ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਲੋਕ ਮੰਚ

ਕਾਰਪੋਰੇਟ ਨੀਤੀਆਂ ਅਤੇ ਲੋਕਾਂ ਦੀਆਂ ਮਾੜੀਆਂ ਜੀਵਨ ਹਾਲਤਾਂ

ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਕਾਰਪੋਰੇਟ ਵਿਚਾਰਧਾਰਾ ਅਧੀਨ ਨੀਤੀਆਂ ਨੂੰ ਵਿਸ਼ਵ ਪੱਧਰ 'ਤੇ ਫੈਲਾਇਆ ਗਿਆ ਹੈ ਅਤੇ ਇਸ ਦੇ ਸਮਰਥਕਾਂ ਨੇ ਇਹ ਦਲੀਲ ਵੱਡੇ ਪੱਧਰ 'ਤੇ ਉਭਾਰੀ ਕਿ ਮਾਰਕਸਵਾਦੀ ਪ੍ਰਬੰਧਕੀ ਪ੍ਰਣਾਲੀ ਬਿਲਕੁਲ ਫੇਲ੍ਹ ਸਾਬਤ ਹੋਈ ਹੈ। ਕਾਰਪੋਰਟ ਸਿਧਾਂਤ ਦੇ ਸਮਰਥਕ ਵੀ ਇਹ ਭੁੱਲ ਜਾਂਦੇ ਹਨ ਕਿ ਐਡਮ ਸਮਿੱਥ ਦੀ ਇਹ ਵਿਚਾਰਧਾਰਾ ਅਮਰੀਕਾ 'ਚ ਹੀ ਬਿਲਕੁਲ ਫੇਲ੍ਹ ਸਾਬਤ ਹੋ ਚੁੱਕੀ ਹੈ। ਕੇਂਦਰੀ ਮੰਤਰਾਲੇ ਦੇ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ ਨੇ ਦੇਸ਼ ਵਿਚ ਗ਼ਰੀਬਾਂ ਦੀ ਸੰਖਿਆ ਜਾਣਨ ਲਈ 2004-05 ਵਿਚ ਰਾਸ਼ਟਰੀ ਪੱਧਰ 'ਤੇ ਸਰਵੇਖਣ ਕਰਵਾਇਆ, ਜਿਸ ਦੀ ਰਿਪੋਰਟ ਅਨੁਸਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ ਵਿਚ 2 ਫੀਸਦੀ ਵਾਧਾ ਹੋਇਆ ਹੈ। 1991 ਵਿਚ ਬੀ.ਪੀ.ਐਲ. ਦੀ ਰਿਪੋਰਟ ਅਨੁਸਾਰ ਗਿਣਤੀ 26 ਫੀਸਦੀ ਸੀ, ਭਾਵ ਕਿ 21 ਕਰੋੜ 84 ਲੱਖ ਸੀ, ਜਦੋਂ ਕਿ 2005 ਵਿਚ ਇਹ ਵਧ ਕੇ 28 ਫੀਸਦੀ ਹੋ ਗਈ, ਭਾਵ ਕਿ 28 ਕਰੋੜ 56 ਲੱਖ। ਇਹ ਨੀਤੀਆਂ ਲਾਗੂ ਹੋਣ ਦੇ ਸਮੇਂ ਦੌਰਾਨ ਨੈਸ਼ਨਲ ਨਿਊਟ੍ਰੀਸ਼ਨ ਮਾਨੀਟਰਿੰਗ ਬਿਊਰੋ ਵੱਲੋਂ 1975-1979, 1996-1997 ਅਤੇ 2011-12 ਵਿਚ ਤਿੰਨ ਸਰਵੇ ਕੀਤੇ ਗਏ। ਹਕੀਕਤ ਵਿਚ ਦੇਸ਼ ਦੇ 80 ਫੀਸਦੀ ਲੋਕਾਂ ਲਈ ਸਰਕਾਰਾਂ ਦੇ ਆਰਥਿਕ ਸੁਧਾਰਾਂ ਦਾ ਨਤੀਜਾ ਭੁੱਖ ਅਤੇ ਕੁਪੋਸ਼ਣ ਵਿਚ ਹੀ ਨਿਕਲਿਆ ਹੈ। ਦੇਸ਼ ਦੀ ਦੌਲਤ ਗਿਣਵੇਂ ਹੱਥਾਂ ਵਿਚ ਹੀ ਲਗਾਤਾਰ ਇਕੱਠੀ ਹੁੰਦੀ ਜਾ ਰਹੀ ਹੈ। ਹਾਲ ਹੀ ਵਿਚ ਜਾਰੀ ਅੰਕੜਿਆਂ ਅਨੁਸਾਰ ਭਾਰਤ ਦੀ ਕੁੱਲ 58 ਫੀਸਦੀ ਸੰਪਤੀ, ਦੇਸ਼ ਦੇ ਇਕ ਫੀਸਦੀ ਅਮੀਰਾਂ ਦੇ ਕੋਲ ਹੈ। ਇਸ ਅਧਿਐਨ ਅਨੁਸਾਰ ਗ਼ਰੀਬਾਂ ਦੀ ਆਮਦਨ ਵਿਚ 15 ਫੀਸਦੀ ਗਿਰਾਵਟ ਆਈ ਹੈ। ਸਰਕਾਰਾਂ ਵੱਲੋਂ ਪੇਸ਼ ਦਾਅਵਿਆਂ ਨੂੰ ਜੇਕਰ ਹਕੀਕਤਾਂ ਨਾਲ ਮਿਲਾਈਏ ਤਾਂ ਇਹ ਹਜ਼ਮ ਨਹੀਂ ਹੁੰਦੇ। ਇਹ ਗੱਲ ਸਪੱਸ਼ਟ ਹੈ ਕਿ ਉਦਾਰੀਕਰਨ ਦੀਆਂ ਨੀਤੀਆਂ ਨੇ ਗਿਣਵੇਂ ਲੋਕਾਂ ਨੂੰ ਲੱਖਾਂ ਤੋਂ ਕਰੋੜਪਤੀ, ਅਰਬਪਤੀ ਬਣਾ ਦਿੱਤਾ ਹੈ। ਦੇਸ਼ ਵਿਚ ਇਕੋ ਸਮੇਂ ਦੋ ਪ੍ਰਬੰਧ ਬਰਾਬਰ ਚੱਲ ਰਹੇ ਹਨ। ਗ਼ਰੀਬਾਂ ਲਈ ਵੱਖਰਾ ਅਤੇ ਅਮੀਰਾਂ ਲਈ ਵੱਖਰਾ ਪ੍ਰਬੰਧ ਚੱਲ ਰਿਹਾ ਹੈ।
ਜਿੰਨੇ ਉਦਯੋਗ ਲੱਗ ਵੀ ਰਹੇ ਹਨ, ਸਭ ਵਿਚ ਠੇਕੇਦਾਰੀ ਪ੍ਰਣਾਲੀ ਸ਼ੁਰੂ ਕਰਕੇ ਲੋਕਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਵਾ ਕੇ ਖੂਨ ਨਿਚੋੜਿਆ ਜਾ ਰਿਹਾ ਹੈ। ਮਰਜ਼ੀ ਨਾਲ ਮੁਲਾਜ਼ਮਾਂ ਦੀ ਛਾਂਟੀ ਕਰਨਾ, ਉਦਾਰੀਕਰਨ ਦੀਆਂ ਨੀਤੀਆਂ ਲਈ ਆਮ ਕੰਮ ਬਣ ਚੁੱਕਾ ਹੈ। ਨੌਜਵਾਨ ਬੇਰੁਜ਼ਗਾਰੀ ਤੋਂ ਤੰੰਗ ਆ ਕੇ ਲੁੱਟਾਂ-ਖੋਹਾਂ, ਨਸ਼ੇ, ਖੁਦਕੁਸ਼ੀਆਂ ਕਰ ਰਹੇ ਹਨ ਜਾਂ ਵਿਕਸਿਤ ਦੇਸ਼ਾਂ ਵੱਲ ਨੂੰ ਭੱਜ ਰਹੇ ਹਨ, ਪਰ ਸਾਡੇ ਦੇਸ਼ ਵਿਚ ਉਦਾਰੀਕਰਨ ਦੀਆਂ ਨੀਤੀਆਂ ਦੇ ਸਮਰਥਕ ਅੰਕੜੇ ਵਿਖਾ ਕੇ ਅਸਲ ਸਥਿਤੀ 'ਤੇ ਲਿਪਾ-ਪੋਚੀ ਕਰਨ ਲੱਗੇ ਹੋਏ ਹਨ। ਰਿਬੋਟ ਟੈਕਨਾਲੋਜੀ ਨੇ ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰੀ ਵਿਚ ਹੋਰ ਵੀ ਵਾਧਾ ਕਰਨਾ ਹੈ। ਸਾਲ 2015 ਵਿਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ 2008 ਦੇ ਆਰਥਿਕ ਸੰਕਟ ਤੋਂ ਬਾਅਦ 51 ਦੇਸ਼ਾਂ ਦੇ ਰੁਜ਼ਗਾਰ ਅਤੇ ਤਨਖਾਹ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਕਿਹਾ ਗਿਆ ਕਿ 8 ਸਾਲ ਵਿਚ ਭਾਰਤ ਦਾ ਜੀ.ਡੀ.ਪੀ. 63.8 ਫ਼ੀਸਦੀ ਵਧਿਆ ਪਰ ਔਸਤ ਤਨਖਾਹ ਵਿਚ ਸਿਰਫ਼ 0.2 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਅਧਿਐਨ ਅਨੁਸਾਰ ਇਹ ਵੀ ਸਾਹਮਣੇ ਆਇਆ ਕਿ ਸਿਖਰ 'ਤੇ ਕੰਮ ਕਰਨ ਵਾਲੇ ਲੋਕਾਂ ਭਾਵ ਉੱਚੇ ਦਰਜੇ ਦੇ ਪ੍ਰਬੰਧਕਾਂ ਦੀਆਂ ਤਨਖਾਹਾਂ ਵਿਚ 30 ਫੀਸਦੀ ਵਾਧਾ ਹੋਇਆ ਹੈ, ਪਰ ਸਭ ਤੋਂ ਹੇਠਲੇ ਮਜ਼ਦੂਰਾਂ ਦੀ ਅਸਲ ਮਜ਼ਦੂਰੀ 30 ਫ਼ੀਸਦੀ ਘਟ ਗਈ ਹੈ। ਸਾਰੇ 51 ਦੇਸ਼ਾਂ ਵਿਚੋਂ ਸਭ ਤੋਂ ਵੱਧ ਪਾੜਾ ਇਕੱਲੇ ਭਾਰਤ ਵਿਚ ਹੀ ਹੈ।
ਜਦੋਂ ਤੱਕ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਸਿਧਾਂਤ ਨੂੰ ਰੱਦ ਕਰਕੇ ਆਮਦਨ ਦੀ ਵੱਧ ਤੋਂ ਵੱਧ ਅਤੇ ਘੱਟੋ-ਘੱਟ ਸੀਮਾ ਨਿਰਧਾਰਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਟਿਕਾਊ ਵਿਕਾਸ ਸੰਭਵ ਹੀ ਨਹੀਂ ਹੈ। ਕਾਰਪੋਰੇਟ ਨੀਤੀਆਂ ਜਿਥੇ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ, ਉਥੇ ਕੁਦਰਤੀ ਸਾਧਨਾਂ ਨੂੰ ਬਰਬਾਦ ਵੀ ਕਰ ਰਹੀਆਂ ਹਨ। ਜੇਕਰ ਇਸੇ ਤਰ੍ਹਾਂ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਧਨ ਇਕੱਠਾ ਹੁੰਦਾ ਰਿਹਾ ਤਾਂ ਕੁਝ ਸਮੇਂ ਬਾਅਦ ਆਬਾਦੀ ਦੇ ਵੱਡੇ ਹਿੱਸੇ ਦੀ ਖ਼ਰੀਦ ਸ਼ਕਤੀ ਬਿਲਕੁਲ ਖ਼ਤਮ ਹੋ ਜਾਵੇਗੀ, ਜਿਸ ਨੇ ਸਮੁੱਚੀ ਮਾਰਕੀਟ ਦੇ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਦੇਣਾ ਹੈ। ਜੇਕਰ ਇਸ ਮੁੱਦੇ 'ਤੇ ਧਿਆਨ ਨਾ ਦਿੱਤਾ ਤਾਂ ਕੁਝ ਸਮੇਂ ਬਾਅਦ ਹੋਰ ਵੀ ਮਾੜੇ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

-ਸੰਤ ਨਗਰ, ਸਾਹਮਣੇ ਰੇਲਵੇ ਸਟੇਸ਼ਨ ਨਾਭਾ, ਜ਼ਿਲ੍ਹਾ ਪਟਿਆਲਾ।
nouhraharvinder73@gmail.com


ਖ਼ਬਰ ਸ਼ੇਅਰ ਕਰੋ

ਭਾਰਤ ਤੋਂ ਯੂਰਪ ਦਾ ਸਫ਼ਰ ਅਤੇ ਸਹੂਲਤਾਂ

ਪਿਛਲੇ ਦਿਨੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਯੂਰਪ ਘੁੰਮਣ ਦਾ ਮੌਕਾ ਮਿਲਿਆ, ਜਿਸ ਦੌਰਾਨ ਜਰਮਨੀ, ਫਰਾਂਸ, ਸਵਿਟਜ਼ਰਲੈਂਡ ਅਤੇ ਇਟਲੀ ਦੇਖਿਆ। ਪਰ ਉਥੋਂ ਦੇ ਲੋਕ ਸਾਫ਼-ਸਫ਼ਾਈ, ਵਧੀਆ ਆਵਾਜਾਈ ਦੇ ਸਾਧਨ, ਲੋਕਾਂ ਦਾ ਖਾਣ-ਪੀਣ, ਸਰਕਾਰ ਵੱਲੋਂ ਦਿੱਤੀਆਂ ਬਹੁਤ ਸਾਰੀਆਂ ਸਹੂਲਤਾਂ ਦੇਖਦੇ ਹੋਏ ਰਿਹਾ ਨਹੀਂ ਗਿਆ ਕਿ ਕਿਉਂ ਨਾ ਆਪਣਾ ਤਜਰਬਾ ਸਭ ਨਾਲ ਵੰਡਿਆ ਜਾਵੇ। ਯੂਰਪ ਵਿਚ ਸੜਕਾਂ ਦੀ ਸਾਫ਼-ਸਫ਼ਾਈ, ਜਗ੍ਹਾ-ਜਗ੍ਹਾ 'ਤੇ ਲੱਗੇ 4 ਤਰ੍ਹਾਂ ਦੇ ਡਸਟਬਿਨ ਅਤੇ ਉਨ੍ਹਾਂ ਨੂੰ ਦਿਨ ਵਿਚ 3-4 ਵਾਰ ਖਾਲੀ ਕਰਨ ਵਾਲੇ ਸਟਾਫ ਦੀ ਡਿਊਟੀ ਹੈ। ਉਹ ਲੋਕ ਸਿਹਤ ਨੂੰ ਬਹੁਤ ਤਵੱਜੋਂ ਦਿੰਦੇ ਹੋਏ ਬਹੁਤ ਪੈਦਲ ਚਲਦੇ ਅਤੇ ਵੱਧ ਤੋਂ ਵੱਧ ਸਾਈਕਲ ਦਾ ਇਸਤੇਮਾਲ ਕਰਦੇ ਹਨ। ਕੋਟ-ਪੈਂਟ ਪਾ ਕੇ, ਟਾਈ ਲਗਾ ਕੇ ਵੀ ਉਹ ਲੋਕ ਸਾਈਕਲ 'ਤੇ ਦਫ਼ਤਰ ਡਿਊਟੀ ਜਾਂਦੇ ਹੋਏ ਸ਼ਰਮ ਮਹਿਸੂਸ ਨਹੀਂ ਕਰਦੇ। ਵੱਧ ਤੋਂ ਵੱਧ ਹਰਿਆਲੀ, ਸੰਘਣੇ ਦਰੱਖਤ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਸੜਕਾਂ ਬਹੁਤ ਚੰਗੇ ਢੰਗ ਨਾਲ ਬਣਾਈਆਂ ਗਈਆਂ ਹਨ ਅਤੇ ਪੈਦਲ ਤੁਲਨ ਵਾਲਿਆਂ ਲਈ ਖਾਸ ਇੰਤਜ਼ਾਮ ਜਿਵੇਂ ਕਿ ਫੁੱਟਪਾਥ ਅਤੇ ਸੜਕ ਪਾਰ ਕਰਨ ਵਾਲਿਆਂ ਲਈ ਵੀ ਲਾਲ ਅਤੇ ਹਰੀ ਬੱਤੀ ਦਾ ਖਾਸ ਪ੍ਰਬੰਧ ਹੈ।
ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਮਨਾਹੀ ਹੀ ਨਹੀਂ, ਸਗੋਂ ਫੜੇ ਜਾਣ 'ਤੇ ਇਕ ਸਾਲ ਲਈ ਲਾਈਸੈਂਸ ਰੱਦ ਅਤੇ ਗੱਡੀ ਵੀ ਬਾਊਂਡ ਕਰ ਦਿੱਤੀ ਜਾਂਦੀ ਹੈ। ਬਹੁਤ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਾਰਨ ਸੜਕ ਦੁਰਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਉਨ੍ਹਾਂ ਦੇਸ਼ਾਂ ਦੀ ਸਭ ਤੋਂ ਵੱਡੀ ਸਫ਼ਲਤਾ ਦਾ ਕਾਰਨ ਹੈ ਕਿ ਹਰੇਕ ਬੰਦਾ ਉਥੇ ਟੈਕਸ ਦਿੰਦਾ ਹੈ ਅਤੇ ਉਸ ਟੈਕਸ ਵਿਚੋਂ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਕਿ ਬੱਚਿਆਂ ਦੀ ਮੁਫ਼ਤ ਸਿੱਖਿਆ, ਮੁਫ਼ਤ ਡਾਕਟਰੀ ਇਲਾਜ, ਹਰੇਕ ਬੰਦੇ ਨੂੰ ਚੰਗੀ ਪੈਨਸ਼ਨ ਦਿੱਤੀ ਜਾਂਦੀ ਹੈ। ਯੂਰਪ ਦੇ ਲੋਕ ਭੋਲੇ-ਭਾਲੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਹਨ ਅਤੇ ਕਿਸੇ ਦੀ ਵੀ ਮਦਦ ਕਰਨ ਲਈ ਤਤਪਰ ਰਹਿੰਦੇ ਹਨ ਅਤੇ ਉਹ ਲੋਕ ਭਾਰਤ ਦੇ ਲੋਕਾਂ ਦੀ ਤਰ੍ਹਾਂ ਬਹੁਤ ਅਮੀਰ ਨਹੀਂ ਹਨ। ਉਹ ਕਮਾਉਂਦੇ, ਖਾਂਦੇ, ਪੀਂਦੇ ਅਤੇ ਸਿਹਤ ਦਾ ਧਿਆਨ ਰੱਖਦੇ ਹਨ।
ਅਸੀਂ ਯੂਰਪ ਦਾ ਸਾਰਾ ਸਫਰ ਰੇਲ ਗੱਡੀ ਰਾਹੀਂ ਹੀ ਤੈਅ ਕੀਤਾ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੋਈ ਵੀ ਰੇਲ ਇਕ ਮਿੰਟ ਵੀ ਲੇਟ ਨਹੀਂ ਹੁੰਦੀ। ਸਟੇਸ਼ਨ ਤੋਂ ਪਹਿਲਾਂ ਹੀ ਤੁਹਾਡੇ ਸਫ਼ਰ ਦੀ ਸੂਚੀ ਲਿਖਤੀ ਰੂਪ ਵਿਚ ਮਿਲ ਜਾਂਦੀ ਹੈ ਕਿ ਗੱਡੀ ਰਸਤੇ ਵਿਚ ਕਿਥੇ-ਕਿਥੇ ਅਤੇ ਕਿੰਨੇ ਸਮੇਂ ਲਈ ਰੁਕੇਗੀ ਅਤੇ ਕਿਸ ਸਮੇਂ 'ਤੇ ਪਹੁੰਚੇਗੀ। ਗੱਡੀਆਂ ਅੰਦਰ ਮੁਫਤ ਵਾਈ-ਫਾਈ ਦੀ ਸਹੂਲਤ ਵੀ ਹੈ। ਸਵਿਟਜ਼ਰਲੈਂਡ ਦੀ ਸਰਕਾਰ ਟੂਰਿਸਟ ਨੂੰ ਇਕ-ਇਕ ਦਿਨ ਦਾ ਮੁਫਤ ਵਾਈ-ਫਾਈ ਪਾਸਵਰਡ ਦਿੰਦੀ ਹੈ, ਤਾਂ ਜੋ ਕਿਸੇ ਟੂਰਿਸਟ ਨੂੰ ਕੋਈ ਸਥਾਨ ਲੱਭਣਾ ਸੌਖਾ ਹੋ ਜਾਵੇ ਅਤੇ ਉਨ੍ਹਾਂ ਨੂੰ ਮੁਸ਼ਕਿਲ ਨਾ ਆਵੇ। ਸਾਨੂੰ ਆਪਣੇ ਦੇਸ਼ ਦੀ ਹਰੇਕ ਸੰਪਤੀ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਦੀ ਆਦਤ ਪਾਉਣੀ ਹੋਵੇਗੀ ਅਤੇ ਆਪਣੇ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਹੈ, ਤਾਂ ਜੋ ਅਸੀਂ ਵੀ ਵਿਕਸਿਤ ਦੇਸ਼ਾਂ ਵਾਲੀਆਂ ਸਹੂਲਤਾਂ ਦਾ ਅਨੰਦ ਮਾਣ ਸਕੀਏ।

-ਪ੍ਰਿੰਸੀਪਲ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ, ਕਲਿਆਣਪੁਰ (ਗੁਰਦਾਸਪੁਰ)।

ਇੰਟਰਨੈੱਟ ਦੇ ਮੋਹ ਜਾਲ ਵਿਚ ਫਸੀ ਨੌਜਵਾਨ ਪੀੜ੍ਹੀ

ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਅੰਦਰ ਸਮੋ ਲਿਆ ਹੈ, ਕਿਉਂਕਿ ਬਹੁਤ ਸਾਰੇ ਨੌਜਵਾਨ ਦੇਰ ਰਾਤ ਤੱਕ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਦੇਖੇ ਜਾ ਸਕਦੇ ਹਨ। ਜਿਹੜਾ ਨੌਜਵਾਨ ਕਦੇ ਖੇਤਾਂ ਵਿਚ ਆਪਣੇ ਬਾਪੂ ਨਾਲ ਨੱਕੇ ਮੋੜਦਾ ਤੇ ਹੋਰ ਕੰਮਾਂ ਵਿਚ ਹੱਥ ਵਟਾਉਂਦਾ ਹੁੰਦਾ ਸੀ, ਨੂੰ ਇਸ ਬਿਮਾਰੀ ਨੇ ਆਪਣੇ ਪੁਰਖਿਆਂ ਦੇ ਕੰਮ ਤੋਂ ਦੂਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਛੋਟਾ-ਵੱਡਾ ਕੰਮ ਸੋਸ਼ਲ ਮੀਡੀਆ 'ਤੇ ਲਾਈਵ ਦਿਖਾਉਣ ਦੀ ਦੌੜ ਨੇ ਨੌਜਵਾਨ ਵਰਗ ਨੂੰ ਕਮਲਾ ਕਰ ਰੱਖਿਆ ਹੈ। ਕਦੇ ਸਮਾਂ ਸੀ, ਜਦੋਂ ਉਕਤ ਤਬਕਾ ਦੇਰ ਰਾਤ ਤੱਕ ਪਿੰਡਾਂ ਵਿਚਲੀਆਂ ਸਾਂਝੀਆਂ ਥਾਵਾਂ 'ਤੇ ਤਾਸ਼ ਵਗੈਰਾ ਖੇਡ ਕੇ ਜਾਂ ਗੱਲਾਂਬਾਤਾਂ ਦੁਆਰਾ ਸ਼ੋਰ ਮਚਾਉਂਦਾ ਹੁੰਦਾ ਸੀ ਪਰ ਹੁਣ ਤਾਸ਼ ਦੀ ਲਤ ਸਿਰਫ ਸਿਆਣੀ ਉਮਰ ਦੇ ਬਜ਼ੁਰਗਾਂ ਵਿਚ ਹੀ ਦੇਖੀ ਜਾ ਸਕਦੀ ਹੈ ਪਰ ਪਿੰਡਾਂ ਦੇ 70 ਫੀਸਦੀ ਦੇ ਕਰੀਬ ਨੌਜਵਾਨ ਅਤੇ ਬੱਚੇ ਇੰਟਰਨੈੱਟ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਉਹ ਕੋਈ ਵੀ ਵੇਲਾ ਨਹੀਂ ਦੇਖਦੇ ਤੇ ਕਈ ਤਾਂ ਸਾਰੀ-ਸਾਰੀ ਰਾਤ ਸਮਾਰਟ ਫੋਨਾਂ 'ਤੇ ਟਿਕਟਿਕੀ ਲਗਾਈ ਬੈਠੇ ਰਹਿੰਦੇ ਹਨ, ਜੋ ਕਿ ਆਪਣੇ ਰੰਗਲੇ ਭਵਿੱਖ ਨੂੰ ਧੁੰਦਲਾ ਕਰਨ ਦੀ ਪੂਰੀ ਕੋਸ਼ਿਸ਼ ਵਿਚ ਹਨ। ਰਾਤ ਸਮੇਂ ਹਨੇਰੇ ਵਿਚ ਸਮਾਰਟ ਫੋਨਾਂ ਦੀ ਵਧੇਰੇ ਵਰਤੋਂ ਕਰਨ ਵਾਲੇ ਨੌਜਵਾਨ ਜਾਂ ਬੱਚੇ ਮਾਹਿਰਾਂ ਅਨੁਸਾਰ ਆਪਣੀਆਂ ਅੱਖਾਂ ਦੀ ਰੌਸ਼ਨੀ ਛੇਤੀ ਗਵਾ ਲੈਣਗੇ।
ਗਲਤ ਅਤੇ ਤਰਕਹੀਣ ਪੋਸਟਾਂ ਪਾ ਕੇ ਬਹੁਤ ਸਾਰੇ ਲੋਕ ਸਮਾਜ ਦੇ ਵਧੀਆ ਸਿਸਟਮ ਨੂੰ ਖਰਾਬ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਵਿਚ ਹਨ। ਦੂਜੇ ਪਾਸੇ ਨੌਜਵਾਨ ਤਬਕਾ ਇਨ੍ਹਾਂ ਮੋਬਾਈਲ ਫੋਨਾਂ ਤੋਂ ਹੋਰ ਵੀ ਬਹੁਤ ਸਾਰਾ ਕੂੜ-ਕਬਾੜ ਦੇਖ ਰਿਹਾ ਹੈ, ਜੋ ਕਿ ਆਉਣ ਵਾਲੀ ਪੀੜ੍ਹੀ ਲਈ ਸ਼ੁੱਭ ਸੁਨੇਹਾ ਨਹੀਂ ਹੈ। ਬਹੁਤ ਸਾਰੇ ਗਰੁੱਪ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿਚ ਕਾਮ-ਉਕਸਾਊ ਪੋਸਟਾਂ ਪਾ ਕੇ ਮਹੌਲ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਛੋਟੇ ਬੱਚੇ ਵੀ ਨਹੀਂ ਬਚ ਸਕੇ। ਸਕੂਲਾਂ, ਕਾਲਜਾਂ ਵਿਚ ਵਾਈ-ਫਾਈ ਦੀ ਸਹੂਲਤ ਨੇ ਉਥੋਂ ਦੀ ਪੜ੍ਹਾਈ ਦੇ ਮਹੌਲ ਵਿਚ ਬਹੁਤ ਗਿਰਾਵਟ ਲਿਆ ਦਿੱਤੀ ਹੈ ਤੇ ਇਹ ਵਿਦਿਆਰਥੀ ਮਾਪਿਆਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ, ਕਿਉਂਕਿ ਸਭ ਕੁਝ ਆਨਲਾਈਨ ਹੋਣ ਦੇ ਬਹਾਨੇ ਉਹ ਮਾਪਿਆਂ ਨੂੰ ਪੜ੍ਹਾਈ ਨਾਲ ਸਬੰਧਤ ਮਟੀਰੀਅਲ ਦੇਖਣ ਦੇ ਬਹਾਨੇ ਲਗਾਉਂਦੇ ਹਨ ਪਰ ਅਸਲ ਸੱਚ ਹੋਰ ਹੁੰਦਾ ਹੈ। ਦਸਵੀਂ ਤੇ ਬਾਰ੍ਹਵੀਂ ਦੇ ਆਏ ਖਰਾਬ ਤਾਜ਼ਾ ਨਤੀਜਿਆਂ ਵਿਚ ਵੀ ਸਮਾਰਟ ਫੋਨਾਂ ਦਾ ਬਹੁਤ ਵੱਡਾ ਹੱਥ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਵੱਖ-ਵੱਖ ਟੈਲੀਕਾਮ ਕੰਪਨੀਆਂ ਵੱਲੋਂ ਸਸਤੇ ਵਿਚ ਦਿੱਤੇ ਜਾ ਰਹੇ ਇੰਟਰਨੈੱਟ ਡਾਟੇ ਨੇ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਭਵਿੱਖ ਵਿਚ ਇਸ ਦੀ ਦੁਰਵਰਤੋਂ ਕਰਨ ਵਾਲੇ ਬੱਚੇ ਤੇ ਨੌਜਵਾਨ ਮਾਨਸਿਕ ਰੋਗ ਦਾ ਸ਼ਿਕਾਰ ਹੋ ਸਕਦੇ ਹਨ, ਜਿਨ੍ਹਾਂ ਵਾਸਤੇ ਨਸ਼ਾ ਛੁਡਾਊ ਕੇਂਦਰਾਂ ਵਾਂਗ ਸਮਾਰਟ ਫੋਨ ਦੀ ਲਤ ਨੂੰ ਹਟਾਉਣ ਲਈ ਸਪੈਸ਼ਲ ਹਸਪਤਾਲ ਖੋਲ੍ਹਣ ਦੀ ਨੌਬਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

-ਪਿੰਡ ਹੀਰੋਂ ਖੁਰਦ, ਡਾਕ: ਹੋਡਲਾ ਕਲਾਂ, ਤਹਿ: ਬੁਢਲਾਡਾ (ਮਾਨਸਾ)। ਮੋਬਾ: 70098-19249

ਵਿਰਾਸਤੀ ਰੁੱਖਾਂ ਦਾ ਘਾਣ, ਪਿੰਡਾਂ ਦੇ ਬੱਸ ਅੱਡੇ ਹੋਏ ਬੇਪਛਾਣ

ਵਧ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਆਵਾਜਾਈ ਨੂੰ ਨਿਰੰਤਰ ਅਤੇ ਸੁਚਾਰੂ ਢੰਗ ਨਾਲ ਚਲਾਉਣ ਹਿਤ ਛੇ-ਮਾਰਗੀ ਅਤੇ ਚਾਰ-ਮਾਰਗੀ ਸੜਕਾਂ ਦਾ ਨਿਰਮਾਣ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਪਰ ਇਸ ਵਿਕਾਸ ਨੂੰ ਇਕਤਰਫ਼ਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਸੜਕਾਂ ਦੇ ਆਲੇ-ਦੁਆਲੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਜਿਸ ਕਰਕੇ ਸੜਕਾਂ ਦੇ ਆਲੇ-ਦੁਆਲੇ ਦੀ ਹਰਿਆਲੀ ਖ਼ਤਮ ਹੋਣ ਕਰਕੇ ਕਈ ਵਾਤਾਵਰਨ ਸਬੰਧੀ, ਸਮਾਜਿਕ, ਸੱਭਿਆਚਾਰਕ ਅਤੇ ਸਾਡੀਆਂ ਵਿਰਾਸਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਸਾਡੇ ਵਿਰਾਸਤੀ ਰੁੱਖਾਂ ਦੀ ਵਾਤਾਵਰਨ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਪੱਖ ਤੋਂ ਕਾਫੀ ਮਹੱਤਤਾ ਹੈ। ਵਿਰਾਸਤੀ ਰੁੱਖ ਜਿਵੇਂ ਬੋਹੜ, ਪਿੱਪਲ, ਨਿੰਮ, ਟਾਹਲੀ, ਜੰਡ, ਜੋ ਖ਼ਾਸ ਕਰਕੇ ਸੜਕਾਂ 'ਤੇ ਪੈਂਦੇ ਪਿੰਡਾਂ ਦੇ ਬੱਸ ਅੱਡਿਆਂ 'ਤੇ ਸਾਡੇ ਬਜ਼ੁਰਗਾਂ ਨੇ ਲਾਏ ਸਨ ਅਤੇ ਆਪਣੇ ਯਤਨਾਂ ਨਾਲ ਉਨ੍ਹਾਂ ਨੂੰ ਧੀਆਂ-ਪੁੱਤਾਂ ਵਾਂਗ ਪਾਲ-ਪਲੋਸ ਕੇ ਪਿੰਡਾਂ ਦੇ ਬੱਸ ਅੱਡਿਆਂ ਨੂੰ ਇਕ ਵਿਸ਼ੇਸ਼ ਦਿੱਖ ਅਤੇ ਪਛਾਣ ਬਣਾਈ। ਇਨ੍ਹਾਂ ਰੁੱਖਾਂ ਦੇ ਆਲੇ-ਦੁਆਲੇ ਸੁੰਦਰ ਗੋਲਾਈ ਚੌਤਰੇ (ਥੜ੍ਹੇ) ਬਣਾਏ, ਤਾਂ ਜੋ ਸਵਾਰੀਆਂ ਰੁੱਖਾਂ ਦੀ ਛਾਂ ਹੇਠ ਬੈਠ ਬੱਸ ਦੀ ਉਡੀਕ ਕਰ ਸਕਣ। ਪੁਰਾਤਨ ਸਮੇਂ ਇਨ੍ਹਾਂ ਰੁੱਖਾਂ ਦੀ ਛਾਂ ਹੇਠ ਪਾਣੀ ਪੀਣ ਲਈ ਨਲਕੇ ਲਗਾਏ ਅਤੇ ਗਰਮੀ ਵਿਚ ਪਾਣੀ ਦੇ ਘੜੇ ਰੱਖੇ ਜਾਂਦੇ ਸਨ, ਤਾਂ ਜੋ ਰਾਹੀ (ਪਾਂਧੀ) ਠੰਢਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕੇ ਅਤੇ ਬੈਠ ਕੇ ਆਰਾਮ ਕਰ ਸਕੇ। ਬਜ਼ੁਰਗ ਇਨ੍ਹਾਂ ਵਿਰਾਸਤੀ ਰੁੱਖਾਂ ਹੇਠ ਬੈਠ ਆਪਣੇ ਵਿਹਲ ਦੇ ਸਮੇਂ ਨੂੰ ਅਨੰਦਮਈ ਗੁਜ਼ਾਰਦੇ ਪਰ ਅੱਜ ਸੜਕਾਂ ਨੂੰ ਚੌੜੀਆਂ ਕਰਨ ਹਿਤ ਦੂਜੇ ਰੁੱਖਾਂ ਦੇ ਨਾਲ-ਨਾਲ ਸਾਡੇ ਇਨ੍ਹਾਂ ਵਿਰਾਸਤੀ ਰੁੱਖਾਂ ਦਾ ਘਾਣ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਰੁੱਖਾਂ ਦੀ ਕਟਾਈ ਨਾਲ ਪਿੰਡਾਂ ਦੇ ਬੱਸ ਅੱਡੇ ਵੀਰਾਨ ਹੋ ਗਏ। ਬੱਸ ਅੱਡੇ ਬੇਪਛਾਣ ਹੋ ਗਏ। ਬੱਸ ਅੱਡਿਆਂ ਦੀ ਸੁੰਦਰ ਦਿੱਖ ਗਾਇਬ ਹੋ ਗਈ ਹੈ। ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਪਿੰਡਾਂ ਦੀ ਪਛਾਣ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਵਿਰਾਸਤੀ ਵੱਡ-ਆਕਾਰੀ ਰੁੱਖ ਪੰਛੀਆਂ ਦੇ ਨਿਵਾਸ ਸਥਾਨ ਵੀ ਹਨ। ਪੰਛੀ ਇਨ੍ਹਾਂ ਰੁੱਖਾਂ 'ਤੇ ਆਪਣੇ ਆਲ੍ਹਣੇ ਪਾਉਂਦੇ ਹਨ। ਸੋ, ਰੁੱਖਾਂ ਦੀ ਕਟਾਈ ਪੰਛੀਆਂ ਦੀ ਘਟ ਰਹੀ ਗਿਣਤੀ ਦਾ ਕਾਰਨ ਵੀ ਬਣਦੀ ਹੈ। ਇਸ ਗੱਲ ਦੀ ਮੁੱਖ ਲੋੜ ਹੈ ਕਿ ਜਿੰਨੇ ਦਰੱਖਤ ਆਲੇ-ਦੁਆਲੇ 'ਚੋਂ ਕੱਟੇ ਜਾਂਦੇ ਹਨ, ਉਨ੍ਹਾਂ ਦੀ ਜਗ੍ਹਾ 'ਤੇ ਨਵੇਂ ਰੁੱਖ ਲਗਾਉਣ ਦਾ ਪ੍ਰਬੰਧ ਸਮੇਂ-ਸਮੇਂ ਸਿਰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ (ਬਰਨਾਲਾ)-148100. ਮੋਬਾ: 98765-28579

ਸਵੱਛਤਾ ਦੇ ਮਾਮਲੇ ਵਿਚ ਪੰਜਾਬ ਫਾਡੀ ਕਿਉਂ?

ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮ-ਨਿਰਭਰ ਬਣਾਉਣ ਲਈ ਪੰਜਾਬ ਨੇ ਬਹੁਤ ਯੋਗਦਾਨ ਪਾਇਆ ਹੈ ਪਰ ਵਿਕਾਸ ਮਾਡਲ ਦੇ ਪੱਖੋਂ ਪੰਜਾਬ ਬਹੁਤ ਪਛੜ ਗਿਆ। ਸੂਬੇ ਦਾ ਉਦਯੋਗਿਕ ਵਿਕਾਸ ਨਹੀਂ ਹੋ ਸਕਿਆ। ਸਿੱਖਿਆ ਦੇ ਮਾਮਲੇ ਵਿਚ ਮੋਹਰੀ ਹੋਣ ਦੇ ਬਾਵਜੂਦ ਸਿੱਖਿਆ ਦੇ ਗੁਣ ਪੈਦਾ ਨਹੀਂ ਹੋ ਸਕੇ। ਇਸ ਦੀ ਉਦਾਹਰਨ 2017 ਦੇ ਸਵੱਛਤਾ ਸਰਵੇਖਣ ਦੇ ਨਤੀਜਿਆਂ ਤੋਂ ਮਿਲਦੀ ਹੈ। ਸਫ਼ਾਈ ਸਰਵੇਖਣ ਜੋ ਭਾਰਤ ਦੇ 434 ਸ਼ਹਿਰਾਂ ਦਾ ਕੀਤਾ ਗਿਆ ਹੈ, ਉਸ ਵਿਚ ਪੰਜਾਬ ਦੇ ਇਤਿਹਾਸਕ ਸ਼ਹਿਰ ਚਾਲੀ ਮੁਕਤਿਆਂ ਦੀ ਧਰਤੀ ਦਾ ਪਿਛਲੇ ਪਾਸੇ ਤੋਂ ਸੱਤਵਾਂ ਸਥਾਨ ਹੈ, ਭਾਵ 428ਵਾਂ, ਇਸ ਤੋਂ ਇਲਾਵਾ ਪਹਿਲੇ ਸੌ ਸਾਫ਼ ਸ਼ਹਿਰਾਂ ਵਿਚ ਪੰਜਾਬ ਦਾ ਕੋਈ ਸ਼ਹਿਰ ਸ਼ਾਮਿਲ ਨਹੀਂ ਹੋ ਸਕਿਆ। ਇਸ ਦਰਜਾਬੰਦੀ ਵਿਚ ਮੁਹਾਲੀ 121ਵੇਂ ਅਤੇ ਬਠਿੰਡਾ ਸ਼ਹਿਰ 132ਵੇਂ ਸਥਾਨ 'ਤੇ ਹੈ, ਜਿਸ ਤੋਂ ਸਾਫ਼ ਹੈ ਆਜ਼ਾਦੀ ਦੇ 70 ਸਾਲਾਂ ਵਿਚ ਖੁਸ਼ਹਾਲ ਸੂਬਾ ਗੰਦਗੀ ਤੋਂ ਮੁਕਤੀ ਨਹੀਂ ਪਾ ਸਕਿਆ। ਵਿਕਾਸ ਦੀਆਂ ਗੱਲਾਂ ਕਰਨ ਵਾਲੇ ਰਾਜ ਦੀ ਅਸਲੀਅਤ ਕੀ ਹੈ, ਇਹ ਉਪਰੋਕਤ ਅੰਕੜੇ ਦੱਸਦੇ ਹਨ।
ਬਿਮਾਰੀਆਂ ਤੋਂ ਬਚਾਅ ਲਈ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਸਾਫ਼-ਸਫ਼ਾਈ ਦੀ ਬਹੁਤ ਜ਼ਰੂਰਤ ਹੈ। ਇਹ ਸਰਕਾਰ ਅਤੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਨਤਕ ਥਾਵਾਂ ਜਾਂ ਹੋਰ ਸਥਾਨਾਂ 'ਤੇ ਡਸਟਬਿਨ ਮੌਜੂਦ ਹੋਣ ਦੇ ਬਾਵਜੂਦ ਖਾ-ਪੀ ਕੇ ਫੋਕਟ ਪਦਾਰਥ ਉਸ ਵਿਚ ਪਾਉਣ ਦੀ ਬਜਾਏ ਅਸੀਂ ਉੱਥੇ ਹੀ ਸੁੱਟ ਦਿੰਦੇ ਹਾਂ, ਜਿੱਥੇ ਖੜ੍ਹੇ ਹੁੰਦੇ ਹਾਂ। ਆਪਣੇ ਘਰ ਦੇ ਅੱਗਿਓਂ ਕੂੜਾ-ਕਰਕਟ ਸਾਫ਼ ਕਰਕੇ ਦੂਜਿਆਂ ਦੇ ਘਰ ਅੱਗੇ ਸੁੱਟ ਦਿੰਦੇ ਹਾਂ। ਅਸੀਂ ਆਪਣਾ ਕੂੜਾ ਸਾਂਝੀਆਂ ਥਾਵਾਂ 'ਤੇ ਸੁੱਟ ਕੇ ਆਪਣੇ ਗਲੋਂ ਗਲਾਵਾਂ ਲਾਹੁਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਸਖ਼ਤ ਨਿਯਮ ਅਤੇ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਦੀ ਲੋੜ ਹੈ। ਗੰਦਗੀ ਦਾ ਸਭ ਤੋਂ ਵੱਡਾ ਕਾਰਨ ਪੋਲੀਥੀਨ ਹੈ, ਜਿਸ 'ਤੇ ਅਜੇ ਤੱਕ ਪਾਬੰਦੀ ਸੰਭਵ ਨਹੀਂ ਹੋ ਸਕੀ।
ਨਵੀਂ ਸਦੀ ਦਾ ਮੁਕਾਬਲਾ ਕਰਨ ਲਈ ਸਵੱਛਤਾ ਬਹੁਤ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਠੋਸ ਕੂੜਾ-ਕਰਕਟ ਪ੍ਰਬੰਧਨ ਅਪਣਾਉਣਾ ਚਾਹੀਦਾ ਹੈ। ਪੋਲੀਥੀਨ ਦਾ ਬਦਲ ਲੱਭਣਾ ਚਾਹੀਦਾ ਹੈ। ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਪਲਾਂਟ ਲਗਵਾਉਣੇ ਚਾਹੀਦੇ ਹਨ, ਜਿਸ ਤੋਂ ਗੈਸ ਖਾਦ ਆਦਿ ਤਿਆਰ ਕੀਤੇ ਜਾ ਸਕਦੇ ਹਨ। ਗੰਦੇ ਪਾਣੀ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਪਿੰਡਾਂ-ਸ਼ਹਿਰਾਂ ਨੂੰ ਗੰਦਗੀ ਮੁਕਤ ਕਰਨ ਲਈ ਇਹ ਕਾਰਵਾਈ ਸਿਰਫ ਐਲਾਨਾਂ ਅਤੇ ਵਾਅਦਿਆਂ ਤੋਂ ਹਟ ਕੇ ਜ਼ਮੀਨੀ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਹੈ। ਸ਼ਹਿਰੀ, ਪੇਂਡੂ ਸਥਾਨਕ ਸਰਕਾਰਾਂ ਨੂੰ ਇਸ ਲਈ ਗੰਭੀਰ ਹੋਣਾ ਪਵੇਗਾ। ਮੁਲਕ ਵਿਚ ਪਹਿਲਾਂ ਹੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਗੰਦਗੀ ਦੇ ਕਾਰਨ ਆਉਣ ਵਾਲੇ ਸਮੇਂ ਹੋਰ ਵੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਸਮੱਸਿਆ ਦੇ ਨਿਪਟਾਰੇ ਲਈ ਸਰਕਾਰਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਵਿਚ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵਕਾਂ ਦੀ ਸਹਾਇਤਾ ਨਾਲ ਸਵੱਛਤਾ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਵਿਚ ਨੈਤਿਕਤਾ ਦੇ ਆਦਰਸ਼ਾਂ ਨੂੰ ਸਹੀ ਢੰਗ ਨਾਲ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਵੀ ਆਪਣੇ ਘਰ, ਪਿੰਡ, ਸ਼ਹਿਰ, ਰਾਜ, ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

-ਪਿੰਡ ਭੋਤਨਾ (ਬਰਨਾਲਾ)। ਮੋਬਾ: 94635-12720

ਸਿਰਫ਼ ਫਰਜ਼ ਪੂਰਤੀ ਬਣ ਕੇ ਰਹਿ ਗਿਆ ਸੰਧਾਰਾ

ਅੱਜ ਤੋਂ ਦੋ ਦਹਾਕੇ ਪਹਿਲਾਂ ਸਾਉਣ ਮਹੀਨਾ ਚੜ੍ਹੇ ਹੀ ਬੱਚਿਆਂ ਨੂੰ ਨਾਨਾ-ਨਾਨੀ ਦੇ ਸੰਧਾਰਾ ਲੈ ਕੇ ਆਉਣ ਦੀ ਉਡੀਕ ਸ਼ੁਰੂ ਹੋ ਜਾਂਦੀ ਸੀ। ਉਨ੍ਹਾਂ ਸਮਿਆਂ 'ਚ ਧੀਆਂ ਦੇ ਮਾਪੇ ਵੀ ਧੀ ਕੋਲ ਮਿਲਣ ਜਾਣ ਲਈ ਦਿਨ ਅੱਗੇ-ਪਿੱਛੇ ਕਰਕੇ ਸਾਉਣ ਮਹੀਨਾ ਹੀ ਸੈੱਟ ਕਰਦੇ ਸਨ ਕਿ ਨਾਲੇ ਤਾਂ ਧੀ ਨੂੰ ਸੰਧਾਰਾ ਦਿੱਤਾ ਜਾਵੇਗਾ ਤੇ ਨਾਲੇ ਦੋ ਦਿਨ ਦੋਹਤੇ-ਦੋਹਤੀਆਂ ਨਾਲ ਹੱਸ-ਖੇਡ ਆਵਾਂਗੇ। ਉਨ੍ਹਾਂ ਸਮਿਆਂ 'ਚ ਟੈਲੀਫੋਨ ਵਗੈਰਾ ਦੀ ਸਹੂਲਤ ਵੀ ਨਹੀਂ ਹੁੰਦੀ ਸੀ। ਜਿਸ ਦਿਨ ਘਰ ਦੇ ਬਨੇਰੇ 'ਤੇ ਕਾਂ ਕੁਰਲਾਉਣਾ ਤਾਂ ਮਾਂ ਨੇ ਆਪਣੇ ਬੱਚਿਆਂ ਨੂੰ ਕਹਿਣਾ ਕਿ ਅੱਜ ਨਾਨਕੇ ਪਿੰਡ ਤੋਂ ਕੋਈ ਨਾ ਕੋਈ ਜ਼ਰੂਰ ਆਵੇਗਾ। ਕਾਂ ਕਰਲਾਉਣ ਤੋਂ ਬਾਅਦ ਇਕ ਵੱਡਾ ਸਿਗਨਲ ਆਟਾ ਗੁੰਨ੍ਹਦਿਆਂ ਜੇਕਰ ਹੱਥ 'ਚੋਂ ਆਟਾ ਬੁੜ੍ਹਕ ਜਾਣਾ ਤਾਂ ਵੀ ਕਿਸੇ ਦੇ ਆਉਣ ਦਾ ਸੰਕੇਤ ਹੁੰਦਾ ਸੀ। ਜੇਕਰ ਉਸ ਦਿਨ ਕਿਸੇ ਨੇ ਸੱਚਮੁੱਚ ਆ ਜਾਣਾ ਤਾਂ ਮਾਂ ਦੁਆਰਾ ਦੱਸੇ ਦੋਵੇਂ ਸਿਗਨਲ ਅੱਜ ਦੇ ਟਾਵਰਾਂ ਦੀ ਰੇਂਜ ਵਾਂਗ ਸੱਚ ਜਾਪਣ ਲਗਦੇ। ਨਾਨਾ-ਨਾਨੀ ਨੂੰ ਦੂਰੋਂ ਆਉਂਦਾ ਦੇਖ ਕੇ ਇਕ ਅਜੀਬ ਖੁਮਾਰੀ ਚੜ੍ਹ ਜਾਂਦੀ ਸੀ ਤੇ ਭੱਜ ਕੇ ਘਰ ਆ ਕੇ ਮਾਂ ਨੂੰ ਦੱਸਦੇ। ਫਿਰ ਹੌਲੀ-ਹੌਲੀ ਜਦੋਂ ਨਾਨੀ ਘਰਦਿਆਂ ਨਾਲ ਗੱਲਾਂ ਕਰਨ ਲੱਗ ਜਾਂਦੀ ਤਾਂ ਚੋਰੀ ਜਾ ਕੇ ਜਦੋਂ ਪੀਪਾ ਖੋਲ੍ਹਣਾ ਤਾਂ ਘਰ ਦੇ ਬਣਵਾਏ ਬਿਸਕੁਟਾਂ ਦੀ ਮੋਹ ਭਰੀ ਮਿੱਠੀ ਮਹਿਕ ਨਾਲ ਬੈਠਕ ਭਰ ਜਾਣੀ। ਨਾਨੀ ਵੀ ਦੋ-ਚਾਰ ਦਿਨਾਂ ਦਾ ਖੁੱਲ੍ਹਾ ਸਮਾਂ ਕੱਢ ਕੇ ਆਉਂਦੀ ਤੇ ਅੱਧੀ-ਅੱਧੀ ਰਾਤ ਤੱਕ ਕਹਾਣੀਆਂ, ਬਾਤਾਂ ਸੁਣਾਉਂਦੀ ਰਹਿੰਦੀ।
ਅੱਜ ਦੇ ਤੇਜ਼-ਤਰਾਰ ਸਮੇਂ ਤੇ ਵਧੀ ਹੋਈ ਤਕਨੀਕ ਨੇ ਬੇਸ਼ੱਕ ਦੁਨੀਆ ਨੂੰ ਇਕ ਪਿੰਡ ਬਣਾ ਦਿੱਤਾ ਹੈ ਤੇ ਕਿਸੇ ਰਿਸ਼ਤੇਦਾਰ ਦੇ ਘਰ ਆਉਣ ਦੀ ਖ਼ਬਰ ਫੋਨ ਰਾਹੀਂ ਸਾਨੂੰ ਪਹਿਲਾਂ ਹੀ ਲੱਗ ਜਾਂਦੀ ਹੈ ਪਰ ਉਸ ਵਿਚ ਉਹ ਮੋਹ ਭਿੱਜੀ ਉਡੀਕ ਨਹੀਂ ਹੁੰਦੀ, ਜੋ ਕਾਂ ਦੇ ਕੁਰਲਾਉਣ ਜਾਂ ਆਟੇ ਦੇ ਬੁੜ੍ਹਕਣ 'ਤੇ ਕਿਸੇ ਦੇ ਅਚਾਨਕ ਆ ਜਾਣ ਦੇ ਹੋਏ ਸੱਚ ਦੀ ਹੁੰਦੀ ਸੀ। ਅੱਜ ਜ਼ਿੰਦਗੀ ਦੇ ਤੇਜ਼ ਰਫ਼ਤਾਰ ਚਲਦਿਆਂ ਸੰਧਾਰਾ ਲੈ ਕੇ ਆਉਣਾ ਜਾਂ ਜਾਣਾ ਇਕ ਫਰਜ਼ ਪੂਰਤੀ ਬਣ ਕੇ ਰਹਿ ਗਿਆ ਹੈ। ਬ੍ਰਿਟੇਨੀਆ, ਗੁੱਡ ਡੇ, ਫਿਫਟੀ-ਫਿਫਟੀ, ਪਾਰਲੇ ਜੀ ਦੇ ਬਿਸਕੁਟਾਂ ਨੇ ਨਾਨੀ ਦੇ ਘਰ ਦੇ ਬਣਵਾਏ ਬਿਸਕੁਟਾਂ ਦੀ ਉਹ ਮੋਹ-ਪਿਆਰ ਵਾਲੀ ਮਿੱਠੀ ਮਹਿਕ ਵੀ ਬੱਚਿਆਂ ਤੋਂ ਖੋਹ ਲਈ ਹੈ। ਹੁਣ ਆਵਾਜਾਈ ਦੇ ਵਧੇ ਹੋਏ ਸਾਧਨਾਂ ਕਰਕੇ ਨਾਨਾ-ਨਾਨੀ ਵੀ ਆਪਣੀ ਫਰਜ਼ ਪੂਰਤੀ ਕਰਕੇ ਦੋ ਘੰਟੇ 'ਚ ਵਾਪਸ ਘਰ ਆ ਜਾਂਦੇ ਹਨ, ਕਿਉਂਕਿ ਦੋਹਤੇ-ਦੋਹਤੀਆਂ ਟੀ. ਵੀ., ਮੋਬਾਈਲ, ਲੈਪਟਾਪ ਆਦਿ 'ਤੇ ਰੁੱਝੇ ਹੋਣ ਕਾਰਨ ਉਨ੍ਹਾਂ ਦੀਆਂ ਕਹਾਣੀਆਂ-ਬਾਤਾਂ ਸੁਣਨ ਤੋਂ ਇਨਕਾਰੀ ਹੋ ਚੁੱਕੇ ਹਨ। ਸ਼ਾਲਾ! ਰੱਬ ਖੈਰ ਕਰੇ।

-ਬਲਵੀਰ ਸਿੰਘ ਬਾਸੀਆਂ
ਮੋਬਾ: 84376-00371

ਅਜੋਕੇ ਸਮੇਂ 'ਚ ਹੁੰਦੇ ਸੱਭਿਆਚਾਰ ਸਮਾਗਮ

ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਪੰਜਾਬ ਅੰਦਰ ਸਾਉਣ ਮਹੀਨੇ ਵਿਚ ਆਉਂਦਾ ਤੀਆਂ ਦਾ ਤਿਉਹਾਰ ਨਵ-ਵਿਆਹੀਆਂ ਲੜਕੀਆਂ ਅਤੇ ਔਰਤਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਰਵਾਇਤ ਮੁਤਾਬਕ ਸਾਉਣ ਮਹੀਨੇ ਵਿਚ ਜਿਥੇ ਨਵ-ਵਿਆਹੁਤਾ ਲੜਕੀਆਂ ਆਪਣੇ ਪੇਕੇ ਘਰ ਇਕੱਠੀਆਂ ਹੁੰਦੀਆਂ ਹਨ, ਉਥੇ ਉਹ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਵੀ ਮਿਲਦੀਆਂ ਸਨ ਅਤੇ ਪਿੰਡ ਦੀਆਂ ਸੱਥਾਂ ਵਿਚ ਜਾ ਕੇ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਬੀਤੇ ਸਮੇਂ ਨੂੰ ਯਾਦ ਕਰਦੀਆਂ ਸਨ। ਪੰਜਾਬੀ ਅਖੌਤ 'ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜਾ ਪਾਵੇ' ਮੁਤਾਬਕ ਪੇਕੇ ਘਰ ਸਾਉਣ ਮਹੀਨਾ ਕੱਟਣ ਤੋਂ ਬਾਅਦ ਸਹੁਰੇ ਘਰ ਪਰਤ ਜਾਂਦੀਆਂ ਸਨ। ਹਰ ਵਰ੍ਹੇ ਸਾਉਣ ਮਹੀਨੇ ਪਿੰਡਾਂ ਵਿਚ ਇਕ ਪਿੱਪਲ ਦੇ ਹੇਠਾਂ ਲੜਕੀਆਂ ਅਤੇ ਔਰਤਾਂ ਇਕੱਠੀਆਂ ਹੋ ਕੇ ਜਿੱਥੇ ਗਿੱਧਾ, ਭੰਗੜਾ, ਸਿੱਠਣੀਆਂ ਪਾਉਂਦੀਆਂ ਸਨ, ਉਥੇ ਪੀਂਘਾਂ ਝੂਟ ਕੇ ਵੀ ਸਾਉਣ ਮਹੀਨੇ ਦਾ ਅਨੰਦ ਮਾਣਦੀਆਂ ਸਨ। ਪਰ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਅੰਦਰ ਸਭ ਕੁਝ ਬਦਲਦਾ ਜਾ ਰਿਹਾ ਹੈ।
ਨਾ ਤਾਂ ਸਾਉਣ ਮਹੀਨੇ ਵਿਚ ਪੀਂਘਾਂ ਪਾਉਣ ਲਈ ਪਿੱਪਲ ਆਦਿ ਮਿਲਦੇ ਹਨ ਅਤੇ ਨਾ ਹੀ ਪੀਂਘਾਂ ਝੂਟਣ ਵਾਲੀਆਂ ਮੁਟਿਆਰਾਂ। ਸ਼ਹਿਰਾਂ ਵਿਚ ਤਾਂ ਇਹ ਤਿਉਹਾਰ ਅਖ਼ਬਾਰਾਂ/ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਸ਼ਹਿਰਾਂ ਵਿਚ ਤਾਂ ਇਸ ਤਿਉਹਾਰ ਦੇ ਨਾਂਅ ਉੱਪਰ ਵਪਾਰਕ ਅਦਾਰਿਆਂ ਅਤੇ ਕਲੱਬਾਂ ਨੇ ਆਪਣਾ ਵਪਾਰ ਚਲਾਉਣ ਲਈ ਇਸ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਇਨ੍ਹਾਂ ਕਲੱਬਾਂ/ਹੋਟਲਾਂ ਵਿਚ ਤੀਆਂ ਤਾਂ ਮਨਾਈਆਂ ਜਾਂਦੀਆਂ ਹਨ, ਪਰ ਇਹ ਪੰਜਾਬੀ ਸੱਭਿਆਚਾਰ ਤੋਂ ਬਹੁਤ ਦੂਰ ਬੇਹੱਦ ਆਧੁਨਿਕ ਪਹਿਰਾਵੇ ਅਤੇ ਮਨੋਰੰਜਨ ਭਰਪੂਰ ਹੁੰਦੀਆਂ ਹਨ, ਜਿੱਥੇ ਕਿ ਪੰਜਾਬੀ ਮੁਟਿਆਰਾਂ ਵੱਲੋਂ ਸਾਉਣ ਮਹੀਨੇ ਵਿਚ ਪਾਈਆਂ ਜਾਣ ਵਾਲੀਆਂ ਬੋਲੀਆਂ, ਸਿੱਠਣੀਆਂ ਦੀ ਥਾਂ ਹੁਣ ਡੀ.ਜੇ. ਵਾਲਿਆਂ ਨੇ ਲੈ ਲਈ ਹੈ। ਇਨ੍ਹਾਂ ਕਲੱਬਾਂ/ਹੋਟਲਾਂ ਵਿਚ ਸੱਭਿਆਚਾਰ ਦੇ ਨਾਂਅ ਉੱਪਰ ਕਰਵਾਏ ਜਾਂਦੇ ਸਮਾਗਮਾਂ ਵਿਚ ਖੀਰ ਮਾਲ੍ਹ ਪੂੜੇ ਦੀ ਥਾਂ 'ਸ਼ਰਾਬ ਤੇ ਕਬਾਬ' ਦਾ ਦੌਰ ਖੂਬ ਦੇਖਿਆ ਜਾ ਸਕਦਾ ਹੈ ਤੇ ਹੌਲੀ-ਹੌਲੀ ਇਹ ਸ਼ਹਿਰੀ ਰੁਝਾਨ ਸਾਡੇ ਪਿੰਡਾਂ ਦੀ ਜੂਹ ਤੱਕ ਪਹੁੰਚਦਾ ਜਾ ਰਿਹਾ ਹੈ।

-144/ਏ, ਲਕਸ਼ਮੀ ਪੁਰੀ, ਸਲੇਮਟਾਬਰੀ, ਲੁਧਿਆਣਾ। ਮੋਬਾ: 98725-29111

ਕਿਸਾਨ ਦੀ ਮੰਦੀ ਹਾਲਤ

ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖੁਦ ਰੋਟੀ ਤੋਂ ਭੁੱਖਾ ਸੌਂ ਰਿਹਾ ਹੈ, ਭਾਵੇਂ ਹਰੇਕ ਸਰਕਾਰ ਕਿਸਾਨ ਨੂੰ ਗ਼ੁਰਬਤ ਵਿਚੋਂ ਕੱਢਣ ਦਾ ਅਹਿਦ ਲੈਂਦੀ ਹੈ, ਪਰ ਹਕੀਕਤ ਵਿਚ ਅਜਿਹਾ ਕਦੇ ਨਹੀਂ ਵਾਪਰਿਆ।
ਕਿਸਾਨਾਂ ਵਿਚ ਗਿਣਤੀ ਉਨ੍ਹਾਂ ਦੀ ਆਉਂਦੀ ਹੈ, ਜਿਨ੍ਹਾਂ ਕੋਲ ਸਿਰਫ ਗੁਜ਼ਾਰੇ ਜੋਗੀ ਜ਼ਮੀਨ ਹੈ ਅਤੇ ਪ੍ਰਭਾਤ ਦੀ ਲੋਅ ਤੋਂ ਲੈ ਕੇ ਤਾਰਿਆਂ ਦੀ ਛਾਂ ਤੱਕ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦਾ ਹੈ। ਉਨ੍ਹਾਂ ਦੇ ਪਰਨੇ ਵਿਚੋਂ ਚੋਇਆ ਮੁੜ੍ਹਕਾ ਵੀ ਸ਼ਾਹੂਕਾਰ ਵਿਆਜ ਵਿਚ ਰੱਖ ਲੈਂਦੇ ਹਨ। ਇਕ ਬੰਨੇ ਤਾਂ ਸਰਕਾਰਾਂ ਜ਼ਮੀਨ ਵਿਚਲਾ ਪਾਣੀ ਨਿਰੰਤਰ ਹੇਠਾਂ ਜਾਣ ਕਰਕੇ ਹਾਲ ਪਾਹਰਿਆ ਕਰ ਰਹੀਆਂ ਹਨ. ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦੇ ਰਾਹ ਪਾ ਰਹੀਆਂ ਹਨ, ਦੂਜੇ ਬੰਨੇ ਫਸਲਾਂ ਦੇ ਰੇਟ ਨਿਰਧਾਰਤ ਨਾ ਹੋਣ ਕਰਕੇ ਕਿਸਾਨ ਦੀ ਮੰਡੀਆਂ ਵਿਚ ਕਿਰਤ ਲੁੱਟ ਹੋ ਰਹੀ ਹੈ।
ਕਿਸਾਨ ਪਹਿਲਾਂ ਵਾਂਗ ਹੀ ਆਪਣੇ ਹੱਥ ਦੀਆਂ ਲਕੀਰਾਂ ਨੂੰ ਕੋਸ ਰਿਹਾ ਹੈ, ਕਿਉਂਕਿ ਦਸ ਰੁਪਏ ਕਿਲੋ ਸਮਰਥਨ ਮੁੱਲ ਵਾਲੇ ਆਲੂ ਮੰਡੀਆਂ ਵਿਚ ਇਕ-ਡੇਢ ਰੁਪਏ ਕਿਲੋ ਵਿਕ ਗਏ ਤੇ ਅੱਗੇ ਖਰੀਦਣ ਵਾਲਾ ਫਿਰ ਕੋਈ ਨਹੀਂ। ਆਖਰ ਕਈ ਕਿਸਾਨਾਂ ਨੇ ਲੇਬਰ ਦਾ ਖਰਚਾ ਜ਼ਿਆਦਾ ਆਉਣ ਦੁੱਖੋਂ ਆਪਣੀ ਜ਼ਮੀਨ ਵਿਚ ਹੀ ਵਾਹ ਦਿੱਤੇ। ਆਲੂਆਂ ਦੇ ਝੰਬੇ ਕਿਸਾਨ ਨੇ ਮੱਕੀ ਦੀ ਕਾਸ਼ਤ ਕੀਤੀ ਪਰ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਵੀ ਜੱਗੋਂ ਤੇਰ੍ਹਵੀਂ ਹੋਈ ਹੈ। ਤਕਰੀਬਨ ਪ੍ਰਤੀ ਏਕੜ 20 ਕੁਇੰਟਲ ਤੋਂ ਲੈ ਕਿ 28 ਕੁਇੰਟਲ ਤੱਕ ਇਹ ਨਿਕਲਦੀ ਹੈ। ਇਸ ਵਾਰ ਇਸ ਦਾ ਝਾੜ 12 ਤੋਂ 18 ਕੁਇੰਟਲ ਦੇ ਵਿਚ ਰਿਹਾ ਹੈ ਅਤੇ ਤਕਰੀਬਨ 20 ਰੁਪਏ ਸਮਰਥਨ ਮੁੱਲ ਵਾਲੀ ਮੱਕੀ ਸਿਰਫ 800 ਰੁਪਏ ਪ੍ਰਤੀ ਕੁਇੰਟਲ ਮੰਡੀਆਂ ਵਿਚ ਵਿਕ ਰਹੀ ਹੈ। ਦੂਜੇ ਬੰਨੇ ਮੰਡੀਆਂ ਵਿਚ ਸਰਕਾਰੀ ਸੁਚੱਜੇ ਪ੍ਰਬੰਧ ਨਾ ਹੋਣ ਕਰਕੇ ਵਿਚਾਰੇ ਕਿਸਾਨ ਦੀ ਮੋਤੀਆਂ ਵਰਗੀ ਫਸਲ ਮੀਂਹ ਦੇ ਪਾਣੀ ਵਿਚ ਗੋਤੇ ਖਾ ਰਹੀ ਹੈ।
ਮੱਕੀ ਅਤੇ ਆਲੂਆਂ ਦੀ ਫਸਲ ਵਿਚੋਂ ਕਿਸਾਨ ਨੂੰ ਚੋਖਾ ਘਾਟਾ ਪੈਣ ਮਗਰੋਂ ਕਿਸਾਨ ਨੇ ਆਪਣਾ ਰੁਖ਼ ਮੂੰਗੀ ਦੀ ਫਸਲ ਵੱਲ ਕੀਤਾ ਸੀ ਪਰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਅਰਮਾਨ ਵੀ ਨਾਲ ਹੀ ਰੋੜ੍ਹ ਲਏ। ਪਿਛਲੀ ਵਾਰ ਕਿਸਾਨ ਦੀ ਮੂੰਗੀ 60 ਰੁਪਏ ਤੱਕ ਵਿਕ ਗਈ ਸੀ, ਜਿਹੜੀ ਇਸ ਵਾਰ ਸਿਰਫ 30 ਰੁਪਏ ਤੱਕ ਹੀ ਵਿਕ ਰਹੀ ਹੈ। ਉਪਰੋਂ ਪਏ ਮੀਂਹ ਕਾਰਨ ਮੱਕੀ ਦੇ ਝਾੜ ਵਿਚ ਵੀ ਕਮੀ ਆ ਚੁੱਕੀ ਹੈ। ਇਨ੍ਹਾਂ ਫਸਲਾਂ ਵਿਚੋਂ ਪਏ ਘਾਟੇ ਦੀ ਭਰਪਾਈ ਲਈ ਕੋਈ ਵੀ ਜ਼ਿੰਮੇਵਾਰ ਨਹੀਂ। ਜੇਕਰ ਸਰਕਾਰ ਫਸਲੀ ਵਿਭਿੰਨਤਾ ਦੇ ਰਾਹ ਕਿਸਾਨਾਂ ਨੂੰ ਪਾਉਂਦੀ ਹੈ ਤਾਂ ਫਸਲਾਂ ਦੇ ਵਾਜਬ ਮੁੱਲ ਨਿਰਧਾਰਤ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਛੋਟੀ ਕਿਸਾਨੀ ਦੀ ਦਰਦ ਕਹਾਣੀ ਏਨੀ ਦਰਦਨਾਕ ਹੁੰਦੀ ਜਾ ਰਹੀ ਹੈ ਕਿ ਬਿਆਨ ਕਰਨੀ ਔਖੀ ਹੈ।
ਇਸ ਵੇਲੇ ਛੋਟੀ ਕਿਸਾਨੀ ਵਿਚਾਰੀ ਡੰਗ-ਟਪਾਊ ਲਹਿਰ ਵਿਚੋਂ ਗੁਜ਼ਰ ਰਹੀ ਹੈ। ਨਾ ਤਾਂ ਕੋਈ ਦੁੱਧ ਦਾ ਭਾਅ ਰਿਹਾ ਅਤੇ ਨਾ ਹੀ ਕੋਈ ਫਸਲ ਦੇ ਮੁੱਲ। ਉੱਪਰੋਂ ਸਰਕਾਰ ਇਕ ਦੂਣੀ ਦੂਣੀ ਤੇ ਦੋ ਦੂਣੀ ਛੇ ਵਾਲਾ ਪਹਾੜਾ ਪੜ੍ਹ ਰਹੀ ਹੈ, ਤਾਂ ਹੀ ਨਿੱਤ ਰੋਜ਼ ਕਿਸਾਨ ਬਹੁਤ ਹੀ ਤੇਜ਼ੀ ਨਾਲ ਤਖਤੇ ਵੱਲ ਵਧ ਰਿਹਾ ਹੈ। ਛੋਟਾ ਕਿਸਾਨ ਭਾਵ ਗਰੀਬ ਕਿਸਾਨ ਜਿਹੜਾ ਆਪਣੇ ਪਿੰਡਾਂ ਵਿਚ ਬਣੀਆ ਸਹਿਕਾਰੀ ਸੁਸਾਇਟੀਆਂ (ਸਭਾਵਾਂ) ਵਿਚੋਂ ਆਪਣੀ ਫਸਲ ਦਾ ਪਾਲਣ-ਪੋਸ਼ਣ ਕਰਨ ਲਈ ਛੇ ਮਹੀਨੇ ਲਈ ਖਾਦ-ਦਵਾਈ ਉਧਾਰ ਲੈ ਕੇ ਆਪਣੇ ਘਰ ਦਾ ਯੱਕਾ ਰੇੜਦਾ ਸੀ ਪਰ ਉਹ ਵੀ ਕੇਂਦਰ ਸਰਕਾਰ ਨੂੰ ਮਿਰਚਾਂ ਵਾਂਗ ਰੜਕਣ ਲੱਗ ਪਿਆ। ਜਿਹੜੇ ਸਭਾਵਾਂ ਦੇ ਖਾਤੇ ਵਿਚ 6300 ਕਰੋੜ ਰੁਪਏ ਆਉਂਦੇ ਸਨ, ਉਸ ਵਿਚ ਕੱਟ ਲਾ ਕੇ 4100 ਕਰੋੜ ਰੁਪਏ ਕਰ ਦਿੱਤੇ ਭਾਵ ਦੋ ਸਾਲਾਂ ਵਿਚ 35 ਫੀਸਦੀ ਕੱਟ ਲਾ ਕੇ ਛੋਟੇ ਕਿਸਾਨ ਨੂੰ ਹੱਥਲ ਕਰ ਦਿੱਤਾ। ਮੋਦੀ ਭਗਤਾਂ ਦੀ ਸ਼੍ਰੇਣੀ ਵਿਚ ਆਉਂਦੇ ਟੀ.ਵੀ. ਚੈਨਲਾਂ ਨੇ ਤਾਂ ਬੋਲਣਾ ਹੀ ਨਹੀਂ ਸੀ, ਸਗੋਂ ਕਿਸੇ ਵੀ ਚੈਨਲ ਨੇ ਇਸ ਦੀ ਧੂਫ ਤੱਕ ਨਹੀਂ ਕੱਢੀ ਜਦ ਕਿ ਇਹ ਸਿੱਧਾ ਹੀ ਕਿਸਾਨਾਂ ਦੇ ਹੱਕ 'ਤੇ ਸਭ ਤੋਂ ਵੱਡਾ ਡਾਕਾ ਸੀ। ਇਕ ਬੰਨੇ ਦੇਸ਼ ਡਿਜੀਟਲ ਕਰਨ ਦੀਆਂ ਸਕੀਮਾਂ ਚਲਦੀਆਂ ਹਨ, ਦੂਜੇ ਬੰਨੇ ਕਿਸਾਨਾਂ ਦੇ ਘਰਾਂ ਦੇ ਦੀਵੇ ਬੁਝ ਰਹੇ ਹਨ। ਦੇਸ਼ ਸਟਾਰਟਅਪ ਇੰਡੀਆ ਵੱਲ ਵਧ ਰਿਹਾ ਹੈ, ਕਿਸਾਨ ਸਲਫਾਸ ਵੱਲ ਵਧ ਰਿਹਾ ਹੈ। ਤਖ਼ਤ ਤੋਂ ਤਖਤੇ ਵੱਲ ਕਿਸਾਨ ਦੇ ਵਧਦੇ ਕਦਮਾਂ ਨੂੰ ਮੋੜਨ ਦੀ ਲੋੜ ਹੈ। ਮੁੱਕਦੀ ਗੱਲ ਜਿਸ ਦੇਸ਼ ਦਾ ਕਿਸਾਨ ਗ਼ਰੀਬ ਹੋਵੇ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ।

ਮੋਬਾ: 98767-30001

ਅਲੋਪ ਹੋ ਰਿਹਾ ਤੀਆਂ ਦਾ ਤਿਉਹਾਰ

ਗੁਰੂਆਂ, ਪੀਰਾਂ, ਫਕੀਰਾਂ ਅਤੇ ਤਿੱਥ ਤਿਉਹਾਰਾਂ ਨਾਲ ਲਬਰੇਜ਼ ਪੰਜਾਬ ਦੀ ਪਵਿੱਤਰ ਧਰਤੀ ਦਾ ਸਾਉਣ ਦੇ ਮਹੀਨੇ ਅਤੇ ਤੀਆਂ ਦੇ ਤਿਉਹਾਰ ਨਾਲ ਇਕ ਅਨਮੋਲ, ਗੂੜ੍ਹਾ ਤੇ ਨਹੁੰ-ਮਾਸ ਵਾਲਾ ਰਿਸ਼ਤਾ ਹੈ। ਕਿਉਂਕਿ ਜੇਠ-ਹਾੜ੍ਹ ਦੀਆਂ ਤੱਤੀਆਂ ਲੋਆਂ ਹੰਢਾਅ ਰਹੇ ਪਸ਼ੂ, ਪੰਛੀ, ਪੇੜ, ਪੌਦੇ, ਪ੍ਰਾਣੀ, ਬਜ਼ੁਰਗ, ਬੱਚੇ, ਅੱਲ੍ਹੜ ਮੁਟਿਆਰਾਂ ਤੇ ਸੱਜ-ਵਿਆਹੀਆਂ ਨਾਰਾਂ ਸਾਉਣ ਦੇ ਮਹੀਨੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਕਿਉਂਕਿ ਅੰਤਾਂ ਦੀ ਔੜ 'ਚ ਕਮਲਾਏ ਫੁੱਲ-ਬੂਟੇ, ਹਰੇ-ਭਰੇ ਪੱਤਿਆਂ ਨਾਲ ਲਹਿਰਾਉਂਦੇ ਦਰਖਤ ਖੁਸ਼ੀ 'ਚ ਹਸੂੰ-ਹਸੂੰ ਕਰਦੇ ਹਨ। ਸੱਜ-ਵਿਆਹੀਆਂ ਤੇ ਅੱਲ੍ਹੜ ਮੁਟਿਆਰਾਂ ਲਈ ਸਾਉਣ ਮਹੀਨਾ ਭਾਗਾਂ ਭਰਿਆ ਜਾਪਦਾ ਹੈ, ਕਿਉਂਕਿ ਜੁਲਾਈ ਦੇ ਇਸ ਮਹੀਨੇ ਤੀਜ ਦੀਆਂ ਤੀਆਂ ਦਾ ਤਿਉਹਾਰ ਮੁਟਿਆਰਾਂ ਵੱਲੋਂ ਗਿੱਧਾ, ਬੋਲੀਆਂ ਅਤੇ ਪਿੱਪਲਾਂ, ਬੋਹੜਾਂ 'ਤੇ ਪੀਂਘਾਂ ਪਾ ਕੇ ਬੜੇ ਚਾਵਾਂ, ਮੁਲਾਰਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁੱਖ ਤੇ ਰੁੱਖ ਦਾ ਕਤਲ ਕਰਕੇ ਸਾਡੇ ਲੋਕ ਇਸ ਤੀਆਂ ਦੇ ਤਿਉਹਾਰ, ਸਾਡੇ ਵਿਰਸੇ ਤੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ, ਜਿਸ ਕਰਕੇ ਸਾਡੀ ਸੱਭਿਅਤਾ ਦਿਨੋਂ-ਦਿਨ ਖ਼ਤਮ ਹੋ ਰਹੀ ਹੈ, ਕਿਉਂਕਿ ਜੇ ਧੀਆਂ ਨਹੀਂ ਹੋਣਗੀਆਂ ਤਾਂ ਤੀਆਂ ਕਿੱਥੋਂ ਲੱਗਣਗੀਆਂ? ਜੇ ਰੁੱਖ ਨਹੀਂ ਹੋਣਗੇ ਤਾਂ ਪੀਂਘਾਂ ਕਿੱਥੇ ਪੈਣਗੀਆਂ? ਭਾਵੇਂ ਕੁਝ ਸੁਆਰਥੀ ਤੇ ਲਾਲਚੀ ਲੋਕ ਬੋਹੜਾਂ, ਪਿੱਪਲਾਂ ਨੂੰ ਵੱਢ-ਟੁੱਕ ਕੇ ਉਨ੍ਹਾਂ ਦੀਆਂ ਠੰਢੀਆਂ ਛਾਂਵਾਂ ਸਾਥੋਂ ਦੂਰ ਕਰ ਰਹੇ ਹਨ, ਪਰ ਸਾਡੇ ਸੱਭਿਆਚਾਰ ਦੇ ਰਾਖੇ ਅਜੇ ਵੀ ਇਸ ਤਿਉਹਾਰ ਨੂੰ ਆਪਣੀ ਹਿਕੜੀ ਨਾਲ ਲਾ ਕੇ ਇਸ ਪਵਿੱਤਰ ਤਿਉਹਾਰ ਨੂੰ ਸਾਂਭੀ ਬੈਠੇ ਹਨ। ਜੋ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਨਾਲ ਜੋੜਦਾ ਹੋਇਆ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੁੱਚੇ ਪੰਜਾਬੀਆਂ ਦਾ ਵਿਰਸਾ ਬਹੁਤ ਹੀ ਵਿਸ਼ਾਲ ਵਿਰਸਾ ਹੈ। ਸੋ, ਆਓ ਰਲ ਕੇ ਦਿਨੋਂ-ਦਿਨ ਅਲੋਪ ਹੋ ਰਹੇ ਤੀਆਂ ਦੇ ਤਿਉਹਾਰ ਨੂੰ ਅਲੋਪ ਹੋਣ ਤੋਂ ਬਚਾਈਏ ਅਤੇ ਧੀਆਂ ਦੇ ਕੁੱਖਾਂ 'ਚ ਹੋ ਰਹੇ ਅੱਤਿਆਚਾਰ ਨੂੰ ਰੋਕੀਏ ਤੇ ਰੁੱਖਾਂ ਦੀ ਹੋ ਰਹੀ ਵੱਢ-ਟੁੱਕ ਨੂੰ ਠੱਲ੍ਹ ਪਾ ਕੇ ਵੱਧ ਤੋਂ ਵੱੱਧ ਪੌਦੇ ਲਾਈਏ ਤੇ ਉਨ੍ਹਾਂ ਦੀ ਦੇਖਭਾਲ ਕਰੀਏ, ਤਾਂ ਜੋ ਵਧ-ਫੁੱਲ ਕੇ ਇਹ ਸਾਨੂੰ ਸ਼ੁੱਧ ਵਾਤਾਵਰਨ ਅਤੇ ਠੰਢੀਆਂ ਹਵਾਵਾਂ ਤੇ ਠੰਢੀਆਂ ਛਾਂਵਾਂ ਦਾ ਨਿੱਘ ਦੇ ਸਕਣ। ਸੋ ਦੁਆ ਕਰਦੇ ਹਾਂ ਕਿ ਸਾਉਣ ਦਾ ਮਹੀਨਾ ਹਰ ਸਾਲ ਸਖੀਆਂ-ਸਹੇਲੀਆਂ ਅਤੇ ਭੈਣ-ਭਰਾਵਾਂ ਨੂੰ ਆਪਣੇ ਇਸ ਪਵਿੱਤਰ ਤਿਉਹਾਰ ਰਾਹੀਂ ਮੇਲ-ਜੋਲ ਕਰਵਾਉਂਦਾ ਰਹੇ ਤੇ ਇਸ ਦੀ ਉਮਰ ਲੋਕ ਗੀਤਾਂ ਜਿੰਨੀ ਹੋਵੇ।

-ਪਿੰਡ ਬਈਏਵਾਲ (ਸੰਗਰੂਰ)।
ਮੋਬਾ: 98767-06580

ਘਾਤਕ ਹੈ ਰੋਜ਼ਾਨਾ ਜ਼ਿੰਦਗੀ ਵਿਚ ਵਧ ਰਹੀ ਰਸਾਇਣਾਂ ਦੀ ਵਰਤੋਂ

ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਰਸਾਇਣਾਂ ਦੀ ਬੇਲੋੜੀ ਤੇ ਬੇਓੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ? ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸੀ, ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਤੰਦਰੁਸਤ ਵੀ ਰਹਿੰਦਾ ਸੀ। ਅੱਜਕਲ੍ਹ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਵਿਚ ਅਥਾਹ ਵਾਧਾ ਹੋਇਆ ਹੈ।
ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਬਿਸਤਰ 'ਤੇ ਜਾਣ ਤੱਕ ਪੂਰਾ ਦਿਨ ਅਸੀਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਦੇ ਹਾਂ। ਦੰਦ ਸਾਫ ਕਰਨ ਵਾਲੇ ਪੇਸਟ ਵਿਚ ਸੋਡੀਅਮ ਫਲੋਰਾਈਡ ਨਾਂਅ ਦਾ ਰਸਾਇਣ ਹੁੰਦਾ ਹੈ। ਇਹ ਰਸਾਇਣ ਇੰਨਾ ਘਾਤਕ ਹੁੰਦਾ ਹੈ ਕਿ ਨਿਗਲੇ ਜਾਣ 'ਤੇ ਮਨੁੱਖੀ ਸਰੀਰ ਵਿਚ ਜਾਨਲੇਵਾ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਪਰ ਪੁਰਾਣੇ ਸਮੇਂ ਵਿਚ ਤਾਂ ਨਿੰਮ ਜਾਂ ਕਿੱਕਰ ਦੀ ਦਾਤਣ ਨਾਲ ਹੀ ਸਰ ਜਾਂਦਾ ਸੀ ਤੇ ਦੰਦ ਵੀ ਚਮਕੀਲੇ ਰਹਿੰਦੇ ਸਨ। ਫਿਰ ਵਾਰੀ ਆਉਂਦੀ ਹੈ ਨਹਾਉਣ ਦੀ। ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੂਆਂ ਤੇ ਰਸਾਇਣਾਂ ਨਾਲ ਭਰੇ ਰੰਗ-ਬਰੰਗੇ ਸਾਬਣ ਸਾਡੇ ਆਧੁਨਿਕ ਬਾਥਰੂਮਾਂ ਦਾ ਸ਼ਿੰਗਾਰ ਬਣ ਗਏ ਹਨ, ਜੋ ਸਾਡੇ ਜਿਸਮ ਦੀ ਕੁਦਰਤੀ ਨਮੀ ਖ਼ਤਮ ਕਰ ਦਿੰਦੇ ਹਨ ਤੇ ਖੁਸ਼ਕੀ ਘਟਾਉਣ ਲਈ ਅਸੀਂ ਚਮੜੀ 'ਤੇ ਬਾਡੀ ਲੋਸ਼ਨ ਲਗਾਉਂਦੇ ਹਾਂ। ਟੈਲਕਮ ਪਾਊਡਰ ਵਿਚ ਇਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ, ਜਿਸ ਨਾਲ ਸਾਡੀ ਚਮੜੀ ਦੇ ਪਸੀਨੇ ਵਾਲੇ ਮੁਸਾਮ ਬੰਦ ਹੋ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਬਿਮਾਰੀਆਂ ਦਾ ਖ਼ਤਰਾ 25 ਫੀਸਦੀ ਤੱਕ ਵਧ ਜਾਂਦਾ ਹੈ।
ਵਾਲ ਧੋਣ ਲਈ ਤਰ੍ਹਾਂ-ਤਰ੍ਹਾਂ ਦੇ ਸੈਂਪੂ ਬਜ਼ਾਰਾਂ ਵਿਚ ਆ ਗਏ ਹਨ। ਸਿੱਕਰੀ ਲਈ ਵੱਖਰਾ, ਝੜਦੇ ਵਾਲਾਂ ਲਈ ਵੱਖਰਾ ਤੇ ਚਿੱਟੇ ਵਾਲਾਂ ਲਈ ਵੱਖਰਾ ਸ਼ੈਂਪੂ ਹੈ। ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵੀ ਜ਼ਰੂਰੀ ਲਗਾਇਆ ਜਾਂਦਾ ਹੈ ਕਿ ਵਾਲ ਉਲਝ ਨਾ ਜਾਣ ਤੇ ਸੌਖਿਆਂ ਕੰਘੀ ਹੋ ਸਕੇ। ਪਰ ਇਨ੍ਹਾਂ ਵਿਚਲੇ ਰਸਾਇਣ ਵਾਲਾਂ ਤੇ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਔਰਤਾਂ ਵੀ ਚਿਹਰੇ ਦੀ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ। ਸੁੰਦਰਤਾ ਉਤਪਾਦਾਂ ਵਿਚਲੇ ਘਾਤਕ ਰਸਾਇਣ ਚਿਹਰੇ ਦੀ ਚਮੜੀ ਨੂੰ ਢਿੱਲਾ ਬਣਾ ਕੇ ਉਸ ਦੀ ਕੁਦਰਤੀ ਚਮਕ ਨੂੰ ਖ਼ਤਮ ਕਰ ਦਿੰਦੇ ਹਨ ਤੇ ਔਰਤ ਸਾਰੀ ਉਮਰ ਲਈ ਇਨ੍ਹਾਂ ਸੁੰਦਰਤਾ ਸਾਧਨਾਂ ਦੀ ਗੁਲਾਮ ਬਣ ਜਾਂਦੀ ਹੈ।
ਅਸਲੀਅਤ ਤਾਂ ਇਹ ਹੈ ਕਿ ਅਜੋਕੇ ਪੂੰਜੀਵਾਦੀ ਯੁੱਗ ਵਿਚ ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੀ ਭਰਮਾਊ ਇਸ਼ਤਿਹਾਰਬਾਜ਼ੀ ਨੇ ਇਨ੍ਹਾਂ ਫਾਲਤੂ ਚੀਜ਼ਾਂ ਦੀ ਘੁਸਪੈਠ ਸਾਡੀ ਜ਼ਿੰਦਗੀ ਵਿਚ ਮੱਲੋ-ਮੱਲੀ ਕਰਵਾ ਦਿੱਤੀ ਹੈ।
ਅੱਜਕਲ੍ਹ ਦੇ ਨੌਜਵਾਨ ਕੁਦਰਤੀ ਖੁਰਾਕਾਂ ਦਾ ਖਹਿੜਾ ਛੱਡ ਤਾਕਤ ਵਧਾਉਣ ਵਾਲੇ ਅਨੇਕਾਂ ਉਤਪਾਦ ਬਿਨਾਂ ਡਾਕਟਰੀ ਸਲਾਹ ਦੇ ਧੜਾਧੜ ਵਰਤ ਰਹੇ ਹਨ। ਨੌਜਵਾਨ ਇਨ੍ਹਾਂ ਉਤਪਾਦਾਂ ਦੇ ਸਰੀਰ 'ਤੇ ਪੈਣ ਵਾਲੇ ਦੂਰਦਰਸ਼ੀ ਮੰਦ-ਪ੍ਰਭਾਵਾਂ ਤੋਂ ਅੱਖਾਂ ਮੀਟੀ ਬੈਠੇ ਹਨ। ਸਾਡੇ ਬਾਪ-ਦਾਦੇ ਜਿਹੜੇ ਲਵੇਰੀਆਂ ਦਾ ਦੁੱਧ ਪੀ ਕੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਸਨ, ਅੱਜਕਲ੍ਹ ਉਸ ਦੁੱਧ ਵਿਚ ਬੱਚੇ ਨੂੰ ਚਾਕਲੇਟ ਵਾਲਾ ਪਾਊਡਰ ਮਿਲਾ ਕੇ ਦਿੱਤਾ ਜਾਂਦਾ ਹੈ। ਅਖੇ ਇਸ ਪਾਊਡਰ ਤੋਂ ਬਿਨਾਂ ਦੁੱੱਧ ਦੀ ਸ਼ਕਤੀ ਅਧੂਰੀ ਹੈ, ਜਦਕਿ ਇਨ੍ਹਾਂ ਪਾਊਡਰਾਂ ਦੀ ਬੇਲੋੜੀ ਤੇ ਅਧਿਕ ਵਰਤੋਂ ਬੱਚੇ ਵਿਚ ਸਰੀਰਕ ਵਿਕਾਰ ਪੈਦਾ ਕਰ ਸਕਦੀ ਹੈ। ਇਥੋਂ ਤੱਕ ਕਿ ਗੁਰਦਿਆਂ ਵਰਗੇ ਮਹੱਤਵਪੂਰਨ ਅੰਗ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਫਲਾਂ-ਸਬਜ਼ੀਆਂ ਉੱਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ। ਮੁਨਾਫਾਖੋਰਾਂ ਵੱਲੋਂ ਬੇਮੌਸਮੇ ਫਲਾਂ ਤੇ ਸਬਜ਼ੀਆਂ ਨੂੰ ਘਾਤਕ ਰਸਾਇਣਾਂ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ, ਜੋ ਸਰੀਰ ਅੰਦਰ ਜਾ ਕੇ ਨਾਮੁਰਾਦ ਬਿਮਾਰੀਆਂ ਉਪਜਾਉਂਦੇ ਹਨ।
ਰਸੋਈ ਵਿਚ ਭਾਂਡੇ ਸਾਫ ਕਰਨ ਲਈ ਜੋ ਝੱਗ ਜਾਂ ਸਾਬਣ ਵਰਤੀ ਜਾਂਦੀ ਹੈ, ਉਸ ਵਿਚ ਵੀ ਘਾਤਕ ਰਸਾਇਣ ਘੱਟ ਨਹੀਂ ਹੁੰਦੇ। ਭਾਂਡੇ ਵਿਚਲੀ ਝੱਗ ਨੂੰ ਸਾਫ ਕਰਨ ਲਈ ਖੁੱਲ੍ਹਾ ਪਾਣੀ ਲੋੜੀਂਦਾ ਹੁੰਦਾ ਹੈ। ਇਸ ਲਈ ਪਾਣੀ ਦੀ ਦੁਰਵਰਤੋਂ ਵੀ ਵਧੀ ਹੈ। ਦੂਜਾ ਇਹ ਰਸਾਇਣ ਭਾਂਡਿਆਂ 'ਚੋਂ ਹੁੰਦੇ ਹੋਏ ਭੋਜਨ ਰਾਹੀਂ ਸਾਡੇ ਮਿਹਦੇ ਵਿਚ ਜਾ ਪੁੱਜਦੇ ਹਨ, ਜੋ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਭਾਂਡੇ ਹਮੇਸ਼ਾ ਚੁੱਲ੍ਹੇ ਦੀ ਰਾਖ ਨਾਲ ਸਾਫ ਕਰਨੇ ਚਾਹੀਦੇ ਹਨ। ਇਸ ਨਾਲ ਬੈਕਟੀਰੀਆ ਚੰਗੀ ਤਰ੍ਹਾਂ ਮਰ ਜਾਂਦੇ ਹਨ ਤੇ ਇਸ ਦਾ ਕੋਈ ਮੰਦ ਪ੍ਰਭਾਵ ਵੀ ਨਹੀਂ ਹੈ।
ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖੀ ਸਿਹਤ ਸਬੰਧੀ ਵਿਕਾਰਾਂ ਵਿਚ ਅਥਾਹ ਵਾਧਾ ਹੋਇਆ ਹੈ। ਘਾਤਕ ਰਸਾਇਣ ਮਨੁੱਖ ਦੀ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ। ਬੱਚਿਆਂ ਵਿਚ ਜਮਾਂਦਰੂ ਵਿਕਾਰ, ਮੰਦਬੁੱਧੀ ਬੱਚੇ ਪੈਦਾ ਹੋਣੇ, ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣੀ ਆਦਿ ਇਨ੍ਹਾਂ ਰਸਾਇਣਾਂ ਦੇ ਹੀ ਸਿੱਟੇ ਹਨ। ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਜਿੰਨੀ ਹੋ ਸਕੇ, ਕੁਦਰਤੀ ਤੇ ਦੇਸੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬੇਲੋੜਾ ਖਰਚਾ ਵੀ ਘਟੇਗਾ।

-ਪੰ: ਅਧਿਆਪਕਾ, ਸ: ਹਾ: ਸਕੂਲ, ਟਾਂਡੀਆਂ (ਮਾਨਸਾ)।
ਮੋਬਾ: 90565-26703

ਛੋਟੀ ਉਮਰੇ ਸੰਸਕਾਰ ਦੇਣੇ ਜ਼ਰੂਰੀ

ਅੱਜਕਲ੍ਹ ਪੰਜਾਬੀ ਗਾਇਕੀ ਅਤੇ ਗੀਤ-ਸੰਗੀਤ ਦੀ ਭਾਵੇਂ ਸਮੁੱਚੇ ਵਿਸ਼ਵ ਵਿਚ ਸਰਦਾਰੀ ਹੈ, ਪਰ ਕੁਝ ਸਿਰ-ਫਿਰੇ ਅਖੌਤੀ ਗਾਇਕ ਅਤੇ ਅਸੱਭਿਅਕ ਗੀਤਕਾਰ ਜਿੱਥੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ।
ਅਕਸਰ ਕਿਹਾ ਜਾਂਦਾ ਹੈ ਕਿ ਨੌਜਵਾਨ ਹੀ ਕਿਸੇ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਜੇ ਦੇਸ਼ ਦੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਣ ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਤਾਂ ਰੱਬ ਹੀ ਜਾਣੇ। ਕਿਸੇ ਸਮੇਂ ਪੰਜਾਬ ਦੇ ਨੌਜਵਾਨ ਪੂਰੀ ਦੁਨੀਆ ਵਿਚ ਆਪਣੇ ਚੁਸਤ-ਦਰੁਸਤ ਸਰੀਰ ਕਰਕੇ ਜਾਣੇ ਜਾਂਦੇ ਸਨ ਪਰ ਹੁਣ ਗੁਰੂਆਂ, ਪੀਰਾਂ ਅਤੇ ਮਹਾਂਪੁਰਖਾਂ ਦੀ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਵਿਚ ਨਸ਼ਿਆਂ ਦਾ ਛੇਵਾਂ ਦਰਿਆ ਸ਼ਾਮਿਲ ਹੋ ਚੁੱਕਾ ਹੈ। ਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ 'ਤੇ ਖੋਖਲੇ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦੀ ਲੋੜ ਹੈ। ਖਾਸ ਤੌਰ 'ਤੇ ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਾ-ਰਹਿਤ ਜੀਵਨ ਦੀ ਨਿੱਜੀ ਮਿਸਾਲ ਰਾਹੀਂ ਘਰਾਂ ਤੇ ਸਕੂਲਾਂ ਵਿਚ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਵਾਲੇ ਪਵਿੱਤਰ ਵਾਤਾਵਰਨ ਦੀ ਸਿਰਜਣਾ ਕਰਨੀ ਚਾਹੀਦੀ ਹੈ। ਜਿਸ ਘਰ ਵਿਚ ਪਿਤਾ ਸ਼ਰੇਆਮ ਪਰਿਵਾਰਕ ਮੈਂਬਰਾਂ ਸਾਹਮਣੇ ਸ਼ਰਾਬ ਪੀਂਦਾ ਹੋਵੇ ਅਤੇ ਰੋਕੇ ਜਾਣ 'ਤੇ ਗਾਲ੍ਹਾਂ ਕੱਢਦਾ ਜਾਂ ਮਾਰਕੁੱਟ ਕਰਦਾ ਹੋਵੇ, ਉਸ ਘਰ ਦੇ ਪੁੱਤਰ ਤੋਂ ਇਹ ਕਿਵੇਂ ਆਸ ਲਗਾਈ ਜਾ ਸਕਦੀ ਹੈ ਕਿ ਉਹ ਭਵਿੱਖ ਵਿਚ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਬਚਿਆ ਰਹੇਗਾ? ਇਸ ਲਈ ਮਾਪਿਆਂ ਨੂੰ ਬੱਚੇ ਨੂੰ ਛੋਟੀ ਉਮਰੇ ਹੀ 'ਵੱਡੀ ਕਾਰ' ਦੇਣ ਦੀ ਥਾਂ 'ਤੇ 'ਵੱਡੇ ਸੰਸਕਾਰ' ਦੇਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਉੱਤੇ ਪਿਆਰ ਭਰੀ ਦੋਸਤਾਨਾ ਨਿਗਰਾਨੀ ਰੱਖਣੀ ਚਾਹੀਦੀ ਹੈ। ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਸ਼ਕਤੀ ਦੇ ਸਦਉਪਯੋਗ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਕੋਮਲ ਕਲਾਵਾਂ ਅਤੇ ਹੋਰ ਸਹਿ-ਕਿਰਿਆਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਅੱਜਕਲ੍ਹ ਪੰਜਾਬੀ ਗਾਇਕੀ ਅਤੇ ਗੀਤ-ਸੰਗੀਤ ਦੀ ਭਾਵੇਂ ਸਮੁੱਚੇ ਵਿਸ਼ਵ ਵਿਚ ਸਰਦਾਰੀ ਹੈ, ਪਰ ਕੁਝ ਸਿਰ-ਫਿਰੇ ਅਖੌਤੀ ਗਾਇਕ ਅਤੇ ਅਸੱਭਿਅਕ ਗੀਤਕਾਰ ਜਿੱਥੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ, ਉਥੇ ਨਾਲ ਹੀ ਅਜੋਕੀ ਨੌਜਵਾਨ ਪੀੜ੍ਹੀ ਦੇ ਵਿਚਾਰ, ਆਚਾਰ ਅਤੇ ਵਿਵਹਾਰ ਵਿਚੋਂ ਪੂਰੀ ਤਰ੍ਹਾਂ ਨਾਲ ਨੈਤਿਕਤਾ ਦਾ ਖਾਤਮਾ ਕਰ ਰਹੇ ਹਨ। ਬੜੇ ਅਫ਼ਸੋਸ ਅਤੇ ਬਦਕਿਸਮਤੀ ਵਾਲੀ ਗੱਲ ਹੈ ਕਿ ਅਜੋਕੇ ਬੇਸੁਰੇ ਅਤੇ ਬੇਤੁਕੇ ਗਾਇਕਾਂ ਨੇ ਸੂਰਬੀਰਾਂ ਅਤੇ ਸਰਦਾਰਾਂ ਦੇ ਪੰਜਾਬ ਨੂੰ ਨਸ਼ੇਖੋਰਾਂ ਅਤੇ ਨਚਾਰਾਂ ਦਾ ਪੰਜਾਬ ਬਣਾ ਛੱਡਿਆ ਹੈ। ਪਿਛਲੇ ਸਮਿਆਂ ਦੌਰਾਨ ਸੁਪਰਹਿੱਟ ਹੋਏ ਕੁਝ ਪੰਜਾਬੀ ਗੀਤ ਜਿਨ੍ਹਾਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਇਸ ਲਈ ਸਾਡੀਆਂ ਸਰਕਾਰਾਂ, ਸਿੱਖਿਆ ਸੰਸਥਾਵਾਂ, ਸਮਾਜ-ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਵੱਖ-ਵੱਖ ਸੈਮੀਨਾਰਾਂ, ਫ਼ਿਲਮਾਂ, ਨਾਟਕਾਂ, ਡਾਕੂਮੈਂਟਰੀਆਂ, ਅਖ਼ਬਾਰਾਂ, ਪੁਸਤਕਾਂ, ਪ੍ਰਤੀਯੋਗਤਾਵਾਂ, ਰੈਲੀਆਂ ਅਤੇ ਸੋਸ਼ਲ ਮੀਡੀਆ ਦੁਆਰਾ ਅਨੈਤਿਕ ਗੀਤਾਂ ਦੇ ਵਿਰੋਧ ਵਿਚ ਨਵੀਂ ਚੇਤਨਾ ਦਾ ਐਸਾ ਜਨ ਅੰਦੋਲਨ ਪੈਦਾ ਕਰਨਾ ਚਾਹੀਦਾ ਹੈ, ਜਿਸ ਨਾਲ ਪਦਾਰਥਵਾਦੀ ਅਤੇ ਪੂੰਜੀਵਾਦੀ ਸੋਚ ਨੂੰ ਸਮਰਪਿਤ ਹੋ ਚੁੱਕੇ ਅਜੋਕੇ ਗੀਤਕਾਰ, ਗਾਇਕ ਅਤੇ ਸਰੋਤੇ ਆਪ-ਮੁਹਾਰੇ ਹੀ ਅਜਿਹੇ ਗੀਤ ਲਿਖਣੇ, ਗਾਉਣੇ ਅਤੇ ਸੁਣਨੇ ਬੰਦ ਕਰ ਦੇਣ।

-137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ-147001.
ਮੋਬਾ: 94636-19353

ਵਾਤਾਵਰਨ ਨੂੰ ਸਵੱਛ ਬਣਾਉਣ 'ਚ ਪੰਚਾਇਤਾਂ ਦੀ ਭੂਮਿਕਾ

ਗੰਧਲੇ ਹੋ ਚੁੱਕੇ ਵਾਤਾਵਰਨ ਦੀ ਸਮੱਸਿਆ ਨੇ ਮਨੁੱਖ ਦੀ ਧਰਤੀ ਉੱਪਰ ਸਿਹਤਮੰਦ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਇਸ ਦੇ ਬਾਵਜੂਦ ਵੀ ਗੰਭੀਰ ਹੋ ਚੁੱਕੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਵਾਤਾਵਰਨ ਨੂੰ ਸਵੱਛ ਅਤੇ ਮਨੁੱਖੀ ਜ਼ਿੰਦਗੀ ਦੇ ਅਨੁਕੂਲ ਬਣਾਉਣ ਵਿਚ ਪੰਚਾਇਤਾਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਸਕਦੀਆਂ ਹਨ। ਦਿਨੋਂ-ਦਿਨ ਰੁੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਕਿਉਂਕਿ ਹਰ ਪਿੰਡ ਵਿਚ 15-20 ਵਿਅਕਤੀ ਦਰੱਖਤ ਕੱਟਣ ਜਾਂ ਪੁੱਟਣ ਦਾ ਕੰਮ ਕਰਦੇ ਹਨ ਪਰ ਰੁੱਖ ਲਾਉਣ ਵਾਲਾ ਸ਼ਾਇਦ ਇਕ ਵੀ ਨਹੀਂ ਹੁੰਦਾ। ਰੁੱਖਾਂ ਦੀ ਘਾਟ ਕਾਰਨ ਧਰਤੀ ਦੀ ਤਪਸ਼ ਵਧ ਰਹੀ ਹੈ, ਜਿਸ ਕਾਰਨ ਵਾਤਾਵਰਨ ਵਿਚ ਅਸਾਵਾਂਪਣ ਪੈਦਾ ਹੋ ਰਿਹਾ ਹੈ। ਇਸ ਸਮੱਸਿਆ ਦਾ ਇਕੋ-ਇਕ ਹੱਲ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਪੰਚਾਇਤਾਂ ਇਸ ਕੰਮ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ। ਇਸ ਲਈ ਮਨਰੇਗਾ ਮਜ਼ਦੂਰਾਂ ਨੂੰ ਨਾਲ ਜੋੜਿਆ ਜਾ ਸਕਦਾ ਹੈ। ਪਿੰਡ ਦੀਆਂ ਖਾਲੀ ਪਈਆਂ ਥਾਵਾਂ, ਸ਼ਾਮਲਾਟਾਂ 'ਤੇ ਰੁੱਖ ਲਗਾਏ ਜਾ ਸਕਦੇ ਹਨ। ਇਸ ਦਾ ਦੂਹਰਾ ਫਾਇਦਾ ਹੋਵੇਗਾ। ਇਕ ਤਾਂ ਜਿੱਥੇ ਇਸ ਨਾਲ ਵਾਤਾਵਰਨ ਸਾਫ਼ ਹੋਵੇਗਾ, ਉੱਥੇ ਨਾਲ ਹੀ ਸ਼ਾਮਲਾਟਾਂ ਨਜਾਇਜ਼ ਕਬਜ਼ਿਆਂ ਤੋਂ ਮੁਕਤ ਰਹਿਣਗੀਆਂ, ਕਿਉਂਕਿ ਵਿਹਲੀਆਂ ਪਈਆਂ ਥਾਵਾਂ ਨੂੰ ਲੋਕ ਡੰਗਰ ਬੰਨ੍ਹਣ ਅਤੇ ਕੂੜਾ ਸੁੱਟਣ ਲਈ ਵਰਤਦੇ ਹਨ।
ਪਿੰਡਾਂ ਨੂੰ ਦੂਸਰੇ ਪਿੰਡਾਂ ਨਾਲ ਜੋੜਦੀਆਂ ਸੜਕਾਂ, ਰੁੱਖਾਂ ਤੋਂ ਸੱਖਣੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਹਜ਼ਾਰਾਂ ਦੀ ਗਿਣਤੀ ਵਿਚ ਰੁੱਖ ਲਗਾਏ ਜਾ ਸਕਦੇ ਹਨ। ਇੱਥੇ ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਸਿਰਫ ਬੂਟੇ ਲਗਾ ਕੇ ਹੀ ਕੰਮ ਖ਼ਤਮ ਨਾ ਸਮਝ ਲਿਆ ਜਾਵੇ, ਸਗੋਂ ਇਸ ਦੀ ਦਰੱਖਤ ਬਣਨ ਤੱਕ ਪੂਰੀ ਸਾਂਭ-ਸੰਭਾਲ ਕੀਤੀ ਜਾਵੇ। ਚੰਗਾ ਹੋਵੇ ਜੇਕਰ ਬੂਟੇ ਲਗਾਉਣ ਤੋਂ ਪਹਿਲਾਂ ਸੜਕਾਂ ਤੋਂ ਨਜਾਇਜ਼ ਕਬਜ਼ੇ ਛੁਡਵਾ ਕੇ, ਪੱਕੀ ਨਿਸ਼ਾਨਦੇਹੀ ਲਈ ਪੱਥਰ ਗੱਡ ਦਿੱਤੇ ਜਾਣ। ਫਸਲਾਂ ਦੇ ਨਾੜ ਨੂੰ ਅੱਗ ਲਗਾਉਂਦੇ ਸਮੇਂ ਲਾਪ੍ਰਵਾਹੀ ਤੋਂ ਕੰਮ ਲਿਆ ਜਾਂਦਾ ਹੈ। ਅੱਗ ਕਿਸ ਦਾ ਲਿਹਾਜ਼ ਕਰਦੀ ਹੈ? ਉਹਨੇ ਸੜਕਾਂ ਤੱਕ ਮਾਰ ਕਰਨੀ ਹੁੰਦੀ ਹੈ, ਸੜਕਾਂ 'ਤੇ ਅਤੇ ਆਸੇ-ਪਾਸੇ ਲੱਗੇ ਛੋਟੇ-ਵੱਡੇ ਬੂਟੇ, ਛਾਂਦਾਰ ਰੁੱਖ ਸੜ ਕੇ ਸੁਆਹ ਬਣ ਜਾਂਦੇ ਹਨ। ਬੂਟਿਆਂ ਨੂੰ ਨੁਕਸਾਨ ਪਹੁੰਚਣ ਦੀ ਸੂਰਤ ਵਿਚ ਨਾਲ ਲਗਦੇ ਖੇਤ ਦੇ ਮਾਲਕ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਪੰਚਾਇਤਾਂ ਵੱਲੋਂ ਕੀਤੇ ਉਪਰਾਲੇ ਨਿਸਚਿਤ ਰੂਪ ਵਿਚ ਸ਼ਲਾਘਾਯੋਗ ਤੇ ਪ੍ਰਸੰਸਾਮਈ ਹੋਣਗੇ।

-ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ, ਲੁਧਿਆਣਾ। ਮੋਬਾ: 94630-90470

ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ

ਨਾਅਰੇ, ਲੋਕ ਤੱਥ ਅਤੇ ਸਾਹਿਤ ਸਮੇਂ ਦੇ ਹਾਲਾਤ ਅਤੇ ਵਾਤਾਵਰਨ ਦੇ ਵਿਚੋਂ ਉੱਗਦੇ ਹਨ। ਇਹ ਮੰਗਾਂ, ਤਰੰਗਾਂ ਅਤੇ ਉਮੰਗਾਂ ਨੂੰ ਉਤਸ਼ਾਹਿਤ ਕਰਕੇ ਸਮਾਜ ਵਿਚ ਦੇਸ਼ ਭਗਤੀ ਦੀ ਲਹਿਰ ਨੂੰ ਉਭਾਰਦੇ ਹਨ। ਗੁਲਾਮੀ ਦੇ ਜੁੱਲੜ ਨੂੰ ਲਾਹੁਣ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਚ 1965 ਵਿਚ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦੇ ਕੇ ਦੇਸ਼ ਵਾਸੀਆਂ ਨੂੰ ਇਕ ਨੁਕਤੇ ਵਿਚ ਸਮਝਾ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਲਈ ਜਵਾਨ ਅਤੇ ਕਿਸਾਨ ਦੇ ਸਿਰ 'ਤੇ ਦਾਰੋ ਮਦਾਰ ਟਿਕਿਆ ਹੋਇਆ ਸੀ। ਕੁਝ ਸਮੇਂ ਬਾਅਦ 1971 ਵਿਚ ਜਵਾਨਾਂ ਨੇ ਆਪਣੇ ਰੰਗ ਵਿਖਾ ਦਿੱਤੇ। ਕਿਸਾਨ ਨੇ ਵੀ ਆਨਾਜ ਦੇ ਭੰਡਾਰ ਭਰਨੇ ਸ਼ੁਰੂ ਕਰ ਦਿੱਤੇ। ਯੁੱਗ ਬਦਲਣ ਦੇ ਨਾਲ ਨਿਊਕਲੀਅਰ ਟੈਸਟ ਵੇਲੇ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਦੀ ਧੁਨ ਨੂੰ ਅੱਗੇ ਤੋਰਦਿਆਂ 'ਜੈ ਜਵਾਨ ਜੈ ਕਿਸਾਨ ਜੈ ਵਿਗਿਆਨ' ਕਰ ਦਿੱਤਾ। ਇਹ ਨਾਅਰਾ ਵੀ ਅਟੱਲ ਬਿਹਾਰੀ ਵਾਜਪਾਈ ਹੁਰਾਂ ਨੇ 'ਅਟੱਲ' ਕਰ ਦਿੱਤਾ। ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਵਿਗਿਆਨ ਦਾ ਜਾਣੂ ਹੋਣਾ ਜ਼ਰੂਰੀ ਹੈ। ਪਾਖੰਡਵਾਦ ਵਿਗਿਆਨਕ ਸੋਚ ਨਾਲ ਰੁਕਦਾ ਹੈ। ਸ੍ਰੀ ਚੰਦਰ ਸ਼ੇਖਰ ਵੈਂਕਟਾਰਮਨ ਵਿਗਿਆਨੀ ਦਾ ਸੁਨੇਹਾ ਸੀ, 'ਵਿਗਿਆਨ ਦਾ ਸਾਰ ਉਪਕਰਨ ਨਹੀਂ, ਸਗੋਂ ਸੁਤੰਤਰ ਸੋਚ ਅਤੇ ਮਿਹਨਤ ਹੈ।' ਅੱਜ ਕਿਸਾਨ, ਜਵਾਨ ਅਤੇ ਵਿਗਿਆਨ ਪ੍ਰਤੀ ਆਤਮ ਚਿੰਤਨ ਕਰਨ ਦੀ ਲੋੜ ਹੈ, ਸਮਾਜ ਅਤੇ ਦੇਸ਼ ਇਕਮੁੱਠਤਾ ਨਾਲ ਅਤੇ ਇਕਸੁਰਤਾ ਨਾਲ ਤਰੱਕੀ ਵੱਲ ਹੋਰ ਵੀ ਤੇਜ਼ੀ ਨਾਲ ਵਧੇਗਾ। ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ।

-ਅਬਿਆਣਾ ਕਲਾਂ। ਮੋਬਾ: 98781-11445

ਅੰਨਦਾਤੇ ਦੀ ਆਰਥਿਕ ਹਾਲਤ ਵਿਚ ਕਿਵੇਂ ਹੋਵੇਗਾ ਸੁਧਾਰ?

ਮੈਂ ਬਤੌਰ ਬੈਂਕ ਕਰਮਚਾਰੀ (ਮੈਨੇਜਰ) ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਹੀ ਸੇਵਾ ਨਿਭਾਈ ਹੈ। ਇਸ ਮੌਕੇ ਦੌਰਾਨ ਕਿਸਾਨਾਂ ਦੀਆਂ ਥੁੜਾਂ ਮਾਰੀ ਜ਼ਿੰਦਗੀ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਸੋ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਜਾਂ ਕਹਿ ਲਓ ਕਿ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਕੁਝ ਸੁਝਾਅ ਪੇਸ਼ ਕਰ ਰਿਹਾ ਹਾਂ-
ਕਿਸਾਨਾਂ ਨੂੰ ਉਂਜ ਤਾਂ ਅਨਪੜ੍ਹ ਕਿਹਾ ਜਾਂਦਾ ਹੈ ਪਰ ਅੱਜ ਉਹ ਖੁਦ ਦੋ ਡੰਗ ਦੀ ਰੋਟੀ ਨੂੰ ਤਰਸ ਰਿਹਾ ਹੈ। ਉਸ ਦੀ ਆਰਥਿਕ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਉਹ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੋ ਰਿਹਾ ਹੈ। ਇਸ ਲਈ ਕਿਸਾਨਾਂ ਦੀ ਮੌਜੂਦਾ ਸਥਿਤੀ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ। ਅਜਿਹਾ ਕਿ ਭਾਰਤ ਵਿਚ 70 ਫੀਸਦੀ ਤੋਂ ਜ਼ਿਆਦਾ ਆਬਾਦੀ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ਅਤੇ 58 ਫੀਸਦੀ ਤੋਂ ਜ਼ਿਆਦਾ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਪੇਂਡੂ ਖੇਤੀਬਾੜੀ ਦਾ ਪੈਮਾਨਾ ਘਰੇਲੂ ਉਤਪਾਦਨ ਵਿਚ ਹਿੱਸੇਦਾਰੀ ਸਿਰਫ 17.3 ਫੀਸਦੀ ਹੀ ਹੈ। 'ਕਿਸਾਨ' ਸ਼ਬਦ ਸੁਣਦਿਆਂ ਇਕ ਵਿਅਕਤੀ ਜਿਸ ਨੇ ਬੇਢੰਗ ਦੇ ਕੱਪੜੇ ਪਹਿਨੇ ਹੋਣ, ਕਮਜ਼ੋਰ ਜਿਹਾ ਸਰੀਰ, ਮੱਥੇ 'ਤੇ ਚਿੰਤਾ ਦੀਆਂ ਰੇਖਾਵਾਂ ਹੋਣ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਅੱਜ ਕਿਸਾਨ ਬਾਰਿਸ਼ 'ਤੇ ਏਨਾ ਨਿਰਭਰ ਹੈ ਕਿ ਜੇਕਰ ਮੀਂਹ ਪੈਣ ਵਿਚ ਥੋੜ੍ਹੀ ਜਿਹੀ ਢਿੱਲਮੱਠ ਹੋ ਜਾਵੇ ਤਾਂ ਅੰਨਦਾਤਾ ਕਹਾਉਣ ਵਾਲਾ ਕਿਸਾਨ ਖੁਦ ਅੰਨ ਦਾ ਮੁਹਤਾਜ ਹੋ ਜਾਂਦਾ ਹੈ।
ਆਜ਼ਾਦੀ ਦੇ 70 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਉਨ੍ਹਾਂ ਨੇ ਖੇਤੀਬਾੜੀ ਨੂੰ ਧਿਆਨ ਵਿਚ ਰੱਖ ਕੇ ਨੀਤੀਆਂ ਤਾਂ ਬਣਾਈਆਂ ਪਰ ਕਿਸਾਨਾਂ ਦੀ ਹਾਲਤ ਅੱਜ ਵੀ ਪਹਿਲਾਂ ਵਾਲੀ ਹੀ ਹੈ। ਇਸੇ ਕ੍ਰਮ ਵਿਚ ਬੈਂਕਾਂ ਦਾ ਵੀ ਰਾਸ਼ਟਰੀਕਰਨ ਕਰਵਾਇਆ ਗਿਆ ਤੇ ਬੈਂਕਾਂ ਦੇ ਰਾਸ਼ਟੀਕਰਨ ਪਿੱਛੇ ਉਦੇਸ਼ ਸੀ ਕਿ ਕਿਸਾਨ ਨੂੰ ਅਸਾਨ ਸ਼ਰਤਾਂ 'ਤੇ ਕਰਜ਼ਾ ਮਹੱਈਆ ਕਰਵਾਇਆ ਜਾਵੇ ਪਰ ਸਚਾਈ ਇਸ ਤੋਂ ਉਲਟ ਹੈ। ਬੈਂਕਾਂ ਨੇ ਖੇਤੀਬਾੜੀ ਖੇਤਰ ਨੂੰ ਕਰਜ਼ਾ ਤਾਂ ਉਪਲਬਧ ਕਰਵਾਇਆ ਪਰ ਇਸ ਦਾ ਫਾਇਦਾ ਜਾਂ ਤਾਂ ਵੱਡੇ ਕਿਸਾਨ ਲੈਣ ਲੱਗੇ ਜਾਂ ਫਿਰ ਜਿਨ੍ਹਾਂ ਲੋਕਾਂ ਦੀ ਬੈਂਕਾਂ ਤੱਕ ਪਹੁੰਚ ਸੀ, ਉਹ ਲੈ ਗਏ। ਅੱਜ ਇਕ ਛੋਟਾ ਜਾਂ ਦਰਮਿਆਨਾ ਕਿਸਾਨ ਤਾਂ ਬੈਂਕਾਂ ਦੀ ਦਹਿਲੀਜ਼ 'ਤੇ ਪੈਰ ਰੱਖਣ ਤੋਂ ਕੰਨੀ ਕਤਰਾਉਂਦਾ ਹੈ। ਉਹ ਕਿਸੇ ਸ਼ਾਹੂਕਾਰ ਤੋਂ ਜ਼ਿਆਦਾ ਵਿਆਜ 'ਤੇ ਪੈਸੇ ਲੈਣ ਨੂੰ ਪਹਿਲ ਦਿੰਦਾ ਹੈ। ਕਿਸਾਨ ਦੀਆਂ ਅਨੇਕਾਂ ਜ਼ਰੂਰਤਾਂ ਹਨ, ਜਿਵੇਂ ਮਹਿੰਗੀਆਂ ਕੀੜੇਮਾਰ ਦਵਾਈਆਂ, ਖਾਦਾਂ, ਬੱਚਿਆਂ ਦਾ ਪਾਲਣ-ਪੋਸ਼ਣ, ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਵਿਆਹ ਅਤੇ ਵਿਆਜ ਆਦਿ, ਕਿਸਾਨ ਇਹ ਸਾਰੀਆਂ ਜ਼ਰੂਰਤਾਂ ਖੇਤੀਬਾੜੀ ਦੇ ਮਾਧਿਅਮ ਰਾਹੀਂ ਪੂਰੀਆਂ ਨਹੀਂ ਕਰ ਸਕਦਾ।
ਦੂਸਰਾ ਕਾਰਨ ਇਹ ਹੈ ਕਿ ਕਿਸਾਨ ਜਿੰਨੀ ਵੀ ਫਸਲ ਪੈਦਾ ਕਰਦਾ ਹੈ, ਉਸ ਦਾ ਸਾਰਾ ਮੁਨਾਫ਼ਾ ਤਾਂ ਮੰਡੀ ਵਾਲੇ ਹੀ ਲੈ ਜਾਂਦੇ ਹਨ। ਕਿਸਾਨ ਦੇ ਪੱਲੇ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਪੈਂਦਾ। ਅੱਜ ਲੋੜ ਹੈ ਕਿ ਕਿਸਾਨ ਦੀ ਆਮਦਨ ਕਿਸੇ ਨਾ ਕਿਸੇ ਤਰ੍ਹਾਂ ਵਧਾਈ ਜਾਵੇ। ਮੌਜੂਦਾ ਸਰਕਾਰਾਂ ਵੱਲੋਂ ਮੰਡੀਕਰਨ ਨੂੰ ਵੀ ਆਨਲਾਈਨ ਕਰਨ 'ਤੇ ਜ਼ੋਰ ਦਿੱਤਾ ਜਾਵੇ। ਜੇਕਰ ਮੰਡੀ ਵਿਚਲੇ ਵਿਚੋਲੇ ਖ਼ਤਮ ਹੋ ਜਾਣ ਤਾਂ ਕਿਸਾਨ ਨੂੰ ਉਸ ਦੀ ਫਸਲ ਦਾ ਪੂਰਾ ਅਤੇ ਸਹੀ ਮੁੱਲ ਮਿਲੇਗਾ।
ਕਿਸਾਨ ਨੂੰ ਇਸ ਹਾਲਤ ਵਿਚੋਂ ਕੱਢਣ ਲਈ ਕਰਜ਼ਾ ਮੁਆਫ ਕਰਨਾ ਹੀ ਕਾਫੀ ਨਹੀਂ ਹੈ, ਸਗੋਂ ਉਸ ਨੂੰ ਚੰਗੀ ਕਿਸਮ ਦੇ ਬੀਜ, ਚੰਗੀ ਖਾਦ, ਵਧੀਆ ਖੇਤੀ ਲਈ ਦਵਾਈਆਂ ਅਤੇ ਖੇਤੀ ਸਾਧਨ ਘੱਟੋ-ਘੱਟ ਕੀਮਤ 'ਤੇ ਮਿਲਣੇ ਚਾਹੀਦੇ ਹਨ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਨਿੱਜੀ ਬੈਂਕਾਂ ਦੁਆਰਾ ਕਿਸਾਨ ਨੂੰ ਦਿੱਤਾ ਜਾਂਦਾ ਅੰਧਾਧੁੰਦ ਕਰਜ਼ਾ ਵੀ ਉਨ੍ਹਾਂ ਦੇ ਸਿਰ 'ਤੇ ਵੱਡਾ ਬੋਝ ਹੈ। ਇਸ ਬੋਝ ਕਰਕੇ ਹੀ ਕਿਸਾਨ ਬੈਂਕ ਵਿਚ ਜਾਣ ਤੋਂ ਘਬਰਾਉਂਦਾ ਰਹਿੰਦਾ ਹੈ। ਕਿਸਾਨ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਬੈਂਕ ਵਿਚ ਬੈਠੇ ਕਰਮਚਾਰੀ ਉਸ ਨੂੰ ਸੇਵਾਵਾਂ ਦੇਣ ਲਈ ਹੀ ਬੈਠੇ ਹਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਸਾਰੀਆਂ ਬੈਂਕਾਂ ਦੇ ਕਰਮਚਾਰੀ ਕਿਸਾਨਾਂ ਪ੍ਰਤੀ ਹਮਦਰਦੀ ਰੱਖਣ ਅਤੇ ਇਮਾਨਦਾਰੀ ਨਾਲ ਕੰਮ ਕਰਨ।

-ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ, ਬ੍ਰਾਂਚ ਭਲੂਰ (ਮੋਗਾ)।

ਪਰਿਵਾਰਾਂ ਵਿਚ ਪੀਤੀ ਜਾ ਰਹੀ ਸ਼ਰਾਬ

ਸਾਡੇ ਸਮਾਜ ਵਿਚ ਸ਼ੁਰੂ ਤੋਂ ਹੀ ਨਸ਼ਿਆਂ ਦੇ ਸੇਵਨ ਨੂੰ ਇਕ ਮਾੜੀ ਪ੍ਰਥਾ ਮੰਨਿਆ ਗਿਆ ਹੈ। ਬਿਨਾਂ ਕਿਸੇ ਰੋਕ-ਟੋਕ ਦੇ ਸ਼ਰਾਬ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਹੋਣਾ ਸਾਡੇ ਸਮਾਜ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ। ਅਮੀਰ ਲੋਕਾਂ ਲਈ ਤਾਂ ਇਸ ਸ਼ੌਂਕ ਨੂੰ ਸ਼ਾਨ ਦਾ ਕੰਮ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਪਰਿਵਾਰਾਂ ਵਿਚ ਸ਼ਰਾਬ ਦੀ ਵਰਤੋਂ ਕਰਨਾ ਨਾ ਸਿਰਫ਼ ਅਨਪੜ੍ਹ ਬਲਕਿ ਪੜ੍ਹੇ-ਲਿਖੇ ਲੋਕਾਂ ਦੇ ਪਰਿਵਾਰਾਂ ਵਿਚ ਵੀ ਸ਼ਰਾਬ ਦਾ ਸੇਵਨ ਬੜੇ ਹੀ ਉਤਸ਼ਾਹ ਨਾਲ ਕੀਤਾ ਜਾਣ ਲੱਗ ਪਿਆ ਹੈ। ਇਸ ਤਰ੍ਹਾਂ ਨਾਲ ਖਾਣਾ-ਪੀਣਾ ਅੱਜਕਲ੍ਹ ਲੋਕਾਂ ਵਿਚ ਬੜੀ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ।
ਸ਼ਰਾਬ ਪੀਣਾ ਹੁਣ ਬਹੁਤ ਸਾਰੇ ਲੋਕਾਂ ਲਈ ਇਕ ਸੋਸ਼ਲ ਸਟੇਟਸ ਬਣ ਚੁੱਕਾ ਹੈ। ਬਹੁਤੇ ਪਰਿਵਾਰਕ ਝਗੜਿਆਂ ਦਾ ਮੁੱਖ ਕਾਰਨ ਵੀ ਜ਼ਿਆਦਾਤਰ ਸ਼ਰਾਬ ਹੀ ਹੁੰਦੀ ਹੈ। ਭਾਵੇਂ ਕਿ ਇਹ ਸਭ ਜਾਣਦੇ ਹਨ ਕਿ ਸ਼ਰਾਬ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਪਰ ਫ਼ਿਰ ਵੀ ਇਸ ਬਾਰੇ ਕੋਈ ਵੀ ਡੂੰਘਾਈ ਤੱਕ ਨਹੀਂ ਸੋਚਦਾ। ਨਾ ਸਿਰਫ਼ ਸ਼ਹਿਰਾਂ ਵਿਚ, ਸਗੋਂ ਪਿੰਡਾਂ ਵਿਚ ਵੀ ਸ਼ਰਾਬ ਨੂੰ ਬੜੇ ਹੀ ਧੜੱਲੇ ਨਾਲ ਪੀਤਾ ਜਾਂਦਾ ਹੈ ਖ਼ਾਸਕਰ ਘਰ ਦੀ ਕੱਢੀ ਨੂੰ ਤਾਂ ਬਹੁਤ ਜ਼ਿਆਦਾ ਹੀ ਪਸੰਦ ਕੀਤਾ ਜਾਂਦਾ ਹੈ। ਭਾਰਤ ਦੇ ਬਹੁਤੇ ਵਿਕਾਸਸ਼ੀਲ ਰਾਜਾਂ ਵਿਚ ਤਾਂ ਹੁਣ ਸ਼ਰਾਬ ਪੀਣ ਵਿਚ ਔਰਤਾਂ ਅਤੇ ਕੁੜੀਆਂ ਵੀ ਮਰਦਾਂ ਨਾਲੋਂ ਪਿੱਛੇ ਨਹੀਂ ਰਹਿ ਗਈਆਂ। ਸਿਰਫ਼ ਘਰ ਹੀ ਨਹੀਂ, ਘਰੋਂ ਬਾਹਰ ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇਂ ਵੀ ਬਹੁਤ ਸਾਰੇ ਲੋਕ ਆਪਣੀ ਅਤੇ ਦੂਜਿਆਂ ਦੀ ਮੌਤ ਦਾ ਕਾਰਨ ਬਣਦੇ ਹਨ। ਪਰਿਵਾਰਾਂ ਦੇ ਮੁੰਡੇ-ਕੁੜੀਆਂ ਵਿਚ ਕੁਰਾਹੇ ਪੈਣ ਦਾ ਚਲਣ ਬਹੁਤ ਵਧ ਰਿਹਾ ਹੈ।
ਇਸ ਦੇ ਇਕ ਹੋਰ ਪਹਿਲੂ ਬਾਰੇ ਜੇਕਰ ਵਿਚਾਰ ਕਰੀਏ ਤਾਂ ਮੀਡੀਆ ਵੱਲੋਂ ਇਸ ਤਰ੍ਹਾਂ ਘਰਾਂ ਵਿਚ ਆਮ ਸ਼ਰਾਬ ਦਾ ਸੇਵਨ ਕਰਨ ਨੂੰ ਬਹੁਤ ਜ਼ਿਆਦਾ ਲੋਕਾਂ ਵਿਚ ਵਿਖਾਇਆ ਜਾ ਰਿਹਾ ਹੈ। ਫ਼ਿਲਮਾਂ ਅਤੇ ਗੀਤਾਂ ਵਿਚ ਅਕਸਰ ਸ਼ਰਾਬ ਦੇ ਸੇਵਨ ਨੂੰ ਦੇਖ ਕੇ ਆਮ ਘਰਾਂ ਅਤੇ ਪਰਿਵਾਰਾਂ ਵਿਚ ਸ਼ਰਾਬ ਪੀਣ ਲਈ ਲੋਕ ਉਤਸ਼ਾਹਿਤ ਹੋ ਰਹੇ ਹਨ। ਕੁਝ ਸਾਲ ਪਹਿਲਾਂ ਤਾਂ ਸ਼ਰਾਬ ਨੂੰ ਭਾਵੇਂ ਕੁਝ ਪਰਦੇ ਨਾਲ ਅਤੇ ਪਰਿਵਾਰ ਤੋਂ ਚੋਰੀ ਪੀਤਾ ਜਾਂਦਾ ਸੀ ਪਰ ਹੁਣ ਇਹ ਇਕ ਸ਼ਰੇਆਮ ਜਿਹੀ ਗੱਲ ਹੋ ਗਈ ਹੈ। ਪਰ ਹੁਣ ਸਾਨੂੰ ਆਪਣੀ ਮਨੋਦਸ਼ਾ ਨੂੰ ਬਦਲਣ ਦੀ ਲੋੜ ਹੈ। ਪੁੱਤਰ ਨੂੰ ਲੱਗੀ ਸ਼ਰਾਬ ਦੀ ਲਤ ਨੂੰ ਹਟਾਉਣ ਲਈ ਪਿਤਾ ਨੂੰ ਸ਼ਰਾਬ ਪੀਣੀ ਛੱਡਣੀ ਹੋਵੇਗੀ, ਤਾਂ ਜੋ ਉਹ ਆਪਣੇ ਪੁੱਤ ਨੂੰ ਸਹੀ ਦਿਸ਼ਾ ਦਿਖਾ ਸਕੇ, ਕਿਉਂਕਿ ਨਸ਼ਾ ਤਾਂ ਅਖੀਰ ਇਕ ਨਸ਼ਾ ਹੀ ਹੁੰਦਾ ਹੈ। ਭਾਵੇਂ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਸ਼ਰਾਬ ਪੀਣਾ ਪੰਜਾਬੀਆਂ ਦਾ ਸ਼ੌਂਕ ਹੈ ਪਰ ਇਹ ਗ਼ਲਤ ਹੈ। ਸਾਡਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਲਈ ਸਾਡੀ ਇਹ ਭੈੜੀ ਆਦਤ ਨੂੰ ਸਾਨੂੰ ਹੁਣ ਤਿਆਗਣਾ ਹੀ ਪਵੇਗਾ। ਕੀ ਸ਼ਰਾਬ ਪੀ ਕੇ ਸਿਹਤ ਖਰਾਬ ਕਰਨ ਨਾਲੋਂ ਇਹ ਚੰਗਾ ਨਹੀਂ ਕਿ ਅਸੀਂ ਆਪਣੇ ਸਰੀਰਾਂ ਨੂੰ ਸਿਹਤਮੰਦ ਬਣਾਉਣ ਵਾਲੀਆਂ ਵਸਤੂਆਂ ਦਾ ਹੀ ਸੇਵਨ ਕਰੀਏ ਅਤੇ ਆਪਣੀ ਸਿਹਤ ਨੂੰ ਨਰੋਆ ਬਣਾਈਏ, ਤਾਂ ਜੋ ਸਾਡਾ ਸਾਰਾ ਸਮਾਜ ਖੁਸ਼ਹਾਲ ਅਤੇ ਸਿਹਤਮੰਦ ਹੋ ਜਾਵੇ? ਇਸ ਲਈ ਆਓ ਅਸੀਂ ਸਾਰੇ ਇਸ ਸ਼ਰਾਬ ਦੀ ਭੈੜੀ ਆਦਤ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਦਈਏ ਅਤੇ ਆਪਣੇ ਘਰ, ਪਰਿਵਾਰ ਅਤੇ ਸਮਾਜ ਨੂੰ ਆਪਣੀ ਪੂਰੀ ਸੂਝਵਾਨਤਾ ਨਾਲ ਬਰਬਾਦ ਹੋਣ ਤੋਂ ਬਚਾਅ ਲਈਏ।

-ਮੋਬਾ: 94177-14390

ਫਿੱਕੇ ਪਏ ਮਹਿਮਾਨ ਨਿਵਾਜ਼ੀ ਦੇ ਰੰਗ

ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਪੰਜਾਬੀਆਂ ਦਾ ਮਹਿਮਾਨ ਨਿਵਾਜ਼ੀ ਕਰਨ ਵਿਚ ਵੀ ਇਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਅੱਜ ਤੋਂ ਕੋਈ 20-25 ਸਾਲ ਪਹਿਲਾਂ ਲੰਘੇ ਸਮੇਂ ਦੀ ਗੱਲ ਕਰੀਏ ਤਾਂ ਇੰਜ ਲਗਦਾ ਸੀ ਜਿਵੇਂ ਪਿੰਡਾਂ ਵਿਚ ਸੱਚਮੁੱਚ ਹੀ ਰੱਬ ਵਸਦਾ ਹੁੰਦਾ ਸੀ। ਲੋਕਾਂ ਦੇ ਵੱਡੇ-ਵੱਡੇ ਦਰਵਾਜ਼ਿਆਂ ਨੂੰ ਲੱਗੇ ਲੱਕੜ ਦੇ ਤਖ਼ਤੇ ਸਾਰਾ-ਸਾਰਾ ਦਿਨ ਪੂਰੀ ਤਰ੍ਹਾਂ ਖੁੱਲ੍ਹੇ ਹੋਇਆ ਕਰਦੇ ਸਨ। ਇਨ੍ਹਾਂ ਦਰਵਾਜ਼ਿਆਂ ਵਿਚ ਬੈਠੇ ਬਜ਼ੁਰਗਾਂ, ਮਾਵਾਂ, ਮੁੰਡੇ, ਕੁੜੀਆਂ ਵਿਚ ਹਮੇਸ਼ਾ ਹਾਸੇ-ਠੱਠਿਆਂ ਦੀ ਭਰਮਾਰ ਹੋਇਆ ਕਰਦੀ ਸੀ। ਹਰ ਇਕ ਦੁਆਰਾ ਆਪਣੇ ਦਰਵਾਜ਼ੇ ਅੱਗਿਓਂ ਲੰਘਦੇ ਕਿਸੇ ਦੂਜੇ ਵਿਅਕਤੀ ਨੂੰ ਮਾਰੀਆਂ ਜਾਂਦੀਆਂ ਚਾਹ-ਪਾਣੀ ਦੀਆਂ ਉੱਚੀ-ਉੱਚੀ ਆਵਾਜ਼ਾਂ ਵਿਚ ਲੋਹੜੇ ਦਾ ਪਿਆਰ ਛੁਪਿਆ ਹੁੰਦਾ ਸੀ। ਕਿਸੇ ਵੀ ਘਰ ਦੇ ਬਨੇਰੇ ਉੱਤੇ ਜਦੋਂ ਕਾਂ ਬੋਲਦਾ ਸੀ ਤਾਂ ਇਹ ਕਿਸੇ ਮਹਿਮਾਨ ਦੇ ਆਉਣ ਦੀ ਪੱਕੀ ਨਿਸ਼ਾਨੀ ਹੋਇਆ ਕਰਦੀ ਸੀ। ਕਾਂ ਦੇ ਬੋਲਣ ਦੀ ਇਹ ਆਵਾਜ਼ ਸੁਣ ਕੇ ਪਰਿਵਾਰ ਦੇ ਹਰੇਕ ਮੈਂਬਰ ਨੂੰ ਆਉਣ ਵਾਲੇ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਗੋਡੇ-ਗੋਡੇ ਚਾਅ ਚੜ੍ਹ ਜਾਇਆ ਕਰਦਾ ਸੀ। ਸਾਂਝੇ ਪਰਿਵਾਰ ਹੋਣ ਕਾਰਨ ਵਾਰੀ-ਵਾਰੀ ਹਰੇਕ ਪਰਿਵਾਰਕ ਮੈਂਬਰ ਦੁਆਰਾ ਮਹਿਮਾਨ ਨਾਲ ਖੂਬ ਗੱਲਾਂਬਾਤਾਂ ਅਤੇ ਹਾਸੇ-ਠੱਠੇ ਕਰਕੇ ਉਸ ਦਾ ਖੂਬ ਦਿਲ ਲਗਾਇਆ ਜਾਂਦਾ ਸੀ। ਗਰਮੀ ਦੇ ਮਹੀਨਿਆਂ ਵਿਚ ਜਿਥੇ ਕਿਸੇ ਆਏ ਹੋਏ ਮਹਿਮਾਨ ਲਈ ਨਵਾਂ ਮੰਜਾ-ਬਿਸਤਰਾ ਵਿਛਾ ਕੇ ਉਸ ਦੇ ਆਲੇ-ਦੁਆਲੇ ਪਾਣੀ ਛਿੜਕ ਕੇ ਠੰਢਕ ਪੈਦਾ ਕੀਤੀ ਜਾਂਦੀ ਸੀ, ਉਥੇ ਸਰਦੀ ਦੇ ਮਹੀਨਿਆਂ ਵਿਚ ਪਾਣੀ ਗਰਮ ਕਰਕੇ ਉਸ ਦਾ ਮੂੰਹ-ਹੱਥ ਧੁਲਾ ਕੇ ਉਸ ਨੂੰ ਤਰੋਤਾਜ਼ਾ ਵੀ ਕੀਤਾ ਜਾਂਦਾ ਸੀ। ਇਸ ਤਰ੍ਹਾਂ ਆਏ ਹੋਏ ਮਹਿਮਾਨ ਨਾਲ ਖਾਣਾ ਖਾਣ ਤੋਂ ਬਾਅਦ ਜਿਥੇ ਸਾਰੇ ਪਰਿਵਾਰ ਵੱਲੋਂ ਇਕੱਠੇ ਬੈਠ ਕੇ ਦੇਰ ਰਾਤ ਤੱਕ ਖੂਬ ਗੱਲਾਂਬਾਤਾਂ ਕੀਤੀਆਂ ਜਾਂਦੀਆਂ ਸਨ, ਉਥੇ ਮਹਿਮਾਨ ਨੂੰ ਅਲਵਿਦਾ ਕਰਨ ਸਮੇਂ ਪਰਿਵਾਰ ਦੇ ਕੁਝ ਮੈਂਬਰਾਂ ਦੁਆਰਾ ਬੱਸ ਅੱਡੇ ਤੱਕ ਮਹਿਮਾਨ ਦੇ ਨਾਲ ਜਾਣਾ ਵੀ ਲਾਜ਼ਮੀ ਹੋਇਆ ਕਰਦਾ ਸੀ ਪਰ ਅੱਜ ਹਰ ਮਨੁੱਖ ਬੇਹੱਦ ਕਾਹਲ ਵਿਚ ਨਜ਼ਰ ਆ ਰਿਹਾ ਹੈ। ਇਸੇ ਕਾਹਲ ਵਿਚ ਕਿਸੇ ਕੋਲ ਕਿਸੇ ਨੂੰ ਮਿਲਣ ਦਾ ਤਾਂ ਕੀ, ਸਗੋਂ ਫੋਨ ਕਰਨ ਦਾ ਵੀ ਸਮਾਂ ਨਹੀਂ ਹੈ।
ਅੱਜ ਹਰ ਕੋਈ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਵੱਡਿਆਂ ਦਾ ਸਤਿਕਾਰ ਜਾਂ ਉਨ੍ਹਾਂ ਦੀ ਕੋਈ ਗੱਲ ਮੰਨਣੀ ਸਭ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ। ਪੈਸੇ ਦੀ ਦੌੜ ਵਿਚ ਲੱਗਾ ਮਨੁੱਖ ਹਰ ਰਿਸ਼ਤੇ-ਨਾਤੇ ਨੂੰ ਪੈਸੇ ਨਾਲ ਹੀ ਤੋਲ ਰਿਹਾ ਹੈ। ਆਪਣੀ ਇਸ ਭੱਜ-ਦੌੜ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਤਾਂ ਕਿਸੇ ਮਿਲਣ ਆਏ ਰਿਸ਼ਤੇਦਾਰ ਨੂੰ ਚਾਹ ਦੀ ਘੁੱਟ ਪਿਲਾਉਣ ਤੋਂ ਤੁਰੰਤ ਬਾਅਦ ਹੀ ਉਸ ਦੇ ਹੱਥ ਵਿਚ ਟੀ. ਵੀ. ਦਾ ਰਿਮੋਟ ਫੜਾ ਕੇ ਆਪ ਖੁਦ ਆਪਣੇ ਕੰਮਾਂਕਾਰਾਂ ਵਿਚ ਮਸ਼ਰੂਫ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅੱਜ ਲੋਕਾਂ ਵਿਚ ਸਹਿਣਸ਼ੀਲਤਾ ਦੀ ਘਾਟ ਕਾਰਨ ਮਿੰਟਾਂ-ਸਕਿੰਟਾਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਗੁੱਸੇ ਹੋ ਕੇ ਆਪਣੇ ਕਰੀਬੀ ਰਿਸ਼ਤੇਦਾਰਾਂ ਨਾਲ ਅਜਿਹੇ ਮੂੰਹ ਮੋਟੇ ਕਰ ਲਏ ਜਾਂਦੇ ਹਨ ਕਿ ਸਾਰੀ ਉਮਰ ਇਕ-ਦੂਜੇ ਦੀਆਂ ਖੁਸ਼ੀਆਂ-ਗ਼ਮੀਆਂ ਵਿਚ ਸ਼ਾਮਿਲ ਹੋਣ ਤੋਂ ਵੀ ਪੱਕਾ ਪ੍ਰਹੇਜ਼ ਕਰ ਲਿਆ ਜਾਂਦਾ ਹੈ। ਸੋ, ਅਸੀਂ ਸਭ ਜੇਕਰ ਆਪਣੇ ਕਿਸੇ ਆਂਢ-ਗੁਆਂਢ, ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਤੋਂ ਆਪਣੇ ਪ੍ਰਤੀ ਇੱਜ਼ਤ-ਮਾਣ ਦੀ ਆਸ ਰੱਖਦੇ ਹਾਂ ਤਾਂ ਸਾਡੇ ਅੰਦਰ ਵੀ ਇਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਗੱਲ ਹੈ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX