ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਲੋਕ ਮਨਾਂ 'ਤੇ ਵਧ ਰਿਹਾ ਹੈ ਬਾਜ਼ਾਰ ਦਾ ਗ਼ਲਬਾ

ਖਪਤ ਸੱਭਿਆਚਾਰ ਇਕ ਅਜਿਹਾ ਵਰਤਾਰਾ ਹੈ ਜਿਸ ਨੇ ਵਾਤਾਵਰਨ ਦੇ ਨਾਲ ਨਾਲ ਲੋਕ ਮਨਾਂ ਵਿਚ ਵੀ ਵਿਗਾੜ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ। ਖਪਤ ਸੱਭਿਆਚਾਰ ਨੂੰ ਸੰਚਾਲਤ ਕਰਦੀ ਤਾਕਤ ਬਾਜ਼ਾਰ ਹੈ ਅਤੇ ਬਾਜ਼ਾਰ ਦੀ ਹੁਣ ਇਹ ਕੋਸ਼ਿਸ਼ ਹੈ ਕਿ ਮਨੁੱਖ ਵਸਤਾਂ ਲਈ ਜੀਵੇ। ਹੁਣ ਵੰਨ ਸੁਵੰਨੀਆਂ ਵਸਤਾਂ ਹੀ ਪੈਦਾ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਦਾ ਵਸਤਾਂ ਨੂੰ ਖਰੀਦਦੇ ਰਹਿਣ ਦੀ ਲਈ ਮਨੁੱਖ ਨੂੰ ਮਾਨਸਿਕ ਤੌਰ 'ਤੇ ਤਿਆਰ ਵੀ ਕੀਤਾ ਜਾਂਦਾ ਹੈ। ਮਨੁੱਖ ਅੰਦਰ ਵੱਖ-ਵੱਖ ਚੀਜ਼ਾਂ ਲਈ ਲਾਲਸਾਵਾਂ ਕਿਵੇਂ ਪੈਦਾ ਹੋਣ ਇਸ ਵਿਸ਼ੇ 'ਤੇ ਖੋਜਾਂ ਹੋ ਰਹੀਆਂ ਹਨ। ਅੱਜ ਬਾਜ਼ਾਰ ਦਾ ਵਿਸਥਾਰ ਸਾਡੇ ਆਲੇ ਦੁਆਲੇ ਫੈਲਿਆ ਹੋਇਆ ਹੈ ਹਰ ਮਨੁੱਖ ਹਰ ਰੋਜ਼ ਸੈਂਕੜੇ ਇਸ਼ਤਿਹਾਰ ਦੇਖਦਾ ਹੈ। ਘਰ, ਦਫਤਰ, ਬੱਸ, ਰੇਲ, ਹਵਾਈ ਜਹਾਜ਼, ਰੇਲਵੇ ਸਟੇਸ਼ਨਾਂ ਅੱਡਿਆਂ, ਸਮੁੰਦਰੀ ਬੀਚਾਂ ਤੋਂ ਲੈ ਕੇ ਪਹਾੜਾਂ ਤੱਕ ਸਭ ਪਾਸੇ ਇਸ਼ਤਿਹਾਰਬਾਜ਼ੀ ਦੀ ਭਰਮਾਰ ਸਾਨੂੰ ਚੀਜ਼ਾਂ ਵਸਤਾਂ ਲਈ ਉਕਸਾਉਂਦੀ ਹੈ। ਹਰ ਰੇਡੀਓ, ਟੀ. ਵੀ., ਇੰਟਰਨੈੱਟ 'ਤੇ ਵੱਡੀ ਪੱਧਰ 'ਤੇ ਹੋ ਰਹੀ ਇਸ਼ਤਿਹਾਰਬਾਜ਼ੀ ਲਈ ਰੋਜ਼ਾਨਾ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ।
ਸਾਡੇ ਸਭ ਦੇ ਵੱਡੇ ਵਡੇਰੇ ਸਦੀਆਂ ਤੱਕ ਟੱਪਰੀਵਾਸਾਂ ਵਾਲਾ ਜੀਵਨ ਬਤੀਤ ਕਰਦੇ ਆਏ ਹਨ। ਇਕ ਥਾਂ ਤੋਂ ਸਾਗ ਪੱਤਾ ਖਤਮ ਹੋ ਜਾਣਾ ਤਾਂ ਦੂਜੀਆਂ ਥਾਂਵਾਂ ਦਾ ਰੁਖ਼ ਕਰ ਲੈਣਾ। ਇਸ ਤਰਾ੍ਹਂ ਦਰਿਆਵਾਂ ਨਦੀਆਂ ਦੇ ਕੰਢਿਆਂ ਜਿੱਥੇ ਜਿੱਥੇ ਮਨੁੱਖੀ ਕਬੀਲੇ ਠਹਿਰਦੇ ਸਨ, ਕੁਦਰਤੀ ਵਾਤਾਵਰਣ ਬਣਿਆ ਰਹਿੰਦਾ ਸੀ। ਮਨੁੱਖ ਦੀ ਜਦੋਂ ਧਰਤੀ ਹੇਠਲੇ ਪਾਣੀ ਤੱਕ ਪਹੁੰਚ ਹੋ ਗਈ ਤਾਂ ਇਸ ਨੇ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਧਰਤੀ ਜੋ ਮਨੁੱਖ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਨਿਆਮਤਾਂ ਨਾਲ ਨਿਵਾਜਦੀ ਹੈ, ਨਾਲ ਪੁਰਾਤਨ ਮਨੁੱਖ ਦਾ ਰਿਸ਼ਤਾ ਬੜਾ ਸਤਿਕਾਰਤ ਸੀ। ਜਿਵੇਂ ਜਿਵੇਂ ਮਨੁੱਖ ਨੇ ਵਿਕਾਸ ਅਤੇ ਤਰੱਕੀ ਕਰਨੀ ਸ਼ੁਰੂ ਕੀਤੀ ਤਾਂ ਇਸ ਨੇ ਆਪਣੀਆਂ ਸੁਖ ਸਹੂਲਤਾਂ ਲਈ ਕੁਦਰਤੀ ਨੇਮਾਂ ਵਰਤਾਰਿਆਂ ਨੂੰ ਸਮਝ ਕੇ ਆਪਣੇ ਆਲੇ ਦੁਆਲੇ ਨੂੰ ਆਪਣੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ। ਮਨੁੱਖੀ ਜ਼ਿੰਦਗੀ ਦੀਆਂ ਲੋੜਾਂ ਜ਼ਰੂਰਤਾਂ ਲਈ ਤਾਂ ਇਹ ਸਭ ਕੁਝ ਜਾਇਜ਼ ਸੀ ਪਰ ਅੱਜ ਗੱਲ ਉਸ ਤੋਂ ਕਿਤੇ ਅਗਾਂਹ ਚਲੀ ਗਈ। ਹੁਣ ਲੋੜਾਂ ਤੋਂ ਅਗਾਂਹ ਮੁਨਾਫ਼ਿਆਂ, ਲਾਲਚਾਂ ਅਤੇ ਖੁਦਗਰਜ਼ੀਆਂ ਲਈ ਪਹਿਲਾਂ ਨਾਲੋਂ (ਕਈ ਗੁਣਾਂ ਵੱਧ) ਤੇਜ਼ੀ ਨਾਲ ਕੁਦਰਤੀ ਵਸੀਲਿਆਂ ਦੀ ਬਰਬਾਦੀ ਕੀਤੀ ਜਾਣ ਲੱਗ ਪਈ ਹੈ। ਪਿਛਲੇ 70 ਕੁ ਸਾਲਾਂ ਵਿਚ ਦੁਨੀਆਂ ਦੀ ਕੁਲ ਅਬਾਦੀ ਲਗਭਗ ਤਿੰਨ ਗੁਣਾ ਵਧ ਗਈ ਹੈ। ਵਧੀ ਆਬਾਦੀ ਨਾਲ ਮਨੁੱਖ ਦੀਆਂ ਲੋੜਾਂ ਹੀ ਨਹੀਂ ਵਧੀਆਂ ਬਲਕਿ ਮਨੁੱਖ ਦੀਆਂ ਲਾਲਸਾਵਾਂ ਤੋਂ ਮੁਨਾਫ਼ਾ ਕਮਾਉਣ ਵਾਲੀਆਂ ਤਾਕਤਾਂ ਨੇ ਉਸ ਲਈ ਹਜ਼ਾਰਾਂ ਤਰ੍ਹਾਂ ਦੀਆਂ ਵਸਤਾਂ ਪੈਦਾ ਕੀਤੀਆਂ ਹਨ। ਹੁਣ ਮਨੁੱਖ ਉਹੋ ਜਿਹਾ ਨਹੀਂ ਰਿਹਾ ਜਿਹੋ ਜਿਹਾ ਉਹ ਅੱਜ ਤੋਂ 50 ਸਾਲ ਪਹਿਲਾਂ ਹੋਇਆ ਕਰਦਾ ਸੀ ਉਸ ਲਈ ਪਹਿਲਾਂ ਦੇ ਮੁਕਾਬਲੇ ਹਜ਼ਾਰਾਂ ਨਵੀਆਂ ਵਸਤਾਂ ਹੋਂਦ ਵਿਚ ਆ ਗਈਆਂ ਹਨ ਅਤੇ ਮਨੁੱਖ ਇਨ੍ਹਾਂ ਨੂੰ ਵਰਤਣ ਦਾ ਆਦੀ ਹੋ ਗਿਆ ਹੈ। ਵੱਧ ਵਸਤਾਂ ਦਾ ਸਿੱਧਾ ਮਤਲਬ ਵੱਧ ਕੁਦਰਤੀ ਵਸੀਲਿਆਂ ਦੀ ਵੱਧ ਵਰਤੋਂ ਅਤੇ ਇਸ ਨਾਲ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਕਚਰਾ ਪੈਦਾ ਹੋਣ ਲੱਗ ਪਿਆ ਹੈ। ਚਾਹੀਦਾ ਤਾਂ ਇਹ ਸੀ ਕਿ ਗਿਆਨ ਵਿਗਿਆਨ ਦੇ ਪਸਾਰ ਵਿਚ ਅਸੀਂ ਕੁਦਰਤੀ ਸਾਧਨਾਂ ਪ੍ਰਤੀ ਸੁਚੇਤ ਹੁੰਦੇ ਪਰ ਇਸ ਦੇ ਉਲਟ ਅਸੀਂ ਕੁਦਰਤੀ ਸਾਧਨਾਂ ਦੀ ਖਪਤ ਕਈ ਗੁਣਾਂ ਵਧਾ ਲਈ ਹੈ। ਅੱਜ ਦੇ ਮਨੁੱਖ ਦੀਆਂ ਲੋੜਾਂ ਕੁੱਲੀ, ਗੁੱਲੀ, ਅਤੇ ਜੁੱਲੀ ਤੱਕ ਹੀ ਸੀਮਤ ਨਹੀਂ ਹਨ। ਵੱਧ ਵੱਸੋਂ ਨੂੰ ਵੱਧ ਮਕਾਨਾਂ, ਬਿਜਲੀ, ਪਾਣੀ, ਕੱਪੜਿਆਂ, ਆਵਾਜਾਈ ਦੇ ਸਾਧਨ, ਮਨੋਰੰਜਨ, ਸਿੱਖਿਆ ਕੇਂਦਰਾਂ, ਕਈ ਤਰਾ੍ਹਂ ਦਾ ਅਨਾਜ, ਸਬਜ਼ੀਆਂ, ਵੱਖ ਵੱਖ ਉਪਕਰਨ ਆਦਿ ਦੀ ਲੋੜ ਹੈ। ਵਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੱਧ ਖੇਤਾਂ, ਫੈਕਟਰੀਆਂ, ਕਾਰਖਾਨਿਆਂ, ਭੱਠਿਆਂ, ਅਤੇ ਆਵਾਜਾਈ ਦੇ ਸਾਧਨਾਂ ਦੀ ਲੋੜ ਵੀ ਵਧਦੀ ਹੈ। ਜਿਸ ਨਾਲ ਤੇਜ਼ੀ ਨਾਲ ਧਰਤੀ ਉਪਰਲੇ ਜੰਗਲਾਂ ਅਤੇ ਹੋਰ ਕੁਦਰਤੀ ਸਰੋਤਾਂ ਦਾ ਖਾਤਮਾ ਹੁੰਦਾ ਹੈ ਅਤੇ ਵਾਤਾਵਰਨ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਹੁਣ ਅਸੀਂ ਗਿਆਨ ਵਿਗਿਆਨ ਨਹੀਂ ਬਲਕਿ ਬਾਜ਼ਾਰ ਦੇ ਯੁਗ ਵਿਚ ਪ੍ਰਵੇਸ਼ ਕਰ ਰਹੇ ਹਾਂ ਜਿੱਥੇ ਬਾਜ਼ਾਰ ਸਾਡੀਆਂ ਮਨੋਬਿਰਤੀਆਂ ਨੂੰ ਸਮਝ ਕੇ ਸਾਡੀਆਂ ਲੋੜਾਂ ਤੋਂ ਕਮਾਈਆਂ ਕਰਦਾ ਹੈ। ਬੇਲਗਾਮ ਲਾਲਸਾਵਾਂ ਦੀ ਪੂਰਤੀ ਲਈ ਸਾਧਨਾਂ ਦੀ ਖੋਜ ਕਰਕੇ ਉਸ ਤੋਂ ਕਿਵੇਂ ਮੁਨਾਫ਼ੇ ਕਮਾਏ ਜਾ ਸਕਦੇ ਹਨ, ਬਾਜ਼ਾਰ ਨੇ ਹੁਣ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ ਚੀਜ਼ਾਂ ਨੂੰ ਵਰਤੋ, ਸੁੱਟੋ ਅਤੇ ਹੋਰ ਖਰੀਦੋ, ਵੱਧ ਤੋਂ ਵੱਧ ਖ਼ਰੀਦੋ ਅਤੇ ਵੱਧ ਤੋਂ ਵੱਧ ਵਰਤੋ। ਟਰੈਕਟਰ, ਮੋਟਰ ਗੱਡੀਆਂ ਅਤੇ ਕਾਰਾਂ ਆਦਿ ਬਾਰੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਕਿ ਪੁਰਾਣੀ ਲਿਆਓ ਅਤੇ ਨਵੀਂ ਘਰ ਲੈ ਜਾਓ। ਬਾਜ਼ਾਰ ਦਾ ਹਿੱਤ ਇਸ ਵਿਚ ਹੈ ਕਿ ਤੁਸੀਂ ਖਰੀਦਦੇ ਰਹੋ, ਬਸ ਖਰੀਦਦੇ ਰਹੋ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੀ ਬਹੁਗਿਣਤੀ ਕਰਜ਼ਾਈ ਹੋਈ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋ ਰਹੀ ਹੈ। ਇਸ ਵਿਚ ਬਾਜ਼ਾਰੂ ਤਾਕਤਾਂ ਅਤੇ ਇਸ ਦੀ ਇਸ਼ਤਿਹਾਰਬਾਜ਼ੀ ਦਾ ਵੀ ਬੜਾ ਵੱਡਾ ਹੱਥ ਹੈ।
ਇਕ ਰਿਪੋਰਟ ਅਨੁਸਾਰ ਦੁਨੀਆਂ ਭਰ ਦੇ ਲੋਕ ਹਰ ਸਾਲ 60 ਅਰਬ ਟਨ ਤੋਂ ਵੱਧ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਦੇ ਹਨ ਅਤੇ ਹਰ ਸਾਲ ਇਹ ਅੰਕੜਾ ਵਧ ਰਿਹਾ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਇਕ ਔਂਸ ਸੋਨਾ ਕੱਢਣ ਲਈ ਸੋਨੇ ਦੀਆਂ ਖਾਣਾਂ ਵਿਚ ਲਗਭਗ 30 ਟਨ ਮਿੱਟੀ ਨੂੰ ਕਈ ਕਈ ਵਾਰ ਪੁੱਟਣਾ ਉਥੱਲਣਾ ਪੈਂਦਾ ਹੈ। ਫਿਰ ਇਸ ਵਿਚੋਂ ਸੋਨਾ ਅਲੱਗ ਕਰਨ ਲਈ ਜ਼ਹਿਰਲੇ ਤੱਤ ਸਾਈਨਾਈਡ ਦਾ ਛਿੜਕਾਅ ਕਰਨਾ ਪੈਂਦਾ ਹੈ ਜਿਸ ਨਾਲ ਵਾਤਾਵਰਨ ਬੁਰੀ ਤਰ੍ਹਾਂ ਪਲੀਤ ਹੁੰਦਾ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਸੋਨੇ ਦੀ ਪ੍ਰਾਪਤੀ ਲਈ ਵਰਤੇ ਜਾਂਦੇ ਰਸਾਇਣ ਅਤੇ ਐਟਮੀ ਰਹਿੰਦ-ਖੂੰਹਦ ਧਰਤੀ ਦੇ ਵਾਤਾਵਰਨ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਜੋ ਮਿੱਟੀ ਦੀ ਸਿਹਤ ਲਈ ਸਾਲਾਂ ਤੱਕ ਹਾਨੀਕਾਰਕ ਬਣੇ ਰਹਿੰਦੇ ਹਨ। ਹਰ ਸਾਲ ਵਧਦੀ ਆਬਾਦੀ ਦੀਆਂ ਵਧਦੀਆਂ ਕੁਝ ਜ਼ਰੂਰੀ ਅਤੇ ਜ਼ਿਆਦਾਤਰ ਮਸਨੂਈ ਲੋੜਾਂ ਦੀ ਪੂਰਤੀ ਲਈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ। ਅਫਰੀਕਾ ਮਹਾਂਦੀਪ ਦਾ ਦੇਸ਼ ਨਾਇਜੀਰੀਆ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਹੈ। ਨਾਇਜੀਰੀਆ ਦੇ ਕੁਝ ਅਜਿਹੇ ਵੱਡੇ ਖੇਤਰ ਸਨ ਜਿੱਥੇ ਕਦੇ ਹਰਿਆਲੀ ਹੁੰਦੀ ਸੀ। ਅਨਾਜ ਪੈਦਾ ਹੁੰਦਾ ਸੀ। ਉੱਥੇ ਤੇਲ ਦੇ ਖੂਹਾਂ ਦੀ ਸਥਾਪਤੀ ਨੇ ਇਨ੍ਹਾਂ ਇਲਾਕਿਆਂ ਦਾ ਭੋਇੰ ਦ੍ਰਿਸ਼ ਹੀ ਬਦਲ ਦਿੱਤਾ। ਬੇਲੋੜੀਆਂ ਗੈਸਾਂ ਨੂੰ ਬਾਲਣ ਦੀ (ਤਪਸ਼) ਪ੍ਰੀਕਿਰਿਆ ਨਾਲ ਦੂਰ-ਦੂਰ ਤੱਕ ਧਰਤੀ ਬੰਜਰ ਹੋ ਗਈ। ਸਲਫਰ ਡਾਇਆਕਸਾਈਡ ਅਤੇ ਹਾਈਡ੍ਰੋਜਨ ਸਲਫਾਈਡ ਵਰਗੇ ਜ਼ਹਿਰੀਲੇ ਤੱਤ ਹਵਾ ਵਿਚ ਘੁਲ ਕੇ ਛਾਤੀ ਅਤੇ ਗਲੇ ਦਾ ਕੈਂਸਰ, ਦਮਾ ਅਤੇ ਟੀ. ਬੀ. ਵਰਗੇ ਰੋਗ ਵੱਡੀ ਪੱਧਰ 'ਤੇ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਣ ਲੱਗ ਪਏ। ਜ਼ਹਿਰੀਲੀਆਂ ਗੈਸਾਂ ਕਾਰਨ ਇੱਥੇ ਤੇਜ਼ਾਬੀ ਵਰਖਾ ਹੋਣ ਲੱਗ ਪਈ ਹੈ ਜਿਸ ਨਾਲ ਦੂਰ ਦੁਰਾਡੇ ਦੇ ਖੇਤਰਾਂ ਤੱਕ ਮਨੁੱਖਾਂ, ਪਸ਼ੂ ਪੰਛੀਆਂ ਦੇ ਨਾਲ ਨਾਲ ਰੁੱਖਾਂ, ਪਾਣੀਆਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਤਾਂ ਇਕ ਦੋ ਉਦਾਹਰਨਾਂ ਹਨ। ਧਰਤੀ ਦੇ ਵੱਖ ਵੱਖ ਖਿੱਤਿਆਂ ਵਿਚ ਵੱਖ-ਵੱਖ ਖਣਿਜ ਪਦਾਰਥਾਂ ਦੀ ਪ੍ਰਾਪਤੀ ਲਈ ਚਲਦੀਆਂ ਖਾਣਾਂ ਨਾਲ ਧਰਤੀ ਦੀ ਅੰਦਰੂਨੀ ਅਤੇ ਬਾਹਰੀ ਸਿਹਤ ਨੂੰ ਬੜੀ ਤੇਜ਼ੀ ਨਾਲ ਵਿਗਾੜ ਪੈਦਾ ਕੀਤੇ ਜਾ ਰਹੇ ਹਨ। ਇਸ ਸਭ ਕੁਝ ਦਾ ਇਕ ਖਤਰਨਾਕ ਪਹਿਲੂ ਇਹ ਹੈ ਕਿ ਤਕਨੀਕੀ ਵਿਕਾਸ ਕਰਕੇ ਇਹ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹੋਣ ਲੱਗਿਆ ਹੈ। ਭਾਵ ਅਸੀਂ ਪਹਿਲਾਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਵਿਨਾਸ਼ ਵੱਲ ਵਧ ਰਹੇ ਹਾਂ। ਅਜਿਹਾ ਧਰਤੀ ਦੇ ਬਹੁਤ ਸਾਰੇ ਖਿੱਤਿਆਂ ਵਿਚ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ ਕਿਉਂਕਿ ਇਹ ਸਭ ਕੁਝ ਬਾਜ਼ਾਰ ਦੀ ਲੋੜ ਹੈ ਅਤੇ ਇਸ ਵੇਲੇ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਬਾਜ਼ਾਰੂ ਤਾਕਤਾਂ ਹਨ।
ਇਸ਼ਤਿਹਾਰਬਾਜ਼ੀ ਕਰ ਕਰ ਕੇ ਮਨੁੱਖ ਨੂੰ ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਫਲਾਣੀ ਨਵੀਂ ਆਈ ਚੀਜ਼ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਜ਼ਮਾਨੇ ਦੇ ਹਾਣ ਦੇ ਨਹੀਂ ਹੋ। ਜੇਕਰ ਇਹ ਕਿਹਾ ਜਾਵੇ ਕਿ ਇਕ ਪਾਣੀ ਵਾਲੀ ਟੂਟੀ ਦੀ ਮਸ਼ਹੂਰੀ ਨਾਲ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਖਰਚਣ ਲਈ ਤਿਆਰ ਕੀਤਾ ਜਾ ਸਕਦਾ ਹੈ ਤਾਂ ਇਹ ਗੱਲ ਮੰਨਣ ਵਿਚ ਨਹੀਂ ਆਵੇਗੀ ਪਰ ਅੱਜ ਦੇ ਦੌਰ ਵਿਚ ਇਹ ਸੰਭਵ ਹੈ। ਬਾਜ਼ਾਰ ਨੇ ਇਹ ਸਭ ਕੁਝ ਕਰ ਵਿਖਾਇਆ ਹੈ। ਇਹ ਟੂਟੀ ਦੀ ਮਸ਼ਹੂਰੀ ਵੀ ਕਿਸੇ ਨੂੰ ਵੱਡੀ ਕੋਠੀ ਉਸਾਰਨ ਅਤੇ ਉਸ ਵਿਚ ਆਧੁਨਿਕ ਸਾਜ਼ੋ-ਸਮਾਨ ਫਿੱਟ ਕਰਨ ਲਈ ਤਿਆਰ ਕਰ ਸਕਦੀ ਹੈ। ਇਸ਼ਤਿਹਾਰਬਾਜ਼ੀ ਸਾਡੀ ਸਵਾਲ ਕਰਨ ਦੀ ਮਨੋਬਿਰਤੀ ਖਤਮ ਕਰ ਦਿੰਦੀ ਹੈ। ਕਿਸਾਨ ਦੀ ਕਣਕ ਤਾਂ ਮੰਡੀ ਵਿਚ ਰੁਲਦੀ ਹੈ ਪਰ ਕਿਸੇ ਕੰਪਨੀ ਦਾ ਪੈਕਟ ਬੰਦ ਆਟਾ ਮਹਿੰਗੇ ਮੁੱਲ ਬਾਜ਼ਾਰ ਵਿਚ ਵਿਕਦਾ ਹੈ ਅਸੀਂ ਕਦੇ ਸਵਾਲ ਨਹੀਂ ਕਰਦੇ ਕਿ ਇਸ ਆਟੇ ਲਈ ਕਣਕ ਕਿਹੜੇ ਮੰਗਲ ਗ੍ਰਹਿ ਤੇ ਬੀਜੀ ਸੀ? ਸਾਡੇ ਸਾਹਮਣੇ ਬਣਿਆ ਜੂਸ ਸਾਨੂੰ ਓਨਾ ਵਧੀਆ ਨਹੀਂ ਲੱਗਦਾ ਜਿੰਨਾ ਡੱਬਾ ਬੰਦ ਕਿਸੇ ਬਰਾਂਡ ਦਾ ਲਗਦਾ ਹੈ ਭਾਵੇਂ ਇਹ ਸਾਲ ਪੁਰਾਣਾ ਕਿਉਂ ਨਾ ਹੋਵੇ। ਬਾਜ਼ਾਰ ਦੀ ਕਰਾਮਾਤ ਹੈ ਕਿ ਇਸ਼ਤਿਹਾਰਬਾਜ਼ੀ ਵਾਲਾ ਸ਼ਹਿਦ ਸਾਨੂੰ ਵਧੇਰੇ ਮਿੱਠਾ ਅਤੇ ਗੁਣਾਂ ਭਰਪੂਰ ਲਗਦਾ ਹੈ ਅਸੀਂ ਕਦੇ ਸਵਾਲ ਨਹੀਂ ਕਰਦੇ ਕਿ ਇਸ ਕੰਪਨੀ ਦੇ ਡੂੰਮਣੇ ਕਿਹੜੇ ਦਰੱਖਤਾਂ 'ਤੇ ਲਗਦੇ ਹਨ? ਸਾਡੇ ਆਲੇ ਦੁਆਲੇ ਦੇ ਲੋਕ ਵੇਖਾ ਵੇਖੀ ਜਿਵੇਂ ਕਰਜ਼ ਚੁੱਕ ਕੇ ਵੀ ਵੱਡੇ ਘਰ ਉਸਾਰਨ ਲਈ ਤਿਆਰ ਹੁੰਦੇ ਹਨ। ਅਨੇਕਾਂ ਅਜਿਹੇ ਹੋਰ ਨਿੱਕੇ-ਨਿੱਕੇ ਕਾਰਨ ਵੀ ਹੁੰਦੇ ਹਨ। ਮਨੁੱਖ ਨੇ ਕੁਦਰਤੀ ਵਸੀਲਿਆਂ ਦੀ ਬਰਬਾਦੀ ਦੇ ਤਾਂ ਆਧੁਨਿਕ ਢੰਗ ਤਰੀਕੇ ਖੋਜ ਲਏ ਹਨ ਪਰ ਇਹ ਨਹੀਂ ਖੋਜਿਆ ਕਿ ਕੁਦਰਤੀ ਵਸੀਲਿਆਂ ਨੂੰ ਬਚਾਇਆ ਕਿਵੇਂ ਜਾ ਸਕਦਾ ਹੈ। ਕੁਦਰਤੀ ਵਸੀਲਿਆਂ ਦੀ ਬਰਬਾਦੀ ਦੀ ਭਰਪਾਈ ਕਿਵੇਂ ਹੋ ਸਕਦੀ ਹੈ। ਇਸ ਲਈ ਕੇਵਲ ਮੀਟਿੰਗਾਂ, ਸੰਮੇਲਨ ਅਤੇ ਫਿਕਰ ਜ਼ਾਹਿਰ ਕੀਤੇ ਜਾਂਦੇ ਹਨ।
ਮਨੁੱਖ ਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਚੀਜ਼ਾਂ ਉਸ ਨੂੰ ਮਾਨਸਿਕ ਸੰਤੁਸ਼ਟੀ ਨਹੀਂ ਦੇ ਸਕਦੀਆਂ। ਵਸਤਾਂ ਲਈ ਲਾਈ ਜਾ ਰਹੀ ਅੰਨ੍ਹੀ ਦੌੜ ਮਨੁੱਖ ਨੂੰ ਕਿਸ ਪਾਸੇ ਲੈ ਜਾਵੇਗੀ? ਇੱਥੇ ਮਸਲਾ ਇਹ ਵੀ ਹੈ ਕਿ ਇਸ ਸਭ ਕੁਝ ਦੀ ਸਮਝ ਮਨੁੱਖ ਨੂੰ ਕਿੱਥੋਂ ਮਿਲੇ? ਅੱਜ ਹਾਲਾਤ ਇਹ ਹਨ ਮਨੁੱਖ ਨੂੰ ਸਬਰ ਸੰਤੋਖ ਦੀ ਸਿੱਖਿਆ ਦੇਣ ਵਾਲੇ ਵਸਤਾਂ, ਚੀਜ਼ਾਂ ਅਤੇ ਜਾਇਦਾਦਾਂ ਲਈ ਸਭ ਤੋਂ ਵੱਧ ਹਾਬੜੇ ਫਿਰਦੇ ਹਨ। ਧਰਮ ਅਸਥਾਨਾਂ ਡੇਰਿਆਂ 'ਤੇ ਅਰਦਾਸਾਂ ਹੁਣ ਸਰਬੱਤ ਦੇ ਭਲੇ ਲਈ ਨਹੀਂ ਬਲਕਿ ਵਸਤਾਂ ਲਈ ਹੁੰਦੀਆਂ ਹਨ। ਇੱਥੋਂ ਤੱਕ ਕਿ ਧਰਮ ਕਰਮ ਦੇ ਕਾਰਜ ਕਰਨ ਵਾਲਿਆਂ ਨੇ ਵੀ ਆਪਣੀਆਂ ਸੰਗਤਾਂ ਲਈ ਕਰੀਮਾਂ ਪਾਊਡਰ ਹੋਰ ਵਾਧੂ ਕਈ ਹਜ਼ਾਰਾਂ ਤਰਾਂ ਦੇ ਵੱਖ ਵੱਖ ਪ੍ਰੋਡਕਟ (ਪਦਾਰਥ) ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਕੁਦਰਤ ਨਾਲ ਇਕਮਿਕਤਾ ਉਸ ਦੀ ਮੁਕਤੀ ਦਾ ਰਾਹ ਹੈ। ਖਪਤ ਸੱਭਿਆਚਾਰ ਸਾਨੂੰ ਉਸ ਤਲਿਸਮੀ ਸੰਸਾਰ ਵੱਲ ਲੈ ਜਾ ਰਿਹਾ ਹੈ ਜਿੱਥੇ ਉਸ ਦੇ ਮਨ ਦੀ ਭਟਕਣਾ ਖਤਮ ਨਹੀਂ ਹੁੰਦੀ ਬਲਕਿ ਅਸੀਮ ਹੁੰਦੀ ਜਾਂਦੀ ਹੈ। ਬਾਜ਼ਾਰੂ ਕਾਰਪੋਰੇਟ ਤਾਕਤਾਂ ਦਾ ਗਲਬਾ ਏਨਾ ਵੱਡਾ ਹੈ ਕਿ ਇਸ ਨੇ ਸਾਡੇ ਸੰਚਾਰ ਸਾਧਨਾਂ, ਸਿੱਖਿਆ, ਖਾਣ ਪੀਣ, ਰੀਤੀ ਰਿਵਾਜਾਂ, ਤਿਉਹਾਰਾਂ, ਪਹਿਰਾਵੇ ਆਦਿ 'ਤੇ ਕਾਬਜ਼ ਹੋ ਕੇ, ਇਸ ਨੇ ਸਾਨੂੰ ਆਪਣੇ ਅਨੁਸਾਰ ਤੋਰ ਲਿਆ ਹੈ ਅਤੇ ਮਨੁੱਖੀ ਜੀਵਨ ਦੀਆਂ ਸਰਗਰਮੀਆਂ ਅਤੇ ਮਨੋਰਥਾਂ ਨੂੰ ਇਸ ਨੇ ਬਦਲ ਕੇ ਰੱਖ ਦਿੱਤਾ ਹੈ। ਇਹ ਸਭ ਕੁਝ ਮਨੁੱਖ ਜਾਤੀ ਦੇ ਹਿੱਤ ਵਿਚ ਨਹੀਂ ਬਲਕਿ ਇਹ ਕੁਦਰਤ ਦੇ ਵਿਨਾਸ਼ ਦਾ ਰਾਹ ਹੈ। ਵਿਨਾਸ਼ ਦੀ ਇਹ ਲੀਲ੍ਹਾ ਧਰਤੀ ਦੇ ਬਹੁਤ ਸਾਰੇ ਖਿੱਤਿਆਂ ਵਿਚ ਅੱਜ ਵੀ ਵੇਖੀ ਜਾ ਸਕਦੀ ਹੈ। ਇਹ ਖਪਤ ਸੱਭਿਆਚਾਰ ਇਕ ਬੇਰਹਿਮ ਸੱਭਿਆਚਾਰ ਹੈ। ਇਸ ਵਿਚ ਖਪਤ ਹੋ ਸਮਾਜ ਨੂੰ ਇਸ ਤੋਂ ਬਾਹਰ ਨਿਕਲਣ ਦਾ ਰਾਹ ਇਹ ਹੈ ਕਿ ਮਨੁੱਖ ਕੁਦਰਤ ਨਾਲ ਇਕਮਿਕਤਾ ਬਣਾ ਕੇ ਰੱਖੇ ਅਤੇ ਉਸ ਦਾ ਸਨਮਾਨ ਕਰੇ।

-ਮੋਬਾਈਲ : 9855051099


ਖ਼ਬਰ ਸ਼ੇਅਰ ਕਰੋ

ਰਸਾਤਲ ਵੱਲ ਜਾ ਰਹੀ ਹੈ ਪੰਜਾਬੀ ਗੀਤਕਾਰੀ ਤੇ ਗਾਇਕੀ

ਤੜਕਸਾਰ ਠੰਢੀ-ਠੰਢੀ ਪੌਣ ਦੇ ਰੁਮਕਣ ਦੇ ਨਾਲ ਪੰਛੀਆਂ ਦਾ ਸੰਗੀਤ ਰੂਹ ਨੂੰ ਸਰਸ਼ਾਰ ਕਰ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਗਨਨਾਥ ਪੁਰੀ ਵਿਖੇ ਧਨਾਸਰੀ ਰਾਗ ਵਿਚ ਉਚਾਰੀ ਆਰਤੀ ਵਿਚ ਕੁਦਰਤ ਦੁਆਰਾ ਕਾਦਰ ਨੂੰ ਸਿਜਦਾ ਕਰਨ ਦੇ ਦ੍ਰਿਸ਼ ਵਾਂਗ ਰਾਤ ਦੇ ਅਖੀਰਲੇ ਪਹਿਰ ਪੰਛੀਆਂ ਦੀ ਟੋਲੀ ਵੀ ਉਸ ਸਿਰਜਣਹਾਰ ਦਾ ਜਾਪ ਕਰਦੀ ਪ੍ਰਤੀਤ ਹੁੰਦੀ ਹੈ। ਗੀਤ ਸੰਗੀਤ ਤਾਂ ਉਦੋਂ ਹੀ ਮਾਨਵ ਜੀਵਨ ਦਾ ਹਿੱਸਾ ਬਣ ਗਿਆ ਸੀ ਜਦ ਉਹ ਪਹਾੜਾਂ ਦੀਆਂ ਕੰਦਰਾਂ 'ਚੋਂ ਨਿਕਲ ਕੇ ਕਬੀਲਿਆਂ ਦੇ ਰੂਪ ਵਿਚ ਸਮਾਜਿਕ ਪ੍ਰਾਣੀ ਬਣਿਆ। ਥੱਕੇ ਹਾਰੇ ਸਰੀਰ ਜਾਂ ਖੁਸ਼ੀ ਮੌਕੇ ਮਨ ਨੂੰ ਸਰੂਰ ਦੇਣ ਦੀ ਇਕ ਜੁਗਤ ਸੀ ਇਹ। ਉਦੇਸ਼ ਬਦਲ ਜਾਵੇ ਤਾਂ ਮਨ ਨੂੰ ਸਕੂਨ ਦੇਣ ਵਾਲਾ ਸੰਗੀਤ ਵੀ ਚੀਕ ਚਹਾੜਾ ਲੱਗਣ ਲੱਗ ਜਾਂਦਾ ਹੈ।
ਦੁਨੀਆਂ ਨੂੰ ਭੁੱਲ ਕੇ ਜਦ ਘੁਮਿਆਰ ਗਿੱਲੀ ਮਿੱਟੀ ਨੂੰ ਚੱਕ 'ਤੇ ਚਾੜ੍ਹਦਾ ਹੈ ਤਾਂ ਇਕ ਹੱਥ ਬਾਹਰੋਂ ਤੇ ਇਕ ਹੱਥ ਅੰਦਰੋਂ ਆਕਾਰ ਦਿੰਦਾ ਹੋਇਆ ਨਵੀਂ ਸਿਰਜਣਾ ਕਰਦਾ ਹੈ। ਭਰ ਗਰਮੀ ਵਿਚ ਵੀ ਘੜੇ ਸ਼ੀਤਲ ਜਲ ਨੂੰ ਠੰਢਾ ਰੱਖਣ ਦੀ ਵਿਸ਼ੇਸ਼ਤਾ ਰੱਖਦੇ ਹਨ। ਇਹ ਸ਼ਾਇਦ ਰੱਬ ਦੇ ਨਵੀਆਂ ਵਸਤੂਆਂ ਨੂੰ ਆਕਾਰ ਦੇਣ ਦੇ ਕੰਮ ਦੀ ਹੀ ਨਕਲ ਹੈ। ਮਨ ਦੇ ਭਾਵਾਂ ਨੂੰ ਕਾਗਜ਼ 'ਤੇ ਉਤਾਰਨ ਦੀ ਸ਼ਕਤੀ ਰੱਖਣ ਵਾਲਿਆਂ ਵਲੋਂ ਵੀ ਮਨ ਦੀ ਲੀਨਤਾ ਤੇ ਇਕਾਗਰਤਾ ਨਾਲ ਅਜਿਹੀ ਸਿਰਜਣਾ ਕਰਨੀ ਚਾਹੀਦੀ ਹੈ, ਜੋ ਪੜ੍ਹਨ ਸੁਣਨ ਵਾਲੇ ਦੇ ਸੀਨੇ ਠੰਢ ਪਾਵੇ। ਕੀਤੀ ਰਚਨਾ ਤੋਂ ਸਿਰਜਣਹਾਰ ਦੇ ਸੁਹਜ ਸਲੀਕੇ ਦੀ ਝਲਕ ਮਿਲ ਜਾਂਦੀ ਹੈ।
ਮਲਾਲਾ ਯੂਸਫਜ਼ਈ, ਦੁਨੀਆਂ ਦੀ ਸਭ ਤੋਂ ਛੋਟੀ ਨੋਬਲ ਇਨਾਮ ਜੇਤੂ, ਨੇ ਮਹਿਸੂਸਦਿਆਂ ਲਿਖਿਆ ਹੈ ਕਿ ਇਕ ਬੱਚਾ, ਇਕ ਅਧਿਆਪਕ, ਇਕ ਕਿਤਾਬ ਤੇ ਇਕ ਕਲਮ ਪੂਰੇ ਵਿਸ਼ਵ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ। ਬੜਾ ਸਪੱਸ਼ਟ ਹੈ ਕਿ ਛੋਟੀ ਜਿਹੀ ਬੱਚੀ ਨੇ ਕਲਮ ਦੀ ਸ਼ਕਤੀ ਨੂੰ ਮਹਿਸੂਸ ਲਿਆ। ਹਮੇਸ਼ਾ ਵੱਡਾ ਬੰਦਾ ਹੀ ਵੱਡਾ ਲਿਖ ਸਕਦਾ ਹੈ, ਦੀ ਮਿੱਥ ਵੀ ਕੱਖੋਂ ਹੌਲੀ ਹੋ ਗਈ। ਜ਼ਮੀਨ ਦੀ ਹਿੱਕ 'ਤੇ ਡੂੰਘਾ ਹਲ ਚੱਲੇ ਤਾਂ ਹਰੀਆਂ ਕਚੂਰ ਫ਼ਸਲਾਂ ਪੈਦਾ ਹੁੰਦੀਆਂ ਹਨ। ਜਦ ਕਲਮ ਕੋਰੇ ਕਾਗਜ਼ 'ਤੇ ਹਰਫ਼ਾਂ ਨੂੰ ਆਕ੍ਰਿਤੀਆਂ ਦਿੰਦੀ ਹੈ ਤਾਂ ਪੂਰੇ ਸਮਾਜ ਨੂੰ ਸੇਧ ਦੇਣ ਦਾ ਰੋਡ ਮੈਪ ਤਿਆਰ ਹੋ ਜਾਂਦਾ ਹੈ, ਬਸ਼ਰਤੇ ਕਿ ਕਲਮ ਚਲਾਉਣ ਵਾਲਾ ਉੱਚੀ ਤੇ ਸੁੱਚੀ ਤੇ ਤਰਕ ਭਰਪੂਰ ਸੋਚ ਦਾ ਮਾਲਕ ਹੋਵੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਜ਼ਫਰਨਾਮੇ ਨੂੰ ਜਨਮ ਦਿੱਤਾ ਸੀ ਤਾਂ ਧਰਤੀ 'ਤੇ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਔਰੰਗਜ਼ੇਬ ਦਾ ਜ਼ਾਲਮ ਦਿਲ ਵੀ ਮੋਮ ਵਾਂਗ ਢਲ ਗਿਆ ਸੀ।
ਗੁਰੂ ਸਾਹਿਬਾਨ ਨੇ ਧਰਮ ਦੀ ਹਾਨੀ ਨੂੰ ਰੋਕਣ ਤੇ ਮਾਨਵਤਾ ਦੀ ਭਲਾਈ ਲਈ ਕਿਰਪਾਨ ਚੁੱਕੀ ਤੇ ਨਾਲ ਹੀ ਮਨੁੱਖਤਾ ਦੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਮੁਖਾਰਬਿੰਦ ਵਿਚੋਂ ਪਵਿੱਤਰ ਬਾਣੀ ਦਾ ਉਚਾਰਨ ਕਰਕੇ ਕਲਮ ਰਾਹੀਂ ਸਫਿਆਂ 'ਤੇ ਉੱਕਰ ਦਿੱਤਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖੀ ਦੇ ਸਰਬੱਤ ਦਾ ਭਲਾ ਮੰਗਣ ਵਾਲੇ ਫਲਸਫੇ ਤੋਂ ਬੇਮੁੱਖ ਨਾ ਹੋ ਜਾਣ। ਛੇਵੇਂ ਗੁਰੂ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਸਾਹਿਬ ਤੱਕ ਦੇ ਸੰਘਰਸ਼ੀ ਜੀਵਨ ਦੀ ਗਾਥਾ ਦਾ ਪਾਠ ਕਰਨ ਤੇ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਜ਼ੁਲਮ ਦੇ ਸਿਖਰ ਸਮੇਂ ਵੀ ਗੁਰੂ ਸਾਹਿਬ ਦੀ ਤਲਵਾਰ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਹੀ ਉੱਠੀ। ਅੱਜ ਦੇ ਮੇਰੇ ਭਰਾ ਗਾਇਕ ਤੇ ਗੀਤਕਾਰ ਤਾਂ ਪਤਾ ਨਹੀਂ ਨਵੀਂ ਪੀੜ੍ਹੀ ਨੂੰ ਕਿਹੜੀ ਜੰਗ ਲਈ ਹਥਿਆਰ ਚੁੱਕਣ ਲਈ ਉਕਸਾ ਰਹੇ ਹਨ। ਨੌਜਵਾਨਾਂ ਦੇ ਜੋਸ਼ ਨੂੰ ਉਕਸਾਹਟ ਵਿਚ ਬਦਲਣਾ ਬਹੁਤ ਹੀ ਆਸਾਨ ਹੈ। ਸੰਗੀਤ ਰੂਹ ਦੀ ਖੁਰਾਕ ਨਾ ਹੋ ਕੇ ਰੂਹ ਨੂੰ ਧੁਰ ਅੰਦਰ ਤੱਕ ਛਲਣੀ ਕਰ ਰਿਹਾ ਹੈ। ਰਸੂਲ ਹਮਜ਼ਾਤੋਵ ਗਾਣਿਆਂ ਨੂੰ ਸ਼ਾਂਤੀ ਦੇ ਪ੍ਰਤੀਕ ਦੱਸਦਾ ਹੈ। ਉਸ ਅਨੁਸਾਰ ਜੇ ਲੜ ਰਹੀਆਂ ਫੌਜਾਂ ਨੂੰ ਇਕ ਦੂਜੇ ਦੇ ਲੋਕ ਗੀਤ ਸੁਣਾ ਦਿੱਤੇ ਜਾਣ ਤਾਂ ਉਹ ਕਦੀ ਵੀ ਇਕ ਦੂਜੇ ਦੇ ਖਿਲਾਫ਼ ਹਥਿਆਰ ਨਹੀਂ ਚੁੱਕਣਗੀਆਂ। ਪਰ ਜੇ ਗਾਣੇ ਸਿਰਫ ਹਥਿਆਰ ਚੁੱਕਣ ਦੀ ਹੀ ਵਕਾਲਤ ਕਰਨ ਤਾਂ ਫਿਰ ਤਾਂ ਰੱਬ ਹੀ ਰਾਖਾ। ਸ਼ਹੀਦ ਭਗਤ ਸਿੰਘ ਵਰਗੀ ਅਜ਼ੀਮ ਸ਼ਖ਼ਸੀਅਤ ਨੇ ਕਦੇ ਵੀ ਜੋਸ਼ ਵਿਚ ਹੋਸ਼ ਨਹੀਂ ਗੁਆਇਆ ਸੀ। ਉਸਦੀ ਆਤਮਿਕ ਅਵਸਥਾ ਵੀ ਹਥਿਆਰ ਦੀ ਹਾਮੀ ਨਹੀਂ ਭਰਦੀ ਸੀ। ਉਸਨੇ ਕਿਹਾ ਕਿ ਪਿਸਤੌਲਾਂ ਤੇ ਬੰਬਾਂ ਨਾਲ ਕਦੇ ਇਨਕਲਾਬ ਨਹੀਂ ਲਿਆਏ ਜਾਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤੇਜ ਹੁੰਦੀ ਹੈ।
ਦੇਸ਼ ਦੇ ਰਾਖਿਆਂ ਦੁਆਰਾ ਫੜੇ ਹਥਿਆਰ ਉੱਥੋਂ ਦੇ ਬਾਸ਼ਿੰਦਿਆਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ। ਪਰ ਘੱਲੂਘਾਰਿਆਂ ਦੌਰਾਨ ਬੁਰਸ਼ਿਆਂ ਹੱਥ ਆਏ ਉਹੀ ਹਥਿਆਰ ਆਤਮਾਵਾਂ 'ਤੇ ਡੂੰਘੀਆਂ ਝਰੀਟਾਂ ਪਾ ਦਿੰਦੇ ਹਨ ਜਿਨ੍ਹਾਂ ਦੀ ਚੀਸ ਤਾ-ਉਮਰ ਮਹਿਸੂਸ ਹੁੰਦੀ ਰਹਿੰਦੀ ਹੈ। ਸਪੀਕਰਾਂ ਰਾਹੀਂ ਬਦਲੇ ਲਈ ਹਥਿਆਰ ਚੁੱਕਣ ਦਾ ਹੋਕਾ ਦੇਣ ਵਾਲਾ ਮਾਨਵਤਾ ਦਾ ਕੋਈ ਦੁਸ਼ਮਣ ਹੀ ਹੋ ਸਕਦਾ ਹੈ।
ਪਿਆਰ ਜੋ ਜੀਵਨ ਦੀ ਊਰਜਾ ਹੈ, ਸਮਾਜ ਨੂੰ ਬੁਣਨ ਵਾਲੀ ਤੰਦ ਹੈ। ਇਨ੍ਹਾਂ ਗਾਣਿਆਂ ਵਿਚ ਤਾਂ ਕੁੜੀ ਮੁੰਡੇ ਦਾ ਪਿਆਰ ਹੀ ਮੁੱਖ ਮੁੱਦਾ ਹੋ ਗਿਆ ਹੈ। ਪਿਆਰ ਵੀ ਉਹ ਜੋ ਉਕਸਾਹਟ ਦੀ ਸਿਖਰ ਬਣ ਕੇ ਰਹਿ ਗਿਆ ਹੈ। ਸਿਰਫ ਉਲਟ ਲਿੰਗ ਪ੍ਰਤੀ ਭੜਕਾਊ ਪਿਆਰ ਹੀ ਸਭ ਕੁਝ ਹੋ ਗਿਆ ਹੈ। ਪੜ੍ਹਾਕੂਆਂ ਨੂੰ ਪਿਆਰ ਦਾ ਦੋ ਦੂਣੀ ਪੰਜ ਦਾ ਪਹਾੜਾ ਪੜ੍ਹਾ ਕੇ ਸਕੂਲ ਕਾਲਜ ਵਰਗੀਆਂ ਪਵਿੱਤਰ ਥਾਵਾਂ ਨੂੰ ਵੀ ਆਸ਼ਕੀ ਦੇ ਅੱਡੇ ਵਿਚ ਤਬਦੀਲ ਕਰਨ ਵਿਚ ਪੂਰਾ ਟਿੱਲ ਲੱਗਾ ਹੋਇਆ ਹੈ। ਵਿੱਦਿਆ ਦੇ ਮੰਦਰ ਵਿਚ ਭਵਿੱਖ ਬਣਾਉਣ ਦੀ ਮੁਹਾਰਨੀ ਸਿਖਾਉਣ ਦੀ ਬਜਾਏ ਸਿਰਫ ਅੱਖ-ਮਟੱਕੇ ਕਰਨ ਦੇ ਨਾਅਰੇ ਦਿੱਤੇ ਜਾ ਰਹੇ ਹਨ। ਨੌਜਵਾਨ ਪੀੜ੍ਹੀ ਦੇ ਉਸਾਰੂ ਪਾਸੇ ਤੋਂ ਭਟਕ ਕੇ ਜਿਊਣ ਮਰਨ ਦੇ ਵਾਅਦੇ ਲੈਣ ਦੇਣ ਵਿਚ ਮਸਰੂਫ ਹੋਣ ਕਰਕੇ ਉਨ੍ਹਾਂ ਦੀ ਆਪਣੇ ਭਵਿੱਖ ਸੰਬੰਧੀ ਸੋਚ ਨੂੰ ਗ੍ਰਹਿਣ ਲੱਗ ਜਾਂਦਾ ਹੈ। ਉਹ ਵਕਤੀ ਪਿਆਰ ਦੇ ਜਨੂੰਨ ਵਿਚ ਆਪਣੇ ਮਾਂ-ਬਾਪ ਦੇ ਸਾਲਾਂ ਬੱਧੀ ਪਿਆਰ, ਵਿਸ਼ਵਾਸ ਤੇ ਆਸਾਂ ਦੀ ਬਲੀ ਚੜ੍ਹਾ ਦਿੰਦੇ ਹਨ। ਸੁਪਨਿਆਂ ਦੀ ਲੜੀ ਟੁੱਟਣ ਤੋਂ ਬਾਅਦ ਜਦ ਆਪਣੀ ਜ਼ਿੰਦਗੀ ਨਾਲ ਅਮਲੀ ਰੂਪ ਵਿਚ ਵਾਹ ਪੈਂਦਾ ਹੈ, ਤਦ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਰੋਜ਼ੀ ਰੋਟੀ ਦੇ ਚੱਕਰ ਵਿਚ ਉਲਝਣ ਵਧਦੀ ਦੇਖ ਕੇ ਉਹੀ ਪਿਆਰ ਕਿਤੇ ਖੰਭ ਲਗਾ ਕੇ ਉੱਡ ਜਾਂਦਾ ਹੈ ਤੇ ਉਦੋਂ ਮਾਤਾ ਪਿਤਾ ਦਾ ਪਿਆਰ ਯਾਦ ਆਉਣ ਲਗਦਾ ਹੈ।
ਅੱਜ ਦੇ ਗਾਇਕ ਭੜਕੀਲੀ ਦਿੱਖ ਤੇ ਸ਼ਬਦਾਂ ਦੇ ਨਾਲ ਆਪਣੇ-ਆਪ ਨੂੰ ਵਿਲੱਖਣ ਦਿਖਾ ਕੇ ਅਮਰ ਹੋਣਾ ਲੋਚਦੇ ਹਨ ਜਦ ਕਿ ਛਾਅ ਜਾਣ ਲਈ ਸਿਆਣੇ ਸ਼ਬਦਾਂ ਦੀ ਚੋਣ ਤੇ ਸਲੀਕੇ ਨਾਲ ਕੀਤੀ ਪੇਸ਼ਕਾਰੀ ਹੀ ਸਦੀਆਂ ਤੱਕ ਯਾਦ ਰੱਖੀ ਜਾਂਦੀ ਹੈ। ਗਾਇਕੀ ਵਿਚ ਆਵਾਜ਼ ਦਾ ਦਮ ਮਾਇਨਾ ਰੱਖਦਾ ਹੈ। ਮੌਜੂਦਾ ਸਮੇਂ ਵਿਚ ਸ਼ਖ਼ਸੀਅਤ ਨੂੰ ਵੱਖਰਾ ਦਰਸਾਉਣ ਲਈ ਆਵਾਜ਼ ਦੀ ਬਜਾਏ ਪਹਿਰਾਵੇ ਤੇ ਅਦਾਵਾਂ ਵੱਲ ਝੁਕਾਅ ਵਧਣ ਲੱਗਾ ਹੈ। ਸੁਚੱਜੇ ਹਰਫਾਂ ਨੂੰ ਲੈਅ ਵਿਚ ਪਰੋ ਕੇ ਸਾਹਮਣੇ ਵਾਲੇ ਦੇ ਮਨ ਨੂੰ ਸਰਸ਼ਾਰ ਕਰਨ ਦੀ ਬਜਾਏ ਜ਼ਿਆਦਾ ਜ਼ੋਰ ਸਿਰ ਦੇ ਵਾਲਾਂ ਦੇ ਡਿਜ਼ਾਈਨ ਤਿਆਰ ਕਰਨ 'ਤੇ ਦਿੱਤਾ ਜਾਣ ਲੱਗਾ ਹੈ। ਇਨ੍ਹਾਂ ਕਾਰਨਾਮਿਆਂ ਤੋਂ ਉਪਜੀ ਉਤੇਜਨਾ ਗਰਮ ਖੂਨ ਨੂੰ ਵੀ ਉਬਾਲਾ ਦਿੰਦੀ ਹੈ, ਜੋ ਉਡਦੀ ਜਵਾਨੀ ਨੂੰ ਉਸ ਰੇਗਿਸਤਾਨ ਵੱਲ ਧਕੇਲਦੀ ਲੈ ਜਾਂਦੀ ਹੈ ਜਿੱਥੇ ਕਦੇ ਹਰਿਆਲੀ ਸੰਭਵ ਹੀ ਨਹੀਂ ਹੋ ਸਕਦੀ।
ਦੁਨੀਆਂ ਗੋਲ ਹੈ ਤੇ ਮਨੁੱਖ ਇਕ ਸਮਾਜਿਕ ਬੰਧਨ ਨਾਲ ਪਰਤ ਦਰ ਪਰਤ ਜੁੜਿਆ ਹੋਇਆ ਹੈ। ਉਵੇਂ ਹੀ ਸਾਇੰਸ ਜਿਵੇਂ ਭੋਜਨ ਲੜੀ ਨੂੰ ਪ੍ਰਭਾਸ਼ਿਤ ਕਰਦੀ ਹੈ। ਜਿਸ ਵਿਚ ਹਰ ਇਕ ਜੀਵ ਦੂਸਰੇ 'ਤੇ ਨਿਰਭਰ ਹੈ ਤੇ ਇੱਥੇ ਮਹੀਨ ਸੰਪਰਕ ਟੁੱਟਣ ਨਾਲ ਹੀ ਸਾਰਾ ਤਵਾਜ਼ਨ ਵਿਗੜ ਜਾਂਦਾ ਹੈ। ਅਮਲੀ ਰੂਪ ਵਿਚ ਸਮਾਜਿਕ ਤਾਣੇ ਬਾਣੇ ਵਿਚ ਬਿਲਕੁਲ ਇਸੇ ਤਰ੍ਹਾਂ ਕਿਸੇ ਦੂਸਰੇ ਦੇ ਬੱਚੇ ਨੂੰ ਦਿਸ਼ਾਹੀਣ ਸੰਭਾਵਨਾਵਾਂ ਦੇ ਕੇ ਉਹ ਆਪਣੇ ਦਿਲ ਦੇ ਲਾਡਲਿਆਂ ਦੇ ਭਵਿੱਖ ਨੂੰ ਕਦੇ ਵੀ ਸੁਰੱਖਿਅਤ ਨਹੀਂ ਰੱਖ ਸਕਦਾ ਹੈ।
ਦਾਰੂ ਦੀ ਬੋਤਲ ਵਿਚ ਆਪਣੇ ਪਿਆਰੇ ਦੀ ਤਸਵੀਰ ਦੇਖਣ ਵਾਲੇ ਜ਼ਿੰਦਗੀ ਵਿਚ ਕਿਹੜੀ ਦੁਸ਼ਵਾਰੀ ਦਾ ਦਾਰੂ ਬਣਨਗੇ? ਦੂਜਿਆ ਦੇ ਘਰਾਂ ਦੀ ਇੱਜ਼ਤ ਨੂੰ ਟੋਟਾ, ਪੁਰਜਾ ਕਹਿ ਕੇ ਚਟਕਾਰੀ ਭਰਨ ਵਾਲੇ, ਕੰਧ ਜੁੜਵੇਂ ਘਰਾਂ ਦੀਆਂ ਧੀਆਂ ਭੈਣਾਂ 'ਤੇ ਬੁਰੀ ਨਜ਼ਰ ਰੱਖਣ ਦੀ ਹਾਮੀ ਭਰਨ ਵਾਲੇ ਇਸੇ ਪੰਜਾਬੀ ਸਮਾਜ ਦਾ ਅਟੁੱਟ ਅੰਗ ਹਨ, ਕਿਉਂਕਿ ਹੋਰ ਗ੍ਰਹਿ ਤੋਂ ਧਰਤੀ 'ਤੇ ਆਉਣ ਵਾਲਿਆਂ ਦੀ ਹੋਂਦ ਸੰਬੰਧੀ ਤਾਂ ਸਾਇੰਸ ਅਜੇ ਵੀ ਸ਼ੱਕੀ ਹੈ।
ਜੇ ਇਹ ਕਿਹਾ ਜਾਵੇ ਕਿ ਬਹੁਤੇ ਪ੍ਰੋਗਰਾਮ ਸਮਾਜ ਵਿਚਲੀਆਂ ਘਟਨਾਵਾਂ ਜਾਂ ਸਮਾਜ ਦਾ ਚਿਹਰਾ ਦਿਖਾਉਣ ਦਾ ਹੀ ਯਤਨ ਹੈ ਤਾਂ ਮਸਲਾ ਪਿਆਰ ਜੁੜਨ, ਟੁੱਟਣ ਜਾਂ ਲੜਾਈਆਂ ਲੜਨ ਦਾ ਹੀ ਕਿਉਂ ਚੁਣਿਆ ਜਾਂਦਾ ਹੈ। ਗ਼ਰੀਬੀ , ਬੇਰੁਜ਼ਗਾਰੀ, ਕਿਸਾਨਾਂ ਦੀ ਮੰਦਹਾਲੀ ਆਦਿ ਮੁੱਦੇ ਜ਼ਰੂਰਤਮੰਦ ਦੀ ਗਲੇ ਦੀ ਹੱਡੀ ਬਣੇ ਹੋਏ ਹਨ। ਸਮਾਜ ਦੀਆਂ ਹੋਰ ਵੀ ਬਹੁਤ ਹੀ ਸਾਰੀਆਂ ਅਜਿਹੀਆਂ ਬੁਰਾਈਆਂ ਹਨ ਜਿਨ੍ਹਾਂ ਦੀਆਂ ਜੜ੍ਹਾਂ ਕੁਰੇਦ ਕੇ ਪ੍ਰਚਾਰੇ ਜਾਣ ਦੀ ਲੋੜ ਹੈ, ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਹੈ। ਜਦੋਂ ਦਿਮਾਗ ਨਾਲ ਲਿਖਣ ਵਾਲਾ ਗੀਤਕਾਰ ਤੇ ਦਿਲ ਨਾਲ ਗਾਉਣ ਵਾਲਾ ਗਾਇਕ ਆਪਣੇ ਕੰਮ ਨੂੰ ਮਿਸ਼ਨ ਬਣਾ ਕੇ ਚੱਲ ਪੈਣ ਤਾਂ ਦੋਵਾਂ ਦੇ ਮਿਲਾਪ ਨਾਲ ਜੋ ਸੁਰ ਪੈਦਾ ਹੋਏਗਾ, ਉਹ ਐਸੀ ਝਰਝਨਾਹਟ ਪੈਦਾ ਕਰੇਗਾ ਜੋ ਧੁਰ ਅੰਦਰ ਨੂੰ ਕੀਲਦੀ ਹੋਈ ਨਵੀਂ ਪੀੜ੍ਹੀ ਨੂੰ ਇਕ ਦਿਸ਼ਾ ਦੇ ਸਕਦਾ ਹੈ। ਜੇ ਅੱਜ ਦਾ ਪੰਜਾਬੀ ਸੰਗੀਤ ਸੁਣਨ ਬਹਿ ਜਾਈਏ ਤਾਂ ਨਸ਼ਿਆਂ ਦੇ ਹੱਕ ਵਿਚ ਬੋਲਦੇ ਹਜ਼ਾਰਾਂ ਗਾਣੇ ਗੂੰਜਦੇ ਕੰਨਾਂ ਵਿਚ ਪੈ ਜਾਣਗੇ। ਪਰ ਭਵਿੱਖ ਨੂੰ ਮਧੋਲਣ ਵਾਲੇ ਇਸ ਜ਼ਹਿਰ ਦੀ ਸਚਾਈ ਜ਼ਾਹਰ ਕਰਦੇ ਗਾਣਿਆਂ ਦੀ ਗਿਣਤੀ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੈ। ਸ਼ਾਇਦ ਵੱਸ ਦੀ ਗੱਲ ਨਹੀਂ। ਜਿਵੇਂ ਸਰਪਟ ਦੌੜਦਾ ਹੋਇਆ ਘੋੜਾ ਫ਼ਸਲਾਂ ਨੂੰ ਮਿੱਧਦਾ ਤੇ ਦਰੜਦਾ ਹੋਇਆ ਅੱਗੇ ਵਧਦਾ ਜਾਂਦਾ ਹੈ, ਉਵੇਂ ਫੋਕੀ ਹੈਂਕੜ ਤੇ ਸ਼ੋਹਰਤ ਵੀ ਜਵਾਨੀ ਨੂੰ ਭਟਕਾਉਣ ਦੇ ਨਾਲ ਨਾਲ ਦਿਸ਼ਾਹੀਣ ਕਰਦੀ ਹੈ। ਹੋਸਟਲ ਵਾਲਾ ਕਮਰਾ ਸ਼ਰਾਬ ਪੀਣ ਲਈ ਮੰਗਣ ਵਾਲਿਆਂ ਨੂੰ ਇਹ ਸਚਾਈ ਵਿਸਰ ਗਈ ਲਗਦੀ ਹੈ ਕਿ ਨਸ਼ਈ ਵਿਅਕਤੀ ਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਿਵੇਂ ਖੰਭ ਲੱਗ ਜਾਂਦੇ ਹਨ। ਸ਼ੁਰੂਆਤੀ ਸ਼ਰਾਬ ਹੀ ਅਗਲੇ ਨਸ਼ਿਆਂ ਲਈ ਰਾਹ ਖੋਲ੍ਹਦੀ ਹੈ ਤੇ ਸੜਕਾਂ ਨੂੰ ਖੂਨ ਪੀਣੀਆਂ ਦਾ ਖਿਤਾਬ ਵੀ ਲਾਲ ਪਰੀ ਨੇ ਦਿਵਾਇਆ ਹੈ।
ਖੇਡ ਦੇ ਮੈਦਾਨ ਵਿਚ ਗੇਂਦਬਾਜ਼ੀ ਦਾ ਲੋਹਾ ਮੰਨਵਾਉਣ ਵਾਲਾ ਹਰਭਜਨ ਸਿੰਘ ਵੀ ਅਜੋਕੀ ਗਾਇਕੀ ਤੇ ਗੀਤਕਾਰੀ ਦਾ ਜਬਰ ਦੇਖ ਕੇ ਦੰਦ ਕਰੀਚਣ ਲੱਗ ਪਿਆ। ਸਮਾਜ 'ਤੇ ਪੈਣ ਵਾਲੇ ਬੁਰੇ ਅਸਰ ਨੂੰ ਚਿਤਰਦਿਆਂ ਉਸਨੇ ਮੰਦਾ ਲਿਖਣ ਤੇ ਗਾਉਣ ਵਾਲਿਆਂ ਨੂੰ ਸੱਭਿਆਚਾਰ ਦੇ ਕਾਤਲ ਤੱਕ ਗਰਦਾਨ ਦਿੱਤਾ। ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉਸਨੇ ਮੌਜੂਦਾ ਦੌਰ ਵਿਚ ਲਿਖਣ ਤੇ ਗਾਉਣ ਵਾਲਿਆਂ ਨੂੰ ਮੁਟਿਆਰਾਂ ਤੇ ਗੱਭਰੂਆਂ ਨੂੰ ਸਹੀ ਦਿਸ਼ਾ ਦੇਣ ਦੀ ਵਕਾਲਤ ਕੀਤੀ ਹੈ। ਜੱਗ ਜ਼ਾਹਿਰ ਹੈ ਕਿ ਉਹ ਕੌਮਾਂ ਹੀ ਜਿਉਂਦੀਆਂ ਰਹਿੰਦੀਆਂ ਹਨ ਜੋ ਸਮੇਂ ਨਾਲ ਬਦਲੇ ਹਾਲਾਤ ਨਾਲ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਗਾਇਕਾਂ ਤੇ ਗੀਤਕਾਰਾਂ ਨੂੰ ਜੱਟ ਨੂੰ ਉਸ ਦੀ ਹੋਂਦ ਦਿਖਾਉਣ ਦੀ ਹੱਲਾਸ਼ੇਰੀ ਦੇਣ ਨਾਲੋਂ ਹੋਂਦ ਨੂੰ ਕਾਇਮ ਰੱਖਣ ਲਈ ਕੰਮ-ਸੱਭਿਆਚਾਰ ਦੀ ਪਿਰਤ ਨੂੰ ਦੁਹਰਾਉਣ ਵੱਲ ਉਲਾਰ ਕਰਨਾ ਚਾਹੀਦਾ ਹੈ। ਕਿਸੇ ਨੂੰ ਬੇਤੁਕੀ ਲਫ਼ਜ਼ੀ ਹੱਲਾਸ਼ੇਰੀ ਦੇਣਾ ਉਸਨੂੰ ਕੋਠੇ ਚੜ੍ਹਾ ਕੇ ਪੌੜੀ ਖਿੱਚਣ ਦੇ ਬਰਾਬਰ ਹੈ। ਹੱਥਾਂ ਨਾਲ ਦਿੱਤੀਆਂ ਜਦੋਂ ਦੰਦਾਂ ਨਾਲ ਖੋਲ੍ਹਣੀਆਂ ਪੈ ਜਾਣ ਤਾਂ ਨਾਨੀ ਚੇਤੇ ਆ ਜਾਂਦੀ ਹੈ। ਹੇਠਲੇ ਪੱਧਰ ਦੀ ਸਿਰਜਣਾ ਵਰਗੇ ਕਸਬ ਕਰਨ ਨਾਲੋਂ ਆਉਣ ਵਾਲੀ ਪੀੜ੍ਹੀ ਲਈ ਨਵੇਂ ਰਾਹ ਤਲਾਸ਼ੇ ਜਾਣ ਦੀ ਲੋੜ ਹੈ, ਜੋ ਉਨ੍ਹਾਂ ਨੂੰ ਕੁਰਾਹੇ ਪਾਉਣ ਦੀ ਬਜਾਏ ਆਪਣੇ ਤੇ ਸਮਾਜ ਦੇ ਵਿਕਾਸ ਵਿਚ ਹਿੱਸਾ ਪਾਉਣ ਲਈ ਮਦਦਗਾਰ ਬਣਨ।


-ਪ੍ਰੀਤਮ ਹਾਊਸ, ਗਲੀ ਸ਼ਿਵ ਸਿੰਘ, ਗੜ੍ਹਦੀਵਾਲਾ (ਹੁਸ਼ਿਆਰਪੁਰ)
ਮੋਬਾਈਲ : 94171 24201

ਕਈ ਕੋਟਿ ਅਕਾਸ ਬ੍ਰਹਮੰਡ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇੰਜ ਬ੍ਰਹਿਮੰਡੀ ਪਸਾਰਾ ਵੈਕਿਊਮ ਦੀ ਊਰਜਾ ਨਾਲ ਹੋਇਆ। ਇਸ ਦਾ ਮਤਲਬ ਇਹ ਹੈ ਕਿ ਉਸ ਸਮੇਂ ਵੈਕਿਊਮ ਦੀ ਊਰਜਾ ਅਤੇ ਊਰਜਾ ਘਣਤਾ ਬਹੁਤ ਉੱਚੀ ਸੀ। 1980 ਤੱਕ ਵੈਕਿਊਮ ਊਰਜਾ ਘਣਤਾ ਮਿਣਨ ਦੇ ਕੋਈ ਸਾਧਨ ਵਿਗਿਆਨ ਕੋਲ ਨਹੀਂ ਸਨ। ਉਂਜ ਬ੍ਰਹਿਮੰਡ ਜਿਸ ਸਹਿਜ ਰਫ਼ਤਾਰ ਨਾਲ ਪਸਰ ਰਿਹਾ ਸੀ, ਉਸ ਤੋਂ ਇਹ ਅਨੁਮਾਨ ਹੁੰਦਾ ਸੀ ਕਿ ਇਸ ਵਕਤ ਵੈਕਿਊਮ ਊਰਜਾ ਘਣਤਾ ਸਿਫ਼ਰ ਦੇ ਨੇੜੇ ਹੈ। ਨਾ-ਮਾਤਰ ਹੀ ਹੈ। ਬੀਤੀ ਸਦੀ ਦੇ ਨੌਵੇਂ ਦਹਾਕੇ ਦੇ ਅੰਤ ਜਿਹੇ ਵਿਚ ਵੈਕਿਊਮ ਊਰਜਾ ਘਣਤਾ ਦਾ ਪਤਾ ਲਾਉਣ ਦਾ ਤਰੀਕਾ ਲੱਭ ਗਿਆ। ਪਤਾ ਲੱਗਾ ਕਿ ਇਸ ਸਮੇਂ ਇਹ ਛੇ ਜ਼ਰਬ ਦਸ ਦੀ ਤਾਕਤ ਮਨਫ਼ੀ ਸਤਾਈ ਕਿਲੋਗ੍ਰਾਮ ਪ੍ਰਤੀ ਘਣਮੀਟਰ ਹੈ। ਦੂਜੇ ਪਾਸੇ ਕਵਾਂਟਮ ਮੈਕੇਨਿਕਸ ਦੇ ਹਿਸਾਬ ਕਿਤਾਬ ਇਸ ਮਾਮੂਲੀ ਕੀਮਤ (ਸਿਫ਼ਰ ਦੇ ਨੇੜੇ) ਤੋਂ ਕਿਤੇ ਉੱਚੀ ਵੈਕਿਊਮ ਊਰਜਾ ਘਣਤਾ ਦਾ ਸੁਝਾਅ ਦੇ ਰਹੇ ਸਨ। ਇਹ ਦੱਸਦੇ ਸਨ ਕਿ ਇਹ ਦਸ ਦੀ ਤਾਕਤ ਇਕ ਸੌ ਕਿਲੋਮੀਟਰ ਪ੍ਰਤੀ ਘਣਮੀਟਰ ਬ੍ਰਹਿਮੰਡੀ ਸਪੇਸ ਹੋਣੀ ਚਾਹੀਦੀ ਹੈ। ਕਵਾਂਟਮ ਭੌਤਿਕ ਵਿਗਿਆਨ ਦੇ ਇਹ ਹਿਸਾਬ ਕਿਤਾਬ ਪਲੈਂਕ ਟਾਈਮ ਸਮੇਂ ਦੀ ਮੂਲ ਉਨ੍ਹਾਂ ਹਾਲਾਤ ਉਤੇ ਆਧਾਰਿਤ ਸਨ ਜਿਨ੍ਹਾਂ ਦੌਰਾਨ ਨਵ-ਜੰਮੇ ਬ੍ਰਹਿਮੰਡ ਵਿਚ ਕਵਾਂਟਮ ਗੁਰੂਤਾ ਦਾ ਬੋਲਬਾਲਾ ਸੀ। ਤੁਸੀਂ ਪੁੱਛੋਗੇ ਕਿ ਇਹ ਪਲੈਕ ਟਾਈਮ ਕੀ ਹੈ? ਵਾਜਬ ਸਵਾਲ ਹੈ। ਇਹ ਹੈ ਦਸ ਦੀ ਤਾਕਤ ਮਨਫ਼ੀ ਪੈਂਤੀਂ ਸੈਕੰਡ। ਬਸ ਬ੍ਰਹਿਮੰਡ ਦੇ ਜਨਮ ਦੇ ਇੰਨੇ ਕੁ ਸਮੇਂ ਪਿਛੋਂ।
ਵੈਕਿਊਮ ਊਰਜਾ ਦੀ ਘਣਤਾ ਦੇ ਅਨੁਮਾਨਿਤ ਅਤੇ ਪ੍ਰਯੋਗ ਨਾਲ ਪ੍ਰਾਪਤ ਮੁੱਲ ਵਿਚ ਇੰਨਾ ਵੱਡਾ ਫ਼ਰਕ। ਏਕੇ ਅੱਗੇ 120 ਸਿਫ਼ਰਾਂ ਲਾਓ। ਇੰਨੇ ਗੁਣਾਂ ਘਾਟਾ-ਵਾਧਾ। ਵਿਗਿਆਨੀ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਕਿਤੇ ਨਾ ਕਿਤੇ ਕੋਈ ਵੱਡੀ ਗੜਬੜੀ ਹੈ। ਇਹ ਮਸਲਾ ਬ੍ਰਹਿਮੰਡ ਦੇ ਜਨਮ ਸਮੇਂ ਸੰਭਾਵਨਾ ਸਿਧਾਂਤ ਦੇ ਦਖ਼ਲ ਨੂੰ ਸਵੀਕਾਰ ਕੇ ਸੁਲਝ ਸਕਦਾ ਹੈ। ਵਿਗਿਆਨੀ ਇਹ ਕਲਪਨਾ ਕਰਦੇ ਹਨ ਕਿ ਉਸ ਸਮੇਂ ਇਕ ਨਹੀਂ ਕਈ ਬ੍ਰਹਿਮੰਡ ਜਨਮੇ। ਹਰ ਇਕ ਦੀ ਵੱਖ-ਵੱਖ ਵੈਕਿਊਮ ਊਰਜਾ ਘਣਤਾ। ਲਗਪਗ ਸਿਫ਼ਰ ਵੈਕਿਊਮ ਊਰਜਾ ਘਣਤਾ ਤੋਂ ਅਤਿ ਉੱਚ ਘਣਤਾ ਵਾਲੇ ਕਈ ਬ੍ਰਹਿਮੰਡ। ਸਾਡਾ ਬ੍ਰਹਿਮੰਡ ਉਨ੍ਹਾਂ ਵਿੱਚੋਂ ਇਕ ਹੈ। ਅਰੰਭ ਵਿਚ ਇਕ ਖ਼ੁਰਦਬੀਨੀ ਬੁਲਬੁਲਾ, ਬੁਲਬੁਲਾ ਜੋ ਵੈਕਿਊਮ ਊਰਜਾ ਨਾਲ ਨੱਕੋ-ਨੱਕ ਭਰਿਆ ਸੀ, ਉਸੇ ਦਾ ਵਿਸਫੋਟ ਹੋਇਆ। ਉਸ ਬੁਲਬੁਲੇ ਦੇ ਅੰਦਰ ਦੇਸ਼-ਕਾਲ ਦੇ ਅਨੇਕ ਬੀਜ ਸਨ, ਜਿਨ੍ਹਾਂ ਵਿੱਚੋਂ ਹਰ ਇਕ ਦੇ ਬ੍ਰਹਿਮੰਡ ਬਣਨ ਦੀ ਸੰਭਾਵਨਾ ਸੀ। ਲਗਦਾ ਹੈ ਕਿ ਇਕ ਨਹੀਂ ਕਈ ਬੁਲਬੁਲੇ ਸਨ। ਜਾਂ ਫਿਰ ਇਕ ਬੁਲਬੁਲੇ ਤੋਂ ਅਨੇਕ ਬੁਲਬੁਲੇ ਬਣੇ। ਉਨ੍ਹਾਂ ਵਿੱਚੋਂ ਕਈ ਇਕ-ਦੂਜੇ ਵਿਚ ਰਲ-ਮਿਲ ਗਏ। ਇਸ ਨਾਲ ਵੱਖ-ਵੱਖ ਭੌਤਿਕ ਗੁਣਾਂ ਵਾਲੇ ਅਨੇਕ ਬ੍ਰਹਿਮੰਡ ਜਨਮੇ।
ਇਨਫਲੇਸ਼ਨ ਸਿਧਾਂਤ ਦਾ ਮੋਢੀ ਐਲਨ ਗੂਥ ਕਹਿੰਦਾ ਹੈ ਕਿ ਇਨਫਲੇਸ਼ਨ ਪੂਰੀ ਤਰ੍ਹਾਂ ਸ਼ਾਇਦ ਕਦੇ ਵੀ ਨਾ ਰੁਕੇ। ਐਂਡਰੇਲਿੰਡ ਦਾ ਵੀ ਕੁਝ ਐਸਾ ਹੀ ਵਿਚਾਰ ਹੈ। ਉਸ ਦੀ ਧਾਰਨਾ ਹੈ ਕਿ ਇਨਫਲੇਸ਼ਨ ਵਿਕੋਲਿਤਰਾ ਵਰਤਾਰਾ ਨਹੀਂ। ਇਨਫਲੇਸ਼ਨ ਨਾਲ ਪਸਾਰਾ ਹੋਣ ਦੇ ਹਾਲਾਤ ਕਦੇ ਵੀ ਕਿਤੇ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਕਦੇ ਵੀ ਕਿਤੇ ਵੀ ਸਪੇਸ ਦੇ ਮਹਾਂ ਸਾਗਰ ਵਿਚ ਬੁਲਬੁਲੇ ਵਾਂਗ ਨਵਾਂ ਬ੍ਰਹਿਮੰਡ ਉਗਮ ਸਕਦਾ ਹੈ। ਇਕ ਕਿਉਂ, ਕਈ ਬ੍ਰਹਿਮੰਡ ਉਗਮ ਸਕਦੇ ਹਨ। ਇਨ੍ਹਾਂ ਬ੍ਰਹਿਮੰਡਾਂ ਦੇ ਹਾਲਾਤ ਸਾਡੇ ਜਾਣੇ-ਪਛਾਣੇ ਹਾਲਾਤ ਤੋਂ ਅਸਲੋਂ ਵੱਖ ਹੋ ਸਕਦੇ ਹਨ। ਅਸੀਂ ਉਨ੍ਹਾਂ ਬ੍ਰਹਿਮੰਡਾਂ ਨਾਲ ਕਦੇ ਵੀ ਸੰਪਰਕ ਸਥਾਪਿਤ ਨਹੀਂ ਕਰ ਸਕਦੇ। ਇਸ ਦਾ ਕਾਰਨ ਵੱਖ-ਵੱਖ ਬ੍ਰਹਿਮੰਡਾਂ ਦੇ ਜਨਮ ਦੀਆਂ ਪ੍ਰਸਥਿਤੀਆਂ/ਕਾਰਨਾਂ ਵਿਚ ਹੀ ਛੁਪੀਆਂ ਹਨ। ਚੇਤੇ ਰਹੇ ਕਿ ਸਾਡੇ ਆਪਣੇ ਬ੍ਰਹਿਮੰਡ/ਆਪਣੀ ਗਲੈਕਸੀ ਵਿਚ ਜੀਵਨ ਨਾਲ ਧੜਕਦੀਆਂ ਧਰਤੀਆਂ ਦਾ ਮਸਲਾ ਇਸ ਤੋਂ ਅਸਲੋਂ ਵੱਖਰਾ ਹੈ।
ਗੂਥ ਕਹਿੰਦਾ ਹੈ ਕਿ ਇਨਫਲੇਸ਼ਨ ਤੋਂ ਪਹਿਲਾਂ ਬ੍ਰਹਿਮੰਡ ਦੀ ਨਿਮਨਤਮ ਊਰਜਾ ਅਵਸਥਾ ਇਨਫਲੇਸ਼ਨ ਉਪਰੰਤ ਦੀ ਨਿਮਨਤ ਊਰਜਾ ਅਵਸਥਾ ਨਾਲੋਂ ਨੀਵੀਂ ਸੀ। ਇਨਫਲੇਸ਼ਨ ਤੋਂ ਪਹਿਲਾਂ ਦਾ ਸੰਤੁਲਨ ਆਰਜ਼ੀ ਸੀ। ਇਨਫਲੇਸ਼ਨ ਇਕ ਕਿਸਮ ਦਾ ਫੇਜ਼ ਪਰਿਵਰਤਨ ਸੀ। ਦੋਵਾਂ ਫੇਜ਼ਾਂ ਦੀ ਨਿਮਨਤਮ ਊਰਜਾ ਵਿਚ ਅੰਤਰ ਇਕ ਤਰ੍ਹਾਂ ਨਾਲ ਬ੍ਰਹਿਮੰਡ ਦੀ ਲੇਟੈਂਟ ਹੀਟ ਸੀ। ਇਹੀ ਊਰਜਾ ਪਸਾਰੇ ਦੀ ਜ਼ਿੰਮੇਵਾਰ ਹੈ। ਪਸਾਰਾ ਜੋ ਕਿ ਨਵ-ਜਨਮੇ ਬ੍ਰਹਿਮੰਡ ਵੇਲੇ ਰੌਸ਼ਨੀ ਤੋਂ ਵੀ ਤੇਜ਼ ਰਫ਼ਤਾਰ ਨਾਲ ਹੋਇਆ। ਤੁਸੀਂ ਕਹੋਗੇ ਕਿ ਆਈਨਸਟਾਈਨ ਤਾਂ ਕਹਿੰਦਾ ਹੈ ਕਿ ਰੌਸ਼ਨੀ ਦੀ ਰਫ਼ਤਾਰ ਤੋਂ ਵੱਧ ਕਿਸੇ ਸ਼ੈਅ ਦੀ ਰਫ਼ਤਾਰ ਸੰਭਵ ਨਹੀਂ। ਇਹ ਨਿਰਣਾ ਉਸ ਦੇ ਸਾਪੇਖਤਾ ਸਿਧਾਂਤ ਦਾ ਨਿਰਣਾ ਹੈ। ਤੁਹਾਡਾ ਤਰਕ ਠੀਕ ਹੈ, ਪਰ ਆਂਸ਼ਿਕ ਰੂਪ ਵਿਚ। ਆਈਨਸਟਾਈਨ ਇਹ ਵੀ ਕਹਿੰਦਾ ਹੈ ਕਿ ਸਪੇਸ/ਬ੍ਰਹਿਮੰਡ ਆਪਣੇ ਸਾਰੇ ਲਕੇ ਤੁਕੇ ਸਮੇਤ ਰੌਸ਼ਨੀ ਤੋਂ ਤੇਜ਼ ਰਫ਼ਤਾਰ ਨਾਲ ਫੈਲ ਸਕਦਾ ਹੈ।
ਕੁੱਲ ਮਿਲਾ ਕੇ ਬ੍ਰਹਿਮੰਡ ਦਸ ਦੀ ਤਾਕਤ ਮਨਫ਼ੀ ਪੈਂਤੀ ਤੋਂ ਮਨਫ਼ੀ ਤੇਤੀ ਸੈਕੰਡ ਦੌਰਾਨ ਬਹੁਤ ਤੇਜ਼ੀ ਨਾਲ ਪਸਰਿਆ। ਤਿਸ ਤੇ ਹੋਏ ਲਖ ਦਰਿਆਓ। ਜਿਵੇਂ ਦਰਿਆ ਵਹਿ ਤੁਰੇ ਹੋਣ ਸਾਰੇ ਪਾਸੇ। ਬ੍ਰਹਿਮੰਡੀ ਪਸਾਰੇ ਦਾ ਗੁਰੂ ਨਾਨਕ ਦੇਵ ਜੀ ਦਾ ਬਿੰਬ ਇਸੇ ਸਥਿਤੀ ਦੀ ਪੁਸ਼ਟੀ ਕਰਦਾ ਹੈ। ਅਤਿਅੰਤ ਗਰਮ ਅਵਸਥਾ ਤੋਂ ਠੰਢਾ ਹੋਇਆ ਇਹ ਬ੍ਰਹਿਮੰਡ। ਇਹ ਪਾਣੀ ਦੀ ਫੇਜ਼ ਬਦਲੀ ਵਰਗੀ ਗੱਲ ਸੀ। ਆਮ ਪਾਣੀ ਤਾਂ ਜ਼ੀਰੋ ਦਰਜੇ ਸੈਂਟੀਗਰੇਡ ਉਤੇ ਜੰਮ ਕੇ ਬਰਫ਼ ਬਣ ਜਾਂਦਾ ਹੈ। ਪਰ ਜੇ ਪਾਣੀ ਤੇਜ਼ੀ ਨਾਲ ਠੰਢਾ ਕਰੀਏ ਤਾਂ ਇਹ ਸਿਫ਼ਰ ਤੋਂ ਨੀਵੇਂ ਤਾਪਮਾਨ ਉਤੇ ਵੀ ਬਿਨਾਂ ਜੰਮੇ ਪਾਣੀ ਦੇ ਰੂਪ ਵਿਚ ਰੱਖਣਾ ਸੰਭਵ ਹੈ। ਅਜਿਹਾ ਸੁਪਰ ਕੂਲ ਪਾਣੀ ਜਦੋਂ ਬਰਫ਼ ਬਣਦਾ ਹੈ ਤਾਂ ਫੇਜ਼ ਪਰਿਵਰਤਨ ਹੁੰਦਾ ਹੈ। ਪਾਣੀ ਦੀ ਸਮਿਟਰੀ ਟੁਟਦੀ ਹੈ। ਇਨਫਲੇਸ਼ਨ ਵੇਲੇ ਵੀ ਫੇਜ਼ ਪਰਿਵਰਤਨ ਨਾਲ ਬ੍ਰਹਿਮੰਡ ਦੀ ਸਮਿਟਰੀ ਟੁੱਟੀ।
ਬ੍ਰਹਿਮੰਡ ਦੇ ਤੇਜ਼ ਪਸਾਰ ਨਾਲ ਹੋਈ ਸੁਪਰ ਕੂਲਿੰਗ ਕਾਲ ਊਰਜਾ ਭਾਂਤ-ਭਾਂਤ ਦੇ ਕਣਾਂ/ਐਂਟੀ ਕਣਾਂ ਵਿਚ ਬਦਲੀ। ਫੇਜ਼ ਬਦਲੀ ਹੋਈ ਅਤੇ ਇਲੈਕਟ੍ਰੋ ਵੀਕ ਅਤੇ ਸਟਰਾਂਗ ਨਿਊਕਲੀ ਬਲ ਨਿੱਖੜੇ। ਸਮਿਟਰੀ ਨੂੰ ਹਿਗਜ਼ ਫੀਲਡ ਨੇ ਤੋੜਿਆ ਅਤੇ ਗਰੈਵਿਟੀ (ਗੁਰੂਤਾ ਬਲ) ਨੇ ਆਪਣਾ ਜਲਵਾ ਦਿਖਾਣਾ ਸ਼ੁਰੂ ਕੀਤਾ। ਇੰਜ ਕਹੋ ਕਿ ਅੱਜ ਹੋਂਦ ਸ਼ੀਲ ਸਾਰਾ ਪਦਾਰਥ ਤੇ ਸਾਰੀ ਊਰਜਾ ਇਨਫਲੇਸ਼ਨ ਦੀ ਦੇਣ ਹੈ।
ਥਾਂ-ਥਾਂ ਬੁਲਬੁਲਿਆਂ ਵਾਂਗ ਬ੍ਰਹਿਮੰਡ ਉਗਮਣ ਦੀ ਗੱਲ ਉੱਤੇ 'ਦੀ ਐਲੀਗੈਂਟ ਯੂਨੀਵਰਸ' ਵਿਚ ਬਰਾਇਨ ਗਰੀਨ ਨੇ ਵੀ ਮੋਹਰ ਲਾਈ ਹੈ। ਲਾਰੈਂਸ ਕਰਾਸ ਨੇ ਆਪਣੀ ਕਿਤਾਬ 'ਏ ਯੂਨੀਵਰਸ ਫਰਾਮ ਨਥਿੰਗ' ਵਿਚ ਸੁੰਨ ਤੋਂ ਬ੍ਰਹਿਮੰਡਾਂ ਦੇ ਉਗਮਣ ਦੀ ਪ੍ਰਕਿਰਿਆ ਵੇਰਵੇ ਨਾਲ ਸਮਝਾਈ ਹੈ। ਉਹ ਕਹਿੰਦਾ ਹੈ ਕਿ ਹਰ ਵਾਰ ਨਵੀਂ ਇਨਫਲੇਸ਼ਨ ਪਹਿਲਾਂ ਹੋਈ ਇਨਫਲੇਸ਼ਨ ਨਾਲ ਪੈਦਾ ਹੋਏ ਖੇਤਰ ਨੂੰ ਅਪਹੁੰਚ ਦੂਰੀ ਤੱਕ ਅਗਾਂਹ ਧੱਕ ਦਿੰਦੀ ਹੈ। ਉਸ ਅਨੁਸਾਰ ਸਾਡਾ ਬ੍ਰਹਿਮੰਡ ਇਸ ਪਸਾਰੇ ਦੇ ਕਿਸੇ ਬਾਹਰੀ ਸਿਰੇ ਉੱਤੇ ਹੈ। ਬ੍ਰਹਿਮੰਡਾਂ ਦੀ ਭੀੜ (ਮਲਟੀਵਰਸਿਜ਼ ਕਹਿੰਦਾ ਹੈ ਉਹ) ਵਿਚ ਜ਼ੀਰੋ ਦੇ ਨੇੜੇ ਦੀ ਊਰਜਾ ਘਣਤਾ ਵਾਲੇ ਇਸ ਬ੍ਰਹਿਮੰਡ ਦੀ ਹੋਂਦ ਦੀ ਆਪਣੀ ਸੰਭਾਵਨਾ ਨਾ ਮਾਤਰ ਸੀ। ਪਰ ਫਿਰ ਵੀ ਇਹ ਹੈ ਅਤੇ ਸਾਡੇ ਜਹੇ ਬੰਦੇ ਇਸ ਵਿਚ ਇਸ ਦੇ ਜਨਮ ਉਤੇ ਟਿੱਪਣੀਆਂ ਕਰ ਰਹੇ ਹਨ। ਅਸੰਭਵਤਾ/ਸੰਭਾਵਨਾ ਦੀਆਂ ਸੀਮਾਵਾਂ ਉਤੇ ਮੌਲ ਰਿਹਾ ਸਾਡਾ ਬ੍ਰਹਿਮੰਡ ਸੂਖਮ ਤੋਂ ਸੂਖਮ ਸਿਧਾਂਤਾਂ/ਨੇਮਾਂ/ਕਣਾਂ ਦੇ ਸਪੱਸ਼ਟ ਨਿਸਚਿਤ ਮੁੱਲਾਂ ਉੱਤੇ ਸਪੈਸ਼ਲ ਬਣਿਆ ਨਜ਼ਰ ਆਉਂਦਾ ਹੈ। ਅਕਾਲ ਪੁਰਖ ਨੇ ਇਸ ਨੂੰ ਨਿਵੇਸ਼ ਰੂਪ ਵਿਚ ਸਾਡੇ ਲਈ ਸਾਜਿਆ ਹੈ, ਪੂਰਾ ਸੋਚ ਸਮਝ ਕੇ। ਬਰੈਂਡਨ ਕਾਰਟਰ ਨੇ ਕਾਪਰਨੀਕਸ ਦੀ ਪੰਜ ਸੌਵੇਂ ਜਨਮ ਦਿਨ ਮੌਕੇ ਇਕ ਸਿੰਪੋਜ਼ੀਅਮ ਸਮੇਂ 1973 ਵਿਚ ਇਸ ਨੂੰ 'ਐਂਥਰਾਪਿਕ ਪ੍ਰਿੰਸੀਪਲ' ਦਾ ਨਾਂਅ ਦਿੱਤਾ। ਇਹ ਸਿਧਾਂਤ ਇਸ ਤੱਥ ਵੱਲ ਧਿਆਨ ਦਿਵਾਉਂਦਾ ਹੈ ਕਿ ਬ੍ਰਹਿਮੰਡ ਦੇ ਸਾਰੇ ਮੂਲ ਭੌਤਿਕ ਸਥਰਾਕਾਂ (ਫਿਜ਼ੀਕਲ ਕਾਂਸਟੈਂਟ ਜੋ ਮੂਲ ਕਣਾਂ/ਨੇਮਾਂ/ਸਮੀਕਰਨਾਂ ਦੀ ਬਣਤਰ/ਵਿਹਾਰ ਨੂੰ ਕੰਟਰੋਲ ਕਦੇ ਹਨ) ਦਾ ਮੁੱਲ ਸੂਖ਼ਮ ਹੱਦ ਤੱਕ ਸ਼ੁਧਤਾ ਨਾਲ ਨਿਸਚਿਤ ਹੈ। ਇਨ੍ਹਾਂ ਵਿਚ ਰਤਾ ਵੀ ਅਦਲੀ-ਬਦਲੀ ਹੁੰਦੀ ਤਾਂ ਇਸ ਬ੍ਰਹਿਮੰਡ ਦੀ ਹੋਂਦ ਨਾ ਹੁੰਦੀ।
ਸੂਰਜ, ਧਰਤੀ, ਇਨ੍ਹਾਂ ਦੀ ਦੂਰੀ, ਧਰਤੀ ਦਾ ਵਾਯੂਮੰਡਲ, ਪ੍ਰੋਟਾਨ/ਇਲੈਕਟ੍ਰਾਨ/ਨਿਊਟ੍ਰਾਨ ਦੇ ਭਾਰ, ਗੁਰੂਤਾ/ਬਿਜਲੀ-ਚੁੰਬਕਤਾ/ਪ੍ਰਕਾਸ਼ ਕਿਸੇ ਨੂੰ ਵੀ ਲਓ। ਰਤਾ ਕੁ ਤਬਦੀਲੀ ਵੀ ਸੰਭਵ ਨਹੀਂ। ਸੁੰਨ ਦੀ ਊਰਜਾ ਘਣਤਾ ਤੇ ਸਾਡੇ ਪਸਰ ਰਹੇ ਬ੍ਰਹਿਮੰਡ ਦੀ ਊਰਜਾ ਘਣਤਾ ਬਿਗ ਬੈਂਗ ਤੋਂ ਦਸ ਅਰਬ ਸਾਲ ਪਿੱਛੋਂ ਬਰਾਬਰ ਹੋਏ। ਉਸੇ ਨਾਲ ਗਲੈਕਸੀਆਂ/ਤਾਰੇ ਬਣੇ। ਜੇ ਸੁੰਨ ਦੀ ਊਰਜਾ ਘਣਤਾ ਰਤਾ ਵਧੇਰੇ ਹੁੰਦੀ ਤਾਂ ਤਾਰਿਆਂ ਜਾਂ ਗਲੈਕਸੀਆਂ ਦੀ ਥਾਂ ਸੁੰਨ ਮਸਾਣ ਹੀ ਹੁੰਦੀ। ਮਲਟੀਵਰਸ (ਅਨਿਕ ਬ੍ਰਹਿਮੰਡ) ਸਿਧਾਂਤ ਸਮਝਾਉਂਦਾ ਹੈ ਕਿ ਇਹ ਬ੍ਰਹਿਮੰਡ ਜਿਵੇਂ ਦਾ ਹੈ ਕਿਉਂ ਹੈ। ਇਨਫਲੇਸ਼ਨ ਨਾਲ ਬੁਲਬੁਲੇ ਵਾਂਗ ਅਨੇਕਾਂ ਬ੍ਰਹਿਮੰਡ ਜੰਮੇ ਤੇ ਜਨਮਦੇ ਹਨ। ਹਰ ਇਕ ਦੇ ਆਪਣੇ ਲੱਛਣ। ਆਪਣੇ ਭੌਤਿਕ ਨੇਮ। ਉਨ੍ਹਾਂ ਵਿੱਚੋਂ ਸਾਡਾ ਇਹ ਬ੍ਰਹਿਮੰਡ/ਜੀਵਨ/ਭੌਤਿਕ ਨੇਮ ਖੁਸ਼ਕਿਸਮਤੀ ਨਾਲ ਵਿਸ਼ੇਸ਼ ਰੂਪ ਵਿਚ ਅਕਾਲ ਪੁਰਖ ਨੇ ਜਿਵੇਂ ਸਾਡੇ ਲਈ ਹੀ ਥਾਪੇ ਹਨ।
ਪਦਾਰਥ ਦੇ ਬੋਲ-ਬਾਲੇ ਵਾਲੇ ਬ੍ਰਹਿਮੰਡ ਵਿਚ ਗੁਰੂਤਾ (ਗਰੈਵੀਟੇਸ਼ਨ) ਨੇ ਗਲੈਕਸੀਆਂ ਵਰਗੀਆਂ ਵੱਡੀਆਂ ਸੰਰਚਨਾਵਾਂ ਬਣਾਈਆਂ। ਇਕ ਵਾਰ ਇਨ੍ਹਾਂ ਦੇ ਬਣ ਜਾਣ ਪਿੱਛੋਂ ਜੇ ਡਾਰਕ ਐਨਰਜੀ ਦਾ ਬੋਲਬਾਲਾ ਹੋ ਜਾਵੇ ਤਾਂ ਕੋਈ ਫ਼ਰਕ ਨਹੀਂ ਪੈਂਦਾ। ਬਸ ਇਹ ਹੁੰਦਾ ਹੈ ਕਿ ਬ੍ਰਹਿਮੰਡ ਦੀ ਪਸਾਰੇ ਦੀ ਦਰ ਵਧ ਜਾਂਦੀ ਹੈ ਤੇ ਉਕਤ ਸੰਰਚਨਾਵਾਂ ਦੀ ਬਣਤਰ ਦਾ ਕਾਰਜ ਮੱਠਾ ਪੈਂਦਾ ਹੈ।
1964 ਵਿਚ ਕਾਸਮਿਕ ਮਾਈਕ੍ਰੋਵੇਵ ਬੈਕ ਗਰਾਊਂਡ ਰੇਡੀਏਸ਼ਨ ਦੀ ਖੋਜ ਬ੍ਰਹਿਮੰਡੀ ਰਹੱਸਾਂ ਦੇ ਇਤਿਹਾਸ ਦਾ ਵੱਡਾ ਮੀਲ ਪੱਥਰ ਸੀ। ਇਹ ਰੇਡੀਏਸ਼ਨ ਬਿਗ ਬੈਂਗ ਤੋਂ ਤਿੰਨ ਲੱਖ ਅੱਸੀ ਹਜ਼ਾਰ ਵਰ੍ਹੇ ਬਾਅਦ ਦੇ ਸਮੇਂ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਬ੍ਰਹਿਮੰਡ ਵਿਚ ਚਾਰੇ ਪਾਸੇ ਪਸਰੀ ਸੰਘਣੀ ਧੁੰਦ ਨੂੰ ਰੌਸ਼ਨੀ ਨਹੀਂ ਸੀ ਚੀਰ ਸਕਦੀ। ਇਸ ਲਈ ਬ੍ਰਹਿਮੰਡ ਦੇ ਇਸ ਤੋਂ ਪੂਰਵਲੇ ਅਤੀਤ ਨੂੰ ਜਾਣਨ ਵਾਸਤੇ ਰੌਸ਼ਨੀ ਦੇ ਸਿਗਨਲ ਸਾਡੀ ਮਦਦ ਨਹੀਂ ਕਰ ਸਕਦੇ। ਇਨਫਲੇਸ਼ਨ ਸਮੇਂ ਪੈਦਾ ਹੋਈਆਂ ਗਰੈਵੀਟੇਸ਼ਨ ਤਰੰਗਾਂ ਸਾਨੂੰ ਬ੍ਰਹਿਮੰਡ ਦੇ ਉਸ ਅਤੀਤ ਤੱਕ ਲੈ ਜਾਂਦੀਆਂ ਹਨ ਜਦੋਂ ਇਹ ਬਸ ਮਟਰ ਦੇ ਦਾਣੇ ਜਿੱਡਾ ਸੀ। ਇਹ ਉਹ ਅਤੀਤ ਹੈ ਜਦੋਂ ਦੇਸ਼ ਕਾਲ ਦਾ ਚੰਦੋਆ ਇਨਫਲੇਸ਼ਨ ਕਾਰਨ ਕਲਪਨਾ ਤੋਂ ਵੀ ਬਾਹਰ ਤੇਜ਼ੀ ਨਾਲ ਤਣਿਆ ਗਿਆ। ਬੜਾ ਛੋਟਾ ਸੀ ਅਤੀਤ ਦਾ ਇਹ ਛਿਣ। ਇਕ ਸਕਿੰਟ ਦੇ ਇਕ ਟਰਿਲੀਅਨਵੇਂ ਦੇ ਇਕ ਟਰਿਲੀਅਨਵੇਂ ਦੇ ਇਕ ਟਰਿਲੀਅਨਵੇਂ, ਦੇ ਇਕ ਟਰਿਲੀਅਨਵੇਂ, ਦੇ ਇਕ ਬਿਲੀਅਨਵੇਂ ਹਿੱਸੇ ਜਿੰਨਾ। ਨੋਟ ਕਰੋ 'ਟਰਿਲੀਅਨਵੇਂ' ਹਿੱਸੇ ਇਕ ਵਾਰ ਨਹੀਂ ਅਗਾਂਹ ਤੋਂ ਅਗਾਂਹ ਤਿੰਨ ਵਾਰ ਕੀਤੇ ਹਨ। ਫਿਰ ਉਸ ਦਾ ਅਰਬਵਾਂ ਹਿੱਸਾ। ਇੰਨੀ ਤੇਜ਼ੀ ਨਾਲ ਤਣੇ ਦੇਸ਼ ਕਾਲ ਦੇ ਚੰਦੋਏ ਵਿਚ ਪੈਦਾ ਹੋਈ ਕੰਬਣੀ ਦੀਆਂ ਲਹਿਰਾਂ ਨੂੰ ਹੀ ਵਿਗਿਆਨ ਨੇ ਗਰੈਵੀਟੇਸ਼ਨਲ ਤਰੰਗਾਂ ਦਾ ਨਾਂਅ ਦਿੱਤਾ ਹੈ। ਇਨ੍ਹਾਂ ਤਰੰਗਾਂ ਦੀ ਡੀਟੈਕਸ਼ਨ ਪਦਾਰਥ ਜਾਂ ਰੇਡੀਏਸ਼ਨ ਵਿਚ ਇਨ੍ਹਾਂ ਨਾਲ ਪੈਦਾ ਕੀਤੀ ਵਿਕ੍ਰਿਤੀ ਨਾਲ ਸੰਭਵ ਹੈ।
ਗਰੈਵੀਟੇਸ਼ਨਲ ਤਰੰਗਾਂ ਆਪਣੀ ਪੈੜ ਕਾਸਮਿਕ ਮਾਈਕ੍ਰੋਵੇਵ ਬੈਕ ਗਰਾਊਂਡ ਉੱਤੇ ਉਸੇ ਤਰ੍ਹਾਂ ਛੱਡ ਜਾਂਦੀਆਂ ਹਨ, ਜਿਵੇਂ ਸਾਗਰ ਕਿਨਾਰੇ ਦੇ ਰੇਤੇ ਉਤੇ ਚੜ੍ਹ ਕੇ ਪਿੱਛੇ ਹਟੀਆਂ ਲਹਿਰਾਂ। ਗਰੈਵੀਟੇਸ਼ਨਲ ਤਰੰਗਾਂ ਦੀ ਡੀਟੈਕਸ਼ਨ ਵਿਗਿਆਨ ਦੀਆਂ ਨਵੀਨਤਮ ਲੱਭਤਾਂ ਵਿਚੋਂ ਇਕ ਹੈ। ਇਸ ਦੇ ਨਾਲ ਇਨਫਲੇਸ਼ਨ ਦੀ ਸਿਧੀ ਤੇ ਵਿਸ਼ਵਾਸਯੋਗ ਪੁਸ਼ਟੀ ਹੋਈ ਹੈ। ਕਵਾਂਟਮ ਗਰੈਵਿਟੀ ਦੀ ਪੁਸ਼ਟੀ ਵੀ ਇਸ ਨਾਲ ਹੋਈ ਹੈ।

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ।
ਫੋਨ ਨੰ: 98722-60550.

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸੇ ਤਰਜ਼ 'ਤੇ ਜਦ ਕੋਈ ਬਿਮਾਰੀ ਚਿੰਬੜ ਜਾਂਦੀ ਹੈ ਤਾਂ ਮਰੀਜ਼ ਡਾਕਟਰ ਕੋਲ ਜਾਂਦਾ ਹੈ। ਡਾਕਟਰ ਕਿਸਮ-ਕਿਸਮ ਦੀਆਂ ਦਵਾਈਆਂ ਲਿਖਦਾ ਰਹਿੰਦਾ ਹੈ ਤੇ ਨਾਲ-ਨਾਲ ਉਹ ਮਰੀਜ਼ ਨੂੰ ਕੁਝ ਕਰਨ ਜਾਂ ਨਾ ਕਰਨ ਦੀ ਸੰਖੇਪ ਜਿਹੀ ਸਲਾਹ ਵੀ ਦਿੰਦਾ ਰਹੇਗਾ। ਮਰੀਜ਼ ਨੇ ਸੁਣ ਲਈ ਤੇ ਅਗਲੇ ਕੁਝ ਦਿਨਾਂ ਵਿਚ ਇਸ ਪੂਰੀ ਗੱਲਬਾਤ ਨੂੰ ਉਹ ਮਾਮੂਲੀ ਕਰਕੇ ਲਵੇਗਾ ਤੇ ਫਿਰ ਭੁਲਾ ਦੇਵੇਗਾ। ਬਿਮਾਰੀ ਕਿਉਂ ਸ਼ੁਰੂ ਹੋਈ ਦੇ ਪ੍ਰਸੰਗ ਵਿਚ ਡਾਕਟਰ ਦਰਅਸਲ ਮਰੀਜ਼ ਨੂੰ ਆਪਣੀ ਜਿਊਣ ਸ਼ੈਲੀ ਵਿਚ ਤਬਦੀਲੀ ਲਿਆਉਣ ਲਈ ਆਖ ਰਿਹਾ ਹੁੰਦਾ ਹੈ। ਮੈਂ ਕਿਤੇ ਪੜ੍ਹ ਰੱਖਿਆ ਹੈ ਕਿ ਅਮਰੀਕਾ ਵਿਚ ਦਿਲ ਦੇ ਇਕ ਮਰੀਜ਼ ਨੂੰ ਡਾਕਟਰਾਂ ਨੇ ਜਿਊਣ ਦੀ ਇਕ ਸਾਲ ਦੀ ਮੋਹਲਤ ਦੇ ਰੱਖੀ ਸੀ। ਫਿਰ ਇਕ ਡਾਕਟਰ ਨੇ ਤਜਰਬੇ ਵਜੋਂ ਉਸ ਮਰੀਜ਼ ਦੇ ਖਾਣ-ਪੀਣ 'ਤੇ ਕੰਟਰੋਲ ਰੱਖ ਕੇ ਤੇ ਐਕਸਰਸਾਈਜ਼ਾਂ, ਸਮਾਧੀ ਆਦਿ ਰਾਹੀਂ ਉਸ ਦੀ ਮਰਜ਼ ਨੂੰ ਕੇਵਲ ਰੋਕਿਆ ਹੀ ਨਾ, ਸਗੋਂ ਪੂਰਾ ਮੋੜਾ ਪਾ ਦਿੱਤਾ ਤੇ ਉਹ ਮਰੀਜ਼ ਹੁਣ ਮਰੀਜ਼ ਨਹੀਂ ਰਿਹਾ, ਤੰਦਰੁਸਤ ਜ਼ਿੰਦਗੀ ਬਸਰ ਕਰ ਰਿਹਾ ਹੈ। ਉਸ ਡਾਕਟਰ ਨੇ ਕੀ ਖਾਣ ਪੀਣ ਵਾਸਤੇ ਕਿਹਾ ਤੇ ਕੀ ਐਕਸਰਸਾਈਜ਼ਾਂ ਕਰਵਾਈਆਂ... ਅੱਜ ਤੱਕ ਰਾਜ਼ ਹੈ।
ਇਕ ਗੱਲ ਸਾਫ਼ ਹੈ ਕਿ ਸਹੀ ਜਿਊਣ ਸ਼ੈਲੀ ਤੇ ਖੁਸ਼ਤਬੀਅਤ ਨਜ਼ਰੀਆ ਚਿਰਕਾਲੀ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਇਕ ਤਰ੍ਹਾਂ ਦੀ ਦਵਾਈ ਹੈ। ਜੇਕਰ ਸਰਜਰੀ ਹੋਈ ਹੈ ਤਾਂ ਮਰੀਜ਼ ਦਵਾਈਆਂ ਦੇ ਫੱਕੇ ਮਾਰਦਾ ਰਹਿੰਦਾ ਹੈ ਤਾਂ ਉਸ ਨੂੰ ਕਤਈ ਭੁੱਲਣਾ ਨਹੀਂ ਚਾਹੀਦਾ ਕਿ ਦਵਾਈਆਂ ਦੇ ਨਾਲ-ਨਾਲ ਆਪਣੀ ਜਿਊਣ ਸ਼ੈਲੀ ਤੇ ਸੁਭਾਅ ਨੂੰ ਵੀ ਜ਼ਰੂਰ ਬਦਲਣਾ ਹੈ। ਕੁਝ ਬਿਮਾਰੀਆਂ ਨੂੰ ਛੱਡ ਕੇ ਹਰ ਬਿਮਾਰੀ ਦਾ ਤਕਰੀਬਨ ਇਲਾਜ ਹੈ। ਉਹ ਕਿਥੇ ਤੇ ਕਿਸ ਰਾਹੀਂ ਹੈ... ਦਾ ਆਮ ਮਰੀਜ਼ ਨੂੰ ਇਲਮ ਨਹੀਂ ਜਾਂ ਉਹ ਤਕਲੀਫ਼ ਨਹੀਂ ਚੁੱਕਣਾ ਚਾਹੁੰਦਾ ਕਿ ਉਹ ਪੁੱਛਗਿੱਛ ਕਰੇ ਜਾਂ ਫਿਰ ਉਹ ਅੱਕ ਚੁੱਕਾ ਹੁੰਦਾ ਹੈ। ਹੁਣ ਪੱਛਮੀ ਦੇਸ਼ਾਂ ਵਿਚ ਡਾਕਟਰ ਰਵਾਇਤੀ ਸਿਸਟਮ ਤੋਂ ਇਲਾਵਾ ਬਾਕੀ ਸਿਸਟਮਾਂ/ਆਲਟਰਨੇਟਿਵ ਮੈਡੀਸਨ ਵਿਚ ਯਕੀਨ ਫੁਰਮਾਉਣ ਲੱਗ ਪਏ ਨੇ। ਕੀ ਪਤਾ ਕਿਹੜਾ ਸਿਸਟਮ ਮਾਫ਼ਕ ਬੈਠ ਜਾਵੇ ਜਾਂ ਕਈਆਂ ਸਿਸਟਮਾਂ ਦੇ ਰਲੇਵੇਂ ਨਾਲ ਨਤੀਜੇ ਚੰਗੇ, ਜਲਦ ਰਹਿਣ। ਬਿਮਾਰੀ ਨੂੰ ਕਈ ਸਿਸਟਮਾਂ ਨਾਲ ਸਭ ਪਾਸਿਆਂ ਤੋਂ ਘੇਰਨਾ ਤੇ ਹਮਲਾ ਬੋਲਣਾ, ਸ਼ਾਇਦ ਭਵਿੱਖ ਵਿਚ ਚੰਗੀ ਤੇ ਕਾਰਗਰ ਨੀਤੀ ਸਾਬਤ ਹੋ ਸਕਦੀ ਹੈ।
ਹਰ ਇਨਸਾਨ ਇਕ ਵਿਲੱਖਣ ਚੀਜ਼ ਹੈ। ਉਸ ਦੀ ਸ਼ਖ਼ਸੀਅਤ, ਉਸ ਦੀ ਮਾਨਸਿਕ ਬਣਤਰ, ਸਰੀਰ ਦੀ ਪ੍ਰਕਿਰਿਆ ਕਿ ਇਹ ਦਵਾਈ ਵਿਚੋਂ ਕੀ ਕੱਢਦਾ ਹੈ ਜਾਂ ਨਹੀਂ... ਦਾ ਸਿੱਧਾ ਅਸਰ ਹੈ ਬਿਮਾਰੀ 'ਤੇ ਫਤਹਿ ਪਾਉਣ ਵਿਚ। ਆਪਾਂ ਜਾਣੂ ਹਾਂ ਕਿ ਤਕਰੀਬਨ ਸਾਰੀਆਂ ਦਵਾਈਆਂ ਪਹਿਲਾਂ ਜਾਨਵਰਾਂ 'ਤੇ ਅਜ਼ਮਾਈਆਂ ਤੇ ਵਿਕਸਤ ਕੀਤੀਆਂ ਜਾਂਦੀਆਂ ਨੇ ਤੇ ਫਿਰ ਇਨਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਇਸ ਦਾ ਮਤਲਬ ਇਹ ਨਹੀਂ ਕਿ ਇਕ ਕਿਸਮ ਦੀ ਦਵਾਈ ਹਰੇਕ ਕਿਸਮ ਦੇ ਇਨਸਾਨ 'ਤੇ ਇਕ ਸਾਰ ਕੰਮ ਕਰੇਗੀ। ਇਨਸਾਨੀ ਫਿਤਰਤਾਂ ਦਾ ਸਪੈਕਟਰਮ ਬਹੁਤ ਵਿਸ਼ਾਲ ਹੈ। ਇਸ ਵਾਸਤੇ ਮਰੀਜ਼ ਨੂੰ ਬਾਕੀ ਸਿਸਟਮਾਂ ਬਾਰੇ ਭੱਜ-ਨੱਠ ਕੇ ਜਾਣਕਾਰੀ ਲੈਣੀ ਚਾਹੀਦੀ ਹੈ। ਕੁਝ ਪਤਾ ਨਹੀਂ ਕਿਸ ਦਵਾਈ/ਸਿਸਟਮ ਨੇ ਮਰੀਜ਼ ਨੂੰ ਪਾਰ ਲਗਾਉਣਾ ਹੈ। ਕੰਨ, ਅੱਖਾਂ ਹਰ ਵਕਤ ਖੋਲ੍ਹ ਕੇ ਰੱਖਣੇ ਨੇ। ਕਈ ਵਾਰ ਗ਼ੈਰ-ਰਵਾਇਤੀ ਗੁਰ ਕੰਮ ਕਰ ਜਾਂਦੇ ਨੇ। ਮੇਰਾ ਮਤਲਬ ਇਹ ਨਹੀਂ ਕਿ ਰਵਾਇਤੀ ਇਲਾਜਾਂ ਵਿਚ ਘਾਟ ਹੈ। ਦੂਰਅੰਦੇਸ਼ੀ ਇਸ ਗੱਲ ਵਿਚ ਹੈ ਕਿ ਬਿਮਾਰੀ ਦਾ ਹਮਲਾ ਹੋਣ 'ਤੇ ਰਵਾਇਤੀ ਇਲਾਜਾਂ ਨਾਲ ਪਹਿਲਾਂ ਬਿਮਾਰੀ ਨੂੰ ਤੁਰੰਤ ਠੱਲ੍ਹ ਪਾਉਣੀ ਹੈ। ਸਹੀ ਲੱਭਣ ਲਈ ਕਿ ਬਿਮਾਰੀ ਕੀ ਹੈ, ਕਿਹੜੀ ਸਟੇਜ 'ਤੇ ਹੈ, ਰਵਾਇਤੀ ਤਰੀਕਿਆਂ ਦੀ ਕੋਈ ਰੀਸ ਨਹੀਂ। ਇਕ ਵਾਰ ਬਿਮਾਰੀ ਸਥਿਰ ਹੋ ਗਈ ਹੈ ਤਾਂ ਬਾਕੀ ਦੇ ਪੈਂਤੜੇ ਅਜ਼ਮਾਉਣੇ ਨੇ, ਜਦ ਤੱਕ ਬਿਮਾਰੀ ਦੀਆਂ ਜੜ੍ਹਾਂ ਨਹੀਂ ਮਰਦੀਆਂ।
ਭਵਿੱਖੀ ਇਲਾਜ ਬਹੁਤ ਹੀ ਨਫੀਸ ਤਰੀਕਿਆਂ ਤੇ ਕਾਰਗਰ ਦਵਾਈਆਂ ਨਾਲ ਹੋਣਗੇ, ਯਾਨਿ ਦਵਾਈਆਂ ਬਿਮਾਰੀ 'ਤੇ ਸਿੱਧਾ ਹੱਲਾ ਕਰਨਗੀਆਂ। ਜਿਹੜੇ ਮਰੀਜ਼ ਕੀਮਤ ਚੁਕਾ ਸਕਣਗੇ ਉਨ੍ਹਾਂ ਦੇ 'ਜੀਨੋਮਜ਼' (ਜੀਨਜ਼ ਦਾ ਪੂਰਾ ਨਕਸ਼ਾ) ਤਿਆਰ ਕੀਤੇ ਜਾਣਗੇ ਤੇ ਫਿਰ ਇਲਾਜ ਕਰਨ ਦੀ ਨੀਤੀ ਵਿੱਢੀ ਜਾਵੇਗੀ। ਉਨ੍ਹਾਂ ਦੇ ਸਰੀਰ ਦੇ ਸੈੱਲਾਂ, ਮਾਲੀਕਿਊਲਜ਼ ਪੱਧਰ ਤੱਕ ਦਾ ਜਾਇਜ਼ਾ ਲੈਣ ਬਾਅਦ ਹੀ ਉਨ੍ਹਾਂ ਦੇ ਖਾਣ-ਪੀਣ ਦੀਆਂ ਸੂਚੀਆਂ ਬਣਾਈਆਂ ਜਾਣਗੀਆਂ। ਜਿਵੇਂ ਕਿ ਦਰਜ਼ੀ ਪੂਰਾ ਮਾਪ ਲੈ ਕੇ ਸੂਟ ਸੀਂਦਾ ਹੈ ਤਿਵੇਂ ਹੀ ਮਰੀਜ਼ ਦਾ ਇਲਾਜ ਡਾਕਟਰ-ਮੇਡ ਹੋਵੇਗਾ। ਯਾਨੀ, ਇਲਾਜ (ਟੂ ਦਾ ਪੁਆਇੰਟ) ਹੋਵੇਗਾ। ਅਜੋਕੇ ਇਲਾਜਾਂ ਦੌਰਾਨ ਦਵਾਈਆਂ ਨੂੰ ਸਰੀਰ ਵਿਚ ਛੱਡ ਦਿੱਤਾ ਜਾਂਦਾ ਹੈ ਤੇ ਦਵਾਈ ਬਿਮਾਰੀ ਵਾਲੀ ਥਾਂ 'ਤੇ ਕਦ ਤੇ ਕਿੰਨੀ ਕੁ ਪਹੁੰਚਦੀ ਹੈ। ...ਤੀਰ-ਤੁੱਕੇ ਵਾਲਾ ਇਲਾਜ ਹੈ।
ਵਧੀਆ ਇਲਾਜ, ਦਵਾਈਆਂ ਦੀ ਜਿਹੜੀ ਗੱਲ ਮੈਂ ਕੀਤੀ ਹੈ, ਇਹ ਸਭ ਕੁਝ ਹਰੇਕ ਪ੍ਰਾਣੀ ਨੂੰ ਉਪਲਬਧ ਹੋਣਾ ਚਾਹੀਦਾ ਹੈ। ਇਹ ਤਾਹੀਉਂ ਸੰਭਵ ਹੈ ਜੇਕਰ ਮੁਲਕ ਵਿਚ ਸਿਆਸੀ ਮਰਜ਼ੀ ਤੇ ਆਰਥਿਕ ਦਮ ਹੈ। ਪਰ ਇਲਾਜਾਂ ਦੀ ਲੱਕ-ਤੋੜ ਲਾਗਤ ਤੇ ਵਧਦੀ ਆਬਾਦੀ, ਖਾਸ ਕਰਕੇ ਬਜ਼ੁਰਗ ਆਬਾਦੀ, ਸਰਕਾਰਾਂ ਤੇ ਡਾਕਟਰਾਂ ਨੂੰ ਮਜਬੂਰ ਕਰ ਰਹੀਆਂ ਨੇ ਕਿ ਇਲਾਜਾਂ, ਦਵਾਈਆਂ ਵਿਚ ਕੁਝ ਅਜਿਹਾ ਬਦਲਾਅ ਲਿਆਂਦਾ ਜਾਵੇਗਾ ਤਾਂ ਜੋ ਇਹ ਹਰ ਸ਼ੈਅ ਆਮ ਜਨਤਾ ਦੀ ਜੇਬ ਮੂਜਬ ਰਹੇ ਅਤੇ ਇਲਾਜਾਂ ਦੌਰਾਨ ਇਨਸਾਨੀ ਸਰੀਰ ਨਾਲ ਅਣਸਰਦੀ ਛੇੜਛਾੜ ਕੀਤੀ ਜਾਵੇ। ਅੱਜ, ਜਦ ਦਿਲ ਦਾ ਰੋਗੀ ਜਾਂ ਸ਼ੂਗਰ ਦਾ ਮਰੀਜ਼ ਡਾਕਟਰ ਨੂੰ ਪੁੱਛਦਾ ਹੈ ਕਿ ਇਹ ਗੋਲੀ ਕਦ ਤੱਕ ਖਾਣੀ ਹੈ ਤਾਂ ਡਾਕਟਰ ਦਾ ਪੋਲਾ ਤੇ ਸੰਖੇਪ ਜਿਹਾ ਜਵਾਬ ਹੁੰਦਾ ਹੈ, 'ਸਾਰੀ ਉਮਰ।' ਮੈਂ ਜਿਸ ਜਿਊਣ ਸ਼ੈਲੀ ਤੇ ਨਜ਼ਰੀਏ ਦੀ ਵਕਾਲਤ ਕਰ ਰਿਹਾ ਹਾਂ, ਉਸ ਵਿਚ ਡਾਕਟਰ ਦੀ ਦੇਖ-ਰੇਖ ਵਿਚ ਰੋਗੀ ਦੀ ਤੱਤ-ਫੱਟ ਤੇ ਸੱਚੀ ਨੀਅਤ ਨਾਲ ਸ਼ਮੂਲੀਅਤ ਜ਼ਰੂਰੀ ਹੈ। ਭਾਵੇਂ ਇਸ ਕਿਸਮ ਦੇ ਇਲਾਜ ਅਜੇ ਦੂਰ ਦੀ ਗੱਲ ਨੇ ਪਰ ਏਨੇ ਵੀ ਦੂਰ ਨਹੀਂ... ਤੁਸੀਂ ਡਾਕਟਰ, ਡਾਈਟੀਸ਼ਨ ਦੀ ਸਲਾਹ ਨਾਲ ਆਪਣੀ ਜਿਊਣ ਸ਼ੈਲੀ ਬਦਲ ਕੇ ਅਜ਼ਮਾ ਸਕਦੇ ਹੋ ਤੇ ਆਪਣੇ ਨਜ਼ਰੀਏ ਨੂੰ ਖੁਸ਼ਗੁਆਰ ਰੱਖ ਸਕਦੇ ਹੋ ਅਤੇ ਦਰਮਿਆਨੇ ਦਰਜੇ ਦੀ ਐਕਸਰਸਾਈਜ਼ ਕਰ ਸਕਦੇ ਹੋ।
ਨਵੀਂ ਖਰੀਦੀ ਕਾਰ ਦਾ ਚਾਅ ਜਾਂ ਕਿਸੇ ਮਿੱਤਰ-ਪਿਆਰੇ ਨਾਲ ਸਬੱਬੀਂ ਮੁਲਾਕਾਤ ਆਦਿ, ਬਹੁਤ ਮਹੀਨ ਖੁਸ਼ੀ ਹੁੰਦੀ ਹੈ ਪਰ ਇਸ ਦੀਆਂ ਛੱਲਾਂ, ਲਹਿਰਾਂ ਤੁਹਾਡੇ ਪੂਰੇ ਜਿਸਮ, ਦਿਮਾਗ, ਨਰਵਸਸਿਸਟਮ, ਸੈੱਲਾਂ, ਮਾਲੀਕਿਊਲਜ਼ ਤੱਕ ਫੈਲ ਜਾਣਗੀਆਂ ਤੇ ਇਸ ਦਾ ਅਸਰ ਤੁਹਾਡੇ ਚੰਗਾ ਮਹਿਸੂਸਣ ਵਿਚ ਇਜ਼ਾਫਾ ਭਰ ਦੇਵੇਗਾ, ਤੁਹਾਨੂੰ ਨਵਿਆ ਦੇਵੇਗਾ, ਤੁਹਾਡੀ ਉਮਰ ਨੂੰ ਅੱਧੀ ਕੁ ਲੰਮੇਰੀ ਕਰ ਦੇਵੇਗਾ, ਤੁਹਾਡੇ ਚਿਹਰੇ 'ਤੇ ਰੌਣਕ ਛਲਕੇਗੀ, ਤੁਹਾਡੀ ਚਮੜੀ ਵਿਚ ਤਾਜ਼ਗੀ ਲਿਆ ਦੇਵੇਗਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਭਜਨਦੀਪ ਨਿਵਾਸ, ਕੋਠੇ ਪੋਨਾ ਰੋਡ, ਜਗਰਾਉਂ-142026.
ਮੋਬਾਈਲ : 97806-66268.

ਭੁੱਲੀਆਂ ਵਿਸਰੀਆਂ ਯਾਦਾਂ

1975 ਵਿਚ ਸਰਬ ਭਾਰਤੀ ਪੰਜਾਬੀ ਕਾਨਫਰੰਸ ਪਹਿਲੀ ਵਾਰ ਸ੍ਰੀਨਗਰ ਕਸ਼ਮੀਰ ਵਿਚ ਹੋਈ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ਼ ਅਬਦੁੱਲਾ ਹਾਜ਼ਰ ਸਨ। ਇਸ ਕਰਕੇ ਸਰਬ ਭਾਰਤੀ ਪੰਜਾਬੀ ਕਾਨਫਰੰਸ ਹੋ ਨਿਬੜੀ ਸੀ। ਜੂਨ-ਜੁਲਾਈ ਗਰਮੀਆਂ ਦੇ ਦਿਨ ਸਨ। ਨਿੱਕੇ-ਵੱਡੇ ਸਭ ਸਾਹਿਤਕਾਰ ਇਸ ਕਾਨਫਰੰਸ ਵਿਚ ਸ਼ਾਮਲ ਸਨ। ਉਸ ਵਕਤ ਕੇਂਦਰੀ ਲਿਖਾਰੀ ਸਭਾ ਜਲੰਧਰ ਦੇ ਪ੍ਰਧਾਨ ਡਾ: ਸਾਧੂ ਸਿੰਘ ਹਮਦਰਦ ਸਨ। ਇਸ ਕਰਕੇ ਹਮਦਰਦ ਜੀ ਨੇ ਸਾਰੇ ਸਾਹਿਤਕਾਰਾਂ ਨੂੰ ਸੱਦਾ ਦਿੱਤਾ ਸੀ। ਪ੍ਰਿੰ: ਸੰਤ ਸਿੰਘ ਸੇਖੋਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਸ: ਸੂਬਾ ਸਿੰਘ, ਡਾ: ਅਤਰ ਸਿੰਘ, ਸ: ਅਮਰੀਕ ਸਿੰਘ ਪੂਨੀ, ਡਾ: ਜੀਤ ਸਿੰਘ ਸੀਤਲ, ਡਾ: ਕੁਲਬੀਰ ਸਿੰਘ ਕਾਂਗ, ਸ: ਗੁਰਦਿਆਲ ਸਿੰਘ ਤੇ ਮੁਖ਼ਤਾਰ ਗਿੱਲ ਪ੍ਰੀਤ ਨਗਰ, ਇਹ ਸਾਰੇ ਪੰਜਾਬ ਵੱਲੋਂ ਸਨ। ਇਸ ਤਰ੍ਹਾਂ ਹੀ ਜੰਮੂ-ਕਸ਼ਮੀਰ ਦੇ ਬਹੁਤ ਸਾਰੇ ਸਾਹਿਤਕਾਰ ਸ਼ਾਮਿਲ ਹੋਏ ਸਨ।
ਇਹ ਕਾਨਫਰੰਸ ਤਿੰਨ ਦਿਨ ਚੱਲੀ ਸੀ। ਇਹ ਵੇਖ ਕੇ ਕਸ਼ਮੀਰੀ ਹੈਰਾਨ ਹੋ ਗਏ ਸਨ। ਏਨੇ ਪੰਜਾਬੀ ਇਸ ਕਾਨਫਰੰਸ 'ਤੇ ਆ ਕਿਸ ਤਰ੍ਹਾਂ ਗਏ ਹਨ। ਪੰਜਾਬ ਦੇ ਸਾਰੇ ਸਾਹਿਤਕਾਰ ਇਹ ਵੇਖ ਕੇ ਹੈਰਾਨ ਹੋਏ ਕਿ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਆਪਣੀ ਨਿੱਜੀ ਕਾਰ 'ਚ ਆਇਆ ਤੇ ਵਜ਼ੀਰ ਸਾਰੇ ਤਾਂਗਿਆਂ 'ਤੇ ਆਏ ਹਨ।
ਤਿੰਨ ਦਿਨ ਸਾਹਿਤਕਾਰਾਂ ਨੇ ਕਾਨਫਰੰਸ ਵਿਚ ਸ਼ਮੂਲੀਅਤ ਦੇ ਨਾਲ-ਨਾਲ ਸ੍ਰੀਨਗਰ ਦੀਆਂ ਖ਼ੂਬ ਸੈਰਾਂ ਕੀਤੀਆਂ। ਇਸ ਕਾਨਫਰੰਸ 'ਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਵੀ ਕੰਜੂਸੀ ਨਹੀਂ ਸੀ ਵਰਤੀ। ਖੁੱਲ੍ਹੇ ਦਿਲ ਨਾਲ ਮਾਇਆ ਦਿੱਤੀ ਸੀ। ਇਸ ਤਰ੍ਹਾਂ ਦੀ ਫੇਰ ਕਦੀ ਕਸ਼ਮੀਰ ਵਿਚ ਪੰਜਾਬੀ ਕਾਨਫ਼ਰੰਸ ਨਹੀਂ ਹੋਈ। ਉਸ ਸਮੇਂ ਦੇ ਦੋਵੇਂ ਮੁੱਖ ਮੰਤਰੀ ਮਿਲਣਸਾਰ ਸਨ।

ਮੋਬਾਈਲ : 98767-41231

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-3

ਯਾਦਗਾਰਾਂ ਦੇਖਦਿਆਂ ਆਨੰਦਮਈ ਅਨੁਭਵ ਹੋਇਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਪੂਰਥਲਾ ਵਿਚਲੀਆਂ ਯਾਦਗਾਰਾਂ ਨੂੰ ਦੇਖਦਿਆਂ, ਜਾਦੂਈ ਰਹੱਸ ਨੂੰ ਉਘਾੜਦਿਆਂ ਇਕ ਬਹੁਤ ਹੀ ਆਨੰਦਮਈ ਅਨੁਭਵ ਪ੍ਰਾਪਤ ਹੋਇਆ। ਮੂਰ ਮਸੀਤ ਅਤੇ ਸਟੇਟ ਦਰਬਾਰ ਹਾਲ ਤੋਂ ਇਲਾਵਾ, ਅਸੀਂ ਮਹਾਨ ਸੰਗੀਤਕਾਰ ਤਾਨ ਸੇਨ ਦੇ ਖਾਨਦਾਨ (ਔਲਾਦ) ਵਿਚਲੇ ਮੀਰ ਨਾਸਿਰ ਅਹਿਮਦ ਅਤੇ ਪੀਰ ਚੌਧਰੀ ਦੀ ਦਰਗਾਹ ਵੀ ਦੇਖੀ, ਜੋ ਫਿਰਕੂ ਸਾਂਝ ਦਾ ਬਹੁਤ ਹੀ ਸੁਖਦਾਈ ਨਮੂਨਾ ਹੈ।
ਮੂਰ ਮਸੀਤ
ਅਸੀਂ ਬਹੁਤ ਹੀ ਪ੍ਰਭਾਵਸ਼ਾਲੀ ਮੂਰ ਮਸੀਤ ਵੱਲ ਕਾਰ ਵਿਚ ਗਏ, ਜੋ ਮੋਰਾਕੋ ਦੀ ਭਵਨ ਕਲਾ ਦਾ ਬਹੁਤ ਹੀ ਸੁੰਦਰ ਨਮੂਨਾ ਹੈ ਜੋ ਮਹਾਰਾਜਾ ਜਗਤਜੀਤ ਸਿੰਘ ਦੀ ਧਰਮ-ਨਿਰਪੇਖਤਾ ਦੀ ਗਵਾਹੀ ਦਿੰਦਾ ਹੈ। ਸਾਂਭ-ਸੰਭਾਲ ਨਾ ਹੋਣ, ਦੇਖਣ ਆਉਣ ਵਾਲਿਆਂ ਦੀ ਅਣਹੋਂਦ ਅਤੇ ਕੇਵਲ ਕੁਝ ਤਾਸ਼ ਖੇਡ ਰਹੇ ਲੋਕਾਂ ਦੀ ਹਾਜ਼ਰੀ ਨੇ ਸਾਡਾ ਉਤਸ਼ਾਹ ਠੰਢਾ ਨਾ ਕੀਤਾ। ਮੋਰਾਕੋ ਦੀ ਕੁਤਬੀਆ ਗਰੈਂਡ ਮਸਜਿਦ, ਜੋ ਮੋਰਾਕੋ ਦਾ ਬਹੁਤ ਹੀ ਸ਼ਾਨਦਾਰ ਭਵਨ ਨਿਰਮਾਣ ਹੈ, ਦੀ ਭਵਨ ਕਲਾ ਦੇ ਆਧਾਰ 'ਤੇ ਨਿਰਮਾਣ ਕੀਤੀ ਹੋਈ ਇਹ ਮਸੀਤ, ਭਾਵੇਂ ਸੀਮਿਤ ਕਲਾ-ਕੌਸ਼ਲ ਦਾ ਪ੍ਰਗਟਾਅ ਹੀ ਕਰਦੀ ਹੈ ਪਰ ਹੈ ਬਹੁਤ ਹੀ ਹੈਰਾਨਕੁਨ। ਇਹ ਇੱਟਾਂ ਦੀ ਚਿਣਾਈ ਨਾਲ ਬਣਾਈ ਹੋਈ ਹੈ। ਇਸ ਉੱਪਰ ਕੋਈ ਗੁੰਬਦ ਨਹੀਂ ਹੈ, ਜਿਸ ਦੀ ਪ੍ਰਵੇਸ਼ ਦੁਆਰ ਤੋਂ ਅੱਗੇ ਦੀ ਪੱਧਰੀ ਛੱਤ ਹੈ ਤੇ ਇਕੋ ਇਕ ਘਣਾਕਾਰ ਮੀਨਾਰ ਹੈ ਜੋ ਪ੍ਰਵੇਸ਼ ਦੁਆਰ ਦੇ ਸੱਜੇ ਪਾਸੇ ਹੈ। ਇਹ ਨਿਸ਼ਚੇ ਹੀ ਭਾਰਤੀ-ਇਸਲਾਮੀ ਭਵਨ ਕਲਾ ਤੋਂ ਵੱਖਰੀ ਹੈ, ਜਿਸ ਵਿਚ ਗੁੰਬਦ ਬਣੇ ਹੁੰਦੇ ਹਨ।
ਅਸੀਂ ਇਕ ਸੰਗਮਰਮਰ ਦੀ ਸਿੱਲ੍ਹ ਦੇ ਕੋਲ ਆਏ ਜੋ ਕੰਧ ਵਿਚ ਗੱਡੀ ਹੋਈ ਹੈ ਤੇ ਸੰਖੇਪ ਤੌਰ 'ਤੇ ਮਹਾਰਾਜਾ ਜਗਤਜੀਤ ਸਿੰਘ ਦੇ ਆਦੇਸ਼ 'ਤੇ 1926 ਵਿਚ ਸ਼ੁਰੂ ਕਰਕੇ ਚਾਰ ਸਾਲ ਮਗਰੋਂ ਚਾਰ ਲੱਖ ਦੇ ਖਰਚੇ ਨਾਲ ਬਣਵਾਈ ਗਈ । ਮੈਂ ਉਸੇ ਥਾਂ ਖੜ੍ਹੀ ਸਾਂ ਜਿੱਥੇ 74 ਸਾਲ ਪਹਿਲਾਂ ਹਿਜ਼ ਹਾਈਨੈਸ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਜੀ ਖੜ੍ਹੇ ਹੋਏ ਸਨ ਤੇ ਉਨ੍ਹਾਂ ਦੇ ਨਾਲ ਹਿਜ਼ ਹਾਈਨੈਸ ਨਵਾਬ ਬਹਾਵਲਪੁਰ-ਸਾਦਿਕ ਮੁਹੰਮਦ ਖ਼ਾਨ ਬਹਾਦਰ ਇਕ ਲੱਖ ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਇਸ ਮਸਜਿਦ ਦੀ ਉਦਘਾਟਨੀ ਰਸਮ ਲਈ ਖੜ੍ਹੇ ਸਨ। ਇਹ ਮੋਰਾਕੋ ਦੀ ਗ੍ਰੈਂਡ ਮਸਜਿਦ ਦਾ ਹੀ ਨਵ-ਨਿਰਮਿਤ ਰੂਪ ਸੀ।
ਇਸ ਤੋਂ ਮਗਰੋਂ ਅਸੀਂ ਇਕ ਬਹੁਤ ਵੱਡੇ ਅਹਾਤੇ ਵਿਚ ਪ੍ਰਵੇਸ਼ ਕੀਤਾ ਜੋ ਚਮਕਾਂ ਮਾਰਦੇ ਸਫ਼ੇਦ ਸੰਗਮਰਮਰ ਦਾ ਬਣਿਆ ਹੋਇਆ ਹੈ। ਕੇਵਲ ਇਹੀ ਭਾਗ ਸੀ ਜੋ ਪੱਥਰ ਨਾਲ ਸਜਾਇਆ ਹੋਇਆ ਸੀ। ਅਸੀਂ ਇਸ ਉਪਰੋਂ ਬਹੁਤ ਸਾਰੀਆਂ ਘੋੜੇ ਦੀ ਨਾਲ ਦੀ ਸ਼ਕਲ ਦੀਆਂ ਬਣੀਆਂ ਮਿਹਰਾਬਾਂ ਦੇ ਹੇਠੋਂ ਦੀ ਲੰਘ ਕੇ ਮਸਜਿਦ ਤੱਕ ਪੁੱਜੇ, ਜਿਸ ਦਾ ਵੱਡਾ ਲੰਬੂਤਰੀ ਸ਼ਕਲ ਦਾ ਹਾਲ ਕਮਰਾ ਅਨੰਦ ਤੇ ਸ਼ਾਂਤੀ ਦੀ ਗਵਾਹੀ ਭਰਦਾ ਸੀ। ਪਰ ਅਫ਼ਸੋਸ ਕਿ ਇਹ ਵੀ ਸਾਂਭ-ਸੰਭਾਲ ਤੋਂ ਸੱਖਣਾ ਸੀ। ਦੀਵਾਰਾਂ ਉੱਪਰ, ਫ਼ਰਸ਼ ਤੋਂ ਲੈ ਕੇ ਛੱਤ ਤੱਕ ਬਹੁਤ ਸੁੰਦਰ ਇਸਲਾਮਿਕ ਨੱਕਾਸ਼ੀ ਦਿਸ ਰਹੀ ਸੀ। ਹਰਾ ਅਤੇ ਨੀਲਾ-ਸਲੇਟੀ ਰੰਗ ਮੱਧਮ ਪੈ ਗਿਆ ਹੋਇਆ ਹੈ, ਜੋ ਕਦੇ ਫ਼ਿਰੋਜ਼ੀ ਰੰਗ ਹੋਵੇਗਾ। ਅੰਦਰ ਵਾਲੇ ਗੁੰਬਦ ਦੀ ਸੁੰਦਰ ਫੁੱਲਦਾਰ ਸਜਾਵਟ ਵਰਨਣਯੋਗ ਹੈ, ਜੋ ਕਦੇ ਮੇਓ ਸਕੂਲ ਆਫ਼ ਆਰਟਸ ਲਾਹੌਰ ਦੀ ਕਾਰਗੁਜ਼ਾਰੀ ਨਾਲ ਬਣੀ ਸੀ। ਪੈਰਿਸ ਪਲਾਸਟਰ ਨਾਲ ਕੀਤਾ ਹੋਇਆ ਕੰਮ ਹੁਣ ਕਾਲਾ ਹੁੰਦਾ ਜਾ ਰਿਹਾ ਹੈ ਅਤੇ ਨਮੂਨੇ ਨੂੰ ਚੰਗੀ ਤਰ੍ਹਾਂ ਪਛਾਣਨਾ ਮੁਸ਼ਕਿਲ ਹੋ ਗਿਆ ਹੈ।
ਕਪੂਰਥਲਾ ਰਿਆਸਤ ਦੇ ਫ਼ਰਾਂਸੀਸੀ ਕਲਾ ਭਵਨ ਦੇ ਸੁੰਦਰ ਪੱਖਾਂ ਨੂੰ ਮੁਖ ਰੱਖਦੇ ਹੋਏ ਇਸ ਦਾ ਨਕਸ਼ਾ ਅਤੇ ਨਿਰਮਾਣ ਕਾਰਜ ਇਕ ਫ਼ਰੈਂਚ ਆਰਕੀਟੈਕਟ ਮੌਨਸ਼ੀਅਰ ਮਾਨਟੀਐਕਸ ਦੁਆਰਾ ਹੀ ਹੋਇਆ ਸੀ। ਦੇਸ਼ ਦੀ ਵੰਡ ਤੋਂ ਪਹਿਲੇ ਦਿਨਾਂ ਵਿਚ, ਪੰਚ ਮੰਦਿਰ ਦੀ ਤਰ੍ਹਾਂ ਇਸ ਦੇ ਲੱਕੜੀ ਦੇ ਕੰਮ ਦਾ ਨਮੂਨਾ ਵੀ ਪੰਜਾਬ ਮਿਊਜ਼ੀਅਮ ਲਾਹੌਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਰੱਖਿਆ ਹੋਇਆ ਸੀ। ਅੱਜ ਇਹ ਭਾਰਤੀ ਪੁਰਾਤਤਵ ਵਿਭਾਗ (ਆਰਕਿਆਲੋਜੀਕਲ ਸਰਵੇ ਆਫ਼ ਇੰਡੀਆ) ਦੁਆਰਾ ਸੁਰੱਖਿਅਤ ਯਾਦਗਾਰ ਵਜੋਂ ਸੰਭਾਲੀ ਹੋਈ ਹੈ। ਮਹਾਰਾਜਾ ਕਪੂਰਥਲਾ, ਬ੍ਰਿਗੇਡੀਅਰ ਸੁਖਜੀਤ ਸਿੰਘ ਅਨੁਸਾਰ, ਮੂਰਿਸ਼ ਮਸਜਿਦ ਦੱਖਣ ਪੂਰਬ ਏਸ਼ੀਆ ਦੀ ਇਕ ਵਿਲੱਖਣ ਯਾਦਗਾਰ ਹੈ ਜਿਸ ਨੂੰ ਸੰਭਾਲਣ ਲਈ ਯੂਨੈਸਕੋ ਅਤੇ ਇਨਟੈਕ (ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਵਰਗੀਆਂ ਸੰਸਥਾਵਾਂ ਦੇ ਮਾਹਿਰਾਂ ਦੀ ਲੋੜ ਹੈ ਤਾਂ ਜੋ ਇਨ੍ਹਾਂ ਦੀ ਪੁਰਾਤਨ ਸ਼ਾਨੋ-ਸ਼ੌਕਤ ਬਹਾਲ ਹੋ ਸਕੇ ਕਿਉਂਕਿ ਹੁਣ ਤਕ ਤਾਂ ਸੀਮਤ ਯਤਨ ਹੀ ਕੀਤੇ ਜਾ ਸਕੇ ਹਨ, ਸੰਭਾਲ ਖ਼ਾਤਿਰ।
ਅਸੀਂ 12ਵੀਂ ਸਦੀ ਵਿਚ ਬਣੀ ਬੜੀ ਦੂਰ ਕੁਤਬੀਆ ਮਸਜਿਦ, ਮੋਰਾਕੋ ਦਾ ਪੰਜਾਬ ਵਿਚ ਵੀਹਵੀਂ ਸਦੀ ਵਿਚ ਬਣੀ ਮਸਜਿਦ ਦੇ ਨਾਲ ਤੁਲਨਾ ਦੀਆਂ ਗੱਲਾਂ ਕਰਦੇ ਬਾਹਰ ਨਿਕਲੇ।
ਸਟੇਟ ਦਰਬਾਰ ਹਾਲ
ਫਿਰ ਅਸੀਂ ਹੋਰ ਅੱਗੇ ਕਾਰ ਵਿਚ ਬਹੁਤ ਹੀ ਸ਼ਾਨਦਾਰ ਅਤੇ ਇਤਿਹਾਸਕ ਦਰਬਾਰ ਹਾਲ ਵੱਲ ਗਏ ਜਿਸ ਵਿਚ ਅੱਜਕਲ੍ਹ ਜ਼ਿਲ੍ਹਾ ਕਚਹਿਰੀ ਜਾਂ ਡਿਸਟਰਿਕ ਕੋਰਟ ਬਣੇ ਹੋਏ ਹਨ, ਜੋ ਸ਼ਹਿਰ ਦੇ ਸ਼ੋਰ-ਸ਼ਰਾਬੇ ਦੇ ਬਿਲਕੁਲ ਵਿਚਕਾਰ ਹੈ। ਇਹ ਬਹੁਤ ਹੀ ਸੁੰਦਰ ਲਾਲ ਇੱਟਾਂ ਦੀ ਚਿਣਾਈ ਵਾਲੀ ਇਮਾਰਤ 1889 ਵਿਚ ਮੁਕੰਮਲ ਹੋਈ ਸੀ, ਜਿਸ ਦਾ ਬਹੁਤ ਹੀ ਸੁੰਦਰ ਗੁੰਬਦ ਅਤੇ ਪੂਰਬੀ ਯੂਰਪੀ ਢੰਗ ਦਾ ਪੱਥਰ ਜਾਲੀ ਅਤੇ ਲੱਕੜ ਜਾਲੀ ਦਾ ਕੰਮ ਦੇਖਿਆਂ ਹੀ ਬਣਦਾ ਹੈ। ਦਰਵਾਜ਼ੇ ਅਤੇ ਖਿੜਕੀਆਂ ਇਸਲਾਮਿਕ ਢੰਗ ਦੀਆਂ ਹਨ। ਬਾਹਰ ਦੇ ਸੰਭਾਲਹੀਣ ਬਾਗ਼ ਵਿਚ ਮੈਨੂੰ ਫ਼ੋਟੋਗ੍ਰਾਫ਼ੀ ਲਈ ਬਹੁਤ ਚੰਗੀ ਥਾਂ ਜਾਪੀ ਜਿੱਥੇ ਰਾਜਾ ਰਣਧੀਰ ਸਿੰਘ ਦਾ ਕਾਂਸੀ ਦਾ ਬੁਤ ਬਣਿਆ ਹੋਇਆ ਹੈ। ਕਦੇ ਇਸ ਦੇ ਪਿਛਵਾੜੇ ਬਹੁਤ ਸ਼ਾਨਦਾਰ ਦਰਬਾਰ ਹਾਲ ਅਤੇ ਇਸ ਦਾ ਬਹੁਤ ਹੀ ਸੁੰਦਰ ਅਤੇ ਵਿਸ਼ਾਲ ਲੱਕੜੀ ਦਾ ਪ੍ਰਵੇਸ਼ ਦੁਆਰ ਹੁੰਦਾ ਸੀ। ਹੁਣ ਵਾਲੇ ਮਹਾਰਾਜਾ ਕਪੂਰਥਲਾ ਦਾ ਕਹਿਣਾ ਹੈ ਕਿ ਸਵਰਗਵਾਸੀ ਮਹਾਰਾਜਾ ਕਪੂਰਥਲਾ ਦੇ ਘੋੜ-ਸਵਾਰੀ ਵਾਲੇ ਕਾਂਸੀ ਦੇ ਬੁੱਤ ਨੂੰ ਇਨਟੈਕ (ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ), ਦਿੱਲੀ ਵੱਲੋਂ ਪੂਰੀ ਤਰ੍ਹਾਂ ਪੁਰਾਣੇ ਰੂਪ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਹੋਰ ਵੀ ਯਾਦਗਾਰਾਂ ਨੂੰ ਇਸੇ ਤਰ੍ਹਾਂ ਪੁਨਰਜੀਵਿਤ ਕਰਨ ਦੇ ਕਾਰਜਾਂ ਹਿਤ ਵੀ ਮਸ਼ਵਰੇ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਵਿਸ਼ਾਲ ਦਰਬਾਰ ਹਾਲ ਨੂੰ ਪੰਜਾਬ ਰਾਜ ਦਾ ਤਵਾਰੀਖ਼ੀ ਆਰਕਾਈਵਜ਼ (ਸੰਗ੍ਰਹਿ ਆਲਿਆ) ਬਣਾ ਦਿੱਤਾ ਜਾਵੇ। ਉਨ੍ਹਾਂ ਦਾ ਇਹ ਵੀ ਸੁਝਾਅ ਹੈ ਕਿ ਸਟੇਟ ਰੈਵੈਨਿਊ ਅਤੇ ਤਵਾਰੀਖ਼ੀ ਆਰਕਾਈਵਜ਼ ਨੂੰ ਵੱਖ-ਵੱਖ ਕਰ ਦਿੱਤਾ ਜਾਵੇ ਅਤੇ ਤਵਾਰੀਖੀ ਆਰਕਾਈਵਜ਼ ਨੂੰ ਇਸ ਵਿਰਾਸਤੀ ਭਵਨ ਵਿਚ ਲਿਆਂਦਾ ਜਾਵੇ ਜਿੱਥੇ ਪੰਜਾਬ ਦੇ ਹਰ ਇਕ ਜ਼ਿਲ੍ਹੇ ਵਾਸਤੇ ਜਗ੍ਹਾ ਬਣਾਈ ਜਾਵੇ ਜਿੱਥੇ ਖੋਜ ਕਾਰਜ (ਰਿਸਰਚ) ਦਾ ਪ੍ਰਬੰਧ ਵੀ ਹੋਵੇ। ਨਾਲ ਹੀ ਇਸ ਸਥਾਨ ਨੂੰ ਏਅਰ ਕੰਡੀਸ਼ਨਡ ਕੀਤਾ ਜਾਵੇ ਤਾਂ ਜੋ ਕੋਮਲ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ, ਇਸ ਸਰਵਉੱਤਮ ਖੋਜ ਲਾਇਬ੍ਰੇਰੀ-ਨੁਮਾਇਸ਼ ਘਰ ਵਿਚ। ਇਥੇ ਸਾਰੀਆਂ ਹੀ ਰਿਪ੍ਰੋਗ੍ਰਾਫਿਟਕ ਅਤੇ ਸੁਰਖਿਅਤ ਰੱਖਣ ਦੀਆਂ ਸਹੂਲਤਾਂ ਹੋਣ, ਸਾਰੀਆਂ ਇਕੋ ਹੀ ਥਾਂ 'ਤੇ।
ਉਦਾਸ ਚਿੱਤ ਹੋ ਮੈਂ ਇਸ ਦੀ ਤੁਲਨਾ 1900 ਦੇ ਕਪੂਰਥਲਾ ਕੈਟਾਲਾਗ ਨਾਲ ਕੀਤੀ। ਕਚਹਿਰੀ ਨੂੰ ਤਾਂ ਜ਼ਰੂਰ ਹੀ ਇਥੋਂ ਕਿਸੇ ਹੋਰ ਥਾਂ ਲੈ ਜਾਣਾ ਚਾਹੀਦਾ ਹੈ ਜਿਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਅਤੇ ਇਸ ਸ਼ਾਨਦਾਰ ਯਾਦਗਾਰੀ ਭਵਨ ਦੀ ਮੁੜ ਕੇ ਸ਼ਾਨੋ-ਸ਼ੌਕਤ ਕਾਇਮ ਕੀਤੀ ਜਾਵੇ।
ਵਿਸ਼ੇਸ਼ ਟਿੱਪਣੀ : ਮੇਰੇ ਇਥੇ ਆਉਣ ਦੇ ਮਗਰੋਂ, ਮੈਨੂੰ ਇਹ ਕਹਿੰਦੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸੁੰਦਰ ਸਥਾਨ ਦੀ ਪੂਰੀ ਤਰ੍ਹਾਂ ਬਹਾਲੀ ਕਰ ਦਿੱਤੀ ਗਈ ਹੈ ਅਤੇ ਇਥੇ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ ਵਧ ਰਹੀ ਹੈ। ਨਾਲ ਹੀ ਕਚਹਿਰੀਆਂ ਨੂੰ ਇਥੋਂ (ਦਰਬਾਰ ਹਾਲ ਤੋਂ) ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

\ਮੋਬਾਈਲ : 98140-97116
-ਈਮੇਲ : seemaanandchopra@gmail.com

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਾਪਾਨ ਬਾਰੇ ਲਿਖੇ ਆਪਣੇ ਸਫ਼ਰਨਾਮੇ ਨੂੰ ਮੈਂ 'ਕੁਕਨੂਸ ਦੇ ਅੰਗ-ਸੰਗ' ਦਾ ਨਾਂਅ ਦਿੱਤਾ ਸੀ। ਕਹਿੰਦੇ ਹਨ ਕਿ ਕੁਕਨੂਸ (ਅੰਗਰੇਜ਼ੀ ਵਿਚ 'ਫ਼ਨਿਕਸ') ਨਾਂਅ ਦਾ ਕੋਈ ਪੰਛੀ ਮਰਨ ਮੌਕੇ ਸਵੈ-ਉਤਪਨ ਅੱਗ ਵਿਚ ਸੜ ਕੇ ਸੁਆਹ ਹੋ ਜਾਂਦਾ ਹੈ। ਫਿਰ ਉਸ ਦੀ ਰਾਖ਼ ਵਿਚੋਂ ਇਕ ਨੰਨਾ ਕੁਕਨੂਸ ਜੰਮ ਉਠਦਾ ਹੈ। ਕੁਕਨੂਸ ਤਾਂ ਇਕ ਮਿਥਿਹਾਸਕ ਪੰਛੀ ਹੈ, ਪ੍ਰੰਤੂ ਹੀਰੋਸ਼ੀਮਾ ਨੇ ਆਪਣੀ ਰਾਖ਼ ਵਿਚੋਂ ਪੁਨਰ ਜਨਮ ਲੈ ਕੇ ਮਿਥਿਹਾਸ ਨੂੰ ਇਤਿਹਾਸ ਵਿਚ ਬਦਲ ਦਿੱਤਾ ਹੈ। ਐਟਮ ਬੰਬ ਡੋਮ ਵਾਲੀ ਬੰਬ ਪ੍ਰਭਾਵਿਤ ਬਿਲਡਿੰਗ ਤੋਂ ਬਿਨਾਂ ਉਸ ਦਿਨ ਦੀ ਕੋਈ ਵੀ ਤਬਾਹੀ ਤੁਹਾਨੂੰ ਨਜ਼ਰ ਨਹੀਂ ਆਉਂਦੀ।
ਐਟਮ ਬੰਬ ਨੂੰ ਤਿਆਰ ਕਰਨ ਤੋਂ ਲੈ ਕੇ ਬੰਬ ਸੁੱਟਣ ਤੱਕ ਦੇ ਮਹਾਂ-ਕਾਰਜ ਵਿਚ ਆਈਨਸਟਾਈਨ, ਓਪਨਹੀਮਰ, ਸਾਇੰਸਦਾਨ ਸਿਜ਼ਲਾਰਡ, ਜਨਰਲ ਗਰੂਵਜ਼, ਜਨਰਲ ਟੌਮਸ ਹੈਂਡੀ ਅਤੇ ਸਭ ਤੋਂ ਵੱਧ ਰਾਸ਼ਟਰਪਤੀ ਟਰੂਮੈਨ ਵਰਗੀਆਂ ਸ਼ਖ਼ਸੀਅਤਾਂ ਨੂੰ ਪਾਸੇ ਰੱਖ ਕੇ ਸਭ ਤੋਂ ਵੱਧ ਕਸੂਰਵਾਰ ਬੰਬਾਰ ਜਹਾਜ਼ ਦੇ ਪਾਇਲਟ ਨੂੰ ਸਮਝਣਾ ਮਨੁੱਖੀ ਮਾਨਸਿਕਤਾ ਹੈ। ਭਾਵੇਂ ਕਿ ਕਰਨਲ ਟਿਬਟਸ ਇਸ ਘਟਨਾ ਤੋਂ ਬਾਅਦ 62 ਸਾਲ ਜੀਵਿਆ ਅਤੇ 92 ਸਾਲ ਦੀ ਉਮਰ ਵਿਚ 2007 ਵਿਚ ਮਰਿਆ, ਪਰ ਬਹੁਤ ਸਾਰੇ ਲੋਕਾਂ ਨੂੰ ਉਸ ਨਾਲ ਚਿੜ ਸੀ ਤੇ ਅੱਜ ਵੀ ਹੈ। ਸੰਨ 1964 ਵਿਚ ਉਸ ਦੀ ਨਿਯੁਕਤੀ ਭਾਰਤ ਵਿਚ ਮਿਲਟਰੀ ਅਟੈਚੀ ਦੇ ਤੌਰ 'ਤੇ ਕੀਤੀ ਗਈ ਪਰ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਇਹ ਨਿਯੁਕਤੀ ਸਿਰੇ ਨਾ ਚੜ੍ਹ ਸਕੀ। (ਵਿਕੀਪੀਡੀਆ ਗ਼ਲਤ ਲਿਖਦਾ ਹੈ ਕਿ ਉਸ ਨੇ 22 ਮਹੀਨੇ ਇਸ ਪੋਸਟ 'ਤੇ ਕੰਮ ਕੀਤਾ)।
ਅਫ਼ਸੋਸ ਕਿ ਐਡੇ ਵੱਡੇ ਦੁਖਾਂਤ ਤੋਂ ਬਾਅਦ ਵੀ ਕੌਮਾਂ ਨੇ ਆਪਣੀਆਂ ਖਹਿਬਾਜ਼ੀਆਂ ਅਤੇ ਹੈਂਕੜਬਾਜ਼ੀਆਂ ਕਾਇਮ ਰੱਖੀਆਂ ਹਨ। ਸਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਗੁਆਂਢੀ ਦੇਸ਼ਾਂ ਨਾਲ ਸਬੰਧ ਤਿੜਕੇ ਹੀ ਰਹਿੰਦੇ ਹਨ। ਭਾਰਤ-ਪਾਕਿਸਤਾਨ ਖਿਚੋਤਾਣ ਹੀਰੋਸ਼ੀਮਾ ਮਿਊਜ਼ੀਅਮ ਵਿਚ ਵੀ ਝਲਕਦੀ ਹੈ। ਪੋਖਰਾਨ ਵਿਚ ਕੀਤੇ ਗਏ ਐਟਮੀ ਪ੍ਰਯੋਗ ਨੂੰ ਮਿਊਜ਼ੀਅਮ ਵਿਚ ਖੂਬ ਨੁਮਾਇਆ ਕੀਤਾ ਗਿਆ ਹੈ। ਕਈ ਵੀਡੀਓ ਮਸ਼ੀਨਾਂ ਦੀ ਰਿਕਾਰਡਿੰਗ ਹਿੰਦੀ ਵਿਚ ਸੁਣੇ ਜਾਣ ਦੀ ਵਿਵਸਥਾ ਹੈ।
ਪਾਰਕ ਤੋਂ ਤੁਰਨ ਲੱਗਿਆਂ ਮੈਂ ਡੂੰਘਾ ਹਓਕਾ ਭਰਿਆ। ਸਾਹਮਣਿਓਂ ਕੁਝ ਸਕੂਲੀ ਬੱਚੇ ਮੇਰੇ ਵੱਲ ਆ ਰਹੇ ਸਨ। ਉਨ੍ਹਾਂ ਮੈਨੂੰ ਆਪਣੀਆਂ ਪ੍ਰੋਜੈਕਟ ਕਾਪੀਆਂ ਵਿਚ ਵਿਸ਼ਵ ਸ਼ਾਂਤੀ ਸਬੰਧੀ ਕੁਝ ਲਿਖਣ ਨੂੰ ਕਿਹਾ। ਬੱਚੇ ਤਾਂ ਹਰ ਥਾਂ ਹੀ ਬੜੇ ਪਿਆਰੇ ਹੁੰਦੇ ਹਨ ਪਰ ਜਾਪਾਨੀ ਬੱਚੇ ਅਤੇ ਖ਼ਾਸ ਤੌਰ 'ਤੇ ਟੋਕੀਓ-ਓਸਾਕਾ ਦੇ ਮੁਕਾਬਲੇ ਹੀਰੋਸ਼ੀਮਾ ਦੇ ਬੱਚੇ ਮੈਨੂੰ ਹੋਰ ਵੀ ਦੁਲਾਰੇ ਲੱਗ ਰਹੇ ਸਨ। ਜਾਪਾਨੀ ਬੱਚੇ ਬਜ਼ੁਰਗਾਂ ਨੂੰ ਵੈਸੇ ਵੀ ਬਾਕੀ ਦੁਨੀਆ ਮੁਕਾਬਲੇ ਵੱਧ ਪਿਆਰ-ਸਤਿਕਾਰ ਦਿੰਦੇ ਹਨ। ਮੈਂ ਬੱਚਿਆਂ ਦੀਆਂ ਕਾਪੀਆਂ 'ਤੇ ਖੁਸ਼ਖ਼ਤ ਵਿਚ ਕੁਝ ਚੰਗੀਆਂ-ਚੰਗੀਆਂ ਗੱਲਾਂ ਲਿਖੀਆਂ। ਇਹ ਵੀ ਲਿਖਿਆ ਕਿ ਮੈਂ 6 ਅਗਸਤ ਕਦੀ ਨਹੀਂ ਭੁੱਲਾਂਗਾ... ਮੈਂ ਸਟਰੀਟ ਕਾਰ ਦੇ ਹਾਲਟ ਸਟੇਸ਼ਨ ਵੱਲ ਤੁਰਦਿਆਂ ਇਕ ਵਾਰ ਫਿਰ ਪਿੱਛੇ ਮੁੜ ਕੇ ਵੇਖਿਆ, ਮੇਰੀਆਂ ਅੱਖਾਂ ਵਿਚ ਪਾਣੀ ਭਰ ਆਇਆ, ਮਿਊਜ਼ੀਅਮ ਵਿਚ ਪਿਆ ਲੰਚ-ਬਾਕਸ, ਵਾਟਰ ਬੋਤਲ ਤੇ ਬੇਬੀ ਸਾਈਕਲ ਵਾਰ-ਵਾਰ ਆਪਣੀ ਕਹਾਣੀ ਸੁਣਾਉਂਦੇ ਮੇਰੀਆਂ ਅੱਖਾਂ ਸਾਹਮਣੇ ਆ ਰਹੇ ਸਨ। ਖੰਡਰਾਂ ਵਿਚੋਂ 'ਗੁਆਚੇ ਲਾਲ' ਲੱਭਦੀਆਂ ਜਾਪਾਨੀ ਮਾਵਾਂ ਦਾ ਦ੍ਰਿਸ਼ ਮੇਰੇ ਮਨ-ਮਸਤਕ ਵਿਚ ਉਭਰ-ਉਭਰ ਆਉਂਦਾ ਸੀ। ਮੇਰੇ ਨਾਲ-ਨਾਲ ਤੁਰ ਰਹੀ ਇਕ ਜਾਪਾਨੀ ਗਭਰੇਟੀ ਨੇ ਅਡੋਲ ਜਿਹੇ ਮੇਰਾ ਹੱਥ ਫੜ ਮੈਨੂੰ ਨਾਲ ਤੋਰ ਲਿਆ ਸੀ। ਉਹ ਮੈਨੂੰ ਆਈਵਾਮੋਤੋ ਵਰਗੀ ਆਪਣੀ ਧੀ ਲੱਗਣ ਲੱਗੀ ਸੀ, ਮੈਨੂੰ ਲੱਗਾ ਮੈਂ ਬਹੁਤ ਬਜ਼ੁਰਗ ਹੋਵਾਂ ਤੇ ਉਹ ਮੈਨੂੰ ਹੱਥ ਦਾ ਆਸਰਾ ਦੇ ਕੇ ਤੋਰ ਰਹੀ ਹੋਵੇ। ਮੈਂ ਕੁਝ ਦੇਰ ਖ਼ਾਮੋਸ਼ ਉਸ ਨਾਲ ਤੁਰੀ ਗਿਆ। ਮੈਂ ਆਪਣੇ ਅੱਥਰੂ ਬਾਹਰ ਦੀ ਬਜਾਏ ਅੰਦਰ ਸੁੱਟ ਲਏ ਸਨ। (ਸਮਾਪਤ)

-ਨਡਾਲਾ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 98152-53245.

ਨੱਥ ਹਿੰਦੁਸਤਾਨੀ ਔਰਤਾਂ ਦਾ ਮਨਪਸੰਦ ਗਹਿਣਾ ਕਿਵੇਂ ਬਣੀ?

ਨੱਥ ਨੱਕ ਦਾ ਜ਼ੇਵਰ ਹੈ, ਜਿਹੜਾ ਅੱਜਕਲ੍ਹ ਆਮ ਹੀ ਔਰਤਾਂ ਸ਼ਾਦੀ-ਵਿਆਹ 'ਤੇ ਪਾਉਂਦੀਆਂ ਹਨ। ਇਸ ਜ਼ੇਵਰ ਦੀ ਲੰਮੀ ਕਹਾਣੀ ਹੈ। ਇਸ ਜ਼ੇਵਰ ਦਾ ਭਾਰਤੀ ਉਪ-ਮਹਾਂਦੀਪ ਨਾਲ ਕੋਈ ਤਾਲੁਕ ਨਹੀਂ ਹੈ। ਨੱਥ ਬਾਰੇ ਈਸਟ ਇੰਡੀਆ ਕੰਪਨੀ ਦੇ ਇਕ ਅਫਸਰ ਤੇ ਆਲਮ ਲੈਫ: ਐਡਵਰਡ ਮੋਰ ਨੇ 1790 ਈ: ਵਿਚ ਦੱਸਿਆ ਸੀ, 'ਹਿੰਦੂਆਂ ਦੀਆਂ ਜ਼ਨਾਨੀਆਂ ਵਿਚ ਇਹ ਗੱਲ ਸਾਂਝੀ ਹੈ ਕਿ ਉਹ ਨੱਕ ਵਿਚ ਕੜ੍ਹਾ, ਛੱਲਾ ਜਾਂ ਕੋਈ ਹੋਰ ਜ਼ੇਵਰ ਪਾਉਂਦੀਆਂ ਹਨ ਜਿਸ ਨੂੰ ਹਿੰਦੂਆਂ ਦੀ ਬੋਲੀ ਵਿਚ ਨੱਥ ਆਖਦੇ ਹਨ। ਇਸ ਨੱਥ 'ਤੇ ਕਾਫੀ ਢੇਰ ਸਾਰਾ ਪੈਸਾ ਖਰਚਿਆ ਜਾਂਦਾ ਹੈ ਤੇ ਨਾਲ ਹੀ ਆਪਣੇ ਰੋਅਬ ਤੇ ਚੌਧਰ ਵਾਸਤੇ ਇਸ ਦੇ ਡਿਜ਼ਾਈਨ 'ਤੇ ਬਹੁਤ ਧਿਆਨ ਦਿੱਤਾ ਜਾਂਦਾ ਹੈ।'
ਬੜੀ ਹੈਰਾਨੀ ਦੀ ਗੱਲ ਹੈ ਕਿ ਨੱਕ ਦੀ ਨੱਥ ਜਿਸ ਨੂੰ ਅੱਜ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ, ਜਿਹੜੀ ਵਹੁਟੀਆਂ ਦੇ ਗਹਿਣਿਆਂ ਦਾ ਹਿੱਸਾ ਬਣ ਗਈ ਹੈ, ਇਸਦਾ ਮੁੱਢ ਵਿਦੇਸ਼ੀ ਹੈ। ਸੰਸਕ੍ਰਿਤ ਦੇ ਕਲਾਸੀਕਲ ਅਦਬ 'ਚ ਇਸ ਗਹਿਣੇ ਦੀ ਕੋਈ ਗੱਲ ਨਹੀਂ ਆਉਂਦੀ। ਵੈਦਿਕ ਲਿਖਤਾਂ ਵੀ ਨੱਥ ਬਾਰੇ ਅਸਲੋਂ ਚੁਪ ਹਨ। ਨੱਥ, ਨੱਥਣੀ, ਨੱਥਿਆ, ਨੱਥਾ, ਨੱਥ ਦੋਗ ਤੇ ਨੱਥਣੀਆਂ ਵਰਗੇ ਇਹ ਸਾਰੇ ਨਾਂਅ ਹਿੰਦੁਸਤਾਨੀ ਬੋਲੀ 'ਚ ਆਉਂਦੇ ਹਨ। ਇਹ ਲਫ਼ਜ਼ ਪ੍ਰਾਕ੍ਰਿਤਕ ਸ਼ਬਦ ਨੱਥ ਤੋਂ ਨਿਕਲੇ ਹਨ, ਜਿਸ ਦਾ ਅਰਥ ਨੱਕ ਦੀ ਵੱਸੀ।
ਰਮਾਇਣ ਦੀ ਸੀਤਾ 'ਤੇ ਮਹਾਂਭਾਰਤ ਦੀ ਦਰੋਪਤੀ ਨੂੰ ਬਹੁਤ ਸਾਰੇ ਗਹਿਣਿਆਂ ਨਾਲ ਸਜਾਇਆ ਹੋਇਆ ਹੈ ਪਰ ਨੱਥ ਤੋਂ ਬਿਨਾਂ। ਕਦੀਮ ਹਿੰਦੁਸਤਾਨ ਦੀ ਔਰਤ ਨੇ ਇਸ ਨੂੰ ਉੱਕਾ ਨਹੀਂ ਪਾਇਆ। ਭਰਤ ਮੁਨੀ ਨੇ ਆਪਣੇ ਨਾਟਯ ਸ਼ਾਸ਼ਤਰ 'ਚ ਔਰਤਾਂ ਤੇ ਮਰਦਾਂ ਦੇ ਗਹਿਣਿਆਂ ਦਾ ਲੰਮਾ ਵੇਰਵਾ ਦਿੱਤਾ ਹੈ, ਪਰ ਨੱਕ ਦਾ ਇਹ ਗਹਿਣਾ ਇੱਥੇ ਵੀ ਗ਼ਾਇਬ ਹੈ।
ਸੰਸਕ੍ਰਿਤ ਦਾ ਸਭ ਤੋਂ ਪੁਰਾਣਾ ਕੋਸ਼ ਅਮਰਕੋਸ਼ ਹੈ ਜਿਸ ਨੂੰ ਅਮਰ ਸਿੰਘ ਨੇ 8ਵੀਂ ਸਦੀ 'ਚ ਲਿਖਿਆ । ਇਸ 'ਚ ਅਮਰ ਸਿੰਘ ਨੇ ਗਹਿਣੇ ਗਿਣਾਏ ਹੋਏ ਹਨ , ਪਰ ਇਸ 'ਚ ਵੀ ਨੱਥ ਦਾ ਕੋਈ ਜ਼ਿਕਰ ਨਹੀਂ। ਵਾਦੀ-ਏ-ਸਿੰਧ ਦੀ ਖੁਦਾਈ ਤੋਂ ਇਲਾਵਾ ਟੈਕਸਲਾ, ਹਸਤਨਾਪੁਰ , ਦਿੱਲੀ ਦਾ ਪੁਰਾਣਾ ਕਿਲ੍ਹਾ ਤੇ ਹੋਰ ਥਾਵਾਂ ਦੀ ਖੁਦਾਈ ਹੋਈ ਤਾਂ ਉਥੋਂ ਵੀ ਨੱਥ ਤੋਂ ਇਲਾਵਾ ਵਾਲੇ, ਵਾਲੀਆਂ, ਗੁਲੂਬੰਦ, ਕੜੇ, ਕੰਗਣ, ਚੂੜੀਆਂ, ਮੁੰਦਰੀਆਂ, ਹਾਰ ਤੇ ਕਈ ਹੋਰ ਗਹਿਣੇ ਲੱਭੇ। ਬਰਹੁਤ, ਰਾਂਚੀ, ਬੋਧ ਗਯਾ, ਅਮਰਾਵਤੀ ਤੇ ਨਾਗਾਰੁਜਨ ਕੁੰਡ ਦੀਆਂ ਪਹਿਲੀਆਂ ਤਸਵੀਰਾਂ ਜਿਨ੍ਹਾਂ ਵਿਚ ਜ਼ਨਾਨੀਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਗਹਿਣੇ ਦਿਖਾਈ ਦਿੰਦੇ ਨੇ, ਉਨ੍ਹਾਂ 'ਚ ਵੀ ਨੱਥ ਗ਼ਾਇਬ ਹੈ।
ਇਥੋਂ ਇਹੋ ਪਤਾ ਲਗਦਾ ਹੈ ਕਿ ਨੱਥ ਹਿੰਦੋਸਤਾਨ ਦੀਆਂ ਔਰਤਾਂ ਨਹੀਂ ਸਨ ਪਾਉਂਦੀਆਂ। ਇਸ ਗਹਿਣੇ ਬਾਰੇ ਪਤਾ ਉਦੋਂ ਲੱਗਾ ਜਦੋਂ 711 ਹਿਜ਼ਰੀ 'ਚ ਅਰਬ ਦੇਸ਼ਾਂ ਤੋਂ ਮੁਸਲਮਾਨਾਂ ਨੇ ਪ੍ਰਵੇਸ਼ ਕੀਤਾ। ਵੇਖਾ-ਵੇਖੀ ਇਹ ਗਹਿਣਾ ਏਨਾ ਆਮ ਹੋ ਗਿਆ ਕਿ ਹਰ ਜ਼ਨਾਨੀ ਇਸ ਨੂੰ ਸ਼ੌਕ ਨਾਲ ਪਾਉਣ ਲੱਗ ਪਈ। ਇਸ ਦੀ ਸ਼ੋਹਰਤ ਦਾ ਅੰਦਾਜ਼ਾ ਤੁਸੀਂ ਇਥੋਂ ਲਗਾ ਸਕਦੇ ਹੋ ਕਿ ਹਿੰਦੂ ਦੇਵੀਆਂ ਦੇ ਚਿੱਤਰਾਂ ਤੇ ਮੂਰਤੀਆਂ ਦਾ ਇਹ ਇਕ ਲਾਜ਼ਮੀ ਗਹਿਣਾ ਬਣ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਉਂ-ਜਿਉਂ ਵੇਲਾ ਲੰਘਿਆ ਮੁਸਲਮਾਨ ਜ਼ਨਾਨੀਆਂ ਨੇ ਨੱਥ ਪਾਉਣੀ ਘੱਟ ਕਰ ਦਿੱਤੀ ਤੇ ਹਿੰਦੂ ਔਰਤਾਂ 'ਚ ਨੱਥ ਦਾ ਰਿਵਾਜ ਆਮ ਹੋ ਗਿਆ।
ਬਾਈਬਲ ਦੇ ਪੁਰਾਣੇ ਅਹਿਦਨਾਮੇ 'ਚ ਨੱਥ ਬਾਰੇ ਕੋਈ ਬਹੁਤਾ ਵੇਰਵਾ ਨਹੀਂ ਲੱਭਦਾ। ਦੱਸਦੇ ਨੇ ਕਿ ਨੱਥ ਯਹੂਦੀਆਂ ਲਈ ਬੜੀ ਓਪਰੀ ਸ਼ੈਅ ਸੀ।
ਬਰਾਵਨ ਜੋ ਮਿਸਰ ਦੀ ਪੁਰਾਣੀ ਕੌਮ ਦਾ ਨਾਂਅ ਹੈ, ਨੱਥ ਦਾ ਗਹਿਣਾ ਇਨ੍ਹਾਂ ਨੇ ਬਣਾਇਆ ਸੀ। ਨੱਥ ਦਾ ਛੱਲਾ ਮਿਸਰ ਦੀਆਂ ਛੋਟੀਆਂ ਕੌਮਾਂ ਦੀਆਂ ਜ਼ਨਾਨੀਆਂ ਬਹੁਤ ਪਾਉਂਦੀਆਂ ਸਨ। ਇਸ ਲਈ ਨੱਥ ਦੇ ਗਹਿਣੇ ਦਾ ਤਾਲੁਕ ਮਿਸਰ ਦੀ ਇਕ ਪੁਰਾਣੀ ਕੌਮ ਬਰਾਵਨ ਦੇ ਨਾਲ ਜੁੜਦਾ ਹੈ। ਹਿੰਦੋਸਤਾਨ 'ਚ ਨੱਥ ਦੇ ਸਭ ਤੋਂ ਪਹਿਲੇ ਇਸ਼ਾਰੇ ਬਲਹਨਾਂ ਦੀ ਕਿਤਾਬ ਵਿਕਰਮਾ ਨਾਮ ਦੇਵ ਚਰਿਤਰ 1080 ਈ: 'ਚ ਲੱਭਦੇ ਹਨ। ਇਸ ਕਿਤਾਬ 'ਚ ਨਸਾ, ਮੁਕਤਾ ਤੇ ਮੱਛੀ ਦਾ ਜ਼ਿਕਰ ਵੀ ਆਇਆ ਹੈ। 11ਵੀਂ ਸਦੀ 'ਚ ਲਛਮਣ ਵਿਸ਼ਨੇਕਾਰ ਦੀ ਸੰਸਕ੍ਰਿਤ ਸ਼ਾਇਰੀ ਸਰਧਾ ਤਲਾਕਾ 'ਚ ਨਸ ਅੰਗੂਰੀ ਦਾ ਜ਼ਿਕਰ ਹੈ, ਜਿਸ 'ਚ ਆਂਧਰਾ ਦੀ ਇਕ ਔਰਤ ਦੇ ਹੁਸਨ ਦਾ ਬਿਆਨ ਕੀਤਾ ਹੋਇਆ ਮਿਲਦਾ ਹੈ ਕਿ ਜਦ ਉਹ ਸਾਹ ਲੈਂਦੀ ਸੀ ਤਾਂ ਉਸ ਦੀ ਨੱਥ ਨਾਲ ਜੁੜੇ ਹੋਏ ਮੋਤੀ ਹਿਲਦੇ ਸਨ। ਤ੍ਰਿਵੇਂਦਰਮ ਤੇ ਤਰੋਮਬਾਰੀ ਦੇ ਮੰਦਿਰਾਂ 'ਚ ਮਿਊਰਲ ਪੇਂਟਿੰਗ 'ਚ ਔਰਤਾਂ ਦੀ ਇਕ ਗਾਉਣ ਵਾਲੀ ਟੋਲੀ ਨੂੰ ਨੱਥ ਪਾਈ ਵਿਖਾਇਆ ਹੈ ਤੇ ਨੱਥ 'ਚ ਹੀਰੇ ਜੜ੍ਹੇ ਹੋਏ ਹਨ। ਇਹ ਤਸਵੀਰਾਂ 14ਵੀਂ ਸਦੀ ਦੀਆਂ ਹਨ। ਦੋ ਸਦੀਆਂ ਬਾਅਦ ਮਤਲਬ 16ਵੀਂ ਸਦੀ 'ਚ ਟਰਾਵਨਕੋਰ ਦੇ ਮਹੱਲਾਂ 'ਚ ਸਾਰੀਆਂ ਔਰਤਾਂ ਨੂੰ ਨੱਥਾਂ ਪਾਈਆਂ ਵਿਖਾਇਆ ਹੋਇਆ ਹੈ। ਇਸ ਤੋਂ ਪਿਛਾਂਹ ਵੇਖਣ ਦੀ ਲੋੜ ਮੁਕ ਜਾਂਦੀ ਹੈ। 17ਵੀਂ ਸਦੀ ਤੇ ਇਸ ਤੋਂ ਮਗਰੋਂ ਤਕਰੀਬਨ ਹਰ ਹਿੰਦੋਸਤਾਨੀ ਔਰਤ ਤੇ ਦੇਵੀ ਦੇ ਨੱਥ ਪਾਈ ਆਮ ਵੇਖਣ ਨੂੰ ਮਿਲਦੀ ਹੈ। ਬਾਅਦ 'ਚ ਸੰਸਕ੍ਰਿਤ 'ਚ ਨੱਥ ਦੇ ਬਹੁਤ ਸਾਰੇ ਨਾਂਅ ਈਜਾਦ ਹੋਏ ਜਿਵੇ:-ਨਾਸਾ, ਮਖਤੀਕਾ, ਨਾਸਾ ਗਰਾਮਕਤੀਫਲ, ਨਾਸ ਮਨੀ, ਸਨਾਸਾ ਫਸਾਨਾ ਆਦਿ। ਆਇਨ-ਏ-ਅਕਬਰੀ 'ਚ ਵੀ ਨੱਕ ਦੇ ਚਾਰ ਜ਼ੇਵਰਾਂ ਦੀ ਗੱਲ ਲੱਭਦੀ ਹੈ। ਬਸ਼ਰ, ਨੱਥ, ਫੂਲ ਤੇ ਬਲਾਕ।
ਆਮ ਤੌਰ 'ਤੇ ਨੱਥ ਇਕ ਇੰਚ ਤੋਂ ਲੈ ਕੇ ਤਿੰਨ ਇੰਚ ਤੱਕ ਗੋਲ ਹੁੰਦੀ ਹੈ। ਕੁਝ ਨੱਥਾਂ ਸਾਦੀਆਂ ਹੁੰਦੀਆਂ ਹਨ ਤੇ ਕੁਝ 'ਚ ਮੋਤੀ ਲੱਗੇ ਹੁੰਦੇ ਹਨ। ਇਹ ਮੋਤੀ ਗਿਣਤੀ 'ਚ ਇਕ ਤੋਂ ਸੱਤ ਤੱਕ ਹੁੰਦੇ ਹਨ। ਕਈਆਂ ਕਬੀਲਿਆਂ 'ਚ ਮੋਤੀਆਂ ਦੀ ਗਿਣਤੀ ਸੱਤ ਤੋਂ ਜ਼ਿਆਦਾ ਵੀ ਹੁੰਦੀ ਹੈ। ਪਾਕਿਸਤਾਨ ਦੇ ਸੂਬਾ ਸਿੰਧ 'ਚ ਨੱਥ ਬੜੇ ਸ਼ੌਕ ਨਾਲ ਪਾਈ ਜਾਂਦੀ ਹੈ। ਖਾਸਕਰ ਪਿੰਡਾਂ ਦੀਆਂ ਔਰਤਾਂ ਤਾਂ ਹਰ ਵੇਲੇ ਹੀ ਨੱਥ ਪਾਈ ਰੱਖਦੀਆਂ ਹਨ। ਪੰਜਾਬ ਦੇ ਬਹੁਤੇ ਇਲਾਕਿਆਂ 'ਚ ਨੱਥ ਦੀ ਸ਼ਕਲ ਥੋੜੀ ਜਿਹੀ ਬਦਲ ਗਈ ਹੈ, ਤਾਂ ਵੀ ਇਹ ਸਾਰੇ ਨਮੂਨੇ ਨੱਥ ਦੀ ਵਿਗੜੀ ਹੋਈ ਸ਼ਕਲ ਦੇ ਹੀ ਹਨ। ਅੱਜਕਲ੍ਹ ਪਾਕਿਸਤਾਨ 'ਚ ਵਿਆਹ-ਸ਼ਾਦੀਆਂ ਮੌਕੇ ਨੱਥ ਜ਼ਰੂਰੀ ਗਿਣੀ ਜਾਂਦੀ ਹੈ।
ਹਿੰਦੋਸਤਾਨ ਦੇ ਸੂਬਾ ਅਸਾਮ 'ਚ ਨੱਥ 17ਵੀਂ ਸਦੀ 'ਚ ਆਈ। ਇਸ ਦਾ ਕਾਰਨ ਇਹ ਸੀ ਕਿ ਇਹ ਇਲਾਕਾ ਮੁਗਲਾਂ ਦੇ ਕਬਜ਼ੇ 'ਚ ਨਹੀਂ ਸੀ ਰਿਹਾ। ਅੱਜ ਅਸਾਮ ਦੀਆਂ ਜ਼ਨਾਨੀਆਂ ਨੱਥ ਬੜੇ ਸ਼ੌਕ ਨਾਲ ਪਾਉਂਦੀਆਂ ਹਨ। ਉਹ ਇਸ ਨੂੰ ਨਾਕ ਫੂਲ ਜਾਂ ਨਾਕ ਚੰਦਾ ਆਖਦੀਆਂ ਹਨ। ਅਸਾਮੀ ਨੱਥ 'ਚ ਮੋਤੀ ਨਹੀਂ ਹੁੰਦੇ। ਇਹ ਅਸਲੋਂ ਸਾਦੀ ਸ਼ਕਲ ਦੀ ਹੁੰਦੀ ਹੈ।
ਨੱਥ ਬਾਰੇ ਵੱਖੋ-ਵੱਖਰੇ ਅਕੀਦੇ ਪੜ੍ਹਨ-ਸੁਣਨ 'ਚ ਆਉਂਦੇ ਹਨ। ਕੁਝ ਲੋਕ ਮੁਸਲਮਾਨ ਔਲੀਆ ਦੇ ਮਜ਼ਾਰਾਂ 'ਤੇ ਜਾ ਕੇ ਕੁਝ ਖਾਸ ਮੰਨਤਾਂ ਮੰਨ ਕੇ ਆਪਣੇ ਬਾਲਾਂ ਤੇ ਬਾਲੜੀਆਂ ਨੂੰ ਨੱਥ ਪਵਾਉਂਦੇ ਹਨ। ਪਿਡਾਂ 'ਚ ਅਸੀਂ ਲੜਾਈ ਝਗੜੇ ਦੌਰਾਨ ਇਕ ਬੜ੍ਹਕ ਆਮ ਹੀ ਸੁਣੀ ਹੋਈ ਹੈ ਕਿ ਮੈਂ ਤੈਨੂੰ ਨੱਥ ਪਾ ਦਿਆਂਗਾ। ਇਨ੍ਹਾਂ ਸਬਦਾਂ 'ਚ ਇਕ ਵੱਡੀ ਕਹਾਣੀ ਛੁਪੀ ਹੋਈ ਹੈ। ਪਹਿਲੇ ਸਮਿਆਂ 'ਚ ਜਦ ਕੋਈ ਅੱਥਰਾ ਜਾਨਵਰ ਮੱਝ, ਢੱਗਾ ਜਾਂ ਊਠ ਕਾਬੂ ਨਹੀਂ ਸੀ ਆਉਂਦਾ ਤਾਂ ਉਸ ਨੂੰ ਨੱਥ ਮਾਰ ਕੇ ਕਾਬੂ ਕੀਤਾ ਜਾਂਦਾ ਸੀ। ਨੱਥ ਵੱਜੀ ਵੇਖ ਅਗਲੇ ਸਮਝ ਜਾਂਦੇ ਸਨ ਕਿ ਇਹ ਡੰਗਰ ਜ਼ਰੂਰ ਆਪਣੇ ਮਾਲਕ ਨੂੰ ਤੰਗ ਕਰਦਾ ਹੋਵੇਗਾ। ਉਂਜ ਵੀ ਅਸੀਂ ਆਮ ਜਾਨਵਰਾਂ ਨੂੰ ਨੱਥਾਂ ਵੱਜੀਆਂ ਵੇਖਦੇ ਹਾਂ। ਜਾਨਵਰਾਂ 'ਚ ਸਭ ਤੋਂ ਖਤਰਨਾਕ ਤੇ ਖੂਨੀ ਜਾਨਵਰ ਰਿੱਛ ਹੈ। ਰਿੱਛ ਨੱਥ ਤੋਂ ਬਿਨਾਂ ਕਦੇ ਕਾਬੂ ਨਹੀਂ ਆ ਸਕਦਾ। ਏਡਾ ਖਤਰਨਾਕ ਜਾਨਵਰ ਇਕ ਛੋਟੀ ਜਿਹੀ ਨੱਥ ਨੇ ਕਾਬੂ ਕੀਤਾ ਹੋਇਆ ਹੈ। ਮੈਂ ਆਪਣੇ ਜੀਵਨ 'ਚ ਤਕਰੀਬਨ ਜਾਨਵਰਾਂ ਨੂੰ ਨੱਥਾਂ ਪਾਈਆਂ ਵੇਖੀਆਂ ਹਨ। ਪਰ ਇਕ ਵਾਰ ਮੈਂ ਇਕ ਅਜੀਬ ਜਾਨਵਰ ਨੂੰ ਬੜੇ ਵੱਖਰੇ ਅੰਦਾਜ਼ 'ਚ ਨੱਥ ਪਾਈ ਵੇਖੀ। ਮੈਂ ਇਕ ਦਿਨ ਖੇਤਾਂ 'ਚ ਆਪਣੇ ਡੇਰੇ 'ਤੇ ਬੈਠਾ ਸੀ ਤਾਂ ਇਕ ਜੋਗੀ ਮੇਰੇ ਕੋਲ ਆਇਆ। ਉਸ ਕੋਲ ਵੱਖ-ਵੱਖ ਤਰ੍ਹਾਂ ਦੇ ਸੱਪ ਸਨ। ਉਸ ਨੇ ਮੈਨੂੰ ਕਈ ਸੱਪ ਵਿਖਾਏ ਪਰ ਇਕ ਸੱਪ ਅਜਿਹਾ ਸੀ ਜਿਸ ਨੂੰ ਉਸ ਨੇ ਨੱਥ ਮਾਰ ਕੇ ਕਾਬੂ ਕੀਤਾ ਹੋਇਆ ਸੀ।
ਪਿਛਲੇ ਹਜ਼ਾਰ ਸਾਲਾਂ ਤੋਂ ਨੱਥ ਭਾਰਤੀ ਉਪ-ਮਹਾਂਦੀਪ 'ਚ ਬੜੇ ਸ਼ੌਕ ਨਾਲ ਪਾਈ ਜਾਂਦੀ ਹੈ। ਖਾਸਕਰ ਵਿਆਹ-ਸ਼ਾਦੀ ਦੇ ਮੌਕੇ ਕੋਈ ਵੀ ਸੁਹਾਗਣ ਨੱਥ ਬਿਨਾਂ ਚੰਗੀ ਨਹੀਂ ਲਗਦੀ। ਖੁਸ਼ੀ ਦੇ ਵੇਲੇ ਉਹ ਨੱਥ ਪਾ ਕੇ ਬਹੁਤ ਖੁਸ਼ ਹੁੰਦੀਆਂ ਹਨ ਤੇ ਵੱਖਰਾ ਆਨੰਦ ਮਹਿਸੂਸ ਕਰਦੀਆਂ ਹਨ। ਨੱਥ ਨੂੰ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਅਕਾਰਾਂ 'ਚ ਵੰਡਿਆ ਗਿਆ ਹੈ। ਕਈ ਇਲਾਕਿਆਂ 'ਚ ਨੱਥ ਬੜੀ ਚੌੜੀ ਹੁੰਦੀ ਹੈ ਤੇ ਕਈ ਇਲਾਕਿਆਂ 'ਚ ਜ਼ਨਾਨੀਆਂ ਛੋਟੀ ਨੱਥ ਪਾਉਂਦੀਆਂ ਹਨ। ਕਈ ਇਲਾਕਿਆਂ 'ਚ ਔਰਤਾਂ ਨੱਥ ਨਾਲ ਸੋਨੇ ਦੀ ਚੇਨ ਪਾ ਕੇ ਕੰਨ ਨਾਲ ਲਪੇਟ ਲੈਂਦੀਆਂ ਹਨ। ਸਾਰੇ ਗਹਿਣੇ ਬਹੁਤ ਚੰਗੇ ਹਨ ਪਰ ਸਾਰੇ ਗਹਿਣੇ ਗੁਲਾਮੀ ਦੀ ਨਿਸ਼ਾਨੀ ਵੀ ਮੰਨੇ ਜਾਂਦੇ ਹਨ। ਪਰ ਸਮੇਂ ਨੇ ਇਨ੍ਹਾਂ ਨੂੰ ਸਾਡੀਆਂ ਖੁਸ਼ੀਆਂ 'ਚ ਵੱਡਾ ਮੁਕਾਮ ਦੇ ਦਿੱਤਾ ਹੈ। ਅੱਜ ਅਸੀਂ ਇਨ੍ਹਾਂ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਭੁਲ ਕੇ ਆਪਣੇ ਸੱਭਿਆਚਾਰ 'ਚ ਵੱਡੀ ਥਾਂ ਦੇ ਦਿੱਤੀ ਹੈ, ਜਿਸ ਦਾ ਨਜ਼ਾਰਾ ਤੁਸੀਂ ਆਪਣੇ ਆਲੇ-ਦੁਆਲੇ ਵੇਖ ਸਕਦੇ ਹੋ। ਹਰ ਬੰਦਾ ਆਪਣੀ ਹੈਸੀਅਤ ਦੇ ਮੁਤਾਬਿਕ ਗਹਿਣਿਆਂ ਦਾ ਬੜੀ ਖੁਸ਼ੀ ਨਾਲ ਇਸਤੇਮਾਲ ਕਰਦਾ ਹੈ। ਇਨ੍ਹਾਂ ਤੋਂ ਬਗੈਰ ਸੱਜ ਵਿਆਹੀਆਂ ਚੰਗੀਆਂ ਨਹੀਂ ਲਗਦੀਆਂ। ਉਨ੍ਹਾਂ ਦੀ ਖਾਹਿਸ਼ ਹੁੰਦੀ ਹੈ ਕਿ ਮੇਰੇ ਸਹੁਰੇ ਚੰਗੇ ਤੇ ਚੋਖੇ ਜ਼ੇਵਰ ਪਾਉਣ ਤਾਂ ਕਿ ਮੈਂ ਆਪਣੇ ਪੇਕਿਆਂ 'ਚ ਗੱਲ ਕਰ ਸਕਾਂ ਕਿ ਮੇਰੇ ਸਹੁਰਿਆਂ ਨੇ ਵੱਧ ਤੋਂ ਵੱਧ ਜ਼ੇਵਰ ਪਾਏ ਹਨ। ਹਰ ਕੋਈ ਆਪਣੇ ਨੱਕ ਨੂੰ ਉੱਚਾ ਕਰਨ ਲਈ ਕਰਜ਼ਾ ਚੁੱਕਣ ਲਈ ਤਿਆਰ ਹੈ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਇਨ੍ਹਾਂ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਆਪਣੀ ਇੱਜ਼ਤ ਦਾ ਸਾਮਾਨ ਬਣਾ ਲਿਆ ਹੈ।

ਖੋਜਕਾਰ ਪਤਾ:- ਸ਼ਾਹਕੋਟ, ਜ਼ਿਲ੍ਹਾ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ।
ਮੋਬਾਈਲ : +92 3004231622
email :- azharvirk703@gmail.com
ਅਨੁਵਾਦਕ ਪਤਾ :-ਪਿੰਡ -ਵਰਿਆਂ ਪੁਰਾਣੇ, ਜ਼ਿਲ੍ਹਾ- ਤਰਨ ਤਾਰਨ, ਪੰਜਾਬ, ਭਾਰਤ।
ਮੋਬਾਈਲ : +91 95010 11799

ਕਈ ਕੋਟਿ ਅਕਾਸ ਬ੍ਰਹਮੰਡ

ਸਾਡਾ ਬ੍ਰਹਿਮੰਡ ਸ਼ਬਦ ਕਹਿ ਦੇਈਏ ਤਾਂ ਬਾਕੀ ਕੀ ਬਚਦਾ ਹੈ। ਭਾਸ਼ਾਈ ਅਰਥ/ਸ਼ਬਦਾਂ ਦੀ ਪਰਿਭਾਸ਼ਾ ਵੇਖੀਏ ਤਾਂ ਕੁਝ ਵੀ ਨਹੀਂ। ਸਾਰਾ ਦਿਸਦਾ ਅਣਦਿਸਦਾ ਸੰਸਾਰ, ਸਾਰਾ ਕੁਝ ਆ ਜਾਂਦਾ ਹੈ ਬ੍ਰਹਿਮੰਡ ਦੇ ਸੰਕੇਤ ਵਿਚ। ਗੁਰਬਾਣੀ ਕਈ ਕੋਟਿ ਬ੍ਰਹਿਮੰਡਾਂ ਦਾ ਸੰਕੇਤ ਅਨੇਕ ਥਾਵਾਂ ਉੱਤੇ ਵਰਤਦੀ ਹੈ। ਸਾਧਾਰਨ ਆਦਮੀ ਹੀ ਨਹੀਂ, ਚੰਗੇ ਖੋਜੀ/ਵਿਗਿਆਨੀ ਵੀ ਇਸ ਸੰਕੇਤ ਨੂੰ ਸਤੱਹੀ ਤਰੀਕੇ ਨਾਲ ਪੜ੍ਹ-ਸੁਣ ਛੱਡਦੇ ਹਨ। ਵੀਹਵੀਂ ਤੇ ਇੱਕੀਵੀਂ ਸਦੀ ਦੇ ਵਿਗਿਆਨ ਨੇ ਸਾਡੀ ਸਦੀਆਂ ਦੀ ਸੋਚ ਸਿਆਣਪ ਤੇ ਵਿਚਾਰ ਉਲਟਾ-ਪੁਲਟਾ ਸੁੱਟੇ ਹਨ। ਅਸੰਭਵ, ਅਜੀਬ ਤੇ ਮੰਨਣ ਨੂੰ ਔਖੀਆਂ ਗੱਲਾਂ ਦੱਸਦੇ ਹਨ ਵਿਗਿਆਨੀ। ਸੁੰਨ/ ਵੈਕਿਊਮ/ ਖ਼ਲਾਅ ਵਿੱਚੋਂ ਪੈਦਾ ਹੋਇਆ ਹੈ ਸਾਡਾ ਬ੍ਰਹਿਮੰਡ। ਗੁਰਬਾਣੀ ਸੁੰਨੇ ਹੀ ਤੇ ਸਭ ਕਿਛ ਹੋਆ ਦਾ ਸਪੱਸ਼ਟ ਐਲਾਨ ਵਾਰ-ਵਾਰ ਕਰਦੀ ਹੈ। ਸੁੰਨ ਵਿੱਚੋਂ ਇਕ ਨਹੀਂ ਅਨੇਕਾਂ ਬ੍ਰਹਿਮੰਡ ਬੁਲਬੁਲੇ ਵਾਂਗ ਪੈਦਾ ਹੋਣ ਦੀ ਧਾਰਨਾ ਪੇਸ਼ ਕਰ ਕੇ ਆਮ ਆਦਮੀ ਨੂੰ ਗੁਰਬਾਣੀ ਹੈਰਾਨ ਕਰਦੀ ਹੋਵੇਗੀ, ਪ੍ਰੰਤੂ ਨਵੀਨਤਮ ਵਿਗਿਆਨ ਇਸੇ ਧਾਰਨਾ ਦੀ ਪੁਸ਼ਟੀ ਕਰ ਰਿਹਾ ਹੈ। ਬ੍ਰਹਿਮੰਡ/ਬ੍ਰਹਿਮੰਡਾਂ ਦੇ ਸੁੰਨ ਵਿੱਚੋਂ ਜੰਮਣ ਵਿਗਸਣ ਬਾਰੇ ਵਿਗਿਆਨ ਦੀ ਸੋਚ/ਸਥਿਤੀ ਬਾਰੇ ਚਰਚਾ ਇਸੇ ਲਈ ਜ਼ਰੂਰੀ ਪ੍ਰਤੀਤ ਹੁੰਦੀ ਹੈ।
ਬ੍ਰਹਿਮੰਡ ਦੀ ਕਹਾਣੀ ਸਮੇਂ ਦੇ ਜਨਮ ਨਾਲ ਸ਼ੁਰੂ ਹੋਈ। ਇਹ ਕਹਿ ਰਿਹਾ ਹੈ ਵਿਗਿਆਨ। ਗੁਰਬਾਣੀ ਵੀ ਆਖ ਰਹੀ ਹੈ 'ਕੀਆ ਦਿਨਸੁ ਸਭ ਰਾਤੀ।' 'ਰਾਤੀ ਰੁਤੀ ਥਿਤੀ ਵਾਰ।' ਪਵਨ ਪਾਣੀ ਅਗਨੀ ਪਾਤਾਲ। ਦੇਸ/ਕਾਲ ਵਿਚ ਧਰਤੀ ਨੂੰ ਥਾਪਿਆ ਗਿਆ ਹੈ। ਦੇਸ/ਕਾਲ ਵੀ ਪੈਦਾ ਕੀਤੇ ਗਏ ਹਨ। ਇਹ ਜਿਵੇਂ ਸਾਨੂੰ ਸਦੀਵੀ ਮਹਿਸੂਸ ਹੋ ਰਹੇ ਹਨ, ਇੰਜ ਨਹੀਂ ਹਨ। 'ਨਾ ਦਿਨ ਰੈਣ ਨ ਚੰਨ ਨ ਸੂਰਜ' ਦੀ ਅਵਸਥਾ ਸੀ ਕਦੇ। ਸੁੰਨ/ਵੈਕਿਊਮ ਦੀ ਸਥਿਤੀ। ਨਵਾਂ ਵਿਗਿਆਨ ਕਹਿੰਦਾ ਹੈ ਕਿ ਇਸ ਵੈਕਿਊਮ/ਸੁੰਨ ਦੀ ਕਵਾਂਟਮ ਹਿਲਜੁਲ (ਫਲਕਚੂਏਸ਼ਨ ਦਾ ਸੰਕੇਤ ਵਰਤਦੇ ਹਨ ਵਿਗਿਆਨੀ) ਤੋਂ ਦੇਸ/ਕਾਲ ਦਾ ਜਨਮ ਹੋਇਆ ਅਤੇ ਤੱਤ ਫੱਟ ਹੀ ਬਿਗ ਬੈਂਗ ਨਾਲ ਅਤਿਅੰਤ ਗਰਮ ਅੱਗ ਦੇ ਗੋਲੇ ਵਾਂਗ ਬ੍ਰਹਿਮੰਡ ਦਾ ਜਨਮ ਹੋਇਆ। ਬਿੱਗ ਬੈਂਗ ਉਪਰੰਤ ਪਸਾਰ (ਵਿਗਿਆਨੀ ਇਸ ਲਈ ਇਨਫਲੇਸ਼ਨ ਦਾ ਸੰਕੇਤ ਵਰਤਦੇ ਹਨ) ਨਾਲ ਸੂਖਮਤਮ ਖੁਰਦਬੀਨੀ, ਪ੍ਰਮਾਣੂ ਨਾਭੀ ਤੋਂ ਵੀ ਸੂਖਮ ਬ੍ਰਹਿਮੰਡ ਯਾਨੀ ਸਬ-ਮਾਈਕਰੋਸਕੋਪਿਕ, ਸਬ ਨਿਊਕਲੀਅਰ ਆਕਾਰ ਵਾਲੇ ਬ੍ਰਹਿਮੰਡ ਦਾ ਵਿਸਥਾਰ ਬੇਹੱਦ ਤੇਜ਼ੀ ਨਾਲ ਹੋਇਆ। ਰੋਸ਼ਨੀ ਦੀ ਰਫ਼ਤਾਰ ਤੋਂ ਵੀ ਤੇਜ਼। ਇਸ ਨਾਲ ਬ੍ਰਹਿਮੰਡ ਪੱਧਰਾ, ਹਮਵਾਰ, ਹਰ ਦਿਸ਼ਾ/ਪਾਸੇ ਇਕ ਸਾਰ ਰੂਪ ਵਿਚ ਨਜ਼ਰ ਆਉਣ ਵਾਲਾ ਬਣਿਆ।
ਇਨਫਲੇਸ਼ਨ ਦੀ ਇਸ ਰਹੱਸਮਈ ਪ੍ਰਕਿਰਿਆ ਵਿਚ ਅਨੇਕਾਂ ਬ੍ਰਹਿਮੰਡਾਂ ਦੇ ਬੀਜ ਸਨ। ਸਾਡੇ ਦਿਸਦੇ/ਅਣਦਿਸਦੇ ਬ੍ਰਹਿਮੰਡ ਤੋਂ ਇਲਾਵਾ ਹੋਰ ਬ੍ਰਹਿਮੰਡਾਂ ਦੇ ਜਿਨ੍ਹਾਂ ਨੂੰ ਅਸੀਂ ਕਦੀ ਵੇਖ ਨਹੀਂ ਸਕਾਂਗੇ। ਕਦੇ ਉਨ੍ਹਾਂ ਤੱਕ ਪਹੁੰਚ ਨਹੀਂ ਸਕਾਂਗੇ। ਉਨ੍ਹਾਂ ਤੋਂ ਅਸੀਂ ਤੇ ਉਹ ਸਾਡੇ ਤੋਂ ਬੇਖ਼ਬਰ ਰਹਿਣਗੇ। ਅਕਾਲ ਪੁਰਖ ਦੇ ਅਸੀਮ ਅਨੰਤ ਮਹਾਂ-ਪਸਾਰੇ ਦੇ ਅਨੇਕ ਬ੍ਰਹਿਮੰਡਾਂ ਵਿਚ ਸਾਡਾ ਬ੍ਰਹਿਮੰਡ ਇਕ ਬੁਲਬੁਲਾ ਮਾਤਰ ਹੈ। ਝੱਗ ਦੇ ਬੁਲਬੁਲਿਆਂ ਨਾਲ ਭਰੇ ਇਸ ਸਾਗਰ ਵਿਚ ਇਹੋ ਜਿਹੇ ਬੁਲਬੁਲੇ ਅਕਸਰ ਪੈਦਾ ਹੁੰਦੇ ਹੀ ਰਹਿੰਦੇ ਹਨ। ਇਕ ਨਹੀਂ ਅਨੇਕ ਬੁਲਬੁਲੇ। ਇੰਜ ਇਕ ਨਹੀਂ ਅਨੇਕ ਬ੍ਰਹਿਮੰਡ ਬੁਲਬੁਲਿਆਂ ਵਾਂਗ ਪੈਦਾ ਹੋਣ ਦੀ ਗੱਲ ਵਿਗਿਆਨ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ 'ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ' ਦੇ ਬਿੰਬ ਨਾਲ ਇਸੇ ਸਥਿਤੀ ਵੱਲ ਅਚੇਤ ਹੀ ਸੰਕੇਤ ਕਰਦੇ ਪ੍ਰਤੀਤ ਹੁੰਦੇ ਹਨ। ਕੁਦਰਤ ਤੇ ਕਾਦਰ ਨਾਲ ਇਕ ਸੁਰ ਗੁਰੂ ਸਾਹਿਬਾਨ ਖੰਡਾਂ ਬ੍ਰਹਿਮੰਡਾਂ ਨੂੰ ਲੰਮੀ ਨਦਰ ਨਾਲ ਸਹਿਜੇ ਹੀ ਦੇਖਦੇ/ਪਛਾਣਦੇ ਹਨ। ਮਲਟੀਵਰਸਿਜ਼/ਅਨੇਕ ਬ੍ਰਹਿਮੰਡਾਂ ਦੇ ਸੁੰਨ ਵਿੱਚੋਂ ਬੁਲਬੁਲੇ ਵਾਂਗ ਪੈਦਾ ਹੋਣ ਦੀ ਗੱਲ ਕਥਾ ਕਹਾਣੀ ਲਗਦੀ ਹੈ, ਆਮ ਆਦਮੀ ਨੂੰ। ਪਰ ਨਵਾਂ ਵਿਗਿਆਨ ਇਸ ਦੀ ਪੁਸ਼ਟੀ ਕਰ ਰਿਹਾ ਹੈ।
ਨਵ ਜੰਮੇ ਬ੍ਰਹਿਮੰਡ ਦੇ ਇਤਿਹਾਸ ਵਿਚ ਇਨਫਲੇਸ਼ਨ ਬਹੁਤ ਅਲਪ-ਕਾਲੀ ਕਿਰਿਆ ਸੀ। ਦਸ ਦੀ ਤਾਕਤ ਮਨਫ਼ੀ ਪੈਂਤੀ ਤੋਂ ਦਸ ਦੀ ਤਾਕਤ ਮਨਫ਼ੀ ਤੇਤੀ ਸਕਿੰਟ ਵਿਚਕਾਰ ਕਿੰਨਾ ਕੁ ਸਮਾਂ ਬਣਦਾ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੰਨੇ ਵਿਚ ਹੀ ਹੋ ਗਈ ਇਹ। ਇੰਨੇ ਵਿਚ ਫੈਲ ਫੁੱਲ ਕੇ ਇਹ ਬ੍ਰਹਿਮੰਡ ਪਹਿਲਾਂ ਨਾਲੋਂ ਭਲਾ ਕਿੰਨਾ ਵੱਡਾ ਹੋਇਆ। ਜਵਾਬ ਦੀ ਕਲਪਨਾ ਕਰਨ ਵਾਸਤੇ ਇਕ ਅੱਗੇ ਅਠਾਈ ਸਿਫ਼ਰਾਂ ਲਾ ਲਓ। ਇੰਨੇ ਗੁਣਾਂ। ਇਹ ਆਕਾਰ ਇੰਨਾ ਵੱਡਾ ਸੀ ਕਿ ਹੁਣ ਗੁਰੂਤਾ ਖਿੱਚ ਨਾਲ ਇਹ ਬ੍ਰਹਿਮੰਡ ਵਾਪਸ ਸੁੰਨ ਵਿਚ ਨਹੀਂ ਸੀ ਪਰਤ ਸਕਦਾ। ਬ੍ਰਹਿਮੰਡ ਵੈਕਿਊਮ ਦੀ ਕਵਾਂਟਮ ਫਲਕਚੂਏਸ਼ਨ ਤੋਂ ਪੈਦਾ ਹੋਇਆ। ਇਸ ਲਈ ਇਸ ਉੱਤੇ ਵੈਕਿਊਮ ਊਰਜਾ ਦਾ ਅਸਰ ਹੀ ਸਭ ਤੋਂ ਵੱਧ ਸੀ। ਸ਼ੁਰੂ ਵਿਚ ਬ੍ਰਹਿਮੰਡ ਦਾ ਆਕਾਰ ਛੋਟਾ ਹੋਣ ਕਾਰਨ ਵੈਕਿਊਮ ਊਰਜਾ ਘਣਤਾ ਬਹੁਤ ਉੱਚੀ ਸੀ ਅਤੇ ਬ੍ਰਹਿਮੰਡ ਰੌਸ਼ਨੀ ਦੀ ਰਫ਼ਤਾਰ ਨਾਲੋਂ ਵੀ ਤੇਜ਼ੀ ਨਾਲ ਫੈਲਿਆ। ਇਸ ਦੇ ਸਿੱਟੇ ਵਜੋਂ ਇਹ ਉਸ ਆਕਾਰ ਤੱਕ ਪੁੱਜਾ ਜਿੱਥੇ ਇਹ ਮੁਕਾਬਲਤਨ ਹੌਲੀ ਹਬਲ ਦੇ ਦੇਖੇ/ਦੱਸੇ ਅਨੁਸਾਰ ਪਸਾਰ ਕਰਨ ਲੱਗਾ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਫੋਨ ਨੰ: 98722-60550.

ਕੈਨੇਡਾ ਵਿਖੇ ਜੇਲ੍ਹ 'ਚ ਪੰਜਾਬਣਾਂ ਵੀ ਹਨ ਕੈਦ

ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ਹਨ, ਜਿਨ੍ਹਾਂ ਵਿਚ ਅੱਧੀ ਦਰਜਣ ਦੇ ਕਰੀਬ ਪੰਜਾਬਣਾਂ ਹਨ।
ਕੈਨੇਡਾ ਵਿਚ ਮੁਜਰਮ ਔਰਤਾਂ ਨੂੰ ਕੈਦ ਰੱਖਣ ਲਈ ਪੰਜ ਜੇਲ੍ਹਾਂ ਹਨ। ਉਨ੍ਹਾਂ ਵਿਚੋਂ ਸਭ ਤੋਂ ਵੱਡੀ ਜੇਲ੍ਹ ਉਂਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਹੈ, ਜਿੱਥੇ 220 ਔਰਤਾਂ ਨੂੰ ਰੱਖਣ ਦਾ ਪ੍ਰਬੰਧ ਹੈ। ਇਨ੍ਹੀਂ ਦਿਨੀਂ 168 ਔਰਤਾਂ ਸਜ਼ਾ ਭੁਗਤ ਰਹੀਆਂ ਹਨ, ਜਿਨ੍ਹਾਂ ਵਿਰੁੱਧ ਕਤਲ, ਇਰਾਦਾ ਕਤਲ, ਲੁੱਟ, ਕੁੱਟ, ਫਰਾਡ, ਨਸ਼ਿਆਂ ਦੀ ਤਸਕਰੀ ਵਗੈਰਾ ਦੇ ਦੋਸ਼/ਕੇਸ ਸਾਬਿਤ ਹੋਣ ਮਗਰੋਂ ਸਜ਼ਾਵਾਂ ਹੋਈਆਂ ਹਨ। ਕੈਦਣਾਂ ਵਿਚ ਕਈ ਦੇਸ਼ਾਂ ਤੋਂ ਆਪਣੀ ਜ਼ਿੰਦਗੀਆਂ ਦਾ ਸਵਰਗ ਸਿਰਜਣ ਕੈਨੇਡਾ ਆਈਆਂ ਪਰ ਮੁਜਰਮ ਹੋ ਗਈਆਂ ਦੋਸ਼ਣਾਂ ਮੌਜੂਦ ਹਨ। ਪਤਾ ਲੱਗਾ ਹੈ ਕਿ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਡਰੱਗ ਸਮੱਗਲ ਕਰਨ ਦੇ ਦੋਸ਼ਾਂ ਹੇਠ ਕਾਬੂ ਆਉਣ ਵਾਲੀਆਂ ਦੋਸ਼ਣਾਂ ਕਰਕੇ ਕਿਚਨਰ ਸਥਿਤ ਜੇਲ੍ਹ ਵਿਚ ਲੱਗਪਗ ਸਾਰੇ ਦੇਸ਼ਾਂ ਦੀਆਂ ਔਰਤ ਕੈਦਣਾਂ ਦੀ ਮੌਜੂਦਗੀ ਰਹਿੰਦੀ ਹੈ। ਉਨ੍ਹਾਂ ਵਿਚ ਭਾਰਤ ਨਾਲ ਸਬੰਧਿਤ ਕੈਦਣਾਂ ਵੀ ਹਨ, ਜਿਨ੍ਹਾਂ ਵਿਚ ਅੱਧੀ ਦਰਜਣ ਦੇ ਕਰੀਬ ਪੰਜਾਬਣਾਂ ਹਨ।
ਬਰੈਂਪਟਨ ਵਿਖੇ ਫਰਵਰੀ 2009 'ਚ ਘਰ ਅੰਦਰ ਚਾਕੂ ਮਾਰ ਕੇ ਕਤਲ ਕੀਤੀ ਗਈ ਪੂਨਮ ਲਿੱਟ ਦੀ ਦੋਸ਼ਣ ਸਕੀ ਨਨਾਣ ਮਨਦੀਪ ਪੂਨੀਆ ਉਸ ਜੇਲ੍ਹ ਵਿਚ ਕੈਦ ਕੱਟ ਰਹੀ ਹੈ। 29 ਜਨਵਰੀ, 2014 ਨੂੰ ਰਾਜਧਾਨੀ ਓਟਾਵਾ ਵਿਖੇ ਘਰ ਵਿਚ ਚਾਕੂ ਨਾਲ ਕਤਲ ਕੀਤੀ ਤਿੰਨ ਬੱਚਿਆਂ ਦੀ ਮਾਂ ਜਗਤਾਰ ਕੌਰ ਗਿੱਲ ਦੇ ਕਤਲ ਕੇਸ 'ਚ ਮ੍ਰਿਤਕਾ ਦਾ ਪਤੀ ਭੁਪਿੰਦਰ ਸਿੰਘ ਗਿੱਲ (41) ਅਤੇ ਉਸ ਦੀ ਸਾਥਣ ਗੁਰਪ੍ਰੀਤ ਕੌਰ ਰੋਨਾਲਡ (38) ਗੁਨਾਹਗਾਰ ਮੰਨੇ ਗਏ ਹਨ। ਜੁਲਾਈ 2016 'ਚ ਗੁਰਪ੍ਰੀਤ ਅਤੇ ਭੁਪਿੰਦਰ ਨੂੰ ਅਦਾਲਤ ਦੀ 12 ਮੈਂਬਰੀ ਜਿਊਰੀ ਨੇ ਫਸਟ ਡਿਗਰੀ ਮਰਡਰ ਦੇ ਦੋਸ਼ੀ ਪਾਇਆ ਸੀ। ਦੋਵਾਂ ਨੂੰ ਉਮਰ ਕੈਦ ਹੋਈ ਅਤੇ 25 ਸਾਲਾਂ ਤੱਕ ਬਾਹਰ ਨਹੀਂ ਨਿਕਲ ਸਕਦੇ। ਗੁਰਪ੍ਰੀਤ ਰੋਨਾਲਡ ਕਿਚਨਰ ਵਿਚ ਔਰਤਾਂ ਦੀ ਜੇਲ੍ਹ ਵਿਚ ਬੰਦ ਹੈ।
ਇਸ ਪੱਤਰਕਾਰ ਨੂੰ ਬੀਤੇ ਦਿਨ ਉਸ ਜੇਲ੍ਹ 'ਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਬੈਰਕਾਂ ਵਿਚ ਕੈਦਣਾਂ ਦੀਆਂ ਮੁਸ਼ਕਿਲਾਂ ਜਾਨਣ ਦਾ ਮੌਕਾ ਮਿਲਿਆ ਸੀ। ਜੇਲ੍ਹ ਵਿਚ 168 ਕੈਦਣਾਂ ਲਈ ਤਿੰਨ ਸ਼ਿਫਟਾਂ ਵਿਚ 208 ਸਟਾਫ ਮੈਂਬਰ ਸਰਗਰਮ ਰਹਿੰਦੇ ਹਨ। ਉਨ੍ਹਾਂ ਵਿਚ 9 ਮਨੋਵਿਗਿਆਨੀ ਹਨ, ਜਿਨ੍ਹਾਂ ਦਾ ਕੰਮ ਕੈਦਣਾਂ ਦੀ ਮਨੋ-ਅਵਸਥਾ ਸਥਿਰ ਕਰਨਾ/ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਜੇਲ੍ਹ ਵਿਚ ਆਉਣ ਤੋਂ ਪਹਿਲਾਂ ਹੀ ਕੈਦਣਾਂ ਦਿਮਾਗੀ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਰਕੇ ਜੇਲ੍ਹ ਦੇ ਹਾਲਾਤਾਂ ਵਿਚ ਅਡਜਸਟ ਹੋਣ ਵਿਚ ਉਨ੍ਹਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਦੇ ਮਨ 'ਤੇ ਬੋਝ ਅਕਸਰ ਖਰਾਬ ਹੋਏ ਪਰਿਵਾਰਿਕ ਰਿਸ਼ਤਿਆਂ ਕਾਰਨ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਅਲੱਗ ਰਹਿਣਾ ਪੈਂਦਾ ਤਾਂ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ। ਹਰੇਕ ਕੈਦਣ ਨੂੰ ਆਪਣਾ ਮੇਲ ਬਾਕਸ ਮਿਲਦਾ ਹੈ, ਜਿੱਥੇ ਉਸ ਦੀ ਡਾਕ ਪਾ ਦਿੱਤੀ ਜਾਂਦੀ ਹੈ ਪਰ ਕੰਪਿਊਟਰ, ਇੰਟਰਨੈੱਟ ਅਤੇ ਈਮੇਲ ਦੀ ਸਹੂਲਤ ਨਹੀਂ ਦਿੱਤੀ ਜਾਂਦੀ। ਕੇਬਲ ਟੀ.ਵੀ. ਦੇ ਕੁਝ ਚੈਨਲ ਮਿਲਦੇ ਹਨ ਪਰ ਦੇਸੀ ਚੈਨਲਾਂ ਦੀ ਸਹੂਲਤ ਨਹੀਂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 16 ਕੁ ਫੀਸਦੀ ਉਮਰ ਕੈਦ ਭੁਗਤਣ ਵਾਲੀਆਂ ਹੁੰਦੀਆਂ ਹਨ ਅਤੇ 38 ਫੀਸਦੀ ਨੂੰ ਸਜ਼ਾ 2 ਜਾਂ ਤਿੰਨ ਸਾਲ ਦੀ ਹੋਈ ਹੁੰਦੀ ਹੈ। ਕਮਾਲ ਦੀ ਗੱਲ ਇਹ ਵੀ ਹੈ ਕਿ 53 ਫੀਸਦੀ ਕੈਦਣਾਂ 12ਵੀਂ ਤੋਂ ਘੱਟ ਪੜ੍ਹੀਆਂ ਹੁੰਦੀਆਂ ਹਨ ਭਾਵ ਮੁੰਡਿਆਂ ਵਾਂਗ ਘੱਟ ਪੜ੍ਹੀਆਂ ਕੁੜੀਆਂ ਜੁਰਮ ਦੀ ਦੁਨੀਆ ਵੱਲ ਜਲਦੀ ਆਕਰਸ਼ਿਤ ਹੁੰਦੀਆਂ ਹਨ।
ਪੰਜਾਬਣ ਕੈਦਣਾਂ ਦੀਆਂ ਮੁਸ਼ਕਿਲਾਂ ਹੋਰਨਾਂ ਦੇ ਮੁਕਾਬਲੇ ਕੁਝ ਵੱਖਰੀਆਂ ਹਨ। ਇਕ ਕੈਦਣ (ਉਸ ਦਾ ਨਾਂਅ ਦੱਸਿਆ ਨਹੀਂ ਜਾ ਸਕਦਾ) ਨੇ ਕਿਹਾ ਕਿ ਪੰਜਾਬੀ ਖਾਣਾ ਅਤੇ ਮਸਾਲੇਦਾਰ ਦਾਲਾਂ-ਸਬਜ਼ੀਆਂ ਨਹੀਂ ਦਿੱਤੀਆਂ ਜਾਂਦੀਆਂ। ਉਸ ਨੇ ਬੇਬਾਕੀ ਨਾਲ ਕਿਹਾ ਕਿ ਸਿੱਖ ਅਤੇ ਹਿੰਦੂ ਕੈਦਣਾਂ ਨੂੰ ਆਪਣਾ ਖਾਣਾ ਨਹੀਂ ਖਾਣ ਦਿੱਤਾ ਜਾਂਦਾ, ਜਦਕਿ ਮੁਸਲਮਾਨ ਕੈਦਣਾਂ ਉਪਰ ਅਜਿਹੀ ਪਾਬੰਦੀ ਨਹੀਂ ਹੈ। ਉਸ ਨੇ ਇਹ ਵੀ ਦੱਸਿਆ ਕਿ ਸਿਰ 'ਤੇ ਚੁੰਨੀ ਲੈਣ ਦੀ ਇਜਾਜ਼ਤ ਨਹੀਂ ਹੈ। ਸਿਰ ਕੱਜਣ ਲਈ ਇਕ ਚਕੋਨਾ ਰੁਮਾਲ ਦਿੱਤਾ ਜਾਂਦਾ ਹੈ। ਉਹ ਰੁਮਾਲ ਧੋਣਾ ਹੋਵੇ ਤਾਂ ਸਿਰ ਨੰਗਾ ਰੱਖਣਾ ਪੈਂਦਾ। ਵਗੈਰਾ-ਵਗੈਰਾ। ਘੱਟ ਸਮੇਂ ਵਿਚ ਬਹੁਤ ਬੋਲ ਕੇ ਉਸ ਨੇ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ। ਜਦੋਂ ਉਸ ਦੀਆਂ ਸ਼ਿਕਾਇਤਾਂ ਨੂੰ ਅਸੀਂ ਜੇਲ੍ਹ ਦੀ ਮੁਖੀ, ਵਾਰਡਨ ਨਾਲ ਵਿਚਾਰਿਆ ਤਾਂ ਉਸ ਨੇ ਕਿਹਾ ਕਿ ਕੈਦਣਾਂ ਨੂੰ ਆਪਣੀ ਗੱਲ ਜੇਲ੍ਹ ਦੇ ਅਧਿਕਾਰੀਆਂ ਤੱਕ ਲਿਖ ਕੇ ਪਹੁੰਚਾਉਣ ਦਾ ਖੁੱਲ੍ਹਾ ਮੌਕਾ ਹਾਸਿਲ ਰਹਿੰਦਾ ਹੈ ਅਤੇ ਲਿਖਤੀ ਬੇਨਤੀ ਮਿਲਣ ਮਗਰੋਂ ਦਿੱਤੀ ਜਾ ਸਕਣ ਵਾਲੀ ਸਹੂਲਤ ਦੇ ਦਿੱਤੀ ਜਾਂਦੀ ਹੈ। ਵਾਰਡਨ ਨੇ ਦੱਸਿਆ ਕਿ ਉਸ ਲੜਕੀ ਨੇ ਕਦੇ ਫਾਰਮ ਭਰ ਕੇ ਨਹੀਂ ਭੇਜਿਆ ਅਤੇ ਨਾ ਬੋਲ ਕੇ ਕਦੇ ਦੱਸਿਆ ਹੈ। ਵਾਰਡਨ ਨੇ ਸਪੱਸ਼ਟ ਆਖਿਆ ਕਿ ਜੇਲ੍ਹ ਵਿਚ ਹਿੰਦੂ ਅਤੇ ਸਿੱਖ ਕੈਦਣਾਂ ਨਾਲ ਵਿਤਕਰੇ ਦਾ ਸਵਾਲ ਪੈਦਾ ਨਹੀਂ ਹੋ ਸਕਦਾ ਅਤੇ ਨਾ ਹੀ ਮੁਸਲਮਾਨਾਂ ਨੂੰ ਹੋਰਨਾਂ ਤੋਂ ਵੱਧ ਸਹੂਲਤਾਂ ਹਨ। ਉਨ੍ਹਾਂ ਆਖਿਆ ਕਿ ਨਿਯਮਾਂ ਮੁਤਾਬਿਕ ਧਾਰਮਿਕ ਵਿਵਸਥਾ ਦੀ ਸੰਭਵ ਸਹੂਲਤ ਹਰੇਕ ਕੈਦਣ ਨੂੰ ਦਿੱਤੀ ਜਾਂਦੀ ਹੈ। ਚੁੰਨੀ ਅਤੇ ਪੱਗ ਨਾ ਦੇਣ ਵਾਲੀ ਜੇਲ੍ਹਾਂ ਦੀ ਨੀਤੀ ਹੈ ਤਾਂ ਕਿ ਕੈਦਣਾਂ/ਕੈਦੀ ਫਾਹਾ ਨਾ ਲੈ ਸਕਣ। ਓਧਰ ਪੰਜਾਬਣ ਕੈਦਣ ਦਾ ਤਰਕ ਹੈ ਕਿ ਚੁੰਨੀ ਇਕ ਮੀਟਰ ਦੀ ਹੁੰਦੀ ਹੈ, ਜਿਸ ਨਾਲ ਫਾਹਾ ਨਹੀਂ ਲਿਆ ਜਾ ਸਕਦਾ। ਭੈੜੇ ਜਿਹੇ ਅਪਰਾਧਕ ਮਾਮਲੇ ਵਿਚ ਫਸਣ ਤੋਂ ਪਹਿਲਾਂ ਦੇ ਉਸ ਕੁੜੀ ਦਾ ਕੈਨੇਡਾ ਵਿਚ ਜੀਵਨ ਬੜਾ ਆਪਮੁਹਾਰਾ ਸੀ। ਉਦੋਂ ਸਿਰ 'ਤੇ ਚੁੰਨੀ ਰੱਖਣਾ ਉਸ ਦੀ ਪਹਿਲ ਕਦੇ ਨਹੀਂ ਸੀ। ਉੇਸ ਦੇਸ਼ ਵਿਚ ਮਿਲਦੀਆਂ ਖੁੱਲ੍ਹਾਂ ਦਾ ਖੁੱਲ੍ਹ ਕੇ ਆਨੰਦ ਮਾਣਦੀ ਸੀ। ਖੁੱਲ੍ਹਾਂ ਵਾਲੀ ਆਜ਼ਾਦੀ ਦੇ ਕਟੋਰੇ ਨਾਲ ਪਾਣੀ (ਬਹੁਤ) ਜ਼ਿਆਦਾ ਪੀਤਾ ਗਿਆ। ਵੱਡੇ-ਛੋਟੇ ਦੀ ਬਹੁਤੀ ਪ੍ਰਵਾਹ ਨਾ ਕਰਨਾ ਅਤੇ ਮਨਮਰਜ਼ੀਆਂ ਵਾਲਾ ਸੁਭਾਅ ਪੱਕ ਗਿਆ ਹੋਣ ਕਰਕੇ ਚੰਡੀਗੜ੍ਹ ਦੀ ਉਸ ਕੁੜੀ (ਬਹੁਤ ਕਿਤਾਬਾਂ/ਕਲਾਸਾਂ ਪੜ੍ਹੀ) ਨੂੰ ਕੈਨੇਡਾ ਦੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿਚ ਲੰਬੀ ਕੈਦ ਦੇ ਦਿਨ ਕੱਟਣੇ ਪਏ ਹਨ। ਉਸ ਦੀ ਜਵਾਨੀ ਕੈਨੇਡਾ ਦੀਆਂ ਜੇਲ੍ਹਾਂ ਵਿਚ ਅੱਡੀਆਂ ਰਗੜ ਕੇ ਬੀਤਣ ਵਾਲੀ ਗੱਲ ਬਣੀ ਪਈ ਹੈ।

ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿੱਚੋਂ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ, ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿਗੂੰ-ਡਿਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ਸੱਚੀਉਂ ਸਾਨੂੰ ਮਾਵਾਂ ਵਰਗੇ ਬੋਹੜ ਪਿੱਪਲ ਹੁਣ ਸੰਤਾਪ ਜਾਂ ਫਿਰ ਬੋਝ ਜਾਪਣ ਲੱਗ ਪਏ ਹਨ? ਨਾਲੇ ਇਹ ਸਭ ਰੁੱਖ ਤਾਂ ਸਾਨੂੰ ਧੁਰੋਂ ਹੀ 'ਜ਼ਿੰਦਗੀ ਦਾ ਦਾਨ' ਦਿੰਦੇ ਆਏ ਹਨ.... ਸਾਡੀ ਮਨੁੱਖਤਾ ਸਮੇਤ ਸਭ ਪ੍ਰਾਣੀਆਂ ਦੀ ਇਸ ਧਰਤੀ ਨਾਂਅ ਦੇ ਗ੍ਰਹਿ 'ਤੇ ਹੋਂਦ ਹੀ ਇਨ੍ਹਾਂ 'ਰੁੱਖਾਂ' ਕਰਕੇ ਹੈ। ਹੋਰ ਤਾਂ ਹੋਰ ਰੁੱਖਾਂ ਨੂੰ ਸਾਡੇ ਘਰਾਂ/ਆਂਢ-ਗੁਆਂਢ, ਪਿੰਡਾਂ-ਸ਼ਹਿਰਾਂ ਅਤੇ ਖੇਤਾਂ, ਬੰਨਿਆਂ 'ਚ ਪੁੱਟਣ/ਵੱਢਣ ਦੀ ਜਿਹੜੀ ਹੋੜ ਇਸ ਅਖੌਤੀ ਤਰੱਕੀ ਦੇ ਯੁੱਗ 'ਚ ਲੱਗੀ ਹੋਈ ਹੈ, ਉਹ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਯੁੱਗ 'ਚ ਲੱਗੀ ਹੋਵੇ। ਹਰ ਪਾਸੇ ਰੁੱਖਾਂ 'ਤੇ ਬੇਰਹਿਮੀ ਨਾਲ ਕੁਹਾੜਾ ਚਲਾ ਕੇ ਇਕ ਤਰ੍ਹਾਂ ਨਾਲ ਅਜਿਹਾ 'ਉਜਾੜਾ' ਪਾਇਆ ਜਾ ਰਿਹਾ ਹੈ, ਜਿੱਥੇ ਇਟਾਂ, ਪੱਥਰਾਂ, ਸੰਗਮਰਮਰ, ਕੰਕਰੀਟ ਅਤੇ ਲੋਹੇ ਦੇ 'ਜੰਗਲ ਹੀ ਜੰਗਲ' ਉਗਾਏ ਜਾ ਰਹੇ ਹਨ।
ਹੋਰ ਤਾਂ ਹੋਰ ਸਭ ਤੋਂ ਵੱਧ ਘਾਤਕ/ਸਿਤਮ ਇਹ ਕਿ ਅਜਿਹਾ ਸਭ ਕੁਝ 'ਬਲਿਹਾਰੀ ਕੁਦਰਤਿ ਵਸਿਆ...।' ਗੁਰਬਾਣੀ ਦੇ ਉਪਦੇਸ਼ ਦੇ ਐਨ ਉਲਟ ਪੰਜਾਬ 'ਚ ਬੜੀ ਤੇਜੀ ਨਾਲ ਵਾਪਰ ਰਿਹਾ ਹੈ। ਉਸ ਪੰਜਾਬ 'ਚ ਜਿਸ ਦੀ ਧਰਤੀ ਦੇ ਬਾਸ਼ਿੰਦੇ ਕਦੇ ਕਿਸੇ ਜ਼ਮਾਨੇ 'ਚ 'ਛਾਂ' ਅਤੇ 'ਮਾਂ' 'ਚ ਕੋਈ ਫ਼ਰਕ ਨਹੀਂ ਸਮਝਦੇ ਸਨ।
ਜਿਵੇਂ ਕਿ:
ਮਾਵਾਂ ਠੰਢੀਆਂ ਛਾਵਾਂ
ਛਾਵਾਂ ਕੌਣ ਕਰੇ ?
...
ਮਾਂ ਬੋਹੜ ਦੀ ਛਾਂ ਤੇ ਰੱਬ ਦਾ ਨਾਂਅ
ਇਹ ਸਾਰੇ ਇਕੋ ਜਿਹੇ...।
ਕੀ ਸੱਚਮੁੱਚ ਹੀ ਰਿਸ਼ੀਆਂ-ਮੁੰਨੀਆਂ, ਪੀਰਾਂ-ਫ਼ਕੀਰਾਂ, ਗੁਰੂਆਂ ਦੀ ਇਸ ਪਵਿੱਤਰ ਧਰਤੀ 'ਤੇ ਮਾਵਾਂ ਵਰਗੀਆਂ 'ਛਾਵਾਂ' ਕਰਨ ਵਾਲਾ ਹੁਣ ਕੋਈ ਨਹੀਂ ਰਿਹਾ। ਕਿਧਰੇ ਇਸ ਧਰਤੀ 'ਤੇ ਰਾਹਾਂ, ਚੌਰਸਤਿਆਂ, ਛੱਪੜਾਂ/ਟੋਭਿਆਂ ਦੇ ਕੰਢੇ, ਸ਼ਮਸ਼ਾਨਾਂ, ਸੱਥਾਂ, ਡੇਰਿਆਂ, ਧਰਮਸ਼ਾਲਾਵਾ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਰੁੱਖਾਂ ਦੀਆਂ ਵੱਖ-ਵੱਖ ਕਿਸਮਾਂ ਸਮੇਤ ਤ੍ਰਵੈਣੀਆਂ (ਨਿੰਮ, ਪਿੱਪਲ ਅਤੇ ਬੋਹੜ) ਲਾਉਣ ਵਾਲੇ ਕਿਸੇ ਹੋਰ ਔਝੜ ਰਾਹੇ ਤਾਂ ਨਹੀਂ ਪੈ ਗਏ...? ਜੰਗਲਾਂ/ਬੇਲਿਆਂ ਦਾ ਇਕ ਅਜਿਹਾ ਰਾਹ ਛੱਡ ਕੇ ਜਿਥੇ ਵੇਦ ਰਚੇ ਗਏ ਅਤੇ ਹੀਰਾਂ/ਰਾਂਝਿਆਂ ਦੀਆਂ ਪ੍ਰੀਤ ਕਹਾਣੀਆਂ ਰਚੀਆਂ ਗਈਆਂ। ਉਹ ਰਾਹ ਜਿਨ੍ਹਾਂ 'ਤੇ ਦੁੱਧਾਂ ਦੀਆਂ ਨਦੀਆਂ ਵਹਿ ਤੁਰੀਆਂ...। ਤਰੱਕੀ ਦੀਆਂ ਸ਼ਿਖਰਾਂ/ਬੁਲੰਦੀਆਂ 'ਤੇ ਜਾਂਦੇ ਇਸ ਰਾਹ 'ਚ ਹੀ ਪੈਂਦੀਆਂ ਸੀ ਕਿਸੇ ਵੇਲੇ ਸਿੰਧੂ ਘਾਟੀ ਦੀ ਸੱਭਿਅਤਾ ...। ਇਹੀ ਤਾਂ ਇਕੋ-ਇਕ ਉਹ ਰਾਹ ਸੀ, ਜੋ ਨਦੀਆਂ/ਦਰਿਆਵਾਂ (ਚਾਹੇ ਉਹ ਸਤਲਜ, ਸਿੰਧ, ਯਮਨਾ, ਕੋਈ ਵੀ ਹੋਵੇ..) ਸੰਘਣੇ ਜੰਗਲਾਂ, ਪਿੰਡਾਂ/ਨਗਰਾਂ, ਜੰਗਲੀ ਜੀਵਨ ਸਭ ਕਾਸੇ ਨੂੰ ਇਕ ਲੜੀ 'ਚ ਪਰੋ ਕੇ ਆਪਣੇ ਨਾਲ ਜੋੜਦਾ ਸੀ। ਸਭ ਨੂੰ ਆਪਸ 'ਚ ਘੁਲ-ਮਿਲ ਕੇ ਰਹਿਣ ਦਾ ਵਲ ਸਿਖਾਉਂਦਾ ਸੀ। ਅੱਜ ਅਸੀਂ ਔਝੜ ਦੇ ਰਾਹ ਪੈ ਕੇ ਆਪਣੇ ਕੁਦਰਤੀ ਸਾਧਨਾਂ ਨਦੀਆਂ/ਦਰਿਆਵਾਂ ਨੂੰ ਪਲੀਤ ਕਰ ਹੀ ਨਹੀਂ ਰਹੇ ਸਗੋਂ ਕਰ ਦਿੱਤਾ ਹੈ। ਸਿਰਫ਼ ਇਹੀ ਨਹੀਂ ਸਾਡੀ 'ਹਾਬੜ' ਨੇ ਇਸ ਧਰਤੀ ਦੀ ਸਭ ਤੋਂ ਖ਼ੂਬਸੂਰਤ/ਅਨਮੋਲ ਦਾਤ 'ਜੰਗਲਾਂ' ਨੂੰ ਉਜਾੜ ਦਿੱਤਾ ਹੈ।
ਜਦੋਂ ਕਿ ਇਸ ਦੇ ਐਨ ਉਲਟ 'ਜੰਗਲ' ਸਾਡੇ ਹਮਸਾਇਆਂ ਦੀ ਤਰ੍ਹਾਂ ਹਰ ਦੁੱਖ-ਸੁੱਖ ਵਿਚ ਸਾਡੇ ਅੰਗ-ਸੰਗ ਰਹਿੰਦਿਆਂ ਸਾਡੇ ਸਭ ਪ੍ਰਾਣੀਆਂ ਲਈ ਮਾਰਗ ਦਰਸ਼ਕ ਹੀ ਨਹੀਂ ਬਣਦੇ, ਸਗੋਂ ਸਾਡੇ ਸਭ ਦੇ ਸਾਹਾਂ 'ਚ ਸਾਹ ਪਾ ਕੇ ਅੰਗ-ਸੰਗ/ ਨਾਲ ਮਾਂ-ਜਾਇਆਂ ਦੀ ਤਰ੍ਹਾਂ ਜਿਊਂਦੇਂ ਹਨ... ਏਦੂੰ ਵੀ ਕਿਤੇ ਵੱਧ ਸਾਡੇ ਸਭ ਜੀਵਾਂ/ਪ੍ਰਾਣੀਆਂ ਲਈ ਜ਼ਿੰਦਗੀ ਦਾ ਅਸਲ ਆਹਾਰ ਇਹ ਜੰਗਲ ਹੀ ਤਾਂ ਬਣਦੇ ਹਨ ।... ਦਰਅਸਲ ਸੱਚ ਤਾਂ ਇਹ ਹੈ ਕਿ ਜਨਮ ਤੋਂ ਲੈ ਕੇ ਅਖ਼ੀਰ ਤੱਕ ਸਾਡੀ ਉਹ ਕਿਹੜੀ ਲੋੜ ਹੈ, ਜੋਂ ਰੁੱਖ ਪੂਰੀ ਨਹੀਂ ਕਰਦੇ ... ?
ਚਾਹੀਦਾ ਤਾਂ ਇਹ ਸੀ ਕਿ ਸਾਡੇ ਆਲੇ-ਦੁਆਲੇ ਧਰਤੀ ਦੇ 33 ਫ਼ੀਸਦੀ ਹਿੱਸੇ 'ਚ ਰੁੱਖ ਭਾਵ ਜੰਗਲ ਹੁੰਦੇ।... ਪਰ ਅੱਜ ਰੁੱਖਾਂ ਦੀ ਬੇ-ਕਦਰੀ ਤੇ ਹਨੇਰ ਗਰਦੀ ਦੇ ਇਸ ਯੁੱਗ 'ਚ ਜੰਗਲਾਂ ਦੀ ਬੇਤਹਾਸ਼ਾ ਕਟਾਈ ਸਦਕਾ ਪੰਛੀਆਂ/ਜਾਨਵਰਾਂ ਦਾ ਜਿਉਣਾ 'ਦੁੱਭਰ' ਹੋ ਗਿਆ ਹੈ। ਹਰ ਵਰ੍ਹੇ ਬੜੀ ਤੇਜ਼ੀ ਨਾਲ ਇਸ ਧਰਤੀ ਦੇ ਅਨੇਕਾਂ ਬਾਸ਼ਿੰਦਿਆਂ (ਪਸ਼ੂ/ਪੰਛੀ ਅਤੇ ਹੋਰਨਾਂ ਜਾਨਵਰਾਂ ਤੇ ਕੀਟ ਪਤੰਗਿਆਂ ਸਮੇਤ) ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ, ਜੋ ਕਿ ਮਨੁੱਖਤਾ ਲਈ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਖ਼ਤਰੇ ਦਾ ਸੰਕੇਤ ਹਨ। ਸਾਡੇ ਪੰਜਾਬੀ ਲੋਕ ਗੀਤਾਂ 'ਚ ਵੀ ਅਜਿਹੇ ਵਿਰਾਸਤੀ ਰੁੱਖਾਂ ਦਾ ਜ਼ਿਕਰ ਬਾਖ਼ੂਬ ਆਉਂਦਾ ਹੈ :
ਕਰੀਰ ਦਾ ਵੇਲਣਾ
ਮੈਂ ਵੇਲ-ਵੇਲ ਥੱਕੀ
....
ਨਿੰਮ ਦਾ ਘੜਾ ਦੇ ਘੋਟਣਾ
ਸੱਸ ਕੁੱਟਣੀ ਸੰਦੂਖਾਂ ਓਹਲੇ
....
ਮੈ ਕੱਤਾਂ ਪ੍ਰੀਤਾਂ ਨਾਲ
ਚਰਖਾ ਚੰਨਣ ਦਾ
....
ਸਾਡੇ ਪਿੰਡ ਦੇ ਮੁੰਡੇ ਵੇਖ ਲਓ
ਜਿਉ ਟਾਹਲੀ ਦੇ ਪਾਵੇ
....
ਫਲ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾਂ ਤੂੰ ਮਾਣ ਨਾ ਕਰੀ ਂ
....
ਮੁੰਡਾ ਰੋਹੀ ਦੀ ਕਿੱਕਰ ਨਾਲੋਂ ਕਾਲਾ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
....
ਦੱਸ ਕਿਹੜੇ ਮੈਂ ਬਹਾਨੇ ਆਵਾਂ
ਬੇਰੀਆਂ ਦੇ ਬੇਰ ਮੁੱਕ 'ਗੇ
....
ਕਿੱਕਰਾਂ ਵੀ ਟੱਪ ਆਈ
ਬੇਰੀਆਂ ਵੀ ਟੱਪ ਆਈ
ਰਹਿਗੇ ਜੰਡ ਕਰੀਰ
ਮੋੜੋ ਨੀ ਕੁੜੀਓ
ਮੈ ਰਾਂਝੇ ਦੀ ਹੀਰ
ਅਜਿਹੇ ਸਭ ਲੋਕ ਗੀਤ ਕਿਸੇ ਵੇਲੇ ਸਾਡੇ ਪੰਜਾਬੀਆਂ ਦੀ ਵਧੀਆ/ਸੰਤੁਲਿਤ ਜ਼ਿੰਦਗੀ ਜਿਉਣ ਦੀ ਸ਼ਾਹਦੀ ਭਰਦੇ ਹਨ। ਇਕ ਜ਼ਿੰਦਗੀ ਜਿਉਣ ਦਾ ਅਜਿਹਾ ਸੁਚੱਜਾ ਢੰਗ, ਜਿਸ ਨੂੰ ਅਜੋਕੇ 'ਮਾਡਰਨ ਯੁੱਗ' 'ਚ ਅਸੀਂ ਭੁੱਲ-ਭੁਲਾ ਰਹੇ ਹਾਂ, ਜਿਸ ਦੀ ਬਦੌਲਤ ਅਨੇਕਾਂ ਦੁਸ਼ਵਾਰੀਆਂ ਆਪੋ-ਆਪਣੇ ਵਿਰਾਟ ਰੂਪ 'ਚ ਸਾਡੇ ਸਭ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ, ਜਿਹੜੀਆਂ ਹੁਣ ਤੱਕ ਦੀ ਮਨੁੱਖਤਾ ਸੱਭਿਅਤਾ ਸਮੇਤ ਸਮੁੱਚੇ ਮਨੁੱਖੀ ਸਮਾਜ ਨੂੰ ਪਲਾਂ ਛਿਣਾ 'ਚ ਨਿਗਲ ਸਕਦੀਆਂ ਹਨ। ...ਕਾਸ਼। ਸਾਨੂੰ ਸਭ ਨੂੰ ਜਾਂ ਫੇਰ ਸਾਡੇ ਭਵਿੱਖ/ਮਨੁੱਖੀ ਸਮਾਜ ਦੇ ਭਵਿੱਖ ਦੇ ਕਿਸੇ ਵੀ ਵਾਰਿਸ ਨੂੰ ਅਜਿਹਾ ਮਨਹੂਸ-ਪਲ, ਘੜੀ ਜਾਂ ਫਿਰ ਦਿਨ ਨਾ ਹੀ ਵੇਖਣਾ ਪਵੇ...। ਅਜਿਹਾ ਸਿਰਫ਼ ਤਾਂ ਹੀ ਹੋ ਸਕੇਗਾ, ਜੇਕਰ ਅਸੀਂ ਸਭ ਰਲ-ਮਿਲ ਕੇ ਰੁੱਖਾਂ ਦਾ ਉਜਾੜਾ ਬੰਦ ਹੀ ਨਹੀ ਕਰਾਂਗੇ ਸਗੋਂ, ਇਸ ਧਰਤੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਵਧੇਰੇ ਰੁੱਖ ਉਗਾਵਾਂਗੇ। ਜਿਸ ਦੀ ਬਦੌਲਤ ਸਾਡੀ ਮਿੱਟੀ, ਧਰਤੀ, ਜੰਗਲ, ਸਾਡਾ ਆਲਾ-ਦੁਆਲਾ, ਪਾਣੀ, ਹਵਾ, ਜੰਗਲੀ ਜੀਵ ਗੱਲ ਕੀ? ਸਾਡਾ ਅਸਮਾਨ, ਚੰਦ ਤਾਰੇ, ਸੂਰਜ, ਸਭ ਗ੍ਰਹਿਆਂ-ਗਲੇਸ਼ੀਅਰਾਂ ਸਮੇਤ ਸਮੁੱਚਾ ਬ੍ਰਹਿਮੰਡ ਸੁਰੱਖਿਅਤ ਰਹਿ ਸਕੇਗਾ।
ਸਾਡੇ ਆਲੇ ਦੁਆਲੇ ਦੇ ਕੁਦਰਤੀ ਵਾਤਾਵਰਨ ਨੂੰ ਸੰਤੁਲਿਤ ਬਣਾਈ ਰੱਖਣ ਲਈ (ਸਾਡੇ ਸਭ ਪ੍ਰਾਣੀਆਂ ਦੇ ਜਿਉਣ ਯੋਗ) ਰੁੱਖ ਹੀ ਸਹਾਈ ਹੋ ਸਕਦੇ ਹਨ। ਉਦਯੋਗਿਕ ਕ੍ਰਾਂਤੀ ਸਦਕਾ ਸਾਡੇ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਆਦਿ ਗੈਸਾਂ ਦੀ ਮਿਕਦਾਰ ਕਾਰਨ ਪੈਣ ਵਾਲੇ ਦੁਰਪ੍ਰਭਾਵਾਂ ਨੂੰ ਰੋਕਣ ਤੇ ਘਟਾਉਣ ਲਈ ਸਿਰਫ਼ ਇਹੀ ਰੁੱਖ ਹੀ ਸਹਾਈ ਹੁੰਦੇ ਹਨ। ਸੋ ਆਓ ਧਰਤੀ ਮਾਂ ਦਾ ਰੁੱਖਾਂ ਨਾਲ ਸ਼ਿੰਗਾਰ ਕਰੀਏ।

-ਪਿੰਡ : ਚੁੱਘੇ- ਖੁਰਦ, ਡਾਕਖ਼ਾਨਾ : ਬਹਿਮਣ-ਦਿਵਾਨਾ, ਜ਼ਿਲ੍ਹਾ : ਬਠਿੰਡਾ।
ਮੋਬਾਈਲ : 75894-27462
masihalalchandsinghbathinda@gmail.com

ਜਿਊਣ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ ਜ਼ਿੰਦਗੀ ਦੀਆਂ ਖ਼ੁਸ਼ੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਨਸਾਨ ਜਾਣਦਾ ਹੈ ਕਿ ਇਹ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਇਹ ਇਸ ਤੱਥ ਦਾ ਵੀ ਜਾਣੂ ਹੈ ਕਿ ਕੁਝ ਚੀਜ਼ਾਂ ਖਾਣ ਪੀਣ ਨਾਲ ਕੁਝ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਕੁਝ ਨਾਲ ਬਿਮਾਰੀਆਂ ਲੱਗਦੀਆਂ ਨੇ। ਅੱਜ ਦੀ ਘੜੀ, ਮੁਲਕ, ਮਾਹਿਰ ਇਹ ਸਪੱਸ਼ਟ ਨਹੀਂ ਕਰ ਪਾਏ ਕਿ ਸਹੀ ਖਾਣਾ ਕੀ ਹੈ! ਨਿੱਤ ਦਿਨ ਜਿੰਨੇ ਲੇਖ (ਇਹ ਲੇਖ ਵੀ ਸ਼ਾਮਿਲ) ਇਸ ਵਿਸ਼ੇ 'ਤੇ ਲਿਖੇ ਜਾ ਰਹੇ ਨੇ ਕੋਈ ਗਿਣਤੀ ਨਹੀਂ। ਕਦੇ ਪੜ੍ਹਦੇ ਹਾਂ ਕਿ ਜੇ ਮਿਜਾਜ਼ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਹੈ ਤਾਂ ਆਹ ਖਾਓ-ਪੀਓ ਜਾਂ ਅਨਰਜੀ ਦੀ ਪੱਧਰ ਉਛਲਦੀ ਰੱਖਣ ਵਾਸਤੇ ਫਲਾਂ ਕੁਝ ਖਾਓ। ਜੇ ਭਾਰ ਘੱਟ ਕਰਨਾ ਹੈ ਤਾਂ ਇਹ ਨਾ ਖਾਓ, ਔਹ ਨਾ ਕਰੋ, ਵਗੈਰਾ-ਵਗੈਰਾ। ਇਸ ਕਿਸਮ ਦੇ ਝਾਂਸੇ, ਦਲੀਲਾਂ ਵਕਤੀ, ਮੁਰੰਮਤਾਂ ਨੇ। ਅਸੀਂ ਜਦ ਲੰਮੀ ਉਮਰ ਲਈ ਜਿਊਣ ਸ਼ੈਲੀ ਵਿਚ ਖੁਰਾਕ ਨੂੰ ਅਪਣਾਉਣਾ ਹੈ ਤਾਂ ਇਸ ਦੇ ਰੋਲ ਨੂੰ ਦੂਰਦ੍ਰਿਸ਼ਟ ਨਾਲ ਸਮਝਣਾ ਹੈ।
ਜਿਥੋਂ ਦੇ ਵਸਨੀਕਾਂ ਦੀਆਂ ਔਸਤਨ ਉਮਰਾਂ ਲੰਮੀਆਂ ਨੇ ਮਾਹਿਰਾਂ ਨੇ ਉਨ੍ਹਾਂ ਦੇਸ਼ਾਂ ਦਾ ਸਰਵੇਖਣ, ਅਧਿਐਨ ਕੀਤਾ ਹੈ ਕਿ ਉਹ ਲੋਕ ਕੀ ਖਾਂਦੇ ਨੇ ਜਾਂ ਉਨ੍ਹਾਂ ਦਾ ਕਿਹੜੀਆਂ ਚੀਜ਼ਾਂ 'ਤੇ ਜ਼ਿਆਦਾ ਜ਼ੋਰ ਹੈ, ਉਨ੍ਹਾਂ ਦੀਆਂ ਜਿਊਣ ਸ਼ੈਲੀਆਂ ਕੀ ਨੇ ਤੇ ਉਹ ਸੁਭਾਅ ਪੱਖੋਂ ਕਿਵੇਂ ਨੇ। ਨਤੀਜਨ, ਖਾਣ-ਪੀਣ ਬਾਰੇ ਸਹਿਮਤੀ ਕੁਝ ਇਸ ਤਰ੍ਹਾਂ ਦੀ ਹੈ। ਮੀਟ 'ਤੇ ਆਧਾਰਿਤ ਪ੍ਰੋਟੀਨਜ਼ ਬਹੁਤ ਘੱਟ ਖਾਣੀਆਂ ਨੇ ਤੇ ਜਦ ਵੀ ਖਾਣੀਆਂ ਨੇ ਤਾਂ ਮੱਛੀ ਮੀਟ ਨੂੰ ਤਰਜੀਹ ਦੇਣੀ ਹੈ। ਹਰੀਆਂ ਸਬਜ਼ੀਆਂ, ਫਲ-ਫਰੂਟ 'ਤੇ ਜ਼ੋਰ ਰੱਖਣਾ ਹੈ। ਤੇਲਾਂ ਵਿਚ 'ਆਲਵ' ਤੇਲ ਚੰਗਾ ਹੈ, ਯਾਨੀ ਕੱਚੀ ਘਾਣੀ ਦਾ ੜਜਗਪਜਅ. ਥੋੜ੍ਹਾ ਬਹੁਤ ਫੈਟ ਖਾਣ ਵਿਚ ਕੋਈ ਹਰਜ਼ ਨਹੀਂ। ਖੰਡ ਤੇ ਲੂਣ ਘੱਟ ਹੀ ਖਾਣ ਵਿਚ ਸਿਆਣਪ ਹੈ। ਕੋਲਡ ਡ੍ਰਿੰਕਸ ਦਾ ਸੇਵਨ ਬਹੁਤ ਹੀ ਇਹਤਿਆਤ ਨਾਲ ਕਰਨਾ ਹੈ ਖਾਸ ਕਰਕੇ ਜਿਨ੍ਹਾਂ ਵਿਚ ਐਡਿਡ ਸ਼ੂਗਰ ਹੋਵੇ ਯਾਨੀ 'ਫਰੱਕ ਟੋਸ' ਹੋਵੇ। ਖੁਰਾਕ ਘੱਟ ਹੀ ਖਾਣੀ ਹੈ ਯਾਨੀ ਆਪਣੇ ਢਿੱਡ ਵਿਚ ਕਲੋਰੀਆਂ ਘੱਟ ਹੀ ਜਾਣ ਦੇਣੀਆਂ ਨੇ। ਇਹ ਕਲੋਰੀਆਂ ਵੀ ਬਨਸਪਤੀ ਆਧਾਰਿਤ ਰਹਿਣੀਆਂ ਚਾਹੀਦੀਆਂ ਨੇ ਨਾ ਕਿ ਮੀਟ ਆਧਾਰਿਤ ਹੋਣ। ਕਦੇ-ਕਦੇ ਵਰਤ ਰੱਖਣੇ ਚਾਹੀਦੇ ਨੇ। ਮਾਹਿਰਾਂ ਦਾ ਮੰਨਣਾ ਹੈ ਕਿ ਜਦ ਜਿਸਮ ਨੂੰ ਕੰਮ ਕਰਨ ਤੋਂ ਛੁੱਟੀ ਹੁੰਦੀ ਹੈ ਤਾਂ ਪੂਰੇ ਸਿਸਟਮ ਆਰਾਮ ਫਰਮਾਉਂਦੇ ਨੇ, ਸੈੱਲ ਪੱਧਰ ਤੱਕ ਟਾਕਸਨਾਂ ਦੀ ਸਾਫ਼-ਸਫਾਈ ਕਰਦੇ ਨੇ। ਸਰੀਰ ਦੇ ਪੂਰੇ ਸਿਸਟਮਾਂ ਦਾ ਰਾਸ਼ਨ-ਪਾਣੀ ਬੰਦ ਹੋਣ 'ਤੇ ਸਰੀਰ ਕਾਲ ਸਥਿਤੀ ਨਾਲ ਨਿਪਟਣ ਦੀ ਪ੍ਰਕਿਰਿਆ ਵਿਚ ਵੜ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਕੀ ਹੁੰਦਾ ਹੈ ਜਾਂ ਨਹੀਂ, ਸਾਇੰਸਦਾਨ, ਮਾਹਿਰ ਭੰਬਲਭੂਸੇ ਵਿਚ ਨੇ। ਵਰਤ ਦੌਰਾਨ ਤਾਂ ਸ਼ਾਇਦ ਨਹੀਂ, ਪਰ ਬਾਅਦ ਵਿਚ ਮਿੱਠੀ ਤੇ ਚੰਗੀ ਮਹਿਸੂਸਗੀ, ਸਰੀਰ ਦਾ ਹਲਕਾਪਣ, ਦਿਮਾਗ ਦੀ ਉੱਚ ਕੋਟੀ ਦੀ ਤੀਖਣਤਾ... ਕਿਸੇ ਵੀ ਪੱਖੋ ਘਾਟੇ ਦਾ ਸੌਦਾ ਨਹੀਂ ਜਾਪਦਾ। ਲੱਸੀ, ਦਹੀਂ ਦਾ ਸੇਵਨ ਜ਼ਰੂਰ ਕਰਨਾ ਹੈ। ਸੌਣ ਤੋਂ ਪਹਿਲਾਂ ਅੱਧਾ ਕੁ ਕਿੱਲੋ ਦੁੱਧ ਛੱਕ ਹੀ ਲੈਣ ਦੀ ਚੰਗੀ ਆਦਤ ਰਹੇਗੀ। ਹਾਂ, ਸੱਚ, ਸਰ੍ਹਾਣੇ ਨੱਟਸ ਯਾਨੀ ਬਾਦਾਮ, ਕਾਜੂ ਆਦਿ ਰੱਖਣੇ ਨੇ ਤੇ ਰੋਜ਼ਾਨਾ ਖਾਣੇ ਵੀ ਨੇ ਯਾਨੀ ਤੁਹਾਡੀ ਨਿੱਤ ਦੀ ਖੁਰਾਕ ਦਾ ਇਹ ਅਹਿਮ ਹਿੱਸਾ ਰਹਿਣੇ ਚਾਹੀਦੇ ਨੇ। ਇਸ ਸਭ ਕੁਝ ਖਾਣ-ਪੀਣ ਨੂੰ ਹਰ ਰੋਜ਼ ਕਸਰਤ ਦਾ ਤੜਕਾ ਜ਼ਰੂਰ ਲਗਾਉਣਾ ਹੈ।
ਜਿਊਣ ਸ਼ੈਲੀ ਵਿਚ ਸ਼ਾਦੀਸ਼ੁਦਾ ਰਹਿਣ ਦਾ ਖਾਸ ਰੋਲ ਹੈ। ਦੋ ਹਮਖਿਆਲ ਇਨਸਾਨਾਂ ਦੀ ਗੂੜ੍ਹੀ ਸੰਗਤ ਤੇ ਆਪਸੀ ਪਿਆਰ ਵਿਚ ਫਾਇਦੇ ਹਨ। ਸਭ ਤੋਂ ਵੱਡਾ ਸਹਾਰਾ ਹੈ ਆਪਸੀ ਭਾਵੁਕ ਸਾਂਝ ਤੇ ਚੰਗੇ-ਮਾੜੇ ਵਕਤਾਂ ਵਿਚ ਇਕ-ਦੂਜੇ ਦੀ ਬਾਂਹ ਫੜਨਾ ਤੇ ਡਗਰ ਬਣੇ ਰਹਿਣਾ। ਬਜ਼ੁਰਗ ਉਮਰ ਵਿਚ ਦੋਵੇਂ ਸਾਥੀ ਇਕ-ਦੂਜੇ ਨੂੰ ਚੇਤੇ ਕਰਵਾਉਂਦੇ ਰਹਿੰਦੇ ਨੇ ਕਿ ਕਿਹੜੀ, ਕਦ ਤੇ ਕਿਵੇਂ ਦਵਾਈ ਆਦਿ ਲੈਣੀ ਹੈ। ਲੰਮੀ ਸਾਂਝ ਕਰਕੇ ਜੇਕਰ ਇਕ ਸਾਥੀ ਦੂਜੇ ਨੂੰ ਮੰਦੀ ਵਹਿਵਤ ਤਿਆਗਣ ਵਾਸਤੇ ਆਖਦਾ ਹੈ ਤਾਂ ਅਮੂਮਨ ਮੰਨ ਹੀ ਲਿਆ ਜਾਂਦਾ ਹੈ। ਕਈ ਵਾਰ ਇਕ ਸਾਥੀ ਦੇ ਚਲੇ ਜਾਣ ਬਾਅਦ ਦੂਸਰਾ ਸਾਥੀ ਉਸ ਵੱਲੋਂ ਕੀਤੀਆਂ ਨਸੀਹਤਾਂ ਨੂੰ ਸਤਿਕਾਰ ਸਹਿਤ ਯਾਦ ਰੱਖਦਾ, ਨਿਭਾਉਂਦਾ ਹੈ।
ਫਿਰ ਹਰੇਕ ਵਿਆਹੁਤਾ ਜੋੜੇ ਦੇ ਨਸੀਬ ਏਨੇ ਹਰੇ-ਭਰੇ ਨਹੀਂ ਨਿਕਲਦੇ। ਕਾਰਨ ਕੁਝ ਵੀ ਹੋਣ ਪਰ ਨਿੱਤ ਦੀ ਚਿੜਚਿੜ ਦੋਵਾਂ ਜੀਆਂ ਵਾਸਤੇ ਹਾਨੀਕਾਰਕ ਸਾਬਤ ਹੋ ਸਕਦੀ ਹੈ। ਇਸ ਕਿਸਮ ਦੇ ਨਾਖ਼ੁਸ਼ਗੁਆਰ ਮਾਹੌਲ ਵਿਚੋਂ ਨਿਕਲਣਾ ਹੈ ਜਾਂ ਇਕ-ਦੂਜੇ ਦੀ ਮਾਰ ਨੂੰ ਬਰਦਾਸ਼ਤ ਕਰਦੇ ਰਹਿਣਾ ਹੈ... ਫ਼ੈਸਲੇ ਨਿੱਜੀ ਨੇ ਤੇ ਹੱਲ ਆਪਸੀ ਨੇ ਤੇ ਕੁਰਬਾਨੀ ਦੀ ਸੀਮਾ ਕੋਈ ਨਹੀਂ।
ਕਈ ਦਫ਼ਾ ਤਲਾਕਸ਼ੁਦਾ ਇਨਸਾਨ, ਜੇਕਰ ਬਾਕੀ ਸਭ ਕੁਝ ਸਾਂਵਾਂ ਹੈ ਤਾਂ ਬਾਹਲਾ ਅਸਰ ਪੈਂਦਾ ਨਹੀਂ ਤੇ ਉਹ ਨਾਰਮਲ ਉਮਰ ਭੋਗਦਾ ਹੈ। ਛੜੀ ਜ਼ਿੰਦਗੀ ਗੁਜ਼ਾਰਨੀ ਕੋਈ ਖਾਸ ਅੜਿੱਕਾ ਨਹੀਂ, ਬਸ਼ਰਤੇ ਕਿ ਇਹ ਇਨਸਾਨ ਆਪਣੀਆਂ ਯਾਰੀਆਂ, ਰਿਸ਼ਤੇਦਾਰੀਆਂ ਦਿਲੋਂ ਨਿਭਾਉਂਦਾ ਹੈ ਤੇ ਵਧੀਆ ਸਮਾਜਿਕ ਤਾਣਾ ਬਾਣਾ ਬਣਾਈ ਰੱਖਦਾ ਹੈ। ਇਸ ਤਰ੍ਹਾਂ ਉਸ ਨੂੰ ਰੂਹਾਨੀ ਤੇ ਇਨਸਾਨੀ ਸਹਾਰਾ ਉਪਲਬਧ ਹੈ ਜਿਸ ਉਤੇ ਉਹ ਪਲ ਸਕਦਾ ਹੈ। ਆਪਣੀਆਂ ਵਜੂਹਾਤ ਕਰਕੇ ਜਿਹੜੇ ਛੜੇ-ਛੜੀਆਂ ਰਹਿਣਾ ਪਸੰਦ ਕਰਦੇ ਨੇ, ਉਹ ਆਪਣੀਆਂ ਸ਼ਰਤਾਂ 'ਤੇ ਬਾਇੱਜ਼ਤ ਜ਼ਿੰਦਗੀ ਬਸਰ ਕਰ ਸਕਦੇ ਨੇ। ਬੱਸ, ਵਸੀਲੇ ਹੋਣੇ ਚਾਹੀਦੇ ਨੇ ਤਾਂ ਜੋ ਨਾਰਮਲ ਜ਼ਰੂਰਤਾਂ ਪੂਰੀਆਂ ਹੋ ਸਕਣ ਤੇ ਉਹ ਛੜੇਪਣ ਨੂੰ ਹੋਣੀ ਜਾਂ ਤਰਜੀਹ ਦੇ ਰੂਪ ਵਿਚ ਹੰਢਾਅ ਸਕਦੇ ਨੇ। ਬਾਹਲਾ ਆਪਸੀ ਪ੍ਰੇਮ ਕਈ ਵਾਰ ਕਈ ਜੋੜਿਆਂ ਲਈ ਠੀਕ ਸਾਬਤ ਨਹੀਂ ਹੁੰਦਾ। ਇਕ ਦੇ ਚਲਾਣੇ ਕਰ ਜਾਣ ਉਪਰੰਤ ਦੂਸਰੇ ਸਾਥੀ ਨੂੰ ਸਦੀਵੀ ਜੁਦਾਈ ਰਾਸ ਨਹੀਂ ਬੈਠਦੀ ਤੇ ਉਹ ਅਗਰ-ਪਿਛੜ ਤੁਰਦੇ ਲਗਦੇ ਨੇ। ਸਾਥੀ ਦੇ ਉਠ ਜਾਣ ਦਾ ਹਰ ਪਲ ਦਾ ਹੌਲ ਸਰੀਰ ਵਿਚ ਲਗਾਤਾਰ ਹਾਰਮੋਨਜ਼ ਦਾ ਹੜ੍ਹ ਲਿਆਈ ਰੱਖਦਾ ਹੈ। ਜਦ ਦਿਲ ਇਸ ਸੰਘਣੇ ਖ਼ੂਨ ਨੂੰ ਪੰਪ ਕਰਦਾ ਹੈ ਤਾਂ ਜ਼ੋਰ ਲੱਗਦਾ ਹੈ। ਦਿਲ ਆਰਜ਼ੀ ਤੌਰ 'ਤੇ ਫੈਲਣ ਲੱਗ ਪੈਂਦਾ ਹੈ ਤੇ ਫਿਰ ਠੁੱਸ ਹੋ ਜਾਂਦਾ ਹੈ। ਇਸ ਕਿਸਮ ਦਾ ਦਿਲ ਦਾ ਦੌਰਾ ਨਾੜੀਆਂ ਬੰਦ ਕਰਕੇ ਨਹੀਂ ਹੁੰਦਾ, ਬਲਕਿ ਹਾਰਮੋਨਜ਼ ਦੀ ਬਹੁਲਤਾ ਕਰਕੇ ਹੁੰਦਾ ਹੈ। ਇਸ ਤਰ੍ਹਾਂ ਦੀ ਦਸ਼ਾ ਨੂੰ ਸਮਝਦਾਰ ਸਾਥੀ ਆਪਣੇ ਨੇੜੇ ਆਉਣ ਨਹੀਂ ਦਿੰਦਾ। ਫਿਰ, ਗੂੜ੍ਹੇ ਪ੍ਰੇਮ ਦੀ ਸੂਲੀ 'ਤੇ ਆਪਣੀ ਜਾਨ ਕੁਰਬਾਨ ਕਰ ਦੇਣੀ... ਪ੍ਰੀਤ ਦੀ ਗਹਿਰੀ ਸੱਟ ਖਾਣ ਵਾਲੇ ਹੀ ਜਾਣਦੇ ਨੇ ਕਿ ਮੁਹੱਬਤ ਦੀਆਂ ਕਦਰਾਂ-ਕੀਮਤਾਂ ਦੇ ਸਨਮੁਖ ਫ਼ੈਸਲਾ ਕੀ ਰਹਿਣਾ ਚਾਹੀਦਾ ਹੈ।
ਉਪਰੋਕਤ ਇਕ ਪੈਰ੍ਹਾਗ੍ਰਾਫ ਵਿਚ ਮੈਂ ਲਿਖਿਆ ਹੈ ਕਿ ਇਨਸਾਨ ਉਹੀ ਹੈ ਜੋ ਇਹ ਖਾਂਦਾ-ਪੀਂਦਾ ਹੈ ਜਾਂ ਨਹੀਂ। ਜੇਕਰ ਤੁਸਾਂ ਨੇ ਇਸ ਵਾਕ ਦੀ ਗਹਿਰਾਈ ਤੀਕ ਜਾਣਾ ਹੈ ਜੋ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਸ਼ਾਇਦ ਤੁਹਾਨੂੰ ਥੱਬਾ ਕਿਤਾਬਾਂ ਦਾ ਪੜ੍ਹਨਾ ਹੋਵੇਗਾ। ਤੁਸੀਂ ਡਾਈਟੀਸ਼ਨ ਦੀ ਸਲਾਹ ਲੈ ਕੇ ਅਜ਼ਮਾ ਲਵੋ ਕਿ ਉਹ ਕਿਹੜੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਖਾਣ-ਪੀਣ ਨਾਲ ਬਿਮਾਰੀਆਂ ਠੀਕ ਹੁੰਦੀਆਂ ਨੇ। ਇਵੇਂ ਕੀ-ਕੀ ਨਹੀਂ ਖਾਣਾ-ਪੀਣਾ... ਦੁਨੀਆ ਭਰ ਦੇ ਪ੍ਰਹੇਜ਼ ਨੇ। ਜਦ ਨੂੰ ਤੁਸੀਂ ਇਹ ਸਭ ਕੁਝ ਸੁਣ ਕੇ ਉਠਣ ਨੂੰ ਹੋਵੇਗੇ, ਤੁਹਾਡਾ ਸਬਰ ਟੁੱਟਣ 'ਤੇ ਹੋਵੇਗਾ। ਖਾਣ-ਪੀਣ ਬਾਰੇ ਇਹ ਨਿੱਕਾ ਤੇ ਸਾਦਾ ਵਾਕ ਪੂਰਾ ਕੈਪਸੂਲ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਭਜਨਦੀਪ ਨਿਵਾਸ, ਕੋਠੇ ਪੋਨਾ ਰੋਡ, ਜਗਰਾਉਂ-142026.
ਮੋਬਾਈਲ : 97806-66268.

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਦਨ ਵਿਚ ਹੋਈ ਸੀ। ਉਸ ਵਕਤ ਉਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਸਾਰੇ ਨਿਰੋਲ ਸਾਹਿਤਕਾਰ ਸਨ। ਉਨ੍ਹਾਂ ਵਿਚੋਂ ਵਪਾਰੀ ਜਾਂ ਕਬੂਤਰ ਕੋਈ ਨਹੀਂ ਸੀ।
ਲੰਦਨ ਵਿਚ ਪਹਿਲੀ ਵਾਰੀ ਪੰਜਾਬੀ ਦੇ ਸਾਹਿਤਕਾਰ ਇਕੱਠੇ ਹੋਏ ਸਨ। ਜਿਹੜੇ ਸਾਹਿਤਕਾਰ ਪੰਜਾਬ ਵਿਚ ਘਰਦਿਆਂ ਕੋਲੋਂ ਤੇ ਸਮਾਜ ਕੋਲੋਂ ਡਰਦੇ ਮਨ ਆਈਆਂ ਨਹੀਂ ਸਨ ਕਰ ਸਕਦੇ, ਉਨ੍ਹਾਂ ਸਾਹਿਤਕਾਰਾਂ ਨੇ ਲੰਦਨ ਪਹੁੰਚ ਕੇ ਸਾਰੇ ਮਨ ਆਏ ਕੰਮ ਕੀਤੇ।
ਸ੍ਰੀਮਤੀ ਕੈਲਾਸ਼ਪੁਰੀ ਜੋ ਲੰਦਨ ਰਹਿੰਦੇ ਸੀ ਤੇ ਔਰਤਾਂ ਅਤੇ ਮਰਦਾਂ ਦੇ ਵਿਆਹੁਤਾ ਜੀਵਨ ਬਾਰੇ 'ਸੇਜ ਉਲਝਣਾਂ' ਸਿਰਲੇਖ ਹੇਠ ਦਿੱਲੀ ਤੋਂ ਛਪਦੇ ਇਕ ਮੈਗਜ਼ੀਨ 'ਕੌਮੀ ਏਕਤਾ' ਵਿਚ ਲੜੀਵਾਰ ਕਾਲਮ ਖੁੱਲ੍ਹ ਕੇ ਲਿਖਦੇ ਹੁੰਦੇ ਸਨ ਵੀ ਇਸ ਕਾਨਫਰੰਸ ਵਿਚ ਹਾਜ਼ਰ ਸਨ।
ਸਾਰੀ ਪੰਜਾਬੀ ਕਾਨਫਰੰਸ ਵਿਚੋਂ ਸ੍ਰੀਮਤੀ ਕੈਲਾਸ਼ਪੁਰੀ ਤੇ ਉਨ੍ਹਾਂ ਦੇ ਪਤੀ ਸ: ਗੋਪਾਲ ਸਿੰਘ ਪੁਰੀ ਨੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਆਪਣੇ ਘਰ ਜਾਣ ਲਈ ਮਨਾਇਆ। ਸੇਖੋਂ ਜੀ ਵੀ ਮੰਨ ਗਏ ਤੇ ਜਾਣ ਲਈ ਹਾਂ ਕਰ ਦਿੱਤੀ।
ਇਸ ਤੋਂ ਬਾਅਦ ਸੋਹਣ ਸਿੰਘ ਮੀਸ਼ਾ ਵਰਗੇ ਲੇਖਕ ਲੱਗੇ ਮਖੌਲਾਂ ਕਰਨ ਕਿ ਬਜ਼ੁਰਗ ਸੇਖੋਂ ਨੂੰ ਪੁਰੀ ਪਰਿਵਾਰ ਨੇ ਘਰ ਸੱਦਿਆ। ਅਸੀਂ ਮਾੜੇ ਸਾਂ। ਉਹ ਕੈਲਾਸ਼ਪੁਰੀ ਨੂੰ ਵੀ ਮਖੌਲ ਕਰਨ ਲੱਗ ਪਏ। ਇਹਨੂੰ ਪਹਿਲਾਂ ਚਾਰ ਟੀਕੇ ਲਾਉਣੇ ਪੈਣੇ ਨੇ ਫਿਰ ਹੀ ਕੋਠੀ ਦੀਆਂ ਪੌੜੀਆਂ ਚੜ੍ਹ ਸਕੇਗਾ। ਗੋਪਾਲ ਸਿੰਘ ਪੁਰੀ ਨੇ ਆਖਿਆ 'ਮੀਸ਼ਾ ਜੀ, ਫਿਕਰ ਨਾ ਕਰੋ, ਅਸੀਂ ਦੋਵੇਂ ਜੀਅ ਡਾਕਟਰ ਹਾਂ।' ਸੇਖੋਂ ਮੀਸ਼ੇ ਨੂੰ ਟਿੱਚਰਾਂ ਕਰਨ ਲੱਗ ਪਿਆ, 'ਹੁਣ ਨਾ ਰੋ, ਅਗਲੀ ਵਾਰੀ ਆਏ ਤਾਂ ਤੈਨੂੰ ਵੀ ਨਾਲ ਲੈ ਚੱਲਾਂਗੇ।' ਇਸ ਤਰ੍ਹਾਂ ਦੀਆਂ ਸਾਹਿਤਕਾਰਾਂ ਦੀਆਂ ਗੱਲਾਂ ਤੇ ਮਖੌਲਾਂ ਹੁੰਦੀਆਂ ਸਨ, ਜਿਹੜੀਆਂ ਹੁਣ ਦੇ ਸਾਹਿਤਕਾਰ ਆਪਸ ਵਿਚ ਨਹੀਂ ਕਰ ਸਕਦੇ। ਹੁਣ ਉਪਰੋਕਤ ਵਰਣਤ ਤਿੰਨੇ ਸਾਹਿਤਕਾਰ ਇਸ ਫ਼ਾਨੀ ਸੰਸਾਰ ਨੂੰ ਛੱਡ ਚੁੱਕੇ ਹਨ ਭਾਵ ਰੱਬ ਨੂੰ ਪਿਆਰੇ ਹੋ ਗਏ ਹਨ।

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-127

ਬਹਾਰੋ ਫੂਲ ਬਰਸਾਓ.... ਸ਼ੰਕਰ-ਜੈਕਿਸ਼ਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜੈਕਿਸ਼ਨ ਨਿੱਜੀ ਤੌਰ 'ਤੇ ਤਾਂ ਬੜੀ ਹੀ ਸੱਜਧਜ ਨਾਲ ਰਹਿਣ ਵਾਲਾ ਵਿਅਕਤੀ ਸੀ, ਪਰ ਸੰਗੀਤ 'ਚ ਉਸ ਨੂੰ ਵਿਸ਼ੇਸ਼ ਅਭਿਆਸ ਜਾਂ ਰੁਚੀ ਸਦਾ ਹੀ ਰਹੀ ਸੀ। ਉਹ ਬੈਕਗਰਾਊਂਡ ਮਿਊਜ਼ਿਕ ਉਂਗਲੀਆਂ ਦਿਆਂ ਇਸ਼ਾਰਿਆਂ ਨਾਲ ਹੀ ਦੇ ਦਿਆ ਕਰਦਾ ਸੀ ਅਤੇ ਉਸ ਨੇ ਕਦੇ ਵੀ ਇਸ ਦੇ ਲਿਖਤੀ ਨੋਟ ਨਹੀਂ ਲਿਖੇ ਸਨ। ਨਿੱਜੀ ਜ਼ਿੰਦਗੀ 'ਚ ਉਹ ਰੁਮਾਂਟਿਕ ਕਿਸਮ ਦਾ ਸ਼ਖ਼ਸ ਸੀ। ਉਸ ਨੇ ਪੱਲਵੀ ਨਾਂਅ ਦੀ ਬੰਬਈ ਦੀ ਹੀ ਰਹਿਣ ਵਾਲੀ ਇਕ ਲੜਕੀ ਨਾਲ ਪ੍ਰੇਮ ਵਿਆਹ ਕੀਤਾ ਸੀ।
ਪਰ ਜੈਕਿਸ਼ਨ ਨੂੰ ਸ਼ਰਾਬ ਪੀਣ ਦੀ ਬਹੁਤ ਬੁਰੀ ਆਦਤ ਪੈ ਗਈ ਸੀ। ਰਾਜ ਕਪੂਰ ਦੀ ਸੰਗਤ ਨੇ ਉਸ ਦੀ ਆਦਤ ਹੋਰ ਵਿਗਾੜ ਦਿੱਤੀ ਸੀ। ਹਾਲਾਤ ਇਹ ਹੋ ਗਏ ਸਨ ਕਿ ਉਹ ਅਕਸਰ ਸਵੇਰੇ ਹੀ ਪੀਣ ਬੈਠ ਜਾਂਦਾ ਸੀ। ਇਸ ਲਈ ਉਸ ਨੂੰ ਲੀਵਰ ਦੀ ਬਿਮਾਰੀ ਹੋ ਗਈ ਸੀ। ਇਸ ਬਿਮਾਰੀ ਦਾ ਉਸ ਵੇਲੇ ਕੋਈ ਇਲਾਜ ਨਹੀਂ ਸੀ। ਲਿਹਾਜ਼ਾ, 12 ਸਤੰਬਰ, 1971 ਨੂੰ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।
ਦੂਜੇ ਪਾਸੇ ਸ਼ੰਕਰ ਨੂੰ ਪਹਿਲਵਾਨੀ ਦਾ ਸ਼ੌਕ ਸੀ। ਸੁਭਾਵਿਕ ਹੈ ਕਿ ਉਹ ਨਸ਼ੇ ਤੋਂ ਦੂਰ ਹੀ ਰਹਿੰਦਾ ਸੀ। ਵੈਸੇ ਵੀ ਉਹ ਸਿੱਧੇ-ਸਾਦੇ ਸੁਭਾਅ ਵਾਲਾ ਸੀ ਅਤੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਦੇ ਅਨੁਸਾਰ ਹੀ ਉਸ ਨੇ ਇਕ ਸਾਧਾਰਨ ਲੜਕੀ ਨਾਲ ਸ਼ਾਦੀ ਕੀਤੀ ਸੀ। ਪਰ ਉਸ ਦੇ ਕੋਈ ਔਲਾਦ ਨਹੀਂ ਸੀ। ਇਸ ਲਈ ਉਹ ਅਕਸਰ ਆਪਣੇ ਜੀਵਨ ਵਿਚ ਖਾਲੀਪਨ ਮਹਿਸੂਸ ਕਰਦਾ ਸੀ। ਫਿਰ ਜੈਕਿਸ਼ਨ ਦੀ ਮੌਤ ਨੇ ਤਾਂ ਉਸ ਨੂੰ ਹੋਰ ਵੀ ਇਕੱਲਿਆਂ ਕਰ ਦਿੱਤਾ ਸੀ। ਉਸ 'ਚੋਂ ਪ੍ਰੇਰਨਾ ਮਰ ਚੁੱਕੀ ਸੀ। ਉਹ ਜੈਕਿਸ਼ਨ ਤੋਂ ਬਗੈਰ 'ਸੰਨਿਆਸੀ' ਫ਼ਿਲਮ ਤੋਂ ਇਲਾਵਾ ਕਿਸੇ ਹੋਰ ਫ਼ਿਲਮ ਲਈ ਸਫ਼ਲ ਸੰਗੀਤ ਤਿਆਰ ਨਹੀਂ ਕਰ ਸਕਿਆ ਸੀ। ਉਸ ਦੀ 26 ਅਪ੍ਰੈਲ, 1987 ਨੂੰ ਆਪਣੇ ਘਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਸ਼ੰਕਰ ਦਾ ਉਸ ਦੇ ਰਸੋਈਏ ਨੇ ਹੀ ਅੰਤਿਮ ਸੰਸਕਾਰ ਕੀਤਾ ਸੀ ਕਿਉਂਕਿ ਉਸ ਦਾ ਨਿੱਜੀ ਵਿਅਕਤੀ ਲਾਗੇ-ਚਾਗੇ ਹੈ ਹੀ ਕੋਈ ਨਹੀਂ ਸੀ।
ਜਦੋਂ ਸ਼ੰਕਰ-ਜੈਕਿਸ਼ਨ ਜਿਊਂਦੇ ਹੁੰਦੇ ਸਨ ਤਾਂ ਹਰ ਸ਼ਾਮ ਨੂੰ ਉਹ ਚਰਚ ਗੇਟ 'ਤੇ ਸਥਿਤ ਗੇਲਾਰਡ ਹੋਟਲ ਅਤੇ ਰੈਸਤਰਾਂ ਵਿਚ ਜ਼ਰੂਰ ਬੈਠਦੇ ਸਨ। ਅਕਸਰ ਇਨ੍ਹਾਂ ਦਾ ਸਾਥ ਦੇਣ ਲਈ ਰਾਜ ਕਪੂਰ ਵੀ ਆ ਜਾਇਆ ਕਰਦਾ ਸੀ। 'ਸੰਗਮ' ਦਾ 'ਮੇਰਾ ਪ੍ਰੇਮ ਪੱਤਰ' ਵਾਲਾ ਗੀਤ ਇਨ੍ਹਾਂ ਨੇ ਇਥੇ ਬੈਠ ਕੇ ਹੀ ਲਿਖਵਾਇਆ ਅਤੇ ਸਵਰਬੱਧ ਕੀਤਾ ਸੀ। ਇਸ ਰੈਸਤਰਾਂ ਦੀ ਇਕ ਨੁੱਕਰ 'ਚ ਤਖ਼ਤੀ ਹਮੇਸ਼ਾ ਪਈ ਰਹਿੰਦੀ ਸੀ ਜਿਸ 'ਤੇ ਲਿਖਿਆ ਹੁੰਦਾ ਸੀ, 'ਰਿਜ਼ਰਵਡ ਫਾਰ ਸ਼ੰਕਰ-ਜੈਕਿਸ਼ਨ'। ਜਦੋਂ 1987 ਵਿਚ ਇਸ ਟੀਮ ਦੇ ਦੋਵੇਂ ਸੰਗੀਤਕਾਰ ਦੁਨੀਆ ਤੋਂ ਚਲੇ ਗਏ ਤਾਂ ਵੀ ਲਗਪਗ ਇਕ ਮਹੀਨਾ ਇਹ ਤਖ਼ਤੀ ਉਥੇ ਹੀ ਰਹੀ ਸੀ ਅਤੇ ਹਰ ਸ਼ਾਮ ਨੂੰ ਗੇਲਾਰਡ ਦੀ ਮੈਨੇਜਮੈਂਟ ਵੱਲੋਂ ਇਹ ਗੀਤ ਵੀ ਵਜਾਇਆ ਜਾਂਦਾ ਰਿਹਾ:
ਤੇਰਾ ਜਾਨਾ, ਦਿਲ ਕੇ ਅਰਮਾਨੋਂ ਕਾ ਲੁਟ ਜਾਨਾ,
ਕੋਈ ਦੇਖੇ, ਬਨ ਕੇ ਤਕਦੀਰੋਂ ਕਾ ਮਿਟ ਜਾਨਾ। (ਅਨਾੜੀ)
ਧੰਨਵਾਦ

Jazz Planet : E. Iaylar Atkin
Saat Suron Ka Sath : Nerukar Vishwas
Shankar-Jaikishan : Padam nath Joshi
-ਮੋਬਾਈਲ : 099154-93043.

ਸ਼ਹਿਰ ਨਹੀਂ, ਦਰਦ ਕਹਾਣੀ ਹੈ : ਹੀਰੋਸ਼ੀਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੰਬ ਫਟਣ ਤੋਂ ਬਾਅਦ ਬੰਬ ਫਟਣ ਕੇਂਦਰ ਤੋਂ ਉੱਤਰੀ ਪਾਸੇ ਵੱਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨੇ ਭਾਵੇਂ ਅੱਗ ਬੁਝਾਉਣ ਵਿਚ ਕਾਫ਼ੀ ਸਹਾਇਤਾ ਕੀਤੀ ਪਰ ਰੇਡੀਏਸ਼ਨ ਪ੍ਰਭਾਵਿਤ ਲੋਕਾਂ ਨੂੰ ਇਸ ਨੇ ਬੇਪਨਾਹ ਪੀੜਾ ਪਹੁੰਚਾਈ। ਇਹ ਬਾਰਿਸ਼ ਸੱਚੀ-ਮੁੱਚੀ ਕਾਲੀ ਬਾਰਿਸ਼ ਸੀ। ਪਹਿਲੇ ਇਕ-ਦੋ ਘੰਟੇ ਮੀਂਹ ਦੀਆਂ ਕਣੀਆਂ ਮੋਟੀਆਂ, ਚਿੱਕੜ ਵਰਗੀਆਂ, ਚੰਬੜੀਆਂ, ਖੁਰਦਰੀਆਂ, ਸਿਆਹ ਕਾਲੀਆਂ ਸਨ। ਮਨਹੂਸ ਕਣੀਆਂ, ਜੋ ਇਸ ਮੀਂਹ ਵਿਚ ਕਾਬੂ ਆ ਗਏ ਰੇਡੀਏਸ਼ਨ ਪ੍ਰਭਾਵਿਤ ਹੋ ਗਏ। ਮੀਂਹ ਦੇ ਪਾਣੀ ਨੇ ਕਈ ਦਰਿਆਵਾਂ, ਟੋਭਿਆਂ ਦੀਆਂ ਮੱਛੀਆਂ ਮਾਰ ਦਿੱਤੀਆਂ। ਇਸ ਮੀਂਹ ਦੀਆਂ ਕਣੀਆਂ ਵਾਲਾ ਘਾਹ ਖਾਣ ਨਾਲ ਪਸ਼ੂ ਵੀ ਮਰਦੇ ਵੇਖੇ ਗਏ।
ਭਾਵੇਂ ਕਿ ਅਜਿਹੀਆਂ ਘਟਨਾਵਾਂ ਦੇ ਮੁਕੰਮਲ ਅੰਕੜੇ ਪ੍ਰਾਪਤ ਕਰਨੇ ਅਸੰਭਵ ਹੁੰਦੇ ਹਨ ਪਰ ਸਮਝਿਆ ਜਾਂਦੈ ਦਸੰਬਰ, 1945 ਤੱਕ 1,50,000 ਮਰਦ-ਔਰਤਾਂ ਇਸ ਇਕ ਬੰਬ ਦੀ ਵਜ੍ਹਾ ਨਾਲ ਮਾਰੇ ਗਏ। ਹੁਣ ਤੱਕ ਇਹ ਗਿਣਤੀ 1,92,000 ਸਮਝੀ ਜਾਂਦੀ ਹੈ। (ਪਸ਼ੂ-ਪੰਛੀਆਂ, ਡੱਡੀਆਂ-ਮੱਛੀਆਂ ਦੀ ਗਿਣਤੀ ਭਲਾ ਕੌਣ ਕਰਦੈ)। ਉਧਰ ਕਰਨਲ ਟਿਬਟਸ, ਇਨੋਲਾਗੇ ਬੀ-29 ਵਾਪਸ ਲੈ ਕੇ ਟੀਨੀਅਨ ਟਾਪੂ 'ਤੇ 2.58 ਬਾਅਦ ਦੁਪਹਿਰ ਵਾਪਸ ਪਹੁੰਚ ਚੁੱਕਾ ਸੀ।
ਐਨ ਉਸ ਵੇਲੇ ਜਦ ਹੀਰੋਸ਼ੀਮਾ ਅਤਿ-ਭਿਆਨਕ ਮੰਜ਼ਰ 'ਚੋਂ ਗੁਜ਼ਰ ਰਿਹਾ ਸੀ, ਹਜ਼ਾਰਾਂ ਲੋਕ ਮਰ-ਤੜਫ ਰਹੇ ਸਨ, ਦਵਾਈਆਂ ਦੀ ਅਣਹੋਂਦ ਸਦਕਾ ਅਨੇਕਾਂ ਜ਼ਖ਼ਮੀ ਮਰਦ-ਔਰਤਾਂ, ਬੱਚੇ ਜ਼ਿੰਦਗੀ ਅਤੇ ਮੌਤ ਦੇ ਵਿਚ ਲਟਕੇ ਪਏ ਸਨ, ਇਨੋਲਾਗੇ ਵਰਗੀਆਂ ਕਈ ਮਾਤਾਵਾਂ ਦੇ ਲਾਡਲੇ ਛਿੰਦੇ ਬਾਲ ਸਕੂਲੋਂ ਨਹੀਂ ਸਨ ਪਰਤੇ, ਮਾਵਾਂ ਢਹਿ-ਢੇਰੀ ਬਿਲਡਿੰਗਾਂ 'ਚੋਂ ਆਪਣੇ ਹੋਣਹਾਰਾਂ ਦੀਆਂ ਲਾਸ਼ਾਂ ਪਈਆਂ ਲੱਭਦੀਆਂ ਸਨ, ਉਧਰ ਟੀਨੀਅਨ ਟਾਪੂ 'ਤੇ ਬੈਂਡ ਵਾਜਿਆਂ ਦੀਆਂ ਵੱਡੀਆਂ ਟੁਕੜੀਆਂ ਕਰਨਲ ਟਿਬਟਸ ਅਤੇ ਉਸਦੇ ਸਟਾਫ਼ ਨੂੰ ਜੀ ਆਇਆਂ ਕਹਿਣ ਲਈ ਜਿੱਤ ਦੀਆਂ ਧੁਨਾਂ ਵਜਾ ਰਹੀਆਂ ਸਨ। ਹਾਸੇ ਖਿੜ-ਖਿੜ੍ਹ ਪਏ ਪੈਂਦੇ ਸਨ, ਹਰ ਉੱਠ ਰਿਹਾ ਕਦਮ ਨੱਚਣ ਵਾਲੀ ਮੁਦਰਾ ਵਿਚ ਸੀ, ਹਰ ਮਨ-ਮਸਤਕ ਵਿਚ ਵਡੱਪਣ ਦੀ ਲਾਟ ਬਲ ਰਹੀ ਸੀ। ਜਿੱਤ ਦਾ ਅਹਿਸਾਸ ਫੁੱਟ-ਫੁੱਟ ਪੈ ਰਿਹਾ ਸੀ। ਕਰਨਲ ਟਿਬਟਸ ਨੂੰ ਜਹਾਜ਼ੋਂ ਉਤਰਦਿਆਂ ਹੀ ਡੀ.ਐਸ.ਸੀ. (ਡਿਸਟਿੰਗਇਸ਼ਡ ਸਰਵਿਸ ਕਰਾਸ) ਨਾਲ ਸੁਸ਼ੋਭਿਤ ਕੀਤਾ ਗਿਆ। ਕਰਨਲ ਟਿਬਟਸ ਬਾਅਦ ਵਿਚ 1966 ਵਿਚ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ।
ਮੈਂ 2002 ਵਿਚ ਹੀਰੋਸ਼ੀਮਾ ਗਿਆ ਸਾਂ, ਅਜੇ ਕੱਲ੍ਹ ਦੀ ਗੱਲ ਲੱਗਦੀ ਹੈ। ਸਾਡੀ ਇੰਟਰਨੈਸ਼ਨਲ ਕਨਵੈਨਸ਼ਨ ਓਸਾਕਾ ਸੀ। ਓਸਾਕਾ ਤੋਂ ਹੀਰੋਸ਼ੀਮਾ 350 ਕਿਲੋਮੀਟਰ ਹੈ। ਬੁਲਟ ਟਰੇਨ ਦਾ ਆਉਣ-ਜਾਣ ਦਾ ਕਿਰਾਇਆ 9000 ਰੁਪਏ ਸੀ। ਕੋਈ ਤਿਆਰ ਨਾ ਹੋਇਆ। ਪਰ ਹੀਰੋਸ਼ੀਮਾ ਦੀ ਜ਼ਿਆਰਤ ਕਰਨਾ ਮੇਰਾ ਅਖ਼ਲਾਕੀ ਫ਼ਰਜ਼ ਸੀ। ਜਾਪਾਨ ਜਾ ਕੇ ਹੀਰੋਸ਼ੀਮਾ ਨਾ ਜਾਇਆ ਜਾਵੇ? ਇਹ ਕਿਵੇਂ ਹੋ ਸਕਦੈ? ਜਾਪਾਨੀ ਲੋਕ ਅੰਗਰੇਜ਼ੀ ਬੜੀ ਘੱਟ ਸਮਝਦੇ ਹਨ, ਬੜੀ ਸਿਰ ਖਪਾਈ ਕਰਾਉਂਦੇ ਹਨ। ਮੈਂ ਹੀਰੋਸ਼ੀਮਾ ਬਾਰੇ ਅਗਾਊਂ ਕੁਝ ਖ਼ਾਸ ਪੜ੍ਹਿਆ ਵੀ ਨਹੀਂ ਸੀ। ਬਸ ਸੁਣੀਆਂ-ਸੁਣਾਈਆਂ ਗੱਲਾਂ ਦੇ ਹਿਸਾਬ ਨਾਲ ਮੈਂ ਸੋਚ ਰਿਹਾ ਸਾਂ ਕਿ ਮੈਂ ਜੋ ਐਟੋਮਿਕ ਬੰਬ ਡੋਮ ਅਤੇ ਪੀਸ ਮੈਮੋਰੀਅਲ ਵੇਖਣ ਜਾ ਰਿਹਾ ਸਾਂ, ਉਥੇ ਜ਼ਰੂਰ ਆਲੇ-ਦੁਆਲੇ ਖੰਡਰ ਹੋਣਗੇ, ਸੜੀ-ਭੁੱਜੀ ਧਰਤੀ ਹੋਵੇਗੀ, ਜਿਥੇ ਕਹਿੰਦੇ ਨੇ ਅੱਜ ਵੀ ਕੁਝ ਨਹੀਂ ਉੱਗਦਾ। ਬੰਬ ਦੀ ਝੰਬੀ ਧਰਤੀ ਜ਼ਰੂਰ ਸਾਂਭ ਰੱਖੀ ਹੋਵੇਗੀ। ਪਰ ਮੈਂ ਉਥੇ ਜਾ ਕੇ ਵੇਖਿਆ ਕਿ ਬਹਾਦਰ ਕੌਮਾਂ ਦੁਸ਼ਮਣ ਵੱਲੋਂ ਦਿੱਤੇ ਜ਼ਖ਼ਮ ਦੂਜਿਆਂ ਨੂੰ ਨਹੀਂ ਵਿਖਾਉਂਦੀਆਂ। ਤਕਰੀਬਨ ਗਿਆਰਾਂ ਲੱਖ ਦੀ ਆਬਾਦੀ ਵਾਲਾ ਅੱਜ ਦਾ ਹੀਰੋਸ਼ੀਮਾ ਓਨਾ ਹੀ ਵਿਕਸਿਤ, ਓਨਾ ਹੀ ਖ਼ੂਬਸੂਰਤ, ਉਸੇ ਤਰ੍ਹਾਂ ਹੀ ਘੁੱਗ-ਵਸਦਾ, ਹਰੀ-ਭਰੀ ਧਰਤੀ, ਝੂਮਦੇ-ਝੂਲਦੇ ਰੁੱਖ, ਪੰਛੀ-ਰੌਣਕੀਲਾ ਅਸਮਾਨ, ਆਪਣੇ-ਆਪ ਵਿਚ ਮਸਤ, ਪਰ ਮਦਦ ਦੇਣ ਲਈ ਦੌੜੇ ਆਉਂਦੇ ਕੁੜੀਆਂ-ਮੁੰਡੇ।
ਰੇਲਵੇ ਸਟੇਸ਼ਨ ਤੋਂ ਮੈਂ ਸਟਰੀਟ ਕਾਰ ਲੈ ਕੇ ਹੀਰੋਸ਼ੀਮਾ ਪੀਸ ਮਿਊਜ਼ੀਅਮ ਵਿਖੇ ਪਹੁੰਚ ਗਿਆ। ਇਓਈ ਦਰਿਆ ਦੇ ਕੰਢੇ 'ਤੇ ਇਹ ਲੰਬੇ ਚੌੜੇ ਪਾਰਕ ਵਿਚ ਸਥਿਤ ਹੈ। ਇਸ ਮਿਊਜ਼ੀਅਮ ਵਿਚ ਚਿੱਤਰਾਂ ਰਾਹੀਂ, ਡਰਾਇੰਗਜ਼ ਰਾਹੀਂ, ਲਿਖਤਾਂ ਰਾਹੀਂ, ਆਰਟੀਫੈਕਟਸ ਰਾਹੀਂ, ਵੀਡੀਓ ਸਕਰੀਨਾਂ ਰਾਹੀਂ ਅਤੇ ਹੋਰ ਕਈ ਪ੍ਰੰਪਰਾਗਤ ਅਤੇ ਡਿਜ਼ੀਟਲ ਢੰਗਾਂ ਨਾਲ ਹੀਰੋਸ਼ੀਮਾ ਦੁਖਾਂਤ ਨੂੰ ਦਰਸਾਇਆ ਗਿਆ ਹੈ। ਇਕ ਦਰਮਿਆਨੇ ਥੀਏਟਰ ਵਿਚ 25-25 ਮਿੰਟ ਦੀਆਂ ਦੋ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ : 1 $ਰਵੀਕਗ਼ਤ ૿ਗ਼ਖਕਗ (ਇਕ ਮਾਂ ਦੀ ਅਰਜੋਈ) , ਅਤੇ 8਼ਗਡਕਤਵ ਰ਀ਿ 8ਕਗਰਤੀਜਠ਼ ਼ਅਦ ਟ਼ਪ਼ਤ਼ਾਜ (ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਫ਼ਸਲ)। ਇਹ ਦੋਵੇਂ ਫ਼ਿਲਮਾਂ ਵੇਖਦਿਆਂ ਕਠੋਰ ਤੋਂ ਕਠੋਰ ਮਨ ਵੀ ਪਿਘਲ ਜਾਂਦਾ ਹੈ। ਫ਼ਿਲਮਾਂ ਵੇਖਦਿਆਂ ਦਰਸ਼ਕ ਸ਼ਰ੍ਹੇਆਮ ਰੌਂਦੇ ਨਜ਼ਰ ਆਉਂਦੇ ਹਨ। ਤੁਹਾਡੀਆਂ ਅੱਖਾਂ ਵਾਰ-ਵਾਰ ਸੇਜਲੀਆਂ ਹੁੰਦੀਆਂ ਹਨ, ਤੁਹਾਡੇ ਰੌਂਗਟੇ ਵਾਰ-ਵਾਰ ਖੜ੍ਹੇ ਹੁੰਦੇ ਹਨ। ਤੁਹਾਡਾ ਜਿਸਮ ਵਾਰ-ਵਾਰ ਨੁੱਚੜਦਾ ਹੈ। ਇਥੇ ਪਿਆ ਪਿਘਲਿਆ ਹੋਇਆ ਲੰਚ-ਬਾਕਸ ਉਸ ਬੱਚੇ ਦੀ ਯਾਦ ਦੁਆਉਂਦਾ ਹੈ, ਜਿਸ ਨੇ ਤਬਾਹੀ ਦੇ ਉਸ ਆਲਮ ਵਿਚ ਆਪਣੇ ਲੰਚ-ਬਾਕਸ ਨੂੰ ਆਪਣੀ ਵਡਮੁੱਲੀ ਜਾਇਦਾਦ ਸਮਝ ਕੇ ਢਿੱਡ ਨਾਲ ਲਾ ਕੇ ਆਪ ਉੜ ਕੇ, ਦੋਹਰੇ ਹੋ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਗਲੇ ਹੀ ਪਲ ਉਹ ਲੁੜਕ ਗਿਆ ਸੀ, ਉਸ ਦੀ ਮਾਂ ਨੇ ਆਪਣੇ ਬੇ-ਪਹਿਚਾਣ ਪੁੱਤਰ ਦੀ ਸ਼ਨਾਖ਼ਤ ਇਸ ਲੰਚ-ਬਾਕਸ ਤੋਂ ਕੀਤੀ ਸੀ। ਇਥੇ ਪਈ ਅੱਧ ਝੁਲਸੀ ਵਾਟਰ ਬੋਤਲ, ਸਵਾ ਅੱਠ ਵਜੇ 'ਤੇ ਰੁਕੀ ਪਈ ਜੇਬ ਘੜੀ, ਝੁਲਸ ਗਏ ਤਿੰਨ ਸਾਲਾ ਬੱਚੇ ਦੀ ਸਾਈਕਲ, ਕਿੰਨਾ ਕੁਝ ਹੈ ਜੋ ਵੇਖਦਿਆਂ ਤੁਹਾਡਾ ਮਨ ਅੰਦਰੋਂ ਕੁਰਲਾਉਂਦਾ ਹੈ।
ਭਾਵੇਂ ਕਿ ਭਵਿੱਖ-ਬਾਣੀਆਂ ਕੀਤੀਆਂ ਗਈਆਂ ਸਨ ਕਿ ਹੀਰੋਸ਼ੀਮਾ ਦੀ ਧਰਤੀ 'ਤੇ 75 ਸਾਲ ਕੁਝ ਨਹੀਂ ਉੱਗੇਗਾ, ਪ੍ਰੰਤੂ ਅਜਿਹੀਆਂ ਕਿਆਸ-ਅਰਾਈਆਂ ਗ਼ਲਤ ਸਾਬਤ ਹੋਈਆਂ। ਪਰ ਉਸੇ ਸਾਲ ਸਤੰਬਰ ਦੇ ਮਹੀਨੇ ਵਿਚ ਹੀਰੋਸ਼ੀਮਾ ਦੀ ਧਰਤੀ 'ਤੇ ਦੋ ਵਾਰ ਅਜਿਹੇ ਸਮੁੰਦਰੀ ਤੂਫ਼ਾਨ ਉਠੇ, ਜਿਨ੍ਹਾਂ ਸ਼ਹਿਰ ਦੀ ਵੀਰਾਨ ਧਰਤੀ ਦਾ ਜਿਸਮ ਧੋ ਕੇ ਰੇਡੀਏਸ਼ਨ ਸਮੁੰਦਰ ਵਿਚ ਵਹਾ ਦਿੱਤੀ। ਬਹਾਰ ਦਾ ਮੌਸਮ ਹੀਰੋਸ਼ੀਮਾ ਦੀ ਧਰਤੀ 'ਤੇ ਵੀ ਆਇਆ। ਸਭ ਤੋਂ ਪਹਿਲਾਂ ਔਲੀਐਂਡਰ ਦਾ ਫੁੱਲ ਖਿੜਿਆ। ਮਿੱਠੇ-ਪਿਆਰੇ, ਮਧਮ ਗੁਲਾਬੀ ਰੰਗ ਦੇ ਇਸ ਖ਼ੁਸ਼ਨਸੀਬ ਫੁੱਲ ਦੀਆਂ ਫੋਟੋਆਂ ਤੁਹਾਨੂੰ ਮਿਊਜ਼ੀਅਮ ਵਿਚ ਵੀ ਲੱਗੀਆਂ ਮਿਲਦੀਆਂ ਹਨ। ਵਾਹ! ਇਕ ਤੋਂ ਬਾਅਦ ਇਕ, ਖੰਡਰਾਂ ਵਿਚੋਂ ਨਿੱਕੇ-ਨਿੱਕੇ ਫੁੱਲ ਸਿਰੀਆਂ ਕੱਢਣ ਲੱਗੇ। ਹੀਰੋਸ਼ੀਮਾ ਪੀਸ ਮੈਮੋਰੀਅਲ ਪਾਰਕ ਵਿਚ ਲਹਿਲਾਉਂਦੇ ਹਰੇ-ਭਰੇ ਬੂਟੇ, ਹਰਾ ਕਚੂਰ ਘਾਹ, ਹਵਾ ਵਿਚ ਝੂਲਦੇ ਰੁੱਖ, ਪਾਰਕ ਵਿਚ ਚੋਗਾ ਚੁੱਗਦੇ ਪੰਛੀ, ਅਉਟੀ ਦਰਿਆ ਦੇ ਪਾਣੀਆਂ ਵਿਚ ਉਛਲ-ਚਾਪ ਕਰਦੀਆਂ ਮੱਛੀਆਂ, ਇਸ ਗੱਲ ਦੀ ਸ਼ਾਅਦੀ ਭਰਦੀਆਂ ਹਨ ਕਿ ਮਨੁੱਖ ਦੀਆਂ ਵਿਨਾਸ਼ਕਾਰੀ ਤਾਕਤਾਂ ਨਾਲੋਂ ਕਾਦਰ ਦੀ ਕੁਦਰਤ ਜ਼ਿਆਦਾ ਪ੍ਰਬਲ ਹੈ ਅਤੇ ਸਹਿਜ ਹੈ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98152-53245.

ਕਪੂਰਥਲਾ ਦੇ ਸ਼ਾਨਦਾਰ ਅਤੀਤ ਨੂੰ ਚੇਤੇ ਕਰਦਿਆਂ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਾਰਾਦਰੀ
ਹੁਣ ਵਾਲੇ ਮਹਾਰਾਜਾ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੰਗਲੇ ਦੇ ਦੂਸਰੇ ਪਾਸੇ ਅੰਤਿਮ ਸੰਸਕਾਰ ਦੇ ਸਥਾਨ ਹਨ, ਜਿਨ੍ਹਾਂ ਉੱਪਰ ਛੱਤਰੀਆਂ ਬਣੀਆਂ ਹੋਈਆਂ ਹਨ ਜਿਥੇ ਰਾਜ ਪਰਿਵਾਰ ਦੇ ਹੋਰਨਾਂ ਜੀਆਂ ਦਾ ਸਸਕਾਰ ਕੀਤਾ ਗਿਆ ਸੀ। ਇਸ ਦੇ ਨਾਲ ਲੱਗਦੀ ਲਾਲ ਪੱਥਰ ਦੀ ਬਾਰਾਦਰੀ, ਜੋ ਸਮਾਧੀਆਂ ਤੋਂ ਸੜਕ ਪਾਰ ਕਰਕੇ ਹੈ 1869 ਵਿਚ ਰਾਜਾ ਰਣਧੀਰ ਸਿੰਘ ਨੇ ਸ਼ਾਲੀਮਾਰ ਬਾਗ਼ ਵਿਚ ਗਰਮੀਆਂ ਦੀ ਆਰਾਮਗਾਹ ਬਣਵਾਈ ਸੀ। ਬਹੁਤ ਵਿਸ਼ਾਲ ਸ਼ਾਲੀਮਾਰ ਬਾਗ਼, ਸ਼ਾਹੀ ਸਮਾਧਾਂ ਅਤੇ ਬਾਰਾਦਰੀ ਵਿਚ ਬਾਗ਼-ਬਗੀਚੇ ਮੁੜ ਤੋਂ ਲਗਾਉਣ ਦੀ ਪਰਿਯੋਜਨਾ ਬਣੀ ਹੈ, ਤਾਂ ਜੋ ਇਸ ਦੀ ਪੁਰਾਣੀ ਸੁੰਦਰਤਾ ਸੁਰਜੀਤ ਕੀਤੀ ਜਾ ਸਕੇ। ਇਸ ਵੇਲੇ ਤਾਂ ਇਹ ਸਥਾਨ, ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਵੱਡੀ ਲਾਪ੍ਰਵਾਹੀ ਦਾ ਸਬੂਤ ਦੇ ਰਿਹਾ ਹੈ।
ਤੰਗ ਅਤੇ ਭੀੜ-ਭਾੜ ਵਾਲੀਆਂ ਗਲੀਆਂ ਵਿਚੋਂ ਲੰਘ ਕੇ ਅਸੀਂ ਕਪੂਰਥਲੇ ਦੀ ਰਿਆਸਤ ਦੀ ਰਾਜਧਾਨੀ ਵਿਚ ਪੁੱਜੇ ਸੀ ਤੇ ਫਿਰ ਅਸੀਂ ਦੋ ਸਦੀਆਂ ਪਹਿਲਾਂ ਬਣਿਆ ਪੰਚ ਮੰਦਿਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਦਾ ਘੰਟਾ ਘਰ ਉਸ ਦੇ ਸਾਹਮਣੇ ਦੇਖਿਆ।
ਘੰਟਾ ਘਰ
ਬਹੁਤ ਹੀ ਦਿਲਕਸ਼ ਘੰਟਾ ਘਰ ਦੇ ਹੇਠ ਅਸੀਂ ਕਾਰ ਪਾਰਕ ਕੀਤੀ। ਘੰਟਾ ਘਰ 'ਤੇ ਪੱਕੀ ਲਾਲ ਮਿੱਟੀ ਦਾ ਪਲਸਤਰ ਕੀਤਾ ਹੋਇਆ ਹੈ, ਜੋ ਕਾਲੋਨੀਅਨ (ਬਸਤੀਵਾਦੀ) ਸਮੇਂ ਦੀ ਯਾਦ ਤਾਜ਼ਾ ਕਰਦਾ ਹੈ, ਇਸ ਬੈਨਸਨ ਲੰਡਨ ਕਲਾਕ ਦੁਆਰਾ। ਅਸੀਂ ਇਸ ਬਹੁਤ ਵਧੀਆ ਕੀਤੇ ਹੋਏ ਇੱਟਾਂ ਅਤੇ ਪੱਥਰ ਨਿਰਮਾਣ ਦੀਆਂ ਫ਼ੋਟੋਆਂ ਖਿੱਚਦੇ ਰਹੇ, ਤਾਂ ਜੋ ਉਨ੍ਹਾਂ ਦੇ ਜੋੜ ਚੰਗੀ ਤਰ੍ਹਾਂ ਦਿਖਾਈ ਦੇਣ, ਜੋ ਬਹੁਤ ਹੀ ਧਿਆਨ ਨਾਲ ਦੇਖਣ ਨਾਲ ਵੀ ਪੂਰੇ ਨਹੀਂ ਦਿਸਦੇ। ਮਹਾਰਾਜਾ ਸਾਹਿਬ ਨੇ ਅੱਗੇ ਦੱਸਿਆ ਕਿ ਘੰਟਾ ਘਰ , ਜੋ 1901 ਵਿਚ ਬਣਾਇਆ ਗਿਆ ਸੀ, ਵਿਚੋਂ ਹਰ ਘੰਟੇ ਦੀ ਆਵਾਜ਼ ਸੁਣਾਈ ਜਾਂਦੀ ਸੀ, ਜੋ ਕਪੂਰਥਲਾ ਦੀ ਸਾਰੀ ਆਬਾਦੀ ਨੂੰ ਸੁਣਾਈ ਦਿੰਦੀ ਸੀ, 1949 ਤੱਕ, ਜਿਸ ਦੇ ਮਗਰੋਂ ਇਸ ਦੀ ਮੁਰੰਮਤ ਵੀ ਨਾ ਹੋ ਸਕੀ। ਅਸੀਂ ਧਿਆਨ ਨਾਲ ਦੇਖਿਆ ਕਿ ਥੋੜ੍ਹਾ ਚਿਰ ਪਹਿਲਾਂ ਹੀ ਇਸ ਦੀ ਮੁਰੰਮਤ ਹੋਈ ਸੀ ਤੇ ਠੀਕ ਸਮੇਂ ਦਾ ਪਤਾ ਲੱਗਣ ਲੱਗ ਪਿਆ ਸੀ।
ਸਟੇਟ (ਰਿਆਸਤ ਦਾ) ਗੁਰਦੁਆਰਾ
ਫਿਰ ਅਸੀਂ ਕਾਰ ਵਿਚ ਸੁਲਤਾਨਪੁਰ ਰੋਡ ਵੱਲ ਚੱਲ ਪਏ, ਜਿੱਥੇ ਬਹੁਤ ਹੀ ਵਧੀਆ, ਚਮਕਾਂ-ਦਮਕਾਂ ਮਾਰਦੀ ਸਟੇਟ ਗੁਰਦੁਆਰਾ ਸਾਹਿਬ ਦੀ ਇਮਾਰਤ ਸੀ। ਰਿਵਾਇਤੀ ਗੁਰਦੁਆਰਾ ਸਫ਼ੈਦ ਸੀ ਪਰ ਸ਼ੁਰੂ ਵਿਚ ਹੀ ਸ਼ਾਹੀ ਲਾਲ ਪੱਥਰ ਦਾ ਬਣਿਆ ਹੋਇਆ ਸੀ, ਜਿਸ ਤਰ੍ਹਾਂ ਕਪੂਰਥਲਾ ਕੈਟਾਲਾਗ 1900 ਈ: ਵਿਚ ਦਰਸਾਇਆ ਹੋਇਆ ਹੈ। ਮਹਾਰਾਜਾ ਕਪੂਰਥਲਾ ਦੇ ਅਨੁਸਾਰ, ਸਟੇਟ ਗੁਰਦੁਆਰੇ ਦੀ ਭਵਨ ਨਿਰਮਾਣ ਕਲਾ ਸਾਰਸੈਨਿਕ ਅਤੇ ਹਿੰਦੂ ਮੰਦਿਰ ਭਵਨ ਕਲਾ ਦਾ ਸੰਯੁਕਤ ਅਤੇ ਦਮਕਾਂ ਮਾਰਦਾ ਨਮੂਨਾ ਸੀ, ਸਮੇਤ ਇਸ ਦੇ ਸੰਗਮਰਮਰੀ ਗੁੰਬਦ ਅਤੇ ਅੰਦਰੂਨੀ ਫੱਬਤ। ਭਾਰਤੀ-ਸਾਰਾ ਸੈਨਿਕ ਉਸ ਵੇਲੇ ਦਾ ਲੋਕਪ੍ਰਿਆ ਭਵਨ ਨਿਰਮਾਣ ਢੰਗ ਸੀ, ਜੋ ਬ੍ਰਿਟਿਸ਼ ਆਰਕੀਟੈਕਟਸ ਨੇ 19ਵੀਂ ਸਦੀ ਦੇ ਅੰਤ ਵਿਚ ਵਿਕਸਤ ਕੀਤਾ ਸੀ, ਜੋ ਦੋ ਪ੍ਰਕਾਰ ਦੀ ਭਵਨ ਕਲਾ ਦਾ ਰਲਾਅ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਦਾ ਅਧਿਆਤਮਕ ਆਨੰਦ ਮਾਨਣ ਮਗਰੋਂ, ਉਨ੍ਹਾਂ ਸੈਰ ਕਰ ਰਹੇ ਲੋਕਾਂ ਦਾ ਸਾਥ ਦਿੱਤਾ ਜਾ ਸਕਦਾ ਹੈ, ਜਿਹੜੇ ਸਟੇਟ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਵੱਡੇ ਬਾਗ਼ਾਂ ਦੀ ਸੈਰ ਕਰ ਰਹੇ ਹੁੰਦੇ ਹਨ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਈਮੇਲ : seemaanandchopra@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX