ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੈਨਨ

ਅਜੇ ਦਮ ਹੈ, ਹਿੰਮਤ ਹੈ

'ਰਾਬਤਾ' ਨੇ ਲੋਕਾਂ ਨਾਲ ਰਾਬਤਾ ਨਹੀਂ ਬਣਾਇਆ ਤੇ ਕ੍ਰਿਤੀ ਸੈਨਨ ਦਾ ਦਿਲ ਹੀ ਟੁੱਟ ਗਿਆ। ਦਿਲ ਨੂੰ ਦਿਲਾਸਾ ਦਿੱਤਾ। 'ਬਰੇਲੀ ਕੀ ਬਰਫ਼ੀ' ਲਈ ਦਿਨ-ਰਾਤ ਇਕ ਕੀਤਾ ਪਰ ਤਕਦੀਰ 'ਚ ਕਾਮਯਾਬੀ ਲਫ਼ਜ਼ ਨਹੀਂ ਤਾਂ ਕੀ ਜ਼ੋਰ ਗ਼ਰੀਬਾਂ ਦਾ? ਕ੍ਰਿਤੀ ਪ੍ਰੇਸ਼ਾਨ ਹੈ। ਪ੍ਰੇਸ਼ਾਨੀ 'ਚੋਂ ਨਿਕਲਣ ਲਈ ਨੈੱਟ 'ਤੇ ਬੈਠ ਗਈ। ਵਾਰ-ਵਾਰ 'ਮੁਬਾਰਕਾਂ' ਦੇ ਗੀਤ ਨੂੰ ਦੇਖੇ ਤੇ ਵਾਰ-ਵਾਰ ਇਸ ਦੇ ਵੀਡੀਓ ਨਾਲ ਕੁਝ ਲਿਖ ਕੇ ਉਸ ਨੇ ਸੋਸ਼ਲ ਮੀਡੀਆ 'ਤੇ ਪਾਇਆ। ਸੋਚਿਆ ਲੋਕਾਂ ਦੇ ਸੁਨੇਹੇ ਸਾਰਥਿਕ ਹੋਣਗੇ ਤੇ ਦਿਲ ਸੰਭਲ ਜਾਏਗਾ ਪਰ ਦੱਖਣ ਦੀ ਹੀਰੋਇਨ ਭੈਰਵੀ ਨੇ ਕ੍ਰਿਤੀ ਦਾ ਦਿਲ ਤੋੜ ਦਿੱਤਾ। ਭੈਰਵੀ ਨੇ ਪ੍ਰਤੀਕਿਰਿਆ ਦਿੱਤੀ ਕਿ ਕ੍ਰਿਤੀ ਕਿੰਨੇ ਭੈੜੇ ਅੰਦਾਜ਼ 'ਮੁਬਾਰਕਾਂ' ਦੇ ਗੀਤ 'ਚ ਦਿਖਾ ਰਹੀ ਹੈ। ਉਹ ਤਾਂ ਪਾਗਲ ਔਰਤ ਲਗਦੀ ਹੈ। ਇਸ ਤੋਂ ਚੰਗਾ ਤਾਂ ਕਾਲਜ ਦੇ ਵਿਦਿਆਰਥੀ ਨੱਚ ਲੈਂਦੇ ਹਨ। ਨਾ ਗੱਡੀ ਦਾ ਬੰਪਰ, ਨਾ ਮੂਹਰੇ ਵਾਲੀ ਲਾਈਟ, ਅਜਿਹੇ ਸ਼ਬਦ ਕ੍ਰਿਤੀ ਲਈ ਭੈਰਵੀ ਨੇ ਵਰਤੇ ਹਨ। ਕ੍ਰਿਤੀ ਦੇ ਸੱਤੀਂ ਕੱਪੜੀਂ ਅੱਗ ਲੱਗਣ ਵਾਲੀ ਗੱਲ ਹੈ। 'ਬਰੇਲੀ ਕੀ ਬਰਫ਼ੀ' ਕੌੜੀ ਰਹੀ, 'ਮੁਬਾਰਕਾਂ' ਲਈ ਪ੍ਰਚਾਰ ਕੰਮ ਨਹੀਂ ਆਇਆ ਤੇ ਫਿਰ ਮਾੜਾ ਜਿਹਾ ਦਿਲਾਸਾ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਆਰ ਨੇ ਦਿੱਤਾ ਪਰ ਕ੍ਰਿਤੀ ਚੁੱਪ ਨਹੀਂ ਹੈ ਤੇ ਉਸ ਨੇ ਅਕਸ਼ੈ ਕੁਮਾਰ ਦੀ 'ਟਾਇਲਟ : ਏਕ ਪ੍ਰੇਮ ਕਥਾ' ਦੀ ਪ੍ਰਚਾਰ ਮੁਹਿੰਮ 'ਚ ਜਾ ਕੇ ਫਿਰ ਚਰਚਾ ਲੈ ਲਈ। ਕ੍ਰਿਤੀ ਨੂੰ ਇਸ ਦੌਰਾਨ ਡੀ. ਕੇ. ਦੀ ਫ਼ਿਲਮ 'ਫ਼ਰਜ਼ੀ' ਮਿਲੀ ਹੈ। ਕ੍ਰਿਤੀ ਨੇ ਟੁੱਟੇ ਦਿਲ ਨੂੰ ਦਿਲਾਸਾ ਦੇ ਕੇ ਅੱਗੇ ਵਧਣ ਦੀ ਰਣਨੀਤੀ ਬਣਾਈ ਹੈ। ਭੈਰਵੀ ਨੂੰ ਜਵਾਬ ਦੇਣ ਦੀ ਥਾਂ ਚੁੱਪ ਰਹਿ ਕੇ ਲੋਕਾਂ ਦੀ ਹਮਦਰਦੀ ਪ੍ਰਾਪਤ ਕੀਤੀ ਹੈ। ਕ੍ਰਿਤੀ ਸੈਨਨ ਕੋਲ ਕੰਮ ਹੈ, ਲੜਨ ਦੀ ਹਿੰਮਤ ਹੈ। ਕੁਝ ਕਰ ਦਿਖਾਉਣ ਦੀ ਲਾਲਸਾ ਤੇ ਜਜ਼ਬਾ ਹੈ। ਨਾਂਹ-ਪੱਖੀ ਪ੍ਰਚਾਰ ਵੀ ਉਸ ਦੇ ਹੱਕ 'ਚ ਹੀ ਹੈ। ਤੀਸ ਮਾਰ ਖਾਂ ਬਣਨ ਦੀ ਥਾਂ ਮਾੜੇ ਹੀ ਚੰਗੇ, ਵਾਲੀ ਨੀਤੀ 'ਤੇ ਚਲ ਰਹੀ ਕ੍ਰਿਤੀ ਸੈਨਨ ਸਥਾਪਤ ਹੋ ਕੇ ਦਿਖਾਏਗੀ। ਉਸ 'ਚ ਦਮ ਹੈ, ਹਿੰਮਤ ਹੈ। ਬਾਕੀ ਮਾੜੀਆਂ-ਮੋਟੀਆਂ ਗੱਲਾਂ ਇੰਡਸਟਰੀ ਦਾ ਨਿਯਮ ਹਨ।


ਖ਼ਬਰ ਸ਼ੇਅਰ ਕਰੋ

ਕੈਟਰੀਨਾ ਕੈਫ਼

ਸੁਪਨੇ ਜ਼ਰੂਰ ਦੇਖੋ

ਮਾਸਕੋ ਤੋਂ ਆਬੂਧਾਬੀ ਗਈ ਹੈ ਕੈਟਰੀਨਾ ਕੈਫ਼ ਤੇ ਉਥੇ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਉਸ ਨੇ ਪੂਰੀ ਕਰਵਾਉਣੀ ਹੈ। ਇਥੇ ਜਾ ਕੇ ਵਿਹਲੇ ਸਮੇਂ 'ਚ ਉਹ ਇੰਟਰਨੈੱਟ 'ਤੇ ਆਪਣੀਆਂ ਤਸਵੀਰਾਂ ਪਾ ਰਹੀ ਹੈ। 'ਜੱਗਾ ਜਾਸੂਸ' ਨੂੰ ਉਹ ਭੁੱਲ ਜਾਣਾ ਚਾਹੁੰਦੀ ਹੈ। ਇਸ ਲਈ ਹੀ ਕੈਟੀ ਨੇ ਆਪਣੀ ਲਾਲ ਰੰਗ ਦੀ ਨਵੀਂ ਤੈਰਾਕੀ ਡ੍ਰੈੱਸ ਵਿਚ ਪਾਣੀ 'ਚ ਮਸਤੀ ਕਰਨ ਵਾਲੀ ਤਸਵੀਰ ਪਾਈ ਹੈ। ਕੈਟੀ ਜਾਣਦੀ ਹੈ ਕਿ 'ਜੱਗਾ ਜਾਸੂਸ' ਨੇ ਉਸ ਦੇ ਕੈਰੀਅਰ ਨੂੰ ਖਰਾਬ ਹੀ ਕੀਤਾ ਹੈ ਤੇ ਇਸ ਲਈ ਲੋਕਾਂ ਦਾ ਧਿਆਨ ਹੋਰ ਪਾਸੇ ਲਾਇਆ ਜਾਵੇ। ਇੰਸਟਾਗ੍ਰਾਮ 'ਤੇ ਆਪਣੀਆਂ ਪੁਰਾਣੀਆਂ ਚੋਟੀ ਦੀਆਂ ਤਸਵੀਰਾਂ ਨੂੰ ਚੁਣ ਕੇ ਉਹ ਦੁਬਾਰਾ ਇਸ ਲਈ ਹੀ ਪਾ ਰਹੀ ਹੈ ਕਿ ਦੇਖੋ ਮੈਂ ਅੱਜ ਵੀ ਆਕਰਸ਼ਕ ਹਾਂ। ਫ਼ਿਲਮ ਨਹੀਂ ਚੱਲੀ ਤਾਂ ਹੀਰੋ ਦੀ ਕਿਸਮਤ, ਇਸ 'ਚ ਕੈਟੀ ਦਾ ਕੀ ਕਸੂਰ। ਸੱਤ ਸਮੁੰਦਰ ਪਾਰ ਕਰਕੇ ਹਿੰਦੁਸਤਾਨ ਆ ਕੇ ਉਥੇ ਸ਼ੋਹਰਤ ਪਾਉਣੀ ਆਮ ਜਿਹੀ ਗੱਲ ਨਹੀਂ ਹੈ। ਕਰਮਾਂ ਵਾਲੀ ਰਹੀ ਹੈ ਕੈਟਰੀਨਾ, ਜਿਸ ਦੀ ਹਰ ਖਾਹਿਸ਼ ਬਾਲੀਵੁੱਡ ਨੇ ਪੂਰੀ ਕੀਤੀ ਹੈ। ਸੁਭਾਅ ਦੀ ਉਹ ਬੜਬੋਲੀ ਹੈ ਤੇ ਇਹ ਚੀਜ਼ ਕਦੇ-ਕਦੇ ਉਸ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ। ਉਸ ਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਉਸ ਨੂੰ ਹਾਲੇ ਤੱਕ ਕੋਈ ਖਾਸ ਐਵਾਰਡ ਨਹੀਂ ਮਿਲੇ। ਕੈਟੀ ਦੀਆਂ ਆਦਤਾਂ ਅੱਜ ਵੀ ਬੱਚਿਆਂ ਵਾਲੀਆਂ ਹੀ ਹਨ। ਉਹ ਤਕਰੀਬਨ ਹਰ ਨਵੀਂ ਕਾਮਿਕ ਕਿਤਾਬ ਖਰੀਦ ਲੈਂਦੀ ਹੈ ਤੇ ਪੜ੍ਹਦੀ ਹੈ। ਪ੍ਰਸਿੱਧੀ ਆਉਂਦੀ ਹੈ, ਚਲੀ ਜਾਂਦੀ ਹੈ ਪਰ ਕੈਟੀ ਅਨੁਸਾਰ ਸੁਪਨੇ ਹਮੇਸ਼ਾ ਹੀ ਦੇਖਣੇ ਚਾਹੀਦੇ ਹਨ। ਸੁਪਨੇ ਹੀ ਅਗਾਂਹ ਵਧਣ ਲਈ ਪ੍ਰੇਰਿਤ ਕਰਦੇ ਹਨ। ਕੈਟੀ ਦਾ ਇਸ ਸਮੇਂ ਇਹੀ ਸੁਪਨਾ ਹੈ ਕਿ ਰਣਬੀਰ ਕਪੂਰ ਨਾਲ ਵਿਆਹ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਫਿਰ ਸਲਮਾਨ ਖ਼ਾਨ ਨਾਲ ਹੀ ਨੇੜਤਾ ਰਹੇ, ਕਿਉਂਕਿ ਕੈਰੀਅਰ ਦੀ ਬੇੜੀ ਪਾਰ ਵੀ ਸਲਮਾਨ ਨਾਲ ਹੀ ਲੱਗਦੀ ਹੈ। ਇਸ ਲਈ ਆਬੂਧਾਬੀ 'ਚ ਉਹ ਵੱਧ ਤੋਂ ਵੱਧ ਸਮਾਂ ਸਲਮਾਨ ਨੂੰ ਦੇ ਰਹੀ ਹੈ।

ਅਜੈ ਦੇਵਗਨ : ਸਾਊ ਤੇ ਸਿਆਣਾ ਹੀਰੋ'

ਬਾਦਸ਼ਾਹੋ' ਫ਼ਿਲਮ ਦੀਆਂ ਗੱਲਾਂ ਨੂੰ ਵਿਚ ਹੀ ਛੱਡ ਦੇਈਏ ਤਾਂ ਅਜੈ ਦੇਵਗਨ ਦੀ ਦਿਖ ਹਮੇਸ਼ਾ ਹੀ ਵਧੀਆ ਇਨਸਾਨ ਤੇ ਸੱਚੇ-ਸੁੱਚੇ ਅਭਿਨੇਤਾ ਦੀ ਰਹੀ ਹੈ। ਜਿਥੇ ਇਕ ਪਾਸੇ ਰੋਹਿਤ ਸ਼ੈਟੀ ਨਾਲ ਉਸ ਦੀ ਨਵੀਂ ਫ਼ਿਲਮ 'ਗੋਲਮਾਲ ਅਗੇਨ' ਤੇਜ਼ੀ ਨਾਲ ਤਿਆਰ ਹੋ ਰਹੀ ਹੈ, ਉਥੇ ਅਜੈ ਨੇ ਟਵਿੱਟਰ 'ਤੇ ਆਪਣੀ ਪੀਰੀਅਡ ਫ਼ਿਲਮ ਦਾ ਐਲਾਨ ਕਰਕੇ ਪੁਰਾਣੇ ਨਿਰਮਾਤਾ/ਅਭਿਨੇਤਾ ਮਨੋਜ ਕੁਮਾਰ ਦੀ ਯਾਦ ਦਿਵਾਈ ਹੈ। ਮਰਾਠਾ ਯੋਧੇ 'ਤਾਨਾ ਜੀ ਵਾਲਸੁਰੇ' ਤੇ ਅਜੈ ਦੇਵਗਨ ਨੇ 'ਤਾਨਾ ਜੀ : ਦਾ ਵਾਰੀਅਰ' ਸ਼ੁਰੂ ਕੀਤੀ ਹੈ। ਤਲਵਾਰ ਤੇ ਢਾਲ ਨਾਲ ਅਜੈ ਨੇ ਆਪਣਾ ਨਵਾਂ ਪੋਸਟਰ ਜਾਰੀ ਕੀਤਾ ਹੈ। ਅਜੈ ਦਾ ਕਹਿਣਾ ਹੈ ਕਿ ਮਾਮਲਾ ਪਹਿਲਾਜ਼ ਨਿਹਲਾਨੀ ਜਾਂ ਪ੍ਰਸੂਨ ਜੋਸ਼ੀ ਦਾ ਨਹੀਂ ਹੈ, ਫ਼ਿਲਮ ਨਿਰਮਾਣ ਹੀ ਤਰਕ ਨਾਲ ਚਾਹੀਦਾ ਹੈ। ਹਾਲਾਂਕਿ 'ਬਾਦਸ਼ਾਹੋ' ਨੂੰ ਲੈ ਕੇ ਅਜੈ ਖੁਦ ਮੁਸੀਬਤਾਂ ਦਾ ਸ਼ਿਕਾਰ ਹੋਇਆ ਹੈ। ਸਾਫ਼-ਸੁਥਰੀ ਦਿੱਖ ਕਾਰਨ ਅਜੈ ਦੇਵਗਨ ਨੇ ਬਾਇਓਪਿਕ ਫ਼ਿਲਮਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। 'ਤਾਨਾਜੀ' ਤੋਂ ਇਲਾਵਾ ਸਵਾਮੀ ਰਾਮਦੇਵ ਤੇ ਇਕ ਟੀ. ਵੀ. ਸ਼ੋਅ ਵੀ ਅਜੈ ਦੇ ਵਿਚਾਰ 'ਚ ਆਇਆ ਹੈ। ਕਪਿਲ ਸ਼ਰਮਾ ਦਾ ਸ਼ੋਅ ਹੋਏ ਜਾਂ ਕੋਈ ਫ਼ਿਲਮੀ ਸਮਾਰੋਹ ਹਮੇਸ਼ਾ ਹੀ ਉਹ ਸਾਦਗੀ ਨਾਲ ਪੇਸ਼ ਆਉਂਦਾ ਹੈ ਤੇ ਆਪਣੀ ਪਤਨੀ ਕਾਜੋਲ ਦੇ ਸਾਥ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ।

ਵਿਦਿਆ ਬਾਲਨ

ਗਜ਼ਬ ਦੀ ਔਰਤ

ਰਿਸ਼ਤੇ-ਨਾਤੇ ਨਿਭਾਉਣੇ ਇਹ ਖਾਸੀਅਤ ਵਿਦਿਆ ਬਾਲਨ ਦੀ ਹੈ। ਵਿਦਿਆ ਸੈਂਸਰ ਬੋਰਡ ਦੀ ਮੈਂਬਰ ਬਣ ਚੁੱਕੀ ਹੈ ਤੇ ਆਸਟ੍ਰੇਲੀਆ ਵਿਖੇ ਹੋਏ ਫ਼ਿਲਮੀ ਮੇਲੇ ਦੀ ਉਹ ਬਰਾਂਡ ਅੰਬੈਸਡਰ ਸੀ ਪਰ ਦਿਲਚਸਪ ਗੱਲ ਇਹ ਹੈ ਕਿ ਵਿਦਿਆ ਸਾਰੇ ਮੇਲੇ 'ਚ ਨਹੀਂ ਗਈ, ਜਦਕਿ ਬਰਾਂਡ ਅੰਬੈਸਡਰ ਹੋਣ ਕਾਰਨ ਇਹ ਜ਼ਰੂਰੀ ਸੀ। ਕਾਰਨ ਰਿਸ਼ਤਿਆਂ ਦੀ ਮਹੱਤਤਾ। ਵਿਦਿਆ ਆਪਣੇ ਭਾਣਜੇ ਤੇ ਭਾਣਜੀ ਇਰਾ ਤੇ ਰੁਹਾਨ ਨੂੰ ਬਹੁਤ ਪਿਆਰ ਕਰਦੀ ਹੈ। ਇਹ ਵੀ ਮੈਲਬੌਰਨ 'ਚ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਵਿਦਿਆ ਰੁਝੀ ਰਹੀ ਤੇ ਉਸ ਨੇ ਮੈਲਬੌਰਨ ਫ਼ਿਲਮ ਮੇਲਾ ਤਿਆਗ ਕੇ ਇਰਾ ਤੇ ਰੁਹਾਨ ਨੂੰ ਸਮਾਂ ਦਿੱਤਾ। 'ਬੇਗਮ ਜਾਨ' ਤੋਂ ਬਾਅਦ ਹੁਣ ਉਹ 'ਤੁਮਹਾਰੀ ਸੁਲੂ' ਫ਼ਿਲਮ ਕਰ ਰਹੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵਿਗਿਆਪਨ ਉਸ ਕੋਲ ਹਨ। ਉਧਰ ਵਿਦਿਆ ਦੇ ਪਤੀ ਸਿਧਾਰਥ ਰਾਏ ਕਪੂਰ ਨੇ ਆਪਣੀ ਨਵੀਂ ਫ਼ਿਲਮ ਸ਼ੁਰੂ ਕੀਤੀ ਹੈ ਪਰ ਇਸ 'ਚ ਵਿਦਿਆ ਨਹੀਂ ਹੈ। ਵਿਦਿਆ ਦਰਅਸਲ ਸੈਂਸਰ ਬੋਰਡ 'ਚ ਜਾਣ ਕਰਕੇ ਘਰ ਦੀ ਫ਼ਿਲਮ ਨਹੀਂ ਕਰ ਰਹੀ। ਵਿਦਿਆ ਇਥੇ ਵੀ ਰਿਸ਼ਤਿਆਂ ਦਾ ਮਹੱਤਵ ਸਮਝਦੀ ਹੈ ਕਿ ਪਤੀ ਦਾ ਅਰਥ ਇਹ ਨਹੀਂ ਕਿ ਉਸ 'ਤੇ ਜ਼ਬਰਦਸਤੀ ਕੀਤੀ ਜਾਏ। ਉਹ ਪਤੀ ਨੂੰ ਉਸ ਦੇ ਵਪਾਰ 'ਚ ਆਜ਼ਾਦੀ ਦੇ ਚੁੱਕੀ ਹੈ। ਵਿਦਿਆ ਅਨੁਸਾਰ ਸਭ ਤੋਂ ਅਹਿਮ ਹੈ ਪਤੀ-ਪਤਨੀ ਦਾ ਰਿਸ਼ਤਾ ਤੇ ਪਤੀ ਉਪਰ ਕਦੇ ਵੀ ਪਤਨੀ ਭਾਰੂ ਨਹੀਂ ਹੋਣੀ ਚਾਹੀਦੀ। ਸ਼ਾਇਦ ਸੈਂਸਰ ਬੋਰਡ 'ਚ ਜਾ ਕੇ ਵੀ ਰਿਸ਼ਤਿਆਂ ਦੇ ਮਹੱਤਵ ਵਾਲੇ ਸਿਨੇਮਾ ਲਈ ਉਹ ਕੰਮ ਕਰੇ। 'ਤੁਮਹਾਰੀ ਸੁਲੂ' 'ਚ ਵਿਦਿਆ ਨੇ 'ਹਵਾ ਹਵਾਈ' ਗਾਣੇ 'ਤੇ ਡਾਂਸ ਕੀਤਾ ਹੈ। ਵਿਦਿਆ ਨੇ ਇਕ ਵਾਰ ਸ੍ਰੀਦੇਵੀ ਦੀ ਯਾਦ ਤਾਜ਼ਾ ਕਰਵਾਈ ਹੈ। ਕੰਮ 'ਚ ਵੀ ਅਗਾਂਹ, ਰਿਸ਼ਤਿਆਂ 'ਚ ਵੀ ਅਗਾਂਹ, ਪਰਿਵਾਰ ਪਤੀ ਨੂੰ ਵੀ ਇੱਜ਼ਤ ਤੇ ਸੈਂਸਰ ਬੋਰਡ 'ਚ ਜ਼ਿੰਮੇਵਾਰੀ, ਵਿਦਿਆ ਬਾਲਨ ਜੀਵਨ ਦੇ ਹਰ ਖੇਤਰ 'ਚ ਕਾਮਯਾਬੀ ਨਾਲ ਅੱਗੇ ਵਧ ਰਹੀ ਹੈ।


-ਸੁਖਜੀਤ ਕੌਰ

ਬੱਬੂ ਮਾਨ ਦਾ 'ਬਾਰਿਸ਼ ਕੇ ਬਹਾਨੇ'

ਦੇਸ਼ ਵਿਚ ਇਨ੍ਹੀਂ ਦਿਨੀਂ ਜਿਥੇ ਬਰਸਾਤ ਦਾ ਮੌਸਮ ਪੂਰੇ ਜ਼ੋਰ 'ਤੇ ਹੈ, ਉਥੇ ਪੰਜਾਬ ਦੇ ਸਟਾਰ ਗਾਇਕ ਬੱਬੂ ਮਾਨ ਆਪਣਾ ਪਹਿਲਾ ਹਿੰਦੀ ਸੋਲੋ ਗੀਤ 'ਬਾਰਿਸ਼ ਕੇ ਬਹਾਨੇ' ਲੈ ਕੇ ਪੇਸ਼ ਹੋਏ ਹਨ। ਬੱਬੂ ਮਾਨ ਵੱਲੋਂ ਲਿਖੇ ਤੇ ਗਾਏ ਇਸ ਗੀਤ ਨੂੰ ਡੀ ਜੇ ਸ਼ੇਜ਼ਵੁੱਡ ਨੇ ਸੰਗੀਤ ਨਾਲ ਸੰਵਾਰਿਆ ਹੈ ਤੇ ਇਸ ਦੇ ਵੀਡੀਓ ਵਿਚ ਇਨ੍ਹਾਂ ਦੋਵਾਂ ਦੇ ਨਾਲ ਸ਼ਵੇਤਾ ਖੰਡੂਰੀ ਨੂੰ ਚਮਕਾਇਆ ਗਿਆ ਹੈ। ਇਸ ਸੋਲੋ ਗੀਤ ਦੀ ਯੋਜਨਾ ਕਿਵੇਂ ਬਣੀ, ਇਸ ਬਾਰੇ ਬੱਬੂ ਮਾਨ ਕਹਿੰਦੇ ਹਨ, 'ਮੇਰਾ ਮੁੰਬਈ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਇਕ ਦਿਨ ਜਦੋਂ ਮੈਂ ਕਾਫ਼ੀ ਸ਼ਾਪ 'ਚ ਬੈਠਾ ਸੀ ਤਾਂ ਉਥੇ ਮੇਰੀ ਮੁਲਾਕਾਤ ਸ਼ੇਜ਼ਵੁੱਡ ਨਾਲ ਹੋਈ। ਮੈਂ ਪੁੱਛਿਆ ਕਿ ਅੱਜਕਲ੍ਹ ਕੀ ਕਰ ਰਹੇ ਹੋ ਤਾਂ ਜਵਾਬ ਦਿੱਤਾ ਕਿ ਚੰਗੇ ਗੀਤ ਦੀ ਭਾਲ ਕਰ ਰਿਹਾ ਹਾਂ। ਉਦੋਂ ਮੇਰੇ ਦਿਮਾਗ਼ ਵਿਚ ਬਾਰਿਸ਼ ਨੂੰ ਲੈ ਕੇ ਇਕ ਗੀਤ ਸੀ ਅਤੇ ਉਹ ਗੀਤ ਜਦੋਂ ਮੈਂ ਉਨ੍ਹਾਂ ਨੂੰ ਸੁਣਾਇਆ ਤਾਂ ਉਹ ਇਸ 'ਤੇ ਕੰਮ ਕਰਨ ਨੂੰ ਰਾਜ਼ੀ ਹੋ ਗਏ।'
ਆਮ ਤੌਰ 'ਤੇ ਹਿੰਦੀ ਫ਼ਿਲਮਾਂ ਵਿਚ ਬਰਸਾਤ ਦੇ ਬਹਾਨੇ ਹੀਰੋਇਨ ਨੂੰ ਪਾਣੀ ਵਿਚ ਬਹੁਤ ਭਿਉਂ ਦਿੱਤਾ ਜਾਂਦਾ ਹੈ ਪਰ ਇਥੇ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਸ਼ਵੇਤਾ ਖੰਡੂਰੀ ਜ਼ਰਾ ਵੀ ਭਿੱਜੀ ਨਹੀਂ ਹੋਈ। ਬੱਬੂ ਮਾਨ ਅਨੁਸਾਰ ਉਹ ਆਪਣੇ ਵੀਡੀਓ ਵਿਚ ਸ਼ਾਲੀਨਤਾ ਦਾ ਬਹੁਤ ਖਿਆਲ ਰੱਖਦੇ ਹਨ ਇਸ ਲਈ ਇਥੇ ਨਾਇਕਾ ਨੂੰ ਸ਼ਾਲੀਨ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਬਾਰਿਸ਼ 'ਤੇ ਗੀਤ ਲਿਖਣ ਬਾਰੇ ਬੱਬੂ ਮਾਨ ਕਹਿੰਦੇ ਹਨ ਕਿ ਅਪ੍ਰੈਲ-ਮਈ ਦੇ ਮਹੀਨੇ ਵਿਚ ਵਿਦੇਸ਼ ਵਿਚ ਸ਼ੋਆਂ ਦੇ ਚੱਕਰ ਖ਼ਤਮ ਹੋ ਜਾਂਦੇ ਹਨ ਅਤੇ ਉਦੋਂ ਉਹ ਮੁੰਬਈ ਆ ਜਾਂਦਾ ਹੈ। ਉਸ ਨੂੰ ਮੁੰਬਈ ਦੀ ਬਰਸਾਤ ਦਾ ਚੰਗਾ ਅਨੁਭਵ ਹੋ ਗਿਆ ਹੈ। ਸੋ, ਆਪਣਾ ਇਹ ਸੋਲੋ ਗੀਤ ਬਰਸਾਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਸਿੰਗਲ ਗੀਤ ਲਿਆਉਣ ਬਾਰੇ ਉਸ ਦਾ ਕਹਿਣਾ ਹੈ ਕਿ ਅੱਜ ਸੱਤ-ਅੱਠ ਗੀਤਾਂ ਵਾਲਾ ਐਲਬਮ ਬਣਾਉਣਾ ਬਹੁਤ ਖ਼ਰਚੀਲਾ ਕੰਮ ਹੋ ਗਿਆ ਹੈ। ਵੀਡੀਓ ਤੇ ਪ੍ਰਚਾਰ ਦਾ ਖਰਚ ਜੋੜ ਦਈਏ ਤਾਂ ਬਜਟ ਪੰਜਾਹ ਲੱਖ ਤੋਂ ਉੱਪਰ ਜਾ ਬੈਠਦਾ ਹੈ। ਹੁਣ ਕੈਸੇਟ-ਸੀਡੀ ਦਾ ਜ਼ਮਾਨਾ ਨਹੀਂ ਰਿਹਾ। ਸੋ, ਵਸੂਲੀ ਮੁਸ਼ਕਿਲ ਹੈ। ਇਸ ਲਈ ਸੋਲੋ ਗੀਤ ਕੱਢਣਾ ਸਹੀ ਕਦਮ ਹੈ।
ਬੱਬੂ ਮਾਨ ਗਾਇਕ ਦੇ ਤੌਰ 'ਤੇ ਤਾਂ ਰੁੱਝਿਆ ਹੋਇਆ ਹੀ ਹੈ, ਉਹ ਅਭਿਨੇਤਾ ਦੇ ਤੌਰ 'ਤੇ ਵੀ ਰੁੱਝਿਆ ਹੈ। ਹਾਲ ਹੀ ਵਿਚ ਉਹ ਆਪਣੀ ਇਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕੈਨੇਡਾ ਵਿਚ ਕਰ ਕੇ ਵਾਪਿਸ ਆਇਆ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਉਸ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਅਤੇ ਫ਼ਿਲਮ ਦੀ ਕਹਾਣੀ ਵੀ ਇਕ ਇਸ ਤਰ੍ਹਾਂ ਦੇ ਟਰੱਕ ਵਾਲੇ ਦੀ ਹੈ ਜੋ ਕੈਨੇਡਾ ਵਿਚ ਟਰੱਕ ਚਲਾਉਂਦਾ ਹੈ। ਫ਼ਿਲਮ ਦਾ ਨਾਂਅ 'ਟੱਕਰ' ਹੈ ਪਰ ਉਸ ਅਨੁਸਾਰ ਇਹ ਟਾਈਟਲ ਬਦਲ ਦਿੱਤਾ ਜਾਵੇਗਾ। ਇਸ ਵਿਚ ਤਿੰਨ ਪੀੜ੍ਹੀਆਂ-ਬਾਪ, ਦਾਦਾ ਤੇ ਪੋਤਾ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਵਿਦੇਸ਼ੀ ਟਰੱਕ ਵੱਡੇ ਆਕਾਰ ਦੇ ਹੁੰਦੇ ਹਨ। ਇਸ ਦੀ ਸ਼ੂਟਿੰਗ ਤੋਂ ਪਹਿਲਾਂ ਉਸ ਨੇ ਇਹ ਭਾਰੀ ਟਰੱਕ ਚਲਾਉਣਾ ਸਿੱਖਿਆ। ਇਸ ਤੋਂ ਬਾਅਦ ਉਹ ਕਰਾਸ ਓਵਰ ਫ਼ਿਲਮ ਵੀ ਕਰੇਗਾ ਅਤੇ ਇਸ ਦੀ ਕਹਾਣੀ ਵਿਚ ਚੀਨ ਤੇ ਜਾਪਾਨ ਦਾ ਵੀ ਜ਼ਿਕਰ ਹੋਵੇਗਾ। ਭਾਵ ਉਹ ਪੰਜਾਬ ਦਾ ਝੰਡਾ ਦੂਰ ਦੇਸ਼ਾਂ ਵਿਚ ਵੀ ਗੱਡਣ ਜਾ ਰਿਹਾ ਹੈ। ਪਹਿਲਾਂ ਸੰਗੀਤ ਜ਼ਰੀਏ ਅਤੇ ਹੁਣ ਫ਼ਿਲਮਾਂ ਜ਼ਰੀਏ।

ਬਤੌਰ ਨਿਰਮਾਤਾ ਆਮਿਰ ਖਾਨ ਦੀ ਨਵੀਂ ਪੇਸ਼ਕਾਰੀ 'ਸੀਕਰੇਟ ਸੁਪਰਸਟਾਰ'

ਨਿਰਮਾਤਾ ਬਣ ਕੇ ਆਮਿਰ ਖਾਨ ਨੇ 'ਲਗਾਨ', 'ਤਾਰੇ ਜ਼ਮੀਨ ਪਰ' ਤੇ ਹਾਲੀਆ 'ਦੰਗਲ' ਸਮੇਤ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਅਤੇ ਹੁਣ ਬਤੌਰ ਨਿਰਮਾਤਾ ਉਨ੍ਹਾਂ ਦੀ ਅੱਠਵੀਂ ਫ਼ਿਲਮ 'ਸੀਕਰੇਟ ਸੁਪਰਸਟਾਰ' ਆ ਰਹੀ ਹੈ। ਇਹ ਫ਼ਿਲਮ ਉਨ੍ਹਾਂ ਦੇ ਨੇੜੇ ਦੇ ਅਦਵੈਤ ਚੰਦਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਉਨ੍ਹਾਂ ਨੇ 'ਤਾਰੇ ਜ਼ਮੀਨ ਪਰ' ਤੇ 'ਧੋਬੀ ਘਾਟ' ਦੇ ਨਿਰਮਾਣ ਦੌਰਾਨ ਇਨ੍ਹਾਂ ਦੀ ਨਿਰਮਾਣ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੀ ਸੀ ਨਾਲ ਹੀ ਉਹ ਆਮਿਰ ਖਾਨ ਦੇ ਮੈਨੇਜਰ ਵੀ ਹਨ।
ਆਪਣੀ ਇਸ ਪਹਿਲੀ ਫ਼ਿਲਮ ਵਿਚ ਅਦਵੈਤ ਨੇ ਇਕ ਇਸ ਤਰ੍ਹਾਂ ਦੀ ਅੱਲ੍ਹੜ ਕੁੜੀ ਦੀ ਕਹਾਣੀ ਪੇਸ਼ ਕੀਤੀ ਹੈ ਜਿਸ ਨੇ ਗਾਇਕੀ ਦੀ ਦੁਨੀਆ ਵਿਚ ਨਾਂਅ ਕਮਾਉਣ ਦੇ ਸੁਪਨੇ ਸੰਜੋ ਰੱਖੇ ਹਨ। ਵਡੋਦਰਾ ਸ਼ਹਿਰ ਵਿਚ ਇੰਸੂ (ਜ਼ਾਇਰਾ ਵਸੀਮ) ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੁੰਦੀ ਹੈ। ਇੰਸੂ ਦੀ ਤਮੰਨਾ ਗਾਇਕਾ ਬਣਨ ਦੀ ਹੈ ਅਤੇ ਉਹ ਗਿਟਾਰ ਲੈ ਕੇ ਰਿਆਜ਼ ਵੀ ਕਰਦੀ ਰਹਿੰਦੀ ਹੈ। ਮਾਂ (ਮੇਹਰ ਵੀਜ) ਵੀ ਚਾਹੁੰਦੀ ਹੈ ਕਿ ਬੇਟੀ ਦਾ ਇਹ ਸੁਪਨਾ ਪੂਰਾ ਹੋਵੇ ਪਰ ਪਿਤਾ (ਰਾਜ ਅਰਜਨ) ਰੂੜ੍ਹੀਵਾਦੀ ਖਿਆਲਾਂ ਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਦਾ ਭਵਿੱਖ ਸੰਵਾਰਨ ਦੀ ਕੋਈ ਚਿੰਤਾ ਨਹੀਂ ਹੈ। ਨਾ ਹੀ ਬੇਟੀ ਦਾ ਗਾਉਣਾ-ਵਜਾਉਣਾ ਉਨ੍ਹਾਂ ਨੂੰ ਪਸੰਦ ਹੈ। ਤਾਂ ਹੀ ਉਹ ਗੁੱਸੇ ਵਿਚ ਆ ਕੇ ਉਸ ਦੀ ਗਿਟਾਰ ਵੀ ਤੋੜ ਦਿੰਦੇ ਹਨ ਪਰ ਉਹ ਉਨ੍ਹਾਂ ਸੁਪਨਿਆਂ ਨੂੰ ਨਹੀਂ ਤੋੜ ਪਾਉਂਦੇ ਜੋ ਇੰਸੂ ਨੇ ਆਪਣੀਆਂ ਅੱਖਾਂ ਵਿਚ ਸੰਜੋਏ ਹੁੰਦੇ ਹਨ। ਉਹ ਆਪਣਾ ਇਕ ਗੀਤ ਸੋਸ਼ਲ ਮੀਡੀਆ ਦੀ ਮਦਦ ਨਾਲ ਦੁਨੀਆ ਤੱਕ ਪਹੁੰਚਾਉਂਦੀ ਹੈ ਅਤੇ ਇਸ ਗੀਤ ਲਈ ਉਸ ਨੇ ਆਪਣਾ ਨਾਂਅ ਤੇ ਬੁਰਕੇ ਦੀ ਮਦਦ ਨਾਲ ਆਪਣਾ ਚਿਹਰਾ ਵੀ ਲਕੋ ਰੱਖਿਆ ਹੁੰਦਾ ਹੈ। ਸ਼ਕਤੀ ਕੁਮਾਰ (ਆਮਿਰ ਖਾਨ) ਨਾਮੀ ਸੰਗੀਤਕਾਰ ਹੈ ਅਤੇ ਉਹ ਢਿੱਲੇ ਕਰੈਕਟਰ ਦਾ ਵੀ ਹੈ। ਜਦੋਂ ਉਸ ਦੇ ਕੰਨਾਂ ਤੱਕ ਇੰਸੂ ਦਾ ਗੀਤ ਪਹੁੰਚਦਾ ਹੈ ਤਾਂ ਫਿਰ ਇੰਸੂ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। 'ਦੰਗਲ' ਵਿਚ ਨੰਨ੍ਹੀ ਕੁੜੀ ਬਣ 'ਹਾਨੀਕਾਰ ਬਾਪੂ...' ਗਾਉਂਦੀ ਨਜ਼ਰ ਆਈ ਜ਼ਾਇਰਾ ਵਸੀਮ ਦਾ ਇਸ ਵਿਚ ਅਭਿਨੈ ਦੇਖ ਕੇ ਆਮਿਰ ਨੇ ਹੀ ਇੰਸੂ ਦੀ ਭੂਮਿਕਾ ਲਈ ਉਸ ਦਾ ਨਾਂਅ ਦੱਸਿਆ ਸੀ। ਕਿਉਂਕਿ ਉਹ 'ਦੰਗਲ' ਵਿਚ ਰੁੱਝੇ ਹੋਏ ਸਨ ਇਸ ਵਜ੍ਹਾ ਕਰਕੇ ਇਸ ਫ਼ਿਲਮ ਨੂੰ ਉਦੋਂ ਸ਼ੁਰੂ ਕੀਤਾ ਗਿਆ ਜਦੋਂ 'ਦੰਗਲ' ਵਿਚ ਉਸ ਦਾ ਕੰਮ ਖ਼ਤਮ ਹੋ ਗਿਆ ਸੀ। 'ਬਜਰੰਗੀ ਭਾਈਜਾਨ' ਵਿਚ ਨੰਨ੍ਹੀ ਮੁੰਨੀ ਦੀ ਮਾਂ ਦੀ ਭੂਮਿਕਾ ਨਿਭਾਉਣ ਵਾਲੀ ਮੇਹਰ ਵਿੱਜ ਇਥੇ ਫਿਰ ਇਕ ਵਾਰ ਮਾਂ ਦੀ ਭੂਮਿਕਾ ਵਿਚ ਹੈ। 'ਰਾਊਡੀ ਰਾਠੌਰ' ਵਿਚ ਛੋਟੀ ਜਿਹੀ ਭੂਮਿਕਾ ਨਿਭਾਉਣ ਵਾਲੇ ਰਾਜ ਅਰਜਨ ਨੂੰ ਇਥੇ ਇੰਸੂ ਦੇ ਪਿਤਾ ਦੀ ਭੂਮਿਕਾ ਵਿਚ ਦਰਸ਼ਕਾਂ ਦਾ ਧਿਆਨ ਖਿੱਚਣ ਦਾ ਮੌਕਾ ਮਿਲਿਆ ਹੈ।
ਆਮਿਰ ਖ਼ੁਦ ਮੰਨਦੇ ਹਨ ਕਿ 'ਦੰਗਲ' ਅਤੇ ਇਸ ਫ਼ਿਲਮ ਵਿਚ ਇਕ ਸਮਾਨਤਾ ਇਹ ਹੈ ਕਿ ਦੋਵਾਂ ਵਿਚ ਕੁੜੀਆਂ ਨੂੰ ਕੁਝ ਕਰ ਦਿਖਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਉਥੇ ਕੁਸ਼ਤੀ ਦਾ ਸਹਾਰਾ ਲਿਆ ਗਿਆ ਸੀ ਤੇ ਇਥੇ ਸੰਗੀਤ ਦਾ ਸਹਾਰਾ ਲਿਆ ਗਿਆ ਹੈ।
'ਦੰਗਲ' ਤਾਂ ਸੁਪਰ ਹਿੱਟ ਰਹੀ ਅਤੇ ਇਸ ਫ਼ਿਲਮ ਦੇ ਗੁਣ ਦੇਖ ਕੇ ਇਹ ਕਹਿਣਾ ਹੋਵੇਗਾ ਕਿ ਆਮਿਰ ਦੇ ਬੈਨਰ ਰਾਹੀਂ ਇਕ ਹੋਰ ਹਿੱਟ ਫ਼ਿਲਮ ਆ ਰਹੀ ਹੈ।

ਪ੍ਰਣੀਤੀ ਚੋਪੜਾ ਦਿਨ ਫਿਰਨ ਲੱਗੇ

ਖਾਹਮਖਾਹ ਹੀ ਪ੍ਰਣੀਤੀ ਚੋਪੜਾ ਨੇ 'ਸਾਈਕਲ' ਵਾਲੀ ਗੱਲ ਕਹਿ ਕੇ ਵਿਵਾਦ ਮੁੱਲ ਲਏ ਹਨ। ਹੁਣ ਉਸ ਨੇ ਇਕ ਹੋਰ ਝੂਠੀ ਕਹਾਣੀ ਦੱਸੀ ਹੈ ਕਿ ਬਚਪਨ ਵਿਚ ਉਸ ਦਾ ਪਰਿਵਾਰ ਬਹੁਤ ਹੀ ਗ਼ਰੀਬ ਸੀ। ਐਨਾ ਗ਼ਰੀਬ ਕਿ ਘਰੇ ਕਾਰ ਨਹੀਂ ਸੀ। ਦੱਸੋ ਭਲਾ ਗ਼ਰੀਬੀ ਦੀ ਪ੍ਰੀਭਾਸ਼ਾ ਇਹ ਹੈ ਕਿ ਕੋਲ ਕਾਰ ਨਹੀਂ ਤੇ ਗ਼ਰੀਬੀ ਜਦ ਫੇਸਬੁੱਕ 'ਤੇ ਪ੍ਰਣੀਤੀ ਦੇ ਇਸ ਝੂਠ ਸਬੰਧੀ ਗੱਲਾਂ ਹੋਈਆਂ ਤਾਂ ਹੁਣ ਜਾ ਕੇ ਉਹ ਨੇਤਾ ਲੋਕਾਂ ਦੀ ਤਰ੍ਹਾਂ ਬਿਆਨ ਦੇ ਰਹੀ ਹੈ ਕਿ ਉਸ ਦੀ ਗੱਲ ਦਾ ਅਰਥ ਸਹੀ ਨਹੀਂ ਕੱਢਿਆ ਗਿਆ। ਚਲੋ ਇਹ ਗੱਲਾਂ ਹੋਈਆਂ ਝੂਠ ਦੀਆਂ ਹੁਣ ਅਸਲੀ ਗੱਲ ਕਿ 'ਇਸ਼ਕਜ਼ਾਦੇ' ਤੋਂ ਬਾਅਦ ਯਸ਼ਰਾਜ ਫ਼ਿਲਮਜ਼ ਦੀ ਫਿਰ ਨਜ਼ਰ ਸਵੱਲੀ ਪ੍ਰਣੀਤੀ ਪ੍ਰਤੀ ਹੋਈ ਹੈ। ਪੰਜ ਸਾਲ ਬਾਅਦ 'ਫਰਾਰ' ਫ਼ਿਲਮ 'ਚ ਫਿਰ ਪ੍ਰਣੀਤੀ ਨੂੰ ਯਸ਼ਰਾਜ ਫ਼ਿਲਮਜ਼ ਨੇ ਲਿਆ ਹੈ। ਪ੍ਰਣੀਤੀ ਦੇ ਕਹਿਣ 'ਤੇ ਇਸ ਫ਼ਿਲਮ ਦਾ ਟਾਈਟਲ ਬਦਲ ਦਿੱਤਾ ਗਿਆ ਹੈ। ਹੁਣ ਪ੍ਰਣੀਤੀ ਸੰਦੀਪ ਔਰ ਪਿੰਕੀ ਫਰਾਰ' ਨਾਂਅ ਦੀ ਫ਼ਿਲਮ ਕਰ ਰਹੀ ਹੈ। ਇਸ ਫ਼ਿਲਮ 'ਚ ਪ੍ਰਣੀਤੀ ਦੇ ਨਾਲ ਅਰਜਨ ਕਪੂਰ ਨੂੰ ਲਿਆ ਗਿਆ ਹੈ। ਪ੍ਰਣੀਤੀ ਨੇ ਅਰਜਨ ਦੇ ਨਾਲ ਹੀ 'ਨਮਸਤੇ ਕੈਨੇਡਾ' ਫ਼ਿਲਮ ਵੀ ਕਰਨੀ ਹੈ। ਉਧਰ ਦੀਵਾਲੀ 'ਤੇ ਪ੍ਰਣੀਤੀ ਦੀ ਅਜੈ ਦੇਵਗਨ, ਅਕਸ਼ੈ ਕੁਮਾਰ ਨਾਲ 'ਗੋਲਮਾਲ ਅਗੇਨ' ਆਏਗੀ। ਪ੍ਰਣੀਤੀ ਦੀ ਜਿੰਨੀ ਕਿਰਕਿਰੀ ਫੇਸਬੁੱਕ 'ਤੇ ਹੋਈ ਹੈ, ਉਸ ਦੀ ਭਰਪਾਈ 'ਨਮਸਤੇ ਕੈਨੇਡਾ', 'ਸੰਦੀਪ ਔਰ ਪਿੰਕੀ ਫਰਾਰ' ਕਰਨ ਵਾਲੀਆਂ ਹਨ। ਇਸ ਤੋਂ ਇਲਾਵਾ 'ਗੋਲਮਾਲ ਅਗੇਨ' ਦਾ ਵੀ ਉਸ ਨੂੰ ਲਾਭ ਹੋਏਗਾ।

ਪੰਜਾਬੀ ਫ਼ਿਲਮਾਂ ਦੀ ਜਿੰਦ-ਜਾਨ ਸਫਲ ਕਾਮੇਡੀਅਨ 'ਕਰਮਜੀਤ ਅਨਮੋਲ'

ਕਰਮਜੀਤ ਅਨਮੋਲ ਵਾਕਿਆ ਹੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਅਨਮੋਲ ਹੀਰਾ ਹੈ। ਹਰ ਤਰ੍ਹਾਂ ਦਾ ਰੋਲ ਉਹ ਬਾਖੂਬੀ ਨਿਭਾਅ ਲੈਂਦਾ ਹੈ। ਸੰਗਰੂਰ ਜਿਲ੍ਹੇ ਦੀ ਬੁੱਕਲ ਵਿਚ ਵਸਦੇ ਪਿੰਡ ਗੰਢੂਆਂ ਦੇ ਰਹਿਣ ਵਾਲੇ ਸਾਧੂ ਸਿੰਘ ਦੇ ਘਰ ਤੇ ਮਾਤਾ ਸਵ: ਮੂਰਤੀ ਕੌਰ ਦੀ ਕੁੱਖੋਂ ਕਰਮਜੀਤ ਅਨਮੋਲ ਦਾ ਜਨਮ ਹੋਇਆ। ਬਚਪਨ ਵਿਚ ਸੰਗੀਤ ਦਾ ਸ਼ੌਂਕ ਜਾਗ ਪਿਆ। ਪੜ੍ਹਾਈ ਦੇ ਨਾਲ-ਨਾਲ ਉਹ ਗਾਇਕੀ ਵਿਚ ਵੀ ਜ਼ੋਰ ਅਜਮਾਈ ਕਰਨ ਲੱਗਾ। ਪ੍ਰਸਿੱਧ ਗੀਤਕਾਰ ਜਰਨੈਲ ਘੁਮਾਣ ਨੇ ਉਸ ਦੀ ਕੈਸਿਟ (ਐਲਬਮ) 'ਆਸ਼ਕ ਭਾਜੀ' ਰਿਲੀਜ਼ ਕੀਤੀ। ਇਲਾਕੇ ਵਿਚ ਉਸ ਦਾ ਕਾਫੀ ਨਾਂਅ ਬਣ ਗਿਆ। ਕਰਮਜੀਤ ਅਨਮੋਲ ਨੇ ਅਦਾਕਾਰੀ ਭਗਵੰਤ ਮਾਨ ਦੇ ਸੀਰੀਅਲ 'ਜੁਗਨੂੰ ਮਸਤ ਮਸਤ' ਤੋਂ ਕੀਤੀ ਸੀ। ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਂਦੇ ਇਸ ਸ਼ੋਅ ਨੂੰ ਲੋਕ ਟਾਈਮ ਕੱਢ ਕੇ ਵੇਖਦੇ ਸਨ। ਅੱਜ ਦੁਨੀਆ ਦੀਵਾਨੀ ਹੈ ਕਰਮਜੀਤ ਦੀ ਅਦਾਕਾਰੀ ਦੀ...। ਫਿਰ ਫ਼ਿਲਮ ਡਾਇਰੈਕਟਰਾਂ ਦੀ ਅੱਖ ਕਰਮਜੀਤ 'ਤੇ ਪਈ ਫ਼ਿਲਮ 'ਲਾਈਲੱਗ' ਤੋਂ ਫ਼ਿਲਮੀ ਸਫਰ ਅਜਿਹਾ ਸ਼ੁਰੂ ਹੋਇਆ, ਸੁਪਰਹਿੱਟ ਫ਼ਿਲਮ 'ਵੇਖ ਬਰਾਤਾਂ ਚੱਲੀਆਂ' ਤੱਕ ਜਾਰੀ ਹੈ। ਉਹ ਮਿਹਨਤੀ ਹੈ, ਹਰ ਰੋਲ 'ਤੇ ਜੀਅ-ਜਾਨ ਨਾਲ ਮਿਹਨਤ ਕਰਦਾ ਹੈ ਤੇ ਹਰ ਫ਼ਿਲਮ ਦੇ ਰੋਲ ਵਿਚ ਜਾਨ ਪਾ ਦਿੰਦਾ ਹੈ। ਉਹ ਅੱਜ ਟੌਪ ਦੇ ਕਾਮੇਡੀਆਂ ਵਿਚ ਆਪਣਾ ਨਾਂਅ ਦਰਜ ਕਰਾਈ ਬੈਠਾ। 'ਕੈਰੀ ਆਨ ਜੱਟਾ' ਉਸ ਦੀ ਸੁਪਰਹਿੱਟ ਫ਼ਿਲਮ ਸੀ। ਕੌਣ ਕਿਸੇ ਦਾ ਬੇਲੀ, ਚੱਕ ਜਵਾਨਾਂ, ਜੱਟ ਇਨ ਮੂਡ' 'ਜੀਹਨੇ ਮੇਰਾ ਦਿਲ ਲੁੱਟਿਆ' 'ਪੰਜਾਬ ਬੋਲਦਾ' ਜੱਟ ਏਅਰਵੇਜ਼' ਲੱਕੀ ਦੀ ਅਨਲੱਕੀ ਸਟੋਰੀ', 'ਗੋਰਿਆਂ ਨੂੰ ਦਫਾ ਕਰੋ' 'ਮੰਜੇ ਬਿਸਤਰੇ' 'ਚੰਨਾ ਮੇਰਿਆ' 'ਅਰਦਾਸ' ਤੋਂ ਇਲਾਵਾ ਅਨੇਕਾਂ ਹੋਰ ਪੰਜਾਬੀ ਦੀਆਂ ਵੱਡੇ ਬੱਜਟ ਦੀਆਂ ਫ਼ਿਲਮਾਂ 'ਚ ਜਿੱਥੇ ਦਮਦਾਰ ਰੋਲ ਅਦਾ ਕੀਤਾ, ਉੱਥੇ ਹਿੰਦੀ ਫ਼ਿਲਮਾਂ ਵਿਚ ਵੀ ਸ਼ਾਨਦਾਰ ਰੋਲ ਅਦਾ ਕੀਤੇ। 'ਮੰਜੇ ਬਿਸਤਰੇ' ਵਾਲਾ ਹਲਵਾਈ ਤੇ 'ਅਰਦਾਸ' ਵਿਚਲਾ ਲਾਲੇ ਦਾ ਰੋਲ ਵੀ ਚਿਰਾਂ ਤੱਕ ਦਰਸ਼ਕਾਂ ਦੇ ਚੇਤੇ ਰਹਿਣਗੇ। ਆਪਣੇ ਸ਼ੋਅ ਵਿਚ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਧੱਕੇ ਦੀ ਕਹਾਣੀ ਵੀ ਸਹਿਜੇ ਹੀ ਬਿਆਨ ਕਰ ਜਾਂਦਾ ਹੈ। ਅੱਜ ਉਹ ਬੀਨੂੰ ਢਿੱਲੋਂ ਦੀ ਸੁਪਰਹਿੱਟ ਚੱਲ ਰਹੀ ਫ਼ਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਚਾਰੇ ਪਾਸੇ ਛਾਇਆ ਹੋਇਆ ਹੈ।


-ਜਗਦੇਵ ਬਰਾੜ, ਮੋਗਾ

ਨਵੀਂ ਜੋੜੀ ਨੂੰ ਚਮਕਾਉਂਦੀ

'ਹੋ ਗਯਾ ਹੈ ਮੇਰਾ ਦਿਲ ਪਤੰਗਾ'

'ਕਿਆਮਤ ਸੇ ਕਿਆਮਤ ਤਕ' ਤੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਵਿਚ ਰੋਮਾਂਟਿਕ ਫ਼ਿਲਮ ਦਾ ਨਾਂਅ ਲੰਬਾ ਰੱਖਣ ਦਾ ਰਿਵਾਜ ਸ਼ੁਰੂ ਹੋ ਗਿਆ ਸੀ। ਉਸੇ ਲੀਕ 'ਤੇ ਚਲਦਿਆਂ ਨਵੇਂ ਨਿਰਦੇਸ਼ਕ ਸਚਿਨ ਚੌਹਾਨ ਨੇ ਵੀ ਆਪਣੀ ਰੋਮਾਂਟਿਕ ਫ਼ਿਲਮ ਦਾ ਨਾਂਅ ਲੰਬਾ ਰੱਖਣ ਬਾਰੇ ਸੋਚਿਆ ਅਤੇ ਨਾਂਅ ਫਾਈਨਲ ਕੀਤਾ 'ਹੋ ਗਯਾ ਹੈ ਮੇਰਾ ਦਿਲ ਪਤੰਗਾ'। ਇਸ ਵਿਚ ਨਵੀਂ ਜੋੜੀ ਅਨੁਪਮ ਚੌਹਾਨ ਤੇ ਵਾਣੀ ਸ਼ਰਮਾ ਨੂੰ ਚਮਕਾਇਆ ਗਿਆ ਹੈ। ਅਨੁਪਮ ਤੇ ਸਚਿਨ ਭਰਾ-ਭਰਾ ਹਨ ਜਦੋਂ ਕਿ ਵਾਣੀ ਇਨ੍ਹੀਂ ਦਿਨੀਂ ਲੜੀਵਾਰ 'ਏਕ ਆਸਥਾ ਐਸੀ ਭੀ' ਵਿਚ ਕੰਮ ਕਰ ਰਹੀ ਹੈ।
ਅਮੀਰੀ-ਗ਼ਰੀਬੀ ਨੂੰ ਮੁੱਖ ਰੱਖ ਕੇ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਵਿਚ ਆਨੰਦ ਤੇ ਸਾਧਨਾ ਦੀ ਪ੍ਰੇਮ ਕਹਾਣੀ ਪੇਸ਼ ਕੀਤੀ ਗਈ ਹੈ। ਆਨੰਦ ਗਰੀਬ ਘਰ ਦਾ ਮੁੰਡਾ ਹੈ ਅਤੇ ਉਹ ਸਲਮਾਨ ਖਾਨ ਦਾ ਪ੍ਰਸੰਸਕ ਵੀ ਹੈ। ਆਨੰਦ ਦੀ ਮੁਲਾਕਾਤ ਸਾਧਨਾ ਨਾਲ ਹੁੰਦੀ ਹੈ ਅਤੇ ਉਸ ਨੂੰ ਸਾਧਨਾ ਨਾਲ ਪਿਆਰ ਹੋ ਜਾਂਦਾ ਹੈ। ਸਾਧਨਾ ਅਮੀਰ ਪਰਿਵਾਰ ਤੋਂ ਹੈ। ਨਾਲ ਹੀ ਉਹ ਉੱਚੀ ਜਾਤ ਦੀ ਵੀ ਹੈ। ਉਸ ਦੇ ਪਿਤਾ ਵੀ ਰਸੂਖਦਾਰ ਹਨ। ਸਾਧਨਾ ਵੀ ਹੌਲੀ-ਹੌਲੀ ਆਨੰਦ ਪ੍ਰਤੀ ਢਲਣ ਲਗਦੀ ਹੈ ਕਿ ਉਦੋਂ ਪਿਤਾ ਦੋਵਾਂ ਦੇ ਪਿਆਰ ਵਿਚਾਲੇ ਦੀਵਾਰ ਬਣ ਕੇ ਖੜ੍ਹਾ ਹੋ ਜਾਂਦਾ ਹੈ। ਵਿਰੋਧ ਦੇ ਬਾਵਜੂਦ ਆਨੰਦ-ਸਾਧਨਾ ਦਾ ਪਿਆਰ ਕਿਸ ਅੰਜਾਮ ਤੱਕ ਪਹੁੰਚਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ।
ਮੁੱਖ ਰੂਪ 'ਚ ਯੂ. ਪੀ. ਦੇ ਮੈਨਪੁਰੀ, ਹਰਿਦੁਆਰ, ਕਨੌਜ ਤੇ ਦੇਹਰਾਦੂਨ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਜਾਤੀ ਪ੍ਰਥਾ ਨੂੰ ਲੈ ਕੇ ਫੈਲੇ ਅੱਤਿਆਚਾਰ ਨੂੰ ਵੀ ਦਿਖਾਇਆ ਗਿਆ ਪਰ ਨਿਰਦੇਸ਼ਕ ਅਨੁਸਾਰ ਮੁੱਖ ਕਹਾਣੀ ਮੁੰਡੇ-ਕੁੜੀ ਦੇ ਪਿਆਰ 'ਤੇ ਹੀ ਕੇਂਦ੍ਰਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਵਿਚ ਪਿਆਰ ਦੇ ਨਾਂਅ 'ਤੇ ਛੋਟ ਲੈ ਕੇ ਇਸ ਵਿਚ ਇਸ ਤਰ੍ਹਾਂ ਦੇ ਦ੍ਰਿਸ਼ਾਂ ਤੋਂ ਪਰਹੇਜ਼ ਰੱਖਿਆ ਗਿਆ ਹੈ।

ਰਾਜੇ ਮਿੱਤਲ ਲੈ ਕੇ ਆਇਆ 'ਫਿਰ ਆਇਆ ਸੱਤੇ ਪੇ ਸੱਤਾ'

ਆਪਣੇ ਜ਼ਮਾਨੇ ਦੇ ਹਿੱਟ ਨਿਰਦੇਸ਼ਕ ਰਾਜ ਐਨ. ਸਿੱਪੀ ਨੇ ਜਦੋਂ 'ਸੱਤੇ ਪੇ ਸੱਤਾ' ਬਣਾਈ ਸੀ ਤਾਂ ਉਸ ਵਿਚ ਕਈ ਵੱਡੇ ਕਲਾਕਾਰਾਂ ਨੂੰ ਚਮਕਾਇਆ ਗਿਆ ਸੀ। ਫ਼ਿਲਮ ਵਿਚ ਅਮਿਤਾਭ ਬੱਚਨ ਦੋਹਰੀ ਭੂਮਿਕਾ ਵਿਚ ਸੀ ਤੇ ਉਨ੍ਹਾਂ ਨਾਲ ਹੇਮਾ ਮਾਲਿਨੀ, ਅਮਜ਼ਦ ਖਾਨ, ਰਣਜੀਤਾ, ਸਚਿਨ, ਕੰਵਲਜੀਤ, ਸ਼ਕਤੀ ਕਪੂਰ, ਸੁਧੀਰ ਆਦਿ ਸਨ। ਹੁਣ ਨਿਰਮਾਤਾ-ਨਿਰਦੇਸ਼ਕ ਰਾਜੇਸ਼ ਮਿੱਤਲ ਨੇ 'ਫਿਰ ਆਇਆ ਸੱਤੇ ਪੇ ਸੱਤਾ' ਬਣਾਈ ਹੈ ਅਤੇ ਨਾਮੀ ਕਲਾਕਾਰਾਂ ਦੇ ਨਾਂਅ 'ਤੇ ਇਸ ਵਿਚ 'ਪੀਪਲੀ ਲਾਈਵ' ਦੇ ਨੱਥਾ ਭਾਵ ਓਮਕਾਰ ਦਾਸ ਮਾਨਿਕਪੁਰੀ ਹਨ। ਇਨ੍ਹਾਂ ਨਾਲ ਕੁਮਾਰ ਰਾਜੇਸ਼, ਅਨੀਰੁੱਧ ਸ਼ਰਮਾ, ਅਕਸ਼ੈ ਮਿਸ਼ਰਾ, ਜਸਲੀਨ ਕੌਰ, ਤੇਜ ਕਪੂਰ, ਚੰਦਨ ਕਸ਼ਿਅਪ, ਕਮਾਲ ਖਾਨ, ਉਪਦੇਸ਼ ਖੰਨਾ, ਉਮੇਸ਼ ਪਟੇਲ ਆਦਿ ਨਵੇਂ ਕਲਾਕਾਰਾਂ ਨੂੰ ਚਮਕਾਇਆ ਗਿਆ ਹੈ ਅਤੇ ਇਸ ਦਾ ਕਥਾ ਸਾਰ ਕੁਝ ਇੰਝ ਹੈ :
ਨੈਨੀਤਾਲ ਦੇ ਇਕ ਛੋਟੇ ਜਿਹੇ ਪਿੰਡ ਵਿਚ ਦੇਵ ਆਪਣੇ ਛੇ ਭਰਾਵਾਂ ਨਾਲ ਰਹਿ ਰਿਹਾ ਹੁੰਦਾ ਹੈ। ਇਹ ਸਾਰੇ ਅਨਪੜ੍ਹ ਹਨ, ਇਸ ਲਈ ਗੰਵਾਰਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਹਨ। ਦੇਵ ਦੀ ਜ਼ਿੰਦਗੀ ਵਿਚ ਪੂਜਾ ਨਾਮੀ ਕੁੜੀ ਆਉਂਦੀ ਹੈ ਜੋ ਕਿ ਵਿਧਵਾ ਹੈ। ਦੇਵ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਵਿਆਹ ਕਰ ਲੈਂਦਾ ਹੈ। ਪੂਜਾ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸਣਾ ਚਾਹੁੰਦੀ ਹੈ ਪਰ ਦੇਵ ਉਸ ਦੀ ਗੱਲ ਕੰਨਾਂ 'ਤੇ ਨਹੀਂ ਲੈਂਦਾ। ਦੇਵ ਦੇ ਘਰ ਆ ਕੇ ਪੂਜਾ ਆਪਣੇ ਛੇ ਦਿਉਰਾਂ ਨੂੰ ਪੜ੍ਹਨਾ-ਲਿਖਣਾ ਸਿਖਾਉਂਦੀ ਹੈ ਤੇ ਉਨ੍ਹਾਂ ਦਾ ਹੁਲੀਆ ਤੇ ਜੀਣ ਦਾ ਰੰਗ-ਢੰਗ ਵੀ ਬਦਲ ਦਿੰਦੀ ਹੈ। ਸਾਰੇ ਮਿਲ ਕੇ ਹਾਸੇ-ਖੁਸ਼ੀ ਨਾਲ ਜ਼ਿੰਦਗੀ ਬਿਤਾ ਰਹੇ ਹੁੰਦੇ ਹਨ ਕਿ ਇਕ ਦਿਨ ਪੂਜਾ ਸਾਹਮਣੇ ਉਸ ਦਾ ਪਹਿਲਾ ਪਤੀ ਆ ਖੜ੍ਹਾ ਹੁੰਦਾ ਹੈ। ਇਸ ਤੋਂ ਬਾਅਦ ਦੇਵ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰਦਾ ਹੈ, ਇਹ ਅੱਗੇ ਦੀ ਕਹਾਣੀ ਹੈ।
ਰਾਜੇਸ਼ ਮਿੱਤਲ ਅੁਸਾਰ ਉਨ੍ਹਾਂ ਨੇ ਛੋਟੇ ਸ਼ਹਿਰਾਂ ਦੇ ਦਰਸ਼ਕਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ਿਲਮ ਬਣਾਈ ਹੈ ਅਤੇ ਉਨ੍ਹਾਂ ਦੀ ਪਸੰਦ ਦੇ ਹਿਸਾਬ ਨਾਲ ਇਸ ਵਿਚ ਗੀਤ-ਸੰਗੀਤ, ਐਕਸ਼ਨ ਤੇ ਭਾਵੁਕ ਦ੍ਰਿਸ਼ਾਂ ਦਾ ਮਸਾਲਾ ਪਾਇਆ ਗਿਆ ਹੈ।
ਜੇਕਰ ਇਹ ਮਸਾਲਾ ਸਹੀ ਤਰ੍ਹਾਂ ਨਾਲ ਪਾਇਆ ਗਿਆ ਹੋਵੇਗਾ ਤਾਂ ਉਮੀਦ ਹੈ ਕਿ ਇਹ ਫ਼ਿਲਮ 'ਸੱਤੇ ਪੇ ਸੱਤਾ' ਨਾਂਅ ਦੀ ਇੱਜ਼ਤ ਰੱਖਣ ਵਿਚ ਕਾਮਯਾਬ ਹੋ ਜਾਵੇਗੀ।

ਹਾਲੀਵੁੱਡ ਫ਼ਿਲਮ '5 ਵੈਡਿੰਗਜ਼' ਅੰਤਰਰਾਸ਼ਟਰੀ ਸਿਨੇਮਾ ਵਿਚ ਕਰੇਗੀ ਸਾਕਾਰ ਸੁਪਨੇ-ਦਰਸ਼ਨ ਔਲਖ

27 ਸਾਲ ਦੇ ਫ਼ਿਲਮੀ ਕੈਰੀਅਰ ਵਿਚ ਦਰਸ਼ਨ ਔਲਖ ਨੇ ਅਜਿਹੀਆਂ ਪ੍ਰਾਪਤੀਆਂ ਆਪਣੇ ਨਾਂਅ ਕਰ ਲਈਆਂ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਕਦੇ 'ਮਿਰਜ਼ਾ ਜੱਟ' ਪੰਜਾਬੀ ਫ਼ਿਲਮ 'ਚ ਨਿੱਕੀ ਜਿਹੀ ਭੂਮਿਕਾ ਨਿਭਾਅ ਕੇ ਹੀ ਚਾਅ ਸੀ ਕਿ ਐਕਟਰ ਬਣ ਗਏ ਪਰ ਸਖ਼ਤ ਮਿਹਨਤ, ਲਗਨ, ਪ੍ਰਤਿਭਾ ਦੇ ਬਲ ਤੇ ਪਾਲੀਵੁੱਡ 'ਚ ਪੰਜਾਹ ਤੋਂ ਵੱਧ ਫ਼ਿਲਮਾਂ, ਵੰਨ-ਸੁਵੰਨੇ ਕਿਰਦਾਰ ਤੇ ਨਾਲ ਹੀ ਲਾਇਨ ਨਿਰਮਾਤਾ ਬਣ ਕੇ ਸ਼ੂਟਿੰਗ ਦੇ ਸਮੁੱਚੇ ਪ੍ਰਬੰਧ ਨੇਪਰੇ ਚਾੜ੍ਹਦਾ ਦਰਸ਼ਨ ਔਲਖ ਬਾਲੀਵੁੱਡ ਤੇ ਫਿਰ ਹਾਲੀਵੁੱਡ ਤੱਕ ਪਹੁੰਚ ਗਿਆ। ਨਮਰਤਾ ਸਿੰਘ ਗੁਜਰਾਲ ਦੀ ਹਾਲੀਵੁੱਡ ਫ਼ਿਲਮ '5-ਵੈਂਡਿੰਗਜ਼' ਦਾ ਉਹ ਲਾਇਨ ਨਿਰਮਾਤਾ ਹੈ ਤੇ ਇਸ ਵਿਚ ਨਰਗਿਸ ਫਾਖਰੀ ਤੇ ਰਾਜਕੁਮਾਰ ਰਾਓ ਨਾਲ ਉਸ ਨੇ ਇਕ ਅਸਰਦਾਰ ਭੂਮਿਕਾ ਵੀ ਨਿਭਾਈ ਹੈ। ਯਾਦ ਰਹੇ ਆਸਕਰ ਜੇਤੂ ਹਾਲੀਵੁੱਡ ਫ਼ਿਲਮ 'ਜ਼ੀਰੋ ਡਾਰਕ ਥਰਟੀ' ਦਾ ਵੀ ਉਹ ਲਾਇਨ ਨਿਰਮਾਤਾ ਤੇ ਅਭਿਨੇਤਾ ਸੀ। 'ਫੈੈਂਟਮ', 'ਬਜਰੰਗੀ ਭਾਈਜਾਨ', 'ਸੁਲਤਾਨ', 'ਜਬ ਹੈਰੀ ਮੇਟ ਸੇਜਲ' ਬਾਲੀਵੁੱਡ ਫ਼ਿਲਮਾਂ ਨੇ ਉਸ ਨੂੰ ਐਕਟਿੰਗ ਤੇ ਲਾਇਨ ਨਿਰਮਾਤਾ ਵਜੋਂ ਉਭਾਰਿਆ ਹੈ। ਅਨੇਕਾਂ ਵੀਡੀਓਜ਼, ਟੀ. ਵੀ. ਸ਼ੋਅਜ਼, ਥੀਏਟਰ ਤਾਂ ਉਸ ਲਈ ਆਮ ਜਿਹੀ ਗੱਲ ਰਹੀ ਹੈ। ਹਾਲੀਵੁੱਡ ਫ਼ਿਲਮ '5-ਵੈਂਡਿੰਗਜ਼' 'ਚ ਬੋਡਰਕ ਤੇ ਕੈਂਡੀ ਕਲਾਰਕ ਜਿਹੇ ਹਾਲੀਵੁੱਡ ਸਿਤਾਰਿਆਂ ਨਾਲ ਕੰਮ ਕਰਨਾ ਵੱਡੇ ਮਾਣ ਵਾਲੀ ਗੱਲ ਹੈ। ਉਹ ਦੱਸਦਾ ਹੈ ਕਿ ਹਾਲੀਵੁੱਡ ਸਿਤਾਰਿਆਂ ਨਾਲ ਕੰਮ ਕਰਕੇ ਬੜਾ ਕੁਝ ਸਿਖਣ ਨੂੰ ਮਿਲਦਾ ਹੈ। ਉਹ ਦੱਸਦਾ ਹੈ ਕਿ ਇਕ ਹਾਲੀਵੁੱਡ ਫ਼ਿਲਮ ਦੇ ਕੈਮਰਾਮੈਨ ਕ੍ਰਿਸਟੋ ਬਾਕਲਵ ਨੇ ਸੈੱਟ 'ਤੇ ਕਿਹਾ ਕਿ 'ਦਰਸ਼ਨ ਤੇਰੀ ਸਰੀਰਕ ਭਾਸ਼ਾ ਤੇ ਅਦਾਇਗੀ ਮੌਜੂਦਾ ਹਾਲੀਵੁੱਡ ਫ਼ਿਲਮਾਂ ਦੇ ਕਿਰਦਾਰਾਂ ਦੇ ਅਨੁਕੂਲ ਹੈ ਤੇ ਪਰਦੇ ਪਿਛੇ ਭਾਰਤ 'ਚ ਹਾਲੀਵੁੱਡ ਫ਼ਿਲਮਾਂ ਦੇ ਨਿਰਮਾਣ ਲਈ ਪ੍ਰਬੰਧ ਸ਼ੈਲੀ ਕਾਬਿਲ-ਏ-ਤਾਰੀਫ਼ ਹੈ। '5-ਵੈਂਡਿੰਗਜ਼' ਦਰਸ਼ਨ ਔਲਖ ਨੂੰ ਹਾਲੀਵੁੱਡ ਫ਼ਿਲਮਾਂ 'ਚ ਅਗਾਂਹ ਵਧਣ ਦੇ ਖਾਸ ਮੌਕੇ ਦੇ ਰਹੀ ਹੈ, ਜਦਕਿ ਬਾਲੀਵੁੱਡ 'ਚ ਇਮਤਿਆਜ਼ ਅਲੀ, ਕਬੀਰ ਖ਼ਾਨ, ਅਰਬਾਜ਼ ਖ਼ਾਨ, ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਪਹਿਲਾਂ ਹੀ ਉਸ ਦੀ ਕਲਾਕਾਰੀ ਤੇ ਲਾਇਨ ਨਿਰਮਾਣ ਤੋਂ ਪ੍ਰਭਾਵਿਤ ਹਨ। ਪਾਲੀਵੁੱਡ 'ਚ 'ਰੌਕੀ ਮੈਂਟਲ' ਦਾ ਖਲਨਾਇਕ, ਬਾਲੀਵੁੱਡ 'ਚ 'ਜਬ ਹੈਰੀ ਮੇਟ ਸੇਜਲ' ਤੇ ਹਾਲੀਵੁੱਡ 'ਚ '5-ਵੈਂਡਿੰਗਜ਼' ਨਾਲ ਉਸ ਦਾ ਕੈਰੀਅਰ ਸਫ਼ਲ ਰਾਹਵਾਂ 'ਤੇ ਹੈ ਜਦਕਿ '5 ਵੈਂਡਿੰਗਜ਼' ਨਾਲ ਅੰਤਰਰਾਸ਼ਟਰੀ ਸਿਨੇਮਾ ਵਿਚ ਲਏ ਸੁਪਨੇ ਸਕਾਰ ਹੁੰਦੇ ਉਸ ਨੂੰ ਨਜ਼ਰ ਆ ਰਹੇ ਹਨ। ਨਿਰਸੰਦੇਹ ਦਰਸ਼ਨ ਔਲਖ ਦੇ ਪੰਜਾਬ ਦਾ ਨਾਂਅ ਤਿੰਨ ਫ਼ਿਲਮਾਂ ਇੰਡਸਟਰੀਜ਼ 'ਚ ਉੱਚਾ ਕੀਤਾ ਹੈ।


-ਅੰਮ੍ਰਿਤ ਪਵਾਰ

ਕਲਮ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗਾ-ਮੱਖਣ ਬਰਾੜ

ਮੱਖਣ ਬਰਾੜ ਦਾ ਨਾਂਅ ਅੱਜ ਕਿਸੇ ਵੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਗੁਰਦਾਸ ਮਾਨ ਦੀ ਆਵਾਜ਼ ਵਿਚ ਰਿਕਾਰਡ ਹੋਏ ਉਸ ਦੇ ਲਿਖੇ ਗੀਤ 'ਆਪਣਾ ਪੰਜਾਬ ਹੋਵੇ' ਨੇ ਉਸ ਨੂੰ ਸਫ਼ਲ ਗੀਤਕਾਰਾਂ ਦੀ ਸੂਚੀ ਵਿਚ ਲਿਆ ਖੜ੍ਹਾ ਕੀਤਾ ਅਤੇ ਉਸ ਦਾ ਇਹ ਗੀਤ ਲੋਕ ਗੀਤ ਬਣ ਗਿਆ, ਜਿਸ ਗੀਤ ਤੋਂ ਬਿਨਾਂ ਪੰਜਾਬੀਆਂ ਦਾ ਹਰ ਖੁਸ਼ੀ ਦਾ ਸਮਾਗਮ ਫਿੱਕਾ ਪੈ ਜਾਂਦਾ ਹੈ, ਟੋਰਾਂਟੋ ਲਾਗਲੇ ਸ਼ਹਿਰ ਬਰੈਂਪਟਨ ਦੇ ਵਸਨੀਕ ਮੱਖਣ ਬਰਾੜ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਸਵਰਗੀ ਪਿਤਾ ਪੂਰਨ ਬਰਾੜ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਸ ਦੇ ਦੱਸਣ ਅਨੁਸਾਰ ਉਸ ਨੂੰ ਲਿਖਣ ਦਾ ਸ਼ੌਕ ਸੱਤਵੀਂ-ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਪੈ ਗਿਆ ਸੀ, ਜਿੱਥੇ ਅਧਿਆਪਕਾਂ ਦੇ ਕਹਿਣ 'ਤੇ ਉਹ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨੋਰੰਜਨ ਲਈ ਤੁੱਕ-ਬੰਦੀਆਂ ਜੋੜਦਾ ਰਹਿੰਦਾ ਸੀ ਅਤੇ ਪਿੰਡ ਦੀ ਖੁੱਲ੍ਹੀ ਸੱਥ ਵਿੱਚ ਬਜ਼ੁਰਗਾਂ ਨੂੰ ਉਨ੍ਹਾਂ ਦੁਆਰਾ ਬੱਸਾਂ ਵਿਚੋਂ ਖਰੀਦ ਕੇ ਲਿਆਂਦੇ ਕਿੱਸਿਆਂ ਨੂੰ ਮੱਖਣ ਬਰਾੜ ਜਦੋਂ ਪੜ੍ਹ ਕੇ ਸੁਣਾਉਂਦਾ ਤਾਂ ਉਸ ਦਾ ਵੀ ਦਿਲ ਕਰਦਾ ਕਿ ਉਹ ਵੀ ਕੁਝ ਲਿਖੇ ਅਤੇ ਉਸ ਦਾ ਲਿਖਿਆ ਵੀ ਲੋਕ ਪਸੰਦ ਕਰਨ ਅਤੇ ਉਸ ਦਾ ਵੀ ਲਿਖਾਰੀਆਂ ਵਾਂਗ ਨਾਂਅ ਬਣੇ। ਫਿਰ 1981 ਵਿਚ ਉਹ ਕੈਨੇਡਾ ਆ ਗਿਆ, ਜਿੱਥੇ ਆ ਕੇ ਪਿੰਡ ਦੀ ਯਾਦ ਸਤਾਉਣ ਲੱਗੀ ਤੇ ਉਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਦੇ ਪਿੰਡ ਦਾ ਅਮਰੀਕਾ ਵਿਚ ਰਹਿੰਦਾ ਇਕ ਬੰਦਾ ਟੋਰਾਂਟੋ ਆਇਆ ਤਾਂ ਉਸ ਨੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਕੀਤੀਆਂ ਕਿ ਕਿੰਨੇ-ਕਿੰਨੇ ਗੰਨੇ ਚੂਪ ਜਾਂਦੇ ਸੀ ਅਤੇ ਕਿੰਨੀਆਂ-ਕਿੰਨੀਆਂ ਰੋਟੀਆਂ ਖਾ ਜਾਂਦੇ ਸੀ, ਜਿਨ੍ਹਾਂ ਗੱਲਾਂ ਵਿੱਚੋਂ ਹੀ 'ਆਪਣਾ ਪੰਜਾਬ ਹੋਵੇ' ਗੀਤ ਦਾ ਜਨਮ ਹੋਇਆ ਅਤੇ ਇਹ ਮੱਖਣ ਬਰਾੜ ਦਾ ਲਿਖਿਆ ਪਹਿਲਾ ਗੀਤ ਸੀ। ਇਸ ਪਹਿਲੇ ਗੀਤ ਨੇ ਹੀ ਉਸ ਨੂੰ ਪੰਜਾਬੀ ਦਾ ਜਗਤ ਪ੍ਰਸਿੱਧ ਗੀਤਕਾਰ ਬਣਾ ਦਿੱਤਾ, ਫਿਰ ਲਿਖਣ ਲਈ ਉਸ ਦਾ ਹੌਸਲਾ ਵਧਿਆ ਪਰ ਨਾਲ ਹੀ ਉਸ ਨੇ ਇਹ ਤਹੱਈਆ ਕੀਤਾ ਕਿ ਉਹ ਆਪਣੀ ਗੀਤਕਾਰੀ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵੇਗਾ ਤੇ ਉਸ ਨੇ ਦੂਜਾ ਗੀਤ ਦੇਸ਼ ਦੀ ਵੰਡ ਬਾਰੇ 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ' ਲਾਹੌਰ ਦਾ' ਲਿਖਿਆ, ਜਿਸ ਨੂੰ ਗਾ ਕੇ ਗਾਇਕ ਗਿੱਲ ਹਰਦੀਪ (ਮੋਗੇ ਵਾਲਾ) ਵੀ ਅੰਤਰਰਾਸ਼ਟਰੀ ਪੱਧਰ ਦਾ ਗਾਇਕ ਬਣ ਗਿਆ। ਉਸ ਦੇ ਦੱਸਣ ਅਨੁਸਾਰ ਉਸ ਨੇ ਭਾਵੇਂ ਕੁਝ ਗਿਣੇ ਚੋਣਵੇਂ ਗੀਤ ਹੀ ਲਿਖੇ ਹਨ ਪਰ ਉਸ ਦਾ ਹਰ ਇਕ ਗੀਤ ਉੱਚ ਪਾਏ ਦਾ ਸਾਬਤ ਹੋਇਆ। ਮੱਖਣ ਬਰਾੜ ਦਾ ਲਿਖਿਆ ਅਤੇ ਲਾਭ ਹੀਰੇ ਦਾ ਗਾਇਆ 'ਸਿੰਗ ਫਸਗੇ ਕੁੰਢੀਆਂ ਦੇ, ਮਿੱਤਰਾ ਬਹਿਜਾ ਗੋਡੀ ਲਾ ਕੇ', ਰਾਜ ਬਰਾੜ ਦੁਆਰਾ ਗਾਇਆ 'ਦੁਨੀਆ ਦੇ ਹਰ ਮੁਲਕ 'ਚ ਕਾਰੋਬਾਰ ਪੰਜਾਬੀਆਂ ਦੇ' ਅਤੇ ਜਸਵਿੰਦਰ ਬਰਾੜ ਦਾ ਗੀਤ 'ਸ਼ਮਲ੍ਹੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ' ਕਾਫੀ ਹਿੱਟ ਹੋਏ। ਮੱਖਣ ਬਰਾੜ ਗੀਤਕਾਰ ਹੋਣ ਦੇ ਨਾਲ-ਨਾਲ ਕਬੱਡੀ ਦਾ ਨਾਮਵਰ ਕੁਮੈਂਟੇਟਰ ਵੀ ਹੈ ਅਤੇ ਸਟੇਜਾਂ ਤੇ ਸ਼ੇਅਰੋ-ਸ਼ਾਇਰੀ ਕਰਦਾ ਉਹ ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਵੀ ਬਣਦਾ ਹੈ ਤੇ ਉਸ ਦੇ ਇਸੇ ਸ਼ੌਕ ਨੇ ਉਸ ਨੂੰ ਦੁਨੀਆ ਦੇ ਕਈ ਦੇਸ਼ਾਂ ਦੀ ਸੈਰ ਕਰਵਾ ਦਿੱਤੀ ਹੈ। ਉਸ ਦਾ ਇਕ ਨਵਾਂ ਗੀਤ ਛੇਤੀ ਹੀ ਵਿਨੋਦ ਹਰਪਾਲਪੁਰੀ (ਬਹਾਦਰਗੜ੍ਹ-ਪਟਿਆਲਾ) ਅਤੇ ਇਕ ਮਲਕੀਤ ਸਿੰਘ ਯੂ. ਕੇ. ਦੀ ਆਵਾਜ਼ ਵਿਚ ਲੋਕਾਂ ਨੂੰ ਸੁਣਨ ਨੂੰ ਮਿਲੇਗਾ।


-ਹਰਜੀਤ ਸਿੰਘ ਬਾਜਵਾ
ਪੱਤਰਕਾਰ ਟੋਰਾਂਟੋ (ਕੈਨੇਡਾ)।

ਹੁਣ ਆਸਰਾ ਭਗਤੀ ਦਾ

ਸੋਨਾਕਸ਼ੀ

ਦਮਦਾਰ ਅਭਿਨੈ ਦੇ ਬਾਵਜੂਦ ਵੀ ਸੋਨਾਕਸ਼ੀ ਸਿਨਹਾ 'ਨੂਰ' ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਗੁੱਸੇ ਦੀ ਮਾਰੀ ਉਹ ਕਦੇ ਕਿਸੇ ਨਾਲ ਲੜ ਪੈਂਦੀ ਹੈ ਤੇ ਕਦੇ ਕਿਸੇ ਨਾਲ ਝਗੜਾ ਕਰ ਬਹਿੰਦੀ ਹੈ। ਜਸਟਿਨ ਬੀਬਰ ਦੇ ਸ਼ੋਅ 'ਚ ਵੀ ਜੋ ਉਹ ਚਾਹੁੰਦੀ ਸੀ, ਉਹ ਨਹੀਂ ਹੋ ਸਕਿਆ। ਕਦੇ ਟਵਿੱਟਰ 'ਤੇ ਕੈਲਾਸ਼ ਖੇਰ ਨਾਲ ਤੇ ਕਦੇ ਸੋਨਾ ਮਹਾਪਾਤਰਾ ਨਾਲ ਕਦੇ ਅਮਾਲ ਮਲਿਕ ਨਾਲ ਉਸ ਦਾ ਝਗੜਾ ਹੋ ਜਾਂਦਾ ਹੈ। ਹਾਂ, ਸੋਨਾ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਉਸ ਦੇ ਨਾਂਅ ਦੇ ਮੁੰਬਈ ਦੇ ਇਕ ਰੈਸਟੋਰੈਂਟ 'ਚ 'ਕੇਕ' ਬਣਿਆ ਹੈ ਤੇ ਇਸ 'ਮਿਲਕ ਕੇਕ' ਦੀ ਵਿੱਕਰੀ ਵੀ ਬਹੁਤ ਹੈ। ਕੀ ਹੁਣ ਸੋਨਾਕਸ਼ੀ ਸਿਨਹਾ 'ਮਿਲਕ ਕੇਕ' ਜਾਂ ਖਾਣ-ਪੀਣ ਦੀਆਂ ਵਸਤੂਆਂ ਦੀ ਹੀਰੋਇਨ ਬਣਨ ਦੇ ਕਾਬਲ ਰਹਿ ਗਈ ਹੈ। 'ਇੰਡੀਅਨ ਆਈਡਲ', 'ਨੱਚ ਬੱਲੀਏ' ਤੋਂ ਬਾਅਦ ਸੋਨਾਕਸ਼ੀ ਸਿਨਹਾ ਫਿਰ ਟੀ.ਵੀ. 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਹੁਣ ਸੋਨਾ ਕਰ ਰਹੀ ਹੈ ਬਾਬਾ ਰਾਮਦੇਵ ਨਾਲ ਇਕ ਟੀ.ਵੀ. ਸ਼ੋਅ ਤੇ 'ਓਮ ਸ਼ਾਂਤੀ ਓਮ' ਨਾਂਅ ਦਾ ਇਹ ਸ਼ੋਅ ਸੋਨਾ ਦੀ ਸਹਿਮਤੀ ਨਾਲ ਹੀ ਬਾਬਾ ਰਾਮਦੇਵ ਨੇ ਤਿਆਰ ਕੀਤਾ ਹੈ। ਬਾਬਾ ਰਾਮਦੇਵ ਉਹੀ ਹੀ ਹਨ ਜਿਨ੍ਹਾਂ ਨੂੰ ਸੋਨਾ ਦਾ ਨਾਂਅ ਤੱਕ ਵੀ ਨਹੀਂ ਆਉਂਦਾ, ਉਹ ਉਸ ਨੂੰ 'ਮੀਨਾਕਸ਼ੀ' ਤੱਕ ਬੋਲ ਜਾਂਦੇ ਹਨ। 'ਭਜਨ' 'ਤੇ ਆਧਾਰਿਤ ਇਸ ਸ਼ੋਅ ਨਾਲ ਸੋਨਾ ਹੁਣ ਨੌਜਵਾਨਾਂ ਨੂੰ ਆਸਥਾ ਤੇ ਭਗਤੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਫਲਾਪ ਫ਼ਿਲਮਾਂ ਤੋਂ ਬਾਅਦ ਭਜਨ ਬੰਦਗੀ ਤੇ ਆਸਥਾ ਹੀ ਹੁਣ ਸੋਨਾ ਦੀ ਬੇੜੀ ਪਾਰ ਲਾਏਗੀ। ਸੋਨਾਕਸ਼ੀ ਸਿਨਹਾ ਨੇ 'ਓਮ ਸ਼ਾਂਤੀ ਓਮ' ਲਈ ਕਣਿਕਾ ਕਪੂਰ ਨੂੰ ਮਨਾ ਲਿਆ ਹੈ। ਸੋਨਾਕਸ਼ੀ ਸਿਨਹਾ ਦੀ ਸਾਰੀ ਊਰਜਾ ਹੁਣ ਬਾਬਾ ਰਾਮਦੇਵ ਦੇ ਇਸ ਸ਼ੋਅ ਵੱਲ ਹੈ। ਸਭ ਕੁਝ ਭੁੱਲ ਕੇ ਬਾਬਾ ਰਾਮਦੇਵ ਨਾਲ ਟੀਮ ਬਣਾ ਕੇ ਪ੍ਰਭੂ-ਈਸ਼ਵਰ ਦੇ ਨਾਂਅ ਨਾਲ ਹੁਣ ਸੋਨਾਕਸ਼ੀ ਆਪਣਾ ਵੀ ਭਲਾ ਕਰੇਗੀ ਤੇ ਨੌਜਵਾਨਾਂ ਨੂੰ ਵੀ ਚੰਗੇ ਰਾਹ ਵੱਲ ਤੋਰਨ ਵਾਲੀ ਹੈ।

ਨੇਹਾ ਸ਼ਰਮਾ

ਰਹੀਆਂ ਆਸਾਂ ਅਧੂਰੀਆਂ

'ਤੁਮ ਬਿਨ-2' ਤੋਂ ਬਾਅਦ 'ਮੁਬਾਰਕਾਂ' 'ਤੇ ਆਸ ਸੀ ਨੇਹਾ ਸ਼ਰਮਾ ਨੂੰ ਪਰ ਇਹ ਆਸ ਧਰੀ-ਧਰਾਈ ਹੀ ਰਹਿ ਗਈ। ਚਾਚੇ-ਭਤੀਜੇ ਅਨਿਲ-ਅਰਜੁਨ ਕਪੂਰ ਦੀ ਪ੍ਰਸੰਸਾ ਵੀ ਕੀਤੀ ਪਰ ਕੰਮ ਨਹੀਂ ਆਈ। ਨੇਹਾ ਸ਼ਰਮਾ ਦੇ ਕੰਮ ਦੀ ਹਾਲਾਂਕਿ ਸਭ ਨੇ ਤਾਰੀਫ਼ ਕੀਤੀ ਹੈ ਪਰ ਫ਼ਿਲਮ ਦੀ ਅਸਫ਼ਲਤਾ ਦੇ ਨਾਲ ਹੀ ਕਲਾਕਾਰ ਵੀ ਲੋਕਾਂ ਦੀ ਨਜ਼ਰ 'ਚ ਥੱਲੇ ਆ ਜਾਂਦਾ ਹੈ। ਹਾਂ, ਜਾਪਾਨ ਦੇ ਇਕ ਸੁੰਦਰਤਾ ਤੇਲ ਦਾ ਵਿਗਿਆਪਨ ਜ਼ਰੂਰ ਉਸ ਨੂੰ ਮਿਲਿਆ ਹੈ ਤੇ ਇਹ ਵੀ ਚੰਗੀ ਕੀਮਤ ਤੇ ਮਿਲਿਆ ਹੈ। ਰਾਜਨੀਤਕ ਘਰਾਣੇ ਨਾਲ ਸਬੰਧਤ ਨੇਹਾ ਨੂੰ ਰਾਜਨੀਤੀ ਨਾਲ ਬਿਲਕੁਲ ਹੀ ਦਿਲਚਸਪੀ ਨਹੀਂ ਹੈ। ਸੱਤ ਸਾਲ ਪਹਿਲਾਂ ਚਿਹਰੇ ਦੀ ਮੁਸਕਾਨ ਦੇ ਮਾਮਲੇ 'ਚ ਉਸ ਦਾ ਨਾਂਅ ਚੋਟੀ ਦੀਆਂ ਦਸ ਵਿਸ਼ਵ ਕੁੜੀਆਂ 'ਚ ਸ਼ਾਮਿਲ ਹੋਇਆ ਸੀ। ਨੇਹਾ ਸ਼ਰਮਾ ਨੂੰ ਘੱਟੋ-ਘੱਟ ਇਹ ਖੁਸ਼ੀ ਜ਼ਰੂਰ ਹੈ ਕਿ ਜਗਲਪੁਰ ਦੇ ਉਸ ਸਕੂਲ ਜਿਸ 'ਚ ਉਹ ਪੜ੍ਹਦੀ ਸੀ, ਦੇ ਸਾਰੇ ਸਟਾਫ਼ ਨੇ 'ਮੁਬਾਰਕਾਂ' ਦੇਖ ਕੇ ਸ਼ਲਾਘਾ ਦੇ ਸੁਨੇਹੇ ਘੱਲੇ ਹਨ। ਇਸ ਤੋਂ ਇਲਾਵਾ ਮੁੰਬਈ ਦੀ ਇਕ ਫੈਸ਼ਨ ਸੰਸਥਾ ਨੇ ਵੀ ਨੇਹਾ ਨੂੰ ਇਸ ਫ਼ਿਲਮ ਲਈ ਸਨਮਾਨਿਤ ਕੀਤਾ ਹੈ। ਦਸ ਸਾਲ ਦੇ ਫ਼ਿਲਮੀ ਕੈਰੀਅਰ ਤੋਂ ਉਹ ਸੰਤੁਸ਼ਟ ਹੈ। ਏਕਤਾ ਕਪੂਰ ਤੱਕ ਦੀ ਉਹ ਚਹੇਤੀ ਹੈ। ਰਹੀ ਗੱਲ ਸਟਾਰ ਰੁਤਬੇ ਦੀ ਤਾਂ ਉਸ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਗਾਈਡ ਤੇ ਗਾਡਰਫਾਦਰ ਦੇ ਫ਼ਿਲਮੀ ਪਿੱਠ-ਭੂਮੀ ਦੇ ਉਹ ਵੱਡੀਆਂ ਫ਼ਿਲਮਾਂ ਕਰ ਰਹੀ ਹੈ। ਇਸ ਤੋਂ ਵੱਧ ਸੰਤੁਸ਼ਟੀ ਹੋਰ ਕੀ ਹੋਵੇਗੀ ਤੇ ਰੁਤਬੇ, ਨੰਬਰ ਉਸ ਲਈ ਆਮ ਜਿਹੀ ਹੀ ਗੱਲ ਹੈ। ਹਾਂ, ਨੇਹਾ ਸਬੰਧੀ ਇਕ ਗੱਲ ਹੈਰਾਨਗੀ ਵਾਲੀ ਹੈ ਕਿ ਉਸ ਨੂੰ ਲੈ ਕੇ ਅਫ਼ਵਾਹਾਂ ਬਹੁਤ ਫੈਲਦੀਆਂ ਹਨ। ਚਾਹੇ ਉਸ ਦੀ ਮੌਤ ਦੀ ਅਫ਼ਵਾਹ ਹੋਵੇ ਜਾਂ ਫਿਰ ਉਸ ਦੇ 'ਗੇ' ਹੋਣ ਦੀ ਖ਼ਬਰ ਤੇ ਜਾਂ ਫਿਰ 'ਚਲਾਕ' ਹੋਣ ਦੀ ਖ਼ਬਰ। ਨੇਹਾ ਇਨ੍ਹਾਂ ਅਫ਼ਵਾਹਾਂ ਤੋਂ ਪ੍ਰੇਸ਼ਾਨ ਹੈ ਪਰ ਉਸ ਨੂੰ ਇਸ ਦਾ ਹੱਲ ਨਹੀਂ ਮਿਲ ਰਿਹਾ। ਅਫ਼ਵਾਹਾਂ ਤੋਂ ਬਚ ਕੇ ਉਹ ਆਪਣੇ ਕੰਮ 'ਚ ਮਘਨ ਹੈ ਤੇ ਫ਼ਿਲਮ ਉਸ ਨੂੰ ਕੋਈ ਨਾ ਕੋਈ ਮਿਲ ਹੀ ਜਾਂਦੀ ਹੈ।

ਅਰਜਨ ਕਪੂਰ

ਅਰਦਾਸ ਕਰਾਂ

ਚਲੋ ਲੋਕਾਂ ਦਾ ਕੀ ਹੈ? ਅਰਜਨ ਕਪੂਰ ਦੇ ਦਾਅਵੇ ਅਨੁਸਾਰ 'ਮੁਬਾਰਕਾਂ' ਨੇ ਕਮਾਈ ਕਰਨੀ ਹੈ, ਕਰ ਰਹੀ ਹੈ ਤੇ ਕਰੇਗੀ। ਅਰਜਨ ਤਾਂ ਇਥੋਂ ਤੱਕ ਆਖ ਰਿਹਾ ਹੈ ਕਿ ਜ਼ਿੰਦਗੀ ਦਾ ਉਹ ਦਿਨ ਅਹਿਮ ਸੀ ਜਿਸ ਦਿਨ ਉਸ ਨੇ 'ਮੁਬਾਰਕਾਂ' ਸਾਈਨ ਕੀਤੀ ਸੀ। ਅਰਜਨ ਲਈ ਇਹ ਪ੍ਰਾਪਤੀ ਹੈ ਕਿ ਉਸ ਦੀ ਇਹ ਫ਼ਿਲਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਪਸੰਦ ਆ ਰਹੀ ਹੈ। ਅਨਿਲ ਚਾਚਾ ਜੀ ਨਾਲ ਭਤੀਜੇ ਅਰਜਨ ਦੀ ਜੋੜੀ ਤਾਂ ਉਸ ਦਾ ਵਿਚਾਰ ਹੈ ਕਿ ਚਾਚਾ ਭਤੀਜਾ ਕਈਆਂ 'ਤੇ ਭਾਰੂ ਪਏ ਹਨ। ਅਰਜਨ ਤਾਂ ਬਹੁਤ ਦੂਰ ਦੀ ਗੱਲ ਕਹਿ ਰਿਹਾ ਹੈ ਕਿ ਸਲਮਾਨ-ਸ਼ਾਹਰੁਖ ਤੋਂ ਬਾਅਦ ਜੇ ਕੋਈ ਜੋੜੀ ਨੰਬਰ ਇਕ 'ਤੇ ਕਾਮਯਾਬ ਹੈ ਤਾਂ ਉਹ ਹੈ ਚਾਚੇ ਭਤੀਜੇ ਦੀ ਇਹ ਜੋੜੀ। ਅਰਜਨ ਨੇ ਹਾਸੇ 'ਚ ਇਹ ਵੀ ਕਹਿ ਦਿੱਤਾ ਕਿ ਉਸ ਦੇ ਯਾਰ ਰਣਵੀਰ ਸਿੰਘ ਨੂੰ ਇਸ ਚਾਚੇ-ਭਤੀਜੇ ਦੀ ਸਫ਼ਲ ਜੋੜੀ ਤੋਂ ਈਰਖਾ ਹੋ ਰਹੀ ਹੈ। ਖ਼ੈਰ 'ਮੁਬਾਰਕਾਂ' ਕਿਵੇਂ ਰਹੀ ਹੈ, ਸਭ ਨੂੰ ਪਤਾ ਹੈ ਪਰ ਅਰਜਨ ਨੂੰ ਕਹਿਣ ਦਾ ਹੱਕ ਹੈ ਤੇ ਅਸਲ 'ਚ ਉਹ ਹੁਣ ਵਿਪੁਲ ਸ਼ਾਹ ਵੱਲ ਕੇਂਦਰਿਤ ਹੋ ਗਿਆ ਹੈ। ਅਰਜਨ ਨੇ ਵਿਪੁਲ ਸ਼ਾਹ ਨਾਲ 'ਨਮਸਤੇ ਕੈਨੇਡਾ' ਫ਼ਿਲਮ 'ਤੇ ਮਿਹਨਤ ਕਰਨੀ ਸ਼ੁਰੂ ਕੀਤੀ ਹੈ। 'ਨਮਸਤੇ ਕੈਨੇਡਾ' ਵਿਚ ਉਸ ਨਾਲ ਪ੍ਰਣੀਤੀ ਚੋਪੜਾ ਹੀਰੋਇਨ ਹੈ। 'ਨਮਸਤੇ ਕੈਨੇਡਾ' ਲਈ ਅਰਜਨ ਫਿਰ ਪੰਜਾਬੀ ਬਣੇਗਾ ਤੇ ਪੰਜਾਬੀ ਰੰਗ ਵਿਚ ਰੰਗਿਆ ਜਾਏਗਾ। ਯੂਰਪ ਦੇ ਸਭ ਤੋਂ ਵੱਡੇ ਯੂ.ਕੇ. ਦੇ ਗੁਰਦੁਆਰੇ 'ਚ 'ਮੁਬਾਰਕਾਂ' ਦੀ ਸ਼ੂਟਿੰਗ ਕਰਨ ਗਏ ਅਰਜਨ ਨੇ ਤਦ ਅਰਦਾਸ ਕੀਤੀ ਸੀ ਕਿ ਵਾਹਿਗੁਰੂ ਉਸ ਦੇ ਅੰਗ-ਸੰਗ ਰਹੇ। 'ਨਮਸਤੇ ਕੈਨੇਡਾ' ਦੀ ਸ਼ੂਟਿੰਗ ਦੌਰਾਨ ਅਰਜਨ ਫਿਰ ਇਸ ਗੁਰੂ ਘਰ ਜਾਏਗਾ ਤੇ ਅਸ਼ੀਰਵਾਦ ਲਵੇਗਾ। ਅਰਜਨ ਕਪੂਰ ਦਿਲੋਂ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਯੂਰਪ ਦੇ ਇਸ ਗੁਰਦੁਆਰੇ 'ਚ ਸੰਗਤ 'ਚ ਬੈਠ ਕੇ ਛਕੇ ਲੰਗਰ ਨੇ ਉਸ ਅਨੁਸਾਰ ਉਸ 'ਚ ਅਜੀਬ ਅਨਰਜੀ ਭਰੀ ਹੈ। 'ਨਮਸਤੇ ਕੈਨੇਡਾ' ਦੀ ਸ਼ੂਟਿੰਗ ਦੌਰਾਨ ਵੀ ਅਰਜਨ ਕਪੂਰ ਯੂ. ਕੇ. ਦੇ ਇਸ ਗੁਰੂ ਘਰ ਦੋ-ਤਿੰਨ ਵਾਰ ਜ਼ਰੂਰ ਜਾਏਗਾ। ਇਹੋ ਅਰਜਨ ਕਪੂਰ ਦੀ ਆਸਥਾ ਤੇ ਦਿਲੀ ਇੱਛਾ ਵੀ ਹੈ।


-ਸੁਖਜੀਤ ਕੌਰ

ਸਨਾ ਖਾਨ

ਖ਼ੁਸ਼ ਵੀ, ਪ੍ਰੇਸ਼ਾਨ ਵੀ

ਅਭਿਨੇਤਰੀ ਸਨਾ ਖਾਨ ਪ੍ਰੇਸ਼ਾਨ ਹੈ ਸਲਮਾਨ ਖਾਨ ਨਾਲ ਵਾਇਰਲ ਹੋਈ ਫੋਟੋ ਕਾਰਨ ਅਤੇ ਖੁਸ਼ ਹੈ ਆਪਣੀ ਤਾਜ਼ਾ ਰਿਲੀਜ਼ ਹੋ ਰਹੀ ਫ਼ਿਲਮ 'ਟਾਇਲਟ : ਇਕ ਪ੍ਰੇਮ ਕਥਾ' ਨੂੰ ਲੈ ਕੇ। ਉਹ ਬੜੀ ਉਤਸ਼ਾਹਤ ਨਜ਼ਰ ਆ ਰਹੀ ਹੈ। ਉਸ ਨੂੰ ਆਸ ਹੈ ਕਿ ਬਾਲੀਵੁੱਡ ਵਿਚ ਹੁਣ ਉਸ ਦਾ ਕੈਰੀਅਰ ਪੱਕੇ ਪੈਰੀਂ ਹੋ ਜਾਏਗਾ। ਅਕਸ਼ੈ ਕੁਮਾਰ ਨਾਲ ਫ਼ਿਲਮ ਕਰਨ ਦੀ ਵੀ ਉਸ ਖ਼ੁਸ਼ੀ ਹੈ। ਸਨਾ ਖਾਨ ਨੇ ਆਪਣਾ ਕੈਰੀਅਰ ਐਡ ਫਿਲਮਾਂ ਤੋਂ ਕੀਤਾ ਸੀ ਤੇ ਉਸ ਨੇ ਦੱਖਣ ਭਾਰਤ ਦੀਆਂ ਫ਼ਿਲਮਾਂ ਰਾਹੀਂ ਸਿਲਵਰ ਸਕਰੀਨ 'ਤੇ ਪੈਰ ਧਰਿਆ ਸੀ। ਉਸ ਨੇ ਕਈ ਟੀਵੀ ਸ਼ੋਅ ਵੀ ਕੀਤੇ ਹਨ ਜਿਨ੍ਹਾਂ 'ਚ 'ਬਿੱਗ ਬੌਸ' ਦੇ ਸੀਜ਼ਨ-6-9 ਤੇ 10, 'ਬਿੱਗ ਬੌਸ ਹੱਲਾ ਬੋਲ', 'ਫੀਅਰ ਫੈਕਟਰ : ਖ਼ਤਰੋਂ ਕੇ ਖਿਲਾੜੀ', 'ਕਾਮੇਡੀ ਨਾਈਟਸ ਬਚਾਓ' ਅਤੇ ਕਈ 'ਡਾਂਸ ਸ਼ੋਅ' ਵੀ ਸ਼ਾਮਿਲ ਹਨ। ਸਨਾ ਦੇ ਮਾਤਾ ਪਿਤਾ ਭਾਵੇਂ ਕੇਰਲ ਦੇ ਕੱਨੂਰ ਇਲਾਕੇ ਨਾਲ ਸਬੰਧ ਰੱਖਦੇ ਹਨ ਪਰ ਸਨਾ ਦਾ ਜਨਮ ਮੁੰਬਈ 'ਚ ਹੋਇਆ ਤੇ ਇਥੇ ਹੀ ਉਸ ਦੀ ਪੜ੍ਹਾਈ ਹੋਈ। ਸਨਾ ਖਾਨ ਸਕੂਲ ਸਮੇਂ ਤੋਂ ਹੀ ਮਾਡਲਿੰਗ ਵਲ ਸਰਗਰਮ ਹੋ ਗਈ ਸੀ ਤੇ ਪੜ੍ਹਾਈ ਵੱਲੋਂ ਉਸ ਨੇ ਆਪਣਾ ਧਿਆਨ ਹਟਾ ਲਿਆ ਸੀ। ਹਿੰਦੀ ਫਿਲਮਾਂ ਵਿਚ ਉਸ ਦੇ ਕੈਰੀਅਰ ਦੀ ਸ਼ੁਰੂਆਤ ਸਾਲ 2005 ਵਿਚ ਘੱਟ ਬੱਜਟ ਦੀ ਇਕ ਫ਼ਿਲਮ 'ਯੇ ਹੈ ਸੁਸਾਇਟੀ' ਨਾਲ ਹੋਈ ਸੀ। ਤਾਮਿਲ ਫ਼ਿਲਮ 'ਸਿਲੰਬਟੱਮ' ਉਸ ਦੀ ਪਹਿਲੀ ਤਾਮਿਲ ਫ਼ਿਲਮ ਸੀ ਤੇ ਇਹ ਉਸ ਸਾਲ ਤਾਮਿਲ ਭਾਸ਼ਾ ਦੀ ਸਰਬਉੱਤਮ ਫਿਲਮ ਐਲਾਨੀ ਗਈ ਸੀ। ਸਨਾ ਨੂੰ ਸਰਬਉੱਤਮ ਅਦਾਕਾਰਾ ਦਾ ਸਨਮਾਨ ਵੀ ਮਿਲਿਆ ਸੀ। ਇਥੋਂ ਹੀ ਸਨਾ ਦੇ ਕੈਰੀਅਰ ਦੀ ਗੱਡੀ ਲੀਹ 'ਤੇ ਪੈ ਗਈ ਤੇ ਫਿਰ ਉਸ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ। ਫਿਰ ਉਸ ਨੇ 'ਕੰਨੜ, ਮਲਿਆਲਮ, ਤੇਲਗੂ' ਆਦਿ ਭਾਸ਼ਾਵਾਂ ਦੀਆਂ ਫਿਲਮਾਂ ਦੇ ਨਾਲ-ਨਾਲ ਹਿੰਦੀ ਫ਼ਿਲਮਾਂ 'ਬੰਬੇ ਟੂ ਗੋਆ', 'ਹੱਲਾ ਬੋਲ', 'ਜੈ ਹੋ', 'ਵਜ੍ਹਾ ਤੁਮ ਹੋ' ਤੇ 'ਟਾਇਲਟ-ਏਕ ਪ੍ਰੇਮ ਕਥਾ' ਕੀਤੀਆਂ ਤੇ ਅੱਗੋਂ ਆਉਣ ਵਾਲੀ ਫ਼ਿਲਮ 'ਟੌਮ, ਡਿਕ ਐਂਡ ਹੈਰੀ-2' ਕੀਤੀ ਹੈ।

ਬ੍ਰੇਕ ਤੋਂ ਬਾਅਦ ਵਾਪਸ ਪਰਤ ਆਈ ਹਾਂ : ਦ੍ਰਿਸ਼ਟੀ ਗਰੇਵਾਲ

ਪੰਜਾਬੀ ਸਿਨੇਮੇ ਦੀ ਖ਼ੂਬਸੂਰਤ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਛੇਤੀ ਹੀ ਦੋ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਵੇਗੀ। ਫ਼ੈਸ਼ਨ ਇੰਡਸਟਰੀ ਦਾ ਇਹ ਨਾਮਵਰ ਚਿਹਰਾ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਨਾਲ ਸਬੰਧਿਤ ਹੈ, ਪਰ ਉਹ ਕਈ ਸਾਲਾਂ ਤੋਂ ਮੁੰਬਈ 'ਚ ਰਹਿ ਰਹੀ ਹੈ। ਦ੍ਰਿਸ਼ਟੀ ਗਰੇਵਾਲ ਦਾ ਪਹਿਲਾ ਨਾਂਅ ਅਮਨ ਗਰੇਵਾਲ ਸੀ। ਪੰਜਾਬੀ ਫ਼ਿਲਮ 'ਬੈਸਟ ਆਫ਼ ਲੱਕ' ਨਾਲ ਪੰਜਾਬੀ ਸਿਨੇਮੇ ਨਾਲ ਜੁੜੀ ਦ੍ਰਿਸ਼ਟੀ ਗਰੇਵਾਲ ਦੀ ਪਹਿਚਾਣ ਪੰਜਾਬੀ ਫ਼ਿਲਮ 'ਮਿੱਟੀ ਨਾ ਫ਼ਰੋਲ ਜੋਗੀਆ' ਨਾਲ ਬਣੀ ਸੀ। ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫ਼ਿਲਮ 'ਚ ਉਸ ਨੇ ਅਭਿਨੇਤਾ ਕਰਤਾਰ ਚੀਮਾ ਨਾਲ ਦੋਹਰੀ ਭੂਮਿਕਾ ਨਿਭਾਅ ਕੇ ਆਪਣੀ ਅਦਾਕਾਰੀ ਦੀ ਵਿਲੱਖਣ ਪਛਾਣ ਬਣਾਈ ਸੀ। ਇਸ ਫ਼ਿਲਮ ਤੋਂ ਬਾਅਦ ਉਹ ਪੰਜਾਬੀ ਸਿਨੇਮੇ 'ਚੋਂ ਅਚਾਨਕ ਗ਼ਾਇਬ ਹੋ ਗਈ ਸੀ। ਪਰ ਹੁਣ ਉਹ ਪੱਕੇ ਤੌਰ 'ਤੇ ਪੰਜਾਬੀ ਫ਼ਿਲਮਾਂ 'ਚ ਕੰਮ ਕਰੇਗੀ। ਅੱਜਕਲ੍ਹ ਉਹ ਆਪਣੀ ਨਵੀਂ ਪੰਜਾਬੀ ਫ਼ਿਲਮ 'ਹਾਰਡ ਕੌਰ' ਦੀ ਪੰਜਾਬ ਵਿਚ ਹੀ ਸ਼ੂਟਿੰਗ ਕਰ ਰਹੀ ਹੈ। ਉਸ ਦੇ ਪਿਤਾ ਮਨਜੀਤ ਸਿੰਘ ਗਰੇਵਾਲ ਆਰਮੀ ਵਿੱਚ ਡਾਕਟਰ ਸਨ, ਜਿਸ ਕਾਰਨ ਉਸ ਦੀ ਪੜ੍ਹਾਈ ਆਰਮੀ ਸਕੂਲਾਂ ਵਿੱਚ ਹੀ ਹੋਈ। ਸਕੂਲ ਟਾਈਮ ਪੜ੍ਹਾਈ ਤੋਂ ਇਲਾਵਾ ਉਸ ਦੇ ਦੋ ਸ਼ੌਕ ਨ੍ਰਿਤ ਅਤੇ ਅਦਾਕਾਰੀ ਰਹੇ । ਕਾਲਜ ਪੜ੍ਹਦਿਆਂ ਉਸ ਦਾ ਸ਼ੌਕ ਹੋਰ ਵੀ ਜਵਾਨ ਹੋ ਗਿਆ।ਇਸੇ ਦੌਰਾਨ ਉਸਨੇ ਰੰਗਮੰਚ ਕਰਨਾ ਵੀ ਆਰੰਭਿਆ। ਰੰਗਮੰਚ ਨੇ ਉਸ ਅੰਦਰਲੇ ਕਲਾਕਾਰ ਨੂੰ ਤਰਾਸ਼ ਦਿੱਤਾ। ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਬੈਂਕ ਦੀ ਨੌਕਰੀ ਕਰੇ ਪਰ ਮਾਂ ਚਾਹੁੰਦੀ ਸੀ ਕਿ ਉਸ ਦੀ ਧੀ ਏਅਰਹੋਸਟਸ ਬਣੇ। ਉਸ ਨੇ ਆਪਣਾ ਸੁਪਨਾ ਪੂਰਾ ਕਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕੀਤਾ। ਉਸ ਨੇ ਨੇ ਕੁਝ ਸਮਾਂ ਜਲੰਧਰ ਦੇ ਇਕ ਬੈਂਕ 'ਚ ਨੌਕਰੀ ਵੀ ਕੀਤੀ ਅਤੇ ਲਗਾਤਾਰ ਪੰਜ ਸਾਲ ਸਿੰਗਾਪੁਰ ਏਅਰਲਾਈਨਜ਼ 'ਚ ਏਅਰਹੋਸਟਸ ਦੀ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਇਸ ਖ਼ੇਤਰ ਲਈ ਸਮਰਪਿਤ ਕਰ ਲਿਆ। ਸੁਪਨਿਆਂ ਨੂੰ ਹਕੀਕਤ 'ਚ ਬਦਲਣ ਲਈ ਉਹ ਮੁੰਬਈ ਚਲੀ ਗਈ, ਜਿੱਥੇ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਇਸ ਦੌਰਾਨ ਉਸ ਨੂੰ ਪੰਜਾਬੀ ਫ਼ਿਲਮਾਂ ਲਈ ਆਫ਼ਰ ਆਉਣ ਲੱਗੇ। ਉਹ ਦੱਸਦੀ ਹੈ ਕਿ ਉਹ ਥੋੜ੍ਹਾ ਪਰ ਯਾਦਗਾਰ ਕੰਮ ਕਰਨ ਦੀ ਇੱਛਾ ਰੱਖਦੀ ਹੈ। ਫਿਲਮ 'ਮਿੱਟੀ ਨਾ ਫ਼ਰੋਲ ਜੋਗੀਆ' ਵਿਚ ਨਿਭਾਏ ਉਸ ਦੇ ਕਿਰਦਾਰ ਨੂੰ ਨਾ ਕੇਵਲ ਆਮ ਦਰਸ਼ਕਾਂ ਨੇ ਪਸੰਦ ਕੀਤਾ ਬਲਕਿ ਉਸ ਨੂੰ ਇਸ ਕਿਰਦਾਰ ਜ਼ਰੀਏ ਸਾਲ 2016 ਵਿਚ ਬੈਸਟ ਐਕਟਰੈੱਸ ਦਾ ਪੁਰਸਕਾਰ ਵੀ ਮਿਲਿਆ। ਮੈਲਬੌਰਨ ਆਸਟ੍ਰੇਲੀਆ 'ਚ ਹੋਏ ਇਕ ਫ਼ਿਲਮ ਮੇਲੇ 'ਚ ਵੀ ਉਸ ਨੂੰ ਇਸ ਫ਼ਿਲਮ ਲਈ ਬੈਸਟ ਅਦਾਕਾਰਾ ਦਾ ਪੁਰਸਕਾਰ ਮਿਲਿਆ। ਦ੍ਰਿਸ਼ਟੀ ਗਰੇਵਾਲ ਦਾ ਇਹ ਵੀ ਕਹਿਣਾ ਹੈ ਕਿ ਪੰਜਾਬੀ ਫਿਲਮਾਂ 'ਚ ਹੁਣ ਨਵੇਂ ਤਜਰਬੇ ਹੋਣ ਲੱਗੇ ਹਨ। ਕਲਾਕਾਰਾਂ ਖ਼ਾਸ ਕਰਕੇ ਹੀਰੋਇਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਣ ਲੱਗਾ ਹੈ। ਔਰਤਾਂ ਦੀ ਜ਼ਿੰਦਗੀ 'ਤੇ ਬਣ ਰਹੀ ਪੰਜਾਬੀ ਫ਼ਿਲਮ 'ਹਾਰਡ ਕੌਰ' ਇਸ ਗੱਲ ਦਾ ਸਬੂਤ ਹੈ।


-ਅਜਾਇਬ ਸਿੰਘ ਔਜਲਾ

ਮਧੂ ਨੇ ਕਹਿ ਦਿੱਤਾ ਹੁਣ 'ਸਬ ਠੀਕ ਹੈ'

'ਫੂਲ ਔਰ ਕਾਂਟੇ' ਤੇ 'ਰੋਜਾ' ਫੇਮ ਮਧੂ ਆਪਣਾ ਵਿਆਹ ਕਰਵਾ ਕੇ ਕਾਫੀ ਸਮੇਂ ਤਕ ਅਭਿਨੈ ਤੋਂ ਦੂਰ ਰਹੀ ਸੀ। ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਉਸ ਨੇ ਅਭਿਨੈ ਨਾਲੋਂ ਪੂਰੀ ਤਰ੍ਹਾਂ ਸਬੰਧ ਤੋੜ ਲਿਆ ਸੀ। ਕਦੀ ਉਹ ਦੱਖਣ ਦੀ ਕਿਸੇ ਫ਼ਿਲਮ ਵਿਚ ਕੰਮ ਕਰ ਲੈਂਦੀ ਤੇ ਕਦੀ ਆਪਣੀ ਭੂਆ ਦੀ ਕੁੜੀ ਹੇਮਾ ਮਾਲਿਨੀ ਵੱਲੋਂ ਨਿਰਦੇਸ਼ਿਤ 'ਟੈੱਲ ਮੀ ਓ ਖ਼ੁਦਾ' ਰਾਹੀਂ ਕੈਮਰੇ ਸਾਹਮਣੇ ਆ ਜਾਂਦੀ। ਹੁਣ ਮਧੂ ਅਭਿਨੈ ਵਿਚ ਆਪਣੀ ਵਾਪਸੀ ਨੂੰ ਲੈ ਕੇ ਗੰਭੀਰ ਹੋ ਗਈ ਹੈ ਅਤੇ ਇਸ ਦੇ ਚਲਦਿਆਂ ਉਹ ਇਨ੍ਹੀਂ ਦਿਨੀਂ ਲੜੀਵਾਰ 'ਆਰੰਭ' ਵਿਚ ਅਭਿਨੈ ਕਰ ਰਹੀ ਹੈ। ਉਸ ਨੇ ਇਕ ਲਘੂ ਫ਼ਿਲਮ 'ਸਭ ਠੀਕ ਹੈ' ਵਿਚ ਵੀ ਅਭਿਨੈ ਕੀਤਾ ਹੈ। ਇਹ ਫ਼ਿਲਮ ਰਾਜਾ ਮੁਖਰਜੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਨੂੰ ਯੂ-ਟਿਊਬ 'ਤੇ ਦੇਖਿਆ ਜਾ ਸਕਦਾ ਹੈ।
ਰਾਜਾ ਮੁਖਰਜੀ ਦੀ ਅਹਿਮ ਪਛਾਣ ਇਹ ਹੈ ਕਿ ਉਹ ਰਾਣੀ ਮੁਖਰਜੀ ਦਾ ਭਰਾ ਹੈ ਅਤੇ ਦੂਰਦਰਸ਼ਨ ਲਈ ਲੜੀਵਾਰ ਨਿਰਦੇਸ਼ਿਤ ਕਰ ਚੁੱਕਾ ਹੈ ਅਤੇ ਹੁਣ ਲਘੂ ਫ਼ਿਲਮਾਂ 'ਤੇ ਹੱਥ ਅਜ਼ਮਾ ਰਿਹਾ ਹੈ।
ਆਪਣੀ ਇਸ ਲਘੂ ਫ਼ਿਲਮ ਵਿਚ ਰਾਜਾ ਨੇ ਮਧੂ (ਮਧੂ) ਨਾਮੀ ਬੇਟੀ ਦੀ ਕਹਾਣੀ ਪੇਸ਼ ਕੀਤੀ ਹੈ। ਇਹ ਮਧੂ ਅਮਰੀਕਾ ਵਾਸੀ ਨਾਗੇਸ਼ (ਵਕਾਰ ਸ਼ੇਖ) ਨਾਲ ਵਿਆਹ ਕਰਵਾ ਕੇ ਅਮਰੀਕਾ ਚਲੀ ਜਾਂਦੀ ਹੈ। ਨਾਗੇਸ਼ ਅੱਈਆਸ਼ ਕਿਸਮ ਦਾ ਹੈ ਅਤੇ ਉਹ ਹਰ ਸਮੇਂ ਆਪਣੀ ਪਤਨੀ ਦੀ ਬੇਇੱਜ਼ਤੀ ਕਰਦਾ ਰਹਿੰਦਾ ਹੈ। ਇਧਰ ਮੁੰਬਈ ਵਿਚ ਰਹਿ ਰਹੇ ਮਧੂ ਦੇ ਮਾਤਾ-ਪਿਤਾ ਆਪਣੇ ਬੇਟੇ ਦੀਆਂ ਹਰਕਤਾਂ ਤੋਂ ਪਰੇਸ਼ਾਨ ਜ਼ਿੰਦਗੀ ਬਿਤਾਅ ਰਹੇ ਹੁੰਦੇ ਹਨ ਪਰ ਮਾਂ (ਪ੍ਰਵੀਨਾ ਦੇਸ਼ਪਾਂਡੇ) ਬੇਟੀ ਨੂੰ ਆਪਣੀਆਂ ਪਰੇਸ਼ਾਨੀਆਂ ਨਹੀਂ ਦੱਸਦੀ ਹੈ। ਦੂਜੇ ਪਾਸੇ ਮਧੂ ਵੀ ਮਾਂ ਨੂੰ ਫੋਨ ਕਰਕੇ ਇਹ ਝੂਠ ਬੋਲਦੀ ਰਹਿੰਦੀ ਹੈ ਕਿ ਉਹ ਆਪਣੇ ਪਤੀ ਦੇ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹੈ। ਮਧੂ ਜਦੋਂ ਮੁੰਬਈ ਵਾਪਸ ਆਉਂਦੀ ਹੈ ਅਤੇ ਆਪਣੀ ਮਾਂ ਨਾਲ ਉਸ ਦਾ ਸਾਹਮਣਾ ਹੁੰਦਾ ਹੈ, ਉਦੋਂ ਕਿਵੇਂ ਮਾਂ-ਬੇਟੀ ਵੱਲੋਂ ਲੁਕਾਈ ਗਈ ਸੱਚਾਈ ਸਾਹਮਣੇ ਆਉਂਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ।
ਬਾਈ ਮਿੰਟ ਵਾਲੀ ਇਸ ਲਘੂ ਫ਼ਿਲਮ ਦੀ ਸ਼ੂਟਿੰਗ ਰਾਜਾ ਨੇ ਇਕ ਦਿਨ ਵਿਚ ਪੂਰੀ ਕਰ ਲਈ ਸੀ ਅਤੇ ਇਹ ਫਿਊਚਰ ਸਟੂਡੀਓ ਵਿਚ ਅਮਰੀਕਨ ਦਿਖ ਵਾਲੇ ਸੈੱਟ 'ਤੇ ਕੀਤੀ ਗਈ ਸੀ।

ਯਾਮੀ ਗੌਤਮ

ਸੱਤ ਖ਼ੂਨ ਮੁਆਫ਼

ਸੱਚਮੁੱਚ ਇਹ ਯੋਗ ਤੇ ਯੋਗਾ ਪ੍ਰਤੀ ਦਿਲੀ ਪਿਆਰ ਹੈ ਜਾਂ ਫਿਰ ਯਾਮੀ ਗੌਤਮ 'ਯੋਗਾ' ਦੇ ਬਹਾਨੇ ਆਪਣੇ ਸਰੀਰਕ ਦਿਖਾਵੇ ਨਾਲ ਮੀਡੀਆ, ਦਰਸ਼ਕਾਂ ਤੇ ਫ਼ਿਲਮ ਜਗਤ ਨੂੰ ਆਪਣੇ ਵੱਲ ਖਿੱਚਣ ਦੇ ਯਤਨ ਕਰਦੀ ਹੈ। 'ਯੋਗਾ ਦਿਨ' 'ਤੇ ਉਸ ਦੀਆਂ ਕਾਰਵਾਈਆਂ ਤੇ ਫਿਰ ਤੈਰਾਕੀ ਘਰ ਜਾ ਕੇ ਤੈਰਾਕੀ ਪਹਿਰਾਵੇ 'ਚ ਹੀ ਯੋਗ ਆਸਣ ਕਰਨੇ ਤੇ ਇਨ੍ਹਾਂ ਦੀਆਂ ਬਾਕਾਇਦਾ ਤਸਵੀਰਾਂ ਖਿੱਚਣਾ ਤੇ ਸੋਸ਼ਲ ਮੀਡੀਆ ਦੀ ਨਜ਼ਰ ਕਰਨੀਆਂ, ਯਾਮੀ ਗੌਤਮ ਦੀ ਇਹ ਖਾਸ ਹਲਚਲ ਹੈਰਾਨ ਵੀ ਕਰਦੀ ਹੈ ਤੇ ਉਸ ਦੀ ਗਲੈਮਰ ਪ੍ਰਤੀ ਭੁੱਖ ਵੀ ਦਰਸਾ ਰਹੀ ਹੈ। 'ਕਾਬਿਲ' ਫ਼ਿਲਮ ਨੇ ਹਾਲਾਂਕਿ ਯਾਮੀ ਦਾ ਦਰਜਾ ਵਧਾਇਆ ਹੈ ਤੇ ਲੋਕ ਉਸ ਨੂੰ ਕਾਬਿਲ ਹੀਰੋਇਨ ਵੀ ਸਮਝਣ ਲੱਗ ਪਏ ਸਨ। ਰਿਤਿਕ ਨਾਲ ਫ਼ਿਲਮ ਦਾ ਅਰਥ ਵੱਡੀ ਛਾਲ ਮਾਰਨ ਦੇ ਬਰਾਬਰ ਹੈ। ਯਾਮੀ ਦੀ 'ਯੋਗ ਮੁਦਰਾ ਪਾਣੀ ਵਾਲੀ ਹੈ' ਤੇ 'ਤੈਰਾਕੀ ਸੂਟ ਵਿਚ ਯੋਗਾ' ਦੇ ਵਾਇਰਲ ਹੋਣ ਦਾ ਵਖ਼ਤ ਪਿਆ ਹੈ। ਯਾਮੀ ਨੇ ਇਸ ਨੂੰ ਸਿਰਫ਼ ਯੋਗ ਪ੍ਰੇਮ ਹੀ ਕਿਹਾ ਹੈ। 'ਸਰਕਾਰ-3' ਰਾਮ ਗੋਪਾਲ ਵਰਮਾ ਦੀ ਇਹ ਫ਼ਿਲਮ ਚਾਹੇ ਸਫ਼ਲ ਨਹੀਂ ਰਹੀ ਪਰ ਯਾਮੀ ਗੌਤਮ ਦਾ ਅਮਿਤਾਬ ਬੱਚਨ ਵਾਲੀ ਫ਼ਿਲਮ ਦਾ ਹਿੱਸਾ ਹੋਣਾ ਹੀ ਆਪਣੇ-ਆਪ 'ਚ ਇਕ ਫ਼ਖਰ ਵਾਲੀ ਗੱਲ ਹੈ। ਪੰਜਾਬੀ ਫ਼ਿਲਮਾਂ ਤੋਂ ਰਿਤਿਕ ਤੱਕ ਫ਼ਿਲਮ ਕਰ ਲੈਣੀ ਤਾਂ ਯਾਮੀ ਨੇ ਤਰੱਕੀ ਕੀਤੀ ਹੈ। ਕ੍ਰਿਕਟ ਜਗਤ 'ਚ ਵੀ ਉਸ ਦੀ ਚਰਚਾ ਹੈ। ਯਾਮੀ ਹੁਣ ਆਪਣੀ ਸਾਧਾਰਨ ਦਿੱਖ ਨਾਲ ਵੀ ਪ੍ਰਭਾਵਿਤ ਕਰ ਰਹੀ ਹੈ। ਹੁਣ ਯਾਮੀ ਨੂੰ ਜਦ ਦਾ ਪਤਾ ਲੱਗਿਆ ਹੈ ਕਿ 'ਕ੍ਰਿਸ਼-4' ਵੀ ਉਸ ਨੂੰ ਮਿਲ ਰਹੀ ਹੈ ਤਦ ਦਾ ਉਸ ਦਾ ਦਿਲ ਹੋਰ ਬੁਲੰਦ ਹੋ ਗਿਆ ਹੈ। ਯਾਮੀ ਲਈ ਮੌਕੇ ਬਹੁਤ ਹਨ, ਇਹ ਉਹ ਵੀ ਜਾਣਦੀ ਹੈ। ਉਸ ਦੇ ਪ੍ਰਸੰਸਕ ਤੇ ਖ਼ੈਰ-ਖੁਆਹ ਵੀ ਜਾਣਦੇ ਹਨ। ਇਸ ਲਈ 'ਯੋਗ ਆਸਣ ਸਮੇਂ ਕਾਮੁਕ ਤੇ ਤੈਰਾਕੀ ਪਹਿਰਾਵਾ' ਇਹ ਸਾਰਾ ਕੁਝ ਵੀ ਉਹ ਬਰਦਾਸ਼ਤ ਕਰ ਰਹੇ ਹਨ। ਇੰਡਸਟਰੀ 'ਚ ਇਹ ਆਮ ਗੱਲਾਂ ਹਨ। 'ਪ੍ਰਿਅੰਕਾ ਚੋਪੜਾ ਨੂੰ ਪਿਛਾਂਹ ਕਰਕੇ 'ਕ੍ਰਿਸ਼-4' ਦਾ ਹਿੱਸਾ ਬਣਨਾ ਦੀ ਬਾਜ਼ੀ ਯਾਮੀ ਗੌਤਮ ਦੇ ਹੱਥ ਲੱਗੀ ਹੈ। ਇਸ ਲਈ ਯਾਮੀ ਦੀ ਹਰ ਅਦਾ ਮੁੱਲ ਰੱਖਦੀ ਹੈ।

ਨਵੀਂ ਜੋੜੀ ਨਾਲ ਦੀਪਕ ਆਨੰਦ ਨੇ ਬਣਾਈ 'ਦ ਰੈਲੀ'

ਨਿਰਦੇਸ਼ਕ ਦੀਪਕ ਆਨੰਦ ਨੇ 'ਬਲਵਾਨ' ਵਿਚ ਸੁਨੀਲ ਸ਼ੈਟੀ ਨੂੰ ਅਤੇ 'ਤੁਮ ਸੇ ਅੱਛਾ ਕੌਨ ਹੈ' ਵਿਚ ਨਕੁਲ ਕਪੂਰ ਨੂੰ ਪੇਸ਼ ਕੀਤਾ ਸੀ। ਉਨ੍ਹਾਂ ਨੇ 'ਸ੍ਰੀਮਾਨ ਆਸ਼ਿਕ', 'ਯਾਦ ਰਖੇਗੀ ਦੁਨੀਆ' ਸਮੇਤ ਕੁਝ ਹੋਰ ਫ਼ਿਲਮਾਂ ਵੀ ਬਣਾਈਆਂ ਅਤੇ ਬਾਅਦ ਵਿਚ ਉਹ ਗੁਮਨਾਮ ਜਿਹੇ ਹੋ ਗਏ ਸਨ। ਇਕ ਜ਼ਮਾਨੇ ਬਾਅਦ ਹੁਣ ਉਨ੍ਹਾਂ ਨੇ 'ਦ ਰੈਲੀ' ਜ਼ਰੀਏ ਆਪਣੀ ਵਾਪਸੀ ਕੀਤੀ ਹੈ ਅਤੇ ਹੁਣ ਆਪਣੇ ਨਾਂਅ ਦੇ ਨਾਲ ਐਨ ਜੋੜ ਕੇ ਦੀਪਕ ਐਨ ਆਨੰਦ ਦੇ ਨਾਂਅ ਨਾਲ ਆਪਣੀ ਨਵੀਂ ਸ਼ੁਰੂਆਤ ਕੀਤੀ ਹੈ।
ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਨਵੀਂ ਜੋੜੀ ਨੂੰ ਪੇਸ਼ ਕੀਤਾ ਹੈ ਅਤੇ ਇਹ ਹੈ ਮਿਰਜ਼ਾ ਤੇ ਅਰਸ਼ੀਨ। ਨਵੇਂ ਹੀਰੋ ਮਿਰਜ਼ਾ ਗ਼ੈਰ-ਫ਼ਿਲਮੀ ਪਰਿਵਾਰ ਤੋਂ ਹੈ ਅਤੇ ਉਨ੍ਹਾਂ ਅਨੁਸਾਰ ਉਹ ਚਾਰ ਸਾਲ ਤੱਕ ਸੰਘਰਸ਼ ਕਰਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਮੌਕਾ ਮਿਲਿਆ ਹੈ। ਅਰਸ਼ੀਨ ਮਹਾਰਾਸ਼ਟਰ ਦੇ ਸ਼ਹਿਰ ਅਹਿਮਦ ਨਗਰ ਤੋਂ ਹੈ ਅਤੇ ਉਹ ਵੀ ਗ਼ੈਰ-ਫ਼ਿਲਮੀ ਪਰਿਵਾਰ ਤੋਂ ਹੈ। ਅਰਸ਼ੀਨ ਨੇ ਮਾਡਲਿੰਗ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਵੱਡੇ ਪਰਦੇ 'ਤੇ ਚਮਕਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਦੋਵਾਂ ਦੇ ਨਾਲ ਇਸ ਵਿਚ ਸਚਿਨ ਤੇ ਸਜੋਲੀ ਨੂੰ ਵੀ ਚਮਕਾਇਆ ਗਿਆ ਹੈ ਅਤੇ ਮੀਡੀਆ ਸਾਹਮਣੇ ਇਨ੍ਹਾਂ ਕਲਾਕਾਰਾਂ ਨੂੰ ਪੇਸ਼ ਕਰਨ ਲਈ ਸੁਨੀਲ ਸ਼ੈਟੀ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਮੁੰਬਈ ਦੇ ਪੀ. ਵੀ. ਆਰ. ਮਲਟੀਪਲੈਕਸ ਵਿਚ ਇਨ੍ਹਾਂ ਕਲਾਕਾਰਾਂ ਨੂੰ ਪੇਸ਼ ਕਰਦੇ ਸਮੇਂ ਖ਼ੁਦ ਸੁਨੀਲ ਸ਼ੈਟੀ ਭਾਵੁਕ ਹੋ ਗਏ ਸਨ। ਉਨ੍ਹਾਂ ਨੂੰ ਉਹ ਦਿਨ ਯਾਦ ਆ ਗਏ ਸਨ ਜਦੋਂ ਉਹ ਫ਼ਿਲਮ ਇੰਡਸਟਰੀ ਵਿਚ ਦਾਖਲ ਹੋਇਆ ਸੀ ਅਤੇ ਦੀਪਕ ਆਨੰਦ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਸੀ। ਸੁਨੀਲ ਸ਼ੈਟੀ ਅਨੁਸਾਰ ਇਸ ਫ਼ਿਲਮ ਤੋਂ ਪੇਸ਼ ਹੋ ਰਹੀ ਜੋੜੀ ਵਾਕਈ ਲੱਕੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਫ਼ਿਲਮ ਮਿਲੀ ਹੈ ਜਿਸ 'ਤੇ ਬਾਲੀਵੁੱਡ ਵਿਚ ਪਹਿਲਾਂ ਕੋਈ ਫ਼ਿਲਮ ਨਹੀਂ ਬਣੀ ਹੈ।
ਦੀਪਕ ਆਨੰਦ ਨੇ ਦੱਸਿਆ ਕਿ ਸਾਡੇ ਦੇਸ਼ ਵਿਚ ਮੁੱਖ ਰੂਪ ਨਾਲ ਤਿੰਨ ਰੈਲੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਹਨ ਹਿਮਾਲਿਆ ਰੈਲੀ, ਡੈੱਕਨ ਰੈਲੀ ਤੇ ਥਾਰ ਰੈਲੀ। 'ਮੈਂ ਇਹ ਫ਼ਿਲਮ ਇਨ੍ਹਾਂ ਰੈਲੀਆਂ ਦੇ ਨਿਯਮ ਅਨੁਸਾਰ ਬਣਾਈ ਹੈ ਅਤੇ ਇਸ ਲਈ ਗਿਆਰਾਂ-ਬਾਰਾਂ ਹਿਮਾਲੀਅਨ ਰੈਲੀਆਂ ਦੇ ਚੈਂਪੀਅਨ ਰਹੇ ਸੁਰੇਸ਼ ਰਾਣਾ ਤੋਂ ਕਾਫੀ ਮਾਰਗ-ਦਰਸ਼ਨ ਲਿਆ ਗਿਆ ਸੀ। ਕਦੀ ਦੀਪਕ ਵੀ ਹਿਮਾਲੀਅਨ ਰੈਲੀ ਵਿਚ ਹਿੱਸਾ ਲੈਣਾ ਚਾਹੁੰਦੇ ਸਨ ਪਰ ਹੁਣ ਰੈਲੀ 'ਤੇ ਫ਼ਿਲਮ ਬਣਾ ਕੇ ਆਪਣਾ ਸ਼ੌਕ ਪੂਰਾ ਕਰ ਲਿਆ ਹੈ। ਮਨਾਲੀ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਕਿਤੇ ਵੀ ਸਟੰਟਮੈਨ ਜਾਂ ਡੁਪਲੀਕੇਟ ਦਾ ਸਹਾਰਾ ਨਹੀਂ ਲਿਆ ਗਿਆ ਹੈ ਅਤੇ ਖ਼ੁਦ ਮਿਰਜ਼ਾ ਨੇ ਕਾਰ ਰੈਲੀ ਦੇ ਸ਼ਾਟਸ ਦਿੱਤੇ ਹਨ।
ਦੀਪਕ ਆਨੰਦ ਦੇ ਨਾਲ-ਨਾਲ ਸੰਗੀਤਕਾਰ ਵਿਜੂ ਸ਼ਾਹ ਵੀ ਇਸ ਫ਼ਿਲਮ ਤੋਂ ਆਪਣੀ ਵਾਪਸੀ ਕਰ ਰਹੇ ਹਨ ਅਤੇ ਫ਼ਿਲਮ ਦੇ ਸਾਰੇ ਗੀਤ ਉਨ੍ਹਾਂ ਨੇ ਤਿਆਰ ਕੀਤੇ ਹਨ।
ਨਵੀਂ ਜੋੜੀ ਨੂੰ ਚਮਕਾਉਂਦੀ ਤੇ ਵੱਖ ਜਿਹੇ ਵਿਸ਼ੇ 'ਤੇ ਬਣੀ ਇਹ ਫ਼ਿਲਮ 25 ਅਗਸਤ ਨੂੰ ਪ੍ਰਦਰਸ਼ਿਤ ਹੋ ਰਹੀ ਹੈ।

ਕਾਮੇਡੀ ਦਿੱਖ ਤੋਂ ਬਾਹਰ ਆਏ

ਸੰਜੈ ਛੈਲ

ਲੇਖਕ-ਨਿਰਦੇਸ਼ਕ ਸੰਜੈ ਛੈਲ ਨਾਲ ਜਦੋਂ ਅੰਧੇਰੀ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਹੋਈ ਤਾਂ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਦੇ ਭਾਵ ਸਾਫ ਦਿਸ ਰਹੇ ਸਨ। ਇਸ ਖ਼ੁਸ਼ੀ ਦੀ ਵਜ੍ਹਾ ਸੀ ਕਿ ਉਨ੍ਹਾਂ ਵੱਲੋਂ ਲਿਖੇ ਸੰਵਾਦਾਂ ਨਾਲ ਸਜੀ ਫ਼ਿਲਮ 'ਇੰਦੂ ਸਰਕਾਰ' ਦਾ ਸੈਂਸਰ ਦੇ ਚੁੰਗਲ ਤੋਂ ਪਾਸ ਹੋ ਜਾਣਾ। 'ਯਸ ਬੌਸ', 'ਪਾਰਟਨਰ', 'ਮਾਨ ਗਏ ਮੁਗਲ-ਏ-ਆਜ਼ਮ', 'ਦੌੜ', 'ਰੰਗੀਲਾ' ਆਦਿ ਫ਼ਿਲਮਾਂ ਦੀ ਵਜ੍ਹਾ ਕਰਕੇ ਸੰਜੈ ਦੀ ਇਮੇਜ ਕਾਮੇਡੀ ਲੇਖਕ ਦੀ ਰਹੀ ਹੈ ਪਰ 'ਇੰਦੂ ਸਰਕਾਰ' ਵਿਚ ਉਨ੍ਹਾਂ ਨੇ ਤੇਜਾਬੀ ਸੰਵਾਦਾਂ ਲਈ ਆਪਣੀ ਕਲਮ ਚਲਾਈ ਹੈ।
ਉਨ੍ਹਾਂ ਨੂੰ ਇਸ ਗੰਭੀਰ ਫ਼ਿਲਮ ਵਿਚ ਆਪਣਾ ਯੋਗਦਾਨ ਦੇਣ ਦਾ ਮੌਕਾ ਕਿਵੇਂ ਮਿਲਿਆ, ਇਸ ਬਾਰੇ ਉਹ ਕਹਿੰਦੇ ਹਨ, 'ਮੈਂ ਮਧੁਰ ਭੰਡਾਰਕਰ ਦੀ ਕਾਮੇਡੀ ਫ਼ਿਲਮ 'ਦਿਲ ਤੋ ਬੱਚਾ ਹੈ' ਦੇ ਲੇਖਨ ਪੱਖ ਵਿਚ ਆਪਣਾ ਯੋਗਦਾਨ ਦਿੱਤਾ ਸੀ। ਭਾਰਤੀ ਰਾਜਨੀਤੀ ਬਾਰੇ ਮੇਰੀ ਜਾਣਕਾਰੀ ਦੇਖ ਕੇ ਉਹ ਪ੍ਰਭਾਵਿਤ ਵੀ ਹੋਏ ਸਨ, ਇਹੀ ਵਜ੍ਹਾ ਰਹੀ ਕਿ ਜਦੋਂ ਉਨ੍ਹਾਂ ਨੇ ਭਾਰਤੀ ਰਾਜਨੀਤੀ 'ਤੇ ਆਧਾਰਿਤ ਇਹ ਫ਼ਿਲਮ ਸ਼ੁਰੂ ਕੀਤੀ ਤਾਂ ਇਸ ਦੇ ਸੰਵਾਦਾਂ ਲਈ ਮੈਨੂੰ ਯਾਦ ਕਰਨਾ ਨਹੀਂ ਭੁੱਲੇ।
* ਤੁਹਾਡੇ ਵੱਲੋਂ ਲਿਖੇ ਸੰਵਾਦਾਂ ਦੀ ਵਜ੍ਹਾ ਕਰਕੇ ਇਹ ਫ਼ਿਲਮ ਸੈਂਸਰ ਵਿਚ ਫਸ ਗਈ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
-ਮੈਨੂੰ ਸੈਂਸਰ ਦਾ ਦੋਹਰਾ ਮਾਪਦੰਡ ਸਮਝ ਵਿਚ ਨਹੀਂ ਆ ਰਿਹਾ। ਸੈਂਸਰ ਬੋਰਡ ਕਿਸ ਅਧਾਰ 'ਤੇ ਆਪਣੇ ਨਿਰਣੇ ਲੈਂਦਾ ਹੈ, ਇਹ ਸਮਝ ਤੋਂ ਬਾਹਰ ਹੈ। ਫ਼ਿਲਮ ਦੇ ਟ੍ਰੇਲਰ ਲਈ ਜੋ ਸੰਵਾਦ ਪਾਸ ਕੀਤੇ ਗਏ, ਉਨ੍ਹਾਂ ਸੰਵਾਦਾਂ ਵੱਲ ਉਦੋਂ ਇਤਰਾਜ਼ ਕੀਤਾ ਸੀ ਜਦੋਂ ਫ਼ਿਲਮ ਸੈਂਸਰ ਲਈ ਭੇਜੀ ਗਈ ਸੀ। 'ਦੇਸ਼ ਕੀ ਏਕ ਬੇਟੀ ਨੇ ਦੇਸ਼ ਕੋ ਬੰਦੀ ਬਨਾ ਰਖਾ ਹੈ', 'ਸਰਕਾਰ ਚਾਬੂਕ ਸੇ ਚਲਤੀ ਹੈ ਚੇਲੈਂਜ ਸੇ ਨਹੀਂ', 'ਐਮਰਜੈਂਸੀ ਮੇਂ ਮੇਰੇ ਆਰਡਰ ਚਲਤੇ ਹੈਂ, ਇਮੋਸ਼ਨ ਨਹੀਂ' ਵਰਗੇ ਸੰਵਾਦਾਂ ਨੂੰ ਟ੍ਰੇਲਰ ਵਿਚ ਛੂਹਿਆ ਤੱਕ ਨਹੀਂ ਪਰ ਫ਼ਿਲਮ ਦੀ ਵਾਰੀ ਆਈ ਤਾਂ ਉਹ ਲੋਕ ਕੈਂਚੀ ਲੈ ਕੇ ਕਾਂਟ-ਛਾਂਟ ਲਈ ਤਿਆਰ ਹੋ ਗਏ। ਸ਼ੁਕਰ ਹੈ ਬਾਅਦ ਵਿਚ ਫ਼ਿਲਮ ਪਾਸ ਹੋ ਗਈ।


-ਮੁੰਬਈ ਪ੍ਰਤੀਨਿਧ

ਬਾਲੀਵੁੱਡ ਦਾ ਨਾਇਕ ਬਣਿਆ ਪੰਜਾਬੀ ਪੁੱਤਰ ਗੈਵੀ ਚਹਿਲ

ਬਾਲੀਵੁੱਡ 'ਚ ਸੋਲੋ ਹੀਰੋ ਵਜੋਂ ਫ਼ਿਲਮ 'ਚ ਕੰਮ ਕਰਨਾ ਸਭ ਤੋਂ ਵੱਡੀ ਮੰਜ਼ਿਲ ਮੰਨਿਆ ਜਾਂਦਾ ਹੈ। ਇਸ ਮੁਕਾਮ 'ਤੇ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ ਮਾਨਸਾ ਜ਼ਿਲ੍ਹੇ 'ਚ ਜਨਮੇ ਅਤੇ ਪਟਿਆਲਾ ਸ਼ਹਿਰ 'ਚ ਜਵਾਨ ਹੋਏ ਅਦਾਕਾਰ ਗੈਵੀ ਚਹਿਲ ਨੇ। ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ ਅਤੇ ਹਿੰਦੀ ਲੜੀਵਾਰਾਂ 'ਚ ਮੋਹਰੀ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨਾਲ ਚਰਚਿਤ ਫ਼ਿਲਮ 'ਏਕ ਥਾ ਟਾਈਗਰ' 'ਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਗੈਵੀ ਨੇ ਵੱਡੀ ਪੁਲਾਂਘ ਪੁੱਟਦਿਆਂ 18 ਅਗਸਤ ਨੂੰ ਰਿਲੀਜ਼ ਹੋਣ ਵਾਲੀ ਵੱਡੇ ਬੱਜਟ ਦੀ ਹਿੰਦੀ ਫ਼ਿਲਮ 'ਯੇ ਹੈ ਇੰਡੀਆ' 'ਚ ਬਤੌਰ ਨਾਇਕ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਗੈਵੀ ਸ਼ਬਾਨਾ ਆਜ਼ਮੀ, ਅਨੁਪਮ ਖੇਰ ਅਤੇ ਜੂਹੀ ਚਾਵਲਾ ਨਾਲ ਫ਼ਿਲਮ 'ਚਾਕ ਐਂਡ ਡਸਟਰ' 'ਚ ਵੀ ਅਹਿਮ ਕਿਰਦਾਰ ਨਿਭਾਅ ਚੁੱਕਿਆ ਹੈ। ਗੈਵੀ ਨੇ 'ਯੇ ਹੈ ਇੰਡੀਆ' ਫ਼ਿਲਮ 'ਚ ਕੰਮ ਕਰਨ ਬਾਰੇ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮੰਨਦਾ ਹੈ ਕਿ ਉਹ ਪਹਿਲਾ ਪਟਿਆਲਾ ਵੀ ਅਦਾਕਾਰ ਹੈ, ਜੋ ਬਾਲੀਵੁੱਡ ਦੀ ਫ਼ਿਲਮ 'ਚ ਸੋਲੋ ਹੀਰੋ ਆ ਰਿਹਾ ਹੈ। ਨਿਰਮਾਤਾ ਸੰਦੀਪ ਚੌਧਰੀ ਦੇ ਡੀ.ਐਲ.ਬੀ. ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ 'ਚ ਆਪਣੀ ਭੂਮਿਕਾ ਬਾਰੇ ਗੈਵੀ ਨੇ ਦੱਸਿਆ ਕਿ ਇਸ ਫ਼ਿਲਮ 'ਚ ਉਸ ਨੇ ਇਕ ਇੰਗਲੈਂਡ ਵਸਦੇ ਪ੍ਰਵਾਸੀ ਭਾਰਤੀ ਨੌਜਵਾਨ ਦੀ ਭੂਮਿਕਾ ਨਿਭਾਈ ਹੈ, ਜੋ ਵਿਦੇਸ਼ 'ਚ ਬੈਠਾ ਆਪਣੇ ਦੇਸ਼ ਦੇ ਭ੍ਰਿਸ਼ਟਾਚਾਰ, ਗ਼ਰੀਬੀ ਅਤੇ ਹੋਰਨਾਂ ਸਮੱਸਿਆਵਾਂ ਨਾਲ ਜੂਝਣ ਵਾਲੇ ਮੁਲਕ ਦੇ ਅਕਸ ਤੋਂ ਚਿੰਤਤ ਹੋ ਕੇ, ਇਸ ਦੀ ਅਸਲੀਅਤ ਜਾਣਨ ਲਈ ਭਾਰਤ ਆਉਂਦਾ ਹੈ। ਜਿਸ ਦੌਰਾਨ ਉਹ ਭਾਰਤ ਦੀਆਂ ਬਹੁਤ ਸਾਰੀਆਂ ਖੂਬੀਆਂ ਤੋਂ ਏਨਾ ਪ੍ਰਭਾਵਿਤ ਹੋ ਜਾਂਦਾ ਹੈ ਕਿ ਉਹ ਇਸ ਦੇਸ਼ ਦੀਆਂ ਕੁਝ ਸਮੱਸਿਆਵਾਂ ਦੇ ਹੱਲ ਲਈ ਮੁਹਿੰਮ ਦਾ ਮੋਹਰੀ ਬਣਦਾ ਹੈ। ਉਹ ਆਪਣੀ ਮੁਹਿੰਮ ਨੂੰ ਏਨੀ ਲਗਨ ਨਾਲ ਚਲਾਉਂਦਾ ਹੈ ਕਿ ਉਹ ਆਪਣੀ ਇੰਗਲੈਂਡ ਵਸਦੀ ਮਹਿਬੂਬਾ ਨੂੰ ਵੀ ਛੱਡਣ ਲਈ ਤਿਆਰ ਹੋ ਜਾਂਦਾ ਹੈ। ਗੈਵੀ ਨੇ ਦੱਸਿਆ ਕਿ ਮਿਸ ਯੂ.ਕੇ. ਇੰਡੀਆ ਡਿਆਨਾ ਉੱਪਲ ਨੇ ਉਸ ਦੀ ਨਾਇਕਾ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਫ਼ਿਲਮ 'ਚ ਬਾਲੀਵੁੱਡ ਦੇ ਸਥਾਪਤ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਗੈਵੀ ਨੇ ਦੱਸਿਆ ਕਿ 'ਯੇ ਹੈ ਇੰਡੀਆ' ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਲੋਮ ਹਰਸ਼ (ਆਸਟਰੇਲੀਆ) ਦੇ ਨਿੱਜੀ ਤਜਰਬੇ 'ਚੋਂ ਉਪਜੀ ਹੋਈ ਫ਼ਿਲਮ ਹੈ। ਗੈਵੀ ਨੇ ਦੱਸਿਆ ਕਿ ਇਸ ਫ਼ਿਲਮ ਨੂੰ 'ਕਾਨਜ਼' ਫ਼ਿਲਮ ਉਤਸਵ ਪੈਰਿਸ 'ਚ ਬਹੁਤ ਸ਼ਲਾਘਾ ਮਿਲੀ ਹੈ ਅਤੇ 11 ਅਗਸਤ ਨੂੰ ਇਸ ਦੀ ਸਿਲੀਕਾਨ ਵੈਲੀ (ਅਮਰੀਕਾ) 'ਚ ਵਿਸ਼ੇਸ਼ ਸਕਰੀਨਿੰਗ ਹੈ। ਇਸ ਫ਼ਿਲਮ ਦਾ ਟਰੇਲਰ ਦਿੱਲੀ ਵਿਖੇ ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ ਨੇ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਹੀ ਗੈਵੀ ਇਕ ਵਾਰ ਫਿਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨਾਲ ਨਿਰਮਾਣ ਅਧੀਨ ਫ਼ਿਲਮ 'ਟਾਈਗਰ ਜ਼ਿੰਦਾ ਹੈ' 'ਚ ਅਹਿਮ ਕਿਰਦਾਰ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਸਾਕੋ 365' ਵੀ ਰਿਲੀਜ਼ ਲਈ ਤਿਆਰ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ
ਪਟਿਆਲਾ।

'ਬਰੂਨੀ' ਦੀ ਸ਼ੂਟਿੰਗ ਵਿਚ ਪੰਦਰਾਂ ਕੁੱਤੇ

ਨਵੇਂ ਨਿਰਦੇਸ਼ਕ ਸੂਰਜ ਚਿਤਰੇ ਇਨ੍ਹੀਂ ਦਿਨੀਂ ਫ਼ਿਲਮ 'ਬਰੂਨੀ' ਦੇ ਨਿਰਮਾਣ ਵਿਚ ਰੁੱਝੇ ਹੋਏ ਹਨ। ਪੂਰੀ ਹੋਣ ਕੰਢੇ ਪਹੁੰਚੀ ਆਪਣੀ ਇਸ ਫ਼ਿਲਮ ਲਈ ਸੂਰਜ ਨੇ ਇਕ ਵੱਖਰਾ ਜਿਹਾ ਗੀਤ ਮੁੰਬਈ ਦੇ ਫਿਊਚਰ ਸਟੂਡੀਓ ਵਿਚ ਫ਼ਿਲਮਾਇਆ ਹੈ ਅਤੇ ਇਸ ਗੀਤ ਦੀ ਖ਼ਾਸ ਗੱਲ ਇਹ ਸੀ ਕਿ ਟੀਕੂ ਤਲਸਾਨੀਆ, ਅਵਨੀਤ ਕੌਰ, ਰਾਇਓ ਐਸ. ਬਾਖਿਰਤਾ, ਮਾਨਸੀ ਅਠਾਵਲੇ ਤੇ ਰਾਹੁਲ ਕੁਮਾਰ ਦੇ ਨਾਲ ਪੰਦਰਾਂ ਕੁੱਤਿਆਂ ਨੇ ਇਸ ਗੀਤ ਦੀ ਸ਼ੂਟਿੰਗ ਵਿਚ ਹਿੱਸਾ ਲਿਆ ਸੀ। ਫ਼ਿਲਮ ਦੀ ਕਹਾਣੀ ਅਨੁਸਾਰ ਜਦੋਂ ਨਾਇਕ-ਨਾਇਕਾ ਸੰਤਾਨ ਸੁਖ ਪਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਉਹ ਘਰ ਵਿਚ ਰੌਣਕ ਲਈ ਇਕ ਛੋਟਾ ਜਿਹਾ ਪਿੱਲਾ ਲੈ ਆਉਂਦੀ ਹੈ। ਇਸ ਦਾ ਨਾਂਅ ਬਰੂਨੀ ਰੱਖਿਆ ਜਾਂਦਾ ਹੈ ਅਤੇ ਇਸ ਦੇ ਨਾਮਕਰਨ 'ਤੇ ਜੋ ਪਾਰਟੀ ਦਿੱਤੀ ਜਾਂਦੀ ਹੈ, ਉਸ ਵਿਚ ਕਈ ਕੁੱਤਿਆਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ। ਇਸ ਪਾਰਟੀ ਸੌਂਗ ਦੀ ਸ਼ੂਟਿੰਗ ਲਈ ਸੈੱਟ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਸੀ ਅਤੇ ਇਨ੍ਹਾਂ ਵਿਚ ਕੁਝ ਡੈਕੋਰੇਟਿਵ ਗੁਬਾਰੇ ਕੁੱਤੇ ਦੇ ਆਕਾਰ ਦੇ ਵੀ ਸਨ। ਗ੍ਰੇਟ ਡੇਨ, ਪਾਮੇਰੀਅਨ, ਲੈਬ੍ਰੇਡੋਰ, ਪਗ ਆਦਿ ਨਸਲ ਦੇ ਕੁੱਤੇ ਉਥੇ ਸਨ ਅਤੇ ਇਨ੍ਹਾਂ ਦੇ ਨਾਲ ਇਨ੍ਹਾਂ ਨੂੰ ਸਿਖਾਉਣ ਵਾਲੇ ਵੀ ਸਨ। ਨੰਨ੍ਹੇ ਜਿਹੇ ਪਿੱਲੇ ਬਰੂਨੀ ਨੂੰ ਜੈਕੇਟ ਪਵਾਈ ਗਈ ਸੀ ਅਤੇ ਗਲੇ ਵਿਚ ਰਿਬਨ ਵੀ ਬੰਨ੍ਹਿਆ ਗਿਆ ਸੀ। ਇਸ ਵਜ੍ਹਾ ਕਰਕੇ ਉਹ ਸਭ ਦੇ ਆਕਰਸ਼ਣ ਦਾ ਕੇਂਦਰ ਵੀ ਸਨ।
ਸੂਰਜ ਚਿਤਰੇ ਨੇ ਦੱਸਿਆ ਕਿ ਉਹ ਖ਼ੁਦ ਜ਼ਬਰਦਸਤ ਐਨੀਮਲ ਲਵਰ ਹਨ। ਇਸ ਲਈ ਆਪਣੀ ਪਹਿਲੀ ਫ਼ਿਲਮ ਜਾਨਵਰਾਂ ਨੂੰ ਮੁੱਖ ਰੱਖ ਕੇ ਬਣਾ ਰਹੇ ਹਨ। ਫ਼ਿਲਮ ਦੇ ਨਾਇਕ ਰੀਓ ਤੇ ਨਾਇਕਾ ਮਾਨਸੀ ਨੂੰ ਫ਼ਿਲਮ ਵਿਚ ਕਾਸਟ ਕਰਨ ਤੋਂ ਪਹਿਲਾਂ ਇਹ ਖ਼ਾਸ ਤੌਰ 'ਤੇ ਪੁੱਛਿਆ ਗਿਆ ਸੀ ਕਿ ਕਿਤੇ ਉਨ੍ਹਾਂ ਨੂੰ ਕੁੱਤੇ ਨਾਪਸੰਦ ਤਾਂ ਨਹੀਂ ਹਨ। ਜਦੋਂ ਦੋਵਾਂ ਨੇ ਦੱਸਿਆ ਕਿ ਉਹ ਵੀ ਜਾਨਵਰਾਂ ਪ੍ਰਤੀ ਲਗਾਅ ਰੱਖਦੇ ਹਨ ਉਦੋਂ ਉਨ੍ਹਾਂ ਨੂੰ ਫ਼ਿਲਮ ਵਿਚ ਲਿਆ ਗਿਆ ਸੀ।


-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX