ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  26 minutes ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  44 minutes ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  45 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  50 minutes ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  52 minutes ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 1 hour ago
ਕਟਾਰੀਆਂ, 25 ਅਪ੍ਰੈਲ (ਗੁਰਜਿੰਦਰ ਸਿੰਘ ਗੁਰੂ/ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਅਧੀਨ ਪੈਂਦੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਅਤੇ ਬਾਰਦਾਨਾ ਨਾ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਇਕੱਠੇ ਹੋ ਗਏ ਬਹਿਰਾਮ-ਮਾਹਿਲਪੁਰ ਸੜਕ 'ਤੇ ਪਿੰਡ ਕਟਾਰੀਆਂ ਚ 'ਧਰਨਾ ....
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 1 hour ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 1 hour ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 2 hours ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਹੋਰ ਖ਼ਬਰਾਂ..

ਬਾਲ ਸੰਸਾਰ

ਕਹਾਣੀ: ਅਸ਼ੀਰਵਾਦ

ਇਕ ਪਿੰਡ ਵਿਚ ਸਾਧੂ ਮਹਾਤਮਾ ਆਏ ਹੋਏ ਸੀ। ਉਹ ਲੋਕਾਂ ਨੂੰ ਉਦਾਹਰਨਾਂ ਦੇ ਕੇ ਪ੍ਰਵਚਨ ਕਰਦੇ ਸਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੁਆਰਾ ਕਹੀਆਂ ਗੱਲਾਂ ਛੇਤੀ ਸਮਝ ਆ ਸਕਣ। ਇਕ ਵਾਰ ਉਨ੍ਹਾਂ ਨੇ ਸੰਗਤ ਵਿਚ ਦੱਸਿਆ ਕਿ ਇਕ ਰਾਜ ਦੇ ਰਾਜਿਆਂ ਦੀ ਉਮਰ ਬੜੀ ਛੋਟੀ ਹੁੰਦੀ ਸੀ ਅਤੇ ਦੂਜੇ ਰਾਜ ਦੇ ਰਾਜਿਆਂ ਦੀ ਉਮਰ ਵੱਡੀ ਹੁੰਦੀ ਸੀ, ਭਾਵ ਕਿ ਉਹ ਜ਼ਿਆਦਾ ਸਾਲ ਜਿਊਂਦੇ ਸਨ। ਛੋਟੀ ਉਮਰ ਵਾਲੇ ਰਾਜੇ ਨੇ ਆਪਣੇ ਮੰਤਰੀ ਨੂੰ ਵੱਡੀ ਉਮਰ ਵਾਲੇ ਰਾਜੇ ਕੋਲ ਭੇਜਿਆ, ਇਹ ਪੁੱਛਣ ਲਈ ਕਿ ਉਸ ਦੇਸ਼ ਦੇ ਰਾਜੇ ਦੀ ਉਮਰ ਲੰਬੀ ਕਿਉਂ ਹੁੰਦੀ ਹੈ? ਮੰਤਰੀ ਵਿਚਾਰਾ ਡਰਦਾ ਹੋਇਆ ਰਾਜੇ ਕੋਲ ਗਿਆ ਤੇ ਪੁੱਛਣ ਲੱਗਾ, 'ਰਾਜਾ ਜੀ, ਗੁਸਤਾਖੀ ਲਈ ਮੁਆਫ਼ੀ ਚਾਹੁੰਦਾ ਹਾਂ, ਤੁਸੀਂ ਦੱਸੋ ਕਿ ਤੁਹਾਡੇ ਰਾਜ ਦੇ ਰਾਜਾ ਸਾਡੇ ਰਾਜ ਦੇ ਰਾਜਿਆਂ ਤੋਂ ਲੰਬੇ ਸਮੇਂ ਤੱਕ ਕਿਉਂ ਜਿਊਂਦੇ ਹਨ?'
ਰਾਜੇ ਨੇ ਕਿਹਾ, 'ਤੂੰ ਉਸ ਦਰੱਖਤ ਦੇ ਥੱਲੇ ਬੈਠ ਜਾਹ, ਜਦੋਂ ਦਰੱਖਤ ਡਿੱਗ ਪਵੇਗਾ ਤਾਂ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇਵਾਂਗਾ।' ਮੰਤਰੀ ਘਬਰਾ ਗਿਆ ਕਿ ਉਸ ਨੂੰ ਪਤਾ ਨਹੀਂ ਕਦੋਂ ਤੱਕ ਦਰੱਖਤ ਦੇ ਥੱਲੇ ਬੈਠਣਾ ਪਵੇਗਾ। ਪਰ ਮੰਤਰੀ ਵਿਚਾਰੇ ਨੂੰ ਰਾਜੇ ਦਾ ਕਹਿਣਾ ਮੰਨਣਾ ਪਿਆ। ਉਹ ਦਰੱਖਤ ਦੇ ਥੱਲੇ ਬੈਠ ਕੇ ਦਰੱਖਤ ਨੂੰ ਰੋਜ਼ ਗਾਲ੍ਹਾਂ ਕੱਢਣ ਲੱਗ ਪਿਆ ਤੇ ਕਹਿਣ ਲੱਗਾ 'ਰੱਬ ਕਰਕੇ ਦਰੱਖਤਾ ਤੇਰਾ ਬੇੜਾ ਗਰਕ ਹੋ ਜਾਵੇ, ਤੂੰ ਨਾਸ ਹੋ ਜਾਵੇਂ, ਜਲਦੀ ਗਲ-ਸੜ ਜਾ, ਤੂੰ ਹੁਣ ਡਿਗ ਮਰ ਵੀ ਪੈ।' ਦਰੱਖਤ ਛੇਤੀ ਡਿਗ ਪਿਆ ਤੇ ਉਹ ਮੰਤਰੀ ਖੁਸ਼ ਹੋ ਗਿਆ ਤੇ ਰਾਜੇ ਕੋਲ ਆਪਣੇ ਪ੍ਰਸ਼ਨ ਦਾ ਉੱਤਰ ਪੁੱਛਣ ਲਈ ਚਲਾ ਗਿਆ। ਰਾਜੇ ਨੇ ਕਿਹਾ, 'ਇਸ ਦਾ ਉੱਤਰ ਤੈਨੂੰ ਮਿਲ ਗਿਆ ਹੈ। ਇਹ ਤੇਰੀਆਂ ਗਾਲ੍ਹਾਂ ਤੇ ਬਦਅਸੀਸਾਂ ਨਾਲ ਆਪਣੇ ਸਮੇਂ ਤੋਂ ਪਹਿਲਾਂ ਹੀ ਡਿੱਗ ਪਿਆ ਹੈ। ਤੁਹਾਡੀ ਪਰਜਾ ਉਸ ਰਾਜੇ ਤੋਂ ਬਹੁਤ ਦੁਖੀ ਹੈ, ਕਿਉਂਕਿ ਤੁਹਾਡੇ ਰਾਜ ਵਿਚ ਪਰਜਾ ਦੇ ਸੁੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪਰਜਾ ਰਾਜੇ ਨੂੰ ਗਾਲ੍ਹਾਂ ਕੱਢਦੀ ਹੈ ਤੇ ਬਦਅਸੀਸਾਂ ਦਿੰਦੀ ਹੈ। ਇਸ ਲਈ ਰਾਜਾ ਛੇਤੀ ਮਰ ਜਾਂਦਾ ਹੈ। ਅਸ਼ੀਰਵਾਦ ਵਿਚ ਬੜੀ ਸ਼ਕਤੀ ਹੈ ਤੇ ਕਿਸੇ ਦੀ ਬਦਅਸੀਸ ਸਭ ਕੁਝ ਤਬਾਹ ਕਰ ਦਿੰਦੀ ਹੈ। ਇਸ ਲਈ ਕਿਸੇ ਦਾ ਦਿਲ ਨਾ ਦੁਖਾਓ। ਛੋਟੇ-ਵੱਡੇ ਸਭ ਤੋਂ ਅਸ਼ੀਰਵਾਦ ਪ੍ਰਾਪਤ ਕਰੋ। ਸਭ ਦਾ ਸਤਿਕਾਰ ਕਰੋ। ਰਾਜੇ ਦੀ ਗੱਲ ਸੁਣ ਕੇ ਮੰਤਰੀ ਰਾਜੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹੋ ਗਿਆ, ਕਿਉਂਕਿ ਉਸ ਨੂੰ ਆਪਣੇ ਪ੍ਰਸ਼ਨ ਦਾ ਉੱਤਰ ਬੜੇ ਸੋਹਣੇ ਢੰਗ ਨਾਲ ਮਿਲ ਚੁੱਕਾ ਸੀ।

-ਕੰਵਲ ਵਾਲੀਆ,
261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ। ਮੋਬਾ: 97800-32199


ਖ਼ਬਰ ਸ਼ੇਅਰ ਕਰੋ

ਸਿੱਖ ਜਰਨੈਲ-4: ਜੱਸਾ ਸਿੰਘ ਆਹਲੂਵਾਲੀਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਕਤੂਬਰ, 1761 ਵਿਚ ਦਲ ਖ਼ਾਲਸਾ ਦੇ ਇਕੱਠ ਨੇ ਫੈਸਲਾ ਲਿਆ ਕਿ ਹੁਣ ਤੋਂ ਬਾਅਦ ਪੰਜਾਬ ਨੂੰ ਵਿਦੇਸ਼ੀ ਧਾਵਕਾਂ ਤੋਂ ਮੁਕਤ ਰੱਖਿਆ ਜਾਵੇਗਾ। ਫਿਰ ਖ਼ਾਲਸਾ ਨੇ ਕਈ ਸਿੱਖਾਂ ਦੀ ਸ਼ਹੀਦੀ ਲਈ ਜ਼ਿੰਮੇਵਾਰ ਸੂਹੀਏ ਹਰਿਭਗਤ ਨਿਰੰਜਨੀਆ ਨੂੰ ਸਬਕ ਸਿਖਾਉਣ ਲਈ ਜੰਡਿਆਲਾ ਉੱਤੇ ਚੜ੍ਹਾਈ ਕਰ ਦਿੱਤੀ।
ਲਾਹੌਰ ਦੀ ਹਾਰ ਅਤੇ ਜੰਡਿਆਲਾ 'ਤੇ ਚੜ੍ਹਾਈ ਦੀ ਖ਼ਬਰ ਸੁਣ ਕੇ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ 'ਤੇ 1762 ਵਿਚ ਮੁੜ ਹਮਲਾ ਕਰ ਦਿੱਤਾ। ਭਾਰਤ ਉੱਤੇ ਇਹ ਉਸ ਦਾ ਛੇਵਾਂ ਹਮਲਾ ਸੀ। ਉਹ ਆਪਣੀ 1,50,000 ਦੀ ਤਕੜੀ ਫ਼ੌਜ ਨਾਲ 5 ਫਰਵਰੀ ਨੂੰ ਮਲੇਰਕੋਟਲਾ ਪਹੁੰਚਿਆ। ਦਲ ਖ਼ਾਲਸਾ ਨੇ ਉਥੋਂ 9 ਕਿਲੋਮੀਟਰ ਦੀ ਦੂਰੀ 'ਤੇ ਕੁਪ ਵਿਖੇ ਡੇਰਾ ਲਾ ਲਿਆ। ਇਥੇ ਹੋਈ ਜੰਗ ਦੌਰਾਨ ਕਰੀਬ 25,000 ਸਿੱਖ ਸ਼ਹੀਦ ਹੋ ਗਏ। ਨਾਲ ਹੀ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਲੜਾਈ ਦੌਰਾਨ ਸਰੀਰ 'ਤੇ 22 ਜ਼ਖਮ ਆਏ। ਇਸ ਸਾਕੇ ਨੂੰ ਸਿੱਖ ਇਤਿਹਾਸ ਵਿਚ 'ਵੱਡਾ ਘੱਲੂਘਾਰਾ' ਵਜੋਂ ਯਾਦ ਕੀਤਾ ਜਾਂਦਾ ਹੈ। ਲਾਹੌਰ ਵਾਪਸ ਆਉਣ ਤੋਂ ਬਾਅਦ ਅਹਿਮਦ ਸ਼ਾਹ ਨੇ ਅੰਮ੍ਰਿਤਸਰ ਉੱਤੇ ਚੜ੍ਹਾਈ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਗੋਲੇ ਵਰਸਾਏ। ਵੱਡੇ ਘੱਲੂਘਾਰੇ ਅਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਤੋਂ ਬਾਅਦ ਸ: ਜੱਸਾ ਸਿੰਘ, ਦਲ ਖ਼ਾਲਸਾ ਦੇ ਬਚੇ ਹੋਏ ਸਿੱਖਾਂ ਨਾਲ ਬਦਲਾ ਲੈਣ ਦੀ ਭਾਲ ਵਿਚ ਲੱਗੇ ਰਹੇ। ਵੱਡੇ ਘੱਲੂਘਾਰੇ ਤੋਂ ਸਿਰਫ ਅੱਠ ਮਹੀਨਿਆਂ ਬਾਅਦ ਹੀ ਆਪ ਨੇ ਅਬਦਾਲੀ ਨੂੰ ਅੰਮ੍ਰਿਤਸਰ ਦੀ ਲੜਾਈ ਵਿਚ ਬੁਰੀ ਤਰ੍ਹਾਂ ਹਰਾਇਆ। ਇਹ ਅਬਦਾਲੀ ਲਈ ਇਕ ਅਚੰਭਾ ਜਿਹਾ ਹੀ ਸੀ, ਕਿਉਂਕਿ ਉਸ ਨੂੰ ਉਮੀਦ ਨਹੀਂ ਸੀ ਕਿ ਸਿੱਖ ਐਨੀ ਛੇਤੀ ਮੁੜ ਕੇ ਖੜ੍ਹੇ ਹੋ ਜਾਣਗੇ।
ਸ: ਜੱਸਾ ਸਿੰਘ ਨੇ 17 ਮਈ, 1762 ਨੂੰ ਸਰਹਿੰਦ ਉੱਤੇ ਹਮਲਾ ਕੀਤਾ ਅਤੇ ਉਥੋਂ ਦੇ ਫ਼ੌਜਦਾਰ ਕੋਲੋਂ ਨਜ਼ਰਾਨਾ ਵਸੂਲ ਕੀਤਾ। ਅਪ੍ਰੈਲ, 1763 ਵਿਚ ਆਪ ਜੀ ਨੇ ਜਲੰਧਰ ਦੁਆਬ ਉੱਤੇ ਚੜ੍ਹਾਈ ਕੀਤੀ ਅਤੇ ਉਥੋਂ ਦੇ ਫ਼ੌਜਦਾਰ ਨੂੰ ਹਰਾ ਕੇ ਕਾਠਗੜ੍ਹ ਤੇ ਗੜ੍ਹਸ਼ੰਕਰ ਉੱਤੇ ਕਬਜ਼ਾ ਕਰ ਲਿਆ। ਭੰਗੀ ਅਤੇ ਸ਼ੁਕਰਚੱਕੀਆ ਮਿਸਲ ਨੇ ਸ: ਜੱਸਾ ਸਿੰਘ ਨਾਲ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਦੀ ਸਾਂਝੀ ਫ਼ੌਜ ਨੇ ਸਿਆਲਕੋਟ ਦੇ ਨੇੜੇ ਨਵੰਬਰ, 1763 ਵਿਚ ਅਫ਼ਗਾਨ ਜਰਨੈਲ ਜਹਾਨ ਖਾਨ ਨੂੰ ਹਰਾਇਆ। 14 ਜਨਵਰੀ, 1764 ਨੂੰ ਦਲ ਖ਼ਾਲਸਾ ਨੇ ਮੁੜ ਸਰਹੰਦ ਉੱਤੇ ਹਮਲਾ ਕੀਤਾ ਅਤੇ ਅਫ਼ਗਾਨ ਫ਼ੌਜਦਾਰ ਜ਼ੈਨ ਖ਼ਾਨ ਨੂੰ ਮਾਰ ਦਿੱਤਾ।
ਦਲ ਖ਼ਾਲਸਾ ਦੇ ਜਥੇਦਾਰ ਵਜੋਂ ਸ: ਜੱਸਾ ਸਿੰਘ ਨੇ ਸਿੱਖਾਂ ਨੂੰ ਫ਼ੌਜੀ ਤੌਰ 'ਤੇ ਸੰਗਠਿਤ ਕੀਤਾ, ਉੱਤਰੀ ਭਾਰਤ ਵਿਚੋਂ ਅਫ਼ਗਾਨ ਸ਼ਕਤੀ ਨੂੰ ਬਾਹਰ ਕੀਤਾ ਅਤੇ ਮੁਗ਼ਲ ਹਾਕਮਾਂ ਉੱਤੇ ਅਫ਼ਗਾਨਾਂ ਕੋਲੋਂ ਲਏ ਹੋਏ ਇਲਾਕਿਆਂ ਵਿਚ ਸਿੱਖਾਂ ਦਾ ਸੁਤੰਤਰ ਰਾਜ ਬਹਾਲ ਕਰਨ ਦਾ ਹੱਕ ਪ੍ਰਾਪਤ ਕੀਤਾ।
ਫ਼ੌਜੀ ਅਤੇ ਰਾਜਨੀਤਕ ਖੇਤਰ ਵਿਚ ਸੁਚੱਜੀ ਅਗਵਾਈ ਤੋਂ ਇਲਾਵਾ ਸਰਦਾਰ ਜੱਸਾ ਸਿੰਘ ਨੂੰ ਉਨ੍ਹਾਂ ਦੇ ਧਾਰਮਿਕ ਅਤੇ ਨਿੱਘੇ ਸੁਭਾਅ ਕਰਕੇ ਵੀ ਬਹੁਤ ਸਤਿਕਾਰਿਆ ਜਾਂਦਾ ਸੀ। ਆਪ ਅੰਮ੍ਰਿਤ ਵੇਲੇ ਉੱਠ ਕੇ ਬੜੀ ਉੱਚੀ ਆਵਾਜ਼ ਨਾਲ ਸਿੰਘਾਂ ਦੀ ਛਾਉਣੀ ਵਿਚ ਜਾ ਪੁਕਾਰਦੇ, 'ਉਠੋ, ਸਵੇਰ ਸੌਣ ਲਈ ਨਹੀਂ, ਉਸ ਦੀ ਯਾਦ ਵਿਚ ਜੁੜਨ ਲਈ ਹੈ।' ਆਪ ਜੀ ਦੇ ਹੱਥੋਂ ਖੰਡੇ ਦੀ ਪਾਹੁਲ ਲੈਣਾ ਵੱਡੇ ਭਾਗਾਂ ਦੀ ਗੱਲ ਸਮਝੀ ਜਾਂਦੀ ਸੀ। ਪਟਿਆਲਾ ਦੇ ਮਹਾਰਾਜਾ ਅਮਰ ਸਿੰਘ ਉਨ੍ਹਾਂ ਵਡਭਾਗੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਸ: ਜੱਸਾ ਸਿੰਘ ਦੇ ਹੱਥੋਂ ਦੀਖਿਆ ਲਈ ਸੀ।
20 ਅਕਤੂਬਰ, 1783 ਨੂੰ 65 ਸਾਲਾਂ ਦੀ ਉਮਰ ਵਿਚ ਸ: ਜੱਸਾ ਸਿੰਘ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ ਗੁਰਦੁਆਰਾ ਬਾਬਾ ਅਟਲ ਦੀ ਹਦੂਦ ਵਿਚ ਇਕ ਯਾਦਗਾਰ ਸੁਸ਼ੋਭਿਤ ਹੈ।

(ਪੁਸਤਕ 'ਸਿੱਖ ਜਰਨੈਲ' 'ਚੋਂ ਧੰਨਵਾਦ ਸਹਿਤ)

ਲੇਜ਼ਰ ਕਿਰਨਾਂ ਦੇ ਲਾਭ

ਬੱਚਿਓ, ਲੇਜ਼ਰ ਦਾ ਅੰਗਰੇਜ਼ੀ ਵਿਚ ਮਤਲਬ ਹੈ 'ਲਾਈਟ ਐਮਪਲੀਫਿਕੇਸ਼ਨ ਬਾਈ ਸਟਿਮੂਲੇਟਿਡ ਐਮੀਸ਼ਨ ਆਫ ਰੇਡੀਏਸ਼ਨ' ਭਾਵ ਪ੍ਰਕਾਸ਼ ਦਾ ਜੋਸ਼ ਪੈਦਾ ਕਰਕੇ ਨਿਕਾਸ ਕਰਨਾ, ਤਾਂ ਜੋ ਰੌਸ਼ਨੀ ਦਾ ਵਿਸਥਾਰ ਹੋ ਸਕੇ।
ਇਕ ਲੇਜ਼ਰ ਕਿਰਨ ਸਟੀਲ ਨੂੰ ਇਸ ਤਰ੍ਹਾਂ ਕੱਟ ਦਿੰਦੀ ਹੈ ਜਿਵੇਂ ਚਾਕੂ ਪਨੀਰ ਨੂੰ ਕੱਟਦਾ ਹੈ। ਸਾਰੇ ਲੇਜ਼ਰ ਇਕ ਤਾਕਤਵਰ ਰੌਸ਼ਨੀ ਦੀ ਧਾਰ ਪੈਦਾ ਕਰਦੇ ਹਨ, ਜਿਨ੍ਹਾਂ ਦੀ ਇਕੋ ਜਿੰਨੀ ਲੰਬਾਈ ਹੁੰਦੀ ਹੈ। ਇਹ ਕਿਰਨਾਂ ਬਹੁਤ ਹੀ ਸਾਫ਼ ਅਤੇ ਰੌਸ਼ਨੀ ਦੇ ਸਿਧਾਂਤ ਵਾਂਗ ਇਕੋ ਹੀ ਦਿਸ਼ਾ ਵੱਲ ਸਿੱਧੀਆਂ ਜਾਂਦੀਆਂ ਹਨ।
ਲਾਭ : ਇਨ੍ਹਾਂ ਕਿਰਨਾਂ ਦੇ ਸਾਨੂੰ ਬਹੁਤ ਹੀ ਲਾਭ ਹਨ। ਵੱਡੇ-ਵੱਡੇ ਮਾਲਾਂ ਵਿਚ ਜਾਂ ਸੁਪਰ ਮਾਰਕੀਟਾਂ ਵਿਚ ਜਾ ਕੇ ਖ਼ਰੀਦੋ-ਫਰੋਖਤ ਕਰਦੇ ਹਾਂ ਤਾਂ ਪੈਕਟਾਂ ਅਤੇ ਡੱਬਿਆਂ ਉੱਪਰ ਬਾਰ-ਕੋਡ ਛਪੇ ਹੁੰਦੇ ਹਨ, ਜਿਨ੍ਹਾਂ ਵਿਚ ਮਹੱਤਵਪੂਰਨ ਜਾਣਕਾਰੀ ਛੁਪੀ ਹੁੰਦੀ ਹੈ। ਇਨ੍ਹਾਂ ਕਿਰਨਾਂ ਦੀ ਮਦਦ ਨਾਲ ਇਹ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ।
ਧਾਤਾਂ ਨੂੰ ਕੱਟਣਾ : ਇਨਫਰਾਰੈੱਡ ਕਿਰਨ ਬਹੁਤ ਹੀ ਤਾਕਤਵਰ ਹੁੰਦੀ ਹੈ, ਜੋ ਲੇਜ਼ਰ ਦੇ ਰਾਹੀਂ ਪੈਦਾ ਹੁੰਦੀ ਹੈ। ਇਹ ਐਨੀ ਊਰਜਾ ਪੈਦਾ ਕਰਦੀ ਹੈ ਕਿ ਸਖ਼ਤ ਤੋਂ ਸਖ਼ਤ ਧਾਤ ਨੂੰ ਕੱਟ ਦਿੰਦੀ ਹੈ ਅਤੇ ਵੱਖ-ਵੱਖ ਹੋਏ ਦੋ ਟੁਕੜਿਆਂ ਨੂੰ ਜੋੜ ਵੀ ਦਿੰਦੀ ਹੈ।
ਸਰਜਰੀ ਕਰਨਾ : ਇਨ੍ਹਾਂ ਕਿਰਨਾਂ ਦੀ ਮਦਦ ਨਾਲ ਅੱਖਾਂ ਦੇ ਆਪ੍ਰੇਸ਼ਨ ਕਰਕੇ ਲੈੱਨਜ਼ ਪਾਏ ਜਾਂਦੇ ਹਨ। ਨਾਮੁਰਾਦ ਬਿਮਾਰੀ ਕੈਂਸਰ ਦੇ ਸੈੱਲਾਂ ਨੂੰ ਸਾੜਨ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਮਨੋਰੰਜਨ ਕਰਨ ਲਈ : ਇਨ੍ਹਾਂ ਕਿਰਨਾਂ ਦੀ ਮਦਦ ਨਾਲ ਆਕਾਸ਼ ਵਿਚ ਜਾਂ ਕੰਧਾਂ ਉੱਪਰ ਸੱਭਿਆਚਾਰਕ, ਧਾਰਮਿਕ ਅਤੇ ਹੋਰ ਸ਼ੋਅ ਕੀਤੇ ਜਾਂਦੇ ਹਨ, ਜਿਸ ਨਾਲ ਮਨੋਰੰਜਨ ਦੇ ਨਾਲ-ਨਾਲ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਅੱਜਕਲ੍ਹ ਇਨ੍ਹਾਂ ਦੀ ਮਦਦ ਨਾਲ ਤਿੰਨ ਦਿਸ਼ਾਵਾਂ ਵਾਲੀਆਂ ਫਿਲਮਾਂ ਵੀ ਬਣਨ ਲੱਗ ਪਈਆਂ ਹਨ, ਜਿਸ ਨੂੰ ਹੋਲੋਗ੍ਰਾਮ ਕਹਿੰਦੇ ਹਨ।

-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ।

ਚੁਟਕਲੇ

 • ਗਾਹਕ-ਇਹ ਅੰਗੂਰ ਤੇ ਸੀਤਾਫਲ ਦੀ ਸਬਜ਼ੀ ਹੈ ਪਰ ਇਸ ਵਿਚ ਅੰਗੂਰ ਤਾਂ ਦਿਸਦਾ ਨਹੀਂ?
  ਹੋਟਲ ਮਾਲਕ-ਅਸੀਂ ਇਸ ਸਬਜ਼ੀ 'ਚ 50 ਫੀਸਦੀ ਅੰਗੂਰ ਪਾਉਂਦੇ ਹਾਂ, ਮਤਲਬ ਇਕ ਸੀਤਾ ਫਲ ਤੇ ਇਕ ਅੰਗੂਰ।
 • ਮਾਸਟਰ ਜੀ (ਗੁੱਸੇ 'ਚ)-ਥੱਪੜ ਖਾਵੇਂਗਾ?
  ਲੜਕਾ-ਡਾਕਟਰ ਸਾਹਿਬ ਨੇ ਸਿਰਫ ਫਲ ਤੇ ਦੁੱਧ ਪੀਣ ਤੋਂ ਬਿਨਾਂ ਹੋਰ ਸਭ ਕੁਝ ਬੰਦ ਕੀਤਾ ਹੋਇਆ ਹੈ।
 • ਮੁੱਲਾ ਨਸੀਰਉਦੀਨ ਕੋਲ ਇਕ ਵਿਅਕਤੀ ਗਧਾ ਮੰਗਣ ਗਿਆ। ਮੁੱਲਾ ਨੇ ਕਿਹਾ 'ਗਧਾ ਨਦੀ 'ਤੇ ਨਹਾਉਣ ਗਿਆ ਹੈ।' ਏਨੇ ਨੂੰ ਗਧਾ ਅੰਦਰੋਂ ਹਿਣਕ ਪਿਆ।
  ਵਿਅਕਤੀ-ਤੂੰ ਝੂਠ ਬੋਲਿਆ ਹੈ, ਤੇਰਾ ਗਧਾ ਤਾਂ ਅੰਦਰ ਹੈ।
  ਮੁੱਲਾ-ਮੈਂ ਅਜਿਹੇ ਵਿਅਕਤੀ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ, ਜੋ ਮੇਰੇ ਤੋਂ ਜ਼ਿਆਦਾ ਗਧੇ 'ਤੇ ਵਿਸ਼ਵਾਸ ਕਰੇ।
 • ਮਾਂ-ਬੇਟਾ, ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਪਿਟਾਈ ਹੋਵੇ।
  ਬੇਟਾ-ਮਾਂ, ਫਿਰ ਮੈਂ ਹੁਣ ਸਕੂਲ ਨਹੀਂ ਜਾਵਾਂਗਾ।
  ਮਾਂ-ਕਿਉਂ?
  ਬੇਟਾ-ਉਥੇ ਮਾਸਟਰ ਜੀ ਰੋਜ਼ ਮਾਰਾ-ਮਾਰੀ ਕਰਦੇ ਨੇ।
 • ਮੈਜਿਸਟ੍ਰੇਟ-ਵਾਅਦਾ ਕਰ ਹੁਣ ਕਦੇ ਜੇਬ ਨਹੀਂ ਕੱਟੇਂਗਾ।
  ਅਪਰਾਧੀ-ਇਹ ਨਹੀਂ ਹੋ ਸਕਦਾ ਹਜ਼ੂਰ ਮਾਈ ਬਾਪ।
  ਮੈਜਿਸਟ੍ਰੇਟ-ਕਿਉਂ ਨਹੀਂ ਹੋ ਸਕਦਾ?
  ਅਪਰਾਧੀ-ਜਨਾਬ, ਮੈਂ ਤਾਂ ਇਕ ਦਰਜੀ ਦਾ ਕੰਮ ਕਰਦਾ ਹਾਂ।

-ਅਵਿਨਾਸ਼ ਭੰਡਾਰੀ,
ਹੁਸ਼ਿਆਰਪੁਰ।
ਮੋਬਾ: 98142-21564

ਵਿਗਿਆਨ ਪਹੇਲੀ

1. ਕਿਸ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ?
2. ਸ਼ੁੱਕਰ ਗ੍ਰਹਿ ਸੂਰਜ ਤੋਂ ਕਿੰਨੀ ਦੂਰੀ 'ਤੇ ਹੈ?
3. ਸੰਸਾਰ ਦੀ ਸਭ ਤੋਂ ਉੱਚੀ ਝੀਲ ਕਿਹੜੀ ਹੈ?
4. ਸੰਸਾਰ ਦੀ ਸਭ ਤੋਂ ਵੱਡੀ ਖਾੜੀ ਕਿਹੜੀ ਹੈ?
5. ਮਕੜੀ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ?
6. ਸਭ ਤੋਂ ਜ਼ਿਆਦਾ ਸੁੰਘਣ ਸ਼ਕਤੀ ਕਿਸ ਪੰਛੀ ਦੀ ਹੁੰਦੀ ਹੈ?
7. ਸ਼ਨੀ ਗ੍ਰਹਿ ਦੇ ਛੱਲਿਆਂ ਦੀ ਖੋਜ ਕਿਸ ਨੇ ਕੀਤੀ ਸੀ?
8. ਕੀੜੇ-ਮਕੌੜਿਆਂ ਦੇ ਅਧਿਐਨ ਨੂੰ ਕੀ ਆਖਦੇ ਹਨ?
9. ਧਰਤੀ ਕਿਹੜੇ-ਕਿਹੜੇ ਗ੍ਰਹਿਆਂ ਦੇ ਵਿਚਕਾਰ ਹੈ?
10. ਤਾਪਮਾਨ ਮਾਪਣ ਦੀ ਮਿਆਰੀ ਇਕਾਈ ਕੀ ਹੁੰਦੀ ਹੈ?
ਉੱਤਰ : (1) ਮੰਗਲ ਗ੍ਰਹਿ ਨੂੰ, (2) 108.2 ਮਿਲੀਅਨ ਕਿਲੋਮੀਟਰ, (3) ਮਾਊਂਟ ਐਵਰੈਸਟ ਦੇ ਨੇੜੇ ਗਲੇਸ਼ੀਅਲ ਝੀਲ, (4) ਹਡਸਨ ਖਾੜੀ (ਕੈਨੇਡਾ), (5) ਅੱਠ, (6) ਕੀਵੀ ਦੀ, (7) ਕ੍ਰਿਸਚੀਅਨ ਹਾਈਜਨਸ ਨੇ, (8) ਐਂਟੋਮੌਲੋਜੀ, (9) ਸ਼ੁੱਕਰ ਅਤੇ ਮੰਗਲ ਦੇ, (10) ਕੈਲਵਿਨ।

-ਧਰਮਿੰਦਰ ਸ਼ਾਹਿਦ ਖੰਨਾ,
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ (ਲੁਧਿਆਣਾ)-141401. ਮੋਬਾ: 99144-00151

ਬਾਲ ਬੋਲੀਆਂ

ਧਾਵੇ... ਧਾਵੇ... ਧਾਵੇ
ਕੁੱਟ ਕਾਂ ਨੂੰ ਪਾਵਾਂ ਚੂਰੀਆਂ,
ਵੀਜ਼ਾ, ਵੀਰ ਦਾ ਕੈਨੇਡਾ ਤੋਂ ਆਵੇ,
ਮੇਰਾ ਵੀਰ ਕੈਨੇਡਾ ਨੂੰ ਜਾਵੇ।
ਪੇੜਾ... ਪੇੜਾ... ਪੇੜਾ
ਦੁੱਖਾਂ ਵਿਚ ਘਿਰ ਜਾਊਗਾ
ਸੇਵਾ ਮਾਪਿਆਂ ਦੀ ਨਾ ਕਰੂ ਜਿਹੜਾ
ਸੇਵਾ ਮਾਪਿਆਂ ਦੀ ਨਾ ਕਰੂ ਜਿਹੜਾ।
ਪਾਵੇ... ਪਾਵੇ... ਪਾਵੇ
ਬਾਬਲੇ ਦੇ ਮਹਿਲਾਂ ਵਿਚੋਂ
ਰੱਬਾ, ਠੰਢੀ ਹਵਾ ਹੀ ਆਵੇ,
ਸਦਾ ਖੁਸ਼ੀਆਂ ਦਾ ਸੁਨੇਹਾ ਆਵੇ।
ਡਰਨਾ... ਡਰਨਾ... ਡਰਨਾ
'ਲੰਗੇਆਣੇ ਸਾਧੂ' ਦਾ ਕਹਿਣਾ
ਮਾਣ ਧੀ ਦਾ ਸਦਾ ਹੀ ਕਰਨਾ
ਰੁਤਬਾ ਪੁੱਤ ਦੇ ਬਰਾਬਰ ਕਰਨਾ।

-ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ। ਮੋਬਾ: 98781-17285

ਅਨਮੋਲ ਵਚਨ

* ਕੋਈ ਵੀ ਕੰਮ ਉਦੋਂ ਤੱਕ ਔਖਾ ਲਗਦਾ ਹੈ ਜਦੋਂ ਤੱਕ ਅਸੀਂ ਉਸ ਬਾਰੇ ਸਿਰਫ ਸੋਚਦੇ ਹਾਂ। ਜਦੋਂ ਉਸ ਨੂੰ ਮਨ ਲਗਾ ਕੇ ਕਰ ਲੈਂਦੇ ਹਾਂ ਤਾਂ ਉਹ ਸੌਖਾ ਬਣ ਜਾਂਦਾ ਹੈ।
* ਦੂਜਿਆਂ ਨਾਲ ਅਜਿਹਾ ਵਰਤਾਓ ਨਾ ਕਰੋ, ਜਿਸ ਦੀ ਆਸ ਤੁਸੀਂ ਆਪਣੇ ਲਈ ਨਹੀਂ ਰੱਖਦੇ।
* ਜ਼ਿੰਦਗੀ ਵਿਚ ਫੁੱਲਾਂ ਦੇ ਨਾਲ ਕੰਡੇ ਵੀ ਮਿਲਦੇ ਹਨ। ਫਿਰ ਇਨ੍ਹਾਂ ਕੰਡਿਆਂ ਦੇ ਡਰੋਂ ਫੁੱਲਾਂ ਦੀ ਖੁਸ਼ਬੋ ਤੋਂ ਵਾਂਝੇ ਕਿਉਂ ਰਹੀਏ?
* ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਪਰ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
* ਜੇਕਰ ਕੋਈ ਆਪਣਾ ਰੁੱਸ ਜਾਵੇ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ, ਦੇਖਿਓ ਕਿਤੇ ਜ਼ਿੱਦ ਦੀ ਜੰਗ ਵਿਚ ਦੂਰੀਆਂ ਹੀ ਨਾ ਜਿੱਤ ਜਾਣ।

-ਬਲਵਿੰਦਰ ਜੀਤ ਕੌਰ ਬਾਜਵਾ,
ਪਿੰਡ ਚੱਕਲਾਂ, ਡਾਕ: ਸਿੰਘ ਭਗਵੰਤਪੁਰ (ਰੂਪਨਗਰ)। ਮੋਬਾ: 94649-18164

ਬਾਲ ਕਵਿਤਾ: ਪਾਣੀ ਦੀ ਕਹਾਣੀ

ਅੱਜ ਸਾਡੇ ਸਰਾਂ ਦੱਸੀ ਪਾਣੀ ਦੀ ਕਹਾਣੀ,
ਸੋਨੇ ਤੋਂ ਵੀ ਕੀਮਤੀ ਹੈ ਸਾਡੇ ਲਈ ਪਾਣੀ।
ਪਾਣੀ ਦੀ ਥਾਂ ਹੋਰ ਕੁਝ ਸਕਦੇ ਨਹੀਂ ਪੀ,
ਪਾਣੀ ਬਿਨਾਂ ਜੀਵ ਕੋਈ ਸਕਦਾ ਨਹੀਂ ਜੀ।
ਪਹਾੜਾਂ ਵਿਚ ਵਾਦੀਆਂ ਜੋ ਅੱਜ ਮਨਮੋਹਣੀਆਂ,
ਪਾਣੀ ਬਿਨਾਂ ਪੇੜ, ਪੌਦੇ, ਫਸਲਾਂ ਨ੍ਹੀਂ ਹੋਣੀਆਂ।
ਪਾਣੀ ਬਿਨਾਂ ਫੁੱਲ, ਬੂਟੇ ਸੁੱਕ-ਸੜ ਜਾਣਗੇ,
ਧਰਤੀ ਦੇ ਜੀਅ ਸਭ ਪਿਆਸੇ ਮਰ ਜਾਣਗੇ।
ਇਸ ਲਈ ਬੱਚਿਓ ਸਮਝਾਉਣਾ ਬੜਾ ਜ਼ਰੂਰੀ,
ਫਾਲਤੂ ਵਹਿੰਦੇ ਪਾਣੀ ਨੂੰ ਬਚਾਉਣਾ ਬੜਾ ਜ਼ਰੂਰੀ।
ਧੋਣ ਲਈ ਗੱਡੀ ਪਾਣੀ ਫਾਲਤੂ ਵਹਾਈਏ ਨਾ,
ਕੱਪੜੇ ਧੋਣੇ ਹੋਣ, ਪਾਣੀ ਵਾਧੂ ਗਵਾਈਏ ਨਾ।
ਨੇਕ ਕੰਮ ਕਰਦਿਆਂ ਝਿਜਕੀਏ ਨਾ ਡਰੀਏ,
ਟੂਟੀ ਖੁੱਲ੍ਹੀ ਹੋਵੇ, ਉਹਨੂੰ ਝੱਟ ਬੰਦ ਕਰੀਏ।
ਜਿੰਨਾ ਹੋ ਸਕੇ ਪਾਣੀ ਕੀਮਤੀ ਬਚਾ ਲਈਏ,
ਭਲੂਰੀਆ ਧਰਤੀ ਦੀ ਉਮਰ ਵਧਾ ਲਈਏ।

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਗੀਤ: ਸਫ਼ਾਈ

ਆਓ ਆਲਾ-ਦੁਆਲਾ ਸੁੰਦਰ ਬਣਾਈਏ,
ਥਾਂ-ਥਾਂ ਗੰਦ ਨਾ ਐਵੇਂ ਪਾਈਏ।
ਗੰਦਗੀ ਨਾਲ ਬਿਮਾਰੀਆਂ ਫੈਲਣ,
ਇਹ ਗੱਲ ਸਾਰਿਆਂ ਨੂੰ ਸਮਝਾਈਏ।
ਨਾਲੀਆਂ ਦੇ ਵਿਚ ਸੁੱਟ-ਸੁੱਟ ਕੂੜਾ,
ਗਲੀਆਂ ਨੂੰ ਨਾ ਛੱਪੜ ਬਣਾਈਏ।
ਖੜ੍ਹੇ ਪਾਣੀ 'ਤੇ ਮੱਛਰ ਪਲਦੇ,
ਮੱਛਰਾਂ ਤੋਂ ਆਪਣਾ-ਆਪ ਬਚਾਈਏ।
ਸਭ ਦਾ ਮੁਢਲਾ ਫਰਜ਼ ਹੈ ਬਣਦਾ,
ਕੂੜਾ ਕੂੜੇ ਵਾਲੀ ਥਾਂ ਪਹੁੰਚਾਈਏ।
ਇਕ-ਦੂਜੇ ਨਾਲ ਜ਼ਿੱਦ ਕਰ-ਕਰ ਕੇ,
ਰਸਤੇ ਵਿਚ ਨਾ ਢੇਰ ਲਗਾਈਏ।
ਬਿਮਾਰੀ ਮੁਕਤ ਜੇ ਰਹਿਣਾ ਚਾਹੁੰਦੇ,
ਸਫ਼ਾਈ ਕਰਨ ਦੀ ਮੁਹਿੰਮ ਚਲਾਈਏ।
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ,
ਵੱਧ ਤੋਂ ਵੱਧ ਦਰੱਖਤ ਲਗਾਈਏ।
'ਬਸਰੇ' ਤੰਦਰੁਸਤੀ ਜ਼ਿੰਦਗੀ ਦਾ ਗਹਿਣਾ,
ਰਲ-ਮਿਲ ਬਿਮਾਰੀਆਂ ਦੂਰ ਭਜਾਈਏ।

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 81461-87521

ਬਾਲ ਨਾਵਲ-23: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਾਈਕਲ ਚਲਾਉਂਦਾ ਹਰੀਸ਼ ਇਕੋ ਗੱਲ ਸੋਚੀ ਜਾ ਰਿਹਾ ਸੀ ਕਿ ਅੱਜ ਤਾਂ ਮੈਂ ਵੱਡੇ ਵੀਰ ਜੀ ਅੱਗੇ ਬੋਲ ਨਹੀਂ ਸਕਿਆ ਪਰ ਕੱਲ੍ਹ ਉਨ੍ਹਾਂ ਨੂੰ ਮੈਂ ਵਾਧੂ ਪੈਸੇ ਵਾਪਸ ਕਰ ਦਿਆਂਗਾ। ਮੈਂ ਓਨੇ ਹੀ ਪੈਸੇ ਰੱਖਾਂਗਾ, ਜਿੰਨੇ ਦੀਆਂ ਗੋਲੀਆਂ-ਟਾਫੀਆਂ ਆਈਆਂ ਸਨ। ਇਹੋ ਸੋਚਾਂ ਸੋਚਦਾ ਉਹ ਪੂਰੇ ਵਕਤ 'ਤੇ ਦੁਕਾਨਦਾਰ ਕੋਲ ਪਹੁੰਚ ਗਿਆ।
ਅਗਲੇ ਦਿਨ ਸ਼ਾਮੀਂ ਚਾਰ ਵੱਜਣ ਵਿਚ ਚਾਰ-ਪੰਜ ਮਿੰਟ ਅਜੇ ਬਾਕੀ ਸਨ, ਜਦੋਂ ਹਰੀਸ਼ ਬਾਜ਼ਾਰ ਦੇ ਮੋੜ 'ਤੇ ਪਹੁੰਚ ਗਿਆ, ਜਿਥੇ ਉਸ ਦੇ ਵੀਰ ਜੀ ਨੇ ਕਿਹਾ ਸੀ। ਮੋੜ 'ਤੇ ਪਹੁੰਚ ਕੇ ਉਹ ਸੱਜੇ-ਖੱਬੇ ਵੀਰ ਜੀ ਨੂੰ ਦੇਖਣ ਲੱਗਾ। ਦੋ ਕੁ ਮਿੰਟਾਂ ਬਾਅਦ ਹੀ ਉਸ ਨੂੰ ਵੀਰ ਜੀ ਸੱਜੇ ਪਾਸਿਓਂ ਸਕੂਟਰ 'ਤੇ ਆਉਂਦੇ ਦਿਸ ਪਏ।
ਸਿਧਾਰਥ ਨੇ ਵੀ ਹਰੀਸ਼ ਨੂੰ ਮੋੜ ਕੋਲ ਖਲੋਤੇ ਨੂੰ ਦੇਖ ਲਿਆ। ਉਸ ਨੇ ਆਪਣਾ ਸਕੂਟਰ ਹਰੀਸ਼ ਦੇ ਕੋਲ ਕਰਕੇ ਖੜ੍ਹਾ ਕਰ ਦਿੱਤਾ। ਉਸ ਨੇ ਹਰੀਸ਼ ਦੇ ਸਿਰ 'ਤੇ ਪਿਆਰ ਦਿੱਤਾ ਅਤੇ ਸਕੂਟਰ ਦੇ ਪਿੱਛੇ ਬੈਠਣ ਲਈ ਕਿਹਾ। ਹਰੀਸ਼ ਬਿਨਾਂ ਕੁਝ ਪੁੱਛਿਆਂ ਵੀਰ ਜੀ ਦੇ ਸਕੂਟਰ ਪਿੱਛੇ ਬੈਠ ਗਿਆ।
ਅਗਲੇ ਚੌਕ ਤੋਂ ਸਿਧਾਰਥ ਜਦੋਂ ਸਿੱਧਾ ਲੰਘ ਗਿਆ ਤਾਂ ਹਰੀਸ਼ ਨੇ ਕਿਹਾ, 'ਵੀਰ ਜੀ ਸਕੂਲ ਜਾਣ ਲਈ ਅਸੀਂ ਚੌਕ ਤੋਂ ਖੱਬੇ ਪਾਸੇ ਮੁੜਨਾ ਸੀ।'
'ਹਾਂ, ਮੈਨੂੰ ਪਤੈ ਪਰ ਪਹਿਲਾਂ ਮੈਂ ਕਿਸੇ ਹੋਰ ਥਾਂ 'ਤੇ ਕੰਮ ਜਾਣੈ', ਸਿਧਾਰਥ ਨੇ ਹਰੀਸ਼ ਦੀ ਤਸੱਲੀ ਕਰਵਾਈ।
ਦੋ ਬਾਜ਼ਾਰ ਹੋਰ ਲੰਘ ਕੇ ਸਿਧਾਰਥ ਨੇ ਇਕ ਦੁਕਾਨ ਅੱਗੇ ਸਕੂਟਰ ਖੜ੍ਹਾ ਕੀਤਾ। ਇਹ ਦੁਕਾਨ ਨਵੇਂ ਸਾਈਕਲਾਂ ਦੀ ਸੀ। ਇਸ ਦੇ ਆਸੇ-ਪਾਸੇ ਵੀ ਕੁਝ ਹੋਰ ਸਾਈਕਲਾਂ ਦੀਆਂ ਦੁਕਾਨਾਂ ਸਨ। ਸਕੂਟਰ ਖੜ੍ਹਾ ਕਰਕੇ ਉਸ ਨੇ ਹਰੀਸ਼ ਨੂੰ ਉਤਰਨ ਲਈ ਕਿਹਾ। ਉਹ ਹਰੀਸ਼ ਨੂੰ ਸਾਈਕਲਾਂ ਦੀ ਦੁਕਾਨ ਦੇ ਅੰਦਰ ਲੈ ਗਿਆ। ਦੁਕਾਨਦਾਰ ਨੇ ਸਿਧਾਰਥ ਨੂੰ ਨਮਸਤੇ ਕੀਤੀ। ਸਿਧਾਰਥ ਨੇ ਨਮਸਤੇ ਦਾ ਜਵਾਬ ਦਿੰਦਿਆਂ ਕਿਹਾ, 'ਦੁਪਹਿਰੇ ਜਿਹੜਾ ਮੈਂ ਸਾਈਕਲ ਤੁਹਾਨੂੰ ਕਹਿ ਗਿਆ ਸਾਂ, ਉਹ ਦੇ ਦਿਓ।'
ਦੁਕਾਨਦਾਰ ਨੇ ਇਕ ਨਵਾਂ ਲਿਸ਼ਕਦਾ ਪੂਰਾ ਫਿਟਿੰਗ ਕੀਤਾ ਸਾਈਕਲ, ਜਿਸ ਦੇ ਕੁਝ ਹਿੱਸਿਆਂ ਉੱਪਰ ਅਜੇ ਪਤਲਾ ਜਿਹਾ ਮੋਮਜਾਮਾ ਵੀ ਲੱਗਾ ਹੋਇਆ ਸੀ, ਅੰਦਰੋਂ ਲਿਆ ਕੇ ਦੋਵਾਂ ਦੇ ਸਾਹਮਣੇ ਖੜ੍ਹਾ ਕਰਦਿਆਂ ਕਿਹਾ, 'ਲਓ ਜੀ, ਮੈਂ ਤਾਂ ਉਸੇ ਵੇਲੇ ਹੀ ਸਾਰੀਆਂ ਚੰਗੀਆਂ ਚੀਜ਼ਾਂ ਪਾ ਕੇ ਫਿੱਟ ਕਰਵਾ ਦਿੱਤਾ ਸੀ। ਐਹ ਵੇਖੋ ਟੋਕਰੀ, ਵਧੀਆ ਜੰਦਰਾ, ਮਜ਼ਬੂਤ ਸਟੈਂਡ, ਘੰਟੀ ਅਤੇ ਵਧੀਆ ਕੁਆਲਿਟੀ ਦੇ ਟਾਇਰ ਪਾ ਦਿੱਤੇ ਹਨ। ਤੁਸੀਂ ਚੈੱਕ ਕਰ ਲਵੋ।'
ਸਿਧਾਰਥ ਨੇ ਹਰੀਸ਼ ਨੂੰ ਕਿਹਾ, 'ਕਿਉਂ ਬਈ ਹਰੀਸ਼, ਇਹ ਸਾਈਕਲ ਵੇਖ, ਚੰਗੀ ਏ?'
ਹਰੀਸ਼ ਜਿਹੜਾ ਪਹਿਲਾਂ ਹੀ ਨਵੇਂ ਸਾਈਕਲ ਵੱਲ ਬੜੀਆਂ ਹੈਰਾਨੀ ਅਤੇ ਹਸਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ, ਕਹਿਣ ਲੱਗਾ, 'ਇਹ ਤੇ ਬਹੁਤ ਹੀ ਵਧੀਆ ਏ। ਇਹ ਕਿਸ ਵਾਸਤੇ ਲੈ ਰਹੇ ਹੋ?' (ਚਲਦਾ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਕਹਾਣੀ: ਲੂੰਬੜੀ ਦੀ ਚਲਾਕੀ

ਬੜਾ ਸੰਘਣਾ ਜੰਗਲ ਸੀ। ਜੰਗਲ ਵਿਚੋਂ ਲੰਘਦਾ ਇਕ ਭਲਾ ਪੁਰਸ਼ ਆਪਣੇ ਪਿੰਡ ਜਾ ਰਿਹਾ ਸੀ। ਰਾਹ ਵਿਚ ਅਚਾਨਕ ਉਸ ਨੂੰ ਗੁਫ਼ਾ ਦੇ ਬਾਹਰ ਪਿੰਜਰੇ ਵਿਚ ਬੰਦ ਸ਼ੇਰ ਵਿਖਾਈ ਦਿੱਤਾ। ਸ਼ੇਰ ਨੇ ਉਸ ਰਾਹੀ ਨੂੰ ਬੇਨਤੀ ਕੀਤੀ, 'ਸ੍ਰੀਮਾਨ, ਮੈਨੂੰ ਪਿੰਜਰੇ ਵਿਚੋਂ ਬਾਹਰ ਕੱਢਣ ਦੀ ਕ੍ਰਿਪਾਲਤਾ ਕਰੋ।'
'ਮੈਂ ਤੈਨੂੰ ਕਿਉਂ ਕੱਢਾਂ? ਜੇ ਮੈਂ ਪਿੰਜਰਾ ਖੋਲ੍ਹ ਕੇ ਤੈਨੂੰ ਬਾਹਰ ਕੱਢ ਦਿੱਤਾ ਤਾਂ ਤੂੰ ਮੈਨੂੰ ਖਾ ਜਾਵੇਂਗਾ।'
ਸ਼ੇਰ ਨੇ ਕਸਮਾਂ ਖਾਧੀਆਂ, ਤਰਲੇ ਲਏ, ਜਿਸ ਕਰਕੇ ਉਹ ਨੇਕ ਇਨਸਾਨ ਪਿਘਲ ਗਿਆ। ਉਸ ਨੇ ਸ਼ੇਰ ਨੂੰ ਪਿੰਜਰੇ ਵਿਚੋਂ ਬਾਹਰ ਕੱਢ ਦਿੱਤਾ। ਬਾਹਰ ਨਿਕਲ ਕੇ ਸ਼ੇਰ ਨੇ ਉਸ ਭਲੇਮਾਣਸ ਨੂੰ ਕਿਹਾ, 'ਤੇਰਾ ਧੰਨਵਾਦ। ਪਰ ਮੈਂ ਭੁੱਖਾ ਹਾਂ। ਮਜਬੂਰੀ ਵੱਸ ਮੈਂ ਤੈਨੂੰ ਖਾਵਾਂਗਾ। ਮੈਨੂੰ ਮੁਆਫ਼ ਕਰਨਾ।'
'ਪਰ ਤੂੰ ਤਾਂ ਮੈਨੂੰ ਭੋਜਨ ਨਾ ਬਣਾਉਣ ਦੀ ਕਸਮ ਲਈ ਸੀ। ਭਰੋਸਾ ਦਿੱਤਾ ਸੀ। ਇਹ ਚੰਗੀ ਗੱਲ ਨਹੀਂ।' ਭਲੇ ਪੁਰਸ਼ ਨੇ ਸ਼ੇਰ ਦੀ ਜ਼ਮੀਰ ਨੂੰ ਝੰਜੋੜਿਆ। ਪਰ ਸ਼ੇਰ ਨੇ ਦਲੀਲ ਦਿੱਤੀ ਕਿ, 'ਮਨੁੱਖ ਮੇਰਾ ਦੁਸ਼ਮਣ ਹੈ, ਮੈਂ ਤੈਨੂੰ ਖਾਵਾਂਗਾ।'
ਭਲੇ ਪੁਰਸ਼ ਨੇ ਕਿਹਾ, 'ਪਹਿਲਾਂ ਕਿਸੇ ਤੋਂ ਇਨਸਾਫ਼ ਕਰਵਾਈਏ, ਫਿਰ ਤੂੰ ਮੇਰਾ ਭੋਜਨ ਬਣਾ ਲਈਂ।' ਸ਼ੇਰ ਮੰਨ ਗਿਆ। ਉਹ ਦਰੱਖ਼ਤ ਕੋਲ ਗਏ। ਸਾਰਾ ਮਾਮਲਾ ਸੁਣ ਕੇ ਰੁੱਖ ਨੇ ਕਿਹਾ, 'ਮੈਂ ਤੈਨੂੰ ਕਿਉਂ ਬਚਾਵਾਂ? ਤੁਸਾਂ ਮਨੁੱਖ ਜਾਤੀ ਨੇ ਮੈਨੂੰ ਕੱਟਿਆ, ਮੈਨੂੰ ਸਾੜਿਆ। ਪਰ ਭੁੱਲ ਗਏ ਮੈਂ ਤੁਹਾਨੂੰ ਛਾਂ ਦਿੱਤੀ, ਸਾਫ਼ ਹਵਾ ਦਿੱਤੀ।'
ਫਿਰ ਉਹ ਨਦੀ ਕੋਲ ਇਨਸਾਫ਼ ਲਈ ਗਏ। ਨਦੀ ਨੇ ਕਿਹਾ, 'ਸੁਆਰਥੀ ਮਨੁੱਖ ਨੇ ਮੇਰਾ ਕੁਦਰਤੀ ਲਾਂਘਾ ਰੋਕ ਡੈਮ ਬਣਾਏ, ਮੇਰੇ ਕੰਢਿਆਂ 'ਤੇ ਹੋਟਲ ਆਦਿ ਉਸਾਰ ਲਏ। ਫਿਰ ਦੋਵੇਂ ਲੂੰਬੜੀ ਕੋਲ ਗਏ। ਲੂੰਬੜੀ ਕੋਲ ਉਸ ਦਾ ਮਿੱਤਰ ਕੁੱਤਾ ਬੈਠਾ ਸੀ। ਹੁਸ਼ਿਆਰ ਲੂੰਬੜੀ ਨੇ ਸ਼ੇਰ ਤੇ ਮਨੁੱਖ ਦੀ ਗੱਲ ਸੁਣ ਕੁੱਤੇ ਵੱਲ ਵੇਖਿਆ। ਕੁੱਤੇ ਦੀ ਮਨੁੱਖ ਪ੍ਰਤੀ ਵਫ਼ਾਦਾਰੀ ਜਾਗ ਪਈ। ਕੁੱਤੇ ਨੇ ਲੂੰਬੜੀ ਨੂੰ ਸਹੀ ਇਨਸਾਫ਼ ਕਰਨ ਲਈ ਕਿਹਾ। ਚਲਾਕ ਲੂੰਬੜੀ ਨੇ ਸੋਚ-ਵਿਚਾਰ ਕੇ ਕਿਹਾ, 'ਮੈਂ ਕਿਵੇਂ ਮੰਨ ਲਵਾਂ ਕਿ ਸ਼ੇਰ ਪਿੰਜਰੇ ਵਿਚ ਬੰਦ ਹੋ ਸਕਦਾ ਹੈ। ਪਹਿਲਾਂ ਮੈਨੂੰ ਵਿਖਾਓ, ਸ਼ੇਰ ਕਿਥੇ ਤੇ ਕਿਵੇਂ ਬੰਦ ਸੀ।' ਸਾਰੇ ਗੁਫ਼ਾ ਕੋਲ ਗਏ। ਸ਼ੇਰ ਲੂੰਬੜੀ ਨੂੰ ਵਿਖਾਉਣ ਲਈ ਪਿੰਜਰੇ ਅੰਦਰ ਚਲਾ ਗਿਆ। ਚਲਾਕ ਲੂੰਬੜੀ ਨੇ ਤੁਰੰਤ ਕੁੰਡਾ ਲਾ ਦਿੱਤਾ। ਲੂੰਬੜੀ ਦੀ ਚਲਾਕੀ ਨੇ ਭਲੇ ਪੁਰਸ਼ ਦੀ ਜਾਨ ਬਚਾਈ। ਇਸ ਤਰ੍ਹਾਂ ਮਕਾਰ ਸ਼ੇਰ ਨੂੰ ਸਜ਼ਾ ਮਿਲ ਗਈ।

.-ਮੁਖ਼ਤਾਰ ਗਿੱਲ,
ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਸਿੱਖ ਜਰਨੈਲ-4: ਜੱਸਾ ਸਿੰਘ ਆਹਲੂਵਾਲੀਆ

ਜੱਸਾ ਸਿੰਘ ਆਹਲੂਵਾਲੀਆ (1718-1823) ਨੂੰ 1748 ਦੀ ਵਿਸਾਖੀ 'ਤੇ ਦਲ ਖ਼ਾਲਸਾ ਦਾ ਜਥੇਦਾਰ ਥਾਪਿਆ ਗਿਆ। ਆਪ ਨੇ ਗੁਰੂ ਕਿਰਪਾ ਸਦਕਾ ਪੰਥ ਦੀ ਐਸੀ ਅਗਵਾਈ ਕੀਤੀ ਕਿ ਘੱਲੂਘਾਰਿਆਂ ਵਿਚੋਂ ਕੱਢ ਕੇ ਪੰਥ ਨੂੰ ਰਾਜ ਕਰਨ ਦੇ ਕਾਬਲ ਬਣਾ ਦਿੱਤਾ। ਆਪ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਦਲ ਖ਼ਾਲਸਾ ਦੇ ਕਮਾਂਡਰ ਸਨ, ਜਿਨ੍ਹਾਂ ਨੇ 1761 ਵਿਚ ਸਿੱਖਾਂ ਦੀ ਹਕੂਮਤ ਕਾਇਮ ਕੀਤੀ। ਆਪ ਨੂੰ ਸੁਲਤਾਨ-ਉਲ-ਕੌਮ ਕਹਿ ਕੇ ਨਿਵਾਜਿਆ ਗਿਆ।
ਆਪ ਜੀ ਦਾ ਜਨਮ 3 ਮਈ, 1718 ਨੂੰ ਲਾਹੌਰ ਦੇ ਨੇੜੇ ਆਹਲੂ ਪਿੰਡ ਵਿਚ ਹੋਇਆ। ਆਪ ਦੀ ਉਮਰ ਅਜੇ 5 ਵਰ੍ਹਿਆਂ ਦੀ ਹੀ ਸੀ ਕਿ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ। ਫਿਰ ਆਪ ਜੀ ਦੀ ਮਾਤਾ ਆਪ ਨੂੰ ਨਾਲ ਲੈ ਕੇ ਦਿੱਲੀ ਆ ਗਏ, ਜਿਥੇ ਆਪ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਵਿਚ ਵੱਡੇ ਹੋਏ।
1729 ਵਿਚ ਪੰਜਾਬ ਪਰਤਣ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਨੇ ਆਪ ਨੂੰ ਇਕ ਕ੍ਰਿਪਾਨ, ਇਕ ਢਾਲ, ਇਕ ਤਰਕਸ਼ ਤੇ ਤੀਰਾਂ ਦਾ ਭਰਿਆ ਭੱਥਾ, ਇਕ ਪੁਸ਼ਾਕ ਅਤੇ ਚਾਂਦਨੀ ਦਿੱਤੀ, ਇਹ ਦਰਸਾਉਣ ਲਈ ਕਿ ਇਹ ਇਕ ਸ਼ਕਤੀਸ਼ਾਲੀ ਆਗੂ ਵਜੋਂ ਉੱਭਰ ਕੇ ਸਾਹਮਣੇ ਆਉਣਗੇ। ਪੰਜਾਬ ਪਹੁੰਚ ਕੇ ਆਪ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਿਲ ਹੋ ਗਏ। ਨਵਾਬ ਕਪੂਰ ਸਿੰਘ ਆਪ ਵਰਗੇ ਨੌਜਵਾਨ ਦੀ ਦਲੇਰੀ ਅਤੇ ਉਤਸ਼ਾਹ ਤੋਂ ਕਾਫੀ ਪ੍ਰਭਾਵਿਤ ਹੋਏ। ਸਰਦਾਰ ਜੱਸਾ ਸਿੰਘ ਉਨ੍ਹਾਂ ਪ੍ਰਮੁੱਖ ਸਰਦਾਰਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਅੰਮ੍ਰਿਤਸਰ ਵਿਖੇ ਸਲਾਬਤ ਖਾਨ ਦੀ ਤਕੜੀ ਮੁਗ਼ਲ ਫ਼ੌਜ ਨੂੰ ਹਰਾਇਆ ਸੀ।
1748 ਦੀ ਵਿਸਾਖੀ 'ਤੇ ਅੰਮ੍ਰਿਤਸਰ ਵਿਖੇ ਹੋਏ ਸਰਬੱਤ ਖ਼ਾਲਸਾ ਵਿਚ ਸਿੱਖਾਂ ਦੇ ਵੱਖ-ਵੱਖ ਜਥਿਆਂ ਨੂੰ ਇਕ ਸਰਬ-ਸਾਂਝੀ ਜਥੇਬੰਦੀ 'ਦਲ ਖ਼ਾਲਸਾ' ਹੇਠ ਲਾਮਬੰਦ ਕਰ ਦਿੱਤਾ ਗਿਆ ਅਤੇ ਉਸ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਨੂੰ ਬਣਾ ਦਿੱਤਾ ਗਿਆ। ਇਸ ਦਲ ਖ਼ਾਲਸਾ ਨੂੰ ਅੱਗੇ 11 ਮਿਸਲਾਂ ਵਿਚ ਵੰਡ ਦਿੱਤਾ ਗਿਆ।
ਨਵੰਬਰ 1753 ਵਿਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ, ਸਰਦਾਰ ਜੱਸਾ ਸਿੰਘ ਨੇ ਪੰਜਾਬ ਦੇ ਪਿੰਡਾਂ-ਸ਼ਹਿਰਾਂ ਨੂੰ ਆਪਣੇ ਕਬਜ਼ੇ ਅਧੀਨ ਲੈਣਾ ਸ਼ੁਰੂ ਕਰ ਦਿੱਤਾ ਅਤੇ 'ਰਾਖੀ' ਸਿਸਟਮ ਦੀ ਸਥਾਪਨਾ ਕੀਤੀ, ਜਿਸ ਹੇਠ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਹਿਤ ਉਨ੍ਹਾਂ ਕੋਲੋਂ ਵਸੂਲੀ ਕੀਤੀ ਜਾਂਦੀ। ਰਾਖੀ ਦੀ ਇਹ ਰਕਮ ਉਪਜ ਦਾ ਪੰਜਵਾਂ ਹਿੱਸਾ ਸੀ, ਜੋ ਕਿ ਉਸ ਸਮੇਂ ਪ੍ਰਚਲਿਤ ਟੈਕਸ ਦੀਆਂ ਦਰਾਂ (ਜੋ ਕਿ ਅੱਧਾ ਤੋਂ ਲੈ ਕੇ ਚੌਥਾਈ ਤੱਕ ਸੀ) ਤੋਂ ਬਹੁਤ ਘੱਟ ਅਤੇ ਵਾਜਬ ਸੀ।
ਦਲ ਖ਼ਾਲਸਾ ਨੇ ਪੰਜਾਬ ਦੇ ਮਾਲਵੇ ਤੇ ਮਾਝਾ ਦੇ ਇਲਾਕਿਆਂ ਵਿਚ ਆਪਣੀ ਹਕੂਮਤ ਕਾਇਮ ਕਰ ਲਈ। ਰਾਖੀ ਪ੍ਰਬੰਧ ਹੇਠ ਵਸੂਲੀ ਕੀਤੀ ਜਾਂਦੀ ਅਤੇ ਮੁਗਲ ਤੇ ਅਫ਼ਗਾਨ ਸੂਬੇਦਾਰਾਂ ਕੋਲੋਂ ਨਜ਼ਰਾਨੇ ਲਏ ਜਾਂਦੇ। ਸਰਦਾਰ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਮਾਰਚ, 1761 ਵਿਚ ਅਹਿਮਦ ਸ਼ਾਹ ਦੁਰਾਨੀ ਦੀਆਂ ਫ਼ੌਜਾਂ 'ਤੇ ਅੰਮ੍ਰਿਤਸਰ ਦੇ ਨੇੜੇ ਅਚਾਨਕ ਹਮਲਾ ਕਰਕੇ 2200 ਬੀਬੀਆਂ ਨੂੰ ਛੁਡਾਇਆ, ਜਿਨ੍ਹਾਂ ਨੂੰ ਦਾਸੀਆਂ ਬਣਾਉਣ ਲਈ ਬੰਦੀ ਬਣਾ ਕੇ ਲਿਜਾਇਆ ਜਾ ਰਿਹਾ ਸੀ।
ਸਤੰਬਰ, 1761 ਵਿਚ ਗੁੱਜਰਾਂਵਾਲਾ ਦੇ ਨੇੜੇ ਸ਼ੁਕਰਚੱਕੀਆ, ਘਨੱਈਆ ਅਤੇ ਭੰਗੀ ਸਰਦਾਰਾਂ ਦੀ ਸਾਂਝੀ ਫ਼ੌਜ ਨੇ ਲਾਹੌਰ ਦੇ ਅਫ਼ਗਾਨ ਗਵਰਨਰ ਖ਼ਵਾਜਾ ਉਬੈਦ ਖ਼ਾਨ ਦੀ ਸੈਨਾ ਨੂੰ ਹਰਾ ਕੇ ਉਸ ਨੂੰ ਲਾਹੌਰ ਦੀਆਂ ਦੀਵਾਰਾਂ ਤੱਕ ਹੀ ਸੀਮਤ ਕਰ ਦਿੱਤਾ। ਬਿਨਾਂ ਕਿਸੇ ਵਿਰੋਧ ਦੇ, ਸ਼ਹਿਰ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦੇ ਹਾਕਮ ਵਜੋਂ ਸੁਲਤਾਨ-ਉਲ-ਕੌਮ ਕਹਿ ਕੇ ਨਿਵਾਜਿਆ ਗਿਆ। ਸਿੱਖਾਂ ਦੀ ਇਸ ਜਿੱਤ ਦੀ ਯਾਦ ਵਜੋਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂਅ ਉੱਤੇ ਸਿੱਕੇ ਵੀ ਜਾਰੀ ਕੀਤੇ ਗਏ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
(ਪੁਸਤਕ 'ਸਿੱਖ ਜਰਨੈਲ' 'ਚੋਂ ਧੰਨਵਾਦ ਸਹਿਤ)

ਆਜ਼ਾਦੀ ਦਿਵਸ 'ਤੇ ਵਿਸ਼ੇਸ਼ ਬਾਲ ਗੀਤ

ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ 'ਚ ਆਉਣਾ,
ਆਜ਼ਾਦੀ ਦਿਵਸ ਆਪਾਂ ਬੱਚਿਓ ਮਨਾਉਣਾ।
ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ,
ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀਂ ਭੁਲਾਉਣੇ।
ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ,
ਆਜ਼ਾਦੀ ਦਿਵਸ ਆਪਾਂ.........।
ਸ਼ਹਾਦਤ ਹੈ ਸ਼ਹੀਦਾਂ ਦੀ ਆਜ਼ਾਦੀ ਲਈ ਲਾਸਾਨੀ,
ਕਦੇ ਨਹੀਂ ਭੁਲਾਉਣੀ ਇਹ ਉਨ੍ਹਾਂ ਦੀ ਕੁਰਬਾਨੀ।
ਮੁੱਲ ਉਨ੍ਹਾਂ ਦੀ ਸ਼ਹਾਦਤ ਦਾ ਆਪਾਂ ਸਿੱਖ ਲਈਏ ਪਾਉਣਾ,
ਆਜ਼ਾਦੀ ਦਿਵਸ ਆਪਾਂ.........।
ਹੁੰਦੇ ਨੇ ਸ਼ਹੀਦ ਇਹ ਤਾਂ ਕੌਮ ਦਾ ਬਣ ਸਰਮਾਇਆ,
ਤੋੜ ਕੇ ਗੁਲਾਮੀ ਦੀਆਂ ਕੜੀਆਂ ਦੇਸ਼ ਆਜ਼ਾਦ ਕਰਾਇਆ।
ਡੁੱਲ੍ਹਿਆ ਖੂਨ ਸ਼ਹੀਦਾਂ ਦਾ ਅਜਾਈਂ ਨਹੀਂ ਗਵਾਉਣਾ,
ਆਜ਼ਾਦੀ ਦਿਵਸ ਆਪਾਂ..........।
ਆਓ ਸਾਰੇ ਰਲ-ਮਿਲ ਅੱਜ ਆਪਾਂ ਕਸਮਾਂ ਖਾਈਏ,
ਨਸ਼ਿਆਂ ਨੂੰ ਤਿਆਗ ਚੰਗਾ ਸਮਾਜ ਬਣਾਈਏ।
ਸਾਰੇ ਲਾਈਏ ਰੁੱਖ ਦੇਸ਼ ਆਪਣਾ ਹਰਾ-ਭਰਾ ਹੈ ਬਣਾਉਣਾ,
ਆਜ਼ਾਦੀ ਦਿਵਸ ਆਪਾਂ..........।

-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ)। ਮੋਬਾ: 98143-81972

ਬਾਲ ਨਾਵਲ-22:ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੇ ਗੋਲੀਆਂ ਅਤੇ ਟਾਫੀਆਂ ਦੇ ਦੋਵੇਂ ਪੈਕੇਟ, ਜਿਹੜੇ ਲਿਫਾਫੇ ਵਿਚ ਸਨ, ਵੀਰ ਜੀ ਨੂੰ ਦੇ ਦਿੱਤੇ।
ਗੋਲੀਆਂ-ਟਾਫੀਆਂ ਲੈ ਕੇ ਸਿਧਾਰਥ ਆਪਣੇ ਦਫਤਰ ਵੱਲ ਚਲਾ ਗਿਆ ਅਤੇ ਹਰੀਸ਼ ਆਪਣੀ ਕਲਾਸ ਵੱਲ ਤੁਰ ਪਿਆ।
ਪਹਿਲਾਂ ਇਕ ਘੰਟਾ ਵੀਰਾ ਜੀ ਕਲਾਸ ਲੈਂਦੇ ਸਨ ਅਤੇ ਉਸ ਤੋਂ ਬਾਅਦ ਵੀਰ ਜੀ ਪੜ੍ਹਾਉਂਦੇ ਸਨ।
ਕਲਾਸ ਖਤਮ ਹੋਣ 'ਤੇ ਸਿਧਾਰਥ ਨੇ ਹਰੀਸ਼ ਨੂੰ ਦਫਤਰ ਆਉਣ ਲਈ ਕਿਹਾ। ਹਰੀਸ਼ ਆਪਣੇ ਵੀਰ ਜੀ ਦੇ ਪਿੱਛੇ-ਪਿੱਛੇ ਉਨ੍ਹਾਂ ਦੇ ਦਫਤਰ ਪਹੁੰਚ ਗਿਆ।
ਦਫਤਰ ਪਹੁੰਚ ਕੇ ਸਿਧਾਰਥ ਨੇ ਕਿਹਾ, 'ਹਰੀਸ਼, ਇਹ ਦੱਸ ਕਿ ਤੂੰ ਇਕ ਵੱਡੇ ਪੈਕੇਟ ਗੋਲੀਆਂ ਜਾਂ ਟਾਫੀਆਂ ਦੇ ਕਿੰਨੇ ਛੋਟੇ ਪੈਕੇਟ ਬਣਾਉਂਦਾ ਹੈਂ?'
'ਜੀ ਪੰਜਾਹ-ਪੰਜਾਹ। ਇਕ ਵੱਡੇ ਪੈਕੇਟ ਵਿਚ ਗੋਲੀਆਂ ਦੋ ਸੌ ਹੁੰਦੀਆਂ ਹਨ, ਇਸ ਕਰਕੇ ਮੈਂ ਛੋਟੇ ਪੈਕੇਟ ਵਿਚ ਚਾਰ ਗੋਲੀਆਂ ਪਾਉਂਦਾ ਹਾਂ ਅਤੇ ਟਾਫੀਆਂ ਵੱਡੇ ਪੈਕੇਟ ਵਿਚ ਇਕ ਸੌ ਹੁੰਦੀਆਂ ਹਨ, ਇਸ ਕਰਕੇ ਛੋਟੇ ਪੈਕੇਟ ਵਿਚ ਦੋ-ਦੋ ਟਾਫੀਆਂ ਪਾਉਂਦਾ ਹਾਂ।' ਹਰੀਸ਼ ਨੇ ਪੂਰੇ ਵਿਸਥਾਰ ਨਾਲ ਵੀਰ ਜੀ ਨੂੰ ਦੱਸਿਆ।
ਸਿਧਾਰਥ ਨੇ ਜੇਬ 'ਚੋਂ ਇਕ ਸੌ ਰੁਪਏ ਦਾ ਨੋਟ ਕੱਢ ਕੇ ਹਰੀਸ਼ ਦੀ ਜੇਬ ਵਿਚ ਪਾ ਦਿੱਤਾ, 'ਇਹ ਤੇਰੇ ਗੋਲੀਆਂ-ਟਾਫੀਆਂ ਦੇ ਪੈਸੇ।'
'ਪਰ ਵੱਡੇ ਪੈਕੇਟ ਤਾਂ ਸਸਤੇ ਆਏ ਹਨ। ਮੈਂ ਐਨੇ ਜ਼ਿਆਦਾ ਪੈਸੇ ਨਹੀਂ ਲੈ ਸਕਦਾ ਤੁਹਾਡੇ ਕੋਲੋਂ।' ਹਰੀਸ਼ ਨੇ ਜੇਬ ਵਿਚੋਂ ਨੋਟ ਕੱਢ ਕੇ ਵੀਰ ਜੀ ਨੂੰ ਵਾਪਸ ਕਰਦਿਆਂ ਕਿਹਾ।
ਸਿਧਾਰਥ ਨੇ ਉਸ ਕੋਲੋਂ ਨੋਟ ਫੜ ਕੇ ਦੁਬਾਰਾ ਉਸ ਦੀ ਜੇਬ ਵਿਚ ਪਾਉਂਦਿਆਂ ਕਿਹਾ, 'ਬਸ, ਹੁਣ ਜੇਬ ਵਿਚੋਂ ਨਾ ਕੱਢੀਂ, ਵੱਡਿਆਂ ਦੇ ਆਖੇ ਲੱਗੀਦੈ।'
ਹਰੀਸ਼ ਦੁਚਿੱਤੀ ਵਿਚ ਪੈ ਗਿਆ।
'ਹੱਛਾ ਹਰੀਸ਼, ਕੱਲ੍ਹ ਤੂੰ ਮੈਨੂੰ ਠੀਕ 4 ਵਜੇ ਉਸੇ ਮੋੜ 'ਤੇ ਮਿਲੀਂ, ਜਿਥੇ ਮੈਂ ਤੈਨੂੰ ਉਸ ਦਿਨ ਸਕੂਟਰ ਤੋਂ ਉਤਾਰਿਆ ਸੀ। ਹਾਂ, ਇਕ ਗੱਲ ਹੋਰ, ਤੂੰ ਕੱਲ੍ਹ ਪੈਦਲ ਹੀ ਉਥੋਂ ਤੱਕ ਆ ਜਾਈਂ, ਅੱਗੋਂ ਮੈਂ ਤੈਨੂੰ ਆਪੇ ਸਕੂਲ ਲੈ ਆਵਾਂਗਾ।'
'ਠੀਕ ਹੈ ਵੀਰ ਜੀ, ਮੈਂ ਆ ਤਾਂ ਜਾਵਾਂਗਾ ਪਰ ਸਕੂਲੋਂ ਵਾਪਸ ਫਿਰ ਤੁਰ ਕੇ ਜਾਵਾਂਗਾ?' ਹਰੀਸ਼ ਨੇ ਝਕਦਿਆਂ-ਝਕਦਿਆਂ ਕਿਹਾ।
'ਵਾਪਸ ਵੀ ਤੈਨੂੰ ਭੇਜ ਦਿਆਂਗਾ, ਤੂੰ ਫਿਕਰ ਕਿਉਂ ਕਰਦੈਂ?' ਸਿਧਾਰਥ ਨੇ ਬੜੇ ਪਿਆਰ ਨਾਲ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ।
'ਠੀਕ ਹੈ ਜੀ, ਮੈਂ ਕੱਲ੍ਹ 4 ਵਜੇ ਉਸੇ ਬਾਜ਼ਾਰ ਦੇ ਮੋੜ 'ਤੇ ਆ ਜਾਵਾਂਗਾ', ਇਹ ਕਹਿ ਕੇ ਉਸ ਨੇ ਘਰ ਜਾਣ ਦੀ ਇਜਾਜ਼ਤ ਲਈ।
ਵੀਰ ਜੀ ਕੋਲੋਂ ਇਜਾਜ਼ਤ ਲੈ ਕੇ ਉਹ ਤੇਜ਼-ਤੇਜ਼ ਤੁਰਦਾ ਹੋਇਆ ਆਪਣੇ ਸਾਈਕਲ ਵੱਲ ਵਧਿਆ। ਸਾਈਕਲ ਲੈ ਕੇ ਉਹ ਫੁੱਲ ਸਪੀਡ 'ਤੇ ਉਸ ਨੂੰ ਚਲਾਉਂਦਾ ਹੋਇਆ ਘਰ ਵੱਲ ਤੁਰ ਪਿਆ। ਉਸ ਨੂੰ ਡਰ ਸੀ ਕਿ ਜੇ ਉਹ ਪੰਜ ਮਿੰਟ ਵੀ ਲੇਟ ਹੋ ਗਿਆ ਤਾਂ ਦੁਕਾਨਦਾਰ ਨੇ ਅੱਧੇ ਘੰਟੇ ਦਾ ਕਿਰਾਇਆ ਵਾਧੂ ਲੈ ਲੈਣੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬੁਝਾਰਤਾਂ

1. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ-ਇਕ ਟਿਕਾਈ।
2. ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ ਨੂੰ ਬੂਹਾ ਲਾਇਆ।
3. ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸੇ ਦੀ।
4. ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ।
5. ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ।
6. ਆਲਾ ਭਰਿਆ ਕੌਂਡੀਆਂ ਦਾ, ਵਿਚ ਤੋਤਕੜੀ ਨੱਚੇ।
7. ਹਰ ਘਰ ਵਿਚ ਪਾਇਆ ਜਾਂਦਾ, ਸਵੇਰੇ-ਸ਼ਾਮ ਤਪਾਇਆ ਜਾਂਦਾ।
8. ਕੁੱਕੜੀ ਚਿੱਟੀ ਪੂਛ ਹਿਲਾਵੇ, ਦਮੜੀ-ਦਮੜੀ ਨੂੰ ਮਿਲ ਜਾਵੇ।
9. ਵਣ ਵਿਚ ਵੱਢਿਆ, ਵਣ ਵਿਚ ਟੁੱਕਿਆ, ਨਾਂਅ ਰੱਖਿਆ ਨਰੰਗਾ,
ਭਾਂਤ-ਭਾਂਤ ਦੇ ਕੱਪੜੇ ਪਾਉਂਦਾ, ਫਿਰ ਵੀ ਰਹਿੰਦਾ ਨੰਗਾ।
10. ਆਪੇ ਮੈਨੂੰ ਚੀਰਿਆ, ਆਪੇ ਹੀ ਤੂੰ ਰੋਈ।
ਉੱਤਰ : (1) ਹਲਟ ਦਾ ਕੁੱਤਾ, (2) ਬਿਜੜੇ ਦਾ ਆਲ੍ਹਣਾ, (3) ਊਰੀ, (4) ਬੱਦਲ, (5) ਸੂਈ-ਧਾਗਾ, (6) ਜੀਭ, (7) ਰੋਟੀ ਵਾਲਾ ਤਵਾ, (8) ਮੂਲੀ, (9) ਗਜ਼, (10) ਪਿਆਜ਼।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾ: 98763-22677

ਬਾਲ ਸਾਹਿਤ

ਮੈਂ ਮੰਮੀ ਦਾ ਰਾਜ ਕੁਮਾਰ
(ਬਾਲ ਕਵਿਤਾਵਾਂ)
ਲੇਖਕ : ਡਾ: ਸਾਧੂ ਰਾਮ ਲੰਗੇਆਣਾ

ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)।
ਮੁੱਲ : 50 ਰੁਪਏ, ਪੰਨੇ : 28
ਸੰਪਰਕ : 94173-89370

ਹਥਲੀ ਪੁਸਤਕ 'ਮੈਂ ਮੰਮੀ ਦਾ ਰਾਜ ਕੁਮਾਰ' ਡਾ: ਸਾਧੂ ਰਾਮ ਲੰਗੇਆਣਾ ਵੱਲੋਂ ਲਿਖਿਆ ਤਾਜ਼ਾ ਬਾਲ ਕਾਵਿ-ਸੰਗ੍ਰਹਿ ਹੈ। ਇਸ ਵਿਚ ਕੁੱਲ 18 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਲੇਖਕ ਨੇ ਇਸ ਤੋਂ ਪਹਿਲਾਂ ਬਾਲਾਂ ਲਈ 3 ਪੁਸਤਕਾਂ ਤੋਂ ਇਲਾਵਾ 2 ਪੁਸਤਕਾਂ ਹਾਸ-ਵਿਅੰਗ ਵਾਰਤਕ ਅਤੇ ਕਾਮੇਡੀ ਫੀਚਰ ਫ਼ਿਲਮਾਂ ਪਾਠਕਾਂ/ਸਰੋਤਿਆਂ ਦੀ ਨਜ਼ਰ ਕੀਤੀਆਂ ਹਨ। ਇਹ ਉਸ ਦੀ ਛੇਵੀਂ ਪੁਸਤਕ ਹੈ।
ਪੁਸਤਕ ਵਿਚ ਸਾਰੀਆਂ ਹੀ ਕਵਿਤਾਵਾਂ ਬੱਚਿਆਂ ਦੀਆਂ ਸਰਗਰਮੀਆਂ ਨਾਲ ਸਬੰਧਤ ਹਨ। ਲਿਖਣ ਸ਼ੈਲੀ ਸਰਲ ਹੈ ਤੇ ਠੇਠ ਪੰਜਾਬੀ ਹੈ, ਤੇ ਲਿਖ ਵੀ ਬੱਚਿਆਂ ਦੇ ਪੱਧਰ ਨੂੰ ਧਿਆਨ ਵਿਚ ਰੱਖ ਕੇ। ਸਾਰੀਆਂ ਹੀ ਕਵਿਤਾਵਾਂ ਸਿੱਖਿਆਦਾਇਕ ਅਤੇ ਉਤਸ਼ਾਹਪੂਰਨ ਹਨ। ਜਿਵੇਂ 'ਭਾਰਤ ਮਾਂ ਦੀ ਉੱਚੀ ਸ਼ਾਨ' ਕਵਿਤਾ ਵਿਚ ਲੇਖਕ ਲਿਖਦਾ ਹੈ-
ਆਜ਼ਾਦੀ ਦਿਵਸ ਮਨਾਉਣਾ, ਰਲ ਮਿਲ ਝੰਡੇ ਲਹਿਰਾਉਣੇ ਨੇ।
ਦੇਸ਼ ਲਈ ਜੋ ਵਾਰ ਗਏ ਜਾਨਾਂ, ਸ਼ਰਧਾ ਦੇ ਫੁੱਲ ਚੜ੍ਹਾਉਣੇ ਨੇ।
ਇਸੇ ਤਰ੍ਹਾਂ 'ਮੈਂ ਮੰਮੀ ਦਾ ਰਾਜ ਕੁਮਾਰ' ਕਵਿਤਾ ਵਿਚ ਲੇਖਕ ਲਿਖਦਾ ਹੈ-
ਪੜ੍ਹ-ਪੜ੍ਹ ਕੇ ਮੈਂ ਆਪਣੀ ਜ਼ਿੰਦਗੀ ਖੁਸ਼ੀਆਂ ਭਰੀ ਬਣਾਵਾਂਗਾ,
ਉੱਚਕੋਟੀ ਦਾ ਪਾ ਕੇ ਰੁਤਬਾ, ਅੰਬਰੋਂ ਤਾਰੇ ਤੋੜ ਲਿਆਵਾਂਗਾ।
ਅਸੀਂ ਆਸ ਕਰਦੇ ਹਾਂ ਕਿ ਲੇਖਕ ਭਵਿੱਖ ਵਿਚ ਵੀ ਆਪਣੇ ਕਲਮੀ ਸਫ਼ਰ ਨੂੰ ਜਾਰੀ ਰੱਖਦਿਆਂ ਬੱਚਿਆਂ ਲਈ ਹੋਰ ਉਸਾਰੂ ਤੇ ਸਿੱਖਿਆਦਾਇਕ ਸਾਹਿਤ ਦੀ ਸਿਰਜਣਾ ਕਰਦਾ ਰਹੇਗਾ। ਇਸ ਪੁਸਤਕ ਲਈ ਉਹ ਵਧਾਈ ਦਾ ਪਾਤਰ ਹੈ।

-ਹਰਜਿੰਦਰ ਸਿੰਘ
ਮੋਬਾਈਲ : 98726-60161

ਬਾਲ ਕਵਿਤਾ: ਸਮਾਂ

ਸਮਾਂ ਬੜਾ ਬਲਵਾਨ ਬੱਚਿਓ,
ਤੁਰਨਾ ਸਮੇਂ ਦੇ ਨਾਲ ਬੱਚਿਓ।
ਸਮੇਂ ਦਾ ਪਹੀਆ ਕਦੇ ਨਾ ਰੁਕਦਾ,
ਚਲਦਾ ਇਹ ਲਗਾਤਾਰ ਬੱਚਿਓ।
ਹਰ ਕੰਮ ਜੋ ਕਰਦੇ ਸਮੇਂ 'ਤੇ,
ਹੁੰਦੇ ਨਹੀਂ ਉਹ ਕਦੇ ਪ੍ਰੇਸ਼ਾਨ ਬੱਚਿਓ।
ਬਣ ਕੇ ਰਹਿੰਦੇ ਜੋ ਸਮੇਂ ਲਈ ਇਮਾਨਦਾਰ,
ਸਮਾਂ ਬਣਦਾ ਨਹੀਂ ਉਨ੍ਹਾਂ ਲਈ ਬੇਈਮਾਨ ਬੱਚਿਓ।
ਖੇਡਣ ਸਮੇਂ ਖੇਡਣਾ, ਪੜ੍ਹਨ ਵੇਲੇ ਪੜ੍ਹਾਈ,
ਲਵੋ ਟਾਈਮ ਟੇਬਲ ਬਣਾ ਬੱਚਿਓ।
'ਰਮਨ' ਸਮਝਾਵੇ ਕਵਿਤਾਵਾਂ ਵਿਚ ਜੋ,
ਇਨ੍ਹਾਂ ਗੱਲਾਂ ਨੂੰ ਲਵੋ ਅਪਣਾ ਬੱਚਿਓ।

-ਰਮਨਪ੍ਰੀਤ ਕੌਰ ਢੁੱਡੀਕੇ,
ਪਿੰਡ ਤੇ ਡਾਕ: ਢੁੱਡੀਕੇ (ਮੋਗਾ)-142053.
ਮੋਬਾ: 99146-89690

ਅਨਮੋਲ ਬਚਨ

* ਜੋ ਕਿਸਮਤ 'ਚ ਹੈ, ਉਹ ਭੱਜ ਕੇ ਆਵੇਗਾ, ਜੋ ਕਿਸਮਤ 'ਚ ਨਹੀਂ ਹੈ, ਉਹ ਆ ਕੇ ਵੀ ਭੱਜ ਜਾਵੇਗਾ।
* ਜਿਸ ਤਰ੍ਹਾਂ ਦਾ ਦੇਵੋਗੇ, ਉਸ ਤਰ੍ਹਾਂ ਦਾ ਪਾਓਗੇ, ਫਿਰ ਚਾਹੇ ਇੱਜ਼ਤ ਹੋਵੇ ਜਾਂ ਧੋਖਾ।
* ਜਦੋਂ ਕੋਈ ਵਾਰ-ਵਾਰ ਕਿੱਲ ਬਣ ਕੇ ਚੁੱਭੇ ਤਾਂ ਇਕ ਵਾਰ ਹਥੌੜਾ ਬਣ ਕੇ ਠੋਕ ਦੇਣਾ ਹੀ ਠੀਕ ਹੈ।
* ਅਲਮਾਰੀ ਤੇ ਮਨ ਨੂੰ ਵਕਤ-ਵਕਤ 'ਤੇ ਸਾਫ਼ ਕਰਨਾ ਜ਼ਰੂਰੀ ਹੈ, ਕਿਉਂਕਿ ਅਲਮਾਰੀ 'ਚ ਸਮਾਨ ਤੇ ਮਨ ਵਿਚ ਗ਼ਲਤ-ਫਹਿਮੀਆਂ ਭਰ ਜਾਂਦੀਆਂ ਹਨ।
* ਗ਼ਲਤੀ ਕਬੂਲ ਕਰਨ ਤੇ ਗੁਨਾਹ ਛੱਡਣ ਵਿਚ ਕਦੇ ਦੇਰ ਨਾ ਕਰਨਾ, ਕਿਉਂਕਿ ਸਫ਼ਰ ਜਿੰਨਾ ਲੰਬਾ ਹੋਵੇਗਾ, ਵਾਪਸੀ ਓਨੀ ਹੀ ਮੁਸ਼ਕਿਲ ਹੋ ਜਾਂਦੀ ਹੈ।
* ਇਸ ਤਰ੍ਹਾਂ ਦਾ ਆਪਣਾ ਵਿਵਹਾਰ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਡੇ ਬਾਰੇ ਵਿਚ ਬੁਰਾ ਵੀ ਕਹੇ ਤਾਂ ਕੋਈ ਉਸ ਵਿਚ ਵਿਸ਼ਵਾਸ ਨਾ ਕਰੇ।

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ)। ਮੋਬਾ: 9501810181


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX