ਤਾਜਾ ਖ਼ਬਰਾਂ


ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  0 minutes ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  29 minutes ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 10-10 ਲੱਖ ਰੁਪਏ ਦਾ ਮੁਆਵਜ਼ਾ : ਕੇਜਰੀਵਾਲ
. . .  31 minutes ago
ਦਿੱਲੀ ਹਿੰਸਾ 'ਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੈੱਸ ਕਾਨਫ਼ਰੰਸ
. . .  34 minutes ago
ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਦੀ ਸਮਰਥਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੋਰਡ ਵੱਲੋਂ ਹਦਾਇਤਾਂ ਜਾਰੀ
. . .  22 minutes ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ ਅੱਠਵੀਂ ਦੇ ਵਿਲੱਖਣ ਸਮਰਥਾ...
ਨਾਭਾ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਖ਼ਤਮ ਕੀਤੀ ਹੜਤਾਲ
. . .  4 minutes ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨਾਭਾ ਪਹੁੰਚਿਆ ਸੀ। ਇਸ ਵਫ਼ਦ 'ਚ ਭਾਈ...
ਬਿਜਲੀ ਨਿਗਮ ਦੇ ਦੋ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ
. . .  about 1 hour ago
ਪਟਿਆਲਾ, 27 ਫਰਵਰੀ(ਅਮਨਦੀਪ ਸਿੰਘ)-19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ 'ਚ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਉੱਘੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ
. . .  33 minutes ago
ਅੰਮ੍ਰਿਤਸਰ 27 ਫਰਵਰੀ (ਜਸਵੰਤ ਸਿੰਘ ਜੱਸ)- ਉੱਘੇ ਤਬਲਾ ਵਾਦਕ ਪਦਮ ਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਅੱਜ ਸ੍ਰੀ ਹਰਿਮੰਦਰ ਸਾਹਿਬ..
10ਵੀਂ ਤੇ 12ਵੀਂ ਜਮਾਤ ਦੀਆਂ 28 ਅਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਸੀ.ਬੀ.ਐੱਸ.ਈ ਵੱਲੋਂ ਰੱਦ
. . .  26 minutes ago
ਨਵੀਂ ਦਿੱਲੀ, 27 ਫਰਵਰੀ- ਦਿੱਲੀ ਹਿੰਸਾ ਨੂੰ ਦੇਖਦੇ ਹੋਏ ਉੱਤਰ ਪੂਰਬੀ ਦਿੱਲੀ 'ਚ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ...
ਦਿੱਲੀ ਹਿੰਸਾ : ਕੇਂਦਰੀ ਮੰਤਰੀ ਨੇ ਆਪ ਨੇਤਾ ਤਾਹਿਰ ਹੁਸੈਨ ਨੂੰ ਲੈ ਕੇ ਕਾਂਗਰਸ ਦੀ ਚੁੱਪੀ 'ਤੇ ਚੁੱਕਿਆ ਸਵਾਲ
. . .  about 1 hour ago
ਨਵੀਂ ਦਿੱਲੀ, 27 ਫਰਵਰੀ- ਦਿੱਲੀ 'ਚ ਹੋਏ ਦੰਗਿਆਂ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕਈ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਵਿਵਾਦਿਤ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ

ਮੱਕੀ, ਸੂਰਜਮੁਖੀ ਅਤੇ ਕਪਾਹ ਦੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਅਤੇ ਵਿਕਰੀ ਵਿਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਦਬਦਬਾ ਹੈ। ਉਦਾਹਰਨ ਵਜੋਂ 2017-18 ਦੌਰਾਨ ਦੇਸ਼ ਵਿਚ ਸੂਰਜਮੁਖੀ ਦੇ 0.20 ਲੱਖ ਕੁਇੰਟਲ ਪ੍ਰਮਾਣਿਤ/ਗੁਣਵੱਤਾ ਵਾਲੇ ਬੀਜਾਂ ਦੀ ਕੁੱਲ ਜ਼ਰੂਰਤ ਲਈ ਲੱਗਪਗ 95 ਪ੍ਰਤੀਸ਼ਤ ਹਿੱਸੇ ਦੀ ਪੂਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਕੀਤੀ ਗਈ ਸੀ। ਸਥਿਤੀ ਦਾ ਫਾਇਦਾ ਉਠਾਉਂਦਿਆਂ ਪ੍ਰਾਈਵੇਟ ਵਪਾਰੀ ਸਥਾਨਕ ਬਜ਼ਾਰਾਂ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤਾਂ 'ਤੇ ਉਪ-ਮਿਆਰੀ ਬੀਜ ਵੇਚਦੇ ਰਹਿੰਦੇੇ ਹਨ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ, ਖੇਤੀਬਾੜੀ ਵਿਭਾਗ ਅਤੇੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਹਾਈਬ੍ਰਿਡ ਬੀਜ ਪੈਦਾ ਕਰਨ ਲਈ ਮੁਫਤ ਸਿਖਲਾਈ ਦੇ ਨਾਲ-ਨਾਲ ਮੱਕੀ ਦੇ ਬੀਜਾਂ 'ਤੇ ਸਬਸਿਡੀ ਦੀ ਸਹੂਲਤ ਵਰਗੇ ਕਦਮ ਚੁਕੇ ਗਏ ਹਨ।
ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ
ਅਨਾਜ ਵਾਲੀਆਂ ਫ਼ਸਲਾਂ ਤੋਂ ਬਾਅਦ ਤੇਲ ਬੀਜਾਂ ਦੀਆਂ ਫ਼ਸਲਾਂ ਵੀ ਖੇਤੀ ਅਰਥਚਾਰੇ ਦਾ ਇਕ ਅਭਿੰਨ ਅੰਗ ਹਨ। ਸੂਰਜਮੁਖੀ ਇਕ ਅਜਿਹੀ ਫ਼ਸਲ ਹੈ ਜੋ ਭਾਰਤੀ ਤੇਲ-ਬੀਜ ਸੈਕਟਰ ਵਿਚ ਇਕ ਵਿਲੱਖਣ ਸਥਾਨ ਰੱਖਦੀ ਹੈ। ਸੂਰਜਮੁਖੀ ਬੀਜ ਦਾ ਮੁੱਲ ਮੁੱਖ ਤੌਰ 'ਤੇ ਇਸ ਵਿਚ ਤੇਲ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਸਮੇਂ ਨਾਲ ਸਿਹਤ ਸੰਭਾਲ ਪ੍ਰਤੀ ਵਧ ਰਹੀ ਜਾਗਰੂਕਤਾ ਕਾਰਨ ਲੋਕ ਹੁਣ ਖਾਣ ਵਾਲੇ ਹਲਕੇ ਤੇਲਾਂ ਨੂੰ ਤਰਜੀਹ ਦੇਣ ਲੱਗ ਗਏ ਹਨ। ਇਸਦੇ ਫਲਸਰੂਪ ਕੁੱਲ ਖਾਣ ਵਾਲੇ ਤੇਲਾਂ ਦੀ ਖਪਤ ਵਿਚ ਸੂਰਜਮੁਖੀ ਦੇ ਤੇਲ ਦਾ ਹਿੱਸਾ ਲਗਾਤਾਰ ਵਧ ਰਿਹਾ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 67 ਪ੍ਰਤੀਸ਼ਤ ਕਰਨਾਟਕ (47.6%), ਬਿਹਾਰ (9.5%) ਅਤੇ ਉਡੀਸ਼ਾ (9.5%) ਤੋਂ ਆਉਂਦਾ ਹੈ। ਪੰਜਾਬ ਵਿਚ ਇਸ ਫ਼ਸਲ ਦੀ ਕਾਸ਼ਤ ਹੇਠ ਸਾਲ 2017-18 ਦੌਰਾਨ ਲਗਪਗ 6 ਹਜ਼ਾਰ ਹੈਕਟੇਅਰ ਰਕਬਾ ਸੀ। ਇਸਦਾ ਔਸਤਨ ਝਾੜ 1840 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਆਇਆ ਅਤੇ ਕੁੱਲ ਉਤਪਾਦਨ 10.5 ਹਜ਼ਾਰ ਟਨ ਸੀ। ਕਿਸਾਨਾਂ ਦੁਆਰਾ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਝਾੜ ਆਮ ਤੌਰ 'ਤੇ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸੂਰਜਮੁਖੀ ਦੇ ਹਾਈਬ੍ਰਿਡ ਬੀਜ ਦੇ ਆਰਥਿਕ ਵਿਸਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸਦੇ ਬੀਜ ਅਤੇ ਇਸਦੀ ਸੋਧ ਉੱਪਰ 1023 ਰੁਪਏ ਖਰਚ ਆਉਂਦਾ ਹੈ ਜਿਸ ਵਿਚ ਨਰ ਅਤੇ ਮਾਦਾ ਬੀਜ ਉੱਪਰ ਖਰਚਾ ਕ੍ਰਮਵਾਰ 120 ਅਤੇ 900 ਰੁਪਏ ਪ੍ਰਤੀ ਏਕੜ ਆਉਂਦਾ ਹੈ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੁੱਲ ਖਰਚੇ ਦਾ ਲੱਗਪਗ 68 ਪ੍ਰਤੀਸ਼ਤ ਖਰਚਾ (20250 ਰੁਪਏ ਪ੍ਰਤੀ ਏਕੜ) ਖੇਤੀ ਕਾਮਿਆਂ 'ਤੇ ਆਉਂਦਾ ਹੈ ਕਿਉਂਕਿ ਇਸ ਫ਼ਸਲ ਦੇ ਜ਼ਿਆਦਾਤਰ ਕੰਮ ਜਿਵੇਂ ਕਿ ਗੋਡੀ, ਵਾਧੂ ਬੂਟੇ ਕੱਢਣਾ, ਨਦੀਨ ਨਾਸ਼ਕ ਅਤੇ ਕੀਟ ਨਾਸ਼ਕ ਛਿੜਕਾਅ, ਕਟਾਈ, ਝੜਾਈ, ਆਦਿ ਲੇਬਰ 'ਤੇ ਨਿਰਭਰ ਕਰਦੇ ਹਨ। ਇਸ ਫ਼ਸਲ ਦੀ ਕਾਸ਼ਤ ਵਿਚ ਟਰੈਕਟਰ ਦੀ ਵਰਤੋਂ 'ਤੇ ਖਰਚਾ 3185 ਰੁਪਏ ਪ੍ਰਤੀ ਏਕੜ ਆਉਂਦਾ ਹੈ ਜੋ ਕਿ ਕੁੱਲ ਚਲੰਤ ਖਰਚੇ ਦਾ ਲੱਗਪਗ 11 ਪ੍ਰਤੀਸ਼ਤ ਬਣਦਾ ਹੈ। ਇਸ ਤੋਂ ਇਲਾਵਾ ਨਦੀਨ/ ਕੀਟਨਾਸ਼ਕ ਦਵਾਈਆਂ ਅਤੇ ਸਿੰਚਾਈ 'ਤੇ ਖਰਚਾ ਕ੍ਰਮਵਾਰ 768 ਅਤੇ 675 ਰੁਪਏ ਪ੍ਰਤੀ ਏਕੜ ਆਉਂਦਾ ਹੈ। ਰਸਾਇਣਿਕ ਖਾਦਾਂ 'ਤੇ ਕੁੱਲ ਖਰਚਾ 1208 ਰੁਪਏ ਪ੍ਰਤੀ ਏਕੜ ਆਉਂਦਾ ਹੈ ਜੋ ਕਿ ਕੁੱਲ ਖਰਚੇ ਦਾ ਲੱਗਪਗ 4 ਪ੍ਰਤੀਸ਼ਤ ਬਣਦਾ ਹੈ। ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਉੱਪਰ ਕੁੱਲ 29611 ਰੁਪਏ ਪ੍ਰਤੀ ਏਕੜ ਦਾ ਖਰਚ ਆਉਂਦਾ ਹੈ। ਹਾਈਬ੍ਰਿਡ ਬੀਜ ਦਾ ਝਾੜ ਔਸਤਨ 2.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਇਸ ਤੋਂ ਕੁੱਲ ਆਮਦਨ 77825 ਰੁਪਏ ਅਤੇ ਨਿਰੋਲ ਆਮਦਨ 48214 ਰੁਪਏ ਪ੍ਰਤੀ ਏਕੜ ਹੋ ਸਕਦੀ ਹੈ ਜੋ ਕਿ ਆਮ ਸੂਰਜਮੁਖੀ ਦੀ ਕਾਸ਼ਤ ਨਾਲੋਂ ਬਹੁਤ ਜ਼ਿਆਦਾ ਹੈੈ। ਇਸ ਕਰਕੇ ਕਿਸਾਨ ਭਰਾ ਹਾਈਬ੍ਰਿਡ ਬੀਜ ਦੇ ਉਤਪਾਦਨ ਸਬੰਧੀ ਸਿਖਲਾਈ ਲੈ ਕੇ ਇਸ ਨੂੰ ਵਪਾਰਕ ਪੱਧਰ 'ਤੇ ਅਪਣਾ ਸਕਦੇ ਹਨ।


-ਇਕੋਨੋਮਿਕਸ ਐਂਡ ਸ਼ੋਸ਼ਿਆਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।
ਮੋਬਾਈਲ : 81460-96600.


ਖ਼ਬਰ ਸ਼ੇਅਰ ਕਰੋ

ਭਵਿੱਖਮੁਖੀ ਸਹਾਇਕ ਕਿੱਤਾ ਹੈ ਬੱਕਰੀ ਪਾਲਣ

ਪੰਜਾਬ ਵਿਚ ਬੱਕਰੀਆਂ ਦੀ ਕੁਲ ਆਬਾਦੀ ਲਗਭਗ 3, 87, 896 ਹੈ। ਪੰਜਾਬ ਵਿਚ ਚੈਵਨ (ਬੱਕਰੀ ਦਾ ਮੀਟ) ਦੀ ਕੁਲ ਜ਼ਰੂਰਤ ਲਗਭਗ 30, 000 ਕੁਇੰਟਲ ਹੈ, ਜਦੋਂ ਕਿ ਚੇਵੋਨ ਲਗਭਗ 10, 000 ਕੁਇੰਟਲ ਮੁਹੱਈਆ ਹੈ, ਜੋ ਕਿ ਜ਼ਰੂਰਤ ਨਾਲੋਂ ਤਿੰਨ ਗੁਣਾ ਘਟ ਹੈ। ਇਸ ਲਈ ਪੰਜਾਬ ਵਿਚ ਬੱਕਰੀ ਪਾਲਣ ਦੀ ਬਹੁਤ ਵੱਡੀ ਗੁੰਜਾਇਸ਼ ਹੈ। ਪੰਜਾਬ ਵਿਚ ਬੱਕਰੀਆਂ ਪਾਲਣ ਦੇ ਮੁੱਖ ਉਦੇਸ਼ ਮਾਸ ਅਤੇ ਦੁੱਧ ਦਾ ਉਤਪਾਦਨ ਕਰਨਾ ਹਨ। ਇੰਟੈਂਸਿਵ (ਸਟਾਲ-ਫੀਡਿੰਗ) ਅਤੇ ਅਰਧ-ਇੰਟੈਂਸਿਵ (ਅੰਸਕ ਚਰਾਗਾ ਅਤੇ ਅੰਸਕ ਸਟਾਲ-ਫੀਡਿੰਗ) ਪ੍ਰਣਾਲੀ ਬੱਕਰੀ ਪਾਲਣ ਲਈ ਢੁਕਵੇਂ ਹਨ।
ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਦੁੱਧ ਸਸਤਾ, ਅਸਾਨੀ ਨਾਲ ਹਜ਼ਮ ਕਰਨ ਯੋਗ ਅਤੇ ਪੌਸ਼ਟਿਕ ਹੁੰਦਾ ਹੈ। ਬੱਕਰੀ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਵਧੀਆ ਹੁੰਦਾ ਹੈ ਅਰਥਾਤ ਚਰਬੀ ਅਤੇ ਪ੍ਰੋਟੀਨ ਵਧੀਆ ਸਥਿਤੀ ਵਿਚ ਮੌਜੂਦ ਹੁੰਦੇ ਹਨ ਅਤੇ ਵਧੇਰੀ ਆਸਾਨੀ ਨਾਲ ਹਜ਼ਮ ਕਰਨ ਯੋਗ ਹੁੰਦੇ ਹਨ। ਬੱਕਰੀ ਦੇ ਦੁੱਧ ਵਿਚ ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਦੇ ਮੁਕਾਬਲੇ ਐਲਰਜੀ ਦੀ ਸਮੱਸਿਆ ਘਟ ਹੁੰਦੀ ਹੈ। ਦਮੇ, ਖੰਘ, ਸ਼ੂਗਰ ਆਦਿ ਦੇ ਰੋਗੀਆਂ ਲਈ ਬੱਕਰੀ ਦਾ ਦੁੱਧ ਦਵਾਈ ਲਈ ਵਰਤਿਆ ਜਾਂਦਾ ਹੈ। ਬੱਕਰੀ ਦੇ ਦੁੱਧ ਵਿਚ ਬਫਰਿੰਗ ਗੁਣ ਹੁੰਦੇ ਹਨ ਅਤੇ ਇਹ ਪੇਪਟਿਕ ਫੋੜੇ, ਜਿਗਰ ਦੇ ਰੋਗ, ਪੀਲੀਆ ਅਤੇ ਹੋਰ ਪਾਚਣ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਲਾਹੇਵੰਦ ਹੁੰਦਾ ਹੈ।
ਇਸ ਦੇ ਮਾਸ ਨੂੰ ਸਾਰੀਆਂ ਜਾਤੀਆਂ, ਧਰਮਾਂ ਅਤੇ ਫਿਰਕਿਆਂ ਦੁਆਰਾ ਤਰਜੀਹ ਦਿੱਤੀ ਜਾਂਦੀ ਹੈ। ਬੱਕਰੇ ਦੇ ਮੀਟ ਵਿਚ ਸੈਚੂਰੇਟਡ ਚਰਬੀ ਦੀ ਮਾਤਰਾ ਗੈਰਸੈਚੂਰੇਟਡ ਚਰਬੀ ਦੀ ਕੁਲ ਮਾਤਰਾ ਤੋਂ ਘਟ ਹੁੰਦੀ ਹੈ, ਜੋ ਖੂਨ ਦੇ ਕੋਲੈਸਟ੍ਰੋਲ ਦੇ ਪਧਰ ਨੂੰ ਸੁਧਾਰਦੀ ਹੈ, ਸੋਜਸ ਨੂੰ ਆਰਾਮ ਦਿੰਦੀ ਹੈ ਅਤੇ ਦਿਲ ਦੀ ਧੜਕਣ ਨੂੰ ਸਥਿਰ ਬਣਾਉਂਦੀ ਹੈ। ਬੱਕਰੀਆਂ ਦਾ ਮਾਸ ਕੰਜੁਗੇਟਿਡ ਲਿਨੋਲੀਕ ਐਸਿਡ ਦਾ ਇਕ ਚੰਗਾ ਸਰੋਤ ਹੈ, ਜੋ ਕੈਂਸਰ ਅਤੇ ਹੋਰ ਗੰਭੀਰ ਸਥਿਤੀਆਂ ਨੂੰ ਰੋਕਣ ਵਿਚ ਸਹਾਇਤਾ ਕਰ ਸਕਦਾ ਹੈ। ਬੱਕਰੇ ਦੇ ਮੀਟ ਵਿਚ ਵਿਟਾਮਿਨ ਬੀ ਹੁੰਦਾ ਹੈ, ਜੋ ਚਰਬੀ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਇਹ ਵਿਚਾਰਦੇ ਹੋਏ ਕਿ ਬੱਕਰੇ ਦੇ ਮੀਟ ਵਿਚ ਚਰਬੀ ਪ੍ਰੋਟੀਨ ਦੀ ਉਚ ਮਾਤਰਾ ਅਤੇ ਸੰਤ੍ਰਿਪਤ ਚਰਬੀ ਦੀ ਘਟ ਮਾਤਰਾ ਹੁੰਦੀ ਹੈ, ਇਹ ਭਾਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਮੋਟਾਪੇ ਦੇ ਜ਼ਖ਼ਮ ਨੂੰ ਘਟਾਉਂਦਾ ਹੈ। ਬੱਕਰੇ ਦੇ ਮੀਟ ਵਿਚ ਸੇਲੇਨੀਅਮ ਅਤੇ ਕੋਲੀਨ ਹੁੰਦਾ ਹੈ, ਜੋ ਕੈਂਸਰ ਤੋਂ ਬਚਾਅ ਲਈ ਲਾਭਕਾਰੀ ਹਨ।
ਬੱਕਰੀ ਦਾ ਮੀਟ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਕਿਉਂਕਿ ਇਹ ਮਾਂ ਅਤੇ ਬੱਚੇ ਦੋਵਾਂ ਵਿਚ ਗਰਭ ਅਵਸਥਾ ਦੌਰਾਨ ਅਨੀਮਿਆ ਨੂੰ ਰੋਕਦਾ ਹੈ, ਮਾਂ ਵਿਚ ਖੂਨ ਦੇ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਦੇ ਨਾਲ-ਨਾਲ ਬੱਚੇ ਲਈ ਖੂਨ ਦੀ ਸਪਲਾਈ ਵਧਾਉਣ ਦਾ ਕੰਮ ਕਰਦਾ ਹੈ, ਕਿਉਂਕਿ ਇਸ ਵਿਚ ਆਇਰਨ ਦੀ ਉਚ ਮਾਤਰਾ (3 ਮਿਲੀਗ੍ਰਾਮ ਆਇਰਨ/100 ਗ੍ਰਾਮ ਬੱਕਰੀ ਦਾ ਮੀਟ) ਹੁੰਦੀ ਹੈ। ਬੱਕਰੀ ਦਾ ਮੀਟ ਮਾਹਵਾਰੀ ਦੌਰਾਨ ਔਰਤਾਂ ਵਿਚ ਆਇਰਨ ਦੀ ਮੁੜ ਪ੍ਰਾਪਤੀ ਵਿਚ ਸਹਾਇਤਾ ਕਰਦਾ ਹੈ ਅਤੇ ਮਾਹਵਾਰੀ ਦੇ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ। ਵਿਟਾਮਿਨ ਬੀ-12 ਦੀ ਉਚ ਮਾਤਰਾ ਦੇ ਕਾਰਨ, ਬੱਕਰੀ ਦਾ ਮਾਸ ਤੰਦਰੁਸਤ ਚਮੜੀ ਪ੍ਰਾਪਤ ਕਰਨ, ਤਣਾਅ ਅਤੇ ਉਦਾਸੀ ਨੂੰ ਹਰਾਉਣ ਵਿਚ ਸਹਾਇਤਾ ਕਰਦਾ ਹੈ। ਪੋਟਾਸ਼ੀਅਮ ਦੀ ਮਾਤਰਾ ਵਧੇਰੇ ਅਤੇ ਸੋਡੀਅਮ ਘੱਟ ਹੋਣ ਕਰਕੇ, ਬੱਕਰੀ ਦਾ ਮੀਟ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਗੁਰਦੇ ਦੀ ਬਿਮਾਰੀ ਅਤੇ ਸਟ੍ਰੋਕ ਤੋਂ ਬਚਾਉਂਦਾ ਹੈ। ਬੱਕਰੀ ਦਾ ਮਾਸ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਕਰੀ ਦੀ ਚਮੜੀ ਦੀ ਵਰਤੋਂ ਚਮੜੇ ਦੇ ਉਤਪਾਦਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਬੱਕਰੇ ਦੇ ਵਾਲਾਂ ਨੂੰ ਗਲੀਚਿਆਂ ਅਤੇ ਰੱਸਿਆਂ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ। ਬੱਕਰੀ ਦੀ ਖਾਦ ਵਿਚ ਗਾਵਾਂ ਦੀ ਖਾਦ ਨਾਲੋਂ ਨਾਈਟ੍ਰੋਜਨ ਅਤੇ ਫਾਸਫੋਰਿਕ ਐਸਿਡ 2.5 ਗੁਣਾਂ ਵਧੇਰੇ ਹੁੰਦੀ ਹੈ। ਸ਼ੁਰੂਆਤੀ ਤੌਰ 'ਤੇ ਕੋਈ ਵੀ 20-22 ਬੱਕਰੀਆਂ ਨਾਲ 2 ਬੱਕਰੇੇ ਲੈ ਕੇ ਬੱਕਰੀ ਪਾਲਣਾ ਸ਼ੁਰੂ ਕਰ ਸਕਦਾ ਹੈ ਅਤੇ ਔਸਤਨ 12, 000/-ਰੁਪਏ ਪ੍ਰਤੀ ਮਹੀਨਾ ਦੀ ਆਮਦਨੀ ਪੈਦਾ ਕਰ ਸਕਦਾ ਹੈ। ਕਿਸਾਨ ਸਬਸਿਡੀ ਵੀ ਲੈ ਸਕਦੇ ਹਨ, ਜੋ 25 ਫ਼ੀਸਦੀ ਤੋਂ ਲੈ ਕੇ 33 ਫ਼ੀਸਦੀ ਤਕ ਹੁੰਦੀ ਹੈ।
ਇਨ੍ਹਾਂ ਫਾਇਦਿਆਂ ਨੂੰ ਧਿਆਨ ਵਿਚ ਰੱਖਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਉਤਸ਼ਾਹਤ ਕਰਨ 'ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਭਰਤ ਸਿੰਘ ਅਤੇ ਡਾ ਸਤਬੀਰ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ
ਮੋਬਾਈਲ : 88727-84111

ਕੇਂਦਰ ਦਾ ਇਸ ਵਰ੍ਹੇ ਦਾ ਬਜਟ ਕਿਸਾਨ ਹਿੱਤੂ ਨਹੀਂ

ਕਿਸਾਨ ਸੰਸਥਾਵਾਂ ਵਲੋਂ ਕੇਂਦਰ ਦੇ ਸਾਲ 2020-21 ਬਜਟ ਨੂੰ ਕਿਸਾਨ ਹਿੱਤੂ ਨਹੀਂ, ਸਗੋਂ ਕਿਸਾਨ ਵਿਰੋਧੀ ਕਿਹਾ ਗਿਆ ਹੈ। ਇਸ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਲਈ ਦੱਸਿਆ ਗਿਆ ਹੈ। ਕੇਂਦਰ ਸਰਕਾਰ ਦਾ 2022 ਤੱਕ ਕਿਸਾਨਾਂ ਦੀ ਆਮਦਨ ਵਧਾਉਣ ਤੇ ਇਸ ਨੂੰ ਵਧਾ ਕੇ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਲਈ ਬਜਟ ਵਿਚ ਕੁਝ ਵੀ ਨਹੀਂ ਅਤੇ ਨਾ ਹੀ ਫ਼ਸਲੀ-ਵਿਭਿੰਨਤਾ ਜੋ ਸਮੇਂ ਦੀ ਲੋੜ ਹੈ, ਉਸ ਨੂੰ ਲਿਆਉਣ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਬਜਟ ਵਜੋਂ ਖੇਤੀਬਾੜੀ ਸੰਕਟ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਕਿਸਾਨ ਹੋਰ ਕਰਜ਼ਈ ਹੋਣਗੇ। ਜੋ 16 ਨੁਕਾਤੀ ਸੁਝਾਅ ਦਿੱਤੇ ਗਏ ਹਨ, ਇਸ ਨਾਲ ਨਾ ਤਾਂ ਖੇਤੀ ਵਿਕਾਸ ਹੋਣ ਦੀ ਆਸ ਹੈ ਅਤੇ ਨਾ ਹੀ ਇਸ ਵਿਚ ਕੋਈ ਸੁਧਾਰ ਆਉਣ ਦੀ ਤਵੱਕੋ ਹੈ। ਖੇਤੀਬਾੜੀ ਜਿਸ ਵਿਚ ਪੇਂਡੂ ਵਿਕਾਸ ਤੇ ਸਿੰਜਾਈ ਖੇਤਰ ਸ਼ਾਮਿਲ ਹਨ, ਉਸ ਲਈ ਰੱਖੇ 2.83 ਲੱਖ ਕਰੋੜ ਰੁਪਏ ਨਾ ਕਾਫੀ ਹਨ। ਇਸ ਵਿਚ ਖੇਤੀਬਾੜੀ ਦਾ ਹਿੱਸਾ ਤਾਂ 1.42 ਲੱਖ ਕਰੋੜ ਹੀ ਹੈ। ਵਧ ਰਹੀ ਮਹਿੰਗਾਈ ਅਤੇ ਕੀਮਤਾਂ ਨੂੰ ਵੇਖਦੇ ਹੋਏ ਇਹ ਰਕਮ ਬਹੁਤ ਹੀ ਥੋੜ੍ਹੀ ਹੈ। ਪਿਛਲੇ ਸਾਲ ਨਾਲੋਂ 5.6 ਫ਼ੀਸਦੀ ਦਾ ਵਾਧਾ ਤਾਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਦੀ ਵੀ ਪੂਰਤੀ ਨਹੀਂ ਕਰਦਾ। ਕੁੱਲ ਦੇਸ਼ ਦੀ ਪੈਦਾਵਾਰ (ਜੀ ਡੀ ਪੀ) ਵਿਚ ਖੇਤੀਬਾੜੀ ਦਾ ਹਿੱਸਾ ਕੇਵਲ 14 ਫ਼ੀਸਦੀ ਰਹਿ ਗਿਆ ਜਦੋਂ ਕਿ ਸਾਲਾਨਾ ਵਿਕਾਸ ਦਰ ਪਿਛਲੇ ਸਾਲ ਦੌਰਾਨ 2.8 ਫ਼ੀਸਦੀ ਸੀ। ਭਾਰਤ ਵਿਚ 42 ਫ਼ੀਸਦੀ ਆਬਾਦੀ ਨੂੰ ਅਤੇ ਪੰਜਾਬ 'ਚ 50 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਖੇਤੀਬਾੜੀ ਕਿੱਤੇ 'ਚ ਰੁਜ਼ਗਾਰ ਮੁਹੱਈਆ ਹੁੰਦਾ ਹੈ।
ਖੇਤੀਬਾੜੀ ਨੂੰ ਬਜਟ ਵਿਚ ਕੋਈ ਖ਼ਾਸ ਅਹਿਮੀਅਤ ਦਿੱਤੀ ਗਈ ਨਹੀਂ ਜਾਪਦੀ। ਇਸ ਵੇਲੇ ਜੋ ਆਰਥਿਕ ਮੰਦਹਾਲੀ ਆਈ ਹੈ ਉਸ ਦਾ ਮੁੱਖ ਕਾਰਨ ਲੋਕਾਂ ਦੀ ਖਪਤ ਚੀਜ਼ਾਂ ਅਤੇ ਸੇਵਾਵਾਂ ਸਬੰਧੀ ਮੰਗ ਵਿਚ ਕਮੀ ਆਉਣਾ ਹੈ। ਖਪਤਕਾਰਾਂ ਦਾ ਖਪਤ ਦੀਆਂ ਚੀਜ਼ਾਂ 'ਤੇ ਖਰਚ ਘਟ ਰਿਹਾ ਹੈ। ਪਿੰਡਾਂ ਵਿਚ ਅਤੇ ਖੇਤੀਬਾੜੀ ਦੇ ਕਿੱਤੇ ਵਿਚ ਵੱਡੀ ਵਸੋਂ ਹੋਣ ਕਾਰਨ ਇਸ ਖੇਤਰ ਦੀ ਖਪਤ (ਚੀਜ਼ਾਂ ਦੀ ਮੰਗ) ਵਿਚ ਵਾਧਾ ਕਰਨਾ ਜ਼ਰੂਰੀ ਹੈ, ਜੋ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਉਪਰੰਤ ਹੀ ਹੋ ਸਕਦਾ ਹੈ। ਬਜਟ ਵਿਚ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਬਜਟ ਵਿਚ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਕੱਢਣ ਲਈ ਕੁਝ ਨਹੀਂ ਦਿੱਤਾ ਜਾਪਦਾ। ਖੇਤੀਬਾੜੀ ਦੇ ਖੇਤਰ ਵਿਚ ਦਿਨੋਂ - ਦਿਨ ਕਰਜ਼ੇ ਦਾ ਬੋਝ ਵਧਣ ਕਾਰਨ ਖੁਦਕੁਸ਼ੀਆਂ ਦਾ ਰੁਝਾਣ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਬਜਟ ਵਿਚ ਕੁਝ ਨਹੀਂ ਦਿੱਤਾ ਗਿਆ। ਕਿਸਾਨਾਂ ਦੇ ਖੇਤੀ ਖਰਚੇ ਘਟਾਉਣ ਲਈ ਵੀ ਬਜਟ 'ਚ ਕੁਝ ਨਹੀਂ। ਕੀਮਿਆਈ ਖਾਦਾਂ ਤੇ ਸਬਸਿਡੀ ਘਟਾ ਦਿੱਤੀ ਗਈ ਹੈ। ਜਿਸ ਕਾਰਨ ਕਿਸਾਨਾਂ ਨੂੰ ਇਹ ਮਹਿੰਗੇ ਉਪਲੱਬਧ ਹੋਣਗੇ ਅਤੇ ਖੇਤੀ ਖਰਚਿਆਂ ਵਿਚ ਵਾਧੇ ਦਾ ਕਾਰਨ ਬਣਨਗੇ। ਕੀਮਿਆਈ ਖਾਦਾਂ ਦੇ ਉਦਯੋਗ ਦੀ ਅਗਲੇ ਸਾਲ ਦੇ ਸ਼ੁਰੂ 'ਚ 60 ਹਜ਼ਾਰ ਕਰੋੜ ਰੁਪਏ ਦੀ ਰਕਮ ਲੈਣ ਯੋਗ ਹੋਵੇਗੀ। ਇਹ ਉਦਯੋਗ ਨਿੱਜੀ ਖੇਤਰ ਵਿਚ ਤਾਂ ਮਰ ਗਿਆ ਜਾਪਦਾ ਹੈ। ਕੋਈ ਨਿੱਜੀ ਖੇਤਰ ਵਿਚ ਇਸ ਉਦਯੋਗ 'ਚ ਲਾਗਤ ਕਰਨ ਲਈ ਅੱਗੇ ਨਹੀਂ ਆ ਰਿਹਾ। ਸਾਰੇ ਨਵੇਂ ਪਲਾਂਟ ਸਰਕਾਰੀ ਖੇਤਰ 'ਚ ਸਥਾਪਤ ਕੀਤੇ ਜਾ ਰਹੇ ਹਨ ਜੋ ਆਉਣ ਵਾਲੇ ਸਾਲਾਂ ਵਿਚ ਇਕ ਸਮੱਸਿਆ ਬਣ ਸਕਦੇ ਹਨ। ਖਾਣ ਵਾਲੇ ਅਨਾਜ ਦੀ ਸਬਸਿਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਬੜੀ ਭਾਰੀ ਕਮੀ ਕੀਤੀ ਗਈ ਹੈ, ਜਿਸ ਨੂੰ 1.84 ਲੱਖ ਕਰੋੜ ਤੋਂ ਘਟਾ ਕੇ 1.15 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਅਨਾਜ ਦੇ ਭੰਡਾਰ ਵਧ ਰਹੇ ਹਨ। ਅਨਾਜ ਦਾ ਬਫਰ 21.4 ਮਿਲੀਅਨ ਟਨ ਲੋੜੀਂਦਾ ਹੈ। ਇਸ ਵਿਚ ਅਸੰਭਾਵਕ ਵਾਧਾ ਹੋਇਆ ਹੈ। ਇਹ ਵਧ ਕੇ ਸਾਢੇ ਤਿੰਨ ਗੁਣਾ ਹੋ ਗਿਆ। ਕਣਕ ਦੀ ਇਸ ਰਬੀ ਦੀ ਖੇਤਾਂ ਵਿਚ ਖੜ੍ਹੀ ਫ਼ਸਲ ਬੜੀ ਆਸ਼ਾਜਨਕ ਹੈ। ਇਸ ਦੇ 113 ਮਿਲੀਅਨ ਟਨ ਤੱਕ ਹੋਣ ਦਾ ਅਨੁਮਾਨ ਹੈ। ਇਸ ਦੇ ਨਿਰਯਾਤ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਅੰਤਰ - ਰਾਸ਼ਟਰੀ ਕੀਮਤ ਨਾਲੋਂ ਭਾਰਤ ਦੀ ਕਣਕ ਦੀ ਕੀਮਤ ਵੱਧ ਹੈ। ਜੇ ਨਿਰਯਾਤ ਕਰਨੀ ਹੈ ਤਾਂ ਸਬਸਿਡੀ ਦੇਣੀ ਪਵੇਗੀ। ਜੇ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਇਹ ਸਬਸਿਡੀ ਦੇਣ ਨੂੰ ਵਿਸ਼ਵ ਵਪਾਰ ਸੰਸਥਾ (ਡਬਲਿਊ. ਟੀ. ਓ.) ਵਿਚ ਚੁਣੌਤੀ ਦਿੱਤੀ ਜਾਵੇਗੀ। ਸਰਕਾਰੀ ਖਰੀਦ ਵਜੋਂ ਜੋ ਕਣਕ ਵੱਡੇ ਪੈਮਾਨੇ 'ਤੇ ਖਰੀਦੀ ਜਾਵੇਗੀ ਅਤੇ ਬਫਰ ਸਟਾਕ ਵਿਚ ਹੋਰ ਵਾਧਾ ਹੋਵੇਗਾ। ਅਨਾਜ ਭੰਡਾਰ ਦੇ ਪ੍ਰਬੰਧਾਂ ਵਿਚ ਕੋਈ ਬਹੁਤਾ ਸੁਧਾਰ ਨਹੀਂ ਆਇਆ। ਪੰਜਾਬ ਵਿਚ ਤਾਂ ਇਹ ਸਥਿਤੀ ਹੋਰ ਵੀ ਖ਼ਰਾਬ ਹੈ ਅਤੇ ਇਸ ਰੱਬੀ ਮੌਸਮ ਵਿਚ ਭੰਡਾਰ ਹੋਰ ਵੀ ਵਧਣਗੇ। ਭੰਡਾਰ 85 - 90 ਲੱਖ ਟਨ ਨੂੰ ਛੁਹ ਜਾਣਗੇ। ਇਸ ਵਜੋਂ ਬਜਟ ਵਿਚ ਕੁਝ ਨਹੀਂ ਕੀਤਾ ਗਿਆ ਜਾਪਦਾ। ਮਨਰੇਗਾ ਦਾ ਪੈਸਾ ਘਟਾ ਦਿੱਤਾ ਗਿਆ ਹੈ। ਇਸ ਨਾਲ ਪਿੰਡਾਂ ਵਿਚ ਰਹਿ ਰਹੇ ਗ਼ਰੀਬਾਂ ਦੀ ਸਹਾਇਤਾ ਵਿਚ ਕਮੀ ਆਵੇਗੀ। ਬਜਟ ਵਿਚ 'ਪ੍ਰਧਾਨ ਮੰਤਰੀ ਊਰਜਾ ਸੁਰਕੱਸ਼ਾ ਐਵਮ ਉਥਾਨ ਮਹਾਂਅਭਿਆਨ' (ਪੀ. ਐਮ. ਕੁਸੁਮ) ਤੇ ਕ੍ਰਿਸ਼ੀ ਉਦਾਨ ਵਰਗ਼ੀਆਂ ਸਕੀਮਾਂ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਪਹੁੰਚਾ ਰਹੀਆਂ। ਪੰਜਾਬ ਵਿਚ ਤਾਂ ਇਨ੍ਹਾਂ ਸਕੀਮਾਂ ਦਾ ਹੁਣ ਤੱੱਕ ਕੋਈ ਪ੍ਰਭਾਵ ਨਹੀਂ।
ਜਨਤਕ ਵੰਡ ਪ੍ਰਣਾਲੀ 'ਚ ਵੀ ਕੋਈ ਸੁਧਾਰ ਲਿਆਉਣ ਦਾ ਉਪਰਾਲਾ ਨਹੀਂ ਕੀਤਾ ਗਿਆ। ਬਜਟ ਦੇ ਸਾਲ (2020-21) ਵਿਚ ਐਫ. ਸੀ. ਆਈ. ਨੂੰ ਚੌਲ 37 ਰੁਪਏ ਕਿੱਲੋ ਅਤੇ ਕਣਕ 27 ਰੁਪਏ ਕਿਲੋ ਪੈਣ ਦਾ ਅਨੁਮਾਨ ਹੈ। ਇਸ ਦੀ ਕੀਮਤ 67 ਫ਼ੀਸਦੀ ਵਸੋਂ ਤੋਂ ਤਰਤੀਬਵਾਰ 3 ਰੁਪਏ ਕਿਲੋ ਅਤੇ 2 ਰੁਪਏ ਕਿੱਲੋ ਵਸੂਲ ਕੀਤੀ ਜਾਣੀ ਹੈ। ਆਜ਼ਾਦੀ ਤੋਂ ਸੱਤ ਦਹਾਕੇ ਬਾਅਦ ਵੀ ਕੀ 67 ਫ਼ੀਸਦੀ ਆਬਾਦੀ ਨੂੰ ਇਸ ਰਿਆਇਤ ਨਾਲ ਖਾਣ ਲਈ ਚਾਵਲ ਤੇ ਕਣਕ ਦੇਣ ਦੀ ਲੋੜ ਹੋਣੀ ਚਾਹੀਦੀ ਹੈ?
ਕਿਸਾਨ ਸੰਸਥਾਵਾਂ ਨੇ ਡੀਜ਼ਲ, ਕੀਮਿਆਈ ਖਾਦ, ਬਿਜਲੀ ਆਦਿ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਹੈ। ਕਰਜ਼ਾ ਮੁਆਫੀ ਸਕੀਮਾਂ ਵੱਡੇ-ਵੱਡੇ ਘਰਾਣਿਆਂ ਦੀ ਬਜਾਏ ਛੋਟੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪ੍ਰੋ: ਸਵਾਮੀਨਾਥਨ ਕਮਿਸ਼ਨ ਰਿਪੋਰਟ ਦੁਆਰਾ ਕੀਤੀ ਗਈ ਸਿਫ਼ਾਰਸ਼ ਅਨੁਸਾਰ ਉਨ੍ਹਾਂ ਦੀਆਂ ਜਿਣਸਾਂ ਤੇ ਆਈ ਲਾਗਤ (ਸਾਰੇ ਖਰਚੇ ਸ਼ਾਮਿਲ) ਦੀ 1.5 ਗੁਣਾ ਕੀਮਤ ਉਨ੍ਹਾਂ ਨੂੰ ਦਿੱਤੀ ਜਾਵੇ। ਇਸ ਸਬੰਧੀ ਵੀ ਬਜਟ ਵਿਚ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਗਏ।
ਕਿਸਾਨ ਸੰਸਥਾਵਾਂ ਨੇ ਕੀਮਿਆਈ ਖਾਦਾਂ ਤੇ ਸਬਸਿਡੀ 79000 ਕਰੋੜ ਰੁਪਏ ਤੋਂ ਘਟਾ ਕੇ 71000 ਕਰੋੜ ਰੁਪਏ ਕੀਤੇ ਜਾਣ ਤੇ ਸਖ਼ਤ ਰੋਸ ਦਾ ਪ੍ਰਗਟਾਅ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਫ਼ਸਲ ਨੂੰ ਸਿਫ਼ਾਰਸ਼ ਕੀਤੇ ਅਨੁਸਾਰ ਕੀਮਿਆਈ ਖਾਦ ਨਹੀਂ ਪਾਉਣਗੇ ਤਾਂ ਇਸ ਨਾਲ ਉਤਪਾਦਨ ਤੇ ਉਤਪਾਦਕਤਾ ਘਟਣਗੇ। ਜਿਸ ਨਾਲ ਕਿਸਾਨਾਂ ਦੀ ਆਮਦਨ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਭਾਰਤੀ ਖੇਤੀ ਖੁਰਾਕ ਨਿਗਮ (ਐਫ ਸੀ ਆਈ) ਦਾ ਅਨਾਜ ਦਾ ਭੰਡਾਰ ਘਟਾਉਣ ਦਾ ਸੁਝਾਉ ਦਿੱਤਾ ਗਿਆ ਹੈ। ਉਸ ਨਾਲ ਪੰਜਾਬ ਤੇ ਹਰਿਆਣਾ ਵਿਚ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਪ੍ਰਭਾਵਤ ਨਹੀਂ ਹੋਣੀ ਚਾਹੀਦੀ। ਜੇ ਸਰਕਾਰੀ ਖਰੀਦ ਵਿਚ ਕੋਈ ਕਮੀ ਆਈ ਤਾਂ ਇਸ ਨਾਲ ਕਿਸਾਨਾਂ ਵਿਚ ਰੋਸ ਅਤੇ ਬੇਚੈਨੀ ਵਧਣਗੇ ਅਤੇ ਇਨ੍ਹਾਂ ਰਾਜਾਂ ਵਿਚ ਖੇਤੀ ਸੰਕਟ ਗੰਭੀਰ ਹੋ ਜਾਵੇਗਾ। ਕਿਸਾਨ ਸੰਸਥਾਵਾਂ ਨੇ ਕਾਰਪੋਰੇਟ ਸੈਕਟਰ ਨੂੰ ਮੰਡੀਆਂ ਸਥਾਪਤ ਕਰਨ ਦੀ ਖੁੱਲ੍ਹ ਦੇਣ 'ਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਜੇ ਅਜਿਹਾ ਕੀਤਾ ਗਿਆ ਅਤੇ ਵਰਤਮਾਨ ਮੰਡੀ ਸਿਸਟਮ ਅਤੇ ਆੜ੍ਹਤੀਆ ਪ੍ਰਣਾਲੀ ਨੂੰ ਖ਼ਤਮ ਕਰਕੇ ਵੱਡੀਆਂ ਕੰਪਨੀਆਂ ਨੂੰ ਲਿਆਂਦਾ ਗਿਆ ਤਾਂ ਇਹ ਕਿਸਾਨਾਂ ਦੀ ਲੁੱਟ ਕੀਤੇ ਜਾਣ ਵੱਲ ਇਕ ਕਦਮ ਹੋਵੇਗਾ।


-ਮੋਬਾਈਲ : 98152-36307

ਬੋਹੜਾਂ ਨੂੰ ਤਰਸੋਗੇ

ਬੋਹੜ ਕੋਈ ਆਮ ਰੁੱਖ ਨਹੀਂ ਹੁੰਦਾ। ਇਸ ਨੇ ਹਮੇਸ਼ਾਂ ਹੀ ਪਿੰਡ ਵਿਚ ਸਭ ਤੋਂ ਅਹਿਮ ਥਾਂ ਮੱਲੀ ਹੁੰਦੀ ਹੈ, ਚਾਹੇ ਉਹ ਪਿੰਡ ਵਿਚਲਾ ਚੁਰਾਹਾ ਹੋਵੇ, ਚਾਹੇ ਪਿੰਡੋਂ ਬਾਹਰ ਪੈਹਾ ਹੋਵੇ। ਪੁਰਾਣੇ ਸਮੇਂ ਲੰਮੀਆਂ ਕੱਚੀਆਂ ਵਾਟਾਂ ਤੇ ਰਾਹੀਆਂ ਦੀ ਠਾਹਰ ਵੀ ਬੋਹੜ ਹੀ ਹੁੰਦੇ ਸਨ। ਇਨ੍ਹਾਂ ਬੋਹੜਾਂ ਦੀਆਂ ਛਾਂਵਾਂ ਹੇਠ ਬੈਠ ਹੀ 'ਤੋਤਾ-ਮੈਨਾ' ਵਰਗੇ ਕਿੱਸੇ ਲਿਖੇ ਗਏ ਹੋਣਗੇ। ਇਸੇ ਦੀਆਂ ਖੋੜਾਂ 'ਚ ਵਸਦੇ ਚੁਗਲ਼ ਤੇ ਸੱਪਾਂ ਦੇ ਹਜ਼ਾਰਾਂ ਕਿੱਸੇ/ਕਹਾਣੀ ਬਣੇਹੋਣਗੇ। ਕਿਉਂਕਿ ਇਹ ਬੋਹੜ ਹਮੇਸ਼ਾਂ ਹੀ ਪਿੰਡ ਦੇ ਅਹਿਮ ਸਥਾਨ 'ਤੇ ਰਹੇ ਹਨ, ਇਸੇ ਲਈ ਅਜੋਕੇ ਵਿਖਾਵੇ ਦੀ ਤਰੱਕੀ ਦੇ ਯੁੱਗ ਵਿਚ ਇਹ ਅਹਿਮ ਥਾਵਾਂ ਹੀ ਇਸਦੀਆਂ ਦੁਸ਼ਮਣ ਬਣ ਗਈਆਂ ਹਨ। ਮਨੁੱਖ ਚੁਰਾਹੇ 'ਚ ਵੱਡਾ ਬਜ਼ਾਰ ਬਣਾ ਰਿਹਾ ਹੈ, ਰਾਹਾਂ 'ਚ ਦੋਪਾਸੜ ਹਾਈਵੇ ਬਣ ਰਹੇ ਹਨ ਤੇ ਨਤੀਜੇ ਵਜੋਂ ਬੋਹੜ ਕਤਲ ਹੋ ਰਹੇ ਤੇ ਕਿੱਸੇ ਕਹਾਣੀਆਂ ਵੀ ਹੁਣ 'ਤੋਤਾ-ਮੈਨਾ' ਛੱਡ 'ਪੋਕੇਮੌਨ' ਹੋ ਗਈਆਂ ਹਨ ।


-ਮੋਬਾ: 98159-45018

ਅਜੋਕਾ ਪਿੰਡ

ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ,
ਕਿੰਨੀ ਹੋਈ ਐ ਜਵਾਨੀ ਲਾਚਾਰ ਦੇਖ ਲੈ।
ਕਦੇ ਹੁੰਦੇ ਸੀ ਬਾਂਕੇ ਤੇ ਸੁਡੋਲ ਗੱਭਰੂ,
ਕੰਮ ਕਰਦੇ ਤੇ ਬਾਘੀਆਂ ਪਾਉਣ ਗੱਭਰੂ।
ਮੋਬਾਈਲ ਤੇ ਨਸ਼ੇ ਨੇ ਮੱਤ ਮਾਰੀ ਇਨ੍ਹਾਂ ਦੀ,
ਜਦੋਂ ਦੇ ਹੋਏ ਨੇ ਬੇਰੁਜ਼ਗਾਰ ਗੱਭਰੂ।
ਤ੍ਰਿੰਝਣ, ਕਸੀਦਾ ਭੁੱਲ ਗਈਆਂ ਕੁੜੀਆਂ,
ਫੈਸ਼ਨ ਵਿਚ ਹੋਈਆਂ ਗ਼ਲਤਾਨ ਕੁੜੀਆਂ।
ਬਚਪਨ ਉੱਡ ਗਿਆ ਖੰਭ ਲਾ ਕੇ,
ਜਦ ਦੇ ਨੇ ਬੱਚੇ ਸਮਾਰਟ ਹੋ ਗਏ।
ਬੁਢਾਪਾ ਤਰਸਦਾ ਰਹਿੰਦਾ ਦੋ ਮਿੱਠੇ ਬੋਲਾਂ ਨੂੰ,
ਗੇਟ ਤੋਂ ਬਾਹਰ ਜਦੋਂ ਓਹਨਾਂ ਦੇ ਖਾਟ ਹੋ ਗਏ।
ਬੋਹੜਾਂ ਦੀ ਛਾਂ 'ਤੇ ਅਪਣੱਤ ਕਿਥੇ ਗਈ,
ਲੜਦੇ ਨੇ ਨਿੱਕੀ ਜਿਹੀ ਗੱਲ ਅਤੇ ਗਾਲ ਉਤੇ।
ਪਹਿਲਾਂ ਵਾਲਾ ਪਿਆਰ, ਸਤਿਕਾਰ ਤੇ ਬਹਾਰ ਕਦੋਂ ਪਰਤੂ?
'ਰਣਜੀਤ' ਗੁੰਮਿਆ ਰੰਿਹਦਾ ਇਸ ਸਵਾਲ ਉਤੇ...।


-ਰਣਜੀਤ ਸਿੰਘ ਬਰ੍ਹੇ
ਈ.ਟੀ.ਟੀ. ਅਧਿਆਪਕ। ਮੋਬਾਈਲ : 81466-61077

ਇਸ ਮਹੀਨੇ ਕਿਸਾਨਾਂ ਲਈ ਖੇਤੀ ਰੁਝੇਵੇਂ

ਬਾਗਬਾਨੀ
ਪੱਤਝੜ ਵਾਲੇ ਬੂਟੇ ਜਿਵੇਂ ਕਿ ਨਾਖ ਅਤੇ ਅੰਗੂਰ ਆਦਿ ਨੂੰ ਫ਼ਰਵਰੀ ਦੇ ਪਹਿਲੇ ਹਫ਼ਤੇ ਤੱਕ ਨਵੀਂ ਫੋਟ ਆਉਣ ਤੋਂ ਪਹਿਲਾਂ ਲਗਾ ਦਿਉ। ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿਚ ਲਗਾਇਆ ਜਾ ਸਕਦਾ ਹੈ। ਫ਼ਰਵਰੀ ਦੇ ਅੱਧ ਤਕ ਅੰਗੂਰਾਂ ਦੀ ਕਾਂਟ-ਛਾਂਟ ਹਰ ਹਾਲਤ ਵਿਚ ਕਰ ਲਵੋ। ਨਿੰਬੂ ਜਾਤੀ ਦੇ ਫਲਾਂ ਦੀ ਤੁੜਾਈ ਕਰਨ ਤੋਂ ਬਾਅਦ ਸੁਚੱਜੇ ਤਰੀਕੇ ਨਾਲ ਸੋਕ ਕੱਢ ਕੇ ਬੋਰਡੋ ਮਿਸ਼ਰਣ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ। ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਉ ਅਤੇ ਹਫਤੇ ਬਾਅਦ ਤਣਿਆਂ ਉੱਪਰ ਬੋਰਡੋ ਪੇਂਟ ਦਾ ਲੇਪ ਲਗਾਉ। ਕਿਨੂੰ ਦੇ ਪੂਰੇ ਵੱਡੇ ਬੂਟਿਆਂ ਨੂੰ ਫਰਵਰੀ ਮਹੀਨੇ 960 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਖਾਦ ਪਾ ਦਿਉ। ਕਿਨੂੰ ਤੋਂ ਬਿਨਾਂ ਹੋਰ ਨਿੰਬੂ ਜਾਤੀ ਦੇ ਫਲਾਂ ਨੂੰ ਬੂਟਿਆਂ ਦੇ ਆਕਾਰ ਮੁਤਾਬਿਕ 880-1760 ਗ੍ਰਾਮ ਯੂਰੀਆ ਖਾਦ ਪਾ ਦਿਓ। ਸੰਤਰੇ, ਮਾਲਟੇ ਦੇ ਵੱਡੇ ਬੂਟਿਆਂ ਨੂੰ ਇਸ ਮਹੀਨੇ ਬੂਟੇ ਦੇ ਆਕਾਰ ਅਨੁਸਾਰ 400-800 ਗ੍ਰਾਮ ਯੂਰੀਆ ਖਾਦ ਪਹਿਲੀ ਕਿਸ਼ਤ ਵਜੋਂ ਪਾਉ। ਲੁਕਾਠ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੇ ਹਿਸਾਬ ਨਾਲ ਨਾਈਟ੍ਰੋਜਨ ਖਾਦ ਦੀ ਦੂਜੀ ਕਿਸ਼ਤ ਵਜੋਂ ਪਾਉ। ਅੰਬਾਂ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਅਤੇ ਇਕ ਕਿਲੋ ਮਿਊਰੇਟ ਆਫ ਪੋਟਾਸ਼ ਅਤੇ ਲੀਚੀ ਦੇ ਬੂਟਿਆਂ ਨੂੰ 800 ਯੂਰੀਆ ਗ੍ਰਾਮ ਪ੍ਰਤੀ ਬੂਟਾ ਇਸ ਮਹੀਨੇ ਦੇ ਅੱਧ ਤੱਕ ਪਾਉ। ਪਪੀਤੇ ਦੇ ਬੂਟਿਆਂ ਨੂੰ 1:2:0.33 ਦੀ ਅਨੁਪਾਤ ਨਾਲ (ਯੂਰੀਆ, ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼) ਦਾ ਮਿਸ਼ਰਣ 625 ਗ੍ਰਾਮ ਅਤੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਉ। ਨਾਖਾਂ ਨੂੰ 500 ਗ੍ਰਾਮ ਯੂਰੀਆ, ਆੜੂਆਂ ਨੂੰ 500 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ, ਅਲੂਚੇ ਨੂੰ 180 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ ਇਸ ਮਹੀਨੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉ। ਅੰਗੂਰਾਂ ਦੇ ਫ਼ਲ ਦਿੰਦੇ ਬੂਟਿਆਂ ਨੂੰ ਕਾਂਟ-ਛਾਂਟ ਤੋਂ ਬਾਅਦ 500 ਗ੍ਰਾਮ ਯੂਰੀਆ ਤੇ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਦੀ ਵਰਤੋਂ ਕਰੋ। ਖਾਦ ਪਾਉਂਦੇ ਸਮੇਂ ਧਿਆਨ ਰੱਖੋ ਕਿ ਬੂਟੇ ਦੇ ਹੇਠਾਂ ਖਾਦ ਇਕਸਾਰ ਪਵੇ ਅਤੇ ਫਿਰ ਖਾਦਾਂ ਨੂੰ ਹਲਕੀ ਗੋਡੀ ਕਰਕੇ ਮਿੱਟੀ ਵਿਚ ਰਲਾ ਦਿਉ। ਨਿੰਬੂ ਜਾਤੀ ਦੇ ਬੂਟਿਆਂ ਦੀ ਸਿੰਚਾਈ ਵੱਲ ਧਿਆਨ ਦਿਉ ਕਿਉਂਕਿ ਫ਼ਰਵਰੀ ਮਹੀਨੇ ਹੀ ਫੁਟਾਰਾ ਹੋਵੇਗਾ। ਲੁਕਾਠ ਦੇ ਬੂਟਿਆਂ ਨੂੰ ਇਕ-ਦੋੋ ਪਾਣੀ ਦਿਉ ਕਿਉਂਕਿ ਫ਼ਲ ਪੈ ਚੁੱਕਾ ਹੈ। ਬੇਰ ਦੇ ਬੂਟਿਆਂ ਨੂੰ ਵੀ ਪਾਣੀ ਦਿਉ ਤਾਂ ਜੋ ਫ਼ਲ ਦਾ ਆਕਾਰ ਵਧੇ। ਫ਼ਰਵਰੀ ਦੇ ਪਹਿਲੇ ਪੰਦ੍ਹਰਵਾੜੇ ਵਿਚ ਅੰਗੂਰਾਂ ਦੀ ਕਾਂਟ-ਛਾਂਟ ਤੋਂ ਬਾਅਦ ਇਕ ਪਾਣੀ ਲਾਉ। ਨਿੰਬੂ ਜਾਤੀ ਦੇ ਬੂਟਿਆਂ ਦਾ ਸਿੱਟਰਸ ਸਿੱਲਾ ਅਤੇ ਸੁਰੰਗੀ ਕੀੜਾ ਮਾਰਨ ਲਈ 200 ਮਿਲੀਲਿਟਰ ਕਰੋਕੋਡਾਈਲ/ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ (ਈਮਿਡਾਕਲੋਪਰਿੱਡ) ਨੂੰ 500 ਲਿਟਰ ਪਾਣੀ ਵਿਚ ਘੋਲ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ। ਸਿੱਟਰਸ ਕੈਂਕਰ ਰੋਕਣ ਲਈ ਸਟਰੈਪਟੋਸਾਈਕਲੀਨ 50 ਗ੍ਰਾਮ+25 ਗ੍ਰਾਮ ਨੀਲਾ ਥੋਥਾ 500 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਬੋਰਡੋ ਮਿਸ਼ਰਣ 2:2:250 ਜਾਂ 0.3% ਕੌਪਰ ਆਕਸੀਕਲੋਰਾਈਡ ਵੀ ਛਿੜਕਿਆ ਜਾ ਸਕਦਾ ਹੈ। ਨਿੰਬੂ ਜਾਤੀ ਵਿਚ ਗੂੰਦੀਆ (ਪੈਰ ਗਲਣਾ/ਹੇਠਾਂ ਤੋਂ ਤਣੇ ਦਾ ਗਲਣਾ) ਰੋਗ ਨੂੰ ਰੋਕਣ ਲਈ 25 ਗ੍ਰਾਮ ਕਰਜੇਟ ਐਮ-8 ਨੂੰ 10 ਲਿਟਰ ਪਾਣੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੇ ਆਲੇ-ਦੁਆਲੇ ਗੱੜੁਚ ਕਰੋ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਸੋਡੀਅਮ ਹਾਈਪੋਕਲੋਰਾਈਟ (5%) 50 ਮਿ.ਲਿ. ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਮੁੱਢਾਂ ਅਤੇ ਛਤਰੀ ਹੇਠ ਛਿੜਕਿਆ ਜਾ ਸਕਦਾ ਹੈ। ਅੰਬਾਂ ਦਾ ਛੜੱਪਾਮਾਰ ਤੇਲਾ ਇਸ ਮਹੀਨੇ ਵਿਚ ਫੁੱਲ ਆਉਣ ਸਮੇਂ ਜ਼ੋਰਦਾਰ ਹਮਲਾ ਕਰਦਾ ਹੈ। ਅੰਬਾਂ ਵਿਚ ਚਿੱਟੋਂ ਦੀ ਰੋਕਥਾਮ ਲਈ ਇਸ ਮਹੀਨੇ ਕੈਰਾਥੇਨ 0.1% ਘੁਲਣਸ਼ੀਲ ਜਾਂ ਗੰਧਕ 0.25% ਦਾ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਵਿਚ ਫੁੱਲ-ਪੱਤੀਆਂ ਝੜਨ ਤੱਕ 10 ਦਿਨਾਂ ਦੇ ਵਕਫ਼ੇ 'ਤੇ ਛਿੜਕਾਅ ਕਰੋ।
ਸਜਾਵਟੀ ਬੂਟੇ
ਇਸ ਮਹੀਨੇ ਵਿਚ ਨਵੇਂ ਪੌਦੇ ਜਿਵੇਂ ਸਜਾਵਟੀ ਝਾੜੀਆਂ, ਲਾਅਨ, ਦਰੱਖਤ ਤੇ ਵੇਲਾਂ ਆਦਿ ਲਾ ਸਕਦੇ ਹਾਂ ਇਸ ਮਹੀਨੇ ਦੇ ਅਖੀਰ ਵਿਚ ਅਸੀਂ ਗਰਮੀਆਂ ਵਾਲੇ ਮੌਸਮੀ ਫੁੱਲਾਂ (ਕੋਚੀਆ, ਜੀਨੀਆ ਆਦਿ) ਦੀ ਪਨੀਰੀ ਵੀ ਬੀਜ ਸਕਦੇ ਹਾਂ। ਗੁਲਦਾਉਦੀ ਦੇ ਜੜੂੰਆਂ ਨੂੰ ਪੁੱਟ ਕੇ ਅਲੱਗ-ਅਲੱਗ ਕਰਨ ਤੋਂ ਬਾਅਦ ਜ਼ਮੀਨ ਵਿਚ ਮੂਲ ਪੌਦੇ ਵਜੋਂ ਲਾਉਣ ਲਈ ਢੁਕਵਾਂ ਸਮਾਂ ਹੈ। ਇਨ੍ਹਾਂ ਬੂਟਿਆਂ ਤੋਂ ਜੁਲਾਈ ਮਹੀਨੇ ਕਲਮਾਂ ਲਈਆਂ ਜਾ ਸਕਦੀਆਂ ਹਨ। ਪੱਤਝੜੀ ਝਾੜੀਆਂ (ਲੈਜਰਸਟਰੋਮੀਆ ਇੰਡੀਕਾ, ਵੀਪਿੰਗ ਵਿਲੋ, ਕੈਂਪਸਿਸ ਗਰੈਂਡੀਫਲੋਰਾ) ਨੂੰ ਬਿਨਾਂ ਚਾਕਲੀ ਦੇ ਖੇਤ ਵਿਚ ਲਾਇਆ ਜਾ ਸਕਦਾ ਹੈ। ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਅਤੇ ਸੇਧਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਗਰਮੀਆਂ ਵਿਚ ਫੁੱਲ ਦੇਣ ਵਾਲੇ ਗੰਢਿਆਂ ਵਾਲੇ ਬੂਟੇ ਜਿਵੇਂ ਕਿ ਡੇ ਲਿਲੀ, ਫੁੱਟਬਾਲ ਲਿੱਲੀ, ਰਜਨੀਗੰਧਾ, ਜ਼ੈਫਰੈਨਥਸ ਆਦਿ ਨੂੰ ਬੀਜਣ ਦਾ ਇਹ ਢੁਕਵਾਂ ਸਮਾਂ ਹੈ। ਜਿੱਥੇ ਵੀ ਰੁੱਖ, ਝਾੜੀਆਂ ਜਾਂ ਵੇਲਾਂ ਲਾਉਣੀਆਂ ਹੋਣ ਲੋੜ ਮੁਤਾਬਿਕ ਟੋਏ ਜ਼ਰੂਰ ਪੁੱਟੋ। 2-3 ਟੋਕਰੀਆਂ ਗਲੀ-ਸੜੀ ਰੂੜੀ ਜ਼ਰੂਰ ਪਾਉ। ਰੁੱਖਾਂ ਵਾਸਤੇ 333 ਫੁੱਟ ਅਤੇ ਝਾੜੀਆਂ ਅਤੇ ਵੇਲਾਂ ਲਈ 1.51.51.5 ਫੁੱਟ ਆਕਾਰ ਦੇ ਟੋਏ ਚਾਹੀਦੇ ਹਨ। ਇਸ ਮਹੀਨੇ ਗਮਲਿਆਂ ਵਾਲੇ ਬੂਟਿਆਂ ਨੂੰ ਕੱਢ ਕੇ ਗਮਲਿਆਂ ਵਿਚ ਦੁਬਾਰਾ ਮਿੱਟੀ ਭਰ ਕੇ ਫਿਰ ਲਾ ਸਕਦੇ ਹਾਂ। ਨਵਾਂ ਘਾਹ ਦਾ ਮੈਦਾਨ ਬਣਾਉਣ ਲਈ ਵੀ ਤਿਆਰੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ।
ਵਣ ਖੇਤੀ
ਪਾਪਲਰ: ਨਰਸਰੀ ਉਗਾਉਣ ਲਈ ਫ਼ਰਵਰੀ ਦੇ ਪਹਿਲੇ ਪੰਦ੍ਹਰਵਾੜੇ ਦੌਰਾਨ 5050 ਜਾਂ 6060 ਸੈਂ.ਮੀ. ਦੇ ਫਾਸਲੇ ਤੇ ਪਾਪਲਰ ਦੀਆਂ ਕਲਮਾਂ ਲਗਾਉ। ਇਕ ਸਾਲ ਦੇ ਬੂਟੇ ਤੋਂ 2-3 ਸੈਂ.ਮੀ. ਮੋਟੀਆਂ ਅਤੇ 20-25 ਸੈਂ.ਮੀ. ਲੰਬਾਈ ਦੀਆਂ ਕਲਮਾਂ ਤਿਆਰ ਕਰੋ। ਲਗਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਵਾਸਤੇ ਤਾਜ਼ੇ ਪਾਣੀ ਵਿਚ ਭਿਉਂ ਦਿਉ। ਜ਼ਮੀਨ ਦੀ ਕਿਸਮ ਦੇ ਆਧਾਰ 'ਤੇ 8-12 ਟਨ ਗੋਹੇ ਦੀ ਖਾਦ, ਸਿੰਗਲ ਸੁਪਰਫਾਸਫੇਟ (40-80 ਕਿਲੋ) ਅਤੇ ਮਿਊਰੇਟ ਆਫ ਪੋਟਾਸ਼ (20-40 ਕਿਲੋਗ੍ਰਾਮ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਝੋਨੇ ਦੀ ਪਰਾਲੀ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਛਾਉਣ ਨਾਲ ਨਦੀਨਾਂ ਦੀ ਰੋਕਥਾਮ ਵਧੀਆ ਹੁੰਦੀ ਹੈ।
ਖੇਤ ਵਿਚ ਲੁਆਈ : ਅੱਧ ਜਨਵਰੀ ਤੋਂ ਫ਼ਰਵਰੀ ਤੱਕ ਨੰਗੀ ਜੜ੍ਹ ਵਾਲੇ ਪਾਪਲਰ ਦੇ ਬੂਟਿਆਂ ਨੂੰ ਖਾਲ਼ੀਆਂ ਵਿਚ ਲਗਾਉ। ਖੇਤ ਵਿਚ ਬੂਟੇ 54 ਮੀਟਰ ਜਾਂ 82.5 ਮੀਟਰ ਦੇ ਫ਼ਾਸਲੇ ਤੇ ਅਤੇ ਕਤਾਰਾਂ ਉੱਤਰ-ਦੱਖਣ ਦੀ ਦਿਸ਼ਾ ਵਿਚ ਲਗਾਉ ਅਤੇ ਇਕਹਿਰੀ ਕਤਾਰ ਵਿਚ 3 ਮੀਟਰ ਦੇ ਫ਼ਾਸਲੇ ਤੇ ਬੂਟੇ ਤੋਂ ਬੂਟਾ ਲਗਾਉ। ਕੇਂਦਰੀ ਮੈਦਾਨੀ ਇਲਾਕਿਆਂ ਵਿਚ ਪੀ ਐਲ-1, ਪੀ ਐਲ-2, ਪੀ ਐਲ-3, ਪੀ ਐਲ-4, ਪੀ ਐਲ-5, ਐਲ-47/88 ਅਤੇ ਐਲ 48/89 ਪੰਜਾਬ ਦੇ ਦੱਖਣੀ-ਪੱਛਮੀ ਭਾਗ ਵਿਚ ਪੀ ਐਲ-3, ਪੀ ਐਲ-6, ਪੀ ਐਲ-7 ਅਤੇ ਐਲ-48/89 ਕਿਸਮਾਂ ਵਧੀਆ ਹਨ। ਔਗਰ ਦੀ ਮਦਦ ਨਾਲ 15-20 ਸੈਂਟੀਮੀਟਰ ਵਿਆਸ ਦੇ ਟੋਏ ਬਣਾਉ। ਇਨ੍ਹਾਂ ਟੋਇਆਂ ਦੀ ਡੂੰਘਾਈ ਭਾਰੀਆਂ ਜ਼ਮੀਨਾਂ ਵਿਚ 75 ਸੈਂਟੀਮੀਟਰ ਅਤੇ ਹਲਕੀਆਂ ਜ਼ਮੀਨਾਂ ਵਿਚ 100 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬੂਟੇ ਲਗਾਉਣ ਤੋਂ ਪਹਿਲਾਂ 48 ਘੰਟੇ ਲਈ ਚਲਦੇ ਪਾਣੀ ਵਿਚ ਰੱਖ ਦਿਉ। ਟੋਏ ਵਿਚ ਬੂਟੇ ਰੱਖਣ ਤੋਂ ਬਾਅਦ ਟੋਏ ਨੂੰ ਉਪਰਲੀ ਮਿੱਟੀ ਅਤੇ ਰੂੜੀ ਦੀ ਖਾਦ (1:1), 110 ਗ੍ਰਾਮ ਯੂਰੀਆ ਅਤੇ 315 ਗ੍ਰਾਮ ਸਿੰਗਲ ਸੁਪਰਫਾਸਫੇਟ ਦੀ ਖਾਦ ਦੇ ਮਿਸ਼ਰਣ ਨਾਲ ਭਰ ਦਿਉ। ਪਾਪਲਰ ਦੀਆਂ ਤਿੰਨ ਸਾਲ ਤੋਂ ਘੱਟ ਉਮਰ ਦੀਆਂ ਪਲਾਂਟੇਸ਼ਨਾਂ ਵਿਚ ਗੰਨੇ ਦੀ ਬੀਜਾਈ ਅੱਧ ਫ਼ਰਵਰੀ ਵਿਚ ਕਰ ਦੇਣੀ ਚਾਹੀਦੀ ਹੈ।
ਸਫ਼ੈਦਾ: ਸਫੈਦੇ ਦੇ ਬੀਜ ਨੂੰ ਧਰਤੀ ਤੋਂ ਉੱਚੀਆਂ ਕਿਆਰੀਆਂ ਤੇ ਕਤਾਰਾਂ ਵਿਚਕਾਰ 10 ਸੈਂਟੀਮੀਟਰ ਦੀ ਦੂਰੀ ਰੱਖ ਕੇ ਬੀਜ ਦਿਉ। ਘਾਹ ਦੇ ਬਣੇ ਹੋਏ ਛੱਪਰ ਨਾਲ ਢਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉਪਰਲੀ ਸਤਹਿ ਗਿੱਲੀ ਰਹੇ। ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿਚ (9"-6") ਜਿਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਨਾਲ ਭਰਿਆ ਹੋਵੇ ਉਨ੍ਹਾਂ ਥੈਲੀਆਂ ਵਿਚ ਲਗਾ ਦਿਉ।


ਸੰਯੋਜਕ: ਅਮਰਜੀਤ ਸਿੰਘ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX