ਤਾਜਾ ਖ਼ਬਰਾਂ


ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  6 minutes ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  26 minutes ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  23 minutes ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  49 minutes ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  52 minutes ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  49 minutes ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  about 1 hour ago
ਪਟਨਾ, 21 ਮਾਰਚ - ਬਿਹਾਰ 'ਚ ੨ ਵੱਖ ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ। ਪਹਿਲਾ ਹਾਦਸਾ ਭੋਜਪੁਰ ਜ਼ਿਲ੍ਹੇ ਵਿਚ...
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  about 1 hour ago
ਚੇਨਈ, 21 ਮਾਰਚ - ਤਾਮਿਲਨਾਡੂ ਦੇ ਪੋਲਾਚੀ ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਨੇ ਕੋਇੰਬਟੂਰ ਕਾਂਗਰਸ ਦੇ ਆਗੂ ਮਾਯੁਰਾ ਜੈ ਕੁਮਾਰ ਅਤੇ ਥੇਨੀ ਕਾਨਨ ਨੂੰ ਨੋਟਿਸ ਭੇਜਿਆ...
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਭਾਜਪਾ ਦਫ਼ਤਰ 'ਚ ਹੋਲੀ ਦਾ ਤਿਉਹਾਰ ਮਨਾਉਂਦੇ ਸਮੇਂ ਗੋਲੀ ਲੱਗ ਗਈ, ਜਿਨ੍ਹਾਂ ਨੂੰ...
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ...
ਹੋਰ ਖ਼ਬਰਾਂ..

ਦਿਲਚਸਪੀਆਂ

ਆਇਆ ਮਹੀਨਾ ਸਾਉਣ

* ਹਰਜੀਤ ਕੌਰ ਔਲਖ *
ਆਇਆ ਮਹੀਨਾ ਸਾਉਣ
ਸੋਹਣਿਆਂ ਤੂੰ ਨਾ ਆਇਆ
ਚਾਅ ਮੇਰੇ ਕਮਲਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...

ਕੋਈ ਸੁਆਣੀ ਖੀਰ ਵੇ ਰਿੰਨਦੀ
ਕੋਈ ਵੇ ਪੂੜੇ ਤਲਦੀ
ਮਾਂ ਤੇਰੇ ਦੇ ਅੱਗੇ ਮੇਰੀ
ਪੇਸ਼ ਕੋਈ ਨਾ ਚਲਦੀ
ਚਲਦੀ ਠੰਡੜੀ ਪੌਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...
ਬਿਨ ਤੇਰੇ ਮੈਂ ਰਹਾਂ ਤੜਫਦੀ
ਮਰ-ਮਰ ਜੂਨ ਹੰਢਾਵਾਂ
ਮਨ ਆਪਣੇ ਨੂੰ ਬੈਠੀ ਵੇ ਮੈਂ
ਸੌ ਸੌ ਲਾਰੇ ਲਾਵਾਂ
ਮੇਰਾ ਦਿਲ ਪਰਚਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...
ਤਿੰਨ ਮੀਲ ਟੇਸ਼ਨ ਤੋਂ ਪੂਰਾ
ਹੈਗਾ ਆਪਣਾ ਘਰ ਵੇ
ਕਾਲੇ-ਕਾਲੇ ਵੇਖ ਕੇ ਬੱਦਲ,
ਮੈਂ ਜਾਨੀ ਆਂ ਡਰ ਵੇ,
ਮੈਨੂੰ ਝੀਲ ਬਣਾਉਣ
ਸੋਹਣਿਆਂ ਤੂੰ ਨਾ ਆਇਆ
ਚਾਅ ਮੇਰੇ ਕਮਲਾਉਣ
ਸੋਹਣਿਆਂ ਤੂੰ ਨਾ ਆਇਆ
ਆਇਆ ਮਹੀਨਾ ਸਾਉਣ...।

-ਪਿੰਡ ਤੇ ਡਾਕ: ਕੋਹਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ-143109.
ਮੋਬਾ : 98551-01810.


ਖ਼ਬਰ ਸ਼ੇਅਰ ਕਰੋ

ਵਿਅੰਗ ਵਿਉਂਤੀ ਬੰਦਾ

ਇਕ ਸੱਜਣ ਸਰਕਾਰੀ ਹਸਪਤਾਲ ਵਿਚ ਗਿਆ ਤੇ ਇਕ ਡਾਕਟਰ ਨੂੰ ਮਿਲ ਕੇ ਕਹਿਣ ਲੱਗਾ, 'ਡਾਕਟਰ ਸਾਹਿਬ ਜੀ, ਮੈਂ ਅੱਖਾਂ ਦਾਨ ਕਰਨੀਆਂ ਨੇ'
'ਬੜੀ ਚੰਗੀ ਸੋਚ ਹੈ' ਡਾਕਟਰ ਨੇ ਕਿਹਾ, 'ਤੁਸੀਂ ਔਹ ਕਮਰੇ ਵਿਚ ਚਲੇ ਜਾਓ ਤੇ ਆਪਣਾ ਨਾਂਅ ਪਤਾ ਤੇ ਘਰ ਦਾ ਫੋਨ ਨੰਬਰ ਦੱਸ ਕੇ ਫਾਰਮ ਭਰ ਦੇਵੋ ਤੇ ਅਸੀਂ ਤੁਹਾਡੀ ਮੌਤ 'ਤੇ ਤੁਹਾਡੇ ਘਰ ਆਪ ਆਵਾਂਗੇ ਤੇ ਤੁਹਾਡੀਆਂ ਅੱਖਾਂ ਲੈ ਆਵਾਂਗੇ' ਡਾਕਟਰ ਨੇ ਸਮਝਾਇਆ।
'ਪਰ ਡਾਕਟਰ ਸਾਹਿਬ ਮੈਂ ਤਾਂ ਅੱਖਾਂ ਹੁਣੇ ਹੀ ਦਾਨ ਕਰਨੀਆਂ ਨੇ।' ਉਸ ਨੇ ਕਿਹਾ।
'ਜਿਉਂਦੇ ਜੀਅ ਅੱਖਾਂ ਕੌਣ ਦਾਨ ਕਰਦੈ' ਡਾਕਟਰ ਨੇ ਹੈਰਾਨ ਹੁੰਦੇ ਪੁੱਛਿਆ।
'ਡਾਕਟਰ ਸਾਹਿਬ, ਅਸਲੀ ਦਾਨ ਉਹ ਹੀ ਹੈ ਜੋ ਜਿਉਂਦੇ ਜੀਅ ਕੀਤਾ ਜਾਵੇ ਮਰੇ ਮਗਰੋਂ ਦਾਨ ਕੀਤੇ ਦਾ ਕੀ ਫਾਇਦਾ।'
'ਪਰ ਤੁਸੀਂ ਜੀਉਂਦੇ ਜੀਅ ਅੱਖਾਂ ਕਿਉਂ ਦਾਨ ਕਰਨੀਆਂ ਚਾਹੁੰਦੇ ਹੋ', ਡਾਕਟਰ ਅਜੇ ਵੀ ਹੈਰਾਨ ਸੀ।
'ਅਸਲ ਗੱਲ ਤਾਂ ਇਹ ਹੈ ਡਾਕਟਰ ਜੀ, ਸਾਡੀ ਸਰਕਾਰ ਨੇ ਹਰ ਗਲੀ ਦੇ ਮੋੜ 'ਤੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ। ਸਾਲੀ ਪੀਣੀ ਪੈਂਦੀ ਐ। ਅੱਜਕਲ੍ਹ ਖਰਚਾ ਪੂਰਾ ਨੀ ਹੁੰਦਾ, ਜੇਬ ਦੀ ਤੰਗੀ ਐ। ਇਹ ਸਹੁਰੀ ਦੀਆਂ ਅੱਖਾਂ ਤੜਕੇ ਤੜਕੇ ਅਧੀਆ ਪੀਤੇ ਬਿਨ੍ਹਾਂ ਖੁੱਲਦੀਆਂ ਈ ਨੀ। ਮੈਂ ਸੋਚਿਆ ਬਈ ਇਹ ਅੱਖਾਂ ਕਿਸੇ ਨੂੰ ਦਾਨ ਕਰ ਦਿੰਨੇ ਆਂ ਤੇ ਕਿਸੇ ਦੀਆਂ ਦਾਨ ਕੀਤੀਆਂ ਅੱਖਾਂ ਆਪਾਂ ਪਵਾ ਲਵਾਂਗੇ ਘੱਟੋ ਘੱਟ ਅਧੀਏ ਦਾ ਖਰਚਾ ਤਾਂ ਬਚੂ।'
ਡਾਕਟਰ ਹੱਸਿਆ ਤੇ ਕਹਿਣ ਲੱਗਾ, 'ਬੰਦਾ ਤਾਂ ਤੂੰ ਵਿਉਂਤੀ ਹੈਂ ਪਰ ਜੋ ਅੱਖਾਂ ਤੂੰ ਪਵਾਈਆਂ ਜੇ ਉਹ ਤੜਕੇ ਤੜਕੇ ਬੋਤਲ ਪੀ ਕੇ ਖੁੱਲ੍ਹਣ ਵਾਲੀਆਂ ਪੈ ਗਈਆਂ ਫੇਰ ਕੀ ਹੋਊ।'
'ਸਾਲੀ ਇਹ ਗੱਲ ਤਾਂ ਮੈਂ ਸੋਚੀ ਈ ਨੀ ਸੀ', ਇਹ ਕਹਿਕੇ ਉਹ ਕਮਰੇ ਚੋਂ ਬਾਹਰ ਵੱਲ ਨੂੰ ਤੁਰ ਗਿਆ।

-ਜੋਗਿੰਦਰ ਸਿੰਘ ਪ੍ਰਵਾਨਾ ਨੈਣੇਵਾਲ
ਮੋਬਾਈਲ : 98767-24267.

ਕਹਾਣੀ ਕੰਬਾਈਨਾਂ ਵਾਲੇ...-ਅਵਤਾਰ ਸਿੰਘ ਹਠੂਰ

ਕਿਸਾਨੀ ਨਾਲ ਸਬੰਧ ਰੱਖਣ ਵਾਲੇ ਨਾਜਰ ਸਿੰਘ ਜੋ ਆਪਣੀ ਦੋ ਏਕੜ ਜ਼ਮੀਨ ਅਤੇ ਪੰਜ ਏਕੜ ਠੇਕੇ 'ਤੇ ਲੈ ਕੇ ਖੇਤੀ ਕਰ ਘਰ ਦਾ ਮਸਾਂ ਹੀ ਗੁਜ਼ਾਰਾ ਚਲਾਉਂਦਾ ਸੀ। ਨਾਜਰ ਬਹੁਤ ਹੀ ਮਿਹਨਤੀ ਅਤੇ ਰੱਬ ਦੀਆਂ ਦਿੱਤੀਆਂ ਦਾਤਾਂ 'ਤੇ ਸ਼ੁਕਰਾਨਾ ਕਰਨ ਵਾਲਾ ਆਦਮੀ ਸੀ। ਨਾਜਰ ਦੇ ਦੋ ਧੀਆਂ ਅਤੇ ਇਕ ਪੁੱਤਰ ਸੀ। ਪੁੱਤਰ ਦੂਸਰੀ ਕਲਾਸ ਵਿਚ ਪੜ੍ਹਦਾ ਸੀ। ਨਾਜਰ ਨੇ ਇਕ ਧੀ ਦਾ ਵਿਆਹ ਸਾਲ ਕੁ ਪਹਿਲਾਂ ਹੀ ਕੀਤਾ ਸੀ ਅਤੇ ਦੂਸਰੀ ਧੀ ਜੋਤੀ ਪੰਜਵੀਂ ਕਲਾਸ ਵਿਚ ਪੜ੍ਹਦੀ ਸੀ। ਜੋਤੀ ਘਰ ਵਿਚ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਕਰਦੀ ਸੀ।
ਹਰ ਰੋਜ਼ ਦੀ ਤਰ੍ਹਾਂ ਐਤਵਾਰ ਨੂੰ ਵੀ ਗੁਰਦੁਆਰਾ ਸਾਹਿਬ ਤੋਂ ਆ ਕੇ ਨਾਜਰ ਨੇ ਪਸ਼ੂਆਂ ਨੂੰ ਨਵ੍ਹਾਇਆ ਹੀ ਸੀ ਤੇ ਜੋਤੀ ਦੀ ਮਾਂ ਨੇ ਆਵਾਜ਼ ਦਿੱਤੀ 'ਆਜੋ ਜੀ, ਰੋਟੀ ਖਾ ਲਵੋ।' ਰੋਟੀ ਖਾਣ ਤੋਂ ਬਾਅਦ ਨਾਜਰ ਸਾਈਕਲ ਨੂੰ ਹੱਥ ਪਾਉਂਦੇ ਹੋਏ ਘਰਵਾਲੀ ਨੂੰ ਬੋਲਿਆ, 'ਚੰਗਾ ਕਰਮਾ ਵਾਲੀਏ, ਮੈਂ ਰੋਡ ਵਾਲੇ ਖੇਤ ਜਾ ਆਵਾਂ। ਨਾਜਰ ਦੀ ਆਵਾਜ਼ ਸੁਣਦਿਆਂ ਜੋਤੀ ਬੋਲੀ, 'ਡੈਡੀ ਮੈਂ ਵੀ ਜਾਣਾ'। ਜੋਤੀ ਦੇ ਜ਼ਿੱਦ ਕਰਨ 'ਤੇ ਨਾਜਰ ਨੇ ਸਾਈਕਲ ਦੇ ਅੱਗੇ ਡੰਡੇ ਉਪਰ ਦੁਪੱਟਾ ਬੰਨ੍ਹ ਲਿਆ ਅਤੇ ਜੋਤੀ ਨੂੰ ਸਾਈਕਲ ਅੱਗੇ ਬਿਠਾ ਖੇਤ ਵੱਲ ਚਲ ਪਿਆ। ਪਿੰਡ ਤੋਂ ਬਾਹਰ ਨਿਕਲਦੇ ਹੀ ਜੋਤੀ ਦੀ ਨਜ਼ਰ ਰੋਡ ਕਿਨਾਰੇ ਬਣੇ ਮੈਰਿਜ ਪੈਲੇਸ 'ਤੇ ਪਈ ਅਤੇ ਨਾਜਰ ਨੂੰ ਬੋਲੀ ਡੈਡੀ ਅੱਜ ਕਿਸੇ ਦਾ ਵਿਆਹ ਵਾ। ਨਾਜਰ ਨੇ ਕਿਹਾ, 'ਹਾਂ ਧੀਏ, ਅੱਜ ਆਪਣੇ ਪਿੰਡ ਵਾਲੇ ਸਰਪੰਚਾਂ ਦੀ ਕੁੜੀ ਦਾ ਵਿਆਹ ਹੈ।' ਕੋਲ ਦੀ ਲੰਘਦੇ ਜੋਤੀ ਪੈਲੇਸ ਅੰਦਰ ਖੜ੍ਹੀ ਕੰਬਾਈਨ ਨੂੰ ਵੇਖ ਕੇ ਹੈਰਾਨ ਹੋਈ ਤੇ ਬੋਲੀ, 'ਡੈਡੀ ਜੀ, ਲੋਕ ਕੰਬਾਈਨਾਂ 'ਤੇ ਵੀ ਵਿਆਹ ਆਉਂਦੇ ਨੇ।' ਨਾਜਰ 'ਨਹੀਂ ਪੁੱਤ, ਇਹ ਤਾਂ ਵੱਡੇ ਲੋਕ ਨੇ। ਸੁਣਿਆ ਹੈ ਕਿ ਕੁੜੀ ਨੂੰ ਦਾਜ ਵਿਚ ਕੰਬਾਈਨ ਦਿੱਤੀ ਹੈ।' ਜੋਤੀ, 'ਡੈਡੀ, ਡੈਡੀ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਵੀ ਕੰਬਾਈਨ ਦੇਵੋਗੇ?' ਨਾਜਰ 'ਹਾਂ ਪੁੱਤ, ਤੈਨੂੰ ਤਾਂ ਮੈਂ ਜੇ ਚੰਗਾ ਮੁੰਡਾ ਮਿਲਿਆ ਇਸ ਤੋਂ ਵੀ ਵੱਡੀ ਕੰਬਾਈਨ ਦੇਵਾਂਗਾ।' ਜੋਤੀ 'ਡੈਡੀ ਇੰਨੇ ਪੈਸੇ ਆਪਣੇ ਕੋਲ ਕਿਥੋਂ ਆਉਣਗੇ! ਨਾਲੇ ਤੁਸੀਂ ਤਾਂ ਮੰਮੀ ਨਾਲ ਗੱਲ ਕਰਦੇ ਹੁੰਦੇ ਹੋ ਕਿ ਆੜ੍ਹਤੀਏ ਦੇ ਪੈਸੇ ਇਸ ਵਾਰ ਵੀ ਨਹੀਂ ਦਿੱਤੇ ਜਾਣਗੇ ਨਾਲੇ ਭੈਣ ਨੂੰ ਵੀ ਤਾਂ ਸਕੂਟਰ ਹੀ ਦਿੱਤਾ ਸੀ। ਨਾਜਰ ਥੋੜ੍ਹਾ ਸੋਚ ਕੇ ਬੋਲਿਆ, 'ਧੀਏ ਤੂੰ ਤਾਂ ਮੇਰੀ ਲਾਡਲੀ ਧੀ ਐਂ, ਤੇਰੇ ਲਈ ਤਾਂ ਮੈਂ ਆਪਣੀ ਜ਼ਮੀਨ ਵੀ ਵੇਚ ਦੇਵਾਂਗਾ।' ਜੋਤੀ ਪੋਲਾ ਜਿਹਾ ਹੱਥ ਨਾਜਰ ਦੇ ਬੁੱਲ੍ਹਾਂ ਉੱਪਰ ਰਖਦਿਆਂ ਬੋਲੀ, 'ਨਾ ਡੈਡੀ, ਮੈਨੂੰ ਨਹੀਂ ਕੰਬਾਈਨ ਚਾਹੀਦੀ, ਮੈਂ ਨੀਂ ਐਦਾਂ ਦੇ ਚੰਗੇ ਮੰੁੰਡੇ ਨਾਲ ਵਿਆਹ ਕਰਵਾਉਣਾ, ਨਾਲੇ ਉਹ ਕਿਵੇਂ ਚੰਗਾ ਮੁੰਡਾ ਹੋਇਆ ਜੋ ਮੇਰੇ ਡੈਡੀ ਦੀ ਜ਼ਮੀਨ ਹੀ ਵਿਕਾ ਦੇਵੇ।
ਜ਼ਮੀਨ ਬਿਨਾਂ ਤੁਸੀਂ ਕੀ ਕਰੋਗੇ? ਡੈਡੀ ਨਾਲੇ ਜੇ ਇੰਜ ਕਰਨਾ ਹੀ ਹੈ ਤਾਂ ਡੈਡੀ ਤੁਸੀਂ ਮੈਨੂੰ ਤੇ ਵੀਰੇ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਾਇਓ, ਤਾਂ ਜੋ ਅਸੀਂ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕੀਏ। ਨਾਲੇ ਡੈਡੀ ਅਸਲੀ ਦਾਜ ਕੰਬਾਈਨ ਨਹੀਂ, ਪੜ੍ਹਾਈ ਹੁੰਦੀ ਹੈ ਜੋ ਪੂਰੀ ਜ਼ਿੰਦਗੀ ਭਰ ਮੇਰੇ ਨਾਲ ਚੱਲ ਸਕੇ ਅਤੇ ਵੀਰਾ ਵੀ ਨੌਕਰੀ 'ਤੇ ਲੱਗ ਕੇ ਤੁਹਾਡਾ ਸਾਰੇ ਕੰਮਾਂ ਤੋਂ ਖਹਿੜਾ ਛੁਡਾ ਦੇਵੇ।' ਜੋਤੀ ਦੀਆਂ ਗੱਲਾਂ ਸੁਣ ਨਾਜਰ ਨੇ ਭਾਵੁਕ ਹੁੰਦਿਆਂ ਸਾਈਕਲ ਰੋਕ ਜੋਤੀ ਨੂੰ ਘੁੱਟ ਆਪਣੀ ਛਾਤੀ ਨਾਲ ਲਾ ਲਿਆ ਅਤੇ ਮਨ ਹੀ ਮਨ ਵਿਚ 'ਵਾਹਿਗੁਰੂ' ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਹਿਗੁਰੂ ਜੀ ਧੰਨ ਹੋ ਤੁਸੀਂ ਕਿ ਮੈਨੂੰ ਇੰਨੀ ਸੂਝਵਾਨ ਧੀ ਦਿੱਤੀ' ਅਤੇ ਸਾਈਕਲ ਅੱਗੇ ਤੋਰ ਲਿਆ...।

-ਪਿੰਡ ਤੇ ਡਾਕ: ਹਠੂਰ-142031. ਤਹਿ: ਜਗਰਾਉਂ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 82888-17320.

ਵਿਅੰਗ ਟੇਢੇ ਤੀਰ

ਮੇਰਾ ਪੋਤਰਾ 7ਵੀਂ ਕਲਾਸ ਵਿਚ ਪੜ੍ਹਦਾ ਹੈ ਜੋ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ। ਉਹ ਅਕਸਰ ਜਦੋਂ ਮੈਂ ਅਖ਼ਬਾਰ ਪੜ੍ਹਦਾਂ ਹਾਂ ਮੇਰੇ ਕੋਲ ਹੀ ਬੈਠ ਜਾਂਦਾ ਹੈ। ਮੈਂ ਤਾਂ ਅਖ਼ਬਾਰ ਡੂੰਘਾਈ ਨਾਲ ਪੜ੍ਹਦਾ ਹਾਂ ਉਹ ਸੁਰਖੀਆਂ ਵੇਖ ਲੈਂਦਾ ਹੈ।
ਕੱਲ੍ਹ ਜਦੋਂ ਮੈਂ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਮੇਰੇ ਪੋਤਰੇ ਨੇ ਇਕ ਸੁਰਖੀ ਅਖ਼ਬਾਰ ਦੀ ਪੜ੍ਹੀ (ਦੋ ਨਵੇਂ ਰੇਲ ਲਿੰਕ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਰੇਲ ਮੰਤਰੀ ਨੂੰ ਪੱਤਰ)। ਸੁਰਖੀ ਪੜ੍ਹਨ ਤੋਂ ਬਾਅਦ ਮੇਰਾ ਪੋਤਰਾ ਕਾਫੀ ਗੰਭੀਰ ਹੋ ਗਿਆ। ਮੈਂ ਬੱਚੇ ਨੂੰ ਉਸ ਦੀ ਗੰਭੀਰਤਾ ਦਾ ਕਾਰਨ ਪੁੱਛਿਆ। ਬੱਚੇ ਦਾ ਸਵਾਲ ਕਾਫ਼ੀ ਡੂੰਘਾ ਸੀ। ਬੱਚੇ ਨੇ ਮੈਨੂੰ ਸਵਾਲ ਕੀਤਾ, ਦਾਦਾ ਜੀ ਕੀ ਮੁੱਖ ਮੰਤਰੀ ਸਾਹਿਬ ਭੂਗੋਲਿਕ ਤੱਥਾਂ ਤੋਂ ਵਾਕਿਫ਼ ਨਹੀਂ? ਮੈਂ ਕਿਹਾ ਨਹੀਂ ਪੁੱਤਰ ਇਹ ਗੱਲ ਤਾਂ ਨਹੀਂ, ਉਹ ਤਾਂ ਪੂਰੀ ਦੁਨੀਆ ਦੇ ਭੂਗੋਲਿਕ ਤੱਥਾਂ ਤੋਂ ਵਾਕਿਫ਼ ਹੋਣਗੇ ਕਿਉਂਕਿ ਉਹ ਫ਼ੌਜ ਦੇ ਆਹਲਾ ਦਰਜੇ ਦੇ ਅਫਸਰ ਰਹੇ ਹਨ। ਮੇਰੇ ਪੋਤਰੇ ਦਾ ਅਗਲਾ ਸਵਾਲ ਸੀ ਕਿ ਉਨ੍ਹਾਂ ਦੇ ਦਫਤਰ ਤੋਂ ਗੁਰਦਾਸਪੁਰ ਨੇੜੇ ਹੈ ਜਾਂ ਪਟਿਆਲਾ। ਮੈਂ ਬੱਚੇ ਦਾ ਸਵਾਲ ਸਮਝਣ ਤੋਂ ਅਸਮਰਥ ਸੀ। ਮੈਂ ਬੱਚੇ ਨੂੰ ਪੁੱਛਿਆ ਬੇਟਾ ਗੱਲ ਤਾਂ ਦੱਸ ਕੀ ਏ?
ਬੱਚੇ ਨੇ ਬੜੀ ਗੰਭੀਰਤਾ ਨਾਲ ਕਿਹਾ, ਦਾਦਾ ਜੀ ਤੁਸੀਂ ਵੀ ਕਹਿੰਦੇ ਹੋ ਅਤੇ ਸਾਡੇ ਅਧਿਆਪਕ ਵੀ ਪਟਿਆਲਾ-ਜਾਖਲ ਵਾਇਆ ਸਮਾਣਾ ਰੇਲ ਲਾਈਨ ਬਣਨ ਦੀ ਆਸ ਹੁਣ ਬੱਝੀ ਹੈ ਕਿਉਂਕਿ ਹੁਣ ਮੁੱਖ ਮੰਤਰੀ ਸਾਡੇ ਸ਼ਹਿਰ ਦਾ ਬਣਿਆ ਹੈ। ਪਰ ਜਦੋਂ ਮੁੱਖ ਮੰਤਰੀ ਸਾਹਿਬ ਦੋ ਲਾਈਨਾਂ ਦਾ ਪੱਤਰ ਲਿਖ ਰਹੇ ਸਨ ਤਾਂ ਦੋ ਦੀ ਥਾਂ ਤਿੰਨ ਲਿਖ ਦਿੰਦੇ, ਮੈਂ ਸੁਣ ਕੇ ਸੋਚੀਂ ਪੈ ਗਿਆ ਕਿਉਂਕਿ ਪੋਤਾ ਮੇਰਾ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ। ਮੈਂ ਸੋਚ ਰਿਹਾ ਸਾਂ ਕਿਉਂਕਿ ਲੋਕ ਅੰਗਰੇਜ਼ੀ ਸਕੂਲਾਂ ਵਿਚ ਲੁੱਟ ਹੋ ਰਹੇ ਹਨ, ਪੜ੍ਹਾਈ ਤਾਂ ਸਰਕਾਰੀ ਸਕੂਲਾਂ ਵਿਚ ਵੀ ਵਧੀਆ ਹੁੰਦੀ ਹੈ।

-ਦੀਦਾਰ ਖ਼ਾਨ
ਧਬਲਾਨ। ਮੋਬਾਈਲ : 99150-24849.

ਸੇਵਾ ਪਾਣੀ

ਮਨਜੀਤ ਦੇ ਪੁੱਤਰ ਦਾ ਪਾਸਪੋਰਟ ਅੱਜ ਆਉਣ ਵਾਲਾ ਸੀ ਕਿਉਂਕਿ ਪਾਸਪੋਰਟ ਡਿਸਪੈਚ ਹੋਣ ਦਾ ਮੈਸੇਜ ਕੱਲ੍ਹ ਹੀ ਪਾਸਪੋਰਟ ਦਫਤਰ ਤੋਂ ਆ ਗਿਆ ਸੀ। ਮਨਜੀਤ ਦਾ ਸਹੁਰਾ ਆਪਣੀ ਨੂੰਹ ਮਨਜੀਤ ਨੂੰ ਕਹਿ ਰਿਹਾ ਸੀ ਕਿ ਡਾਕੀਏ ਦੇ ਲਈ ਪੰਜਾਹ ਦਾ ਨੋਟ ਤਿਆਰ ਰੱਖਿਓ, ਉਸ ਨੂੰ ਸੇਵਾ-ਪਾਣੀ ਵੀ ਚਾਹੀਦਾ ਹੁੰਦਾ ਹੈ ਕਿਉਂਕਿ ਉਹ ਅੱਜ ਪਾਸਪੋਰਟ ਲੈ ਕੇ ਆਵੇਗਾ। ਇੰਨੇ ਨੂੰ ਗਲੀ ਵਿਚ ਸਾਈਕਲ ਦੀ ਘੰਟੀ ਵੱਜੀ ਤੇ ਜਦੋਂ ਡਾਕੀਏ ਨੇ ਮਨਜੀਤ ਨੂੰ ਪਾਸਪੋਰਟ ਦਿੱਤਾ ਤੇ ਮਨਜੀਤ ਨੇ ਡਾਕੀਏ ਨੂੰ ਸੇਵਾ ਪਾਣੀ ਲਈ ਪੰਜਾਹ ਦਾ ਨੋਟ ਡਾਕੀਏ ਦੇ ਅੱਗੇ ਕਰ ਦਿੱਤਾ, ਤਾਂ ਡਾਕੀਆ ਕਹਿਣ ਲੱਗਾ, 'ਮੈਡਮ ਜੀ ਸੇਵਾ ਪਾਣੀ ਦੀ ਕੋਈ ਲੋੜ ਨਹੀਂ ਹੈ, ਇੰਨੀਆਂ-ਇੰਨੀਆਂ ਤਨਖਾਹਾਂ ਲਈ ਦੀਆਂ ਨੇ ਚਾਹ ਪਾਣੀ ਕਾਹਦਾ? ਰੱਬ ਆਪਣੀ ਕਮਾਈ ਵਿਚ ਹੀ ਬਰਕਤ ਪਾਵੇ।' ਡਾਕੀਆ ਕਹਿ ਰਿਹਾ ਸੀ ਕਿ ਜਿਵੇਂ ਥੋੜ੍ਹਾ ਖੱਟਾ ਹੀ ਦੁੱਧ ਨੂੰ ਖਰਾਬ ਕਰ ਦਿੰਦਾ ਹੈ ਉਸੇ ਤਰ੍ਹਾਂ ਇਹ ਕਮਾਈ ਆਪਣੀ ਹੱਕ ਦੀ ਕਮਾਈ ਵੀ ਖਰਾਬ ਕਰ ਦਿੰਦੀ ਹੈ। ਮਨਜੀਤ ਨੇ ਕਿਹਾ, 'ਚਲੋ ਵੀਰ ਜੀ, ਧੁੱਪ ਬਹੁਤ ਹੈ ਕੁਝ ਪਾਣੀ-ਧਾਣੀ ਹੀ ਅੰਦਰ ਆ ਕੇ ਪੀ ਲਵੋ।' ਤਾਂ ਡਾਕੀਆ ਕਹਿਣ ਲੱਗਾ, 'ਮੈਡਮ ਜੀ ਸੜਕ ਤੇ ਬਹੁਤ ਛਬੀਲਾਂ ਲੱਗੀਆਂ ਹੋਈਆਂ ਹਨ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ।' ਇਹ ਕਹਿ ਕੇ ਡਾਕੀਆ ਬਾਹਰੋਂ ਹੀ ਚਲਾ ਗਿਆ। ਮਨਜੀਤ ਸੋਚ ਰਹੀ ਸੀ ਕਿ ਸਾਡੀ ਸੋਚ ਹੀ ਕਿੰਨੀ ਗ਼ਲਤ ਹੈ ਸਾਨੂੰ ਸਮੇਂ ਦੇ ਨਾਲ ਆਪਣੀ ਸੋਚ ਨੂੰ ਸੁਧਾਰਨ ਦੀ ਲੋੜ ਹੈ? ਉਹ ਮਨ ਹੀ ਮਨ ਵਿਚ ਡਾਕੀਏ ਦੀ ਇਮਾਨਦਾਰੀ ਨੂੰ ਸਲਾਮ ਕਰ ਰਹੀ ਸੀ।

-ਵਰਿੰਦਰਪ੍ਰੀਤ ਕੌਰ
ਜਲੰਧਰ। ਮੋਬਾਈਲ : 9463521693.

ਚਾਹ ਦਾ ਕੱਪ ਤੇ ਗੱਪ-ਸ਼ੱਪ

ਮੇਰੀ ਇਕ ਸਹੇਲੀ ਹੁਣੇ-ਹੁਣੇ ਅਮਰੀਕਾ ਤੇ ਕੈਨੇਡਾ ਦਾ ਚੱਕਰ ਲਗਾ ਕੇ ਆਈ ਹੈ। ਉਸ ਦਾ ਵਾਪਸੀ ਸਵਾਗਤ ਤਾਂ ਬਣਦਾ ਹੀ ਸੀ। ਸੋ ਹੋ ਗਿਆ ਇੰਤਜ਼ਾਮ ਚਾਹ ਦੇ ਕੱਪ ਦਾ। ਸੱਚ ਪੁੱਛੋ ਤਾਂ ਚਾਹ ਦਾ ਕੱਪ ਤੇ ਗੱਪ-ਸ਼ੱਪ ਦੋਵੇਂ ਹੀ ਸਾਡੇ ਸਭ ਲਈ ਬਹੁਤ ਜ਼ਰੂਰੀ ਹਨ। ਚਾਹ ਜਿਸਮਾਨੀ ਸਕੂਨ ਦਿੰਦੀ ਹੈ ਤੇ ਗੱਪ-ਸ਼ੱਪ ਦਿਮਾਗੀ ਸਕੂਨ। ਸੋ ਇਸ ਸਕੂਨ ਲਈ ਮੈਂ ਆਪਣੀਆਂ ਬਾਕੀ ਸਹੇਲੀਆਂ ਨੂੰ ਵੀ ਸੱਦਾ ਦੇ ਦਿੱਤਾ। ਜਿਸ ਤਰ੍ਹਾਂ ਹਮੇਸ਼ਾ ਹੁੰਦਾ ਹੈ ਚਾਹ ਪੀਂਦੇ-ਪੀਂਦੇ ਗੱਪ-ਸ਼ੱੱਪ ਸ਼ੁਰੂ ਹੋ ਗਈ।
ਮੈਂ ਜਸਬੀਰ ਨੂੰ ਅਖਿਆ 'ਬਈ ਸਾਡੇ ਵਿਚੋਂ ਕਈ ਅਮਰੀਕਾ ਤੇ ਕੈਨੇਡਾ ਹੋ ਆਈਆਂ ਹਨ, ਇਸ ਲਈ ਉਥੇ ਵੇਖਣ ਤੇ ਘੁੰਮਣ ਵਾਲੀਆਂ ਕਿਹੜੀਆਂ ਥਾਂਵਾਂ ਹਨ, ਇਸ ਬਾਰੇ ਤਾਂ ਅਸੀਂ ਜਾਣਦੇ ਹਾਂ। ਬਾਕੀ ਜੋ ਨਹੀਂ ਵੇਖਿਆ ਇੰਟਰਨੈੱਟ ਜਾਂ ਦੋਸਤਾਂ-ਮਿੱਤਰਾਂ ਤੋਂ ਉਸ ਦੀ ਜਾਣਕਾਰੀ ਵੀ ਲੈ ਲੈਂਦੇ ਹਾਂ। ਇਹ ਸਾਨੂੰ ਸਭ ਨੂੰ ਪਤਾ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਸਾਫ਼-ਸੁਥਰਾ ਰਹਿਣ-ਸਹਿਣ ਹੈ, ਗੰਦਗੀ ਤੇ ਮੱਛਰ-ਮੱਖੀਆਂ ਨਜ਼ਰ ਨਹੀਂ ਆਉਂਦੀਆਂ। ਆਮ ਆਦਮੀ ਨੂੰ ਰਿਸ਼ਵਤਖੋਰੀ ਤੇ ਖ਼ੱਜਲ-ਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਪੱਖੋਂ ਵੀ ਜ਼ਿੰਦਗੀ ਸੌਖੀ ਹੈ। ਤੁੂੰ ਸਾਨੂੰ ਕੋਈ ਖਾਸ ਗਲ ਦੱਸ ਤਾਂ ਕਿ ਮਜ਼ਾ ਆ ਜਾਵੇ।'
'ਮੈਂ ਤੁਹਾਨੂੰ ਉਹ ਦੱਸਾਂਗੀ ਜੋ ਮੈਂ ਹੀ ਦੱਸ ਸਕਦੀ ਹਾਂ', ਜਸਬੀਰ ਨੇ ਹੱਸਦੇ ਹੋਏ ਕਿਹਾ।
'ਤੂੰ ਸਾਨੂੰ ਕੁਝ ਵੱਖਰਾ ਦੱਸੇਂਗੀ', ਇਕ ਹੋਰ ਸਹੇਲੀ ਬੋਲੀ।
'ਹਾਂ ਕੁਝ ਵੱਖਰਾ ਹੀ ਦੱਸਾਂਗੀ।'
'ਬਈ ਜਸਬੀਰ ਗੱਲ ਨੂੰ ਘੁਮਾ ਫਿਰਾ ਨਾ ਛੇਤੀ ਛੇਤੀ ਦੱਸ ਦੇ', ਮੈਂ ਆਖਿਆ।
'ਮੈਂ ਤੁਹਾਨੂੰ ਵਿਦੇਸ਼ ਵਿਚ ਰਹਿੰਦੇ ਭਾਰਤੀਆਂ ਦੀ ਰਸੋਈ ਬਾਰੇ ਇਕ ਦਿਲਚਸਪ ਗੱਲ ਦੱਸਦੀ ਹਾਂ। ਤੁਸੀਂ ਜਾਣਦੇ ਹੋ ਮੈਂ ਕੈਨੇਡਾ ਆਪਣੀ ਭੈਣ ਕੋਲ ਗਈ ਸੀ। ਉਹ ਤੇ ਉਸ ਦੇ ਸਾਰੇ ਬੱਚੇ ਹਰ ਰੋਜ਼ ਘਰੋਂ ਬਾਹਰ ਕੰਮ 'ਤੇ ਜਾਂਦੇ ਸਨ। ਮੈਂ ਰੋਜ਼-ਰੋਜ਼ ਬਰਗਰ, ਪੀਜ਼ਾ, ਬਰੈੱਡ ਤੇ ਸੈਂਡਵਿਚ ਖਾ-ਖਾ ਕੇ ਥੱਕ ਗਈ। ਮਨ ਕਰਦਾ ਸੀ ਪੰਜਾਬੀ ਰੋਟੀ ਖਾਣ ਦਾ, ਪਰ ਕਿਸੇ ਕੋਲ ਵਿਹਲ ਹੀ ਨਹੀਂ ਸੀ ਰਸੋਈ 'ਚ ਬਣਾਉਣ ਲਈ। ਇਕ ਦਿਨ ਇਕ ਹੋਰ ਰਿਸ਼ਤੇਦਾਰ ਦਾ ਫੋਨ ਆਇਆ ਤੇ ਸਾਨੂੰ ਖਾਣੇ 'ਤੇ ਬੁਲਾਇਆ ਤੇ ਨਾਲ ਹੀ ਆਖਿਆ, 'ਆਓ ਮੈਂ ਤੁਹਾਨੂੰ ਪੰਜਾਬੀ ਖਾਣਾ ਖਵਾਵਾਂਗੀ'। ਅਸੀਂ ਮੂੰਹ ਸਵਾਰਦੇ ਉਸ ਦੇ ਘਰ ਪਹੁੰਚੇ। ਖਾਣੇ ਦੀ ਮੇਜ਼ ਤਿਆਰ ਸੀ। ਗਰਮ ਗਰਮ ਦਾਲ, ਸਬਜ਼ੀ ਤੇ ਵਧੀਆ ਰਾਇਤਾ ਮੇਜ਼ 'ਤੇ ਸੀ। ਜਦੋਂ ਖਾਣਾ ਖਾਣ ਬੈਠੇ ਤਾਂ ਉਸ ਨੇ 20-25 ਰੋਟੀਆਂ ਫਰੀਜ਼ਰ ਵਿਚੋਂ ਕੱਢੀਆਂ, ਪਾਣੀ ਨੀਚੇ ਰੱਖਿਆਂ ਤੇ ਫਿਰ ਮਾਈਕਰੋਵੇਵ ਵਿਚ ਗਰਮ ਕਰਨੀਆਂ ਸ਼ੁਰੂ ਕਰ ਦਿੱਤੀਆਂ'।
ਮੈਂ ਹੈਰਾਨ ਹੋ ਕੇ ਪੁੱਛਿਆ, 'ਭੈਣ ਜੀ ਤੁਸੀਂ ਤਾਂ ਆਪ ਕੰਮ ਕਰਦੇ ਹੋ ਐਨੀਆ ਸਾਰੀਆਂ ਰੋਟੀਆਂ ਕਦੋਂ ਬਣਾ ਲਈਆਂ। ਐਨਾ ਵਿਹਲ ਮਿਲ ਗਿਆ ਸੀ?'
'ਨਹੀ ਜੀ ਵਿਹਲ ਕਿੱਥੇ, ਇਹ ਤਾਂ ਛੁੱਟੀਆਂ ਵਿਚ ਬਣਾ ਕੇ ਰੱਖ ਲਈ ਦੀਆਂ ਸਨ।'
'ਅੱਛਾ, ਫਿਰ ਤੁਸੀਂ ਇਸ ਐਤਵਾਰ ਨੂੰ ਬਣਾਈਆ ਹੋਣਗੀਆਂ' ਮੈਂ ਸਵਾਲ ਕਰ ਦਿੱਤਾ।
'ਕਿਥੇ ਜੀ, ਐਤਵਾਰ ਦੇ ਤਾਂ ਆਪਣੇ ਝਮੇਲੇ ਨਹੀਂ ਮੁੱਕਦੇ। ਇਹ ਤਾਂ ਮੈਂ ਪਿਛਲੇ ਸਾਲ ਕ੍ਰਿਸਮਸ ਦੀਆਂ ਛੁੱਟੀਆਂ ਵਿਚ ਬਣਾਈਆਂ ਸਨ, ਹੁਣ ਸਾਰਾ ਸਾਲ ਵਰਤ ਰਹੇ ਹਾਂ'। ਉਸ ਨੇ ਬੜੇ ਫਖਰ ਨਾਲ ਦੱਸਿਆ।
ਉਸ ਦੀ ਗਲ ਸੁਣਦੇ ਹੀ ਮੇਰੇ ਸੰਘ ਵਿਚੋਂ ਰੋਟੀ ਲੰਘਣੀ ਮੁਸ਼ਕਿਲ ਹੋ ਗਈ। ਰੋਟੀ ਦਾ ਸੁਆਦ ਹੀ ਬਦਲ ਗਿਆ, ਸਾਨੂੰ ਆਦਤ ਜੋ ਹੈ ਤਾਜ਼ੀ ਰੋਟੀ ਖਾਣ ਦੀ', ਜਸਬੀਰ ਨੇ ਆਪਣੀ ਗੱਲ ਪੂਰੀ ਕੀਤੀ।
ਪਰ ਮੀਤਾ ਬੋਲੀ, 'ਬਈ ਇਹ ਗੱਲ ਤਾਂ ਮੰਨਣੀ ਪਵੇਗੀ ਕਿ ਵਿਦੇਸ਼ ਵਿਚ ਸਭ ਸਹੂਲਤਾਂ ਮਾਣਦੇ ਹੋਏ ਆਪਣੇ ਲੋਕ ਭਾਰਤੀ ਰਹਿਣ-ਸਹਿਣ ਤੇ ਖਾਣ-ਪੀਣ ਨੂੰ ਭੁੱਲਦੇ ਨਹੀਂ । ਰੋਟੀ ਨੂੰ ਮਿਸ ਕਰਦੇ ਹਨ ਤਾਂ ਹੀ ਤਾਂ ਵਿਹਲ ਮਿਲਦੇ ਹੀ ਬਣਾ ਕਾ ਰੱਖ ਲੈਂਦੇ ਹਨ'।
'ਜਗਾੜੂ ਜੋ ਹੋਏ ਅਸੀਂ ਲੋਕ' ਮੈਂ ਹੱਸਦੇ-ਹੱਸਦੇ ਅਖਿਆ।
ਅਸੀਂ ਗਰਮ ਗਰਮ ਚਾਹ ਦੇ ਦੋ ਦੋ ਘੁੱਟ ਭਰੇ ਹੀ ਸਨ ਕਿ ਮਨਜੀਤ ਬੋਲ ਪਈ, 'ਬਈ ਮੈਂ ਵੀ ਬੇਟੀ ਕੋਲ ਅਮਰੀਕਾ ਗਈ ਸੀ। ਬੇਟੀ ਤੇ ਜਵਾਈ ਦੋਵੇਂ ਹੀ ਬਾਹਰ ਕੰਮ ਕਰਦੇ ਹਨ। ਮੈਨੂੰ ਤਾਂ ਤਿੰਨੋਂ ਡੰਗ ਤਾਜ਼ੀ ਰੋਟੀ ਚਾਹੀਦੀ ਸੀ। ਪਰ ਮੈਂ ਉਨ੍ਹਾਂ ਦੇ ਕੰਮਕਾਜ਼ ਵਿਚ ਕੋਈ ਖਲਲ ਨਹੀਂ ਪਾਣਾ ਚਾਹੁੰਦੀ ਸੀ। ਸੋ ਮੈਂ ਆਪਣੀ ਰੋਟੀ ਆਪ ਬਣਾਉਣੀ ਸ਼ੁਰੂ ਕਰ ਦਿੱਤੀ। ਇਕ ਦਿਨ ਮੇਰੀ ਬੇਟੀ ਬਾਹਰੋਂ ਆਈ ਤੇ ਰਸੋਈ ਵੇਖਦਿਆਂ ਬੋਲੀ, 'ਮੰਮੀ ਤੁਸੀਂ ਮੇਰੀ ਰਸੋਈ ਨੂੰ ਕਦੇ ਸਾਹ ਵੀ ਲੈਣ ਦਿਆ ਕਰੋ'।
'ਰਸੋਈ ਨੂੰ ਸਾਹ! ਕੀ ਮਤਲਬ?'
'ਮੰਮੀ ਤੁਸੀਂ ਸਾਰਾ ਦਿਨ ਰੋਟੀਆਂ ਪਕਾਉਂਦੇ ਰਹਿੰਦੇ ਹੋ। ਪਤਾ ਹੈ ਇਕ ਫੁਲਕਾ ਬਣਾਉਣ ਲਈ ਕਿਨੇ ਭਾਂਡੇ ਵਰਤੇ ਜਾਂਦੇ ਹਨ-ਚਕਲਾ, ਵੇਲਣਾ, ਪਰਾਤ, ਸੁੱਕੇ ਆਟੇ ਦਾ ਡਿੱਬਾ, ਤਵਾ, ਚਿਮਟਾ। ਖਿਲਾਰਾ ਵਾਧੂ ਦਾ ਤੇ ਸਮੇਂ ਦੀ ਬਰਬਾਦੀ। ਮੈਂ ਤਾਂ ਰਸੋਈ ਤੇ ਭਾਂਡੇ ਸਾਫ਼ ਕਰਦੀ-ਕਰਦੀ ਥੱਕ ਜਾਂਦੀ ਹਾਂ', ਬੇਟੀ ਬੋਲੀ।
'ਸੱਚੀ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਇਕ ਰੋਟੀ ਬਣਾਉਣ 'ਤੇ ਇਕ-ਇਕ ਕਰ ਕੇ ਗਰਮ ਫੁਲਕਾ ਖਵਾਣ ਵਿਚ ਕਿਨਾ ਖਿਲਾਰਾ ਪੈਂਦਾ ਹੈ ਤੇ ਸਮਾਂ ਲੱਗਦਾ ਹੈ। ਉਸ ਦਿਨ ਤੋਂ ਬਾਅਦ ਬਿਨਾ ਗੁੱਸਾ ਕੀਤੇ ਮੈਕਸੀਕਨ ਰੋਟੀਆਂ ਤੇ ਬਜ਼ਾਰੀ ਪਰੌਂਠੇੇ ਖਾਣੇ ਸ਼ੁਰੂ ਕਰ ਦਿੱਤੇ'।
ਇਹ ਸਾਰੀਆਂ ਗੱਲਾਂ ਸੁਣ ਕੇ ਸਾਨੂੰ ਸਮਝ ਨਾ ਆਵੇ ਕਿ ਅਸੀਂ ਹੱਸੀਏ ਜਾਂ ਚੁੱਪ ਵੱਟੀਏ। ਫਿਰ ਚਾਹ ਦੀਆਂ ਚੁਸਕੀਆਂ ਸ਼ੁਰੂ ਹੋ ਗਈਆਂ।

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾਕ: ਸੂਲਰ, ਪਟਿਆਲਾ।
ਮੋਬਾਈਲ: 95015-31277.

ਹਾਸੇ ਦੇ ਵਪਾਰੀ

ਡਾਂਗ ਦੀ ਘਾਟ
ਸੰਤੂ : ਨੰਦੂ ਬਾਈ, ਮੈਮ ਕੁਝ ਗੱਲਾਂ ਕਰਦੇ ਆ ਗੋਲ। ਹੁਣ ਅੱਜ ਕਹਿੰਦੇ ਕਿ ਟੁੱਟੇ ਹੱਥਾਂ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਜੇ ਚੜ੍ਹਦਾ। ਇਹ ਗੱਲ ਸਾਨੂੰ ਕਿਉਂ ਆਖੀ? ਸਾਡੇ ਹੱਥ ਕਿਤੇ ਟੁੱਟੇ ਹੋਏ ਆ?
ਨੰਦੂ : ਬੇਬੇ ਨੂੰ ਐਹੋ ਜਿਹੀਆਂ ਕਹਾਣੀਆਂ ਬਹੁਤ ਆਉਂਦੀਆਂ ਵਾ, ਜਾ ਕੇ ਪੁੱਛਾਂਗੇ। ਹੋਰ ਦੱਸ ?
ਸੰਤੂ : ਦੂਸਰੀ ਗੱਲ ਹੈ ਕਿ ਦਿਲ ਨਾਲ ਕੀਤਾ ਹੋਇਆ ਕੰਮ ਹੀ ਕਾਮਯਾਬੀ ਦਿਵਾਉਂਦਾ ਹੈ। ਭਲਾ ਜੇ ਕਿਸੇ ਨੇ ਕੰਮ ਹੀ ਨਾ ਕਰਨਾ ਹੋਇਆ ਤਾਂ ਦਿਲ ਕੀ ਕਰੂ?
ਨੰਦੂ : ਡੈਡੀ ਕਹਿੰਦੇ ਹੁੰਦੇ ਨੇ ਪੁੱਤਰ ਇਹ ਇਕ ਬਿਮਾਰੀ ਆ ਜਿਹੜੀ ਡਾਂਗ ਦੀ ਘਾਟ ਕਾਰਨ ਪੈਦਾ ਹੁੰਦੀ ਆ। ਅੱਗੇ ਚੱਲ।
ਸੰਤੂ : ਅੱਗੇ ਚੱਲ, ਮੂਰਖਾ ਨਹਿਰ 'ਤੇ ਤਾਂ ਆ ਗਏ ਤੇ ਹੁਣ ਹੋਰ ਕਿੱਥੇ ਜਾਵਾਂ?
ਗੋਲਡ ਮੈਡਲ ਵੱਟ 'ਤੇ ਪਿਐ
ਕੱਥਾ ਸਿੰਘ : ਨੱਥਾ ਸਿੰਹਾਂ, ਕੱਲ੍ਹ ਫਿਰ ਉਹ ਸ਼ੋਕੀ ਦਾ ਬੱਚਾ, ਜੋ ਰਾਜਪੁਰੇ ਕੋਲ ਜੂਏ ਦਾ ਅੱਡਾ ਚਲਾਉਂਦਾ ਹੈ, ਬਚ ਗਿਆ। ਗਿਰੋਹ ਦੇ 49 ਵਿਉਪਾਰੀ ਤੇ ਪੂੰਜੀਪਤੀ ਫੜੇ ਗਏ ਪਰ ਸ਼ੋਕੀ ਹੋਰੀਂ ਫਿਰ ਫਰਾਰ ਹੋਣ ਵਿਚ ਕਾਮਯਾਬ।
ਨੱਥਾ : ਯਾਰ ! ਇਹ ਸ਼ੋਕੀ ਦਾ ਬੱਚਾ ਆਖਰ ਕਿੱਡਾ ਕੁ ਦੋੜਾਕ ਹੈ! ਮੇਰੇ ਖਿਆਲ ਵਿਚ ਇਹਨੂੰ ਉਲੰਪਿਕ ਭੇਜੋ ਤੇ ਗੋਲਡ ਮੈਡਲ ਵੱਟ 'ਤੇ ਪਿਐ।

-ਮੋਬਾਈਲ : 98761-05647.

ਸਿਫ਼ਰ

ਵਿਸ਼ਵ ਪੱਧਰ 'ਤੇ ਮੁੱਕੇਬਾਜ਼ੀ ਦੀ ਵਿਜੇਤਾ ਜਸਵੀਰ ਜਦੋਂ ਆਪਣੇ ਪਿੰਡ ਪੁੱਜੀ ਤਾਂ ਪੂਰੇ ਇਲਾਕੇ 'ਚ ਜਸ਼ਨ ਦਾ ਮਾਹੌਲ ਸੀ। ਲੋਕ ਉਸ ਨੂੰ ਵਧਾਈਆਂ ਤੇ ਤੋਹਫ਼ੇ ਦੇਣ ਲਈ ਉਤਾਵਲੇ ਹੋਏ ਫਿਰਦੇ ਸਨ। ਉਥੇ ਪ੍ਰੈੱਸ ਮੀਡੀਆ ਉਸ ਦੇ ਪਰਿਵਾਰ ਨੂੰ ਮਿਲ ਕੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਯਤਨਸ਼ੀਲ ਸੀ। ਮਾਂ ਤੋਂ ਪੁੱਛੇ ਸਵਾਲ 'ਤੇ ਉਸ ਦਾ ਜਵਾਬ ਸੀ।
'ਇਕ ਚੰਗੇ ਪਾਲਣ-ਪੋਸ਼ਣ ਕਾਰਨ ਹੀ ਇਹ ਸਭ ਸੰਭਵ ਹੋਇਆ ਹੈ, ਧੀ ਹੁੰਦਿਆਂ ਵੀ ਅਸਾਂ ਉਸ ਦੇ ਪਾਲਣ-ਪੋਸ਼ਣ ਵਿਚ ਕਮੀ ਨਹੀਂ ਸੀ ਰੱਖੀ ਅਤੇ ਨਾ ਹੀ ਪੜ੍ਹਾਈ-ਖੇਡਾਂ ਵਿਚ ਮੁੰਡਿਆਂ ਤੋਂ ਕਦੀ ਵੱਖ ਰੱਖਿਆ', ਮਾਂ ਬੜੇ ਗੌਰਵਮਈ ਅੰਦਾਜ਼ ਵਿਚ ਬੋਲੀ।
'ਮੇਰੇ ਪੁੱਤ ਜਸਪਾਲ ਨੇ ਤਾਂ ਵਿਆਹ ਤੋਂ ਕੋਈ ਅੱਠ ਕੁ ਵਰ੍ਹਿਆਂ ਬਾਅਦ ਜਨਮੀ ਧੀ ਦਾ ਨਾਂਅ ਲਾਡ 'ਚ ਹੀ ਮੁੰਡਿਆਂ ਵਰਗਾ ਜਸਵੀਰ ਰੱਖਿਆ ਸੀ', ਦਾਦੀ ਆਪਣੇ ਗਲ ਵਿਚ ਪਾਈ ਚਿੱਟੇ ਮੋਤੀਆਂ ਦੀ ਮਾਲਾ ਵਿਚ ਉਂਗਲੀ ਫੇਰਦੀ ਹੋਈ ਬੋਲੀ।
'ਮੈਂ ਸੋਚਦੀ ਹਾਂ ਜੇ ਵਿਚਾਰੀ ਜਸਵੀਰ ਜਿੱਤ ਹਾਸਲ ਨਾ ਕਰਦੀ ਤਾਂ ਮੁੰਡਿਆਂ ਨੇ ਤਾਂ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਅ ਹੀ ਦਿੱਤਾ ਸੀ', ਇਕ ਗੁਆਂਢਣ ਨੇ ਆਪਣੇ ਸਿਰ ਨੂੰ ਹਿਲਾਉਂਦਿਆਂ ਪ੍ਰੈੱਸ ਮੀਡੀਆ ਸਾਹਮਣੇ ਆਖਿਆ।
ਧੀ ਅਤੇ ਵਿਚਾਰੀ ਵਰਗੇ ਸ਼ਬਦ ਸੁਣ ਜਸਵੀਰ ਖੁਸ਼ੀ ਦੇ ਮਾਹੌਲ ਵਿਚ ਵੀ ਪ੍ਰੇਸ਼ਾਨ ਤੇ ਥੱਕੀ ਹੋਈ ਨਜ਼ਰ ਆਉਣ ਲੱਗੀ। ਉਹ ਇਕ ਲੰਬਾ ਸਾਹ ਲੈ ਕੇ ਪੱਤਰਕਾਰ ਹੱਥੋਂ ਮਾਇਕ ਫੜ ਕੇ ਬੋਲੀ, 'ਦੇਸ਼ ਤੇ ਮੀਡੀਆ ਦੀਆਂ ਨਜ਼ਰਾਂ ਵਿਚ ਮੈਂ ਵਿਸ਼ਵ ਚੈਂਪੀਅਨ ਜ਼ਰੂਰ ਹਾਂ ਪਰ ਸਮਾਜ ਤੇ ਪਰਿਵਾਰ ਦੀਆਂ ਸੋਚਾਂ ਮੁਤਾਬਿਕ ਇਕ ਕੁੜੀ ਹੋਣ ਕਾਰਨ ਮੇਰੀ ਹੋਂਦ ਅਜੇ ਵੀ ਸਿਫਰ 'ਤੇ ਅਟਕੀ ਹੋਈ ਹੈ।' ਜਸਵੀਰ ਹੱਥੋਂ ਪਹਿਲਾਂ ਮਾਇਕ ਤੇ ਬੁੱਕੇ ਡਿੱਗ ਪਏ ਤੇ ਫਿਰ ਆਪ ਧੜੰਮ ਕਰਕੇ ਫਰਸ਼ ਉਤੇ ਡਿੱਗ ਪਈ।

-ਸ੍ਰੀਮਤੀ ਉਮਾ
ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ, (ਜਲੰਧਰ)।
ਮੋਬਾਈਲ : 98142-09399.

ਬਿੱਲੀ ਰਸਤਾ ਕੱਟ ਗਈ

ਇਕ ਵਾਰ ਦੀ ਗੱਲ ਹੈ ਇਕ ਜੋਤਿਸ਼ੀ ਦੇ ਘਰ ਇਕ ਮਹਾਂਪੁਰਸ਼ ਨੇ ਪੈਰ ਪਾਏ। ਡੂੰਘੀ ਸੋਚ ਵਿਚਾਰ ਦੀਆਂ ਗੱਲਾਂ ਹੋਈਆਂ। ਵਿਗਿਆਨਕ ਨਜ਼ਰੀਏ ਤੋਂ ਹਰ ਚੀਜ਼ 'ਤੇ ਵਿਚਾਰ ਕੀਤਾ ਗਿਆ। ਬਾਣੀ ਦੇ ਆਧਾਰ 'ਤੇ ਧਾਗੇ, ਤਬੀਤ, ਜਨੇਊ ਤੇ ਝੂਠੇ ਵਹਿਮ ਭਰਮ ਆਦਿ ਦੀ ਨਿਖੇਧੀ ਕੀਤੀ ਗਈ। ਜੋਤਸ਼ੀ ਨੇ ਉਸ ਮਹਾਂਪੁਰਸ਼ ਦੀ ਹਰ ਗੱਲ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਮਹਾਂਪੁਰਸ਼ ਉਸ ਦੇ ਘਰ ਤੋਂ ਚਲੇ ਗਏ। ਡੂੰਘੀ ਸੋਚ-ਵਿਚਾਰ ਤੋਂ ਬਾਅਦ ਜੋਤਸ਼ੀ ਆਪਣੇ-ਆਪ ਨੂੰ ਦੋਸ਼ੀ ਮੰਨਦੇ ਹੋਏ ਧਾਗੇ, ਤਬੀਤ, ਜਨੇਊ ਅਤੇ ਜੋਤਿਸ਼ ਨਾਲ ਸਬੰਧਤ ਕਿਤਾਬਾਂ ਦਾ ਬੋਰਾ ਭਰ ਕੇ ਨਦੀ ਵਿਚ ਸੁੱਟਣ ਚੱਲ ਪਿਆ। ਅਜੇ ਉਹ ਰਸਤੇ ਵਿਚ ਹੀ ਸੀ ਕਿ ਰਾਹ ਵਿਚ ਇਕ ਬਿੱਲੀ ਨੇ ਉਸ ਦਾ ਰਸਤਾ ਕੱਟ ਦਿੱਤਾ। ਜੋਤਿਸ਼ੀ ਦੇ ਮਨ ਵਿਚ ਵਿਚਾਰ ਆ ਗਿਆ ਕਿ ਉਹ ਸ਼ੁੱਭ ਕੰਮ ਕਰਨ ਜਾ ਰਿਹਾ ਸੀ ਪਰ ਬਿੱਲੀ ਨੇ ਉਸ ਦਾ ਰਸਤਾ ਕੱਟ ਦਿੱਤਾ। ਇਸ ਤਰ੍ਹਾਂ ਉਹ ਆਪਣਾ ਸਾਰਾ ਸਮਾਨ ਵਾਪਸ ਆਪਣੇ ਘਰ ਲੈ ਕੇ ਆ ਗਿਆ।
ਦੂਰ ਖੜ੍ਹੇ ਉਹੀ ਮਹਾਂਪੁਰਸ਼ ਉਸ ਦੀ ਇਸ ਹਰਕਤ ਨੂੰ ਦੇਖ ਰਹੇ ਸਨ ਤੇ ਸੋਚ ਰਹੇ ਸਨ ਕਿ ਆਦਮੀ ਜਿੰਨਾ ਮਰਜ਼ੀ ਵਹਿਮਾਂ-ਭਰਮਾਂ ਦੀ ਨਿਖੇਧੀ ਕਰੇ ਅਤੇ ਉਨ੍ਹਾਂ ਨੂੰ ਦੁਨੀਆ ਦੇ ਦਿਖਾਵੇ ਲਈ ਛੱਡ ਵੀ ਦੇਵੇ ਪਰ ਜਿਹੜੇ ਵਹਿਮਾਂ-ਭਰਮਾਂ ਦਾ ਬੋਝ ਮੰਨ 'ਤੇ ਲੈ ਕੇ ਚਲਦਾ ਹੈ, ਉਸ ਨੂੰ ਕਿਵੇਂ ਦੂਰ ਕਰੇਗਾ। ਉਨ੍ਹਾਂ ਨੇ ਕਿਹਾ ਕਿ, 'ਅਸੀਂ ਵਿਗਿਆਨਕ ਸੋਚ ਅਤੇ ਤਰੱਕੀ ਉਦੋਂ ਤੱਕ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਮਾਨਸਿਕ ਤੌਰ 'ਤੇ ਬੁੱਧੀ ਦਾ ਵਿਕਾਸ ਨਹੀਂ ਕਰਦੇ ਅਤੇ ਬੇਤੁਕੀਆਂ ਗੱਲਾਂ ਨੂੰ ਦਿਮਾਗ ਵਿਚ ਉਪਜਣ ਨਹੀਂ ਦਿੰਦੇ ਅਤੇ ਅਸੀਂ ਬੁਰੇ ਵਿਚਾਰਾਂ ਨੂੰ ਛੱਡ ਨਹੀਂ ਦਿੰਦੇ ਅਤੇ ਅਚੇਤਨ ਰੂਪ ਵਿਚ ਉਨ੍ਹਾਂ ਵਿਚਾਰਾਂ ਨੂੰ ਪ੍ਰਪੱਕਤਾ ਪ੍ਰਦਾਨ ਨਹੀਂ ਕਰਦੇ। ਸਾਡਾ ਦਿਮਾਗ ਇਕ ਤਰ੍ਹਾਂ ਦਾ ਖੇਤ ਹੈ ਜਿਸ ਉਤੇ ਅਸੀਂ ਚੰਗੇ ਵਿਚਾਰਾਂ ਦੀ ਖੇਤੀ ਕਰਾਂਗੇ ਤਾਂ ਚੰਗੇ ਵਿਚਾਰ ਪੈਦਾ ਹੋਣਗੇ ਅਤੇ ਬੁਰੇ ਵਿਚਾਰਾਂ ਦੀ ਖੇਤੀ ਕਰਾਂਗੇ ਤਾਂ ਬੁਰੇ ਵਿਚਾਰਾਂ ਦੀ ਹੀ ਫ਼ਸਲ ਪੈਦਾ ਹੋਵੇਗੀ।

-ਪ੍ਰਿੰ: ਸਰਬਜੀਤ ਸਿੰਘ
ਆਦਰਸ਼ ਮਾਡਲ ਸੀ. ਸੈ. ਸਕੂਲ, ਮਾਹਿਲਪੁਰ, ਹੁਸ਼ਿਆਰਪੁਰ। ਮੋਬਾਈਲ : 94177-58355.

ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ

ਪਿੰਡ ਸਾਡੇ ਪਰਿਵਾਰ ਨਾਲ ਇਕ ਕਹਾਣੀ ਜੁੜੀ ਹੋਈ ਸੁਣਦੇ ਆਏ ਹਾਂ। ਸਾਡੇ ਪੜਦਾਦੇ ਦੀ ਇਕ ਕੁੜੀ ਦਾ ਰਿਸ਼ਤਾ ਕਿਸੇ ਪਿੰਡ ਹੋਇਆ ਸੀ। ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦਾ ਲਾਗੀ ਪੁੱਛਣ ਆਇਆ ਕਿ ਬਰਾਤ 'ਚ ਕਿੰਨੇ ਕੁ ਬੰਦੇ ਆਉਣ ਤਾਂ ਸਾਡੇ ਬਜ਼ੁਰਗ ਨੇ ਸਰ੍ਹੋਂ ਦੇ ਬੀਜਾਂ ਦੀ ਮੁੱਠ ਭਰ ਕੇ ਦੇ ਦਿੱਤੀ। ਵਿਆਹ ਵੇਲੇ ਸੱਚੀਂ ਬਰਾਤ ਬਹੁਤ ਆ ਗਈ। ਗਰਮੀਆਂ ਦੇ ਦਿਨ ਸਨ। ਸ਼ਾਮ ਦਾ ਵੇਲਾ ਸੀ। ਬਰਾਤ ਨੂੰ ਠੰਢਾ-ਮਿੱਠਾ ਪਾਣੀ ਪਿਆਉਣਾ ਸੀ। ਕਹਿੰਦੇ ਨੇ ਕਿ ਸਾਡੇ ਬਜ਼ੁਰਗਾਂ ਨੇ ਪਾਣੀ ਨੂੰ ਮਿੱਠਾ ਕਰਨ ਲਈ ਖੂਹ 'ਚ ਖੰਡ ਦੀਆਂ ਬੋਰੀਆਂ ਸੁੱਟ ਦਿੱਤੀਆਂ। ਉਸ ਦਿਨ ਤੋਂ ਸਾਡੇ ਟੱਬਰ ਦਾ ਨਾਂਅ 'ਮਿੱਠੇ ਕਿਆਂ ਦਾ' ਟੱਬਰ ਪੈ ਗਿਆ।
ਸਾਡੇ ਘਰ ਕੋਈ ਪਾਣੀ ਦਾ ਨਲਕਾ ਨਹੀਂ ਸੀ। ਜੁਆਲਾ ਝਿਊਰ ਪਾਣੀ ਦੇ ਦੋ ਘੜੇ ਸਵੇਰੇ ਤੇ ਇਕ ਘੜਾ ਤਿਰਕਾਲ਼ਾਂ ਨੂੰ ਦੇ ਜਾਂਦਾ ਸੀ। ਪਤਾ ਨਹੀਂ ਏਨੇ ਪਾਣੀ ਨਾਲ ਸਾਰੇ ਟੱਬਰ ਦਾ ਕਿਵੇਂ ਸਰਦਾ ਸੀ। ਗਰਮੀਆਂ ਵਿਚ ਤਾਂ ਹੋਰ ਵੀ ਪ੍ਰਬੰਧ ਕਰਨਾ ਪੈਂਦਾ ਸੀ। ਸਾਡੇ ਬਿਲਕੁਲ ਗੁਆਂਢ ਲੰਬੜਾਂ ਦਾ ਘਰ ਹੁੰਦਾ ਸੀ। ਉਨ੍ਹਾਂ ਦੇ ਨਲਕਾ ਲੱਗਾ ਹੋਇਆ ਸੀ, ਪਰ ਸੀ ਗੁਸਲਖਾਨੇ ਵਿਚ। ਜਦੋਂ ਕੋਈ ਨਹਾ ਰਿਹਾ ਹੁੰਦਾ ਤਾਂ ਪਾਣੀ ਲੈਣਾ ਮੁਸ਼ਕਿਲ ਹੋ ਜਾਂਦਾ। ਜੇਕਰ ਉਨ੍ਹਾਂ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਜਾ ਕੇ ਨਲਕਾ ਗੇੜ ਕੇ ਪਾਣੀ ਭਰ ਲਈਦਾ ਸੀ। ਸਾਡੇ ਹੋਰ ਆਂਢੀ-ਗੁਆਂਢੀ ਵੀ ਉਥੋਂ ਪਾਣੀ ਲੈਂਦੇ ਸਨ। ਪਰ ਕਈ ਵਾਰ ਉਹ ਦਰਵਾਜ਼ਾ ਬੰਦ ਕਰ ਲੈਂਦੇ ਤੇ ਕੁੰਡਾ ਖੜਕਾਉਣ 'ਤੇ ਵੀ ਨਾ ਖੋਲ੍ਹਦੇ। ਫਿਰ ਪਾਣੀ ਲੈਣ ਲਈ ਮੁਸ਼ਕਿਲ ਆਉਂਦੀ। ਕਈ ਵਾਰ ਕਹਿ ਦੇਣਾ ਕਿ ਲੰਬੜਦਾਰ ਸੌਂ ਰਿਹਾ ਹੈ, ਠਹਿਰ ਕੇ ਲੈ ਜਾਇਓ। ਸੋ, ਅਸੀਂ ਸਾਰੇ ਲੰਬੜਦਾਰਨੀ ਦੇ ਰਹਿਮ 'ਤੇ ਹੁੰਦੇ। ਰਿਸ਼ਤੇ ਵਜੋਂ ਪੇਕਿਆਂ ਵੱਲੋਂ ਤਾਂ ਉਹ ਮੇਰੀ ਭੈਣ ਲਗਦੀ ਸੀ। ਸਾਡੇ ਬਾਪੂ ਦੇ ਮਾਮੇ ਦੀ ਪੋਤੀ। ਪਰ ਸ਼ਰੀਕੇ 'ਚੋਂ ਸਾਡੀ ਦਾਦੀ ਲਗਦੀ ਸੀ। ਕਈ ਵਾਰੀ ਜਦੋਂ ਨੂੰਹ-ਸੱਸ ਦੀ ਖੜਕੀ ਹੁੰਦੀ, ਉਦੋਂ ਵੀ ਮੁੱਖ ਦਰਵਾਜ਼ਾ ਬੰਦ ਹੁੰਦਾ। ਓਦਾਂ ਤਾਂ ਸੱਸ ਜਦੋਂ ਸੁਰਾਂ 'ਤੇ ਹੁੰਦੀ ਤਾਂ ਸਾਰਾ ਦਿਨ ਦਰਵਾਜ਼ਾ ਖੁੱਲ੍ਹਾ ਰੱਖਦੀ।
ਦੂਜਾ ਘਰ ਜਿਸ 'ਚ ਨਲਕਾ ਲੱਗਾ ਹੋਇਆ ਸੀ, ਉਹ ਸੀ ਭਾਈ ਕਾਬਲ ਸਿੰਘ ਦਾ ਘਰ। ਗਲੀ ਦੇ ਸ਼ੁਰੂ 'ਚ ਹੀ। ਨੀਲੀ ਪੱਗ ਵਾਲਾ ਭਾਈ ਪੱਕਾ ਅਕਾਲੀ ਸੀ। ਉਸ ਦੀਆਂ ਦੋ ਤੀਵੀਆਂ ਸਨ। ਵੱਡੀ ਬਿਸ਼ਨੋ ਤੇ ਛੋਟੀ ਕਰਤਾਰ ਕੌਰ। ਸੌਂਕਣਾਂ। ਬਿਸ਼ਨੋ ਦੇ ਬੱਚਾ ਨਹੀਂ ਸੀ। ਕਰਤਾਰ ਕੌਰ ਮਾਲਵੇ ਤੋਂ ਸੀ, ਉਹਦੇ ਇਕ ਮੁੰਡਾ ਸੀ। ਸੌਂਕਣਾਂ ਦੀ ਲੜਾਈ, ਤੌਬਾ-ਤੌਬਾ। ਪਤਾ ਨਹੀਂ ਉਨ੍ਹੀਂ ਕੀ ਵੰਡਣਾ ਹੁੰਦਾ ਸੀ। ਬਹੁਤੀ ਵਾਰੀ ਤਾਂ ਉਨ੍ਹਾਂ ਦਾ ਬਾਹਰਲਾ ਬੂਹਾ ਬਾਹਰੋਂ ਹੀ ਖੋਲ੍ਹ ਲਈਦਾ ਸੀ। ਅੰਦਰ ਮੱਝਾਂ ਬੱਝੀਆਂ ਹੁੰਦੀਆਂ ਸਨ। ਕੁੱਕੜੀਆਂ ਵੀ ਅੰਦਰ ਚੁਗਦੀਆਂ ਫਿਰਦੀਆਂ ਹੁੰਦੀਆਂ। ਪਾਣੀ ਲੈਣ ਵਾਲਿਆਂ 'ਚੋਂ ਕੋਈ ਨਾ ਕੋਈ ਬਾਹਰਲਾ ਦਰਵਾਜ਼ਾ ਖੁੱਲ੍ਹਾ ਛੱਡ ਜਾਂਦਾ। ਮੁਰਗੀਆਂ ਬਾਹਰ ਨਿਕਲ ਜਾਂਦੀਆਂ। ਛੋਟੀ ਬੀਬੀ ਨੂੰ ਚੜ੍ਹ ਜਾਂਦਾ ਗੁੱਸਾ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੰਦੀ। ਓਦਾਂ ਤਾਂ ਉਹ ਦੁੱਧ ਤੇ ਆਂਡੇ ਵੀ ਵੇਚਦੀ ਸੀ। ਗਾਹਕ ਵੀ ਆਉਂਦੇ-ਜਾਂਦੇ ਰਹਿੰਦੇ। ਭਾਈ ਜੀ ਉਨ੍ਹਾਂ ਦੀ ਲੜਾਈ 'ਚ ਬਹੁਤਾ ਦਖ਼ਲ ਨਾ ਦਿੰਦੇ। ਅਖੀਰ ਥੱਕ-ਟੁੱਟ ਕੇ ਆਪੇ ਹੀ ਚੁੱਪ ਕਰ ਜਾਂਦੀਆਂ।
ਸਾਡੀ ਬੀਹੀ ਦੇ ਸਾਹਮਣੇ ਵਾਲੀ ਬੀਹੀ ਨੂੰ 'ਪੁਰਾਣੇ ਕਿਆਂ ਦੀ' ਬੀਹੀ ਕਹਿੰਦੇ ਸੀ। ਉਥੇ ਵੀ ਇਕ ਨਲਕਾ ਲੱਗਾ ਹੋਇਆ ਸੀ। ਮੈਂ ਤੇ ਮੇਰੀ ਭੈਣ ਨੇ ਉਥੋਂ ਵੀ ਹਨੇਰੇ ਸਵੇਰੇ ਪਾਣੀ ਦੀਆਂ ਬਾਲਟੀਆਂ ਲਿਆਉਣੀਆਂ, ਜਿਸ ਵਿਹੜੇ 'ਚ ਨਲਕਾ ਲੱਗਾ ਸੀ, ਉਹਦਾ ਦਰਵਾਜ਼ਾ ਤਾਂ ਹਰ ਵੇਲੇ ਖੁੱਲ੍ਹਾ ਹੀ ਰਹਿੰਦਾ ਸੀ। ਜਦੋਂ ਮਰਜ਼ੀ ਪਾਣੀ ਲੈ ਲਓ। ਮੁਸ਼ਕਿਲ ਸਿਰਫ਼ ਇਹ ਸੀ ਕਿ ਉਹ ਸਾਡੇ ਘਰੋਂ ਦੂਰ ਪੈਂਦਾ ਸੀ। ਰਾਹ 'ਚ ਪਾਣੀ ਦੀ ਭਰੀ ਬਾਲਟੀ ਰੱਖ ਕੇ ਸਾਹ ਲੈਣਾ ਪੈਂਦਾ ਸੀ। ਮੈਂ ਵੀ ਅਜੇ ਛੋਟਾ ਜਿਹਾ ਸੀ। ਮੇਰੀ ਭੈਣ ਮੈਥੋਂ ਵੱਡੀ ਸੀ। ਉਸ ਵਿਹੜੇ 'ਚ ਇਕ ਚਕੂੰਦਰ (ਘੀਸ) ਵੀ ਫਿਰਦੀ ਹੁੰਦੀ ਸੀ, ਜਿਸ ਤੋਂ ਮੈਨੂੰ ਬਹੁਤ ਡਰ ਲਗਦਾ ਸੀ। ਜਾਂ ਫਿਰ ਉਸ ਗਲੀ 'ਚ ਇਕ ਸ਼ਰਾਬੀ ਵੀ ਰਹਿੰਦਾ ਸੀ, ਜਿਹੜਾ ਸ਼ਾਮ ਵੇਲੇ ਅਵਾ-ਤਵਾ ਬੋਲਦਾ ਵੀ ਸੁਣਦਾ ਸੀ।
ਚੌਥਾ ਘਰ ਜਿਥੋਂ ਅਸੀਂ ਪਾਣੀ ਲੈਂਦੇ ਸਾਂ ਜਾਂ ਲੋੜ ਵੇਲੇ ਲੈ ਸਕਦੇ ਸਾਂ, ਉਹ ਸਰਦਾਰ ਮਿਲਖਾ ਸਿੰਘ ਦਾ ਘਰ ਸੀ। ਉਨ੍ਹਾਂ ਦੇ ਘਰ ਪਾਣੀ ਦੀ ਖੂਹੀ ਸੀ। ਉਹ ਪਰਿਵਾਰ ਤਾਂ ਮਕਾਨ ਦੇ ਉਪਰਲੇ ਹਿੱਸੇ 'ਚ ਰਹਿੰਦਾ ਸੀ। ਪੂਰਨ ਝਿਊਰ ਜਾਂ ਉਹਦੀਆਂ ਕੁੜੀਆਂ ਉਸ ਖੂਹੀ ਤੋਂ ਡੋਲ ਰਾਹੀਂ ਪਾਣੀ ਕੱਢ ਕੇ ਉਨ੍ਹਾਂ ਦਾ ਦਿਨ ਭਰ ਦਾ ਪਾਣੀ ਭਰ ਜਾਂਦੀਆਂ। ਜੇ ਵੇਲੇ-ਕੁਵੇਲੇ ਸਾਨੂੰ ਪਾਣੀ ਦੀ ਲੋੜ ਹੁੰਦੀ ਤਾਂ ਅਸੀਂ ਵੀ ਖੂਹੀ ਤੋਂ ਪਾਣੀ ਭਰ ਲੈਂਦੇ। ਉਨ੍ਹਾਂ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਘਰ ਦੇ ਵਿਹੜੇ ਦੇ ਦੋ ਦਰਵਾਜ਼ੇ ਸਨ। ਇਕ ਸਾਡੀ ਬੀਹੀ 'ਚ ਖੁੱਲ੍ਹਦਾ ਸੀ ਤੇ ਦੂਜਾ ਸੜਕ ਵੱਲ। ਮਿਲਖਾ ਸਿੰਘ ਘਰਾਂ 'ਚੋਂ ਮੇਰਾ ਬਾਬਾ ਲਗਦਾ ਸੀ ਜਾਂ ਫਿਰ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਤਾਂ ਖਾਰੇ ਖੂਹ ਤੋਂ ਜਾਂ ਉੱਚੀ ਧਰਮਸ਼ਾਲਾ ਦੇ ਖੂਹ ਤੋਂ ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਸਵੇਰ ਵੇਲੇ ਤਾਂ ਖਾਰੇ ਖੂਹ ਤੋਂ ਜੁਆਲਾ ਅਤੇ ਝੰਡਿਆਂ ਵਾਲੇ ਚੌਕ ਤੋਂ ਸੇਮ ਤੇ ਸੋਹਣ ਪਾਣੀ ਭਰਦੇ ਤੇ ਲੋਕਾਂ ਦੇ ਘਰੀਂ ਦੇ ਆਉਂਦੇ।
ਕਿਉਂਕਿ ਮਕਾਨਾਂ ਦੀ, ਵੰਡ ਵੰਡਾਈ 'ਚ ਮੇਰੇ ਬਾਪ ਦੇ ਹਿੱਸੇ ਉੱਪਰ ਵਾਲਾ ਚੁਬਾਰਾ ਆਇਆ ਸੀ ਤੇ ਨਲਕਾ ਲਾਉਣ ਦੀ ਥਾਂ ਨਹੀਂ ਸੀ। ਜਦ ਅਸੀਂ ਨਾਲ ਵਾਲਾ ਘਰ ਮੁੱਲ ਲੈ ਲਿਆ ਤਾਂ ਫਿਰ ਉਸ ਦੀ ਡਿਉੜੀ 'ਚ ਨਲਕਾ ਲਾਇਆ। ਮੇਰੇ ਇੰਗਲੈਂਡ ਰਹਿੰਦੇ ਭਰਾ ਨੇ 1965 'ਚ ਆਉਣਾ ਸੀ। ਉਸ ਨੇ ਪਹਿਲਾਂ ਹੀ ਪੈਸੇ ਭੇਜ ਦਿੱਤੇ ਕਿ ਮੇਰੇ ਆਉਂਦੇ ਨੂੰ ਨਲਕਾ ਲੱਗਾ ਹੋਵੇ। ਇਕ ਵੱਡੇ ਸਾਰੇ ਲੋਹੇ ਦੇ ਟੱਬ ਦਾ ਵੀ ਪ੍ਰਬੰਧ ਕਰਿਓ। ਦਿਨ ਵੇਲੇ ਮੇਰੀ ਮਾਂ ਡਿਉੜੀ ਦਾ ਦਰਵਾਜ਼ਾ ਖੁੱਲ੍ਹਾ ਰੱਖਦੀ। ਉਸ ਨੇ ਕਹਿਣਾ ਕਿ ਅਸੀਂ ਪਾਣੀ ਲਈ ਦਰ-ਦਰ ਘੁੰਮੇ। ਸਾਨੂੰ ਉਹ ਦਿਨ ਭੁੱਲਣੇ ਨਹੀਂ ਚਾਹੀਦੇ। ਜਦੋਂ ਕੋਈ ਮਰਜ਼ੀ ਆਂਢੀ-ਗੁਆਂਢੀ ਪਾਣੀ ਲੈ ਲਵੇ। ਮਾਂ ਨੇ ਕਹਿਣਾ, 'ਬੜੀ ਤੰਗੀ ਦੇਖੀ ਪਾਣੀ ਦੀ, ਪਾਣੀ ਨੂੰ ਕਿਸੇ ਨੂੰ ਨਾਂਹ ਨਾ ਕਰਿਓ। ਲੋਕੀਂ ਤਾਂ ਰਾਹਾਂ 'ਚ, ਸਕੂਲਾਂ 'ਚ, ਸਿਵਿਆਂ 'ਚ ਨਲਕੇ ਲੁਆਉਂਦੇ ਹਨ। ਪਾਣੀ ਦੇ ਪੁੰਨ ਵਰਗਾ ਕੋਈ ਪੁੰਨ ਨਹੀਂ। ਅਸੀਂ ਸਿਰਫ਼ ਰਾਤ ਨੂੰ ਹੀ ਡਿਉੜੀ ਦਾ ਦਰਵਾਜ਼ਾ ਬੰਦ ਕਰਦੇ। ਫਿਰ ਤਾਂ ਹੌਲੀ-ਹੌਲੀ ਇਕ ਅੱਧਾ ਘਰ ਛੱਡ ਕੇ ਸਾਰਿਆਂ ਦੇ ਘਰੀਂ ਨਲਕੇ ਲੱਗ ਗਏ।
ਜਦੋਂ ਸ਼ਹਿਰ ਰਹਿਣ ਲੱਗੇ ਤਾਂ ਗਰਮੀਆਂ ਨੂੰ ਪਾਣੀ ਦੀ ਬਹੁਤ ਸਮੱਸਿਆ ਆਉਂਦੀ। ਲੋਕਾਂ ਨੇ ਸਿੱਧੀਆਂ ਮੋਟਰਾਂ ਚਲਾ ਲੈਣੀਆਂ, ਪਾਣੀ ਦਾ ਦਬਾਅ ਘੱਟ ਜਾਣਾ। ਪਾਣੀ ਨੂੰ ਸੰਜਮ ਨਾਲ ਵਰਤਣਾ। ਪਾਣੀ ਦੀ ਮਹੱਤਤਾ ਦਾ ਪਤਾ ਲੱਗਾ, ਕਿਉਂਕਿ ਪਾਣੀ ਮੁਫ਼ਤ ਨਹੀਂ, ਮੁੱਲ ਮਿਲਦਾ ਸੀ। ਪਾਣੀ ਦਾ ਸੋਕਾ ਵੀ ਮਾੜਾ ਤੇ ਡੋਬਾ ਵੀ ਮਾੜਾ।

-643-ਐਲ, ਮਾਡਲ ਟਾਊਨ, ਜਲੰਧਰ-144003.
ਮੋਬਾਈਲ : 95012-64465.

ਜ਼ਰਾ ਹੱਸ ਲਓ

ਕਾਕਾ ਨੋਟ ਕਰ ਲੈ, ਇਸ ਵਾਰ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਰੇ ਅਧਿਕਾਰੀਆਂ ਨੂੰ ਵਧੀਆ ਪ੍ਰਬੰਧ ਕਰਨ ਲਈ ਕਹਿ...ਬਾਅਦ ਵਿਚ ਵੱਡੇ ਅਫ਼ਸਰਾਂ ਨੂੰ ਨਾਲ ਲੈ ਕੇ ਮੌਕਾ ਵੇਖਾਂਗੇ।

ਕਾਵਿ-ਵਿਅੰਗ

ਮਿਠਾਸ ਦੀ ਛੁਰੀ
* ਹਰਦੀਪ ਢਿੱਲੋਂ
ਮੂੰਹ ਨਮੋਸ਼ੀ ਦਾ ਵੇਖਣੋਂ ਬਚੇ ਕੁਰਸੀ,
ਜਿਹੜੀ ਜੀਭ ਨੂੰ ਪੂਰੀ ਸੰਭਾਲ ਤੁਰਦੀ।
ਪੱਤੀ ਕੁਰਸੀ ਦੀ ਆਂਵਦੀ ਤੁਰੀ ਆਪੇ,
ਗੱਡੀ ਤਰੱਕੀ ਦੀ ਸਹਿਜ ਦੀ ਚਾਲ ਤੁਰਦੀ।
ਟੀਕਾ ਕੁਰਸੀ ਦਾ ਕੁਰਸੀ ਨੂੰ ਜਦ ਲੱਗੇ,
ਵਿਰਲੀ ਦਿਸਦੀ ਕੁਰਸੀ ਖ਼ੁਸ਼ਹਾਲ ਤੁਰਦੀ।
'ਮੁਰਾਦਵਾਲਿਆ' ਮਿਠਾਸ ਦੀ ਛੁਰੀ ਕੂਲੀ,
ਤਿੱਖੇ ਸਿੰਗਾਂ ਨੂੰ ਕਰ ਹਲਾਲ ਤੁਰਦੀ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਪ੍ਰਵਾਜ਼
* ਨਵਰਾਹੀ ਘੁਗਿਆਣਵੀ r
ਤੇਰੇ ਸਾਹਮਣੇ ਕਿਸੇ ਦਾ ਘਾਣ ਹੋਇਆ,
ਪਰ ਤੂੰ ਚੁੱਪ ਹੈਂ, ਨਹੀਂ ਇਤਰਾਜ਼ ਕਰਦਾ।
ਚੰਗੇ ਕੰਮਾਂ ਦੀ ਨਹੀਂ ਪ੍ਰਵਾਹ ਤੈਨੂੰ,
ਘਟੀਆ ਸੋਚ ਉਤੇ ਸਗੋਂ ਨਾਜ਼ ਕਰਦਾ।
ਗੱਲਾਂ ਝੂਠੀਆਂ ਜੋੜ ਕੇ ਕੁਫ਼ਰ ਤੋਲੇਂ,
ਸੱਚੇ ਪੱਖ ਨੂੰ ਨਜ਼ਰਅੰਦਾਜ਼ ਕਰਦਾ।
ਬਿਨਾਂ ਸ਼ੱਕ ਉਹ ਉੱਡਣਾ ਭੁੱਲ ਜਾਂਦਾ,
ਜਿਹੜਾ ਪੰਛੀ ਨਾ ਕਦੇ ਪ੍ਰਵਾਜ਼ ਕਰਦਾ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX