ਤਾਜਾ ਖ਼ਬਰਾਂ


ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  7 minutes ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  27 minutes ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  24 minutes ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  50 minutes ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  53 minutes ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  50 minutes ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  about 1 hour ago
ਪਟਨਾ, 21 ਮਾਰਚ - ਬਿਹਾਰ 'ਚ ੨ ਵੱਖ ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ। ਪਹਿਲਾ ਹਾਦਸਾ ਭੋਜਪੁਰ ਜ਼ਿਲ੍ਹੇ ਵਿਚ...
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  about 1 hour ago
ਚੇਨਈ, 21 ਮਾਰਚ - ਤਾਮਿਲਨਾਡੂ ਦੇ ਪੋਲਾਚੀ ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਨੇ ਕੋਇੰਬਟੂਰ ਕਾਂਗਰਸ ਦੇ ਆਗੂ ਮਾਯੁਰਾ ਜੈ ਕੁਮਾਰ ਅਤੇ ਥੇਨੀ ਕਾਨਨ ਨੂੰ ਨੋਟਿਸ ਭੇਜਿਆ...
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਭਾਜਪਾ ਦਫ਼ਤਰ 'ਚ ਹੋਲੀ ਦਾ ਤਿਉਹਾਰ ਮਨਾਉਂਦੇ ਸਮੇਂ ਗੋਲੀ ਲੱਗ ਗਈ, ਜਿਨ੍ਹਾਂ ਨੂੰ...
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  about 1 hour ago
ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਿਰਤ ਜਾਂ ਲੁੱਟ

ਇਕ ਗਾਹਕ ਦਰਜੀ ਦੀ ਦੁਕਾਨ 'ਤੇ ਜਾ ਕੇ ਪੁੱਛਦਾ ਹੈ, 'ਮਾਸਟਰ ਜੀ ਪੈਂਟ-ਕਮੀਜ਼ ਸਿਲਾਉਣੀ ਹੈ।'
'ਆਓ ਜੀ ਆਓ! ਅਸੀਂ ਪੈਂਟ-ਕਮੀਜ਼ਾਂ ਸਿਲਾਈ ਕਰਨ ਲਈ ਹੀ ਬੈਠੇ ਹਾਂ।' ਸਿਲਾਈ ਮਸ਼ੀਨ ਦੇ ਕੰਮ 'ਚ ਧੌਣ ਸੁੱਟ ਕੇ ਮਘਨ ਦਰਜੀ ਨੇ ਐਨਕਾਂ ਦੇ ਉਪਰ ਦੀ ਗਾਹਕ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਆਖਿਆ।
ਗਾਹਕ ਤੇ ਦਰਜੀ ਵਿਚਾਲੇ ਰਸਮੀ ਜਿਹੀ ਜਾਣ-ਪਛਾਣ ਸ਼ੁਰੂ ਹੋ ਜਾਂਦੀ ਹੈ। ਗਾਹਕ ਦੱਸਦਾ ਹੈ, 'ਮੈਂ ਬਿਜਲੀ ਬੋਰਡ 'ਚ ਲੱਗਾ ਤਾਂ ਸੇਵਾਦਾਰ ਹਾਂ, ਪਰ ਵੱਡੇ ਸਾਬ੍ਹ ਮੇਰੇ 'ਤੇ ਵਾਹਵਾ ਭਰੋਸਾ ਕਰਦੇ ਨੇ, ਜਿਸ ਕਰਕੇ ਬਹੁਤੇ ਕੰਮ-ਕਾਰ ਮੇਰੇ ਰਾਹੀਂ ਹੀ ਨਿਕਲਦੇ ਨੇ।' ਦਰਜੀ ਪੁੱਛਦਾ ਹੈ,'ਬਾਬੂ ਜੀ ਤਨਖ਼ਾਹ ਚੰਗੀ ਮਿਲ ਜਾਂਦੀ ਹੈ ਫਿਰ?'
'ਹਾਂ ਹਾਂ... 15 ਹਜ਼ਾਰ ਰੁਪਏ ਹਰ ਮਹੀਨੇ ਪਹਿਲੀ ਤਰੀਕ ਨੂੰ ਬੈਂਕ 'ਚ ਪੈ ਜਾਂਦਾ ਹੈ। ਹਫ਼ਤੇ 'ਚ ਪੰਜ ਦਿਨ ਦਫ਼ਤਰ ਜਾਈਦਾ। ਉਹ ਵੀ ਵਿਹਲਿਆਂ ਵਰਗਾ ਹੀ। ਕੁਝ ਸਰਕਾਰੀ ਛੁੱਟੀਆਂ ਆ ਜਾਂਦੀਆਂ, ਹਫ਼ਤੇ 'ਚ ਦੋ ਚਾਰ ਵਾਰੀ ਫਰਲੋ ਵੱਜ ਜਾਂਦੀ। ਨਜ਼ਾਰੇ ਨੇ ਪੂਰੇ।'
'ਫੇਰ ਤਾਂ ਮਹੀਨੇ 'ਚ ਮਸਾਂ 15 ਕੁ ਦਿਨ ਹੀ ਕੰਮ ਕਰਦੇ ਹੋਵੋਗੇ। ਫਿਰ ਤਾਂ ਤੁਹਾਨੂੰ ਹਜ਼ਾਰ ਰੁਪਏ ਦਿਹਾੜੀ ਹੀ ਪੈਗੀ ਇਸ ਹਿਸਾਬ ਨਾਲ।' ਦਰਜੀ ਨਿੰਮੀ ਜਿਹੀ ਮਸ਼ਕਰੀ 'ਚ ਕਹਿਣ ਲੱਗਾ।
'ਹਾਂ ਬਈ! ਊਂ ਤੇ ਨਜ਼ਾਰੇ ਆ ਫੁਲ ਸਰਕਾਰੀ ਨੌਕਰੀ ਦੇ।'
ਗਾਹਕ ਦਰਜੀ ਨੂੰ ਆਪਣੇ ਹੱਥ 'ਚ ਫੜੇ ਲਿਫਾਫੇ ਵਿਚੋਂ ਕੱਪੜਾ ਕੱਢ ਕੇ ਫੜਾਉਂਦਿਆਂ ਪੁੱਛਣ ਲੱਗਾ, 'ਸਿਲਾਈ ਦਾ ਕੀ ਰੇਟ ਹੈ?'
'ਬਾਬੂ ਜੀ ਕਮੀਜ਼ ਦਾ 150 ਰੁਪਏ ਅਤੇ ਪੈਂਟ ਦਾ 250 ਰੁਪਏ ਹੈ ਪਰ ਦੋਵੇਂ ਇਕੱਠੇ ਸਿਲਾਈ ਕਰਨ 'ਤੇ 350 ਰੁਪਏ ਲੈ ਲਈਦੇ ਨੇ।'
ਗਾਹਕ ਦਰਜੀ ਨੂੰ ਕੱਪੜਾ ਫੜਾਉਂਦਿਆਂ-ਫੜਾਉਂਦਿਆਂ ਹੱਥ ਵਾਪਸ ਖਿੱਚਦਿਆਂ ਆਖਣ ਲੱਗਾ, 'ਲੈ! ਐਨੀ ਲੁੱਟ ਪਾਈ? ਦੋਵਾਂ ਦੇ ਰੁਪਏ 250 ਲਾਉਣੇ ਤਾਂ ਗੱਲ ਕਰ...।'
'ਨਾ ਬਾਬੂ ਜੀ 'ਵਾਰਾ ਨਹੀਂ ਖਾਂਦਾ। ਸਾਰੇ ਦਿਨ 'ਚ ਇਕ ਕਾਰੀਗਰ ਤੋਂ ਮਸਾਂ ਇਕ ਪੈਂਟ-ਕਮੀਜ਼ ਤਿਆਰ ਹੁੰਦੀ। ਧਾਗਾ, ਬਟਨ ਤੇ ਹੋਰ ਸਮੱਗਰੀ ਵੀ ਪੱਲਿਓਂ ਲਾਉਂਦੇ ਹਾਂ। ਦਿਨ 'ਚ 10-12 ਘੰਟੇ ਕਰੜੀ ਮੁਸ਼ੱਕਤ ਤੋਂ ਬਾਅਦ ਵੀ ਮਸਾਂ 200 ਰੁਪਏ ਦਿਹਾੜੀ ਵੀ ਨਹੀਂ ਪੈਂਦੀ...' ਦਰਜੀ ਵਿਚਾਰਗੀ ਜਿਹੀ 'ਚ ਆਖਣ ਲੱਗਾ।
ਗਾਹਕ ਬੁੜ-ਬੁੜ ਕਰਦਾ ਹੋਇਆ ਆਪਣਾ ਕੱਪੜਾ ਲੈ ਕੇ ਦੁਕਾਨ ਤੋਂ ਚਲਾ ਗਿਆ।
ਦਰਜੀ ਇਸ ਸੋਚ 'ਚ ਫ਼ਸ ਗਿਆ ਕਿ, ਇਹ ਬੰਦਾ ਸਰਕਾਰੀ ਜਵਾਈ ਬਣ ਕੇ ਬਿਨ੍ਹਾਂ ਕੋਈ ਕੰਮ ਕੀਤਿਆਂ 1000 ਰੁਪਏ ਦਿਹਾੜੀ ਦੇ ਬਣਾ ਰਿਹਾ। ਆਪਣੀ ਬਣਦੀ ਡਿਊਟੀ ਤੋਂ ਵੀ ਫਰਲੋ ਮਾਰਦਾ... ਤੇ ਮੈਂ ਸਾਰਾ ਦਿਨ ਮਿਹਨਤ ਕਰਕੇ ਵੀ ਜੇਕਰ ਘਰ ਦੀ ਦੋ ਵਕਤ ਦੀ ਰੋਟੀ ਜੋਗੀ ਦਿਹਾੜੀ ਲੈ ਰਿਹਾ ਹਾਂ ਤਾਂ ਲੁੱਟ ਮੈਂ ਪਾਈ ਹੋਈ ਹੈ ਜਾਂ ਫਿਰ ਇਸ ਵਰਗੇ ਕੰਮ ਚੋਰ ਲੋਕਾਂ ਨੇ?

-# 6, ਕਿਲਣ ਏਰੀਆ, ਨੰਗਲ ਟਾਊਨਸ਼ਿਪ।
ਫ਼ੋਨ : 98152-91815.


ਖ਼ਬਰ ਸ਼ੇਅਰ ਕਰੋ

ਚੇਤੇ ਦੀ ਪਟਾਰੀ 'ਚੋਂ: ਤਿਲ੍ਹਕਣ ਉੱਤੇ ਜੰਮੇ ਪੈਰ

ਮੇਰੀਆਂ ਤਿੰਨ ਭੈਣਾਂ ਅਤੇ ਇਕ ਭਰਾ ਸੀ। ਮੈਂ ਸਾਰਿਆਂ ਵਿਚੋਂ ਵੱਡੀ ਸੀ ਅਤੇ ਮੇਰਾ ਭਰਾ ਛੋਟਾ ਸੀ। ਮੈਂ ਨਹੀਂ ਜਾਣਦੀ ਮਾਂ-ਬਾਪ ਦਾ ਪਿਆਰ ਕੀ ਹੁੰਦਾ ਹੈ। ਜਦੋਂ ਦੀ ਮੈਂ ਸੁਰਤ ਸੰਭਾਲੀ ਸੀ ਮੈਂ ਬੇ-ਕਦਰੀ, ਨਫਰਤ ਅਤੇ ਗਾਲ੍ਹਾਂ ਦਾ ਹੀ ਸਾਹਮਣਾ ਕੀਤਾ ਸੀ । ਭੈਣਾਂ ਵਿਚੋਂ ਛੋਟੀ ਭੈਣ ਦੀ ਕੁੱਝ ਕਦਰ ਸੀ ਕਿਉਂਕਿ ਉਹ ਵੀਰ ਦੀ ਬਾਂਹ ਫੜ ਕੇ ਲੈ ਕੇ ਆਈ ਸੀ। ਮੇਰੇ ਭਰਾ ਦਾ ਨਾਂਅ ਰਾਜ ਕੁਮਾਰ ਸੀ। ਮਾਂ-ਬਾਪ ਨੇ ਉਸ ਨੂੰ ਬਹੁਤ ਸਿਰ ਚੜ੍ਹਾਇਆ ਹੋਇਆ ਸੀ। ਉਹ ਸਾਰਾ ਦਿਨ ਸਾਨੂੰ ਮਾਰਦਾ, ਗਾਲਾਂ ਕੱਢਦਾ, ਵਾਲ ਪੁੱਟ ਦਿੰਦਾ ਅਤੇ ਚੀਜ਼ਾਂ ਡੋਲ੍ਹ ਦਿੰਦਾ, ਮੇਰੀ ਮਾਂ ਉਸ ਨੂੰ ਕੁਝ ਨਾ ਕਹਿੰਦੀ, ਸਾਡੀ ਤਾਂ ਮਜਾਲ ਹੀ ਕੀ ਸੀ। ਰਾਜ ਕੁਮਾਰ ਨੂੰ ਚੰਗਾ ਖਾਣ ਨੂੰ ਅਤੇ ਚੰਗਾ ਪਾਉਣ ਨੂੰ ਮਿਲਦਾ ਸੀ । ਰਾਤ ਨੂੰ ਮਾਂ ਉਸ ਨੂੰ ਸੁੱਤੇ ਨੂੰ ਉਠਾ ਕੇ ਲੱਖ ਮਿੰਨਤਾਂ ਕਰਕੇ ਦੁੱਧ ਅਤੇ ਬਦਾਮ ਦੀਆਂ ਗਿਰੀਆਂ ਦਿੰਦੀ। ਉਹ ਹੱਥ ਮਾਰ ਕੇ ਸਾਰਾ ਦੁੱਧ ਡੋਲ੍ਹ ਦਿੰਦਾ।
ਮੈਂ ਸੋਚਦੀ ਕਾਸ਼ ! ਮੈਂ ਮੁੰਡਾ ਹੁੰਦੀ। ਫੇਰ ਸੋਚਦੀ ਕਿੰਨਾ ਮਾਰਦੈ ਰਾਜ ਕੁਮਾਰ ਸਾਨੂੰ ਜੇ ਇਹੀ ਨਾ ਹੁੰਦਾ- ਮੈਂ ਮਾਂ ਦੇ ਡਰ ਤੋਂ ਅੰਦਰ ਤੱਕ ਕੰਬ ਜਾਂਦੀ। ਫੇਰ ਮੇਰਾ ਵਿਆਹ ਹੋ ਗਿਆ । ਮੈਂ ਵੀ ਇਕ ਕੁੜੀ ਦੀ ਮਾਂ ਬਣ ਗਈ। ਸਹੁਰੇ ਘਰ ਵੀ ਮੇਰੀ ਕਦਰ ਘਟ ਗਈ ਕਿਉਂਕਿ ਮੇਰੀ ਜਠਾਣੀ ਕੋਲ ਦੋ ਮੁੰਡੇ ਸਨ। ਤਿੰਨ ਸਾਲਾਂ ਬਾਅਦ ਜਦ ਮੈਂ ਦੂਜੀ ਵਾਰ ਮਾਂ ਬਣਨ ਵਾਲੀ ਸੀ ਤਾਂ ਪਰਿਵਾਰ ਦੇ ਸਾਰੇ ਹੀ ਮੈਂਬਰ ਮੇਰੀ ਇਸ ਫਿਕਰ ਵਿਚ ਸਨ ਕਿ ਕਿਤੇ ਕੁੜੀ ਨਾ ਹੋਵੇ, ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਸੱਸ ਦੀ ਭਤੀਜੀ ਡਾਕਟਰ ਸੀ ਚੋਰੀ ਛਿਪੇ ਉਸ ਤੋਂ ਟੈਸਟ ਕਰਵਾਇਆ। ਰਿਪੋਰਟ ਵਿਚ ਕੁੜੀ ਹੀ ਦੱਸੀ। ਉਸ ਦਿਨ ਘਰ ਦਾ ਮਾਹੌਲ ਉਦਾਸ ਅਤੇ ਉਲਝਣ ਭਰਿਆ ਰਿਹਾ। ਫੈਸਲਾ ਹੋਇਆ ਕਿ ਕੱਲ੍ਹ ਨੂੰ ਗਰਭਪਾਤ ਕਰਵਾ ਦਿਆਂਗੇ, ਕੁੜੀਆਂ ਨਾਲ ਘਰ ਤਾਂ ਨਹੀਂ ਭਰਨਾ।
ਉਸ ਰਾਤ ਮੈਂ ਬਹੁਤ ਰੋਈ, ਮੈਂ ਰੱਬ ਨੂੰ ਲੱਖ ਉਲਾਂਭੇ ਦਿੱਤੇ। ਆਪਣੀ ਕਿਸਮਤ ਨੂੰ ਕੋਸਿਆ। ਕਿੰਨਾ ਚੰਗਾ ਹੁੰਦਾ ਜੇ ਮੁੰਡਾ ਹੁੰਦਾ। ਕਿੰਨੀਆਂ ਵਧਾਈਆਂ ਮਿਲਦੀਆਂ, ਮਠਿਆਈਆਂ ਵੰਡਦੇ... ਮੇਰਾ ਪਤੀ ਜੋ ਪਿੱਠ ਕਰੀ ਪਿਆ ਸੀ, ਇੰਝ ਨਾ ਕਰਦਾ- ਉਹ ਕਿੰਨਾ ਮਾਣ ਮਹਿਸੂਸ ਕਰਦਾ... ਮੈਂ ਵੀ ਫੁੱਲੀ ਨਾ ਸਮਾਉਂਦੀ।
ਅਚਾਨਕ ਮੇਰੇ ਨਾਲ ਸੁੱਤੀ ਪਈ ਮੇਰੀ ਧੀ ਤ੍ਰਬਕੀ ਅਤੇ ਬੁੱਲ੍ਹ ਟੇਰ ਕੇ ਹਾਉਂਕੇ ਭਰਨ ਲੱਗੀ, ਮੈਂ ਉਸ ਨੂੰ ਚੁੱਕ ਕੇ ਆਪਣੀ ਗੋਦੀ ਵਿਚ ਪਾ ਲਿਆ। ਮੈਨੂੰ ਲੱਗਾ ਜਿਵੇਂ ਉਹ ਮੈਂ ਹੀ ਹੋਵਾਂ ਮੈਂ ਘੁੱਟ ਕੇ ਉਸ ਨੂੰ ਆਪਣੀ ਛਾਤੀ ਨਾਲ ਲਾ ਲਿਆ । ਮੇਰੀਆ ਅੱਖਾਂ ਵਿਚੋਂ ਹੰਝੂਆਂ ਦੀਆਂ ਝੜੀਆਂ ਲੱਗ ਗਈਆਂ । ਮੈਂ ਉਸ ਨੂੰ ਪਿਆਰ ਕੀਤਾ। ਉਸ ਦਾ ਮੂੰਹ ਚੁੰਮਿਆਂ-ਮੇਰੇ ਅੰਦਰੋਂ ਆਵਾਜ਼ ਨਿਕਲੀ ਨਹੀਂ... ਨਹੀਂ ਮੈਂ ਤੇਰੇ ਨਾਲ ਉਹ ਕੁੱਝ ਨਹੀਂ ਹੋਣ ਦਿਆਂਗੀ, ਜੋ ਮੇਰੇ ਨਾਲ ਹੋਇਆ ਹੈ।
ਅਗਲੇ ਦਿਨ ਮੇਰਾ ਫੈਸਲਾ ਸੁਣ ਕੇ ਸਾਰੇ ਸੁੰਨ ਹੋ ਗਏ। ਮੇਰੀ ਸੱਸ ਬੋਲੀ 'ਹੈਂ....ਕੀ ਕਿਹਾ, ਬੱਸ ਦੋ ਕੁੜੀਆਂ ਹੀ ਰੱਖੇਂਗੀ, ਮੱਤ ਮਾਰੀ ਗਈ ਏ ਤੇਰੀ........ ਕੀ ਕਰੇਂਗੀ ਤੂੰ ਦੋ ਪੱਥਰਾਂ ਦਾ....?'
ਮੈਂ ਕਿਹਾ 'ਇਕ ਨੂੰ ਮੈਂ ਕਿਰਨ ਬੇਦੀ ਬਣਾਂਵਾਂਗੀ ਅਤੇ ਦੂਜੀ ਨੂੰ ਕਲਪਨਾ ਚਾਵਲਾ...।'

-ਗਿੱਦੜਬਾਹਾ (ਪੰਜਾਬ) ਮੋਬਾਈਲ : 82888-42066.
mkbrargdb@gmail.com

ਸੰਗੀਤ ਦਾ ਅਸਰ

ਇਕ ਨੱਚਣ ਵਾਲੀ ਬਹੁਤ ਖ਼ੂਬਸੂਰਤ ਸੀ ਤੇ ਉਸ ਦਾ ਕੋਠਾ ਬਹੁਤ ਮਸ਼ਹੂਰ ਸੀ। ਦੂਰੋਂ-ਦੂਰੋਂ ਲੋਕ ਉਸ ਦਾ ਨਾਚ ਵੇਖਣ ਆਉਂਦੇ। ਜਦੋਂ ਉਹ ਨੱਚਦੀ ਤੇ ਨਾਲ ਗਾਉਂਦੀ ਤਾਂ ਲੋਕ ਝੂਮਣ ਲੱਗ ਜਾਂਦੇ। ਉਸ ਦਾ ਸੰਗੀਤ ਬਹੁਤ ਮਿਠਾਸ ਤੇ ਨਾਚ 'ਚ ਵੱਡਿਆਂ-ਵੱਡਿਆਂ ਨੂੰ ਮੋਹ ਹੋ ਜਾਂਦਾ ਸੀ। ਪਰ ਉਸ ਨੱਚਣ ਵਾਲੀ ਦਾ ਇਕ ਅਸੂਲ ਸੀ ਕਿ ਉਹ ਆਪਣੇ ਕੋਠੇ 'ਤੇ ਹੀ ਨੱਚਦੀ ਸੀ। ਇਸ ਤੋਂ ਸਿਵਾਏ ਕਿਤੇ ਨੱਚਣ ਨਹੀਂ ਜਾਂਦੀ ਸੀ। ਇਕ ਬਹੁਤ ਕਰੂਰ ਤੇ ਘੁਮੰਡੀ ਰਾਜਾ ਉਸ ਦਾ ਨਾਚ ਵੇਖਣ ਆਇਆ। ਜੋ ਧਰਮ ਦੇ ਨਾਂਅ 'ਤੇ ਛੋਟੀਆਂ ਜਾਤਾਂ ਵਾਲਿਆਂ ਦੇ ਬਿਨਾਂ ਗੱਲੋਂ ਹੀ ਸਿਰ ਕਲਮ ਕਰਦਾ ਸੀ, ਗਾਹੇ-ਬਗਾਹੇ ਹਰ ਨੂੰ ਆਪਣਾ ਧਰਮ ਅਪਣਾਉਣ ਲਈ ਕਹਿੰਦਾ ਸੀ। ਰਾਜੇ ਨੂੰ ਉਸ ਦਾ ਨਾਚ ਬਹੁਤ ਪਸੰਦ ਆਇਆ। ਰਾਜੇ ਨੇ ਨੱਚਣ ਵਾਲੀ ਨੂੰ ਕਿਹਾ, 'ਮੇਰੇ ਦੁਆਰ 'ਚ ਆ ਕੇ ਨੱਚ ਜੋ ਤੂੰ ਕਹੇਂਗੀ ਮਿਲੇਗਾ।' ਨੱਚਣ ਵਾਲੀ ਸਿਆਣੀ ਸੀ, ਉਸ ਕੋਲ ਦੁਨੀਆ ਆਉਂਦੀ ਸੀ। ਉਸ ਨੱਚਣ ਵਾਲੀ ਨੇ ਕਿਹਾ ਕਿ ਮੇਰੀ ਇਕ ਸ਼ਰਤ ਹੈ, ਮੈਂ ਤਾਂ ਤੇਰੇ ਮਹਿਲ 'ਚ ਆ ਕੇ ਨੱਚਾਂਗੀ, ਜਦੋਂ ਮੈਂ ਨੱਚਾਂਗੀ ਮੇਰੇ ਨੱਚਣ 'ਤੇ ਕੋਈ ਸਿਰ ਨਹੀਂ ਹਿਲਾਵੇਗਾ। ਜਿਹੜਾ ਸਿਰ ਹਿਲਾਵੇਗਾ ਉਸ ਦਾ ਸਿਰ ਵੱਢ ਦਿੱਤਾ ਜਾਵੇ। ਤਾਂ ਅੱਗੋਂ ਰਾਜੇ ਨੇ ਕਿਹਾ, 'ਕੋਈ ਗੱਲ ਨਹੀਂ ਸਿਰ ਤਾਂ ਅਸੀਂ ਐਵੇਂ ਸ਼ੌਕੀਆ ਹੀ ਵੱਢਦੇ ਰਹਿੰਦੇ ਹਾਂ। ਦਿਨ ਸਮਾਂ ਨਿਸਚਿਤ ਹੋ ਗਿਆ। ਸਾਰੇ ਮੁਨਿਆਦੀ ਕਰਵਾ ਦਿੱਤੀ ਗਈ ਕਿ ਜਿਸ ਨੇ ਵੀ ਨਾਚ ਵੇਖਣਾ ਹੈ, ਉਹ ਸਿਰ ਨਾ ਹਿਲਾਵੇ ਆਪਣਾ ਸੋਚ ਵਿਚਾਰ ਕੇ ਆਵੇ, ਸਿਰ ਹਿਲਾਉਣ 'ਤੇ ਸਿਰ ਵੱਢ ਦਿੱਤਾ ਜਾਵੇਗਾ। ਸਮਾਂ ਆ ਗਿਆ। ਨੱਚਣ ਵਾਲੀ ਨੇ ਨੱਚਣਾ ਸ਼ੁਰੂ ਕੀਤਾ। ਪੰਜ ਸੌ ਦੇ ਕਰੀਬ ਲੋਕ ਵੇਖਣ ਆਏ। ਸਾਰਿਆਂ ਨੇ ਸਿਰ ਅਕੜਾ ਲਏ। ਪਰ ਜਦੋਂ ਉਹ ਸੰਗੀਤ 'ਤੇ ਨੱਚੀ ਬਹੁਤ ਸਿਰ ਝੂਮਣ ਲੱਗ ਪਏ। ਜਦੋਂ ਨਾਚ ਖਤਮ ਹੋਇਆ ਤਾਂ ਜਿਹੜੇ ਚਾਲੀ ਸਿਰ ਝੂਮੇ ਸੀ, ਉਨ੍ਹਾਂ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਤਾਂ ਸਿਪਾਹੀ ਸਿਰ ਕੱਟਣ ਲੱਗੇ ਤਾਂ ਰਾਜੇ ਨੇ ਪੁੱਛਿਆ ਤੁਸੀਂ ਸਿਰ ਕਿਉਂ ਹਿਲਾਏ? ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਿਰ ਕਲਮ ਕਰ ਦਿੱਤੇ ਜਾਣਗੇ ਤਾਂ ਉਨ੍ਹਾਂ ਨੇ ਕਿਹਾ ਸਾਨੂੰ ਨਹੀਂ ਪਤਾ ਅਸੀਂ ਸਿਰ ਹਿਲਾਏ। ਅਸੀਂ ਤਾਂ ਇਸ ਸੰਗੀਤ 'ਚ ਗੁੰਮ ਹੋ ਗਏ ਸੀ। ਸਾਡੀਆਂ ਅੱਖਾਂ ਆਪਣੇ-ਆਪ ਬੰਦ ਹੋ ਗਈਆਂ ਸਨ। ਬਸ ਧੁਨ ਬਣ ਗਈ, ਵਿਚਾਰ ਖੋ ਗਏ, ਵਿਚਾਰ ਦੇ ਨਾਲ ਤੁਹਾਡੀ ਸੂਚਨਾ ਵੀ ਖੋ ਗਈ, ਅਸੀਂ ਤਾਂ ਇਕ ਛਿਣ ਲਈ ਮਿਟ ਗਏ ਸੀ। ਉਸ ਨੱਚਣ ਵਾਲੀ ਨੇ ਕਿਹਾ ਕਿ, 'ਠਹਿਰੋ ਇਨ੍ਹਾਂ ਨੂੰ ਮਾਰਨਾ ਨਹੀਂ। ਮੈਨੂੰ ਇਨ੍ਹਾਂ ਦੀ ਹੀ ਤਲਾਸ਼ ਸੀ। ਬਸ ਹੁਣ ਮੈਂ ਇਨ੍ਹਾਂ ਲਈ ਨੱਚਾਂਗੀ, ਗਾਵਾਂਗੀ।' ਤਾਂ ਰਾਜੇ ਨੇ ਪੁੱਛਿਆ, 'ਕਿਉਂ?' ਤਾਂ ਨੱਚਣ ਵਾਲੀ ਨੇ ਕਿਹਾ, 'ਰਾਜਾ ਜੀ ਇਕ ਸੰਗੀਤ ਹੀ ਇਹੋ ਜਿਹੀ ਚੀਜ਼ ਹੈ ਜਿਸ ਦਾ ਕੋਈ ਧਰਮ ਨਹੀਂ, ਜਿਸ ਦਾ ਕੋਈ ਮਜ਼੍ਹਬ ਨਹੀਂ।' ਸਾਰੀ ਕਹਾਣੀ ਸੁਣਾ ਕੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਪੁੱਛਿਆ, 'ਕਿਵੇਂ ਲੱਗੀ ਕਹਾਣੀ, ਕਿਵੇਂ ਲੱਗੀ ਕਹਾਣੀ?' ਤਾਂ ਘਰਵਾਲੀ ਨੇ ਮੈਨੂੰ ਕਿਹਾ, 'ਉਠੋ ਜੀ, ਕੀ ਸੁਪਨਿਆਂ 'ਚ ਬੋਲੀ ਜਾਂਦੇ ਹੋ, ਸੂਰਜ ਗੋਡੇ-ਗੋਡੇ ਚੜ੍ਹ ਆਇਆ, ਕੀ ਦਫ਼ਤਰ ਨਹੀਂ ਜਾਣਾ।' ਮੈਂ ਤ੍ਰਿਬਕ ਕੇ ਉਠਿਆ।

-ਮੋਬਾਈਲ : 98557-35666.

ਤਿੰਨ ਲਘੂ ਕਥਾਵਾਂ

ਰੱਸਾ
ਅਰਜਨ ਨੇ ਆਪਣੇ ਇਕਲੌਤੇ ਪੁੱਤਰ ਦੀ ਜ਼ਿੱਦ ਅੱਗੇ ਬੇਵੱਸ ਹੋ ਕੇ ਵੱਡੀ ਕੋਠੀ ਪਾ ਦਿੱਤੀ ਅਤੇ ਇਕ ਵਾਰ ਫਿਰ ਤੋਂ ਉਸ ਦਾ ਪੁੱਤਰ ਵੱਡੇ ਟਰੈਕਟਰ ਦੀ ਮੰਗ ਕਰਨ ਲੱਗ ਪਿਆ।
ਅਰਜਨ ਨੇ ਦੁਖੀ ਮਨ ਨਾਲ ਕਿਹਾ, 'ਪੁੱਤਰ, ਚਾਦਰ ਵੇਖ ਕੇ ਹੀ ਪੈਰ ਪਸਾਰ, ਐਨਾ ਕਰਜ਼ਾ ਲਾਹੁਣਾ ਮੇਰੇ ਵੱਸ ਵਿਚ ਨਹੀਂ।'
ਪਿਤਾ ਦੀ ਗੱਲ ਅਣਸੁਣੀ ਕਰਕੇ ਉਹ ਸ਼ਾਹੂਕਾਰ ਵੱਲ ਜਾਣ ਹੀ ਲੱਗਾ ਸੀ ਕਿ ਅਰਜਨ ਦੁਬਾਰਾ ਬੋਲਿਆ, 'ਚੰਗਾ ਫਿਰ, ਮੇਰੇ ਲਈ ਆਉਂਦਾ ਹੋਇਆ ਇਕ ਰੱਸਾ ਵੀ ਲੈ ਆਵੀਂ।'
ਇਹ ਸੁਣ ਕੇ ਉਸ ਦੇ ਪੈਰ ਥਾਂ 'ਤੇ ਹੀ ਰੁਕ ਗਏ।

ਪੀੜ
ਜੀਤੋ ਦਾ ਇਕਲੌਤਾ ਪੁੱਤ ਸਰਵਣ ਬਦਕਿਸਮਤੀ ਨਾਲ ਪੱਕਾ ਨਸ਼ੇੜੀ ਬਣ ਗਿਆ ਸੀ। ਇਕ ਦਿਨ ਮਾਂ ਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸ ਦੇ ਮੂੰਹ 'ਤੇ ਚਪੇੜ ਮਾਰ ਕੇ ਭੱਜ ਗਿਆ। ਜੀਤੋ ਰੋਂਦੀ ਹੋਈ ਆਪਣੇ ਪਤੀ ਦੇ ਗਲ ਲੱਗ ਗਈ।
'ਕਿੰਨੀ ਕੁ ਪੀੜ ਹੋ ਰਹੀ ਏ' ਜੀਤੋ ਦੇ ਪਤੀ ਨੇ ਪੁੱਛਿਆ।
'ਪ੍ਰਸੂਤ ਪੀੜਾ ਤੋਂ ਵੀ ਵੱਧ' ਜੀਤੋ ਹਓਕਾ ਲੈ ਕੇ ਬੋਲੀ।

ਸੁਪਨਾ
ਮਨਜੋਤ ਦੇ ਦਸਵੀਂ ਕਲਾਸ ਵਿਚੋਂ ਘੱਟ ਅੰਕ ਆਏ ਦੇਖ ਕੇ ਉਸ ਦੇ ਪਿਤਾ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਜਾ ਪੁੱਜਾ। ਉਹ ਚੀਕ ਕੇ ਬੋਲਿਆ, 'ਤੈਨੂੰ ਪਤਾ? ਮੇਰਾ ਸੁਪਨਾ ਸੀ ਕਿ ਤੈਨੂੰ ਡਾਕਟਰ ਬਣਾ ਕੇ ਵਿਦੇਸ਼ ਭੇਜਾਂ, ਸਭ ਖਤਮ ਕਰਕੇ ਰੱਖ 'ਤਾ ਤੂੰ।'
'ਪਰ ਪਾਪਾ, ਮੈਂ ਤਾਂ ਚੰਗਾ ਹਾਕੀ ਖਿਡਾਰੀ ਬਣ ਕੇ, ਦੇਸ਼ ਦਾ ਨਾਂਅ ਉੱਚਾ ਕਰਨਾ ਹੈ, ਤੁਸੀਂ ਮੇਰਾ ਸੁਪਨਾ ਤਾਂ ਕਦੇ ਪੁੱਛਿਆ ਹੀ ਨਹੀਂ', ਮਨਜੋਤ ਨੇ ਰੋਂਦੇ ਹੋਏ ਕਿਹਾ।
ਜਵਾਬ ਸੁਣ ਕੇ ਮਾਪੇ ਸੁੰਨ ਹੋ ਗਏ...

-ਮਾ: ਸੁਖਵਿੰਦਰ ਦਾਨਗੜ੍ਹ
ਬਰਨਾਲਾ। ਮੋਬਾਈਲ : 94171-80205.

ਨਵਾਂ ਪੁਆੜਾ ਪੈ ਗਿਆ

'ਚੋਟੀ' ਹਿੰਦੀ ਦਾ ਬਹੁ-ਅਰਥਿਕ ਸ਼ਬਦ ਹੈ। ਚੋਟੀ ਭਾਵ ਹਿਮਾਲਾ ਦੀ, ਐਵਰੈਸਟ ਦੀ ਚੋਟੀ। ਦਰੱਖਤ ਦੀ ਚੋਟੀ ਆਦਿ।
* ਚੋਟੀ... ਮਤਲਬ ਗੁੱਤ। ਹਿੰਦੀ 'ਚ 'ਅਰੇ ਮੇਰੀ ਚੋਟੀ ਬਨਾ ਦੇ' ਪੰਜਾਬੀ 'ਚ 'ਨੀ ਮੇਰੀ ਗੁੱਤ ਕਰ ਦੇ।'
ਹਿੰਦੀ ਦੀ 'ਚੋਟੀ' ਬਾਰੇ ਮੈਨੂੰ ਪਤਾ ਨਹੀਂ ਪਰ ਪੰਜਾਬੀ 'ਚ ਗੁੱਤ ਦੀਆਂ ਬੜੀਆਂ ਵਡਿਆਈਆਂ ਨੇ, ਐਨੇ ਗਾਣੇ ਤੇ ਗੀਤ ਨੇ ਪੰਜਾਬੀ 'ਗੁੱਤ' ਦੀ ਵਡਿਆਈ 'ਚ ਕਿ ਰਹੇ ਰੱਬ ਦਾ ਨਾਂਅ।
ਜਿੰਨੀ ਲੰਮੀ ਗੁੱਤ, ਓਨੀ ਹੀ ਵੱਡੀ ਤਾਰੀਫ਼...
'ਭਾਬੀ ਤੇਰੀ ਗੁੱਤ ਵਰਗਾ,
ਸੱਪ ਲੈ ਕੇ ਬੰਗਾਲੀ ਆਇਆ।'
ਜਿੰਨੇ ਲੰਮੇ ਕੇਸ, ਓਨੀ ਹੀ ਲੰਮੀ ਗੁੱਤ... ਜਦ ਲਮਕਦੀ ਗੁੱਤ, ਪੈਲਾਂ ਪਾਉਂਦੀ ਪੰਜਾਬਣ ਦੀ ਪਿੱਠ ਨਾਲ ਹਲੋਰੇ ਲੈ-ਲੈ ਪਿੱਠ ਨਾਲ ਖਹਿੰਦੀ ਤੇ ਹਟਦੀ ਹੈ, ਇੰਜ ਜਾਪਦਾ ਹੈ ਕੋਈ ਖੜੱਪਾ ਸੱਪ, ਕਿਸੇ ਸਪੇਰੇ ਦੀ ਬੀਨ ਦੀ ਤਾਨ 'ਤੇ ਝੂਮ ਰਿਹਾ ਹੈ।
ਕਾਲੀ ਤੇਰੀ ਗੁੱਤ ਤੇ
ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏ
ਪਰਾਂਦੇ ਨੂੰ ਸੰਭਾਲ ਨੀਂ।
ਇਹ ਉਸ ਸਮੇਂ ਮਦਹੋਸ਼ ਕਰਨ ਵਾਲੀ ਅਦਾ ਦਾ ਵਰਣਨ ਹੈ ਜਦ 'ਹੀਰ' ਆਪਣੀ ਇਸ ਲਾਲ ਪਰਾਂਦੇ ਵਾਲੀ ਲੰਮੀ ਗੁੱਤ ਨੂੰ ਆਪਣੇ ਮੋਢੇ ਤੋਂ ਅਗਲੇ ਪਾਸੇ ਝੁਲਾ ਦੇਂਦੀ ਹੈ।
ਨੀਂ ਭਾਬੀ ਮੇਰੀ ਗੁੱਤ ਕਰ ਦੇ,
ਮੈਂ ਤੀਆਂ ਦੇ ਮੇਲੇ 'ਚ ਜਾਣਾ।
ਪੰਜਾਬਣਾਂ ਪੀਂਘਾਂ ਝੂਟਦੀਆਂ ਨੇ ਤਾਂ ਜਦ ਹਵਾ 'ਚ ਹੁਲਾਰੇ ਦੇ ਨਾਲ ਗੁੱਤ ਵੀ ਉਡਦੀ ਹੈ ਤਾਂ ਇਕ ਅਲੌਕਿਕ ਨਜ਼ਾਰੇ ਦਾ ਅਹਿਸਾਸ ਹੁੰਦਾ ਹੈ।
ਸਿਰਫ਼ ਇਕ ਗੁੱਤ ਦਾ ਹੀ ਚਾਅ ਨਹੀਂ, ਪੰਜਾਬਣ ਹੀਰਾਂ ਨੂੰ...
ਮਾਏ ਮੇਰੀਏ ਨੀ ਮੈਨੂੰ ਬੜਾ ਚਾਅ,
ਦੋ ਗੁੱਤਾਂ ਕਰ ਮੇਰੀਆਂ।
ਇਕ ਗੁੱਤ ਦਾ ਹੀ ਮਾਣ ਨਹੀਂ, ਦੋ-ਦੋ ਗੁੱਤਾਂ ਤਾਂ ਦੋ ਲਹਿਰਾਂ, ਨਾਲੋ-ਨਾਲ ਉਠਦੀਆਂ, ਸਮੁੰਦਰ 'ਚ ਵਾਪਸ ਜਾਂਦੀਆਂ, ਫਿਰ ਉੱਡ ਕੇ ਆਉਂਦੀਆਂ ਦਾ ਨਜ਼ਾਰਾ ਪੇਸ਼ ਕਰਦੀਆਂ ਹਨ।
ਇਕ ਗੁੱਤ, ਦੋ ਗੁੱਤਾਂ ਜਾਂ ਵਾਲਾਂ ਦਾ ਪਿੱਛੇ ਜਲੇਬੀ ਜੂੜਾ... ਇਹ ਪੰਜਾਬ ਜਾਂ ਭਾਰਤ ਦੇ ਦੂਜੇ ਹਿੱਸਿਆਂ ਦੀਆਂ ਕੁੜੀਆਂ ਬੀਬੀਆਂ ਦੀ ਪਸੰਦ ਹੀ ਨਹੀਂ ਸੰਸਾਰ ਭਰ ਦੀਆਂ ਔਰਤਾਂ ਦੀ ਇਹੋ ਵਾਲਾਂ ਦੀ ਰੂਪ-ਸਜਾ ਹੈ।
ਮਤਲਬ ਵਾਲ, ਇਕ ਗੁੱਤ ਜਾਂ ਗੁੱਤਾਂ ਜਾਂ ਜੂੜਿਆਂ ਵਿਚ ਸੰਵਾਰ ਕੇ ਲਪੇਟੇ ਹੋਏ, ਇਸਤਰੀ ਦੇ ਰੂਪ ਨੂੰ ਸੁਹੱਪਣ ਦਾ ਦਰਜਾ ਦੇਣ ਦੇ ਪ੍ਰਤੀਕ ਹਨ। ਇਸਤਰੀਆਂ ਨੂੰ ਵਾਲ ਬਹੁਤ ਪਿਆਰੇ ਹਨ। ਉਰਦੂ ਸ਼ਾਇਰੀ ਲਟਾਂ, ਜ਼ੁਲਫਾਂ, ਗੇਸੂਆਂ ਤੱਕ ਮਹਿਦੂਦ ਹੈ, ਸ਼ਾਇਦ ਚੋਟੀਆਂ ਦਾ ਜ਼ਿਕਰ ਘੱਟ ਹੀ ਕਿਸੇ ਨੇ ਕੀਤਾ ਹੈ।
ਕਿੰਨੇ ਸੋਹਣੇ ਲਗਦੇ ਨੇ ਵਾਹੇ ਸੁਆਰੇ ਵਾਲ, ਨਹੀਂ ਤਾਂ ਪੰਜਾਬੀ 'ਚ 'ਝਾਟਾ' ਅਖਵਾਉਂਦੇ ਹਨ। ਕਿਵੇਂ ਦੋ ਬੀਬੀਆਂ ਇਕ-ਦੂਜੇ ਨਾਲ ਲੜ ਪੈਣ ਤਾਂ ਇਕ-ਦੂਜੀ ਦਾ ਝਾਟਾ ਪੁਟਣ ਲਈ ਇਕ-ਦੂਜੇ ਦੇ ਵਾਲਾਂ 'ਤੇ ਟੁੱਟ ਪੈਂਦੀਆਂ ਹਨ।
ਮੁਕਦੀ ਗੱਲ ਕਿ ਕੁੜੀਆਂ-ਬੀਬੀਆਂ ਨੂੰ ਚੋਟੀਆਂ, ਗੁੱਤਾਂ ਨਾਲ ਬਹੁਤ ਪਿਆਰ ਹੈ... ਪਰ...
ਪਿਛਲੇ ਮਹੀਨੇ, ਕਹਿਰ ਟੁੱਟ ਪਿਆ, ਭਾਰਤ ਦੇ ਕਈ ਪ੍ਰਾਂਤਾਂ, ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਅਚਾਨਕ ਕੁੜੀਆਂ-ਬੀਬੀਆਂ ਦੀਆਂ ਚੋਟੀਆਂ, ਗੁੱਤਾਂ ਜਾਂ ਵਾਲ, ਅਚਾਨਕ ਕੱਟੇ ਜਾਣ ਨਾਲ ਹਾਹਾਕਾਰ ਮਚ ਗਈ।
ਪਤਾ ਹੀ ਨਾ ਲੱਗੇ ਕਿ ਕੌਣ, ਕਿਸ ਵੇਲੇ, ਕਿਸੇ ਵੀ ਕੁੜੀ ਜਾਂ ਬੀਬੀ ਦੀ ਗੁੱਤ ਕੱਟ ਗਿਆ ਹੈ। ਜਿਹਦੀ ਗੁੱਤ (ਵਾਲ) ਵੱਢੀ ਗਈ, ਉਹ ਬੀਬੀ ਹਾਲੋਂ-ਬੇਹਾਲ ਹੋ ਗਈ, ਇਕੋ ਜਵਾਬ ਸੀ 'ਮੈਨੂੰ ਲੱਗਾ ਮੈਂ ਬੇਹੋਸ਼ ਹੋ ਗਈ ਹਾਂ, ਮੈਨੂੰ ਪਤਾ ਹੀ ਨਹੀਂ ਲੱਗਾ, ਕਦੋਂ ਮੇਰੇ ਵਾਲ ਵੱਢੇ ਗਏ, ਹੁਣ ਤਾਈਂ ਮੈਨੂੰ ਚੱਕਰ ਆ ਰਹੇ ਹਨ। ਕੋਈ ਅਣਦਿਖ ਸ਼ਕਤੀ ਦਾ ਹੀ ਇਹ ਕਾਰਾ ਹੈ।'
ਭੂਤ, ਭੂਤਨੀਆਂ, ਚੁੜੇਲਾਂ, ਇਹ ਹੀ ਨੇ ਕੁਝ ਪ੍ਰਸਿੱਧ ਮਨੁੱਖ ਦੇ ਵਹਿਮ-ਭਰਮ ਵਜੋਂ ਈਜਾਦ ਕੀਤੀਆਂ ਅਣਦਿਖ ਸ਼ਕਤੀਆਂ। ਹਾਂ, ਇਨ੍ਹਾਂ ਦੀਆਂ ਮੁਸਵਰਾਂ ਨੇ ਤਸਵੀਰਾਂ ਵੀ ਘੜੀਆਂ ਹੋਈਆਂ ਨੇ, ਵੇਖ ਕੇ ਡਰ ਲੱਗੇ... ਇਨ੍ਹਾਂ ਉਤੇ ਹੀ ਇਹ ਦੋਸ਼ ਲੱਗਾ ਹੈ ਕਿ ਇਨ੍ਹਾਂ 'ਚੋਂ ਹੀ ਕਿਸੇ ਇਕ ਨੇ ਇਹ ਦੁਸ਼ਟ-ਕਰਮ ਕਮਾਇਆ ਹੈ ਕਿ ਪਹਿਲਾਂ ਕਿਸੇ ਕੁੜੀ ਜਾਂ ਬੀਬੀ ਨੂੰ ਦਰਸ਼ਨ ਦੇ ਕੇ ਦਹਿਸ਼ਤ-ਜ਼ਦਾ ਕਰ ਦਿੱਤਾ, ਫਿਰ ਉਹਦੀ ਗੁੱਤ ਵੱਢ ਲਈ।
ਚਲ ਸੁ ਚੱਲ... ਭੂਤਨੀਆਂ ਨੂੰ ਸ਼ਾਇਦ ਇਸ ਕੁਕਰਮ 'ਚ ਪਰਮ-ਆਨੰਦ ਆ ਰਿਹਾ ਸੀ-ਇਸ ਲਈ ਉਹ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਇਹ ਨਾਅਰੇ ਲਾਉਂਦੀਆਂ ਅੱਗੇ ਵਧਦੀਆਂ ਗਈਆਂ...
ਗੁੱਤ ਨੂੰ ਸੰਭਾਲ ਸੋਹਣੀਏ,
ਮੈਂ ਗੁੱਤ ਵੱਢਣੇ ਨੂੰ ਆਈ।
ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਥਾਂ-ਥਾਂ, ਕਈ ਵਿਚਾਰੀਆਂ ਦੀਆਂ ਬਿਨ ਦੱਸਿਆਂ ਗੁੱਤਾਂ ਕੱਟੀਆਂ ਗਈਆਂ। ਹਾਹਾਕਾਰ ਮਚ ਗਈ... ਕਿਹੜੀ ਥਾਂ, ਜਿਥੋਂ ਇਹ ਖ਼ਬਰ ਨਹੀਂ ਆਈ। ਹਨੇਰ ਹੈ, ਹਨੇਰੀ... ਵਗ ਪਈ...।
ਇੱਜ਼ਤ ਦਾ ਸਵਾਲ ਹੈ, ਬਈ... ਕੋਈ ਧੀਆਂ-ਭੈਣਾਂ ਦੀ ਗੁੱਤ ਕੱਟੀ ਜਾਏ, ਲੋਕੀਂ ਡੱਟ ਕੇ ਘਰਾਂ 'ਚੋਂ ਮੈਦਾਨ 'ਚ ਆ ਗਏ ਕਿ ਐਸੀ ਕੀ ਤੈਸੀ, ਉਹਦੀ ਜਿਹੜਾ ਇਹ ਕਾਰਾ ਕਰ ਰਿਹਾ ਜਾਂ ਕਰ ਰਹੀ ਹੈ। ਹੋਰ ਤਾਂ ਹੋਰ, ਇਹ ਖ਼ਬਰ ਵੀ ਫੈਲ ਗਈ ਕਿ ਜਿਹੜਾ ਭੂਤ-ਭੂਤਨੀਆਂ ਦਾ ਤੁਖਮ, ਕੁੜੀਆਂ ਦੀਆਂ ਗੁੱਤਾਂ ਕੱਟਦਾ ਹੈ, ਉਹਦਾ ਧੜ ਤਾਂ ਮਨੁੱਖਾਂ ਵਰਗਾ ਹੈ, ਪਰ ਸਿਰ ਬਿੱਲੀ ਵਰਗਾ ਹੈ। ਗੰਢਾਸੇ, ਤਲਵਾਰਾਂ, ਸੋਟੀਆਂ ਲੈ ਕੇ ਨਿਕਲ ਪਏ ਇਕੱਠੇ ਲੋਕੀਂ, ਇਸ ਬਿੱਲੀ ਮੂੰਹ ਵਾਲੇ ਸ਼ੈਤਾਨ ਜਾਂ ਬਿੱਲੀ ਮੂੰਹ ਵਾਲੀ ਭੂਤ-ਭਤਨੀ ਜਾਂ ਚੁੜੇਲ ਦਾ ਘਾਣ ਕਰਨ ਲਈ। ਲੋਕਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ, ਪਹਿਲਾਂ ਸੰਨ 2001 'ਚ ਵੀ ਇਸੇ ਤਰ੍ਹਾਂ ਦੇ ਕਹਿਰ ਵਾਲਾ ਰੌਲਾ ਪਿਆ ਸੀ ਕਿ ਬਾਂਦਰ ਦੇ ਮੂੰਹ ਵਾਲਾ ਇਕ ਸ਼ੈਤਾਨ ਲੋਕਾਂ ਨੂੰ ਚੁੱਕ ਲਿਜਾ ਰਿਹਾ ਹੈ, ਲੋਕੀਂ ਅੱਧੀਂ ਰਾਤੀਂ ਇਕੱਠੇ ਹੋ ਕੇ, ਇਸ ਬਾਂਦਰ ਬੂਥੀ ਸ਼ੈਤਾਨ ਨੂੰ ਲੱਭ ਕੇ ਮਾਰਨ ਲਈ, ਇਸੇ ਤਰ੍ਹਾਂ ਤਲਵਾਰਾਂ, ਸੋਟੀਆਂ ਚੁੱਕ ਕੇ ਮੈਦਾਨ 'ਚ ਆ ਗਏ ਸਨ। ਇਨ੍ਹਾਂ ਨੂੰ ਬਾਂਦਰ ਬੇਸ਼ੱਕ ਨਜ਼ਰ ਆਏ ਪਰ ਬਾਂਦਰ ਬੂਥੀ ਵਾਲਾ ਦਹਿਸ਼ਤਗਰਦ ਨਜ਼ਰ ਨਾ ਆਇਆ। ਪਤਾ ਨਹੀਂ, ਫਿਰ ਇਹ ਮਾਮਲਾ ਕਿਵੇਂ ਆਪਣੇ-ਆਪ ਸ਼ਾਂਤ ਹੋ ਗਿਆ। ਪਰ ਇਸ ਵਾਰ ਇਕ ਵਿਚਾਰੀ ਬੁੱਢੀ ਔਰਤ ਦੀ ਕਿਸਮਤ ਚੰਗੀ ਨਹੀਂ ਸੀ, 'ਆਗਰਾ ਸ਼ਹਿਰ ਵਿਚ ਇਸ ਔਰਤ ਨੂੰ, ਗੁੱਤਾਂ ਵੱਢਣ ਵਾਲੀ ਚੁੜੇਲ ਸਮਝ ਕੇ ਇਨ੍ਹਾਂ ਗੁੱਤ ਰਖਸ਼ਕਾਂ ਨੇ ਵਿਚਾਰੀ ਨੂੰ ਮਾਰ-ਮਾਰ, ਥਾਂ 'ਤੇ ਹੀ ਮਾਰ ਦਿੱਤਾ।'
ਪਤਾ ਨਹੀਂ, ਅਫ਼ਵਾਹਾਂ ਕਿੱਦਾਂ ਫੈਲਦੀਆਂ ਹਨ, ਜਦ ਫੈਲਦੀਆਂ ਹਨ ਤਾਂ ਜੰਗਲ ਦੀ ਅੱਗ ਵਾਂਗ ਫੈਲਦੀਆਂ ਹਨ।
ਇਕ ਮੇਰਾ ਵੀ ਨਜ਼ਰੀਆ ਹੈ... ਹੋ ਸਕਦਾ ਹੈ ਕਿਸੇ ਕੁੜੀ ਦੇ ਸਿਰ 'ਚ ਜੂੰਆਂ ਦੀ ਭਰਮਾਰ ਹੋਵੇ, ਉਹਨੇ ਤੰਗ ਆ ਕੇ ਕੈਂਚੀ ਨਾਲ ਆਪੇ ਹੀ ਆਪਣੀ ਗੁੱਤ ਵੱਢ ਛੱਡੀ ਹੋਵੇ ਤੇ ਪੁੱਛਣ 'ਤੇ ਕਿਸੇ ਅਗਿਆਤ ਚੁੜੇਲ ਦੇ ਸਿਰ ਇਹ ਕਾਰਾ ਮੜ੍ਹ ਦਿੱਤਾ ਹੋਵੇ। ਆਹੋ, ਨੋਇਡਾ 'ਚੋਂ ਇਕ ਹੋਰ ਵਧੀਆ ਖ਼ਬਰ ਆਈ ਹੈ ਕਿ ਉਥੇ ਕੋਈ ਵੀਹ ਕੁੜੀਆਂ-ਬੀਬੀਆਂ ਨੇ ਇਸ ਫੈਲੀ ਅਫ਼ਵਾਹ ਤੋਂ ਫਾਇਦਾ ਉਠਾ ਕੇ ਬਿਊਟੀ ਪਾਰਲਰਾਂ 'ਚ ਜਾ ਕੇ ਆਪਣੀਆਂ ਗੁੱਤਾਂ ਕਟਵਾ ਕੇ ਪਟੇ ਰੱਖ ਲਏ...।
ਅਸੀਂ ਪੱਛਮੀ ਸੱਭਿਅਤਾ ਦੇ ਸਿਰਫ਼ ਪ੍ਰਸੰਸਕ ਹੀ ਨਹੀਂ, ਬੁਰੀ ਤਰ੍ਹਾਂ ਪਿਛਲਗ ਹਾਂ। ਉਥੇ ਪ੍ਰਿੰਸਸ ਸਵਰਗੀ ਡਾਇਨਾ ਨੇ ਗੁੱਤਾਂ ਵਾਲਾ ਮਾਮਲਾ ਖ਼ਤਮ ਕਰਕੇ, ਛਤੇ ਰੱਖੇ ਹੋਏ ਸਨ। ਹੋਰ ਵੀ ਔਰਤਾਂ ਦਾ ਵਾਲਾਂ ਦਾ ਫੈਸ਼ਨ ਇਹੀਓ ਹੈ। ਹੌਲੀ-ਹੌਲੀ ਭਾਰਤੀ ਕੁੜੀਆਂ-ਬੀਬੀਆਂ ਨੇ ਵੀ ਵਾਲਾਂ ਦਾ ਗੁੱਤ ਕਟ ਫਾਹਾ ਵੱਢ ਛੱਡਿਆ ਤੇ ਇਹੋ ਫੈਸ਼ਨ ਅਪਣਾਇਆ। ਹੁਣ ਤਾਂ ਸੁਖ ਨਾਲ ਸਲਵਾਰਾਂ, ਲਹਿੰਗਿਆਂ ਦੀ ਥਾਂ ਵੀ ਪੈਂਟਾਂ ਆ ਗਈਆਂ ਹਨ।
ਪੰਜਾਬੀ 'ਚ ਇਕ ਅਖਾਣ ਹੈ, 'ਜੋ ਪੱਟੀ, ਫੈਸ਼ਨਾਂ-ਪੱਟੀ।' ਜੇ ਪਟਿਆਂ ਵਾਲਾ ਫੈਸ਼ਨ ਚਲ ਪਿਆ ਹੈ ਤਾਂ ਗੁੱਤ ਤਾਂ ਬੇਸ਼ੱਕ ਆਪ ਵੱਢੀ ਜਾਂ ਬਿਊਟੀ ਪਾਰਲਰ 'ਚ ਵੱਢੀ ਜਾਂ ਕਿਸੇ ਚੁੜੇਲ ਦਾ ਨਾਂਅ ਲੈ ਕੇ ਆਪ ਵੱਢ ਛੱਡੀ... ਕੌਣ ਜਾਣੇ ਰੰਗ ਬੀਬੀਆਂ ਦੇ ਸੰਸਾਰ ਦੇ।
ਗੁੱਤਾਂ ਗਈਆਂ ਤੇ ਚੁੰਨੀਆਂ ਵੀ ਗਈਆਂ, ਪਰਾਂਦੇ ਵੀ ਗਏ ਤੇ ਦੁਪੱਟੇ ਵੀ ਗਏ। ਬਲਾਊਜ਼ ਵੀ ਗਏ, ਸੁਥਣਾਂ ਵੀ ਗਈਆਂ, ਸਾੜ੍ਹੀਆਂ ਵੀ ਗਈਆਂ। ਹਾਂ, ਲਿਪਸਟਿਕ, ਸੁਰਖੀ, ਬਿੰਦੀ, ਕੱਜਲ, ਆਈ ਬ੍ਰੋਅ... ਸਭ ਉਸੇ ਤਰ੍ਹਾਂ ਕਾਇਮ। ਅਨੇਕਤਾ 'ਚ ਏਕਤਾ। ਟਾਮ ਬੁਆਏ+ਜ਼ਿੰਦਾਬਾਦ।
ਕੋਈ ਭੀੜ ਪਏ ਤਾਂ ਰੱਬ ਯਾਦ ਆਉਂਦਾ ਹੈ। ਪਰ ਰੱਬ, ਭੂਤਾਂ, ਚੁੜੇਲਾਂ ਵਾਲਾ ਰੂਪ ਨਹੀਂ ਲੈਂਦਾ। ਰੱਬ ਤਾਂ.... ਨਾ ਰੂਪ ਹੈ, ਨਾ ਰੰਗ ਹੈ-ਪਤੈ ਨਾ ਕਿੱਦਾਂ ਇਹ ਅਫ਼ਵਾਹ ਫੈਲੀ ਸੀ ਕਿ ਗਣੇਸ਼ ਜੀ ਦੀਆਂ ਮੂਰਤੀਆਂ ਦੁੱਧ ਪੀਂਦੀਆਂ ਹਨ।
ਸਭੇ ਕਰਾਮਾਤਾਂ, ਸਭੇ ਆਈਡੀਏ ਸਿਰਾਂ 'ਚੋਂ ਹੀ ਨਿਕਲਦੇ ਹਨ। ਇਕ ਵੱਡੇ ਅਖ਼ਬਾਰ ਨੇ ਤਾਂ ਇਹ ਤੌਖਲਾ ਵੀ ਜ਼ਾਹਰ ਕੀਤਾ ਹੈ ਕਿ ਕਿਸੇ 'ਸਿਰ ਕਟੀ' ਹੋਣ ਵਾਲੀ ਦੇ 'ਸਿਰ' ਦੀ ਇਹ ਕਾਢ ਹੈ ਕਿ ਉਹਨੇ ਆਪਣੇ ਹੱਥੀਂ ਆਪਣੀ ਗੁੱਤ ਵੱਢ ਕੇ... ਨਾਂਅ ਕਿਸੇ ਚੁੜੇਲ ਦਾ ਲਾ ਦਿੱਤਾ।

ਚੁਗਲੀ ਨਿੰਦਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗੁਰਬਾਣੀ ਦੇ ਮਹਾਂਵਾਕ ਅਨੁਸਾਰ 'ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ' ਭਾਵ ਸਾਨੂੰ ਆਪਣੇ ਕੰਮ ਆਪ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਵਿਚ ਰੁਝੇ ਰਹਿਣਾ ਚਾਹੀਦਾ ਹੈ। ਇਸ ਨਾਲ
ਸਰੀਰ ਤੰਦਰੁਸਤ ਤੇ ਮਨ ਸ਼ਾਂਤ ਰਹਿੰਦਾ ਹੈ। ਧਨ ਦੀ ਬਚਤ ਹੁੰਦੀ ਹੈ ਅਤੇ ਨਿੰਦਿਆ-ਚੁਗਲੀ, ਲੜਾਈ-ਝਗੜੇ ਤੋਂ ਬਚਿਆ ਜਾ ਸਕਦਾ ਹੈ।
* ਫੋਕੀ ਵਡਿਆਈ ਅਤੇ ਨਿੰਦਿਆ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
* ਦੂਜਿਆਂ ਦੀ ਨਿੰਦਾ ਕਰਨ ਤੋਂ ਪਹਿਲਾਂ ਸਾਨੂੰ ਆਤਮ-ਪ੍ਰੀਖਣ ਕਰਨਾ ਚਾਹੀਦਾ ਹੈ।
* ਬੰਦੇ ਦੀ ਪਿੱਠ ਪਿੱਛੇ ਗੱਲਾਂ ਹੋਣ ਨਾਲੋਂ ਵੱਧ ਕੇ ਮਾੜੀ ਗੱਲ ਸਿਰਫ਼ ਇਕ ਹੀ ਹੋ ਸਕਦੀ ਹੈ ਕਿ ਕੋਈ ਪਿੱਠ ਪਿੱਛੇ ਉਸ ਦੀ ਗੱਲ ਹੀ ਨਾ ਕਰੇ।
* ਤੁਹਾਡਾ ਸਨਮਾਨ ਉਨ੍ਹਾਂ ਸ਼ਬਦਾਂ ਵਿਚ ਨਹੀਂ ਹੈ ਜੋ ਤੁਹਾਡੀ ਹਾਜ਼ਰੀ ਵਿਚ ਤੁਹਾਡੇ ਸਾਹਮਣੇ ਕਹੇ ਗਏ। ਸਗੋਂ ਉਨ੍ਹਾਂ ਸ਼ਬਦਾਂ ਵਿਚ ਹੈ ਜੋ ਤੁਹਾਡੀ ਗ਼ੈਰ-ਹਾਜ਼ਰੀ ਵਿਚ ਕਹੇ ਗਏ।
* ਪੰਛੀਆਂ ਵਿਚ ਕਾਂ ਅਤੇ ਪਸ਼ੂਆਂ ਵਿਚ ਕੁੱਤਾ ਸਭ ਤੋਂ ਘਟੀਆ ਮੰਨਿਆ ਗਿਆ ਹੈ, ਪਰ ਪਿੱਠ ਦੇ ਪਿੱਛੇ ਦੂਜਿਆਂ ਦੀ ਨਿੰਦਾ ਕਰਨ ਵਾਲਾ ਇਨ੍ਹਾਂ ਸਭ ਤੋਂ ਵੀ ਵੱਡਾ ਨੀਚ ਅਤੇ ਘਟੀਆ ਮੰਨਿਆ ਜਾਂਦਾ
ਹੈ।
* ਜੇਕਰ ਕੋਈ ਵਿਅਕਤੀ ਤੁਹਾਡੇ ਸਾਹਮਣੇ ਕਿਸੇ ਹੋਰ ਦੀ ਚੁਗਲੀ ਕਰਦਾ ਹੈ ਤਾਂ ਇਹ ਸਮਝ ਲਓ ਕਿ ਉਹ ਤੁਹਾਡੀ ਚੁਗਲੀ ਕਿਸੇ ਹੋਰ ਨੂੰ ਵੀ ਜ਼ਰੂਰ ਕਰਦਾ ਹੋਵੇਗਾ।
* ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪੈਦਲ ਧਿਆਨਪੁਰੀ ਨੇ ਚੁਗਲੀ ਨਿੰਦਿਆ ਬਾਰੇ ਲਿਖਿਆ ਹੈ ਕਿ:
ਚਾਦਰ ਵੇਖ ਕੇ ਪੈਰ ਪਸਾਰੋ,
ਦੂਜਿਆਂ ਦੀ ਨਾ ਨਕਲ ਉਤਾਰੋ
ਗੱਲ ਕਰਨ ਤੋਂ ਪਹਿਲਾਂ ਪੈਦਲ,
ਆਪਣੀ ਗੱਲ ਨੂੰ ਆਪ ਵਿਚਾਰੋ
ਚੁਗਲੀ-ਨਿੰਦਿਆ ਦੋਵੇਂ ਭੈਣਾਂ,
ਇਕ ਭਜਨੋ ਦੂਜੀ ਕਰਤਾਰੋ।
* ਕਿਸੇ ਦੀ ਨਿੰਦਾ ਨਾ ਕਰੋ ਤੇ ਨਾ ਸੁਣੋ। ਕਿਸੇ ਦਾ ਮਜ਼ਾਕ ਵੀ ਨਾ ਉਡਾਓ।
* ਜਿਹੜੇ ਦੂਜਿਆਂ ਦੀ ਬੁਰਾਈ ਕਰਦੇ ਹਨ, ਉਹ ਖੁਦ ਨਿੰਦੇ ਹੋਏ ਹੁੰਦੇ ਹਨ।
* ਜੇ ਤੁਸੀਂ ਇਕੋ ਕਰਮ ਨਾਲ ਲੋਕਾਂ ਨੂੰ ਆਪਣੇ ਵਸ ਵਿਚ ਕਰਨਾ ਚਾਹੁੰਦੇ ਹੋ ਤਾਂ ਹੋਰਾਂ ਦੀ ਬੁਰਾਈ ਕਰਨ ਵਿਚ ਲੱਗੀ ਆਪਣੀ ਬੋਲ-ਬਾਣੀ ਨੂੰ ਰੋਕ ਲਵੋ।
* ਦੂਜਿਆਂ ਦੀ ਨਿੰਦਾ ਕਰਨ ਵਿਚ ਸਮਾਂ ਬਰਬਾਦ ਨਾ ਕਰੋ ਕਿਉਂਕਿ ਅਜਿਹੀ ਨਿੰਦਾ ਕਦੇ-ਕਦੇ ਝਗੜੇ ਦਾ ਕਾਰਨ ਵੀ ਬਣ ਸਕਦੀ ਹੈ।
* ਦੂਸਰਿਆਂ ਦੀ ਨਿਖੇਧੀ ਜਾਂ ਆਲੋਚਨਾ ਕਰਨ ਦੀ ਬਜਾਏ, ਉਨ੍ਹਾਂ ਦੀ ਤਾਰੀਫ਼ ਕਰਨੀ ਸਿਖਣੀ ਚਾਹੀਦੀ ਹੈ।
* ਨਿੰਦਾ ਤੋਂ ਮੁਕਤ ਹੋਣਾ, ਸਰਬੱਤ ਦਾ ਭਲਾ ਮੰਗਣਾ ਤੇ ਮੁਸਕਰਾਉਣਾ ਸੰਤ-ਪੁਰਸ਼ ਦੀ ਨਿਸ਼ਾਨੀ ਹੁੰਦੀ ਹੈ।
* ਲੋਕਾਂ ਵੱਲੋਂ ਪ੍ਰਸੰਸਾ ਕੀਤੇ ਜਾਣ ਜਾਂ ਨਿੰਦਾ ਦੇ ਅੰਗਾਰੇ ਵਰਾਉਣ 'ਤੇ ਵੀ ਗਿਆਨੀ ਦਾ ਮਨ ਸ਼ਾਂਤ ਰਹਿੰਦਾ ਹੈ ਤੇ ਇਸ 'ਤੇ ਕੋਈ ਵੀ ਅਸਰ ਨਹੀਂ ਪੈਂਦਾ ਕਿਉਂਕਿ ਉਸ ਦਾ ਮਨ ਸਦਾਚਾਰ, ਦਇਆ
ਤੇ ਸੰਸਾਰ ਪ੍ਰੇਮ 'ਤੇ ਹੀ ਕੇਂਦਰਿਤ ਹੁੰਦਾ ਹੈ।
* ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤਿ ਸਮਾਉਣ ਸਮੇਂ ਸਿੱਖਾਂ ਨੂੰ 52 ਹੁਕਮ (ਹਦਾਇਤਾਂ) ਦਿੱਤੀਆਂ ਸਨ, ਜਿਨ੍ਹਾਂ ਵਿਚੋਂ ਇਕ ਹਦਾਇਤ ਇਹ ਸੀ, 'ਨਿੰਦਿਆ,
ਚੁਗਲੀ ਅਤੇ ਈਰਖਾ ਨਹੀਂ ਕਰਨੀ। ਚੁਗਲੀ ਕਰ ਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ।'
ਆਓ, ਅਸੀਂ ਸਾਰੇ ਆਪਣੇ ਮਨ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਦਸਮ ਪਿਤਾ ਜੀ ਦੀ ਉਕਤ ਹਦਾਇਤ 'ਤੇ ਕਿੰਨਾ ਕੁ ਅਮਲ ਕਰ ਰਹੇ ਹਾਂ ਤੇ ਇਸ ਆਦਤ ਤੋਂ ਕਿੰਨੇ ਕੁ ਸੁਰਖਰੂ ਹਾਂ ਤੇ
ਕਿੰਨੇ ਕੁ ਇਸ ਵਿਚ ਲਿਪਤ ਹਾਂ।

-ਮੋਬਾਈਲ: 99155-63406.

ਓਧਰ ਵੀ 'ਸ਼ਰੀਫ਼' ਨਹੀਂ...

ਸੱਤਰ ਸਾਲ ਪਹਿਲਾਂ... ਇਸ ਧਰਤੀ 'ਤੇ...
* ਨਾ ਪਾਕਿਸਤਾਨ ਸੀ, ਨਾ ਬੰਗਲਾਦੇਸ਼ ਸੀ, ਇਕੋ ਦੇਸ਼ ਸੀ, ਹਿੰਦੁਸਤਾਨ।
ਤੇ ਰਿਆਇਆ... ਜਨਤਾ?
* ਨਾ ਕੋਈ ਪਾਕਿਸਤਾਨੀ ਸੀ, ਤੇ ਨਾ ਬੰਗਲਾਦੇਸ਼ੀ। ਸਭੇ ਹਿੰਦੁਸਤਾਨੀ ਸਨ। ਸਭੇ ਅਲਾਮਾ ਇਕਬਾਲ ਦਾ ਰਚਿਆ ਕੌਮੀ ਤਰਾਨਾ ਬੜੇ ਜੋਸ਼ੋ-ਖਰੋਸ਼, ਦੇਸ਼-ਭਗਤੀ ਦੀ ਭਾਵਨਾ ਨਾਲ ਨੱਕੋ-ਨੱਕ ਭਰੇ, ਬੜੇ ਚਾਅ ਨਾਲ ਗਾਉਂਦੇ ਸਨ:
ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਂ ਹਮਾਰਾ।
ਹਮ ਬੁਲਬੁਲੇਂ ਹੈਂ ਇਸਕੀ,
ਯੇ ਗੁਲਸਿਤਾਂ ਹਮਾਰਾ।
ਨਾਲ ਹੀ ਪੰਜਾਬੀ ਦੇ ਉਸਤਾਦ ਕਵੀ ਚਰਨ ਸਿੰਘ ਸਫ਼ਰੀ ਨੇ ਵੀ ਰਚਿਆ ਸੀ:
ਚਮਨ 'ਚ ਬੈਠ ਕੇ ਬੁਲਬੁਲ
ਖ਼ੁਸ਼ੀ ਦੇ ਗੀਤ ਗਾਉਂਦੀ ਏ।
ਸ਼ਿਕਾਰੀ ਆਣ ਪਹੁੰਚੇ ਤਾਂ...
ਕੱਟੇ ਕੁਝ ਪਰ ਵੀ ਜਾਂਦੇ ਨੇ।
ਸੱਚਮੁੱਚ ਸ਼ਿਕਾਰੀ ਆਣ ਪਹੁੰਚੇ... ਮੁਹੰਮਦ ਅਲੀ ਜਿਨਾਹ... ਉਨ੍ਹਾਂ ਨੂੰ ਅਲਾਮਾ ਇਕਬਾਲ ਦੀ ਇਹ ਮਤ ਵੀ ਪਸੰਦ ਨਾ ਆਈ...।
ਮਜ਼ਹਬ ਨਹੀਂ ਸਿਖਾਤਾ
ਆਪਸ ਮੇਂ ਬੈਰ ਰਖਨਾ
ਹਿੰਦੀ ਹੈਂ ਹਮ ਵਤਨ ਹੈ,
ਹਿੰਦੋਸਤਾਂ ਹਮਾਰਾ।
ਉਨ੍ਹਾਂ ਨੇ ਸਿਆਪਾ ਪਾ ਦਿੱਤਾ...
ਮੁਸਲਿਮ ਹੈਂ ਹਮ, ਹਮੇਂ ਨਹੀਂ ਰਹਿਨਾ ਮਿਲ ਕੇ।
ਮਜ਼ਹਬ ਕੇ ਨਾਮ ਪੇ ਬਾਂਟ ਦੋ,
ਹਿੰਦੋਸਤਾਂ ਤੁਮ੍ਹਾਰਾ, ਪਾਕਿਸਤਾਨ ਹਮਾਰਾ।
ਕਟੇ ਗਏ ਪਰ ਮਜ਼ਹਬ ਦੇ ਨਾਂਅ 'ਤੇ, ਪੈ ਗਈਆਂ ਵੰਡੀਆਂ, ਹਿੰਦੋਸਤਾਂ, ਬਿਨਾਂ ਕੱਟੜਪੰਥੀ ਦੋਸਤਾਂ ਦੇ, ਰਹਿ ਗਿਆ ਹਮਾਰਾ, ਤੇ ਵਾਹਗੇ ਤੋਂ ਪਰ੍ਹਾਂ ਜਿਹੜੇ ਜਿਨਾਹ ਦੇ ਨਾਲ ਵਗ ਗਏ, ਉਨ੍ਹਾਂ ਦਾ ਹੋ ਗਿਆ 'ਪਾਕਿਸਤਾਨ' ਤੁਮ੍ਹਾਰਾ। ਮਗਰੋਂ ਅਲਾਮਾ ਇਕਬਾਲ ਵੀ ਪਾਕਿਸਤਾਨ ਹਿਜ਼ਰਤ ਕਰ ਗਏ, ਪਰ ਉਨ੍ਹਾਂ ਉਥੇ ਜਾ ਕੇ ਨਵਾਂ ਤਰਾਨਾ ਨਹੀਂ ਲਿਖਿਆ...
ਸਾਰੇ ਜਹਾਂ ਸੇ ਅੱਛਾ,
'ਪਾਕਿਸਤਾਨ' ਹਮਾਰਾ।
ਪਰ, ਹਿੰਦੁਸਤਾਨੀਆਂ ਨੇ ਉਨ੍ਹਾਂ ਦਾ ਤਰਾਨਾ ਪੂਰੀ ਤਰ੍ਹਾਂ ਅਪਣਾਈ ਰੱਖਿਆ, ਸਾਡੇ ਮਿਲਟਰੀ ਬੈਂਡ ਅੱਜ ਵੀ ਇਸੇ ਤਰਾਨੇ ਦੀ ਧੁੰਨ ਵਜਾਉਂਦੇ ਹਨ:
ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਂ ਹਮਾਰਾ।
ਮਜਾਲ ਐ ਜੋ ਪਾਕਿਸਤਾਨ 'ਚ ਕੋਈ ਵੀ ਪਾਕਿਸਤਾਨੀ ਇਹ ਤਰਾਨਾ ਕਦੇ ਗਾਏ?
ਚਮਨ ਦੀਆਂ ਬੁਲਬੁਲਾਂ ਤਾਂ ਹਿੰਦੁਸਤਾਨ 'ਚ ਹੀ ਰਹਿ ਗਈਆਂ। ਹਿੰਦੁਸਤਾਨ 'ਚ ਵਸਦੇ 20-21 ਕਰੋੜ ਮੁਸਲਮਾਨ, ਅੱਜ ਵੀ ਸਿਰਫ਼ ਇਹੀਓ ਤਰਾਨਾ ਗਾਉਣ ਲਈ ਤਿਆਰ ਹਨ:
ਉਹ ਕੌਮੀ ਗੀਤ 'ਵੰਦੇ ਮਾਤਰਮ' ਗਾਉਣ ਲਈ ਬਿਲਕੁਲ ਤਿਆਰ ਨਹੀਂ ਹਨ। ਜਦ ਸਾਂਝਾ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ 'ਚ ਸੀ, ਤਾਂ ਅੰਗਰੇਜ਼ਾਂ ਦੇ ਕਬਜ਼ੇ ਤੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭੇ ਕ੍ਰਾਂਤੀਕਾਰੀ ਬੜੇ ਚਾਅ ਨਾਲ ਇਹੋ ਗੀਤ ਗਾਇਆ ਕਰਦੇ ਸਨ:
'ਵੰਦੇ ਮਾਤਰਮ'
ਮਤਲਬ ਸਿਰਫ਼ ਐਨਾ ਹੈ, 'ਮੈਂ ਆਪਣੀ ਮਾਤਰ ਭੂਮੀ ਦੀ ਵੰਦਨਾ ਕਰਦਾ, ਉਸ ਅੱਗੇ ਸਿਰ ਝੁਕਾਉਂਦਾ ਹਾਂ।' ਓਵੈਸੀ ਜਿਹੇ ਕਈਆਂ ਨੇ ਭੜਕਾਇਐ, ਆਪਣੇ ਪਾਰਟੀ ਵਾਲਿਆਂ ਮੁਸਲਮਾਨਾਂ ਨੂੰ ਕਿ ਇਸਲਾਮ 'ਚ ਪਵਿੱਤਰ ਕੁਰਾਨ ਦੀ ਤਾਕੀਦ ਹੈ ਕਿ 'ਅੱਲ੍ਹਾ' ਤੋਂ ਸਿਵਾ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ।
ਉਂਜ ਇਸ ਧਰਤੀ 'ਤੇ ਸਭ ਤੋਂ ਉਤਮ ਮਨੁੱਖ ਕੋਈ ਹੈ ਤਾਂ ਉਹ 'ਮਾਂ' ਹੈ। ਮਾਂ ਨਾ ਹੁੰਦੀ ਤਾਂ ਕੋਈ ਮਨੁੱਖ, ਕਿਸੇ ਜਾਤ, ਧਰਮ ਦਾ, ਇਥੇ ਨਾ ਦਿਸਦਾ। ਮੁਸਲਮਾਨ ਲੀਡਰ ਦਾ ਇਹ ਕਥਨ ਹੈ ਕਿ ਉਹ 'ਭਾਰਤ ਮਾਤਾ ਕੀ ਜੈ' ਨਹੀਂ ਕਹਿਣਗੇ, ਪਰ 'ਜੈ ਹਿੰਦ' ਕਹਿਣ ਲਈ ਬਿਲਕੁਲ ਤਿਆਰ ਹਨ। ਪਰ ਹੁਣੇ ਹੀ ਤਾਜ਼ਾ-ਤਾਜ਼ਾ ਇਕ ਹੋਰ ਕਲੇਸ਼ ਪੈ ਗਿਆ ਹੈ। ਬਿਹਾਰ 'ਚ ਨਿਤਿਸ਼ ਕੁਮਾਰ ਦੀ ਨਵੀਂ ਸਰਕਾਰ 'ਚ ਜਦ ਇਕ ਮੁਸਲਮਾਨ ਮੰਤਰੀ ਖੁਰਸ਼ੀਦ ਅਹਿਮਦ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਤਾਂ ਸਹੁੰ ਚੁੱਕਣ ਮਗਰੋਂ, ਉਹਨੇ ਪੂਰੇ ਜੋਸ਼ੋ-ਖਰੋਸ਼ ਨਾਲ ਇਹ ਨਾਅਰਾ ਬੁਲੰਦ ਕੀਤਾ, 'ਜੈ ਸ੍ਰੀ ਰਾਮ।'
ਕਲੇਸ਼ ਪੈ ਗਿਆ।
ਪਟਨਾ ਦੇ ਇਕ ਮੌਲਾਨਾ ਮੁਫ਼ਤੀ ਨੇ ਉਹਦੇ ਖਿਲਾਫ਼ ਫਤਵਾ ਜਾਰੀ ਕਰ ਦਿੱਤਾ, ਉਹਨੂੰ ਨਾ ਕੇਵਲ ਮੁਸਲਿਮ ਧਰਮ 'ਚੋਂ ਛੇਕ ਦਿੱਤਾ, ਸਗੋਂ ਉਹਦਾ 'ਨਿਕਾਹ' ਵੀ ਖਤਮ ਕਰ ਦਿੱਤਾ। ਕਾਰਨ ਇਕੋ ਕਿ ਉਸ ਨੇ 'ਜੈ ਸ੍ਰੀ ਰਾਮ ਕਿਉਂ' ਉਚਰਿਆ। ਵਿਚਾਰੇ ਮੰਤਰੀ ਨੂੰ ਮੁਆਫ਼ੀ ਮੰਗ ਕੇ ਆਪਣੀ ਭੁੱਲ ਬਖਸ਼ਾਉਣੀ ਪਈ ਤੇ ਵਿਆਹ ਵੀ।
ਜੋ ਮੈਂ ਲਿਖ ਰਿਹਾ ਹਾਂ, ਇਹ ਗੱਲ ਬਹੁਤ ਪੁਰਾਣੀ ਹੈ। ਉਰਦੂ ਜ਼ਬਾਨ ਦੇ ਮਾਇਆਨਾਜ਼ ਸ਼ਾਇਰ ਹਿੰਦੂ ਤੇ ਸਿੱਖ ਵੀ ਹੋਏ ਹਨ।
ਯੂ.ਪੀ. ਦੇ ਇਕ ਬਹੁਤ ਵੱਡੇ ਨਾਮੀਂ ਗਿਰਾਮੀ ਹਿੰਦੂ ਸ਼ਾਇਰ ਸਨ, ਜਿਨ੍ਹਾਂ ਦਾ ਨਾਂਅ ਮੈਂ ਭੁੱਲ ਗਿਆ ਹਾਂ, ਉਨ੍ਹਾਂ ਨੂੰ ਮੁਸਲਮਾਨਾਂ ਵੱਲੋਂ ਇਕ ਮੁਸ਼ਾਇਰੇ 'ਚ ਆਪਣਾ ਕਲਾਮ ਪੜ੍ਹਨ ਦਾ ਸੱਦਾ ਦਿੱਤਾ ਗਿਆ। ਮੁਸ਼ਾਇਰੇ ਦਾ ਤਰ੍ਹਾਂ-ਮਿਸਰਾ ਇਹ ਸੀ:
ਕਾਫਿਰ ਹੈ ਵੋਹ, ਜੋ
ਈਮਾਨ ਨਾ ਲਾਏ ਇਸਲਾਮ ਪਰ।
ਸ਼ਾਇਰ ਸਾਹਿਬ ਨੇ ਇਹ ਸੱਦਾ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ। ਮੁਸ਼ਾਇਰੇ ਦਾ ਆਯੋਜਨ ਕਰਨ ਵਾਲਿਆਂ ਨੂੰ ਪੂਰਾ ਭਰੋਸਾ ਸੀ ਕਿ ਉਸ ਦਿਨ ਉਹ ਆਪਣਾ ਕਲਾਮ ਪੇਸ਼ ਕਰਨ ਲਈ ਹਰਗਿਜ਼ ਨਹੀਂ ਆਉਣਗੇ। ਪਰ ਸਭੇ ਹੈਰਾਨ ਰਹਿ ਗਏ, ਸਭ ਤੋਂ ਪਹਿਲਾਂ ਉਹ ਹਾਜ਼ਰ ਸਨ। ਦੋ-ਤਿੰਨ ਵੱਡੇ ਕੱਦ ਵਾਲੇ ਉਰਦੂ ਸ਼ਾਇਰਾਂ ਨੇ ਆਪਣਾ ਕਲਾਮ ਪੜ੍ਹਿਆ, ਉਨ੍ਹਾਂ ਨੂੰ ਹਾਜ਼ਰੀਨ ਦੀ ਖੂਬ ਦਾਦ ਮਿਲੀ, ਫਿਰ ਸਟੇਜ 'ਤੇ ਹਾਜ਼ਰ ਇਕੱਲੇ ਹਿੰਦੂ ਸ਼ਾਇਰ ਦੀ ਵਾਰੀ ਆ ਗਈ। ਹਜ਼ਾਰਾਂ ਦੀ ਗਿਣਤੀ 'ਚ ਹਾਜ਼ਰ ਲੋਕ ਸਾਹ ਰੋਕੀ ਬੈਠੇ ਸਨ ਕਿ ਉਹ ਕੀ ਕਹਿਣਗੇ। ਉਨ੍ਹਾਂ ਪੈਂਦੀ ਸੱਟੇ ਅਰਜ਼ ਕੀਤਾ, ਆਪਣੇ ਇਕ ਹੱਥ ਨਾਲ ਉਰਦੂ ਦੇ ਅੱਖਰ ਲਾਮ (ੲ ) ਦੀ ਰੂਪ-ਰੇਖਾ ਬਣਾਉਂਦਿਆਂ ਅਰਜ਼ ਕੀਤਾ:
ਲਾਮ ਕੀ ਮੁਆਫਿਕ ਹੈ
ਗੇਸੂ ਮੇਰੇ ਘਨਸ਼ਯਾਮ ਕੇ
ਅਰੇ ਕਾਫਿਰ ਹੈ ਵੋਹ ਜੋ ਈਮਾਨ ਨਾ
ਲਾਏ ਇਸ ਲਾਮ (ੲ ) ਪਰ।
ਤਾੜੀਆਂ ਦਾ ਐਨਾ ਸ਼ੋਰ ਉਠਿਆ ਕਿ ਸਭੇ ਅਸ਼-ਅਸ਼ ਕਰ ਉਠੇ, ਮੁਸ਼ਾਇਰਾ ਲੁੱਟ ਲਿਆ ਉਨ੍ਹਾਂ ਨੇ ਐਨੀ ਦਾਦ ਕਿਸੇ ਹੋਰ ਸ਼ਾਇਰ ਨੂੰ ਨਾ ਮਿਲੀ।
ਚਲੋ, ਜਿਹੜੇ ਸਾਡੇ ਤੋਂ ਵਿਛੜ ਕੇ ਵਾਹਗਿਓਂ ਪਾਰ ਜਾ ਕੇ ਇਕ ਨਵੇਂ ਮੁਲਕ ਪਾਕਿਸਤਾਨ ਦੇ ਵਾਸੀ ਬਣ ਗਏ, ਉਹ ਆਪਣੇ ਛੋਟੇ ਜਿਹੇ ਮੁਲਕ ਨੂੰ ਵੀ ਸੰਭਾਲ ਨਾ ਸਕੇ, ਟੁੱਟ ਗਿਆ ਪਾਕਿਸਤਾਨ, ਬੰਗਲਾਦੇਸ਼ ਇਸੇ ਧਰਤੀ 'ਤੇ ਇਕ ਨਵਾਂ ਦੇਸ਼ ਬਣ ਗਿਆ।
ਅੱਧੇ ਤੋਂ ਅੱਧਾ ਰਹਿ ਗਿਆ... ਅੱਲ੍ਹਾ ਦਾ ਕਹਿਰ ਢਹਿ ਪਿਆ। ਹੁਣ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਕੁਰਸੀ ਤੋਂ ਲਹਿ ਗਿਆ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੇ ਇਕਮਤ ਫੈਸਲਾ ਦਿੱਤਾ, ਐਸ ਵੇਲੇ ਕੁਰਸੀ ਤੋਂ ਲੱਥੇ ਸਾਰੀ ਉਮਰ ਲਈ ਇਸ 'ਤੇ ਮੁੜ ਬੈਠਣ ਤੋਂ ਅਯੋਗ ਹਨ।
ਮੀਆਂ ਨਵਾਜ਼ ਸ਼ਰੀਫ਼, ਖਿੱਚ-ਧੂਹ ਕੇ ਨਹੀਂ ਲਾਹੇ ਗਏ ਕੁਰਸੀ ਤੋਂ ਸੁਪਰੀਮ ਕੋਰਟ ਨੇ ਕਰੰਟ ਮਾਰ ਕੇ, ਲਾਹਿਆ ਹੈ। ਤੜਫ ਕੇ ਮੀਆਂ ਨਵਾਜ਼ ਸ਼ਰੀਫ਼ ਨੇ ਇਹ ਸਵਾਲ ਕੀਤਾ ਹੈ, ਕੀ ਮੇਰੇ ਤੋਂ ਇਲਾਵਾ ਪਾਕਿਸਤਾਨ 'ਚ ਸਾਰੇ ਲੋਕ ਇਮਾਨਦਾਰ ਹਨ? 'ਕੱਲ੍ਹਾ ਮੈਂ ਹੀ ਬੇਈਮਾਨ ਹਾਂ? 70 ਸਾਲ ਪਹਿਲਾਂ ਮੀਆਂ ਨਵਾਜ਼ ਸ਼ਰੀਫ਼ ਸਾਰੇ ਜਹਾਂ ਸੇ ਅੱਛਾ ਵਾਲੇ ਹਿੰਦੋਸਤਾਂ ਨੂੰ ਪਰਿਵਾਰ ਸਮੇਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ... ਉਦੋਂ ਬੜਾ ਖ਼ੂਨ-ਖਰਾਬਾ ਹੋਇਆ ਸੀ, ਦੋਵਾਂ ਦੇਸ਼ਾਂ ਦੇ ਉਜੜੇ ਵਾਸੀਆਂ ਸੱਦਾ। ਇਸੇ ਲਈ ਪਾਕਿਸਤਾਨ ਦੇ ਉਸਤਾਦ ਕਵੀ 'ਦਾਮਨ' ਨੇ ਵਿਰਲਾਪ ਕੀਤਾ ਸੀ...
ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਹਾਂ,
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।
70 ਸਾਲਾਂ ਬਾਅਦ ਜੇ ਅੱਜ ਹੁੰਦੇ ਤਾਂ ਅੱਜ 'ਦਾਮਨ' ਜੀ ਇਉਂ ਲਿਖਦੇ...
ਕੁਰੱਪਟ ਤੁਸੀਂ ਵੀ ਹੋ, ਕੁਰੱਪਟ ਅਸੀਂ ਵੀ ਹਾਂ।
ਖੋਟੇ ਤੁਸੀਂ ਵੀ ਹੋ, ਖੋਟੇ ਅਸੀਂ ਵੀ ਹਾਂ।
ਦੁੱਧ ਦੇ ਧੋਤੇ ਨਾ ਤੁਸੀਂ ਹੋ, ਨਾ ਅਸੀਂ ਵੀ ਹਾਂ।
ਸੰਯੋਗ ਹੀ ਹੈ ਕਿ ਜਿਸ ਦਿਹਾੜੇ ਉਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੂੰ 'ਕੁਰੱਪਟ' ਹੋਣ ਕਾਰਨ ਸਾਰੀ ਉਮਰ ਲਈ, ਗੱਦੀ ਲਈ ਨਾ ਅਹਿਲ ਕਰਾਰ ਦਿੱਤਾ ਗਿਆ, ਉਸੇ ਦਿਨ ਐਧਰ ਬਿਹਾਰ ਦੇ ਇਕ ਚਾਰਾ ਘੁਟਾਲਾ ਕਰਨ ਵਾਲੇ ਸਜ਼ਾਯਾਫਤਾ ਲੀਡਰ ਲਾਲੂ ਪ੍ਰਸਾਦ ਦੇ ਗਠਬੰਧਨ ਵਾਲੀ ਸਰਕਾਰ ਇਸ ਲਈ ਤਾਰ-ਤਾਰ ਹੋ ਗਈ, ਜਦ ਲਾਲੂ, ਉਹਦੀ ਪਤਨੀ ਰਾਬੜੀ ਦੇਵੀ, ਉਹਦੇ ਪੁੱਤਰ ਤੇਜਸਵੀ ਤੇਜ ਪ੍ਰਤਾਪ ਸਿੰਘ, ਧੀ ਤੇ ਜਵਾਈ 'ਤੇ ਕਰੋੜਾਂ ਰੁਪਿਆਂ ਦੀ ਬੇਨਾਮੀ ਜਾਇਦਾਦ ਬਣਾਉਣ ਦੇ ਘਪਲੇ ਜਗ-ਜ਼ਾਹਰ ਹੋ ਗਏ। ਨਾਲੇ ਸਵਰਗੀ ਰਾਜੀਵ ਗਾਂਧੀ ਪ੍ਰਾਈਮ ਮਨਿਸਟਰ ਵੇਲੇ ਹੋਏ ਬੋਫੋਰਸ ਤੋਪਾਂ ਦੀ ਖਰੀਦ 'ਚ ਹੋਏ ਕਰੋੜਾਂ ਦੇ ਘਪਲੇ 30 ਸਾਲਾਂ ਮਗਰੋਂ ਮੁੜ ਜਗ-ਜ਼ਾਹਰ ਹੋ ਗਏ। ਇਥੇ ਵੀ ਆਵਾ ਊਤਿਆ, ਉਥੇ ਵੀ ਆਵਾ ਊਤਿਆ ਪਿਐ।
ਭ੍ਰਿਸ਼ਟਾਚਾਰ ਦਾ ਉਥੇ ਵੀ ਬੋਲਬਾਲਾ ਹੈ, ਪਰਿਵਾਰਵਾਦ ਦਾ ਇਥੇ ਵੀ ਬੋਲਬਾਲਾ ਹੈ। ਭ੍ਰਿਸ਼ਟਾਚਾਰ ਸਾਡੇ ਖ਼ੂਨ 'ਚ ਵੀ ਰਚਮਿਚ ਗਿਆ ਹੈ, ਉਨ੍ਹਾਂ ਦੇ ਖ਼ੂਨ 'ਚ ਵੀ। 70 ਸਾਲ ਪਹਿਲਾਂ ਅਸੀਂ ਪਹਿਲਾਂ ਇਕ ਸਾਂ, ਕੀ ਹੋਇਆ ਅਸੀਂ ਅੱਜ ਵੀ ਇਕੋ ਜਿਹੇ ਹਾਂ।

ਕਾਵਿ-ਮਹਿਫ਼ਲ : ਸਾਵਣ ਵਿਸ਼ੇਸ਼

* ਜਸਪਾਲ ਜ਼ੀਰਵੀ *
ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿਚ।
ਅੰਗੜਾਈਆਂ ਲੈ ਵਕਤ ਲੰਘਾਇਆ ਸਾਵਣ ਵਿਚ।
ਚੁੱਪ ਚੁਪੀਤੇ ਦਿਲਬਰ ਧਾਇਆ ਸਾਵਣ ਵਿਚ,
ਸਾਡਾ ਫਿਰ ਲੂੰ-ਲੂੰ ਨਸ਼ਿਆਇਆ ਸਾਵਣ ਵਿਚ।
ਬਾਲ੍ਹੇ ਮੀਂਹ ਨੇ ਪੰਗਾ ਪਾਇਆ ਸਾਵਣ ਵਿਚ,
ਕੱਚਾ ਕੋਠਾ ਚੋਣਾ ਲਾਇਆ ਸਾਵਣ ਵਿਚ।
ਮਿੰਨਤ ਕਰਾਂ ਜਦ ਢੋਲਣ ਆਇਆ ਸਾਵਣ ਵਿਚ,
ਮੈਂ ਵੀ ਨਖਰਾ ਖੂਬ ਵਿਖਾਇਆ ਸਾਵਣ ਵਿਚ।
ਪਹਿਲੇ ਸਾਵਣ ਤੇ ਮੈਂ ਜਦ ਪੇਕੇ ਟੁਰਗੀ,
ਢੋਲੇ ਦਾ ਫਿਰ ਮੂੰਹ ਕੁਮਲਾਇਆ ਸਾਵਣ ਵਿਚ।
ਪਾ ਬੋਲੀਆਂ ਤੇਰੇ ਨਾਂਅ ਤੇ ਗਿੱਧੇ ਵਿਚ,
ਅੱਜ ਮੈਂ ਖੂਬ ਧਮੱਚੜ ਪਾਇਆ ਸਾਵਣ ਵਿਚ।
ਕਾਲੇ-ਕਾਲੇ ਬੱਦਲ ਭਾਵੇਂ ਖੂਬ ਵਰ੍ਹੇ,
ਬਿਰਹਣ ਦਾ ਪਰ ਦਿਲ ਤਿਰਹਾਇਆ ਸਾਵਣ ਵਿਚ।
ਦਿਲ ਦੀ ਇਕ ਨਾ ਸਮਝੀ ਬੁੱਧੂ ਮਾਹੀ ਨੇ,
ਹਰ ਇਕ ਹਸਰਤ ਨੂੰ ਤਰਸਾਇਆ ਸਾਵਣ ਵਿਚ।
ਕਿਣਮਿਣ, ਕਿਣਮਿਣ, ਕਿਣਮਿਣ ਵਰ੍ਹ ਕੇ ਬੱਦਲਾਂ ਨੇ,
ਮੇਰੇ ਦਿਲ ਦਾ ਚੈਨ ਜਲਾਇਆ ਸਾਵਣ ਵਿਚ।
ਪਿਛਲੀ ਫੌਜਣ ਦਾ ਫੌਜੀ ਤਾਂ ਛੁੱਟੀ ਤੇ,
ਤੈਨੂੰ ਕਿਹੜੀ ਜੰਗ ਤੇ ਲਾਇਆ ਸਾਵਣ ਵਿਚ?
ਮੀਂਹ ਵਿਚ ਬੱਚੇ ਛਪ-ਛਪ ਟੱਪਦੇ ਨੱਚਦੇ ਵੇਖ,
ਮੈਨੂੰ ਬਚਪਨ ਚੇਤੇ ਆਇਆ ਸਾਵਣ ਵਿਚ।
ਤੀਆਂ ਦੇ ਵਿਚ ਪੀਂਘ ਚੜਾਉਂਦੀ ਨੂੰ 'ਜ਼ੀਰਵੀ'
ਤੇਰੇ ਚੇਤੇ ਨੇ ਤੜਪਾਇਆ ਸਾਵਣ ਵਿਚ।

-ਮੋਬਾਈਲ : 94632-83939

* ਰਾਜਿੰਦਰ ਪਰਦੇਸੀ *
ਗੀਤ ਹਵਾ ਹਰਿਆਲੀ ਮਹਿਕਾਂ ਤੋਹਫ਼ੇ ਲਿਆਇਆ ਸਾਵਣ,
ਸੱਜਣਾ ਦੇ ਹਾਸੇ ਜਹੀ ਵਾਛੜ ਲੈ ਕੇ ਆਇਆ ਸਾਵਣ।
ਓਸ ਦੀਆਂ ਅੱਖੀਆਂ 'ਚੋਂ ਸੁਰਮਾ ਰਾਤ ਚੁਰਾਇਆ ਸਾਵਣ,
ਸੁਰਮੇ ਰੰਗੀਆਂ ਬੱਦਲੀਆਂ ਫਿਰ ਖ਼ੂਬ ਵਰ੍ਹਾਇਆ ਸਾਵਣ।
ਮੀਂਹ ਨ੍ਹੇਰੀ ਤੇ ਨਾਲ ਕਰੋਪੀ ਹੜ੍ਹ ਦੀ ਲਿਆਇਆ ਸਾਵਣ,
ਕੁਝ ਲੋਕਾਂ ਦੇ ਦਿਲ ਨੂੰ ਫਿਰ ਵੀ ਕਿੰਨਾ ਭਾਇਆ ਸਾਵਣ।
ਕਿੰਨੇ ਪੰਛੀ ਬੇ-ਘਰ ਕੀਤੇ ਕਿੰਨੇ ਬਿਰਖ ਉਖਾੜੇ,
ਫਿਰ ਵੀ ਸਤਰੰਗੀਆਂ ਪੀਂਘਾਂ, ਵਾਹ ਤੇਰੀ ਮਾਇਆ ਸਾਵਣ।
ਸਾਵਣ ਦੇ ਵਾਰਸ ਇਹ ਤਕ ਕੇ ਝੁਰ ਰਹੇ ਹੋਣੇ ਨੇ,
ਮੰਗਿਆ ਸੀ ਕਿਸ ਨਾਲ, ਗਿਆ ਕਿਸ ਨਾਲ ਵਿਆਹਿਆ ਸਾਵਣ।
ਛਤਰੀ ਵਾਲੇ ਜਾ ਘਰ ਪਹੁੰਚੇ ਸੀਸ ਸਲਾਮਤ ਲੈ ਕੇ,
ਆਪਾਂ ਨੰਗੇ ਸਿਰ ਤੇ ਗੜ੍ਹਿਆਂ ਨਾਲ ਮਨਾਇਆ ਸਾਵਣ।
ਸਾਵਣ ਦੀ ਉਸ ਪੌਣ ਜਹੀ ਦੇ ਦਿਲ ਨੂੰ ਪੁੱਛ ਕੇ ਵੇਖੋ,
ਜਿਸ ਨੇ ਬੈਠ ਬਨੇਰੇ ਤੇ ਚੁਪ-ਚਾਪ ਲੰਘਾਇਆ ਸਾਵਣ।
ਰਾਤ ਡਰਾਉਣੀ ਮਨ ਦੇ ਜੁਗਨੂੰ ਪਲਪਲ ਜਗਦੇ ਬੁਝਦੇ,
ਸੱਜਣਾ ਸਾਡਾ ਘੁੱਟ ਭਰ ਚੱਲਿਆ ਇਹ ਤਿਰਹਾਇਆ ਸਾਵਣ।
ਤੇਰੇ ਨਗਰੀਂ ਦਸ ਕੈਸਾ ਹੈ ਪਰ ਸਾਡੇ ਤਾਂ ਪਿੰਡੀਂ,
ਤਿੜਕੇ ਬੱਦਲ ਜ਼ਖ਼ਮੀ ਪੌਣਾਂ ਲੈ ਕੇ ਆਇਆ ਸਾਵਣ।
ਕਿਉਂ ਲੋਕਾਂ ਦੇ ਘਰ ਨਾ ਰੋੜ੍ਹੇ ਕਿਉਂ ਊਧਮੂਲ ਨਾ ਚੁੱਕੇ,
ਕਰ ਕਰ ਸਿਫ਼ਤਾਂ ਕਣੀਆਂ ਜਦ ਐਨਾ ਮਛਰਾਇਆ ਸਾਵਣ।
ਰੇਗਿਸਤਾਨ ਦਾ ਪੈਂਡਾ ਤੇਰਾ ਮੁਕਿਆ ਨਾ 'ਪਰਦੇਸੀ'
ਤੁਰਦੇ ਤੁਰਦੇ ਨੂੰ ਇਹ ਤੈਨੂੰ ਪੈਂਹਠਵਾਂ ਆਇਆ ਸਾਵਣ।

-35-ਬੀ/168, ਦਸਮੇਸ਼ ਨਗਰ, ਡਾਕ: ਦਕੋਹਾ, ਜਲੰਧਰ।
ਮੋਬਾਈਲ : 93576-41552.
rajinder.pardesi7@gmail.com

ਚੁਗਲੀ ਨਿੰਦਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਪੇਟ ਵਿਚ ਗਿਆ ਜ਼ਹਿਰ ਸਿਰਫ਼ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ ਵਿਚ ਗਿਆ ਜ਼ਹਿਰ (ਭਾਵ ਚੁਗਲੀ ਦਾ ਜ਼ਹਿਰ) ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ।
* ਦੂਜਿਆਂ ਦੀ ਨਿੰਦਾ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਜਿਸ ਨੇ ਖੁਦ ਨੂੰ ਸੁਧਾਰਿਆ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ।
* ਭੋਜਨ ਵਿਚ ਕੋਈ ਜ਼ਹਿਰ ਘੋਲ ਦੇਵੇ ਤਾਂ ਉਸ ਦਾ ਇਲਾਜ ਹੈ ਪਰ ਕੰਨ ਵਿਚ ਕੋਈ ਜ਼ਹਿਰ ਘੋਲ ਦੇਵੇ ਤਾਂ ਉਸ ਦਾ ਕੋਈ ਇਲਾਜ ਨਹੀਂ।
* ਦੂਜਿਆਂ ਦੀ ਨਿੰਦਾ ਨਾਲ ਆਪਣੇ ਅੰਦਰ ਵੀ ਨਾਂਹ-ਪੱਖੀ ਸੋਚ ਆਉਂਦੀ ਹੈ।
* ਜੋ ਦੂਜਿਆਂ ਦੀ ਬੁਰਾਈ ਕਰਦੇ ਹਨ, ਉਹ ਖੁਦ ਨਿੰਦਾ ਦੇ ਪਾਤਰ ਬਣਦੇ ਹਨ।
* ਇਸ਼ਕ, ਚੁਗਲੀ ਤੇ ਨਿੰਦਾ ਜ਼ਿਆਦਾਤਰ ਹਮੇਸ਼ਾ ਪੁਆੜੇ ਹੀ ਪਾਉਂਦੇ ਹਨ।
* ਚੁਗਲਖ਼ੋਰ ਆਖਰ ਖੁਦ ਹੀ ਨਿੰਦਿਆ ਜਾਂਦਾ ਹੈ।
* ਸਾਨੂੰ ਧਰਮ ਦਾ ਵਿਚਾਰ ਹੋਵੇ ਜਾਂ ਨਾ ਹੋਵੇ ਪਰ ਚੁਗਲੀ ਦਾ ਡਰ ਜ਼ਰੂਰ ਰਹਿੰਦਾ ਹੈ।
* ਚੁਗਲੀ ਪ੍ਰਾਈਵੇਟ ਫਰਮਾਂ, ਸੰਸਥਾਵਾਂ, ਸਰਕਾਰੀ ਦਫਤਰਾਂ ਅਤੇ ਘਰਾਂ, ਮੁਹੱਲਿਆਂ, ਪਿੰਡਾਂ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਪਾਈ ਜਾਂਦੀ ਹੈ। ਚੁਗਲਖੋਰ ਹਰੇਕ ਥਾਂ ਆਸਾਨੀ ਨਾਲ ਮਿਲਦੇ ਹਨ।
ਚੁਗਲੀ ਕਰਨ ਵਿਚ ਮਰਦ ਵੀ ਕਿਸੇ ਤਰ੍ਹਾਂ ਔਰਤਾਂ ਤੋਂ ਪਿਛੇ ਨਹੀਂ ਹਨ।
* ਕਹਿਣ ਨੂੰ ਤਾਂ ਹਰ ਕਿ ਬੰਦਾ ਕਹਿੰਦਾ ਹੈ ਕਿ ਮੈਂ ਕਦੇ ਚੁਗਲੀ ਨਹੀਂ ਕੀਤੀ ਪਰ ਸੱਚ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਤੋਂ ਬਚਿਆ ਨਹੀਂ ਹੁੰਦਾ।
* ਔਰਤਾਂ ਜਦੋਂ ਚੁਗਲੀ ਕਰਦੀਆਂ ਹਨ ਤਾਂ ਇਹ ਗੱਲ ਆਮ ਕਹਿੰਦੀਆਂ ਹਨ ਕਿ ਭੈਣੇ ਮੈਂ ਤੇਰੇ ਨਾਲ ਹੀ ਇਹ ਗੱਲ ਕੀਤੀ ਹੈ ਤੂੰ ਕਿਤੇ ਅੱਗੇ ਕਿਸੇ ਹੋਰ ਨਾਲ ਨਾ ਕਰੀਂ।
* ਜਦੋਂ ਦੋ ਔਰਤਾਂ ਆਪਸ ਵਿਚ ਚੁਗਲੀਆਂ ਕਰ ਰਹੀਆਂ ਹੋਣ ਤਾਂ ਉਸ ਨੂੰ ਅਸੀਂ ਡਾਟਾ ਟਰਾਂਸਫਰ ਕਰਨਾ ਕਹਿੰਦੇ ਹਾਂ ਅਤੇ ਜਦੋਂ ਉਹ ਬਾਅਦ 'ਚ ਇਹ ਕਹਿਣ ਕਿ ਮਰਨ ਦੇ ਭੈਣੇ, ਅਸਾਂ ਕੀ
ਕਰਨਾ ਤਾਂ ਸਮਝ ਲਓ ਕਿ ਪੂਰਾ ਡਾਟਾ ਟਰਾਂਸਫਰ ਹੋ ਚੁੱਕਾ ਹੈ।
* ਕਿਸੇ ਸ਼ਾਇਰ ਨੇ ਕਿਹਾ ਹੈ ਕਿ:
ਜਦੋਂ ਤੱਕ ਸਾਹ ਹੈ, ਟਕਰਾਅ ਮਿਲਦਾ ਰਹੇਗਾ।
ਜਦੋਂ ਤੱਕ ਰਿਸ਼ਤੇ ਹਨ, ਜ਼ਖ਼ਮ ਮਿਲਦਾ ਰਹੇਗਾ।
ਪਿੱਠ ਪਿੱਛੇ ਜੋ ਬੋਲਦੇ ਹਨ, ਉਨ੍ਹਾਂ ਨੂੰ ਪਿੱਛੇ ਹੀ ਰਹਿਣ ਦਿਓ।
ਰਸਤਾ ਸਹੀ ਹੈ ਤਾਂ ਬੇਗ਼ਾਨਿਆਂ ਤੋਂ ਵੀ ਪਿਆਰ ਮਿਲਦਾ ਰਹੇਗਾ।
* ਮਾਫ਼ੀ ਦਾ ਕਵਚ ਪਹਿਨ ਲਵੋ ਤਾਂ ਨਿੰਦਕ ਦੇ ਤੀਰ ਵਿਅਰਥ ਹੋ ਜਾਣਗੇ।
* ਚੰਗਾ ਆਦਮੀ ਉਹ ਹੈ ਜੋ ਆਪਣੀ ਵਡਿਆਈ ਸੁਣ ਕੇ ਤਾਂ ਸ਼ਰਮਿੰਦਾ ਹੁੰਦਾ ਹੈ ਤੇ ਆਪਣੀ ਨਿੰਦਾ ਸੁਣ ਕੇ ਚੁੱਪ ਰਹਿੰਦਾ ਹੈ।
* ਜਿਹੜੇ ਲੋਕ ਹਮੇਸ਼ਾ ਦੂਜਿਆਂ ਦੀ ਨਿੰਦਾ ਕਰਦੇ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ।
* ਮਨੋਵਿਗਿਆਨੀ ਇਹੋ ਸੁਝਾਅ ਦਿੰਦੇ ਹਨ ਕਿ ਨਿੰਦਾ ਕਰਨ ਵਾਲੇ ਇਨਸਾਨ ਤੋਂ ਬਿਲਕੁਲ ਉਵੇਂ ਹੀ ਪਾਸਾ ਵੱਟੋ ਜਿਵੇਂ ਬਦਬੂ ਨੂੰ ਸੁੰਘਣ ਸਾਰ ਨੱਕ ਢੱਕਣ ਦੀ ਲੋੜ ਪੈਂਦੀ ਹੈ।
* ਨਿੰਦਾ ਤੇ ਪ੍ਰਸੰਸਾ ਵੱਲ ਧਿਆਨ ਨਾ ਦੇ ਕੇ ਸਾਨੂੰ ਚੁੱਪ-ਚਾਪ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ।
* ਕੋਈ ਕਿੰਨੀ ਵੀ ਨਿੰਦਿਆ ਕਿਉਂ ਨਾ ਕਰੇ, ਤੁਸੀਂ ਆਪਣੇ-ਆਪ 'ਤੇ ਕਾਬੂ ਰੱਖ ਕੇ ਸ਼ਾਂਤ ਰਹੋ।
* ਇਹ ਜ਼ਰੂਰੀ ਗੱਲ ਨਹੀਂ ਕਿ ਜਿਹੜੇ ਲੋਕ ਤੁਹਾਡੇ ਸਾਹਮਣੇ ਤੁਹਾਡੇ ਬਾਰੇ ਚੰਗਾ ਬੋਲਦੇ ਹਨ, ਉਹ ਤੁਹਾਡੇ ਪਿੱਛੇ ਵੀ ਇਹੋ ਰਾਇ ਰੱਖਦੇ ਹੋਣ।
* ਇਹੋ ਜਿਹਾ ਕੋਈ ਬੰਦਾ ਘੱਟ ਹੀ ਨਜ਼ਰ ਆਉਂਦਾ ਹੈ, ਜਿਸ ਦੀ ਜਾਂ ਤਾਂ ਸਿਰਫ਼ ਪ੍ਰਸੰਸਾ ਜਾਂ ਕੇਵਲ ਨਿੰਦਾ ਹੀ ਹੋਈ ਹੋਵੇ।
* ਉਨ੍ਹਾਂ ਲੋਕਾਂ ਤੋਂ ਦੂਰ ਹੀ ਰਹੋ ਜੋ ਤੁਹਾਡੇ ਸਾਹਮਣੇ ਗੱਲਾਂ ਹੋਰ ਕਰਦੇ ਹਨ ਅਤੇ ਪਿੱਠ ਪਿੱਛੇ ਹੋਰ। ਬੰਦਾ ਦੁਸ਼ਮਣ ਤੋਂ ਬਚਾਅ ਕਰ ਸਕਦਾ ਹੈ ਪਰ ਅਜਿਹੇ ਲੋਕਾਂ ਤੋਂ ਬਚਣਾ ਮੁਸ਼ਕਿਲ ਹੈ।
* ਜਦੋਂ ਕੋਈ ਤੁਹਾਡੀ ਨਿੰਦਾ ਕਰੇ ਤਾਂ ਸਬਰ, ਮੁਸਕਰਾਹਟ ਦੀ ਛਤਰੀ ਖੋਲ੍ਹ ਕੇ ਨਿੰਦਾ ਦੀ ਬਾਰਿਸ਼ ਤੋਂ ਖੁਦ ਨੂੰ ਬਚਾਓ ਅਤੇ ਜੀਵਨ ਸਫ਼ਲ ਬਣਾਓ ਤੇ ਨਿੰਦਾ ਤੋਂ ਬੇਚੈਨ ਹੋਏ ਬਗੈਰ ਆਪਣੇ ਮਾਰਗ ਤੇ
ਅੱਗੇ ਵਧਦੇ ਰਹੋ। (ਚਲਦਾ)

-ਮੋਬਾਈਲ : 99155-63406.

ਗੀਤ

ਕਾਲੀ ਕਾਲੀ ਘਟਾ ਆਈ
ਕਾਲੀ ਕਾਲੀ ਘਟਾ ਆਈ,
ਤੂੰ ਵੀ ਕੋਲੇ ਆ।
ਅਸੀਂ ਪੱਤਣਾਂ 'ਤੇ ਖੜ੍ਹੇ,
ਸਾਨੂੰ ਪਾਰ ਤੂੰ ਲੰਘਾ।

ਛਾਈ ਘਟਾ ਘਣਘੋਰ,
ਤੱਕ ਨੱਚਦੇ ਨੇ ਮੋਰ।
ਅਸੀਂ ਹੋਏ ਹੋਰ ਹੋਰ,
ਸਾਨੂੰ ਮੋਹੇ ਤੇਰੀ ਤੋਰ।
ਤੋਰ ਤੁਰਨਾ ਜੋ ਮੋਹੇ,
ਉਹ ਤੂੰ ਸਾਨੂੰ ਵੀ ਸਿਖਾ।
ਅਸੀਂ ਪੱਤਣਾਂ 'ਤੇ ਖੜ੍ਹੇ...

ਚਿਰਾਂ ਪਿੱਛੋਂ ਰੁੱਤ ਆਈ,
ਦੇਵੇ ਕੋਇਲ ਵੀ ਦੁਹਾਈ।
ਪੀੜ ਓਸ ਨੇ ਜੋ ਗਾਈ,
ਜਿੱਦਾਂ ਲੋਕਤਾ ਤਿਹਾਈ।
ਪਿਆਸੀ ਰੂਹ ਵੀ ਹੈ ਸਾਡੀ,
ਪਿਆਸ ਸਭ ਦੀ ਬੁਝਾ।
ਅਸੀਂ ਪੱਤਣਾਂ 'ਤੇ ਖੜ੍ਹੇ...।

ਇਹ ਜੋ ਕਾਲੀ ਘਟਾ ਦਿਸੇ,
ਜੋਗੀ ਟਿਲਿਓਂ ਹੈ ਆਈ।
ਜਿਹੜੀ ਵੇਸ ਕਾਲੇ ਪਾਈ,
ਸਾਨੂੰ ਕਰਦੀ ਸ਼ੁਦਾਈ।
ਕਾਲਾ ਵੇਸ ਭਾਵੇਂ ਹੋਵੇ,
ਹੋਣ ਕੰਮ ਨਾ ਸਿਆਹ।
ਅਸੀਂ ਪੱਤਣਾਂ 'ਤੇ ਖੜ੍ਹੇ...।

ਇਹ ਤਾਂ ਰੁੱਤ ਹੈ ਜੋ ਆਈ,
ਗੱਲ ਸਭ ਨੇ ਭੁਲਾਈ।
ਪ੍ਰੀਤ ਰੀਤ ਨਾ ਪੁਗਾਈ,
ਰੁੱਸੀ ਪ੍ਰੀਤ ਨਾ ਮਨਾਈ।
ਰੁੱਖਾਂ ਕੁੱਖਾਂ ਕੋਲੇ ਆ ਕੇ,
ਗੀਤ ਸ਼ਗਨਾਂ ਦੇ ਗਾ।
ਅਸੀਂ ਪੱਤਣਾਂ 'ਤੇ ਖੜ੍ਹੇ...।

ਰੁੱਤ ਵਾਲੀ ਚੰਗਿਆਈ,
ਸਾਥੋਂ ਜਾਵੇ ਨਾ ਹੀ ਗਾਈ,
ਅਸੀਂ ਜਿਵੇਂ ਜਿਵੇਂ ਗਾਈ,
ਥਾਹ ਇਸ ਦੀ ਨਾ ਪਾਈ।
ਸਾਨੂੰ ਕਰ 'ਸੁਰਜੀਤ',
ਰੀਝ ਸਾਡੀ ਵੀ ਪੁਗਾ।
ਅਸੀਂ ਪੱਤਣਾਂ 'ਤੇ ਖੜ੍ਹੇ...।
         **
ਘਟਾ ਸਾਉਣ ਦੀ ਆਈ
ਘਟਾ ਸਾਉਣ ਦੀ ਆਈ,
ਇਨ੍ਹਾਂ ਹੀ ਬਦਲੋਟੜੀਆਂ ਨੇ,
ਝੜੀ ਸਾਉਣ ਦੀ ਲਾਈ।

ਸੋਹਣੀ ਸੋਹਣੀ ਰੁੱਤ ਪਈ ਜਾਪੇ,
ਸੀਤਲ ਚਾਰ ਚੁਫੇਰਾ।
ਰੋਜ਼ ਰੋਜ਼ ਨਾ ਘਟਾ ਨੇ ਆਉਣਾ,
ਦਿਲ ਪਿਆ ਆਖੇ ਮੇਰਾ।
ਸਾਵਣ ਰੁੱਤ ਵਿਚ ਜਿੱਦਾਂ ਹੈ ਕੋਈ,
ਗੁੰਮੀ ਵਸਤ ਥਿਆਈ।
ਘਟਾ ਸਾਉਣ ਦੀ ਆਈ...।

ਮੋਰ ਪਪੀਹੇ ਸੁਰਾਂ ਛੇੜਦੇ,
ਸੁਰਾਂ ਪਿਆਰੀਆਂ ਜਾਪਣ।
ਜਿਉਂ ਜਿਉਂ ਅੰਬਰੋਂ ਕਣੀਆਂ ਬਰਸਣ,
ਮੋਹ ਦੇ ਗੀਤ ਅਲਾਪਣ।
ਬਰਖਾ ਨੇ ਵੀ ਬਰਖਾ ਰੁੱਤ ਵਿਚ,
ਪਿਆਰ ਦੀ ਬਰਖਾ ਲਾਈ।
ਘਟਾ ਸਾਉਣ ਦੀ ਆਈ...।

ਤੁਰਦੀ ਤੁਰਦੀ ਘਟਾ ਆਖਦੀ,
ਕਿਉਂ ਉਦਾਸ ਹੋ ਰਹਿੰਦੇ।
ਆਓ! ਤੱਕੋ ਮੈਨੂੰ ਇਕ ਪਲ,
ਕਿਉਂ ਅੰਦਰ ਹੋ ਬਹਿੰਦੇ?
ਮੈਂ ਸਾਗਰ ਤੋਂ ਪਰਬਤ ਪੁੱਜੀ,
ਤੁਰ ਤੁਰ ਕੇ ਹਾਂ ਆਈ।
ਘਟਾ ਸਾਉਣ ਦੀ ਆਈ...।

ਤੁਰਨਾ ਹੀ ਤਾਂ ਜੀਵਨ ਹੁੰਦਾ,
ਖੜਨਾ ਕਦੇ ਨਾ ਭਾਵੇਂ।
ਖੜ੍ਹ ਖੜ੍ਹ ਕੇ ਜੋ ਜੀਵਨ ਜਿਊਂਦੇ,
ਤੱਕੇ ਭਰਦੇ ਹਾਅਵੇ।
ਆਜਾ ਤੁਰੀਏ ਤੋਰ ਉਹ ਆਪਾਂ,
ਜੋ ਸਭ ਦੇ ਮਨ ਭਾਈ।
ਘਟਾ ਸਾਉਣ ਦੀ ਆਈ...।
        **
ਚੜ੍ਹ ਅਸਮਾਨੀਂ ਆਈਆਂ
ਚੜ੍ਹ ਅਸਮਾਨੀਂ ਆਈਆਂ,
ਝੜੀਆਂ ਸਾਉਣ ਦੀਆਂ।
ਪਿੱਪਲਾਂ ਛਾਵੇਂ ਕੁੜੀਆਂ ਆਈਆਂ,
ਹੰਭ ਹੂਟ ਕੇ ਪੀਂਘਾਂ ਪਾਈਆਂ।
ਵਾਰੋ ਵਾਰੀ ਪੀਂਘ ਚੜ੍ਹਾਈ,
ਹੱਥ ਪਿਆ ਹੱਥ ਨੂੰ ਮਾਰੇ।
ਰੁੱਤਾਂ ਗਾਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਕਿਣਮਿਣ ਕਿਣਮਿਣ ਮੀਂਹ ਵਰਸੇਂਦਾ,
ਉਹ ਕੋਈ ਮਲਕ ਪੈਰ ਧਰੇਂਦਾ।
ਵਗੀਆਂ ਸੀਤਲ ਸੀਤਲ ਪੌਣਾਂ,
ਉਡ ਪਈਆਂ ਕਨਸੋਆਂ,
ਮਾਹੀ ਆਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਆ ਸਖੀਏ ਆਪਾਂ ਰਲ ਮਿਲ ਗਾਈਏ,
ਨੱਚ ਨੱਚ ਆਪਣਾ ਆਪ ਭੁਲਾਈਏ।
ਛੱਡੀਏ ਸਾਰੇ ਝਗੜੇ ਝੇੜੇ,
ਮੋਰਾਂ ਜੁਗਤਾਂ ਦੱਸੀਆਂ,
ਪੈਲਾਂ ਪਾਉਣ ਦੀਆਂ,
ਚੜ੍ਹ ਅਸਮਾਨੀ ਆਈਆਂ...।

ਨੀਲੇ ਗਗਨਾਂ ਦਾ ਰੰਗ ਕਾਲਾ,
ਮਨ ਮੰਦਰ ਦਾ ਹਾਲ ਨਿਰਾਲਾ।
ਪਲ ਵਿਚ ਨੇਰ੍ਹਾ ਪਲ ਵਿਚ ਚਾਨਣ,
ਇਹ ਰੁੱਤਾਂ ਨੇ ਆਈਆਂ,
ਪ੍ਰੀਤਾਂ ਲਾਉਣ ਦੀਆਂ।
ਚੜ੍ਹ ਅਸਮਾਨੀ ਆਈਆਂ...।

ਆ ਸਖੀਏ, ਆਪਾਂ ਦਰਦ ਵੰਡਾਈਏ,
ਬਣ 'ਸੁਰਜੀਤ' ਆਪਾਂ ਹਾਲ ਸੁਣਾਈਏ।
ਛੋਹੀਏ ਨੀ ਕੋਈ ਗੱਲ ਸੱਜਣ ਦੀ,
ਅੱਗ ਨਾ ਕਿਤੇ ਵਰ੍ਹਾਵਣ,
ਕਣੀਆਂ ਸਾਉਣ ਦੀਆਂ।
ਚੜ੍ਹ ਅਸਮਾਨੀ ਆਈਆਂ...।

-ਮੋਬਾਈਲ : 95927-27087.

ਕਹਾਣੀ: ਤੇਜੋ

ਤੇਜੋ ਭਾਬੀ, ਦਿੱਲੀ ਦੀ ਕੁੜੀ, ਵਿਆਹ ਕੇ ਜਲੰਧਰ ਆ ਵਸੀਂਬੜੇ ਅੱਛੇ ਪਰਿਵਾਰ ਦੀ ਨੂੰਹ ਬਣੀ। ਐਸੇ ਪਰਿਵਾਰ ਦੀ ਕਿ ਜਿਹੜੇ ਆਪਣੇ ਘਰ ਹੋਣ ਵਾਲੇ ਹਰ ਲਾਹੇਵੰਦ ਕੰਮ ਨੂੰ ਨੂੰਹ ਦੇ ਕਦਮ ਘਰ 'ਚ ਪੈਣ ਕਰਕੇ ਹੋਇਆ ਗਰਦਾਨ ਕੇ ਨੂੰਹ ਦੀ ਸਰਾਹਨਾ ਕਰਦੇ। ਪਰ ਖ਼ੁਦਾ ਦੀ ਕੁਦਰਤ ਦੇਖੋ, ਤੇਜੋ ਭਾਬੀ ਦੇ ਮੱਥੇ ਦਾ ਤੇਜ ਤਾਂ ਸ਼ਾਇਦ ਸਹੁਰੇ ਘਰ ਦੇ ਜੀਆਂ ਦੀ ਆਪਣੀ ਕਲਪਨਾ ਹੀ ਸੀ। ਹਾਂ, ਜਿਉਂ-ਜਿਉਂ ਸਮਾਂ ਲੰਘਦਾ ਗਿਆ, ਇਹ ਗੱਲ ਸੌਖਿਆਂ ਹੀ ਕਹੀ ਜਾ ਸਕਦੀ ਸੀ ਕਿ ਦਾਨਾ-ਪਨ ਜਾਂ ਖ਼ਾਨਦਾਨੀ ਹੋਣ ਦੀ ਗੱਲ ਤਾਂ ਕੋਈ ਹੈ ਨਹੀਂ, ਪਰ ਤੇਜੋ ਅਸਲੀਅਤ ਵਿਚ ਬੜੀ ਤੇਜ਼ ਤੇ ਖ਼ੁੱਦਗਰਜ਼ ਹੈ। ਬਈ ਉਹਨੂੰ ਸਿਰਫ਼ ਤੇ ਸਿਰਫ਼ ਆਪਣੇ ਨਾਲ ਮਤਲਬ ਐ। ਜੇ ਉਸ ਨੂੰ ਆਪਣੀ ਅਕਲ ਦੇ ਮੁਤਾਬਿਕ ਕੁਝ ਲੈਣ ਦਾ ਵਿਚਾਰ ਆ ਗਿਆਂਠੀਕ ਜਾਂ ਗ਼ਲਤ, ਤਾਂ ਜੋਕਾਂ ਦੀ ਤਰ੍ਹਾਂ ਦਿਨ ਰਾਤ ਪਿੱਛੇ ਪੈ ਕੇ ਉਹਨੇ ਆਪਣੀ ਸੋਚ ਨੂੰ ਅਮਲੀ ਜਾਮਾ ਪਵਾ ਲੈਣੇ, ਉਹ ਸ਼ੈਅ ਲੈ ਹੀ ਲੈਣੀ ਐ।
ਕੁਝ ਦੋ/ਤਿੰਨ ਸਾਲਾਂ ਬਾਅਦ ਬੱਚੇ ਹੋ ਗਏ ਤਾਂ ਫਿਰ, ਇਕੱਠੇ ਵੱਡੇ ਪਰਿਵਾਰ ਵਿਚ ਤੇਜੋ ਨੂੰ ਸਿਰਫ਼ ਆਪਣਾ ਤੇ ਆਪਣੇ ਬੱਚਿਆਂ ਦਾ ਫਿਕਰ ਹੁੰਦਾ। ਜੇ ਉਹ ਆਪ ਬਿਮਾਰ ਹੋਵੇ ਤੇ ਡਾਕਟਰ ਕੋਈ ਟੈਸਟ ਜਾਂ ਦਵਾਈ ਦੱਸ ਦੇਵੇ, ਬਸ ਤੇਜੋ ਨੂੰ ਕਦੇ ਨਹੀਂ ਭੁੱਲਦਾ ਕਿ ਉਸ ਨੇ ਕਿਹੜੀ ਦਵਾਈ ਕਿਸ ਵੇਲੇ ਲੈਣੀ ਐ। ਸੋ, ਆਪਣੀ ਜਾਨ ਦਾ, ਆਪਣੇ ਖਾਣ ਦਾ, ਸਿਰਫ਼ ਆਪਣੇ ਬੱਚਿਆਂ ਦੇ ਖਾਣ ਬਾਰੇ ਬੜੀ ਹੀ ਚੇਤੰਨ ਹੁੰਦੀ, ਬਾਕੀ ਕਿਸੇ ਦੀ ਉਹਨੂੰ ਅਸਲ 'ਚ ਪਰਵਾਹ ਬਿਲਕੁਲ ਨਹੀਂ, ਹਾਂ ਦਿਖਾਵਾ ਭਾਵੇਂ ਕਰੀ ਜਾਵੇ।
ਸਾਰੀ ਜ਼ਿੰਦਗੀ ਇਵੇਂ ਹੀ ਟਪਾ ਦਿੱਤੀਂਜ਼ਿੰਦਗੀ ਦੇ 20/30 ਸਾਲ। ਉਸ ਦੀਆਂ ਇਹ ਖਸੂਸਤਾਂ ਰਿਸ਼ਤੇਦਾਰੀ 'ਚ ਪੂਰੀਆਂ ਮਸ਼ਹੂਰ ਸਨ। ਕਿਉਂਕਿ ਇਕ ਨਹੀਂ ਦੋ, ਦੋ ਨਹੀਂ ਚਾਰ ਵਾਰੀਆਂ ਬਾਅਦ ਤਾਂ ਪਤਾ ਹੀ ਲਗ ਜਾਂਦੈ। ਕਿਸੇ ਆਏ ਗਏ ਨੂੰ ਟਾਲ ਜਾਓ, ਪੁੱਛੋ ਗਿੱਛੋ ਨਾ ਤੇ ਕੋਈ ਭਲਾ ਜਾਏਗਾ ਕਿਉਂਂਤੁਹਾਡੇ ਘਰ। ਜਾਂਦਾ ਬੰਦਾ ਉਥੇ ਹੀ ਹੈ, ਜਿਥੇ ਕੋਈ ਖਿੜੇ ਮੱਥੇ ਝੱਲੇਗਾ, ਵਿਸ਼ਵਾਸ ਹੋਵੇ, ਨਹੀਂ ਤੇ ਕੋਈ ਨਹੀਂ ਜਾਂਦਾ। ਹਰਦਿਆਲ ਸਿੰਘ, ਉਹਦੇ ਘਰ ਵਾਲੇ ਦਾ ਦੂਰੋਂ ਮਾਸੜ ਲਗਦਾ ਸੀ, ਹੈਡਮਾਸਟਰ ਰਿਟਾਇਰਡ ਸੀ ਤੇ ਉਸ ਦਾ ਇਕੋ ਇਕ ਬੇਟਾ ਅਮਰੀਕਾ 'ਚ ਡਾਕਟਰ ਸੀ। ਸਾਫ ਦਿਲ ਇਨਸਾਨ ਸੀ ਤੇ ਜ਼ੁੱਰਅਤ ਵਾਲਾ ਸੀ। ਸਾਰੇ ਘਰ ਦੇ ਹੋਰ ਪੁੱਤਰ ਨੂੰਹਾਂ ਵਧੀਆ ਸਨ, ਪਰ ਤੇਜੋ ਭਾਬੀ ਉਹਨੂੰ ਇਸ ਘਰ 'ਚ ਬਿਲਕੁਲ ਨਾ ਫਿੱਟ ਜਾਪਦੀ ਤੇ ਕਈ ਵੇਰਾਂ ਉਹ ਸੰਕੇਤਕ ਤੌਰ 'ਤੇ ਕਹਿ ਵੀ ਦਿੰਦਾ ਤੇ ਨਾਲੇ ਹੱਸ ਦਿੰਦਾ। ਲੋਕਲ ਰਹਿੰਦਾ ਸੀ, ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ ਪਰ ਕੋਈ ਕੁਝ ਵੀ ਕਹੇ, ਤੇਜੋ ਭਾਬੀ 'ਤੇ ਕੋਈ ਅਸਰ ਨਹੀਂ ਸੀ। ਉਹ ਟਸ ਤੋਂ ਮਸ ਨਹੀਂ ਸੀ ਹੁੰਦੀ ਆਪਣੀ ਸੋਚ ਤੋਂ। ਉਹਨੇ ਤਣੀ ਨਹੀਂ ਛੁਹਾਣੀ, ਖਾਲੀ ਗੱਲਾਂ ਨਾਲ ਹੀ ਸਾਰ ਦੇਣੈ। ਜੇ ਉਸ ਤੋਂ ਬਾਅਦ ਕੋਈ ਨਾ ਸਮਝੇ, ਤੇ ਉਹਨੇ ਆਪ ਤਿਆਰ ਹੋਣ ਲੱਗ ਜਾਣੈ ਕਿ ਸਾਡਾ ਤਾਂ ਫਲਾਣੀ ਜਗ੍ਹਾ ਜਾਣ ਦਾ ਪ੍ਰੋਗਰਾਮ ਐ। ਬੰਦਾ ਆਪੇ ਹੀ ਸ਼ਰਮ ਨਾਲ ਕਹਿਣ ਲੱਗ ਪੈਂਦੈ ਕਿ ਅਸੀਂ ਤਾਂ ਆਪ ਕਿੱਧਰੇ ਜਾਣੈ ਤੇ ਉਠ ਪੈਂਦੇ।
ਤੇਜੋ ਭਾਬੀ ਦੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ, ਇੰਜੀਨੀਅਰ ਸੀ। ਵਿਆਹ ਤੋਂ ਕੋਈ 12/13 ਵਰ੍ਹੇ ਬਾਅਦ ਉਹਦੀ ਬਦਲੀ ਡਲਹੌਜ਼ੀ ਹੋ ਗਈ। ਪਹਾੜੀ ਸਟੇਸ਼ਨ ਸੀ, ਸੋ ਤੇਜੋ ਭਾਬੀ ਦੀ ਉਲਝਣ ਵਧ ਗਈ। ਆਪਣੇ ਪਰਿਵਾਰ 'ਚੋਂ ਤਾਂ ਕਿਸੇ ਨੇ ਜ਼ੁਰਅੱਤ ਨਹੀਂ ਨਾ ਕੀਤੀ, ਉਥੇ ਜਾਣ ਦਾ ਪ੍ਰੋਗਰਾਮ ਬਣਾਉਣ ਦੀ, ਪਰ ਇਕ ਮਾਮਾ ਸੀ ਤੇਜੋ ਭਾਬੀ ਦਾ ਉਹ ਬੜਾ ਵੱਡਾ ਅਫ਼ਸਰ ਲੱਗਾ ਹੋਇਆ ਸੀ ਕਿਤੇ। ਉਹਨੂੰ ਪਤਾ ਲੱਗਾ ਕਿ ਤੇਜੋ ਡਲਹੌਜ਼ੀ ਪਹੁੰਚ ਗਈ ਐ। ਉਹਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਸੁਨੇਹਾ ਭੇਜਿਆ ਕਿ ਉਹ ਦਸ ਦਿਨਾਂ ਤਕ ਕੋਈ 4/5 ਦਿਨਾਂ ਵਾਸਤੇ ਡਲਹੌਜ਼ੀ ਰਹਿਣ ਆਉਣਗੇ, ਬੜਾ ਪਹਾੜੀ ਇਲਾਕਾ ਐ ਤੇ ਗਰਮੀਆਂ ਦੇ ਦਿਨ ਨੇ। ਤੇਜੋ ਦੇ ਘਰ ਵਾਲੇ ਨੇ ਤਾਂ ਖੁਸ਼ੀ ਜ਼ਾਹਿਰ ਕੀਤੀ, ਪਰ ਤੇਜੋ ਤਰਲੋ ਮੱਛੀ ਹੋਣ ਲੱਗੀ। ਉਹ ਕੋਈ ਵਿਉਂਤ ਮਨ ਹੀ ਮਨ ਸੋਚਣ ਲੱਗੀ। ਘਰ ਵਾਲੇ ਨੇ ਕਾਫੀ ਸਮਝਾਇਆ ਕਿ ਆਪਣੇ ਹੀ ਆਇਆ ਕਰਦੇ ਨੇ ਤੇ ਇਕ ਮੌਕਾ ਹੁੰਦੈ, ਪਿਆਰ ਅਤੇ ਰਿਸ਼ਤੇ ਕਰਕੇ ਹੀ ਕੋਈ ਅਉਂਦੈ। ਪਰ ਨਹੀਂ, ਤੇਜੋ ਦੀ ਜਮਾਂਦਰੂ ਆਦਤ ਨੂੰ ਕੌਣ ਬਦਲ ਸਕਦਾ ਸੀ। ਕੋਈ 5/7 ਦਿਨਾਂ ਬਾਅਦ ਘਰ ਵਾਲੇ ਨੂੰ ਮਜਬੂਰ ਕਰਕੇ ਉਹਨੇ ਮਾਮੇ ਨੂੰ ਸੰਦੇਸ਼ਾ ਭੇਜ ਦਿੱਤਾ ਕਿ ਛੋਟੀ ਕੁੜੀ ਬਿਮਾਰ ਹੋਣ ਕਰਕੇ ਉਹ ਆਪ ਹੀ ਜਲੰਧਰ ਜਾ ਰਹੀ ਹੈ, ਸੋ, ਫਿਰ ਕਦੇ ਪ੍ਰੋਗਰਾਮ ਬਣਾਉਣਾ। ਸੋ, ਇਸ ਤਰ੍ਹਾਂ ਭੇਖ ਕਰਕੇ ਮਾਮੇ ਨੂੰ ਆਉਣ 'ਤੇ ਰੋਕ ਲਾ ਦਿੱਤੀ। ਤੇਜੋ ਭਾਬੀ ਨੇ ਇਸ ਗੱਲ ਦੀ ਕੋਈ ਪਰਵਾਹ ਕਦੀ ਨਹੀਂ ਸੀ ਕੀਤੀ ਕਿ ਕੋਈ ਜੇ ਸਮਝ ਗਿਆ ਤਾਂ ਕੀ ਮਹਿਸੂਸ ਕਰੇਗਾ। ਰਿਸ਼ਤੇਦਾਰ ਵੀ ਸਮਝ ਗਏ ਸਨਂਉਸ ਦੀ ਇਸ ਆਦਤ ਤੋਂ ਵਾਕਿਫ਼ ਹੋ ਗਏ ਸਨ। ਜਿਵੇਂ ਇਹ ਕਹਿ ਲਓ ਕਿ ਜਦੋਂ ਕਿਸੇ ਤੋਂ ਕੋਈ ਆਸ ਹੀ ਨਾ ਹੋਵੇ, ਤੁਹਾਡਾ ਕੁਝ ਹਰਜ਼ ਹੀ ਨਹੀਂ ਹੁੰਦਾ ਕਿਉਂਕਿ ਹਰ ਪ੍ਰੋਗਰਾਮ, ਹਰ ਵਿਉਂਤ, ਉਸ ਬੰਦੇ ਦੀਆਂ ਖਸੂਸੀਆਂ ਦੇ ਮੱਦੇ ਨਜ਼ਰ ਹੀ ਬਣਾਈ ਜਾਂਦੀ ਹੈ।
ਰੱਬ ਦੀ ਕਰਨੀ, ਕੋਈ 55ਵਰ੍ਹੇ ਦੀ ਹੋਣੀ ਏ ਤੇਜੋ ਭਾਬੀ ਕਿ ਕੈਂਸਰ ਨੇ ਜਕੜ ਲਿਆ। ਜਦੋਂ ਤੱਕ ਬਿਮਾਰੀ ਦਾ ਪਤਾ ਲੱਗਾ, ਬਹੁਤ ਫੈਲ ਚੁੱਕੀ ਸੀ। ਪਰ ਫਿਰ ਵੀ ਵਧੀਆ ਤੋਂ ਵਧੀਆ ਡਾਕਟਰ ਦੀ ਰਾਏ ਲਈ ਗਈ, ਇਲਾਜ ਕਰਾਇਆ ਗਿਆ। ਸਾਰੇ ਵੱਡੇ ਪਰਿਵਾਰ ਦੇ ਮੈਂਬਰ ਹਰਕਤ 'ਚ ਆਏ। ਸਾਰੀ ਰਿਸ਼ਤੇਦਾਰੀ ਉਹਦੇ ਘਰ ਵਾਲੇ ਤੇ ਸਾਰੇ ਵੱਡੇ ਪਰਿਵਾਰ ਦੇ ਮੈਂਬਰਾਂ ਨੂੰ ਵੇਖ ਕੇ ਅਸ਼-ਅਸ਼ ਕਰਦੀ ਕਿ ਤੇਜੋ ਦੇ ਸੁਭਾਅ ਦੇ ਬਾਵਜੂਦ ਸਾਰੇ ਹੀ ਕਿੰਨੇ ਮਾਯੂਸ ਨੇ, ਦੌੜ-ਭੱਜ ਕਰ ਰਹੇ ਨੇ ਕਿ ਉਹ ਦਾ ਵੱਡੇ ਤੋਂ ਵੱਡੇ ਡਾਕਟਰ ਕੋਲੋਂ ਇਲਾਜ ਕਰਾਇਆ ਜਾਵੇ। ਹਰ ਕੋਈ ਦੇਖਣ ਨੂੰ ਆਉਂਦਾ ਤੇ ਆਮ ਤੌਰ 'ਤੇ ਜੋ ਸਮਾਜ ਦੀ ਪ੍ਰਥਾ ਹੈ, ਇਹੀ ਕਹਿੰਦਾ ਹੈ ਕਿ ਬਈ ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਤੇਜੋ ਉਤੇ ਰਹਿਮਤ ਹੋਵੇ। ਹਰਦਿਆਲ ਸਿੰਘ ਨੇ ਵੀ ਤੇਜੋ ਦੀਆਂ ਸਾਰੀਆਂ ਰਿਪੋਰਟਾਂ ਅਮਰੀਕਾ ਭੇਜ ਕੇ ਜਿਤਨੀ ਇਲਾਜ ਸਬੰਧੀ ਮਦਦ ਹੋ ਸਕਦੀ ਸੀ, ਕੀਤੀ।
ਕੋਈ ਡੇਢ ਸਾਲ ਬਿਮਾਰੀ ਕੱਟੀ ਤੇਜੋ ਭਾਬੀ ਨੇ, ਅਣਗਿਣਤ ਪੈਸੇ ਖਰਚ ਹੋਏ। ਤੇਜੋ ਭਾਬੀ ਵਿਚ ਵੀ ਸਵੈ-ਵਿਸ਼ਵਾਸ ਬਹੁਤ ਸੀ। ਜ਼ਰਾ ਜਿਹੀ ਠੀਕ ਹੁੰਦੀ ਤਾਂ ਕਹਿੰਦੀ ਮੈਂ ਬਿਲਕੁਲ ਠੀਕ ਹਾਂ, ਕੈਂਸਰ ਤਾਂ ਅੱਜਕਲ੍ਹ ਹਰ ਤੀਜੇ ਬੰਦੇ ਨੂੰ ਹੋਇਆ ਪਇਐ। ਮੈਂ ਠੀਕ ਹੋ ਜਾਣੈ। ਫਿਰ ਕੁਝ ਦਿਨ ਮਗਰੋਂ ਕੈਂਸਰ ਜ਼ੋਰ ਪਕੜਦਾ ਤੇ ਬੇਹਾਲ ਹੋ ਜਾਂਦੀ। ਵੇਖਣ ਜਾਓ ਤੇ ਇੰਜ ਲੱਗਦਾ ਜਿਵੇਂ ਕਹਿ ਰਹੀ ਹੋਵੇ, ''ਤਰਸ ਖਾ ਕੇ ਰੱਬ ਕੋਲੋਂ ਮੇਰੇ ਵਾਸਤੇ ਜ਼ਿੰਦਗੀ ਮੰਗ ਦੇਵੋ।'' ਪਰ ਨਾਲ ਹੀ ਲਗਦਾ ਕਿ ਕਹਿੰਦਿਆਂ ਕਹਿੰਦਿਆਂ ਸੋਚ ਰਹੀ ਹੈ, ''ਤੁਸੀਂ ਕਿਉਂ ਮੰਗੋਗੇ ਰੱਬ ਕੋਲੋਂ ਮੇਰੀ ਜ਼ਿੰਦਗੀ, ਮੈਂ ਕਿਹੜੇ ਮੂੰਹ ਨਾਲ ਕਹਾਂ ਤੁਹਾਨੂੰ?''
ਦੇਖਦੇ ਦੇਖਦੇ ਤੇਜੋ ਭਾਬੀ ਦੀ ਹਾਲਤ ਕੁਝ ਹੀ ਦਿਨਾਂ 'ਚ ਬਹੁਤ ਵਿਗੜ ਗਈ। ਉਹਨੂੰ ਸ਼ਹਿਰ ਦੇ ਵੱਡੇ ਕੈਂਸਰ ਹਸਪਤਾਲ 'ਚ ਲੈ ਜਾਇਆ ਗਿਆ। ਇਕ-ਇਕ ਕਰਕੇ ਸਾਰੇ ਅੰਗ ਫੇਲ੍ਹ ਹੋ ਗਏ, ਫੇਫੜੇ, ਕਿਡਨੀ ਤੇ ਬਲੱਡ ਪ੍ਰੈਸ਼ਰ ਇਤਨਾ ਘਟ ਗਿਆ ਕਿ ਦਿਲ ਫੇਲ੍ਹ ਹੋ ਗਿਆ ਕਿਉਂਕਿ ਕੈਂਸਰ ਸਾਰੇ ਸਰੀਰ 'ਚ ਫੈਲ ਗਿਆ ਸੀ। ਕੋਈ ਇਕ ਹਫ਼ਤਾ ਹਸਪਤਾਲ 'ਚ ਬੇਹੋਸ਼ੀ ਦੀ ਹਾਲਤ 'ਚ ਰਹਿਣ ਤੋਂ ਬਾਅਦ ਤੇਜੋ ਭਾਬੀ ਨੇ ਬਖਸ਼ੇ ਸਵਾਸ ਪੂਰੇ ਕੀਤੇ।
ਤੇਜੋ ਭਾਬੀ ਦੇ ਮ੍ਰਿਤਕ ਸਰੀਰ ਨੂੰ ਨਹਿਲਾਉਣ ਉਪਰੰਤ ਸਭ ਰਿਸ਼ਤੇਦਾਰਾਂ ਨੇ ਦੋਸ਼ਾਲੇ ਕਰਾਏ। ਮਾਹੌਲ ਗਮਗੀਨ ਸੀ। ਫਿਰ ਸਾਰੇ ਵੱਡੇ ਪਰਿਵਾਰ ਦੇ ਪੁੱਤਰਾਂ ਨੂੰਹਾਂ ਨੇ ਸਮਾਜਿਕ ਰੀਤ ਅਨੁਸਾਰ ਸਸਕਾਰ ਵਾਸਤੇ ਲੈ ਜਾਣ ਤੋਂ ਪਹਿਲਾਂ ਮੱਥਾ ਟੇਕਿਆ ਤੇ ਹਰ ਇਕ ਨੇ ਕੋਈ 10/20 ਰੁਪਏ ਤੇਜੋ ਭਾਬੀ ਦੇ ਮ੍ਰਿਤਕ ਸਰੀਰ ਦੇ ਚਰਨਾਂ 'ਚ ਰੱਖੇ। ਰਿਟਾਇਰਡ ਹੈੱਡ ਮਾਸਟਰ ਹਰਦਿਆਲ ਸਿੰਘ ਵੀ ਆਇਆ ਹੋਇਆ ਸੀ। ਉਥੇ ਹੀ ਖੜ੍ਹਾ ਸੀ। ਸਭ ਕੁਝ ਦੇਖ ਰਿਹਾ ਸੀ ਪਰ ਬਿਲਕੁਲ ਚੁੱਪ ਸੀ। ਉਹਦਾ ਚਿਹਰਾ ਇੰਜ ਲਗਦਾ ਸੀ ਜਿਵੇਂ ਬਹੁਤ ਗੰਭੀਰ ਵਿਚਾਰ 'ਚ ਲਿਪਤ ਸੀ। ਇਕ-ਇਕ ਕਰਕੇ ਨੇੜੇ ਦੂਰੋਂ ਦੇ ਰਿਸ਼ਤੇ 'ਚੋਂ ਪੁੱਤਰ, ਨੂੰਹਾਂ ਵਿਧੀ-ਵਤ ਮ੍ਰਿਤਕ ਸਰੀਰ ਨੂੰ ਮੱਥਾ ਟੇਕੀ ਜਾ ਰਹੇ ਸਨ। ਇਕ ਬਜ਼ੁਰਗ ਔਰਤ ਨੇ ਆਹਿਸਤਾ ਜਿਹੇ ਪੁੱਛਿਆ, ਜੇ ਸਭ ਨੇ ਦਰਸ਼ਨ ਕਰ ਲਏ ਹੋਣ ਤਾਂ ਅਰਦਾਸ ਕਰੋ ਤੇ ਮ੍ਰਿਤਕ ਸਰੀਰ ਨੂੰ ਵੈਨ ਵਿਚ ਰੱਖੋ ਕਿਉਂਕਿ ਅਸੀਂ ਅੱਗੇ ਹੀ ਲੇਟ ਹਾਂ ਬਰਾਦਰੀ ਨੂੰ ਦੱਸੇ ਹੋਏ ਟਾਈਮ ਤੋਂ, ਕਿਉਂਕਿ ਸ਼ਮਸ਼ਾਨ ਭੂਮੀ ਬਿਰਾਦਰੀ ਇੰਤਜ਼ਾਰ ਕਰਦੀ ਹੋਏਗੀ। ਏਨੇ ਨੂੰ ਹੈੱਡਮਾਸਟਰ ਹਰਦਿਆਲ ਸਿੰਘ ਆਪਣੇ ਅੱਗੇ ਖੜ੍ਹੇ ਬੰਦਿਆਂ ਨੂੰ ਚੀਰ ਕੇ ਤੇਜੋ ਦੇ ਮ੍ਰਿਤਕ ਸਰੀਰ ਕੋਲ ਆਇਆ। ਜੇਬ 'ਚੋਂ 50 ਰੁਪਏ ਦਾ ਨੋਟ ਕੱਢਿਆ ਤੇ ਤੇਜੋ ਦੇ ਮ੍ਰਿਤਕ ਸਰੀਰ ਦੇ ਚਰਨਾਂ 'ਤੇ ਰੱਖ ਕੇ ਮੱਥਾ ਟੇਕਿਆ। ਸਾਰੇ ਹੈਰਾਨ ਸਨ ਕਿ 70 ਵਰ੍ਹੇ ਦਾ ਪ੍ਰਤਿੱਠਤ ਹੈੱਡ ਮਾਸਟਰ ਹਰਿਦਆਲ ਸਿੰਘ ਕਿਉਂ ਮੱਥਾ ਟੇਕ ਰਿਹਾ। ਪਰ ਹਰਦਿਆਲ ਸਿੰਘ ਮਨ 'ਚ ਕਹਿ ਰਿਹਾ ਸੀ, 'ਤੇਜੋ, ਬਈ ਮੈਂ ਮਾਫੀ ਮੰਗਦਾਂ ਕਿ ਅੱਜ ਤੱਕ ਮੈਂ ਜ਼ਿੰਦਗੀ 'ਚ ਕਿਸੇ ਨੂੰ ਵੀ ਪੀੜਾ 'ਚ ਦੇਖਿਆ ਤਾਂ ਉਸ ਦੇ ਭਲੇ ਲਈ ਅਰਦਾਸ ਕੀਤੀ, ਪਰ ਪਤਾ ਨੀਂ ਕਿਉਂ ਮੈਂ ਸਾਰੀ ਉਮਰ ਪਿਛਲੇ 30 ਸਾਲਾਂ ਤੋਂ ਤੈਨੂੰ ਦੇਖਦਾ ਆ ਰਿਹਾਂ ਤੇ ਮੇਰੇ ਮਨ ਨੇ ਇਕ ਵੇਰਾਂ ਵੀ ਜੁੜ ਕੇ ਤੇਰੀ ਬਿਮਾਰੀ ਦੌਰਾਨ ਅਰਦਾਸ ਕਰਨ ਦੀ ਗਵਾਹੀ ਨਹੀਂ ਭਰੀ। ਸੋ ਮੈਨੂੰ, ਮਾਫ ਕਰੀਂ, ਬਈ ਇਹ ਮੱਥਾ ਟੇਕ ਕੇ, ਮੈਂ ਪ੍ਰਾਇਸ਼ਚਿਤ ਕਰਦਾ ਹਾਂ ਕਿਉਂਕਿ ਸਭ ਦਾ ਭਲਾ ਮੰਗਣਾ ਧਰਮ ਹੈ।'

-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ-141002.
ਮੋਬਾਈਲ : 98155-09390


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX