ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 minute ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਕਲਕੀ ਕੋਚਲਿਨ

ਰੌਲੇ ਤੋਂ ਪ੍ਰੇਸ਼ਾਨ

ਜ਼ਰੂਰਤ ਤੋਂ ਜ਼ਿਆਦਾ ਹੀ ਆਧੁਨਿਕ, ਖੁੱਲ੍ਹੀ-ਡੁੱਲ੍ਹੀ ਤੇ ਬੇਬਾਕ, ਹਯਾ ਦਾ ਪਰਦਾ ਪਾਰ ਕਰਨ ਵਾਲੀ ਹੈ ਅੰਗਰੇਜ਼ਣ ਦਿਖ ਵਾਲੀ ਕਲਕੀ ਕੋਚਲਿਨ ਜਿਸ ਨੇ ਵਾਣੀ ਕਪੂਰ ਨਾਲ ਕੈਮਰੇ ਸਾਹਮਣੇ ਨਗਨਤਾ ਦਾ ਨਾਚ ਹੀ ਨਹੀਂ ਨੱਚਿਆ ਸਗੋਂ ਕਿਹਾ ਹੈ ਕਿ ਉਹ ਵਾਣੀ ਤੋਂ ਇਸ ਮਾਮਲੇ 'ਚ ਅੱਗੇ ਹੈ। ਕਲਕੀ ਨੇ ਤਾਂ ਬੇ-ਹਯਾ ਤਸਵੀਰਾਂ ਤੇ ਗੱਲਾਂ ਨਾਲ ਇੰਸਟਾਗ੍ਰਾਮ ਭਰ ਦਿੱਤੀ। ਫਿਰ 'ਲਿਪਸਟਿਕ ਅੰਡਰ ਮਾਈ ਬੁਰਕਾ' ਜਿਹੀਆਂ ਫ਼ਿਲਮਾਂ ਬਣਨ 'ਤੇ ਜ਼ੋਰ ਦਿੱਤਾ। ਇਕ ਪਾਸੇ ਕਲਕੀ ਬਹੁਤ ਆਧੁਨਿਕ ਸਮਾਜ ਦੇ ਹੱਕ 'ਚ ਹੈ ਤੇ ਦੂਸਰੇ ਪਾਸੇ ਆਵਾਜ਼ਾਂ ਦੇ ਰੌਲੇ ਤੋਂ ਪ੍ਰੇਸ਼ਾਨ ਹੈ। ਰੌਲੇ-ਰੱਪੇ 'ਤੇ ਕਲਕੀ ਨੇ ਕਵਿਤਾ ਲਿਖੀ ਤੇ 'ਨਾਈਸਿਜ਼' ਨਾਂਅ ਦਾ ਵੀਡੀਓ ਬਣਾ ਦਿੱਤਾ ਹੈ। ਕਲਕੀ ਦੇ ਘਰ ਕੋਲ ਯਾਰੀ ਰੋਡ ਮੁੰਬਈ ਦੇ ਮੱਛੀ ਬਾਜ਼ਾਰ 'ਚ ਰੌਲੇ ਦੀ ਵਿਕਦੀ ਮੱਛੀ, ਰੇਲ ਗੱਡੀਆਂ ਦਾ ਸ਼ੋਰ-ਸ਼ਰਾਬਾ, ਧਾਰਮਿਕ ਸਰਗਰਮੀਆਂ ਦੀ ਆਵਾਜ਼ ਸਭ ਉਸ ਨੂੰ ਰੌਲਾ ਲਗਦਾ ਹੈ। ਰੌਲੇ ਤੋਂ ਉਹ ਪ੍ਰੇਸ਼ਾਨ ਹੈ। ਟਾਪਲੈਸ ਹੋਣ ਦੇ ਰੌਲੇ 'ਚ ਕਲਕੀ ਸਭ ਨੂੰ ਪਛਾੜਨ ਦੇ ਯਤਨਾਂ 'ਚ ਹੈ। ਕਲਕੀ ਦੇ ਇਸ ਅੱਤ ਦੇ ਆਧੁਨਿਕਪਨ ਨੇ ਹੀ ਉਸ ਦਾ ਗ੍ਰਹਿਸਥੀ ਜੀਵਨ ਤਬਾਹ ਕੀਤਾ ਹੈ ਪਰ ਕਲਕੀ ਨੂੰ ਇਸ ਦਾ ਰਤੀ ਭਰ ਵੀ ਦੁੱਖ ਨਹੀਂ ਹੈ। ਉਹ ਕਹਿ ਰਹੀ ਹੈ ਕਿ ਚੰਗੀ ਗੱਲ ਹੈ ਕਿ ਬਾਲੀਵੁੱਡ ਔਰਤਾਂ ਨੂੰ ਆਜ਼ਾਦੀ ਦੇ ਰਿਹਾ ਹੈ। ਬੱਚਿਆਂ ਦੀ ਸਿੱਖਿਆ ਮੁਹਿੰਮ ਉਸ ਨੇ ਅਨਿਲ ਕਪੂਰ ਨਾਲ ਚਲਾਈ ਤਾਂ ਵਾਹ-ਵਾਰ ਮਿਲੀ ਪਰ ਟਾਪਲੈਸ, ਸ਼ਰਮ ਦੀ ਹੱਦ ਪਾਰ ਤੇ ਬੇਬਾਕ ਬੋਲ ਕਲਕੀ ਦੀ ਦਿੱਖ ਸੱਭਿਅਕ ਸਮਾਜ 'ਚ ਖਰਾਬ ਹੋਣ ਵਾਲੀ ਗੱਲ ਹੈ।


ਖ਼ਬਰ ਸ਼ੇਅਰ ਕਰੋ

ਤਾਪਸੀ ਪੰਨੂੰ

ਪ੍ਰੇਮ ਦੀਵਾਨੀ

ਖ਼ਾਲਸ ਪੰਜਾਬਣ ਤਾਪਸੀ ਪੰਨੂੰ ਨੇ 'ਚਸ਼ਮੇ ਬਦੂਰ' ਜਿਹੀ ਹਲਕੀ-ਫੁਲਕੀ ਰੀਮੇਕ ਫ਼ਿਲਮ ਨਾਲ ਮੁੰਬਈ ਨਗਰੀ ਦੇ ਸਿਨੇਮਾ 'ਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਉਸ ਦਾ ਸਿੱਕਾ ਦੱਖਣ 'ਚ ਚਲ ਰਿਹਾ ਸੀ ਤੇ ਅੱਜ ਵੀ ਚਲ ਰਿਹਾ ਹੈ। 'ਬੇਬੀ', 'ਪਿੰਕ', 'ਨਾਮ ਸ਼ਬਾਨਾ' ਉਸ ਦੀਆਂ ਆ ਚੁੱਕੀਆਂ ਹੋਰ ਹਿੰਦੀ ਫ਼ਿਲਮਾਂ ਹਨ। 'ਜੁੜਵਾਂ-2' ਦਾ ਹਿੱਸਾ ਤਾਪਸੀ ਕਹਿ ਰਹੀ ਹੈ ਕਿ ਉਹ ਵਪਾਰਕ ਨਾਇਕਾ ਦੇ ਤੌਰ 'ਤੇ ਹਿੰਦੀ ਸਿਨੇਮਾ 'ਚ ਆਪਣਾ ਪਰਚਮ ਲਹਿਰਾਉਣ 'ਚ ਸਫ਼ਲ ਹੈ। ਨਾਲ ਹੀ ਨਾਲ ਉਸ ਦੀਆਂ ਇਹ ਫ਼ਿਲਮਾਂ ਕਲਾ ਤੇ ਵਪਾਰ ਦਾ ਮਿਸ਼ਰਣ ਰਹੀਆਂ ਹਨ ਤੇ ਨਾਲ-ਨਾਲ ਮਸਾਲਾ ਫ਼ਿਲਮਾਂ ਕਰਕੇ ਉਸ ਨੇ ਮੁੰਬਈ ਨਗਰੀ ਦੀ ਹਿੰਦੀ ਫ਼ਿਲਮ ਸਨਅਤ ਨੂੰ ਪ੍ਰਭਾਵ ਦਿੱਤਾ ਹੈ ਕਿ ਉਸ ਕੋਲ ਕਲਾਤਮਿਕ ਤੇ ਟਿਕਟ ਖਿੜਕੀ ਤੇ ਆਮ ਦਰਸ਼ਕ ਖਿੱਚਣ ਵਾਲੀ ਨਾਇਕਾ ਹੈ। ਤਾਪਸੀ ਨੇ ਸਾਵਧਾਨੀ ਵਰਤਣ ਦੀ ਕੋਸ਼ਿਸ਼ ਫ਼ਿਲਮਾਂ ਦੀ ਚੋਣ ਸਮੇਂ ਸਦਾ ਹੀ ਕੀਤੀ ਹੈ। ਮੱਠਾ ਜਿਹਾ ਹਿਰਖ ਉਸ ਨੂੰ ਇਹ ਹੈ ਕਿ ਹਿੰਦੀ ਫ਼ਿਲਮਾਂ 'ਚ ਉਸ ਨੂੰ ਕਿਰਦਾਰ ਤਾਂ ਮਿਲਦੇ ਹਨ ਪਰ ਰੁਮਾਂਟਿਕ ਹੀਰੋਇਨ ਦਾ ਕਿਰਦਾਰ, ਖ਼ਾਲਸ ਪ੍ਰੇਮ ਦੀਵਾਨੀ, ਨੱਚਦੀ-ਗਾਉਂਦੀ, ਪਿਆਰ 'ਚ ਡੁੱਬੀ ਮਹਿਬੂਬਾ ਇਹ ਕੁਝ ਕਰਨ ਨੂੰ ਨਹੀਂ ਮਿਲਿਆ। ਆਸ ਹੈ ਕਿ 'ਜੁੜਵਾਂ-2' ਤਾਪਸੀ ਦੀ ਇਸ ਚਾਹਤ ਦਾ ਕੁਝ ਹੱਦ ਤੱਕ ਜਵਾਬ ਹੋਵੇਗੀ।

ਦੀਪਿਕਾ ਪਾਦੂਕੋਨ : ਗੈਂਗਸਟਰ!

ਬਾਲੀਵੁੱਡ ਦੀ ਹਰ ਕਸੌਟੀ 'ਤੇ ਪਰਖੀ ਜਾ ਰਹੀ ਦੀਪਿਕਾ ਪਾਦੂਕੋਨ ਖਰਾ ਸੋਨਾ ਬਣ ਨਿਕਲਦੀ ਹੈ। ਅਭਿਨੈ ਦੀ ਇਹ ਪੌਣ ਜਦ ਸ਼ਕਤੀਸ਼ਾਲੀ ਅਭਿਨੇਤਾ ਇਰਫ਼ਾਨ ਖ਼ਾਨ ਨਾਲ ਨਜ਼ਰ ਆਊ ਤਦ ਅਭਿਨੈ ਦੀ ਖੁਸ਼ਬੂ ਆਉਣਾ ਲਾਜ਼ਮੀ ਹੈ। ਡਿਪੀ ਕਦੇ ਵੀ ਥੱਕਦੀ-ਹਾਰਦੀ ਤੇ ਹੰਭਦੀ ਦਿਖਾਈ ਨਹੀਂ ਦਿੱਤੀ, ਚਾਹੇ ਉਸ ਦਾ ਹਾਲੀਵੁੱਡ 'ਚ ਪ੍ਰਵੇਸ਼ ਫਿੱਕਾ ਹੀ ਰਿਹਾ ਹੈ। ਇਰਫ਼ਾਨ ਨਾਲ 'ਪੀਕੂ' ਕਰ ਚੁੱਕੀ ਡਿਪੀ ਦੀ ਇਰਫ਼ਾਨ ਨਾਲ ਖੂਬ ਬਣਦੀ ਹੈ। ਹੁਣ ਡਿਪੀ ਨੂੰ ਨਵੇਂ ਜਵਾਨ ਨਿਰਦੇਸ਼ਕ ਹਨੀ ਤ੍ਰੇਹਨ ਨੇ ਆਪਣੀ ਨਵੀਂ ਫ਼ਿਲਮ ਦੀ ਜਿੰਦਜਾਨ ਬਣਾਇਆ ਹੈ। ਇਹ ਇਕ ਨਾਵਲ 'ਤੇ ਬਣ ਰਹੀ ਫ਼ਿਲਮ ਹੈ ਤੇ ਨਾਵਲ ਡਿਪੀ ਆਖਦੀ ਹੈ ਕਿ ਜ਼ਿੰਦਗੀ ਦੇ ਨੇੜੇ ਹੁੰਦੇ ਹਨ। ਇਹ ਹੰਝੂਆਂ ਦੀ ਕਹਾਣੀ ਜਾਂ ਗ਼ਮ ਢੋਣ ਦਾ ਵਿਸ਼ਾ ਤੇ ਅਜਿਹੀ ਫ਼ਿਲਮ ਡਿਪੀ ਦੇ ਦਿਲ ਨੂੰ ਛੂਹਣ ਵਾਲੀ ਹੈ। ਖਾਸ ਗੱਲ ਇਹ ਹੈ ਕਿ ਐਕਸ਼ਨ, ਰੁਮਾਂਸ, ਕਾਮੇਡੀ ਕਰਨ ਵਾਲੀ ਇਹ ਖਿਡਾਰੀ ਪਰਿਵਾਰ ਦੀ ਰਾਣੀ ਬੇਟੀ, ਹਨੀ ਤ੍ਰੇਹਨ ਦੀ ਫ਼ਿਲਮ ਅੰਡਰਵਰਲਡ ਦੀ ਰਾਣੀ ਬਣੇਗੀ। ਅੱਜ ਦਾਊਦ ਇਬਰਾਹੀਮ ਚਰਚਿਤ ਹੈ ਤੇ ਉਸ ਨੂੰ ਮਾਰਨ ਦੇ ਸੁਪਨੇ ਵੇਖਣ ਵਾਲੀ ਔਰਤ ਦਾ ਕਿਰਦਾਰ ਨਿਭਾਉਣਾ ਦੀਪਿਕਾ ਲਈ ਯਾਦਗਾਰੀ ਪਲ ਹੋਏਗਾ। ਅੱਜ ਦੇ ਮਸ਼ਹੂਰ ਫ਼ਿਲਮਕਾਰ ਵਿਸ਼ਾਲ ਭਾਰਦਵਾਜ ਨੇ ਇਸ ਫ਼ਿਲਮ 'ਤੇ ਪੈਸਾ ਲਗਾਉਣਾ ਹੈ। ਦੀਪਿਕਾ ਪਾਦੂਕੋਨ ਇਸ ਯਾਦਗਾਰੀ ਕਿਰਦਾਰ ਤੇ ਯਾਦਗਾਰੀ ਫ਼ਿਲਮ ਨਾਲ ਜੁੜ ਕੇ ਦੋ ਸਾਲ ਹੋਰ ਆਪਣੀ ਫ਼ਿਲਮੀ ਉਮਰ ਵਧਦੀ ਮਹਿਸੂਸ ਕਰ ਰਹੀ ਹੈ। ਰਹੀਮਾ ਖ਼ਾਨ ਨਾਂਅ ਦੀ ਔਰਤ ਸਬੰਧੀ ਡਿਪੀ ਨੇ ਜਾਣਕਾਰੀ ਹਾਸਲ ਕੀਤੀ ਹੈ। ਇਹੀ ਰਹੀਮਾ ਨੇ ਦਾਊਦ ਨੂੰ ਮਾਰਨ ਦਾ ਪ੍ਰਣ ਲਿਆ ਸੀ ਤੇ ਉਹ ਆਪ ਗੈਂਗਸਟਰ ਬਣ ਮਾਰੀ ਗਈ ਸੀ। ਦੀਪਿਕਾ ਦੇ ਦਿਲ ਦੇ ਨੇੜੇ ਹਨੀ ਤ੍ਰੇਹਨ-ਵਿਸ਼ਾਲ ਭਾਰਦਵਾਜ ਦੀ ਇਹ ਨਾਵਲ ਆਧਾਰਿਤ ਫ਼ਿਲਮ ਜਲਦੀ ਸੈੱਟ 'ਤੇ ਜਾ ਰਹੀ ਹੈ। ਅੱਜਕਲ੍ਹ ਦੀਪਿਕਾ ਹਰ ਸਮਾਗਮ 'ਚ ਇਸ ਫ਼ਿਲਮ ਸਬੰਧੀ ਹੀ ਗੱਲ ਕਰਦੀ ਹੈ ਕਿ ਰਹੀਮਾ ਖ਼ਾਨ ਬਣ ਕੇ ਤੇ ਗੈਂਗਸਟਰ ਬਣ ਕੇ ਉਹ ਇਕ ਖਾਸ ਫ਼ਿਲਮੀ ਪ੍ਰਾਪਤੀ ਹਾਸਲ ਕਰਨ ਜਾ ਰਹੀ ਹੈ।

ਸਿਧਾਰਥ ਮਲਹੋਤਰਾ

ਅਮਲਾਂ 'ਤੇ ਹੋਣਗੇ ਨਿਬੇੜੇ

ਵਰੁਣ ਧਵਨ ਤੋਂ ਕਦੇ ਅੱਗੇ ਸੀ ਸਿਧਾਰਥ ਮਲਹੋਤਰਾ ਪਰ ਆਕੜ ਤੇ ਪਿਆਰ ਦੇ ਚੱਕਰ ਉਸ ਦੀ ਸਾਰੀ ਹੀ ਖੇਡ ਵਿਗੜ ਗਈ। ਠੀਕ ਹੈ ਕਿ ਫ਼ਿਲਮਾਂ ਅੱਜ ਵੀ ਉਸ ਕੋਲ ਹਨ ਪਰ ਕਦੇ ਕੈਟਰੀਨਾ ਕੈਫ਼ ਪਿੱਛੇ ਸਮਾਂ ਖਰਾਬ ਤੇ ਕਦੇ ਆਲੀਆ ਭੱਟ ਤੋਂ ਧੋਖਾ। ਜੇ ਕਿਤੇ ਉਹ ਸੰਭਲਣ ਹੀ ਲੱਗਾ ਤਾਂ ਫਿਰ ਜੈਕਲਿਨ ਨਾਲ ਨੇੜਤਾ ਨੇ ਉਸ ਨੂੰ ਨੁਕਸਾਨ ਪਹੁੰਚਾਇਆ। ਸ਼ੁਰੂ 'ਚ ਉਸ ਕੋਲ ਕੰਮ ਸੀ ਪਰ 'ਏ ਜੈਂਟਲਮੈਨ' ਦੇਖ ਕੇ ਇਹੀ ਸਿੱਟਾ ਨਿਕਲ ਰਿਹਾ ਹੈ ਕਿ ਸਿਧਾਰਥ ਨੇ ਜੇ ਗੰਭੀਰਤਾ ਨਾ ਅਪਣਾਈ ਤਾਂ ਫਿਰ ਉਸ ਨੂੰ ਬਹੁਤ ਪਛਤਾਉਣਾ ਪਵੇਗਾ। ਚੰਗੀ ਗੱਲ ਇਹ ਹੈ ਕਿ ਸਲਮਾਨ ਖ਼ਾਨ ਨਾਲ ਉਸ ਨੂੰ ਇਕ ਵੱਡੀ ਫ਼ਿਲਮ ਮਿਲ ਰਹੀ ਹੈ। ਪ੍ਰੋ: ਕਬੱਡੀ ਲੀਗ ਤੇ ਸਚਿਨ ਤੇਂਦੁਲਕਰ ਨਾਲ ਮਿਲ ਕੇ ਕੀਤੇ ਕੁਝ ਨੇਕ ਕੰਮਾਂ ਸਦਕਾ ਸਿਧਾਰਥ 'ਤੇ ਪਏ ਕਈ ਭੈੜੇ ਧੱਬੇ ਮਿਟ ਰਹੇ ਹਨ। ਸਿਧਾਰਥ ਦੀ ਉਮਰ ਵੀ ਵਧਦੀ ਜਾ ਰਹੀ ਹੈ। ਪਤਾ ਚੱਲਿਆ ਹੈ ਕਿ ਸਲਮਾਨ ਖ਼ਾਨ ਨੇ ਸਿਧਾਰਥ ਨੂੰ ਪਿਆਰ ਨਾਲ ਝਿੜਕਿਆ ਹੈ ਤੇ ਸਮਝਾਇਆ ਹੈ ਕਿ ਕੈਟਰੀਨਾ ਜਾਂ ਜੈਕਲਿਨ ਨਾਲ ਜੁੜਨ ਦੀ ਥਾਂ ਉਹ ਕੈਰੀਅਰ ਪ੍ਰਤੀ ਸੋਚੇ ਤਾਂ ਹੀ ਸਿਧਾਰਥ ਨੂੰ ਇਕ ਵੱਡੀ ਫ਼ਿਲਮ ਉਸ ਨੇ ਦਿਵਾਈ ਹੈ। ਨਿਊਜ਼ੀਲੈਂਡ ਰਹਿ ਕੇ ਸਿਧਾਰਥ ਨੇ ਸਿੱਖਿਆ ਸੀ ਕਿ ਕਦਰ ਕੰਮ ਦੀ ਹੁੰਦੀ ਹੈ ਪਰ ਮਤ 'ਤੇ ਪਰਦਾ ਪੈਣ ਕਾਰਨ ਉਹ ਰਾਹ ਤੋਂ ਭਟਕ ਗਿਆ। ਸਿਧਾਰਥ ਦੀਆਂ ਫ਼ਿਲਮਾਂ ਵੀ ਖਾਸ ਨਹੀਂ ਜਾ ਰਹੀਆਂ ਤੇ ਨਿਰਮਾਤਾ ਵੀ ਵਰੁਣ ਧਵਨ ਨੂੰ ਪਹਿਲ ਦੇ ਰਹੇ ਹਨ। ਸਲਮਾਨ ਖ਼ਾਨ ਦੇ ਥਾਪੜੇ, ਝਿੜਕਾਂ ਨੇ ਸਿਧਾਰਥ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਹੈ। ਦੇਰ ਆਏ ਦਰੁਸਤ ਆਏ, ਸਿਧਾਰਥ ਮਲਹੋਤਰਾ ਲਈ ਅਜੇ ਵੀ ਅੱਗੇ ਵਧਣ ਦੇ ਮੌਕੇ ਹਨ ਪਰ ਦੇਖਣਾ ਹੈ ਕਿ ਅਮਲਾਂ 'ਤੇ ਹੋਣਗੇ ਨਿਬੇੜੇ, ਸਿਧਾਰਥ ਹਕੀਕਤ 'ਚ ਕਿੰਨਾ ਬਦਲਿਆ ਹੈ।


-ਸੁਖਜੀਤ ਕੌਰ

ਇਕ ਦਿਨ ਵਿਚ ਜ਼ਿੰਦਗੀ ਬਦਲ ਗਈ : ਡਾਇਨਾ ਪੈਂਟੀ

ਸਾਲ 2012 ਵਿਚ ਪ੍ਰਦਰਸ਼ਿਤ ਹੋਈ ਫ਼ਿਲਮ 'ਕਾਕਟੇਲ' ਵਿਚ ਡਾਇਨਾ ਪੈਂਟੀ ਵੱਲੋਂ ਮੀਰਾ ਸਾਹਨੀ ਦੀ ਭੂਮਿਕਾ ਨਿਭਾਈ ਗਈ ਸੀ। ਇਹ ਉਸ ਦੀ ਪਹਿਲੀ ਫ਼ਿਲਮ ਸੀ। ਇਸ ਦੇ ਤਕਰੀਬਨ ਚਾਰ ਸਾਲ ਬਾਅਦ ਉਹ 'ਹੈਪੀ ਭਾਗ ਜਾਏਗੀ' ਰਾਹੀਂ ਦੁਬਾਰਾ ਵੱਡੇ ਪਰਦੇ 'ਤੇ ਚਮਕੀ ਅਤੇ ਹੁਣ ਜਲਦੀ ਉਹ ਦੋ ਫ਼ਿਲਮਾਂ ਵਿਚ ਦਿਸੇਗੀ ਅਤੇ ਇਹ ਹਨ 'ਲਖਨਊ ਸੈਂਟ੍ਰਲ' ਤੇ 'ਪਰਮਾਣੂ'। ਆਪਣੇ ਛੇ ਸਾਲ ਦੇ ਕੈਰੀਅਰ ਵਿਚ ਸਿਰਫ਼ ਚਾਰ ਫ਼ਿਲਮਾਂ ਕਰਨ ਬਾਰੇ ਉਹ ਕਹਿੰਦੀ ਹੈ, 'ਜਦੋਂ ਮੇਰੀ ਪਹਿਲੀ ਫ਼ਿਲਮ ਪ੍ਰਦਰਸ਼ਿਤ ਹੋਈ ਸੀ, ਉਦੋਂ ਮੈਂ ਫ਼ਿਲਮ ਇੰਡਸਟਰੀ ਵਿਚ ਨਵੀਂ ਸੀ। ਇਥੇ ਮੇਰਾ ਕੋਈ ਗਾਡ ਫਾਦਰ ਨਹੀਂ ਸੀ ਅਤੇ ਫ਼ਿਲਮਾਂ ਬਾਰੇ ਮੈਂ ਜੋ ਵੀ ਨਿਰਣਾ ਲੈਣਾ ਸੀ, ਉਹ ਖ਼ੁਦ ਹੀ ਲੈਣਾ ਸੀ। ਇਹ ਤਾਂ ਮੈਂ ਤੈਅ ਕਰ ਰੱਖਿਆ ਸੀ ਕਿ ਜੋ ਮੈਨੂੰ ਸਹੀ ਲੱਗੇਗਾ ਉਹੀ ਕੰਮ ਹੱਥ ਵਿਚ ਲਵਾਂਗੀ। ਇਹੀ ਵਜ੍ਹਾ ਸੀ ਕਿ 'ਕਾਕਟੇਲ' ਤੋਂ ਬਾਅਦ ਮੈਨੂੰ ਜੋ ਵੀ ਭੂਮਿਕਾਵਾਂ ਮਿਲੀਆਂ, ਉਨ੍ਹਾਂ ਵਿਚ ਕਿਤੇ ਨਾ ਕਿਤੇ ਮੀਰਾ ਸਾਹਨੀ ਦੇ ਸ਼ੇਡਸ ਸਨ। ਸੋ, ਮੈਂ ਉਹ ਫ਼ਿਲਮਾਂ ਨਕਾਰ ਦਿੱਤੀਆਂ। ਜਦੋਂ 'ਹੈਪੀ ਭਾਗ ਜਾਏਗੀ' ਵਿਚ ਹੈਪੀ ਦੀ ਭੂਮਿਕਾ ਦੀ ਪੇਸ਼ਕਸ਼ ਹੋਈ ਤਾਂ ਲੱਗਿਆ ਕਿ ਇਹ ਭੂਮਿਕਾ ਬਹੁਤ ਵੱਖਰੀ ਹੈ। ਸੋ, ਇਹ ਫ਼ਿਲਮ ਸਵੀਕਾਰ ਕਰ ਲਈ। ਪਰਦੇ 'ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਾਰਨ ਹੀ ਹੁਣ 'ਲਖਨਊ ਸੈਂਟ੍ਰਲ' ਤੇ 'ਪਰਮਾਣੂ' ਵਿਚ ਕੰਮ ਕੀਤਾ ਹੈ। ਇਨ੍ਹੀਂ ਦਿਨੀਂ ਫ਼ਿਲਮਾਂ ਵਿਚ ਆਪਣੀ ਭੂਮਿਕਾ ਬਾਰੇ ਡਾਇਨਾ ਕਹਿੰਦੀ ਹੈ, 'ਇਹ ਦੋਵੇਂ ਫ਼ਿਲਮਾਂ ਅਸਲੀਅਤ ਦੇ ਨੇੜੇ ਹਨ। 'ਲਖਨਊ ਸੈਂਟ੍ਰਲ' ਵਿਚ ਮੈਂ ਐਨ. ਜੀ. ਓ. ਵਰਕਰ ਬਣੀ ਹਾਂ। ਇਹ ਕੈਦੀਆਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਦਾ ਕੰਮ ਕਰਦੀ ਹੈ। ਦੂਜੇ ਪਾਸੇ 'ਪਰਮਾਣੂ' ਵਿਚ ਵੀ ਮੇਰੀ ਵੱਖਰੀ ਜਿਹੀ ਭੂਮਿਕਾ ਹੈ। ਇਹ ਪੋਖਰਣ ਧਮਾਕੇ 'ਤੇ ਆਧਾਰਿਤ ਹੈ।' ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਡਾਇਨਾ ਮਾਡਲਿੰਗ ਕਰਿਆ ਕਰਦੀ ਸੀ। ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹੈ, 'ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਹੀਰੋਇਨ ਬਣਾਂਗੀ। ਮੈਂ ਮਾਡਲਿੰਗ ਵਿਚ ਆਪਣੇ ਕੈਰੀਅਰ ਨੂੰ ਲੈ ਕੇ ਖ਼ੁਸ਼ ਸੀ। ਮਾਡਲਿੰਗ ਵਿਚ ਮੇਰਾ ਚਿਹਰਾ ਦੇਖ ਕੇ ਮੈਨੂੰ 'ਕਾਕਟੇਲ' ਦੀ ਪੇਸ਼ਕਸ਼ ਹੋਈ। ਉਦੋਂ ਮੈਂ ਨਿਊਯਾਰਕ ਵਿਚ ਸੀ। ਬੁਲਾਵਾ ਆਉਣ 'ਤੇ ਜਦੋਂ ਮੈਂ ਇਥੇ ਆਈ ਤਾਂ ਇਕ ਹੀ ਦਿਨ ਵਿਚ ਮੈਨੂੰ ਫ਼ਿਲਮ ਲਈ ਫਾਈਨਲ ਕਰ ਲਿਆ ਗਿਆ। ਜਲਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ। ਇਸ ਤਰ੍ਹਾਂ ਇਕ ਦਿਨ ਵਿਚ ਜ਼ਿੰਦਗੀ ਬਦਲ ਗਈ। ਮੰਨਿਆ ਕਿ ਫ਼ਿਲਮਾਂ ਮੇਰੀ ਪਹਿਲ ਨਹੀਂ ਪਰ ਜਦੋਂ ਲੱਗਿਆ ਕਿ ਸੈਫ ਅਲੀ ਅਤੇ ਦੀਪਿਕਾ ਦੇ ਨਾਲ ਕੰਮ ਕਰਨ ਦਾ ਮੌਕਾ ਕਿਸਮਤ ਦੇ ਰਹੀ ਹੈ ਤਾਂ ਇਸ ਤਰ੍ਹਾਂ ਦਾ ਸੁਨਹਿਰੀ ਮੌਕਾ ਕਿਉਂ ਗਵਾਉਣਾ, ਇਹ ਸੋਚ ਕੇ ਮੈਂ ਫ਼ਿਲਮਾਂ ਵਿਚ ਆ ਗਈ।'
-ਇੰਦਰਮੋਹਨ ਪੰਨੂੰ

ਕੰਗਨਾ ਰਨੌਤ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਸਿਮਰਨ'

'ਤਨੂ ਵੈੱਡਸ ਮਨੂ' ਵਿਚ ਤਨੂ ਅਤੇ 'ਕਵੀਨ' ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਕੰਗਨਾ ਰਨੌਤ ਹੁਣ 'ਸਿਮਰਨ' ਰਾਹੀਂ ਫਿਰ ਇਕ ਵਾਰ ਮੁੱਖ ਭੂਮਿਕਾ ਵਿਚ ਆ ਰਹੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਨ ਹੰਸਲ ਮਹਿਤਾ। ਇਨ੍ਹਾਂ ਦੀ ਪਿਛਲੀਆਂ ਫ਼ਿਲਮਾਂ 'ਸ਼ਾਹਿਦ' ਤੇ 'ਅਲੀਗੜ੍ਹ' ਅਸਲ ਕਿਰਦਾਰਾਂ ਤੋਂ ਪ੍ਰੇਰਿਤ ਸਨ। ਉਸੇ ਤਰਜ਼ 'ਤੇ 'ਸਿਮਰਨ' ਦੀ ਪ੍ਰੇਰਣਾ ਵੀ ਅਸਲ ਕਿਰਦਾਰ ਤੋਂ ਲਈ ਗਈ ਹੈ। ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਕੁੜੀ ਨੂੰ ਸਟੋਰ ਵਿਚ ਚੋਰੀ ਕਰਦੇ ਫੜ ਲਿਆ ਗਿਆ ਸੀ। ਬਾਅਦ ਵਿਚ ਪਤਾ ਲੱਗਿਆ ਕਿ ਉਹ ਕੁੜੀ ਚੰਗੇ ਪਰਿਵਾਰ ਤੋਂ ਹੈ ਅਤੇ ਚੋਰੀ ਕਰਨਾ ਉਸ ਦਾ ਸੁਭਾਅ ਹੈ। ਚੋਰੀ ਦੀ ਇਸ ਤਰ੍ਹਾਂ ਦੀ ਆਦਤ ਵਾਲੇ ਆਦਮੀ ਨੂੰ ਅੰਗਰੇਜ਼ੀ ਵਿਚ 'ਕਲੇਪਟੋਮੇਨਿਆਇਕ ਕਿਹਾ ਜਾਂਦਾ ਹੈ। ਫ਼ਿਲਮ ਵਿਚ ਸਿਮਰਨ ਵੀ ਕਲੇਪਟੋਮੇਨਿਆਇਕ ਬਣੀ ਹੈ ਅਤੇ ਉਸ ਨੂੰ ਅਮਰੀਕਾ ਵਿਚ ਰਹਿੰਦੀ ਦਿਖਾਇਆ ਗਿਆ ਹੈ। ਸਿਮਰਨ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਹ ਵਿਆਹ ਕਰਵਾ ਲਵੇ ਪਰ ਸਿਮਰਨ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣ ਦੇ ਪੱਖ ਵਿਚ ਹੈ। ਆਜ਼ਾਦ ਖਿਆਲਾਂ ਵਾਲੀ ਕੁੜੀ ਦੀ ਕਹਾਣੀ ਪੇਸ਼ ਕਰਦੀ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਥੇ ਫ਼ਿਲਮ ਦਾ ਪੂਰਾ ਭਾਰ ਕੰਗਨਾ ਦੇ ਮੋਢਿਆਂ 'ਤੇ ਹੈ। ਫ਼ਿਲਮ ਵਿਚ ਉਸ ਦੇ ਨਾਲ ਕੋਈ ਵੱਡਾ ਜਾਂ ਨਾਮੀ ਕਲਾਕਾਰ ਨਹੀਂ ਹੈ।
ਖ਼ੁਦ ਹੰਸਲ ਮਹਿਤਾ ਵੀ ਇਹ ਗੱਲ ਕਬੂਲਦੇ ਹਨ ਕਿ ਇਸ ਫ਼ਿਲਮ ਵਿਚ ਕੰਗਨਾ ਹੀ ਸਰਬਉੱਤਮ ਹੈ ਅਤੇ ਫ਼ਿਲਮ ਦਾ ਪੂਰਾ ਭਾਰ ਉਸੇ 'ਤੇ ਹੈ। 'ਤਨੂ ਵੈੱਡਸ ਮਨੂ-2' ਵਿਚ ਹਰਿਆਣਵੀ ਕੁੜੀ ਦੱਤੋ ਬਣੀ ਕੰਗਨਾ ਇਥੇ ਗੁਜਰਾਤੀ ਕੁੜੀ ਬਣੀ ਹੈ ਅਤੇ ਇਸ ਭੂਮਿਕਾ ਲਈ ਉਸ ਨੇ ਗੁਜਰਾਤੀ ਟੋਨ ਵਾਲੇ ਉਚਾਰਨ ਵੀ ਸਿੱਖੇ ਸਨ। ਕਿਉਂਕਿ ਹੰਸਲ ਮਹਿਤਾ ਖ਼ੁਦ ਗੁਜਰਾਤੀ ਹੈ, ਇਸ ਲਈ ਉਨ੍ਹਾਂ ਤੋਂ ਟਿਪਸ ਲੈ ਕੇ ਕੰਗਨਾ ਨੇ ਇਸ ਭੂਮਿਕਾ ਨੂੰ ਸੌਖਿਆਂ ਹੀ ਕਰ ਦਿੱਤਾ ਸੀ।
ਕੰਗਨਾ ਦੇ ਨਾਲ ਇਸ ਵਿਚ ਸੋਹਮ ਸ਼ਾਹ, ਹਿਤੇਨ ਕੁਮਾਰ, ਈਸ਼ਾ ਤਿਵਾੜੀ ਪਾਂਡੇ ਤੇ ਕੁਝ ਵਿਦੇਸ਼ੀ ਕਲਾਕਾਰ ਹਨ। ਪਰ ਕਿਉਂਕਿ ਫ਼ਿਲਮ ਦੇ ਮੁੱਖ ਥਾਂ 'ਤੇ ਇਕਲੌਤੀ ਕੰਗਨਾ ਹੈ, ਸੋ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇਸ ਫ਼ਿਲਮ ਦਾ ਭਾਰ ਆਪਣੇ ਮੋਢਿਆਂ 'ਤੇ ਸਹਿਣ ਕਰਨ ਵਿਚ ਕਿਸ ਹੱਦ ਤੱਕ ਸਫ਼ਲ ਰਹਿੰਦੀ ਹੈ।


-ਮੁੰਬਈ ਪ੍ਰਤੀਨਿਧ

ਕਰੀਨਾ ਕਪੂਰ

ਪੁੱਤਰ ਮੋਹ ਜਾਗਿਆ

ਆਖਰ 'ਬੇਬੋ' ਨੇ ਰੀਆ ਕਪੂਰ ਨੂੰ ਸੁਨੇਹਾ ਭੇਜ ਹੀ ਦਿੱਤਾ ਕਿ 'ਵੀਰੇ ਦੀ ਵੈਡਿੰਗ' ਦਾ ਟਾਈਟਲ ਬਦਲੇ ਜਾਂ ਹੋਰ ਅੜਚਨਾਂ ਹੋਣ ਪਰ ਘਾਬਰਨ ਦੀ ਜ਼ਰੂਰਤ ਨਹੀਂ, ਉਹ ਸਭ ਕੁਝ ਇਕ ਪਾਸੇ ਰਹਿਣ ਦੇਵੇਗੀ ਤੇ ਪਹਿਲਾਂ ਸੋਨਮ ਕਪੂਰ ਨਾਲ ਉਸ ਦੀ ਇਸ 'ਵੀਰੇ ਦੀ ਵੈਡਿੰਗ' ਨੂੰ ਸਿਰੇ ਲਾਉਣ 'ਚ ਆਪਣਾ ਦਿਨ-ਰਾਤ ਇਕ ਕਰ ਦੇਵੇਗੀ। ਕਰੀਨਾ ਕਪੂਰ ਨੇ ਹੋਰ ਲਾਭ ਏਕਤਾ ਕਪੂਰ ਤੇ ਰੀਆ ਕਪੂਰ ਨੂੰ ਦਿਵਾ ਦਿੱਤਾ ਹੈ ਤੇ ਆਪਣੇ ਖਾਸ ਸੰਪਰਕਾਂ ਦੇ ਸਹਾਰੇ ਇਕ ਹੋਰ ਭਾਈਵਾਲ ਨਿਖਿਲ ਵੀ ਇਸ ਫ਼ਿਲਮ ਨਾਲ ਜੋੜ ਦਿੱਤਾ ਹੈ। ਫੈਸ਼ਨ ਹੀ ਫੈਸ਼ਨ ਕਰੀਨਾ ਕਪੂਰ ਖ਼ਾਨ ਦੀ ਇਸ ਫ਼ਿਲਮ 'ਚ ਨਜ਼ਰ ਆਏਗਾ ਤੇ ਖਾਸ ਤੌਰ 'ਤੇ ਨਿਊਯਾਰਕ ਤੋਂ ਕਰੀਨਾ ਕਪੂਰ ਖ਼ਾਨ ਲਈ ਲੀੜੇ-ਲੱਤੇ ਤੇ ਡਿਜ਼ਾਈਨਿੰਗ ਕਰਵਾਈ ਜਾ ਰਹੀ ਹੈ। ਕਰੀਨਾ ਇਸ ਫ਼ਿਲਮ 'ਚ ਖਾਸ ਦਿਲਚਸਪੀ ਲੈ ਰਹੀ ਹੈ। ਹੋਰ ਤੇ ਹੋਰ ਕਰੀਨਾ ਦਾ ਲਾਡਲਾ ਨਿੱਕਾ ਪੁੱਤ ਤੈਮੂਰ ਵੀ ਮਾਂ ਦੀ ਸ਼ੂਟਿੰਗ 'ਤੇ ਜਾਏਗਾ। ਪੁੱਤਰ ਮੋਹ ਇਥੋਂ ਤੱਕ ਹੈ ਕਿ ਕਰੀਨਾ ਹੁਣ 'ਵੀਰੇ ਦੀ ਵੈਡਿੰਗ' ਦੀ ਬਾਕਾਇਦਾ ਸ਼ੂਟਿੰਗ ਤੇ ਤੈਮੂਰ ਨੂੰ ਨਾਲ ਹੀ ਰੱਖੇਗੀ। ਕੰਮ ਵੀ, ਮਮਤਾ ਵੀ, ਬੇਟੇ ਦੀ ਦੇਖ-ਭਾਲ ਵੀ ਤੇ ਇਸ ਨਾਲ ਕਰੀਨਾ ਅਨੁਸਾਰ ਉਹ ਤਨ-ਮਨ ਨਾਲ ਇਸ ਫ਼ਿਲਮ ਨੂੰ ਸਮਰਪਿਤ ਹੋਵੇਗੀ। ਤਕਰੀਬਨ ਕਰੀਨਾ ਇਸ ਸਮੇਂ ਇਸ ਫ਼ਿਲਮ ਦੇ ਸੈੱਟ 'ਤੇ ਪਹੁੰਚ ਚੁੱਕੀ ਹੈ। ਕਰੀਨਾ ਨੇ ਤਾਂ ਪੁੱਤਰ ਮੋਹ 'ਚ ਸੋਨਮ ਨਾਲ ਆਪਣੇ ਸ਼ਿਕਵੇ ਵੀ ਭੁਲਾ ਦਿੱਤੇ ਹਨ। ਗੱਲ ਨਿੱਜੀ ਜੀਵਨ ਦੀ ਤਾਂ ਭੈਣ ਕ੍ਰਿਸ਼ਮਾ ਜ਼ਰੂਰ ਦੁੱਖਾਂ ਦੀ ਪੰਡ ਚੁੱਕੀ ਫਿਰਦੀ ਹੈ ਪਰ ਸੈਫ ਤੇ ਤੈਮੂਰ ਨਾਲ 'ਬੇਬੋ' ਦੁਨੀਆ ਦੀ ਸਫ਼ਲ ਗ੍ਰਹਿਣੀ ਹੈ। ਕਰੀਨਾ ਦੀ ਖੁਸ਼ੀ ਪੁੱਤਰ ਮੋਹ, ਮਮਤਾ ਤੇ ਪਤੀ ਪਿਆਰ ਹੈ। ਖੁਸ਼ੀ ਹੀ ਉਸ ਦੀ ਸਿਹਤਯਾਬੀ ਦਾ ਰਾਜ਼ ਹੈ। ਯੋਗਾ, ਜਿਮ ਨੇ ਕਰੀਨਾ ਦਾ ਸਰੀਰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਉਹ ਔਰਤ ਨਹੀਂ ਕੁਆਰੀ ਕੁੜੀ ਲਗਦੀ ਹੈ। ਕਰੀਨਾ ਰੋਹਿਤ ਸ਼ੈਟੀ ਲਈ ਆਈਟਮ ਵੀ ਕਰ ਰਹੀ ਹੈ।

ਮੁੜ ਸਰਗਰਮ ਹੋਈ ਵਾਮਿਕਾ ਗੱਬੀ

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਆ ਰਹੀ ਫ਼ਿਲਮ 'ਨਿੱਕਾ ਜ਼ੈਲਦਾਰ 2' ਵਿਚ ਦਰਸ਼ਕ ਇਸ ਵਾਰ ਇਕ ਹੋਰ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਦੇ ਦਰਸ਼ਨ ਕਰਨਗੇ। ਬਾਲੀਵੁੱਡ ਅਤੇ ਤਾਮਿਲ ਫ਼ਿਲਮਾਂ ਦੀ ਇਸ ਪੰਜਾਬਣ ਅਦਾਕਾਰਾ ਨੂੰ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਇਕ ਬਹੁਤ ਹੀ ਅਹਿਮ ਕਿਰਦਾਰ ਵਿਚ ਪਰਦੇ 'ਤੇ ਲਿਆਂਦਾ ਹੈ। ਇਸ ਫ਼ਿਲਮ ਵਿਚ ਉਸ ਨੇ ਸਕੂਲ ਅਧਿਆਪਕਾ ਸਾਵਨ ਕੌਰ ਦਾ ਕਿਰਦਾਰ ਨਿਭਾਇਆ ਹੈ, ਜੋ ਫ਼ਿਲਮ ਦੀ ਨਾਇਕ ਜੋੜੀ ਦੇ ਬਰਾਬਰ ਦਾ ਹੈ। ਉਹ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਪਿਆਰ ਅਤੇ ਵਿਆਹ ਵਿਚ ਅਨੇਕਾਂ ਮੁਸ਼ਕਿਲਾਂ ਪੈਦਾ ਕਰਕੇ ਫ਼ਿਲਮ ਨੂੰ ਦਿਲਚਸਪ ਬਣਾਉਂਦੀ ਹੈ। ਆਪਣੇ ਕਿਰਦਾਰ ਬਾਰੇ ਗੱਲਬਾਤ ਕਰਦਿਆਂ ਵਾਮਿਕਾ ਨੇ ਦੱਸਿਆ ਕਿ 'ਨਿੱਕਾ ਜ਼ੈਲਦਾਰ 2' ਪੰਜਾਬ ਦੇ 1970 ਦੇ ਦੌਰ ਦੀ ਕਹਾਣੀ ਹੈ, ਜਿਸ ਕਰਕੇ ਸਾਰਾ ਮਾਹੌਲ ਪੁਰਾਣੇ ਸਮੇਂ ਵਾਲਾ ਹੀ ਨਜ਼ਰ ਆਵੇਗਾ। ਪੁਰਾਤਨ ਪੰਜਾਬੀ ਪਹਿਰਾਵੇ ਵਿਚ ਅਨਭੋਲ ਜਿਹੀ ਦਿਸਣ ਵਾਲੀ ਵਾਮਿਕਾ ਦੀ ਪਛਾਣ ਹੀ ਨਹੀਂ ਆਵੇਗੀ ਕਿ ਇਹ ਦੱਖਣ ਦੀਆਂ ਫ਼ਿਲਮਾਂ ਵਾਲੀ ਅਦਾਕਾਰਾ ਹੈ। ਇਸ ਪਿਆਰ ਕਹਾਣੀ ਵਿਚ ਉਸ ਨੇ ਐਮੀ ਵਿਰਕ ਤੇ ਸੋਨਮ ਬਾਜਵਾ ਨਾਲ ਪੈਰਲਲ ਲੀਡ 'ਚ ਕੰਮ ਕੀਤਾ ਹੈ। ਉਸ ਨੂੰ ਖੁਸ਼ੀ ਹੈ ਕਿ ਇਸ ਫ਼ਿਲਮ ਨੇ ਉਸ ਨੂੰ ਮੁੜ ਆਪਣੀ ਮਿੱਟੀ ਨਾਲ ਜੋੜਿਆ ਹੈ।
ਬਾਲੀਵੁੱਡ ਅਤੇ ਦੱਖਣ ਦੀਆਂ ਫ਼ਿਲਮਾਂ 'ਚ ਆਪਣਾ ਕੈਰੀਅਰ ਬਣਾਉਣ ਵਾਲੀ ਇਹ ਪੰਜਾਬਣ ਅਦਾਕਾਰਾ ਨਾਮੀਂ ਲੇਖਕ ਗੋਵਰਧਨ ਗੱਬੀ ਦੀ ਬੇਟੀ ਹੈ। ਚੰਡੀਗੜ੍ਹ ਪੜ੍ਹਾਈ ਦੌਰਾਨ ਹੀ ਉਸ ਨੇ ਥੀਏਟਰ ਕਰਨਾ ਸ਼ੁਰੂ ਕੀਤਾ ਸੀ। ਦੂਰਦਰਸ਼ਨ ਜਲੰਧਰ ਅਤੇ ਲਿਸ਼ਕਾਰਾ ਚੈਨਲ ਤੋਂ ਪ੍ਰਸਾਰਤ ਹੁੰਦੇ ਕਈ ਲੜੀਵਾਰਾਂ ਵਿਚ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਸ਼ੁਰੂ ਵਿਚ ਵਾਮਿਕਾ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਇਕ ਸ਼ਾਰਟ ਫ਼ਿਲਮ 'ਇਸ਼ਕ ਹਾਜ਼ਰ ਹੈ' ਵੀ ਕੀਤੀ। ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹਨੀ ਸਿੰਘ ਤੇ ਅਮਰਿੰਦਰ ਗਿੱਲ ਨਾਲ 'ਤੂੰ ਮੇਰਾ ਬਾਈ-ਮੈਂ ਤੇਰਾ ਬਾਈ' ਅਤੇ ਰੌਸ਼ਨ ਪ੍ਰਿੰਸ ਤੇ ਅਲਫ਼ਾਜ਼ ਨਾਲ 'ਇਸ਼ਕ ਬਰਾਂਡੀ' ਫ਼ਿਲਮਾਂ ਨਾਲ ਕੀਤੀ। ਇਸ ਤੋਂ ਬਾਅਦ ਵਾਮਿਕਾ ਨਿਰਦੇਸ਼ਕ ਰਾਜ ਪੁਰੋਹਤ ਦੀ ਹਿੰਦੀ ਫ਼ਿਲਮ '16ਟੀਨ' (s}xteen) ਨਾਲ ਬਾਲੀਵੁੱਡ ਨਗਰੀ 'ਚ ਪ੍ਰਵੇਸ਼ ਕਰ ਗਈ। ਇਸ ਤੋਂ ਬਾਅਦ 'ਬਿੱਟੂ ਬੌਸ' ਅਤੇ ਦੱਖਣ ਦੀਆਂ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਕੀਤੀਆਂ। ਸਤੰਬਰ ਮਹੀਨੇ 'ਚ ਰਿਲੀਜ਼ ਹੋ ਰਹੀ ਪਟਿਆਲਾ ਮੋਸ਼ਨ ਪਿਕਚਰਜ਼ ਦੀ ਫ਼ਿਲਮ 'ਨਿੱਕਾ ਜ਼ੈਲਦਾਰ-2' ਵਿਚ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੌਣੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਰਾਖੀ ਹੁੰਦਲ, ਪਰਮਿੰਦਰ ਕੌਰ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਸੁਖਦੇਵ ਬਰਨਾਲਾ ਤੇ ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।


-ਸੁਰਜੀਤ ਜੱਸਲ

ਪੰਜਾਬੀ ਫ਼ਿਲਮਸਾਜ਼ੀ ਦਾ 'ਸੱਗੀ ਫੁੱਲ' ਬਣੇਗਾ ਸ਼ਿਵਤਾਰ ਸ਼ਿਵ

ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਵਿਖੇ ਸ. ਨਾਗਰ ਸਿੰਘ ਤੇ ਸ੍ਰੀਮਤੀ ਜਸਪਾਲ ਕੌਰ ਦੇ ਘਰ ਪੈਦਾ ਹੋਇਆ ਸ਼ਿਵਤਾਰ ਸਿੰਘ (ਸ਼ਿਵ) ਪਿਛਲੇ ਦੋ ਦਹਾਕਿਆਂ ਤੋਂ ਛੋਟੇ ਅਤੇ ਵੱਡੇ ਪਰਦੇ ਲਈ ਬਣੇ ਅਨੇਕਾਂ ਪ੍ਰੋਜੈਕਟਾਂ 'ਚ ਬਤੌਰ ਕੈਮਰਾਮੈਨ ਅਤੇ ਪ੍ਰੋਜੈਕਟ ਨਿਰਦੇਸ਼ਕ ਸ਼ਾਨਦਾਰ ਕੰਮ ਕਰ ਚੁੱਕਿਆ ਹੈ। ਲੰਬੇ ਤਜਰਬੇ ਤੋਂ ਬਾਅਦ ਸ਼ਿਵ ਨੇ ਪੱਕੇ ਪੈਰੀਂ ਹੋ ਕੇ ਵਧੀਆ ਵਿਸ਼ੇ ਵਾਲੀ ਪੰਜਾਬੀ ਫ਼ਿਲਮ 'ਸੱਗੀ ਫੁੱਲ' ਰਾਹੀਂ ਬਤੌਰ ਨਿਰਦੇਸ਼ਕ ਆਪਣੇ ਜੀਵਨ ਦਾ ਨਵਾਂ ਸਫਰ ਸ਼ੁਰੂ ਕੀਤਾ ਹੈ। ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟ ਕੇ, ਪੰਜਾਬੀ ਰਹਿਤਲ ਦੇ ਵਿਲੱਖਣ ਪੱਖਾਂ ਨੂੰ ਰੂਪਮਾਨ ਕਰਨ ਵਾਲੀ ਫ਼ਿਲਮ 'ਸੱਗੀ ਫੁੱਲ' ਤੋਂ ਉਮੀਦਾਂ ਹਨ ਕਿ ਸ਼ਿਵਤਾਰ ਦੇ ਰੂਪ 'ਚ ਪੰਜਾਬੀ ਫ਼ਿਲਮ ਉਦਯੋਗ ਨੂੰ ਇਕ ਵਧੀਆ ਨਿਰਦੇਸ਼ਕ ਮਿਲੇਗਾ।
ਸ਼ਿਵਤਾਰ ਨੇ ਨਾਭਾ ਵਿਖੇ ਸਕੂਲ ਜੀਵਨ ਦੌਰਾਨ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਵਿਲੱਖਣ ਪਹਿਚਾਣ ਬਣਾਉਣੀ ਆਰੰਭ ਕੀਤੀ। ਉਸ ਨੇ 12ਵੀਂ ਜਮਾਤ ਪਾਸ ਕਰਕੇ ਇੰਜੀਨੀਅਰਿੰਗ ਦੀ ਪੜ੍ਹਾਈ 'ਚ ਦਾਖਲਾ ਲਿਆ ਜਿੱਥੇ ਉਸ ਦਾ ਚਿੱਤ ਨਾ ਲੱਗਿਆ ਤੇ ਉਹ ਫ਼ਿਲਮ ਲਾਈਨ 'ਚ ਆਉਣ ਦੇ ਮਨਸੂਬੇ ਨਾਲ ਜਲੰਧਰ ਦੂਰਦਰਸ਼ਨ 'ਤੇ ਚੱਲਦੇ ਪ੍ਰੋਗਰਾਮ 'ਵਿਰਾਸਤ' ਨਾਲ ਰੰਗਕਰਮੀ ਕੁਲਵੰਤ ਸਿੰਘ ਖੱਟੜਾ ਰਾਹੀਂ ਜੁੜ ਗਿਆ। ਇਥੇ ਉਸ ਨੇ ਸ. ਬਲਜੀਤ ਸਿੰਘ ਨਾਲ ਬਤੌਰ ਤਕਨੀਸ਼ੀਅਨ ਅਤੇ ਅਦਾਕਾਰ ਕੰਮ ਕਰਕੇ, ਫ਼ਿਲਮਸਾਜ਼ੀ ਦਾ ਰਸਤਾ ਫੜ ਲਿਆ। ਫਿਰ ਉਸ ਨੇ ਏ.ਟੀ.ਐਨ., ਲਿਸ਼ਕਾਰਾ ਅਤੇ ਹੋਰਨਾਂ ਚੈਨਲਜ਼ ਲਈ ਸੰਗੀਤਕ ਵੀਡੀਓਜ਼ ਬਣਾਉਣ ਵਾਲੇ ਨਿਰਦੇਸ਼ਕ ਇੰਦਰ ਮਾਨ ਅਤੇ ਰਾਜੇਸ਼ ਵਰਮਾ ਹੋਰਾਂ ਨਾਲ ਸਹਾਇਕ ਵਜੋਂ ਕੰਮ ਕੀਤਾ। ਇਸ ਉਪਰੰਤ ਸੰਗੀਤਕ ਵੀਡੀਓਜ਼ ਦਾ ਦੌਰ ਆਰੰਭ ਹੋਇਆ ਅਤੇ ਸ਼ਿਵਤਾਰ ਨੇ ਇਸ ਖੇਤਰ ਦੇ ਨਾਮਵਰ ਨਿਰਦੇਸ਼ਕ ਅਕਰਮ ਸ਼ੇਖ ਤੇ ਨਵਰਾਜ ਰਾਜਾ ਨਾਲ ਸਹਾਇਕ ਕੈਮਰਾ ਮੈਨ ਵਜੋਂ ਕੰਮ ਕੀਤਾ। ਸੰਨ 2001 'ਚ ਬਤੌਰ ਕੈਮਰਾਮੈਨ ਸ਼ਿਵਤਾਰ ਪੰਜਾਬੀ ਸੰਗੀਤਕ ਵੀਡੀਓਜ਼ ਦੇ ਨਿਰਮਾਣ ਨਾਲ ਜੁੜ ਗਿਆ ਅਤੇ ਸੌ ਦੇ ਕਰੀਬ ਵੀਡੀਓਜ਼ ਦੀ ਸਿਰਜਣਾ ਕੀਤੀ। ਇਸ ਦੇ ਨਾਲ ਹੀ ਸ਼ਿਵਤਾਰ ਨੇ ਛੋਟੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਕੁਕਨੁਸ, ਵੰਡ ਅਤੇ ਬਰਫ ਰਾਹੀਂ ਕੌਮੀ ਪੱਧਰ ਦੇ ਫ਼ਿਲਮ ਉਤਸਵਾਂ 'ਚੋਂ ਪੁਰਸਕਾਰ ਜਿੱਤੇ। ਪੰਜਾਬੀ ਚੈਨਲਜ਼ ਦੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਕੈਮਰਾਬੱਧ ਕਰਨ ਉਪਰੰਤ ਸ਼ਿਵਤਾਰ ਨੇ ਫੀਚਰ ਫ਼ਿਲਮਾਂ ਨੂੰ ਆਪਣੇ ਕੈਮਰੇ ਰਾਹੀਂ ਸਿਰਜਣ ਦਾ ਦੌਰ ਆਰੰਭ ਕੀਤਾ, ਜਿਸ ਤਹਿਤ ਉਸ ਨੇ 'ਚਮਕੀਲਾ : ਦ ਲੀਜ਼ੈਂਡ', 'ਕਿਸਮਤ', 'ਮਿੱਟੀ', 'ਕੌਮ ਦੇ ਹੀਰੇ', 'ਪੱਤਾ-ਪੱਤਾ ਸਿੰਘਾਂ ਦਾ ਵੈਰੀ', 'ਧਰਮਯੁੱਧ ਮੋਰਚਾ', 'ਦ ਯੂਥ' ਅਤੇ 'ਨਿੱਕਾ ਜ਼ੈਲਦਾਰ-2' ਵਰਗੀਆਂ ਫ਼ਿਲਮਾਂ ਨਾਕ ਬਤੌਰ ਡੀ.ਓ.ਪੀ. ਜੁੜਨ ਦਾ ਮਾਣ ਹਾਸਲ ਕੀਤਾ। ਇਨ੍ਹਾਂ ਫ਼ਿਲਮਾਂ ਸਮੇਂ ਸ਼ਿਵਤਾਰ ਨੂੰ ਬਤੌਰ ਪ੍ਰੋਜੈਕਟ ਨਿਰਦੇਸ਼ਕ ਕੰਮ ਕਰਨ ਦਾ ਮੌਕਾ ਵੀ ਮਿਲਿਆ। ਇਸ ਤਰ੍ਹਾਂ ਲੰਬੇ ਤਜਰਬੇ ਤੋਂ ਬਾਅਦ ਸ਼ਿਵਤਾਰ ਨੇ ਨਿਰਮਾਤਾ ਅਮਿਤੋਜ਼ ਹੋਰਾਂ ਦੇ ਲੀਜ਼ੈਂਡ ਮੋਸ਼ਨ ਪਿਕਚਰਜ਼ ਬੈਨਰ ਹੇਠ 'ਸੱਗੀ ਫੁੱਲ' ਫ਼ਿਲਮ ਰਾਹੀਂ ਬਤੌਰ ਨਿਰਦੇਸ਼ਕ ਨਵਾਂ ਸਫਰ ਸ਼ੁਰੂ ਕੀਤਾ ਹੈ। ਇਸ ਫ਼ਿਲਮ ਦਾ ਵਧੀਆ ਵਿਸ਼ਾ, ਖੂਬਸੂਰਤ ਸੰਗੀਤ ਅਤੇ ਵੀਡੀਓਗ੍ਰਾਫੀ ਪੰਜਾਬੀ ਫ਼ਿਲਮਸਾਜ਼ੀ 'ਚ ਨਵੀਂ ਮਿਸਾਲ ਪੈਦਾ ਕਰੇਗੀ। ਇਹ ਦਾਅਵਾ ਕਰਦਿਆਂ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਉਸ ਨੇੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਕ ਪਰਿਵਾਰਿਕ ਅਤੇ ਮਨੋਰੰਜਕ ਫ਼ਿਲਮ ਬਣਾਈ ਹੈ ਜੋ ਉਸ ਦੇ ਕੈਰੀਅਰ ਨੂੰ ਨਵੀਂ ਸੇਧ ਦੇਵੇਗੀ।

ਫ਼ਿਲਮ 'ਨਿੱਕਾ ਜ਼ੈਲਦਾਰ 2' ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰੇਗੀ-ਸਿਮਰਜੀਤ ਸਿੰਘ

ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ 2' 22 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਪਿਛਲੇ ਸਾਲ ਦੀ ਬਹੁਚਰਚਿਤ ਫ਼ਿਲਮ 'ਨਿੱਕਾ ਜ਼ੈਲਦਾਰ' ਦੀ ਅਗਲੀ ਕੜੀ ਇਸ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਸੋਸ਼ਲ ਮੀਡੀਆ 'ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਫ਼ਿਲਮ 'ਅੰਗਰੇਜ਼' ਨਾਲ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਆਪਣੀ ਇਸ ਫ਼ਿਲਮ 'ਚ ਵੀ ਪੁਰਾਤਨ ਪੰਜਾਬ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਫ਼ਿਲਮ ਕਰੀਬ 40 ਸਾਲ ਪਹਿਲਾਂ ਵਾਲੇ ਪੰਜਾਬ ਨੂੰ ਪਰਦੇ 'ਤੇ ਪੇਸ਼ ਕਰਦੀ ਹੈ।
ਨਿੱਕਾ ਜ਼ੈਲਦਾਰ ਵਾਂਗ ਹੀ ਇਸ ਫ਼ਿਲਮ 'ਚ ਵੀ ਦਰਸ਼ਕਾਂ ਨੂੰ ਕਾਮੇਡੀ, ਰੁਮਾਂਸ ਤੇ ਡਰਾਮੇ ਦਾ ਡਬਲ ਧਮਾਲ ਦੇਖਣ ਨੂੰ ਮਿਲੇਗਾ। ਭਾਵੇਂ ਕਿ ਇਸ ਫ਼ਿਲਮ ਦੇ ਹੀਰੋ, ਹੀਰੋਇਨ ਵੀ ਐਮੀ ਵਿਰਕ ਤੇ ਸੋਨਮ ਬਾਜਵਾ ਹੀ ਹਨ ਪਰ ਇਹ ਫ਼ਿਲਮ ਪਹਿਲੀ ਫ਼ਿਲਮ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਹੋਵੇਗੀ। 'ਪਟਿਆਲਾ ਮੋਸ਼ਨ ਪਿਕਚਰਸ' ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਤੇ ਰਮਨੀਤ ਸ਼ੇਰ ਸਿੰਘ ਹਨ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਕ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਤੇ ਸੰਵਾਦ ਜਗਦੀਪ ਸਿੰਘ ਸਿੱਧੂ ਨੇ ਲਿਖੇ ਹਨ। ਫ਼ਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਵਾਮਿਕਾ ਗੱਬੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਣਾ ਰਣਬੀਰ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ ਤੇ ਪ੍ਰਿੰਸ ਕੰਵਲਜੀਤ ਸਮੇਤ ਕਈ ਨਵੇਂ, ਪੁਰਾਣੇ ਚਿਹਰੇ ਨਜ਼ਰ ਆਉਣਗੇ।
ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਦੱਸਿਆ ਕਿ 'ਨਿੱਕਾ ਜ਼ੈਲਦਾਰ' ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਨਿੱਕਾ ਜ਼ੈਲਦਾਰ ਦੀ ਸਫ਼ਲਤਾ ਨੇ ਉਸ ਦੀ ਟੀਮ ਨੂੰ ਕੁਝ ਹੋਰ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨਿੱਕਾ ਜ਼ੈਲਦਾਰ-2 ਅੰਗਰੇਜ਼ ਵਾਂਗ ਪੁਰਾਤਨ ਪੰਜਾਬ ਦੇ ਦਰਸ਼ਨ ਕਰਵਾਏਗੀ। ਅੰਗਰੇਜ਼ ਵਾਂਗ ਹੀ ਇਸ 'ਚ ਵੀ ਦਰਸ਼ਕ ਪੁਰਾਤਨ ਸੱਭਿਆਚਾਰ, ਵਿਆਹਾਂ ਤੇ ਰਿਸ਼ਤਿਆਂ ਦੀ ਨਿੱਘ ਦਾ ਆਨੰਦ ਮਾਣਨਗੇ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ 'ਚ ਇਕ ਪੀਰੀਅਡ ਲਵ ਸਟੋਰੀ ਪੇਸ਼ ਕੀਤੀ ਗਈ ਹੈ, ਜੋ ਉਸ ਸਮੇਂ ਦੇ ਰਿਸ਼ਤਿਆਂ, ਰਿਸ਼ਤਿਆਂ 'ਚ ਆਉਂਦੀਆਂ ਅੜਚਣਾਂ ਤੇ ਲੋਕਾਂ ਦੀ ਸਾਦਗੀ ਨੂੰ ਪਰਦੇ 'ਤੇ ਪੇਸ਼ ਕਰੇਗੀ। ਪਹਿਲੀ ਫ਼ਿਲਮ ਵਾਂਗ ਭਾਵੇਂ ਇਸ 'ਚ ਵੀ ਦਰਸ਼ਕ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਦੇਖਣਗੇ, ਪਰ ਇਸ ਵਾਰ ਇਹ ਜੋੜੀ ਏਨੀ ਸੌਖੀ ਨਹੀਂ ਬਣ ਸਕੇਗੀ। ਐਮੀ ਵਿਰਕ ਫ਼ਿਲਮ ਦੀ ਹੀਰੋਇਨ ਸੋਨਮ ਬਾਜਵਾ ਨਾਲ ਵਿਆਹ ਤਾਂ ਕਰਵਾਏਗਾ, ਪਰ ਵਿਆਹ ਤੋਂ ਬਾਅਦ ਫ਼ਿਲਮ ਦੀ ਨਾਇਕਾ ਯਾਨੀ ਕਿ ਸੋਨਮ ਬਾਜਵਾ ਆਪਣੇ ਘਰਵਾਲੇ ਲਈ ਹੋਰ ਘਰਵਾਲੀ ਲੱਭਦੀ ਨਜ਼ਰ ਆਵੇਗੀ। ਕਈ ਤੇਲਗੂ ਅਤੇ ਪੰਜਾਬੀ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਵਾਮਿਕਾ ਗੱਬੀ ਇਸ ਵਾਰ ਇਸ ਪ੍ਰੇਮ ਕਹਾਣੀ 'ਚ ਵੱਡਾ ਅੜਿੱਕਾ ਪੈਦਾ ਕਰੇਗੀ, ਇਹ ਅੜਿੱਕਾ ਕੀ ਹੈ? ਇਹ ਸਸਪੈਂਸ ਹੀ ਦਰਸ਼ਕਾਂ ਦੀ ਫ਼ਿਲਮ ਪ੍ਰਤੀ ਦਿਲਚਸਪੀ ਵਧਾਏਗਾ। ਨਿਰਦੇਸ਼ਕ ਮੁਤਾਬਕ ਇਸ ਵਾਰ ਫ਼ਿਲਮ ਦੀ ਕਹਾਣੀ ਇਸ ਕਦਰ ਜ਼ਬਰਦਸਤ ਹੈ ਕਿ ਦਰਸ਼ਕ ਇਕ ਮਿੰਟ ਲਈ ਵੀ ਸਕਰੀਨ ਤੋਂ ਨਜ਼ਰ ਨਹੀਂ ਹਟਾ ਸਕਣਗੇ। ਨਿੱਕਾ ਜ਼ੈਲਦਾਰ ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਵੀ ਉਚੇਚੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਲਈ ਵੀਤ ਬਲਜੀਤ ਸਮੇਤ ਨਾਮੀਂ ਗੀਤਕਾਰਾਂ ਨੇ ਗੀਤ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਐਮੀ ਵਿਰਕ, ਵੀਤ ਬਲਜੀਤ ਤੇ ਫਿਰੋਜ਼ ਖ਼ਾਨ ਨੇ ਦਿੱਤੀ ਹੈ। ਇਸ ਫ਼ਿਲਮ ਨੂੰ ਨਾਮਵਰ ਫ਼ਿਲਮ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

...ਤੇ ਰਮਤਾ ਨਿਕਲ ਗਿਆ ਪਰਲੋਕ ਦੀ ਯਾਤਰਾ 'ਤੇ

ਹਜ਼ਾਰਾ ਸਿੰਘ ਰਮਤਾ ਨਹੀਂ ਰਿਹਾ। ਲੰਘੇ 7 ਸਤੰਬਰ ਨੂੰ ਉਹਦੇ ਇਸ ਜਹਾਨੋਂ ਕੂਚ ਕਰ ਜਾਣ ਦੀ ਖ਼ਬਰ ਆ ਗਈ। ਭਾਵੇਂ ਰਮਤੇ ਨੇ ਉਮਰ ਨੂੰ ਰੱਜ ਕੇ ਜੀਵਿਆ, ਪਰ ਉਹਦੇ ਵਰਗੇ ਫ਼ਨਕਾਰ ਦਾ ਤੁਰ ਜਾਣਾ ਸੁੰਨ ਕਰ ਦੇਣ ਵਾਲਾ ਹੈ। ਅਸਲ ਵਿਚ ਰਮਤਾ ਇਕ ਅਜਿਹਾ ਕਲਾਕਾਰ ਸੀ ਜਿਸ ਦਾ ਨਾਂਅ ਸੁਣਦਿਆਂ ਹੀ ਜ਼ਿਹਨ ਵਿਚ ਹਾਸੇ ਉੱਛਲਣ ਲੱਗ ਪੈਂਦੇ। ਜਿਨ੍ਹਾਂ ਲੋਕਾਂ ਨੇ ਰਮਤੇ ਦੇ ਗੀਤਾਂ ਨੂੰ ਸੁਣਿਐ, ਉਹ ਜਾਣਦੇ ਹਨ ਕਿ ਉਸ ਨੂੰ ਸੁਣਨ ਤੇ ਮਾਣਨ ਦੀ ਕੀ ਲੱਜ਼ਤ ਸੀ। ਕਹਾਣੀ ਨੁਮਾ ਨਜ਼ਮ ਨੂੰ ਜਦ ਉਹ ਤੂੰਬੀ ਨਾਲ ਗਾਉਂਦਾ ਤਾਂ ਸੁਣਨ ਵਾਲਾ ਮੰਤਰ ਮੁਗਧ ਹੋਇਆ ਉਹਦੇ ਨਾਲ ਤੁਰ ਪੈਂਦਾ। ਹਾਸ ਕਾਵਿ ਉੱਤੇ ਉਹਦੀ ਪਕੜ ਏਨੀ ਮਜ਼ਬੂਤ ਸੀ ਕਿ ਪੂਰੀ ਨਜ਼ਮ ਵਿਚ ਇਕ ਵੀ ਸ਼ਬਦ ਵਾਧੂ ਜਾਂ ਬੇਲੋੜਾ ਨਹੀਂ ਸੀ ਲਗਦਾ। ਬੰਦਸ਼ ਐਨੀ ਕਿ ਮਜ਼ਾਲ ਹੈ ਕਹਾਣੀ ਕਿਸੇ ਪਾਸੇ ਝੋਲ ਖਾ ਜਾਵੇ? ਪੰਜਾਬ ਦੇ ਲੁਧਿਆਣੇ ਨਾਲ ਸਬੰਧਤ ਹਜ਼ਾਰਾ ਸਿੰਘ ਰਮਤਾ ਪਿਛਲਾ ਲੰਮਾ ਸਮਾਂ ਕੈਨੇਡਾ ਰਹਿੰਦਾ ਰਿਹਾ ਤੇ ਉਥੇ ਹੀ ਉਹ ਅਗਲੇ ਜਹਾਨ ਦੀ ਉਡਾਰੀ ਮਾਰ ਗਿਆ। ਰਮਤੇ ਨੇ ਮੁੜ ਨਹੀਂ ਆਉਣਾ ਤੇ ਯਕੀਨਣ ਉਹਦੇ ਵਰਗਾ ਵੀ ਕੋਈ ਛੇਤੀ ਨਹੀਂ ਆਉਣਾ।
ਗਿੱਲਾਂ ਦਾ ਮੁੰਡਾ ਹਜ਼ਾਰਾ ਸਿੰਘ ਕਲਾ ਖੇਤਰ ਵਿਚ ਰਮਤਾ ਕਲਮੀ ਨਾਂਅ ਨਾਲ ਸ਼ੋਹਰਤ ਦੀ ਉਸ ਬੁਲੰਦੀ ਤੱਕ ਅੱਪੜਿਆ ਜਿਸ ਨੂੰ ਕਲਪਣਾ ਵੀ ਮੁਸ਼ਕਿਲ ਹੈ। ਰਮਤੇ ਦਾ ਜਨਮ 1 ਅਗਸਤ 1926 ਦੇ ਦਿਨ ਮਿੰਟਗੁਮਰੀ ਜਿਸ ਦਾ ਹੁਣ ਨਾਂਅ ਸਾਹੀਵਾਲ ਹੈ ਇਲਾਕੇ ਦੇ ਪਿੰਡ ਗਿੱਲ ਚੱਕ ਵਿਚ ਹੋਇਆ। ਰਮਤੇ ਨੇ ਮੈਟ੍ਰਿਕ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਮਿੰਟਗੁਮਰੀ ਤੋਂ ਕੀਤੀ, ਬੀ. ਐਸ ਸੀ. ਅਲੀਗੜ੍ਹ ਮੁਸਲਿਮ ਯੁੂਨੀਵਰਸਿਟੀ ਤੋਂ ਅਤੇ ਸੰਗੀਤ ਦੀ ਬੈਚਲਰ ਡਿਗਰੀ ਉਸ ਨੇ ਬਨਾਰਸ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਮਗਰੋਂ ਉਹ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਵਿਚ ਸੰਗੀਤ ਅਧਿਆਪਕ ਵੀ ਰਿਹਾ। ਉਹਦੇ ਗੀਤਾਂ ਦੀਆਂ ਧੁਨਾਂ ਚਾਹੇ ਬੜੀਆਂ ਸਿੱਧ ਪੱਧਰੀਆਂ ਹੁੰਦੀਆਂ ਪਰ ਉਸ ਨੂੰ ਰਾਗਦਾਰੀ ਦਾ ਗੂੜ੍ਹਾ ਇਲਮ ਸੀ। ਸੰਗੀਤ ਦਾ ਮੋਹ ਬਚਪਨ ਵਿਚ ਉਹਦੇ ਸਾਹੀਂ ਰਚ ਗਿਆ। ਉਨ੍ਹੀਂ ਦਿਨੀਂ ਗਾਉਣਾ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਹ ਕੁੱਝ ਖਾਸ ਤਰ੍ਹਾਂ ਦੇ ਲੋਕਾਂ ਤੱਕ ਮਹਿਦੂਦ ਹੁੰਦਾ ਸੀ। ਵਿਆਹਾਂ -ਸ਼ਾਦੀਆਂ ਮੌਕੇ ਕੋਠੇ ਵਾਲੀਆਂ ਨੂੰ ਗਾਉਣ ਲਈ ਬੁਲਾਇਆ ਜਾਂਦਾ ਸੀ। ਉਨ੍ਹਾਂ ਦੇ ਗਾਏ ਗੀਤਾਂ ਨੂੰ ਹਜ਼ਾਰਾ ਸਿੰਘ ਨੇ ਨਕਲ ਕਰਕੇ ਗਾਉਣਾ ਤਾਂ ਘਰੋਂ ਮਾਰ ਪੈਣੀ। ਲਿਹਾਜ਼ਾ ਹਜ਼ਾਰਾ ਸਿੰਘ ਰਮਤਾ ਨੇ ਉਸਤਾਦ ਅਮਾਮ ਖਾਂ ਕੋਲੋਂ ਰਾਗ ਵਿੱਦਿਆ ਸਿੱਖੀ।
ਕਾਲਜ ਪੜ੍ਹਦਿਆਂ ਸ਼ਾਇਰੀ ਫੁੱਟ ਪਈ ਤੇ ਸ਼ਾਇਰੀ ਨੂੰ ਨੇੜਿਓਂ ਸਮਝਣ ਲਈ ਅੰਮ੍ਰਿਤਸਰੋਂ ਗਿਆਨੀ ਵੀ ਕਰ ਲਈ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਲੁਧਿਆਣੇ ਆ ਵਸਿਆ। ਰਮਤਾ ਰੋਜ਼ੀ ਰੋਟੀ ਲਈ ਦਿੱਲੀ ਚਲਾ ਗਿਆ। ਦਿੱਲੀ ਦੇ ਸਾਹਿਤਕ ਮਾਹੌਲ ਨੇ ਉਸ ਅੰਦਰਲੇ ਕਲਾਕਾਰ ਨੁੰ ਮੌਲਣ ਦਾ ਮੌਕਾ ਦਿੱਤਾ। ਵੱਡੇ ਸ਼ਾਇਰਾਂ ਸਾਹਮਣੇ ਟਿਕਣ ਤੇ ਵੱਖਰੀ ਪਛਾਣ ਬਣਾਉਣ ਲਈ ਉਸ ਨੇ ਹਾਸ ਕਾਵਿਤਾ ਦਾ ਰਾਹ ਚੁਣਿਆ ਤੇ ਇਸ ਲਈ ਈਸ਼ਰ ਸਿੰਘ ਭਾਈਆ ਦੀਆਂ ਕਾਵਿ ਰਚਨਾਵਾਂ ਦਾ ਡੂੰਘਾ ਅਧਿਐਨ ਕੀਤਾ। ਰਮਤਾ 1950 ਤੋਂ ਦਿੱਲੀ ਰੇਡੀਓ ਤੋਂ ਗਾਉਣ ਲੱਗ ਪਿਆ ਸੀ। ਹਜ਼ਾਰਾ ਸਿੰਘ ਰਮਤਾ ਦੀ ਸ਼ਾਇਰੀ ਵਿਚ ਧਾਰਮਿਕ ਰਚਨਾਵਾਂ, ਪਰਿਵਾਰਕ ਨਜ਼ਮਾਂ ਤੇ ਸੈਰਾਂ ਮੁੱਖ ਹਨ। ਪਰਿਵਾਰਕ ਗੀਤਾਂ ਵਿਚ 'ਰਮਤੇ ਦੀ ਕੁੜਮਾਈ', ਰਮਤੇ ਦਾ ਵਿਆਹ', 'ਰਮਤੇ ਦਾ ਦੂਜਾ ਵਿਆਹ', 'ਰਮਤਾ ਮੇਮਾਂ ਵਿਚ', 'ਰਮਤੇ ਨੇ ਪੀਣੀ ਛੱਡ 'ਤੀ' , 'ਰਮਤੇ ਦੀ ਟੱਬਰਦਾਰੀ' ਅਤੇ 'ਰਮਤੇ ਦਾ ਪੁੱਤ' ਆਦਿ ਜ਼ਿਕਰਯੋਗ ਹਨ।


-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ- 151202


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX