ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਹੁਣ ਸਮਾਂ ਆ ਰਿਹਾ ਹੈ ਨੈਨੋ ਇਲੈਕਟ੍ਰਾਨਿਕਸ ਦਾ

ਨੈਨੋ ਇਲੈਕਟ੍ਰਾਨਿਕਸ ਸੂਖਮ ਪੱਧਰ ਦੀ ਇਕ ਅਜਿਹੀ ਇੰਜੀਨੀਅਰਿੰਗ ਤਕਨੀਕ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਵਿਸ਼ਵ ਪੱਧਰ ਤੇ ਅਤੀ ਸੂਖਮ ਬਿਜਲਾਣੂ ਵਸਤਾਂ ਅਤੇ ਉਪਕਰਣ ਬਣਾਉਣ ਵਿਚ ਵਰਤੀ ਜਾ ਰਹੀ ਹੈ। ਨੈਨੋ ਇਲੈਕਟ੍ਰਾਨਿਕਸ ਤੋਂ ਭਾਵ ਬਹੁਤ ਹੀ ਛੋਟੇ (ਅਦ੍ਰਿਸ਼) ਕਿਸਮ ਦੇ ਬਿਜਲਾਣੂ ਉਪਕਰਣ ਜਿਵੇਂ ਟ੍ਰਾਂਜ਼ਿਸਟਰ, ਆਈ. ਸੀ ਚਿੱਪਾਂ ਆਦਿ ਨੂੰ ਨੈਨੋਤਕਨਾਲੋਜੀ ਦੀ ਸਹਾਇਤਾ ਨਾਲ ਤਿਆਰ ਕਰਨਾ ਹੈ। ਅਜਿਹੇ ਬਿਜਲਾਣੂ ਉਪਕਰਣ ਆਕਾਰ ਵਿਚ ਇੰਨੇ ਛੋਟੇ ਹੁੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਕੁਝ ਸਪੈਸ਼ਲ ਕਿਸਮ ਦੀਆਂ ਬਿਜਲਾਣੂ ਅਤੇ ਪ੍ਰਮਾਣੂ ਸੂਖਮਦਰਸ਼ੀਆਂ ਨਾਲ ਹੀ ਇਨ੍ਹਾਂ ਦੀ ਬਣਤਰ ਨੂੰ ਦੇਖਿਆ ਜਾ ਸਕਦਾ ਹੈ। ਨੈਨੋਤਕਨਾਲੋਜੀ ਸ਼ਬਦ ਤੋਂ ਭਾਵ ਬਹੁਤ ਹੀ ਸੂਖਮ, ਇਸ ਵਿਚ ਪਦਾਰਥ ਦਾ ਆਕਾਰ ਨੈਨੋਮੀਟਰ ਵਿਚ ਨਾਪਿਆ ਜਾਂਦਾ ਹੈ। 100 ਨੈਨੋਮੀਟਰ ਜਾਂ ਇਸ ਤੋਂ ਛੋਟੇ ਆਕਾਰ ਦੇ ਪਦਾਰਥਾਂ ਜਾਂ ਉਪਕਰਨਾਂ ਨੂੰ ਇਸੇ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਕ ਨੈਨੋਮੀਟਰ ਤੋਂ ਭਾਵ ਮੀਟਰ ਦਾ ਅਰਬਵਾਂ ਹਿੱਸਾ ਜਾਂ 10-9 ਮੀਟਰ। ਨੈਨੋਮੀਟਰ ਸ਼ਬਦ ਮਾਈਕ੍ਰੋਮੀਟਰ (ਆਕਾਰ ਦਾ ਪੱਧਰ 10-6 ਮੀਟਰ) ਦਾ ਵੀ ਹਜ਼ਾਰਵਾਂ ਹਿੱਸਾ ਹੁੰਦਾ ਹੈ। ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸਕੇਲ ਕਿੰਨੀ ਸੂਖਮ ਹੈ। ਨੈਨੋ ਸ਼ਬਦ ਦਾ ਉਲਟ ਹੈ ਮੈਕਰੋ, ਜਿਸ ਵਿਚ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖ ਸਕਦੇ ਹਾਂ, ਜਿਵੇਂ ਵੱਡੇ ਵੱਡੇ ਪਹਾੜ, ਸਮੁੰਦਰ, ਕੁਦਰਤੀ ਨਜ਼ਾਰੇ ਆਦਿ ਸਭ ਦਿਸਣਯੋਗ ਚੀਜ਼ਾਂ ਹਨ। ਮਨੁੱਖ ਦੀ ਅੱਖ ਦੇ ਦੇਖਣ ਦੀ ਗਤੀ ਪ੍ਰਕਾਸ਼ ਦੀ ਗਤੀ ਦੇ ਬਰਾਬਰ ਹੈ। ਇਸੇ ਕਰਕੇ ਅਸੀਂ ਪਦਾਰਥ ਦੇ ਸਿਰਫ ਦਿਸਦੇ ਰੂਪ ਨੂੰ ਹੀ ਦੇਖ ਸਕਦੇ ਹਾਂ। ਨੈਨੋ ਇਲੈਕਟ੍ਰਾਨਿਕਸ ਵੱਖ ਵੱਖ ਤਰ੍ਹਾਂ ਦੇ ਸੂਖਮ ਪਦਾਰਥਾਂ ਦੇ ਸੁਮੇਲ ਦਾ ਹੀ ਇਕ ਰੂਪ ਹੈ, ਜਿਨ੍ਹਾਂ ਦੀਆਂ ਆਂਤਰਿਕ ਪ੍ਰਮਾਣੂ, ਕੁਆਂਟਮ ਮਕੈਨੀਕਲ, ਭੌਤਿਕੀ, ਰਸਾਇਣਕ ਅਤੇ ਪ੍ਰਕਾਸ਼ੀ-ਬਿਜਲਾਣੂ ਬਣਤਰਾਂ ਅਤੇ ਵਿਸ਼ੇਸ਼ਤਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਤਕਨੀਕ ਹਾਈਬ੍ਰਿਡ-ਅਣੂਵਿਕ/ਸੈਮੀਕੰਡਕਟਰ ਬਿਜਲਾਣੂ ਯੰਤਰਾਂ, ਇਕਹਿਰੇ ਆਕਾਰ (1 ਡੀ) ਵਾਲੀਆਂ ਨੈਨੋ ਟਿਊਬਾਂ, ਨੈਨੋ ਤਾਰਾਂ (ਸਿਲੀਕਾਨ ਅਤੇ ਕਾਰਬਨ ਨੈਨੋਟਿਊਬਾਂ), ਕੁਆਂਟਮ ਡੌਟ, ਅਤੇ ਆਧੁਨਿਕ ਅਣੂ-ਬਿਜਲਾਣੂ ਉਪਕਰਨਾਂ ਵਿਚ ਵਰਤੀ ਜਾਂਦੀ ਹੈ।
ਨੈਨੋ ਇਲੈਕਟ੍ਰਾਨਿਕਸ ਦਾ ਇਤਿਹਾਸ
1965 ਵਿਚ ਇਕ ਅੰਗਰੇਜ਼ ਵਿਗਿਆਨਿਕ ਗਾਰਡਨ ਮੂਰੇ ਨੇ ਭਾਂਪਿਆ ਕਿ ਸਿਲੀਕਾਨ ਤੋਂ ਬਣੇ ਟ੍ਰਾਂਜ਼ਿਸਟਰ, ਡਾਇਓਡਜ਼ ਜੋ ਕਿ ਇਲੈਕਟ੍ਰਾਨਾਂ ਦੇ ਪੀ-ਐਨ ਜੰਕਸ਼ਨ ਦੁਆਰਾ ਬਣਦੇ ਹਨ, ਆਦਿ ਦਾ ਇਲੈਕਟ੍ਰਾਨਿਕ ਉਪਕਰਨਾਂ ਵਿਚ ਵਿਸਤਾਰ ਹਰ 18 ਮਹੀਨਿਆਂ ਬਾਅਦ ਦੁੱਗਣਾ ਹੋ ਰਿਹਾ ਸੀ। ਇਹ ਤਾਂ ਹੀ ਸੰਭਵ ਸੀ ਜਦੋਂ ਅਜਿਹੇ ਉਪਕਰਨਾਂ ਦਾ ਆਕਾਰ ਹੋਰ ਵੀ ਛੋਟਾ ਹੋ ਰਿਹਾ ਹੋਵੇ। ਫਿਰ ਵਿਗਿਆਨਕਾਂ ਨੇ ਵੀ ਮੂਹਰੇ ਦੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਾਕਿਆ ਹੀ ਬਿਜਲਾਣੂ ਯੰਤਰਾਂ ਦਾ ਆਕਾਰ ਸੂਖਮ ਹੋ ਰਿਹਾ ਹੈ। ਬਾਅਦ ਵਿਚ ਇਹੀ ਪੁਸ਼ਟੀ ਮੂਰੇ ਦਾ ਸਿਧਾਂਤ ਬਣੀ। ਪਹਿਲਾਂ ਵੇਲੇ ਦੇ ਕੰਪਿਊਟਰਾਂ ਦਾ ਆਕਾਰ ਇਕ ਵੱਡੇ ਕਮਰੇ ਦੇ ਬਰਾਬਰ ਹੁੰਦਾ ਸੀ, ਫਿਰ ਇਹ ਟੀ.ਵੀ ਦੇ ਆਕਾਰ ਦੇ ਬਣਨ ਲੱਗ ਪਏ। ਹੁਣ ਦੀ ਗੱਲ ਕੀਤੀ ਜਾਵੇ ਤਾਂ, ਇਨ੍ਹਾਂ ਸੰਚਾਰ ਸਾਧਨਾਂ ਦਾ ਆਕਾਰ ਹੋਰ ਵੀ ਛੋਟਾ ਹੋਣ ਲੱਗ ਪਿਆ ਹੈ। ਲੈਪਟਾਪ, ਸਮਾਰਟ ਫੋਨ, ਕੈਲੰਡਰ ਟੀ.ਵੀ ਸਕਰੀਨਾਂ, ਸਮਾਰਟ ਕੰਪਿਊਟਰ ਮਾਰਕੀਟ ਵਿਚ ਆ ਗਏ ਹਨ। ਅਜਿਹੇ ਅਤੀ-ਆਧੁਨਿਕ ਬਿਜਲਾਣੂ ਯੰਤਰਾਂ ਦੀ ਕੁਸ਼ਲਤਾ ਬਹੁਤ ਵਧੀ ਹੈ। 1960 ਤੋਂ ਲੈ ਕੇ 1980 ਤੱਕ ਨੈਨੋਤਕਨਾਲੋਜੀ ਵਿਸ਼ੇ 'ਤੇ ਬਹੁਤ ਖੋਜ ਹੋਈ ਹੈ। 2011 ਤੱਕ 22 ਨੈਨੋਮੀਟਰ ਆਕਾਰ ਦੇ ਸੰਚਾਰ ਪ੍ਰਣਾਲੀ ਵਿਚ ਕੰਮ ਕਰਨ ਵਾਲੇ ਟ੍ਰਾਂਜ਼ਿਸਟਰ ਵਿਕਸਿਤ ਹੋ ਚੁੱਕੇ ਹਨ। ਅਜਿਹੇ ਉਪਕਰਨ ਸਾਡੀ ਰੋਜ਼ਮਰ੍ਹਾ ਜ਼ਿੰਦਗੀ ਦਾ ਇਕ ਹਿੱਸਾ ਬਣ ਚੁੱਕੇ ਹਨ। ਉਦਾਹਰਨ ਦੇ ਤੌਰ ਤੇ 50-70 ਗ੍ਰਾਮ ਭਾਰ ਵਾਲੇ ਸਮਾਰਟ ਫੋਨ ਰਾਹੀਂ ਤੁਸੀਂ ਪਲ ਭਰ ਵਿਚ ਹੀ ਪੂਰੇ ਵਿਸ਼ਵ ਨਾਲ ਜੁੜ ਸਕਦੇ ਹੋ। ਉਪ-ਗ੍ਰਹਿਫੋਨ ਕਾਲ, ਇੰਟਰਨੈਟ, ਐਪਸ, ਲਾਈਵ ਟੀ.ਵੀ, ਵਾਈ ਫਾਈ ਹਾਟ ਸਪਾਟ, ਮੌਸਮ ਦਾ ਹਾਲ, ਵੀਡਿਓ ਕਾਨਫ਼ਰੰਸ ਆਦਿ ਸਹੂਲਤਾਂ ਅਜਿਹੇ ਫੋਨਾਂ ਵਿਚ ਆ ਚੁੱਕੀਆਂ ਹਨ। ਇਹ ਸਭ ਕੁਝ ਨੈਨੋ ਇਲੈਕਟ੍ਰਾਨਿਕਸ ਕਰਕੇ ਹੀ ਸੰਭਵ ਹੋ ਸਕਿਆ ਹੈ। ਵਿਗਿਆਨੀਆਂ ਅਨੁਸਾਰ ਅਤੀ ਸੂਖਮ ਪੱਧਰ ਤੇ ਪਦਾਰਥ (ਯਾਨੀ ਰਜਿਸਟਰ, ਟ੍ਰਾਂਜ਼ਿਸਟਰ, ਡਾਇਓਡ ਅਤੇ ਫਲਿਪ-ਫਲਾਪ) ਦਾ ਘਟਿਆ ਆਇਤਨ, ਉਨ੍ਹਾਂ ਦੀ ਰੇਖਾਮਿਤ ਆਕਾਰ ਦੀ ਤਿੱਗਣੀ ਪਾਵਰ ਦੇ ਬਰਾਬਰ ਹੁੰਦਾ ਹੈ ਜਦੋਂ ਕਿ ਉਨ੍ਹਾਂ ਦਾ ਘਟਿਆ ਭੂ-ਤਲੀ ਖੇਤਰ (ਛਚਗ਼ਫਿਕ ਼ਗਕ਼), ਰੇਖਿਕ ਆਕਾਰ ਦੀ ਦੁੱਗਣੀ ਸ਼ਕਤੀ ਦੇ ਬਰਾਬਰ ਹੁੰਦਾ ਹੈ। ਸੂਖਮ ਪੱਧਰ ਤੇ ਅਜਿਹੇ ਸਕੇਲਿੰਗ ਸਿਧਾਂਤਾਂ ਦਾ ਹੋਰ ਵੀ ਵਿਭਾਜਨ ਜਾਂ ਵਿਸਤਾਰ ਹੋ ਸਕਦਾ ਹੈ। ਉਦਾਹਰਨ ਦੇ ਤੌਰ 'ਤੇ, ਅਜਿਹੇ ਇਕ ਨੈਨੋ-ਬਿਜਲਾਣੂ ਉਪਕਰਨ ਦੀ ਲੰਬਾਈ ਨੂੰ ਘੱਟ ਕਰਨ ਦਾ ਮਾਪ ਜੇ 1000 ਗੁਣਾ ਹੈ ਤਾਂ ਇਸ ਦੀ ਸ਼ਕਤੀ 1 ਅਰਬ ਗੁਣਾ ਘੱਟ ਹੋ ਜਾਵੇਗੀ। ਇਸ ਤਰ੍ਹਾਂ ਦੇ ਨੈਨੋ ਇਲੈਕਟ੍ਰਾਨਿਕਸ ਉਪਕਰਨਾਂ (ਸਿਲੀਕਾਨ ਨੈਨੋ ਗੀਅਰ ਮਸ਼ੀਨ) ਦਾ ਰਗੜ ਬਲ, ਉਪਲਬਧ ਸ਼ਕਤੀ ਨੂੰ ਘੱਟ ਕਰਦਾ ਹੈ ਜੋ ਕਿ ਭਾਰੀ ਮਸ਼ੀਨ ਦੇ ਉਲਟ ਕੰਮ ਕਰਦਾ ਹੈ। ਮਾਈਕਰੋ ਅਤੇ ਨੈਨੋ ਪੱਧਰ 'ਤੇ ਰਗੜ ਬਲ ਪਦਾਰਥ ਦੇ ਤਲ ਦੇ ਬਰਾਬਰ ਹੋ ਜਾਂਦਾ ਹੈ। ਅਜਿਹੇ ਬਲ ਡਰੈਗ ਅਤੇ ਲੈਮੀਨਾਰ ਬਲ ਅਖਵਾਉਂਦੇ ਹਨ। ਨੈਨੋ ਪੱਧਰ 'ਤੇ ਯੰਤਰ ਜਾਂ ਗੀਅਰ ਮਸ਼ੀਨਾਂ ਬਣਾਉਣ ਲਈ ਇਹ ਰਗੜ ਬਲ ਵਿਚਾਰਨੇ ਜ਼ਰੂਰੀ ਹੁੰਦੇ ਹਨ। ਇਹ ਨੈਨੋ ਤਕਨੀਕਾਂ ਵੱਡੀਆਂ ਦਿਸਣ ਵਾਲੀਆਂ ਮਸ਼ੀਨਾਂ ਵਿਚ ਕੰਮ ਨਹੀਂ ਕਰ ਸਕਦੀਆਂ। ਨੈਨੋ ਰੋਬੋਟ, ਨੈਨੋ ਮਸ਼ੀਨਾਂ, ਨੈਨੋ ਡਰਿੱਲਾਂ ਆਦਿ ਇਸ ਦੀਆਂ ਕੁਝ ਉਦਾਹਰਨਾਂ ਹਨ।
ਕਿਵੇਂ ਕੰਮ ਕਰਦੀ ਹੈ?
ਨੈਨੋ ਇਲੈਕਟ੍ਰਾਨਿਕਸ ਤਕਨੀਕ ਤੇ ਆਧਾਰਿਤ ਉਪਕਰਣ ਬਣਾਉਣ ਲਈ ਸਕੇਲਿੰਗ ਆਇਤਨ (ਲੰਬਾਈ, ਚੌੜਾਈ ਅਤੇ ਪਤਲਾਪਨ) ਦੇ ਨਤੀਜਿਆਂ ਨੂੰ ਵਿਚਾਰਨਾ ਅਤੀ ਜ਼ਰੂਰੀ ਹੁੰਦਾ ਹੈ। ਨੈਨੋ ਇਲੈਕਟ੍ਰਾਨਿਕਸ ਵਿਧੀਆਂ ਆਮ ਤੌਰ 'ਤੇ ਬਿਜਲਾਣੂ ਉਪਕਰਨ ਬਣਾਉਣ ਵਾਲੀਆਂ ਵਿਧੀਆਂ ਤੋਂ ਅਲੱਗ ਹਨ। ਨੈਨੋ-ਡਿਵਾਈਸ ਤਿਆਰ ਕਰਨ ਲਈ ਬਹੁਤ ਹੀ ਆਧੁਨਿਕ (ਐਡਵਾਂਸ) ਤਰ੍ਹਾਂ ਦੀਆਂ ਪ੍ਰਯੋਗਸ਼ਾਲਾਵਾਂ ਦੀ ਜ਼ਰੂਰਤ ਹੁੰਦੀ ਹੈ। ਅਜਿਹੀਆਂ ਲੈਬਾਰਟਰੀਆਂ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਹੁੰਦੀਆਂ ਹਨ। ਭਾਰਤ ਵਿਚ ਨੈਨੋ ਇਲੈਕਟ੍ਰਾਨਿਕਸ ਨਾਲ ਸੰਬੰਧਿਤ ਕਾਫੀ ਪ੍ਰਯੋਗਸ਼ਾਲਾਵਾਂ ਹਨ। ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿ ਨੈਨੋ ਆਕਾਰ ਦੇ ਕਣ ਕਿਵੇਂ ਬਣਾਉਣੇ ਹਨ। ਕਿਹੜੇ-ਕਿਹੜੇ ਨੈਨੋ ਪਦਾਰਥਾਂ ਨੂੰ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ? ਕੀ ਅਜਿਹੇ ਨੈਨੋ ਪਦਾਰਥ ਕਿਤੇ ਵਾਤਾਵਰਨ ਲਈ ਖਤਰਾ ਪੈਦਾ ਤਾਂ ਨਹੀਂ ਕਰ ਰਹੇ? ਨੈਨੋ ਪਦਾਰਥ ਅਤੇ ਕਣ ਭੌਤਿਕ ਅਤੇ ਰਸਾਇਣਿਕ ਵਿਧੀਆਂ ਦੀ ਮੱਦਦ ਨਾਲ ਬਣਾਏ ਜਾਂਦੇ ਹਨ। ਭੌਤਿਕ ਵਿਧੀ ਵਿਚ ਵੱਡੇ ਪਦਾਰਥ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਕੇ ਬਹੁਤ ਹੀ ਸੂਖਮ ਰੂਪ ਵੱਲ ਵਧਿਆ ਜਾਂਦਾ ਹੈ, ਜਦੋਂ ਕਿ ਰਸਾਇਣਕ ਤਰੀਕੇ ਨਾਲ ਪਦਾਰਥ ਦੇ ਸੂਖਮ ਆਕਾਰ ਤੋਂ ਵੱਡੇ ਰੂਪ ਵੱਲ ਵਧਿਆ ਜਾਂਦਾ ਹੈ। (ਚਲਦਾ)

-ਸੀਨੀਅਰ ਸਹਾਇਕ ਪ੍ਰੋਫੈਸਰ, ਇਲੈਕਟ੍ਰਾਨਿਕ ਤਕਨੀਕੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ, ਗੁਰਦਾਸਪੁਰ।
ਫੋਨ : 98880-29401


ਖ਼ਬਰ ਸ਼ੇਅਰ ਕਰੋ

ਮੰਗਲ ਉੱਤੇ ਜਾਏਗੀ ਜਸਲੀਨ ਕੌਰ

ਪੰਜਾਬੀਆਂ ਦੀ ਹੋਰ ਹਰ ਥਾਂ ਵਾਂਗ ਪੁਲਾੜ ਵਿਚ ਵੀ ਬੱਲੇ-ਬੱਲੇ ਰਹੀ ਹੈ। ਰਾਕੇਸ਼ ਸ਼ਰਮਾ ਪੁਲਾੜ ਵਿਚ ਜਾਣ ਵਾਲਾ ਪਹਿਲਾ ਭਾਰਤੀ ਸੀ। ਸਾਲ ਸੀ ਬਲੂ ਸਟਾਰ ਵਾਲਾ 1984 ਤੇ ਮਹੀਨਾ ਅਪ੍ਰੈਲ। ਉਹ ਰੂਸ ਦੇ ਸੋਯੂਜ਼ ਟੀ-10 ਤੇ ਟੀ-11 ਮਿਸ਼ਨਾਂ ਰਾਹੀਂ ਪੁਲਾੜ ਗਿਆ। ਉਹ ਸ਼ੁੱਧ ਪੰਜਾਬੀ ਸੀ। ਪਟਿਆਲੇ ਦਾ ਜਨਮ ਸੀ ਉਸ ਦਾ। ਉਸ ਤੋਂ ਤੇਰਾਂ ਕੁ ਸਾਲ ਬਾਅਦ ਅਮਰੀਕੀ ਸਪੇਸ ਸ਼ਟਲ ਰਾਹੀਂ ਪੁਲਾੜ ਵਿਚ ਗਈ ਕਲਪਨਾ ਚਾਵਲਾ। ਐਸ.ਟੀ.ਐਸ.-87 ਤੇ ਐਸ.ਟੀ.ਐਸ.-107 ਮਿਸ਼ਨਾਂ ਲਈ ਉਸ ਨੇ ਪੁਲਾੜ ਵਿਚ ਉਡਾਰੀ ਲਾਈ। ਉਹ ਵੀ ਸ਼ੁੱਧ ਪੰਜਾਬਣ ਸੀ। ਅਣਵੰਡੇ ਪੰਜਾਬ ਦੇ ਸ਼ਹਿਰ ਕਰਨਾਲ ਵਿਚ 1962 ਵਿਚ ਜੰਮੀ ਸੀ ਉਹ। ਪਿਓ-ਦਾਦੇ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਦੇ ਨੇੜਲੇ ਪਿੰਡਾਂ ਦੇ ਸਨ। ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਪਿਤਾ ਬਨਾਰਸੀ ਦਾਸ ਚਾਵਲਾ ਨੇ ਦੋ ਸੌ ਤੋਂ ਵੱਧ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕੀਤਾ ਹੈ ਤੇ ਹੁਣ ਖ਼ਬਰ ਹੈ ਕਿ ਇਕ ਸਿੱਖ ਮੁਟਿਆਰ ਜਸਲੀਨ ਕੌਰ ਜੋਸਨ ਨਿਕਟ ਭਵਿੱਖ ਵਿਚ ਮੰਗਲ ਉਤੇ ਜਾਣ ਲਈ ਤਿਆਰੀ ਕਰ ਰਹੀ ਹੈ। ਤਿਆਰੀ ਕੀ ਨਾਸਾ ਨੇ ਉਸ ਨੂੰ ਮੰਗਲ ਉਤੇ ਭੇਜੇ ਜਾਣ ਵਾਲੇ ਮਿਸ਼ਨ ਲਈ ਅਧਿਕਾਰਤ ਤੌਰ ਉਤੇ ਚੁਣ ਵੀ ਲਿਆ ਹੈ।
ਮੈਨੂੰ ਇਸ ਦੀ ਖ਼ਬਰ ਪਹਿਲੀ ਵਾਰ ਫਰੈਜ਼ਨੋ (ਅਮਰੀਕਾ) ਰਹਿੰਦੇ ਮੇਰੇ ਹਮਨਾਮ ਜਮਾਤੀ ਕੁਲਦੀਪ ਸਿੰਘ ਕਾਲੇਕਾ ਨੇ ਦਿੱਤੀ। ਖ਼ਬਰ ਵਜੋਂ ਉਸ ਨੇ ਕੁੜੀ ਦੀ ਤਸਵੀਰ ਤੇ ਨਾਂਅ ਦੱਸਿਆ, ਬਸ ਪੰਦਰਾਂ ਕੁ ਦਿਨ ਪਹਿਲਾਂ। ਅਗਸਤ 2017 ਦੇ ਆਖਰੀ ਹਫ਼ਤੇ ਦਾ ਕੋਈ ਦਿਨ ਸੀ। ਮੈਂ ਉਸ ਨੂੰ ਉਸ ਬਾਰੇ ਹੋਰ ਵੇਰਵੇ ਪੁੱਛੇ ਤਾਂ ਉਸ ਨੇ ਆਪਣੀ ਪਤਨੀ ਰੇਣੂ ਨਾਲ ਗੱਲ ਕਰਵਾਈ ਕਿਉਂਕਿ ਇਹ ਖ਼ਬਰ/ਤਸਵੀਰ ਉਸ ਨੇ ਹੀ ਭੇਜੀ ਸੀ। ਉਸ ਨੂੰ ਵੀ ਸਤਹੀ ਜਾਣਕਾਰੀ ਹੀ ਸੀ। ਇਧਰੋਂ-ਉਧਰੋਂ ਇੰਟਰਨੈੱਟ ਆਦਿ ਵਸੀਲਿਆਂ ਤੋਂ ਕੁਝ ਹੋਰ ਜਾਣਕਾਰੀ ਮਿਲੀ ਅਤੇ ਇਹ ਪਤਾ ਲੱਗਾ ਕਿ ਇਹ ਮੁਟਿਆਰ ਕੁਰੂਕਸ਼ੇਤਰ ਤੋਂ ਹੈ। ਉਸ ਦਾ ਦਾਦਾ ਠਾਕਰ ਸਿੰਘ ਰਿਟਾਇਰ (ਸੇਵਾਮੁਕਤ) ਫ਼ੌਜੀ ਹੈ। ਪਿਤਾ ਸਤਵੰਤ ਸਿੰਘ ਜ਼ਿਮੀਂਦਾਰ ਤੇ ਕਾਰੋਬਾਰੀ ਹੈ। ਮਾਤਾ ਸਿੱਖਿਆ ਕਾਰਜ ਨਾਲ ਜੁੜੀ ਹੋਈ ਹੈ ਤੇ ਉਸ ਦਾ ਨਾਂਅ ਬੇਅੰਤ ਕੌਰ ਹੈ। ਪਰਿਵਾਰ ਏਕਤਾ ਵਿਹਾਰ ਕੁਰੂਕਸ਼ੇਤਰ ਵਿਚ ਰਹਿੰਦਾ ਹੈ।
ਇਸ ਜਾਣਕਾਰੀ ਨੇ ਮੇਰਾ ਮੂੰਹ ਕੁਰੂਕਸ਼ੇਤਰ ਵੱਲ ਮੋੜ ਦਿੱਤਾ। ਇਥੇ ਵੀ ਮੇਰੇ ਹੀ ਦੋ ਹਮਨਾਮ ਮੇਰੇ ਮਦਦਗਾਰ ਸਾਬਤ ਹੋਏ। ਪਹਿਲਾ ਸੀ ਫ਼ੌਜੀ ਅਫ਼ਸਰ ਕੁਲਦੀਪ ਸਿੰਘ ਜੋ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਗੈਸਟ ਹਾਊਸ ਦਾ ਮੈਨੇਜਰ ਸੀ। ਉਸ ਨਾਲ ਮੇਰੀ ਵਾਕਫੀਅਤ ਉਦੋਂ ਹੋਈ ਸੀ ਜਦੋਂ ਮੈਂ ਕੁਝ ਸਮੇਂ ਲਈ ਉਸ ਯੂਨੀਵਰਸਿਟੀ ਵਿਚ ਵਿਜ਼ਟਿੰਗ ਪ੍ਰੋਫੈਸਰ ਰਿਹਾ ਸਾਂ। ਦੂਜਾ ਸੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਿਹਾ ਨੌਜਵਾਨ ਤੇ ਊਰਜਾਵਾਨ ਡਾ: ਕੁਲਦੀਪ ਸਿੰਘ। ਮੈਂ ਦੋਵਾਂ ਨੂੰ ਉਕਤ ਜਾਣਕਾਰੀ ਦੇ ਆਧਾਰ 'ਤੇ ਜਸਲੀਨ ਕੌਰ ਦੇ ਘਰ ਪਰਿਵਾਰ ਨੂੰ ਖੋਜ ਕੇ ਉਨ੍ਹਾਂ ਨਾਲ ਸੰਪਰਕ ਕਰਵਾਉਣ ਲਈ ਕਿਹਾ। ਉਨ੍ਹਾਂ ਦੀ ਮਿਹਨਤ ਰੰਗ ਲਿਆਈ। (ਮੇਜਰ) ਕੁਲਦੀਪ ਸਿੰਘ ਨੇ ਆਖਰ ਪਰਿਵਾਰ ਨੂੰ ਲੱਭ ਹੀ ਲਿਆ। ਜਸਲੀਨ ਦੀ ਮਾਤਾ ਕੋਲ ਜਾ ਪੁੱਜਾ। ਉਸ ਨਾਲ ਫ਼ੋਨ ਉਤੇ ਮੇਰਾ ਸੰਪਰਕ ਕਰਵਾ ਦਿੱਤਾ। ਮੇਰੇ ਲਈ ਹਰ ਪ੍ਰਕਾਰ ਦੀ ਜਾਣਕਾਰੀ, ਪੁੱਛਗਿੱਛ ਤੇ ਵਿਚਾਰ-ਵਟਾਂਦਰੇ ਦਾ ਰਾਹ ਖੁੱਲ੍ਹ ਗਿਆ। ਕੁੱਲ ਮਿਲਾ ਕੇ ਮੰਗਲ 'ਤੇ ਜਾਣ ਵਾਲੀ ਪਹਿਲੀ ਸਿੱਖ ਮੁਟਿਆਰ ਬਾਰੇ ਨਿਸਚੇ ਹੀ ਹੁਣ ਅਸੀਂ ਵੇਰਵੇ ਨਾਲ ਗੱਲ ਕਰ ਸਕਦੇ ਹਾਂ।
ਮੇਜਰ ਸਾਹਿਬ ਜਿਸ ਦਿਨ ਇਸ ਪਰਿਵਾਰ ਨੂੰ ਮਿਲੇ, ਉਸ ਤੋਂ ਸਿਰਫ਼ ਇਕ ਦਿਨ ਪਹਿਲਾਂ 29 ਅਗਸਤ ਨੂੰ ਜਸਲੀਨ ਦਾ ਜਨਮ ਦਿਨ ਸੀ। 29 ਅਗਸਤ 1992 ਨੂੰ ਉਸ ਦਾ ਜਨਮ ਹੋਇਆ ਕੁਰੂਕਸ਼ੇਤਰ ਵਿਚ। ਇਕ ਭਰਾ ਹੈ ਉਸ ਦਾ ਉਸ ਤੋਂ ਵੱਡਾ। ਨਾਂਅ ਨਵਦੀਪ ਸਿੰਘ। ਭਰਾ-ਭਰਜਾਈ ਦੋਵੇਂ ਇੰਜੀਨੀਅਰ ਹਨ। ਇਲੈਕਟ੍ਰੀਕਲ ਤੇ ਕਮਿਊਨੀਕੇਸ਼ਨ ਇੰਜੀਨੀਅਰ। ਕੰਪਨੀ ਚਲਾ ਰਹੇ ਹਨ ਉਹ। ਪਿਤਾ ਜ਼ਿਮੀਂਦਾਰ ਹੋਣ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਹੈ। ਮਾਤਾ ਇਕ ਕੋਚਿੰਗ ਸੈਂਟਰ/ਅਕੈਡਮੀ ਚਲਾ ਰਹੀ ਹੈ। ਉਂਜ ਉਹ ਐਮ.ਏ., ਬੀ.ਐੱਡ ਹੈ। ਜਸਲੀਨ ਨੇ ਡੀ.ਏ.ਵੀ. ਸਕੂਲ ਕੁਰੂਕਸ਼ੇਤਰ ਤੋਂ ਸਾਇੰਸ ਨਾਲ ਨਾਨ-ਮੈਡੀਕਲ ਦੀ +2 ਕੀਤੀ। ਭਰਾ ਵਾਂਗ ਘਰ ਦੇ ਉਸ ਨੂੰ ਇਲੈਕਟ੍ਰੀਕਲ/ਟੈਲੀ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਰਨ ਲਈ ਕਹਿੰਦੇ ਰਹੇ, ਪਰ ਉਸ ਨੇ ਸਕੂਲ ਪੜ੍ਹਦੀ ਨੇ ਹੀ ਕਲਪਨਾ ਚਾਵਲਾ ਨੂੰ ਆਪਣਾ ਰੋਲ ਮਾਡਲ ਬਣਾ ਲਿਆ ਸੀ। ਉਹ ਐਸਟਰਾਨੋਮੀ, ਸਪੇਸ (ਖਗੋਲ ਤੇ ਪੁਲਾੜ) ਨਾਲ ਸਬੰਧਤ ਕੋਈ ਡਿਗਰੀ ਲੈ ਕੇ ਪੁਲਾੜੀ ਖੋਜ ਕਾਰਜ ਅਤੇ ਪੁਲਾੜ ਉਡਾਰੀ ਦੇ ਸੁਪਨੇ ਲੈਂਦੀ ਸੀ। ਇਸ ਲਈ ਉਸ ਨੂੰ ਘਰੋਂ ਦੂਰ ਚੇਨਈ ਜਾਣਾ ਪਿਆ।
ਸਾਲ 2011 ਤੋਂ 2015 ਤੱਕ ਦੇ ਚਾਰ ਵਰ੍ਹੇ ਲਾ ਕੇ ਉਸ ਨੇ ਉਥੇ ਸਤਿਆਭਾਮਾ ਯੂਨਵਰਸਿਟੀ ਤੋਂ ਐਰੋਨਾਟਿਕਸ (ਵਿਮਾਨ ਵਿਗਿਆਨ) ਦੀ ਬੀ-ਟੈੱਕ ਦੀ ਡਿਗਰੀ ਕੀਤੀ। ਸੈਕਿੰਡ ਈਅਰ ਵਿਚ ਪੜ੍ਹਦੀ ਨੇ ਉਸ ਨੇ ਨਾਸਾ ਨੂੰ ਮਾਰਜ਼ ਮਿਸ਼ਨ ਉਤੇ ਖੋਜ ਲਈ ਇਕ ਪ੍ਰਸਤਾਵ ਭੇਜਿਆ ਜੋ ਉਸ ਦੀ ਪੁਲਾੜ ਵਿਚ ਛੇਤੀ ਤੋਂ ਛੇਤੀ ਉਡਾਰੀ ਮਾਰਨ ਦੀ ਤੀਬਰ ਇੱਛਾ ਦਾ ਸੰਕੇਤ ਸੀ। 2013 ਵਿਚ ਉਸ ਨੇ ਫਲੋਰੀਡਾ ਵਿਚ ਅਮੈਰੀਕਨ ਸੁਸਾਇਟੀ ਆਫ਼ ਸੇਫਟੀ ਇੰਜੀਨੀਅਰਜ਼ ਦੀ ਐਰੋਸਪੇਸ ਨਾਲ ਸਬੰਧਤ ਕਾਨਫਰੰਸ ਵਿਚ ਇਕ ਖੋਜ ਪੱਤਰ ਪੜ੍ਹਿਆ, ਜਿਸ ਨੂੰ ਸਰਬੋਤਮ ਖੋਜ ਪੱਤਰ ਐਵਾਰਡ ਮਿਲਿਆ। ਅਪ੍ਰੈਲ, 2014 ਵਿਚ ਨਾਸਾ ਵਲੋਂ ਕਰਵਾਏ ਹਿਊਮਨ ਪਾਵਰਡ ਰੋਵਰ ਚੈਲੈਂਜ ਕੰਪੀਟੀਸ਼ਨ ਵਿਚ ਹਿੱਸਾਲੈ ਕੇ ਉਹ ਤੀਜੇ ਥਾਂ 'ਤੇ ਰਹੀ। ਸਾਲ 2015 ਵਿਚ ਉਸ ਨੇਫਿਰ ਇਸ ਮੁਕਾਬਲੇ ਵਿਚ ਹਿੱਸਾ ਲਿਆ। ਦੂਜੇ ਥਾਂ 'ਤੇ ਆਈ ਉਸ ਦੀ ਟੀਮ।
ਛੇਤੀ ਹੀ ਪਿੱਛੋਂ ਨਾਸਾ ਵਲੋਂ ਵਿਸ਼ਵ ਪੱਧਰ 'ਤੇ ਇਕ ਮੁਕਾਬਲਾ ਰੱਖ ਕੇ ਪੁਲਾੜ ਖੋਜੀਆਂ ਦੀ ਇਕ ਟੀਮ ਚੁਣੀ ਗਈ। ਉਹ ਇਸ ਮੁਕਾਬਲੇ ਵਿਚ ਦੂਜੇ ਨੰਬਰ ਉਤੇ ਆਈ ਅਤੇ ਅਗਸਤ 2015 ਤੋਂ ਨਾਸਾ ਦੇ ਸੀਨੀਅਰ ਵਿਗਿਆਨੀਆਂ ਅਤੇ ਮਿਸ਼ਨ ਮਾਹਿਰਾਂ ਦੀ ਨਿਗਰਾਨੀ ਹੇਠ ਮਾਰਸ਼ਲ ਸਪੇਸ ਸੈਂਟਰ ਹੰਟਸਵਿਲੇ, ਅਲਬਾਮਾ ਵਿਚ ਕੰਮ ਕਰ ਰਹੀ ਹੈ। ਉਹ ਇਸੇ ਤਰ੍ਹਾਂ ਟ੍ਰੇਨਿੰਗ ਲੈਂਦੀ ਓਰੀਅਨ ਮਿਸ਼ਨ-2030 ਵਿਚ ਸ਼ਾਮਿਲ ਹੋਵੇਗੀ। ਇਸ ਤੋਂ ਪਹਿਲਾਂ ਉਸ ਨੇ ਕੈਨੇਡੀ ਸਪੇਸ ਸੈਂਟਰ ਵਿਚ ਇੰਟਰਨਸ਼ਿਪ ਕੀਤੀ ਸੀ। ਇਹ ਉਸ ਦੇ ਡਿਗਰੀ ਕਾਰਜ ਦਾ ਹਿੱਸਾ ਸੀ। ਉਹ ਅਕਸਰ ਹੀ ਅਮਰੀਕਾ ਜਾ ਕੇ ਨਾਸਾ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਯਤਨਸ਼ੀਲ ਰਹਿੰਦੀ ਸੀ। ਅੱਜਕਲ੍ਹ ਉਹ ਇਸ ਸਭ ਕੁਝ ਦੇ ਨਾਲ-ਨਾਲ ਹੰਟਸਵਿਲੇ ਅਲਬਾਮਾ ਵਿਚ ਹੀ ਐਮ.ਐਸ ਸੀ., ਪੀ. ਐਚ ਡੀ. ਦੀ ਇੰਟੈਗਰੇਟਿਡ ਡਿਗਰੀ ਲਈ ਖੋਜ ਕਰ ਰਹੀ ਹੈ।
ਪੁਲਾੜ ਨਾਲ ਜੁੜਨ ਦੀ ਉਸ ਦੀ ਲਗਨ ਲਈ ਉਸ ਦਾ ਰੋਲ ਮਾਡਲ ਕਰਨਾਲ ਦੀ ਧੀ ਕਲਪਨਾ ਚਾਵਲਾ ਸੀ। ਇਸ ਸੁਪਨੇ ਦੀ ਪੂਰਤੀ ਹਿੱਤ ਉਹ ਕਲਾਸਾਂ ਛੱਡ-ਛੱਡ ਕੇ ਵੀ ਲਾਇਬ੍ਰੇਰੀ ਵਿਚ ਪੁਲਾੜ ਦੀਆਂ ਕਿਤਾਬਾਂ ਫਰੋਲਦੀ। ਪੁਲਾੜ ਪਿੱਛੇ ਉਸ ਨੇ ਪਲਸ ਟੂ ਤੋਂ ਬਾਅਦ ਸਾਲ ਕੁ ਇਸ ਲਈ ਖਰਾਬ ਕੀਤਾ ਕਿ ਉਹ ਪੜ੍ਹਾਈ ਉਸ ਦੇ ਸੁਪਨੇ ਵਿਚ ਉਸ ਨੂੰ ਸਹਾਈ ਹੁੰਦੀ ਨਹੀਂ ਸੀ ਲੱਗ ਰਹੀ। ਸਤਿਆਭਾਮਾ ਯੂਨੀਵਰਸਿਟੀ ਦੇ ਐਰੋਨਾਟਿਕਸ ਡਿਗਰੀ ਕੋਰਸ ਵਿਚ ਦਾਖਲੇ ਉਪਰੰਤ ਉਹ ਪੂਰੀ ਤਰ੍ਹਾਂ ਸਰਗਰਮ ਹੋ ਕੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀ ਹਰ ਪੁਲਾੜੀ ਗਤੀਵਿਧੀ ਵਿਚ ਹਿੱਸਾ ਲੈਣ ਲਈ ਯਤਨ ਕਰਦੀ। ਇਸੇ ਲਈ ਜਦੋਂ ਉਸ ਨੇ ਡਿਗਰੀ ਪੂਰੀ ਕੀਤੀ ਤਾਂ ਉਸ ਕੋਲ ਸਟਾਰ ਐਕਸੀਲੈਂਸ ਐਵਾਰਡ ਅਤੇ ਬੈਸਟ ਆਊਟ ਗੋਇੰਗ ਸਟੂਡੈਂਟ ਐਵਾਰਡ ਸਨ। ਸਾਲ 2015 ਤੋਂ 2017 ਤੱਕ ਉਹ 19 ਖੋਜ ਪੱਤਰ ਪ੍ਰਕਾਸ਼ਿਤ ਕਰ ਚੁੱਕੀ ਹੈ। ਐਰੋਡਾਇਨੈਮਿਕਸ, ਆਟੋਕੈਡ, ਵਿੰਡ ਟਨਲ ਟੈਸਟਿੰਗ, ਕਾਪਟਰ ਡਿਜ਼ਾਈਨ, ਵਿੰਗ ਡਿਜ਼ਾਈਨ, ਏਅਰ ਕਰਾਫਟ ਮੇਂਟੀਨੈਂਸ, ਕਰਿਪਟੋਗਰਾਫੀ ਆਦਿ ਕਿੰਨੇ ਹੀ ਖੇਤਰਾਂ ਦੇ ਨਿੱਕੇ-ਨਿੱਕੇ ਕੋਰਸ ਉਸ ਨੇ ਪੁਲਾੜ ਨਾਲ ਸਬੰਧਤ ਆਪਣੀ ਕੁਸ਼ਲਤਾ ਵਧਾਉਣ ਲਈ ਕਰ ਰੱਖੇ ਹਨ। ਉਸ ਦੀ ਬਹੁਮੁਖੀ ਸਰਗਰਮੀ ਕਾਰਨ ਨਾਸਾ ਤੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਨੇ 2013 ਵਿਚ ਉਸ ਨੂੰ ਇੰਟਰਨੈਸ਼ਨਲ ਸਪੇਸ ਅੰਬੈਸਡਰ ਚੁਣਿਆ ਸੀ।
ਬਹੁਮੁਖੀ-ਬਹੁਪੱਖੀ ਤੇ ਮਿਹਨਤੀ ਸ਼ਖ਼ਸੀਅਤ ਦੀ ਮਾਲਕ ਹੈ ਜਸਲੀਨ ਕੌਰ। ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਦ੍ਰਿੜ੍ਹ ਇਰਾਦੇ ਨਾਲ ਭਾਗ ਲੈ ਕੇ ਆਪਣੀ ਪਛਾਣ ਉਸ ਨੇ ਹਮੇਸ਼ਾ ਹੀ ਬਣਾਈ ਹੈ। ਰੋਵਰ ਚੈਲੰਜ ਮੁਕਾਬਲੇ ਵਿਚ ਉਸ ਨੇ ਚੰਨ ਉਤੇ ਦੌੜਨ ਵਾਲੀ ਅਜਿਹੀ ਬੱਘੀ ਬਣਾਈ ਜਿਸ ਨੇ ਬੱਘੀ ਦੀ ਪਰਖ ਲਈ ਨਿਸ਼ਚਿਤ ਦੌੜ 4 ਪੁਆਇੰਟ 44 ਮਿੰਟ ਵਿਚ ਪੂਰੀ ਕਰਕੇ ਉਸ ਦੀ ਟੀਮ ਨੂੰ ਸੈਕਿੰਡ ਇਨਾਮ ਦਿਵਾਇਆ। ਅੰਤਰਰਾਸ਼ਟਰੀ ਟੀਮ ਸੀ ਇਹ। ਅਮਰੀਕਾ, ਰੂਸ, ਆਸਟ੍ਰੇਲੀਆ, ਕੈਨੇਡਾ ਤੇ ਭਾਰਤ ਦੀ। 8 ਮੈਂਬਰੀ ਸੀ ਉਸ ਦੀ ਟੀਮ। ਬਹੁਗਿਣਤੀ ਭਾਰਤੀਆਂ ਦੀ। ਕੇਵਲ ਪੁਲਾੜ ਤੇ ਵਿਗਿਆਨ ਤੱਕ ਸੀਮਤ ਨਹੀਂ ਉਹ। ਸਾਹਿਤ, ਕਲਾ, ਸੱਭਿਆਚਾਰ, ਵਾਤਾਵਰਨ, ਮਨੁੱਖੀ ਅਧਿਕਾਰ ਆਦਿ ਕਈ ਖੇਤਰਾਂ ਵਿਚ ਰੁਚੀ ਲੈਂਦੀ ਹੈ। (ਬਾਕੀ ਅਗਲੇ ਐਤਵਾਰ)

ਫੋਨ ਨੰ: 98722-60550.
ਫੋਨ : 0175-2372010, 2372998.

ਬਿਹਾਰੀ ਜਨ-ਜੀਵਨ ਵਿਚ ਤਾੜ ਦੇ ਰੁੱਖ ਦਾ ਮਹੱਤਵ

ਜਿਵੇਂ ਦੱਖਣੀ ਭਾਰਤੀ ਪ੍ਰਾਂਤਾਂ ਵਿਚ ਨਾਰੀਅਲਾਂ ਅਤੇ ਪੱਛਮੀ ਭਾਰਤੀ ਪ੍ਰਾਂਤ ਗੁਜਰਾਤ ਵਿਚ ਖਜੂਰਾਂ ਦਾ ਉਥੋਂ ਦੇ ਜਨ-ਜੀਵਨ ਵਿਚ ਬਹੁਤ ਮਹੱਤਵ ਹੈ, ਤਿਵੇਂ ਹੀ ਭਾਰਤ ਦੇ ਉੱਤਰੀ-ਪੂਰਬੀ ਪ੍ਰਾਂਤ ਬਿਹਾਰ ਵਿਚ, ਵਿਸ਼ੇਸ਼ ਤੌਰ 'ਤੇ ਦਿਹਾਤੀ ਖੇਤਰ ਵਿਚ, ਤਾੜ (''਼ਦਦ ਵਗਕਕ) ਦੇ ਬ੍ਰਿਛ ਦਾ ਉਥੋਂ ਦੇ ਜਨ-ਜੀਵਨ ਵਿਚ ਬਹੁਤ ਮਹੱਤਵ ਹੈ। ਅਸੀਂ ਨਾਰੀਅਲ ਅਤੇ ਖਜੂਰਾਂ ਤਾਂ ਬਹੁਤ ਵਾਰ ਦੇਖੀਆਂ ਹਨ ਪਰ ਤਾੜ ਦਾ ਦਰੱਖਤ ਪਹਿਲੀ ਵਾਰ ਹੀ ਦੇਖਿਆ।
ਮਹਾਨਕੋਸ਼ ਵਿਚ ਇਸ ਨੂੰ ਤਾਲ, ਤਾਲੀ, ਤਾਰਿ ਆਦਿ ਦੇ ਨਾਂਅ ਨਾਲ ਵੀ ਬਿਆਨਿਆਂ ਗਿਆ ਹੈ। ਇਸ ਬਾਰੇ ਲਿਖਿਆ ਗਿਆ ਹੈ ਕਿ ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ, ਪੱਤਿਆਂ ਦੇ ਪੱਖੇ ਬਣਾਉਂਦੇ ਹਨ, ਪੁਰਾਣੇ ਸਮੇਂ ਤਾੜ-ਪੱਤਰ ਲਿਖਣ ਲਈ ਕਾਗਜ਼ ਦੀ ਥਾਂ ਵਰਤੇ ਜਾਂਦੇ ਸਨ। ਇਸ ਤੋਂ ਇਲਾਵਾ ਤਾੜ ਤੋਂ ਲੱਕੜੀ, ਬਾਲਣ, ਪੱਤਿਆਂ ਦਾ ਛੱਪਰਾਂ ਦੀਆਂ ਛੱਤਾਂ ਪਾਉਣ ਲਈ ਪ੍ਰਯੋਗ, ਇਸ ਦੇ ਫਲਾਂ/ਫਾਈਬਰ ਦੀ ਵਰਤੋਂ ਆਦਿ ਹੋਰ ਅਨੇਕਾਂ ਕੰਮਾਂ ਵਿਚ ਤਾੜ ਦਾ ਪੇੜ ਵਰਤੋਂ ਵਿਚ ਆਉਂਦਾ ਹੈ।
ਅਸੀਂ ਤਾਂ ਪਹਿਲਾਂ ਇਹ ਹੀ ਸਮਝਦੇ ਸਾਂ ਕਿ ਤਾੜ ਦੇ ਬ੍ਰਿਛ ਤੋਂ ਸਿਰਫ ਤਾੜੀ ਨਾਂਅ ਦੀ ਸ਼ਰਾਬ ਹੀ ਬਣਦੀ ਹੈ ਪਰ ਬਿਹਾਰ ਫੇਰੀ ਦੌਰਾਨ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦ ਸਾਨੂੰ ਇਸ ਦਰੱਖਤ ਤੋਂ ਮਿਲਣ/ਬਣਨ ਵਾਲੇ ਭਾਂਤ-ਸੁਭਾਂਤੇ ਪਦਾਰਥਾਂ ਬਾਰੇ ਪਤਾ ਲਗਾ।
ਤਾੜ ਤੋਂ ਨੀਰਾ ਪ੍ਰਾਪਤ ਹੁੰਦਾ ਹੈ। ਇਹ ਇਸ ਬਿਰਖ ਤੋਂ ਮਿਲਣ ਵਾਲਾ ਇਕ ਨਸ਼ਾ-ਵਿਹੀਨ ਤਰਲ ਪਦਾਰਥ ਹੈ ਜੋ ਬਹੁਤ ਹੀ ਪੌਸ਼ਟਿਕ, ਸਿਹਤ-ਵਰਧਕ ਅਤੇ ਵਪਾਰਕ ਤੌਰ 'ਤੇ ਸਮਰਥ 'ਡਰਿੰਕ' (ਜੂਸ) ਹੈ। 10 ਲਿਟਰ ਨੀਰਾ ਤੋਂ ਇਕ ਕਿਲੋ ਗੁੜ ਬਣਦਾ ਹੈ। ਗੰਨੇ ਦੀ ਖੰਡ ਦੀ ਬਜਾਏ ਨੀਰਾ ਤੋਂ ਖੰਡ ਦਾ ਉਤਪਾਦ ਵਧੇਰੇ ਵਾਤਾਵਰਨ-ਪੱਖੀ ਅਤੇ ਪਾਣੀ ਬਚਾਉਣ ਵਾਲਾ ਸਮਝਿਆ ਜਾਂਦੈ। ਨੀਰਾ ਪ੍ਰੋਸੈਸਿੰਗ ਰਾਹੀਂ ਬਿਸਕੁਟ, ਆਈਸ ਕਰੀਮ, ਕੇਕ, ਜੈਮ, ਲੱਡੂ, ਪੇੜੇ, ਬਰਫ਼ੀ, ਜੈਗਰੀ, ਤਾਲ-ਮਿਸ਼ਰੀ, ਹਲਵਾ, ਲੀਚੀ ਦੇ ਸਤ ਵਾਲਾ ਨੀਰਾ ਜੂਸ ਆਦਿ ਬਣਾਏ ਜਾ ਰਹੇ ਹਨ। ਮਿਲਕ ਪ੍ਰੋਸੈਸਿੰਗ ਵਾਂਗ ਤਾੜੀ ਦੀ ਪ੍ਰੋਸੈਸਿੰਗ ਕਰਕੇ ਰੁਜ਼ਗਾਰ ਦੇ ਮੌਕੇ ਉਪਲਬੱਧ ਕਰਾਏ ਜਾ ਰਹੇ ਹਨ, ਮੰਡੀਕਰਨ ਅਤੇ ਵਪਾਰ ਦੀਆਂ ਗਤੀਵਿਧੀਆਂ ਤੇਜ਼ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਤਾਮਿਲ ਨਾਡੂ, ਜਿਥੇ ਤਾੜ ਦੇ ਬ੍ਰਿਛ ਸਭ ਤੋਂ ਵੱਧ ਹਨ, ਨਾਲ ਸੰਪਰਕ ਕਰਕੇ ਬਿਹਾਰ ਸਰਕਾਰ ਇਸ ਪਾਸੇ ਵਲ ਕਦਮ ਵਧਾ ਰਹੀ ਹੈ। ਬਿਹਾਰ ਸ਼ਰੀਫ ਵਿਚ ਅਜਿਹਾ ਪ੍ਰੋਸੈਸਿੰਗ ਪਲਾਂਟ ਕੰਮ ਵੀ ਕਰ ਰਿਹੈ। ਬਿਹਾਰ ਸਰਕਾਰ ਪਾਮ ਪਰੋਡਕਟਾਂ ਨੂੰ ਵਧੇਰੇ ਆਕਰਸ਼ਕ, ਮਾਰਕਿਟ-ਮੁਕਾਬਲੇ ਲਾਇਕ ਬਣਾਉਣ, ਪਾਮ ਉਦਯੋਗ ਨੂੰ ਪ੍ਰੋਤਸਾਹਿਤ ਕਰਨ, ਦਿਹਾਤੀ ਇਲਾਕਿਆਂ ਵਿਚ ਤਾੜ-ਬ੍ਰਿਛ ਦੀ ਖੇਤੀ ਕਰਨ ਵਾਲਿਆਂ ਦੀ ਗੁਰਬੱਤ ਘਟਾਉਣ ਦੇ ਸਮਾਜਿਕ ਮੰਤਵਾਂ ਨੂੰ ਹਾਸਿਲ ਕਰਨ ਹਿਤ ਹਰ ਚਾਰਾਜੋਈ ਕਰ ਰਹੀ ਹੈ। ਬਿਹਾਰ ਵਿਚ ਸ਼ਰਾਬਬੰਦੀ ਕਾਰਨ ਬੇਰੁਜ਼ਗਾਰ ਲੋਕਾਂ ਅਤੇ ਤਾੜੀ-ਧੰਦੇ ਵਿਚ ਲਗੇ ਲੋਕਾਂ ਦੇ ਭਲੇ ਲਈ ਨੀਰਾ-ਪ੍ਰੋਡਕਟਸ ਵਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਬਿਹਾਰ ਖੇਤੀਬਾੜੀ ਮਹਿਕਮੇ ਦੇ ਇਕ ਸਰਵੇ ਅਨੁਸਾਰ ਬਿਹਾਰ ਵਿਚ 92 ਲੱਖ ਤਾੜ ਦੇ, 40 ਲੱਖ ਖਜੂਰ ਅਤੇ 4 ਲੱਖ ਨਾਰੀਅਲ ਦੇ ਦਰੱਖਤ ਹਨ। ਇਕ ਨਵਾਂ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਸ਼ਰਾਬਬੰਦੀ ਦੇ ਦੌਰ ਵਿਚ ਤਾੜੀ ਕਿਧਰੇ ਵਿਕਲਪੀ ਨਸ਼ਾ ਨਾ ਬਣ ਜਾਏ।
ਕਹਿੰਦੇ ਹਨ ਕਿ ਤਾੜ ਦੇ ਇਕ ਰੁੱਖ ਤੋਂ ਮਹੀਨੇ ਦੀ 6-7,000 ਰੁਪਏ ਆਮਦਨ ਹੋ ਜਾਂਦੀ ਹੈ। ਤਾੜ ਦੇ ਬ੍ਰਿਛ ਉਪਰ ਚੜ੍ਹ ਕੇ ਵਿਸ਼ੇਸ਼ ਵਿਧੀ ਰਾਹੀਂ ਨੀਰਾ-ਰਸ ਕੱਢਣ ਵਾਲਿਆਂ ਨੂੰ 'ਟੈਪਰ' ਕਿਹਾ ਜਾਂਦੈ। ਇਕ ਟੈਪਰ ਨੂੰ ਸਰਕਾਰ 2000 ਰੁਪਏ ਮਹੀਨਾ ਦਿੰਦੀ ਹੈ। ਇਨ੍ਹਾਂ ਟੈਪਰਾਂ ਦੀ ਗਿਣਤੀ 3895 ਹੈ। ਇਹ ਬਹੁਤੇ ਪਾਸੀ ਬਿਰਾਦਰੀ 'ਚੋਂ ਹਨ। 540 ਪਿੰਡਾਂ ਚੋਂ 213 ਪੰਚਾਇਤਾਂ ਵਿਚ ਇਸ ਬਿਰਾਦਰੀ ਦਾ ਗਲਬਾ ਹੈ। ਸ਼ਰਾਬਬੰਦੀ ਉਪਰੰਤ ਇਨ੍ਹਾਂ ਟੈਪਰਾਂ ਦੇ ਮੁੜ-ਵਸੇਬੇ ਲਈ ਬਿਹਾਰ ਸ਼ਰੀਫ ਵਿਚ 10, 000 ਲਿਟਰ ਪ੍ਰਤੀ ਦਿਨ ਨੀਰਾ ਪ੍ਰੋਸੈਸ ਕਰਨ ਲਈ ਪਲਾਂਟ ਲਗਾਇਆ ਗਿਆ ਹੈ ਅਤੇ ਪ੍ਰਾਂਤ ਵਿਚ ਹੋਰ ਵੀ ਲਗਾਏ ਜਾ ਰਹੇ ਹਨ।
ਤਾੜ ਦਾ ਬ੍ਰਿਸ਼ ਬਹੁਤ ਉੱਚਾ ਅਤੇ ਰੇਸ਼ੇਦਾਰ ਹੁੰਦਾ ਹੈ। ਇਸ ਨੂੰ 'ਪਾਮਰੀਆ' ਪਾਮ ਕਿਹਾ ਜਾਂਦੈ। ਇਹ 90 ਫੁੱਟ ਦੀ ਜਾਂ ਇਸ ਤੋਂ ਵੀ ਵੱਧ ਉਚਾਈ ਵਾਲਾ ਹੋ ਸਕਦਾ ਹੈ ਭਾਵੇਂ ਇਸ ਦੀ ਆਮ ਉਚਾਈ 40-50 ਫੁੱਟ ਹੁੰਦੀ ਹੈ। ਇਸ ਦਾ ਤਣਾ ਰੜਾ ਹੁੰਦੈ ਅਤੇ ਸਿਖਰਲੇ ਪਾਸੇ ਛਤਰੀਨੁਮਾ ਪੱਤੇ/ਟਾਹਣੀਆਂ ਅਤੇ ਫਲਾਂ ਦੇ ਗੁੱਛੇ ਹੁੰਦੇ ਹਨ।
ਇਸ ਬ੍ਰਿਛ 'ਤੇ ਚੜ੍ਹਨ ਲਈ ਅਤੇ ਨੀਰਾ ਸਤ ਕੱਢਣ ਲਈ ਨਿਪੁੰਨਤਾ ਲੋੜੀਂਦੀ ਹੈ। ਬਹੁਤੇ ਪੁਰਸ਼ ਹੀ ਟੈਪਿੰਗ ਕਰਦੇ ਹਨ। ਬ੍ਰਿਛ ਦੇ ਉਪਰਲੇ ਹਿੱਸੇ ਵਿਚ ਕੱਟ ਲਗਾ ਕੇ ਇਕ ਵਿਸ਼ੇਸ਼ ਵਿਧੀ ਰਾਹੀਂ ਮਟਕੇ/ਮਟਕੀਆਂ ਵਿਚ ਤ੍ਰਿਪ ਤ੍ਰਿਪ ਸਤ ਕਿਰਦਾ ਰਹਿੰਦਾ ਹੈ। ਅਸੀਂ ਕਈ ਮਟਕੇ ਟੰਗੇ ਦੇਖੇ ਜਿਨ੍ਹਾਂ ਉਪਰ ਕੱਪੜਾ ਲਪੇਟਿਆ ਹੋਇਆ ਸੀ।
ਬੋਧ ਗਯਾ ਤੋਂ ਪਟਨਾ ਵਾਪਸ ਆਉਂਦਿਆਂ ਰਸਤੇ ਵਿਚ ਇਕ ਥਾਂ ਰੁਕ ਕੇ ਅਸੀਂ ਤਾੜ ਦੇ ਬ੍ਰਿਛਾਂ ਬਾਰੇ ਇਕ ਕਿਸਾਨ ਕੋਲੋਂ ਹੋਰ ਜਾਣਕਾਰੀ ਹਾਸਲ ਕੀਤੀ। ਉਸ ਅਨੁਸਾਰ ਜਦ ਸ਼ਰਾਬ ਬੰਦੀ ਨਹੀਂ ਸੀ ਤਾਂ ਤਾੜੀ ਦੀ ਬੋਤਲ ਬਹੁਤ ਸਸਤੀ ਸੀ, ਕੋਈ 5-10 ਰੁਪਏ ਦੀ ਪਰ ਹੁਣ ਇਹ ਮਹਿੰਗੀ ਹੋ ਗਈ ਹੈ, 50-60 ਰੁਪਏ ਦੀ, ਕਿਉਂਕਿ ਜ਼ੋਖਮ ਵਧ ਗਿਆ ਹੈ। ਤਾੜੀ ਦੀ ਸ਼ਰਾਬ ਸਾਡੀ ਠੱਰਾ/ਰੂੜੀ ਮਾਰਕਾ ਦੇਸੀ ਦਾਰੂ ਵਰਗੀ ਹੈ। ਪਰ ਇਸ ਨੂੰ ਭੱਠੀ ਤਾਅ ਕੇ ਵਾਸ਼ਪੀਕਰਨ/ਕਸ਼ੀਦਣ ਦੀ ਵਿਧੀ ਰਾਹੀਂ ਨਹੀਂ ਕਢਣਾ ਪੈਂਦਾ। ਸੂਰਜ ਚੜ੍ਹਨ ਤੋਂ ਪਹਿਲਾਂ ਕੱਢੇ ਗਏ ਸਤ ਤੋਂ ਨੀਰਾ ਜੂਸ ਬਣਦੈ, ਜਿਸ ਦਾ ਦੁਧੀਆ ਰੰਗ ਹੁੰਦੈ ਅਤੇ ਜਿਸ ਨੂੰ ਕੋਈ ਵੀ ਪੀ ਸਕਦੈ। ਇਸ ਰਸ ਨੂੰ ਜੇ ਮਟਕੇ ਵਿਚ ਉਂਜ ਹੀ ਚਾਰ-ਪੰਜ ਘੰਟੇ ਜਾਂ ਪੂਰਾ ਦਿਨ ਰਖੀ ਰੱਖੋ ਤਾਂ ਆਪਣੇ ਆਪ ਹੀ ਇਹ ਤਾੜੀ ਸ਼ਰਾਬ ਬਣ ਜਾਂਦੀ ਹੈ ਜੋ ਨਸ਼ੇੜੀ ਪੀ ਕੇ ਸ਼ਰਾਬ ਬੰਦੀ ਦੌਰਾਨ ਵੀ ਆਪਣਾ ਨਸ਼ੇ ਦਾ ਝੱਸ ਪੂਰਾ ਕਰਦੇ ਹਨ। ਇਹ ਸ਼ਰਾਬ ਹਾਨੀਕਾਰਕ ਨਹੀਂ ਸਮਝੀ ਜਾਂਦੀ ਕਿਉਂਕਿ ਇਸ ਵਿਚ ਨਸ਼ੇ ਦੀ ਮਾਤਰਾ (ਅਲਕੋਹਲ) ਸਿਰਫ 4-5 ਫੀਸਦੀ ਹੀ ਹੁੰਦੀ ਹੈ ਅਤੇ ਬਿਨਾਂ ਕਿਸੇ ਮਾਨਵੀ ਦਖਲ ਦੇ ਕੁਦਰਤੀ ਤੌਰ 'ਤੇ ਹੀ ਬਣ ਜਾਂਦੀ ਹੈ।
ਅਸੀਂ ਖੁਦ ਰਾਸ਼ਟਰੀ ਮਾਰਗ 22 ਦੇ ਨਾਲ-ਨਾਲ ਰਾਤ ਨੂੰ ਕਈ ਥਾਵਾਂ 'ਤੇ ਤਾੜੀ ਵਿਕਦੀ ਦੇਖੀ। ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬਹੁਤੀਆਂ ਔਰਤਾਂ ਇਸ ਨੂੰ ਵੇਚ ਰਹੀਆਂ ਸਨ !
ਤਾੜੀ ਦਾ ਸੇਵਨ ਭਾਰਤ ਦੇ ਹੋਰ ਵੀ ਕਈ ਪ੍ਰਾਂਤਾਂ ਵਿਚ ਕੀਤਾ ਜਾਂਦਾ ਹੈ। ਬਿਹਾਰ ਵਿਚ ਤਾੜ ਦੇ ਬ੍ਰਿਛਾਂ ਦੀ ਖੇਤਾਂ/ਸੜਕਾਂ ਉਪਰ ਭਰਮਾਰ ਹੋਣ ਕਾਰਨ (ਇਹ ਕਈ ਘਰਾਂ ਵਿਚ ਵੀ ਲਗੇ ਹਨ) ਤਾੜੀ ਰੋਕਣਾ ਜੇ ਨਾ-ਮੁਮਕਿਨ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਇਸੇ ਲਈ ਬਿਹਾਰ ਵਿਚ ਇਸ ਗਲ ਦੀ ਵੀ ਚਰਚਾ ਸੁਣਨ ਨੂੰ ਮਿਲੀ ਕਿ ਗੋਆ ਦੀ ਕਾਜੂਆਂ ਤੋਂ ਬਣਨ ਵਾਲੀ ਫੈਨੀ ਵਾਂਗ ਤਾੜੀ ਨੂੰ ਵੀ ਇਕ 'ਡਰਿੰਕ' ਦੇ ਤੌਰ 'ਤੇ ਅਪਣਾ ਲਿਆ ਜਾਵੇ, ਪਰ ਨਿਤੀਸ਼ ਸਰਕਾਰ ਇਸ ਤੋਂ ਕਿਨਾਰਾ ਹੀ ਕਰ ਰਹੀ ਹੈ। ਪਰ ਇਕ ਨਸ਼ੇੜੀ ਨੇ ਸਭ ਨਸ਼ੇੜੀਆਂ ਦੀ ਤਰਜਮਾਨੀ ਕਰਦਿਆਂ ਕਿਹਾ, 'ਕਯਾ ਕਰੇਂ ਬਾਬੂ! ਬਿਨ ਤਾੜੀ, ਚਲੇ ਨਾ ਗਾੜੀ!'

-98, ਸਕੀਮ ਨੰ.3, ਫਗਵਾੜਾ।
ਮੋਬਾ: 98766-55055

ਕਿਉਂ ਨਹੀਂ ਰੁਕ ਰਿਹਾ ਮਾਸੂਮਾਂ 'ਤੇ ਕਹਿਰ?

ਦੇਸ਼ ਦਾ ਸਮਾਜਿਕ ਭਵਿੱਖ ਖਤਰੇ ਵਿਚ ਹੈ। ਜਿਸ ਪੀੜ੍ਹੀ 'ਤੇ ਸਾਡਾ ਭਵਿੱਖ ਟਿਕਿਆ ਹੋਇਆ ਹੈ, ਉਹ ਸਾਰੀਆਂ ਗ਼ੈਰ-ਸਮਾਜਿਕ ਬੁਰਾਈਆਂ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ, ਉਸਦਾ ਭਵਿੱਖ ਸੁਰੱਖਿਅਤ ਬਿਲਕੁਲ ਨਹੀਂ ਹੈ। ਉਹ ਘਰ ਵਿਚ ਹੋਵੇ ਜਾਂ ਆਪਣੇ ਕਿਸੇ ਕਰੀਬੀ ਦੀ ਗੋਦ ਵਿਚ ਜਾਂ ਫਿਰ ਸਕੂਲ ਵਿਚ ਹੋਵੇ, ਹਰ ਥਾਂ ਅਸੁਰੱਖਿਅਤ ਹੈ। ਬਿਮਾਰ ਸਮਾਜ ਦੀ ਬਿਮਾਰ ਮਾਨਸਿਕਤਾ ਕਈ ਸਵਾਲ ਖੜ੍ਹੀ ਕਰਦੀ ਹੈ। ਮਾਸੂਮਾਂ ਦੇ ਸਰੀਰਕ ਸ਼ੋਸ਼ਣ ਨੂੰ ਰੋਕਣ ਲਈ ਪਾਸਕੋਂ ਵਰਗਾ ਐਕਟ ਵੀ ਬੇਮਤਲਬ ਸਾਬਤ ਹੋ ਰਿਹਾ ਹੈ। ਸਮਾਜ ਨੈਤਿਕ ਪਤਨ ਦੀਆਂ ਸਾਰੀਆਂ ਨਿਵਾਣਾਂ ਪਾਰ ਕਰ ਰਿਹਾ ਹੈ। ਹਰਿਆਣਾ ਵਿਚ ਇਕ ਤੋਂ ਬਾਅਦ ਇਕ ਘਟਨਾਵਾਂ ਸਰਕਾਰ ਦੀ ਨਾਕਾਮੀ ਨੂੰ ਬਿਆਨ ਕਰ ਰਹੀਆਂ ਹਨ। ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬੇ ਦੀ ਹਾਈਕੋਰਟ ਵੀ ਸਰਕਾਰ ਨੂੰ ਕਈ ਵਾਰ ਕਟਹਿਰੇ ਵਿਚ ਖੜ੍ਹਾ ਕਰ ਚੁੱਕੀ ਹੈ।
ਗੁੜਗਾਵਾਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਬਾਥਰੂਮ ਵਿਚ ਮਾਸੂਮ ਪ੍ਰਦੁਮਣ ਦੀ ਹੱਤਿਆ ਨੇ ਦੇਸ਼ ਦੇ ਲੱਖਾਂ ਮਾਂ-ਬਾਪ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਬੱਚਾ ਹੁਣ ਸਕੂਲ ਵਿਚ ਵੀ ਸੁਰੱਖਿਅਤ ਨਹੀਂ ਹੈ। ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਿਚ ਆਉਂਦੀ ਗਿਰਾਵਟ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਕਦੇ ਸਕੂਲਾਂ ਵਿਚ ਜਬਰ-ਜਨਾਹ, ਕਦੀ ਸਵਾਲਾਂ ਦਾ ਜਵਾਬ ਨਾ ਦੇਣ 'ਤੇ ਬੇਰਹਿਮੀ ਨਾਲ ਕੁਪਾਟਾ, ਕਦੇ ਸੈਪਟੀ ਟੈਂਕ ਵਿਚ ਡਿੱਗ ਕੇ ਮਾਸੂਮਾਂ ਦੀ ਮੌਤ, ਕਦੇ ਸਕੂਲ ਬੱਸਾਂ ਦੀ ਰੇਲ ਗੱਡੀਆਂ ਨਾਲ ਟੱਕਰ ਅਤੇ ਨਿਤ-ਦਿਨ ਵਧਦੇ ਸੜਕ ਹਾਦਸਿਆਂ ਵਿਚ ਬੇਕਸੂਰ ਮਾਸੂਮਾਂ ਦੀ ਮੌਤ ਆਖਰ ਕਿਉਂ ਹੁੰਦੀ ਹੈ? ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਘਟਣ ਦੀ ਬਜਾਏ ਹੋਰ ਤੇਜ਼ੀ ਨਾਲ ਵਧ ਰਹੀਆਂ ਹਨ ਜਦਕਿ ਕਾਨੂੰਨੀ ਸੁਰੱਖਿਆ ਲਈ ਬਣੀਆਂ ਸੰਸਥਾਵਾਂ ਨਕਾਰਾ ਹੋ ਰਹੀਆਂ ਹਨ।
ਮਾਸੂਮ ਬੱਚਿਆਂ ਨਾਲ ਵਧਦਾ ਜਬਰ-ਜਨਾਹ ਸੋਚਣ ਲਈ ਮਜਬੂਰ ਕਰਦਾ ਹੈ। ਮਾਂ-ਬਾਪ ਆਪਣੇ ਭਵਿੱਖ ਦੀ ਉਮੀਦ ਨੂੰ ਪੜ੍ਹਨ-ਲਿਖਣ ਲਈ ਸਕੂਲ ਭੇਜਦੇ ਹਨ ਪਰ ਉਥੋਂ ਹੱਸਦੇ-ਮੁਸਕਰਾਉਂਦੇ ਆਉਣ ਦੀ ਬਜਾਏ ਇਨ੍ਹਾਂ ਮਾਸੂਮਾਂ ਦੀ ਮੌਤ ਦਾ ਪੈਗ਼ਾਮ ਘਰ ਪਹੁੰਚਦਾ ਹੈ। ਇਹ ਸਥਿਤੀ ਸਿਰਫ ਗੁੜਗਾਵਾਂ ਦੇ ਸਕੂਲ ਦੀ ਨਹੀਂ ਹੈ ਸਗੋਂ ਪੂਰੇ ਭਾਰਤ ਦੀ ਹੈ। ਗੁੜਗਾਵਾਂ ਦੀ ਅੱਗ ਅਜੇ ਠੰਢੀ ਵੀ ਨਹੀਂ ਹੋਈ ਸੀ ਕਿ ਦਿੱਲੀ ਦੇ ਇਕ ਸਕੂਲ ਵਿਚ ਮਾਸੂਮ ਬੱਚੀ ਨਾਲ ਸਕੂਲ ਦੇ ਚਪੜਾਸੀ ਨੇ ਜਬਰ-ਜਨਾਹ ਕੀਤਾ। ਇਸੇ ਤਰ੍ਹਾਂ ਮੁੰਬਈ ਵਿਚ ਜੁਲਾਈ ਵਿਚ ਸਕੂਲ ਜਾਂਦੇ ਸਮੇਂ ਦੋ ਮੁੰਡਿਆਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਸੀ। ਜਿਸ ਦਾ ਅਸਰ ਇਹ ਹੋਇਆ ਕਿ ਦੋਵਾਂ ਬੱਚਿਆਂ ਨੇ ਪਵਈ ਲੇਕ ਦੇ ਕੋਲ ਪੈਪਸੀ ਵਿਚ ਜ਼ਹਿਰ ਮਿਲਾ ਕੇ ਪੀ ਲਿਆ ਤੇ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੁੰਬਈ ਵਿਚ 2012 ਵਿਚ ਪਾਸਕੋਂ ਐਕਟ ਦੇ ਤਹਿਤ ਸਿਰਫ਼ ਦੋ ਮਾਮਲੇ ਦਰਜ ਹੋਏ ਸਨ ਪਰ 2016 ਵਿਚ ਇਸ ਤਰ੍ਹਾਂ ਦੇ 680 ਮਾਮਲੇ ਦਰਜ ਹੋਏ। ਸੋਚਣ ਵਾਲੀ ਗੱਲ ਹੈ ਕਿ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਹੈ।
ਭਾਰਤ ਵਿਚ 2012 ਤੱਕ ਮਾਸੂਮਾਂ ਨਾਲ ਜਬਰ ਜਨਾਹ ਦੀਆਂ 38172 ਘਟਨਾਵਾਂ ਹੋਈਆਂ ਸਨ ਜੋ 2 ਸਾਲ ਬਾਅਦ 2014 ਵਿਚ ਵਧ ਕੇ 89423 ਤੱਕ ਪਹੁੰਚ ਗਈਆਂ। ਭਾਰਤ ਵਿਚ ਮਾਸੂਮਾਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਦੂਜੇ ਦੇਸ਼ਾਂ ਦੇ ਨਾਲੋਂ ਵੱਧ ਹੁੰਦੀਆਂ ਹਨ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਹਰ 155 ਮਿੰਟ 'ਚ ਇਕ ਵਾਰ ਜਬਰ-ਜਨਾਹ ਹੁੰਦਾ ਹੈ ਜਦਕਿ 10 ਸਾਲ ਦੇ ਬੱਚਿਆਂ ਨਾਲ ਹਰ 13 ਘੰਟੇ ਬਾਅਦ ਜਬਰ ਜਨਾਹ ਹੁੰਦਾ ਹੈ। ਸਾਲ 2007 ਵਿਚ ਬਾਲ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਇਕ ਸੰਸਥਾ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ। ਸੰਸਥਾ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਵਿਚ ਇਹ ਦੱਸਿਆ ਗਿਆ ਸੀ ਕਿ 3 ਬੱਚਿਆਂ ਵਿਚੋਂ 2 ਬੱਚੇ ਸਰੀਰਕ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਜਦਕਿ ਦੂਸਰਾ ਬੱਚਾ ਭਾਵਨਾਤਮਿਕ ਹਿੰਸਾ ਦਾ ਸ਼ਿਕਾਰ ਹੁੰਦਾ ਹੈ। 69 ਫ਼ੀਸਦੀ ਬੱਚਿਆਂ ਨਾਲ ਸਰੀਰਕ ਹਿੰਸਾ ਹੋਈ ਜਿਸ ਵਿਚ 54 ਫ਼ੀਸਦੀ ਤੋਂ ਵਧੇਰੇ ਬੱਚੇ ਲੜਕੇ ਸਨ। ਪਰਿਵਾਰ ਵਿਚ ਬੱਚਿਆਂ ਨਾਲ 88 ਫ਼ੀਸਦੀ ਸਰੀਰਕ ਅਤੇ 83 ਫ਼ੀਸਦੀ ਭਾਵਨਾਤਮਿਕ ਹਿੰਸਾ ਹੁੰਦੀ ਹੈ। 53 ਫ਼ੀਸਦੀ ਬੱਚੇ ਜਬਰ-ਜਨਾਹ ਦਾ ਸਾਹਮਣਾ ਕਰਦੇ ਹਨ। ਭਾਰਤੀ ਸਮਾਜ ਵਿਚ ਵਧ ਰਿਹਾ ਯੌਨ ਹਿੰਸਾ ਦਾ ਕੋਹੜ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਨ ਲੱਗਾ ਹੈ। ਅਪਰਾਧਾਂ ਦੀ ਕਰੂਰਤਾ ਨੂੰ ਦੇਖਦੇ ਹੋਏ ਲਗਦਾ ਹੈ ਕਿ ਪਹਿਲਾਂ ਬਣੇ ਕਾਨੂੰਨ ਇਸ ਨੂੰ ਰੋਕਣ ਵਿਚ ਨਾਕਾਮ ਰਹੇ ਹਨ। ਇਸ ਦੀ ਵਜ੍ਹਾ ਹੈ ਕਿ ਸਮਾਜ ਵਿਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਦਾ ਫ਼ੈਸਲਾ ਵੀ ਭੀੜ ਖ਼ੁਦ ਕਰਨ ਲਗ ਪਈ ਹੈ। ਗੁੜਗਾਵਾਂ ਦੀ ਘਟਨਾ ਤੋਂ ਬਾਅਦ ਗੁੱਸੇ ਵਿਚ ਆਈ ਮਾਪਿਆਂ ਦੀ ਭੀੜ ਹਿੰਸਾ 'ਤੇ ਉੱਤਰ ਆਈ ਅਤੇ ਉਸ ਨੇ ਸ਼ਰਾਬ ਦੇ ਠੇਕੇ ਨੂੰ ਅੱਗ ਲਗਾ ਦਿੱਤੀ।
ਹਰਿਆਣਾ ਦੇ ਰਿਆਨ ਸਕੂਲ ਵਿਚ ਹੋਏ ਇਸ ਹਾਦਸੇ ਨਾਲ ਸਕੂਲਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਉਠੇ ਹਨ। ਇਸ ਘਟਨਾ ਤੋਂ ਬਾਅਦ ਬਣਾਈ ਗਈ ਐਸ.ਆਈ.ਟੀ. ਦੀ ਜਾਂਚ ਵਿਚ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੀਆਂ ਖਾਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸਕੂਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖਰਾਬ ਸਨ, ਬਾਥਰੂਮ ਸਾਂਝਾ ਸੀ, ਸਕੂਲੀ ਬੱਚੇ ਅਤੇ ਸਟਾਫ਼ ਉਨ੍ਹਾਂ ਦੀ ਵਰਤੋਂ ਕਰ ਰਿਹਾ ਸੀ, ਸਕੂਲ ਦੀਆਂ ਕੰਧਾਂ ਮਾਪਦੰਡਾਂ ਦੇ ਮੁਤਾਬਿਕ ਨਹੀਂ ਬਣਾਈਆਂ ਗਈਆਂ ਸਨ। ਜਾਂਚ ਵਿਚ ਇਥੋਂ ਤੱਕ ਖੁਲਾਸਾ ਹੋਇਆ ਹੈ ਕਿ ਸਕੂਲ ਸਟਾਫ਼ ਨੂੰ ਨਿਯੁਕਤ ਕਰਨ ਸਮੇਂ ਪੁਲਿਸ ਪੜਤਾਲ ਨਹੀਂ ਕਰਵਾਈ ਗਈ। ਗੁੜਗਾਵਾਂ ਦੇਸ਼ ਦਾ ਸਭ ਤੋਂ ਆਧੁਨਿਕ ਸ਼ਹਿਰ ਹੈ, ਜਿਥੇ ਇਹ ਸਕੂਲ ਸਥਿਤ ਹੈ। ਮਾਪਿਆਂ ਤੋਂ ਮੋਟੀ ਫੀਸ ਲੈਣ ਵਾਲੇ ਸਕੂਲ ਪ੍ਰਬੰਧਕਾਂ ਨੇ ਸੁਰੱਖਿਆ ਮਾਪਦੰਡਾਂ ਨੂੰ ਬਿਲਕੁਲ ਗੌਲਿਆ ਤੱਕ ਨਹੀਂ। ਹੁਣ ਸਕੂਲ ਦੇ 2 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਭ ਹਾਦਸੇ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਪ੍ਰਦੁਮਣ ਦੇ ਬਾਪ ਨਾਲ-ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਇਕ ਭੋਲਾ ਮਾਸੂਮ ਬਿਨਾਂ ਵਜ੍ਹਾ ਕਿਸੇ ਦੀ ਵਿਗੜੀ ਮਾਨਸਿਕਤਾ ਦਾ ਸ਼ਿਕਾਰ ਹੋ ਗਿਆ।
ਇਸ ਤਰ੍ਹਾਂ ਦੇ ਅਪਰਾਧਾਂ ਖਿਲਾਫ਼ ਅਮਰੀਕਾ, ਪੋਲੈਂਡ ਅਤੇ ਰੂਸ ਵਿਚ ਬੜੇ ਸਖ਼ਤ ਕਾਨੂੰਨ ਹਨ। ਉਥੇ ਅਜਿਹਾ ਕਾਰਨ ਕਰਨ ਵਾਲੇ ਵਿਅਕਤੀ ਨੂੰ ਨਿਪੁੰਸਕ ਬਣਾਉਣ ਦੀ ਵਿਵਸਥਾ ਹੈ। ਮਦਰਾਸ ਹਾਈਕੋਰਟ ਨੇ ਵਧਦੇ ਬਾਲ ਅਪਰਾਧਾਂ ਨੂੰ ਦੇਖਦੇ ਹੋਏ ਕੁਝ ਸਾਲ ਪਹਿਲਾਂ ਸਰਕਾਰ ਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਸਿਫਾਰਸ਼ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵਿਗੜੀ ਮਨੋਬਿਰਤੀ ਦੇ ਸ਼ਿਕਾਰ ਵਿਅਕਤੀ ਨੂੰ ਨਿਪੁੰਸਕ ਬਣਾ ਦਿੱਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਵੀ ਇਸ 'ਤੇ ਆਪਣੀ ਰਾਇ ਪ੍ਰਗਟ ਕਰਦੇ ਹੋਏ ਕਹਿ ਚੁੱਕੀ ਹੈ ਕਿ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਲੋਕ ਪਸ਼ੂ ਬਰਾਬਰ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ 'ਤੇ ਹੋਰ ਵਧੇਰੇ ਸਖ਼ਤ ਕਾਨੂੰਨ ਬਣਾਏ ਜਾਣ। ਮਾਸੂਮ ਬੱਚੇ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਦਾ ਭਵਿੱਖ ਹਰ ਹਾਲਤ ਵਿਚ ਸੁਰੱਖਿਅਤ ਹੋਣਾ ਚਾਹੀਦਾ ਹੈ। ਸਮਾਜ ਵਿਚ ਵਧਦੀ ਸਰੀਰਕ ਸ਼ੋਸ਼ਣ ਦੀ ਪ੍ਰਵਿਰਤੀ ਦਾ ਕਾਰਨ ਗੰਦੀ ਮਾਨਸਿਕਤਾ ਵੀ ਹੈ। ਇਸ ਤਰ੍ਹਾਂ ਦੀ ਵਿਗੜੀ ਮਾਨਸਿਕਤਾ ਦੇ ਲੋਕ ਸਮਾਜ ਵਿਚ ਮੌਜੂਦ ਹਨ ਜਿਨ੍ਹਾਂ ਦੇ ਦਿਮਾਗ ਵਿਚ ਹਰ ਵਕਤ ਸੈਕਸ ਵਰਗੀ ਘਟੀਆ ਮਾਨਸਿਕਤਾ ਮੌਜੂਦ ਰਹਿੰਦੀ ਹੈ। ਇਸ ਦੀ ਵਜ੍ਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਆਲੇ-ਦੁਆਲੇ ਤੇਜ਼ੀ ਨਾਲ ਵਾਪਰ ਰਹੀਆਂ ਹਨ। ਹਾਲਾਂਕਿ ਸੱਭਿਆ ਸਮਾਜ ਵਿਚ ਨਿਪੁੰਸਕ ਬਣਾਉਣ ਵਾਲਾ ਕਾਨੂੰਨ ਜ਼ਾਲਮਾਨਾ ਕਿਹਾ ਜਾ ਸਕਦਾ ਹੈ। ਮਾਨਵ ਅਧਿਕਾਰਵਾਦੀ ਸੰਗਠਨ ਇਸ ਨੂੰ ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਨਾਲ ਜੋੜ ਸਕਦੇ ਹਨ ਪਰ ਇਸ ਸੱਭਿਆ ਸਮਾਜ ਵਿਚ ਜਦੋਂ ਇਸ ਤਰ੍ਹਾਂ ਦੇ ਨਫ਼ਰਤ ਭਰੇ ਅਪਰਾਧ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਉਸ ਦਾ ਜਵਾਬ ਕੌਣ ਦੇਵੇਗਾ? ਇਸ ਬਾਰੇ ਵੀ ਸਾਨੂੰ ਸੋਚਣਾ ਪਵੇਗਾ। ਅਸੀਂ ਸਿਰਫ਼ ਕਾਨੂੰਨ, ਟੀ.ਵੀ.ਬਹਿਸਾਂ ਅਤੇ ਦੂਸਰੇ ਮਾਧਿਅਮਾਂ ਰਾਹੀਂ ਮਾਸੂਮਾਂ ਦੇ ਭਵਿੱਖ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ। ਅਤਿ-ਆਧੁਨਿਕ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਦਾ ਢੋਲ ਪਿੱਟਣਾ ਸਾਨੂੰ ਬੰਦ ਕਰਨਾ ਚਾਹੀਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਗੁੜਗਾਵਾਂ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਿੱਜੀ ਅਤੇ ਸਰਕਾਰੀ ਸਕੂਲਾਂ ਵਿਚ ਸੁਰੱਖਿਆ ਮਾਪਦੰਡਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਰੀਰਕ ਅਤੇ ਦੂਸਰੀ ਹਿੰਸਾ ਤੋਂ ਬਚਾਇਆ ਜਾ ਸਕੇ। ਇਹ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ ਕਿ ਵਧ ਰਹੀ ਇਸ ਅਨੈਤਿਕਤਾ 'ਤੇ ਰੋਕ ਲਾਵੇ। ਸੁਰੱਖਿਆ ਮਾਪਦੰਡਾਂ 'ਤੇ ਖਰੇ ਨਾ ਉਤਰਨ ਵਾਲੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿਚ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਸਮਾਂ ਰਹਿੰਦਿਆਂ ਭਾਵ ਪਹਿਲਾਂ ਹੀ ਰੋਕ ਲਾਈ ਜਾ ਸਕੇ। (ਸੰਵਾਦ)

ਕੀ ਹੈ ਸਾਂਦਲ ਬਾਰ ਦਾ ਇਤਿਹਾਸ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਦਲ ਹੁਕਮਰਾਨ
ਇਕ ਹੋਰ ਵੀ ਖਿਆਲ ਕੀਤਾ ਜਾਂਦਾ ਹੈ ਕਿ ਸਾਂਦਲ ਬਾਰ ਦਾ ਇਲਾਕਾ ਇਕ ਬੜੇ ਆਦਲ ਹਾਕਮ ਸਾਂਦਰਾ, ਸਾਂਦਰ ਤੇ ਸਾਂਦਾ ਦੇ ਨਾਂਅ ਦੀ ਵਜ੍ਹਾ ਕਰਕੇ ਵੀ ਮਸ਼ਹੂਰ ਹੈ। ਖੋਖਰ ਕੌਮ ਨਾਲ ਇਸਦਾ ਤਾਲੁਕ ਸੀ। ਇਸ ਇਲਾਕੇ 'ਚ ਕਦੇ ਖੋਖਰਾਂ ਦੀ ਹਕੂਮਤ ਸੀ। ਇਸ ਵਜ੍ਹਾ ਕਰਕੇ ਸਾਂਦਾ, ਸਾਂਦਰ ਵਿਗੜ ਕੇ ਸਾਂਦਲ ਬਣ ਗਿਆ ਤੇ ਉਥੋਂ ਇਸ ਇਲਾਕੇ ਦਾ ਨਾਂਅ ਸਾਂਦਲ ਬਾਰ ਮਸ਼ਹੂਰ ਹੋ ਗਿਆ। ਸਹਾਦਤ ਅਲੀ ਖਿਚੀ ਦੀ ਕਿਤਾਬ ਤਾਰੀਖ-ਏ-ਰਾਜਪੂਤਾਂ 'ਚ ਲਿਖਿਆ ਹੈ ਕਿ ਖੋਖਰ ਈ: ਪੂ: ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਤੇ ਹਕੂਮਤ ਕਰ ਰਹੇ ਸਨ। ਇਸ ਕਰਕੇ ਹੀ ਇਨ੍ਹਾਂ ਨੂੰ ਚੰਦਰ ਬੰਸੀ ਜਾਂ ਗੰਗਾ ਬੰਸੀ ਰਾਜਪੂਤ ਮਿਥਿਆ ਜਾਂਦਾ ਹੈ। 10ਵੀਂ ਸਦੀ ਤਕ ਇਨ੍ਹਾਂ ਦੀ ਹੁਕਮਰਾਨੀ ਮੈਸੂਰ ਤੇ ਗੁੰਜਾਮ ਤਕ ਰਹੀ। ਉਸ ਤੋਂ ਬਾਅਦ ਇਨ੍ਹਾਂ ਖੋਖਰਾਂ ਨੇ ਸਿਕੰਦਰ ਦੇ ਖਿਲਾਫ ਰਾਜਾ ਪੋਰਸ ਦੀ ਬੜੀ ਜ਼ੁਰਅਤ ਨਾਲ ਪੂਰੀ-ਪੂਰੀ ਮਦਦ ਕੀਤੀ। ਫਿਰ ਜਦੋਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਤਾਂ ਉਦੋਂ ਆਨੰਦਪਾਲ ਨਾਲ ਹੋ ਕੇ ਲੜੇ। ਮੌਜੂਦਾ ਜ਼ਿਲ੍ਹਾ ਸਰਗੋਧਾ ਦੇ ਨੇੜੇ ਖੋਖਰਾਨਾਂ ਜਗ੍ਹਾ ਇਨ੍ਹਾਂ ਦਾ ਦਾਰੁਲ ਹਕੂਮਤ ਸੀ। ਇਹਨਾਂ ਖੋਖਰਾਂ ਦੀਆਂ ਲੜਾਈਆਂ ਦੀ ਤਾਰੀਖ ਬਿਲਕੁਲ ਮਹਿਫੂਜ਼ ਹੈ। ਫਿਰ ਇਸ ਤੋਂ ਬਾਅਦ ਇਸ ਕੌਮ ਦੇ ਵੱਡੇ-ਵੱਡੇ ਸਰਦਾਰ ਜਹਾਂਗੀਰ ਤੇ ਮਹਿਮੂਦ ਗਜ਼ਨਵੀ ਦੇ ਵੇਲੇ ਮੁਸਲਮਾਨ ਹੋ ਗਏ। ਇਕ ਬੜਾ ਵੱਡਾ ਸਰਦਾਰ ਦਾਦਨ ਖਾਂ ਸੀ ਜਿਸ ਨੇ ਬਾਅਦ 'ਚ ਪਿੰਡ ਦਾਦਨ ਖਾਂ ਦੀ ਨੀਂਹ ਰੱਖੀ। ਇਹ ਪਿੰਡ ਇਸ ਵੇਲੇ ਤਹਿਸੀਲ ਹੈੱਡਕੁਆਟਰ ਹੈ, ਤੇ ਜ਼ਿਲ੍ਹਾ ਜਿਹਲਮ 'ਚ ਸਥਿਤ ਹੈ।
ਰਸ਼ੀ ਜੱਟ
ਪੰਜਾਬੀ ਲੋਕਧਾਰਾ 'ਚ ਵਣਜਾਰਾ ਬੇਦੀ ਲਿਖਦੇ ਹਨ ਕਿ ਸਾਂਦਲ ਬਾਰ ਦਾ ਇਲਾਕਾ ਬਹੁਤ ਵੱਡਾ ਜੰਗਲ ਸੀ। ਇਸ ਜੰਗਲ 'ਚ ਸੰਦਲ ਰਿਸ਼ੀ ਨੇ ਬੜਾ ਲੰਮਾ ਸਮਾਂ ਤਪੱਸਿਆ ਕੀਤੀ ਜਿਸ ਕਾਰਨ ਇਹ ਇਲਾਕਾ ਰਸ਼ੀ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ ਤੇ ਬਾਅਦ 'ਚ ਸਾਂਡਲ ਵਨ ਸਾਂਡਲ ਬਿਨ ਮਸ਼ਹੂਰ ਹੋ ਗਿਆ, ਜਿਹੜਾ ਹੌਲੀ-ਹੌਲੀ ਵਿਗੜ ਕੇ ਸਾਂਦਲ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਇਕ ਹੋਰ ਵੀ ਖਿਆਲ ਕੀਤਾ ਜਾਂਦਾ ਹੈ ਕਿ ਸਾਂਦਲ ਲਫਜ਼ ਦਾ ਤਾਲੁਕ ਕਿਸੇ ਜੱਟਾਂ ਦੇ ਕਬੀਲੇ ਸੰਦਲ ਜਾਂ ਸੰਦੜ ਨਾਲ ਹੈ, ਜਿਹੜੇ ਸਦੀਆਂ ਤੋਂ ਇਥੇ ਰਹਿ ਰਹੇ ਸਨ। ਜੱਟਾਂ ਦੇ ਇਸ ਕਬੀਲੇ ਦੇ ਲੋਕ ਅੱਜ ਵੀ ਇਥੇ ਰਹਿ ਰਹੇ ਹਨ ਤੇ ਕਿਆਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਦੇ ਨਾਂਅ ਤੋਂ ਹੀ ਇਹ ਸੰਦਲ ਤੋਂ ਸਾਂਦਲ ਬਣ ਗਿਆ। ਪਰ ਇਹ ਕੋਈ ਏਡੀ ਪੱਕੀ ਠੁਕਵੀਂ ਗੱਲ ਨਹੀ ਮੰਨੀ ਜਾ ਸਕਦੀ। ਵਜ੍ਹਾ ਇਹ ਕਿ ਇਹ ਇਕ ਜੱਟਾਂ ਦੀ ਗੋਤ ਸੀ, ਜਿਹੜੀ ਕਿ ਖੇਤੀਬਾੜੀ ਕਰਦੀ ਸੀ। ਤੇ ਇਹ ਲੋਕ ਹੀ ਫਿਰ ਬਾਅਦ 'ਚ ਤਹਿਸੀਲ ਮੈਲਸੀ ਜ਼ਿਲ੍ਹਾ ਮੁਲਤਾਨ 'ਚ ਅਬਾਦ ਹੋ ਗਏ। ਇਹ ਲਫਜ਼ ਸੰਦਲ ਤੋਂ ਵਿਗੜ ਕੇ ਸੰਦੀਲਾ ਬਣ ਗਿਆ। ਇਹ ਮੁਲਤਾਨ ਦੇ ਏਰੀਏ 'ਚ ਮੌਜੂਦ ਹਨ ਤੇ ਇਹ ਲੋਕ ਦਾਅਵਾ ਕਰਦੇ ਹਨ ਕਿ ਅਸੀਂ ਸ਼ਾਹਜਹਾਂ ਦੇ ਦੌਰ 'ਚ ਦਿੱਲੀ ਤੋਂ ਇਥੇ ਆਏ ਸੀ।
ਚੂਹੜ ਖਾਂ ਉਰਫ ਸਾਂਦਲ
ਇਕ ਹੋਰ ਰਵਾਇਤ ਦੇ ਮੁਤਾਬਿਕ ਚੂਹੜ ਖਾਂ ਇਸ ਇਲਾਕੇ ਦਾ ਹੁਕਮਰਾਨ ਸੀ, ਜਿਸ ਦੀ ਹਕੂਮਤ ਇਸ ਮੌਜੂਦਾ ਸਾਂਦਲ ਬਾਰ 'ਤੇ ਕਾਫੀ ਸਮੇਂ ਪਹਿਲਾਂ ਰਹੀ। ਇਹ ਚੂਹੜ ਖਾਂ ਸਾਂਦਲ ਦੇ ਨਾਂਅ ਨਾਲ ਮਸ਼ਹੂਰ ਸੀ। ਇਹ ਬੜਾ ਨੇਕ ਤੇ ਆਦਲ ਹੁਕਮਰਾਨ ਸੀ। ਇਸ ਦੀ ਹਕੂਮਤ ਬੜੇ ਲੰਮੇ ਸਮੇਂ ਤੱਕ ਰਹੀ। ਬਹੁਤ ਲੋਕ ਇਸ ਨੂੰ ਖੋਖਰ ਰਾਜਪੂਤ ਲਿਖਦੇ ਹੋਏ ਇਸ ਦੀ ਹਕੂਮਤ ਦਾ ਵੇਲਾ ਸਿਕੰਦਰ-ਏ-ਆਜ਼ਮ ਤੋਂ ਪਹਿਲਾਂ ਦਾ ਦੱਸਦੇ ਹਨ। ਪਰ ਇਹ ਗੱਲ ਕਿੰਨੀ ਕੁ ਸਹੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਸਾਂਦਲ ਬਾਰ
ਸਾਂਦਲ ਬਾਰ ਬਾਝ ਰਵਾਇਤਾਂ 'ਚ ਇਸ ਨੂੰ ਬਹੁਤ ਸੰਘਣਾ ਜੰਗਲ ਹੋਣ ਕਾਰਨ ਆਖਿਆ ਜਾਂਦਾ ਹੈ। ਇਸ ਜੰਗਲ 'ਚ ਆਪਣੇ-ਆਪ ਉੱਗਣ ਵਾਲੇ ਸੰਦਲ ਦੇ ਰੁੱਖ ਬਹੁਤ ਸਨ ਤੇ ਉਨ੍ਹਾਂ ਰੁੱਖਾਂ ਕਾਰਨ ਹੀ ਇਸ ਦਾ ਕਾਰਨ ਸਾਂਦਲ ਪੈ ਗਿਆ। ਤਕਰੀਬਨ 100 ਸਾਲ ਪਹਿਲਾਂ ਤੱਕ ਜ਼ਿਲ੍ਹਾ ਲਾਇਲਪੁਰ ਤੇ ਜ਼ਿਲ੍ਹਾ ਝੰਗ ਦੇ ਇਲਾਕਿਆਂ 'ਚ ਸੰਦਲ ਦੇ ਰੁੱਖ ਵੇਖੇ ਗਏ ਹਨ। ਪਰ ਇਹ ਰਵਾਇਤ ਵੀ ਏਡੀ ਪੱਕੀ-ਪੀਢੀ ਨਹੀਂ, ਇਸ ਵਾਸਤੇ ਇਸ 'ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ।
ਸਾਂਤਲ
ਸਾਂਤਲ ਵੀ ਅਸਲ 'ਚ ਦ੍ਰਾਵਿੜਾਂ ਦਾ ਗੋਤ ਹੈ। ਇਸ ਦੀ ਤਾਰੀਖ ਵੀ ਬੜੀ ਅਜੀਬੋ-ਗ਼ਰੀਬ ਹੈ। ਇਨ੍ਹਾਂ ਦੇ ਪਿਛੋਕੜ ਬਾਰੇ ਤਾਂ ਏਨਾ ਇਲਮ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਇਹ ਕੌਮ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਇਲਾਕਿਆਂ 'ਚ ਖਿੰਡ ਕੇ ਰਹੀ ਹੈ ਤੇ ਇਥੋਂ ਦੀ ਮੁਕਾਮੀ ਕੌਮ ਨਾਲ ਸੰਬੰਧ ਬਣਾ ਕੇ ਆਪਣੀ ਸ਼ਨਾਖਤ ਖਤਮ ਕਰ ਲਈ ਪਰ ਡਬਲਿਊ ਕਰੁਕ ਦੇ ਮੁਤਾਬਿਕ ਇਹ ਗੱਲ ਪੱਕੀ ਕਹੀ ਜਾ ਸਕਦੀ ਹੈ ਕਿ ਇਹ ਲੋਕ ਪੱਛਮ ਦੇ ਪਾਸਿਓਂ ਆਏ ਤੇ ਫਿਰ ਪੂਰਬ ਵੱਲ ਨਿਕਲ ਗਏ। ਇਸ ਦੀ ਵਜ੍ਹਾ ਇਹ ਸੀ ਕਿ ਭੀਲ ਤੇ ਗੋਂਦ ਕੌਮ ਦਾ ਇਥੇ ਜ਼ਿਆਦਾ ਦਬਦਬਾ ਸੀ। ਇਸ ਕਰਕੇ ਇਹ ਪੂਰਬ ਵੱਲ ਜਾਣ ਲਈ ਮਜਬੂਰ ਹੋ ਗਏ। ਇਸ ਤੋਂ ਬਾਅਦ ਸਾਂਤਲ ਕੌਮ ਨੇ ਨਗੌਰ ਸ਼ਹਿਰ ਦੀ ਬਰਹਾਰ ਕੌਮ ਨਾਲ ਲੜਾਈ ਲੜੀ। ਬਰਹਾਰ ਕੌਮ ਵੀ ਅਸਲ 'ਚ ਦ੍ਰਾਵਿੜ ਕੌਮ ਸੀ, ਜੋ ਹੌਲੀ-ਹੌਲੀ ਦਰਿਆ ਦਰੋਮਦਾ ਦੇ ਕਿਨਾਰੇ ਆਬਾਦ ਹੋ ਗਈ। ਉਨ੍ਹਾਂ ਨੇ ਇਸ ਦਰਿਆ ਨੂੰ ਪਵਿੱਤਰ ਮੰਨ ਲਿਆ ਤੇ ਆਪਣੇ ਮੁਰਦਿਆਂ ਦਾ ਸਸਕਾਰ ਕਰਨ ਤੋਂ ਬਾਅਦ ਸਵਾਹ ਇਸ 'ਚ ਸੁੱਟਣ ਲਗ ਪਏ। ਇਹ ਕੌਮ ਜਿਨਸੀ ਤੌਰ 'ਤੇ ਵੀ ਤਬਾਹ ਹੋ ਗਈ ਸੀ। ਇਹ ਆਪਣੇ ਪਿਉ-ਦਾਦੇ ਦੇ ਰਿਸ਼ਤੇਦਾਰਾਂ 'ਚ ਵਿਆਹ ਨਹੀਂ ਸਨ ਕਰਦੇ। ਇਹ ਲੋਕ ਜਾਦੂ ਟੂਣਿਆਂ ਨੂੰ ਬਹੁਤ ਮੰਨਣ ਵਾਲੇ ਤੇ ਵਹਿਮਾਂ-ਭਰਮਾਂ ਦੇ ਸ਼ਿਕਾਰ ਸਨ। ਇਸ ਕੌਮ ਦੇ ਕਬੀਲਿਆਂ ਦੀਆਂ ਸਾਰੀਆਂ ਔਰਤਾਂ ਜਿਨ੍ਹਾਂ ਦੀ ਉਮਰ 12 ਸਾਲ ਤੋਂ ਜ਼ਿਆਦਾ ਹੋ ਜਾਂਦੀ ਸੀ ਤਾਂ ਉਨ੍ਹਾਂ ਨੂੰ ਪਾਣੀ 'ਚ ਖੜ੍ਹਾ ਕਰ ਦਿੰਦੇ ਤੇ ਇਹ ਵੀ ਉਨ੍ਹਾਂ ਦੇ ਵਹਿਮ-ਭਰਮ ਦਾ ਹੀ ਹਿੱਸਾ ਸੀ। ਕਿਉਂਕਿ ਇਥੇ ਇਸ ਕਬੀਲੇ ਦਾ ਕਾਫੀ ਅਸਰ ਰਿਹਾ ਹੈ, ਇਸ ਲਈ ਰਵਾਇਤਾਂ ਕਹਿੰਦੀਆਂ ਹਨ ਕਿ ਸਾਂਤਲ ਤੋਂ ਹੀ ਹੌਲੀ-ਹੌਲੀ ਸਾਂਦਲ ਬਣ ਗਿਆ। ਪਰ ਇਹ ਵੀ ਕੋਈ ਪੱਕੀ ਤੇ ਠੁਕਵੀਂ ਗੱਲ ਨਹੀਂ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਲਿਪੀਅੰਤਰ :-
-ਰਾਜਵਿੰਦਰ ਸਿੰਘ ਸਿੱਧੂ
ਮੋਬਾਈਲ:- +919855503224
ਸਰਬਜੀਤ ਸਿੰਘ ਸੰਧੂ,
sarbsarb1982@gmail.com

ਭੁੱਲੀਆਂ ਵਿਸਰੀਆਂ ਯਾਦਾਂ

1977 ਵਿਚ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਭੋਗ 'ਤੇ ਸ: ਸੋਭਾ ਸਿੰਘ ਆਰਟਿਸਟ ਅੰਦਰੇਟੇ ਤੋਂ ਆਏ ਸੀ ਕਿਉਂਕਿ ਸ: ਸੋਭਾ ਸਿੰਘ, ਪ੍ਰੀਤਲੜੀ ਦੇ ਪੁਰਾਣੇ ਮਿੱਤਰ ਸੀ। ਇਸ ਤਰ੍ਹਾਂ ਹੀ ਸ: ਪਿਆਰਾ ਸਿੰਘ 'ਦਾਤਾ' ਦਿੱਲੀ ਤੋਂ ਆਏ ਸੀ। ਉਹ ਵੀ ਪ੍ਰੀਤਲੜੀ ਦੇ ਪੁਰਾਣੇ ਸ਼ਰਧਾਲੂ ਸੀ। ਡਾ: ਜਸਵੰਤ ਗਿੱਲ ਢੁੱਡੀਕੇ ਤੋਂ ਆਈ ਸੀ। ਉਹ ਬਹੁਤ ਸਮਾਂ ਪ੍ਰੀਤ ਨਗਰ ਰਹੀ ਸੀ। ਉਸ ਦਾ ਭਾਈ ਸ: ਦਰਸ਼ਨ ਸਿੰਘ ਪ੍ਰੀਤਲੜੀ ਦਾ ਮੈਨੇਜਰ ਸੀ। ਇਨ੍ਹਾਂ ਸਾਰਿਆਂ ਦੀ ਪ੍ਰੀਤਲੜੀ ਨਾਲ ਨੇੜਤਾ ਸੀ।
ਇਸ ਕਰਕੇ ਇਹ ਸਾਰੇ ਭੋਗ 'ਤੇ ਇਕੱਠੇ ਹੋਏ ਸਨ। ਸ: ਸੋਭਾ ਸਿੰਘ ਤੇ ਡਾ: ਜਸਵੰਤ ਗਿੱਲ ਆਪਣੀਆਂ ਪੁਰਾਣੀਆਂ ਯਾਦਾਂ ਫਰੋਲਣ ਲੱਗੇ ਕਿਉਂਕਿ ਵੰਡ ਤੋਂ ਪਹਿਲਾਂ ਇਹ ਸਾਰੇ ਲਾਹੌਰ ਇਕੱਠੇ ਰਹਿੰਦੇ ਸਨ। ਡਾ: ਜਸਵੰਤ ਗਿੱਲ, ਸ: ਸੋਭਾ ਸਿੰਘ ਦੇ ਹੱਥਾਂ ਵਿਚ ਹੀ ਪਲ਼ੀ ਸੀ। ਇਸ ਵਕਤ ਇਹ ਤਿੰਨੇ ਸ਼ਖ਼ਸੀਅਤਾਂ ਇਸ ਸੰਸਾਰ ਵਿਚ ਨਹੀਂ ਹਨ ਪਰ ਇਹ ਤਸਵੀਰ ਹੀ ਉਨ੍ਹਾਂ ਦੀ ਯਾਦ ਹੈ।

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-129

ਗ਼ਜ਼ਲ ਦਾ ਸ਼ਹਿਜ਼ਾਦਾ : ਮਦਨ ਮੋਹਨ

ਸੰਗੀਤਕਾਰ ਮਦਨ ਮੋਹਨ ਕੋਹਲੀ ਨੂੰ ਲਤਾ ਮੰਗੇਸ਼ਕਰ ਗ਼ਜ਼ਲ ਦਾ ਸ਼ਹਿਜ਼ਾਦਾ ਕਹਿ ਕੇ ਯਾਦ ਕਰਦੀ ਹੈ। ਇਸ ਗਾਇਕਾ ਦੇ ਅਨੁਸਾਰ ਇਸ ਸੰਗੀਤਕਾਰ ਨੇ ਭਾਰਤੀ ਫ਼ਿਲਮ ਸੰਗੀਤ 'ਚ ਜਿਸ ਤਰ੍ਹਾਂ ਗ਼ਜ਼ਲ ਨੂੰ ਸਵਰਬੱਧ ਕੀਤਾ ਹੈ, ਉਹ ਸ਼ਾਇਦ ਦੂਜੇ ਸੰਗੀਤਕਾਰ ਨਹੀਂ ਕਰ ਸਕੇ।
25 ਜੂਨ, 1924 ਨੂੰ ਬਗ਼ਦਾਦ 'ਚ ਜਨਮੇ ਮਦਨ ਮੋਹਨ ਦਾ ਪਿਛੋਕੜ ਵੈਸੇ ਤਾਂ ਚਕਵਾਲ (ਜੇਹਲਮ, ਪਾਕਿਸਤਾਨ) ਨਾਲ ਜੁੜਦਾ ਹੈ, ਪਰ ਉਸ ਦਾ ਪਿਤਾ ਚੂਨੀ ਲਾਲ ਰੁਜ਼ਗਾਰ ਦੇ ਸਿਲਸਿਲੇ 'ਚ ਇਕ ਫਰਮ ਦਾ ਅਕਾਊਂਟੈਂਟ ਜਨਰਲ ਬਣ ਕੇ ਬਗ਼ਦਾਦ ਗਿਆ ਸੀ। ਫਿਰ 1932 ਵਿਚ ਇਹ ਪਰਿਵਾਰ ਮੁੰਬਈ ਆ ਗਿਆ। ਇਥੇ ਚੂਨੀ ਲਾਲ ਨੇ ਪਹਿਲਾਂ ਬਾਂਬੇ ਟਾਕੀਜ਼ ਫ਼ਿਲਮ ਕੰਪਨੀ 'ਚ ਭਾਈਵਾਲੀ ਕੀਤੀ ਅਤੇ ਫਿਰ ਫ਼ਿਲਮਸਤਾਨ ਦਾ ਵੀ ਹਿੱਸੇਦਾਰ ਬਣ ਗਿਆ। ਪਿਤਾ ਦੇ ਇਸ ਫ਼ਿਲਮ ਨਿਰਮਾਣ ਪ੍ਰਤੀ ਸ਼ੌਕ ਨੂੰ ਦੇਖ ਕੇ ਮਦਨ ਮੋਹਨ ਵੀ ਸਿਨੇਮਾ ਵੱਲ ਪ੍ਰੇਰਿਤ ਹੋ ਗਿਆ।
ਮੁੰਬਈ 'ਚ ਮਦਨ ਮੋਹਨ ਨੇ ਆਪਣੀ ਮੁਢਲੀ ਪੜ੍ਹਾਈ ਕਰਨਲ ਬਰਾਊਨ ਕੈਂਬਰਿਜ ਤੋਂ ਕੀਤੀ ਸੀ। ਸੰਗੀਤ ਦਾ ਸ਼ੌਕ ਉਸ ਨੂੰ ਆਪਣੀ ਮਾਤਾ ਤੋਂ ਮਿਲਿਆ ਸੀ ਜੋ ਕਿ ਖੁਦ ਵੀ ਇਕ ਵਧੀਆ ਗਾਇਕਾ ਸਨ। ਮਦਨ ਮੋਹਨ ਦੇ ਦਾਦਾ ਜੀ (ਹਕੀਮ ਯੋਗਰਾਜ) ਵੀ ਸੰਗੀਤ ਦੇ ਵਧੀਆ ਜਾਣਕਾਰ ਸਨ। ਇਸ ਲਈ ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਉਸ ਨੇ ਘਰੋਂ ਵੀ ਸਿੱਖੀਆਂ ਸਨ। ਪਰ ਸੰਗੀਤ ਨੂੰ ਆਪਣਾ ਪੇਸ਼ਾ ਬਣਾਉਣ ਬਾਰੇ ਉਸ ਨੇ ਕਦੇ ਵੀ ਨਹੀਂ ਸੀ ਸੋਚਿਆ।
ਇਸ ਲਈ 1943 ਵਿਚ ਮਦਨ ਮੋਹਨ ਫ਼ੌਜ 'ਚ ਭਰਤੀ ਹੋ ਗਿਆ। ਇਹ ਸ਼ਾਰਟ ਸਰਵਿਸ ਕਮਿਸ਼ਨ ਦੁਆਰਾ ਪ੍ਰਾਪਤ ਕੀਤੀ ਗਈ ਨੌਕਰੀ ਵੀ ਕੁਝ ਸਾਲਾਂ ਬਾਅਦ ਆਪਣੇ-ਆਪ ਹੀ ਸਮਾਪਤ ਹੋ ਗਈ ਸੀ। ਪਰ ਹੁਣ ਮਦਨ ਮੋਹਨ ਨੇ ਕਲਾ ਖੇਤਰ ਵੱਲ ਜਾਣ ਦਾ ਫੈਸਲਾ ਕਰ ਲਿਆ ਸੀ। ਲਿਹਾਜ਼ਾ, ਉਸ ਨੇ ਆਲ ਇੰਡੀਆ ਰੇਡੀਓ ਲਖਨਊ ਦੇ ਸੰਗੀਤ ਵਿਭਾਗ 'ਚ ਨੌਕਰੀ ਕਰ ਲਈ। ਗ਼ਜ਼ਲ ਨੂੰ ਸਹੀ ਪਰਿਪੇਖ 'ਚ ਪੇਸ਼ ਕਰਨ ਦਾ ਤਰੀਕਾ ਉਸ ਨੇ ਆਪਣੇ ਇਸ ਲਖਨਊ ਦੇ ਕਾਰਜਕਾਲ 'ਚ ਹੀ ਸਿਖਿਆ ਸੀ। ਲਖਨਊ ਦੇ ਅਮੀਰ ਵਿਰਸੇ (ਸੱਭਿਆਚਾਰ) ਦੇ ਕਾਰਨ ਉਸ ਦਾ ਸੰਪਰਕ ਉਸਤਾਦ ਫ਼ੈਆਜ਼ ਖ਼ਾਨ, ਉਸਤਾਦ ਅਲੀ ਅਕਬਰ ਖ਼ਾਨ, ਬੇਗ਼ਮ ਅਖ਼ਤਰ ਅਤੇ ਤਲਤ ਮਹਿਮੂਦ ਨਾਲ ਹੋਇਆ।
ਫਿਰ ਜਦੋਂ ਮਦਨ ਮੋਹਨ ਦੀ ਸ਼ਾਦੀ ਹੋ ਗਈ ਤਾਂ ਉਹ ਬੰਬਈ ਵਾਪਸ ਆ ਗਿਆ। ਇਥੇ ਉਸ ਨੇ ਐਸ. ਡੀ. ਬਰਮਨ ਅਤੇ ਸ਼ਾਮ ਸੁੰਦਰ ਦਾ ਅਸਿਸਟੈਂਟ ਬਣਕੇ ਸੰਗੀਤ ਦਾ ਵਧੇਰੇ ਅਧਿਐਨ ਕੀਤਾ। ਇਸ ਦੇ ਫਲਸਰੂਪ 'ਆਂਖੇਂ' (1950) ਫ਼ਿਲਮ ਦਾ ਉਸ ਨੂੰ ਬੈਕਗਰਾਊਂਡ ਮਿਊਜ਼ਿਕ ਤਿਆਰ ਕਰਨ ਦਾ ਅਵਸਰ ਮਿਲਿਆ। ਇਸ ਤੋਂ ਬਾਅਦ ਸਮੇਂ-ਸਮੇਂ ਸਿਰ ਉਸ ਨੂੰ ਵਿਭਿੰਨ ਬੈਨਰਾਂ ਦੁਆਰਾ ਫ਼ਿਲਮ ਸੰਗੀਤ ਤਿਆਰ ਕਰਨ ਦੀ ਪੇਸ਼ਕਸ਼ ਆਉਂਦੀ ਰਹੀ। 'ਅਦਾ', 'ਮਦਹੋਸ਼', 'ਚਾਚਾ ਚੌਧਰੀ', 'ਰੇਲਵੇ ਪਲੇਟਫਾਰਮ', 'ਪਾਕੇਟ ਮਾਰ', 'ਗੇਟ ਵੇਅ ਆਫ਼ ਇੰਡੀਆ', 'ਆਖਰੀ ਲਵ', 'ਨਾਈਟ ਕਲੱਬ', 'ਅਨਪੜ੍ਹ', 'ਗ਼ਜ਼ਲ', 'ਪੂਜਾ ਕੇ ਫੂਲ', 'ਸ਼ਰਾਬੀ', 'ਚਿਰਾਗ', 'ਨੀਂਦ ਹਮਾਰੀ ਖ਼ਾਬ ਤੁਮਹਾਰੇ', 'ਹਕੀਕਤ', 'ਹੰਸਤੇ ਜ਼ਖ਼ਮ', 'ਲੈਲਾ ਮਜਨੂੰ' ਅਤੇ 'ਵੋਹ ਕੌਨ ਥੀ' ਵਰਗੀਆਂ ਅਨੇਕਾਂ ਫ਼ਿਲਮਾਂ ਦਾ ਸੁਰੀਲਾ ਸੰਗੀਤ ਮਦਨ ਮੋਹਨ ਨੇ ਹੀ ਕੰਪੋਜ਼ ਕੀਤਾ ਸੀ।
ਮਦਨ ਮੋਹਨ ਦੀਆਂ ਧੁਨਾਂ ਸਰੋਤਿਆਂ ਦੇ ਮਨ ਅੰਦਰ ਸਮਾ ਜਾਣ ਦੇ ਕਈ ਕਾਰਨ ਸਨ। ਸਭ ਤੋਂ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੇ ਸ਼ਾਸਤਰੀ ਸੰਗੀਤ ਦੇ ਰਾਗਾਂ ਦਾ ਆਪਣੇ ਹੀ ਢੰਗ ਨਾਲ ਸਰਲੀਕਰਨ ਕੀਤਾ। ਸੰਗੀਤ ਨੂੰ ਉਸ ਨੇ ਆਮ ਆਦਮੀ ਦੇ ਦਿਲ ਨੂੰ ਛੋਹ ਜਾਣ ਲਈ ਤਿਆਰ ਕੀਤਾ। ਸ਼ਾਇਦ ਇਸੇ ਹੀ ਵਜ੍ਹਾ ਕਰਕੇ ਉਸ ਦੇ ਨਿਰਦੇਸ਼ਨ ਅਧੀਨ ਗਾਇਕਾਂ ਨੇ ਵਧੇਰੇ ਗਿਣਤੀ 'ਚ ਸਦਾਬਹਾਰ ਗੀਤ ਗਾਏ ਹਨ।
ਇਸ ਲਿਹਾਜ਼ ਨਾਲ ਤਲਤ ਮਹਿਮੂਦ ਦੀ ਆਵਾਜ਼ ਦੀ ਵਰਤੋਂ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਉਸ ਨੇ ਕੀਤੀ ਉਹ ਸ਼ਾਇਦ ਹੋਰ ਕਿਸੇ ਵੀ ਸੰਗੀਤਕਾਰ ਕੋਲੋਂ ਸੰਭਵ ਨਹੀਂ ਹੋ ਸਕਿਆ। 'ਫਿਰ ਵੋਹੀ ਸ਼ਾਮ, ਵੋਹੀ ਤਨਹਾਈ ਹੈ', 'ਮੈਂ ਤੇਰੀ ਨਜ਼ਰ ਕਾ ਨੂਰ ਹੂੰ', 'ਤੇਰੀ ਆਂਖ ਕੇ ਆਂਸੂ ਪੀ ਜਾਊਂ, ਐਸੀ ਮੇਰੀ ਤਕਦੀਰ ਕਹਾਂ', ਵਰਗੇ ਲਰਜ਼ਦੀ ਆਵਾਜ਼ 'ਚ ਗਾਏ ਹੋਏ ਤਲਤ ਦੇ ਗੀਤ ਅੱਜ ਵੀ ਭਾਰਤੀ ਸੰਗੀਤ ਦਾ ਖਜ਼ਾਨਾ ਸਮਝੇ ਜਾਂਦੇ ਹਨ।
ਮੰਨਾ ਡੇ ਕੋਲੋਂ ਵੀ ਜਦੋਂ ਵੀ ਕਦੇ ਮਦਨ ਮੋਹਨ ਨੇ ਕੋਈ ਰਚਨਾ ਪੇਸ਼ ਕਰਨ ਲਈ ਕਿਹਾ ਤਾਂ ਉਸ ਨੇ ਵੀ ਸੁਰੀਲੇ ਸੰਗੀਤ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਸੀ। 'ਵੇਖ ਕਬੀਰਾ ਰੋਇਆ' ਵਾਲਾ 'ਕੌਨ ਆਇਆ ਮੇਰੇ ਮਨ ਕੇ ਦੁਆਰੇ, ਪਾਇਲ ਕੀ ਝੰਕਾਰ ਲੀਏ' ਅੱਜ ਵੀ ਸੰਗੀਤ ਪੰਡਤਾਂ ਦੀ ਲਿਸਟ 'ਚ ਪ੍ਰਥਮ ਸ਼੍ਰੇਣੀ ਦੀ ਮੈਲੋਡੀ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਧੁੱਪ ਦੀਆਂ ਕਣੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧੁੱਪ ਵਰਗਾ ਸਾਥ ਜੇ ਜੀਵਨ-ਸਾਥ ਬਣ ਜਾਵੇ ਤਾਂ ਜੀਵਨ-ਦੁਸ਼ਵਾਰੀਆਂ ਨਾਲ ਮੱਥਾ ਲਾਉਣਾ ਆਸਾਨ ਹੋ ਜਾਂਦਾ। ਤੁਸੀਂ ਸਹਿਜ ਨਾਲ ਇਨ੍ਹਾਂ ਦੇ ਮੱਥਿਆਂ 'ਤੇ ਚਾਨਣ-ਕ੍ਰਿਤ ਦੀ ਕਲਾ-ਨਕਾਸ਼ੀ ਕਰ ਸਕਦੇ ਹੋ ਜਿਸ ਵਿਚੋਂ ਚਾਨਣ-ਰੱਤੇ ਰਾਹ ਨਜ਼ਰ ਆਉਂਦੇ।
ਇਕ ਧੁੱਪ ਬਾਹਰੀ ਹੁੰਦੀ ਜੋ ਬਾਹਰਲੀ ਦੁਨੀਆਂ ਨੂੰ ਰੋਸ਼ਨ ਕਰਦੀ ਅਤੇ ਚੌਗਿਰਦੇ ਨੂੰ ਨਿਹਾਰਨ ਦੇ ਸਮਰੱਥ ਕਰਦੀ। ਪਰ ਸਭ ਤੋਂ ਅਜ਼ੀਮ ਉਹ ਧੁੱਪ ਹੁੰਦੀ ਜੋ ਸਾਡੇ ਅੰਦਰ ਉਗਦੀ, ਅੰਤਰੀਵ ਨੂੰ ਰੁਸ਼ਨਾਉਂਦੀ, ਸੋਚ ਤੇ ਕਰਮਸਾਧਨਾ ਵਿਚ ਸੁੱਚਮ, ਸਾਦਗੀ, ਸਮਰਪਿਤਾ ਦਾ ਜਾਗ ਲਾ, ਸਾਡੀ ਝੋਲੀ 'ਚ ਸੁਖਨ, ਸੰਤੋਖ, ਸਬਰ ਅਤੇ ਸੰਤੁਸ਼ਟੀ ਦਾ ਸ਼ਗਨ ਪਾਉਂਦੀ। ਅਗਰ ਮਨੁੱਖ ਦੀ ਸਭ ਤੋਂ ਪਹਿਲੀ ਤੇ ਆਖਰੀ ਇੱਛਾ ਅੰਤਰੀਵ ਨੂੰ ਰੁਸ਼ਨਾਉਣ ਤੀਕ ਫੈਲ ਜਾਵੇ ਤਾਂ ਜ਼ਿੰਦਗੀ ਦੇ ਅਰਥ ਬਦਲ ਜਾਂਦੇ ਨੇ।
ਅੰਦਰਲੀ ਧੁੱਪ ਨੂੰ ਮਾਨਣ ਖਾਤਰ ਹੀ ਬੁੱਧ ਨੇ ਬਾਦਸ਼ਾਹੀ ਤਿਆਗੀ। ਧੁੱਪ ਦਾ ਹੋਕਰਾ ਦਿੰਦਿਆਂ ਹੀ ਨਾਨਕ ਦਰਵੇਸ਼, ਸ਼ਾਇਰੀ ਦਾ ਮਹਾਂ-ਸਾਗਰ ਸਿਰਜ ਗਿਆ ਅਤੇ ਇਸਦੇ ਮੰਥਨ ਵਿਚੋਂ ਯੁੱਗਾਂ ਵਰਗੀ ਆਰਜਾ ਦਾ ਸੰਦੇਸ਼ ਅਤੇ ਸਰਬੱਤ ਦੇ ਭਲੇ ਦਾ ਪੈਗ਼ਾਮ, ਮਾਨਵਤਾ ਦਾ ਸ਼ਿੰਗਾਰ ਬਣਿਆ।
ਮੱਥੇ ਵਿਚਲੀ ਧੁੱਪ ਨੂੰ ਜਗਾਉਣ ਲਈ ਇਕ ਚੰਗਿਆੜੀ ਦੀ ਲੋੜ ਹੁੰਦੀ। ਫਿਰ ਧੁੱਪ ਖੁਦ ਫ਼ੈਲਦੀ, ਰਾਹ ਰੁਸ਼ਨਾਉਂਦੀ, ਖਲਕਤ ਦੀ ਮਾਰਗ-ਦਰਸ਼ਕ ਬਣ ਜਾਂਦੀ ਏ।
ਧੁੱਪ ਨੂੰ ਕਤਲ ਨਾ ਕਰੋ। ਮਨੁੱਖ, ਰੁੱਖ ਜਾਂ ਕੁੱਖ ਦੇ ਕਤਲ 'ਚੋਂ ਤੁਸੀਂ ਬਰੀ ਹੋ ਸਕਦੇ ਹੋ। ਪਰ ਤੁਸੀਂ ਆਤਮਾ ਦੀ ਕਚਹਿਰੀ ਵਿਚੋਂ ਖੁਦ ਦੇ ਕਤਲ ਦਾ ਇਲਜ਼ਾਮ ਕਿੰਝ ਧੋਵੇਗੇ? ਸਾਰੀ ਉਮਰ ਸੂਲੀ 'ਤੇ ਲਟਕਦਿਆਂ ਹੀ ਬਿਤਾਉਣੀ ਪਵੇਗੀ।
ਜੇ ਹਾਲਾਤ ਵਿਚ ਬੱਝਿਆਂ ਬਾਹਰੀ ਧੁੱਪ ਨਸੀਬ ਨਾ ਹੋਵੇ ਤਾਂ ਆਪਣੇ ਅੰਦਰ ਵਿਚ ਸੂਰਜ ਬਾਲੋ। ਇਸਦੇ ਸੇਕ ਨਾਲ ਰਿਸ਼ਤਿਆਂ ਅਤੇ ਸਬੰਧਾਂ ਵਿਚ ਨਿੱਘ ਤਰੌਂਕੋ ਅਤੇ ਚਾਨਣ ਨਾਲ ਮਨੁੱਖੀ-ਸੋਚ ਨੂੰ ਰੁਸ਼ਨਾਉਣ ਦੇ ਸ਼ੁਭ-ਕਰਮਨ ਵਿਚ ਰੁੱਝੇ ਰਹੋ।
ਕਦੇ ਵੀ ਧੁੱਪ ਨੂੰ ਆਪਣੇ ਤੀਕ ਸੀਮਤ ਨਾ ਕਰੋ ਸਗੋਂ ਸੂਰਜ ਵਾਂਗ ਝੋਲੀਆਂ ਭਰ ਭਰ ਕੇ ਵੰਡੋ। ਤੁਹਾਨੂੰ ਧੁੱਪ ਦੇ ਅਸੀਮ ਭੰਡਾਰੇ ਪ੍ਰਾਪਤ ਹੋਣਗੇ। ਕੀ ਸੂਰਜ ਨੇ ਕਦੇ ਧੁੱਪ ਦੀ ਘਾਟ ਮਹਿਸੂਸ ਕੀਤੀ ਏ? ਗੁਰੂਆਂ, ਪੀਰਾਂ, ਸ਼ਹੀਦਾਂ, ਮਹਾਂ-ਪੁਰਖਾਂ ਦੀ ਇਹ ਨਸੀਹਤ ਹੀ ਕਿਸੇ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਏ ਜਿਸ ਨੂੰ ਮੰਨ ਕੇ ਕੌਮ ਦਾ ਵਿਗਸਣਾ ਨਿਰੰਤਰ ਜਾਰੀ ਰਹਿੰਦਾ ਏ।
ਧੁੱਪ ਵਿਚ ਕੁਕਰਮਾਂ ਦਾ ਭੇਤ ਜੱਗ ਜ਼ਾਹਰ ਹੁੰਦਾ ਜਦ ਕਿ ਚੰਗਿਆਈ ਦੀ ਬੁਲੰਦੀ ਹੋਰ ਬੁਲੰਦ ਹੁੰਦੀ। ਧੁੱਪ ਵਿਚ ਤੁਸੀਂ ਖੁਦ ਨੂੰ ਖੁਦ ਤੋਂ ਹੀ ਨਹੀਂ ਛੁਪਾ ਸਕਦੇ। ਖੁਦਾ ਤੋਂ ਤਾਂ ਦੂਰ ਦੀ ਗੱਲ ਏ।
ਯਾਦ ਰੱਖਣਾ! ਧੁੱਪ ਤੋਂ ਬਗੈਰ ਬਨਸਪਤੀ ਵਿਗਸ ਨਹੀਂ ਸਕਦੀ। ਕੁਦਰਤੀ ਪਸਾਰਾ ਪ੍ਰਫੁੱਲਤ ਨਹੀਂ ਹੋ ਸਕਦਾ। ਮਨੁੱਖੀ ਹੋਂਦ ਨੂੰ ਕਿਆਸਣਾ ਤਾਂ ਦੂਰ ਦੀ ਗੱਲ ਹੈ।
ਧੁੱਪ ਦਾ ਕੋਈ ਬਦਲ ਨਹੀਂ ਭਾਵੇਂ ਅਸੀਂ ਗਰੀਨ ਹਾਊਸਾਂ ਰਾਹੀਂ ਸਬਜ਼ੀਆਂ ਅਤੇ ਫਲ ਉਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕੁਦਰਤੀ ਰੂਪ ਵਿਚ ਉੱਗੀਆਂ ਅਤੇ ਪ੍ਰਵਾਨ ਹੋਈਆਂ ਨਿਆਮਤਾਂ ਦਾ ਰੀਸ ਕੌਣ ਕਰੇਗਾ?
ਫੁੱਲ ਹਮੇਸ਼ਾ ਧੁੱਪ ਵਿਚ ਹੀ ਖਿੜਦੇ ਨੇ। ਆਪਣੇ ਅੰਦਰ ਝਾਕ ਕੇ ਦੇਖਣਾ ਕਿ ਤੁਸੀਂ ਹੁਣ ਤੱਕ ਕਿੰਨੇ ਕੁ ਫੁੱਲਾਂ ਨੂੰ ਖਿੜਾ ਸਕੇ ਹੋ?
ਸ਼ਾਇਦ ਤੁਹਾਨੂੰ ਯਾਦ ਹੋਵੇ ਜਦ ਨਿਆਣੀ ਉਮਰੇ ਬਾਪ ਲੀਰਾਂ ਵਰਗੇ ਪਰਨੇ ਨਾਲ ਤਿੱਖੜ ਦੁਪਹਿਰਾਂ ਵਿਚ ਆਪਣੇ ਲਾਡਲੇ ਨੂੰ ਸੇਕ ਤੋਂ ਬਚਾਇਆ ਕਰਦਾ ਸੀ। ਕਦੇ ਉਸ ਡੱਬ-ਖੜੱਬੀ ਛਾਂ ਅਤੇ ਲੀਰਾਂ ਹੋਏ ਪਰਨੇ ਨੂੰ ਯਾਦ ਜ਼ਰੂਰ ਕਰਨਾ। ਏ.ਸੀ. ਕਾਰਾਂ ਅਤੇ ਘਰਾਂ ਵਿਚ ਬੈਠਿਆਂ ਉਹ ਸਕੂਨ ਨਹੀਂ ਆਵੇਗਾ ਜੋ ਬਾਲ-ਉਮਰੇ ਬਾਪੂ ਵਲੋਂ ਕੀਤੀ ਛਾਂ ਨਾਲ ਆਇਆ ਸੀ?
ਧੁੱਪ ਦੀਆਂ ਕਣੀਆਂ ਜਦ ਚਾਨਣ ਵਿਹੂਣੀ ਅਤੇ ਯੱਖ਼ ਸੋਚ-ਜੂਹ 'ਤੇ ਦਸਤਕ ਦਿੰਦੀਆਂ ਤਾਂ ਚਾਨਣ ਕਾਲਖ਼ ਪੂੰਝਦਾ, ਯੱਖ਼ ਕੁੱਖ ਵਿਚ ਨਿੱਘ ਦੀ ਸਰਗੋਸ਼ੀ ਦੀ ਆਮਦ ਬਣਦਾ।
ਕਦੇ ਕਦਾਈਂ ਧੁੱਪ ਦੀ ਭਲਿਆਈ ਅਤੇ ਇਸਦੀ ਮਾਨਵੀ ਦੇਣ ਨੂੰ ਸੋਚ ਧਰਾਤਲ 'ਤੇ ਖਿਆਲਣਾ ਅਤੇ ਇਸਦੀ ਅਣਹੋਂਦ ਨਾਲ ਉਭਰਨ ਵਾਲੀ ਸਰਬਨਾਸ਼ਤਾ ਨੂੰ ਕਿਆਸਣਾ, ਤੁਹਾਨੂੰ ਧੁੱਪ ਦੀ ਧਰਮ-ਬੰਦਗੀ ਅਤੇ ਧਾਰਮਿਕਤਾ ਦਾ ਅਹਿਸਾਸ ਹੋ ਜਾਵੇਗਾ ਅਤੇ ਤੁਸੀਂ ਇਸ ਦੀ ਸ਼ੁਕਰਗੁਜ਼ਾਰੀ ਨੂੰ ਨਤਮਤਸਕ ਜ਼ਰੂਰ ਹੋਵੋਗੇ!
ਧੁੱਪਾਂ ਵਰਗੇ ਪਹਿਰ ਵੇ ਰੱਬਾ ਹਰ ਝੋਲੀ ਵਿਚ ਪਾਈਂ, ਹਰ ਹਨੇਰੀ ਕੁੱਖ ਨੂੰ ਸਾਈਆਂ ਸੂਰਜ ਨਾਲ ਗਰਭਾਈਂ। ਧੁੱਪਾਂ ਵਰਗੀਆਂ ਰੁੱਤਾਂ ਬਣਨ ਹਰ ਬੰਨੇਰੇ ਦਾ ਮਾਣ, ਧੁੱਪਾਂ ਵਰਗੇ ਪਲਾਂ ਦਾ ਪੀਹੜਾ, ਹਰ ਵਿਹੜੇ ਦੀ ਸ਼ਾਨ। ਧੁੱਪਾਂ ਵਰਗੇ ਬਾਪੂ ਸਦਕਾ ਸਦਾ ਮਾਣੀਆਂ ਛਾਵਾਂ, ਧੁੱਪਾਂ ਬਣ ਕੇ, ਸੰਗ ਬੱਚਿਆਂ ਦੇ ਰਹਿਣ ਜਿਉਂਦੀਆਂ ਮਾਵਾਂ।
ਧੁੱਪ ਤੇ ਬਾਰਸ਼-ਬੂੰਦਾਂ ਦੀ ਸੰਗਮੀ ਸਾਂਝ, ਰੰਗ-ਬਿਰੰਗੇ ਵਰਤਾਰਿਆਂ ਦੀ ਗਵਾਹੀ ਜੋ ਸੱਤਰੰਗੀ ਨਾਲ ਅਸਮਾਨੀ ਵਿਹੜੇ ਵਿਚ ਰੰਗਾਂ ਦੀ ਛਹਿਬਰ ਲਾਉਂਦੀ।
ਕਕਰੀਲੀਆਂ ਸਵੇਰਾਂ ਵਿਚ ਚੜ੍ਹਦੀ ਧੁੱਪ ਦਾ ਕੋਸਾ ਕੋਸਾ ਅਹਿਸਾਸ, ਚਾਰੇ ਪਾਸੇ ਫੈਲੇ ਧੁੰਦ-ਪਸਾਰੇ ਦਾ ਉਡ ਜਾਣਾ ਅਤੇ ਨਿੱਘੇ ਬਜ਼ੁਰਗੀ ਹੱਥਾਂ ਵਿਚ ਸੇਕੇ ਹੋਏ ਬਚਪਨੀ ਹੱਥਾਂ ਦਾ ਸੁਖ਼ਨ ਜਦ ਚੇਤਿਆਂ ਵਿਚ ਤਰਦਾ ਤਾਂ ਧੁੱਪ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਸਰਬਗੁਣੀ ਅਤੇ ਸਰਬ-ਵਿਆਪਕ ਧੁੱਪ ਦੀ ਅਰਾਧਨਾ ਵਿਚੋਂ ਹੀ ਖੁਦ ਨੂੰ ਵਿਕਸਤ ਕੀਤਾ ਜਾ ਸਕਦਾ ਏ। ਅਜਿਹਾ ਕਰਨ ਦੀ ਚੇਸ਼ਟਾ ਜੇਕਰ ਮਨ ਵਿਚ ਪੈਦਾ ਹੋ ਜਾਵੇ ਤਾਂ ਧੁੱਪ ਦਾ ਧਰਮ-ਕਰਮ ਪੂਰਾ ਹੋ ਜਾਵੇਗਾ।
ਜ਼ਿੰਦਗੀ, ਧੁੱਪਾਂ ਅਤੇ ਛਾਵਾਂ ਦਾ ਸੁਮੇਲ। ਹਰ ਰੰਗ ਵਿਚੋਂ ਹੀ ਜ਼ਿੰਦਗੀ ਨੂੰ ਖੁਸ਼ਆਮਦੀਦ ਕਹਿਣਾ, ਮਨੁੱਖੀ ਸੋਚ ਦੀ ਪਹਿਲ। ਧੁੱਪਾਂ-ਛਾਵਾਂ ਸਦੀਵ ਨਹੀਂ ਰਹਿੰਦੀਆਂ, ਪਰ ਧੁੱਪਾਂ ਦਾ ਵੱਧ ਲਾਹਾ ਲੈਣ ਵਾਲੇ ਹੀ ਜੀਵਨ ਦਾ ਸੁੱਚਾ ਨਗ ਹੁੰਦੇ।
ਜ਼ਿੰਦਗੀ ਵਿਚ ਵਿਚਰਦਿਆਂ, ਧੁੱਪ ਦਾ ਹੋਕਰਾ ਲਾਓ, ਧੁੱਪ ਦੀਆਂ ਰਿਸ਼ਮਾਂ ਬਰਸਾਓ ਅਤੇ ਧੁੱਪ ਦੇ ਲੰਗਰ ਲਗਾਓ। ਧੁੱਪ ਨਾਲ ਧੋਤੀਆਂ ਰਾਹਾਂ ਵਿਚ ਧੰਨ ਭਾਗਤਾ ਉਗੇਗੀ ਅਤੇ ਪੈਰਾਂ ਦੇ ਨਾਂਅ ਮੰਜ਼ਲ-ਮਸਤਕ ਉਕਰਨਗੀਆਂ।
(ਸਮਾਪਤ)

ਫੋਨ : 001-216-556-2080


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX