ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਦਿਲਚਸਪੀਆਂ

ਕਹਾਣੀ

ਅੱਲੇ ਜ਼ਖ਼ਮ

ਸ਼ਹਿਰ ਦੀ ਗ੍ਰੇਟਰ ਕੈਲਾਸ਼ ਕਾਲੋਨੀ 'ਚ ਬਣੀ ਸ਼ਰਮਾ ਸਾਹਿਬ ਦੀ ਆਲੀਸ਼ਾਨ ਕੋਠੀ, ਕੋਠੀ 'ਚ ਇਕ ਦੁੱਖਾਂ ਦੀ ਮਾਰੀ ਵਿਧਵਾ ਬੰਸੋ ਕੰਮ ਕਰਦੀ ਸੀ। ਇਕ ਦਿਨ ਬੰਸੋ ਕੰਮ ਖ਼ਤਮ ਕਰਕੇ ਘਰ ਨੂੰ ਜਾ ਰਹੀ ਸੀ। ਉਸ ਦੇ ਪੰਜ ਕੁ ਸਾਲ ਦੇ ਬੱਚੇ ਨੂੰ ਕਿਸੇ ਨੇ ਸਾਈਡ ਮਾਰ ਦਿੱਤੀ ਤੇ ਕਾਰ ਭਜਾ ਕੇ ਲੈ ਗਿਆ। ਉਸ ਨੇ ਕਈਆਂ ਆਦਮੀਆਂ ਤੋਂ ਮਦਦ ਮੰਗੀ। ਉੱਚੀ-ਉੱਚੀ ਕੁਰਲਾਈ ਪਰ ਉਹਦੀਆਂ ਕੂਕਾਂ ਹਵਾ ਵਿਚ ਹਵਾ ਹੁੰਦੀਆਂ ਰਹੀਆਂ, ਕਿਸੇ ਨੇ ਉਹਦੀ ਫਰਿਆਦ ਨਾ ਸੁਣੀ।
ਅਖੀਰ ਪਹਾੜ ਜਿੱਡਾ ਜਿਗਰਾ ਕਰਕੇ ਉਹਨੇ ਆਪਣੇ ਜਿਗਰ ਦੇ ਟੁੱਕੜੇ ਨੂੰ ਗੋਦੀ ਚੁੱਕ ਗ੍ਰੇਟਰ ਕੈਲਾਸ਼ ਕਾਲੋਨੀ 'ਚੋਂ ਬਾਹਰ ਨਿਕਲੀ। ਇਕ ਰਿਕਸ਼ੇ 'ਤੇ ਆਪਣੇ ਬੇਟੇ ਨੂੰ ਹਸਪਤਾਲ ਪਹੁੰਚਾਇਆ। 'ਭਈਆ ਕਿਤਨੇ ਪੈਸੇ?' ਉਹ ਰਿਕਸ਼ੇ ਵਾਲੇ ਨੂੰ ਮੁਖਾਤਿਬ ਹੁੰਦੀ ਬੋਲੀ।
'ਨਹੀਂ ਬੈਹਨ ਜੀ ਮਾਫ਼ ਕਰਨਾ ਮੈਂ ਪੈਸੇ ਨਹੀਂ ਲੂਗਾਂ, ਭਗਵਾਨ ਆਪ ਕੇ ਬੱਚੇ ਕੋ ਨਈਂ ਜ਼ਿੰਦਗੀ ਦੇ।'
ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਕ ਮੱਥੇ 'ਤੇ ਸੱਟ ਤੇ ਦੂਜਾ ਜ਼ਿਆਦਾ ਖ਼ੂਨ ਵਹਿਣ ਕਰਕੇ ਬੱਚਾ ਸਦਾ ਦੀ ਨੀਂਦ ਸੌਂ ਗਿਆ।
ਆਪਣੇ ਬੱਚੇ ਦੀ ਮੌਤ ਦੇ ਸਦਮੇ ਤੋਂ ਨਿਕਲਣ ਲਈ ਉਹਨੂੰ ਕੁਝ ਦਿਨ ਲੱਗ ਗਏ। ਪਾਪੀ ਪੇਟ ਤੇ ਘਰ ਦੀ ਆਰਥਿਕ ਸਥਿਤੀ ਨੇ ਉਸ ਨੂੰ ਦੁਬਾਰਾ ਕੰਮ 'ਤੇ ਆਉਣ ਲਈ ਮਜਬੂਰ ਕਰ ਦਿੱਤਾ। ਇਕ ਦਿਨ ਉਹ ਸ਼ਰਮਾ ਸਾਹਿਬ ਦੇ ਘਰ ਕੋਠੀ 'ਚ ਕੰਮ ਕਰ ਰਹੀ ਸੀ। ਉਸ ਨੂੰ ਬਾਹਰ ਕੁੱਤੇ ਰੋਂਦੇ ਦੀਆ ਚੀਕਾਂ ਸੁਣੀਆਂ। ਕੀ ਦੇਖਦੀ ਏ ਸਾਹਮਣੇ ਵਾਲੀ ਕੋਠੀ ਵਾਲਿਆਂ ਦੇ ਕੁੱਤੇ ਨੂੰ ਕੋਈ ਕਾਰ ਦੀ ਸਾਈਡ ਮਾਰ ਕੇ ਚਲਾ ਗਿਆ। ਕੁੱਤਾ ਬੁਰੀ ਤਰ੍ਹਾਂ ਚਉਂ-ਚਉਂ ਕਰ ਰਿਹਾ ਸੀ। ਕੁੱਤੇ ਨੂੰ ਦੇਖ ਉਹਦੀਆਂ ਅੱਖਾਂ ਅੱਗੇ ਆਪਣੇ ਬੇਟੇ ਨਾਲ ਵਾਪਰੇ ਹਾਦਸੇ ਦੀ ਤਸਵੀਰ ਇਕਦਮ ਘੁੰਮ ਗਈ।
ਕੁੱਤੇ ਕੋਲ ਥੋੜ੍ਹੀ ਦੇਰ 'ਚ ਆਸ-ਪਾਸ ਦੀਆਂ ਕੋਠੀਆਂ ਵਾਲੇ ਔਰਤਾਂ ਤੇ ਬੰਦੇ ਇਕੱਠੇ ਹੋ ਗਏ। ਬੰਸੋ ਗੇਟ 'ਤੇ ਖੜ੍ਹੀ ਆਪਣੇ ਦਿਲ ਨਾਲ ਗੱਲਾਂ ਕਰਦੀ ਏ। ਓਦਣ ਕਿੱਥੇ ਸਨ ਇਹ ਲੋਕ? ਜਦ ਇਕ ਗ਼ਰੀਬ ਦਾ ਬੱਚਾ ਤੜਫ ਰਿਹਾ ਸੀ ਤੇ ਗ਼ਰੀਬਣੀ ਦੀ ਮਦਦ ਲਈ ਕੋਈ ਨਹੀਂ ਸੀ ਬਹੁੜਿਆ। ਇਕ ਕਾਰ 'ਚ ਪਾ ਕੁੱਤੇ ਨੂੰ ਹਸਪਤਾਲ ਲਿਜਾਇਆ ਗਿਆ। ਥੋੜ੍ਹੇ ਦਿਨਾਂ ਵਿਚ ਕੁੱਤਾ ਨੌ-ਘਰ-ਨੌ ਹੋ ਗਿਆ। ਬੰਸੋ ਦੁਬਾਰਾ ਆਪਣੇ ਕੰਮ 'ਤੇ ਲੱਗ ਗਈ। ਅੱਜ ਦੇ ਵਾਪਰੇ ਹਾਦਸੇ ਨੇ ਫਿਰ ਉਸ ਦੇ ਦਿਲ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਛਿੜਕ ਦਿੱਤਾ। ਉਸ ਦੇ ਮਨ ਅੰਦਰ ਆਪਣੇ ਲਾਡਲੇ ਦੀ ਮੌਤ ਦਾ ਦੁੱਖ ਸੀ। ਸੋਚਦੀ ਏ ਕਿ ਜੇ ਮੇਰੇ ਬੱਚੇ ਨੂੰ ਸਮੇਂ ਸਿਰ ਹਸਪਤਾਲ ਲੈ ਜਾਂਦੇ ਤਾਂ ਸ਼ਾਇਦ ਉਹ ਬਚ ਜਾਂਦਾ। ਨਾਲੇ ਆਮ ਧਾਰਨਾ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਪਰ ਮੈਨੂੰ ਨਹੀ ਲੱਗਦਾ। ਉਹ ਸਮੇਂ ਤਾਂ ਬੜੀ ਦੂਰ ਲੱਦ ਗਏ। ਇਨ੍ਹਾਂ ਸੋਚਾਂ 'ਚ ਗੁਆਚੀ ਹੋਈ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦੇ ਹੱਥੋਂ ਬੋਰੋਸਿਲ ਦਾ ਗਿਲਾਸ ਡਿਗ ਕੇ ਚਕਨਾ ਚੂਰ ਹੋ ਗਿਆ। ਟੀ. ਵੀ. ਰੂਮ 'ਚ ਬੈਠੀ ਮਿਸਿਜ਼ ਸ਼ਰਮਾ ਉੱਚੀ ਸਾਰੀ ਚਿੱਲਾਈ, 'ਨੀ ਬੰਸੋ ਕੀ ਤੋੜਤਾ ਈ।' ਇਹ ਬੋਲ ਕੰਨੀਂ ਪੈਂਦੇ ਹੀ ਉਹਦੇ ਦੁੱਖਾਂ ਦੀ ਛੋਹੀ ਲੜੀ ਟੁੱਟ ਗਈ।

-ਪਿੰਡ : ਵੜੈਚ, ਡਾਕ : ਘੁੰਮਣ ਕਲਾਂ, ਜ਼ਿਲ੍ਹਾ : ਗੁਰਦਾਸਪੁਰ।
ਫੋਨ : 81466-35586.


ਖ਼ਬਰ ਸ਼ੇਅਰ ਕਰੋ

ਯਾਦਾਂ ਦੇ ਝਰੋਖੇ 'ਚੋਂ

ਜਦੋਂ ਅਸੀਂ ਕਾਰ ਵਾਲੇ ਬਣੇ

ਸਮਾਂ ਹੈ ਕਿ ਕਈ ਵਾਰ ਗੇੜ ਪਾ ਕੇ ਬੀਤੇ ਦੀਆਂ ਯਾਦਾਂ ਨੂੰ ਸਾਕਾਰ ਕਰ ਦਿੰਦਾ ਹੈ, ਗੱਲ ਇਹ 1970 ਦੇ ਅੇੜ-ਗੇੜ ਦੀ ਏ ਜਦੋਂ ਆਰਥਿਕ ਪੱਖੋਂ ਡੰਗ ਟਪਾਈ ਦੇ ਗੇੜ 'ਚੋਂ ਗੁਜ਼ਰਦੇ ਅਸੀਂ ਚਿੱਤ ਹੱਥੋਂ ਮਜਬੂਰ ਹੋਏ ਕਾਰ ਵਾਲੇ ਬਣਨ ਦਾ ਚਾਅ ਪੂਰਾ ਕਰਦੇ-ਕਰਦੇ ਕਿਸੇ ਘਰ ਨਕਾਰਾ ਸਮਝ ਕੇ ਖੜ੍ਹੀ ਕੀਤੀ ਅੰਬੈਸਡਰ ਕਾਰ ਸਸਤੀ ਜਹੀ ਖਰੀਦ ਬੈਠੇ ਤੇੇ ਉਹਨੂੰ ਚਾਲੂ ਹਾਲਤ ਵਿਚ ਕਰਨ ਲਈ ਕਿਸੇ ਤਰ੍ਹਾਂ ਨੇੜਲੇ ਮਿਸਤਰੀ ਕੋਲ ਲੈ ਗਏ। ਕਾਰ ਦੇ ਚਾਰੇ ਪਾਸੇ ਗੇੜਾ ਜਿਹਾ ਦੇ ਕੇ ਉਸ ਪੁੱਛਿਆ, 'ਕੀ ਕਰਵਾਉਣਾ ਏਂ?' 'ਤੁਰਦੀ-ਫਿਰਦੀ ਕਰ ਦਿਓ' ਮੇਰੇ ਮੂੰਹੋਂ ਸਹਿਜ ਸੁਭਾਅ ਹੀ ਨਿਕਲ ਗਿਆ, ਹੋ ਜਾਊ ਉਹਨੇ ਵੀ ਉਸੇ ਲਹਿਜ਼ੇ 'ਚ ਜਵਾਬ ਦਿੱਤਾ। ਵੋਨਟ ਚੁੱਕ ਕੇ ਕੁਝ ਦੇਰ ਉਹਦੀਆਂ ਨਾੜਾਂ ਟੋਂਹਦਾ ਰਿਹਾ ਮੈਥੋਂ ਪੈਟਰੋਲ ਮੰਗਾ ਕਿ ਪਾਇਆ ਤੇ ਕੋਲ ਖੜ੍ਹੀ ਮੁਰੰਮਤ ਲਈ ਆਈ ਇਕ ਗੱਡੀ ਦੀ ਬੈਟਰੀ ਰੱਖ ਕੇ ਕਾਰ ਸਟਾਰਟ ਕਰ 'ਤੀ। 'ਇੰਜਣ ਉਂਜਣ ਕਿਵੇਂ ਆਂ' ਮੈਂ ਪੁੱਛਿਆ? 'ਇੰਜਣ ਤਾਂ ਵੀਰ ਅਖੀਰੀ ਸਾਹਾਂ 'ਤੇ ਆ, ਜਦੋਂ ਇੰਜਣ ਦਾ ਕੰਮ ਹੋਊ ਬਾਕੀ ਪੁਰਜ਼ਿਆਂ 'ਤੇ ਵੀ ਹੱਥ ਫਿਰ ਜੂ।' 'ਚਲੋ ਠੀਕ ਆ ਪਿਛਲੀ ਵਾਰ ਟਰੈਕਟਰ ਦਾ ਕਰਵਾਇਆ ਸੀ ਐਤਕੀਂ ਹਾੜ੍ਹੀ ਆਉਂਦੇ ਹੀ ਇਹਦੇ ਇੰਜਣ ਦਾ ਕੰਮ ਕਰਵਾ ਦਿਆਂਗੇ, ਦੋ ਤਾਂ ਮਹੀਨੇ ਰਹਿ ਗਏ ਨੇ', ਮੈਂ ਕਿਹਾ ਤੇ ਬੈਟਰੀ ਚਾਰਜ ਕਰਵਾ ਕੇ ਅਸੀਂ ਕਾਰ ਘਰ ਲੈ ਗਏ। ਪੁਰਾਣੀ ਹੋਵੇ ਭਾਵੇਂ ਨਵੀਂ ਕਾਰ ਤਾਂ ਕਾਰ ਈ ਸੀ, ਘਰੇ ਸਾਰੇ ਖੁਸ਼ ਸਨ ਚਲੋਂ ਕਿਤੇ ਜਾਣਾ, ਆਉਣਾ ਸੁਖਾਲਾ ਹੋ ਜਾਊ। ਮਾਂ ਨੇ ਸੁਹੰਢਣੀ ਹੋਣ ਦੀ ਅਸੀਸ ਦਿੱਤੀ। ਖੁਸ਼ੀ ਵਿਚ ਅਸੀਂ ਉਸੇ ਦਿਨ ਦਾਰਜੀ ਨੂੰ ਵੀ ਖਤ ਲਿਖ ਦਿੱਤਾ ਜਿਥੇ ਉਹ ਨੌਕਰੀ ਕਰਦੇ ਸਨ। ਖਤ ਮਿਲਿਆ ਤਾਂ ਖੁਸ਼ੀ ਉਨ੍ਹਾਂ ਨੂੰ ਵੀ ਨਾ ਪਚੀ ਆਪਣੇ ਵੱਡੇ ਅਫਸਰ ਨਾਲ ਗੱਲ ਸਾਂਝੀ ਕਰ ਦਿੱਤੀ। ਅਫ਼ਸਰ ਕਹਿਣ ਲੱਗਾ ਇਹ ਤਾਂ ਰੱਬ ਨੇ ਸਾਡੀ ਸੁਣ ਲਈ। ਘਰ ਵਾਲੀ ਰੋਜ਼ ਮਾਤਾ ਜੀ ਦੇ ਦਰਸ਼ਨਾਂ ਨੂੰ ਜਾਣ ਲਈ ਕਹਿੰਦੀ ਏ, 'ਨਾਲੇ ਫੁੱਲ ਨਾਲੇ ਫਲੀਆਂ' ਕਾਰ ਦੀ ਪਰਖ ਵੀ ਹੋ ਜੂ ਤੇ ਮਾਤਾ ਜੀ ਦੇ ਦਰਸ਼ਨ ਵੀ ਹੋ ਜਾਣਗੇ, ਆਹੀ ਐਤਵਾਰ ਅਰਥੇ ਲੱਗ ਜਾਏ ਤਾਂ ਚੰਗਾ ਏ ਤੁਸੀਂ ਬੰਦਾ ਭੇਜ ਕੇ ਕਾਰ ਮੰਗਵਾ ਈ ਲਓ। ਉਸੇ ਸ਼ਾਮ ਦਾਰਜੀ ਦੇ ਇਕ ਮੁਲਾਜ਼ਮ ਨੇ ਇਹ ਕਹਾਣੀ ਆਣ ਦੱਸੀ। ਮੈਨੂੰ ਕਹਿਣ ਲੱਗਾ ਸਵੇਰੇ ਆਪਾਂ ਚੱਲਣਾ ਏਂ। ਮੇਰੇ ਮਨ 'ਚ ਕਈ ਖਿਆਲ ਆਏ ਪਰ ਦਾਰਜੀ ਦੀ ਕਹੀ ਅਨੁਸਾਰ ਅਸੀਂ ਸਵੇਰੇ ਕਾਰ ਸੜਕੇ ਪਾ ਲਈ ਤੇ ਸਫਰ ਪੂਰਾ ਕਰਦੇ ਹੋਏ ਦੋ ਕੂ ਘੰਟੇ ਵਿਚ ਟਿਕਾਣੇ 'ਤੇ ਉੱਪੜ ਗਏ। ਰਾਹ 'ਚ ਕੇਰਾਂ ਡਿੱਗੀ ਵਿਚ ਲੱਗੇ ਤੇਲ ਚੁੱਕਣ ਵਾਲੇ ਪੰਪ ਨੇ ਕੋਈ ਰੁਕਾਵਟ ਆਉਣ 'ਤੇ ਝਟਕਾ ਜਿਹਾ ਮਾਰਿਆ ਪਰ ਫਿਰ ਆਪ ਹੀ ਸਹੀ ਹੋ ਗਿਆ। ਕਾਰ ਸਾਹਿਬ ਦੇ ਸਪੁਰਦ ਕਰਕੇ ਅਸੀਂ ਦਾਰਜੀ ਦੀ ਰਿਹਾਇਸ਼ 'ਤੇ ਆ ਗਏ। ਸਾਹਿਬ ਕਾਰ ਕਿੱਥੇ ਲੱਗਿਆ ਇਹ ਪੁੱਛਣ ਦਾ ਹੌਂਸਲਾ ਦਾਰਜੀ ਨੇ ਵੀ ਨਹੀਂ ਕੀਤਾ। ਅਗਲੀ ਸ਼ਾਮ ਦਾ ਕਹਿ ਕਿ ਸਾਹਿਬ ਅਗਲੀ ਰਾਤ ਵੀ ਨਾ ਮੁੜਿਆ। ਮੇਰੀਆਂ ਨਜ਼ਰਾਂ ਸੜਕ ਵੱਲ ਲੱਗੀਆਂ ਹੋਈਆਂ ਸਨ ਕਿ ਤੀਸਰੇ ਦਿਨ ਦੁਪਹਿਰੇ ਜਹੇ ਸਾਡੀ ਕਾਰ ਟੈਂਪੂ ਮਗਰ ਬੰਨੀ ਸ਼ਹਿਰ ਵੱਲ ਲੰਘ ਗਈ, ਅਸੀਂ ਪਿਓ-ਪੁੱਤ ਵੀ ਮਗਰੇ ਪਹੁੰਚ ਗਏ। ਸਾਨੂੰ ਵੇਖਦੇ ਸਾਹਿਬ ਬੋਲਿਆ, 'ਕਮਾਲ ਦੀ ਗੱਲ ਇਹ ਹੈ ਕਿ ਜਾਂਦੀ ਤਾਂ ਸਾਰੀਆਂ ਪਹਾੜੀਆਂ ਚੜ੍ਹ ਗਈ ਪਰ ਆਉਂਦਿਆਂ ਇਹ ਉਤਰਾਈ 'ਤੇ ਹੀ ਅੜ ਗਈ। ਮਿਸਤਰੀ ਕਹਿੰਦਾ ਇੰਜਣ 'ਚ ਗੜਬੜ ਏ। ਤੁਸੀਂ ਇਸ ਨੂੰ ਠੀਕ ਕਰਵਾ ਕਿ ਪਹਿਲਾਂ ਮੁੰਡੇ ਨੂੰ ਤੋਰੋ।' ਗੱਡੀ ਵਰਕਸ਼ਾਪ ਲਿਆ ਕੇ ਅਸੀਂ ਮਿਸਤਰੀ ਨੂੰ ਮਜਬੂਰੀ ਦੱਸੀ ਤੇ ਪਿੱਛੇ ਪਿੰਡ ਕੰਮ ਕਾਰ ਦੇ ਹੁੰਦੇ ਨੁਕਸਾਨ ਬਾਰੇ ਵੀ ਦੱਸਿਆ, ਉਹ ਭਲਾ ਪੁਰਸ਼ ਸਾਡੀ ਮਜਬੂਰੀ ਸਮਝ ਗਿਆ। ਸ਼ਾਮੀ ਉਹਨੇ ਇੰਜਣ ਨੂੰ ਖੋਲ੍ਹਣ ਲਈ ਹੱਥ ਪਾਇਆ, ਪੂਰੀ ਰਾਤ ਵਿਚ ਇੰਜਣ ਬੰਨ੍ਹ ਕੇ ਸਵੇਰੇ ਚਾਲੂ ਹਾਲਤ ਵਿਚ ਕਾਰ ਸਾਡੇ ਹਵਾਲੇ ਕਰ ਦਿੱਤੀ। ਦਾਰਜੀ ਨੂੰ ਰਾਹ 'ਚ ਲਾਹ ਕੇ ਮੈਂ ਪਿੰਡ ਨੂੰ ਤੁਰ ਪਿਆ, ਲੁਧਿਆਣੇ ਤੱਕ ਸਭ ਠੀਕ ਠਾਕ ਰਿਹਾ ਪਰ ਜਗਰਾਉਂ ਪੁਲ ਚੜ੍ਹਦਿਆਂ ਇਕ ਲੰਮਾਂ ਹਾਉਕਾ ਜਿਹਾ ਲੈਣ ਮਗਰੋਂ ਝਟਕਾ ਮਾਰ ਕੇ ਕਾਰ ਰੁਕ ਗਈ, ਸਟਾਰਟ ਨਾ ਹੋਈ ਮਿਸਤਰੀ ਲਿਆਂਦਾ, ਕਹਿੰਦਾ ਤੇਲ ਚੁੱਕਣ ਵਾਲਾ ਪੰਪ ਜਵਾਬ ਦੇ ਗਿਆ ਏ ਬਦਲਣਾ ਪਊ। ਕਾਰ ਇਕ ਦੁਕਾਨ 'ਤੇ ਖੜ੍ਹੀ ਕਰਕੇ ਭੂੰਡ ਟੈਂਪੂ 'ਤੇ ਬੈਠਾ ਪਿੰਡ ਨੂੰ ਆਉਂਦਾ ਮੈਂ ਇਹੀ ਸੋਚਦਾ ਰਿਹਾ ਕੇ ਕਿਵੇਂ ਇਨ੍ਹਾਂ ਮਹਿੰਗੇ ਸ਼ੌਕਾਂ 'ਚ ਉਲਝ ਕਿ ਆਮ ਆਦਮੀ ਬੇਲੋੜੇ ਖਰਚਿਆਂ ਦਾ ਤਾਣਾ ਆਪਣੇ ਦੁਆਲੇ ਬੁਣ ਲੈਂਦਾ ਏ ਜੇਕਰ ਇਨ੍ਹਾਂ ਹੀ ਰੁਪਇਆਂ ਦਾ ਮਾਂ ਨੂੰ ਘਰ ਦਾ ਸੌਦਾ ਲਿਆ ਕੇ ਦਿੱਤਾ ਹੁੰਦਾ ਤਾਂ ਉਸ ਨੇ ਕਈ ਮਹੀਨੇ ਮੌਜ ਨਾਲ ਲੰਘਾ ਲੈਣੇ ਸਨ।

-ਮੋਬਾਈਲ : --98144-51558..

ਕਹਾਣੀ

ਰੰਗ

ਉਹ ਸੋਚਦਾ ਪਿਆ ਸੀ, ਚੰਗੀ ਸਲਾਹ ਦਿੱਤੀ ਸਰਪੰਚ ਨੇ ਕਿ ਬਈ ਪਿੰਡ ਦੇ ਮੋਹਤਬਰ ਬੰਦੇ ਬੁਲਾ ਲੈਂਦੇ ਹਾਂ। ਸਾਰਿਆਂ ਦੀ ਰਾਇ ਲੈਣੀ ਚੰਗੀ ਹੁੰਦੀ ਹੈ। ਆਪਾਂ ਬਾਪੂ ਹੋਰਾਂ ਦੀ ਯਾਦ ਵਿਚ ਪਿੰਡ ਕੁਝ ਪੈਸੇ ਲਾਉਣ ਦਾ ਮਨ ਬਣਾਇਐ... ਦੋ ਜਣੇ ਬੈਠ ਕੇ ਸਲਾਹ ਕਰਦੇ ਤੇ ਗੱਲਾਂ ਮੁਕਾਂਦੇ। ਗੁਰਦੁਆਰੇ ਦਾ ਭਾਈ, ਕਾਮਰੇਡ, ਡੇਰੇ ਵਾਲੇ ਬਾਬੇ ਨੂੰ ਵੀ ਬੁਲਾ ਲਿਆ, ਨੰਬਰਦਾਰ ਵਗੈਰਾ ਤਾਂ ਆਉਣਾ ਹੀ ਸੀ।...
ਏਨੇ ਨੂੰ ਦਰਵਾਜ਼ਾ ਖੜਕਿਆ ਤੇ ਹਰਦੀਪ ਆ ਗਿਆ। 'ਆ ਯਾਰ! ਤੂੰ ਵੀ ਅੱਜ ਹੀ...।'
'ਕੀ ਬਣਿਆ ਫਿਰ...।'
'ਜਿੰਨੇ ਵੱਧ ਬੰਦੇ, ਓਨੀਆਂ ਵੱਧ ਰਾਵਾਂ। ਆਪਣੀ ਅਗਲੇ ਹਫ਼ਤੇ ਫਲਾਈਟ ਐ। ਆਪਣੇ ਯਾਰ ਫ਼ੌਜੀ ਦਾ ਬਜ਼ੁਰਗ ਕਹਿੰਦਾ, 'ਦੇਖ ਪੁੱਤ, ਮੇਰੀ ਗੱਲ ਮੰਨੇ ਤਾਂ ਬੱਚਿਆਂ ਦਾ ਪੜ੍ਹਨ ਦਾ ਕੁਝ ਕਰ। ਸਕੂਲ ਬਣਵਾ ਜਾ। ਤੇਰੇ ਵਰਗੇ ਸੱਜਣ ਬਣ ਜਾਣਗੇ ਪੜ੍ਹ-ਲਿਖ ਕੇ ਕੁਝ। ਤੇਰਾ ਤੇ ਤੇਰੇ ਬਾਪੂ ਦਾ ਗੁਣਗਾਨ ਕਰਨਗੇ। ਲੈ ਦੱਸੇ ਕੋਈ, ਸਕੂਲ ਇਕ ਫੁਲ ਟੈਮ ਕੰਮ ਐ। ਜਿਹੜੇ ਫੁਲ ਟੈਮ ਕਰਦੇ ਨੇ, ਉਹ ਵੀ ਨਹੀਂ ਚੰਗੀ ਤਰ੍ਹਾਂ ਤੋਰ ਸਕਦੇ। ਨਾਲੇ ਅਸੀਂ ਨਹੀਂ ਪੜ੍ਹੇ, ਦਸ-ਦਸ ਮੀਲ ਸਾਈਕਲਾਂ 'ਤੇ ਜਾ ਕੇ।'
'ਕਾਮਰੇਡ ਹੋਰਾਂ ਦੀ ਗੱਲ ਸੁਣ ਲੈ, ਕਹਿੰਦੇ, ਦੂਰ ਪਰੇ ਕੋਈ ਡਿਸਪੈਂਸਰੀ ਨ੍ਹੀਂ ਪੈਂਦੀ। ਰਾਤ ਕੀ ਦਾ ਕੀ ਵਾਪਰ ਜਾਵੇ, ਕੁਝ ਨ੍ਹੀ ਪਤਾ। ਕਈ ਕੇਸ ਹੋਏ। ਕੁਝ ਅਜਿਹਾ ਕਰ, ਤੇਰੇ ਬਜ਼ੁਰਗਾਂ ਦੀ ਆਤਮਾ ਖੁਸ਼ ਰਹੂਗੀ... ਡਿਸਪੈਂਸਰੀ ਦਾ ਕੰਮ ਤਾਂ ਸਕੂਲ ਨਾਲੋਂ ਵੀ ਔਖੇ ਹਰਦੀਪੇ। ਮੈਂ ਤਾਂ ਇਸੇ ਚੱਕਰ ਵਿਚ ਰਹੂੰ। ਨਾਲੇ ਪਿੰਡ ਵਿਚ ਡਾਕਟਰ ਟਿਕਦੈ ਕੋਈ। ਅਸੀਂ ਹੀ ਨਹੀਂ ਟਿਕੇ। ਉਹ ਤਾਂ ਅਮਰੀਕਾ-ਕੈਨੇਡਾ ਦਾ ਰਾਹ ਭਾਲਦੈ। ਕਾਮਰੇਡਾਂ ਦੇ ਦਿਮਾਗ ਦੀ ਸੂਈ ਵੀ ਇਕੋ ਥਾਂ ਹੀ ਟਿਕੀ ਹੋਈ ਹੈ।'
'ਮਾਸਟਰ ਨਰੈਣ ਸਿੰਘ, ਉਹ ਇਕੋ ਮੁਲਾਜ਼ਮ ਜੋ ਪਿੰਡ ਵਿਚ ਰਹਿੰਦੈ, ਕਹਿੰਦਾ ਤੂੰ ਕਮਿਊਨਿਟੀ ਹਾਲ ਬਣਵਾ। ਵਿਚੇ ਲਾਇਬ੍ਰੇਰੀ ਹੋਵੇ, ਬੱਚਿਆਂ ਲਈ ਖੇਡਾਂ ਹੋਣ, ਕੋਈ ਗੋਸ਼ਟੀ-ਪ੍ਰਵਚਨ ਹੋਵੇ, ਵਿਆਹ-ਸ਼ਾਦੀ ਹੋਵੇ। ਸਾਰਿਆਂ ਲਈ ਸਾਂਝੀ ਥਾਂ। ਗੱਲ ਤਾਂ ਜਚ ਗਈ। ਸਾਡੇ ਹੈ ਵੀ ਇਹ ਕਨਸੈਪਟ, ਪਰ ਇਥੇ ਕਿਤੇ। ਭਾਈ ਜੀ ਵਿਚੇ ਬੋਲ ਪਏ, ਇਹ ਕੰਮ ਗੁਰਦੁਆਰੇ ਹੋ ਹੀ ਰਿਹਾ ਹੈ, ਤੂੰ ਬਾਪੂ ਹੋਰਾਂ ਦੇ ਨਾਂਅ ਦੀ ਇੱਟ ਲਵਾ ਜਾ ਗੁਰਦੁਆਰੇ। ਨਾਲੇ ਇਹ ਗੱਲ ਵੀ ਹੈ ਕਿ ਕਮਿਊਨਿਟੀ ਹਾਲ ਨੂੰ ਚਲਾਵੇਗਾ ਕੌਣ? ਆਪਾਂ ਫਿਰ ਕਦੇ ਮੁੜਨਾ ਹੈ ਕਿ ਨਹੀਂ? ਜੇ ਮੁੜਨਾ ਵੀ ਹੈ ਤਾਂ ਕਿੰਨੇ ਸਮੇਂ ਮਗਰੋਂ? ਕੋਈ ਪਤਾ ਨਹੀਂ।'
'ਫਿਰ ਕਿਤੇ ਗੱਲ ਸਿਰੇ ਵੀ ਲੱਗੀ?' ਹਰਦੀਪ ਨੇ ਪੁੱਛਿਆ।
'ਕਿਥੋਂ ਲਗਣੀ ਸੀ, ਮੈਂ ਕਿਹਾ ਸੋਚਦੇ ਆਂ ਫਿਰ। ਮੈਂ ਤਾਂ ਚਾਹੁਨਾਂ ਕੋਈ ਅਜਿਹੀ ਯਾਦਗਾਰ ਬਣਾਈਏ ਫਿਰ ਨਾ ਕੋਈ ਝੰਜਟ ਰਹੇ। ਸਦੀਵੀ ਯਾਦਗਾਰ ਬਣਾਈਏ।'
ਹਰਜੀਤ ਨੇ ਕਿਹਾ, 'ਤੇਰਾ ਮਤਲਬ, ਉਹ ਕਿਹੜਾ ਮੁਹਾਵਰਾ ਹੈ, ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ।'
'ਚਲੋ ਇੰਜ ਨਾ ਸਹੀ, ਮਾੜਾ ਮੋਟਾ ਲਾਵਾਂਗੇ ਵੀ। ਪਰ ਕੰਮ ਜ਼ਰੂਰ... ਮੇਰਾ ਮਤਲਬ ਰੰਗ ਚੋਖਾ...', ਤੇ ਦੋਵੇਂ ਹੱਸ ਪਏ।
'ਤੂੰ ਯਾਰ ਫਿਰ ਮੇਰੀ ਗੱਲ ਮੰਨ। ਮੈਂ ਆਪਣੀ ਭੂਆ ਦੇ ਪਿੰਡ ਗਿਆ ਸੀ ਨਾ ਅੱਜ', ਹਰਦੀਪ ਨੇ ਕਿਹਾ, 'ਤੂੰ ਨਾ ਇੰਜ ਕਰ, ਪਿੰਡ ਦੇ ਬਾਹਰਵਾਰ ਗੇਟ ਬਣਵਾ। ਨਾਲੇ ਸਭ ਦੀ ਜ਼ਬਾਨ 'ਤੇ ਚੜ੍ਹਿਆ ਰਹੂਗਾ... ਉਸ ਪਿੰਡ ਜਿਥੇ ਵੱਡਾ ਗੇਟ... ਗੇਟ ਵਾਲੇ ਪਿੰਡ ਦੇ ਲਾਗਲਾ ਪਿੰਡ ...ਗੇਟ ਦੇ ਨਾਲ ਹੀ ਸੱਜੇ...। ਇਕੋ ਵਾਰੀ ਜੋ ਲੱਖ ਦੋ ਲੱਖ ਲਗਾਉਣਾ ਹੈ ਲਾ। ਫਿਰ ਜਦੋਂ ਪੰਜੀਂ-ਸੱਤੀਂ ਸਾਲੀਂ ਆਵੇਂ ਪੇਂਟ, ਡਿਸਟੈਂਪਰ ਜੋ ਤੇਰਾ ਦਿਲ ਕਰੇ ਕਰਵਾ ਦੇਵੀਂ। ਨਹੀਂ ਤਾਂ ਮੌਕੇ ਨੂੰ ਦੇਖਦਿਆਂ ਕੋਈ ਕਰਵਾ ਕਰਵੂ ਦਿਆ ਕਰੂ। ਨਾਲੇ ਆਪਾਂ ਤਾਂ ਇਹੀ ਦੇਖਿਐ। ਉਸ ਦਾ ਬਣਦਾ ਹੈ ਗੇਟ, ਜੋ ਬੰਦਾ ਗ੍ਰੇਟ।'
'ਇਹ ਹੋਈ ਨਾ ਸਹੀ ਸਲਾਹ, ਆਪਣੇ ਯਾਰ ਹੀ ਦੇ ਸਕਦੇ ਨੇ, ਜੱਚ ਗਈ ਬਾਈ ਸਿਆਂ।'

-ਡਾ: ਸ਼ਿਆਮ ਸੁੰਦਰ ਦੀਪਤੀ
97, ਗੁਰੂ ਨਾਨਕ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ।
ਮੋਬਾਈਲ : 98158-08506. ਈਮੇਲ:drdeeptiss@gmail.com

ਹੱਕ

ਇਕ ਦਿਨ ਇਕ ਬੱਚਾ ਆਪਣੀ ਮਾਂ ਨੂੰ ਪੁੱਛਦਾ, 'ਮਾਂ-ਮਾਂ, ਇਹ ਔਰਤਾਂ ਦਾ ਹੱਕ ਕੀ ਹੁੰਦਾ ਹੈ, ਮੈਨੂੰ ਟੀਚਰ ਨੇ ਇਸ 'ਤੇ ਲੇਖ ਲਿਖਣ ਲਈ ਕਿਹਾ ਹੈ'। ਮਾਂ ਨੇ ਜਵਾਬ ਦਿੱਤਾ ਕਿ ਬੇਟਾ ਇਹ ਵੀ ਪਿਛਲੇ ਲੇਖ ਵਾਂਗ ਇਕ ਟਾਪਿਕ ਹੀ ਹੈ, ਅਸਲ ਵਿਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਬੇਟਾ ਆਪਣੀ ਮਾਂ ਦੇ ਜਵਾਬ ਤੋਂ ਅਸੰਤੁਸਟ ਸੀ ਅਤੇ ਕਹਿਣ ਲੱਗਾ ਕਿ, 'ਨਹੀਂ ਮਾਂ, ਟੀਚਰ ਨੇ ਸਮਝਾਇਆ ਹੈ ਕਿ ਇਸ ਟਾਪਿਕ ਨੂੰ ਸਮਝ ਕੇ ਫਿਰ ਲਿਖਣਾ ਹੈ'। ਮਾਂ ਕੰਮ ਵਿਚ ਰੁੱਝੀ ਹੋਣ ਕਾਰਨ ਅਵੇਸਲੇ ਜਿਹੇ ਮੰਨ ਨਾਲ ਬੋਲੀ ਕਿ 'ਬੇਟਾ, ਗੱਲ ਤਾਂ ਸਾਰੀ ਨੰਬਰ ਪ੍ਰਾਪਤ ਕਰਨ ਦੀ ਹੈ, ਤੂੰ ਕੰਪਿਊਟਰ 'ਤੇ ਸਰਚ ਕਰਕੇ ਇਕ ਵਧੀਆ ਲੇਖ ਬਣਾ ਲਵੀਂ, ਫਿਰ ਟੀਚਰ ਸਮਝਣ ਬਾਰੇ ਕੁਝ ਨਹੀਂ ਕਹੇਗੀ।' ਬੇਟਾ ਮਨ ਹੀ ਮਨ ਸੋਚਣ ਲੱਗਾ ਕਿ ਜੇ ਟੀਚਰ ਸਹੀ ਹੁੰਦੀ ਤਾਂ ਮੇਰੀ ਮਾਂ, ਜੋ ਕਿ ਇਕ ਔਰਤ ਹੈ, ਨੂੰ ਔਰਤਾਂ ਦੇ ਹੱਕਾਂ ਬਾਰੇ ਜ਼ਰੂਰ ਪਤਾ ਹੋਣਾ ਸੀ। ਜੇਕਰ ਮੇਰੀ ਮਾਂ ਆਪਣੇ ਕੰਮ ਵਿਚ ਰੁੱਝੀ, ਇਹ ਕਹਿ ਰਹੀ ਹੈ ਕਿ ਅਜਿਹੀਆਂ ਗੱਲਾਂ ਕੇਵਲ ਨੰਬਰ ਲੈਣ ਦੇ ਲਈ ਹੁੰਦੀਆਂ ਹਨ, ਤਾਂ ਸੱਚ ਵਿਚ ਔਰਤਾਂ ਦੇ ਹੱਕਾਂ ਵਰਗੀ ਕੋਈ ਚੀਜ਼ ਨਹੀਂ ਹੋਣੀ।

-ਪੁਸ਼ਪਾਲ ਸਿੰਘ
126, ਅਨੰਦ ਐਵੀਨਿਊ, ਅੰਮ੍ਰਿਤਸਰ।
ਮੋਬਾਈਲ-84270-22290.

ਚਾਹ ਦਾ ਕੱਪ ਤੇ ਗੱਪ-ਸ਼ੱਪ

ਪਿਛਲੇ ਹਫ਼ਤੇ ਅਸੀਂ ਕਈ ਸਹੇਲੀਆਂ ਫਿਰ ਇਕ ਪਾਰਟੀ 'ਤੇ ਇਕੱਠੀਆਂ ਹੋ ਗਈਆਂ ਤੇ ਹਰਜ਼ ਵੀ ਕੀ ਸੀ। ਚਾਹ ਦੇ ਕੱਪ 'ਤੇ ਅਸੀਂ ਇਕ-ਦੂਜੇ ਨੂੰ ਮਿਲ ਵੀ ਸਕਦੇ ਹਾਂ ਤੇ ਗੱਪ-ਸ਼ੱਪ ਮਾਰ ਕੇ ਆਪਣੇ ਦਿਲ ਦੀ ਭੜਾਸ ਵੀ ਕੱਢ ਲੈਂਦੇ ਹਾਂ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਡੇ ਹੱਥ ਵਿਚ ਫੜਿਆ ਚਾਹ ਦਾ ਕੱਪ ਕਿੰਨੇ ਬੰਦਿਆਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ, ਹਜ਼ਾਰਾਂ ਖੇਤ ਮਜ਼ਦੂਰਾਂ ਨੂੰ ਚਾਹ ਦੇ ਬਾਗ਼ਾਂ ਵਿਚ ਰੁਜ਼ਗਾਰ ਮਿਲਦਾ ਹੈ। ਸ੍ਰੀਲੰਕਾ ਵੱਲ ਵੇਖੋ। ਪਿਛਲੇ ਮਹੀਨੇ ਉਸ ਦੇ ਹਾਈ ਕਮਿਸ਼ਨਰ ਨੇ ਇਕ ਅੰਤਰਰਾਸ਼ਟਰੀ ਟੀ ਪਾਰਟੀ ਦਾ ਆਯੋਜਨ ਬੜੇ ਜੋਸ਼ ਤੇ ਫਖਰ ਨਾਲ ਕੀਤਾ। ਇਸ ਵਿਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਸ਼ਾਮਿਲ ਹੋਏ। ਇਨ੍ਹਾਂ ਸਭ ਨੇ ਸ੍ਰੀਲੰਕਾ ਦੀ ਵਧੀਆ ਚਾਹ ਦੀ ਖੁਸ਼ਬੂ ਤੇ ਸੁਆਦ ਦਾ ਮਜ਼ਾ ਲਿਆ। ਸ੍ਰੀਲੰਕਾ ਨੇ ਇਸ ਤਰ੍ਹਾਂ ਉਥੇ ਪੈਦਾ ਹੋਣ ਵਾਲੀ ਚਾਹ ਦੀ ਸ਼ਾਨਦਾਰ ਨੁਮਾਇਸ਼ ਕੀਤੀ। ਚਾਹ, ਉਸ ਦੇਸ਼ ਨੂੰ ਭਾਰਤ ਦੀ ਤਰ੍ਹਾਂ, ਹੋਰ ਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਕਮਾ ਕੇ ਦਿੰਦੀ ਹੈ।
ਸਾਡੀ ਪਾਰਟੀ ਤਾਂ ਇਕ ਛੋਟੀ ਜਿਹੀ ਸੀ ਤੇ ਗੱਪ-ਸ਼ੱਪ ਹਲਕੀ-ਫੁਲਕੀ ਪਰ ਦਿਲਚਸਪ। ਹੁਣੇ ਹੁਣੇ ਇਕ ਸਹੇਲੀ ਨੇ ਆਪਣੀ ਕੁੜੀ ਦੀ ਮੰਗਣੀ ਕੀਤੀ ਸੀ । ਅਸੀਂ ਸਭ ਨੇ ਉਸ ਨੂੰ ਵਧਾਈ ਦਿੱਤੀ। ਉਸ ਨੇ ਦੱਸਿਆ ਉਸ ਦਾ ਹੋਣ ਵਾਲਾ ਜਵਾਈ ਬੜਾ ਚੰਗਾ ਮੁੰਡਾ ਹੈ। ਉੇਸ ਦੇ ਇਹ ਕਹਿਣ ਦੀ ਦੇਰ ਸੀ ਕਿ ਗੱਪ-ਸ਼ੱਪ ਦੀ ਸੂਈ 'ਜਵਾਈ' 'ਤੇ ਹੀ ਅਟਕ ਗਈ। ਪਹਿਲੀ ਬੋਲੀ :
'ਜਾਣ ਦੇ ਐਵੇਂ ਸ਼ਿਫਤਾਂ ਨਾ ਕਰ, 'ਜਵਾਈ ਤਾਂ ਰਬੜ ਦਾ ਵੀ ਮਾੜਾ ਹੁੰਦਾ ਹੈ।'
'ਨਾ ਨਾ, ਇੰਜ ਨਾ ਕਹਿ' ਇਕ ਹੋਰ ਬੋਲੀ।
ਤਦੇ ਹੀ ਤੀਜੀ ਬੋਲੀ 'ਬਈ ਮੈਨੂੰ ਨਹੀਂ ਪਤਾ ਕਿ ਜਵਾਈ ਚੰਗੇ ਹੁੰਦੇ ਹਨ ਕਿ ਮਾੜੇ। ਪਰ ਮੈਂ ਜਦੋਂ ਵੀ ਆਪਣੇ ਵਿਆਹ ਤੋਂ ਬਾਅਦ ਇਕੱਲੀ ਪੇਕੇ ਜਾਂਦੀ ਸੀ ਤਾਂ ਖੂਬ ਮਜ਼ੇ ਕਰਦੀ। ਆਪਣੇ ਟੱਬਰ ਨਾਲ ਖੂਬ ਗੱਪਾਂ ਮਾਰਨੀਆਂ, ਘੰਟਿਆਂ-ਬੱਧੀ ਟੀ. ਵੀ. ਵੇਖਣਾ, ਬਾਜ਼ਾਰ ਵਿਚ ਘੁੰਮਣਾ ਤੇ ਕਦੇ ਸਿਨੇਮਾ ਹਾਲ ਵਿਚ ਜਾ ਕੇ ਪਿਕਚਰ ਵੀ ਵੇਖਣੀ। ਪਰ ਜਦੋਂ ਮੇਰੇ ਪਤੀ ਮੇਰੇ ਨਾਲ ਜਾਂਦੇ ਤਾਂ ਲਗਦਾ ਸੀ ਜਿਵੇਂ ਕਰਫਿਊ ਲਗ ਗਿਆ ਹੋਵੇ। ਹਰ ਇਕ ਬੰਦਾ ਸੋਚ-ਸਮਝ ਕੇ ਗੱਲ ਕਰਦਾ। ਖਾਣੇ ਵਿਚ ਕੀ ਬਣਨਾ ਹੈ, ਚਾਹ ਨਾਲ ਕੀ ਪਰੋਸਣਾ ਹੈ। ਬਸ ਸਾਰਾ ਵਕਤ ਇਸੇ ਤਰ੍ਹਾਂ ਲੰਘ ਜਾਂਦਾ। ਹੋਰ ਤੇ ਹੋਰ ਮੇਰਾ ਵੀ ਸਾਰਾ ਧਿਆਨ ਇਸੇ ਕੰਮ ਵਿਚ ਲੱਗ ਜਾਂਦਾ ਕਿ ਪਤੀ ਦੀ ਹਰ ਮੰਗ ਪੂਰੀ ਹੋਵੇ ਤੇ ਉਨ੍ਹਾਂ ਦਾ ਉਚੇਚਾ ਧਿਆਨ ਰੱਖਿਆ ਜਾਵੇ। ਮੇਰਾ ਤਾਂ ਪੇਕੇ ਜਾਣ ਦਾ ਮਜ਼ਾ ਹੀ ਕਿਰਕਰਾ ਹੋ ਜਾਂਦਾ। ਹਾਲਾਂ ਕਿ ਮੇਰੇ ਪਤੀ ਇਕ ਅੱਛੇ ਇਨਸਾਨ ਹਨ'। 'ਲਓ, ਮੇਰੀ ਵੀ ਸੁਣ ਲਓ। ਮੇਰੇ ਪਤੀ ਕਦੀ ਵੀ ਮੇਰੇ ਨਾਲ ਮੇਰੇ ਪੇਕੇ ਜਾਹ ਕੇ ਰਾਜ਼ੀ ਨਹੀਂ ਸਨ। ਹਮੇਸ਼ਾ ਜਦੋਂ ਪ੍ਰੋਗਰਾਮ ਬਣਦਾ ਕਹਿੰਦੇ 'ਜਾ ਤੂੰ ਚਲੀ ਜਾਹ ਤੇ ਘਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਮਜ਼ੇ ਕਰ।' ਪਰ ਮੇਰੇ ਆਪਣੇ ਘਰ ਵਾਲੇ ਬੱਸ ਇਹੀ ਪੁੱਛ-ਪੁੱਛ ਕੇ ਪ੍ਰੇਸ਼ਾਨ ਕਰ ਦਿੰਦੇ 'ਤੇਰਾ ਘਰਵਾਲਾ ਨਾਲ ਕਿਉਂ ਨਹੀਂ ਆਇਆ?' ਜਿਵੇਂ ਉਹ ਸੱਗੀ ਨਾਲ ਪਰਾਂਦਾ ਹੋਵੇ'।
ਪਹਿਲੀ ਸਹੇਲੀ ਬੋਲੀ, 'ਬਈ ਤੁਸੀਂ ਜੋ ਮਰਜ਼ੀ ਕਹੋ ਜਵਾਈ ਤਾਂ 'ਜਵਾਈ ਰਾਜਾ' ਹੀ ਹੁੰਦਾ ਹੈ। ਮੇਰੀ ਕੁੜੀ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ ਦੋ ਬੱਚੇ ਵੀ ਹਨ। 'ਜਵਾਈ ਰਾਜੇ' ਦਾ ਇਕ ਦਿਨ ਫੋਨ ਆਇਆ, 'ਮੰਮੀ ਜੀ, ਤੁਹਾਡੀ ਬੇਟੀ ਨਾ ਮੇਰਾ ਖਿਆਲ ਰੱਖਦੀ ਹੈ ਤੇ ਨਾ ਮੇਰੇ ਘਰ ਵਾਲਿਆਂ ਦਾ। ਪਤਾ ਨਹੀਂ ਇਸ ਨੂੰ ਕੀ ਹੋ ਗਿਆ। ਜ਼ਰਾ ਇਸ ਨੂੰ ਸਮਝਾਓ'। , 'ਕਾਕਾ, ਮੇਰੀ ਗੱਲ ਧਿਆਨ ਨਾਲ ਸੁਣ। ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਗਾਰੰਟੀ ਮੈਂ ਕਦੇ ਲਈ ਨਹੀਂ ਸੀ ਤੇ ਵਾਰੰਟੀ ਦਾ ਸਮਾਂ ਖਤਮ ਹੋ ਚੁੱਕਾ ਹੈ। ਤੁਹਾਡੇ ਰਿਸ਼ਤੇ 'ਤੇ ਦੋ ਬੱਚਿਆਂ ਦੀਆਂ ਮੋਹਰਾਂ ਵੀ ਲੱਗ ਚੁੱਕੀਆਂ ਹਨ। ਤੂੰ ਜਾਣੇ ਜਾਂ ਤੇਰੀ ਘਰਵਾਲੀ। ਮੈਂ ਤਾਂ ਇਹ ਕਹਿ ਕੇ ਫੋਨ ਰੱਖ ਦਿੱਤਾ।' ਉਹ ਮਨ ਦੀ ਭੜਾਸ ਕੱਢਦਿਆਂ ਬੋਲੀ, 'ਭਲਾਂ ਅੱਜਕਲ੍ਹ ਦੇ ਜ਼ਮਾਨੇ ਵਿਚ ਕੋਈ ਵੀ ਮਾਂ ਬਾਪ ਆਪਣੇ ਮੁੰਡੇ ਜਾਂ ਕੁੜੀ ਦੀ ਗਾਰੰਟੀ ਲੈ ਸਕਦਾ ਹੈ? ਫਿਰ ਜਵਾਈ ਵਲੋਂ ਇਹੋ ਜਿਹਾ ਉਲਾਂਭਾ ਕਿਉਂ?'
ਹੁਣ ਤਾਂ ਹਰ ਇਕ ਨੇ ਕੁਝ ਨਾ ਕੁਝ ਕਹਿਣਾ ਸੀ। ਇਕ ਬੋਲੀ, 'ਤੁਸੀਂ ਜੋ ਮਰਜ਼ੀ ਕਹੋ ਇਹ ਤਾਂ ਮਨਣਾ ਪਵੇਗਾ ਕਿ ਸਹੁਰੇ ਤੇ ਜਵਾਈ ਦਾ ਰਿਸ਼ਤਾ ਉਪਚਾਰਿਕਤਾ ਵਾਲਾ ਰਿਸ਼ਤਾ ਹੈ। ਚਾਹੇ ਸਹੁਰਾ ਵੀਹ ਵਾਰੀ ਜਵਾਈ ਨੂੰ ਪੁੱਤ ਕਹੇ ਪਰ ਜਵਾਈ ਦਾ ਰਿਸ਼ਤਾ ਉਹੋ ਹੀ ਰਹਿੰਦਾ ਹੈ। ਐਵੇਂ ਤਾਂ ਨਹੀਂ ਬਣੇ ਅਜਿਹੇ ਮੁਹਾਵਰੇ: 'ਉਹ ਪਿੰਡ ਦਾ ਜਵਾਈ ਹੈ ਉਸ ਦੀ ਗੱਲ ਨਾ ਕੋਈ ਟਾਲੇ। ਹੁਣ ਤਾਂ ਰਾਜਨੀਤਿਕ ਪਾਰਟੀਆਂ- ਚਾਹੇ ਉਹ ਅਮਰੀਕਨ ਹੋਣ ਜਾਂ ਭਾਰਤੀ, ਦੇ ਵੀ ਜਵਾਈ ਉਠ ਖੜ੍ਹੇ ਹੋਏ ਨੇ'।
ਗੱਪ-ਸ਼ੱਪ ਗੰਭੀਰ ਹੋ ਰਹੀ ਸੀ। ਮੈਂ ਕਿਹਾ ਛੱਡੋ ਇਨ੍ਹਾਂ ਗੰਭੀਰ ਗੱਲਾਂ ਨੂੰ ਮੈਂ ਤੁਹਾਨੂੰ ਪੱਛਮੀ ਬੰਗਾਲ ਕਲਕੱਤੇ, ਦੀ ਇਕ ਮਜ਼ੇਦਾਰ ਗੱਲ ਸੁਣਾਉਂਦੀ ਹਾਂ। ਉਥੇ ਤਾਂ ਬਾਕਾਇਦਾ 'ਜਵਾਈ ਦਿਵਸ' ਮਨਾਇਆ ਜਾਂਦਾ ਹੈ। ਉਸ ਦਿਨ ਦੇਵਤਿਆਂ ਦੀ ਪੂਜਾ ਸਾਮਾਨ ਜਵਾਈਆਂ ਦੀ ਇੱਜ਼ਤ ਤੇ ਟਹਿਲ ਸੇਵਾ ਕੀਤੀ ਜਾਂਦੀ ਹੈ। ਇਸ ਲਈ ਕਈ ਦਫਤਰਾਂ ਵਿਚ ਬਾਕਾਇਦਾ ਅੱਧੇ ਜਾਂ ਪੂਰੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਇਕ ਵਾਰੀ ਇਕ ਸਰਕਾਰੀ ਦਫਤਰ ਦਾ ਮੁਖੀਆ ਗ਼ੈਰ-ਬੰਗਾਲੀ ਸੀ ਜੋ ਇਸ ਰਸਮ ਤੋਂ ਥੋੜ੍ਹਾ ਨਾਵਾਕਿਫ ਸੀ। ਲੰਚ ਬਰੇਕ ਤੋਂ ਪਹਿਲਾਂ ਅਧੀਨ ਬੰਗਾਲੀ ਕਾਮੇ ਉਸ ਪਾਸ ਗਏ ਤੇ ਮੰਗ ਕੀਤੀ:
'ਸਰ, ਆਜ ਜਵਾਈ ਦਿਵਸ ਹੈ ਲੰਚ ਕੇ ਬਾਅਦ ਦਫਤਰ ਬੰਦ ਕਰ ਦੇਂ'
ਮੁਖੀਏ ਨੂੰ ਦੁਰਗਾ ਪੂਜਾ ਤੇ ਇਸ ਦੀਆਂ ਰਸਮਾਂ ਬਾਰੇ ਜਾਣਕਾਰੀ ਸੀ। ਹੱਸ ਕੇ ਬੋਲਿਆ , 'ਆਜ ਤੋ ਮੈਂ ਆਧੇ ਦਿਨ ਕੀ ਛੁੱਟੀ ਕਰ ਦੂੰਗਾ ਲੇਕਿਨ ਦੋ ਦਿਨ ਕੇ ਬਾਅਦ ਜਵਾਈ 'ਵਿਸਰਜਣ' ਕੇ ਲੀਏ ਛੁੱਟੀ ਨਾ ਮਾਂਗਨਾ। ਅਗਰ ਆਪ ਨੇ ਜਵਾਈਓਂ ਕੋ ਹੁਗਲੀ ਦਰਿਆ ਮੇਂ ਬਹਾ ਦੀਆ ਤੋ ਦਫਤਰ ਕੈਸੇ ਚਲੇਗਾ।'
ਚਲੋ ਇਹ ਤਾਂ ਹੋਇਆ ਇਕ ਮਜ਼ਾਕ ਪਰ ਫਿਰ ਵੀ ਇਹ ਦੱਸਦਾ ਹੈ ਕਿ ਸਾਡੇ ਪੁਰਸ਼ ਪ੍ਰਧਾਨ ਸਮਾਜ ਵਿਚ 'ਜਵਾਈ' ਦੀ 'ਨੂੰਹ' ਦੇ ਮੁਕਾਬਲੇ ਕਿੰਨੀ ਜ਼ਿਆਦਾ ਅਹਿਮੀਅਤ ਹੈ। ਸਹੀ ਗੱਲ ਤਾਂ ਇਹ ਹੈ ਕਿ ਸਾਨੂੰ ਆਪਣੇ ਬੇੇਟਿਆਂ ਨੂੰ 'ਜਵਾਈ' ਦੇ ਲੱਛਣ ਅਪਨਾਉਣ ਤੋਂ ਰੋਕਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਪਤਨੀ ਤੇ ਉਸ ਦੇ ਘਰ ਵਾਲਿਆਂ ਨਾਲ ਪਿਆਰ ਤੇ ਸਮਝਦਾਰੀ ਨਾਲ ਵਰਤਣ। ਅੱਜ ਵੀ ਜਦੋਂ ਪੁੱਤਰ ਸਹੁਰੇ ਘਰ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ, ਮੈਂ ਕਈ ਮਾਵਾਂ ਨੂੰ ਕਹਿੰਦੇ ਸੁਣਿਆ ਹੈ , 'ਬੇਟਾ ਰੋਹਬ ਨਾਲ ਰਹੀਂ ਤੂੰ ਉਸ ਘਰ ਦਾ ਜਵਾਈ ਹੈਂ।'
ਭਲਾ ਇਹ ਵੀ ਕੋਈ ਕਹਿਣ ਵਾਲੀ ਗੱਲ ਹੈ!


-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ।
ਮੋਬਾਈਲ : 95015-31277.

ਮੁੱਲ ਦਾ ਪਿਆਰ

ਜਗਤ ਰਾਮ ਆਪਣੇ ਇਲਾਕੇ ਦਾ ਕਹਿੰਦਾ ਕਹਾਉਂਦਾ ਵਪਾਰੀ ਸੀ। ਕਈ ਫੈਕਟਰੀਆਂ ਅਤੇ ਹੋਰ ਕਾਰੋਬਾਰਾਂ ਕਾਰਨ ਉਸ ਕੋਲ ਇਕ ਸਕਿੰਟ ਦੀ ਵੀ ਵਿਹਲ ਨਹੀਂ ਸੀ। ਹੋਰ ਪੈਸਾ ਕਮਾਉਣ ਦੀ ਦੌੜ ਵਿਚ ਜਗਤ ਰਾਮ ਦੇਸ਼-ਵਿਦੇਸ਼ 'ਚ ਜਾਂਦਾ ਰਹਿੰਦਾ। ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਤਿੰਨਾਂ ਬੱਚਿਆਂ ਦੀ ਸਾਂਭ-ਸੰਭਾਲ ਲਈ ਦਰਜਨ ਦੀ ਗਿਣਤੀ ਵਿਚ ਨੌਕਰ ਰੱਖ ਦਿੱਤੇ ਅਤੇ ਅਕਸਰ ਹੀ ਆਪਣੇ ਨੌਕਰਾਂ ਨੂੰ ਆਖਦਾ ਕਿ 'ਮੇਰੇ ਕੋਲੋਂ ਪੈਸੇ ਬੇਸ਼ੱਕ ਦੁੱਗਣੇ ਮੰਗ ਲਵੋ, ਪਰ ਮੇਰੇ ਬੱਚਿਆਂ ਨੂੰ ਬਿਲਕੁਲ ਤਕਲੀਫ ਨਹੀਂ ਆਉਣੀ ਚਾਹੀਦੀ।' ਨੌਕਰ ਵੀ ਬੱਚਿਆਂ ਦਾ ਪੂਰਾ-ਪੂਰਾ ਖਿਆਲ ਰੱਖਦੇ। ਜਗਤ ਰਾਮ ਮਹੀਨੇ 'ਚ ਇਕ-ਦੋ ਵਾਰ ਬੱਚਿਆਂ ਨੂੰ ਮਿਲਦਾ। ਸਮਾਂ ਬੀਤਦਾ ਗਿਆ ਜਗਤ ਰਾਮ ਬਜ਼ੁਰਗ ਹੋ ਗਿਆ ਅਤੇ ਉਸ ਦੇ ਬੱਚੇ ਡਾਕਟਰ, ਇੰਜੀਨੀਅਰ ਤੇ ਇਕ ਵਿਦੇਸ਼ 'ਚ ਸੈਟਲ ਹੋ ਗਿਆ। ਅਖੀਰ ਨੂੰ ਜਗਤ ਰਾਮ ਬਿਮਾਰੀ ਕਾਰਨ ਮੰਜੇ 'ਤੇ ਪੈ ਗਿਆ, ਪਰ ਹੁਣ ਜਗਤ ਰਾਮ ਦੇ ਬੱਚਿਆਂ ਕੋਲ ਕਾਰੋਬਾਰਾਂ 'ਚੋਂ ਨਿਕਲਣ ਦੀ ਵਿਹਲ ਨਹੀਂ ਸੀ। ਉਧਰ ਜਗਤ ਰਾਮ ਦੇ ਬੱਚਿਆਂ ਨੇ ਆਪਣੇ ਬਾਪ ਵਾਂਗ ਨੌਕਰਾਂ ਨੂੰ ਫੋਨ ਕਰਕੇ ਆਖ ਦਿੱਤਾ ਕਿ 'ਸਾਡੇ ਕੋਲ ਆਉਣ ਦਾ ਸਮਾਂ ਨਹੀਂ ਹੈ ਅਤੇ ਪਿਤਾ ਜੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। 'ਥੋਨੂੰ ਜਿੰਨੇ ਵੀ ਪੈਸਿਆਂ ਦੀ ਲੋੜ ਹੈ, ਤੁਸੀਂ ਦੱਸ ਦੇਣਾ।


-ਅਜੀਤ ਸਿੰਘ ਅਖਾੜਾ, ਮੋਬਾਈਲ : 95925-51348.

ਸਾਡਾ ਕਤਾਰ ਬਦਲੀ ਦਾ ਚੱਕਰ

ਸ਼ਹਿਰ ਦੇ ਨਾਮਵਰ ਬੈਂਕ ਦੀ ਕਤਾਰ ਦੀ ਲੰਬਾਈ ਵੇਖ ਕੇ ਮੈਂ ਦੰਗ ਰਹਿ ਗਿਆ। ਅੱਜ ਤਾਂ ਇਸ ਕਤਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਸੀ। ਮੈਂ ਥੋੜ੍ਹਾ ਜਿਹਾ ਹੋਰ ਅੱਗੇ ਵਧਿਆ। ਲਓ! ਕਮਾਲ ਹੋਗੀ, ਦੂਸਰੀ ਹੋਰ ਕਤਾਰ ਸੀ, ਉਹਦੇ ਪਿਛਲੇ ਪਾਸੇ ਬੀਬੀਆਂ ਦੀ ਲੰਮੀ ਕਤਾਰ ਸੀ। ਕਿਹੜੇ ਵੇਲੇ ਦੀਆਂ ਇਹ ਬੀਬੀਆਂ ਆਪਣੇ ਘਰ ਦੇ ਰੋਟੀ ਟੁੱਕ ਦਾ ਕੰਮ ਛੱਡ ਕੇ ਆਈਆਂ ਹੋਣਗੀਆ? 'ਕੱਠੀਆਂ ਤਿੰਨ ਕਤਾਰਾਂ? ਅੱਗੇ ਦੀ ਅੱਗੇ ਮੈਂ ਤੁਰਦਾ ਗਿਆ, ਆਪਣੇ ਬੇਟੇ ਜਿੰਮੀ ਨੂੰ ਵੇਖਣ ਕਿ ਉਹ ਕਿਥੇ ਕੁ ਖੜ੍ਹਾ ਹੈ। ਉਹ ਸਵੇਰੇ ਅੱਠ ਵਜੇ ਹੀ ਕਾਲਜ ਤੋਂ ਉਚੇਚਾ ਛੁੱਟੀ ਲੈ ਕੇ ਆਣ ਖੜ੍ਹਾ ਸੀ। ਕਿਉਂਕਿ ਕਈ ਦਿਨ ਉਹ ਏ. ਟੀ. ਐਮ. 'ਤੇ ਜਾਂਦਾ ਰਿਹਾ ਸੀ ਪਰ ਉਨ੍ਹਾਂ ਵਿਚ ਪੈਸੇ ਹੀ ਨਹੀਂ ਸੀ ਪਾਏ ਹੁੰਦੇ। ਬੇਟਾ ਦੂਰ ਪਿਛੇ ਜਿਹੇ ਖੜ੍ਹਾ ਸੀ ਕਤਾਰ ਵਿਚ, ਉਹਦੇ ਅੱਗੇ ਸੌ ਕੁ ਦੇ ਕਰੀਬ ਲੋਕ ਖੜ੍ਹੇ ਸੀ, ਮੋੜਵੀਂ ਜਿਹੀ ਕਤਾਰ ਵਿਚ। ਮੈਂ ਅੰਦਾਜ਼ਾ ਲਾਇਆ ਕਿ ਇਹ ਵਾਰੀ ਤਾਂ ਮਸਾਂ ਦੋ ਤਿੰਨ ਵਜੇ ਤੱਕ ਆ ਸਕੇਗੀ। ਐਨਾ ਚਿਰ ਤਾਂ ਖੜ੍ਹੇ ਹੋਣਾ ਵੀ ਔਖਾ! ਚਲੋ ਵੇਖਦੇ ਹਾਂ, ਅਜੇ ਨੌਂ ਵੱਜੇ ਨੇ। ਘਰ ਫੋਨ ਕੀਤਾ। ਸਾਰੀ ਸਥਿਤੀ ਦੱਸੀ। ਪਤਨੀ ਦੇ ਬੋਲ ਸਨ 'ਕੋਈ ਨਾ ਲਾਈਨ ਵੇਖ ਕੇ ਘਾਬਰ ਨਾ ਜਾਇਓ, ਤੁਸੀਂ ਤਾਂ ਊਂ ਈ ਕਾਹਲੇ ਪੈ ਜਾਨੇ ਓ, ਲਾਈਨ ਵਿਚ ਖੜ੍ਹਨਾ ਵੀ ਸਿੱਖੋ, ਇਹ ਤਾਂ ਨਿੱਤ ਈ ਐਂ ਰਹਿਣੀਆਂ ਨੇ। ਵਾਰੀ ਸਿਰ ਖੜ੍ਹ ਜਿਓ, ਜਿੰਮੀ ਖੜਜੂ, ਥੋੜ੍ਹਾ ਚਿਰ ਤੁਸੀਂ ਖੜ੍ਹ ਜਾਇਓ।' 'ਚਲ ਜਿਵੇਂ ਤੂੰ ਕਹਿਨੀ ਏਂ', ਹੌਲੀ ਜਿਹੇ ਮੈਂ ਸਹਿਮਤੀ ਦੇ ਦਿੱਤੀ। ਫਿਰ ਵੀ ਗ੍ਰਹਿ ਮੰਤਰੀ ਦਾ ਹੁਕਮ ਸੀ, ਕਿਵੇਂ ਨਾ ਮੰਨਦਾ? ਮੇਰੇ ਲਈ ਬਹੁਤਾ ਚਿਰ ਖੜ੍ਹਨਾ ਔਖਾ ਹੀ ਸੀ। ਪਹਿਲਾਂ ਤਾਂ ਸੋਚਿਆ, ਬਈ ਬੀਬੀਆਂ ਦੀ ਕਤਾਰ ਕੁਝ ਛੋਟੀ ਹੈ। ਘਰ ਵਾਲੀ ਨੂੰ ਨਾ ਸੱਦ ਲਵਾਂ, ਉਹ ਵੀ ਖੜ੍ਹ ਜੂ। ਪਰ ਫਿਰ ਕਿਹਾ ਓ ਯਾਰ ਲੋਕ ਕਹਿਣਗੇ ਸਾਰਾ ਟੱਬਰ ਹੀ ਬੈਂਕ ਮੂਹਰੇ ਭਰਤੀ ਹੋ ਗਿਆ। ਯਾਰੋ ਆਵਦੇ ਨੋਟ ਲੈਣ ਲਈ ਖੱਜਲ-ਖੁਆਰੀ ? ਬੀਬੀਆਂ ਵਾਲੀ ਕਤਾਰ ਵਿਚ ਮੇਰੇ ਭਰਾ ਦੀ ਨੂੰਹ ਵੀ ਆਣ ਖੜ੍ਹੀ ਸੀ। ਮੇਰੇ ਭਤੀਜੇ ਨੇ ਸਕੂਲੋਂ ਅੱਜ ਏਸੇ ਕੰਮ ਦੀ ਛੁੱਟੀ ਲਈ ਸੀ।
ਦਸ ਵੱਜਣ ਵਾਲੇ ਸੀ। ਮੇਰੇ ਬੇਟੇ ਨੂੰ ਦੋ ਘੰਟੇ ਹੋ ਗਏ ਸੀ। ਕਤਾਰ ਵਿਚ ਹੋਰ ਵੀ ਵਾਧਾ ਹੋ ਗਿਆ ਸੀ। ਤਿੰਨ ਚਾਰ ਪੁਲਿਸ ਵਾਲੇ ਡੰਡੇ ਘੁੰਮਾਈ ਕਤਾਰਾਂ ਨੂੰ ਸਿੱਧਿਆਂ ਕਰਨ ਵਿਚ ਜੁਟ ਗਏ। ਇਕ ਕਤਾਰ ਤਾਂ ਬੈਂਕ ਦੇ ਨਾਲ ਵਾਲੀ ਗਲੀ ਵਿਚ ਦੂਰ ਤੱਕ ਪਹੁੰਚ ਗਈ ਸੀ। ਕਈ ਦਿਨਾਂ ਬਾਅਦ ਬੈਂਕ ਵਿਚ ਕੈਸ਼ ਆਇਆ ਹੋਣ ਕਰਕੇ ਹਰ ਬੰਦਾ ਆਸਵੰਦ ਸੀ ਕਿ ਉਹ ਬੈਂਕ ਵਿਚੋਂ ਕੁਝ ਨਾ ਕੁਝ ਲੈ ਹੀ ਜਾਏਗਾ। ਮੈਂ ਵੇਖਿਆ ਕਤਾਰਾਂ ਵਿਚ ਪਿੰਡਾਂ ਦੇ ਲੋਕ ਬਹੁਤ ਸੀ। ਸਾਦ-ਮੁਰਾਦੇ, ਸਿਧੇ-ਪੱਧਰੇ ਮਿਹਨਤਕਸ਼। ਪਤਾ ਨਹੀਂ ਰਾਤ ਦੇ ਹੀ ਡੇਰੇ ਲਾ ਕੇ ਕਤਾਰ ਵਿਚ ਆਣ ਖੜ੍ਹੋ ਗਏ ਸੀ । ਮੈਂ ਇਕ-ਦੋ ਨੂੰ ਪੁੱਛਿਆ, ਮੇਰੀ ਗੱਲ ਠੀਕ ਨਿਕਲੀ। ਉਹ ਕਲ੍ਹ ਦੇ ਹੀ ਬੈਂਕ ਮੂਹਰੇ ਆ ਗਏ ਸੀ। ਦੂਰੋਂ ਪਿੰਡਾਂ ਤੋਂ ਆ ਕੇ ਉਹ ਪੁੱਛ ਕੇ ਗਏ ਸੀ ਕਿ ਕੈਸ਼ ਕਦੋਂ ਵੰਡਣਾ ਏਂ। ਬੇਟੇ ਵਾਲੀ ਕਤਾਰ ਕੋਲ ਡੰਡਾ ਲਹਿਰਾਉਂਦਾ ਸਿਪਾਹੀ ਆਇਆ। ਫੁਰਮਾਨ ਜਾਰੀ ਕਰਦਾ ਬੋਲਿਆ, 'ਓਏ ਤੁਸੀਂ ਇਸ ਕਤਾਰ 'ਚੋਂ ਨਿਕਲੋ, ਉਸ ਪਾਸੇ ਚਲੋ ਜਾਓ।' ਮੇਰਾ ਬੇਟਾ ਤੇ ਉਹਦੇ ਪਿਛੇ ਖੜ੍ਹੇ ਸਾਰੇ ਬੰਦੇ ਕਾਹਲੀ ਵਿਚ ਭਗਦੜ ਜਿਹੀ ਨਾਲ ਨਵੀਂ ਕਤਾਰ ਵਿਚ ਜਾ ਖੜ੍ਹੇ ਹੋਏ। ਗਿਆਰਾਂ ਵੱਜ ਗਏ। ਅਜੇ ਤੱਕ ਕਤਾਰਾਂ ਹੀ ਨਹੀਂ ਸੂਤ ਆਈਆਂ। ਮੇਰੀ ਪਤਨੀ ਮੁੰਡੇ ਲਈ ਤੇ ਮੇਰੇ ਲਈ ਘਰੋਂ ਚਾਹ ਲੈ ਆਈ। ਇਹ ਸੋਚ ਕੇ ਕਿ ਮੁੰਡਾ ਸਵੇਰ ਦਾ ਖੜ੍ਹਾ, ਵੇਖਾਂ ਤਾਂ ਸਹੀ ਜਾ ਕੇ। ਉਹ ਰੋਜ਼ ਅਖਬਾਰਾਂ ਵਿਚੋਂ ਤਸਵੀਰਾਂ ਵੇਖ ਕੇ ਬੈਂਕਾਂ ਅੱਗੇ ਹੁੰਦੇ ਹੰਗਾਮਿਆਂ ਤੋਂ ਜਾਣੂ ਸੀ। ਪੁੱਤ ਖੜ੍ਹਾ ਰਹੀਂ ਜੇ ਥੱਕ ਜਾਵੇਂ ਤਾਂ ਡੈਡੀ ਖੜ੍ਹ ਜੂ। ਆ ਜਾ ਪਹਿਲਾਂ ਚਾਹ ਪੀ ਲੈ। ਮੈਂ ਬੇਟੇ ਦੀ ਥਾਂ ਜਾ ਖੜ੍ਹਿਆ। ਉਹ ਚਾਹ ਪੀਣ ਲਗਾ। ਕੋਲ ਮੇਰੀ ਪਤਨੀ ਖੜ੍ਹੀ ਸਾਨੂੰ ਕਤਾਰ 'ਚ ਖੜ੍ਹੇ ਵੇਖ ਮੁਸਕਰਾਈ ਜਾਵੇ। ਲੈ ਅੱਜ ਵੀ ਜੇ ਪੈਸੇ ਨਾ ਮਿਲੇ ਨਾ ਤਾਂ ਮੈਂ ਲੱਗੂੰ ਲਾਈਨ ਵਿਚ ਡੰਡਾ ਫੜ ਕੇ, ਤਮਾਸ਼ਾ ਬਣਾਈ ਫਿਰਦੇ ਨੇ। ਏਨੇ ਨੂੰ ਇਕ ਪੁਲਿਸ ਵਾਲਾ ਮੇਰੀ ਬੀਵੀ ਕੋਲ ਜਾ ਕੇ ਕਹਿਣ ਲੱਗਾ, 'ਬੀਬੀ ਤੂੰ ਕਿਵੇਂ ਖੜ੍ਹੀ ਏਂ। ਜੇ ਪੈਸੇ ਲੈਣੇ ਨੇ ਤਾਂ ਬੀਬੀਆਂ ਵਾਲੀ ਲਾਈਨ ਵਿਚ ਲੱਗ ਜਾ। ਇਥੇ ਕੀ ਕਰਦੀ ਏਂ?' ਮੈਂ ਚਾਹ ਦੇਣ ਆਈ ਆਂ, ਮੁੰਡਾ ਖੜ੍ਹਾ ਸਵੇਰ ਦਾ। ਪੁਲਿਸ ਵਾਲਾ ਹਿੜਹਿੜ ਕਰਦਾ ਚਲਾ ਗਿਆ। ਚਾਹ ਪੀ ਕੇ ਮੁੰਡਾ ਆਵਦੀ ਦੀ ਥਾਂ 'ਤੇ ਫਿਰ ਆਣ ਖੜ੍ਹਾ ਹੋ ਗਿਆ। ਮੈਂ ਵੇਖਿਆ। ਦੋ ਤਿੰਨ ਬਜ਼ੁਰਗ ਲਗਦੇ ਬੰਦੇ ਪੁਲਿਸ ਵਾਲੇ ਨਾਲ ਕੋਈ ਗਿਟ-ਮਿਟ ਕਰਨ ਲੱਗੇ, ਸ਼ਾਇਦ ਉਹਦੇ ਕੋਈ ਨਜ਼ਦੀਕੀ ਸਨ। ਸਕੀਮ ਘੜਦਾ ਉਹ ਡੰਡਾ ਫੇਰਦਾ ਉਸ ਕਤਾਰ ਵਿਚ ਖੜ੍ਹੇ ਲੋਕਾਂ ਨੂੰ ਕਹਿਣ ਲਗਾ 'ਉਏ ਤੁਸੀਂ ਇਧਰ ਕੀ ਕਰਨ ਆਏ ਹੋ। ਜਾਓ ਉਧਰ ਜਾਓ ਜਿਧਰ ਸਵੇਰੇ ਖੜ੍ਹੇ ਸੀ। ਉਹ ਵਿਚਾਰੇ ਸਾਰੇ ਫਿਰ ਭੱਜ ਤੁਰੇ ਉਸੇ ਲਾਈਨ ਵਿਚ ਜਿਥੇ ਸਵੇਰੇ ਖੜ੍ਹੇ ਸੀ। ਤੇ ਉਹ ਤਿੰਨ ਚਾਰ ਬਜ਼ੁਰਗ ਜਿਨ੍ਹਾਂ ਨੇ ਘੜੀ ਪਲ ਪਹਿਲਾਂ ਪੁਲਿਸ ਵਾਲੇ ਨਾਲ ਗਿਟਮਿਟ ਕੀਤੀ ਸੀ, ਉਹ ਇਸ ਨਵੀਂ ਕਤਾਰ ਵਿਚ ਆਣ ਲੱਗੇ, ਜਿਸ ਨੂੰ ਪੁਲਿਸ ਵਾਲਾ ਆਪੇ ਹੀ ਬਜ਼ੁਰਗਾਂ ਦੀ ਵਿਸ਼ੇਸ਼ ਕਤਾਰ ਕਹਿਣ ਲੱਗਾ। ਬਜ਼ੁਰਗ ਵੀ ਉਹ ਜਿਹੜੇ ਮੇਰੇ ਵੇਖਦੇ-ਵੇਖਦੇ ਹੁਣ ਬਾਰਾਂ ਵਜੇ ਆ ਕੇ ਸਵੇਰ ਦੇ ਖੜ੍ਹਿਆਂ ਦੀ ਕਤਾਰ ਤੁੜਵਾ ਕੇ ਪੁਲਿਸ ਦੀ ਮਦਦ ਨਾਲ ਅੰਦਰ ਵੀ ਜਾ ਵੜੇ ਸੀ। ਮੈਂ ਪੁਲਿਸ ਵਾਲੇ ਕੋਲ ਜਾ ਕੇ ਹਲੀਮੀ ਨਾਲ ਕਿਹਾ, 'ਸਾਹਿਬ ਜੀ ਇਹ ਤਾਂ ਵਿਚਾਰੇ ਸਵੇਰ ਦੇ ਕਤਾਰ ਵਿਚ ਲਗੇ ਸੀ ਤੁਸੀਂ ਇਨ੍ਹਾਂ ਨੂੰ ਫਿਰ ਇਧਰੋਂ ਭਜਾ ਦਿੱਤਾ।' ਉਹ ਮੇਰੀ ਗੱਲ ਅਣਸੁਣੀ ਜਿਹੀ ਕਰਦਾ ਔਹ ਗਿਆ। ਬੇਟੇ ਦਾ ਨੰਬਰ ਅਖੀਰ ਦੋ ਕੁ ਵਜੇ ਆਇਆ ਤਾਂ ਬੈਂਕ ਦਾ ਲੰਚ ਟਾਈਮ ਹੋ ਗਿਆ। ਕਤਾਰਾਂ ਬਦਲਦੇ ਨੂੰ ਅਖੀਰ ਚਾਰ ਕੁ ਵਜੇ ਤੱਕ ਸਾਰੀ ਦਿਹਾੜੀ ਭੰਨ ਕੇ ਆਪਣੇ ਹੀ ਖਾਤੇ ਵਿਚ ਜਮ੍ਹਾਂ ਹੋਏ ਨੋਟ ਮਿਲੇ।

-3/1751 ਕੈਲਾਸ਼ ਨਗਰ ਫਾਜ਼ਿਲਕਾ (ਪੰਜਾਬ ) ਸੰਪਰਕ : 98148-56160.

ਜ਼ਰਾ ਹੱਸ ਲਓ

ਰਮੇਸ਼ (ਰਾਮ ਨੂੰ)-ਸੁਣਿਆ ਤੇਰਾ ਭਰਾ ਜੇਲ੍ਹ ਵਿਚ ਹੈ, ਕੀ ਗੱਲ ਹੋ ਗਈ....?
ਰਾਮ-ਬੈਂਕ 'ਚੋਂ ਪੈਸੇ ਕਢ ਰਿਹਾ ਸੀ।
ਰਮੇਸ਼-ਉਹ ਤਾਂ ਸਾਰੇ ਹੀ ਕਢਦੇ ਨੇ...।
ਰਾਮ-ਇਹ ਰਾਤ ਨੂੰ ਦੋ-ਤਿੰਨ ਵਜੇ ਕੱਢ ਰਿਹਾ ਸੀ।

ਛੋਟੀ ਕਹਾਣੀ...............

ਸੇਵਾ

ਅੰਦਰ ਪਏ ਕਰਤਾਰ ਸਿਹੁੰ ਨੇ ਆਪਣੇ ਪੁੱਤਰ ਦੀਪੀ ਨੂੰ ਆਵਾਜ਼ ਮਾਰੀ। ਪਰ ਕੋਈ ਉੱਤਰ ਨਾ ਆਇਆ। ਥੋੜ੍ਹੀ ਦੇਰ ਬਾਅਦ ਦੀਪੀ ਦੀ ਮਾਂ ਨੇ ਪੁੱਛਿਆ, 'ਹਾਂ ਕੀ ਗੱਲ ਹੈ?'
ਮੈਂ ਕਹਿੰਦਾ ਸੀ, 'ਦੀਪੀ ਨੂੰ ਡਾਕਟਰ ਦੇ ਭੇਜ ਦੇ ਕੋਈ ਦਵਾਈ ਵਗੈਰਾ ਡਾਕਟਰ ਤੋਂ ਲਿਆ ਦਿੰਦਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ।
'ਹਾਂ ਹੁਣੇ ਹੀ ਭੇਜਦੀ ਹਾਂ', ਕਹਿ ਕੇ ਨਸੀਬ ਕੌਰ ਦੀਪੇ ਦੇ ਕਮਰੇ ਵੱਲ ਚਲੀ ਗਈ।
'ਵੇ ਪੁੱਤ ਦੀਪ ਤੇਰਾ ਪਿਓ ਕਦੋਂ ਦਾ ਆਵਾਜ਼ਾਂ ਦੇ ਰਿਹਾ ਹੈ, ਤੂੰ ਬੋਲਦਾ ਨੀਂ, ਸਾਰਾ ਦਿਨ ਮੋਬੈਲ 'ਤੇ ਜੂੰਆਂ ਜੇਹੀਆਂ ਮਾਰੀ ਜਾਨਾ ਏਂ।'
'ਹਾਂ ਦੱਸ ਮਾਂ ਕੀ ਗੱਲ ਐ ਸਵੇਰੇ-ਸਵੇਰੇ...?'
'ਤੇਰੇ ਬਾਪੂ ਨੂੰ ਡਾਕਟਰ ਦਿਓਂ ਕੋਈ ਗੋਲੀ ਜਾਂ ਦਵਾਈ ਲਿਆ ਦੇ।'
'ਮਾਂ ਮੈਂ ਤਾਂ ਚੱਲਿਆਂ' ਸਵੇਰ ਦੇ ਫੋਨ ਆਈ ਜਾਂਦੇ ਨੇ, ਰਾਤ ਤੈਨੂੰ ਵੀ ਮੇਰੇ ਦੋਸਤ ਸੁਨੇਹਾ ਦੇ ਕੇ ਗਏ ਸੀ ਨਾ।'
ਨਸੀਬ ਕੁਰ ਕਰਤਾਰ ਸਿਹੁੰ ਕੋਲ ਪਾਣੀ ਦਾ ਗਿਲਾਸ ਲੈ ਕੇ ਗਈ, 'ਲੈ ਕੱਲ੍ਹ ਵਾਲੀ ਗੋਲੀ ਖਾ ਲੈ ਮੈਂ ਗਲੀ 'ਚੋਂ ਕਿਸੇ ਮੁੰਡੇ ਨੂੰ ਡਾਕਟਰ ਨੂੰ ਬੁਲਾਉਣ ਭੇਜਦੀ ਆਂ।'
'ਤੇ ਆਪਣਾ ਦੀਪੀ ਕਿਧਰ ਚਲਾ ਗਿਆ?'
'ਉਹ ਕਹਿੰਦਾ ਵੱਡੇ ਪਿੰਡ ਅੱਜ ਫ੍ਰੀ ਮੈਡੀਕਲ ਕੈਂਪ ਲੱਗਿਆ ਹੈ, ਉਥੇ ਆਪਣੇ ਦੋਸਤਾਂ ਨਾਲ 'ਸੇਵਾ' ਕਰਨ ਗਿਆ ਹੈ।'
ਕਰਤਾਰ ਸਿਹੁੰ ਲੰਬਾ ਹਓਕਾ ਲੈ ਕੇ ਮੰਜੀ 'ਤੇ ਢੇਰੀ ਹੋ ਗਿਆ।

-ਜਗਸੀਰ ਸਿੰਘ ਲੁਹਾਰਾ
ਮੋਬਾਈਲ : 98769-09576.

ਕਾਵਿ-ਵਿਅੰਗ

ਖੱਫਣ ਮੁਫ਼ਤ ਦੇ

* ਹਰਦੀਪ ਢਿੱਲੋਂ
ਖੇਡ ਹੋਲੀ ਦੀ ਕਰਨ ਖਰਾਬ ਲਗਦੀ,
ਘੁਲੇ ਤੇਜ਼ਾਬੀ ਗੁਲਾਲਾਂ ਦੀ ਮਾਰ ਪੈਂਦੀ।
ਆਟਾ ਦਾਲ ਸਕੀਮ ਨੂੰ ਦਿਸੇ ਖਾਂਦੀ,
ਬਣੇ ਨਕਲੀ ਕੰਗਾਲਾਂ ਦੀ ਮਾਰ ਪੈਂਦੀ।
ਲੱਗੇ ਜੇਬ ਨੂੰ ਜੇਬੀ ਸੰਪਰਕ ਭੈੜਾ,
ਜਿਥੇ ਮਹਿੰਗੀਆਂ ਕਾਲਾਂ ਦੀ ਮਾਰ ਪੈਂਦੀ।
ਖੱਫਣ ਮੁਫ਼ਤ ਦੇ ਚੁੱਭਦੇ ਮੁਰਦਿਆਂ ਨੂੰ,
ਜਦੋਂ ਹਿਕਮਤੀ ਦਲਾਲਾਂ ਦੀ ਮਾਰ ਪੈਂਦੀ।

1-ਸਿਵਲ ਹਸਪਤਾਲ, ਅਬੋਹਰ-152116
-ਮੋਬਾਈਲ : 98764-57242.

ਟੱਕਰ

* ਨਵਰਾਹੀ ਘੁਗਿਆਣਵੀ
ਪਹਿਲਾਂ ਸੋਚ ਵੀਚਾਰ ਦੀ ਹੋਏ ਟੱਕਰ,
ਫੇਰ ਕਾਰਜਾਂ ਵਿਚ ਕਲੇਸ਼ ਉਪਜੇ।
ਅਕਸਰ ਕੂੜ ਪ੍ਰਚਾਰ ਹੀ ਵੇਖਦੇ ਹਾਂ,
ਕਿਤੇ ਕਿਤੇ ਹੀ ਸੁਘੜ ਸੰਦੇਸ਼ ਉਪਜੇ।
ਸਦੀਆਂ ਲਗਦੀਆਂ, ਬੜੇ ਸੰਘਰਸ਼ ਹੁੰਦੇ,
ਕੋਈ ਕੌਮ ਬਣਦੀ, ਨਵਾਂ ਦੇਸ਼ ਉਪਜੇ।
ਸਰਬ-ਪੱਖੀ ਵਿਕਾਸ ਦੀ ਲੋੜ ਵੱਡੀ,
ਵਾਤਾਵਰਨ ਹੁਸੀਨ ਹਮੇਸ਼ ਉਪਜੇ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਬੁਢਾਪੇ ਦੀ ਦਾਲ

* ਰਮੇਸ਼ ਬੱਗਾ ਚੋਹਲਾ 
ਰੋ ਰੋ ਕੇ ਆਸ਼ਰਮ ਵਿਚ ਬਾਪੂ,
ਦਸਦਾ ਪਿਆ ਸੀ ਇਕ ਦਿਨ ਹਾਲ ਮੀਆਂ।
ਦੋ ਧੀਆਂ ਤੇ ਸੁੱਖ ਨਾਲ ਚਾਰ ਪੁੱਤਰ,
ਕਰਦਾ ਕੋਈ ਨਾ ਪਰ ਸੰਭਾਲ ਮੀਆਂ।
ਤੇਜੋ ਛੱਡ ਕੇ ਤੁਰ ਗਈ ਸਾਥ ਮੇਰਾ,
ਨਿੱਭ ਉਹ ਵੀ ਸਕੀ ਨਾ ਨਾਲ ਮੀਆਂ।
ਹੋਵੇ ਬੇਮੁੱਖ ਜੇ ਔਲਾਦ 'ਚੋਹਲਾ',
ਗ਼ਲਦੀ ਨਹੀਂ ਬੁਢਾਪੇ ਦੀ ਦਾਲ ਮੀਆਂ।

-# 1348/17/1 ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ)
ਮੋਬਾਈਲ : 94631-32719.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX