ਤਾਜਾ ਖ਼ਬਰਾਂ


ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ
. . .  20 minutes ago
ਨਵੀਂ ਦਿੱਲੀ, 16 ਫਰਵਰੀ- ਮਨੀ ਲਾਂਡਰਿੰਗ ਕੇਸ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ...
ਪਿੰਡ ਗੰਡੀ ਵਿੰਡ ਧੱਤਲ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  30 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ .....
ਦਿੱਲੀ ਹਾਈਕੋਰਟ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਹਾਈਕੋਰਟ ਦੀ ਕੰਟੀਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 2 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ .....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਹਰਸਿਮਰਤ ਬਾਦਲ ਨੇ ਕਿਹਾ- ਫ਼ੌਜੀ ਵੀਰਾਂ ਦੀ ਸ਼ਹਾਦਤ 'ਤੇ ਸਦਾ ਰਹੇਗਾ ਮਾਣ
. . .  about 1 hour ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ...
ਪਿੰਡ ਗੰਡੀ ਵਿੰਡ ਧੱਤਲ ਪਹੁੰਚੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ
. . .  about 1 hour ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ.....
ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ
. . .  1 minute ago
ਦੀਨਾਨਗਰ 16 ਫਰਵਰੀ(ਸੰਧੂ/ਸੋਢੀ/ਸ਼ਰਮਾ) -ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ ਵਿਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ ....
ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  about 2 hours ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  about 2 hours ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜੈਮਲ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਮੋਗਾ ਜ਼ਿਲ੍ਹੇ ਦੇ ਕਸਬੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ...
ਹੋਰ ਖ਼ਬਰਾਂ..

ਨਾਰੀ ਸੰਸਾਰ

ਪੁੱਤਰਾਂ ਨੂੰ ਬਚਪਨ ਤੋਂ ਸਿਖਾਓ ਔਰਤਾਂ ਦਾ ਸਨਮਾਨ ਕਰਨਾ

ਪਰਿਵਾਰ ਵਿਚ ਬੱਚਿਆਂ ਦਾ ਪਾਲਣ-ਪੋਸ਼ਣ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਭਾਰਤੀ ਪਰਿਵਾਰਾਂ ਵਿਚ ਬਜ਼ੁਰਗ ਵੀ ਬੱਚਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਤੇ ਬੱਚੇ ਰਲਵੇਂ-ਮਿਲਵੇਂ ਸੰਸਕਾਰ ਸਿੱਖਦੇ ਹਨ। ਘਰ ਵਿਚ ਧੀ ਅਤੇ ਪੁੱਤਰ ਦੇ ਪਾਲਣ ਢੰਗ ਵਿਚ ਸ਼ੁਰੂ ਤੋਂ ਹੀ ਅੰਤਰ ਕੀਤਾ ਜਾਂਦਾ ਹੈ। ਸਿੱਟੇ ਵਜੋਂ ਕੁੜੀਆਂ ਦਾ ਕੰਮ ਤੇ ਸੁਭਾਅ ਅਧੀਨਗੀ ਵਾਲਾ ਤੇ ਮੁੰਡਿਆਂ ਦਾ ਸੁਭਾਅ ਰੋਹਬ ਵਾਲਾ ਤੇ ਆਪਣੇ-ਆਪ ਨੂੰ ਕੁੜੀਆਂ ਤੋਂ ਉੱਤਮ ਸਮਝਣ ਵਾਲਾ ਬਣ ਜਾਂਦਾ ਹੈ। ਅਕਸਰ ਹੀ ਫ਼ਿਲਮਾਂ, ਨਾਟਕਾਂ, ਅਖ਼ਬਾਰਾਂ ਜਾਂ ਆਮ ਜੀਵਨ ਵਿਚ ਧੀ ਦਾ ਪਾਲਣ-ਪੋਸ਼ਣ ਚੰਗੇ ਢੰਗ ਨਾਲ ਕਰਨ, ਉਨ੍ਹਾਂ ਨੂੰ ਸਹਿਣਸ਼ੀਲ ਬਣਾਉਣ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ ਪਰ ਕੀ ਅਸੀਂ ਗੌਰ ਕੀਤਾ ਹੈ ਕਿ ਜੇਕਰ ਅਸੀਂ ਆਪਣੇ ਪੁੱਤਰਾਂ ਦਾ ਪਾਲਣ ਸਹੀ ਢੰਗ ਨਾਲ ਕਰਾਂਗੇ, ਬਚਪਨ ਤੋਂ ਹੀ ਉਨ੍ਹਾਂ ਨੂੰ ਔਰਤਾਂ ਦੀ, ਲੜਕੀਆਂ ਦੀ ਇੱਜ਼ਤ ਕਰਨੀ ਸਿਖਾਵਾਂਗੇ ਤਾਂ ਸਮਾਜ ਵਿਚ ਔਰਤਾਂ ਨਾਲ ਹੁੰਦੇ ਅਪਰਾਧ ਘਟ ਜਾਣਗੇ।
ਪਤੀ-ਪਤਨੀ ਦੇ ਵਿਹਾਰ ਦਰਜੇ ਵਿਚ ਜੇਕਰ ਬਰਾਬਰਤਾ ਹੋਵੇਗੀ ਤਾਂ ਪੁੱਤਰ ਘਰ ਵਿਚ ਹੀ ਨਾਰੀ ਬਰਾਬਰੀ ਦਾ ਪਾਠ ਸਿੱਖ ਲੈਣਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸੱਭਿਆਚਾਰ ਵਿਚ ਬਹੁਤ ਘੱਟ ਮਾਹੌਲ ਅਜਿਹਾ ਬਣਦਾ ਹੈ, ਜਿਥੇ ਘਰ ਦਾ ਮਾਹੌਲ, ਪਤੀ-ਪਤਨੀ ਦਾ ਬਰਾਬਰਤਾ ਵਾਲਾ ਵਿਹਾਰ ਪੁੱਤਰਾਂ ਲਈ ਸਬਕ ਬਣ ਸਕੇ, ਸਗੋਂ ਜਦੋਂ ਪੁੱਤਰ ਆਪਣੇ ਪਿਤਾ ਨੂੰ ਮਾਂ ਉੱਪਰ ਰੋਹਬ ਜਮਾਉਂਦਾ, ਮਾਰ-ਕੁੱਟ ਕਰਦਾ, ਗਾਲੀ-ਗਲੋਚ ਕਰਦਾ ਸੁਣਦਾ ਹੈ ਤਾਂ ਉਸ ਨੂੰ ਜਾਪਦਾ ਹੈ ਕਿ ਇਹ ਮਰਦ ਹੋਣ ਦੀ ਨਿਸ਼ਾਨੀ ਹੈ। ਸਿੱਟੇ ਵਜੋਂ ਉਹ ਜਦ ਜਵਾਨ ਹੁੰਦਾ ਹੈ ਤਾਂ ਹਰ ਔਰਤ-ਲੜਕੀ ਪ੍ਰਤੀ ਉਸ ਦਾ ਵਿਹਾਰ ਬੜਾ ਗ਼ੈਰ-ਜ਼ਿੰਮੇਵਾਰ ਤੇ ਅਸੁਭਾਵਿਕ ਹੁੰਦਾ ਹੈ।
ਮਾਂ-ਪਿਓ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਇਕ ਚੰਗਾ ਇਨਸਾਨ ਬਣਾਉਣ ਲਈ ਆਪਣੀਆਂ ਹਮਉਮਰ ਜਾਂ ਵੱਡੀਆਂ-ਛੋਟੀਆਂ ਲੜਕੀਆਂ ਨਾਲ ਇੱਜ਼ਤ ਭਰਪੂਰ ਵਿਹਾਰ ਕਰਨ ਦੀ ਸਿੱਖਿਆ ਦੇਣ। ਧੀਆਂ ਉੱਪਰ ਤਾਂ ਅਸੀਂ ਕਈ ਤਰ੍ਹਾਂ ਦੇ ਸਮਾਜਿਕ ਤੇ ਸੱਭਿਆਚਾਰਕ ਪਹਿਰੇ ਲਾ ਕੇ ਉਨ੍ਹਾਂ ਅੰਦਰ ਗੁਲਾਮੀਅਤ ਦੀ ਭਾਵਨਾ ਭਰ ਦਿੰਦੇ ਹਾਂ ਪਰ ਕੀ ਸਾਨੂੰ ਪੁੱਤਰਾਂ ਅੰਦਰ ਵੀ ਲੜਕੀਆਂ ਜਾਂ ਔਰਤਾਂ ਪ੍ਰਤੀ ਚੰਗਾ ਵਿਹਾਰ ਕਰਨ ਦੀ ਆਦਤ ਪਾਉਣ ਦੀ ਭਾਵਨਾ ਭਰਨੀ ਚਾਹੀਦੀ ਹੈ? ਅਸੀਂ ਅਕਸਰ ਅਖ਼ਬਾਰਾਂ, ਟੀ. ਵੀ. ਤੇ ਹੋਰ ਸੋਸ਼ਲ ਮੀਡੀਆ ਉੱਪਰ ਲੜਕੀਆਂ ਨਾਲ ਹੁੰਦੀਆਂ ਛੇੜਖਾਨੀਆਂ, ਅਗਵਾ ਅਤੇ ਜਬਰ-ਜਨਾਹ ਦੀਆਂ ਜੋ ਘਟਨਾਵਾਂ ਪੜ੍ਹਦੇ ਹਾਂ, ਉਸ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤੇ ਪੁੱਤਾਂ ਦੀ ਪਰਵਰਿਸ਼ ਕਰਦੇ ਸਮੇਂ ਉਨ੍ਹਾਂ ਨੂੰ ਔਰਤ-ਲੜਕੀ ਪ੍ਰਤੀ ਸੱਭਿਅਕ ਵਿਹਾਰ ਸਿਖਾਉਣਾ ਜ਼ਰੂਰੀ ਹੈ। ਪਰ ਜੇਕਰ ਪੁੱਤਰ ਕੋਈ ਗ਼ਲਤੀ ਕਰਦਾ ਹੈ ਤਾਂ ਇਸ ਨੂੰ ਲਾਪ੍ਰਵਾਹੀ ਨਾਲ ਦੇਖਿਆ ਜਾਂਦਾ ਹੈ ਤੇ ਸੋਚਿਆ ਜਾਂਦਾ ਹੈ ਕਿ ਉਸ ਦਾ ਕਿਹੜਾ ਕੋਈ ਨੁਕਸਾਨ ਹੋਣਾ ਹੈ, ਕਿਉਂਕਿ ਉਹ ਤਾਂ ਮੁੰਡਾ ਹੈ। ਲੋੜ ਹੈ ਅਜਿਹੀ ਸੋਚ ਬਦਲਣ ਦੀ।
ਪੁੱਤਰ ਦੇ ਦੇਰ ਨਾਲ ਘਰ ਪਰਤਣ ਨਾਲ ਮਾਪਿਆਂ ਨੂੰ ਦੁੱਖ ਤਾਂ ਹੁੰਦਾ ਹੋਵੇਗਾ ਪਰ ਉਸ ਦੇ ਅੰਦਰ ਇਹ ਭਾਵਨਾ ਭਰ ਦਿੱਤੀ ਜਾਂਦੀ ਹੈ ਕਿ ਉਹ ਆਜ਼ਾਦ ਹੈ। ਇਸੇ ਹੀ ਆਜ਼ਾਦੀ ਦਾ ਗ਼ਲਤ ਫਾਇਦਾ ਉਠਾ ਕੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਸਮੂਹਿਕ ਤੌਰ 'ਤੇ ਜਾਂ ਵਿਅਕਤੀਗਤ ਤੌਰ 'ਤੇ ਲੜਕੀਆਂ ਨਾਲ ਛੇੜਖਾਨੀਆਂ, ਮਾੜੀਆਂ ਟਿੱਪਣੀਆਂ ਕਰਨ ਨੂੰ ਆਪਣੀ ਸ਼ਾਨ ਸਮਝਦੇ ਹਨ। ਜੇਕਰ ਮੁੱਢ ਤੋਂ ਹੀ ਪੁੱਤਰਾਂ/ਮੁੰਡਿਆਂ ਅੰਦਰ ਇਹ ਸੰਸਕਾਰ ਭਰੇ ਜਾਣ ਕਿ ਉਨ੍ਹਾਂ ਦੇ ਵਿਹਾਰ ਵਿਚ ਵੀ ਅਨੁਸ਼ਾਸਨ, ਸੰਜਮ, ਅਪਣੱਤ ਅਤੇ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਤਾਂ ਲੜਕਿਆਂ ਦੀ ਸੋਚ ਬਦਲੀ ਜਾ ਸਕਦੀ ਹੈ। ਪਰਿਵਾਰਕ ਤੌਰ 'ਤੇ ਧੀ ਅਤੇ ਪੁੱਤਰ ਨੂੰ ਘਰ ਵਿਚ ਜੇਕਰ ਬਰਾਬਰਤਾ ਦੇ ਮੌਕੇ ਦਿੱਤੇ ਜਾਣਗੇ ਤਾਂ ਸਮਾਜਿਕ ਤੌਰ 'ਤੇ ਔਰਤ-ਮਰਦ ਦੀ ਬਰਾਬਰਤਾ ਦਾ ਯੁੱਗ ਬਹੁਤ ਛੇਤੀ ਆ ਸਕਦਾ ਹੈ। ਜੇਕਰ ਮਰਦ ਔਰਤ ਨੂੰ ਆਪਣੇ ਤੋਂ ਕਮਜ਼ੋਰ ਸਮਝ ਕੇ ਉਸ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦਾ ਰਹੇਗਾ ਤਾਂ ਸਮਾਜ ਵਿਚ ਔਰਤਾਂ ਪ੍ਰਤੀ ਜੁਰਮ ਵਧਦੇ ਰਹਿਣਗੇ।
ਪਰਿਵਾਰ, ਮੁਹੱਲੇ, ਪਿੰਡ ਜਾਂ ਸ਼ਹਿਰ ਤੋਂ ਹੀ ਸਮਾਜ ਬਣਦਾ ਹੈ। ਆਓ ਫਿਰ ਆਪਣੇ ਪਰਿਵਾਰਾਂ ਤੋਂ ਹੀ ਪੁੱਤਾਂ ਨੂੰ ਚੰਗੇ ਗੁਣ ਸਿਖਾ ਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਪਾਠ ਪੜ੍ਹਾ ਕੇ, ਲੜਕੀਆਂ/ਔਰਤਾਂ ਦੀ ਇੱਜ਼ਤ ਕਰਨ ਦੀ ਭਾਵਨਾ ਉਨ੍ਹਾਂ ਦੇ ਮਨਾਂ ਅੰਦਰ ਭਰ ਕੇ ਸਮਾਜ ਦੀ ਤਸਵੀਰ ਬਦਲੀਏ ਤਾਂ ਜੋ ਲੜਕੀਆਂ ਵੀ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਤੇ ਕਿਸੇ ਵੀ ਸਮੇਂ ਆਪਣੇ ਘਰੋਂ ਕੰਮ-ਕਾਜ ਲਈ ਬਾਹਰ ਜਾਣ ਸਮੇਂ ਡਰ ਜਾਂ ਅਸੁਰੱਖਿਆ ਦੀ ਭਾਵਨਾ ਮਹਿਸੂਸ ਨਾ ਕਰਨ। ਆਪਣੇ ਪੁੱਤਰ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਮਾਪਿਆਂ ਨੂੰ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ, ਉਨ੍ਹਾਂ ਦੀ ਮੁਸ਼ਕਿਲ ਸੁਣਨੀ ਚਾਹੀਦੀ ਹੈ ਤੇ ਭਾਵਨਾਤਮਕ ਤੌਰ 'ਤੇ ਆਪਣੇ ਪੁੱਤਰਾਂ ਨੂੰ ਮਜ਼ਬੂਤ ਬਣਾ ਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਪਹਿਲਕਦਮੀ ਕਰਨੀ ਜ਼ਰੂਰੀ ਹੈ। ਕੈਰੀਅਰ ਦੀ ਚੋਣ ਵਿਚ ਵੀ ਉਨ੍ਹਾਂ ਦੀ ਮਦਦ ਕਰਕੇ ਉਨ੍ਹਾਂ ਦੀ ਯੋਗ ਅਗਵਾਈ ਕਰਨੀ ਚਾਹੀਦੀ ਹੈ। ਪਿਆਰ, ਸਨੇਹ ਅਤੇ ਮੋਹ ਦੇ ਨਾਲ-ਨਾਲ ਇਨਸਾਨੀਅਤ ਤੇ ਚੰਗੀਆਂ ਆਦਤਾਂ ਦਾ ਪਾਠ ਪੜ੍ਹਾਉਣਾ ਵੀ ਲਾਜ਼ਮੀ ਹੈ। ਆਓ, ਆਪਣੇ ਪੁੱਤਰਾਂ ਲਈ ਸਿਰਫ ਬੈਂਕ ਬੈਲੇਂਸ ਜਾਂ ਜਾਇਦਾਦ ਹੀ ਨਾ ਛੱਡ ਕੇ ਜਾਈਏ, ਸਗੋਂ ਚੰਗੇ ਸੰਸਕਾਰ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਉਨ੍ਹਾਂ ਨੂੰ ਉੱਤਮ ਨਾਗਰਿਕ ਵੀ ਬਣਾ ਕੇ ਜਾਈਏ, ਤਾਂ ਜੋ ਔਰਤ-ਮਰਦ ਦੀ ਬਰਾਬਰੀ ਦਾ ਯੁੱਗ ਆ ਸਕੇ।


-ਐੱਚ. ਐੱਮ. ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਪਤੀ-ਪਤਨੀ ਮਿਲ ਕੇ ਘਰ ਨੂੰ ਬਣਾ ਸਕਦੇ ਹਨ ਖੁਸ਼ਹਾਲ

ਪਤੀ-ਪਤਨੀ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਆਂ ਦਾ ਕੰਮ ਕਰਦੇ ਹਨ। ਜਿੰਨੀ ਦੇਰ ਇਨ੍ਹਾਂ ਦੋਵਾਂ ਪਹੀਆਂ ਦਾ ਤਾਲਮੇਲ ਰਹਿੰਦਾ ਹੈ, ਜ਼ਿੰਦਗੀ ਦੀ ਗੱਡੀ ਸਹੀ ਤਰੀਕੇ ਨਾਲ ਚਲਦੀ ਹੈ। ਜਦੋਂ ਇਨ੍ਹਾਂ ਪਹੀਆਂ ਦਾ ਤਾਲਮੇਲ ਖਰਾਬ ਹੋ ਗਿਆ ਤਾਂ ਗੱਡੀ ਸਹੀ ਤਰੀਕੇ ਨਾਲ ਨਹੀਂ ਚੱਲ ਸਕਦੀ। ਦੋਵਾਂ ਜੀਆਂ ਦਾ ਆਪਸੀ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਇਕ-ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਇਕ-ਦੂਜੇ ਦਾ ਸਾਥ ਦੇਣਾ ਹੀ ਜ਼ਿੰਦਗੀ ਦਾ ਮੂਲ ਆਧਾਰ ਹੈ।
ਹਰ ਇਕ ਲੜਕੇ/ਲੜਕੀ ਦਾ ਵਿਆਹ ਤੋਂ ਪਹਿਲਾਂ ਇਕ ਸੁਪਨਾ ਹੁੰਦਾ ਹੈ ਕਿ ਜੋ ਉਸ ਦਾ ਹਮਸਫ਼ਰ ਹੋਵੇਗਾ, ਉਹ ਉਸ ਨੂੰ ਬਹੁਤ ਪਿਆਰ ਕਰੇਗਾ। ਹਰ ਦੁੱਖ-ਸੁੱਖ, ਚੰਗੇ-ਮਾੜੇ, ਅਮੀਰੀ-ਗ਼ਰੀਬੀ ਵਿਚ ਸਾਥ ਦੇਵੇਗਾ। ਉਸ ਦੀ ਹਰ ਗੱਲ ਉੱਤੇ ਫੁੱਲ ਚੜ੍ਹਾਏਗਾ। ਪਰ ਜਦੋਂ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਮਨ ਟੁੱਟ ਜਾਂਦਾ ਹੈ। ਜ਼ਿਆਦਾਤਰ ਲੜਕੀ ਲਈ ਬਹੁਤ ਮੁਸ਼ਕਿਲ ਹੁੰਦਾ ਹੈ, ਕਿਉਂਕਿ ਉਹ ਆਪਣਾ ਪਰਿਵਾਰ ਛੱਡ ਕੇ ਇਕ ਨਵੇਂ ਪਰਿਵਾਰ ਵਿਚ ਜਾਂਦੀ ਹੈ। ਉਸ ਲਈ ਉਥੇ ਸਭ ਕੁਝ ਨਵਾਂ ਹੁੰਦਾ, ਨਵੇਂ ਰਿਸ਼ਤੇ ਹੁੰਦੇ ਹਨ, ਜਿਨ੍ਹਾਂ ਦੇ ਸੁਭਾਅ ਬਾਰੇ ਉਹ ਰਤਾ ਵੀ ਨਹੀਂ ਜਾਣਦੀ। ਇਥੇ ਪਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪਤਨੀ ਦਾ ਸਾਥ ਦੇਵੇ, ਆਪਣੇ ਪਰਿਵਾਰ ਬਾਰੇ ਦੱਸੇ ਤਾਂ ਕਿ ਉਸ ਨੂੰ ਪਰਿਵਾਰ ਵਿਚ ਵਿਚਰਨ ਵਿਚ ਸੌਖ ਹੋਵੇ। ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਉਸ ਨੂੰ ਆਪਣਾ ਸਮਝੇ, ਨਾ ਕਿ ਪਰਾਈ। ਪਰ ਜਦੋਂ ਲੜਕੇ-ਲੜਕੀ ਦੇ ਦੇਖੇ ਹੋਏ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਸੁਪਨਿਆਂ ਨਾਲ ਸਮਝੌਤਾ ਕਰਨਾ ਹੀ ਅਕਲਮੰਦੀ ਹੈ। ਜੇਕਰ ਅਸੀਂ ਲੜਦੇ ਰਹਾਂਗੇ ਤਾਂ ਸੁਖੀ ਜੀਵਨ ਨਹੀਂ ਬਿਤਾਅ ਸਕਾਂਗੇ। ਪਤੀ-ਪਤਨੀ ਦੋਵਾਂ ਦਾ ਮਨ ਇਕ ਹੋ ਜਾਣਾ ਚਾਹੀਦਾ ਹੈ। ਇਕ-ਦੂਜੇ ਲਈ ਤਿਆਗ ਦੀ ਭਾਵਨਾ ਰੱਖਣੀ ਚਾਹੀਦੀ ਹੈ।
ਦੋਵਾਂ ਨੂੰ ਚਾਹੀਦਾ ਹੈ ਕਿ ਉਹ ਇਕ-ਦੂਜੇ ਦੀ ਪਸੰਦ ਦਾ ਧਿਆਨ ਰੱਖਣ। ਆਪਣੇ ਦੋਸਤਾਂ ਤੇ ਸਹੇਲੀਆਂ ਦੇ ਸਾਹਮਣੇ ਇਕ-ਦੂਜੇ ਦੀਆਂ ਕਮੀਆਂ ਜ਼ਾਹਿਰ ਨਹੀਂ ਕਰਨੀਆਂ ਚਾਹੀਦੀਆਂ। ਇਕ-ਦੂਜੇ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ 'ਤੇ ਛੋਟੇ-ਮੋਟੇ ਤੋਹਫ਼ੇ ਦੇ ਕੇ ਇਕ-ਦੂਜੇ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਦੋਵਾਂ ਨੂੰ ਇਕ-ਦੂਜੇ ਦੀਆਂ ਛੋਟੀਆਂ-ਛੋਟੀਆਂ ਖਾਹਿਸ਼ਾਂ ਨੂੰ ਪੂਰਾ ਕਰਦੇ ਰਹਿਣਾ ਚਾਹੀਦਾ ਹੈ। ਛੋਟੇ-ਛੋਟੇ ਘਰੇਲੂ ਬਜਟ ਪਤਨੀ ਨੂੰ ਖੁਦ ਹੀ ਬਣਾਉਣੇ ਚਾਹੀਦੇ ਹਨ। ਪਤੀ ਦੀ ਆਮਦਨ ਦੇ ਅਨੁਸਾਰ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੇ ਵਿਚ ਕੋਈ ਕਲਾ ਹੈ ਜਿਵੇਂ ਸਿਲਾਈ-ਬੁਣਾਈ, ਟਿਊਸ਼ਨ ਆਦਿ ਤਾਂ ਉਸ ਦਾ ਫਾਇਦਾ ਉਠਾ ਕੇ ਪਤੀ ਦੀ ਆਮਦਨ ਵਿਚ ਹੱਥ ਵਟਾਉਣਾ ਚਾਹੀਦਾ ਹੈ ਤੇ ਇਕ ਚੰਗੀ ਗ੍ਰਹਿਣੀ ਹੋਣ ਦਾ ਸਬੂਤ ਦੇਵੋ।
ਜੇਕਰ ਦੋਵੇਂ ਨੌਕਰੀ ਪੇਸ਼ੇ ਵਾਲੇ ਹਨ ਤਾਂ ਦੋਵਾਂ ਨੂੰ ਘਰ ਦਾ ਕੰਮ ਵੰਡ ਕੇ ਕਰਨਾ ਚਾਹੀਦਾ ਹੈ, ਤਾਂ ਜੋ ਦੋਵੇਂ ਸਮੇਂ ਸਿਰ ਆਪਣੇ ਕੰਮ 'ਤੇ ਪਹੁੰਚ ਸਕਣ। ਘਰ ਦਾ ਕੰਮ ਕਰਾਉਣਾ ਕੋਈ ਸ਼ਰਮ ਵਾਲੀ ਗੱਲ ਨਹੀਂ। ਛੋਟੇ-ਮੋਟੇ ਕੰਮ ਕਰਾਉਣ ਨਾਲ ਪਤਨੀ ਦੀ ਕਾਫੀ ਮਦਦ ਹੋ ਜਾਂਦੀ ਹੈ ਤੇ ਇਕ-ਦੂਜੇ ਦਾ ਸਾਥ ਵੀ ਬਣਿਆ ਰਹਿੰਦਾ ਹੈ। ਛੇਤੀ ਕੰਮ ਖ਼ਤਮ ਕਰਕੇ ਦੋਵਾਂ ਕੋਲ ਇਕੱਠੇ ਬੈਠਣ ਦਾ ਸਮਾਂ ਵੀ ਮਿਲ ਜਾਂਦਾ ਹੈ।
ਘਰ ਵਿਚ ਪਤਨੀ ਨੂੰ ਬਰਾਬਰ ਦਾ ਦਰਜਾ ਦਿਓ। ਬੱਚਿਆਂ ਦੇ ਸਾਹਮਣੇ ਜਾਂ ਘਰ ਦੇ ਹੋਰ ਮੈਂਬਰਾਂ ਦੇ ਸਾਹਮਣੇ ਇਕ-ਦੂਜੇ ਨੂੰ ਕਦੇ ਨਾ ਝਿੜਕੋ। ਕੋਸ਼ਿਸ਼ ਹੋਵੇ ਕਿ ਇਕ-ਦੂਜੇ ਨੂੰ ਪਿਆਰ ਨਾਲ ਸਮਝਾਇਆ ਜਾਵੇ। ਦੋਵਾਂ ਨੂੰ ਇਕ-ਦੂਜੇ ਦੇ ਪਰਿਵਾਰਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸਮਝਦਾਰੀ ਨਾਲ ਜ਼ਿੰਦਗੀ ਬਿਤਾਉਂਦੇ ਹੋ ਤਾਂ ਦੇਖਣ ਵਾਲਿਆਂ ਲਈ ਇਕ ਮਿਸਾਲ ਕਾਇਮ ਕਰ ਸਕਦੇ ਹੋ ਤੇ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ।


-ਅਰਬਨ ਅਸਟੇਟ, ਪਟਿਆਲਾ।
ਮੋਬਾ: 98766-68834

ਚਿੰਤਾ ਛੱਡੋ, ਖੁਸ਼ ਰਹੋ

ਅੱਜ ਲੋਕਾਂ ਵਿਚ ਚਿੰਤਾ ਕਰਨ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ, ਜੋ ਕਈ ਮਨੋਰੋਗਾਂ ਨੂੰ ਜਨਮ ਦੇ ਰਹੀ ਹੈ। ਕੰਮ ਦੀ ਚਿੰਤਾ ਕਰਨੀ ਵੱਖਰੀ ਗੱਲ ਹੈ ਪਰ ਬੇਕਾਰ ਦੀ ਚਿੰਤਾ ਕਰਨੀ ਬੇਲੋੜੀ ਹੈ। ਇਹ ਚਿੰਤਾਵਾਂ ਰੂਪ ਅਤੇ ਸ਼ਕਤੀ ਦੋਵਾਂ ਨੂੰ ਹੀ ਖ਼ਤਮ ਕਰਦੀ ਹੈ। ਲਗਾਤਾਰ ਚਿੰਤਾ ਕਰਨ ਨਾਲ ਉਨੀਂਦਰਾ, ਘਬਰਾਹਟ ਅਤੇ ਸਿਰਦਰਦ ਵਰਗੀਆਂ ਪ੍ਰੇਸ਼ਾਨੀਆਂ ਹੋਣ ਲਗਦੀਆਂ ਹਨ। ਵਾਲ ਸਫੈਦ ਹੋਣਾ, ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣਾ ਤੇ ਚਿਹਰੇ 'ਤੇ ਝੁਰੜੀਆਂ ਪੈਣ ਲਗਦੀਆਂ ਹਨ। ਏਨੀਆਂ ਸਮੱਸਿਆਵਾਂ ਵਿਚ ਘਿਰੇ ਰਹਿਣ ਕਾਰਨ ਮਾਨਸਿਕ ਹਾਲਤ ਵਿਗੜਨ ਲਗਦੀ ਹੈ। ਦਰਅਸਲ ਛੋਟੀਆਂ-ਛੋਟੀਆਂ ਮੁਸ਼ਕਿਲਾਂ ਤਾਂ ਜੀਵਨ ਵਿਚ ਰੋਜ਼ ਹੀ ਆਉਂਦੀਆਂ ਰਹਿੰਦੀਆਂ ਹਨ। ਸਾਨੂੰ ਉਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਹੈ। ਸੋ, ਦੇਖਦੇ ਹਾਂ ਕਿ ਸਾਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਬਿਨਾਂ ਵਜ੍ਹਾ ਚਿੰਤਾ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੀਏ।
ਰੁੱਝੇ ਰਹੋ
ਚਿੰਤਾ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹੋ। ਇਸੇ ਤਰ੍ਹਾਂ ਘਰ ਵਿਚ ਆਪਣੇ ਬਜ਼ੁਰਗਾਂ ਦੀਆਂ ਨਸੀਹਤਾਂ, ਕਹਾਵਤਾਂ ਤੇ ਨੁਸਖੇ ਆਦਿ ਦੇਖੋ, ਸੁਣੋ ਅਤੇ ਮਹਿਸੂਸ ਕਰੋ। ਫਿਰ ਦੇਖੋ ਤੁਹਾਡੇ 'ਤੇ ਇਨ੍ਹਾਂ ਛੋਟੀਆਂ ਪਰ ਵਿਚਾਰਾਂ ਦੀ ਦਿਸ਼ਾ ਬਦਲ ਦੇਣ ਵਾਲੀਆਂ ਚੀਜ਼ਾਂ ਦਾ ਪ੍ਰਭਾਵ ਕੀ ਪੈਂਦਾ ਹੈ।
ਆਪਣੇ ਸੁੱਖ ਲਈ ਸੰਘਰਸ਼ ਕਰੋ
ਆਪਣੀ ਮਾਨਸਿਕ ਸਮਰੱਥਾ ਨੂੰ ਵਧਾਉਣ ਲਈ ਸੰਘਰਸ਼ ਕਰੋ। ਸੁੱਖ ਅੰਦਰੋਂ ਆਉਂਦਾ ਹੈ। ਬਾਹਰੀ ਘਟਨਾਵਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਤੁਹਾਡੇ ਵਿਚਾਰਾਂ 'ਤੇ, ਆਪਣੇ ਡਰਾਂ 'ਤੇ, ਆਪਣੇ ਦਿਮਾਗ ਅਤੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਰਹੇ ਤਾਂ ਕਿ ਤੁਸੀਂ ਆਪਣੇ ਡਰ ਦਾ ਨਜ਼ਰੀਆ ਸੰਘਰਸ਼ ਕਰਨ ਦੇ ਨਜ਼ਰੀਏ ਵਿਚ ਬਦਲ ਸਕੋ।
ਆਪਣਾ ਕੋਈ ਰਾਜਦਾਰ ਬਣਾਓ
ਕੋਈ ਚਿੰਤਾ ਜਾਂ ਪ੍ਰੇਸ਼ਾਨੀ ਹੋਵੇ ਤਾਂ ਕਿਸੇ ਵਿਸ਼ਵਾਸਪਾਤਰ ਵਿਅਕਤੀ ਨਾਲ ਆਪਣੇ ਮਨ ਦੀ ਗੱਲ ਕਰਕੇ ਆਪਣਾ ਮਨ ਹਲਕਾ ਕਰ ਲਓ। ਮਨ ਵਿਚ ਦੱਬੀ ਬੇਚੈਨੀ ਜਾਂ ਕਿਸੇ ਵੀ ਤਰ੍ਹਾਂ ਦੀ ਭਾਵਨਾ ਆਪਣੇ ਕਰੀਬੀ ਨਾਲ ਸਾਂਝੀ ਕਰਨ 'ਤੇ ਤੁਹਾਡੀ ਚਿੰਤਾ ਇਕ ਹੱਦ ਤੱਕ ਘੱਟ ਤਾਂ ਹੋ ਹੀ ਸਕਦੀ ਹੈ। ਦਿਲ ਭਰ-ਭਰ ਆਵੇ ਤਾਂ ਖੂਬ ਰੋ ਲੈਣ ਨਾਲ ਜੀਅ ਹਲਕਾ ਹੋ ਜਾਂਦਾ ਹੈ। ਦੁਖਦਾਈ ਹਾਦਸੇ ਕਿੰਨੇ ਵੀ ਗਹਿਰੇ ਕਿਉਂ ਨਾ ਹੋਣ, ਜਦੋਂ ਗੱਲ ਕਰਨ ਨਾਲ ਹੀ ਮਨ ਨੂੰ ਸਕੂਨ ਮਿਲਦਾ ਹੈ ਤਾਂ ਕਹਿ ਦਿਓ, ਨਹੀਂ ਤਾਂ ਬੇਕਾਰ ਦੀ ਚਿੰਤਾ ਵਿਚ ਤੁਸੀਂ ਡੁੱਬੇ ਹੀ ਰਹੋਗੇ।
ਹੜਬੜੀ ਨਾਲ ਹੁੰਦੀ ਹੈ ਗੜਬੜੀ
ਹਰ ਕੰਮ ਧੀਰਜ ਅਤੇ ਵਿਵੇਕ ਨਾਲ ਕਰੋ। ਭਾਵੁਕਤਾ ਜਾਂ ਆਵੇਸ਼ ਵਿਚ ਆ ਕੇ ਕੋਈ ਵੀ ਕੰਮ ਨਾ ਕਰੋ। ਹਮੇਸ਼ਾ ਆਪਣੀ ਬੁੱਧੀ ਅਤੇ ਵਿਵੇਕ ਦੀ ਵਰਤੋਂ ਕਰੋ। ਜਲਦਬਾਜ਼ੀ ਵੀ ਇਕ ਬਿਮਾਰੀ ਹੈ। ਇਸ ਨਾਲ ਕੰਮ ਵਿਗੜਨਗੇ ਅਤੇ ਤੁਸੀਂ ਚਿੰਤਾ ਵਿਚ ਆ ਜਾਓਗੇ। ਜੋ ਕੰਮ ਨਾ ਆਉਂਦਾ ਹੋਵੇ ਜਾਂ ਤੁਹਾਨੂੰ ਜਿਸ ਕੰਮ ਦੀ ਸਮਝ ਨਾ ਹੋਵੇ, ਉਸ ਦੀ ਜਾਣਕਾਰੀ ਹਾਸਲ ਕਰੋ।
ਸਭ ਤੋਂ ਜ਼ਰੂਰੀ ਗੱਲ, ਖੁਸ਼ ਰਹੋ
ਚਿੰਤਾ ਤੋਂ ਦੂਰ ਰਹਿਣ ਲਈ ਤੁਹਾਨੂੰ ਕੋਈ ਵੀ ਕੰਮ ਬੋਝ ਸਮਝ ਕੇ ਨਹੀਂ ਕਰਨਾ ਚਾਹੀਦਾ। ਘਰ ਹੋਵੇ ਜਾਂ ਦਫ਼ਤਰ, ਹਰ ਜਗ੍ਹਾ ਲਈ ਜ਼ਰੂਰੀ ਹੈ ਹਲਕਾ-ਫੁਲਕਾ ਮਾਹੌਲ ਅਤੇ ਇਹ ਤਾਂ ਹੀ ਸੰਭਵ ਹੈ ਜੇ ਤੁਸੀਂ ਖੁਸ਼ ਰਹੋਗੇ। ਜਦੋਂ ਤੁਸੀਂ ਖੁਸ਼ ਰਹੋਗੇ ਤਾਂ ਜ਼ਾਹਰ ਹੈ ਕਿ ਤੁਸੀਂ ਤੰਦਰੁਸਤ ਰਹੋਗੇ। ਜੇ ਤੁਸੀਂ ਬਗੈਰ ਬੋਝ ਦੇ ਹਲਕੇ-ਫੁਲਕੇ ਮਾਹੌਲ ਵਿਚ ਕੰਮ ਕਰੋਗੇ ਤਾਂ ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਬਿਨਾਂ ਵਜ੍ਹਾ ਤੋਂ ਮਾਨਸਿਕ ਤਣਾਅ ਨਹੀਂ ਹੋਣਗੇ। ਨਹੀਂ ਤਾਂ ਜੀਵਨ ਵਿਚ ਮੁਸ਼ਕਿਲਾਂ ਵਧਦੀਆਂ ਜਾਣਗੀਆਂ। ਮੁਸਕਰਾ ਕੇ ਆਦਮੀ ਆਪਣੇ-ਆਪ ਵਿਚ ਵੱਡਾ ਬਣਦਾ ਹੈ। ਤਾਂ ਮੁਸਕਰਾਓ ਅਤੇ ਆਪਣੀਆਂ ਤੇ ਲੋਕਾਂ ਦੀਆਂ ਵੀ ਜਾਣੀਆਂ-ਅਣਜਾਣੀਆਂ ਚਿੰਤਾਵਾਂ ਦੂਰ ਕਰੋ।


-714, ਦੂਜੀ ਮੰਜ਼ਿਲ, ਸੁਦਾਮਾ ਨਗਰ, ਨਰੇਂਦਰਾ ਤਿਵਾੜੀ ਮਾਰਗ, ਇੰਦੌਰ-09 (ਮੱਧ ਪ੍ਰਦੇਸ਼)। ਮੋਬਾ: 78982-74643
E-mail : jainrenu2011@gmail.com

ਸੁੰਦਰਤਾ ਵਿਚ ਐਲੋਵੇਰਾ ਦਾ ਮਹੱਤਵ

ਐਲੋਵੇਰਾ ਆਮ ਹੀ ਬਗੀਚਿਆਂ ਅਤੇ ਘਰਾਂ ਵਿਚ ਅਕਸਰ ਦੇਖਣ ਨੂੰ ਮਿਲਦੀ ਹੈ। ਅਸਲ ਵਿਚ ਇਹ ਗਮਲਿਆਂ ਵਿਚ ਅਸਾਨੀ ਨਾਲ ਉਗਦੀ ਹੈ। ਐਲੋਵੇਰਾ ਚਮੜੀ ਵਿਚ ਆਰਦਰਤਾ ਦੀ ਸਮਰੱਥਾ ਨੂੰ ਬਣਾਈ ਰੱਖਣ ਵਿਚ ਮਦਦ ਕਰਦੀ ਹੈ, ਜਿਸ ਨਾਲ ਚਮੜੀ ਆਮ ਰੂਪ ਨਾਲ ਕਾਰਜ ਕਰਦੀ ਹੈ। ਐਲੋਵੇਰਾ ਅਸਿਟ੍ਰੰਜੰਟ ਕਿਰਿਆ ਕਰਕੇ ਚਮੜੀ ਨੂੰ ਕੱਸ ਕੇ ਬੰਨ੍ਹ ਦਿੰਦੀ ਹੈ, ਜਿਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਆਉਂਦੀਆਂ ਅਤੇ ਬੁਢਾਪੇ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਇਸ ਦੀ ਕੋਮਲਤਾ, ਮੁਲਾਇਮਪਨ, ਸ਼ਾਂਤੀਦਾਇਕ ਅਤੇ ਉਪਚਾਰਾਤਮਕ ਗੁਣਾਂ ਦੀ ਵਜ੍ਹਾ ਨਾਲ ਇਹ ਸੂਰਜ ਦੀ ਗਰਮੀ ਤੋਂ ਪ੍ਰਭਾਵਿਤ ਚਮੜੀ ਨੂੰ ਆਮ ਬਣਾਉਣ ਵਿਚ ਪ੍ਰਭਾਵਸ਼ਾਲੀ ਨਤੀਜੇ ਦਿਖਾਉਂਦੀ ਹੈ।
ਐਲੋਵੇਰਾ ਜੈੱਲ ਇਕ ਨਵੀਂ ਵਾਸਤਵਿਕ ਖੋਜ ਸਾਬਤ ਹੋਈ ਹੈ। ਇਹ ਅਨੇਕਾਂ ਤਰ੍ਹਾਂ ਦੀ ਚਮੜੀ ਦੇ ਸੁੰਦਰਤਾ ਪ੍ਰਸਾਧਨਾਂ ਲਈ ਉਪਯੋਗੀ ਘਟਕ ਦੇ ਰੂਪ ਵਿਚ ਵਰਤੀ ਜਾ ਸਕਦੀ ਹੈ। ਐਲੋਵੇਰਾ ਨਾ ਸਿਰਫ ਚਮੜੀ ਦੀ ਤੰਦਰੁਸਤੀ ਵਿਚ ਸਹਾਇਕ ਹੈ, ਸਗੋਂ ਚਮੜੀ ਦੀਆਂ ਨਵੀਆਂ ਕੋਸ਼ਿਕਾਵਾਂ ਦੀ ਪੈਦਾਵਾਰ ਵਿਚ ਵੀ ਸਹਾਇਕ ਹੁੰਦੀ ਹੈ ਅਤੇ ਚਮੜੀ ਦੇ ਅਨੇਕਾਂ ਰੋਗਾਂ ਦਾ ਇਲਾਜ ਕਰਦੀ ਹੈ ਅਤੇ ਆਮ ਪ੍ਰਸਾਧਨ ਸਮੱਗਰੀ ਵਿਚ ਵੀ ਮਦਦਗਾਰ ਸਾਬਤ ਹੁੰਦੀ ਹੈ। ਐਲੋਵੇਰਾ ਨੂੰ ਕਲੀਨਜ਼ਰ, ਮਾਇਸ਼ਚਰਾਈਜ਼ਰ ਵਰਗੇ ਸੁੰਦਰਤਾ ਪ੍ਰਸਾਧਨਾਂ ਵਿਚ ਮੁੱਖ ਘਟਕ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
ਐਲੋਵੇਰਾ ਨੂੰ ਘਰੇਲੂ ਇਲਾਜ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਐਲੋਵੇਰਾ ਜੈੱਲ ਜਾਂ ਜੂਸ ਨੂੰ ਚਮੜੀ 'ਤੇ ਸਿੱਧਾ ਅਪਲਾਈ ਕੀਤਾ ਜਾ ਸਕਦਾ ਹੈ। ਐਲੋਵੇਰਾ ਨੂੰ ਘਰੇਲੂ ਇਲਾਜ ਦੇ ਤੌਰ 'ਤੇ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਪੌਦੇ ਨੂੰ ਪੂਰੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਪੂਰੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਐਲੋਵੇਰਾ ਜੂਸ ਜਾਂ ਜੈੱਲ ਨੂੰ ਹਰ ਰੋਜ਼ ਚਿਹਰੇ 'ਤੇ 20 ਮਿੰਟ ਤੱਕ ਲਗਾ ਕੇ ਸਾਫ਼ ਤਾਜ਼ੇ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ। ਇਹ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਐਲੋਵੇਰਾ ਨੂੰ ਫੇਸਮਾਸਕ ਵਿਚ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਕ ਚਮਚ ਜੇਈ ਜਾਂ ਮੁਲਤਾਨੀ ਮਿੱਟੀ, ਇਕ ਚਮਚ ਸੰਤਰੇ ਦੀ ਛਿੱਲ ਦਾ ਪਾਊਡਰ, ਦਹੀਂ ਅਤੇ ਇਕ ਚਮਚ ਐਲੋਵੇਰਾ ਜੈੱਲ ਮਿਲਾ ਕੇ ਇਸ ਮਿਸ਼ਰਣ ਨੂੰ ਚਮੜੀ 'ਤੇ 30 ਮਿੰਟ ਤੱਕ ਲਗਾ ਕੇ ਚਮੜੀ ਨੂੰ ਧੋ ਦਿਓ।
ਐਲੋਵੇਰਾ ਨੂੰ ਵਾਲਾਂ ਦੀ ਸੁੰਦਰਤਾ ਲਈ ਵੀ ਵਰਤਿਆ ਜਾ ਸਕਦਾ ਹੈ। ਜੈੱਲ ਨੂੰ ਵਾਲਾਂ 'ਤੇ 20 ਮਿੰਟ ਤੱਕ ਲਗਾਉਣ ਤੋਂ ਬਾਅਦ ਧੋ ਦਿਓ। ਉਸ ਨਾਲ ਵਾਲ ਮੁਲਾਇਮ ਅਤੇ ਚਮਕੀਲੇ ਬਣ ਜਾਂਦੇ ਹਨ।
ਐਲੋਵੇਰਾ ਨੂੰ ਹੇਅਰ ਪੈਕ ਵਿਚ ਵੀ ਵਰਤਿਆ ਜਾ ਸਕਦਾ ਹੈ। ਐਲੋਵੇਰਾ ਦਾ ਕਲੀਂਜ਼ਿੰਗ ਪੈਕ ਬਣਾਉਣ ਲਈ ਬੇਸਣ, ਦਹੀਂ ਅਤੇ ਇਕ ਚਮਚ ਐਲੋਵੇਰਾ ਜੈੱਲ ਨੂੰ ਮਿਲਾ ਕੇ ਪੇਸਟ ਬਣਾ ਕੇ ਵਾਲਾਂ ਵਿਚ ਲਗਾ ਲਓ ਅਤੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਬਾਅਦ ਧੋ ਦਿਓ।
ਜੇ ਤੁਹਾਡੇ ਵਾਲ ਬਹੁਤ ਜ਼ਿਆਦਾ ਖੁਸ਼ਕ, ਰੁੱਖੇ ਅਤੇ ਨਾਜ਼ੁਕ ਹੋਣ ਤਾਂ ਇਕ ਆਂਡਾ, ਇਕ ਚਮਚ ਅਰਿੰਡੀ ਦਾ ਤੇਲ, ਨਿੰਬੂ ਰਸ ਅਤੇ ਇਕ ਚਮਚ ਐਲੋਵੇਰਾ ਜੈੱਲ ਨੂੰ ਮਿਲਾ ਕੇ ਇਸ ਮਿਸ਼ਰਣ ਨੂੰ ਵਾਲਾਂ 'ਤੇ ਲਗਾ ਕੇ ਸਿਰ 'ਤੇ ਪਲਾਸਟਿਕ ਟੋਪੀ ਪਹਿਨ ਲਓ ਅਤੇ ਵਾਲਾਂ ਨੂੰ ਅੱਧੇ ਘੰਟੇ ਬਾਅਦ ਤਾਜ਼ੇ ਸ਼ੁੱਧ ਪਾਣੀ ਵਿਚ ਧੋ ਦਿਓ।

ਪਰਸ ਨੂੰ ਭਾਰੀ ਨਾ ਹੋਣ ਦਿਓ

ਧਿਆਨ ਦੇਣ ਯੋਗ ਗੱਲਾਂ
* ਪਰਸ ਵਿਚ ਕੋਈ ਵੀ ਫਾਲਤੂ ਅਤੇ ਭਾਰੀ ਸਾਮਾਨ ਨਾ ਰੱਖੋ।
* ਸਮੇਂ-ਸਮੇਂ 'ਤੇ ਪਰਸ ਨੂੰ ਖਾਲੀ ਕਰਕੇ ਉਸ ਦੀ ਸਫ਼ਾਈ ਕਰੋ ਅਤੇ ਉਸ ਵਿਚ ਰੱਖਿਆ ਬਿਨਾਂ ਲੋੜ ਦਾ ਸਾਮਾਨ ਕੱਢ ਦਿਓ।
* ਪਰਸ ਵਿਚ ਢੇਰ ਸਾਰੇ ਵਿਜ਼ਟਿੰਗ ਕਾਰਡ ਰੱਖਣ ਦੀ ਬਜਾਏ ਇਕ ਛੋਟੀ ਜਿਹੀ ਡਾਇਰੀ ਵਿਚ ਨਾਂਅ-ਪਤੇ, ਫੋਨ ਨੰਬਰ ਨੋਟ ਕਰ ਲਓ।
* ਪਰਸ ਵਿਚ ਪੂਰਾ ਡ੍ਰੈਸਿੰਗ ਟੇਬਲ ਨਾ ਸਮੇਟੋ। ਇਕ-ਦੋ ਲੋੜ ਵਾਲੀਆਂ ਮੇਕਅਪ ਦੀਆਂ ਚੀਜ਼ਾਂ ਜਿਵੇਂ ਲਿਪਸਟਿਕ, ਕੰਘੀ, ਹੇਅਰ ਪਿਨ, ਸੇਫਟੀ ਪਿਨ ਆਦਿ ਹੀ ਰੱਖੋ।
* ਪਾਇਲ, ਝੁਮਕੇ, ਕੰਗਣ ਤੇ ਚੂੜੀਆਂ ਆਦਿ ਲਾਹ ਕੇ ਪਰਸ ਵਿਚ ਨਾ ਰੱਖੋ। ਇਨ੍ਹਾਂ ਨੂੰ ਲਾਹੁਣ ਤੋਂ ਬਾਅਦ ਸਹੀ ਜਗ੍ਹਾ 'ਤੇ ਰੱਖੋ।
* ਪਾਣੀ ਦੀ ਬੋਤਲ, ਟਿਫਨ ਬਾਕਸ, ਛਤਰੀ ਆਦਿ ਸਭ ਨੂੰ ਇਕੱਠੇ ਪਰਸ ਵਿਚ ਭਰ ਕੇ ਨਾ ਲਿਜਾਓ। ਇਸ ਲਈ ਵੱਖਰਾ ਇੰਤਜ਼ਾਮ ਕਰੋ।
* ਪਰਸ ਨੂੰ ਘਰੇਲੂ ਸਮੱਗਰੀ, ਸਬਜ਼ੀ ਆਦਿ ਲਿਆਉਣ ਦਾ ਝੋਲਾ ਨਾ ਬਣਾਓ।
* ਪਰਸ ਵਿਚ ਖਾਣੇ ਦੀ ਸਮੱਗਰੀ, ਬਿਸਕੁਟ, ਟੌਫੀ ਆਦਿ ਨਾ ਰੱਖੋ। ਇਸ ਨਾਲ ਪਰਸ ਨੂੰ ਕੀੜੀਆਂ ਜਾਂ ਚੂਹੇ ਨਸ਼ਟ ਕਰ ਸਕਦੇ ਹਨ।
* ਪਰਸ ਦੀ ਨਿਯਮਤ ਅੰਦਰੋਂ-ਬਾਹਰੋਂ ਸਫ਼ਾਈ ਕਰਦੇ ਰਹੋ, ਜਿਸ ਨਾਲ ਪਰਸ ਸਾਫ਼ ਅਤੇ ਚੰਗਾ ਲੱਗੇ।


-ਅਪਰਣਾ ਰਾਜ

ਕੀ ਤੁਸੀਂ ਚੰਗੇ ਗੁਆਂਢੀ ਹੋ?

* ਗੁਆਂਢੀਆਂ ਦੇ ਘਰੇਲੂ ਮਾਮਲਿਆਂ ਵਿਚ ਖੁਦ ਨੂੰ ਨਾ ਉਲਝਾਓ।
* ਬਿਨਾਂ ਮੰਗੇ ਸਲਾਹ ਨਾ ਦਿਓ। ਕਦੇ-ਕਦੇ ਸਲਾਹ ਦੇਣਾ ਮਹਿੰਗਾ ਪੈਂਦਾ ਹੈ।
* ਸੀਮਤ ਆਉਣਾ-ਜਾਣਾ ਸ਼ੋਭਾ ਦਿੰਦਾ ਹੈ। ਜ਼ਿਆਦਾ ਆਉਣਾ-ਜਾਣਾ ਕਦੇ-ਕਦੇ ਦੁਖੀ ਕਰਦਾ ਹੈ।
* ਲੈਣ-ਦੇਣ ਆਪਣੀ ਜੇਬ ਦੇ ਅਨੁਸਾਰ ਸੀਮਾ ਵਿਚ ਹੀ ਕਰੋ।
* ਸ਼ੁੱਭ ਕੰਮ ਹੋਣ 'ਤੇ ਜਾਂ ਖੁਸ਼ਖਬਰੀ ਹੋਣ 'ਤੇ ਖੁਸ਼ ਹੋ ਕੇ ਵਧਾਈ ਦੇਣ ਜਾਓ।
* ਬਿਮਾਰ ਹੋਣ 'ਤੇ, ਪ੍ਰੇਸ਼ਾਨੀ ਹੋਣ 'ਤੇ, ਕੋਈ ਦੁਰਘਟਨਾ ਹੋਣ 'ਤੇ ਲੋੜ ਅਨੁਸਾਰ ਮਦਦ ਕਰਨ ਤੋਂ ਸੰਕੋਚ ਨਾ ਕਰੋ।
* ਗੁਆਂਢੀਆਂ ਦੇ ਘਰ ਮਹਿਮਾਨ ਆਉਣ 'ਤੇ ਬਿਨਾਂ ਲੋੜ ਤੋਂ ਖੁਦ ਨੂੰ ਨਾ ਥੋਪੋ।
* ਤੁਸੀਂ ਕਿਸੇ ਕੰਮ ਵਿਚ ਮਾਹਿਰ ਹੋ ਤਾਂ ਗੁਆਂਢੀਆਂ ਦੀ ਇੱਛਾ ਹੋਣ 'ਤੇ ਉਨ੍ਹਾਂ ਨੂੰ ਆਪਣਾ ਗੁਣ ਸਿਖਾਓ।
* ਗੁਆਂਢੀਆਂ ਦੀਆਂ ਕਮੀਆਂ ਜਾਂ ਅਵਿਵਸਥਿਤ ਘਰ ਦੇ ਬਾਰੇ ਵਿਚ ਉਨ੍ਹਾਂ ਨੂੰ ਸਿੱਖਿਆ ਨਾ ਦਿਓ।
* ਗੁਆਂਢੀਆਂ ਦੀ ਤਰੱਕੀ 'ਤੇ ਕਿਸੇ ਤਰ੍ਹਾਂ ਦੀ ਈਰਖਾ ਨਾ ਕਰੋ।
* ਗੁਆਂਢੀਆਂ ਕੋਲੋਂ ਮਹਿੰਗੇ ਬਿਜਲੀ ਦੇ ਉਪਕਰਨ ਜਾਂ ਖਰਾਬ ਹੋਣ ਵਾਲੀਆਂ ਚੀਜ਼ਾਂ ਨਾ ਮੰਗੋ। ਮਜਬੂਰੀ ਹੋਣ 'ਤੇ ਵਰਤਣ ਤੋਂ ਬਾਅਦ ਸਾਫ਼ ਕਰਕੇ ਤੁਰੰਤ ਧੰਨਵਾਦ ਸਹਿਤ ਮੋੜ ਦਿਓ।
* ਗੁਆਂਢੀਆਂ ਕੋਲੋਂ ਅਖ਼ਬਾਰ ਜਾਂ ਪੁਸਤਕ ਪੜ੍ਹਨ ਲਈ ਲਓ ਤਾਂ ਸਮੇਂ ਅਨੁਸਾਰ ਬਿਨਾਂ ਪਾੜੇ ਜਾਂ ਖਰਾਬ ਕੀਤੇ ਵਾਪਸ ਕਰ ਦਿਓ।
* ਆਪਸ ਵਿਚ ਕੋਈ ਮਨਮੁਟਾਵ ਹੋਣ 'ਤੇ ਜਾਂ ਗ਼ਲਤ-ਫਹਿਮੀ ਹੋਣ 'ਤੇ ਗੱਲ ਸਪੱਸ਼ਟ ਕਰਨ ਨਾਲ ਝਗੜਾ ਵਧਦਾ ਨਹੀਂ ਹੈ।
* ਬੱਚਿਆਂ ਦੀ ਲੜਾਈ ਹੋਣ 'ਤੇ ਦੋਵੇਂ ਪੱਖਾਂ ਦੇ ਬੱਚਿਆਂ ਦੀ ਗੱਲ ਸ਼ਾਂਤੀ ਨਾਲ ਸੁਣੋ ਅਤੇ ਵੱਡੇ ਹੋਣ ਦੇ ਨਾਤੇ ਉਨ੍ਹਾਂ ਨੂੰ ਸ਼ਾਂਤ ਕਰੋ।
* ਚੰਗਾ ਸਰੋਤਾ ਬਣੋ, ਵਕਤਾ ਨਹੀਂ।
* ਦਿਲ ਮਿਲਣ 'ਤੇ ਗੁਆਂਢੀਆਂ ਦੇ ਨਾਲ ਮਿਲ ਕੇ ਪਿਕਨਿਕ ਵਗੈਰਾ ਦਾ ਪ੍ਰੋਗਰਾਮ ਬਣਾਓ। ਖ਼ਰੀਦੋ-ਫਰੋਖਤ ਲਈ ਸਮਾਂ ਹੋਵੇ ਤਾਂ ਇਕ-ਦੂਜੇ ਦਾ ਸਾਥ ਦਿਓ। ਆਪਣੀ ਪਸੰਦ ਦੂਜਿਆਂ 'ਤੇ ਨਾ ਥੋਪੋ। ਸਲਾਹ ਮੰਗਣ 'ਤੇ ਆਪਣੀ ਪਸੰਦ ਦੱਸੋ।

ਮਾਂ ਦਾ ਦੁੱਧ ਅੰਮ੍ਰਿਤਮਈ ਖੁਰਾਕ

ਬੱਚਿਆਂ ਲਈ ਮਾਂ ਦਾ ਦੁੱਧ ਅੰਮ੍ਰਿਤ ਵਰਗਾ ਹੁੰਦੈ, ਜੋ ਕਿ ਬੱਚੇ ਨੂੰ ਨਰੋਈ, ਤੰਦਰੁਸਤ ਅਤੇ ਮਜ਼ਬੂਤ ਸਿਹਤ ਤਾਂ ਦਿੰਦਾ ਹੀ ਹੈ, ਸਗੋਂ ਬੱਚਿਆਂ ਨੂੰ ਤੇਜ਼ ਤੇ ਵਿਲੱਖਣ ਬੁੱਧੀ ਤੇ ਅਰੋਗ ਜੀਵਨ ਵੀ ਬਖਸ਼ਦਾ ਹੈ। ਅਸਲ ਵਿਚ ਮਾਂ ਦਾ ਦੁੱਧ ਬੱਚਿਆਂ ਲਈ ਕੁਦਰਤ ਦੀ ਅਨਮੋਲ ਦਾਤ ਹੈ। ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਮਾਂ ਅਤੇ ਬੱਚੇ ਵਿਚਾਲੇ ਮੋਹ ਦੀ ਤੰਦ ਹੋਰ ਮਜ਼ਬੂਤ ਹੁੰਦੀ ਹੈ। ਮਾਂ ਦਾ ਦੁੱਧ ਪੀਣ ਵਾਲੇ ਬੱਚੇ ਰਿਸ਼ਟ-ਪੁਸ਼ਟ, ਚੰਗੇ ਤਕੜੇ ਬਣਦੇ ਹਨ ਅਤੇ ਉਹ ਛੇਤੀ ਕੀਤੇ ਬਿਮਾਰ ਵੀ ਨਹੀਂ ਹੁੰਦੇ। ਮਾਂ ਦਾ ਦੁੱਧ ਪੀਣ ਵਾਲੇ ਬੱਚੇ ਮਨੋਵਿਗਿਆਨਕ ਤੌਰ 'ਤੇ ਵੀ ਤੇਜ਼ ਹੁੰਦੇ ਹਨ, ਜੋ ਕਿ ਦੂਸਰਿਆਂ ਲਈ ਰਾਹ ਦਸੇਰਾ ਬਣਦੇ ਹਨ। ਹਰ ਮਾਂ ਨੂੰ ਪੂਰਾ ਇਕ ਸਾਲ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ। ਇਹ ਦੁੱਧ ਹੋਰ ਸਭ ਚੀਜ਼ਾਂ ਨਾਲੋਂ ਬੱਚੇ ਦੇ ਸਰੀਰ ਉਪਰ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਨਵਜੰਮੇ ਬੱਚੇ ਦੀ ਅਸਲ ਖੁਰਾਕ ਮਾਂ ਦਾ ਦੁੱਧ ਹੀ ਹੈ, ਪਰ ਅੱਜਕਲ੍ਹ 60 ਫੀਸਦੀ ਬੱਚੇ ਮਾਂ ਦਾ ਦੁੱਧ ਪੀਣ ਤੋਂ ਜਾਂ ਤਾਂ ਵਾਂਝੇ ਰਹਿ ਜਾਂਦੇ ਹਨ ਜਾਂ ਫਿਰ ਮਾਵਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਮਾਂ ਦਾ ਦੁੱਧ ਦੇਣ ਤੋਂ ਹਟ ਜਾਂਦੀਆਂ ਹਨ, ਜਿਸ ਨਾਲ ਬੱਚੇ ਵਿਚ ਕਮਜ਼ੋਰੀ ਆ ਜਾਂਦੀ ਹੈ। ਅੱਜਕਲ੍ਹ ਮਾਵਾਂ ਬੱਚਿਆਂ ਨੂੰ ਮਾਂ ਦਾ ਦੁੱਧ ਘੱਟ ਪਿਲਾਉਂਦੀਆਂ ਹਨ, ਸਗੋਂ ਮੱਝਾਂ-ਗਾਵਾਂ ਦਾ ਦੁੱਧ ਜ਼ਿਆਦਾ ਪਿਲਾਉਂਦੀਆਂ ਹਨ। ਇਸ ਤੋਂ ਇਲਾਵਾ ਆਧੁਨਿਕਤਾ ਦੀ ਹੋੜ ਵਿਚ ਵੱਡੀ ਗਿਣਤੀ ਮਾਂਵਾਂ ਆਪਣੇ ਬੱਚਿਆਂ ਨੂੰ ਮਾਂ ਦੇ ਦੁੱਧ ਦੀ ਥਾਂ ਹੋਰ ਹੀ ਪਾਊਡਰ ਜਿਹੇ ਘੋਲ-ਘੋਲ ਪਿਲਾਈ ਜਾਂਦੀਆਂ ਹਨ, ਜਿਸ ਨਾਲ ਬੱਚਾ ਥੁਲਥੁਲਾ ਹੋ ਜਾਂਦਾ ਹੈ, ਉਸ ਦੀਆਂ ਹੱਡੀਆਂ ਕੱਚੀਆਂ ਰਹਿ ਜਾਂਦੀਆਂ ਹਨ ਤੇ ਉਹ ਕਮਜ਼ੋਰ ਹੋ ਜਾਂਦਾ ਹੈ।
ਵੱਡੀ ਗਿਣਤੀ ਮਾਵਾਂ ਇਸ ਭਰਮ ਦਾ ਸ਼ਿਕਾਰ ਹੁੰਦੀਆਂ ਹਨ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਦੀ ਫਿੱਗਰ ਖਰਾਬ ਹੋ ਜਾਵੇਗੀ, ਜਿਸ ਕਰਕੇ ਉਨ੍ਹਾਂ ਦੀ ਸੁੰਦਰਤਾ ਜਾਂਦੀ ਰਹੇਗੀ, ਪਰ ਇਹ ਉਨ੍ਹਾਂ ਮਾਵਾਂ ਦਾ ਵਹਿਮ ਹੀ ਹੁੰਦਾ ਹੈ। ਜੇ ਕੁਦਰਤੀ ਸੋਮਿਆਂ ਦੀ ਵਰਤੋਂ ਕੁਦਰਤ ਦੇ ਨਿਯਮਾਂ ਅਨੁਸਾਰ ਕੀਤੀ ਜਾਵੇ ਤਾਂ ਸੋਮਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਫਾਇਦਾ ਹੀ ਹੁੰਦਾ ਹੈ, ਸਗੋਂ ਮਾਂ ਦੇ ਦੁੱਧ ਦੇ ਕੁਦਰਤੀ ਸੋਮੇ ਪਹਿਲਾਂ ਨਾਲੋਂ ਵੀ ਭਰਪੂਰ ਹੁੰਦੇ ਹਨ। ਇਸ ਲਈ ਮਾਵਾਂ ਨੂੰ ਇਹ ਗੱਲ ਆਪਣੇ ਮਨ ਵਿਚੋਂ ਕੱੱਢ ਦੇਣੀ ਚਾਹੀਦੀ ਹੈ ਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਉਨ੍ਹਾਂ ਦੀ ਫਿੱਗਰ ਖਰਾਬ ਹੋ ਜਾਵੇਗੀ। ਸਗੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਖੁਦ ਵੀ ਸਿਹਤਮੰਦ ਤੇ ਤੰਦਰੁਸਤ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਸਿਹਤਮੰਦ ਹੁੰਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚੇ ਦੇ ਚਿਹਰੇ ਉੱਪਰ ਲਾਲੀ ਖੇਡਦੀ ਹੁੰਦੀ ਹੈ ਅਤੇ ਉਸ ਦਾ ਰੰਗ ਗੁਲਾਬੀ ਭਾਅ ਮਾਰਦਾ ਰਹਿੰਦਾ ਹੈ।
ਹੁਣ ਵਿਦੇਸ਼ਾਂ ਵਿਚ ਤਾਂ ਮਾਂ ਦਾ ਦੁੱਧ ਬਾਜ਼ਾਰ ਵਿਚ ਵੀ ਮਿਲਣ ਲੱਗ ਪਿਆ ਹੈ ਅਤੇ ਭਾਰਤ ਵਿਚ ਵੀ ਮਾਂ ਦਾ ਦੁੱਧ ਜਲਦੀ ਹੀ ਬਾਜ਼ਾਰ ਵਿਚੋਂ ਮੁੱਲ ਮਿਲਣ ਲੱਗ ਜਾਣ ਦੀ ਚਰਚਾ ਹੋ ਰਹੀ ਹੈ। ਸਾਡੀ ਮਾਵਾਂ ਅੱਗੇ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਦਾ ਦੁੱਧ ਜ਼ਰੂਰ ਪਿਲਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੱਖ-ਵੱਖ ਥਾਵਾਂ ਉਪਰ ਸੈਮੀਨਾਰ ਕਰਵਾ ਕੇ ਮਾਵਾਂ ਨੂੰ ਇਸ ਸਬੰਧੀ ਜਾਗਰੂਕ ਕਰੇ। ਅਸਲ ਵਿਚ ਮਾਂ ਦਾ ਦੁੱਧ ਹੀ ਬੱਚੇ ਨੂੰ ਸਿਹਤਮੰਦ ਜ਼ਿੰਦਗੀ ਬਖ਼ਸ਼ਦਾ ਹੈ ਅਤੇ ਬੱਚਾ ਆਪਣੀ ਮਾਂ ਦੇ ਦੁੱਧ ਦਾ ਕਰਜ਼ ਸਾਰੀ ਉਮਰ ਨਹੀਂ ਚੁਕਾ ਸਕਦਾ। ਮਾਂ ਦਾ ਦੁੱਧ ਹੀ ਹਰ ਬੱਚੇ ਲਈ ਉੱਤਮ ਤੇ ਸਰਬਉੱਚ ਖੁਰਾਕ ਹੁੰਦਾ ਹੈ।

-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਤੁਹਾਡੀ ਪਛਾਣ ਹੈ ਤੁਹਾਡਾ ਚੰਗੇ ਅਤੇ ਸਿਆਣੇ ਹੋਣਾ

ਸਾਡਾ ਮਨ ਅਤੇ ਦਿਲ ਪਵਿੱਤਰ ਹੋ ਸਕਦੇ ਹਨ ਪਰ ਅਸੀਂ ਕੋਸ਼ਿਸ਼ ਨਹੀਂ ਕਰਦੇ। ਅਸੀਂ ਦੂਜਿਆਂ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੇ ਪਰ ਅਸੀਂ ਯਤਨ ਕਰਦੇ ਹਾਂ, ਪਰ ਅਸੀਂ ਆਪਣੇ-ਆਪ ਨੂੰ ਕਾਬੂ ਵਿਚ ਰੱਖ ਸਕਦੇ ਹਾਂ ਪਰ ਅਸੀਂ ਯਤਨ ਨਹੀਂ ਕਰਦੇ। ਤੁਹਾਡੀ ਜ਼ਿੰਦਗੀ ਦੀ ਅਸਲ ਪਛਾਣ ਉਹ ਕੰਮ ਹਨ, ਜਿਨ੍ਹਾਂ ਨੂੰ ਕਰਨ ਨਾਲ ਤੁਹਾਡੀ ਆਤਮਾ ਅਤੇ ਰੂਹ ਖੁਸ਼ ਹੁੰਦੀ ਹੈ। ਦੂਜਿਆਂ ਦੀ ਆਸ 'ਤੇ ਚੱਲੋਗੇ ਤਾਂ ਤੁਸੀਂ ਨਿਰਾਸ਼ਾ ਤੋਂ ਬਚ ਨਹੀਂ ਸਕਦੇ। ਦੂਜਿਆਂ ਦੇ ਇਸ਼ਾਰਿਆਂ 'ਤੇ ਹੀ ਕੰਮ ਕਰੋਗੇ ਤਾਂ ਤੁਸੀਂ ਕਦੇ ਵੀ ਪ੍ਰਸੰਨਚਿੱਤ ਅਤੇ ਖੁਸ਼ਹਾਲ ਨਹੀਂ ਬਣ ਸਕਦੇ। ਤੁਹਾਡੀ ਪਛਾਣ ਤੁਹਾਡਾ ਸਾਊ ਅਤੇ ਸਿਆਣੇ ਹੋਣਾ ਹੈ। ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੀ ਪਤੰਗ ਆਪ ਹੀ ਉਡਾਉਣ ਦੀ ਜਾਚ ਨਹੀਂ ਹੈ ਤਾਂ ਇਸ ਦੀ ਲੰਮੀ ਡੋਰ ਵੀ ਕੰਮ ਨਹੀਂ ਆਵੇਗੀ। ਮਜਬੂਰੀ ਵੱਸ ਕੀਤੇ ਕੰਮਾਂ ਦਾ ਪੱਧਰ ਕਦੇ ਉੱਚਾ ਨਹੀਂ ਹੁੰਦਾ। ਅਕਸਰ ਦੇਖਿਆ ਗਿਆ ਹੈ ਕਿ ਇਸਤਰੀਆਂ ਕੋਲ ਜਜ਼ਬੇ ਨਾਲੋਂ ਜਜ਼ਬਾਤ ਜ਼ਿਆਦਾ ਹੁੰਦੇ ਹਨ। ਤੁਹਾਡੀ ਪਛਾਣ ਤੁਹਾਡੇ ਕੰਮ ਹਨ, ਤੁਹਾਡੀ ਚੰਗਿਆਈ ਤੁਹਾਡਾ ਸੁਭਾਅ ਹੈ ਅਤੇ ਤੁਹਾਡਾ ਆਪਣੇ-ਆਪ ਨੂੰ ਜਾਣ ਲੈਣਾ ਤੁਹਾਡੀ ਸਿਆਣਪ ਹੈ। ਆਪਣੇ-ਆਪ 'ਤੇ ਕਾਬੂ ਨਾ ਰੱਖ ਸਕਣਾ ਹੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਨਾਕਾਮਯਾਬੀ ਹੈ। ਕਿਨਾਰਿਆਂ ਤੋਂ ਬਗੈਰ ਪਾਣੀ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਉਹ ਹੜ੍ਹ ਬਣ ਜਾਂਦਾ ਹੈ। ਇਸ ਦੁਨੀਆ ਵਿਚ ਮਰਦਾਂ ਨਾਲੋਂ ਵੀ ਵੱਧ ਔਰਤਾਂ ਵਿਚ ਜਜ਼ਬਾਤ ਅਤੇ ਭਾਵਨਾਵਾਂ ਦੀ ਸ਼ਕਤੀ ਹੁੰਦੀ ਹੈ ਪਰ ਇਹ ਜਜ਼ਬਾਤ, ਭਾਵਨਾਵਾਂ ਅਤੇ ਵਲਵਲੇ ਸ਼ਕਤੀ ਤਾਂ ਹੀ ਬਣਦੇ ਹਨ, ਜੇਕਰ ਇਨ੍ਹਾਂ 'ਤੇ ਸਾਡਾ ਕਾਬੂ ਹੋਵੇ। ਕੰਟਰੋਲ ਤੋਂ ਬਗੈਰ ਤਾਂ ਚੰਗਿਆਈ ਵੀ ਬੋਝ ਬਣ ਜਾਂਦੀ ਹੈ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਕਿੰਨੀ ਦੁਨੀਆ ਤੁਹਾਨੂੰ ਜਾਣਦੀ ਹੈ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਕਿੰਨੇ ਲੋਕ ਤੁਹਾਨੂੰ ਪਛਾਣਦੇ ਹਨ। ਸਾਡੀ ਅਸਲ ਪ੍ਰਾਪਤੀ ਆਪਣੇ-ਆਪ ਨੂੰ ਪਛਾਣ ਲੈਣ ਵਿਚ ਹੀ ਹੈ।
ਉਨ੍ਹਾਂ ਲੋਕਾਂ ਦੀ ਭੀੜ ਦਾ ਕਦੇ ਹਿੱਸਾ ਨਾ ਬਣੋ, ਜੋ ਗ਼ਲਤ ਦਿਸ਼ਾ ਵੱਲ ਜਾ ਰਹੇ ਹੋਣ। ਅਜਿਹੇ ਕੰਮ ਕਰੋ ਕਿ ਦੁਨੀਆ ਤੁਹਾਨੂੰ ਖੁਦ ਖੋਜਣ ਦੀ ਕੋਸ਼ਿਸ਼ ਕਰੇ। ਚੰਗੀਆਂ ਆਦਤਾਂ ਉਸਾਰਨ ਲਈ ਸਬਰ ਅਤੇ ਸਮੇਂ ਦੀ ਲੋੜ ਹੁੰਦੀ ਹੈ। ਬਾਅਦ ਵਿਚ ਜ਼ਿੰਦਗੀ ਆਪਣੇ-ਆਪ ਹੀ ਤੁਹਾਡੀਆਂ ਆਦਤਾਂ ਅਨੁਸਾਰ ਚੱਲਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਦੂਜਿਆਂ ਬਾਰੇ ਕੀ ਸੋਚਦੇ ਹੋ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਸਾਡੀ ਆਪਣੇ-ਆਪ ਬਾਰੇ ਕੀ ਰਾਇ ਹੈ। ਜੇਕਰ ਅਸੀਂ ਆਪਣੇ-ਆਪ ਬਾਰੇ ਚੰਗਾ ਸੋਚਦੇ ਹਾਂ ਤਾਂ ਦੂਜਿਆਂ ਦੀ ਵੀ ਸਾਡੇ ਬਾਰੇ ਰਾਇ ਚੰਗੀ ਹੀ ਹੋਵੇਗੀ। ਆਪਣੀ ਕਦਰ ਆਪ ਕਰਨੀ ਸਿੱਖੋ ਅਤੇ ਕੁਝ ਕੁ ਮੁਨਾਫਿਆਂ ਦੀ ਖਾਤਰ ਆਪਣੀ ਜ਼ਮੀਰ ਨੂੰ ਨਾ ਵੇਚੋ। ਜਲਦਬਾਜ਼ੀ ਅਕਸਰ ਮਜਬੂਰੀ ਬਣ ਜਾਂਦੀ ਹੈ। ਆਪਣੇ-ਆਪ ਤੋਂ ਵੱਧ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ। ਮੁਸ਼ਕਿਲਾਂ ਦੇਖ ਕੇ ਕੰਮ ਕਰਨ ਵਾਲੇ ਕਦੇ ਸਫ਼ਲ ਅਤੇ ਖੁਸ਼ ਨਹੀਂ ਹੋ ਸਕਦੇ। ਦੌਲਤ ਕਮਾਉਣ ਦੇ ਚੱਕਰ ਵਿਚ ਜ਼ਿੰਦਗੀ ਜਿਊਣ ਦਾ ਸਲੀਕਾ ਕਦੇ ਨਾ ਭੁੱਲੋ। ਦੌਲਤ ਜ਼ਰੀਆ ਹੈ, ਮੰਜ਼ਿਲ ਨਹੀਂ। ਆਪਣੀ ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਤੈਅ ਕਰੋ ਕਿ ਤੁਹਾਡਾ ਸਫ਼ਰ ਹੀ ਤੁਹਾਡੀ ਪਛਾਣ ਅਤੇ ਮੰਜ਼ਿਲ ਬਣ ਜਾਵੇ। ਤੁਹਾਡੀ ਜਿੱਤ ਤੋਂ ਪਹਿਲਾਂ ਹੀ ਲੋਕ ਤੁਹਾਨੂੰ ਜੇਤੂ ਮੰਨ ਲੈਣ।
ਜ਼ਿਆਦਾਤਰ ਲੜਕੀਆਂ ਇਸ ਗੱਲ ਦੀ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਹਾਲਾਤ ਅਨੁਕੂਲ ਨਹੀਂ ਹਨ। ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ। ਉਨ੍ਹਾਂ ਕੋਲ ਸਾਧਨ ਅਤੇ ਸਹੂਲਤਾਂ ਨਹੀਂ ਹਨ। ਪਰ ਕੀ ਸ਼ਿਕਾਇਤਾਂ ਕਰਨ ਨਾਲ ਜਾਂ ਦੋਸ਼ ਦੇਣ ਨਾਲ ਤੁਹਾਡੇ ਮਸਲੇ ਹੱਲ ਹੋ ਜਾਂਦੇ ਹਨ? ਇਸ ਨਾਲੋਂ ਬਿਹਤਰ ਹੈ ਕਿ ਤੁਸੀਂ ਕੋਈ ਰਸਤਾ ਖੋਜਣ ਦੀ ਕੋਸ਼ਿਸ਼ ਕਰੋ। ਸ਼ਿਕਵੇ-ਸ਼ਿਕਾਇਤਾਂ ਨਾਲ ਤਾਂ ਸੰਭਾਵਨਾਵਾਂ ਹੋਰ ਵੀ ਘੱਟ ਹੋ ਜਾਂਦੀਆਂ ਹਨ। ਦੁਨੀਆ ਵਿਚ ਜਿੰਨੀਆਂ ਵੀ ਮਹਾਨ ਔਰਤਾਂ ਜਾਂ ਪੁਰਸ਼ ਹੋਏ ਹਨ, ਸਭ ਕੋਲ ਹੀ ਦੋਸ਼ ਦੇਣ ਲਈ, ਸ਼ਿਕਵੇ-ਸ਼ਿਕਾਇਤਾਂ ਕਰਨ ਲਈ ਬਹੁਤ ਕੁਝ ਸੀ ਪਰ ਉਨ੍ਹਾਂ ਦਾ ਧਿਆਨ ਤਾਂ ਸਿਰਫ ਆਪਣੇ ਕੰਮਾਂ ਵੱਲ ਸੀ। ਜੇਕਰ ਨੀਅਤ ਸਾਫ਼ ਹੋਵੇ ਤਾਂ ਬੰਦਾ ਪਿੱਠ ਕਰਕੇ ਵੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਜੀਓ ਕਿ ਤੁਹਾਡਾ ਦਰਦ ਤੁਹਾਡੇ ਲਈ ਦੁਆ ਬਣ ਜਾਵੇ। ਦੁਆ ਕਰਨ ਨਾਲ ਅਸੀਂ ਰੱਬ ਕੋਲੋਂ ਮੰਗਦੇ ਹਾਂ ਅਤੇ ਕਰਮ ਕਰੋਗੇ ਤਾਂ ਰੱਬ ਨੂੰ ਦੇਣਾ ਹੀ ਪੈਂਦਾ ਹੈ। ਇਸ ਤਰ੍ਹਾਂ ਦੇ ਕਰਮ ਕਰੋ ਕਿ ਤੁਹਾਡਾ ਹਰ ਕਰਮ ਤੁਹਾਡੀ ਪਛਾਣ ਅਤੇ ਕਿਸਮਤ ਬਣ ਜਾਵੇ। ਜ਼ਿੰਦਗੀ ਰਹੀ ਤਾਂ ਮੁਸ਼ਕਿਲਾਂ ਹਮੇਸ਼ਾ ਹੀ ਰਹਿਣਗੀਆਂ ਪਰ ਜੇਕਰ ਤੁਸੀਂ ਰਹੇ ਤਾਂ ਮੁਸ਼ਕਿਲਾਂ ਦੇ ਹੱਲ ਵੀ ਨਾਲ ਹੀ ਰਹਿਣਗੇ। ਤੁਸੀਂ ਕਿਸੇ ਲਈ ਹੱਲ ਬਣੋ, ਪਰ ਮੁਸ਼ਕਿਲ ਨਹੀਂ। ਤੁਸੀਂ ਕਿਸੇ ਦਾ ਪਿਆਰ ਬਣੋ, ਪਰ ਈਰਖਾ ਨਹੀਂ। ਤੁਸੀਂ ਖੁਦ ਹਾਰ ਕੇ ਵੀ ਕਿਸੇ ਨੂੰ ਜਿੱਤ ਸਕਦੇ ਹੋ। ਕਿਸੇ ਲਈ ਪ੍ਰੇਰਨਾ ਬਣੋ ਪਰ ਨਿਰਾਸ਼ਾ ਨਹੀਂ।


-ਅਮਰਜੀਤ ਬਰਾੜ,
ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਤਾਂ ਕਿ ਤੁਸੀਂ ਵੀ ਦਿਸੋ ਪਤਲੇ

* ਆਲਸ ਨੂੰ ਛੱਡ ਕੇ ਹਮੇਸ਼ਾ ਚੁਸਤ ਰਹੋ। ਸਰੀਰਕ ਕੰਮ ਨਾਲ ਥੱਕ ਜਾਣ ਤੋਂ ਬਾਅਦ ਦਿਮਾਗੀ ਕੰਮ ਕਰੋ। ਕੁਰਸੀ ਨਾਲ ਤੁਰੰਤ ਚਿਪਕ ਜਾਣ ਨਾਲੋਂ ਚੰਗਾ ਹੈ ਕਿ ਤੁਸੀਂ ਜ਼ਿਆਦਾ ਕੰਮ ਖੜ੍ਹੇ ਰਹਿ ਕੇ ਕਰੋ। ਖੜ੍ਹੇ ਜਾਂ ਟਹਿਲਦੇ ਰਹਿਣ ਨਾਲ ਤੁਹਾਡੇ ਸਰੀਰ ਵਿਚ ਵਾਧੂ ਚਰਬੀ ਜਮ੍ਹਾਂ ਨਹੀਂ ਹੁੰਦੀ।
* ਘਰੇਲੂ ਕੰਮ ਵੀ ਤੁਹਾਡੀ ਕੈਲੋਰੀ ਨੂੰ ਕਾਬੂ ਕਰਨ ਵਿਚ ਸਹਾਇਕ ਹੈ। ਆਟਾ ਗੁੰਨ੍ਹਣਾ, ਪੋਚਾ ਲਗਾਉਣਾ ਵਰਗੇ ਘਰੇਲੂ ਕੰਮਾਂ ਨਾਲ ਤੁਹਾਡੇ ਸਰੀਰ ਦੀ ਲਗਪਗ 300 ਕੈਲੋਰੀ ਆਸਾਨੀ ਨਾਲ ਖਰਚ ਹੋ ਜਾਂਦੀ ਹੈ।
* ਘਰ ਦੇ ਕੰਮ ਨਿਬੇੜ ਕੇ ਕਦੇ ਬਾਜ਼ਾਰ ਜਾ ਕੇ ਖਰੀਦਦਾਰੀ ਕਰੋ। ਨੇੜੇ ਹੀ ਕਿਤੇ ਜਾਣਾ ਹੋਵੇ ਤਾਂ ਵਾਹਨ ਦੀ ਵਰਤੋਂ ਨਾ ਕਰੋ, ਸਗੋਂ ਪੈਦਲ ਹੀ ਜਾਓ।
* ਕੈਲੋਰੀ ਨੂੰ ਕਾਬੂ ਵਿਚ ਰੱਖਣ ਲਈ ਤੁਹਾਡੇ ਭੋਜਨ ਦਾ ਸੰਤੁਲਿਤ ਹੋਣਾ ਬੇਹੱਦ ਜ਼ਰੂਰੀ ਹੈ। ਇਸ ਲਈ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਦਿਓ। ਖਾਣੇ ਵਿਚ ਚਰਬੀ ਦੀ ਮਾਤਰਾ ਘੱਟ ਰੱਖੋ। ਜਿਥੋਂ ਤੱਕ ਸੰਭਵ ਹੋਵੇ, ਮਸਾਲੇਦਾਰ ਅਤੇ ਚਿਕਨਾਈ ਵਾਲੇ ਖਾਧ ਪਦਾਰਥਾਂ ਤੋਂ ਪ੍ਰਹੇਜ਼ ਕਰੋ। ਫਾਸਟ ਫੂਡ, ਜੰਕ ਫੂਡ ਵਰਗੇ ਬਾਜ਼ਾਰੂ ਖਾਣੇ ਦੀ ਜਗ੍ਹਾ ਘਰ ਦਾ ਸ਼ੁੱਧ ਅਤੇ ਸੰਤੁਲਿਤ ਖਾਣਾ ਤੁਹਾਡੀ ਤੰਦਰੁਸਤੀ ਲਈ ਜ਼ਰੂਰੀ ਹੈ। ਚਾਕਲੇਟ ਅਤੇ ਆਈਸਕ੍ਰੀਮ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿਚ ਕਰੋ। ਚਾਹ, ਕੌਫੀ ਅਤੇ ਕੋਲਡ ਡ੍ਰਿੰਕਸ ਦੀ ਜਗ੍ਹਾ ਮੌਸਮੀ ਫਲਾਂ ਦਾ ਰਸ ਪੀਓ।
* ਦੁਪਹਿਰ ਨੂੰ ਆਮ ਅਤੇ ਰਾਤ ਨੂੰ ਹਲਕਾ-ਫੁਲਕਾ ਭੋਜਨ ਕਰੋ। ਖਾਣੇ ਵਿਚ ਸਬਜ਼ੀਆਂ ਦਾ ਸੂਪ ਅਤੇ ਸਲਾਦ ਨਿਯਮਤ ਲਓ। ਸਲਾਦ ਵਿਚ ਰੇਸ਼ੇ ਭਰਪੂਰ ਮਾਤਰਾ ਵਿਚ ਹੁੰਦੇ ਹਨ ਜੋ ਤੁਹਾਡੀ ਪਾਚਣ ਕਿਰਿਆ ਨੂੰ ਆਮ ਬਣਾਈ ਰੱਖਦੇ ਹਨ।
* ਡਾਇਟਿੰਗ ਦੇ ਕਠੋਰ ਨਿਯਮਾਂ ਵਿਚ ਨਾ ਬੱਝੋ। ਡਾਇਟਿੰਗ ਕਰਨ ਨਾਲ ਤੁਹਾਡੇ ਸਰੀਰ ਵਿਚ ਕਈ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ਕੁਪੋਸ਼ਣ ਅਤੇ ਕਮਜ਼ੋਰੀ ਦਾ ਸ਼ਿਕਾਰ ਹੋ ਸਕਦੇ ਹੋ।
* ਦੁਪਹਿਰ ਨੂੰ ਗੂੜ੍ਹੀ ਨੀਂਦ ਸੌਣ ਦੀ ਆਦਤ ਛੱਡ ਦਿਓ। ਖਾਣੇ ਤੋਂ ਬਾਅਦ 20-25 ਮਿੰਟ ਲੰਮੇ ਪੈ ਕੇ ਆਰਾਮ ਕਰ ਲਓ।
* ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਬੈੱਡ 'ਤੇ ਨਾ ਜਾਓ। ਕੁਝ ਦੇਰ ਖੁੱਲ੍ਹੀ ਹਵਾ ਵਿਚ ਟਹਿਲੋ।
ਪਹਿਰਾਵਾ : ਕੱਪੜੇ ਵੀ ਤੁਹਾਡੇ ਆਕਾਰ ਨਿਰਧਾਰਨ ਵਿਚ ਸਹਾਇਕ ਹੁੰਦੇ ਹਨ। ਕੱਪੜਿਆਂ ਦੀ ਚੋਣ ਵਿਚ ਥੋੜ੍ਹੀ ਸਾਵਧਾਨੀ ਵਰਤੋ। ਪਤਲੇ ਦਿਸਣ ਲਈ ਗਹਿਰੇ ਅਤੇ ਇਕ ਰੰਗ ਵਾਲੇ ਕੱਪੜੇ ਪਹਿਨੋ। ਕਾਲਾ ਰੰਗ ਤੁਹਾਡੇ ਮੋਟਾਪੇ ਨੂੰ ਕੁਝ ਹੱਦ ਤੱਕ ਛੁਪਾ ਲੈਂਦਾ ਹੈ। ਢਿੱਲੇ-ਢਾਲੇ ਵੱਡੇ ਛਾਪ ਵਾਲੇ ਕੱਪੜਿਆਂ ਤੋਂ ਪ੍ਰਹੇਜ਼ ਕਰੋ। ਬਰੀਕ ਅਤੇ ਛੋਟੇ ਪ੍ਰਿੰਟ ਵਾਲੇ ਸਰੀਰਕ ਫਿਟਿੰਗ ਵਾਲੇ ਕੱਪੜਿਆਂ ਵਿਚ ਤੁਸੀਂ ਪਤਲੇ ਦਿਸੋਗੇ।

ਬੱਚਿਆਂ 'ਤੇ ਟੈਲੀਵਿਜ਼ਨ ਦਾ ਪ੍ਰਭਾਵ

ਅੱਜਕਲ੍ਹ ਬੱਚਿਆਂ ਅੰਦਰ ਟੈਲੀਵਿਜ਼ਨ ਦੇਖਣ ਦਾ ਰੁਝਾਨ ਬਹੁਤ ਵਧ ਗਿਆ ਹੈ। ਨਵੇਂ-ਨਵੇਂ ਕਾਲਪਨਿਕ, ਮਿਥਿਹਾਸਕ ਲੜੀਵਾਰਾਂ ਨੇ ਬੱਚਿਆਂ ਅੰਦਰ ਇਨ੍ਹਾਂ ਪ੍ਰੋਗਰਾਮਾਂ ਨੂੰ ਲਗਾਤਾਰ ਦੇਖਣ ਲਈ ਏਨੀ ਜ਼ਿਆਦਾ ਉਤੇਜਨਾ ਭਰ ਦਿੱਤੀ ਹੈ ਕਿ ਉਹ ਕਈ ਵਾਰ ਖੇਡਾਂ ਖੇਡਣ, ਵਿਆਹ-ਪਾਰਟੀਆਂ ਆਦਿ ਦੇ ਪ੍ਰੋਗਰਾਮਾਂ ਨੂੰ ਵੀ ਅਣਗੌਲੇ ਕਰ ਦਿੰਦੇ ਹਨ। ਟੈਲੀਵਿਜ਼ਨ ਦੇ ਏਨੇ ਵਧ ਰਹੇ ਰੁਝਾਨ ਤੋਂ ਸਾਡੇ ਸਿੱਖਿਆ ਵਿਭਾਗ ਨੂੰ ਵੀ ਬੱਚਿਆਂ ਦੀਆਂ ਬਦਲ ਰਹੀਆਂ ਪ੍ਰਸਥਿਤੀਆਂ ਮੁਤਾਬਕ ਸਿੱਖਿਆ ਦੇਣ ਬਾਰੇ ਸੋਚਣਾ ਚਾਹੀਦਾ ਹੈ। ਬੱਚਿਆਂ ਲਈ ਉਸਾਰੂ ਪ੍ਰੋਗਰਾਮ ਟੈਲੀਵਿਜ਼ਨ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਸਰਕਾਰ ਨੂੰ ਕਰਨੀ ਚਾਹੀਦੀ ਹੈ। ਸਰਕਾਰ ਪੈਸੇ ਦੀ ਖਾਤਰ ਪ੍ਰਾਈਵੇਟ ਲੋਕਾਂ ਦੇ ਘਟੀਆ, ਗੈਰ-ਮਿਆਰੀ, ਅਸ਼ਲੀਲ, ਸੱਚਾਈ ਤੋਂ ਕੋਹਾਂ ਦੂਰ ਪ੍ਰੋਗਰਾਮ ਤਾਂ ਦੇ ਸਕਦੀ ਹੈ, ਪਰ ਦੇਸ਼ ਦੇ ਕੱਲ੍ਹ ਦੇ ਨੇਤਾ ਬਣਨ ਜਾ ਰਹੇ ਬੱਚਿਆਂ ਲਈ ਦੇਸ਼ ਭਗਤੀ, ਸਮਾਜ ਸੇਵਾ, ਕੁਰਬਾਨੀ ਦੀ ਭਾਵਨਾ, ਸੱਚਾਈ ਦੇ ਰਾਹ ਵਰਗੇ ਪ੍ਰੋਗਰਾਮਾਂ ਨੂੰ ਸਰਕਾਰ ਕਿੰਨਾ ਕੁ ਸਮਾਂ ਦਿੰਦੀ ਹੈ, ਇਹ ਸਭ ਦੇ ਸਾਹਮਣੇ ਹੀ ਹੈ।
ਟੈਲੀਵਿਜ਼ਨ ਸਿੱਖਿਆ ਦੇਣ ਦਾ ਅਹਿਮ ਸਾਧਨ ਹੈ, ਜੇਕਰ ਇਸ ਦੀ ਯੋਗ ਵਰਤੋਂ ਕੀਤੀ ਜਾਵੇ। ਪਰ ਅੱਜਕਲ੍ਹ ਕਈ ਗਾਇਕਾਂ ਅਤੇ ਗੀਤਕਾਰਾਂ ਦੇ ਅਨੋਖੇ ਗੀਤ ਦੇ ਢੰਗਾਂ ਅਤੇ ਬੋਲਾਂ ਨੂੰ ਕਈ ਵਾਰ ਅੱਖਾਂ ਦੇਖਣ ਅਤੇ ਕੰਨ ਸੁਣਨ ਤੋਂ ਤੌਬਾ ਕਰ ਦਿੰਦੇ ਹਨ। ਉਨ੍ਹਾਂ ਦਾ ਵਿਸ਼ਾ ਜਵਾਨੀ ਪਹਿਰੇ ਤੱਕ ਹੀ ਸੀਮਤ ਹੁੰਦਾ ਹੈ। ਟੈਲੀਵਿਜ਼ਨ ਦੇ ਪ੍ਰੋਗਰਾਮ ਨਿਰਮਾਤਾ ਨੇ ਕਦੇ ਇਹ ਵੀ ਸੋਚਿਆ ਕਿ ਇਹ ਪ੍ਰੋਗਰਾਮ ਜ਼ਿਆਦਾ ਬੱਚੇ ਹੀ ਦੇਖਦੇ ਹਨ, ਪਰ ਨਾਲ ਬੁੱਢੇ ਵੀ ਬੈਠੇ ਹੁੰਦੇ ਹਨ। ਇਨ੍ਹਾਂ ਦਾ ਜ਼ਿਆਦਾ ਪ੍ਰਭਾਵ ਕੋਮਲ ਬੱਚਿਆਂ ਉਪਰ ਜਲਦੀ ਪੈਣਾ ਕੁਦਰਤੀ ਹੈ। ਬੱਚਿਆਂ ਲਈ ਹਰੇਕ ਪ੍ਰੋਗਰਾਮ ਵਿਚ ਯੋਗ ਥਾਂ ਮਿਲਣੀ ਚਾਹੀਦੀ ਹੈ।
ਕੇਬਲ ਟੀ.ਵੀ. ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਬੱਚੇ ਸਿਰਫ਼ ਪੜ੍ਹਾਈ ਪੱਖੋਂ ਹੀ ਨਹੀਂ, ਸਗੋਂ ਖੇਡਾਂ ਪੱਖੋਂ ਵੀ ਪਛੜ ਰਹੇ ਹਨ। ਕੇਬਲ ਟੀ.ਵੀ. 'ਤੇ ਏਨੇ ਜ਼ਿਆਦਾ ਪ੍ਰੋਗਰਾਮ 24 ਘੰਟੇ ਹੀ ਚਲਦੇ ਰਹਿੰਦੇ ਹਨ ਕਿ ਬੱਚੇ ਸਕੂਲ ਜਾਣ ਤੋਂ ਪਹਿਲਾਂ ਅਤੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਦੇਖਣ ਲਈ ਉਤਾਵਲੇ ਰਹਿੰਦੇ ਹਨ। ਇਸ ਲਈ ਦੇਸ਼ ਦੇ ਭਵਿੱਖ ਲਈ ਇਹ ਚੁਣੌਤੀ ਭਰਿਆ ਰੁਝਾਨ ਉੱਭਰ ਰਿਹਾ ਹੈ। ਸਰਕਾਰ ਨੂੰ ਇਸ ਰੁਝਾਨ ਨੂੰ ਬੱਚੇ ਨੂੰ ਸਿੱਖਿਆ ਦੇਣ ਦੇ ਢੰਗਾਂ ਵਿਚ ਤਬਦੀਲੀ ਕਰਕੇ ਉਨ੍ਹਾਂ ਦੇ ਪੱਧਰ ਦੇ ਪ੍ਰੋਗਰਾਮ ਦੇ ਕੇ ਠੱਲ੍ਹ ਪਾਉਣੀ ਚਾਹੀਦੀ ਹੈ। ਸਿੱਖਿਆ ਵਿਭਾਗ ਇਸ ਸਬੰਧ ਵਿਚ ਵਿਸ਼ੇਸ਼ ਰੋਲ ਅਦਾ ਕਰ ਸਕਦਾ ਹੈ। ਬੱਚੇ, ਆਮ ਤੌਰ 'ਤੇ ਦੇਖਿਆ ਜਾਂਦਾ ਹੈ, ਜਦੋਂ ਵੀ ਕਿਸੇ ਲੋਕਪ੍ਰਿਯ ਲੜੀਵਾਰ ਦਾ ਸਮਾਂ ਹੁੰਦਾ ਹੈ, ਭਾਵੇਂ ਕਿ ਇਹ ਉਨ੍ਹਾਂ ਦੇ ਪੱਧਰ ਦਾ ਨਾ ਵੀ ਹੋਵੇ, ਖੇਡਦੇ ਹੋਏ ਆਪਣੀ ਖੇਡ ਬੰਦ ਕਰਕੇ ਲੜੀਵਾਰ ਦੇਖਣ ਲਈ ਘਰਾਂ ਨੂੰ ਪਰਤ ਆਉਂਦੇ ਹਨ। ਇਹ ਲੜੀਵਾਰ ਵਾਧੂ ਸਮਾਂ ਬਤੀਤ ਕਰਨ ਲਈ ਤਾਂ ਹਨ ਪਰ ਬੱਚਿਆਂ ਦਾ ਕੀਮਤੀ ਸਮਾਂ ਜੋ ਉਨ੍ਹਾਂ ਪੜ੍ਹਾਈ, ਖੇਡਾਂ ਨੂੰ ਦੇਣਾ ਹੁੰਦਾ ਹੈ, ਇਹ ਪ੍ਰੋਗਰਾਮ ਉਨ੍ਹਾਂ ਤੋਂ ਜਬਰੀ ਖੋਹ ਲੈਂਦੇ ਹਨ, ਜੋ ਜ਼ਿੰਦਗੀ ਵਿਚ ਮੁੜ ਕਦੇ ਵਾਪਸ ਨਹੀਂ ਆ ਸਕਦਾ। ਬੱਚੇ ਦੇਸ਼ ਕੌਮ ਦਾ ਸਰਮਾਇਆ ਹਨ, ਸਰਕਾਰ ਦਾ ਉਚੇਚਾ ਫਰਜ਼ ਬਣਦਾ ਹੈ ਕਿ ਸਭ ਤੋਂ ਵੱਧ ਜ਼ੋਰ ਸਰਕਾਰ ਨੂੰ ਇਨ੍ਹਾਂ ਪੁੰਗਰ ਰਹੇ ਕੱਲ੍ਹ ਦੇ ਨੇਤਾਵਾਂ ਨੂੰ ਯੋਗ ਖੁਰਾਕ ਦੇਣ ਉਪਰ ਲਾਉਣਾ ਚਾਹੀਦਾ ਹੈ, ਤਾਂ ਜੋ ਉਹ ਚੰਗੇ ਫਲ ਦੇ ਸਕਣ।

-ਮੇਜਰ ਸਿੰਘ ਨਾਭਾ
ਮੋਬਾ: 94635-53962

ਸਾਥੀ ਬਣਾ ਕੇ ਰੱਖੋ ਰਸੋਈ ਦੇ ਉਪਕਰਨਾਂ ਨੂੰ

ਮਾਈਕ੍ਰੋਵੇਵ, ਗੈਸ ਸਟੋਵ, ਮਿਕਸਰ, ਜੂਸਰ, ਗ੍ਰਾਈਂਡਰ, ਫਰਿੱਜ, ਏ. ਸੀ., ਟੋਸਟਰ, ਪ੍ਰੈਸ਼ਰ ਕੁੱਕਰ, ਐਗਜਾਸਟ ਫੈਨ, ਚਿਮਨੀ ਆਦਿ ਦੀ ਸਫਾਈ ਦਾ ਧਿਆਨ ਨਹੀਂ ਰੱਖੋਗੇ ਤਾਂ ਇਹ ਸਾਡਾ ਛੇਤੀ ਸਾਥ ਛੱਡ ਦੇਣਗੇ ਅਤੇ ਸਾਡੀ ਪ੍ਰੇਸ਼ਾਨੀ ਵਧ ਜਾਵੇਗੀ। ਫਿਰ ਆਓ ਦੇਖੀਏ ਇਸ ਦੀ ਦੇਖ-ਰੇਖ ਕਿਵੇਂ ਕੀਤੀ ਜਾਵੇ-
ਕੁੱਕਰ : ਕੁੱਕਰ ਹਮੇਸ਼ਾ ਆਈ. ਐੱਸ. ਆਈ. ਮਾਰਕ ਵਾਲਾ ਖਰੀਦੋ ਜੋ ਕਾਫੀ ਭਾਰੀ ਹੋਵੇ। ਕੁੱਕਰ ਦੇ ਢੱਕਣ ਦੀ ਵਰਤੋਂ ਆਰਾਮ ਨਾਲ ਕਰੋ ਅਤੇ ਢੱਕਣ ਦੀ ਵਰਤੋਂ ਤੋਂ ਬਾਅਦ ਸਾਵਧਾਨੀ ਨਾਲ ਅਜਿਹੀ ਜਗ੍ਹਾ ਰੱਖੋ ਜਿਥੋਂ ਉਹ ਡਿਗੇ ਨਾ ਅਤੇ ਦੱਬੇ ਵੀ ਨਾ। ਡਿਗਣ ਨਾਲ ਢੱਕਣ ਟੇਢਾ ਹੋ ਜਾਂਦਾ ਹੈ ਅਤੇ ਪ੍ਰੈਸ਼ਰ ਬਣਨ ਵਿਚ ਮੁਸ਼ਕਿਲ ਹੁੰਦੀ ਹੈ।
ਕੁੱਕਰ ਦੀ ਰਬੜ 'ਤੇ ਵਿਸ਼ੇਸ਼ ਧਿਆਨ ਦਿਓ। ਜੇ ਰਬੜ ਢਿੱਲੀ ਹੋਵੇਗੀ ਤਾਂ ਪ੍ਰੈਸ਼ਰ ਨਹੀਂ ਬਣੇਗਾ। ਕੁੱਕਰ ਦੇ ਢੱਕਣ ਦੀ ਸਫ਼ਾਈ ਗਾਸਕਟ ਲਾਹ ਕੇ ਪੁਰਾਣੇ ਟੁੱਥ ਬੁਰਸ਼ ਨਾਲ ਕਰੋ ਤਾਂ ਕਿ ਕੋਈ ਵੀ ਖਾਧ ਪਦਾਰਥ ਚਿਪਕਿਆ ਨਾ ਰਹਿ ਜਾਵੇ। ਇਸ ਨਾਲ ਵੀ ਪ੍ਰੈਸ਼ਰ ਬਣਨ ਵਿਚ ਪ੍ਰੇਸ਼ਾਨੀ ਹੁੰਦੀ ਹੈ।
ਗੈਸ ਚੁੱਲ੍ਹਾ : ਗੈਸ ਚੁੱਲ੍ਹੇ ਦੀ ਹਰ ਵਾਰ ਖਾਣਾ ਬਣਾਉਣ ਤੋਂ ਬਾਅਦ ਗਿੱਲੇ ਕੱਪੜੇ ਨਾਲ ਜਾਂ ਸੁੱਕੇ ਕੱਪੜੇ ਨਾਲ ਸਫਾਈ ਕੀਤੀ ਜਾਵੇ ਤਾਂ ਅਸੀਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਾਂ।
ਜਦੋਂ ਵੀ ਖਾਣਾ ਬਣ ਜਾਵੇ, ਸਿਲੈਂਡਰ ਦੀ ਨਾਬ ਬੰਦ ਕਰ ਦਿਓ, ਤਾਂ ਕਿ ਦੁਰਘਟਨਾ ਨਾ ਹੋਵੇ। ਸਿਲੰਡਰ ਤੋਂ ਚੁੱਲ੍ਹੇ ਤੱਕ ਆਉਣ ਵਾਲੀ ਪਾਈਪ ਦਾ ਪੂਰਾ ਧਿਆਨ ਰੱਖੋ ਕਿ ਉਹ ਕਿਤਿਓਂ ਗਲ ਤਾਂ ਨਹੀਂ ਰਿਹਾ ਅਤੇ ਫਟ ਤਾਂ ਨਹੀਂ ਰਿਹਾ। ਇਸ ਨਾਲ ਗੈਸ ਰਿਸ ਕੇ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ।
ਭਾਂਡੇ : ਖਾਣਾ ਖਾਣ ਵਾਲੇ ਭਾਂਡੇ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ ਦੀ ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿਓ। ਭਾਂਡੇ ਸਾਫ਼ ਨਾ ਹੋਣ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਸਟੀਲ ਅਤੇ ਕੱਚ ਦੇ ਭਾਂਡਿਆਂ ਨੂੰ ਤਰਲ ਸਾਬਣ ਦੀ ਸਹਾਇਤਾ ਨਾਲ ਸਾਫ਼ ਕਰੋ। ਐਲੂਮੀਨੀਅਮ ਦੇ ਭਾਂਡਿਆਂ ਵਿਚ ਸਬਜ਼ੀ ਜ਼ਿਆਦਾ ਸਮੇਂ ਤੱਕ ਨਾ ਰੱਖੋ, ਨਾ ਹੀ ਟਮਾਟਰ ਰੱਖੋ। ਜਲੇ ਹੋਏ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਰਤੋਂ ਵਿਚ ਲਿਆਓ।
ਟੋਸਟਰ ਆਦਿ : ਟੋਸਟਰ ਦੇ ਹੇਠਾਂ ਲੱਗੀ ਕ੍ਰੰਬ ਟ੍ਰੇ ਕੱਢ ਕੇ ਉਸ ਵਿਚ ਡਿਗੇ ਸੁੱਕੇ ਬ੍ਰੈੱਡ ਦੇ ਟੁਕੜੇ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਦੁਬਾਰਾ ਲਗਾਓ। ਟੋਸਟਰ ਠੰਢਾ ਹੋਣ 'ਤੇ ਹੀ ਉਸ ਦੀ ਸਫ਼ਾਈ ਕਰੋ। ਹਰ ਵਾਰ ਵਰਤੋਂ ਕਰਨ ਤੋਂ ਬਾਅਦ ਠੰਢਾ ਹੋਣ 'ਤੇ ਸੁੱਕੇ ਕੱਪੜੇ ਨਾਲ ਪੂੰਝ ਕੇ ਰੱਖੋ। ਜੇ ਗਿੱਲਾ ਕੱਪੜਾ ਵਰਤੋਂ ਵਿਚ ਲਿਆ ਰਹੇ ਹੋ ਤਾਂ ਉਸ ਨੂੰ ਚੰਗੀ ਤਰ੍ਹਾਂ ਸੁੱਕਣ 'ਤੇ ਹੀ ਦੁਬਾਰਾ ਵਰਤੋਂ ਵਿਚ ਲਿਆਓ।
ਮਿਕਸੀ : ਮਿਕਸਰ, ਜੂਸਰ, ਗ੍ਰਾਈਂਡਰ ਦੀ ਵਰਤੋਂ ਕਰਨ ਸਮੇਂ ਜਾਰ ਨੂੰ ਖੁੱਲ੍ਹਾ ਨਾ ਰੱਖੋ। ਹਮੇਸ਼ਾ ਬੰਦ ਰੱਖੋ। ਵਰਤੋਂ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਾਫ਼ ਕਰੋ। ਗ੍ਰਾਈਂਡਰ ਵਾਲੇ ਭਾਗ ਨੂੰ ਸੁੱਕੇ ਕੱਪੜੇ ਨਾਲ ਪੂੰਝ ਕੇ ਰੱਖੋ। ਜੂਸ ਵਾਲੇ ਜਾਰ ਨੂੰ ਧੋ ਕੇ, ਸੁਕਾ ਕੇ ਰੱਖੋ, ਮਿਕਸਰ ਪਾਰਟ ਨੂੰ ਵੀ ਤਰਲ ਸਾਬਣ ਨਾਲ ਧੋ ਕੇ ਪੂੰਝ ਕੇ ਰੱਖੋ। ਇਨ੍ਹਾਂ ਦੇ ਜਾਰ ਨੂੰ ਮੁਲਾਇਮ ਬੁਰਸ਼ ਨਾਲ ਸਾਫ਼ ਕਰੋ।
ਮਿਕਸਰ, ਗ੍ਰਾਈਂਡਰ, ਜੂਸਰ ਨੂੰ ਲਗਾਤਾਰ ਜ਼ਿਆਦਾ ਸਮੇਂ ਤੱਕ ਨਾ ਚਲਾਓ। ਇਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ। ਥੋੜ੍ਹੇ-ਥੋੜ੍ਹੇ ਫਰਕ ਨਾਲ ਚਲਾਓ। ਇਨ੍ਹਾਂ ਦੇ ਜਾਰ ਸੰਭਾਲ ਕੇ ਰੱਖੋ, ਨਹੀਂ ਤਾਂ ਟੁੱਟ ਜਾਣ 'ਤੇ ਪ੍ਰੇਸ਼ਾਨੀ ਆ ਸਕਦੀ ਹੈ।

-ਨੀਤੂ ਗੁਪਤਾ

ਫਰਨੀਚਰ ਦੀ ਦੇਖਭਾਲ

ਬਾਰਿਸ਼ ਦੇ ਮੌਸਮ ਦੌਰਾਨ ਲੱਕੜੀਆਂ ਦੇ ਫਰਨੀਚਰ ਦੀ ਦੇਖਭਾਲ ਬੇਹੱਦ ਜ਼ਰੂਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਫਰਨੀਚਰ ਦੇ ਕੋਨਿਆਂ, ਉਸ ਦੇ ਹੇਠਲੇ ਅਤੇ ਪਿਛਲੇ ਹਿੱਸਿਆਂ ਨੂੰ ਮਹੀਨੇ ਵਿਚ ਘੱਟ ਤੋਂ ਘੱਟ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ, ਖਾਸ ਕਰਕੇ ਮੌਨਸੂਨ ਦੌਰਾਨ ਇਹ ਜ਼ਰੂਰ ਕਰੋ।
* ਆਪਣੇ ਲੱਕੜੀ ਦੇ ਫਰਨੀਚਰ ਨੂੰ ਦਰਵਾਜ਼ਿਆਂ, ਖਿੜਕੀਆਂ ਤੋਂ ਦੂਰ ਰੱਖੋ, ਤਾਂ ਕਿ ਇਹ ਮੀਂਹ ਦੇ ਪਾਣੀ ਜਾਂ ਲੀਕੇਜ ਦੇ ਸੰਪਰਕ ਵਿਚ ਨਾ ਆ ਸਕੇ।
* ਫਰਨੀਚਰ ਦਾ ਪਾਲਿਸ਼ ਵੀ ਉਸ ਨੂੰ ਮਜ਼ਬੂਤ, ਚਮਕਦਾਰ ਅਤੇ ਟਿਕਾਊ ਬਣਾਉਂਦਾ ਹੈ। ਇਸ ਲਈ ਹਮੇਸ਼ਾ ਲੈਕਰ (ਰੋਗਨ) ਜਾਂ ਵਾਰਨਿਸ਼ ਦਾ ਇਕ ਕੋਟ ਦੋ ਸਾਲਾਂ ਵਿਚ ਜ਼ਰੂਰ ਲਗਾਓ, ਜਿਸ ਨਾਲ ਪੋਰ ਜਾਂ ਛੋਟੇ ਸੁਰਾਖ ਭਰ ਜਾਣ ਅਤੇ ਇਹ ਜ਼ਿਆਦਾ ਦਿਨ ਟਿਕ ਸਕੇ।
ਛੋਟੇ ਫਰਨੀਚਰ ਲਈ ਲੈਕਰ ਸਪਰੇਅ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ, ਜੋ ਨਜ਼ਦੀਕੀ ਹਾਰਡਵੇਅਰ ਸਟੋਰ ਵਿਚ ਉਪਲਬਧ ਹੁੰਦਾ ਹੈ।
* ਫਰਨੀਚਰ ਦੀਆਂ ਲੱਤਾਂ ਨੂੰ ਫਰਸ਼ ਦੀ ਨਮੀ ਦੇ ਸੰਪਰਕ ਵਿਚ ਆਉਣ ਤੋਂ ਰੋਕਣ ਵਾਸਤੇ ਲੱਤਾਂ ਦੇ ਹੇਠਾਂ ਵਾਸ਼ਰ ਲਗਾਓ।
* ਘਰ ਨੂੰ ਸਾਫ਼ ਰੱਖੋ, ਜਿਸ ਨਾਲ ਘਰ ਵਿਚ ਨਮੀ ਦਾ ਸਹੀ ਪੱਧਰ ਯਕੀਨੀ ਹੋਵੇਗਾ, ਜੋ ਲੱਕੜੀ ਦੇ ਫਰਨੀਚਰ ਦੇ ਅਨੁਕੂਲ ਹੈ। ਏਅਰ ਕੰਡੀਸ਼ਨਰ ਵੀ ਮਦਦਗਾਰ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਘਰ ਵਿਚ ਹਵਾ ਨੂੰ ਤਾਜ਼ਾ ਰੱਖ ਕੇ ਅਤੇ ਘਰ ਨੂੰ ਠੰਢਾ ਰੱਖ ਕੇ ਨਮੀ ਦੇ ਪੱਧਰ ਵਿਚ ਵਾਧੇ ਨੂੰ ਰੋਕਦੇ ਹਨ।
* ਲੱਕੜੀ ਦੇ ਫਰਨੀਚਰ ਨੂੰ ਸਾਫ਼ ਕਰਨ ਲਈ ਗਿੱਲੇ ਕੱਪੜੇ ਦੀ ਵਰਤੋਂ ਨਾ ਕਰੋ, ਸਗੋਂ ਸਾਫ਼, ਸੁੱਕੇ ਕੱਪੜੇ ਦੀ ਵਰਤੋਂ ਕਰੋ।
* ਲੱਕੜੀ ਦਾ ਫਰਨੀਚਰ ਨਮੀ ਕਾਰਨ ਫੁੱਲ ਜਾਂਦਾ ਹੈ। ਇਸ ਨਾਲ ਦਰਾਜ ਖੋਲ੍ਹਣ ਅਤੇ ਬੰਦ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਫਰਨੀਚਰ 'ਤੇ ਆਇਲਿੰਗ ਜਾਂ ਵੈਕਸਿੰਗ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ। ਵਧੀਆ ਫਿਨਿਸ਼ ਲਈ ਸਪਰੇਅ-ਆਨ-ਵੈਕਸ ਅਜ਼ਮਾਓ।
* ਕਪੂਰ ਜਾਂ ਨੇਪਥਲੀਨ ਬਾਲ ਨਮੀ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਲੈਂਦੇ ਹਨ। ਇਹ ਕੱਪੜਿਆਂ ਦੇ ਨਾਲ ਹੀ ਅਲਮਾਰੀਆਂ ਨੂੰ ਸਿਉਂਕ ਅਤੇ ਹੋਰ ਕੀੜੇ ਲੱਗਣ ਤੋਂ ਬਚਾਉਂਦੇ ਹਨ। ਇਸ ਕੰਮ ਲਈ ਨਿੰਮ ਦੇ ਪੱਤਿਆਂ ਅਤੇ ਲੌਂਗ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

-ਆਈ.ਏ.ਐੱਨ.ਐੱਸ.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX