਕੇ ਜੀਵਾਤਮਾ ਰੂਪੀ ਵਹੁਟੀ ਨੇ ਆਪਣਾ ਦਾਜ ਤਿਆਰ ਕਰਨਾ ਹੈ, ਜਿਸ ਨੂੰ ਉਸ ਨੇ ਵਿਆਹ ਵੇਲੇ ਸਹੁਰੇ ਘਰ ਆਪਣੇ ਨਾਲ ਲਿਜਾਣਾ ਹੈ। ਜਿਵੇਂ ਇਕ ਕੁੜੀ ਦਾ ਸਹੁਰੇ ਘਰ ਵਸੇਬਾ ਦਾਜ ਦੀ ਮਾਤਰਾ ਉਪਰ ਨਿਰਭਰ ਕਰਦਾ ਸੀ, ਤਿਵੇਂ ਹੀ ਜੀਵਾਤਮਾ ਨੂੰ ਰੱਬੀ ਦਰਗਾਹ ਵਿਚ ਉਸ ਦੇ ਅਮਲਾਂ ਕਰਕੇ ਪ੍ਰਵਾਨਗੀ ਮਿਲੇਗੀ। ਮੁਹੰਮਦ ਫਾਜ਼ਿਲ ਦੇ ਸੂਹਾ ਚਰਖਾ ਵਿਚ ਸ਼ਾਹ ਹੁਸੈਨੀ ਅਤੇ ਬੁਲੇ ਸ਼ਾਹੀ ਰੰਗ ਬੜਾ ਉੱਘੜਵਾਂ ਹੈ, ਜੋ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ :
ਉੱਠ ਚਰਖਾ ਕਤ ਸਵੇਰੇ ਤੂੰ।
ਕਰ ਦਾਜ ਤਿਆਰ ਅਗੇਰੇ ਤੂੰ।
ਕਰ ਮਿੱਠੀ ਨੀਂਦ ਪਰੇਰੇ ਤੂੰ।
ਕਤ ਤਾਣੀ ਜੋੜਾ ਬਣਾ ਕੁੜੇ।
ਕਤ ਚਰਖਾ ਛੇਪੇ ਪਾ ਕੁੜੇ।
ਰਹ ਜਾਣਾ ਜੋਬਨ ਵੱਤ ਕੁੜੇ।
ਦੁਨਿਆਵੀ ਲਾਲਸਾਵਾਂ ਵਿਚ ਗ੍ਰਸਤ ਅਤੇ ਅਗਲੇ ਜਹਾਨ ਤੋਂ ਗਾਫਲ ਹੋਈ ਬੈਠੀ ਜੀਵਾਤਮਾ ਲਈ ਆਪਣਾ ਫਰਜ਼ ਪਛਾਨਣ ਅਤੇ ਰੱਬ ਦੀ ਪ੍ਰਵਾਨਗੀ ਲਈ ਚੰਗੇ ਅਮਲਾਂ ਦੇ ਰੂਪ ਵਿਚ ਦਾਜ ਤਿਆਰ ਕਰਨਾ ਜ਼ਰੂਰੀ ਹੈ। 'ਅਮਲਾਂ ਉਪਰ ਹੋਗ ਨਿਬੇੜਾ, ਕਿਆ ਸੂਫ਼ੀ ਕਿਆ ਭੰਗੀ' ਵਾਂਗ ਸਭ ਕੁਝ ਅਮਲਾਂ ਉਪਰ ਹੀ ਨਿਬੜਨਾ ਹੈ, ਇਸ ਲਈ ਗਫ਼ਲਤ ਤਿਆਗ ਕੇ ਤੇ ਸਿਰ ਸੁੱਟ ਕੇ ਇਸ ਉੱਪਰ ਲੱਗ ਜਾਣਾ ਚਾਹੀਦਾ ਹੈ। 'ਕੁੜੇ' ਤੇ 'ਝਲੀਏ' ਸੰਬੋਧਨ ਰਾਹੀਂ ਗੱਲ ਨੂੰ ਵਧੇਰੇ ਅਸਰਦਾਇਕ ਬਣਾਇਆ ਗਿਆ ਹੈ :
ਇਹ ਵੇਲਾ ਹੱਥ ਨ ਆਵੀਗਾ।
ਜਦ ਘਰ ਵਾਲਾ ਘਰ ਆਵੀਗਾ।
ਤੈਥੋਂ ਬਣਿਆ ਦਾਜ ਪੁਛਾਵੈਗਾ।
ਨ ਗਫਲਤ ਵਕਤ ਗਵਾ ਕੁੜੇ।
ਨਹੀਂ ਆਣਾ ਜੋਬਨ ਵੱਤ ਕੁੜੇ।
ਫਾਜ਼ਿਲ ਸ਼ਾਹ ਨਾਂਅ ਦੇ ਇਕ ਹੋਰ ਕਵੀ ਦੀ ਦੱਸ ਵੀ ਪਈ ਹੈ ਅਤੇ ਇਸ ਨੇ ਵੀ ਕਾਫੀਆਂ ਲਿਖੀਆਂ ਹਨ। ਸਾਨੂੰ ਫਾਜ਼ਿਲ ਸ਼ਾਹ ਹੀ ਮੁਹੰਮਦ ਫਾਜ਼ਿਲ ਲਗਦਾ ਹੈ ਭਾਵ ਇਕ ਹੀ ਕਵੀ ਦੋ ਨਾਵਾਂ ਹੇਠ ਸਾਹਿਤ-ਇਤਿਹਾਸ ਵਿਚ ਦਰਜ ਹੈ। ਹੋ ਸਕਦਾ ਹੈ ਕਵੀ ਦਾ ਪੂਰਾ ਨਾਂਅ ਮੁਹੰਮਦ ਫਾਜ਼ਿਲ ਸ਼ਾਹ ਹੋਵੇ। ਇਸ ਦੀਆਂ ਕਾਫੀਆਂ ਵਿਚ ਵੀ ਉਹੋ ਹੀ ਦਰਦ ਅਤੇ ਤੜਪ ਹੈ, ਜੋ ਸ਼ਾਹ ਹੁਸੈਨ ਅਤੇ ਦੂਜੇ ਸੂਫ਼ੀ ਕਵੀਆਂ ਵਿਚ ਹੈ। ਹੀਰ ਤੇ ਰਾਂਝੇ ਦੇ ਪ੍ਰਤੀਕਾਂ ਦੁਆਰਾ ਮੁਹੰਮਦ ਫਾਜ਼ਿਲ ਜਾਂ ਫਾਜ਼ਿਲ ਸ਼ਾਹ ਨੇ ਰੂਹ ਦੇ ਰੱਬ ਨਾਲ ਸਬੰਧਾਂ ਨੂੰ ਰੇਖਾਂਕਿਤ ਕੀਤਾ ਹੈ। ਇਨ੍ਹਾਂ ਸਬੰਧਾਂ ਵਿਚ ਦੁਨਿਆਵੀ ਲਾਲਸਾਵਾਂ ਦਾ ਤਿਆਗ ਅਤੇ ਰੱਬ ਪ੍ਰਤੀ ਰੂਹ ਦਾ ਆਕਰਸ਼ਣ ਸਪੱਸ਼ਟ ਭਾਂਤ ਝਲਕਦਾ ਹੈ :
ਖੇੜਿਆਂ ਦੀ ਮਹਿੰਦੀ ਮੈਂ ਲਾਇ ਭੀ ਨ ਜਾਣਾ
ਮੈ ਤੇ ਥੀਂਦਾ ਝੋਰ ਧਿਙਾਣਾ।
...
ਰਾਂਝੇ ਦੀ ਮਹਿੰਦੀ ਗੂੜ੍ਹੀ ਰੰਗਲੀ।
ਇਕ ਦਿਲੜੀ ਆਹੀ ਮੈਂਡੀ ਰਾਂਝਣ ਕੀਤੀ।
ਭੋਲ ਭੁਲਾਵੇ ਮੈ ਸਹੀ ਨਾ ਕੀਤਾ।
ਲੱਗੀ ਚੋਟ ਨੈਣਾਂ ਦੀ ਨ ਜਾਂਦੀ ਸੰਭਲੀ।
ਨਿਤ ਉਠ ਪੁੱਛਾਂ ਫਾਜ਼ਿਲ ਰਮਲੀ।
ਬੋਲੀ ਠੇਠ ਪੰਜਾਬੀ, ਬਿਆਨ ਵਿਚ ਰਵਾਨੀ ਤੇ ਰੌਚਕਤਾ ਅਤੇ ਚਿੰਨ੍ਹ ਜਾਣੇ-ਪਛਾਣੇ ਹਨ। ਪੰਜਾਬੀ ਸੂਫ਼ੀ ਕਵਿਤਾ ਦੇ ਇਹੋ ਖਾਸ ਪਛਾਣ ਚਿੰਨ੍ਹ ਹਨ।


-ਮੋਬਾ: 98889-39808

ਸ਼ਬਦ ਵਿਚਾਰ

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥

ਸਿਰੀਰਾਗੁ ਮਹਲਾ ੩॥
ਜਗਿ ਹਉਮੈ ਮੈਲੁ ਦੁਖੁ ਪਾਇਆ
ਮਲੁ ਲਾਗੀ ਦੂਜੈ ਭਾਇ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ
ਜੇ ਸਉ ਤੀਰਥ ਨਾਇ॥
ਬਹੁਬਿਧਿ ਕਰਮ ਕਮਾਵਦੇ
ਦੂਣੀ ਮਲੁ ਲਾਗੀ ਆਇ॥
ਪੜਿਐ ਮੈਲੁ ਨ ਉਤਰੈ
ਪੂਛਹੁ ਗਿਆਨੀਆ ਜਾਇ॥ ੧॥
ਮਨ ਮੇਰੇ ਗੁਰ ਸਰਣਿ ਆਵੈ
ਤਾ ਨਿਰਮਲੁ ਹੋਇ॥
ਮਨਮੁਖ ਹਰਿ ਹਰਿ ਕਰਿ ਥਕੇ
ਮੈਲੁ ਨ ਸਕੀ ਧੋਇ॥ ੧॥ ਰਹਾਉ॥
ਮਨਿ ਮੈਲੈ ਭਗਤਿ ਨ ਹੋਵਈ
ਨਾਮੁ ਨ ਪਾਇਆ ਜਾਇ॥
ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ॥
ਗੁਰ ਪਰਸਾਦੀ ਮਨਿ ਵਸੈ
ਮਲੁ ਹਉਮੈ ਜਾਇ ਸਮਾਇ॥
ਜਿਉ ਅੰਧੇਰੈ ਦੀਪਕੁ ਬਾਲੀਐ
ਤਿਉ ਗੁਰ ਗਿਆਨਿ ਅਗਿਆਨੁ ਤਜਾਇ॥ ੨॥
ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ॥
ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ॥
ਮਾਇਆ ਜੇਵਡੁ ਦੁਖੁ ਨਹੀ
ਸਭਿ ਭਵਿ ਥਕੇ ਸੰਸਾਰੁ॥
ਗੁਰਮਤੀ ਸੁਖੁ ਪਾਈਐ
ਸਚੁ ਨਾਮੁ ਉਰਧਾਰਿ॥ ੩॥
ਜਿਸ ਨੋ ਮੇਲੇ ਸੋ ਮਿਲੈ
ਹਉ ਤਿਸੁ ਬਲਿਹਾਰੈ ਜਾਉ॥
ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜਥਾਉ॥
ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ॥
ਨਾਨਕ ਨਾਮੁ ਨ ਵੀਸਰੈ
ਸਚੇ ਮਾਹਿ ਸਮਾਉ॥ ੪॥ ੩੧॥ ੬੪॥ (ਅੰਗ 39)
ਪਦ ਅਰਥ : ਜਗਿ-ਜਗਤ ਨੇ। ਮਲੁ-ਮੈਲ। ਦੂਜੈ ਭਾਇ-ਇਕ ਪ੍ਰਭੂ ਨੂੰ ਛੱਡ ਕੇ ਦੂਜੀ ਮਾਇਆ ਵਿਚ ਪਿਆਰ ਪਾਉਣਾ। ਕਿਵੈ ਨ ਉਤਰੈ-ਕਿਸੇ ਤਰੀਕੇ ਨਾਲ ਵੀ ਉਤਰਦੀ ਨਹੀਂ। ਸਉ-ਸੌ। ਬਹੁ ਬਿਧਿ-ਕਈ ਪ੍ਰਕਾਰ ਦੇ। ਦੂਣੀ-ਦੁਗਣੀ। ਨਿਰਮਲੁ-ਪਵਿੱਤਰ। ਹਰਿ ਹਰਿ-ਰਾਮ ਰਾਮ। ਮਨਮੁਖ-ਆਪਣੇ ਮਨ ਦੀ ਮੰਨਣ ਵਾਲਾ। ਭਗਤਿ ਨ ਹੋਵਈ-ਭਗਤੀ ਨਹੀਂ ਹੁੰਦੀ। ਪਤਿ-ਇੱਜ਼ਤ। ਜਾਸਨਿ-ਜਾਣਗੇ। ਗੁਰ ਪਰਸਾਦੀ-ਗੁਰੂ ਦੀ ਕਿਰਪਾ ਨਾਲ। ਸਮਾਇ-ਲੀਨ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਦੀਪਕੁ-ਦੀਵਾ। ਤਜਾਇ-ਦੂਰ ਕਰ ਦਿੰਦਾ ਹੈ।
ਹਮ ਕੀਆ-ਅਸੀਂ ਇਹ ਕੀਤਾ ਹੈ। ਹਮ ਕਰਹਗੇ-ਅਸੀਂ ਹੀ ਉਹ ਕੁਝ ਕਰ ਸਕਦੇ ਹਾਂ। ਕਰਣੈ ਵਾਲਾ-ਪੈਦਾ ਕਰਨ ਵਾਲਾ, ਪਰਮਾਤਮਾ। ਜੇਵਡੁ-ਜਿੰਨਾ ਵੱਡਾ। ਭਵਿ-ਭਟਕ ਭਟਕ ਕੇ। ਗੁਰਮਤੀ-ਗੁਰ ਦੀ ਮੱਤ 'ਤੇ (ਤੁਰਨ ਨਾਲ)। ਉਰਧਾਰਿ-ਹਿਰਦੇ ਵਿਚ ਟਿਕਾ ਕੇ। ਬਲਿਹਾਰੈ ਜਾਉ-ਸਦਕੇ ਜਾਂਦਾ ਹਾਂ। ਰਤਿਆ-ਰਤੇ ਰਹਿੰਦੇ ਹਨ, ਰੰਗੇ ਰਹਿੰਦੇ ਹਨ। ਸਚੁ ਬਾਣੀ-ਸੱਚੀ ਬਾਣੀ (ਨਾਮ)। ਨਿਜ ਥਾਉ-ਨਿਜ ਸਰੂਪ ਅਰਥਾਤ ਆਪਣੇ ਟਿਕਾਣੇ। ਮਨਿ ਰਤੇ-ਮਨ ਦੇ ਨਾਮ ਰੰਗ ਵਿਚ ਰੰਗੇ ਜਾਣ ਨਾਲ। ਜਿਹਵਾ ਰਤੀ-ਜੀਭ ਵੀ ਨਾਮ ਰੰਗ ਵਿਚ ਰੰਗੀ ਜਾਂਦੀ ਹੈ। ਹਰਿ ਗੁਣ ਸਚੇ ਗਾਉ-ਸਚੇ (ਸਦਾ ਥਿਰ) ਪ੍ਰਭੂ ਦੇ ਗੁਣ ਗਾਉਂਦੀ ਰਹਿੰਦੀ ਹੈ। ਨਾਮੁ ਨ ਵੀਸਰੈ-ਕਦੇ ਨਾਮ ਨਹੀਂ ਭੁੱਲਦਾ। ਸਚੇ ਮਾਹਿ ਸਮਾਉ-ਸਦਾ ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਟਿਕ ਜਾਂਦਾ ਹੈ।
ਹਉਮੈ ਅਤੇ ਨਾਮ ਇਕ-ਦੂਜੇ ਦੇ ਵਿਰੋਧੀ ਹਨ, ਜੋ ਇਕ ਥਾਂ ਇਕੱਠੇ ਨਹੀਂ ਬਹਿ ਸਕਦੇ। ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥ (ਅੰਗ 560)
ਠਾਇ-ਥਾਂ।
ਹਉਮੈ ਕਾਰਨ ਮਨੁੱਖ ਨਾ ਤਾਂ ਭਗਤੀ ਕਰ ਸਕਦਾ ਹੈ ਅਤੇ ਨਾ ਹੀ ਪਰਮਾਤਮਾ ਦੀ ਰਜ਼ਾ ਦੀ ਉਸ ਨੂੰ ਸੋਝੀ ਪੈਂਦੀ ਹੈ। ਹਉਮੈ ਮਨੁੱਖ ਵਾਸਤੇ ਪਰਮਾਤਮਾ ਨੂੰ ਮਿਲਣ ਵਿਚ ਰੁਕਾਵਟ ਬਣੀ ਰਹਿੰਦੀ ਹੈ, ਜਿਸ ਕਾਰਨ ਮਨੁੱਖ ਦੇ ਮਨ ਅੰਦਰ ਆ ਕੇ ਪਰਮਾਤਮਾ ਦਾ ਨਾਮ ਨਹੀਂ ਵਸ ਸਕਦਾ ਪਰ ਜਦੋਂ ਜੀਵ ਦਾ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਤਾਂ ਮਨ ਅੰਦਰੋਂ ਹਉਮੈ ਜਾਂਦੀ ਰਹਿੰਦੀ ਹੈ ਅਤੇ ਸਦਾ ਥਿਰ ਰਹਿਣ ਵਾਲਾ ਪ੍ਰਭੂ ਜਗਿਆਸੂ ਦੇ ਮਨ ਅੰਦਰ ਆ ਵਸਦਾ ਹੈ-
ਹਉਮੈ ਵਿਚ ਭਗਤਿ ਨ ਹੋਵਈ
ਹੁਕਮੁ ਨ ਬੁਝਿਆ ਜਾਇ॥
ਹਉਮੈ ਵਿਚਿ ਜੀਉ ਬੰਧੁ ਹੈ
ਨਾਮੁ ਨ ਵਸੈ ਮਨਿ ਆਇ॥
ਨਾਨਕ ਸਤਿਗੁਰਿ ਮਿਲਿਐ ਹਉਮੈ ਗਈ
ਤਾ ਸਚੁ ਵਸਿਆ ਮਨਿ ਆਇ॥
(ਅੰਗ 560)
ਬੰਧੁ-ਰੁਕਾਵਟ।
ਗੁਰਬਾਣੀ ਵਿਚ ਹਉਮੈ ਨੂੰ ਦੀਰਘ ਰੋਗ ਕਰਕੇ ਗਰਦਾਨਿਆ ਗਿਆ ਹੈ ਭਾਵ ਇਹ ਬਹੁਤ ਵੱਡਾ ਰੋਗ ਹੈ ਪਰ ਇਸ ਤੋਂ ਇਹ ਭਾਵ ਨਹੀਂ ਕਿ ਇਸ ਦਾ ਕੋਈ ਇਲਾਜ ਨਹੀਂ। ਜਿਸ 'ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਜਿਸ ਨਾਲ (ਹਉਮੈ ਰੂਪੀ) ਦੁੱਖ ਦੂਰ ਹੋ ਜਾਂਦੇ ਹਨ। ਰਾਗੁ ਆਸਾ ਦੀ ਵਾਰ ਮਹਲਾ ੧ ਦੀ 7ਵੀਂ ਪਉੜੀ ਨਾਲ ਗੁਰੂ ਅੰਗਦ ਦੇਵ ਜੀ ਦਾ ਸਲੋਕ ਅੰਕਤ ਹੈ-
ਹਉਮੈ ਦੀਰਘ ਰੋਗੁ ਹੈ
ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ
ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ
ਇਤੁ ਸੰਜਮਿ ਦੁਖ ਜਾਹਿ॥ (ਅੰਗ 466)
ਸ਼ਬਦ ਦੇ ਅੱਖਰੀਂ ਅਰਥ : ਹਉਮੈ ਰੂਪੀ ਮੈਲ ਕਾਰਨ ਸਾਰਾ ਜਗਤ ਦੁੱਖ ਭੋਗ ਰਿਹਾ ਹੈ। ਇਸ ਮੈਲ ਦਾ ਕਾਰਨ ਜਗਤ ਵੱਲੋਂ ਪ੍ਰਭੂ ਨੂੰ ਤਿਆਗ ਕੇ ਦੂਜੀ ਮਾਇਆ ਵਿਚ ਪਿਆਰ ਪਾਉਣਾ ਹੈ। ਸੌ ਤੀਰਥ 'ਤੇ ਜਾ ਕੇ ਵੀ ਮਨੁੱਖ ਇਸ਼ਨਾਨ ਕਰ ਲਵੇ, ਫਿਰ ਵੀ ਉਸ ਦੇ ਅੰਦਰੋਂ ਇਹ ਹਉਮੈ ਰੂਪੀ ਮੈਲ ਕਦੇ ਨਹੀਂ ਜਾਂਦੀ। ਜਿਹੜੇ ਬੜੇ ਕਰਮਕਾਂਡ ਕਰਦੇ ਹਨ, ਉਨ੍ਹਾਂ ਨੂੰ ਸਗੋਂ ਇਹ ਮੈਲ ਦੂਣੀ ਲਗਦੀ ਹੈ (ਕਿਉਂਕਿ ਉਨ੍ਹਾਂ ਦੇ ਮਨਾਂ ਅੰਦਰ ਇਸ ਗੱਲ ਦਾ ਹੰਕਾਰ ਆ ਜਾਂਦਾ ਹੈ ਕਿ ਉਹ ਕਿੰਨੇ ਧਾਰਮਿਕ ਕਰਮ ਕਰਦੇ ਹਨ)। ਆਪ ਜੀ ਦੇ ਪਾਵਨ ਬਚਨ ਹਨ ਕਿ ਭਾਵੇਂ ਜਾ ਕੇ ਗਿਆਨੀਆਂ ਪਾਸੋਂ ਪੁੱਛ ਲਓ, ਪੜ੍ਹਨ-ਲਿਖਣ ਨਾਲ ਵੀ ਇਹ ਮੈਲ ਨਹੀਂ ਉਤਰਦੀ।
ਹੇ ਮੇਰੇ ਮਨ, ਗੁਰੂ ਦੀ ਸਰਨੀ ਲੱਗਣ ਨਾਲ ਹੀ ਤਾਂ ਮਨ ਪਵਿੱਤਰ ਹੁੰਦਾ ਹੈ। ਮਨਮੁਖ ਤਾਂ ਬਹੁਤੇਰੇ ਰਾਮ-ਰਾਮ ਕਰਕੇ ਥੱਕ ਗਏ ਹਨ, ਉਹ ਇਸ ਹਉਮੈ ਰੂਪੀ ਮੈਲ ਨੂੰ ਧੋ ਨਹੀਂ ਸਕੇ ਭਾਵ ਇਸ ਤੋਂ ਬਚ ਨਹੀਂ ਸਕੇ। ਜਿੰਨੀ ਦੇਰ ਮਨ ਵਿਚ (ਹਉਮੈ ਦੀ) ਮੈਲ ਹੈ, ਓਨੀ ਦੇਰ ਭਗਤੀ ਕੀਤੀ ਨਹੀਂ ਜਾ ਸਕਦੀ ਅਤੇ ਨਾ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਨ ਦੇ ਮੈਲੇ ਮਨਮੁਖ (ਇਸ ਹਉਮੈ ਰੂਪੀ) ਮੈਲ ਵਿਚ ਹੀ ਮਰ ਜਾਂਦੇ ਹਨ ਅਤੇ ਇਥੋਂ ਇੱਜ਼ਤ ਆਬਰੂ ਗੁਆ ਕੇ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਵਸਦਾ ਹੈ, ਜਿਸ ਨਾਲ ਹਉਮੈ ਦੀ ਸਾਰੀ ਮੈਲ ਅੰਦਰੋਂ ਜਾਂਦੀ ਰਹਿੰਦੀ ਹੈ। ਜਿਵੇਂ ਹਨੇਰਾ (ਦੂਰ ਕਰਨ ਲਈ) ਦੀਵਾ ਬਾਲੀਦਾ ਹੈ, ਇਸੇ ਤਰ੍ਹਾਂ ਗੁਰੂ ਦੇ ਗਿਆਨ (ਉਪਦੇਸ਼) ਦੁਆਰਾ ਅਗਿਆਨਤਾ ਦੂਰ ਹੋ ਜਾਂਦੀ ਹੈ।
(ਹਉਮੈ ਦੇ ਵੱਸ ਹੋਏ) ਮੂਰਖ ਗੰਵਾਰ ਲੋਕ ਸਦਾ ਇਹੋ ਆਖਦੇ ਹਨ ਕਿ ਅਸੀਂ ਇਹ ਕੁਝ ਕੀਤਾ ਹੈ, ਇਹ ਕੁਝ ਕਰਾਂਗੇ। ਜੋ ਸਭ ਕੁਝ ਕਰਨ ਵਾਲਾ ਹੈ, ਅਸਲ ਵਿਚ ਉਸ ਨੂੰ ਵਿਸਾਰੀ ਰੱਖਦੇ ਹਨ ਅਤੇ ਦੂਜੀਆਂ ਮਾਇਕ ਵਸਤੂਆਂ ਵਿਚ ਪਿਆਰ ਪਾਈ ਰੱਖਦੇ ਹਨ। ਮਾਇਆ ਵਿਚ ਮੋਹ ਪਾਈ ਰੱਖਣਾ, ਇਸ ਤੋਂ ਵੱਡੀ ਹੋਰ ਕੋਈ ਦੁੱਖ ਵਾਲੀ ਗੱਲ ਨਹੀਂ ਹੋ ਸਕਦੀ। (ਇਸ ਮਾਇਆ ਠੱਗਣੀ) ਦੇ ਪਿੱਛੇ ਭਟਕ-ਭਟਕ ਕੇ ਸਾਰਾ ਸੰਸਾਰ ਥੱਕ ਚੁੱਕਾ ਹੈ। ਅਸਲ ਸੁਖ ਗੁਰੂ ਦੀ ਮੱਤ (ਉਪਦੇਸ਼) ਦੁਆਰਾ ਹੀ ਸੱਚੇ ਨਾਮ ਨੂੰ ਹਿਰਦੇ ਵਿਚ ਧਾਰ ਕੇ ਹੀ ਮਿਲਦਾ ਹੈ।
ਪ੍ਰਭੂ ਜਿਸ ਸਾਧਕ ਨੂੰ ਆਪਣੇ ਨਾਲ ਮੇਲਣਾ ਚਾਹੇ, ਉਹੀ ਉਸ ਨੂੰ ਮਿਲਦਾ ਹੈ। ਗੁਰੂ ਜੀ ਅਜਿਹੇ ਸਾਧਕ ਤੋਂ ਬਲਿਹਾਰ ਜਾਂਦੇ ਹਨ। ਹੇ ਮਨ, ਜੋ ਪ੍ਰਭੂ ਦੀ ਭਗਤੀ ਵਿਚ ਰੱਤੇ ਹੋਏ ਹਨ, ਉਨ੍ਹਾਂ ਨੂੰ ਸੱਚੀ ਬਾਣੀ ਅਰਥਾਤ ਨਾਮ ਦੁਆਰਾ ਨਿਜ ਸਰੂਪ ਅਰਥਾਤ ਆਪਣੇ ਟਿਕਾਣੇ ਮਿਲ ਜਾਂਦੇ ਹਨ। ਮਨ ਦੇ ਨਾਮ ਰੰਗ ਵਿਚ ਰੰਗੇ ਜਾਣ ਨਾਲ, ਰਸਨਾ (ਜੀਭ) ਵੀ ਨਾਮ ਰੰਗ ਵਿਚ ਰੰਗੀ ਜਾਂਦੀ ਹੈ ਅਤੇ ਸਦਾ ਥਿਰ ਪ੍ਰਭੂ ਦੇ ਗੁਣ ਗਾਉਂਦੀ ਰਹਿੰਦੀ ਹੈ। ਹੁਣ ਉਸ ਨੂੰ ਪ੍ਰਭੂ ਦਾ ਨਾਮ ਕਦੇ ਭੁੱਲਦਾ ਨਹੀਂ ਅਤੇ ਮਨ ਸਦਾ ਥਿਰ ਪ੍ਰਭੂ ਵਿਚ ਟਿਕਿਆ (ਲੀਨ) ਰਹਿੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਇਹ ਸਮਾਜ ਪਰਮਾਤਮਾ ਦਾ ਹੀ ਪਸਾਰਾ ਹੈ

ਸਵਾਮੀ ਵਿਵੇਕਾਨੰਦ ਨੂੰ ਬਚਪਨ (ਨਰੇਂਦਰ ਨਾਥ) ਤੋਂ ਹੀ ਜਾਨਣ ਦੀ ਇੱਛਾ ਸੀ ਕਿ ਪਰਮਾਤਮਾ ਕੀ ਹੈ? ਕੀ ਅਸੀਂ ਉਸ ਨੂੰ ਦੇਖ ਸਕਦੇ ਹਾਂ? ਜਦ ਸ੍ਰੀ ਰਾਮ ਕ੍ਰਿਸ਼ਨ ਪਰਮਹੰਸ ਨੇ ਨਰੇਂਦਰ ਨੂੰ ਇਹ ਕਿਹਾ ਕਿ, 'ਹਾਂ, ਮੈਂ ਪਰਮਾਤਮਾ ਨੂੰ ਦੇਖਿਆ ਹੈ ਤੇ ਹੁਣ ਵੀ ਦੇਖ ਰਿਹਾ ਹਾਂ', ਤਾਂ ਉਨ੍ਹਾਂ ਦਾ ਭਾਵ ਸੀ ਕਿ ਪਰਮਾਤਮਾ ਤਾਂ ਕੇਵਲ ਜੀਵਾਂ ਵਿਚ ਹੈ। ਅਸੀਂ ਉਸ ਨੂੰ ਪਰਮਾਤਮਾ ਦੀ ਸਿਰਜਣਾ ਭਾਵ ਮਨੁੱਖ ਵਿਚ ਹੀ ਦੇਖ ਸਕਦੇ ਹਾਂ। ਸਵਾਮੀ ਵਿਵੇਕਾਨੰਦ ਨੇ ਆਪਣੇ ਗੁਰੂ ਸ੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਦੇ ਇਸ ਵਿਚਾਰ ਨੂੰ ਲੈ ਕੇ ਹੀ 'ਨਰਸੇਵਾ ਨਾਰਾਇਣ ਸੇਵਾ' ਦਾ ਹੋਕਾ ਦਿੱਤਾ। ਉਹ ਹਮੇਸ਼ਾ ਨੌਜਵਾਨਾਂ ਤੋਂ ਆਸਵੰਦ ਰਹਿੰਦੇ ਸਨ। ਉਨ੍ਹਾਂ ਦਾ ਨੌਜਵਾਨਾਂ ਨੂੰ ਇਹ ਸੰਦੇਸ਼ ਸੀ ਕਿ ਆਪਣੇ-ਆਪ ਨੂੰ ਸ਼ਕਤੀਸ਼ਾਲੀ ਬਣਾਓ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾਓ। ਹਰ ਵਿਅਕਤੀ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਤਮਹਿਤ, ਪਰਹਿਤ ਜਾਂ ਰਾਸ਼ਟਰ ਹਿਤ ਲਈ ਕਰਮ ਕਰਦਾ ਹੈ। ਜਿਹੜਾ ਵਿਅਕਤੀ ਕੇਵਲ ਆਪਣੇ ਲਈ ਹੀ ਧੰਨ ਜਾਂ ਭੌਤਿਕ ਪਦਾਰਥਾਂ ਦਾ ਸੰਯੋਜਨ ਕਰਦਾ ਹੈ, ਉਹ ਕੇਵਲ ਆਤਮਹਿਤ ਲਈ ਹੀ ਕਾਰਜ ਕਰਦਾ ਹੈ। ਇਹ ਤਾਂ ਕੇਵਲ ਸੁਆਰਥ ਹੀ ਕਿਹਾ ਜਾ ਸਕਦਾ ਹੈ। ਪਰਹਿਤ ਕਰਨ ਵਾਲਾ ਉਸ ਤੋਂ ਉੱਪਰ ਆਉਂਦਾ ਹੈ ਤੇ ਸਭ ਤੋਂ ਉੱਪਰ ਹੈ ਰਾਸ਼ਟਰਹਿਤ ਲਈ ਕਾਰਜ ਕਰਨ ਵਾਲਾ। ਜੇ ਮਨੁੱਖ ਵਿਚ ਪਰਮਾਤਮਾ ਹੈ ਤਾਂ ਸਾਰਾ ਸਮਾਜ ਵੀ ਤਾਂ ਉਸੇ ਦਾ ਵੱਡਾ ਪਸਾਰਾ ਹੈ। ਪਰਹਿਤ ਅਤੇ ਰਾਸ਼ਟਰਹਿਤ ਬਾਰੇ ਸੋਚਣ ਵਾਲਾ ਅਤੇ ਕਰਮ ਕਰਨ ਵਾਲਾ ਵਿਅਕਤੀ ਨਿਰਾਸ਼ਾ, ਈਰਖਾ ਤੋਂ ਵੀ ਬਚਿਆ ਰਹਿੰਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਗੁਰਮਤਿ ਸੰਗੀਤ ਵਿਚ ਸਾਵਣ ਤੇ ਮਲਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਰਾਗ ਮਲਾਰ ਰੁੱਤਕਾਲੀਨ ਰਾਗ ਹੈ ਅਤੇ ਇਸ ਸਾਵਣ ਦੀ ਰੁੱਤ ਨਾਲ ਗਹਿਰਾ ਸਬੰਧ ਹੈ। ਮਲਾਰ ਦੀ ਵਾਰ ਵਿਚ ਗੁਰੂ ਅਮਰਦਾਸ ਜੀ ਦੁਆਰਾ ਮਲਾਰ ਰਾਗ ਦਾ ਸ਼ਾਬਦਿਕ ਚਿਤਰਣ ਇਸ ਪ੍ਰਕਾਰ ਹੈ, 'ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੩)। 'ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ॥ ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੫)।
ਭਾਰਤੀ ਸੰਗੀਤ ਤੇ ਹਿੰਦੁਸਤਾਨੀ ਚਿੱਤਰਕਲਾ ਵਿਚ ਰਾਗ ਦੇ ਰਸ/ਕਾਵਿ ਚਿਤਰਣ 'ਤੇ ਅਧਾਰਿਤ 'ਰਾਗ ਧਿਆਨ ਪਰੰਪਰਾ' ਪ੍ਰਚਲਿਤ ਹੈ। ਪੰਡਤ ਦਮੋਦਰ ਦੇ 'ਸੰਗੀਤ ਦਰਪਣ' ਸਮੇਤ ਭਾਰਤੀ ਸੰਗੀਤ ਗ੍ਰੰਥਾਂ ਵਿਚ ਰਾਗਾਂ ਦੇ ਕਾਵਿ ਸਲੋਕਾਂ ਵਿਚ ਕਈ 'ਰਾਗ ਧਿਆਨ' ਮਿਲਦੇ ਹਨ। ਬਾਣੀ ਦੇ ਪ੍ਰਯੋਗ ਵਿਚ ਗੁਰੂ ਸਾਹਿਬਾਨ ਨੇ ਸਿਰੀ, ਗਉੜੀ, ਰਾਮਕਲੀ, ਸੋਰਠਿ, ਮਲਾਰ, ਬਸੰਤ ਆਦਿ ਰਾਗਾਂ ਦੇ ਬਾਣੀ 'ਰਾਗ ਧਿਆਨ' ਉਚਾਰੇ ਹਨ। ਬਾਣੀ ਅਧਿਐਨ ਲਈ ਬਾਣੀ ਦੀ ਇਸ ਵਿਸ਼ਿਸ਼ਟਤਾ ਤੇ ਮੌਲਿਕਤਾ ਨੂੰ ਰਾਗ ਧਿਆਨ ਦੀ ਵਿਸ਼ੇਸ਼ ਪਰੰਪਰਾ ਦੇ ਸੰਦਰਭ ਵਿਚ ਸੁਤੰਤਰ ਰੂਪ ਵਿਚ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਦੁਆਰਾ ਬਾਣੀ ਵਿਚ ਮਲਾਰ ਰਾਗ ਦਾ ਇਹ ਵਰਣਨ ਭਾਰਤੀ ਰਾਗ ਧਿਆਨ ਪਰੰਪਰਾ (ਜੋ ਰਾਗ ਮਾਲਾ ਪੇਂਟਿਗ ਲਈ ਵਿਸ਼ੇਸ਼ ਆਧਾਰ ਬਣੀ) ਦੀ ਤੁਲਨਾ ਵਿਚ ਵਿਲੱਖਣ ਪ੍ਰਯੋਗ ਹੈ।
ਮਲਾਰ ਦੀ ਵਾਰ ਵਿਚ ਸਾਵਣ ਸਬੰਧੀ ਜ਼ਿਕਰ ਸਾਡਾ ਵਿਸ਼ੇਸ਼ ਧਿਆਨ ਆਕਰਸ਼ਣ ਕਰਦਾ ਹੈ : 'ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ॥ ਨਾਨਕ ਝੂਰਿ ਮਰਹਿ ਦੋਹਾਗਣੀ ਜਿਨੜ੍ਰ ਅਵਰੀ ਲਾਗਾ ਨੇਹੁ॥ ੧॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੦)। 'ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ॥ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ॥ ੧॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੪)।
ਮੇਘ ਅਤੇ ਵਰਖਾ ਦੇ ਉਮਡਣ ਦੀ ਕਿਰਿਆ ਨੂੰ ਗੁਰੂ ਸਾਹਿਬ ਬਾਖੂਬੀ 'ਊਂਨਵਿ' ਦੇ ਰੂਪ ਵਿਚ ਚਿਤਰ ਰਹੇ ਹਨ। ਗੁਰ ਫੁਰਮਾਨ ਹੈ : 'ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ॥ ਨਾਨਕ ਦੁਖੁ ਲਾਗਾ ਤਿਨ੍ਰ ਕਾਮਣੀ ਜਿਨ੍ਰ ਕੰਤੈ ਸਿਉ ਮਨਿ ਭੰਗੁ॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੦)। 'ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ॥ ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ॥ ੧॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੮੦)।
ਇਸ ਵਾਰ ਵਿਚ ਬਾਬੀਹਾ ਦਾ ਜ਼ਿਕਰ ਇਸ ਪ੍ਰਕਾਰ ਹੈ : 'ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥' (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੦੫)।
ਮਲਾਰ ਦੀ ਵਾਰ ਵਿਚ ਗੁਰਮਤਿ ਸੰਗੀਤ ਅਧੀਨ ਬਾਣੀ ਅਤੇ ਰਾਗ ਦੀ ਪ੍ਰਕਿਰਤੀ ਦਾ ਅੰਤਰ ਸਬੰਧ ਭਲੀਭਾਂਤ ਪ੍ਰਗਟ ਹੋ ਰਿਹਾ ਹੈ। ਇਸੇ ਤਰ੍ਹਾਂ ਸਬੰਧਤ ਰਾਗ ਵਿਚ ਅਤਿ ਢੁਕਵੇਂ ਪ੍ਰਤੀਕਾਂ ਦਾ ਵਰਣਨ ਤੇ ਉਲੇਖ ਵੀ ਮਿਸਾਲਯੋਗ ਹੈ। ਮਲਾਰ ਦੀ ਵਾਰ ਦੀ ਧੁਨੀ ਅਤੇ ਉਸ ਦੇ ਇਤਿਹਾਸਕ ਪ੍ਰਮਾਣਿਕ ਸਰੋਤ ਵੀ ਅਗਲੇਰੀ ਖੋਜ ਲਈ ਵਿਸ਼ੇਸ਼ ਹਨ ਅਤੇ ਰਾਗ ਮਲਾਰ ਦਾ ਸ਼ਾਬਦਿਕ 'ਰਾਗ ਧਿਆਨ' ਗੁਰਮਤਿ ਸੰਗੀਤ ਦੇ ਰਾਗਾਂ ਦੇ ਅਧਿਐਨ ਲਈ ਵਿਸ਼ੇਸ਼ ਰੂਪ ਵਿਚ ਸਹਾਈ ਹੋ ਰਿਹਾ ਹੈ।
ਗੁਰਮਤਿ ਸੰਗੀਤ ਦੇ ਪ੍ਰਸੰਗ ਵਿਚ ਬਾਣੀ ਅਤੇ ਸੰਗੀਤ ਦੇ ਅੰਤਰੀਵੀ ਸਬੰਧਾਂ ਨੂੰ 21ਵੀਂ ਸਦੀ ਤੱਕ ਵੀ ਅਸੀਂ ਸਹੀ ਪਰਿਪੇਖ ਵਿਚ ਨਹੀਂ ਵਿਚਰ ਰਹੇ। ਸਾਡੀ ਇਹ ਧਾਰਣਾ ਬਾਣੀ ਦੇ ਅਧਿਐਨ ਲਈ ਜਦੋਂ ਅਸੀਂ ਸਮੁੱਚੇ ਸੰਗੀਤ ਵਿਧਾਨ ਨੂੰ ਅੱਖੋਂ ਪਰੋਖੇ ਕਰਦੇ ਹਾਂ ਤਾਂ ਸਾਨੂੰ ਇਸ ਦੇ ਸੰਪੂਰਨ ਦਰਸ਼ਨ ਦੀਦਾਰੇ ਨਹੀਂ ਹੋ ਸਕਦੇ। ਗੁਰਬਾਣੀ ਅਧਿਐਨਕਾਰਾਂ ਲਈ ਨਿਮਾਣਾ ਜਿਹਾ ਸੁਨੇਹਾ ਹੈ ਕਿ ਗੁਰਬਾਣੀ ਦੇ ਸੰਪੂਰਨ ਸਰਬਾਂਗੀ ਪ੍ਰਸੰਗਾਂ ਵਿਚ ਅਧਿਐਨ ਲਈ ਰਾਗਾਤਮਕ ਪਰਿਪੇਖ ਵਿਚ ਸੰਕਲਨ ਤੇ ਸੰਚਾਰ ਨੂੰ ਵੀ ਸਥਾਨ ਦਿੱਤਾ ਜਾਵੇ। ਅਜਿਹੀ ਦ੍ਰਿਸ਼ਟੀ ਅਗਲੀ ਪੀੜ੍ਹੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਜਿਗਿਆਸੂਆਂ ਨੂੰ ਵਧੇਰੇ ਤਰਕਯੁਕਤ ਤੇ ਰੌਚਿਕ ਲੱਗੇਗੀ। ਗੁਰਬਾਣੀ ਵਿਚਾਰਕਾਂ, ਪਾਠਕਾਂ, ਸਰੋਤਿਆਂ ਅਤੇ ਕੀਰਤਨੀਆਂ ਨੂੰ ਬੇਨਤੀ ਹੈ ਕਿ ਆਓ! ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਭੰਡਾਰ ਵਿਚੋਂ ਬਾਣੀ ਅਤੇ ਗੁਰਮਤਿ ਸੰਗੀਤ ਦੀ ਇਸ ਵਿਰਾਸਤ ਦਾ ਸਹੀ ਪਰਿਪੇਖ ਵਿਚ ਪ੍ਰਯੋਗ, ਪ੍ਰਚਾਰ ਤੇ ਵਿਸਥਾਰ ਕਰੀਏ। (ਸਮਾਪਤ)

ਘੋੜੇ ਦਿਲਬਾਗ ਦੀ ਵਾਪਸੀ

ਲਾਹੌਰ ਪਹੁੰਚ ਕੇ ਭਾਈ ਬਿਧੀ ਚੰਦ ਨੇ ਘਾਹੀ ਦਾ ਰੂਪ ਧਾਰਿਆ ਅਤੇ ਸਾਫ਼-ਸੁਥਰੇ ਘਾਹ ਦੀਆਂ ਪੰਡਾਂ ਬੰਨ੍ਹ ਕੇ ਕਿਲ੍ਹੇ ਕੋਲ ਬੈਠ ਗਏ। ਘੋੜਿਆਂ ਦੇ ਦਰੋਗੇ ਸੌਂਧੇ ਖਾਨ ਨੇ ਸੋਹਣਾ ਕੂਲਾ ਘਾਹ ਦੇਖ ਕੇ ਖਰੀਦ ਲਿਆ। ਬਿਧੀ ਚੰਦ ਨੇ ਕਿਹਾ ਕਿ ਕਹੋ ਤਾਂ ਮੈਂ ਇਹ ਘਾਹ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਤੱਕ ਲੈ ਜਾਂਦਾ ਹਾਂ। ਆਗਿਆ ਮਿਲਣ 'ਤੇ ਉਨ੍ਹਾਂ ਨੇ ਜਾ ਕੇ ਘੋੜਿਆਂ ਨੂੰ ਨਮਸਕਾਰ ਕੀਤੀ ਅਤੇ ਘਾਹ ਪਾਇਆ। ਦਰੋਗੇ ਨੇ ਸਿੱਧਾ-ਸਾਦਾ ਬੰਦਾ ਜਾਣ ਕੇ ਘੋੜਿਆਂ ਦਾ ਸੇਵਾਦਾਰ ਹੀ ਰੱਖ ਲਿਆ। ਉਹ ਰੋਜ਼ ਘਾਹ ਦੀ ਪੰਡ ਵਿਚ ਇਕ ਵੱਡਾ ਪੱਥਰ ਲੁਕਾ ਕੇ ਲਿਆਉਂਦੇ ਅਤੇ ਕਿਲ੍ਹੇ ਨਾਲ ਲੰਘਦੇ ਦਰਿਆ ਰਾਵੀ ਵਿਚ ਅੱਧੀ ਰਾਤ ਨੂੰ ਸੁੱਟ ਦਿੰਦੇ। ਹੌਲੀ-ਹੌਲੀ ਸਭ ਨੇ ਜਾਣ ਲਿਆ ਕਿ ਕੋਈ ਜਾਨਵਰ ਸ਼ੋਰ ਕਰਦਾ ਹੈ। ਬਿਧੀ ਚੰਦ ਜੀ ਏਨੇ ਸਿੱਧ ਪੱਧਰੇ, ਅਣਜਾਣ ਤੇ ਭੋਲੇ ਬਣ ਕੇ ਰਹਿਣ ਲੱਗੇ ਕਿ ਕਿਸੇ ਨੂੰ ਉਨ੍ਹਾਂ 'ਤੇ ਕਦੇ ਸ਼ੱਕ ਨਾ ਹੋਇਆ। ਰਤਨਾਂ ਜੜੀ ਕਾਠੀ ਨੂੰ ਜਵਾਰ ਤੇ ਮੱਕੀ ਦੇ ਦਾਣੇ ਆਖਣ, ਆਪਣੀ ਤਨਖਾਹ ਵੀ ਹੋਰਾਂ ਨੂੰ ਖੁਆਉਣ-ਪਿਆਉਣ 'ਤੇ ਖਰਚ ਦੇਣ। ਇਕ ਦਿਨ ਆਪਣੀ ਤਨਖਾਹ ਵਿਚੋਂ ਸਭ ਨੂੰ ਰੱਜਵੀਂ ਸ਼ਰਾਬ ਪਿਆਈ। ਜਦੋਂ ਸਭ ਨਸ਼ੇ ਵਿਚ ਬੇਹੋਸ਼ ਹੋ ਗਏ ਤਾਂ ਬਿਧੀ ਚੰਦ ਜੀ ਨੇ ਘੋੜੇ ਦਿਲਬਾਗ ਸਮੇਤ ਦੀਵਾਰ ਤੋਂ ਛਾਲ ਮਾਰੀ ਅਤੇ ਦਰਿਆ ਪਾਰ ਕਰਕੇ ਗੁਰੂ ਆਸਰੇ ਜੰਗਲਾਂ ਨੂੰ ਚੀਰਦੇ ਹੋਏ ਭਾਈ ਰੂਪੇ ਪਹੁੰਚ ਗਏ, ਜਿਥੇ ਛੇਵੇਂ ਪਾਤਸ਼ਾਹ ਜੀ ਬਿਰਾਜਮਾਨ ਸਨ। ਨਿਮਰਤਾ ਸਹਿਤ ਦੋ ਕੋਹ ਪਹਿਲਾਂ ਹੀ ਘੋੜੇ ਤੋਂ ਉਤਰ ਕੇ ਵਾਗਾਂ ਫੜੀਆਂ ਅਤੇ ਮਹਾਰਾਜ ਜੀ ਨੂੰ ਨਤਮਸਤਕ ਹੋਇਆ-
ਦੋਇ ਕੋਸ ਜਬ ਹੀ ਰਹਾ
ਉਤਰ ਅਸਵ ਭੂਨਿ ਆਇ।
ਬਾਗ ਡੋਰ ਰਾਹਿ ਹਾਥ ਮੈ,
ਗਿਓ ਗੁਰੂ ਨਿਕਟਾਏ।
ਗੁਰੂ ਸਾਹਿਬ ਅਤਿਅੰਤ ਪ੍ਰਸੰਨ ਹੋਏ ਅਤੇ ਬਿਧੀ ਚੰਦ ਨੂੰ ਅਨੇਕਾਂ ਵਰ ਬਖਸ਼ੇ। ਘੋੜੇ ਦੀਆਂ ਮਾਲਸ਼ਾਂ ਕਰਕੇ ਸਾਰਾ ਥਕੇਵਾਂ ਲਾਹ ਦਿੱਤਾ ਗਿਆ। ਮਹਾਰਾਜ ਜੀ ਨੇ ਪਿਆਰ ਨਾਲ ਇਸ ਘੋੜੇ ਦਾ ਨਾਮ ਜਾਨ ਭਾਈ ਰੱਖਿਆ ਭਾਵ ਜਾਨ ਤੋਂ ਪਿਆਰਾ। ਸ਼ਾਹੀ ਫੌਜਾਂ ਚੜ੍ਹ ਕੇ ਆਈਆਂ ਅਤੇ ਮਰਾਝ ਵਿਚ ਘਮਸਾਨ ਜੰਗ ਹੋਇਆ। 35000 ਫੌਜ ਮਹਾਰਾਜ ਜੀ 'ਤੇ ਚੜ੍ਹ ਕੇ ਆਈ ਪਰ ਉਨ੍ਹਾਂ ਨੂੰ ਕਰਾਰੀ ਹਾਰ ਹੋਈ। ਇਸ ਜੰਗ ਵਿਚ ਮਹਾਰਾਜ ਜੀ ਨੇ ਜਾਨਭਾਈ ਦੀ ਸਵਾਰੀ ਕੀਤੀ। ਜਾਨਭਾਈ ਇਸ ਜੰਗ ਵਿਚ ਸਖ਼ਤ ਜ਼ਖਮੀ ਹੋ ਗਿਆ। ਜਦੋਂ ਮਹਾਰਾਜ ਜੀ ਜ਼ਖਮੀ ਘੋੜੇ ਸਮੇਤ ਟੋਇਆਂ-ਟਿੱਬਿਆਂ ਵਾਲੇ ਜੰਗਲ ਵਿਚੋਂ ਲੰਘ ਰਹੇ ਸਨ ਤਾਂ ਇਹ ਬਹਾਦਰ ਘੋੜਾ ਚੜ੍ਹਾਈ ਕਰ ਗਿਆ। ਪਾਤਸ਼ਾਹ ਜੀ ਨੇ ਆਪਣੇ ਪਿਆਰੇ ਘੋੜੇ ਉੱਪਰ ਕੀਮਤੀ ਦੁਸ਼ਾਲਾ ਪਾ ਕੇ ਉਸ ਨੂੰ ਦਫ਼ਨਾ ਦਿੱਤਾ। ਇਸ ਅਸਥਾਨ 'ਤੇ ਘੋੜੇ ਦੀ ਯਾਦ ਵਿਚ ਅੱਜ ਵੀ ਖੂਬਸੂਰਤ ਬੁੱਤ ਸੁਸ਼ੋਭਿਤ ਹੈ। ਸੰਤ ਬਾਬਾ ਮੀਹਾਂ ਸਿੰਘ ਨੇ ਇਸ ਅਸਥਾਨ 'ਤੇ ਗੁਰਦੁਆਰਾ ਗੁਰੂਸਰ ਸਿਧਾਰ ਸਾਹਿਬ ਸਿਆੜ ਪਾਤਸ਼ਾਹੀ ਛੇਵੀਂ ਤਾਮੀਰ ਕੀਤਾ। ਇਹ ਅਸਥਾਨ ਮਹਾਰਾਜ ਜੀ ਤੋਂ ਜਾਨ ਵਾਰਨ ਵਾਲੇ ਪਿਆਰੇ ਜਾਨਭਾਈ ਦੀ ਯਾਦ ਦਿਵਾਉਂਦਾ ਹੈ।

ਗਿਆਨੀ ਜੋਗਾ ਸਿੰਘ 'ਭਾਗੋਵਾਲੀਆ'

ਪੰਜਾਬ ਦੇ ਅਣਮੁੱਲੇ ਸਾਹਿਤ ਨਾਲ ਵਿਰਾਸਤ ਦੇ ਤੌਰ 'ਤੇ ਜੁੜੀ ਹੋਈ 'ਕਵੀਸ਼ਰੀ ਕਲਾ' ਦਾ ਮੂਲ ਸਬੰਧ ਮਾਲਵੇ ਦੀ ਧਰਤੀ ਨਾਲ ਜਾ ਜੁੜਦਾ ਹੈ। ਪੇਂਡੂ ਅਖਾੜਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਸਿੱਧ ਹੋਈ ਕਵੀਸ਼ਰੀ ਕਲਾ ਇਸ ਵਕਤ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਨਰੋਇਆ ਅੰਗ ਹੈ। ਅੱਜ ਦੇ ਕਵੀਸ਼ਰੀ ਦੌਰ 'ਚ ਕਵੀਸ਼ਰ ਗਿਆਨੀ ਜੋਗਾ ਸਿੰਘ 'ਭਾਗੋਵਾਲੀਆ' ਦਾ ਜਥਾ ਮਕਬੂਲੀਅਤ ਦੀ ਸਿਖਰ 'ਤੇ ਹੈ। ਸਿੱਖ ਇਤਿਹਾਸ ਦੀ ਪੇਸ਼ਾਕਾਰੀ 'ਚ ਮੌਲਿਕ ਅੰਦਾਜ਼ ਭਰਨ ਵਾਲੇ ਇਸ ਕਵੀਸ਼ਰ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਘੁੱਗ ਵਸਦੇ ਪਿੰਡ ਭਾਗੋਵਾਲ ਵਿਖੇ ਰੁਸਤਮੇ-ਹਿੰਦ ਪਹਿਲਵਾਨ ਸਵਰਨ ਸਿੰਘ 'ਕੋਹਲਾ' ਦੇ ਘਰਾਣੇ 'ਚ ਸ: ਮੁਖਤਾਰ ਸਿੰਘ ਦੇ ਗ੍ਰਹਿ ਮਾਤਾ ਸਵਰਨ ਕੌਰ ਦੀ ਕੁੱਖੋਂ ਹੋਇਆ। ਪੰਜਵੀਂ ਜਮਾਤ 'ਚ ਪੜ੍ਹਦਿਆਂ ਗਿਆਨੀ ਜੋਗਾ ਸਿੰਘ 'ਜੋਗੀ' ਦੇ ਜਥੇ ਤੋਂ ਕਵੀਸ਼ਰੀ ਸੁਣ ਕੇ ਅਜਿਹੀ ਤਲਬ ਜਾਗੀ, ਜੋ ਸਮੇਂ ਦੇ ਗੇੜ ਨਾਲ ਜ਼ਿੰਦਗੀ ਦਾ ਇਸ਼ਕ ਹੋ ਨਿਬੜੀ। ਵਕਤ ਦੇ ਹਾਲਾਤ ਅਜਿਹੇ ਬਣੇ ਕਿ ਭਾਈ ਸਾਹਿਬ ਨੂੰ ਕਈ ਸਾਲ ਤਾਂਘ ਹੋਣ ਦੇ ਬਾਵਜੂਦ ਸਥਾਈ ਤੌਰ 'ਤੇ ਮੰਚ ਨਸੀਬ ਨਾ ਹੋਇਆ। ਕਵੀਸ਼ਰੀ ਦੇ ਖੇਤਰ 'ਚ ਪੈਰ ਰੱਖਦਿਆਂ ਹੀ ਭਾਗੋਵਾਲੀਆ ਨੇ ਵਧੇਰੇ ਜ਼ੋਰ ਸਿੱਖ ਇਤਿਹਾਸ ਦੀ ਖੋਜ 'ਤੇ ਦਿੱਤਾ। ਸਿੱਖ ਇਤਿਹਾਸ ਦੇ ਮੁਢਲੇ ਸਰੋਤ ਗ੍ਰੰਥਾਂ ਤੋਂ ਇਲਾਵਾ ਬਾਕੀ ਧਰਮਾਂ ਦੇ ਫਲਸਫ਼ੇ ਦਾ ਵੀ ਡੂੰਘਾ ਅਧਿਐਨ ਕੀਤਾ।
ਤਵਾਰੀਖ ਦੇ ਖੋਜੀ ਵਿਦਵਾਨਾਂ ਨੂੰ ਪੜ੍ਹਦਿਆਂ ਉਨ੍ਹਾਂ ਦੇ ਮਨ ਨੇ ਸਭ ਤੋਂ ਵੱਧ ਪ੍ਰਭਾਵ ਗਿ: ਸੋਹਣ ਸਿੰਘ 'ਸੀਤਲ' ਦੀਆਂ ਰਚਨਾਵਾਂ ਤੋਂ ਕਬੂਲਿਆਂ। ਇਹੀ ਕਾਰਨ ਹੈ ਕਿ ਅੱਜ ਭਾਈ ਸਾਹਿਬ ਜਦੋਂ ਸਟੇਜ ਤੋਂ ਗੌਰਵਮਈ ਇਤਿਹਾਸ ਦੀ ਗੱਲ ਛੇੜਦੇ ਹਨ ਤਾਂ ਉਨ੍ਹਾਂ ਦੀ ਅਦੁੱਤੀ ਸ਼ਬਦਾਵਲੀ 'ਚੋਂ ਇਤਿਹਾਸਕ ਘਟਨਾਵਾਂ ਦਾ ਵਰਣਨ ਪਰਦੇ 'ਤੇ ਚਲਦੀ ਫ਼ਿਲਮ ਦੇ ਦ੍ਰਿਸ਼ ਵਾਂਗ ਹੁੰਦਾ ਹੈ। ਮਜ਼ਬੂਨ ਭਾਵੇਂ ਕੋਈ ਵੀ ਹੋਵੇ, ਪਰ ਟੁਣਕਵੀਂ ਆਵਾਜ਼ ਦੇ ਸੰਗ ਦਲੀਲ ਤੇ ਪ੍ਰਮਾਣ ਅਜਿਹੇ ਹੁੰਦੇ ਹਨ ਕਿ ਸਰੋਤੇ ਘੰਟਿਆਂਬੱਧੀ ਟਿਕ-ਟਿਕਾਈ ਸੁਰਤ ਨਾਲ ਅਨੰਦ ਮਾਣਦੇ ਪ੍ਰਤੀਤ ਹੁੰਦੇ ਹਨ। ਪੁਸਤਕਾਂ ਪੜ੍ਹਨ ਦੀ ਚੇਟਕ ਅਜਿਹੀ ਕਿ ਸੰਸਾਰ ਪ੍ਰਸਿੱਧ ਦਾਰਸ਼ਨਿਕ, ਚਿੰਤਕ, 'ਖਲੀਲ ਜਿਬਰਾਨ', ਸੇਖ਼-ਸ਼ਾਅਦੀ, ਫਿਰਦੌਸ਼ੀ, ਰਸੂਲ ਹਮਾਜਤੋਵ, ਟੈਗੋਰ, ਡਾ: ਗੋਕਲ ਚੰਦ ਨਰੰਗ ਅਤੇ ਬੈਨਰਜੀ ਆਦਿ ਦੀਆਂ ਰਚਿਤ ਲਿਖਤਾਂ ਨੂੰ ਉਨ੍ਹਾਂ ਨੇ ਲਾਇਬ੍ਰੇਰੀ ਦਾ ਸ਼ਿੰਗਾਰ ਬਣਾ ਕੇ ਰੱਖਿਆ ਹੋਇਆ ਹੈ। ਆਪ ਨੂੰ ਕਵਿਤਾ ਦਾ ਹੁਨਰ ਵੀ ਬਖ਼ਸ਼ਿਸ਼ ਹੈ ਅਤੇ ਉਨ੍ਹਾਂ ਦੀ ਕਲਮ ਤੋਂ ਲਿਖੀਆਂ ਬਹੁਤ ਸਾਰੀਆਂ ਰਚਨਾਵਾਂ ਕੈਸਿਟਾਂ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਸਿੱਧ ਹੋ ਕੇ ਲੋਕ ਚੇਤਨਾ 'ਚ ਹੁਲਾਰੇ ਮਾਣ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਈਆਂ ਇਤਿਹਾਸਕ ਸ਼ਤਾਬਦੀਆਂ 'ਚ ਆਪ ਨੂੰ ਵਿਸ਼ੇਸ਼ ਮਾਣ ਮਿਲਿਆ ਹੈ ਅਤੇ ਸਿੱਖ ਜਗਤ ਦੀਆਂ ਅਨੇਕਾਂ ਧਾਰਮਿਕ ਸੰਸਥਾਵਾਂ ਵੱਲੋਂ ਸੈਂਕੜੇ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਭਾਈ ਜੋਗਾ ਸਿੰਘ ਭਾਗੋਵਾਲੀਆ ਨੂੰ ਪਿਛਲੇ ਸਾਲ ਬਾਬਾ ਅਵਤਾਰ ਸਿੰਘ 'ਘਰਿਆਲੇ ਵਾਲਿਆਂ' (ਸੰਪਰਦਾਇ ਸਰਹਾਲੀ ਕਲਾਂ) ਵੱਲੋਂ ਸੋਨੇ ਦਾ ਤਗਮਾ ਦੇ ਕੇ ਨਿਵਾਜਿਆ ਗਿਆ। ਇਸ ਸਮੇਂ ਗਿਆਨੀ ਜੋਗਾ ਸਿੰਘ 'ਭਾਗੋਵਾਲੀਆ' ਦੇ ਜਥੇ 'ਚ ਭਾਈ ਜੋਬਨ ਸਿੰਘ 'ਕੋਟ ਮੌਲਵੀ', ਭਾਈ ਕੁਲਵੰਤ ਸਿੰਘ 'ਕੋਮਲ' ਅਤੇ ਭਾਈ ਸੁਖਵਿੰਦਰ ਸਿੰਘ 'ਸੇਖਵਾਂ' ਸੇਵਾਵਾਂ ਨਿਭਾਅ ਰਹੇ ਹਨ।


-ਪਿੰਡ ਬੂਲੇਵਾਲ, ਡਾਕ: ਨੌਸ਼ਹਿਰਾ ਮੱਝਾ ਸਿੰਘ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX