ਤਾਜਾ ਖ਼ਬਰਾਂ


ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  12 minutes ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  43 minutes ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

ਜੀਅ ਰਿਹਾ ਨਾ ਮਰ ਰਿਹਾ ਹੁਣ ਆਮ ਬੰਦਾ ਕੀਹ ਕਰੇ।
ਬਲ ਰਹੇ ਜੰਗਲ 'ਚ ਦੱਸੋ, ਆਮ ਬੰਦਾ ਕੀਹ ਕਰੇ।
ਜਾਲ ਅੰਦਰ ਜਾਲ ਤੇ ਫਿਰ ਜਾਲ ਅੱਗੇ ਜਾਲ ਨੇ,
ਜਾਲ ਅੰਦਰ ਫਸਣ ਦੀ ਥਾਂ, ਆਮ ਬੰਦਾ ਕੀਹ ਕਰੇ।
ਰਾਹਨੁਮਾ ਵੀ ਆਪ ਭਟਕੇ, ਵੱਜਦੇ ਨੇ ਥਾਂ-ਕੁ-ਥਾਂ,
ਕਾਫ਼ਲੇ ਨੂੰ ਕਹਿਣ ਬੈਠੋ, ਆਮ ਬੰਦਾ ਕੀਹ ਕਰੇ।
ਧਰਮ ਧੁਰਿਉਂ ਲਹਿ ਗਿਆ ਹੈ, ਥਿੜਕਿਆ ਇਖ਼ਲਾਕ ਵੀ,
ਧਰਮਸਾਲਾਂ ਵਿਚ ਜਾ ਕੇ, ਆਮ ਬੰਦਾ ਕੀਹ ਕਰੇ।
ਪਿੰਡ ਦੀ ਫਿਰਨੀ ਤੋਂ ਲੈ ਕੇ ਸ਼ਹਿਰ ਅੰਦਰ ਫੁਟਪਾਥ,
ਡੁਸਕਦੇ ਪਰ ਕੁਸਕਦੇ ਨਾ, ਆਮ ਬੰਦਾ ਕੀਹ ਕਰੇ।
ਚੋਣ ਦੇ ਮੌਸਮ 'ਚ ਹੁਣ ਤੇ ਨਾਅਰਿਆਂ ਦੀ ਭੀੜ ਹੈ,
ਸ਼ੋਰ ਦੇ ਬਾਜ਼ਾਰ ਅੰਦਰ, ਆਮ ਬੰਦਾ ਕੀਹ ਕਰੇ।

-ਮੋਬਾਈਲ : 81463-29999.

ਯੁਗਾਂ ਯੁਗਾਂ ਤੋਂ ਹੋਇਆ ਹੁੰਦੇ ਰਹਿਣਾ ਵੀ,
ਬੇ-ਦੋਸ਼ਾਂ ਨੇ ਜ਼ੁਲਮ ਹੈ ਹੁੰਦਾ ਸਹਿਣਾ ਵੀ।
ਹਰ ਥਾਂ 'ਤੇ ਹੀ ਹੁੰਦੀ ਨਹੀਉਂ ਚੁੱਪ ਭਲੀ,
ਬਣਦੀ ਥਾਂ 'ਤੇ ਬਣਦਾ ਹੈ ਕੁਝ ਕਹਿਣਾ ਵੀ।
ਹਾਊਮੈ ਨਾਲ ਭਰੇ ਫਿਰਦੇ ਨੇ ਕੀ ਕਰੀਏ,
ਇਹੋ ਜਹੇ ਲੋਕਾਂ ਵਿਚ ਪੈਂਦਾ ਬਹਿਣਾ ਵੀ।
ਕਦੋਂ ਸੋਚਦੇ ਉਚੇ ਖੜ੍ਹੇ ਮਹੱਲ ਕਦੇ,
ਵਕਤ ਆਉਣ 'ਤੇ ਇਕ ਦਿਨ ਪੈਂਦਾ ਢਹਿਣਾ ਵੀ।
ਬਦਲ ਗਿਆ ਜੇ 'ਲੋਚੀ' ਮਿਹਣਾ ਕੀ ਦਈਏ,
ਆਖਿਰ ਨੂੰ ਤਾਂ ਰੰਗ ਬਦਲਦਾ ਗਹਿਣਾ ਵੀ।

-20, ਸੈਕਿੰਡ ਫਲੋਰ, ਐਚ.ਆਈ.ਜੀ., ਰਾਜ ਗੁਰੂ ਨਗਰ, ਲੁਧਿਆਣਾ।
ਮੋਬਾਈਲ : 98142-53315.

ਇਕ ਵਾਰੀ ਕੁਝ ਘਰਾਂ ਦੇ ਲਾਗੇ, ਦੋ ਬਿੱਲੀਆਂ ਸਨ ਰਹਿੰਦੀਆਂ,
ਆਪਸ ਦੇ ਵਿਚ ਸਾਂਝ ਸੀ ਗੂੜ੍ਹੀ, 'ਕੱਠੀਆਂ ਉਠਦੀਆਂ-ਬਹਿੰਦੀਆਂ।
ਭਾਲਣ ਗਈਆਂ ਇਕ ਦਿਨ ਭੋਜਨ, ਦੋਵੇਂ ਬਣਾ ਕੇ ਜੋਟੀ,
ਲੱਭ ਗਈ ਆਖ਼ਰ ਕਿਸੇ ਦੇ ਘਰ 'ਚੋਂ, ਦੋਵਾਂ ਨੂੰ ਇਕ ਰੋਟੀ।
ਬਿੱਲੀਆਂ ਦੋ ਸਨ, ਰੋਟੀ ਇਕ ਸੀ, ਸੋਚਣ ਕਿੰਜ ਵੰਡ ਖਾਈਏ?
ਤਾਂ ਜੋ ਸਬਰ-ਸ਼ੁਕਰ ਨਾਲ ਖਾ ਕੇ, ਛੇਤੀ ਘਰ ਮੁੜ ਜਾਈਏ।
ਇਕ-ਦੂਜੀ ਨਾਲ ਨਹੀਂ ਸੀ ਕਰਨੀ, ਚਾਹੁੰਦੀਆਂ ਬੇਇਨਸਾਫ਼ੀ,
ਕਹਿੰਦੀਆਂ ਪੂਰਾ ਹਿੱਸਾ ਮਿਲ ਜਾਏ, ਏਨਾ ਹੀ ਬੱਸ ਕਾਫ਼ੀ।
ਰਾਹ ਵਿਚ ਖੜ੍ਹੀਆਂ ਸੋਚਣ ਦੋਵੇਂ, ਹੁਣ ਕੀ ਕੀਤਾ ਜਾਵੇ?
ਕੁਝ ਚਿਰ ਪਿਛੋਂ ਦੇਖਿਆ ਦੂਰੋਂ ਇਕ ਬਾਂਦਰ ਤੁਰਿਆ ਆਵੇ।
ਮਾਰੀ 'ਵਾਜ਼ ਦੋਵਾਂ ਨੇ ਰਲ ਕੇ, ਕਹਿੰਦੀਆਂ 'ਬਾਂਦਰ ਚਾਚਾ!
ਅਸੀਂ ਹਾਂ ਦੋ ਤੇ ਰੋਟੀ ਇਕ, ਸਾਡੀ ਮੁਸ਼ਕਿਲ ਤਾਂ ਸੁਲਝਾ ਜਾ।'
ਬਾਂਦਰ ਨੇ ਦੋ ਪੱਤੇ ਲੈ ਕੇ, ਤੱਕੜੀ ਇਕ ਬਣਾਈ,
ਤੱਕ ਨਾਲ ਅੱਧ 'ਚੋਂ ਪਾੜ ਕੇ ਰੋਟੀ ਪਲੜਿਆਂ ਵਿਚ ਟਿਕਾਈ।
ਜਿਹੜਾ ਪਲੜਾ ਨੀਵਾਂ ਹੋਵੇ, ਖਾ ਜਾਏ ਉਸ 'ਚੋਂ ਥੋੜ੍ਹੀ,
ਥੋੜ੍ਹੀ-ਥੋੜ੍ਹੀ ਕਰਕੇ ਖਾ ਗਿਆ, ਸਾਰੀ ਧਿੰਗੋਜ਼ੋਰੀ।
ਦੋਵੇਂ ਬਿੱਲੀਆਂ ਮੂੰਹ ਉਸ ਦੇ ਵੱਲ, ਤੱਕਦੀਆਂ ਹੀ ਰਹਿ ਗਈਆਂ,
ਸਾਰੀ ਰੋਟੀ ਬਾਂਦਰ ਨੂੰ ਦੇ, ਖਾਲੀ ਹੱਥ ਮੁੜ ਪਈਆਂ।
ਡਾਢੇ ਦਾ ਤਾਂ ਸੱਤੀਂ ਵੀਹੀਂ, ਕਹਿੰਦੇ ਸੌ ਹੋ ਜਾਂਦਾ,
ਮਾੜਾ ਬੰਦਾ ਵੱਸ ਉਸ ਦੇ ਪੈ, ਕਿਉਂ ਆਪਣੀ ਪੱਤ ਲੁਹਾਉਂਦਾ?

-ਮੁਹੱਲਾ ਹਰਿਗੋਬਿੰਦ ਨਗਰ, ਕੁਲਾਮ ਰੋਡ, ਗਲੀ ਨੰ: 5, ਸ਼ਹੀਦ ਭਗਤ ਸਿੰਘ ਨਗਰ-144514. ਫੋਨ : 98884-03052.

ਜ਼ਿੰਦਗੀ ਵਿਚ ਹਾਦਸਾ ਦਰ ਹਾਦਸਾ ਆਉਂਦਾ ਰਿਹਾ।
ਫੇਰ ਵੀ ਇਹ ਦਿਲ ਤਰਾਨਾ ਪਿਆਰ ਦਾ ਗਾਉਂਦਾ ਰਿਹਾ।
ਕੰਮ ਤਾਂ ਮੁਸ਼ਕਲ ਬੜਾ ਹੈ, ਆਪਣਾ ਮਨ ਮਾਰਨਾ,
ਕੁਝ ਅਸੰਭਵ ਤਾਂ ਨਹੀਂ, ਮੈਂ ਦਿਲ ਨੂੰ ਅਜ਼ਮਾਉਂਦਾ ਰਿਹਾ।
ਇਹ ਮੁਨਾਸਿਬ ਤਾਂ ਨਹੀਂ ਹਰ ਪਲ ਮਿਰਾ ਹੀ ਹੋਇਗਾ,
ਆਸ ਦਾ ਤਾਰਾ ਹਮੇਸ਼ਾ ਦਿਲ 'ਚ ਰਸ਼ਨਾਉਂਦਾ ਰਿਹਾ।
ਬਹੁਤ ਵਾਰੀ ਵਕਤ ਏਦਾਂ ਦਾ ਵੀ ਆ ਜਾਂਦਾ ਰਿਹੈ,
ਜਿਉਂ ਇਕੱਲਾ ਆਲ੍ਹਣੇ ਵਿਚ ਬੋਟ ਕਰਲਾਉਂਦਾ ਰਿਹਾ।
ਜਿਸ ਦੇ ਅੱਗੇ ਰੱਖ ਨਾ ਸਕਿਆ ਆਪਣਾ ਦਿਲ ਖੋਲਕੇ,
ਮੇਰਿਆਂ ਖ਼ਾਬਾਂ 'ਚ, ਫੇਰਾ ਰੋਜ਼ ਉਹ ਪਾਉਂਦਾ ਰਿਹਾ।

-kamalmangat707@gmail.com

ਦੁੱਖ ਦਾ ਦੁੱਖ ਮਨਾਉਣਾ ਕੀ ਹੈ।
ਦੁੱਖ ਦੇ ਬਿਨਾਂ ਜਿਊਣਾ ਕੀ ਹੈ।
ਪਿਆਰ ਤੋਂ ਸੱਖਣਾ ਕੀ ਸਮਝੂਗਾ,
ਰੋਣਾ ਕੀ ਹੈ, ਗਾਉਣਾ ਕੀ ਹੈ।
ਦੱਸ ਗਿਆ ਜਲ ਕੇ ਪਰਵਾਨਾ,
ਸੱਚਾ ਇਸ਼ਕ ਕਮਾਉਣਾ ਕੀ ਹੈ।
ਆਪੇ ਜਾਣ ਲਵੇਗਾ ਦਿਲਬਰ,
ਉਸ ਨੂੰ ਜ਼ਖ਼ਮ ਦਿਖਾਉਣਾ ਕੀ ਹੈ।
ਪਿਆਰ ਨਹੀਂ ਤਾਂ ਫਿਰ ਇਹ ਤੇਰਾ,
ਮੁਸਕਾ ਕੇ ਸ਼ਰਮਾਉਣਾ ਕੀ ਹੈ?
ਫੁੱਲ ਦੱਸਦੇ ਨੇ ਹੱਸਣਾ ਕੀ ਹੈ,
ਕੋਇਲ ਦੱਸੇ ਗਾਉਣਾ ਕੀ ਹੈ।
ਜਿਸ ਨੂੰ ਮਨ ਦਾ 'ਮੀਤ' ਬਣਾਇਐ,
ਉਸ ਨੂੰ ਫਿਰ ਅਜਮਾਉਣਾ ਕੀ ਹੈ।

-ਪਿੰਡ ਤੇ ਡਾਕ: ਮੰਡੀ ਕਲਾਂ, ਜ਼ਿਲ੍ਹਾ ਬਠਿੰਡਾ-151103.
ਮੋਬਾਈਲ : 84273-02818.


ਖ਼ਬਰ ਸ਼ੇਅਰ ਕਰੋ

ਕਹਾਣੀ ਧੀਆਂ ਰਾਣੀਆਂ

'ਕੱਲ੍ਹ ਮੋਬਾਈਲ ਰੁਪਿੰਦਰ ਨੇ ਹੀ ਸੁਣਿਆ ਸੀ। ਅਗਲਾ ਬੋਲਿਆ ਸੀ, 'ਜੇ ਟਾਈਮ ਹੈ ਤਾਂ ਆ ਜਾਇਓ...।'
ਨਵਜੋਤ ਨੇ ਪੁੱਛਿਆ ਵੀ ਸੀ 'ਕੀਹਦਾ ਫੋਨ ਸੀ ਰੂਪੀ...?' ਤਾਂ ਇਸ ਦੇ ਇਵਜ਼ ਰੁਪਿੰਦਰ ਨੇ ਕੇਵਲ ਏਨਾ ਹੀ ਕਿਹਾ ਸੀ, 'ਮਾਸੜ ਜੀ ਦੇ ਘਰੋਂ... ਸੰਨੀ ਦਾ ਸੀ...।'
'ਕੀ ਕਹਿੰਦੇ ਸੀ?'
ਨਵਜੋਤ ਨੇ ਸੋਫੇ 'ਤੇ ਬੈਠਦਿਆਂ ਹੀ ਰਿਮੋਟ ਨਾਲ ਟੀ.ਵੀ. ਦੀ ਆਵਾਜ਼ ਘਟਾ ਦਿੱਤੀ ਸੀ ਤਾਂ ਕਿ ਉਹ ਰੁਪਿੰਦਰ ਦੇ ਮੂੰਹੋਂ ਸਾਫ਼ ਸਾਫ਼ ਸੁਣ ਸਕੇ ਕਿ ਆਖਰ ਉਸ ਦੇ ਮਾਸੜ ਜੀ ਦੇ ਮੁੰਡੇ ਸੰਨੀ ਨੇ ਅਜਿਹੀ ਕਿਹੜੀ ਗੱਲ ਆਖ ਦਿੱਤੀ ਜੋ ਉਹ ਕਲੀਅਰ ਨਹੀਂ ਸੀ ਕਰ ਰਿਹਾ।
'ਉਨ੍ਹਾਂ ਦੀ ਪਿਆਰੀ ਬੇਟੀ ਪੜ੍ਹਦੀ-ਪੜ੍ਹਦੀ ਨਾਲ ਵਾਲੇ ਕਮਰੇ ਵਿਚੋਂ ਕਦੋਂ ਦੀ ਆ ਕੇ ਬੈੱਡ 'ਤੇ ਉਨ੍ਹਾਂ ਦੇ ਨਾਲ ਹੀ ਸੋਫੇ 'ਤੇ ਸੌਂ ਗਈ ਕਿ ਪਤਾ ਹੀ ਨਾ ਚੱਲਿਆ... ਖ਼ਬਰ ਉਦੋਂ ਹੀ ਹੋਈ ਜਦੋਂ ਉਹ ਮੱਠੀਆਂ-ਮੱਠੀਆਂ ਘੁਰਾੜੀਆਂ ਵੀ ਮਾਰਨ ਲੱਗ ਪਈ...।'
'ਸਵੇਰੇ ਨਵਾਂ ਸ਼ਹਿਰ ਚਲਨੈਂ...' ਰੁਪਿੰਦਰ ਦਾ ਨਿੱਕਾ ਜਿੰਨਾ ਸੰਵਾਦ। 'ਕੱਲ੍ਹ ਊਂ ਵੀ ਸੈਚਰਡੇਅ ਐ...ਰਿੰਪੀ ਨੂੰ ਸਕੂਲੇ ਨਹੀਂ ਭੇਜਾਂਗੇ... ਆਪਣੇ ਦਾਦਾ-ਦਾਦੀ ਕੋਲ ਘਰ ਈ ਛੱਡ ਜਾਵਾਂਗੇ... ਇਨ੍ਹਾਂ ਨਾਲ ਚੰਗਾ ਦਿਲ ਲਾ ਲੈਂਦੀ ਐ...।'
ਰਿੰਪੀ ਆਪਣੇ ਦਾਦਾ-ਦਾਦੀ ਕੋਲ ਰਹਿ ਕੇ ਹੀ ਜ਼ਿਆਦਾ ਖੁਸ਼ ਹੁੰਦੀ ਸੀ ਕਿਉਂਕਿ ਉਹ ਉਸ ਦੀਆਂ ਸ਼ਰਾਰਤਾਂ ਵਜੋਂ ਹੁੰਦੀ ਰੋਕ-ਟੋਕ ਪਿਛੇ ਆਪਣੇ ਪੁੱਤ ਨੂੰਹ ਨੂੰ ਝਾੜ ਵੀ ਦਿੰਦੇ ਸਨ। 'ਨਾ ਪੁੱਤ ਨਾ! ਇਸ ਨੂੰ ਨ੍ਹੀਂ ਕੁਛ ਕਹਿਣਾ ਇਹ ਤਾਂ ਸਾਡੀ ਰਾਣੀ ਐ ਰਾਣੀ...' ਅਤੇ ਜਦੋਂ ਕਦੇ ਰੁਪਿੰਦਰ ਨੇ ਰਿੰਪੀ ਨੂੰ ਕਿਸੇ ਗੱਲ ਤੋਂ ਗੁੱਸੇ ਹੋਣਾ ਜਾਂਲਾਡ ਨਾਲ ਕਹਿ ਜਾਣਾ... 'ਮਰ ਜਾਣੀਏ!' ਤਾਂ ਇਸ ਦੇ ਇਵਜ਼ ਉਸ ਦੇ ਦਾਦਾ-ਦਾਦੀ ਨੇ ਬੋਲ ਪੈਣਾ... 'ਨਹੀਂ, ਧੀਆਂ ਮਰ ਜਾਣੀਆਂ ਨ੍ਹੀਂ... ਇਹ ਤਾਂ ਰਾਣੀਆਂ ਹੁੰਦੀਆਂ ਨੇ ਰਾਣੀਆਂ...।'
ਸਵੇਰੇ ਗੱਡੀ ਕਰ ਕੇ ਉਹ ਦੋਵੇਂ ਜੀਅ ਨਵਾਂ ਸ਼ਹਿਰ ਪਹੁੰਚੇ, ਮਾਸੜ ਜੀ ਦੇ ਘਰ ਨਹੀਂ, ਸਿੱਧਿਆਂ ਹਸਪਤਾਲ... ਡਰਾਈਵਰ ਗੱਡੀ ਵਿਚ ਹੀ ਬੈਠਾ ਰਿਹਾ... 'ਜੇਕਰ ਸਾਨੂੰ ਦੇਰ ਹੋ ਗਈ ਤਾਂ ਆਪੇ ਏਧਰੋਂ ਉਧਰੋਂ ਖਾ-ਪੀ ਲਈਂ... ਗੁਰਮੇਲ ਸਿਆਂ।'
ਆਪਣੇ ਪਰਤਾਏ ਹੋਏ ਡਰਾਈਵਰ ਨੂੰ ਛੱਡ ਕੇ ਉਹ ਤੇਜ਼ ਕਦਮੀਂ ਹਸਪਤਾਲ ਦੇ ਅੰਦਰ ਜਾਣ ਲੱਗੇ, ਸਿੱਧੇ ਜਨਰਲ ਵਾਰਡ ਵਿਚ। 'ਮੈਨੂੰ ਤਾਂ ਸਮੈੱਲ ਬਹੁਤ ਚੜ੍ਹ ਜਾਂਦੀ ਐ ਅਜਿਹੀਆਂ ਥਾਵਾਂ 'ਤੇ ਆ ਕੇ...', ਨਵਜੋਤ ਨੇ ਚੁੰਨੀ ਦੇ ਲੜ ਨਾਲ ਨੱਕ ਢਕ ਲਿਆ ਸੀ।
'ਅੰਦਰ ਜਨਰਲ ਵਾਰਡ ਪਹੁੰਚੇ। ਕਈ ਬੈੱਡ, ਕਾਫ਼ੀ ਮਰੀਜ਼, ਸਾਰਿਆਂ ਦੀਆਂ ਅੱਖਾਂ ਇਕੇਰਾਂ ਉਨ੍ਹਾਂ ਵੱਲ ਓਪਰਿਆ ਜਾਂ ਪਛਾਣਿਆਂ ਵਾਂਗ ਝਾਕੀਆਂ, ਕੁਝ ਮਰੀਜ਼ਾਂ ਨਾਲ ਬੈਠੀਆਂ ਔਰਤਾਂ ਨੇ ਬੁੜ-ਬੁੜ ਵੀ ਕੀਤੀ। ਦੋ ਜੁਆਕ ਵੀ ਖੌਰੇ ਕਿਸ ਗੱਲੋਂ ਰੋਣ ਲੱਗੇ ਸਨ। ਉਹ ਦੋਵੇਂ ਜੀਅ ਸਿੱਧੇ ਸੰਨੀ ਹੁਰਾਂ ਵਾਲੇ ਬੈੱਡ ਕੋਲ ਗਏ। ਸੰਨੀ ਉਠ ਕੇ ਖੜ੍ਹਾ ਹੋ ਗਿਆ। ਮਾਸੀ ਜੀ ਬੈੱਡ 'ਤੇ ਹੀ ਬੈਠੇ ਰਹੇ, ਮਾਸੜ ਜੀ ਵੀ ਸਟੂਲ 'ਤੇ ਬਿਰਾਜਮਾਨ ਰਹੇ। ਪ੍ਰੰਤੂ ਉਨ੍ਹਾਂ ਦੋਵਾਂ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਸਿਰ ਹਿਲਾ ਕੇ ਜ਼ਰੂਰ ਦਿੱਤਾ। ਸੰਨੀ ਦੇ ਵੱਡੇ ਭਰਾ ਨੇ ਜ਼ਰੂਰ ਰੁਪਿੰਦਰ ਨਾਲ ਉਠ ਕੇ ਹੱਥ ਮਿਲਾਏ। ਸੰਨੀ ਦੀ ਭੈਣ ਨੇ ਵੀ ਸਤਿ ਸ੍ਰੀ ਅਕਾਲ ਵਜੋਂ ਸਿਰ ਹਿਲਾਇਆ, ਪਰ ਆਪਣੀ ਮਾਂ ਵਾਂਗ ਹੀ ਉਸ ਦੇ ਮੱਥੇ 'ਤੇ ਚਿੰਤਾ ਦੀਆਂ ਰੇਖਾਵਾਂ ਸਨ, ਜਿਵੇਂ ਸੰਨੀ ਦੇ ਘਰ ਦੂਸਰੀ ਕੁੜੀ ਨਹੀਂ ਕੋਈ ਪੱਥਰ ਜੰਮ ਆਇਆ ਹੋਵੇ।
'ਏਸ ਵਾਰ ਫੇਰ ਭਾਅ ਜੀ...'
ਰੁਪਿੰਦਰ ਨੇ ਉਸ ਦੀ ਪਿੱਠ ਥਪਥਪਾਈ ਤੇ ਨਿੱਕੀ ਬਾਲੜੀ ਨੂੰ ਬੋਚ ਕੇ ਆਪਣੀ ਗੋਦ ਵਿਚ ਲੈ ਲਿਆ। ਸੰਨੀ ਦੇ ਮਾਂ-ਬਾਪ ਹਾਲੇ ਵੀ ਨਿਰਸ਼ਬਦ ਸਨ। ਪ੍ਰੰਤੂ ਸੰਨੀ ਦੀ ਪਤਨੀ ਬੜੀ ਸਹਿਜਤਾ ਨਾਲ ਥੋੜ੍ਹਾ ਉਠਣ ਦਾ ਯਤਨ ਕਰਦੀ ਬੋਲਣ ਲੱਗੀ, ਪਰ ਨਵਜੋਤ ਨੇ ਸਹਾਰਾ ਦੇ ਕੇ ਉਸ ਨੂੰ ਫੇਰ ਲਿਟਾਅ ਦਿੱਤਾ।
'ਉਹ ਕੁਝ ਕਹਿਣਾ ਚਾਹੁੰਦੀ ਸੀ।'
ਸੰਨੀ ਬੋਲਿਆ, 'ਭਾਅ ਜੀ... ਚਾਹ ਕਹਿ ਆਉਂਦਾ ਹਾਂ ਕੰਨਟੀਨ ਜਾ ਕੇ...।'
ਰੁਪਿੰਦਰ ਤੇ ਨਵਜੋਤ ਨੇ ਇਕੱਠਿਆਂ ਹੀ ਨਾਂਹ ਵਿਚ ਸਿਰ ਹਿਲਾ ਦਿੱਤਾ। ਪ੍ਰੰਤੂ ਜਦੋਂ ਕਾਫ਼ੀ ਦੇਰ ਚੁੱਪ ਚਾਪ ਰਹੀ ਤਾਂ ਸੰਨੀ ਵਿਚਾਰਿਆਂ ਵਾਂਗ ਰੁਪਿੰਦਰ ਨੂੰ ਮੋਢਿਆਂ ਤੋਂ ਫੜ ਕੇ ਬਾਹਰ ਵੰਨੀ ਲੈ ਗਿਆ...। ਹਾਲੇ ਉਹ ਕੁਝ ਹੀ ਦੂਰੀ 'ਤੇ ਗਏ ਹੋਣਗੇ ਕਿ ਪਿਛਿਉਂ ਉਨ੍ਹਾਂ ਨੂੰ ਪੈਰਾਂ ਦੀ ਖੜਾਕ ਸੁਣਾਈ ਦਿੱਤੀ, ਉਨ੍ਹਾਂ ਦੇ ਮਗਰ ਹੀ ਮਾਸੀ ਮਾਸੜ ਜੀ ਵੀ ਆ ਰਹੇ ਸਨ, 'ਹੁਣ ਕੀ ਕਰੀਏ ਇਸ ਪੱਥਰ ਦਾ...?' ਮਾਸੀ ਜੀ ਦੇ ਬੋਲ...।
'ਮੈਂ ਤੈਨੂੰ ਪਹਿਲਾਂ ਕਿਹਾ ਨ੍ਹੀਂ ਸੀ ਕਿ ਅਲਟਰਾਸਾਊਂਡ ਕਰਵਾ ਦਿੰਨੇ ਆਂ... ' ਮਾਸੜ ਜੀ ਬੇਸ਼ੱਕ ਬੋਲੇ ਤਾਂ ਹੌਲੀ, ਪ੍ਰੰਤੂ ਅਫੀਮ ਦਾ ਨਸ਼ਾ ਹੋਣ ਕਰਕੇ ਉਨ੍ਹਾਂ ਦੀ ਆਵਾਜ਼ ਸਾਰੇ ਪਾਸੀਂ ਫੈਲ ਗਈ।
'ਮੈਂ ਤਾਂ ਏਨੂੰ ਬਹੁਤ ਜ਼ੋਰ ਲਾਇਆ ਸੀ, ਪਰ ਮੰਨੀ ਨਾ... ਸੰਨੀ ਦੀ ਵੀ ਪੇਸ਼ ਨ੍ਹੀਂ ਚੱਲਣ ਦਿੱਤੀ... ਕੀ ਕਰਦੇ...?' ਮਾਸੀ ਜੀ ਨੇ ਆਪਣੀ ਵਿਚਾਰਗੀ ਜ਼ਾਹਰ ਕੀਤੀ।
ਸੰਨੀ ਤੇ ਰੁਪਿੰਦਰ ਬਾਹਰ ਹਸਪਤਾਲ ਦੇ ਕੰਪਲੈਕਸ ਵਿਚ ਹੀ ਬਣੀ ਕੰਨਟੀਨ ਅੰਦਰ ਚਲੇ ਗਏ। ਹੁਣ ਮਾਸੀ ਮਾਸੜ ਜੀ ਦਾ ਕੋਈ ਬੋਲ ਨਹੀਂ ਸੀ ਸੁਣ ਰਿਹਾ, ਸ਼ਾਇਦ ਉਹ ਪਿਛਲ ਪੈਰੀਂ ਹੋ ਗਏ ਸਨ ਜਾਂ...।'
'ਚਾਹ ਦਾ ਆਰਡਰ ਦੇ ਕੇ ਸੰਨੀ ਰੋਣ ਵਰਗਾ ਹੋ ਗਿਆ, 'ਭਾਅ ਜੀ ਕੀ ਦੱਸਾਂ... ਸਾਰੀ ਫੈਮਿਲੀ ਵਿਚ ਮਾਤਮ ਛਾਇਆ ਹੋਇਐ... ਜਦੋਂ ਦੀ ਇਹ ਕੁੜੀ ਹੋਈ ਐ... ਸਾਰੇ ਘਰ ਵਿਚ ਘਮਸਾਨ ਮਚਿਆ ਹੋਇਐ... ਸੰਨੀ ਲਗਾਤਾਰ ਬੋਲੀ ਜਾ ਰਿਹਾ ਸੀ... ਹੁਣ ਦੱਸੋ ਭਾਅ ਜੀ ਕੀ ਕਰੀਏ, ਇਸ ਕੁੜੀ ਨੂੰ ਕਿਥੇ ਸੁੱਟੀਏ...।'
ਰੁਪਿੰਦਰ ਕੁਝ ਨਹੀਂ ਸੀ ਬੋਲ ਰਿਹਾ, ਬਸ ਸੁਣ ਰਿਹਾ ਸੀ, ਸੰਨੀ ਦੀ ਉਦਾਸ ਦਾਸਤਾਨ...।
'ਦਸ ਤੂੰ ਕੀ ਚਾਹੁੰਨੈ...' ਰੁਪਿੰਦਰ ਨੇ ਚਾਹ ਦੀ ਚੁਸਕੀ ਭਰਦਿਆਂ ਪ੍ਰਸ਼ਨ ਵਾਚਕ ਨਜ਼ਰਾਂ ਨਾਲ ਸੰਨੀ ਨੂੰ ਪੁੱਛਿਆ।
'ਭਾਪਾ ਜੀ ਤੇ ਬੀਜੀ ਤਾਂ ਮੁੰਡਾ ਚਾਹੁੰਦੇ ਸੀ...'
'ਤੇ ਤੂੰ...?' ਰੁਪਿੰਦਰ ਨੇ ਉਸ ਦੇ ਚਿਹਰੇ 'ਤੇ ਅੱਖਾਂ ਗੱਡ ਦਿੱਤੀਆਂ।
'ਮੈਂ ਤਾਂ ਕੀ ਚਾਹੁੰਣਾ ਸੀ ਭਾਅ ਜੀ... ਹੁਣ ਦੇਖੋ ਪਹਿਲੀ ਕੁੜੀ... ਮੇਰੀ ਇਕੱਲੇ ਦੀ ਨੌਕਰੀ... ਭਾਪਾ ਜੀ ਵੀ ਪੈਨਸ਼ਨ 'ਤੇ ਆ ਗਏ ਨੇ... ਤੁਸੀਂ ਤਾਂ ਜਾਣਦੇ ਈ ਓ ਭਾਅ ਜੀ...'
ਰੁਪਿੰਦਰ ਤਾਂ ਜਿਵੇਂ ਕੁਝ ਸੋਚ ਕੇ ਹੀ ਆਇਆ ਸੀ, ਕਿਉਂਕਿ ਪਹਿਲੀ ਕੁੜੀ ਵੇਲੇ ਵੀ ਇਹੀਓ ਮਾਤਮ ਛਾਇਆ ਸੀ, ਬਸ ਫਰਕ ਕੇਵਲ ਏਨਾ ਸੀ ਕਿ ਪਹਿਲਾਂ ਇਹ ਉਦਾਸ ਨਾਟਕ ਘਰ ਵਿਚ ਵਾਪਰਿਆ ਸੀ ਤੇ ਇਸ ਵਾਰ ਹਸਪਤਾਲ ਵਿਚ।
'ਇਸ ਦਾ ਮਤਲਬ ਐ ਤੁਸੀਂ ਕੁੜੀ ਨਹੀਂ ਚਾਹੁੰਦੇ...।'
ਸੰਨੀ ਚੁੱਪ ਰਿਹਾ, ਜਿਵੇਂ ਕਿਸੇ ਉੱਤਰ ਦੀ ਉਡੀਕ ਵਿਚ ਹੋਵੇ।
'...ਤਾਂ ਫੇਰ... ਤਾਂ ਫੇਰ ਮੈਨੂੰ ਸੋਚ ਕੇ ਦੱਸ ਕਿ ਤੂੰ ਇਹ ਕੁੜੀ ਮੈਨੂੰ ਦੇਣ ਲਈ ਤਿਆਰ ਐਂ...।'
ਸੰਨੀ ਨੂੰ ਏਡੀ ਵੱਡੀ ਉਮੀਦ ਨਹੀਂ ਸੀ, ਉਹ ਤਾਂ ਹਾਲੇ ਕੁਝ ਹੋਰ ਹੀ ਊਟ-ਪਟਾਂਗ ਜਿਹਾ ਸੋਚ ਰਿਹਾ ਸੀ ਕਿ ਜਿਵੇਂ-ਜਿਵੇਂ ਕਿਸੇ ਜ਼ਮਾਨੇ ਕੁੜੀ ਨੂੰ ਕਈ ਬਿਰਾਦਰੀਆਂ ਵਾਲੇ ਮਾਰ ਕੇ ਜਿੰਦਾ ਜ਼ਮੀਨ ਵਿਚ ਦੱਬ ਦਿੰਦੇ ਸਨ ਜਾਂ ਫੇਰ...।
'ਭਾਅ ਜੀ ਤੁਸੀਂ ਏਸ ਕੁੜੀ ਨੂੰ ਸੱਚਮੁੱਚ ਹੀ... ਭਾਬੀ ਜੀ ਮੰਨ ਜਾਣਗੇ...।'
'ਤੂੰ ਇਸ ਦੀ ਫਿਕਰ ਕਿਉਂ ਕਰਦੈਂ... ਤੂੰ ਆਪਣੇ ਦਿਲ ਦੀ ਗੱਲ ਦੱਸ ਕਿ ਤੂੰ ਮੇਰਾ ਇਹ ਫ਼ੈਸਲਾ ਮੰਨਣ ਲਈ ਤਿਆਰ ਐਂ'... ਰੁਪਿੰਦਰ ਨੇ ਉਸ ਦੀਆਂ ਚੋਰ ਜਿਹੀਆਂ ਅੱਖਾਂ ਵਿਚ ਸਿੱਧਾ ਝਾਕਦਿਆਂ ਉਸ ਨੂੰ ਝੰਜੋੜਿਆ।'
ਸੰਨੀ ਨੂੰ ਅੱਗੇ ਹੋਰ ਕੁਝ ਕਹਿਣ ਦੀ ਜਿਵੇਂ ਲੋੜ ਹੀ ਨਾ ਪਈ। ਦੋਵੇਂ ਜਣੇ ਸਹਿਮਤ ਹੁੰਦਿਆਂ ਤੁਰਨ ਲੱਗੇ ਤੇ ਇਸ ਨਾਟਕ ਦਾ ਅੰਤ ਹੋ ਗਿਆ। ਹੁਣ ਕੇਵਲ ਕਾਗਜ਼ੀ ਕਾਰਵਾਈ ਕਰਨੀ ਹੀ ਬਾਕੀ ਰਹਿ ਗਈ ਸੀ। ਪ੍ਰੰਤੂ ਇਸ ਤੋਂ ਪਹਿਲਾਂ ਹੀ ਸੰਨੀ ਫੇਰ ਵਿਚਾਰਿਆਂ ਹਾਰ ਹੋ ਗਿਆ ਤੇ ਦੱਬੀ ਦੱਬੀ ਜ਼ਬਾਨ ਵਿਚ ਕਹਿਣ ਲੱਗਾ, 'ਭਾਅ ਜੀ...ਹੁਣ ਦੇਖੋ, ਕੁੜੀ ਲੈਣ ਦੀ ਗੱਲ ਤੋਂ ਮੁੱਕਰਿਉ ਨਾ, ਪੂਰੀ ਕਾਨੂੰਨੀ ਕਾਰਵਾਈ ਹੋਵੇਗੀ ਪਰ... ਪਰ...।'
'ਪਰ... ਕੀ...?' ਰੁਪਿੰਦਰ ਇਕਦਮ ਤ੍ਰਭਕਿਆ।
'ਭਾਅ ਜੀ... ਕੀ ਕਰੀਏ ਕਿੰਨੀ ਮਹਿੰਗਾਈ ਹੋ ਗਈ ਐ, ਹੁਣ ਇਸ ਹਸਪਤਾਲ ਦਾ ਬਿੱਲ ਵੀ ਤਾਰਨਾ ਏ... ਜੇ...ਜੇ ਤੁਸੀਂ ਏਥੋਂ ਦੀ...ਪੇਮੈਂਟ ਕਰ ਦਿੰਦੇ ਤਾਂ ਸੱਚੀਂ ਮੇਰੇ 'ਤੇ ਕਿੰਨਾ ਵੱਡਾ ਅਹਿਸਾਨ ਹੋ ਜਾਵੇਗਾ...' ਰੁਪਿੰਦਰ ਨੂੰ ਇਕਦਮ ਝਟਕਾ ਜਿਹਾ ਲੱਗਾ ਕਿਉਂਕਿ ਉਸ ਨੂੰ ਇਸ ਦੀ ਉਮੀਦ ਨਹੀਂ ਸੀ ਪ੍ਰੰਤੂ ਫਿਰ ਉਹ ਨਾਰਮਲ ਹੋਣ ਦੀ ਕੋਸ਼ਿਸ਼ ਕਰਨ ਲੱਗਾ।
'ਹੁਣ ਤੁਸੀਂ ਤਾਂ ਜਾਣਦੇ ਈ ਓ ਮੇਰੀ ਹਾਲਤ ਨੂੰ... ਤੁਸੀਂ ਤਾਂ ਫੇਰ ਵੀ... ਮਾਫ਼ ਕਰਨਾ ਭਾਅ ਜੀ...।'
'ਰੁਪਿੰਦਰ ਸੋਚਣ ਲੱਗਾ। ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਹੈ ਤੇ ਇਸ ਦਾ ਤਾਂ ਬਿਜ਼ਨੈੱਸ ਵੀ ਹੈ ਤੇ ਮਾਸੜ ਜੀ ਦੀ ਵੀ ਪੈਨਸ਼ਨ ਆਉਂਦੀ ਹੈ ਤੇ ਇਸ ਦੀ ਘਰਵਾਲੀ ਵੀ ਨੌਕਰੀ...।'
'ਹਾਲੇ ਉਹ ਕੰਨਟੀਨ ਤੋਂ ਬਾਹਰ ਨਿਕਲੇ ਹੀ ਸਨ ਕਿ ਇਸ ਪਾਸੇ ਮਾਸੀ ਮਾਸੜ ਜੀ ਹਾਲੇ ਵੀ ਖੜ੍ਹੇ ਬੁਲ-ਬੁੜ ਕਰ ਰਹੇ ਸਨ... 'ਸਾਡੇ ਹੀ ਪੱਲੇ ਪੈਣਾ ਸੀ ਇਹ ਪੱਥਰ... ਪਹਿਲਾਂ ਇਸ ਨੇ ਇਕ ਪੱਥਰ ਸੁੱਟਿਆ ਤੇ ਹੁਣ... ਦੂਸਰਾ...। ਪਤਾ ਨੀ ਮਰ ਜਾਣੀਆਂ ਤੋਂ ਕਦੋਂ ਖਹਿੜਾ ਛੁੱਟੇਗਾ...।'
ਹਾਲੇ ਸ਼ਾਇਦ ਮਾਸੀ ਹੋਰ ਵੀ ਬੋਲਦੀ ਜਾਂਦੀ ਪ੍ਰੰਤੂ ਉਨ੍ਹਾਂ ਨੂੰ ਦੇਖ ਕੇ ਚੁੱਪ ਕਰ ਗਈ, ਉਂਜ ਵੀ ਮਾਸੜ ਜੀ ਨੇ ਉਸ ਨੂੰ ਹਲਕਾ ਜਿਹਾ ਇਸ਼ਾਰਾ ਕਰਕੇ ਚੁੱਪ ਕਰਵਾ ਦਿੱਤਾ ਸੀ।
ਰੁਪਿੰਦਰ ਉਨ੍ਹਾਂ ਨਾਲ ਜਨਰਲ ਵਾਰਡ ਵੰਨੀ ਤੁਰਿਆ ਜਾਂਦਾ ਸੋਚ ਰਿਹਾ ਸੀ 'ਕਮਲਿਓ! ਧੀਆਂ ਮਰ ਜਾਣੀਆਂ ਨੀਂ... ਇਹ ਤਾਂ ਰਾਣੀਆਂ ਹੁੰਦੀਆਂ ਨੇ ਰਾਣੀਆਂ...।

-543-ਏ, 10 ਘੁੰਮਣ ਨਗਰ, ਸਰਹਿੰਦ ਰੋਡ, ਪਟਿਆਲਾ।
ਮੋਬਾ: 98145-07693

ਕੂੜੇ ਦਾ ਢੇਰ

ਕੂੜ ਸਭ ਸੰਸਾਰ, ਕੂੜਾ ਸਭ ਸੰਸਾਰ 'ਚ। ਕੂੜ ਤੇ ਕੂੜਾ, ਦੋਵੇਂ ਬਦਬੂ ਤੇ ਘਿਰਣਾ ਦੇ ਪ੍ਰਤੀਕ ਹਨ। ਕੂੜੇ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ, ਕੂੜੇ ਤੋਂ ਲੋਕੀਂ ਦੂਰ-ਦੂਰ ਭੱਜਦੇ ਹਨ-ਸਗੋਂ ਕੂੜੇ ਨੂੰ ਦੁਰ-ਫਿੱਟੇ ਮੂੰਹ ਆਖ, ਮੂੰਹ ਪਰ੍ਹੇ ਕਰ ਘਰੋਂ ਬਾਹਰ ਸੁੱਟਦੇ ਹਨ। ਕੂੜਾ ਤੇ ਕੂੜਾ-ਬੰਦਾ ਦੋਵੇਂ ਬਦਬੂਦਾਰ ਹਨ, ਕੂੜੇ (ਝੂਠੇ) ਦੇ ਲੋਕੀਂ ਨੇੜੇ ਲੱਗਣ ਲਈ ਤਿਆਰ ਨਹੀਂ। ਕੂੜੇ (ਗੰਦਗੀ) ਦੇ ਨੇੜਿਓਂ ਲੰਘਦਿਆਂ ਲੋਕੀਂ ਨੱਕ 'ਤੇ ਰੁਮਾਲ ਰੱਖ ਲੈਂਦੇ ਹਨ।
ਇਕ ਕੂੜ ਬੋਲੋ, ਇਕ ਨੂੰ ਲੁਕਾਉਣ ਲਈ ਸੌ ਹੋਰ ਕੂੜ ਬੋਲਣੇ ਪੈਂਦੇ ਹਨ। ਬੋਲ-ਬੋਲ ਕੇ 'ਕੂੜ' ਦੇ ਪਹਾੜ ਖੜ੍ਹੇ ਹੋ ਜਾਂਦੇ ਹਨ ਤੇ ਕੂੜਾ... ਇਹ ਵੀ ਇਕੱਠਾ ਕਰ-ਕਰ ਕੇ ਸ਼ਹਿਰੋਂ ਕੂੜੇ ਤੇ ਕੂੜਾ ਸੁੱਟ-ਸੁੱਟ ਕੇ ਕੂੜੇ ਦਾ ਪਹਾੜ ਖੜ੍ਹਾ ਹੋ ਜਾਂਦਾ ਹੈ। ਸੁਆਣੀਆਂ ਦੀ ਦਿਨ-ਚਰਿਆ ਸ਼ੁਰੂ ਹੁੰਦੀ ਹੈ, ਘਰ 'ਚੋਂ ਕੂੜਾ ਹੂੰਝਣ ਦੀ ਕਿਰਿਆ ਨਾਲ। ਬਹੁਕਰ ਹੱਥ 'ਚ ਸਿਰ-ਮੂੰਹ ਦੁਪੱਟੇ ਨਾਲ ਢਕਿਆ ਕੋਨਾ-ਕੋਨਾ ਸੁੰਭਰ ਕੇ, ਇਹਨੂੰ ਘਰੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਬਾਹਰੋਂ ਮਿਊਂਸਪੈਲਟੀ ਵਾਲੇ ਸਫਾਈ-ਮਜ਼ਦੂਰ ਆ ਕੇ ਇਹ ਇਕੱਤਰ ਕਰ ਕੇ, ਡੰਪਿੰਗ ਗਰਾਊਂਡ 'ਚ ਸੁੱਟ ਆਉਂਦੇ ਹਨ-ਤਹਿ 'ਤੇ ਤਹਿ ਲੱਗਦੀ ਜਾਂਦੀ ਹੈ, ਕੂੜੇ-ਕਚਰੇ ਦੀ ਤੇ ਇਕ ਦਿਨ ਇਹ ਪਹਾੜ ਬਣ ਜਾਂਦਾ ਹੈ।
ਇਥੇ ਅਸਲੀ ਪਹਾੜ ਡਿੱਗ ਪੈਂਦੇ ਹਨ, ਕੂੜੇ ਦੇ ਪਹਾੜ ਦੀ ਕੋਈ ਗਾਰੰਟੀ ਨਹੀਂ। ਇਨ੍ਹੀਂ ਦਿਨੀਂ ਉਤਰਾਖੰਡ ਤੇ ਸ਼ਿਮਲਾ ਵਿਖੇ ਪਹਾੜ ਡਿੱਗ ਪਏ, ਨਾਲ ਹੀ ਰਾਹ 'ਚ ਆਉਂਦੇ ਮਕਾਨ, ਬਿਲਡਿੰਗਾਂ, ਕਾਰਾਂ, ਮੋਟਰਾਂ ਨੂੰ ਰੋੜ੍ਹ ਕੇ ਲੈ ਗਏ, ਸੜਕਾਂ ਨੂੰ ਵੀ ਤੋੜ-ਤਾੜ ਕੇ ਹਾਲੋਂ-ਬੇਹਾਲ ਕਰ ਦਿੱਤਾ। ਰਾਜਧਾਨੀ ਦਿੱਲੀ 'ਚ ਵੀ, ਕੂੜੇ-ਕਚਰੇ ਦਾ ਇਕ ਪਹਾੜ ਬਾਹਰਵਾਰ ਗਾਜ਼ੀਆਬਾਦ 'ਚ ਬਣੀ ਡੰਪਿੰਗ ਗਰਾਊਂਡ 'ਚੋਂ ਅਚਾਨਕ ਟੁੱਟ ਕੇ ਡਿੱਗ ਪਿਐ। ਥੱਲੇ ਇਕ ਸੜਕ ਹੈ, ਸੜਕ ਦੇ ਨਾਲ ਇਕ ਵੱਡਾ ਨਾਲਾ ਹੈ, ਨਹਿਰ ਵਰਗਾ, ਇਕ ਕੁੜੀ ਆਪਣੀ ਸਕੂਟਰੀ 'ਤੇ ਜਾ ਰਹੀ ਸੀ, ਇਕ ਨੌਜਵਾਨ ਮੁੰਡਾ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ, ਕੁਝ ਮੁਸਾਫਿਰ ਟੈਕਸੀ 'ਚ ਜਾ ਰਹੇ ਸਨ, ਕੂੜੇ ਦਾ ਪਹਾੜ ਇਨ੍ਹਾਂ 'ਤੇ ਡਿੱਗਿਆ, ਕੁੜੀ ਆਪਣੀ ਸਕੂਟਰੀ ਸਮੇਤ, ਮੁੰਡਾ ਆਪਣੇ ਮੋਟਰਸਾਈਕਲ ਸਮੇਤ ਤੇ ਟੈਕਸੀ ਆਪਣੇ ਮੁਸਾਫਿਰਾਂ ਸਮੇਤ ਨਾਲ ਵਗਦੇ ਨਾਲੇ 'ਚ ਜਾ ਪਏ, ਕੁੜੀ ਤੇ ਮੁੰਡਾ ਰੱਬ ਨੂੰ ਪਿਆਰੇ ਹੋ ਗਏ, ਟੈਕਸੀ ਦੇ ਮੁਸਾਫਿਰ ਗੋਤਾਖੋਰਾਂ ਨੇ ਬਚਾ ਲਏ।
ਸੋਚੋ, ਕੋਈ ਬੰਦਾ ਸਜ-ਧਜ ਕੇ ਕਿਸੇ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਜਾਂ ਇੰਟਰਵਿਊ ਦੇਣ ਲਈ ਜਾ ਰਿਹਾ ਹੁੰਦਾ ਹੈ ਕਿ ਉਪਰੋਂ ਕੂੜੇ ਦੀ ਬੁਛਾੜ ਆ ਕੇ ਸਿਰ ਤੇ ਸੂਟ 'ਤੇ ਪੈ ਗਈ, ਕਿੰਨੀ ਖਿੱਝ ਆਉਂਦੀ ਹੈ, ਕਿੰਨੀਆਂ ਗਾਲ੍ਹਾਂ ਨਿਕਲਦੀਆਂ ਹਨ-ਉਪਰੋਂ ਕੂੜਾ ਸੁੱਟਣ ਵਾਲੇ ਲਈ। ਇਕ ਦਿਲ-ਖੁਸ਼ ਕਰਨ ਵਾਲੀ ਨਿੱਕੀ ਕਹਾਣੀ ਮੈਂ ਪੜ੍ਹੀ ਹੈ, ਉਹਦਾ ਸਬੰਧ ਵੀ ਕੂੜੇ ਨਾਲ ਹੈ।
ਪਹਿਲਾਂ ਰਤਾ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕੂੜੇ ਦੇ ਢੇਰ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਤਾਂ ਗਲੀ-ਗਲੀ, ਮੁਹੱਲੇ-ਮੁਹੱਲੇ, ਸ਼ਹਿਰ-ਸ਼ਹਿਰ ਬਹਾਰਾਂ ਲਾਈ ਬੈਠਾ ਹੈ। ਜਿਹੜਾ ਵੀ ਘਰ, ਦਫਤਰ ਜਾਂ ਗਲੀ ਦਾ ਕੂੜਾ ਲਿਆਉਂਦਾ ਹੈ, ਉਹ ਸਿੱਧਾ ਇਸ ਢੇਰ 'ਤੇ ਸੁੱਟੀ ਜਾਂਦਾ ਹੈ, ਜਦ ਸਫਾਈ ਮਜ਼ਦੂਰ ਇਸ ਢੇਰ ਨੂੰ ਚੁੱਕ ਕੇ ਨਾ ਲੈ ਜਾਣ, ਇਹ ਕੂੜੇ ਦੇ ਢੇਰ ਵਧਦੇ-ਫਲਦੇ ਹਨ, ਬੋ-ਮਾਰਨਾ ਸ਼ੁਰੂ ਕਰ ਦਿੰਦੇ ਹਨ। ਨੇੜਿਉਂ ਮਜਬੂਰਨ ਲੰਘਣ ਵਾਲੇ ਨੱਕਾਂ 'ਤੇ ਰੁਮਾਲ ਰੱਖ ਕੇ ਵਾਹੋਦਾਹੀ, ਅਗਾਂਹ ਖਿਸਕ ਜਾਂਦੇ ਹਨ। ਨੱਕ ਤੋਂ ਰੁਮਾਲ ਹਟਾਉਣ ਮਗਰੋਂ ਆਪਣੀ-ਆਪਣੀ ਮਾਤਰ-ਭਾਸ਼ਾ ਵਿਚ ਮਿਊਂਸਪੈਲਟੀ ਵਾਲਿਆਂ ਨੂੰ ਪ੍ਰੰਪਾਰਗਤ ਗਾਲ੍ਹਾਂ ਜ਼ਰੂਰ ਪ੍ਰਦਾਨ ਕਰ ਦਿੰਦੇ ਹਨ।
ਆਪਣੇ ਇਕੱਤਰ ਕੀਤੇ ਕੂੜੇ ਤੋਂ ਮਨੁੱਖ ਪ੍ਰੇਸ਼ਾਨ ਹੈ, ਪਰ ਮੱਖੀਆਂ, ਮੱਛਰਾਂ ਲਈ ਇਹ ਵਰਦਾਨ ਹੈ। ਕੂੜੇ ਦੇ ਇਹ ਢੇਰ ਮੱਖੀਆਂ-ਮੱਛਰਾਂ ਲਈ ਡੋਮੈਸਟਿਕ ਤੇ ਇੰਟਰਨੈਸ਼ਨਲ ਏਅਰਪੋਰਟ (ਹਵਾਈ ਅੱਡੇ) ਹਨ। ਇਥੋਂ ਹੀ ਇਹ ਟੇਕ-ਆਫ ਕਰਦੇ ਹਨ ਤੇ ਆਪਣੇ ਨੇੜੇ-ਤੇੜੇ ਵਸਦੇ ਵਾਸੀਆਂ 'ਤੇ ਹੱਲਾ ਬੋਲਦੇ, ਡੰਗ ਮਾਰ ਕੇ ਜਾਂ ਉਨ੍ਹਾਂ ਦੇ ਖਾਣੇ 'ਤੇ ਬੈਠ ਕੇ, ਡੇਂਗੂ, ਮਲੇਰੀਆ ਤੇ ਉਲਟੀਆਂ-ਜੁਲਾਬਾਂ ਵਾਲੀਆਂ ਬਿਮਾਰੀਆਂ ਵੰਡਣ ਵਾਲਾ ਆਪਣਾ ਮਿਸ਼ਨ ਪੂਰਾ ਕਰਕੇ, ਬਿਨਾਂ ਕਿਸੇ ਨੁਕਸਾਨ ਦੇ, ਵਾਪਸ ਇਨ੍ਹਾਂ ਹੀ ਕੂੜੇ ਦੇ ਢੇਰਾਂ 'ਤੇ ਲੈਂਡ ਕਰ ਜਾਂਦੇ ਹਨ।
ਚਲੋ ਜੀ, ਤੁਹਾਨੂੰ ਉਹ 'ਕੂੜੇ' ਵਾਲੀ ਕਹਾਣੀ ਸੁਣਾ ਦਈਏ। ਇਹ ਤਾਂ ਜ਼ਾਹਿਰ ਹੈ ਕਿ ਸਾਡੇ ਘਰਾਂ 'ਚ ਜਿਹੜੀ ਵਸਤੂ ਵੀ ਬੇਕਾਰ ਹੋ ਜਾਂਦੀ ਹੈ, ਕਿਸੇ ਕੰਮ ਦੀ ਨਹੀਂ ਰਹਿੰਦੀ, ਉਹਨੂੰ ਚੁੱਕ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ ਜਾਂਦਾ ਹੈ। ਹਾਂ ਜੀ, ਤਾਂ ਅਰਜ਼ ਇਹ ਹੈ ਕਿ ਇਕ ਬੜੇ ਵੱਡੇ ਸਰਕਾਰੀ ਅਫਸਰ ਰਿਟਾਇਰ ਹੋ ਗਏ। ਸੇਵਾ-ਮੁਕਤ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਵਹੁਟੀ ਨੂੰ ਕਿਹਾ, 'ਭਾਗਵਾਨੇ ਆਪਣੇ ਬੱਚੇ ਤਾਂ ਅਮਰੀਕਾ, ਕੈਨੇਡਾ ਤੇ ਇੰਗਲੈਂਡ 'ਚ ਸੈਟਲ ਨੇ, ਆਪਣਾ ਜੱਦੀ ਘਰ ਪਿੰਡ 'ਚ ਹੈ, ਉਥੇ ਚੱਲ ਕੇ ਖੁੱਲ੍ਹੀਆਂ ਹਵਾਵਾਂ ਵਿਚ ਰਹਿਨੇ ਆਂ। ਵਹੁਟੀ ਮੰਨ ਗਈ, ਦੋਵੇਂ ਪਿੰਡ 'ਚ, ਜੱਦੀ ਘਰ 'ਚ ਪਹੁੰਚ ਗਏ।
ਇਕ ਦਿਨ ਸਰਦਾਰ ਸਾਹਿਬ ਨੇ ਸਵੇਰੇ-ਸਵੇਰੇ ਅਖ਼ਬਾਰ ਪੜ੍ਹਨ ਲਈ ਆਪਣੀ ਐਨਕ ਕੰਨਾਂ ਦੇ ਦੋਹਾਂ ਪਾਸੇ ਫਸਾਈ ਤਾਂ ਇਕ ਪਾਸੇ ਵਾਲੀ ਡੰਡੀ ਟੁੱਟ ਕੇ ਥੱਲੇ ਡਿੱਗ ਪਈ। ਸਰਦਾਰ ਜੀ ਨੇ ਧਾਗਾ ਬੰਨ੍ਹ ਕੇ ਉਹਨੂੰ ਮੁੜ ਕੰਨਾਂ 'ਤੇ ਟਿਕਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਨਦਾਰਦ। ਸਮਝ ਗਏ ਕਿ ਨਵੀਂ ਡੰਡੀ ਸ਼ਹਿਰ 'ਚ ਹੀ ਲੱਗੇਗੀ। ਵਹੁਟੀ ਨੂੰ ਖ਼ੁਸ਼ਖ਼ਬਰੀ ਦਿੱਤੀ, 'ਭਲੀਏ ਲੋਕੇ ਤਿਆਰ ਹੋ ਜਾ, ਸ਼ਹਿਰ ਚੱਲਾਂਗੇ...' ਬੀਬੀ ਤਿਆਰ ਹੋਣ ਲੱਗੀ। ਸਰਦਾਰ ਸਾਹਿਬ ਨੇ ਪੱਗ ਬੰਨ੍ਹੀ, ਬੂਟ ਪਾਉਣ ਲਗੇ ਤਾਂ ਉਹ ਵੀ ਆਕੜੇ ਪਏ ਸਨ, ਇਕ ਦਾ ਥਲਾ ਮੂੰਹ ਖੋਲ੍ਹੀ ਬੈਠਾ ਸੀ। ਅੱਕ ਕੇ ਪੈਰ ਫਸਾ ਲਏ ਦੋਹਾਂ 'ਚ ਕਿ ਚੱਲੋ ਸ਼ਹਿਰ 'ਚ ਜਾ ਕੇ ਕਿਸੇ ਮੋਚੀ ਕੋਲੋਂ ਮੁਰੰਮਤ ਕਰਵਾ ਲਵਾਂਗੇ। ਸੋ ਜੀ, ਦੋਵੇਂ ਸ਼ਹਿਰ ਪਹੁੰਚ ਗਏ।
ਪਹਿਲਾਂ ਸਰਦਾਰ ਸਾਹਿਬ ਮੋਚੀ ਕੋਲ ਗਏ, ਕਿਹਾ, 'ਭਾਈ ਇਨ੍ਹਾਂ ਦੀ ਮੁਰੰਮਤ ਕਰ ਦੇ।' ਮੋਚੀ ਨੇ ਦੋਵਾਂ ਬੂਟਾਂ ਨੂੰ ਚੁੱਕਿਆ, ਨਿਰੀਖਣ ਕੀਤਾ ਤੇ ਹੱਸ ਕੇ ਕਿਹਾ, 'ਸਰਦਾਰ ਜੀ, ਵੇਖਣ ਨੂੰ ਤਾਂ ਤੁਸੀਂ ਵੱਡੇ ਅਫਸਰ ਲੱਗਦੇ ਹੋ, ਇਹ ਬੂਟ ਹੁਣ ਖੋਸੜੇ ਹੋ ਗਏ ਨੇ, ਜਿੰਨੇ ਪੈਸੇ ਇਨ੍ਹਾਂ ਦੀ ਮੁਰੰਮਤ 'ਤੇ ਲੱਗਣਗੇ, ਓਨੇ ਦੇ ਤਾਂ ਨਵੇਂ, ਵਧੀਆ ਬੂਟ ਆ ਜਾਣਗੇ, ਐਵੇਂ ਕਾਹਨੂੰ ਇਨ੍ਹਾਂ ਛਿੱਤਰਾਂ 'ਤੇ ਪੈਸੇ ਗਵਾਉਣ ਲੱਗੇ ਹੋ? ਇਹ ਤੁਹਾਨੂੰ ਸ਼ੋਭਾ ਥੋੜ੍ਹਾ ਦਿੰਦੇ ਨੇ। ਉਹਨੇ ਨਵੇਂ ਬੂਟ ਦੁਕਾਨ 'ਚੋਂ ਮੰਗਵਾ ਕੇ ਉਨ੍ਹਾਂ ਦੇ ਪੈਰੀਂ ਫਿਟ ਕਰ ਦਿੱਤੇ। ਆਖਿਆ, 'ਵੇਖੋ ਤਿੰਨ ਸੌ ਰੁਪਿਆ 'ਚ ਪ੍ਰਸਨੈਲਿਟੀ ਕਿਵੇਂ ਨਿੱਖਰ ਗਈ ਏ?''
ਸਰਦਾਰ ਸਾਹਿਬ ਨੇ ਪੁੱਛਿਆ, 'ਆਹ ਪੁਰਾਣੇ ਬੂਟਾਂ ਦਾ ਕੀ ਕਰੀਏ?'
'ਕਰਨਾ ਕੀ ਏ?' ਮੋਚੀ ਨੇ ਆਖਿਆ, 'ਵੇਖੋ ਅਹੁ ਨੇੜੇ ਹੀ ਕੂੜੇ ਦਾ ਢੇਰ ਏ,ਉਹਦੇ 'ਤੇ ਸੁੱਟ ਦਿਓ।
ਕੂੜੇ ਦੇ ਢੇਰ 'ਤੇ ਪੁਰਾਣੇ ਛਿੱਤਰ ਸੁੱਟ ਕੇ ਸਰਦਾਰ ਜੀ ਨੇ 'ਭਲੀ ਲੋਕ' ਨੂੰ ਹੁਣ ਐਨਕਾਂ ਵਾਲੀ ਦੁਕਾਨ 'ਤੇ ਚੱਲਣ ਲਈ ਕਿਹਾ। ਐਨਕਾਂ ਦੇ ਫਰੇਮ ਦੀ ਟੁੱਟੀ ਹੋਈ ਡੰਡੀ ਨੂੰ ਉਹ ਨਾਲ ਲਿਆਏ ਸਨ। ਐਨਕਾਂ ਵਾਲੇ ਨੂੰ ਆਖਿਆ, 'ਬਈ ਇਹ ਡੰਡੀ ਫਿਟ ਕਰ ਦੇ।' ਐਨਕਾਂ ਵਾਲੇ ਭਾਈ ਨੇ ਉਹ ਡੰਡੀ ਵੇਖੀ, ਐਨਕ ਨੂੰ ਪਰਖਿਆ, ਹੱਸ ਕੇ ਕਿਹਾ, 'ਸਰਦਾਰ ਜੀ, ਇਹਦੀ ਦੂਜੀ ਡੰਡੀ ਵੀ ਕੜਕੀ ਪਈ ਜੇ, ਪੂਰਾ ਫਰੇਮ ਵੀ ਆਖਰੀ ਸਾਹ ਲੈ ਰਿਹਾ ਹੈ, ਅੱਜ ਟੁੱਟਾ ਕਿ ਕੱਲ੍ਹ। ਲਗਦੇ ਤਾਂ ਵੱਡੇ ਅਫਸਰ ਹੋ, ਤੁਹਾਨੂੰ ਇਹ ਪੁਰਾਣਾ ਫਰੇਮ ਅੱਖਾਂ 'ਤੇ ਲਾਇਆ ਸ਼ੋਭਾ ਦਿੰਦਾ ਹੈ? ਨਾਲੇ ਜਿੰਨੇ ਪੈਸੇ ਮੁਰੰਮਤ ਦੇ ਲੱਗਣਗੇ, ਓਨੇ 'ਚ ਤਾਂ ਤੁਹਾਨੂੰ ਵਧੀਆ ਨਵਾਂ ਫਰੇਮ ਮਿਲ ਜਾਏਗਾ।' ਸਰਦਾਰ ਸਾਹਿਬ ਨੇ 'ਹਾਂ' ਕਹਿ ਦਿੱਤੀ, ਥੋੜ੍ਹੀ ਦੇਰ ਬਹਿਣਾ ਪਿਆ, ਉਹਨੇ ਉਹੀਓ ਸ਼ੀਸ਼ੇ ਨਵੇਂ ਫਰੇਮ 'ਚ ਫਿਟ ਕਰਕੇ ਉਨ੍ਹਾਂ ਦੀਆਂ ਅੱਖਾਂ 'ਤੇ ਫਿਟ ਕਰ ਦਿੱਤੇ, ਉਨ੍ਹਾਂ ਅੱਗੇ ਸ਼ੀਸ਼ਾ ਕਰ ਦਿੱਤਾ, ਵੇਖਣ ਲਈ ਤੇ ਕੋਲ ਬੈਠੀ ਮਾਤਾ ਜੀ ਦੀ ਗਵਾਹੀ ਲਈ, ਮਾਤਾ ਜੀ ਵੇਖੋ, ਸਰਦਾਰ ਸਾਹਿਬ ਦੀ ਪ੍ਰਸਨੈਲਿਟੀ ਹੀ ਬਦਲ ਗਈ ਹੈ ਕਿ ਨਾ।
ਸਰਦਾਰ ਸਾਹਿਬ ਨੇ ਤਿੰਨ ਸੌ ਰੁਪਏ ਦੇ ਦਿੱਤੇ। ਟੁੱਟੇ ਫਰੇਮ ਬਾਰੇ ਪੁੱਛਿਆ, 'ਇਹਦਾ ਕੀ ਕਰੀਏ?'
'ਕਰਨਾ ਕੀ ਏ', ਔਹ ਪਰ੍ਹੇ, ਕੂੜੇ ਦਾ ਢੇਰ ਏ, ਉਥੇ ਸੁੱਟ ਦਿਓ, ਹੋਰ ਕੀ।'
ਸਰਦਾਰ ਜੀ ਪੈਸੇ ਚੁਕਤੇ ਕਰ ਬਾਹਰ ਆ ਗਏ। ਵਹੁਟੀ ਨੂੰ ਕਿਹਾ, 'ਚਲ ਭਲੀਏ ਲੋਕੇ, ਤੈਨੂੰ ਡਾਕਟਰ ਕੋਲ ਲੈ ਚੱਲਾਂ।'
ਵਹੁਟੀ ਨੇ ਝੱਟ ਕਿਹਾ, 'ਡਾਕਟਰ ਕੋਲੇ, ਚਲੋ ਮੈਨੂੰ ਪਿੰਡ ਵਾਪਸ ਲੈ ਚਲੋ।'
'ਕਿਉਂ ਬਈ... ਕਿਉਂ?'
'ਮੈਨੂੰ ਪਤੈ ਡਾਕਟਰ ਨੇ ਕਹਿਣੈ, ਸਰਦਾਰ ਜੀ, ਇਹ ਕਾਹਨੂੰ ਟੁੱਟੀ-ਭੱਜੀ ਜ਼ਨਾਨੀ ਨੂੰ ਲੈ ਆਏ ਹੋ। ਜਿੰਨੇ ਪੈਸੇ ਇਹਦੀਆਂ ਦਵਾਈਆਂ 'ਤੇ ਲੱਗਣਗੇ ਓਨੇ ਤਾਂ ਮੈਂ ਤੁਹਾਨੂੰ ਨਵੀਂ ਜ਼ਨਾਨੀ ਲੈ ਦਿਆਂਗਾ।'
'ਇਹਨੂੰ ਸੁੱਟੋ ਕੂੜੇ ਦੇ ਢੇਰ 'ਤੇ।'
ਸਰਦਾਰ ਜੀ ਨੂੰ ਲੱਗਾ ਵਹੁਟੀ ਨੇ ਕੂੜੇ ਦਾ ਢੇਰ ਉਨ੍ਹਾਂ ਸਿਰ 'ਤੇ ਸੁੱਟ ਦਿੱਤਾ ਹੈ।

ਕਹਾਣੀ ਲਾਹੌਰ : 58063

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰੋਟੀ ਖਾਧੀ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸੀ। ਜਦੋਂ ਭਾਊ ਜੀ ਸੁਰਤੀ ਘੁੰਮਣ ਲੱਗੀ ਤਾਂ ਸਭ ਤੋਂ ਪਹਿਲਾਂ ਘਰ ਵਾਲੀ ਦੀ ਯਾਦ ਆਈ। ਸੋਚਿਆ ਚੱਲ ਮਨਾਂ ਘਰ ਫੋਨ ਕਰਕੇ ਘਰ ਵਾਲੀ ਨੂੰ ਦੱਸੀਏ ਬਾਬੇ ਤਾਂ ਅੱਜ ਮਮਦੋਟ ਆਸਣ ਲਾਈ ਬੈਠੇ ਨੇ। ਬਾਜ਼ਾਰ ਨਿਕਲਿਆ, ਚਾਰੇ ਪਾਸੇ ਸੁੰਨ-ਮਸਾਨ। ਬੰਦਾ ਨਾ ਬੰਦੇ ਦੀ ਜਾਤ। ਉਦੋਂ ਹੀ ਸਾਰੇ ਟਾਈਮ ਨਾਲ ਹੀ ਘਰਾਂ 'ਚ ਜਾ ਵੜਦੇ ਸੀ। ਮੈਨੂੰ ਇੰਜ ਲੱਗੇ ਬਈ ਅੱਜ ਤਾਂ ਉਹ ਗੱਲ ਹੋ ਗਈ ਜਿਵੇਂ ਮਾਣਕ ਗਾਉਂਦਾ ਏ ਨਾ ਅਖੇ 'ਗਲੀਆਂ ਹੋ ਜਾਣ ਸੁੰਨੀਆਂ ਵਿਚ ਮਿਰਜ਼ਾ ਯਾਰ ਫਿਰੇ', ਤੇ ਯਾਰ ਕੇ ਲੱਗੇ ਚੌੜੇ ਹੋ-ਹੋ ਤੁਰਨ। ਐਸ.ਟੀ.ਡੀ. 'ਤੇ ਪਹੁੰਚਿਆ। ਤਾਂ ਕੁਦਰਤੀ ਸਾਡੇ ਮਹਿਕਮੇ ਦਾ ਇਕ ਹੋਰ ਸੱਜਣ ਵੀ ਬੈਠਾ ਸੀ। ਸ਼ਕਲ ਤੋਂ ਵਾਕਫ਼ ਸਾਂ ਪਰ ਨਾਮ ਨਹੀਂ ਸਾਂ ਜਾਣਦੇ। ਹੱਥ ਮਿਲਾ ਕੇ ਹਾਲ-ਚਾਲ ਪੁੱਛਿਆ। ਤਿੰਨ ਕੁ ਜਣੇ ਹੋਰ ਬੈਠੇ ਸੀ। ਮੈਨੂੰ ਕੀ ਪਤਾ ਉਹ ਸਿਵਲ ਵਰਦੀਆਂ 'ਚ ਬੀ.ਐਸ.ਐਫ. ਵਾਲੇ ਸਨ। ਲੈ ਬਈ ਆਪਾਂ ਤਾਂ ਪੈਂਦੀ ਸੱਟੇ ਖੰਡਾ ਖੜਕਾ 'ਤਾ। ਐਸ.ਟੀ.ਡੀ. ਵਾਲਾ ਪੁੱਛਦਾ, 'ਹਾਂ ਜੀ, ਸਰਦਾਰ ਜੀ ਕਿੱਥੇ ਲਾਉਣਾ ਜੇ?' ਆਪਣੇ ਘੁੰਮੇ ਪਏ ਸੀ ਡਾਇਲ। ਮੈਂ ਕਿਹਾ, 'ਲਾ ਦੇ ਲਾਹੌਰ-58063', ਉਹ ਵਿਚਾਰਾ ਇਕਦਮ ਹੈਰਾਨ ਹੋ ਗਿਆ ਤੇ ਫਿਰ ਹੱਸ ਪਿਆ। ਮੇਰੇ ਮਹਿਕਮੇ ਵਾਲਾ ਵੀ ਹੱਸੇ। ਫੌਜੀ ਭਾਈਆਂ ਨੇ ਕੰਨ ਖੜ੍ਹੇ ਕਰ ਲਏ। ਮੈਨੂੰ ਉਨ੍ਹਾਂ ਦਾ ਪਤਾ ਨਹੀਂ ਸੀ। ਮੈਂ ਤਾਂ ਐਵੇਂ ਚੌੜਾਂ ਕਰਦਾ ਸੀ। ਐਸ.ਟੀ.ਡੀ. ਵਾਲੇ ਪੁੱਛਿਆ, 'ਸਹੀ ਦੱਸੋ ਸਰਦਾਰ ਜੀ! ਕਿਤੇ ਲਾਉਣਾ ਜੇ?' ਮੈਂ ਕਿਹਾ, 'ਹੈਅ ਫਿਰ ਉਹੀ ਗੱਲ। ਓ ਭੈੜਿਆ ਲ੍ਹੌਰ ਲਾ ਲ੍ਹੌਰ। ਆਪਣੀ ਨਵਾਜ਼ ਸ਼ਰੀਫ਼ ਨਾਲ ਸਿੱਧੀ ਗੱਲ ਏ। ਲਿਆ ਛੱਡ ਮੈਂ ਲਾਵਾਂ।' ਮੈਂ ਬਹਿ ਕੇ ਫੋਨ ਨਾਲ ਪੰਗੇ ਲੈਣ ਲੱਗਾ। ਇਕ ਫ਼ੌਜੀ ਭਾਈ ਫਟਾਫਟ ਬਾਹਰ ਨਿਕਲਿਆ ਤੇ ਮੋਟਰ ਸਾਈਕਲ ਸਟਾਰਟ ਕਰਕੇ ਔਹ ਗਿਆ... ਔਹ ਗਿਆ। ਮੈਨੂੰ ਦਸ ਕੁ ਮਿੰਟ ਹੋਏ ਸੀ ਝੱਲ ਖਿਲਾਰਦੇ ਨੂੰ ਕਿ ਸਾਹਮਣੇ ਬੀ.ਐਸ.ਐਫ. ਵਾਲਿਆਂ ਦੀ ਜਿਪਸੀ ਰੁਕੀ ਤੇ ਵਿਚੋਂ ਉਤਰੇ ਬੰਦੂਕਾਂ ਵਾਲੇ। ਇਕ ਜਣੇ ਨੇ ਆਉਂਦਿਆਂ ਹੀ ਮੈਨੂੰ ਗਲਮੇਂ ਤੋਂ ਫੜ ਲਿਆ, 'ਚਲ ਉਠ ਬੇ' ਮੈਂ ਹੱਕਾ-ਬੱਕਾ ਉਹਦੇ ਮੂੰਹ ਵੱਲ ਵੇਖਣ ਲੱਗਾ। ਹੈਰਾਨ ਹੋਏ ਨੇ ਪੁੱਛਿਆ, 'ਸਾਹਬ! ਮੇਰਾ ਕਸੂਰ ਕਿਆ ਹੈ?' ਇਕ ਨੇ ਵੱਟ ਕੇ ਘਸੁੰਨ ਮਾਰਿਆ ਮੇਰੇ ਬੂਥੇ 'ਤੇ, ਸਾਲਾ ਲਾਹੌਰ ਮੇਂ ਬਾਤ ਕਰਤਾ ਹੈ ਆਧੀ ਰਾਤ ਕੋ। ਨਵਾਜ਼ ਸ਼ਰੀਫ਼ ਸੇ ਤੇਰੀ ਸੀਧੀ ਬਾਤ ਹੈ। ਤੂੰ ਤੋ ਬਹੁਤ ਬੜਾ ਆਤੰਕਵਾਦੀ ਹੈ ਔਰ ਪੂਛਤਾ ਹੈ ਕਿਆ ਗੁਨਾਹ ਹੈ ਮੇਰਾ।' ਸੱਚ ਜਾਣਿਓ ਭਾਅ ਘਸੁੰਨ ਨਾਲ ਪੀਤੀ ਤਾਂ ਮੇਰੀ ਸਾਰੀ ਲਹਿ ਗਈ ਉਦੋਂ ਹੀ। ਹੁਣ ਪਤਾ ਲੱਗਾ ਬੱਚੂ, ਖੱਚਾਂ ਵੱਢਦਿਆਂ ਆਹ ਕੀ ਸਿਆਪਾ ਸਹੇੜ ਲਿਆ। ਹੁਣ ਤਾਂ ਜਾਨ ਦਾ ਫਿਕਰ ਪੈ ਗਿਆ। ਮੈਂ ਦੋਵੇਂ ਹੱਥ ਜੋੜ ਲਏ, 'ਜਨਾਬ। ਮੈਂ ਕੋਈ ਤੰਕ-ਤੁੰਕਵਾਦੀ ਨਹੀਂ। ਉਹ ਤਾਂ ਐਵੇਂ ਪੀਤੀ-ਖਾਧੀ 'ਚ ਅਫਰੇਵਾਂ ਚੜ੍ਹਿਆ ਸੀ ਤੇ ਆਹ ਬਾਈ ਨਾਲ ਝੱਟ ਹਾਸਾ ਖੇਡਦਾ ਕਰਦਾ ਸੀ। ਮੈਂ ਤਾਂ ਘਰ ਫੋਨ ਕਰਨ ਆਇਆ ਸੀ। ਪੁੱਛ ਲਓ, ਇਹਨੂੰ ਮੈਂ ਘਰ ਫੋਨ ਕੀਤਾ ਏ ਲ੍ਹੌਰ ਨਹੀਂ। ਆਹ ਸਾਡਾ ਸਾਥੀ ਬੈਠਾ ਏ ਇਹਨੂੰ ਪੁੱਛ ਲਓ।' ਉਨ੍ਹਾਂ 'ਤਾਂ ਜੀ ਮੈਨੂੰ ਬਾਹਰ ਘੜੀਸ ਲਿਆ। ਮੈਂ ਨਾਲ ਦੇ ਨੂੰ ਇਸ਼ਾਰਾ ਕੀਤਾ ਤਾਂ ਉਹਨੇ ਉਦੋਂ ਹੀ ਜੀ.ਐਮ. ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਮੈਂ ਪਹਿਲਾਂ ਤਾਂ ਐਸ.ਟੀ.ਡੀ. ਨੂੰ ਹੱਥ ਪਾਕੇ ਚੰਬੜਿਆ ਰਿਹਾ। ਫਿਰ ਜਿਪਸੀ 'ਚ ਚੜ੍ਹਨ ਵੇਲੇ ਅੜ ਗਿਆ, ਬਈ ਵੱਧ ਤੋਂ ਵੱਧ ਟਾਇਮ ਲੱਗੇ। ਉਨ੍ਹਾਂ ਸਾਲਿਆਂ ਨੂੰ ਤਾਂ ਭਾਅ ਢੰਗ ਈ ਬੜਾ ਆਉਂਦਾ ਈ। ਇਕ ਨੇ ਮੇਰੀ ਲੱਤ 'ਚ ਲੱਤ ਫਸਾ ਕੇ ਸੁੱਟ ਲਿਆ ਤੇ ਦੋ ਜਣਿਆਂ ਨੇ ਚੁੱਕ ਕੇ ਸੁੱਟਿਆ ਜਿਪਸੀ 'ਚ। ਛਾਉਣੀ ਆਪਣੇ ਸਾਹਬ ਕੋਲ ਲਿਜਾ ਖਲ੍ਹਾਰਿਆ। ਉਹ ਲੱਗਾ ਪੁੱਛਗਿੱਛ ਕਰਨ, 'ਹਾਂ ਬਤਾ ਬੇ ਕਿਆ ਨਾਮ ਹੈ ਤੇਰਾ?' 'ਜੀ ਪਾਲਾ ਸਿਹੁੰ।' 'ਕਿਆ ਕਰਤੇ ਹੋ?' 'ਪੰਜਾਬ ਰੋਡਵੇਜ਼ ਮੇਂ ਡਰਾਈਵਰ ਹੂੰ ਜੀ।' 'ਅੱਛਾ... ਕਿਆ ਨੰਬਰ ਹੈ ਗਾੜੀ ਕਾ?' ਮੈਂ ਉਸੇ ਦਿਨ ਤਾਂ ਗੱਡੀ ਫੜੀ ਸੀ। ਨੰਬਰ ਤਾਂ ਵੇਖਿਆ ਹੀ ਨਹੀਂ ਸੀ, 'ਜੀ ਉਹ ਤਾਂ ਅਜੇ ਯਾਦ ਨਹੀਂ।' 'ਕੰਡਕਟਰ ਕਾ ਕਿਆ ਨਾਮ ਹੈ?' ਮੈਂ ਤਾਂ ਉਹ ਵੀ ਨਹੀਂ ਸੀ ਪੁੱਛਿਆ, 'ਮੈਂ ਜੀ ਆਜ ਪਹਿਲੇ ਦਿਨ ਇਸ ਰੂਟ ਪਰ, ਇਸ ਬਸ ਤੇ ਇਸ ਕੰਡਕਟਰ ਦੇ ਸਾਥ ਆਇਆਂ ਜੀ। ਇਸ ਲਈ ਕੁਛ ਵੀ ਪਤਾ ਨਹੀਂ।' ਸਾਹਬ ਨੇ ਖਿੱਚ ਕੇ ਘਸੁੰਨ ਮੇਰੀਆਂ ਨਾਸਾਂ 'ਤੇ ਮਾਰਿਆ, 'ਸਾਲਾ! ਝੂਠ ਬੋਲਤਾ ਹੈ। ਗਾੜੀ ਕਾ ਨੰਬਰ ਯਾਦ ਨਹੀਂ। ਕੰਡਕਟਰ ਕਾ ਨਾਮ ਯਾਦ ਨਹੀਂ। ਚਲ ਅਡੰਟੀਕਾਰਡ ਦਿਖਾ ਮੈਂ ਕਿਹਾ 'ਉਹ ਤਾਂ ਵਰਦੀ 'ਚ ਏ ਤੇ ਵਰਦੀ ਗੱਡੀ 'ਚ ਏ ਜੀ।' 'ਕਿਆ...?' ਸਾਹਬ ਚੀਖਿਆ, 'ਅਡੰਟੀਕਾਰਡ ਭੀ ਨਹੀਂ। ਕੈਸਾ ਡਰਾਈਵਰ ਹੈ ਰੇ ਤੂੰ। ਮਾਦਰ... ਤੂੰ ਪੱਕਾ ਆਤੰਕਵਾਦੀ ਹੈ। ਬਤਾ ਸਾਲੇ, ਲਾਹੌਰ ਕਿਸ ਆਤੰਕਵਾਦੀ ਸੇ ਬਾਤ ਕਰਨੀ ਥੀ?' ਮੈਂ ਬੜੀਆਂ ਮਿੰਨਤਾਂ ਕੀਤੀਆਂ, 'ਸਾਹਬ ਜੀ। ਮੈਂ ਤੰਕਵਾਦੀ ਨਹੀਂ। ਡਰਾਈਵਰ ਹਾਂ। ਮੇਰਾ ਯਕੀਨ ਕਰੋ।' 'ਤੋ ਲਾਹੌਰ ਆਪਣੇ ਬਾਪ ਸੇ ਬਾਤ ਕਰਨੀ ਥੀ ਕੁੱਤੇ। ਅਭੀ ਭੇਜਤਾ ਹੂੰ ਤੇਰੇ ਕੋ ਪਾਕਿਸਤਾਨ। ਜਵਾਨੋ! ਇਸੇ ਧਰਤੀ ਪਰ ਵਿਛਾ ਦੋ। ਅਰੇ ਮੈਨੇ ਤੋ ਬੜੇ ਸੇ ਬੜੇ ਉਗਰਵਾਦੀ ਮੰਨਵਾ ਲੀਏ ਤੂ ਤੋ ਚੀਜ਼ ਹੀ ਕਿਆ ਹੈ।' ਲੌ ਜੀ ਮੈਨੂੰ ਰੋਂਦੇ-ਕੁਰਲਾਉਂਦੇ ਨੂੰ ਉਨ੍ਹਾਂ ਭੁੰਜੇ ਸੁੱਟ ਲਿਆ। ਡਾਂਗ ਖਿੱਚ ਕੇ ਮਾਰੀ ਮੇਰਿਆਂ ਮੌਰਾਂ 'ਚ। ਮੈਂ ਉੱਚੀ-ਉੱਚੀ ਚੀਕਾਂ ਛੱਡੀਆਂ। ਤਦੇ ਖੌਰੇ ਮੇਰੀ ਕਿਸਮਤ ਚੰਗੀ ਸੀ ਜੀ.ਐਮ. ਦੀ ਲਾਲ ਬੱਤੀ ਵਾਲੀ ਗੱਡੀ ਅੰਦਰ ਟੱਪ ਆਈ। ਸਾਹਬ ਨੇ ਜਵਾਨਾਂ ਨੂੰ ਰੁਕ ਜਾਣ ਦਾ ਇਸ਼ਾਰਾ ਕੀਤਾ। ਜੀ.ਐਮ. ਕੋਲ ਆਇਆ। ਫ਼ੌਜੀਆਂ ਸਲੂਟ ਠੋਕਿਆ। ਸਾਹਬ ਨੇ ਹੱਥ ਮਿਲਾਇਆ। ਜੀ.ਐਮ. ਸਾਹਿਬ ਨੇ ਆਪਣੇ ਬਾਰੇ ਦੱਸਿਆ ਤੇ ਫਿਰ ਪੁੱਛਿਆ, 'ਇਹ ਕੀ ਕਰ ਰਹੇ ਓ ਜਨਾਬ। ਕਿਉਂ ਕੁੱਟੀ ਜਾਂਦੇ ਓ ਬੇਕਸੂਰ ਨੂੰ?' 'ਯੇ ਬੇਕਸੂਰ ਨਹੀਂ ਸਾਹਬ। ਬਹੁਤ ਬੜਾ ਆਤੰਕਵਾਦੀ ਹੈ। ਲਾਹੌਰ ਫੋਨ ਕਰ ਰਹਾ ਥਾ। ਹਮਾਰੇ ਜਵਾਨੋਂ ਨੇ ਖੁਦ ਦੇਖਾ ਹੈ।' 'ਓ ਨਹੀਂ ਸਾਹਬ! ਇਹ ਕੋਈ ਬੜਾ ਆਤੰਕਵਾਦੀ ਨਹੀਂ। ਇਹ ਤਾਂ ਸਾਡੇ ਮਹਿਕਮੇ ਦਾ ਡਰਾਈਵਰ ਹੈ ਪਾਲਾ ਸਿੰਘ।' 'ਤੋ ਇਸੇ ਗਾੜੀ ਕਾ ਨੰਬਰ ਔਰ ਕੰਡਕਟਰ ਕਾ ਨਾਮ ਯਾਦ ਕਿਉਂ ਨਹੀਂ? ਲਾਹੌਰ ਫੋਨ ਕਰਨੇ ਕੋ ਕਿਉਂ ਕਹਾ?' ਫ਼ੌਜੀ ਸਾਹਿਬ ਨੇ ਪੁੱਛਿਆ। ਸੁਣ ਕੇ ਜੀ.ਐਮ. ਸਾਹਿਬ ਖਿੜਖਿੜਾ ਕੇ ਹੱਸ ਪਏ, 'ਅੱਛਾ, ਤਾਂ ਇਹ ਹੈ ਜਨਾਬ ਹੋਰਾਂ ਦੇ ਸ਼ੱਕ ਦੀ ਵਜ੍ਹਾ। ਵੇਖੋ ਇਹ ਵਿਚਾਰਾ ਅੱਜ ਸ਼ਾਮੀਂ ਲੁਧਿਆਣਿਓਂ ਮੁੜਿਆ। ਆਉਂਦਿਆਂ ਹੀ ਉਸ ਗੱਡੀ ਤੋਂ ਬਦਲ ਕੇ ਇਸ ਗੱਡੀ 'ਤੇ ਭੇਜ ਦਿੱਤਾ। ਕੰਡਕਟਰ ਉਤਰਦਿਆਂ ਚਲਾ ਗਿਆ ਪਿੰਡ। ਉਹਦੇ ਨਾਲ ਜਾਣ-ਪਛਾਣ ਵੀ ਨਾ ਹੋਈ। ਇਸ ਲਈ ਕੰਡਕਟਰ ਦਾ ਨਾਂਅ ਤੇ ਗੱਡੀ ਦਾ ਨੰਬਰ ਇਹਨੂੰ ਯਾਦ ਨਹੀਂ ਹੋਇਆ। ਰਹੀ ਲਾਹੌਰ ਫੋਨ ਕਰਨ ਦੀ ਗੱਲ। ਤੁਹਾਨੂੰ ਪਤਾ ਏ ਪੰਜਾਬੀ, ਖਾਸ ਕਰਕੇ ਡਰਾਈਵਰ ਸ਼ਰਾਬ ਪੀਣ ਦੇ ਵਾਹਵਾ ਸ਼ੌਕੀਨ ਹੁੰਦੇ ਨੇ। ਸਾਡਾ ਇਹ ਜਵਾਨ ਤਾਂ ਕੁਝ ਜ਼ਿਆਦਾ ਹੀ ਪੀ ਲੈਂਦਾ ਏ। ਬਸ, ਪੀ ਕੇ ਝੱਟ ਕਮਲ ਕੁੱਟਣ ਨੂੰ ਜੀਅ ਕਰ ਆਇਆ ਹੋਣੈ ਤੇ ਇਹਨੇ ਐਸ.ਟੀ.ਡੀ. ਵਾਲੇ ਨਾਲ ਆਵਦਾ ਮਛਰੇਵਾਂ ਲਾਹ ਲਿਆ। ਤੁਸੀਂ ਬਿੱਲ ਵੇਖੋ, ਇਸ ਨੇ ਆਵਦੇ ਘਰ ਦਾ ਨੰਬਰ ਮਿਲਾਇਆ ਸੀ। ਗੱਲ ਤਾਂ ਵਿਚੋਂ ਐਨੀ ਸੀ। ਇਹਨੂੰ ਵਿਚਾਰੇ ਨੂੰ ਕੀ ਪਤਾ ਹਾਸਾ-ਖੇਡਾ ਕੀਤਾ ਪੁੱਠਾ ਪੈ ਜਾਣਾ ਏ। ਚਲੋ ਛੱਡੋ ਹੁਣ ਵਿਚਾਰੇ ਦੀ ਬਥੇਰੀ ਪੀ.ਟੀ. ਕਰਵਾ ਲਈ ਜੇ।'
ਸੁਣ ਕੇ ਫ਼ੌਜੀ ਸਾਹਬ ਵੀ ਖੁੱਲ੍ਹ ਕੇ ਹੱਸਿਆ, 'ਠੀਕ ਐ ਸਰ! ਆਪ ਕਹਿਤੇ ਹੈਂ ਤੋ ਹਮ ਛੋੜ ਦੇਤੇ ਹੈਂ ਵਰਨਾ ਇਸ ਕੋ ਤੋ ਆਜ ਹੀ ਲਾਹੌਰ ਪਹੁੰਚਾ ਦੇਤੇ। ਚਲ ਬਈ ਆਜ ਕੇ ਬਾਅਦ ਫਿਰ ਕਭੀ ਲਾਹੌਰ ਫੋਨ ਮਤ ਕਰਨਾ, ਸੁਨ ਲੀਆ?' ਉਦੋਂ ਤੱਕ ਮੈਂ ਉਠ ਕੇ ਕੱਪੜੇ ਝਾੜ ਲਏ ਸੀ। ਦੋਵੇਂ ਕੰਨ ਫੜ ਕੇ ਆਖਿਆ, 'ਬੜੀ ਅੱਛੀ ਤਰ੍ਹਾਂ ਸੁਨ ਲੀਆ ਸਾਹਬ। ਤੁਹਾਡਾ ਹੁਕਮ ਹੋਵੇ ਤਾਂ ਮਮਦੋਟ ਰਹਿੰਦਿਆਂ ਲਾਹੌਰ ਤਾਂ ਕੀ ਆਵਦੇ ਘਰ ਵੀ ਫੋਨ ਨਹੀਂ ਕਰਾਂਗਾ। ਤੌਬਾ, ਮੇਰੇ ਵੱਡਿਆਂ ਦੀ ਤੌਬਾ।' ਸੁਣ ਕੇ ਦੋਵੇਂ ਸਾਹਬ ਖਿੜਖਿੜਾ ਕੇ ਹੱਸੇ। ਜੀ.ਐਮ. ਨੇ ਫ਼ੌਜੀ ਸਾਹਬ ਦਾ ਧੰਨਵਾਦ ਕਰਕੇ ਹੱਥ ਮਿਲਾਇਆ ਤੇ ਮੈਨੂੰ ਲੈ ਕੇ ਚੱਲ ਪਏ. ਗੱਡੀ ਕੋਲ ਕੋਈ ਹੋਰ ਮੁਲਾਜ਼ਮ ਛੱਡ ਕੇ ਡਰਾਈਵਰ ਨੂੰ ਕਹਿ ਕੇ ਮੈਨੂੰ ਘਰ ਪਹੁੰਚਾ ਦਿੱਤਾ। ਹੱਸ ਕੇ ਆਖਿਓ ਨੇ, 'ਕਮਲਿਆ, ਮਰਨ ਲੱਗਾ ਸੈਂ ਭੰਗ ਦੇ ਭਾੜੇ। ਜਾਹ ਦੋ ਦਿਨ ਘਰ ਵਾਲੀ ਤੋਂ ਟਕੋਰਾਂ ਕਰਵਾ।' ਮੈਂ ਸਾਹਬ ਦਾ ਸ਼ੁਕਰੀਆ ਕਰਕੇ ਹੋਈ-ਬੀਤੀ ਯਾਦ ਕਰਕੇ ਕੰਬੀ ਜਾਵਾਂ। ਜੇ ਅੱਜ ਜੀ.ਐਮ. ਸਾਹਬ ਨਾ ਬਹੁੜਦੇ ਮੈਨੂੰ ਤਾਂ ਬਾਰਡਰ 'ਤੇ ਲਿਜਾ ਕੇ ਗੋਲੀ ਠੋਕਣੀ ਸੀ ਇਨ੍ਹਾਂ।
ਲਓ ਜੀ, ਕੁਝ ਦਿਨਾਂ ਬਾਅਦ ਮੈਂ ਫਿਰੋਜ਼ਪੁਰੋਂ ਗੱਡੀ ਲੈ ਕੇ ਮਮਦੋਟ ਨੂੰ ਜਾਵਾਂ ਪਿਆ ਤੇ ਉਹੋ ਦੋ ਫ਼ੌਜੀ ਜਿਨ੍ਹਾਂ ਮੈਨੂੰ ਚੁੱਕ ਕੇ ਜਿਪਸੀ 'ਚ ਸੁੱਟਿਆ ਸੀ, ਜੰਗਾਂ ਵਾਲੇ ਮੋੜ 'ਤੇ ਖੜ੍ਹੇ, ਹੱਥ ਕੀਤਾ, ਮੈਂ ਚੜ੍ਹਾ ਲਏ। ਵੇਖ ਕੇ ਹੱਸ ਪਏ। ਕਹਿੰਦੇ, 'ਡਰੈਵਰ ਸਾਹਬ! ਲਾਲਚੀਆਂ 'ਤਾਰ ਦੇਂਗਾ?' ਮੈਂ ਹੱਥ ਜੋੜ ਕੇ ਆਖਿਆ, 'ਤਾਰਾਂਗਾ ਮਾਪਿਓ! ਜ਼ਰੂਰ ਤਾਰਾਂਗਾ। ਤਾਰਾਂਗਾ ਕਿਉਂ ਨਹੀਂ। ਤੁਹਾਨੂੰ ਯਮਦੂਤਾਂ ਨੂੰ ਤਾਂ ਆਖੋਂਗੇ ਲਾਹੌਰ ਵੀ ਤਾਰ ਆਵਾਂਗਾ।' ਉਹ ਖੁੱਲ੍ਹ ਕੇ ਹੱਸ ਪਏ, 'ਕਿਉਂ ਹਾਲੇ ਵੀ ਲਾਹੌਰ ਭੁੱਲਿਆ ਨਹੀਂ?' ਮੈਂ ਆਖਿਆ, 'ਭੁੱਲਣ ਵਾਲੀ ਭਾਊ ਤੁਸੀਂ ਮੇਰੇ ਨਾਲ ਕੀਤੀ ਹੀ ਨਹੀਂ ਤੇ ਫਿਰ ਭੁੱਲ ਕਿਉਂ ਜਾਵਾਂ।' ਸੋ ਭਾਊ ਇੰਝ ਬੀਤੀ ਉਦੋਂ ਮੇਰੇ ਨਾਲ। ਬੜੀ ਵੱਡੀ ਸਿੱਖਿਆ ਮਿਲੀ ਕਿ ਕਦੇ ਵੀ ਮੌਕਾ ਤੇ ਜਗ੍ਹਾ ਵੇਖੇ ਬਿਨਾਂ ਭਕਾਈ ਨਹੀਂ ਮਾਰਨੀ ਚਾਹੀਦੀ। ਠੀਕ ਐ ਨਾ ਭਾਅ ਵੱਡਿਆ। ਪਾਲੇ ਨੇ ਨਿਗ੍ਹਾ ਮੇਰੇ ਵੱਲ ਗੱਡ ਲਈ।
'ਵਾਹ ਜੀ ਵਾਹ! ਇਹ ਤਾਂ ਵਾਕਈ ਤੁਹਾਡਾ ਦੂਜਾ ਜਨਮ ਹੋਇਆ ਭਾਊ ਪਾਲਾ ਸਿੰਘ ਜੀ। ਸੱਚ ਈ ਬੜੇ ਬਚੇ ਤੁਸੀਂ ਤਾਂ।' ਮੈਂ ਵਧਾਈ ਦੇਣ ਵਾਂਗ ਆਖਿਆ। 'ਲਿਆ ਫਿਰ ਭਾਅ ਲਵਾ ਖਾਂ ਹੋਰ ਲੰਡੂ ਜਿਹਾ। ਸਾਲਿਆ ਯਮਾਂ ਨੂੰ ਯਾਦ ਕਰਕੇ ਸਾਰੀ ਪੀਤੀ ਲਹਿ ਹੀ ਗਈ ਏ।' ਤੇ ਹਾਸਾ ਹੋਰ ਉੱਚਾ ਉਠਿਆ।

ਮੈਂ ਸੋਚ ਰਿਹਾ ਸਾਂ ਅਸ਼ਕੇ ਜਾਈਏ ਸ਼ੇਰ ਦਿਲ ਪੰਜਾਬੀਆਂ ਦੇ। ਵਾਕਿਆ ਇਹ ਪੰਜਾਬੀ ਹੀ ਨੇ ਜਿਹੜੇ ਆਪਣਾ ਮਜ਼ਾਕ ਵੀ ਉਡਾ ਸਕਦੇ ਨੇ। ਧੰਨ ਇਨ੍ਹਾਂ ਦੀ ਜ਼ਿੰਦਾਦਿਲੀ, ਆਰਿਆਂ ਥੱਲੇ ਖੜ੍ਹ ਕੇ ਵੀ ਖਿੜਖਿੜ ਹੱਸਦੇ ਨੇ। (ਸਮਾਪਤ)
-ਹੱਡੀ ਵਾਲਾ ਡਾਕ: ਝਾੜੀਵਾਲਾ, ਤਹਿਸੀਲ ਜਲਾਲਾਬਾਦ (ਪੱਛਮੀ), ਜ਼ਿਲ੍ਹਾ ਫਿਰੋਜ਼ਪੁਰ।
ਫੋਨ : 98721-77754.

ਸ਼ਾਂਤੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਹੋ ਸਕੇ ਤਾਂ ਜ਼ਿੰਦਗੀ 'ਚ ਸਕੂਨ ਲੱਭੋ, ਕਿਉਂਕਿ ਇਹ ਖਾਹਿਸ਼ਾਂ ਤਾਂ ਜ਼ਿੰਦਗੀ ਭਰ ਨਹੀਂ ਖ਼ਤਮ ਹੋਣੀਆਂ।
* ਈਰਖਾ ਤੋਂ ਮੁਕਤ ਹੋਣਾ ਸ਼ਾਂਤੀ ਦੀ ਕੁੰਜੀ ਹੈ।
* ਕਿਰਿਆਤਮਕ ਗਿਆਨ ਹੀ ਸ਼ਾਂਤੀ ਦਿੰਦਾ ਹੈ।
* ਪੜ੍ਹਨ ਨਾਲ ਮਨੁੱਖ ਸ਼ਾਂਤ ਅਤੇ ਸੁਣਨ ਨਾਲ ਸਿਆਣਾ ਹੋ ਜਾਂਦਾ ਹੈ।
* ਸੱਸ-ਨੂੰਹ ਦਾ ਰਿਸ਼ਤਾ ਘਰੇਲੂ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਰਿਸ਼ਤੇ ਵਿਚ ਵਿਸ਼ਵਾਸ ਦਾ ਬਣਿਆ ਰਹਿਣਾ ਘਰੇਲੂ ਸ਼ਾਂਤੀ ਲਈ ਜ਼ਰੂਰੀ ਹੈ।
* ਚੁੱਪ ਨੂੰ ਸੁੱਖ ਅਤੇ ਸ਼ਾਂਤੀ ਪ੍ਰਾਪਤੀ ਦਾ ਜ਼ਰੀਆ ਕਹਿੰਦੇ ਹਨ।
* ਹੰਕਾਰ ਇਕ ਅਜਿਹੀ ਭਾਵਨਾ ਹੈ, ਜੋ ਜਦੋਂ ਤੱਕ ਰਹਿੰਦੀ ਹੈ, ਵਿਅਕਤੀ ਨੂੰ ਨਾ ਤਾਂ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਨਾ ਹੀ ਉਹ ਤਰੱਕੀ ਕਰ ਸਕਦਾ ਹੈ। ਹੰਕਾਰ ਤਿਆਗਣ ਨਾਲ ਹੀ ਮਾਨਸਿਕ
ਸ਼ਾਂਤੀ ਮਿਲ ਸਕਦੀ ਹੈ।
* ਸਾਰੇ ਦੁੱਖਾਂ ਦੀ ਜਨਨੀ ਦੁਰਮਤ ਹੈ ਅਤੇ ਸਾਰੇ ਸੁੱਖਾਂ ਤੇ ਸ਼ਾਂਤੀ ਦੀ ਜਨਨੀ ਸੁਮਤ ਹੈ।
* ਜੋ ਨਾ ਤਾਂ ਮਨੁੱਖਾਂ ਨੂੰ ਪ੍ਰਸੰਨ ਕਰਨ ਦੀ ਇੱਛਾ ਰੱਖਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਨਰਾਜ਼ ਹੋਣ ਤੋਂ ਡਰਦਾ ਹੈ, ਉਹੋ ਸ਼ਾਂਤੀ ਦਾ ਮਜ਼ਾ ਲੈਂਦਾ ਹੈ।
* ਜਿਸ ਘਰ ਵਿਚ ਸ਼ਾਂਤੀ ਹੈ, ਉਥੇ ਰੱਬ ਦਾ ਵਾਸ ਹੁੰਦਾ ਹੈ।
* ਸ਼ਾਂਤੀ ਦੀ ਜਿੱਤ ਧਰਮ ਦੀ ਜਿੱਤ ਨਾਲੋਂ ਘੱਟ ਨਹੀਂ ਹੁੰਦੀ। ਸ਼ਾਂਤੀ ਦੀ ਜਿੱਤ ਬਾਕੀ ਸਾਰੀਆਂ ਜਿੱਤਾਂ ਤੋਂ ਅਹਿਮ ਹੈ।
* ਸ਼ਾਂਤ ਸੁਭਾਅ ਸ਼ਾਸਕ ਦਾ ਸਭ ਤੋਂ ਜ਼ਰੂਰੀ ਗੁਣ ਹੈ।
* ਹਰ ਹਾਲਤ ਵਿਚ ਸ਼ਾਂਤ ਰਹਿਣ ਵਾਲਾ ਸਿਖਰ ਨੂੰ ਛੂਹ ਲੈਂਦਾ ਹੈ।
* ਜੋਸ਼ ਮਹਾਨ ਸ਼ਕਤੀ ਹੈ, ਪਰ ਇਸ ਨੂੰ ਕਾਹਲੀ ਮਾਰਦੀ ਹੈ। ਪਰ ਸ਼ਾਂਤ ਸੋਚ ਜਿੱਤ ਦੀਆਂ ਮੁਬਾਰਕਾਂ ਬਖ਼ਸ਼ਦੀ ਹੈ।
* ਜੇ ਤੁਸੀਂ ਮਾਨਸਿਕ ਸ਼ਾਂਤੀ ਬਦਲੇ ਰਾਜ ਭਾਗ ਵੀ ਹਾਸਿਲ ਕਰ ਲੈਂਦੇ ਹੋ ਤਾਂ ਵੀ ਤੁਸੀਂ ਹਾਰੇ ਹੀ ਹੋ।
* ਪਿਆਰ ਦੀ ਤਾਕਤ ਜਦੋਂ ਸੱਤਾ ਦੇ ਮੋਹ ਨੂੰ ਹਰਾ ਦੇਵੇਗੀ, ਉਦੋਂ ਹੀ ਦੁਨੀਆ ਵਿਚ ਸ਼ਾਂਤੀ ਦਾ ਰਾਜ ਹੋਵੇਗਾ।
* ਸ਼ਾਂਤੀ ਦੇ ਦੂਤਾਂ ਨੂੰ ਫਾਇਰ ਬ੍ਰਿਗੇਡ ਵਾਂਗ ਨਹੀਂ ਹੋਣਾ ਚਾਹੀਦੀ ਜੋ ਅਲਾਰਮ ਮਿਲਣ ਤੱਕ ਰੁਕਿਆ ਰਹਿੰਦਾ ਹੈ। ਸਗੋਂ ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼ ਵਿਚ ਕੰਮ ਕਰਨ ਵਾਲਿਆਂ ਵਾਂਗ ਹੋਣਾ ਚਾਹੀਦਾ ਹੈ,
ਜੋ ਆਪਣੇ ਮਾਲਕ ਦੇ ਆਉਣ ਦੀ ਤਿਆਰੀ ਵਿਚ ਹਮੇਸ਼ਾ ਲੱਗੇ ਰਹਿੰਦੇ ਹਨ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX