ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਖਨੌਰੀ, 19 ਮਾਰਚ (ਬਲਵਿੰਦਰ ਸਿੰਘ ਥਿੰਦ )- ਸੰਗਰੂਰ ਦਿੱਲੀ ਮੁੱਖ ਮਾਰਗ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ .....
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂਆਂ ਦੇ ਨਿਰੋਗੀ ਬੀਜ ਦੀ ਚੋਣ

ਨਰੋਈ ਅਤੇ ਰੋਗ ਰਹਿਤ ਫ਼ਸਲ ਪੈਦਾ ਕਰਨ ਦੀ ਕੁੰਜੀ

aਆਲੂ ਪੰਜਾਬ ਦੀ ਇਕ ਮੁੱਖ ਨਕਦੀ ਫ਼ਸਲ ਹੈ। ਪਿਛਲੇ ਸਾਲ ਇਸ ਦੀ ਕਾਸ਼ਤ ਤਕਰੀਬਨ 89.99 ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ, ਜਿਸ ਤੋਂ ਤਕਰੀਬਨ 22.62 ਲੱਖ ਟਨ ਆਲੂਆਂ ਦਾ ਉਤਪਾਦਨ ਹੋਇਆ ਅਤੇ ਇਨ੍ਹਾਂ ਦਾ ਔਸਤਨ ਝਾੜ 251.40 ਕੁਇੰਟਲ ਪ੍ਰਤੀ ਹੈਕਟੇਅਰ ਮਿਲਿਆ। ਮੁੱਖ ਤੌਰ 'ਤੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਆਲੂਆਂ ਦੀ ਪੈਦਾਵਾਰ ਕਰਨ ਵਾਲੇ ਮੋਹਰੀ ਜ਼ਿਲ੍ਹੇ ਹਨ, ਜਿਨ੍ਹਾਂ ਹੇਠ ਕ੍ਰਮਵਾਰ 20438, 12612 ਅਤੇ 9256 ਹੈਕਟੇਅਰ ਰਕਬਾ ਆਉਂਦਾ ਹੈ। ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਆਲੂਆਂ ਦੀ ਸਫਲ ਕਾਸ਼ਤ ਕਰਨ ਵਿਚ ਕਿਸਾਨਾਂ ਲਈ ਮੁੱਖ ਸਿਰਦਰਦੀ ਦਾ ਕਾਰਨ ਬਣਦੀਆਂ ਹਨ। ਬਿਮਾਰੀਆਂ ਦੀ ਸਰਬਪੱਖੀ ਰੋਕਥਾਮ ਲਈ ਆਲੂਆਂ ਦੇ ਨਿਰੋਗੀ ਬੀਜ ਦੀ ਚੋਣ, ਬੀਜ ਰਾਹੀਂ ਲੱਗਣ ਵਾਲੀਆਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਇਕ ਬਹੁਤ ਮਹੱਤਵਪੂਰਨ ਢੰਗ ਹੈ। ਆਲੂਆਂ ਦੇ ਜ਼ਿਆਦਾਤਰ ਭਿਆਨਕ ਰੋਗ (ਜਿਵੇਂ ਕਿ ਵਿਸ਼ਾਣੂੰ ਰੋਗ, ਪਿਛੇਤਾ ਝੁਲਸ ਰੋਗ, ਖਰੀਂਢ ਰੋਗ ਅਤੇ ਧੱਫੜੀ ਰੋਗ) ਆਦਿ ਬੀਜ ਰਾਹੀਂ ਹੀ ਫੈਲਦੇ ਹਨ ਅਤੇ ਬੀਜ ਵਾਲੇ ਇਹ ਬਿਮਾਰ ਆਲੂ ਅਗਲੇ ਸਾਲ ਬਿਮਾਰੀ ਦੀ ਲਾਗ ਲਗਾਉਣ ਦਾ ਕੰਮ ਕਰਦੇ ਹਨ। ਇਸ ਕਰਕੇ ਇਨ੍ਹਾਂ ਬਿਮਾਰੀਆਂ ਵਾਲੇ ਆਲੂਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
ਵਿਸ਼ਾਣੂੰ ਰੋਗਾਂ (ਪੱਤਾ ਮਰੋੜ) ਦਾ ਹਮਲਾ ਆਲੂ ਉਤਪਾਦਕਾਂ ਦੇ ਖੇਤਾਂ ਵਿਚ ਖਾਸ ਤੌਰ 'ਤੇ ਜਲੰਧਰ, ਕਪੂਰਥਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਲਗਾਤਾਰ ਵਧ ਰਿਹਾ ਹੈ। ਪਿਛਲੇ ਸਾਲ 2016-17 ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਇਹ ਹਮਲਾ 5-60 ਫੀਸਦੀ ਤੱਕ ਵੇਖਿਆ ਗਿਆ ਸੀ। ਇਸ ਰੋਗ ਨਾਲ ਪ੍ਰਭਾਵਿਤ ਬੂਟਿਆਂ ਦੇ ਨਵੇਂ ਪੱਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ ਅਤੇ ਖੜ੍ਹਵੇਂ ਰਹਿ ਜਾਂਦੇ ਹਨ। ਇਹ ਵਿਸ਼ਾਣੂ ਰੋਗ ਪੱਤਿਆਂ ਰਾਹੀਂ ਹੋ ਕੇ ਬਾਅਦ ਵਿਚ ਜ਼ਮੀਨ ਹੇਠਾਂ ਬਣ ਰਹੇ ਆਲੂਆਂ 'ਤੇ ਚਲਾ ਜਾਂਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਆਲੂ ਬੀਜ ਦੇ ਤੌਰ 'ਤੇ ਠੰਢੇ ਗੋਦਾਮਾਂ ਵਿਚ ਰੱਖ ਦਿੱਤੇ ਜਾਂਦੇ ਹਨ ਜੋ ਅਗਲੇ ਸਾਲ ਵਿਸ਼ਾਣੂ ਰੋਗ ਲਗਾਉਣ ਦਾ ਮੁੱਖ ਸੋਮਾ ਬਣ ਜਾਂਦੇ ਹਨ, ਜਿਸ ਨਾਲ ਆਲੂ ਉਤਪਾਦਕਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਰੋਗੀ ਆਲੂਆਂ ਦੇ ਬਾਹਰਲੇ ਪਾਸਿਉਂ ਵਿਸ਼ਾਣੂੰ ਰੋਗ ਦੀ ਕੋਈ ਨਿਸ਼ਾਨੀ ਵੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਸਲਾਹ ਦਿੰਦੇ ਹਾਂ ਕਿ ਅਜਿਹੀ ਰੋਗੀ ਫ਼ਸਲ ਵਿਚੋਂ ਅਗਲੇ ਸਾਲ ਲਈ ਆਲੂ ਨਾ ਰੱਖਣ। ਪਰ ਫਿਰ ਵੀ ਜੇਕਰ ਤੁਸੀਂ ਅਜਿਹੇ ਆਲੂ ਪਿਛਲੀ ਫ਼ਸਲ ਤੋਂ ਬੀਜ ਲਈ ਠੰਢੇ ਗੋਦਾਮਾਂ ਵਿਚ ਰੱਖੇ ਹੋਏ ਹਨ ਅਤੇ ਇਨ੍ਹਾਂ ਦੀ ਬਿਜਾਈ ਨਹੀਂ ਕਰਨੀ ਸਗੋਂ ਇਨ੍ਹਾਂ ਨੂੰ ਮੰਡੀ ਵਿਚ ਵੇਚ ਦੇਣਾ ਚਾਹੀਦਾ ਹੈ।
ਵਿਸ਼ਾਣੂੰ ਰੋਗ ਤੋਂ ਬਚਾਅ ਲਈ ਆਲੂਆਂ ਦੀ ਫ਼ਸਲ ਦਾ ਸਰਵੇਖਣ ਕਰਨਾ ਵੀ ਬਹੁਤ ਜ਼ਰੂਰੀ ਹੈ। ਹੁਣ ਜੇਕਰ ਤੁਹਾਡੇ ਖੇਤਾਂ ਵਿਚ ਅਜਿਹੇ ਵਿਸ਼ਾਣੂ ਰੋਗ ਵਾਲੇ ਬੂਟੇ ਦਿਖਾਈ ਦੇਣ ਤਾਂ ਤੁਸੀਂ ਇਨ੍ਹਾਂ ਬੂਟਿਆਂ ਨੂੰ ਸ਼ੁਰੂ ਵਿਚ ਹੀ (ਜ਼ਮੀਨ ਹੇਠਾਂ ਬਣ ਰਹੇ ਛੋਟੇ ਆਲੂਆਂ ਸਮੇਤ) ਪੁੱਟ ਕੇ ਨਸ਼ਟ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਵਿਸ਼ਾਣੂੰ ਰੋਗਾਂ ਦੀ ਰੋਕਥਾਮ ਬੜੀ ਆਸਾਨੀ ਨਾਲ ਹੋ ਜਾਵੇਗੀ ਅਤੇ ਤੁਹਾਡਾ ਬੀਜ ਇਨ੍ਹਾਂ ਰੋਗਾਂ ਤੋਂ ਮੁਕਤ ਪੈਦਾ ਹੋਵੇਗਾ। ਇਸ ਤੋਂ ਇਲਾਵਾ ਜ਼ਿਮੀਂਦਾਰ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਬੀਜ ਪਲਾਟ ਤਕਨੀਕ ਅਪਣਾ ਕੇ ਆਲੂਆਂ ਦਾ ਬੀਜ ਪੈਦਾ ਕਰਨ ਦੀ ਸਲਾਹ ਦਿੰਦੇ ਹਾਂ ਤਾਂ ਜੋ ਵਿਸ਼ਾਣੂੰ ਰੋਗਾਂ ਨੂੰ ਅੱਗੇ ਫੈਲਣ ਤੋਂ ਰੋਕ ਕੇ ਨਰੋਏ, ਸਿਹਤਮੰਦ ਅਤੇ ਰੋਗ ਰਹਿਤ ਆਲੂ ਪੈਦਾ ਕੀਤੇ ਜਾ ਸਕਣ।
ਆਮ ਤੌਰ 'ਤੇ ਕਿਸਾਨ ਵੀਰ ਆਲੂਆਂ ਦੀ ਬਿਜਾਈ ਸਤੰਬਰ ਵਿਚ ਪਤਝੜ ਰੁੱਤੇ ਅਤੇ ਬਹਾਰ ਰੁੱਤ ਵਿਚ ਕਰਦੇ ਹਨ। ਪਰ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਦੇ ਕੁਝ ਕਿਸਾਨ ਆਲੂਆਂ ਦੀ ਅਗੇਤੀ ਬਿਜਾਈ ਸਤੰਬਰ ਵਿਚ ਕਰ ਲੈਂਦੇ ਹਨ, ਜਿਨ੍ਹਾਂ ਦੀ ਪੁਟਾਈ ਤਕਰੀਬਨ 75 ਦਿਨਾਂ ਬਾਅਦ ਕਰ ਲਈ ਜਾਂਦੀ ਹੈ। ਕੱਚੀ ਪੁਟਾਈ ਵਾਲੇ ਇਹ ਆਲੂ ਰਾਸ਼ਨ ਲਈ ਵਰਤ ਲਏ ਜਾਂਦੇ ਹਨ ਅਤੇ ਮੰਡੀ ਵਿਚ ਇਨ੍ਹਾਂ ਦਾ ਚੰਗਾ ਭਾਅ ਮਿਲ ਜਾਂਦਾ ਹੈ। ਜ਼ਿਆਦਾਤਰ ਵੱਡੀ ਪੱਧਰ 'ਤੇ ਰਾਸ਼ਨ ਲਈ ਆਲੂ ਅਕਤੂਬਰ ਵਿਚ ਬੀਜੇ ਜਾਂਦੇ ਹਨ। ਪਿਛੇਤੇ ਜਾਂ ਬਹਾਰ ਰੁੱਤ ਵਿਚ ਬੀਜੀ ਜਾਣ ਵਾਲੀ ਫ਼ਸਲ ਵਾਲੇ ਆਲੂ ਹੀ ਮੁੱਖ ਤੌਰ 'ਤੇ ਬੀਜ ਅਤੇ ਸਾਡੀ ਰੋਜ਼ਾਨਾ ਵਰਤੋਂ ਵਿਚ ਆਉਣ ਲਈ ਰਾਸ਼ਨ ਵਾਸਤੇ ਠੰਢੇ ਗੋਦਾਮਾਂ ਵਿਚ ਰੱਖ ਕੇ ਸੰਭਾਲ ਲਏ ਜਾਂਦੇ ਹਨ। ਆਲੂ ਉਤਪਾਦਕਾਂ ਦੀ ਜਾਣਕਾਰੀ ਲਈ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜ਼ਿਆਦਾਤਰ ਆਲੂਆਂ ਦੇ ਰੋਗ ਜਿਵੇਂ ਕਿ ਪਿਛੇਤਾ ਝੁਲਸ ਰੋਗ, ਖਰੀਂਡ ਰੋਗ, ਧੱਫੜੀ ਰੋਗ ਅਤੇ ਵਿਸ਼ਾਣੂੰ ਰੋਗ ਬੀਜ ਰਾਹੀਂ ਹੀ ਫੈਲਦੇ ਹਨ। ਇਸ ਲਈ ਅਗਲੇ ਸਾਲ ਆਉਣ ਵਾਲੀ ਆਲੂਆਂ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਹੁਣ ਤੋਂ ਹੀ ਇਨ੍ਹਾਂ ਬਿਮਾਰੀਆਂ ਵਾਲੇ ਰੋਗੀ ਆਲੂਆਂ ਨੂੰ ਛਾਂਟ ਕੇ ਨਸ਼ਟ ਕਰੋ। ਨਰੋਏ, ਸਿਹਤਮੰਦ ਅਤੇ ਰੋਗ ਰਹਿਤ ਬੀਜ ਵਾਲੇ ਆਲੂਆਂ ਨੂੰ ਛਾਂਟ ਕੇ ਸੰਭਾਲ ਲਓ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 94637-47280.


ਖ਼ਬਰ ਸ਼ੇਅਰ ਕਰੋ

ਫ਼ਲਦਾਰ ਬੂਟੇ ਲਗਾਈਏ-ਤਾਜ਼ੇ ਫ਼ਲ ਖਾਈਏ

ਪੰਜਾਬ ਵਿਚ ਮਸਾਂ 79 ਹਜ਼ਾਰ ਹੈਕਟਰ ਧਰਤੀ ਉਤੇ ਹੀ ਫ਼ਲਾਂ ਦੇ ਬਗੀਚੇ ਹਨ। ਇਸ ਵਿਚੋਂ ਕੋਈ 49 ਹਜ਼ਾਰ ਹੈਕਟਰ ਰਕਬਾ ਕੇਵਲ ਕਿੰਨੂ ਹੇਠ ਹੀ ਹੈ। ਦੂਜੇ ਨੰਬਰ ਉਤੇ ਅਮਰੂਦ ਆਉਂਦਾ ਹੈ ਜਿਸ ਹੇਠ ਕੋਈ ਅੱਠ ਹਜ਼ਾਰ ਹੈਕਟਰ ਰਕਬਾ ਹੈ। ਕਦੇ ਯਮੁਨਾਨਗਰ ਤੋਂ ਲੈ ਕੇ ਗੁਰਦਾਸਪੁਰ ਤੱਕ ਸ਼ਿਵਾਲਕ ਦੇ ਨਾਲੋਂ-ਨਾਲ ਅੰਬਾਂ ਦੇ ਬਗੀਚੇ ਸਨ, ਪਰ ਹੁਣ ਅੰਬਾਂ ਹੇਠ ਸੱਤ ਹਜ਼ਾਰ ਹੈਕਟਰ ਤੋਂ ਵੀ ਘੱਟ ਰਕਬਾ ਰਹਿ ਗਿਆ ਹੈ। ਬਾਗ਼ਾਂ ਹੇਠ ਰਕਬੇ ਵਿਚ ਵਾਧਾ ਸਮੇਂ ਦੀ ਲੋੜ ਹੈ ਤਾਂ ਜੋ ਕਣਕ ਤੇ ਝੋਨੇ ਦੇ ਫ਼ਸਲ ਚੱਕਰ ਵਿਚੋਂ ਕੁਝ ਰਕਬਾ ਕੱਢਿਆ ਜਾ ਸਕੇ।
ਪੰਜਾਬ ਦੀ ਇਹ ਖੁਸ਼ਕਿਸਮਤੀ ਹੈ ਕਿ ਇਥੋਂ ਦਾ ਸਾਰਾ ਹੀ ਰਕਬਾ ਸੇਂਜੂ ਹੈ ਅਤੇ ਸਾਲ ਵਿਚ ਸਾਰੇ ਹੀ ਮੌਸਮ ਆਉਂਦੇ ਹਨ। ਇੰਝ ਇਥੇ ਕਈ ਪ੍ਰਕਾਰ ਦੇ ਫ਼ਲ ਵਾਲੇ ਬੂਟੇ ਸਫਲਤਾ ਨਾਲ ਉਗਾਏ ਜਾ ਸਕਦੇ ਹਨ। ਪੰਜਾਬ ਜਿਥੇ ਕੰਢੀ ਦਾ ਇਲਾਕਾ ਹੈ, ਉਥੇ ਪੱਛਮੀ ਜ਼ਿਲ੍ਹਿਆਂ ਵਿਚ ਖੁਸ਼ਕ ਤੇ ਰੇਤਲਾ ਇਲਾਕਾ ਵੀ ਹੈ। ਇਥੇ ਕਿੰਨੂ, ਮਾਲਟਾ, ਨਿੰਬੂ, ਅਮਰੂਦ, ਅੰਬ, ਨਾਸ਼ਪਤੀ, ਲੀਚੀ, ਬੇਰ, ਆੜੂ, ਅੰਗੂਰ, ਆਂਵਲਾ, ਅਲੂਚਾ, ਕੇਲਾ, ਪਪੀਤਾ, ਚੀਕੂ, ਲੁਕਾਠ ਦੇ ਬੂਟੇ ਸਫਲਤਾ ਨਾਲ ਲਗਾਏ ਜਾ ਸਕਦੇ ਹਨ। ਪੰਜਾਬ ਵਿਚ ਬੂਟੇ ਲਗਾਉਣ ਦੇ ਦੋ ਮੌਸਮ ਹਨ, ਪਤਝੜ-ਜਨਵਰੀ-ਫ਼ਰਵਰੀ ਅਤੇ ਬਰਸਾਤ ਦਾ ਮੌਸਮ-ਅਗਸਤ ਸਤੰਬਰ। ਪੱਤਝੜ ਦੇ ਮੋਸਮ ਵਿਚ ਸਾਰੇ ਹੀ ਬੂਟੇ ਲਗਾਏ ਜਾ ਸਕਦੇ ਹਨ ਪਰ ਬਰਸਾਤ ਦੇ ਮੌਸਮ ਵਿਚ ਕੇਵਲ ਸਦਾਬਹਾਰ ਬੂਟੇ ਹੀ ਲਗਾਏ ਜਾਂਦੇ ਹਨ। ਲੀਚੀ ਤੇ ਚੀਕੂ ਨੀਮ ਪਹਾੜੀ ਇਲਾਕੇ ਵਿਚ ਲਗਾਏ ਜਾ ਸਕਦੇ ਹਨ। ਬਾਕੀ ਫ਼ਲਾਂ ਦੇ ਇਕ ਦੋ ਬੂਟੇ ਤਾਂ ਸਾਰੇ ਪੰਜਾਬ ਵਿਚ ਹੀ ਲਗਾਏ ਜਾ ਸਕਦੇ ਹਨ। ਇਸ ਮੌਸਮ ਵਿਚ ਆਪਣੀ ਬੰਬੀ ਲਾਗੇ ਚਾਰ ਜਾਂ ਪੰਜ ਫ਼ਲਾਂ ਦੇ ਬੂਟੇ ਜ਼ਰੂਰ ਲਗਾਏ ਜਾਣ। ਇਨ੍ਹਾਂ ਵਿਚ ਨਿੰਬੂ, ਅਮਰੂਦ, ਬੇਰ, ਅੰਬ, ਕਿੰਨੂੰ, ਤੇ ਜਾਮਨ ਨੂੰ ਪਹਿਲ ਦਿੱਤੀ ਜਾਵੇ।
ਜੇਕਰ ਬਾਗ ਲਗਾਉਣਾ ਹੈ ਤਾਂ ਆਪਣੇ ਖੇਤ ਦੀ ਮਿੱਟੀ ਦੀ ਜ਼ਰੂਰ ਪਰਖ ਕਰਵਾਈ ਜਾਵੇ ਅਤੇ ਆਪਣੇ ਇਲਾਕੇ ਨੂੰ ਢੁਕਵੇਂ ਫ਼ਲ ਦੀ ਚੋਣ ਕੀਤੀ ਜਾਵੇ। ਇਸ ਸਬੰਧੀ ਬਾਗਬਾਨੀ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ। ਬੂਟੇ ਲਗਾਉਣ ਤੋਂ ਪਹਿਲਾਂ ਟੋਏ ਪੁੱਟਣੇ ਜ਼ਰੂਰੀ ਹਨ। ਇਕ ਮੀਟਰ ਡੂੰਘੇ ਤੇ ਇਕ ਮੀਟਰ ਹੀ ਘੇਰੇ ਵਾਲੇ ਟੋਏ ਪੁਟੇ ਜਾਣ। ਇਨ੍ਹਾਂ ਨੂੰ ਉਪਰਲੀ ਮਿਟੀ ਅਤੇ ਵਧੀਆ ਰੂੜੀ ਨੂੰ ਬਰਾਬਰ ਰਲਾ ਕੇ ਭਰਿਆ ਜਾਵੇ। ਸਿਉਂਕ ਦੀ ਰੋਕਥਾਮ ਲਈ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ ਸੀ ਨੂੰ ਦੋ ਕਿਲੋ ਮਿੱਟੀ ਵਿਚ ਰਲਾ ਕੇ ਹਰੇਕ ਟੋਏ ਵਿਚ ਜ਼ਰੂਰ ਪਾਵੋ। ਬੂਟੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਾਂ ਸਰਕਾਰੀ ਨਰਸਰੀ ਤੋਂ ਲਏ ਜਾਣ। ਇਹ ਢੁਕਵੀਂ ਕਿਸਮ, ਸਹੀ ਉਮਰ ਅਤੇ ਨਿਰੋਗ ਹੋਣੇ ਚਾਹੀਦੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਕਿੰਨੂ ਦੀ ਨਵੀਂ ਕਿਸਮ ਪੀ. ਏ. ਯੂ. ਕਿੰਨੂ-1, ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਹੀ ਬੂਟੇ ਲਗਾਏ ਜਾਣ। ਵਲੈਨਸ਼ੀਆ, ਮੁਸੰਮੀ, ਜਾਫ਼ਾ, ਬਲੱਡ ਰੈੱਡ ਮਾਲਟੇ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਸਟਾਰਰੂਬੀ, ਰੈੱਡਬੱਲਸ਼, ਮਾਰਸ਼ਸੀਡਲੈਸ, ਡੰਕਨ ਅਤੇ ਫ਼ੋਸਟਰ ਗਰੇਪਫ਼ਰੂਟ ਦੀਆਂ ਕਿਸਮਾਂ ਹਨ। ਨਿੰਬੂ ਦੀਆਂ ਕਾਗਜ਼ੀ, ਯੂਰੇਕਾ, ਪੰਜਾਬ ਬਾਰਾਮਾਸੀ ਨਿੰਬੂ ਅਤੇ ਪੀ. ਏ. ਯੂ. ਬਾਰਾਮਾਸੀ ਨਿੰਬੂ-1 ਕਿਸਮਾਂ ਹਨ।
ਬੇਰਾਂ ਦੀਆਂ ਵਲੈਤੀ, ਉਮਰਾਨ, ਸਨੌਰ-2 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੀਚੀ ਦੇ ਬੂਟੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਫਲਤਾ ਨਾਲ ਲਗਾਏ ਜਾ ਸਕਦੇ ਹਨ। ਦੇਹਰਾਦੂਨ,ਕਲਕੱਤੀਆ ਅਤੇ ਸੀਡਲੇਟ ਲੀਚੀਆਂ ਦੀਆਂ ਵਧੀਆ ਕਿਸਮਾਂ ਹਨ। ਇਹ ਬੂਟੇ ਗਰਮੀ ਘੱਟ ਹੋਣ 'ਤੇ ਸਤੰਬਰ ਦੇ ਮਹੀਨੇ ਲਗਾਏ ਜਾਂਦੇ ਹਨ।
ਆਂਵਲੇ ਦੀ ਵਰਤੋਂ ਅਚਾਰ ਅਤੇ ਮੁੱਰਬਾ ਦੇ ਰੂਪ ਵਿਚ ਹਰੇਕ ਘਰ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦੇ ਬੂਟੇ ਸਾਰੇ ਸੂਬੇ ਵਿਚ ਲਗਾਏ ਜਾ ਸਕਦੇ ਹਨ। ਬਲਵੰਤ, ਨੀਲਮ ਅਤੇ ਕੰਚਨ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।
ਚੀਕੂ ਦਾ ਬੂਟਾ ਵੀ ਘਰ ਬਗੀਚੀ ਵਿਚ ਲਗਾਇਆ ਜਾ ਸਕਦਾ ਹੈ। ਕਾਲੀਪੱਤੀ ਅਤੇ ਕ੍ਰਿਕਟਬਾਲ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਲੁਕਾਠ ਦਾ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦਾ ਫਲ ਅਪ੍ਰੈਲ ਵਿਚ ਤਿਆਰ ਹੁੰਦਾ ਹੈ ਉਦੋਂ ਮੰਡੀ ਵਿਚ ਹੋਰ ਬਹੁਤ ਘੱਟ ਫ਼ਲ ਹੁੰਦੇ ਹਨ। ਕੈਲੋਫੋਰਨੀਆਂ ਐਡਵਾਂਸ, ਗੋਲਡਨ ਯੈਲੋ ਅਤੇ ਪੇਲ ਯੈਲੋ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਬਿਲ ਦਾ ਰੁੱਖ ਵੀ ਹੁਣ ਲਗਾਇਆ ਜਾ ਸਕਦਾ ਹੈ। ਇਸ ਵਿਚ ਬਹੁਤ ਖੁਰਾਕੀ ਤੱਤ ਹੁੰਦੇ ਹਨ ਤੇ ਦਵਾਈ ਦਾ ਕੰਮ ਵੀ ਕਰਦੇ ਹਨ। ਪੰਜਾਬ ਵਿਚ ਕਾਸ਼ਤ ਲਈ ਕਾਗਜ਼ੀ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਪਪੀਤਾ ਵੀ ਸਫ਼ਲਤਾ ਨਾਲ ਉਗਾਇਆ ਜਾ ਸਕਦਾ ਹੈ। ਰੈੱਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸ਼ੀਅਸ, ਪੂਸਾ ਡਵਾਰਫ਼ ਅਤੇ ਹਨੀਡਿਊ ਉੱਨਤ ਕਿਸਮਾਂ ਹਨ।
ਉਮੀਦ ਹੈ ਇਸ ਵਾਰ ਤੁਸੀਂ ਫ਼ਲਾਂ ਦੇ ਬੂਟੇ ਜ਼ਰੂਰ ਲਗਾਵੋਗੇ ਕਿਉਂਕਿ, ਜਿਥੇ ਤਾਜੇ ਫ਼ਲ ਪੂਰਾ ਸੁਆਦ ਦਿੰਦੇ ਹਨ ਉਥੇ ਉਨ੍ਹਾਂ ਵਿਚ ਪੂਰੇ ਖੁਰਾਕੀ ਤੱਤ ਵੀ ਹੁੰਦੇ ਹਨ। ਬਾਜ਼ਾਰ ਵਿਚੋਂ ਮਹਿੰਗੇ ਫ਼ਲ ਖਰੀਦ ਕੇ ਖਾਣੇ ਔਖੇ ਜਾਪਦੇ ਹਨ। ਆਪਣੇ ਖੇਤ ਵਿਚ ਬੂਟੇ ਲਗਾਵੋ, ਤਾਜ਼ੇ ਫ਼ਲ ਖਾਵੋ ਤੇ ਸਿਹਤ ਬਣਾਵੋ।

ਕਣਕ ਦੀ ਖੋਜ 'ਚ ਪ੍ਰਭਾਵਸ਼ਾਲੀ ਪ੍ਰਾਪਤੀ ਕਾਰਨ ਉਤਪਾਦਕਤਾ ਵਧੀ

ਕਣਕ ਭਾਰਤ ਦੀ ਅਹਿਮ ਫ਼ਸਲ ਹੈ। ਚੀਨ, ਅਮਰੀਕਾ ਤੇ ਰੂਸ ਨੂੰ ਛੱਡ ਕੇ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਕਣਕ ਪੈਦਾ ਕਰਨ ਵਾਲਾ ਮੁਲਕ ਹੈ। ਪੰਜਾਬ ਦੀ ਤਾਂ ਇਹ ਮੁੱਖ ਫ਼ਸਲ ਹੈ। ਜਿਸ ਦੀ ਕਾਸ਼ਤ ਹਾੜੀ ਦੇ ਮੌਸਮ 'ਚ 35 ਤੋਂ 36 ਲੱਖ ਹੈਕਟੇਅਰ ਦੇ ਦਰਮਿਆਨ ਰਕਬੇ ਤੇ ਕੀਤੀ ਜਾਂਦੀ ਹੈ। ਪੰਜਾਬ 'ਚ ਇਹ ਝੋਨਾ ਬਾਸਮਤੀ, ਮੱਕੀ, ਚਾਰਾ ਜਾਂ ਕਪਾਹ-ਨਰਮੇ ਦੀ ਖਰੀਫ ਮੌਸਮ ਦੀਆਂ ਫ਼ਸਲਾਂ ਵੱਢਣ ਤੋਂ ਬਾਅਦ ਕੀਤੀ ਜਾਂਦੀ ਹੈ। ਆਲੂਆਂ ਅਤੇ ਸਰ੍ਹੋਂ ਦੀ ਬਿਜਾਈ ਜਿਨ੍ਹਾਂ ਜ਼ਮੀਨਾਂ 'ਚ ਕੀਤੀ ਗਈ ਹੋਵੇ, ਉਨ੍ਹਾਂ ਵਿਚ ਇਹ ਦੇਰੀ ਨਾਲ ਦਸੰਬਰ 'ਚ ਬੀਜੀ ਜਾਂਦੀ ਹੈ। ਅਗੇਤੀ ਅਕਤੂਬਰ 'ਚ, ਸਮੇਂ ਸਿਰ ਨਵੰਬਰ 'ਚ ਤੇ ਪਿਛੇਤੀ ਬਿਜਾਈ ਦਸੰਬਰ 'ਚ ਹੁੰਦੀ ਹੈ। ਕਿਸਾਨਾਂ ਵਲੋਂ ਕਿਸਮਾਂ ਦੀ ਚੋਣ ਬਿਜਾਈ ਦੇ ਸਮੇਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਤਾਂ ਜੋ ਅਪ੍ਰੈਲ ਦੇ ਦੂਜੇ ਪੰਦਰਵਾੜੇ 'ਚ ਇਹ ਜ਼ਿਆਦਾ ਗਰਮੀ ਜਾਂ ਸੰਭਾਵਕ ਬਾਰਿਸ਼ ਅਤੇ ਗੜਿਆਂ ਤੋਂ ਪ੍ਰਭਾਵਤ ਨਾ ਹੋਵੇ। ਖੋਜ ਵਲੋਂ ਵੀ ਅਗੇਤੀ, ਸਧਾਰਨ ਅਤੇ ਪਛੇਤੀ ਬਿਜਾਈ ਲਈ ਮੌਸਮ ਦੇ ਅਨੁਕੂਲ ਕਿਸਮਾਂ ਵਿਕਸਤ ਕੀਤੀਆਂ ਜਾਂਦੀਆਂ ਹਨ।
ਕਣਕ ਦੀ ਖੋਜ ਲਈ ਆਈ. ਸੀ. ਏ. ਆਰ. -ਭਾਰਤੀ ਖੇਤੀ ਖੋਜ ਸੰਸਥਾਨ (ਆਈ ਏ ਆਰ ਆਈ) ਮੋਹਰੀ ਮੰਨੀ ਜਾਂਦੀ ਹੈ। ਪਿਛਲੀ ਸ਼ਤਾਬਦੀ ਦੇ ਛੇਵੇਂ ਦਹਾਕੇ ਤੋਂ ਪਹਿਲਾਂ ਰਵਾਇਤੀ ਲੰਮੇ ਕੱਦ ਵਾਲੀਆਂ ਕਣਕਾਂ ਬੀਜੀਆਂ ਜਾਂਦੀਆਂ ਸਨ। ਜੋ ਢਹਿ ਜਾਂਦੀਆਂ ਸਨ ਅਤੇ ਉਨ੍ਹਾਂ ਦੀ ਉਤਪਾਦਕਤਾ ਘੱਟ ਸੀ। ਸੰਨ 1963 'ਚ ਮੈਕਸੀਕੋ ਤੋਂ ਅੱਧ -ਮਧਰੀਆਂ ਕਿਸਮਾਂ ਜਿਨ੍ਹਾਂ 'ਚ ਲਰਮਾ ਰੋਜੋ, ਸਨੋਰਾ 64 ਤੇ ਮਾਯੋ 64 ਸ਼ਾਮਿਲ ਸਨ, ਆਉਣ ਨਾਲ ਵਿਗਿਆਨੀਆਂ ਵਲੋਂ ਇਥੇ ਦੇ ਵਾਤਾਵਰਣ ਤੇ ਭੌਂਅ ਦੇ ਅਨੁਕੂਲ ਵਧੇਰੇ ਝਾੜ ਦੇਣ ਵਾਲੀਆਂ ਅੱਧ ਮਧਰੀਆਂ ਕਿਸਮਾਂ ਵਿਕਸਤ ਕਰਨ ਲਈ ਖੋਜ ਦਾ ਕੰਮ ਸ਼ੁਰੂ ਹੋਇਆ ਅਤੇ 'ਕਲਿਆਣ-ਸੋਨਾ' ਤੇ 'ਸੋਨਾਲਿਕਾ' ਜਿਹੀਆਂ ਕਿਸਮਾਂ ਵਿਕਸਤ ਹੋਣ ਨਾਲ ਕਣਕ ਦੀ ਕਾਸ਼ਤ 'ਚ ਕ੍ਰਾਂਤੀ ਸ਼ੁਰੂ ਹੋਈ। ਜਿਸ ਨੂੰ ਬਾਅਦ (ਸੰਨ 1966- 67) ਵਿਚ ਸਬਜ਼ ਇਨਕਲਾਬ ਦਾ ਨਾਂਅ ਦਿੱਤਾ ਗਿਆ। ਇਸ ਤੋਂ ਬਾਅਦ ਹੀਰਾ ਮੋਤੀ, ਅਰਜੁਨ ਤੇ ਡਬਲਿਊ. ਐਲ. 711 (ਪੀ. ਏ. ਯੂ.) ਜਿਹੀਆਂ ਕਿਸਮਾਂ ਵਿਕਸਤ ਹੋਈਆਂ। ਕਣਕ ਦੇ ਖੇਤਰ 'ਚ ਨੁਮਾਇਆਂ ਤਰੱਕੀ, ਅਸਲੀ ਸਥਿਰਤਾ ਤੇ ਹੰਡਣਸਾਰਤਾ ਅਠਵੇਂ ਦਹਾਕੇ 'ਚ ਐਚ. ਡੀ. 2329 (ਸਮੇਂ ਸਿਰ ਬਿਜਾਈ ਲਈ) ਅਤੇ ਐਚ ਡੀ 2285 (ਪਿਛੇਤੀ ਦਸੰਬਰ ਦੀ ਬਿਜਾਈ ਲਈ) ਵਿਕਸਿਤ ਹੋਣ ਨਾਲ ਆਈ। ਐਚ ਡੀ 2329 ਕਿਸਮ ਡੇਢ ਦਹਾਕਾ ਤੱਕ ਪੰਜਾਬ ਦੇ ਖੇਤਾਂ ਦੀ ਰਾਣੀ ਬਣੀ ਰਹੀ ਅਤੇ ਇਸ ਨਾਲ ਕਿਸਾਨਾਂ ਅਤੇ ਰਾਜ ਦੀ ਆਰਥਕਤਾ 'ਚ ਹਜ਼ਾਰਾਂ-ਕਰੋੜਾਂ ਦਾ ਵਾਧਾ ਹੋਇਆ। ਇਨ੍ਹਾਂ ਕਿਸਮਾਂ ਦੇ ਵਿਕਾਸ ਦਾ ਸਿਹਰਾ ਭਾਰਤ ਦੇ ਪ੍ਰਸਿੱਧ ਕਣਕ ਦੇ ਬਰੀਡਰ ਤੇ ਵਿਗਿਆਨੀ ਸਵਰਗੀ ਸ੍ਰੀ ਵੀ. ਐਸ. ਮਾਥੁਰ ਦੇ ਸਿਰ ਹੈ। ਜਿਨ੍ਹਾਂ ਨੇ ਪੰਜਾਬ 'ਚ ਸਭ ਤੋਂ ਹਰਮਨ ਪਿਆਰੀ ਅਤੇ ਲਾਹੇਵੰਦ, ਐਚ ਡੀ 2329 ਕਿਸਮ ਸਬੰਧੀ ਪੰਜਾਬ ਦੀ ਧਰਤੀ ਤੇ ਵਾਤਾਵਰਨ ਦੇ ਅਨੁਕੂਲ ਬਨਾਉਣ ਲਈ ਰੱਖੜਾ ਯੰਗ ਫਾਰਮਰਜ਼ ਐਸੋਸੀਏਸ਼ਨ ਦੀ ਜ਼ਮੀਨ 'ਤੇ ਕੀਤੀ ਗਈ ਅਜਮਾਇਸ਼ ਤੋਂ ਬਾਅਦ ਕਿਸਾਨਾਂ ਨੂੰ ਬਿਜਾਈ ਲਈ ਇਸ ਕਿਸਮ ਨੂੰ ਸਿਫਾਰਸ਼ ਕੀਤਾ। ਇਸ ਕਿਸਮ ਦੀ ਕਾਸ਼ਤ ਉੱਤਰ-ਪੱਛਮੀ ਜ਼ੋਨ ਦੇ ਇਲਾਕਿਆਂ 'ਚ ਕਈ ਸਾਲਾਂ ਤੱਕ 40 ਲੱਖ ਹੈਕਟੇਅਰ ਤੋਂ ਵੀ ਵੱਧ ਰਕਬੇ 'ਤੇ ਪਿਛਲੀ ਸ਼ਤਾਬਦੀ ਦੇ ਅਖੀਰ ਤੱਕ ਹੁੰਦੀ ਰਹੀ। ਹਰ ਕਿਸਮ ਦਾ ਜੀਵਨ ਸੀਮਤ ਹੁੰਦਾ ਹੈ। ਜਦੋਂ ਇਹ ਕਿਸਮ ਨੌਵੇਂ ਦਹਾਕੇ ਦੇ ਅਖੀਰ 'ਚ ਬਿਮਾਰੀ (ਕੁੰਗੀ) ਦਾ ਸ਼ਿਕਾਰ ਹੋ ਗਈ ਤਾਂ ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਸਿਮਿੱਟ ਪ੍ਰੋਗਰਾਮ ਥੱਲੇ ਪੀ. ਬੀ. ਡਬਲਿਊ-343 ਕਿਸਮ ਕਿਸਾਨਾਂ ਨੂੰ ਸਿਫ਼ਾਰਸ਼ ਕੀਤੀ ਗਈ। ਇਸ ਦੀ ਉਤਪਾਦਕਤਾ ਇਸ ਵੇਲੇ ਕੁੰਗੀ ਦੀ ਸ਼ਿਕਾਰ ਹੋਈ ਐਚ. ਡੀ. 2329 ਕਿਸਮ ਨਾਲੋਂ ਵੱਧ ਸੀ। ਇਹ ਕਿਸਮ ਵੀ ਪੰਜਾਬ 'ਚ ਇੱਕ ਵਿਸ਼ਾਲ ਰਕਬੇ 'ਤੇ ਬੀਜੀ ਜਾਂਦੀ ਰਹੀ। ਪਰ ਸੰਨ 2002 'ਚ ਇਸ 'ਤੇ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਜੋ ਸੰਨ 2006-07 'ਚ ਬਹੁਤ ਫੈਲ ਗਿਆ। ਫਿਰ ਵੀ ਕੋਈ ਹੋਰ ਲਾਹੇਵੰਦ ਬਦਲ ਵਿਕਸਤ ਨਾ ਹੋਣ ਕਾਰਨ ਇਸ ਦੀ ਕਾਸ਼ਤ ਕਿਸਾਨ ਸੰਨ 2011-12 ਤੱਕ ਕਿਸਾਨ ਕਰਦੇ ਰਹੇ ਭਾਵੇਂ ਕੁਝ ਰਕਬੇ ਤੇ ਐਚ. ਡੀ. 2733, ਐਚ. ਡੀ. 2281 ਅਤੇ ਐਚ. ਡੀ. 2285 ਜਿਹੀਆਂ ਕਿਸਮਾਂ ਵੀ ਬੀਜੀਆਂ ਜਾਂਦੀਆਂ ਰਹੀਆਂ।
ਫਿਰ ਸੰਨ 2009 -10 ਵਿਚ ਆਈ ਸੀ ਏ ਆਰ - ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਿਕਸਿਤ ਐਚ ਡੀ 2967 ਕਿਸਮ ਆ ਗਈ ਜੋ ਭਾਰਤ ਦੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਸਬੰਧੀ ਕਮੇਟੀ ਵਲੋਂ ਰਲੀਜ਼ ਹੋ ਕੇ ਸੰਨ 2011 'ਚ ਨੋਟੀਫਾਈ ਹੋ ਗਈ। ਇਹ ਕਿਸਮ ਕਣਕ ਦੀ ਕਾਸ਼ਤ ਥੱਲੇ ਰਕਬੇ ਦੇ 80 ਪ੍ਰਤੀਸ਼ਤ ਹਿੱਸੇ 'ਤੇ ਬੀਜੀ ਗਈ। ਉੱਤਰ-ਪੱਛਮੀ ਜ਼ੋਨ ਦੇ ਇਲਾਕਿਆਂ 'ਚ ਇਸ ਦੀ ਕਾਸ਼ਤ ਲਗਭਗ 75 ਪ੍ਰਤੀਸ਼ਤ ਰਕਬੇ ਤੇ ਹੋਣ ਲੱਗੀ। ਇਸੇ ਦੌਰਾਨ ਸੰਨ 2013 -14 'ਚ ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਐਚ. ਡੀ. 3086 ਕਿਸਮ ਵਿਕਸਿਤ ਹੋਈ। ਜੋ ਐਚ. ਡੀ. 2967 ਕਿਸਮ ਦੇ ਨਾਲ-ਨਾਲ ਬੀਜੀ ਗਈ ਅਤੇ ਇਨ੍ਹਾਂ ਦੋਵੇਂ ਕਿਸਮਾਂ ਥੱਲੇ 90 ਪ੍ਰਤੀਸ਼ਤ ਤੱਕ ਰਕਬਾ ਆ ਗਿਆ। ਪਿਛਲੇ ਸਾਲ ਐਚ. ਡੀ.-3086 ਕਿਸਮ ਨੇ ਸਭ ਕਿਸਮਾਂ ਨਾਲੋਂ ਵੱਧ ਝਾੜ ਦਿੱਤਾ ਕਿਉਂਕਿ ਮੌਂਸਮ ਇਸ ਦੇ ਅਨੁਕੂਲ ਰਿਹਾ। ਮੱਧ ਨਵੰਬਰ ਜਾਂ ਇਸ ਤੋਂ ਬਾਅਦ ਦੀ ਬਿਜਾਈ ਲਈ ਇਹ ਕਿਸਮ ਸਭ ਤੋਂ ਉੱਤਮ ਮੰਨੀ ਗਈ ਹੈ। ਇਹ ਇਸੇ ਕਿਸਮ ਦੀ ਦੇਣ ਹੈ ਕਿ ਪਿਛਲੇ ਸਾਲ ਪੰਜਾਬ ਦੀ ਉਤਪਾਦਕਤਾ 5088 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੇ ਸਿਖਰ 'ਤੇ ਪਹੁੰਚ ਗਈ।
ਨਵੀਂ ਖੋਜ
ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਨੇ ਪਿਛਲੇ ਸਾਲ ਦੋ ਹੋਰ ਕਿਸਮਾਂ ਐਚ. ਡੀ.-ਸੀ. ਐਸ. ਡਬਲਿਊ.-18 (ਅਗੇਤੀ ਅਕਤੂਬਰ ਦੀ ਬਿਜਾਈ ਲਈ), ਐਚ. ਡੀ.-3117 (ਪਿਛੇਤੀ ਬਿਜਾਈ ਲਈ) ਵਿਕਸਿਤ ਕੀਤੀਆਂ ਹਨ। ਜੋ ਜ਼ੀਰੋ ਡਰਿਲ ਤਕਨਾਲੋਜੀ ਨਾਲ ਵਧੇਰੇ ਝਾੜ ਦੀ ਪ੍ਰਾਪਤੀ ਲਈ ਬਹੁਤ ਅਨੁਕੂਲ ਹਨ। ਹੁਣ ਜਦੋਂ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਮਨਾਹੀ ਕੀਤੀ ਗਈ ਹੈ, ਇਨ੍ਹਾਂ ਦੋ ਕਿਸਮਾਂ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਤੋਂ ਇਲਾਵਾ ਸਮੇਂ ਸਿਰ ਸਿੰਜਾਈ ਵਾਲੇ ਇਲਾਕਿਆਂ 'ਚ ਕਾਸ਼ਤ ਕਰਨ ਲਈ ਭਾਰਤ ਸਰਕਾਰ ਦੀ ਆਈ. ਸੀ. ਏ. ਆਰ.-ਕਣਕ ਤੇ ਜੌਆਂ ਦੀ ਖੋਜ ਲਈ ਸੰਸਥਾਨ ਵਲੋਂ ਡਬਲਿਊ. ਬੀ.-2 ਕਿਸਮ ਵਿਕਸਿਤ ਕੀਤੀ ਗਈ ਹੈ। ਜਿਸ ਦਾ ਅਜਮਾਇਸ਼ਾਂ ਉਪਰੰਤ ਝਾੜ 24-25 ਕੁਇੰਟਲ ਪ੍ਰਤੀ ਏਕੜ ਰਿਹਾ ਹੈ। ਇਹ ਕਿਸਮ ਪੀਲੀ, ਕਾਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸ਼ਕਤੀ ਰੱਖਦੀ ਹੈ। ਇਸ ਵਿਚ ਪੌਸ਼ਟਿਕਤਾ ਵੀ ਵੱਧ ਹੈ ਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਿਹਤ ਲਈ ਬੜੀ ਲਾਭਦਾਇਕ ਹੈ। ਇਸੇ ਸੰਸਥਾ ਵਲੋਂ ਪਛੇਤੀ ਬਿਜਾਈ ਲਈ ਡੀ ਬੀ ਡਬਲਿਊ -173 ਕਿਸਮ ਵਿਕਸਤ ਕੀਤੀ ਗਈ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਹਾਲ ਵਿਚ ਹੀ ਜਾਰੀ ਕੀਤੀ ਗਈ ਉੱਨਤ ਪੀ. ਬੀ. ਡਬਲਿਊ.-343 ਕਿਸਮ ਜੋ ਮਾਰਕਰ ਐਸਿਸਟਿਡ ਬੈਕ ਕਰਾਸ ਬਰੀਡਿੰਗ ਨਾਲ ਤਿਆਰ ਕੀਤੀ ਗਈ ਹੈ, ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਜਿਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਇਸ ਤੋਂ ਇਲਾਵਾ ਪੀ ਏ ਯੂ ਨੇ ਉੱਨਤ ਪੀ. ਬੀ. ਡਬਲਿਊ. 550 ਕਿਸਮ ਪੁਰਾਣੀ 550 ਕਿਸਮ ਨੂੰ ਸੋਧ ਕੇ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਨਾਲ 23 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਪੱਖੋਂ ਤਿਆਰ ਕੀਤਾ ਹੈ। ਇੱਕ ਹੋਰ ਕਿਸਮ ਜਿਸ ਵਿਚ ਜ਼ਿੰਕ ਦੀ ਮਾਤਰਾ 40.6 ਪੀ. ਪੀ.ਐਮ. ਹੈ, ਪੀ. ਬੀ. ਡਬਲਿਊ.-ਜ਼ੈਡ. ਐਮ. 1 ਵੀ ਪੀ. ਏ. ਯੂ. ਨੇ ਤਿਆਰ ਕੀਤੀ ਹੈ। ਜਿਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ।
ਆਈ ਸੀ. ਏ. ਆਰ. ਸੰਸਥਾਵਾਂ ਵਲੋਂ ਵਿਕਸਤ ਕਿਸਮਾਂ ਦੀ ਜਾਣਕਾਰੀ ਤੇ ਕੁੱਝ ਚੁਣਵੇਂ ਕਿਸਾਨਾਂ ਨੂੰ ਅਜਮਾਇਸ਼ ਲਈ ਬੀਜਾਂ ਦੀ ਉਪਲਭਧਤਾ (ਥੋੜ੍ਹੀ - ਥੋੜ੍ਹੀ ਮਾਤਰਾ 'ਚ) ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ 16 ਸਤੰਬਰ ਨੂੰ ਰੱਖੜਾ ਵਿਖੇ ਲਾਏ ਜਾ ਰਹੇ ਕਿਸਾਨ ਮੇਲੇ ਵਿਚ ਸੰਭਵ ਹੈ ਜਦੋਂ ਕਿ ਪੀ. ਏ. ਯੂ. ਵਲੋਂ ਵਿਕਸਤ ਕਿਸਮਾਂ ਦੇ ਬੀਜਾਂ ਦੀ ਉਪਲਭਧਤਾ ਕਿਸਾਨਾਂ ਨੂੰ ਲੁਧਿਆਣਾ ਵਿਖੇ 22-23 ਸਤੰਬਰ ਨੂੰ ਲੱਗ ਰਹੇ ਮੇਲੇ ਵਿਚ ਹੋ ਸਕੇਗੀ।


ਮੋਬਾ: 98152-36307

ਖੇਤੀ ਦੇ ਸੰਦਾਂ ਲਈ ਮਸ਼ਹੂਰ ਸ਼ਹਿਰ 'ਤਲਵੰਡੀ ਭਾਈ'

ਅੱਜ ਤੋਂ 77-78 ਸਾਲ ਪਹਿਲਾਂ ਸੰਨ 1940-41 ਵਿਚ ਸਭ ਤੋਂ ਪਹਿਲਾਂ ਤਲਵੰਡੀ ਭਾਈ ਵਿਚ ਖੇਤੀ ਦੇ ਸੰਦ ਬਣਨੇ ਸ਼ੁਰੂ ਹੋਏ। ਜਿਸ ਕਰਕੇ ਤਲਵੰਡੀ ਭਾਈ ਨੂੰ ਸ਼ੁਰੂ ਤੋਂ ਹੀ ਖੇਤੀ ਦੇ ਸੰਦਾ ਦਾ ਗੜ ਮੰਨਿਆ ਜਾਂਦਾ ਹੈ। ਤਲਵੰਡੀ ਭਾਈ ਵਿਚ ਸਭ ਤੋਂ ਪਹਿਲਾਂ ਖੂਹ ਦੀਆਂ ਟਿੰਡਾਂ ਜਾਂ ਹਲਟ ਬਣਦੇ ਸੀ। ਉਸ ਤੋਂ ਬਾਅਦ ਬਲਦਾਂ ਵਾਲੇ ਹਲ, ਬਲਦਾਂ ਵਾਲੇ ਜਾਲ, ਵੱਟਾਂ ਪਾਉਣ ਵਾਸਤੇ ਹੱਥ ਨਾਲ ਚਲਾਉਣ ਵਾਲੀਆਂ ਜਿੰਦਰੀਆਂ ਤੇ ਕਣਕ-ਝੋਨਾ ਕੱਢਣ ਵਾਲੀਆਂ ਲੱਕੜ ਦੀਆਂ ਡਰੰਮੀਆਂ ਬਣਾਈਆਂ ਜਾਂਦੀਆਂ ਸਨ ।
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਕਨੀਕ ਵਧਦੀ ਗਈ ਤੇ ਫਿਰ ਟਰੈਕਟਰਾਂ ਵਾਲੇ ਹਲ, ਦਾਣੇ ਕੱਢਣ ਵਾਲੀਆਂ ਵੱਡੀਆਂ ਮਸ਼ੀਨਾਂ, ਪੈਡੀ ਥਰੈਸ਼ਰ, ਹੜੰਬਾ ਥਰੈਸ਼ਰ , ਕਰਾਹੇ, ਜਿੰਦਰੇ, ਤੇ ਸੁਹਾਗੇ ਬਣਨ ਲੱਗੇ। ਜਿਨ੍ਹਾਂ ਨਾਲ ਕਿਸਾਨ ਨੂੰ ਖੇਤੀ ਕਰਨ ਦੀਆਂ ਕੁਝ ਰੁਕਾਵਟਾਂ ਦੂਰ ਹੋਈਆਂ। ਟਰੈਕਟਰਾਂ ਨਾਲ ਚੱਲਣ ਵਾਲੇ ਹਲ ਬਣਨ ਨਾਲ ਕਿਸਾਨ ਨੂੰ ਮਿੱਟੀ ਦੀ ਪਰਤ ਨੂੰ ਤੋੜਨਾ ਜਾਂ ਉਥਲ-ਪੁਥਲ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ। ਜਿੰਦਰਾ ਬਣਨ ਨਾਲ ਖੇਤਾਂ ਵਿਚ ਵੱਟਾਂ ਪਾਉਣੀਆਂ ਸੌਖੀਆਂ ਹੋ ਗਈਆਂ। ਫਿਰ ਹੌਲੀ-ਹੌਲੀ ਸਮੇਂ ਦੇ ਹਿਸਾਬ ਨਾਲ ਕਿਸਾਨ ਦੀ ਜਿਹੜੀ-ਜਿਹੜੀ ਚੀਜ਼ ਦੀ ਮੰਗ ਆਈ ਉਹ ਬਣਨ ਲੱਗੀ। ਸੰਨ 1983-84 ਵਿਚ ਬਿਜਾਈ ਮਸ਼ੀਨਾਂ ਸੀਡ ਡਰਿਲ ਤੇ ਤਵੀਆਂ ਬਣਨ ਲੱਗੀਆਂ। ਤਵੀਆਂ ਬਣਨ ਨਾਲ ਕਿਸਾਨਾਂ ਨੂੰ ਫਸਲ ਬੀਜਣ ਵਾਸਤੇ ਜ਼ਮੀਨ ਪੋਲੀ ਕਰਨੀ ਅਸਾਨ ਹੋਈ ਤੇ ਬਿਜਾਈ ਮਸ਼ੀਨ ਬਣਨ ਨਾਲ ਫਸਲ ਦੀ ਬਿਜਾਈ ਕਰਨੀ, ਫਸਲ ਬੀਜਣੀ ਅਸਾਨ ਹੋਈ। ਇਸ ਤੋਂ ਕੁਝ ਸਾਲ ਬਾਅਦ ਜ਼ੀਰੋ ਸੀਡ ਡਰਿਲ ਬਣਾਈ ਗਈ। ਜਿਸ ਦਾ ਫਾਇਦਾ ਇਹ ਸੀ ਕਿ ਜ਼ਮੀਨ ਨੂੰ ਵਾਹੁਣ ਦੀ ਲੋੜ ਨਹੀਂ ਤੁਸੀਂ ਆਪਣੀ ਫਸਲ ਦੀ ਸਿੱਧੀ ਹੀ ਬਿਜਾਈ ਕਰ ਸਕਦੇ ਹੋ। ਉਸ ਤੋਂ ਬਾਅਦ ਸੰਨ 1991-92 'ਚ ਸਟਰਾਅ ਰੀਪਰ ਬਣਿਆ। ਫਿਰ ਰੂਟਾਵੇਟਰ, ਸਪਰੇਅ ਪੰਪ ਤੇ ਲੇਜਰ ਲੈਵਲਰ ਆਦਿ ਬਣਨ ਲੱਗੇ। ਇਨ੍ਹਾਂ ਖੇਤੀ ਦੇ ਸੰਦਾਂ ਦੇ ਬਣਨ ਨਾਲ ਕਿਸਾਨਾਂ ਲਈ ਖੇਤੀ ਕਰਨੀ ਹੋਰ ਵੀ ਆਸਾਨ ਹੋ ਗਈ। ਖੇਤੀ ਨੂੰ ਸਪਰੇਅ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਬਣਾਏ ਗਏ। ਜ਼ਮੀਨ ਨੂੰ ਪੂਰੀ ਤਰ੍ਹਾਂ ਪੱਧਰ ਕਰਨ ਵਾਸਤੇ ਕੰਪਿਊਟਰ ਕਰਾਹੇ ਬਣਾਏ ਗਏ।
ਸੰਨ 2008-09 ਵਿਚ ਇੱਥੇ ਹਾਈਡਰੋਲਿਕ ਤਵੀਆਂ ਬਣਾਈਆਂ ਗਈਆਂ, ਜਿਸ ਨਾਲ ਹੁਣ ਜਿਮੀਂਦਾਰ ਨੂੰ ਖੇਤੀ ਕਰਦੇ ਸਮੇਂ ਟਰੈਕਟਰ ਤੋਂ ਥੱਲੇ ਉਤਰਨ ਦੀ ਲੋੜ ਨਹੀਂ, ਉਹ ਟਰੈਕਟਰ ਉੱਪਰ ਬੈਠਾ ਹੀ ਤਵੀਆਂ ਚਲਾ ਸਕਦਾ ਹੈ। ਆਪਣੀ ਜ਼ਮੀਨ ਵਾਹ ਸਕਦਾ ਹੈ। ਥੋੜ੍ਹਾ ਜਿਹਾ ਸਮਾਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਪਰਾਲੀ ਨਹੀਂ ਸਾੜੀ ਜਾਵੇਗੀ ਤਾਂ ਸਾਰੇ ਕਿਸਾਨ ਦੁਬਿਧਾ 'ਚ ਸੀ ਕਿ ਹੁਣ ਕੀ ਕਰਾਂਗੇ। ਉਨ੍ਹਾਂ ਦੀ ਲੋੜ ਨੂੰ ਪੂਰਾ ਕਰਨ ਲਈ ਇਕ ਮਲਚਰ (ਮਸ਼ੀਨ ਦਾ ਨਾਂਅ) ਤਿਆਰ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੀ ਤੂੜੀ ਜਾਂ ਪਰਾਲੀ ਸਾੜਣ ਦੀ ਲੋੜ ਨਹੀਂ, ਉਹ ਮਲਚਰ ਆਪਣੇ-ਆਪ ਹੀ ਪਰਾਲੀ ਨੂੰ ਕੁਤਰ ਕੇ ਜ਼ਮੀਨ ਵਿਚ ਮਿਲਾਏਗਾ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ।
ਖੇਤੀ ਦੇ ਸੰਦਾਂ ਦੇ ਨਾਲ-ਨਾਲ ਇੱਥੇ ਟਰੈਕਟਰ ਅਸੈਸਰੀਜ਼ ਦੀਆਂ ਵੀ ਵੱਡੀਆਂ ਫੈਕਟਰੀਆਂ ਹਨ, ਜੋ ਟਰੈਕਟਰ ਨੂੰ ਸ਼ਿੰਗਾਰਨ ਵਾਲਾ ਸਾਰਾ ਸਾਮਾਨ ਤਿਆਰ ਕਰਦੀਆਂ ਹਨ। ਜਿਨ੍ਹਾਂ ਵਿਚੋਂ ਬਬਲੂ ਕਲਸੀ ਇੰਜ: ਵਰਕਸ ਇਸ ਕੰਮ ਨੂੰ ਅੱਗੇ ਵਧਾਉਣ ਲਈ ਖਾਸ ਭੂਮਿਕਾ ਨਿਭਾਉਂਦਾ ਹੈ। ਜੋ ਅੱਜ ਵਿਸ਼ਵ ਪ੍ਰਸਿੱਧ ਹੋ ਚੁੱਕੇ ਹਨ। ਜਿਨ੍ਹਾਂ ਦਾ ਬਣਿਆ ਸਾਮਾਨ 'ਕੱਲੇ ਭਾਰਤ ਵਿਚ ਹੀ ਨਹੀਂ ਕੈਨੇਡਾ, ਅਮਰੀਕਾ ਤੱਕ ਜਾਂਦਾ ਹੈ। ਇਸ ਤੋਂ ਬਿਨਾਂ ਇੱਥੇ ਬੱਚਿਆਂ ਵਾਲੇ ਖਿਡੌਣੇ ਨਿੱਕੇ ਟਰੈਕਟਰ-ਟਰਾਲੀਆਂ, ਕੰਬਾਈਨਾਂ ਬਣਦੀਆਂ ਹਨ। ਇੱਥੋਂ ਦਾ ਬਣਿਆ ਪਾਵਰ-ਜੈਕ ਤੇ ਲੱਕੜ ਵਾਲਾ ਫਰਨੀਚਰ ਸਾਰੇ ਭਾਰਤ ਵਿਚ ਜਾਂਦਾ ਹੈ। ਖੇਤੀਬਾੜੀ ਦੇ ਸੰਦਾਂ ਦੀਆਂ ਮਸ਼ਹੂਰ ਦੁਕਾਨਾਂ-ਫੈਕਟਰੀਆਂ-ਪੰਜਾਬ ਇੰਜ: ਵਰਕਸ (ਖੇਤੀ ਦੇ ਸੰਦ), ਉਂਕਾਰ ਇੰਜ: ਵਰਕਸ (ਖੇਤੀ ਦੇ ਸੰਦ), ਭਾਰਤ ਮਕੈਨੀਕਲ ਵਰਕਸ (ਖੇਤੀ ਦੇ ਸੰਦ), ਕਲਸੀ ਬ੍ਰਦਰਜ਼ ਇੰਡਸਟਰੀ (ਖੇਤੀ ਦੇ ਸੰਦ), ਹਰਜੀਤ ਐਗਰੋ ਵਰਕਸ (ਸਪਰੇਅ ਪੰਪ), ਅਵਤਾਰ ਕਲਸੀ ਐਗਰੋ ਵਰਕਸ (ਖੇਤੀ ਦੇ ਸੰਦ), ਸਤਿਗੁਰ ਮਕੈਨੀਕਲ ਵਰਕਸ (ਖੇਤੀ ਦੇ ਸੰਦ) ਆਦਿ ਹੋਰ ਵੀ ਬਹੁਤ ਫੈਕਟਰੀਆਂ ਹਨ, ਜਿੱਥੇ ਖੇਤੀ ਦੇ ਸੰਦ ਤਿਆਰ ਕੀਤੇ ਜਾਂਦੇ ਹਨ।
ਹਰੇਕ ਸਾਲ ਤਲਵੰਡੀ ਭਾਈ ਵਿਚ ਕਿਸਾਨ ਭਰਾਵਾਂ ਲਈ ਨਵੀਂ ਤੋਂ ਨਵੀਂ ਕਾਢ ਕੱਢੀ ਜਾਂਦੀ ਹੈ, ਤਾਂ ਜੋ ਕਿਸਾਨ ਵੀਰਾਂ ਨੂੰ ਖੇਤੀ ਕਰਨੀ ਹੋਰ ਵੀ ਅਸਾਨ ਹੋ ਸਕੇ।


-ਧੰਜਲ ਜ਼ੀਰਾ
ਮੋਬਾਈਲ : 98885-02020.

ਮਟਰਾਂ ਦੀ ਸਫ਼ਲ ਕਾਸ਼ਤ ਕਿਵੇਂ ਹੋਵੇ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਨਦੀਨਾਂ ਦੀ ਰੋਕਥਾਮ : ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ। ਮਟਰਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿਚ ਵਰਤੋ। ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿਚ ਘੋਲ ਲਵੋ ਅਤੇ ਖੇਤ ਵਿਚ ਇਕਸਾਰ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ ਜਿਨ੍ਹਾਂ ਵਿਚ ਗੁੱਲੀ ਡੰਡਾ ਆਦਿ ਸ਼ਾਮਿਲ ਹਨ, ਉਤੇ ਕਾਬੂ ਪਾ ਸਕਦੇ ਹਨ।
ਸਿੰਚਾਈ : ਬਿਜਾਈ ਠੀਕ ਵੱਤਰ ਵਿਚ ਕਰੋ। ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਓ। ਅਗਲਾ ਪਾਣੀ ਫੁੱਲ ਆਉਣ 'ਤੇ ਅਤੇ ਫਿਰ ਅਗਲਾ ਫ਼ਲ ਪੈਣ 'ਤੇ ਜੇ ਜ਼ਰੂਰਤ ਹੋਵੇ ਤਾਂ ਲਾਓ। ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈ।
ਕੀੜੇ
ਥਰਿੱਪ (ਜੂੰ) : ਇਹ ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਹਮਲਾ ਹੋਣ ਦੀ ਸੂਰਤ ਵਿਚ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ 'ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ।
ਸੁਰੰਗੀ ਕੀੜੇ ਅਤੇ ਚੇਪਾ (ਤੇਲਾ) : ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿਚ ਸੁਰੰਗਾਂ ਬਣਾ ਲੈਂਦੀਆਂ ਹਨ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ। ਦਸੰਬਰ ਤੋਂ ਮਾਰਚ ਦੇ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ। ਚੇਪਾ ਵੀ ਰਸ ਚੂਸਦਾ ਹੈ ਜਿਸ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਓ ਜੋ ਕਿ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ।
ਤਣੇ ਦੀ ਮੱਖੀ: ਕਈ ਵਾਰ ਅਗੇਤੀ ਬੀਜੀ ਫ਼ਸਲ 'ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ। ਇਹ ਕੀੜਾ ਬੀਜ ਉਗਣ ਸਮੇਂ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿੱਲੋ ਥਿਮਟ 10 ਜੀ ਜਾਂ 10 ਕਿੱਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਬਿਮਾਰੀਆਂ
ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ। ਪੰਜਾਬ ਵਿਚ ਚਿੱਟਾ ਰੋਗ ਆਮ ਤੌਰ 'ਤੇ ਅੱਧ ਫਰਵਰੀ ਤੋਂ ਮਾਰਚ ਵਿਚ ਆਉਂਦਾ ਹੈ ਜਦ ਫ਼ਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ। ਇਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ 'ਤੇ ਕਰੋ।
ਕੁੰਗੀ: ਦਸੰਬਰ-ਜਨਵਰੀ ਵਿਚ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਤੇ ਭੂਰੇ ਰੰਗ ਦੇ ਗੋਲ ਉਭਰਵੇਂ ਧੱਬੇ ਪੈਦਾ ਹੋ ਜਾਂਦੇ ਹਨ। ਇਸ ਬਿਮਾਰੀ ਦਾ ਪਛੇਤੀ ਫ਼ਸਲ 'ਤੇ ਹਮਲਾ ਵਧੇਰੇ ਹੁੰਦਾ ਹੈ। ਪਹਿਲਾ ਛਿੜਕਾਅ 400 ਗ੍ਰਾਮ ਇੰਡੋਫਿਲ ਐਮ-45 ਨੂੰ 200 ਲਿਟਰ ਪਾਣੀ ਵਿਚ ਪਾ ਕੇ ਦਸੰਬਰ ਦੇ ਅੰਤ ਵਿਚ ਕਰੋ। ਬਾਕੀ ਦੇ 3 ਛਿੜਕਾਅ 10 ਦਿਨਾਂ ਦੇ ਵਕਫ਼ੇ 'ਤੇ ਕਰੋ। ਚਿੱਟੀ ਅਤੇ ਕੁੰਗੀ ਦੋਵਾਂ ਨੂੰ ਇਕੱਠਿਆਂ ਕਰਨ ਲਈ ਕੈਰਾਥੇਨ 80 ਮਿਲੀਲਿਟਰ ਜਾਂ ਸਲਫੈਕਸ 200 ਗ੍ਰਾਮ ਨੂੰ ਇੰਡੋਫਿਲ ਐਮ-45, 400 ਗ੍ਰਾਮ ਵਿਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ।
(ਸਮਾਪਤ)


-ਰਜਿੰਦਰ ਕੁਮਾਰ ਢੱਲ
ਸਬਜ਼ੀ ਵਿਗਿਆਨ ਵਿਭਾਗ
ਮੋਬਾਈਲ : 94176-25278

ਅਲੋਪ ਹੋ ਰਹੇ ਪਿੰਡਾਂ ਵਿਚ ਭੱਠੀ 'ਤੇ ਦਾਣੇ ਭੁੰਨਣੇ

ਮੱਕੀ ਅਤੇ ਛੋਲਿਆਂ ਦੇ ਗਰਮਾ-ਗਰਮ ਦਾਣੇ ਭੁੰਨੇ ਹੋਏ ਹੋਣ ਤਾਂ ਉਨ੍ਹਾਂ ਦੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਕੀ ਪਿੰਡ, ਕੀ ਸ਼ਹਿਰ ਦਾਣੇ ਭੁੰਨਣ ਵਾਲੀਆਂ ਭੱਠੀਆਂ 'ਤੇ ਰੌਣਕਾਂ ਆਮ ਵੇਖੀਆਂ ਜਾਂਦੀਆਂ ਸਨ। ਪਰ ਸਮੇਂ ਨੇ ਜਿਸ ਕਦਰ ਕਰਵਟ ਬਦਲੀ ਹੈ ਇਹ ਬੀਤੇ ਦੀ ਗੱਲ ਬਣ ਕੇ ਰਹਿ ਗਈਆਂ ਹਨ। ਸਾਰਾ ਸਾਲ ਹੀ ਭੱਠੀਆਂ ਦੇ ਦਾਣੇ ਭੁੰਨਾਉਣ ਵਾਲੇ ਆਉਂਦੇ ਰਹਿੰਦੇ ਸਨ ਪਰ ਸਰਦੀਆਂ ਦੇ ਦਿਨਾਂ ਵਿਚ ਕੁਝ ਵਧੇਰੇ ਲੋਕ ਆਉਂਦੇ ਸਨ। ਇਕ ਤਰ੍ਹਾਂ ਨਾਲ ਹੁਣ ਦਾਣੇ ਭੁੰਨਣ ਵਾਲੀਆਂ ਹੀ ਅਲੋਪ ਹੋ ਗਈਆਂ ਹਨ। ਕਿਤੇ ਕਿਤੇ ਹੀ ਭੱਠੀਆਂ ਦਿਖਾਈ ਦਿੰਦੀਆਂ ਹਨ। ਪਹਿਲਾਂ ਪਿੰਡਾਂ ਵਿਚ ਲਗਪਗ ਹਰੇਕ ਘਰੋਂ ਕੋਈ ਨਾ ਕੋਈ ਦਾਣੇ ਭੁੰਨਾਉਣ ਜ਼ਰੂਰ ਜਾਂਦਾ ਹੁੰਦਾ ਸੀ ਅਤੇ ਦਾਨੇ ਭੁੰਨਣ ਬਦਲੇ ਦਾਣਿਆਂ ਦੀ ਲੱਪ ਹੀ ਭਾੜੇ ਵਜੋਂ ਕੱਢ ਲਈ ਜਾਂਦੀ ਸੀ ਕਿਉਂਕਿ ਪੈਸੇ ਦੇਣ ਦਾ ਏਨਾ ਰਿਵਾਜ ਨਹੀਂ ਸੀ।
ਭੱਠੀ ਚੀਕਣੀ ਮਿੱਟੀ ਨਾਲ ਬਣਾਈ ਜਾਂਦੀ ਸੀ, ਜਿਸ ਦਾ ਅੱਧਾ ਹਿੱਸਾ ਹੇਠਾਂ ਜ਼ਮੀਨ ਵਿਚ ਹੁੰਦਾ ਸੀ। ਉਪਰ ਕੜਾਹੀ ਟਿਕਾਉਣ ਲਈ ਥਾਂ ਵਧਾ ਕੇ ਇਕ ਪਾਸਿਉਂ ਧੂੰਆਂ ਕੱਢਣ ਲਈ ਰਾਹ ਬਣਾਇਆ ਜਾਂਦਾ ਸੀ। ਉਸ ਵੇਲੇ ਬਾਲਣ ਵੀ ਆਮ ਮਿਲ ਜਾਂਦਾ ਸੀ। ਪਰ ਅੱਜ ਸਭ ਕੁਝ ਮੁੱਲ ਦਾ ਹੈ। ਕੜਾਹੀ ਵਿਚ ਰੇਤਾ ਗਰਮ ਕਰਕੇ ਉਸ ਵਿਚ ਦਾਣੇ ਭੁੰਨੇ ਜਾਂਦੇ ਸਨ। ਭੱਠੀ ਵਿਚਲੇ ਦਾਣਿਆਂ ਨੂੰ ਪਰਾਗਾ ਕਿਹਾ ਜਾਂਦਾ ਸੀ। ਭੱਠੀ 'ਤੇ ਦਾਣੇ ਭੁੰਨਣ ਵਾਲੀ ਮਿਹਨਤ ਨਾਲ ਦਾਣੇ ਭੁੰਨਦੀ ਸੀ। ਕਈ ਨੌਜਵਾਨ ਪਿੰਡਾਂ 'ਚੋਂ ਦਾਣੇ ਭੁੰਨਵਾ ਕੇ ਸ਼ਹਿਰ ਵਾਸੀਆਂ ਲਈ ਲੈ ਜਾਂਦੇ ਸਨ ਅਤੇ ਉਨ੍ਹਾਂ ਨੂੰ ਇਕ ਸੌਗਾਤ ਦਿੰਦੇ ਸਨ। ਦਾਣੇ ਚੱਬਣ ਦਾ ਚਾਅ ਏਨਾ ਹੁੰਦਾ ਸੀ ਜਿਵੇਂ ਅੱਜ ਸਨੈਕਸ ਖਾਣ ਦਾ ਹੈ।
ਪਰ ਅੱਜ ਦੇ ਆਧੁਨਿਕ ਸਮੇਂ ਵਿਚ ਕਿਸੇ ਕੋਲ ਸ਼ਾਇਦ ਇਹ ਕੁਝ ਕਰਨ ਦਾ ਸਮਾਂ ਨਹੀਂ। ਸਮਾਂ ਇਸ ਕਦਰ ਬਦਲ ਚੁੱਕਾ ਹੈ ਕਿ ਭੱਠੀ ਜੋ ਕਦੀ ਸਾਡੇ ਸੱਭਿਆਚਾਰ ਦਾ ਹਿੱਸਾ ਸੀ ਅੱਜ ਬੀਤੇ ਦੀ ਗੱਲ ਬਣ ਕੇ ਰਹਿ ਗਿਆ ਹੈ। ਸ਼ਾਮ ਨੂੰ ਬੱਚੇ, ਵੱਡੇ ਸਨੈਕਸ ਜਾਂ ਫਾਸਟ ਫੂਡਸ ਖਾ ਕੇ ਖੁਸ਼ ਹੁੰਦੇ ਹਨ। ਸ਼ਾਇਦ ਉਨ੍ਹਾਂ ਦੇ ਦੰਦ ਦਾਣੇ ਚੱਬਣ ਲਈ ਮਜ਼ਬੂਤ ਨਹੀਂ। ਪਰ ਭੱਠੀ ਪੰਜਾਬੀ ਸੱਭਿਆਚਾਰ ਦਾ ਇਕ ਅਹਿਮ ਹਿੱਸਾ ਸੀ ਜੋ ਸਮੇਂ ਦੀ ਤੋਰ 'ਨੇ ਆਪਣੇ ਵਿਚ ਸਮਾ ਲਈ ਹੈ। ਅੱਜ ਭੱਠੀ ਦੇ ਦਾਣਿਆਂ ਦਾ ਨਾਂਅ ਬਦਲ ਕੇ 'ਪੋਪ ਕਾਰਨ' ਹੋ ਗਿਆ ਹੈ। ਪਰ ਫਿਰ ਲੰਬੇ ਸਮੇਂ ਤੱਕ ਸਮਾਜ ਵਿਚ ਭੱਠੀ ਬਾਰੇ ਗੱਲਾਂ ਹੁੰਦੀਆਂ ਰਹਿਣਗੀਆਂ।


-ਪਿੰਡ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98880-65893.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX