ਤਾਜਾ ਖ਼ਬਰਾਂ


ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  54 minutes ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਉਹ ਅਨੰਤਨਾਗ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  about 1 hour ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  about 2 hours ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 3 hours ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 4 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਹੋਰ ਖ਼ਬਰਾਂ..

ਸਾਡੀ ਸਿਹਤ

ਨਜ਼ਲਾ-ਜੁਕਾਮ ਨੂੰ ਕਦੇ ਵਧਣ ਨਾ ਦਿਓ

ਇਹ ਰੋਗ ਵੈਸੇ ਤਾਂ ਵੱਡਾ ਨਹੀਂ ਪਰ ਜਦੋਂ ਵਿਗੜ ਜਾਂਦਾ ਹੈ, ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਤਾਂ ਬਹੁਤ ਮੁਸ਼ਕਿਲ ਝੱਲਣੀ ਪੈਂਦੀ ਹੈ। ਇਹ ਹੋਰ ਰੋਗਾਂ ਨੂੰ ਵੀ ਜਨਮ ਦੇ ਦਿੰਦਾ ਹੈ। ਇਸ ਲਈ ਇਸ ਨੂੰ ਜਿੰਨਾ ਛੇਤੀ ਹੋਵੇ, ਕਾਬੂ ਕਰ ਲਓ। ਇਸ ਦੇ ਲਈ ਕੁਝ ਸੌਖੇ ਉਪਾਅ ਪੇਸ਼ ਹਨ-
* ਜੁਕਾਮ ਨੂੰ ਸ਼ਾਂਤ ਕਰਨ ਲਈ ਕਲੌਂਜੀ ਦੀ ਨਸਵਾਰ ਲਓ। ਆਰਾਮ ਆ ਜਾਵੇਗਾ।
* ਜੁਕਾਮ ਨੂੰ ਠੀਕ ਕਰਨ ਲਈ ਪੈਰ ਦੇ ਤਲਿਆਂ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਇਸ ਦੇ ਨਾਲ ਨੱਕ ਵਿਚ ਵੀ ਸਰ੍ਹੋਂ ਦੇ ਤੇਲ ਨੂੰ ਉਂਗਲੀ ਦੇ ਨਾਲ ਲਗਾਓ, ਆਰਾਮ ਮਿਲੇਗਾ।
* ਪਾਣੀ ਅੱਧਾ ਗਿਲਾਸ ਲਓ। ਇਸ ਵਿਚ 4 ਲੌਂਗ ਤੋੜ ਕੇ ਪਾਓ। ਇਸ ਨੂੰ ਉਬਾਲੋ। ਜਦੋਂ ਪਾਣੀ ਇਕ-ਚੌਥਾਈ ਗਿਲਾਸ ਰਹਿ ਜਾਵੇ, ਇਸ ਵਿਚ ਥੋੜ੍ਹਾ ਲੂਣ ਪਾਓ। ਇਸ ਨੂੰ ਪੀਣ ਨਾਲ ਜੁਕਾਮ ਠੀਕ ਹੋ ਜਾਵੇਗਾ।
* ਨਾਰੰਗੀ ਦਾ ਛਿਲਕਾ ਲੈ ਕੇ ਸੁਕਾ ਲਓ। ਹੁਣ ਇਸ ਦਾ ਕਾੜ੍ਹਾ ਤਿਆਰ ਕਰੋ। ਇਸ ਨੂੰ ਪੀਣ ਨਾਲ ਜੁਕਾਮ ਤੋਂ ਤੇਜ਼ੀ ਨਾਲ ਆਰਾਮ ਮਿਲਦਾ ਹੈ।
* ਦੋ ਚਮਚ ਅਜਵਾਇਣ ਲਓ। ਇਸ ਨੂੰ ਹਲਕੇ ਗਰਮ ਤਵੇ 'ਤੇ ਭੁੰਨੋ। ਹੁਣ ਇਸ ਨੂੰ ਕੱਪੜੇ ਵਿਚ ਬੰਨ੍ਹੋ। ਰੋਗੀ ਇਸ ਪੋਟਲੀ ਨੂੰ ਸੁੰਘੇਗਾ ਤਾਂ ਉਸ ਦਾ ਜੁਕਾਮ ਹੱਥੋ-ਹੱਥ ਠੀਕ ਹੁੰਦਾ ਜਾਵੇਗਾ।
* ਜੁਕਾਮ ਤੋਂ ਛੁਟਕਾਰਾ ਪਾਉਣ ਲਈ ਇਕ-ਚੌਥਾਈ ਛੋਟਾ ਚਮਚ ਪੀਸੀ ਸੁੰਢ ਲਓ। ਇਸ ਨੂੰ ਇਕ ਪਾਈਆ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਉਤਾਰ ਲਓ। ਰੋਗੀ ਇਸ ਨੂੰ ਕੋਸਾ ਹੋਣ 'ਤੇ ਪੀ ਲਵੇ। ਚਾਹੋ ਤਾਂ ਇਸ ਵਿਚ ਸ਼ੱਕਰ, ਮਿਸ਼ਰੀ, ਖੰਡ ਕੁਝ ਵੀ ਪਾਓ।
* ਇਕ ਬਹੁਤ ਸੌਖਾ ਉਪਾਅ ਹੈ। ਰੋਗੀ ਗਰਮ ਪਾਣੀ ਨਾਲ ਨੱਕ 'ਤੇ ਵਾਰ-ਵਾਰ ਛਿੱਟੇ ਮਾਰੇ। ਇਸੇ ਨਾਲ ਜੁਕਾਮ ਠੀਕ ਹੋ ਜਾਵੇਗਾ।
* ਸਾਡੇ ਲਈ ਤੁਲਸੀ ਇਕ ਚੰਗੀ ਦਵਾਈ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਵੀ ਤੁਲਸੀ ਦੇ ਪੱਤਿਆਂ ਦਾ ਰਸ ਦੋ ਚਮਚ ਇਕ ਸਮੇਂ ਲਓ। ਦਿਨ ਵਿਚ ਅਜਿਹੀਆਂ ਤਿੰਨ ਖੁਰਾਕਾਂ ਲਓ। ਆਰਾਮ ਮਿਲੇਗਾ।
* ਜੁਕਾਮ ਤੋਂ ਛੁਟਕਾਰਾ ਪਾਉਣ ਲਈ ਸੁਹਾਗਾ ਪੀਸੋ। ਇਸ ਨੂੰ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ ਤਿੰਨ ਵਾਰ ਚੱਟੋ। ਛੇਤੀ ਜੁਕਾਮ, ਨਜ਼ਲਾ ਠੀਕ ਹੋਵੇਗਾ, ਖੰਘ ਵੀ ਨਹੀਂ ਰਹੇਗੀ।
ਜੋ ਵੀ ਉਪਲਬਧ ਹੋਵੇ ਜਾਂ ਸੌਖਾ ਲੱਗੇ, ਉਹੀ ਉਪਾਅ ਚੁਣੋ ਪਰ ਜੁਕਾਮ ਨੂੰ ਵਿਗੜਨ ਅਤੇ ਭਿਆਨਕ ਨਾ ਹੋਣ ਦਿਓ।


-ਸੁਦਰਸ਼ਨ ਭਾਟੀਆ


ਖ਼ਬਰ ਸ਼ੇਅਰ ਕਰੋ

ਟਹਿਲਣਾ ਸਭ ਤੋਂ ਚੰਗੀ ਕਸਰਤ

ਸਵੇਰ ਨੂੰ ਅਰਥਾਤ ਸੂਰਜ ਚੜ੍ਹਨ ਤੋਂ ਪਹਿਲਾਂ ਇਕ-ਦੋ ਘੰਟੇ ਮੌਸਮ ਅਨੁਸਾਰ ਕੱਪੜੇ ਅਤੇ ਜੁੱਤੀ, ਚੱਪਲ, ਸੈਂਡਲ ਪਹਿਨ ਕੇ ਖੁੱਲ੍ਹੀ ਜਗ੍ਹਾ, ਪਾਰਕ, ਸੜਕ ਕਿਨਾਰੇ ਜਾਂ ਘਰ ਦੀ ਛੱਤ 'ਤੇ ਟਹਿਲੋ।
ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਦਿਮਾਗ ਵਿਚ ਖੂਨ ਸੰਚਾਰਨ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਤੇਜ਼ੀ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਪੱਖੋਂ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।
ਇਸ ਨਾਲ ਆਚਾਰ-ਵਿਚਾਰ, ਜੀਵਨਸ਼ੈਲੀ ਅਤੇ ਸੰਵੇਦਨਾਵਾਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਸਰੀਰ ਵਿਚ ਬਦਲਾਅ ਹੌਲੀ-ਹੌਲੀ ਦ੍ਰਿਸ਼ਟੀਗੋਚਰ ਹੁੰਦਾ ਹੈ। ਜਿਸਮ ਸਰੀਰਕ ਫਿਟਨੈੱਸ ਦੇ ਅਨੁਰੂਪ ਆਪਣੇ-ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹੈ।
ਟਹਿਲਣ, ਪਦਯਾਤਰਾ ਕਰਨ ਵਾਲਾ ਵਿਅਕਤੀ ਨੌਜਵਾਨ ਹੋਵੇ ਜਾਂ ਮੁਟਿਆਰ, ਬੱਚਾ ਹੋਵੇ ਜਾਂ ਬਜ਼ੁਰਗ, ਸਭ ਨੂੰ ਇਸ ਨਾਲ ਲਾਭ ਮਿਲਦਾ ਹੈ। ਵੈਸੇ ਵੀ ਚੁਸਤ-ਦਰੁਸਤ ਬਣੇ ਰਹਿਣ ਵਿਚ ਸਭ ਦੀ ਰੁਚੀ ਹੁੰਦੀ ਹੈ। ਡਾਕਟਰ ਵੀ ਪੇਟ, ਦਿਲ, ਫੇਫੜੇ ਦੇ ਰੋਗੀਆਂ ਨੂੰ ਸਵੇਰੇ ਟਹਿਲਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਰੀਰ ਚੁਸਤ ਦਰੁਸਤ ਬਣਦਾ ਹੈ। ਮੋਟਾਪਾ ਘਟਦਾ ਹੈ। ਸ਼ੁੱਧ ਖੂਨ ਵਾਹਕ ਧਮਨੀਆਂ ਦੀਆਂ ਸਰੀਰ ਦੇ ਅੰਦਰ ਗਤੀਵਿਧੀਆਂ ਵਧਦੀਆਂ ਹਨ। ਕਾਰਜ ਸਮਰੱਥਾ ਵਧਦੀ ਹੈ। ਖੂਨ ਦਾ ਦਬਾਅ ਠੀਕ ਰਹਿੰਦਾ ਹੈ। ਪੂਰੇ ਸਰੀਰ ਵਿਚ ਹਲਚਲ ਹੁੰਦੀ ਹੈ। ਚਮੜੀ, ਸਰੀਰ ਅਤੇ ਮਾਸਪੇਸ਼ੀਆਂ ਵਿਚ ਕਸਾਅ ਆਉਂਦਾ ਹੈ। ਫੇਫੜਿਆਂ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ।
ਹਰਿਆਲੀ ਨਾਲ ਅੱਖਾਂ ਨੂੰ ਜਯੋਤੀ ਅਤੇ ਸ਼ਾਂਤੀ ਮਿਲਦੀ ਹੈ। ਦਿਲ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਪਾਚਣ ਕਿਰਿਆ ਸਹੀ ਰਹਿੰਦੀ ਹੈ। ਗੁੱਸੇ ਵਿਚ ਕਮੀ ਆਉਂਦੀ ਹੈ। ਮੂਡ ਵੀ ਬਦਲਦਾ ਹੈ। ਦਿਨ ਭਰ ਮਨ ਖੁਸ਼ ਰਹਿੰਦਾ ਹੈ।
ਕਿਥੇ, ਕਦੋਂ, ਕਿਵੇਂ ਟਹਿਲੀਏ : ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਇਕ-ਦੋ ਘੰਟੇ ਪਹਿਲਾਂ ਟਹਿਲਣ ਦਾ ਸਮਾਂ ਨਿਸਚਿਤ ਕਰੋ। ਹਰ ਰੋਜ਼ ਮਾਰਗ ਬਦਲ ਕੇ ਚੱਲੋ। ਨਵੀਨਤਾ ਦਾ ਬੋਧ ਹੋਵੇਗਾ। ਬੋਰ ਨਹੀਂ ਹੋਵੋਗੇ। ਟਹਿਲਣ ਲਈ ਸੰਗੀ-ਸਾਥੀ ਜ਼ਰੂਰੀ ਨਹੀਂ ਹੈ। ਜਾਣੂ-ਪਛਾਣੂ ਮਿਲ ਜਾਵੇ ਤਾਂ ਬੁਲਾ ਕੇ ਜਾਂ ਜਵਾਬ ਦੇ ਕੇ ਅੱਗੇ ਵਧ ਜਾਓ। ਸਾਥੀ ਨਾਲ ਹੋਵੇ ਤਾਂ ਗੱਲਾਂ ਨਾ ਕਰੋ। ਮੂੰਹ ਬੰਦ ਰੱਖੋ, ਨੱਕ ਰਾਹੀਂ ਡੂੰਘੇ ਸਾਹ ਲਓ। ਨਿਗ੍ਹਾ ਦੀ ਦੂਰੀ ਸਥਿਰ ਨਾ ਰੱਖ ਕੇ ਘਟਾਉਂਦੇ-ਵਧਾਉਂਦੇ ਰਹੋ।
ਝੁਕ ਕੇ ਨਹੀਂ, ਸਗੋਂ ਤਣ ਕੇ ਚੱਲੋ। ਵਾਕਿਫ-ਨਾਵਾਕਿਫ ਜੋ ਵੀ ਮਿਲੇ, ਹਮੇਸ਼ਾ ਮੁਸਕੁਰਾਉਂਦੇ ਰਹੋ। ਚਿਹਰੇ 'ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਆਉਣਗੀਆਂ। ਜਿਥੇ ਟਹਿਲਣਾ ਹੋਵੇ, ਉਹ ਜਗ੍ਹਾ ਪ੍ਰਦੂਸ਼ਣ ਰਹਿਤ, ਸ਼ੁੱਧ ਅਰਥਾਤ ਪ੍ਰਾਣਪ੍ਰਦ ਹਵਾ ਆਕਸੀਜਨ ਦੀ ਬਹੁਤਾਤ ਵਾਲੀ ਹੋਵੇ। ਨੰਗੇ ਪੈਰ ਪ੍ਰਦੂਸ਼ਣ ਰਹਿਤ ਹਰੀ-ਭਰੀ ਘਾਹ 'ਤੇ ਚੱਲਣ ਨਾਲ ਅੱਖਾਂ ਦੀ ਨਿਗ੍ਹਾ ਵਧਦੀ ਹੈ। ਹਮੇਸ਼ਾ ਨੱਕ ਨਾਲ ਸਾਹ ਲਓ। ਪਰਿਵਾਰ ਸਹਿਤ ਟਹਿਲੋ ਤਾਂ ਸਭ ਨੂੰ ਲਾਭ ਮਿਲੇਗਾ। ਸਨੇਹ ਸਬੰਧ ਵਧੇਗਾ। ਸਬੰਧਾਂ ਨੂੰ ਉਚਿਤ ਮਹੱਤਵ ਮਿਲੇਗਾ।
ਜਦੋਂ ਪ੍ਰੇਸ਼ਾਨੀ ਹੋਵੇ : ਹੌਲੀ ਗਤੀ ਨਾਲ ਚੱਲਣਾ ਸ਼ੁਰੂ ਕਰਕੇ ਗਤੀ ਵਧਾਉਂਦੇ ਜਾਓ। ਫਿਰ ਗਤੀ ਹੌਲੀ ਕਰ ਲਓ। ਹਰ ਰੋਜ਼ 3 ਤੋਂ 5 ਕਿੱਲੋਮੀਟਰ ਜਾਂ 20 ਤੋਂ 30 ਮਿੰਟ ਟਹਿਲੋ। ਹਫਤੇ ਵਿਚ ਘੱਟ ਤੋਂ ਘੱਟ 5 ਦਿਨ ਜ਼ਰੂਰ ਟਹਿਲੋ। ਜ਼ਿਆਦਾ ਪਸੀਨਾ ਨਿਕਲੇ ਜਾਂ ਸਰੀਰ ਦੇ ਕਿਸੇ ਭਾਗ ਵਿਚ ਦਰਦ ਹੋਵੇ ਤਾਂ ਆਰਾਮ ਕਰੋ। ਆਪਣੇ ਡਾਕਟਰ ਕੋਲੋਂ ਲੋੜੀਂਦੀ ਸਲਾਹ ਲਓ ਅਤੇ ਪੈਦਲ ਚੱਲਣ ਦਾ ਨਿਰਦੇਸ਼ ਅਨੁਸਾਰ ਕਾਰਜਕ੍ਰਮ ਬਣਾਓ। ਦਿਲ ਅਤੇ ਸ਼ੂਗਰ ਦੇ ਰੋਗੀ ਡਾਕਟਰ ਦੀ ਸਲਾਹ ਮੁਤਾਬਿਕ ਹੀ ਪੈਦਲ ਚੱਲਿਆ ਕਰਨ।

ਸੁੱਕੇ ਮੇਵੇ ਤੇ ਦਿਲ ਦੀਆਂ ਬਿਮਾਰੀਆਂ

ਇਕ ਨਵੀਂ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਬੀਜ ਵਾਲੇ ਸੁੱਕੇ ਮੇਵੇ ਦਿਲ ਦੇ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਹ ਖੋਜ 34 ਤੋਂ 59 ਸਾਲ ਦੀਆਂ 80,000 ਔਰਤਾਂ 'ਤੇ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਨੇ ਹਰ ਹਫਤੇ 150 ਗ੍ਰਾਮ ਗਿਰੀਆਂ ਦਾ ਸੇਵਨ ਨਿੱਤ ਕੀਤਾ, ਉਨ੍ਹਾਂ ਵਿਚ ਦੂਜੀਆਂ ਔਰਤਾਂ ਦੇ ਮੁਕਾਬਲੇ, ਜਿਨ੍ਹਾਂ ਨੇ ਗਿਰੀਆਂ ਦਾ ਸੇਵਨ ਨਹੀਂ ਕੀਤਾ, ਦਿਲ ਦੇ ਰੋਗ ਹੋਣ ਦੀ ਸੰਭਾਵਨਾ 35 ਫੀਸਦੀ ਘੱਟ ਪਾਈ ਗਈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ ਵੀ ਗਿਰੀਆਂ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਵੀ ਘੱਟ ਕਰਦੀਆਂ ਹਨ। ਗਿਰੀਆਂ ਖੂਨ ਵਿਚ ਐੱਲ. ਡੀ. ਐੱਲ. ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀਆਂ ਹਨ। ਗਿਰੀਆਂ ਵਿਚ ਵਿਟਾਮਿਨ 'ਈ', ਮੈਗਨੀਸ਼ੀਅਮ, ਪ੍ਰੋਟੀਨ, ਰੇਸ਼ਾ ਅਤੇ ਪੋਟਾਸ਼ੀਅਮ ਮੌਜੂਦ ਹੁੰਦੇ ਹਨ।

ਯੋਗ ਕਦੋਂ, ਕਿੱਥੇ ਅਤੇ ਕਿਵੇਂ ਕਰੀਏ?

ਸਮਾਂ : ਯੋਗ ਕਰਨ ਦਾ ਵਧੀਆ ਸਮਾਂ ਸਵੇਰ ਦਾ ਹੈ। ਜੇਕਰ ਤੁਸੀਂ ਕਿਸੇ ਕਾਰਨ ਸਵੇਰੇ ਯੋਗ ਨਹੀਂ ਕਰ ਸਕਦੇ ਤਾਂ ਸ਼ਾਮ ਨੂੰ ਕਰ ਸਕਦੇ ਹੋ। ਧਿਆਨ ਰੱਖੋ ਕਿ ਯੋਗ ਖਾਣਾ ਖਾਣ ਤੋਂ ਘੱਟੋ-ਘੱਟ 3-4 ਘੰਟੇ ਬਾਅਦ ਕੀਤਾ ਜਾਣਾ ਚਾਹੀਦਾ ਹੈ। ਸਨੈਕਸ ਖਾਧੇ ਹਨ ਤਾਂ ਇਕ ਘੰਟੇ ਦਾ ਫਰਕ ਰੱਖੋ। ਤਰਲ ਚੀਜ਼ਾਂ ਜਿਵੇਂ ਚਾਹ, ਲੱਸੀ, ਨਾਰੀਅਲ ਦਾ ਪਾਣੀ, ਜੂਸ, ਸੂਪ ਲਿਆ ਹੋਵੇ ਤਾਂ ਅੱਧੇ ਘੰਟੇ ਬਾਅਦ ਕਰੋ। ਪਾਣੀ ਪੀਣ ਤੋਂ ਬਾਅਦ ਵੀ 10 ਤੋਂ 15 ਮਿੰਟ ਉਡੀਕ ਕਰਕੇ ਅਭਿਆਸ ਕਰੋ।
ਕਿਸ ਉਮਰ ਵਿਚ ਯੋਗ ਸ਼ੁਰੂ ਕੀਤਾ ਜਾਵੇ : ਯੋਗ ਦਾ ਅਭਿਆਸ ਜਨਮ ਦੇ 3-4 ਸਾਲ ਬਾਅਦ ਸ਼ੁਰੂ ਕੀਤਾ ਜਾ ਸਕਦਾ ਹੈ। ਬੱਚੇ ਆਸਣ ਛੇਤੀ ਸਿੱਖਦੇ ਹਨ। ਉਨ੍ਹਾਂ ਦਾ ਸਰੀਰ, ਮਾਸਪੇਸ਼ੀਆਂ, ਜੋੜ ਅਤੇ ਹੱਡੀਆਂ ਸਭ ਲਚੀਲੀਆਂ ਹੁੰਦੀਆਂ ਹਨ, ਜੋ ਅਸਾਨੀ ਨਾਲ ਮੁੜ ਜਾਂਦੀਆਂ ਹਨ। 12 ਸਾਲ ਤੋਂ ਬਾਅਦ ਬੱਚੇ ਨੂੰ ਹਲਕੇ ਆਸਣ ਅਤੇ ਪ੍ਰਾਣਾਯਾਮ ਕਰਨੇ ਚਾਹੀਦੇ ਹਨ, ਤਾਂ ਕਿ ਉਹ ਆਪਣੀਆਂ ਇੰਦਰੀਆਂ ਨੂੰ ਸੰਯਮਿਤ ਕਰ ਸਕੇ। ਉਨ੍ਹਾਂ ਨੂੰ ਮੁਸ਼ਕਿਲ ਆਸਣ ਨਹੀਂ ਕਰਨੇ ਚਾਹੀਦੇ। ਉਸ ਤੋਂ ਬਾਅਦ ਸਾਰੇ ਆਸਣ ਜੋ ਅਸਾਨੀ ਨਾਲ ਤੁਸੀਂ ਕਰ ਸਕੋ ਅਤੇ ਪ੍ਰਾਣਾਯਾਮ ਵੀ ਕਰੋ। ਯੌਗਿਕ ਆਸਣ ਅਤੇ ਕਿਰਿਆਵਾਂ ਸਾਰੀ ਉਮਰ ਆਪਣੀ ਸਮਰੱਥਾ ਅਨੁਸਾਰ ਕੀਤੇ ਜਾ ਸਕਦੇ ਹਨ।
ਗਰਭਵਤੀ ਔਰਤਾਂ ਨੂੰ ਹਲਕੇ ਆਸਣ ਕਰਨੇ ਚਾਹੀਦੇ ਹਨ, ਤਾਂ ਕਿ ਸਰੀਰ ਲਚੀਲਾ ਬਣਿਆ ਰਹੇ। ਉਨ੍ਹਾਂ ਨੂੰ ਕਪਾਲਭਾਤੀ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਨਾਰਮਲ ਡਿਲੀਵਰੀ ਦੇ 3 ਮਹੀਨੇ ਬਾਅਦ, ਸਿਜੇਰੀਅਨ ਡਿਲੀਵਰੀ ਤੋਂ 6 ਮਹੀਨੇ ਬਾਅਦ ਯੋਗ ਕਰੋ। ਪੀਰੀਅਡਸ ਦੌਰਾਨ ਯੋਗ ਨਾ ਕਰੋ। ਕਮਰ ਦਰਦ ਵਿਚ ਅੱਗੇ ਝੁਕਣ ਵਾਲੇ ਆਸਣ ਨਾ ਕਰੋ, ਹਰਨੀਆਂ ਰੋਗੀ ਪਿੱਛੇ ਨਾ ਝੁਕੋ। ਇਸੇ ਤਰ੍ਹਾਂ ਵਿਸ਼ੇਸ਼ ਬਿਮਾਰੀ ਵਿਚ ਡਾਕਟਰ ਦੀ ਸਲਾਹ ਅਨੁਸਾਰ ਯੋਗ ਕਰੋ।
ਯੋਗ ਅਭਿਆਸ ਕਿੱਥੇ ਅਤੇ ਕਿਵੇਂ ਕਰੀਏ : * ਯੋਗ ਦਾ ਸਭ ਤੋਂ ਬਿਹਤਰ ਸਮਾਂ ਸਵੇਰੇ ਹੁੰਦਾ ਹੈ। ਖੁੱਲ੍ਹੀ ਹਵਾ ਵਿਚ ਯੋਗ ਅਭਿਆਸ ਕਰਨਾ ਲਾਭਦਾਇਕ ਹੈ। ਮਨ ਸ਼ਾਂਤ ਕਰਕੇ ਅਭਿਆਸ ਕਰੋ। ਧਿਆਨ ਰੱਖੋ ਆਸ-ਪਾਸ ਸ਼ੋਰ-ਸ਼ਰਾਬਾ ਨਾ ਹੋਵੇ। * ਯੋਗ ਜ਼ਮੀਨ 'ਤੇ ਦਰੀ, ਚਟਾਈ ਜਾਂ ਮੈਟ ਵਿਛਾ ਕੇ ਕਰੋ। ਯੋਗ ਅਭਿਆਸ ਦੇ ਸਮੇਂ ਸੂਤੀ, ਥੋੜ੍ਹੇ ਖੁੱਲ੍ਹੇ ਕੱਪੜੇ ਪਹਿਨੋ ਜੋ ਆਰਾਮਦਾਇਕ ਹੋਣ। * ਯੋਗ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਸ਼ੁਰੂ ਤੋਂ ਅਖੀਰ ਤੱਕ ਅੱਖਾਂ ਬੰਦ ਰੱਖੋ। ਧਿਆਨ ਸਰੀਰ ਦੇ ਉਨ੍ਹਾਂ ਅੰਗਾਂ 'ਤੇ ਰੱਖੋ, ਜਿਥੇ ਆਸਣ ਦਾ ਪ੍ਰਭਾਵ ਪੈ ਰਿਹਾ ਹੋਵੇ। * ਸਾਹਾਂ 'ਤੇ ਵਿਸ਼ੇਸ਼ ਧਿਆਨ ਦਿਓ। ਆਪਣੇ ਅੰਗਾਂ ਨੂੰ ਸਟ੍ਰੈਚ ਕਰਦੇ ਸਮੇਂ ਸਾਹ ਭਰੋ। ਅੰਗਾਂ ਨੂੰ ਸਿਕੋੜਦੇ ਹੋਏ ਜਾਂ ਵਾਪਸ ਅਵਸਥਾ ਵਿਚ ਆਉਂਦੇ ਹੋਏ ਸਾਹਾਂ ਨੂੰ ਛੱਡੋ। ਉੱਪਰ ਜਾਂਦੇ ਸਮੇਂ ਸਾਹ ਭਰੋ, ਵਾਪਸ ਆਉਂਦੇ ਸਮੇਂ ਜਾਂ ਹੇਠਾਂ ਜਾਂਦੇ ਸਮੇਂ ਸਾਹ ਛੱਡੋ। * ਹਰ ਆਸਣ ਨੂੰ ਹੌਲੀ-ਹੌਲੀ ਕਰੋ, ਵਾਪਸ ਆਉਂਦੇ ਸਮੇਂ ਵੀ ਜਲਦੀ ਨਾ ਕਰੋ। * ਹਰ ਆਸਣ ਤੋਂ ਬਾਅਦ ਸਰੀਰ ਨੂੰ ਢਿੱਲਾ ਛੱਡ ਕੇ ਆਰਾਮ ਦਿਓ, ਤਾਂ ਕਿ ਸਰੀਰ ਅਗਲੇ ਆਸਣ ਲਈ ਤਿਆਰ ਹੋ ਸਕੇ। * ਥਕਾਵਟ ਮਹਿਸੂਸ ਹੋਣ 'ਤੇ ਸਰੀਰ ਨਾਲ ਜ਼ਬਰਦਸਤੀ ਨਾ ਕਰੋ, ਆਰਾਮ ਕਰੋ। * 50 ਤੋਂ 60 ਮਿੰਟ ਤੱਕ ਆਸਣਾਂ ਦਾ ਅਭਿਆਸ ਕਰੋ। ਹਰ ਆਸਣ ਤੋਂ ਬਾਅਦ ਆਰਾਮ ਕਰੋ। * ਯੋਗ ਕਰਨ ਤੋਂ 30 ਮਿੰਟ ਬਾਅਦ ਇਸ਼ਨਾਨ ਕਰੋ ਅਤੇ ਖਾਣਾ ਵੀ ਅੱਧਾ ਘੰਟਾ ਰੁਕ ਕੇ ਖਾਓ। * ਯੋਗ ਸਾਧਨਾ ਦੇ ਨਤੀਜੇ ਆਰਾਮ ਨਾਲ ਮਿਲਦੇ ਹਨ। ਛੇਤੀ ਨਤੀਜੇ ਦੀ ਉਮੀਦ ਨਾ ਕਰੋ। * ਅਖੀਰ ਵਿਚ ਥੋੜ੍ਹਾ ਆਰਾਮ ਕਰਕੇ ਸੱਜੇ ਕਰਵਟ ਲੈ ਕੇ ਉੱਠੋ। ਜੇਕਰ ਸਮਾਂ ਹੋਵੇ ਤਾਂ ਕਪਾਲਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ ਕਰੋ। ਸ਼ੁਰੂ ਕਰਦੇ ਸਮੇਂ ਲੰਬੇ-ਡੂੰਘੇ ਸਾਹ ਲਓ, ਤਾਂ ਕਿ ਸਰੀਰ ਦੇ ਅੰਦਰਲੀ ਨੈਗੇਟਿਵਿਟੀ ਬਾਹਰ ਨਿਕਲ ਸਕੇ।

ਕਿਹੜੀ ਧਾਤ ਦੇ ਭਾਂਡੇ ਸਿਹਤ ਲਈ ਲਾਭਕਾਰੀ ਜਾਂ ਨੁਕਸਾਨਦੇਹ?

ਸੋਨਾ : ਸੋਨਾ ਇਕ ਗਰਮ ਧਾਤੂ ਹੈ। ਸੋਨੇ ਨਾਲ ਬਣੇ ਭਾਂਡੇ ਵਿਚ ਭੋਜਨ ਬਣਾਉਣ ਅਤੇ ਕਰਨ ਨਾਲ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਹਿੱਸੇ ਕਠੋਰ, ਬਲਵਾਨ, ਤਾਕਤਵਰ ਅਤੇ ਮਜ਼ਬੂਤ ਬਣਦੇ ਹਨ ਅਤੇ ਨਾਲ ਹੀ ਸੋਨਾ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
ਚਾਂਦੀ : ਚਾਂਦੀ ਇਕ ਠੰਢੀ ਧਾਤੂ ਹੈ, ਜੋ ਸਰੀਰ ਨੂੰ ਅੰਦਰੂਨੀ ਠੰਢਕ ਪਹੁੰਚਾਉਂਦੀ ਹੈ। ਸਰੀਰ ਨੂੰ ਸ਼ਾਂਤ ਰੱਖਦੀ ਹੈ। ਇਸ ਦੇ ਭਾਂਡੇ ਵਿਚ ਭੋਜਨ ਬਣਾਉਣ ਅਤੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਅੱਖਾਂ ਤੰਦਰੁਸਤ ਰਹਿੰਦੀਆਂ ਹਨ, ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਇਸ ਤੋਂ ਇਲਾਵਾ ਪਿੱਤਦੋਸ਼, ਕਫ ਅਤੇ ਵਾਯੂਦੋਸ਼ ਕਾਬੂ ਵਿਚ ਰਹਿੰਦਾ ਹੈ।
ਕਾਂਸੀ : ਕਾਂਸੀ ਦੇ ਭਾਂਡੇ ਵਿਚ ਖਾਣਾ ਖਾਣ ਨਾਲ ਬੁੱਧੀ ਤੇਜ਼ ਹੁੰਦੀ ਹੈ, ਖੂਨ ਵਿਚ ਸ਼ੁੱਧਤਾ ਆਉਂਦੀ ਹੈ, ਰਕਤਪਿੱਤ ਸ਼ਾਂਤ ਰਹਿੰਦਾ ਹੈ ਅਤੇ ਭੁੱਖ ਵਧਦੀ ਹੈ ਪਰ ਕਾਂਸੀ ਦੇ ਭਾਂਡੇ ਵਿਚ ਖੱਟੀਆਂ ਚੀਜ਼ਾਂ ਨਹੀਂ ਪਰੋਸਣੀਆਂ ਚਾਹੀਦੀਆਂ। ਖੱਟੀਆਂ ਚੀਜ਼ਾਂ ਇਸ ਧਾਤੂ ਨਾਲ ਕਿਰਿਆ ਕਰਕੇ ਜ਼ਹਿਰੀਲੀਆਂ ਹੋ ਜਾਂਦੀਆਂ ਹਨ, ਜੋ ਨੁਕਸਾਨ ਕਰਦੀਆਂ ਹਨ। ਕਾਂਸੀ ਦੇ ਭਾਂਡੇ ਵਿਚ ਖਾਣਾ ਬਣਾਉਣ ਨਾਲ ਕੇਵਲ 3 ਫੀਸਦੀ ਪੋਸ਼ਕ ਤੱਤ ਨਸ਼ਟ ਹੁੰਦੇ ਹਨ।
ਤਾਂਬਾ : ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਵਿਅਕਤੀ ਰੋਗ ਮੁਕਤ ਬਣਦਾ ਹੈ, ਖੂਨ ਸ਼ੁੱਧ ਹੁੰਦਾ ਹੈ, ਸਮਰਣ ਸ਼ਕਤੀ ਚੰਗੀ ਹੁੰਦੀ ਹੈ, ਲਿਵਰ ਸਬੰਧੀ ਸਮੱਸਿਆ ਦੂਰ ਹੁੰਦੀ ਹੈ। ਤਾਂਬੇ ਦਾ ਪਾਣੀ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਖ਼ਤਮ ਕਰ ਦਿੰਦਾ ਹੈ, ਇਸ ਲਈ ਇਸ ਭਾਂਡੇ ਵਿਚ ਰੱਖਿਆ ਪਾਣੀ ਸਿਹਤ ਲਈ ਵਧੀਆ ਹੁੰਦਾ ਹੈ। ਤਾਂਬੇ ਦੇ ਭਾਂਡੇ ਵਿਚ ਦੁੱਧ ਨਹੀਂ ਪੀਣਾ ਚਾਹੀਦਾ, ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ।
ਪਿੱਤਲ : ਪਿੱਤਲ ਦੇ ਭਾਂਡੇ ਵਿਚ ਭੋਜਨ ਪਕਾਉਣ ਅਤੇ ਖਾਣ ਨਾਲ ਕਿਰਮ ਰੋਗ, ਕਫ ਅਤੇ ਵਾਯੂਦੋਸ਼ ਦੀ ਬਿਮਾਰੀ ਨਹੀਂ ਹੁੰਦੀ। ਪਿੱਤਲ ਦੇ ਭਾਂਡੇ ਵਿਚ ਖਾਣਾ ਬਣਾਉਣ ਨਾਲ ਕੇਵਲ 7 ਫੀਸਦੀ ਪੋਸ਼ਕ ਤੱਤ ਨਸ਼ਟ ਹੁੰਦੇ ਹਨ।
ਲੋਹਾ : ਲੋਹੇ ਦੇ ਭਾਂਡੇ ਵਿਚ ਬਣਿਆ ਭੋਜਨ ਖਾਣ ਨਾਲ ਸਰੀਰ ਦੀ ਸ਼ਕਤੀ ਵਧਦੀ ਹੈ। ਲੋਹ ਤੱਤ ਸਰੀਰ ਵਿਚ ਜ਼ਰੂਰੀ ਪੋਸ਼ਕ ਤੱਤਾਂ ਨੂੰ ਵਧਾਉਂਦਾ ਹੈ। ਲੋਹਾ ਕਈ ਰੋਗਾਂ ਨੂੰ ਖ਼ਤਮ ਕਰਦਾ ਹੈ, ਪਾਂਡੂ ਰੋਗ ਮਿਟਾਉਂਦਾ ਹੈ, ਸਰੀਰ ਵਿਚ ਸੂਜਨ ਅਤੇ ਪੀਲਾਪਨ ਨਹੀਂ ਆਉਣ ਦਿੰਦਾ, ਕਾਮਲਾ ਰੋਗ ਨੂੰ ਖ਼ਤਮ ਕਰਦਾ ਹੈ ਅਤੇ ਪੀਲੀਆ ਰੋਗ ਨੂੰ ਦੂਰ ਰੱਖਦਾ ਹੈ ਪਰ ਲੋਹੇ ਦੇ ਭਾਂਡੇ ਵਿਚ ਖਾਣਾ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਵਿਚ ਖਾਣਾ ਖਾਣ ਨਾਲ ਬੁੱਧੀ ਘੱਟ ਹੁੰਦੀ ਹੈ ਅਤੇ ਦਿਮਾਗ ਦਾ ਨਾਸ਼ ਹੁੰਦਾ ਹੈ। ਲੋਹੇ ਦੇ ਭਾਂਡੇ ਵਿਚ ਦੁੱਧ ਪੀਣਾ ਚੰਗਾ ਹੁੰਦਾ ਹੈ।
ਸਟੀਲ : ਸਟੀਲ ਦੇ ਭਾਂਡੇ ਨੁਕਸਾਨਦਾਇਕ ਨਹੀਂ ਹੁੰਦੇ, ਕਿਉਂਕਿ ਇਹ ਨਾ ਤਾਂ ਗਰਮ ਵਸਤੂ ਨਾਲ ਕਿਰਿਆ ਕਰਦੇ ਹਨ ਅਤੇ ਨਾ ਹੀ ਅਮਲ ਨਾਲ, ਇਸ ਲਈ ਨੁਕਸਾਨ ਨਹੀਂ ਹੁੰਦਾ। ਇਨ੍ਹਾਂ ਵਿਚ ਖਾਣਾ ਬਣਾਉਣ ਅਤੇ ਖਾਣ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਪਹੁੰਚਦਾ ਤਾਂ ਨੁਕਸਾਨ ਵੀ ਨਹੀਂ ਪਹੁੰਚਦਾ।
ਐਲੂਮੀਨੀਅਮ : ਐਲੂਮੀਨੀਅਮ ਵਿਚ ਬਣੇ ਖਾਣੇ ਨਾਲ ਸਰੀਰ ਨੂੰ ਸਿਰਫ ਨੁਕਸਾਨ ਹੁੰਦਾ ਹੈ। ਇਹ ਆਇਰਨ ਅਤੇ ਕੈਲਸ਼ੀਅਮ ਨੂੰ ਸੋਖਦਾ ਹੈ, ਇਸ ਲਈ ਇਸ ਨਾਲ ਬਣੇ ਭਾਂਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਮਾਨਸਿਕ ਬਿਮਾਰੀਆਂ ਹੁੰਦੀਆਂ, ਲਿਵਰ ਅਤੇ ਨਰਵਸ ਸਿਸਟਮ ਨੂੰ ਨੁਕਸਾਨ ਹੁੰਦਾ ਹੈ। ਇਸ ਦੇ ਨਾਲ-ਨਾਲ ਗੁਰਦੇ ਫੇਲ੍ਹ ਹੋਣੇ, ਟੀ. ਬੀ., ਅਸਥਮਾ, ਦਮਾ, ਵਾਤ ਰੋਗ ਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਹਨ। ਐਲੂਮੀਨੀਅਮ ਦੇ ਪ੍ਰੈਸ਼ਰ ਕੁੱਕਰ ਵਿਚ ਖਾਣਾ ਬਣਾਉਣ ਨਾਲ 87 ਫੀਸਦੀ ਪੋਸ਼ਕ ਤੱਤ ਖ਼ਤਮ ਹੋ ਜਾਂਦਾ ਹੈ।
ਮਿੱਟੀ : ਮਿੱਟੀ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਅਜਿਹੇ ਪੋਸ਼ਕ ਤੱਤ ਮਿਲਦੇ ਹਨ, ਜੋ ਹਰ ਬਿਮਾਰੀ ਨੂੰ ਸਰੀਰ ਤੋਂ ਦੂਰ ਰੱਖਦੇ ਹਨ। ਇਸ ਗੱਲ ਨੂੰ ਹੁਣ ਆਧੁਨਿਕ ਵਿਗਿਆਨ ਵੀ ਸਾਬਤ ਕਰ ਚੁੱਕਾ ਹੈ ਕਿ ਮਿੱਟੀ ਦੇ ਭਾਂਡਿਆਂ ਵਿਚ ਖਾਣਾ ਬਣਾਉਣ ਨਾਲ ਸਰੀਰ ਦੇ ਕਈ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ। ਆਯੁਰਵੈਦ ਅਨੁਸਾਰ ਜੇਕਰ ਭੋਜਨ ਨੂੰ ਪੋਸ਼ਟਿਕ ਅਤੇ ਸਵਾਦੀ ਬਣਾਉਣਾ ਹੈ ਤਾਂ ਉਸ ਨੂੰ ਹੌਲੀ-ਹੌਲੀ ਹੀ ਪਕਾਉਣਾ ਚਾਹੀਦਾ ਹੈ। ਭਾਵੇਂ ਹੀ ਮਿੱਟੀ ਦੇ ਭਾਂਡਿਆਂ ਵਿਚ ਖਾਣਾ ਬਣਨ ਵਿਚ ਸਮਾਂ ਥੋੜ੍ਹਾ ਜ਼ਿਆਦਾ ਲਗਦਾ ਹੈ ਪਰ ਇਸ ਨਾਲ ਸਿਹਤ ਨੂੰ ਪੂਰਾ ਲਾਭ ਮਿਲਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਲਈ ਸਭ ਤੋਂ ਫਾਇਦੇਮੰਦ ਹਨ ਮਿੱਟੀ ਦੇ ਭਾਂਡੇ। ਮਿੱਟੀ ਦੇ ਭਾਂਡੇ ਵਿਚ ਖਾਣਾ ਬਣਾਉਣ ਨਾਲ ਪੂਰੇ 100 ਫੀਸਦੀ ਪੋਸ਼ਕ ਤੱਤ ਮਿਲਦੇ ਹਨ ਅਤੇ ਜੇ ਮਿੱਟੀ ਦੇ ਭਾਂਡੇ ਵਿਚ ਖਾਣਾ ਖਾਧਾ ਜਾਵੇ ਤਾਂ ਉਸ ਦਾ ਸਵਾਦ ਵੀ ਵੱਖਰਾ ਹੀ ਆਉਂਦਾ ਹੈ।
ਪਾਣੀ ਪੀਣ ਦੇ ਭਾਂਡੇ ਦੇ ਵਿਸ਼ੇ ਵਿਚ 'ਭਾਵਪ੍ਰਕਾਸ਼ ਗ੍ਰੰਥ' ਵਿਚ ਲਿਖਿਆ ਹੈ, 'ਪਾਣੀ ਪੀਣ ਲਈ ਤਾਂਬਾ, ਸਫਟਿਕ ਅਤੇ ਕੱਚ ਦੇ ਭਾਂਡੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਤੋਂ ਬਿਨਾਂ ਮਿੱਟੀ ਦੇ ਜਲਪਾਤਰ ਪਵਿੱਤਰ ਅਤੇ ਸੀਤਲ ਹੁੰਦੇ ਹਨ। ਟੁੱਟੇ-ਫੁੱਟੇ ਭਾਂਡੇ ਨਾਲ ਜਾਂ ਅੰਜਲੀ ਨਾਲ ਪਾਣੀ ਨਹੀਂ ਪੀਣਾ ਚਾਹੀਦਾ।

ਚਮੜੀ ਦੀਆਂ ਬਿਮਾਰੀਆਂ ਵੀ ਹਾਨੀਕਾਰਕ ਹਨ

ਕਈ ਵਾਰ ਚਮੜੀ ਦੀ ਸਫ਼ਾਈ ਨਾ ਕਰਨ ਜਾਂ ਹੋਰ ਕਾਰਨਾਂ ਕਰਕੇ ਚਮੜੀ ਦੇ ਰੋਗ ਲੱਗ ਜਾਂਦੇ ਹਨ, ਜਿਨ੍ਹਾਂ ਦਾ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਆਓ ਚਮੜੀ ਦੀਆਂ ਕੁਝ ਬਿਮਾਰੀਆਂ ਬਾਰੇ ਜਾਣੀਏ-
ਖੁਜਲੀ : ਇਕ ਤਰ੍ਹਾਂ ਦਾ ਕੀਟਾਣੂ ਜਦੋਂ ਸਾਡੀ ਚਮੜੀ ਵਿਚ ਛੇਕ ਕਰਕੇ ਅੰਦਰ ਚਲਾ ਜਾਂਦਾ ਹੈ ਤਾਂ ਸਾਨੂੰ ਖੁਜਲੀ ਦਾ ਰੋਗ ਹੋ ਜਾਂਦਾ ਹੈ। ਖੁਜਲੀ ਦਾ ਰੋਗ ਆਮ ਤੌਰ 'ਤੇ ਉਂਗਲੀਆਂ, ਗੁੱਟਾਂ ਜਾਂ ਧੁੰਨੀ ਤੋਂ ਸ਼ੁਰੂ ਹੁੰਦੀ ਹੈ। ਇਸ ਰੋਗ ਵਿਚ ਪਹਿਲਾਂ ਸਿਰਫ ਖੁਜਲੀ ਹੁੰਦੀ ਹੈ, ਫਿਰ ਖੁਜਲੀ ਕਰਨ ਨਾਲ ਛਾਲੇ, ਫਿੰਨਸੀਆਂ ਅਤੇ ਲਾਲ ਧੱਫੜ ਪੈ ਜਾਂਦੇ ਹਨ। ਇਹ ਇਕ ਸੰਕ੍ਰਾਮਕ ਰੋਗ ਹੈ ਅਤੇ ਇਕ ਤੋਂ ਦੂਜੇ ਵਿਅਕਤੀ ਤੱਕ ਛੇਤੀ ਹੀ ਪਹੁੰਚ ਜਾਂਦਾ ਹੈ।
ਖੁਜਲੀ ਦੇ ਰੋਗੀ ਦਾ ਬਿਸਤਰਾ, ਪਹਿਨਣ ਵਾਲੇ ਕੱਪੜੇ ਆਦਿ ਆਪਣੇ ਤੋਂ ਦੂਰ ਹੀ ਰੱਖੋ, ਨਹੀਂ ਤਾਂ ਇਨ੍ਹਾਂ ਵਿਚੋਂ ਸੰਕ੍ਰਮਿਤ ਕੀਟਾਣੂ ਤੁਹਾਡੇ 'ਤੇ ਵੀ ਆਕ੍ਰਮਣ ਕਰ ਸਕਦੇ ਹਨ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਤਿੰਨ ਹਿੱਸੇ ਗੰਧਕ ਆਂਵਲਾਸਾਰ ਵਿਚ 7 ਹਿੱਸੇ ਨਾਰੀਅਲ ਦਾ ਤੇਲ ਮਿਲਾ ਕੇ ਮਲ੍ਹਮ ਬਣਾ ਲਓ। ਪ੍ਰਭਾਵਿਤ ਜਗ੍ਹਾ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਮਲ੍ਹਮ ਨੂੰ ਦਿਨ ਵਿਚ ਦੋ ਵਾਰ ਮਲੋ।
ਅਲਾਈਆਂ : ਇਹ ਇਕ ਤਰ੍ਹਾਂ ਦੀਆਂ ਨੋਕਦਾਰ ਫਿੰਨਸੀਆਂ ਹੁੰਦੀਆਂ ਹਨ, ਜੋ ਵਾਰ-ਵਾਰ ਪਸੀਨਾ ਨਿਕਲਣ ਨਾਲ ਹੁੰਦੀਆਂ ਹਨ। ਇਹ ਗਰਮੀ ਦੇ ਮੌਸਮ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀਆਂ ਹਨ ਅਤੇ ਬਹੁਤ ਤਕਲੀਫ ਦਿੰਦੀਆਂ ਹਨ। ਜਲਣ ਅਤੇ ਖਾਜ ਵੀ ਹੁੰਦੀ ਹੈ।
ਇਸ ਦੇ ਇਲਾਜ ਲਈ ਅੱਧੇ ਗਿਲਾਸ ਪਾਣੀ ਵਿਚ 3 ਵੱਡੇ ਚਮਚ ਖਾਣ ਵਾਲਾ ਸੋਡਾ ਘੋਲੋ। ਇਸ ਵਿਚ 15-20 ਬੂੰਦਾਂ ਕਾਰਬੋਲਿਕ ਪਾ ਕੇ ਉਸ ਵਿਚ ਕੱਪੜਾ ਭਿਉਂ ਕੇ ਅਲਾਈਆਂ ਨੂੰ ਪੂੰਝ ਦਿਓ। ਮੁਲਤਾਨੀ ਮਿੱਟੀ ਜਾਂ ਚੰਦਨ ਦਾ ਲੇਪ ਵੀ ਇਨ੍ਹਾਂ ਲਈ ਲਾਭਦਾਇਕ ਹੈ।
ਫੋੜੇ ਅਤੇ ਜ਼ਖ਼ਮ : ਇਹ ਆਮ ਤੌਰ 'ਤੇ ਬੱਚਿਆਂ ਵਿਚ ਹੁੰਦੇ ਹਨ। ਇਹ ਸਰੀਰ ਵਿਚ ਗੰਦਗੀ ਪਣਪਣ ਨਾਲ ਹੁੰਦੇ ਹਨ। ਨੰਗੇ ਪੈਰ ਘੁੰਮਣ ਜਾਂ ਧੂੜ-ਮਿੱਟੀ ਵਿਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਇਸ ਰੋਗ ਦੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਰੀਰ 'ਤੇ ਗੰਦਗੀ ਰਹਿਣ ਨਾਲ ਮੱਛਰ ਅਤੇ ਮੱਖੀਆਂ ਆਪਣਾ ਜ਼ਹਿਰੀਲਾ ਪ੍ਰਭਾਵ ਸਰੀਰ 'ਤੇ ਛੱਡ ਜਾਂਦੀਆਂ ਹਨ, ਜੋ ਫੋੜੇ-ਫਿੰਨਸੀਆਂ ਹੋਣ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ ਸਾਫ਼-ਸੁਥਰਾ ਰੱਖੋ। ਉਨ੍ਹਾਂ ਨੂੰ ਜ਼ਿਆਦਾ ਧੂੜ-ਮਿੱਟੀ, ਚਿੱਕੜ ਵਾਲੀ ਜਗ੍ਹਾ 'ਤੇ ਜਾਣ ਤੋਂ ਰੋਕੋ। ਰੋਜ਼ਾਨਾ ਨਹਾ ਕੇ ਸਾਫ਼ ਕੱਪੜੇ ਪਹਿਨਾਓ।
ਇਗਿਜਮਾ : ਇਸ ਰੋਗ ਵਿਚ ਚਮੜੀ 'ਤੇ ਧੱਫੜ ਪੈ ਜਾਂਦੇ ਹਨ। ਲਾਲੀ ਆ ਜਾਂਦੀ ਹੈ, ਖਾਜ ਹੁੰਦੀ ਹੈ ਅਤੇ ਇਕ ਜਗ੍ਹਾ ਤੋਂ ਇਕ ਤਰ੍ਹਾਂ ਦਾ ਰਸ ਨਿਕਲਦਾ ਹੈ, ਪਿੱਛੇ ਪਪੜੀ ਜੰਮ ਜਾਂਦੀ ਹੈ। ਇਹ ਰੋਗ ਆਮ ਤੌਰ 'ਤੇ ਚਿਹਰੇ, ਖੋਪੜੀ ਜਾਂ ਜੋੜਾਂ ਦੇ ਨੇੜੇ ਵਾਲੀ ਚਮੜੀ 'ਤੇ ਹੁੰਦਾ ਹੈ।
ਇਹ ਰੋਗ ਕਾਫੀ ਸਮੇਂ ਵਿਚ ਠੀਕ ਹੁੰਦਾ ਹੈ। ਇਸ ਰੋਗ ਵਿਚ ਮਾਸਾਹਾਰੀ ਭੋਜਨ ਅਤੇ ਸ਼ਰਾਬ ਦਾ ਸੇਵਨ ਬਹੁਤ ਹਾਨੀਕਾਰਕ ਹੈ। ਨਿੰਬੂ ਦੀ ਸ਼ਿਕੰਜਵੀ ਪੀਣ ਨਾਲ ਫਾਇਦਾ ਹੁੰਦਾ ਹੈ। ਕਬਜ਼ ਨਾ ਰਹਿਣ ਦਿਓ, ਨਹੀਂ ਤਾਂ ਇਸ ਰੋਗ ਨੂੰ ਦੂਰ ਕਰਨ ਵਿਚ ਹੋਰ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਪਾਣੀ ਕਾਫੀ ਮਾਤਰਾ ਵਿਚ ਪੀਓ ਅਤੇ ਫਲਾਂ ਦਾ ਸੇਵਨ ਜ਼ਰੂਰ ਕਰੋ। ਇਸ ਰੋਗ ਵਿਚ ਪ੍ਰਭਾਵਿਤ ਥਾਵਾਂ 'ਤੇ ਸਾਬਣ ਜਾਂ ਪਾਣੀ ਨਾ ਲੱਗਣ ਦਿਓ। ਖਾਜ ਨਾ ਕਰੋ। ਸ਼ੁੱਧ ਨਾਰੀਅਲ ਦਾ ਤੇਲ ਅਤੇ ਵੈਸਲੀਨ ਨੂੰ ਪਿਘਲਾ ਕੇ ਪ੍ਰਭਾਵਿਤ ਜਗ੍ਹਾ 'ਤੇ ਲਗਾਓ, ਇਸ ਨਾਲ ਪਪੜੀ ਨਹੀਂ ਜੰਮੇਗੀ।
ਦਾਦ : ਇਹ ਰੋਗ ਇਕ ਕ੍ਰਿਮ ਦੁਆਰਾ ਹੁੰਦਾ ਹੈ ਜੋ ਫਫੂੰਦੀ ਵਰਗਾ ਹੁੰਦਾ ਹੈ। ਇਹ ਸਰੀਰ ਦੇ ਕਿਸੇ ਵੀ ਭਾਗ ਵਿਚ ਹੋ ਸਕਦਾ ਹੈ। ਇਹ ਵੀ ਖੁਜਲੀ ਦੀ ਤਰ੍ਹਾਂ ਇਕ ਸੰਕ੍ਰਾਮਕ ਰੋਗ ਹੈ, ਜੋ ਇਕ ਜਗ੍ਹਾ ਤੋਂ ਛੇਤੀ ਹੀ ਦੂਜੀਆਂ ਥਾਵਾਂ 'ਤੇ ਵੀ ਫੈਲ ਜਾਂਦਾ ਹੈ। ਇਹ ਦਾਦ ਵਾਲੇ ਰੋਗੀ ਦੇ ਛੂਹਣ ਨਾਲ ਜਾਂ ਉਸ ਦੇ ਕੱਪੜੇ ਪਹਿਨਣ ਨਾਲ ਵੀ ਹੋ ਜਾਂਦਾ ਹੈ। ਇਹ ਇਕ ਲਾਲ ਭੂਰੇ ਰੰਗ ਦੇ ਦਾਦ ਤੋਂ ਸ਼ੁਰੂ ਹੋ ਕੇ ਤੇਜ਼ੀ ਨਾਲ ਦੂਜੇ ਹਿੱਸਿਆਂ 'ਤੇ ਫੈਲ ਜਾਂਦਾ ਹੈ। ਇਸ ਰੋਗ ਦੇ ਹੋਣ 'ਤੇ ਤੇਜ਼ ਖੁਜਲੀ ਹੁੰਦੀ ਹੈ। ਨਵਾਂ ਰੋਗ ਹੋਵੇ ਤਾਂ ਸਵੇਰੇ ਇਸ ਨੂੰ ਪੂੰਝ ਕੇ ਤਾਰਪੀਨ ਦਾ ਤੇਲ ਲਗਾਇਆ ਜਾ ਸਕਦਾ ਹੈ। ਪੁਰਾਣਾ ਹੋਣ 'ਤੇ ਦਿਨ ਵਿਚ ਦੋ ਜਾਂ ਤਿੰਨ ਵਾਰ ਆਇਓਡੀਨ ਦਾ ਲੇਪ ਲਗਾਓ।
ਇਹ ਆਯੁਰਵੈਦਿਕ ਨੁਸਖੇ ਹਨ ਅਤੇ ਇਨ੍ਹਾਂ ਨੂੰ ਕਿਸੇ ਆਯੁਰਵੈਦ ਦੇ ਮਾਹਿਰ ਦੀ ਸਲਾਹ ਨਾਲ ਹੀ ਅਜ਼ਮਾਓ ਜਾਂ ਕਿਸੇ ਚਮੜੀ ਰੋਗਾਂ ਦੇ ਮਾਹਿਰ ਕੋਲੋਂ ਇਲਾਜ ਕਰਵਾਓ।


-ਭਾਸ਼ਣਾ ਬਾਂਸਲ

ਸਿਹਤ ਖ਼ਬਰਨਾਮਾ

ਸਿਗਰਟਨੋਸ਼ੀ ਦਿਮਾਗ 'ਤੇ ਬੁਰਾ ਅਸਰ ਪਾਉਂਦੀ ਹੈ

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਹੋਈ ਇਕ ਖੋਜ ਅਨੁਸਾਰ ਸਿਗਰਟਨੋਸ਼ੀ ਅਤੇ ਸਾਡੀ ਦਿਮਾਗੀ ਤੰਦਰੁਸਤੀ ਦਾ ਬਹੁਤ ਗੂੜ੍ਹਾ ਸਬੰਧ ਹੈ। ਕੈਨਬਰਾ ਵਿਚ ਏ.ਐੱਨ.ਯੂ. ਦੇ ਖੋਜ ਕਰਤਾਵਾਂ ਨੇ 2700 ਲੋਕਾਂ 'ਤੇ ਇਕ ਖੋਜ ਕੀਤੀ। ਪਾਇਆ ਗਿਆ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ, ਸਿਗਰਟ ਨਾ ਪੀਣ ਵਾਲੇ ਵਿਅਕਤੀਆਂ ਦੇ ਮੁਕਾਬਲੇ ਜ਼ਿਆਦਾ ਡਿਪ੍ਰੈਸ਼ਨ ਅਤੇ ਚਿੰਤਾ ਦਾ ਸ਼ਿਕਾਰ ਹੁੰਦੇ ਹਨ। ਸਿਗਰਟ ਪੀਣ ਵਾਲੇ ਕਹਿੰਦੇ ਤਾਂ ਹਨ ਕਿ ਉਹ ਪੀਂਦੇ ਹਨ ਗਮ ਭੁਲਾਉਣ ਲਈ ਪਰ ਅਜਿਹਾ ਨਹੀਂ ਹੁੰਦਾ, ਸਗੋਂ ਸਿਗਰਟ ਪੀ ਕੇ ਤਾਂ ਉਹ ਡਿਪ੍ਰੈਸ਼ਨ ਨੂੰ ਪਾਲਦੇ ਹਨ।
ਸੰਗੀਤ ਸੁਣ ਮਚਲਦਾ ਹੈ ਉਨ੍ਹਾਂ ਦਾ ਦਿਲ

ਸੰਗੀਤ ਦੇ ਦਿਮਾਗ 'ਤੇ ਪੈਣ ਵਾਲੇ ਪ੍ਰਭਾਵ ਤੋਂ ਸਾਰੇ ਜਾਣੂ ਹਨ ਪਰ ਜੋ ਲੋਕ ਖੁੱਲ੍ਹੇ ਦਿਲ-ਦਿਮਾਗ ਵਾਲੇ ਹੁੰਦੇ ਹਨ, ਉਨ੍ਹਾਂ 'ਤੇ ਇਹ ਪ੍ਰਭਾਵ ਹੋਰ ਜ਼ਿਆਦਾ ਹੁੰਦਾ ਹੈ। ਅਜਿਹੇ ਲੋਕ ਸੰਗੀਤ ਦੀ ਧੁੰਨ 'ਤੇ ਛੇਤੀ ਹੀ ਮਚਲਣ ਅਤੇ ਥਿਰਕਣ ਲਗਦੇ ਹਨ। ਅਜਿਹੇ ਖੁੱਲ੍ਹੇ ਦਿਲ-ਦਿਮਾਗ ਵਾਲੇ ਵਿਅਕਤੀ ਸੰਗੀਤ ਦੇ ਪ੍ਰਭਾਵ ਤੋਂ ਆਪਣੇ-ਆਪ ਨੂੰ ਬਚਾਅ ਨਹੀਂ ਸਕਦੇ। ਸੰਗੀਤ ਤੋਂ ਪ੍ਰਭਾਵਿਤ ਇਨ੍ਹਾਂ ਦਾ ਸਰੀਰ ਹਰਕਤ ਕਰਨ ਲਗਦਾ ਹੈ। ਇਨ੍ਹਾਂ ਦਾ ਮੂਡ ਸੰਗੀਤ ਨਾਲ ਛੇਤੀ ਖੁਸ਼ਨੁਮਾ ਹੋ ਜਾਂਦਾ ਹੈ ਅਤੇ ਇਹ ਉਸ ਸੰਗੀਤ ਦੀ ਧੁੰਨ 'ਤੇ ਥਿਰਕਣ, ਝੂਮਣ ਨੂੰ ਉਤਾਵਲੇ ਹੋ ਜਾਂਦੇ ਹਨ। ਇਹ ਅਜਿਹੇ ਸਮੇਂ ਵਿਚ ਸਾਹਮਣੇ ਦੀ ਹਾਲਤ ਤੋਂ ਦੂਰ ਆਪਣੀ ਦੁਨੀਆ ਵਿਚ ਮਸਤ ਹੋ ਜਾਂਦੇ ਹਨ। ਸਾਰੇ ਸੀਮਾ ਅਤੇ ਭੇਦ ਨਾਲ ਭਰੇ ਸੰਗੀਤ ਇਕ ਅਜਿਹਾ ਨਸ਼ਾ ਹੈ, ਜੋ ਸਾਹਮਣੇ ਵਾਲੇ 'ਤੇ ਛਾ ਜਾਂਦਾ ਹੈ।
ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ

ਖੂਨ ਵਿਚ ਮੌਜੂਦ ਕਣ ਨੂੰ ਵੀ ਹੀਮੋਗਲੋਬਿਨ ਕਿਹਾ ਜਾਂਦਾ ਹੈ ਜੋ ਖੂਨ ਵਿਚ ਆਕਸੀਜਨ ਦੀ ਮਾਤਰਾ ਨੂੰ ਬਣਾਈ ਰੱਖਦਾ ਹੈ। ਇਸ ਦੀ ਕਮੀ ਨਾਲ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਬਿਮਾਰੀਆਂ ਨਾਲ ਲੜਨ ਲਈ ਖੂਨ ਵਿਚ ਹੀਮੋਗਲੋਬਿਨ ਦੀ ਤੈਅ ਮਾਤਰਾ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਸ ਦੀ ਮਾਤਰਾ ਵਿਅਕਤੀ ਦੀ ਉਮਰ, ਲਿੰਗ ਅਤੇ ਖਾਣ-ਪੀਣ ਆਦਿ 'ਤੇ ਨਿਰਭਰ ਕਰਦੀ ਹੈ। ਬੱਚਿਆਂ ਵਿਚ ਇਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ, ਜੋ ਉਨ੍ਹਾਂ ਦੇ ਸਰੀਰਕ, ਮਾਨਸਿਕ ਵਿਕਾਸ ਵਿਚ ਮਦਦਗਾਰ ਹੁੰਦੀ ਹੈ। ਇਹ ਮਾਤਰਾ 13 ਤੋਂ 14 ਦੇ ਨੇੜੇ-ਤੇੜੇ ਹੁੰਦੀ ਹੈ। ਔਰਤਾਂ ਵਿਚ ਇਹ ਆਮ ਤੌਰ 'ਤੇ 10 ਤੋਂ 14 ਦੇ ਲਗਪਗ ਹੁੰਦੀ ਹੈ, ਉਥੇ ਮਰਦਾਂ ਵਿਚ ਇਹ ਮਾਤਰਾ 11 ਤੋਂ 16 ਤੱਕ ਹੋਣੀ ਚਾਹੀਦੀ ਹੈ। ਤਾਜ਼ੇ ਫਲ, ਸਬਜ਼ੀਆਂ ਖੂਨ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ।

ਕੇਲਾ ਹੈ ਇਕ ਪੌਸ਼ਟਿਕ ਆਹਾਰ

ਕੇਲਾ ਫਲ ਦੇ ਰੂਪ ਵਿਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਕੇਲਾ ਮਾਂਗਲਿਕ ਸੰਸਕਾਰਾਂ ਲਈ ਵੀ ਵਰਤਿਆ ਜਾਂਦਾ ਹੈ। ਕੇਲਾ ਆਪਣੇ-ਆਪ ਵਿਚ ਸਿਹਤ ਵਰਧਕ ਫਲ ਹੈ, ਕਿਉਂਕਿ ਇਸ ਵਿਚ ਭਰਪੂਰ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟਸ, ਖਣਿਜ ਅਤੇ ਜਲ ਮੌਜੂਦ ਰਹਿੰਦੇ ਹਨ। ਕੇਲਾ ਅਤੇ ਦੁੱਧ ਇਕੱਠੇ ਖਾਣਾ ਆਪਣੇ-ਆਪ ਵਿਚ ਪੂਰਨ ਭੋਜਨ ਹੁੰਦਾ ਹੈ। ਕੇਲਾ ਆਪਣੇ ਕਈ ਦਵਾਈ ਵਾਲੇ ਗੁਣਾਂ ਦੇ ਕਾਰਨ ਜਾਣਿਆ ਜਾਂਦਾ ਹੈ।
* ਕੇਲੇ ਵਿਚ ਕੈਲਸ਼ੀਅਮ ਦੀ ਮਾਤਰਾ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਚੰਗਾ ਮੰਨਿਆ ਜਾਂਦਾ ਹੈ।
* ਜੋ ਲੋਕ ਬਹੁਤ ਪਤਲੇ-ਦੁਬਲੇ ਹੁੰਦੇ ਹਨ, ਉਨ੍ਹਾਂ ਨੂੰ ਦੋ ਕੇਲੇ 250 ਗ੍ਰਾਮ ਦੁੱਧ ਨਾਲ ਨਿਯਮਤ ਸੇਵਨ ਕਰਨੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਹੁੰਦੀ ਹੈ ਅਤੇ ਭਾਰ ਵੀ ਵਧਦਾ ਹੈ।
* ਸਰੀਰ ਦੇ ਕਿਸੇ ਭਾਗ 'ਤੇ ਸੋਜ਼ ਆਉਣ ਨਾਲ ਕੇਲੇ ਦੇ ਗੁੱਦੇ ਨੂੰ ਆਟੇ ਵਿਚ ਗੁੰਨ੍ਹ ਕੇ ਗਰਮ ਕਰਕੇ ਉਸ ਜਗ੍ਹਾ 'ਤੇ ਬੰਨ੍ਹਣ ਨਾਲ ਸੋਜ਼ ਘੱਟ ਹੁੰਦੀ ਹੈ।
* ਖੂਨ ਪ੍ਰਦਰ ਅਤੇ ਸ਼ਵੇਤ ਪ੍ਰਦਰ ਔਰਤਾਂ ਦੀ ਆਮ ਬਿਮਾਰੀ ਹੈ। ਅਜਿਹੀ ਸਥਿਤੀ ਵਿਚ ਨਿਯਮਤ ਪੱਕੇ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ।
* ਅੱਗ ਨਾਲ ਕੋਈ ਅੰਗ ਝੁਲਸ ਗਿਆ ਹੋਵੇ ਜਾਂ ਜਲ ਗਿਆ ਹੋਵੇ ਤਾਂ ਪੱਕੇ ਹੋਏ ਕੇਲੇ ਨੂੰ ਪੀਸ ਕੇ ਪ੍ਰਭਾਵਿਤ ਜਗ੍ਹਾ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
* ਜੀਭ 'ਤੇ ਛਾਲੇ ਹੋਣ ਦੀ ਸਥਿਤੀ ਵਿਚ ਗਾਂ ਦੇ ਦੁੱਧ ਦੇ ਦਹੀਂ ਦੇ ਨਾਲ ਪੱਕੇ ਹੋਏ ਕੇਲੇ ਨੂੰ ਖਾਣ ਨਾਲ ਛਾਲੇ ਠੀਕ ਹੁੰਦੇ ਹਨ।
* ਦਸਤ ਲੱਗ ਜਾਣ 'ਤੇ ਦਹੀਂ ਵਿਚ ਇਕ ਕੇਲਾ ਮਿਲਾ ਕੇ ਖਾਓ, ਲਾਭ ਹੋਵੇਗਾ।
* ਕੇਲੇ ਵਿਚ ਲੋਹ ਤੱਤ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਖੂਨ ਬਣਾਉਣ ਵਿਚ ਸਹਾਇਕ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਕੇਲਾ ਨਿਯਮਤ ਰੂਪ ਨਾਲ ਖਾਣਾ ਚਾਹੀਦਾ ਹੈ।
ਵੈਸੇ ਤਾਂ ਕੇਲਾ ਗੁਣਾਂ ਨਾਲ ਭਰਪੂਰ ਹੈ ਪਰ ਕੁਝ ਹਾਲਤਾਂ ਵਿਚ ਕੇਲਾ ਕੁਝ ਲੋਕਾਂ ਨੂੰ ਮਨਾਂ ਵੀ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਠੰਢੀ ਪ੍ਰਵਿਰਤੀ ਹੁੰਦੀ ਹੈ, ਉਨ੍ਹਾਂ ਨੂੰ ਕੇਲੇ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਜਿਨ੍ਹਾਂ ਦੇ ਪੇਟ ਵਿਚ ਅਕਸਰ ਅਫਾਰਾ ਬਣਿਆ ਰਹਿੰਦਾ ਹੋਵੇ, ਉਨ੍ਹਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਮਜ਼ੋਰ ਪਾਚਣ ਸ਼ਕਤੀ ਵਾਲਿਆਂ ਨੂੰ ਕੇਲੇ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ।

-ਸੁਦਰਸ਼ਨ ਚੌਧਰੀ

ਘਾਤਕ ਹੈ ਜੰਕ ਫੂਡ ਦਾ ਜ਼ਿਆਦਾ ਸੇਵਨ

ਭੱਜ-ਦੌੜ ਭਰੀ ਇਸ ਜ਼ਿੰਦਗੀ ਵਿਚ ਬਹੁਤੇ ਲੋਕਾਂ ਦੀ ਜੰਕ ਫੂਡ 'ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਵੈਸੇ ਜੰਕ ਫੂਡ ਸਿਰਫ ਪੱਛਮੀ ਦੇਸ਼ਾਂ ਦੀ ਹੀ ਦੇਣ ਨਹੀਂ ਹੈ। ਪਰੰਪਰਾਗਤ ਭਾਰਤੀ ਭੋਜਨ ਵਿਚ ਸਮੋਸਾ, ਟਿੱਕੀ, ਕਚੌੜੀ ਆਦਿ ਦੇ ਰੂਪ ਵਿਚ ਜੰਕ ਫੂਡ ਸ਼ਾਮਿਲ ਹੈ।
ਹਾਂ, ਇਹ ਗੱਲ ਵੱਖਰੀ ਹੈ ਕਿ ਭਾਰਤੀ ਜੰਕ ਫੂਡ ਵਿਦੇਸ਼ੀ ਜੰਕ ਫੂਡ ਜਿੰਨਾ ਹਾਨੀਕਾਰਕ ਨਹੀਂ ਹੈ, ਕਿਉਂਕਿ ਦੇਸੀ ਜੰਕ ਫੂਡ ਜਿਵੇਂ ਸਮੋਸਾ, ਬ੍ਰੈੱਡ ਪਕੌੜਾ, ਟਿੱਕੀ, ਕਚੌਰੀ ਆਦਿ ਨੂੰ ਤਿਆਰ ਕਰਨ ਵਿਚ ਰਸਾਇਣਕ ਪਦਾਰਥਾਂ ਦੀ ਵਰਤੋਂ ਨਹੀਂ ਹੁੰਦੀ ਅਤੇ ਜੇਕਰ ਹੁੰਦੀ ਵੀ ਹੈ ਤਾਂ ਬਿਲਕੁਲ ਨਾਮਾਤਰ, ਜਦਕਿ ਪੀਜ਼ਾ, ਬਰਗਰ, ਨੂਡਲਸ ਆਦਿ ਵਿਦੇਸ਼ੀ ਜੰਕ ਫੂਡ ਵਿਚ ਰਸਾਇਣਾਂ ਦੀ ਵਰਤੋਂ ਜ਼ਰੂਰੀ ਰੂਪ ਵਿਚ ਹੁੰਦੀ ਹੈ, ਜੋ ਸਾਡੀ ਸਿਹਤ ਲਈ ਠੀਕ ਨਹੀਂ।
ਵਿਦੇਸ਼ੀ ਜੰਕ ਫੂਡ ਦੇ ਜ਼ਿਆਦਾ ਸੇਵਨ ਦੇ ਨਤੀਜੇ ਵਜੋਂ ਹੀ ਅੱਜਕਲ੍ਹ ਬਹੁਤ ਸਾਰੇ ਵਿਅਕਤੀ ਛੋਟੀ ਉਮਰ ਵਿਚ ਹੀ ਸ਼ੂਗਰ, ਉੱਚ ਖੂਨ ਦਬਾਅ, ਦਿਲ ਦੇ ਰੋਗ ਅਤੇ ਧਮਨੀ ਸਬੰਧੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜੰਕ ਫੂਡ ਦੇ ਰੂਪ ਵਿਚ ਜਿਨ੍ਹਾਂ ਖਾਧ ਪਦਾਰਥਾਂ ਦਾ ਅਸੀਂ ਸੇਵਨ ਕਰਦੇ ਹਾਂ, ਉਨ੍ਹਾਂ ਵਿਚ ਕਾਰਬੋਹਾਈਡ੍ਰੇਟ ਅਤੇ ਚੀਨੀ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਨੂੰ ਘੱਟ ਕਰਦੀ ਹੈ। ਇਸ ਭੋਜਨ ਦੇ ਜ਼ਿਆਦਾ ਸੇਵਨ ਨਾਲ ਸਰੀਰਕ ਕਿਰਿਆਵਾਂ ਵਿਚ ਵੀ ਕਮੀ ਆਉਂਦੀ ਹੈ। ਕੋਲਡ ਡ੍ਰਿੰਕ ਵਿਚ ਫਾਸਫੋਰਿਕ ਐਸਿਡ ਅਤੇ ਕਾਰਬਨ ਡਾਈਆਕਸਾਈਡ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹਨ।
ਪੀਜ਼ਾ, ਬਰਗਰ, ਨੂਡਲਸ, ਚਿਪਸ ਆਦਿ ਪਦਾਰਥਾਂ ਵਿਚ ਚਰਬੀ ਅਤੇ ਕੈਲੋਰੀ ਵੱਡੀ ਮਾਤਰਾ ਵਿਚ ਹੁੰਦੀ ਹੈ, ਜਿਸ ਨਾਲ ਮੋਟਾਪਾ, ਉੱਚ ਖੂਨ ਦਬਾਅ, ਸ਼ੂਗਰ ਅਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਨਾਲ ਹੀ ਮਾਨਸਿਕ ਵਿਕਾਸ ਵਿਚ ਵੀ ਰੁਕਾਵਟ ਆਉਂਦੀ ਹੈ। ਇਸ ਨਾਲ ਵਿਅਕਤੀ ਵਿਚ ਚਿੜਚਿੜਾਪਨ ਅਤੇ ਹਿੰਸਕ ਪ੍ਰਵਿਰਤੀਆਂ ਪੈਦਾ ਹੁੰਦੀਆਂ ਹਨ।
ਜੰਕ ਫੂਡ ਦੇ ਜ਼ਿਆਦਾ ਸੇਵਨ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕੁਝ ਸਮੇਂ ਬਾਅਦ ਜੇਕਰ ਵਿਅਕਤੀ ਆਮ ਅਤੇ ਪੋਸ਼ਟਿਕ ਭੋਜਨ ਦਾ ਸੇਵਨ ਕਰਨਾ ਵੀ ਚਾਹੇ ਤਾਂ ਉਹ ਪੂਰੀ ਤਰ੍ਹਾਂ ਫਾਸਟ ਫੂਡ ਤੋਂ ਛੁਟਕਾਰਾ ਨਹੀਂ ਪਾ ਸਕਦਾ, ਕਿਉਂਕਿ ਉਹ ਇਸ ਦਾ ਆਦੀ ਹੋ ਚੁੱਕਾ ਹੁੰਦਾ ਹੈ ਅਤੇ ਆਮ ਭੋਜਨ ਵਿਚ ਉਸ ਦੀ ਰੁਚੀ ਨਹੀਂ ਰਹਿੰਦੀ।
ਜੇ ਸਮਾਂ ਰਹਿੰਦੇ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਤਾਂ ਭਵਿੱਖ ਵਿਚ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਹਰੇਕ ਆਹਾਰ ਦੇ ਸੇਵਨ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖੋ।
* ਜੰਕ ਫੂਡ ਦਾ ਸੇਵਨ ਕਰਨਾ ਓਨਾ ਨੁਕਸਾਨਦੇਹ ਨਹੀਂ ਪਰ ਇਸ ਦੇ ਸੇਵਨ ਸਬੰਧੀ ਲੋੜੀਂਦੀ ਜਾਣਕਾਰੀ ਦੀ ਕਮੀ ਵਿਚ ਇਹ ਹਾਨੀਕਾਰਕ ਜ਼ਰੂਰ ਹੋ ਸਕਦਾ ਹੈ। ਕਈ ਲੋਕ ਜਾਂ ਤਾਂ ਹਫ਼ਤਾ ਭਰ ਇਸ ਦਾ ਸੇਵਨ ਕਰਦੇ ਹੀ ਨਹੀਂ ਅਤੇ ਜਦੋਂ ਕਰਦੇ ਹਨ ਤਾਂ ਲਗਾਤਾਰ ਜ਼ਿਆਦਾ ਮਾਤਰਾ ਵਿਚ ਕਰਦੇ ਹਨ। ਇਹ ਤਰੀਕਾ ਬਿਲਕੁਲ ਗ਼ਲਤ ਹੈ। ਆਯੁਰਵੈਦ ਦੇ ਅਨੁਸਾਰ ਜੰਕ ਫੂਡ ਦਾ ਘੱਟ ਮਾਤਰਾ ਵਿਚ ਅਤੇ ਕਦੇ-ਕਦੇ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਲਈ ਜੇਕਰ ਤੁਸੀਂ ਸਵੇਰੇ ਨਾਸ਼ਤੇ ਵਿਚ ਬਰਗਰ, ਪੈਟੀਜ ਆਦਿ ਦਾ ਸੇਵਨ ਕੀਤਾ ਹੈ ਤਾਂ ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਪੋਸ਼ਟਿਕ ਆਹਾਰ ਲਓ।
* ਇਨ੍ਹਾਂ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਜੇ ਇਕ-ਅੱਧਾ ਗਿਲਾਸ ਗਰਮ ਪਾਣੀ ਪੀ ਲਿਆ ਜਾਵੇ ਤਾਂ ਇਹ ਅਸਾਨੀ ਨਾਲ ਪਚ ਜਾਂਦੇ ਹਨ।
* ਭੋਜਨ-ਚਾਰਟ ਬਣਾਓ। ਤੈਅ ਕਰੋ ਕਿ ਤੁਸੀਂ ਹਫ਼ਤੇ ਵਿਚ ਸਿਰਫ ਦੋ ਜਾਂ ਤਿੰਨ ਵਾਰ ਹੀ ਜੰਕ ਫੂਡ ਦਾ ਸੇਵਨ ਕਰੋਗੇ ਅਤੇ ਬਾਕੀ ਦਿਨ ਸੰਤੁਲਿਤ ਅਤੇ ਪੋਸ਼ਟਿਕ ਭੋਜਨ ਹੀ ਲਓਗੇ।
* ਘਰ ਵਿਚ ਜੰਕ ਫੂਡ ਤਿਆਰ ਕਰੋ। ਨੂਡਲਸ ਨੂੰ ਸਬਜ਼ੀਆਂ ਪਾ ਕੇ ਬਣਾਓ। ਇਸੇ ਤਰ੍ਹਾਂ ਪੀਜ਼ਾ ਅਤੇ ਬਰਗਰ ਵੀ ਘਰ ਹੀ ਬਣਾ ਕੇ ਖਾਧੇ ਜਾ ਸਕਦੇ ਹਨ।
* ਕੋਲਡ ਡ੍ਰਿੰਕ ਦੀ ਬਜਾਏ ਲੱਸੀ, ਨਿੰਬੂ ਪਾਣੀ, ਸ਼ਿਕੰਜਵੀ, ਫਲਾਂ ਦਾ ਰਸ, ਨਾਰੀਅਲ ਪਾਣੀ, ਠੰਡਾਈ ਆਦਿ ਪਰੰਪਰਾਗਤ ਪੀਣ ਵਾਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰੋ।
* ਚਾਕਲੇਟ ਦਾ ਸੇਵਨ ਘੱਟ ਤੋਂ ਘੱਟ ਕਰੋ।
* ਰੇਸ਼ੇਦਾਰ ਪਦਾਰਥਾਂ ਨੂੰ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ। ਇਨ੍ਹਾਂ ਪਦਾਰਥਾਂ ਨਾਲ ਦੰਦਾਂ ਦੀ ਕਸਰਤ ਤਾਂ ਹੁੰਦੀ ਹੀ ਹੈ, ਨਾਲ ਹੀ ਇਹ ਅੰਤੜੀਆਂ ਲਈ ਵੀ ਲਾਭਦਾਇਕ ਹੁੰਦੇ ਹਨ।
* ਹਰੀਆਂ ਅਤੇ ਮੌਸਮੀ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਇਨ੍ਹਾਂ ਨੂੰ ਸਵਾਦੀ ਅਤੇ ਦਿਲਚਸਪ ਬਣਾਉਣ ਲਈ ਨਵੀਆਂ ਪਕਵਾਨ ਵਿਧੀਆਂ ਅਪਣਾਓ ਪਰ ਇਨ੍ਹਾਂ ਵਿਚ ਰਸਾਇਣਾਂ ਅਤੇ ਚਿਕਨਾਈ ਦੀ ਵਰਤੋਂ ਕਦੇ ਨਾ ਕਰੋ।
* ਮਿੱਠੇ ਦੇ ਸ਼ੌਕੀਨ ਹੋ ਤਾਂ ਬਾਜ਼ਾਰ ਵਿਚ ਮਿਲਣ ਵਾਲੀਆਂ ਮਠਿਆਈਆਂ ਜਾਂ ਹੋਰ ਮਿੱਠੇ ਪਕਵਾਨ ਖਾਣ ਦੀ ਬਜਾਏ ਘਰ ਹੀ ਮਿੱਠੇ ਪਦਾਰਥ ਜਿਵੇਂ ਗਾਜਰ ਦਾ ਹਲਵਾ, ਖੀਰ, ਮਿੱਠੇ ਚੌਲ ਜਾਂ ਆਪਣੇ ਪਸੰਦੀਦਾ ਪਕਵਾਨ ਬਣਾ ਕੇ ਖਾਓ।
* ਰਾਤ ਨੂੰ ਭੋਜਨ ਤੋਂ ਬਾਅਦ ਕੁਝ ਦੇਰ ਜ਼ਰੂਰ ਟਹਿਲੋ ਤਾਂ ਕਿ ਭੋਜਨ ਨੂੰ ਪਚਣ ਵਿਚ ਮੁਸ਼ਕਿਲ ਨਾ ਹੋਵੇ।

ਪੇਟ ਦੀਆਂ ਬਿਮਾਰੀਆਂ

ਅੰਤੜੀ ਸੋਜ, ਕਲੇਜੇ ਵਿਚ ਜਲਣ ਕਿਉਂ?

ਅੱਜ ਦੇ ਮਾਹੌਲ 'ਚ ਕੋਈ ਵੀ ਵਿਅਕਤੀ ਥੋੜ੍ਹੀ ਜਿਹੀ ਮਿਹਨਤ ਕਰਕੇ ਬਹੁਤ ਜ਼ਿਆਦਾ ਤਰੱਕੀ ਚਾਹੁੰਦਾ ਹੈ। ਇਹ ਦੌੜ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਇਸ ਮੁਕਾਬਲੇਬਾਜ਼ੀ ਭਰੇ ਦੌਰ ਵਿਚ ਜ਼ਿਆਦਾਤਰ ਲੋਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ। ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚੋਂ ਐਸੀਡਿਟੀ ਦਾ ਫਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੁੰਦੀ ਹੈ, ਜਿਵੇਂ ਹਾਰਟ ਅਟੈਕ ਹੋਵੇ। ਇਸ ਤਕਲੀਫ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਤਕਲੀਫ ਨੂੰ ਹਾਰਟ ਅਟੈਕ ਨਹੀਂ ਸਮਝਣਾ ਚਾਹੀਦਾ।
ਕਲੇਜੇ 'ਚ ਸਾੜ ਪੈਣਾ (ਹਾਰਟ ਬਰਨ) : ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣੇ ਵਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ ਹਾਰਟ ਬਰਨ ਜਾਂ ਬਰਨਿੰਗ ਸੈਂਸੇਸ਼ਨ ਕਿਹਾ ਜਾਂਦਾ ਹੈ।
ਅਲਾਮਤਾਂ : ਜਦੋਂ ਅਸੀਂ ਕੋਈ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ ਜਾਂ ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ, ਇਸ ਕਾਰਨ ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ।
* ਜੋ ਕੁਝ ਖਾਧਾ-ਪੀਤਾ ਹੁੰਦਾ ਹੈ, ਉਹ ਬਾਹਰ ਨੂੰ ਆਉਂਦਾ ਹੈ। ਛਾਤੀ ਭਾਰੀ-ਭਾਰੀ ਲਗਦੀ ਹੈ, ਮੂੰਹ ਵਿਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਹੈ।
* ਹੌਲੀ-ਹੌਲੀ ਮਰੀਜ਼ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।
* ਸੜਨ ਦੀ ਤਕਲੀਫ ਖਾਸ ਕਰਕੇ ਭਾਰੀ ਭੋਜਨ ਕਰਨ ਤੋਂ ਬਾਅਦ ਸ਼ੁਰੂ ਹੁੰਦੀ ਤੇ ਲੇਟਣ ਨਾਲ ਇਹ ਤਕਲੀਫ ਕਾਫੀ ਵਧ ਜਾਂਦੀ ਹੈ।
* ਕਈ ਵਾਰੀ ਇਹ ਦਰਦ ਕਲੇਜੇ ਤੋਂ ਸ਼ੁਰੂ ਹੋ ਕੇ ਛਾਤੀ ਦੇ ਖੱਬੇ ਪਾਸੇ ਗਰਦਨ ਵੱਲ ਜਾਂਦਾ ਹੈ ਤਾਂ ਇਸ ਤਰ੍ਹਾਂ ਲਗਦਾ ਹੈ ਕਿ 'ਹਾਰਟ ਅਟੈਕ' ਹੈ, ਜਦਕਿ ਇਹ ਸਿਰਫ ਹਾਰਟ ਬਰਨ ਹੁੰਦਾ ਹੈ।
* ਕਈ ਵਾਰੀ ਇਸ ਦਰਦ ਨਾਲ ਮੂੰਹ ਵਿਚ ਖੂਨ ਆਉਂਦਾ ਹੈ ਤੇ ਪਖਾਨੇ ਵਿਚ ਵੀ ਖੂਨ ਆਉਂਦਾ ਹੈ।
ਕਾਰਨ : ਹਾਰਟ ਬਰਨ ਦੇ ਦੋ ਮੁੱਖ ਕਾਰਨ ਹਨ-1. ਖਾਣ ਵਾਲੀ ਨਲੀ ਦੀ ਸੋਜਿਸ਼, 2. ਪੇਟ ਦਾ ਸ਼ੁਰੂ ਦਾ ਹਿੱਸਾ ਕਦੇ-ਕਦੇ ਖਿਸਕ ਕੇ ਫੂਡ ਪਾਈਪ ਵਿਚ ਚਲਾ ਜਾਂਦਾ ਹੈ, ਜੋ ਇਸ ਤਕਲੀਫ ਦਾ ਕਾਰਨ ਬਣਦਾ ਹੈ।
ਇਲਾਜ : ਇਸ ਤਕਲੀਫ ਦਾ ਪਤਾ ਮਰੀਜ਼ ਦੀਆਂ ਅਲਾਮਤਾਂ ਚੰਗੀ ਤਰ੍ਹਾਂ ਸੁਣ ਕੇ, ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਲੱਗ ਜਾਂਦਾ ਹੈ। ਫਿਰ ਦਵਾਈ ਪਿਲਾ ਕੇ ਐਕਸਰੇ ਕਰਕੇ ਇਸ ਤਕਲੀਫ ਦਾ ਇਲਾਜ ਹੋ ਜਾਂਦਾ ਹੈ। ਇਸ ਬਿਮਾਰੀ ਕਾਰਨ ਘਬਰਾਉਣ ਦੀ ਲੋੜ ਨਹੀਂ ਤੇ ਨਾ ਹੀ ਇਸ ਨੂੰ ਹਾਰਟ ਅਟੈਕ ਸਮਝਣਾ ਚਾਹੀਦਾ ਹੈ। ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਸਮੇਂ-ਸਮੇਂ ਇਲਾਜ ਜ਼ਰੂਰੀ ਹੈ। ਅੱਜਕਲ੍ਹ ਫਾਈਬਰ ਓਪਟੀਕ ਐਂਡੋਸਕੋਪੀ ਰਾਹੀਂ ਇਸ ਦਾ ਇਲਾਜ ਬਹੁਤ ਸੌਖਾ ਹੈ।
ਅੰਤੜੀ ਦੀ ਸੋਜ : ਅੰਤੜੀਆਂ ਦੀ ਸੋਜ ਵਿਚ ਪੇਟ ਫੁੱਲਿਆ-ਫੁੱਲਿਆ ਰਹਿੰਦਾ ਹੈ। ਹੱਥ ਨਾਲ ਪੇਟ ਦਬਾਉਣ 'ਤੇ ਹਲਕੀ ਦਰਦ ਹੁੰਦੀ ਹੈ। ਮਰੀਜ਼ ਦੀ ਭੁੱਖ ਘਟ ਜਾਂਦੀ ਹੈ, ਪਖਾਨਾ ਵਾਰ-ਵਾਰ ਆਉਂਦਾ ਹੈ, ਪੇਟ ਸਾਫ਼ ਨਹੀਂ ਹੁੰਦਾ। ਜਦੋਂ ਵੀ ਮਰੀਜ਼ ਕੁਝ ਖਾ ਲੈਂਦਾ ਹੈ ਤਾਂ ਪੇਟ ਇਕਦਮ ਭਾਰੀ ਹੋ ਜਾਂਦਾ ਹੈ। ਜ਼ਬਾਨ ਹਰ ਵੇਲੇ ਖਰਾਬ ਰਹਿੰਦੀ ਹੈ। ਜੀਭ 'ਤੇ ਹਰ ਵੇਲੇ ਕੁਝ ਜੰਮਿਆ ਰਹਿੰਦਾ ਹੈ। ਪਖਾਨੇ ਵਾਲੀ ਜਗ੍ਹਾ 'ਤੇ ਖਾਰਸ਼ ਹੁੰਦੀ ਹੈ।

-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਦਵਾਈਆਂ ਦੇ ਸੇਵਨ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ

ਪੈਥੀ ਕੋਈ ਵੀ ਹੋਵੇ ਪਰ ਦਵਾਈਆਂ ਦੀ ਵਰਤੋਂ ਸਹੀ ਜ਼ਰੂਰੀ ਹੈ, ਨਹੀਂ ਤਾਂ ਦਵਾਈਆਂ ਇਲਾਜ ਦੀ ਬਜਾਏ ਸਮੱਸਿਆ ਬਣ ਸਕਦੀਆਂ ਹਨ। ਦਵਾਈ ਦੇ ਸੇਵਨ ਨਾਲ ਸਬੰਧਤ ਕੁਝ ਗੱਲਾਂ ਅਣਡਿੱਠ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਮਾੜੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਆਮ ਹੀ ਅਣਦੇਖੀਆਂ ਕਰ ਜਾਂਦੇ ਹਾਂ। ਡਾਕਟਰ ਨਾਲ ਸਲਾਹ ਕੀਤੇ ਬਗੈਰ ਹੀ ਦਵਾਈਆਂ ਦੀ ਦੁਕਾਨ ਤੋਂ ਦਵਾਈ ਖਰੀਦਣੀ ਅਤੇ ਖਾਣੀ ਆਮ ਗੱਲ ਹੋ ਗਈ ਹੈ। ਦਵਾਈਆਂ ਵੇਚਣ ਵਾਲੇ (ਕੈਮਿਸਟ) ਵੀ ਵਿਕਰੀ ਦਾ ਫਿਕਰ ਕਰਦੇ ਹਨ। ਉਹ ਵੀ ਡਾਕਟਰ ਦੀ ਪਰਚੀ ਦੇਖੇ ਬਗੈਰ ਦਵਾਈ ਦੇ ਦਿੰਦੇ ਹਨ।
ਡਾਕਟਰ ਨੁਸਖਾ ਲਿਖਦਾ ਹੈ ਅਤੇ ਕੈਮਿਸਟ ਦਵਾਈਆਂ ਦਿੰਦਾ ਹੈ ਅਤੇ ਅਸੀਂ ਦਵਾਈਆਂ ਦੀ ਵਰਤੋਂ ਕਰਦੇ ਹਾਂ। ਇਲਾਜ ਦੀ ਇਸ ਕੜੀ ਵਿਚ ਵੀ ਭੁੱਲ ਹੋ ਸਕਦੀ ਹੈ। ਭੁੱਲ ਕਿਸੇ ਤੋਂ ਵੀ ਕਿਉਂ ਨਾ ਹੋਵੇ, ਉਸ ਦਾ ਖ਼ਮਿਆਜ਼ਾ ਦਵਾਈ ਦੀ ਵਰਤੋਂ ਕਰਨ ਵਾਲੇ ਨੂੰ ਭੁਗਤਣਾ ਪੈਂਦਾ ਹੈ। ਅਜਿਹੀਆਂ ਹੀ ਭੁੱਲਾਂ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਇਨ੍ਹਾਂ ਭੁੱਲਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ। ਪੇਸ਼ ਹਨ ਦਵਾਈ ਖਾਣ ਨਾਲ ਸਬੰਧਤ ਕੁਝ ਪ੍ਰਮੁੱਖ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ-
ਸਮੱਸਿਆਵਾਂ
* ਡਾਕਟਰ ਦੀ ਪਰਚੀ ਸਮਝ ਵਿਚ ਨਾ ਆਉਣਾ, ਅੰਦਾਜ਼ੇ ਨਾਲ ਦਵਾਈ ਸਮਝਣਾ ਅਤੇ ਖ਼ਰੀਦਣਾ, ਕੋਰਸ ਅਧੂਰਾ ਛੱਡ ਦੇਣਾ।
* ਡਾਕਟਰੀ ਨਿਰਦੇਸ਼ ਦਾ ਠੀਕ ਤਰ੍ਹਾਂ ਪਾਲਣ ਨਾ ਕਰਨਾ।
* ਆਪਣੀ ਮਰਜ਼ੀ ਨਾਲ ਦਵਾਈ ਦਾ ਘੱਟ-ਵੱਧ ਸੇਵਨ ਕਰਨਾ।
* ਕੈਮਿਸਟ ਨੂੰ ਬਿਮਾਰੀ ਦੱਸ ਕੇ ਦਵਾਈ ਖ਼ਰੀਦਣੀ ਅਤੇ ਉਸ ਦਾ ਸੇਵਨ ਕਰਨਾ।
* ਦਵਾਈਆਂ ਦਾ ਰੱਖ-ਰਖਾਅ ਨਿਰਦੇਸ਼ ਅਨੁਸਾਰ ਨਾ ਕਰਨਾ।
* ਡਾਕਟਰ ਨੂੰ ਆਪਣੀ ਬਿਮਾਰੀ ਦੇ ਸਬੰਧ ਵਿਚ, ਰੋਜ਼ਮਰ੍ਹਾ ਅਤੇ ਖਾਣ-ਪੀਣ ਦੇ ਬਾਰੇ ਸਹੀ ਜਾਣਕਾਰੀ ਨਾ ਦੇਣਾ।
* ਲੋੜ ਤੋਂ ਜ਼ਿਆਦਾ ਦਵਾਈ ਦਾ ਸੇਵਨ ਕਰਨਾ।
ਮਾੜੇ ਨਤੀਜੇ
* ਦਵਾਈ ਸਬੰਧੀ ਸ਼ੱਕ ਹੁੰਦੇ ਹੋਏ ਵੀ ਡਾਕਟਰ ਤੋਂ ਖੁਲਾਸਾ ਨਾ ਕਰਵਾਉਣਾ ਅਤੇ ਦਵਾਈਆਂ ਦਾ ਸੇਵਨ ਕਰਨਾ ਕਦੇ ਵੀ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਗ਼ਲਤ ਦਵਾਈ ਨਾਲ ਉਲਟ ਅਸਰ ਹੋ ਸਕਦਾ ਹੈ। ਕਦੇ-ਕਦੇ ਜਾਨ ਵੀ ਜਾ ਸਕਦੀ ਹੈ।
* ਨੁਸਖਾ ਲਿਖਦੇ ਸਮੇਂ ਡਾਕਟਰ ਸਾਫ਼-ਸਾਫ਼ ਦੱਸ ਦਿੰਦੇ ਹਨ ਕਿ ਦਵਾਈ ਕਦੋਂ ਅਤੇ ਕਿਵੇਂ ਲੈਣੀ ਹੈ। ਡਾਕਟਰੀ ਹੁਕਮ ਦਾ ਸਹੀ ਢੰਗ ਨਾਲ ਪਾਲਣ ਨਾ ਕਰਨਾ ਘਾਤਕ ਸਿੱਧ ਹੋ ਸਕਦਾ ਹੈ। ਜ਼ਿਆਦਾਤਰ ਦਵਾਈਆਂ ਖਾਲੀ ਪੇਟ ਨਹੀਂ ਲਈਆਂ ਜਾਂਦੀਆਂ। ਦਵਾਈ ਦਾ ਸਮਾਂ ਵੀ ਨਿਸਚਿਤ ਹੁੰਦਾ ਹੈ। ਸਮੇਂ ਸਿਰ ਦਵਾਈ ਨਾ ਲੈਣਾ, ਇਕੋ ਵਾਰ ਦੋਵੇਂ ਸਮੇਂ ਦੀਆਂ ਦਵਾਈਆਂ ਦਾ ਸੇਵਨ ਕਰਨਾ ਵੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਯਾਦ ਰਹੇ ਕਿ ਹੁਕਮਾਂ ਦੀ ਉਲੰਘਣਾ ਕਰਨਾ ਆਪਣੀ ਸਿਹਤ ਨਾਲ ਜਾਣਬੁੱਝ ਕੇ ਖਿਲਵਾੜ ਕਰਨਾ ਹੈ।
* ਦਵਾਈ ਕਿੰਨੀ ਅਤੇ ਕਦੋਂ-ਕਦੋਂ ਲੈਣੀ ਹੈ, ਇਹ ਡਾਕਟਰ ਤੈਅ ਕਰਦਾ ਹੈ। ਬਿਮਾਰੀ ਦੇ ਮੁਤਾਬਿਕ ਹੀ ਡਾਕਟਰ ਨੁਸਖੇ ਦੱਸਦਾ ਹੈ। ਦੁੱਗਣੀ ਖ਼ੁਰਾਕ ਦੀ ਆਦਤ ਨਾ ਪਾਓ। ਇਸੇ ਤਰ੍ਹਾਂ ਜੇ ਕਿਸੇ ਦਵਾਈ ਦਾ ਡਾਕਟਰ ਨੇ ਤਿੰਨ ਦਿਨ ਤੱਕ ਸੇਵਨ ਕਰਨ ਦਾ ਹੁਕਮ ਦਿੱਤਾ ਹੈ ਤਾਂ ਉਸ ਦੇ ਅਨੁਸਾਰ ਹੀ ਖਾਓ, ਨਹੀਂ ਤਾਂ ਅੱਗੇ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।
* ਕੈਮਿਸਟ ਕੋਲੋਂ ਆਪਣੀ ਮਰਜ਼ੀ ਨਾਲ ਦਵਾਈ ਨਾ ਮੰਗੋ। ਪੇਟ ਦਰਦ, ਸਿਰ ਦਰਦ, ਛਾਤੀ ਵਿਚ ਦਰਦ, ਖੰਘ, ਬੁਖਾਰ ਦੀ ਵਜ੍ਹਾ ਜਾਣੇ ਬਿਨਾਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਨਾਲ ਖਿਲਵਾੜ ਹੀ ਕਿਹਾ ਜਾਵੇਗਾ।
* ਦਵਾਈਆਂ ਦਾ ਹੁਕਮ ਅਨੁਸਾਰ ਰੱਖ-ਰਖਾਅ ਨਾ ਹੋਣਾ ਦਵਾਈਆਂ ਦੀ ਪਾਵਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਰਮੀ ਅਤੇ ਨਮੀ ਦੇ ਪ੍ਰਭਾਵ ਨਾਲ ਦਵਾਈਆਂ ਖ਼ਰਾਬ ਹੋ ਸਕਦੀਆਂ ਹਨ। ਪ੍ਰਭਾਵਿਤ ਦਵਾਈਆਂ ਬਿਮਾਰੀ ਵਧਾ ਸਕਦੀਆਂ ਹਨ। ਕਈ ਵਾਰ ਦਵਾਈਆਂ ਬੱਚਿਆਂ ਦੇ ਹੱਥ ਵੀ ਲੱਗ ਜਾਂਦੀਆਂ ਹਨ ਅਤੇ ਉਹ ਉਨ੍ਹਾਂ ਦਾ ਸੇਵਨ ਵੀ ਕਰ ਸਕਦੇ ਹਨ। ਇਸ ਲਈ ਦਵਾਈ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
* ਡਾਕਟਰ ਨੂੰ ਆਪਣੀ ਬਿਮਾਰੀ ਹੀ ਨਹੀਂ, ਰੋਜ਼ਮਰ੍ਹਾ ਦੀ ਵੀ ਸਹੀ ਜਾਣਕਾਰੀ ਦਿਓ, ਤਾਂ ਕਿ ਉਹ ਸਹੀ ਦਵਾਈਆਂ ਪਰਚੀ 'ਤੇ ਲਿਖ ਸਕਣ। ਡਾਕਟਰੀ ਸਲਾਹ ਤੋਂ ਬਗੈਰ ਕੋਈ ਦਵਾਈ ਚਬਾ ਕੇ ਜਾਂ ਪਾਊਡਰ ਬਣਾ ਕੇ ਨਾ ਲਓ। ਦੇਰ ਤੱਕ ਅਸਰ ਕਰਨ ਵਾਲੀਆਂ ਦਵਾਈਆਂ ਨੂੰ ਚੂਸਣ ਜਾਂ ਪਾਊਡਰ ਬਣਾ ਕੇ ਲੈਣ ਨਾਲ ਤਕਲੀਫ਼ ਵਧ ਸਕਦੀ ਹੈ।
* ਆਪ੍ਰੇਸ਼ਨ ਤੋਂ ਪਹਿਲਾਂ ਡਾਕਟਰ ਨੂੰ ਦਵਾਈਆਂ, ਜੜ੍ਹੀ ਬੂਟੀਆਂ, ਵਿਟਾਮਿਨਾਂ ਦੇ ਸੰਦਰਭ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿਓ ਤਾਂ ਕਿ ਬਲੀਡਿੰਗ ਤੇਜ਼ ਨਾ ਹੋ ਜਾਵੇ ਜਾਂ ਫਿਰ ਅਨੇਸਥੀਸੀਆ ਦਾ ਅਸਰ ਘੱਟ-ਵੱਧ ਨਾ ਹੋ ਜਾਵੇ। ਜੇ ਤੁਸੀਂ ਸਿਗਰਟ, ਸ਼ਰਾਬ ਦੇ ਆਦੀ ਹੋ ਤਾਂ ਉਹ ਵੀ ਜਾਣਕਾਰੀ ਡਾਕਟਰ ਨੂੰ ਦਿਓ। ਇਸ ਨਾਲ ਆਪ੍ਰੇਸ਼ਨ ਦੌਰਾਨ ਜਾਂ ਬਾਅਦ ਵਿਚ ਕੋਈ ਸਮੱਸਿਆਵਾਂ ਖੜ੍ਹੀ ਨਹੀਂ ਹੋਵੇਗੀ।

ਥਕਾਵਟ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਵੀ ਹੋ ਸਕਦੀ ਹੈ

ਥਕਾਵਟ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ ਜਾਂ ਤੁਸੀਂ ਕੋਈ ਡਾਕਟਰੀ ਇਲਾਜ ਲੈ ਰਹੇ ਹੋ ਤਾਂ ਇਸ ਦੇ ਕਾਰਨ ਵੀ ਤੁਹਾਨੂੰ ਗ਼ਲਤ ਅਸਰ ਦੇ ਰੂਪ ਵਿਚ ਥਕਾਵਟ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਬਹੁਤ ਜ਼ਿਆਦਾ ਥੱਕਿਆ ਮਹਿਸੂਸ ਕਰ ਰਹੇ ਹੋ ਅਤੇ ਕਈ ਹਫ਼ਤੇ ਦੇ ਆਰਾਮ ਦੇ ਬਾਵਜੂਦ ਤੁਸੀਂ ਊਰਜਾ ਰਹਿਤ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਸਿਹਤ ਸਬੰਧੀ ਕੋਈ ਸਮੱਸਿਆ ਹੋ ਸਕਦੀ ਹੈ। ਆਓ ਜਾਣਦੇ ਹਾਂ ਥਕਾਵਟ ਦੇ ਇਨ੍ਹਾਂ ਕਾਰਨਾਂ ਦੇ ਬਾਰੇ ਵਿਚ-
ਅਨੀਮੀਆ : ਅਨੀਮੀਆ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਇਸ ਦੇ ਕਾਰਨ ਸਾਡੇ ਖੂਨ ਦੀ ਆਕਸੀਜਨ ਪੂਰਤੀ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ। ਇਸ ਲਈ ਜੇਕਰ ਤੁਹਾਨੂੰ ਲਗਾਤਾਰ ਥਕਾਵਟ ਹੋ ਰਹੀ ਹੈ ਤਾਂ ਹੀਮੋਗਲੋਬਿਨ ਦੀ ਜਾਂਚ ਕਰਵਾਓ।
ਡਿਪ੍ਰੈਸ਼ਨ : ਤੁਹਾਡੇ ਵਿਚ ਊਰਜਾ ਦੀ ਕਮੀ ਅਤੇ ਨਾਲ ਹੀ ਭੁੱਖ ਨਾ ਲੱਗਣੀ, ਨੀਂਦ ਨਾ ਆਉਣੀ ਜਾਂ ਜ਼ਿਆਦਾ ਨੀਂਦ ਆਉਣੀ, ਕੰਮ ਵਿਚ ਦਿਲ ਨਾ ਲੱਗਣਾ, ਧਿਆਨ ਦੀ ਕਮੀ, ਉਦਾਸੀ ਆਦਿ ਲੱਛਣਾਂ ਦਾ ਉੱਭਰਨਾ ਡਿਪ੍ਰੈਸ਼ਨ ਦਾ ਕਾਰਨ ਹੋ ਸਕਦਾ ਹੈ।
ਸ਼ੂਗਰ : ਬਹੁਤ ਜ਼ਿਆਦਾ ਥਕਾਵਟ ਸ਼ੂਗਰ ਦੀ ਚਿਤਾਵਨੀ ਹੋ ਸਕਦੀ ਹੈ। ਥਕਾਵਟ ਦੇ ਨਾਲ-ਨਾਲ ਜੇਕਰ ਪਿਆਸ ਜ਼ਿਆਦਾ ਲੱਗ ਰਹੀ ਹੋਵੇ, ਪਿਸ਼ਾਬ ਜ਼ਿਆਦਾ ਆ ਰਿਹਾ ਹੋਵੇ, ਧੁੰਦਲਾ ਦਿਖਾਈ ਦੇ ਰਿਹਾ ਹੋਵੇ ਤਾਂ ਸ਼ੂਗਰ ਦੀ ਜਾਂਚ ਕਰਵਾਓ।
ਕੈਂਸਰ : ਥਕਾਵਟ ਕੈਂਸਰ ਦਾ ਵੀ ਇਕ ਲੱਛਣ ਹੈ, ਇਸ ਲਈ ਬਹੁਤ ਲੰਬੇ ਸਮੇਂ ਦੀ ਥਕਾਵਟ ਹੋਣ 'ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕਦੇ ਕਿਸੇ ਰੋਗ ਵਿਚ ਲਈਆਂ ਜਾਣ ਵਾਲੀਆਂ ਦਵਾਈਆਂ ਦੇ ਗ਼ਲਤ ਅਸਰ ਦੇ ਰੂਪ ਵਿਚ ਵੀ ਥਕਾਵਟ ਹੋ ਸਕਦੀ ਹੈ। ਜੇਕਰ ਤੁਹਾਨੂੰ ਅਜਿਹਾ ਲਗਦਾ ਹੈ ਕਿ ਦਵਾਈ ਦੇ ਸੇਵਨ ਨਾਲ ਥਕਾਵਟ ਦੀ ਸ਼ਿਕਾਇਤ ਹੋ ਰਹੀ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਥਕਾਵਟ ਤੁਹਾਡੇ ਤੋਂ ਦੂਰ ਰਹੇ, ਇਸ ਵਾਸਤੇ ਹੇਠ ਲਿਖੇ ਟਿਪਸ ਅਪਣਾਓ
* ਆਪਣੇ ਉੱਪਰ ਕੰਮ ਦਾ ਬਹੁਤ ਜ਼ਿਆਦਾ ਦਬਾਅ ਨਾ ਰੱਖੋ। ਆਪਣੀ ਰੋਜ਼ਮਰਾ ਨੂੰ ਨਿਰਧਾਰਤ ਕਰੋ। ਹਰ ਰੋਜ਼ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢੋ, ਜਦੋਂ ਤੁਸੀਂ ਥੋੜ੍ਹਾ ਜਿਹਾ ਮਨੋਰੰਜਨ ਦਾ ਮਜ਼ਾ ਲੈ ਸਕੋ। ਸਵੇਰ ਦੀ ਭੱਜ-ਦੌੜ ਤੋਂ ਬਚਣ ਲਈ 15 ਮਿੰਟ ਪਹਿਲਾਂ ਉੱਠੋ।
* ਦਫ਼ਤਰ ਵਿਚ ਵੀ ਕੰਮ ਕਰਦੇ ਸਮੇਂ ਕੁਝ ਸਮੇਂ ਬਾਅਦ ਸੀਟ ਤੋਂ ਖੜ੍ਹੇ ਹੋ ਕੇ ਇਕ-ਦੋ ਚੱਕਰ ਲਗਾ ਲਓ। ਦਫ਼ਤਰ ਦੀ ਟੈਨਸ਼ਨ ਨੂੰ ਦਫ਼ਤਰ ਵਿਚ ਹੀ ਛੱਡ ਕੇ ਆਉਣ ਦੀ ਕੋਸ਼ਿਸ਼ ਕਰੋ।
* ਆਪਣੇ ਸਰੀਰ ਨੂੰ ਗਤੀਸ਼ੀਲ ਰੱਖੋ ਅਤੇ ਇਸ ਵਾਸਤੇ ਅੱਧਾ ਘੰਟਾ ਕਸਰਤ ਰੋਜ਼ਾਨਾ ਕਰੋ। ਜੇਕਰ ਹਰ ਰੋਜ਼ ਅੱਧਾ ਘੰਟਾ ਨਹੀਂ ਦੇ ਸਕਦੇ ਤਾਂ 10-15 ਮਿੰਟ ਸੈਰ ਕਰ ਲਓ। ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵਧੇਗੀ। ਹੌਲੀ-ਹੌਲੀ ਤੁਸੀਂ ਇਸ ਵਾਸਤੇ ਖੁਦ ਹੀ ਜ਼ਿਆਦਾ ਸਮਾਂ ਕੱਢਣ ਲੱਗ ਪਵੋਗੇ, ਕਿਉਂਕਿ ਤੁਹਾਡੇ ਭਾਰ ਨੂੰ ਕਾਬੂ ਵਿਚ ਰੱਖਣ ਲਈ ਇਹ ਸਭ ਤੋਂ ਸੌਖਾ ਉਪਾਅ ਹੈ।
* ਸਵੇਰ ਦਾ ਨਾਸ਼ਤਾ ਜ਼ਰੂਰ ਕਰੋ, ਕਿਉਂਕਿ ਇਹ ਤੁਹਾਨੂੰ ਪੂਰੇ ਦਿਨ ਦੀ ਊਰਜਾ ਦਿੰਦਾ ਹੈ। ਕਈ ਖੋਜਾਂ ਨਾਲ ਸਾਬਤ ਹੋਇਆ ਹੈ ਕਿ ਜੋ ਵਿਅਕਤੀ ਸਵੇਰ ਦਾ ਨਾਸ਼ਤਾ ਨਹੀਂ ਲੈਂਦੇ, ਉਹ ਸਾਰਾ ਦਿਨ ਥੱਕਿਆ-ਥੱਕਿਆ, ਊਰਜਾ-ਰਹਿਤ ਮਹਿਸੂਸ ਕਰਦੇ ਹਨ। ਇਸ ਲਈ ਆਪਣੇ ਦਿਨ ਦੀ ਸ਼ੁਰੂਆਤ ਘੱਟ ਚਰਬੀ ਅਤੇ ਜ਼ਿਆਦਾ ਰੇਸ਼ੇਦਾਰ ਨਾਸ਼ਤੇ ਨਾਲ ਕਰੋ, ਜਿਸ ਵਿਚ ਜਟਿਲ ਕਾਰਬੋਹਾਈਡ੍ਰੇਟ ਜਿਵੇਂ ਫਲ, ਸਾਬਤ ਅਨਾਜ ਪ੍ਰਮੁੱਖ ਹੋਣ। ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ। ਬਹੁਤ ਘੱਟ ਕੈਲੋਰੀ ਵਾਲੀ ਖੁਰਾਕ ਵੀ ਤੁਹਾਨੂੰ ਥਕਾਵਟ ਦੇ ਸਕਦੀ ਹੈ।
* ਅਲਕੋਹਲ ਦਾ ਸੇਵਨ ਤੁਹਾਡੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੁਹਾਡੀ ਨੀਂਦ ਵਿਚ ਵੀ ਰੁਕਾਵਟ ਪਾਉਂਦਾ ਹੈ। ਇਸ ਦੇ ਸੇਵਨ ਤੋਂ ਬਾਅਦ ਤੁਸੀਂ ਕਈ ਘੰਟਿਆਂ ਤੱਕ ਥੱਕਿਆ ਹੋਇਆ ਮਹਿਸੂਸ ਕਰਦੇ ਹੋ, ਇਸ ਲਈ ਅਲਕੋਹਲ ਦਾ ਸੇਵਨ ਨਾ ਕਰੋ।
* ਸਹੀ ਸਮੇਂ 'ਤੇ ਸੌਵੋਂ। ਰਾਤ ਨੂੰ ਬਹੁਤ ਭਾਰੀ ਭੋਜਨ ਨਾ ਕਰੋ। ਜੇਕਰ ਰਾਤ ਨੂੰ ਨੀਂਦ ਨਹੀਂ ਆ ਰਹੀ ਹੋਵੇ ਤਾਂ ਬਿਸਤਰ 'ਤੇ ਪਾਸੇ ਬਦਲਣ ਦੀ ਬਜਾਏ ਕੋਈ ਕਿਤਾਬ ਆਦਿ ਪੜ੍ਹੋ। 8 ਘੰਟੇ ਦੀ ਨੀਂਦ ਜ਼ਰੂਰ ਲਓ। ਨੀਂਦ ਪੂਰੀ ਨਾ ਹੋਣ ਦੇ ਕਾਰਨ ਵੀ ਵਿਅਕਤੀ ਆਲਸ ਅਤੇ ਥਕਾਵਟ ਮਹਿਸੂਸ ਕਰਦਾ ਹੈ। **

ਹੋਮਿਓਪੈਥਿਕ ਦੇ ਝਰੋਖੇ 'ਚੋਂ

ਖੂਨ ਦਾ ਦਬਾਅ ਕੰਟਰੋਲ ਕਿਵੇਂ ਕਰੀਏ?

ਸ਼ੁੱਧ ਹਵਾ : ਸਾਫ਼ ਖੁੱਲ੍ਹੀ ਅਤੇ ਤਾਜ਼ੀ ਹਵਾ ਪਾਉਣ ਲਈ ਸਾਨੂੰ ਸਵੇਰੇ ਜਲਦੀ ਉਠ ਕੇ ਸੈਰ ਕਰਨੀ ਚਾਹੀਦੀ ਹੈ। ਖੁੱਲ੍ਹੀ ਹਵਾ ਵਿਚ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਅਲੋਮ ਅਨੁਵਿਲੋਮ ਅਤੇ ਕਪਾਲਭਾਤੀ ਯੋਗ ਆਸਣਾਂ 'ਤੇ 10-10 ਮਿੰਟ ਜ਼ਰੂਰ ਲਾਉਣੇ ਚਾਹੀਦੇ ਹਨ।
ਸ਼ੁੱਧ ਪਾਣੀ : ਸ਼ੁੱਧ ਪਾਣੀ ਪੀਣ ਲਈ ਸਾਨੂੰ ਘੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋ ਸਕੇ ਤਾਂ ਘੜੇ ਵਿਚ ਨਿੰਮ, ਤੁਲਸੀ ਜਾਂ ਅਮਰੂਦ ਦੇ ਪੱਤੇ ਪਾਉਣੇ ਚਾਹੀਦੇ ਹਨ।
ਸ਼ੁੱਧ ਭੋਜਨ : ਸਾਡੀ ਸਿਹਤ ਲਈ ਸ਼ੁੱਧ ਅਤੇ ਸ਼ਾਕਾਹਾਰੀ ਭੋਜਨ ਬਹੁਤ ਜ਼ਰੂਰੀ ਹੈ। ਹੋ ਸਕੇ ਤਾਂ ਸਾਨੂੰ ਮੌਸਮੀ ਸਬਜ਼ੀਆਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਹਰ ਤਰ੍ਹਾਂ ਦੇ ਮੌਸਮੀ ਫਲ ਵੀ ਖਾਣੇ ਚਾਹੀਦੇ ਹਨ।
ਸਵੇਰੇ-ਸਵੇਰੇ ਦੀ ਧੁੱਪ : ਸੂਰਜ ਦੀ ਧੁੱਪ ਲੈਣ ਲਈ ਸਾਨੂੰ ਸਵੇਰੇ-ਸਵੇਰੇ ਜਦੋਂ ਕਿ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਪੈਰਾਬੈਂਗਣੀ ਕਿਰਨਾਂ ਨਹੀਂ ਨਿਕਲਦੀਆਂ, ਜੋ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਉਸ ਸਮੇਂ ਕੁਝ ਮਿੰਟ ਸੂਰਜ ਦੀ ਰੌਸ਼ਨੀ ਲੈਣਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਸਾਡੇ ਸਰੀਰ ਨੂੰ ਭੋਜਨ ਦੇ ਨਾਲ-ਨਾਲ ਸੂਰਜ ਦੀਆਂ ਕਿਰਨਾਂ ਦੀ ਵੀ ਬਹੁਤ ਲੋੜ ਹੁੰਦੀ ਹੈ।
ਸਮੇਂ ਸਿਰ ਡਾਕਟਰੀ ਜਾਂਚ : ਰਹਿਣ-ਸਹਿਣ ਦੀਆਂ ਆਦਤਾਂ ਠੀਕ ਕਰਨ ਤੋਂ ਇਲਾਵਾ ਖੂਨ ਸੰਵਿਧਾਨ ਅਤੇ ਜੀਨਜ 'ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਜੀਨਜ ਜਾਂ ਖਾਨਦਾਨੀ ਕਾਰਨ ਪੈਦਾ ਹੋਈ ਬਿਮਾਰੀ ਠੀਕ ਤਾਂ ਨਹੀਂ ਕੀਤੀ ਜਾ ਸਕਦੀ ਪਰ ਕੰਟਰੋਲ ਜ਼ਰੂਰ ਕੀਤੀ ਜਾ ਸਕਦੀ ਹੈ। ਕੁਝ ਜ਼ਰੂਰੀ ਟੈਸਟ ਕਰਵਾ ਕੇ ਇਹ ਦੇਖਿਆ ਜਾ ਸਕਦਾ ਹੈ ਕਿ ਸਰੀਰ ਵਿਚ ਕਿੱਥੇ ਨੁਕਸ ਹੈ। ਇਨ੍ਹਾਂ ਟੈਸਟਾਂ ਵਿਚੋਂ ਕੁਝ ਇਕ ਇਹ ਹਨ ਜਿਵੇਂ ਕਿ ਲਿਪਿਡ ਪ੍ਰੋਫਾਈਲ ਭਾਵ ਖੂਨ ਵਿਚ ਚਰਬੀ ਅਤੇ ਟਰਾਈਗਲਿਸਰਾਈਡਜ਼ ਦੀ ਮਾਤਰਾ ਤੋਂ ਇਲਾਵਾ ਐਲ.ਡੀ.ਐਲ., ਐਚ.ਡੀ.ਐਲ., ਯੂ.ਐਲ.ਡੀ.ਸੀ. ਆਦਿ ਚੈੱਕ ਕਰਨਾ ਜ਼ਰੂਰੀ ਹੈ।
ਅਜੋਕੇ ਯੁੱਗ ਵਿਚ ਹਰ ਚੀਜ਼ ਵਿਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਵਿਚ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਖੂਨ ਵਿਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਦਿਲ ਦੀਆਂ ਨਾੜਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਦਿਲ ਦੇ ਰੋਗੀ ਨੂੰ ਤੇਲ ਜਾਂ ਘਿਓ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਆਪਣੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾ ਸਕੇ। ਹੋਮਿਓਪੈਥੀ ਵਿਚ ਕੋਲੈਸਟ੍ਰੋਲ ਦਾ ਜੜ੍ਹ ਤੋਂ ਇਲਾਜ ਕੀਤਾ ਜਾਂਦਾ ਹੈ ਅਤੇ ਦਿਲ ਦੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ।

-323/16, ਕ੍ਰਿਸ਼ਨਾ ਨਗਰ, ਜਲੰਧਰ।

ਮਾਤਾ-ਪਿਤਾ ਦੀਆਂ ਬਿਮਾਰੀਆਂ ਬੱਚਿਆਂ ਨੂੰ ਮਿਲਦੀਆਂ ਹਨ

ਨਿਊ ਆਰਲਿਅੰਸ ਸੈਂਟਰ ਫਾਰ ਕਾਰਡੀਓ-ਵਾਸਕੁਲਰ ਹੈਲਥ ਦੇ ਮਾਹਿਰਾਂ ਦੁਆਰਾ ਕੀਤੀ ਗਈ ਖੋਜ ਅਨੁਸਾਰ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕੋਰੋਨਰੀ ਹਾਰਟ ਡਿਜ਼ੀਜ਼ ਹੋਇਆ ਹੋਵੇ, ਉਹ ਬੱਚੇ ਮੋਟਾਪੇ ਦਾ ਸ਼ਿਕਾਰ ਹੋਣ, ਉਨ੍ਹਾਂ ਨੂੰ ਵੀ ਇਹ ਸ਼ਿਕਾਇਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਸੈਂਟਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਇਹ ਖੋਜ ਕੀਤੀ ਅਤੇ ਪਾਇਆ ਕਿ ਬੱਚਿਆਂ ਨੂੰ ਕਾਰਡੀਓ-ਵਸਕੁਲਰ ਬਿਮਾਰੀਆਂ ਹੋਣ ਦੀ ਸੰਭਾਵਨਾ ਮਾਤਾ-ਪਿਤਾ 'ਤੇ ਵੀ ਨਿਰਭਰ ਕਰਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX