ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  23 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  41 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  42 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  47 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  49 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ ਮੰਡੀ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਨੇਮਾਰ

ਫੁੱਟਬਾਲ ਦਾ ਜਾਦੂਗਰ, ਬ੍ਰਾਜ਼ੀਲ ਦਾ ਸਟਾਰ ਅਤੇ ਬਾਰਸੀਲੋਨਾ ਕਲੱਬ ਦਾ ਸਾਬਕਾ ਖਿਡਾਰੀ ਨੇਮਾਰ ਵਰਤਮਾਨ ਸਮੇਂ ਆਲਮੀ ਖੇਡ ਗਲਿਆਰਿਆਂ ਵਿਚ ਵੱਡੀਆਂ ਸੁਰਖੀਆਂ ਬਣ ਕੇ ਉੱਭਰਿਆ ਹੈ। 4 ਸਾਲ ਪਹਿਲਾਂ ਸੰਨ 2013 'ਚ ਬਾਰਸੀਲੋਨਾ ਨਾਲ ਜੁੜਨ ਵਾਲੇ ਨੇਮਾਰ ਨੇ ਇਸ ਕਲੱਬ ਨੂੰ ਅਲਵਿਦਾ ਕਹਿ ਕੇ ਪੈਰਿਸ-ਸੇਂਟ-ਜਰਮੇਨ (ਪੀ. ਐੱਸ. ਜੀ.) ਨਾਲ ਨਾਤਾ ਜੋੜ ਲਿਆ ਹੈ। ਖਾਸ ਗੱਲ ਇਹ ਕਿ ਉਹ ਅੱਜ ਫੁੱਟਬਾਲ ਮੰਡੀ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ। ਮੌਜੂਦਾ ਪੀੜ੍ਹੀ ਦੇ ਦਿੱਗਜ਼ ਖਿਡਾਰੀਆਂ ਕ੍ਰਿਸਟਿਆਨੋ ਰੋਨਾਲਡੋ, ਲਿਊਨਲ ਮੈਸੀ, ਗਾਰੇਥ ਬਾਲੇ ਅਤੇ ਸਰਜੀਉ ਏਗੇਏਰੂ ਆਦਿ ਨੂੰ ਪਿਛਾਂਹ ਛੱਡਦਿਆਂ ਰਿਕਾਰਡ 222 ਮਿਲੀਅਨ ਯੂਰੋ (ਲਗਪਗ 16.64 ਅਰਬ ਰੁਪਏ) ਦਾ ਕਰਾਰ ਪੀ. ਐੱਸ. ਜੀ. ਨਾਲ ਕੀਤਾ ਹੈ। ਫੁੱਟਬਾਲ ਦੀ ਦੁਨੀਆ ਵਿਚ ਇਹ ਸਭ ਤੋਂ ਵੱਡਾ ਕਰਾਰ ਹੈ। ਹਾਲਾਂਕਿ ਨੇਮਾਰ ਨੇ ਪਿਛਲੇ ਸਾਲ ਹੀ ਬਾਰਸੀਲੋਨਾ ਨਾਲ ਆਪਣਾ ਕਰਾਰ 2021 ਤੱਕ ਵਧਾਇਆ ਸੀ ਪਰ ਪੀ. ਐੱਸ. ਜੀ. ਵੱਲੋਂ ਉਸ ਨੂੰ ਰਿਕਾਰਡ 1600 ਕਰੋੜ ਦੀ ਟਰਾਂਸਫਰ ਫੀਸ 'ਚ ਲੈਣ ਦੀ ਪੇਸ਼ਕਸ਼ ਤੇ ਉਸ ਨੇ ਬਾਰਸੀਲੋਨਾ ਨੂੰ ਅਲਵਿਦਾ ਕਹਿ ਹੀ ਦਿੱਤੀ। ਖਿਡਾਰੀਆਂ ਦੀ ਖ਼ਰੀਦੋ-ਫਰੋਖਤ 'ਚ ਪਿਛਲੇ ਸਾਲ ਉਸ ਸਮੇਂ ਵੱਡਾ ਧਮਾਕਾ ਹੋਇਆ ਸੀ, ਜਦੋਂ ਪਾਲ ਪੋਗਬਾ ਨੇ ਜੁਵੈਟੱਸ ਕਲੱਬ ਨੂੰ ਆਖਰੀ ਸਲਾਮ ਕਹਿ ਕੇ ਮਾਨਚੈਸਟਰ ਯੂਨਾਈਟਿਡ ਨਾਲ ਰਿਕਾਰਡ 89 ਮਿਲੀਅਨ ਯੂਰੋ ਨਾਲ ਕਰਾਰ ਕੀਤਾ ਸੀ ਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕਦੋਂ ਤੇ ਕਿਹੜਾ ਖਿਡਾਰੀ 100 ਮਿਲੀਅਨ ਦੇ ਅੰਕੜੇ 'ਤੇ ਪਹੁੰਚੇਗਾ, ਪਰ ਇਕ ਹੀ ਸਾਲ 'ਚ ਫੁੱਟਬਾਲ ਦੀ ਦੁਨੀਆ ਦਾ ਇਹ ਕਰਾਰ 200 ਮਿਲੀਅਨ ਯੂਰੋ ਤੱਕ ਜਾ ਪਹੁੰਚੇਗਾ, ਸ਼ਾਇਦ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਜ਼ਿਆਦਾ ਖਿਡਾਰੀ ਇਕ ਪੈਰ ਨਾਲ ਕਿੱਕ ਮਾਰਨ ਦੇ ਮਾਹਿਰ ਹੁੰਦੇ ਹਨ ਪਰ ਨੇਮਾਰ ਦੇ ਦੋਵੇਂ ਪੈਰਾਂ 'ਤੇ ਫੁੱਟਬਾਲ ਨੂੰ ਉਸ ਦੇ ਮਨ-ਮਾਫਿਕ ਮੁਤਾਬਕ ਨੱਚਦਾ ਦੇਖਿਆ ਜਾ ਸਕਦਾ ਹੈ। ਉਹ ਬਿਹਤਰੀਨ ਸਟਰਾਈਕਰ ਦੇ ਨਾਲ ਲਾਜਵਾਬ ਮਿਡਫੀਲਡਰ ਅਤੇ ਵਿੰਗਰ ਵੀ ਹੈ। ਉਸ ਦੇ ਪੈਰਾਂ 'ਚੋਂ ਨਿਕਲਦੇ ਦਰਦਨਾਦਨ ਗੋਲਾਂ ਦੀ ਦੁਨੀਆ ਦੀਵਾਨੀ ਹੈ।
ਨੇਮਾਰ ਨੂੰ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੇ ਵਰਤਮਾਨ ਦੌਰ ਦਾ ਸਭ ਤੋਂ ਵਧੀਆ ਖਿਡਾਰੀ ਦਾ ਦਰਜਾ ਦਿੱਤਾ ਹੈ। ਪੇਲੇ ਦੀਆਂ ਨਜ਼ਰਾਂ 'ਚ ਉਹ ਮੈਸੀ ਤੋਂ ਵੀ ਬਿਹਤਰ ਖਿਡਾਰੀ ਹੈ। ਨੇਮਾਰ ਅੱਜਕਲ੍ਹ ਫੁੱਟਬਾਲ ਦੀ ਦੁਨੀਆ ਵਿਚ ਨਾਇਕ ਵਜੋਂ ਪਹਿਚਾਣਿਆ ਜਾਂਦਾ ਹੈ। ਉਹ ਬ੍ਰਾਜ਼ੀਲ ਦਾ ਅਜਿਹਾ ਪਹਿਲਾ ਖਿਡਾਰੀ ਹੈ, ਜਿਸ ਨੂੰ ਟਾਇਮ ਪੱਤ੍ਰਿਕਾ ਨੇ ਆਪਣੇ ਕਵਰ ਪੇਜ਼ 'ਤੇ ਛਾਪਿਆ ਸੀ। ਇਹ ਸੁਭਾਗ ਮਹਾਨ ਪੇਲੇ ਨੂੰ ਵੀ ਨਹੀਂ ਸੀ ਮਿਲਿਆ। ਨੇਮਾਰ ਆਪਣੀ ਕੌਮੀ ਟੀਮ ਬ੍ਰਾਜ਼ੀਲ ਲਈ ਵੀ ਸਟਰਾਈਕਰ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਨੇਮਾਰ ਨੇ ਸੀਨੀਅਰ ਵਰਗ 'ਚ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਤੋਂ ਪਹਿਲਾਂ ਬ੍ਰਾਜ਼ੀਲ ਅੰਡਰ-17 ਅਤੇ ਅੰਡਰ-20 ਟੀਮਾਂ 'ਚ ਆਪਣੀ ਪ੍ਰਤਿਭਾ ਦਾ ਲਾਜਵਾਬ ਮੁਜ਼ਾਹਰਾ ਪੇਸ਼ ਕੀਤਾ ਸੀ। ਸੰਨ 2011 ਦੱਖਣੀ ਅਫਰੀਕਾ ਯੂਥ ਪ੍ਰਤੀਯੋਗਤਾ 'ਚ 9 ਗੋਲ ਕਰਕੇ ਆਪਣੇ ਕੈਰੀਅਰ 'ਚ ਸੁਨਹਿਰੀ ਪੰਨਾ ਜੋੜਦਿਆਂ ਟਾਪ ਸਕੋਰਰ ਦਾ ਖ਼ਿਤਾਬ ਜਿੱਤਿਆ।
ਸੀਨੀਅਰ ਵਰਗ 'ਚ ਉਸ ਨੇ 2009 ਤੋਂ 2013 ਤੱਕ ਸੈਨਟੋਸ਼ ਕਲੱਬ ਵੱਲੋਂ 103 ਮੈਚ ਖੇਡਦਿਆਂ 54 ਗੋਲ ਕੀਤੇ ਅਤੇ ਬਾਰਸੀਲੋਨਾ ਲਈ 2013 ਤੋਂ 2017 ਤੱਕ 123 ਮੈਚ ਖੇਡ ਕੇ 68 ਗੋਲ ਦਾਗੇ। ਬ੍ਰਾਜ਼ੀਲ ਅੰਡਰ-17 ਲਈ 3 ਮੈਚਾਂ 'ਚ 1 ਗੋਲ ਕੀਤਾ ਅਤੇ ਅੰਡਰ-20 'ਚ 7 ਮੈਚਾਂ 'ਚ 9 ਅਤੇ ਅੰਡਰ-23 'ਚ 14 ਮੈਚ ਖੇਡਦਿਆਂ 8 ਵਾਰ ਨੈਟ ਖੜਕਾਇਆ ਅਤੇ ਨੇਮਾਰ ਨੇ ਕੌਮੀ ਟੀਮ ਬ੍ਰਾਜ਼ੀਲ ਲਈ 77 ਮੈਚਾਂ 'ਚ ਮੈਦਾਨ 'ਚ ਉਤਰਦਿਆਂ 52 ਗੋਲ ਕੀਤੇ। ਰੀਓ ਉਲੰਪਿਕ 2016 'ਚ ਬ੍ਰਾਜ਼ੀਲ ਦੀ ਕਪਤਾਨੀ ਕਰਦਿਆਂ ਸੋਨ ਤਗਮਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਤੇ ਲੰਡਨ 2012 ਦੀਆਂ ਉਲੰਪਿਕ ਖੇਡਾਂ 'ਚ ਚਾਂਦੀ ਤਗਮਾ ਜਿੱਤਿਆ। ਨੇਮਾਰ ਨੇ ਬਾਰਸੀਲੋਨਾ ਨੂੰ 2015 'ਚ ਚੈਂਪੀਅਨਜ਼ ਲੀਗ, 2 ਲਾ-ਲੀਗਾਂ ਅਤੇ 3 ਸਪੈਨਿਸ਼ ਕੱਪ ਖ਼ਿਤਾਬ ਦਿਵਾਉਣ ਦੀ ਅਹਿਮ ਭੂਮਿਕਾ ਨਿਭਾਈ। ਉਸ ਨੇ ਕਲੱਬ ਲਈ ਖੇਡਦਿਆਂ 186 ਮੈਚਾਂ 'ਚ 105 ਗੋਲ ਕੀਤੇ।
ਖੈਰ, ਨਿਰਸੰਦੇਹ ਨੇਮਾਰ ਅੱਜ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਮਹਿੰਗਾ ਤੇ ਚਰਚਿਤ ਸਿਤਾਰਾ ਹੈ। ਫੁੱਟਬਾਲ 'ਚ ਅਕਸਰ ਮੈਸੀ ਅਤੇ ਰੋਨਾਲਡੋ ਦਰਮਿਆਨ ਤੁਲਨਾ ਕੀਤੀ ਜਾਂਦੀ ਕਿ ਦੋਵਾਂ 'ਚੋਂ ਬਿਹਤਰ ਕੌਣ? ਸ਼ਾਇਦ ਹੁਣ ਇਸ ਬਹਿਸ 'ਚ ਇਕ ਨਵਾਂ ਨਾਂਅ ਜੁੜ ਗਿਆ ਹੈ ਨੇਮਾਰ ਤੇ ਉਹ ਆਪਣੀ ਨਵੀਂ ਕਲੱਬ ਪੀ.ਐੱਸ.ਜੀ. ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉਤਰੇਗਾ, ਇਹ ਤਾਂ ਵਕਤ ਹੀ ਦੱਸੇਗਾ।

-ਚੀਫ ਫੁੱਟਬਾਲ ਕੋਚ ਸਾਈ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਚੰਗੀਆਂ ਸੰਭਾਵਨਾਵਾਂ ਦੀ ਦਸਤਕ

 ਹਾਲਾਂਕਿ ਭਾਰਤ ਨੇ ਪਹਿਲਾਂ ਵੀ ਪੁਰਸ਼ ਵਰਗ ਵਿਚ ਬੈਡਮਿੰਟਨ ਦੇ ਸੰਸਾਰ ਪੱਧਰੀ ਖਿਡਾਰੀ ਪੈਦਾ ਕੀਤੇ ਹਨ ਜਿਵੇਂ ਪ੍ਰਕਾਸ਼ ਪਾਦੂਕੋਨ, ਸਈਦ ਮੋਦੀ ਤੇ ਪੁਲੈਲਾ ਗੋਪੀਚੰਦ, ਪਰ ਪਿਛਲੇ ਕੁਝ ਸਾਲਾਂ ਤੋਂ ਸਿਰਫ ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਦੀਆਂ ਕੌਮਾਂਤਰੀ ਉਪਲਬੱਧੀਆਂ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਸੀ, ਖ਼ਾਸ ਕਰਕੇ ਇਸ ਲਈ ਵੀ ਕਿ ਇਨ੍ਹਾਂ ਦੋਵਾਂ ਨੇ ਉਲੰਪਿਕ ਤਗਮੇ ਵੀ ਦੇਸ਼ ਨੂੰ ਦਿਵਾਏ ਹਨ। ਸਾਈਨਾ ਨੇਹਵਾਲ ਨੇ 2012 ਦੇ ਲੰਡਨ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿਤਿਆ ਸੀ ਅਤੇ ਪੀ. ਵੀ. ਸਿੰਧੂ ਨੇ 2016 ਦੇ ਰੀਓ-ਉਲੰਪਿਕ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਇਸ ਤੋਂ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਦੇਸ਼ ਦੇ ਪੁਰਸ਼ ਬੈਡਮਿੰਟਨ ਖਿਡਾਰੀ ਨੇਹਵਾਲ ਤੇ ਸਿੰਧੂ ਦੇ ਪਰਛਾਵੇਂ ਹੇਠ ਹਨ ਅਤੇ ਇਸ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ।
ਪਰ ਹਾਲ ਹੀ ਵਿਚ ਦੋ ਸੁਪਰ ਸੀਰੀਜ਼ (ਇੰਡੋਨੇਸ਼ੀਆ ਓਪਨ ਤੇ ਆਸਟ੍ਰੇਲੀਆ ਓਪਨ) ਜਿੱਤਣ ਵਾਲੇ ਕਿਤਾਂਬੀ ਸ੍ਰੀਕਾਂਤ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 'ਮੈਂ ਇਕ ਸੁਪਰ ਸੀਰੀਜ਼ ਮੁਕਾਬਲਾ 2014 ਵਿਚ ਵੀ ਜਿੱਤਿਆ ਸੀ। ਸਾਈਨਾ ਨੇਹਵਾਲ ਦੇ ਬਾਅਦ ਇਹ ਕੀਰਤੀਮਾਨ ਸਥਾਪਿਤ ਕਰਨ ਵਾਲਾ ਮੈਂ ਦੂਜਾ ਭਾਰਤੀ ਸੀ। ਮੇਰੇ ਕੈਰੀਅਰ ਦੀ ਬੈਸਟ ਰੈਕਿੰਗ ਤਿੰਨ ਸੀ ਅਤੇ ਮੈਂ ਪੂਰੇ ਇਕ ਸਾਲ ਤੱਕ ਵਿਸ਼ਵ ਦੇ ਟੌਪ ਚਾਰ ਖਿਡਾਰੀਆਂ ਵਿਚ ਸ਼ਾਮਿਲ ਸੀ। ਨੇਹਵਾਲ ਤੇ ਸਿੰਧੂ ਨੇ ਨਿਸ਼ਚਤ ਤੌਰ 'ਤੇ ਉਲੰਪਿਕ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਤਗਮੇ ਵੀ ਜਿੱਤੇ ਹਨ, ਪਰ ਪੁਰਸ਼ ਖਿਡਾਰੀ ਕਦੀ ਵੀ ਉਨ੍ਹਾਂ ਦੇ ਪਰਛਾਵੇਂ ਵਿਚ ਨਹੀਂ ਸਨ।'
ਸ੍ਰੀਕਾਂਤ ਦੇ ਇਸ ਬਿਆਨ 'ਤੇ ਬਹਿਸ ਕੀਤੀ ਜਾ ਸਕਦੀ ਹੈ, ਪਰ ਫਿਲਹਾਲ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਹਾਂ-ਪੱਖੀ ਨੂੰ ਦੇਖੀਏ ਤਾਂ ਪਹਿਲੀ ਵਾਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਵਿਚ ਸਾਨੂੰ ਪਹਿਲੀ ਵਾਰ ਦੋਵਾਂ ਪੁਰਸ਼ ਤੇ ਮਹਿਲਾ ਵਰਗ ਵਿਚ ਤਗਮੇ ਹਾਸਿਲ ਹੋ ਸਕਦੇ ਹਨ। ਉਂਝ ਸਿੰਧੂ ਪਹਿਲਾਂ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ ਜਿੱਤ ਚੁੱਕੀ ਹੈ। ਵਿਸ਼ਵ ਚੈਂਪੀਅਨਸ਼ਿਪ ਗਲਾਸਗੋ ਵਿਚ 21 ਤੋਂ 27 ਅਗਸਤ ਤੱਕ ਆਯੋਜਿਤ ਹੋਵੇਗਾ। ਫਿਲਹਾਲ ਵਿਸ਼ਵ ਦੇ ਟੌਪ 35 ਖਿਡਾਰੀ ਇਸ ਲਈ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਕੋਈ ਵੀ ਨਤੀਜਾ ਸੰਭਵ ਹੈ, ਜਿਵੇਂ ਭਾਰਤ ਦੇ ਐਚ. ਐਸ. ਪ੍ਰਨੋਏ ਦੀ ਵਿਸ਼ਵ ਰੈਂਕਿੰਗ 29 ਹੈ, ਪਰ ਇੰਡੋਨੇਸ਼ੀਆ ਓਪਨ ਵਿਚ ਦੋ ਵੱਡੇ ਖਿਡਾਰੀਆਂ (ਵਿਸ਼ਵ ਵਿਚ ਸਾਬਕਾ ਨੰਬਰ ਵੰਨ ਲੀ ਚੋਂਗ ਵੇਈ ਤੇ ਉਲੰਪਿਕ ਚੈਂਪੀਅਨ ਚੇਨ ਲਾਂਗ) ਨੂੰ ਦੋ ਲਗਾਤਾਰ ਮੈਚਾਂ ਵਿਚ ਹਰਾਇਆ ਸੀ। ਸ੍ਰੀਕਾਂਤ ਨੇ ਚੇਨ ਲਾਂਗ ਨੂੰ ਹੀ ਹਰਾ ਕੇ ਆਸਟ੍ਰੇਲੀਆ ਓਪਨ ਜਿੱਤਿਆ ਸੀ।
ਸ੍ਰੀਕਾਂਤ ਨੇ ਪਿਛਲੇ ਦਿਨੀਂ ਅੱਠ ਦਿਨ ਦੇ ਅੰਦਰ ਲਗਾਤਾਰ ਦੋ ਬੈਡਮਿੰਟਨ ਪ੍ਰਤੀਯੋਗਤਾਵਾਂ ਜਿੱਤੀਆਂ ਹਨ-ਪਹਿਲੀ ਇੰਡੋਨੇਸ਼ੀਆ ਓਪਨ ਅਤੇ ਫਿਰ ਆਸਟ੍ਰੇਲੀਆ ਓਪਨ। ਸ੍ਰੀਕਾਂਤ ਲਈ ਸਫਲਤਾ ਕੋਈ ਨਵੀਂ ਗੱਲ ਨਹੀਂ ਹੈ, ਪਰ ਸਿਡਨੀ ਵਿਚ ਉਨ੍ਹਾਂ ਨੇ ਦਿਖਾਇਆ ਕਿ ਉਹ ਮਜ਼ਬੂਤ ਖਿਡਾਰੀਆਂ 'ਤੇ ਵੀ ਆਪਣਾ ਪ੍ਰਭਾਵ ਜਮਾ ਰਹੇ ਹਨ ਅਤੇ ਪੰਜ ਮੈਚਾਂ ਵਿਚ ਇਨਾਮ ਆਪਣੇ ਨਾਂਅ ਕਰਨ ਵਿਚ ਉਨ੍ਹਾਂ ਨੇ ਸਿਰਫ਼ ਇਕ ਸੈੱਟ ਛੱਡਿਆ। ਇਸ ਤੋਂ ਵੀ ਵੱਧ ਕੇ ਗੱਲ ਇਹ ਹੈ ਕਿ ਸ੍ਰੀਕਾਂਤ, ਪ੍ਰਨੋਏ ਤੇ ਪ੍ਰਨੀਥ ਦੇ ਨਾਲ ਉਨ੍ਹਾਂ ਭਾਰਤੀ ਖਿਡਾਰੀਆਂ ਵਿਚ ਸ਼ਾਮਿਲ ਹੈ ਜੋ ਇਸ ਪੱਧਰ ਵਿਚ ਇਲੀਟ ਖਿਡਾਰੀਆਂ ਨੂੰ ਹਰਾ ਰਹੇ ਹਨ।
ਔਰਤ ਵਰਗ ਵਿਚ ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਨੇ ਆਪਣੀ ਮਜ਼ਬੂਤ ਚੁਣੌਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਸ ਦ੍ਰਿਸ਼ਟੀ ਨੂੰ ਦੇਖੀਏ ਤਾਂ ਭਾਰਤੀ ਬੈਡਮਿੰਟਨ ਦੇ ਖਾਤੇ ਵਿਚ ਇਸ ਸਮੇਂ ਸੰਸਾਰ ਦੇ ਮਹਾਨ ਖਿਡਾਰੀ ਮੌਜੂਦ ਹਨ। ਪਿਛਲੇ ਦਿਨਾਂ ਦੀ ਸਭ ਤੋਂ ਵੱਡੀ ਸਫਲਤਾ ਪੁਰਸ਼ ਸ਼ਟਲਰਜ਼ ਦੀ ਨਿਰੰਤਰਤਾ ਰਹੀ ਹੈ ਕਿ ਹਰ ਕਿਸੇ ਨੂੰ ਵਿਸ਼ਵਾਸ ਹੈ ਕਿ ਉਹ ਦੂਜੇ ਤੋਂ ਅੱਗੇ ਨਿਕਲ ਸਕਦਾ ਹੈ। ਇਹ ਸਿਹਤਮੰਦ ਮੁਕਾਬਲੇਬਾਜ਼ੀ, ਜਿਸ ਵਿਚ ਹੌਸਲਾ ਤੇ ਪਰੀਪੱਕਤਾ ਵੀ ਸ਼ਾਮਿਲ ਹੈ, ਹੁਣ ਕੋਰਟ 'ਤੇ ਵੀ ਦਿਖਾਈ ਦੇ ਰਹੀ ਹੈ ਅਤੇ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਇਨ੍ਹਾਂ ਖਿਡਾਰੀਆਂ ਦੀ ਸਫਲਤਾ ਵਿਚ ਗੋਪੀਚੰਦ ਦੀ ਭੂਮਿਕਾ ਨੂੰ ਹਰ ਕੋਈ ਜਾਣਦਾ ਹੈ, ਪਰ ਇਹ ਗੱਲ ਘੱਟ ਲੋਕ ਜਾਣਦੇ ਹਨ ਕਿ ਇੰਡੋਨੇਸ਼ੀਆ ਦੇ ਕੋਚ ਮੁੱਲਿਓ ਇੰਦਿਓ ਨੇ ਵੀ ਇਨ੍ਹਾਂ 'ਤੇ ਡੂੰਘੀ ਛਾਪ ਛੱਡੀ ਹੈ, ਖ਼ਾਸ ਕਰਕੇ ਇਸ ਖੇਤਰ ਵਿਚ ਮੈਚ ਦੇ ਤਣਾਅਪੂਰਨ ਪਲਾਂ ਵਿਚ ਵੀ ਖਿਡਾਰੀ ਸਪੱਸ਼ਟ ਸੋਚ ਸਕੇ, ਨਤੀਜਤਨ ਭਾਰਤੀ ਖਿਡਾਰੀ ਹੁਣ ਆਪਣੇ ਨਾਮਵਰ ਮੁਕਾਬਲੇਬਾਜ਼ਾਂ ਦੇ ਸਾਹਮਣੇ ਵੀ 'ਚੋਕ' ਨਹੀਂ ਕਰਦੇ ਹਨ, ਇਸ ਲਈ ਇਹ ਹੈਰਾਨੀ ਨਹੀਂ ਹੈ ਕਿ ਸਾਰੇ ਪ੍ਰਮੁੱਖ ਵਿਦੇਸ਼ੀ ਖਿਡਾਰੀ ਘੱਟ ਤੋਂ ਘੱਟ ਇਕ ਵਾਰ ਭਾਰਤੀ ਖਿਡਾਰੀਆਂ ਤੋਂ ਹਾਰ ਚੁੱਕੇ ਹਨ, ਵਰਤਮਾਨ ਫੋਰਮ ਨੂੰ ਦੇਖਦੇ ਹੋਏ ਇਸ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਘੱਟ ਤੋਂ ਘੱਟ ਇਕ ਤਗਮਾ ਪੁਰਸ਼ ਤੇ ਮਹਿਲਾ ਵਰਗ ਦੇ ਸਿੰਗਲਜ਼ ਵਿਚ ਭਾਰਤੀ ਖਿਡਾਰੀਆਂ ਤੋਂ ਉਮੀਦ ਕਰਨਾ ਕੋਈ ਅਨੋਖੀ ਉਮੀਦ ਨਹੀਂ ਹੋਵੇਗੀ।

-ਇਮੇਜ ਰਿਫਲੈਕਸ਼ਨ ਸੈਂਟਰ

ਖੇਡ ਭਾਵਨਾਵਾਂ ਨੂੰ ਉਤਸ਼ਾਹਤ ਕਰਨ ਦੀ ਲੋੜ

ਅਜੋਕੇ ਆਧੁਨਿਕ, ਤੇਜ਼-ਤਰਾਰ ਯੁੱਗ ਦੇ ਚਲਦਿਆਂ ਜਿਥੇ ਖੇਡਾਂ ਦਾ ਪ੍ਰਚਾਰ-ਪਸਾਰ ਅਖ਼ਬਾਰਾਂ, ਰਸਾਲਿਆਂ, ਟੀ. ਵੀ. ਅਤੇ ਸੋਸ਼ਲ ਮੀਡੀਆ 'ਤੇ ਬਾਖੂਬੀ ਹੋ ਰਿਹਾ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ, ਖੇਡ ਜਥੇਬੰਦੀਆਂ ਵੱਲੋਂ ਆਪਣੇ ਖਿਡਾਰੀਆਂ-ਖੇਡਾਂ ਨੂੰ ਹੋਰ ਪ੍ਰਫੁਲਤ ਕਰਨ ਲਈ ਨਿੱਤ ਦਿਨ ਕਾਰਗਰ ਕਦਮ ਵੀ ਚੁੱਕੇ ਜਾ ਰਹੇ ਹਨ। ਪਹਿਲਾਂ ਖੇਡਾਂ ਦਾ ਮਕਸਦ ਹੁੰਦਾ ਸੀ ਕਿ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਹੋਵੇ, ਵੱਖ-ਵੱਖ ਭਾਈਚਾਰਿਆਂ, ਦੇਸ਼ਾਂ ਦੇ ਲੋਕਾਂ ਵਿਚ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝਾਂ ਪੈਦਾ ਹੋਣ ਪਰ ਤ੍ਰਾਸਦੀ ਵਾਲੀ ਗੱਲ ਹੈ ਕਿ ਅੱਜ ਖੇਡਾਂ ਦਾ ਮਕਸਦ ਸਿਰਫ ਜਿੱਤਣ-ਜਿਤਾਉਣ, ਕਰੋ ਜਾਂ ਮਰੋ ਅਤੇ ਖੇਡ ਸਟੇਡੀਅਮ ਨੂੰ ਜੰਗ ਦਾ ਮੈਦਾਨ ਬਣਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਲਗਦਾ ਹੈ। ਦਰਅਸਲ ਜੇ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਅੱਜ ਪਿੰਡ ਪੱਧਰ ਤੋਂ ਲੈ ਕੇ ਜ਼ਿਲ੍ਹਾ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਖਿਡਾਰੀਆਂ ਕੋਲ ਹਾਰ ਬਰਦਾਸ਼ਤ ਕਰਨ ਦਾ ਮਾਦਾ ਹੀ ਨਹੀਂ ਰਿਹਾ। ਉਹ ਹਾਰ ਤੋਂ ਬਚਣ ਲਈ ਨਸ਼ੇ ਖਾਣ ਅਤੇ ਹੋਰ ਖੇਡਾਂ ਸਬੰਧੀ ਅਨੁਸ਼ਾਸਨਿਕ ਨਿਯਮਾਂ ਨੂੰ ਤੋੜਨ ਜਿਹੇ ਘ੍ਰਿਣਾਤਮਕ ਕੰਮ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਕਈ ਵਾਰ ਦੇਖਣ-ਸੁਣਨ ਨੂੰ ਮਿਲਿਆ ਹੈ ਕਿ ਜਿੱਤ ਚੁੱਕੇ ਖਿਡਾਰੀਆਂ ਨੂੰ ਨਸ਼ੇ, ਅਨੁਸ਼ਾਸਨ ਭੰਗ ਕਰਨ ਆਦਿ ਸਦਕਾ ਸਜ਼ਾ ਵਜੋਂ ਉਨ੍ਹਾਂ ਦੇ ਤਗਮੇ ਵੀ ਵਾਪਸ ਲੈ ਲਏ ਗਏ ਹਨ। ਇਨ੍ਹਾਂ ਪਿੱਛੇ ਸ਼ਾਇਦ ਖਿਡਾਰੀਆਂ ਦੀ ਪਦਾਰਥ-ਸਵਾਰਥਵਾਦੀ ਅਤੇ ਰਾਤੋ-ਰਾਤ ਅਮੀਰ ਬਣਨ ਦੀ ਸੋਚ, ਲਾਲਸਾ, ਭਾਵਨਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਕਿਉਂਕਿ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰੀ ਜੇਤੂ ਖਿਡਾਰੀਆਂ ਨੂੰ ਸਰਕਾਰਾਂ-ਦਰਸ਼ਕਾਂ ਵੱਲੋਂ ਕਾਫੀ ਮਾਣ-ਸਤਿਕਾਰ ਤੋਂ ਇਲਾਵਾ ਅਮੀਰ ਵਪਾਰਕ ਕੰਪਨੀਆਂ ਵੱਲੋਂ ਇਸ਼ਤਿਹਾਰਬਾਜ਼ੀ ਦੇ ਸੱਦੇ ਵੀ ਮਿਲਦੇ ਹਨ, ਜਿਸ ਸਦਕਾ ਖਿਡਾਰੀ ਰਾਤੋ-ਰਾਤ ਹੀ ਪੈਸਾ ਅਤੇ ਸ਼ੋਹਰਤ ਕਮਾਉਣ ਦੇ ਸਮਰੱਥ ਹੋ ਜਾਂਦੇ ਹਨ।
ਅੱਜ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਚੱਲ ਰਹੇ ਕ੍ਰਿਕਟ ਮੈਚਾਂ ਦੌਰਾਨ ਖੇਡਣ ਗਈ ਟੀਮ ਦੇ ਦੇਸ਼ ਵਾਲੇ ਦਰਸ਼ਕ ਸਿਰਫ ਜਿੱਤ ਦੀ ਭਾਵਨਾ ਤਹਿਤ ਮੈਚ ਨੂੰ ਰੇਡੀਓ, ਟੀ. ਵੀ. 'ਤੇ ਸੁਣਦੇ-ਦੇਖਦੇ ਹਨ। ਉਨ੍ਹਾਂ ਦੀ ਦਿਲਚਸਪੀ ਖੇਡ ਦੇਖਣ-ਸੁਣਨ ਨਾਲੋਂ ਕਿਤੇ ਵੱਧ ਆਪਣੇ ਦੇਸ਼ ਦੀ ਟੀਮ ਦੀ ਜਿੱਤ-ਹਾਰ ਨਾਲ ਹੀ ਹੁੰਦੀ ਹੈ। ਮੰਨ ਲਵੋ ਜੇ ਭਾਰਤ-ਪਾਕਿਸਤਾਨ ਕ੍ਰਿਕਟ ਟੀਮ ਦਾ ਸਿੱਧਾ ਪ੍ਰਸਾਰਨ ਚੱਲ ਰਿਹਾ ਹੈ ਤਾਂ ਟੀ. ਵੀ. ਮੂਹਰੇ ਜੁੜੇ ਦਰਸ਼ਕਾਂ ਦਾ ਜਨੂੰਨ ਅਕਸਰ ਹੀ ਲੋੜੋਂ ਵੱਧ ਭਾਸਦਾ ਹੈ। ਜਦ ਕੋਈ ਭਾਰਤੀ ਖਿਡਾਰੀ ਲਗਾਤਾਰ ਸਕੋਰ ਬਟੋਰ ਰਿਹਾ ਹੋਵੇ ਤਾਂ ਸਾਰੇ ਵਾਹ-ਵਾਹ ਕਰਦਿਆਂ ਖੁਸ਼ ਹੁੰਦੇ ਹਨ ਪਰ ਜਦ ਕੋਈ ਪਾਕਿਸਤਾਨੀ ਖਿਡਾਰੀ ਚੰਗਾ ਖੇਡ ਰਿਹਾ ਹੋਵੇ ਤਾਂ ਸਭ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਜਲਦੀ ਹੀ ਆਊਟ ਹੋ ਜਾਵੇ। ਅਜਿਹੀ ਸਥਿਤੀ ਵਿਚ ਦਰਸ਼ਕਾਂ ਲਈ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਹੀ ਭਾਸ ਰਿਹਾ ਹੁੰਦਾ ਹੈ। ਅਕਸਰ ਹੀ ਭਾਰਤ, ਪਾਕਿਸਤਾਨ ਦੋਵਾਂ ਦੇਸ਼ਾਂ ਦੇ ਦਰਸ਼ਕ, ਹਮਾਇਤੀ ਅਤੇ ਖਿਡਾਰੀ ਇਸ ਸਮੇਂ ਆਪੋ-ਆਪਣੀ ਟੀਮ ਦੇ ਹੱਕ 'ਚ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਮੈਚਾਂ ਨੂੰ ਜੰਗ ਦਾ ਮੈਦਾਨ ਵਾਂਗ ਲੈਂਦੇ ਹਨ। ਹੋਰ ਤਾਂ ਹੋਰ, ਅਜਿਹੇ ਮੈਚ ਸਮੇਂ ਦੋਵੇਂ ਦੇਸ਼ਾਂ ਦੀ ਵਧੇਰੇ ਵਸੋਂ ਵਾਲੇ ਖੇਤਰਾਂ, ਖੇਡ ਸਟੇਡੀਅਮ ਨਜ਼ਦੀਕ ਕਿਸੇ ਭੜਕਾਹਟ, ਅਣਕਿਆਸੇ ਟਕਰਾਅ ਦੇ ਡਰੋਂ ਪਹਿਲਾਂ ਹੀ ਪੁਲਿਸ ਨੂੰ ਸਤਰਕ ਕਰ ਦਿੱਤਾ ਜਾਂਦਾ ਹੈ।
ਤਾਜ਼ਾ ਮਿਸਾਲ ਸਾਹਮਣੇ ਹੈ ਕਿ ਲੰਦਨ ਦੇ ਬਰਮਿੰਘਮ ਸ਼ਹਿਰ ਵਿਚ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੌਰਾਨ ਭਾਰਤ ਦੀ ਹਾਰ ਅਤੇ ਪਾਕਿਸਤਾਨ ਦੀ ਜਿੱਤ ਹੋਈ ਤਾਂ ਦੇਸ਼-ਵਿਦੇਸ਼ 'ਚ ਕਈ ਥਾਂ ਭਾਰਤੀ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਤੋਂ ਨਿਰਾਸ਼ ਹੁੰਦਿਆਂ ਭਾਰਤੀ ਦਰਸ਼ਕਾਂ-ਲੋਕਾਂ ਨੇ ਖੂਬ ਰੌਲਾ-ਰੱਪਾ ਪਾਇਆ। ਸੋਸ਼ਲ ਮੀਡੀਆ ਉੱਪਰ ਕਈ ਗ਼ਲਤ-ਅਸ਼ਲੀਲ ਕਿਸਮ ਦੇ ਮੈਸੇਜ-ਵੀਡੀਓਜ਼ ਪਾਏ ਗਏ। ਲੰਡਨ ਦੇ ਸ਼ਹਿਰ ਸਾਊਥਾਲ ਵਿਚ ਜਦ ਪਾਕਿਸਤਾਨ ਹਮਾਇਤੀਆਂ ਨੇ ਪਾਕਿ ਝੰਡੇ ਲਹਿਰਾ ਕੇ ਨਾਅਰੇਬਾਜ਼ੀ ਕੀਤੀ ਤਾਂ ਪ੍ਰਤੀਕਰਮ ਵਜੋਂ ਦੋਵੇਂ ਦੇਸ਼ਾਂ ਦੇ ਲੋਕਾਂ ਵਿਚ ਇੱਕਾ-ਦੁੱਕਾ ਹਿੰਸਕ ਪ੍ਰਦਰਸ਼ਨ ਤੱਕ ਵੀ ਹੋਏ, ਜਿਸ ਨੂੰ ਕੰਟਰੋਲ ਕਰਨ ਲਈ ਉਥੋਂ ਦੀ ਪੁਲਿਸ ਨੂੰ ਜੱਦੋ-ਜਹਿਦ ਕਰਨੀ ਪਈ।
ਅਕਸਰ ਹੀ ਦੇਖਦੇ ਹਾਂ ਕਿ ਜੇਤੂ ਟੀਮ ਦੇ ਸਪੇਅਰ ਖਿਡਾਰੀਆਂ ਨੂੰ ਵੀ ਲੋਕ ਮੋਢਿਆਂ 'ਤੇ ਚੁੱਕਣ ਤਾਈਂ ਜਾਂਦੇ ਹਨ ਪਰ ਹਾਰਨ ਵਾਲੀ ਟੀਮ ਦੇ ਚੰਗੇ ਖਿਡਾਰੀ ਦੀ ਕੋਈ ਬਾਤ ਵੀ ਨਹੀਂ ਪੁੱਛਦਾ। ਜਦ ਕਿਸੇ ਦੇਸ਼ ਦੀ ਮੁੱਖ ਟੀਮ ਮੈਚ ਜਿੱਤ ਕੇ ਦੂਜੇ ਦੇਸ਼ ਤੋਂ ਵਾਪਸ ਪਰਤਦੀ ਹੈ ਤਾਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰਕੇ, ਹਾਰ ਪਾ ਕੇ, ਜੈ ਜੈ ਕਾ ਕਰਦਿਆਂ ਸਵਾਗਤ ਕਰਦੇ ਹਨ ਪਰ ਜੇ ਉਹ ਹਾਰ ਕੇ ਆਈ ਹੈ ਤਾਂ ਉਨ੍ਹਾਂ ਉੱਪਰ ਇੱਟਾਂ, ਰੋੜੇ, ਟਮਾਟਰ ਤੱਕ ਵਰਸਾਏ ਜਾ ਸਕਦੇ ਹਨ, ਜਿਸ ਤੋਂ ਡਰਦਿਆਂ ਉਨ੍ਹਾਂ ਨੂੰ ਕਈ ਵਾਰ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਅਛੋਪਲੇ ਜਿਹੇ ਹੀ ਲਿਜਾਇਆ ਜਾਂਦਾ ਹੈ। ਰਹਿੰਦੀ-ਖੂੰਹਦੀ ਕਸਰ ਖੇਡਾਂ-ਖਿਡਾਰੀਆਂ ਉੱਪਰ ਸੱਟਾ ਲਾਉਣ ਵਾਲੇ ਕੱਢ ਛੱਡਦੇ ਹਨ, ਕਿਉਂਕਿ ਜਿਨ੍ਹਾਂ ਆਪਣੀ ਕਮਾਈ ਕਿਸੇ ਟੀਮ ਦੀ ਹਾਰ-ਜਿੱਤ ਉੱਪਰ ਲਗਾਈ ਹੁੰਦੀ ਹੈ, ਉਹ ਤਾਂ ਸਿਰਫ ਖੇਡਾਂ ਨੂੰ ਆਪਣੀ ਕਮਾਈ ਦਾ ਸਾਧਨ ਹੀ ਮੰਨਦੇ ਹਨ।
'ਸੌ ਹੱਥ ਰੱਸਾ-ਸਿਰੇ 'ਤੇ ਗੰਢ' ਵਾਲੀ ਤਾਂ ਗੱਲ ਇਹ ਹੈ ਕਿ ਖੇਡਾਂ ਪ੍ਰਤੀ ਖੇਡ ਭਾਵਨਾ ਦਾ ਘਟਦੇ ਜਾਣਾ ਅਤੇ ਖੇਡਾਂ ਨੂੰ ਜੰਗ ਦੇ ਮੈਦਾਨ ਦੀ ਪਰਿਭਾਸ਼ਾ ਦੇਣਾ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਖੇਡਾਂ ਵਿਚ ਹਾਰ-ਜਿੱਤ ਤਾਂ ਇਕੋ ਸਿੱਕੇ ਦੇ ਦੋ ਪਾਸੇ ਹਨ। ਜੇ ਇਕ ਟੀਮ ਜਿੱਤਦੀ ਹੈ ਤਾਂ ਦੂਜੀ ਨੇ ਹਾਰਨਾ ਹੀ ਹੈ। ਖੇਡਾਂ ਤਾਂ ਮਨੁੱਖਤਾ ਨੂੰ ਆਪਸ ਵਿਚ ਜੋੜਨ, ਭਾਈਚਾਰਕ ਸਾਂਝਾਂ ਪੱਕੀਆਂ ਕਰਨ, ਆਪਸੀ ਪ੍ਰੇਮ-ਪਿਆਰ ਵਧਾਉਣ ਅਤੇ ਅਨੁਸ਼ਾਸਨ ਵਿਚ ਚੱਲਣਾ ਸਿਖਾਉਣ ਲਈ ਬਣੀਆਂ ਹਨ। ਮੰਨ ਲਵੋ, ਅੱਜ ਜੋ ਖਿਡਾਰੀ ਹਾਰੇ ਹਨ, ਜੇ ਉਨ੍ਹਾਂ ਦਾ ਨਿਰਾਦਰ ਕਰਕੇ ਉਨ੍ਹਾਂ ਵਿਚ ਹੀਣ ਭਾਵਨਾ, ਨਿਰਾਸ਼ਾ ਭਰਨ ਦੀ ਬਜਾਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇ ਤਾਂ ਉਨ੍ਹਾਂ ਦੀ ਹੋਈ ਹੌਸਲਾ-ਅਫ਼ਜ਼ਾਈ ਸਦਕਾ ਉਹ ਅੱਗੇ ਤੋਂ ਹੋਰ ਵੀ ਮਿਹਨਤ ਕਰਕੇ ਕੋਈ ਵਡੇਰੀ ਜਿੱਤ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਬੁਲੰਦੀਆਂ ਤੱਕ ਜ਼ਰੂਰ ਹੀ ਪਹੁੰਚਾਉਣਗੇ।

ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 70870-48140

ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਤੇ ਕੁਮੈਂਟਰੀ ਕਲਾ

ਖੇਡ ਜਗਤ ਅੰਦਰ ਕਿਸੇ ਵੀ ਖੇਡ ਦਾ ਅਨਿੱਖੜਵਾਂ ਅੰਗ ਹੈ ਕੁਮੈਂਟਰੀ ਕਲਾ। ਦੁਨੀਆ ਭਰ ਦੀ ਹਰ ਖੇਡ ਵਿਚ ਕੁਮੈਂਟਰੀ ਕਲਾ ਦਾ ਗੂੜ੍ਹਾ ਵਾਸਾ ਹੈ। ਕੁਮੈਂਟਰੀ ਤੋਂ ਬਿਨਾਂ ਕੋਈ ਵੀ ਖੇਡ ਅਧੂਰੀ ਜਾਪਦੀ ਹੈ। ਕੁਮੈਂਟਰੀ ਨਾਲ ਹਰ ਖੇਡ ਦੇ ਖਿਡਾਰੀ ਵਿਚ ਊਰਜਾ ਤੇ ਜਾਨੂੰਨ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਸਮੇਂ ਅੰਦਰ ਪੰਜਾਬੀਆਂ ਦੀ ਮਾਂ ਜਾਈ ਖੇਡ ਕਬੱਡੀ ਦਾ ਵੀ ਸ਼ਿੰਗਾਰ ਹੈ ਕੁਮੈਂਟਰੀ ਕਲਾ। ਖੇਡ ਗਰਾਊਂਡ ਅੰਦਰ ਕੁਮੈਂਟੇਟਰ ਜਿੱਥੇ ਮਜ਼ਬੂਤ ਜਿਸਮਾਨੀ ਅਜ਼ਾ ਦੇ ਮਾਲਕ ਪੰਜਾਬੀ ਗੱਭਰੂਆਂ ਦੀ ਖੇਡ ਅਤੇ ਸਰੀਰਕ ਬਲ ਤੇ ਬਣਤਰ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ, ਉੱਥੇ ਵੱਡੀ ਤਦਾਦ ਵਿਚ ਗਰਾਊਂਡ ਦੇ ਦੁਆਲੇ ਜੁੜੀ ਦਰਸ਼ਕਾਂ ਦੀ ਭੀੜ ਦਾ ਵੀ ਆਪਣੀ ਸਾਹਿਤਕ ਸ਼ਿਅਰੋ-ਸ਼ਾਇਰੀ ਅਤੇ ਪੰਜਾਬੀ ਦੀਆਂ ਲੋਕ ਕਹਾਵਤਾਂ, ਲੋਕ ਬੋਲੀਆਂ, ਅਖਾਣਾਂ ਤੇ ਮੁਹਾਵਰਿਆਂ ਨਾਲ ਖੂਬ ਮਨਪ੍ਰਚਾਵਾ ਕਰਦੇ ਹਨ। ਕ੍ਰਿਕਟ, ਹਾਕੀ ਤੇ ਹੋਰ ਰਾਸ਼ਟਰੀ-ਅੰਤਰਰਾਸ਼ਟਰੀ ਖੇਡਾਂ ਦੀ ਤਰਜ਼ 'ਤੇ ਨਿੱਜੀ ਇੰਟਰਨੈੱਟ ਸਾਈਟਾਂ ਵੱਲੋਂ ਕੇਵਲ ਨੈੱਟਵਰਕ ਦੇ ਜ਼ਰੀਏ ਕਬੱਡੀ ਮੈਚਾਂ ਦਾ ਸਿੱਧਾ ਪ੍ਰਸਾਰਨ ਹੋਣ ਨਾਲ ਕੁਮੈਂਟਰੀ ਕਲਾ ਖੇਡ ਕਬੱਡੀ ਦਾ ਅਟੁੱਟ ਹਿੱਸਾ ਬਣੀ ਹੈ। ਕੁਮੈਂਟਰੀ ਤੋਂ ਬਿਨਾਂ ਕਬੱਡੀ ਦਾ ਨਜ਼ਾਰਾ ਬੇਸੁਆਦਾ ਜਾਪਦਾ ਹੈ। ਕੁਮੈਂਟੇਟਰਾਂ ਦੀ ਸ਼ਮੂਲੀਅਤ ਨਾਲ ਖੇਡ ਮੇਲੇ ਦਾ ਵੱਖਰਾ ਹੀ ਰੰਗ ਬੱਝਦਾ ਹੈ, ਜਦ ਦਰਸ਼ਕਾਂ ਤੋਂ ਕਬੱਡੀ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਤਾੜੀਆਂ ਦੀ ਬਰਸਾਤ ਕਰਵਾਉਂਦੇ ਹੋਏ ਭੰਗੜੇ ਪਵਾਉਂਦੇ ਹਨ।
ਕਬੱਡੀ ਕੁਮੈਂਟਰੀ ਦਾ ਪਿਤਾਮਾ ਜੋਗਿੰਦਰ ਸਿੰਘ ਪੀ.ਟੀ. ਨੂੰ ਕਹਿ ਸਕਦੇ ਹਾਂ, ਕਿਉਂਕਿ ਪੰਜਾਬ ਦੀ ਧਰਤੀ 'ਤੇ ਹੁੰਦੇ ਸਭ ਤੋਂ ਵੱਡੇ ਖੇਡ ਮੇਲੇ ਕਿਲ੍ਹਾ ਰਾਏਪੁਰ ਤੋਂ ਜੋਗਿੰਦਰ ਸਿੰਘ ਪੀ.ਟੀ ਨੇ ਖੇਡ ਕਬੱਡੀ ਅੰਦਰ ਕੁਮੈਂਟਰੀ ਕਲਾ ਦਾ ਆਗਾਜ਼ ਕੀਤਾ। ਉਸ ਤੋਂ ਪਹਿਲਾਂ ਖੇਡ ਮੈਦਾਨਾਂ ਅੰਦਰ 'ਲਾਲ ਨਿੱਕਰ ਵਾਲਾ ਆ ਗਿਆ', 'ਪੀਲੀ ਨਿੱਕਰ ਵਾਲੇ ਨੇ ਹਰੀ ਨਿੱਕਰ ਵਾਲੇ ਨੂੰ ਜੱਫਾ ਲਾ ਦਿੱਤਾ' ਆਦਿ ਨਾਵਾਂ ਨਾਲ ਖਿਡਾਰੀਆਂ ਦੀ ਪਹਿਚਾਣ ਕਰਵਾਈ ਜਾਂਦੀ ਸੀ। ਪਰ ਅੱਜਕਲ ਕਬੱਡੀ ਕੁਮੈਂਟਰੀ ਦਾ ਮੁਹਾਂਦਰਾ ਬਿਲਕੁਲ ਬਦਲ ਚੁੱਕਾ ਹੈ ਤੇ ਸਮੇਂ ਅਨੁਸਾਰ ਕੁਮੈਂਟਰੀ ਦਾ ਨਵਾਂ ਰੂਪ ਕਬੱਡੀ ਪ੍ਰੇਮੀਆਂ ਨੂੰ ਬੇਹੱਦ ਪਸੰਦ ਵੀ ਆਇਆ ਹੈ, ਕਿਉਂਕਿ ਅੱਜ ਦੇ ਕੁਮੈਂਟੇਟਰ ਹਰ ਖਿਡਾਰੀ ਦੇ ਨਾਂਅ, ਮਾਤਾ-ਪਿਤਾ ਦੇ ਨਾਂਅ, ਪਿੰਡ ਦੇ ਨਾਂਅ, ਇਲਾਕੇ ਬਾਰੇ, ਖਿਡਾਰੀ ਦੇ ਉਸਤਾਦ, ਕੋਚ ਅਤੇ ਉਸ ਦੀ ਖੇਡ ਸ਼ੈਲੀ ਆਦਿ ਦੀ ਜਾਣਕਾਰੀ ਬਾਰੀਕੀ ਨਾਲ ਦਰਸ਼ਕਾਂ ਨਾਲ ਸਾਂਝੀ ਕਰਦੇ ਹੋਏ ਵਿਸਥਾਰ ਪੂਰਵਕ ਵੇਰਵਾ ਦਿੰਦੇ ਹਨ। ਦਾਰਾ ਸਿੰਘ ਗਰੇਵਾਲ ਤੇ ਗਿਆਨੀ ਹਰਜੀਤ ਸਿੰਘ ਵੀ ਆਪਣੇ ਸਮੇਂ 'ਚ ਕਬੱਡੀ ਦੇ ਚੰਗੇ ਕੁਮੈਂਟੇਟਰ ਹੋਏ, ਜਿਨ੍ਹਾਂ ਦੀ ਬਦੌਲਤ ਕਈ ਪੰਜਾਬੀ ਗੱਭਰੂਆਂ ਨੂੰ ਕੁਮੈਂਟਰੀ ਕਲਾ ਦੀ ਚਿਣਗ ਲੱਗੀ। ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਢੁੱਡੀਕੇ ਨੇ ਖੇਡ ਕਬੱਡੀ ਦੀਆਂ ਭਾਵਪੂਰਤ ਲਿਖਤਾਂ ਦੇ ਨਾਲ-ਨਾਲ ਵਿਦੇਸ਼ਾਂ ਅੰਦਰ ਹੁੰਦੇ ਕਈ ਅਹਿਮ ਮੈਚਾਂ ਵਿਚ ਇਕ ਸਕਾਰਾਤਮਿਕ ਕਬੱਡੀ ਕੁਮੈਂਟੇਟਰ ਵਜੋਂ ਖੂਬ ਰੰਗ ਬੰਨ੍ਹੇ।
ਰੂਹ ਟੁੰਬਦੀ ਸਰਲ ਸ਼ਬਦਾਵਲੀ ਤੇ ਮਿੱਠੇ ਬੋਲਾਂ ਨਾਲ ਸਹਿਜ ਭਰੀ ਸ਼ਖ਼ਸੀਅਤ ਦੇ ਮਾਲਕ ਪ੍ਰੋ: ਮੱਖਣ ਸਿੰਘ ਹਕੀਮਪੁਰ ਨੇ ਕੁਮੈਂਟਰੀ ਕਲਾ ਨੂੰ ਨਿਵੇਕਲੀ ਦਿੱਖ ਦਿੰਦਿਆਂ ਜਿੱਥੇ ਸ਼ਾਇਰਾਨਾ, ਸਾਹਿਤਕ ਤੇ ਜਾਨਦਾਰ ਬਣਾਇਆ, ਉੱਥੇ ਇਸ ਕਲਾ ਨੂੰ ਕਿੱਤਾਮੁਖੀ ਬਣਾਉਣ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ। ਅੱਜ ਅਨੇਕਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਕੁਮੈਂਟਰੀ ਕਲਾ ਸਦਕਾ ਮਿਲੇ ਆਰਥਿਕ ਹੁਲਾਰੇ ਨਾਲ ਆਪਣੀ ਪਰਿਵਾਰ ਰੂਪੀ ਗੱਡੀ ਨੂੰ ਸਫ਼ਲਤਾਪੂਰਵਕ ਚਲਾ ਰਹੇ ਹਨ, ਤਾਹੀਓਂ ਅਜੋਕੇ ਦੌਰ ਦੇ ਸਥਾਪਿਤ ਤੇ ਸਿਖਾਂਦਰੂ ਕੁਮੈਂਟੇਟਰ ਮੱਖਣ ਸਿੰਘ ਹਕੀਮਪੁਰ ਨੂੰ ਕਬੱਡੀ ਕੁਮੈਂਟਰੀ ਦੇ ਬਾਬਾ ਬੋਹੜ ਦੇ ਖ਼ਿਤਾਬ ਨਾਲ ਨਿਵਾਜਦੇ ਹੋਏ ਉਸ ਨੂੰ ਆਪਣਾ ਮਾਰਗ ਦਰਸ਼ਕ ਤੇ ਉਸਤਾਦ ਵੀ ਮੰਨਦੇ ਹਨ। ਗੁਰਪ੍ਰੀਤ ਬੇਰ ਕਲਾਂ, ਮੱਖਣ ਅਲੀ, ਸੁਖਵੀਰ ਚੌਹਾਨ, ਰੁਪਿੰਦਰ ਜਲਾਲ, ਅਮਨ ਲੋਪੋ ਅੱਜ ਦੇ ਸਮੇਂ ਦੇ ਸ਼ਾਹਕਾਰ ਤੇ ਉੱਚ ਦੁਮਾਲੜੇ ਕਬੱਡੀ ਕੁਮੈਂਟੇਟਰ ਹਨ। ਇਨ੍ਹਾਂ ਦੀ ਹਾਜ਼ਰੀ ਬਿਨਾਂ ਪੰਜਾਬ ਦੇ ਵੱਡੇ-ਵੱਡੇ ਕਬੱਡੀ ਮੇਲੇ ਅਧੂਰੇ ਜਾਪਦੇ ਹਨ। ਦਰਸ਼ਕ ਕਬੱਡੀ ਮੈਚ ਦੇਖਣ ਦੀ ਬਜਾਏ ਇਨ੍ਹਾਂ ਦੇ ਠੇਠ ਪੰਜਾਬੀ ਵਿਚ ਬੋਲੇ ਟੋਟਕਿਆਂ ਦਾ ਰੱਜ ਕੇ ਲੁਤਫ ਲੈਂਦੇ ਹਨ। ਅੱਜਕਲ੍ਹ ਨਾਮੀ ਕਬੱਡੀ ਖਿਡਾਰੀਆਂ ਵਾਂਗ ਕਬੱਡੀ ਦੇ ਕੁਮੈਂਟੇੇਟਰਾਂ ਨੂੰ ਵੀ ਚੋਖਾ ਮਿਹਨਤਾਨਾ ਮਿਲਦਾ ਹੈ ਅਤੇ ਚੰਗੇ ਗਾਇਕਾਂ ਵਾਂਗੂੰ ਕਬੱਡੀ ਮੇਲਿਆਂ ਦੀਆਂ ਪਹਿਲਾਂ ਹੀ ਬੁਕਿੰਗਾਂ ਹੁੰਦੀਆਂ ਹਨ ਤੇ ਖਿਡਾਰੀਆਂ ਦੀ ਤਰਜ਼ 'ਤੇ ਵਿਦੇਸ਼ੀ ਕਬੱਡੀ ਪ੍ਰਮੋਟਰ ਕੁਮੈਂਟੇਟਰਾਂ ਨੂੰ ਵੀ ਆਪਣੇ ਸੱਦੇ 'ਤੇ ਵਿਦੇਸ਼ਾਂ ਦੀ ਧਰਤੀ ਉੱਪਰ ਹੁੰਦੇ ਵੱਡੇ ਕਬੱਡੀ ਮੁਕਾਬਲਿਆਂ 'ਚ ਆਪਣੀ ਕਲਾ ਬਿਖੇਰਨ ਦੇ ਸੁਨਹਿਰੀ ਮੌਕੇ ਪ੍ਰਦਾਨ ਕਰਦੇ ਹਨ।
ਖੇਡ ਮੈਦਾਨ ਅੰਦਰ ਕਬੱਡੀ ਬੁਲਾਰਾ ਸੂਤਰਧਾਰ ਵਜੋਂ ਕੰਮ ਕਰਦਾ ਹੈ ਤੇ ਉਸ ਦੀ ਅਹਿਮ ਭੂਮਿਕਾ ਮੰਨੀ ਹੁੰਦੀ ਹੈ। ਰੂਹ ਟੂੰਬਦੇ ਤੇ ਸਵਾਦਲੇ ਬੋਲਾਂ ਨਾਲ ਗਰਾਊਂਡ 'ਚ ਕਬੱਡੀ ਬੁਲਾਰਾ ਬਿਨਾਂ ਕਿਸੇ ਦੇ ਪ੍ਰਭਾਵ ਕਬੂਲਣ ਤੋਂ ਦ੍ਰਿੜ੍ਹ ਮਨ ਹੋ ਕੇ ਸੰਜੀਦਗੀ ਨਾਲ ਨਿੱਜ ਤੋਂ ਉੱਪਰ ਉੱਠ ਕੇ ਕਬੱਡੀ ਕੁਮੈਂਟਰੀ ਦੇ ਮਿਆਰ ਦੇ ਮੱਦੇਨਜ਼ਰ ਕਬੱਡੀ ਦੀ ਚੜ੍ਹਦੀ ਕਲਾ ਲਈ ਸਾਫ਼-ਸੁਥਰੀ ਭੂਮਿਕਾ ਨਿਭਾਉਣ, ਨਾ ਕਿ ਚੰਦ ਰੁਪਈਆਂ ਬਾਬਤ ਕਿਸੇ ਦੀ ਚਾਪਲੂਸੀ ਜਾਂ ਖੁਸ਼ਾਮਦ ਕਰਕੇ ਕੁਮੈਂਟਰੀ ਕਲਾ ਦੇ ਮਿਆਰ ਨੂੰ ਖੋਰਾ ਲਾਉਣ। ਹਰੇਕ ਕਬੱਡੀ ਬੁਲਾਰੇ ਨੂੰ ਕਬੱਡੀ ਤੋਂ ਇਲਾਵਾ ਹਰ ਵਿਸ਼ੇ 'ਤੇ ਬੋਲਣ ਦੀ ਜਾਚ ਜ਼ਰੂਰੀ ਹੋਣੀ ਚਾਹੀਦੀ ਹੈ, ਤਾਂ ਹੀ ਉਹ ਇਕ ਪ੍ਰਪੱਕ ਤੇ ਸਮਰੱਥ ਬੁਲਾਰਾ ਸਮਝਿਆ ਜਾਵੇਗਾ। ਪ੍ਰਿੰਸੀਪਲ ਗੰਗਾ ਸਿੰਘ ਅਨੁਸਾਰ ਜਦੋਂ ਅਸੀਂ ਬੋਲਣ ਦੇ ਬਲ ਦੇ ਸਾਧਨਾਂ ਵੱਲ ਧਿਆਨ ਮਾਰਦੇ ਹਾਂ ਤਾਂ ਸਾਨੂੰ ਕਈ ਸਾਧਨ ਦਿਸ ਆਉਂਦੇ ਹਨ। ਉਨ੍ਹਾਂ ਦੀ ਗਿਣਤੀ ਵਕੱਤਯ ਵਿੱਦਿਆ ਦੇ ਵਿਦਵਾਨਾਂ ਨੇ ਅੱਡੋ-ਅੱਡਰੀ ਮੰਨੀ ਹੈ ਪਰ ਉਹਨੂੰ ਪਹਿਲਾਂ ਤਿੰਨ ਵੱਡੇ ਹਿੱਸਿਆਂ ਵਿਚ ਵੰਡਿਆ ਹੈ-1. ਬੋਲਣ ਵਾਲੇ ਦੀ ਸ਼ਖ਼ਸੀਅਤ, 2. ਪਲੇਟਫਾਰਮ (ਬੋਲਣ ਦੀ ਜਗ੍ਹਾ), 3. ਵਿਆਖਿਆਨ। ਸ਼ਖ਼ਸੀਅਤ ਦੇ ਅੰਗ-ਹੌਸਲਾ, ਹਰਕਤਾਂ, ਲਿਬਾਸ, ਖੁਰਾਕ, ਅਭਿਆਸ। ਪਲੇਟਫਾਰਮ ਦੇ ਅੰਗ-ਇਕੱਠ ਦੀ ਥਾਂ, ਰੌਸ਼ਨੀ, ਹਵਾ, ਸਾਮਾਨ। ਵਿਆਖਿਆਨ ਦੇ ਅੰਗ-ਤਿਆਰੀ, ਮਜ਼ਮੂਨ, ਬੋਲੀ, ਜ਼ਬਾਨ ਦੀ ਸਰਲਤਾ, ਪ੍ਰਮਾਣ, ਪ੍ਰਮਾਣ ਦੀ ਵਿਆਖਿਆ, ਤਕਰੀਰ ਦਾ ਆਰੰਭ, ਖ਼ਤਮ ਕਰਨਾ, ਸਮੇਂ ਦੀ ਪਾਬੰਦੀ ਆਦਿ ਅਹਿਮ ਪਹਿਲੂਆਂ ਤੋਂ ਹਰ ਕਬੱਡੀ ਬੁਲਾਰੇ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ।
ਖੇਡ ਕਬੱਡੀ ਦੀ ਕੁਮੈਂਟਰੀ ਲਈ ਪਰ ਤੋਲ ਰਹੇ ਨੌਜਵਾਨ ਖੇਡਾਂ, ਸਾਹਿਤ, ਸੱਭਿਆਚਾਰ, ਧਰਮ ਤੇ ਸਮਾਜ ਆਦਿ ਨਾਲ ਸਬੰਧਤ ਕਿਤਾਬਾਂ, ਰਸਾਲੇ, ਮੈਗਜ਼ੀਨ ਤੇ ਅਖ਼ਬਾਰਾਂ ਨੂੰ ਵੱਧ ਤੋਂ ਵੱਧ ਪੜ੍ਹਨ, ਜਿਸ ਨਾਲ ਦੁਨੀਆ ਦੇ ਹਰ ਵਿਸ਼ੇ 'ਤੇ ਗੱਲ ਕਰਨ ਦੇ ਕਾਬਲ ਅਤੇ ਆਪਣੇ ਖੇਤਰ ਦੀ ਪ੍ਰਪੱਕ, ਨਿਪੁੰਨ ਤੇ ਗਿਆਨਵਾਨ ਸ਼ਖ਼ਸੀਅਤ ਬਣ ਸਕਣਗੇ। ਅਮਰੀਕ ਖੋਸਾ ਕੋਟਲਾ, ਸੁਖਰਾਜ ਰੋਡੇ, ਪਿਰਤਾ ਚੀਮਾ, ਬਿੱਟੂ ਸੈਦੋਕੇ, ਛੋਟਾ ਅਮਨ ਲੋਪੋ, ਦੀਪ ਨਥੇਹਾ, ਇਕਬਾਲ ਗਾਲਿਬ, ਜਸਵਿੰਦਰ ਆਸਾ ਬੁੱਟਰ, ਬਸੰਤ ਬਾਜਾਖਾਨਾ, ਬਿੱਟੂ ਚੱਕ, ਸੰਧੂ ਭਰਾ, ਮਨਦੀਪ ਕਾਲੀਏਵਾਲ ਆਦਿ ਕਬੱਡੀ ਖੇਤਰ ਦੇ ਸੁਥਰੀ ਸ਼ਬਦਾਵਲੀ ਵਾਲੇ ਉੱਭਰ ਰਹੇ ਬੁਲਾਰੇ ਹਨ, ਜਿਨ੍ਹਾਂ ਤੋਂ ਕਬੱਡੀ ਜਗਤ ਖਾਸੀਆਂ ਉਮੀਦਾਂ ਰੱਖਦਾ ਹੈ।

-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)। ਮੋਬਾ: 98147-45867

ਛੋਟੀ ਉਮਰ 'ਚ ਉਲੰਪਿਕ ਖੇਡਣ ਵਾਲਾ ਖਿਡਾਰੀ ਰਿੰਕੂ ਹੁੱਡਾ

'ਮੰਜ਼ਿਲ ਉਨਹੀ ਕੋ ਮਿਲਤੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ, ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੋਂ ਮੇਂ ਉਡਾਨ ਹੋਤੀ ਹੈ', ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਹੈ ਜੈਵਲਿਨ ਥਰੋ ਖਿਡਾਰੀ ਰਿੰਕੂ ਹੁੱਡਾ ਨੇ। ਰਿੰਕੂ ਹੁੱਡਾ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਹ ਭਾਰਤ ਦਾ ਇਕੋ-ਇਕ ਖਿਡਾਰੀ ਹੈ, ਜਿਸ ਨੂੰ 17 ਸਾਲ ਦੀ ਉਮਰ ਵਿਚ ਉਲੰਪਿਕ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੱਥੇ ਹੀ ਬਸ ਨਹੀਂ, ਵਰਲਡ ਚੈਂਪੀਅਨਸ਼ਿਪ ਵਿਚ ਖੇਡਣ ਵਾਲਾ ਵੀ ਇਹ ਖਿਡਾਰੀ ਸਭ ਤੋਂ ਘੱਟ ਉਮਰ ਦਾ ਜਾਣਿਆ ਜਾਂਦਾ ਹੈ। ਇਸ ਛੋਟੀ ਉਮਰ ਦੇ ਖਿਡਾਰੀ ਰਿੰਕੂ ਹੁੱਡਾ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਧਾਂਮੜ ਵਿਚ 1 ਜਨਵਰੀ, 1999 ਨੂੰ ਪਿਤਾ ਰੋਹਤਾਸ ਹੁੱਡਾ ਦੇ ਘਰ ਮਾਤਾ ਸਰੋਜ ਦੇਵੀ ਦੀ ਕੁੱਖੋਂ ਹੋਇਆ। ਰਿੰਕੂ ਅਜੇ 4 ਕੁ ਸਾਲ ਦਾ ਸੀ ਕਿ ਉਸ ਦੀ ਖੱਬੀ ਬਾਂਹ ਹਰਾ ਚਾਰਾ ਕੁਤਰਨ ਵਾਲੀ ਮਸ਼ੀਨ 'ਚ ਆ ਗਈ, ਜਿਸ ਦੌਰਾਨ ਉਸ ਦੀ ਮੋਢੇ ਤੋਂ ਹੇਠਾਂ ਬਾਂਹ ਕੱਟੀ ਗਈ ਅਤੇ ਸਦਾ ਲਈ ਉਹ ਅਪਾਹਜ ਹੋ ਗਿਆ।
ਰਿੰਕੂ ਨੇ ਬਚਪਨ ਸੰਭਾਲਿਆ ਅਤੇ ਪਰਮਾਤਮਾ ਦਾ ਭਾਣਾ ਮੰਨ ਆਪਣੀ ਮੰਜ਼ਿਲ ਤੈਅ ਕਰਨੀ ਸ਼ੁਰੂ ਕੀਤੀ। ਸਕੂਲ ਪੜ੍ਹਦੇ ਹੀ ਖੇਡਾਂ ਵਿਚ ਰੁਚੀ ਪੈਦਾ ਹੋਈ ਅਤੇ ਇਕ ਦਿਨ ਉਸ ਨੇ ਆਪਣੇ ਘਰ ਦੇ ਟੈਲੀਵਿਜ਼ਨ ਵਿਚ ਅਪਾਹਜ ਖਿਡਾਰੀਆਂ ਨੂੰ ਖੇਡਦਿਆਂ ਵੇਖਿਆ ਤਾਂ ਉਸ ਅੰਦਰ ਵੀ ਖੇਡਣ ਦਾ ਜਜ਼ਬਾ ਅਤੇ ਹੌਸਲਾ ਪੈਦਾ ਹੋਇਆ ਅਤੇ ਉਹ ਪਿੰਡ ਦੇ ਹੀ ਸਕੂਲ ਦੀ ਗਰਾਊਂਡ ਵਿਚ ਲੰਬੀ ਛਾਲ ਅਤੇ ਜੈਵਲਿਨ ਥਰੋ ਸੁੱਟਣ ਦਾ ਅਭਿਆਸ ਕਰਨ ਲੱਗਾ। ਇਸੇ ਦੌਰਾਨ ਉਸ ਦੇ ਪਿੰਡ ਦੇ ਹੀ ਖਿਡਾਰੀ ਜਤਿੰਦਰ ਨੇ ਉਸ ਨੂੰ ਪੈਰਾ ਖੇਡਾਂ ਵਿਚ ਅੱਗੇ ਵਧਣ ਦੇ ਨਾਲ ਉਸ ਦੀ ਮਦਦ ਵੀ ਕੀਤੀ। ਰਿੰਕੂ ਦੇ ਜਜ਼ਬੇ ਦੀ ਇਸ ਗੱਲੋਂ ਵੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਹ ਆਪਣੇ ਪਿੰਡ ਧਾਂਮੜ ਤੋਂ ਹਰ ਰੋਜ਼ 15 ਕਿਲੋਮੀਟਰ ਦਾ ਪੈਦਲ ਰਸਤਾ ਤੈਅ ਕਰਕੇ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਅਭਿਆਸ ਕਰਦਾ। ਜੇਕਰ ਰਿੰਕੂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਮਰ ਛੋਟੀ ਹੈ ਪਰ ਪ੍ਰਾਪਤੀਆਂ ਵੱਡੀਆਂ ਹਨ ਅਤੇ ਹੁਣ ਤੱਕ ਉਹ ਸੂਬਾ ਪੱਧਰ 'ਤੇ ਲੰਬੀ ਛਾਲ ਅਤੇ ਜੈਵਲਿਨ ਥਰੋ ਵਿਚੋਂ 7 ਸੋਨ ਤਗਮੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕਰਕੇ ਹਰਿਆਣਾ ਪ੍ਰਾਂਤ ਦਾ ਮਾਣ ਬਣਿਆ ਹੈ।
ਉਸ ਦੀ ਇਸ ਖੇਡ ਕਲਾ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਪੈਰਾ ਉਲੰਪਿਕ ਕਮੇਟੀ ਨੇ ਉਸ ਦੀ ਚੋਣ ਰੀਓ ਬ੍ਰਾਜ਼ੀਲ ਵਿਚ ਸਤੰਬਰ, 2016 ਵਿਚ ਉਲੰਪਿਕ ਖੇਡਾਂ ਲਈ ਕੀਤੀ, ਜਿੱਥੇ ਰਿੰਕੂ ਹੁੱਡਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5ਵਾਂ ਸਥਾਨ ਹਾਸਲ ਕੀਤਾ। ਉਸ ਤੋਂ ਪਹਿਲਾਂ ਉਹ ਸਵਿਟਜ਼ਰਲੈਂਡ ਵਿਚ ਹੋਈਆਂ ਇੰਟਰਨੈਸ਼ਨਲ ਓਪਨ ਟੂਰਨਾਮੈਂਟ ਵਿਚ ਚਾਂਦੀ ਦਾ ਤਗਮਾ ਵੀ ਜਿੱਤ ਚੁੱਕਾ ਸੀ। ਇੰਗਲੈਂਡ ਦੇ ਸ਼ਹਿਰ ਲੰਡਨ ਵਿਚ ਹੋਈ ਪੈਰਾ ਵਰਲਡ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਚੌਥਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਰਿੰਕੂ ਹੁੱਡਾ ਹੁਣੇ-ਹੁਣੇ ਸਵਿਟਜ਼ਰਲੈਂਡ ਵਿਖੇ ਹੋਈ ਪੈਰਾ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਇਆ ਹੈ। ਰਿੰਕੂ ਹੁੱਡਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਸ ਨੂੰ ਰੀਓ ਉਲੰਪਿਕ ਲਈ 15 ਲੱਖ ਕੈਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਪਰ ਕੇਂਦਰ ਸਰਕਾਰ ਨੇ ਉਸ ਨੂੰ ਕੋਈ ਖ਼ਾਸ ਰਾਹਤ ਨਹੀਂ ਦਿੱਤੀ। ਰਿੰਕੂ ਆਖਦਾ ਹੈ ਕਿ ਆਪਣੀ ਮੰਜ਼ਿਲ ਵਿਚ ਉਸ ਨੇ ਕਦੇ ਵੀ ਆਪਣੀ ਅਪਾਹਜਤਾ ਨੂੰ ਰੋੜਾ ਨਹੀਂ ਸਮਝਿਆ, ਸਗੋਂ ਉਸ ਨੇ ਮੁਸੀਬਤਾਂ ਨਾਲ ਦੋ-ਚਾਰ ਹੁੰਦਿਆਂ ਆਪਣੀ ਖੇਡ ਕਲਾ ਨਾਲ ਸੰਸਾਰ ਦੇ ਲੋਕਾਂ ਦੇ ਦਿਲ ਵੀ ਜਿੱਤੇ ਹਨ ਤੇ ਉਹ ਦੂਸਰਿਆਂ ਲਈ ਇਕ ਮਿਸਾਲ ਬਣਿਆ ਹੈ। ਛੋਟੀ ਉਮਰ ਦੇ ਇਸ ਮਾਣਮੱਤੇ ਖਿਡਾਰੀ ਦਾ ਸਫ਼ਰ ਜਾਰੀ ਹੈ ਅਤੇ ਉਸ ਦਾ ਸੁਪਨਾ ਹੈ ਕਿ ਇਕ ਦਿਨ ਉਹ ਫਿਰ ਉਲੰਪਿਕ ਵਿਚ ਖੇਡ ਕੇ ਭਾਰਤ ਮਾਤਾ ਦੀ ਝੋਲੀ ਵਿਚ ਸੋਨ ਤਗਮਾ ਜ਼ਰੂਰ ਪਾਏਗਾ। ਰਿੰਕੂ ਸਮੁੱਚੇ ਭਾਰਤ ਦਾ ਮਾਣ ਹੈ।

-ਪਿੰਡ ਤੇ ਡਾਕ: ਬੁੱਕਣਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX