ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

550 ਸਾਲਾ ਪ੍ਰਕਾਸ਼ ਉਤਸਵ :

ਹਵਾ ਵਿਚ ਲਟਕਦੇ ਕੁਝ ਸਵਾਲ

ਜਗਤ-ਗੁਰੂ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਸਾਰੀ ਦੁਨੀਆ 'ਤੇ ਵਸੀਆਂ ਨਾਨਕ-ਨਾਮ ਲੇਵਾ ਸੰਗਤਾਂ ਵਲੋਂ ਪਿਛਲੇ ਦਿਨੀਂ ਬੜੇ ਚਾਹ, ਉਮਾਹ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਕਰਕੇ ਨਨਕਾਣਾ ਸਾਹਿਬ ਤੋਂ ਬਿਨਾਂ ਡੇਰਾ ਬਾਬਾ ਨਾਨਕ ਅਤੇ ਬਾਰਡਰ ਦਾ ਦੂਸਰਾ ਪਾਸਾ ਵੀ ਕਈ ਪ੍ਰੋਗਰਾਮਾਂ ਲਈ ਕਾਰਜ-ਸਥੱਲ ਬਣਿਆ ਪਰ ਬਹੁਤ ਸਾਰੇ ਪ੍ਰੋਗਰਾਮਾਂ ਦਾ ਕੇਂਦਰ-ਬਿੰਦੂ ਸੁਲਤਾਨਪੁਰ ਲੋਧੀ ਹੀ ਰਿਹਾ, ਜਿੱਥੇ ਨਵਾਬ ਦੌਲਤ ਖਾਨ ਲੋਧੀ ਦੇ ਸ਼ਾਸਕ ਹੁੰਦਿਆਂ ਗੁਰੂ ਜੀ ਆਪਣੀ ਭੈਣ ਦੇ ਪਰਿਵਾਰ ਕੋਲ ਲੰਬਾ ਸਮਾਂ ਰਹੇ ਅਤੇ ਸ਼ਾਹੀ ਮੋਦੀਖਾਨੇ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ। ਇਥੇ ਹੀ ਉਨ੍ਹਾਂ ਦੇ ਪਰਿਵਾਰ ਦਾ ਵਾਧਾ ਹੋਇਆ। ਇਹ ਮੰਨਣਾ ਪਵੇਗਾ ਕਿ ਇਸ ਮਹਾਂ-ਸਮਾਗਮ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਉਣ ਵਿਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਿੱਖਾਂ ਦੀ ਪਾਰਲੀਮੈਂਟ ਅਖਵਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਸਨ ਪਰ 550 ਸਾਲਾ ਪ੍ਰੋਗਰਾਮਾਂ ਨੂੰ ਸਿਰੇ ਚੜ੍ਹਾਉਣ ਦੀ ਡਿਊਟੀ ਬੀਬੀ ਜਗੀਰ ਕੌਰ ਦੀ ਲਗਾਈ ਗਈ ਸੀ।
ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਆਪਣਾ ਬਣਦਾ ਹਿੱਸਾ ਪਾਉਣ ਵਾਸਤੇ ਕਰੋੜਾਂ ਰੁਪਏ ਖਰਚੇ ਗਏ। ਕਪੂਰਥਲਾ ਵਿਖੇ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ, ਕੁਝ ਸੜਕਾਂ ਨੂੰ ਨੈਸ਼ਨਲ ਹਾਈਵੇ ਬਣਾਉਣ ਦਾ ਐਲਾਨ ਕੀਤਾ ਗਿਆ ਜਦੋਂ ਕਿ ਸੁਲਤਾਨਪੁਰ ਲੋਧੀ ਵਿਖੇ ਬਹੁਤ ਆਹਲਾ ਰੇਲਵੇ ਸਟੇਸ਼ਨ ਬਣਾਇਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਵਿਖੇ ਮੱਥਾ ਟੇਕਣ ਪਹੁੰਚੇ। ਭਾਵੇਂ ਕਿ ਸਿੱਧੇ ਤੌਰ 'ਤੇ ਜਾਣ ਸਕਣਾ ਔਖਾ ਹੈ ਕਿ ਪੰਜਾਬ ਸਰਕਾਰ ਨੇ ਇਸ 550 ਸਾਲਾ ਗੁਰਪੁਰਬ ਮਨਾਉਣ 'ਤੇ ਕਿੰਨਾ ਵੱਡਾ ਖਰਚਾ ਕੀਤਾ ਪਰ ਸਮਝਿਆ ਜਾਂਦੈ ਕਿ ਸਿੱਧੇ/ਅਸਿੱਧੇ ਰੂਪ ਵਿਚ ਇਹ ਖ਼ਰਚ 550 ਕਰੋੜ ਦੇ ਕਰੀਬ ਵੀ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯਾਤਰੂਆਂ ਦੀ ਸਹੂਲਤ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕੇ ਸਰਾਵਾਂ ਬਣਾਈਆਂ ਗਈਆਂ ਅਤੇ ਖਾਸ ਤੌਰ 'ਤੇ ਬੇਰ ਸਾਹਿਬ ਦੇ ਆਲੇ-ਦੁਆਲੇ ਨੂੰ ਇਸ ਵਿਸ਼ੇਸ਼ ਸਮਾਗਮ ਲਈ ਤਿਆਰ ਕੀਤਾ ਗਿਆ। ਅੰਤਰਰਾਸ਼ਟਰੀ ਨਗਰ ਕੀਰਤਨ ਅਯੋਜਿਤ ਕੀਤੇ ਗਏ ਅਤੇ ਅਖੰਡ ਪਾਠਾਂ ਦੇ ਭੋਗ ਪਵਾਏ ਗਏ।
ਸਾਰੀਆਂ ਧਿਰਾਂ 550 ਸਾਲਾ ਪ੍ਰਕਾਸ਼ ਉਤਸਵ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਪਿੱਠ 'ਤੇ ਆਪਣੇ ਹੱਥੀਂ ਸ਼ਾਬਾਸ਼ੀ ਦੇ ਸਕਦੀਆਂ ਹਨ ਪਰ ਇਸ ਸਾਰੇ ਕੁਝ ਵਿਚ ਸਭ ਤੋਂ ਵੱਧ ਕੇਂਦਰ ਸਰਕਾਰ ਆਪਣੀ ਸੂਝ-ਬੂਝ ਕਰਕੇ ਵਾਦ-ਵਿਵਾਦ ਤੋਂ ਉੱਪਰ ਰਹੀ ਅਤੇ ਬੁਨਿਆਦੀ ਤੇ ਸਾਰਥਿਕ ਫੈਸਲੇ ਕਰਨ ਵਿਚ ਕਾਮਯਾਬ ਰਹੀ। ਅਕਤੂਬਰ-ਨਵੰਬਰ ਵਿਚ ਤਕਰੀਬਨ ਇਕ ਕਰੋੜ ਸਿੱਖ ਸੰਗਤ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ਦਾ ਪਾਸਾਰ ਕਰਨ ਦਾ ਕੰਮ ਮੁੱਖ ਤੌਰ 'ਤੇ ਪੰਜਾਬ ਸਰਕਾਰ ਦਾ ਸੀ। ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਹੁਤ ਮਿਆਰੀ ਬੱਸ ਅੱਡਾ ਤਿਆਰ ਕੀਤਾ ਗਿਆ। ਆਵਾਜਾਈ ਲਈ ਵੇਈਂ ਉੱਤੇ ਦੋ ਹੋਰ ਪੱਕੇ ਪੁਲ ਅਤੇ ਸੰਗਤਾਂ ਲਈ ਤਿੰਨ ਪੈਦਲ-ਪੁਲ ਉਸਾਰੇ ਗਏ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਸਰਕਾਰ ਨੇ ਬੇਰ ਸਾਹਿਬ ਤੋਂ ਅੱਗੇ ਤੱਕ ਅਤੇ ਉਧਰੋਂ ਸੰਤ ਘਾਟ ਤੱਕ ਵੇਈਂ ਦੇ ਦੋਹੀਂ ਪਾਸੀਂ ਪੱਥਰ ਅਤੇ ਗਰਿਲਾਂ ਲਗਵਾ ਦਿੱਤੀਆਂ। ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਰਿਹਾਇਸ਼, ਲੰਗਰ, ਟ੍ਰੈਫਿਕ ਪ੍ਰਬੰਧ, ਸਫਾਈ, ਸ਼ੌਚਾਲਿਆ-ਵਿਵਸਥਾ, ਆਉਣ-ਜਾਣ ਦੀ ਸੁਵਿਧਾ, ਸੁਰੱਖਿਆ-ਪ੍ਰਬੰਧ ਆਦਿ ਵਿਚ ਪੰਜਾਬ ਸਰਕਾਰ ਬਹੁਤ ਹੱਦ ਤੱਕ ਕਾਮਯਾਬ ਰਹੀ।
550 ਸਾਲਾ ਮਨਾਉਂਦਿਆਂ ਪੰਜਾਬ ਸਰਕਾਰ ਸਾਹਮਣੇ ਇਕੋ-ਇਕ ਮਾਡਲ ਸੀ ਤੇ ਉਹ ਸੀ ਸਿੱਖ-ਸੰਗਤਾਂ ਦੇ ਮਨਾਂ ਵਿਚ ਘਰ ਕਰ ਚੁੱਕਾ 2017 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਗਿਆ 350 ਸਾਲਾ 'ਨਿਤਿਸ਼ ਮਾਡਲ' ਪ੍ਰਕਾਸ਼ ਉਤਸਵ। ਹਾਲਾਂਕਿ ਪੁਰਾਣੀ ਪੀੜ੍ਹੀ 1969 ਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਵੀ ਖਿਆਲ ਵਿਚ ਲਿਆਉਂਦੀ ਰਹੀ ਅਤੇ 1999 ਵਾਲੇ ਅਨੰਦਪੁਰ ਸਾਹਿਬ ਦੇ 300 ਸਾਲਾ ਖ਼ਾਲਸਾ ਸਾਜਨਾ ਦਿਵਸ ਨੂੰ ਵੀ। ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਉਤਸਵ ਮਨਾਉਣ ਸਮੇਂ 1969 ਵਿਚ ਪੇਂਡੂ ਏਰੀਏ ਵਿਚ 38 ਕਾਲਜ ਖੋਲ੍ਹੇ ਗਏ, ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕੀਤੀ ਗਈ ਅਤੇ ਪਿੰਡ-ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਟੀਚਾ ਪ੍ਰਾਪਤ ਕੀਤਾ ਗਿਆ। ਖ਼ਾਲਸਾ ਸਾਜਨਾ ਦਿਵਸ ਮੌਕੇ ਅਨੰਦਪੁਰ ਸਾਹਿਬ ਵਿਖੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖ਼ਾਲਸਾ ਸਾਜਨਾ ਦੇ ਅਸਲ ਮੰਤਵ ਨੂੰ ਨੁਮਾਇਆ ਕੀਤਾ ਗਿਆ। ਦੁਨੀਆ ਵਿਚ ਵਿਚਰ ਰਹੇ ਮਹਾਨ ਸਿੱਖਾਂ ਨੂੰ ਨਿਸ਼ਾਨ-ਏ-ਖ਼ਾਲਸਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਖ਼ਾਲਸਾ ਵਿਰਾਸਤੀ ਅਜੂਬਾ ਸਥਾਪਤ ਕੀਤਾ ਗਿਆ। ਉਸ ਸਮੇਂ ਅਨੰਦਪੁਰ ਵਿਖੇ ਅਲੌਕਿਕ ਸ਼ਰਧਾ ਦਾ ਵਹਿੰਦਾ ਸਮੁੰਦਰ ਇਕ ਕ੍ਰਿਸ਼ਮਈ ਦ੍ਰਿਸ਼ ਸੀ। ਨਿਤਿਸ਼ ਮਾਡਲ ਵਿਚ ਪ੍ਰਬੰਧਕੀ ਕੁਸ਼ਲਤਾ ਵੀ ਸੀ ਅਤੇ ਅਡੋਲ, ਸ਼ਾਂਤ ਆਸਥਾ ਦਾ ਪ੍ਰਵਾਹ ਵੀ ਸੀ।
ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਲਾਹਾ ਲੈਣ ਦੀ ਰੱਸਾਕਸ਼ੀ ਖੂਬ ਉੱਭਰ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀ। ਭਾਵੇਂ ਮੁੱਖ ਤੌਰ 'ਤੇ ਸੰਗਤਾਂ ਇਸ ਪੱਖ ਤੋਂ ਬੇਨਿਆਜ਼ ਰਹੀਆਂ ਪਰ ਕਈ ਦਿਨ ਪਹਿਲਾਂ ਤੋਂ ਮਕਸਦ-ਮੂਲਕ ਸ਼ਰਧਾ ਦਾ ਮੁਜ਼ਾਹਰਾ ਹੋਣਾ ਸ਼ੁਰੂ ਹੋ ਗਿਆ ਸੀ। ਦੋਵੇਂ ਧਿਰਾਂ ਵਲੋਂ ਰੌਸ਼ਨੀਆਂ ਦੇ ਤਮਾਸ਼ੇ ਰਾਹੀਂ ਸੰਗਤਾਂ ਨੂੰ ਮੋਹਣ ਅਤੇ ਪ੍ਰਭਾਵਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲੱਗ ਰਿਹਾ ਸੀ। ਜੇ ਸ਼੍ਰੋਮਣੀ ਕਮੇਟੀ ਕੋਲ ਪ੍ਰਬੰਧਕ ਹੋਣ ਨਾਤੇ ਸ਼ਰਧਾਵਾਨ ਅਤੇ ਦਰਸ਼ਨ-ਅਭਿਲਾਸ਼ੀ ਸੰਗਤਾਂ ਲਈ ਨਤਮਸਤਕ ਹੋਣ ਵਾਸਤੇ ਗੁਰੂ-ਅਸਥਾਨ ਸਨ ਤਾਂ ਸਰਕਾਰ ਕੋਲ ਸੰਗਤਾਂ ਨੂੰ ਖਿੱਚਣ ਲਈ ਜਗਮਗਾਉਂਦੇ-ਚਮਚਮਾਉਂਦੇ ਪੰਡਾਲ ਸਨ, ਮਲਟੀ-ਮੀਡੀਆ ਮਿਊਜ਼ੀਅਮ ਸਨ, ਥੀਏਟਰ ਸਨ, ਡਿਜੀਟਲ ਸ਼ੋ ਸਨ, ਨੁਮਾਇਸ਼ਾਂ ਸਨ, ਗਾਇਕ-ਕਲਾਕਾਰ ਸਨ। ਆਪਣੇ ਵੱਲ ਆਕਰਸ਼ਤ ਕਰਨ ਅਤੇ ਆਪਣਾ ਪ੍ਰਭਾਵ ਛੱਡਣ ਦੀ ਪ੍ਰਵਿਰਤੀ ਸੰਤਾਂ-ਮਹਾਂਪੁਰਖਾਂ ਦੇ ਲੰਗਰਾਂ ਵਿਚ ਵੀ ਖੂਬ ਦੇਖੀ ਗਈ, ਜੋ ਮਨ ਲੁਭਾਉਣੇ ਪਦਾਰਥਾਂ ਦੀ ਸੇਵਾ ਵੀ ਕਰ ਰਹੇ ਸਨ, ਨੁਮਾਇਸ਼ ਵੀ ਕਰ ਰਹੇ ਸਨ ਅਤੇ ਮੀਡੀਆ ਰਾਹੀਂ ਆਪਣੇ 550 ਪਕਵਾਨਾਂ ਦੀ ਮਸ਼ਹੂਰੀ ਵੀ ਕਰ ਰਹੇ ਸਨ। ਭੁੱਖੇ-ਭਾਣੇ ਅਧਿਆਤਮਵਾਦੀ ਸਾਧੂਆਂ ਨੂੰ ਲੰਗਰ ਛਕਾਉਣ ਵਾਲੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਉਤਸਵ ਤੱਕ ਉਸ ਦੇ ਚੇਲੇ ਬਹੁਤ ਅੱਗੇ ਨਿਕਲ ਚੁੱਕੇ ਸਨ। ਅੰਮ੍ਰਿਤ ਵੇਲੇ ਗੁਰਦੁਆਰਾ ਬੇਰ ਸਾਹਿਬ ਦੇ ਦੁਆਲੇ ਲਾਊਡ ਸਪੀਕਰਾਂ ਦਾ ਸਿੱਧਾ ਮੁਕਾਬਲਾ ਹਉਮੈ-ਭੇੜ ਦਾ ਵਿਸ਼ੇਸ਼ ਪ੍ਰਦਰਸ਼ਨ ਪੇਸ਼ ਕਰਦਾ ਸੀ।
ਇਸ ਸਾਰੇ ਮੇਲੇ-ਗੇਲੇ ਵਿਚ ਮਹਾਨ ਫਿਲਾਸਫਰ-ਗੁਰੂ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਮੂਲਕ-ਭਾਵਨਾ ਕਿਤੇ ਨੁਮਾਇਆ ਨਾ ਹੋ ਸਕੀ। ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਗੁਰਪੁਰਬ 'ਤੇ ਪਹਿਲਾਂ ਨਾਲੋਂ ਵੱਡੇ ਕਵੀ ਦਰਬਾਰ ਅਤੇ ਕਵੀਸ਼ਰੀ ਦਰਬਾਰ ਆਯੋਜਿਤ ਕੀਤੇ ਗਏ। ਢਾਡੀ ਪਹਿਲਾਂ ਦੀ ਤਰ੍ਹਾਂ ਸੋਹਣੀਆਂ ਵਾਰਾਂ ਗਾਉਂਦੇ ਰਹੇ। ਕਥਾ-ਕਥਾਵਾਂ ਅਤੇ ਕੀਰਤਨ ਦਾ ਪ੍ਰਵਾਹ ਆਮ ਵਾਂਗ ਚਲਦਾ ਰਿਹਾ, ਪਰ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਐਤਕਾਂ ਹਾਸ਼ੀਏ ਤੋਂ ਵੀ ਕਿਤੇ ਦੂਰ ਹੀ ਰੱਖਿਆ ਗਿਆ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇਕ ਵੀ ਤਕੜਾ ਅੰਤਰਰਾਸ਼ਟਰੀ ਸੈਮੀਨਾਰ ਜਾਂ ਗੁਰਬਾਣੀ ਸੰਮੇਲਨ ਨਾ ਹੋ ਸਕਿਆ, ਜੋ ਚਿਰੰਜੀਵੀ ਪ੍ਰਭਾਵ ਛੱਡ ਜਾਂਦਾ। ਗੁਰੂ ਜੀ ਵਰਗੇ ਮਹਾਨ ਰਾਗ-ਗਿਆਤਾ ਦੀ ਯਾਦ ਵਿਚ ਇਕ ਵੀ ਯਾਦਗਾਰੀ ਮਹਾਂ ਸੰਗੀਤ-ਸੰਮੇਲਨ ਨਾ ਹੋ ਸਕਿਆ। ਸਭ ਧਰਮਾਂ ਤੋਂ ਬਰਾਬਰ ਸਤਿਕਾਰ ਪ੍ਰਾਪਤ ਕਰਨ ਵਾਲੇ ਗੁਰੂ ਬਾਬੇ ਦੀ ਯਾਦ ਵਿਚ ਸੁਲਤਾਨਪੁਰ ਲੋਧੀ ਵਿਖੇ ਇਕ ਵੀ ਸਰਬ-ਧਰਮ ਪਾਏਦਾਰ ਅੰਤਰਰਾਸ਼ਟਰੀ ਗੋਸ਼ਟੀ ਨਾ ਹੋ ਸਕੀ। ਗੁਰੂ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਖੋਜ ਕਾਰਜ ਗੁੱਠੇ ਲੱਗੇ ਰਹੇ। ਸ਼੍ਰੋਮਣੀ ਕਮੇਟੀ ਆਪਣੇ ਪਹਿਲਾਂ ਛਪੇ ਸਾਹਿਤ ਦੀ ਵੀ ਪ੍ਰਦਰਸ਼ਨੀ ਨਾ ਲਾ ਸਕੀ। ਸ਼੍ਰੋਮਣੀ ਕਮੇਟੀ ਵਲੋਂ ਸੁਲਤਾਨਪੁਰ ਲੋਧੀ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੇ ਦੋ ਕਿਤਾਬਚੇ ਰਿਲੀਜ਼ ਕੀਤੇ ਗਏ, ਉਨ੍ਹਾਂ ਵਿਚਲੀਆਂ ਗਲਤੀਆਂ ਅਤੇ ਵਿਵਾਦਗ੍ਰਸਤ ਧਾਰਨਾਵਾਂ ਕਰਕੇ ਉਨ੍ਹਾਂ ਨੂੰ ਬੈਨ ਕਰਨਾ ਪਿਆ।
ਇਨ੍ਹਾਂ ਸਾਰੇ ਜਸ਼ਨਾਂ ਵਿਚ ਭਾਈ ਮਰਦਾਨਾ, ਦੌਲਤ ਖਾਨ ਲੋਧੀ, ਰਾਏ ਬੁਲਾਰ, ਭਾਈਆ ਜੈ ਰਾਮ ਦੀ ਉੱਪਲ ਬਰਾਦਰੀ, ਭਾਈ ਫਰਿੰਦਾ, ਭਗੀਰਥ, ਪੈੜਾ ਮੋਖਾ, ਸੀਹਾਂ ਉੱਪਲ, ਸੈਦੋ ਜੱਟ, ਬਾਲਾ ਸੰਧੂ ਆਦਿ ਦੀਆਂ ਪੈੜਾਂ ਲੱਭਣ ਦੀ ਕੋਈ ਗੱਲ ਨਾ ਹੋ ਸਕੀ। ਸਰਕਾਰ ਨੇ ਜਿਨ੍ਹਾਂ 550 ਵਿਸ਼ੇਸ਼ ਵਿਅਕਤੀਆਂ ਦੇ ਸਨਮਾਨ ਲਈ ਪੀ.ਟੀ.ਯੂ. ਦਾ ਲੱਖਾਂ ਰੁਪਏ ਦਾ ਖਰਚਾ ਕਰਵਾਇਆ, ਸੰਗਤਾਂ ਵਿਚ ਕੋਈ ਸੁਨੇਹਾ ਨਾ ਦੇ ਸਕਿਆ। ਇਸ ਲਿਸਟ ਵਿਚ ਵੀ ਕਈ ਸ਼ਖ਼ਸੀਅਤਾਂ ਵਿਵਾਦਗ੍ਰਸਤ ਸਨ। ਸ਼੍ਰੋਮਣੀ ਕਮੇਟੀ ਵਲੋਂ ਜਿਨ੍ਹਾਂ 101 ਵਿਅਕਤੀਆਂ ਨੂੰ ਸਨਮਾਨਤ ਕਰਨਾ ਸੀ, ਉਨ੍ਹਾਂ ਦਾ ਕੀ ਬਣਿਆ, ਬਾਬਾ ਨਾਨਕ ਹੀ ਜਾਣੇ। ਸੁਲਤਾਨਪੁਰ ਲੋਧੀ ਅਤੇ ਪਵਿੱਤਰ ਵੇਈਂ ਲਈ ਸਭ ਤੋਂ ਵੱਧ ਕੰਮ ਕਰਨ ਵਾਲੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਵਾਲੇ ਦਿਨ ਉਨ੍ਹਾਂ ਦੇ ਮੋਦੀ ਦੇ ਨਜ਼ਦੀਕ ਹੋਣ 'ਤੇ ਸਕਿਉਰਿਟੀ ਵਲੋਂ ਉਨ੍ਹਾਂ ਨੂੰ ਇਹ ਕਹਿ ਕੇ ਪਾਸੇ ਕਰ ਦਿੱਤਾ ਗਿਆ ਕਿ ਲਿਸਟ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਨਹੀਂ। ਬੇਰ ਸਾਹਿਬ ਤੋਂ ਸੰਤ ਘਾਟ ਤੱਕ ਦਾ ਵੇਈਂ ਕਿਨਾਰਾ ਸੰਗਤਾਂ ਲਈ ਅਥਾਹ ਸ਼ਰਧਾ-ਮਾਰਗ ਹੋਣਾ ਚਾਹੀਦਾ ਸੀ ਪਰ ਉਸ ਨੂੰ ਸੁਰੱਖਿਅਤਾ ਦੇ ਨਾਂਅ ਥੱਲੇ ਬੰਦ ਕਰ ਦਿੱਤਾ ਗਿਆ ਸੀ।
ਇਹ ਪਹਿਲੀ ਵਾਰ ਹੋਇਆ ਸੀ ਕਿ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਸਬੰਧੀ ਕਈ ਆਧਾਰ-ਰਹਿਤ ਭਰਮ-ਭੁਲੇਖੇ ਉੱਭਰ ਕੇ ਸਾਹਮਣੇ ਆਏ। ਬੇਰ ਸਾਹਿਬ ਨੂੰ ਐਤਕਾਂ ਪਹਿਲੀ ਵਾਰੀ ਖਰਬੂਜ਼ੇ ਸ਼ਾਹ ਨਾਲ ਜੋੜ ਕੇ ਬਾਬੇ ਨੂੰ ਕਰਾਮਾਤੀ ਬਾਬਾ ਸਾਬਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ। ਜਹਾਂਗੀਰੀ ਪੁਲ ਨੂੰ ਗੁਰੂ ਜੀ ਦੇ ਸਮੇਂ ਦਾ ਇਤਿਹਾਸਕ ਪੁਲ ਦੱਸਿਆ ਜਾ ਰਿਹਾ ਸੀ। ਸੰਤ ਘਾਟ ਬਾਰੇ ਮੁੱਦਤਾਂ ਤੋਂ ਚੱਲੀ ਆ ਰਹੀ ਸਿੱਖ ਰਵਾਇਤ ਨੂੰ ਉਲਟਾ-ਪੁਲਟਾ ਕੀਤਾ ਜਾ ਰਿਹਾ ਸੀ। ਬੇਬੇ ਨਾਨਕੀ ਦੇ ਗ੍ਰਹਿ-ਅਸਥਾਨ ਉੱਤੇ ਨਵ-ਨਿਰਮਾਣਿਤ ਗੁਰਦੁਆਰੇ ਨੂੰ ਬੇਬੇ ਨਾਨਕੀ ਦਾ ਘਰ ਕਿਹਾ ਜਾ ਰਿਹਾ ਸੀ। ਹਦੀਰੇ ਦੀ ਇਤਿਹਾਸਕ ਇਮਾਰਤ ਨੂੰ ਪਲਸਤਰ ਥੱਲੇ ਦਫ਼ਨ ਕਰ ਕੇ ਉਸ ਨੂੰ ਗੁਰੂ ਜੀ ਦੇ ਸਮੇਂ ਦਾ ਮਕਬਰਾ ਦੱਸਿਆ ਜਾ ਰਿਹਾ ਸੀ।
ਦੂਜੇ ਪਾਸੇ, ਸੁਚੇਤ ਸੰਗਤਾਂ ਵਾਰ-ਵਾਰ ਸੁਆਲ ਉਠਾ ਰਹੀਆਂ ਸਨ ਕਿ ਧਾਰਮਿਕਤਾ ਵਿਚ ਸਿਆਸਤ ਏਨਾ ਜ਼ੋਰ ਕਿਉਂ ਪਕੜ ਰਹੀ ਸੀ? ਦੇਸ਼ ਦੇ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਜਾਂ ਹੋਰ ਇਸ ਤਰ੍ਹਾਂ ਦੇ ਅਹੁਦਿਆਂ 'ਤੇ ਸੁਭਾਇਮਾਨ ਜਾਂ ਸੁਭਾਇਮਾਨ ਰਹਿ ਚੁੱਕੇ ਪ੍ਰਮੁੱਖ ਵਿਅਕਤੀ ਕੀ ਆਮ ਸ਼ਰਧਾਵਾਨਾਂ ਦੀ ਤਰ੍ਹਾਂ ਮੱਥਾ ਟੇਕਣ ਨਹੀਂ ਸਨ ਆ ਸਕਦੇ? ਕੀ ਉਨ੍ਹਾਂ ਦੇ ਬੋਲਣ ਲਈ ਗੁਰੂ-ਘਰ ਦੀਆਂ ਗੋਲਕਾਂ ਜਾਂ ਖਜ਼ਾਨਿਆਂ ਵਿਚੋਂ ਪੰਜਾਬ ਵਰਗੇ ਗਰੀਬ ਸੂਬੇ ਲਈ ਕਰੋੜਾਂ ਰੁਪਏ ਖਰਚ ਕਰਨੇ ਜ਼ਰੂਰੀ ਸਨ? ਕੀ ਉਨ੍ਹਾਂ ਦੇ ਬੋਲ ਰੇਡੀਓ/ਟੀ.ਵੀ. ਰਾਹੀਂ ਨਹੀਂ ਸਨ ਪ੍ਰਸਾਰਤ ਕੀਤੇ ਜਾ ਸਕਦੇ?
ਆਤਮ-ਚਿੰਤਨ ਦੇ ਇਹ ਸੁਆਲ ਇਕ ਚੰਗਾ ਰੁਝਾਨ ਕਿਹਾ ਜਾ ਸਕਦਾ ਹੈ। ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਧਰਮ ਧਰਮ ਹੁੰਦਾ ਹੈ, ਸਿਆਸਤ ਸਿਆਸਤ ਹੁੰਦੀ ਹੈ।


-ਨਡਾਲਾ (ਕਪੂਰਥਲਾ)। ਮੋਬਾ: 97798-53245


ਖ਼ਬਰ ਸ਼ੇਅਰ ਕਰੋ

ਹੁਸ਼ਿਆਰ ਨਗਰ ਦਾ ਥੇਹ

ਖੰਡਰਾਂ 'ਚ ਬਦਲ ਚੁੱਕਾ ਘੁੱਗ ਵਸਦਾ ਸ਼ਹਿਰ

ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਹੁਸ਼ਿਆਰ ਨਗਰ ਜਦੋਂ ਮੈਂ ਗਿਆ ਤਾਂ ਪਿੰਡ ਦੇ ਬਜ਼ੁਰਗਾਂ-ਸਿਆਣਿਆਂ ਤੋਂ ਪ੍ਰਚੱਲਿਤ ਮਿੱਥਾਂ ਇਕੱਠੀਆਂ ਕਰਨ ਤੋਂ ਇਲਾਵਾ ਹੁਸ਼ਿਆਰ ਨਗਰ ਦੀਆਂ ਜੂਹਾਂ ਵਿਚ ਬਿਖਰੇ ਬਚੇ-ਖੁਚੇ ਖੰਡਰਾਂ ਨੂੰ ਬਹੁਤ ਧਿਆਨ ਨਾਲ ਵੇਖਣ ਦਾ ਯਤਨ ਕੀਤਾ। ਪੁਰਾਤਤਵ ਇਤਿਹਾਸ ਦੇ ਅਧਿਐਨ ਲਈ ਮੇਰਾ ਜ਼ਰੀਆ ਅਨੇਕ ਵਾਰ ਮਿੱਥਾਂ ਰਹੀਆਂ ਹਨ। ਮਿੱਥਾਂ ਅਤੇ ਸਮਾਜਿਕ ਰਾਜਨੀਤਕ ਇਤਿਹਾਸ ਨਾਲ ਰਾਬਤਾ ਕਾਇਮ ਕੀਤੇ ਬਗੈਰ ਪ੍ਰਾਚੀਨ ਇਤਿਹਾਸ ਦੀ ਜਾਣਕਾਰੀ ਸੰਭਵ ਨਹੀਂ। ਪਿੰਡ ਦੇ ਬਾਹਰਵਾਰ ਤਕਰੀਬਨ ਇਕ ਕਿਲੋਮੀਟਰ ਦੀ ਵਿੱਥ 'ਤੇ ਕਈ ਏਕੜ ਵਿਚ ਫੈਲਿਆ ਪੁਰਾਣੀਆਂ ਇੱਟਾਂ ਦਾ ਵਿਸ਼ਾਲ ਤਲਾਬ ਹੈ। ਤਕਰੀਬਨ 600 ਮੀਟਰ ਦੀ ਦੂਰੀ 'ਤੇ ਬੇਹੱਦ ਵੀਰਾਨ ਪਈ ਇਕ ਮਸਜਿਦ ਹੈ, ਜਿਸ ਤੱਕ ਪਹੁੰਚਣ ਲਈ ਹੁਣ ਕੋਈ ਰਾਹ ਨਹੀਂ, ਸਗੋਂ ਜ਼ਿਆਦਾ ਢਹਿ ਚੁੱਕੀ ਸੁੰਨਸਾਨ ਪਈ ਮਸੀਤ ਦੇ ਦੁਆਲੇ ਕਈ ਤਰ੍ਹਾਂ ਦੀਆਂ ਜੰਗਲੀ ਬੂਟੀਆਂ ਅਤੇ ਘਾਹ ਏਨਾ ਉੱਚਾ ਹੈ ਕਿ ਅੱਗੇ ਕਦਮ ਰੱਖਣ ਤੋਂ ਡਰ ਲਗਦਾ ਹੈ। ਇਸੇ ਜਗ੍ਹਾ ਦੇ ਨੇੜੇ ਪ੍ਰਾਚੀਨ ਇੱਟਾਂ ਦਾ ਇਕ ਥੜ੍ਹਾ ਹੈ, ਜੋ ਕਿਸੇ ਪ੍ਰਾਚੀਨ ਸਮੇਂ 'ਚ ਹੋਏ ਕਿਸੇ ਪੀਰ-ਫ਼ਕੀਰ ਦਾ ਹੁਜਰਾ ਹੈ। ਪਰ ਕਦੀ ਘੁੱਗ ਵਸਦੇ ਸ਼ਹਿਰ ਦੀਆਂ ਹੋਰ ਇਮਾਰਤਾਂ ਦਾ ਵਜੂਦ ਹੁਣ ਖਤਮ ਹੋ ਚੁੱਕਾ ਹੈ। ਬਹੁਤ ਸਾਰੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਕਾਫੀ ਪ੍ਰਾਚੀਨ ਇਮਾਰਤਾਂ ਦਾ ਵਜੂਦ 1947 ਦੀ ਵੰਡ ਤੋਂ ਬਾਅਦ ਕਾਇਮ ਸੀ ਪਰ ਵੇਖਦਿਆਂ-ਵੇਖਦਿਆਂ ਥੇਹ ਬਣ ਚੁੱਕੇ ਇਸ ਸ਼ਹਿਰ ਦੀਆਂ ਖੰਡਰ ਇਮਾਰਤਾਂ ਦਾ ਵਜੂਦ ਵੀ ਮਿੱਟੀ 'ਚ ਮਿਲ ਗਿਆ।
ਹੁਸ਼ਿਆਰ ਨਗਰ ਦਾ ਥੇਹ ਕਾਫੀ ਵੱਡਾ ਅਤੇ ਵਿਸ਼ਾਲ ਸੀ। ਰਮਾਇਣ ਕਾਲ ਨਾਲ ਸਬੰਧਿਤ ਇਕ ਮਿੱਥ ਵੀ ਇਸ ਜਗ੍ਹਾ ਨਾਲ ਸਬੰਧਿਤ ਹੈ। ਇਕ ਮਿੱਥ ਦੇ ਅਨੁਸਾਰ ਸ੍ਰੀ ਰਾਮ ਚੰਦਰ ਵਲੋਂ ਤਿਆਗੇ ਜਾਣ ਤੋਂ ਬਾਅਦ ਮਾਤਾ ਸੀਤਾ ਕੁਝ ਸਮਾਂ ਇੱਥੇ ਕੁਟੀਆ ਬਣਾ ਕੇ ਰਹੀ ਅਤੇ ਫਿਰ ਇਕ ਨਦੀ ਦੇ ਨਾਲ-ਨਾਲ ਤੁਰਦੀ ਮਹਾਂਰਿਸ਼ੀ ਬਾਲਮੀਕ ਦੇ ਆਸ਼ਰਮ (ਅੱਜਕਲ੍ਹ ਰਾਮਤੀਰਥ) ਵਿਖੇ ਪਹੁੰਚ ਗਈ। ਇਸੇ ਕਰਕੇ ਇਸ ਨੂੰ ਸੀਤਾਲਾਣੀ (ਅੱਜਕਲ੍ਹ ਸਤਲਾਣੀ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇੱਥੇ ਮਾਤਾ ਸੀਤਾ ਦੀ ਯਾਦ ਵਿਚ ਇਕ ਜਗ੍ਹਾ ਮੌਜੂਦ ਸੀ।
ਇਨ੍ਹਾਂ ਮਿਲਦੀਆਂ ਮਿੱਥਾਂ ਨਾਲ ਸਾਂਝ ਵਧਾਉਂਦਿਆਂ ਇਹੀ ਭਿਣਕ ਮਿਲਦੀ ਹੈ ਕਿ ਇਹ ਮੁਸਲਿਮ ਅਬਾਦੀ ਵਾਲਾ ਨਗਰ ਸੀ। ਭਾਰਤ ਵਿਚ ਮਜ਼ਬੂਤ ਲੋਧੀ ਵੰਸ਼ ਦੇ ਸ਼ਾਸਨ ਦੀ ਨੀਂਹ ਰੱਖਣ ਵਾਲਾ ਬਹਿਲੌਲ ਖਾਂ ਲੋਧੀ 15ਵੀਂ ਸ਼ਤਾਬਦੀ 'ਚ ਬਾਦਸ਼ਾਹ ਮੁਹੰਮਦ ਸ਼ਾਹ ਦੇ ਸਮੇਂ ਲਾਹੌਰ ਦਾ ਤਾਕਤਵਰ ਗਵਰਨਰ ਸੀ। ਬਹਿਲੌਲ ਖਾਂ ਨੇ ਵੀ ਲਾਹੌਰ ਦੇ ਆਲੇ-ਦੁਆਲੇ ਮੁਸਲਿਮ ਜਗੀਰਦਾਰਾਂ ਨੂੰ ਜਗੀਰਾਂ ਦੇ ਕੇ ਕਈ ਬਸਤੀਆਂ ਵਸਾਈਆਂ। ਜਹਾਂਗੀਰ ਨੇ 16ਵੀਂ ਸ਼ਤਾਬਦੀ 'ਚ ਲਾਹੌਰ ਤੋਂ ਪੂਰੇ ਭਾਰਤ ਉੱਪਰ ਹਕੂਮਤ ਕੀਤੀ। ਜਹਾਂਗੀਰ ਨੇ ਲਾਹੌਰ 'ਚ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦੀ ਉਸਾਰੀ ਅਤੇ ਆਪਣੀਆਂ ਫ਼ੌਜਾਂ ਵਾਸਤੇ ਵਿਸ਼ਾਲ ਛਾਉਣੀਆਂ ਤਾਮੀਰ ਕਰਵਾਈਆਂ। ਹੁਸ਼ਿਆਰ ਨਗਰ ਵਾਲਾ ਵਿਸ਼ਾਲ ਤਲਾਬ ਵੀ ਵਿਸ਼ਾਲ ਫ਼ੌਜ ਦੀ ਪਾਣੀ ਦੀ ਜ਼ਰੂਰਤ ਪੂਰੀ ਕਰਨ ਲਈ ਇਸ ਸਮੇਂ ਹੀ ਬਣਾਇਆ ਗਿਆ।
ਬਜ਼ੁਰਗਾਂ ਦੇ ਦੱਸਣ ਮੁਤਾਬਿਕ ਇੱਥੇ ਪ੍ਰਾਚੀਨ ਸਮੇਂ 'ਚ ਬਹੁਤ ਸਾਰੇ ਕੋਹਲੂ ਚਲਦੇ ਹੁੰਦੇ ਸਨ ਅਤੇ ਮਿੱਟੀ ਦੀ ਪਕਿਆਈ ਕਰਕੇ ਬਣਾਈ ਇਕ ਅੰਡਰ ਗਰਾਊਂਡ ਪਾਈਪਲਾਈਨ ਹੁਸ਼ਿਆਰ ਨਗਰ ਤੋਂ ਲਾਹੌਰ ਤੱਕ ਜਾਂਦੀ ਸੀ, ਜਿਸ ਰਾਹੀਂ ਸਰ੍ਹੋਂ ਦਾ ਤੇਲ ਲਾਹੌਰ ਤੱਕ ਸਪਲਾਈ ਹੁੰਦਾ ਸੀ। ਹੋ ਸਕਦਾ ਹੈ ਕਿ ਇਹ ਵਿਸ਼ਾਲ ਰਾਜਸ਼ਾਹੀ ਅਤੇ ਫ਼ੌਜੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੋਵੇ।
ਮੁਗਲ ਹਕੂਮਤ ਦੇ ਵਿਰੁੱਧ ਦੱਖਣ ਦੀਆਂ ਹਿੰਦੂ ਰਿਆਸਤਾਂ ਬੀਜਾਪੁਰ, ਗੋਲਕੁੰਡਾ, ਜੌਨਾਪੁਰ ਆਦਿ ਨੇ ਬਗ਼ਾਵਤ ਕਰ ਦਿੱਤੀ ਤਾਂ ਜਹਾਂਗੀਰ ਨੇ ਵਿਸ਼ਾਲ ਫ਼ੌਜ ਆਪਣੇ ਸ਼ਹਿਜਾਦੇ ਖੁਸਰੋ ਦੀ ਅਗਵਾਈ ਵਿਚ ਇਸ ਬਗ਼ਾਵਤ ਨੂੰ ਦਬਾਉਣ ਲਈ ਭੇਜੀ। ਸ਼ਹਿਜ਼ਾਦਾ ਖੁਸਰੋ ਨੇ ਕਮਾਲ ਦੀ ਸੂਰਬੀਰਤਾ ਵਿਖਾਉਂਦੇ ਹੋਏ ਇਸ ਬਗ਼ਾਵਤ ਨੂੰ ਤਾਂ ਦਬਾਅ ਦਿੱਤਾ ਪਰ ਉਸ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ। ਜਹਾਂਗੀਰ ਨੇ ਲਾਹੌਰ ਤੋਂ ਫ਼ੌਜੀ ਤਾਕਤ ਸਣੇ ਆਪਣੇ ਸ਼ਹਿਜ਼ਾਦੇ ਖੁਸਰੋ ਦੀ ਬਗ਼ਾਵਤ ਨੂੰ ਦਬਾਉਣ ਲਈ ਕੂਚ ਕੀਤਾ। ਦੋਵਾਂ ਵਿਚਕਾਰ ਫਤਹਿਬਾਦ ਸਤਲੁਜ ਦੇ ਕੰਢੇ ਭਿਅੰਕਰ ਯੁੱਧ ਹੋਇਆ। ਬਹੁਤੇ ਇਤਿਹਾਸਕਾਰ ਯੁੱਧ ਦਾ ਸਥਾਨ ਫਤਹਿਪੁਰ ਸੀਕਰੀ ਲਿਖਦੇ ਹਨ, ਜੋ ਬਿਲਕੁਲ ਗਲਤ ਹੈ। ਦਰਅਸਲ ਫਤਿਹਾਬਾਦ ਨਾਲ ਮਿਲਦਾ-ਜੁਲਦਾ ਹੋਣ ਕਾਰਨ ਇਤਿਹਾਸਕਾਰਾਂ ਨੇ ਫਤਹਿਪੁਰ ਸੀਕਰੀ ਨੂੰ ਯੁੱਧ ਦਾ ਸਥਾਨ ਭੁਲੇਖੇ ਕਾਰਨ ਸਮਝ ਲਿਆ।
ਸ਼ਹਿਜ਼ਾਦਾ ਖੁਸਰੋ ਦੀ ਹਾਰ ਹੋਈ ਅਤੇ ਜਹਾਂਗੀਰ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ। ਸ਼ਹਿਜ਼ਾਦਾ ਖੁਸਰੋ ਦਾ ਸਾਥ ਦੇਣ ਵਾਲੇ ਜਗੀਰਦਾਰਾਂ ਦੀਆਂ ਬਸਤੀਆਂ ਉਜਾੜ ਦਿੱਤੀਆਂ ਗਈਆਂ ਅਤੇ ਜਗੀਰਾਂ ਖੋਹ ਲਈਆਂ ਗਈਆਂ। ਡੇਰਾ ਗਾਜੀ ਖਾਂ (ਹੁਣ ਪਾਕਿਸਤਾਨ) ਤੋਂ ਇਕ ਬਲੋਚ ਹੁਸ਼ਿਆਰ ਖਾਂ ਗਾਜ਼ੀ ਵੀ ਸ਼ਹਿਜ਼ਾਦਾ ਖੁਸਰੋ ਦਾ ਸਾਥ ਦੇਣ ਵਾਲਾ ਇਸ ਬਸਤੀ ਦਾ ਹਾਕਮ ਤੇ ਜਹਾਂਗੀਰ ਦਾ ਫ਼ੌਜੀ ਜਰਨੈਲ ਸੀ, ਉਸ ਨੂੰ ਵੀ ਜਹਾਂਗੀਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਉਸ ਦਾ ਨਗਰ ਉੱਜੜ ਗਿਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਲਾਹੌਰ ਦੀ ਯਾਤਰਾ ਦੌਰਾਨ ਸੈਂਕੜੇ ਸਿੱਖਾਂ ਸਣੇ ਇਸ ਜਗ੍ਹਾ ਠਹਿਰੇ ਤਾਂ ਇੱਥੇ ਕਿਆਮ ਕਾਰਨ ਇਸ ਉੱਜੜ ਚੁੱਕੇ ਸ਼ਹਿਰ ਦਾ ਪਾਣੀ ਦਾ ਸਰੋਤ ਤਲਾਬ ਸੀ। ਇੱਥੇ ਅੰਸ਼ਕ ਰੂਪ 'ਚ ਮੁਸਲਿਮ ਆਬਾਦੀ ਮੌਜੂਦ ਸੀ ਪਰ ਨਗਰ ਦੀਆਂ ਕਈ ਇਮਾਰਤਾਂ ਖਾਲੀ ਪਈਆਂ ਸਨ। ਸੋ ਗੁਰੂ ਜੀ ਇੱਥੇ ਕਈ ਦਿਨ ਰੁਕੇ। ਗੁਰੂ ਹਰਿਗੋਬਿੰਦ ਸਾਹਿਬ ਦੇ ਅਸ਼ੀਰਵਾਦ ਨਾਲ ਮਾਲਵੇ ਤੋਂ ਆਏ ਇਕ ਬਲਾਕਾ ਨਾਂਅ ਦੇ ਸਿੱਖ ਨੇ ਇਥੇ ਨੇੜੇ ਹੀ ਪਿੰਡ ਦੀ ਨੀਂਹ ਰੱਖੀ, ਜਿਸ ਨੂੰ ਅੱਜ ਹੁਸ਼ਿਆਰ ਨਗਰ ਕਹਿੰਦੇ ਹਨ। ਇਸ ਨੂੰ ਕਦੀ ਨੌਂ ਲੱਖਾ ਸ਼ਹਿਰ ਕਹਿੰਦੇ ਸਨ, ਕਿਉਂਕਿ ਮੁਗਲਾਂ ਵੇਲੇ ਇਸ ਤਹਿਸੀਲ 'ਚੋਂ ਨੌਂ ਲੱਖ ਰੁਪਏ ਜ਼ਮੀਨੀ ਮੁਆਮਲਾ ਸਰਕਾਰੀ ਖਜ਼ਾਨੇ 'ਚ ਜਾਂਦਾ ਸੀ।
ਕਦੀ ਘੁੱਗ ਵਸਦੇ ਪਰ ਹੁਣ ਪੂਰੀ ਤਰ੍ਹਾਂ ਨਾਲ ਉੱਜੜ ਚੁੱਕੇ ਇਸ ਸ਼ਹਿਰ ਦੀਆਂ ਆਖਰੀ ਨਿਸ਼ਾਨੀਆਂ ਇਕ ਖੰਡਰ ਬਣ ਚੁੱਕੀ ਮਸੀਤ ਅਤੇ ਵਿਸ਼ਾਲ ਤਲਾਬ ਦੀ ਚਾਰਦੀਵਾਰੀ ਹੀ ਬਚੀਆਂ ਹਨ।


-ਪਿੰਡ ਤੇ ਡਾਕ: ਕੋਹਾਲੀ, ਜ਼ਿਲਾ ਅੰਮ੍ਰਿਤਸਰ। ਮੋਬਾ: 98155-34653

ਬਾਬਾ ਸੰਗਤ ਸਿੰਘ ਦੀ ਲਾਸਾਨੀ ਸ਼ਹਾਦਤ

ਸਿੱਖ ਪੰਥ ਦੇ ਸਾਢੇ ਪੰਜ ਸੌ ਸਾਲਾ ਇਤਿਹਾਸ ਵਿਚ ਭਾਈ ਸੰਗਤ ਸਿੰਘ ਹੀ ਇਕੋ-ਇਕ ਵਡਭਾਗਾ ਸਿੰਘ ਹੋਇਆ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਕਲਗੀ ਆਪਣੇ ਸਿਰ 'ਤੇ ਸਜਾਉਣ ਦਾ ਸੁਭਾਗ ਪ੍ਰਾਪਤ ਹੋਇਆ। ਚਮਕੌਰ ਦੀ ਜੰਗ ਸਿੱਖ ਸੂਰਬੀਰਤਾ ਦੀ ਇਕ ਅਨੋਖੀ ਮਿਸਾਲ ਹੈ, ਜਿਸ ਵਿਚ ਦਸਮ ਪਾਤਸ਼ਾਹ ਦੇ 40 ਸਿੰਘਾਂ ਨੇ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀ ਅਣਗਿਣਤ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਮੁਗ਼ਲ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ 10-10 ਮੀਲ ਤੱਕ ਕਈ ਪਰਤਾਂ ਵਿਚ ਘੇਰਾ ਪਾਇਆ ਹੋਇਆ ਸੀ। 'ਗੁਰ ਬਿਲਾਸ' ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ ਕਿ ਬੇਸ਼ੁਮਾਰ ਮੁਗ਼ਲ ਫ਼ੌਜਾਂ ਦੇ ਦੂਰ-ਦੂਰ ਤੱਕ ਪਏ ਘੇਰੇ ਵਿਚ ਚਮਕੌਰ ਦੀ ਕੱਚੀ ਗੜ੍ਹੀ ਇੰਜ ਦਿਖਾਈ ਦਿੰਦੀ ਸੀ ਜਿਵੇਂ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ ਵਿਚ ਇਕ ਛੋਟਾ ਜਿਹਾ ਜਹਾਜ਼ ਤੈਰ ਰਿਹਾ ਹੋਵੇ-
ਘੇਰਾ ਪਰਯੋ ਸਭਨ ਕੋ ਆਈ।
ਸਾਗਰ ਜਯੋਂ ਦਲ ਚਹੁੰ ਦਿਸ ਛਾਈ।
ਮਧਿ ਜਹਾਜ ਮਨੋ ਚਮਕੌਰ।
ਪ੍ਰਗਟ ਨੀਰ ਜਯੋਂ ਦਲ ਚਹੁੰ ਓਰ।
-ਅਧਿ: ਇੱਕੀਵਾਂ
ਔਰੰਗਜ਼ੇਬ ਦੀਆਂ ਸਿਆਹ-ਪੋਸ਼ ਫ਼ੌਜਾਂ ਦੇ ਜਮਘਟੇ ਨੂੰ ਵੇਖ ਕੇ ਦਸਮ ਪਾਤਸ਼ਾਹ ਦੇ ਸੂਰਮਿਆਂ ਨੇ ਆਪਣੀ ਥੋੜ੍ਹੀ ਗਿਣਤੀ ਦਾ ਕੋਈ ਡਰ ਜਾਂ ਫ਼ਿਕਰ ਮਹਿਸੂਸ ਨਹੀਂ ਕੀਤਾ। ਆਪਣੇ ਗੁਰੂ ਦਾ 'ਸਵਾ ਲਾਖ ਸੇ ਏਕ ਲੜਾਊਂ' ਦਾ ਬਚਨ ਸਹੀ ਸਿੱਧ ਕਰਨ ਲਈ ਉਹ 5-5 ਦੇ ਜਥੇ ਬਣਾ ਕੇ ਵੈਰੀ ਦਲ 'ਤੇ ਟੁੱਟ ਪਏ। 'ਜ਼ਫ਼ਰਨਾਮੇ' ਵਿਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਜਦੋਂ ਦਿਨ ਦਾ ਬਾਦਸ਼ਾਹ ਸੂਰਜ ਡੁੱਬ ਗਿਆ ਅਤੇ ਰਾਤ ਦਾ ਰਾਜਾ ਚੰਦਰਮਾ ਆਸਮਾਨ 'ਤੇ ਆ ਚਮਕਿਆ ਤਾਂ ਜੰਗ ਬੰਦ ਹੋ ਗਈ-
ਚਰਾਗੇ ਜਹਾਂ ਚੂੰ ਸ਼ੁਦਹ ਬੁਰਕਾਪੋਸ਼।
ਸ਼ਹੇ ਸ਼ਬ ਬਰਾਮਦ ਹਮਹ ਜਲਵਾ ਜੋਸ਼। 42।
ਦਿਨ ਭਰ ਦੀ ਲੜਾਈ ਵਿਚ 30 ਕੁ ਸਿੰਘ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚ ਦਸਮ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਸ਼ਾਮਿਲ ਸਨ। ਪੰਜ ਸਿੰਘਾਂ ਦੇ ਗੁਰਮਤੇ ਅਨੁਸਾਰ ਅਗਲੇ ਦਿਨ ਦੀ ਵਿਉਂਤ ਇੰਜ ਬਣੀ ਕਿ ਗੁਰੂ ਗੋਬਿੰਦ ਸਿੰਘ ਜੀ, ਤਿੰਨ ਸਿੰਘਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਗੜ੍ਹੀ ਵਿਚੋਂ ਚਲੇ ਜਾਣਗੇ ਅਤੇ ਗੜ੍ਹੀ ਵਿਚ ਬਾਕੀ ਬਚਦੇ ਸਿੰਘ ਭਾਈ ਸੰਗਤ ਸਿੰਘ ਦੀ ਕਮਾਨ ਹੇਠ ਮੁਗ਼ਲ ਫ਼ੌਜ ਨਾਲ ਜੂਝਣਗੇ। ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਵਿੱਤਰ ਕਲਗੀ ਭਾਈ ਸੰਗਤ ਸਿੰਘ ਦੇ ਸਿਰ 'ਤੇ ਸਜਾ ਦਿੱਤੀ ਅਤੇ ਆਪਣੇ ਸ਼ਸਤਰ-ਵਸਤਰ ਵੀ ਭਾਈ ਸੰਗਤ ਸਿੰਘ ਨੂੰ ਪਹਿਨਾ ਕੇ ਹੁਕਮ ਦਿੱਤਾ ਕਿ ਤੁਸੀਂ ਗੜ੍ਹੀ ਵਿਚ ਮੇਰੇ ਸਥਾਨ 'ਤੇ ਬੈਠ ਕੇ ਵੈਰੀਆਂ ਦਾ ਮੁਕਾਬਲਾ ਕਰਨਾ, ਪਿੱਠ ਨਹੀਂ ਦਿਖਾਉਣੀ ਅਤੇ ਸਾਹਵੇਂ ਮੱਥੇ ਜੂਝ ਕੇ ਸ਼ਹੀਦੀ ਪਾਉਣੀ। ਭਾਈ ਸੰਗਤ ਸਿੰਘ ਨੇ ਦਸਮੇਸ਼ ਪਿਤਾ ਦੇ ਹੁਕਮ ਅਨੁਸਾਰ, ਉਨ੍ਹਾਂ ਦੀ ਮਹਾਨ ਕਲਗੀ ਅਤੇ ਬਾਣੇ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਏ ਮੈਦਾਨੇ-ਜੰਗ ਵਿਚ ਜੂਝ ਕੇ ਸ਼ਹੀਦੀ ਪਾਈ। ਭਾਈ ਸੁੱਖਾ ਸਿੰਘ ਲਿਖਦੇ ਹਨ-ਭਾਈ ਸੰਗਤ ਸਿੰਘ ਨੇ ਆਪਣੇ ਸਵਾਮੀ ਦੀ ਖ਼ਾਤਰ ਆਪਣਾ ਸੀਸ ਕੁਰਬਾਨ ਕਰ ਕੇ ਸ਼ਹੀਦੀ ਦਾ ਉੱਚਾ ਪਦ ਹਾਸਲ ਕੀਤਾ-
ਸਵਾਮੀ ਸੁ ਕਾਰਨ ਧੀਸ ਦਯੋ ਤਿਨ
ਊਚ ਲਿਯੋ ਗ੍ਰਹਿ ਅਚੁੱਤ ਜਾਨੀ।
-ਗੁਰ ਬਿਲਾਸ, ਅਧਿ: ਇੱਕੀਵਾਂ
ਭਾਈ ਕੋਇਰ ਸਿੰਘ ਵੀ 'ਗੁਰ ਬਿਲਾਸ ਪਾਤਸ਼ਾਹੀ ਦਸ' ਵਿਚ ਭਾਈ ਸੰਗਤ ਸਿੰਘ ਨੂੰ ਕਲਗੀ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹਨ-
ਜੋਤ ਦਈ ਤਿਹ ਕੋ ਅਪਨੀ ਪੁਨਿ
ਦੀ ਕਲਗੀ ਔ ਜਿਗਾ ਸੁਖਦਾਨੀ।
ਸੰਗਤ ਸਿੰਘ ਹੈ ਨਾਮ ਜਿਸੈ ਕਛੁ
ਤਾ ਬਪੁ ਹੈ ਕਰਿ ਸ੍ਰੀ ਗੁਰ ਸਾਨੀ। 29।
-ਅਧਿ: ਸੋਲ੍ਹਵਾਂ
ਗੁਲਾਮ ਮੁਹੱਈ-ਉ-ਦੀਨ ਬੂਟੇ ਸ਼ਾਹ ਫ਼ਾਰਸੀ ਵਿਚ ਲਿਖੀ ਆਪਣੀ ਪੁਸਤਕ 'ਤਵਾਰੀਖ-ਏ-ਪੰਜਾਬ' ਵਿਚ ਭਾਈ ਸੰਗਤ ਸਿੰਘ ਬਾਰੇ ਇੰਜ ਲਿਖਦੇ ਹਨ, 'ਗੁਰੂ ਜੀ, ਸੰਗਤ ਸਿੰਘ ਨਾਮੀ ਇਕ ਸਿੱਖ ਨੂੰ ਜਿਸ ਦਾ ਮੂੰਹ-ਮੁਹਾਂਦਰਾ ਪੂਰੀ ਤਰ੍ਹਾਂ ਗੁਰੂ ਜੀ ਨਾਲ ਮਿਲਦਾ ਸੀ, ਨਿੱਜੀ ਲਿਬਾਸ ਤੇ ਸ਼ਸਤਰ ਪਹਿਨਾ ਕੇ, ਆਪੂੰ ਰਾਤ ਦੇ ਹਨੇਰੇ ਵਿਚ ਗੜ੍ਹੀ ਤੋਂ ਬਾਹਰ ਨਿਕਲ ਆਏ।'
ਬਾਬਾ ਸੰਗਤ ਸਿੰਘ ਦੀ ਯਾਦ ਵਿਚ ਬਣੀਆਂ ਕੁਝ ਜਥੇਬੰਦੀਆਂ ਨੇ ਉੱਦਮ ਕਰ ਕੇ 16 ਨਵੰਬਰ, 2003 ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਚ ਬਾਬਾ ਸੰਗਤ ਸਿੰਘ ਦਾ ਸ਼ਹੀਦੀ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਗਿ: ਤਰਲੋਚਨ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿ: ਬਲਵੰਤ ਸਿੰਘ ਨੰਦਗੜ੍ਹ ਸ਼ਾਮਲ ਹੋਏ। ਸਮੂਹ ਜਥੇਦਾਰ ਸਾਹਿਬਾਨ ਨੇ ਬਾਬਾ ਸੰਗਤ ਸਿੰਘ ਨੂੰ ਕਲਗੀ ਦੀ ਹੋਈ ਬਖਸ਼ਿਸ਼ ਦੀ ਪ੍ਰੋੜ੍ਹਤਾ ਕੀਤੀ ਅਤੇ ਬਾਬਾ ਜੀ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਦੀਵਾਨ ਹਾਲ, ਲੰਗਰ ਹਾਲ, ਯਾਤਰੀ ਨਿਵਾਸ ਅਤੇ ਗੁਰਦੁਆਰਾ ਗੜ੍ਹੀ ਸਾਹਿਬ ਦੇ ਮੁੱਖ ਗੇਟ ਦਾ ਨਾਂਅ ਬਾਬਾ ਸੰਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ।
ਇਸੇ ਤਰ੍ਹਾਂ 3 ਅਪ੍ਰੈਲ, 2011 ਨੂੰ ਸ: ਸਰਵਣ ਸਿੰਘ ਫਿਲੌਰ ਦੇ ਉੱਦਮ ਨਾਲ ਪੰਜਾਬ ਸਰਕਾਰ ਵਲੋਂ ਗੁਰਾਇਆ (ਫਿਲੌਰ) ਵਿਖੇ ਬਾਬਾ ਸੰਗਤ ਸਿੰਘ ਦੀ ਯਾਦ ਵਿਚ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਸ: ਅਜੀਤ ਸਿੰਘ ਕੋਹਾੜ, ਸ: ਚਰਨਜੀਤ ਸਿੰਘ ਅਟਵਾਲ, ਸ: ਗੁਲਜ਼ਾਰ ਸਿੰਘ ਰਣੀਕੇ, ਸ: ਸਰਵਣ ਸਿੰਘ ਫਿਲੌਰ ਤੇ ਸ: ਸੋਹਣ ਸਿੰਘ ਠੰਡਲ ਆਦਿ ਸਮੂਹ ਮੰਤਰੀ ਸਾਹਿਬਾਨ ਨੇ ਬਾਬਾ ਸੰਗਤ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਰਾਜ ਪੱਧਰੀ ਸਮਾਗਮ ਦੇ ਨਤੀਜੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਾ ਵਿਖੇ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਸਥਾਪਿਤ ਕੀਤਾ, ਜੋ ਪਿਛਲੇ 3-4 ਸਾਲਾਂ ਤੋਂ ਬੜੀ ਸਫਲਤਾ ਨਾਲ ਚੱਲ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ 21 ਜੁਲਾਈ, 2016 ਨੂੰ ਗੁਰਦੁਆਰਾ ਕਟਾਣਾ ਸਾਹਿਬ (ਦੋਰਾਹਾ) ਵਿਖੇ ਹੋਈ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿਚ ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਸੰਗਤ ਸਿੰਘ ਦੀਆਂ ਯਾਦਗਾਰਾਂ ਬਣਾਉਣ ਦਾ ਮਤਾ ਪਾਸ ਕੀਤਾ ਹੋਇਆ ਹੈ। ਆਸ ਹੈ ਇਹ ਯਾਦਗਾਰਾਂ ਵੀ ਛੇਤੀ ਬਣ ਜਾਣਗੀਆਂ।
ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ (ਰਜਿ:) ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਦਸੰਬਰ, 2019 ਦਿਨ ਐਤਵਾਰ ਨੂੰ ਪਿੰਡ ਕੱਟਾ ਸਬੌਰ, ਨੇੜੇ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ ਵਿਖੇ ਬਾਬਾ ਸੰਗਤ ਸਿੰਘ ਦਾ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਭਰ 'ਚੋਂ ਸੰਗਤਾਂ ਪਹੁੰਚ ਰਹੀਆਂ ਹਨ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸਭਰਾਉਂ ਦੇ ਸ਼ਹੀਦ

ਇਕ ਬਿਖੜਾ, ਅਣਖ ਭਰਿਆ, ਕੁਰਬਾਨੀਆਂ ਦਾ ਪੈਂਡਾ ਤਹਿ ਕਰ ਕੇ ਦੱਰਾ ਖੈਬਰ ਤੋਂ ਲੈ ਕੇ ਗੰਗ ਦੁਆਬ ਤੱਕ ਵਿਸ਼ਾਲ ਖਾਲਸਾ ਰਾਜ ਕਾਇਮ ਹੋਇਆ। ਬੇਸ਼ੁਮਾਰ ਸ਼ਹਾਦਤਾਂ ਸਦਕਾ ਪੰਜਾਬ ਦੀ ਧਰਤੀ ਉੱਤੇ ਧਰਮ-ਨਿਰਪੱਖ, ਨਿਆਂਪਾਲਕਾ, ਭ੍ਰਾਤਰੀ ਭਾਵ ਵਾਲੇ ਮਹਾਂਨਾਇਕ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾਇਆ। ਜਿਉਂ ਹੀ ਸ਼ੇਰੇ ਪੰਜਾਬ ਨੇ ਅੱਖਾਂ ਮੀਟੀਆਂ, ਡੋਗਰਿਆਂ, ਗਦਾਰਾਂ ਅਤੇ ਚਤੁਰ ਅੰਗਰੇਜ਼ਾਂ ਨੇ ਕੁਟਲ ਨੀਤੀ ਨਾਲ ਪੰਜਾਬ ਨੂੰ ਵੀ ਗੁਲਾਮ ਹਿੰਦੁਸਤਾਨ ਨਾਲ ਜਕੜ ਲਿਆ। ਬੁੱਕਲ ਦੇ ਸੱਪਾਂ ਦੀਆਂ ਜ਼ਹਿਰੀਲੀਆਂ ਸਾਜ਼ਿਸ਼ਾਂ ਦਾ ਸਿੱਖਾਂ ਨੇ ਏਨੀ ਸਿਦਕਦਿਲੀ ਅਤੇ ਬੀਰਤਾ ਨਾਲ ਮੁਕਾਬਲਾ ਕੀਤਾ ਅਤੇ ਇਤਿਹਾਸ ਦੇ ਪੰਨਿਆਂ 'ਤੇ ਆਪਣੇ ਸੁੱਚੇ ਖੂਨ ਦੀ ਇਹੋ ਜਿਹੀ ਕਹਾਣੀ ਲਿਖੀ ਕਿ ਅੰਗਰੇਜ਼ ਵੀ ਸ਼ਰਮਸਾਰ ਹੋ ਗਏ। ਲੰਮੇ ਸਮੇਂ ਤੋਂ ਪੰਜਾਬ ਨੂੰ ਹੜੱਪਣ ਦੇ ਇੱਛਕ ਅੰਗਰੇਜ਼ਾਂ ਨੇ ਦੋ ਮੱਕਾਰ ਗਦਾਰਾਂ ਦੀ ਮਦਦ ਲਈ। ਇਸ ਕਾਲੇ ਦੌਰ ਵਿਚ ਬਹਾਦਰ ਅਤੇ ਵਿਸ਼ਾਲ ਸਿੱਖ ਫੌਜ ਦੀ ਵਾਗਡੋਰ ਮਿਸਰ ਲਾਲ ਸਿੰਘ ਵਜ਼ੀਰ ਅਤੇ ਤੇਜਾ ਸਿੰਘ ਸੈਨਾਪਤੀ ਦੇ ਹੱਥ ਵਿਚ ਸੀ। ਇਨ੍ਹਾਂ ਘਰ ਦੇ ਭੇਤੀਆਂ ਨੇ ਮੁਦਕੀ ਅਤੇ ਫਿਰੋਜ਼ਸ਼ਾਹ ਦੇ ਯੁੱਧਾਂ ਵਿਚ ਸਿੱਖ ਸੈਨਾ ਨੂੰ ਮਲੀਆਮੇਟ ਕਰਨ ਦੀ ਪੂਰੀ ਵਾਹ ਲਾਈ ਪਰ ਇਸ ਨਿਰਭੈ, ਸਿਰਲੱਥ ਯੋਧਿਆਂ ਦੀ ਕੌਮ ਨੂੰ ਨਸ਼ਟ ਕਰਨਾ ਸੌਖਾ ਨਹੀਂ ਸੀ।
ਕਪਟੀ ਵਜ਼ੀਰ ਗੁਲਾਬ ਸਿੰਘ ਜੰਮੂ ਨਾਲ ਮਿਲ ਕੇ ਇਸ ਮਕਾਰ ਟੋਲੀ ਨੇ ਅੰਗਰੇਜ਼ਾਂ ਨਾਲ ਗੁਪਤ ਸਾਜਿਸ਼ ਕੀਤੀ ਅਤੇ ਸਭਰਾਉਂ ਦੀ ਜੰਗ ਲੜਨ ਦਾ ਫੈਸਲਾ ਕੀਤਾ। ਅਣਖੀਲੇ ਬਹਾਦਰ ਸ: ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਨ ਹੇਠ 10 ਫਰਵਰੀ, 1846 ਨੂੰ ਸਭਰਾਉਂ ਦੇ ਮੈਦਾਨ ਵਿਚ ਖੂਨ ਡੋਲ੍ਹਵੀਂ ਲੜਾਈ ਹੋਈ। ਸਿੰਘਾਂ-ਸਰਦਾਰਾਂ ਨੇ ਸਿਰ-ਧੜ ਦੀ ਅਜਿਹੀ ਬਾਜ਼ੀ ਲਾਈ ਕਿ ਅੰਗਰੇਜ਼ ਜਰਨੈਲ ਵੀ ਅਸ਼-ਅਸ਼ ਕਰ ਉਠੇ। ਗੁਲਾਬ ਸਿੰਘ ਜੰਮੂ ਵਾਲੇ ਨੇ ਸਿੱਖ ਫੌਜ ਨੂੰ ਖਾਣਾ-ਦਾਣਾ ਅਤੇ ਗੋਲੀ-ਸਿੱਕਾ ਭੇਜਣਾ ਬੰਦ ਕਰ ਦਿੱਤਾ। ਲਾਲ ਸਿੰਘ ਨੇ ਗਦਾਰੀ ਕਰ ਕੇ ਖ਼ਾਲਸਾ ਫੌਜ ਦਾ ਸੰਪੂਰਨ ਵੇਰਵਾ ਅੰਗਰੇਜ਼ਾਂ ਨੂੰ ਭੇਜ ਦਿੱਤਾ। ਤੇਜਾ ਸਿੰਘ ਨੇ 9 ਫਰਵਰੀ ਨੂੰ ਸ: ਸ਼ਾਮ ਸਿੰਘ ਨੂੰ ਰਣਭੂਮੀ ਵਿਚੋਂ ਭੱਜ ਜਾਣ ਲਈ ਕਿਹਾ ਪਰ ਇਸ ਜੋਸ਼ੀਲੇ ਨਿਰਭੈ ਜੋਧੇ ਨੇ ਸਿਰ ਧੜ ਦੀ ਬਾਜ਼ੀ ਲਾਉਣ ਦੀ ਅਰਦਾਸ ਕਰ ਦਿੱਤੀ। ਇਸ ਸੂਰਮੇ ਨੇ ਅੰਗਰੇਜ਼ਾਂ ਵਿਚ ਅਜਿਹੀ ਤਰਥੱਲੀ ਮਚਾਈ ਕਿ ਦੁਸ਼ਮਣਾਂ ਵਿਚ ਤੂਫਾਨ ਆ ਗਿਆ। ਸ਼ਾਹ ਮੁਹੰਮਦ ਲਿਖਦਾ ਹੈ-
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਅੰਤ ਨੂੰ ਇਹ ਮਹਾਨ ਸਪੂਤ ਛਾਤੀ ਵਿਚ ਸੱਤ ਗੋਲੀਆਂ ਖਾ ਕੇ ਡਿੱਗ ਪਿਆ। ਉਸ ਤੋਂ ਬਾਅਦ ਸ: ਮੇਵਾ ਸਿੰਘ ਅਤੇ ਸ: ਹੁਕਮ ਸਿੰਘ ਨੇ ਫੌਜ ਦੀ ਕਮਾਨ ਸੰਭਾਲੀ ਅਤੇ ਬਹਾਦਰੀ ਨਾਲ ਜੂਝ ਕੇ ਸ਼ਹੀਦ ਹੋ ਗਏ। ਹਜ਼ਾਰਾਂ ਸਿੱਖ ਸਿਪਾਹੀ ਸਤਲੁਜ ਵਿਚ ਕੁੱਦ ਪਏ। ਗਦਾਰਾਂ ਨੇ ਪੁਲ ਤੋੜ ਦਿੱਤਾ। ਪੰਜ ਹਜ਼ਾਰ ਸਿੰਘਾਂ ਦੇ ਖੂਨ ਨਾਲ ਸਤਲੁਜ ਦਾ ਪਾਣੀ ਲਾਲ ਹੋ ਗਿਆ। ਕਿਸੇ ਵੀ ਸਿੰਘ ਨੇ ਨਾ ਹਾਰ ਮੰਨੀ, ਨਾ ਹੀ ਜਾਨ ਬਚਾਉਣ ਲਈ ਤਰਲਾ ਕੀਤਾ। ਜ਼ਹਿਰੀਲੇ ਗਦਾਰੀ ਖੰਜਰਾਂ ਨਾਲ ਅਤੇ ਵਿਸ਼ਵਾਸਘਾਤ ਨਾਲ ਸ਼ਹੀਦ ਹੋਏ ਸਿੰਘਾਂ ਨੇ ਇਹ ਸਿੱਧ ਕਰ ਦਿੱਤਾ-
ਲੋਹੇ ਤੋਂ ਸ਼ਮਸ਼ੀਰਾਂ ਬਣੀਆਂ,
ਰਾਜ ਬਣੇ ਸ਼ਮਸ਼ੀਰਾਂ ਤੋਂ,
ਸਿੰਘਾਂ ਜਿਉਣਾ ਮਰਨਾ ਸਿੱਖਿਆ,
ਦੁੱਖਾਂ ਜ਼ੁਲਮਾਂ ਪੀੜਾਂ ਤੋਂ।
ਸਬਰ ਸਿਦਕ ਤੇ ਭਾਣਾ ਮੰਨਣਾ
ਸਿੱਖਿਆ ਉੱਚ ਦੇ ਪੀਰਾਂ ਤੋਂ
ਝੁਰਮਟ ਮੋਏ ਲੋਕਾਂ ਦੇ ਪਰ ਵੱਖਰੇ ਨੇ ਇਹ ਭੀੜਾਂ ਤੋਂ।
**

ਅੰਮ੍ਰਿਤਸਰ ਦੇ ਇਤਿਹਾਸਕ ਕਿਲ੍ਹੇ ਕਿਲ੍ਹਾ ਲੋਹਗੜ੍ਹ

ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਨਾਲ-ਨਾਲ ਦੁਸ਼ਮਣ ਤੁਰਕ ਸੈਨਾ ਦੇ ਮੁਕਾਬਲੇ ਲਈ ਫ਼ੌਜੀ ਤਿਆਰੀਆਂ ਨੂੰ ਧਿਆਨ 'ਚ ਰੱਖਦਿਆਂ 1614 ਈ: 'ਚ ਕਿਲ੍ਹਾ ਲੋਹਗੜ੍ਹ ਅਤੇ 1619 ਈ: 'ਚ ਇਸ ਕਿਲ੍ਹੇ ਦੇ ਆਸ-ਪਾਸ ਪੁਰਾਣੇ ਅੰਮ੍ਰਿਤਸਰ (ਰਾਮਦਾਸਪੁਰਾ) ਦੇ ਕੁਝ ਹਿੱਸੇ 'ਚ ਪੱਕੀ ਤੇ ਉੱਚੀ ਦੀਵਾਰ ਦੀ ਉਸਾਰੀ ਕਰਵਾਈ। ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰਿਆ ਜਾਣ ਵਾਲਾ ਇਹ ਪਹਿਲਾ ਜੰਗੀ ਕਿਲ੍ਹਾ ਸੀ। ਸੰਨ 1997 'ਚ ਇਸ ਧਰੋਹਰ ਦੀ ਜਗ੍ਹਾ 'ਤੇ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਨਵੀਂ ਇਮਾਰਤ ਉਸਾਰੇ ਜਾਣ ਤੋਂ ਬਾਅਦ ਗੁਰੂ ਮਹਾਰਾਜ ਦੁਆਰਾ ਹੱਥੀਂ ਉਸਾਰੇ ਕਿਲ੍ਹੇ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਗਈਆਂ।
ਸੰਨ 1629 'ਚ ਕਿਲ੍ਹਾ ਲੋਹਗੜ੍ਹ ਦੇ ਮੁਕਾਮ 'ਤੇ ਹੀ ਤੁਰਕ ਫ਼ੌਜ ਨਾਲ ਗੁਰੂ ਜੀ ਦਾ ਬਹੁਤ ਭਾਰੀ ਯੁੱਧ ਆਰੰਭ ਹੋਇਆ। ਗੁਰੂ ਸਾਹਿਬ ਨੇ ਤੁਰਕਾਂ ਦੇ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਤੋਂ ਹੀ ਕਿਲ੍ਹੇ ਵਿਚਲੇ ਕੁਝ ਬੇਰੀਆਂ ਦੇ ਰੁੱਖਾਂ ਨੂੰ ਤੋਪਾਂ ਵਿਚ ਤਬਦੀਲ ਕਰ ਰੱਖਿਆ ਸੀ। ਉਨ੍ਹਾਂ ਨੇ ਆਪਣੀ ਫ਼ੌਜ ਨੂੰ ਉਨ੍ਹਾਂ ਬੇਰੀ ਦੇ ਰੁੱਖਾਂ 'ਚ ਕੀਤੇ ਛੇਕਾਂ ਰਾਹੀਂ ਬਰੂਦ ਭਰ ਕੇ ਤੋਪ ਵਾਂਗੂੰ ਚਲਾਉਣ ਦਾ ਹੁਕਮ ਦਿੱਤਾ। ਇਨ੍ਹਾਂ ਤੋਪਾਂ ਦੀ ਮਾਰ ਨਾਲ ਛੇਤੀ ਤੁਰਕ ਫ਼ੌਜ ਦੇ ਪੈਰ ਉੱਖੜਨ ਲੱਗੇ ਅਤੇ ਉਨ੍ਹਾਂ ਨੂੰ ਕਿਲ੍ਹੇ ਦਾ ਘੇਰਾ ਛੱਡਣ ਲਈ ਮਜਬੂਰ ਹੋਣਾ ਪਿਆ। ਬੇਰੀ ਦੇ ਰੁੱਖ ਦੀ ਲੱਕੜੀ ਦੀ ਬਣੀ ਇਕ ਤੋਪ ਅੱਜ ਵੀ ਕਿਲ੍ਹਾ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਅੰਦਰ ਸ਼ੋ-ਕੇਸ ਵਿਚ ਰੱਖੀ ਹੋਈ ਹੈ।
ਸਮੇਂ ਦੇ ਪ੍ਰਵਾਹ ਦੇ ਚੱਲਦਿਆਂ ਭਾਵੇਂ ਕਿ ਅੱਜ ਗੁਰੂ ਸਾਹਿਬ ਦੁਆਰਾ ਖੁਦ ਤਾਮੀਰ ਕਰਵਾਇਆ ਕਿਲ੍ਹਾ ਲੋਹਗੜ੍ਹ, ਇਤਿਹਾਸਕ ਦੀਵਾਰ ਅਤੇ ਉਸ ਕਾਲ ਦੀਆਂ ਹੋਰ ਗੁਰ-ਨਿਸ਼ਾਨੀਆਂ ਅਲੋਪ ਹੋ ਚੁੱਕੀਆਂ ਹਨ, ਪਰ ਕਿਲ੍ਹੇ ਦੀ ਨਿਸ਼ਾਨਦੇਹੀ ਕਰਦੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੀ ਇਮਾਰਤ ਅੱਜ ਵੀ ਸੁਭਾਇਮਾਨ ਹੈ ਅਤੇ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੀ ਹੈ।
ਕਿਲ੍ਹਾ ਰਾਮਰੌਨੀ
ਸ: ਜੱਸਾ ਸਿੰਘ ਰਾਮਗੜ੍ਹੀਆ ਨਾਲ ਸਬੰਧਿਤ ਲੁਪਤ ਹੋ ਚੁੱਕੇ ਅੰਮ੍ਰਿਤਸਰ ਦੇ ਇਤਿਹਾਸਕ ਕਿਲ੍ਹੇ ਰਾਮਰੌਨੀ ਦੀ ਨਿਸ਼ਾਨਦੇਹੀ ਕਰਦੀਆਂ ਕੁਝ ਮਹੱਤਵਪੂਰਨ ਸਮਾਧਾਂ ਤੇ ਹੋਰ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਸ: ਸੁੱਖਾ ਸਿੰਘ ਮਾੜੀ ਕੰਬੋਕੇ ਦੀ ਦਲੀਲ 'ਤੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਨ ਲਈ ਉਪਰੋਕਤ ਜੰਗੀ ਕਿਲ੍ਹਾ ਸੰਨ 1748 ਵਿਚ ਉਸਾਰ ਕੇ ਇਸ ਦਾ ਨਾਂਅ ਕਿਲ੍ਹਾ ਰਾਮ ਰੌਣੀ ਰੱਖਿਆ ਗਿਆ। ਜਦੋਂ ਇਸ ਹਵੇਲੀਨੁਮਾ ਕਿਲ੍ਹੇ ਵਿਚ ਘਿਰੇ ਸਿੰਘਾਂ ਨੂੰ ਸ: ਜੱਸਾ ਸਿੰਘ ਈਚੋਗਿਲੀਆ ਨੇ ਬਚਾਇਆ ਤਾਂ ਉਸ ਦੇ ਬਾਅਦ ਉਸ ਨੂੰ ਕਿਲ੍ਹੇ ਦਾ ਕਿਲ੍ਹੇਦਾਰ ਨਿਯੁਕਤ ਕਰਦਿਆਂ ਕਿਲ੍ਹੇ ਦਾ ਨਾਂਅ ਰਾਮਗੜ੍ਹ ਰੱਖ ਦਿੱਤਾ ਗਿਆ, ਜਿਸ ਕਾਰਨ ਉਪਰੋਕਤ ਈਚੋਗਿਲੀਆ ਸਰਦਾਰ ਵੀ ਸ: ਜੱਸਾ ਸਿੰਘ ਰਾਮਗੜ੍ਹੀਆ ਨਾਂਅ ਨਾਲ ਜਾਣਿਆ ਜਾਣ ਲੱਗਾ। ਰਾਮਗੜ੍ਹੀਆ ਮਿਸਲ ਅਤੇ ਬਾਅਦ ਵਿਚ ਕਟੜਾ ਰਾਮਗੜ੍ਹੀਆ ਆਬਾਦ ਹੋਣ 'ਤੇ ਕਿਲ੍ਹਾ ਰਾਮਗੜ੍ਹ ਵੀ ਕਟੜੇ ਦੀ ਹੱਦਬੰਦੀ ਵਿਚ ਆ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਮਹਾਨ ਕ੍ਰਾਂਤੀਕਾਰੀ ਰਹਿਬਰ ਗੁਰੂ ਨਾਨਕ

ਗੁਰੂ ਨਾਨਕ ਦੇਵ ਜੀ ਅਜਿਹੇ ਵਿਲੱਖਣ ਰਹਿਬਰ ਸਨ, ਜਿਨ੍ਹਾਂ ਦੇ ਆਗਮਨ ਸਮੇਂ ਦੁਨੀਆ ਦੇ ਇਸ ਕੋਨੇ 'ਚ ਹਾਲਾਤ ਦੇ ਮੱਦੇਨਜ਼ਰ ਆਮ ਜਨ ਸਮੂਹ ਦਾ ਮਨੋਬਲ ਸੁਦ੍ਰਿੜ੍ਹ ਕਰਨ ਦਾ ਬੀੜਾ ਚੁੱਕਿਆ। ਊਚ-ਨੀਚ, ਗਰੀਬ-ਅਮੀਰ, ਜਾਤ-ਪਾਤ ਦੇ ਅੰਤਰ ਨੂੰ ਸਹੀ ਅਰਥਾਂ 'ਚ ਜਰਅਤ ਨਾਲ ਖ਼ਤਮ ਕਰਨ ਦੇ ਸਾਰਥਿਕ ਉਪਰਾਲੇ ਵਿਅਕਤੀਗਤ ਰੂਪ ਵਿਚ ਕੀਤੇ। ਹਰ ਵੇਲੇ ਆਪਣੇ ਨਾਲ ਭਾਈ ਮਰਦਾਨੇ ਨੂੰ ਨਾਲ ਰੱਖਦਿਆਂ, ਨੀਚੀ ਜਾਤ ਦੇ ਤਰਖਾਣ ਭਾਈ ਲਾਲੋ ਦੇ ਘਰ ਸੈਦਪੁਰ ਠਹਿਰਨਾ, ਉਹਦੀ ਕੋਧਰੇ ਦੀ ਰੋਟੀ ਪ੍ਰੇਮ ਸਹਿਤ ਸਵੀਕਾਰ ਕਰਨੀ ਤੇ ਸੰਸਾਰਕ ਦਮੜਿਆਂ ਦੇ ਖੂੰਖਾਰ, ਜ਼ਾਲਮ, ਅਮੀਰ, ਮਲਕ ਭਾਗੋ ਦਾ ਨਿਉਂਤਾ ਮਹਿਜ਼ ਸਹਿਜੇ ਹੀ ਠੁਕਰਾਉਣਾ ਨਹੀਂ, ਬਲਕਿ ਪੂਰੀ ਜੁਰਅਤ ਨਾਲ ਨਿਰਣਾਇਕ ਪ੍ਰਵਚਨ ਕਰ ਕੇ ਕਿ ਭਾਈ ਲਾਲੋ ਦੀ ਹੱਕ-ਸੱਚ ਦੀ ਕਮਾਈ ਨਾਲ ਬਣਿਆ ਭੋਜਨ ਦੁੱਧ ਵਾਂਗ ਪਵਿੱਤਰ ਹੈ ਤੇ ਮਲਕ ਭਾਗੋ 'ਗਰੀਬਾਂ ਦੇ ਖੂਨ ਚੂਸ ਕੇ ਕਮਾਈ ਹੋਈ ਦੌਲਤ ਦੇ ਬਣੇ ਤੇਰੇ ਭੋਜਨ 'ਚੋਂ ਖੂਨ ਸਿੰਮ ਰਿਹਾ ਹੈ।' ਮਲਕ ਭਾਗੋ ਦਾ ਹੰਕਾਰ ਟੁੱਟਾ, ਬਾਬੇ ਨਾਨਕ ਦੇ ਚਰਨੀਂ ਡਿੱਗਾ, ਗੁਰੂ ਦਾ ਸਿੱਖ ਬਣਿਆ ਤੇ ਗ਼ਲਤ ਢੰਗ-ਤਰੀਕੇ ਵਰਤ ਕੇ ਤੇ ਦੂਜਿਆਂ ਦਾ ਮਾਲ ਹੜੱਪ ਕੇ ਮਾਇਆ ਇਕੱਤਰ ਕਰਨ ਤੋਂ ਤੌਬਾ ਕੀਤੀ। ਭਾਈ ਲਾਲੋ ਨੂੰ ਗੁਰੂ ਦੇ ਉਪਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਪ੍ਰਚਾਰਕ ਥਾਪਿਆ ਤੇ ਉਹਦਾ ਘਰ ਸੈਦਪੁਰ ਸਿੱਖੀ ਦਾ ਕੇਂਦਰ ਬਣਿਆ। ਇੰਜ ਮਿਟਾਇਆ ਬਾਬੇ ਨਾਨਕ ਨੇ ਊਚ-ਨੀਚ, ਗਰੀਬ-ਅਮੀਰ ਦਾ ਫਰਕ, ਹਿੰਦੂ-ਮੁਸਲਮਾਨ ਦੀ ਆਪਸੀ ਨਫਰਤ।
ਅਧਿਆਤਮ ਭਾਵਨਾ ਦਾ ਲੋਕਾਂ ਦੇ ਮਨਾਂ 'ਚ ਸੰਚਾਰ ਕਰਨ ਲਈ ਸਹੀ, ਸਾਰਥਿਕ ਰੱਬੀ ਸੂਝ ਬਖਸ਼ਿਸ਼ ਕਰਨ ਲਈ ਸੇਧ ਦੇਣ ਹਿਤ ਮਾਰਗ ਦਰਸ਼ਨ ਕਰਨ ਦਾ ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਨਿਵੇਕਲਾ ਤਰੀਕਾ ਸੀ। ਉਹ ਵਿਲੱਖਣ ਲੀਹਾਂ ਦੇ ਸੰਚਾਲਕ ਸਨ।
ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਜੀਵਨ ਵਿਚਰਨ ਤੇ ਜੋਤੀ ਜੋਤ ਸਮਾਉਣ ਤੱਕ ਦੀਆਂ ਸਾਖੀਆਂ ਸਮਾਜ ਵਿਚ ਪ੍ਰਚੱਲਿਤ ਹਨ। ਜਿਵੇਂ 20 ਰੁਪਏ ਨਾਲ ਵਪਾਰ ਕਰਨ ਦੀ ਬਜਾਏ ਸਾਧੂ ਜਨਾਂ ਨੂੰ ਭੋਜਨ ਛਕਾਉਣ ਵਾਲਾ ਸੱਚਾ ਸੌਦਾ ਕਰਨਾ, ਸੁਲਤਾਨਪੁਰ ਲੋਧੀ ਮੋਦੀਖਾਨੇ 'ਚ ਤੇਰਾ-ਤੇਰਾ ਤੋਲਦਿਆਂ ਅਕਾਲ ਉਸਤਤਿ 'ਚ ਲੀਨ ਹੋ, ਬੇਮਿਣਤੀ ਵੰਡੀ ਜਾਣਾ ਪਰ ਕੁਝ ਨਾ ਘਟਣਾ ਆਦਿ। ਇਹ ਦਿਖਦੀਆਂ ਕਿੰਨੀਆਂ ਸਰਲ ਗੱਲਾਂ ਹਨ ਪਰ ਬੜੀਆਂ ਅਰਥ-ਪੂਰਨ ਹਨ ਅਤੇ ਤਤਕਾਲੀਨ ਲੋਕਾਈ ਤੇ ਹਾਕਮਰਾਨ ਜਮਾਤ ਨੂੰ ਸੇਧ ਪ੍ਰਦਾਨ ਕਰਦੀਆਂ ਸਨ, ਅਨਿਆਂ ਕਰਨ ਤੋਂ ਵਰਜਦੀਆਂ ਸਨ, ਰੱਬੀ ਵਿਸ਼ਾਲ ਹਿਰਦਿਅਤਾ ਵਾਲੇ ਗੁਣਾਂ ਨੂੰ ਕਮਾਉਣ ਵਾਲਾ ਬਣਨ ਲਈ ਪ੍ਰੇਰਦੀਆਂ ਹਨ।
ਬਾਬੇ ਨਾਨਕ ਦੇ ਸਮੁੱਚੇ ਜੀਵਨ-ਕਾਲ 'ਤੇ ਨਜ਼ਰ ਮਾਰੀਏ ਤਾਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਉਹ ਨਿਵੇਕਲੇ ਕਿਸਮ ਦੇ ਬਾਲਕ, ਨਿਵੇਕਲੇ ਕਿਸਮ ਦੇ ਵਿਦਿਆਰਥੀ, ਨਿਵੇਕਲੇ ਕਿਸਮ ਦੇ ਵਪਾਰੀ, ਨਿਵੇਕਲੀ ਤਰ੍ਹਾਂ ਦੇ ਮੁਲਾਜ਼ਮ ਮੋਦੀਖਾਨੇ ਕਰਮਚਾਰੀ, ਨਿਵੇਕਲੀ ਕਿਸਮ ਦੇ ਪਤੀ/ਪਿਤਾ, ਨਿਵੇਕਲੀ ਕਿਸਮ ਦੇ ਸਮਾਜ ਸੁਧਾਰਕ, ਧਰਮ ਗੁਰੂ, ਨਿਵੇਕਲੀ ਕਿਸਮ ਦੇ ਕਵੀ ਤੇ ਸਭ ਤੋਂ ਵਿਲੱਖਣ ਤਰ੍ਹਾਂ ਦੇ ਅਜਿਹੇ ਧਰਮ ਸੰਚਾਲਕ ਸਨ, ਜਿਨ੍ਹਾਂ ਨੇ ਚਾਰ ਉਦਾਸੀਆਂ ਕਰ ਲੈਣ ਉਪਰੰਤ ਕਿਰਤ ਆਰੰਭ ਕੀਤੀ, ਸਾਧੂਆਂ ਵਾਲੇ ਵਸਤਰ/ਲਿਬਾਸ ਬਦਲ ਲਏ ਤੇ ਸੰਸਾਰੀਆਂ/ਕਿਰਤੀਆਂ ਵਾਲੇ ਵਸਤਰ ਧਾਰਨ ਕਰ ਲਏ। ਇਹ ਆਪਣੇ-ਆਪ 'ਚ ਇਕ ਅਸੀਮ ਕ੍ਰਾਂਤੀਕਾਰੀ ਫੈਸਲਾ ਸੀ। ਸਾਧੂ, ਸੰਨਿਆਸੀਆਂ, ਸਿੱਧਾਂ ਦੇ ਪਾਜ ਉਧੇੜਨ ਵਾਲਾ ਕਦਮ ਸੀ।
ਕੂੜ, ਕੁ-ਸਤਿ, ਵਹਿਮਾਂ-ਭਰਮਾਂ 'ਚ ਧਰਮ ਦੇ ਠੇਕੇਦਾਰਾਂ ਵਲੋਂ ਗੁੰਮਰਾਹ ਕੀਤੇ ਲੋਕਾਂ ਨੂੰ ਰਾਹੇ ਪਾਇਆ। ਧਰਮ ਦੇ ਠੇਕੇਦਾਰਾਂ ਨੂੰ ਬੜੀ ਜੁਰਅਤ ਨਾਲ ਸ਼ਰਮਿੰਦਾ ਕੀਤਾ। 'ਸਚਹੁ ਉਰੈ ਸਭਿ ਕੋ ਉਪਰਿ ਸਚਿ ਆਚਾਰ' ਦਾ ਉਪਦੇਸ਼ ਦਿੱਤਾ ਕਿ ਸੱਚ ਸਭ ਤੋਂ ਉੱਪਰ ਪਰ ਉਸ ਤੋਂ ਵੀ ਉੱਪਰ ਹੈ ਸੱਚ ਕਮਾਉਣਾ, ਸੱਚ ਨੂੰ ਜੀਵਨ ਜਾਚ ਬਣਾਉਣਾ। ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਅਜੋਕੇ ਹਾਲਾਤ 'ਚ ਵੀ ਕੁਲ ਸਾਰਥਿਕ ਹਨ।
ਕਰਤਾਰਪੁਰ ਬਾਬੇ ਨਾਨਕ ਨੇ ਉਦਾਸੀ ਲਿਬਾਸ ਲਾਹਿਆ ਤੇ ਕਿਰਤੀ ਬਸਤਰ ਧਾਰਨ ਕੀਤੇ। 16-17 ਵਰ੍ਹੇ ਕਿਰਤ ਕੀਤੀ। ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਹਲ ਚਲਾਇਆ। ਉਥੇ ਵੀ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਕਮਰਕਸੇ ਖੋਲ੍ਹਦਾ, ਲੰਗਰ ਪਾਣੀ ਛਕਦਾ, ਮਰਦਾਨੇ ਦੀ ਰਬਾਬ ਛਿੜਦੀ, ਬ੍ਰਹਮ ਵਿਚਾਰ ਹੁੰਦਾ, ਕੀਰਤਨ ਦਾ ਪ੍ਰਵਾਹ ਚਲਦਾ।
ਇਨਕਲਾਬ ਦੀ ਚਰਮ ਸੀਮਾ ਸੀ ਬਾਬੇ ਨਾਨਕ ਦੀ ਕਿਰਿਆਸ਼ੀਲਤਾ 'ਚ। ਉਨ੍ਹਾਂ ਨੇ ਜਿਸ ਗੱਲ ਦਾ ਉਪਦੇਸ਼ ਦਿੱਤਾ, ਜਿਹੜੀ ਸੀਰਤ ਦੀ ਸਿੱਖ ਦਿੱਤੀ, ਉਹਨੂੰ ਕਮਾਇਆ। ਸੰਸਾਰ ਸਟੇਜ 'ਤੇ ਪ੍ਰੈਕਟੀਕਲੀ ਨਿਡਰਤਾ ਨਾਲ ਨਿਭਾਇਆ। ਆਮ ਸੁਣਿਐ ਬਈ ਪਿਆਸਾ ਖੂਹ ਕੋਲ ਜਾਂਦੈ ਪਰ ਇਥੇ ਗੁਰੂ ਨਾਨਕ ਪਾਤਸ਼ਾਹ ਖੁਦ ਚੱਲ ਕੇ ਪਿਆਸੇ ਕੋਲ ਪਹੁੰਚੇ। ਦੁਨੀਆ ਦਾ ਕੋਈ ਹੋਰ ਧਾਰਮਿਕ ਰਹਿਬਰ ਨਹੀਂ, ਜਿਸ ਦੇ ਉਨ੍ਹਾਂ ਸਮਿਆਂ ਦੀਆਂ ਸਹੂਲਤਾਂ ਨਾਲ ਲੋਕਾਈ ਨੂੰ ਤਾਰਨ ਲਈ ਇੰਨੀ ਲੰਮੀ ਯਾਤਰਾ ਕੀਤੀ ਹੋਵੇ। ਸਭ ਦਿਸ਼ਾਵਾਂ 'ਚ ਗਏ ਤੇ ਵਿਸ਼ੇਸ਼ ਕਰ ਕੇ ਠਾਹ ਕਰ ਕੇ 'ਪਰਾਬਲਮ ਸਪਾਟ' 'ਤੇ ਗਏ, ਤਾਕਤਵਰ ਨੂੰ ਲਲਕਾਰਿਆ 'ਰਾਜੇ ਸ਼ੀਂਹ ਮੁਕੱਦਮ ਕੁੱਤੇ', 'ਬਾਬਰ ਜਾਬਰ' ਕਹਿਣੋ ਡਰੇ ਨਹੀਂ, ਭਾਵੇਂ ਕੈਦ ਹੋਣਾ ਪਿਆ। (ਚਲਦਾ)


-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ-141002. ਮੋਬਾ: 98155-09390

ਜਨਮ ਦਿਨ 'ਤੇ ਵਿਸ਼ੇਸ਼

ਸਿੱਖ ਇਤਿਹਾਸ ਦਾ ਸਫ਼ਲ ਚਿੱਤਰਕਾਰ ਕ੍ਰਿਪਾਲ ਸਿੰਘ ਆਰਟਿਸਟ

ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨੂੰ ਸਾਡੇ ਘਰਾਂ, ਅਜਾਇਬ-ਘਰਾਂ ਤੱਕ ਪਹੁੰਚਾਉਣ ਵਾਲਾ ਚਿੱਤਰਕਾਰ ਸ: ਕ੍ਰਿਪਾਲ ਸਿੰਘ ਇਕ ਅਜਿਹਾ ਚਿੱਤਰਕਾਰ ਸੀ, ਜਿਸ ਦੇ ਬੁਰਸ਼ ਦੀ ਛੂਹ ਨੂੰ ਅੱਜ ਵੀ ਹਰ ਉੱਭਰ ਰਿਹਾ ਚਿੱਤਰਕਾਰ ਤੇ ਕਲਾ ਪ੍ਰੇਮੀ ਸਿਰ ਝੁਕਾਉਂਦਾ ਹੈ। ਇਸ ਮਹਾਨ ਚਿੱਤਰਕਾਰ ਦਾ ਜਨਮ 10 ਦਸੰਬਰ, 1923 ਈ: ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾੜਾ ਚੈਨ ਸਿੰਘ ਵਾਲਾ ਵਿਚ ਸ: ਭਗਤ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖ ਤੋਂ ਹੋਇਆ। ਸ: ਕ੍ਰਿਪਾਲ ਸਿੰਘ ਦਾ ਬਚਪਨ ਆਮ ਪੇਂਡੂ ਬੱਚਿਆਂ ਵਾਂਗ ਹੀ ਬੀਤਿਆ।
1942 ਈ: ਵਿਚ ਇਹ ਮਿਹਨਤੀ ਨੌਜਵਾਨ ਪੜ੍ਹਾਈ ਵਿਚਕਾਰ ਛੱਡ ਕੇ ਮਿਲਟਰੀ ਅਕਾਊਂਟਸ ਡਿਪਾਰਟਮੈਂਟ ਵਿਚ ਭਰਤੀ ਹੋ ਗਿਆ। 1942 ਤੋਂ 1947 ਤੱਕ ਲਗਾਤਾਰ ਇਸੇ ਵਿਭਾਗ ਵਿਚ ਕਾਰਜਸ਼ੀਲ ਰਿਹਾ। ਕਲਾ ਪ੍ਰੇਮੀ ਹੋਣ ਕਰਕੇ ਪੜ੍ਹਾਈ ਅਤੇ ਨੌਕਰੀ ਦੌਰਾਨ ਆਪਣੇ ਘਰ ਵਿਚ ਹੀ ਵੱਖ-ਵੱਖ ਘਟਨਾਵਾਂ ਅਤੇ ਉੱਘੇ ਵਿਅਕਤੀਆਂ ਦੇ ਚਿੱਤਰ ਅਤੇ ਖਾਕੇ ਬਣਾ ਕੇ ਆਪਣੇ ਆਲੇ-ਦੁਆਲੇ ਸਮਾਜ ਵਿਚ ਵਸਦੇ ਕਲਾ ਦੇ ਪਾਰਖੂਆਂ ਤੋਂ ਭਰਪੂਰ ਪ੍ਰਸੰਸਾ ਪ੍ਰਾਪਤ ਕਰਦਾ ਰਿਹਾ। 1947 ਈ: ਵਿਚ ਦੇਸ਼ ਵੰਡਿਆ ਗਿਆ, ਸ: ਕ੍ਰਿਪਾਲ ਸਿੰਘ ਵਰਗੇ ਕਲਾ-ਪ੍ਰੇਮੀ ਦੇ ਮਨ 'ਤੇ ਗਹਿਰੀ ਸੱਟ ਵੱਜੀ। ਲਾਹੌਰ ਛੱਡ ਕੇ ਜਲੰਧਰ ਆਉਣਾ ਪਿਆ। ਸ: ਕ੍ਰਿਪਾਲ ਸਿੰਘ ਨੇ ਹੁਣ ਮਨ ਬਣਾ ਲਿਆ ਕਿ ਚਿੱਤਰਕਾਰੀ ਦੇ ਕਿੱਤੇ ਨੂੰ ਹੀ ਅਪਣਾਉਣਾ ਪਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ-ਘਰ ਦੇ ਇਤਿਹਾਸਕ ਚਿੱਤਰਾਂ ਦੀਆਂ ਸੇਵਾਵਾਂ ਲਈ ਬੁਲਾਇਆ। ਇਸ ਅਜਾਇਬ-ਘਰ ਦੀ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ। 1962 ਈ: ਵਿਚ ਸ: ਕ੍ਰਿਪਾਲ ਸਿੰਘ ਦਿੱਲੀ ਚਲੇ ਗਏ। ਉਥੇ ਗੁਰਦੁਆਰਾ ਬੰਗਲਾ ਸਾਹਿਬ ਲਈ ਅਨੇਕਾਂ ਬਹੁਮੁੱਲੇ ਚਿੱਤਰ ਬਣਾਏ। ਇਸ ਦੇ ਨਾਲ-ਨਾਲ ਸਿੱਖ ਰੈਜਮੈਂਟ ਸੈਂਟਰ ਲਈ ਵੀ ਚਿੱਤਰਕਾਰੀ ਕੀਤੀ।
ਸ: ਕ੍ਰਿਪਾਲ ਸਿੰਘ ਦੀ ਚਿੱਤਰਕਾਰੀ ਨੂੰ ਉਦੋਂ ਹੋਰ ਉਤਸ਼ਾਹ ਮਿਲਿਆ, ਜਦੋਂ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਮੈਮੋਰੀਅਲ, ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਤਿਆਰ ਕੀਤਾ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਦੀ ਵਿਰਾਸਤ ਨੂੰ ਚਿੱਤਰਿਆ। ਗੁਰਦੁਆਰਾ ਮੈਹਦੇਆਣਾ ਸਾਹਿਬ, ਜਗਰਾਉਂ ਅਤੇ ਗਦਰ ਪਾਰਟੀ ਮੈਮੋਰੀਅਲ ਮਿਊਜ਼ੀਅਮ ਲਈ ਵੀ ਉਨ੍ਹਾਂ ਬੇਸ਼ਕੀਮਤੀ ਚਿੱਤਰ ਕੌਮ ਦੀ ਝੋਲੀ ਵਿਚ ਪਾਏ।
ਹਮੇਸ਼ਾ ਕਾਲੇ ਬਸਤਰਾਂ ਨੂੰ ਧਾਰਨ ਕਰਨ ਵਾਲੇ ਸ: ਕ੍ਰਿਪਾਲ ਸਿੰਘ ਆਰਟਿਸਟ ਨੂੰ ਅਨੇਕਾਂ ਸੰਸਥਾਵਾਂ ਨੇ ਸਮੇਂ-ਸਮੇਂ ਬਹੁਤ ਸਾਰੇ ਮਾਣ-ਸਨਮਾਨ ਦਿੱਤੇ। ਪੰਜਾਬ ਆਰਟਸ ਕੌਂਸਲ ਵੱਲੋਂ ਸਰਬੋਤਮ ਚਿੱਤਰਕਾਰ ਵਜੋਂ 1981 ਈ: ਵਿਚ ਸਨਮਾਨਿਤ ਕੀਤਾ ਗਿਆ। ਆਪਣੇ ਆਖਰੀ ਸਾਹਾਂ ਤੱਕ ਇਹ ਮਹਾਨ ਚਿੱਤਰਕਾਰ ਕਲਾ ਨੂੰ ਸਮਰਪਿਤ ਹੋ ਕੇ ਜੀਵਿਆ। 26 ਅਪ੍ਰੈਲ, 1990 ਨੂੰ ਪੰਜਾਬੀ ਜੀਵਨ ਦਾ ਮਹਾਨ ਚਿਤੇਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।


bhagwansinghjohal@gmail.com

ਸ਼ਬਦ ਵਿਚਾਰ

ਮੰਨੇ ਕੀ ਗਤਿ ਕਹੀ ਨ ਜਾਇ॥ 'ਜਪੁ' ਪਉੜੀ ਬਾਹਰਵੀਂ

ਮੰਨੇ ਕੀ ਗਤਿ ਕਹੀ ਨ ਜਾਇ॥
ਜੇ ਕੋ ਕਹੈ ਪਿਛੈ ਪਛੁਤਾਇ॥
ਕਾਗਦਿ ਕਲਮ ਨ ਲਿਖਣਹਾਰੁ॥
ਮੰਨੇ ਕਾ ਬਹਿ ਕਰਨਿ ਵੀਚਾਰੁ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੨॥ (ਅੰਗ 3)
ਪਦ ਅਰਥ : ਮੰਨੇ ਕੀ-ਪਰਮਾਤਮਾ ਦੇ ਨਾਮ ਨੂੰ ਮੰਨਣ ਵਾਲੇ ਦੀ। ਗਤਿ-ਅਵਸਥਾ। ਪਿਛੈ-ਪਿੱਛੋਂ। ਪਛੁਤਾਇ-ਪਛਤਾਉਂਦਾ ਹੈ। ਕਾਗਦਿ-ਕਾਗਜ਼। ਨਿਰੰਜਨੁ-ਨਿਰ+ਅੰਜਨ, ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ।
ਇਸ ਤੋਂ ਪਹਿਲਾਂ ਚਾਰ ਪਉੜੀਆਂ (8-11) ਵਿਚ ਜਗਤ ਗੁਰੂ ਬਾਬਾ ਵਲੋਂ ਉਨ੍ਹਾਂ ਜਗਿਆਸੂਆਂ ਦੀ ਉਪਮਾ ਕੀਤੀ ਗਈ ਹੈ, ਜੋ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਦੇ ਹਨ। ਅਗਲੀਆਂ ਚਾਰ ਪਉੜੀਆਂ (12-15) ਵਿਚ ਪ੍ਰਭੂ ਦੇ ਨਾਮ ਨੂੰ ਮੰਨ ਲੈਣ ਬਾਰੇ ਸੋਝੀ ਬਖਸ਼ਿਸ਼ ਕੀਤੀ ਗਈ ਹੈ। ਜੇਕਰ ਪ੍ਰਭੂ ਦੇ ਨਾਮ ਨੂੰ ਸੁਣ ਕੇ ਉਸ ਨੂੰ ਮੰਨਿਆ ਨਹੀਂ ਤਾਂ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ। ਪਿਤਾ ਪੁੱਤਰ ਨੂੰ ਕਿਸੇ ਬੁਰੇ ਕੰਮ ਨੂੰ ਕਰਨ ਤੋਂ ਵਰਜਦਾ ਹੈ। ਪੁੱਤਰ ਨੇ ਸੁਣ ਤਾਂ ਲਿਆ ਪਰ ਉਸ ਨੂੰ ਮੰਨਿਆ ਨਹੀਂ ਭਾਵ ਉਸ 'ਤੇ ਅਮਲ ਨਹੀਂ ਕੀਤਾ, ਸੁਣਿਆ ਅਣਸੁਣਿਆ ਕਰ ਛੱਡਿਆ ਹੈ ਤਾਂ ਪਿਤਾ ਅਜਿਹੇ ਪੁੱਤਰ 'ਤੇ ਖੁਸ਼ ਕਿਵੇਂ ਹੋ ਸਕਦਾ ਹੈ? ਅਸੀਂ ਵੀ ਸਭ ਪਰਮਾਤਮਾ ਦੇ ਪੁੱਤਰ ਹਾਂ ਅਤੇ ਉਹ ਸਭਨਾਂ ਦਾ ਪਿਤਾ ਹੈ। ਪ੍ਰਭੂ ਪਿਤਾ ਤਾਂ ਹੀ ਸਾਡੇ 'ਤੇ ਖੁਸ਼ ਰਹਿ ਸਕਦਾ ਹੈ, ਜੇਕਰ ਅਸੀਂ ਉਸ ਦੇ ਕਹਿਣੇ ਵਿਚ ਰਹੀਏ, ਉਸ ਦੇ ਹੁਕਮ ਅਨੁਸਾਰ ਇਥੇ ਵਿਚਰੀਏ ਭਾਵ ਉਸ ਦੇ ਨਾਮ ਨੂੰ ਸੁਣ ਕੇ ਉਸ ਨੂੰ ਮੰਨਣਾ ਵੀ ਕਰੀਏ। ਰਾਗੁ ਸਾਰੰਗ ਕੀ ਵਾਰ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ ਕਿ ਪਰਮਾਤਮਾ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਪਵਿੱਤਰ ਹੈ, ਜੇਕਰ ਇਸ ਨੂੰ ਸੁਣ-ਸੁਣ ਕੇ ਇਸ ਵਿਚ ਲਿਵ ਨੂੰ ਟਿਕਾ ਕੇ ਮਨ ਵਿਚ ਵਸਾ ਲਈਏ ਤਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਇਸ ਗੱਲ ਦੀ ਸੋਝੀ ਕਿਸੇ ਵਿਰਲੇ ਪ੍ਰਾਣੀ ਨੂੰ ਹੀ ਹੈ-
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ॥
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ॥
(ਅੰਗ 1239)
ਨਿਰਮਲਾ-ਨਿਰ+ਮਲ (ਮੈਲ ਤੋਂ ਰਹਿਤ), ਪਵਿੱਤਰ। ਜਨੁ ਕੋਈ-ਕੋਈ ਵਿਰਲਾ ਪ੍ਰਾਣੀ।
ਆਪ ਦੇ ਹੋਰ ਬਚਨ ਹਨ ਕਿ ਨਾਮ ਨੂੰ ਸੁਣਨ ਨਾਲ ਮਨ ਨਾਮ ਸਿਮਰਨ ਵਿਚ ਗਿੱਝ ਜਾਂਦਾ ਹੈ ਤਾਂ ਮਨ ਅੰਦਰ ਸੁਖ ਪੈਦਾ ਹੁੰਦਾ ਹੈ ਅਤੇ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਬਣਦੀ ਹੈ-
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ॥ (ਅੰਗ 1241)
ਨਾਇ-ਪਰਮਾਤਮਾ ਦਾ ਨਾਮ। ਗਤਿ-ਉੱਚੀ ਆਤਮਿਕ ਅਵਸਥਾ।
ਨਾਮ ਨੂੰ ਮੰਨਣ ਨਾਲ ਇੱਜ਼ਤ, ਵਡਿਆਈ ਮਿਲਦੀ ਹੈ ਅਤੇ ਪਰਮਾਤਮਾ ਹਿਰਦੇ ਵਿਚ ਆ ਵਸਦਾ ਹੈ-
ਨਾਇ ਮੰਨਿਐ ਪਤਿ ਪਾਈਐ
ਹਿਰਦੈ ਹਰਿ ਸੋਈ॥ (ਅੰਗ 1241)
ਪਤਿ-ਇੱਜ਼ਤ, ਵਡਿਆਈ।
ਇਥੋਂ ਤੱਕ ਕਿ ਭਵ-ਸਾਗਰ 'ਚੋਂ ਤਰ ਕੇ ਪਾਰ ਲੰਘ ਜਾਈਦਾ ਹੈ ਅਤੇ ਕਿਸੇ ਪ੍ਰਕਾਰ ਦੀ ਰਾਹ ਵਿਚ ਰੁਕਾਵਟ ਨਹੀਂ ਪੈਂਦੀ-
ਨਾਇ ਮੰਨਿਐ ਭਵਜਲੁ ਲੰਘੀਐ
ਫਿਰਿ ਬਿਘਨੁ ਨ ਹੋਈ॥ (ਅੰਗ 1241)
ਭਵਜਲੁ-ਭਵ ਸਾਗਰ, ਸੰਸਾਰ ਸਮੁੰਦਰ (ਗੁਰਬਾਣੀ ਵਿਚ ਜਗਤ ਨੂੰ ਭਵ-ਸਾਗਰ ਅਥਵਾ ਸਮੁੰਦਰ ਕਰਕੇ ਗਰਦਾਨਿਆ ਗਿਆ ਹੈ, ਜੋ ਵਿਕਾਰਾਂ ਰੂਪੀ ਲਹਿਰਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਤਰ ਕੇ ਪਾਰ ਲੰਘਣਾ ਕਠਿਨ ਹੈ)। ਬਿਘਨੁ-ਰੁਕਾਵਟ।
ਜਿਨ੍ਹਾਂ ਜਗਿਆਸੂਆਂ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਨ੍ਹਾਂ ਦੀ ਸੋਭਾ ਅਤੇ ਵਡਿਆਈ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ। ਜੋ-ਜੋ ਵੀ ਅਜਿਹੇ ਮਹਾਂਪੁਰਖਾਂ ਦੀ ਸਰਨੀ ਲਗਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਮਾਇਆ ਉਸ 'ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਰਾਗੁ ਗਉੜੀ ਕੀ ਵਾਰ ਮਹਲਾ ੫ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ-
ਤਿਨ੍ਰ ਕੀ ਸੋਭਾ ਕਿਆ ਗਣੀ
ਜਿਨੀ ਹਰਿ ਹਰਿ ਲਧਾ॥
ਸਾਧਾ ਸਰਣੀ ਜੋ ਪਵੈ ਸੁ ਛੁਟੈ ਬਧਾ॥
(ਅੰਗ 320)
ਕਿਆ ਗਣੀ-ਕੀ ਬਿਆਨ ਕਰੀਏ ਭਾਵ ਬਿਆਨ ਕੀਤੀ ਨਹੀਂ ਜਾ ਸਕਦੀ। ਲਧਾ-ਲੱਭ ਗਿਆ ਹੈ। ਹਰਿ ਲਧਾ-ਪਰਮਾਤਮਾ ਨੂੰ ਲੱਭ ਲਿਆ ਹੈ, ਪਰਮਾਤਮਾ ਨਾਲ ਮਿਲਾਪ ਹੋ ਗਿਆ ਹੈ। ਬਧਾ-ਬੰਧਨਾਂ ਤੋਂ, ਮਾਇਆ ਦੇ ਬੰਧਨਾਂ ਤੋਂ। ਛੁਟੈ ਬਧਾ-ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ, ਮੁਕਤ ਹੋ ਜਾਂਦਾ ਹੈ।
ਦੂਜੇ ਬੰਨੇ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨੁੱਖ ਮਾਇਆ ਦੇ ਲੇਖੇ ਹੀ ਲਿਖਦੇ ਰਹਿੰਦੇ ਹਨ। ਲਿਖ-ਲਿਖ ਕੇ ਅਣਗਿਣਤ ਕਾਗਜ਼ ਅਤੇ ਸਿਆਹੀ ਮੁਕਾ ਦਿੰਦੇ ਹਨ ਪਰ ਉਨ੍ਹਾਂ ਨੂੰ ਆਤਮਿਕ ਅਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਉਹ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ। ਰਾਗੁ ਮਾਝ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ॥
ਦੂਜੈ ਭਾਇ ਸੁਖੁ ਪਾਏ ਨ ਕੋਈ॥
(ਅੰਗ 123)
ਮਸੁ-ਸਿਆਹੀ। ਖੋਈ-ਮੁਕਾ ਦਿੰਦੇ ਹਨ। ਦੂਜੈ ਭਾਇ-ਇਕ ਪ੍ਰਭੂ ਨੂੰ ਛੱਡ ਕੇ ਦੂਜੀ ਮਾਇਆ ਵਿਚ ਪਿਆਰ ਪਾਉਣਾ।
ਅਜਿਹੇ ਪ੍ਰਾਣੀ ਕੂੜੀ ਨਾਸ਼ਵੰਤ ਮਾਇਆ ਦੇ ਲੇਖੇ ਹੀ ਲਿਖਦੇ ਰਹਿੰਦੇ ਹਨ, ਨਾਸਵੰਤ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ ਅਤੇ ਅੰਦਰੋ-ਅੰਦਰ ਸੜਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦਾ ਚਿੱਤ ਹਰ ਵੇਲੇ ਮਾਇਆ ਇਕੱਠੀ ਕਰਨ ਵਿਚ ਹੀ ਲੱਗਾ ਰਹਿੰਦਾ ਹੈ-
ਕੂੜੁ ਲਿਖਹਿ ਤੈ ਕੂੜੁ ਕਮਾਵਹਿ
ਜਲਿ ਜਾਵਹਿ ਕੂੜਿ ਚਿਤੁ ਲਾਵਣਿਆ॥
(ਅੰਗ 123)
ਕੂੜੁ-ਝੂਠੀ, ਨਾਸਵੰਤ। ਜਲਿ ਜਾਵਹਿ-ਸੜ ਜਾਂਦੇ ਹਨ, ਸੜਦੇ ਰਹਿੰਦੇ ਹਨ।
ਪਰ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖ ਜਨ ਪਰਮਾਤਮਾ ਦਾ ਸੱਚਾ ਨਾਮ ਹੀ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦੀ ਹੀ ਵਿਚਾਰ ਲਿਖਦੇ ਹਨ। ਅਜਿਹੇ ਗੁਰਮੁਖ ਫਿਰ ਮੋਖ ਦੁਆਰ ਨੂੰ ਪ੍ਰਾਪਤ ਹੁੰਦੇ ਹਨ ਭਾਵ ਉਹ ਦਰਗਾਹੇ ਪ੍ਰਵਾਨ ਹੋ ਜਾਂਦੇ ਹਨ-
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ॥
ਸੇ ਜਨ ਸਚੇ ਪਾਵਹਿ ਮੋਖ ਦੁਆਰੁ॥
(ਅੰਗ 123)
ਉਨ੍ਹਾਂ ਦੇ ਕਾਗਜ਼, ਕਲਮ ਅਤੇ ਲਿਖਣ ਵਾਲੀ ਦਵਾਤ ਸੱਚੇ ਹਨ, ਕਿਉਂਕਿ ਉਹ ਸੱਚੇ (ਪਰਮਾਤਮਾ) ਦੀ ਸਿਫਤ ਸਾਲਾਹ ਲਿਖ ਕੇ ਸੱਚੇ ਵਿਚ ਹੀ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ-
ਸਚੁ ਕਾਗਦੁ ਕਲਮ ਮਸਵਾਣੀ
ਸਚੁ ਲਿਖਿ ਸਚਿ ਸਮਾਵਣਿਆ॥
(ਅੰਗ 123)
ਪਉੜੀ ਦੇ ਅਖਰੀਂ ਅਰਥ : ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨਿਆ ਹੈ, ਉਸ ਦੀ ਆਤਮਿਕ ਅਵਸਥਾ ਨੂੰ ਕਥਿਆ ਨਹੀਂ ਜਾ ਸਕਦਾ। ਜੇਕਰ ਅਜਿਹੇ ਸਾਧਕ ਬਾਰੇ ਕੋਈ ਆਖਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਪਿੱਛੋਂ ਪਛਤਾਉਣਾ ਪੈਂਦਾ ਹੈ, ਕਿਉਂਕਿ ਉਸ ਦਾ ਆਖਿਆ (ਕਿਹਾ) ਕੁਝ ਅਰਥ ਨਹੀਂ ਰੱਖਦਾ। ਭਾਵੇਂ ਮਿਲ ਬੈਠ ਕੇ ਨਾਮ ਨੂੰ ਮੰਨਣ ਵਾਲੇ ਬਾਰੇ ਕਿੰਨੀ ਵੀ ਵਿਚਾਰ ਕਰ ਲਈਏ, ਕੋਈ ਕਾਗਜ਼ ਜਾਂ ਕਲਮ ਅਜਿਹੇ ਸਾਧਕ ਬਾਰੇ ਕੁਝ ਲਿਖਣ ਦੇ ਅਸਮਰੱਥ ਹੈ।
ਅੰਤਲੀਆਂ ਤੁਕਾਂ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪ੍ਰਭੂ ਦਾ ਸ੍ਰੇਸ਼ਟ ਨਾਮ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਜੋ ਵੀ ਇਸ ਵਿਚ ਮਨ ਨੂੰ ਜੋੜਦਾ ਹੈ, ਉਹ ਉੱਚੀ ਅਵਸਥਾ ਵਾਲਾ ਬਣ ਜਾਂਦਾ ਹੈ ਪਰ ਇਸ ਗੱਲ ਦੀ ਸੋਝੀ ਨਾਮ ਨੂੰ ਮੰਨਣ ਵਾਲੇ ਨੂੰ ਹੀ ਆਪਣੇ ਮਨ ਵਿਚ ਹੁੰਦੀ ਹੈ।


217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਜੇ ਜੜ੍ਹ ਸ਼ਕਤੀਸ਼ਾਲੀ ਹੈ ਤਾਂ ਵਿਚਾਰ ਸਰਬਸ਼ਕਤੀਮਾਨ ਹੁੰਦੇ ਹਨ

ਸਵਾਮੀ ਵਿਵੇਕਾਨੰਦ ਜੀ ਵਿਅਕਤੀ ਦੇ ਵਿਕਾਸ ਸਬੰਧੀ ਲਿਖਦੇ ਹਨ ਕਿ ਆਪਣੇ-ਆਪ ਨੂੰ ਆਦਰਸ਼ ਵਿਚਾਰਧਾਰਾ ਵਿਚ ਡੁਬੋ ਦਿਓ ਅਤੇ ਜੋ ਕੁਝ ਵੀ ਕਰੋ, ਹਮੇਸ਼ਾ ਉਸ ਦਾ ਚਿੰਤਨ ਕਰੋ। ਜੇ ਤੁਹਾਡੀ ਸੋਚ ਸਾਕਾਰਾਤਮਕ (ਉਸਾਰੂ) ਹੈ ਤਾਂ ਤੁਹਾਡੇ ਵਿਚਾਰ ਸਰਬ-ਸ਼ਕਤੀਮਾਨ ਹੋਣਗੇ ਅਤੇ ਤੁਹਾਡੇ ਸਾਰੇ ਕਰਮ ਬਹੁਗੁਣਿਤ, ਰੂਪਾਂਤ੍ਰਿਤ ਅਤੇ ਦੈਵੀ ਸ਼ਕਤੀ ਭਰਪੂਰ ਹੋ ਜਾਣਗੇ। ਆਪਣੇ-ਆਪ ਨੂੰ ਅਜਿਹੇ ਹੀ ਸਰਬ-ਸ਼ਕਤੀਮਾਨ ਵਿਚਾਰਾਂ ਨਾਲ ਪ੍ਰੇਰਿਤ ਕਰੋ। ਆਪਣੇ-ਆਪ ਨੂੰ ਆਪਣੀ ਸ਼ਕਤੀ, ਆਪਣੇ ਤੈਜ ਸ਼ਕਤੀ ਅਤੇ ਗੌਰਵ ਦੇ ਭਾਵ ਕਾਲ ਨਾਲ ਭਰ ਲਓ। ਕਾਸ਼! ਈਸ਼ਵਰ ਦੀ ਮਿਹਰ ਨਾਲ ਤੁਹਾਡੇ ਅੰਦਰ ਬੁਰੇ ਸੰਸਕਾਰ, ਕੁਸੰਗਤ, ਕਮਜ਼ੋਰੀ, ਨੀਚਤਾ ਦੇ ਭਾਵ ਪੈਦਾ ਨਾ ਹੋਣ ਅਤੇ ਤੁਸੀਂ ਉੱਚਤਮ ਅਤੇ ਉੱਤਮ ਸਚਾਈ ਅਤੇ ਅੱਛਾਈ ਨੂੰ ਪ੍ਰਾਪਤ ਕਰੋ ਪਰ ਸਾਨੂੰ ਇਸ ਦੁਨੀਆ ਵਿਚੋਂ ਲੰਘ ਕੇ ਜਾਣਾ ਹੈ। ਯਾਦ ਰੱਖੋ, ਜੋ ਲੋਕ ਤੁਹਾਡੇ ਪਿੱਛੇ ਆ ਰਹੇ ਹਨ ਜਾਂ ਤੁਹਾਡੇ ਤੋਂ ਬਾਅਦ ਆਉਣਗੇ, ਉਨ੍ਹਾਂ ਲਈ ਰਸਤੇ ਔਖੇ ਨਾ ਬਣਾਓ। ਘੱਟੋ-ਘੱਟ ਅਜਿਹੇ ਕਰਮ ਜ਼ਰੂਰ ਕਰੋ ਕਿ ਜਿਹੋ ਜਿਹੇ ਰਸਤਿਆਂ 'ਤੇ ਤੁਸੀਂ ਚੱਲੇ ਹੋ, ਆਉਣ ਵਾਲਿਆਂ ਲਈ ਰਸਤੇ ਉਸ ਤੋਂ ਆਸਾਨ ਹੋਣ। ਆਪਣੇ ਅੰਦਰ ਚਾਰ ਤਰ੍ਹਾਂ ਦੇ ਭਾਵ ਜ਼ਰੂਰ ਪੈਦਾ ਕਰੋ। ਸਾਰਿਆਂ ਪ੍ਰਤੀ ਮਿੱਤਰਤਾ ਦਾ ਭਾਵ ਰੱਖੋ। ਦੀਨ-ਦੁਖੀਆਂ ਅਤੇ ਲਾਚਾਰ ਲੋਕਾਂ ਪ੍ਰਤੀ ਦਇਆ ਭਾਵ ਰੱਖੋ। ਲੋਕਾਂ ਨੂੰ ਨੇਕ ਕਰਮ ਕਰਦੇ ਦੇਖ ਕੇ ਸੁਖੀ ਹੋਵੋ ਅਤੇ ਦੁਸ਼ਟਾਂ ਵੱਲ ਬਹੁਤ ਧਿਆਨ ਨਾ ਦਿਓ। ਜੋ ਵਿਸ਼ੇ ਵੀ ਤੁਹਾਡੇ ਸਾਹਮਣੇ ਆਉਣ, ਉਨ੍ਹਾਂ ਪ੍ਰਤੀ ਅਨੁਕੂਲ ਭਾਵ ਅਪਣਾਓ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਨਮ ਦਿਨ 'ਤੇ ਵਿਸ਼ੇਸ਼

ਸੰਤ ਡਾ: ਹਰਭਜਨ ਸਿੰਘ

ਕਿਰਪਾਲ ਸਾਗਰ (ਯੂਨਿਟੀ ਆਫ ਮੈਨ) ਸੰਸਥਾ ਦੀ ਇਹ ਕੜੀ ਹੈ ਜਿਸ ਦੇ ਬਾਨੀ ਡਾ: ਹਰਭਜਨ ਸਿੰਘ ਸਨ। ਆਪ ਸੰਤ ਕਿਰਪਾਲ ਸਿੰਘ ਦੇ ਅਜਿਹੇ ਸ਼ਿਸ਼ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੇ ਲੇਖੇ ਲਾ ਦਿੱਤਾ। 10 ਦਸੰਬਰ 1932 ਨੂੰ ਮਾਤਾ ਅੱਛਰ ਕੌਰ ਦੀ ਕੁੱਖੋਂ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਜਨਮੇ ਸੰਤ ਡਾ: ਹਰਭਜਨ ਸਿੰਘ ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਇਹ ਕਾਰਜ 1962 ਵਿਚ ਸੰਤ ਕਿਰਪਾਲ ਸਿੰਘ ਦੇ ਮਿਲਾਪ ਤੋਂ ਬਾਅਦ ਪੂਰਾ ਹੋਇਆ। ਸੰਤ ਕਿਰਪਾਲ ਸਿੰਘ 21 ਅਗਸਤ 1974 ਨੂੰ ਦੇਹ ਦਾ ਓਹਲਾ ਕਰ ਗਏ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਮਿਸ਼ਨ ਬਾਰੇ ਡਾ: ਹਰਭਜਨ ਸਿੰਘ ਅਤੇ ਬੀਜੀ ਸੁਰਿੰਦਰ ਕੌਰ ਨੂੰ ਦੱਸ ਦਿੱਤਾ। ਸੰਤ ਕਿਰਪਾਲ ਸਿੰਘ ਇਕ ਅਜਿਹਾ ਅਦਾਰਾ ਉਸਾਰਨਾ ਚਾਹੁੰਦੇ ਸਨ, ਜੋ ਮਨੁੱਖ ਦੀਆਂ ਅੰਦਰੂਨੀ ਅਤੇ ਬਾਹਰੀ ਸਭ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਡਾ: ਹਰਭਜਨ ਸਿੰਘ ਨੇ ਅਨੇਕਾਂ ਵਾਰ ਯੂਰਪ ਅਤੇ ਹੋਰ ਮੁਲਕਾਂ ਦੀ ਯਾਤਰਾ ਕੀਤੀ। 1993 ਨੂੰ ਉਨ੍ਹਾਂ ਨੇ ਯੂ. ਐਨ. ਓ. ਦੇ ਸੈਸ਼ਨ (1 ਜੂਨ 1993) ਨੂੰ ਸੰਬੋਧਨ ਕੀਤਾ। ਸੰਨ 1994 ਨੂੰ ਡਾ: ਹਰਭਜਨ ਸਿੰਘ ਨੇ ਕਿਰਪਾਲ ਸਾਗਰ ਵਿਖੇ ਵਿਸ਼ਵ ਮਾਨਵ ਏਕਤਾ ਕਾਨਫਰੰਸ ਕਰਵਾਈ, ਜਿਸ ਵਿਚ 42 ਮੁਲਕਾਂ ਦੇ ਡੈਲੀਗੇਟ ਪਧਾਰੇ। ਡਾ: ਹਰਭਜਨ ਸਿੰਘ ਸੰਤ ਕਿਰਪਾਲ ਸਿੰਘ ਦੇ ਯੂਨਿਟੀ ਆਫ ਮੈਨ ਦੇ ਮਿਸ਼ਨ ਨੂੰ (ਮਿਸ਼ਨ ਮਨੁੱਖੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਇਨਸਾਨ ਦੀ ਪਹਿਚਾਣ ਦਾ ਤੇ ਦੂਸਰਿਆਂ ਦੇ ਕੰਮ ਆਉਣ ਦਾ) ਚਲਾਉਂਦੇ ਰਹੇ। ਕਿਰਪਾਲ ਸਾਗਰ ਜਿਸ ਵਿਚ ਬਿਰਧ ਆਸ਼ਰਮ, ਚੈਰੀਟੇਬਲ ਹਸਪਤਾਲ, ਕਿਰਪਾਲ ਸਾਗਰ ਅਕੈਡਮੀ, ਸਭ ਧਰਮਾਂ ਦਾ ਸਾਂਝਾ ਅਸਥਾਨ ਸਰੋਵਰ, ਡੇਅਰੀ ਫਾਰਮ, ਲੰਗਰ ਘਰ ਅਤੇ ਗੈਸਟ ਹਾਊਸ ਸ਼ਾਮਿਲ ਹੈ। ਕਿਰਪਾਲ ਸਾਗਰ ਦਾ ਅਸਲ ਮੰਤਵ ਇਨਸਾਨ ਨੂੰ ਹਰ ਪੱਖੋਂ ਚੇਤੰਨ ਬਣਾਉਣ ਦਾ ਹੈ। ਕਿਸੇ ਵੀ ਇਨਸਾਨ ਨੂੰ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ, ਤਦ ਉਸ ਨੂੰ ਚੰਗੇ ਸੰਸਕਾਰ ਦਿਓ ਅਤੇ ਸਰੀਰਕ ਰੂਪ ਵਿਚ ਰਿਸ਼ਟ-ਪੁਸ਼ਟ ਰੱਖਣ ਦੀ ਜਾਚ ਦਿਓ। ਇਸ ਨਾਤੇ ਵਿਸ਼ੇਸ਼ ਰੂਪ ਵਿਚ ਵਿਚ ਕਿਰਪਾਲ ਸਾਗਰ ਵਿਖੇ ਔਰਗੈਨਿਕ ਖੇਤੀ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ ਬਿਨਾਂ ਖਾਦਾਂ ਦੇ ਸਬਜ਼ੀਆਂ ਅਤੇ ਫਸਲਾਂ ਨੂੰ ਉਗਾਇਆ ਜਾਂਦਾ ਹੈ। ਸੋ ਆਪਣੇ-ਆਪ ਨੂੰ ਜਾਨਣ ਅਤੇ ਜ਼ਿੰਦਗੀ ਦੀ ਪਹਿਚਾਣ ਲਈ ਸਾਨੂੰ ਪਰਮ ਸੰਤ ਡਾ: ਹਰਭਜਨ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸੰਮੇਲਨ ਦੇ ਰੂਪ ਵਿਚ ਅੱਜ ਉਨ੍ਹਾਂ ਦਾ ਜਨਮ ਦਿਨ ਮਾਨਵ ਏਕਤਾ ਕਿਰਪਾਲ ਸਾਗਰ ਰਾਹੋਂ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਨੇਤਾ ਪੁੱਜ ਰਹੇ ਹਨ।


-ਡਾ: ਜਸਬੀਰ ਸਿੰਘ ਚਾਵਲਾ,
ਸੈਕਟਰੀ, ਕਿਰਪਾਲ ਸਾਗਰ।

ਧਾਰਮਿਕ ਸਾਹਿਤ

ਦਾਨੀ ਭਗਤ ਸੂਰਮੇ
(ਪ੍ਰਸੰਗ, ਕਵੀਸ਼ਰੀ ਅਤੇ ਢਾਡੀ ਵਾਰਾਂ)
ਲੇਖਕ : ਲਾਭ ਸਿੰਘ ਗਾਮੀਵਾਲਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ।
ਕੀਮਤ : 150 ਰੁਪਏ, ਸਫ਼ੇ : 88
ਸੰਪਰਕ : 98158-46477


ਕਵੀਸ਼ਰੀ ਪੰਜਾਬੀ-ਕਾਵਿ ਦੀ ਉਹ ਵਿਧਾ ਹੈ, ਜੋ ਪੰਜਾਬੀਆਂ ਦੇ ਖੂਨ ਵਿਚ ਰਚੀ ਹੋਈ ਹੈ। ਹਥਲੀ ਪੁਸਤਕ ਦਾ ਲੇਖਕ ਲਾਭ ਸਿੰਘ ਗਾਮੀਵਾਲਾ ਮਾਨਸਾ ਜ਼ਿਲ੍ਹੇ ਦਾ ਉਹ ਕਵੀਸ਼ਰ ਹੈ, ਜੋ ਕਿੱਸਾਕਾਰਾਂ ਵਿਚੋਂ ਨਿਵੇਕਲੀ ਪਛਾਣ ਰੱਖਦਾ ਹੈ। ਗੀਤ ਤੇ ਕਵੀਸ਼ਰੀ ਛੰਦ ਜੋੜਨ ਦੀ ਕਲਾ ਦਾ ਉਹ ਅਜਿਹਾ ਉਸਤਾਦ ਕਵੀਸ਼ਰ ਹੈ ਕਿ ਜਿਸ ਪ੍ਰੋਗਰਾਮ ਵਿਚ ਵੀ ਉਸ ਨੇ ਜਾਣਾ ਹੋਵੇ, ਉਸੇ ਮੁਤਾਬਿਕ ਉਹ ਕਵੀਸ਼ਰੀ ਛੰਦ ਜੋੜ ਲੈਂਦਾ ਹੈ। ਅਸਲ ਵਿਚ ਕਵੀਸ਼ਰੀ ਦਾ ਵਿਚਾਰਧਾਰਕ ਪ੍ਰਬੰਧ ਉਸ ਦੀ ਧਾਰਮਿਕ ਬਿਰਤੀ ਦੀ ਉਪਜ ਹੈ। ਲੇਖਕ ਮੁਤਾਬਿਕ ਉਸ ਦਾ ਧਰਮ ਮਾਨਵਤਾ ਦੇ ਭਲੇ ਦਾ ਧਰਮ ਹੈ। ਸਿੱਖ ਧਰਮ ਵਿਚ ਅਥਾਹ ਸ਼ਰਧਾ ਰੱਖਦਾ ਹੋਇਆ ਉਹ ਦੂਜੇ ਧਰਮਾਂ ਪ੍ਰਤੀ ਵੀ ਆਪਣੀ ਕਲਮ ਦੇ ਸਫਰ ਨੂੰ ਹਮੇਸ਼ਾ ਜਾਰੀ ਰੱਖਦਾ ਹੈ। ਇਸ ਪੁਸਤਕ ਵਿਚ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਬਿਆਨ ਕਰਦਿਆਂ ਉਹ ਹਿੰਦੂ ਮਿਥਿਹਾਸ ਵਿਚੋਂ ਪੁਸ਼ਟੀ ਲਈ ਦ੍ਰਿਸ਼ਟਾਂਤ ਲੱਭ ਲੈਂਦਾ ਹੈ। ਕਵੀਸ਼ਰੀ ਲਿਖਣ ਸਮੇਂ ਉਹ ਸਮਾਜਿਕ ਨੈਤਿਕਤਾ ਦੀ ਮਰਿਆਦਾ ਨੂੰ ਵੀ ਨਹੀਂ ਭੁੱਲਦਾ। 'ਦਾਨੀ ਭਗਤ ਸੂਰਮੇ' ਪੁਸਤਕ ਦੇ ਆਰੰਭ ਵਿਚ ਮੰਗਲਾ ਚਰਨ ਤੋਂ ਅੱਗੇ ਚੱਲ ਕੇ ਕਵੀਸ਼ਰ ਨੇ ਪ੍ਰਸੰਗ ਸ੍ਰੀ ਗੁਰੂ ਨਾਨਕ ਦੇਵ ਜੀ, ਪ੍ਰਸੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪ੍ਰਸੰਗ ਬਾਬਾ ਬੰਦਾ ਸਿੰਘ ਬਹਾਦਰ, ਪ੍ਰਸੰਗ ਸ੍ਰੀ ਗੁਰੂ ਅਮਰਦਾਸ ਜੀ, ਪ੍ਰਸੰਗ ਭਗਤ ਧੰਨਾ ਜੱਟ, ਪ੍ਰਸੰਗ ਸ਼ਹੀਦ ਊਧਮ ਸਿੰਘ ਤੋਂ ਬਾਅਦ ਅੰਤ ਵਿਚ ਕੁਝ ਕੁ ਹੋਰ ਧਾਰਮਿਕ ਰਚਨਾਵਾਂ ਨੂੰ ਪੁਸਤਕ ਵਿਚ ਥਾਂ ਦਿੱਤੀ ਹੈ। ਕਵੀਸ਼ਰ ਨੇ ਹਰ ਪ੍ਰਸੰਗ ਲਿਖਣ ਤੋਂ ਪਹਿਲਾਂ ਇਤਿਹਾਸਕ ਤੱਥਾਂ ਨੂੰ ਕਿਤੇ ਵੀ ਉਹਲੇ ਨਹੀਂ ਕੀਤਾ। ਵੰਨਗੀ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਸੰਗ ਨੂੰ ਪੇਸ਼ ਕਰਦਿਆਂ ਕਵੀਸ਼ਰ ਦੇ ਬੋਲ ਨੇ-
'ਚੋਰੀ ਠੱਗੀ ਨਿੰਦਿਆ ਕਰਦਾ ਆਇਆ ਸਦੀਆਂ ਦਾ,
ਚਿੱਤਰ ਗੁਪਤ ਨੇ ਲੇਖਾ ਲਿਖਣਾ ਨੇਕੀਆਂ ਬਦੀਆਂ ਦਾ।
ਸੱਚੇ ਦਰ 'ਤੇ ਨੀਵੀਂ ਪਾ ਕੇ ਬਹਿਣਾ ਪੈਜੂਗਾ,
ਧਰਮਰਾਜ ਦੇ ਦਰ 'ਤੇ ਲੇਖਾ ਦੇਣਾ ਪੈਜੂਗਾ।'
ਉੱਭਰ ਰਹੇ ਕਵੀਸ਼ਰਾਂ ਤੇ ਢਾਡੀਆਂ ਲਈ ਪੁਸਤਕ ਇਕ ਸੌਗਾਤ ਵਜੋਂ ਸਫਲ ਯਤਨ ਹੈ।

-ਭਗਵਾਨ ਸਿੰਘ ਜੌਹਲ
ਮੋਬਾ: 98143-24040

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ

ਸਮਾਜ ਵਿਚ ਵੱਡੀ ਤਬਦੀਲੀ ਦਾ ਆਧਾਰ ਬਣੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਹ ਦੁਨੀਆ ਨੂੰ ਤ੍ਰਿਪਤ ਕਰਨ ਲਈ ਮਰਦਾਨੇ ਸਮੇਤ ਘਰੋਂ ਨਿਕਲ ਤੁਰਿਆ ਸੀ। ਭਾਈ ਗੁਰਦਾਸ ਮੁਤਾਬਿਕ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਸੀ। ਇਹ ਦੋਨੋਂ ਸਮਾਜ ਨੂੰ ਸੋਧਣ-ਪ੍ਰਬੋਧਣ ਲਈ ਇਕ-ਦੂਜੇ ਦੇ ਸੰਗੀ-ਸਾਥੀ ਸਨ। ਮਰਦਾਨੇ ਦੇ ਸਾਥ ਅਤੇ ਦਮ-ਖਮ ਦੇ ਬੇਅੰਤ ਸੁਨੇਹੇ ਹਨ। ਇਸ ਦੇ ਸੰਗ-ਸਾਥ ਨਾਲ ਬੇਦੀ ਕੁਲ ਦੀ ਉੱਚ ਜਾਤ ਅਤੇ ਮਰਾਸੀਆਂ ਦੀ ਡੂੰਮ ਜਾਤ ਦੇ ਭੇਦ-ਭਾਵ ਮਿਟ ਗਏ ਸਨ। ਗੁਰੂ ਨਾਨਕ ਅਤੇ ਮਰਦਾਨਾ ਜਾਤ ਅਤੇ ਵਰਣ-ਵੰਡ ਵਿਰੁੱਧ ਆਪਣੇ ਘਰੋਂ ਹੀ ਮਿਸਾਲ ਬਣ ਕੇ ਤੁਰੇ ਸਨ।
ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਤਲਵੰਡੀ ਤੋਂ ਚੂਹੜਕਾਣੇ ਹੁੰਦੇ ਹੋਏ ਸੈਦਪੁਰ ਗਏ। ਅੱਜਕਲ੍ਹ ਸੈਦਪੁਰ ਦਾ ਨਾਂਅ ਏਮਨਾਬਾਦ ਹੈ। ਇਥੇ 'ਲਾਲੋ' ਨਾਂਅ ਦਾ ਇਕ ਕਿਰਤੀ ਮਨੁੱਖ ਰਹਿੰਦਾ ਸੀ। ਇਹ ਲੱਕੜ ਦੀ ਤਰਖਾਣਾ ਕਿਰਤ ਨਾਲ ਸਬੰਧਿਤ ਸੀ। ਇਹ ਸੇਵਾ ਭਾਵਨਾ ਵਾਲਾ ਸੰਜਮੀ ਪੁਰਸ਼ ਸੀ। ਇਸ ਦੀ ਆਪਣੀ ਸ਼ੋਭਾ ਸੀ। ਗੁਰੂ ਸਾਹਿਬ ਇਸ ਦੇ ਘਰ ਠਹਿਰੇ ਸਨ। ਇਸ ਨਾਲ ਬਚਨ-ਬਿਲਾਸ ਵੀ ਹੋਏ ਸਨ। ਇਥੇ ਵੀ ਗੁਰੂ ਸਾਹਿਬ ਆਪਣੇ ਬਾਣੀ-ਉਚਾਰ ਰਾਹੀਂ ਪਰਮਾਤਮਾ ਪ੍ਰਤੀ ਸਿਜਦੇ ਦਾ ਸੁਨੇਹਾ ਦੇ ਰਹੇ ਸਨ। ਭਾਈ ਲਾਲੋ ਆਪਣੀ ਕਿਰਤ ਦੀ ਘਾਲਿ-ਕਮਾਈ ਰਾਹੀਂ ਅਜਿਹਾ ਰਿਣ ਉਤਾਰ ਰਿਹਾ ਸੀ। ਇਹ ਨਾਮ ਤੇ ਕਿਰਤ ਦਾ ਬੇਜੋੜ ਸੰਗ-ਸਾਥ ਸੀ। ਗੁਰੂ ਸਾਹਿਬ ਅਜਿਹੇ ਕਿਰਤੀਆਂ ਦੀ ਸ਼ੋਭਾ ਵਧਾਉਣ ਲਈ ਹੀ ਘਰੋਂ ਨਿਕਲੇ ਸਨ। ਉਨ੍ਹਾਂ ਨੇ ਅਜਿਹੇ ਕਿਰਤੀਆਂ ਲਈ ਆਪਣੀਆਂ ਬਾਹਵਾਂ ਖੋਲ੍ਹ ਦਿੱਤੀਆਂ ਸਨ। ਗੁਰੂ ਸਾਹਿਬ ਅਜਿਹੇ ਕਿਰਤੀ ਹੱਥਾਂ ਨੂੰ ਗਲਵਕੜੀ ਪਾ ਮਿਲੇ ਸਨ। ਗੁਰੂ ਸਾਹਿਬ ਨੇ ਅਮੀਰ ਜਾਂ ਵੱਡੇ ਲੋਕਾਂ ਦੀ ਪ੍ਰਭੂਤਾ ਨੂੰ ਨਕਾਰ ਦਿੱਤਾ ਸੀ। ਗੁਰੂ ਸਾਹਿਬ ਨੇ ਹੱਥੀਂ ਕਿਰਤ ਵਾਲੇ ਕਿਰਤੀਆਂ ਦੀ ਵੱਡੀ ਵਡਿਆਈ ਕੀਤੀ ਸੀ। ਹੋਰਨਾਂ ਦੀ ਕਮਾਈ ਉੱਤੇ ਪਲਣ ਵਾਲੇ ਅਮੀਰਾਂ ਨੂੰ ਨਕਾਰਿਆ ਸੀ। ਜ਼ਿਕਰਯੋਗ ਹੈ ਕਿ ਸਿੱਖ-ਧਰਮ ਕਿਰਤ ਨੂੰ ਵੱਡਾ ਮਹੱਤਵ ਦੇਣ ਵਾਲਾ ਸਭ ਤੋਂ ਪਹਿਲਾ ਧਰਮ ਹੈ। ਗੁਰੂ ਸਾਹਿਬ ਨੇ ਕਿਰਤ-ਕਮਾਈ ਨੂੰ ਬੰਦੇ ਦੀ ਅਸਲ ਪਛਾਣ ਵਜੋਂ ਪ੍ਰਚਾਰਿਆ ਸੀ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗੁਰੂ ਸਾਹਿਬ ਘਰ-ਪਰਿਵਾਰ ਤੋਂ ਬਾਹਰ ਨਿਕਲ ਕੇ ਸਭ ਤੋਂ ਪਹਿਲਾਂ ਇਕ ਕਿਰਤੀ (ਭਾਈ ਲਾਲੋ) ਦੇ ਘਰ ਹੀ ਠਹਿਰੇ ਸਨ। ਉਨ੍ਹਾਂ ਨੇ 'ਕਿਰਤ' ਤੇ 'ਕਿਰਤੀ' ਨੂੰ ਸਭ ਤੋਂ ਵੱਡੀ ਵਡਿਆਈ ਦਿੱਤੀ ਸੀ। ਭਾਈ ਲਾਲੋ ਤੇ ਮਰਦਾਨੇ ਵਰਗਿਆਂ ਦੇ ਸੰਗ-ਸਾਥ ਨੂੰ ਹੀ ਗੁਰੂ ਸਾਹਿਬ ਨੇ ਪਹਿਲ ਦਿੱਤੀ ਸੀ।
ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥ ਵਡਿਆ
ਸਿਉ ਕਿਆ ਰੀਸ॥
ਇਹ ਹਕੂਮਤਾਂ ਅਤੇ ਅਮੀਰੀ ਦੀ ਹਊਮੈ-ਰੋਗ ਵਾਲਿਆਂ ਨਾਲੋਂ ਨਿਖੇੜ ਵੀ ਸੀ। ਨਾਲ ਉਨ੍ਹਾਂ ਨੂੰ ਲਲਕਾਰ ਅਤੇ ਫਿਟਕਾਰ ਵੀ ਸੀ।
ਗੁਰੂ ਸਾਹਿਬ ਦੀ ਪਹਿਲੀ ਵੱਡੀ ਯਾਤਰਾ ਦਾ ਸਮਾਂ 1507 ਤੋਂ 1515 ਹੈ। ਇਸ ਦੌਰਾਨ ਗੁਰੂ ਸਾਹਿਬ ਹਿੰਦੂ ਧਰਮ ਦੇ ਵੱਡੇ ਧਰਮ-ਸਥਾਨਾਂ ਉੱਤੇ ਗਏ ਸਨ, ਕਿਉਂਕਿ ਧਾਰਮਿਕ ਸਥਾਨਾਂ ਉੱਪਰ ਹੀ ਧਾਰਮਿਕ ਪ੍ਰਵਚਨ ਤੇ ਵਿਧੀ-ਵਿਧਾਨ ਚੱਲਦੇ ਸਨ। ਅਜਿਹੇ ਸਥਾਨਾਂ ਉਪਰ ਹੀ ਲੋਕਾਂ ਦੇ ਸਮੇਂ-ਸਮੇਂ ਵੱਡੇ ਇਕੱਠ ਹੁੰਦੇ ਸਨ। ਇਥੇ ਧਾਰਮਿਕ ਪਤਵੰਤੇ ਆਪੋ-ਆਪਣੇ ਧਰਮਾਂ ਜਾਂ ਮੱਤਾਂ ਦਾ ਵਿਖਿਆਨ ਕਰਦੇ ਸਨ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਅਜਿਹੇ ਮੋਹਰੀਆਂ ਨਾਲ ਸੰਵਾਦ ਰਚਾਉਣ ਦੀ ਰਣਨੀਤੀ ਅਪਣਾਈ। ਇਹ ਯਾਤਰਾਵਾਂ ਜਾਂ ਸਫ਼ਰ ਉਸ ਸਮੇਂ ਦੇ ਸਾਧਨਾਂ ਤੇ ਹਾਲਾਤ ਮੁਤਾਬਕ ਸਨ, ਕਿਉਂਕਿ ਉਸ ਸਮੇਂ ਤੱਕ ਆਵਾਜਾਈ ਦੇ ਕੋਈ ਮਸ਼ੀਨੀ ਸਾਧਨ ਨਹੀਂ ਸਨ। ਗੁਰੂ ਸਾਹਿਬ ਦਾ ਮਕਸਦ ਉਂਜ ਵੀ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਪੈਦਾ ਕਰਨਾ ਸੀ। ਇਸ ਕਰਕੇ ਗੁਰੂ ਸਾਹਿਬ ਨੇ ਬਹੁਤ ਸਾਰੇ ਸਫ਼ਰ ਪੈਦਲ ਹੀ ਤੈਅ ਕੀਤੇ ਸਨ। ਗੁਰੂ ਸਾਹਿਬ ਲੋਕਾਂ ਨਾਲ ਬਚਨ-ਬਿਲਾਸ ਕਰਦੇ ਹੋਏ ਰੋਜ਼ ਲੰਮਾ ਪੈਂਡਾ ਤੈਅ ਕਰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ।
ਮੋਬਾ: 98722-66667

ਵਿਰਾਸਤ ਦੀ ਸੰਭਾਲ ਲਈ ਯਤਨਾਂ ਦੀ ਲੋੜ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
'ਸਿੱਖਾਂ ਦਾ ਛੋਟਾ ਮੇਲ' ਦਸ ਜਿਲਦੀ ਪੁਸਤਕ ਲੜੀ ਦੀ ਪਹਿਲੀ ਜਿਲਦ ਹੈ, ਜਿਸ ਵਿਚ ਮੀਣਾ ਸ਼ਾਖਾ ਦਾ ਇਤਿਹਾਸ, ਖਿੱਲਰੇ-ਪੁੱਲਰੇ ਸਾਹਿਤ ਦਾ ਸਰਵੇਖਣ, ਪ੍ਰਾਪਤੀ ਸਥਾਨ, ਪ੍ਰਸਿੱਧ ਰਚਨਾਵਾਂ-ਗ੍ਰੰਥਾਂ ਦੇ ਤਤਕਰਿਆਂ ਸਮੇਤ ਸਬੰਧਤ ਜਾਣ-ਪਛਾਣ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇੰਜ ਛੋਟੇ ਮੇਲ ਵਾਲਿਆਂ ਦੇ ਸਾਹਿਤ ਸਬੰਧੀ ਤਿਆਰ ਹੋਣ ਵਾਲੀਆਂ ਪੁਸਤਕਾਂ ਦੇ ਬੀਜ ਇਸ ਪੁਸਤਕ ਵਿਚ ਪਏ ਹਨ। ਜਿਹੜੀਆ ਪੁਸਤਕਾਂ ਛਾਪਣ ਦੀ ਯੋਜਨਾ ਸੀ, ਉਸ ਦਾ ਵੇਰਵਾ ਇਹ ਹੈ : 1. ਸਿੱਖਾਂ ਦਾ ਛੋਟਾ ਮੇਲ : ਇਤਿਹਾਸ ਤੇ ਸਰਵੇਖਣ। 2. ਸੋਢੀ ਪਿਰਥੀ ਚੰਦ ਦੀ ਰਚਨਾ। 3. ਸੋਢੀ ਮਿਹਰਬਾਨ ਦੀ ਕਾਵਿ-ਰਚਨਾ। 4. ਸੋਢੀ ਹਰਿ ਜੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਕਾਵਿ-ਰਚਨਾ। 5. ਸੁਖਮਨੀ ਸਹੰਸਰਨਾਮਾ ਕ੍ਰਿਤ ਹਰਿ ਜੀ। 6. ਗੋਸਟਿ ਮਿਹਰਬਾਨ ਜੀ ਕੀਆ ਕ੍ਰਿਤ ਹਰਿ ਜੀ। 7. ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ। 8. ਗ੍ਰੰਥ ਹਰੀਆ ਜੀ ਦਾ। 9. ਭਾਈ ਦਰਬਾਰੀ ਤੇ ਉਨ੍ਹਾਂ ਦੀ ਹਰਿ ਜਸ ਪੋਥੀ। 10. ਛੋਟੇ ਮੇਲ ਦੀਆਂ ਫੁੱਟਕਲ ਰਚਨਾਵਾਂ।
ਇੰਜ ਪਹਿਲੀ ਉਪਰੋਕਤ ਪੁਸਤਕ ਦੇ ਜਿੰਨੇ ਅਧਿਆਇ ਹਨ, ਅਸਲ ਵਿਚ ਇਹ ਤਿਆਰ ਹੋਣ ਵਾਲੀਆਂ ਪੁਸਤਕਾਂ ਦੇ ਸਿਰਲੇਖ ਹੀ ਹਨ। ਵੱਡਆਕਾਰੀ ਲੇਖਕਾਂ ਬਾਰੇ ਸੁਤੰਤਰ ਪੁਸਤਕਾਂ ਲਿਖੀਆਂ ਜਾਣੀਆਂ ਹਨ, ਜਦ ਕਿ ਲਘੂ-ਆਕਾਰੀ ਲੇਖਕਾਂ ਦੀਆਂ ਰਚਨਾਵਾਂ ਨੂੰ ਇਕੱਠੀਆਂ ਕਰਕੇ ਇਕ ਜਿਲਦ ਵਿਚ ਦੇਣ ਦਾ ਪ੍ਰਸਤਾਵ ਹੈ। ਇਨ੍ਹਾਂ ਦਸਾਂ ਜਿਲਦਾਂ ਵਿਚੋਂ ਹੁਣ ਤੱਕ 5 ਛਪ ਚੁੱਕੀਆਂ ਹਨ ਤੇ ਬਾਕੀ ਛਪਣ ਵਾਲੀਆਂ ਹਨ। ਛਪੀਆਂ ਪੁਸਤਕਾਂ ਵਿਚ ਹਨ : 'ਸਿੱਖਾਂ ਦਾ 'ਛੋਟਾ ਮੇਲ : ਇਤਿਹਾਸ ਅਤੇ ਸਰਵੇਖਣ', 'ਸੋਢੀ ਪਿਰਥੀ ਚੰਦ ਦੀ ਰਚਨਾ', 'ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ' ਅਤੇ ਭਾਈ ਦਰਬਾਰੀ ਰਚਿਤ 'ਹਰਿ ਜਸ ਪੋਥੀ', (ਦੋ ਭਾਗ) ਸ਼ਾਮਿਲ ਹਨ। ਪਹਿਲੀ ਪੁਸਤਕ ਵਿਚ ਪ੍ਰੋ: ਪ੍ਰੀਤਮ ਸਿੰਘ ਨਾਲ ਦੂਜਾ ਲੇਖਕ ਡਾ: ਜੋਗਿੰਦਰ ਸਿੰਘ ਆਹਲੂਵਾਲੀਆ ਹੈ, ਜਦ ਕਿ ਪਿਰਥੀ ਚੰਦ ਦੀ ਰਚਨਾ ਇਕੱਲੇ ਆਹਲੂਵਾਲੀਆ ਦੀ ਹੈ। ਇਸ ਦੂਜੀ ਪੁਸਤਕ ਦੇ ਦੋ ਭਾਗ ਹਨ : ਪਹਿਲੇ ਵਿਚ 52 ਪੰਨਿਆਂ ਦੀ ਭੂਮਿਕਾ ਹੈ ਤੇ ਦੂਜੇ ਵਿਚ ਮੂਲ ਪਾਠ ਹੈ। ਭਾਗ ਤੀਜਾ ਵਿਚ 5 ਅੰਤਿਕਾਵਾਂ ਹਨ, ਜਿਨ੍ਹਾਂ ਵਿਚ ਰਚਨਾਵਲੀ ਦੇ ਕਰਤਾ ਸੋਢੀ ਪਿਰਥੀ ਚੰਦ ਦੇ ਜਨਮ ਤੇ ਦਿਹਾਂਤ ਦੀਆਂ ਤਾਰੀਖਾਂ, ਰਚਨਾ ਦਾ ਬਿਊਰਾ, ਸਿਰਲੇਖ ਅਨੁਸਾਰ ਤਤਕਰਾ ਤੇ ਇਸ ਰਚਨਾ ਵਿਚ ਆਏ ਇਤਿਹਾਸਕ ਤੇ ਮਿਥਿਹਾਸਕ ਨਾਵਾਂ ਤੇ ਥਾਵਾਂ ਦਾ ਵੇਰਵਾ ਹੈ। ਸੰਪਾਦਕ ਦਾ ਯਤਨ ਰਿਹਾ ਹੈ ਕਿ ਵਿਸ਼ੇ ਨਾਲ ਸਬੰਧਤ ਸੂਚਨਾ ਸਮੱਗਰੀ ਹਰ ਹੀਲੇ ਪੁਸਤਕ ਦਾ ਭਾਗ ਬਣ ਜਾਵੇ। ਸੱਤਵੀਂ ਪੁਸਤਕ ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਸ਼ਬਦਾਵਲੀ ਹੈ। ਇਸ ਪੁਸਤਕ ਦੀ ਸੰਪਾਦਨ ਯੋਜਨਾ ਵੀ ਪਿਰਥੀ ਚੰਦ ਬਾਰੇ ਉਪਰੋਕਤ ਪੁਸਤਕ ਵਾਲੀ ਹੀ ਹੈ ਅਰਥਾਤ ਪਹਿਲੇ 80 ਪੰਨਿਆਂ ਵਿਚ ਪ੍ਰਸਤਾਵਨਾ ਹੈ, ਜਦ ਕਿ ਦੂਜੇ ਭਾਗ ਵਿਚ ਪਦਾਵਲੀ ਦਾ ਮੂਲ ਪਾਠ ਹੈ। ਇਥੇ ਹੀ ਡਾ: ਕਪੂਰ ਦਾ ਇਹ ਯਤਨ ਰਿਹਾ ਹੈ ਕਿ ਹਰ ਤਰ੍ਹਾਂ ਦੀ ਪ੍ਰਸੰਗਿਕ ਸੂਚਨਾ ਪੁਸਤਕ ਵਿਚ ਦੇ ਦਿੱਤਾ ਜਾਵੇ। (ਬਾਕੀ ਅਗਲੇ ਮੰਗਲਾਰ ਦੇ ਅੰਕ 'ਚ)


-ਮੋਬਾ: 98889-39808

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX